26 ਜਨਵਰੀ ਨੂੰ ਸਿੰਘੂ, ਟਿਕਰੀ, ਗਾਜ਼ੀਪੁਰ, ਪਲਵਲ ਤੇ ਸ਼ਾਹਜਹਾਂਪੁਰ ਸਰਹੱਦਾਂ ਤੋਂ ਦਾਖ਼ਲ ਹੋਣਗੇ ਟਰੈਕਟਰ
ਉਪਮਾ ਡਾਗਾ ਪਾਰਥ/ਜਗਤਾਰ ਸਿੰਘ
ਨਵੀਂ ਦਿੱਲੀ, 23 ਜਨਵਰੀ-ਪੁਲਿਸ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਦਰਮਿਆਨ 5 ਗੇੜ ਦੀ ਲੰਮੀ ਗੱਲਬਾਤ ਤੋਂ ਬਾਅਦ 26 ਜਨਵਰੀ ਨੂੰ ਹੋਣ ਵਾਲੀ 'ਕਿਸਾਨ ਗਣਤੰਤਰ ਪਰੇਡ' ਭਾਵ 'ਟਰੈਕਟਰ ਰੈਲੀ' ਨੂੰ ਲੈ ਕੇ ਦੋਹਾਂ ਧਿਰਾਂ 'ਚ ਸਹਿਮਤੀ ਬਣ ਗਈ ਹੈ | ਸਿੰਘੂ ਸਰਹੱਦ ਦੇ 'ਮੰਤਰਮ' ਰਿਜਾਰਟ ਵਿਖੇ ਸ਼ਨਿਚਰਵਾਰ ਨੂੰ ਹੋਈ ਤਕਰੀਬਨ 4 ਘੰਟੇ ਦੀ ਮੀਟਿੰਗ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ 'ਚ 5 ਥਾਵਾਂ 'ਤੇ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ | ਬੈਠਕ 'ਚ ਹੋਏ ਫ਼ੈਸਲੇ ਮੁਤਾਬਿਕ ਕਿਸਾਨ ਸਿੰਘੂ ਸਰਹੱਦ, ਟਿਕਰੀ ਸਰਹੱਦ, ਗਾਜ਼ੀਪੁਰ, ਪਲਵਲ ਅਤੇ ਸ਼ਾਹਜ਼ਹਾਂਪੁਰ ਤੋਂ ਦਿੱਲੀ 'ਚ ਦਾਖ਼ਲ ਹੋ ਸਕਦੇ ਹਨ | ਪੰਜਾਂ ਥਾਵਾਂ ਤੋਂ ਦਾਖ਼ਲ ਹੋ ਕੇ ਕਿਸਾਨ ਤਕਰੀਬਨ 100 ਕਿਲੋਮੀਟਰ ਤੱਕ ਆਪਣੀ ਪਰੇਡ ਕਰ ਸਕਦੇ ਹਨ | ਸੰਯੁਕਤ ਕਿਸਾਨ ਮੋਰਚੇ ਦੇ ਵਫ਼ਦ ਨਾਲ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪੁਲਿਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੋਹਾਂ ਧਿਰਾਂ 'ਚ 80 ਫ਼ੀਸਦੀ ਰੂਟ 'ਤੇ ਸਹਿਮਤੀ ਬਣ ਗਈ ਹੈ | ਦਿੱਲੀ ਦੀਆਂ ਪੰਜੇ ਸਰਹੱਦਾਂ 'ਤੇ ਧਰਨੇ ਵਾਲੀ ਥਾਂਅ ਤੋਂ ਟਰੈਕਟਰ ਰੈਲੀ ਨੂੰ ਇਜਾਜ਼ਤ ਮਿਲਣ ਤੋਂ ਬਾਅਦ ਹਰ ਸਰਹੱਦ ਲਈ ਵੱਖਰਾ ਰੂਟ ਮੈਪ ਉਲੀਕਿਆ ਜਾਵੇਗਾ | ਯੋਗੇਂਦਰ ਯਾਦਵ ਨੇ ਕਿਹਾ ਕਿ ਹੁਣ ਤੱਕ ਸ਼ਾਂਤਮਈ ਚੱਲ ਰਿਹਾ ਅੰਦੋਲਨ ਅੱਗੇ ਵੀ ਸ਼ਾਂਤਮਈ ਰਹੇਗਾ | ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੇ ਪੁਲਿਸ ਨੂੰ ਇਸ ਗੱਲ ਦਾ ਪੂਰਾ ਭਰੋਸਾ ਦਿਵਾਇਆ ਹੈ ਕਿ ਟਰੈਕਟਰ ਪਰੇਡ ਤੋਂ ਬਾਅਦ ਸਾਰੇ ਪ੍ਰਦਰਸ਼ਨਕਾਰੀ ਵਾਪਸ ਧਰਨੇ ਵਾਲੀ ਥਾਂਅ 'ਤੇ ਚਲੇ ਜਾਣਗੇ ਅਤੇ ਕੋਈ ਵੀ ਦਿੱਲੀ ਦੇ ਅੰਦਰ ਬੈਠਾ ਨਹੀਂ ਰਹੇਗਾ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ 26 ਜਨਵਰੀ ਨੂੰ ਬੈਰੀਕੇਡ ਹਟਾ ਦਿੱਤੇ ਜਾਣਗੇ ਅਤੇ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਦਿੱਤਾ ਜਾਵੇਗਾ | ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਨਾਲ ਕਿਸੇ ਕਿਸਮ ਦੇ ਹਥਿਆਰ ਨਾ ਰੱਖਣ ਤਾਂ ਜੋ ਸਰਕਾਰ ਨੂੰ ਪਰੇਡ ਨੂੰ ਲੈ ਕੇ ਕਿਸੇ ਕਿਸਮ ਦਾ ਕੋਈ ਵੀ ਇਲਜ਼ਾਮ ਲਗਾਉਣ ਦਾ ਮੌਕਾ ਨਾ ਮਿਲ ਸਕੇ | ਕਿਸਾਨ ਆਗੂਆਂ ਨੇ ਮੁੜ ਦੁਹਰਾਉਂਦਿਆਂ ਇਹ ਵੀ ਕਿਹਾ ਕਿ ਕਿਸਾਨਾਂ ਵਲੋਂ ਦਿੱਲੀ 'ਚ ਹੋਣ ਵਾਲੀ ਅਧਿਕਾਰਕ ਪਰੇਡ 'ਚ ਕਿਸੇ ਕਿਸਮ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਵੇਗੀ ਅਤੇ ਇਸ ਦਾ ਦਿੱਲੀ 'ਚ ਗਣਤੰਤਰ ਦਿਵਸ ਦੀ ਪਰੇਡ ਲਈ ਕੀਤੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਕੋਈ ਫ਼ਰਕ ਨਹੀਂ ਪਵੇਗਾ | ਕਿਸਾਨ ਆਗੂ ਸ਼ਨਿਚਰਵਾਰ ਰਾਤ ਨੂੰ ਪੰਜਾਂ ਸਰਹੱਦਾਂ ਦੇ ਲਈ ਕਿਸਾਨ ਪਰੇਡ ਦੇ ਰੋਡ ਮੈਪ ਨੂੰ ਅੰਤਿਮ ਰੂਪ ਦੇਣਗੇ | ਕਿਸਾਨ ਆਗੂ ਡਾ: ਦਰਸ਼ਨਪਾਲ ਨੇ ਕਿਹਾ ਕਿ ਪਰੇਡ 'ਚ ਜਿੰਨਾ ਸਮਾਂ ਲੱਗੇਗਾ, ਉਹ ਸਾਨੂੰ ਦਿੱਤਾ ਜਾਵੇਗਾ | ਉਨ੍ਹਾਂ ਇਸ ਪਰੇਡ ਦੇ ਇਤਿਹਾਸਕ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੂਰੀ ਦੁਨੀਆ ਇਸ ਨੂੰ ਵੇਖੇਗੀ | ਕਿਸਾਨ ਆਗੂ ਕੱਲ੍ਹ ਐਤਵਾਰ ਨੂੰ ਇਸ ਸਬੰਧੀ ਪ੍ਰੈਸ ਕਾਨਫ਼ਰੰਸ ਕਰਕੇ ਪਰੇਡ ਦੇ ਰੂਟਾਂ ਬਾਰੇ ਪੂਰੀ ਤਫ਼ਸੀਲ ਮੀਡੀਆ ਨਾਲ ਸਾਂਝੀ ਕਰਨਗੇ | ਹਾਲਾਂਕਿ ਪਰੇਡ ਦੇ ਸਮੇਂ ਨੂੰ ਲੈ ਕੇ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ | ਕਿਸਾਨ ਆਗੂਆਂ ਮੁਤਾਬਿਕ ਪਰੇਡ 24 ਘੰਟੇ ਤੋਂ ਲੈ ਕੇ 72 ਘੰਟੇ ਤੱਕ ਚੱਲ ਸਕਦੀ ਹੈ | ਜ਼ਿਕਰਯੋਗ ਹੈ ਕਿ ਦਿੱਲੀ 'ਚ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦਾ ਕਿਸਾਨ ਆਗੂਆਂ ਵਲੋਂ ਜਨਵਰੀ ਦੇ ਪਹਿਲੇ ਹਫ਼ਤੇ ਹੀ ਐਲਾਨ ਕਰ ਦਿੱਤਾ ਸੀ | ਦਿੱਲੀ ਪੁਲਿਸ ਉਨ੍ਹਾਂ ਨੂੰ ਪਰੇਡ ਨਾ ਕਰਨ ਜਾਂ ਫਿਰ ਦਿੱਲੀ ਦੇ ਬਾਹਰ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਦੀ ਰਹੀ | ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਣ 'ਤੇ ਅਦਾਲਤ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਸ ਬਾਰੇ ਫ਼ੈਸਲਾ ਪੁਲਿਸ ਨੇ ਹੀ ਲੈਣਾ ਹੈ |
'ਕਿਸਾਨੀ ਅੰਦੋਲਨ' ਅਤੇ 'ਕਿਸਾਨੀ ਸਬਰ' 'ਤੇ ਕੇਂਦਰਤ ਰਹੇਗੀ 'ਟਰੈਕਟਰ ਪਰੇਡ'
26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ, ਸਿਰਫ਼ ਕਿਸਾਨੀ ਅੰਦੋਲਨ ਅਤੇ ਖ਼ਾਸ ਕਰਕੇ ਕਿਸਾਨੀ ਸਬਰ 'ਤੇ ਕੇਂਦਰਤ ਹੋਵੇਗੀ | ਕਿਸਾਨ ਜਥੇਬੰਦੀਆਂ ਇਸ ਅੰਦੋਲਨ ਨੂੰ ਕਿਸੇ ਵੀ ਅਜਿਹੇ ਰੰਗ 'ਚ ਨਹੀਂ ਦਰਸਾਉਣਾ ਚਾਹੁੰਦੀਆਂ ਜਿਸ ਨਾਲ ਸਰਕਾਰ ਇਸ ਨੂੰ ਖਾਲਸਾਈ, ਖੱਬੇ ਪੱਖੀ ਜਾਂ ਹੋਰ ਕਿਸੇ ਵੀ ਵਰਗ ਵਿਸ਼ੇਸ਼ ਨਾਲ ਜੋੜ ਸਕੇ | ਇਸ ਲਈ ਕਿਸਾਨ ਗਣਤੰਤਰ ਪਰੇਡ 'ਚ ਕਿਸਾਨ ਆਗੂ ਸਟੇਜ ਤੋਂ 'ਬੋਲੇ ਸੋ ਨਿਹਾਲ' ਜਾਂ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਨਹੀਂ ਲਾਉਣਗੇ | ਹਾਲਾਂਕਿ ਪ੍ਰਦਰਸ਼ਨ 'ਚ ਸ਼ਾਮਿਲ ਕਿਸਾਨਾਂ ਨੂੰ ਇਹ ਨਾਅਰੇ ਲਾਉਣ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ | ਕਿਸਾਨ ਜਥੇਬੰਦੀਆਂ ਨੇ ਸਿੰਘੂ ਸਰਹੱਦ 'ਤੇ ਹੋਈ ਤਵਸੀਲੀ ਬੈਠਕ ਤੋਂ ਬਾਅਦ ਉਕਤ ਫ਼ੈਸਲੇ ਲਏ | ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਅੰਦੋਲਨ ਨੂੰ ਕਈ ਵਾਰੀ ਖ਼ਾਲਿਸਤਾਨੀ, ਨਕਸਲਵਾਦੀ ਅਤੇ ਸਿਆਸੀ ਪਾਰਟੀਆਂ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਯੁਕਤ ਕਿਸਾਨ ਮੋਰਚੇ ਦੀਆਂ 41 ਜਥੇਬੰਦੀਆਂ ਦੇ ਆਗੂਆਂ ਵਲੋਂ ਮੰਚ ਤੋਂ ਅਜਿਹਾ ਕੁਝ ਵੀ ਕਹਿਣ ਅਤੇ ਸਿਆਸੀ ਆਗੂਆਂ ਨੂੰ ਮੰਚ 'ਤੇ ਆਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਣ ਇਹ ਅੰਦੋਲਨ ਕਿਸਾਨੀ 'ਤੇ ਹੀ ਕੇਂਦਰ ਰਿਹਾ ਹੈ |
ਡੇਢ ਤੋਂ 2 ਲੱਖ ਟਰੈਕਟਰਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ
ਕਿਸਾਨਾਂ ਦੀ ਪਰੇਡ 'ਚ ਡੇਢ ਤੋਂ 2 ਲੱਖ ਟਰੈਕਟਰ ਸ਼ਾਮਿਲ ਹੋਣਗੇ | ਕਿਸਾਨ ਆਗੂ ਜਗਮੋਹਨ ਵਲੋਂ ਦਿੱਤੇ ਅੰਦਾਜ਼ੇ ਮੁਤਾਬਿਕ ਇੰਨ੍ਹਾਂ 'ਚੋਂ ਤਕਰੀਬਨ 1 ਲੱਖ ਟਰੈਕਟਰ ਪੰਜਾਬ ਤੋਂ ਆ ਰਹੇ ਹਨ ਜਦਕਿ ਬਾਕੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਆਉਣਗੇ |
ਸ਼ਾਮਿਲ ਹੋਣਗੀਆਂ ਝਾਕੀਆਂ
ਟਰੈਕਟਰ ਪਰੇਡ ਨੂੰ ਵਿਆਪਕ ਅਤੇ ਇਤਿਹਾਸਕ ਬਣਾਉਣ ਦੀਆਂ ਤਿਆਰੀਆਂ ਦੀ ਕਵਾਇਦ ਹੇਠ ਇਸ 'ਚ ਅਧਿਕਾਰਕ ਤੌਰ 'ਤੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਵਾਂਗ ਝਾਕੀਆਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ | 'ਅਜੀਤ' ਨੂੰ ਮਿਲੀ ਜਾਣਕਾਰੀ ਮੁਤਾਬਿਕ ਪਰੇਡ 'ਚ 18 ਤੋਂ 20 ਝਾਕੀਆਂ ਸ਼ਾਮਿਲ ਕੀਤੀਆਂ ਜਾਣਗੀਆਂ | ਹੁਣ ਤੱਕ ਜਿੰਨਾ ਝਾਕੀਆਂ ਨੂੰ ਫਾਈਨਲ ਕਰ ਦਿੱਤਾ ਗਿਆ ਹੈ | ਉਨ੍ਹਾਂ 'ਚ ਬਾਬਾ ਦੀਪ ਸਿੰਘ ਨਾਲ ਸਬੰਧਿਤ ਝਾਕੀ ਸ਼ਾਮਿਲ ਹੈ, ਜਿੰਨਾ ਦਾ ਉਸ ਦਿਨ ਜਨਮ ਦਿਹਾੜਾ ਵੀ ਹੁੰਦਾ ਹੈ | ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਿਤ ਦੀ ਝਾਕੀ ਵੀ ਫਾਈਨਲ ਕਰ ਲਈ ਗਈ ਹੈ | ਬਾਕੀ ਝਾਕੀਆਂ ਦੀ ਚੋਣ ਇਸ ਢੰਗ ਨਾਲ ਕੀਤੀ ਜਾ ਰਹੀ ਹੈ ਕਿ ਕਿਤੋਂ ਵੀ ਅੰਦੋਲਨ ਕਿਸਾਨ ਮੁੱਦੇ ਤੋਂ ਭਟਕਦਾ ਨਾ ਨਜ਼ਰ ਆਏ |
ਬਲਦੇਵ ਸਿੰਘ ਸਿਰਸਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
ਸ਼ੁੱਕਰਵਾਰ ਦੇਰ ਰਾਤ ਨੂੰ ਕਿਸਾਨਾਂ ਵਲੋਂ ਪੇਸ਼ ਕੀਤੇ ਸ਼ੱਕੀ ਨਕਾਬਪੋਸ਼ ਨੇ ਮਹਿਜ 12 ਘੰਟਿਆਂ 'ਚ ਆਪਣੇ ਬਿਆਨ ਤੋਂ ਪਲਟਦਿਆਂ ਕਿਸਾਨ ਆਗੂਆਂ 'ਤੇ ਕਈ ਦੋਸ਼ ਲਾਏ | ਕਿਸਾਨ ਆਗੂਆਂ ਨੇ ਉਸ ਦੇ ਬਦਲੇ ਸੁਰਾਂ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਸਰਕਾਰੀ ਏਜੰਸੀਆਂ ਦੇ ਹੱਥੇ ਚੜ੍ਹਨ ਕਾਰਨ ਉਹ ਅਜਿਹੇ ਬਿਆਨ ਦੇ ਰਿਹਾ ਹੈ | ਇਸ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਉਸ ਦੇ ਖਿਲਾਫ਼ ਕੁੰਡਲੀ ਪੁਲਿਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਸ਼ੁੱਕਰਵਾਰ ਰਾਤ ਨੂੰ ਨਕਾਬਪੋਸ਼ ਵਲੋਂ ਮੀਡੀਆ ਅੱਗੇ ਪੇਸ਼ ਹੋਏ ਵਿਅਕਤੀ ਨੇ ਅੱਜ ਵੱਖਰੇ ਹੀ ਦਾਅਵੇ ਕਰਦਿਆਂ ਕਿਹਾ ਕਿਸਾਨ ਆਗੂਆਂ ਨੇ ਉਸ ਤੋਂ ਜਬਰਦਸਤੀ ਉਹ ਬਿਆਨ ਦਿਵਾਏੇ ਸਨ | ਬਿਨਾਂ ਨਕਾਬ ਤੋਂ ਉਸ ਵਿਅਕਤੀ ਦੇ ਸਾਹਮਣੇ ਆਏ ਇਕ ਵੀਡੀਓ 'ਚ ਉਸ ਸ਼ਖਸ ਨੇ ਆਪਣਾ ਨਾਂਅ ਯੋਗੇਸ਼ ਦੱਸਿਆ | ਉਸ ਨੇ ਕਿਹਾ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਸ਼ਰਾਬ ਪਿਲਾ ਕੇ ਇਹ ਝੂਠ ਬੁਲਵਾਇਆ ਗਿਆ |
ਕਿਸਾਨ ਆਗੂਆਂ ਨੇ ਖਾਰਜ ਕੀਤੇ ਇਲਜਾਮ
ਕਿਸਾਨ ਆਗੂਆਂ ਨੇ ਯੋਗੇਸ਼ ਨਾਂਅ ਦੇ ਵਿਅਕਤੀ ਵਲੋਂ ਲਾਏ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਹੀ ਅਜਿਹਾ ਕਰਵਾਇਆ ਜਾਂਦਾ ਹੈ | ਸ਼ੁੱਕਰਵਾਰ ਰਾਤ ਦੀ ਪ੍ਰੈਸ ਕਾਨਫ਼ਰੰਸ 'ਚ ਮੌਜੂਦ ਮਨਜੀਤ ਰਾਏ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਵਲੋਂ ਅਜਿਹੇ ਬੇਰੁਜ਼ਗਾਰ ਵਿਅਕਤੀਆਂ ਨੂੰ ਅਜਿਹੀਆਂ ਹਰਕਤਾਂ ਕਰਨ ਲਈ ਕਿਰਾਏ 'ਤੇ ਖ਼ਰੀਦਿਆ ਜਾਂਦਾ ਹੈ |
• ਪਹਿਲੀ ਵਾਰ ਆਪਣੀ ਸ਼ਕਤੀ ਦਾ ਅਹਿਸਾਸ ਕਰਵਾਏਗਾ ਰਾਫ਼ੇਲ • ਪੰਜਾਬ ਸਮੇਤ 32 ਝਾਕੀਆਂ ਪਰੇਡ 'ਚ ਸ਼ਾਮਿਲ
ਬਲਵਿੰਦਰ ਸਿੰਘ ਸੋਢੀ
ਨਵੀਂ ਦਿੱਲੀ, 23 ਜਨਵਰੀ-ਗਣਤੰਤਰ ਦਿਵਸ ਮੌਕੇ ਰਾਜਪਥ ਵਿਖੇ ਹੋਣ ਵਾਲੇ ਸਮਾਗਮ ਸਬੰਧੀ ਅੱਜ ਫੁੱਲ ਡਰੈੱਸ ਰਿਹਰਸਲ ਕੀਤੀ ਗਈ, ਜਿਸ 'ਚ ਜਿਥੇ ਭਾਰਤੀ ਸੈਨਾ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਉਥੇ ਦੇਸ਼ ਦੇ ਸੱਭਿਆਚਾਰ ਅਤੇ ਤਰੱਕੀ ਨੂੰ ਦਰਸਾਉਂਦੀਆਂ ਵੱਖ-ਵੱਖ ਸੂਬਿਆਂ ਤੇ ਮੰਤਰਾਲਿਆਂ ਵਲੋਂ ਤਿਆਰ ਕੀਤੀਆਂ 32 ਝਾਕੀਆਂ ਵੀ ਪਰੇਡ 'ਚ ਸ਼ਾਮਿਲ ਹੋਈਆਂ | ਪਰੇਡ 'ਚ ਇਸ ਵਾਰ ਜਿਥੇ ਰਾਜਪਥ 'ਤੇ ਪਹਿਲੀ ਵਾਰ ਰਾਫ਼ੇਲ ਆਪਣੀ ਤਾਕਤ ਦਾ ਅਹਿਸਾਸ ਕਰਵਾਏਗਾ ਉਥੇ ਸੁਖੋਈ ਤੇ ਜਗੁਆਰ ਵੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ | ਸਭ ਤੋਂ ਅੱਗੇ ਸੁਪਰਸੋਨਿਕ ਮਿਜ਼ਾਈਲ ਬ੍ਰਹਮੋਸ ਦਿਖਾਈ ਦੇਵੇਗੀ | ਰਿਹਰਸਲ ਦੌਰਾਨ ਇਕ ਪਾਸੇ ਜਿੱਥੇ ਸੈਨਿਕ ਕਦਮ ਤਾਲ ਕਰਦੇ ਨਜ਼ਰ ਆਏ ਉਥੇ ਐਨ. ਐਸ. ਜੀ. ਦੇ ਬਲੈਕ ਕੈਟ ਕਮਾਂਡੋ ਵੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ | ਉੱਤਰ ਪ੍ਰਦੇਸ਼ ਦੀ ਝਾਕੀ ਵਿਚ ਰਾਮ ਮੰਦਰ ਦੀ ਝਲਕ ਵੇਖਣ ਨੂੰ ਮਿਲੀ | ਪਰੇਡ ਵਿਚ ਗੁਜਰਾਤ, ਲੱਦਾਖ, ਆਸਾਮ, ਤਾਮਿਲਨਾਡੂ, ਮਹਾਰਾਸ਼ਟਰ, ਭਾਰਤੀ ਜਲ ਸੈਨਾ, ਹਵਾਈ ਸੈਨਾ, ਡੀ.ਆਰ.ਡੀ.ਓ., ਪੱਛਮੀ ਬੰਗਾਲ, ਉੱਤਰਾਖੰਡ, ਸਿੱਕਮ, ਦਿੱਲੀ, ਕਰਨਾਟਕ, ਆਯੂਸ਼ ਮੰਤਰਾਲਾ, ਸੀ.ਆਰ.ਪੀ.ਐੱਫ਼., ਬਾਇਓਟੈਕਨਾਲੋਜੀ, ਸੂਚਨਾ ਤੇ ਪ੍ਰਸਾਰਨ ਮੰਤਰਾਲਾ, ਕੋਸਟ ਗਾਰਡ ਸੀਮਾ, ਸੜਕ ਸੰਗਠਨ, ਸੰਸਕ੍ਰਿਤ ਮੰਤਰਾਲਾ ਦੀਆਂ ਝਾਕੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ | ਇਸ ਤੋਂ ਇਲਾਵਾ ਰਿਹਰਸਲ ਵਿਚ ਰੈਫਲ, ਚੀਨੂਕ ਹੈਲੀਕਾਪਟਰਾਂ ਨੇ ਵੀ ਹੈਰਾਨੀ ਭਰੇ ਕਰਤੱਬ ਵਿਖਾਏ | ਰਿਹਰਸਲ ਵਿਚ ਸਕੂਲੀ ਬੱਚੇ ਵੀ ਸ਼ਾਮਿਲ ਸਨ, ਜਿਸ ਵਿਚ ਦਿੱਲੀ ਦੇ ਯਮੁਨਾਪਾਰ ਦੇ ਸਰਕਾਰੀ ਸਕੂਲ ਅਤੇ ਤਾਮਿਲਨਾਡੂ ਦੇ ਸਕੂਲ ਦੇ ਬੱਚੇ ਸਨ | ਫੁੱਲ ਡਰੈੱਸ ਰਿਹਰਸਲ ਨੂੰ ਵੇਖਣ ਲਈ ਇਸ ਵਾਰ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ | ਸਵੇਰੇ ਰਿਹਰਸਲ ਵਾਲੀ ਥਾਂ ਦੀ ਸੁਰੱਖਿਆ ਪ੍ਰਤੀ ਮੈਟਰੋ ਰੇਲ ਤੇ ਬੱਸਾਂ ਨੂੰ ਵੀ ਬੰਦ ਰੱਖਿਆ ਗਿਆ ਅਤੇ ਆਸ-ਪਾਸ ਦੇ ਰਸਤੇ ਵੀ ਪੂਰੀ ਤਰ੍ਹਾਂ ਬੰਦ ਰੱਖੇ ਗਏ ਸਨ |
ਪਰੇਡ ਦੇਖਣ ਲਈ ਸੱਦਾ ਪੱਤਰ ਜਾਂ ਟਿਕਟ ਲਾਜ਼ਮੀ
ਗਣਤੰਤਰ ਦਿਵਸ ਸਮਾਰੋਹ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਲੋਕਾਂ ਨੂੰ ਰਾਜਪਥ 'ਤੇ ਪਰੇਡ ਦੇਖਣ ਦੀ ਇਜਾਜ਼ਤ ਸਿਰਫ਼ ਉਦੋਂ ਹੀ ਦਿੱਤੀ ਜਾਵੇਗੀ ਜੇ ਉਨ੍ਹਾਂ ਕੋਲ ਸੱਦਾ ਪੱਤਰ ਜਾਂ ਟਿਕਟਾਂ ਹੋਣਗੀਆਂ | ਇਸ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ | ਇਸ ਦੌਰਾਨ ਪੁਲਿਸ ਨੇ ਇਹ ਵੀ ਕਿਹਾ ਕਿ 15 ਸਾਲ ਤੋਂ ਘੱਟ ਉਮਰ ਬੱਚਿਆਂ ਨੂੰ ਪਰੇਡ ਦੇਖਣ ਦੀ ਇਜਾਜ਼ਤ ਨਹੀਂ ਹੋਵੇਗੀ | ਦਿੱਲੀ ਪੁਲਿਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਇਸ ਸਾਲ ਗਣਤੰਤਰ ਦਿਵਸ ਸਮਾਗਮ 'ਚ ਦਾਖ਼ਲਾ ਸੱਦਾ ਪੱਤਰ ਜਾਂ ਟਿਕਟ ਹੋਣ 'ਤੇ ਹੀ ਦਿੱਤਾ ਜਾਵੇਗਾ | ਜਿੰਨ੍ਹਾਂ ਕੋਲ ਸੱਦਾ ਪੱਤਰ ਜਾਂ ਟਿਕਟ ਨਹੀਂ ਹੈ ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘਰ ਬੈਠ ਕੇ ਟੀ. ਵੀ. 'ਤੇ ਸਮਾਗਮ ਦਾ ਲਾਈਵ ਪ੍ਰਸਾਰਨ ਦੇਖਣ | 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਰਾਜਪਥ 'ਤੇ ਵੀ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਇਕ ਹੋਰ ਟਵੀਟ 'ਚ ਪੁਲਿਸ ਨੇ ਹਦਾਇਤਾਂ ਦਿੱਤੀਆਂ ਕਿ ਸਮਾਗਮ 'ਚ ਸ਼ਾਮਿਲ ਹੋਣ ਵਾਲੇ ਵਿਅਕਤੀ ਆਪਣੇ ਨਾਲ ਲਿਫ਼ਾਫ਼ੇ ਜਾਂ ਬੈਗ, ਬਰੀਫ਼ਕੇਸ, ਪਿੰਨਾਂ, ਖਾਣ ਵਾਲਾ ਸਾਮਾਨ, ਕੈਮਰੇ, ਦੂਰਬੀਨ, ਹੈਡੀਕੈਮ, ਲੈਪਟਾਪ, ਆਈ ਪੈਡ, ਆਈ ਪੋਡ, ਟੇਬਲੇਟ ਕੰਪਿਊਟਰ, ਪਾਵਰ ਬੈਂਕ ਅਤੇ ਡਿਜੀਟਲ ਡਾਇਰੀਆਂ ਵਰਗਾ ਸਾਮਾਨ ਨਾ ਲੈ ਕੇ ਆਉਣ | ਇਸ ਸਾਲ ਸਮਾਗਮ 'ਚ ਮੁਫ਼ਤ ਦਾਖ਼ਲਾ ਨਹੀਂ ਹੋਵੇਗਾ | ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਕਰੀਬ 25,000 ਲੋਕਾਂ ਦਾ ਇਕੱਠ ਕੀਤਾ ਜਾਵੇਗਾ, ਜਦੋਂਕਿ ਹਰ ਸਾਲ ਕਰੀਬ 1.25 ਲੱਖ ਲੋਕਾਂ ਦਾ ਇਕੱਠ ਹੁੰਦਾ ਸੀ | ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਪ੍ਰਸਤਾਵਿਤ ਟਰੈਕਟਰ ਮਾਰਚ ਦੇ ਮੱਦੇਨਜ਼ਰ ਦਿੱਲੀ ਦੀਆਂ ਸਰਹੱਦਾਂ 'ਤੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ |
ਮਾਰੀਆਂ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ
ਭੁਪਾਲ, 23 ਜਨਵਰੀ (ਏਜੰਸੀ)-ਮੱਧ ਪ੍ਰਦੇਸ਼ 'ਚ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਰਕਰਾਂ ਦੀ ਪੁਲਿਸ ਨਾਲ ਝੜਪ ਹੋ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ 'ਤੇ ਰਾਜ ਭਵਨ ਨੂੰ ਘੇਰਨ ਜਾਂਦਿਆਂ ਪਥਰਾਅ ਕੀਤਾ ਜਿਸ 'ਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਅੱਥਰੂ ਗੈਸ ਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ | ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ 6 ਪੁਲਿਸ ਕਰਮੀ ਅਤੇ ਕੁਝ ਲੋਕ ਵੀ ਜ਼ਖ਼ਮੀ ਹੋਏ ਹਨ, ਜਦਕਿ 106 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਕੇ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ | ਕਾਂਗਰਸ ਪਾਰਟੀ ਦੇ ਮੱਧ ਪ੍ਰਦੇਸ਼ ਇਕਾਈ ਦੇ ਮੁਖੀ ਕਮਲ ਨਾਥ ਦੀ ਅਗਵਾਈ 'ਚ ਸੈਂਕੜੇ ਵਰਕਰਾਂ ਨੇ ਪ੍ਰਦਰਸ਼ਨ 'ਚ ਹਿੱਸਾ ਲਿਆ | ਇਹ ਝੜਪ ਰੌਸ਼ਨਪੁਰ ਚੌਕ ਦੇ ਨੇੜੇ ਬੈਰੀਕੇਡਿਡ ਜੀ.ਟੀ.ਬੀ. ਇਲਾਕੇ 'ਚ ਹੋਈ | ਟੀ.ਟੀ. ਨਗਰ ਦੇ ਸਿਟੀ ਪੁਲਿਸ ਸੁਪਰਡੈਂਟ ਉਮੇਸ਼ ਤਿਵਾੜੀ ਨੇ ਕਿਹਾ ਕਿ 6 ਪੁਲਿਸ ਕਰਮੀਆਂ ਸਮੇਤ ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ | ਤਿਵਾੜੀ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਪਾਣੀ ਦੀਆਂ ਤੋਪਾਂ ਚਲਾਈਆਂ, ਫਿਰ ਅੱਥਰੂ ਗੈਸ ਦੇ ਗੋਲੇ ਛੱਡੇ | ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਪੱਥਰ ਸੁੱੱਟੇ, ਬੈਰੀਕੇਡ ਤੋੜ ਦਿੱਤੇ ਅਤੇ ਪੁਲਿਸ ਕਰਮੀਆਂ 'ਤੇ ਹਮਲਾ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਪੁਲਿਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ | ਪੁਲਿਸ ਅਧਿਕਾਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਵਿਰੋਧ ਨੂੰ ਦਬਾਉਣ ਲਈ ਪੁਲਿਸ ਨੇ ਬਲ ਪ੍ਰਯੋਗ ਕੀਤਾ |
ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਅੰਤੀ ਮੌਕੇ ਡਾਕ ਟਿਕਟ ਤੇ ਸਿੱਕੇ ਜਾਰੀ
ਕੋਲਕਾਤਾ, 23 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਅੰਤੀ ਮੌਕੇ ਕਿਹਾ ਕਿ ਨੇਤਾਜੀ ਨੂੰ ਇਹ ਦੇਖ ਕੇ ਬਹੁਤ ਮਾਣ ਮਹਿਸੂਸ ਹੋਣਾ ਸੀ ਕਿ ਉਨ੍ਹਾਂ ਵਲੋਂ ਦਰਸਾਏ ਮਾਰਗ ਦਰਸ਼ਨ ਨਾਲ ਦੇਸ਼ ਮਜ਼ਬੂਤ ਹੋਇਆ ਹੈ ਅਤੇ ਐਲ.ਓ.ਸੀ. (ਕੰਟਰੋਲ ਰੇਖਾ) ਤੋਂ ਲੈ ਕੇ ਐਲ.ਏ.ਸੀ. (ਅਸਲ ਕੰਟਰੋਲ ਰੇਖਾ) ਤੱਕ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨੇਤਾਜੀ ਨੂੰ ਇਹ ਦੇਖ ਕੇ ਬਹੁਤ ਮਾਣ ਮਹਿਸੂਸ ਹੋਣਾ ਸੀ ਕਿ ਜਿਸ ਤਰ੍ਹਾਂ ਦੀ ਸਰਕਾਰ ਦਾ ਉਹ ਸੁਪਨਾ ਦੇਖਦੇ ਸਨ, ਉਹ ਕੋਰੋਨਾ ਟੀਕੇ ਵਿਕਸਿਤ ਕਰਕੇ ਮਹਾਂਮਾਰੀ ਖ਼ਿਲਾਫ਼ ਲੜ ਰਹੀ ਹੈ ਅਤੇ ਜਦੋਂ ਵੀ ਦੇਸ਼ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਗਈ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਹੈ | ਵਿਕਟੋਰੀਆ ਮੈਮੋਰੀਅਲ ਹਾਲ ਵਿਚ ਹੋਏ ਸਮਾਗਮ ਦੌਰਾਨ ਮੋਦੀ ਨੇ ਕਿਹਾ ਕਿ ਮੈਂ ਕਦੇ-ਕਦੇ ਸੋਚਦਾ ਹਾਂ ਕਿ ਨੇਤਾਜੀ ਨਵੇਂ ਅਤੇ ਮਜ਼ਬੂਤ ਭਾਰਤ ਨੂੰ ਦੇਖ ਕੇ ਕਿਵੇਂ ਮਹਿਸੂਸ ਕਰਦੇ? ਇਸ ਦੌਰਾਨ ਉਨ੍ਹਾਂ ਨੇਤਾਜੀ ਦੀ ਯਾਦਗਾਰੀ ਡਾਕ ਟਿਕਟ ਤੇ ਸਿੱਕੇ ਵੀ ਜਾਰੀ ਕੀਤੇ |
ਸ੍ਰੀਨਗਰ, 23 ਜਨਵਰੀ (ਮਨਜੀਤ ਸਿੰਘ)-ਬੀ.ਐਸ.ਐੱਫ਼. ਨੇ ਜੰਮੂ ਖੇਤਰ ਦੇ ਜ਼ਿਲ੍ਹਾ ਕਠੂਆ ਦੇ ਹੀਰਾ ਨਗਰ ਸੈਕਟਰ 'ਚ ਲਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਵਲੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਖੋਦੀ ਗਈ ਇਕ ਹੋਰ ਜ਼ਮੀਨਦੋਜ਼ ਸੁਰੰਗ ਦਾ ਪਤਾ ਲਗਾ ਕੇ ਇਕ ਹੋਰ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ | ਪਿਛਲੇ ਦਸ ਦਿਨਾਂ 'ਚ ਇਹ ਦੂਜੀ ਸੁਰੰਗ ਮਿਲੀ ਹੈ | ਬੀ.ਐਸ.ਐੱਫ਼. ਦੇ ਆਈ.ਜੀ. (ਫ਼ਰੰਟੀਅਰ) ਜੇ.ਐਸ. ਜਮਾਲ ਅਨੁਸਾਰ ਬੀ. ਐਸ. ਐੱਫ਼. ਦੀ ਗਸ਼ਤ ਪਾਰਟੀ ਨੇ ਸੁਰੰਗ ਦਾ ਪਤਾ ਲਗਾਉਣ ਲਈ ਛੇੜੇ ਅਭਿਆਨ ਦੇ ਚੱਲਦੇ ਸਨਿਚਰਵਾਰ ਸਵੇਰੇ ਹੀਰਾਨਗਰ ਅੰਤਰਰਾਸ਼ਟਰੀ ਸਰਹੱਦ ਸਥਿਤ ਪਾਨੇਸਰ ਬੀ.ਓ.ਪੀ. ਚੌਕੀ ਨੰਬਰ 14 ਅਤੇ 15 ਵਿਚਾਲੇ ਇਹ ਸੁਰੰਗ ਮਿਲੀ ਹੈ | ਸਰਹੱਦ ਦੇ ਉਸ ਪਾਰ ਇਹ ਜ਼ਮੀਨਦੋਜ਼ ਸੁਰੰਗ 150 ਮੀਟਰ ਲੰਬੀ ਹੈ, ਜਿਹੜੀ ਪਾਕਿਸਤਾਨ ਵਾਲੇ ਪਾਸੇ ਤੋਂ 30 ਫੁੱਟ ਡੂੰਘੀ ਅਤੇ 3 ਫੁੱਟ ਚੌੜੀ ਦੱਸੀ ਜਾਂਦੀ ਹੈ | ਬੀ.ਐਸ.ਐੱਫ਼. ਨੇ ਸਾਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਅਭਿਆਨ ਛੇੜਿਆ ਹੋਇਆ ਹੈ | ਹੀਰਾਨਗਰ ਸੈਕਟਰ 'ਚ ਪਿਛਲੇ 10 ਦਿਨਾਂ ਦੌਰਾਨ ਪਾਕਿਸਤਾਨ ਵਲੋਂ ਬਣਾਈ ਗਈ ਇਹ ਦੂਜੀ ਸੁਰੰਗ ਹੈ, ਜਿਸ ਦਾ ਬੀ.ਐਸ.ਐੱਫ਼. ਨੇ ਪਤਾ ਚਲਾਇਆ ਹੈ | 13 ਜਨਵਰੀ ਨੂੰ ਬੀ.ਐਸ.ਐੱਫ਼. ਨੇ ਹੀਰਾਨਗਰ ਦੇ ਬਬੀਆ ਪਿੰਡ ਨੇੜੇ 150 ਮੀਟਰ ਲੰਬੀ, 20 ਫੁੱਟ ਗਹਿਰੀ ਅਤੇ ਢਾਈ ਫੁੱਟ ਚੌੜੀ ਜ਼ਮੀਨਦੋਜ਼ ਸੁਰੰਗ ਦਾ ਪਤਾ ਲਗਾਇਆ ਸੀ | ਬੀ.ਐਸ.ਐੱਫ਼. ਸੂਤਰਾਂ ਮੁਤਾਬਿਕ ਉਕਤ ਸੁਰੰਗ ਦੇ ਬਾਰੇ ਬੀ.ਐਸ.ਐੱਫ਼. ਨੂੰ ਲਗਾਤਾਰ ਸੂਚਨਾ ਮਿਲ ਰਹੀ ਸੀ | ਨਗਰੋਟਾ ਹਮਲੇ ਤੋਂ ਬਾਅਦ ਸਰਹੱਦੀ ਪਿੰਡਾਂ 'ਚ ਸੁਰੰਗਾਂ ਦੀ ਖੋਜ ਲਈ ਬੀ.ਐਸ.ਐੱਫ਼. ਨੇ ਆਪੇ੍ਰਸ਼ਨ ਸੁਦਰਸ਼ਨ ਚਲਾਇਆ ਹੋਇਆ ਹੈ | ਕੰਟਰੋਲ ਰੇਖਾ 'ਤੇ ਫ਼ੌਜ ਵਲੋਂ ਵਰਤੀ ਜਾ ਰਹੀ ਚੌਕਸੀ ਦੇ ਚੱਲਦਿਆਂ ਪਾਕਿਸਤਾਨ ਅੱਤਵਾਦੀਆਂ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਘੁਸਪੈਠ ਕਰਵਾਉਣ ਦੀ ਸਾਜਿਸ਼ 'ਚ ਬਾਜ਼ ਨਹੀਂ ਆ ਰਿਹਾ ਹੈ |
ਕੋਲਕਾਤਾ, 23 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਅੰਤੀ ਮੌਕੇ ਸਮਾਗਮ 'ਚ ਉਨ੍ਹਾਂ ਦੇ ਬੋਲਣ ਤੋਂ ਐਨ ਪਹਿਲਾਂ ਕੁਝ ਲੋਕਾਂ ਵਲੋਂ 'ਜੈ ਸ੍ਰੀ ਰਾਮ' ਦੇ ਨਾਅਰੇ ਲਾਏ ਜਾਣ ਦਾ ਵਿਰੋਧ ਕਰਦਿਆਂ ਭਾਸ਼ਨ ਦੇਣ ਤੋਂ ਨਾਂਹ ਕਰ ਦਿੱਤੀ | ਜਦੋਂ ਮਮਤਾ ਨੇ ਭਾਸ਼ਨ ਦੇਣਾ ਸ਼ੁਰੂ ਕੀਤਾ ਤਾਂ ਕੁਝ ਲੋਕਾਂ ਵਲੋਂ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਏ ਜਾਣ ਕਾਰਨ ਤਕਰੀਬਨ ਇਕ ਮਿੰਟ 'ਚ ਹੀ ਉਹ ਮੰਚ ਤੋਂ ਹੇਠਾਂ ਉਤਰ ਗਏ | ਗੁੱਸੇ 'ਚ ਮਮਤਾ ਨੇ ਕਿਹਾ ਕਿ ਸਰਕਾਰੀ ਸਮਾਗਮ ਨੰੂ ਰਾਜਨੀਤਕ ਬਣਾਉਣਾ ਅਤੇ ਕਿਸੇ ਬੰਦੇ ਨੂੰ ਸੱਦ ਕੇ ਉਸ ਦਾ ਅਪਮਾਨ ਕਰਨਾ ਠੀਕ ਨਹੀਂ | 'ਜੈ ਹਿੰਦ, ਜੈ ਬੰਗਲਾ' ਕਹਿ ਕੇ ਮੰਚ ਤੋਂ ਹੇਠਾਂ ਉਤਰਨ ਤੋਂ ਪਹਿਲਾਂ ਮਮਤਾ ਨੇ ਕੇਂਦਰ ਸਰਕਾਰ ਦੇ ਸਮਾਗਮ 'ਚ ਸੱਦੇ ਜਾਣ ਲਈ ਧੰਨਵਾਦ ਵੀ ਕੀਤਾ |
ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੇ ਭਾਅ ਸਨਿਚਰਵਾਰ ਨੂੰ ਹੁਣ ਤੱਕ ਦੇ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਏ ਹਨ | ਤੇਲ ਮਾਰਕੀਟਿੰਗ ਕੰਪਨੀਆਂ ਨੇ ਇਸ ਹਫ਼ਤੇ ਚੌਥੀ ਵਾਰ ਤੇਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ | ਪੈਟਰੋਲੀਅਮ ...
'ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਸਨਿਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਏਮਜ਼ ਸੁਰੱਖਿਆ ਕਰਮੀਆਂ ਨਾਲ ਕੁੱਟਮਾਰ ਕਰਨ ਸਬੰਧੀ 2016 ਵਿਚ ਦਰਜ ਇਕ ਮਾਮਲੇ ਵਿਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ | ਵਧੀਕ ਮੁੱਖ ...
ਰਾਂਚੀ, 23 ਜਨਵਰੀ (ਏਜੰਸੀ)-ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਸਿਹਤ ਵਿਗੜਨ ਤੋਂ ਬਾਅਦ ਦਿੱਲੀ ਦੇ ਏਮਜ਼ 'ਚ ਤਬਦੀਲ ਕਰ ਦਿੱਤਾ ਗਿਆ | ਚਾਰਾ ਘੁਟਾਲਾ ਮਾਮਲੇ 'ਚ ਸਜ਼ਾ ਭੁਗਤ ਰਹੇ 72 ਸਾਲਾ ਲਾਲੂ ਦਾ ਕਈ ਬਿਮਾਰੀਆਂ ਦੇ ਲਈ ...
ਕਿਸਾਨਾਂ ਦੇ ਮੁੱਦੇ ਅਤੇ ਸਰੋਕਾਰ ਉਠਾਉਣ ਲਈ ਸਿੰਘੂ ਸਰਹੱਦ 'ਤੇ 'ਕਿਸਾਨ ਸੰਸਦ' ਕਰਵਾਈ ਗਈ | ਸਿੰਘੂ ਸਰਹੱਦ ਦੇ ਕੋਲ ਸ੍ਰੀ ਗੁਰੂ ਤੇਗ ਬਹਾਦਰ ਮੈਮੋਰੀਅਲ ਵਿਖੇ ਕੀਤੇ ਗਏ ਪ੍ਰੋਗਰਾਮ 'ਚ ਕਈ ਪ੍ਰਮੁੱਖ ਚਿਹਰਿਆਂ ਨੇ ਸ਼ਿਰਕਤ ਕੀਤੀ | ਜਿਨ੍ਹਾਂ 'ਚ ਜੋਗਿੰਦਰ ਸਿੰਘ ...
ਵੱਡੇ ਪੱਧਰ 'ਤੇ ਹੋਣ ਵਾਲੀ ਕਿਸਾਨ ਗਣਤੰਤਰ ਪਰੇਡ ਦੇ ਸਾਰੇ ਪਹਿਲੂਆਂ ਅਤੇ ਪ੍ਰਬੰਧਾਂ ਦੀ ਘੋਖ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ | ਪੰਜਾਬ ਦੀਆਂ 32 ਜਥੇਬੰਦੀਆਂ ਦੀ ਸਿੰਘੂ ਸਰਹੱਦ 'ਤੇ ਹੋਈ ਮੀਟਿੰਗ 'ਚ ਇਸ ਕਮੇਟੀ ਦੇ ਲਈ 10 ਮੈਂਬਰਾਂ ਦੀ ਚੋਣ ਕੀਤੀ ਗਈ ਹੈ | ਸੰਯੁਕਤ ...
ਆਗੂਆਂ ਵਲੋਂ ਕਿਸਾਨ ਪਰੇਡ 24 ਤੋਂ 72 ਘੰਟੇ ਤੱਕ ਚੱਲਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ | ਕਿਸਾਨ ਆਗੂਆਂ ਮੁਤਾਬਿਕ ਜੋ ਵੀ ਕਿਸਾਨ ਗਣਤੰਤਰ ਪਰੇਡ 'ਚ ਸ਼ਾਮਿਲ ਹੋਵੇਗਾ, ਉਸ ਦੀ ਇੱਛਾ ਦਿੱਲੀ 'ਚ ਦਾਖਲ ਹੋਣ ਦੀ ਜ਼ਰੂਰ ਹੋਏਗੀ | ਜਿਸ ਕਾਰਨ ਪਰੇਡ ਨੂੰ ਲਗਾਤਾਰ ਤੋਰੀ ਰੱਖਣਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX