ਮੇਜਰ ਸਿੰਘ
ਜਲੰਧਰ, 17 ਜਨਵਰੀ-ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਬਾਰਡਰ ਉੱਪਰ ਹੋਈ ਮੀਟਿੰਗ ਨੇ 26 ਜਨਵਰੀ ਨੂੰ ਕਿਸਾਨ ਗਣਤੰਤਰ ਪਰੇਡ ਦਿੱਲੀ ਦੇ ਆਊਟਰ ਰਿੰਗ ਰੋਡ ਉੱਪਰ ਕਰਨ ਦਾ ਫ਼ੈਸਲਾ ਕੀਤਾ ਹੈ | ਕਰੀਬ 80 ਕਿੱਲੋਮੀਟਰ ਦੇ ਘੇਰੇ 'ਚ ਇਸ ਸੜਕ ਉੱਪਰ ਪਰਿਕਰਮਾ ਨਾਲ ਟਰੈਕਟਰ ਪਰੇਡ ਸਮਾਪਤ ਹੋਵੇਗੀ | ਮੀਟਿੰਗ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜੋਗਿੰਦਰ ਯਾਦਵ ਨੇ ਦੱਸਿਆ ਕਿ ਅਸੀਂ ਆਪਣੇ ਫ਼ੈਸਲੇ ਤੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਜਾਣੂੰ ਕਰਵਾ ਦਿੱਤਾ ਹੈ ਤੇ ਸਾਨੂੰ ਉਮੀਦ ਹੈ ਕਿ ਦਿੱਲੀ ਤੇ ਹਰਿਆਣਾ ਪੁਲਿਸ ਸਾਡੀ ਪਰੇਡ ਵਿਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨ ਪਰੇਡ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗੀ ਤੇ ਹਥਿਆਰ ਲੈ ਕੇ ਜਾਣ ਤੇ ਭੜਕਾਊ ਭਾਸ਼ਨ ਕਰਨ ਦੀ ਮਨਾਹੀ ਹੋਵੇਗੀ | ਇਸ ਮੌਕੇ ਕਿਸਾਨ ਮੋਰਚੇ ਦੇ ਆਗੂ ਡਾ: ਦਰਸ਼ਨ ਪਾਲ ਨੇ ਕੌਮੀ ਜਾਂਚ ਏਜੰਸੀ ਵਲੋਂ ਕਿਸਾਨ ਆਗੂਆਂ ਤੇ ਹਮਾਇਤੀਆਂ ਨੂੰ ਪ੍ਰੇਸ਼ਾਨ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਜਿਨ੍ਹਾਂ ਨੂੰ ਵੀ ਸੰਮਨ ਆਉਂਦੇ ਹਨ, ਉਨ੍ਹਾਂ ਨੂੰ ਪੇਸ਼ ਹੋਣ ਦੀ ਲੋੜ ਨਹੀਂ | ਕਿਸਾਨ ਜਥੇਬੰਦੀਆਂ ਇਹ ਮਾਮਲਾ ਸਰਕਾਰ ਨਾਲ ਮੀਟਿੰਗ 'ਚ ਵੀ ਉਠਾਉਣਗੀਆਂ | ਉਨ੍ਹਾਂ ਸਪੱਸ਼ਟ ਕੀਤਾ ਕਿ 26 ਜਨਵਰੀ ਨੂੰ ਹੋਣ ਵਾਲੀ ਸਰਕਾਰੀ ਗਣਤੰਤਰ ਪਰੇਡ 'ਚ ਕਿਸੇ ਤਰ੍ਹਾਂ ਦਾ ਵੀ ਵਿਘਨ ਨਹੀਂ ਪਾਵਾਂਗੇ ਅਤੇ ਲਾਲ ਕਿਲ੍ਹੇ, ਰਾਜਪਥ ਜਾਂ ਪਾਰਲੀਮੈਂਟ ਭਵਨ ਜਾਣ ਜਾਂ ਧਾਵਾ ਬੋਲਣ ਦੀ ਕੋਈ ਯੋਜਨਾ ਨਹੀਂ | ਇਹ ਸਭ ਨਿਰਮੂਲ ਗੱਲਾਂ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕਰੀਬ 3 ਮਹੀਨੇ 'ਚ ਕਿਸਾਨ ਸੰਘਰਸ਼ ਨੂੰ ਸ਼ਾਂਤਮਈ ਰੱਖਦਿਆਂ ਜਥੇਬੰਦੀਆਂ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਇਹ ਸਾਡੇ ਸੰਘਰਸ਼ ਦਾ ਮੂਲ ਮੰਤਰ ਹੈ | ਅਸੀਂ ਇਸ ਸਫਲਤਾ ਨੂੰ ਕਿਸੇ ਵੀ ਕੀਮਤ ਉੱਪਰ ਗੁਆਉਣ ਦੇ ਹੱਕ ਵਿਚ ਨਹੀਂ | ਉਨ੍ਹਾਂ ਦੱਸਿਆ ਕਿ ਪਰੇਡ ਵਿਚ ਸ਼ਾਮਿਲ ਵਾਹਨਾਂ ਉਪਰ ਕਿਸਾਨ ਯੂਨੀਅਨ ਦੇ ਝੰਡਿਆਂ ਨਾਲ ਤਿਰੰਗਾ ਝੰਡਾ ਵੀ ਲਗਾਇਆ ਜਾਵੇਗਾ ਅਤੇ ਕਿਸੇ ਵੀ ਸਿਆਸੀ ਪਾਰਟੀ ਦਾ ਝੰਡਾ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ | ਸੰਯੁਕਤ ਮੋਰਚਾ ਦੇ ਆਗੂ ਜੋਗਿੰਦਰ ਯਾਦਵ ਤੇ ਸ਼ਿਵ ਕੁਮਾਰ ਕੱਕਾ ਨੇ ਦੱਸਿਆ ਕਿ ਦਿੱਲੀ ਦੇ ਆਸ-ਪਾਸ ਦੇ ਸੂਬਿਆਂ ਦੇ ਲੋਕ ਦਿੱਲੀ ਕਿਸਾਨ ਪਰੇਡ 'ਚ ਸ਼ਾਮਿਲ ਹੋਣਗੇ ਪਰ ਦਿੱਲੀ ਤੋਂ ਦੂਰ ਦੇ ਸੂਬਿਆਂ ਦੇ ਲੋਕ ਉਸ ਦਿਨ ਸੂਬਿਆਂ ਦੀਆਂ ਰਾਜਧਾਨੀਆਂ ਤੇ ਜ਼ਿਲ੍ਹਾ ਪੱਧਰ 'ਤੇ ਕਿਸਾਨ ਪਰੇਡ ਕਰਨਗੇ | ਇਨ੍ਹਾਂ ਸਾਰੀਆਂ ਪਰੇਡਾਂ ਵਿਚ ਵੀ ਕਿਸਾਨ ਤੇ ਹੋਰ ਲੋਕ ਪੂਰੀ ਤਰ੍ਹਾਂ ਸ਼ਾਂਤਮਈ ਰਹਿ ਕੇ ਸ਼ਾਮਿਲ ਹੋਣਗੇ ਤੇ ਉਕਤ ਨਿਯਮਾਂ ਤਹਿਤ ਹੀ ਪਰੇਡ 'ਚ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਕਿ ਦਿੱਲੀ ਕਿਸਾਨ ਪਰੇਡ ਉੱਪਰ ਰੋਕ ਲਗਾਉਣ ਲਈ ਸੁਪਰੀਮ ਕੋਰਟ 'ਚ ਵੀ ਸੋਮਵਾਰ ਨੂੰ ਸੁਣਵਾਈ ਹੋਵੇਗੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਮ ਕਰਕੇ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਉੱਪਰ ਰੋਕ ਲਗਾਏ ਜਾਣ ਵਿਰੁੱਧ ਉਹ ਅਦਾਲਤ ਨੂੰ ਜਾਂਦੇ ਹਨ ਪਰ ਇੱਥੇ ਬੜਾ ਅਜੀਬ ਮਸਲਾ ਹੈ | ਦਿੱਲੀ ਪੁਲਿਸ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਕਿ ਕਿਸਾਨਾਂ ਨੂੰ 26 ਜਨਵਰੀ ਨੂੰ ਪਰੇਡ ਤੋਂ ਰੋਕਣ ਲਈ ਸਾਨੂੰ ਹੁਕਮ ਦਿੱਤਾ ਜਾਵੇ ਪਰ ਸਾਨੂੰ ਉਮੀਦ ਹੈ ਕਿ ਉੱਚ ਅਦਾਲਤ ਸਾਰੇ ਮਸਲੇ ਨੂੰ ਧਿਆਨ ਵਿਚ ਰੱਖਦਿਆਂ ਹੀ ਫ਼ੈਸਲਾ ਲਵੇਗੀ | ਮੱਧ ਪ੍ਰਦੇਸ਼ ਦੇ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਦੱਸਿਆ ਕਿ ਅਸੀਂ ਪੂਰੇ ਦੇਸ਼ ਸਾਹਮਣੇ ਆਪਣਾ ਪੱਖ ਰੱਖਣ ਲਈ ਕਿਸਾਨ ਪਰੇਡ ਕਰ ਰਹੇ ਹਾਂ | ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀ ਕਰ ਰਹੇ ਹਨ | ਖੇਤੀ ਵਿਰੋਧੀ ਕਾਨੂੰਨਾਂ ਵਿਰੁੱਧ ਸੰਘਰਸ਼ 'ਚ ਨਿੱਤਰੇ ਕਿਸਾਨ ਘਰ ਤਿਆਗ ਕੇ ਸੜਕਾਂ ਉੱਪਰ ਬੈਠੇ ਹਨ | ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਜ਼ਾਬਤਾਬੱਧ ਤੇ ਸ਼ਾਂਤਮਈ ਕਿਸਾਨ ਪਰੇਡ ਨੂੰ ਦੁਨੀਆ ਦੇਖੇਗੀ | ਇਸ ਮੌਕੇ ਸੰਯੁਕਤ ਮੋਰਚਾ ਦੇ ਆਗੂ ਡਾ: ਦਰਸ਼ਨ ਪਾਲ, ਜਗਜੀਤ ਸਿੰਘ ਡੱਲੇਵਾਲ, ਰਾਜਸਥਾਨ ਤੋਂ ਰਣਜੀਤ ਸਿੰਘ ਰਾਜੂ, ਬੀ.ਕੇ.ਯੂ. (ਟਿਕੈਤ) ਆਗੂ ਯੁੱਧਵੀਰ ਤੇ ਉੱਤਰਾਖੰਡ ਦੇ ਆਗੂ ਤੇਜਿੰਦਰ ਸਿੰਘ ਵਿਰਕ ਵੀ ਸ਼ਾਮਿਲ ਸਨ |
ਚੜੂਨੀ ਦਾ ਫ਼ੈਸਲਾ ਵਿਅਕਤੀਗਤ
ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਦਿੱਲੀ 'ਚ ਕਿਸਾਨ ਪਾਰਲੀਮੈਂਟ ਸੱਦੇ ਜਾਣ ਤੇ ਰਾਜਸੀ ਪਾਰਟੀਆਂ ਨੂੰ ਸ਼ਾਮਿਲ ਕੀਤੇ ਜਾਣ ਬਾਰੇ ਕੀਤੇ ਸਵਾਲ ਦੇ ਜਵਾਬ 'ਚ ਮੋਰਚਾ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵਿਅਕਤੀਗਤ ਫ਼ੈਸਲਾ ਹੋ ਸਕਦਾ ਹੈ | ਸੰਯੁਕਤ ਮੋਰਚੇ ਦਾ ਇਸ ਨਾਲ ਕੋਈ ਸਬੰਧ ਨਹੀਂ | ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਚੜੂਨੀ ਤੋਂ ਸਪੱਸ਼ਟੀਕਰਨ ਲਿਆ ਜਾਵੇਗਾ | ਡਾ: ਦਰਸ਼ਨ ਪਾਲ ਨੇ ਦੱਸਿਆ ਕਿ ਕਿਸਾਨ ਪਾਰਲੀਮੈਂਟ ਸੱਦਣ ਵਿਚ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਬਹੁਤ ਸਾਰੇ ਸਾਬਕਾ ਫ਼ੌਜੀ ਅਧਿਕਾਰੀ ਤੇ ਹੋਰ ਨਾਗਰਿਕ ਵੀ ਸ਼ਾਮਿਲ ਹਨ |
ਕਿਸਾਨ ਔਰਤ ਦਿਵਸ ਅੱਜ
ਸੰਯੁਕਤ ਕਿਸਾਨ ਮੋਰਚਾ ਨੇ 18 ਜਨਵਰੀ ਨੂੰ ਪੂਰੇ ਦੇਸ਼ ਵਿਚ ਕਿਸਾਨ ਔਰਤ ਦਿਵਸ ਮਨਾਏ ਜਾਣ ਦਾ ਸੱਦਾ ਦਿੱਤਾ ਹੈ | ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਇਸ ਸਬੰਧ ਵਿਚ ਵੱਡੀ ਪੱਧਰ 'ਤੇ ਤਿਆਰੀਆਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਹਨ | ਇਸ ਪ੍ਰੋਗਰਾਮ ਤਹਿਤ ਪਿੰਡਾਂ, ਕਸਬਿਆਂ 'ਚ ਵਿਸ਼ਾਲ ਪੱਧਰ 'ਤੇ ਮੀਟਿੰਗਾਂ, ਕਾਨਫ਼ਰੰਸਾਂ ਤੇ ਹੋਰ ਪ੍ਰੋਗਰਾਮ ਕੀਤੇ ਜਾ ਰਹੇ ਹਨ |
ਨਵੀਂ ਦਿੱਲੀ, 17 ਜਨਵਰੀ (ਏਜੰਸੀਆਂ)-ਖੇਤੀ ਕਾਨੂੰਨਾਂ 'ਤੇ ਚੱਲ ਰਹੇ ਅੜਿੱਕੇ ਨੂੰ ਦੂਰ ਕਰਨ ਲਈ ਕਿਸਾਨ ਜਥੇਬੰਦੀਆਂ ਨਾਲ 19 ਜਨਵਰੀ ਨੂੰ ਹੋ ਰਹੀ 10ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ 'ਤੇ ਅੜੀਅਲ ਰਵੱਈਆ ਤਿਆਗ ਕੇ ਕਾਨੂੰਨਾਂ ਦੀ ਹਰ ਧਾਰਾ 'ਤੇ ਚਰਚਾ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ 'ਤੇ ਅੜਿੱਕਾ ਦੂਰ ਕਰਨ ਲਈ ਹੋਰ ਰਸਤਾ ਸੁਝਾਉਣ ਦੀ ਅਪੀਲ ਕੀਤੀ ਹੈ | ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਜੇਕਰ ਕਿਸਾਨ ਜਥੇਬੰਦੀਆਂ ਕੋਈ ਹੋਰ ਬਦਲ ਦੱਸਣ ਤਾਂ ਸਰਕਾਰ ਉਸ 'ਤੇ ਵਿਚਾਰ ਕਰੇਗੀ | ਮੱਧ ਪ੍ਰਦੇਸ਼ 'ਚ ਆਪਣੇ ਘਰੇਲੂ ਹਲਕੇ ਮੋਰਿਨਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਕਿ ਹੁਣ ਜਦੋਂ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਅਮਲ 'ਤੇ ਰੋਕ ਲਗਾ ਦਿੱਤੀ ਹੈ ਤਾਂ ਅੜੀਅਲ ਵਤੀਰੇ ਦਾ ਕੋਈ ਸਵਾਲ ਹੀ ਨਹੀਂ ਬਣਦਾ | ਤੋਮਰ ਨੇ ਕਿਹਾ ਕਿ ਅਗਲੇ ਗੇੜ ਦੀ ਗੱਲਬਾਤ 'ਚ ਕਿਸਾਨ ਜਥੇਬੰਦੀਆਂ ਤਿੰਨੇ ਖੇਤੀ ਕਾਨੂੰਨਾਂ ਦੀ ਹਰ ਧਾਰਾ 'ਤੇ ਚਰਚਾ ਕਰਕੇ ਆਪਣੇ ਇਤਰਾਜ਼ ਦੱਸਣ ਤਾਂ ਸਰਕਾਰ ਉਸ 'ਤੇ ਵਿਚਾਰ ਕਰੇਗੀ | ਉਨ੍ਹਾਂ ਕਿਹਾ ਕਿ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕਿਸਾਨ ਜੋ ਵੀ ਬਦਲ ਸੁਝਾਉਣਗੇ ਸਰਕਾਰ ਉਸ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ | ਤੋਮਰ, ਜਿਨ੍ਹਾਂ ਆਪਣੇ ਹਲਕੇ ਤੋਂ ਹਜ਼ੂਰ ਸਾਹਿਬ ਨਾਂਦੇੜ-ਅੰਮਿ੍ਤਸਰ ਸੁਪਰਫਾਸਟ ਐਕਸਪ੍ਰੈਸ ਰਾਹੀਂ ਵਾਪਸੀ ਕੀਤੀ, ਨੂੰ ਆਪਣੇ ਸਿੱਖ ਸਹਿ-ਯਾਤਰੀਆਂ ਨਾਲ ਲੰਗਰ ਛਕਦੇ ਵੇਖਿਆ ਗਿਆ |
ਨਵੀਂ ਦਿੱਲੀ, 17 ਜਨਵਰੀ (ਏਜੰਸੀ)-ਸੁਪਰੀਮ ਕੋਰਟ ਸੋਮਵਾਰ ਨੰੂ ਤਿੰਨ ਵਿਵਾਦਿਤ ਨਵੇਂ ਖੇਤੀ ਕਾਨੂੰਨਾਂ ਅਤੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨਾਲ ਸਬੰਧਿਤ ਪਟੀਸ਼ਨਾਂ 'ਤੇ ਸੁਣਵਾਈ ਕਰੇਗੀ | ਇਸ ਤੋਂ ਇਲਾਵਾ ਸਰਬਉੱਚ ਅਦਾਲਤ ਸਰਕਾਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਲਈ ਆਈ ਖੜੋਤ ਤੋੜਨ ਲਈ ਬਣਾਈ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਮਾਨ ਵਲੋਂ ਦਿੱਤੇ ਅਸਤੀਫੇ ਤੋਂ ਬਾਅਦ ਨਵੇਂ ਮੈਂਬਰ ਦੀ ਨਿਯੁਕਤੀ ਕਰ ਸਕਦੀ ਹੈ | ਅਦਾਲਤ ਦਿੱਲੀ ਪੁਲਿਸ ਵਲੋਂ ਦਾਇਰ ਕੀਤੀ ਗਈ ਕੇਂਦਰ ਸਰਕਾਰ ਦੀ ਉਸ ਪਟੀਸ਼ਨ 'ਤੇ ਵੀ ਸੁਣਵਾਈ ਕਰੇਗਾ, ਜਿਸ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਟਰੈਕਟਰ ਮਾਰਚ ਜਾਂ ਕਿਸੇ ਹੋਰ ਤਰ੍ਹਾਂ ਦੇ ਪ੍ਰਦਰਸ਼ਨ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਹੈ | ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 12 ਜਨਵਰੀ ਨੂੰ ਆਸਾਧਾਰਨ ਅੰਤਰਿਮ ਆਦੇਸ਼ ਜਾਰੀ ਕਰਦੇ ਹੋਏ ਤਿੰਨੇ ਖੇਤੀ ਕਾਨੂੰਨਾਂ 'ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਸੀ ਅਤੇ ਕਿਸਾਨਾਂ ਦੀ ਗੱਲਬਾਤ ਸੁਣਨ ਲਈ ਇਕ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਸੀ |
ਨਵੀਂ ਦਿੱਲੀ, 17 ਜਨਵਰੀ (ਏਜੰਸੀ)-ਖੇਤੀ ਕਾਨੂੰਨਾਂ 'ਤੇ ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਵਲੋਂ ਆਪਣੀ ਪਹਿਲੀ ਮੀਟਿੰਗ ਇਥੋਂ ਦੇ ਪੂਸਾ ਕੈਂਪਸ 'ਚ 19 ਜਨਵਰੀ ਨੂੰ ਕੀਤੀ ਜਾ ਰਹੀ ਹੈ | ਇਸ ਸਬੰਧੀ ਚਾਰ ਮੈਂਬਰੀ ਕਮੇਟੀ ਦੇ ਇਕ ਮੈਂਬਰ ਅਨਿਲ ਘਣਵਤ ਨੇ ਕਿਹਾ ਕਿ ਅਸੀਂ ਪੂਸਾ ਕੈਂਪਸ 'ਚ 19 ਜਨਵਰੀ ਨੂੰ ਮੀਟਿੰਗ ਕਰ ਰਹੇ ਹਾਂ | ਜ਼ਿਕਰਯੋਗ ਹੈ ਕਿ 11 ਜਨਵਰੀ ਨੂੰ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਅਮਲ 'ਤੇ ਅਗਲੇ ਹੁਕਮਾਂ ਤੱਕ ਰੋਕ ਲਗਾਉਂਦਿਆਂ ਕਿਸਾਨਾਂ ਤੇ ਸਰਕਾਰ 'ਚ ਜਾਰੀ ਅੜਿੱਕੇ ਨੂੰ ਸੁਲਝਾਉਣ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ | ਅਨਿਲ ਘਣਵਤ ਤੋਂ ਇਲਾਵਾ ਕਮੇਟੀ 'ਚ ਖੇਤੀ ਅਰਥਸ਼ਾਸਤਰੀ ਅਸ਼ੋਕ ਗੁਲਾਟੀ ਤੇ ਪ੍ਰਮੋਦ ਕੁਮਾਰ ਜੋਸ਼ੀ ਸ਼ਾਮਿਲ ਹਨ | ਹਾਲਾਂਕਿ ਕਮੇਟੀ ਦੇ ਚੌਥੇ ਮੈਂਬਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਪਿਛਲੇ ਹਫਤੇ ਆਪਣੇ ਆਪ ਨੂੰ ਕਮੇਟੀ ਤੋਂ ਵੱਖ ਕਰ ਲਿਆ ਸੀ |
ਲੰਡਨ, 17 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸੰਮੇਲਨ 'ਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ | ਕਾਨਫ਼ਰੰਸ ਜੂਨ 'ਚ ਯੂ.ਕੇ. ਦੇ ਕੋਰਨਵਾਲ 'ਚ ਹੋਣੀ ਹੈ | ਜੀ-7 ਸਮੂਹ 'ਚ ਦੁਨੀਆ ਦੀਆਂ ਸੱਤ ਵੱਡੀਆਂ ਆਰਥਿਕ ਸ਼ਕਤੀਆਂ-ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਅਤੇ ਅਮਰੀਕਾ ਸ਼ਾਮਿਲ ਹਨ | ਇਹ ਸਮੂਹ ਵਿਸ਼ਵ ਵਿਆਪੀ ਮੁੱਦਿਆਂ ਜਿਵੇਂ ਕਿ ਕੋਰੋਨਾ ਵਾਇਰਸ ਮਹਾਂਮਾਰੀ, ਮੌਸਮ 'ਚ ਤਬਦੀਲੀ ਅਤੇ ਮੁਫਤ ਵਪਾਰ ਬਾਰੇ ਵਿਚਾਰ-ਵਟਾਂਦਰੇ ਕਰੇਗਾ | ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ 'ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਜੀ-7 ਤੋਂ ਪਹਿਲਾਂ ਭਾਰਤ ਜਾ ਸਕਦੇ ਹਨ' | ਦੱਸਣਯੋਗ ਹੈ ਕਿ ਬੌਰਿਸ ਜੌਹਨਸਨ ਗਣਤੰਤਰ ਦਿਵਸ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਭਾਰਤ ਆਉਣ ਵਾਲੇ ਸਨ ਪਰ ਬਾਅਦ 'ਚ ਉਨ੍ਹਾਂ ਨੇ ਕੋਰੋਨਾ ਕਾਰਨ ਭਾਰਤ ਦੌਰਾ ਰੱਦ ਕਰ ਦਿੱਤਾ | ਭਾਰਤ ਤੋਂ ਇਲਾਵਾ ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਨੂੰ ਵੀ ਜੀ-7 ਸੰਮੇਲਨ ਲਈ ਬੁਲਾਇਆ ਗਿਆ ਹੈ | ਬਿਆਨ 'ਚ ਕਿਹਾ ਗਿਆ ਹੈ ਕਿ ਬੌਰਿਸ ਜੌਹਨਸਨ ਚੰਗੇ ਅਤੇ ਖੁਸ਼ਹਾਲ ਭਵਿੱਖ ਲਈ ਰਾਹ ਪੱਧਰਾ ਕਰਨ ਲਈ ਜੀ -7 ਸਿਖਰ ਸੰਮੇਲਨ ਵਿਚ ਨਰਿੰਦਰ ਮੋਦੀ ਸਮੇਤ ਹੋਰ ਨੇਤਾਵਾਂ ਨਾਲ ਕੋਰੋਨਾ ਵਾਇਰਸ ਤੋਂ ਬਾਅਦ ਦੇ ਮੌਕੇ ਪੈਦਾ ਕਰਨ ਬਾਰੇ ਵਿਚਾਰ-ਵਟਾਂਦਰੇ ਕਰਨਗੇ | ਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਅਤੇ ਬਰਤਾਨੀਆ ਵਿਚਾਲੇ ਵਧ ਰਹੇ ਸਹਿਯੋਗ 'ਤੇ ਜ਼ੋਰ ਦਿੰਦਿਆਂ ਬਿਆਨ 'ਚ ਕਿਹਾ ਗਿਆ ਹੈ ਕਿ ਵਿਸ਼ਵ ਦੀ ਵੱਡੀ ਫਾਰਮੇਸੀ ਦੇ ਰੂਪ 'ਚ ਭਾਰਤ ਵਿਸ਼ਵ ਨੂੰ 50 ਫ਼ੀਸਦੀ ਤੋਂ ਵੱਧ ਕੋਰੋਨਾ ਟੀਕੇ ਦੀ ਸਪਲਾਈ ਕਰੇਗਾ |
ਨਵੀਂ ਦਿੱਲੀ, 17 ਜਨਵਰੀ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਦੇਸ਼ ਭਰ 'ਚ ਟੀਕਾਕਰਨ ਮੁਹਿੰਮ ਦੇ ਦੋ ਦਿਨਾਂ 'ਚ ਹੁਣ ਤੱਕ 2,24,301 ਲੋਕਾਂ ਨੂੰ ਕੋਵਿਡ-19 ਟੀਕਾ ਲਗਾਇਆ ਗਿਆ ਹੈ, ਜਿਸ 'ਚ 447 ਲੋਕਾਂ 'ਚ 'ਐਡਵਰਸ ਇਵੈਂਟਸ ਫਾਲੋਇੰਗ ਇਮਿਊਨਿਸ਼ਨ' (ਏ.ਈ.ਐੱਫ਼.ਆਈ.) ਦੇ ਮਾਮਲੇ ਸਾਹਮਣੇ ਆਏ | ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੰਤਰਾਲੇ ਦੇ ਵਧੀਕ ਸਕੱਤਰ ਮਨੋਹਰ ਅਗਨਾਨੀ ਨੇ ਕਿਹਾ ਕਿ ਟੀਕਾਕਰਨ ਤੋਂ ਬਾਅਦ 447 ਲੋਕਾਂ 'ਚ ਮਾੜੇ ਪ੍ਰਭਾਵ ਦਿਖਾਈ ਦਿੱਤੇ, ਜਿਨ੍ਹਾਂ 'ਚੋਂ ਸਿਰਫ਼ 3 ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਐਤਵਾਰ ਨੂੰ 6 ਸੂਬਿਆਂ 'ਚ ਟੀਕਾਕਰਨ ਮੁਹਿੰਮ ਚਲਾਈ ਗਈ, ਜਿਨ੍ਹਾਂ 'ਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਕਰਨਾਟਕਾ, ਕੇਰਲ, ਮਨੀਪੁਰ ਤੇ ਤਾਮਿਲਨਾਡੂ ਸ਼ਾਮਿਲ ਹਨ | ਅਗਨਾਨੀ ਨੇ ਕਿਹਾ ਕਿ ਅੰਤਿਮ ਰਿਪੋਰਟ ਅਨੁਸਾਰ 17 ਜਨਵਰੀ ਤੱਕ ਕੁੱਲ 2,24,301 ਲਾਭਪਾਤਰੀਆਂ ਨੂੰ ਟੀਕਾ ਲੱਗ ਚੁੱਕਾ ਹੈ, ਜਦਕਿ ਉਨ੍ਹਾਂ ਨੂੰ 2,07,229 ਨੂੰ ਮੁਹਿੰਮ ਦੇ ਪਹਿਲੇ ਦਿਨ ਟੀਕੇ ਲਗਾਏ ਗਏ ਸਨ | ਉਨ੍ਹਾਂ ਦੱਸਿਆ ਕਿ 16 ਤੇ 17 ਜਨਵਰੀ ਨੂੰ 447 ਲੋਕਾਂ 'ਚ ਏ.ਈ.ਐੱਫ਼.ਆਈ. ਦਿਖਾਈ ਦਿੱਤਾ, ਜਿਨ੍ਹਾਂ 'ਚੋਂ ਸਿਰਫ਼ 3 ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਜ਼ਰੂਰਤ ਪਈ | ਜਿਨ੍ਹਾਂ 'ਚ ਏ.ਈ.ਐੱਫ਼.ਆਈ. ਪਾਇਆ ਗਿਆ, ਉਨ੍ਹਾਂ 'ਚ ਬੁਖ਼ਾਰ, ਸਿਰ ਦਰਦ, ਘਬਰਾਹਟ ਦੀ ਸ਼ਿਕਾਇਤ ਮਿਲੀ ਹੈ | ਉਨ੍ਹਾਂ ਕਿਹਾ ਕਿ ਟੀਕਾਕਰਨ ਮੁਹਿੰਮ ਦੀ ਸਮੀਖਿਆ ਕਰਨ, ਰੁਕਾਵਟਾਂ ਦੀ ਪਛਾਣ ਕਰਨ ਅਤੇ ਸੁਧਾਰਾਤਮਿਕ ਕਾਰਜਾਂ ਦੀ ਯੋਜਨਾ ਬਣਾਉਣ ਲਈ ਐਤਵਾਰ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਨਾਲ ਇਕ ਬੈਠਕ ਕੀਤੀ ਗਈ |
ਸ੍ਰੀਨਗਰ, 17 ਜਨਵਰੀ (ਮਨਜੀਤ ਸਿੰਘ)-ੳੁੱਤਰੀ ਕਸ਼ਮੀਰ ਦੇ ਸੋਪੋਰ 'ਚ ਪੁਲਿਸ ਨੇ ਲਸ਼ਕਰ ਦੇ ਫਰਜ਼ੀ ਅੱਤਵਾਦੀਆਂ ਦਾ ਪਰਦਾਫਾਸ਼ ਕਰਦਿਆਂ ਇਕ ਇਮਾਮ ਸਮੇਤ 3 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਇਲਾਕੇ 'ਚ ਲੋਕਾਂ ਨੂੰ ਡਰਾ-ਧਮਕਾ ਕੇ ਜਬਰੀ ਪੈਸੇ ਵਸੂਲਦੇ ਸਨ | ਸੋਪੋਰ ਪੁਲਿਸ ਨੇ ਦੱਸਿਆ ਕਿ ਵਾਰਪੋਰਾ ਸੋਪੋਰ ਦੇ ਇਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਲਸ਼ਕਰ ਅੱਤਵਾਦੀਆਂ ਨੇ ਉਸ ਤੋਂ 50 ਹਜ਼ਾਰ ਰੁਪਏ ਦੀ ਫਿਰੌਤੀ ਮੰਗਦਿਆਂ ਧਮਕੀ ਭਰਿਆ ਪੱਤਰ ਲਿਖਿਆ ਹੈ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੇ ਖੁਫੀਆ ਤੰਤਰ ਰਾਹੀਂ ਦੋਸ਼ੀਆਂ ਦਾ ਪਤਾ ਲਗਾ ਕੇ ਇਮਾਮ ਮੁਮਤਾਜ਼ ਅਹਿਮਦ ਵਾਰ, ਕਾਰ ਡਰਾਈਵਰ ਅਲੀ ਮੁਹੰਮਦ ਰੇਸ਼ੀ ਤੇ ਰਾਜ ਮਿਸਤਰੀ ਅਬਦੁੱਲ ਕਯੂਮ ਗਨਾਈ ਨੂੰ ਗਿ੍ਫ਼ਤਾਰ ਕਰ ਲਿਆ | ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਸੋਪੋਰ ਇਲਾਕੇ 'ਚ 8 ਲੋਕਾਂ ਕੋਲੋਂ ਲਸ਼ਕਰ ਦੇ ਨਾਂਅ 'ਤੇ ਵਸੂਲੀ ਕਰਨ ਦੀ ਗਲ ਮੰਨੀ ਹੈ | ਪੁਲਿਸ ਨੇ ਇਨ੍ਹਾਂ ਤਾੋ ਲਕਸ਼ਰ ਦਾ ਲੈਟਰਪੈਡ ਤੇ ਪੋਸਟਰ ਬਰਾਮਦ ਕਰਨ ਉਪਰੰਤ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਬਾਗਲਕੋਟ (ਕਰਨਾਟਕ), 17 ਜਨਵਰੀ (ਏਜੰਸੀ)-ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ ਹੀ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ ਅਤੇ ਕੇਂਦਰ ਦੇ ਨਵੇਂ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੀ ਆਮਦਨ ਨੂੰ ਕਈ ਗੁਣਾ ...
ਨਾਗਪੁਰ, 17 ਜਨਵਰੀ (ਏਜੰਸੀ)-ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਹੱਦਾਂ 'ਤੇ ਸੰਘਰਸ਼ ਕਰ ਰਹੇ ਕਿਸਾਨ ਆਪਣੇ ਅੰਦੋਲਨ ਨੂੰ ਮਈ 2024 ਤੱਕ ਜਾਰੀ ਰੱਖਣ ਲਈ ਤਿਆਰ ਹਨ | ਉਨ੍ਹਾਂ ਐੱਨ.ਆਈ.ਏ. ਦੇ ...
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)-ਟਰਾਂਸਪੋਰਟਰਾਂ ਦੀ 85 ਸਾਲ ਪੁਰਾਣੀ ਸੰਸਥਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵਲੋਂ 26 ਜਨਵਰੀ ਦੇ ਟਰੈਕਟਰ ਮਾਰਚ 'ਚ ਸ਼ਾਮਿਲ ਹੋਣ ਲਈ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਪੇਸ਼ਕਸ਼ ਕੀਤੀ ਗਈ ਹੈ ਕਿ ਜੇਕਰ ਉਹ ਚਾਹੁਣ ...
ਕਿਸਾਨ ਆਗੂਆਂ 'ਚ ਭਾਰੀ ਰੋਸ ਜਲੰਧਰ, 17 ਜਨਵਰੀ (ਮੇਜਰ ਸਿੰਘ)-ਕੌਮੀ ਜਾਂਚ ਏਜੰਸੀ ਨੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਘੇਰੀ ਬੈਠੇ ਕਿਸਾਨਾਂ ਉੱਪਰ ਦਬਾਅ ਵਧਾਉਣ ਲਈ ਕਿਸਾਨ ਆਗੂਆਂ ਤੇ ਹਮਾਇਤੀਆਂ ਨੂੰ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਤੇ ਦੇਸ਼ ਧ੍ਰੋਹ ...
ਨਵੀਂ ਦਿੱਲੀ, 17 ਜਨਵਰੀ (ਏਜੰਸੀ)-ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਮੰਗ-ਸਪਲਾਈ 'ਚ ਅਸਤੁੰਲਨ ਪੈਦਾ ਹੋਣ ਦੇ ਚਲਦੇ ਪਿਛਲੇ 3 ਮਹੀਨਿਆਂ ਦੌਰਾਨ ਅਖ਼ਬਾਰਾਂ-ਪੱਤਿ੍ਕਾਵਾਂ ਦੇ ਪ੍ਰਕਾਸ਼ਨ 'ਚ ਇਸਤੇਮਾਲ ਹੋਣ ਵਾਲੇ ਕਾਗਜ਼ (ਨਿਊਜ਼ਪਿ੍ੰਟ) ਦੀ ਕੀਮਤ 'ਚ 20 ਫ਼ੀਸਦੀ ਦਾ ਵਾਧਾ ...
ਕਾਬੁਲ, 17 ਜਨਵਰੀ (ਏ.ਪੀ.)-ਕੋਰਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਕਾਬੁਲ 'ਚ ਇਕ ਬੰਦੂਕਧਾਰੀ ਨੇ ਐਤਵਾਰ ਨੂੰ ਇਕ ਕਾਰ 'ਤੇ ਗੋਲੀਆਂ ਚਲਾਈਆਂ, ਜਿਸ 'ਚ ਸਵਾਰ ਅਫ਼ਗਾਨਿਸਤਾਨ ਹਾਈਕੋਰਟ ਦੀਆਂ ਦੋ ਔਰਤ ਜੱਜਾਂ ਦੀ ਮੌਤ ਹੋ ਗਈ, ਜਦਕਿ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ ...
ਖ਼ਾਲਸਾ ਏਡ ਵਲੋਂ ਜਾਰੀ ਬਿਆਨ 'ਚ ਕਿਹਾ ਹੈ ਕਿ ਕੌਮੀ ਜਾਂਚ ਏਜੰਸੀ ਵਲੋਂ ਕਿਸਾਨ ਆਗੂਆਂ, ਪੱਤਰਕਾਰਾਂ ਤੇ ਹੋਰ ਹਮਾਇਤੀਆਂ ਨੂੰ ਦੇਸ਼ ਵਿਰੋਧੀ ਧਾਰਾਵਾਂ ਹੇਠ ਸੰਮਨ ਕੀਤੇ ਜਾਣ ਉੱਪਰ ਉਨ੍ਹਾਂ ਨੂੰ ਗਹਿਰੀ ਠੇਸ ਪੁੱਜੀ ਹੈ | ਅਜਿਹਾ ਨੋਟਿਸ ਏਜੰਸੀ ਨੇ ਖ਼ਾਲਸਾ ਏਡ ...
ਇਸੇ ਦੌਰਾਨ ਪਤਾ ਲੱਗਾ ਹੈ ਕਿ ਲੰਬੇ ਵਿਚਾਰ-ਵਟਾਂਦਰੇ ਬਾਅਦ ਕਿਸਾਨ ਮੋਰਚੇ ਨੇ ਹਾਲ ਦੀ ਘੜੀ ਸ: ਚੜੂਨੀ ਨੂੰ ਮੋਰਚੇ ਤੇ ਸਰਕਾਰ ਨਾਲ ਗੱਲਬਾਤ 'ਚੋਂ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਲਈ 3 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ |
...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX