ਕੋਰੋਨਾ ਦੀ ਮਹਾਂਮਾਰੀ ਦੇ ਨਾਲ-ਨਾਲ ਪੂਰਬੀ ਭਾਰਤ ਵਿਚ ਆਏ ਚੱਕਰਵਰਤੀ ਤੂਫ਼ਾਨ ਨੇ ਇਕਦਮ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਤਟਵਰਤੀ ਜ਼ਿਲ੍ਹਿਆਂ ਵਿਚ ਬਹੁਤ ਵੱਡੀ ਤਬਾਹੀ ਮਚਾਈ ਹੈ। ਇਸ ਨਾਲ ਪਹਿਲਾਂ ਹੀ ਬਿਮਾਰੀ ਦੀ ਲਪੇਟ ਵਿਚ ਆਏ ਇਨ੍ਹਾਂ ਰਾਜਾਂ ਦਾ ਬਹੁਤ ਵੱਡਾ ...
ਕੋਵਿਡ-19 ਦੀ ਮਹਾਂਮਾਰੀ ਨੇ ਭਾਰਤ ਦੇ ਆਮ ਨਾਗਰਿਕ ਨੂੰ ਜਿਥੇ ਇਕ ਪਾਸੇ ਸਿਹਤ ਦੇ ਮਾਇਨੇ, ਪੜ੍ਹਾਈ-ਲਿਖਾਈ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਅਤੇ ਰੁਜ਼ਗਾਰ ਨਾ ਰਹਿਣ ਅਤੇ ਭੁੱਖ ਲੱਗਣ ਦੀ ਮਜਬੂਰੀ ਹੋਣ 'ਤੇ ਭਿਖਾਰੀ ਵਾਂਗ ਹੱਥ ਅੱਡਣ ਦੀ ਬੇਵਸੀ ਨੂੰ ਉਜਾਗਰ ਕੀਤਾ ਹੈ, ...
ਸੰਸਾਰ ਦੇ ਇਤਿਹਾਸ ਵਿਚ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਦੇ ਦੁਖਾਂਤ ਦੀ ਘਟਨਾ ਖ਼ਾਸ ਮਹੱਤਵ ਰੱਖਦੀ ਹੈ ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਮੁੰਦਰੀ ਬੇੜੇ ਨੂੰ, ਕੈਨੇਡਾ ਦੀ ਵੈਨਕੂਵਰ ਬੰਦਰਗਾਹ 'ਤੇ ਜਬਰੀ ਰੋਕੀ ਰੱਖਿਆ ਅਤੇ ਮੁਸਾਫ਼ਰਾਂ ਨੂੰ ਬਾਹਰ ਨਾ ਨਿਕਲਣ ਦਿੱਤਾ ਦਰਅਸਲ 104 ਵਰ੍ਹੇ ਪਹਿਲਾਂ ਦੇ ਕੈਨੇਡਾ ਦੀ ਨਸਲੀ ਸਰਕਾਰ ਨੇ 376 ਮੁਸਾਫ਼ਰਾਂ ਵਾਲੇ ਸਮੁੰਦਰੀ ਬੇੜੇ 'ਗੁਰੂ ਨਾਨਕ ਜਹਾਜ਼', ਜਿਸ ਨੂੰ ਉਸ ਦੇ ਜਾਪਾਨੀ ਨਾਂਅ ਕਾਮਾਗਾਟਾਮਾਰੂ ਨਾਲ ਹੀ ਜਾਣਿਆ ਜਾਂਦਾ ਹੈ, ਜਬਰੀ ਭਾਰਤ ਵਾਪਸ ਮੋੜ ਦਿੱਤਾ ਸੀ। ਬਾਬਾ ਗੁਰਦਿੱਤ ਸਿੰਘ ਸਰਹਾਲੀ ਵਲੋਂ ਅਣਥੱਕ ਯਤਨਾਂ ਨਾਲ ਇਥੇ ਲਿਆਂਦੇ ਸਮੁੰਦਰੀ ਜਹਾਜ਼ ਦੇ ਮੁਸਾਫ਼ਰਾਂ ਨੂੰ ਕੈਨੇਡੀਅਨ ਸਰਕਾਰ ਵਲੋਂ 23 ਮਈ, 1914 ਤੋਂ ਲੈ ਕੇ 23 ਜੁਲਾਈ, 1914 ਤੱਕ ਦੋ ਮਹੀਨੇ ਵੈਨਕੂਵਰ ਦੀ ਬੰਦਰਗਾਹ 'ਤੇ ਬੰਦੀ ਬਣਾਈ ਰੱਖਿਆ ਸੀ। ਜ਼ੁਲਮ-ਸਿਤਮ ਦੀ ਇਹ ਹੱਦ ਸੀ ਕਿ ਮੁਸਾਫ਼ਰਾਂ ਨਾਲ ਅਣਮਨੁੱਖੀ ਵਰਤਾਓ ਕੀਤਾ ਗਿਆ ਤੇ ਇਕ ਹੋਰ ਜਹਾਜ਼ ਰਾਹੀਂ ਹਮਲਾ ਕਰ ਕੇ, ਕਾਮਾਗਾਟਾਮਾਰੂ ਬੇੜੇ ਨੂੰ ਡੋਬਣ ਦੀ ਵੀ ਸਾਜਿਸ਼ ਰਚੀ ਗਈ ਸੀ।
ਨਸਲੀ ਵਰਤਾਓ ਤੇ ਧੱਕੇਸ਼ਾਹੀ ਕਰਦਿਆਂ ਜਹਾਜ਼ ਨੂੰ ਭਾਰਤ ਵਾਪਸ ਮੋੜ ਦਿੱਤਾ ਗਿਆ, ਜਿਥੇ 28 ਸਤੰਬਰ, 1914 ਨੂੰ ਕੋਲਕਾਤਾ ਦੇ ਬਜਬਜ ਘਾਟ 'ਤੇ ਬ੍ਰਿਟਿਸ਼ ਸਰਕਾਰ ਵਲੋਂ ਮੁਸਾਫ਼ਰਾਂ 'ਤੇ ਗੋਲੀਆਂ ਵਰ੍ਹਾਈਆਂ ਗਈਆਂ। ਨਤੀਜੇ ਵਜੋਂ 19 ਵਿਅਕਤੀ ਸ਼ਹੀਦ ਹੋ ਗਏ ਤੇ ਅਨੇਕਾਂ ਨੂੰ ਸਖ਼ਤ ਸਜ਼ਾਵਾਂ ਹੋਈਆਂ। ਕੈਨੇਡਾ ਦੀ ਧਰਤੀ 'ਤੇ ਕਾਮਾਗਾਟਾਮਾਰੂ ਦੁਖਾਂਤ ਲਈ ਮੁਆਫ਼ੀ ਦੀ ਮੰਗ ਨਿਰੰਤਰ ਉੱਠਦੀ ਰਹੀ। ਗ਼ਦਰੀ ਬਾਬਿਆਂ ਦੇ ਮੇਲੇ 'ਚ ਆ ਕੇ ਚਾਹੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੁਆਫ਼ੀ ਮੰਗੀ, ਪਰ ਕੈਨੇਡਾ ਦੀ ਪਾਰਲੀਮੈਂਟ 'ਚ ਅਜਿਹਾ ਸੰਭਵ ਨਾ ਹੋਇਆ, ਹਾਲਾਂ ਕਿ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਸੈਂਬਲੀ 'ਚ ਪਹਿਲਾਂ ਹੀ ਅਜਿਹਾ ਕੀਤਾ ਜਾ ਚੁੱਕਾ ਸੀ। ਆਖ਼ਰਕਾਰ ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਮੌਕੇ ਮੁਆਫ਼ੀ ਮੰਗਣ ਲਈ 18 ਮਈ, 2016 ਦੇ ਦਿਨ ਦਾ ਐਲਾਨ ਕਰ ਕੇ ਨਵਾਂ ਅਧਿਆਇ ਸਿਰਜ ਦਿੱਤਾ, ਜਿਸ ਦਾ ਸਭ ਪਾਸਿਓਂ ਸਵਾਗਤ ਹੋਇਆ।
ਕੈਨੇਡਾ ਦੀ ਪਾਰਲੀਮੈਂਟ 'ਚ ਇਤਿਹਾਸਕ ਗ਼ਲਤੀਆਂ 'ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਇਹ ਕਦਮ ਇਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ 'ਚ ਖ਼ਾਸ ਮਹੱਤਵ ਰੱਖਦਾ ਹੈ। ਚਾਹੇ ਕਾਮਾਗਾਟਾਮਾਰੂ ਲਈ ਮੁਆਫ਼ੀ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਬਾਹਰੋਂ ਆ ਕੇ ਇਥੇ ਵਸੇ ਭਾਈਚਾਰਿਆਂ ਨੂੰ ਵੱਡਾ ਸਨਮਾਨ ਦਿੱਤਾ ਤੇ ਆਪਣੀ ਵਜ਼ਾਰਤ 'ਚ ਚਾਰ ਮੰਤਰੀ ਸਿੱਖ ਭਾਈਚਾਰੇ 'ਚੋਂ ਸ਼ਾਮਿਲ ਕੀਤੇ ਹਨ। ਇਨ੍ਹਾਂ ਨੂੰ ਦਿੱਤੇ ਗਏ ਮਹਿਕਮਿਆਂ 'ਚ ਦੇਸ਼ ਦੀ ਰੱਖਿਆ, ਆਰਥਿਕਤਾ, ਸਨਅਤ ਤੇ ਵਪਾਰ ਆਦਿ ਨਾਲ ਸਬੰਧਿਤ ਅਹਿਮ ਮਹਿਕਮੇ ਸ਼ਾਮਿਲ ਹਨ। ਫਿਰ ਸੰਸਦ 'ਚ ਮੁਆਫ਼ੀ ਮੰਗ ਕੇ ਉਨ੍ਹਾਂ ਕੈਨੇਡਾ ਦਾ ਅਕਸ ਕੌਮਾਂਤਰੀ ਪੱਧਰ 'ਤੇ ਹੋਰ ਵੀ ਮਜ਼ਬੂਤ ਕੀਤਾ। ਉਨ੍ਹਾਂ ਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਏਲੀਅਟ ਪੀਅਰੇ ਟਰੂਡੋ ਵਲੋਂ 'ਚਾਰਟਰ ਆਫ ਰਾਈਟਸ' ਦੇ ਉਪਰਾਲੇ ਰਾਹੀਂ ਕੈਨੇਡਾ ਨੂੰ 'ਮਨੁੱਖੀ ਅਧਿਕਾਰਾਂ ਦਾ ਚੈਂਪੀਅਨ' ਬਣਾਇਆ ਗਿਆ ਸੀ, ਜਦਕਿ ਜਸਟਿਨ ਟਰੂਡੋ ਨੇ ਇਕ ਕਦਮ ਹੋਰ ਅੱਗੇ ਵਧਦਿਆਂ 104 ਸਾਲ ਪਹਿਲਾਂ ਮਿਲੇ ਜ਼ਖ਼ਮਾਂ 'ਤੇ ਵੀ ਮਲ੍ਹਮ ਲਾ ਕੇ ਮਾਨਵਵਾਦੀ ਦ੍ਰਿਸ਼ਟੀਕੋਣ ਦੀ ਮਿਸਾਲ ਕਾਇਮ ਕਰ ਦਿੱਤੀ।
ਸੰਸਾਰ ਭਰ 'ਚ ਆਮ ਕਰਕੇ ਅਤੇ ਭਾਰਤ 'ਚ ਖ਼ਾਸ ਕਰਕੇ ਕੈਨੇਡਾ ਦੀ ਪਾਰਲੀਮੈਂਟ 'ਚ ਮੁਆਫ਼ੀ ਮੰਗੇ ਜਾਣ ਦੀ ਚਰਚਾ ਹੋਈ ਅਤੇ ਇਸ ਸਬੰਧੀ ਵੱਖ-ਵੱਖ ਸਰਕਾਰਾਂ ਦੇ ਬਿਆਨ ਵੀ ਆਏ ਸਨ। ਜਿਥੇ ਇਹ ਚੰਗੀ ਗੱਲ ਸੀ, ਉਥੇ ਇਸ ਤੋਂ ਸਬਕ ਸਿੱਖਣ ਦੀ ਵੀ ਲੋੜ ਹੈ।
ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਦੇ ਮੇਅਰ ਡੱਗ ਮੈਕੱਲਮ ਨੇ ਹੁਣ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਮਨਾਉਣ ਦਾ ਉਪਰਾਲਾ ਵੀ ਕੀਤਾ ਹੈ। ਇਹ ਵਿਚਾਰ ਅਤੇ ਉਪਰਾਲੇ ਸ਼ਲਾਘਾਯੋਗ ਹਨ, ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਤੇ ਵੀ ਮੂਲ ਵਾਸੀ ਲੋਕਾਂ ਜਾਂ ਪ੍ਰਵਾਸੀਆਂ ਨਾਲ ਰੰਗ ਨਸਲ ਜਾਤ ਧਰਮ ਅਤੇ ਬੋਲੀ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਗੁਰੂ ਨਾਨਕ ਜਹਾਜ਼ ਦੇ 376 ਮੁਸਾਫ਼ਰਾਂ ਵਿਚ 337 ਸਿੱਖ, 12 ਹਿੰਦੂ ਅਤੇ 27 ਮੁਸਲਮਾਨ ਸਨ, ਪਰ ਸਭ ਨੇ ਆਪੋ-ਆਪਣੇ ਅਕੀਦੇ ਅਤੇ ਧਰਮਾਂ ਨੂੰ ਨਿੱਜੀ ਪੱਧਰ 'ਤੇ ਰੱਖਿਆ ਅਤੇ ਕੈਨੇਡਾ ਦੇ ਨਸਲਵਾਦ ਅਤੇ ਭਾਰਤ ਦੇ ਬਸਤੀਵਾਦ ਖ਼ਿਲਾਫ਼ ਲੜੇ। ਅਫ਼ਸੋਸ ਇਸ ਗੱਲ ਦਾ ਹੈ ਕਿ ਭਾਰਤ ਨੂੰ ਬ੍ਰਿਟਿਸ਼ ਬਸਤੀਵਾਦ ਤੋਂ ਆਜ਼ਾਦ ਕਰਵਾਉਣ ਲਈ ਤਾਂ ਸਾਰਿਆਂ ਨੇ ਮਿਲ ਕੇ ਕੁਰਬਾਨੀਆਂ ਕੀਤੀਆਂ, ਪਰ ਹੁਣ ਜਿਸ ਤਰੀਕੇ ਨਾਲ ਭਾਰਤ ਵਿਚ ਘੱਟ-ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਉਹ ਬਹੁਤ ਦੁਖਦਾਈ ਗੱਲ ਹੈ। ਇਹ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ, ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਰਾਂ ਅਤੇ ਸਮੂਹ ਗਦਰੀ ਬਾਬਿਆਂ ਦੀਆਂ ਭਾਵਨਾਵਾਂ ਦੇ ਖਿਲਾਫ਼ ਹੈ। ਇਸ ਫ਼ਿਰਕੂ ਸੋਚ ਦੇ ਖਿਲਾਫ਼ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ। ਬੀਤੇ ਸਮੇਂ ਦੀ ਬਸਤੀ ਭਾਰਤ ਅੱਜ ਜਿਸ ਦਿਸ਼ਾ ਵੱਲ ਵਧ ਰਿਹਾ ਹੈ, ਉਸ ਦੇ ਨਤੀਜੇ ਅਨੇਕਾਂ ਹੋਰ ਦੁਖਾਂਤਾਂ ਨੂੰ ਜਨਮ ਦੇ ਸਕਦੇ ਹਨ।
ਫੋਨ : 001 604 825 1550
email singhnewscanada'gmail.com
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX