• ਕੋਰੋਨਾ ਜੰਗ 'ਚ ਅਗਲੇ 3 ਹਫ਼ਤੇ ਨਤੀਜਾਕੁੰਨ-ਕੇਂਦਰ • ਬਦਲਦੇ ਹਾਲਾਤ 'ਤੇ ਨਜ਼ਰ ਰੱਖਣ ਸੂਬੇ ਤੇ ਕੇੇਂਦਰ ਸ਼ਾਸਿਤ ਪ੍ਰਦੇਸ਼ • ਬਾਜ਼ਾਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਭੀੜ ਵਾਲੇ ਸਮਾਗਮਾਂ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ
-ਉਪਮਾ ਡਾਗਾ ਪਾਰਥ-
ਨਵੀਂ ਦਿੱਲੀ, 20 ਅਪ੍ਰੈਲ-ਕੋਰੋਨਾ ਮਾਮਲਿਆਂ ਦੀ ਵਧਦੀ ਰਫ਼ਤਾਰ ਦਰਮਿਆਨ ਕੇਂਦਰ ਸਰਕਾਰ ਨੇ ਸੁਚੇਤ ਕਰਦਿਆਂ ਕਿਹਾ ਕਿ ਕੋਰੋਨਾ ਦੇ ਖ਼ਿਲਾਫ਼ ਜੰਗ 'ਚ ਅਗਲੇ 3 ਹਫ਼ਤੇ ਨਤੀਜਾਕੁੰਨ ਹੋਣ ਵਾਲੇ ਹਨ | ਇਸ ਦੌਰਾਨ ਹਰ ਕਿਸੇ ਨੂੰ ਕਾਫ਼ੀ ਇਹਤਿਆਤ ਰੱਖਣੀ ਹੋਵੇਗੀ | ਇਹ ਚਿਤਾਵਨੀ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ, ਨੀਤੀ ਆਯੋਗ ਦੇ ਮੈਂਬਰ ਡਾ: ਵੀ.ਕੇ. ਪਾਲ ਅਤੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਵਲੋਂ ਕੀਤੀ ਉੱਚ-ਪੱਧਰੀ ਮੀਟਿੰਗ 'ਚ ਦਿੱਤੀ ਗਈ | ਮੀਟਿੰਗ 'ਚ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਸ਼ਾਮਿਲ ਹੋਏ | ਇਹ ਮੀਟਿੰਗ ਉਸੇ ਵੇਲੇ ਹੋਈ ਹੈ ਜਦੋਂ ਦੇਸ਼ 'ਚ ਲਗਾਤਾਰ 6 ਦਿਨਾਂ ਤੋਂ 2 ਲੱਖ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ | ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ ਦੇਸ਼ 'ਚ 2 ਲੱਖ, 59 ਹਜ਼ਾਰ, 170 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ | ਹਾਲਾਂਕਿ ਇਹ ਗਿਣਤੀ ਪਿਛਲੇ ਦਿਨ ਨਾਲੋਂ ਕੁਝ ਘੱਟ ਹੈ | ਇਸ ਤੋਂ ਪਹਿਲਾਂ ਐਤਵਾਰ ਨੂੰ ਕੋਰੋਨਾ ਦੇ ਪੌਣੇ ਤਿੰਨ ਲੱਖ ਮਾਮਲੇ ਦਰਜ ਕੀਤੇ ਗਏ ਸਨ |
ਮੌਤਾਂ ਦੇ ਮਾਮਲੇ 'ਚ ਸਿਖ਼ਰ 'ਤੇ ਪਹੁੰਚਿਆ ਭਾਰਤ
ਕੋਰੋਨਾ ਦੀ ਖ਼ਤਰਨਾਕ ਹੁੰਦੀ ਰਫ਼ਤਾਰ ਦਰਮਿਆਨ ਭਾਵੇਂ ਨਵੇਂ ਮਾਮਲਿਆਂ ਦੇ ਅੰਕੜਿਆਂ 'ਚ ਹਲਕੀ ਕਮੀ ਵੇਖਣ 'ਚ ਆਈ ਹੈ ਪਰ ਹਰ ਦਿਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਭਾਰਤ ਚੋਟੀ 'ਤੇ ਪਹੁੰਚ ਗਿਆ ਹੈ | ਪਿਛਲੇ 24 ਘੰਟਿਆਂ 'ਚ ਭਾਰਤ 'ਚ ਕੋੋਰੋਨਾ ਕਾਰਨ 1761 ਲੋਕਾਂ ਦੀ ਜਾਨ ਗਈ ਹੈ | ਬ੍ਰਾਜ਼ੀਲ ਔਸਤਨ 1500 ਮੌਤਾਂ ਦੇ ਅੰਕੜੇ ਨਾਲ ਦੂਜੇ ਨੰਬਰ 'ਤੇ ਹੈ ਜਦਕਿ ਅਮਰੀਕਾ 'ਚ ਮੌਤਾਂ ਦੀ ਗਿਣਤੀ 500 ਤੋਂ 600 ਤੱਕ ਦਰਜ ਕੀਤੀ ਗਈ ਹੈ | ਭਾਰਤ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 1,80,530 ਹੋ ਗਈ ਹੈ | ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਪਹਿਲੀ ਵਾਰ ਰਿਕਾਰਡ 1 ਲੱਖ, 54 ਹਜ਼ਾਰ, 234 ਲੋਕ ਠੀਕ ਵੀ ਹੋਏ ਹਨ | ਦੇਸ਼ 'ਚ ਪਿਛਲੇ 24 ਘੰਟਿਆਂ 'ਚ ਮਿਲੇ 2 ਲੱਖ, 59 ਹਜ਼ਾਰ ਕੋਰੋਨਾ ਮਾਮਲਿਆਂ ਚੋਂ 78.33 ਫ਼ੀਸਦੀ ਮਰੀਜ਼ 10 ਰਾਜਾਂ ਤੋਂ ਹਨ, ਜਿਨ੍ਹਾਂ 'ਚ ਮਹਾਰਾਸ਼ਟਰ ਪਹਿਲੇ ਨੰਬਰ 'ਤੇ ਹੈ | ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਅਤੇ ਗੁਜਰਾਤ ਸਭ ਤੋਂ ਵੱਧ ਪ੍ਰਭਾਵਿਤ ਰਾਜ ਹਨ | ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 20,31,977 'ਤੇ ਪਹੁੰਚ ਗਈ ਹੈ | ਸਰਗਰਮ ਮਾਮਲਿਆਂ ਦੀ ਗਿਣਤੀ ਮੁਤਾਬਿਕ ਅਮਰੀਕਾ ਤੋਂ ਬਾਅਦ ਭਾਰਤ ਦੂਜੇ ਨੰਬਰ 'ਤੇ ਹੈ |
ਡਾ: ਮਨਮੋਹਨ ਸਿੰਘ ਦੀ ਹਾਲਤ ਸਥਿਰ
ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਜੋ ਕੋਰੋਨਾ ਪਾਜ਼ੀਟਿਵ ਹਨ ਅਤੇ ਏਮਜ਼ 'ਚ ਜ਼ੇਰੇ ਇਲਾਜ ਹਨ, ਦੀ ਹਾਲਤ ਦੀ ਜਾਣਕਾਰੀ ਦਿੰਦਿਆਂ ਏਮਜ਼ ਦੀ ਡਾਕਟਰੀ ਟੀਮ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ | ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਟਵਿੱਟਰ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਬਿਹਤਰ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਸਾਰੇ ਉਨ੍ਹਾਂ ਦੀ ਸਿਹਤਯਾਬੀ ਦੀ ਪ੍ਰਾਰਥਨਾ ਕਰ ਰਹੇ ਹਨ |
ਵੈਕਸੀਨ ਉਤਪਾਦਕਾਂ ਲਈ 4500 ਕਰੋੜ ਰੁਪਏ ਜਾਰੀ
1 ਮਈ ਤੋਂ ਦੇਸ਼ ਭਰ 'ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸ਼ੁਰੂ ਹੋ ਰਹੀ ਟੀਕਾਕਰਨ ਮੁਹਿੰਮ 'ਚ ਤੇਜ਼ੀ ਲਿਆਉਣ ਦੇ ਮੱਦੇਨਜ਼ਰ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਭਾਰਤ ਬਾਇਓਟੈੱਕ ਵਰਗੇ ਵੈਕਸੀਨ ਉਤਪਾਦਕਾਂ ਲਈ 4500 ਕਰੋੜ ਰੁਪਏ ਅਡਵਾਂਸ 'ਚ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਪਹਿਲਾਂ ਨਿਰਧਾਰਤ ਕੀਮਤ 150 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਸੀਰਮ ਵਲੋਂ ਭਾਰਤ ਸਰਕਾਰ ਨੂੰ 20 ਕਰੋੜ ਖੁਰਾਕਾਂ ਜਦਕਿ ਭਾਰਤ ਬਾਇਓਟੈੱਕ ਵਲੋਂ ਜੁਲਾਈ ਤੱਕ 9 ਕਰੋੜ ਖੁਰਾਕਾਂ ਮੁਹੱਈਆ ਕਰਵਾਈਆਂ ਜਾਣਗੀਆਂ |
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਕੇਂਦਰੀ ਮੰਤਰੀ ਨੇ ਟਵੀਟ ਕਰ ਕੇ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ | ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਨੇ ਕੁਝ ਸਮਾਂ ਪਹਿਲਾਂ ਹੀ ਏਮਜ਼ ਤੋਂ ਕੋਰੋਨਾ ਦਾ ਟੀਕਾ ਲਗਵਾਇਆ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ 'ਚ ਕੋਰੋਨਾ ਦੇ ਲੱਛਣ ਪਾਏ ਗਏ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ | ਇਸ ਦੇ ਨਾਲ ਹੀ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ | ਇਸ ਤੋਂ ਇਲਾਵਾ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਵੀ ਕੋਰੋਨਾ ਹੋ ਗਿਆ ਹੈ | ਇਹ ਜਾਣਕਾਰੀ ਉਨ੍ਹਾਂ ਟਵੀਟ ਕਰ ਕੇ ਦਿੱਤੀ ਹੈ | ਉਨ੍ਹਾਂ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਤੇ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ | ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ | ਦਿੱਲੀ ਸਰਕਾਰ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਮੁੱਢਲੀ ਜਾਂਚ 'ਚ ਕਰੋਨਾ ਪੀੜਤ ਪਾਏ ਗਏ ਹਨ ਤੇ ਘਰ 'ਚ ਹੀ ਇਕਾਂਤਵਾਸ ਹੋ ਗਏ ਹਨ | ਦੂਜੇ ਪਾਸੇ ਮੁੱਖ ਮੰਤਰੀ ਕੇਜਰੀਵਾਲ ਵੀ ਇਹਤਿਹਾਤ ਵਜੋਂ ਘਰ 'ਚ ਇਕਾਂਤਵਾਸ ਹੋ ਗਏ |
ਸਾਂਝੇ ਯਤਨਾਂ ਨਾਲ ਕੋਰੋਨਾ ਦੀ ਦੂਜੀ ਲਹਿਰ 'ਤੇ ਪਾਵਾਂਗੇ ਕਾਬੂ, ਰਾਸ਼ਟਰ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਕੋਵਿਡ-19 ਦੇ ਕੇਸਾਂ 'ਚ ਹੈਰਾਨੀਜਨਕ ਵਾਧੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਂਮਾਰੀ ਨਾਲ ਨਜਿੱਠਣ ਲਈ ਤਾਲਾਬੰਦੀ ਆਖਰੀ ਰਸਤਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਸੂਬਿਆਂ ਨੂੰ ਕਿਹਾ ਕਿ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਜੀਵਨ ਅਤੇ ਰੋਜ਼ੀ ਰੋਟੀ ਦੀ ਗਰੰਟੀ ਦੇ ਨਾਲ ਉਨ੍ਹਾਂ ਦੇ ਕੰਮ ਵਾਲੇ ਸਥਾਨਾਂ 'ਤੇ ਹੀ ਰਹਿਣ ਲਈ ਰਾਜ਼ੀ ਕਰਨ | ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਫਿਰ ਕੋਵਿਡ-19 ਵਿਰੁੱਧ ਵੱਡੀ ਸਖਤ ਲੜਾਈ ਲੜ ਰਿਹਾ ਹੈ ਤੇ ਕਿਹਾ ਕਿ ਕੁਝ ਹੀ ਦਿਨਾਂ 'ਚ ਜੋ ਫ਼ੈਸਲੇ ਲਏ ਗਏ ਹਨ ਉਹ ਸਥਿਤੀ 'ਚ ਸੁਧਾਰ ਕਰਨਗੇ ਅਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਾਲਾਬੰਦੀ ਆਖ਼ਰੀ ਬਦਲ ਹੋਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਤਾਲਾਬੰਦੀ ਤੋਂ ਬਚਾਉਣਾ ਹੈ | ਰਾਸ਼ਟਰ ਨੂੰ ਕੀਤੇ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਲੋਕ ਦੁੱਖ ਸਹਿ ਰਹੇ ਹਨ ਪਰ ਸਾਨੂੰ ਆਪਣੀ ਪੂਰੀ ਤਾਕਤ ਨਾਲ ਲੜਨ ਦੀ ਜ਼ਰੂਰਤ ਹੈ ਤੇ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਲੋਕਾਂ ਦੇ ਸਾਂਝੇ ਯਤਨਾਂ ਨਾਲ ਕੋਰੋਨਾ ਨੂੰ ਹਰਾਇਆ ਜਾਵੇਗਾ | ਅਗਲੇ ਮਹੀਨੇ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾਕਰਨ ਕਰਨ ਦੀ ਇਜਾਜ਼ਤ ਦੇਣ, ਆਕਸੀਜਨ ਅਤੇ ਦਵਾਈਆਂ ਦੇ ਉਤਪਾਦਨ ਅਤੇ ਸਪਲਾਈ ਨੂੰ ਤੇਜ਼ ਕਰਨ ਸਮੇਤ ਆਪਣੀ ਸਰਕਾਰ ਵਲੋਂ ਚੁੱਕੇ ਕਈ ਕਦਮਾਂ ਦੀ ਜਾਣਕਾਰੀ ਦਿੰਦਿਆਂ ਮੋਦੀ ਨੇ ਕਿਹਾ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲਿਆਂ ਦੇ ਦੁੱਖ 'ਚ ਉਨ੍ਹਾਂ ਦੀ ਹਮਦਰਦੀ ਹੈ | ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਖ਼ਿਲਾਫ਼ ਇਸ ਲੜਾਈ 'ਚ ਲਗਾਤਾਰ ਕੰਮ ਕਰ ਰਹੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦਾ ਉਹ ਧੰਨਵਾਦ ਕਰਦੇ ਹਨ | ਮੋਦੀ ਨੇ ਕਿਹਾ ਕਿ ਵੈਕਸੀਨ ਵਿਕਾਸ ਅਤੇ ਸਪਲਾਈ ਸਮੇਤ ਸਾਰੀਆਂ ਕੋਵਿਡ-19 ਚੁਣੌਤੀਆਂ ਦਾ ਸਾਹਮਣਾ ਕਰਨ ਲਈ ਫਾਰਮਾਂ ਸੈਕਟਰ ਨੇ ਅਣਥੱਕ ਰੂਪ ਨਾਲ ਕੰਮ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਆਕਸੀਜਨ ਸਿਲੰਡਰਾਂ ਦੀ ਕਮੀ ਵੱਡੀ ਸਮੱਸਿਆ ਦੇ ਤੌਰ 'ਤੇ ਸਾਹਮਣੇ ਆਈ ਹੈ ਅਤੇ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਸਾਰੇ ਹਿੱਸੇਦਾਰ ਸਮੂਹਿਕ ਤੌਰ 'ਤੇ ਯਤਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਥਿਤੀ ਪਿਛਲੇ ਸਾਲ ਨਾਲੋਂ ਵੱਖ ਹੈ, ਜਦੋਂ ਦੇਸ਼ 'ਚ ਕੋਵਿਡ ਵੈਕਸੀਨ ਜਾਂ ਪੀ. ਪੀ. ਈ. ਕਿੱਟਾਂ ਅਤੇ ਹੋਰ ਬਹੁਤ ਜ਼ਰੂਰੀ ਮੈਡੀਕਲ ਸਾਮਾਨ ਤਿਆਰ ਕਰਨ ਲਈ ਬੁਨਿਆਦੀ ਢਾਂਚਾ ਨਹੀਂ ਸੀ | ਉਨ੍ਹਾਂ ਕਿਹਾ ਕਿ ਤਾਲਾਬੰਦੀ ਆਖ਼ਰੀ ਬਦਲ ਹੋਣਾ ਚਾਹੀਦਾ ਹੈ ਅਤੇ ਮਾਈਕਰੋ ਕੰਟੇਨਮੈਂਟ 'ਤੇ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ | ਮੋਦੀ ਨੇ ਕਿਹਾ ਕਿ ਜੇਕਰ ਅਸੀਂ ਸਾਰੇ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਾਂਗੇ ਤਾਂ ਤਾਲਾਬੰਦੀ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ | ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਜਾਣਾ ਘੱਟ ਕਰਨ ਅਤੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਵੱਡਿਆਂ ਨੂੰ ਸਮਝਾਉਣ 'ਚ ਬੱਚਿਆਂ ਦੀ ਪ੍ਰਮੁੱਖ ਭੂਮਿਕਾ ਹੈ ਕਿ ਉਹ ਬਿਨਾਂ ਕਿਸੇ ਉਚਿਤ ਕਾਰਨ ਦੇ ਘਰੋਂ ਬਾਹਰ ਨਾ ਜਾਣ |
ਵੈਕਸੀਨ ਨਿਰਮਾਤਾਵਾਂ ਨੂੰ ਉਤਪਾਦਨ ਸਮਰੱਥਾ ਵਧਾਉਣ ਲਈ ਕਿਹਾ
ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੇ ਵੈਕਸੀਨ ਉਤਪਾਦਕਾਂ ਦੇ ਨਾਲ ਬੈਠਕ ਕੀਤੀ | ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਪਾਦਕਾਂ ਨੂੰ ਕਿਹਾ ਕਿ ਹੁਣ ਸਰਕਾਰ ਨੇ ਇਕ ਮਈ ਤੋਂ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ | ਅਜਿਹੇ 'ਚ ਵੈਕਸੀਨ ਨਿਰਮਾਤਾਵਾਂ ਨੂੰ ਘੱਟ ਸਮੇਂ 'ਚ ਆਪਣਾ ਉਤਪਾਦਨ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਹੱਦ ਘੱਟ ਸਮੇਂ 'ਚ ਸਸਤੀ ਵੈਕਸੀਨ ਦੇਸ਼ 'ਚ ਬਣਾਈ ਗਈ | ਮਿਸ਼ਨ ਕੋਵਿਡ ਸੁਰੱਖਿਆ ਤਹਿਤ ਨਿੱਜੀ ਅਤੇ ਸਰਕਾਰ ਦਰਮਿਆਨ ਸਹਿਯੋਗ ਦੇਖਣ ਨੂੰ ਮਿਲਿਆ | ਸਰਕਾਰ ਵੈਕਸੀਨ ਨਿਰਮਾਤਾਵਾਂ ਨੂੰ ਪੂਰੀ ਮਦਦ ਦੇਵੇਗੀ ਅਤੇ ਫ਼ਿਲਹਾਲ ਟਰਾਇਲ ਫ਼ੇਜ਼ 'ਚੋਂ ਲੰਘ ਰਹੀ ਵੈਕਸੀਨ ਨੂੰ ਵੀ ਜਲਦੀ ਇਜਾਜ਼ਤ ਦੇਣ 'ਚ ਸਹਿਯੋਗ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਟੀਕਾਕਰਨ ਮੁਹਿੰਮ 'ਚ ਨਿੱਜੀ ਸੈਕਟਰ ਵੀ ਜ਼ਿਆਦਾ ਸਰਗਰਮ ਭੂਮਿਕਾ ਨਿਭਾਏਗਾ ਅਤੇ ਇਸ ਲਈ ਹਸਪਤਾਲਾਂ ਅਤੇ ਉਦਯੋਗ ਦਰਮਿਆਨ ਬਿਹਤਰ ਤਾਲਮੇਲ ਦੀ ਜ਼ਰੂਰਤ ਹੋਵੇਗੀ | ਉਨ੍ਹਾਂ ਕਿਹਾ ਕਿ ਸਾਡੇ ਨਿੱਜੀ ਸੈਕਟਰ ਦੇ ਸਿਹਤ ਢਾਂਚੇ ਨੇ ਦੇਸ਼ ਦੀ ਕੋਰੋਨਾ ਵਿਰੁੱਧ ਲੜਾਈ 'ਚ ਵੱਡੀ ਭੂਮਿਕਾ ਨਿਭਾਈ ਹੈ |
ਉਨ੍ਹਾਂ ਨੇ ਨਵੀਂ ਵੈਕਸੀਨ ਵਿਕਸਿਤ ਕਰਨ 'ਚ ਭਾਰਤੀ ਵਿਗਿਆਨੀਆਂ ਵਲੋਂ ਕੀਤੇ ਯਤਨਾਂ ਅਤੇ ਅਧਿਐਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | ਮੋਦੀ ਨੇ ਕਿਹਾ ਕਿ ਭਾਰਤੀ ਵੈਕਸੀਨ ਉਦਯੋਗ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਸਮਰੱਥਾ, ਸਰੋਤ ਅਤੇ ਸੇਵਾ ਭਾਵ ਹਨ ਅਤੇ ਇਹ ਹੀ ਉਨ੍ਹਾਂ ਨੂੰ ਵਿਸ਼ਵ 'ਚ ਵੈਕਸੀਨ ਦੇ ਖੇਤਰ 'ਚ ਮੋਹਰੀ ਬਣਾਉਂਦੀਆਂ ਹਨ | ਵੈਕਸੀਨ ਨਿਰਮਾਤਾਵਾਂ ਨੇ 18 ਸਾਲ ਤੋਂ ਉੱਪਰ ਦੇ ਹਰ ਵਿਅਕਤੀ ਦੇ ਟੀਕਾਕਰਨ ਦੀ ਦਿੱਤੀ ਇਜਾਜ਼ਤ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਸਰਕਾਰ ਵਲੋਂ ਉਨ੍ਹਾਂ ਨੂੰ ਮਿਲੇ ਸਹਿਯੋਗ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ |
ਮੁੰਬਈ, 20 ਅਪ੍ਰੈਲ (ਏਜੰਸੀ)-ਬਾਲੀਵੁੱਡ ਅਤੇ ਮਰਾਠੀ ਦੇ ਮਸ਼ਹੂਰ ਅਤੇ ਦਿੱਗਜ਼ ਅਦਾਕਾਰ ਕਿਸ਼ੋਰ ਨੰਦਲੇਸਕਰ (81) ਦਾ ਅੱਜ ਕੋਰੋਨਾ ਕਾਰਨ ਦਿਹਾਂਤ ਹੋ ਗਿਆ | ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 12.30 ਵਜੇ ਉਨ੍ਹਾਂ ਦਾ ਦਿਹਾਂਤ ਹੋਇਆ | ਦੱਸਿਆ ਜਾ ਰਿਹਾ ਹੈ ਕਿ ਪਿਛਲੇ ਹਫ਼ਤੇ ਪਾਜ਼ੀਟਿਵ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ | ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੇਟੇ ਛੱਡ ਗਏ ਹਨ | ਉਨ੍ਹਾਂ ਨੇ ਬਾਲੀਵੁੱਡ ਦੇ ਅਦਾਕਾਰ ਗੋਬਿੰਦਾ ਨਾਲ 'ਜਿਸ ਦੇਸ਼ ਮੇਂ ਗੰਗਾ ਰਹਿਤਾ ਹੈ', ਸੰਜੇ ਦੱਤ ਦੀ 'ਵਾਸਤਵ', ਅਜੇ ਦੇਵਗਨ ਦੀ 'ਸਿੰਘਮ' ਅਤੇ ਖਾਖੀ ਵਰਗੀਆਂ ਸੁਪਰ ਹਿੱਟ ਫਿਲਮਾਂ ਸਮੇਤ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ | ਨੰਦਲੇਸਕਰ ਨੇ 1982 'ਚ ਮਰਾਠੀ ਫਿਲਮ ਜ਼ਰੀਏ ਅਦਾਕਾਰੀ ਦੇ ਖੇਤਰ 'ਚ ਪ੍ਰਵੇਸ਼ ਕੀਤਾ ਸੀ |
ਨਵੀਂ ਦਿੱਲੀ, 20 ਅਪ੍ਰੈਲ (ਉਪਮਾ ਡਾਗਾ ਪਾਰਥ)-ਦੇਸ਼ 'ਚ ਯੂਰੀਆ ਦਾ ਉਤਪਾਦਨ ਵਧਾਉਣ ਲਈ ਕੇਂਦਰ ਸਰਕਾਰ ਨੇ ਕੋਲਾ ਗੈਸ ਰਾਹੀਂ ਯੂਰੀਆ ਉਤਪਾਦਨ ਨੂੰ ਹੁਲਾਰਾ ਦੇਣ ਦਾ ਫ਼ੈਸਲਾ ਲਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਇਸ ਸਬੰਧ 'ਚ ਵਿਸ਼ੇਸ਼ ਸਬਸਿਡੀ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ | ਕੇਂਦਰੀ ਮੰਤਰੀ ਮੰਡਲ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਤਲਚਹ ਫਰਟੀਲਾਈਜ਼ਰ ਲਿਮਟਿਡ ਵਲੋਂ ਕੋਲਾ ਗੈਸ ਰਾਹੀਂ ਉਤਪਾਦਨ ਕੀਤੇ ਯੂਰੀਆ ਲਈ ਇਕ ਵਿਸ਼ੇਸ਼ ਸਬਸਿਡੀ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ | ਗੋਇਲ ਮੁਤਾਬਿਕ ਇਸ ਨਾਲ 1 ਸਾਲ 'ਚ 12.7 ਲੱਖ ਟਨ ਯੂਰੀਆ ਦਰਾਮਦ ਘੱਟ ਕਰਨ 'ਚ ਮਦਦ ਮਿਲੇਗੀ | ਸਰਕਾਰ ਵਲੋਂ ਇਸ ਪ੍ਰਾਜੈਕਟ 'ਤੇ ਤਕਰੀਬਨ 13,277 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਜ਼ਿਕਰਯੋਗ ਹੈ ਕਿ ਰਸਾਇਣ ਅਤੇ ਖਾਦਾਂ ਬਾਰੇ ਮੰਤਰਾਲੇ ਤੋਂ ਹਾਸਲ ਹੋਈ ਜਾਣਕਾਰੀ ਮੁਤਾਬਿਕ 2016-17 ਯੂਰੀਆ ਦੀ ਮੰਗ 289.9 ਲੱਖ ਮੀਟਿ੍ਕ ਟਨ ਸੀ | ਕਿਸਾਨਾਂ ਨੂੰ ਸਬਸਿਡੀ ਕਾਰਨ ਹੀ ਸਸਤਾ ਯੂਰੀਆ ਮਿਲਦਾ ਹੈ | ਇਸ ਸਬਸਿਡੀ 'ਤੇ ਸਰਕਾਰ ਵਲੋਂ ਸਾਲਾਨਾ 75 ਤੋਂ 80 ਹਜ਼ਾਰ ਕਰੋੜ ਰੁਪਏ ਅਦਾ ਕੀਤੇ ਜਾਂਦੇ ਹਨ | ਸਰਕਾਰ ਵਲੋਂ ਬਣਾਈ ਕੋਲ ਗੈਸੀਫ਼ਿਕੇਸ਼ਨ ਅਮਲ ਬਾਰੇ ਜਾਣਕਾਰੀ ਦਿੰਦਿਆਂ ਗੋਇਲ ਨੇ ਕਿਹਾ ਕਿ ਦੇਸ਼ ਕੋਲ ਕੋਲੇ ਦਾ ਕਾਫ਼ੀ ਭੰਡਾਰ ਹੈ, ਇਸ ਲਈ ਕੋਲ ਗੈਸੀਫ਼ਿਕੇਸ਼ਨ ਨਾਲ ਨਾ ਸਿਰਫ਼ ਦਰਾਮਦ ਦਾ ਬਿੱਲ ਘੱਟ ਹੋਵੇਗਾ ਸਗੋਂ ਕਿਸਾਨਾਂ ਨੂੰ ਆਸਾਨੀ ਨਾਲ ਯੂਰੀਆ ਵੀ ਹਾਸਲ ਹੋਵੇਗਾ | ਕੇਂਦਰੀ ਮੰਤਰੀ ਮੰਡਲ ਨੇ ਬੈਂਗਲੁਰੂ ਮੈਟਰੋ ਰੇਲ ਪ੍ਰਾਜੈਕਟ ਦੇ ਦੂਜੇ ਪੜਾਅ ਨੂੰ ਅੱਗੇ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਪੜਾਅ ਦੀ ਕੁੱਲ 58 ਕਿੱਲੋਮੀਟਰ ਦੀ ਲੰਬਾਈ ਹੋਵੇਗੀ ਅਤੇ ਇਸ ਦੀ ਕੁੱਲ ਲਾਗਤ 14 ਹਜ਼ਾਰ 786 ਕਰੋੜ ਰੁਪਏ ਹੋਵੇਗੀ |
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਕੇਂਦਰ ਸਰਕਾਰ ਨੇ ਕੋਰੋਨਾ ਪੀੜਤਾਂ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀ ਦਵਾਈ ਰੇਮਡੇਸਿਵਿਰ, ਇਸ ਦੇ ਕੱਚੇ ਮਾਲ ਅਤੇ ਇਸ ਨੂੰ ਬਣਾਉਣ 'ਚ ਇਸਤੇਮਾਲ ਹੋਣ ਵਾਲੇ ਸਾਮਾਨ 'ਤੇ ਕਸਟਮ ਡਿਊਟੀ ਹਟਾ ਦਿੱਤੀ ਹੈ | ਕੇਂਦਰੀ ਵਪਾਰ ਅਤੇ ਉਦਯੋਗ ਮੰਤਰਾਲੇ ਨੇ ਮੰਗਲਵਾਰ ਨੂੰ ਦੇਰ ਸ਼ਾਮ ਜਾਰੀ ਕੀਤੇ ਇਕ ਨੋਟੀਫਿਕੇਸ਼ਨ ਵਿਚ ਇਸ ਦੀ ਜਾਣਕਾਰੀ ਦਿੱਤੀ | ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਰੇਮਡੇਸਿਵਿਰ ਦਵਾਈ, ਇਸ ਨੂੰ ਬਣਾਉਣ ਵਿਚ ਇਸਤੇਮਾਲ ਹੋਣ ਵਾਲੇ ਸਾਮਾਨ ਅਤੇ ਰੇਮਡੇਸਿਵਿਰ ਟੀਕੇ ਦੀ ਦੇਸ਼ ਵਿਚ ਦਰਾਮਦ ਕਰ ਮੁਕਤ ਹੋਵੇਗੀ | ਸਰਕਾਰ ਦੇ ਇਸ ਕਦਮ ਨਾਲ ਦੇਸ਼ ਦੇ ਕਈ ਹਿੱਸਿਆਂ ਵਿਚ ਵਧੀ ਰੇਮਡੇਸਿਵਿਰ ਦੀ ਮੰਗ ਨੂੰ ਪੂਰੀ ਕਰਨ ਵਿਚ ਕਾਫੀ ਮਦਦ ਮਿਲੇਗੀ | ਜਾਣਕਾਰੀ ਅਨੁਸਾਰ ਸਰਕਾਰ ਦੇ ਇਹ ਫੈਸਲਾ ਇਸ ਸਾਲ 31 ਅਕਤੂਬਰ ਤੱਕ ਲਾਗੂ ਰਹੇਗਾ |
ਚੰਡੀਗੜ੍ਹ, 20 ਅਪ੍ਰੈਲ (ਅਜੀਤ ਬਿਊਰੋ)- ਉੱਘੇ ਭੌਤਿਕ ਵਿਗਿਆਨੀ ਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਂਡ ਰਿਸਰਚ, ਮੁਹਾਲੀ ਦੇ ਖੋਜ ਤੇ ਵਿਕਾਸ ਦੇ ਡੀਨ ਪ੍ਰੋਫੈਸਰ ਅਰਵਿੰਦ ਨੂੰ ਤਿੰਨ ਸਾਲਾਂ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ | ਡਾ. ਬੀ.ਐਸ. ਘੁੰਮਣ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਪਿਛਲੇ ਛੇ ਮਹੀਨਿਆਂ ਤੋਂ ਇਹ ਅਹੁਦਾ ਖ਼ਾਲੀ ਸੀ | ਇਸ ਦੌਰਾਨ ਸੂਬਾ ਸਰਕਾਰ ਨੇ ਸੀਨੀਅਰ ਅਧਿਕਾਰੀ ਰਵਨੀਤ ਕੌਰ ਨੂੰ ਕਾਰਜਕਾਰੀ ਉਪ ਕੁਲਪਤੀ ਨਿਯੁਕਤ ਕੀਤਾ ਸੀ | ਪ੍ਰੋਫੈਸਰ ਅਰਵਿੰਦ ਮੰਨੇ-ਪ੍ਰਮੰਨੇ ਸਿਧਾਂਤਕ ਕੁਐਂਟਮ ਭੌਤਿਕ ਵਿਗਿਆਨੀ ਹਨ ਜਿਨ੍ਹਾਂ ਦੀ ਪੰਜਾਬੀ ਭਾਸ਼ਾ 'ਚ ਵਿਗਿਆਨਕ ਸਿੱਖਿਆ, ਵਿਗਿਆਨਕ ਸੰਚਾਰ ਤੇ ਵਿਗਿਆਨ ਦੀ ਪੜ੍ਹਾਈ ਕਰਾਉਣ ਦੇ ਤਰੀਕੇ ਵਿਕਸਤ ਕਰਨ 'ਚ ਡੂੰਘੀ ਦਿਲਚਸਪੀ ਹੈ | ਉਨ੍ਹਾਂ ਆਈ.ਆਈ.ਟੀ., ਕਾਨਪੁਰ ਤੋਂ ਭੌਤਿਕ ਵਿਗਿਆਨ 'ਚ ਐਮ.ਐਸ.ਸੀ. ਕੀਤੀ ਅਤੇ ਸਾਲ 1997 ਵਿਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੌਰ ਦੇ ਸੈਂਟਰ ਫ਼ਾਰ ਥਿਊਰੈਟੀਕਲ ਸਟੱਡੀ ਅਤੇ ਫਿਜ਼ਿਕਸ ਵਿਭਾਗ ਤੋਂ ਸਿਧਾਂਤਕ ਭੌਤਿਕ ਵਿਗਿਆਨ 'ਚ ਪੀ.ਐਚ.ਡੀ. ਕੀਤੀ | ਉਸ ਤੋਂ ਬਾਅਦ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ 'ਚ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ | ਸਾਲ 2002 ਤੋਂ 2004 ਤੱਕ ਉਨ੍ਹਾਂ ਨੇ ਅਮਰੀਕਾ ਦੇ ਪਿਟਸਬਰਗ ਵਿਖੇ ਕਾਰਨੇਗੀ ਮੈਲਨ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਿਖੇ ਵਿਸ਼ੇਸ਼ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ | ਸਾਲ 2005 'ਚ ਆਈ.ਆਈ.ਟੀ., ਮਦਰਾਸ 'ਚ ਭੌਤਿਕ ਵਿਗਿਆਨ ਵਿਭਾਗ 'ਚ ਜੁਆਇਨ ਕੀਤਾ | ਅਗਸਤ, 2007 'ਚ ਉਹ ਆਈ.ਆਈ.ਐਸ.ਈ.ਆਰ., ਮੁਹਾਲੀ ਵਿਖੇ ਚਲੇ ਗਏ, ਜਿਥੇ ਬਾਨੀ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ | ਕੌਮਾਂਤਰੀ ਰਸਾਲਿਆਂ 'ਚ ਉਨ੍ਹਾਂ ਦੀਆਂ 70 ਰਚਨਾਵਾਂ ਛਪ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ 7 ਵਿਦਿਆਰਥੀਆਂ ਨੇ ਪੀ.ਐਚ.ਡੀ. ਅਤੇ 40 ਨੇ ਐਮ.ਐਸ. ਦੇ ਥੀਸਿਸ ਪੂਰੇ ਕੀਤੇ ਹਨ | ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਿਕ ਇਸ ਅਹੁਦੇ ਲਈ 64 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 10 ਅਯੋਗ ਪਾਈਆਂ ਗਈਆਂ ਅਤੇ 14 ਨਾਵਾਂ ਦੀ ਛਾਂਟੀ ਕੀਤੀ ਗਈ | ਮੁੱਖ ਸਕੱਤਰ ਵਿਨੀ ਮਹਾਜਨ ਦੀ ਅਗਵਾਈ ਵਾਲੀ ਚਾਰ ਮੈਂਬਰੀ ਕਮੇਟੀ ਨੇ ਛਾਂਟੀ ਕੀਤੇ ਉਮੀਦਵਾਰਾਂ ਦੀ ਇੰਟਰਵਿਊ
ਸਮਰਥਕਾਂ 'ਤੇ ਦਰਜ ਮਾਮਲੇ ਰੱਦ
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਆਧਾਰਿਤ ਕੱਟੜਪੰਥੀ ਸੰਗਠਨ ਤਹਿਰੀਕ-ਏ-ਲੇਬੈਕ 'ਤੇ ਪਾਬੰਦੀ ਲਗਾਉਣ ਅਤੇ ਸੰਗਠਨ ਦੇ ਪ੍ਰਮੁੱਖ ਸਾਦ ਹੁਸੈਨ ਰਿਜ਼ਵੀ ਨੂੰ ਗਿ੍ਫ਼ਤਾਰ ਕਰਨ ਉਪਰੰਤ ਬੁਰੀ ਤਰ੍ਹਾਂ ਨਾਲ ਘਿਰੇ ...
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਸ਼ਾਇਦ ਅਜੇ ਵੀ ਲੋਕਾਂ ਨੂੰ ਪਿਛਲੇ ਸਾਲ ਤਾਲਾਬੰਦੀ ਦੌਰਾਨ ਪ੍ਰਵਾਸੀਆਂ ਵਲੋਂ ਆਪਣੇ ਜੱਦੀ ਇਲਾਕਿਆਂ ਵੱਲ ਕੀਤੀ ਗਈ ਬੇਹੱਦ ਮੁਸ਼ਕਿਲ ਭਰੀ ਹਿਜਰਤ ਭਲੀ-ਭਾਂਤ ਯਾਦ ਹੋਵੇਗੀ, ਜਦੋਂ ਨਿੱਕੇ-ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ...
ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਦਿੱਲੀ 'ਚ ਕੋਰੋਨਾ ਵਾਇਰਸ ਦੀ ਗੰਭੀਰ ਹੋ ਰਹੀ ਸਥਿਤੀ ਤੇ ਤਾਲਾਬੰਦੀ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ 25 ਅਪ੍ਰੈਲ ਨੂੰ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ, ਇਸ ਫ਼ੈਸਲੇ 'ਤੇ ਦਿੱਲੀ ਦੇ ...
ਚੰਡੀਗੜ੍ਹ, 20 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਚ ਕੋਰੋਨਾ ਦੇ ਮਾਮਲਿਆਂ 'ਚ ਵੱਡਾ ਉਛਾਲ ਆਇਆ ਹੈ | ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 61 ਹੋਰ ਮੌਤਾਂ ਹੋ ਗਈਆਂ, ਉੱਥੇ 3198 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ...
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਐਲਾਨ ਕੀਤਾ ਕਿ ਕੋਵਿਡ-19 ਦੇ ਮੌਜੂਦਾ ਸੰਕਟ ਦੇ ਮੱਦੇਨਜ਼ਰ 2 ਤੋਂ 17 ਮਈ ਤੱਕ ਲਈ ਜਾਣ ਵਾਲੀ ਯੂ. ਜੀ. ਸੀ.-ਕੌਮੀ ਯੋਗਤਾ ਪ੍ਰੀਖਿਆ (ਨੈੱਟ) ਮੁਲਤਵੀ ਕਰ ਦਿੱਤੀ ਗਈ ਹੈ | ਨੈਸ਼ਨਲ ...
ਚੰਡੀਗੜ੍ਹ, 20 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ ਨੂੰ ਸ਼ੂਗਰਫੈੱਡ ਦਾ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਸਹਿਕਾਰਤਾ ਵਿਭਾਗ ਵਲੋਂ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ...
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਭਾਰਤ 'ਚ ਕੋਵਿਡ-19 ਦੇ ਮਾਮਲਿਆਂ 'ਚ ਭਾਰੀ ਵਾਧਾ ਹੋਣ ਕਾਰਨ ਪਾਕਿਸਤਾਨ ਨੇ ਦੋ ਹਫ਼ਤਿਆਂ ਲਈ ਭਾਰਤੀ ਯਾਤਰੂਆਂ ਦੇ ਪਾਕਿਸਤਾਨ ਆਉਣ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ | ਪਾਕਿ ਦੇ ਨੈਸ਼ਨਲ ਕਮਾਂਡ ਤੇ ਆਪ੍ਰੇਸ਼ਨ ਸੈਂਟਰ (ਐਨ. ...
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਉਸ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ, ਜਿਸ 'ਚ ਉੱਤਰ ਪ੍ਰਦੇਸ਼ ਸਰਕਾਰ ਨੂੰ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਮੱਦੇਨਜ਼ਰ ਸੂਬੇ ਦੇ 5 ਸ਼ਹਿਰਾਂ 'ਚ ਤਾਲਾਬੰਦੀ ਲਗਾਉਣ ਦੇ ਹੁਕਮ ਦਿੱਤੇ ਸਨ | ...
ਸਿਆਟਲ, 20 ਅਪ੍ਰੈਲ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਇਕ ਸਲਾਹ ਜਾਰੀ ਕਰਕੇ ਭਾਰਤ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਇਥੇ ਨਾ ਜਾਣ ਦੀ ਸਲਾਹ ਦਿੱਤੀ ਹੈ | ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ...
ਆਈ. ਸੀ. ਐਸ. ਈ. ਵਲੋਂ ਦੇਸ਼ 'ਚ ਕੋਰੋਨਾ ਵਾਇਰਸ ਦੀ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਦਸਵੀਂ ਬੋਰਡ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦੋਂਕਿ ਵਿਦਿਆਰਥੀਆਂ ਦੇ ਬਾਅਦ 'ਚ ਪ੍ਰੀਖਿਆਵਾਂ ਦੇਣ ਦੇ ਬਦਲ ਨੂੰ ਵੀ ਵਾਪਸ ਲੈ ਲਿਆ ਗਿਆ ਹੈ | ਕੌਂਸਲ ਫਾਰ ਦ ...
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਰੇਲ ਮੰਤਰੀ ਪਿਊਸ਼ ਗੋਇਲ ਨੇ ਰੇਲਵੇ ਸਟੇਸ਼ਨਾਂ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਦੇ ਸਵਾਲ 'ਤੇ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਤਾਲਾਬੰਦੀ ਨਹੀਂ ਹੈ | ਲੋਕਾਂ ਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ | ਰੇਲ ਗੱਡੀਆਂ ਪਹਿਲਾਂ ...
ਏਸ਼ੀਆ 'ਚ ਬਾਦਸ਼ਾਹਤ ਨੂੰ ਖ਼ਤਰਾ
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀਆਂ)-ਘਰੇਲੂ ਸ਼ੇਅਰ ਬਾਜ਼ਾਰ 'ਚ ਬੀਤੇ ਦਿਨ ਆਈ ਭਾਰੀ ਗਿਰਾਵਟ ਨਾਲ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ...
ਵਾਸ਼ਿੰਗਟਨ, 20 ਅਪ੍ਰੈਲ (ਏਜੰਸੀ)- ਕੋਰੋਨਾ ਵੈਕਸੀਨ ਤਿਆਰ ਕਰਨ ਲਈ ਜ਼ਰੂਰੀ ਕੱਚੇ ਮਾਲ ਦੀ ਸਪਲਾਈ 'ਤੇ ਰੋਕ ਦੇ ਸਵਾਲ 'ਤੇ ਅਮਰੀਕਾ ਨੇ ਕਿਹਾ ਹੈ ਕਿ ਅਸੀਂ ਭਾਰਤ ਦੀਆਂ ਜ਼ਰੂਰਤਾਂ ਸਮਝਦੇ ਹਾਂ | ਜੋ ਬਾਈਡਨ ਪ੍ਰਸ਼ਾਸਨ ਨੇ ਭਾਰਤ ਦੀ ਬੇਨਤੀ ਨੂੰ ਲੈ ਕੇ ਕਿਹਾ ਹੈ ਕਿ ...
ਇਸਲਾਮਾਬਾਦ, 20 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੋ ਕੋਰੋਨਾ ਪੀੜਤ ਹੋਣ ਕਾਰਨ ਨਵੀਂ ਦਿੱਲੀ ਦੇ ਇਕ ਹਸਪਤਾਲ 'ਚ ਜ਼ੇਰੇ ਇਲਾਜ ਹਨ, ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ | ...
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਦੇਸ਼ ਦੇ ਕੁਝ ਪ੍ਰਮੁੱਖ ਹਸਪਤਾਲਾਂ ਨਾਲ ਸਮੀਖਿਆ ਬੈਠਕ ਕਰਨ ਤੋਂ ਬਾਅਦ ਕਿਹਾ ਕਿ ਕੋਵਿਡ-19 ਮਰੀਜ਼ਾਂ ਦੀ ਜ਼ਰੂਰੀ ਦੇਖਭਾਲ ਤੇ ਆਕਸੀਜਨ ਸਮਰਥਨ ਦੀ ਲੋੜ ਦਾ ਪ੍ਰਤੀਸ਼ਤ ਦੋ ਦਿਨ ਪਹਿਲਾਂ ਦੀ ...
ਹਸਪਤਾਲਾਂ ਅਤੇ ਆਕਸੀਜਨ ਬੈੱਡਾਂ ਦੀ ਕਿੱਲਤ ਦਰਮਿਆਨ ਰੱਖਿਆ ਮੰਤਰਾਲੇ ਨੇ ਵੱਡਾ ਫ਼ੈਸਲਾ ਲੈਂਦਿਆਂ ਮਿਲਟਰੀ ਹਸਪਤਾਲਾਂ ਨੂੰ ਆਮ ਆਦਮੀ ਦੇ ਇਲਾਜ ਲਈ ਖੋਲ੍ਹ ਦਿੱਤਾ ਹੈ | ਦੇਸ਼ 'ਚ 67 ਮਿਲਟਰੀ ਹਸਪਤਾਲ ਹਨ | ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਫ਼ੌਜ ਦੇ ਤਿੰਨੋਂ ...
ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਕੋਰੋਨਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਤਗਾਲ ਦੀ ਯਾਤਰਾ ਰੱਦ ਕਰ ਦਿੱਤੀ ਹੈ | ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਵਲੋਂ ਦਿੱਤੀ ਗਈ | ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ 8 ਮਈ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX