ਜਸਪਾਲ ਸਿੰਘ
ਸਿੰਘੂ ਬਾਰਡਰ, 25 ਜਨਵਰੀ-ਗਣਤੰਤਰ ਦਿਵਸ ਮੌਕੇ ਦਿੱਲੀ ਦੀਆਂ ਸੜਕਾਂ 'ਤੇ ਟਰੈਕਟਰ ਪਰੇਡ ਕਰਕੇ ਕਿਸਾਨ 26 ਜਨਵਰੀ ਨੂੰ ਇਤਿਹਾਸ ਰਚਣ ਜਾ ਰਹੇ ਹਨ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਰਾਜਪਥ 'ਤੇ ਹੋਣ ਵਾਲੇ ਅਧਿਕਾਰਕ ਗਣਤੰਤਰ ਦਿਵਸ ਸਮਾਗਮ 'ਚ ਜਿਥੇ ਦੇਸ਼ ਦੇ ਬਹਾਦਰ ਫੌਜੀ ਜਵਾਨ ਪਰੇਡ ਕਰਨਗੇ, ਉਥੇ ਦੂਸਰੇ ਪਾਸੇ ਦੇਸ਼ ਦਾ ਅੰਨਦਾਤਾ ਵੀ ਟਰੈਕਟਰ ਪਰੇਡ ਕਰਨ ਜਾ ਰਿਹਾ ਹੈ। ਕਿਸਾਨ ਆਗੂਆਂ ਦੀ ਅਗਵਾਈ ਹੇਠ ਇਹ ਪਰੇਡ ਹਰਿਆਣਾ ਦੇ ਨਾਲ ਲਗਦੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਨਾਲ ਲਗਦੇ ਗਾਜ਼ੀਪੁਰ ਬਾਰਡਰ, ਚਿੱਲਾ, ਧਾਂਸਾ, ਰਾਜਸਥਾਨ ਨਾਲ ਲਗਦੇ ਸ਼ਾਹਜਹਾਂਪੁਰ, ਮਸਾਨੀ ਪੁਲ, ਸੁਨੈਨਾ ਤੇ ਪਲਵਲ ਬਾਰਡਰ ਤੋਂ ਇਕੋ ਸਮੇਂ ਸਵੇਰੇ 10 ਵਜੇ ਆਰੰਭ ਹੋਵੇਗੀ। ਕਿਸਾਨ ਆਗੂਆਂ ਵਲੋਂ ਦਿੱਲੀ ਵਾਸੀਆਂ ਨੂੰ ਵਿਸ਼ੇਸ਼ ਤੌਰ 'ਤੇ ਪਰੇਡ ਦੇਖਣ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣ ਦਾ ਸੱਦਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਸ ਪਰੇਡ 'ਚ ਦਿੱਲੀ ਦੇ ਲੋਕਾਂ ਨੂੰ ਕਿਸਾਨੀ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲਣਗੇ। ਪਰੇਡ 'ਚ ਜਿੱਥੇ ਖੇਤੀਬਾੜੀ ਨਾਲ ਸਬੰਧਿਤ ਝਾਕੀਆਂ ਸ਼ਾਮਿਲ ਹੋਣਗੀਆਂ, ਉਥੇ ਸਿੱਖ ਕੌਮ ਦੇ ਬਹਾਦਰ ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ ਦੇ ਗੌਰਵਮਈ ਇਤਿਹਾਸ ਤੇ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਸਬੰਧਿਤ ਵੰਨਗੀਆਂ ਦੀ ਪੇਸ਼ਕਾਰੀ ਦਾ ਵੱਖਰਾ ਹੀ ਪ੍ਰਭਾਵ ਸਿਰਜੇਗੀ। ਕਿਸਾਨ ਪਰੇਡ 'ਚ ਕੇਵਲ ਟਰੈਕਟਰਾਂ ਨੂੰ ਹੀ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਟਰਾਲੀਆਂ ਨੂੰ ਅੱਗੇ ਨਹੀਂ ਲਿਜਾਣ ਦਿੱਤਾ ਜਾਵੇਗਾ। ਇਕ ਟਰੈਕਟਰ 'ਤੇ ਤਿੰਨ ਤੋਂ ਵੱਧ ਕਿਸਾਨਾਂ ਦੇ ਬੈਠਣ ਦੀ ਮਨਾਹੀ ਹੋਵੇਗੀ ਤੇ ਇਸ ਦੌਰਾਨ ਪੂਰੀ ਤਰ੍ਹਾਂ ਜ਼ਾਬਤਾ ਬਣਾਈ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਹੁੱਲੜ੍ਹਬਾਜ਼ੀ ਤੋਂ ਗੁਰੇਜ਼ ਕਰਨ ਲਈ ਕਿਸਾਨ ਆਗੂਆਂ ਵਲੋਂ ਵਾਰ-ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਵਲੋਂ ਟਰੈਕਟਰ ਪਰੇਡ ਲਈ ਟਰੈਕਟਰਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ ਤੇ ਟਰੈਕਟਰਾਂ 'ਤੇ ਕਿਸਾਨੀ ਝੰਡਿਆਂ ਦੇ ਨਾਲ-ਨਾਲ ਤਿਰੰਗੇ ਝੰਡੇ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਵੀ ਝੁਲਾਏ ਗਏ ਹਨ। ਕਿਸਾਨ ਆਗੂਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਰੇਡ ਏਨੀ ਵੱਡੀ ਤੇ ਵਿਸ਼ਾਲ ਹੋਵੇਗੀ ਕਿ ਇਸ ਨੂੰ ਮੁਕੰਮਲ ਹੋਣ 'ਚ ਲੰਬਾ ਸਮਾਂ ਲੱਗ ਸਕਦਾ ਹੈ ਤੇ ਅਜਿਹੇ 'ਚ ਉਨ੍ਹਾਂ ਵਲੋਂ ਕਿਸਾਨਾਂ ਨੂੰ ਆਪਣੇ ਨਾਲ ਖਾਣ-ਪੀਣ ਦਾ ਸਾਮਾਨ ਤੇ ਠੰਢ ਤੋਂ ਬਚਾਅ ਲਈ ਗਰਮ ਕੱਪੜੇ ਰੱਖਣ ਦੀ ਵੀ ਸਲਾਹ ਦਿੱਤੀ ਹੈ। ਪਰੇਡ ਦੀ ਸੁਰੱਖਿਆ ਲਈ ਕਿਸਾਨ ਜਥੇਬੰਦੀਆਂ ਵਲੋਂ 3 ਹਜ਼ਾਰ ਦੇ ਕਰੀਬ ਵਾਲੰਟੀਅਰਾਂ ਦੀ ਟੀਮ ਤਿਆਰ ਕੀਤੀ ਗਈ ਹੈ, ਜੋ ਪਰੇਡ ਵਾਲੇ ਰਸਤੇ 'ਤੇ ਤਾਇਨਾਤ ਰਹੇਗੀ। ਇਹ ਟੀਮ ਟਰੈਕਟਰ ਪਰੇਡ ਦੌਰਾਨ ਜਿਥੇ ਹਰ ਸ਼ੱਕੀ ਵਿਅਕਤੀ 'ਤੇ ਨਜ਼ਰ ਰੱਖੇਗੀ, ਉੱਥੇ ਕਿਸਾਨਾਂ ਦੀ ਵੀ ਲੋੜ ਪੈਣ 'ਤੇ ਮਦਦ ਕਰੇਗੀ। ਟਰੈਕਟਰ ਪਰੇਡ 'ਚ ਹਿੱਸਾ ਲੈਣ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕਿਸਾਨ ਜਿੱਥੇ ਟਰੈਕਟਰ ਲੈ ਕੇ ਲਗਾਤਾਰ ਦਿੱਲੀ ਦੇ ਬਾਰਡਰਾਂ 'ਤੇ ਪਹੁੰਚ ਰਹੇ ਹਨ, ਉੱਥੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵੀ ਕਿਸਾਨ ਤੇ ਆਮ ਲੋਕ ਇਸ ਇਤਿਹਾਸਿਕ ਪਰੇਡ ਦਾ ਹਿੱਸਾ ਬਣਨ ਲਈ ਆਪੋ-ਆਪਣੇ ਸਾਧਨਾਂ ਰਾਹੀਂ ਪਹੁੰਚ ਰਹੇ ਹਨ। ਸੋਮਵਾਰ ਨੂੰ ਵੀ ਸੰਘਣੀ ਧੁੰਦ ਤੇ ਠੰਢ 'ਚ ਵੀ ਵੱਡੀ ਗਿਣਤੀ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਨੂੰ ਆਉਣ ਵਾਲੇ ਰਸਤਿਆਂ 'ਤੇ ਲੱਗੇ ਜਾਮ ਕਾਰਨ ਵੱਡੀ ਗਿਣਤੀ 'ਚ ਟਰੈਕਟਰ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ ਤੇ ਉਨ੍ਹਾਂ ਦਾ ਮੰਗਲਵਾਰ ਸਵੇਰ ਤੱਕ ਵੀ ਦਿੱਲੀ ਦੇ ਬਾਰਡਰਾਂ 'ਤੇ ਪਹੁੰਚਣਾ ਔਖਾ ਹੈ। ਇਸ ਦੇ ਬਾਵਜੂਦ ਹੁਣ ਤੱਕ ਲੱਖਾਂ ਦੀ ਗਿਣਤੀ 'ਚ ਟਰੈਕਟਰ ਦਿੱਲੀ ਦੇ ਬਾਰਡਰਾਂ 'ਤੇ ਪਹੁੰਚ ਚੁੱਕੇ ਹਨ। ਕਿਸਾਨਾਂ ਵਲੋਂ ਇਕ-ਇਕ ਟਰੈਕਟਰ ਪਿੱਛੇ 4-4, 5-5 ਟਰੈਕਟਰ ਪਾ ਕੇ ਲਿਆਂਦੇ ਜਾ ਰਹੇ ਹਨ। ਕੁਝ ਕਿਸਾਨ ਤਾਂ ਟਰਾਲੀਆਂ 'ਤੇ ਹੀ ਟਰੈਕਟਰ ਟਰਾਲੀਆਂ ਲੱਦ ਕੇ ਅੰਦੋਲਨ 'ਚ ਸ਼ਾਮਿਲ ਹੋ ਰਹੇ ਹਨ।
ਅੰਦੋਲਨ ਨੂੰ 2 ਮਹੀਨੇ ਪੂਰੇ ਹੋਏ
ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਅੰਦੋਲਨ ਨੂੰ 26 ਜਨਵਰੀ ਨੂੰ ਦੋ ਮਹੀਨੇ ਪੂਰੇ ਹੋ ਰਹੇ ਹਨ। ਠੰਢ ਦੇ ਮੌਸਮ 'ਚ ਵੀ ਕਿਸਾਨਾਂ ਦੇ ਜੋਸ਼ ਤੇ ਉਤਸ਼ਾਹ ਨੇ ਕਿਸਾਨੀ ਅੰਦੋਲਨ ਨੂੰ ਲਗਾਤਾਰ ਮਘਾਈ ਰੱਖਿਆ ਹੈ। ਨੌਜਵਾਨਾਂ ਦੇ ਜੋਸ਼ੀਲੇ ਨਾਅਰਿਆਂ ਤੇ ਬੁਲਾਰਿਆਂ ਦੇ ਤਿੱਖੇ ਭਾਸ਼ਨਾਂ ਕਾਰਨ ਅੰਦੋਲਨ ਦਾ ਪਾਰਾ ਲਗਾਤਾਰ ਸਿਖਰ 'ਤੇ ਰਿਹਾ ਤੇ ਅੰਦੋਲਨ ਦਿਨੋ-ਦਿਨ ਵਿਸ਼ਾਲ ਹੁੰਦਾ ਗਿਆ। ਅੰਦੋਲਨ 'ਚ ਕਿਸਾਨਾਂ ਤੋਂ ਇਲਾਵਾ ਸਮਾਜ ਦੇ ਹੋਰਨਾਂ ਵਰਗਾਂ ਦੇ ਲੋਕਾਂ ਦੀ ਵੀ ਭਰਵੀਂ ਸ਼ਮੂਲੀਅਤ ਕਾਰਨ ਇਹ ਅੰਦੋਲਨ ਜਨ ਅੰਦੋਲਨ ਦੇ ਰੂਪ 'ਚ ਬਦਲ ਗਿਆ। ਨੌਜਵਾਨਾਂ ਤੇ ਬਜ਼ੁਰਗਾਂ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਨੇ ਵੀ ਗਰਮਜੋਸ਼ੀ ਨਾਲ ਅੰਦੋਲਨ 'ਚ ਹਿੱਸਾ ਲਿਆ।
ਦਿਲ ਜਿੱਤਣ ਆਏ ਹਾਂ-ਯੋਗੇਂਦਰ ਯਾਦਵ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹੀ ਪਰੇਡ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਵਲੋਂ ਬੇਸ਼ੱਕ ਰਿੰਗ ਰੋਡ 'ਤੇ ਹੀ ਕਿਸਾਨ ਪਰੇਡ ਕਰਨ ਦੀ ਜ਼ਿੱਦ ਕੀਤੀ ਜਾ ਰਹੀ ਹੈ, ਪਰ ਕਿਸਾਨਾਂ ਨੂੰ ਦਿੱਲੀ 'ਚ ਪਰੇਡ ਕਰਨ ਦੀ ਇਜਾਜ਼ਤ ਮਿਲਣਾ ਹੀ ਕਿਸਾਨਾਂ ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਰਿੰਗ ਰੋਡ 'ਤੇ ਪਰੇਡ ਕੁਝ ਕਿਲੋਮੀਟਰ ਤੱਕ ਹੀ ਸੀਮਤ ਹੋ ਕੇ ਰਹਿ ਜਾਣੀ ਸੀ, ਜਦਕਿ ਹੁਣ ਇਹ ਪਰੇਡ ਦਿੱਲੀ ਦੀਆਂ 9 ਥਾਵਾਂ 'ਤੇ ਹੋ ਰਹੀ ਹੈ। ਇਸੇ ਤਰ੍ਹਾਂ ਪੁਲਿਸ ਵਲੋਂ ਰਿੰਗ ਰੋਡ ਬਾਰੇ ਇਹ ਵੀ ਕਿਹਾ ਗਿਆ ਸੀ ਕਿ ਗਣਤੰਤਰ ਦਿਵਸ ਸਮਾਗਮਾਂ ਕਰਕੇ ਰਿੰਗ ਰੋਡ ਨੂੰ ਐਮਰਜੈਂਸੀ ਸੇਵਾਵਾਂ ਲਈ ਖਾਲੀ ਰੱਖਣਾ ਉਨ੍ਹਾਂ ਦੀ ਮਜਬੂਰੀ ਹੈ ਤੇ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਹੀ ਕਿਸਾਨ ਜਥੇਬੰਦੀਆਂ ਵਲੋਂ 9 ਥਾਵਾਂ ਤੋਂ ਪਰੇਡ ਕਰਨ ਲਈ ਸਹਿਮਤੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਸ਼ਾਂਤੀ ਅਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਦਿੱਲੀ ਜਿੱਤਣ ਨਹੀਂ, ਬਲਕਿ ਦਿੱਲੀ ਦੇ ਲੋਕਾਂ ਦੇ ਦਿਲ ਜਿੱਤਣ ਆਏ ਹਨ।
ਕਿਸਾਨਾਂ ਵਲੋਂ ਪਹਿਲੀ ਫ਼ਰਵਰੀ ਨੂੰ ਸੰਸਦ ਵੱਲ ਕੂਚ ਦਾ ਐਲਾਨ
ਸਿੰਘੂ ਬਾਰਡਰ, 25 ਜਨਵਰੀ (ਜਸਪਾਲ ਸਿੰਘ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੇ ਬਾਰਡਰਾਂ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਤੋਂ ਬਾਅਦ ਅਗਲੇ ਕਦਮ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਪਹਿਲੀ ਫ਼ਰਵਰੀ ਨੂੰ ਬਜਟ ਸੈਸ਼ਨ ਦੌਰਾਨ ਕਿਸਾਨਾਂ ਵਲੋਂ ਸੰਸਦ ਵੱਲ ਪੈਦਲ ਕੂਚ ਕੀਤਾ ਜਾਵੇਗਾ। ਹਾਲਾਂਕਿ ਇਸ ਮਾਰਚ ਦੀ ਰੂਪ ਰੇਖਾ ਬਾਅਦ 'ਚ ਐਲਾਨੀ ਜਾਵੇਗੀ, ਪਰ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਾਰਚ ਸਿੰਘੂ ਬਾਰਡਰ ਤੋਂ ਪਹਿਲੀ ਫ਼ਰਵਰੀ ਨੂੰ ਪੈਦਲ ਕੂਚ ਕਰੇਗਾ। ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਕਿਸਾਨੀ ਪਰੇਡ ਤੋਂ ਬਾਅਦ ਰੁਕਣ ਵਾਲਾ ਨਹੀਂ ਹੈ ਤੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਤੱਕ ਇਹ ਅੰਦੋਲਨ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਜਟ ਪੇਸ਼ ਕਰਨ ਵਾਲੇ ਦਿਨ ਹੋਣ ਵਾਲਾ ਇਹ ਪੈਦਲ ਮਾਰਚ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਹੋਵੇਗਾ। ਇਸ ਮੌਕੇ ਉਨ੍ਹਾਂ ਕਿਸਾਨੀ ਪਰੇਡ 'ਚ ਹਿੱਸਾ ਲੈਣ ਆਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਫ਼ਰਵਰੀ ਤੱਕ ਇੱਥੇ ਰੁਕਣ ਤੇ ਸੰਸਦ ਵੱਲ ਕੂਚ ਕਰਨ ਵਾਲੇ ਕਿਸਾਨਾਂ ਦੇ ਕਾਫਲੇ ਦਾ ਹਿੱਸਾ ਬਣਨ।
ਕਿਸਾਨ ਅਫ਼ਵਾਹਾਂ ਤੋਂ ਸੁਚੇਤ ਰਹਿਣ-ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਏਜੰਸੀਆਂ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਫਿਰਾਕ 'ਚ ਹਨ। ਰਾਜੇਵਾਲ ਨੇ ਦੱਸਿਆ ਕਿ ਆਮ ਤੌਰ 'ਤੇ ਪੁਲਿਸ ਕਿਸੇ ਵੀ ਸਮਾਗਮ ਲਈ ਜ਼ੁਬਾਨੀ ਭਰੋਸਾ ਦਿੰਦੀ ਹੈ, ਪਰ ਟਰੈਕਟਰ ਪਰੇਡ ਲਈ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਲਿਖਤੀ ਆਗਿਆ ਦਿੱਤੀ ਗਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪਰੇਡ ਦੌਰਾਨ ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੈ, ਪਰ ਇਸ ਦੇ ਬਾਵਜੂਦ ਜਥੇਬੰਦੀਆਂ ਦੇ ਵਾਲੰਟੀਅਰ ਵੀ ਆਪਣੀ ਜ਼ਿੰਮੇਵਾਰੀ ਪੂਰੀ ਮੁਸਤੈਦੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਹਿਲੀ ਫਰਵਰੀ ਨੂੰ ਸੰਸਦ ਵੱਲ ਕੂਚ ਦੇ ਸੱਦੇ ਨੂੰ ਦੇਖਦੇ ਹੋਏ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਇੱਥੇ ਹੀ ਰਹਿਣ ਤੇ ਉਨ੍ਹਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕੇ. ਐਮ. ਪੀ. ਤੇ ਸੋਨੀਪਤ ਹਾਈਵੇ 'ਤੇ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਇਕ ਮੀਡੀਆ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਮੀਡੀਆ ਕਰਮੀਆਂ ਨਾਲ ਲਗਾਤਾਰ ਸੰਪਰਕ 'ਚ ਰਹੇਗੀ। ਇਸ ਮੌਕੇ ਹਰ ਤਰ੍ਹਾਂ ਦੀ ਅਪਡੇਟ ਲਈ ਕਿਸਾਨ ਜਥੇਬੰਦੀਆਂ ਵਲੋਂ ਮਿਸ ਕਾਲ ਲਈ ਇਕ ਨੰਬਰ-8448385556 ਤੇ ਹੈਲਪਲਾਈਨ ਨੰਬਰ-7428384230 ਜਾਰੀ ਕੀਤੇ ਗਏ ਹਨ। ਸਿੰਘੂ ਬਾਰਡਰ 'ਤੇ ਇਕ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ, ਜਿੱਥੋਂ ਕਿਸਾਨ ਹਰ ਤਰ੍ਹਾਂ ਦੀ ਸਹਾਇਤਾ ਲੈ ਸਕਦੇ ਹਨ।
ਕਿਸਾਨ ਵਾਪਸ ਨਾ ਜਾਣ-ਚੜੂਨੀ
ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗਣਤੰਤਰ ਪਰੇਡ ਤੋਂ ਬਾਅਦ ਵਾਪਸ ਘਰਾਂ ਨੂੰ ਨਾ ਜਾਣ, ਬਲਕਿ ਇੱਥੇ ਰਹਿ ਕੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਤਾਕਤ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪਰੇਡ ਲਈ ਕਿਸਾਨਾਂ ਨੂੰ ਜੋ ਰਸਤਾ ਮਿਲਿਆ ਹੈ, ਉਹ ਬਿਲਕੁਲ ਸਹੀ ਹੈ ਤੇ ਜਥੇਬੰਦੀਆਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ ਤੇ ਉੱਘੇ ਗਾਇਕ ਬੱਬੂ ਮਾਨ ਵੀ ਹਾਜ਼ਰ ਸਨ।
ਦੇਸ਼ ਦੇ ਮਾਣ-ਸਨਮਾਨ ਨੂੰ ਉੱਚਾ ਕਰੇਗੀ ਪਰੇਡ-ਬਹਿਰੂ
ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਕਿਸਾਨ ਪਰੇਡ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਨੇ ਕਿਸਾਨਾਂ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਸੀ ਅੱਜ ਉਹ ਕਿਸਾਨਾਂ ਦੀ ਤਾਕਤ ਅੱਗੇ ਪਰੇਡ ਨੂੰ ਇਜਾਜ਼ਤ ਦੇਣ ਲਈ ਸਹਿਮਤ ਹੋ ਗਈ ਹੈ, ਜੋ ਕਿਸਾਨਾਂ ਦੀ ਵੱਡੀ ਜਿੱਤ ਹੈ। ਉਨ੍ਹਾਂ ਸਾਫ਼ ਕੀਤਾ ਕਿ ਕਿਸਾਨ ਪਰੇਡ ਕਿਸੇ ਵੀ ਤਰ੍ਹਾਂ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਨਹੀਂ ਕੀਤੀ ਜਾ ਰਹੀ, ਬਲਕਿ ਇਹ ਪਰੇਡ ਦੇਸ਼ ਦੇ ਮਾਣ-ਸਨਮਾਨ ਨੂੰ ਹੋਰ ਉੱਚਾ ਕਰੇਗੀ।
ਨਵੀਂ ਦਿੱਲੀ, 25 ਜਨਵਰੀ (ਏਜੰਸੀ)- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ, ਮਰਹੂਮ ਗਾਇਕ ਐਸ.ਪੀ. ਬਾਲਾਸੁਬਰਾਮਨੀਅਮ ਤੇ ਫਾਈਬਰ ਆਪਟਿਕਸ ਦੇ ਪਿਤਾਮਾ ਨਰਿੰਦਰ ਸਿੰਘ ਕਪਾਨੀ ਸਮੇਤ 7 ਸ਼ਖ਼ਸੀਅਤਾਂ ਨੂੰ ਇਸ ਸਾਲ ਪਦਮ ਵਿਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ (ਮਰਨ ਉਪਰੰਤ), ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ (ਮਰਨ ਉਪਰੰਤ), ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ (ਮਰਨ ਉਪਰੰਤ) ਤੇ ਸਾਬਕਾ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਸਮੇਤ 10 ਸ਼ਖ਼ਸੀਅਤਾਂ ਨੂੰ ਪਦਮ ਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਰਾਸ਼ਟਰਪਤੀ ਵਲੋਂ ਇਸ ਸਾਲ 119 ਪਦਮ ਪੁਰਸਕਾਰਾਂ, ਜਿਨ੍ਹਾਂ 'ਚ 7 ਸ਼ਖ਼ਸੀਅਤਾਂ ਨੂੰ ਪਦਮ ਵਿਭੂਸ਼ਣ, 10 ਪਦਮ ਭੂਸ਼ਣ ਤੇ 102 ਨੂੰ ਪਦਮਸ੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ 'ਚ 29 ਔਰਤਾਂ ਹਨ ਜਦਕਿ 10 ਸ਼ਖ਼ਸੀਅਤਾਂ ਵਿਦੇਸ਼ ਤੋਂ ਤੇ ਇਕ ਟਰਾਂਸਜੈਂਡਰ ਹੈ। ਇਸ ਤੋਂ ਇਲਾਵਾ 16 ਸ਼ਖ਼ਸੀਅਤਾਂ ਨੂੰ ਮਰਨ ਉਪਰੰਤ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ ਪਦਮ ਵਿਭੂਸ਼ਣ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ 'ਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ, ਬਾਲੀਵੁੱਡ ਗਾਇਕ ਐਸ.ਪੀ. ਬਾਲਾਸੁਬਰਾਮਨੀਅਮ (ਮਰਨ ਉਪਰੰਤ), ਡਾ. ਬੇਲੀ ਮੋਨੱਪਾ ਹੇਗੜੇ (ਦਵਾਈਆਂ), ਨਰਿੰਦਰ ਸਿੰਘ ਕਪਾਨੀ (ਮਰਨ ਉਪਰੰਤ), ਮੌਲਾਨਾ ਵਹੀਉਦੀਨ ਖਾਨ, ਬੀ.ਬੀ. ਲਾਲ, ਸੁਦਰਸ਼ਨ ਸਾਹੂ ਸ਼ਾਮਿਲ ਹਨ। ਜਿਹੜੀਆਂ 10 ਸ਼ਖ਼ਸੀਅਤਾਂ ਨੂੰ ਪਦਮ ਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ 'ਚ ਕ੍ਰਿਸ਼ਨਨ ਨਾਇਰ ਸ਼ਾਂਤਾਕੁਮਾਰੀ, ਤਰੁਨ ਗੋਗੋਈ (ਮਰਨ ਉਪਰੰਤ), ਚੰਦਰਸ਼ੇਖਰ ਕੰਬਰਾ, ਸੁਮਿੱਤਰਾ ਮਹਾਜਨ, ਨਿਰਪੇਂਦਰ ਮਿਸ਼ਰਾ, ਰਾਮ ਵਿਲਾਸ ਪਾਸਵਾਨ, ਕੇਸ਼ੂਭਾਈ ਪਟੇਲ, ਕਲਬੇ ਸਾਦਿਕ, ਰਜਨੀਕਾਂਤ ਦੇਵੀਦਾਸ ਸ਼ਰੋਫ ਤੇ ਤਰਲੋਚਨ ਸਿੰਘ ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਜਾਬ ਤੋਂ ਪ੍ਰਕਾਸ਼ ਕੌਰ (ਸਮਾਜਿਕ ਕਾਰਜਕਰਤਾ), ਰਜਨੀ ਬੈਕਟਰ (ਉਦਯੋਗ), ਲਾਜਵੰਤੀ (ਕਲਾ), ਡਾ. ਰਤਨ ਲਾਲ ਮਿੱਤਲ (ਦਵਾਈਆਂ) ਤੇ ਕਰਤਾਰ ਸਿੰਘ (ਕਲਾ) ਸਮੇਤ 102 ਸ਼ਖ਼ਸੀਅਤਾਂ ਨੂੰ ਪਦਮਸ੍ਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ 72ਵੇਂ ਗਣਤੰਤਰ ਦਿਵਸ ਮੌਕੇ ਸੁਰੱਖਿਆ ਸੈਨਾਵਾਂ ਦੇ ਜਵਾਨਾਂ ਤੇ ਹੋਰਾਂ ਨੂੰ 455 ਬਹਾਦਰੀ ਅਤੇ ਹੋਰ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਜੂਨ 2020 'ਚ ਚੀਨ ਦੇ ਖ਼ਿਲਾਫ਼ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਸੈਨਿਕਾਂ ਨਾਲ ਝੜਪ ਦੌਰਾਨ ਸ਼ਹੀਦ ਹੋਏ ਬਿਹਾਰ ਰੈਜ਼ੀਮੈਂਟ ਦੇ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਸ਼ੌਰੀਆ ਚੱਕਰ ਅਤੇ ਪੰਜਾਬ ਨਾਲ ਸਬੰਧਤ ਸ਼ਹੀਦ ਗੁਰਤੇਜ ਸਿੰਘ ਨੂੰ ਵੀਰ ਚੱਕਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਪੁਰਸਕਾਰਾਂ 'ਚ ਇਕ ਮਹਾਂਵੀਰ ਚੱਕਰ, 5 ਕੀਰਤੀ ਚੱਕਰ, 5 ਵੀਰ ਚੱਕਰ, 7 ਸ਼ੌਰਿਆ ਚੱਕਰ, 4 ਬਾਰ ਟੂ ਸੈਨਾ ਮੈਡਲ (ਬਹਾਦਰੀ), 130 ਸੈਨਾ ਮੈਡਲ (ਬਹਾਦਰੀ), ਇਕ ਨਾਓ ਸੈਨਾ ਮੈਡਲ (ਬਹਾਦਰੀ), 04 ਵਾਯੂ ਸੈਨਾ ਮੈਡਲ (ਬਹਾਦਰੀ) ਆਦਿ ਪੁਰਸਕਾਰ 455 ਸ਼ਖ਼ਸੀਅਤਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਕੋਵਿੰਦ ਵਲੋਂ ਬਿਹਾਰ ਰੈਜ਼ੀਮੈਂਟ ਦੇ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਸ਼ੌਰੀਆ ਚੱਕਰ, ਇਸ ਤੋਂ ਇਲਾਵਾ ਸੂਬੇਦਾਰ ਸੰਜੀਵ ਕੁਮਾਰ (ਸੈਨਾ) ਮਰਨ ਉਪੰਰਤ ਅਤੇ ਇੰਸਪੈਕਟਰ ਪਿੰਟੂ ਕੁਮਾਰ ਸਿੰਘ, ਸ਼੍ਰੀ ਸ਼ਾਮ ਨਰਾਇਣ ਸਿੰਘ ਯਾਦਵ ਹੈੱਡ ਕਾਂਸਟੇਬਲ, ਵਿਨੋਦ ਕੁਮਾਰ ਕਾਂਸਟੇਬਲ (ਸੀ.ਆਰ.ਪੀ.ਐਫ.) ਸਭ ਨੂੰ ਮਰਨ ਉਪਰੰਤ ਅਤੇ ਸ੍ਰੀ ਰਾਹੁਲ ਮਾਥੁਰ ਡਿਪਟੀ ਕਮਾਂਡੈਂਟ ਨੂੰ ਕੀਰਤੀ ਚੱਕਰ ਦੇਣ ਦਾ ਐਲਾਨ ਕੀਤਾ ਗਿਆ। ਵੀਰ ਚੱਕਰ ਪ੍ਰਾਪਤ ਕਰਨ ਵਾਲਿਆਂ 'ਚ- ਨਾਇਬ ਸੂਬੇਦਾਰ ਨਾਡੁਰਾਮ ਸੋਰੇਨ, ਹਵਾਲਦਾਰ ਕੇ. ਪਲਾਨੀ, ਨਾਇਕ ਦੀਪਕ ਸਿੰਘ ਤੇ ਸ਼ਹੀਦ ਗੁਰਤੇਜ ਸਿੰਘ ਪੰਜਾਬ ਰੈਜ਼ੀਮੈਂਟ (ਮਰਨ ਉਪਰੰਤ), ਤੇਜਿੰਦਰ ਸਿੰਘ ਸ਼ਾਮਿਲ ਹਨ। ਸੈਨਾ ਦੇ ਸ਼ੌਰੀਆ ਚੱਕਰ ਵਿਜੇਤਾ ਮੇਜਰ ਅਨੁਜ ਸੂਦ (ਮਰਨ ਉਪਰੰਤ), ਰਾਇਫਲਮੈਨ ਪ੍ਰਨਾਬ ਜੋਤੀ ਦਾਸ, ਸੋਨਮ ਟੀ. ਤਮਾਂਗ ਅਤੇ ਅਰਸ਼ਦ ਖਾਨ ਇੰਸਪੈਕਟ ਜੰਮੂ ਕਸ਼ਮੀਰ ਪੁਲਿਸ,ਮੁਸ਼ਤਫਾ ਬਰਾਹ ਐਸ.ਜੀ.ਸੀ.ਟੀ., ਨਸੀਰ ਅਹਿਮਦ ਕੋਹਲੀ, ਐਸ.ਜੀ.ਸੀ.ਟੀ. ਤੇ ਬਲਾਲ ਅਹਿਮਦ ਐਸ.ਪੀ.ਓ. ਜੰਮੂ ਕਸ਼ਮੀਰ ਪੁਲਿਸ (ਮਰਨ ਉਪਰੰਤ) ਸ਼ਾਮਿਲ ਹਨ।
ਨਵੀਂ ਦਿੱਲੀ, 25 ਜਨਵਰੀ (ਪੀ.ਟੀ.ਆਈ.)-ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਕਾਨੂੰਨਾਂ ਨੂੰ 1 ਤੋਂ ਡੇਢ ਸਾਲ ਤੱਕ ਰੱਦ ਕਰਨ ਦੇ ਸਰਕਾਰੀ ਪ੍ਰਸਤਾਵ ਨੂੰ ਕਿਸਾਨਾਂ ਲਈ ਬਿਹਤਰੀਨ ਪ੍ਰਸਤਾਵ ਦੱਸਿਆ ਹੈ ਤੇ ਉਮੀਦ ਜਤਾਈ ਹੈ ਕਿ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਇਸ ਪ੍ਰਸਤਾਵ 'ਤੇ ਇਕ ਵਾਰ ਫਿਰ ਗੌਰ ਕਰਕੇ ਆਪਣਾ ਫ਼ੈਸਲਾ ਸੁਣਾਉਣਗੀਆਂ। ਇਸ ਸਬੰਧੀ ਖੇਤੀ ਮੰਤਰੀ ਤੋਮਰ ਨੇ ਪੀ.ਟੀ.ਆਈ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਹੀ ਵਧੀਆ ਪ੍ਰਸਤਾਵ ਦਿੱਤਾ ਸੀ। ਮੈਨੂੰ ਉਮੀਦ ਹੈ ਕਿ ਉਹ ਇਸ 'ਤੇ ਆਪਸ 'ਚ ਵਿਚਾਰ ਚਰਚਾ ਕਰਕੇ ਆਪਣਾ ਫੈਸਲਾ ਸਾਡੇ ਤੱਕ ਪਹੁੰਚਾਉਣਗੇ ਤੇ ਜਦੋਂ ਹੀ ਉਹ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਇਸ 'ਤੇ ਅੱਗੇ ਵਧਾਂਗੇ। ਜ਼ਿਕਰਯੋਗ ਹੈ ਕਿ 41 ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਕਾਰ ਹੁਣ ਤੱਕ ਹੋਈਆਂ 11 ਗੇੜ ਦੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਹਾਲਾਂਕਿ 10ਵੇਂ ਗੇੜ ਦੀ ਮੀਟਿੰਗ 'ਚ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ 1 ਤੋਂ 1.5 ਸਾਲ ਤੱਕ ਰੱਦ ਕਰਨ ਦਾ ਪ੍ਰਸਤਾਵ ਦਿੱਤਾ ਸੀ, ਪਰ ਇਸ ਨੂੰ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਸੀ।
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਭਾਰਤੀ ਫੌਜ ਨੇ ਸੋਮਵਾਰ ਨੂੰ ਦੱਸਿਆ ਕਿ ਬੀਤੀ 20 ਜਨਵਰੀ ਨੂੰ ਉੱਤਰੀ ਸਿੱਕਮ ਦੇ ਨਾਕੂ ਲਾ ਇਲਾਕੇ 'ਚ ਭਾਰਤੀ ਅਤੇ ਚੀਨੀ ਸੈਨਿਕਾਂ ਦਰਮਿਆਨ ਮਾਮੂਲੀ ਝੜਪ ਹੋਈ ਸੀ ਅਤੇ ਇਸ ਵਿਵਾਦ ਨੂੰ ਸਥਾਨਕ ਕਮਾਂਡਰਾਂ ਵਲੋਂ ਸੁਲਝਾ ਲਿਆ ਗਿਆ ਹੈ। ਸਿੱਕਮ ਦੀ ਇਹ ਘਟਨਾ ਅਜਿਹੇ ਸਮੇਂ ਦਰਮਿਆਨ ਵਾਪਰੀ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਲੱਦਾਖ 'ਚ ਸਰਹੱਦੀ ਵਿਵਾਦ ਚੱਲ ਰਿਹਾ ਹੈ। ਇੱਧਰ ਭਾਰਤੀ ਫ਼ੌਜ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਉੱਤਰੀ ਸਿੱਕਮ ਵਿਚ ਵਾਪਰੀ ਇਹ ਘਟਨਾ ਮਾਮੂਲੀ ਝੜਪ ਸੀ ਅਤੇ ਮੀਡੀਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਰਿਪੋਰਟਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਤੋਂ ਬਚਿਆ ਜਾਵੇ ਜੋ ਕਿ ਹਕੀਕਤ 'ਚ ਗਲਤ ਹੈ। ਸੂਤਰਾਂ ਅਨੁਸਾਰ ਜਦੋਂ ਉੱਤਰੀ ਸਿੱਕਮ ਵਿਚ ਚੀਨੀ ਸੈਨਿਕਾਂ ਨੇ ਭਾਰਤ ਵਾਲੇ ਪਾਸੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦਰਮਿਆਨ ਦੋਵਾਂ ਫ਼ੌਜਾਂ ਦੇ ਸੈਨਿਕਾਂ ਵਿਚਕਾਰ ਝਗੜਾ ਹੋ ਗਿਆ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ 9 ਮਈ ਨੂੰ ਉੱਤਰੀ ਸਿੱਕਮ ਦੇ ਨਾਕੂ ਲਾ ਸੈਕਟਰ ਵਿਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਝੜਪ ਦੀ ਘਟਨਾ ਸਾਹਮਣੇ ਆਈ ਸੀ। ਜਦੋਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲੀਜਿਨ ਨੂੰ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਕਿਹਾ ਕਿ ਚੀਨੀ ਸੈਨਾ ਭਾਰਤ ਨਾਲ ਲੱਗਦੀ ਸਰਹੱਦ 'ਤੇ ਅਮਨ ਅਤੇ ਸ਼ਾਂਤੀ ਬਹਾਲ ਰੱਖਣ ਲਈ ਵਚਨਬੱਧ ਹੈ। ਉਸ ਨੇ ਕਿਹਾ ਕਿ ਅਸੀਂ ਭਾਰਤ ਨੂੰ ਵੀ ਇਸ ਪਾਸੇ ਕੰਮ ਕਰਨ ਦੀ ਅਪੀਲ ਕਰਦੇ ਹਾਂ। ਉਸ ਨੇ ਕਿਹਾ ਕਿ ਉਮੀਦ ਹੈ ਕਿ ਦੋਵੇਂ ਦੇਸ਼ ਸਰਹੱਦ 'ਤੇ ਸਥਿਰਤਾ ਅਤੇ ਸ਼ਾਂਤੀ ਲਿਆਉਣ ਲਈ ਮਤਭੇਦਾਂ ਨੂੰ ਹੱਲ ਕਰਨ ਲਈ ਉੱਚਿਤ ਕਾਰਵਾਈ ਕਰਨਗੇ।
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਇਸ ਵਾਰ ਗਣੰਤਤਰ ਦਿਵਸ ਮੌਕੇ ਦੇਸ਼ ਭਰ 'ਚੋਂ 32 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਵਿਚ ਲੁਧਿਆਣਾ ਦੀ 14 ਸਾਲਾ ਨਾਮਿਆ ਜੋਸ਼ੀ ਅਤੇ ਜੰਮੂ ਦੇ ਹਰਮਨਜੋਤ ਸਿੰਘ ਦਾ ਨਾਂਅ ਵੀ ਸ਼ਾਮਿਲ ਹੈ। ਨਾਮਿਆ 8ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਸ ਨੂੰ ਇਹ ਪੁਰਸਕਾਰ ਖੋਜ ਸ਼੍ਰੇਣੀ ਲਈ ਦਿੱਤਾ ਜਾਵੇਗਾ। ਨਾਮਿਆ ਨੇ ਮਾਇਨਕ੍ਰਾਫਟ ਵਿਚ 100 ਤੋਂ ਵੱਧ ਪਾਠਕ੍ਰਮ ਤਿਆਰ ਕੀਤੇ ਹਨ ਅਤੇ ਇਸ ਜ਼ਰੀਏ ਉਸ ਨੇ 100 ਤੋਂ ਵੱਧ ਅਧਿਆਪਕਾਂ ਨੂੰ ਖੇਡ ਜ਼ਰੀਏ ਪਾਠਕ੍ਰਮ ਨੂੰ ਦਿਲਚਸਪ ਤਰੀਕੇ ਨਾਲ ਸਿਖਾਉਣ ਦੀ ਸਿਖਲਾਈ ਦਿੱਤੀ ਹੈ। ਦੂਜੇ ਪਾਸੇ ਜੰਮੂ ਦੇ ਹਰਮਨਜੋਤ ਸਿੰਘ ਨੇ ਛੋਟੀ ਉਮਰ ਵਿਚ ਹੀ ਸਾਇੰਸ, ਟੈਕਨਾਲੋਜੀ ਤੇ ਕੰਪਿਊਟਰ ਪ੍ਰੋਗਰਾਮਿੰਗ ਦੇ ਖੇਤਰ ਵਿਚ ਅਦਭੁੱਤ ਕੰਮ ਕੀਤਾ ਹੈ, ਜਿਸ ਲਈ ਉਸ ਨੂੰ ਬਾਲ ਪੁਰਸਕਾਰ ਲਈ ਚੁਣਿਆ ਗਿਆ ਹੈ। ਜੇਤੂਆਂ ਵਿਚ ਬਿਹਾਰ ਦੀ 16 ਸਾਲਾ ਜੋਤੀ ਕੁਮਾਰੀ ਵੀ ਸ਼ਾਮਿਲ ਹੈ ਜਿਸ ਨੇ ਤਾਲਾਬੰਦੀ ਦੌਰਾਨ ਹਰਿਆਣਾ ਦੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਬੰਗਾ ਤੱਕ ਆਪਣੇ ਪਿਤਾ ਨੂੰ ਸਾਈਕਲ 'ਤੇ ਲਿਜਾਉਣ ਲਈ ਲਗਪਗ 1200 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ।
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਗਣਤੰਤਰ ਦਿਵਸ ਦੇ ਮੌਕੇ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਵਧੀਆ ਸੇਵਾਵਾਂ ਨਿਭਾਉਣ ਲਈ ਸੀ.ਬੀ.ਆਈ. ਦੇ 30 ਅਧਿਕਾਰੀਆਂ ਦਾ ਪੁਲਿਸ ਮੈਡਲ ਨਾਲ ਸਨਮਾਨ ਕੀਤਾ ਗਿਆ ਹੈ। ਇਕ ਅਧਿਕਾਰਕ ਬਿਆਨ 'ਚ ਕਿਹਾ ਗਿਆ ਕਿ ਸੀ.ਬੀ.ਆਈ. ਦੇ 6 ਅਧਿਕਾਰੀਆਂ ਨੇ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ, ਜਦਕਿ 24 ਅਧਿਕਾਰੀਆਂ ਨੇ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਮੈਡਲ ਹਾਸਲ ਕੀਤਾ। ਵਿਲੱਖਣ ਸੇਵਾਵਾਂ ਲਈ ਪੁਲਿਸ ਮੈਡਲ ਹਾਸਲ ਕਰਨ ਵਾਲਿਆਂ 'ਚ ਵਨੀਤ ਵਿਨਾਇਕ ਜਾਇੰਟ ਡਾਇਰੈਕਟਰ (ਚੰਡੀਗੜ੍ਹ) ਦਾ ਨਾਂਅ ਵੀ ਸ਼ਾਮਿਲ ਹੈ।
ਜੰਮੂ, 25 ਜਨਵਰੀ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਲਖਨਪੁਰ 'ਚ ਅੱਜ ਭਾਰਤੀ ਫੌਜ ਦੇ ਇਕ ਐਡਵਾਂਸ ਲਾਈਟ ਹੈਲੀਕਾਪਟਰ (ਏ.ਐਲ.ਐਚ.) ਧਰੁਵ ਦੀ ਕਰੈਸ-ਲੈਂਡਿੰਗ ਦੌਰਾਨ 2 ਪਾਇਲਟ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਸੈਨਾ ਦਾ ਇਕ ...
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਸਰਕਾਰ ਵਲੋਂ ਵਾਤਾਵਰਨ ਦੀ ਸੁਰੱਖਿਆ ਅਤੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਲਈ 8 ਸਾਲ ਤੋਂ ਪੁਰਾਣੇ ਵਾਹਨਾਂ 'ਤੇ ਗ੍ਰੀਨ ਟੈਕਸ ਲਗਾਉਣ ਦੀ ਯੋਜਨਾ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਇਲੈਕਟ੍ਰਿਕ ਵਾਹਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX