ਨਵੀਂ ਦਿੱਲੀ, 26 ਫਰਵਰੀ (ਜਗਤਾਰ ਸਿੰਘ)-ਚੋਣ ਕਮਿਸ਼ਨ ਨੇ ਅੱਜ ਪੱਛਮੀ ਬੰਗਾਲ, ਤਾਮਿਲਨਾਡੂ, ਆਸਾਮ, ਕੇਰਲ ਅਤੇ ਪੁਡੂਚੇਰੀ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ | ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਕੋਰੋਨਾ ਕਾਰਨ ਕੁਝ ਖ਼ਾਸ ਇੰਤਜ਼ਾਮ ਕੀਤੇ ਗਏ ਹਨ | ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ ਗਿਆ ਹੈ ਤੇ ਚੋਣਾਂ ਵਾਲੇ ਰਾਜਾਂ ਵਿਚ ਅੱਜ ਤੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ | 4 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ 27 ਮਾਰਚ ਤੋਂ 29 ਅਪ੍ਰੈਲ ਤੱਕ ਵੱਖ-ਵੱਖ ਗੇੜਾਂ 'ਚ ਵੋਟਾਂ ਪੈਣਗੀਆਂ ਅਤੇ 2 ਮਈ ਨੂੰ ਨਤੀਜੇ ਐਲਾਨੇ ਜਾਣਗੇ | ਪੱਛਮੀ ਬੰਗਾਲ 'ਚ 8 ਅਤੇ ਆਸਾਮ 'ਚ 3 ਪੜਾਵਾਂ 'ਚ ਵੋਟਾਂ ਪੈਣਗੀਆਂ ਜਦਕਿ ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ 'ਚ ਇਕੋ ਪੜਾਅ 'ਚ 6 ਅਪ੍ਰੈਲ ਨੂੰ ਵੋਟਾਂ ਦਾ ਅਮਲ ਨੇਪਰੇ ਚੜ੍ਹੇਗਾ | ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ 'ਚ ਲੋੜੀਂਦੀ ਗਿਣਤੀ 'ਚ ਕੇਂਦਰੀ ਸੁਰੱਖਿਆ ਬਲਾਂ ਨੂੰ ਇਨ੍ਹਾਂ 5 ਰਾਜਾਂ 'ਚ ਤਾਇਨਾਤ ਕੀਤਾ ਜਾਵੇਗਾ | ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕਰ ਲਈ ਗਈ ਹੈ | ਚੋਣਾਂ ਦੌਰਾਨ ਵੋਟਰਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ | ਚੋਣ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਕਰਵਾਈਆਂ ਗਈਆਂ ਬਿਹਾਰ ਦੀਆਂ ਚੋਣਾਂ ਉਨ੍ਹਾਂ ਲਈ ਲਿਟਮਸ ਟੈਸਟ ਵਾਂਗ ਸੀ | ਕੋਰੋਨਾ ਕਾਲ 'ਚ ਬਿਹਾਰ ਚੋਣਾਂ ਸਫਲ ਰਹੀਆਂ ਸਨ, ਵੱਡੀ ਗਿਣਤੀ 'ਚ ਔਰਤਾਂ ਨੇ ਬਿਹਾਰ ਵਿਧਾਨ ਸਭਾ ਚੋਣਾਂ 'ਚ ਵੱਧ ਚੜ੍ਹ ਕੇ ਵੋਟਿੰਗ ਕੀਤੀ ਸੀ |
ਪੱਛਮੀ ਬੰਗਾਲ 'ਚ 8, ਆਸਾਮ 'ਚ 3 ਗੇੜਾਂ 'ਚ ਹੋਣਗੀਆਂ ਚੋਣਾਂ
ਚੋਣ ਕਮਿਸ਼ਨਰ ਨੇ ਦੱਸਿਆ ਕਿ ਪੱਛਮੀ ਬੰਗਾਲ ਦੀਆਂ 294 ਸੀਟਾਂ ਲਈ 27 ਮਾਰਚ ਨੂੰ ਚੋਣਾਂ ਦਾ ਪਹਿਲਾ ਗੇੜ ਸ਼ੁਰੂ ਹੋਏਗਾ | ਦੂਜਾ ਗੇੜ 1 ਅਪ੍ਰੈਲ, ਤੀਜਾ 6 ਅਪ੍ਰੈਲ, ਚੌਥਾ 10 ਅਪ੍ਰੈਲ, ਪੰਜਵਾਂ 17 ਅਪ੍ਰੈਲ, ਛੇਵਾਂ 22 ਅਪ੍ਰੈਲ, ਸੱਤਵਾਂ 26 ਅਪ੍ਰੈਲ ਜਦਕਿ ਆਖ਼ਰੀ ਤੇ ਅੱਠਵੇਂ ਗੇੜ ਤਹਿਤ 29 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ | ਆਸਾਮ ਦੀਆਂ 126 ਵਿਧਾਨ ਸਭਾ ਸੀਟਾਂ ਲਈ 3 ਗੇੜ 'ਚ ਹੋਣ ਵਾਲੀ ਵੋਟਿੰਗ ਦਾ ਪਹਿਲਾ ਗੇੜ 27 ਮਾਰਚ ਨੂੰ ਸ਼ੁਰੂ ਹੋਵੇਗਾ, ਜਦਕਿ ਦੂਜਾ 1 ਅਪ੍ਰੈਲ ਅਤੇ ਤੀਜੇ ਗੇੜ ਤਹਿਤ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ | ਇਸ ਤੋਂ ਇਲਾਵਾ ਤਾਮਿਲਨਾਡੂ ਦੀਆਂ 234, ਕੇਰਲ ਦੀਆਂ 140 ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੀਆਂ 30 ਵਿਧਾਨ ਸਭਾ ਸੀਟਾਂ ਲਈ ਇਕੋ ਪੜਾਅ ਤਹਿਤ 6 ਅਪ੍ਰੈਲ ਨੂੰ ਵੋਟਿੰਗ ਹੋਏਗੀ |
824 ਹਲਕਿਆਂ 'ਚ ਹੋਏਗੀ ਵੋਟਿੰਗ
ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ 4 ਰਾਜਾਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕੁਲ 824 ਵਿਧਾਨ ਸਭਾ ਹਲਕਿਆਂ 'ਚ ਵੋਟਿੰਗ ਹੋਏਗੀ | ਉਨ੍ਹਾਂ ਦੱਸਿਆ ਕਿ 8 ਪੜਾਵਾਂ 'ਚ ਹੋਣ ਵਾਲੀਆਂ ਇਨ੍ਹਾਂ ਚੋਣਾਂ 'ਚ 18 ਕਰੋੜ ਤੋਂ ਵੱਧ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ | ਵੋਟਿੰਗ ਲਈ 2.7 ਲੱਖ ਕੇਂਦਰ ਬਣਾਏ ਜਾਣਗੇ ਤੇ ਹਰ ਵੋਟਿੰਗ ਕੇਂਦਰ ਗਰਾਊਾਡ ਫਲੋਰ 'ਤੇ ਹੀ ਹੋਏਗਾ | ਸੁਨੀਲ ਅਰੋੜਾ ਨੇ ਦੱਸਿਆ ਕਿ ਪੱਛਮੀ ਬੰਗਾਲ 'ਚ 1 ਲੱਖ 1 ਹਜ਼ਾਰ ਤੋਂ ਜ਼ਿਆਦਾ ਪੋਲਿੰਗ ਕੇਂਦਰ ਬਣਾਏ ਜਾਣਗੇ, ਜਦਕਿ 2016 'ਚ ਪੋਲਿੰਗ ਕੇਂਦਰ ਦੀ ਗਿਣਤੀ 77,413 ਸੀ | ਆਸਾਮ 'ਚ 2016 ਦੀਆਂ ਚੋਣਾਂ 'ਚ 24890 ਪੋਲਿੰਗ ਕੇਂਦਰ ਦੀ ਬਜਾਏ ਇਸ ਵਾਰ 33530 ਪੋਲਿੰਗ ਕੇਂਦਰ ਬਣਾਏ ਗਏ ਹਨ | ਤਾਮਿਲਨਾਡੂ 'ਚ ਪੋਲਿੰਗ ਕੇਂਦਰਾਂ ਦੀ ਗਿਣਤੀ 88,936 ਹੋਏਗੀ, ਜੋ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ 66,007 ਸੀ | ਚੋਣ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੋਲਿੰਗ ਕੇਂਦਰਾਂ ਦੀ ਗਿਣਤੀ 'ਚ ਵਾਧਾ ਕੀਤਾ ਗਿਆ ਹੈ | ਇਸੇ ਤਰ੍ਹਾਂ ਆਸਾਮ 'ਚ ਇਸ ਵਾਰੀ 33 ਹਜ਼ਾਰ ਤੋਂ ਜ਼ਿਆਦਾ ਪੋਲਿੰਗ ਕੇਂਦਰਾਂ 'ਤੇ ਵੋਟਿੰਗ ਹੋਏਗੀ ਜਦਕਿ ਕੇਰਲ 'ਚ 40 ਹਜ਼ਾਰ ਤੋਂ ਜ਼ਿਆਦਾ ਤੇ ਪੁਡੂਚੇਰੀ 'ਚ 1500 ਤੋਂ ਜ਼ਿਆਦਾ ਵੋਟਿੰਗ ਕੇਂਦਰ ਬਣਾਏ ਜਾਣਗੇ | ਵੋਟਿੰਗ ਕੇਂਦਰਾਂ 'ਤੇ ਪੀਣ ਦਾ ਪਾਣੀ, ਬਿਜਲੀ, ਵੋਟਿੰਗ ਏਰੀਆ, ਸੈਨੀਟਾਈਜ਼ਰ, ਮਾਸਕ, ਵੀਲ੍ਹ ਚੇਅਰ ਆਦਿ ਦਾ ਪੂਰਾ ਪ੍ਰਬੰਧ ਹੋਏਗਾ |
ਆਨਲਾਈਨ ਜਮ੍ਹਾਂ ਹੋਏਗੀ ਜ਼ਮਾਨਤ
ਚੋਣ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਰਾਜਾਂ 'ਚ ਵੋਟਿੰਗ ਦੌਰਾਨ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਹੋਏਗੀ | ਉਮੀਦਵਾਰਾਂ ਵਲੋਂ ਜਮ੍ਹਾਂ ਕਰਵਾਈ ਜਾਣ ਵਾਲੀ ਜ਼ਮਾਨਤ ਰਾਸ਼ੀ ਆਨਲਾਈਨ ਜਮ੍ਹਾਂ ਹੋਏਗੀ | ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਆਨਲਾਈਨ ਰੱਖੀਆਂ ਗਈਆਂ ਹਨ | ਕੋਰੋਨਾ ਦੇ ਮੱਦੇਨਜ਼ਰ ਨਾਮਜ਼ਦਗੀ ਲਈ ਆਨਲਾਈਨ ਤੇ ਆਫਲਾਈਨ ਦੋਵੇਂ ਬਦਲ ਦਿੱਤੇ ਗਏ ਹਨ ਅਤੇ ਨਾਮਜ਼ਦਗੀ ਵਾਸਤੇ ਸਿਰਫ਼ 2 ਲੋਕ ਹੀ ਨਾਲ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ | ਚੋਣ ਉਮੀਦਵਾਰ ਸਮੇਤ ਸਿਰਫ਼ 5 ਲੋਕ ਹੀ ਘਰ-ਘਰ ਜਾ ਕੇ ਵੋਟ ਮੰਗ ਸਕਣਗੇ | ਇਸ ਤੋਂ ਇਲਾਵਾ ਰੋਡ ਸ਼ੋਅ 'ਚ ਸਿਰਫ਼ 5 ਗੱਡੀਆਂ ਦਾ ਕਾਫ਼ਲਾ ਹੋ ਸਕਦਾ ਹੈ | ਚੋਣ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਨਾਲ ਸਬੰਧਿਤ ਜਾਣਕਾਰੀ ਲਈ ਕਮਿਸ਼ਨ ਵਲੋਂ 1 ਟੋਲ ਫ਼੍ਰੀ ਨੰਬਰ ਜਾਰੀ ਕੀਤਾ ਗਿਆ ਹੈ | ਇਸ ਨੰਬਰ 'ਤੇ ਚੋਣ ਨਾਲ ਸਬੰਧਿਤ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ | ਇਕ ਐਪ ਦੀ ਮਦਦ ਨਾਲ ਚੋਣਾਂ 'ਚ ਭਿ੍ਸ਼ਟਾਚਾਰ ਨੂੰ ਲੈ ਕੇ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ |
ਸ਼ਿਮਲਾ, 26 ਫਰਵਰੀ (ਅਜੀਤ ਬਿਊਰੋ)-ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਪਣੇ ਭਾਸ਼ਨ ਤੋਂ ਬਾਅਦ ਸਦਨ ਤੋਂ ਪਰਤ ਰਹੇ ਰਾਜਪਾਲ ਬੰਡਾਰੂ ਦੱਤਾਤ੍ਰੇਆ ਨਾਲ ਕਾਂਗਰਸ ਦੇ ਕੁਝ ਵਿਧਾਇਕਾਂ ਨੇ ਕਥਿਤ ਤੌਰ 'ਤੇ ਖਿੱਚਧੂਹ ਕੀਤੀ | ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਵਿਪਿਨ ਪਰਮਾਰ ਨੇ ਕਾਂਗਰਸ ਦੇ 5 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ | ਸੰਸਦੀ ਮਾਮਲਿਆਂ ਦੇ ਮੰਤਰੀ ਸੁਰੇਸ਼ ਭਰਦਵਾਜ ਨੇ ਦੱਸਿਆ ਕਿ ਇਜਲਾਸ ਤੋਂ ਬਾਅਦ ਜਦੋਂ ਰਾਜਪਾਲ ਆਪਣੇ ਵਾਹਨ ਕੋਲ ਜਾ ਰਹੇ ਸਨ ਤਾਂ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ, ਕਾਂਗਰਸੀ ਵਿਧਾਇਕ ਹਰਸ਼ ਵਰਧਨ ਚੌਹਾਨ, ਸੁੰਦਰ ਸਿੰਘ ਠਾਕੁਰ, ਸੱਤਿਆਪਾਲ ਰਾਏਜ਼ਾਦਾ ਅਤੇ ਵਿਨੇ ਕੁਮਾਰ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਹੰਗਾਮਾ ਕਰਨ ਲੱਗੇ | ਇਸ ਦੌਰਾਨ ਕਾਂਗਰਸੀ ਵਿਧਾਇਕ ਹਿੰਸਕ ਹੋ ਗਏ ਅਤੇ ਰਾਜਪਾਲ ਨਾਲ ਖਿੱਚਧੂਹ ਕੀਤੀ ਗਈ | ਇਸ ਸਮੇਂ ਰਾਜਪਾਲ ਨਾਲ ਮੁੱਖ ਮੰਤਰੀ ਜੈਰਾਮ ਠਾਕੁਰ, ਵਿਧਾਨ ਸਭਾ ਮੁਖੀ ਵਿਪਿਨ ਪਰਮਾਰ ਸਮੇਤ ਹੋਰ ਕਈ ਨੇਤਾ ਵੀ ਸਨ | ਇਸ ਦੌਰਾਨ ਸਥਿਤੀ ਵਿਗੜਦੀ ਦੇਖਦੇ ਹੋਏ ਵਿਧਾਨ ਸਭਾ ਉਪ ਮੁਖੀ ਹੰਸਰਾਜ ਨੇ ਮੌਕੇ 'ਤੇ ਹੀ ਮਾਰਸ਼ਲਾਂ ਨੂੰ ਬੁਲਾ ਕੇ ਰਸਤਾ ਸਾਫ ਕਰਨ ਦਾ ਆਦੇਸ਼ ਦਿੱਤਾ | ਇਸ ਤੋਂ ਬਾਅਦ ਸੁਰੇਸ਼ ਭਰਦਵਾਜ ਨੇ ਕਾਂਗਰਸ ਦੇ ਪੰਜ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਸਦਨ ਵਿਚ ਪੇਸ਼ ਕੀਤਾ, ਜਿਸ 'ਤੇ ਇਨ੍ਹਾਂ ਕਾਂਗਰਸੀ ਵਿਧਾਇਕਾਂ ਨੂੰ ਸਾਰੇ ਇਜਲਾਸ ਲਈ 20 ਮਾਰਚ ਤੱਕ ਮੁਅੱਤਲ ਕਰ ਦਿੱਤਾ ਗਿਆ | ਹੁਣ ਇਹ ਵਿਧਾਇਕ ਵਿਧਾਨ ਸਭਾ ਦੀ ਕਾਰਵਾਈ ਵਿਚ ਭਾਗ ਨਹੀਂ ਲੈ ਸਕਣਗੇ | ਇਸ ਤੋਂ ਪਹਿਲਾਂ ਵਿਧਾਨ ਸਭਾ ਇਜਲਾਸ ਸ਼ੁਰੂ ਹੁੰਦੇ ਹੀ 11 ਵਜੇ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਦੀ ਅਗਵਾਈ ਵਿਚ ਕਾਂਗਰਸ ਦੇ ਮੈਂਬਰ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ | ਹੰਗਾਮੇ ਦੌਰਾਨ ਰਾਜਪਾਲ ਨੇ ਆਪਣੇ ਭਾਸ਼ਣ ਦੀ ਕੇਵਲ ਆਖਰੀ ਲਾਈਨ ਹੀ ਪੜ੍ਹੀ ਅਤੇ ਕਿਹਾ ਕਿ ਬਾਕੀ ਦਾ ਭਾਸ਼ਨ ਪੜਿ੍ਹਆ ਹੋਇਆ ਮੰਨਿਆ ਜਾਵੇ | ਦੂਜੇ ਪਾਸੇ ਕਾਂਗਰਸੀ ਵਿਧਾਇਕਾਂ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਜੈਰਾਮ ਠਾਕੁਰ ਨੇ ਕਿਹਾ ਕਿ ਜਦੋਂ ਕੋਈ ਪਾਰਟੀ ਇਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਅਗਵਾਈ 'ਚ ਲੋਕਤੰਤਰਿਕ ਤਰੀਕੇ ਨਾਲ ਲੜਣ ਦੀ ਸਮਰੱਥਾ ਸਮਾਪਤ ਹੋ ਚੁੱਕੀ ਹੈ |
ਹਲ ਅਤੇ ਪੰਜਾਲੀ ਨਾਲ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 26 ਫਰਵਰੀ-ਕਿਸਾਨ ਅੰਦੋਲਨ 'ਚ ਸੋਸ਼ਲ ਮੀਡੀਆ ਰਾਹੀਂ ਨਹੀਂ, ਸਗੋਂ ਧਰਨਿਆਂ 'ਤੇ ਆ ਕੇ ਹੀ ਲੜਾਈ ਲੜੀ ਜਾਣੀ ਹੈ | ਫੇਸਬੁੱਕ ਟਵਿੱਟਰ ਆਦਿ ਪ੍ਰਦਰਸ਼ਨ ਕਰਨ ਦਾ ਇਕ ਜ਼ਰੀਆ ਹੋ ਸਕਦੇ ਹਨ, ਪਰ ਅਸਲ ਮੈਦਾਨ ਇਹ ਧਰਨੇ ਸਥਲ ਹੀ ਹਨ | ਕਿਸਾਨ ਅੰਦੋਲਨ ਦੇ 3 ਮਹੀਨੇ ਪੂਰੇ ਹੋਣ 'ਤੇ ਸਿੰਘੂ ਬਾਰਡਰ 'ਤੇ ਮੰਚ ਤੋਂ ਉਕਤ ਸੰਦੇਸ਼ ਨੌਜਵਾਨ ਕਿਸਾਨਾਂ ਅਤੇ ਅੰਦੋਲਨਕਾਰੀਆਂ ਨੇ ਦਿੱਤਾ, ਜੋ ਸ਼ੁੱਕਰਵਾਰ ਨੂੰ ਉਥੇ ਮਨਾਏ ਗਏ 'ਨੌਜਵਾਨ ਕਿਸਾਨ ਦਿਵਸ' ਦੇ ਮੌਕੇ 'ਤੇ ਨਾ ਸਿਰਫ ਸਟੇਜ ਤੋਂ ਸੰਬੋਧਨ ਕਰ ਰਹੇ ਸਨ, ਸਗੋਂ ਮੰਚ ਸੰਚਾਲਨ ਵੀ ਉਨ੍ਹਾਂ ਦੇ ਹੀ ਜ਼ਿੰਮੇ ਸੀ | ਕਿਸਾਨ ਆਗੂਆਂ ਦੀ ਅਪੀਲ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਨੌਜਵਾਨ ਬੁਲਾਰਿਆਂ ਨੇ ਉਨ੍ਹਾਂ (ਕਿਸਾਨ ਆਗੂਆਂ) ਨੂੰ ਆਪਣੇ 'ਜਰਨੈਲ' ਦੱਸਦਿਆਂ ਕਿਹਾ ਕਿ ਉਹ ਸਾਡੇ ਜਰਨੈਲ ਹਨ ਅਤੇ ਉਹ ਮੋਰਚੇ ਦੀ ਅਗਾਮੀ ਰੂਪ-ਰੇਖਾ ਜਿਸ ਤਰ੍ਹਾਂ ਵੀ ਉਲੀਕਣਗੇ ਨੌਜਵਾਨ ਉਨ੍ਹਾਂ ਨੂੰ ਉਸ ਮੁਤਾਬਿਕ ਹੀ ਅੱਗੇ ਕਦਮ ਵਧਾਉਣਗੇ |
ਜੇ ਕਿਸੇ ਨੇ ਸਾਡੇ ਬਾਪੂ ਦੀ ਪੱਗ ਨੂੰ ਹੱਥ ਪਾਇਆ ਤਾਂ...
ਨੌਜਵਾਨ ਬੁਲਾਰਿਆਂ ਨੇ ਕਿਸਾਨੀ ਕਿੱਤੇ ਨੂੰ ਆਪਣੇ ਵੱਡੇ-ਵਡੇਰਿਆਂ ਵਲੋਂ ਚਲਿਆ ਆ ਰਿਹਾ ਕਿੱਤਾ ਦੱਸਦਿਆਂ ਕਿਹਾ ਕਿ ਆਪਣੇ ਬਾਪੂਆਂ ਦੀ ਪੱਗ ਦੀ ਰਾਖੀ ਕਰਨਾ, ਸਾਡੇ ਨੌਜਵਾਨਾਂ ਦਾ ਹੀ ਫਰਜ਼ ਹੈ | ਜੇਕਰ ਕੋਈ ਸਾਡੇ ਬਾਪੂ ਦੀ ਪੱਗ ਨੂੰ ਹੱਥ ਪਾਏਗਾ ਤਾਂ ਅਸੀਂ ਉਸ ਨੂੰ ਉਸਦੀ ਸਹੀ ਥਾਂ ਵਿਖਾ ਦੇਵਾਂਗੇ |
ਨੌਜਵਾਨ ਬੁਲਾਰਿਆਂ ਨੇ ਸਰਕਾਰ ਦੇ ਬਿਆਨਾਂ ਨਾਲ ਹੀ ਉਨ੍ਹਾਂ ਦੀ ਨੁਕਤਾਚੀਨੀ ਕਰਦਿਆਂ ਮੰਚ ਤੋਂ ਹੀ ਉਨ੍ਹਾਂ ਨੂੰ ਡਟਵੇਂ ਜਵਾਬ ਵੀ ਦਿੱਤੇ | ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਉਸ ਬਿਆਨ ਦੀ ਵੀ ਮੰਚ ਤੋਂ ਤਿੱਖੀ ਆਲੋਚਨਾ ਕੀਤੀ ਗਈ ਕਿ ਜਿਸ 'ਚ ਉਨ੍ਹਾਂ ਕਿਹਾ ਕਿ ਭੀੜਾਂ ਇਕੱਠੀਆਂ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ | ਸਟੇਜ ਤੋਂ ਬੋਲਦਿਆਂ ਇਕ ਨੌਜਵਾਨ ਬੁਲਾਰੇ ਨੇ ਕਿਹਾ ਕਿ ਅਸੀਂ ਭੀੜਾਂ ਨਹੀਂ, ਸਿਰ ਧੜ ਵਾਲੇ ਬੰਦੇ ਹਾਂ | ਉਸ ਨੇ ਕਿਹਾ ਕਿ ਭੀੜਾਂ ਦੇ ਸਰੀਰ ਨਹੀਂ ਹੁੰਦੇ, ਨਾ ਹੀ ਭੀੜਾਂ ਦੀ ਕੋਈ ਵਿਚਾਰਧਾਰਾ ਹੁੰਦੀ ਹੈ, ਜਦਕਿ ਸਾਨੂੰ (ਕਿਸਾਨਾਂ) ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ |
ਰਜਿੰਦਰ ਸਿੰਘ ਨੇ ਪੰਜਾਬ 'ਚ ਪੈਪਸੀ ਅਤੇ ਕੋਕਾ ਕੋਲਾ ਦੇ ਉਭਾਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਨੂੰ ਖਰੀਦਣ ਦੇ ਵਾਅਦੇ ਨਾਲ ਆਈਆਂ ਪੈਪਸੀ ਅਤੇ ਕੋਕਾ ਕੋਲਾ ਦਾ ਅਸਲ ਏਜੰਡਾ ਕਿਸੇ ਤੋਂ ਲੁਕਿਆ ਨਹੀਂ ਹੈ ਇਹ ਹੀ ਹਾਲ ਖੇਤੀ ਕਾਨੂੰਨਾਂ ਦਾ ਹੋਵੇਗਾ |
ਫਰੀਦਕੋਟ ਤੋਂ ਆਏ ਲਵਪ੍ਰੀਤ ਸਿੰਘ ਨੇ ਕਿਸਾਨੀ ਸੰਘਰਸ਼ ਨੂੰ ਨੌਜਵਾਨ ਬਨਾਮ ਬਜ਼ੁਰਗਾਂ ਦੀ ਜੰਗ ਕਰਾਰ ਦੇਣ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਧਰਮ ਦੇ ਆਧਾਰ 'ਤੇ, ਕੋਰੋਨਾ ਦੇ ਨਾਂਅ 'ਤੇ, ਵੱਖਵਾਦੀ ਅਨਸਰਾਂ ਦੇ ਨਾਂਅ 'ਤੇ ਅੰਦੋਲਨ ਤੋੜਨ 'ਚ ਨਾਕਾਮ ਹੋ ਗਈ ਤਾਂ ਹੁਣ ਸਰਕਾਰ ਵਲੋਂ ਨਵਾਂ ਹਥਿਆਰ ਵਰਤਿਆ ਜਾ ਰਿਹਾ ਹੈ |
26 ਜਨਵਰੀ ਨੂੰ ਲਾਲ ਕਿਲੇ੍ਹ 'ਤੇ ਹੋਈ ਘਟਨਾ ਤੋਂ ਬਾਅਦ ਅੰਦੋਲਨ 'ਚ ਆਏ ਨਿਘਾਰ ਤੋਂ ਉਭਰਨ ਲਈ ਹੁਣ ਕਿਸਾਨ ਜਥੇਬੰਦੀਆਂ ਦਿੱਲੀ ਅਧਾਰਿਤ ਰਣਨੀਤੀ ਤਿਆਰ ਕਰਨਗੀਆਂ | ਸੰਯੁਕਤ ਕਿਸਾਨ ਮੋਰਚੇ ਦੇ ਬਲਵੰਤ ਸਿੰਘ ਮਹਿਰਾਜ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਇਕ ਮਹੀਨੇ 'ਚ ਉਲੀਕੇ ਪ੍ਰੋਗਰਾਮ, ਜਿਨ੍ਹਾਂ 'ਚ ਚੱਕਾ ਜਾਮ, ਭਾਰਤ ਬੰਦ ਆਦਿ ਸ਼ਾਮਿਲ ਸੀ, ਉਹ ਦੇਸ਼ ਵਿਆਪੀ ਸੀ, ਪਰ ਹੁਣ ਅੰਦੋਲਨ ਨੂੰ ਮੁੜ ਲੀਹ 'ਤੇ ਲਿਆਉਣ ਲਈ ਹੁਣ ਦਿੱਲੀ ਅਧਾਰਤ ਕੀਤਾ ਜਾਵੇਗਾ |
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮੁਤਾਬਿਕ 27 ਫਰਵਰੀ ਨੂੰ ਰਵਿਦਾਸ ਜੈਅੰਤੀ ਦੇ ਪ੍ਰੋਗਰਾਮ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਏਗੀ | ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਨੇ ਵਿਚਾਰ ਕਰਦਿਆਂ ਕਿਹਾ ਕਿ ਮਹਾਂ ਪੰਚਾਇਤਾਂ ਕਾਰਨ ਕਿਸਾਨ ਆਗੂਆਂ ਨੂੰ ਦੂਰ-ਦੂਰ ਜਾਣਾ ਪੈਂਦਾ ਹੈ, ਜਿਸ ਕਾਰਨ ਰਣਨੀਤਕ ਬੈਠਕਾਂ ਕਰਨ 'ਚ ਹੀ ਕਾਫੀ ਸਮਾਂ ਲੱਗ ਜਾਂਦਾ ਹੈ | ਇਸ ਲਈ ਮੋਰਚੇ ਦੇ ਆਗੂਆਂ ਵਲੋਂ ਹੁਣ ਇਹ ਕਵਾਇਦ ਖ਼ਤਮ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ |
ਆਉਣ ਵਾਲੇ 3-4 ਦਿਨਾਂ 'ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪਹਿਲਾਂ ਆਪਣੇ ਤੌਰ 'ਤੇ ਇਕ ਬੈਠਕ ਕਰਨਗੀਆਂ, ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਰਣਨੀਤੀ ਬੈਠਕ ਕਰਨ ਤੋਂ ਬਾਅਦ ਹੀ ਮੀਡੀਆ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾਵੇਗੀ |
ਟਿਕੈਤ ਦੇ ਬਿਆਨਾਂ 'ਤੋਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਖੁਦ ਨੂੰ ਕੀਤਾ ਵੱਖ
ਹਾਲ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਦਿੱਤੇ ਕਈ ਬਿਆਨਾਂ, ਜਿਸ 'ਚ ਸੰਸਦ ਦਾ ਘਿਰਾਓ ਅਤੇ ਹਲ ਕ੍ਰਾਂਤੀ ਆਦਿ ਸ਼ਾਮਿਲ ਹਨ, 'ਚੋਂ ਸੰਯੁਕਤ ਕਿਸਾਨ ਮੋਰਚੇ ਨੇ ਖੁਦ ਨੂੰ ਵੱਖ ਕੀਤਾ | 'ਅਜੀਤ' ਵਲੋਂ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ 'ਚੋਂ ਟਿਕੈਤ ਦੇ ਬਿਆਨਾਂ 'ਤੇ ਮੰਗੇ ਪ੍ਰਤੀਕਰਮ 'ਤੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ (ਟਿਕੈਤ) ਦੇ ਨਿੱਜੀ ਵਿਚਾਰ ਹਨ ਅਤੇ ਇਸ 'ਚ ਸੰਯੁਕਤ ਕਿਸਾਨ ਮੋਰਚੇ ਦੀ ਰਾਏ ਸ਼ਾਮਿਲ ਨਹੀਂ ਹੈ |
ਨਵਜੋਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਦਿਨ ਦੀ ਸ਼ੁਰੂਆਤ ਕਿਸਾਨ ਅੰਦੋਲਨ 'ਚ ਸ਼ੁੱਕਰਵਾਰ ਨੂੰ ਸ਼ਹੀਦ ਹੋਏ 18 ਸਾਲਾ ਨਵਜੋਤ ਸਿੰਘ ਨੂੰ ਸ਼ਰਧਾਂਜਲੀ ਦੇਣ ਨਾਲ ਕੀਤੀ | ਜ਼ਿਕਰਯੋਗ ਹੈ ਕਿ ਨਵਜੋਤ ਪਿੰਡ ਖੇੜੀ ਜੱਟਾਂ ਤਹਿਸੀਲ ਭਾਦਸੋਂ, ਜ਼ਿਲ੍ਹਾ ਪਟਿਾਲਾ ਦਾ ਨਿਵਾਸੀ ਸੀ | ਹਾਸਲ ਹੋਈਆਂ ਖਬਰਾਂ ਮੁਤਾਬਿਕ ਨਵਜੋਤ ਸਿੰਘ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਅਤੇ ਰਾਤ ਨੂੰ ਅਟੈਕ ਆਉਣ ਕਾਰਨ ਉਸ ਦੀ ਮੌਤ ਹੋਈ ਹੈ |
ਨਵਰੀਤ ਸਿੰਘ ਦਾ ਦਾਦਾ ਵੀ ਹੋਇਆ ਸ਼ਾਮਿਲ
26 ਜਨਵਰੀ ਨੂੰ ਲਾਲ ਕਿਲੇ੍ਹ 'ਚ ਹੋਈ ਹਿੰਸਾ 'ਚ ਮਾਰੇ ਗਏ ਨੌਜਵਾਨ ਨਵਰੀਤ ਸਿੰਘ ਦੇ ਦਾਦਾ ਜੀ ਨੇ ਵੀ ਸ਼ੁੱਕਰਵਾਰ ਨੂੰ ਹੋਏ ਸਮਾਗਮ 'ਚ ਹਿੱਸਾ ਲਿਆ | ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਨੇ ਸੰਘਰਸ਼ ਨੂੰ ਹੀ ਇਕੋ-ਇਕ ਰਾਹ ਦੱਸਦਿਆਂ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ | ਜਿਸ ਤੋਂ ਬਾਅਦ ਸਟੇਜ 'ਤੇ ਮੌਜੂਦ ਨੌਜਵਾਨਾਂ ਨੇ ਸਹੁੰ ਖਾਧੀ ਕਿ ਉਹ ਅੰਦੋਲਨ ਨੂੰ ਸਫਲ ਬਣਾਉਣਗੇ |
ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਲਿਆਂਦੇ ਹਲ ਅਤੇ ਪੰਜਾਲੀ
ਕਿਸਾਨ ਮੁੱਦੇ ਨੂੰ ਹੋਰ ਪ੍ਰਭਾਵੀ ਤਰੀਕੇ ਨਾਲ ਉਭਾਰਨ ਲਈ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਸਟੇਜ ਦੇ ਮੂਹਰੇ ਪੁਰਾਣੇ ਕਿਸਾਨੀ ਸੰਦ ਵੀ ਪ੍ਰਦਰਸ਼ਿਤ ਕੀਤੇ | ਹਲ ਅਤੇ ਪੰਜਾਲੀ ਨੂੰ ਸਿੰਘੂ ਬਾਰਡਰ ਦੀ ਮੁੱਖ ਸਟੇਜ ਦੇ ਅੱਗੇ ਸਜਾਇਆ ਗਿਆ | ਬੁਲਾਰਿਆਂ ਨੇ ਇਨ੍ਹਾਂ ਸੰਦਾਂ ਦੇ ਹਵਾਲੇ ਨਾਲ ਕਿਹਾ ਕਿ ਮਸਲਾ ਇਨ੍ਹਾਂ ਸੰਦਾਂ ਨਾਲ ਸਬੰਧਿਤ ਕਿੱਤੇ ਨੂੰ ਬਚਾਉਣ ਦਾ ਹੈ | ਇਸ ਮੌਕੇ ਨੌਜਵਾਨਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅਤੇ ਨੌਜਵਾਨ ਗਾਇਕ ਰੋਮੀ ਘੁਡਾਣਾ ਨੇ 'ਅੰਦੋਲਨਜੀਵੀ' 'ਤੇ ਇਕ ਗੀਤ ਵੀ ਜਾਰੀ ਕੀਤਾ ਗਿਆ | ਦੱਖਣੀ ਭਾਰਤ ਤੋਂ ਪ੍ਰਦਰਸ਼ਨਕਾਰੀਆਂ ਦਾ ਇਕ ਵੱਡਾ ਵਫਦ ਵੀ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ਪਹੁੰਚਿਆ | ਇਸ ਤੋਂ ਪਹਿਲਾਂ ਸ਼ਾਹਜਹਾਨਪੁਰ ਅਤੇ ਗਾਜ਼ੀਪੁਰ ਤੋਂ ਹੋ ਕੇ ਆਏ ਇਸ ਵਫਦ ਦੇ ਮੈਂਬਰਾਂ ਨੇ ਮੰਚ ਤੋਂ ਕਿਹਾ ਕਿ ਸਰਕਾਰ ਇਹ ਝੂਠ ਫੈਲਾ ਰਹੀ ਹੈ ਕਿ ਸੰਘਰਸ਼ ਸਿਰਫ ਕੁਝ ਰਾਜਾਂ ਤੱਕ ਸੀਮਿਤ ਹੈ | ਇਸ ਵਫਦ 'ਚ ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ ਅਤੇ ਤੇਲੰਗਾਨਾ ਦੇ ਲੋਕ ਸ਼ਾਮਿਲ ਸਨ |
ਵਾਸ਼ਿੰਗਟਨ, 26 ਫਰਵਰੀ (ਏਜੰਸੀ)- ਅਮਰੀਕਾ ਨੇ ਇਰਾਕੀ ਸਰਹੱਦ ਦੇ ਕੋਲ ਈਰਾਨ ਦਾ ਸਮਰਥਨ ਹਾਸਲ ਮਿਲਸ਼ੀਆ ਗੁੱਟਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੀਰਵਾਰ ਨੂੰ ਹਵਾਈ ਹਮਲੇ ਕੀਤੇ | ਪੈਂਟਾਗਨ ਨੇ ਕਿਹਾ ਕਿ ਇਹ ਹਵਾਈ ਹਮਲੇ ਇਰਾਕ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਕੀਤੇ ਗਏ ਰਾਕੇਟ ਹਮਲੇ ਦੀ ਜਵਾਬੀ ਕਾਰਵਾਈ ਹੈ | ਰਾਕੇਟ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਅਮਰੀਕੀ ਸੈਨਾ ਦਾ ਇਕ ਜਵਾਨ ਅਤੇ ਅਮਰੀਕੀ ਸੈਨਾ ਸੰਗਠਨ ਦੇ ਕਈ ਲੋਕ ਜ਼ਖ਼ਮੀ ਹੋ ਗਏ ਸਨ | ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਸੱਤਾ 'ਚ ਆਉਣ ਦੇ ਬਾਅਦ ਇਹ ਸੈਨਾ ਦੁਆਰਾ ਕੀਤਾ ਗਿਆ ਪਹਿਲਾ ਹਮਲਾ ਹੈ | ਬਾਈਡਨ ਦਾ ਸੀਰੀਆ 'ਚ ਹਮਲੇ ਦਾ ਇਹ ਕਦਮ ਖੇਤਰ 'ਚ ਅਮਰੀਕੀ ਸੈਨਿਕ ਕਾਰਵਾਈ ਨੂੰ ਵਧਾਉਣ ਦਾ ਨਹੀਂ ਬਲਕਿ ਇਰਾਕ 'ਚ ਅਮਰੀਕੀ ਸੈਨਿਕਾਂ ਦੀ ਰੱਖਿਆ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਅਮਰੀਕੀ ਰੱਖਿਆ ਮੰਤਰੀ ਲਲਾਈਡ ਆਸਟਿਨ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਅਸੀਂ ਕਿਸ ਨੂੰ ਨਿਸ਼ਾਨਾ ਬਣਾਇਆ ਹੈ |
ਕਰਨਾਲ/ਚੰਡੀਗੜ੍ਹ, 26 ਫਰਵਰੀ (ਗੁਰਮੀਤ ਸਿੰਘ ਸੱਗੂ, ਬਿ੍ਜੇਂਦਰ ਗੌੜ)-ਮਜ਼ਦੂਰ ਕਾਰਕੁੰਨ ਨੌਦੀਪ ਕੌਰ ਨੂੰ ਕਰਨਾਲ ਦੀ ਜ਼ਿਲ੍ਹਾ ਜੇਲ੍ਹ ਤੋਂ ਕਰੀਬ ਡੇਢ ਮਹੀਨੇ ਬਾਅਦ ਰਾਤ ਕਰੀਬ ਸਵਾ 8 ਵਜੇ ਰਿਹਾਅ ਕਰ ਦਿੱਤਾ ਗਿਆ | ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਕਈ ਸ਼ਖ਼ਸੀਅਤਾਂ ਮੌਕੇ 'ਤੇ ਹਾਜ਼ਰ ਸਨ | ਰਿਹਾਈ ਤੋਂ ਬਾਅਦ ਨੌਦੀਪ ਕੌਰ ਨੇ ਕਿਹਾ ਕਿ ਉਹ ਆਪਣੇ ਕੇਸ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਕੋਈ ਬਿਆਨ ਦੇਣਗੇ | ਦੱਸਣਯੋਗ ਹੈ ਕਿ ਨੌਦੀਪ ਕੌਰ ਨੂੰ ਸੋਨੀਪਤ ਪੁਲਿਸ ਨੇ ਕਿਸਾਨ ਸੰਘਰਸ਼ ਨੂੰ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਭੜਕਾਉਣ ਦੇ ਮਾਮਲੇ ਸਮੇਤ ਹੋਰ ਕਈ ਦੋਸ਼ਾਂ ਅਧੀਨ ਗਿ੍ਫ਼ਤਾਰ ਕੀਤਾ ਸੀ, ਜਿਸ ਨੂੰ ਬਾਅਦ 'ਚ ਜ਼ਿਲ੍ਹਾ ਜੇਲ੍ਹ ਕਰਨਾਲ ਵਿਖੇ ਭੇਜ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਕਿਸੇ ਵੀ ਸਿਆਸੀ ਜਾਂ ਕਿਸਾਨ ਆਗੂ ਨੂੰ ਨੌਦੀਪ ਕੌਰ ਨੂੰ ਮਿਲਣ ਨਹੀਂ ਦਿੱਤਾ ਗਿਆ |
ਹਾਈਕੋਰਟ ਨੇ ਦਿੱਤੀ ਜ਼ਮਾਨਤ
ਮਜ਼ਦੂਰ ਕਾਰਕੁੰਨ ਨੌਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਵਨੀਸ਼ ਝਿੰਗਣ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ | ਉਹ 12 ਜਨਵਰੀ ਤੋਂ ਜੇਲ੍ਹ 'ਚ ਬੰਦ ਸੀ | ਹਾਈਕੋਰਟ ਨੇ ਸੁਪਰੀਮ ਕੋਰਟ ਦੇ ਇਕ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਦਾ ਹੱਕ ਇਕ ਪਤਲੀ ਲਕੀਰ ਨਾਲ ਜੁੜਿਆ ਹੋਇਆ ਹੈ | ਇਸ ਲਕੀਰ ਨੂੰ ਟੱਪਣਾ ਪ੍ਰਦਰਸ਼ਨ ਦਾ ਰੰਗ ਬਦਲ ਸਕਦਾ ਹੈ | ਇਹ ਟਰਾਇਲ ਕੋਰਟ ਨੇ ਦੇਖਣਾ ਹੈ ਕਿ ਪ੍ਰਦਰਸ਼ਨ ਦੌਰਾਨ ਇਹ ਲਕੀਰ ਟੱਪੀ ਗਈ ਸੀ ਜਾਂ ਨਹੀਂ | ਹਾਈਕੋਰਟ ਨੇ ਨੌਦੀਪ ਕੌਰ ਨੂੰ ਜ਼ਮਾਨਤ ਦਾ ਲਾਭ ਦਿੰਦਿਆਂ ਇਹ ਸਾਫ਼ ਕੀਤਾ ਕਿ ਉਹ ਕਾਨੂੰਨ ਤੇ ਵਿਵਸਥਾ 'ਚ ਰੁਕਾਵਟ ਪਾਉਣ ਵਰਗਾ ਕੋਈ ਕੰਮ ਨਹੀਂ ਕਰੇਗੀ | ਹਾਈਕੋਰਟ ਨੇ ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ, ਪ੍ਰੰਤੂ ਇਹ ਪਟੀਸ਼ਨਰ ਦੀ ਨਿੱਜੀ ਸੁਤੰਤਰਤਾ ਨੂੰ ਰੋਕਣ ਲਈ ਵੱਡਾ ਆਧਾਰ ਨਹੀਂ ਹੈ | ਨੌਦੀਪ ਖ਼ਿਲਾਫ਼ ਦੰਗੇ ਕਰਨ, ਪੁਲਿਸ ਦੀ ਕਾਰਵਾਈ 'ਚ ਵਿਘਨ ਪੈਦਾ ਕਰਨ, ਕੁੱਟ-ਮਾਰ ਕਰਨ, ਹੱਤਿਆ ਦੇ ਯਤਨ ਤੇ ਹੋਰ ਧਾਰਾਵਾਂ ਤਹਿਤ ਸੋਨੀਪਤ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਸੀ |
ਚੰਡੀਗੜ੍ਹ, 26 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਰਾਜ ਦਾ ਸਾਲ 2021-22 ਦਾ ਬਜਟ 5 ਮਾਰਚ ਨੂੰ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਰਾਜ ਸਰਕਾਰ ਨੇ ਇਕ ਮਾਰਚ ਨੂੰ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ 'ਚ 8 ਮਾਰਚ ਨੂੰ ਬਜਟ ਪੇਸ਼ ਕੀਤੇ ਜਾਣ ਦਾ ਐਲਾਨ ਕੀਤਾ ਸੀ | ਇਸ ਦੇ ਨਾਲ ਹੀ ਬਜਟ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਉਨ੍ਹਾਂ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ, ਜੋ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਜਾਨ ਗਵਾ ਚੁੱਕੇ ਹਨ | ਇਸ ਦੇ ਨਾਲ ਹੀ ਸਦਨ 'ਚ ਪੰਜਾਬ 'ਚ ਕੋਵਿਡ-19 ਮਹਾਂਮਾਰੀ ਕਾਰਨ ਮਾਰੇ ਗਏ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ | ਪੰਜਾਬ 'ਚ ਪਿਛਲੇ ਸਾਲ ਮਾਰਚ ਤੋਂ ਹੁਣ ਤੱਕ 5814 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ | ਇਨ੍ਹਾਂ ਤੋਂ ਇਲਾਵਾ ਵਿਧਾਨ ਸਭਾ 'ਚ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਤੇ ਲੋਕ ਗਾਇਕ ਸਰਦੂਲ ਸਿਕੰਦਰ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ |
ਨਵੀਂ ਦਿੱਲੀ, 26 ਫਰਵਰੀ (ਏਜੰਸੀ)-26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਪੰਜਾਬੀ ਅਦਾਕਾਰ ਤੇ ਸਮਾਜ ਸੇਵੀ ਦੀਪ ਸਿੱਧੂ ਨੇ ਅਦਾਲਤ ਨੂੰ ਦੱਸਿਆ ਕਿ ਮੈਂ ਭੀੜ ਨੂੰ ਸ਼ਾਂਤ ਕਰਨ ਲਈ ਪੁਲਿਸ ਦੀ ਮਦਦ ਕਰ ਰਿਹਾ ਸੀ | ਸਿੱਧੂ ਨੇ ਲਾਲ ਕਿਲ੍ਹੇ 'ਤੇ ਹੋਈ ਹਿੰਸਾ 'ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਉਸ ਦਿਨ ਦੁਪਹਿਰ 12 ਵਜੇ ਤੱਕ ਹਰਿਆਣਾ ਦੇ ਮੁਰਥਲ 'ਚ ਇਕ ਹੋਟਲ 'ਚ ਸੀ ਤੇ ਲਾਲ ਕਿਲ੍ਹੇ 'ਤੇ ਉਹ ਦੁਪਹਿਰ ਕਰੀਬ 2 ਵਜੇ ਪਹੁੰਚਿਆ ਸੀ, ਜਿਸ ਦੀਆਂ ਸੀ.ਸੀ.ਟੀ.ਵੀ. ਤਸਵੀਰਾਂ ਵੀ ਮੌਜੂਦ ਹਨ | ਉਸ ਨੇ ਅਦਾਲਤ ਨੂੰ ਗੁਹਾਰ ਲਗਾਈ ਕਿ ਉਕਤ ਤਸਵੀਰਾਂ ਨੂੰ ਸੁਰੱਖਿਅਤ ਰੱਖਿਆ ਜਾਵੇ, ਜੋ ਕਿ ਪਹਿਲਾਂ ਹੀ ਜਾਂਚ ਏਜੰਸੀਆਂ ਕੋਲ ਮੌਜੂਦ ਹਨ | ਇਸ ਤੋਂ ਪਹਿਲਾਂ ਇਕ ਵੱਖਰੇ ਸੈੱਲ 'ਚ ਭੇਜੇ ਜਾਣ ਤੋਂ ਬਾਅਦ ਦੀਪ ਸਿੱਧੂ ਨੇ ਜੇਲ੍ਹ 'ਚ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਵਾਪਸ ਲੈ ਲਈ |
ਚੌਕ ਮਹਿਤਾ, 26 ਫਰਵਰੀ (ਜਗਦੀਸ਼ ਸਿੰਘ ਬਮਰਾਹ)-ਮਹਿਤਾ ਚੌਕ 'ਚ ਅੱਜ ਇਕ ਵਿਅਕਤੀ ਵਲੋਂ ਪਤਨੀ ਤੇ ਬੇਟੀ ਦੀ ਹੱਤਿਆ ਤੋਂ ਬਾਅਦ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ, ਮਹਿੰਦਰ ਪਾਲ ਸਿੰਘ (38) ਪੁੱਤਰ ਰਾਮ ਸਿੰਘ ਜੋ ...
ਤਣਾਅ ਵਾਲੇ ਇਲਾਕਿਆਂ ਤੋਂ ਸੈਨਿਕਾਂ ਨੂੰ ਹਟਾਉਣਾ ਜ਼ਰੂਰੀ-ਭਾਰਤ
ਨਵੀਂ ਦਿੱਲੀ/ਬੀਜਿੰਗ, 26 ਫਰਵਰੀ (ਏਜੰਸੀ)-ਸਰਹੱਦ 'ਤੇ ਸ਼ਾਂਤੀ ਤੇ ਸਥਿਰਤਾ ਨੂੰ ਦੁਵੱਲੇ ਸਬੰਧਾਂ 'ਚ ਪ੍ਰਗਤੀ ਲਈ ਜ਼ਰੂਰੀ ਦੱਸਦਿਆਂ ਭਾਰਤ ਨੇ ਚੀਨ ਨੂੰ ਕਿਹਾ ਕਿ ਸੈਨਿਕਾਂ ਦੀ ਪੂਰਨ ਵਾਪਸੀ ਦੀ ...
ਨਵੀਂ ਦਿੱਲੀ, 26 ਫਰਵਰੀ (ਏਜੰਸੀ)-26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਆਈ. ਟੀ. ਓ. ਚੌਕ ਵਿਖੇ ਮਾਰੇ ਗਏ ਉੱਤਰ ਪ੍ਰਦੇਸ਼ (ਯੂ. ਪੀ.) ਦੇ ਜ਼ਿਲ੍ਹਾ ਰਾਮਪੁਰ ਦੇ ਪਿੰਡ ਡਿਬਡਿਬਾ ਦੇ ਨੌਜਵਾਨ ਕਿਸਾਨ ਨਵਰੀਤ ਸਿੰਘ (27) ਦੇ ਸਰੀਰ 'ਤੇ ...
ਪਟਨਾ, 26 ਫਰਵਰੀ (ਏਜੰਸੀ)-ਬਿਹਾਰ ਵਿਧਾਨ ਸਭਾ ਬਜ਼ਟ ਇਜਲਾਸ 'ਚ ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਮਹਿੰਗਾਈ ਨੂੰ ਲੈ ਕੇ ਸਰਕਾਰ ਨੂੰ ਘੇਰਿਆ, ਜਿਸ ਨੂੰ ਲੈ ਕੇ ਤੇਜਸਵੀ ਯਾਦਵ ਸਾਈਕਲ 'ਤੇ ਵਿਧਾਨ ਸਭਾ ਪਹੁੰਚੇ | ਪੈਟਰੋਲ-ਡੀਜ਼ਲ ਦੀਆਂ ...
ਨਵੀਂ ਦਿੱਲੀ, 26 ਫਰਵਰੀ (ਏਜੰਸੀ)-ਤਿ੍ਣਮੂਲ ਕਾਂਗਰਸ ਤੇ ਖੱਬੀਆਂ ਪਾਰਟੀਆਂ ਸਮੇਤ ਵਿਰੋਧੀ ਪਾਰਟੀਆਂ ਨੇ ਪੱਛਮੀ ਬੰਗਾਲ 'ਚ ਅੱਠ ਪੜਾਵਾਂ ਤਹਿਤ ਚੋਣਾਂ 'ਤੇ ਸਵਾਲ ਚੁੱਕੇ ਹਨ ਜਦਕਿ ਭਾਜਪਾ ਨੇ ਇਸ ਦਾ ਸਵਾਗਤ ਕੀਤਾ ਹੈ | ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ...
ਨਵੀਂ ਦਿੱਲੀ, 26 ਫਰਵਰੀ (ਏਜੰਸੀ)-ਕਈ ਦਿਨਾਂ ਤੋਂ ਲਗਾਤਾਰ ਵਧ ਰਹੀਆਂ ਤੇਲ ਕੀਮਤਾਂ, ਈ-ਵੇਅ ਬਿੱਲ ਤੇ ਜੀ.ਐਸ.ਟੀ. ਨਿਯਮਾਂ ਦੀ ਸਮੀਖਿਆ ਨੂੰ ਲੈ ਕੇ ਦੇਸ਼ ਦੇ ਸਿਖਰਲੇ ਵਪਾਰੀ ਸੰਗਠਨ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਸਮੇਤ ਕਈ ਵਪਾਰਕ ਸੰਗਠਨਾਂ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX