ਜਸਪਾਲ ਸਿੰਘ
ਜਲੰਧਰ, 21 ਫਰਵਰੀ-ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਲੰਬੇ ਸਮੇਂ ਤੋਂ ਸਰਗਰਮੀ ਨਾਲ ਕੰਮ ਕਰਦੀਆਂ ਆ ਰਹੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ 'ਅਜੀਤ' ਪ੍ਰਕਾਸ਼ਨ ਸਮੂਹ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਸੰਚਾਲਕ ਡਾ. ਐਸ. ਪੀ. ਸਿੰਘ ਉਬਰਾਏ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਪੰਜਾਬੀ ਜਾਗਿ੍ਤੀ ਮਾਰਚ ਕੱਢਿਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਪੰਜਾਬੀ ਪ੍ਰੇਮੀਆਂ ਅਤੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਸੰਗੀਤ, ਸਾਹਿਤ ਅਤੇ ਸਮਾਜ ਦੇ ਹੋਰਨਾਂ ਵਰਗਾਂ ਨਾਲ ਸਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਪੰਜਾਬ ਜਾਗਿ੍ਤੀ ਮੰਚ ਵਲੋਂ ਸਰਬੱਤ ਦਾ ਭਲਾ ਟਰੱਸਟ ਤੇ ਪੰਜਾਬ ਆਰਟਸ ਕੌਾਸਲ ਸਮੇਤ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢੇ ਗਏ ਇਸ 9ਵੇਂ ਪੰਜਾਬੀ ਜਾਗਿ੍ਤੀ ਮਾਰਚ 'ਚ ਸ਼ਾਮਿਲ ਪੰਜਾਬੀ ਪ੍ਰੇਮੀਆਂ ਦੇ ਜੋਸ਼ ਤੇ ਉਤਸ਼ਾਹ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੈ ਰਿਹਾ ਮੀਂਹ ਵੀ ਉਨ੍ਹਾਂ ਦੇ ਇਰਾਦਿਆਂ ਨੂੰ ਰੋਕ ਨਾ ਸਕਿਆ ਤੇ ਮੌਸਮ ਖਰਾਬ ਹੋਣ ਦੇ ਬਾਵਜੂਦ ਉਹ ਹੱਥਾਂ 'ਚ ਪੰਜਾਬੀ ਭਾਸ਼ਾ ਸਬੰਧੀ ਲਿਖੀਆਂ ਤਖ਼ਤੀਆਂ ਤੇ ਬੈਨਰ ਲੈ ਕੇ ਮਾਰਚ ਵਿਚ ਸ਼ਾਮਿਲ ਹੋਏ | ਹਾਲਾਂਕਿ ਖਰਾਬ ਮੌਸਮ ਹੋਣ ਕਾਰਨ ਇਕ ਵਾਰ ਤਾਂ ਪ੍ਰਬੰਧਕਾਂ ਨੇ ਮਾਰਚ ਨੂੰ ਮੁਲਤਵੀ ਕਰਨ ਦਾ ਫੈਸਲਾ ਵੀ ਕਰ ਲਿਆ ਗਿਆ ਸੀ ਪਰ ਵਰ੍ਹਦੇ ਮੀਂਹ ਦੇ ਬਾਵਜੂਦ ਜਿਸ ਤਰ੍ਹਾਂ ਪੰਜਾਬੀ ਪ੍ਰੇਮੀ ਮਾਰਚ 'ਚ ਸ਼ਾਮਿਲ ਹੋਣ ਲਈ ਲਾਇਲਪੁਰ ਖਾਲਸਾ ਸਕੂਲ ਵਿਖੇ ਪੁੱਜਣੇ ਸ਼ੁਰੂ ਹੋਏ ਤਾਂ ਪ੍ਰਬੰਧਕਾਂ ਨੂੰ ਆਪਣਾ ਫੈਸਲਾ ਬਦਲਣਾ ਪਿਆ ਤੇ ਮਾਰਚ ਨੂੰ ਮਿੱਥੇ ਪ੍ਰੋਗਰਾਮ ਅਨੁਸਾਰ ਚਾਲੂ ਰੱਖਣਾ ਪਿਆ | ਦੱਸਣਯੋਗ ਹੈ ਕਿ ਮੀਂਹ ਕਾਰਨ ਕਾਫੀ ਸਕੂਲਾਂ ਦੇ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਵਾਪਸ ਮੋੜ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਬਹੁਤੇ ਸਕੂਲਾਂ ਦੇ ਬੱਚਿਆਂ ਨੇ ਮਾਰਚ 'ਚ ਸ਼ਾਮਿਲ ਹੋਣ ਨੂੰ ਤਰਜੀਹ ਦਿੱਤੀ | ਮਾਰਚ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐਸ. ਪੀ. ਸਿੰਘ ਉਬਰਾਏ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਜਨਰਲ ਸਕੱਤਰ ਦੀਪਕ ਬਾਲੀ, ਆਤਮ ਪ੍ਰਕਾਸ਼ ਸਿੰਘ ਬਬਲੂ, ਅਮਰਜੋਤ ਸਿੰਘ, ਸ੍ਰੀਮਤੀ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ, ਅਮਰਜੀਤ ਸਿੰਘ ਅਮਰੀ, ਪਿ੍ੰਸ ਅਸ਼ੋਕ ਗਰੋਵਰ, ਪ੍ਰੋ. ਮਨਜੀਤ ਸਿੰਘ, ਦੀਪਕ ਚਨਾਰਥਲ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ | ਇਹ ਮਾਰਚ ਡਾ. ਅੰਬੇਡਕਰ ਚੌਕ, ਜੋਤੀ ਚੌਕ ਤੇ ਕੰਪਨੀ ਬਾਗ ਚੌਕ ਆਦਿ ਤੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੁੱਜਾ, ਜਿੱਥੇ ਹਾਜ਼ਰ ਸਮੂਹ ਪੰਜਾਬੀਆਂ ਨੇ ਮਾਂ-ਬੋਲੀ ਪੰਜਾਬੀ ਦੇ ਸਤਿਕਾਰ ਲਈ ਆਪੋ-ਆਪਣੇ ਪੱਧਰ 'ਤੇ ਯਤਨ ਕਰਨ ਦਾ ਅਹਿਦ ਕੀਤਾ | ਇਸ ਮੌਕੇ ਉੱਘੇ ਸੂਫ਼ੀ ਗਾਇਕ ਰੱਬੀ ਸ਼ੇਰਗਿੱਲ, ਦਲਵਿੰਦਰ ਦਿਆਲਪੁਰੀ ਅਤੇ ਹਸ਼ਮਤ ਸੁਲਤਾਨਾ ਨੇ ਵੀ ਆਪਣੀ ਹਾਜ਼ਰੀ ਲਵਾਈ | ਇਸ ਮੌਕੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਮਾਰਚ ਵਲੋਂ ਪਾਸ ਕੀਤੇ ਮਤੇ ਪੜ੍ਹ ਕੇ ਸੁਣਾਏ, ਜਦਕਿ ਮੰਚ ਦਾ ਸੰਚਾਲਨ ਦੀਪਕ ਬਾਲੀ ਵਲੋਂ ਕੀਤਾ ਗਿਆ | ਇਸ ਮੌਕੇ ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ, ਵਿਵੇਕ ਤੁਲੀ, ਪੰਜਾਬ ਆਰਟਸ ਕੌਾਸਲ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਸੁਲੱਖਣ ਸਿੰਘ ਸਰਹੱਦੀ, ਮੱਖਣ ਸਿੰਘ ਕੋਹਾੜ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ | ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੀ ਆਪਣੇ ਕਿਸਾਨ ਸਾਥੀਆਂ ਨਾਲ ਮਾਰਚ 'ਚ ਸ਼ਾਮਿਲ ਹੋਏ |
ਲੋਕ ਲਹਿਰ ਖੜ੍ਹੀ ਕੀਤੀ-ਡਾ. ਹਮਦਰਦ
ਦੇਸ਼ ਭਗਤ ਯਾਦਗਾਰ ਹਾਲ ਦੇ ਖੁੱਲ੍ਹੇ ਵਿਹੜੇ 'ਚ ਵੱਡੀ ਗਿਣਤੀ 'ਚ ਇਕੱਤਰ ਹੋਏ ਪੰਜਾਬੀ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਪੰਜਾਬੀ ਕਿਸੇ ਇਕ ਫਿਰਕੇ, ਜਾਤ ਜਾਂ ਧਰਮ ਦੀ ਬੋਲੀ ਨਹੀਂ, ਬਲਕਿ ਸਮੂਹ ਪੰਜਾਬੀਆਂ ਦੀ ਜ਼ਬਾਨ ਹੈ ਤੇ ਸਾਨੂੰ ਇਸ 'ਤੇ ਫ਼ਖਰ ਹੋਣਾ ਚਾਹੀਦਾ ਹੈ | ਉਨ੍ਹਾਂ ਪੰਜਾਬੀ ਨੂੰ ਗੁਰੂਆਂ, ਪੀਰਾਂ-ਫ਼ਕੀਰਾਂ ਅਤੇ ਸੂਫ਼ੀ ਸ਼ਾਇਰਾਂ ਦੀ ਬੋਲੀ ਦੱਸਦੇ ਹੋਏ ਕਿਹਾ ਕਿ ਸਿਰਮੌਰ ਸ਼ਾਇਰ ਬਾਬਾ ਬੁੱਲ੍ਹੇ ਸ਼ਾਹ ਤੇ ਹਾਸ਼ਮ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਵਰਗੇ ਸ਼ਾਇਰਾਂ ਨੇ ਵੀ ਪੰਜਾਬੀ ਭਾਸ਼ਾ 'ਚ ਆਪੋ-ਆਪਣੇ ਦਿਲਾਂ ਦੇ ਜਜ਼ਬਾਤ ਪ੍ਰਗਟ ਕੀਤੇ ਹਨ | ਇਸ ਮੌਕੇ ਉਨ੍ਹਾਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੰਜਾਬ ਜਾਗਿ੍ਤੀ ਮੰਚ ਤੇ ਹੋਰਨਾਂ ਸੰਸਥਾਵਾਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰ ਸਾਲ ਜਲੰਧਰ 'ਚ ਕੀਤਾ ਜਾਂਦਾ ਪੰਜਾਬੀ ਜਾਗਿ੍ਤੀ ਮਾਰਚ, ਪੰਜਾਬੀ ਭਾਸ਼ਾ ਦੇ ਹੱਕ 'ਚ ਲੋਕ ਲਹਿਰ ਖੜ੍ਹੀ ਕਰਨ 'ਚ ਪੂਰੀ ਤਰ੍ਹਾਂ ਸਫ਼ਲ ਰਿਹਾ |
ਮਾਰਚ ਦੌਰਾਨ ਪੇਸ਼ ਮਤੇ
ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ ਕੀਤੇ ਗਏ ਮਾਰਚ ਦੌਰਾਨ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ 'ਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ 'ਚ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਵਲੋਂ ਪੰਜਾਬੀ ਭਾਸ਼ਾ ਦੇ ਹੱਕ 'ਚ ਕੁਝ ਮਤੇ ਪੇਸ਼ ਕੀਤੇ ਗਏ, ਜਿਨ੍ਹਾਂ 'ਚ ਉਨ੍ਹਾਂ ਸਿੱਖਿਆ, ਵਿਧਾਨ ਪਾਲਿਕਾ, ਕਾਰਜ ਪਾਲਿਕਾ, ਨਿਆਂ ਪਾਲਿਕਾ, ਕਾਰੋਬਾਰੀ ਖੇਤਰ ਅਤੇ ਆਮ ਜੀਵਨ ਵਿਚ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ, ਕੇਂਦਰ ਸਰਕਾਰ, ਸਮੂਹ ਰਾਜਨੀਤਕ ਪਾਰਟੀਆਂ, ਵਿੱਦਿਅਕ ਸੰਸਥਾਵਾਂ ਅਤੇ ਲੋਕਾਂ ਦੇ ਵੱਖ-ਵੱਖ ਵਰਗਾਂ ਤੋਂ ਮੰਗ ਕੀਤੀ | ਪਹਿਲੇ ਮਤੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਤੋਂ ਇਹ ਮੰਗ ਕੀਤੀ ਕਿ '2008 ਦੇ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ' ਸਬੰਧੀ ਕਾਨੂੰਨ ਅਨੁਸਾਰ ਰਾਜ ਦੇ ਸਾਰੇ ਸਕੂਲਾਂ 'ਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਦੀ ਇਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਯਕੀਨੀ ਬਣਾਈ ਜਾਵੇ ਅਤੇ ਰਾਜ ਦੇ ਕਿਸੇ ਵੀ ਸਕੂਲ 'ਚ ਵਿਦਿਆਰਥੀਆਂ 'ਤੇ ਪੰਜਾਬੀ ਬੋਲਣ 'ਤੇ ਕੋਈ ਪਾਬੰਦੀ ਨਾ ਲਾਈ ਜਾਵੇ | ਦੂਸਰੇ ਮਤੇ 'ਚ ਇਹ ਮੰਗ ਕੀਤੀ ਕਿ ਰਾਜ ਵਿਚ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਬੋਰਡਾਂ 'ਤੇ ਸਭ ਤੋਂ ਉੱਪਰ ਪੰਜਾਬੀ 'ਚ ਜਾਣਕਾਰੀ ਲਿਖਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਸਬੰਧੀ ਪੰਜਾਬ ਵਿਧਾਨ ਸਭਾ 'ਚ ਬਿੱਲ ਪੇਸ਼ ਕਰਕੇ ਇਕ ਕਾਨੂੰਨ ਬਣਵਾਇਆ ਜਾਵੇ | ਤੀਸਰੇ ਮਤੇ ਰਾਹੀਂ ਚੰਡੀਗੜ੍ਹ ਨੂੰ ਪੰਜਾਬ 'ਚ ਸ਼ਾਮਿਲ ਕਰਵਾਉਣ ਦੀ ਮੰਗ ਕਰਦਿਆਂ ਚਿੰਤਾ ਪ੍ਰਗਟ ਕੀਤੀ ਕਿ ਇਸ ਸ਼ਹਿਰ ਵਿਚੋਂ ਕੇਂਦਰੀ ਅਫ਼ਸਰਸ਼ਾਹੀ ਪੰਜਾਬੀਆਂ ਦਾ ਅਤੇ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਦਾ ਸਫ਼ਾਇਆ ਕਰਦੀ ਜਾ ਰਹੀ ਹੈ | ਇਹ ਸਥਿਤੀ ਪੰਜਾਬ ਦੇ ਹਿੱਤਾਂ ਲਈ ਮਾੜੂ ਹੈ | ਇਸੇ ਤਰ੍ਹਾਂ ਹੋਰਨਾਂ ਮਤਿਆਂ ਰਾਹੀਂ ਲੋਕਾਂ ਨੂੰ ਨਿਆਂ ਉਨ੍ਹਾਂ ਦੀ ਜ਼ਬਾਨ 'ਚ ਦੇਣ ਦੀ ਮੰਗ ਵੀ ਕੀਤੀ |
ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਦਿੱਤਾ ਜਾਵੇਗਾ ਪਾਣੀ
ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਪੁਲਵਾਮਾ ਦੇ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨ ਦੇ ਿਖ਼ਲਾਫ਼ ਸਖ਼ਤ ਰੁਖ਼ ਅਪਣਾਉਂਦੇ ਹੋਏ ਭਾਰਤ ਸਰਕਾਰ ਨੇ ਹੁਣ ਤੱਕ ਬਿਆਸ, ਰਾਵੀ ਅਤੇ ਸਤਲੁਜ ਨਦੀ ਦਾ ਆਪਣੇ ਹਿੱਸੇ ਦਾ ਪਾਣੀ ਜੋ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਸੀ, ਰੋਕਣ ਦਾ ਫ਼ੈਸਲਾ ਕੀਤਾ ਹੈ | ਇਹ ਫ਼ੈਸਲਾ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ, ਜਿਸ 'ਚ 40 ਸੀ. ਆਰ. ਪੀ. ਐਫ. ਦੇ ਜਵਾਨ ਸ਼ਹੀਦ ਹੋ ਗਏ ਸਨ, ਦੇ ਬਾਅਦ ਲਿਆ ਗਿਆ ਹੈ | ਇਸ ਹਮਲੇ ਲਈ ਭਾਰਤ ਪਾਕਿਸਤਾਨ ਨੂੰ ਦੋਸ਼ੀ ਠਹਿਰਾ ਰਿਹਾ ਹੈ | ਗਡਕਰੀ ਨੇ ਇਕ ਟਵੀਟ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਭਾਰਤ ਦੇ ਹਿੱਸੇ ਦਾ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਪਾਣੀ ਰੋਕਣ ਦਾ ਫ਼ੈਸਲਾ ਲਿਆ ਹੈ | ਸਰਕਾਰ ਵਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਨਦੀਆਂ 'ਤੇ ਬਣੇ ਪ੍ਰਾਜੈਕਟਾਂ ਦੀ ਮਦਦ ਨਾਲ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਪਾਣੀ ਹੁਣ ਪੰਜਾਬ ਤੇ ਜੰਮੂ-ਕਸ਼ਮੀਰ ਦੀਆਂ ਨਦੀਆਂ ਨੂੰ ਦਿੱਤਾ ਜਾਵੇਗਾ | ਗਡਕਰੀ ਨੇ ਕਿਹਾ ਕਿ ਇਸ ਲਈ ਜੰਮੂ-ਕਸ਼ਮੀਰ ਦੇ ਸ਼ਾਹਪੁਰ ਕੰਢੀ 'ਚ ਰਾਵੀ ਨਦੀ 'ਤੇ ਇਕ ਪ੍ਰਾਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਹੋ ਚੁੱਕੀ ਹੈ | ਇਸ ਦੇ ਇਲਾਵਾ ਉੱਝ ਪ੍ਰਾਜੈਕਟ ਦੀ ਮਦਦ ਨਾਲ ਜੰਮੂ-ਕਸ਼ਮੀਰ 'ਚ ਰਾਵੀ ਨਦੀ ਦਾ ਪਾਣੀ ਜਮ੍ਹਾਂ ਕੀਤਾ ਜਾਵੇਗਾ ਅਤੇ ਇਸ ਡੈਮ ਦਾ ਵਾਧੂ ਪਾਣੀ ਹੋਰਨਾਂ ਬੇਸਿਨ ਰਾਜਾਂ 'ਚ ਭੇਜਿਆ ਜਾਵੇਗਾ | ਬੁੱਧਵਾਰ ਨੂੰ ਇਸ ਐਲਾਨ ਤੋਂ ਪਹਿਲਾਂ ਮੰਗਲਵਾਰ ਨੂੰ ਬਾਗਪਤ ਦੇ ਇਕ ਪ੍ਰੋਗਰਾਮ 'ਚ ਸ਼ਾਮਿਲ ਹੋਏ ਆਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਬਟਵਾਰੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਨੂੰ 3-3 ਨਦੀਆਂ ਦਾ ਪਾਣੀ ਵਰਤਣ ਦੀ ਇਜਾਜ਼ਤ ਮਿਲੀ ਸੀ | ਇਸ ਸਮਝੌਤੇ ਦੇ ਬਾਵਜੂਦ ਭਾਰਤ ਦੇ ਕੋਟੇ 'ਚ ਆਈਆਂ 3 ਨਦੀਆਂ ਦਾ ਪਾਣੀ ਹੁਣ ਤੱਕ ਪਾਕਿਸਤਾਨ ਨੂੰ ਜਾ ਰਿਹਾ ਸੀ | ਹੁਣ ਅਸੀਂ ਤਿੰਨਾਂ ਨਦੀਆਂ 'ਤੇ ਪ੍ਰਾਜੈਕਟ ਦਾ ਨਿਰਮਾਣ ਕਰਵਾਇਆ ਹੈ, ਜਿਨ੍ਹਾਂ ਦੀ ਮਦਦ ਨਾਲ ਹੁਣ ਇਨ੍ਹਾਂ ਨਦੀਆਂ ਦਾ ਪਾਣੀ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਵਰਤਿਆ ਜਾਵੇਗਾ | ਇਕ ਵਾਰ ਜਦੋਂ ਇਹ ਕੰਮ ਸ਼ੁਰੂ ਹੋ ਗਿਆ ਤਾਂ ਇਸ ਨਾਲ ਯਮੁਨਾ ਨਦੀ ਦੇ ਪਾਣੀ ਦੇ ਪੱਧਰ 'ਚ ਵਾਧਾ ਵੀ ਹੋ ਸਕੇਗਾ |
ਕੌਮੀ ਸੁਰੱਖਿਆ ਕੌਾਸਲ ਨਾਲ ਬੈਠਕ
ਇਸਲਾਮਾਬਾਦ, 21 ਫਰਵਰੀ (ਪੀ. ਟੀ. ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੁਲਵਾਮਾ ਹਮਲੇ ਜਿਸ 'ਚ ਸੀ.ਆਰ.ਪੀ.ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ ਪਿੱਛੋਂ ਭਾਰਤ-ਪਾਕਿਸਤਾਨ 'ਚ ਚੱਲ ਰਹੇ ਤਣਾਅ ਦਰਮਿਆਨ ਅੱਜ ਫ਼ੌਜ ਨੂੰ ਭਾਰਤ ਦੇ ਕਿਸੇ ਵੀ ਹਮਲੇ ਜਾਂ ਦੁਸਾਹਸ ਦਾ ਕਰਾਰਾ ਤੇ ਵਿਆਪਕ ਜਵਾਬ ਦੇਣ ਦਾ ਅਧਿਕਾਰ ਦਿੱਤਾ ਹੈ | ਇਸ ਹਮਲੇ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸੁਰੱਖਿਆ ਬਲਾਂ ਨੂੰ ਇਸ ਘਿਨਾਉਣੇ ਹਮਲੇ ਦਾ ਬਦਲਾ ਲੈਣ ਲਈ ਖੁੱਲ੍ਹੀ ਛੁੱਟੀ ਦਿੱਤੀ ਹੈ | ਪ੍ਰਧਾਨ ਮੰਤਰੀ ਖ਼ਾਨ ਜਿਨ੍ਹਾਂ ਕੌਮੀ ਸਲਾਹਕਾਰ ਕੌਾਸਲ ਦੀ ਮੀਟਿੰਗ ਕੀਤੀ ਨੇ ਅੱਜ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਦੀ ਸਮਰਥਾ ਦਾ ਪ੍ਰਦਰਸ਼ਨ ਕਰਨ ਲਈ ਦਿ੍ੜ ਇਰਾਦਾ ਬਣਾਇਆ ਹੋਇਆ ਹੈ | ਮੀਟਿੰਗ ਪਿੱਛੋਂ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪਾਕਿਸਤਾਨੀ ਫ਼ੌਜ ਨੂੰ ਭਾਰਤ ਦੇ ਕਿਸੇ ਵੀ ਹਮਲੇ ਜਾਂ ਦੁਸਾਹਸ ਦਾ ਕਰਾਰਾ ਜਵਾਬ ਦੇਣ ਦਾ ਅਧਿਕਾਰ ਦਿੱਤਾ ਹੈ | ਖ਼ਾਨ ਨੇ ਕਿਹਾ ਕਿ ਇਹ ਨਵਾਂ ਪਾਕਿਸਤਾਨ ਹੈ ਅਤੇ ਅਸੀਂ ਆਪਣੇ ਲੋਕਾਂ ਨੂੰ ਬਚਾਉਣ ਲਈ ਸਮਰੱਥਾ ਦਾ ਪ੍ਰਦਰਸ਼ਨ ਕਰਨ ਦਾ ਦਿ੍ੜ ਇਰਾਦਾ ਰੱਖਦੇ ਹਾਂ | ਪਾਕਿਸਤਾਨ ਦੀ ਚੋਟੀ ਦੀ ਨਾਗਰਿਕ ਤੇ ਸੈਨਿਕ ਲੀਡਰਸ਼ਿਪ ਜਿਸ ਨੇ ਪੁਲਵਾਮਾ ਹਮਲੇ ਪਿੱਛੋਂ ਪੈਦਾ ਹੋਈ ਸਥਿਤੀ 'ਤੇ ਚਰਚਾ ਕੀਤੀ ਨੇ ਕਿਹਾ ਕਿ ਪਾਕਿਸਤਾਨ ਕਿਸੇ ਵੀ ਰੂਪ ਵਿਚ ਇਸ ਹਮਲੇ 'ਚ ਸ਼ਾਮਿਲ ਨਹੀਂ ਅਤੇ ਇਸ ਹਮਲੇ ਦੀ ਯੋਜਨਾ ਭਾਰਤ ਦੇ ਅੰਦਰ ਹੀ ਬਣਾਈ ਗਈ ਤੇ ਉਸ ਨੂੰ ਅੰਜਾਮ ਦਿੱਤਾ ਗਿਆ | ਇਸ ਦਾ ਕਹਿਣਾ ਕਿ ਪਾਕਿਸਤਾਨ ਘਟਨਾ ਦੀ ਇਮਾਨਦਾਰੀ ਨਾਲ ਜਾਂਚ ਕਰਨ ਅਤੇ ਭਾਰਤ ਨਾਲ ਵਿਵਾਦ ਵਾਲੇ ਦੂਸਰੇ ਮੁੱਦਿਆਂ ਸਮੇਤ ਅੱਤਵਾਦ ਦੇ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ ਹੈ | ਕੌਾਸਲ ਦੀ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਖ਼ਾਨ ਤੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਇਕੱਲਿਆਂ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਖੇਤਰੀ ਸੁਰੱਖਿਆ 'ਤੇ ਚਰਚਾ ਕੀਤੀ | ਸੂਤਰਾਂ ਦੇ ਹਵਾਲੇ ਨਾਲ ਜੀਓ ਟੈਲੀਵੀਜ਼ਨ ਨੇ ਦੱਸਿਆ ਕਿ ਕੌਮੀ ਸੁਰੱਖਿਆ ਕੌਾਸਲ ਦੀ ਮੀਟਿੰਗ ਦੌਰਾਨ ਪੁਲਵਾਮਾ ਹਮਲੇ ਅਤੇ ਇਸ ਤੋਂ ਪੈਦਾ ਹੋਈ ਸਥਿਤੀ 'ਤੇ ਚਰਚਾ ਕੀਤੀ ਗਈ | ਮੀਟਿੰਗ ਵਿਚ ਸੈਨਾ ਮੁਖੀ ਬਾਜਵਾ, ਸਰਵਸਿਜ਼ ਮੁਖੀ, ਖੁਫ਼ੀਆ ਏਜੰਸੀਆਂ ਦੇ ਮੁਖੀ, ਸੁਰੱਖਿਆ ਅਧਿਕਾਰੀ, ਵਿੱਤ, ਰੱਖਿਆ ਅਤੇ ਵਿਦੇਸ਼ ਮੰਤਰਾਲੇ ਦੇ ਫੈਡਰਲ ਤੇ ਰਾਜ ਮੰਤਰੀ ਸ਼ਾਮਿਲ ਹੋਏ | ਐਨ. ਐਸ. ਸੀ. ਕੌਾਸਲ ਨੂੰ ਵਿਦੇਸ਼ ਮੰਤਰਾਲੇ ਵਲੋਂ ਕੁਲਭੂਸ਼ਣ ਜਾਧਵ ਦੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਦੀ ਸੁਣਵਾਈ ਕੌਮਾਂਤਰੀ ਅਦਾਲਤ ਵਿਚ ਚੱਲ ਰਹੀ ਹੈ |
ਜਮਾਤ ਉਦ ਦਾਵਾ ਤੇ ਫਲਾਹ-ਏ-ਇਨਸਾਨੀਅਤ ਫਾਊਾਡੇਸ਼ਨ 'ਤੇ ਪਾਬੰਦੀ
ਪੁਲਵਾਮਾ ਹਮਲੇ ਪਿੱਛੋਂ ਅੱਤਵਾਦੀ ਸੰਗਠਨਾਂ ਿਖ਼ਲਾਫ਼ ਕਾਰਵਾਈ ਕਰਨ ਲਈ ਵਧ ਰਹੇ ਵਿਸ਼ਵ ਦਬਾਅ ਦਰਮਿਆਨ ਪਾਕਿਸਤਾਨ ਨੇ 2008 ਦੇ ਮੁੰਬਈ ਹਮਲੇ ਦੇ ਮੁਖ ਦੋਸ਼ੀ ਹਾਫ਼ਿਜ਼ ਦੇ ਅਗਵਾਈ ਵਾਲੇ ਸੰਗਠਨ ਜਮਾਤ-ਉਦ-ਦਾਵਾ ਅਤੇ ਇਸ ਦੀ ਚੈਰਿਟੀ ਇਕਾਈ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ 'ਤੇ ਪਾਬੰਦੀ ਲਾ ਦਿੱਤੀ ਹੈ | ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ 'ਚ ਕੌਮੀ ਸੁਰੱਖਿਆ ਕੌਾਸਲ ਦੀ ਹੋਈ ਮੀਟਿੰਗ ਦੌਰਾਨ ਇਨ੍ਹਾਂ ਗਰੁੱਪਾਂ 'ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ | ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਮੀਟਿੰਗ ਨੇ ਗੈਰਕਾਨੂੰਨੀ ਸੰਗਠਨਾਂ ਿਖ਼ਲਾਫ਼ ਕਾਰਵਾਈ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਵਿਚ ਅੱਗੇ ਇਹ ਫ਼ੈਸਲਾ ਕੀਤਾ ਗਿਆ ਕਿ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ ਨੂੰ ਗ਼ੈਰਕਾਨੂੰਨੀ ਸੰਗਠਨਾਂ ਕਰਾਰ ਦਿੱਤਾ ਜਾਵੇ | ਇਸ ਤੋਂ ਪਹਿਲਾਂ ਦੋਵਾਂ ਸੰਗਠਨਾਂ ਨੂੰ ਗ੍ਰਹਿ ਮੰਤਰਾਲੇ ਦੀ ਨਿਗਰਾਨ ਸੂਚੀ 'ਚ ਰੱਖਿਆ ਗਿਆ ਸੀ | ਅਧਿਕਾਰੀਆਂ ਮੁਤਾਬਿਕ ਜਮਾਤ-ਉਦ-ਦਾਵਾ ਦੇ ਨੈੱਟਵਰਕ ਵਿਚ 300 ਮਦਰੱਸੇ ਅਤੇ ਸਕੂਲ, ਹਸਪਤਾਲ, ਇਕ ਪਿ੍ੰਟਿਗ ਹਾਊਸ ਅਤੇ ਐਾਬੂਲੈਂਸ ਸੇਵਾ ਸ਼ਾਮਿਲ ਹੈ | ਦੋਵਾਂ ਗਰੁੱਪਾਂ ਦੇ 50 ਹਜ਼ਾਰ ਵਲੰਟੀਅਰ ਦੇ ਦੂਸਰੇ ਤਨਖਾਹ ਵਾਲੇ ਕਾਮੇ ਹਨ | ਜਮਾਤ-ਉਦ-ਦਾਵਾ ਨੂੰ ਲਸ਼ਕਰੇ ਤਾਇਬਾ ਦੇ ਮੋਹਰੀ ਸੰਗਠਨ ਸਮਝਿਆ ਜਾਂਦਾ ਹੈ ਜਿਹੜਾ ਮੁੰਬਈ ਹਮਲੇ ਲਈ ਜ਼ਿੰਮੇਵਾਰ ਹੈ ਜਿਸ ਵਿਚ 166 ਵਿਅਕਤੀ ਮਾਰੇ ਗਏ ਸਨ | ਅਮਰੀਕਾ ਨੇ ਜੂਨ 2014 ਤੋਂ ਹੀ ਇਸ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਕਰਾਰ ਦਿੱਤਾ ਹੋਇਆ ਹੈ |
ਕਿਹਾ, ਕੈਪਟਨ ਕੋਝੇ ਡਰਾਮੇ ਬੰਦ ਕਰਕੇ ਜਦੋਂ ਗਿ੍ਫ਼ਤਾਰ ਕਰਨਾ ਚਾਹੇ ਕਰ ਲਵੇ
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)-ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹਿਬਲ ਕਲਾਂ ਤੇ ਕੋਟਕਪੁਰਾ ਘਟਨਾਵਾਂ ਦੀ ਆੜ ਹੇਠ ਸੂਬੇ ਵਿਚ ਚਲਾਏ ਜਾ ਰਹੇ ਕੋਝੇ ਡਰਾਮੇ ਨੂੰ ਖ਼ਤਮ ਕਰਨ ਅਤੇ ਮੈਨੂੰ ਗਿ੍ਫ਼ਤਾਰ ਕਰ ਲੈਣ | ਅੱਜ ਸ: ਬਾਦਲ ਵਿਸ਼ੇਸ਼ ਤੌਰ 'ਤੇ ਆਪਣੇ ਪਿੰਡ ਬਾਦਲ ਤੋਂ ਚੰਡੀਗੜ੍ਹ ਪੁੱਜੇ ਤੇ ਉਨ੍ਹਾਂ ਸੂਬੇ ਦੇ ਪੁਲਿਸ ਮੁਖੀ ਸ੍ਰੀ ਦਿਨਕਰ ਗੁਪਤਾ ਨੂੰ ਫ਼ੋਨ ਕਰਕੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਬੰਦ ਕਰੇ ਅਤੇ ਪੁਲਿਸ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਵੇ | ਹਾਲਾਂਕਿ
ਉਨ੍ਹਾਂ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਪੁਲਿਸ ਮੁਖੀ ਵਲੋਂ ਇਸ ਦੇ ਜਵਾਬ 'ਚ ਉਨ੍ਹਾਂ ਨੂੰ ਕੀ ਕਿਹਾ ਗਿਆ | ਸ: ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਵਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਦਲਾਖੋਰੀ ਦੀ ਭਾਵਨਾ ਤਹਿਤ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ | ਹੁਣ ਫਿਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਇਨ੍ਹਾਂ ਮਾਮਲਿਆਂ 'ਚ ਐਸ.ਆਈ.ਟੀ. ਵਲੋਂ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਹੀ ਉਸ ਜਾਂਚ ਦੇ ਸਿੱਟਿਆਂ ਦਾ ਐਲਾਨ ਕਰਦੇ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ ਅਤੇ ਅਜਿਹਾ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੇਲੇ ਵੀ ਕੀਤਾ ਗਿਆ | ਹੁਣ ਤਾਂ ਹਾਲਾਤ ਇਹ ਬਣ ਗਏ ਹਨ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਅੰਦਰ ਖੜ੍ਹੇ ਹੋ ਕੇ ਐਲਾਨ ਕਰ ਦਿੱਤਾ ਹੈ ਇਹ ਮਸਲਾ ਸਿਖਰ ਤੱਕ ਜਾਵੇਗਾ ਮਤਲਬ ਬਦਲਾਖੋਰੀ 'ਸਿਖਰ' ਤੱਕ ਜਾਵੇਗੀ | ਉਨ੍ਹਾਂ ਕਿਹਾ ਕਿ 'ਸਿਖਰ' ਤੋਂ ਕੈਪਟਨ ਅਮਰਿੰਦਰ ਸਿੰਘ ਦਾ ਕੀ ਮਤਲਬ ਹੈ, ਇਹ ਗੱਲ ਸਾਰੇ ਜਾਣਦੇ ਹਨ, ਇਸੇ ਲਈ ਮੈਂ ਆਪਣੇ ਆਪ ਨੂੰ ਗਿ੍ਫ਼ਤਾਰੀ ਲਈ ਪੇਸ਼ ਕਰ ਰਿਹਾ ਹਾਂ | ਸਰਕਾਰ ਉਨ੍ਹਾਂ ਨੂੰ ਸਿਰਫ਼ ਇਹ ਦੱਸੇ ਗਿ੍ਫ਼ਤਾਰੀ ਦੇਣ ਲਈ ਮੈਂ ਕਿੱਥੇ, ਕਿਸ ਦਿਨ ਤੇ ਕਿਸ ਸਮੇਂ 'ਤੇ ਆਵਾਂ | ਕਾਂਗਰਸ ਪਾਰਟੀ ਗੁਰੂ ਧਾਮਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਵਿਧਾਨ ਸਭਾ ਵਿਚ ਵੀ ਸਰਕਾਰ ਦੇ ਇੱਕ ਮੰਤਰੀ ਨੇ ਸ਼ਰੇਆਮ ਕਿਹਾ ਹੈ ਕਿ ਹੁਣ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਲਈ ਤਿਆਰ ਹੋ ਜਾਓ | ਸ: ਬਾਦਲ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਖ਼ਾਲਸਾ ਪੰਥ, ਪੰਜਾਬੀਆਂ ਤੇ ਦੇਸ਼ ਵਾਸੀਆਂ ਸਾਹਮਣੇ ਇਕ ਖੁੱਲ੍ਹੀ ਕਿਤਾਬ ਵਾਂਗ ਹੈ ਅਤੇ ਹਮੇਸ਼ਾ ਦੇਸ਼ ਅਤੇ ਸਮਾਜ ਦੇ ਹਰ ਹਿੱਸੇ 'ਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਉਹ ਯਤਨਸ਼ੀਲ ਰਹੇ ਹਨ | ਦੇਸ਼ ਦੀ ਸੇਵਾ ਕਰਦਿਆਂ ਫਿਰ ਵੀ ਮੇਰੇ ਤੋਂ ਕੋਈ ਗ਼ਲਤੀ ਹੋ ਗਈ ਹੋਵੇ ਮੈਂ ਦੇਸ਼ ਦੇ ਲੋਕਾਂ ਤੋਂ ਉਸਦੀ ਮੁਆਫ਼ੀ ਮੰਗਦਾ ਹਾਂ | ਉਨ੍ਹਾਂ ਕਿਹਾ ਕਿ ਨਾ ਮੈਨੂੰ ਕੋਈ ਡਰਾ ਸਕਿਆ ਸੀ ਤੇ ਨਾ ਹੀ ਅੱਜ ਡਰਾ ਸਕਦਾ ਹੈ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਸ: ਬਲਵਿੰਦਰ ਸਿੰਘ ਭੂੰਦੜ, ਸ: ਪ੍ਰੇਮ ਸਿੰਘ ਚੰਦੂਮਾਜਰਾ, ਡਾ: ਦਲਜੀਤ ਸਿੰਘ ਚੀਮਾ, ਸ: ਬਿਕਰਮ ਸਿੰਘ ਮਜੀਠੀਆ, ਸ੍ਰੀ ਹਰਚਰਨ ਬੈਂਸ, ਸ: ਮਹੇਸ਼ਇੰਦਰ ਸਿੰਘ ਗਰੇਵਾਲ ਵੀ ਹਾਜ਼ਰ ਸਨ |
ਚੰਡੀਗੜ੍ਹ, 21 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋਈ ਬੇਅਦਬੀ ਦਾ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਵਿਰੁੱਧ ਕੀਤੀ ਗਈ ਪੁਲਿਸ ਕਾਰਵਾਈ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਆਿਖ਼ਰਕਾਰ ਉਸ ਸਮੇਂ ਰਾਜ ਦੇ ਰਹੇ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ | ਪੁਲਿਸ ਸੂਤਰਾਂ ਅਨੁਸਾਰ ਸੁਮੇਧ ਸੈਣੀ ਨੂੰ 25 ਫਰਵਰੀ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਵਿਖੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਿਥੇ ਹੁਣ ਤੱਕ ਜਾਂਚ ਟੀਮ ਵਲੋਂ ਵੱਖ-ਵੱਖ ਪੁਲਿਸ ਅਧਿਕਾਰੀਆਂ ਅਤੇ ਦੂਜੇ ਗਵਾਹਾਂ ਤੋਂ ਕੀਤੀ ਗਈ ਪੁੱਛਗਿੱਛ ਤੇ ਰਿਕਾਰਡ ਕੀਤੇ ਗਏ ਬਿਆਨਾਂ ਦੇ ਆਧਾਰ 'ਤੇ ਸੁਮੇਧ ਸੈਣੀ ਤੋਂ ਪੁੱਛਗਿੱਛ ਅਤੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ | ਉੱਚ ਸਰਕਾਰੀ ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਵਲੋਂ ਗਿ੍ਫ਼ਤਾਰ ਕੀਤੇ ਗਏ ਉਸ ਸਮੇਂ ਦੇ ਮੋਗਾ ਦੇ ਐਸ.ਐਸ.ਪੀ. ਚਰਨਜੀਤ ਸ਼ਰਮਾ ਵਲੋਂ ਗਿ੍ਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਜਾਂਚ ਟੀਮ ਨੂੰ ਦੱਸਿਆ ਗਿਆ ਸੀ ਕਿ ਉਹ ਬਹਿਬਲ ਕਲਾਂ ਆਈ.ਜੀ. ਸ. ਪਰਮਰਾਜ ਸਿੰਘ ਦੇ ਆਦੇਸ਼ਾਂ 'ਤੇ ਧਰਨਾਕਾਰੀਆਂ ਨਾਲ ਨਿਪਟਣ ਲਈ ਗਏ ਸਨ | ਜਾਂਚ ਦੌਰਾਨ ਸਾਹਮਣੇ ਆਇਆ ਕਿ ਕੋਟਕਪੂਰਾ ਤੋਂ ਰੋਸ ਮੁਜ਼ਾਹਰਾ ਕਰ ਰਹੀਆਂ ਸਿੱਖ ਸੰਗਤਾਂ ਨੂੰ ਚੁੱਕਣ ਲਈ 5 ਜ਼ਿਲਿ੍ਹਆਂ ਤੋਂ ਪੁਲਿਸ ਬਲ ਅਤੇ ਅਧਿਕਾਰੀਆਂ ਨੂੰ ਕੋਟਕਪੂਰਾ ਪੁੱਜਣ ਲਈ ਆਦੇਸ਼ ਦਿੱਤੇ ਗਏ ਸਨ | ਜਾਂਚ ਵਿਚ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਇਨ੍ਹਾਂ ਜ਼ਿਲਿ੍ਹਆਂ ਤੋਂ ਪੁਲਿਸ ਡੀ.ਜੀ.ਪੀ. ਦੇ ਦਫ਼ਤਰ ਦੇ ਆਦੇਸ਼ਾਂ 'ਤੇ ਕੋਟਕਪੂਰਾ ਆਈ ਸੀ ਅਤੇ ਸ. ਪਰਮਰਾਜ ਸਿੰਘ ਉਮਰਾਨੰਗਲ ਨੂੰ ਵੀ ਕੁਝ ਪੁਲਿਸ ਦੀ ਨਫ਼ਰੀ ਸਮੇਤ ਕੋਟਕਪੂਰਾ ਪੁੱਜਣ ਦੇ ਆਦੇਸ਼ ਦਿੱਤੇ ਗਏ ਸਨ | ਕੋਟਕਪੂਰਾ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਉਠਾਉਣ ਦੀ ਮੁੱਢਲੀ ਕੁਝ ਕਾਰਵਾਈ ਤੋਂ ਬਾਅਦ ਧਰਨਾਕਾਰੀਆਂ ਅਤੇ ਪੁਲਿਸ ਵਿਚ ਝੜਪ ਹੋ ਗਈ ਜਿਸ ਦੌਰਾਨ ਪੁਲਿਸ ਦੇ ਵੀ ਕਈ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਪਰ ਸਰਕਾਰੀ ਸੂਤਰਾਂ ਅਨੁਸਾਰ ਜਿਸ ਢੰਗ ਨਾਲ ਉਕਤ ਕਾਰਵਾਈ ਤੋਂ ਬਾਅਦ ਪੁਲਿਸ ਕਾਰਵਾਈ ਦੇ ਸਬੂਤ ਖ਼ਤਮ ਕਰਨ ਲਈ ਕੁਝ ਪੁਲਿਸ ਅਧਿਕਾਰੀਆਂ ਵਲੋਂ ਕਾਰਵਾਈ ਕੀਤੀ ਗਈ ਅਤੇ ਪੁਲਿਸ 'ਤੇ ਗੋਲੀ ਚੱਲਣ ਦਾ ਬਰਾਬਰ ਕੇਸ ਬਣਾਉਣ ਲਈ ਪ੍ਰਾਈਵੇਟ ਹਥਿਆਰਾਂ ਰਾਹੀਂ ਪੁਲਿਸ ਦੀਆਂ ਗੱਡੀਆਂ 'ਤੇ ਖ਼ੁਦ ਗੋਲੀਆਂ ਮਾਰ ਕੇ ਸਬੂਤ ਘੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਅਸਲ ਸਬੂਤਾਂ ਨੂੰ ਖ਼ਤਮ ਕਰਨ ਦੀ ਵੀ ਸਰਕਾਰੀ ਪੱਧਰ 'ਤੇ ਜਿਵੇਂ ਕੋਸ਼ਿਸ਼ ਹੋਈ, ਉਸ ਨੇ ਮੌਜੂਦਾ ਕੈਪਟਨ ਸਰਕਾਰ ਨੂੰ ਵੀ ਹੈਰਾਨ ਕਰ ਦਿੱਤਾ ਹੈ ਕਿ ਮਗਰਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪੁਲਿਸ ਕਿਸ ਢੰਗ ਨਾਲ ਕੰਮ ਕਰ ਰਹੀ ਸੀ | ਸੂਚਨਾ ਅਨੁਸਾਰ ਜਾਂਚ ਟੀਮ ਨੂੰ ਉਕਤ ਘਟਨਾਵਾਂ ਨਾਲ ਸਬੰਧਤ ਕਾਫ਼ੀ ਸਬੂਤ ਮਿਲ ਗਏ ਹਨ ਤੇ ਉਨ੍ਹਾਂ ਵਲੋਂ ਨਿੱਜੀ ਹਥਿਆਰ ਕਾਬੂ ਕਰਨ ਅਤੇ ਸਬੂਤਾਂ ਨੂੰ ਖ਼ਤਮ ਕਰਨ ਦੀਆਂ ਕੀਤੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਤੇ ਪਕੜ-ਧਕੜ ਜਾਰੀ ਹੈ | ਉੱਚ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਵਿਸ਼ੇਸ਼ ਜਾਂਚ ਟੀਮ ਇਸ ਗੱਲ ਦਾ ਪਤਾ ਲਗਾਉਣਾ ਚਾਹੁੰਦੀ ਹੈ ਕਿ ਰਾਜ ਦੇ ਉਸ ਸਮੇਂ ਦੇ ਪੁਲਿਸ ਮੁਖੀ ਸੁਮੇਧ ਸੈਣੀ ਕਿਸ ਦੀਆਂ ਹਦਾਇਤਾਂ 'ਤੇ ਇਹ ਪੁਲਿਸ ਕਾਰਵਾਈ ਕਰ ਰਹੇ ਸਨ | ਸਰਕਾਰੀ ਹਲਕਿਆਂ ਵਿਚ ਅਜੇ ਵੀ ਇਹ ਪ੍ਰਭਾਵ ਹੈ ਕਿ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਾਇਦ ਕੋਟਕਪੂਰਾ ਵਿਖੇ ਕੀਤੀ ਗਈ ਕਾਰਵਾਈ ਲਈ ਪਹਿਲਾਂ ਭਰੋਸੇ ਵਿਚ ਨਹੀਂ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਇਸ ਦੀ ਭਿਣਕ ਵੱਖ-ਵੱਖ ਜ਼ਿਲਿ੍ਹਆਂ ਦੀ ਪੁਲਿਸ ਦੇ ਕੋਟਕਪੂਰਾ ਪੁੱਜਣ ਤੋਂ ਬਾਅਦ ਪਈ ਪਰ ਇਸ ਸਾਰੇ ਮੁੱਦੇ 'ਤੇ ਅਸਲ ਜਾਣਕਾਰੀ ਅਤੇ ਤੱਥ ਸੁਮੇਧ ਸੈਣੀ ਹੀ ਸਪੱਸ਼ਟ ਕਰ ਸਕਣਗੇ | ਸੁਮੇਧ ਸੈਣੀ, ਜਿਨ੍ਹਾਂ ਨੂੰ ਕਿ ਜ਼ੈਡ ਪਲੱਸ ਸੁਰੱਖਿਆ ਪ੍ਰਦਾਨ ਹੈ, ਵਲੋਂ ਜੇਕਰ ਵਿਸ਼ੇਸ਼ ਜਾਂਚ ਟੀਮ ਨੂੰ ਪੁੱਛਗਿੱਛ ਪੁਲਿਸ ਹੈੱਡਕੁਆਰਟਰ ਦੀ ਥਾਂ ਕਿਸੇ ਹੋਰ ਥਾਂ ਜਾਂ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਵੀ ਸਰਕਾਰੀ ਪੱਧਰ 'ਤੇ ਵਿਚਾਰਿਆ ਜਾ ਸਕਦਾ ਹੈ | ਵਰਨਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸੁਮੇਧ ਸੈਣੀ ਨੂੰ ਗਿ੍ਫ਼ਤਾਰ ਕਰਨ ਲਈ ਪਹਿਲਾਂ 7 ਦਿਨ ਦਾ ਨੋਟਿਸ ਦੇਣ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਇਸ ਦੇ ਨਾਲ ਹੀ ਸੁਮੇਧ ਸੈਣੀ ਨੂੰ ਜਾਂਚ ਦੇ ਕੰਮ ਵਿਚ ਪੂਰੀ ਮਿਲਵਰਤਨ ਦੇਣ ਲਈ ਵੀ ਕਿਹਾ ਹੋਇਆ ਹੈ | ਪੁਲਿਸ ਸੂਤਰਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਸੈਣੀ ਨੂੰ ਚੰਡੀਗੜ੍ਹ ਸਥਿਤ ਪੀ.ਏ.ਪੀ. ਦੀ 82 ਬਟਾਲੀਅਨ ਦੇ ਹੈੱਡਕੁਆਰਟਰ ਵੀ ਪੁੱਛਗਿੱਛ ਲਈ ਸੱਦਿਆ ਜਾ ਸਕਦਾ ਹੈ, ਜੋ ਕਿ ਪੰਜਾਬ ਸਿਵਲ ਸਕੱਤਰੇਤ ਦੇ ਮਗਰਲੇ ਪਾਸੇ ਹੈ |
ਫ਼ਰੀਦਕੋਟ, 21 ਫ਼ਰਵਰੀ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸਥਾਨਕ ਇਲਾਕਾ ਮੈਜਿਸਟ੍ਰੇਟ ਚੇਤਨ ਸ਼ਰਮਾ ਵਲੋਂ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਦੀ ਨਿਆਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਸ ਮਾਮਲੇ 'ਚ ਬੀਤੀ 27 ਜਨਵਰੀ ਨੂੰ ਤੜਕੇ 5 ਕੁ ਵਜੇ ਉਨ੍ਹਾਂ ਦੇ ਘਰੋਂ ਗਿ੍ਫ਼ਤਾਰ ਕੀਤਾ ਸੀ ਅਤੇ ਦੇਰ ਰਾਤ ਇਥੇ ਡਿਊਟੀ ਮੈਜਿਸਟ੍ਰੇਟ ਦੇ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ ਅਤੇ ਉਸ ਤੋਂ ਬਾਅਦ ਤਿੰਨ ਦਿਨ ਦੇ ਹੋਰ ਪੁਲਿਸ ਰਿਮਾਂਡ ਤੋਂ ਬਾਅਦ ਅਦਾਲਤ ਵਲੋਂ ਉਨ੍ਹਾਂ ਨੂੰ 21 ਫਰਵਰੀ ਤੱਕ ਅਦਾਲਤੀ ਹਿਰਾਸਤ 'ਚ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ ਸਨ | ਚਰਨਜੀਤ ਸ਼ਰਮਾ ਕੇਂਦਰੀ ਜੇਲ੍ਹ ਪਟਿਆਲਾ 'ਚ ਨਜ਼ਰਬੰਦ ਹਨ ਅਤੇ ਅੱਜ ਉਨ੍ਹਾਂ ਦੀ ਵੀਡੀਓ ਕਾਨਫ਼ਰੰਸ ਰਾਹੀਂ ਇਲਾਕਾ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਅਦਾਲਤ 'ਚ ਪੇਸ਼ੀ ਕਰਵਾਈ ਗਈ ਅਤੇ ਅਦਾਲਤ ਵਲੋਂ ਉਨ੍ਹਾਂ ਨੂੰ 7 ਮਾਰਚ ਤੱਕ ਨਿਆਇਕ ਹਿਰਾਸਤ 'ਚ ਰੱਖਣ ਦਾ ਆਦੇਸ਼ ਦਿੱਤਾ ਗਿਆ |
• ਨਿੱਜੀ ਬੱਸ ਅਪ੍ਰੇਟਰਾਂ ਲਈ ਕਾਨੂੰਨ ਬਣੇ-ਆਪਣੀ ਹੀ ਸਰਕਾਰ ਿਖ਼ਲਾਫ਼ ਹੋਏ ਰਾਜਾ ਵੜਿੰਗ
ਚੰਡੀਗੜ੍ਹ, 21 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ 99 ਸਾਲ ਪਹਿਲਾਂ ਲਗਾਏ ਗਏ ਮੋਰਚੇ, ਜਿਸ ਵਿਚ 156 ਸਿੱਖ ਸ਼ਹੀਦ ਹੋਏ ਸਨ, ਨੂੰ ਯਾਦ ਕਰਦਿਆਂ ਅੱਜ ਸਦਨ ਵਲੋਂ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ 2 ਮਿੰਟ ਦਾ ਮੋਨ ਵੀ ਰੱਖਿਆ ਗਿਆ | ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ ਪਿੰਡ ਧਾਰੋਵਾਲੀ ਤੋਂ ਇਸ ਜਥੇ ਦੇ ਆਗੂ ਜਥੇ: ਲਛਮਣ ਸਿੰਘ ਅਤੇ 5 ਹੋਰ ਸਿੱਖ ਸ਼ਹੀਦ ਹੋਏ ਸਨ ਦੇ ਉਪਰਾਲੇ ਨਾਲ ਅੱਜ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮਮਹਿੰਦਰਾ ਵਲੋਂ ਇਹ ਮਤਾ ਸਦਨ
ਵਿਚ ਪੇਸ਼ ਕੀਤਾ ਗਿਆ | ਉਨ੍ਹਾਂ ਕਿਹਾ ਕਿ 2020 ਵਿਚ ਇਸ ਸਾਕੇ ਦੀ ਸ਼ਤਾਬਦੀ ਆ ਰਹੀ ਹੈ ਅਤੇ ਉਹ ਮੁੱਖ ਮੰਤਰੀ ਤੋਂ ਮੰਗ ਕਰਨਗੇ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਇਸ ਮਹਾਨ ਸਾਕੇ ਨੂੰ ਸਰਕਾਰੀ ਪੱਧਰ 'ਤੇ ਮਨਾਇਆ ਜਾਵੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਧਾਰੋਵਾਲੀ ਪਿੰਡ ਵਿਚ ਸਵਰਗੀ ਲਛਮਣ ਸਿੰਘ ਦੀ ਯਾਦ ਵਿਚ ਬਣੇ ਸਕੂਲ ਨੂੰ ਪਹਿਲੀ ਵਾਰ 1 ਕਰੋੜ 10 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ | ਸ: ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਸਾਰੇ ਗੁਰਦੁਆਰਿਆਂ 'ਤੇ ਕੰਟਰੋਲ ਹੈ ਵਲੋਂ ਸਿੱਖ ਕੌਮ ਦੇ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦੀ ਕੋਈ ਲੋੜ ਨਹੀਂ ਸਮਝੀ ਜਾ ਰਹੀ | ਲੋਕ ਇਨਸਾਫ਼ ਪਾਰਟੀ ਦੇ ਸ: ਬਲਵਿੰਦਰ ਸਿੰਘ ਬੈਂਸ ਜੋ ਕਿ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਮੈਂਬਰ ਵੀ ਹਨ, ਨੇ ਅਕਾਲੀਆਂ ਨੂੰ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਿਚ ਜੋ ਕੁਝ ਵਾਪਰਿਆ ਉਹ ਬਹੁਤ ਅਫ਼ਸੋਸਨਾਕ ਸੀ ਅਤੇ ਤੁਹਾਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ | ਮਤੇ 'ਤੇ ਸ: ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਨਹਿਰੂ ਨੇ ਵੀ ਇਸ ਮੋਰਚੇ ਸਬੰਧੀ ਕਿਹਾ ਸੀ ਕਿ ਆਜ਼ਾਦੀ ਦੀ ਅੱਧੀ ਜੰਗ ਜਿੱਤ ਲਈ ਗਈ ਹੈ | ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵਲੋਂ ਵੀ ਮਤੇ ਦਾ ਸਮਰਥਨ ਕੀਤਾ ਗਿਆ |
ਸਿਫਰ ਕਾਲ
ਸਿਫਰ ਕਾਲ ਦੌਰਾਨ ਅੱਜ ਹੁਕਮਰਾਨ ਪਾਰਟੀ ਦੇ ਰਾਜਾ ਵੜਿੰਗ ਵਲੋਂ ਨਿੱਜੀ ਬੱਸ ਅਪਰੇਟਰਾਂ ਦੀਆਂ ਆਪ ਹੁਦਰੀਆਂ ਅਤੇ ਧੱਕੇਸ਼ਾਹੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਬਾਦਲਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਬੱਸਾਂ ਅੱਜ ਵੀ ਲਗਾਤਾਰ ਲੋਕਾਂ ਨੂੰ ਕੁਚਲਣ ਦਾ ਕੰਮ ਕਰ ਰਹੀਆਂ ਹਨ ਲੇਕਿਨ ਸਾਡੀ ਸਰਕਾਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੀ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੰਗੀਨ ਮਾਮਲਾ ਹੈ ਅਤੇ ਜਿਸ ਕਿਸੇ ਬੱਸ ਕੰਪਨੀ ਦੀਆਂ ਬੱਸਾਂ 2-3 ਤੋਂ ਵੱਧ ਵਿਅਕਤੀਆਂ ਦੀ ਮੌਤ ਦਾ ਕਾਰਨ ਬਣਦੀਆਂ ਹਨ ਉਸ ਕੰਪਨੀ ਦਾ ਲਾਇਸੈਂਸ ਰੱਦ ਹੋ ਜਾਣਾ ਚਾਹੀਦਾ ਹੈ | ਉਨ੍ਹਾਂ ਟਰਾਂਸਪੋਰਟ ਮੰਤਰੀ ਤੋਂ ਮੰਗ ਕੀਤੀ ਕਿ ਸਰਕਾਰ ਇਸ ਸਬੰਧੀ ਸਖ਼ਤ ਕਾਨੂੰਨ ਬਣਾਵੇ ਅਤੇ ਰਾਹਗੀਰਾਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਅਜਿਹੇ ਡਰਾਈਵਰਾਂ ਨੂੰ ਘੱਟੋ ਘੱਟ 10-10 ਸਾਲ ਦੀ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ | ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਜਵਾਬ ਵਿਚ ਕਿਹਾ ਕਿ ਇਹ ਕਾਫ਼ੀ ਚਿੰਤਾ ਵਾਲਾ ਵਿਸ਼ਾ ਹੈ | ਰਾਜਾ ਵੜਿੰਗ ਦੇ ਖੇਤਰ ਵਿਚ 12 ਸਾਲ ਕੋਈ ਸਰਕਾਰੀ ਬੱਸ ਨੂੰ ਚੱਲਣ ਤੱਕ ਨਹੀਂ ਦਿੱਤਾ ਗਿਆ ਜਦੋਂਕਿ ਉਨ੍ਹਾਂ ਹੁਣ 2 ਸਰਕਾਰੀ ਬੱਸਾਂ ਚਾਲੂ ਕੀਤੀਆਂ ਹਨ ਅਤੇ ਮੰਗ ਮਿਲਣ 'ਤੇ ਹੋਰ ਬੱਸਾਂ ਵੀ ਚਾਲੂ ਕੀਤੀਆਂ ਜਾਣਗੀਆਂ |
ਮੁਫ਼ਤ ਬਿਜਲੀ ਸਹੂਲਤ ਸਬੰਧੀ ਮੁੱਦਾ
ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਮੁਫ਼ਤ ਬਿਜਲੀ ਦੀ ਸਹੂਲਤ ਸਬੰਧੀ ਸ਼ਰਤਾਂ ਲਗਾਉਣ ਦਾ ਮੁੱਦਾ ਉਠਾਇਆ ਗਿਆ | ਸਦਨ ਵਿਚ ਅਕਾਲੀ ਮੈਂਬਰ ਅੱਜ ਕਾਲੇ ਚੋਲੇ ਪਾ ਕੇ ਇਸ ਫੈਸਲੇ ਦੇ ਵਿਰੋਧ ਵਿਚ ਬੈਨਰ ਲਗਾ ਕੇ ਆਏ ਹੋਏ ਸਨ | ਅਕਾਲੀ ਦਲ ਦੇ ਹੀ ਗੁਰਪ੍ਰਤਾਪ ਸਿੰਘ ਵਡਾਲਾ ਨੇ 1 ਲੱਖ ਹੈਕਟੇਅਰ ਤੋਂ ਵੱਧ ਖੇਤਰ ਵਿਚ ਬੀਜੀ ਆਲੂਆਂ ਦੀ ਫਸਲ 'ਤੇ ਹੋਈ ਗੜੇਮਾਰੀ ਦਾ ਮੁੱਦਾ ਉਠਾਇਆ, ਜਿਸ ਕਾਰਨ 50 ਪ੍ਰਤੀਸ਼ਤ ਫਸਲ ਖ਼ਤਮ ਹੋ ਗਈ | ਅਕਾਲੀ ਦਲ ਦੇ ਪਵਨ ਟੀਨੂੰ ਵਲੋਂ ਵੀ ਸਦਨ ਵਿਚ ਅਨੁਸੂਚਿਤ ਤੇ ਪੱਛੜੀਆਂ ਸ਼੍ਰੇਣੀਆਂ ਲਈ ਮੁਫ਼ਤ ਬਿਜਲੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜੋ ਸਾਲ ਵਿਚ 3000 ਤੋਂ ਵੱਧ ਯੂਨਿਟ ਬਿਜਲੀ ਵਰਤੇਗਾ ਉਸ ਦੀ ਇਹ ਸਹੂਲਤ ਖ਼ਤਮ ਹੋ ਜਾਵੇਗੀ | ਲੇਕਿਨ ਸਪੀਕਰ ਵਲੋਂ ਇਸ ਮੁੱਦੇ 'ਤੇ ਅਕਾਲੀਆਂ ਨੂੰ ਹੋਰ ਬੋਲਣ ਦੀ ਇਜਾਜ਼ਤ ਨਾ ਦੇਣ ਦੇ ਵਿਰੋਧ ਵਿਚ ਅਕਾਲੀ-ਭਾਜਪਾ ਮੈਂਬਰ ਸਪੀਕਰ ਦੀ ਕੁਰਸੀ ਸਾਹਮਣੇ ਕੁਝ ਮਿੰਟ ਨਾਅਰੇ ਲਗਾਉਣ ਤੋਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ |
ਕਾਂਗਰਸ ਦੇ ਫਤਿਹਜੰਗ ਸਿੰਘ ਬਾਜਵਾ ਨੇ ਸਿਫਰ ਕਾਲ ਦੌਰਾਨ ਦੋਸ਼ ਲਗਾਇਆ ਕਿ ਮਗਰਲੀ ਅਕਾਲੀ ਭਾਜਪਾ ਸਰਕਾਰ ਵਲੋਂ ਇਕ ਕਾਰਾ ਸਿੰਘ ਘੁੰਮਣ ਨੂੰ ਐਨ.ਆਰ.ਆਈ. ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਸੀ ਲੇਕਿਨ ਕੈਨੇਡਾ ਪੁਲਿਸ ਵਲੋਂ ਉਸ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਗਿ੍ਫਤਾਰ ਕੀਤਾ ਗਿਆ ਹੈ ਅਜਿਹੇ ਵਿਅਕਤੀ ਨੂੰ ਕਮਿਸ਼ਨ ਦਾ ਮੈਂਬਰ ਕਿਸ ਵਲੋਂ ਲਗਵਾਇਆ ਗਿਆ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ | ਕਾਂਗਰਸ ਦੇ ਹੀ ਕੁਲਦੀਪ ਸਿੰਘ ਵੈਦ ਵਲੋਂ ਵੀ ਇਹ ਮਾਮਲਾ ਉਠਾਉਂਦਿਆਂ ਇਸ ਮੁੱਦੇ 'ਤੇ ਬਕਾਇਦਾ ਜਾਂਚ ਦੇ ਹੁਕਮ ਦੀ ਮੰਗ ਕੀਤੀ |
ਪੰਚਾਇਤੀ ਜ਼ਮੀਨਾਂ 'ਤੇ ਕਬਜ਼ਿਆਂ ਦਾ ਮੁੱਦਾ
ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਵਲੋਂ ਵੱਖ-ਵੱਖ ਥਾਵਾਂ 'ਤੇ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਿਆਂ ਦਾ ਮੁੱਦਾ ਉਠਾਇਆ ਗਿਆ ਤੇ ਮੰਗ ਕੀਤੀ ਗਈ ਕਿ ਪੰਚਾਇਤ ਮੰਤਰੀ ਵਿਧਾਇਕਾਂ ਦੀ ਕਮੇਟੀ ਦਾ ਗਠਨ ਕਰਨ ਤਾਂ ਜੋ ਉਨ੍ਹਾਂ ਤਾਕਤਵਰ ਲੋਕਾਂ ਦਾ ਪਤਾ ਲਗਾਇਆ ਜਾ ਸਕੇ ਜੋ ਅਜਿਹੀਆਂ ਜ਼ਮੀਨਾਂ 'ਤੇ ਕਾਬਜ਼ ਹਨ | ਵਿਧਾਇਕ ਕੰਵਰ ਸੰਧੂ ਵਲੋਂ ਚੰਡੀਗੜ੍ਹ ਅਤੇ ਇਸ ਦੇ ਗੁਆਂਢੀ ਖੇਤਰਾਂ ਵਿਚ ਮੈਟਰੋ ਪ੍ਰਾਜੈਕਟ ਸ਼ੁਰੂ ਕਰਨ ਲਈ ਸਦਨ ਵਲੋਂ ਮਤਾ ਲਿਆਂਦੇ ਜਾਣ ਦੀ ਮੰਗ ਕੀਤੀ ਗਈ ਲੇਕਿਨ ਸਰਕਾਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ | ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਲੋਂ ਠੇਕਾ ਮੁਲਾਜ਼ਮਾਂ ਦਾ ਮੁੱਦਾ ਉਠਾਇਆ ਗਿਆ ਜਦੋਂਕਿ ਅਕਾਲੀ ਦਲ ਦੇ ਹੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਭੱਠਲ ਤਕਨੀਕੀ ਸੰਸਥਾ ਦੇ ਸਟਾਫ਼ ਨੂੰ ਮਗਰਲੇ 8 ਮਹੀਨਿਆਂ ਤੋਂ ਤਨਖਾਹਾਂ ਨਾਲ ਮਿਲਣ ਅਤੇ ਇਸ ਸੰਸਥਾ ਨੂੰ ਸਿੱਧੇ ਸਰਕਾਰੀ ਅਧਿਕਾਰ ਹੇਠ ਲਿਆਉਣ ਦਾ ਮੁੱਦਾ ਉਠਾਇਆ ਗਿਆ ਜਦੋਂਕਿ ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ ਵਲੋਂ ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਵਸ ਹੈ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਲਈ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਮਤਾ ਪੇਸ਼ ਕਰਨ ਦੀ ਵੀ ਮੰਗ ਰੱਖੀ ਗਈ | ਵਿਰੋਧੀ ਧਿਰ ਦੇ ਆਗੂ ਸ. ਹਰਪਾਲ ਸਿੰਘ ਚੀਮਾ ਅਤੇ ਪਵਨ ਟੀਨੂੰ ਵਲੋਂ ਵੀ ਇਸ ਮਤੇ ਦਾ ਸਮਰਥਨ ਕੀਤਾ ਗਿਆ ਲੇਕਿਨ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਵਲੋਂ ਖਾਮੋਸ਼ ਰਹਿਣ ਕਾਰਨ ਮਤਾ ਨਹੀਂ ਲਿਆਂਦਾ ਜਾ ਸਕਿਆ |
ਸ਼੍ਰੋਮਣੀ ਕਮੇਟੀ ਚੋਣਾਂ
ਸਦਨ ਵਿਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਨਕਾਰ ਐਚ.ਐਸ. ਫੂਲਕਾ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਛੇਤੀ ਕਰਾਉਣ ਸਬੰਧੀ ਸਦਨ ਵਿਚ ਪਾਸ ਹੋਏ ਮਤੇ ਨੂੰ ਛੇਤੀ ਕੇਂਦਰੀ ਗ੍ਰਹਿ ਮੰਤਰੀ ਕੋਲ ਭੇਜਣ ਲਈ ਕਿਹਾ ਗਿਆ ਅਤੇ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਵਿਧਾਨ ਸਭਾ ਇਜਲਾਸ ਤੋਂ ਤੁਰੰਤ ਬਾਅਦ ਦਿੱਲੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਕੇ ਸਦਨ ਦੀਆਂ ਭਾਵਨਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਣ | ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਨੂੰ ਦੱਸਿਆ ਕਿ ਵਿਧਾਨ ਸਭਾ ਸਕੱਤਰੇਤ ਵਲੋਂ ਮਤਾ ਪਹਿਲਾਂ ਹੀ ਰਾਜ ਦੇ ਮੁੱਖ ਸਕੱਤਰ ਨੂੰ ਭੇਜਿਆ ਜਾ ਚੁੱਕਾ ਹੈ ਲੇਕਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਅੱਜ ਸਦਨ ਤੋਂ ਗ਼ੈਰ ਹਾਜ਼ਰ ਸਨ ਦਾ ਇਸ ਸਬੰਧੀ ਕੋਈ ਜਵਾਬ ਨਹੀਂ ਆ ਸਕਿਆ | ਵਿਧਾਇਕ ਬੁੱਧ ਰਾਮ ਨੇ ਸਦਨ ਵਿਚ ਰਾਜ ਦੇ ਮੁਲਾਜ਼ਮਾਂ ਦੇ 3363 ਕਰੋੜ ਦੇ ਡੀ. ਏ. ਅਤੇ ਦੂਜੇ ਬਕਾਇਆਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਮੁਲਾਜ਼ਮ ਕਲਮ ਛੋੜ ਹੜਤਾਲ 'ਤੇ ਹਨ |
ਧਿਆਨ ਦਿਵਾਊ ਮਤੇ
ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਵਲੋਂ ਅੱਜ ਸਦਨ ਵਿਚ ਟਰੈਵਲ ਏਜੰਟਾਂ ਰਾਹੀਂ ਆਮ ਲੋਕਾਂ ਦੀ ਲੁੱਟ ਦਾ ਮੁੱਦਾ ਉਠਾਇਆ ਗਿਆ, ਉਨ੍ਹਾਂ ਕਿਹਾ ਕਿ ਹਰੇਕ ਵਿਧਾਇਕ ਨੂੰ ਰੋਜ਼ਾਨਾ ਇਸ ਸਬੰਧੀ ਸ਼ਿਕਾਇਤਾਂ ਮਿਲਦੀਆਂ ਹਨ ਲੇਕਿਨ ਸਰਕਾਰੀ ਪੱਧਰ 'ਤੇ ਕੋਈ ਕਾਰਵਾਈ ਨਾ ਹੋਣ ਕਾਰਨ ਇਹ ਧੰਦਾ ਲਗਾਤਾਰ ਜਾਰੀ ਹੈ | ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਵਿਚ ਸ੍ਰੀ ਬ੍ਰਹਮ ਮਹਿੰਦਰਾ ਵਲੋਂ ਜੋ ਜਵਾਬ ਦਿੱਤਾ ਗਿਆ ਉਸ ਤੋਂ ਸ: ਕੰਵਰ ਸੰਧੂ ਸੰਤੁਸ਼ਟ ਨਹੀਂ ਸਨ | ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾਂ ਅਤੇ ਗੁਰਮੀਤ ਸਿੰਘ ਮੀਤ ਵਲੋਂ ਬਿਜਲੀ ਦੀਆਂ ਵੱਡੀਆਂ ਕੀਮਤਾਂ ਅਤੇ ਲਾਗਤ ਮੁੱਲ ਸਬੰਧੀ ਰੱਖੇ ਧਿਆਨ ਦਿਵਾਊ ਮਤੇ ਦੇ ਜਵਾਬ ਵਿਚ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਮਗਰਲੀ ਅਕਾਲੀ-ਭਾਜਪਾ ਸਰਕਾਰ ਵਲੋਂ ਬਿਜਲੀ ਖ਼ਰੀਦ ਲਈ ਜੋ ਸਮਝੌਤੇ ਕੀਤੇ ਗਏ ਉਨ੍ਹਾਂ ਕਾਰਨ ਸਰਕਾਰ ਨੂੰ ਸਾਲਾਨਾ ਬਿਜਲੀ ਦੀ ਪ੍ਰਾਪਤੀ ਤੋਂ ਬਿਨਾਂ 446 ਕਰੋੜ ਰੁਪਏ ਅਦਾ ਕਰਨੇ ਪੈ ਰਹੇ ਹਨ | ਰਾਣਾ ਗੁਰਜੀਤ ਸਿੰਘ ਨੇ ਸਦਨ ਨੂੰ ਦੱਸਿਆ ਕਿ ਇਨ੍ਹਾਂ ਗ਼ਲਤ ਸਮਝੌਤਿਆਂ ਕਾਰਨ ਅਗਲੇ 20 ਸਾਲਾਂ ਦੌਰਾਨ ਰਾਜ ਨੂੰ ਬਿਨਾਂ ਕਿਸੇ ਬਿਜਲੀ ਦੀ ਸਪਲਾਈ ਦੇ 62500 ਕਰੋੜ ਰੁਪਏ ਦੇਣੇ ਪੈਣਗੇ | 'ਆਪ' ਵਿਧਾਇਕ ਅਮਨ ਅਰੋੜਾ ਨੇ ਮੰਗ ਕੀਤੀ ਕਿ ਪੰਜਾਬ ਵਿਚ 3 ਨਿੱਜੀ ਕੰਪਨੀਆਂ ਨਾਲ ਕੀਤੇ ਇਹ ਸਮਝੌਤੇ ਰੱਦ ਕਰ ਕੇ ਇਨ੍ਹਾਂ 'ਤੇ ਮੁੜ ਵਿਚਾਰ ਕੀਤਾ ਜਾਵੇ |
ਆਵਾਰਾ ਪਸ਼ੂਆਂ ਦਾ ਮੁੱਦਾ
ਆਵਾਰਾ ਪਸ਼ੂਆਂ ਸਬੰਧੀ 'ਆਪ' ਵਿਧਾਇਕ ਅਮਨ ਅਰੋੜਾ, ਮਨਜੀਤ ਸਿੰਘ ਬਿਲਾਸਪੁਰ ਅਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦੇ ਧਿਆਨ ਦਿਵਾਊ ਮਤੇ ਦੇ ਜਵਾਬ ਵਿਚ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਦਾ ਪਤਾ ਲਗਾਉਣ ਲਈ ਜਾਨਵਰਾਂ ਲਈ ਗਣਿਕ ਆਈ.ਡੀ. ਡਿਵਾਈਸ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਮਾਲਕਾਂ ਵਿਰੁੱਧ ਕਾਰਵਾਈ ਹੋ ਸਕੇ | ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਲਈ 9.30 ਕਰੋੜ ਦਾ ਸੈਸ 2015 ਤੋਂ 2018 ਤੱਕ ਇਕੱਠਾ ਕੀਤਾ ਗਿਆ ਹੈ ਅਤੇ ਹੁਣ ਇਹ ਸੈਸ ਲਾਗੂ ਕਰਨ ਲਈ ਬਾਕੀ ਸਥਾਨਕ ਸਰਕਾਰਾਂ ਸਬੰਧੀ ਅਦਾਰਿਆਂ ਵਲੋਂ ਵੀ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਹਨ | ਇਸ ਵੇਲੇ ਕੋਈ 10,593 ਗਊਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਅਤੇ 2000 ਆਵਾਰਾ ਜਾਨਵਰਾਂ ਦੀ ਸੰਭਾਲ ਲਈ 25 ਏਕੜ ਜ਼ਮੀਨ ਦੀ ਪਹਿਚਾਣ ਕਰ ਕੇ ਉਥੇ ਕੈਟਲ ਪੋਡਜ਼ ਦੀ ਸਥਾਪਨਾ ਕੀਤੀ ਜਾ ਰਹੀ ਹੈ |
ਗ਼ੈਰ-ਸਰਕਾਰੀ ਮਤਾ
ਸਦਨ ਵਲੋਂ ਅੱਜ ਹਰਮਿੰਦਰ ਸਿੰਘ ਗਿੱਲ ਵਲੋਂ ਪੇਸ਼ ਕੀਤੇ ਇਕ ਗ਼ੈਰ-ਸਰਕਾਰੀ ਮਤੇ 'ਤੇ ਵੀ ਵਿਚਾਰ ਕੀਤਾ ਗਿਆ, ਜਿਸ ਵਿਚ ਸਰਕਾਰ ਦੇ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਦਾ ਮੁੱਢਲਾ ਢਾਂਚਾ ਵਿਕਸਤ ਕਰਨ ਅਤੇ ਇਸ ਮੰਤਵ ਲਈ ਪ੍ਰਵਾਸੀ ਭਾਰਤੀਆਂ ਦੀ ਮਦਦ ਲਏ ਜਾਣ ਲਈ ਕਿਹਾ ਗਿਆ ਸੀ | ਵਿਚਾਰ ਵਟਾਂਦਰਾ ਪੂਰਾ ਨਾ ਹੋ ਸਕਣ ਕਾਰਨ ਮਤਾ ਪਾਸ ਨਹੀਂ ਹੋ ਸਕਿਆ |
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ 'ਚ ਸਵਾਲ-ਜਵਾਬ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਖਰੜ ਤੇ ਨਵਾਂਗਰਾਉਂ 'ਚ ਪੰਚਾਇਤੀ, ਸ਼ਾਮਲਾਤ ਜ਼ਮੀਨਾਂ 'ਤੇ ਲੈਂਡ ...
ਨਵੀਂ ਦਿੱਲੀ, 21 ਫਰਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਰਾਫ਼ੇਲ ਮਾਮਲੇ 'ਚ ਆਪਣੇ ਫ਼ੈਸਲੇ ਦੀ ਮੁੜ ਸਮੀਖਿਆ ਮੰਗ ਸਬੰਧੀ ਪਟੀਸ਼ਨ 'ਤੇ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ | ਹਾਲਾਂਕਿ ਚੀਫ਼ ਜਸਟਿਸ ਰੰਜਨ ਗੋਗੋਈ ਨੇ ਇਸ 'ਤੇ ਫ਼ਿਲਹਾਲ ਤਰੀਕ ਬਾਰੇ ਕੋਈ ਵੀ ...
ਨਵੀਂ ਦਿੱਲੀ, 21 ਫਰਵਰੀ (ਉਪਮਾ ਡਾਗਾ ਪਾਰਥ)-ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮ ਲਈ ਤਾਇਨਾਤ ਨੀਮ ਫ਼ੌਜੀ ਬਲਾਂ ਦੇ ਜਵਾਨ ਛੁੱਟੀ 'ਤੇ ਜਾਣ ਲਈ ਅਤੇ ਡਿਊਟੀ 'ਤੇ ਵਾਪਸ ਆਉਣ ਸਮੇਂ ਹੁਣ ਹਵਾਈ ਉਡਾਣਾਂ ਦੀ ਵਰਤੋਂ ਕਰ ਸਕਣਗੇ | ਗ੍ਰਹਿ ਮੰਤਰਾਲੇ ਨੇ ਕੇਂਦਰੀ ਨੀਮ ਫ਼ੌਜੀ ...
ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਦੇ ਇਲਾਕੇ ਚਾਰ ਖੰਬਾ ਚੌਕ ਵਿਚ ਅੱਜ ਰਾਤ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨਾਂ ਵਿਚ ਲੱਕੀ (17) ਅਤੇ ਗੌਰਵ (22) ਸ਼ਾਮਿਲ ਹਨ | ਲੱਕੀ ਅੰਬੇਡਕਰ ਨਗਰ ...
1.70 ਲੱਖ ਰੁਪਏ ਜੁਰਮਾਨਾ
ਗੁਰਦਾਸਪੁਰ, 21 ਫਰਵਰੀ (ਸੁਖਵੀਰ ਸਿੰਘ ਸੈਣੀ)-ਚਰਚਿਤ ਸਾਬਕਾ ਐਸ.ਪੀ. ਸਲਵਿੰਦਰ ਸਿੰਘ ਨੰੂ ਜਬਰ ਜਨਾਹ ਅਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਸਥਾਨਕ ਅਦਾਲਤ ਵਲੋਂ ਅੱਜ 10 ਸਾਲ ਦੀ ਸਜ਼ਾ ਅਤੇ 1.70 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ | ਅਦਾਲਤ ਵਲੋਂ ...
ਢਾਕਾ, 21 ਫਰਵਰੀ (ਏਜੰਸੀ)-ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਪੁਰਾਣੇ ਇਲਾਕੇ ਚੌਕਬਾਜ਼ਾਰ ਸਥਿਤ ਰਸਾਇਣਕ ਗੁਦਾਮ 'ਚ ਬੀਤੀ ਰਾਤ ਭਿਆਨਕ ਅੱਗ ਲੱਗ ਜਾਣ ਕਾਰਨ 70 ਲੋਕ ਮਾਰੇ ਗਏ ਤੇ 50 ਤੋਂ ਵਧੇਰੇ ਹੋਰ ਝੁਲਸ ਗਏ ਹਨ | ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX