• ਭਾਈਚਾਰੇ 'ਚ ਸੋਗ ਦੀ ਲਹਿਰ • ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਉਪ ਰਾਸ਼ਟਰਪਤੀ ਅਤੇ ਹੋਰਾਂ ਵਲੋਂ ਦੁੱਖ ਦਾ ਪ੍ਰਗਟਾਵਾ
ਸਿਆਟਲ/ਸੈਕਰਾਮੈਂਟੋ/ਸਾਨ ਫਰਾਂਸਿਸਕੋ, 17 ਅਪ੍ਰੈਲ (ਹਰਮਨਪ੍ਰੀਤ ਸਿੰਘ, ਹੁਸਨ ਲੜੋਆ ਬੰਗਾ, ਐੱਸ. ਅਸ਼ੋਕ ਭੌਰਾ)-ਬੀਤੀ ਰਾਤ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਇੰਡੀਅਨ ਐਪਲਸ ਸ਼ਹਿਰ ਦੇ 'ਫੈਡੇਕਸ ਕੋਰੀਅਰ' ਦੇ ਵੇਅਰਹਾਊਸ ਵਿਖੇ ਇਕ ਸਿਰਫਿਰੇ 19 ਸਾਲਾ ਗੋਰੇ ਬਰੈਂਡਨ ਸਕਾਟ ਹੋਲ ਵਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ 'ਚ ਜਿਹੜੇ 8 ਵਿਅਕਤੀ ਮਾਰੇ ਗਏ ਹਨ, ਉਨ੍ਹਾਂ 'ਚ 4 ਪੰਜਾਬੀ ਹਨ, ਜਿਨ੍ਹਾਂ 'ਚ ਤਿੰਨ ਔਰਤਾਂ ਤੇ ਇਕ ਮਰਦ ਸ਼ਾਮਿਲ ਹੈ | ਜਾਣਕਾਰੀ ਅਨੁਸਾਰ ਰਾਤ ਦੀ ਸ਼ਿਫ਼ਟ 'ਚ ਜ਼ਿਆਦਾ ਪੰਜਾਬੀ ਬਜ਼ੁਰਗ ਕੰਮ ਕਰਦੇ ਹਨ | ਇਹ ਵੀ ਪਤਾ ਲੱਗਾ ਹੈ ਕਿ ਇਸ ਫੈਡੇਕਸ ਵੇਅਰਹਾਊਸ 'ਚ 90 ਫ਼ੀਸਦੀ ਪੰਜਾਬੀ ਕੰਮ ਕਰਦੇ ਹਨ ਪਰ ਰਾਤ 11 ਵਜੇ ਦੇ ਕਰੀਬ ਪਹਿਲਾਂ ਇਥੇ ਹੀ ਕੰਮ ਕਰਦੇ ਗੋਰੇ, ਜਿਸ ਨੂੰ ਹੁਣ ਇਥੋਂ ਕੱਢ ਦਿੱਤਾ ਗਿਆ ਸੀ ਨੇ ਇਥੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ 8 ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 5 ਹੋਰਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਮਰਨ ਵਾਲਿਆਂ 'ਚ ਅਮਰਜੀਤ ਕੌਰ ਜੌਹਲ (66), ਜਸਵਿੰਦਰ ਕੌਰ (64), ਅਮਰਜੀਤ ਕੌਰ ਸੇਖੋਂ (48) ਤੇ ਜਸਵਿੰਦਰ ਸਿੰਘ (71) ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਨੋਧ ਸਿੰਘ ਦਾ ਵਸਨੀਕ ਸੀ | ਇਸ ਤੋਂ ਇਲਾਵਾ ਬਾਕੀ ਮਿ੍ਤਕਾਂ 'ਚ ਜੌਹਨ ਵਿਸਰਥ (74), ਕਾਰਲਿਨ ਸਮਿਥ (19), ਸਾਮਾਰਿਆ ਬਲੈਕਵਿਲ (19) ਤੇ ਮਾਥਿਵ ਆਰ. ਅਲੈਕਸੈਕਡਰ ਸ਼ਾਮਿਲ ਹਨ | ਜ਼ਖ਼ਮੀਆਂ 'ਚ 2 ਪੰਜਾਬੀ ਔਰਤਾਂ ਤੇ ਇਕ ਮਰਦ ਹਰਪ੍ਰੀਤ ਸਿੰਘ ਗਿੱਲ (45) ਜਿਸ ਦੀ ਅੱਖ 'ਚ ਗੋਲੀ ਲੱਗੀ ਹੈ, ਗੰਭੀਰ ਜ਼ਖਮੀ ਹੈ | ਹਰਪ੍ਰੀਤ ਸਿੰਘ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਦਾ ਵਸਨੀਕ ਹੈ | ਇਨ੍ਹਾਂ ਤਿੰਨਾਂ ਪੰਜਾਬੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਕਰੀਬ 8 ਹਜ਼ਾਰ ਤੋਂ ਵੱਧ ਸਿੱਖ ਇੰਡੀਆਨਾ 'ਚ ਰਹਿੰਦੇ ਹਨ ਤੇ ਉਨ੍ਹਾਂ ਸਮੇਤ ਅਮਰੀਕਾ ਭਰ ਦਾ ਪੰਜਾਬੀ ਭਾਈਚਾਰਾ ਡੂੰਘੇ ਸਦਮੇ 'ਚ ਹੈ |
ਪਹਿਲੀ ਤਨਖ਼ਾਹ ਨਾ ਲੈ ਸਕਿਆ ਜਸਵਿੰਦਰ ਸਿੰਘ
ਜਸਵਿੰਦਰ ਸਿੰਘ (68) ਜੋ ਇਕ ਹਫ਼ਤਾ ਪਹਿਲਾਂ ਹੀ ਇਥੇ ਕੰਮ ਕਰਨ ਲਈ ਆਇਆ ਸੀ ਤੇ ਉਸ ਨੂੰ ਪਹਿਲੀ ਤਨਖ਼ਾਹ ਦਾ ਚੈੱਕ ਲੈਣ ਦਾ ਬਹੁਤ ਚਾਅ ਸੀ ਤੇ ਕੱਲ੍ਹ ਉਹ ਚੈੱਕ ਲੈਣ ਲਈ ਕਤਾਰ 'ਚ ਮੋਹਰੇ ਹੋ ਕੇ ਖੜ੍ਹਾ ਸੀ, ਜਦੋਂ ਇਹ ਭਾਣਾ ਵਰਤ ਗਿਆ ਤੇ ਗੋਲੀ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ |
ਨਨਾਣ-ਭਰਜਾਈ ਦੀ ਵੀ ਮੌਤ
ਇਕ ਪੰਜਾਬੀ ਪਰਿਵਾਰ ਦੀਆਂ ਦੋ ਔਰਤਾਂ ਦੀ ਮੌਤ ਹੋਈ ਹੈ, ਜੋ ਰਿਸ਼ਤੇ 'ਚ ਨਨਾਣ-ਭਰਜਾਈ ਸਨ ਤੇ ਦੋਵਾਂ ਦਾ ਆਪਸ 'ਚ ਬਹੁਤ ਪ੍ਰੇਮ ਸੀ | ਗੋਲੀਬਾਰੀ ਤੋਂ ਬਾਅਦ ਉਥੇ ਪਹੁੰਚੇ ਮਿ੍ਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਘਟਨਾ ਤੋਂ ਥੋੜ੍ਹੀ ਦੂਰ ਇਕ ਹੋਟਲ 'ਚ ਲੈ ਗਈ ਤੇ ਤਸਵੀਰਾਂ ਦਿਖਾ ਕੇ ਮਿ੍ਤਕਾਂ ਦੀ ਪਹਿਚਾਣ ਕਰਵਾਈ ਗਈ | ਤਸਵੀਰਾਂ ਦੇਖਣ ਤੋਂ ਬਾਅਦ ਪਰਿਵਾਰਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ |
ਫੈੱਡੈਕਸ ਦਾ ਹੀ ਸਾਬਕਾ ਕਰਮਚਾਰੀ ਨਿਕਲਿਆ ਸ਼ੱਕੀ ਹਮਲਾਵਰ
ਪੁਲਿਸ ਅਧਿਕਾਰੀਆਂ ਨੇ ਇਸ ਦੁਰਘਟਨਾ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਅੰਨੇ੍ਹਵਾਹ ਗੋਲੀਬਾਰੀ ਦਾ ਸ਼ੱਕੀ ਹਮਲਵਾਰ ਫੈਡੈੱਕਸ ਦਾ ਸਾਬਕਾ ਕਰਮਚਾਰੀ ਹੀ ਨਿਕਲਿਆ ਜਿਸ ਦੀ ਬਰੈਂਡਨ ਹੋਲ ਵਜੋਂ ਪਛਾਣ ਹੋਈ ਹੈ ਜਿਸ ਨੇ 2020 ਵਿਚ ਫੈੱਡੇਕਸ ਲਈ ਕੰਮ ਕੀਤਾ ਸੀ | ਉਹਨੇ ਹਾਲ ਦੇ ਅੰਦਰ ਵੜਨ ਤੋਂ ਪਹਿਲਾਂ ਪਾਰਕਿੰਗ ਤੋਂ ਅੰਨ੍ਹੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਸਦੀ ਮਾਂ ਦੀ ਸ਼ਿਕਾਇਤ 'ਤੇ ਐੱਫ.ਬੀ.ਆਈ ਵਲੋਂ ਹੋਲ ਦੀ ਜਾਂਚ ਵੀ ਕੀਤੀ ਗਈ ਸੀ | ਉਹ ਪਹਿਲਾਂ ਵੀ ਫੈਡੈੱਕਸ 'ਚ ਕੰਮ ਕਰਦੇ ਸਮੇਂ ਇਕ ਵਾਰ ਗੰਨ ਲੈ ਕੇ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਕੰਮ ਤੋਂ ਕੱਢ ਦਿੱਤਾ ਸੀ, ਜਿਸ ਬਾਰੇ ਪੁਲਿਸ ਨੂੰ ਵੀ ਪਤਾ ਸੀ | ਹਤਿਆਰਾ ਕੰਮ ਤੋਂ ਕੱਢਣ ਲਈ ਇਥੇ ਕੰਮ ਕਰਦੇ ਸਾਰੇ ਲੋਕਾਂ ਨੂੰ ਦੋਸ਼ੀ ਸਮਝਦਾ ਸੀ, ਜਿਸ ਕਾਰਨ ਉਸ ਨੇ ਇਸ ਵਹਿਸ਼ੀ ਘਟਨਾ ਨੂੰ ਅੰਜਾਮ ਦਿੱਤਾ |
ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਵਲੋਂ ਦੁੱਖ ਪ੍ਰਗਟ
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਭਿਆਨਕ ਗੋਲੀਬਾਰੀ ਦੀ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਦੋਵਾਂ ਆਗੂਆਂ ਨੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਵੀ ਕੀਤੀ | ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਮਿ੍ਤਕਾਂ ਦੇ ਸਨਮਾਨ 'ਚ ਦੁਨੀਆ ਭਰ 'ਚ 20 ਅਪ੍ਰੈਲ ਤੱਕ ਅਮਰੀਕੀ ਝੰਡਾ ਅੱਧਾ ਝੁਕਿਆ ਰਹੇਗਾ |
ਭਾਈਚਾਰੇ 'ਚ ਸੋਗ ਦੀ ਲਹਿਰ
ਫੈੱਡੈਕਸ ਵਿਚ ਹੋਈ ਗੋਲੀਬਾਰੀ ਦੌਰਾਨ ਮਾਰੇ 4 ਸਿੱਖ ਪੰਜਾਬੀਆਂ ਦੀ ਮੌਤ ਨਾਲ ਸਿੱਖ ਭਾਈਚਾਰਾ ਸੋਗ ਵਿਚ ਹੈ | 5 ਅਗਸਤ 2012 ਵਿਚ ਵਿਸਕਾਂਸਨ ਦੇ ਓਕ ਕ੍ਰੀਕ ਗੁਰੂਘਰ ਵਿਚ ਹੋਏ ਇਸੇ ਤਰ੍ਹਾਂ ਦੇ ਹਮਲੇ 'ਚ ਵੀ 7 ਸਿੱਖ ਸ਼ਰਧਾਲੂ ਮਾਰੇ ਗਏ ਸਨ ਤੇ ਉਸ ਤੋ ਬਾਅਦ ਇਹ ਦੂਜੀ ਅਜਿਹੀ ਦਰਦਨਾਕ ਘਟਨਾ ਹੈ ਜਿਸਦੀ ਪੀੜਾ ਇਸ ਵੇਲੇ ਸਮੁੱਚੇ ਸਿੱਖ ਜਗਤ ਸਿੱਖਾਂ ਦੇ ਚਿਹਰਿਆਂ 'ਤੇ ਵੇਖੀ ਜਾ ਸਕਦੀ ਹੈ | ਅਮਰੀਕਾ ਦੀਆਂ ਸਿੱਖ ਜਥੇਬੰਦੀਆਂ, ਗੁਰੂਘਰਾਂ ਦੀਆਂ ਕਮੇਟੀਆਂ ਅਤੇ ਸਿੱਖ ਨੁਮਾਇੰਦਿਆਂ ਵਲੋਂ ਇਸ ਘਟਨਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾ ਰਹੀ ਹੈ |
ਪੰਜਾਬੀ ਭਾਈਚਾਰੇ ਵਲੋਂ ਨਿਖੇਧੀ
ਇੰਡੀਆਨਾ 'ਚ ਹੋਏ ਭਿਆਨਕ ਕਤਲੇਆਮ ਨਾਲ ਅਮਰੀਕਾ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ 'ਚ ਹੈ ਤੇ ਅਮਰੀਕਾ ਭਰ ਦੇ ਪੰਜਾਬੀ ਭਾਈਚਾਰੇ ਨੇ ਇਸ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਤੇ ਰਾਸ਼ਟਰਪਤੀ ਜੋ ਬਾਈਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਬੰਦੂਕ ਸੱਭਿਆਚਾਰ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ | ਇਸ ਘਟਨਾ ਦੀ ਭਾਰਤੀ ਕੌਂਸਲੇਟ ਦਫ਼ਤਰ ਸ਼ਿਕਾਗੋ ਨੇ ਵੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਤੇ ਭਾਰਤੀ ਦੂਤਾਵਾਸ ਨੂੰ ਭਾਰਤੀ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਨੂੰ ਕਿਹਾ ਹੈ | ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਉਹ ਭਾਰਤੀ ਦੂਤਾਵਾਸ ਸ਼ਿਕਾਗੋ ਦੇ ਅਧਿਕਾਰੀਆਂ ਦੇ ਸੰਪਰਕ 'ਚ ਹਨ | ਇਸ ਤੋਂ ਇਲਾਵਾ ਅਮਰੀਕਾ ਦੇ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਇਸ ਹਮਲੇ ਦੀ ਪੁਰਜ਼ੋਰ ਨਿੰਦਾ ਕੀਤੀ ਹੈ, ਜਿਨ੍ਹਾਂ 'ਚ ਸਿੱਖ ਕੰਪੇਨ ਦੇ ਡਾ: ਰਾਜਵੰਤ ਸਿੰਘ, ਪ੍ਰਸਿੱਧ ਕਾਰੋਬਾਰੀ ਬਲਵੀਰ ਸਿੰਘ ਉਸਮਾਨਪੁਰ, ਪ੍ਰਸਿੱਧ ਅਕਾਊਾਟੈਂਟ ਮਹਿੰਦਰ ਸਿੰਘ ਸੋਹਲ, ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ, ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ, ਤਾਰਾ ਸਿੰਘ ਤੰਬੜ, ਹਰਸ਼ਿੰਦਰ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਵਾਸ਼ਿੰਗਟਨ ਸੂਬੇ ਦੇ ਪ੍ਰਧਾਨ ਚੇਤ ਸਿੰਘ ਸਿੱਧੂ, ਸਟੇਟ ਯੂਥ ਪ੍ਰਧਾਨ ਗੁਰਵਿੰਦਰ ਸਿੰਘ ਮੁੱਲਾਪੁਰ, ਸਰਪ੍ਰਸਤ ਸੁਖਮਿੰਦਰ ਸਿੰਘ ਰੱਖੜਾ, ਅਵਤਾਰ ਸਿੰਘ ਆਦਮਪੁਰੀ, ਖ਼ਾਲਸਾ ਗੁਰਮਤਿ ਸੈਂਟਰ ਦੇ ਜਸਮੀਤ ਸਿੰਘ, ਜੋਗਾ ਸਿੰਘ ਪ੍ਰਧਾਨ, ਜਗਮੋਹਰ ਸਿੰਘ ਵਿਰਕ, ਸਨਮੋਹਨ ਸਿੰਘ ਸੋਢੀ, ਸ਼ਿਕਾਗੋ ਤੋਂ ਗੁਰਮੁਖ ਸਿੰਘ ਭੁੱਲਰ, ਨਿਊਯਰਸੀ ਤੋਂ ਪਿਆਰਾ ਸਿੰਘ ਸੈਣੀ, ਹਰਨੇਕ ਸਿੰਘ ਫਗਵਾੜਾ, ਹਰਨੇਕ ਸਿੰਘ ਪਾਬਲਾ, ਸਤਨਾਮ ਸਿੰਘ ਬਿੱਲਾ, ਹਰਿੰਦਰ ਸਿੰਘ ਬੈਂਸ ਆਦਿ ਸ਼ਾਮਿਲ ਹਨ |
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ 'ਗੰਨ ਕਲਚਰ' ਨੂੰ ਮੁਕੰਮਲ ਨੱਥ ਪਾਈ ਜਾਵੇ | ਆਏ ਦਿਨ ਅਮਰੀਕੀ ਅੰਨੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਜਾਨਾਂ ਗੁਆ ਰਹੇ ਹਨ | ਉਹਨਾਂ ਕਿਹਾ ਕਿ ਇਹ ਘਟਨਾਵਾਂ ਜਿਥੇ ਸਾਡੇ ਚਰਿੱਤਰ ਨੂੰ ਦਾਗੀ ਕਰਦੀਆਂ ਹਨ ਉੱਥੇ ਅਮਰੀਕੀਆਂ ਦੀ ਰੂਹ ਨੂੰ ਵੀ ਵਿੰਨਦੀਆਂ ਹਨ | ਹਥਿਆਰਬੰਦ ਹਿੰਸਾ ਅਮਰੀਕਾ ਲਈ ਮਹਾਂਮਾਰੀ ਬਣਦੀ ਜਾ ਰਹੀ ਹੈ ਪਰ ਅਸੀਂ ਇਸ ਨੂੰ ਮਨਜ਼ੂਰ ਨਹੀਂ ਕਰਾਂਗੇ ਅਸੀਂ ਇਸ ਖਿਲਾਫ ਆਉਣ ਵਾਲੇ ਸਮੇਂ 'ਚ ਵੱਡੀ ਕਾਰਵਾਈ ਕਰਾਂਗੇ |
ਮੋਦੀ ਦੀ ਅਪੀਲ ਤੋਂ ਕੁਝ ਘੰਟਿਆਂ ਬਾਅਦ ਸੰਤਾਂ ਨੇ ਕੁੰਭ ਮੇਲਾ ਖ਼ਤਮ ਕਰਨ ਦਾ ਕੀਤਾ ਐਲਾਨ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 17 ਅਪ੍ਰੈਲ-ਭਾਰਤ ਦੇ ਕਈ ਸੂਬਿਆਂ 'ਚ ਲੱਗੇ ਹਫ਼ਤਾਵਾਰੀ ਕਰਫ਼ਿਊ, ਅੰਸ਼ਕ ਤਾਲਾਬੰਦੀ ਅਤੇ ਹੋਰ ਕਈ ਸਖ਼ਤ ਪਾਬੰਦੀਆਂ ਦਰਮਿਆਨ ਲਗਾਤਾਰ ਤੀਜੇ ਦਿਨ ਵੀ ਦੇਸ਼ 'ਚ ਕੋਰੋਨਾ ਮਾਮਲਿਆਂ ਦਾ ਅੰਕੜਾ 2 ਲੱਖ ਤੋਂ ਪਾਰ ਹੋ ਗਿਆ ਹੈ | ਪਿਛਲੇ 24 ਘੰਟਿਆਂ 'ਚ ਭਾਰਤ 'ਚ ਕੋਰੋਨਾ ਦੇ 2 ਲੱਖ, 34 ਹਜ਼ਾਰ ਨਵੇਂ ਮਾਮਲਿਆਂ ਦੇ ਆਉਣ ਨਾਲ ਪੱਬਾਂ ਭਾਰ ਆਈ ਸਰਕਾਰ ਵਲੋਂ ਮੀਟਿੰਗਾਂ ਦਾ ਦੌਰ ਅਤੇ ਸਰਕਾਰੀ ਬਿਆਨ ਪੇਸ਼ ਕੀਤੇ ਗਏ | ਇਸ ਕਵਾਇਦ ਤਹਿਤ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਸਨਿਚਰਵਾਰ ਨੂੰ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਕਰਫ਼ਿਊ ਰਾਜਾਂ ਦੇ ਮੰਤਰੀਆਂ ਨਾਲ ਬੈਠਕ ਕੀਤੀ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 16 ਦਿਨਾਂ ਤੋਂ ਚੱਲ ਰਹੇ ਕੁੰਭ ਮੇਲੇ ਨੂੰ ਹੁਣ ਸੰਕੇਤਾਤਮਕ ਰੱਖਣ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਜੂਨਾ ਅਖਾੜੇ ਨੇ ਸ਼ਾਮ ਨੂੰ ਕੁੰਭ ਦਾ ਸਮਾਪਨ ਕਰਨ ਦਾ ਐਲਾਨ ਕਰ ਦਿੱਤਾ |
ਚੌਥੇ ਦਿਨ ਢਾਈ ਲੱਖ ਦੇ ਕਰੀਬ ਮਾਮਲੇ
ਭਾਰਤ 'ਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ 2 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ | ਸਿਹਤ ਮੰਤਰਾਲੇ ਮੁਤਾਬਿਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 2 ਲੱਖ, 34 ਹਜ਼ਾਰ, 692 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 1 ਕਰੋੜ, 45 ਲੱਖ ਤੋਂ ਪਾਰ ਹੋ ਗਈ ਹੈ | ਪਿਛਲੇ 24 ਘੰਟਿਆਂ 'ਚ ਕੋਰੋੋਨਾ ਕਾਰਨ ਹੋਈਆਂ 1341 ਲੋਕਾਂ ਦੀਆਂ ਮੌਤਾਂ ਨਾਲ ਮੌਤਾਂ ਦੀ ਕੁੱਲ ਗਿਣਤੀ 1,75,649 ਹੋ ਗਈ ਹੈ | ਦੇਸ਼ 'ਚ ਜ਼ੇਰੇ ਇਲਾਜ ਲੋਕਾਂ ਦੀ ਗਿਣਤੀ 16 ਲੱਖ 79 ਹਜ਼ਾਰ ਸੀ | ਅੰਕੜਿਆਂ ਮੁਤਾਬਿਕ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਦਰ ਘਟ ਕੇ 87.2 ਫ਼ੀਸਦੀ ਹੋ ਗਈ ਅਤੇ ਮੌਤ ਦਰ ਘਟ ਕੇ 1.22 ਫ਼ੀਸਦੀ ਹੋ ਗਈ ਹੈ | ਹਾਸਲ ਅੰਕੜਿਆਂ ਮੁਤਾਬਿਕ ਕੋਰੋਨਾ ਮਰੀਜ਼ਾਂ 'ਚੋਂ ਸਾਢੇ 53 ਫ਼ੀਸਦੀ ਮਾਮਲੇ ਸਿਰਫ਼ 4 ਰਾਜਾਂ 'ਚ ਹਨ | ਇਨ੍ਹਾਂ 'ਚ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਸ਼ਾਮਿਲ ਹਨ |
ਕੁੰਭ ਮੇਲੇ ਦੇ ਸਮਾਪਨ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੁੰਭ ਮੇਲੇ ਨੂੰ ਸੰਕੇਤਾਤਮਕ ਰੱਖਣ ਦੀ ਅਪੀਲ ਤੋਂ ਕੁਝ ਘੰਟਿਆਂ ਬਾਅਦ ਹੀ ਸੰਤ ਸਮਾਜ ਵਲੋਂ ਕੁੰਭ ਮੇਲਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ | ਜੂਨਾ ਅਖਾੜੇ ਦੇ ਸਵਾਮੀ ਅਵਧੇਸ਼ਾਨੰਦ ਨੇ ਟਵੀਟ ਕਰਕੇ ਇਸ ਦਾ ਐਲਾਨ ਕੀਤਾ |
ਰੇਲਵੇ ਨੇ ਵਧਾਈ ਸਖ਼ਤੀ
ਰੇਲਵੇ ਵਲੋਂ ਕੋਰੋਨਾ ਪ੍ਰੋਟੋਕਾਲਾਂ ਪ੍ਰਤੀ ਸਖ਼ਤ ਰੁਖ਼ ਅਖਤਿਆਰ ਕਰਦਿਆਂ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ | ਰੇਲਵੇ ਪਲੇਟਫਾਰਮਾਂ ਅਤੇ ਟ੍ਰੇਨਾਂ 'ਚ ਹੁਣ ਮਾਸਕ ਨਾ ਪਾਉਣ ਵਾਲਿਆਂ ਨੂੰ 500 ਰੁਪਏ ਤੱਕ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ | ਰੇਲਵੇ ਵਲੋਂ ਇਹ ਆਦੇਸ਼ 6 ਮਹੀਨੇ ਲਈ ਫੌਰੀ ਪ੍ਰਭਾਵ ਤੋਂ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ |
ਕੁੰਭ ਮੇਲਾ-ਹਰਿਦੁਆਰ ਤੋਂ ਸਮੂਹਿਕ ਇਕੱਠ ਹਟਾਉਣ ਸਬੰਧੀ ਸੁਪਰੀਮ ਕੋਰਟ 'ਚ ਪਟੀਸ਼ਨ
ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਚ ਦੇਸ਼ ਵਿਚ ਕੋਰੋਨਾ ਮਾਮਲਿਆਂ ਵਿਚ ਵਾਧੇ ਦੌਰਾਨ ਹਰਿਦੁਆਰ ਤੋਂ ਸਮੂਹਿਕ ਇਕੱਠ ਨੂੰ ਹਟਾਉਣ ਅਤੇ ਕੁੰਭ ਮੇਲੇ ਤੋਂ ਪਰਤ ਰਹੇ ਲੋਕਾਂ ਦੇ ਸਬੰਧ ਵਿਚ ਇਕ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਨ ਲਈ ਕੇਂਦਰ ਅਤੇ ਹੋਰਨਾਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ |
ਇਸ ਤੋਂ ਇਲਾਵਾ ਕੇਂਦਰ ਅਤੇ ਉੱਤਰਾਖੰਡ ਸਰਕਾਰ ਨੂੰ ਕੁੰਭ ਮੇਲੇ ਲਈ ਹਰਿਦੁਆਰ ਵਿਚ ਲੋਕਾਂ ਨੂੰ ਸੱਦਾ ਦੇਣ ਵਾਲੇ ਇਸ਼ਤਿਹਾਰਾਂ ਨੂੰ ਤੁਰੰਤ ਵਾਪਸ ਲੈਣ ਦੇ ਨਿਰਦੇਸ਼ ਦੀ ਵੀ ਮੰਗ ਕੀਤੀ ਗਈ ਹੈ | ਇਹ ਪਟੀਸ਼ਨ ਨੋਇਡਾ ਦੇ ਰਹਿਣ ਵਾਲੇ ਸੰਜੈ ਕੁਮਾਰ ਪਾਠਕ ਵਲੋਂ ਦਾਇਰ ਕੀਤੀ ਗਈ ਹੈ | ਪਾਠਕ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਇਕ ਪਾਸੇ ਤਾਂ ਆਮ ਗਰੀਬ ਆਦਮੀ ਖ਼ਿਲਾਫ਼ ਪੁਲਿਸ ਅਤੇ ਹੋਰ ਅਧਿਕਾਰੀਆਂ ਵਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਸਖ਼ਤ ਕਰਵਾਈ ਕੀਤੀ ਜਾਂਦੀ ਹੈ ਜਦੋਂ ਕਿ ਦੂਜੇ ਪਾਸੇ ਅਧਿਕਾਰੀਆਂ ਵਲੋਂ ਨਾ ਕੇਵਲ ਕੁੰਭ-2021 ਅਤੇ ਚੋਣ ਰੈਲੀਆਂ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ ਸਗੋਂ ਲੋਕਾਂ ਨੂੰ ਇਕੱਠੇ ਹੋਣ ਲਈ ਸਹੂਲਤਾਂ ਵੀ ਦਿੱਤੀ ਜਾ ਰਹੀਆਂ ਹਨ |
ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਸੁਮਿਤ ਵਿਆਸ ਅਤੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਤਿੰਨਾਂ ਸ਼ਖ਼ਸੀਅਤਾਂ ਨੇ ਆਪਣੇ ਪਾਜ਼ੀਟਿਵ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ | ਪਾਜ਼ੀਟਿਵ ਆਉਣ ਤੋਂ ਬਾਅਦ ਤਿੰਨਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ |
ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਵੀ ਕੋਰੋਨਾ ਪਾਜ਼ੀਟਿਵ ਹੋ ਗਏ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਭਾਵੇਂ ਕਿ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਪਰ ਉਹ ਠੀਕ ਹਨ |
ਟੀਕਿਆਂ ਦਾ ਉਤਪਾਦਨ ਵਧਾਉਣ ਤੇ ਆਕਸੀਜਨ ਪਲਾਂਟ ਤੇਜ਼ੀ ਨਾਲ ਲਗਾਉਣ ਦੇ ਨਿਰਦੇਸ਼
ਨਵੀਂ ਦਿੱਲੀ, 17 ਅਪ੍ਰੈਲ (ਏਜੰਸੀ)-ਦੇਸ਼ 'ਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਇਕ ਉੱਚ ਪੱਧਰੀ ਸਮੀਖਿਆ ਬੈਠਕ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਵੈਂਟੀਲੇਟਰਾਂ, ਆਕਸੀਜਨ ਅਤੇ ਮਹਾਂਮਾਰੀ ਨਾਲ ਨਜਿੱਠਣ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਟੀਕਿਆਂ ਦੇ ਉਤਪਾਦਨ ਦੀ ਸਮਰੱਥਾ ਵਧਾਉਣ ਲਈ ਜ਼ਰੂਰੀ ਸਾਧਨਾਂ ਦੇ ਮੱਦੇਨਜ਼ਰ ਪੂਰੀ ਰਾਸ਼ਟਰੀ ਸਮਰੱਥਾ ਵਧਾਉਣ ਦੇ ਨਿਰਦੇਸ਼ ਦਿੱਤੇ | ਮੋਦੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨਾਂ ਨੂੰ ਲੋਕਾਂ ਦੀਆਂ ਚਿੰਤਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਅਤੇ ਸਰਗਰਮ ਹੋਣ ਦੀ ਜ਼ਰੂਰਤ ਹੈ | ਇਹ ਟਿੱਪਣੀ ਉਸ ਸਬੰਧ ਵਿਚ ਕੀਤੀ ਗਈ ਹੈ ਜਿਸ ਵਿਚ ਅਧਿਕਾਰੀਆਂ 'ਤੇ ਕਈ ਸੂਬਿਆਂ ਵਿਚ ਇਲਾਜ ਕਰਨ ਦੀ ਬੇਰੁਖੀ ਦਾ ਦੋਸ਼ ਲਗਾਇਆ ਗਿਆ ਹੈ | ਮੋਦੀ ਨੇ ਕਿਹਾ ਕਿ ਟੈਸਟ, ਟ੍ਰੈਕਿੰਗ ਅਤੇ ਜਲਦ ਇਲਾਜ ਦਾ ਕੋਈ ਹੋਰ ਬਦਲ ਨਹੀਂ ਹੈ | ਜਲਦ ਜਾਂਚ ਅਤੇ ਸਹੀ ਤਰੀਕੇ ਨਾਲ ਟ੍ਰੈਕਿੰਗ ਹੀ ਮਰਨ ਦਰ ਨੂੰ ਘੱਟ ਕਰਨ ਵਿਚ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਅਸੀਂ ਇਕਜੁੱਟ ਹੋ ਕੇ ਕੋਰੋਨਾ ਨੂੰ ਹਰਾਇਆ ਸੀ ਅਤੇ ਇਸ ਵਾਰ ਵੀ ਉਹੀ ਸਿਧਾਤਾਂ ਨੂੰ ਤੇਜ਼ੀ ਅਤੇ ਆਪਸੀ ਸਹਿਯੋਗ ਨਾਲ ਅਪਣਾ ਕੇ ਇਸ ਨੂੰ ਹਰਾ ਸਕਦੇ ਹਾਂ | ਉਨ੍ਹਾਂ ਨੇ ਸੂਬਿਆਂ ਨਾਲ ਬਿਹਤਰ ਤਾਲਮੇਲ ਸੁਨਿਸਚਿਤ ਕਰਨ ਅਤੇ ਕੋਰੋਨਾ ਮਰੀਜ਼ਾਂ ਲਈ ਹਸਪਤਾਲਾਂ ਵਿਚ ਬਿਸਤਰਿਆਂ ਦੀ ਉਪਲੱਬਤਾ ਨੂੰ ਵਧਾਉਣ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ | ਪ੍ਰਧਾਨ ਮੰਤਰੀ ਨੇ ਇਸ ਮੌਕੇ ਦਵਾਈਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਦੇਸ਼ ਦੇ ਦਵਾਈ ਨਿਰਮਾਤਾ ਉਦਯੋਗ ਨੂੰ ਪੂਰੀ ਸਮੱਰਥਾ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਪ੍ਰਗਟਾਈ ਅਤੇ ਨਾਲ ਹੀ ਰੇਮਡੇਸਿਵਿਰ ਅਤੇ ਹੋਰ ਦਵਾਈਆਂ ਦੀ ਪੂਰਤੀ ਦੀ ਸਥਿਤੀ ਦੀ ਸਮੀਖਿਆ ਕੀਤੀ | ਮੌਜੂਦਾ ਸਮੇਂ ਦੌਰਾਨ ਮੈਡੀਕਲ ਆਕਸੀਜਨ ਦੀ ਵਧਦੀ ਮੰਗ ਦੇ ਮੱਦੇਨਜ਼ਰ ਮੋਦੀ ਨੇ ਆਕਸੀਜਨ ਪਲਾਂਟ ਲਗਾਉਣ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਜਲਦ ਹੀ ਸੂਬਿਆਂ ਨੂੰ 1 ਲੱਖ ਆਕਸੀਜਨ ਦੇ ਸਿਲੰਡਰ ਸਪਲਾਈ ਕਰ ਦਿੱਤੇ ਜਾਣਗੇ |
ਤਰਨ ਤਾਰਨ/ਖੇਮਕਰਨ, 17 ਅਪ੍ਰੈਲ (ਹਰਿੰਦਰ ਸਿੰਘ, ਰਾਕੇਸ਼ ਬਿੱਲਾ)- ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਦਿੱਲੀ ਪੁਲਿਸ ਵਲੋਂ ਦੇਸ਼ ਦੀ ਖੁਫੀਆ ਜਾਣਕਾਰੀ ਗੁਆਂਢੀ ਮੁਲਕ ਨੂੰ ਦੇਣ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧ 'ਚ ਦਿੱਲੀ ਦੇ ਜਨਕਪੁਰੀ ਥਾਣੇ 'ਚ ਹਰਪਾਲ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਜ਼ਿਲ੍ਹਾ ਤਰਨ ਤਾਰਨ ਦਾ ਸਰਹੱਦੀ ਪਿੰਡ ਮਹਿੰਦੀਪੁਰ, ਜੋ ਕਿ ਗੁਆਂਢੀ ਮੁਲਕ ਪਾਕਿਸਤਾਨ ਤੋਂ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਹੈ, ਦਾ ਰਹਿਣ ਵਾਲਾ ਨੌਜਵਾਨ ਹਰਪਾਲ ਸਿੰਘ ਪੁੱਤਰ ਸ਼ਿੰਦਾ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ | ਪਿੰਡ ਵਾਸੀਆਂ ਅਨੁਸਾਰ ਕਰੀਬ 10 ਦਿਨ ਪਹਿਲਾਂ ਹਰਪਾਲ ਸਿੰਘ ਨਜ਼ਦੀਕੀ ਪਿੰਡ ਢੋਲਣ ਦੀ ਇਕ ਕੰਬਾਈਨ ਨਾਲ ਕਣਕ ਵੱਢਣ ਲਈ ਗੁਆਂਢੀ ਰਾਜ ਹਰਿਆਣਾ ਵਿਖੇ ਗਿਆ ਹੋਇਆ ਸੀ, ਜਿਥੋਂ ਦਿੱਲੀ ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਪਿੰਡ ਵਾਸੀਆਂ ਅਨੁਸਾਰ ਹਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਦੇ ਥਾਣੇ ਜਨਕਪੁਰੀ ਦੀ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਦੀ ਜਾਣਕਾਰੀ ਵੀ ਦਿੱਤੀ ਗਈ ਹੈ | ਇਸ ਸਬੰਧੀ ਤਰਨ ਤਾਰਨ ਦੇ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਹਰਪਾਲ ਸਿੰਘ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਪੁਲਿਸ ਨੇ ਹਰਪਾਲ ਸਿੰਘ ਨੂੰ ਬੀ. ਐੱਸ. ਐੱਫ. ਤੇ ਭਾਰਤੀ ਫ਼ੌਜ ਦੀ ਖੁਫੀਆ ਜਾਣਕਾਰੀ ਗੁਆਂਢੀ ਮੁਲਕ ਨੂੰ ਦੇਣ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ | ਸੂਤਰਾ ਅਨੁਸਾਰ ਇਸ ਮਾਮਲੇ ਨੂੰ ਰਿਫਰੰਡਮ 20-20 ਨਾਲ ਵੀ ਜੋੜਿਆ ਜਾ ਰਿਹਾ ਹੈ |
ਨਵੀਂ ਦਿੱਲੀ, 17 ਅਪ੍ਰੈਲ (ਜਗਤਾਰ ਸਿੰਘ)-ਪੰਜਾਬੀ ਅਦਾਕਾਰ ਤੇ ਸਮਾਜਸੇਵੀ ਦੀਪ ਸਿੱਧੂ (37), ਜਿਨ੍ਹਾਂ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਚ ਹੋਈ ਹਿੰਸਾ ਦੇ ਸਬੰਧ 'ਚ ਦਿੱਲੀ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ, ਨੂੰ ਦਿੱਲੀ ਪੁਲਿਸ ਨੇ ਇਕ ...
ਟੀਕਾਕਰਨ ਦੀ ਉਮਰ 25 ਸਾਲ ਕੀਤੀ ਜਾਵੇ
ਕੋਰੋਨਾ ਦੇ ਲਗਾਤਾਰ ਗੰਭੀਰ ਹੁੰਦੇ ਹਾਲਾਤ ਦਰਮਿਆਨ ਕਾਂਗਰਸ ਵਲੋਂ ਵਰਕਿੰਗ ਕਮੇਟੀ ਦੀ ਬੈਠਕ ਕੀਤੀ ਗਈ ਜਿਸ 'ਚ ਮੌਜੂਦਾ ਹਾਲਾਤ 'ਤੇ ਚਰਚਾ ਕੀਤੀ ਗਈ | ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕੋਰੋਨਾ ਮਹਾਂਮਾਰੀ ਨਾਲ ...
ਦੇਸ਼ ਦੀਆਂ ਸਾਰੀਆਂ ਰੇਮਡੇਸਿਵਿਰ ਬਣਾਉਣ ਵਾਲੀਆਂ ਕੰਪਨੀਆਂ ਨੇ ਇਸ ਟੀਕੇ ਦੀ ਕੀਮਤ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ | ਜਾਣਕਾਰੀ ਅਨੁਸਾਰ ਕਾਡਿਲਾ ਹੈਲਥ ਕੇਅਰ ਨੇ ਆਪਣੇ ਟੀਕੇ ਦੀ ਕੀਮਤ 2800 ਤੋਂ ਘਟਾ ਕੇ 899 ਰੁਪਏ ਕਰ ਦਿੱਤੀ ਹੈ | ਇਸੇ ਤਰ੍ਹਾਂ ਸਿੰਜੀਨ ...
ਚੰਡੀਗੜ੍ਹ, 17 ਅਪ੍ਰੈਲ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੂੰ ਕੋਰੋਨਾ ਹੋ ਗਿਆ ਹੈ | ਇਸ ਗੱਲ ਦਾ ਖ਼ੁਲਾਸਾ ਹਾਈਕੋਰਟ ਵਲੋਂ ਵੈੱਬਸਾਈਟ 'ਤੇ ਜਾਰੀ ਕੇਸਾਂ ਦੀ ਤਾਜ਼ਾ ਸੂਚੀ ਵਿਚ ਹੋਇਆ ਹੈ | ਇਹ ਦੱਸਿਆ ਗਿਆ ਹੈ ਕਿ ਚੀਫ਼ ...
ਕੋਲਕਾਤਾ, 17 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਪੰਜਵੇਂ ਗੇੜ ਦੀਆਂ ਚੋਣਾਂ ਦੌਰਾਨ ਉਤਰ 24 ਪਰਗਨਾ, ਨਦੀਆ, ਪੁਰਬੀ ਬਰਦਮਾਨ, ਦਾਰਜੀਲਿੰਗ, ਕਲਿਮਪੋਂਗ ਅਤੇ ਜਲਪਾਈਗੁੜੀ 6 ਜ਼ਿਲਿ੍ਹਆਂ ਦੀਆਂ 45 ਸੀਟਾਂ ਲਈ ਸ਼ਾਮ 5 ਵਜੇ ਤੱਕ 78.36 ਫੀਸਦੀ ਵੋਟਾਂ ਪਈਆਂ | ...
ਚੰਡੀਗੜ੍ਹ, 17 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਚ ਅੱਜ ਕੋਰੋਨਾ ਦੇ ਮਾਮਲਿਆਂ 'ਚ ਵੱਡਾ ਉਛਾਲ ਹੋਇਆ ਹੈ | ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 64 ਹੋਰ ਮੌਤਾਂ ਹੋ ਗਈਆਂ, ਉੱਥੇ 2615 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ...
ਸੂਬੇ 'ਚ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਕਿਸਾਨਾਂ ਵਲੋਂ ਮੋਗਾ ਸਥਿਤ ਅਡਾਨੀ ਗਰੁੱਪ ਦੇ 'ਸਾਈਲੋ' ਦੇ ਬਾਹਰ ਦਿੱਤੇ ਜਾ ਰਹੇ ਧਰਨੇ ਕਾਰਨ ਐਫ. ਸੀ. ਆਈ. (ਫੂਡ ਕਾਰਪੋਰੇਸ਼ਨ ਆਫ ਇੰਡੀਆ) ਲਈ ਖਰੀਦੀ ਗਈ ਕਣਕ ਦੀ ਸੰਭਾਲ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ | ਭਾਰਤੀ ...
ਰਾਂਚੀ, 17 ਅਪ੍ਰੈਲ (ਏਜੰਸੀ)-ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਕਰੋੜਾਂ ਰੁਪਏ ਦੇ ਚਾਰਾ ਘੁਟਾਲੇ ਦੇ ਦੁਮਕਾ ਖ਼ਜ਼ਾਨਾ ਮਾਮਲੇ 'ਚ ਝਾਰਖੰਡ ਹਾਈ ਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਦੇ ...
ਮਾੜੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਵਲੋਂ ਕਈ ਥਾਵਾਂ 'ਤੇ ਪ੍ਰਦਰਸ਼ਨ-ਆਵਾਜਾਈ ਜਾਮ ਕਰਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਜਸਪਾਲ ਸਿੰਘ
ਜਲੰਧਰ, 17 ਅਪ੍ਰੈਲ-ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਸਬੰਧੀ ਕੀਤੇ ਗਏ ਅਗਾਊਾ ਪ੍ਰਬੰਧਾਂ ਦੀ ਪੋਲ ਉਸ ਸਮੇਂ ...
ਚੰਡੀਗੜ੍ਹ, 17 ਅਪ੍ਰੈਲ (ਅਜੀਤ ਬਿਊਰੋ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਚੁਣੌਤੀਪੂਰਨ ਸਮੇਂ ਦੇ ਬਾਵਜੂਦ ਸੂਬੇ 'ਚ ਮਹਿਜ਼ ਇਕ ਹਫ਼ਤਾ ਪਹਿਲਾਂ 10 ਅਪ੍ਰੈਲ ਤੋਂ ਸ਼ੁਰੂ ਹੋਏ ਕਣਕ ਦੇ ਖਰੀਦ ਸੀਜ਼ਨ ਦੌਰਾਨ ਹੁਣ ਤੱਕ ਅਨਾਜ ਮੰਡੀਆਂ 'ਚ 29.65 ਲੱਖ ਮੀਟਿ੍ਕ ਟਨ ਕਣਕ ਦੀ ਆਮਦ ਹੋ ...
ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਅਮਰੀਕਾ ਦੇ ਇੰਡੀਆਨਾ ਸੂਬੇ 'ਚ ਗੋਲੀਬਾਰੀ ਵਿਚ ਮਾਰੇ ਪੰਜਾਬੀਆਂ 'ਚੋਂ ਇਕ ਔਰਤ ਜਲੰਧਰ ਦੇ ਜੀ. ਟੀ. ਰੋਡ 'ਤੇ ਸਥਿਤ ਪਿੰਡ ਸਲੇਮਪੁਰ ਮਸੰਦਾਂ ਦੀ ਰਹਿਣ ਵਾਲੀ ਹੈ | ਕਰੀਬ 67 ਸਾਲ ਦੀ ਅਮਰਜੀਤ ਕੌਰ ਆਪਣੇ ਪਤੀ ਮੱਖਣ ਸਿੰਘ ਜੌਹਲ ਤੇ ...
ਹੁਸ਼ਿਆਰਪੁਰ/ਬੁੱਲ੍ਹੋਵਾਲ, 17 ਅਪ੍ਰੈਲ (ਹਰਪ੍ਰੀਤ ਕੌਰ/ ਬਲਜਿੰਦਰਪਾਲ ਸਿੰਘ/ਲੁਗਾਣਾ)-ਅਮਰੀਕਾ ਦੇ ਇੰਡਿਆਨਾਪੋਲਿਸ ਸ਼ਹਿਰ 'ਚ ਵਾਪਰੀ ਗੋਲੀਬਾਰੀ ਦੀ ਘਟਨਾ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਦੇ ਵਾਸੀ ਜਸਵਿੰਦਰ ਸਿੰਘ (71) ਦੀ ਮੌਤ ਹੋ ਜਾਣ ...
ਜਗਦੇਵ ਕਲਾਂ, 17 ਅਪ੍ਰੈਲ (ਸ਼ਰਨਜੀਤ ਸਿੰਘ ਗਿੱਲ)-ਅਮਰੀਕਾ ਦੇ ਇੰਡੀਆਨਾ ਸੂਬੇ ਵਿਚ 'ਫੇਡਐਕਸ' ਕੰਪਨੀ ਦੇ ਕੰਪਲੈਕਸ 'ਚ ਵਾਪਰੀ ਗੋਲੀਬਾਰੀ ਦੀ ਘਟਨਾ 'ਚ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਜਗਦੇਵ ਕਲਾਂ ਦਾ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਲਖਬੀਰ ਸਿੰਘ ਜ਼ਖ਼ਮੀ ਹੋਇਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX