•30 ਜਨਵਰੀ ਨੂੰ ਇਕ ਦਿਨ ਦਾ ਵਰਤ ਰੱਖਣਗੇ ਕਿਸਾਨ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 27 ਜਨਵਰੀ-ਦਿੱਲੀ 'ਚ ਕਿਸਾਨ ਗਣਤੰਤਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਤੋਂ ਇਕ ਦਿਨ ਬਾਅਦ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਿਸ ਨੇ ਨਾਲੋ-ਨਾਲ ਕੀਤੀਆਂ ਪ੍ਰੈੱਸ ਕਾਨਫ਼ਰੰਸਾਂ 'ਚ ਦੋ ਅਹਿਮ ਐਲਾਨ ਕੀਤੇ, ਜਿੱਥੇ ਦਿੱਲੀ ਪੁਲਿਸ ਨੇ ਕਿਹਾ ਕਿ ਜਿਨ੍ਹਾਂ ਕਿਸਾਨ ਆਗੂਆਂ ਦੇ ਖ਼ਿਲਾਫ਼ ਹਿੰਸਾ ਦੇ ਸਬੂਤ ਮਿਲੇ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਉੱਥੇ ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਜਾਰੀ ਰੱਖਣ ਦਾ ਐਲਾਨ ਕਰਨ ਦੇ ਨਾਲ-ਨਾਲ 1 ਫਰਵਰੀ ਨੂੰ ਤੈਅਸ਼ੁਦਾ ਸੰਸਦ ਮਾਰਚ ਮੁਤਲਵੀ ਕਰ ਦਿੱਤਾ ਹੈ | 26 ਜਨਵਰੀ ਨੂੰ ਹੋਈ ਟਰੈਕਟਰ ਰੈਲੀ ਦੌਰਾਨ ਵਾਪਰੀ ਹਿੰਸਾ ਤੋਂ ਬਾਅਦ ਐਕਸ਼ਨ 'ਚ ਆਈ ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਯੋਗੇਂਦਰ ਯਾਦਵ ਸਮੇਤ 37 ਕਿਸਾਨ ਆਗੂਆਂ ਨੂੰ ਇਕ ਐੱਫ਼.ਆਈ.ਆਰ. 'ਚ ਨਾਮਜ਼ਦ ਕੀਤਾ | ਐੱਫ਼.ਆਈ.ਆਰ. 'ਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਵੀ ਨਾਂਅ ਸ਼ਾਮਿਲ ਹੈ | ਪੁਲਿਸ ਵਲੋਂ ਸਿਰਫ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਤੇ ਸਬੂਤ ਮਿਲਣ 'ਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ | ਪੁਲਿਸ ਵਲੋਂ ਕੁੱਲ 50 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਤੇ 19 ਗਿ੍ਫ਼ਤਾਰ ਕੀਤੇ ਗਏ ਹਨ ਜਦਕਿ 25 ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ | ਐੱਫ.ਆਈ.ਆਰ. 'ਚ ਉਨ੍ਹਾਂ 'ਤੇ ਤਾਜੀਰਾਤੇ ਹਿੰਦ ਦੀਆਂ ਕਈ ਧਾਰਾਵਾਂ ਲਾਈਆਂ ਗਈਆਂ ਹਨ ਜਿਨ੍ਹਾਂ 'ਚ 307 (ਕਤਲ ਦੀ ਕੋਸ਼ਿਸ਼), 147 (ਦੰਗਾ ਕਰਵਾਉਣ ਬਾਰੇ), 353 (ਜਨਤਕ ਸੇਵਾ ਕਰਨ ਵਾਲੇ ਨੂੰ ਉਸ ਦਾ ਫ਼ਰਜ਼ ਨਿਭਾਉਣ ਤੋਂ ਰੋਕਣ ਲਈ ਹਮਲਾ ਕਰਨਾ) ਅਤੇ 120ਬੀ (ਅਪਰਾਧਕ ਸਾਜਿਸ਼) ਆਦਿ ਧਾਰਾਵਾਂ ਸ਼ਾਮਿਲ ਹਨ |
ਦੋ-ਫਾੜ ਹੋਇਆ ਅੰਦੋਲਨ
26 ਜਨਵਰੀ ਨੂੰ ਟਰੈਕਟਰ ਪਰੇਡ ਤੋਂ ਦੋ-ਫਾੜ ਹੋਈ ਪਰੇਡ ਤੋਂ ਬਾਅਦ ਅਗਲੇ ਦਿਨ ਹੀ ਕਿਸਾਨ ਅੰਦੋਲਨ ਵੀ ਦੋ-ਫਾੜ ਹੁੰਦਾ ਨਜ਼ਰ ਆਇਆ | ਕਿਸਾਨ ਅੰਦੋਲਨ ਦਾ ਗੜ੍ਹ ਸਿੰਘੂ ਬਾਰਡਰ ਦੋ ਸਟੇਜਾਂ 'ਚ ਵੰਡਿਆ ਹੋਇਆ ਸੀ, ਜਿੱਥੇ ਸਿੰਘੂ ਬਾਰਡਰ ਦੇ ਦਾਖ਼ਲੇ ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜਿਸ ਦੇ ਨੇਤਾਵਾਂ ਸਤਨਾਮ ਸਿੰਘ ਪੰਨੂੰ ਅਤੇ ਸਵਰਣ ਸਿੰਘ ਪੰਧੇਰ 'ਤੇ ਭੜਕਾਊ ਭਾਸ਼ਨ ਦੇਣ ਅਤੇ ਅੰਦੋਲਨ ਨੂੰ ਤਾਰਪੀਡੋ ਕਰਨ ਦੇ ਇਲਜ਼ਾਮ ਲਾਏ ਗਏ ਹਨ, ਦੇ ਆਗੂ ਆਪਣਾ ਪੱਖ ਰੱਖਦੇ ਨਜ਼ਰ ਆਏ | ਸਰੋਤਿਆਂ 'ਚ ਸਿਰਫ਼ ਉਨ੍ਹਾਂ ਦੀ ਜਥੇਬੰਦੀ ਦੇ ਚਿੱਟੇ ਝੰਡੇ ਹੀ ਨਜ਼ਰ ਆ ਰਹੇ ਸਨ | ਦੂਜੇ ਪਾਸੇ ਮੁੱਖ ਸਟੇਜ 'ਤੇ ਪੰਜਾਬ ਦੀਆਂ ਬਾਕੀ 30 ਤੋਂ ਵੱਧ ਜਥੇਬੰਦੀਆਂ ਦੇ ਆਗੂ ਦੂਸ਼ਣਬਾਜ਼ੀ ਕਰਦੇ ਹੀ ਨਜ਼ਰ ਆਏ, ਜਿੱਥੇ ਮੁੱਖ ਸਟੇਜ ਤੋਂ ਰਾਜੇਵਾਲ, ਦਰਸ਼ਨਪਾਲ ਸਮੇਤ ਸਾਰੇ ਆਗੂ ਪੰਨੂੰ, ਪੰਧੇਰ, ਦੀਪ ਸਿੰਘ ਸਿੱਧੂ ਦੀ ਭੂਮਿਕਾ 'ਤੇ ਸਵਾਲ ਉਠਾ ਰਹੇ ਸਨ, ਉੱਥੇ ਉਨ੍ਹਾਂ ਸਟੇਜ ਤੋਂ ਹੀ ਅੰਦੋਲਨ ਜਾਰੀ ਰੱਖਣ ਦਾ ਵੀ ਹੋਕਾ ਦਿੱਤਾ |
ਗੱਦਾਰ ਨੰਗੇ ਹੋ ਗਏ-ਰਾਜੇਵਾਲ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਟਰੈਕਟਰ ਪਰੇਡ 'ਚ ਹੋਈ ਹਿੰਸਾ ਨੂੰ ਗੱਦਾਰੀ ਦਾ ਨਾਂਅ ਦਿੰਦਿਆਂ ਕਿਹਾ ਕਿ 26 ਜਨਵਰੀ ਨੂੰ ਹੋਈਆਂ ਘਟਨਾਵਾਂ ਤੋਂ ਰਾਜੇਵਾਲ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਜੋ ਕਿ ਕੱਲ੍ਹ ਹੋਏ ਘਟਨਾਕ੍ਰਮ ਤੋਂ ਬਾਅਦ ਮਾਯੂਸ ਨਜ਼ਰ ਆ ਰਹੇ ਸਨ, 'ਚ ਜੋਸ਼ ਭਰਨ ਲਈ ਅੰਦੋਲਨ ਜਾਰੀ ਰੱਖਣ ਦਾ ਐਲਾਨ ਕਰਨ ਦੇ ਨਾਲ ਹੀ ਦਿੱਲੀ ਪੁਲਿਸ ਦੀ ਭੂਮਿਕਾ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਆਖ਼ਰ ਦਿੱਲੀ ਪੁਲਿਸ ਨੇ ਰਾਤੀ 10 ਵਜੇ ਉਨ੍ਹਾਂ ਨਾਲ ਮੀਟਿੰਗ ਕਿਉਂ ਕੀਤੀ | ਰਾਜੇਵਾਲ ਨੇ ਪੰਨੂੰ, ਪੰਧੇਰ ਦੀਪ ਸਿੱਧੂ ਲਈ ਧੋਖਾ, ਗੱਦਾਰੀ ਜਿਹੇ ਲਫ਼ਜ਼ਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਅੰਦਲਨ ਨੂੰ ਤਾਰਪੀਡੋ ਕਰਨ ਦਾ ਸੌਦਾ ਕਿੰਨੇ 'ਚ ਹੋਇਆ ਇਹ ਕੁਝ ਕੁ ਦਿਨਾਂ 'ਚ ਸਪੱਸ਼ਟ ਹੋ ਜਾਵੇਗਾ | ਉਨ੍ਹਾਂ ਦੀਪ ਸਿੱਧੂ ਨੂੰ ਆਰ.ਐੱਸ.ਐੱਸ. ਦੇ ਛੁਪੇ ਕੇਡਰ ਦਾ ਮੈਂਬਰ ਦੱਸਦਿਆਂ ਕਿਹਾ ਕਿ ਉਸ ਨੇ ਸਰਕਾਰ ਦਾ ਮੇਹਰਾ ਬਣ ਕੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ | ਰਾਜੇਵਾਲ ਨੇ ਟਰੈਕਟਰ ਰੈਲੀ ਦੌਰਾਨ ਹਿੰਸਾ ਭੜਕਾਉਣ ਵਾਲਿਆਂ ਨੂੰ ਸਾਜਿਸ਼ ਅਧੀਨ ਖੜ੍ਹੇ ਕੀਤੇ ਲੋਕ ਦੱਸਦਿਆਂ ਕਿਹਾ ਕਿ ਕਿਸਾਨਾਂ ਦੀ ਯੋਜਨਾ 72 ਘੰਟੇ ਲਗਾਤਾਰ ਟਰੈਕਟਰ ਚਲਾਈ ਰੱਖਣ ਦੀ ਅਤੇ ਉਸ ਤੋਂ ਬਾਅਦ ਐੱਮ.ਪੀ. ਤੇ ਬੈਠਣ ਦੀ ਸੀ ਤਾਂ ਜੋ ਸੰਸਦ ਦੇ ਇਜਲਾਸ ਤੱਕ ਲੋਕ ਜੁੜੇ ਰਹਿਣ ਅਤੇ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ | ਰਾਜੇਵਾਲ ਨੇ 26 ਜਨਵਰੀ ਨੂੰ ਹੋਈ ਹਿੰਸਾ ਨੂੰ ਦੁਖਾਂਤ ਦਸਦਿਆਂ ਇਸ ਨੂੰ ਪੰਜਾਬ ਦੇ ਨਾਲ ਜੋੜਦਿਆਂ ਕਿਹਾ ਕਿ 1984 'ਚ ਪੰਜਾਬ ਇਹ ਸਭ ਭੋਗ ਚੁੱਕਾ ਹੈ | ਉਸ ਵੇਲੇ ਘਰਾਂ ਦੇ ਘਰ ਖ਼ਾਲੀ ਹੋ ਗਏ ਸਨ |
ਦਿਨ ਭਰ ਚੱਲਿਆ ਮੀਟਿੰਗਾਂ ਦਾ ਦੌਰ
ਸਿੰਘੂ ਬਾਰਡਰ 'ਤੇ ਬੁੱਧਵਾਰ ਨੂੰ ਦਿਨ ਭਰ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ, ਜਿਸ 'ਚ 12 ਵਜੇ ਪੰਜਾਬ ਦੀਆਂ ਜਥੇਬੰਦੀਆਂ ਨੇ ਵੱਖਰੇ ਤੌਰ 'ਤੇ ਮੀਟਿੰਗ ਕੀਤੀ ਉਸ ਤੋਂ ਬਾਅਦ ਤਕਰੀਬਨ 3 ਵਜੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਈ | ਟਰੈਕਟਰ ਪਰੇਡ ਕਾਰਨ ਹੋਏ ਘਟਨਾਕ੍ਰਮ ਤੋਂ ਬਾਅਦ ਸੁਚੇਤ ਹੋਏ ਕਿਸਾਨਾਂ ਨੇ ਮੀਟਿੰਗਾਂ ਦੌਰਾਨ ਮੀਡੀਆ ਲਈ ਵੀ ਦਰਵਾਜ਼ੇ ਬੰਦ ਕਰ ਦਿੱਤੇ | ਹਲਕਿਆਂ ਮੁਤਾਬਿਕ ਮੀਟਿੰਗਾਂ ਦੌਰਾਨ ਸਾਰੇ ਕਿਸਾਨ ਆਗੂਆਂ ਦੇ ਫ਼ੋਨ ਵੀ ਬਾਹਰ ਰਖਵਾ ਲਏ ਗਏ ਹਨ ਤਾਂ ਜੋ ਕੋਈ ਵੀ ਜਾਣਕਾਰੀ ਲੀਕ ਨਾ ਹੋਵੇ | ਤਕਰੀਬਨ 6.30 ਵਜੇ ਖ਼ਤਮ ਹੋਈ ਮੀਟਿੰਗ ਤੋਂ ਬਾਅਦ ਬਾਹਰ ਆਏ ਕਿਸਾਨ ਕਿਸਾਨ ਆਗੂਆਂ ਨੇ ਸਿਰਫ਼ ਇਹ ਹੀ ਕਿਹਾ ਕਿ ਪ੍ਰੈੱਸ ਕਾਨਫ਼ਰੰਸ 7.30 ਵਜੇ ਸ਼ੁਰੂ ਹੋਵੇਗੀ ਅਤੇ ਸਾਰੇ ਐਲਾਨ ਉਸ 'ਚ ਹੀ ਹੋਣਗੇ |
ਦੋ ਜਥੇਬੰਦੀਆਂ ਅੰਦੋਲਨ ਤੋਂ ਵੱਖ
ਕਿਸਾਨ ਟਰੈਕਟਰ ਪਰੇਡ ਤੋਂ ਇਕ ਦਿਨ ਬਾਅਦ ਦੋ ਕਿਸਾਨ ਸੰਗਠਨਾਂ ਭਾਰਤੀ ਕਿਸਾਨ ਯੂਨੀਅਨ (ਭਾਨੂ) ਅਤੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕੰਪਨੀ ਨੇ ਆਪਣੇ ਆਪ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ | ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਦੌਰਾਨ ਜੋ ਕੁਝ ਵੀ ਵਾਪਰਿਆ ਉਸ ਤੋਂ ਉਹ ਕਾਫ਼ੀ ਦੁਖੀ ਹਨ ਅਤੇ ਉਨ੍ਹਾਂ ਦੀ ਯੂਨੀਅਨ ਨੇ ਆਪਣਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਹੈ | ਭਾਰਤੀ ਕਿਸਾਨ ਯੂਨੀਅਨ (ਭਾਨੂ) ਨਾਲ ਜੁੜੇ ਕਿਸਾਨ ਨੋਇਡਾ-ਦਿੱਲੀ ਰਾਹ ਦੀ ਚਿੱਲਾ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਸਨ | ਭਾਨੂ ਨੇ ਚਿੱਲਾ ਬਾਰਡਰ ਤੋਂ ਆਪਣੇ ਤੰਬੂ ਉਖਾੜਨੇ ਸ਼ੁਰੂ ਕਰ ਦਿੱਤੇ | ਆਲ ਇੰਡੀਆ ਕਿਸਾਨ ਸੰਘਰਸ਼ ਕੋ-ਆਰਡੀਨੇਸ਼ਨ ਕਮੇਟੀ ਦੇ ਵੀ.ਐੱਮ.ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਮੌਜੂਦਾ ਅੰਦੋਲਨ ਤੋਂ ਵੱਖ ਹੋ ਰਿਹਾ ਹੈ, ਕਿਉਂਕਿ ਉਹ ਅਜਿਹੇ ਵਿਰੋਧ ਪ੍ਰਦਰਸ਼ਨ 'ਚ ਅੱਗੇ ਨਹੀਂ ਵੱਧ ਸਕਦੇ, ਜਿਸ 'ਚ ਕੁਝ ਦੀ ਦਿਸ਼ਾ ਅਲੱਗ ਹੈ | ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਹੀ ਵੀ.ਐੱਮ.ਸਿੰਘ ਨੂੰ ਖੁਦ ਨੂੰ ਵੱਖ ਕਰ ਚੱੁਕੇ ਹਨ |
ਲਾਲ ਕਿਲ੍ਹਾ 31 ਤੱਕ ਬੰਦ
ਲਾਲ ਕਿਲ੍ਹੇ 'ਤੇ ਹੋਈ ਹਿੰਸਾ ਤੋਂ ਬਾਅਦ ਇਸ ਨੂੰ 31 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ | ਉੱਥੇ ਰੈਪਿਡ ਐਕਸ਼ਨ ਫੋਰਸ ਲਾਉਣ ਤੋਂ ਇਲਾਵਾ ਡਰੋਨ ਰਾਹੀਂ ਵੀ ਨਜ਼ਰ ਰੱਖੀ ਜਾ ਰਹੀ ਹੈ | ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਲਾਲ ਕਿਲ੍ਹੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਵੀ ਲਿਆ |
ਨਹੀਂ ਹੋਵੇਗਾ 1 ਫ਼ਰਵਰੀ ਦਾ ਸੰਸਦ ਮਾਰਚ
ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਤੋਂ ਬਾਅਦ ਪੱਬਾਂ ਭਾਰ ਹੋਈਆਂ ਕਿਸਾਨ ਜਥੇਬੰਦੀਆਂ ਨੇ ਪਹਿਲੀ ਫਰਵਰੀ ਨੂੰ ਸੰਸਦ ਇਜਲਾਸ ਦੌਰਾਨ ਕੀਤਾ ਜਾਣ ਵਾਲਾ ਮਾਰਚ ਰੱਦ ਕਰ ਦਿੱਤਾ ਹੈ | ਕਿਸਾਨ ਆਗੂਆਂ ਨੇ ਸੰਸਦ ਮਾਰਚ ਰੱਦ ਕਰਨ ਦੇ ਨਾਲ 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਸ਼ਹਾਦਤ ਦਿਵਸ ਮੌਕੇ ਪੂਰੇ ਦੇਸ਼ 'ਚ ਇਕ ਦਿਨ ਦਾ ਵਰਤ ਰੱਖਣ ਦਾ ਐਲਾਨ ਕੀਤਾ ਹੈ ਅਤੇ ਸੰਯੁਕਤ ਮੋਰਚਾ ਵਲੋਂ ਜਨਤਾ ਨੂੰ ਦੀਪ ਸਿੱਧੂ ਜਿਹੇ ਕਾਰਕੁੰਨਾਂ ਦਾ ਸਮਾਜਿਕ ਬਾਈਕਾਟ ਕਰਨ ਨੂੰ ਵੀ ਕਿਹਾ | ਮੋਰਚੇ ਨੇ ਇਸ ਤੋਂ ਇਲਾਵਾ ਫਿਲਹਾਲ ਆਪਣੇ ਪ੍ਰੋਗਰਾਮ ਬਾਰੇ ਕੁੱਝ ਜਾਣਕਾਰੀ ਨਹੀਂ ਦਿੱਤੀ | ਪ੍ਰੈੱਸ ਕਾਨਫਰੰਸ 'ਚ ਸੰਯੁਕਤ ਕਿਸਾਨ ਮੋਰਚਾ ਆਗੂਆਂ ਨੇ ਇਕ ਵਾਰ ਫਿਰ ਆਪਣੇ ਆਪ ਨੂੰ ਹਿੰਸਕ ਕਾਰਵਾਈਆਂ ਤੋਂ ਵੱਖ ਕਰਦਿਆਂ ਕਿਹਾ ਕਿ ਕੁੱਝ ਵਿਅਕਤੀਆਂ ਤੇ ਸੰਗਠਨਾਂ, ਜਿਸ 'ਚ ਉਨ੍ਹਾਂ ਦੀਪ ਸਿੱਧੂ ਅਤੇ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਾਲੀ ਕਿਸਾਨ ਸੰਘਰਸ਼ ਕਮੇਟੀ ਦਾ ਨਾਂਅ ਲਿਆ, ਰਾਹੀਂ ਸਰਕਾਰ ਨੇ ਇਸ ਅੰਦੋਲਨ ਨੂੰ ਹਿੰਸਕ ਬਣਾਇਆ | ਉਨ੍ਹਾਂ ਰਾਸ਼ਟਰੀ ਪ੍ਰਤੀਕਾਂ ਦੇ ਅਪਮਾਨ ਦੀ ਵੀ ਨਿਖੇਧੀ ਕੀਤੀ | ਕਿਸਾਨ ਆਗੂਆਂ ਨੇ ਇਹ ਵੀ ਕਿਹਾ ਉਹ ਬਿਨਾਂ ਕਿਸੇ ਗ਼ਲਤੀ ਤੋਂ ਮੁਆਫ਼ੀ ਮੰਗਦੇ ਹਨ | ਕਿਸਾਨ ਆਗੂਆਂ ਨੇ ਰਾਤ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਹਿੰਸਾ ਦੇ ਗੱਦਾਰਾਂ ਅਤੇ ਸਰਕਾਰੀ ਏਜੰਸੀਆਂ ਦੇ ਲੋਕਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ |
74 ਪੁਲਿਸ ਮੁਲਾਜ਼ਮਾਂ ਸਣੇ 86 ਨੂੰ ਹਸਪਤਾਲ ਲਿਆਂਦਾ
ਨਵੀਂ ਦਿੱਲੀ (ਜਗਤਾਰ ਸਿੰਘ)-ਲੋਕਨਾਇਕ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ: ਸੁਰੇਸ਼ ਕੁਮਾਰ ਨੇ ਦੱਸਿਆ ਕਿ ਟਰੈਕਟਰ ਪਰੇਡ 'ਚ ਜ਼ਖਮੀ ਕੁੱਲ 86 ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ | ਇਨ੍ਹਾਂ 'ਚ 74 ਪੁਲਿਸ ਮੁਲਾਜ਼ਮ ਅਤੇ 12 ਪ੍ਰਦਰਸ਼ਨਕਾਰੀ ਸਨ | 86 ਵਿਅਕਤੀਆਂ 'ਚੋਂ 22 ਲੋਕਨਾਇਕ ਹਸਪਤਾਲ ਜਦਕਿ 64 ਸੁਸ਼ਰੁਤ ਟ੍ਰਾਮਾ ਸੈਂਟਰ 'ਚ ਇਲਾਜ ਦੇ ਲਈ ਲਿਆਏ ਗਏ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਬੁੱਧਵਾਰ ਨੂੰ ਫਿਲਹਾਲ 5 ਪੁਲਿਸ ਮੁਲਾਜ਼ਮ ਦਾਖ਼ਲ ਹਨ ਅਤੇ ਬਾਕੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ |
ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਉਂਦਿਆਂ ਕਿਹਾ ਕਿ ਕਿਸਾਨਾਂ ਨੇ ਪੁਲਿਸ ਨਾਲ ਲਿਖ਼ਤੀ ਸਮਝੌਤਾ ਤੋੜਿਆ | ਦਿੱਲੀ ਪੁਲਿਸ ਕਮਿਸ਼ਨਰ ਐੱਸ.ਐੱਸ. ਸ੍ਰੀਵਾਸਤਵਾ ਨੇ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਵਾਅਦਾਿਖ਼ਲਾਫ਼ੀ ਕਰਦਿਆਂ ਭੜਕਾਊ ਭਾਸ਼ਨ ਦਿੱਤੇ ਅਤੇ ਤੈਅ ਰੂਟ 'ਤੇ ਜਾਣ ਤੋਂ ਵੀ ਮਨ੍ਹਾਂ ਕਰ ਦਿੱਤਾ ਜਿਸ ਕਾਰਨ ਹਿੰਸਾ ਹੋਈ | ਸ੍ਰੀਵਾਸਤਵ ਨੇ ਭੜਕਾਊ ਭਾਸ਼ਨ ਦੇਣ ਲਈ ਉਚੇਚੇ ਤੌਰ 'ਤੇ ਸਤਨਾਮ ਸਿੰਘ ਪੰਨੂੰ ਦਾ ਨਾਂਅ ਲਿਆ | ਉਨ੍ਹਾਂ ਇਸ ਸਬੰਧ 'ਚ ਇਕ ਵੀਡੀਓ ਕਲਿਪ ਵੀ ਪ੍ਰੈੱਸ ਕਾਨਫ਼ਰੰਸ 'ਚ ਵਿਖਾਈ, ਜਿਸ 'ਚ ਸਤਨਾਮ ਪੰਨੂੰ ਕਿਸਾਨਾਂ ਨੂੰ ਬੈਰੀਕੇਡ ਤੋੜ ਕੇ ਅੱਗੇ ਜਾਣ ਨੂੰ ਕਹਿ ਰਹੇ ਹਨ | ਕਮਿਸ਼ਨਰ ਨੇ ਸਖ਼ਤ ਲਫ਼ਜ਼ਾਂ 'ਚ ਇਹ ਵੀ ਕਿਹਾ ਕਿ ਹਿੰਸਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਸ੍ਰੀਵਾਸਤਵਾ ਵਲੋਂ ਪਹਿਲਾਂ ਦੁਪਹਿਰ ਨੂੰ 4 ਵਜੇ ਪ੍ਰੈੱਸ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ 2-3 ਵਾਰ ਸਮਾਂ ਬਦਲਣ ਤੋਂ ਬਾਅਦ ਆਖਿਰਕਾਰ 7.30 ਵਜੇ ਹੋਈ ਪ੍ਰੈੱਸ ਕਾਨਫ਼ਰੰਸ 'ਚ ਉਨ੍ਹਾਂ ਪੂਰੇ ਹਾਲਾਤ ਦਾ ਬਿਓਰਾ ਵੀ ਸਾਹਮਣੇ ਰੱਖਿਆ, ਜਿਸ 'ਚ 5 ਰਾਊਾਡ ਦੀ ਮੀਟਿੰਗ, ਫ਼ੋਨ 'ਤੇ ਹੋਈ ਗੱਲਬਾਤ ਅਤੇ ਪੁਲਿਸ ਵਲੋਂ ਰੈਲੀ ਲਈ ਮਨ੍ਹਾਂ ਕਰਨ ਸਬੰਧੀ ਦੱਸਦਿਆਂ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਵੇਖਦਿਆਂ ਇਜਾਜ਼ਤ ਦਿੱਤੀ ਗਈ ਸੀ | ਪੁਲਿਸ ਵਲੋਂ ਉਲੀਕੀਆਂ ਸ਼ਰਤਾਂ 'ਚ ਰੈਲੀ ਦੇ 12 ਵਜੇ ਸ਼ੁਰੂ ਹੋਣ, ਕਿਸਾਨ ਆਗੂਆਂ ਦੇ ਰੈਲੀ ਦੀ ਅਗਵਾਈ ਕਰਨ ਅਤੇ 5 ਹਜ਼ਾਰ ਤੋਂ ਜ਼ਿਆਦਾ ਟਰੈਕਟਰ ਨਾ ਹੋਣ ਜਿਹੀਆਂ ਸ਼ਰਤਾਂ ਸ਼ਾਮਿਲ ਸਨ | ਵਿਰਾਸਤੀ ਥਾਂ 'ਚ ਪੁਲਿਸ ਦੇ ਢਿੱਲੇ-ਮੱਠੇ ਰਵੱਈਏ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਹਨ | ਅੰਕੜੇ ਜਾਰੀ ਕਰਦਿਆਂ ਸ੍ਰੀਵਾਸਤਵਾ ਨੇ ਕਿਹਾ ਕਿ ਹਿੰਸਾ 'ਚ 394 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ | ਪੁਲਿਸ ਦੇ 428 ਬੈਰੀਕੇਡ, 30 ਪੁਲਿਸ ਦੀਆਂ ਗੱਡੀਆਂ, 6 ਕੰਟੇਨਰ ਅਤੇ ਡੰਪਰ ਅਤੇ ਦੂਜੇ ਸਾਮਾਨ ਦਾ ਨੁਕਸਾਨ ਹੋਇਆ | ਭੀੜ ਨੂੰ ਕਾਬੂ ਕਰਨ ਲਈ ਹੰਝੂ ਗੈਸ ਦਾ ਇਸਤੇਮਾਲ ਕਰਨ ਬਾਰੇ ਬੋਲਦਿਆਂ ਸ੍ਰੀਵਾਸਤਵਾ ਨੇ ਕਿਹਾ ਕਿ ਲਾਲ ਕਿਲ੍ਹੇ 'ਤੇ ਕਿਸਾਨ ਜਥੇਬੰਦੀਆਂ ਦੇ ਅਤੇ ਧਾਰਮਿਕ ਝੰਡੇ ਹੁਣ ਪੁਲਿਸ ਦੇ ਕਬਜ਼ੇ 'ਚ ਹਨ |
ਰਾਮਪੁਰ (ਯੂ.ਪੀ.), 27 ਜਨਵਰੀ (ਏਜੰਸੀ)-ਗਾਜ਼ੀਪੁਰ ਬਾਰਡਰ ਤੋਂ ਲਾਲ ਕਿਲ੍ਹੇ ਵੱਲ ਜਾ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਵਲੋਂ ਆਈ.ਟੀ.ਓ. ਚੌਕ ਵਿਖੇ ਕੀਤੀ ਬੈਰੀਕੇਡਿੰਗ ਨੂੰ ਤੋੜਨ ਲਈ ਟਰੈਕਟਰ ਮਾਰ ਕੇ ਜਾਨ ਗਵਾਉਣ ਵਾਲੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਵਾਸੀ ਕਿਸਾਨ ਨਵਰੀਤ ਸਿੰਘ (27) ਆਸਟ੍ਰੇਲੀਆ 'ਚ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਵਿਆਹ ਦੀ ਪਾਰਟੀ ਕਰਨ ਲਈ ਆਪਣੇ ਜੱਦੀ ਪਿੰਡ ਡਿਬਡਿਬਾ ਆਇਆ ਹੋਇਆ ਸੀ ਪਰ ਪਾਰਟੀ ਤੋਂ ਇਕ ਦਿਨ ਪਹਿਲਾਂ ਹੀ ਉਸ ਦੇ ਘਰ ਲੋਕ ਤਾਂ ਇਕੱਠੇ ਹੋਏ ਪਰ ਜਸ਼ਨ ਦੀ ਥਾਂ ਮੌਤ ਦਾ ਸੋਗ ਕਰਨ ਲਈ | ਨਵਰੀਤ ਦੇ ਗੁਆਂਢੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀ ਦੋਵੇਂ ਜਾਣੇ 26 ਜਨਵਰੀ ਦੀ ਟਰੈਕਟਰ ਪਰੇਡ 'ਚ ਹਿੱਸਾ ਲੈਣ ਲਈ ਆਏ ਸੀ ਪਰ ਉਕਤ ਹਾਦਸਾ ਵਾਪਰ ਜਾਵੇਗਾ ਇਹ ਨਹੀਂ ਪਤਾ ਸੀ | ਨਵਰੀਤ ਸਿੰਘ ਵਲੋਂ ਬੈਰੀਕੇਡ 'ਚ ਮਾਰੇ ਟਰੈਕਟਰ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਗਈ ਹੈ |
ਨਵੀਂ ਦਿੱਲੀ, 27 ਜਨਵਰੀ (ਏਜੰਸੀ) -ਦਿੱਲੀ 'ਚ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਦੇ ਇਕ ਦਿਨ ਬਾਅਦ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਇਹ ਕਦੇ ਨਹੀਂ ਕਿਹਾ ਕਿ ਕਿਸਾਨਾਂ
ਨਾਲ ਗੱਲਬਾਤ ਦੇ ਦਰਵਾਜ਼ੇ ਬੰਦ ਹੋ ਗਏ ਹਨ | ਸਰਕਾਰ ਨੇ ਕਿਹਾ ਕਿ ਉਸ ਵਲੋਂ ਤਾਜ਼ਾ ਗੱਲਬਾਤ ਲਈ ਜਦੋਂ ਵੀ ਕੋਈ ਫੈਸਲਾ ਲਿਆ ਜਾਵੇਗਾ ਤਾਂ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ | ਕੈਬਨਿਟ ਦੇ ਫੈਸਲਿਆਂ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਇਹ ਪੁੱਛਿਆ ਗਿਆ ਕਿ ਕੀ ਹੁਣ ਕਿਸਾਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਬੰਦ ਹੋ ਗਏ ਹਨ ਤਾਂ ਇਸ ਦੇ ਜਵਾਬ 'ਚ ਜਾਵੜੇਕਰ ਨੇ ਕਿਹਾ ਕਿ ਅਸੀਂ ਕਦੇ ਨਹੀਂ ਕਿਹਾ ਕਿ ਗੱਲਬਾਤ ਦੇ ਦਰਵਾਜ਼ੇ ਬੰਦ ਹੋ ਗਏ ਹਨ | ਜਦੋਂ ਵੀ ਗੱਲਬਾਤ ਹੋਣੀ ਹੋਵੇਗੀ ਤੁਹਾਨੂੰ ਦੱਸ ਦਿੱਤਾ ਜਾਵੇਗਾ | ਪੱਤਰਕਾਰਾਂ ਵਲੋਂ ਇਹ ਪੁੱਛੇ ਜਾਣ 'ਤੇ ਕਿ ਕੀ ਕੈਬਨਿਟ ਦੀ ਬੈਠਕ 'ਚ ਬੀਤੇ ਕੱਲ੍ਹ ਦੀ ਹਿੰਸਾ ਸਬੰਧੀ ਕੋਈ ਚਰਚਾ ਹੋਈ ਹੈ ਤਾਂ ਇਸ ਦੇ ਜਵਾਬ 'ਚ ਜਾਵੜੇਕਰ ਨੇ ਕਿਹਾ ਕਿ ਕੈਬਨਿਟ, ਸੁਰੱਖਿਆ ਕਮੇਟੀ ਤੋਂ ਵੱਖ ਹੈ | ਹਿੰਸਾ ਸਬੰਧੀ ਉਨ੍ਹਾਂ ਦੀ ਨਿੱਜੀ ਰਾਇ ਪੁੱਛੇ ਜਾਣ 'ਤੇ ਜਾਵੜੇਕਰ ਨੇ ਕਿਹਾ ਕਿ ਜਿਵੇਂ ਤੁਸੀਂ ਮਹਿਸੂਸ ਕਰ ਰਹੇ ਹੋ ਮੈਂ ਵੀ ਉਸੇ ਤਰ੍ਹਾਂ ਮਹਿਸੂਸ ਕਰ ਰਿਹਾ ਹਾਂ |
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਜਾਂਚ ਲਈ ਇਕ ਕਮਿਸ਼ਨ ਦੇ ਗਠਨ ਸਬੰਧੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਗਈ | ਪਟੀਸ਼ਨ 'ਚ ਹਿੰਸਾ ਅਤੇ 26 ਜਨਵਰੀ ਨੂੰ ਰਾਸ਼ਟਰੀ ਝੰਡੇ ਦੇ ਅਪਮਾਨ ਲਈ ਜ਼ਿੰਮੇਵਾਰ ਲੋਕਾਂ ਅਤੇ ਸੰਗਠਨਾਂ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਵੀ ਬੇਨਤੀ ਕੀਤੀ ਗਈ ਹੈ | ਵਕੀਲ ਵਿਸ਼ਾਲ ਤਿਵਾੜੀ ਵਲੋਂ ਦਾਖ਼ਲ ਕੀਤੀ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ 'ਚ ਤਿੰਨ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਜਾਵੇ, ਜੋ ਇਸ ਮਾਮਲੇ 'ਚ ਸਾਰੇ ਸਬੂਤਾਂ ਨੂੰ ਇਕੱਠਾ ਕਰੇ, ਰਿਕਾਰਡ ਕਰੇ ਅਤੇ ਸਮਾਂਬੱਧ ਤਰੀਕੇ ਨਾਲ ਰਿਪੋਰਟ ਅਦਾਲਤ 'ਚ ਪੇਸ਼ ਕਰੇ | ਤਿੰਨ ਮੈਂਬਰੀ ਇਸ ਕਮਿਸ਼ਨ 'ਚ ਹਾਈ ਕੋਰਟ ਦੇ ਦੋ ਸੇਵਾਮੁਕਤ ਜੱਜਾਂ ਨੂੰ ਸ਼ਾਮਿਲ ਕਰਨ ਦੀ ਬੇਨਤੀ ਕੀਤੀ ਗਈ ਹੈ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਿਹਾ ਹੈ ਅਤੇ ਟਰੈਕਟਰ ਪਰੇਡ ਦੌਰਾਨ ਇਸ ਨੇ ਹਿੰਸਕ ਰੂਪ ਲੈ ਲਿਆ | ਇਸ 'ਚ ਕਿਹਾ ਗਿਆ ਹੈ ਕਿ ਗਣਤੰਤਰ ਦਿਵਸ ਮੌਕੇ ਪੁਲਿਸ ਅਤੇ ਕਿਸਾਨਾਂ 'ਚ ਹੋਈ ਹਿੰਸਾ 'ਤੇ ਦੁਨੀਆ ਦੀਆਂ ਨਜ਼ਰਾਂ ਗਈਆਂ ਹਨ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮਾਮਲਾ ਇਸ ਲਈ ਗੰਭੀਰ ਹੈ ਕਿਉਂਕਿ ਜਦੋਂ ਕਿਸਾਨ ਅੰਦੋਲਨ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸ਼ਾਂਤੀਪੂਰਨ ਚੱਲ ਰਿਹਾ ਸੀ ਤਾਂ ਕਿਸ ਤਰ੍ਹਾਂ ਇਹ ਹਿੰਸਕ ਹੋ ਗਿਆ |
ਹਾਈਕੋਰਟ 'ਚ ਪਟੀਸ਼ਨ
ਰਾਸ਼ਟਰੀ ਰਾਜਧਾਨੀ 'ਚ ਗਣਤੰਤਰ ਦਿਵਸ ਮੌਕੇ ਵੱਡੇ ਪੱਧਰ 'ਤੇ ਹੋਈ ਹਿੰਸਾ ਦੇ ਇਕ ਦਿਨ ਬਾਅਦ ਦਿੱਲੀ ਹਾਈਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਚ ਅਦਾਲਤ ਤੋਂ ਕਿਸਾਨ ਅੰਦੋਲਨ ਦੀ ਆੜ 'ਚ ਬੈਠੇ ਸ਼ਰਾਰਤੀਆਂ ਲੋਕਾਂ ਨੂੰ ਹਟਾ ਕੇ ਸੜਕਾਂ ਤੇ ਜਨਤਕ ਥਾਂਵਾਂ ਨੂੰ ਖ਼ਾਲੀ ਕਰਵਾਉਣ ਦੀ ਮੰਗ ਕੀਤੀ ਗਈ ਹੈ |
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਕੋਵਿਡ-19 ਨੂੰ ਲੈ ਕੇ ਜਾਰੀ ਕੀਤੇ ਤਾਜ਼ਾ ਦਿਸ਼ਾ-ਨਿਰਦੇਸ਼ਾਂ 'ਚ ਸਿਨੇਮਾ ਹਾਲਾਂ ਤੇ ਥੀਏਟਰਾਂ ਨੂੰ ਵਧੇਰੇ ਲੋਕਾਂ ਨਾਲ ਚਲਾਉਣ ਅਤੇ ਸਭ ਸਿਵਮਿੰਗ ਪੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ, ਇਹ ਤਾਜ਼ਾ ਦਿਸ਼ਾ-ਨਿਰਦੇਸ਼ 1 ਫਰਵਰੀ ਤੋਂ ਪ੍ਰਭਾਵੀ ਹੋਣਗੇ | ਇਨ੍ਹਾਂ ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਦੇ ਦੂਸਰੇ ਸੂਬਿਆਂ 'ਚ ਆਉਣ-ਜਾਣ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਸੜਕ ਮਾਰਗ ਜਰੀਏ ਗੁਆਂਢੀ ਦੇਸ਼ਾਂ ਨੂੰ ਸੰਧੀਆਂ ਤਹਿਤ ਸਾਮਾਨ ਭੇਜਣ ਦੀ ਇਜ਼ਾਜਤ ਹੋਵੇਗੀ ਅਤੇ ਇਸ ਲਈ ਵੱਖਰੇ ਤੌਰ 'ਤੇ ਆਗਿਆ/ਪ੍ਰਵਾਨਗੀ/ਈ-ਪ੍ਰਮਿਟ ਦੀ ਜ਼ਰੂਰਤ ਨਹੀਂ ਹੋਵੇਗੀ | ਗ੍ਰਹਿ ਮੰਤਰਾਲੇ ਦੇ ਇਹ ਤਾਜ਼ਾ ਦਿਸ਼ਾ-ਨਿਰਦੇਸ਼ ਕੰਟੋਨਮੈਂਟ ਜ਼ੋਨਾਂ ਦੇ ਬਾਹਰ ਹੀ ਲਾਗੂ ਹੋਣਗੇ |
ਸ੍ਰੀਨਗਰ, 27 ਜਨਵਰੀ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਵਲੋਂ ਫੌਜ ਦੇ ਇਕ ਗਸ਼ਤੀ ਦਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਆਈ.ਈ.ਡੀ. ਹਮਲੇ 'ਚ ਇਕ ਜਵਾਨ ਸ਼ਹੀਦ ਤੇ 3 ਹੋਰ ਗੰਭੀਰ ਜ਼ਖ਼ਮੀ ਹੋ ਗਏ | ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਲਗਾਮ ਦੇ ਸ਼ਮਸ਼ੀਪੋਰਾ ਦੇ ਸੁਬਾਨਪੋਰਾ 'ਚ ਸ੍ਰੀਨਗਰ-ਜੰਮੂ ਹਾਈਵੇਅ 'ਤੇ ਇਕ ਸਕੂਲ ਨੇੜੇ ਅੱਤਵਾਦੀਆਂ ਵਲੋਂ ਲਗਾਈ ਧਮਾਕਾਖੇਜ ਸੁਰੰਗ (ਆਈ. ਈ. ਡੀ.) ਦੇ ਬੁੱਧਵਾਰ ਸਵੇਰੇ 10.15 ਕੁ ਵਜੇ ਫੱਟਣ ਨਾਲ ਉਥੋਂ ਲੰਘ ਰਹੇ ਫੌਜ ਦੇ 24 ਆਰ.ਆਰ. ਦੇ ਇਕ ਗਸ਼ਤੀ ਦਲ ਦੇ 4 ਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸ੍ਰੀਨਗਰ ਦੇ 92 ਬੇਸ ਫੌਜੀ ਹਸਪਤਾਲ ਬਾਦਾਮੀਬਾਗ (ਸ੍ਰੀਨਗਰ) ਭਰਤੀ ਕਰਵਾਇਆ ਗਿਆ |
ਹਸਪਤਾਲ 'ਚ ਇਲਾਜ਼ ਦੌਰਾਨ ਇਕ ਜਵਾਨ ਦੀਪਕ ਕੁਮਾਰ ਵਾਸੀ ਰਿਵਾੜੀ (ਹਰਿਆਣਾ) ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ, ਜਦਕਿ ਹੌਲਦਾਰ ਸਮੀਕਾ, ਮੀਥਲ ਬਰਾਰ ਦੋਵਾੇ ਵਾਸੀ ਸੁੰਦਰਨਗਰ (ਉਡੀਸਾ) ਤੇ ਕਾਨ ਸਿੰਘ ਵਾਸੀ ਨਾਗੋਰ ਸੁਗਡਾ (ਰਾਜਸਥਾਨ) ਦੀ ਹਾਲਤ ਗੰਭੀਰ ਬਣੀ ਹੋਈ ਹੈ | ਇਸ ਹਮਲੇ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ ਲਈ ਇਲਾਕੇ 'ਚ ਤਲਾਸ਼ੀ ਆਪ੍ਰੇਸ਼ਨ ਚਲਾਇਆ ਹੋਇਆ ਹੈ | ਇਸ ਹਮਲੇ ਦੇ ਜ਼ਿੰਮੇਵਾਰੀ ਪਿਛਲੇ ਹਫ਼ਤੇ ਹੋਂਦ 'ਚ ਆਏ ਅੱਤਵਾਦੀ ਸੰਗਠਨ 'ਕਸ਼ਮੀਰ ਟਾਈਗਰ' ਨੇ ਆਪਣੇ ਸਿਰ ਲੈਂਦਿਆ ਕਿਹਾ ਹੈ ਕਿ ਇਹ ਸਾਡਾ ਪਹਿਲਾ ਹਮਲਾ ਸੀ ਤੇ ਅਜਿਹੇ ਹਮਲੇ ਅੱਗੇ ਵੀ ਜਾਰੀ ਰਹਿਣਗੇ | ਇਸ ਦੌਰਾਨ ਸ੍ਰੀਨਗਰ ਸਥਿਤ ਫੌਜੀ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਤਵਾਦੀਆਂ ਵਲੋਂ ਫੌਜ ਦੀ ਰੋਡ ਓਪਨਿੰਗ ਪਾਰਟੀ (ਆਰ.ਓ.ਪੀ.) 'ਤੇ ਕੀਤੇ ਗ੍ਰਨੇਡ ਹਮਲੇ 'ਚ 4 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚਾੋ ਇਕ ਜਵਾਨ ਹਸਪਾਤਲ 'ਚ ਦਮ ਤੋੜ ਗਿਆ ਹੈ | ਇਸ ਦੌਰਾਨ ੳੁੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਚੰਦੂਸਾ ਦੇ ਸ਼ੇਰਪੋਰਾ ਪਿੰਡ ਨੇੜੇ 72ਵਾੇ ਗਣਤੰਤਰ ਦਿਵਸ ਦੀ ਸਮਾਪਤੀ ਬਾਅਦ ਸੁਰੱਖਿਆ ਬਲਾਂ ਨੇ ਇਕ ਗ੍ਰਨੇਡ ਬਰਾਮਦ ਕਰਕੇ ਸੰਭਾਵਿਤ ਹਾਦਸਾ ਹੋਣ ਤਾੋ ਟਾਲ ਦਿੱਤਾ ਹੈ |
• ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਦਾਗੇ-ਇਕ ਮੌਤ • ਜੋਸ਼ 'ਚ ਆਏ ਕੁੱਝ ਨੌਜਵਾਨਾਂ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਕੇਸਰੀ ਤੇ ਕਿਸਾਨੀ ਝੰਡਾ
ਜਸਪਾਲ ਸਿੰਘ
ਉਪਮਾ ਡਾਗਾ ਪਾਰਥ
ਜਗਤਾਰ ਸਿੰਘ
ਸਿੰਘੂ ਬਾਰਡਰ, 27 ਜਨਵਰੀ-ਗਣਤੰਤਰ ਦਿਵਸ ਮੌਕੇ ਸੰਯੁਕਤ ਕਿਸਾਨ ...
ਚੰਡੀਗੜ੍ਹ, 27 ਜਨਵਰੀ (ਏਜੰਸੀ)-ਹਰਿਆਣਾ ਵਿਧਾਨ ਸਭਾ 'ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਇਕਲੌਤੇ ਵਿਧਾਇਕ ਅਭੈ ਸਿੰਘ ਚੌਟਾਲਾ (57) ਨੇ ਬੁੱਧਵਾਰ ਨੂੰ ਕੇਂਦਰ ਦੇ 3 ਵਿਵਾਦਤ ਖੇਤੀ ਕਾਨੂੰਨਾਂ ਖ਼ਿਲਾਫ਼ ਅਸਤੀਫਾ ਦੇ ਦਿੱਤਾ ਹੈ | ਆਪਣੇ ਹਰੇ ਟਰੈਕਟਰ 'ਤੇ ਆਪਣੇ ...
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਸੀ.ਪੀ.ਆਈ.(ਐਮ.) ਨੇ ਕੌਮੀ ਰਾਜਧਾਨੀ 'ਚ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਏਜੰਟਾਂ ਵਲੋਂ ਕੀਤੀ ਭੜਕਾਊ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਮੁੱਖ ਕਿਸਾਨੀ ਮੰਗਾਂ ਤੋਂ ਧਿਆਨ ਨਹੀਂ ਹਟਾਇਆ ਜਾ ਸਕਦਾ | ਪਾਰਟੀ ਨੇ ...
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਕਿਸਾਨ ਆਗੂ ਦਰਸ਼ਨ ਪਾਲ ਨੂੰ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਮਾਮਲੇ 'ਚ ਨੋਟਿਸ ਜਾਰੀ ਕੀਤਾ ਹੈ ਅਤੇ ਪੁੱਛਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ | ...
ਨਵੀਂ ਦਿੱਲੀ, 27 ਜਨਵਰੀ (ਏਜੰਸੀ)-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਇਕ ਵਾਰ ਮੁੜ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ | ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਇਕ ਕਥਨ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ ਕਿ ਨਿਮਰਤਾ ਨਾਲ ਤੁਸੀਂ ...
ਚੰਡੀਗੜ੍ਹ, 27 ਜਨਵਰੀ (ਏਜੰਸੀ)-ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਸਪੱਸ਼ਟ ਕੀਤਾ ਕਿ ਉਸ ਦਾ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦਾ ਅਦਾਕਾਰ ਦੀਪ ਸਿੱਧੂ ਨਾਲ ਕੋਈ ਸਬੰਧ ਨਹੀਂ ਹੈ, ਜੋ ਕਿ ਦਿੱਲੀ 'ਚ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਚ ਉਨ੍ਹਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX