ਤਾਜਾ ਖ਼ਬਰਾਂ


ਰਣਬੀਰ ਕਪੂਰ ਤੋਂ ਬਾਅਦ ਸੰਜੇ ਲੀਲਾ ਭੰਸਾਲੀ ਨੂੰ ਹੋਇਆ ਕੋਰੋਨਾ
. . .  23 minutes ago
ਮੁੰਬਈ, 9 ਮਾਰਚ - ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਚ ਇਕ ਵਾਰ ਫਿਰ ਤੇਜੀ ਦੇਖਣ ਨੂੰ ਮਿਲ ਰਹੀ ਹੈ। ਅੱਜ ਸਵੇਰੇ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਇਸ ਮਗਰੋਂ ਫਿਲਮਮੇਕਰ ਸੰਜੇ ਲੀਲਾ ਭੰਸਾਲੀ ਨੂੰ...
ਆਂਗਣਵਾੜੀ ਵਰਕਰਾਂ ਤੋਂ ਮਨਪ੍ਰੀਤ ਬਾਦਲ ਦਾ ਖੋਹਿਆ ਪੁਤਲਾ, ਕੀਤੀ ਧੱਕਾ ਮੁੱਕੀ, ਪੁਲਿਸ 'ਤੇ ਲਾਏ ਗਲਤ ਹਰਕਤਾਂ ਕਰਨ ਦੇ ਦੋਸ਼
. . .  46 minutes ago
ਬਠਿੰਡਾ, 9 ਮਾਰਚ (ਨਾਇਬ ਸਿੱਧੂ) - ਬਠਿੰਡਾ ਵਿਖੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਦੇ ਦਫ਼ਤਰ ਮੂਹਰੇ ਪੁਤਲੇ ਸਾੜਨ ਗਈਆਂ ਆਂਗਣਵਾੜੀ ਵਰਕਰਾਂ ਨਾਲ ਮਰਦ ਪੁਲਿਸ ਮੁਲਾਜ਼ਮਾਂ ਨੇ ਧੱਕਾ ਮੁੱਕੀ ਕੀਤੀ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਭਦੌੜ 'ਚ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ
. . .  1 minute ago
ਭਦੌੜ, 9 ਮਾਰਚ (ਵਿਨੋਦ ਕਲਸੀ, ਰਜਿੰਦਰ ਬੱਤਾ) - ਕਸਬਾ ਭਦੌੜ ਵਿਖੇ ਅੱਜ ਵਿਜੀਲੈਂਸ ਦੀ ਟੀਮ ਨੇ ਇਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਗੁਰਨਾਮ ਸਿੰਘ ਵਾਸੀ ਸ਼ੇਰਗੜ੍ਹ ਦੀ ਸ਼ਿਕਾਇਤ ਵਿਜੀਲੈਂਸ ਦੀ ਟੀਮ...
ਤੇਲ ਦੀਆਂ ਕੀਮਤਾਂ ਨੂੰ ਲੈ ਕੇ ਹੋਏ ਹੰਗਾਮੇ ਮਗਰੋਂ ਲੋਕ ਸਭਾ ਭਲਕੇ ਤੱਕ ਲਈ ਮੁਲਤਵੀ
. . .  about 1 hour ago
ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਾਡੇ ਪਰਿਵਾਰ ਦਾ ਮੈਂਬਰ ਚੋਣ ਲੜੇਗਾ - ਆਦੇਸ਼ ਪ੍ਰਤਾਪ ਸਿੰਘ ਕੈਰੋਂ
. . .  about 1 hour ago
ਅਮਰਕੋਟ, 9 ਮਾਰਚ (ਗੁਰਚਰਨ ਸਿੰਘ ਭੱਟੀ) - ਵਿਧਾਨ ਸਭਾ ਹਲਕਾ ਖੇਮਕਰਨ ਤੋਂ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਅੱਜ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਪਿੰਡ ਪੂਨੀਆਂ ਵਿਖੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ...
ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਸਰਕਾਰ ਦਾ ਪੁਤਲਾ ਫੂਕਿਆ ਅਤੇ ਬਜਟ ਦੀਆਂ ਕਾਪੀਆਂ ਸਾੜੀਆਂ
. . .  about 1 hour ago
ਖਰੜ, 9 ਮਾਰਚ( ਤਰਸੇਮ ਸਿੰਘ ਜੰਡਪੁਰੀ ) - ਅੱਜ ਸੂਬਾ ਕਮੇਟੀ ਦੇ ਸੱਦੇ ਉੱਤੇ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਰਕੌਲੀ ਤੇ ਬਲਾਕ ਪ੍ਰਧਾਨ ਰਜਵੰਤ ਕੌਰ ਬੱਲੋ ਮਾਜਰਾ ਦੀ ਅਗਵਾਈ ਹੇਠ ਖਰੜ ਬੱਸ ਸਟੈਂਡ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪੇਸ਼...
ਅਮਰੀਕਾ ਦੇ ਸ਼ਹਿਰ 'ਹੋਲਯੋਕੇ' ਸਿਟੀ ਕੌਂਸਲ ਵਲੋਂ ਸਿੱਖਾਂ ਦੇ ਨਵੇਂ ਸਾਲ ਨੂੰ ਦਿੱਤੀ ਸਰਕਾਰੀ ਮਾਨਤਾ
. . .  about 1 hour ago
ਸਿਆਟਲ, 9 ਮਾਰਚ (ਹਰਮਨਪ੍ਰੀਤ ਸਿੰਘ)-ਅੱਜ ਅਮਰੀਕਾ ਦੇ ਸਿੱਖ ਭਾਈਚਾਰੇ ਵਿਚ ਬੇਹੱਦ ਖੁਸ਼ੀ ਦੀ ਲਹਿਰ ਪਾਈ ਗਈ ਜਦੋਂ ਅਮਰੀਕਾ ਦੀ ਮਸਸਚੁਸੈਂਟਸ ਸਟੇਟ ਦੇ ਹੋਲਯੋਕੇ ਸ਼ਹਿਰ ਦੀ ਸਿਟੀ ਕੌਂਸਲ ਨੇ ਇਕ ਮਤਾ ਪਾਸ...
ਫਿਰੋਜ਼ਪੁਰ ਪੁਲਿਸ ਵੱਲੋਂ ਮੋਟਰ ਸਾਈਕਲ ਚੋਰ ਗਰੋਹ ਦੇ ਚਾਰ ਮੈਂਬਰ ਕਾਬੂ, 27 ਵਾਹਨ ਬਰਾਮਦ
. . .  about 2 hours ago
ਫਿਰੋਜ਼ਪੁਰ, 9 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ) ਫਿਰੋਜ਼ਪੁਰ ਪੁਲਿਸ ਵੱਲੋਂ ਮੋਟਰ ਸਾਈਕਲ ਚੋਰ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀਸ਼ੁਦਾ 25 ਮੋਟਰਸਾਈਕਲ ਅਤੇ 2 ਐਕਟਿਵਾ...
ਜੋ ਸਰਕਾਰਾਂ ਖਿਲਾਫ ਆਵਾਜ਼ ਚੁੱਕ ਰਿਹਾ ਹੈ, ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ - ਖਹਿਰਾ
. . .  about 2 hours ago
ਚੰਡੀਗੜ੍ਹ, 9 ਮਾਰਚ - ਪੰਜਾਬ ਏਕਤਾ ਪਾਰਟੀ ਚੀਫ਼ ਸੁਖਪਾਲ ਸਿੰਘ ਖਹਿਰਾ ਨੇ ਆਪਣੀਆਂ ਰਿਹਾਇਸ਼ਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀਆਂ ਗਈਆਂ ਛਾਪੇਮਾਰੀਆਂ 'ਤੇ ਬੋਲਦਿਆਂ ਕਿਹਾ ਕਿ ਜੋ ਵੀ ਸਰਕਾਰ ਖਿਲਾਫ ਆਵਾਜ਼ ਚੁੱਕਦਾ ਹੈ...
ਆਂਗਣਵਾੜੀ ਵਰਕਰਾਂ ਵੱਲੋਂ ਕਸਬਾ ਚੋਗਾਵਾਂ ਦੇ ਚੌਕ 'ਚ ਬਜਟ ਕਾਪੀਆਂ ਸਾੜ ਕੀਤਾ ਰੋਸ ਪ੍ਰਦਰਸ਼ਨ
. . .  about 2 hours ago
ਚੋਗਾਵਾਂ (ਅੰਮ੍ਰਿਤਸਰ) , 9 ਮਾਰਚ (ਗੁਰਬਿੰਦਰ ਸਿੰਘ ਬਾਗ਼ੀ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿਰੋਧ ਵਿਚ ਅੱਜ ਕਸਬਾ ਚੋਗਾਵਾਂ ਦੇ ਬਾਜ਼ਾਰ ਵਿਚ ਜ਼ੋਰਦਾਰ...
ਡੀਜ਼ਲ ਪੈਟਰੋਲ ’ਤੇ ਲਾਏ ਵੈਟ ਅਤੇ ਬਿਜਲੀ ਦੀਆਂ ਮਹਿੰਗੀਆਂ ਦਰਾਂ ਖਿਲਾਫ ਮਜੀਠੀਆ ਨੇ ਸਰਕਾਰ ਨੂੰ ਘੇਰਿਆ
. . .  about 2 hours ago
ਐਲ.ਕੇ.ਅਡਵਾਨੀ ਨੇ ਏਮਜ਼ 'ਚ ਲਗਵਾਇਆ ਕੋਰੋਨਾ ਦਾ ਟੀਕਾ
. . .  about 2 hours ago
ਨਵੀਂ ਦਿੱਲੀ, 9 ਮਾਰਚ - ਭਾਜਪਾ ਦੇ ਸੀਨੀਅਰ ਨੇਤਾ ਐਲ.ਕੇ.ਅਡਵਾਨੀ ਵਲੋਂ ਏਮਜ਼ 'ਚ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਡੋਜ਼...
ਮਜੀਠੀਆ ਨੇ ਵਿਧਾਨ ਸਭਾ 'ਚ ਸਰਕਾਰ ਨੂੰ ਘੇਰਿਆ
. . .  about 3 hours ago
ਦਿੱਲੀ ਬਜਟ : ਮਹਿਲਾਵਾਂ ਲਈ ਖੁੱਲ੍ਹਣਗੇ ਵਿਸ਼ੇਸ਼ ਮੁਹੱਲਾ ਕਲੀਨਿਕ, ਹਰ ਕਿਸੇ ਨੂੰ ਮਿਲੇਗਾ ਹੈਲਥ ਕਾਰਡ
. . .  about 3 hours ago
ਨਵੀਂ ਦਿੱਲੀ, 9 ਮਾਰਚ - ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ ਆਪਣਾ ਬਜਟ ਪੇਸ਼ ਕੀਤਾ। ਡਿਪਟੀ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ...
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਗੁਰੂ ਹਰ ਸਹਾਏ 'ਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
. . .  about 3 hours ago
ਗੁਰੂ ਹਰ ਸਹਾਏ, 9 ਮਾਰਚ ( ਹਰਚਰਨ ਸਿੰਘ ਸੰਧੂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਜ਼ੋਰਦਾਰ ਨਿੰਦਾ ਕੀਤੀ ਹੈ, ਕਿਉਂਕਿ ਪੰਜਾਬ ਸਰਕਾਰ ਨੇ ਇਸ...
ਰਣਬੀਰ ਕਪੂਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ
. . .  about 3 hours ago
ਮੁੰਬਈ, 9 ਮਾਰਚ - ਉੱਘੇ ਅਦਾਕਾਰ ਰਣਬੀਰ ਕਪੂਰ ਕੋਵਿਡ19 ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਉਨ੍ਹਾਂ ਦੀ ਮਾਤਾ ਨੀਤੂ ਕਪੂਰ...
ਕਿਸੇ ਵੀ ਵਿਧਾਇਕ ਘਰ ਗਲਤ ਤਰੀਕੇ ਨਾਲ ਰੇਡ ਹੋਣ ਖਿਲਾਫ ਆਵਾਜ਼ ਉਠਾਈ ਜਾਵੇ - ਸ਼ਰਨਜੀਤ ਸਿੰਘ ਢਿੱਲੋਂ
. . .  about 3 hours ago
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ) - ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਸਦਨ ’ਚ ਬੋਲਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਦਾ ਵਿਧਾਇਕ ਹੋਵੇ ਜੇਕਰ ਉਸ ਦੇ ਘਰ ਗਲਤ ਤਰੀਕੇ ਨਾਲ ਰੇਡ...
ਪੰਜਾਬ ਵਿਧਾਨ ਸਭਾ ਚ ਗੂੰਜਿਆ ਈਵੀਐਮ ਨਹੀਂ ਸਗੋਂ ਬੈਲਟ ਪੇਪਰ ਨਾਲ ਵੋਟਾਂ ਪਾਉਣ ਦਾ ਮੁੱਦਾ
. . .  about 4 hours ago
ਏ.ਬੀ.ਵੀ.ਪੀ. ਦੇ ਗੁੰਡਿਆਂ ਵਲੋਂ ਨੌਦੀਪ ਕੌਰ ਨਾਲ ਧੱਕਾ ਮੁੱਕੀ, ਪ੍ਰੋਗਰਾਮ 'ਤੇ ਕੀਤਾ ਹਮਲਾ
. . .  about 4 hours ago
ਨਵੀਂ ਦਿੱਲੀ, 9 ਮਾਰਚ - ਅੰਤਰਰਾਸ਼ਟਰੀ ਮਜ਼ਦੂਰ ਮਹਿਲਾ ਦਿਵਸ ਦਿੱਲੀ ਯੂਨੀਵਰਸਿਟੀ 'ਚ ਮਨਾਇਆ ਜਾ ਰਿਹਾ ਸੀ। ਜਿਸ ਵਿਚ ਬੁਟਾਨਾ (ਹਰਿਆਣਾ), ਗੁੜ ਮੰਡੀ (ਦਿੱਲੀ), ਹਾਥਰਸ ਜਬਰ ਜਨਾਹ ਕੇਸ...
ਖਹਿਰਾ ਘਰ ਹੋਈ ਛਾਪੇਮਾਰੀ ਦਾ ਮੁੱਦਾ ਵਿਧਾਨ ਸਭਾ 'ਚ ਉੱਠਿਆ, ਕੇਂਦਰ ਈਡੀ ਨੂੰ ਹਥਿਆਰ ਵਜੋਂ ਵਰਤ ਰਹੀ ਹੈ
. . .  about 4 hours ago
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ) - ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਿਫ਼ਰ ਕਾਲ ਦੌਰਾਨ ਸੁਖਪਾਲ ਸਿੰਘ ਖਹਿਰਾ ਘਰ ਹੋਈ ਈਡੀ ਦੀ ਰੇਡ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਕੇਂਦਰ ਖ਼ਿਲਾਫ਼ ਬੋਲਣ ਵਾਲਿਆਂ ਵਿਰੁੱਧ...
ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਇਕਾਂ ਨੇ ਵਿਧਾਨ ਸਭਾ ਬਾਹਰ ਵੰਡੀਆਂ ‘ਖ਼ਜ਼ਾਨਾ ਮੰਤਰੀ ਦੀਆਂ ਮਿੱਠੀਆਂ ਗੋਲੀਆਂ’
. . .  about 4 hours ago
ਚੰਡੀਗੜ੍ਹ, 9 ਮਾਰਚ (ਵਿਕਰਮਜੀਤ ਸਿੰਘ ਮਾਨ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ...
ਲੁਧਿਆਣਾ ਰਾਹੋਂ ਰੋਡ ਸੜਕ ਦੀ ਮੁਰੰਮਤ ਦਾ ਕੰਮ ਛੇ ਮਹੀਨੇ ਵਿਚ ਪੂਰਾ ਹੋਵੇਗਾ
. . .  about 5 hours ago
ਕਿਸਾਨਾਂ ਨੇ ਅਸ਼ਵਨੀ ਸ਼ਰਮਾ ਨੂੰ ਦਿਖਾਈਆਂ ਕਾਲ਼ੀਆ ਝੰਡੀਆਂ
. . .  about 5 hours ago
ਭੰਗਾਲਾ, 09 ਮਾਰਚ (ਬਲਵਿੰਦਰਜੀਤ ਸਿੰਘ ਸੈਣੀ) - ਹਰਸੇ ਮਾਨਸਰ ਟੋਲ ਪਲਾਜ਼ਾ ਤੇ ਅੱਜ ਸਵੇਰੇ 9.30 ਵਜੇ ਦੇ ਕਰੀਬ ਪਠਾਨਕੋਟ...
ਤੇਜ਼ ਰਫ਼ਤਾਰ ਵੀਡੀਓ ਕੋਚ ਬੱਸ ਨੇ ਦਰੜਿਆ ਮੋਟਰ ਸਾਇਕਲ ਸਵਾਰ ਕਿਸਾਨ
. . .  about 5 hours ago
ਮੰਡੀ ਕਿੱਲਿਆਂਵਾਲੀ, 9 ਮਾਰਚ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ-ਅਬੋਹਰ ਨੈਸ਼ਨਲ ਹਾਈਵੇ ’ਤੇ ਪਿੰਡ ਲੁਹਾਰਾ ਦੇ ਚੌਰਸਤੇ ’ਤੇ ਤੇਜ਼ ਰਫ਼ਤਾਰ ਵੀਡੀਓ ਕੋਚ ਬੱਸ ਵੱਲੋਂ ਦਰੜੇ ਜਾਣ ਕਰਕੇ ਮੋਟਰ ਸਾਇਕਲ ਸਵਾਰ...
200 ਮੈਡੀਕਲ ਅਫ਼ਸਰ ਜਨਰਲ ਅਤੇ 800 ਮੈਡੀਕਲ ਅਫ਼ਸਰ ਸਪੈਸ਼ਲਿਸਟ ਦੀਆਂ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਜਾਰੀ - ਸਿਹਤ ਮੰਤਰੀ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

ਔਰਤਾਂ ਤੇ ਵਿਦਿਆਰਥੀਆਂ ਲਈ ਮੁਫ਼ਤ ਬੱਸ ਸਫ਼ਰ

*ਪੰਜਾਬ ਬਜਟ 'ਚ ਕੋਈ ਨਵਾਂ ਟੈਕਸ ਨਹੀਂ *1.13 ਲੱਖ ਹੋਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਵੀ ਕਰਜ਼ਾ ਮੁਆਫ਼ੀ ਦਾ ਐਲਾਨ *ਸਿਹਤ ਸੈਕਟਰ ਲਈ 3882 ਕਰੋੜ ਰੱਖੇ, ਆਯੁਸ਼ਮਾਨ ਭਾਰਤ ਲਈ 324 ਕਰੋੜ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਲਈ 150 ਕਰੋੜ

ਹਰਕਵਲਜੀਤ ਸਿੰਘ
ਚੰਡੀਗੜ੍ਹ, 8 ਮਾਰਚ -ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣੀ ਸਰਕਾਰ ਦਾ ਆਖ਼ਰੀ ਅਤੇ 5ਵਾਂ 1, 68, 015 ਕਰੋੜ ਦਾ 2021-22 ਲਈ ਬਜਟ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤਾ, ਜਿਸ ਵਿਚ ਉਨ੍ਹਾਂ ਵਲੋਂ ਚੋਣਾਂ ਤੋਂ ਪਹਿਲਾਂ ਵੱਖ-ਵੱਖ ਵਰਗਾਂ ਨੂੰ ਖ਼ੁਸ਼ ਕਰਨ ਲਈ ਵੱਡੀਆਂ ਰਿਆਇਤਾਂ ਦੇ ਐਲਾਨ ਕੀਤੇ ਗਏ। ਵਿੱਤ ਮੰਤਰੀ ਨੇ ਸਮਾਜਿਕ ਸੇਵਾਵਾਂ ਹੇਠ ਬਜ਼ੁਰਗਾਂ, ਵਿਧਵਾਵਾਂ ਅਤੇ ਕੁਝ ਹੋਰ ਵਰਗਾਂ ਨੂੰ ਮਿਲਦੀਆਂ ਪੈਨਸ਼ਨਾਂ ਨੂੰ 750 ਤੋਂ ਵਧਾ ਕੇ 1500 ਰੁਪਏ ਕਰਨ ਦਾ ਐਲਾਨ ਕੀਤਾ, ਜਦੋਂ ਕਿ ਔਰਤਾਂ ਲਈ ਅਸ਼ੀਰਵਾਦ ਸਕੀਮ ਵਿਚ 21 ਹਜ਼ਾਰ ਦੀ ਰਾਸ਼ੀ ਨੂੰ ਵਧਾ ਕੇ ਸ਼ਗਨ ਰਾਸ਼ੀ 51 ਹਜ਼ਾਰ ਰੁਪਏ ਕਰਨ ਦਾ ਵੀ ਐਲਾਨ ਕੀਤਾ। ਇਸੇ ਤਰਾਂ ਸਰਕਾਰੀ ਬੱਸਾਂ 'ਚ ਔਰਤਾਂ ਲਈ ਸਫ਼ਰ ਮੁਫ਼ਤ ਕਰਨ ਦਾ ਵੀ ਅੱਜ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕਰਜ਼ਾ ਮੁਆਫ਼ੀ ਸਕੀਮ ਹੇਠ ਬਾਕੀ ਰਹਿੰਦੇ 1.13 ਲੱਖ ਕਿਸਾਨਾਂ ਨੂੰ 1, 186 ਕਰੋੜ ਦੀ ਕਰਜ਼ਾ ਮੁਆਫ਼ੀ ਦੇਵੇਗੀ, ਜਦੋਂ ਕਿ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ 526 ਕਰੋੜ ਦੀ ਕਰਜ਼ਾ ਮੁਆਫ਼ੀ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਅੱਜ ਸਦਨ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਯਾਦ ਵਿਚ ਕਪੂਰਥਲਾ ਵਿਖੇ ਇਕ ਮਿਊਜ਼ੀਅਮ (ਅਜਾਇਬ ਘਰ) ਬਣਾਉਣ ਦਾ ਵੀ ਐਲਾਨ ਕੀਤਾ, ਜਿਸ ਲਈ ਬਜਟ 'ਚ 100 ਕਰੋੜ ਰੁਪਏ ਰੱਖੇ ਜਾ ਰਹੇ ਹਨ। ਉਨ੍ਹਾਂ ਸਦਨ 'ਚ ਦੱਸਿਆ ਕਿ 6ਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਰਾਜ ਸਰਕਾਰ ਨੂੰ 31 ਮਾਰਚ ਤੱਕ ਮਿਲ ਜਾਵੇਗੀ ਤੇ ਇਸ ਨੂੰ ਲਾਗੂ ਕਰਨ ਲਈ ਆਉਂਦੇ ਸਾਲ 'ਚ 9000 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਸੁਤੰਤਰਤਾ ਸੰਗਰਾਮੀਆਂ ਅਤੇ ਅੱਤਵਾਦ ਪੀੜਤ ਲੋਕਾਂ ਦੀਆਂ ਪੈਨਸ਼ਨਾਂ 'ਚ ਵਾਧੇ ਦਾ ਵੀ ਐਲਾਨ ਕੀਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਅੱਜ ਸਦਨ ਤੋਂ ਬਜਟ ਤਜਵੀਜ਼ਾਂ ਦਾ ਵਿਰੋਧ ਕਰਦੇ ਕੁਝ ਮਿੰਟ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇ ਲਗਾਉਣ ਤੋਂ ਬਾਅਦ ਵਾਕਆਊਟ ਕਰ ਗਏ, ਜਦੋਂ ਕਿ ਅਕਾਲੀ ਦਲ ਦੇ ਸਦਨ ਵਿਚ ਹਾਜ਼ਰ ਦੋ ਵਿਧਾਇਕ ਸ. ਲਖਬੀਰ ਸਿੰਘ ਲੋਧੀ ਨੰਗਲ ਦੀ ਅਗਵਾਈ 'ਚ ਬਜਟ ਤਜਵੀਜ਼ਾਂ ਦਾ ਵਿਰੋਧ ਕਰਦਿਆਂ ਕੁਝ ਸਮਾਂ ਬਜਟ ਤਜਵੀਜ਼ਾਂ ਸੁਣਨ ਤੋਂ ਬਾਅਦ ਨਾਅਰੇ ਮਾਰਦੇ ਵਾਕਆਊਟ ਕਰ ਗਏ। ਵਿੱਤ ਮੰਤਰੀ ਨੇ ਅੱਜ ਸਦਨ ਵਿਚ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਲਈ ਸਮਾਰਟ ਸਿਟੀ ਮਿਸ਼ਨ ਅਧੀਨ 1600 ਕਰੋੜ ਰੁਪਏ ਰੱਖੇ ਜਾਣ ਦਾ ਐਲਾਨ ਕੀਤਾ ਤੇ ਇਹ ਵੀ ਕਿਹਾ ਕਿ ਰਾਜ ਸਰਕਾਰ ਵਲੋਂ 7 ਸ਼ਹਿਰਾਂ ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ, ਮਾਨਸਾ ਅਤੇ ਬਠਿੰਡਾ ਵਿਖੇ ਕੰਮ ਕਰਨ ਵਾਲੀਆਂ ਔਰਤਾਂ ਲਈ ਵੂਮੇਨ ਹੋਸਟਲ ਬਣਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ, ਜਿਨ੍ਹਾਂ ਨੂੰ ਆਉਂਦੇ ਵਿੱਤੀ ਸਾਲਾਂ 'ਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸਾਹਿਤ ਰਤਨ ਅਤੇ ਸ਼੍ਰੋਮਣੀ ਐਵਾਰਡਾਂ ਦੀ ਰਾਸ਼ੀ ਵਧਾਉਣ ਦਾ ਫ਼ੈਸਲਾ
ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀ ਸਾਹਿਤ ਰਤਨ ਐਵਾਰਡ ਦੀ ਰਾਸ਼ੀ 10 ਲੱਖ ਤੋਂ ਵਧਾ ਕੇ 20 ਲੱਖ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਹੁਣ ਸ਼੍ਰੋਮਣੀ ਐਵਾਰਡਾਂ ਦੀ ਰਾਸ਼ੀ ਵੀ 5 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤੀ ਜਾਵੇਗੀ ਤੇ ਚੰਗੀ ਪ੍ਰਿੰਟਿੰਗ ਵਾਲੀਆਂ ਕਿਤਾਬਾਂ ਨੂੰ 10 ਦੀ ਥਾਂ 20 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ, ਜਦੋਂ ਕਿ ਬਜ਼ੁਰਗ ਨਾਮਵਰ ਲਿਖਾਰੀਆਂ ਨੂੰ ਦਿੱਤੀ ਜਾਂਦੀ 5000 ਦੀ ਰਾਸ਼ੀ ਵਧਾ ਕੇ 15 ਹਜ਼ਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 100 ਸਫ਼ਿਆਂ ਦੀ ਕਿਤਾਬ ਛਾਪਣ ਲਈ ਸਹਾਇਤਾ ਰਾਸ਼ੀ 10 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਅਤੇ 100 ਸਫ਼ਿਆਂ ਤੋਂ ਵੱਧ ਦੀ ਕਿਤਾਬ ਲਈ ਸਹਾਇਤਾ ਰਾਸ਼ੀ 15 ਹਜ਼ਾਰ ਤੋਂ ਵਧਾ ਕੇ 30 ਹਜ਼ਾਰ ਕੀਤੀ ਜਾਵੇਗੀ।
ਤਕਨੀਕੀ ਸਿੱਖਿਆ
ਵਿੱਤ ਮੰਤਰੀ ਨੇ ਕਿਹਾ ਕਿ ਤਕਨੀਕੀ ਸਿੱਖਿਆ ਨਾਲ ਸਬੰਧਿਤ ਸੰਸਥਾਵਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਇਨ੍ਹਾਂ ਦੀਆਂ ਸੀਟਾਂ, ਜੋ ਪਹਿਲਾਂ 40 ਪ੍ਰਤੀਸ਼ਤ ਤੱਕ ਭਰੀਆਂ ਜਾਂਦੀਆਂ ਸਨ, ਹੁਣ 100 ਪ੍ਰਤੀਸ਼ਤ ਭਰੀਆਂ ਜਾ ਰਹੀਆਂ ਹਨ। ਉਨ੍ਹਾਂ ਬੇਅੰਤ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਗੁਰਦਾਸਪੁਰ ਅਤੇ ਸ਼ਹੀਦ ਭਗਤ ਸਿੰਘ ਤਕਨੀਕੀ ਸੈਂਟਰ ਫ਼ਿਰੋਜ਼ਪੁਰ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਲਈ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ।
ਐਸ. ਸੀ. ਸਕਾਲਰਸ਼ਿਪ
ਵਿੱਤ ਮੰਤਰੀ ਨੇ ਐਸ. ਸੀ. ਸਕਾਲਰਸ਼ਿਪ ਮੁੱਦੇ 'ਤੇ ਚੱਲ ਰਹੇ ਵਿਵਾਦ ਸਬੰਧੀ ਕਿਹਾ ਕਿ ਭਾਰਤ ਸਰਕਾਰ ਵਲੋਂ 2017 ਤੱਕ ਇਸ ਯੋਜਨਾ ਅਧੀਨ ਜੋ ਪੈਸੇ ਆਏ ਸਨ, ਉਸ ਵਿਚੋਂ 109 ਕਰੋੜ ਰੁਪਏ ਸਰਕਾਰ ਕੋਲ ਬਕਾਇਆ ਹਨ, ਜੋ 31 ਮਾਰਚ ਤੱਕ ਕਾਲਜਾਂ ਸਬੰਧੀ ਜਾਂਚ ਰਿਪੋਰਟਾਂ ਦੇ ਆਧਾਰ 'ਤੇ ਜਾਰੀ ਕਰ ਦਿੱਤੀ ਜਾਵੇਗੀ, ਉਨ੍ਹਾਂ ਦੱਸਿਆ ਕਿ 2017 ਤੋਂ ਬਾਅਦ ਤਿੰਨ ਸਾਲ ਲਈ ਕੇਂਦਰ ਵਲੋਂ ਇਹ ਯੋਜਨਾ ਬੰਦ ਕਰ ਦਿੱਤੀ ਗਈ ਸੀ ਅਤੇ ਰਾਜ ਨੂੰ ਇਸ ਲਈ ਕੋਈ ਰਾਸ਼ੀ ਨਹੀਂ ਮਿਲੀ ਅਤੇ ਕਾਲਜਾਂ ਵਲੋਂ ਇਨ੍ਹਾਂ ਤਿੰਨ ਸਾਲਾਂ ਲਈ ਜਿਸ 1500 ਕਰੋੜ ਦੀ ਮੰਗ ਕੀਤੀ ਜਾ ਰਹੀ ਹੈ, ਉਹ ਕੇਂਦਰ ਵਲੋਂ ਸੂਬਾ ਸਰਕਾਰ ਨੂੰ ਮਿਲਿਆ ਹੀ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਇਹ ਯੋਜਨਾ ਦੁਬਾਰਾ ਚਾਲੂ ਕਰ ਦਿੱਤੀ ਗਈ ਹੈ, ਪਰ ਪਹਿਲਾਂ ਵਜ਼ੀਫ਼ੇ ਲਈ ਜੋ ਗਰਾਂਟ 90 ਫ਼ੀਸਦੀ ਮਿਲਦੀ ਸੀ, ਉਹ ਘਟਾ ਕੇ ਹੁਣ 60 ਪ੍ਰਤੀਸ਼ਤ ਕਰ ਦਿੱਤੀ ਗਈ ਹੈ ਤੇ 40 ਪ੍ਰਤੀਸ਼ਤ ਹਿੱਸਾ ਰਾਜ ਸਰਕਾਰ ਵਲੋਂ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਨਿੱਜੀ ਸੰਸਥਾਵਾਂ ਵਲੋਂ ਲਈ ਜਾਂਦੀ ਫ਼ੀਸ 'ਤੇ ਵੀ ਸੀਮਾ ਹੱਦ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਉਕਤ ਸੰਸਥਾਵਾਂ ਨੂੰ ਤਿੰਨ ਸਾਲਾਂ ਦੇ ਵਜ਼ੀਫ਼ਿਆਂ ਦੀ ਰਾਸ਼ੀ ਦਾ ਕੇਂਦਰ ਦੀ ਸੀਮਾ ਹੱਦ ਅਨੁਸਾਰ 40 ਪ੍ਰਤੀਸ਼ਤ ਇਨ੍ਹਾਂ ਕਾਲਜਾਂ ਨੂੰ ਜਾਰੀ ਕਰਨ ਦੀ ਤਜਵੀਜ਼ ਦਿੱਤੀ ਹੈ, ਪਰ ਇਹ ਨਿੱਜੀ ਸੰਸਥਾਵਾਂ ਇਸ ਲਈ ਅਜੇ ਤਿਆਰ ਨਹੀਂ ਹੋ ਰਹੀਆਂ।
ਜੇਲ੍ਹਾਂ ਤੇ ਨਸ਼ਾ ਮੁਕਤੀ
ਵਿੱਤ ਮੰਤਰੀ ਨੇ ਜੇਲ੍ਹਾਂ ਦੇ ਕੰਮਕਾਜ ਵਿਚ ਸੁਧਾਰ ਲਈ 10 ਕੇਂਦਰੀ ਜੇਲ੍ਹਾਂ ਵਿਚ ਵੀਡੀਓ ਨਿਗਰਾਨੀ ਤੇ ਆਰਟੀਫਿਸ਼ਲ ਇੰਟੈਲੀਜੈਂਸ ਲਾਗੂ ਕਰਨ ਅਤੇ 2 ਨਵੀਆਂ ਜੇਲ੍ਹਾਂ ਸ੍ਰੀ ਗੋਇੰਦਵਾਲ ਸਾਹਿਬ, ਜਿਸ ਦੀ ਸਮਰੱਥਾ 2780 ਕੈਦੀਆਂ ਦੀ ਹੋਵੇਗੀ ਅਤੇ ਦੂਜੀ ਕੇਵਲ ਔਰਤਾਂ ਲਈ ਜੇਲ੍ਹ ਜਿਸ ਦੀ ਸਮਰੱਥਾ 250 ਹੋਵੇਗੀ, ਬਠਿੰਡਾ ਵਿਖੇ ਬਣਾਉਣਾ ਦਾ ਐਲਾਨ ਕੀਤਾ। ਇਸੇ ਤਰ੍ਹਾਂ ਨਸ਼ਾ ਮੁਕਤੀ ਕੇਂਦਰਾਂ 'ਚ ਮੁਫ਼ਤ ਦਵਾਈਆਂ ਦੇਣ ਲਈ ਉਨ੍ਹਾਂ ਦੱਸਿਆ ਕਿ 50 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਅਤੇ ਰਾਜ ਸਰਕਾਰ ਨਸ਼ਾ ਮੁਕਤੀ ਨੂੰ ਤਰਜੀਹ ਵਾਲਾ ਖੇਤਰ ਸਮਝਦੀ ਰਹੇਗੀ।
ਸ਼ਹਿਰੀ ਖੇਤਰ
ਵਿੱਤ ਮੰਤਰੀ ਨੇ ਸ਼ਹਿਰੀ ਖੇਤਰਾਂ ਦੇ ਵਿਕਾਸ ਲਈ 7192 ਕਰੋੜ ਦੀ ਰਾਸ਼ੀ ਰੱਖਣ ਦਾ ਐਲਾਨ ਕੀਤਾ, ਜੋ ਮਗਰਲੇ ਸਾਲ ਨਾਲੋਂ 68 ਪ੍ਰਤੀਸ਼ਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸ਼ਹਿਰੀ ਖੇਤਰਾਂ ਦੇ ਜਨਜੀਵਨ ਵਿਚ ਸੁਧਾਰ ਕਰਨਾ ਚਾਹੁੰਦੀ ਹੈ ਤੇ ਲੁਧਿਆਣਾ, ਮੁਹਾਲੀ ਅਤੇ ਅੰਮ੍ਰਿਤਸਰ ਵਿਖੇ ਵਪਾਰਕ ਕੰਪਲੈਕਸ ਕਮ ਪ੍ਰਦਰਸ਼ਨੀ ਕੇਂਦਰਾਂ ਦੀ ਸਥਾਪਤੀ ਲਈ ਕ੍ਰਮਵਾਰ 125, 150 ਅਤੇ 250 ਕਰੋੜ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਨੂੰ ਦਰਿਆਈ ਪਾਣੀ ਦੇਣ ਲਈ ਵੀ ਯੋਜਨਾ ਅਮਲ ਹੇਠ ਹੈ।
ਸੜਕਾਂ ਅਤੇ ਪੁਲ
ਉਨ੍ਹਾਂ ਦੱਸਿਆ ਕਿ 560 ਕਿੱਲੋਮੀਟਰ ਲੰਬੀਆਂ ਸੜਕਾਂ ਅਤੇ ਪੁਲਾਂ ਦੀ ਉਸਾਰੀ ਅਤੇ ਨਵੀਨੀਕਰਨ ਲਈ 775 ਕਰੋੜ ਰੱਖੇ ਗਏ ਹਨ, ਜਦੋਂ ਕਿ 124 ਪੇਂਡੂ ਸੜਕਾਂ ਅਤੇ 13 ਪੁਲਾਂ ਲਈ 160 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ 13 ਜ਼ਿਲ੍ਹਿਆਂ ਵਿਚ 1045 ਕਿੱਲੋਮੀਟਰ ਸੜਕਾਂ ਨੂੰ ਅਪਗਰੇਡ ਕਰਨ ਲਈ ਰਾਜ ਸਰਕਾਰ 250 ਕਰੋੜ ਰੁਪਏ ਦਾ ਹਿੱਸਾ ਪਾਵੇਗੀ, ਜਦੋਂ ਕਿ ਇਹ ਪ੍ਰਾਜੈਕਟ 758 ਕਰੋੜ ਰੁਪਏ ਦਾ ਹੈ।
- ਖੇਤੀ -

ਵਿੱਤ ਮੰਤਰੀ ਵਲੋਂ ਬਜਟ ਤਜਵੀਜ਼ਾਂ ਵਿਚ ਖੇਤੀ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਅਤੇ ਬੇਜ਼ਮੀਨੇ ਖੇਤੀ ਮਜ਼ਦੂਰਾਂ ਨੂੰ ਕਰਜ਼ਾ ਰਾਹਤ ਤੋਂ ਇਲਾਵਾ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 4650 ਕਰੋੜ ਰੁਪਏ ਰੱਖੇ ਗਏ ਹਨ, ਜਦੋਂ ਕਿ ਬਾਗ਼ਬਾਨੀ ਨੂੰ ਪ੍ਰਫੁੱਲਿਤ ਕਰਨ ਲਈ 361 ਕਰੋੜ, ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯੋਜਨਾ ਹੇਠ 40 ਕਰੋੜ ਤੇ ਖੇਤੀਬਾੜੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ 200 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰਾਂ ਖੰਡ ਮਿੱਲਾਂ ਨੂੰ ਸਹਾਇਤਾ ਦੇਣ ਲਈ ਵੀ 200 ਕਰੋੜ ਅਤੇ ਗੁਰਦਾਸਪੁਰ ਵਿਚ ਕਲਾਨੌਰ ਵਿਖੇ ਗੰਨਾ ਖੋਜ ਕੇਂਦਰ ਲਈ 47 ਕਰੋੜ, ਬਟਾਲਾ ਅਤੇ ਗੁਰਦਾਸਪੁਰ ਖੰਡ ਮਿੱਲਾਂ ਦੇ ਵਿਸਤਾਰ ਲਈ 60 ਕਰੋੜ ਤੇ ਬੱਸੀ ਪਠਾਣਾ ਵਿਖੇ ਵੇਰਕਾ ਮੈਗਾ ਪ੍ਰਾਜੈਕਟ ਲਈ 10 ਕਰੋੜ ਰੁਪਏ ਰੱਖੇ ਗਏ ਹਨ।
- ਮੈਡੀਕਲ ਸਿੱਖਿਆ-

ਵਿੱਤ ਮੰਤਰੀ ਨੇ ਦੱਸਿਆ ਕਿ ਬਜਟ ਵਿਚ ਮੈਡੀਕਲ ਸਿੱਖਿਆ ਲਈ 85 ਪ੍ਰਤੀਸ਼ਤ ਵਾਧੂ ਰਾਸ਼ੀ ਰੱਖੀ ਗਈ ਹੈ, ਉਨ੍ਹਾਂ ਕਿਹਾ ਕਿ ਕਪੂਰਥਲਾ ਵਿਖੇ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਲਈ 650 ਕਰੋੜ ਅਤੇ ਹੁਸ਼ਿਆਰਪੁਰ ਮੈਡੀਕਲ ਕਾਲਜ ਲਈ 80 ਕਰੋੜ ਰੁਪਏ ਰੱਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਜ਼ਿਲ੍ਹਾ ਹੈੱਡਕੁਆਟਰ 'ਤੇ ਮੈਡੀਕਲ ਕਾਲਜ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਤਿੰਨ ਨਵੇਂ ਟ੍ਰੋਮਾ ਸੈਂਟਰ ਸਥਾਪਿਤ ਕਰਨ ਲਈ ਪਟਿਆਲਾ ਦੇ ਗੌਰਮਿੰਟ ਮੈਡੀਕਲ ਕਾਲਜ ਨੂੰ 42 ਕਰੋੜ, ਅੰਮ੍ਰਿਤਸਰ ਦੇ ਗੌਰਮਿੰਟ ਮੈਡੀਕਲ ਕਾਲਜ ਨੂੰ 93 ਕਰੋੜ ਅਤੇ ਫ਼ਰੀਦਕੋਟ ਦੇ ਗੌਰਮਿੰਟ ਮੈਡੀਕਲ ਕਾਲਜ ਨੂੰ 12 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਨਿਊ ਚੰਡੀਗੜ੍ਹ ਵਿਖੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ 1 ਜੁਲਾਈ ਤੋਂ ਕੰਮ ਚਾਲੂ ਕਰ ਦੇਵੇਗਾ ਤੇ ਉਨ੍ਹਾਂ ਫ਼ਾਜ਼ਿਲਕਾ ਵਿਖੇ ਕੈਂਸਰ ਕੇਅਰ ਸੈਂਟਰ ਦੀ ਸਥਾਪਤੀ ਲਈ 16 ਕਰੋੜ ਤੇ ਅੰਮ੍ਰਿਤਸਰ ਵਿਖੇ ਕੈਂਸਰ ਕੇਅਰ ਇੰਸਟੀਚਿਊਟ ਲਈ 39 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ।
-ਸਿੱਖਿਆ-

ਸਕੂਲੀ ਸਿੱਖਿਆ ਲਈ ਬਜਟ ਵਿਚ 11, 861 ਕਰੋੜ ਰੁਪਏ ਰੱਖੇ ਗਏ ਹਨ ਤੇ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਸੈਕੰਡਰੀ ਪੱਧਰ ਤੱਕ ਸਰਕਾਰੀ ਸਕੂਲਾਂ ਵਿਚ ਦਾਖ਼ਲਾ 14.9 ਪ੍ਰਤੀਸ਼ਤ ਵਧਿਆ ਹੈ ਅਤੇ ਸਕੂਲਾਂ ਵਿਚ 21 ਬੱਚਿਆਂ ਪਿੱਛੇ ਇਕ ਅਧਿਆਪਕ ਹੈ ਜੋ ਕਿ ਦੇਸ਼ ਦੇ ਦੂਜਿਆਂ ਸੂਬਿਆਂ ਨਾਲੋਂ ਕਾਫ਼ੀ ਚੰਗਾ ਅਨੁਪਾਤ ਹੈ। ਉਨ੍ਹਾਂ 250 ਸਕੂਲ ਅਗਲੇ ਵਿੱਤੀ ਸਾਲ ਵਿਚ ਅਪਗਰੇਡ ਕਰਨ ਦਾ ਵੀ ਫ਼ੈਸਲਾ ਕੀਤਾ ਤੇ ਕਿਹਾ ਕਿ ਰਾਜ ਦੇ 14,957 ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਸੂਬੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨੂੰ 931 ਕਰੋੜ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇਣਦਾਰੀਆਂ ਤੋਂ ਕੱਢਣ ਲਈ 90 ਕਰੋੜ ਦੀ ਵਿਸ਼ੇਸ਼ ਗਰਾਂਟ ਦਾ ਵੀ ਐਲਾਨ ਕੀਤਾ। ਵਿੱਤ ਮੰਤਰੀ ਨੇ ਸਮਾਰਟ ਫ਼ੋਨ ਯੋਜਨਾ ਵਿਚ ਅਗਲੇ ਸਾਲ ਲਈ 100 ਕਰੋੜ ਰੱਖੇ ਜਾਣ ਅਤੇ ਡਿਜੀਟਲ ਸਿੱਖਿਆ ਲਈ 140 ਕਰੋੜ ਰੱਖਣ ਦਾ ਵੀ ਐਲਾਨ ਕੀਤਾ।
ਬਜਟ ਸਾਰ
ਸਰਕਾਰ ਵਲੋਂ ਜਾਰੀ ਕੀਤੇ ਗਏ ਬਜਟ ਸਾਰ ਵਿਚ ਦੱਸਿਆ ਗਿਆ ਕਿ ਉਨ੍ਹਾਂ ਆਪਣੇ ਸੈਕਟਰ ਵਾਰ ਯੋਜਨਾ ਉਪਬੰਦ ਵਿਚ ਸਭ ਤੋਂ ਵੱਧ 62 ਪ੍ਰਤੀਸ਼ਤ ਪੈਸਾ ਸਮਾਜਿਕ ਸੇਵਾਵਾਂ ਲਈ ਰੱਖਿਆ ਹੈ, ਜਦੋਂ ਕਿ ਖੇਤੀਬਾੜੀ ਅਤੇ ਸਬੰਧਿਤ ਸੇਵਾਵਾਂ ਲਈ 15.13 ਪ੍ਰਤੀਸ਼ਤ, ਦਿਹਾਤੀ ਵਿਕਾਸ ਲਈ 6.98 ਪ੍ਰਤੀਸ਼ਤ, ਸਿੰਜਾਈ ਅਤੇ ਹੜ੍ਹ ਕੰਟਰੋਲ ਲਈ 5.08, ਟਰਾਂਸਪੋਰਟ ਲਈ 5.48, ਸਾਇੰਸ ਟੈਕਨਾਲੋਜੀ ਅਤੇ ਵਾਤਾਵਰਨ ਲਈ 1.33 ਪ੍ਰਤੀਸ਼ਤ, ਉਦਯੋਗ ਅਤੇ ਖਣਿਜ ਲਈ 0.46, ਆਮ ਆਰਥਿਕ ਸੇਵਾਵਾਂ ਲਈ 1.77 ਅਤੇ ਪਾਵਰ ਲਈ 0.62 ਪ੍ਰਤੀਸ਼ਤ ਬਜਟ ਦਾ ਹਿੱਸਾ ਰੱਖਿਆ ਗਿਆ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਸੂਬੇ ਦਾ ਕੁੱਲ ਖ਼ਰਚੇ ਦਾ 23 ਫ਼ੀਸਦੀ ਹਿੱਸਾ ਤਨਖ਼ਾਹਾਂ ਅਤੇ ਉਜ਼ਰਤਾਂ ਵਿਚ ਜਾਂਦਾ ਹੈ, ਜਦੋਂ ਕਿ 16 ਪ੍ਰਤੀਸ਼ਤ ਕੁੱਲ ਖ਼ਰਚੇ ਦਾ ਹਿੱਸਾ ਵਿਆਜ ਦੀਆਂ ਅਦਾਇਗੀਆਂ ਵਿਚ ਜਾਂਦਾ ਹੈ। 11 ਪ੍ਰਤੀਸ਼ਤ ਪੈਨਸ਼ਨ ਅਤੇ ਸੇਵਾ ਨਿਵਿਰਤੀ ਲਾਭਾਂ ਵਿਚ ਦਿੱਤਾ ਜਾਂਦਾ ਹੈ। ਸੂਬੇ ਦੀ ਆਮਦਨ ਵਿਚ 28 ਪ੍ਰਤੀਸ਼ਤ ਰਾਜ ਦੀ ਆਪਣੇ ਕਰਾਂ ਤੋਂ ਆਮਦਨ ਹੈ, ਜਦੋਂ ਕਿ 29 ਪ੍ਰਤੀਸ਼ਤ ਕੇਂਦਰ ਦੀਆਂ ਗਰਾਂਟਾਂ ਰਾਹੀਂ ਮਿਲਦਾ ਹੈ ਤੇ 28 ਪ੍ਰਤੀਸ਼ਤ ਕਰਜ਼ਿਆਂ ਆਦਿ ਦੇ ਰੂਪ 'ਚ ਪ੍ਰਾਪਤ ਹੁੰਦਾ ਹੈ। ਕੇਂਦਰੀ ਟੈਕਸਾਂ 'ਚੋਂ ਹਿੱਸੇ ਦੀ ਪ੍ਰਾਪਤੀ ਕੁੱਲ ਆਮਦਨ ਦਾ ਕੋਈ 9 ਪ੍ਰਤੀਸ਼ਤ ਹੈ, ਜਦੋਂ ਕਿ ਰਾਜ ਦੀ ਗ਼ੈਰ ਕਰਾਂ ਤੋਂ ਆਮਦਨ ਕੁੱਲ ਆਮਦਨ ਦਾ 6 ਪ੍ਰਤੀਸ਼ਤ ਹੈ।
ਮੁੱਖ ਮੰਤਰੀ ਬਜਟ ਤਜਵੀਜ਼ਾਂ ਦੌਰਾਨ ਸਦਨ 'ਚ ਹਾਜ਼ਰ ਰਹੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਬਜਟ ਸਮਾਗਮ ਦੇ ਮਗਰਲੇ ਦਿਨਾਂ ਦੌਰਾਨ ਸਦਨ ਤੋਂ ਕਾਫ਼ੀ ਗ਼ੈਰ-ਹਾਜ਼ਰ ਰਹੇ, ਅੱਜ ਬਜਟ ਪੇਸ਼ ਹੋਣ ਮੌਕੇ ਪੂਰਾ ਸਮਾਂ ਸਦਨ ਵਿਚ ਹਾਜ਼ਰ ਰਹੇ ਅਤੇ ਤਕਰੀਬਨ ਪੌਣੇ ਦੋ ਘੰਟੇ ਉਨ੍ਹਾਂ ਵਿੱਤ ਮੰਤਰੀ ਵਲੋਂ ਪੇਸ਼ ਕੀਤੀਆਂ ਗਈਆਂ ਬਜਟ ਤਜਵੀਜ਼ਾਂ ਵੀ ਸੁਣੀਆਂ। ਉਨ੍ਹਾਂ ਵਿੱਤ ਮੰਤਰੀ ਦਾ ਬਾਅਦ ਵਿਚ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਇਹ ਬਜਟ ਵੱਖ-ਵੱਖ ਵਰਗਾਂ ਨਾਲ ਸਬੰਧਿਤ ਮੁਸ਼ਕਿਲਾਂ ਨੂੰ ਹੱਲ ਕਰਨ 'ਚ ਵੱਡੀ ਮਦਦ ਦੇਵੇਗਾ ਤੇ ਸੂਬੇ ਨੂੰ ਤਰੱਕੀ ਦੇ ਰਾਹ ਪਾਵੇਗਾ। ਉਨ੍ਹਾਂ ਕਿਹਾ ਕਿ ਬਜਟ ਤਜਵੀਜ਼ਾਂ ਤੋਂ ਸਪਸ਼ਟ ਹੈ ਕਿ ਰਾਜ ਦੀ ਵਿੱਤੀ ਹਾਲਤ 'ਚ ਵੱਡਾ ਸੁਧਾਰ ਹੋਇਆ ਹੈ ਤੇ ਪੰਜਾਬ ਫਿਰ ਦੁਬਾਰਾ ਵਿੱਤੀ ਪੱਖੋਂ ਮਜ਼ਬੂਤੀ ਵੱਲ ਵੱਧ ਰਿਹਾ ਹੈ।
ਰਾਜ ਸਰਕਾਰ ਦਾ ਮਾਲੀਆ ਚਾਲੂ ਸਾਲ ਦੌਰਾਨ ਕੋਰੋਨਾ ਦੇ ਬਾਵਜੂਦ ਵਧਿਆ-ਵਿੱਤ ਮੰਤਰੀ
ਕਿਹਾ-ਡੀਜ਼ਲ 'ਤੇ ਕੇਂਦਰ ਆਪਣਾ ਵੈਟ ਘਟਾਉਣ ਦਾ ਫ਼ੈਸਲਾ ਲਵੇ ਤਾਂ ਅਸੀਂ ਵੀ ਵਿਚਾਰਾਂਗੇ

ਵਿੱਤ ਮੰਤਰੀ ਨੇ ਆਪਣੀਆਂ ਬਜਟ ਤਜਵੀਜ਼ਾਂ ਪੇਸ਼ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜ ਸਰਕਾਰ ਦਾ ਮਾਲੀਆ ਚਾਲੂ ਸਾਲ ਦੌਰਾਨ ਕੋਵਿਡ ਦੇ ਬਾਵਜੂਦ ਵਧਿਆ ਤੇ ਮਗਰਲੇ 4 ਸਾਲਾਂ ਦੌਰਾਨ ਸਰਕਾਰ ਦੀ ਆਪਣੀ ਵਿੱਤੀ ਆਮਦਨ ਦੋਗੁਣਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਲਈ ਇਹ ਸਾਲ 12 ਪ੍ਰਤੀਸ਼ਤ ਵਾਧੂ ਰਾਸ਼ੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਨਵੀਂ ਖੇਤੀ ਨੀਤੀ ਤਿਆਰ ਹੋ ਗਈ ਹੈ ਪਰ ਇਸ ਨੂੰ ਵਿਧਾਨ ਸਭਾ ਦੇ ਅਗਲੇ ਇਜਲਾਸ ਵਿਚ ਪੇਸ਼ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਕਰਜ਼ਾ ਮੁਆਫ਼ੀ ਯੋਜਨਾ ਖ਼ਤਮ ਹੋਣ ਵਾਲੀ ਨਹੀਂ ਤੇ ਆਉਂਦੇ ਸਾਲਾਂ ਦੌਰਾਨ ਵੀ ਹਰ ਸਾਲ ਕੋਈ 2000 ਕਰੋੜ ਰੁਪਏ ਰੱਖਣੇ ਪੈਣਗੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਵੇਲੇ ਤੁਹਾਨੂੰ ਅੰਕੜਿਆਂ ਵਿਚ 8600 ਕਰੋੜ ਦਾ ਵਿੱਤੀ ਘਾਟਾ ਨਜ਼ਰ ਆਉਂਦਾ ਹੈ ਪਰ ਇਸ ਦਾ ਮੁੱਖ ਕਾਰਨ ਕੈਪੀਟਲ ਐਕਸਪੈਂਡੀਚਰ ਲਈ ਬਹੁਤ ਵੱਧ 14 ਹਜ਼ਾਰ ਕਰੋੜ ਰੁਪਏ ਰੱਖਣਾ ਅਤੇ 6ਵੇਂ ਤਨਖ਼ਾਹ ਕਮਿਸ਼ਨ ਲਈ 9000 ਕਰੋੜ ਰੁਪਏ ਰੱਖਣਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪਹਿਲੀ ਜੁਲਾਈ ਤੋਂ ਤਨਖ਼ਾਹ ਕਮਿਸ਼ਨ ਲਾਗੂ ਕਰ ਦੇਵੇਗੀ ਅਤੇ ਮੁਲਾਜ਼ਮਾਂ ਦੇ ਬਕਾਇਆਂ ਦੀ ਅਦਾਇਗੀ ਵੀ ਕਿਸ਼ਤਾਂ ਵਿਚ ਕੀਤੀ ਜਾਣੀ ਸ਼ੁਰੂ ਹੋ ਜਾਵੇਗੀ। ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜ ਸਰਕਾਰ ਅਜੇ ਕੋਈ ਫ਼ੈਸਲਾ ਨਹੀਂ ਲੈ ਸਕੀ ਪਰ ਉਨ੍ਹਾਂ ਦਾਅਵਾ ਕੀਤਾ ਕਿ ਰਾਜ ਸਰਕਾਰ 48,989 ਅਸਾਮੀਆਂ ਆਉਂਦੇ ਵਿੱਤੀ ਸਾਲ ਵਿਚ ਭਰੇਗੀ, ਜਿਸ ਨਾਲ ਬੇਰੁਜ਼ਗਾਰੀ ਨੂੰ ਕੁਝ ਠੱਲ੍ਹ ਪਵੇਗੀ। ਉਨ੍ਹਾਂ ਬਿਜਲੀ ਦੇ ਵਧੀਆਂ ਦਰਾਂ ਸਬੰਧੀ ਉਨ੍ਹਾਂ ਕਿਹਾ ਕਿ ਬਿਜਲੀ ਦੇ ਰੇਟ ਘੱਟ ਕਰਨੇ ਅਤਿ ਜ਼ਰੂਰੀ ਹਨ ਕਿਉਂਕਿ ਉਸੇ ਨਾਲ ਸਨਅਤ ਅਤੇ ਵਪਾਰ ਨੂੰ ਉਤਸ਼ਾਹ ਮਿਲੇਗਾ ਅਤੇ ਰਾਜ ਦਾ ਕੁੱਲ ਘਰੇਲੂ ਉਤਪਾਤ ਵਧੇਗਾ। ਪ੍ਰੰਤੂ ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ ਬਿਜਲੀ ਪਲਾਂਟ ਕੋਲੇ ਨਾਲ ਚੱਲ ਰਹੇ ਹਨ ਅਤੇ ਕੋਲੇ ਦੀ ਢੁਆਈ ਅਤੇ ਕੀਮਤ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਬਿਜਲੀ ਪਲਾਂਟਾਂ ਨੂੰ ਚਲਾਉਣ ਲਈ ਗੈਸ ਦੀ ਮੰਗ ਕੀਤੀ ਹੈ। ਬਿਜਲੀ ਸਮਝੌਤੇ ਰੱਦ ਕਰਨ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਮਜ਼ਾਕ ਵਿਚ ਕਿਹਾ ਕਿ ਸਾਡਾ ਇਰਾਦਾ ਕਤਲ ਤਾਂ ਹੈ ਪ੍ਰੰਤੂ ਵੇਲਾ ਆਉਣ ਦਿਓ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਲਈ ਰੈਗੂਲੇਟਰੀ ਅਥਾਰਿਟੀ ਹੈ ਅਤੇ ਉਹ ਇਸ ਵੇਲੇ ਸਾਡੇ ਵਿਰੁੱਧ ਹਨ। ਡੀਜ਼ਲ 'ਤੇ ਉਨ੍ਹਾਂ ਕਿਹਾ ਕਿ ਇਕੱਲੇ ਰਾਜ ਹੀ ਵੈਟ ਕਿਉਂ ਘਟਾਉਣ, ਜੇ ਕੇਂਦਰ ਆਪਣਾ ਵੈਟ ਘਟਾਉਣ ਦਾ ਫ਼ੈਸਲਾ ਲਵੇਗਾ ਤਾਂ ਅਸੀਂ ਵੀ ਇਸ ਸਬੰਧੀ ਵਿਚਾਰ ਲਵਾਂਗੇ।
ਵਿੱਤ ਮੰਤਰੀ ਨੇ ਕਿਹਾ ਕਿ ਮਗਰਲੀ ਅਕਾਲੀ-ਭਾਜਪਾ ਸਰਕਾਰ ਸਾਨੂੰ ਸਰਕਾਰ ਛੱਡਣ ਮੌਕੇ 7791 ਕਰੋੜ ਦੀਆਂ ਦੇਣਦਾਰੀਆਂ ਅਤੇ 31 ਹਜ਼ਾਰ ਕਰੋੜ ਰੁਪਏ ਦੀ ਅਨਾਜ ਕਰਜ਼ਾ ਲਿਮਟ ਕਰਜ਼ੇ ਵਿਚ ਬਦਲਣ ਦਾ ਫ਼ੈਸਲਾ ਦੇ ਕੇ ਗਈ ਸੀ। ਉਨ੍ਹਾਂ ਕਿਹਾ ਕਿ ਮਗਰਲੀ ਸਰਕਾਰ ਦੇ 365 ਦਿਨਾਂ 'ਚੋਂ 179 ਦਿਨ ਓਵਰਡਰਾਫਟ ਸੀ ਅਤੇ 44 ਦਿਨ ਸਰਕਾਰ ਡਬਲ ਓਵਰਡਰਾਫਟ ਵਿਚ ਸੀ, ਜਿਸ 'ਤੇ ਜੁਰਮਾਨਾ ਵੀ ਲਗਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਾਵੇਂ ਚਾਲੂ ਵਿੱਤੀ ਸਾਲ ਵਿਚ ਤਿੰਨ ਮਹੀਨੇ ਕੋਵਿਡ ਕਾਰਨ ਕੋਈ ਵਿੱਤੀ ਆਮਦਨ ਨਹੀਂ ਹੋਈ, ਪਰ ਅਸੀਂ ਇਕ ਵੀ ਦਿਨ ਓਵਰਡਰਾਫ਼ਟ ਜਾਂ ਡਬਲ ਓਵਰਡਰਾਫਟ ਵਿਚ ਨਹੀਂ ਗਏ ਅਤੇ ਰਿਜ਼ਰਵ ਬੈਂਕ ਕੋਲ ਅਸੀਂ ਆਪਣਾ 1168 ਕਰੋੜ ਰੁਪਏ ਦਾ ਸਿੰਕਿੰਗ ਫੰਡ ਰਾਖਵਾਂ ਰੱਖਿਆ ਹੋਇਆ ਹੈ, ਜੋ ਕਿਸੇ ਮੁਸ਼ਕਿਲ ਵਿਚ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਦਾ ਟੈਕਸ ਆਮਦਨ ਵਿਚ 41 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਗੈਰ ਟੈਕਸ ਆਮਦਨ ਵਿਚ 32 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਵਲੋਂ ਚਾਹਪੱਤੀ ਅਤੇ ਘਿਉ ਵਰਗੀਆਂ ਚੀਜ਼ਾਂ ਗ਼ਰੀਬਾਂ ਨੂੰ ਫ਼ਿਲਹਾਲ ਨਾ ਦੇਣ ਦਾ ਫ਼ੈਸਲਾ ਲੈਂਦਿਆਂ ਭਾਰੀ ਮੰਗ ਕਾਰਨ 9 ਲੱਖ ਉਨ੍ਹਾਂ ਗ਼ਰੀਬਾਂ ਨੂੰ ਮੁਫ਼ਤ ਕਣਕ ਦੇਣ ਦਾ ਫ਼ੈਸਲਾ ਲਿਆ ਹੈ, ਜੋ ਭਾਰਤ ਸਰਕਾਰ ਦੀ ਯੋਜਨਾ ਹੇਠ ਨਹੀਂ ਆਉਂਦੇ।
ਵੱਖ-ਵੱਖ ਸਿਆਸੀ ਆਗੂਆਂ ਦੀ ਨਜ਼ਰ 'ਚ ਬਜਟ
ਬਜਟ ਮਹਿਜ਼ ਇਕ ਡਰਾਮਾ-ਬਾਦਲ

ਲੰਬੀ, 8 ਮਾਰਚ (ਸ਼ਿਵਰਾਜ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਬਾਰੇ ਕਿਹਾ ਕਿ ਇਹ ਕੈਪਟਨ ਸਰਕਾਰ ਵਲੋਂ ਲਿਆਂਦਾ ਗਿਆ ਬਜਟ ਮਹਿਜ਼ ਇਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ 'ਚੋਂ ਚਾਰ ਸਾਲਾਂ ਵਿਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਪੰਜਾਬ ਦੀ ਜਨਤਾ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਕਰਦੇ ਹਨ, ਪ੍ਰੰਤੂ ਇਹ ਪਹਿਲਾਂ ਵਾਂਗ ਹੁਣ ਵੀ ਪੂਰੇ ਨਹੀਂ ਉੱਤਰਦੇ।
ਲੋਕਹਿਤ ਦਾ ਦਸਤਾਵੇਜ਼-ਜਾਖੜ

ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਬਜਟ ਨੂੰ ਲੋਕਹਿੱਤ ਦਾ ਦਸਤਾਵੇਜ਼ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜੋ ਕਿਹਾ ਗਿਆ ਉਹ ਕੀਤਾ ਗਿਆ ਹੈ ਤੇ ਅੱਜ ਪੇਸ਼ ਕੀਤਾ ਬਜਟ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ।
ਅੱਖਾਂ 'ਚ ਘੱਟਾ ਪਾਉਣ ਦਾ ਯਤਨ- ਸੁਖਬੀਰ

ਸ਼੍ਰੋੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਜਟ ਰਾਹੀਂ ਸਰਕਾਰ ਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਯਤਨ ਕੀਤਾ ਹੈ। ਵਿੱਤ ਮੰਤਰੀ ਨੇ ਚਾਲਬਾਜ਼ੀ ਤੇ ਪਹਿਲਾਂ ਪੂਰੇ ਨਾ ਕੀਤੇ ਵਾਅਦਿਆਂ ਨੂੰ ਨਵੇਂ ਸਿਰੇ ਤੋਂ ਪੈਕ ਕਰ ਕੇ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਵਾਅਦੇ ਨੂੰ ਪੂਰਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਕਾਂਗਰਸ ਸਰਕਾਰ ਆਪਣੇ ਐਲਾਨਾਂ ਨਾਲ ਚੋਣ ਵਰ੍ਹੇ 'ਚ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਯਤਨ ਕਰ ਰਹੀ ਹੈ।
ਪ੍ਰਸ਼ਾਂਤ ਕਿਸ਼ੋਰ ਦਾ ਨਹੀਂ, ਪੰਜਾਬੀਆਂ ਦਾ ਬਜਟ ਚਾਹੀਦਾ-ਚੀਮਾ

ਵਿਰੋਧੀ ਧਿਰ ਦੇ ਆਗੂ ਤੇ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਨੂੰ ਪ੍ਰਸ਼ਾਂਤ ਕਿਸ਼ੋਰ ਦਾ ਨਹੀਂ ਬਲਕਿ ਪੰਜਾਬੀਆਂ ਦਾ ਬਜਟ ਚਾਹੀਦਾ ਹੈ। ਬਜਟ ਨੂੰ ਕੈਪਟਨ ਸਰਕਾਰ ਦੇ ਵਿੱਤ ਮੰਤਰੀ ਨੇ ਨਹੀਂ, ਪ੍ਰਸ਼ਾਂਤ ਕਿਸ਼ੋਰ ਨੇ ਬਣਾਇਆ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਕੈਪਟਨ ਕਿੰਨੇ ਨਾਕਾਮ ਤੇ ਆਲਸੀ ਮੁੱਖ ਮੰਤਰੀ ਹਨ।
ਜੁਮਲੇਬਾਜ਼ੀ ਨਾਲ ਭਰਪੂਰ-ਪਰਮਿੰਦਰ

ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਸਰਕਾਰ ਦੇ ਆਖ਼ਰੀ ਬਜਟ ਨੂੰ ਸਿਆਸੀ ਲਾਹਾ ਲੈਣ ਲਈ ਤੇ 2022 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ਮੀਨ ਤਿਆਰ ਕਰਨ ਪੇਸ਼ ਕੀਤਾ ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਜਟ 'ਚ ਜੋ ਐਲਾਨ ਕੀਤੇ ਹਨ ਉਹ ਇਸ ਸਰਕਾਰ ਦੇ ਪਿਛਲੇ ਸਾਲਾਂ ਦੌਰਾਨ ਪੇਸ਼ ਕੀਤੇ ਬਜਟਾਂ ਦਾ ਕੇਵਲ ਦੁਹਰਾਉ ਤੇ ਅੰਕੜਿਆਂ ਦਾ ਫੇਰਬਦਲ ਹੈ।
ਕਿਸਾਨ ਤੇ ਨੌਜਵਾਨ ਵਿਰੋਧੀ-ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਬਜਟ ਕੈਪਟਨ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਤੋਂ ਇਲਾਵਾ ਕੁਝ ਵੀ ਨਹੀਂ ਹੈ। ਕਾਂਗਰਸ ਸਰਕਾਰ ਵਲੋਂ ਪੇਸ਼ ਬਜਟ ਨਾ ਸਿਰਫ ਕਿਸਾਨ ਵਿਰੋਧੀ ਤੇ ਨੌਜਵਾਨ ਵਿਰੋਧੀ ਹੈ ਬਲਕਿ ਪੰਜਾਬ ਦੇ ਉਦਯੋਗਿਕ ਤੇ ਵਪਾਰਕ ਵਰਗ ਲਈ ਵੀ ਬਹੁਤ ਨਿਰਾਸ਼ਾਜਨਕ ਰਿਹਾ ਹੈ।
ਖੇਡਾਂ ਲਈ 20 % ਦਾ ਵਾਧਾ ਸ਼ਲਾਘਾਯੋਗ-ਰਾਣਾ ਸੋਢੀ

ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿੱਤ ਮੰਤਰੀ ਦਾ ਖੇਡ ਬਜਟ ਵਿਚ ਵਾਧੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਲਈ 2021-22 ਦੇ ਬਜਟ ਵਿਚ 147 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਜੋ ਪਿਛਲੇ ਵਰ੍ਹੇ ਦੇ ਮੁਕਾਬਲੇ 20 ਫ਼ੀਸਦੀ ਵੱਧ ਹੈ।
ਹਰ ਵਰਗ ਲਈ ਕੁਝ ਨਾ ਕੁਝ-ਭੱਠਲ

ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਸਰਕਾਰ ਦੇ ਬਜਟ 'ਚ ਹਰ ਵਰਗ ਲਈ ਕੁਝ ਨਾ ਕੁਝ ਦੇਖਣ ਨੂੰ ਮਿਲਿਆ ਹੈ। ਸਰਕਾਰ ਨੇ ਨਾ ਸਿਰਫ਼ ਆਪਣੇ ਚੋਣ ਵਾਅਦੇ ਪੁਗਾਏ ਹਨ ਬਲਕਿ ਔਰਤਾਂ ਤੇ ਬਜ਼ੁਰਗਾਂ ਪ੍ਰਤੀ ਆਪਣੇ ਫਰਜ਼ਾਂ ਦੀ ਵੀ ਪੂਰਤੀ ਕੀਤੀ ਹੈ। ਬੇਜ਼ਮੀਨੇ ਖੇਤ ਮਜ਼ਦੂਰਾਂ ਲਈ 526 ਕਰੋੜ ਰੁਪਏ ਰੱਖਣਾ ਵਧੀਆ ਫ਼ੈਸਲਾ ਹੈ।
ਮਹਿਲਾ-ਪੱਖੀ ਬਜਟ-ਅਰੁਣਾ ਚੌਧਰੀ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਹੈ ਕਿ ਬਜਟ ਸੂਬੇ ਦੀਆਂ ਮਹਿਲਾਵਾਂ ਦੇ ਸ਼ਕਤੀਕਰਨ ਲਈ ਸਹਾਈ ਹੋਵੇਗਾ। ਔਰਤਾਂ ਨੂੰ ਮੁਫਤ ਸਫਰ ਤੋਂ ਇਲਾਵਾ ਬਜ਼ੁਰਗ ਔਰਤਾਂ ਤੇ ਵਿਧਵਾਵਾਂ ਨੂੰ ਹੁਣ ਦੁੱਗਣੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਉਦਯੋਗਿਕ ਵਿਕਾਸ 'ਚ ਤੇਜ਼ੀ ਆਵੇਗੀ-ਸੁੰਦਰ ਸ਼ਾਮ ਅਰੋੜਾ

ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਬਜਟ ਨਾਲ ਸੂਬੇ ਦੇ ਸਨਅਤੀ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਉਦਯੋਗਿਕ ਤੇ ਵਪਾਰ ਵਿਕਾਸ ਨੀਤੀ 2017 ਨੇ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਨਿਵੇਸ਼ਕ ਸਮਰੱਥਕੀ ਮਾਹੌਲ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਉਦਯੋਗ ਨੂੰ ਹੁਲਾਰਾ ਦੇਣ ਵਾਲਾ ਬਜਟ ਹੈ।

ਕੋਲਕਾਤਾ 'ਚ ਰੇਲਵੇ ਦੀ ਇਮਾਰਤ 'ਚ ਅੱਗ ਲੱਗਣ ਕਾਰਨ 7 ਮੌਤਾਂ

ਕੋਲਕਾਤਾ, 8 ਮਾਰਚ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ ਇੱਥੇ ਨਿਊ ਕੋਇਲਾਘਾਟ 'ਚ ਪੂਰਬੀ ਤੇ ਦੱਖਣ ਪੂਰਬੀ ਰੇਲਵੇ ਦੇ ਜ਼ੋਨਲ ਦਫ਼ਤਰਾਂ ਵਾਲੀ ਰੇਲਵੇ ਦੀ ਇਕ ਇਮਾਰਤ 'ਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 4 ਅੱਗ ਬੁਝਾਊ ਅਮਲੇ ਦੇ ਮੈਂਬਰ, ਇਕ ਸਹਾਇਕ ਸਬ-ਇੰਸਪੈਕਟਰ ਅਤੇ ਇਕ ਆਰ.ਪੀ.ਐਫ. ਮੁਲਾਜ਼ਮ ਸੀ ਜਦਕਿ ਸੱਤਵੇਂ ਪੀੜਤ ਦੀ ਪਛਾਣ ਅਜੇ ਬਾਕੀ ਹੈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਮੌਕੇ 'ਤੇ ਪੁੱਜੀ ਮਮਤਾ ਬੈਨਰਜੀ ਨੇ ਸੂਬਾ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10 ਲੱਖ ਮੁਆਵਜ਼ਾ ਅਤੇ ਹਰੇਕ ਪੀੜਤ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ।

ਜੇ.ਈ.ਈ. ਮੇਨ ਨਤੀਜਾ

ਮੁਹਾਲੀ ਦੇ ਗੁਰਅੰਮ੍ਰਿਤ ਸਿੰਘ ਸਮੇਤ 6 ਉਮੀਦਵਾਰਾਂ ਨੇ ਹਾਸਲ ਕੀਤੇ 100 ਫ਼ੀਸਦੀ ਅੰਕ

ਨਵੀਂ ਦਿੱਲੀ, 8 ਮਾਰਚ (ਏਜੰਸੀ)-ਨੈਸ਼ਨਲ ਟੈਸਟਿੰਗ ਏਜੰਸੀ (ਐਨ. ਟੀ. ਏ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਜੀਨੀਅਰਿੰਗ ਦੀ ਦਾਖਲਾ ਪ੍ਰੀਖਿਆ ਜੇ.ਈ.ਈ.-ਮੇਨ ਦੇ ਸੋਮਵਾਰ ਨੂੰ ਐਲਾਨੇ ਨਤੀਜੇ 'ਚ 6 ਉਮੀਦਵਾਰਾਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਅਧਿਕਾਰੀਆਂ ਅਨੁਸਾਰ ਇਸ ਪ੍ਰੀਖਿਆ 'ਚ ਪੂਰੇ ਦੇ ਪੂਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ 'ਚ ਮੁਹਾਲੀ ਦੇ ਗੁਰਅੰਮ੍ਰਿਤ ਸਿੰਘ, ਦਿੱਲੀ ਦੇ ਪਰਾਵਰ ਕਟਾਰੀਆ ਤੇ ਰੰਜਿਮ ਪ੍ਰਾਬਲ ਦਾਸ, ਰਾਜਸਥਾਨ ਦਾ ਸਾਕੇਤ ਝਾਅ, ਮਹਾਰਾਸ਼ਟਰ ਦਾ ਸਿਧਾਂਥ ਮੁਖਰਜੀ ਤੇ ਗੁਜਰਾਤ ਦਾ ਅਨੰਤ ਕ੍ਰਿਸ਼ਨਾ ਕਿੰਦਾਬੀ ਸ਼ਾਮਿਲ ਹਨ। 18 ਸਾਲਾ ਗੁਰਅੰਮ੍ਰਿਤ ਚੰਡੀਗੜ੍ਹ ਦੇ 27 ਸੈਕਟਰ ਸਥਿਤ ਭਵਨ ਵਿਦਿਆਲਯ ਦਾ ਵਿਦਿਆਰਥੀ ਹੈ ਅਤੇ ਫਿਲਹਾਲ ਨਾਨ ਮੈਡੀਕਲ 'ਚ 12ਵੀਂ ਕਰ ਰਿਹਾ ਹੈ।
ਐਨ.ਟੀ.ਏ. ਵਲੋਂ ਜੇ.ਈ.ਈ.-ਮੇਨ ਦੀ ਇਹ ਪ੍ਰੀਖਿਆ 23 ਤੋਂ 26 ਫਰਵਰੀ 2021 ਨੂੰ ਦੇਸ਼ ਦੇ 331 ਸ਼ਹਿਰਾਂ 'ਚ 800 ਤੋਂ ਵਧੇਰੇ ਕੇਂਦਰਾਂ 'ਤੇ ਕਰਵਾਈ ਗਈ ਸੀ। ਇਸ ਸਾਲ ਕੁੱਲ 8.52 ਲੱਖ ਉਮੀਦਵਾਰਾਂ ਵਲੋਂ ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਸੀ, ਜਿਨ੍ਹਾਂ 'ਚੋਂ 95 ਫ਼ੀਸਦੀ ਬੀ.ਈ./ਬੀ. ਟੈਕ ਦੇ ਪੇਪਰਾਂ 'ਚ ਅਤੇ 81.2 ਫ਼ੀਸਦੀ ਬੀ.ਆਰਚ/ਬੀ. ਪਲਾਨਿੰਗ ਪੇਪਰਾਂ 'ਚ ਬੈਠੇ ਸਨ। ਪਹਿਲੀ ਵਾਰ ਇਹ ਪ੍ਰੀਖਿਆ ਪੰਜਾਬੀ ਸਮੇਤ 13 ਭਾਸ਼ਾਵਾਂ 'ਚ ਕਰਵਾਈ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੇ.ਈ.ਈ.-ਮੇਨ 2021 ਪ੍ਰੀਖਿਆ ਦੇ ਫਰਵਰੀ, ਮਾਰਚ, ਅਪ੍ਰੈਲ ਤੇ ਮਈ ਸੈਸ਼ਨਾਂ ਤੋਂ ਬਾਅਦ ਉਮੀਦਵਾਰਾਂ ਦੀ ਰੈਂਕ ਸੂਚੀ ਨੂੰ ਐਨ.ਟੀ.ਏ. ਦੇ 4 ਸਕੋਰਾਂ 'ਚੋਂ ਸਭ ਤੋਂ ਵਧੀਆ ਅੰਕੜਿਆਂ ਨੂੰ ਧਿਆਨ 'ਚ ਰੱਖ ਕੇ ਜਾਰੀ ਕੀਤਾ ਜਾਵੇਗਾ।

ਬੀਬੀਆਂ ਨੇ ਸੰਭਾਲੀ ਕਿਸਾਨੀ ਮੋਰਚਿਆਂ ਦੀ ਕਮਾਨ ਇਨਕਲਾਬੀ ਮਹਿੰਦੀ ਲਗਾ ਕੇ ਮਨਾਇਆ ਔਰਤ ਦਿਵਸ

ਨਵੀਂ ਦਿੱਲੀ, 8 ਮਾਰਚ (ਉਪਮਾ ਡਾਗਾ ਪਾਰਥ)-ਪਿਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ 'ਚ ਸੋਮਵਾਰ ਨੂੰ ਪ੍ਰਦਸ਼ਨਕਾਰੀਆਂ ਨੇ ਇਸ ਨੂੰ ਨਿਵੇਕਲੇ ਢੰਗ ਨਾਲ ਮਨਾਇਆ। ਦਿੱਲੀ ਦੀਆਂ ਸਰਹੱਦਾਂ 'ਤੇ ਵੱਖ-ਵੱਖ ਧਰਨਿਆਂ ਵਾਲੀਆਂ ਥਾਵਾਂ ਤੇ ਸੋਮਵਾਰ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਨਾ ਸਿਰਫ਼ ਕਿਸਾਨ ਔਰਤਾਂ ਨੇ ਮੰਚ ਦਾ ਸੰਚਾਲਨ ਪੂਰੀ ਤਰ੍ਹਾਂ ਸੰਭਾਲਿਆ, ਜਿਸ 'ਚ ਬੁਲਾਰੇ ਵੀ ਸਾਰੀਆਂ ਔਰਤਾਂ ਹੀ ਸਨ ਸਗੋਂ ਮਹਿੰਦੀ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮਹਿੰਦੀ ਨੂੰ ਇਨਕਲਾਬੀ ਮਹਿੰਦੀ ਦਾ ਨਾਂਅ ਦਿੰਦਿਆਂ ਔਰਤਾਂ ਨੇ ਇਸ 'ਤੇ ਮਹਿੰਦੀ ਨਾਲ ਕਿਸਾਨ ਏਕਤਾ ਜ਼ਿੰਦਾਬਾਦ ਜਿਹੇ ਨਾਅਰੇ ਲਿਖਵਾਏ। ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੇ ਦਾਅਵੇ ਮੁਤਾਬਿਕ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਤਕਰੀਬਨ 40 ਹਜ਼ਾਰ ਔਰਤਾਂ ਨੇ ਧਰਨਿਆਂ ਵਾਲੀਆਂ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਿਨ੍ਹਾਂ 'ਚ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਸ਼ਾਮਿਲ ਹਨ। ਹਾਸਲ ਜਾਣਕਾਰੀ ਮੁਤਾਬਿਕ ਇਨ੍ਹਾਂ ਚੋਂ ਸਭ ਤੋਂ ਵੱਡਾ ਇਕੱਠ ਟਿਕਰੀ ਬਾਰਡਰ 'ਤੇ ਵੇਖਣ ਨੂੰ ਮਿਲਿਆ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਇਸ ਦੀਆਂ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਸਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਕਈ ਬੱਸਾਂ, ਮਿੰਨੀ ਬੱਸਾਂ ਅਤੇ ਹੋਰ ਵਾਹਨਾਂ ਦੇ ਕਾਫ਼ਲਿਆਂ ਰਾਹੀਂ ਔਰਤਾਂ ਦੇ ਕਾਫ਼ਲੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਹੁੰਚੇ। ਪਕੌੜਾ ਚੌਕ 'ਚ ਦਿਨ ਭਰ ਚੱਲੇ ਪ੍ਰੋਗਰਾਮਾਂ 'ਚ ਮੰਚ ਦਾ ਪੂਰਾ ਸੰਚਾਲਨ ਔਰਤਾਂ ਵਲੋਂ ਕੀਤਾ ਗਿਆ ਅਤੇ ਸਾਰੇ ਬੁਲਾਰੇ ਵੀ ਔਰਤਾਂ ਸਨ। ਸੁਖਦੇਵ ਸਿੰਘ ਮੁਤਾਬਿਕ ਔਰਤ ਦਿਵਸ ਨੂੰ ਔਰਤ ਕਿਸਾਨ ਦਿਵਸ ਵਜੋਂ ਮਨਾਉਣ ਲਈ ਜਥੇਬੰਦੀ ਵਲੋਂ ਕਈ ਵਲੰਟੀਅਰ ਤਿਆਰ ਕੀਤੇ ਗਏ ਸਨ ਜਿਨ੍ਹਾਂ 'ਤੇ ਉਨ੍ਹਾਂ ਦੇ ਠਹਿਰਾਉਣ ਦੀ ਜ਼ਿੰਮੇਵਾਰੀ ਸੀ। ਜਥੇਬੰਦੀ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਹਾਲਾਂਕਿ ਸਰਕਾਰ ਵਲੋਂ ਇਸ 'ਚ ਰੁਕਾਵਟਾਂ ਪਾਉਣ ਲਈ ਟਿਕਰੀ ਬਾਰਡਰ ਤੋਂ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਸੈਕਸ਼ਨ ਤੱਕ ਸਾਰੇ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ। ਇਹ ਜਾਣਕਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵਲੋਂ ਵੀ ਸਾਂਝੀ ਕੀਤੀ ਗਈ, ਜਿਸ ਮੁਤਾਬਿਕ ਉਨ੍ਹਾਂ ਨੇ ਦਿੱਲੀ ਪੁਲਿਸ ਵਲੋਂ ਮਿਲੇ ਆਦੇਸ਼ਾਂ ਤਹਿਤ ਟਿਕਰੀ ਕਲਾਂ ਤੋਂ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਹਨ। ਦਿੱਲੀ ਮੈਟਰੋ ਵਲੋਂ ਇਸ ਨੂੰ ਸੁਰੱਖਿਆ ਤਹਿਤ ਲਿਆ ਫ਼ੈਸਲਾ ਕਰਾਰ ਦਿੱਤਾ ਗਿਆ। ਟਵਿੱਟਰ 'ਤੇ ਪਾਈ ਜਾਣਕਾਰੀ 'ਚ ਮੈਟਰੋ ਕਾਰਪੋਰੇਸ਼ਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਨ੍ਹਾਂ ਸਟੇਸ਼ਨਾਂ ਨੂੰ ਕਿੰਨੀ ਦੇਰ ਲਈ ਬੰਦ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਮੰਚ ਔਰਤਾਂ ਦੇ ਸਪੁਰਦ ਕਰਦਿਆਂ ਕਿਹਾ ਕਿ ਕਿਸਾਨੀ 'ਚ ਔਰਤਾਂ ਦੀ ਅਹਿਮ ਭੂਮਿਕਾ ਹੈ ਪਰ ਉਨ੍ਹਾਂ ਨੂੰ ਉਹ ਦਰਜਾ ਨਹੀਂ ਦਿੱਤਾ ਜਾਂਦਾ ਜਿਸ ਦੀਆਂ ਉਹ ਹੱਕਦਾਰ ਹਨ। ਸੰਯੁਕਤ ਕਿਸਾਨ ਮੋਰਚਾ ਵਲੋਂ ਜਾਰੀ ਬਿਆਨ ਮੁਤਾਬਿਕ ਕਿਸਾਨ ਔਰਤਾਂ ਨੂੰ ਮੰਚ 'ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਿਸਾਨ ਅੰਦੋਲਨ ਤੋਂ ਇਲਾਵਾ ਖੇਤਾਂ 'ਚ ਉਨ੍ਹਾਂ ਦੇ ਕੰਮਾਂ ਲਈ ਵੀ ਉਤਸ਼ਾਹਿਤ ਕੀਤਾ ਗਿਆ।

ਬਰਤਾਨੀਆ ਦੀ ਸੰਸਦ 'ਚ ਕਿਸਾਨੀ ਅੰਦੋਲਨ 'ਤੇ ਬਹਿਸ

ਲੰਡਨ, 8 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੀ ਸੰਸਦ 'ਚ ਅੱਜ ਭਾਰਤ 'ਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਅਤੇ ਪੱਤਰਕਾਰਤਾ ਦੀ ਆਜ਼ਾਦੀ ਨੂੰ ਲੈ ਕੇ 90 ਮਿੰਟ ਦੀ ਬਹਿਸ ਹੋਈ। ਕੌਂਸਲਰ ਗੁਰਚਰਨ ਸਿੰਘ ਵਲੋਂ ਦਾਇਰ ਕੀਤੀ ਪਟੀਸ਼ਨ 'ਤੇ 1 ਲੱਖ ਤੋਂ ਵੱਧ ਦਸਤਖ਼ਤ ਹੋਣ ਤੋਂ ਬਾਅਦ ਹੋਈ ਇਸ ਬਹਿਸ ਦੀ ਅਗਵਾਈ ਸਕਾਟਿਸ਼ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਮਾਰਟਿਨ ਡੇਅ ਵਲੋਂ ਕੀਤੀ ਗਈ। ਉਨ੍ਹਾਂ ਇਸ ਘਟਨਾਕ੍ਰਮ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ। ਬਹਿਸ 'ਚ ਖ਼ਾਲਿਦ ਮਹਿਮੂਦ, ਥੈਰੀਸਾ ਵਿਲਰ, ਜੈਰਮੀ ਕੌਰਬਿਨ ਸਾਬਕਾ ਲੇਬਰ ਲੀਡਰ, ਤਾਹਿਰ ਅਲੀ, ਐਮ.ਪੀ. ਵਰਿੰਦਰ ਸ਼ਰਮਾ, ਫੋਲ ਬਰਿਸਟੋਅ, ਸੀਮਾ ਮਲਹੋਤਰਾ, ਪੈਟ ਮੈਕਫੈਡਨ, ਤਨਮਨਜੀਤ ਸਿੰਘ ਢੇਸੀ, ਨਾਜ਼ ਸ਼ਾਹ, ਲਾਇਲਾ ਮੌਰਨ, ਨਾਡੀਆ ਵਿਟੋਹਮ, ਜੌਹਨ ਮੈਕਡਾਨਲ, ਵਿਸ ਸਟੀਰਿੰਗ, ਐਡਮ ਹੈਲੋਵੇਅ, ਬਰੈਂਡਨ ਓ ਹਾਰਾ (ਸਕਾਟਿਸ਼ ਪਾਰਟੀ ਦੇ ਬੁਲਾਰੇ), ਸਟੀਫਨ ਕਿੰਨਨੌਕ (ਸ਼ੈਡੋ ਮੰਤਰੀ) ਨੇ ਹਿੱਸਾ ਲਿਆ ਅਤੇ ਸਰਕਾਰ ਵਲੋਂ ਮੰਤਰੀ ਨਾਈਜ਼ਲ ਐਡਮ ਨੇ ਅਖੀਰ 'ਚ ਜਵਾਬ ਦਿੱਤਾ। ਬੁਲਾਰਿਆਂ ਨੇ ਖੇਤੀ ਕਾਨੂੰਨਾਂ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਕਿਹਾ ਪਰ ਪ੍ਰਦਰਸ਼ਨਕਾਰੀਆਂ 'ਤੇ ਕੀਤੇ ਹਿੰਸਕ ਤਸ਼ੱਦਦ, ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ, ਕਿਸਾਨਾਂ ਦੀਆਂ ਮੌਤਾਂ 'ਤੇ ਚਿੰਤਾ ਪ੍ਰਗਟ ਕੀਤੀ। ਬਹਿਸ ਦੌਰਾਨ 26 ਜਨਵਰੀ ਨੂੰ ਹੋਏ ਘਟਨਾਕ੍ਰਮ ਦਾ ਵੀ ਜ਼ਿਕਰ ਕੀਤਾ ਗਿਆ, ਬੁਲਾਰਿਆਂ ਨੇ ਕਿਹਾ ਇਸ ਅੰਦੋਲਨ ਤੋਂ ਸਿੱਖ ਭਾਈਚਾਰਾ ਖਾਸ ਤੌਰ 'ਤੇ ਚਿੰਤਤ ਹੈ। ਮੀਡੀਆ 'ਤੇ ਭਾਰਤ ਸਰਕਾਰ ਦੇ ਕੰਟਰੋਲ ਕਰਨ ਦੀ ਵੀ ਗੱਲ ਕਹੀ ਗਈ। ਐਮ.ਪੀ. ਵਰਿੰਦਰ ਸ਼ਰਮਾ ਨੇ ਇਸ ਮਾਮਲੇ ਦੇ ਹੱਲ ਲਈ ਯੂ.ਕੇ. ਸਰਕਾਰ ਨੂੰ ਮਦਦ ਕਰਨ ਲਈ ਕਿਹਾ। ਐਮ.ਪੀ. ਢੇਸੀ ਨੇ ਭਾਰਤ ਦੇ ਖਿਡਾਰੀਆਂ ਤੇ ਫਿਲਮੀ ਸਿਤਾਰਿਆਂ ਵਲੋਂ ਸ਼ੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਸੁਨੇਹਿਆਂ ਦਾ ਜ਼ਿਕਰ ਕਰਦਿਆਂ ਭਾਰਤ ਦੀ ਆਲੋਚਨਾ ਕੀਤੀ। ਬੁਲਾਰਿਆਂ ਨੇ ਨੌਦੀਪ ਕੌਰ ਦੀ ਗ੍ਰਿਫ਼ਤਾਰੀ, ਇੰਟਰਨੈੱਟ ਸੇਵਾਵਾਂ ਬੰਦ ਕਰਨ ਸਮੇਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਹ ਮਾਮਲਾ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੂੰ ਪ੍ਰਧਾਨ ਮੰਤਰੀ ਮੋਦੀ ਕੋਲ ਉਠਾਉਣ ਦੀ ਮੰਗ ਕੀਤੀ। ਐਮ.ਪੀ. ਥੈਰੀਸਾ ਵਿਲਰ ਨੇ ਚੱਲ ਰਹੇ ਲੰਬੇ ਕਿਸਾਨੀ ਅੰਦੋਲਨ ਨੂੰ ਭਾਰਤ ਦੀ ਸੁੰਦਰਤਾ ਆਖਦਿਆਂ ਕਿਹਾ ਕਿ ਇਹ ਲੋਕਤੰਤਰ ਦਾ ਨਤੀਜਾ ਹੈ। ਬਹਿਸ ਦੇ ਅਖੀਰ 'ਚ ਮੰਤਰੀ ਨਾਈਜ਼ਲ ਐਡਮਜ਼ ਨੇ ਜਵਾਬ ਦਿੰਦਿਆ ਕਿਹਾ ਕਿ ਉਨ੍ਹਾਂ ਦੀ ਇਸ ਮਾਮਲੇ ਸਬੰਧੀ ਭਾਰਤੀ ਹਾਈ ਕਮਿਸ਼ਨ ਲੰਡਨ ਨਾਲ ਗੱਲ ਹੋਈ ਹੈ। ਉਨ੍ਹਾਂ ਅਨੁਸਾਰ ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਨੇ ਰੋਕ ਲਗਾ ਕੇ ਮਸਲੇ ਦੇ ਹੱਲ ਲਈ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਭਾਰਤ ਦਾ ਅੰਦਰੂਨੀ ਮਾਮਲਾ ਹੈ, ਸ਼ਾਂਤਮਈ ਪ੍ਰਦਰਸ਼ਨ ਕਰਨਾ ਨਾਗਰਿਕਾਂ ਦਾ ਹੱਕ ਹੈ, ਪ੍ਰੈੱਸ ਦੀ ਆਜ਼ਾਦੀ ਲੋਕਤੰਤਰ ਲਈ ਬਹੁਤ ਜ਼ਰੂਰੀ ਹੈ। ਅਸੀਂ ਭਾਰਤ ਸਰਕਾਰ ਨਾਲ ਮਹੱਤਵਪੂਰਨ ਮੁੱਦਿਆਂ 'ਤੇ ਜ਼ਰੂਰ ਗੱਲ ਕਰਾਂਗੇ। ਵਿਦੇਸ਼ ਮੰਤਰੀ ਪਹਿਲਾਂ ਹੀ ਕਿਸਾਨ ਅੰਦੋਲਨ ਬਾਰੇ ਗੱਲ ਕਰ ਚੁੱਕੇ ਹਨ। ਇਸ ਮੌਕੇ ਇਹ ਗੱਲ ਵੀ ਸਾਹਮਣੇ ਆਈ ਕਿ ਖੇਤੀ ਸਬੰਧੀ ਵਿਸ਼ਵ ਵਿਆਪੀ ਹੋਈ ਸੰਧੀ ਦੇ ਆਰਟੀਕਲ 9 ਨੂੰ ਘੋਖਣ ਦੀ ਲੋੜ ਹੈ ਇਸ ਸੰਧੀ 'ਤੇ ਭਾਰਤ ਨੇ ਵੀ ਦਸਤਖ਼ਤ ਕੀਤੇ ਹਨ।

ਹਰੀਸ਼ ਰਾਵਤ ਕੈਪਟਨ ਨਾਲ ਅੱਜ ਕਰਨਗੇ ਮੁਲਾਕਾਤ

* ਨਵਜੋਤ ਸਿੰਘ ਸਿੱਧੂ ਦੀ ਬਹਾਲੀ ਏਜੰਡੇ 'ਤੇ ਹੋਣ ਦੇ ਚਰਚੇ

ਚੰਡੀਗੜ੍ਹ, 8 ਮਾਰਚ (ਹਰਕਵਲਜੀਤ ਸਿੰਘ)-ਪੰਜਾਬ ਕਾਂਗਰਸ ਲਈ ਪਾਰਟੀ ਹਾਈਕਮਾਂਡ ਵਲੋਂ ਇੰਚਾਰਜ ਸ੍ਰੀ ਹਰੀਸ਼ ਰਾਵਤ ਕੱਲ੍ਹ ਚੰਡੀਗੜ੍ਹ ਆ ਰਹੇ ਹਨ। ਜਿਥੇ ਉਨ੍ਹਾਂ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੇ ਜਾਣ ਦਾ ਪ੍ਰੋਗਰਾਮ ਹੈ। ਹਾਲਾਂਕਿ ਸਰਕਾਰੀ ਹਲਕਿਆਂ ਵਲੋਂ ਇਸ ਮੀਟਿੰਗ ਸਬੰਧੀ ਖਾਮੋਸ਼ੀ ਰੱਖੀ ਜਾ ਰਹੀ ਹੈ ਲੇਕਿਨ ਰਾਵਤ, ਜੋ ਪੰਜਾਬ ਸਰਕਾਰ ਦੇ ਹੈਲੀਕਾਪਟਰ ਰਾਹੀਂ ਬਾਅਦ ਦੁਪਹਿਰ ਚੰਡੀਗੜ੍ਹ ਪੁੱਜਣਗੇ, ਕੱਲ੍ਹ ਰਾਤ ਚੰਡੀਗੜ੍ਹ ਹੀ ਰੁਕਣ ਤੋਂ ਬਾਅਦ ਪਰਸੋਂ ਸਵੇਰੇ ਵਾਪਸ ਚਲੇ ਜਾਣਗੇ। ਉੱਚ ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਰਾਵਤ ਵਲੋਂ ਮੁੱਖ ਮੰਤਰੀ ਨਾਲ ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਸਿਆਸੀ ਬਹਾਲੀ ਦੇ ਮੁੱਦੇ 'ਤੇ ਗੱਲਬਾਤ ਕੀਤੀ ਜਾਵੇਗੀ, ਹਾਲਾਂਕਿ ਉਹ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਨਾਲ ਇਹ ਮਾਮਲਾ ਵਿਚਾਰ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਕਦਾ ਹੀ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦਾ ਇਕ-ਦੂਸਰੇ ਨਾਲ ਮੇਲ ਮਿਲਾਪ ਸ਼ੁਰੂ ਹੋਇਆ ਸੀ। ਸ. ਨਵਜੋਤ ਸਿੰਘ ਸਿੱਧੂ, ਜੋ ਕਿ ਅਸਤੀਫ਼ਾ ਦੇਣ ਤੋਂ ਬਾਅਦ ਪਹਿਲੀ ਵਾਰ ਬਜਟ ਸਮਾਗਮ ਵਿਚ ਵੀ ਪੂਰੀ ਸ਼ਮੂਲੀਅਤ ਕਰ ਰਹੇ ਹਨ ਅਤੇ ਪਾਰਟੀ ਅਤੇ ਸਰਕਾਰ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਉਣ ਦਾ ਆਪਣਾ ਪ੍ਰਭਾਵ ਵੀ ਖ਼ਤਮ ਕਰ ਰਹੇ ਹਨ। ਸੂਚਨਾ ਅਨੁਸਾਰ ਪਾਰਟੀ ਹਾਈ ਕਮਾਂਡ ਸ. ਨਵਜੋਤ ਸਿੰਘ ਸਿੱਧੂ ਨੂੰ ਹੁਣ ਬਿਨਾਂ ਕਿਸੇ ਦੇਰੀ ਪਾਰਟੀ ਵਿਚ ਕੋਈ ਨਿਯੁਕਤੀ ਦੇਣਾ ਚਾਹੁੰਦੇ ਹਨ, ਤਾਂ ਜੋ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਲਈ ਸਰਗਰਮ ਕੀਤਾ ਜਾ ਸਕੇ। ਇਹ ਵੀ ਚਰਚਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਕਿ 11 ਮਾਰਚ ਨੂੰ ਆਪਣਾ ਜਨਮ ਦਿਨ ਮਨਾਉਣ ਲਈ ਚੰਡੀਗੜ੍ਹ ਤੋਂ ਬਾਹਰ ਜਾਣਾ ਚਾਹੁੰਦੇ ਹਨ ਅਤੇ ਚਰਚਾ ਇਹ ਵੀ ਸੀ ਕਿ ਉਹ ਕੁਝ ਦਿਨਾਂ ਲਈ ਦੁਬਈ ਆਦਿ ਵੀ ਜਾ ਸਕਦੇ ਹਨ, ਪਰ ਪਾਰਟੀ ਵਿਚ ਹੋ ਰਹੀਆਂ ਇਨ੍ਹਾਂ ਸਰਗਰਮੀਆਂ ਨੂੰ ਮੁੱਖ ਰੱਖ ਕੇ ਕੀ ਉਹ ਚੰਡੀਗੜ੍ਹ ਤੋਂ ਬਾਹਰ ਜਾਣਾ ਚਾਹੁਣਗੇ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ। ਮਗਰਲੇ ਕੁਝ ਦਿਨਾਂ ਤੋਂ ਸਿਆਸੀ ਹਲਕਿਆਂ ਵਿਚ ਇਹ ਕਾਫ਼ੀ ਚਰਚਾ ਸੀ ਕਿ ਮੁੱਖ ਮੰਤਰੀ ਨੇ ਬਜਟ ਸਮਾਗਮ 10 ਤਰੀਕ ਤੋਂ ਅੱਗੇ ਵਧਾਉਣ ਲਈ ਸਪੱਸ਼ਟ ਨਾਂਹ ਕਰ ਦਿੱਤੀ ਸੀ, ਕਿਉਂਕਿ ਉਹ 11 ਮਾਰਚ ਨੂੰ ਆਪਣਾ ਜਨਮ ਦਿਨ ਮਨਾਉਣਾ ਚਾਹੁੰਦੇ ਹਨ। ਮੁੱਖ ਮੰਤਰੀ 11 ਮਾਰਚ ਨੂੰ 79 ਸਾਲਾਂ ਦੇ ਹੋ ਜਾਣਗੇ ਅਤੇ ਉਨ੍ਹਾਂ ਨੂੰ 80ਵਾਂ ਸਾਲ ਲੱਗ ਜਾਵੇਗਾ। ਮੁੱਖ ਮੰਤਰੀ ਇਹ ਆਮ ਕਹਿੰਦੇ ਹਨ ਕਿ ਆਪਣੇ ਪਰਿਵਾਰ ਵਿਚ ਲੰਬੀ ਉਮਰ ਦਾ ਉਹ ਇਕ ਰਿਕਾਰਡ ਬਣਾਉਣਗੇ, ਕਿਉਂਕਿ ਉਨ੍ਹਾਂ ਦੇ ਪਰਿਵਾਰ ਵਿਚ ਪਹਿਲੇ ਰਾਜਿਆਂ ਦੀ ਉਮਰ 70 ਸਾਲ ਤੋਂ ਵੱਧ ਨਹੀਂ ਹੋਈ ਸੀ।

ਹੰਗਾਮੇ 'ਚ ਸ਼ੁਰੂ ਹੋਇਆ ਬਜਟ ਇਜਲਾਸ ਦਾ ਦੂਜਾ ਪੜਾਅ

* ਹੁਣ ਪਹਿਲਾਂ ਵਾਂਗ 11 ਵਜੇ ਤੋਂ ਚੱਲੇਗੀ ਦੋਵੇਂ ਸਦਨਾਂ ਦੀ ਕਾਰਵਾਈ * ਹੋਲੀ ਤੋਂ ਪਹਿਲਾਂ ਖ਼ਤਮ ਹੋ ਸਕਦਾ ਹੈ ਇਜਲਾਸ

- ਉਪਮਾ ਡਾਗਾ ਪਾਰਥ -
ਨਵੀਂ ਦਿੱਲੀ, 8 ਮਾਰਚ -ਸੰਸਦ ਦੇ ਬਜਟ ਇਜਲਾਸ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਹੀ ਹੰਗਾਮਿਆਂ , ਬਦਲਾਵਾਂ ਅਤੇ ਕਿਆਸਰਾਈਆਂ ਦਾ ਬੋਲਬਾਲਾ ਰਿਹਾ, ਜਿੱਥੇ ਹੰਗਾਮਿਆਂ 'ਚ ਪੈਟਰੋਲ, ਡੀਜ਼ਲ ਆਦਿ ਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ 'ਤੇ ਹਮਲਾਵਰ ਰਹੀ, ਉੱਥੇ ਸੰਸਦ 'ਚ ਬਦਲਾਵਾਂ ਦੇ ਐਲਾਨ ਤਹਿਤ ਦੋਵੇਂ ਸਦਨਾਂ ਦੇ ਸਮੇਂ 'ਚ ਤਬਦੀਲੀ ਕਰਦਿਆਂ ਇਸ ਨੂੰ ਪਹਿਲਾਂ ਵਾਂਗ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਕਰਨ ਦਾ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਹਾਲਾਤਾਂ ਦਰਮਿਆਨ ਹੋ ਰਹੇ ਇਜਲਾਸ 'ਚ ਰਾਜ ਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਲੋਕ ਸਭਾ ਦੀ ਕਾਰਵਾਈ ਦੁਪਹਿਰ 4 ਵਜੇ ਤੋਂ ਸ਼ਾਮ 9 ਵਜੇ ਤੱਕ ਚਲਾਈ ਜਾ ਰਹੀ ਸੀ। ਸਮੇਂ ਦੇ ਬਦਲਾਵਾਂ ਦੇ ਨਾਲ ਸੰਸਦ ਦੇ ਗਲਿਆਰਿਆਂ 'ਚ ਇਜਲਾਸ ਛੇਤੀ ਖ਼ਤਮ ਕਰਨ ਦੇ ਕਿਆਸ ਵੀ ਲਾਏ ਜਾ ਰਹੇ ਸਨ। ਹਲਕਿਆਂ ਮੁਤਾਬਿਕ ਸਰਕਾਰ ਵਲੋਂ ਬਜਟ ਇਜਲਾਸ ਹੋਲੀ ਤੋਂ ਪਹਿਲਾਂ ਹੀ ਖ਼ਤਮ ਕੀਤਾ ਜਾ ਸਕਦਾ ਹੈ ਜਦਕਿ ਪਹਿਲਾਂ ਤੋਂ ਮਿੱਥੇ ਪ੍ਰੋਗਰਾਮ ਮੁਤਾਬਿਕ ਇਹ ਇਜਲਾਸ 8 ਅਪ੍ਰੈਲ ਨੂੰ ਖ਼ਤਮ ਹੋਣਾ ਸੀ।
ਦੇਸ਼ ਭੁਗਤ ਰਿਹਾ ਹੈ ਮਹਿੰਗਾਈ ਦੀ ਮਾਰ-ਵਿਰੋਧੀ ਧਿਰ
ਕਾਂਗਰਸ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਸੰਸਦ ਦੇ ਦੋਵਾਂ ਸਦਨਾਂ 'ਚ ਸਰਕਾਰ ਦੀ ਘੇਰਾਬੰਦੀ ਕਰਦਿਆਂ ਕਿਹਾ ਕਿ ਮਹਿੰਗਾਈ ਦੀ ਮਾਰ ਪੂਰਾ ਦੇਸ਼ ਭੁਗਤ ਰਿਹਾ ਹੈ। ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਸਾਂਸਦਾਂ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਵਧ ਰਹੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸ 'ਤੇ ਚਰਚਾ ਦੀ ਮੰਗ ਕੀਤੀ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਮਹਿੰਗਾਈ ਦਾ ਮੁੱਦਾ ਉਠਾਂਦਿਆਂ ਕਿਹਾ ਕਿ ਅੱਜ ਦੇਸ਼ 'ਚ ਪੈਟਰੋਲ ਤਕਰੀਬਨ 100 ਰੁਪਏ ਅਤੇ ਡੀਜ਼ਲ ਤਕਰੀਬਨ 80 ਰੁਪਏ ਲੀਟਰ 'ਤੇ ਪਹੁੰਚ ਗਿਆ ਹੈ। ਜਿਸ ਨਾਲ ਆਮ ਆਦਮੀ ਤਨਾਅ 'ਚ ਹੈ। ਖੜਗੇ ਨੇ ਇਸ ਦੀ ਕਾਰਵਾਈ ਮੁਲਤਵੀ ਕਰ ਕੇ ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਚਰਚਾ ਕਰਵਾਉਣ ਦੀ ਮੰਗ ਕੀਤੀ। ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕਈਆ ਨਾਇਡੂ ਵਲੋਂ ਮੰਗ ਨੂੰ ਖਾਰਜ ਕਰਨ 'ਤੇ ਵਿਰੋਧੀ ਧਿਰਾਂ ਵਲੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਹੰਗਾਮਿਆਂ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 1 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਭਾ ਮੁੜ ਜੁੜਨ 'ਤੇ ਵੀ ਹੰਗਾਮਿਆਂ ਦਾ ਦੌਰ ਜਾਰੀ ਰਹਿਣ 'ਤੇ ਸਭਾ ਦੀ ਕਾਰਵਾਈ ਕਈ ਵਾਰ ਮੁਤਲਵੀ ਕਰਨ ਤੋਂ ਬਾਅਦ ਮੰਗਲਵਾਰ ਸਵੇਰ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ 'ਚ ਵੀ ਮਹਿੰਗਾਈ ਦਾ ਮੁੱਦਾ ਭਾਰੂ ਰਿਹਾ। ਸਭਾ ਦੀ ਕਾਰਵਾਈ ਸ਼ੁਰੂ ਹੋਣ 'ਤੇ ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਮਹਿੰਗਾਈ 'ਤੇ ਚਰਚਾ ਕਰਵਾਉਣ ਦੀ ਮੰਗ ਕੀਤੀ। ਚੌਧਰੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਮਹਿੰਗਾਈ ਦੇ ਮੁੱਦੇ 'ਤੇ ਲਿਖੀ ਚਿੱਠੀ ਦੇ ਹਵਾਲੇ ਨਾਲ ਮੁੱਦਾ ਉਠਾਂਦਿਆਂ ਕਿਹਾ ਕਿ ਇਸ 'ਤੇ ਤਵਸੀਲੀ ਚਰਚਾ ਹੋਣੀ ਹੈ। ਕਾਂਗਰਸੀ ਸਾਂਸਦਾਂ ਨੇ ਸਭਾ ਦੇ ਵਿਚਕਾਰ ਆਉਂਦਿਆਂ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਓਮ ਬਿਰਲਾ ਨੇ ਔਰਤ ਦਿਵਸ ਦਾ ਹਵਾਲਾ ਦਿੰਦਿਆਂ ਪੂਰਾ ਦਿਨ ਔਰਤਾਂ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ। ਹੰਗਾਮਿਆਂ ਕਾਰਨ ਸਪੀਕਰ ਨੇ ਲੋਕ ਸਭਾ ਦੀ ਕਾਰਵਾਈ 7 ਵਜੇ ਤੱਕ ਮੁਲਤਵੀ ਕਰ ਦਿੱਤੀ।
ਮਹਿੰਗਾਈ ਵੀ ਔਰਤਾਂ ਦਾ ਮੁੱਦਾ-ਹਰਸਿਮਰਤ ਕੌਰ
ਔਰਤ ਦਿਵਸ ਮੌਕੇ ਔਰਤ ਸਾਂਸਦਾਂ ਨੂੰ ਮੁੱਦੇ ਚੁੱਕਣ ਦੀ ਕਵਾਇਦ ਸ਼ੁਰੂ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਜਦ ਸ਼੍ਰੋਮਣੀ ਅਕਾਲੀ ਦਲ ਸਾਂਸਦ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਵਿਚਾਰ ਰੱਖਣ ਨੂੰ ਕਿਹਾ ਤਾਂ ਹਰਸਿਮਰਤ ਨੇ ਵੀ ਮਹਿੰਗਾਈ ਨੂੰ ਵੀ ਔਰਤਾਂ ਦਾ ਮੁੱਦਾ ਦੱਸਦਿਆਂ ਪਹਿਲਾਂ ਮਹਿੰਗਾਈ 'ਤੇ ਚਰਚਾ ਕਰਵਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਜਦੋਂ ਸਪੀਕਰ ਨੇ ਹਰਸਿਮਰਤ ਕੌਰ ਨੂੰ ਬੋਲਣ ਨੂੰ ਕਿਹਾ ਉਸ ਸਮੇਂ ਕਾਂਗਰਸੀ ਸਾਂਸਦ ਸਭਾ ਦੇ ਵਿਚਕਾਰ ਆ ਕੇ ਮਹਿੰਗਾਈ 'ਤੇ ਚਰਚਾ ਦੀ ਮੰਗ ਕਰ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਸਾਂਸਦ ਨੇ ਅਸਿੱਧੇ ਢੰਗ ਨਾਲ ਆਪਣੇ ਸੂਬਾਈ ਵਿਰੋਧੀ ਕਾਂਗਰਸ ਦੇ ਨਾਲ ਆਉਂਦਿਆਂ ਕਿਹਾ ਕਿ ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ ਵੀ ਔਰਤ ਦੀ ਤਵੱਜੋ ਚਾਹੁੰਦੀਆਂ ਹਨ। ਉਸ (ਔਰਤ) ਨੂੰ ਸੋਚਣਾ ਪੈਂਦਾ ਹੈ ਕਿ ਉਹ ਆਪਣਾ ਪਰਿਵਾਰ ਕਿਵੇਂ ਚਲਾਏ। ਇਸ ਬਿਆਨ ਦੇ ਫ਼ੋਰਨ ਬਾਅਦ ਹੀ ਆਪਣੇ ਰਵਾਇਤੀ ਵਿਰੋਧੀ ਕਾਂਗਰਸ ਨੂੰ ਵੀ ਘੇਰਦਿਆਂ ਹਰਸਿਮਰਤ ਨੇ ਕਿਹਾ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਤੇ ਸਭ ਤੋਂ ਵੱਧ ਵੈਟ ਪੰਜਾਬ 'ਚ ਹੀ ਲੱਗਦਾ ਹੈ। ਇਸ ਲਈ ਕਾਂਗਰਸ ਕੇਂਦਰ 'ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਸੂਬੇ 'ਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਘੱਟ ਕਰੇ।
ਰਾਜ ਸਭਾ 'ਚ ਔਰਤ ਸਾਂਸਦਾਂ ਨੇ ਰੱਖੀਆਂ ਆਪਣੀਆਂ ਮੰਗਾਂ
ਰਾਜ ਸਭਾ 'ਚ ਔਰਤ ਦਿਵਸ ਦੇ ਮੌਕੇ ਔਰਤ ਸਾਂਸਦਾਂ ਵਲੋਂ ਮੰਗਾਂ ਰੱਖੀਆਂ ਗਈਆਂ। ਭਾਜਪਾ ਦੀ ਸਾਂਸਦ ਸੋਨਲ ਮਾਨ ਸਿੰਘ ਨੇ ਔਰਤ ਦਿਵਸ ਵਾਂਗ ਮਰਦ ਦਿਵਸ ਮਨਾਉਣ ਦੀ ਮੰਗ ਕੀਤੀ। ਸ਼ਿਵਸੈਨਾ ਸਾਂਸਦ ਪ੍ਰਿਅੰਕਾ ਚਤੁਰਵੇਦੀ ਨੇ ਇਸ ਮੌਕੇ 'ਤੇ ਸੰਸਦ ਅਤੇ ਵਿਧਾਨ ਸਭਾ 'ਚ ਔਰਤਾਂ ਲਈ ਰਾਖਵਾਂਕਰਨ ਵਧਾ ਕੇ 50 ਫ਼ੀਸਦੀ ਕਰਨ ਦੀ ਮੰਗ ਕੀਤੀ।
ਟੀ.ਐੱਮ.ਸੀ. ਨੇ ਕੀਤੀ ਵਿਧਾਨ ਸਭਾ ਚੋਣਾਂ ਕਾਰਨ ਬਜਟ ਇਜਲਾਸ ਮੁਲਤਵੀ ਕਰਨ ਦੀ ਮੰਗ
ਪੱਛਮੀ ਬੰਗਾਲ ਸਮੇਤ 5 ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਵਿਰੋਧੀ ਧਿਰਾਂ ਨੇ ਬਜਟ ਇਜਲਾਸ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਤ੍ਰਿਣਮੂਲ ਕਾਂਗਰਸ ਦੇ ਸਾਂਸਦ ਡੇਰੇਕ ਓ ਬ੍ਰਾਇਨ ਅਤੇ ਸੁਦੀਪ ਬੰਧੋਪਾਧਿਆਏ ਜੋ ਕਿ ਰਾਜ ਸਭਾ ਅਤੇ ਲੋਕ ਸਭਾ 'ਚ ਪਾਰਟੀ ਦੇ ਨੇਤਾ ਹਨ, ਨੇ ਚਿੱਠੀ ਲਿਖ ਕੇ ਅਪੀਲ ਕਰਦਿਆਂ ਬਜਟ ਇਜਲਾਸ ਦੇ ਦੂਜੇ ਪੜਾਅ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਨੂੰ ਕਿਹਾ। ਰਾਜ ਸਭਾ ਦੇ ਚੇਅਰਮੈਨ ਅਤੇ ਲੋਕ ਸਭਾ ਸਪੀਕਰ ਨੂੰ ਲਿਖੀ ਵੱਖੋ-ਵੱਖ ਚਿੱਠੀ ਦੇ ਸਾਂਸਦਾਂ ਨੇ ਕਿਹਾ ਕਿ ਚੋਣ ਤਿਆਰੀਆਂ ਕਾਰਨ ਟੀ.ਐੱਮ.ਸੀ. ਦੇ ਸਾਂਸਦਾਂ ਨੂੰ ਇਜਲਾਸ 'ਚ ਸ਼ਾਮਿਲ ਹੋਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਬ੍ਰਾਇਨ ਨੇ ਚਿੱਠੀ 'ਚ ਅਜਿਹੀਆਂ ਦੋ ਮਿਸਾਲਾਂ ਵੀ ਚਿੱਠੀ 'ਚ ਦਿੱਤੀਆਂ ਜਦੋਂ ਵਿਧਾਨ ਸਭਾ ਚੋੋਣਾਂ ਕਾਰਨ ਸੰਸਦ ਦੇ ਇਜਲਾਸ ਨੂੰ ਅੱਗੇ ਪਾ ਦਿੱਤਾ ਗਿਆ ਸੀ। ਬ੍ਰਾਇਨ ਨੇ ਸਾਲ 2008 ਅਤੇ ਸਾਲ 2021 ਦੀ ਮਿਸਾਲ ਦਿੰਦਿਆਂ ਸੰਸਦ ਦਾ ਇਜਲਾਸ ਅੱਗੇ ਪਾਉਣ ਦੀ ਅਪੀਲ ਕੀਤੀ। ਟੀ.ਐੱਮ.ਸੀ. ਸਾਂਸਦਾਂ ਦੀ ਤਰਜ਼ 'ਤੇ ਚੋਣ ਮੁਖੀ ਹੋਰ ਰਾਜਾਂ ਦੇ ਸਾਂਸਦਾਂ ਨੇ ਵੀ ਇਜਲਾਸ ਅੱਗੇ ਪਾਉਣ ਦੀ ਮੰਗ ਕੀਤੀ। ਹਾਸਲ ਜਾਣਕਾਰੀ ਮੁਤਾਬਿਕ ਚੋਣ ਮੁੱਖੀ 5 ਰਾਜਾਂ ਦੇ 145 ਲੋਕ ਸਭਾ ਸਾਂਸਦਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਇਜਲਾਸ ਅੱਗੇ ਪਾਉਣ ਦੀ ਮੰਗ ਕੀਤੀ।
ਅੱਜ ਤੋਂ ਆਮ ਵਾਂਗ ਚੱਲਣਗੇ ਸੰਸਦ ਦੇ ਦੋਵੇਂ ਸਦਨ
ਅੱਜ ਤੋਂ ਸੰਸਦ ਦੇ ਦੋਵੇਂ ਸਦਨ ਆਮ ਵਾਂਗ ਭਾਵ ਕੋਰੋਨਾ ਕਾਲ ਤੋਂ ਪਹਿਲਾਂ ਵਾਂਗ ਕੰਮ ਕਰਨਗੇ। ਲੋਕ ਸਭਾ ਸਪੀਕਰ ਨੇ ਇਸ ਸਮੇਂ ਦੇ ਬਦਲਾਅ ਦਾ ਬਕਾਇਦਾ ਹੇਠਲੇ ਸਦਨ 'ਚ ਐਲਾਨ ਕੀਤਾ ਅਤੇ ਟਵਿੱਟਰ 'ਤੇ ਸੰਦੇਸ਼ ਰਾਹੀਂ ਵੀ ਇਹ ਜਾਣਕਾਰੀ ਦਿੱਤੀ ਜਦਕਿ ਰਾਜ ਸਭਾ 'ਚ ਸਭਾ ਨੂੰ ਮੁਲਤਵੀ ਕਰਨ ਸਮੇਂ ਹੀ ਐਲਾਨ ਕੀਤਾ ਗਿਆ ਕਿ ਰਾਜ ਸਭਾ ਦੀ ਕਾਰਵਾਈ ਮੰਗਲਵਾਰ 11 ਵਜੇ ਤੱਕ ਲਈ ਮੁਲਤਵੀ ਕੀਤੀ ਜਾਂਦੀ ਹੈ। ਜ਼ਿਕਰੋਯਗ ਹੈ ਕਿ ਕੋਰੋਨਾ ਕਾਰਨ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ ਕਰਨ ਕਾਰਨ ਸਾਂਸਦਾਂ ਨੂੰ ਦੋਵੇਂ ਸਦਨਾਂ 'ਚ ਬਿਠਾਇਆ ਜਾਂਦਾ ਸੀ ਜਿਸ ਕਾਰਨ ਇਕ ਸਦਨ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਦੂਜੇ ਸਦਨ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਸੀ। ਹਲਕਿਆਂ ਮੁਤਾਬਿਕ 5 ਰਾਜਾਂ 'ਚ ਵਿਧਾਨ ਸਭਾ ਚੋਣਾਂ ਦੇ ਕਾਰਨ ਤਕਰੀਬਨ 150 ਸਾਂਸਦ ਇਜਲਾਸ ਤੋਂ ਗ਼ੈਰ-ਹਾਜ਼ਰ ਰਹਿਣਗੇ। ਸਾਂਸਦਾਂ ਦੀ ਘੱਟ ਹਾਜ਼ਰੀ ਨੂੰ ਵੇਖਦਿਆਂ ਦੋਵੇਂ ਸਦਨ ਇਕੱਠੇ ਚਲਾਏ ਜਾਣਗੇ ਅਤੇ ਸਾਂਸਦਾਂ ਨੂੰ ਲੋਕ ਸਭਾ ਅਤੇ ਰਾਜ ਸਭਾ 'ਚ ਸਾਂਸਦਾਂ ਦੀਆਂ ਅਤੇ ਦਰਸ਼ਕ ਗੈਲਰੀ ਦੀਆਂ ਸੀਟਾਂ 'ਤੇ ਬਿਠਾਉਣ ਦੀ ਵਿਵਸਥਾ ਕੀਤੀ ਜਾਵੇਗੀ। ਹਾਲਾਂਕਿ ਮੀਡੀਆ ਦਾ ਦਾਖ਼ਲਾ ਪਹਿਲਾਂ ਵਾਂਗ ਹੀ ਸੀਮਤ ਰੱਖਿਆ ਜਾਵੇਗਾ।
ਹੋਲੀ ਤੋਂ ਪਹਿਲਾਂ ਖ਼ਤਮ ਹੋ ਸਕਦਾ ਹੈ ਇਜਲਾਸ
5 ਰਾਜਾਂ 'ਚ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਬਜਟ ਇਜਲਾਸ ਹੋਲੀ ਤੋਂ ਪਹਿਲਾਂ ਖ਼ਤਮ ਕੀਤਾ ਜਾ ਸਕਦਾ ਹੈ। ਹਲਕਿਆਂ ਮੁਤਾਬਿਕ ਚੋਣਾਂ ਕਾਰਨ ਇਜਲਾਸ ਅੱਗੇ ਪਾਉਣ ਦੀ ਵਿਰੋਧੀ ਧਿਰਾਂ ਦੀ ਮੰਗ ਤਾਂ ਸਵੀਕਾਰ ਨਹੀਂ ਕੀਤੀ ਜਾਵੇਗੀ ਪਰ ਇਜਲਾਸ ਨੂੰ 25 ਜਾਂ 26 ਮਾਰਚ ਤੱਕ ਖ਼ਤਮ ਕੀਤਾ ਜਾ ਸਕਦਾ ਹੈ, ਜਿਸ ਦੌਰਾਨ ਸਰਕਾਰ ਦਾ ਪੂਰਾ ਧਿਆਨ ਆਪਣਾ ਵਿਧਾਈ ਕੰਮ ਖ਼ਤਮ ਕਰਵਾਉਣ 'ਤੇ ਹੋਵੇਗਾ।
ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
ਸੰਸਦ ਦੇ ਦੋਹਾਂ ਸਦਨਾਂ 'ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਲੋਕ ਸਭਾ ਸਾਂਸਦਾਂ ਮੋਹਨ ਦੇਲਕਰ ਅਤੇ ਨੰਦ ਸਿੰਘ ਚੌਹਾਨ ਅਤੇ 7 ਸਾਬਕਾ ਸਾਂਸਦਾਂ ਨੂੰ ਲੋਕ ਸਭਾ 'ਚ ਸ਼ਰਧਾਂਜਲੀ ਦਿੱਤੀ ਗਈ, ਜਿਸ ਤੋਂ ਬਾਅਦ ਸਭਾ ਦੀ ਕਾਰਵਾਈ 1 ਘੰਟੇ ਲਈ ਉਠਾ ਦਿੱਤੀ ਗਈ।
ਹੁੱਡਾ ਨੇ ਕੀਤੀ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੀ ਮੰਗ
ਰਾਜ ਸਭਾ 'ਚ ਮ੍ਰਿਤਕ ਸੰਸਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਂਗਰਸੀ ਸਾਂਸਦ ਦਪਿੰਦਰ ਸਿੰਘ ਹੁੱਡਾ ਨੇ ਸਦਨ 'ਚ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ ਹੁੱਡਾ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸਰਕਾਰ ਨਾ ਸਹੀ ਸਦਨ 'ਚ ਇਨ੍ਹਾਂ ਕਿਸਾਨਾਂ ਦੇ ਸਨਮਾਨ 'ਚ ਸ਼ਰਧਾਂਜਲੀ ਭੇਟ ਕੀਤੀ ਜਾ ਸਕਦੀ ਹੈ। ਹਾਲਾਂਕਿ ਉਸ ਦੀ ਮੰਗ ਨੂੰ ਸਭਾਪਤੀ ਵਲੋਂ ਖ਼ਾਰਜ ਕਰ ਦਿੱਤਾ ਗਿਆ।

ਬਾਟਲਾ ਹਾਊਸ ਮੁਕਾਬਲਾ: ਅੱਤਵਾਦੀ ਆਰਿਜ਼ ਖ਼ਾਨ ਦੋਸ਼ੀ ਕਰਾਰ-ਸਜ਼ਾ ਦਾ ਐਲਾਨ 15 ਨੂੰ

ਨਵੀਂ ਦਿੱਲੀ, 8 ਮਾਰਚ (ਏਜੰਸੀ)-ਦਿੱਲੀ 'ਚ ਹੋਏ ਬਾਟਲਾ ਹਾਊਸ ਮੁਕਾਬਲਾ ਮਾਮਲੇ 'ਚ ਅੱਜ ਦਿੱਲੀ ਦੀ ਅਦਾਲਤ ਨੇ ਆਰਿਜ਼ ਖ਼ਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਆਰਿਜ਼ ਨੂੰ ਸਜ਼ਾ 15 ਮਾਰਚ ਨੂੰ ਸੁਣਾਈ ਜਾਵੇਗੀ। 13 ਵਰ੍ਹੇ ਪੁਰਾਣੇ ਬਾਟਲਾ ਹਾਊਸ ਮੁਕਾਬਲੇ 'ਚ ਇੰਡੀਅਨ ਮੁਜਾਹਦੀਨ ...

ਪੂਰੀ ਖ਼ਬਰ »

ਰਾਫ਼ੇਲ ਨਿਰਮਾਤਾ ਕੰਪਨੀ ਦੇ ਮਾਲਕ ਦੀ ਹੈਲੀਕਾਪਟਰ ਹਾਦਸੇ 'ਚ ਮੌਤ

ਪੈਰਿਸ, 8 ਮਾਰਚ (ਏਜੰਸੀ)-ਫਰਾਂਸ ਦੇ ਅਰਬਪਤੀਆਂ 'ਚੋਂ ਇਕ ਤੇ ਰਾਫੇਲ ਲੜਾਕੂ ਜਹਾਜ਼ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਡਸਾਲਟ ਦੀ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਹੈ। ਡਸਾਲਟ ਫਰਾਂਸ ਦਾ ਸੰਸਦ ਮੈਂਬਰ ਵੀ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX