ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 24 ਫਰਵਰੀ-ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਸਰਗਰਾਮ ਹੋਈ ਸਰਕਾਰ ਨੇ ਜਿੱਥੇ ਇਕ ਪਾਸੇ 1 ਮਾਰਚ ਤੋਂ ਟੀਕਾਕਰਨ ਦੇ ਅਗਲੇ ਗੇੜ ਨੂੰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ 60 ਸਾਲ ਤੋਂ ਵੱਧ ਉਮਰ ਅਤੇ 45 ਸਾਲ ਤੋਂ ਵੱਧ ਦੇ ਬਿਮਾਰ ਲੋਕਾਂ ਨੂੰ ਟੀਕਾ ਲਾਉਣ ਦਾ ਐਲਾਨ ਕੀਤਾ ਹੈ। ਉੱਥੇ ਦੂਜੇ ਪਾਸੇ ਸਰਕਾਰ ਵਲੋਂ ਪੰਜਾਬ ਸਮੇਤ ਉਨ੍ਹਾਂ 10 ਰਾਜਾਂ 'ਚ ਉੱਚ ਪੱਧਰੀ ਟੀਮਾਂ ਵੀ ਭੇਜੀਆਂ ਗਈਆਂ ਹਨ ਤਾਂ ਜੋ ਕੋਰੋਨਾ ਦੇ ਪਾਸਾਰ ਨੂੰ ਕਾਬੂ 'ਚ ਕਰਨ ਲਈ ਸੂਬਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਜਾ ਸਕੇ। 1 ਮਾਰਚ ਤੋਂ ਭਾਰਤ 'ਚ ਕੋਰੋਨਾ ਟੀਕਾਕਰਨ ਦਾ ਦੂਜਾ ਗੇੜ ਸ਼ੁਰੂ ਹੋਵੇਗਾ ਜਿਸ 'ਚ 60 ਸਾਲ ਦੀ ਉਮਰ ਅਤੇ 45 ਸਾਲ ਤੋਂ ਵੱਧ ਉਮਰ ਦੇ ਬਿਮਾਰ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ। ਇਹ ਟੀਕਾ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਲੱਗੇਗਾ ਜਦਕਿ ਨਿੱਜੀ ਹਸਪਤਾਲਾਂ 'ਚ ਇਸ ਲਈ ਕੀਮਤ ਅਦਾ ਕਰਨੀ ਹੋਵੇਗੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਨਿੱਜੀ ਹਸਪਤਾਲਾਂ 'ਚ ਟੀਕਾ ਲਗਵਾਉਣ ਲਈ ਕਿੰਨੀ ਕੀਮਤ ਅਦਾ ਕਰਨਾ ਪਵੇਗੀ ਇਸ ਦਾ ਫ਼ੈਸਲਾ 1-2 ਦਿਨਾਂ 'ਚ ਕੀਤਾ ਜਾਵੇਗਾ। ਦੂਜੇ ਗੇੜ 'ਚ ਇਹ ਟੀਕਾ 10 ਹਜ਼ਾਰ ਸਰਕਾਰੀ ਹਸਪਤਾਲਾਂ ਅਤੇ 20 ਹਜ਼ਾਰ ਨਿੱਜੀ ਹਸਪਤਾਲਾਂ 'ਚ ਲਗਾਇਆ ਜਾਵੇਗਾ। ਸਰਕਾਰ ਮੁਤਾਬਿਕ ਦੂਜੇ ਪੜਾਅ 'ਚ ਤਕਰੀਬਨ 27 ਕਰੋੜ ਲੋਕਾਂ ਨੂੰ ਟੀਕਾ ਲਗਾਏ ਜਾਣ ਦੀ ਸੰਭਾਵਨਾ ਹੈ, ਜਿਨ੍ਹਾਂ 'ਚ 10 ਕਰੋੜ ਲੋਕ 60 ਸਾਲ ਤੋਂ ਵੱਧ ਉਮਰ ਦੇ ਹਨ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਮੁੱਖ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ 60 ਸਾਲ ਤੋਂ ਵੱਧ ਉਮਰ ਦੇ ਹਨ। ਇਸ ਲਈ ਦੂਜੇ ਗੇੜ 'ਚ ਉਨ੍ਹਾਂ ਦੇ ਟੀਕਾ ਲੱਗਣ ਦੀ ਸੰਭਾਵਨਾ ਹੈ। ਹਲਕਿਆਂ ਮੁਤਾਬਿਕ ਲੋਕਾਂ 'ਚ ਟੀਕੇ ਪ੍ਰਤੀ ਭਰੋਸਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦੂਜੇ ਗੇੜ 'ਚ ਟੀਕਾ ਲਾਇਆ ਜਾਵੇਗਾ। ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਭਾਰਤ 'ਚ 16 ਜਨਵਰੀ ਨੂੰ ਕੀਤੀ ਗਈ ਸੀ। ਹਾਲੇ ਤੱਕ ਭਾਰਤ 'ਚ 1.19 ਕਰੋੜ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਦੁਨੀਆ ਭਰ 'ਚ ਟੀਕਾਕਰਨ ਦੇ ਮਾਮਲੇ 'ਚ ਭਾਰਤ 5ਵੇਂ ਨੰਬਰ 'ਤੇ ਹੈ। ਅਮਰੀਕਾ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ, ਉਸ ਤੋਂ ਬਾਅਦ ਚੀਨ, ਯੂਰਪੀਅਨ ਯੂਨੀਅਨ, ਬਰਤਾਨੀਆ ਅਤੇ ਭਾਰਤ ਸ਼ਾਮਿਲ ਹੈ।
ਉੱਚ ਪੱਧਰੀ ਟੀਮਾਂ ਭੇਜੀਆਂ
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਪੰਜਾਬ ਸਮੇਤ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਉੱਚ ਪੱਧਰੀ ਟੀਮਾਂ ਭੇਜੀਆਂ ਹਨ। ਸਿਹਤ ਮੰਤਰਾਲੇ ਵਾਲੀ ਇਹ 3 ਮੈਂਬਰੀ ਟੀਮ ਸੂਬਾ ਪ੍ਰਸ਼ਾਸਨ ਨਾਲ ਰਲ ਕੇ ਕੰਮ ਕਰੇਗੀ ਅਤੇ ਕੋਰੋਨਾ ਦੇ ਮਾਮਲੇ ਵਧਣ ਬਾਰੇ ਘੋਖ ਕਰੇਗੀ। ਕੇਂਦਰ ਸਰਕਾਰ ਵਲੋਂ ਇਹ ਟੀਮਾਂ ਪੰਜਾਬ, ਮਹਾਰਾਸ਼ਟਰ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਭੇਜੀਆਂ ਗਈਆਂ ਹਨ। ਕੇਂਦਰ ਨੇ ਪੰਜਾਬ, ਮਹਾਰਾਸ਼ਟਰ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ ਅਤੇ ਜੰਮੂ-ਕਸ਼ਮੀਰ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ, ਜਿਸ 'ਚ ਇਨ੍ਹਾਂ ਰਾਜਾਂ ਨੂੰ ਆਰ.ਟੀ.ਪੀ.ਸੀ.ਆਰ. ਟੈਸਟਿੰਗ ਵਧਾਉਣ ਨੂੰ ਕਿਹਾ ਹੈ। ਕੇਂਦਰ ਨੇ ਸਾਰੇ ਪਾਜ਼ੀਟਿਵ ਮਾਮਲਿਆਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਸਖ਼ਤੀ ਨਾਲ ਘੋਖ ਕਰਨ ਨੂੰ ਕਿਹਾ ਹੈ। ਚਿੱਠੀ 'ਚ ਕੇਸਾਂ ਦੇ ਆਧਾਰ 'ਤੇ ਜ਼ਿਲ੍ਹਾ ਪੱਧਰ 'ਤੇ ਕਦਮ ਚੁੱਕਣ ਨੂੰ ਕਿਹਾ ਗਿਆ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਅਤੇ ਕੇਰਲ 'ਚ ਮੌਜੂਦਾ ਸਰਗਰਮ ਕੇਸਾਂ ਦੇ 75 ਫ਼ੀਸਦੀ ਮਾਮਲੇ ਹਨ।
ਦਿੱਲੀ 'ਚ ਦਾਖ਼ਲਾ
ਕੋਰੋਨਾ ਮਾਮਲਿਆਂ ਦੇ ਵਧਣ ਤੋਂ ਚੋਕਸ ਹੋਈ ਦਿੱਲੀ ਸਰਕਾਰ ਨੇ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ ਕਿਹਾ ਕਿ 5 ਰਾਜਾਂ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਲਾਜ਼ਮੀ ਹੋਵੇਗੀ। 27 ਫਰਵਰੀ ਤੋਂ ਨਿਯਮ ਮੁਤਾਬਿਕ ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਕੇਰਲ ਤੋਂ ਆਉਣ ਵਾਲੇ ਲੋਕਾਂ ਨੂੰ ਆਰ.ਟੀ.ਪੀ.ਸੀ.ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ 'ਤੇ ਹੀ ਦਿੱਲੀ 'ਚ ਦਾਖ਼ਲ ਹੋਣ ਦਿੱਤਾ ਜਾਵੇਗਾ ਹਾਲਾਂਕਿ ਦਿੱਲੀ ਸਰਕਾਰ ਦਾ ਇਹ ਆਦੇਸ਼ ਰੇਲ, ਹਵਾਈ ਜਹਾਜ਼ ਅਤੇ ਬੱਸ ਆਦਿ ਜਨਤਕ ਵਾਹਨਾਂ 'ਤੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ 'ਤੇ ਹੀ ਲਾਗੂ ਹੋਵੇਗਾ। ਕਾਰ ਰਾਹੀਂ ਦਿੱਲੀ ਆਉਣ ਵਾਲੇ ਲੋਕਾਂ 'ਤੇ ਇਹ ਆਦੇਸ਼ ਲਾਗੂ ਨਹੀਂ ਹੋਵੇਗਾ।
ਖੰਨਾ/ਐੱਸ. ਏ. ਐੱਸ. ਨਗਰ, 24 ਫਰਵਰੀ (ਹਰਜਿੰਦਰ ਸਿੰਘ ਲਾਲ, ਕੇ. ਐੱਸ. ਰਾਣਾ)-ਪ੍ਰਸਿੱਧ ਪੰਜਾਬੀ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ (60) ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਰਦੂਲ ਸਿਕੰਦਰ ਨੇ ਸਵੇਰੇ ਕਰੀਬ 11:55 ਵਜੇ ਆਖਰੀ ਸਾਹ ਲਏ। ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਮਹੀਨਿਆਂ ਤੋਂ ਸ਼ੂਗਰ ਅਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਕਰੀਬ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਸਨ। ਦਸੰਬਰ ਮਹੀਨੇ 'ਚ ਕੋਰੋਨਾ ਪੀੜਤ ਹੋਣ ਕਾਰਨ ਉਨ੍ਹਾਂ ਨੂੰ ਛਾਤੀ ਵਿਚ ਇਨਫੈਕਸ਼ਨ ਅਤੇ ਕਿਡਨੀ ਦੀ ਸਮੱਸਿਆ ਸੀ। ਸਿਹਤ 'ਚ ਸੁਧਾਰ ਹੋਣ 'ਤੇ ਉਨ੍ਹਾਂ ਸਿੰਘੂ ਬਾਰਡਰ ਵਿਖੇ ਕਿਸਾਨੀ ਸੰਘਰਸ਼ 'ਚ ਸ਼ਾਮਿਲ ਹੁੰਦੇ ਹੋਏ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਪਰ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੜ ਹਸਪਤਾਲ ਦਾਖ਼ਲ ਹੋਣਾ ਪਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਅਤੇ ਉਨ੍ਹਾਂ ਦੇ ਬੇਟੇ ਸਾਰੰਗ ਅਤੇ ਅਲਾਪ ਤੋਂ ਇਲਾਵਾ ਗਾਇਕ ਬਲਵੀਰ ਰਾਏ ਖੰਨਾ ਵੀ ਕੋਲ ਸਨ। ਅਮਰ ਨੂਰੀ ਵਾਰ-ਵਾਰ ਬੇਹੋਸ਼ ਹੋ ਰਹੀ ਸੀ। ਸਰਦੂਲ ਸਿਕੰਦਰ ਦੀ ਦੇਹ ਅੱਜ ਸ਼ਾਮ ਕਰੀਬ 4 ਵਜੇ ਖੰਨਾ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪੁੱਜੀ, ਜਿੱਥੇ ਅਫ਼ਸੋਸ ਕਰਨ ਵਾਲੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਹੈ। ਕੱਲ੍ਹ (ਵੀਰਵਾਰ) 2 ਵਜੇ ਦੁਪਹਿਰ ਨੂੰ ਉਨ੍ਹਾਂ ਦੀ ਦੇਹ ਨੂੰ ਜੱਦੀ ਪਿੰਡ ਖੇੜੀ ਨੌਧ ਸਿੰਘ ਨੇੜੇ ਖੰਨਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਪੰਜਾਬੀ ਸੰਗੀਤ ਉਦਯੋਗ ਨੂੰ ਸਰਦੂਲ ਸਿਕੰਦਰ ਦੇ ਅਕਾਲ ਚਲਾਣੇ ਨਾਲ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਅਨੁਸਾਰ ਕੋਰੋਨਾ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਸਬੰਧੀ ਹੋਰ ਕਈ ਸਮੱਸਿਆਵਾਂ ਨੇ ਵੀ ਘੇਰ ਲਿਆ ਸੀ। ਸਰਦੂਲ ਸਿਕੰਦਰ ਦੇ ਪਰਿਵਾਰ ਨੇ ਦੇਰ ਸ਼ਾਮ ਨਕਸ਼ਾ ਜਾਰੀ ਕੀਤਾ, ਜਿਸ ਅਨੁਸਾਰ ਸਵੇਰੇ 10 ਵਜੇ ਸਰਦੂਲ ਦੀ ਮ੍ਰਿਤਕ ਦੇਹ ਨੂੰ ਲੈ ਕੇ ਸਾਰੇ ਸ਼ਹਿਰ 'ਚੋਂ ਘੁੰਮਾਉਂਦੇ ਹੋਏ ਬਾਅਦ ਦੁਪਹਿਰ 2 ਵਜੇ ਤੱਕ ਉਨ੍ਹਾਂ ਦੇ ਜੱਦੀ ਪਿੰਡ ਅੰਤਿਮ ਰਸਮਾਂ ਲਈ ਲਿਜਾਇਆ ਜਾਵੇਗਾ।
ਸਿਕੰਦਰ ਦੀਆਂ ਫ਼ਿਲਮਾਂ
ਸਰਦੂਲ ਸਿਕੰਦਰ ਨੇ 1991 'ਚ 'ਜੱਗਾ ਡਾਕੂ' ਫ਼ਿਲਮ ਵਿਚ ਪੁਲਿਸ ਇੰਸਪੈਕਟਰ ਦਾ ਰੋਲ ਕੀਤਾ, ਫਿਰ 'ਪੁਲਿਸ ਇਨ ਪਾਲੀਵੁੱਡ' ਫ਼ਿਲਮ 'ਚ ਵੀ ਰੋਲ ਨਿਭਾਇਆ ਸੀ। ਜਦੋਂ ਕਿ 'ਬਾਗ਼ੀ',' ਦਾ ਹੀਰੋ-ਏ ਲਵ ਸਟੋਰੀ ਆਫ਼ ਏ ਸਪਾਈ', 'ਪਿਆਸਾ', ਪੰਚਾਇਤ, ਇਸ਼ਕ ਨਚਾਏ ਗਲੀ-ਗਲੀ', ਦੁਸ਼ਮਣੀ ਜੱਟਾਂ ਦੀ' ਆਦਿ ਫ਼ਿਲਮਾਂ 'ਚ ਪਲੇਅ ਬੈਕ ਸਿੰਗਰ ਵਜੋਂ ਗਾਇਆ ਸੀ।
ਸਰਦੂਲ ਸਿਕੰਦਰ ਦੀ ਮੌਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਸਾਧੂ ਸਿੰਘ ਧਰਮਸੋਤ, ਮੀਕਾ ਸਿੰਘ, ਮਨਜਿੰਦਰ ਸਿੰਘ ਸਿਰਸਾ, ਗੁਰਦਾਸ ਮਾਨ, ਵਿਸ਼ਾਲ ਦਦਲਾਨੀ ਬਾਲੀਵੁੱਡ ਸੰਗਤੀਕਾਰ, ਦਿਲਜੀਤ ਦੁਸਾਂਝ, ਕਪਿਲ ਸ਼ਰਮਾ, ਹਰਸ਼ਦੀਪ ਕੌਰ, ਦਲੇਰ ਮਹਿੰਦੀ, ਜ਼ਰੀਨ ਖਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ 'ਚ ਮੈਂਬਰ ਪਾਰਲੀਮੈਂਟ ਅਤੇ ਪ੍ਰਮੁੱਖ ਗਾਇਕ ਮੁਹੰਮਦ ਸਦੀਕ, ਮੈਂਬਰ ਲੋਕ ਸਭਾ ਭਗਵੰਤ ਮਾਨ, ਵਿਧਾਇਕ ਗੁਰਕੀਰਤ ਸਿੰਘ, ਪ੍ਰਮੁੱਖ ਲੇਖਕ ਦਵਿੰਦਰ ਖੰਨੇ ਵਾਲਾ, ਗਾਇਕ ਹਰਭਜਨ ਮਾਨ, ਹਰਦੀਪ ਗਿੱਲ ਪਟਿਆਲਾ, ਸਤਵਿੰਦਰ ਬੁੱਗਾ, ਪੰਕਜ ਅਹੂਜਾ, ਸਚਿਨ ਅਹੂਜਾ, ਗੁਰਪ੍ਰੀਤ ਸਿੰਘ ਘੁੱਗੀ, ਖਾਨ ਸਾਹਿਬ, ਫ਼ਿਰੋਜ਼ ਖਾਨ, ਦੁਰਗਾ ਰੰਗੀਲਾ, ਸੁਰਾਜ ਮੁਹੰਮਦ, ਮਾ. ਸਲੀਮ, ਕੰਠ ਕਲੇਰ, ਕਰਮਜੀਤ ਅਨਮੋਲ, ਬੂਟਾ ਮੁਹੰਮਦ, ਹਰਜੀਤ ਰਾਣੋਂ, ਵਿਸ਼ਵਾ ਮਿੱਤਰ, ਗੁਰਲੇਜ਼ ਅਖ਼ਤਰ, ਰਜਨੀ ਜੈਨ ਆਰੀਆ, ਜੀ ਗੁਰੀ, ਆਰ ਗੁਰੂ, ਪੁਸ਼ਪਿੰਦਰ ਸਿੰਘ, ਜੀ ਖਾਨ, ਮੁਹੰਮਦ ਸਲੀਮ, ਕਰਮਾ ਰੋਪੜਾ ਵਾਲਾ, ਸ਼ੌਕਤ ਅਲੀ ਦੀਵਾਨਾ, ਹੁਸ਼ਿਆਰ ਮਾਹੀ, ਸ਼ਬਨਮ ਰਾਏ, ਕਮਲ ਖਾਨ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਯਾਦਵਿੰਦਰ ਸਿੰਘ ਜੰਡਾਲੀ, ਯਾਦਵਿੰਦਰ ਸਿੰਘ ਯਾਦੂ, ਡਾ. ਅਮਰਬੀਰ ਸਿੰਘ, ਏ. ਐਸ. ਕਾਲਜਾਂ ਤੇ ਸਕੂਲਾਂ ਦੇ ਸਾਬਕਾ ਟਰੱਸਟੀ ਰਣਜੀਤ ਸਿੰਘ ਹੀਰਾ, ਗੀਤਕਾਰ ਪਾਲਾ ਰਾਜੇਵਾਲੀਆ, ਪਵਨਦੀਪ, ਪਵਨ ਪ੍ਰਦੇਸੀ, ਬੀਬੀ ਫਾਤਿਮਾ, ਜਮੀਰ ਅਖ਼ਤਰ, ਰਾਜਵੀਰ ਸਿੰਘ ਲਿਬੜਾ ਆਦਿ ਸ਼ਾਮਿਲ ਹਨ।
ਪੰਜਾਬੀ ਸੰਗੀਤ ਦਾ ਸਿਕੰਦਰ ਸੀ ਸਰਦੂਲ-ਮਲਕੀਤ ਸਿੰਘ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੋਲਡਨ ਸਟਾਰ ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬੀ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸੁਰਾਂ ਦਾ ਬਾਦਸ਼ਾਹ ਸਰਦੂਲ ਸਿਕੰਦਰ ਪੰਜਾਬੀ ਗਾਇਕੀ ਦਾ ਵੀ ਸਿਕੰਦਰ ਸੀ। ਉਹ ਮਹਾਨ ਗਾਇਕ ਸਨ, ਜਿਨ੍ਹਾਂ ਦੇ ਗੀਤ ਨੂੰ ਹਰ ਉਮਰ ਦੇ ਸਰੋਤੇ ਨੇ ਮਨਾਂ ਮੂੰਹੀ ਪਿਆਰ ਦਿੱਤਾ। ਮਲਕੀਤ ਸਿੰਘ ਨੇ ਸਰਦੂਲ ਸਿਕੰਦਰ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਢੀਂਡਸਾ ਵਲੋਂ ਦੁੱਖ ਦਾ ਪ੍ਰਗਟਾਵਾ
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਸਵੀਰ ਸਿੰਘ ਗੜ੍ਹੀ ਵਲੋਂ ਦੁੱਖ ਪ੍ਰਗਟ
ਜਲੰਧਰ, (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਉੱਘੇ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਜਿੱਥੇ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਸਮਾਜ ਵੀ ਇਕ ਬਹੁਤ ਹੀ ਸੰਵੇਦਨਸ਼ੀਲ ਤੇ ਸੰਜੀਦਾ ਸ਼ਖਸੀਅਤ ਤੋਂ ਮਰਹੂਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਬਸਪਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੀ ਹੈ।
ਰਛਪਾਲ ਸਿੰਘ ਪਾਲ ਨੇ ਦੁੱਖ ਪ੍ਰਗਟਾਇਆ
ਪੰਜਾਬ ਦੇ ਰਫੀ ਤੇ ਉੱਘੇ ਸ਼ਾਇਰ ਰਛਪਾਲ ਸਿੰਘ ਪਾਲ ਨੇ ਵੀ ਸਰਦੂਲ ਸਿਕੰਦਰ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਦੁਨੀਆਂ 'ਤੇ ਸਿਕੰਦਰ ਤਾਂ ਬਹੁਤ ਹੋਏ ਪਰ ਸਰਦੂਲ ਸਿਕੰਦਰ ਵਰਗਾ ਕੋਈ ਨਹੀਂ ਹੋਣਾ। ਉਸ ਨੇ ਆਪਣੀ ਕਾਬਲੀਅਤ ਨਾਲ ਗਾਇਕੀ ਦੇ ਖੇਤਰ 'ਚ ਵੱਖਰੀ ਪਛਾਣ ਬਣਾਈ।
ਡੇਢ ਮਹੀਨੇ ਤੋਂ ਕੋਈ ਸਰਕਾਰੀ ਅਧਿਕਾਰੀ ਜਾਂ ਨੁਮਾਇੰਦਾ ਹਾਲ-ਚਾਲ ਜਾਣਨ ਨਹੀਂ ਸੀ ਬਹੁੜਿਆ
ਪੰਜਾਬੀ ਕਲਾਕਾਰਾਂ ਅਤੇ ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ 'ਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ ਕਿ ਪੰਜਾਬੀ ਗਾਇਕੀ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਇਕ ਵਿਲੱਖਣ ਥਾਂ ਦਿਵਾਉਣ ਵਿਚ ਯੋਗਦਾਨ ਪਾਉਣ ਵਾਲੇ ਸਰਦੂਲ ਸਿਕੰਦਰ ਬੇਸ਼ੱਕ ਕਰੀਬ ਡੇਢ ਮਹੀਨੇ ਤੋਂ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਸਨ ਪਰ ਇਸ ਦੌਰਾਨ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਉਨ੍ਹਾਂ ਦਾ ਹਾਲ-ਚਾਲ ਪੁੱਛਣ ਅਤੇ ਪਰਿਵਾਰ ਦੀ ਮਦਦ ਲਈ ਨਾ ਬਹੁੜਿਆ। ਚੰਡੀਗੜ੍ਹ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਜਨਰਲ ਸਕੱਤਰ ਦੀਪਕ ਚਨਾਰਥਲ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਸਮਰਪਿਤ ਸਾਫ ਸੁਥਰੀ ਗਾਇਕੀ ਵਾਲੇ ਕਲਾਕਾਰਾਂ ਦੀ ਬੇਕਦਰੀ ਬਹੁਤ ਹੀ ਮੰਦਭਾਗੀ ਗੱਲ ਹੈ।
ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਹੀ ਉਮੀਦ ਨਹੀਂ ਸੀ...
ਐੱਸ. ਅਸ਼ੋਕ ਭੌਰਾ
ਪੰਜਾਬੀ ਗਾਇਕੀ ਦੇ ਇਤਿਹਾਸ 'ਚ ਸਰਦੂਲ ਸਿਕੰਦਰ ਦੇ ਤੁਰ ਜਾਣ ਦੀ ਘਟਨਾ ਨੂੰ ਸਧਾਰਨ ਨਹੀਂ ਕਿਹਾ ਜਾ ਸਕਦਾ। ਸਰਦੂਲ ਸਿਕੰਦਰ ਨੇ ਤਿੰਨ ਦਹਾਕਿਆਂ ਦੀ ਸਰਗਰਮ ਪੰਜਾਬੀ ਗਾਇਕੀ 'ਚ ਕਿਤੇ ਵੀ ਅਜਿਹਾ ਕੁਝ ਨਹੀਂ ਗਾਇਆ, ਜਿਸ 'ਤੇ ਉਂਗਲ ਧਰੀ ਜਾ ਸਕੇ ਜਾਂ ਉਲਾਂਭਾ ਦਿੱਤਾ ਜਾ ਸਕੇ। ਬਾਬੇ ਮਰਦਾਨੇ ਦੀ ਕੁੱਲ ਜਾਣੀ ਜਾਂਦੀ 'ਮੀਰ ਆਲਮ' ਘਰਾਣੇ ਨਾਲ ਸਬੰਧਿਤ ਇਹ ਪਰਿਵਾਰ ਪੂਰੇ ਦਾ ਪੂਰਾ ਸੰਗੀਤ ਨੂੰ ਸਮਰਪਿਤ ਰਿਹਾ ਹੈ। ਪਿਤਾ ਸਾਗਰ ਮਸਤਾਨਾ ਆਪਣੇ ਵੇਲੇ ਦੇ ਪ੍ਰਸਿੱਧ ਤਬਲਾ ਵਾਦਕ ਤੇ ਸੰਗੀਤਕਾਰ ਸਨ। ਉਨ੍ਹਾਂ ਦੇ ਤਿੰਨੇ ਪੁੱਤਰ ਵੱਡਾ ਗਮਦੂਰ ਅਮਨ ਸਭ ਤੋਂ ਸੁਰੀਲਾ ਗਵੱਈਆ, ਵਿਚਕਾਰਲਾ ਭਰਪੂਰ ਅਲੀ ਚੜ੍ਹਦੇ ਪੰਜਾਬ 'ਚ ਛਟੀ ਨਾਲ ਤਬਲਾ ਵਜਾਉਣ ਦੀ ਪਹਿਲੀ ਪਿਰਤ ਪਾਉਣ ਵਾਲਾ ਤਬਲਾਵਾਦਕ ਤੇ ਸਭ ਤੋਂ ਛੋਟਾ ਸਰਦੂਲ ਸਿੰਕਦਰ, ਜਿਸ ਨੇ ਗਾਇਕੀ ਦਾ ਸਫ਼ਰ ਸਰਦੂਲ ਸਿੰਘ ਚਮਨ ਦੇ ਨਾਂਅ ਨਾਲ ਸ਼ੁਰੂ ਕੀਤਾ ਸੀ, ਪੰਜਾਬੀ ਗਾਇਕੀ ਦੇ ਸਿਖਰਲੇ ਪੌੜੇ ਤੱਕ ਅੱਪੜਿਆ। ਮਾਂ ਲੀਲਾਵਤੀ ਦੇ ਤਿੰਨੇ ਪੁੱਤਰ ਹੁਣ ਸਾਡੇ ਵਿਚਕਾਰ ਨਹੀਂ ਰਹੇ। 1961 ਨੂੰ ਜਨਮੇ ਸਰਦੂਲ ਸਿਕੰਦਰ ਦਾ ਪਰਿਵਾਰ ਉਸਤਾਦ ਸੰਗੀਤਕਾਰ ਜਸਵੰਤ ਭੰਵਰਾ ਦੇ ਬਹੁਤ ਨੇੜੇ ਰਿਹਾ ਪਰ ਸਰਦੂਲ ਸਿਕੰਦਰ ਨੇ ਰਸਮੀ ਤੌਰ 'ਤੇ ਆਪਣਾ ਉਸਤਾਦ ਸੰਗੀਤ ਸਮਰਾਟ ਚਰਨਜੀਤ ਅਹੂਜਾ ਨੂੰ ਬਣਾਇਆ। 'ਰੋਡਵੇਜ਼ ਦੀ ਲਾਰੀ' ਨੂੰ ਚਰਨਜੀਤ ਅਹੂਜਾ ਨੇ ਰਿਕਾਰਡ ਕੀਤਾ, ਜਲੰਧਰ ਦੂਰਦਰਸ਼ਨ ਨੇ ਸਭ ਤੋਂ ਹਿੱਟ ਬਣਾਇਆ, 'ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ' ਅਤੇ 'ਰੀਲਾਂ ਦੀ ਦੁਕਾਨ' ਦੋ ਐਲਬਮਾਂ ਨਾਲ ਚਰਨਜੀਤ ਅਹੂਜਾ ਨੇ ਸਰਦੂਲ ਸਿਕੰਦਰ ਨੂੰ ਪੰਜਾਬੀ ਗਾਇਕੀ 'ਚ ਵਾਹੋਦਾਹੀ ਅੱਗੇ ਲੈ ਕੇ ਆਉਂਦਾ। ਜਿਹੜੀਆਂ ਸੁਰਾਂ 'ਤੇ ਗਲੇ ਦੀਆਂ ਮੁਰਕੀਆਂ ਸਰਦੂਲ ਲਾ ਸਕਦਾ ਸੀ ਉਹ ਨਹੀਂ ਕਿਸੇ ਤੋਂ ਲੱਗਣਗੀਆਂ। ਮੌਲੀ ਬੈਦਵਾਨ ਦੇ ਰੋਪੜ ਵਸਦੇ ਰੌਸ਼ਨ ਸਾਗਰ ਦੀ ਸਪੁੱਤਰੀ ਅਮਰ ਨੂਰੀ ਨਾਲ ਜਦੋਂ ਸਰਦੂਲ ਦਾ ਨਿਕਾਹ ਹੋਇਆ ਤਾਂ ਸੰਗੀਤ ਦੇ ਖੇਤਰ 'ਚ ਇਸ ਘਟਨਾ ਨੂੰ ਏਦਾਂ ਕਿਹਾ ਜਾਂਦਾ ਸੀ ਕਿ ਦੁੱਧ 'ਚ ਗੁਲਾਬ ਡਿਗ ਪਿਆ। ਇਸ ਜੋੜੀ ਨੇ ਪੰਜਾਬੀ ਗਾਇਕੀ ਨੂੰ ਸਹੀ ਅਰਥਾਂ 'ਚ ਇਖਲਾਕੀ ਰੰਗ ਪੂਰੀ ਤਰ੍ਹਾਂ ਚੜ੍ਹਾ ਕੇ ਰੱਖਿਆ। ਦੁੱਖ ਰਹੇਗਾ ਕਿ ਸਰਦੂਲ ਸਿਕੰਦਰ ਨੂੰ ਦਿਲ ਦੇਣ ਵਾਲੀ ਅਮਰ ਨੂਰੀ ਨੇ ਕੁਝ ਸਾਲ ਪਹਿਲਾਂ ਜਦੋਂ ਉਸ ਦੇ (ਸਰਦੂਲ ਸਿੰਕਦਰ) ਦੋਵੇਂ ਗੁਰਦੇ ਨਕਾਰਾ ਹੋ ਗਏ ਸਨ ਤਾਂ ਆਪਣੇ ਸਾਹਾਂ ਦੇ ਸੰਗੀ ਦੀ ਉਮਰ ਖਿੱਚ ਕੇ ਲੰਮੀ ਕਰਨ ਲਈ ਆਪਣਾ ਗੁਰਦਾ ਵੀ ਦੇ ਦਿੱਤਾ ਸੀ ਪਰ ਨੂਰੀ ਆਪਣੇ ਪਤੀ ਦੀ ਉਮਰ ਹੋਰ ਲੰਬੀ ਨਾ ਕਰ ਸਕੀ।
ਮਕਬੂਲ ਗੀਤ
ਉਹ ਮਸ਼ਹੂਰ ਤਬਲਾ ਵਾਦਕ ਸਾਗਰ ਮਸਤਾਨਾ ਦੇ ਬੇਟੇ ਸਨ। ਉਸ ਦੀਆਂ ਪ੍ਰਸਿੱਧ ਐਲਬਮਾਂ 'ਚੋਂ 'ਹੁਸਨਾ ਦੇ ਮਾਲਕੋ ਸਤਾਇਆ ਨਾ ਕਰੋ' ਦੀਆਂ 55 ਲੱਖ ਦੇ ਕਰੀਬ ਕਾਪੀਆਂ ਵਿਕੀਆਂ ਦੱਸੀਆਂ ਜਾਂਦੀਆਂ ਹਨ। ਉਨ੍ਹਾਂ ਨੇ ਹੁਣ ਤੱਕ ਦਰਜਨਾਂ ਸੰਗੀਤਕ ਐਲਬਮਾਂ ਦਿੱਤੀਆਂ, ਜਿਨ੍ਹਾਂ ਵਿਚ ਧਾਰਮਿਕ, ਸਮਾਜਿਕ, ਸਿੰਗਲ ਗੀਤ ਅਤੇ ਦੋਗਾਣੇ ਵੀ ਸ਼ਾਮਿਲ ਹਨ। ਉਨ੍ਹਾਂ ਦੇ ਮਕਬੂਲ ਗੀਤਾਂ 'ਚ 'ਆ ਗਈ ਰੋਡਵੇਜ਼ ਦੀ ਲਾਰੀ', 'ਫੁੱਲਾਂ ਦੀਏ ਕੱਚੀਏ ਵਪਾਰਨੇ', 'ਸਿੱਖ ਲੈ ਕਲੇਹਰਿਆ ਮੋਰਾਂ, ਵੇ ਤੁਰਨਾ ਤੋਰ ਪੰਜਾਬਣ ਦੀ', 'ਜਿਨ੍ਹਾਂ ਦੇ ਰੂਪ ਨੇ ਸੋਹਣੇ, ਉਨ੍ਹਾਂ ਦੇ ਲੇਖ ਨੇ ਖੋਟੇ', 'ਫਿਰ ਵੇਖ ਵੇਖ ਰੋਵੀ, ਮੇਰੇ ਗੁੱਡੀਆਂ ਪਟੋਲੇ', 'ਇਕ ਤੂੰ ਹੋਵੇ, ਮੈਂ ਹੋਵਾਂ', ਸਾਡਿਆਂ ਪਰਾਂ ਤੋਂ ਸਿੱਖੀ ਉਡਣਾ, ਬਹਿ ਗਈ ਦੂਰ ਕੀਤੇ ਆਲ੍ਹਣਾ ਬਣਾ ਕੇ, 'ਓਸ ਕੁੜੀ ਨੇ', 'ਨਖਰਾ ਜਨਾਬ ਦਾ', 'ਤੋਰ ਪੰਜਾਬਣ ਦੀ', 'ਇਕ ਕੁੜੀ ਦਿਲ ਮੰਗਦੀ', 'ਜੁਗ ਜੁਗ ਜਿਉਣ ਭਾਬੀਆਂ', 'ਡੋਲੀ ਮੇਰੀ ਮਸ਼ੂਕ ਦੀ', 'ਚਰਖਾ', 'ਯਾਰੀ ਪ੍ਰਦੇਸੀਆਂ ਦੀ', 'ਜੀ. ਟੀ. ਰੋਡ' ਆਦਿ ਵਰਗੇ ਅਨੇਕਾਂ ਹੋਰ ਗੀਤ ਸ਼ਾਮਿਲ ਹਨ। ਧਾਰਮਿਕ ਗੀਤਾਂ 'ਚ 'ਬੋਲੇ ਸੋ ਨਿਹਾਲ,' ਪੰਥ ਖ਼ਾਲਸਾ', ਖਾਲਸੇ ਦੀ ਚੜ੍ਹਦੀ ਕਲਾ', 'ਸੀਸਾਂ ਦੇ ਵਣਜਾਰੇ' ਅਤੇ ਪੰਥ ਸਜਾਇਆ ਹੈ' ਵਰਗੀਆਂ ਐਲਬਮਾਂ ਵੀ ਸ਼ਾਮਿਲ ਹਨ।
ਪੰਜਾਬ ਮੰਤਰੀ ਮੰਡਲ ਵਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 24 ਫਰਵਰੀ (ਏਜੰਸੀ)-ਪੰਜਾਬ ਮੰਤਰੀ ਮੰਡਲ ਨੇ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸਰਦੂਲ ਸਿਕੰਦਰ ਦੇ ਹਸਪਤਾਲ ਵੱਲ 10 ਲੱਖ ਰੁਪਏ ਦੇ ਬਕਾਏ ਦੀ ਅਦਾਇਗੀ ਸਰਕਾਰ ਵਲੋਂ ਕੀਤੀ ਜਾਵੇਗੀ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦਾ ਗਿਆ ਕਿ ਸਰਦੂਲ ਸਿੰਕਦਰ ਦੇ ਪਰਿਵਾਰ ਕੋਲ ਹਸਪਤਾਲ ਦਾ ਬਕਾਇਆ ਦੇਣ ਲਈ ਕੋਈ ਪੈਸਾ ਨਹੀਂ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਦਾ ਨਿਪਟਾਰਾ ਕਰਨ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਸਰਦੂਲ ਸਿਕੰਦਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਚੰਡੀਗੜ੍ਹ, 24 ਫਰਵਰੀ, (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ 'ਸੀਮਾ ਰਹਿਤ ਮਿੰਨੀ ਬੱਸ ਪਰਮਿਟ ਪਾਲਿਸੀ' ਦਾ ਐਲਾਨ ਕੀਤਾ ਜਿਸ ਤਹਿਤ ਪੇਂਡੂ ਨੌਜਵਾਨਾਂ ਲਈ ਅਜਿਹੇ ਪਰਮਿਟਾਂ ਲਈ ਅਪਲਾਈ ਕਰਨ ਵਾਸਤੇ ਕੋਈ ਸਮਾਂ ਹੱਦ ਨਹੀਂ ਹੈ। ਇਸ ਮੌਕੇ ਉਨ੍ਹਾਂ ਵਲੋਂ ਡਰਾਈਵਿੰਗ ਲਾਇਸੈਂਸਾਂ ਦੀ ਘਰ-ਘਰ ਡਲਿਵਰੀ ਸਮੇਤ ਰਾਜ ਟਰਾਂਸਪੋਰਟ ਵਿਭਾਗ ਦੇ ਹਾਈ-ਟੈੱਕ ਇੰਸਟੀਚਿਊਟਜ਼ ਦਾ ਨੀਂਹ ਪੱਥਰ ਵੀ ਰੱਖਿਆ। ਮੁੱਖ ਮੰਤਰੀ ਨੇ 'ਘਰ-ਘਰ ਰੋਜ਼ਗਾਰ ਤੇ ਕਾਰੋਬਾਰ' ਮਿਸ਼ਨ ਨੂੰ ਹੋਰ ਅੱਗੇ ਲਿਜਾਂਦੇ ਹੋਏ ਪੇਂਡੂ ਨੌਜਵਾਨਾਂ ਲਈ 3000 ਮਿੰਨੀ ਬੱਸ ਪਰਮਿਟਾਂ ਦੀ ਵੰਡ ਦੀ ਵਰਚੂਅਲ ਸ਼ੁਰੂਆਤ ਕੀਤੀ ਅਤੇ ਸੰਕੇਤਕ ਰੂਪ ਵਿਚ ਪੰਜ ਲਾਭਪਾਤਰੀਆਂ ਨੂੰ ਪਰਮਿਟ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਾਕੀ ਸਮੇਂ ਵਿਚ 8000 ਹੋਰ ਪਰਮਿਟ ਜਾਰੀ ਹੋਣਗੇ। ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਸਾਰੇ ਬੱਸ ਪਰਮਿਟਾਂ ਦੀਆਂ ਅਰਜ਼ੀਆਂ ਦੀ ਪ੍ਰਾਪਤੀ ਅਤੇ ਅਗਲੇਰੀ ਪ੍ਰਕਿਰਿਆ ਲਈ ਅਗਲੇ ਤਿੰਨ ਮਹੀਨਿਆਂ 'ਚ ਆਨਲਾਈਨ ਸੁਵਿਧਾ ਸਿਰਜਣ ਦੀ ਹਦਾਇਤ ਕੀਤੀ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੇਂਡੂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਔਰਤਾਂ ਅਤੇ ਬੱਚਿਆਂ ਲਈ ਯਾਤਰਾ ਨੂੰ ਵਧੇਰੇ ਸੁਰੱਖਿਅਤ ਬਣਾਉਣ, ਯਾਤਰੀਆਂ ਅਤੇ ਪੈਦਲ ਚੱਲਣ ਵਾਲਿਆਂ ਲਈ ਵਾਹਨਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ, ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਸਰਕਾਰੀ ਸੇਵਾਵਾਂ ਦੀ ਘਰ-ਘਰ ਪਹੁੰਚ ਜਿਹੇ ਉਦੇਸ਼ਾਂ ਦੀ ਪ੍ਰਾਪਤੀ ਰਾਹ ਪੱਧਰਾ ਕੀਤਾ ਹੈ। 15.50 ਕਰੋੜ ਰੁਪਏ ਦੀ ਲਾਗਤ ਨਾਲ ਜੀ.ਪੀ.ਐਸ. ਡਿਵਾਈਸ ਪ੍ਰਾਜੈਕਟ ਮਹਿਲਾਵਾਂ ਅਤੇ ਬੱਚਿਆਂ ਲਈ ਯਾਤਰਾ ਨੂੰ ਵਧੇਰੇ ਸੁਰੱਖਿਅਤ ਬਣਾਏਗਾ। ਪਨਬੱਸ ਦੀਆਂ 100 ਫ਼ੀਸਦੀ ਬੱਸਾਂ ਅਤੇ ਪੀ.ਆਰ.ਟੀ.ਸੀ. ਦੀਆਂ 50 ਫ਼ੀਸਦੀ ਬੱਸਾਂ ਵਿਚ ਪਹਿਲਾਂ ਹੀ ਅਜਿਹੇ ਉਪਕਰਨ ਲਗਾਏ ਜਾ ਚੁੱਕੇ ਹਨ।
ਇਸ ਮੌਕੇ ਮੁੱਖ ਮੰਤਰੀ ਨੇ 'ਘਰ-ਘਰ ਰੋਜ਼ਗਾਰ ਤੇ ਕਾਰੋਬਾਰ' ਮਿਸ਼ਨ ਤਹਿਤ 22.50 ਕਰੋੜ ਰੁਪਏ ਦੀ ਲਾਗਤ ਨਾਲ 'ਡਰਾਈਵਿੰਗ ਅਤੇ ਟ੍ਰੈਫ਼ਿਕ ਖੋਜ ਸੰਸਥਾ (ਆਈ.ਡੀ.ਟੀ.ਆਰ.) ਕਪੂਰਥਲਾ ਦਾ ਨੀਂਹ ਪੱਥਰ ਵੀ ਰੱਖਿਆ। ਇਸ ਇੰਸਟੀਚਿਊਟ ਨੂੰ ਟਾਟਾ ਮੋਟਰਜ਼ ਦੁਆਰਾ ਸੰਚਾਲਿਤ ਕੀਤਾ ਜਾਵੇਗਾ ਜਿਸ ਵਿਚ ਉਮੀਦਵਾਰਾਂ ਦੇ ਡਰਾਈਵਿੰਗ ਹੁਨਰਾਂ ਦਾ ਮੁਲਾਂਕਣ ਕਰਨ ਲਈ ਕੈਮਰਾ ਆਧਾਰਿਤ ਨਵੀਨਤਮ ਡਰਾਈਵਿੰਗ ਸਿਸਟਮ (ਆਈ.ਡੀ.ਟੀ.ਐੱਸ.) ਹੋਵੇਗਾ। ਮੁੱਖ ਮੰਤਰੀ ਨੇ 17.16 ਕਰੋੜ ਰੁਪਏ ਦੀ ਲਾਗਤ ਨਾਲ ਵਾਹਨ ਨਿਰੀਖਣ ਅਤੇ ਪ੍ਰਮਾਣੀਕਰਨ ਕੇਂਦਰ, ਕਪੂਰਥਲਾ ਦਾ ਨੀਂਹ ਪੱਥਰ ਵੀ ਰੱਖਿਆ। ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਘਰ-ਘਰ ਪਹੁੰਚਾਉਣ ਦੀ ਸਹੂਲਤ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਘਰ-ਘਰ ਸਰਕਾਰੀ ਸੇਵਾਵਾਂ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਇਸ ਵਿਲੱਖਣ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਹੈ।
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਨ 'ਚ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ ਸ਼ਿਵਾ ਪ੍ਰਸਾਦ ਨੇ ਕਿਹਾ ਕਿ ਦਸਤਾਵੇਜ਼ਾਂ ਦੀ ਘਰ-ਘਰ ਡਲਿਵਰੀ ਭ੍ਰਿਸ਼ਟਾਚਾਰ ਅਤੇ ਨਾਜਾਇਜ਼ ਦਲਾਲਾਂ ਅਤੇ ਏਜੰਟਾਂ ਨੂੰ ਨੱਥ ਪਾਉਣ ਵਿੱਚ ਮਹੱਤਵਪੂਰਨ ਸਾਬਤ ਹੋਵੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਦੀਆਂ ਪਹਿਲਕਦਮੀਆਂ ਨੂੰ ਪਾਰਟੀ ਦੇ ਵਾਅਦਿਆਂ ਨੂੰ ਪੂਰਾ ਕੀਤੇ ਜਾਣਾ ਕਰਾਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ, ਪੰਜਾਬ ਯੂਥ ਕਾਂਗਰਸ ਦੇ ਬਰਿੰਦਰ ਸਿੰਘ ਢਿੱਲੋਂ, ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਹਾਜ਼ਰ ਸਨ।
ਹਰਕਵਲਜੀਤ ਸਿੰਘ
ਚੰਡੀਗੜ੍ਹ, 24 ਫਰਵਰੀ-ਪੰਜਾਬ ਮੰਤਰੀ ਮੰਡਲ ਦੀ ਇਥੇ ਹੋਈ ਇਕ ਵਰਚੂਅਲ ਬੈਠਕ ਦੌਰਾਨ ਸੂਬੇ 'ਚ ਕਮਜ਼ੋਰ ਆਰਥਿਕ ਵਰਗਾਂ ਲਈ 25 ਹਜ਼ਾਰ ਤੋਂ ਵਧੇਰੇ ਘਰਾਂ ਦੀ ਉਸਾਰੀ ਸਬੰਧੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਲੋਂ ਫ਼ੈਸਲਾ ਲਿਆ ਗਿਆ ਕਿ ਜੋ ਲੋਕ 10 ਸਾਲ ਤੋਂ ਪਹਿਲਾਂ ਦੇ ਸੂਬੇ 'ਚ ਰਿਹਾਇਸ਼ ਦਾ ਸਬੂਤ ਦੇ ਸਕਣਗੇ, ਉਹ ਇਸ ਸਕੀਮ ਹੇਠ ਬਿਨੈਕਾਰ ਬਣ ਸਕਣਗੇ ਪਰ ਵਿਆਹ ਨਾ ਕਰਵਾਉਣ ਵਾਲੇ ਜਾਂ ਛੜੇ ਇਸ ਸਕੀਮ ਦਾ ਫ਼ਾਇਦਾ ਨਹੀਂ ਲੈ ਸਕਣਗੇ। ਇਸ ਸਕੀਮ ਹੇਠ ਉਸੇ ਬਿਨੈਕਾਰ ਨੂੰ ਡਰਾਅ 'ਚ ਸ਼ਾਮਿਲ ਕੀਤਾ ਜਾਵੇਗਾ, ਜਿਸ ਦੇ ਬੇਨਤੀ ਪੱਤਰ ਨੂੰ ਬੈਂਕਾਂ ਵਲੋਂ ਕਰਜ਼ਾ ਦੇਣ ਲਈ ਸਹਿਮਤੀ ਦਿੱਤੀ ਜਾਵੇਗੀ ਤੇ ਬਿਨੈਕਾਰ ਉਕਤ ਘਰ ਨੂੰ 15 ਸਾਲ ਤੱਕ ਵੇਚ ਨਹੀਂ ਸਕੇਗਾ ਤੇ ਉਸ ਦੇ ਨਾਂਅ ਜਾਂ ਪਤਨੀ ਦੇ ਨਾਂਅ 'ਤੇ ਪੰਜਾਬ ਤੇ ਚੰਡੀਗੜ੍ਹ 'ਚ ਕੋਈ ਘਰ ਨਹੀਂ ਹੋਵੇਗਾ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਘਰ ਮੁਨਾਸਬ ਰੇਟਾਂ 'ਤੇ ਮਹੀਨੇਵਾਰ ਕਿਸ਼ਤਾਂ ਜ਼ਰੀਏ ਬੈਂਕਾਂ ਵਲੋਂ ਮੁਹੱਈਆ ਕਰਵਾਏ ਜਾਣ ਵਾਲੇ ਕਰਜ਼ੇ ਰਾਹੀਂ ਅਲਾਟ ਕੀਤੇ ਜਾਣਗੇ ਤੇ ਇਨ੍ਹਾਂ ਕੰਪਲੈਕਸਾਂ ਲਈ ਰਾਜ ਸਰਕਾਰ ਲੋੜੀਂਦਾ ਮੁਢਲਾ ਢਾਂਚਾ, ਜਿਸ 'ਚ ਕਮਿਊਨਿਟੀ ਸੈਂਟਰ, ਸਕੂਲ ਜਾਂ ਡਿਸਪੈਂਸਰੀਆਂ ਆਦਿ ਦਾ ਪ੍ਰਬੰਧ ਵੀ ਕਰਵਾਏਗੀ। ਬੁਲਾਰੇ ਨੇ ਕਿਹਾ ਕਿ ਅਜਿਹੇ ਕੰਪਲੈਕਸਾਂ ਦਾ ਆਕਾਰ 12 ਤੋਂ 16 ਏਕੜ ਤੱਕ ਹੋਣਾ ਚਾਹੀਦਾ ਹੈ ਤੇ ਇਹ ਘੱਟੋ ਘੱਟ 40 ਫੁੱਟ ਦੀ ਮੌਜੂਦਾ ਸੜਕ 'ਤੇ ਬਣ ਸਕਣਗੇ। ਇਕ ਏਕੜ 'ਚ 80 ਯੂਨਿਟ ਜਾਂ ਗਰੁੱਪ ਹਾਊਸਿੰਗ ਪ੍ਰੋਜੈਕਟ ਹੇਠ ਫਲੈਟ ਬਣਾਏ ਜਾਣਗੇ।
ਕਾਡਰ ਵੱਖ ਹੋਣਗੇ
ਮੰਤਰੀ ਮੰਡਲ ਵਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਸਾਂਝੇ ਕਾਡਰਾਂ ਦੀ ਵੰਡ ਨੂੰ ਵੀ ਹਰੀ ਝੰਡੀ ਦਿੱਤੀ ਗਈ। ਹਾਲਾਂਕਿ, 1973 'ਚ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਹੋਂਦ 'ਚ ਆ ਗਿਆ ਸੀ ਪਰ ਇਸ ਵਿਭਾਗ ਅਧੀਨ ਪੈਰਾ-ਮੈਡੀਕਲ ਸਟਾਫ਼ ਦੀਆਂ ਵੱਖ-ਵੱਖ ਕੈਟਾਗਰੀਆਂ ਦੀ ਕਾਡਰ ਕੰਟਰੋਲਿੰਗ ਅਥਾਰਿਟੀ ਅਜੇ ਵੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੈ ਤੇ ਦਰਜਾ-3 ਅਤੇ 4 ਲਈ ਸਾਂਝੀ ਸਿਨੀਆਰਤਾ ਹੈ। ਹੁਣ ਦੋਹਾਂ ਵਿਭਾਗਾਂ ਦੇ ਕਾਡਰ ਵੱਖੋ-ਵੱਖ ਹੋਣ ਨਾਲ ਉਨ੍ਹਾਂ ਦੀ ਵਿਭਾਗੀ ਸਿਨੀਆਰਤਾ ਵੀ ਵੱਖੋ-ਵੱਖ ਹੋ ਜਾਵੇਗੀ।
ਮੋਟਰ ਵਹੀਕਲ ਕਰ ਦੀ ਵਸੂਲੀ ਤੇ ਰਿਫੰਡ ਲਈ ਸੋਧ ਨੂੰ ਪ੍ਰਵਾਨਗੀ
ਮੰਤਰੀ ਮੰਡਲ ਵਲੋਂ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ 1924 'ਚ ਕੁਝ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਦਾ ਮੰਤਵ ਪੰਜਾਬ ਤੋਂ ਬਾਹਰ ਜਾਣ ਵਾਲੇ ਵਾਹਨ ਮਾਲਕਾਂ ਨੂੰ ਵਾਹਨ ਬਾਹਰ ਰਜਿਸਟਰ ਕਰਵਾਉਣ ਤੇ ਪੰਜਾਬ ਤੋਂ ਬਾਹਰ ਵਾਹਨ ਵੇਚਣ ਲਈ ਇਕਮੁਸ਼ਤ ਟੈਕਸ ਦੀ ਕੀਤੀ ਅਦਾਇਗੀ ਤੋਂ ਰਿਫੰਡ ਮਿਲੇ ਸਕੇਗਾ, ਜੋ ਕਿ ਸਮੇਂ-ਸਮੇਂ ਸਰਕਾਰ ਵਲੋਂ ਨਿਰਧਾਰਤ ਕੀਤੇ ਜਾਣ ਵਾਲੇ ਨਿਯਮਾਂ ਅਨੁਸਾਰ ਹੋਵੇਗਾ। ਦੂਜੇ ਰਾਜਾਂ ਦੀਆਂ ਰਜਿਸਟਰਡ ਗੱਡੀਆਂ ਨੂੰ ਪੰਜਾਬ 'ਚ ਦਾਖ਼ਲੇ ਮੌਕੇ ਕਰ ਦੀ ਅਦਾਇਗੀ ਕਰਨੀ ਪਵੇਗੀ, ਜੋ ਸਰਕਾਰ ਵਲੋਂ ਨਿਰਧਾਰਤ ਕੀਤੀ ਜਾਵੇਗੀ। ਇਸੇ ਤਰ੍ਹਾਂ ਸਟੇਟ ਕੈਰਜ ਪਰਮਿਟ ਜਾਰੀ ਕਰਨ ਸਮੇਂ ਵੀ ਬੱਸਾਂ 'ਤੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਸੂਲੀ ਹੋਵੇਗੀ, ਜਦੋਂਕਿ ਵੱਡੀਆਂ ਬੱਸਾਂ ਨੂੰ ਵਧਾਏ ਗਏ ਰੂਟ 'ਤੇ ਵਧੀ ਮਾਈਲੇਜ ਨਾਲ ਬੱਸ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ ਪਰ ਉਨ੍ਹਾਂ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਕਰ ਦੀ ਅਦਾਇਗੀ ਕਰਨੀ ਪਵੇਗੀ।
ਜੇਲ੍ਹਾਂ ਦੀ ਸੁਰੱਖਿਆ ਦੀ ਮਜ਼ਬੂਤੀ ਲਈ 'ਜੇਲ੍ਹ ਐਕਟ' ਵਿਚ ਤਰਮੀਮਾਂ ਨੂੰ ਹਰੀ ਝੰਡੀ
ਮੰਤਰੀ ਮੰਡਲ ਵਲੋਂ 'ਜੇਲ੍ਹ ਐਕਟ' 1894 'ਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਿਨ੍ਹਾਂ ਲਈ ਆਉਂਦੇ ਵਿਧਾਨ ਸਭਾ ਦੇ ਸਮਾਗਮ 'ਚ ਸੋਧ ਬਿੱਲ ਪੇਸ਼ ਹੋਵੇਗਾ ਤੇ ਇਨ੍ਹਾਂ ਸੋਧਾਂ ਦਾ ਮੰਤਵ ਜੇਲ੍ਹ ਅਨੁਸ਼ਾਸਨ ਨੂੰ ਲਾਗੂ ਕਰਵਾਉਣਾ ਤੇ ਜੇਲ੍ਹਾਂ 'ਚ ਹੁੰਦੇ ਦੰਗਾ ਫ਼ਸਾਦ ਜੁਰਮਾਂ ਤੇ ਜੇਲ੍ਹ ਤੋਂ ਭੱਜਣ ਜਾਂ ਮੋਬਾਈਲ ਦੀ ਵਰਤੋਂ ਵਰਗੇ ਜੁਰਮਾਂ ਲਈ ਸਜ਼ਾਵਾਂ ਨੂੰ ਹੋਰ ਵਧਾਉਣਾ ਅਤੇ ਸਖ਼ਤ ਕਰਨਾ ਹੈ। ਮੰਤਰੀ ਮੰਡਲ ਵਲੋਂ ਜਿਨ੍ਹਾਂ ਸੋਧਾਂ ਨੂੰ ਅੱਜ ਪ੍ਰਵਾਨਗੀ ਦਿੱਤੀ ਗਈ, ਉਨ੍ਹਾਂ ਅਨੁਸਾਰ ਹੁਣ ਜੇਲ੍ਹ ਜ਼ਾਬਤੇ ਦੀ ਉਲੰਘਣਾ ਲਈ ਘੱਟੋ-ਘੱਟ ਤਿੰਨ ਸਾਲ ਦੀ ਕੈਦ ਅਤੇ ਵੱਧ ਤੋਂ ਵੱਧ 7 ਸਾਲ ਦੀ ਕੈਦ ਤੇ 50 ਹਜ਼ਾਰ ਤੋਂ ਵੱਧ ਦਾ ਜੁਰਮਾਨਾ ਹੋ ਸਕੇਗਾ, ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ ਕੈਦ ਇਕ ਸਾਲ ਹੋਣ ਵਧਾਈ ਜਾ ਸਕੇਗੀ। ਦੂਜੀ ਵਾਰ ਕਿਸੇ ਕੈਦੀ ਦੇ ਦੋਸ਼ੀ ਪਾਏ ਜਾਣ 'ਤੇ ਉਸ ਨੂੰ ਘੱਟੋ-ਘੱਟ ਸਜ਼ਾ 5 ਸਾਲ ਹੋਵੇਗੀ, ਜਿਸ ਨੂੰ 10 ਸਾਲ ਤੱਕ ਵਧਾਇਆ ਜਾ ਸਕੇਗਾ ਤੇ 5 ਲੱਖ ਦਾ ਜੁਰਮਾਨਾ ਵੀ ਹੋ ਸਕੇਗਾ। ਉਕਤ ਸਜ਼ਾਵਾਂ ਪਹਿਲੀ ਸਜ਼ਾ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋਣਗੀਆਂ। ਜੇਲ੍ਹਾਂ 'ਚ ਨਸ਼ਾ ਫੜੇ ਜਾਣ ਲਈ ਵੀ ਹੁਣ ਉਕਤ ਤਰਮੀਮਾਂ ਅਧੀਨ ਸਖ਼ਤ ਸਜ਼ਾਵਾਂ ਹੋ ਸਕਣਗੀਆਂ। ਇਸ ਵੇਲੇ ਮੋਬਾਈਲ ਵਰਤੋਂ ਦੀ ਇਕ ਸਾਲ ਦੀ ਕੈਦ ਤੇ 25 ਹਜ਼ਾਰ ਰੁਪਏ ਦੇ ਜੁਰਮਾਨੇ ਦਾ ਨਿਯਮਾਂ 'ਚ ਉਪਬੰਧ ਹੈ।
ਨਵੀਂ ਦਿੱਲੀ, 24 ਫਰਵਰੀ (ਏਜੰਸੀ)-ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਅਨੁਸੂਚਿਤ ਜਾਤੀਆਂ (ਐਸ.ਸੀ.) ਲਈ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ, ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਪੰਜਾਬ ਦੇ ਸਾਬਕਾ ਮੰਤਰੀ ਤੀਕਸ਼ਨ ਸੂਦ ਤੋਂ ਇਲਾਵਾ ਪੰਜਾਬ ਭਾਜਪਾ ਦੇ ਵੱਡੀ ਗਿਣਤੀ 'ਚ ਹਾਜ਼ਰ ਅਹੁਦੇਦਾਰਾਂ ਵਲੋਂ ਉਨ੍ਹਾਂ ਨੂੰ ਅਹੁਦਾ ਸੰਭਾਲਣ 'ਤੇ ਸੁੱਭ-ਕਾਮਨਾਵਾਂ ਦਿੱਤੀਆਂ। ਇਸ ਉਪਰੰਤ ਦੁਪਹਿਰ ਦੇ ਭੋਜਨ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀਆਂ- ਡੀ.ਵੀ. ਸਦਾਨੰਦ ਗੌੜਾ, ਹਰਦੀਪ ਸਿੰਘ ਪੁਰੀ ਤੇ ਅਨੁਰਾਗ ਠਾਕੁਰ ਵਲੋਂ ਵੀ ਸਾਂਪਲਾ ਨੂੰ ਵਧਾਈ ਦਿੱਤੀ ਗਈ ਹੈ। ਆਪਣਾ ਨਵਾਂ ਅਹੁਦਾ ਸੰਭਾਲਣ ਬਾਅਦ ਸਾਬਕਾ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਅਤੇ ਉਹ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸੰਸਦ ਮੈਂਬਰ ਹੰਸਰਾਜ ਹੰਸ ਨੇ ਵੀ ਸਾਂਪਲਾ ਨੂੰ ਵਧਾਈ ਦਿੱਤੀ। ਅਹੁਦਾ ਸੰਭਾਲਣ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਪਲਾ ਨੇ ਕਿਹਾ ਕਿ ਉਹ ਦਲਿਤ ਸਮਾਜ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਅਨੁਸੂਚਿਤ ਜਾਤੀਆਂ ਨੂੰ ਸਮਾਜ 'ਚ ਆਉਂਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ, ਦੂਜਾ ਕੇਂਦਰ/ਸੂਬਾ ਸਰਕਾਰਾਂ ਦੇ ਅਧੀਨ ਵਿਭਾਗਾਂ 'ਚ ਦਲਿਤਾਂ ਨੂੰ ਯਕੀਨੀ ਤੌਰ 'ਤੇ ਨਿਆਂ ਦਿਵਾਉਣਾ ਅਤੇ ਦਲਿਤਾਂ ਨਾਲ ਹੋ ਰਹੀ ਬੇਇਨਸਾਫ਼ੀ, ਸ਼ੋਸ਼ਣ ਤੇ ਹੋਰ ਮੁੱਦਿਆਂ ਦੇ ਹੱਲ ਲਈ ਭਾਰਤ ਸਰਕਾਰ ਤੇ ਮਾਣਯੋਗ ਰਾਸ਼ਟਰਪਤੀ ਨੂੰ ਕਮਿਸ਼ਨ ਵਲੋਂ ਸਮੇਂ-ਸਮੇਂ 'ਤੇ ਜ਼ਰੂਰਤ ਮੁਤਾਬਿਕ ਸੁਝਾਅ ਪੇਸ਼ ਕਰਦੇ ਰਹਿਣਗੇ।
ਨਵੀਂ ਦਿੱਲੀ, 24 ਫਰਵਰੀ (ਏਜੰਸੀ)-ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਦਿੱਲੀ ਹਾਈਕੋਰਟ ਨੂੰ ਦੱਸਿਆ ਕਿ 26 ਜਨਵਰੀ ਨੂੰ ਲਾਲ ਕਿਲ੍ਹਾ 'ਤੇ ਵਾਪਰੀ ਘਟਨਾ ਦੇ ਸਬੰਧ ਵਿਚ ਹੁਣ ਤੱਕ 19 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ 25 ਐਫ. ਆਈ. ਆਰਜ਼ ਦਰਜ ਕੀਤੀਆਂ ਜਾ ਚੁੱਕੀਆਂ ਹਨ। ਵਧੀਕ ਸਾਲੀਸਿਟਰ ਜਨਰਲ ਚੇਤਨ ਸ਼ਰਮਾ ਅਤੇ ਕੇਂਦਰ ਸਰਕਾਰ ਦੇ ਐਡਵੋਕੇਟ ਅਜੇ ਦਿਗਪਾਲ ਨੇ ਅਦਾਲਤ ਨੂੰ ਅੱਗੇ ਦੱਸਿਆ ਕਿ ਇਸੇ ਮਾਮਲੇ ਵਿਚ 50 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲਾਲ ਕਿਲ੍ਹੇ ਦੀ ਸੁਰੱਖਿਆ ਤੇ ਬਚਾਅ ਲਈ ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਹਨ। ਸਰਕਾਰ ਤੋਂ ਪ੍ਰਾਪਤ ਸੂਚਨਾਵਾਂ 'ਤੇ ਨੋਟਿਸ ਲੈਂਦੇ ਹੋਏ ਮੁੱਖ ਜੱਜ ਡੀ.ਐਨ. ਪਟੇਲ ਅਤੇ ਜਸਟਿਸ ਜਸਮੀਤ ਸਿੰਘ ਦੀ ਅਗਵਾਈ ਵਾਲੇ ਬੈਂਚ ਨੇ ਜਾਣਨਾ ਚਾਹਿਆ ਕਿ ਕੀ ਇਸੇ ਤਰ੍ਹਾਂ ਦੀ ਕੋਈ ਅਰਜ਼ੀ ਸੁਪਰੀਮ ਕੋਰਟ ਵਿਚ ਵੀ ਦਿੱਤੀ ਗਈ ਹੈ, ਜਾਂ ਉਸ 'ਤੇ ਸੁਣਵਾਈ ਬਕਾਇਆ ਹੈ ਜਾਂ ਅਦਾਲਤ ਨੇ ਉਸ ਦਾ ਨਿਪਟਾਰਾ ਕਰ ਦਿੱਤਾ ਹੈ? ਅਦਾਲਤ ਨੇ ਦਿੱਲੀ ਵਾਸੀ ਧੰਨਜੇ ਜੈਨ ਦੀ ਅਰਜ਼ੀ ਨੂੰ ਸੂਚੀਬੱਧ ਕਰਦੇ ਹੋਏ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਸੁਪਰੀਮ ਕੋਰਟ ਵਿਚ ਜੇਕਰ ਇਸ ਤਰ੍ਹਾਂ ਦਾ ਕੋਈ ਮਾਮਲਾ ਹੈ ਤਾਂ ਉਸ ਬਾਰੇ ਦੱਸਿਆ ਜਾਵੇ। ਅਰਜ਼ੀ ਵਿਚ ਬੇਨਤੀ ਕੀਤੀ ਗਈ ਸੀ ਕਿ ਕਿਸਾਨ ਅੰਦੋਲਨ ਦੇ ਨਾਂਅ 'ਤੇ ਧਰਨਾ ਦੇ ਰਹੇ ਲੋਕਾਂ ਨੂੰ ਹਟਾਇਆ ਜਾਵੇ ਅਤੇ ਸਾਰੀਆਂ ਸੜਕਾਂ ਅਤੇ ਜਨਤਕ ਸਥਾਨਾਂ ਨੂੰ ਖਾਲੀ ਕਰਵਾਇਆ ਜਾਵੇ।
ਨਵੀਂ ਦਿੱਲੀ, 24 ਫਰਵਰੀ (ਉਪਮਾ ਡਾਗਾ ਪਾਰਥ)-ਸੰਯੁਕਤ ਕਿਸਾਨ ਮੋਰਚੇ ਵਲੋਂ ਬੁੱਧਵਾਰ ਨੂੰ ਦੇਸ਼ ਭਰ 'ਚ ਦਮਨ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ, ਜਿਸ 'ਚ ਮੋਰਚੇ ਵਲੋਂ ਸੂਬਿਆਂ 'ਚ ਜ਼ਿਲ੍ਹਾ ਪੱਧਰ 'ਤੇ ਪ੍ਰੋਗਰਾਮ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਭੇਜਿਆ। ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ 'ਚ ਜੇਲ੍ਹਾਂ 'ਚ ਬੰਦ ਬੇਗੁਨਾਹ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਪੱਤਰ 'ਚ ਕਿਸਾਨ ਆਗੂਆਂ ਨੇ ਭਾਰਤ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਵਲੋਂ ਅਪਣਾਏ ਵਤੀਰੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੈਂਕੜੇ ਕਿਸਾਨਾਂ ਖ਼ਿਲਾਫ਼ ਝੂਠੇ ਕੇਸ ਬਣਾਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਹੈ। ਮੋਰਚੇ ਦੇ ਆਗੂਆਂ ਨੇ ਰਾਸ਼ਟਰਪਤੀ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਲ੍ਹਾਂ 'ਚ ਬੰਦ ਬੇਗੁਨਾਹ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਕਿਸਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਖ਼ਿਲਾਫ਼ ਦਰਜ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ। ਪੱਤਰ 'ਚ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ 'ਚ ਸ਼ਾਮਿਲ ਕਿਸਾਨਾਂ ਨੂੰ ਭੇਜੇ ਜਾ ਰਹੇ ਦਿੱਲੀ ਪੁਲਿਸ ਐੱਨ.ਆਈ.ਏ. ਅਤੇ ਈ.ਡੀ. ਜਿਹੀਆਂ ਸਰਕਾਰੀ ਏਜੰਸੀਆਂ ਦੇ ਨੋਟਿਸਾਂ ਦਾ ਵੀ ਜ਼ਿਕਰ ਕੀਤਾ ਅਤੇ ਇਨ੍ਹਾਂ ਨੋਟਿਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਮੋਰਚੇ ਦੇ ਆਗੂਆਂ ਨੇ ਕਿਸਾਨ ਅੰਦੋਲਨ 'ਤੇ ਪੁਲਿਸ ਦੀ ਘੇਰਾਬੰਦੀ ਦੇ ਨਾਂਅ 'ਤੇ ਆਮ ਲੋਕਾਂ ਦੇ ਰਸਤੇ ਬੰਦ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਉਸ ਨੂੰ ਮੁੜ ਖੋਲ੍ਹਣ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ 92 ਦਿਨ ਹੋ ਗਏ ਹਨ। ਸਰਕਾਰ ਅਤੇ ਕਿਸਾਨਾਂ ਦਰਮਿਆਨ ਹੁਣ ਤੱਕ 11 ਗੇੜ ਦੀ ਗੱਲਬਾਤ ਹੋ ਚੁੱਕੀ ਹੈ। 22 ਜਨਵਰੀ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਗੱਲਬਾਤ ਦੀ ਕਵਾਇਦ ਬੰਦ ਹੈ।
ਨਵੀਂ ਦਿੱਲੀ, 24 ਫਰਵਰੀ (ਏਜੰਸੀ)-ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਜੇਕਰ ਉਹ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਲਈ ਰੋਕਣ ਅਤੇ ਇਸ ਸਮੇਂ ਦੌਰਾਨ ਦੋਵੇਂ ਧਿਰਾਂ ਦੇ ਮਤਭੇਦ ...
ਸ੍ਰੀਨਗਰ, 24 ਫਰਵਰੀ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸੁਰੱਖਿਆਂ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਮਾਰੇ ਗਏ ਹਨ, ਇਸ ਮੁਕਾਬਲੇ ਦੇ ਸ਼ੁਰੂ ਹੋਣ ਦੇ ਨਾਲ ਹੀ ਜ਼ਿਲ੍ਹੇ 'ਚ ਅਫਵਾਹਾਂ ਫੈਲਣ ਤੋਂ ਰੋਕਣ ...
ਨਵੀਂ ਦਿੱਲੀ, 24 ਫਰਵਰੀ (ਏਜੰਸੀ)-ਇਥੋਂ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਸ਼ਾਂਤਨੂ ਮੂਲੁਕ ਦੀ ਅਗਾਂਉਂ ਜ਼ਮਾਨਤ ਅਰਜ਼ੀ 'ਤੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ ਹੈ, ਜਿਸ 'ਤੇ ਦਿਸ਼ਾ ਰਵੀ ਨਾਲ ਕਿਸਾਨ ਅੰਦੋਲਨ ਨਾਲ ਸਬੰਧਿਤ 'ਟੂਲਕਿੱਟ' ਸੋਸ਼ਲ ਮੀਡੀਆ 'ਤੇ ਸਾਂਝੇ ਕਰਨ ਦੇ ਦੋਸ਼ ...
ਨਵੀਂ ਦਿੱਲੀ, 24 ਫਰਵਰੀ (ਏਜੰਸੀ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬੁੱਧਵਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਅਤੇ ਅਤੀ-ਆਧੁਨਿਕ ਨਵੇਂ ਬਣਾਏ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕੀਤਾ ਜਿਸ ਦਾ ਨਾਂਅ ਸਰਦਾਰ ਪਟੇਲ ਸਟੇਡੀਅਮ ਤੋਂ ਬਦਲ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX