ਤਾਜਾ ਖ਼ਬਰਾਂ


ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ
. . .  1 day ago
ਲੁਧਿਆਣਾ, 18 ਦਸੰਬਰ (ਪਰਮੇਸ਼ਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਆਗਾਮੀ ਪੰਚਾਇਤ ਚੋਣਾਂ ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  1 day ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  1 day ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  1 day ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  1 day ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  1 day ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  1 day ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  1 day ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  1 day ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  1 day ago
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  1 day ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  1 day ago
ਹਾਮਿਦ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਵਾਹਗਾ ਪਹੁੰਚੇ
. . .  1 day ago
ਆਈ.ਪੀ.ਐਲ. ਨਿਲਾਮੀ : ਯੁਵਰਾਜ ਸਿੰਘ ਦਾ ਅਜੇ ਵੀ ਕੋਈ ਖ਼ਰੀਦਦਾਰ ਨਹੀਂ, ਆਧਾਰ ਕੀਮਤ ਸਿਰਫ਼ ਇਕ ਕਰੋੜ
. . .  1 day ago
'ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ' ਮੁਹਿੰਮ ਦਾ ਹਿੱਸਾ ਬਣਿਆ ਪਿੰਡ ਫੈਜਗੜ੍ਹ, ਭਾਈ ਲੌਂਗੋਵਾਲ ਨੇ ਕੀਤੀ ਸ਼ਲਾਘਾ
. . .  1 day ago
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ- ਰਾਹੁਲ
. . .  1 day ago
ਭੁੱਖ ਹੜਤਾਲ 'ਤੇ ਬੈਠੇ ਭਾਜਪਾ ਨੇਤਾ ਤਜਿੰਦਰਪਾਲ, ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
. . .  1 day ago
ਗੁਰਦਾਸਪੁਰ : ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਬੱਬੇਹਾਲੀ ਅਤੇ ਉਸ ਦੇ ਪੁੱਤਰ ਸਮੇਤ 12 ਲੋਕਾਂ 'ਤੇ ਮਾਮਲਾ ਦਰਜ
. . .  1 day ago
ਸਰਬ ਸੰਮਤੀ ਨਾਲ ਚੁਣੀ ਪਿੰਡ ਸੇਖਾ ਖੁਰਦ ਦੀ ਪੰਚਾਇਤ
. . .  1 day ago
ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 40 ਤੋਂ ਵੱਧ ਜ਼ਖ਼ਮੀ
. . .  1 day ago
ਪੰਜਾਬ 'ਚ ਭਾਜਪਾ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਸੌਂਪੇ ਮੰਗ ਪੱਤਰ
. . .  1 day ago
ਪੰਚਾਇਤ ਚੋਣਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਲਾਇਆ ਧਰਨਾ
. . .  1 day ago
ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਦੇ ਫ਼ੈਸਲੇ ਦਾ ਵਿਰੋਧ
. . .  1 day ago
ਹਾਮਿਦ ਦੀ ਭਾਰਤ ਵਾਪਸੀ ਦੀ ਕਵਰੇਜ ਲਈ ਵੱਡੀ ਗਿਣਤੀ 'ਚ ਪਾਕਿ ਮੀਡੀਆ ਅਟਾਰੀ-ਵਾਹਗਾ ਸਰਹੱਦ 'ਤੇ ਪਹੁੰਚਿਆ
. . .  1 day ago
'84 ਕਤਲੇਆਮ ਅਤੇ ਰਾਫੇਲ ਦੇ ਮੁੱਦੇ 'ਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
. . .  1 day ago
ਪਾਕਿ ਵਿਦੇਸ਼ ਮੰਤਰਾਲੇ ਨੇ ਹਾਮਿਦ ਨੂੰ ਦੱਸਿਆ ਭਾਰਤੀ ਜਾਸੂਸ
. . .  1 day ago
ਚੋਣ ਕਮਿਸ਼ਨ ਨੇ ਦੋ ਪਿੰਡਾਂ 'ਚ ਪੰਚਾਇਤੀ ਚੋਣਾਂ 'ਤੇ ਲਾਈ ਰੋਕ
. . .  1 day ago
ਪਿਸ਼ਾਵਰ ਜੇਲ੍ਹ ਤੋਂ ਵਾਹਗਾ ਸਰਹੱਦ ਲਈ ਰਵਾਨਾ ਹੋਇਆ ਹਾਮਿਦ ਅੰਸਾਰੀ
. . .  1 day ago
'84 ਕਤਲੇਆਮ ਮਾਮਲੇ 'ਚ ਸਜ਼ਾ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਪੰਚਾਇਤੀ ਚੋਣਾਂ 'ਚ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਚੁਗਾਵਾਂ ਵਿਖੇ ਅਕਾਲੀ ਵਰਕਰਾਂ ਵਲੋਂ ਬੀ. ਡੀ. ਓ. ਦਫ਼ਤਰ ਅੱਗੇ ਪ੍ਰਦਰਸ਼ਨ
. . .  1 day ago
'84 ਦੰਗਿਆਂ ਦੇ ਮੁੱਦੇ 'ਤੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ
. . .  1 day ago
ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਅੱਜ ਭਾਰਤ ਪਹੁੰਚੇਗਾ ਹਾਮਿਦ, ਮਾਂ ਨੇ ਕਿਹਾ- ਮਨੁੱਖਤਾ ਦੀ ਜਿੱਤ
. . .  1 day ago
ਤ੍ਰਿਣਮੂਲ ਕਾਂਗਰਸ ਨੇ ਨੌਕਰੀਆਂ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਰਾਜ ਸਭਾ 'ਚ ਦਿੱਤਾ ਨੋਟਿਸ
. . .  1 day ago
ਪਟਿਆਲਾ ਹਾਊਸ ਕੋਰਟ 'ਚ 11 ਜਨਵਰੀ ਤੱਕ ਟਲੀ ਏਅਰਸੈੱਲ-ਮੈਕਸਿਸ ਮਾਮਲੇ ਦੀ ਸੁਣਵਾਈ
. . .  1 day ago
ਆਸਟ੍ਰੇਲੀਆ ਨੇ ਪਰਥ ਟੈਸਟ ਮੈਚ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ, ਲੜੀ 1-1 ਨਾਲ ਬਰਾਬਰ
. . .  1 day ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਅਲ-ਸ਼ਬਾਬ ਦੇ 62 ਅੱਤਵਾਦੀ ਢੇਰ
. . .  1 day ago
ਦੂਜੇ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ
. . .  1 day ago
ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਵਿਰੁੱਧ ਲੋਕ ਸਭਾ 'ਚ ਦਿੱਤਾ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ
. . .  1 day ago
ਮੁੰਬਈ 'ਚ ਅੱਜ ਮੈਟਰੋ ਲਾਈਨ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਮੁੰਬਈ : ਹਸਪਤਾਲ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਅੱਠ
. . .  1 day ago
ਅੱਜ ਦਾ ਵਿਚਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਪੋਹ ਸੰਮਤ 550
ਿਵਚਾਰ ਪ੍ਰਵਾਹ: ਨਿਆਂ ਮਿਲਣ ਵਿਚ ਦੇਰੀ ਹੋਣਾ ਵੀ ਇਕ ਵੱਡਾ ਅਨਿਆਂ ਹੈ। -ਲੈਂਡਰ

ਪਹਿਲਾ ਸਫ਼ਾ

1984 ਸਿੱਖ ਕਤਲੇਆਮ

ਸੱਜਣ ਕੁਮਾਰ ਨੂੰ ਮੌਤ ਤੱਕ ਉਮਰ ਕੈਦ

*31 ਦਸੰਬਰ ਤੱਕ ਆਤਮ ਸਮਰਪਣ ਕਰਨਾ ਪਵੇਗਾ * ਦਿੱਲੀ ਤੋਂ ਬਾਹਰ ਨਾ ਜਾਣ ਦੀ ਹਦਾਇਤ*ਤਿੰਨ ਹੋਰ ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ, ਦੋ ਦੀ ਸਜ਼ਾ 3 ਸਾਲ ਤੋਂ ਵਧਾ ਕੇ 10 ਸਾਲ ਕੀਤੀ

ਜਗਤਾਰ ਸਿੰਘ
ਨਵੀਂ ਦਿੱਲੀ, 17 ਦਸੰਬਰ-ਦਿੱਲੀ ਹਾਈ ਕੋਰਟ ਨੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ 'ਚ ਹੋਏ ਸਿੱਖ ਕਤਲੇਆਮ ਦੇ 34 ਸਾਲ ਬਾਅਦ ਪਹਿਲੀ ਵਾਰ ਇਕ ਮਾਮਲੇ 'ਚ ਵੱਡਾ ਕਾਂਗਰਸੀ ਆਗੂ ਕਾਨੂੰਨ ਦੇ ਸ਼ਿਕੰਜੇ 'ਚ ਫਸਿਆ ਹੈ ਅਤੇ ਅਦਾਲਤ ਦੇ ਇਸ ਫ਼ੈਸਲੇ ਨਾਲ ਪੀੜਤਾਂ ਸਮੇਤ ਇਨਸਾਫ਼ਪਸੰਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਮਾਮਲਾ ਦੱਖਣੀ ਦਿੱਲੀ ਵਿਚ ਪਾਲਮ ਕਾਲੋਨੀ ਦੇ ਰਾਜ ਨਗਰ ਦੇ ਇਲਾਕੇ ਵਿਚ ਪੰਜ ਸਿੱਖਾਂ ਕੇਹਰ ਸਿੰਘ, ਗੁਰਪ੍ਰੀਤ ਸਿੰਘ, ਰਘੂਵੇਂਦਰ ਸਿੰਘ, ਨਰਿੰਦਰਪਾਲ ਸਿੰਘ ਅਤੇ ਕੁਲਦੀਪ ਸਿੰਘ ਦੀ ਹੱਤਿਆ ਨਾਲ ਸਬੰਧਿਤ ਹੈ। ਇਥੇ ਭੀੜ ਨੇ ਪੰਜ ਸਿੱਖਾਂ ਦਾ ਸਮੂਹਿਕ ਕਤਲ ਕਰਨ ਤੋਂ ਇਲਾਵਾ ਰਾਜ ਨਗਰ ਦੇ ਗੁਰਦੁਆਰਾ ਸਾਹਿਬ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਸੀ। ਭਾਵਨਾਤਮਿਕ ਤੌਰ 'ਤੇ ਇਹ ਕੇਸ ਇਸ ਕਦਰ ਮਹੱਤਵਪੂਰਨ ਸੀ ਕਿ ਜੱਜਾਂ ਵਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦਾ ਫ਼ੈਸਲਾ ਸੁਣਾਉਂਦੇ ਸਾਰ ਹੀ ਕੋਰਟ ਰੂਮ 'ਚ ਮੌਜੂਦ ਐਡਵੋਕੇਟ ਐਚ.ਐਸ. ਫੂਲਕਾ ਸਮੇਤ ਕਈ ਵਕੀਲ ਭਾਵੁਕ ਹੋ ਗਏ ਇਸ ਤੋਂ ਬਾਅਦ ਦੋਵੇਂ ਜੱਜਾਂ ਨੇ ਨਮ ਅੱਖਾਂ ਨਾਲ ਹੱਥ ਜੋੜੇ ਅਤੇ ਕੋਰਟ ਰੂਮ ਤੋਂ ਉਠ ਕੇ ਬਾਹਰ ਚਲੇ ਗਏ। ਹਾਈਕੋਰਟ ਨੇ ਅੱਜ ਦੇ ਫ਼ੈਸਲੇ 'ਚ ਸੱਜਣ ਕੁਮਾਰ ਨੂੰ ਅਪਰਾਧਿਕ ਸਾਜਿਸ਼ ਰਚਣ, ਹਿੰਸਾ ਕਰਵਾਉਣ ਤੇ ਦੰਗੇ ਭੜਕਾਉਣ ਦਾ ਦੋਸ਼ੀ ਮੰਨਿਆ ਹੈ ਅਤੇ ਉਮਰ ਕੈਦ ਦੇ ਨਾਲ ਹੀ 5 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਦਿੱਲੀ ਹਾਈਕੋਰਟ ਦੇ ਦੋਹਰੇ ਬੈਂਚ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟਦੇ ਹੋਏ ਜਿੱਥੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਉੱਥੇ ਹੀ ਇਸ ਮਾਮਲੇ 'ਚ ਹੋਰ ਦੋਸ਼ੀਆਂ ਬਲਵਾਨ ਖੋਖਰ, ਕੈਪਟਨ ਭਾਗਮਲ ਤੇ ਗਿਰਧਾਰੀ ਲਾਲ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਦੇ ਨਾਲ-ਨਾਲ ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਦੀ ਸਜ਼ਾ 3-3 ਸਾਲ ਤੋਂ ਵਧਾ ਕੇ 10-10 ਸਾਲ ਤੱਕ ਕਰ ਦਿੱਤੀ ਹੈ। ਹੇਠਲੀ ਅਦਾਲਤ ਨੇ ਮਹਿੰਦਰ ਤੇ ਕਿਸ਼ਨ ਨੂੰ 3-3 ਸਾਲ ਦੀ ਸਜ਼ਾ ਸੁਣਾਈ ਸੀ।
31 ਦਸੰਬਰ ਤੱਕ ਆਤਮ ਸਮਰਪਣ
ਦਿੱਲੀ ਹਾਈਕੋਰਟ ਦੇ ਅੱਜ ਦੇ ਫੈਸਲੇ ਤੋਂ ਬਾਅਦ ਹੁਣ ਸੱਜਣ ਕੁਮਾਰ ਦੀਆਂ ਮੁਸ਼ਕਿਲਾਂ 'ਚ ਨਿਸਚਿਤ ਰੂਪ 'ਚ ਕਾਫੀ ਵਾਧਾ ਹੋ ਗਿਆ ਹੈ ਅਤੇ ਹੁਣ ਉਸ ਨੂੰ 31 ਦਸੰਬਰ ਤੱਕ ਆਤਮ ਸਮਰਪਣ ਕਰਨਾ ਪਵੇਗਾ ਅਤੇ ਤੱਦ ਤੱਕ ਉਹ ਦਿੱਲੀ ਤੋਂ ਬਾਹਰ ਵੀ ਨਹੀਂ ਜਾ ਸਕੇਗਾ। ਅਦਾਲਤ ਨੇ ਸੱਜਣ ਕੁਮਾਰ ਅਤੇ ਦੂਸਰੇ ਪੰਜ ਦੋਸ਼ੀਆਂ ਨੂੰ 31 ਦਸੰਬਰ 2018 ਤਕ ਆਤਮਸਮਰਪਣ ਕਰਨ ਅਤੇ ਦਿੱਲੀ ਸ਼ਹਿਰ ਤੋਂ ਬਾਹਰ ਨਾ ਜਾਣ ਦੀ ਹਦਾਇਤ ਕੀਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਮਾਮਲੇ 'ਚ 2013 ਦੌਰਾਨ ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ ਅਤੇ ਹੇਠਲੀ ਅਦਾਲਤ ਦੇ ਇਸ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਸੀ। 29 ਅਕਤੂਬਰ 2018 ਨੂੰ ਇਸ ਮਾਮਲੇ 'ਚ ਹਾਈਕੋਰਟ ਦੇ ਜਸਟਿਸ ਐਸ. ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੇ ਦੋਹਰੇ ਬੈਂਚ ਨੇ ਸੀ.ਬੀ.ਆਈ.,ਪੀੜਤਾਂ ਅਤੇ ਦੋਸ਼ੀਆਂ ਵਲੋਂ ਦਾਇਰ ਅਪੀਲਾਂ 'ਤੇ ਦਲੀਲਾਂ ਸੁਣਨ ਉਪਰੰਤ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ ਜਿਸ ਨੂੰ ਅੱਜ ਸੁਣਾਉਂਦੇ ਹੋਏ ਸੱਜਣ ਨੂੰ ਸਜ਼ਾ ਸੁਣਾਈ ਗਈ ਹੈ।
ਰਾਜਨੀਤੀ ਨਾ ਕੀਤੀ ਜਾਵੇ-ਕਾਂਗਰਸ
ਨਵੀਂ ਦਿੱਲੀ, (ਪੀ.ਟੀ.ਆਈ.)-ਦਿੱਲੀ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਉਪਰੰਤ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸੱਜਣ ਕੁਮਾਰ ਦੀ ਸਜ਼ਾ 'ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਕਾਨੂੰਨ ਨੂੰ ਆਪਣੇ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ। ਸੀਨੀਅਰ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਇਸ ਨੂੰ ਦੇਸ਼ 'ਚ ਪ੍ਰਚੱਲਿਤ ਰਾਜਨੀਤਕ ਮਾਹੌਲ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ, ਇਥੇ ਅਪੀਲਾਂ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਅਤੀਤ 'ਚ ਅਜਿਹੇ ਫ਼ੈਸਲੇ ਕੀਤੇ ਗਏ ਜਿੱਥੇ ਲੋਕ ਦੋਸ਼ੀ ਪਾਏ ਗਏ ਜਦਕਿ ਹੋਰਨਾਂ ਨੂੰ ਛੱਡ ਦਿੱਤਾ ਗਿਆ। ਇਸ 'ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਇਸ ਤੋਂ ਸਿਆਸੀ ਲਾਭ ਨਹੀਂ ਲੈਣਾ ਚਾਹੀਦਾ।
ਦਿੱਲੀ ਭਾਜਪਾ ਵਲੋਂ ਕਾਂਗਰਸ ਹੈੱਡਕੁਆਰਟਰ ਨੇੜੇ ਪ੍ਰਦਰਸ਼ਨ
ਨਵੀਂ ਦਿੱਲੀ, 17 ਦਸੰਬਰ (ਏਜੰਸੀ)- ਦਿੱਲੀ ਭਾਜਪਾ ਦੇ ਕਾਰਕੁੰਨਾਂ ਵਲੋਂ ਅੱਜ ਕਾਂਗਰਸ ਹੈੱਡਕੁਆਰਟਰ ਨੇੜੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਿਯੁਕਤ ਕਰਨ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਮਲ ਨਾਥ 'ਤੇ 1984 ਦੇ ਸਿੱਖ-ਵਿਰੋਧੀ ਦੰਗਿਆਂ 'ਚ ਕਥਿਤ ਤੌਰ 'ਤੇ ਸ਼ਾਮਿਲ ਹੋਣ ਦੇ ਦੋਸ਼ ਹਨ। ਇਸ ਰੋਸ ਪ੍ਰਦਰਸ਼ਨ 'ਚ 1984 ਦੇ ਸਿੱਖ-ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਬਹੁਤ ਸਾਰੇ ਪਰਿਵਾਰਕ ਮੈਂਬਰ ਸ਼ਾਮਿਲ ਸਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਕਬਰ ਰੋਡ ਸਥਿਤ ਕਾਂਗਰਸ ਦੇ ਹੈੱਡਕੁਆਰਟਰ ਵੱਲ ਜਾਣ ਤੋਂ ਪਹਿਲਾਂ ਹੀ ਹੋਟਲ ਤਾਜ ਮਾਨਸਿੰਘ ਨੇੜੇ ਰੋਕ ਲਿਆ। ਪ੍ਰਦਰਸ਼ਨਕਾਰੀ ਕਾਂਗਰਸ ਤੇ ਉਸ ਦੇ ਨੇਤਾਵਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਕਮਲ ਨਾਥ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਸਨ। 1984 ਦੇ ਸਿੱਖ-ਵਿਰੋਧੀ ਦੰਗਿਆਂ ਦੌਰਾਨ ਕਮਲ ਨਾਥ ਵਲੋਂ ਦੰਗਾਕਾਰੀਆਂ ਦੀ ਅਗਵਾਈ ਕੀਤੇ ਜਾਣ ਦੇ ਚਸ਼ਮਦੀਦ ਗਵਾਹ ਵੀ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਸਨ ਤੇ ਉਨ੍ਹਾਂ ਰੋਸ ਪ੍ਰਦਰਸ਼ਨ ਦੌਰਾਨ ਕਮਲ ਨਾਥ ਦਾ ਪੁਤਲਾ ਵੀ ਸਾੜਿਆ।
ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਹਿੰਸਾ ਸੀ ਸਿੱਖ ਕਤਲੇਆਮ-ਹਾਈਕੋਰਟ
ਦਿੱਲੀ ਹਾਈਕੋਰਟ ਦੇ ਜੱਜ ਜਸਟਿਸ ਐਸ. ਮੁਰਲੀਧਰਨ ਅਤੇ ਵਿਨੋਦ ਗੋਇਲ ਨੇ 1984 ਸਿੱਖ ਕਤਲੇਆਮ ਨਾਲ ਸਬੰਧਿਤ ਸੱਜਣ ਕੁਮਾਰ ਤੇ ਹੋਰ ਦੋਸ਼ੀਆਂ ਬਾਰੇ ਇਸ ਮਾਮਲੇ ਦਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਇੱਕ ਅਸਧਾਰਨ ਮਾਮਲਾ ਸੀ ਜਿੱਥੇ ਆਮ ਹਾਲਤਾਂ 'ਚ ਵੀ ਸੱਜਣ ਕੁਮਾਰ ਦੇ ਖ਼ਿਲਾਫ਼ ਕਾਰਵਾਈ ਕਰਨਾ ਅਸੰਭਵ ਹੋ ਰਿਹਾ ਸੀ, ਕਿਉਂਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਦੇ ਖ਼ਿਲਾਫ਼ ਕੇਸਾਂ ਨੂੰ ਦਬਾਉਣ ਦੇ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਰਿਕਾਰਡ ਤੱਕ ਨਹੀਂ ਕੀਤਾ ਜਾ ਰਿਹਾ ਸੀ। ਅਦਾਲਤ ਨੇ ਇਹ ਵੀ ਕਿਹਾ ਕਿ 1947 ਦੇ ਭਿਆਨਕ ਸਮੂਹਿਕ ਕਤਲੇਆਮ ਪਿੱਛੋਂ ਦੇਸ਼ ਨੇ ਫਿਰ ਵੱਡਾ ਮਨੁੱਖੀ ਦੁਖਾਂਤ ਦੇਖਿਆ ਜਦੋਂ ਇਕ ਤੋਂ 4 ਨਵੰਬਰ 1984 ਤੱਕ ਫਿਰਕੂ ਜਨੂੰਨ ਵਿਚ 2733 ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਗਏ। ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ 2000 ਤੋਂ ਵੱਧ ਸਿੱਖ ਮਾਰੇ ਗਏ ਸਨ। ਬੈਂਚ ਨੇ ਕਿਹਾ ਕਿ ਇਨ੍ਹਾਂ ਘਿਨਾਉਣੇ ਜੁਰਮਾਂ ਦੇ ਬਹੁਤੇ ਸਾਜਿਸ਼ਕਾਰੀਆਂ ਨੂੰ ਰਾਜਸੀ ਸ੍ਰਪਰਸਤੀ ਹਾਸਲ ਸੀ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ। ਹਾਈਕੋਰਟ ਨੇ ਆਪਣੇ 207 ਸਫ਼ਿਆਂ ਦੇ ਫ਼ੈਸਲੇ ਵਿਚ ਕਿਹਾ ਕਿ ਇਹ ਆਜ਼ਾਦੀ ਪਿੱਛੋਂ ਸਭ ਤੋਂ ਵੱਡੀ ਹਿੰਸਾ ਸੀ ਅਤੇ ਇਸ ਦੌਰਾਨ ਪੂਰਾ ਤੰਤਰ ਹੀ ਫੇਲ੍ਹ ਹੋ ਗਿਆ ਸੀ ਅਤੇ ਇਹ ਕਤਲੇਆਮ ਰਾਜਨੀਤਕ ਫਾਇਦੇ ਲਈ ਕਰਵਾਇਆ ਗਿਆ ਸੀ। ਮਾਨਯੋਗ ਜੱਜਾਂ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਕਈ ਦਹਾਕਿਆਂ ਤੋਂ ਲੋਕ ਨਿਆਂ ਦੀ ਉਡੀਕ ਕਰ ਰਹੇ ਸਨ। ਬੈਂਚ ਨੇ ਕਿਹਾ ਕਿ ਦੋਸ਼ੀ ਤਿੰਨ ਚਸ਼ਮਦੀਦ ਗਵਾਹਾਂ ਜਗਦੀਸ਼ ਕੌਰ, ਉਨ੍ਹਾਂ ਦੇ ਰਿਸ਼ਤੇਦਾਰ ਜਗਸ਼ੇਰ ਸਿੰਘ ਅਤੇ ਨਿਰਪ੍ਰੀਤ ਕੌਰ ਦੇ ਹੌਸਲੇ ਤੇ ਹੱਠ ਨਾਲ ਕਾਨੂੰਨ ਦੇ ਸ਼ਿਕੰਜੇ ਵਿਚ ਆਏ ਹਨ। ਦਿੱਲੀ ਹਾਈਕੋਰਟ ਨੇ ਕਿਹਾ ਕਿ ਨਿਰਪ੍ਰੀਤ ਕੌਰ ਨੇ ਭੀੜ ਵਲੋਂ ਗੁਰਦੁਆਰਾ ਸਾਹਿਬ ਨੂੰ ਅਤੇ ਆਪਣੇ ਪਿਤਾ ਨੂੰ ਜਿਉਂਦੇ ਅੱਗ ਲਾ ਕੇ ਸਾੜਨ ਦੀ ਘਟਨਾ ਨੂੰ ਅੱਖੀਂ ਦੇਖਿਆ ਸੀ। ਅਦਾਲਤ ਨੇ ਕਿਹਾ ਕਿ ਸੀ. ਬੀ. ਆਈ. ਦੇ ਮਾਮਲੇ ਵਿਚ ਆਉਣ ਪਿੱਛੋਂ ਗਵਾਹਾਂ ਜਿਨ੍ਹਾਂ ਦੀ ਪ੍ਰਤੀਨਿਧਤਾ ਸੀਨੀਅਰ ਵਕੀਲ ਐਚ. ਐਸ. ਫੂਲਕਾ ਨੇ ਕੀਤੀ ਦਾ ਭਰੋਸਾ ਬੱਝਾ ਅਤੇ ਉਹ ਗਵਾਹੀ ਦੇਣ ਲਈ ਅੱਗੇ ਆਏ। ਇਹ ਗੱਲ ਸ਼ਲਾਘਾਯੋਗ ਹੈ ਕਿ ਉਹ ਕੇਸ ਵਿਚ ਆਪਣੀ ਸਚਾਈ 'ਤੇ ਖੜ੍ਹੇ ਰਹੇ। ਅਦਾਲਤ ਨੇ ਕਿਹਾ ਕਿ ਇਸ ਅਦਾਲਤ ਦਾ ਵਿਚਾਰ ਹੈ ਕਿ ਨਵੰਬਰ 1984 ਵਿਚ ਦਿੱਲੀ ਅਤੇ ਹੋਰ ਥਾਈਂ ਸਿੱਖਾਂ ਦਾ ਸਮੂਹਿਕ ਕਤਲੇਆਮ ਸਹੀ ਅਰਥਾਂ ਵਿਚ ਮਨੁੱਖਤਾ ਖ਼ਿਲਾਫ਼ ਜੁਰਮ ਸਨ। ਇਹ ਜੁਰਮ ਲੰਬਾ ਸਮਾਂ ਸਮਾਜ ਦੀ ਸਮੂਹਿਕ ਜ਼ਮੀਰ ਨੂੰ ਲਗਾਤਾਰ ਝੰਜੋੜਦੇ ਰਹਿਣਗੇ।
ਕਾਤਲਾਂ ਨੂੰ ਚੌਕਾਂ 'ਚ ਲਿਜਾ ਕੇ ਸਾੜਿਆ ਜਾਵੇ-ਜਗਦੀਸ਼ ਕੌਰ

ਮਾਮਲੇ ਦੀ ਗਵਾਹ ਜਗਦੀਸ਼ ਕੌਰ ਨੇ ਪ੍ਰੈੱਸ ਕਾਨਫ਼ਰੰਸ 'ਚ ਬੋਲਦਿਆਂ ਕਿਹਾ ਕਿ ਉਹ 34 ਸਾਲ ਇਹ ਕੇਸ ਲੜਦੀ ਰਹੀ ਅਤੇ ਅਖ਼ੀਰ ਸੱਜਣ ਦਾ ਨਕਾਬ ਉਤਾਰਿਆ ਕਿਉਂ ਕਿ ਗਾਂਧੀ ਪਰਿਵਾਰ ਨੇ 1984 ਦੇ ਕਾਤਲਾਂ ਨੂੰ ਆਪਣੀ ਬੁੱਕਲ 'ਚ ਬਚਾਅ ਰੱਖਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਕਾਤਲਾਂ ਨੂੰ ਵੀ ਚੌਕਾਂ 'ਚ ਲਿਜਾ ਕੇ ਸਾੜਿਆ ਜਾਵੇ। ਉਨ੍ਹਾਂ ਨਿਆਂਪਾਲਿਕਾ ਤੇ ਹੋਰਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਜ਼ਾ ਬਹੁਤ ਘੱਟ ਹੈ।
ਕਿਹੜੇ ਦੋਸ਼ੀ ਨੂੰ ਮਿਲੀ ਕਿੰਨੀ ਸਜ਼ਾ
ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਦੇ ਇਲਾਵਾ ਸੇਵਾਮੁਕਤ ਅਧਿਕਾਰੀ ਕੈਪਟਨ ਭਾਗਮਲ , ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਅਤੇ ਗਿਰਧਾਰੀ ਲਾਲ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਤਿੰਨਾਂ ਨੂੰ ਹੇਠਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਇਨ੍ਹਾਂ ਤਿੰਨ ਦੀ ਸਜ਼ਾ ਨੂੰ ਹਾਈਕੋਰਟ ਨੇ ਬਰਕਰਾਰ ਰੱਖਿਆ ਹੈ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ,ਜਿਨ੍ਹਾਂ ਨੂੰ ਹੇਠਲੀ ਅਦਾਲਤ ਨੇ 3-3 ਸਾਲ ਦੀ ਸਜ਼ਾ ਸੁਣਾਈ ਸੀ ਪਰ ਹਾਈਕੋਰਟ ਕੋਰਟ ਨੇ ਇਨ੍ਹਾਂ ਦੀ ਸਜ਼ਾ ਵਧਾ ਕੇ 10-10 ਸਾਲ ਦੀ ਕਰ ਦਿੱਤੀ ਹੈ। ਹਾਈਕੋਰਟ ਨੇ ਉਨ੍ਹਾਂ ਨੂੰ ਕਤਲੇਆਮ ਦੌਰਾਨ ਇਲਾਕੇ ਵਿਚ ਸਿੱਖ ਪਰਿਵਾਰਾਂ ਦੇ ਘਰਾਂ ਅਤੇ ਇਕ ਗੁਰਦੁਆਰੇ ਨੂੰ ਅੱਗ ਲਾ ਕੇ ਸਾੜਨ ਦੀ ਅਪਰਾਧਿਕ ਸਾਜਿਸ਼ ਵਿਚ ਵੀ ਸਜ਼ਾ ਸੁਣਾਈ ਹੈ।
ਸਾਨੂੰ ਡਰਾਇਆ ਤੇ ਧਮਕਾਇਆ ਗਿਆ-ਨਿਰਪ੍ਰੀਤ ਕੌਰ

ਇਕ ਹੋਰ ਗਵਾਹ ਨਿਰਪ੍ਰੀਤ ਕੌਰ ਨੇ ਕਿਹਾ ਕਿ 34 ਸਾਲ ਦੇ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਅਤੇ ਇਕ ਵੱਡੀ ਮੱਛੀ ਫੜੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਫ਼ੀ ਡਰਾਇਆ ਗਿਆ ਅਤੇ ਜੇਕਰ ਉਨ੍ਹਾਂ ਨੂੰ ਸੁਰੱਖਿਆ ਨਾ ਮਿਲਦੀ ਤਾਂ ਉਹ ਗਵਾਹੀ ਨਹੀਂ ਦੇ ਸਕਦੇ ਸੀ। ਉਨ੍ਹਾਂ ਕਿਹਾ ਕਿ ਉਸ 'ਤੇ ਝੂਠੇ ਕੇਸ ਵੀ ਕੀਤੇ ਗਏ।
ਸੱਜਣ ਨੂੰ ਫਾਂਸੀ ਦਿਵਾਉਣ ਲਈ ਸੁਪਰੀਮ ਕੋਰਟ ਜਾਵੇਗੀ ਦਿੱਲੀ ਕਮੇਟੀ
ਨਵੀਂ ਦਿੱਲੀ, 17 ਦਸੰਬਰ (ਬਲਵਿੰਦਰ ਸਿੰਘ ਸੋਢੀ)-ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਪਰੀਮ ਕੋਰਟ 'ਚ ਚੁਣੌਤੀ ਦੇਵੇਗੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦਾ ਐਲਾਨ ਕੀਤਾ। ਜੀ.ਕੇ. ਨੇ ਕਿਹਾ ਕਿ ਸੱਜਣ ਕੁਮਾਰ ਦੇ ਗੁਨਾਹ ਵੱਡੇ ਹਨ। ਇਸ ਲਈ ਉਸ ਨੂੰ ਉਮਰ ਕੈਦ ਦੀ ਜਗ੍ਹਾ ਫਾਂਸੀ ਮਿਲਣੀ ਚਾਹੀਦੀ ਹੈ। ਦਿੱਲੀ ਕਮੇਟੀ ਪੀੜਤਾਂ ਨੂੰ ਨਾਲ ਲੈ ਕੇ ਇਸ ਸਬੰਧੀ ਸੁਪਰੀਮ ਕੋਰਟ 'ਚ ਪਹੁੰਚ ਕਰੇਗੀ। ਜੀ.ਕੇ. ਨੇ ਮੰਗ ਕੀਤੀ ਕਿ ਸੰਸਦ 'ਚ ਰੁਕੇ ਹੋਏ ਫ਼ਿਰਕੂ ਹਿੰਸਾ ਵਿਰੋਧੀ ਬਿੱਲ ਨੂੰ ਤੁਰੰਤ ਪਾਸ ਕਰਨਾ ਚਾਹੀਦਾ ਹੈ। ਇਸ ਮੌਕੇ ਸਿਰਸਾ ਨੇ ਕਾਂਗਰਸੀ ਆਗੂ ਕਪਿਲ ਸਿੱਬਲ ਦੇ ਪੁੱਤਰ ਅਖਿਲ ਸਿੱਬਲ ਵਲੋਂ ਹਾਈਕੋਰਟ 'ਚ ਸੱਜਣ ਕੁਮਾਰ ਲਈ ਵਕੀਲ ਵਜੋਂ ਕੀਤੀ ਗਈ ਪੈਰਵੀ ਨੂੰ ਕਾਂਗਰਸ ਦੀ ਸਿਆਸੀ ਪਨਾਹ ਵਜੋਂ ਪਰਿਭਾਸ਼ਿਤ ਕੀਤਾ।
34 ਸਾਲਾਂ ਬਾਅਦ ਅੰਜਾਮ ਤੱਕ ਪਹੁੰਚਾਉਣ 'ਚ ਸਫ਼ਲ ਹੋਏ ਫੂਲਕਾ
ਨਵੀਂ ਦਿੱਲੀ, 17 ਦਸੰਬਰ (ਏਜੰਸੀ)-ਆਮ ਦਿਨਾਂ ਦੀ ਤਰ੍ਹਾਂ ਦਸੰਬਰ ਦੇ ਇਕ ਬੇਹੱਦ ਠੰਢੇ ਦਿਨ ਨੂੰ ਇਕ ਸਿੱਖ ਨੌਜਵਾਨ ਜੋੜਾ, ਜਿਨ੍ਹਾਂ ਦੇ ਸੰਤਾਨ ਹੋਣ ਵਾਲੀ ਸੀ, ਆਪਣੀ ਪਤਨੀ ਦਾ ਚੈਕਐੱਪ ਕਰਵਾ ਕੇ ਮੋਟਰਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਹੈ। ਉਕਤ ਜੋੜੇ ਨੂੰ ਲੱਗਾ ਕਿ ਦੱਖਣੀ ਦਿੱਲੀ 'ਚ ਆਪਣੇ ਘਰ ਜੇਕਰ ਮੁੱਖ ਸੜਕ ਤੋਂ ਜਾਵਾਂਗੇ ਤਾਂ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਉਹ ਅੰਦਰ ਵਾਲੇ ਰਸਤਿਆਂ ਅਤੇ ਝੁੱਗੀਆਂ ਵਿਚੋਂ ਦੀ ਹੁੰਦਿਆਂ ਆਪਣੇ ਕਿਰਾਏ ਦੇ ਘਰ ਪਹੁੰਚ ਗਏ ਅਤੇ ਇੱਥੇ ਪ੍ਰਦਰਸ਼ਨਕਾਰੀਆਂ ਦੀ ਭੀੜ ਹਮਲਾ ਕਰਨ ਲਈ ਤਿਆਰ ਸੀ ਪਰ ਉਨ੍ਹਾਂ ਦੇ ਮਕਾਨ ਮਾਲਕ ਨੇ ਭੀੜ ਨੂੰ ਦੱਸਿਆ ਕਿ ਉਕਤ ਸਿੱਖ ਜੋੜਾ ਇੱਥੋਂ ਭੱਜ ਗਿਆ ਹੈ। ਦੋ ਦਿਨਾਂ ਤੱਕ ਉਸ ਭਲੇ ਆਦਮੀ ਨੇ ਸਿੱਖ ਜੋੜੇ ਨੂੰ ਆਪਣੇ ਇੱਥੇ ਛੁਪਾ ਕੇ ਰੱਖਿਆ। ਜਿਵੇਂ ਹੀ ਥੋੜ੍ਹੀ ਗੁੰਜਾਇਸ਼ ਹੋਈ ਉਹ ਹਵਾਈ ਜਹਾਜ਼ ਦੇ ਕਾਕਪਿਟ 'ਚ ਬੈਠ ਕੇ ਦਿੱਲੀ ਤੋਂ ਚੰਡੀਗੜ੍ਹ ਚਲੇ ਗਏ। ਉਨ੍ਹਾਂ ਦੀ ਜਾਨ ਤਾਂ ਬਚ ਚੁੱਕੀ ਸੀ ਪਰ ਦਿੱਲੀ 'ਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਤਾਂ ਅਜੇ ਸ਼ੁਰੂ ਹੋਇਆ ਸੀ, ਉਨ੍ਹਾਂ ਨੂੰ ਮਦਦ ਤੇ ਇਨਸਾਫ਼ ਦੀ ਜ਼ਰੂਰਤ ਸੀ। ਇਸ ਲਈ ਉਕਤ ਜੋੜਾ (ਐਚ.ਐਸ. ਫੂਲਕਾ ਤੇ ਉਨ੍ਹਾਂ ਦੀ ਪਤਨੀ ਮਨਿੰਦਰ ਕੌਰ) ਦਿੱਲੀ ਵਾਪਸ ਆ ਗਏ। ਉਨ੍ਹਾਂ ਦੀ ਪਤਨੀ ਨੇ ਅਮਰੀਕਾ 'ਚ ਸ਼ਾਨਦਾਰ ਕੈਰੀਅਰ ਦੀਆਂ ਸੰਭਾਵਨਾਵਾਂ ਨੂੰ ਛੱਡ ਦਿੱਤਾ ਸੀ।
ਫੂਲਕਾ ਵਲੋਂ ਇਨਸਾਫ਼ ਦੀ ਲੜਾਈ ਦੀ ਸ਼ੁਰੂਆਤ
ਫੂਲਕਾ ਨੇ ਸਭ ਤੋਂ ਪਹਿਲਾਂ ਦਿੱਲੀ ਦੇ ਰਾਹਤ ਕੈਂਪਾਂ 'ਚ ਰਹਿ ਰਹੇ ਦੰਗਾ ਪੀੜਤਾਂ ਦੀਆਂ ਫ਼ਰਿਆਦਾਂ ਨੂੰ ਖ਼ਰੜੇ ਦੀ ਸ਼ਕਲ ਦਿੱਤੀ, ਤਾਂ ਜੋ ਕਾਨੂੰਨੀ ਲੜਾਈ ਸ਼ੁਰੂ ਹੋ ਸਕੇ। ਇਸ ਉਪਰੰਤ ਫੂਲਕਾ ਨੇ ਸਿਟੀਜ਼ਨ ਜਸਟਿਸ ਕਮੇਟੀ ਦਾ ਗਠਨ ਕੀਤਾ। ਮਈ 1985 'ਚ ਬਣੀ ਇਸ ਕਮੇਟੀ ਨੇ ਦੰਗਿਆਂ ਦੀ ਜਾਂਚ ਲਈ ਬਣੀਆਂ ਕਮੇਟੀਆਂ ਤੇ ਕਮਿਸ਼ਨਾਂ 'ਚ ਪੀੜਤਾਂ ਦਾ ਪੱਖ ਰੱਖਿਆ। ਕਮੇਟੀ ਦੇ ਵਕੀਲ ਦੀ ਹੈਸੀਅਤ ਵਜੋਂ ਫੂਲਕਾ ਸਭ ਤੋਂ ਪਹਿਲਾਂ 29 ਜੁਲਾਈ 1985 ਨੂੰ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਇਸ ਤੋਂ ਬਾਅਦ ਫੂਲਕਾ ਨੇ 10 ਜੁਲਾਈ 2001 ਨੂੰ ਦੰਗਾ ਪੀੜਤਾਂ ਲਈ ਕਾਰਨੇਜ1984 ਨਾਂਅ ਤੋਂ ਇਕ ਵੈੱਬਸਾਈਟ ਸ਼ੁਰੂ ਕੀਤੀ। ਇਸ ਦੇ ਸ਼ੁਰੂ ਹੋਣ ਦੇ ਪਹਿਲੇ 10 ਦਿਨਾਂ 'ਚ 30 ਦੇਸ਼ਾਂ ਦੇ ਡੇਢ ਲੱਖ ਲੋਕ ਇਸ ਵੈੱਬਸਾਈਟ ਨਾਲ ਜੁੁੜੇ। ਫੂਲਕਾ ਦੀ ਕਾਨੂੰਨੀ ਲੜਾਈ ਨੂੰ ਉਸ ਸਮੇਂ ਝਟਕਾ ਲੱਗਾ ਜਦ 2013 'ਚ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਦੰਗਿਆਂ ਦੇ ਦੋਸ਼ ਤੋਂ ਬਰੀ ਕਰ ਦਿੱਤਾ। ਇਸ ਤੋਂ ਬਾਅਦ ਫੂਲਕਾ ਸਿਆਸਤ 'ਚ ਆ ਗਏ ਅਤੇ 2014 'ਚ ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣ ਲੜੀ ਪਰ ਉਹ ਹਾਰ ਗਏ। ਹਾਲਾਂਕਿ 2017 'ਚ ਪੰਜਾਬ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਜਿੱਤ ਹਾਸਲ ਕੀਤੀ ਅਤੇ ਉਹ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਵੀ ਬਣੇ।
ਫੂਲਕਾ ਵਲੋਂ ਵਿਧਾਇਕੀ ਤੋਂ ਅਸਤੀਫ਼ਾ
ਜਦ ਫੂਲਕਾ ਨੇ ਵੇਖਿਆ ਕਿ ਉਨ੍ਹਾਂ ਦਾ ਸਿਆਸੀ ਕੈਰੀਅਰ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਰਸਤੇ 'ਚ ਆ ਰਿਹਾ ਹੈ ਤਾਂ ਉਨ੍ਹਾਂ ਨੇ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਪੂਰੀ ਤਾਕਤ ਇਨਸਾਫ਼ ਦੀ ਲੜਾਈ 'ਚ ਲਗਾਈ। ਪਿਛਲੇ ਇਕ-ਦੋ ਮਹੀਨਿਆਂ ਤੋਂ ਸਿੱਖ ਕਤਲੇਆਮ ਮਾਮਲੇ 'ਚ ਫ਼ੈਸਲੇ ਆਉਣ ਲੱਗ ਪਏ ਹਨ। ਪਹਿਲਾਂ ਇਕ ਅਜਿਹੇ ਮਾਮਲੇ 'ਚ ਇਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਅਤੇ ਹੁਣ ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜ਼ਾ ਇਸੇ ਦਾ ਸਬੂਤ ਹੈ।
'84 ਦੰਗਿਆਂ ਦੀ ਜਾਂਚ ਲਈ ਕਈ ਕਮਿਸ਼ਨਾਂ ਤੇ ਕਮੇਟੀਆਂ ਦਾ ਗਠਨ ਹੋਇਆ-ਹਾਈਕੋਰਟ
ਨਵੀਂ ਦਿੱਲੀ, 17 ਦਸੰਬਰ (ਏਜੰਸੀ)-ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਆਪਣੇ ਫ਼ੈਸਲੇ 'ਚ ਕਿਹਾ ਕਿ 1984 'ਚ ਭੜਕੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਕਈ ਕਮੇਟੀਆਂ ਤੇ ਕਮਿਸ਼ਨਾਂ ਦਾ ਗਠਨ ਹੋਇਆ ਸੀ। ਜਸਟਿਸ ਮੁਰਲੀਧਰ ਤੇ ਵਿਨੋਦ ਗੋਇਲ 'ਤੇ ਆਧਾਰਿਤ ਬੈਂਚ ਨੇ ਕਿਹਾ ਕਿ ਸਭ ਤੋਂ ਪਹਿਲਾਂ ਵੇਦ ਮਰਵਾਹਾ ਦੀ ਅਗਵਾਈ 'ਚ ਮਰਵਾਹਾ ਕਮੇਟੀ ਦਾ ਗਠਨ ਹੋਇਆ, ਜਿਸ ਨੇ ਇਸ ਮਾਮਲੇ ਦੇ ਪੀੜਤਾਂ, ਜਾਂਚ 'ਚ ਸ਼ਾਮਿਲ ਪੁਲਿਸ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ। ਬੈਂਚ ਨੇ ਕਿਹਾ ਕਿ ਮਰਵਾਹਾ ਕਮੇਟੀ ਵਲੋਂ ਜਾਂਚ ਪੂਰੀ ਕਰਨ ਤੋਂ ਪਹਿਲਾਂ ਹੀ ਕੇਂਦਰ ਨੇ ਜਸਟਿਸ ਰੰਗਨਾਥ ਮਿਸ਼ਰਾ 'ਤੇ ਆਧਾਰਿਤ ਇਕ ਮੈਂਬਰੀ ਕਮਿਸ਼ਨ ਦਾ ਗਠਨ ਕਰ ਦਿੱਤਾ। ਬੈਂਚ ਨੇ ਕਿਹਾ ਕਿ ਮਰਵਾਹਾ ਕਮੇਟੀ ਵਲੋਂ ਦਰਜ ਕੀਤੇ ਬਿਆਨਾਂ ਨੂੰ ਜਾਂਚ ਲਈ ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਹਵਾਲੇ ਕਰ ਦਿੱਤਾ ਗਿਆ, ਪਰ ਇਸ 'ਚ ਵੀ ਕੋਈ ਕਾਰਵਾਈ ਨਾ ਹੋਈ। ਬੈਂਚ ਨੇ ਕਿਹਾ ਕਿ ਇਸ ਤੋਂ ਬਾਅਦ ਜੈਨ-ਅਗਰਵਾਲ ਕਮਿਸ਼ਨ ਨੇ ਜਾਂਚ ਸ਼ੁਰੂ ਕੀਤੀ, ਜਿਸ ਨੇ 1992 'ਚ ਆਪਣੀ ਰਿਪੋਰਟ ਦੇ ਕੇ ਇਸ ਮਾਮਲੇ 'ਚ ਅੱਗੇ ਹੋਰ ਜਾਂਚ ਕਰਨ ਦੀ ਸਿਫਾਰਸ਼ ਕਰ ਦਿੱਤੀ। ਮਈ 2000 'ਚ ਜਸਟਿਸ ਨਾਨਾਵਤੀ ਕਮਿਸ਼ਨ ਦਾ ਗਠਨ ਹੋਇਆ, ਜਿਸ ਨੇ 2005 'ਚ ਆਪਣੀ ਰਿਪੋਰਟ ਦਿੱਤੀ, ਜਿਸ 'ਚ ਕਿਹਾ ਗਿਆ ਕਿ ਹਿੰਸਾ 'ਚ ਸੱਜਣ ਕੁਮਾਰ ਤੇ ਬਲਵੰਤ ਖੋਖਰ ਸਪੱਸ਼ਟ ਤੌਰ 'ਤੇ ਸ਼ਾਮਿਲ ਸਨ। ਹਾਈ ਕੋਰਟ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ 'ਚ ਵੱਖ-ਵੱਖ ਕਮਿਸਨਾਂ ਤੇ ਕਮੇਟੀਆਂ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ ਹੈ।
ਸੱਜਣ ਕੁਮਾਰ ਕਰੇਗਾ ਸੁਪਰੀਮ ਕੋਰਟ 'ਚ ਅਪੀਲ
ਨਵੀਂ ਦਿੱਲੀ, 17 ਦਸੰਬਰ (ਪੀ. ਟੀ. ਆਈ.)-ਕਾਂਗਰਸੀ ਨੇਤਾ ਸੱਜਣ ਕੁਮਾਰ ਦਿੱਲੀ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਕਰਨ ਦਾ ਇਰਾਦਾ ਰੱਖਦਾ ਹੈ। ਉਸ ਦੇ ਵਕੀਲ ਨੇ ਦੱਸਿਆ ਕਿ ਕਿਉਂਕਿ ਹਾਈਕੋਰਟ ਦਾ ਫ਼ੈਸਲਾ 200 ਤੋਂ ਵੱਧ ਸਫ਼ਿਆਂ ਦਾ ਹੈ ਇਸ ਲਈ ਉਸ 'ਤੇ ਵਿਚਾਰ ਕਰਨ ਲਈ ਸਮਾਂ ਚਾਹੀਦਾ ਹੈ ਅਤੇ ਇਸ ਪਿੱਛੋਂ ਉਹ ਸੁਪਰੀਮ ਕੋਰਟ ਜਾਣਗੇ। ਉਸ ਦੇ ਵਕੀਲ ਅਨਿਲ ਸ਼ਰਮਾ ਨੇ ਦੱਸਿਆ ਕਿ ਕਾਂਗਰਸੀ ਨੇਤਾ ਨੂੰ 31 ਦਸੰਬਰ 2018 ਤੱਕ ਆਤਮਸਮਰਪਣ ਕਰਨ ਲਈ ਸਮਾਂ ਦਿੱਤਾ ਗਿਆ ਹੈ ਅਤੇ ਇਸ ਸਮੇਂ ਤੋਂ ਪਹਿਲਾਂ ਫ਼ੈਸਲੇ ਨੂੰ ਚੁਣੌਤੀ ਦੇਣ ਦੇ ਯਤਨ ਕੀਤੇ ਜਾਣਗੇ। ਸ਼ਰਮਾ ਨੇ ਕਿਹਾ ਕਿ ਜੇਕਰ 31 ਦਸੰਬਰ ਤੋਂ ਪਹਿਲਾਂ ਅਪੀਲ ਦਾਇਰ ਨਾ ਕੀਤੀ ਤਾਂ ਕੁਮਾਰ ਆਤਮਸਮਰਪਣ ਕਰ ਦੇਵੇਗਾ।
ਸਜ਼ਾ ਬਾਰੇ ਕਿਸ ਨੇ ਕੀ ਕਿਹਾ...
ਕਾਂਗਰਸ ਨੇ ਦੋਸ਼ੀਆਂ ਨੂੰ ਹਮੇਸ਼ਾ ਬਚਾਇਆ-ਜੇਤਲੀ

ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 1984 ਦੇ ਪੀੜਤਾਂ ਲਈ ਨਿਆਂ ਨੂੰ ਕਾਂਗਰਸ ਨੇ ਦਫ਼ਨ ਕਰ ਦਿੱਤਾ ਸੀ, ਪਰ ਐਨ. ਡੀ. ਏ. ਸਰਕਾਰ ਨੇ ਜਵਾਬਦੇਹੀ ਅਤੇ ਨਿਆਂ ਪ੍ਰਤੀ ਮੁੜ ਵਿਸ਼ਵਾਸ ਬਹਾਲ ਕੀਤਾ ਹੈ। ਜੇਤਲੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਂਗਰਸ ਰਾਜ 'ਚ ਹਮੇਸ਼ਾ ਇਸ ਮਾਮਲੇ ਅਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ, ਪਰ ਹੁਣ ਇਨਸਾਫ਼ ਹਾਸਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਚਾਉਣ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ।
ਪੀੜਤਾਂ ਨੂੰ ਮੁੜ ਇਨਸਾਫ਼ ਦੀ ਆਸ ਬੱਝੀ-ਅਮਿਤ ਸ਼ਾਹ

ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-1984 ਸਿੱਖ ਕਤਲੇਆਮ ਦੇ ਪੀੜਤ ਨਿਆਂ ਮਿਲਣ ਦੀ ਸਾਰੀ ਉਮੀਦ ਗੁਆ ਬੈਠੇ ਸੀ, ਕਿਉਂਕਿ ਉਨ੍ਹਾਂ ਦੇ ਦੋਸ਼ੀਆਂ ਨੂੰ ਕਾਂਗਰਸ ਰਾਜ 'ਚ ਸਿਆਸੀ ਸਰਪ੍ਰਸਤੀ ਹਾਸਲ ਸੀ। ਦਿੱਲੀ ਹਾਈਕੋਰਟ ਵਲੋਂ ਅੱਜ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇਣ ਤੋਂ ਬਾਅਦ ਪੀੜਤਾਂ ਨੂੰ ਇਕ ਵਾਰ ਫਿਰ ਆਸ ਬੱਝੀ ਹੈ ਕਿ 1984 ਦੇ ਦੋਸ਼ੀਆਂ ਨੂੰ ਬਖ਼ਸਿਆ ਨਹੀਂ ਜਾਵੇਗਾ।
ਕੈਪਟਨ ਵਲੋਂ ਫ਼ੈਸਲੇ ਦਾ ਸਵਾਗਤ

ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਜਣ ਕੁਮਾਰ ਨੂੰ ਸਜ਼ਾ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਦੀ ਫ਼ਿਰਕੂ ਹਿੰਸਾ ਦੀ ਇਸ ਭਿਆਨਕ ਘਟਨਾ 'ਚ ਪੀੜਤਾਂ ਨੂੰ ਆਖ਼ਿਰਕਾਰ ਨਿਆਂ ਦਿੱਤਾ ਗਿਆ ਹੈ ਪਰ ਇਨ੍ਹਾਂ ਦੰਗਿਆਂ 'ਚ ਨਾ ਹੀ ਕਾਂਗਰਸ ਪਾਰਟੀ ਦੀ ਅਤੇ ਨਾ ਹੀ ਗਾਂਧੀ ਪਰਿਵਾਰ ਦੀ ਕੋਈ ਭੂਮਿਕਾ ਸੀ । ਉਨ੍ਹਾਂ ਕਿਹਾ ਕਿ ਦੰਗਿਆਂ ਨਾਲ ਸਬੰਧਿਤ ਸੱਜਣ ਕੁਮਾਰ ਇਕੋ-ਇਕ ਹੀ ਕਾਂਗਰਸ ਦਾ ਜਿਊਂਦਾ ਆਗੂ ਹੈ, ਜਦਕਿ ਬਾਕੀਆਂ ਦਾ ਦਿਹਾਂਤ ਹੋ ਚੁੱਕਾ ਹੈ।
ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ-ਜਾਖੜ

ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ। ਜਿਹੜੇ ਵੀ ਇਸ ਅਪਰਾਧ 'ਚ ਸ਼ਾਮਿਲ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਫ਼ੈਸਲੇ ਨਾਲ ਲੋਕਾਂ ਦਾ ਕਾਨੂੰਨ ਪ੍ਰਤੀ ਵਿਸ਼ਵਾਸ ਮਜ਼ਬੂਤ ਹੋਵੇਗਾ। ਜਿਹੜਾ ਵੀ ਵਿਅਕਤੀ ਅਜਿਹੇ ਮਾਮਲਿਆਂ 'ਚ ਦੋਸ਼ੀ ਪਾਇਆ ਜਾਂਦਾ ਹੈ, ਉਸ ਨੂੰ ਸਿਆਸੀ ਜੀਵਨ ਛੱਡ ਦੇਣਾ ਚਾਹੀਦਾ ਹੈ।
ਗਾਂਧੀ ਪਰਿਵਾਰ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ-ਸੁਖਬੀਰ

ਸੰਗਰੂਰ, (ਫੁੱਲ, ਬਿੱਟਾ, ਦਮਨ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਇਕ ਇਤਿਹਾਸਕ ਫ਼ੈਸਲਾ ਹੈ, ਜਿਸ ਨਾਲ ਗਾਂਧੀ ਪਰਿਵਾਰ ਦਾ ਚਿਹਰਾ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ 34 ਸਾਲ ਪਿੱਛੋਂ ਸਿੱਖਾਂ ਨੂੰ ਇਨਸਾਫ਼ ਦੀ ਕਿਰਨ ਦਿਖਾਈ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਹੋਰਨਾਂ ਦੋਸ਼ੀਆਂ ਨੂੰ ਵੀ ਜਲਦ ਸਜ਼ਾ ਮਿਲੇ-ਢੀਂਡਸਾ

ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)-ਰਾਜ ਸਭਾ ਮੈਂਬਰ ਤੇ ਸੀਨੀਅਰ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਹਾਈਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਸਿੱਖਾਂ ਨੂੰ ਖ਼ਾਸਕਰ ਪੀੜਤ ਪਰਿਵਾਰਾਂ ਨੂੰ ਸੰਤੁਸ਼ਟੀ ਮਹਿਸੂਸ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਲੰਮੇ ਸਮੇਂ ਤੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਂਦੀ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖ ਕਤਲੇਆਮ ਦੇ ਰਹਿੰਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਹੋਰ ਦੋਸ਼ੀਆਂ ਨੂੰ ਵੀ ਮਿਲੇ ਸਖ਼ਤ ਸਜ਼ਾ-ਭਾਈ ਲੌਂਗੋਵਾਲ

ਅੰਮ੍ਰਿਤਸਰ, (ਵਿਸ਼ੇਸ਼ ਪ੍ਰਤੀਨਿਧ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਬੇਸ਼ੱਕ ਸੱਜਣ ਕੁਮਾਰ ਉਮਰ ਕੈਦ ਦਾ ਨਹੀਂ, ਸਗੋਂ ਫਾਂਸੀ ਦੀ ਸਜ਼ਾ ਦਾ ਹੱਕਦਾਰ ਸੀ, ਪ੍ਰੰਤੂ ਨਿਆਂਪਾਲਿਕਾ ਵਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਉਸ ਦੇ ਗੁਨਾਹਾਂ ਨੂੰ ਸਾਬਤ ਕਰ ਦਿੱਤਾ ਹੈ। ਅਜੇ ਵੀ ਬਹੁਤ ਸਾਰੇ ਦੋਸ਼ੀ ਕਾਨੂੰਨ ਦੀ ਗ੍ਰਿਫ਼ਤ 'ਚੋਂ ਬਾਹਰ ਹਨ। ਉਨ੍ਹਾਂ ਜਗਦੀਸ਼ ਟਾਈਟਲਰ ਸਮੇਤ ਸਿੱਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਨੂੰ ਵੀ ਸਖ਼ਤ ਸਜ਼ਾਵਾਂ ਦੇਣ ਦੀ ਵਕਾਲਤ ਕੀਤੀ।
ਫ਼ੈਸਲਾ ਦੇਸ਼ ਲਈ ਚਿਤਾਵਨੀ-ਬਾਜਵਾ

ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਫ਼ੈਸਲਾ ਦੇਸ਼ ਲਈ ਚਿਤਾਵਨੀ ਹੈ ਕਿ ਜੋ ਰਫਿਊਜੀ ਲੋਕ ਕਮਜ਼ੋਰ, ਮਜ਼ਲੂਮ ਅਤੇ ਘੱਟ ਗਿਣਤੀਆਂ 'ਤੇ ਹਿੰਸਾ ਦੀ ਵਰਤੋਂ ਕਰਨਗੇ, ਉਹ ਕਾਨੂੰਨ ਦੇ ਹੱਥਾਂ ਤੋਂ ਬਚ ਨਹੀਂ ਸਕਦੇ। ਬਾਜਵਾ ਨੇ ਇਸ ਘੜੀ 'ਚ ਸਿਆਸਤ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਅਹਿਦ ਲੈਣਾ ਚਾਹੀਦਾ ਹੈ ਕਿ ਜੋ ਵੀ ਇਸ ਬੇਮਕਸਦ ਹਿੰਸਾ ਦੇ ਪੀੜਤ ਹਨ, ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਪੀੜਤਾਂ ਨੂੰ ਇਨਸਾਫ਼ ਮਿਲਿਆ-ਸਾਂਪਲਾ

ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਹ ਇਨਸਾਫ਼ ਪਹਿਲਾਂ ਵੀ ਮਿਲ ਸਕਦਾ ਸੀ, ਪਰ ਕਾਂਗਰਸ ਦੀ ਨੀਅਤ 'ਚ ਬਹੁਤ ਵੱਡਾ ਖੋਟ ਸੀ। '84 ਕਤਲੇਆਮ ਤੋਂ ਬਾਅਦ ਲਗਾਤਾਰ ਕੇਂਦਰ 'ਚ ਰਾਜ ਕਰਦੀ ਕਾਂਗਰਸ ਪਾਰਟੀ ਨੇ ਆਪਣੇ ਵੱਡੇ ਆਗੂਆਂ ਅਤੇ ਵਰਕਰਾਂ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ, ਪਰ ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ।
ਇਨਸਾਫ਼ ਨੂੰ ਲਟਕਾਉਂਦੀ ਰਹੀ ਕਾਂਗਰਸ-ਕਮਲ ਸ਼ਰਮਾ

ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਸਜ਼ਾ ਦਾ ਸਵਾਗਤ ਕਰਦਿਆਂ ਕਾਂਗਰਸ 'ਤੇ ਦੋਸ਼ ਲਾਇਆ ਕਿ ਉਹ ਇਸ ਮੁੱਦੇ 'ਤੇ ਅੱਜ ਤੱਕ ਨਿਆਂ ਪ੍ਰਣਾਲੀ ਨੂੰ ਲਟਕਾਉਂਦੀ, ਭਟਕਾਉਂਦੀ ਅਤੇ ਅਟਕਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ 'ਚ ਹੋਈ ਦੇਰੀ ਵੀ ਇਕ ਤਰ੍ਹਾਂ ਦੀ ਨਾਇਨਸਾਫ਼ੀ ਹੈ ਅਤੇ ਇਸ ਅੰਧੇਰਗਰਦੀ ਲਈ ਕਾਂਗਰਸ ਦੀਆਂ ਸਮੇਂ-ਸਮੇਂ 'ਤੇ ਆਈਆਂ ਸਰਕਾਰਾਂ ਜ਼ਿੰਮੇਵਾਰ ਹਨ।
ਕਾਂਗਰਸ ਦਾ ਚਿਹਰਾ ਨੰਗਾ ਹੋਇਆ-ਚੀਮਾ

ਸੰਗਰੂਰ, (ਫੁੱਲ, ਦਮਨ, ਬਿੱਟਾ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਐਡਵੋਕੇਟ ਨੇ ਕਿਹਾ ਹੈ ਕਿ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਮਿਲੀ ਉਮਰ ਕੈਦ ਦੀ ਸਜ਼ਾ ਨੇ ਅੱਜ ਦੁਨੀਆ 'ਚ ਕਾਂਗਰਸ ਪਾਰਟੀ ਦਾ ਚਿਹਰਾ ਨੰਗਾ ਕਰ ਕੇ ਰੱਖ ਦਿੱਤਾ ਹੈ। ਜੇਕਰ ਇਸ ਸਬੰਧੀ ਫ਼ੈਸਲਾ ਜਲਦ ਹੋ ਜਾਂਦਾ ਤਾਂ ਦੇਸ਼ 'ਚ ਗੋਧਰਾ ਜਿਹੇ ਦੰਗੇ ਕਦੇ ਵੀ ਨਹੀਂ ਹੋਣੇ ਸਨ। ਉਨ੍ਹਾਂ ਸਜ਼ਾ ਪਿੱਛੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਕੀਲ ਸ: ਐਚ.ਐਸ. ਫੂਲਕਾ ਦੀ ਅਹਿਮ ਭੂਮਿਕਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਆਪਣਾ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਤੱਕ ਤਿਆਗ ਦਿੱਤਾ।
ਦੋਸ਼ੀਆਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ-ਸਿੰਘ ਸਾਹਿਬ

ਅੰਮ੍ਰਿਤਸਰ, (ਹਰਮਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹੋਰ ਅਜਿਹੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਣਾ ਚਾਹੀਦਾ ਹੈ। ਸੱਜਣ ਕੁਮਾਰ ਦਾ ਗੁਨਾਹ ਸਜ਼ਾ ਨਾਲੋਂ ਬਹੁਤ ਵੱਡਾ ਸੀ, ਉਸ ਦੇ ਲਈ ਘੱਟੋ-ਘੱਟ ਮੌਤ ਦੀ ਸਜ਼ਾ ਹੋਣੀ ਚਾਹੀਦੀ ਸੀ।
ਗਾਂਧੀ ਪਰਿਵਾਰ ਨੂੰ ਸਿਆਸਤ 'ਚ ਬਣੇ ਰਹਿਣ ਦਾ ਹੱਕ ਨਹੀਂ-ਬਾਬਾ ਹਰਨਾਮ ਸਿੰਖ ਖ਼ਾਲਸਾ

ਅੰਮ੍ਰਿਤਸਰ, (ਅਜੀਤ ਬਿਊਰੋ)-ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ '84 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮੌਕੇ ਦੋਸ਼ੀਆਂ ਦੀ ਸਿਆਸੀ ਪੁਸ਼ਤਪਨਾਹੀ ਬਾਰੇ ਦਿੱਲੀ ਹਾਈਕੋਰਟ ਵਲੋਂ ਆਪਣੇ ਫ਼ੈਸਲੇ 'ਚ ਕੀਤੇ ਅਹਿਮ ਖ਼ੁਲਾਸੇ ਉਪੰਰਤ ਗਾਂਧੀ ਪਰਿਵਾਰ ਨੂੰ ਕਾਂਗਰਸ ਜਾਂ ਕਿਸੇ ਵੀ ਸਿਆਸੀ ਪਾਰਟੀ ਦੀ ਅਗਵਾਈ ਕਰਨ ਦਾ ਹੁਣ ਕੋਈ ਹੱਕ ਨਹੀਂ ਰਹਿ ਜਾਂਦਾ।
ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ-ਜਥੇ: ਬ੍ਰਹਮਪੁਰਾ

ਤਰਨ ਤਾਰਨ, (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਿੱਲੀ ਹਾਈਕੋਰਟ ਵਲੋਂ ਲਏ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਤਾਂ ਦਿੱਤੀ ਗਈ ਹੈ ਪਰ ਅਜਿਹੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਹਾਲੇ ਵੀ ਕਈ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮੰਦਭਾਗੀ ਘਟਨਾ ਲਈ ਇਨਸਾਫ਼ ਦੀ ਆਸ ਬਾਕੀ ਹੈ।
34 ਸਾਲ ਬਾਅਦ ਫੜਿਆ ਗਿਆ ਸਿਰਫ਼ ਇਕ ਨੇਤਾ-ਖਹਿਰਾ

ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਬਾਗ਼ੀ ਧੜੇ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਪੀੜਤਾਂ ਬੜੀ ਦੇਰ ਬਾਅਦ ਇਨਸਾਫ਼ ਮਿਲਿਆ ਪਰ 34 ਸਾਲਾਂ ਮਗਰੋਂ ਕਾਂਗਰਸ ਦਾ ਸਿਰਫ਼ ਇਕ ਹੀ ਨੇਤਾ ਫੜਿਆ ਗਿਆ, ਜਦਕਿ ਹੋਰ ਕਈਆਂ ਦੀ ਇਸ 'ਚ ਸ਼ਮੂਲੀਅਤ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਆਰ.ਐਸ.ਐਸ. ਅਤੇ ਭਾਜਪਾ ਆਗੂਆਂ ਦੇ ਨਾਂਅ ਵੀ ਸਾਹਮਣੇ ਆਉਂਦੇ ਰਹੇ ਹਨ ਪਰ ਸਮੇਂ ਨਾਲ ਬਹੁਤ ਕੇਸ ਖ਼ੁਰਦ-ਬੁਰਦ ਹੋ ਗਏ।
ਗਾਂਧੀ ਪਰਿਵਾਰ ਦੀ ਸ਼ਮੂਲੀਅਤ ਜੱਗ ਜ਼ਾਹਿਰ ਹੋਈ-ਫੈੱਡਰੇਸ਼ਨ ਗਰੇਵਾਲ

ਲੁਧਿਆਣਾ, (ਪਰਮਿੰਦਰ ਸਿੰਘ ਆਹੂਜਾ)-'84 ਦੇ ਸਿੱਖ ਕਤਲੇਆਮ ਦੇ ਸਬੰਧ 'ਚ ਅੱਜ ਦਿੱਲੀ ਅਦਾਲਤ ਵਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸਣਾਏ ਜਾਣ ਤੋਂ ਬਾਅਦ ਕਾਂਗਰਸ ਅਤੇ ਗਾਂਧੀ ਪਰਿਵਾਰ ਦੀ 84 ਸਿੱਖ ਨਸਲਕੁਸ਼ੀ 'ਚ ਸ਼ਮੂਲੀਅਤ ਜੱਗ ਜ਼ਾਹਿਰ ਹੋ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰਵੇਾਲ ਨੇ ਸੱਜਣ ਕੁਮਾਰ ਖਿਲਾਫ਼ ਆਏ ਅਦਾਲਤੀ ਫ਼ੈਸਲੇ 'ਤੇ ਟਿੱਪਣੀ ਕਰਦਿਆਂ ਕੀਤਾ।
ਦੇਰ ਨਾਲ ਹੀ ਸਹੀ, ਕੌਮ ਨੂੰ ਇਨਸਾਫ਼ ਮਿਲਿਆ-ਪੀਰਮੁਹੰਮਦ

ਜਲੰਧਰ, (ਜਸਪਾਲ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਕਾਂਗਰਸ ਦੇ ਪ੍ਰਮੁੱਖ ਆਗੂ ਤੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ 'ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆ ਦੱਸਿਆ ਕਿ ਅੱਜ ਦੇ ਦਿਨ 34 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਮੀਡੀਆ ਗਵਾਹਾਂ ਅਤੇ ਸਿੱਖ ਕੌਮ ਦੇ ਸਮਰਥਨ ਨਾਲ ਲੜੀ ਗਈ ਲੜਾਈ ਦੀ ਜਿੱਤ ਹੋਈ ਹੈ ਅਤੇ ਦੇਰ ਨਾਲ ਹੀ ਸਹੀ ਪਰ ਇਨਸਾਫ਼ ਦੀ ਜਿੱਤ ਹੋਈ ਹੈ।
ਕੇਜਰੀਵਾਲ ਵਲੋਂ ਫ਼ੈਸਲੇ ਦਾ ਸਵਾਗਤ

ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਦਿੱਲੀ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਸਵਾਗਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੀੜਤਾਂ ਦੇ ਇਨਸਾਫ਼ ਲਈ ਇਹ ਇਕ ਲੰਮਾ ਅਤੇ ਦੁਖਦਾਈ ਇੰਤਜ਼ਾਰ ਸੀ, ਜਿਨ੍ਹਾਂ ਦਾ ਕਤਲ ਉਨ੍ਹਾਂ ਵਲੋਂ ਕੀਤਾ ਗਿਆ ਸੀ, ਜੋ ਸੱਤਾ 'ਚ ਸੀ।
ਕਤਲੇਆਮ ਦਾ ਪਾਪ ਕਾਂਗਰਸ ਦੇ ਮੱਥੇ ਤੋਂ ਕਦੇ ਨਹੀਂ ਮਿਟ ਸਕੇਗਾ-ਡਾ: ਸ਼ਾਸਤਰੀ

ਨਵੀਂ ਦਿੱਲੀ, (ਬਲਵਿੰਦਰ ਸਿੰਘ ਸੋਢੀ)-ਰਾਸ਼ਟਰੀ ਸਿੱਖ ਸੰਗਤ ਨੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਰਾਸ਼ਟਰੀ ਸਿੱਖ ਸੰਗਤਾਂ ਦੇ ਰਾਸ਼ਟਰੀ ਜਨਰਲ ਸਕੱਤਰ ਡਾ: ਅਵਤਾਰ ਸਿੰਘ ਸ਼ਾਸਤਰੀ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਸੱਚ ਦੀ ਜਿੱਤ ਹੋਈ ਹੈ ਅਤੇ ਅੱਗੋਂ ਵੀ ਨਿਆਂ ਦੀ ਆਸ ਬੱਝੀ ਹੈ। ਉਨ੍ਹਾਂ ਕਾਂਗਰਸ ਪਾਰਟੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਪਾਰਟੀ ਨਿਆਂ ਦਿਵਾਉਣ ਦੀ ਥਾਂ ਇਸ ਮਾਮਲੇ 'ਤੇ ਪਰਦਾ ਪਾਉਂਦੀ ਰਹੀ ਅਤੇ ਇਹ ਪਾਪ ਕਾਂਗਰਸ ਪਾਰਟੀ ਦੇ ਮੱਥੇ ਤੋਂ ਕਦੇ ਨਹੀਂ ਮਿਟ ਸਕੇਗਾ।
ਇਨਸਾਫ਼ ਮਿਲਣ ਦੀ ਆਸ ਬੱਝੀ-ਡਾ: ਜਸਪਾਲ ਸਿੰਘ

ਡਾ: ਜਸਪਾਲ ਸਿੰਘ ਨੇ ਕਿਹਾ ਕਿ 34 ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਨਸਾਫ਼ ਮਿਲਣ ਦੀ ਆਸ ਬੱਝੀ ਹੈ। ਸਾਰੀ ਦੁਨੀਆ ਦਾ ਇਤਿਹਾਸ ਵੇਖੀਏ ਤਾਂ 1984 ਜਿਹੀ ਨਸਲਕੁਸ਼ੀ ਕਿਤੇ ਵੇਖਣ ਨੂੰ ਨਹੀਂ ਮਿਲੀ। ਸ਼ਾਇਦ ਹੀ ਦੁਨੀਆ 'ਚ ਕੋਈ ਕਾਲੋਨੀ ਹੋਵੇ ਜਿਥੇ ਸਿਰਫ਼ ਵਿਧਵਾਵਾਂ ਰਹਿੰਦੀਆਂ ਹੋਣ ਪਰ ਭਾਰਤ-ਪਾਕਿ ਵੰਡ ਤੋਂ ਬਾਅਦ ਇਸ ਇਕਪਾਸੜ ਹਿੰਸਾ ਕਾਰਨ ਆਜ਼ਾਦ ਭਾਰਤ 'ਚ ਅਜਿਹੀ ਕਾਲੋਨੀ ਵੀ ਬਣਾਉਣ ਨੂੰ ਮਜਬੂਰ ਹੋਣਾ ਪਿਆ। ਹਾਲਾਂਕਿ ਇਸ ਨੂੰ ਪੂਰਾ ਇਨਸਾਫ਼ ਨਹੀਂ ਕਿਹਾ ਜਾ ਸਕਦਾ। ਇਨਸਾਫ਼ ਹਾਸਲ ਕਰਨ 'ਚ ਮਨੁੱਖਵਾਦੀ ਪੱਖ਼ ਨੂੰ ਵੀ ਨਾਲ ਲੈ ਕੇ ਚੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਤੋਂ ਮੁਆਫ਼ੀ ਮੰਗਣ ਦੀ ਵੀ ਲੋੜ ਹੈ ਅਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਉਣ ਦੀ ਵੀ।
ਇਨਸਾਫ਼ ਦੀ ਉਮੀਦ ਰੱਖਣ ਵਾਲਿਆਂ ਲਈ ਵੱਡੀ ਆਸ-ਦਲ ਖ਼ਾਲਸਾ

ਅੰਮ੍ਰਿਤਸਰ, (ਵਿ: ਪ੍ਰ:)-ਦਲ ਖ਼ਾਲਸਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਦਾ ਇਹ ਫ਼ੈਸਲਾ ਸਿੱਖ ਨਸਲਕੁਸ਼ੀ ਦੇ ਚੱਲੇ ਦੌਰ 'ਚ ਆਪਣੇ ਪਰਿਵਾਰਕ ਜੀਅ ਗਵਾਉਣ ਵਾਲਿਆਂ ਲਈ ਵੱਡੀ ਰਾਹਤ ਹੈ ਅਤੇ ਇਨਸਾਫ਼ ਦੀ ਉਮੀਦ ਰੱਖਣ ਵਾਲਿਆਂ ਲਈ ਵੱਡੀ ਆਸ ਹੈ। ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਦਾ ਕਹਿਣਾ ਹੈ ਕਿ ਅਸੀਂ ਉਸ ਦਿਨ ਹੀ ਇਸ ਅਦਾਲਤੀ ਫ਼ੈਸਲੇ ਦਾ ਸਵਾਗਤ ਕਰਾਂਗੇ, ਜਿਸ ਦਿਨ ਸਿੱਖ ਨਸਲਕੁਸ਼ੀ 'ਚ ਮੋਹਰੀ ਭੂਮਿਕਾ ਨਿਭਾਉਣ ਵਾਲਾ ਸੱਜਣ ਕੁਮਾਰ ਜੇਲ੍ਹ ਦੇ ਅੰਦਰ ਹੋਵੇਗਾ।
ਸਿਮਰਨਜੀਤ ਸਿੰਘ ਮਾਨ ਵਲੋਂ ਫ਼ੈਸਲੇ ਦਾ ਸਵਾਗਤ

ਸੰਗਰੂਰ, (ਫੁੱਲ, ਦਮਨ, ਬਿੱਟਾ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਹਾਈਕੋਰਟ ਵਲੋਂ ਸੁਣਾਈ ਸਜ਼ਾ ਦਾ ਸਿੱਖ ਕੌਮ ਵਲੋਂ ਸਵਾਗਤ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸ: ਐਚ.ਐਸ. ਫੂਲਕਾ, ਦਿੱਲੀ ਸਿੱਖ ਗੁ: ਪ੍ਰਬੰਧਕ ਕਮੇਟੀ ਦੀ ਪੁਰਾਣੀ ਤੇ ਮੌਜੂਦਾ ਟੀਮ ਦੇ ਨਾਲ-ਨਾਲ ਇਸ ਕੇਸ ਨੂੰ ਸਿਰੇ 'ਤੇ ਲੈ ਕੇ ਜਾਣ ਲਈ ਬੀਬੀ ਜਗਦੀਸ਼ ਕੌਰ ਦੀ ਹਿੰਮਤ ਹੈ।
ਦੇਰੀ ਤਾਂ ਹੋਈ ਪਰ ਇਨਸਾਫ਼ ਮਿਲਿਆ-ਉਮਰ ਅਬਦੁੱਲਾ

ਸ੍ਰੀਨਗਰ, (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਲੀ ਹਾਈਕੋਰਟ ਵਲੋਂ '84 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ 'ਤੇ ਟਵੀਟ ਕਰਦਿਆਂ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦੇਰੀ ਤਾਂ ਹੋਈ ਹੈ ਪਰ ਇਨਸਾਫ਼ ਮਿਲਿਆ ਹੈ। ਖੱਬੇ ਪੱਖੀ ਪਾਰਟੀਆਂ ਨੇ ਸੱਜਣ ਕੁਮਾਰ ਸਜ਼ਾ ਹੋਣ 'ਤੇ ਸਵਾਗਤ ਕੀਤਾ।
ਉਸ ਸਮੇਂ ਦੇ ਅਧਿਕਾਰੀਆਂ ਨੂੰ ਵੀ ਸਜ਼ਾ ਮਿਲੇ-ਤਰਲੋਚਨ ਸਿੰਘ

ਅਦਾਲਤ ਦੇ ਇਸ ਫ਼ੈਸਲੇ ਨੂੰ 1984 ਦੇ ਪੀੜਤਾਂ ਲਈ ਹਰਜਾਨਾ ਤਾਂ ਨਹੀਂ, ਪਰ ਇਸ ਨੂੰ ਰਾਹਤ ਜ਼ਰੂਰ ਕਿਹਾ ਜਾ ਸਕਦਾ ਹੈ। ਹਾਲਾਂਕਿ ਇਹ ਸਜ਼ਾ ਉਸ ਵੇਲੇ ਮੁਕੰਮਲ ਹੋਵੇਗੀ ਜਦੋਂ ਉਸ ਸਮੇਂ ਦੇ ਸਿਵਲ ਅਤੇ ਪੁਲਿਸ ਦੇ ਅਫਸਰਾਂ ਨੂੰ ਸਜ਼ਾ ਮਿਲੇਗੀ, ਕਿਉਂਕਿ ਜੋ ਵੀ ਉਸ ਵੇਲੇ ਵਾਪਰਿਆ ਉਹ ਪ੍ਰਸ਼ਾਸਨ ਅਤੇ ਪੁਲਿਸ ਲਈ ਵੀ ਅਪਰਾਧ ਸੀ। ਉਹ ਨਿਆਂ ਅਜੇ ਬਕਾਇਆ ਹੈ। ਅੱਜ ਦੇ ਫ਼ੈਸਲੇ ਨਾਲ ਸਿਰਫ਼ ਸਿੱਖਾਂ ਨੂੰ ਨਹੀਂ, ਸਗੋਂ ਮਨੁੱਖੀ ਹੱਕਾਂ ਦੇ ਹਰ ਕਾਰਕੁੰਨ ਨੂੰ ਖੁਸ਼ੀ ਹੋਵੇਗੀ।
ਦੇਰ ਨਾਲ ਆਇਆ ਇਕ ਦਰੁਸਤ ਫ਼ੈਸਲਾ-ਭਗਵੰਤ ਮਾਨ

'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਦੇਰ ਨਾਲ ਆਇਆ ਇਕ ਦਰੁਸਤ ਫ਼ੈਸਲਾ ਹੈ। ਇਹ 34 ਸਾਲ ਦੇ ਦਰਦ ਭਰੇ ਇੰਤਜ਼ਾਰ ਅਤੇ ਜ਼ਖ਼ਮਾਂ 'ਤੇ ਥੋੜ੍ਹੀ ਜਿਹੀ ਮੱਲ੍ਹਮ ਹੈ ਪਰ ਲੜਾਈ ਅਜੇ ਖ਼ਤਮ ਨਹੀਂ ਹੋਈ। ਅਜੇ ਵੀ ਬੜੇ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਵੱਡੇ ਅਹੁਦਿਆਂ 'ਤੇ ਕਾਬਜ਼ ਹਨ। ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ।

ਸੱਜਣ ਕੁਮਾਰ ਨੂੰ ਉਮਰ ਕੈਦ ਕਾਂਗਰਸ ਦੀ ਨੈਤਿਕ ਹਾਰ-ਜੀ. ਕੇ.

ਨਵੀਂ ਦਿੱਲੀ, 17 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ. ਐਮ. ਜੀ. ਐਮ. ਸੀ.) ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਜਿਸ ਸੱਜਣ ਕੁਮਾਰ ਨੂੰ ਕਾਂਗਰਸ ਵਲੋਂ ਬਚਾਇਆ ਜਾ ਰਿਹਾ ਸੀ, ਉਸ ਨੂੰ ਹਾਈਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਕਾਂਗਰਸ ਲਈ ਨੈਤਿਕ ਹਾਰ ਹੈ। ਉਨ੍ਹਾਂ ਕਿਹਾ ਕਿ ਇਸ ਲਈ ਲੰਬੀ ਲੜਾਈ ਲੜੀ ਗਈ। ਉਨ੍ਹਾਂ ਕਿਹਾ ਕਿ 1984 ਦੇ ਕਾਤਲਾਂ ਨੂੰ ਗਾਂਧੀ ਪਰਿਵਾਰ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਜੇਕਰ ਪਿਛਲੀ ਕਮੇਟੀ ਚੰਗੀ ਤਰ੍ਹਾਂ ਪੈਰਵੀ ਕਰਦੀ ਤਾਂ ਅੱਜ ਉਨ੍ਹਾਂ ਕਾਤਲਾਂ ਨੂੰ ਸਜ਼ਾ ਪਹਿਲਾਂ ਹੀ ਮਿਲੀ ਹੁੰਦੀ ਜੋ ਅੱਜ ਦੁਨੀਆ 'ਚ ਨਹੀਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਇਹ ਸਜ਼ਾ ਦਿੱਤੀ ਗਈ ਹੈ, ਉਹ ਬਹੁਤ ਥੋੜ੍ਹੀ ਹੈ। ਉਨ੍ਹਾਂ ਦੱਸਿਆ ਕਿ 1984 ਦੇ ਕਤਲੇਆਮ 'ਚ ਸ਼ਾਮਿਲ ਗਵਾਹਾਂ ਨੂੰ ਲਾਲਚ ਦਿੱਤੇ ਗਏ ਅਤੇ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਨੇ ਆਪਣੇ ਹੌਸਲੇ ਬੁਲੰਦ ਰੱਖੇ ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਉਨ੍ਹਾਂ ਦਿੱਲੀ ਕਮੇਟੀ ਦੇ ਮੈਂਬਰਾਂ, ਅਧਿਕਾਰੀਆਂ, ਸ਼੍ਰੋਮਣੀ ਕਮੇਟੀ, ਸੰਗਤ, ਵਕੀਲਾਂ ਤੇ ਮੀਡੀਆ ਦਾ ਧੰਨਵਾਦ ਕੀਤਾ।
ਹੁਣ ਟਾਈਟਲਰ ਦੀ ਵਾਰੀ-ਸਿਰਸਾ
ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਹਾਈਕੋਰਟ ਦੇ ਫ਼ੈਸਲੇ ਨੂੰ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਦੀ ਨੈਤਿਕਤਾ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਪ੍ਰਤੀ ਕਾਂਗਰਸੀ ਨੇਤਾਵਾਂ ਤੇ ਦਿੱਲੀ ਪੁਲਿਸ ਨੇ ਵੀ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖਾਂ ਦੀ ਕਾਤਲ ਹੈ ਅਤੇ ਉਸ ਨੂੰ ਵਿਰੋਧੀ ਧਿਰ 'ਚ ਬੈਠਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਸੱਜਣ ਕੁਮਾਰ ਤੋਂ ਬਾਅਦ ਟਾਈਟਲਰ ਦੀ ਵਾਰੀ ਹੈ।
ਅਵਤਾਰ ਸਿੰਘ ਹਿੱਤ ਵਲੋਂ ਫ਼ੈਸਲੇ ਦਾ ਸਵਾਗਤ
ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਸਾਡੀ ਗੱਲ ਮੰਨੀ ਗਈ ਪ੍ਰੰਤੂ ਅੱਜ ਜੱਜ ਸਾਹਿਬਾਨ ਨੇ ਸਭ ਕੁਝ ਕਹਿ ਦਿੱਤਾ। ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਦੀ ਲੜਾਈ ਉਨ੍ਹਾਂ ਵਲੋਂ ਸ਼ੁਰੂ ਤੋਂ ਹੀ ਲੜੀ ਜਾ ਰਹੀ ਹੈ ਅਤੇ ਜੇਕਰ ਪਹਿਲੀ ਕਮੇਟੀ ਨੇ ਇਸ ਮਾਮਲੇ 'ਚ ਕੁਝ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਸਜ਼ਾ ਪਹਿਲਾਂ ਹੀ ਮਿਲ ਜਾਣੀ ਸੀ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਸਭ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮਾਮਲੇ ਪ੍ਰਤੀ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਤੇ ਟਾਈਟਲਰ ਨੂੰ ਫਾਂਸੀ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੋਂ ਅਜਿਹੇ ਹਾਲਾਤ ਕਦੇ ਪੈਦਾ ਨਾ ਹੋਣ। ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਹੁਣ ਉਪਰੋਕਤ ਮਾਮਲੇ 'ਚ ਹੋਰਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ।

ਕੈਪਟਨ ਦਾ ਪੀ.ਜੀ.ਆਈ. 'ਚ ਹੋਇਆ ਆਪ੍ਰੇਸ਼ਨ

ਚੰਡੀਗੜ੍ਹ, 17 ਦਸੰਬਰ (ਮਨਜੋਤ ਸਿੰਘ ਜੋਤ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ 'ਚੋਂ ਪੱਥਰੀ ਹਟਾਉਣ ਲਈ ਉਨ੍ਹਾਂ ਦਾ ਅੱਜ ਸਵੇਰੇ ਇੱਥੇ ਪੀ. ਜੀ. ਆਈ. ਵਿਖੇ ਆਪ੍ਰੇਸ਼ਨ ਹੋਇਆ। ਇਹ ਆਪ੍ਰੇਸ਼ਨ ਲਗਪਗ 40 ਮਿੰਟ ਤੱਕ ਚੱਲਿਆ ਤੇ ਮੁੱਖ ਮੰਤਰੀ ਨੂੰ ਇਕ ਦੋ-ਦਿਨਾਂ ਤੱਕ ਹਸਪਤਾਲ 'ਚੋਂ ਛੁੱਟੀ ਮਿਲਣ ਦੀ ਉਮੀਦ ਹੈ। ਉਨ੍ਹਾਂ ਨੂੰ ਐਤਵਾਰ ਨੂੰ ਪੀ.ਜੀ.ਆਈ. ਵਿਖੇ ਦਾਖ਼ਲ ਕੀਤਾ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਇਹ ਪੱਥਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਕੁਝ ਦਿਨਾਂ ਤੋਂ ਤਕਲੀਫ਼ ਦੇ ਰਹੀ ਸੀ, ਜਿਸ ਕਰਕੇ ਇਸ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਅਗਲੇ ਕੁਝ ਦਿਨਾਂ ਤੱਕ ਠੀਕ ਹੋ ਕੇ ਆਮ ਕੰਮਕਾਜ ਸ਼ੁਰੂ ਕਰ ਦੇਣਗੇ।

ਦਿਆਲ ਸਿੰਘ ਕੋਲਿਆਂਵਾਲੀ 3 ਦਿਨ ਦੇ ਪੁਲਿਸ ਰਿਮਾਂਡ 'ਤੇ ਵਿਜੀਲੈਂਸ ਘਰ ਦੀ ਤਲਾਸ਼ੀ ਤੋਂ ਇਲਾਵਾ ਬੈਂਕ ਖਾਤਿਆਂ ਦੀ ਵੀ ਕਰੇਗੀ ਜਾਂਚ

ਐੱਸ. ਏ. ਐੱਸ. ਨਗਰ, 17 ਦਸੰਬਰ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਵਲੋਂ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਖ਼ਿਲਾਫ਼ ਦਰਜ ਮਾਮਲੇ 'ਚ ਅੱਜ ਜਿਵੇਂ ਹੀ ਜੇਲ੍ਹ ਪ੍ਰਸ਼ਾਸਨ ਕੋਲਿਆਂਵਾਲੀ ਨੂੰ ਮੁਹਾਲੀ ਦੀ ਅਦਾਲਤ 'ਚ ਲੈ ਕੇ ਪਹੁੰਚਿਆਂ ਤਾਂ ਪਹਿਲਾਂ ਤੋਂ ਖੜ੍ਹੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਕੋਲਿਆਂਵਾਲੀ ਨੂੰ ਗ੍ਰਿਫ਼ਤਾਰ ਕਰ ਕੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਦੀ ਅਦਾਲਤ 'ਚ ਪੇਸ਼ ਕਰ ਕੇ 5 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ 'ਚ ਤਰਕ ਦਿੱਤਾ ਕਿ ਦਿਆਲ ਸਿੰਘ ਕੋਲਿਆਂਵਾਲੀ ਵਿਜੀਲੈਂਸ ਦੇ ਸਾਹਮਣੇ 3 ਵਾਰੀ ਪੇਸ਼ ਹੋਇਆ ਸੀ, ਪ੍ਰੰਤੂ ਉਸ ਵਲੋਂ ਵਿਜੀਲੈਂਸ ਜਾਂਚ 'ਚ ਬਿਲਕੁਲ ਵੀ ਸਹਿਯੋਗ ਨਹੀਂ ਦਿੱਤਾ ਗਿਆ। ਸਰਕਾਰੀ ਧਿਰ ਦਾ ਕਹਿਣਾ ਸੀ ਕਿ ਕੋਲਿਆਂਵਾਲੀ ਦੀ ਮਹਿਲਨੁਮਾ ਕੋਠੀ ਦੀ ਜਾਂਚ, ਉਸ ਦੇ ਬੈਂਕ ਖਾਤਿਆਂ ਦੀ ਜਾਂਚ, ਪੰਜਾਬ ਅਤੇ ਬਾਹਰਲੇ ਸੂਬਿਆਂ 'ਚ ਬਣਾਈ ਜਾਇਦਾਦ ਦੀ ਜਾਂਚ ਅਤੇ ਅਧੀਨ ਚੋਣ ਸੇਵਾਵਾਂ ਬੋਰਡ ਦੇ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਹੁੰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਹੈ। ਉਧਰ ਬਚਾਅ ਪੱਖ ਦੇ ਵਕੀਲ ਬਾਬੂ ਸਿੰਘ ਨੇ ਪੁਲਿਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਦਿਆਲ ਸਿੰਘ ਕੋਲਿਆਂਵਾਲੀ ਨੂੰ ਰਾਜਨੀਤਕ ਕਾਰਨਾਂ ਕਰ ਕੇ ਫਸਾਇਆ ਗਿਆ ਹੈ, ਵਿਜੀਲੈਂਸ ਕੋਲ ਕੋਲਿਆਂਵਾਲੀ ਖ਼ਿਲਾਫ਼ ਇਕ ਵੀ ਸਬੂਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦਿਆਲ ਸਿੰਘ ਕੋਲਿਆਂਵਾਲੀ ਖ਼ਿਲਾਫ਼ ਕਾਂਗਰਸ ਸਰਕਾਰ ਨੇ 10 ਝੂਠੇ ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ 'ਚੋਂ ਕੋਲਿਆਂਵਾਲੀ 9 ਮਾਮਲਿਆਂ 'ਚੋਂ ਬਰੀ ਹੋ ਚੁੱਕਾ ਹੈ, ਜਦਕਿ 1 ਮਾਮਲਾ ਵਿਚਾਰ ਅਧੀਨ ਹੈ। ਕੋਲਿਆਂਵਾਲੀ ਦਾ ਕਸੂਰ ਇਹ ਹੈ ਕਿ ਉਹ ਸ: ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਦਾ ਇੰਚਾਰਜ ਹੈ ਅਤੇ ਚੋਣਾਂ ਦੌਰਾਨ ਉਹ ਸ: ਬਾਦਲ ਦੀ ਖੁੱਲ੍ਹ ਕੇ ਮਦਦ ਕਰਦਾ ਹੈ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿਆਲ ਸਿੰਘ ਕੋਲਿਆਂਵਾਲੀ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਦਿਆਂ ਕਿਹਾ ਕਿ ਰਿਮਾਂਡ ਦੌਰਾਨ ਕੋਲਿਆਂਵਾਲੀ ਦੇ ਵਕੀਲ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਮਿਲ ਸਕਦੇ ਹਨ, ਜੇਕਰ ਵਿਜੀਲੈਂਸ ਕੋਲਿਆਂਵਾਲੀ ਨੂੰ ਮੁਹਾਲੀ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੀ ਹੈ ਤਾਂ ਇਸ ਸਬੰਧੀ ਅਦਾਲਤ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੋਵੇਗਾ। ਇਸ ਦੌਰਾਨ ਅਦਾਲਤ ਦੇ ਬਾਹਰ ਦਿਆਲ ਸਿੰਘ ਕੋਲਿਆਂਵਾਲੀ ਨੇ ਵੀ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਜਲਦ ਸੱਚ ਸਾਹਮਣੇ ਆ ਜਾਵੇਗਾ।
ਅਕਾਲੀ ਦਲ ਨੇ ਕੋਲਿਆਂਵਾਲੀ ਨੂੰ ਕਾਂਗਰਸ ਸਰਕਾਰ ਵਲੋਂ ਝੂਠੇ ਮਾਮਲੇ 'ਚ ਫਸਾਉਣ ਦਾ ਲਾਇਆ ਦੋਸ਼
ਦਿਆਲ ਸਿੰਘ ਕੋਲਿਆਂਵਾਲੀ ਨੂੰ ਅਦਾਲਤ 'ਚ ਮਿਲਣ ਲਈ ਪਹੁੰਚੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪਿਛਲੀ ਸਰਕਾਰ ਸਮੇਂ ਵੀ ਅਕਾਲੀ ਆਗੂਆਂ ਖ਼ਿਲਾਫ਼ ਝੂਠੇ ਮਾਮਲੇ ਦਰਜ ਕੀਤੇ ਗਏ ਸਨ ਅਤੇ ਅਕਾਲੀ ਆਗੂ ਉਨ੍ਹਾਂ ਮਾਮਲਿਆਂ 'ਚੋਂ ਪਾਕ ਸਾਫ਼ ਨਿਕਲੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ ਅਤੇ ਇਸ ਮਾਮਲੇ 'ਚ ਵੀ ਉਨ੍ਹਾਂ ਦੀ ਹੀ ਜਿੱਤ ਹੋਵੇਗੀ। ਉਧਰ ਜਿਵੇਂ ਹੀ ਅੱਜ ਦਿਆਲ ਸਿੰਘ ਕੋਲਿਆਂਵਾਲੀ ਨੂੰ ਅਦਾਲਤ 'ਚ ਪੇਸ਼ ਕਰਨ ਦੀ ਸੂਚਨਾ ਮਿਲੀ ਤਾਂ ਅਕਾਲੀ ਦਲ ਦੇ ਡੇਰਾਬੱਸੀ ਤੋਂ ਵਿਧਾਇਕ ਐਨ. ਕੇ. ਸ਼ਰਮਾ, ਮੁਹਾਲੀ ਸ਼ਹਿਰੀ ਪ੍ਰਧਾਨ ਬਲਜੀਤ ਸਿੰਘ ਕੁੰਭੜਾ, ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ, ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਅਤੇ ਕੌਂਸਲਰ ਹਰਦੀਪ ਸਿੰਘ ਸਮੇਤ ਅਕਾਲੀ ਦਲ ਦੇ ਕਈ ਆਗੂ ਸ਼ਾਮ ਤੱਕ ਅਦਾਲਤ 'ਚ ਹਾਜ਼ਰ ਰਹੇ।

ਕੇਂਦਰ ਵਲੋਂ ਜੰਮੂ-ਕਸ਼ਮੀਰ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਸ਼

ਨਵੀਂ ਦਿੱਲੀ/ਜੰਮੂ, 17 ਦਸੰਬਰ (ਏਜੰਸੀ)-ਜੰਮੂ-ਕਸ਼ਮੀਰ 'ਚ 19 ਦਸੰਬਰ ਨੂੰ ਗਵਰਨਰ ਸ਼ਾਸਨ ਦੇ 6 ਮਹੀਨੇ ਪੂਰੇ ਹੋਣ ਬਾਅਦ ਕੇਂਦਰ ਨੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫਾਰਸ਼ ਕਰ ਦਿੱਤੀ ਹੈ। ਕੇਂਦਰ ਵਲੋਂ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫਾਰਸ਼ ਸੂਬੇ ਦੇ ਗਵਰਨਰ ਸੱਤਿਆ ਪਾਲ ਮਲਿਕ ਵਲੋਂ ਅੱਜ ਕੇਂਦਰ ਨੂੰ 19 ਦਸੰਬਰ ਬਾਅਦ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫਾਰਸ਼ ਕਰਨ ਬਾਅਦ ਕੀਤੀ ਗਈ ਹੈ। ਕੇਂਦਰੀ ਮੰਤਰੀ-ਮੰਡਲ ਨੇ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੇ ਪ੍ਰਸਤਾਵ ਨੂੰ ਪਾਸ ਕਰਨ ਬਾਅਦ ਇਸ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜ ਦਿੱਤਾ ਹੈ ਅਤੇ ਮੰਤਰੀ ਮੰਡਲ ਦੀ ਸਹਿਮਤੀ ਬਾਅਦ ਇਸ ਸਿਫਾਰਸ਼ ਦੇ ਮਸੌਦੇ 'ਤੇ ਰਾਸ਼ਟਰਪਤੀ ਦੇ ਦਸਤਖ਼ਤ ਹੋਣ ਬਾਅਦ ਸੂਬੇ ਦੀਆਂ ਸਭ ਵਿਧਾਨਕਾਰੀ ਸ਼ਕਤੀਆਂ ਸੰਸਦ ਦੇ ਅਧਿਕਾਰ ਖੇਤਰ ਹੇਠ ਆ ਜਾਣਗੀਆਂ।

ਭਾਰਤ ਵਲੋਂ ਮਾਲਦੀਵ ਨੂੰ 1.4 ਅਰਬ ਡਾਲਰ ਦੀ ਸਹਾਇਤਾ

* ਦੋਵਾਂ ਦੇਸ਼ਾਂ ਵਿਚਾਲੇ ਚਾਰ ਸਮਝੌਤਿਆਂ 'ਤੇ ਦਸਤਖ਼ਤ * ਪ੍ਰਧਾਨ ਮੰਤਰੀ ਵਲੋਂ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨਾਲ ਮੁਲਾਕਾਤ

ਨਵੀਂ ਦਿੱਲੀ, 17 ਦਸੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਦਰਮਿਆਨ ਇੱਥੇ ਹੋਈ ਵਿਆਪਕ ਗੱਲਬਾਤ ਤੋਂ ਬਾਅਦ ਭਾਰਤ ਨੇ ਮਾਲਦੀਵ ਨੂੰ 1.4 ਅਰਬ ਡਾਲਰ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਨੇ ਹਿੰਦ ਮਹਾਸਾਗਰ ਖ਼ੇਤਰ 'ਚ ਸੁਰੱਖਿਆ ਸਹਿਯੋਗ ਵਧਾਉਣ ਦਾ ਸੰਕਲਪ ਲਿਆ। ਦੋਵਾਂ ਦੇਸ਼ਾਂ ਨੇ ਵੀਜ਼ਾ ਸਹੂਲਤ ਸਮੇਤ ਚਾਰ ਸਮਝੌਤਿਆਂ 'ਤੇ ਦਸਤਖ਼ਤ ਵੀ ਕੀਤੇ। ਮੋਦੀ ਨੇ ਸਾਂਝੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਸੀਂ ਸੁਖ਼ਾਵੇਂ ਮਾਹੌਲ 'ਚ ਸਫ਼ਲ ਗੱਲਬਾਤ ਕੀਤੀ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੁਰੱਖਿਆ ਹਿੱਤ ਇਕ-ਦੂਸਰੇ ਨਾਲ ਮਿਲਦੇ ਹਨ ਅਤੇ ਹਿੰਦ ਮਹਾਸਾਗਰ ਖ਼ੇਤਰ 'ਚ ਸਹਿਯੋਗ ਹੋਰ ਮਜ਼ਬੂਤ ਕਰਨ ਲਈ ਅਸੀਂ ਮਿਲ ਕੇ ਕੰਮ ਕਰਾਂਗੇ। ਮੋਦੀ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੇ ਦੇਸ਼ਾਂ 'ਚ ਅਜਿਹੀਆਂ ਕੋਈ ਸਰਗਰਮੀਆਂ ਨਹੀਂ ਹੋਣ ਦੇਵਾਂਗੇ ਕਿ ਜਿਸ ਨਾਲ ਇਕ ਦੂਸਰੇ ਦੇ ਹਿੱਤਾਂ ਨੂੰ ਨੁਕਸਾਨ ਪੁੱਜੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਮਾਲਦੀਵ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਕਰਜ਼ ਦੀ ਸੀਮਾ ਤੇ ਕਰੰਸੀ ਸਵੈਪ ਲਈ ਉਸ ਨੂੰ 1.4 ਅਰਬ ਡਾਲਰ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਲਦੀਵ ਨਾਲ ਬਿਹਤਰ ਵਪਾਰਕ ਰਿਸ਼ਤੇ ਚਾਹੁੰਦੇ ਹਾਂ, ਕਿਉਂਕਿ ਮਾਲਦੀਵ 'ਚ ਭਾਰਤੀ ਕੰਪਨੀਆਂ ਲਈ ਕਾਫ਼ੀ ਮੌਕੇ ਹਨ। ਦੂਸਰੇ ਪਾਸੇ ਮਾਲਦੀਵ ਦੇ ਰਾਸ਼ਟਰਪਤੀ ਨੇ ਕਿਹਾ ਕਿ ਹਿੰਦ ਮਹਾਸਾਗਰ ਖੇਤਰ 'ਚ ਤਾਲਮੇਲ ਗਸ਼ਤ ਅਤੇ ਹਵਾਈ ਨਿਗਰਾਨੀ ਜ਼ਰੀਏ ਸਮੁੰਦਰੀ ਸੁਰੱਖਿਆ ਸਹਿਯੋਗ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਨੇ ਸਹਿਮਤੀ ਜਤਾਈ ਹੈ। ਇਕ ਮਹੀਨਾ ਪਹਿਲਾਂ ਮਾਲਦੀਵ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਬਰਾਹਿਮ ਦਾ ਇਹ ਕੋਈ ਪਹਿਲਾ ਵਿਦੇਸ਼ੀ ਦੌਰਾ ਹੈ। ਮੋਦੀ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਮਾਲਦੀਵ ਗਏ ਸੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਬਰਾਹਿਮ ਮੁਹੰਮਦ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ।

ਕਮਲ ਨਾਥ ਨੇ ਮੱਧ ਪ੍ਰਦੇਸ਼, ਗਹਿਲੋਤ ਨੇ ਰਾਜਸਥਾਨ ਤੇ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

ਭੁਪਾਲ/ਜੈਪੁਰ/ਰਾਏਪੁਰ, 17 ਦਸੰਬਰ (ਏਜੰਸੀ)-ਅੱਜ ਕਾਂਗਰਸੀ ਆਗੂਆਂ ਕਮਲ ਨਾਥ, ਅਸ਼ੋਕ ਗਹਿਲੋਤ ਅਤੇ ਭੁਪੇਸ਼ ਬਘੇਲ ਨੇ ਕ੍ਰਮਵਾਰ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਵੱਖ-ਵੱਖ ਥਾਈਂ ਹੋਏ ਸਹੁੰ ਚੁੱਕ ਸਮਾਗਮਾਂ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਰਹੇ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਵੀ ਸਮਾਗਮਾਂ 'ਚ ਸ਼ਿਰਕਤ ਕੀਤੀ, ਜਿਸ ਨਾਲ ਵਿਰੋਧੀ ਧਿਰ ਇਕ ਮੰਚ 'ਤੇ ਇਕੱਠੀ ਨਜ਼ਰ ਆਈ ਜਦੋਂ ਕਿ ਬਸਪਾ ਪ੍ਰਧਾਨ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਇਨ੍ਹਾਂ ਸਮਾਰੋਹਾਂ 'ਚੋਂ ਗੈਰ-ਹਾਜ਼ਰ ਰਹੇ, ਜੋ ਕਿ ਰਾਜਨੀਤਕ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕਮਲ ਨਾਥ ਨੇ ਮੱਧ ਪ੍ਰਦੇਸ਼ ਦੇ 18ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਰਾਜਪਾਲ ਅਨੰਦੀਬੇਨ ਪਟੇਲ ਨੇ ਸਹੁੰ ਚੁਕਾਈ। ਰਾਜਪਾਲ ਨੇ ਸ਼ੁੱਕਰਵਾਰ ਨੂੰ ਕਮਲ ਨਾਥ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਬੀਤੇ ਵੀਰਵਾਰ ਨੂੰ ਛਿੰਦਵਾੜਾ ਤੋਂ 9 ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਕਮਲ ਨਾਥ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ। ਕਮਲ ਨਾਥ ਜੋ ਕਿ ਕੇਂਦਰੀ ਕੈਬਨਿਟ 'ਚ ਕਈ ਅਹੁਦਿਆਂ 'ਤੇ ਰਹਿ ਚੁੱਕੇ ਹਨ ਨੂੰ 26 ਅਪ੍ਰੈਲ ਨੂੰ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਬਣਾਇਆ ਗਿਆ ਸੀ ਤੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਮੋਹਰੀ ਭੂਮਿਕਾ ਨਿਭਾਈ, ਜਿਨ੍ਹਾਂ ਦੇ ਨਤੀਜੇ 11 ਦਸੰਬਰ ਨੂੰ ਐਲਾਨੇ ਗਏ ਸਨ।
ਇਸੇ ਤਰ੍ਹਾਂ ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਜਦੋਂ ਕਿ ਸਚਿਨ ਪਾਇਲਟ ਨੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ। ਪਾਰਟੀ ਨੇ ਐਲਾਨ ਕੀਤਾ ਕਿ ਸਚਿਨ ਪਾਇਲਟ ਸੂਬੇ ਦੇ ਉੱਪ ਮੁੱਖ ਮੰਤਰੀ ਹੋਣਗੇ। ਇੱਥੇ ਅਲਬਰਟ ਹਾਲ 'ਚ ਹੋਏ ਸਮਾਰੋਹ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਮਨਮੋਹਨ ਸਿੰਘ ਦੀ ਹਾਜ਼ਰੀ 'ਚ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਨੇ ਗਹਿਲੋਤ ਤੇ ਪਾਇਲਟ ਨੂੰ ਸਹੁੰ ਚੁਕਾਈ। ਇਸ ਸਮਾਰੋਹ ਵਿਚ ਕਾਂਗਰਸ ਤੇ ਗੱਠਜੋੜ ਪਾਰਟੀਆਂ ਦੇ ਵੱਡੀ ਗਿਣਤੀ ਆਗੂ ਹਾਜ਼ਰ ਸਨ। ਰਾਜਪਾਲ ਨੇ ਗਹਿਲੋਤ ਦੀ ਸਲਾਹ ਨਾਲ ਕਿਹਾ ਕਿ ਪਾਇਲਟ ਸੂਬੇ ਦੇ ਉੱਪ ਮੁੱਖ ਮੰਤਰੀ ਹੋਣਗੇ। ਜ਼ਿਕਰਯੋਗ ਹੈ ਕਿ ਗਹਿਲੋਤ, ਪਾਇਲਟ ਤੇ ਹੋਰਾਂ ਨੇ ਰਾਹੁਲ ਤੇ ਮਨਮੋਹਨ ਸਿੰਘ ਦਾ ਹਵਾਈ ਅੱਡੇ 'ਤੇ ਸਵਾਗਤ ਕੀਤਾ ਤੇ ਸਾਰੇ ਬੱਸ ਰਾਹੀਂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਅਲਬਰਟ ਹਾਲ ਪਹੁੰਚੇ। ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਤੋਂ ਇਲਾਵਾ ਮੁੱਖ ਮੰਤਰੀ ਅਹੁਦੇ ਦੀ ਦੌੜ 'ਚ ਸ਼ਾਮਿਲ ਰਹੇ ਵਿਧਾਇਕ ਟੀ. ਐਸ. ਸਿੰਘ ਦੇਓ ਅਤੇ ਤਾਮਰਾਧਵਜ ਸਾਹੂ ਨੇ ਵੀ ਮੰਤਰੀ ਵਜੋਂ ਹਲਫ਼ ਲਿਆ। ਬਲਬੀਰ ਜੁਨੇਜਾ ਇਨਡੋਰ ਸਟੇਡੀਅਮ 'ਚ ਹੋਏ ਸਮਾਰੋਹ ਦੌਰਾਨ 57 ਸਾਲਾ ਬਘੇਲ ਤੇ ਦੋ ਮੰਤਰੀਆਂ ਨੂੰ ਰਾਜਪਾਲ ਅਨੰਦੀਬੇਨ ਪਟੇਲ ਨੇ ਸਹੁੰ ਚੁਕਵਾਈ। ਇਸ ਮੌਕੇ ਮਲਿਕਅਰਜੁਨ ਖੜਗੇ, ਪੁਡੂਚੇਰੀ ਦੇ ਮੁੱਖ ਮੰਤਰੀ ਮੁੱਖ ਮੰਤਰੀ ਵੀ. ਨਾਰਾਇਣਸਾਮੀ, ਜਯੋਤੀਰਾਦਿੱਤਿਆ ਸਿੰਧੀਆ, ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਫ਼ਾਰੂਕ ਅਬਦੁੱਲਾ, ਸ਼ਰਦ ਯਾਦਵ, ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਸਿੱਧਰਮੱਈਆ, ਚੰਦਰਬਾਬੂ ਨਾਇਡੂ, ਐਮ.ਕੇ. ਸਟਾਲਿਨ, ਤੇਜੱਸਵੀ ਯਾਦਵ, ਸ਼ਿਵਰਾਜ ਸਿੰਘ ਚੌਹਾਨ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਦਰਾ ਰਾਜੇ, ਆਰ.ਜੇ.ਡੀ. ਆਗੂ ਤੇਜੱਸਵੀ ਯਾਦਵ, ਜੇ.ਐਮ.ਐਮ. ਆਗੂ ਹੇਮੰਤ ਸੋਰੇਨ, ਜੇ.ਵੀ.ਐਮ. ਆਗੂ ਬਾਬੂਲਾਲ ਮਰਾਂਡੀ ਸਮੇਤ ਹੋਰ ਆਗੂ ਮੌਜੂਦ ਸਨ।
ਰਾਜਸਥਾਨ ਦੀ ਸੇਵਾ ਲਈ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ-ਰਾਹੁਲ
ਨਵੀਂ ਦਿੱਲੀ, 17 ਦਸੰਬਰ (ਏਜੰਸੀ)-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਸੂਬੇ ਦੀ ਜਨਤਾ ਦੀ ਸੇਵਾ ਕਰਨ ਦੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਨਿਭਾਏਗੀ। ਰਾਹੁਲ ਨੇ ਟਵੀਟ ਕੀਤਾ ਕਿ ਕਾਂਗਰਸ ਪਾਰਟੀ 'ਤੇ ਵਿਸ਼ਵਾਸ ਕਰਨ ਲਈ ਰਾਜਸਥਾਨ ਵਾਸੀਆਂ ਦਾ ਧੰਨਵਾਦ। ਕਾਂਗਰਸ ਦੇ ਕਾਰਕੁਨਾਂ ਤੇ ਆਗੂਆਂ ਨੂੰ ਉਨ੍ਹਾਂ ਦੇ ਸੰਘਰਸ਼ ਦੇ ਸਫ਼ਲ ਹੋਣ 'ਤੇ ਵਧਾਈ। ਉਨ੍ਹਾਂ ਕਿਹਾ ਕਿ ਰਾਜਸਥਾਨ ਦੀ ਸੇਵਾ ਕਰਨਾ ਕਾਂਗਰਸ ਲਈ ਮਾਣ ਦੀ ਗੱਲ ਹੈ। ਅਸੀਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ।
ਮੱਧ ਪ੍ਰਦੇਸ਼ ਦੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ਾ ਮੁਆਫ਼
ਕਮਲ ਨਾਥ ਨੇ ਅਹੁਦਾ ਸੰਭਾਲਦੇ ਹੀ ਫਾਈਲ 'ਤੇ ਕੀਤੇ ਦਸਤਖ਼ਤ
ਭੁਪਾਲ, 17 ਦਸੰਬਰ (ਏਜੰਸੀ)-ਮੱਧ ਪ੍ਰਦੇਸ਼ ਵਿਚ ਕਮਲ ਨਾਥ ਨੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਕੁਝ ਸਮੇਂ ਬਾਅਦ ਹੀ ਚੋਣਾਂ ਦੌਰਾਨ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਸੂਬੇ ਦੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਫਾਈਲ 'ਤੇ ਦਸਤਖ਼ਤ ਕਰ ਦਿੱਤੇ ਹਨ। ਕਮਲ ਨਾਥ ਵਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਫਾਈਲ 'ਤੇ ਦਸਤਖ਼ਤ ਕਰਨ ਤੋਂ ਤੁਰੰਤ ਬਾਅਦ ਕਿਸਾਨ ਭਲਾਈ ਅਤੇ ਖੇਤੀਬਾੜੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਜੇਸ਼ ਰਾਜੋਰਾ ਨੇ ਕਰਜ਼ਾ ਮੁਆਫ਼ੀ ਸਬੰਧੀ ਹੁਕਮ ਜਾਰੀ ਕਰ ਦਿੱਤੇ। ਕਮਲ ਨਾਥ ਨੇ ਕਿਹਾ ਕਿ 1984 ਸਿੱਖ ਵਿਰੋਧੀ ਦੰਗਾ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਕੋਈ ਐਫ਼. ਆਈ. ਆਰ. ਦਰਜ ਨਹੀਂ ਅਤੇ ਨਾ ਹੋ ਕੋਈ ਦੋਸ਼ ਪੱਤਰ ਦਾਖ਼ਲ ਹੋਇਆ ਹੈ। ਉਨ੍ਹਾਂ ਨੇ ਇਸ ਮੌਕੇ ਇਸ ਮੁੱਦੇ ਨੂੰ ਉਛਾਲਣ ਪਿੱਛੇ ਹੋ ਰਹੀ ਰਾਜਨੀਤੀ 'ਤੇ ਸਵਾਲ ਚੁੱਕਿਆ।
ਛੱਤੀਸਗੜ੍ਹ ਕੈਬਨਿਟ ਵਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਫ਼ੈਸਲਾ
ਰਾਏਪੁਰ, 17 ਦਸੰਬਰ (ਪੀ. ਟੀ. ਆਈ.)-ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਐਲਾਨ ਕੀਤਾ ਕਿ ਸੂਬੇ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਕਿਸਾਨਾਂ ਦਾ ਛੋਟੀ ਮਿਆਦ ਦਾ ਖੇਤੀਬਾੜੀ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਗ੍ਰਾਮੀਣ ਬੈਂਕ ਅਤੇ ਕੋਆਪ੍ਰੇਟਿਵ ਬੈਂਕਾਂ ਤੋਂ ਕਰੀਬ 16.65 ਲੱਖ ਕਿਸਾਨਾਂ ਵਲੋਂ ਲਿਆ 6100 ਕਰੋੜ ਤੋਂ ਜ਼ਿਆਦਾ ਦਾ ਛੋਟੀ ਮਿਆਦ ਦਾ ਖੇਤੀਬਾੜੀ ਕਰਜ਼ਾ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ ਜਾਵੇਗਾ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX