ਤਾਜਾ ਖ਼ਬਰਾਂ


ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਅਗਸਤ (ਅਰੁਣ ਆਹੂਜਾ)-ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹਾ ਪੱਧਰ 'ਤੇ ਚਲਾਏ ਜਾ ਰਹੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ...
ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਤੇ ਲੋਕਾਂ ਦੇ ਸਹਿਯੋਗ ਨੇ ਦੇਰ ਰਾਤ ਧੁੱਸੀ ਬੰਨ੍ਹ ਨੂੰ ਪਾੜ ਪੈਣ ਤੋਂ ਬਚਾਇਆ
. . .  about 2 hours ago
ਉਸਮਾਨਪੁਰ, 20 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਹੇਠਾਂ ਜਾਣ ਕਰਕੇ ਦੇਰ ਰਾਤ 10 ਦੇ ਕਰੀਬ ਸਤਲੁਜ ਦਰਿਆ ਦੇ ਤਾਜੋਵਾਲ-ਮੰਢਾਲਾ ਧੁੱਸੀ ਬੰਨ੍ਹ ਨੂੰ ਇਕ ਵਾਰ ਫਿਰ ...
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  1 day ago
ਬਾਘਾ ਪੁਰਾਣਾ ,20 ਅਗਸਤ {ਬਲਰਾਜ ਸਿੰਗਲਾ}- ਆਪਣੇ ਹੀ ਲਾਇਸੰਸੀ ਰਿਵਾਲਵਰ ਨੂੰ ਸਾਫ਼ ਕਰਦੇ ਸਮੇਂ ਚੱਲੀ ਗੋਲੀ ਨਾਲ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਬੂਟਾ ਸਿੰਘ ਦੀ ਮੌਤ ਹੋ ਗਈ । ਪੁਲਿਸ ਨੇ 174 ਦੀ ਕਾਰਵਾਈ ...
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  1 day ago
ਸਮਾਣਾ (ਪਟਿਆਲਾ) ,20 ਅਗਸਤ (ਸਾਹਿਬ ਸਿੰਘ)- ਥਾਣਾ ਸਮਾਣਾ ਦੇ ਪਿੰਡ ਮਵੀ ਕਲਾਂ ਦੀਆਂ ਦੋ ਲਾਪਤਾ ਸਹੇਲੀਆਂ ਵਿਚੋਂ ਦੂਸਰੀ ਦੀ ਲਾਸ਼ ਵੀ ਭਾਖੜਾ ਨਹਿਰ ਦੇ ਖਨੌਰੀ ਹੈਡ ਵਿਚੋਂ ਬਰਾਮਦ ਕਰ ਲਈ ਗਈ ...
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਅਗਸਤ (ਅਰੁਣ ਆਹੂਜਾ)-ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹਾ ਪੱਧਰ 'ਤੇ ਚਲਾਏ ਜਾ ਰਹੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ...
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  1 day ago
ਲੋਹੀਆਂ ਖਾਸ, 20 ਅਗਸਤ (ਦਿਲਬਾਗ ਸਿੰਘ)- ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ. ਐਸ. ਪੀ. ਜਲੰਧਰ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਕਰੀਬ 50 ਪਿੰਡਾਂ ਦੀ 30,000 ਏਕੜ ਜਮੀਨ ’ਤੇ ...
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  1 day ago
ਮਾਨਸਾ, 20 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਵਿਅਕਤੀ ਭੱਜਣ 'ਚ ਸਫਲ ਹੋ ਗਿਆ। ਫੜੀਆਂ ਗਲੀਆਂ ਦੀ ਕੀਮਤ ...
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  1 day ago
ਰਾਜਪੁਰਾ, 20 ਅਗਸਤ (ਰਣਜੀਤ ਸਿੰਘ) - ਅੱਜ ਇੱਥੇ ਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  1 day ago
ਹੰਡਿਆਇਆ, 20 ਅਗਸਤ (ਗੁਰਜੀਤ ਸਿੰਘ ਖੁੱਡੀ )- ਸੰਤ ਸਮਾਜ ਵੱਲੋਂ 21 ਅਗਸਤ ਨੂੰ ਦਿੱਲੀ ਵਿਖੇ ਜੰਤਰ-ਮੰਤਰ ਨੂੰ ਢਾਹੇ ਜਾਣ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ....
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਮੌਤ
. . .  1 day ago
ਜ਼ੀਰਾ, 20 ਅਗਸਤ (ਮਨਜੀਤ ਸਿੰਘ ਢਿੱਲੋਂ)- ਬਲਾਕ ਜ਼ੀਰਾ ਦੇ ਪਿੰਡ ਨੂਰਪੁਰ ਮਾਛੀਵਾੜਾ 'ਚ ਇਕ 24 ਸਾਲਾ ਨੌਜਵਾਨ ਲੜਕੇ ਦੀ ਨਸ਼ੇ ਦੀ ਓਵਰ ਡੋਜ਼ ...
ਮਾਮਲਾ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਦਾ, ਫਿਲੌਰ ਤੋਂ ਦਿੱਲੀ ਰਵਾਨਾ ਹੋਇਆ ਬਸਪਾ ਦਾ ਜਥਾ
. . .  1 day ago
ਫਿਲੌਰ, 20 ਅਗਸਤ (ਇੰਦਰਜੀਤ ਚੰਦੜ੍ਹ)- ਦਿੱਲੀ ਦੇ ਤੁਗਲਕਾਬਾਦ ਵਿਖੇ ਢਾਹੇ ਗਏ ਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਇਤਿਹਾਸਕ ਮੰਦਰ ਨੂੰ ਦੀ ਮੁੜ ਉਸਾਰੀ ਲਈ ਸੰਤ ਸਮਾਜ ਵਲੋਂ 21 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ...
ਕੇਰਲ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 123
. . .  1 day ago
ਤਿਰੂਵਨੰਤਪੁਰਮ, 20 ਅਗਸਤ- ਕੇਰਲ 'ਚ ਭਾਰੀ ਮੀਂਹ ਦੇ ਕਾਰਨ ਆਏ ਹੜ੍ਹ ਅਤੇ ਢਿਗਾਂ ਡਿੱਗਣ ਕਾਰਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 123 ਹੋ ਗਈ ਹੈ ਜਦਕਿ 19 ਲੋਕ ...
ਗੁਰਨੇ ਕਲਾਂ ਦੇ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  1 day ago
ਬੁਢਲਾਡਾ, 20 ਅਗਸਤ (ਰਾਹੀ) - ਪਿੰਡ ਗੁਰਨੇ ਕਲਾਂ ਦੇ ਨੌਜਵਾਨ ਕਿਸਾਨ ਦੀ ਖੇਤੀ ਮੋਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ...
ਮੁੱਖ ਮੰਤਰੀ ਵਲੋਂ ਸੂਬੇ ਅੰਦਰ 'ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ
. . .  1 day ago
ਐੱਸ. ਏ. ਐੱਸ. ਨਗਰ, 20 ਅਗਸਤ (ਕੇ. ਐੱਸ. ਰਾਣਾ)- ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 'ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ 76 ਫ਼ੀਸਦੀ...
ਭਤੀਜੀ ਨੂੰ ਦਿੱਲੀ ਏਅਰਪੋਰਟ ਛੱਡ ਵਾਪਸ ਪਰਤਦਿਆਂ ਵਾਪਰੇ ਹਾਦਸੇ 'ਚ ਤਿੰਨ ਮੌਤਾਂ
. . .  1 day ago
ਬੰਗਾ, 20 ਅਗਸਤ (ਗੁਰਜਿੰਦਰ ਸਿੰਘ ਗੁਰੂ)- ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਅਟਾਰੀ ਦਾ ਨੌਜਵਾਨ ਮਨਜੀਤ ਕੁਮਾਰ ਜੋ ਆਪਣੀ ਭਤੀਜੀ ਨੂੰ ਦਿੱਲੀ ਏਅਰਪੋਰਟ ਤੇ ਚੜ੍ਹਾ ਕੇ...
ਸ਼ਰਾਬ ਦੀ ਲਤ ਨੇ ਫਿਰ ਦਿਖਾਇਆ ਦਰਦਨਾਕ ਮੰਜਰ, ਪਤਨੀ ਨੂੰ ਜ਼ਖ਼ਮੀ ਕਰਕੇ ਪਤੀ ਨੇ ਲਿਆ ਫਾਹਾ
. . .  1 day ago
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਨੇੜੇ ਧੁੱਸੀ ਬੰਨ੍ਹ 'ਚ ਇੱਕ ਹੋਰ ਪਾੜ ਪੈਣ ਕਾਰਨ ਹੜ੍ਹ ਦੀ ਸਥਿਤੀ ਬਣੀ ਗੰਭੀਰ
. . .  1 day ago
ਸਬ-ਡਵੀਜ਼ਨ ਸ਼ਾਹਕੋਟ 'ਚ ਕੱਲ੍ਹ ਵੀ ਬੰਦ ਰਹਿਣਗੇ ਸਕੂਲ
. . .  1 day ago
ਅਮਿਤ ਸ਼ਾਹ ਨੇ ਅਸਮ 'ਚ ਐਨ.ਆਰ.ਸੀ ਦੇ ਅੰਤਿਮ ਪ੍ਰਕਾਸ਼ਨ ਨਾਲ ਜੁੜੇ ਮੁੱਦਿਆਂ ਦੀ ਕੀਤੀ ਸਮੀਖਿਆ
. . .  1 day ago
ਪੁਲਿਸ ਨੇ ਡਕੈਤੀ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਕੀਤਾ ਹੱਲ, ਦੋ ਦੋਸ਼ੀ ਕਾਬੂ
. . .  1 day ago
ਆਈ.ਐੱਨ.ਐਕਸ. ਮੀਡੀਆ ਮਾਮਲਾ : ਚਿਦੰਬਰਮ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਅਗਾਊਂ ਜ਼ਮਾਨਤ ਪਟੀਸ਼ਨਾਂ ਖ਼ਾਰਜ
. . .  1 day ago
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਤ, 1 ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਇੱਕ ਜਵਾਨ ਸ਼ਹੀਦ
. . .  1 day ago
ਰਾਮਲਲਾ ਬਿਰਾਜਮਾਨ ਦੇ ਵਕੀਲ ਦਾ ਦਾਅਵਾ : ਮਸਜਿਦ ਬਣਾਉਣ ਦੇ ਲਈ ਤੋੜਿਆ ਗਿਆ ਮੰਦਿਰ
. . .  1 day ago
ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ
. . .  1 day ago
ਧੁੱਸੀ ਬੰਨ੍ਹ 'ਚ ਪਾੜ ਪੈਣ ਕਾਰਨ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ 'ਚ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਇੱਕ ਕਿੱਲੋ ਤੋਂ ਵੱਧ ਦੀ ਹੈਰੋਇਨ ਸਮੇਤ 3 ਵਿਅਕਤੀ ਕਾਬੂ
. . .  1 day ago
ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਬੱਦਲ ਫਟਣ ਵਾਲੇ ਇਲਾਕਿਆਂ ਦਾ ਕੀਤਾ ਦੌਰਾ
. . .  1 day ago
ਸੰਗੀਤਕਾਰ ਖੱਯਾਮ ਨੂੰ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ, ਦੇਖੋ ਤਸਵੀਰਾਂ
. . .  1 day ago
ਦਿੱਲੀ ਹਾਈਕੋਰਟ ਨੇ ਰਤੁਲ ਪੁਰੀ ਦੀ ਅੰਤਰਿਮ ਜ਼ਮਾਨਤ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਅਸੀਂ 44 ਸਾਲ ਪੁਰਾਣਾ ਮਿਗ-21 ਉਡਾ ਰਹੇ ਹਾਂ ਜਦਕਿ ਇੰਨੀ ਪੁਰਾਣੀ ਤਾਂ ਕੋਈ ਕਾਰ ਨਹੀਂ ਚਲਾਉਂਦਾ- ਬੀ.ਐਸ. ਧਨੋਆ
. . .  1 day ago
ਪਾਕਿਸਤਾਨ ਨੇ ਅੱਜ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਲੋਹੀਆ 'ਚ ਸੰਤ ਸੀਚੇਵਾਲ ਦੀ ਟੀਮ ਅਤੇ ਐਨ.ਡੀ.ਆਰ.ਐਫ. ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਮਦਦ
. . .  1 day ago
ਹਜੂਮੀ ਹਿੰਸਾ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਗਟਾਈ ਚਿੰਤਾ
. . .  1 day ago
ਸਤਲੁਜ ਦਾ ਪੱਧਰ 2-3 ਫੁੱਟ ਹੇਠਾਂ ਉਤਰਿਆ
. . .  1 day ago
ਭਾਰਤੀ ਹਵਾਈ ਫ਼ੌਜ ਦੁਨੀਆ ਦੀ ਪੇਸ਼ੇਵਰ ਫ਼ੌਜਾਂ 'ਚੋਂ ਇੱਕ- ਰਾਜਨਾਥ ਸਿੰਘ
. . .  1 day ago
ਝਾਰਖੰਡ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਰਾਹੋਂ : ਮਿਰਜ਼ਾਪੁਰ ਨੇੜੇ ਸਤਲੁਜ ਦਰਿਆ 'ਚ ਲੱਗੀ ਢਾਹ
. . .  1 day ago
ਮਲੇਸ਼ੀਆ 'ਚ ਜ਼ਾਕਿਰ ਨਾਇਕ ਦੇ ਭੜਕਾਊ ਭਾਸ਼ਣਾਂ 'ਤੇ ਪਾਬੰਦੀ
. . .  1 day ago
ਕਸ਼ਮੀਰ ਮਸਲੇ 'ਤੇ ਟਰੰਪ ਨੇ ਮੋਦੀ ਅਤੇ ਇਮਰਾਨ ਖ਼ਾਨ ਨਾਲ ਕੀਤੀ ਗੱਲਬਾਤ
. . .  1 day ago
ਟਰੱਕ ਹੇਠ ਮੋਟਰਸਾਈਕਲ ਆਉਣ ਕਰ ਕੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ
. . .  1 day ago
ਲੜਕੇ ਨੂੰ ਕੈਨੇਡਾ ਦੇ ਜਹਾਜ਼ 'ਚ ਚੜ੍ਹਾ ਕੇ ਵਾਪਸ ਪਰਤ ਰਹੇ ਪਰਿਵਾਰ ਦੀ ਕਾਰ ਹੋਈ ਹਾਦਸਾਗ੍ਰਸਤ, ਇੱਕ ਦੀ ਮੌਤ
. . .  1 day ago
ਸੰਗਰੂਰ 'ਚ ਆਵਾਰਾ ਪਸ਼ੂ ਨੇ ਲਈ ਇੱਕ ਹੋਰ ਜਾਨ
. . .  1 day ago
ਸਤਲੁਜ ਦਰਿਆ 'ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਫ਼ਾਜ਼ਿਲਕਾ ਦੇ 18 ਪਿੰਡਾਂ 'ਚ ਹਾਈ ਅਲਰਟ
. . .  1 day ago
ਇਸਰੋ ਦੀ ਇੱਕ ਹੋਰ ਵੱਡੀ ਕਾਮਯਾਬੀ, ਚੰਦ ਦੇ ਗ੍ਰਹਿ ਪੰਧ 'ਚ ਦਾਖ਼ਲ ਹੋਇਆ ਚੰਦਰਯਾਨ-2
. . .  1 day ago
ਈ.ਡੀ ਵੱਲੋਂ ਰਤੁਲ ਪੁਰੀ ਗ੍ਰਿਫ਼ਤਾਰ
. . .  1 day ago
5 ਕਰੋੜ ਦੀ ਹੈਰੋਇਨ ਤੇ 23 ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਕਾਬੂ
. . .  1 day ago
ਡੇਰਾ ਦਰਿਆ ਗਿਰੀ ਦੇ ਮੁੱਖ ਸੇਵਾਦਾਰ ਸਵਾਮੀ ਹਰੀ ਗਿਰੀ ਜੀ ਹੋਏ ਬ੍ਰਹਮਲੀਨ
. . .  1 day ago
ਮਲੇਸ਼ੀਆ 'ਚ ਜ਼ਾਕਿਰ ਨਾਇਕ ਦੇ ਭਾਸ਼ਣ 'ਤੇ ਰੋਕ
. . .  1 day ago
ਪ੍ਰਧਾਨ ਮੰਤਰੀ ਨੇ ਟਵੀਟ ਕਰ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਪਹਿਲਾ ਸਫ਼ਾ

ਭਾਖੜਾ ਡੈਮ ਤੋਂ ਹੋਰ ਪਾਣੀ ਛੱਡੇ ਜਾਣ 'ਤੇ ਲੋਕਾਂ ਦੇ ਸਾਹ ਸੂਤੇ

* ਪਿੰਡਾਂ ਦੇ ਪਿੰਡ ਡੁੱਬੇ, ਹਜ਼ਾਰਾਂ ਏਕੜ ਫ਼ਸਲ ਤਬਾਹ * ਕੈਪਟਨ ਵਲੋਂ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ * ਸਤਲੁਜ ਨੇ ਜਲੰਧਰ ਤੇ ਲੁਧਿਆਣਾ ਜ਼ਿਲ੍ਹੇ 'ਚ ਮਚਾਈ ਤਬਾਹੀ * ਤਰਨ ਤਾਰਨ ਤੇ ਹਰੀਕੇ ਬਿਆਸ ਦੀ ਮਾਰ ਹੇਠ

ਜਲੰਧਰ, 19 ਅਗਸਤ (ਪੱਤਰ ਪ੍ਰੇਰਕਾਂ ਰਾਹੀਂ)-ਹਿਮਾਚਲ ਪ੍ਰਦੇਸ਼ 'ਚ ਪੈ ਰਹੀ ਲਗਾਤਾਰ ਬਾਰਿਸ਼ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ 'ਚ ਵਧੇ ਪਾਣੀ ਦੇ ਪੱਧਰ ਕਾਰਨ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਬੇਹੱਦ ਗੰਭੀਰ ਹੋ ਗਈ ਹੈ ਅਤੇ ਸੂਬਾ ਸਰਕਾਰ ਨੇ ਇਸ ਨੂੰ ਕੁਦਰਤੀ ਆਫ਼ਤ ਐਲਾਨ ਦਿੱਤਾ ਹੈ। ਮੁੱਖ ਮੰਤਰੀ ਵਲੋਂ ਹੜ੍ਹਾਂ ਨਾਲ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਰੂਪਨਗਰ ਦਾ ਦੌਰਾ ਕਰਦਿਆਂ ਐਮਰਜੈਂਸੀ ਰਾਹਤ ਲਈ 100 ਕਰੋੜ ਰੁਪਏ ਦਾ ਐਲਾਨ ਕਰ ਦਿੱਤਾ ਹੈ। ਰੂਪਨਗਰ ਜ਼ਿਲ੍ਹੇ 'ਚੋਂ 700 ਲੋਕਾਂ ਨੂੰ ਬਚਾਇਆ ਗਿਆ ਹੈ। ਭਾਖੜਾ ਡੈਮ ਵੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ, ਜਿਸ ਕਰਕੇ ਭਾਖੜਾ 'ਚੋਂ ਪਾਣੀ ਛੱਡੇ ਜਾਣ ਦੀ ਮਾਤਰਾ ਵਧਾਈ ਗਈ ਹੈ, ਇਸ ਨਾਲ ਸਤਲੁਜ 'ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਰੂਪਨਗਰ, ਤਰਨ ਤਾਰਨ, ਫਿਲੌਰ 'ਚ ਹੜ੍ਹ ਦੀ ਜ਼ਿਆਦਾ ਮਾਰ ਪਈ ਹੈ। ਜਲੰਧਰ ਜ਼ਿਲ੍ਹੇ ਦੀ ਫਿਲੌਰ ਸਬ-ਡਵੀਜ਼ਨ 'ਚ ਚਾਰ ਜਗ੍ਹਾ 'ਤੇ ਸਤੁਲਜ ਦਾ ਬੰਨ੍ਹ ਟੁੱਟਾ। ਬਲਾਕ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਜਾਣੀਆਂ ਤੇ ਚੱਕ ਬੁੰਡਾਲਾ ਦੇ ਨਜ਼ਦੀਕ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ 'ਚ ਕਰੀਬ 100 ਫੁੱਟ ਦਾ ਪਾੜ ਪੈ ਗਿਆ। ਜਿਸ ਨਾਲ ਬਲਾਕ ਲੋਹੀਆਂ ਖਾਸ ਦੇ ਕਰੀਬ 18 ਪਿੰਡਾਂ ਦੇ ਨਿਵਾਸੀ ਪਾਣੀ 'ਚ ਘਿਰ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਨੇੜਲੇ ਲਗਪਗ ਅੱਧੀ ਦਰਜਨ ਪਿੰਡਾਂ ਦੀ ਦੂਜੇ ਦਿਨ ਦੀ ਸਥਿਤੀ ਸਹਿਮ ਵਾਲੀ ਬਣੀ ਰਹੀ। ਕਈ ਪਿੰਡਾਂ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ। ਤਿੰਨ ਪਿੰਡ ਸ੍ਰੀ ਅਨੰਦਪੁਰ ਸਾਹਿਬ ਨਾਲੋਂ ਪੂਰੀ ਤਰ੍ਹਾਂ ਟੁੱਟੇ ਹੋਏ ਨਜ਼ਰ ਆਏ। ਹਰੀਕੇ ਹੈੱਡ ਵਰਕਸ ਨੇੜੇ ਬਿਆਸ ਤੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ 'ਚ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ ਅਤੇ 5 ਹਜ਼ਾਰ ਏਕੜ ਤੋਂ ਵੱਧ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ। ਸੂਬੇ 'ਚ ਬਚਾਅ ਕਾਰਜਾਂ 'ਚ ਫ਼ੌਜ ਵੀ ਐਨ.ਡੀ.ਆਰ.ਐਫ਼. ਅਤੇ ਸਥਾਨਕ ਪ੍ਰਸ਼ਾਸਨ ਨਾਲ ਜੁਟ ਗਈ ਹੈ।
ਫ਼ੌਜ ਦੀ ਪੱਛਮੀ ਕਮਾਂਡ ਨੇ ਆਪਣੀਆਂ ਟੀਮਾਂ ਨੂੰ ਪਠਾਨਕੋਟ ਦੇ ਮਿਰਥਲ, ਗੁਰਦਾਸਪੁਰ ਦੇ ਦੀਨਾਨਗਰ ਅਤੇ ਜਲੰਧਰ ਦੇ ਫਿਲੌਰ, ਨਕੋਦਰ ਤੇ ਸ਼ਾਹਕੋਟ 'ਚ ਤਾਇਨਾਤ ਕੀਤਾ ਹੈ। ਲੁਧਿਆਣਾ, ਜਲੰਧਰ, ਰੂਪਨਗਰ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੇ ਕੁਝ ਪਿੰਡਾਂ 'ਚ ਹੜ੍ਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਜਾਣ ਕਰਕੇ ਉਨ੍ਹਾਂ ਦੇ ਘਰ ਖਾਲੀ ਕਰਵਾਏ ਗਏ ਹਨ।
ਲੋਕਾਂ 'ਚ ਸਹਿਮ
ਸ੍ਰੀ ਅਨੰਦਪੁਰ ਸਾਹਿਬ, (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸਤਲੁਜ ਦਰਿਆ ਦੇ ਕੰਢੇ 'ਤੇ ਵਸੇ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਲਗਪਗ ਅੱਧੀ ਦਰਜਨ ਪਿੰਡਾਂ ਦੀ ਦੂਜੇ ਦਿਨ ਦੀ ਸਥਿਤੀ ਸਹਿਮ ਵਾਲੀ ਬਣੀ ਰਹੀ, ਬਾਰਿਸ਼ ਘੱਟ ਹੋਣ ਕਾਰਨ ਭਾਵੇਂ ਸਵਾ ਨਦੀ ਦਾ ਪਾਣੀ ਘੱਟ ਸੀ ਪ੍ਰੰਤੂ ਭਾਖੜਾ ਡੈਮ ਵਲੋਂ ਪਾਣੀ ਛੱਡੇ ਜਾਣ ਦੀ ਦਿੱਤੀ ਸੂਚਨਾ ਤੋਂ ਬਾਅਦ ਉਕਤ ਪਿੰਡਾਂ 'ਚ ਹੜ੍ਹ ਆਉਣ ਦੀ ਮੁੜ ਸਮੱਸਿਆ ਬਣ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਗੱਜਪੁਰ ਬੇਲਾ, ਚੰਦਪੁਰ, ਹਰੀਵਾਲ, ਨਿੱਕੂਵਾਲ, ਮਹਿਦਲੀ ਕਲਾ, ਬੁਰਜ, ਸ਼ਾਹਪੁਰ ਬੇਲਾ 'ਚ ਦੌਰਾ ਕਰਨ ਤੋਂ ਬਾਅਦ ਦੇਖਿਆ ਗਿਆ ਕਿ ਘਰਾਂ 'ਚੋਂ ਪਾਣੀ ਬਾਹਰ ਨਿਕਲ ਗਿਆ ਸੀ ਪਰ ਖੇਤਾਂ 'ਚ ਪਾਣੀ ਪਹਿਲਾਂ ਦੀ ਤਰ੍ਹਾਂ ਵਗ ਰਿਹਾ ਸੀ। ਕਈ ਪਿੰਡਾਂ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ। ਹੋਰ ਤਾਂ ਹੋਰ ਪਿੰਡ ਚੰਦਪੁਰ ਬੇਲਾ, ਗੱਜਪੁਰ ਬੇਲਾ ਤੇ ਹਰੀਵਾਲ ਸ੍ਰੀ ਅਨੰਦਪੁਰ ਸਾਹਿਬ ਨਾਲੋਂ ਪੂਰੀ ਤਰ੍ਹਾਂ ਟੁੱਟੇ ਹੋਏ ਨਜ਼ਰ ਆਏ ਕਿਉਂਕਿ ਸੜਕੀ ਮਾਰਗ ਪਾਣੀ ਨਾਲ ਜਾਂ ਤਾਂ ਟੁੱਟ ਚੁੱਕਾ ਸੀ ਜਾਂ ਫਿਰ ਪਾਣੀ ਦੀ ਮਾਰ ਹੇਠ ਸੀ। ਸਰਕਾਰੀ ਪ੍ਰਬੰਧਾਂ ਦੀ ਅਣਹੋਂਦ ਕਾਰਨ ਆਮ ਲੋਕਾਂ 'ਚ ਭਾਰੀ ਰੋਸ ਸੀ ਅਤੇ ਉਹ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਫ਼ਸਲ ਦੀ ਖ਼ਰਾਬੀ ਸਬੰਧੀ ਖੇਤੀਬਾੜੀ ਅਫ਼ਸਰ ਡਾ.ਅਵਤਾਰ ਸਿੰਘ ਨੇ ਦੱਸਿਆ ਕਿ ਸਤਲੁਜ ਦੇ ਹੜ੍ਹ ਦੀ ਮਾਰ ਹੇਠ 20 ਪਿੰਡਾਂ ਦੀ 1200 ਹੈਕਟੇਅਰ ਫ਼ਸਲ ਖ਼ਰਾਬ ਹੋਈ ਹੈ ਜਿਸ 'ਚ 900 ਹੈਕਟੇਅਰ ਮੱਕੀ ਤੇ 300 ਹੈਕਟੇਅਰ ਝੋਨਾ ਹੈ ਜਿਹੜਾ ਕੁੱਲ ਰਕਬਾ 3 ਹਜ਼ਾਰ ਏਕੜ ਬਣਦਾ ਹੈ।
ਤਰਨ ਤਾਰਨ 'ਚ 5 ਹਜ਼ਾਰ ਏਕੜ ਤੋਂ ਵੱਧ ਫ਼ਸਲ ਨੁਕਸਾਨੀ
ਤਰਨ ਤਾਰਨ/ਹਰੀਕੇ ਪੱਤਣ, (ਹਰਿੰਦਰ ਸਿੰਘ, ਸੰਜੀਵ ਕੁੰਦਰਾ)-ਸਤਲੁਜ ਦਰਿਆ 'ਚ ਪਾਣੀ ਦੇ ਪੱਧਰ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਸਬ-ਡਵੀਜ਼ਨ ਪੱਟੀ ਦੇ ਦਰਿਆ ਕਿਨਾਰੇ ਲੱਗਦੇ ਪਿੰਡਾਂ 'ਚ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਤੇ ਐੱਸ.ਐੱਸ.ਪੀ. ਧਰੁਵ ਦਾਹੀਆ ਨੇ ਧੁੱਸੀ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਬਿਆਸ ਤੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ 'ਚ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ ਅਤੇ 5 ਹਜ਼ਾਰ ਏਕੜ ਤੋਂ ਵੱਧ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ। ਹਰੀਕੇ ਹੈੱਡ ਵਰਕਸ 'ਚ ਸ਼ਾਮ ਤੱਕ 1 ਲੱਖ 60 ਹਜ਼ਾਰ ਕਿਊਸਿਕ ਪਾਣੀ ਦਰਜ ਕੀਤਾ ਗਿਆ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 1 ਲੱਖ 10 ਹਜ਼ਾਰ ਕਿਊਸਿਕ ਵੱਧ ਹੈ।
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਕੋਟ ਬੁੱਢਾ, ਝੁੱਗੀਆਂ ਪੀਰ ਬਖਸ਼, ਮੁੱਠਿਆਂਵਾਲਾ, ਜੱਲੋਕੇ, ਸਭਰਾ ਤੇ ਕੁੱਤੀਵਾਲ ਆਦਿ ਪਿੰਡਾਂ ਦੇ ਦੌਰੇ ਦੇ ਨਾਲ ਨਾਲ ਹਰੀਕੇ ਪੱਤਣ ਹੈੱਡ ਵਰਕਸ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਮਖੂ ਬਲਾਕ ਦੇ ਕਈ ਪਿੰਡ ਪਾਣੀ 'ਚ ਡੁੱਬੇ-ਫ਼ੌਜ ਤਾਇਨਾਤ
ਫ਼ਿਰੋਜ਼ਪੁਰ/ਮਖੂ/ਮੱਲਾਂਵਾਲਾ, (ਜਸਵਿੰਦਰ ਸਿੰਘ ਸੰਧੂ, ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ, ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਅੱਜ ਸ਼ਾਮ ਹਰੀਕੇ ਹੈੱਡ ਵਰਕਸ 'ਤੇ ਸਤਲੁਜ ਅਤੇ ਬਿਆਸ ਤੋਂ 1 ਲੱਖ 59 ਹਜ਼ਾਰ 512 ਕਿਊਸਿਕ ਪਾਣੀ ਦੀ ਆਮਦ ਨਾਪੀ ਗਈ, ਜਿੱਥੋਂ ਪਾਣੀ ਫ਼ਿਰੋਜ਼ਪੁਰ ਸਰਹੰਦ ਫੀਡਰ ਤੇ ਰਾਜਸਥਾਨ ਨਹਿਰ 'ਚ ਛੱਡੇ ਜਾਣ ਤੋਂ ਇਲਾਵਾ 1 ਲੱਖ 48 ਹਜ਼ਾਰ 230 ਕਿਊਸਿਕ ਪਾਣੀ ਹੇਠਾ ਵੱਲ ਛੱਡਿਆ ਗਿਆ। ਹੁਸੈਨੀਵਾਲਾ ਹੈੱਡ ਵਰਕਸ 'ਤੇ ਪਹੁੰਚ ਰਹੇ ਪਾਣੀ 'ਚੋਂ 44 ਹਜ਼ਾਰ 64 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਸੀ। ਬੀਤੇ ਦਿਨ ਰੋਪੜ ਹੈੱਡ ਵਰਕਸ ਤੋਂ ਛੱਡੇ ਗਏ ਢਾਈ ਲੱਖ ਕਿਊਸਿਕ ਪਾਣੀ ਦੀ ਆਮਦ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਹੋਣ ਨਾਲ ਮਖੂ ਬਲਾਕ ਦੇ ਪਿੰਡ ਭੂਤੀ ਵਾਲਾ, ਕੋਟ ਕਾਇਮ ਖਾਂ, ਰੁਕਨੇਵਾਲਾ, ਭੋਪੇਵਾਲਾ, ਮਹਿਮੂਦ ਵਾਲਾ, ਵਾੜਾ ਕਾਲੀ ਰੌਣ, ਲਾਲੂ ਵਾਲਾ, ਮਾਹਲੇ ਵਾਲਾ, ਸ਼ੇਰਾ ਮੰਡਾਰ, ਖੰਨਾ, ਚੱਕ ਖੰਨਾ ਪਾਣੀ 'ਚ ਘਿਰ ਗਏ ਹਨ। ਹੜ੍ਹ ਪ੍ਰਭਾਵਿਤ ਇਲਾਕੇ ਦਾ ਡਿਪਟੀ ਕਮਿਸ਼ਨਰ ਚੰਦਰ ਗੈਂਦ ਤੇ ਸੀਨੀਅਰ ਕਪਤਾਨ ਪੁਲਿਸ ਵਿਵੇਕਸ਼ੀਲ ਸੋਨੀ ਆਦਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦੌਰਾ ਕੀਤਾ ਗਿਆ। ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਉਨ੍ਹਾਂ ਦੀ ਹਰ ਪੱਖੋਂ ਮਦਦ ਕਰੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ 52 ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਮਖੂ ਬਲਾਕ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਦੀ ਸਹੂਲਤ ਲਈ ਫ਼ੌਜ ਦੀਆਂ ਤਿੰਨ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ 240 ਜਵਾਨ ਅਤੇ 12 ਕਿਸ਼ਤੀਆਂ ਹਨ।
ਸਰਕਾਰੀਆ ਵਲੋਂ ਰੂਪਨਗਰ ਤੇ ਫਿਲੌਰ 'ਚ ਸਥਿਤੀ ਦਾ ਜਾਇਜ਼ਾ
ਚੰਡੀਗੜ੍ਹ, (ਅਜੀਤ ਬਿਊਰੋ)-ਸੂਬੇ ਭਰ 'ਚ ਹੜ੍ਹ ਵਰਗੇ ਹਾਲਾਤ ਨਾਲ ਨਜਿੱਠਣ ਲਈ ਸੋਮਵਾਰ ਸਵੇਰੇ ਜਲ ਸ੍ਰੋਤ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਰੋਪੜ ਹੈੱਡ ਵਰਕਸ ਤੇ ਫਿਲੌਰ ਦਾ ਦੌਰਾ ਕੀਤਾ ਗਿਆ। ਰੋਪੜ ਹੈੱਡ ਵਰਕਸ ਦੇ ਦੌਰੇ ਦੌਰਾਨ ਸ. ਸਰਕਾਰੀਆ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਬਦਲਦੇ ਹਾਲਾਤ ਮੁਤਾਬਿਕ ਮੁਸਤੈਦੀ ਨਾਲ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੈੱਡ ਵਰਕਸ 'ਚੋਂ ਯੋਜਨਾਬੱਧ ਢੰਗ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਰੂਪਨਗਰ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਨੂੰ ਪੰਜ ਕਲੱਸਟਰਾਂ 'ਚ ਵੰਡ ਕੇ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਇਸ ਤੋਂ ਬਾਅਦ ਸਰਕਾਰੀਆ ਨੇ ਫਿਲੌਰ ਨੇੜਲੇ ਪਿੰਡ ਭੋਲੇਵਾਲ ਦਾ ਦੌਰਾ ਕੀਤਾ, ਜਿੱਥੇ ਸਤਲੁਜ ਦਰਿਆ 'ਚ ਵਧੇ ਪਾਣੀ ਦੇ ਵਹਾਅ ਕਾਰਨ ਧੁੱਸੀ ਬੰਨ੍ਹ 'ਚ ਪਾੜ ਪਿਆ ਹੈ। ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਦਿਆਂ ਸ. ਸਰਕਾਰੀਆ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ। ਇਸ ਦੌਰੇ ਦੌਰਾਨ ਉਨ੍ਹਾਂ ਨਾਲ ਜਲ ਸ੍ਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ, ਮੁੱਖ ਇੰਜੀਨੀਅਰ (ਨਹਿਰਾਂ) ਜਗਮੋਹਨ ਸਿੰਘ ਮਾਨ, ਮੁੱਖ ਇੰਜੀਨੀਅਰ ਡਰੇਨੇਜ ਸ੍ਰੀ ਸੰਜੀਵ ਕੁਮਾਰ ਗੁਪਤਾ ਤੇ ਹੋਰ ਅਧਿਕਾਰੀ ਮੌਜੂਦ ਸਨ।
ਜਲੰਧਰ-ਫਿਰੋਜ਼ਪੁਰ ਰੇਲ ਸੇਵਾ ਠੱਪ
ਜਲੰਧਰ, (ਹਰਵਿੰਦਰ ਸਿੰਘ ਫੁੱਲ)-ਹੜ੍ਹਾਂ ਕਾਰਨ ਜਲੰਧਰ-ਫਿਰੋਜ਼ਪੁਰ ਰੇਲ ਸੇਵਾ ਵੀ ਪ੍ਰਭਾਵਿਤ ਹੋਈ ਹੈ। ਜਾਣਕਾਰੀ ਅਨੁਸਾਰ ਗਿੱਦੜਪਿੰਡੀ ਅਤੇ ਮਖੂ ਦਰਮਿਆਨ ਪੈਦੇ ਪੁਲ ਨੰ. 84 'ਤੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਪਾਣੀ ਦੇ ਵਹਾਅ ਕਾਰਨ ਫਿਰੋਜ਼ਪੁਰ ਤੋਂ ਜਲੰਧਰ ਅਤੇ ਹੁਸ਼ਿਆਰਪੁਰ ਵਿਚਕਾਰ ਚੱਲਣ ਵਾਲੀਆਂ ਕੁਝ ਲੋਕਲ ਗੱਡੀਆਂ 74932, 74934, 54644, 54638, 54637, 54643, 73931 ਅਤੇ 74935 ਰੱਦ ਕਰ ਦਿੱਤੀਆਂ ਗਈਆ। ਹਨ ਜਦ ਕਿ ਭਾਵਨਗਰ ਊਧਮਪੁਰ (ਜਨਮਭੂਮੀ ਐਕਸਪ੍ਰੈਸ) ਅਤੇ (ਜੰਮੂ ਤਵੀ ਬਠਿੰਡਾ ਐਕਸਪ੍ਰੈਸ) ਵਾਇਆ ਫਿਰੋਜ਼ਪੁਰ-ਜਲੰਧਰ-ਜੰਮੂ ਨੂੰ ਚੱਲਣ ਵਾਲੀਆਂ 19107, 19226 ਗੱਡੀਆਂ ਦਾ ਰੂਟ ਬਦਲ ਕੇ ਵਾਇਆ ਲੁਧਿਆਣਾ, ਜਲੰਧਰ ਕੈਂਟ ਰਵਾਨਾ ਕੀਤਾ ਗਿਆ।
ਪੰਜਾਬ ਸਰਕਾਰ ਨੇ 'ਕੁਦਰਤੀ ਆਫ਼ਤ' ਐਲਾਨਿਆ
ਉੱਚ ਪੱਧਰੀ ਮੀਟਿੰਗ 'ਚ ਫ਼ਸਲਾਂ ਦੇ ਨੁਕਸਾਨ ਲਈ ਬਕਾਇਆ ਮੁਆਵਜ਼ਾ ਤੁਰੰਤ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ, 19 ਅਗਸਤ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਅੱਜ ਸੂਬੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਕੁਦਰਤੀ ਆਫ਼ਤ ਦਾ ਐਲਾਨ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨਰ ਮਾਲ ਨੂੰ ਇਸ ਸਬੰਧੀ ਤੁਰੰਤ ਹੀ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨਰ ਮਾਲ ਨੂੰ ਅਧਿਕਾਰਤ ਤੌਰ 'ਤੇ ਇਕ ਪਿੰਡ ਨੂੰ ਇਕ ਯੂਨਿਟ ਮੰਨ ਕੇ ਮੌਜੂਦਾ ਹੜ੍ਹਾਂ ਨੂੰ ਤੁਰੰਤ ਕੁਦਰਤੀ ਆਫ਼ਤ ਐਲਾਨ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਵੱਖ-ਵੱਖ ਕੰਪਨੀਆਂ ਤੋਂ ਬੀਮਾ ਕਲੇਮ ਕਰਨ 'ਚ ਸੁਵਿਧਾ ਹਾਸਲ ਹੋਵੇ। ਸੂਬੇ 'ਚ ਹੜ੍ਹਾਂ ਦੀਆਂ ਤਿਆਰੀਆਂ ਦਾ ਸਮੀਖਿਆ ਕਰਨ ਲਈ ਆਪਣੇ ਸਰਕਾਰੀ ਰਿਹਾਇਸ਼ ਵਿਖੇ ਸ਼ਾਮ ਨੂੰ ਸੱਦੀ ਉੱਚ ਪੱਧਰੀ ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਤਕਰੀਬਨ 100 ਕਰੋੜ ਰੁਪਏ ਦੇ ਬਕਾਇਆ ਫ਼ੰਡ ਤੁਰੰਤ ਜਾਰੀ ਕਰਨ ਲਈ ਕਿਹਾ ਜੋ ਕਿ ਪਿਛਲੀਆਂ ਫ਼ਸਲਾਂ/ਵਾਢੀ ਸਬੰਧੀ ਹਨ ਤਾਂ ਜੋ ਮਾਲ ਵਿਭਾਗ ਵਲੋਂ ਸਬੰਧਿਤ ਡਿਪਟੀ ਕਮਿਸ਼ਨਰਾਂ ਰਾਹੀਂ ਇਨ੍ਹਾਂ ਦੀ ਤੇਜ਼ੀ ਨਾਲ ਵੰਡ ਕੀਤੀ ਜਾ ਸਕੇ। ਮੀਟਿੰਗ 'ਚ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿਸ਼ੇਸ਼ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਮਾਲ ਕੇ.ਬੀ.ਐਸ. ਸਿੱਧੂ, ਵਧੀਕ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ, ਡੀ.ਜੀ.ਪੀ. ਦਿਨਕਰ ਗੁਪਤਾ, ਪ੍ਰਮੁੱਖ ਸਕੱਤਰ (ਜਲ ਸਰੋਤ) ਸਰਵਜੀਤ ਸਿੰਘ, ਸਕੱਤਰ (ਖਰਚਾ) ਵੀ.ਐਨ.ਜ਼ਾਦੇ, ਵਿਸ਼ੇਸ਼ ਸਕੱਤਰ (ਮਾਲ) ਰਾਜੀਵ ਪਰਾਸ਼ਰ ਤੇ ਚੀਫ਼ ਇੰਜੀਨੀਅਰ ਡਰੇਨਜ਼ ਸੰਜੀਵ ਗੁਪਤਾ ਵੀ ਹਾਜ਼ਰ ਸਨ।
ਫਿਲੌਰ 'ਚ 4 ਥਾਵਾਂ ਤੋਂ ਟੁੱਟਾ ਸਤਲੁਜ ਦਾ ਬੰਨ੍ਹ-ਬਚਾਅ ਕਾਰਜਾਂ 'ਚ ਫ਼ੌਜ ਜੁਟੀ

ਫਿਲੌਰ/ਲੋਹੀਆਂ ਖਾਸ, 19 ਅਗਸਤ (ਸੁਰਜੀਤ ਸਿੰਘ ਬਰਨਾਲਾ, ਬੀ. ਐਸ. ਕੈਨੇਡੀ, ਇੰਦਰਜੀਤ ਚੰਦੜ੍ਹ, ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)-ਭਾਖੜਾ ਡੈਮ 'ਚੋਂ ਸਤਲੁਜ ਦਰਿਆ 'ਚ ਛੱਡੇ ਗਏ ਪਾਣੀ ਨੇ ਫਿਲੌਰ ਤੇ ਲੋਹੀਆਂ ਖਾਸ ਇਲਾਕੇ 'ਚ ਤਬਾਹੀ ਮਚਾ ਦਿੱਤੀ ਹੈ। ਪਾਣੀ ਦਾ ਪੱਧਰ ਵਧਣ ਕਾਰਨ ਫਿਲੌਰ ਸਬ-ਡਵੀਜ਼ਨ 'ਚ 4 ਥਾਵਾਂ ਤੋਂ ਸਤਲੁਜ ਦਾ ਬੰਨ੍ਹ ਟੁੱਟ ਗਿਆ। ਪਿੰਡ ਭੋਲੇਵਾਲ, ਮੌ ਸਾਹਿਬ ਤੇ ਮੀਓਵਾਲ 'ਚ ਬੰਨ੍ਹ ਟੁੱਟਣ ਨਾਲ ਸਾਰੇ ਪਾਸੇ ਪਿੰਡਾਂ 'ਚ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਅਚਾਨ ਚੱਕ, ਪੰਜਢੇਰਾ, ਗੰਨਾ ਪਿੰਡ, ਮੋਤੀਪੁਰ ਖ਼ਾਲਸਾ ਪਿੰਡ ਵੀ ਇਸ ਦੀ ਲਪੇਟ 'ਚ ਆ ਗਏ। ਪਿੰਡ ਮੋਤੀਪੁਰ ਦੇ ਕਿਸਾਨ ਆਗੂ ਕਮਲਜੀਤ ਸਿੰਘ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਪਿੰਡ ਭੋਲੇਵਾਲ ਤੇ ਪਿੰਡ ਮੀਓਵਾਲ ਤੋਂ ਬੰਨ੍ਹ ਟੁੱਟਾ, ਜਿਸ ਨਾਲ ਉਨ੍ਹਾਂ ਦੇ ਪਿੰਡ 'ਚ 6 ਤੋਂ 7 ਫੁੱਟ ਪਾਣੀ ਆ ਗਿਆ। ਜਦੋਂ ਸਾਨੂੰ ਬੰਨ੍ਹ ਟੁੱਟਣ ਬਾਰੇ ਪਤਾ ਲੱਗਾ ਤਾਂ ਅਸੀਂ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫ਼ੋਨ ਕੀਤੇ ਪਰ ਕਿਸੇ ਵੀ ਅਧਿਕਾਰੀ ਨੇ ਫ਼ੋਨ ਨਹੀਂ ਚੁੱਕਿਆ। ਜਿਸ ਤੋਂ ਬਾਅਦ ਉਨ੍ਹਾਂ ਐੱਸ.ਐੱਸ.ਪੀ. ਜਲੰਧਰ ਦਿਹਾਤੀ ਨੂੰ ਫ਼ੋਨ ਲਗਾਇਆ ਤਾਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਪਰ ਪਾਣੀ ਇਕ ਦਮ ਜ਼ਿਆਦਾ ਆਉਣ ਨਾਲ ਪਿੰਡ ਵਾਸੀ ਸਾਮਾਨ ਵੀ ਨਹੀਂ ਚੁੱਕ ਸਕੇ। ਜਿਸ ਤੋਂ ਬਾਅਦ ਫ਼ੌਜ ਤੇ ਐਨ.ਡੀ.ਆਰ.ਐਫ਼. ਨੇ ਕਮਾਨ ਸੰਭਾਲੀ ਅਤੇ ਲੋਕਾਂ ਨੂੰ ਪਿੰਡ ਤੋਂ ਬਾਹਰ ਲਿਆਂਦਾ। ਫ਼ੌਜ ਵਲੋਂ ਗੁਰਦੁਆਰਾ ਸਾਹਿਬ 'ਚ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਸੁਰੱਖਿਅਤ ਥਾਂ 'ਤੇ ਲਿਆਂਦਾ ਗਿਆ।
ਰੇਤ ਮਾਫ਼ੀਆ ਕਰਕੇ ਟੁੱਟਾ ਬੰਨ੍ਹ
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬੰਨ੍ਹ ਉਸ ਜਗ੍ਹਾ ਤੋਂ ਟੁੱਟਾ, ਜਿੱਥੇ ਰੇਤ ਮਾਫ਼ੀਆ ਵਲੋਂ ਆਪਣੇ ਟਿੱਪਰ ਲੰਘਾ ਕੇ ਬੰਨ੍ਹਾਂ ਨੂੰ ਅਸੁਰੱਖਿਅਤ ਕੀਤਾ ਹੋਇਆ ਸੀ। ਉਨ੍ਹਾਂ ਸਰਕਾਰ 'ਤੇ ਵੀ ਸਵਾਲੀਆ ਨਿਸ਼ਾਨ ਲਗਾਏ ਕਿ ਉਨ੍ਹਾਂ ਸਮੇਂ ਤੋਂ ਪਹਿਲਾਂ ਕੁਝ ਨਹੀਂ ਕੀਤਾ। ਜਿਸ ਨਾਲ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋ ਗਈਆਂ ਹਨ। ਇਸ ਸਬੰਧੀ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਹਾਇਤਾ ਲਈ ਹਰ ਤਰ੍ਹਾਂ ਦੇ ਕਦਮ ਚੁੱਕਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
ਹੜ੍ਹ ਦੀ ਮਾਰ ਹੇਠ ਆਏ ਫਿਲੌਰ ਦੇ 25 ਪਿੰਡ
25 ਦੇ ਕਰੀਬ ਪਿੰਡਾਂ ਅੰਦਰ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਪ੍ਰਸ਼ਾਸਨ ਵਲੋਂ ਬੇਸ਼ੱਕ ਸੁਰੱਖਿਆ ਦੇ ਖ਼ਾਸੇ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਦਰਿਆਈ ਇਲਾਕਿਆਂ ਅੰਦਰ ਵੱਸਦੇ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਘਰਾਂ ਅੰਦਰ ਜ਼ਰੂਰਤ ਦਾ ਸਾਮਾਨ ਹੜ੍ਹ ਦੇ ਪਾਣੀ ਦੀ ਭੇਟ ਚੜ੍ਹਦਾ ਜਾ ਰਿਹਾ ਹੈ।
ਧੁੱਸੀ ਬੰਨ੍ਹ 'ਚ 100 ਫੁੱਟ ਦਾ ਪਾੜ-ਟਰੈਕਟਰ ਪਾਣੀ 'ਚ ਰੁੜ੍ਹਿਆ
ਲੋਹੀਆਂ ਬਲਾਕ ਦੇ ਪਿੰਡ ਜਾਣੀਆਂ ਦੇ ਸਾਹਮਣੇ ਤੋਂ ਸਤਲੁਜ ਦੇ ਧੁੱਸੀ ਬੰਨ੍ਹ 'ਚ ਕਰੀਬ 100 ਫੁੱਟ ਦਾ ਪਾੜ ਪੈਣ ਕਾਰਨ ਨੇੜਲੇ ਪਿੰਡਾਂ ਜਾਣੀਆਂ, ਜਾਣੀਆਂ ਚਾਹਲ, ਚੱਕ ਬੰਡਾਲਾ, ਸਰਦਾਰਵਾਲਾ, ਮੁੰਡੀ ਕਾਸੂ, ਗੱਟਾ ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ, ਮੁੰਡੀ ਚੋਹਲੀਆਂ, ਕੋਠਾ, ਗੱਟੀ ਰਾਏਪੁਰ, ਮੁਰਾਜਵਾਲਾ, ਜਲਾਲਪੁਰ ਖ਼ੁਰਦ ਸਮੇਤ ਕਰੀਬ 30 ਪਿੰਡਾਂ 'ਚ ਪਾਣੀ ਨੇ ਮਾਰ ਕੀਤੀ ਹੈ ਅਤੇ ਫ਼ਸਲਾਂ ਡੁੱਬ ਚੁੱਕੀਆਂ ਹਨ। ਸਵੇਰ ਤੋਂ ਹੀ ਲੋਕ ਮਿੱਟੀ ਪਾ ਕੇ ਇਸ ਬੰਨ੍ਹ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੇ ਸਨ ਪਰ ਸਫਲ ਨਹੀਂ ਹੋ ਸਕੇ ਸਗੋਂ ਮਿੱਟੀ ਪਾਉਂਦਿਆਂ ਇਕ ਫਾਰਮਟਰੈੱਕ 60 ਟਰੈਕਟਰ ਇਸ ਪਾਣੀ ਦੇ ਵਹਾਅ 'ਚ ਰੁੜ੍ਹ ਗਿਆ। ਚਾਲਕ ਨੇ ਛਾਲ ਮਾਰ ਕੇ ਆਪਣਾ ਬਚਾਅ ਕੀਤਾ। ਦੋਵੇਂ ਬੰਨ੍ਹਾਂ ਦੇ ਅੰਦਰ ਹੀ ਮਾਰੇ ਗਏ ਅਡਵਾਂਸ ਬੰਨ ਨੂੰ ਵੀ ਹੜ੍ਹ ਦੇ ਪਾਣੀ ਨੇ ਤਹਿਸ ਨਹਿਸ ਕਰ ਦਿੱਤਾ ਹੈ, ਜਿਸ ਦੇ ਚਲਦੇ ਪਿੰਡ ਗਿੱਦੜ ਪਿੰਡੀ, ਮੰਡਾਲਾ, ਨੱਲ੍ਹ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਇਸੇ ਦੌਰਾਨ ਪਿੰਡ ਮੰਡਾਲਾ ਦੇ ਸਰਪੰਚ ਵਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦਾ ਇਕ ਵਿਅਕਤੀ ਬੀਜਾ (29) ਪੁੱਤਰ ਬੂਟਾ ਪਾਣੀ 'ਚ ਡੁੱਬ ਗਿਆ, ਜਿਸ ਨੂੰ ਐਨ.ਡੀ.ਆਰ.ਐਫ਼. ਦੀ ਟੀਮ ਕੋਲ ਗੋਤਾਖੋਰ ਨਾ ਹੋਣ ਕਾਰਨ ਖ਼ਬਰ ਲਿਖੇ ਜਾਣ ਤੱਕ ਬਾਹਰ ਨਹੀਂ ਕੱਢਿਆ ਜਾ ਸਕਿਆ।
ਫ਼ੌਜ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ 'ਚ ਜੁਟੀ
ਬੰਨ੍ਹ ਦੇ ਟੁੱਟ ਜਾਣ ਨਾਲ ਬਲਾਕ ਲੋਹੀਆਂ ਖ਼ਾਸ ਦੇ ਕਰੀਬ 18 ਪਿੰਡਾਂ ਦੇ ਨਿਵਾਸੀ ਪਾਣੀ 'ਚ ਘਿਰ ਗਏ ਹਨ। ਪ੍ਰਸ਼ਾਸਨ ਤੇ ਫ਼ੌਜ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ 'ਚ ਲੱਗੀ ਹੋਈ ਹੈ। ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਨੇ ਦੱਸਿਆ ਕਿ ਪਿੰਡ ਚੱਕ ਬੁੰਡਾਲਾ ਤੇ ਜਾਣੀਆਂ ਚਾਹਲ ਦੇ ਨਜ਼ਦੀਕ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ 'ਚ ਪਾੜ ਪੈ ਗਿਆ ਹੈ। ਲੋਕ ਆਪਣਾ ਕੀਮਤੀ ਸਾਮਾਨ ਤੇ ਪਸ਼ੂਆਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਜਗ੍ਹਾ 'ਤੇ ਲਿਜਾ ਰਹੇ ਹਨ। ਨਜ਼ਦੀਕ ਹੀ ਉਸਾਰੇ ਹੋਏ ਇਕ ਘਰ 'ਚ ਕਰੀਬ 25 ਪਰਿਵਾਰਕ ਮੈਂਬਰ ਪਾਣੀ 'ਚ ਘਿਰੇ ਹੋਏ ਸਨ। ਬੰਨ੍ਹ ਟੁੱਟਣ ਦੀ ਖ਼ਬਰ ਮਿਲਦੇ ਸਾਰ ਹੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਕੇ 'ਤੇ ਪੁੱਜ ਗਏ ਅਤੇ ਰਾਹਤ ਕਾਰਜਾਂ 'ਚ ਜੁਟ ਗਏ।
ਫ਼ੌਜ ਦੇ 95 ਜਵਾਨ ਸ਼ਾਹਕੋਟ ਪੁੱਜੇ
ਸ਼ਾਹਕੋਟ (ਸਚਦੇਵਾ, ਬਾਂਸਲ)-ਸ਼ਾਹਕੋਟ ਇਲਾਕੇ 'ਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ ਤੇ ਪਿੰਡ ਦਾਨੇਵਾਲ 'ਚ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਹਾਲਾਤ ਨਾਲ ਨਜਿੱਠਣ ਲਈ ਐਨ.ਡੀ.ਆਰ.ਐਫ਼. ਦੀ 40 ਮੈਂਬਰੀ ਟੀਮ ਤੋਂ ਇਲਾਵਾ ਹੁਣ ਫ਼ੌਜ ਦੇ ਚਾਰ ਕਮਾਂਡਰ ਅਫ਼ਸਰ ਤੇ ਤਿੰਨ ਜੇ.ਸੀ.ਓ. ਸਮੇਤ 95 ਜਵਾਨ ਸ਼ਾਹਕੋਟ ਦੇ ਨਜ਼ਦੀਕ ਪਿੰਡ ਬਾਜਵਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੁੱਜ ਗਏ ਹਨ। ਕਮਾਂਡਰ ਅਫ਼ਸਰਾਂ ਵਲੋਂ ਪਿੰਡ ਦਾਨੇਵਾਲ, ਬਾਊਪੁਰ ਤੇ ਬੂੜੇਵਾਲ (ਸ਼ਾਹਕੋਟ) 'ਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਹੜ੍ਹ ਆਉਂਦਾ ਹੈ ਤਾਂ ਅਸੀਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਮੁੱਖ ਮੰਤਰੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਦਾ ਐਲਾਨ

ਰੂਪਨਗਰ, 19 ਅਗਸਤ (ਸਤਨਾਮ ਸਿੰਘ ਸੱਤੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫ਼ੌਰੀ ਤੌਰ 'ਤੇ ਕੀਤੇ ਜਾਣ ਵਾਲੇ ਰਾਹਤ ਤੇ ਮੁੜ ਵਸੇਬਾ ਕਾਰਜਾਂ ਲਈ 100 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਕਿ ਪੀੜਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਐਲਾਨ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕੀਤਾ। ਜਿੱਥੇ ਉਨ੍ਹਾਂ ਨੇ ਪਿਛਲੇ 72 ਘੰਟਿਆਂ ਤੋਂ ਮੋਹਲੇਧਾਰ ਮੀਂਹ ਤੇ ਭਾਖੜੇ ਤੋਂ ਸਤਲੁਜ ਦਰਿਆ 'ਚ ਛੱਡੇ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਕੈਪਟਨ ਨੇ ਲੁਧਿਆਣਾ ਜ਼ਿਲ੍ਹੇ 'ਚ ਛੱਤ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਇਸ ਤੋਂ ਪਹਿਲਾਂ ਸੜਕ ਰਸਤੇ ਰੂਪਨਗਰ ਪੁੱਜੇ ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ। ਅਧਿਕਾਰੀਆਂ ਨੇ ਸਤਲੁਜ ਦਰਿਆ ਨਾਲ ਲੱਗਦੇ ਇਲਾਕੇ ਤੋਂ ਪਾਣੀ ਦੇ ਤੇਜ਼ ਵਹਾਅ ਨਾਲ ਖੜ੍ਹੀਆਂ ਫ਼ਸਲਾਂ, ਘਰਾਂ, ਜਨਤਕ ਜਾਇਦਾਦਾਂ ਤੇ ਪਸ਼ੂ-ਧਨ ਨੂੰ ਹੋਏ ਨੁਕਸਾਨ ਬਾਰੇ ਜਾਣੂ ਕਰਵਾਇਆ।
ਬੁਧਕੀ ਨਦੀ ਦਾ ਬੰਨ੍ਹ ਟੁੱਟਣ ਨਾਲ ਪਾਣੀ ਤੋਂ ਪ੍ਰਭਾਵਿਤ ਹੋਈ ਆਈ.ਆਈ.ਟੀ. ਰੂਪਨਗਰ ਦੇ ਵਿਦਿਆਰਥੀਆਂ ਨੂੰ ਉੱਥੋਂ ਹਟਾਉਣਾ ਪਿਆ ਸੀ। ਇਸ ਬਾਰੇ ਕੈਪਟਨ ਨੇ ਸੂਬਾ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਕਿ ਉਨ੍ਹਾਂ ਦੇ ਮੁੜ ਕੈਂਪਸ ਜਾਣ ਤੱਕ ਇਨ੍ਹਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਪੰਜਾਬ ਭਵਨ ਤੇ ਕਿਸਾਨ ਭਵਨ 'ਚ ਕਰਨ ਨੂੰ ਯਕੀਨੀ ਬਣਾਇਆ ਜਾਵੇ। ਆਈ.ਆਈ.ਟੀ. ਦੇ ਡਾਇਰੈਕਟਰ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਕੈਪਟਨ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਸਾਂਝੇ ਤੌਰ 'ਤੇ ਇਕ ਯੋਜਨਾ ਬਣਾਉਣ ਲਈ ਆਖਿਆ ਤਾਂ ਕਿ ਭਵਿੱਖ 'ਚ ਹੜ੍ਹਾਂ ਨਾਲ ਇਸ ਕੈਂਪਸ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਨੂੰ ਟਾਲਣ ਲਈ ਠੋਸ ਤੇ ਪ੍ਰਭਾਵਸ਼ਾਲੀ ਡਰੇਨੇਜ ਸਿਸਟਮ ਯਕੀਨੀ ਬਣਾਇਆ ਜਾ ਸਕੇ।
ਹੜ੍ਹ ਪੀੜਤਾਂ ਦੀਆਂ ਤਕਲੀਫ਼ਾਂ ਸੁਣੀਆਂ
ਰੂਪਨਗਰ ਹੈੱਡ ਵਰਕਸ ਦਾ ਦੌਰਾ ਕਰਨ ਤੋਂ ਬਾਅਦ ਪਿੰਡ ਸ਼ਾਮਪੁਰਾ ਵਿਖੇ ਮੁੱਖ ਮੰਤਰੀ ਨੇ ਉੱਥੇ ਝੁੱਗੀ-ਝੌਂਪੜੀ ਵਾਲਿਆਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ। ਜਿਨ੍ਹਾਂ ਲੋਕਾਂ ਦੀਆਂ ਝੁੱਗੀਆਂ ਹੜ੍ਹ ਗਈਆਂ ਹਨ, ਕੈਪਟਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੰਕਟ ਦੀ ਇਸ ਘੜੀ 'ਚ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਲਈ ਆਖਿਆ। ਬੁੱਧਕੀ ਨਦੀ ਦਾ ਬੰਨ੍ਹ ਟੁੱਟਣ ਕਾਰਨ ਪਿੰਡ ਖੈਰਾਬਾਦ, ਫੂਲ ਖ਼ੁਰਦ ਤੇ ਫੂਲ ਕਲਾਂ 'ਚ ਹੋਏ ਨੁਕਸਾਨ ਬਾਰੇ ਪੀੜਤਾਂ ਦੀਆਂ ਤਕਲੀਫ਼ਾਂ ਨੂੰ ਉਨ੍ਹਾਂਧੀਰਜ ਨਾਲ ਸੁਣਿਆ ਅਤੇ ਇਸ ਦੇ ਛੇਤੀ ਹੱਲ ਦਾ ਭਰੋਸਾ ਵੀ ਦਿੱਤਾ। ਹਾਲਾਂਕਿ ਪੱਤਰਕਾਰਾਂ ਵਲੋਂ ਪੁੱਛਣ 'ਤ ਉਨ੍ਹਾਂ ਨਦੀ ਦੀ ਸਫ਼ਾਈ ਨਾ ਹੋਣ ਕਾਰਨ ਬੰਨ੍ਹ ਟੁੱਟਣ ਦੀ ਜਾਂਚ ਕਰਾਉਣ ਤੋਂ ਟਾਲਾ ਵੱਟ ਲਿਆ ਅਤੇ ਕਿਹਾ ਕਿ ਇਹ ਬਾਅਦ 'ਚ ਕਰਾਂਗੇ ਪਹਿਲਾਂ ਲੋਕਾਂ ਨੂੰ ਬਚਾਉਣਾ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਰੋਪੜ ਹੈੱਡ ਵਰਕਸ ਤੋਂ 2,50,000 ਕਿਊਸਿਕ ਪਾਣੀ ਛੱਡਿਆ ਗਿਆ ਅਤੇ ਇਸ ਤੋਂ ਇਲਾਵਾ ਨਦੀਆਂ-ਨਾਲਿਆਂ 'ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਸੀ। ਸਵਾਂ ਨਦੀ (90,000 ਕਿਊਸਿਕ), ਸਿਰਸਾ ਨਦੀ (60,000 ਕਿਊਸਿਕ) ਬੁੱਧਕੀ ਨਦੀ (20,000 ਕਿਊਸਿਕ) ਪਾਣੀ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਾਲਾਤ 'ਚ ਜਾਨੀ ਨੁਕਸਾਨ ਦੀ ਭਾਵੇਂ ਕੋਈ ਰਿਪੋਰਟ ਨਹੀਂ ਪਰ ਫ਼ਸਲਾਂ ਤੇ ਪਸ਼ੂ ਧਨ ਦਾ ਬਹੁਤ ਨੁਕਸਾਨ ਹੋਇਆ, ਜਿਸ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਨਾਲ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਤਕਨੀਕੀ ਸਿੱਖਿਆ ਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ, ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਡਵੀਜ਼ਨ ਕਮਿਸ਼ਨਰ ਰੂਪਨਗਰ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਤੇ ਜ਼ਿਲ੍ਹਾ ਪੁਲਿਸ ਮੁਖੀ ਸਵੱਪਨ ਸ਼ਰਮਾ ਸਮੇਤ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਵਿਸਕੀ, ਵਿਜੇ ਸ਼ਰਮਾ ਟਿੰਕੂ ਤੇ ਵੱਡੀ ਗਿਣਤੀ 'ਚ ਕਾਂਗਰਸ ਆਗੂ, ਵਰਕਰ ਤੇ ਪ੍ਰਸ਼ਾਸਨਿਕ ਅਧਿਕਾਰੀ ਸਨ।
ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਸੂਬੇ 'ਚ ਹੜ੍ਹਾਂ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਡਰੇਨੇਜ ਦੇ ਚੀਫ਼ ਇੰਜੀਨੀਅਰ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਬਿਆਸ ਤੇ ਰਾਵੀ ਦਰਿਆਵਾਂ ਦੀ ਸਮੁੱਚੀ ਸਥਿਤੀ ਕਾਬੂ ਹੇਠ ਹੈ। ਭਾਵੇਂ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਤੇ ਫ਼ਿਰੋਜ਼ਪੁਰ 'ਚ ਹਰੀਕੇ ਹੈੱਡ ਵਰਕਸ ਵਿਖੇ ਦਰਿਆ ਦੇ ਵਹਾਅ ਵਾਲੇ ਇਲਾਕਿਆਂ 'ਚ ਖ਼ਤਰਾ ਮੰਡਰਾ ਰਿਹਾ ਹੈ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਬਰਕਰਾਰ ਰੱਖਣ ਲਈ ਵਾਧੂ ਪਾਣੀ ਛੱਡਿਆ ਗਿਆ ਸੀ, ਜੋ ਮੌਜੂਦਾ ਸਮੇਂ 1681.23 ਫੁੱਟ 'ਤੇ ਵਹਿ ਰਿਹਾ ਹੈ।
'ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰੇ ਸੁਣ ਕੇ ਮੁੱਖ ਮੰਤਰੀ ਨੇ ਸੁਣੀ ਗੱਲ
ਮੁੱਖ ਮੰਤਰੀ ਦੇ ਸੁਰੱਖਿਆ ਕਰਮੀਆਂ ਵਲੋਂ ਬਣਾਏ ਸੁਰੱਖਿਆ ਘੇਰੇ ਤੋਂ ਤੰਗ ਹੋਏ ਕੁਝ ਹੜ੍ਹ ਪੀੜਤ ਪਰਿਵਾਰਾਂ ਨੇ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨੇੜੇ ਨਾ ਜਾਣ ਦਿੱਤਾ ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਨਾਅਰੇਬਾਜ਼ੀ ਹੁੰਦੀ ਦੇਖ ਕੇ ਮੁੱਖ ਮੰਤਰੀ ਨੇ ਗੱਡੀ ਰੁਕਵਾ ਲਈ ਅਤੇ ਲੋਕਾਂ 'ਚ ਪੁੱਜ ਗਏ, ਜਿੱਥੇ ਉਨ੍ਹਾਂ ਗੱਲਬਾਤ ਸੁਣੀ ਅਤੇ ਲੋਕਾਂ ਦੇ ਨੁਕਸਾਨ ਦੀ ਭਰਪਾਈ ਲਈ ਡਿਪਟੀ ਕਮਿਸ਼ਨਰ ਨੂੰ ਹਦਾਇਤਾਂ ਜਾਰੀ ਕੀਤੀਆਂ। ਲੋਕਾਂ ਨੇ ਮੁੱਖ ਮੰਤਰੀ ਨੂੰ ਜਲਦੀ ਬੰਨ੍ਹ ਠੀਕ ਕਰਨ ਅਤੇ ਮੁਆਵਜ਼ੇ ਦੀ ਤੁਰੰਤ ਮੰਗ ਕੀਤੀ।
ਖ਼ਤਰੇ ਦੇ ਨਿਸ਼ਾਨ ਤੋਂ ਪਾਰ ਭਾਖੜਾ ਡੈਮ 'ਚ ਪਾਣੀ

ਨੰਗਲ, 19 ਅਗਸਤ (ਪ੍ਰੋ. ਅਵਤਾਰ ਸਿੰਘ, ਗਰੇਵਾਲ, ਬਰਾਰੀ)-ਪਿਛਲੇ ਦਿਨਾਂ ਤੋਂ ਪਹਾੜਾਂ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1680 ਫੁੱਟ ਨੂੰ ਪਾਰ ਕਰਦਾ ਹੋਇਆ ਅੱਜ 1681 ਫੁੱਟ 'ਤੇ ਪਹੁੰਚ ਗਿਆ ਹੈ। ਬੀ.ਬੀ.ਐਮ.ਬੀ. ਪ੍ਰਬੰਧਨ ਵਲੋਂ ਮੌਸਮ ਵਿਭਾਗ ਵਲੋਂ ਦਿੱਤੀ ਭਾਰੀ ਮੀਂਹ ਦੀ ਚਿਤਾਵਨੀ ਨੂੰ ਮੁੱਖ ਰੱਖਦਿਆਂ 16 ਅਗਸਤ ਨੂੰ ਬਾਅਦ ਦੁਪਹਿਰ ਤੋਂ ਡੈਮ ਦੇ ਹਾਈ ਫਲੱਡ ਗੇਟ ਖੋਲ੍ਹੇ ਹੋਏ ਹਨ ਜਿਨ੍ਹਾਂ ਰਾਹੀਂ 19000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਪਰ ਲਗਾਤਾਰ ਬਾਰਿਸ਼ ਹੋਣ ਦੇ ਕਾਰਨ ਅਤੇ ਫਲੱਡ ਗੇਟ ਖੋਲ੍ਹਣ ਦੇ ਬਾਵਜੂਦ ਵੀ ਡੈਮ 'ਚ ਪਾਣੀ ਦਾ ਪੱਧਰ ਰੋਜ਼ਾਨਾ ਵਧਦਾ ਜਾ ਰਿਹਾ ਹੈ ਤੇ ਅੱਜ 1680 ਫੁੱਟ ਜੋ ਕਿ ਖ਼ਤਰੇ ਦਾ ਨਿਸ਼ਾਨ ਹੈ, ਨੂੰ ਪਾਰ ਕਰਦਾ ਹੋਇਆ 1681 ਫੁੱਟ 'ਤੇ ਪਹੁੰਚ ਗਿਆ ਜਿਸ ਕਰਕੇ ਫਲੱਡ ਗੇਟਾਂ ਰਾਹੀਂ 19000 ਕਿਊਸਿਕ ਛੱਡੇ ਜਾ ਰਹੇ ਪਾਣੀ ਦੀ ਮਾਤਰਾ ਵਧਾ ਕੇ ਅੱਜ ਦੁਪਹਿਰ ਦੇ ਇਕ ਵਜੇ ਤੋਂ 40000 ਕਿਊਸਿਕ ਕਰ ਦਿੱਤੀ ਗਈ ਹੈ, 37000 ਦੇ ਕਰੀਬ ਕਿਊਸਿਕ ਪਾਣੀ ਟਰਬਾਇਨਾਂ ਰਾਹੀਂ ਛੱਡਿਆ ਜਾ ਰਿਹਾ ਹੈ। ਇਸ ਹਿਸਾਬ ਨਾਲ 77000 ਦੇ ਕਰੀਬ ਕਿਊਸਿਕ ਪਾਣੀ ਭਾਖੜਾ ਡੈਮ 'ਚੋਂ ਛੱਡ ਦਿੱਤਾ ਗਿਆ ਹੈ।
ਕਾਹਲੀ 'ਚ ਸੱਦੀ ਪ੍ਰੈੱਸ ਕਾਨਫ਼ਰੰਸ
ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਏ.ਕੇ. ਅਗਰਵਾਲ ਨੇ ਹੁਸਨ ਲਾਲ ਕੰਬੋਜ ਤੇ ਕੇ.ਕੇ. ਸੂਦ ਡਿਪਟੀ ਚੀਫ਼ ਇੰਜੀਨੀਅਰਾਂ ਨੂੰ ਨਾਲ ਲੈ ਕੇ ਅੱਜ ਸ਼ਾਮੀਂ ਕਾਹਲੀ 'ਚ ਸੱਦੀ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਸੁਆਂ ਤੇ ਸਰਸਾ ਨਦੀਆਂ 'ਚ ਭਾਰੀ ਬਾਰਿਸ਼ ਕਾਰਨ ਪਾਣੀ ਜ਼ਿਆਦਾ ਆ ਗਿਆ ਸੀ ਜਿਸ ਕਰਕੇ ਅਸੀਂ ਪਹਿਲਾਂ ਹਾਈ ਫਲੱਡ ਗੇਟਾਂ ਰਾਹੀਂ ਪਾਣੀ ਘੱਟ ਛੱਡਿਆ ਸੀ। ਹੁਣ ਇਨ੍ਹਾਂ ਨਦੀਆਂ 'ਚ ਪਾਣੀ ਘੱਟ ਜਾਣ ਕਰਕੇ ਤੇ ਦੂਸਰਾ ਭਾਖੜਾ ਡੈਮ 'ਚ ਖ਼ਤਰੇ ਦੇ ਨਿਸ਼ਾਨ ਤੋਂ ਪਾਣੀ ਉੱਪਰ ਜਾਣ ਕਰਕੇ ਬੀ.ਬੀ.ਐਮ. ਬੀ. ਨੂੰ ਹਾਈ ਫਲੱਡ ਗੇਟਾਂ ਰਾਹੀਂ ਪਾਣੀ ਜ਼ਿਆਦਾ ਛੱਡਣਾ ਪੈ ਰਿਹਾ ਹੈ। ਸਵੇਰੇ ਪਹਿਲਾਂ ਬੀ.ਬੀ.ਐਮ.ਬੀ. ਅਧਿਕਾਰੀਆਂ ਨੇ ਆਪਸ 'ਚ ਮੀਟਿੰਗ ਕੀਤੀ ਉਪਰੰਤ ਪ੍ਰੈੱਸ ਨੋਟ ਜਾਰੀ ਕੀਤਾ ਤੇ ਮੀਡੀਆ ਨੂੰ ਭਾਖੜਾ ਡੈਮ ਦਾ ਦੌਰਾ ਕਰਵਾਇਆ ਫਿਰ ਭਾਖੜਾ ਡੈਮ ਦੇ ਹਾਈ ਫਲੱਡ ਗੇਟਾਂ ਬਾਰੇ ਇਕ ਵਜੇ 6 ਫੁੱਟ, 2 ਵਜੇ 7 ਫੁੱਟ ਤੇ 3 ਵਜੇ 8 ਫੁੱਟ ਹਾਈ ਫਲੱਡ ਗੇਟਾਂ ਨੂੰ ਖੋਲ੍ਹਣ ਸਬੰਧੀ ਪੱਤਰ ਜਾਰੀ ਕੀਤਾ ਤੇ ਇਸ ਤੋਂ ਬਾਅਦ 3.45 ਵਜੇ ਕਾਹਲੀ 'ਚ ਪ੍ਰੈੱਸ ਕਾਨਫ਼ਰੰਸ ਚੀਫ਼ ਇੰਜੀਨੀਅਰ ਨੇ ਆਪਣੇ ਦਫ਼ਤਰ 'ਚ ਸੱਦ ਕੇ ਫਿਰ ਇਕ ਹੋਰ ਪ੍ਰੈੱਸ ਨੋਟ ਜਾਰੀ ਕੀਤਾ ਤੇ ਕਿਹਾ ਕਿ ਫਲੱਡ ਗੇਟਾਂ ਰਾਹੀਂ ਪਾਣੀ ਛੱਡੇ ਜਾਣ ਦੇ ਬਾਵਜੂਦ ਸਥਿਤੀ ਕੰਟਰੋਲ 'ਚ ਹੈ।
ਗੋਬਿੰਦ ਸਾਗਰ ਝੀਲ 'ਚ ਰਿਕਾਰਡ ਪਾਣੀ ਦੀ ਆਮਦ
ਬੀ.ਬੀ.ਐਮ.ਬੀ. ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਭਾਰੀ ਬਾਰਿਸ਼ ਕਾਰਨ 18 ਅਗਸਤ ਨੂੰ 3.19 ਲੱਖ ਕਿਊਸਿਕ ਪਾਣੀ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 'ਚ ਆਇਆ, ਜੋ ਕਿ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ 1988 'ਚ ਜਦੋਂ ਪੰਜਾਬ 'ਚ ਸਾਰੇ ਪਾਸੇ ਇਸੇ ਤਰਾਂ ਹੜ੍ਹ ਆਏ ਸਨ ਉਸ ਸਮੇਂ 3.18 ਲੱਖ ਕਿਊਸਿਕ ਪਾਣੀ ਆਇਆ ਸੀ।
ਰਣਜੀਤ ਸਾਗਰ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ 523.40 ਮੀਟਰ 'ਤੇ ਪਹੁੰਚਿਆ
ਸ਼ਾਹਪੁਰ ਕੰਢੀ, 19 ਅਗਸਤ (ਰਣਜੀਤ ਸਿੰਘ)-ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਬਾਰਿਸ਼, ਚੰਮੇਰਾ ਡੈਮ ਤੇ ਬਰਸਾਤੀ ਨਾਲਿਆਂ ਤੋਂ ਆ ਰਹੇ ਵਾਧੂ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪਿਛਲੇ ਤਿੰਨ ਦਿਨਾਂ 'ਚ ਪਾਣੀ ਦੇ ਪੱਧਰ 'ਚ ਲਗਪਗ 4 ਮੀਟਰ ਦਾ ਵਾਧਾ ਹੋ ਗਿਆ ਹੈ। ਇਸ ਸਮੇਂ 34738 ਕਿਊਸਿਕ ਪਾਣੀ ਝੀਲ ਅੰਦਰ ਆ ਰਿਹਾ ਹੈ। ਰਣਜੀਤ ਸਾਗਰ ਡੈਮ ਦੇ ਦੋ ਯੂਨਿਟ ਪੂਰੀ ਸਮਰੱਥਾ ਨਾਲ ਚਲਾ ਕੇ 300 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਜਿਸ ਨਾਲ 9974 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੂੰ ਛੱਡਿਆ ਜਾ ਰਿਹਾ ਹੈ।

ਹਿਮਾਚਲ ਤੇ ਉੱਤਰਾਖੰਡ 'ਚ ਵਿਆਪਕ ਤਬਾਹੀ-37 ਮੌਤਾਂ

ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ ਪਾਰ

ਨਵੀਂ ਦਿੱਲੀ, 19 ਅਗਸਤ (ਏਜੰਸੀ)-ਦੇਸ਼ ਦੇ ਉੱਤਰੀ ਤੇ ਪਹਾੜੀ ਸੂਬਿਆਂ 'ਚ ਭਾਰੀ ਬਾਰਿਸ਼ ਦਾ ਦੌਰ ਜਾਰੀ ਹੈ। ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ 'ਚ ਹੁਣ ਤੱਕ 37 ਮੌਤਾਂ ਹੋ ਚੁੱਕੀਆਂ ਹਨ ਤੇ ਉਥੇ ਕਈ ਲੋਕ ਫਸੇ ਹੋਏ ਹਨ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਜੰਮੂ ਦੇ ਜ਼ਿਆਦਾਤਰ ਇਲਾਕੇ ਹੜ੍ਹਾਂ ਦੀ ਮਾਰ ਹੇਠ ਹਨ ਜਦਕਿ ਦਿੱਲੀ 'ਚ ਯਮੁਨਾ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼ ਸਣੇ 10 ਸੂਬਿਆਂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ 'ਚ ਐਤਵਾਰ ਨੂੰ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨਾਲ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖ਼ਮੀ ਹੋਏ। ਦੂਜੇ ਪਾਸੇ ਉੱਤਰਾਖੰਡ ਦੇ ਉੱਤਰਕਾਸ਼ੀ 'ਚ ਬੱਦਲ ਫਟਣ ਨਾਲ ਦੋ ਦਿਨ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਫੌਜ ਦੇ ਹੈਲੀਕਾਪਟਰ ਰਾਹਤ ਤੇ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਮੌਸਮ ਵਿਭਾਗ ਮੁਤਾਬਿਕ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਤਾਮਿਲਨਾਡੂ ਤੇ ਪੁੱਡੂਚੇਰੀ ਦੇ ਕੁਝ ਇਲਾਕਿਆਂ 'ਚ ਭਾਰੀ ਬਾਰਿਸ਼ ਦਾ ਖਦਸ਼ਾ ਹੈ। ਉੱਤਰਕਾਸ਼ੀ 'ਚ ਸਨਿੱਚਰਵਾਰ ਰਾਤ ਨੂੰ ਬੱਦਲ ਫਟਣ ਨਾਲ ਕਈ ਮਕਾਨ ਵਹਿ ਗਏ ਸਨ, ਜਿਸ 'ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲਾਪਤਾ ਹਨ। ਉਧਰ ਬਦਰੀਨਾਥ ਹਾਈਵੇਅ 'ਤੇ 5 ਥਾਵਾਂ 'ਤੇ ਚੱਟਾਨਾਂ ਖਿਸਕਣ ਨਾਲ 800 ਯਾਤਰੀ ਫਸੇ ਹੋਏ ਹਨ। ਭਾਰੀ ਬਾਰਿਸ਼ ਕਰਕੇ ਉੱਤਰਕਾਸ਼ੀ ਤੇ ਊਧਮ ਸਿੰਘ ਨਗਰ ਜ਼ਿਲ੍ਹੇ 'ਚ ਸੋਮਵਾਰ ਨੂੰ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ 12 ਜ਼ਿਲ੍ਹਿਆਂ 'ਚ ਵੀ ਭਾਰੀ ਬਾਰਿਸ਼ ਹੋ ਰਹੀ ਹੈ। ਇਥੇ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ ਨਾਲ 9 ਰਾਸ਼ਟਰੀ ਰਾਜਮਾਰਗਾਂ ਸਣੇ 877 ਸੜਕਾਂ ਬੰਦ ਹਨ। ਐਤਵਾਰ ਨੂੰ ਸ਼ਿਮਲਾ 'ਚ ਸਤਲੁਜ ਦਰਿਆ ਦਾ ਪੁਲ ਵਹਿ ਗਿਆ ਹੈ। ਇਸੇ ਤਰ੍ਹਾਂ ਹਰਿਆਣਾ 'ਚ ਹਥਨੀਕੁੰਡ ਬੈਰਾਜ ਤੋਂ 8 ਲੱਖ ਕਿਊਸਿਕ ਪਾਣੀ ਛੱਡੇ ਜਾਣ ਨਾਲ ਯਮੁਨਾ 'ਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਨਾਲ ਦਿੱਲੀ 'ਚ ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ 204.70 ਮੀਟਰ ਉਪਰ ਵਗ ਰਹੀ ਹੈ।
3 ਹੋਰ ਮੌਤਾਂ
ਸ਼ਿਮਲਾ : ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਨਾਲ ਅੱਜ 3 ਹੋਰ ਲੋਕਾਂ ਦੀ ਮੌਤ ਹੋਣ ਨਾਲ ਇਥੇ ਬਾਰਿਸ਼ ਨਾਲ ਸਬੰਧਿਤ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਉਧਰ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਹੋਰ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਇਸ ਸਬੰਧੀ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਨਿੱਚਰਵਾਰ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਸੂਬੇ 'ਚ ਆਏ ਹੜ੍ਹ ਨਾਲ ਲੋਕਾਂ ਦੇ ਘਰ ਤਬਾਹ ਹੋ ਗਏ ਹਨ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਸੈਂਕੜੇ ਲੋਕ ਫਸ ਗਏ ਹਨ। ਹੁਣ ਤੱਕ ਸੂਬੇ 'ਚ ਬਾਰਿਸ਼ ਕਾਰਨ 574 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਹਾਲਾਂਕਿ ਸੋਮਵਾਰ ਨੂੰ ਬਾਰਿਸ਼ ਘਟੀ ਹੈ, ਪਰ ਅਧਿਕਾਰੀਆਂ ਨੇ ਅੱਜ 3 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ।
ਯਮੁਨਾ ਖਤਰੇ ਦੇ ਨਿਸ਼ਾਨ ਤੋਂ ਪਾਰ
ਨਵੀਂ ਦਿੱਲੀ, (ਏਜੰਸੀ)-ਯਮੁਨਾ ਨਦੀ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸਬੰਧਿਤ ਖੇਤਰਾਂ 'ਚ ਹਾਲਾਤ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਨਾਲ ਬੈਠਕ ਕਰਨੀ ਪਈ ਹੈ। ਯਮੁਨਾ ਨਦੀ ਸੋਮਵਾਰ 204.7 ਮੀਟਰ 'ਤੇ ਵਹਿ ਰਹੀ ਹੈ ਤੇ ਇਸ 'ਚ ਪਾਣੀ ਦਾ ਪੱਧਰ 207 ਮੀਟਰ ਤੱਕ ਵਧਣ ਦੀ ਸੰਭਾਵਨਾ ਹੈ ਕਿਉਂਕਿ ਐਤਵਾਰ ਸ਼ਾਮ 6 ਵਜੇ ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ 8.28 ਲੱਖ ਕਿਊਸਿਕ ਪਾਣੀ ਇਸ 'ਚ ਛੱਡਿਆ ਗਿਆ ਸੀ।
ਲਾਹੌਲ-ਸਪਿਤੀ ਤੇ ਚੰਬਾ 'ਚ ਤਾਜ਼ਾ ਬਰਫ਼ਬਾਰੀ
ਸ਼ਿਮਲਾ, 19 ਅਗਸਤ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਚੰਬਾ ਤੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਹੈ। ਇਸ ਸਬੰਧੀ ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖੇਤਰਾਂ 'ਚ ਬਰਫਬਾਰੀ ਆਮ ਤੌਰ 'ਤੇ ਅਗਸਤ ਦੇ ਮਹੀਨੇ 'ਚ ਨਹੀਂ ਹੁੰਦੀ। ਇਕ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਤਾਜ਼ਾ ਬਰਫਬਾਰੀ ਕਾਰਨ ਸਾਚ ਦੱਰ੍ਹੇ ਕੋਲ ਚੰਬਾ ਤੋਂ ਪਾਂਗੀ ਵਾਲੀ ਸੜਕ ਬੰਦ ਹੋ ਗਈ ਹੈ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਵੀ ਤਾਜ਼ਾ ਬਰਫ਼ਬਾਰੀ ਹੋਈ ਸੀ।
ਹਵਾਈ ਫੌਜ ਨੇ ਤਵੀ ਦਰਿਆ 'ਚ ਫਸੇ 4 ਮਛੇਰਿਆਂ ਨੂੰ ਸੁਰੱਖਿਅਤ ਕੱਢਿਆ
ਜੰਮੂ, (ਏਜੰਸੀ)- ਭਾਰਤੀ ਹਵਾਈ ਫੌਜ ਨੇ ਹਿੰਮਤ ਵਿਖਾਉਂਦਿਆਂ ਜੰਮੂ-ਕਸ਼ਮੀਰ 'ਚ ਤਵੀ ਦਰਿਆ ਦੇ ਤੇਜ਼ ਵਹਾਅ 'ਚ ਫਸੇ 4 ਮਛੇਰਿਆਂ ਨੂੰ ਬਚਾਇਆ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਮਛੇਰੇ ਨਿਰਮਾਣ ਅਧੀਨ ਪੁਲ ਦੇ ਇਕ ਪਿੱਲਰ ਦੀ ਸਤ੍ਹਾ 'ਤੇ ਫਸੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸੂਬੇ ਦੀ ਆਫਤ ਪ੍ਰਬੰਧਨ ਟੀਮ ਤੇ ਪੁਲਿਸ ਵਲੋਂ ਉਨ੍ਹਾਂ ਨੂੰ ਬਚਾਉਣ 'ਚ ਨਾਕਾਮ ਰਹਿਣ 'ਤੇ ਹਵਾਈ ਫੌਜ ਨੂੰ ਬੁਲਾਇਆ ਗਿਆ। ਹਵਾਈ ਫੌਜ ਦੇ ਕਰਮਚਾਰੀ ਉਸ ਪਿੱਲਰ 'ਤੇ ਉਤਰੇ ਤੇ ਉਨ੍ਹਾਂ ਨੂੰ ਰੱਸੀ ਵਾਲੀ ਪੌੜੀ ਰਾਹੀਂ ਸੁਰੱਖਿਅਤ ਉੱਪਰ ਚੁੱਕ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਹੋਈ ਭਾਰੀ ਬਾਰਿਸ਼ ਕਾਰਨ ਤਵੀ ਦਰਿਆ 'ਚ ਪਾਣੀ ਦਾ ਪੱਧਰ ਕਾਫੀ ਵਧਿਆ ਹੈ। ਇਕ ਹੋਰ ਘਟਨਾ 'ਚ ਹਰ ਕੀ ਪੌੜੀ ਨੇੜੇ ਦਰਿਆ 'ਚ ਫਸੇ ਇਕ ਵਿਅਕਤੀ ਨੂੰ ਪੁਲਿਸ ਦੀ ਟੀਮ ਵਲੋਂ ਸੁਰੱਖਿਅਤ ਕੱਢਿਆ ਗਿਆ ਹੈ।
ਉਤਰਕਾਸ਼ੀ 'ਚ 10 ਮੌਤਾਂ, 6 ਲਾਪਤਾ
ਦੇਹਰਾਦੂਨ, 19 ਅਗਸਤ (ਏਜੰਸੀ)- ਉੱਤਰਾਖੰਡ ਦੇ ਉੱਤਰਕਾਸ਼ੀ 'ਚ ਭਾਰੀ ਬਾਰਿਸ਼ ਦਾ ਕਹਿਰ ਸੋਮਵਾਰ ਨੂੰ ਵੀ ਜਾਰੀ ਰਿਹਾ। ਇਥੋਂ ਦੇ ਵੱਖ-ਵੱਖ ਪਿੰਡਾਂ 'ਚੋਂ ਲਾਸ਼ਾਂ ਮਿਲਣ ਦੇ ਨਾਲ ਇਥੇ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ ਜਦਕਿ 6 ਹੋਰ ਅਜੇ ਵੀ ਲਾਪਤਾ ਹਨ। ਖਰਾਬ ਮੌਸਮ ਕਾਰਨ ਐਤਵਾਰ ਨੂੰ ਰੋਕੇ ਗਏ ਬਚਾਅ ਕਾਰਜ ਸੋਮਵਾਰ ਨੂੰ ਮੌਸਮ 'ਚ ਸੁਧਾਰ ਆਉਣ ਦੇ ਨਾਲ ਹੀ ਦੁਬਾਰਾ ਸ਼ੁਰੂ ਕੀਤੇ ਗਏ। ਹਵਾਈ ਫੌਜ ਦੇ ਇਕ ਹੈਲੀਕਾਪਟਰ ਸਮੇਤ ਤਿੰਨ ਹੈਲੀਕਾਪਟਰ ਖਾਣ ਵਾਲੀਆਂ ਚੀਜਾਂ ਦੇ ਪੈਕੇਟ ਤੇ ਦਵਾਈਆਂ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਉਣ 'ਚ ਲੱਗੇ ਹੋਏ ਹਨ। ਇਸ ਸਬੰਧੀ ਆਫਤ ਪ੍ਰਬੰਧਨ ਦੇ ਸਕੱਤਰ ਅਮਿਤ ਨੇਗੀ ਤੇ ਸੂਬਾ ਆਫਤ ਪ੍ਰਬੰਧ ਰਾਹਤ ਸੈਨਾ ਦੇ ਆਈ.ਜੀ. ਸੰਜੇ ਗੁੰਜਿਆਲ ਨੇ ਦੱਸਿਆ ਕਿ ਬਾਰਿਸ਼ ਨਾਲ ਪ੍ਰਭਾਵਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚੋਂ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ 6 ਲੋਕ ਅਜੇ ਵੀ ਲਾਪਤਾ ਹਨ।

ਰਾਜਸਥਾਨ ਤੋਂ ਡਾ: ਮਨਮੋਹਨ ਸਿੰਘ ਦੀ ਰਾਜ ਸਭਾ ਲਈ ਨਿਰਵਿਰੋਧ ਚੋਣ

ਯੂ. ਪੀ. 'ਚ ਨੀਰਜ ਸ਼ੇਖਰ ਵੀ ਬਿਨਾਂ ਵਿਰੋਧ ਦੇ ਚੁਣੇ ਗਏ

ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਰਾਜਸਥਾਨ ਤੋਂ ਨਿਰਵਿਰੋਧ ਰਾਜ ਸਭਾ ਦੇ ਸੰਸਦ ਮੈਂਬਰ ਚੁਣੇ ਗਏ ਹਨ। ਭਾਜਪਾ ਵਲੋਂ ਆਪਣਾ ਉਮੀਦਵਾਰ ਨਾ ਖੜ੍ਹਨ ਦੇ ਫ਼ੈਸਲੇ ਤੋਂ ਬਾਅਦ ਸੋਮਵਾਰ ਨੂੰ ਉਮੀਦਵਾਰਾਂ ਦੇ ਨਾਂਅ ਵਾਪਸੀ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਦਾ ਰਾਜ ਸਭਾ ਮੈਂਬਰ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਰਾਜਸਥਾਨ 'ਚ ਮਦਨ ਲਾਲ ਸੈਮੀ ਦੇ ਦਿਹਾਂਤ ਤੋਂ ਬਾਅਦ ਇਹ ਇਕ ਸੀਟ ਖਾਲੀ ਹੋਈ ਸੀ। ਹਾਲੇ ਤੱਕ ਦੋਵਾਂ ਸਦਨਾਂ 'ਚ ਰਾਜਸਥਾਨ 'ਚੋਂ ਕਾਂਗਰਸ ਦਾ ਕੋਈ ਸੰਸਦ ਮੈਂਬਰ ਨਹੀਂ ਸੀ। ਡਾ: ਮਨਮੋਹਨ ਸਿੰਘ ਦੇ ਚੁਣੇ ਜਾਣ ਨਾਲ ਕਾਂਗਰਸ ਦਾ ਰਾਜ ਸਭਾ 'ਚ ਖਾਤਾ ਖੁੱਲ੍ਹ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਕੋਈ ਸਾਬਕਾ ਪ੍ਰਧਾਨ ਮੰਤਰੀ ਰਾਜ ਸਭਾ 'ਚ ਰਾਜਸਥਾਨ ਦੀ ਨੁਮਾਇੰਦਗੀ ਕਰਨਗੇ। ਡਾ: ਮਨਮੋਹਨ ਸਿੰਘ ਦੇ ਚੁਣੇ ਜਾਣ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਕਾਂਗਰਸ ਨੇ ਟਵਿੱਟਰ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਪੁੱਤਰ ਨੀਰਜ ਸ਼ੇਖਰ ਉੱਤਰ ਪ੍ਰਦੇਸ਼ 'ਚ ਬਿਨਾਂ ਵਿਰੋਧ ਦੇ ਰਾਜ ਸਭਾ ਮੈਂਬਰ ਚੁਣੇ ਗਏ। ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਤੇ ਪਾਰਟੀ ਇਕਾਈ ਪ੍ਰਧਾਨ ਸੁਤੰਤਰ ਦੇਵ ਸਿੰਘ ਦੀ ਮੌਜੂਦਗੀ 'ਚ ਉੱਤਰ ਪ੍ਰਦੇਸ਼ ਤੋਂ 26 ਅਗਸਤ ਨੂੰ ਹੋਣ ਵਾਲੀ ਰਾਜ ਸਭਾ ਉਪ ਚੋਣ ਲਈ 14 ਅਗਸਤ ਨੂੰ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਉਨ੍ਹਾਂ ਖਿਲਾਫ਼ ਕਿਸੇ ਨੇ ਵੀ ਨਾਮਜ਼ਦਗੀ ਪੱਤਰ ਨਹੀਂ ਭਰੇ, ਜਿਸ ਕਾਰਨ ਉਨ੍ਹਾਂ ਦੀ ਨਿਰਵਿਰੋਧ ਚੋਣ ਹੋ ਗਈ।

ਅਮਿਤ ਸ਼ਾਹ ਵਲੋਂ ਜੰਮੂ-ਕਸ਼ਮੀਰ ਦੇ ਹਾਲਾਤ ਬਾਰੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਲ ਉੱਚ ਪੱਧਰੀ ਬੈਠਕ

* ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਮੁਸਤੈਦ ਰਹਿਣ ਦੇ ਹੁਕਮ * ਲੋਕਾਂ ਨੂੰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਸਬੰਧੀ ਚਰਚਾ

ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ 'ਚ ਪੜਾਅ ਦਰ ਢੰਗ ਨਾਲ ਪਾਬੰਦੀਆਂ 'ਚ ਦਿੱਤੀਆਂ ਜਾ ਰਹੀਆਂ ਛੋਟਾਂ ਤੋਂ ਬਾਅਦ ਖਿੱਤੇ 'ਚ ਹਾਲਾਤ ਦਾ ਜਾਇਜ਼ਾ ਲੈਣ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਗ੍ਰਹਿ ਸਕੱਤਰ ਰਾਜੀਵ ਗਾਬਾ ਸਮੇਤ ਖੁਫ਼ੀਆ ਏਜੰਸੀਆਂ ਦੇ ਆਹਲਾ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ 'ਚ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਗ੍ਰਹਿ ਮੰਤਰੀ ਨਾਲ ਉਥੋਂ ਦੀ ਰਿਪੋਰਟ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਦੋ ਹਫ਼ਤਿਆਂ ਤੱਕ ਖਿੱਤੇ ਨੂੰ ਉੱਚ ਚੌਕਸੀ 'ਤੇ ਰੱਖਿਆ ਗਿਆ ਸੀ, ਜਿਸ ਦੇ ਮੱਦੇਨਜ਼ਰ ਸਥਾਨਕ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ, ਇਲਾਕੇ 'ਚ ਕਰਫ਼ਿਊ ਲਗਾਇਆ ਗਿਆ ਅਤੇ ਫੋਨ ਸੇਵਾਵਾਂ ਅਤੇ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ। ਇਨ੍ਹਾਂ ਪਾਬੰਦੀਆਂ 'ਚ ਸਮੇਂ-ਸਮੇਂ 'ਚ ਕੁੁਝ ਛੋਟਾਂ ਦਿੱਤੀਆਂ ਗਈਆਂ, ਜਿਸ ਤਹਿਤ ਸੋਮਵਾਰ ਨੂੰ 190 ਪ੍ਰਾਇਮਰੀ ਸਕੂਲ ਖੋਲ੍ਹੇ ਗਏ ਜਦਕਿ ਵਾਦੀ ਦੇ ਬਾਕੀ ਹਿੱਸਿਆਂ 'ਚ ਸੁਰੱਖਿਆ ਦਸਤੇ ਅਜੇ ਵੀ ਤਾਇਨਾਤ ਹਨ। ਵਾਦੀ ਦੇ ਨਿੱਜੀ ਸਕੂਲ ਸੋਮਵਾਰ ਨੂੰ ਲਗਾਤਾਰ 15ਵੇਂ ਦਿਨ ਵੀ ਬੰਦ ਰਹੇ। ਸੰਚਾਰ ਵਿਵਸਥਾਵਾਂ 'ਚ ਵੀ ਢਿੱਲ ਦਿੱਤੀ ਗਈ। ਹਲਕਿਆਂ ਮੁਤਾਬਿਕ ਸੁਰੱਖਿਆ ਏਜੰਸੀਆਂ ਨੂੰ ਅੱਜ ਦੀ ਬੈਠਕ 'ਚ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਮੁਸਤੈਦ ਰਹਿਣ ਦੀ ਹਦਾਇਤ ਦਿੱਤੀ ਗਈ, ਨਾਲ ਹੀ ਆਮ ਲੋਕਾਂ ਨੂੰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਸਬੰਧੀ ਕਦਮਾਂ 'ਤੇ ਵੀ ਚਰਚਾ ਕੀਤੀ ਗਈ। ਇਸ ਸਬੰਧ 'ਚ ਤਕਰੀਬਨ 6 ਪਟੀਸ਼ਨਾਂ ਵੀ ਸੁਪਰੀਮ ਕੋਰਟ ਦੇ ਵੀ ਵਿਚਾਰ ਗੋਚਰੇ ਹਨ।

ਪੰਜਾਬ ਸਰਕਾਰ ਵਲੋਂ ਬੱਸ ਕਿਰਾਏ 'ਚ 5 ਪੈਸੇ ਦਾ ਵਾਧਾ

ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਬੱਸਾਂ ਦਾ ਆਮ ਕਿਰਾਇਆ 5 ਪੈਸੇ ਪ੍ਰਤੀ ਕਿੱਲੋਮੀਟਰ ਦਾ ਵਾਧਾ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਨੋਟੀਫ਼ਿਕੇਸ਼ਨ ਨੰਬਰ 2/46/90-4ਟੀ.2/1552147/1 ਰਾਹੀਂ ਫ਼ੈਸਲਾ ਕਰਦਿਆਂ 5 ਪੈਸੇ ਪ੍ਰਤੀ ਕਿੱਲੋਮੀਟਰ ਆਮ ਬੱਸ ਦਾ ਕਿਰਾਇਆ ਵਧਾ ਦਿੱਤਾ ਹੈ, ਜਿਸ ਨਾਲ ਹੁਣ 1.09 ਪੈਸੇ ਤੋਂ ਵਧ ਕੇ ਕਿਰਾਇਆ ਪ੍ਰਤੀ ਕਿੱਲੋਮੀਟਰ 1.14 ਪੈਸੇ ਹੋਵੇਗਾ। ਇਸੇ ਤਰ੍ਹਾਂ ਆਮ ਏ. ਸੀ. ਬੱਸਾਂ ਦਾ ਕਿਰਾਇਆ 136.80 ਪੈਸੇ, ਇੰਟੀਗਰੱਲ ਕੋਚ ਦਾ 205.20 ਪੈਸੇ ਅਤੇ ਸੁਪਰ ਇੰਟੀਗਰੱਲ ਕੋਚ ਦਾ ਕਿਰਾਇਆ 228.00 ਪੈਸੇ ਪ੍ਰਤੀ ਕਿੱਲੋਮੀਟਰ ਹੋ ਗਿਆ ਹੈ।

ਜੰਮੂ-ਕਸ਼ਮੀਰ 'ਚ ਸਕੂਲ ਖੁੱਲ੍ਹੇ-ਵਿਦਿਆਰਥੀਆਂ ਦੀ ਹਾਜ਼ਰੀ ਨਾਮਾਤਰ

* 14 ਦਿਨਾਂ ਬਾਅਦ ਮੁੜ ਖੁੱਲ੍ਹੇ ਸਕੂਲ * ਸ੍ਰੀਨਗਰ 'ਚ 190 ਪ੍ਰਾਇਮਰੀ ਸਕੂਲਾਂ 'ਚ ਦਿਖਾਈ ਦਿੱਤੀ ਹਲਚਲ

ਸ੍ਰੀਨਗਰ, 19 ਅਗਸਤ (ਏਜੰਸੀਆਂ)-ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਲਗਪਗ 14 ਦਿਨਾਂ ਬਾਅਦ ਸਕੂਲ ਮੁੜ ਖੋਲ੍ਹ ਦਿੱਤੇ ਗਏ ਹਨ। ਸੀ੍ਰਨਗਰ 'ਚ 190 ਤੋਂ ਜ਼ਿਆਦਾ ਪ੍ਰਾਇਮਰੀ ਸਕੂਲ ਖੁੱਲ੍ਹ ਗਏ ਹਨ। ਇਨ੍ਹਾਂ ਸਕੂਲਾਂ 'ਚ ਕਾਫ਼ੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਹਾਲਾਂਕਿ ਪਹਿਲੇ ਦਿਨ ਆਸ ਤੋਂ ਥੋੜ੍ਹੀ ਘੱਟ ਗਿਣਤੀ 'ਚ ਹੀ ਬੱਚੇ ਸਕੂਲ ਪਹੁੰਚੇ। ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਸਕੂਲਾਂ ਤੱਕ ਛੱਡਣ ਪਹੁੰਚੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਸਥਿਤੀ 'ਚ ਸੁਧਾਰ ਹੋ ਜਾਵੇਗਾ ਅਤੇ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵੀ ਵਧੇਗੀ। ਪ੍ਰਾਇਮਰੀ ਤੋਂ ਬਾਅਦ ਸੈਕੰਡਰੀ ਸਕੂਲ ਵੀ ਖੋਲ੍ਹੇ ਜਾਣਗੇ। ਕਸ਼ਮੀਰ 'ਚ ਅੱਜ ਪ੍ਰਸ਼ਾਸਨ ਵਲੋਂ ਲਗਾਈਆਂ ਗਈਆਂ ਪਾਬੰਦੀਆਂ 'ਚ ਕੁਝ ਹੋਰ ਢਿੱਲ ਦਿੱਤੇ ਜਾਣ ਕਾਰਨ ਕਈ ਸਕੂਲਾਂ 'ਚ ਅਧਿਆਪਕ ਤਾਂ ਪੜ੍ਹਾਉਣ ਪਹੁੰਚੇ ਸਨ ਪਰ ਉਥੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਨਹੀਂ ਦਿਖਾਈ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਸ੍ਰੀਨਗਰ 'ਚ 190 ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ, ਜਦਕਿ ਘਾਟੀ ਦੇ ਜ਼ਿਆਦਾਤਰ ਹਿੱਸਿਆਂ 'ਚ ਸੁਰੱਖਿਆ ਬਲ ਅਜੇ ਵੀ ਤਾਇਨਾਤ ਹਨ। ਸਾਰੇ ਨਿੱਜੀ ਸਕੂਲ ਲਗਾਤਾਰ 15ਵੇਂ ਦਿਨ ਵੀ ਬੰਦ ਰਹੇ, ਕਿਉਂਕਿ ਪਿਛਲੇ 2 ਦਿਨ ਤੋਂ ਇਥੇ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੁਰੱਖਿਆ ਸਥਿਤੀ ਖ਼ਰਾਬ ਹੋਣ ਦਾ ਸ਼ੱਕ ਸੀ।
ਆਮ ਵਾਂਗ ਹੋ ਰਹੀ ਹੈ ਸਥਿਤੀ-ਪ੍ਰਸ਼ਾਸਨ
ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਘਾਟੀ 'ਚ ਕਾਨੂੰਨ-ਵਿਵਸਥਾ ਦੀ ਉਲੰਘਣਾ ਦੀ ਕੋਈ ਵੱਡੀ ਘਟਨਾ ਨਹੀਂ ਹੋਈ ਹੈ ਅਤੇ ਸਥਿਤੀ ਹੌਲੀ-ਹੌਲੀ ਆਮ ਵਾਂਗ ਹੋ ਰਹੀ ਹੈ। ਜੰਮੂ-ਕਸ਼ਮੀਰ ਦੇ ਸੂਚਨਾ ਅਤੇ ਜਨਸੰਪਰਕ ਵਿਭਾਗ ਦੀ ਨਿਰਦੇਸ਼ਕ ਸਈਦ ਸਹਿਰੀਸ਼ ਅਸਗਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੰਮੂ ਖੇਤਰ 'ਚ ਕਾਨੂੰਨ-ਵਿਵਸਥਾ ਉਲੰਘਣਾ ਦੀ ਕੋਈ ਘਟਨਾ ਦਰਜ ਨਹੀਂ ਕੀਤੀ ਗਈ ਹੈ। ਲੋਕਾਂ ਵਲੋਂ ਉਨ੍ਹਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਬਾਰਾਮੂਲਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜ ਸ਼ਹਿਰਾਂ 'ਚ ਸਕੂਲ ਬੰਦ ਰਹੇ ਜਦਕਿ ਬਾਕੀ ਜ਼ਿਲ੍ਹਿਆਂ 'ਚ ਸਕੂਲ ਖੁੱਲ੍ਹੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਪਟਨ, ਪਲਹਾਲਨ, ਸਿੰਹਪੁਰਾ, ਬਾਰਾਮੁਲਾ ਅਤੇ ਸੋਪੋਰ 'ਚ ਪਾਬੰਦੀਆਂ 'ਚ ਕੋਈ ਢਿੱਲ ਨਹੀਂ ਦਿੱਤੀ ਗਈ ਹੈ। ਜ਼ਿਲ੍ਹੇ 'ਚ ਬਾਕੀ ਜਗ੍ਹਾ ਪ੍ਰਾਇਮਰੀ ਸਕੂਲ ਖੁੱਲ੍ਹੇ ਸਨ।

ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ ਲਈ ਭਾਰਤ ਦਾ ਡਿਪਟੀ ਹਾਈ ਕਮਿਸ਼ਨਰ ਤਲਬ

ਗੌਰਵ ਆਹਲੂਵਾਲੀਆ ਨੂੰ ਇਕ ਹਫ਼ਤੇ 'ਚ ਚੌਥੀ ਵਾਰ ਸੰਮਨ ਜਾਰੀ

ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕੰਟਰੋਲ ਰੇਖਾ 'ਤੇ ਭਾਰਤੀ ਫ਼ੌਜ ਵਲੋਂ ਕਥਿਤ ਤੌਰ 'ਤੇ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਅੱਜ ਇਸਲਾਮਾਬਾਦ ਸਥਿਤ ਭਾਰਤੀ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ। ਆਹਲੂਵਾਲੀਆ ਨੂੰ ਇਕ ਹਫ਼ਤੇ ਦੇ ਅੰਦਰ ਚੌਥੀ ਵਾਰ ਸੰਮਨ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 14, 15 ਅਤੇ 16 ਅਗਸਤ ਨੂੰ ਕਥਿਤ ਤੌਰ 'ਤੇ ਭਾਰਤੀ ਫ਼ੌਜ ਵਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਲਈ ਤਲਬ ਕੀਤਾ ਗਿਆ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਅਤੇ ਸਾਰਕ ਮਾਮਲਿਆਂ ਦੇ ਡਾਇਰੈਕਟਰ ਜਨਰਲ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਐਲ. ਓ. ਸੀ. ਦੇ ਨਾਲ ਲੱਗਦੇ ਹੋਟ ਸਪਰਿੰਗ ਅਤੇ ਚਿਰੀਕੋਟ ਸੈਕਟਰਾਂ 'ਚ ਭਾਰਤੀ ਫ਼ੌਜ ਵਲੋਂ ਬੀਤੇ ਦਿਨ 18 ਅਗਸਤ ਨੂੰ ਬਿਨਾ ਕਿਸੇ ਕਾਰਨ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੀ ਨਿੰਦਾ ਕੀਤੀ। ਉਕਤ ਬਿਆਨ ਅਨੁਸਾਰ ਭਾਰਤੀ ਫ਼ੌਜ ਵਲੋਂ ਕੀਤੀ ਗਈ ਗੋਲੀਬਾਰੀ 'ਚ ਇਕ ਸਾਲ ਦਾ ਬੱਚਾ ਗੰਭੀਰ ਜ਼ਖ਼ਮੀ ਹੋਇਆ ਹੈ। ਫ਼ੈਸਲ ਨੇ ਕਿਹਾ ਕਿ ਭਾਰਤ ਵਲੋਂ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ 'ਚ ਸਾਲ 2017 ਤੋਂ ਲਗਾਤਾਰ ਵਾਧਾ ਜਾਰੀ ਹੈ। ਇਸ ਦੌਰਾਨ ਭਾਰਤੀ ਫ਼ੌਜਾਂ ਨੇ 1,970 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ।

ਮੋਦੀ ਵਲੋਂ ਟਰੰਪ ਨਾਲ ਫੋਨ 'ਤੇ ਗੱਲਬਾਤ

ਇਮਰਾਨ ਦੇ ਭਾਰਤ ਖ਼ਿਲਾਫ਼ ਭੜਕਾਊ ਬਿਆਨਾਂ ਦਾ ਮੁੱਦਾ ਚੁਕਿਆ

ਨਵੀਂ ਦਿੱਲੀ, 19 ਅਗਸਤ (ਏਜੰਸੀ)- ਭਾਰਤ ਵਲੋਂ ਜੰਮੂ-ਕਸ਼ਮੀਰ ਬਾਰੇ ਐਲਾਨ ਤੋਂ ਬਾਅਦ ਪਹਿਲੀ ਉੱਚ-ਪੱਧਰੀ ਗੱਲਬਾਤ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਟੋਲੀਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਰਵਿਦਾਸ ਮੰਦਰ ਮਾਮਲਾ

ਸਾਡੇ ਆਦੇਸ਼ਾਂ ਨੂੰ 'ਰਾਜਨੀਤਕ ਰੰਗਤ' ਨਹੀਂ ਦਿੱਤੀ ਜਾ ਸਕਦੀ- ਸੁਪਰੀਮ ਕੋਰਟ

ਨਵੀਂ ਦਿੱਲੀ, 19 ਅਗਸਤ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਸੋਮਵਾਰ ਨੂੰ ਕਿਹਾ ਕਿ ਤੁਗਲਕਾਬਾਦ ਜੰਗਲੀ ਇਲਾਕੇ 'ਚ ਗੁਰੂ ਰਵਿਦਾਸ ਮੰਦਰ ਮਾਮਲੇ 'ਤੇ ਦਿੱਤੇ ਉਸ ਦੇ ਆਦੇਸ਼ਾਂ ਨੂੰ 'ਰਾਜਨੀਤਕ ਰੰਗਤ' ਨਹੀਂ ਦਿੱਤੀ ਜਾ ਸਕਦੀ। ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਐਮ.ਆਰ. ਸ਼ਾਹ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX