ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਵਿਰੋਧੀ ਧਿਰਾਂ ਵਲੋਂ ਦਿੱਤੇ ਮਹਾਂਦੋਸ਼ ਦੇ ਨੋਟਿਸ ਨੂੰ ਸੰਸਦੀ ਪ੍ਰੰਪਰਾਵਾਂ ਦੇ ਖ਼ਿਲਾਫ਼ ਕਰਾਰ ਦਿੰਦਿਆਂ ਖ਼ਾਰਜ ਕਰ ਦਿੱਤਾ ਹੈ। ਮਹਾਂਦੋਸ਼ ਦੇ ਨੋਟਿਸ ਲਿਆਉਣ ਵਾਲੀਆਂ 7 ਵਿਰੋਧੀ ਪਾਰਟੀਆਂ 'ਚੋਂ ਅਗਵਾਈ ਕਰ ਰਹੀ ਕਾਂਗਰਸ ਨੇ ਇਸ ਫ਼ੈਸਲੇ ਨੂੰ 'ਗ਼ੈਰ-ਕਾਨੂੰਨੀ ਅਤੇ ਹੈਰਾਨ ਕਰਨ ਵਾਲਾ' ਦੱਸਦਿਆਂ ਇਸ ਦੇ ਖ਼ਿਲਾਫ਼ ਅਦਾਲਤ 'ਚ ਜਾਣ ਦਾ ਫ਼ੈਸਲਾ ਕੀਤਾ ਹੈ। ਜਿਥੇ ਉੱਪਰਲੇ ਸਦਨ ਦੇ ਸਭਾਪਤੀ ਨੇ ਇਸ ਨੋਟਿਸ ਨੂੰ ਖਾਰਜ ਕਰਨ ਦੇ ਵਿਸਥਾਰਪੂਰਵਕ ਕਾਰਨਾਂ 'ਚ 'ਠੋਸ ਸਬੂਤਾਂ ਅਤੇ ਉਚਿਤ ਤਰੀਕੇ ਦੀ ਘਾਟ' ਨੂੰ ਨੋਟਿਸ ਰੱਦ ਕਰਨ ਦਾ ਮੁੱਖ ਕਾਰਨ ਦੱਸਿਆ, ਉਥੇ ਕਾਂਗਰਸ ਨੇ ਪਲਟਵਾਰ ਕਰਦਿਆਂ ਕਿਹਾ ਕਿ ਉਪ ਰਾਸ਼ਟਰਪਤੀ ਨੇ ਇਹ ਫ਼ੈਸਲਾ 'ਕਾਹਲੀ ਅਤੇ ਬਿਨਾਂ ਮਸ਼ਵਰੇ' ਦੇ ਲਿਆ ਹੈ।
ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਆਪਣੇ 10 ਸਫ਼ਿਆਂ ਦੇ ਆਦੇਸ਼ 'ਚ ਵਿਰੋਧੀ ਧਿਰ ਵਲੋਂ ਲਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਅਤੇ ਉਨ੍ਹਾਂ ਦੇ ਕਈ ਕਾਰਨ ਗਿਣਾਉਂਦੇ ਹੋਏ ਦੱਸਿਆ ਕਿ ਉਹ ਭਾਰਤ ਦੇ ਚੀਫ਼ ਜਸਟਿਸ ਖ਼ਿਲਾਫ਼ ਮਹਾਂਦੋਸ਼ ਦੀ ਇਜ਼ਾਜਤ ਨਹੀਂ ਦੇ ਸਕਦੇ। ਨਾਇਡੂ ਨੇ ਕਿਹਾ ਕਿ ਅਜਿਹਾ ਨੋਟਿਸ ਲਿਆਉਣ ਦੀ ਇਕ ਪੂਰੀ ਸੰਸਦੀ ਪ੍ਰੰਪਰਾ ਹੈ, ਜਿਸ ਦਾ ਵਿਰੋਧੀ ਧਿਰ ਨੇ ਪਾਲਣ ਨਹੀਂ ਕੀਤਾ। ਨਾਇਡੂ ਨੇ ਵਿਰੋਧੀ ਧਿਰ ਵਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਮਾਮਲੇ ਨੂੰ ਜਨਤਕ ਕਰਨ ਦੇ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਚੀਫ਼ ਜਸਟਿਸ ਦੇ ਅਹੁਦੇ ਦੀ ਅਹਿਮੀਅਤ ਘੱਟ ਕਰਨ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਮੀਡੀਆ 'ਚ ਬਿਆਨਬਾਜ਼ੀ ਨਾਲ ਮਾਹੌਲ ਖ਼ਰਾਬ ਹੁੰਦਾ ਹੈ।ਨਾਇਡੂ ਨੇ ਨੋਟਿਸ ਰੱਦ ਕਰਨ ਦੇ ਹੋਰ ਕਾਰਨ ਪੇਸ਼ ਕਰਦਿਆਂ ਕਿਹਾ ਕਿ ਲਾਏ ਗਏ ਇਲਜ਼ਾਮਾਂ ਲਈ ਠੋਸ ਬਿਆਨ ਜਾਂ ਸਬੂਤ ਨਹੀਂ ਪੇਸ਼ ਕੀਤੇ ਗਏ ਅਤੇ ਨਾ ਹੀ ਨੋਟਿਸ ਨੂੰ ਉਚਿਤ ਢੰਗ ਨਾਲ ਪੇਸ਼ ਕੀਤਾ ਗਿਆ। ਸਭਾਪਤੀ ਨੇ ਨੋਟਿਸ ਖਾਰਜ ਕਰਨ ਦੇ ਆਦੇਸ਼ 'ਚ ਇਹ ਵੀ ਸਪੱਸ਼ਟ ਕੀਤਾ ਕਿ ਨੋਟਿਸ ਖਾਰਜ ਕਰਨ ਤੋਂ ਪਹਿਲਾਂ ਉਨ੍ਹਾਂ ਕਾਨੂੰਨ ਅਤੇ ਸੰਵਿਧਾਨ ਦੇ ਮਾਹਿਰਾਂ, ਲੋਕ ਸਭਾ ਅਤੇ ਰਾਜ ਸਭਾ ਅਧਿਕਾਰੀਆਂ ਸਮੇਤ ਕਈਆਂ ਨਾਲ ਸਲਾਹ-ਮਸ਼ਵਰਾ ਕੀਤਾ। ਨਾਲ ਹੀ ਸਾਬਕਾ ਅਟਾਰਨੀ ਜਨਰਲ, ਸੰਵਿਧਾਨ ਦੇ ਮਾਹਿਰਾਂ ਅਤੇ ਅਹਿਮ ਅਖ਼ਬਾਰਾਂ ਦੇ ਸੰਪਾਦਕਾਂ ਦੇ ਵਿਚਾਰਾਂ ਨੂੰ ਵੀ ਪੜ੍ਹਿਆ। ਹਾਲਾਂਕਿ ਮਾਮਲਾ ਚੀਫ਼ ਜਸਟਿਸ ਦੇ ਖਿਲਾਫ਼ ਹੋਣ ਕਾਰਨ ਉਨ੍ਹਾਂ ਨਾਲ ਚਰਚਾ ਨਹੀਂ ਕੀਤੀ ਗਈ। ਕੇਸਾਂ ਦੀ ਵੰਡ ਦੇ ਸਿਲਸਿਲੇ 'ਚ ਵਿਵਾਦਾਂ 'ਚ ਆਏ ਰੋਸਟਰ ਮਾਮਲੇ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਨਾਇਡੂ ਨੇ ਕਿਹਾ ਕਿ ਇਹ ਇਲਜ਼ਾਮ ਬੁਨਿਆਦੀ ਤੌਰ 'ਤੇ ਨਿਆਂਪਾਲਿਕਾ ਦੇ ਅੰਦਰੂਨੀ ਅਮਲ ਨਾਲ ਜੁੜੇ ਹਨ, ਜਿਸ 'ਚ ਹੁਣ ਅੱਗੇ ਪੜਤਾਲ ਦੀ ਲੋੜ ਨਹੀਂ ਹੈ। ਸਾਰੇ ਕਾਰਨਾਂ ਨੂੰ ਸਾਹਮਣੇ ਰੱਖਦਿਆਂ ਸਭਾਪਤੀ ਨੇ ਚੀਫ਼ ਜਸਟਿਸ ਨੂੰ ਮਾੜੇ ਵਰਤਾਅ ਦਾ ਦੋਸ਼ੀ ਨਾ ਕਰਾਰ ਦਿੰਦਿਆਂ ਨੋਟਿਸ ਖਾਰਜ ਕਰਨ ਦਾ ਆਦੇਸ਼ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਮਹਾਂਦੋਸ਼ ਦੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਐਤਵਾਰ ਨੂੰ ਆਪਣੇ ਹੈਦਰਾਬਾਦ ਦੇ ਦੌਰੇ ਨੂੰ ਛੱਡ ਕੇ ਦਿੱਲੀ ਪਰਤੇ।
ਸੁਪਰੀਮ ਕੋਰਟ ਜਾਏਗੀ ਕਾਂਗਰਸ
ਕਾਂਗਰਸ ਨੇ ਉਪ ਰਾਸ਼ਟਰਪਤੀ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਕਾਹਲੀ 'ਚ ਲਿਆ ਫ਼ੈਸਲਾ ਕਰਾਰ ਦਿੱਤਾ। ਕਾਂਗਰਸੀ ਆਗੂ ਕਪਿਲ ਸਿੱਬਲ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਕਿਹਾ ਕਿ ਸੰਵਿਧਾਨਕ ਨੇਮਾਂ ਦੇ ਦਾਇਰੇ 'ਚ ਰਾਜ ਸਭਾ 'ਚ ਸਭਾਪਤੀ ਦਾ ਕੰਮ ਸਿਰਫ਼ ਜ਼ਰੂਰੀ ਸਾਂਸਦਾਂ ਦੀ ਗਿਣਤੀ ਵੇਖਣੀ ਅਤੇ ਉਨ੍ਹਾਂ ਦੇ ਦਸਤਖ਼ਤ ਦੀ ਜਾਂਚ ਕਰਨੀ ਹੁੰਦੀ ਹੈ। ਜੋ ਕਿ ਇਸ ਮਾਮਲੇ 'ਚ ਲੋੜੀਂਦੀ 50 ਸੰਸਦ ਮੈਂਬਰਾਂ ਦੀ ਗਿਣਤੀ ਤੋਂ ਵੱਧ (64) ਸੀ। ਕਾਂਗਰਸ ਨੇ ਇਹ ਵੀ ਕਿਹਾ ਕਿ ਉਪ ਰਾਸ਼ਟਰਪਤੀ ਨੋਟਿਸ ਨੂੰ ਖਾਰਜ ਕਰਨ ਤੋਂ ਪਹਿਲਾਂ ਕਾਲਜੀਅਮ ਦੀ ਰਾਇ ਲੈਣੀ ਚਾਹੀਦੀ ਸੀ। ਨੇਮਾਂ ਦਾ ਹਵਾਲਾ ਦਿੰਦਿਆਂ ਸਿੱਬਲ ਨੇ ਕਿਹਾ ਕਿ ਚੀਫ਼ ਜਸਟਿਸ 'ਤੇ ਲਾਏ ਇਲਜ਼ਾਮਾਂ ਦੀ ਪੜਤਾਲ ਕਰਨ ਦਾ ਅਧਿਕਾਰ ਰਾਜ ਸਭਾ ਦੇ ਸਭਾਪਤੀ ਕੋਲ ਨਹੀਂ ਹੁੰਦਾ। ਇਸ ਲਈ ਗਠਿਤ ਕੀਤੇ ਜਾਣ ਵਾਲੀ ਕਮੇਟੀ ਹੀ ਇਲਜ਼ਾਮਾਂ ਦੇ ਸਹੀ-ਗਲਤ ਦਾ ਫ਼ੈਸਲਾ ਕਰ ਸਕਦੀ ਸੀ। ਇਥੇ ਜ਼ਿਕਰਯੋਗ ਹੈ ਕਿ 20 ਅਪ੍ਰੈਲ ਨੂੰ ਕਾਂਗਰਸ ਸਮੇਤ 7 ਸਿਆਸੀ ਪਾਰਟੀਆਂ ਦੇ ਆਗੂਆਂ ਨੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨੂੰ ਹਟਾਉਣ ਦੀ ਮੰਗ ਕਰਦਿਆਂ ਰਾਜ ਸਭਾ 'ਚ ਮਹਾਂਦੋਸ਼ ਦਾ ਨੋਟਿਸ ਦਿੱਤਾ ਸੀ, ਜਿਸ 'ਤੇ ਰਾਜ ਸਭਾ ਦੇ 64 ਸੰਸਦ ਮੈਂਬਰਾਂ ਦੇ ਦਸਤਖ਼ਤ ਸਨ।
ਸੁਪਰੀਮ ਕੋਰਟ 'ਚ ਵਿਰੋਧੀ ਧਿਰ ਸਫਲ ਨਹੀਂ ਹੋ ਸਕਦੀ-ਸੋਲੀ ਸੋਰਾਬਜੀ
ਨਵੀਂ ਦਿੱਲੀ, (ਪੀ. ਟੀ. ਆਈ.)-ਉੱਘੇ ਕਾਨੂੰਨਦਾਨ ਸੋਲੀ ਸੋਰਬਾਜੀ ਨੇ ਅੱਜ ਕਿਹਾ ਕਿ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਵਲੋਂ ਚੀਫ਼ ਜਸਟਿਸ ਖਿਲਾਫ ਮਹਾਂਦੋਸ਼ ਦੇ ਨੋਟਿਸ ਨੂੰ ਰੱਦ ਕਰਨ ਦੇ ਫ਼ੈਸਲੇ ਖਿਲਾਫ ਕਾਂਗਰਸ ਦੇ ਸੁਪਰੀਮ ਕੋਰਟ ਵਿਚ ਸਫ਼ਲ ਹੋਣ ਦੀ ਕੋਈ ਸੰਭਾਵਨਾ ਨਹੀਂ। ਨਾਇਡੂ ਦੇ ਫ਼ੈਸਲੇ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਭਾਰਤ ਦੇ ਸਾਬਕਾ ਅਟਾਰਨੀ ਜਨਰਲ ਨੇ ਕਿਹਾ ਕਿ ਮੁੱਦੇ 'ਤੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨ ਪਿੱਛੋਂ ਰਾਜ ਸਭਾ ਦੇ ਸਭਾਪਤੀ ਨੇ ਆਪਣੀ ਸਮਝ ਦੀ ਵਰਤੋਂ ਕੀਤੀ ਹੈ।
ਨਾਇਡੂ ਸੰਵਿਧਾਨਕ ਅਥਾਰਟੀ-ਨਾਰੀਮਨ
ਇਕ ਹੋਰ ਉੱਗੇ ਕਾਨੂੰਨਦਾਨ ਫਾਲੀ ਐਸ ਨਾਰੀਮਨ ਨੇ ਕਿਹਾ ਕਿ ਚੀਫ ਜਸਟਿਸ ਖਿਲਾਫ ਮਹਾਂਦੋਸ਼ ਨੋਟਿਸ ਵਿਚ ਉਠਾਏ ਮੁੱਦੇ ਗੰਭੀਰ ਨਹੀਂ ਸਨ ਅਤੇ ਉਪ ਰਾਸ਼ਟਰਪਤੀ ਨੇ ਨੋਟਿਸ ਨੂੰ ਰੱਦ ਕਰਕੇ ਸਹੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਨੋਟਿਸ 'ਤੇ ਫ਼ੈਸਲਾ ਲੈਣ ਲਈ ਨਾਇਡੂ ਸੰਵਿਧਾਨਕ ਅਥਾਰਟੀ ਹਨ।
ਚੀਫ਼ ਜਸਟਿਸ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਕੀਤੀ ਲੰਬੀ ਮੀਟਿੰਗ
ਅਦਾਲਤੀ ਕੰਮਕਾਜ 15 ਮਿੰਟ ਦੇਰੀ ਨਾਲ ਸ਼ੁਰੂ ਕੀਤਾ
ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਚੀਫ਼ ਜਸਟਿਸ ਦੀਪਕ ਮਿਸ਼ਰਾ ਅਤੇ ਸੁਪਰੀਮ ਕੋਰਟ ਦੇ ਦੂਸਰੇ ਜੱਜਾਂ ਨੇ ਅੱਜ ਸਵੇਰੇ ਆਮ ਮੀਟਿੰਗ ਨਾਲੋਂ ਲੰਬਾ ਸਮਾਂ ਮੀਟਿੰਗ ਕੀਤੀ ਜਿਸ ਨਾਲ ਸਾਰੀਆਂ ਅਦਾਲਤਾਂ ਵਿਚ ਕੰਮਕਾਜ 15 ਮਿੰਟ ਦੇਰੀ ਨਾਲ ਸ਼ੁਰੂ ਹੋਇਆ ਅਤੇ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੇ ਚੀਫ਼ ਜਸਟਿਸ ਨੂੰ ਹਟਾਉਣ ਬਾਰੇ ਦਿੱਤੇ ਨੋਟਿਸ ਅਤੇ ਉਸ ਨੂੰ ਰੱਦ ਕੀਤੇ ਜਾਣ ਬਾਰੇ ਚਰਚਾ ਕੀਤੀ ਹੈ। ਮੁਕੱਦਮੇ ਲੜ ਰਹੇ ਲੋਕਾਂ, ਵਕੀਲਾਂ ਅਤੇ ਪੱਤਰਕਾਰਾਂ ਦੀਆਂ ਨਜ਼ਰਾਂ ਕਲਾਕ 'ਤੇ ਰਹੀਆਂ ਅਤੇ ਉਹ ਚੀਫ਼ ਜਸਟਿਸ ਦੀਆਂ ਅਦਾਲਤਾਂ ਵਿਚ ਕੰਮਕਾਜ ਦੇਰੀ ਨਾਲ ਸ਼ੁਰੂ ਹੋਣ ਦੇ ਸੰਭਾਵਤ ਕਾਰਨਾਂ ਬਾਰੇ ਚਰਚਾ ਕਰਦੇ ਦੇਖੇ ਗਏ। ਸਾਰੀਆਂ ਅਦਾਲਤਾਂ ਵਿਚ ਸਵੇਰੇ 10.30 ਵਜੇ ਦੀ ਬਜਾਏ ਲਗਪਗ 10.45 ਵਜੇ ਕੰਮਕਾਜ ਸ਼ੁਰੂ ਹੋਇਆ।
ਤਰਵਿੰਦਰ ਸਿੰਘ ਬੈਨੀਪਾਲ
ਐੱਸ. ਏ. ਐੱਸ. ਨਗਰ, 23 ਅਪ੍ਰੈਲ -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ (ਵੋਕੇਸ਼ਨਲ ਗਰੁੱਪ ਦੇ 14314 ਪ੍ਰੀਖਿਆਰਥੀਆਂ ਤੇ ਨਕਲ ਕਾਰਨ ਮੁੜ ਹੋਈ ਪ੍ਰੀਖਿਆ ਵਾਲੇ 3852 ਪ੍ਰੀਖਿਆਰਥੀਆਂ ਦੇ ਨਤੀਜੇ ਨੂੰ ਛੱਡ) ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵਲੋਂ ਅੱਜ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਦੇ ਮੀਟਿੰਗ ਰੂਮ ਵਿਖੇ ਐਲਾਨ ਦਿੱਤਾ ਗਿਆ। ਦੱਸਣਯੋਗ ਹੈ ਕਿ ਬੋਰਡ ਨੇ ਕਾਹਲੀ ਵਿਚ ਦੇਸ਼ ਦੇ ਸਾਰੇ ਬੋਰਡਾਂ ਤੋਂ ਪਹਿਲਾਂ ਤੇ ਪਿਛਲੇ ਸਾਲ ਨਾਲੋਂ 20 ਦਿਨ ਪਹਿਲਾਂ ਨਤੀਜਾ ਤਾਂ ਐਲਾਨ ਦਿੱਤਾ ਹੈ, ਪਰ ਇਹ ਵੀ ਪਹਿਲੀ ਵਾਰ ਹੋਇਆ ਹੈ ਜਦੋਂ ਬੋਰਡ ਨਤੀਜਾ ਐਲਾਨਣ ਮੌਕੇ ਮੈਰਿਟ ਸੂਚੀ ਜਾਰੀ ਨਹੀਂ ਕਰ ਸਕਿਆ।
ਪ੍ਰੈੱਸ ਕਾਨਫ਼ਰੰਸ ਦੌਰਾਨ ਨਤੀਜੇ ਦੀ ਮੈਰਿਟ ਸੂਚੀ ਜਾਰੀ ਨਾ ਕਰ ਸਕਣ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਾ ਦੇ ਸਕਣ ਕਾਰਨ ਬੋਰਡ ਮੈਨੇਜਮੈਂਟ ਦੀ ਕਿਰਕਰੀ ਵੀ ਹੋਈ। ਬੋਰਡ ਵਲੋਂ ਐਲਾਨੇ ਨਤੀਜੇ ਅਨੁਸਾਰ ਲੜਕੀਆਂ ਨੇ ਇਸ ਵਾਰ ਵੀ ਲੜਕਿਆਂ ਨੂੰ ਪਛਾੜ ਦਿੱਤਾ ਹੈ। ਇਸ ਵਾਰ 1 ਫ਼ੀਸਦੀ ਗ੍ਰੇਸ ਅੰਕ ਤੋਂ ਇਲਾਵਾ ਸਿੱਖਿਆ ਬੋਰਡ ਵਲੋਂ ਕੇਵਲ 5 ਅੰਕ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੇ ਗਏ, ਜਿਨ੍ਹਾਂ ਵਿਚ ਫੇਲ੍ਹ ਪ੍ਰੀਖਿਆਰਥੀ ਦੀ ਕੰਪਾਰਟਮੈਂਟ ਬਣ ਸਕੇ ਜਾਂ ਕੰਪਾਰਟਮੈਂਟ ਵਿਦਿਆਰਥੀ ਪਾਸ ਹੋ ਸਕੇ। ਇਸ ਮੌਕੇ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ) ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਸ਼੍ਰੇਣੀ ਦੇ ਨਤੀਜੇ 'ਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਵਿਦਿਆਰਥਣ ਪੂਜਾ ਜੋਸ਼ੀ (ਰੋਲ ਨੰਬਰ 2018253790) ਨੇ 450 ਅੰਕਾਂ 'ਚੋਂ 441 ਅੰਕ (98 ਫ਼ੀਸਦੀ) ਅੰਕ ਪ੍ਰਾਪਤ ਕਰਕੇ ਸੂਬੇ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੇ ਵਿਦਿਆਰਥੀ ਵਿਵੇਕ ਰਾਜਪੂਤ (ਰੋਲ ਨੰਬਰ 2018051748) ਨੇ 439 ਅੰਕ (97.55 ਫ਼ੀਸਦੀ) ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ ਜਦਕਿ ਦਸਮੇਸ਼ ਪਬਲਿਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਾਦਲ (ਸ੍ਰੀ ਮੁਕਤਸਰ ਸਾਹਿਬ) ਦੀ ਵਿਦਿਆਰਥਣ ਜਸਨੂਰ ਕੌਰ (ਰੋਲ ਨੰਬਰ 2018154807) ਨੇ 438 (97.33 ਫ਼ੀਸਦੀ) ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਚੇਅਰਮੈਨ ਨੇ ਦੱਸਿਆ ਕਿ ਖਿਡਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਦਿੱਤੇ ਖੇਡ ਕੋਟੇ ਦੇ ਅੰਕ ਵਾਲੇ ਪ੍ਰੀਖਿਆਰਥੀਆਂ 'ਚੋਂ ਬੀ. ਸੀ. ਐੱਮ. ਸੀਨੀਅਰ ਸੈਕੰਡਰੀ ਸਕੂਲ ਐੱਚ. ਐੱਮ 150, ਜਮਾਲਪੁਰ ਕਾਲੋਨੀ ਫੋਕਲ ਪੁਆਇੰਟ, ਲੁਧਿਆਣਾ ਦੀ ਵਿਦਿਆਰਥਣ ਪ੍ਰਾਚੀ ਗੌੜ ਰੋਲ ਨੰਬਰ 2018236275 ਨੇ 450 'ਚੋਂ 450 ਭਾਵ 100 ਫ਼ੀਸਦੀ ਅੰਕ ਲੈ ਕੇ ਖੇਡ ਅੰਕ ਵਾਲੇ ਪ੍ਰੀਖਿਆਰਥੀਆਂ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਸਕੂਲ ਦੀ ਵਿਦਿਆਰਥਣ ਪੁਸ਼ਵਿੰਦਰ ਕੌਰ ਰੋਲ ਨੰਬਰ 2018236278 ਨੇ 100 ਫ਼ੀਸਦੀ ਅੰਕ ਲੈ ਕੇ ਦੂਜਾ ਜਦਕਿ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) ਦੀ ਵਿਦਿਆਰਥਣ ਮਨਦੀਪ ਕੌਰ ਰੋਲ ਨੰਬਰ 2018206029 ਨੇ 448 ਅੰਕ (99.56 ਫ਼ੀਸਦੀ) ਅੰਕ ਪ੍ਰਾਪਤ ਕਰਕੇ ਖੇਡ ਅੰਕ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ 'ਚੋਂ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਵਲੋਂ ਇਸ ਸਾਲ ਇਸ ਪ੍ਰੀਖਿਆ ਵਿਚ ਨੈਸ਼ਨਲ ਪੱਧਰ 'ਤੇ ਮੱਲਾਂ ਮਾਰਨ ਵਾਲੇ 194 ਪ੍ਰੀਖਿਆਰਥੀ ਖਿਡਾਰੀਆਂ ਨੂੰ ਤੇ ਸੂਬੇ ਪੱਧਰ 'ਤੇ ਮੱਲਾਂ ਮਾਰਨ 989 ਪ੍ਰੀਖਿਆਰਥੀ ਖਿਡਾਰੀਆਂ ਨੂੰ ਖੇਡ ਕੋਟੇ ਦੇ ਵਿਸ਼ੇਸ਼ ਅੰਕ ਦਿੱਤੇ ਗਏ ਹਨ। ਚੇਅਰਮੈਨ ਕਲੋਹੀਆ ਨੇ ਦੱਸਿਆ ਕਿ 12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਵਿਚ ਕੁੱਲ 3,00,417 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,98,199 ਪ੍ਰੀਖਿਆਰਥੀਆਂ ਨੇ ਸਫਲਤਾ ਪ੍ਰਾਪਤ ਕੀਤੀ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 65.97 ਫ਼ੀਸਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਰੈਗੂਲਰ ਸਕੂਲਾਂ ਦੇ ਕੁੱਲ 2,74,532 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,87,828 ਪ੍ਰੀਖਿਆਰਥੀਆਂ ਨੇ ਸਫਲਤਾ ਪ੍ਰਾਪਤ ਕੀਤੀ ਹੈ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 68.42 ਫ਼ੀਸਦੀ ਰਹੀ ਜਦਕਿ ਓਪਨ ਸਕੂਲ ਦੇ ਕੁੱਲ 25,885 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 10,371 ਪ੍ਰੀਖਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 40.07 ਫ਼ੀਸਦੀ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਅਨੁਸਾਰ ਸਾਲ 2013 ਦਾ ਨਤੀਜਾ 78.97 ਫ਼ੀਸਦੀ ਸੀ, ਸਾਲ 2014 ਦਾ ਨਤੀਜਾ 81.09 ਫ਼ੀਸਦੀ, ਸਾਲ 2015 ਦਾ ਨਤੀਜਾ 76.24, ਸਾਲ 2016 ਦਾ ਨਤੀਜਾ 76.77 ਫ਼ੀਸਦੀ ਰਿਹਾ ਸੀ, ਸਾਲ 2017 ਦਾ ਨਤੀਜਾ 62.36 ਫ਼ੀਸਦੀ ਰਿਹਾ, ਸਾਲ 2018 ਦਾ ਨੀਤਜਾ 65.97 ਫ਼ੀਸਦੀ ਰਿਹਾ। ਇਸ ਮੌਕੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਸਮੇਂ ਤੋਂ ਪਹਿਲਾਂ ਨਤੀਜਾ ਐਲਾਨਣ 'ਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਬੋਰਡ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ, ਮੁਲਾਂਕਣ ਕਰਨ ਵਾਲੇ ਅਧਿਆਪਕਾਂ ਵਲੋਂ ਕੀਤੀ ਸਖ਼ਤ ਮਿਹਨਤ ਕਾਰਨ ਸਿੱਖਿਆ ਬੋਰਡ ਨੇ ਕਰੀਬ ਸਾਰੇ ਬੋਰਡਾਂ ਤੋਂ ਪਹਿਲਾਂ ਨਤੀਜਾ ਐਲਾਨਣ ਵਿਚ ਸਫਲਤਾ ਹਾਸਲ ਕੀਤੀ ਹੈ। ਬੋਰਡ ਦੇ ਵਾਈਸ ਚੇਅਰਮੈਨ ਪ੍ਰਸ਼ਾਂਤ ਕੁਮਾਰ ਗੋਇਲ, ਸਕੱਤਰ ਹਰਗੁਣਜੀਤ ਕੌਰ, ਸੰਯੁਕਤ ਸਕੱਤਰ ਪ੍ਰੀਖਿਆਵਾਂ ਕਰਨਜਗਦੀਸ਼ ਕੌਰ, ਕੰਪਿਊਟਰ ਡਾਇਰੈਕਟਰ ਨਵਨੀਤ ਕੌਰ ਗਿੱਲ, ਪੀ. ਆਰ. ਓ. ਕੋਮਲ ਸਿੰਘ ਆਦਿ ਅਧਿਕਾਰੀ ਮੌਜੂਦ ਸਨ। ਇਸ ਮੌਕੇ ਬੋਰਡ ਚੇਅਰਮੈਨ ਕਲੋਹੀਆ ਨੇ ਦੱਸਿਆ ਕਿ ਇਹ ਨਤੀਜਾ 23 ਅਪ੍ਰੈਲ ਨੂੰ ਰਾਤ 12 ਵਜੇ ਤੱਕ ਬੋਰਡ ਦੀ ਵੈਬਸਾਈਟ www.pseb.ac.}n 'ਤੇ ਉਪਲਬਧ ਕਰਵਾ ਦਿੱਤਾ ਜਾਵੇਗਾ।
ਕਾਮਰਸ, ਹਿਊਮੈਨਟੀਜ਼, ਸਾਇੰਸ ਗਰੁੱਪ ਦਾ ਨਤੀਜਾ
12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ 'ਚ ਕਾਮਰਸ ਗਰੁੱਪ ਦੇ ਕੁੱਲ 31,364 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 26,643 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 84.95 ਫ਼ੀਸਦੀ ਰਹੀ। ਇਸੇ ਤਰ੍ਹਾਂ ਹਿਊਮੈਨਟੀਜ਼ ਗਰੁੱਪ ਦੇ ਕੁੱਲ 2,12,945 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,38,643 ਪ੍ਰੀਖਿਆਰਥੀ ਪਾਸ ਹੋਏ ਹਨ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 65.11 ਫ਼ੀਸਦੀ ਰਹੀ। ਇਸੇ ਤਰ੍ਹਾਂ ਸਾਇੰਸ ਗਰੁੱਪ ਦੇ ਕੁੱਲ 55,976 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 32,907 ਪ੍ਰੀਖਿਆਰਥੀ ਪਾਸ ਹੋਏ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 58.79 ਫ਼ੀਸਦੀ ਰਹੀ। ਮਿਕਸ ਗਰੁੱਪ ਦੇ 132 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 6 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 4.55 ਫ਼ੀਸਦੀ ਰਹੀ ਜਦਕਿ ਵੋਕੇਸ਼ਨਲ ਗਰੁੱਪ ਦਾ ਨਤੀਜਾ ਬਾਅਦ ਵਿਚ ਐਲਾਨਿਆ ਜਾਵੇਗਾ।
ਇਸ ਵਾਰ ਵੀ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਨਾਲੋਂ 17.79 ਫ਼ੀਸਦੀ ਵੱਧ ਰਹੀ
12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ 'ਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਨਾਲੋਂ 17.79 ਫ਼ੀਸਦੀ ਵੱਧ ਰਹੀ। ਇਸ ਵਾਰ 1,22,784 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 96,076 ਵਿਦਿਆਰਥਣਾਂ ਪਾਸ ਹੋਈਆਂ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 78.25 ਫ਼ੀਸਦੀ ਰਹੀ ਹੈ ਜਦਕਿ 1,51,748 ਲੜਕਿਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚੋਂ 91,752 ਪਾਸ ਹੋਏ ਹਨ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 60.46 ਫ਼ੀਸਦੀ ਰਹੀ ਹੈ।
ਮੈਰੀਟੋਰੀਅਸ ਸਕੂਲਾਂ ਦਾ ਨਤੀਜਾ ਸਭ ਤੋਂ ਵੱਧ
12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ ਅਨੁਸਾਰ ਮੈਰੀਟੋਰੀਅਸ ਸਕੂਲਾਂ ਦਾ ਨਤੀਜਾ ਸਭ ਤੋਂ ਵਧੀਆ ਰਿਹਾ ਜਦਕਿ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਐਫੀਲੀਏਟਡ, ਆਦਰਸ਼, ਐਸੋਸੀਏਟਡ ਸਕੂਲਾਂ ਤੋਂ ਉੱਪਰ ਰਹੀ ਹੈ। ਇਸ ਪ੍ਰੀਖਿਆ ਵਿਚ ਐਫੀਲੀਏਟਡ ਅਤੇ ਆਦਰਸ਼ ਸਕੂਲ ਦੇ 16429 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ 'ਚੋਂ 10826 ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ 65.90 ਫ਼ੀਸਦੀ ਰਹੀ। ਇਸੇ ਤਰ੍ਹਾਂ ਐਸੋਸੀਏਟਡ ਸਕੂਲ ਦੇ 1,12,740 ਵਿਦਿਆਰਥੀਆਂ ਵਿਚੋਂ 70786 ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 62.79 ਫ਼ੀਸਦੀ ਰਹੀ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ 130253 ਵਿਦਿਆਰਥੀਆਂ 'ਚੋਂ 88546 ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 67.98 ਰਹੀ ਜਦਕਿ ਏਡਿਡ ਸਕੂਲਾਂ ਦੇ 37844 ਵਿਦਿਆਰਥੀਆਂ ਵਿਚੋਂ 25010 ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 66.09 ਰਹੀ, ਮੈਰੀਟੋਰੀਅਸ ਸਕੂਲਾਂ ਦੇ 3151 ਵਿਦਿਆਰਥੀਆਂ ਵਿਚੋਂ 3031 ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਫ਼ੀਸਦੀ 96.19 ਰਹੀ।
ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਤੇ ਮਾਨਸਾ ਦੂਜੇ ਸਥਾਨ 'ਤੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਸ਼੍ਰੇਣੀ ਦੇ ਨਤੀਜੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 79.64 ਫ਼ੀਸਦੀ ਅੰਕ ਲੈ ਕੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚੋਂ ਅੱਵਲ ਰਿਹਾ ਜਦਕਿ ਦੂਜੇ ਸਥਾਨ 'ਤੇ ਮਾਨਸਾ 78.59, ਤੀਜੇ 'ਤੇ ਲੁਧਿਆਣਾ 78.56, ਚੌਥੇ 'ਤੇ ਬਠਿੰਡਾ 77.48, 5ਵੇਂ 'ਤੇ ਸੰਗਰੂਰ 76.89, 6ਵੇਂ 'ਤੇ ਸ੍ਰੀ ਫਤਹਿਗੜ੍ਹ ਸਾਹਿਬ 75.50, 7ਵੇਂ 'ਤੇ ਜਲੰਧਰ 73.64, 8ਵੇਂ 'ਤੇ ਪਟਿਆਲਾ 72.58, 9ਵੇਂ 'ਤੇ ਐੱਸ. ਏ. ਐੱਸ. ਨਗਰ 71.80, 10ਵੇਂ 'ਤੇ ਹੁਸ਼ਿਆਰਪੁਰ 71.21, 11ਵੇਂ 'ਤੇ ਬਰਨਾਲਾ 70.44, 12ਵੇਂ 'ਤੇ ਕਪੂਰਥਲਾ 70.33, 13ਵੇਂ 'ਤੇ ਰੂਪਨਗਰ 69.55, 14ਵੇਂ 'ਤੇ ਐੱਸ. ਬੀ. ਐੱਸ. ਨਗਰ 69.47, 15ਵੇਂ 'ਤੇ ਫਰੀਦਕੋਟ 68.62, 16ਵੇਂ 'ਤੇ ਫਾਜਿਲਕਾ 68.41, 17ਵੇਂ 'ਤੇ ਮੋਗਾ 66, 18ਵੇਂ 'ਤੇ ਫਿਰੋਜ਼ਪੁਰ 58.81, 19ਵੇਂ 'ਤੇ ਸ੍ਰੀ ਅੰਮ੍ਰਿਤਸਰ 50.78, 20ਵੇਂ 'ਤੇ ਪਠਾਨਕੋਟ 47.89, 21ਵੇਂ 'ਤੇ ਗੁਰਦਾਸਪੁਰ 46.73 ਅਤੇ ਤਰਨ ਤਾਰਨ 31.60 ਫ਼ੀਸਦੀ ਅੰਕ ਲੈ ਕੇ 22ਵੇਂ ਸਥਾਨ 'ਤੇ ਰਿਹਾ।
ਸ਼ਹਿਰੀ ਖੇਤਰ ਦੇ ਪ੍ਰੀਖਿਆਰਥੀ ਰਹੇ ਅੱਗੇ
12ਵੀਂ ਸ਼੍ਰੇਣੀ ਦੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ ਅਨੁਸਾਰ ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਨੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਪ੍ਰੀਖਿਆ ਵਿਚ ਸ਼ਹਿਰੀ ਖੇਤਰ ਦੇ 121751 ਪ੍ਰੀਖਿਆਰਥੀਆਂ ਵਿਚੋਂ 88,111 ਵਿਦਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 72.37 ਫ਼ੀਸਦੀ ਰਹੀ ਹੈ ਜਦਕਿ ਪੇਂਡੂ ਖੇਤਰ ਦੇ 1,52,781 ਪ੍ਰੀਖਿਆਰਥੀਆਂ 'ਚੋਂ 99,717 ਵਿਦਿਆਰਥੀ ਪਾਸ ਹੋਏ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 65.27 ਫ਼ੀਸਦੀ ਰਹੀ। ਸ਼ਹਿਰੀ ਖੇਤਰ 'ਚ 57014 ਰੈਗੂਲਰ ਵਿਦਿਆਰਥਣਾਂ 'ਚੋਂ 45446 ਵਿਦਿਆਰਥਣਾਂ ਨੇ ਪ੍ਰੀਖਿਆ ਪਾਸ ਕੀਤੀ, ਜਿਨ੍ਹਾਂ ਦੀ ਪਾਸ 79.71 ਫ਼ੀਸਦੀ ਰਹੀ। ਇਸੇ ਤਰ੍ਹਾਂ ਸ਼ਹਿਰੀ ਖੇਤਰ ਦੇ 64737 ਰੈਗੂਲਰ ਲੜਕਿਆਂ 'ਚੋਂ 42665 ਲੜਕੇ ਪਾਸ ਹੋਏ, ਜਿਨ੍ਹਾਂ ਦਾ ਨਤੀਜਾ 65.91 ਫ਼ੀਸਦੀ ਰਿਹਾ ਜਦਕਿ ਪੇਂਡੂ ਖੇਤਰ 'ਚ 65770 ਰੈਗੂਲਰ ਵਿਦਿਆਰਥਣਾਂ 'ਚੋਂ 50630 ਪਾਸ ਹੋਈਆਂ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 76.98 ਫ਼ੀਸਦੀ ਰਹੀ। ਇਸੇ ਤਰ੍ਹਾਂ ਪੇਂਡੂ ਖੇਤਰ ਦੇ 87011 ਰੈਗੂਲਰ ਲੜਕਿਆਂ 'ਚੋਂ 49087 ਪਾਸ ਹੋਏ, ਜਿਨ੍ਹਾਂ ਦੀ ਪਾਸ ਫ਼ੀਸਦੀ 56.41 ਰਹੀ।
- ਡਾ: ਕਾਹਲੋਂ -
ਬਟਾਲਾ, 23 ਅਪ੍ਰੈਲ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਇਸ ਨਤੀਜੇ ਵਿਚ ਪਾਸ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ 3.61 ਫ਼ੀਸਦੀ ਵੱਧ ਰਹੀ। ਵੇਖਿਆ ਜਾਵੇ ਤਾਂ 2016 ਵਿਚ ਪਾਸ ਫ਼ੀਸਦੀ 76.77 ਸੀ, 2017 ਵਿਚ 62.36 ਰਹੀ ਤੇ ਵਿਭਾਗ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਕਲ ਰੋਕੂ ਅਭਿਆਨ ਦੀ ਸਖ਼ਤੀ ਤੋਂ ਬਾਅਦ ਵੀ ਇਸ ਸਾਲ ਇਹ ਨਤੀਜਾ 65.97 ਫ਼ੀਸਦੀ ਰਿਹਾ ਹੈ। ਐਲਾਨੇ ਨਤੀਜੇ ਵਿਚ ਪਿਛਲੇ ਕਈ ਸਾਲਾਂ ਤੋਂ ਮੋਹਰੀ ਰਹੇ ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਜ਼ਿਲ੍ਹਿਆਂ ਦੇ ਨਤੀਜੇ ਮੂਧੇ ਮੂੰਹ ਡਿੱਗੇ ਹਨ। ਅੰਮ੍ਰਿਤਸਰ 50.78 ਪਾਸ ਫ਼ੀਸਦੀ ਨਾਲ 19ਵੇਂ, ਪਠਾਨਕੋਟ 47.89 ਨਾਲ 20ਵੇਂ, ਗੁਰਦਾਸਪੁਰ 46.73 ਨਾਲ 21ਵੇਂ ਤੇ ਤਰਨ ਤਾਰਨ 31.60 ਫ਼ੀਸਦੀ ਪਾਸ ਫ਼ੀਸਦੀ ਨਾਲ 22ਵੇਂ ਨੰਬਰ 'ਤੇ ਰਿਹਾ। ਸਰਕਾਰ ਦੇ ਨਕਲ ਰੋਕੂ ਅਭਿਆਨ ਦਾ ਸਭ ਤੋਂ ਵੱਧ ਅਸਰ ਤਰਨ ਤਾਰਨ ਜ਼ਿਲ੍ਹੇ ਵਿਚ ਮਿਲਿਆ ਹੈ। ਇਸ ਜ਼ਿਲ੍ਹੇ ਵਿਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. ਤੇ ਸਥਾਨਕ ਡੀ.ਈ.ਓ. ਵਲੋਂ ਬਹੁਤ ਸਾਰੇ ਨਿੱਜੀ ਵਿੱਦਿਅਕ ਅਦਾਰੇ, ਜਿਨ੍ਹਾਂ ਵਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਬੱਚੇ ਦਾਖਲ ਕਰਕੇ ਪਾਸ ਕਰਵਾਉਣ ਦੀ ਸ਼ਰਤ 'ਤੇ ਕੇਂਦਰਾਂ ਵਿਚ ਕਥਿਤ ਤੌਰ 'ਤੇ ਸਮੂਹਿਕ ਨਕਲ ਕਰਵਾਈ ਜਾਂਦੀ ਰਹੀ ਸੀ, ਉਨ੍ਹਾਂ ਵਿਚ ਇਸ ਸੈਸ਼ਨ ਦੌਰਾਨ ਹੋਈ ਸਖ਼ਤੀ ਨਾਲ ਵੀ ਨਤੀਜਿਆਂ ਦਾ ਗ੍ਰਾਫ ਤੇਜ਼ੀ ਨਾਲ ਹੇਠਾਂ ਨੂੰ ਆਇਆ ਲਗਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀਮਤੀ ਅਰੁਣਾ ਚੌਧਰੀ, ਜੋ 21 ਅਪ੍ਰੈਲ 2018 ਤੱਕ ਸਿੱਖਿਆ ਮੰਤਰੀ ਸਨ ਤੇ 3 ਦਿਨ ਪਹਿਲਾਂ ਉਨ੍ਹਾਂ ਨੂੰ ਔਰਤਾਂ ਤੇ ਬੱਚਿਆਂ ਦਾ ਵਿਕਾਸ ਤੇ ਟਰਾਂਸਪੋਰਟ ਵਿਭਾਗ ਮਿਲਿਆ ਹੈ, ਉਹ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਹਨ। ਸਾਲ 2017 ਵਿਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਆਪਣੇ ਵਿਧਾਨ ਸਭਾ ਜ਼ਿਲ੍ਹੇ ਰੂਪਨਗਰ ਦਾ ਨਤੀਜਾ ਵੀ ਪੰਜਾਬ ਭਰ 'ਚ ਸਭ ਤੋਂ ਘੱਟ 53.53 ਫ਼ੀਸਦੀ ਰਿਹਾ ਸੀ। ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਪਾਸ ਫ਼ੀਸਦੀ 'ਚ ਆਈ ਕਮੀ ਜਿਥੇ ਚਿੰਤਾ ਦਾ ਵਿਸ਼ਾ ਹੈ ਉਥੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸਰਹੱਦੀ ਖੇਤਰ ਤੇ ਮਾੜੇ ਦਿਨਾਂ ਦੀ ਉਪਜ ਨਕਲ ਦਾ ਕੋਹੜ ਵੀ ਇਨ੍ਹਾਂ ਜ਼ਿਲ੍ਹਿਆਂ ਵਿਚੋਂ ਨਿਕਲਦਾ ਜਾ ਰਿਹਾ ਹੈ ਤੇ ਪੜ੍ਹਾਈ ਪੱਖੀ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ 2 ਸਾਲਾਂ ਤੋਂ ਇਨ੍ਹਾਂ ਜ਼ਿਲ੍ਹਿਆਂ ਦੇ ਵਿਦਿਆਰਥੀਆਂ 'ਚ ਵਿਦੇਸ਼ਾਂ ਵਿਚ ਪੜ੍ਹਨ ਅਤੇ ਉਥੇ ਹੀ ਵੱਸ ਜਾਣ ਦਾ ਰੁਝਾਨ ਵਧਿਆ ਹੈ, ਪ੍ਰੰਤੂ ਨਕਲ ਰੋਕੂ ਅਭਿਆਨ ਨਾਲ 12ਵੀਂ 'ਚੋਂ ਵਿਦਿਆਰਥੀਆਂ ਦੇ ਵਧੇਰੇ ਅੰਕ ਲੈ ਕੇ ਵਿਦੇਸ਼ ਜਾਣ ਨੂੰ ਬਰੇਕ ਵੀ ਲੱਗੇਗੀ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਕਈ ਸਾਲਾਂ ਤੋਂ ਮੈਰਿਟਾਂ ਲੈਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਨੂੰ ਪਹਿਲੇ 20 ਸਥਾਨਾਂ 'ਚੋਂ ਇਕ ਵੀ ਸਥਾਨ ਪ੍ਰਾਪਤ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਘੱਟ ਤੋਂ ਘੱਟ ਰਹੀ ਪਾਸ ਫ਼ੀਸਦੀ 53.53 ਸੀ, ਜੋ ਕਿ ਇਸ ਸਾਲ ਹੋਰ ਘੱਟ ਕੇ 31.60 ਫ਼ੀਸਦੀ ਰਹਿ ਗਈ ਹੈ।
ਐੱਸ. ਏ. ਐੱਸ. ਨਗਰ, 23 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਸ਼੍ਰੇਣੀ ਦੇ ਨਤੀਜੇ 'ਚੋਂ ਅਕਾਦਮਿਕ ਅੰਕਾਂ ਤੇ ਖੇਡ ਕੋਟੇ ਵਾਲੀਆਂ ਪਹਿਲੀਆਂ 10 ਪੁਜ਼ੀਸ਼ਨਾਂ 'ਤੇ ਕਾਬਜ਼ ਰਹਿਣ ਵਾਲੇ ਵਿਦਿਆਰਥੀਆਂ 'ਚੋਂ ਜ਼ਿਆਦਾਤਰ ਵਿਦਿਆਰਥੀ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹਨ। 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ 'ਚੋਂ ਪਹਿਲੀਆਂ 10 ਪੁਜ਼ੀਸ਼ਨਾਂ ਹਾਸਲ ਕਰਨ ਵਾਲਿਆਂ 'ਚ ਰਾਹੁਲ ਸਿੰਘ (ਲੁਧਿਆਣਾ) 98.67 ਫ਼ੀਸਦੀ ਅੰਕ, ਸੰਜੌਗ ਕੁਮਾਰ ਕੁਸਵਾਹਾ (ਲੁਧਿਆਣਾ) 98 ਫ਼ੀਸਦੀ, ਵਿਵੇਕ ਰਾਜਪੂਤ (ਲੁਧਿਆਣਾ) 97.56 ਫ਼ੀਸਦੀ, ਮੋਹਿਤ ਵਰਮਾ (ਲੁਧਿਆਣਾ) 97.33 ਫ਼ੀਸਦੀ, ਮਨਵੀਰ ਸਿੰਘ (ਲੁਧਿਆਣਾ) 96.89 ਫ਼ੀਸਦੀ, ਗੁਲਸ਼ਨ ਸ਼ਰਮਾ (ਸੰਗਰੂਰ) ਤੇ ਦੀਪਕ ਕੁਮਾਰ (ਲੁਧਿਆਣਾ) 96.22 ਫ਼ੀਸਦੀ, ਪ੍ਰਵੇਸ਼ ਅਗਰਵਾਲ (ਲੁਧਿਆਣਾ) ਤੇ ਸਾਹਿਲ ਕੁਮਾਰ (ਲੁਧਿਆਣਾ) 96 ਫ਼ੀਸਦੀ, ਕਰਨ ਕਪੂਰ (ਬਠਿੰਡਾ) 95.78 ਤੇ ਸਾਹਿਲ ਜੈਨ (ਲੁਧਿਆਣਾ) 95.78 ਫ਼ੀਸਦੀ, ਰਾਜਵੀਰ ਸਿੰਘ (ਜਲੰਧਰ), ਹਰਪ੍ਰੀਤ ਕੰਬੋਜ਼ (ਫ਼ਾਜ਼ਿਲਕਾ) ਤੇ ਤੁਸਕਰ ਭਾਰਦਵਾਜ (ਲੁਧਿਆਣਾ) 95.56 ਫ਼ੀਸਦੀ, ਲਵਜੋਤ ਸਿੰਘ ਬੱਗਾ (ਹੁਸ਼ਿਆਰਪੁਰ), ਅੰਮ੍ਰਿਤਪਾਲ ਸਿੰਘ (ਜਲੰਧਰ), ਪ੍ਰਿੰਸ (ਫ਼ਾਜ਼ਿਲਕਾ) ਤੇ ਨਵਦੀਪ ਸਿੰਘ ਬਰਾੜ (ਫ਼ਰੀਦਕੋਟ) 95.33 ਫ਼ੀਸਦੀ ਦੇ ਨਾਂਅ ਸ਼ਾਮਿਲ ਹਨ। ਇਸੇ ਤਰ੍ਹਾਂ ਪਹਿਲੇ 10 ਸਥਾਨਾਂ 'ਤੇ ਆਈਆਂ ਪ੍ਰੀਖਿਆਰਥਣਾਂ ਵਿਚ ਪ੍ਰਾਚੀ ਗੌੜ (ਲੁਧਿਆਣਾ) ਤੇ ਪੁਸ਼ਵਿੰਦਰ ਕੌਰ (ਲੁਧਿਆਣਾ) 100 ਫ਼ੀਸਦੀ, ਮਨਦੀਪ ਕੌਰ (ਫ਼ਰੀਦਕੋਟ) 99.56 ਫ਼ੀਸਦੀ, ਪ੍ਰਿਯੰਕਾ (ਲੁਧਿਆਣਾ) 99.33 ਫ਼ੀਸਦੀ, ਕਸ਼ਿਸ਼ (ਸ੍ਰੀ ਫ਼ਤਿਹਗੜ੍ਹ ਸਾਹਿਬ) 99.11 ਫ਼ੀਸਦੀ, ਸ਼ਰਨਪ੍ਰੀਤ ਕੌਰ (ਲੁਧਿਆਣਾ) 98.44 ਫ਼ੀਸਦੀ, ਹਰਮਨਦੀਪ ਕੌਰ (ਪਟਿਆਲਾ) 98.22 ਫ਼ੀਸਦੀ, ਪੂਜਾ ਜੋਸ਼ੀ (ਲੁਧਿਆਣਾ) 98 ਫ਼ੀਸਦੀ, ਜਸਨੂਰ ਕੌਰ ਬਾਦਲ (ਸ੍ਰੀ ਮੁਕਤਸਰ ਸਾਹਿਬ), ਸੁਨੀਧੀ ਚੋਪੜਾ (ਪਟਿਆਲਾ), ਜਸਮੀਤ ਕੌਰ (ਲੁਧਿਆਣਾ) ਅਤੇ ਨੀਤੁਲ (ਫ਼ਾਜ਼ਿਲਕਾ) 97.33 ਫ਼ੀਸਦੀ, ਸੁਮਾਇਰਾ ਅੰਜੂ (ਲੁਧਿਆਣਾ), ਜਸਮੀਤ ਕੌਰ (ਲੁਧਿਆਣਾ), ਆਸਥਾ (ਲੁਧਿਆਣਾ) ਤੇ ਨਵਨੀਤ ਕੌਰ (ਅੰਮ੍ਰਿਤਸਰ) 97.11 ਫ਼ੀਸਦੀ, ਸਿਮਰਨ (ਲੁਧਿਆਣਾ), ਮੁਸਕਾਨ ਕਪੂਰ (ਲੁਧਿਆਣਾ) ਤੇ ਪ੍ਰਦੀਪ ਕੌਰ (ਪਟਿਆਲਾ) 96.89 ਫ਼ੀਸਦੀ ਅੰਕ ਸ਼ਾਮਿਲ ਹਨ।
ਅੰਮ੍ਰਿਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)-ਵਿਸਾਖੀ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਅੰਮ੍ਰਿਤਸਰ ਦੇ ਪਿੰਡ ਨਿਰੰਜਨਪੁਰ ਦੇ ਨਿਵਾਸੀ ਅਮਰਜੀਤ ਸਿੰਘ (24 ਸਾਲ) ਨੂੰ ਪਾਕਿਸਤਾਨ ਪੁਲਿਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਨੇ ਕੋਈ 3 ਮਹੀਨੇ ਪਹਿਲਾਂ ਜ਼ਿਲ੍ਹਾ ਸ਼ੇਖੂਪੁਰਾ ਦੇ ਆਮਰ ਰਜ਼ਾਕ ਨਾਂਅ ਦੇ ਨੌਜਵਾਨ ਨਾਲ ਦੋਸਤੀ ਕੀਤੀ ਸੀ ਤੇ ਜਥੇ ਨਾਲੋਂ ਵੱਖ ਹੋ ਕੇ ਉਹ ਪਿਛਲੇ ਤਿੰਨ ਦਿਨ ਤੋਂ ਉਸ ਦੇ ਘਰ 'ਚ ਰਹਿ ਰਿਹਾ ਸੀ। ਜਦੋਂ ਆਮਰ ਰਜ਼ਾਕ ਨੂੰ ਪਤਾ ਲੱਗਾ ਕਿ ਪਾਕਿਸਤਾਨੀ ਪੁਲਿਸ ਅਮਰਜੀਤ ਸਿੰਘ ਦੀ ਭਾਲ 'ਚ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ ਤਾਂ ਉਸ ਨੇ ਇਸ ਦੀ ਸੂਚਨਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਨੂੰ ਦਿੱਤੀ, ਜਿਸ ਦੇ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਲਕੇ ਮੰਗਲਵਾਰ ਨੂੰ ਸਵੇਰੇ ਲਗਪਗ 10 ਵਜੇ ਅਮਰਜੀਤ ਸਿੰਘ ਨੂੰ ਸਰਹੱਦ ਪਾਰ ਕਰਵਾ ਕੇ ਭਾਰਤ ਭੇਜਿਆ ਜਾਵੇਗਾ।
ਬੀਜਿੰਗ, 23 ਅਪ੍ਰੈਲ (ਏਜੰਸੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ਼ੀ ਨੇ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਕਾਸ ਨੂੰ ਚੀਨ ਆਪਣੀ ਰਣਨੀਤਿਕ ਪਹਿਲ ਮੰਨਦਾ ਹੈ। ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਕੱਲ੍ਹ ਹੋ ਰਹੀ ਬੈਠਕ ਦੇ ਮੱਦੇਨਜ਼ਰ ਸੁਸ਼ਮਾ ਸਵਰਾਜ ਨੇ ਅੱਜ ਇਥੇ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨਾਲ 7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਸਮੇਤ ਮੁਲਾਕਾਤ ਕੀਤੀ। ਸੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਬੈਠਕ 'ਚ ਐਸ.ਸੀ.ਓ. ਵਿਦੇਸ਼ ਮੰਤਰੀਆਂ ਦੇ ਨਾਲ-ਨਾਲ ਐਸ.ਸੀ.ਓ. ਜਨਰਲ ਸਕੱਤਰ ਤੇ ਐਸ.ਸੀ.ਓ. ਸਥਾਨਕ ਅੱਤਵਾਦ ਵਿਰੋਧੀ ਕਮੇਟੀ ਦੇ ਡਾਇਰੈਕਟਰ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਸ਼ੀ ਨੇ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦਾ ਵਿਕਾਸ ਕਰਨ ਨੂੰ ਚੀਨ ਆਪਣੀ ਰਣਨੀਤਿਕ ਪਹਿਲ ਮੰਨਦਾ ਹੈ। ਸਿਨਹੂਆ ਖਬਰ ਏਜੰਸੀ ਅਨੁਸਾਰ ਸ਼ੀ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਜੂਨ 'ਚ ਸ਼ੰਦੋਗ ਸੂਬੇ ਦੇ ਕਿੰਗਡਾਓ ਸ਼ਹਿਰ 'ਚ ਹੋ ਰਿਹਾ ਐਸ.ਸੀ.ਓ. ਸੰਮੇਲਨ ਸਫ਼ਲ ਰਹੇਗਾ। ਐਸ.ਸੀ.ਓ. ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਅੱਜ ਇਥੇ ਚੀਨ ਦੇ ਉਪ-ਰਾਸ਼ਟਰਪਤੀ ਵਾਂਗ ਕਿਸ਼ਾਨ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ 'ਤੇ ਚਰਚਾ ਕੀਤੀ। ਉਨ੍ਹਾਂ ਕਿਰਗਿਸਤਾਨ ਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਕੇ ਵਪਾਰ ਤੇ ਨਿਵੇਸ਼ ਸਮੇਤ ਕਈ ਖੇਤਰਾਂ 'ਚ ਸਹਿਯੋਗ ਬਾਰੇ ਚਰਚਾ ਕੀਤੀ।
ਭਾਰਤੀਆਂ ਤੇ ਚੀਨੀਆਂ ਨੂੰ ਇਕ ਦੂਸਰੇ ਦੀ ਭਾਸ਼ਾ ਸਿੱਖਣੀ ਚਾਹੀਦੀ ਹੈ-ਸੁਸ਼ਮਾ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤੀਆਂ ਤੇ ਚੀਨੀਆਂ ਨੂੰ ਕਿਹਾ ਹੈ ਕਿ ਉਹ ਇਕ ਦੂਸਰੇ ਦੀ ਭਾਸ਼ਾ ਨੂੰ ਸਿੱਖਣ ਤਾਂ ਜੋ ਇਕ ਦੂਸਰੇ ਨੂੰ ਸਮਝਣ 'ਚ ਆ ਰਹੀਆਂ ਰੁਕਾਵਟਾਂ ਨੂੰ ਘਟਾਇਆ ਜਾ ਸਕੇ, ਜਿਸ ਨਾਲ ਦੋਵਾਂ ਗੁਆਂਢੀਆਂ 'ਚ ਰਿਸ਼ਤਿਆਂ ਨੂੰ ਮਜਬੂਤੀ ਮਿਲੇਗੀ। ਚੀਨ ਦੇ ਚਾਰ ਦਿਨਾਂ ਦੌਰੇ 'ਤੇ ਆਈ ਸੁਸ਼ਮਾ ਸਵਰਾਜ ਨੇ ਇਹ ਗੱਲ ਭਾਰਤੀ ਦੂਤਘਰ ਵਲੋਂ ਕਰਵਾਏ ਪ੍ਰੋਗਰਾਮ 'ਹਿੰਦੀ ਦਾ ਭਾਰਤ ਤੇ ਚੀਨ ਦੀ ਦੋਸਤੀ 'ਚ ਯੋਗਦਾਨ' ਦੌਰਾਨ ਬੋਲਦਿਆਂ ਕਹੀ।
ਟੋਰਾਂਟੋ, 23 ਅਪ੍ਰੈਲ (ਏਜੰਸੀਆਂ)-ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਇਕ ਚਿੱਟੇ ਰੰਗ ਦੀ ਵੈਨ ਨੇ ਸੜਕ 'ਤੇ ਪੈਦਲ ਜਾ ਰਹੇ ਕਈ ਲੋਕਾਂ ਨੂੰ ਕੁਚਲ ਦਿੱਤਾ। ਸਥਾਨਕ ਮੀਡੀਆ ਅਨੁਸਾਰ ਇਸ ਘਟਨਾ ਵਿਚ 4 ਲੋਕਾਂ ਦੀ ਮੌਤ ਹੋ ਗਈ ਤੇ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਵੈਨ ਦਾ ਚਾਲਕ ਜੋ ਮੌਕੇ ਤੋਂ ਦੌੜ ਗਿਆ ਸੀ, ਨੂੰ ਬਾਅਦ 'ਚ ਹਿਰਾਸਤ 'ਚ ਲੈ ਲਿਆ ਗਿਆ। ਇਹ ਹਾਦਸਾ ਦੁਪਹਿਰ ਡੇਢ ਵਜੇ ਦੇ ਕਰੀਬ ਵਾਪਰਿਆ। ਸਥਾਨਿਕ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਘਟਨਾ 'ਚ ਕਿੰਨੇ ਲੋਕ ਮਾਰੇ ਗਏ ਜਾਂ ਜ਼ਖ਼ਮੀ ਹੋਏ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਹਮਲਾ ਸੀ ਜਾਂ ਹਾਦਸਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਵੈਨ ਦਾ ਚਾਲਕ ਨਸ਼ੇ ਦੀ ਹਾਲਤ 'ਚ ਗੱਡੀ ਚਲਾ ਰਿਹਾ ਸੀ।
ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਮੋਗਾ ਦੇ ਐਸ.ਐਸ.ਪੀ. ਰਾਜਜੀਤ ਸਿੰਘ ਹੁੰਦਲ ਵਲੋਂ ਡਰੱਗਸ ਕੇਸ ਦੀ ਜਾਂਚ ਕਰ ਰਹੇ ਐਸ.ਆਈ.ਟੀ. ਮੁਖੀ ਹਰਪ੍ਰੀਤ ਸਿੰਘ ਸਿੱਧੂ 'ਤੇ ਲਗਾਏ ਇਲਜ਼ਾਮਾਂ ਦੀ ਜਾਂਚ ਕਰ ਰਹੇ ਡੀ. ਜੀ. ਪੀ. ਐਸ. ਚਟੋਪਾਧਿਆਏ ਵਲੋਂ ਪੰਜਾਬ ਤੇ ਹਰਿਆਣਾ ...
ਬਰੱਸਲਜ਼, 23 ਅਪ੍ਰੈਲ (ਏ. ਐਫ. ਪੀ.)-ਅੱਜ ਬੈਲਜੀਅਮ ਦੀ ਅਦਾਲਤ ਨੇ ਪੈਰਿਸ ਹਮਲਿਆਂ ਦੇ ਦੋਸ਼ੀ ਸਾਲਾਹ ਅਬਦੇਸਲਾਮ ਨੂੰ 2016 ਵਿਚ ਉਸ ਦੇ ਫੜੇ ਜਾਣ ਤੋਂ ਪਹਿਲਾਂ ਬਰੱਸਲਜ਼ ਵਿਚ ਪੁਲਿਸ ਨਾਲ ਗੋਲੀਬਾਰੀ ਕਰਨ ਲਈ ਕਸੂਰਵਾਰ ਪਾਉਂਦੇ ਹੋਏ 20 ਸਾਲ ਕੈਦ ਦੀ ਸਜ਼ਾ ਸੁਣਵਾਈ ਹੈ। ਉਸ ਉੱਪਰ ...
ਚੰਡੀਗੜ੍ਹ, 23 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ 'ਚ ਸਜ਼ਾਯਾਫਤਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਅਰਜ਼ੀਆਂ ਮਨਜ਼ੂਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸ ਨੂੰ ਰਣਜੀਤ ਸਿੰਘ ਕਤਲ ਕੇਸ ਤੇ ...
ਚੰਡੀਗੜ੍ਹ, 23 ਅਪ੍ਰੈਲ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਪੁਨਰਗਠਿਤ ਮੰਤਰੀ ਮੰਡਲ, ਜਿਸ ਦੀ ਗਿਣਤੀ ਮੁੱਖ ਮੰਤਰੀ ਸਮੇਤ ਹੁਣ 18 'ਤੇ ਪੁੱਜ ਗਈ ਹੈ, ਦੀ ਇਕ ਬੈਠਕ 30 ਅਪ੍ਰੈਲ ਨੂੰ ਸੱਦੀ ਹੈ, ਜੋ ਕਿ ਮੰਤਰੀ ਮੰਡਲ 'ਚ ਸ਼ਾਮਿਲ ਹੋਏ ਸਾਰੇ ...
ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਜੈਸਿਕਾ ਲਾਲ ਦੀ ਹੱਤਿਆ ਦੇ ਲਗਪਗ ਦੋ ਦਹਾਕੇ ਬਾਅਦ ਉਨ੍ਹਾਂ ਦੀ ਭੈਣ ਸਬਰੀਨਾ ਨੇ ਦੋਸ਼ੀ ਮਨੂ ਸ਼ਰਮਾ ਨੂੰ ਮੁਆਫ਼ ਕਰ ਦਿੱਤਾ ਹੈ। ਸਿੱਧਾਰਥ ਵਸ਼ਿਸ਼ਟ ਉਰਫ਼ ਮਨੂ ਸ਼ਰਮਾ ਦੇ ਤਿਹਾੜ ਦੇ ਓਪਨ ਜੇਲ੍ਹ 'ਚ ਤਬਦੀਲ ਕਰਨ ਦੇ ਫ਼ੈਸਲੇ 'ਤੇ ਸਬਰੀਨਾ ਨੂੰ ...
ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਵਾਲਮੀਕਿ ਭਾਈਚਾਰੇ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਸਲਮਾਨ ਖ਼ਿਲਾਫ਼ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਦੇਸ਼ ਭਰ ਦੀਆਂ ਕਈ ਅਦਾਲਤਾਂ 'ਚ ਉਸ ਖ਼ਿਲਾਫ਼ ਐਸ.ਸੀ./ ਐਸ.ਟੀ. ਐਕਟ ...
ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਉੱਤਰ-ਪੂਰਬੀ ਸੂਬੇ ਮੇਘਾਲਿਆ 'ਚੋਂ ਪੂਰੀ ਤਰ੍ਹਾਂ ਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਤੋਂ 'ਅਫਸਪਾ' ਨੂੰ ਹਟਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਵਿਵਾਦਤ ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ (ਏ.ਐਫ.ਐਸ.ਪੀ.ਏ) ਜੋ ...
ਨਵੀਂ ਦਿੱਲੀ, 23 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਫ ਆਪਣੇ ਮੁੜ ਪ੍ਰਧਾਨ ਮੰਤਰੀ ਬਣਨ ਨਾਲ ਸਰੋਕਾਰ ਹੈ, ਦੇਸ਼ 'ਚ ਔਰਤਾਂ ਨਾਲ ਹੋ ਰਹੇ ਜਬਰ ਜਨਾਹ ਜਾਂ ਦਲਿਤਾਂ 'ਤੇ ਹੋਣ ਵਾਲੇ ਜ਼ੁਲਮਾਂ ਬਾਰੇ ਉਹ ਸਿਰਫ ਚੁੱਪ ਧਾਰ ਲੈਂਦੇ ਹਨ। ਕਾਂਗਰਸ ...
ਚੰਡੀਗੜ੍ਹ, 23 ਅਪ੍ਰੈਲ (ਪੀ. ਟੀ. ਆਈ.)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਅਗਲੇ ਹਫ਼ਤੇ ਪੰਜਾਬ ਵਿਕਾਸ ਟੈਕਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ 150-200 ਕਰੋੜ ਰੁਪਏ ਮਾਲੀਆ ਇਕੱਠਾ ਹੋਣ ਦੀ ਆਸ ਹੈ। ਪੰਜਾਬ ਦੇ ਖ਼ਜ਼ਾਨਾ ...
ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਅੱਜ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ 12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ ਜਨਾਹ ਲਈ ਮੌਤ ਦੀ ਸਜ਼ਾ ਦੇਣ ਬਾਰੇ ਆਰਡੀਨੈਂਸ ਜਾਰੀ ਕਰਨ ਤੋਂ ਪਹਿਲਾਂ ਕੀ ਕੋਈ ਕੋਈ ਵਿਗਿਆਨਕ ਮੁਲਾਂਕਣ ਕੀਤਾ ਗਿਆ ਹੈ। ...
ਕਾਬੁਲ, 23 ਅਪ੍ਰੈਲ (ਏਜੰਸੀ)-ਪੱਛਮੀ ਅਫਗਾਨਿਸਤਾਨ 'ਚ ਕੱਟੜਪੰਥੀ ਸੰਗਠਨ ਤਾਲਿਬਾਨ ਵਲੋਂ ਅੱਜ ਕੀਤੇ ਹਮਲਿਆਂ 'ਚ 14 ਸੈਨਿਕ ਤੇ ਪੁਲਿਸ ਮੁਲਾਜ਼ਮ ਮਾਰੇ ਗਏ ਹਨ, ਇਹ ਹਮਲੇ ਉਸ ਸਮੇਂ ਹੋਏ ਜਦੋਂ ਲੋਕ ਬੀਤੇ ਦਿਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐਸ.) ਵਲੋਂ ਇਕ ਵੋਟਰ ...
ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਵਿੱਤ ਮੰਤਰਾਲਾ ਆਮ ਆਦਮੀ ਨੂੰ ਰਾਹਤ ਦੇਣ ਲਈ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਪੱਖ ਵਿਚ ਨਹੀਂ ਅਤੇ ਚਾਹੁੰਦਾ ਹੈ ਕਿ ਸੂਬੇ ਵਿਕਰੀ ਕਰ ਜਾਂ ਵੈਟ ਘੱਟ ਕਰਨ। ਕੌਮੀ ਰਾਜਧਾਨੀ ਵਿਚ ਅੱਜ ਪੈਟਰੋਲ ਦੀ ਕੀਮਤ ਪਿਛਲੇ 55 ...
ਲੰਡਨ, 23 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀਕਲਾਂ)-ਬਰਤਾਨੀਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫ਼ਤੇ ਦੌਰੇ ਦੌਰਾਨ ਪਾਰਲੀਮੈਂਟ ਸੁਕੇਅਰ 'ਤੇ ਭਾਰਤੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਦਬਾਅ ਵੱਧ ਰਿਹਾ ਹੈ। ਹਾਊਸ ਆਫ਼ ਕਾਮਨਜ਼ 'ਚ ਇਹ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX