ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  20 minutes ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  about 1 hour ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  about 2 hours ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  about 2 hours ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  about 3 hours ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  about 3 hours ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  about 3 hours ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 minute ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  about 4 hours ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..

ਫ਼ਿਲਮ ਅੰਕ

ਦਿਸ਼ਾ ਪਟਾਨੀ

ਕਦਮ ਬੁਲੰਦੀ ਵੱਲ

ਕਹਿਣ ਵਾਲੇ ਤਾਂ ਦਿਸ਼ਾ ਪਟਾਨੀ ਨੂੰ ਸੋਸ਼ਲ ਮੀਡੀਆ ਦੀ ਮਲਿਕਾ ਕਹਿੰਦੇ ਹਨ। ਦਿਸ਼ਾ ਦੇ ਨਿੱਤ ਨਵੇਂ ਪੋਸਟ ਤੇ ਵੀਡੀਓ ਆਉਂਦੇ ਸਾਰ ਹੀ ਧੁੰਮਾਂ ਪਾ ਦਿੰਦੇ ਹਨ। ਟਾਈਗਰ ਸ਼ਰਾਫ਼ ਨਾਲ ਦਿਸ਼ਾ ਦੀ ਮਿੱਤਰਤਾ ਜੱਗ ਜਾਣਦਾ ਹੈ ਤੇ ਆਪ ਦਿਸ਼ਾ ਆਪਣੇ ਪ੍ਰਸੰਸਕਾਂ ਲਈ ਨਿੱਤ ਨਵੀਂ ਖ਼ਬਰ ਆਪ ਬਣਦੀ ਹੈ। ਇੰਸਟਾਗ੍ਰਾਮ 'ਤੇ ਇਕ ਨਵਾਂ ਵੀਡੀਓ ਉਸ ਨੇ ਪਾਇਆ ਹੈ। 'ਖਾੜਕੂ' ਦਿਖ ਵਾਲੇ ਅੰਦਾਜ਼ 'ਚ ਇਹ ਵੀਡੀਓ 'ਚ ਦਿਸ਼ਾ ਨੇ ਦਿਖਾ ਕੇ ਟਾਈਗਰ ਨੂੰ ਵੰਗਾਰਿਆ ਹੈ ਕਿ ਉਹ ਇਕੱਲਾ ਹੀ ਖੜਕੇ-ਦੜਕੇ, ਸਟੰਟ ਦਾ ਮਾਹਿਰ ਨਹੀਂ, ਬਲਕਿ 'ਔਰ ਭੀ ਹੈਂ ਜਹਾਨ ਮੇਂ ਤੁਮਹਾਰੇ ਸਿਵਾ...।' ਦਿਸ਼ਾ ਵੈਸੇ ਆਪ ਟਾਈਗਰ ਨਾਲ ਪਿਛਲੇ ਦਿਨੀਂ ਹੀ ਮਾਲਦੀਵ ਤੋਂ ਛੁੱਟੀਆਂ ਬਤੀਤ ਕਰਕੇ ਪਰਤੀ ਹੈ। ਮਾਲਦੀਵ 'ਚ ਦਿਸ਼ਾ ਨੇ ਯੋ ਯੋ ਹਨੀ ਸਿੰਘ ਦੇ ਗਾਣੇ 'ਉਰਵਸ਼ੀ' 'ਤੇ ਟਾਈਗਰ ਨਾਲ ਨਾਚ ਕਰਦੀ ਦਾ ਵੀਡੀਓ ਵੀ ਪਾਇਆ। ਇਸ ਮੌਕੇ 'ਤੇ ਦਿਸ਼ਾ ਨਾਲ ਟਾਈਗਰ ਦੀ ਭੈਣ ਕ੍ਰਿਸ਼ਨਾ ਸ਼ਰਾਫ਼ ਵੀ ਸੀ। ਦਿਸ਼ਾ ਦੀ ਫ਼ਿਲਮੀ ਦਿਸ਼ਾ ਵੀ ਸਹੀ ਚੱਲ ਰਹੀ ਹੈ ਤੇ ਸੱਲੂ ਭਾਈਜਾਨ ਨਾਲ 'ਭਾਰਤ' ਫ਼ਿਲਮ 'ਚ ਉਹ ਆਏਗੀ। ਮੋਹਿਤ ਸੂਰੀ ਦੀ ਅਗਲੀ ਫ਼ਿਲਮ ਉਹ ਅਦਿਤਯ ਰਾਏ ਕਪੂਰ ਨਾਲ ਕਰਨ ਜਾ ਰਹੀ ਹੈ। ਸਲਮਾਨ ਖ਼ਾਨ ਦੀ 'ਕਿੱਕ-2' ਵੀ ਉਹ ਕਰ ਸਕਦੀ ਹੈ। ਇਸ ਤੋਂ ਇਲਾਵਾ ਕਾਰਤਿਕ ਆਰੀਅਨ ਨਾਲ ਵੀ ਦਿਸ਼ਾ ਨੂੰ ਇਕ ਹੋਰ ਫ਼ਿਲਮ ਮਿਲ ਰਹੀ ਹੈ। ਗੱਲ ਕੀ ਉਸ ਦਾ ਫ਼ਿਲਮੀ ਕੈਰੀਅਰ ਸ਼ਾਨਦਾਰ ਦਿਸ਼ਾ ਵੱਲ ਹੈ। ਚਾਹੇ ਰਿਤਿਕ ਰੌਸ਼ਨ ਸਬੰਧੀ ਇਕ ਨਾ-ਮੰਨਣਯੋਗ ਗੱਲ ਕਹਿ ਕੇ ਦਿਸ਼ਾ ਸਭ ਦੀ ਨਜ਼ਰ 'ਚ ਆਈ ਫਿਰ ਵੀ ਟਾਈਗਰ ਸ਼ਰਾਫ਼ ਨੇ ਜੋ ਰਿਤਿਕ ਨੂੰ ਆਪਣਾ ਉਸਤਾਦ ਮੰਨਦਾ ਹੈ, ਨੇ ਖਾਰਜ ਕਰਦਿਆਂ ਬੇਵਕੂਫ਼ ਲੋਕ ਉਡਾ ਰਹੇ ਨੇ, ਮਨਘੜਤ ਖ਼ਬਰਾਂ ਦੀ ਦੁਹਾਈ ਪਾ ਕੇ ਦਿਸ਼ਾ ਨੂੰ ਖਾਹਮਖਾਹ ਦੇ ਵਿਵਾਦ ਤੋਂ ਬਚਾ ਲਿਆ ਹੈ। ਹੁਣ ਦਿਸ਼ਾ ਪਟਾਨੀ ਇਸ ਲਈ ਟਾਈਗਰ ਨੂੰ ਧੰਨਵਾਦ ਦਿੰਦੀ ਹੈ ਜਾਂ ਨਹੀਂ ਬਾਅਦ ਦੀ ਗੱਲ ਪਰ ਹੁਣ ਦੀ ਗੱਲ ਇਹੀ ਹੈ ਕਿ ਦਿਸ਼ਾ ਦਾ ਇਸ ਸਮੇਂ ਪਾਣੀ ਵੀ ਵਿਕਦਾ ਹੈ, ਚਾਹੇ ਬਾਕੀਆਂ ਦੇ ਦੁੱਧ ਦੀ ਹਾਲਤ ਪਤਲੀ ਹੀ ਹੋਵੇ।


ਖ਼ਬਰ ਸ਼ੇਅਰ ਕਰੋ

ਯਾਮੀ ਗੌਤਮ

ਛਮ ਛਮ ਨੱਚਦੀ ਫਿਰਾਂ

ਖ਼ੁਸ਼ੀ ਦੇ ਅੱਥਰੂਆਂ ਦਾ ਆਪਣਾ ਹੀ ਇਕ ਅਲੱਗ ਲੁਤਫ਼ ਹੁੰਦਾ ਹੈ। ਯਾਮੀ ਗੌਤਮ ਪੰਜਾਬਣ ਹੈ ਤੇ ਪੰਜਾਬ ਦੀ ਧਰਤੀ ਹੋਵੇ ਤੇ ਗੁਰੂ ਦੀ ਨਗਰੀ ਅੰਮ੍ਰਿਤਸਰ ਤੇ ਉਥੇ ਯਾਮੀ ਗੌਤਮ ਸਰਕਾਰੀ ਸਮਾਰੋਹ 'ਚ ਸਨਮਾਨਿਤ ਹੋਵੇ ਤਾਂ ਸਥਿਤੀ ਅਜਿਹੀ ਹੀ ਬਣਨੀ ਸੀ। 'ਕਾਬਿਲ' 100 ਕਰੋੜ ਨੂੰ ਟੱਪਣ ਨਾਲ ਹੀ ਯਾਮੀ ਕਾਬਿਲ ਨਾਇਕਾ ਬਣ ਗਈ ਸੀ ਤੇ ਹੁਣ ਵਿੱਕੀ ਕੌਸ਼ਲ ਨਾਲ 'ਉੜੀ' ਦਾ ਸਰਜੀਕਲ ਸਟਰਾਈਕ ਦੀ ਕਾਮਯਾਬੀ ਤੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਯਾਮੀ ਗੌਤਮ ਨਾਲ ਮੁਲਾਕਾਤ ਕੀਤੀ। ਬੀ.ਐਸ.ਐਫ. ਅੰਮ੍ਰਿਤਸਰ ਨੇ ਇਸ ਫ਼ਿਲਮ ਲਈ ਇਕ ਸਨਮਾਨਿਤ ਟੋਕਨ ਨਾਲ ਯਾਮੀ ਦਾ ਸਵਾਗਤ ਕੀਤਾ। ਅਟਾਰੀ-ਵਾਹਗਾ ਬਾਰਡਰ 'ਤੇ ਦੇਸ਼ ਦੇ ਜਵਾਨਾਂ ਨੂੰ ਮਿਲ ਪ੍ਰੇਮ, ਖੁਸ਼ੀ ਤੇ ਦੇਸ਼ ਪਿਆਰ ਦੇ ਉਤਸਵ ਦਾ ਸਕੂਨ ਉਸ ਨੂੰ ਮਹਿਸੂਸ ਹੋਇਆ। ਯਾਦ ਰਹੇ 'ਉੜੀ' ਨੇ 200 ਕਰੋੜ ਤੋਂ ਵੱਧ ਕਮਾ ਲਿਆ ਹੈ ਤੇ ਯਾਮੀ ਇਸ ਸਮੇਂ ਸ਼ਾਹਰੁਖ, ਸਲਮਾਨ, ਆਮਿਰ ਨੂੰ ਪਿਛਾਂਹ ਛੱਡ ਗਈ ਹੈ। ਸਾਰੀ 25 ਕਰੋੜ ਦੇ ਬਜਟ 'ਚ ਬਣੀ ਫ਼ਿਲਮ 200 ਕਰੋੜ ਤੋਂ ਪਾਰ 800 ਸਿਨੇਮਿਆਂ 'ਚ ਇਕੋ ਸਮੇਂ ਹੀ ਰਿਲੀਜ਼ ਹੋਈ। ਤਰੁਣ ਆਦਰਸ਼ ਜਿਹੇ ਮਹਾਂਰਥੀਆਂ ਨੇ ਯਾਮੀ ਦੀ ਤਾਰੀਫ਼ ਕੀਤੀ ਹੈ। ਯਾਮੀ ਇਸ ਖ਼ੁਸ਼ੀ 'ਚ ਲੈਕਮੇ ਦੇ ਫੈਸ਼ਨ ਸ਼ੋਅ 'ਚ ਵੀ ਗਈ। ਖ਼ੁਸ਼ੀ 'ਚ ਨੱਚਦੀ-ਨੱਚਦੀ ਯਾਮੀ ਦਾ ਪੈਰ ਤਿਲਕ ਗਿਆ ਤੇ ਉਹ ਸੱਟ ਲੱਗਣ ਤੋਂ ਮਸਾਂ ਹੀ ਬਚੀ। ਯਾਮੀ ਖ਼ੁਸ਼ ਹੈ ਕਿ ਦੇਸ਼ ਪਿਆਰ ਦੀ ਫ਼ਿਲਮ ਦਾ ਉਹ ਹਿੱਸਾ ਹੈ। 71ਵੇਂ ਭਾਰਤੀ ਸੈਨਾ ਦਿਵਸ ਦੇ ਮੌਕੇ ਦਿੱਲੀ 'ਚ ਹੋਈ ਪਰੇਡ 'ਚ ਵੀ ਯਾਮੀ ਗਈ। ਯਾਮੀ ਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਨਿਰਮਾਤਾ ਨੇ ਫ਼ਿਲਮ ਦੀ ਕਮਾਈ 'ਚੋਂ ਇਕ ਕਰੋੜ ਰੁਪਿਆ ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨੂੰ ਦਿੱਤਾ ਹੈ। ਬਿਨਾਂ ਸ਼ੱਕ 2019 'ਚ ਚੜ੍ਹਦੇ ਸਾਲ ਹੀ 'ਉੜੀ' ਜਿਹੀ ਹਿੱਟ ਫ਼ਿਲਮ ਨਾਲ ਯਾਮੀ ਗੌਤਮ ਸਾਲ ਭਰ ਦੀਆਂ ਰੋਟੀਆਂ ਇਕ ਤਰ੍ਹਾਂ ਆਪਣੇ ਲਈ ਬਣਾ ਗਈ ਹੈ। ਫਿਰ ਕਿਉਂ ਨਾ ਖ਼ੁਸ਼ੀ 'ਚ ਪੱਬਾਂ ਭਾਰ ਯਾਮੀ ਨੱਚਦੀ ਫਿਰੇ...।

ਤਣਾਅ ਨੂੰ ਪਿੱਛੇ ਛੱਡ ਚੁੱਕੀ ਹੈ

ਦੀਪਿਕਾ

ਅਭਿਨੇਤਰੀ ਦੀਪਿਕਾ ਪਾਦੂਕੋਨ ਦੇ ਜੀਵਨ ਵਿਚ ਹੁਣ ਇਕ ਸਥਿਰਤਾ ਆਈ ਹੈ ਅਤੇ ਹੁਣ ਜਲਦ ਹੀ ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' ਦੀ ਸ਼ੂਟਿੰਗ ਨਿਯਮਤ ਤੌਰ 'ਤੇ ਸ਼ੁਰੂ ਕਰ ਦੇਵੇਗੀ। ਦੀਪਿਕਾ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤਣਾਅ ਮੁਕਤ ਹੋ ਕੇ ਕੰਮ ਕਰਨਾ ਚਾਹੁੰਦੀ ਹੈ। ਉਹ ਹੱਸ ਕੇ ਦੱਸਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਤਣਾਅ ਨੂੰ ਆਪਣੇ ਨੇੜੇ-ਤੇੜੇ ਫਟਕਣ ਨਹੀਂ ਦੇਣਾ ਚਾਹੁੰਦੀ। ਵਰਨਣਯੋਗ ਹੈ ਕਿ ਕਦੇ ਤਣਾਅ ਨੂੰ ਲੈ ਕੇ ਦੀਪਿਕਾ ਨੂੰ ਕਾਫ਼ੀ ਜੂਝਣਾ ਪੈਂਦਾ ਸੀ। ਉਦੋਂ ਉਸ ਨੂੰ ਦਵਾਈ ਵੀ ਖਾਣੀ ਪੈਂਦੀ ਸੀ। ਬਾਅਦ ਵਿਚ ਉਨ੍ਹਾਂ ਖਰਾਬ ਦਿਨਾਂ 'ਚ ਰਿਸ਼ਤੇ ਦੇ ਟੁੱਟਣ ਦੀ ਪੀੜਾ ਆਦਿ ਤੋਂ ਬਹੁਤ ਵਧੀਆ ਤਰ੍ਹਾਂ ਨਾਲ ਸੰਭਲ ਕੇ ਦੀਪਿਕਾ ਆਪਣੇ ਮੁਕਾਮ 'ਤੇ ਪਹੁੰਚ ਗਈ ਸੀ। ਅੱਜ ਵੀ ਕਈ ਮੌਕਿਆਂ 'ਤੇ ਉਨ੍ਹਾਂ ਦਿਨਾਂ ਨੂੰ ਯਾਦ ਕਰ ਕੇ ਦੀਪਿਕਾ ਬਹੁਤ ਭਾਵੁਕ ਹੋ ਜਾਂਦੀ ਹੈ। ਪਿਛਲੇ ਦਿਨੀਂ ਬੱਚਿਆਂ ਬਾਰੇ ਲਿਖੇ ਗਏ ਆਪਣੇ ਲੇਖ ਦੇ ਜ਼ਰੀਏ ਉਸ ਨੇ ਉਨ੍ਹਾਂ ਗੱਲਾਂ ਨੂੰ ਬੜੀ ਸ਼ਿੱਦਤ ਨਾਲ ਦੱਸਿਆ ਸੀ ਜਿਨ੍ਹਾਂ ਨੂੰ ਇਕ ਕਿਤਾਬ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਕਿਤਾਬ ਵਿਚ 51 ਭਾਰਤੀ ਔਰਤਾਂ ਦੇ ਤਣਾਅ ਦੇ ਖ਼ਿਲਾਫ਼ ਉਸ ਦੀ ਲੜਾਈ ਬਾਰੇ ਲਿਖੇ ਗਏ ਲੇਖ ਕਾਫੀ ਗਿਆਨ ਭਰਪੂਰ ਹਨ। ਆਪਣੀ ਗੱਲਬਾਤ ਵਿਚ ਦੀਪਿਕਾ ਇਸ ਕਿਤਾਬ ਦਾ ਵਿਸ਼ੇਸ਼ ਜ਼ਿਕਰ ਕਰਦੀ ਹੈ। ਉਸ ਦੇ ਮੁਤਾਬਿਕ ਜਦ ਤੁਸੀਂ ਅੰਦਰੋਂ ਮਜ਼ਬੂਤ ਹੋ ਤਾਂ ਕਿਸੇ ਵੀ ਤਰ੍ਹਾਂ ਦੇ ਤਣਾਅ 'ਚੋਂ ਆਪਣੇ-ਆਪ ਨੂੰ ਆਸਾਨੀ ਨਾਲ ਬਾਹਰ ਕੱਢ ਲਵੋਗੇ।


-ਅਸੀਮ ਚੱਕਰਵਰਤੀ

ਵਰੁਣ ਧਵਨ

'ਕਲੰਕ' ਲਾਹ ਦੂ 'ਸਟਰੀਟ ਡਾਂਸਰ'

'ਡਾਂਸ' ਕਰ ਤਾਂ ਰਿਹਾ ਹੈ ਵਰੁਣ ਧਵਨ ਸ਼ਰਧਾ ਕਪੂਰ ਨਾਲ ਪਰ ਉਸ ਦਾ ਧਿਆਨ ਇਹੀ ਹੈ ਕਿ ਉਸ ਦੀ ਇਹ ਨਵੀਂ ਫ਼ਿਲਮ 'ਡਾਂਸ' ਪਹਿਲੇ ਸਾਰੇ ਅਸਫ਼ਲ ਧੱਬੇ ਧੋ ਦੇਵੇ ਤੇ ਉਹ ਵੀ ਨਵੇਂ ਸਾਲ ਦੀਆਂ ਸਰਗਰਮੀਆਂ 'ਚ ਸਫ਼ਲਤਾ ਦਾ 'ਡਾਂਸ' ਦੇਖ ਲਏ। ਹਾਂ, 'ਡਾਂਸ' ਦੇ ਪਹਿਲੇ ਜਾਰੀ ਹੋਏ ਪੋਸਟਰਾਂ ਨੇ ਅੱਤ ਮਚਾ ਦਿੱਤੀ ਹੈ। ਤਿੰਨ ਸ਼ਾਨਦਾਰ 'ਡਾਂਸ' ਦੇ ਪੋਸਟਰ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦੇਖ ਕੇ ਸਰਾਹੇ ਹਨ। ਜੀ ਹਾਂ ਅਸੀਂ ਜਿਸ 'ਡਾਂਸ' ਦੀ ਗੱਲ ਕਰ ਰਹ ਹਾਂ ਉਹ ਫ਼ਿਲਮ ਰੇਮੂ ਡਿਸੂਜ਼ਾ ਦੀ ਹੈ ਤੇ ਪੂਰਾ ਨਾਂਅ 'ਸਟਰੀਟ ਡਾਂਸਰ' ਹੈ। ਇਹ ਫ਼ਿਲਮ ਹੈ ਤਾਂ 'ਏ ਬੀ ਸੀ ਡੀ' ਦਾ ਅਗਲਾ ਹਿੱਸਾ ਪਰ ਇਸ ਦਾ ਪਹਿਲਾ ਪੋਸਟਰ ਕਮਾਲ ਦਾ ਹੈ ਤੇ ਨਵੀਂ ਦਿੱਖ ਪੇਸ਼ ਕਰਦਾ ਹੈ। ਇਕ ਪੋਸਟਰ, ਵਰੁਣ ਨੇ ਕਮੀਜ਼ ਦੇ ਕਾਲਰ ਤੋਂ ਪ੍ਰਭੂ ਦੇਵਾ ਨੂੰ ਫੜਿਆ ਹੋਇਆ ਹੈ। 'ਸਟਰੀਟ ਡਾਂਸਰ' ਖੜਕਾ-ਦੜਕਾ ਵੀ ਕਰੇਗਾ ਇਹ ਪ੍ਰਭਾਵ ਇਸ ਪੋਸਟਰ ਨੇ ਪਾਇਆ ਹੈ। ਵਰੁਣ ਧਵਨ ਲਈ ਸਲਮਾਨ ਖ਼ਾਨ ਨੇ ਰੇਮੂ ਨਾਲ ਰਾਜ਼ੀਨਾਮਾ ਵੀ ਕਰ ਲਿਆ ਹੈ। ਪਹਿਲਾਂ 'ਰੇਸ-3' ਸਮੇਂ ਦੋਵਾਂ 'ਚ ਮਤਭੇਦ ਹੋ ਗਏ ਸਨ। ਵਰੁਣ ਧਵਨ ਦੀ 'ਕਲੰਕ' ਵੀ ਆ ਰਹੀ ਹੈ ਤੇ ਇਸ 'ਚ ਉਸ ਨਾਲ ਆਲੀਆ, ਅਦਿਤਯ ਰਾਏ ਕਪੂਰ, ਸੋਨਾਕਸ਼ੀ ਸਿਨਹਾ, ਮਾਧੁਰੀ ਦੀਕਸ਼ਤ ਤੇ ਸੰਜੇ ਦੱਤ ਵੀ ਹਨ। ਵਰੁਣ ਧਵਨ ਨਾਲ ਨੋਰਾ ਫਤੇਹੀ ਨੇ ਇਕ ਸਟੇਜ ਡਾਂਸ ਕੀਤਾ ਹੈ ਜੋ ਕਾਫੀ ਲੋਕਪ੍ਰਿਯ ਹੋਇਆ ਹੈ। ਇਸ ਲੋਕਪ੍ਰਿਯਤਾ ਸਮੇਂ ਵੀ ਵਰੁਣ ਚਾਹੁੰਦਾ ਹੈ ਕਿ ਨਤਾਸ਼ਾ ਨਾਲ ਫੇਰੇ ਲੈ ਕੇ ਆਪਣਾ ਘਰ ਵੀ ਵਸਾ ਲਏ। ਨਤਾਸ਼ਾ ਵਰੁਣ ਲਈ ਭਾਗਾਂਵਾਲੀ ਹੈ ਕਿ ਅਕਸ਼ੈ-ਵਰੁਣ ਦੀ ਜੋੜੀ ਲਈ ਤਿੰਨ ਨਵੀਆਂ ਫ਼ਿਲਮਾਂ ਲਿਖੀਆਂ ਜਾ ਰਹੀਆਂ ਹਨ। ਇਕ ਹੋਰ ਫ਼ਿਲਮ 'ਰਣ ਭੂਮੀ' ਕਰਨ ਦਾ ਇਰਾਦਾ ਵੀ ਵਰੁਣ ਧਵਨ ਦਾ ਹੈ। 'ਕੁਲੀ ਨੰਬਰ-1' ਦਾ ਰੀਮੇਕ ਵੀ ਉਸ ਨੂੰ ਹੀ ਲੈ ਕੇ ਬਣੇਗਾ। ਡੇਵਿਡ ਧਵਨ ਦਾ ਹੋਣਹਾਰ ਪੁੱਤਰ ਵਰੁਣ ਧਵਨ ਲਗਦਾ ਹੈ 2019 ਦਾ ਕਾਮਯਾਬ ਹੀਰੋ ਹੋਏਗਾ। ਸਲਮਾਨ ਦੇ ਨਾਲ 'ਭਾਰਤ' 'ਚ ਧੀਰੂ ਭਾਈ ਅੰਬਾਨੀ ਦਾ ਕਿਰਦਾਰ ਵੀ ਵਰੁਣ ਧਵਨ ਕਰ ਰਿਹਾ ਹੈ। ਹੱਥ ਹੋਏ ਸਲਮਾਨ ਖ਼ਾਨ ਦਾ, ਬਾਪ ਤਕੜਾ ਫ਼ਿਲਮਕਾਰ, ਭਾਗਾਂਵਾਲੀ ਮਿੱਤਰ ਨਤਾਸ਼ਾ ਤਾਂ ਫਿਰ ਵਰੁਣ ਧਵਨ 'ਸਟਰੀਟ ਡਾਂਸਰ' ਬਣ ਕੇ ਸਾਰੇ 'ਕਲੰਕ' ਧੋ ਸਕਦਾ ਹੈ।


-ਸੁਖਜੀਤ ਕੌਰ

ਸੋਸ਼ਲ ਸਾਈਟ 'ਤੇ ਨੇਹਾ ਦਾ ਇਸ਼ਾਰਾ

ਗਾਇਕਾ ਨੇਹਾ ਕੱਕੜ ਫਿਰ ਪ੍ਰੇਸ਼ਾਨ ਹੈ। ਇਧਰ ਸੋਸ਼ਲ ਮੀਡੀਆ ਵਿਚ ਉਸ ਨੂੰ ਫਿਰ ਟਰੈਂਡ ਕੀਤਾ ਜਾ ਰਿਹਾ ਹੈ। ਉਂਜ ਇੰਡੀਅਨ ਆਈਡਲ ਤੋਂ ਬਾਅਦ ਨਿੰਦਣ ਵਾਲੇ ਉਸ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਹਨ। ਖ਼ੈਰ, ਪ੍ਰੇਮੀ ਹਿਮਾਂਸ਼ ਕੋਹਲੀ ਦੇ ਨਾਲੋਂ ਦੂਰੀ ਵਧਣ ਤੋਂ ਬਾਅਦ ਉਨ੍ਹਾਂ ਦਾ ਕੁਝ ਸਮਾਂ ਚੰਗਾ ਨਹੀਂ ਸੀ ਰਿਹਾ ਪਰ ਹੁਣ 'ਸਿੰਬਾ' ਦੇ ਰੀਮਿਕਸ ਗਾਣੇ 'ਆਂਖ ਮਾਰੇ ਯੇ ਲੜਕਾ ਆਂਖ...' ਦੇ ਹਿੱਟ ਹੋਣ ਤੋਂ ਬਾਅਦ ਫਿਰ ਉਸ ਦੇ ਨਾਂਅ ਦੀ ਚਰਚਾ ਹੋਈ ਹੈ। ਅਜਿਹੇ ਸਮੇਂ ਵਿਚ ਹੀ ਨੇਹਾ ਨੇ ਆਪਣੀ ਸੋਸ਼ਲ ਸਾਈਟ ਵਿਚ ਕੁਝ ਅਜਿਹਾ ਲਿਖਿਆ ਹੈ ਕਿ ਉਹ ਅਤੀਤ ਨੂੰ ਭੁੱਲ ਕੇ ਫਿਰ ਅੱਗੇ ਵਧ ਰਹੀ ਹੈ, ਬਹੁਤ ਚੰਗੀ ਗੱਲ ਹੈ ਪਰ ਇਸ ਦਾ ਜਵਾਬ ਬਹੁਤ ਚੰਗਾ ਨਹੀਂ ਆ ਰਿਹਾ ਕਿਉਂਕਿ ਐਸਾ ਨਹੀਂ ਹੈ ਕਿ ਉਸ ਤੋਂ ਬਾਅਦ ਵੀ ਇਹ ਗਾਇਕਾ ਰੁਕੀ ਨਹੀਂ ਹੈ। ਸੋਸ਼ਲ ਸਾਈਟ ਵਿਚ ਨੇਹਾ ਨੇ ਹੈਪੀ, ਪਾਜ਼ੇਟਿਵ ਵਾਇਰਸ ਹੈਸ਼ ਟੈਗ ਦੇ ਕੇ ਲਿਖਿਆ ਹੈ, 'ਲੜਕੀਆਂ ਉਦੋਂ ਵੱਖਰੇ ਢੰਗ ਨਾਲ ਗੱਲ ਕਰਦੀਆਂ ਹਨ, ਜਦ ਉਨ੍ਹਾਂ ਨੂੰ ਸਟੀਕ ਢੰਗ ਨਾਲ ਟਰੀਟ ਕੀਤਾ ਜਾਂਦਾ ਹੈ ਅਤੇ...।' ਇਥੇ ਇਹ ਸ਼ਬਦ ਹੀ ਕਾਫੀ ਅਹਿਮ ਹੈ ਕਿਉਂਕਿ ਉਸ ਤੋਂ ਬਾਅਦ ਹੀ ਗਾਇਕਾ ਨੇ ਲਿਖਿਆ ਹੈ ਕਿ ਜਦ ਸਹੀ ਤਰ੍ਹਾਂ ਨਾਲ ਪਿਆਰ ਕੀਤਾ ਜਾਵੇ। ਇਸ ਦੇ ਨਾਲ ਹੀ ਇਸ ਟੈਗ ਲਾਈਨ ਦੇ ਨਾਲ ਬਹੁਤ ਖੁਸ਼ੀ-ਖੁਸ਼ੀ ਵਾਲੀ ਤਸਵੀਰ ਪੋਸਟ ਦੇ ਕੇ ਆਖਿਰ ਨੇਹਾ ਕੀ ਕਹਿਣਾ ਚਾਹੁੰਦੀ ਹੈ? ਇਸ ਸਵਾਲ 'ਤੇ ਨੇਹਾ ਕਹਿੰਦੀ ਹੈ ਕਿ 'ਤੁਹਾਡੇ ਵਰਗੇ ਲੋਕਾਂ ਨੂੰ ਵੀ ਬੇਵਜ੍ਹਾ ਸ਼ੱਕ ਕਰਨ ਦੀ ਆਦਤ ਹੈ ਪਰ ਉਸ ਦੇ ਕਰੀਬੀ ਅਜਿਹਾ ਨਹੀਂ ਮੰਨਦੇ, ਉਨ੍ਹਾਂ ਦੇ ਮੁਤਾਬਿਕ ਉਸ ਦੀ ਜ਼ਿੰਦਗੀ ਵਿਚ ਇਕ ਨਵੇਂ ਬੁਆਏ ਫਰੈਂਡ ਦਾ ਆਗਮਨ ਹੋ ਚੁੱਕਾ ਹੈ। ਥੋੜ੍ਹਾ ਇੰਤਜ਼ਾਰ ਕਰੋ, ਉਸ ਦਾ ਨਾਂਅ ਜਲਦ ਹੀ ਸਾਹਮਣੇ ਆ ਜਾਵੇਗਾ।


-ਅਸੀਮ

ਤਮੰਨਾ ਭਾਟੀਆ

ਬਾਲੀਵੁੱਡ ਮੇਰੇ ਵੱਸ ਦਾ ਨਹੀਂ

ਵਾਰ-ਵਾਰ ਆਪਣੇ ਵਿਆਹ ਦੀਆਂ ਖ਼ਬਰਾਂ ਤੋਂ ਤੰਗ ਆਈ ਤਮੰਨਾ ਭਾਟੀਆ ਨੇ ਆਖਿਰ ਕਿਹਾ ਹੈ ਕਿ ਹਾਲੇ ਉਹ ਇਕੱਲੀ ਹੈ, ਮੁੰਡਾ ਮੇਰੇ ਲਈ ਮੇਰੇ ਮਾਪੇ ਹੀ ਲੱਭਣਗੇ। ਇਹ ਗੱਲ ਦੱਸਦੀ ਤਮੰਨਾ ਪ੍ਰਭਾਵ ਦੇ ਰਹੀ ਹੈ ਕਿ ਸ਼ਾਦੀ ਦੀਆਂ ਫਜ਼ੂਲ ਖ਼ਬਰਾਂ ਨੇ ਉਸ ਦਾ ਜਿਊਣਾ ਮੁਹਾਲ ਕੀਤਾ ਹੈ। ਤੇਲਗੂ ਦੀ 'ਸੈਮ ਨਰਸਿਮਹਾ ਰੈਡੀ' ਫ਼ਿਲਮ ਕਰ ਚੁੱਕੀ ਤਮੰਨਾ ਦਾ ਕਹਿਣਾ ਹੈ ਕਿ ਦੱਖਣ ਦਾ ਸਿਨੇਮਾ ਸਥਾਪਤ ਹੈ ਪਰ ਉਥੋਂ ਦੇ ਲੋਕ ਹਾਲੇ ਅਹਿ ਆਧੁਨਿਕ ਪਿਆਰ, ਵਾਸ਼ਨਾ ਅਜਿਹੇ ਸ਼ਬਦ ਸੁਣਨ ਲਈ ਤਿਆਰ ਨਹੀਂ ਹਨ। ਹਾਂ, ਦ੍ਰਿਸ਼ ਦੇਖ ਲੈਣਗੇ ਪਰ ਸੰਵਾਦਾਂ ਤੋਂ ਉਨ੍ਹਾਂ ਨੂੰ ਦਿੱਕਤ ਹੈ। ਰਿਤਿਕ ਰੌਸ਼ਨ ਦੀ ਅਥਾਹ ਪ੍ਰਸੰਸਕਾ ਬਣੀ ਤਮੰਨਾ ਭਾਟੀਆ ਨੇ ਹੁਣੇ ਜਿਹੇ ਇਕ ਸ਼ਾਹੀ ਅੰਦਾਜ਼ ਵਾਲਾ ਵਿਗਿਆਪਨ ਕੀਤਾ ਹੈ। ਹਰੀ ਭੂਮੀ ਨਾਲ ਇਕ ਮੁਲਾਕਾਤ ਦੌਰਾਨ ਤਮੰਨਾ ਨੇ ਸਾਫ਼ ਕਿਹਾ ਹੈ ਕਿ ਉਹ ਜਾਣਦੀ ਹੈ ਕਿ ਉਸ ਦੇ ਕਾਮੁਕ ਵੀਡੀਓ ਨੇ ਕੋਹਰਾਮ ਮਚਾਇਆ ਹੈ। ਤਮੰਨਾ ਇਹ ਸਭ ਫੋਕੀ ਸ਼ੋਹਰਤ ਲਈ ਕਰ ਰਹੀ ਹੈ। 'ਬਾਹੂਬਲੀ' ਵਾਲੀ ਇਹ ਨਾਇਕਾ ਕਦੇ ਪਹਿਰਾਵੇ ਨੂੰ ਲੈ ਕੇ ਆਪਣੀ ਹੀ ਇੰਡਸਟਰੀ ਦੇ ਲੋਕਾਂ ਨਾਲ ਖਹਿਬੜ ਪੈਂਦੀ ਹੈ ਤੇ ਕਦੇ ਕਹਿੰਦੀ ਹੈ ਦਰਸ਼ਕ ਚੰਗੀਆਂ ਫ਼ਿਲਮਾਂ ਚਾਹੁੰਦੇ ਹਨ ਪਰ ਆਪ ਕਾਮੁਕਤਾ ਤੇ ਅਰਧ-ਨਗਨਤਾ ਦੇ ਸਹਾਰੇ ਪ੍ਰਚਾਰ ਪਾ ਸੁਰਖੀਆਂ 'ਚ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। 'ਹਿੰਮਤਵਾਲਾ' ਵਾਲੀ ਤਮੰਨਾ ਭਾਟੀਆ ਪ੍ਰਤਿਭਾਵਾਨ ਹੈ ਪਰ ਉਸ ਦੀ ਗੱਲ ਦੱਖਣ ਤੱਕ ਹੀ ਸਿਮਟ ਕੇ ਰਹੀ ਗਈ ਹੈ। ਇਥੇ ਸੰਘਰਸ਼ ਦੀ ਦੁਨੀਆ ਨੇ ਤਮੰਨਾ ਦੀ ਤਮੰਨਾ ਪੂਰੀ ਨਹੀਂ ਹੋਣ ਦਿੱਤੀ।

ਸੰਦੀਪ ਪਾਟਿਲ ਦੀ ਭੂਮਿਕਾ ਵਿਚ ਚਿਰਾਗ ਪਾਟਿਲ

'ਬਜਰੰਗੀ ਭਾਈਜਾਨ' ਫੇਮ ਨਿਰਦੇਸ਼ਕ ਕਬੀਰ ਖਾਨ ਹੁਣ ਕ੍ਰਿਕਟ 'ਤੇ ਫ਼ਿਲਮ ਬਣਾ ਰਹੇ ਹਨ ਅਤੇ ਇਸ ਦਾ ਨਾਂਅ ਹੈ ''83'। ਸਾਲ 1983 ਦਾ ਜ਼ਿਕਰ ਹੁੰਦੇ ਹੀ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿਚ ਲਾਰਡਸ ਦੇ ਮੈਦਾਨ ਵਿਚ ਭਾਰਤੀ ਕ੍ਰਿਕਟ ਟੀਮ ਵਲੋਂ ਵਰਲਡ ਕੱਪ ਦੇ ਫਾਈਨਲ ਵਿਚ ਦਰਜ ਕੀਤੀ ਗਈ ਇਤਿਹਾਸਕ ਜਿੱਤ ਦੀਆਂ ਯਾਦਾਂ ਤਾਜ਼ਾ ਹੋ ਜਾਣਾ ਸੁਭਾਵਿਕ ਹੀ ਹੈ ਅਤੇ ਕਬੀਰ ਖਾਨ ਦੀ ਫ਼ਿਲਮ ਇਸੇ ਜਿੱਤ 'ਤੇ ਆਧਾਰਿਤ ਹੈ।
ਇਸ ਫ਼ਿਲਮ ਵਿਚ ਰਣਵੀਰ ਸਿੰਘ ਵਲੋਂ ਕਪਿਲ ਦੇਵ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਜੋ ਕਿ ਉਦੋਂ ਟੀਮ ਦੇ ਕਪਤਾਨ ਸਨ। ਹੁਣ ਇਸ ਵਿਚ ਸੰਦੀਪ ਪਾਟਿਲ ਦੇ ਕਿਰਦਾਰ ਲਈ ਉਨ੍ਹਾਂ ਦੇ ਬੇਟੇ ਚਿਰਾਗ ਪਾਟਿਲ ਨੂੰ ਇਕਰਾਰਬੱਧ ਕਰ ਲਿਆ ਗਿਆ ਹੈ। ਭਾਵ ਚਿਰਾਗ ਇਸ ਵਿਚ ਆਪਣੇ ਪਿਤਾ ਦੀ ਭੂਮਿਕਾ ਨਿਭਾਉਣਗੇ। ਕੁਝ ਮਰਾਠੀ ਫ਼ਿਲਮਾਂ ਤੇ ਇੱਕਾ-ਦੁੱਕਾ ਹਿੰਦੀ ਫ਼ਿਲਮਾਂ ਵਿਚ ਅਭਿਨੈ ਕਰਨ ਵਾਲੇ ਚਿਰਾਗ ਹੁਣ ''83' ਨੂੰ ਆਪਣੇ ਫ਼ਿਲਮੀ ਕੈਰੀਅਰ ਲਈ ਮਹੱਤਵਪੂਰਨ ਫ਼ਿਲਮ ਮੰਨਦੇ ਹਨ। ਉਹ ਇਸ ਭੂਮਿਕਾ ਲਈ ਆਪਣੇ ਪਿਤਾ ਤੋਂ ਵੀ ਸਲਾਹ ਲੈ ਰਹੇ ਹਨ, ਨਾਲ ਹੀ ਸਾਬਕਾ ਕ੍ਰਿਕਟ ਖਿਡਾਰੀ ਬਲਵਿੰਦਰ ਸੰਧੂ ਤੇ ਚੰਦਰਕਾਂਤ ਪੰਡਿਤ ਤੋਂ ਵੀ ਕ੍ਰਿਕਟ ਦੀ ਕੋਚਿੰਗ ਲੈ ਰਹੇ ਹਨ ਤਾਂ ਕਿ ਪਰਦੇ 'ਤੇ ਉਹ ਸਹੀ ਕ੍ਰਿਕਟ ਖਿਡਾਰੀ ਲੱਗ ਸਕਣ। ਜਦੋਂ ਇਸ ਫ਼ਿਲਮ ਦਾ ਐਲਾਨ ਕੀਤਾ ਗਿਆ ਸੀ ਉਦੋਂ ਚਿਰਾਗ ਦੀ ਮਾਤਾ ਦੀਪਾ ਨੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਇਸ ਵਿਚ ਸੰਦੀਪ ਪਾਟਿਲ ਦੀ ਭੂਮਿਕਾ ਨਿਭਾਉਣ ਦਾ ਮੌਕਾ ਚਿਰਾਗ ਨੂੰ ਮਿਲੇ ਅਤੇ ਹੁਣ ਉਨ੍ਹਾਂ ਦੀ ਇਹ ਇੱਛਾ ਵੀ ਪੂਰੀ ਹੋ ਗਈ ਹੈ।
ਉਂਜ, ਚਿਰਾਗ ਦੇ ਜਨਮ ਤੋਂ ਪਹਿਲਾਂ ਹੀ ਸੰਦੀਪ ਪਾਟਿਲ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।


-ਇੰਦਰਮੋਹਨ ਪੰਨੂੰ

ਵਿਆਹ ਦਾ ਮਤਲਬ ਹੈ ਦੋ ਦਿਲਾਂ ਦਾ ਪੂਰਨ ਮੇਲ

ਕੈਟਰੀਨਾ ਕੈਫ਼

ਇਕ ਸੰਖੇਪ ਮੁਲਾਕਾਤ ਅਭਿਨੇਤਰੀ ਕੈਟਰੀਨਾ ਕੈਫ਼ ਨਾਲ
* ਤੁਹਾਡੇ ਮੁਤਾਬਿਕ ਔਰਤਾਂ ਦੇ ਦਿਲ 'ਚ ਥਾਂ ਬਣਾਉਣ ਦਾ ਢੰਗ ਕੀ ਹੋਣਾ ਚਾਹੀਦਾ ਹੈ?
ਇਕ ਪ੍ਰਚਲਿਤ ਧਾਰਨਾ ਅਨੁਸਾਰ ਮਰਦ ਦੇ ਦਿਲ ਤੱਕ ਪਹੁੰਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਉਸ ਨੂੰ ਵਧੀਆ ਤੋਂ ਵਧੀਆ ਖਾਣਾ ਬਣਾ ਕੇ ਖੁਆਉਣਾ ਅਤੇ ਲੜਕੀਆਂ ਬਾਰੇ ਕੈਟਰੀਨਾ ਕਹਿੰਦੀ ਹੈ 'ਕਿਸੇ ਲੜਕੀ ਦੇ ਦਿਲ ਤੱਕ ਪਹੁੰਚਣ ਲਈ ਲੜਕੇ ਨੂੰ ਵਧੀਆ ਚਾਲ-ਚਲਣ ਦਾ ਹੋਣਾ ਚਾਹੀਦਾ ਹੈ। ਲੜਕੀਆਂ ਨੂੰ ਉਚਿਤ ਸਨਮਾਨ ਦੇਣਾ ਚਾਹੀਦਾ ਹੈ। ਇਸ ਨਾਲ ਬਹੁਤ ਸਹਿਜ ਢੰਗ ਨਾਲ ਉਨ੍ਹਾਂ ਦੇ ਦਿਲ ਤੱਕ ਪਹੁੰਚਿਆ ਜਾ ਸਕਦਾ ਹੈ। ਪਰ ਹਾਂ ਜਿਥੋਂ ਤੱਕ ਮੇਰਾ ਸਵਾਲ ਹੈ, ਇਹ ਦੋਵੇਂ ਗੁਣ ਕਿਸੇ ਲੜਕੀ ਦੇ ਦਿਲ ਤੱਕ ਪਹੁੰਚਣ ਦੇ ਲਈ ਕਾਫ਼ੀ ਹਨ।'
* ਤੁਸੀਂ ਸ਼ਾਦੀ ਦੇ ਮਤਲਬ ਬਾਰੇ ਕੁਝ ਕਹੋ ?
ਕੈਟਰੀਨਾ ਨੇ ਕਿਹਾ ਮੇਰੇ ਮੁਤਾਬਿਕ ਸ਼ਾਦੀ ਦਾ ਮਤਲਬ ਦੋ ਦਿਲਾਂ ਦਾ ਪੂਰਾ ਮਿਲਣ ਹੋਣਾ ਹੈ। ਮੈਂ ਇਸ ਗੱਲ ਵਿਚ ਯਕੀਨ ਕਰਦੀ ਹਾਂ ਕਿ ਜਦੋਂ ਦੋ ਲੋਕਾਂ ਦਾ ਦਿਲ ਇਕੱਠਿਆਂ ਸੋਚਦਾ ਹੈ ਤਾਂ ਉਹ ਹੀ ਸ਼ਾਦੀ ਦਾ ਸਹੀ ਸਮਾਂ ਹੈ। ਪਰ ਬਾਵਜੂਦ ਇਸ ਦੇ ਲਵ ਮੈਰੇਜ ਦੀ ਬਜਾਏ ਉਸ ਨੂੰ ਅਰੇਂਜ ਮੈਰੇਜ (ਪਰਿਵਾਰ ਨਾਲ ਸਬੰਧਿਤ) ਜ਼ਿਆਦਾ ਪਸੰਦ ਹੈ ਕਿਉਂਕਿ ਇਸ ਨਾਲ ਬੇਹੱਦ ਅਜਨਬੀ ਮਨੁੱਖ ਦੇ ਮਨ ਨੂੰ ਨਵੇਂ ਢੰਗ ਨਾਲ ਜਾਨਣ ਦਾ ਮੌਕਾ ਮਿਲਦਾ ਹੈ। ਇਸ ਲਈ ਮੈਂ ਆਪਣੇ ਲਈ ਵਰ ਲੱਭਣ ਦੀ ਜ਼ਿੰਮੇਵਾਰੀ ਆਪਣੀ ਮਾਂ ਨੂੰ ਸੌਂਪ ਰੱਖੀ ਹੈ। ਆਪਣੀ ਮਾਂ ਦੀ ਪਸੰਦ ਦੇ ਲੜਕੇ ਨਾਲ ਹੀ ਮੈਂ ਸ਼ਾਦੀ ਕਰਨਾ ਚਾਹਾਂਗੀ।
* ਤਲਾਸ਼ ਵਧੀਆ ਜੀਵਨ ਸਾਥੀ ਬਾਰੇ ਕੁਝ ਦੱਸੋ?
ਮੇਰਾ ਜੀਵਨ ਸਾਥੀ 'ਚ ਕੁਝ ਗੁਣ ਹੋਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਤਾਂ ਉਸ ਨੂੰ ਬਹੁਤ ਸਿੱਧਾ ਅਤੇ ਸਰਲ ਵਿਅਕਤੀ ਹੋਣਾ ਚਾਹੀਦਾ ਹੈ। ਮੈਂ ਚਾਰੇ ਪਾਸਿਆਂ ਤੋਂ ਗੁੰਝਲਦਾਰ ਦੁਨੀਆ ਵਿਚ ਜੀਵਨ ਸਾਥੀ ਦੇ ਤੌਰ 'ਤੇ ਬੇਹੱਦ ਸਰਲ ਵਿਅਕਤੀ ਦਾ ਸਾਥ ਚਾਹੁੰਦੀ ਹਾਂ। ਅਜਿਹਾ ਵਿਅਕਤੀ ਇੰਡਸਟਰੀ ਦਾ ਹੋਵੇ ਜਾਂ ਇੰਡਸਟਰੀ ਤੋਂ ਬਾਹਰ ਦਾ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ।

'ਵੁਮਨੀਆ' ਟਾਈਟਲ ਨੂੰ ਲੈ ਕੇ ਵਿਵਾਦ

ਫ਼ਿਲਮ 'ਗੈਂਗਸ ਆਫ਼ ਵਾਸੇਪੁਰ' ਦੀ ਰਿਲੀਜ਼ ਤੋਂ ਬਾਅਦ ਇਸ ਦਾ ਇਕ ਗੀਤ 'ਓ ਵੁਮਨੀਆ...' ਕਾਫੀ ਹਰਮਨਪਿਆਰਾ ਹੋਇਆ ਸੀ। ਗੀਤ ਦੀ ਹਰਮਨਪਿਆਰਤਾ ਤੋਂ ਪ੍ਰਭਾਵਿਤ ਹੋ ਕੇ ਨਿਰਮਾਤਾ ਪ੍ਰੀਤੀਸ਼ ਨੰਦੀ ਨੇ ਟਾਈਟਲ ਰਜਿਸਟ੍ਰੇਸ਼ਨ ਕਮੇਟੀ ਵਿਚ 'ਵੁਮਨੀਆ' ਟਾਈਟਲ ਆਪਣੇ ਨਾਂਅ ਰਜਿਸਟਰ ਕਰਵਾ ਲਿਆ ਅਤੇ ਉਹ ਇਸ ਟਾਈਟਲ ਨੂੰ ਧਿਆਨ ਵਿਚ ਰੱਖ ਕੇ ਸਹੀ ਕਹਾਣੀ ਦੀ ਭਾਲ ਵਿਚ ਲੱਗ ਗਏ।
ਇਧਰ 'ਗੈਂਗਸ...' ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਕੋਲ ਔਰਤਾਂ 'ਤੇ ਕੇਂਦਰਿਤ ਇਕ ਚੰਗੀ ਕਹਾਣੀ ਆਈ ਅਤੇ ਉਨ੍ਹਾਂ ਨੇ ਇਸ 'ਤੇ ਫ਼ਿਲਮ ਬਣਾਉਣ ਦੀ ਸੋਚੀ। ਫ਼ਿਲਮ ਲਈ ਤਾਪਸੀ ਪੰਨੂੰ ਤੇ ਭੂਮੀ ਪੇਡਨੇਕਰ ਨੂੰ ਇਕਰਾਰਬੱਧ ਵੀ ਕਰ ਲਿਆ ਅਤੇ ਜਦੋਂ ਉਹ 'ਵੁਮਨੀਆ' ਟਾਈਟਲ ਰਜਿਸਟਰ ਕਰਵਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਜਾਣ ਕੇ ਝਟਕਾ ਲੱਗਿਆ ਕਿ ਇਹ ਨਾਂਅ ਪਹਿਲਾਂ ਹੀ ਰਜਿਸਟਰ ਕਰਵਾ ਲਿਆ ਗਿਆ ਹੈ।
ਹੁਣ ਅਨੁਰਾਗ ਇਹ ਦਾਅਵਾ ਕਰ ਰਹੇ ਹਨ ਕਿ 'ਵੁਮਨੀਆ' ਟਾਈਟਲ ਉਨ੍ਹਾਂ ਦੀ ਫ਼ਿਲਮ ਦੇ ਗੀਤ ਦੇ ਮੁਖੜੇ ਤੋਂ ਲਿਆ ਗਿਆ ਹੈ। ਇਸ ਗੀਤ 'ਤੇ ਉਨ੍ਹਾਂ ਦਾ ਹੱਕ ਹੈ, ਇਸ ਲਿਹਾਜ਼ ਨਾਲ 'ਵੁਮਨੀਆ' ਟਾਈਟਲ ਵੀ ਉਨ੍ਹਾਂ ਦੀ 'ਇੰਟੇਲੈਕਚੁਅਲ ਪ੍ਰਾਪਰਟੀ' ਹੈ। ਉਹ ਕਹਿੰਦੇ ਹਨ, 'ਇਹ ਸ਼ਬਦ ਵੁਮਨੀਆ ਮੇਰੇ ਦਿਮਾਗ਼ ਦੀ ਉਪਜ ਹੈ। ਇਸ ਦਾ ਇਸਤੇਮਾਲ ਹੋਰ ਕੋਈ ਕਿਵੇਂ ਕਰ ਸਕਦਾ ਹੈ। ਪ੍ਰੀਤੀਸ਼ ਦੀ ਕੰਪਨੀ ਨੇ ਇਹ ਨਾਂਅ ਆਪਣੀ ਵੈੱਬ ਸੀਰੀਜ਼ ਨੂੰ ਦੇਣਾ ਚਾਹਿਆ ਪਰ ਬਾਅਦ ਵਿਚ ਉਨ੍ਹਾਂ ਨੇ ਆਪਣੀ ਵੈੱਬ ਸੀਰੀਜ਼ ਦਾ ਨਾਂਅ 'ਫਾਰ ਮੋਰ ਸ਼ਾਟਸ ਪਲੀਜ਼' ਰੱਖ ਕੇ ਦਿਖਾ ਦਿੱਤਾ ਕਿ ਉਹ 'ਵੁਮਨੀਆ' ਟਾਈਟਲ ਨੂੰ ਮਹਿਜ਼ ਆਪਣੇ ਕਬਜ਼ੇ ਵਿਚ ਰੱਖਣਾ ਚਾਹੁੰਦੇ ਹਨ, ਨਾ ਕਿ ਇਸ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ।
ਹੁਣ ਇਸ ਟਾਈਟਲ ਨੂੰ ਹਾਸਲ ਕਰਨ ਲਈ ਅਨੁਰਾਗ ਆਪਣੀ ਕਾਨੂੰਨੀ ਟੀਮ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ ਅਤੇ ਇਹ ਦੇਖ ਕੇ ਲਗਦਾ ਹੈ ਕਿ 'ਵੁਮਨੀਆ' ਟਾਈਟਲ ਅੱਗੋਂ ਵੀ ਖ਼ਬਰਾਂ ਵਿਚ ਬਣਿਆ ਰਹੇਗਾ।


-ਮੁੰਬਈ ਪ੍ਰਤੀਨਿਧ

ਹੁਣ ਗਾਇਕੀ ਵਿਚ ਆਏ ਲਲਿਤ ਪਰਾਸ਼ਰ

ਲਲਿਤ ਪਰਾਸ਼ਰ, ਇਹ ਨਾਂਅ ਸੁਣਦੇ ਹੀ ਕਿਸੇ ਦਾ ਵੀ ਸਿਰ ਖੁਰਕ ਕੇ ਸੋਚਣਾ ਸੁਭਾਵਿਕ ਹੀ ਹੈ ਕਿ ਇਹ ਸਾਹਬ ਕੌਣ ਹੈ। ਉਂਝ ਬਤੌਰ ਅਭਿਨੇਤਾ ਇਨ੍ਹਾਂ ਨੇ 'ਜਬ ਵੀ ਮੈੱਟ', 'ਭੂਤਨਾਥ', 'ਟ੍ਰੈਫਿਕ ਸਿਗਨਲ', 'ਅਜਬ ਪ੍ਰੇਮ ਕੀ ਗਜਬ ਕਹਾਨੀ' ਸਮੇਤ ਕਈ ਫ਼ਿਲਮਾਂ ਵਿਚ ਕੰਮ ਕੀਤਾ ਹੈ ਪਰ ਇਨ੍ਹਾਂ ਨੂੰ ਹਰਮਨਪਿਆਰਾ ਬਣਾਉਣ ਦਾ ਸਿਹਰਾ ਇਕ ਐਡ ਫ਼ਿਲਮ ਨੂੰ ਜਾਂਦਾ ਹੈ। ਘਰ ਦੇ ਰੰਗ-ਰੋਗਨ 'ਤੇ ਬਣੀ ਉਸ ਐਡ ਫ਼ਿਲਮ ਵਿਚ ਇਨ੍ਹਾਂ ਦੇ ਕਿਰਦਾਰ ਦਾ ਨਾਂਅ ਸੁਨੀਲ ਬਾਬੂ ਸੀ ਅਤੇ ਜਿਨ੍ਹੀਂ ਦਿਨੀਂ ਇਹ ਪ੍ਰਸਾਰਿਤ ਹੋਇਆ ਕਰਦੀ ਸੀ, ਉਦੋਂ ਇਨ੍ਹਾਂ 'ਤੇ ਫ਼ਿਲਮਾਇਆ ਸੰਵਾਦ 'ਵਾਹ ਸੁਨੀਲ ਬਾਬੂ...' ਬਹੁਤ ਲੋਕਪ੍ਰਿਆ ਹੋਇਆ ਸੀ। ਉਸ ਐਡ ਫ਼ਿਲਮ ਦੇ ਸੁਨੀਲ ਬਾਬੂ ਭਾਵ ਲਲਿਤ ਪਰਾਸ਼ਰ ਹੁਣ ਗਾਇਕੀ ਦੇ ਖੇਤਰ ਵਿਚ ਆ ਪਹੁੰਚੇ ਹਨ।
ਲਲਿਤ ਨੇ ਸ਼ਾਸਤਰੀ ਗਾਇਕੀ ਦੀ ਬਕਾਇਦਾ ਸਿੱਖਿਆ ਲਈ ਹੈ ਅਤੇ ਅਭਿਨੈ ਤੋਂ ਬਾਅਦ ਗਾਇਕੀ ਵਿਚ ਆਪਣਾ ਨਾਂਅ ਰੌਸ਼ਨ ਕਰਨ ਦੀ ਉਨ੍ਹਾਂ ਦੀ ਦਿਲੀ ਚਾਹਤ ਸੀ। ਉਹ ਸੁਰੇਸ਼ ਵਾਡਕਰ, ਜਾਵੇਦ ਅਲੀ, ਪਿਨਾਜ ਮਸਾਨੀ ਆਦਿ ਗਾਇਕਾਂ ਦੇ ਨਾਲ ਸਟੇਜ ਸ਼ੋਅ ਵਿਚ ਆਪਣੀ ਕਲਾ ਦਾ ਨਜ਼ਾਰਾ ਪੇਸ਼ ਕਰਦੇ ਰਹੇ ਅਤੇ ਹੁਣ ਉਨ੍ਹਾਂ ਦੀ ਆਵਾਜ਼ ਨਾਲ ਸਜਿਆ ਐਲਬਮ 'ਰੋਮਾਂਸ ਚੁਪਕੇ ਚੁਪਕੇ' ਲਿਆਂਦਾ ਗਿਆ ਹੈ। ਇਸ ਐਲਬਮ ਵਿਚ ਕੁੱਲ ਅੱਠ ਗੀਤ ਹਨ ਅਤੇ ਸੰਗੀਤਕਾਰ ਹਨ ਦੀਪਾਂਕਰ ਦਾਸ ਤੇ ਗੀਤਕਾਰ ਹਨ ਮੋਹਨ ਸ਼ਰਮਾ। ਅੱਠੇ ਗੀਤਾਂ ਦਾ ਵੀਡੀਓ ਫ਼ਿਲਮਾਂਕਣ ਵੀ ਕੀਤਾ ਗਿਆ ਹੈ ਅਤੇ ਇਸ ਵਿਚ ਲਲਿਤ ਦੇ ਨਾਲ ਮਾਡਲ ਪ੍ਰਤੀਕਸ਼ਾ, ਅਵੰਤਿਕਾ ਤੇ ਅੰਜਲੀ ਨੇ ਹਿੱਸਾ ਲਿਆ ਹੈ।
ਗਾਇਕੀ ਵਿਚ ਆਪਣੇ ਆਗਮਨ ਬਾਰੇ ਲਲਿਤ ਕਹਿੰਦੇ ਹਨ, 'ਮੈਂ ਕਿਸੇ ਦੀ ਦੇਖਾ-ਦੇਖੀ ਨਾਲ ਗਾਇਕ ਨਹੀਂ ਬਣਿਆ ਹਾਂ। ਸੰਗੀਤ ਪ੍ਰਤੀ ਮੈਨੂੰ ਸ਼ੁਰੂ ਤੋਂ ਆਕਰਸ਼ਣ ਰਿਹਾ ਹੈ ਅਤੇ ਮੈਂ ਪੰਡਿਤ ਪ੍ਰਤਾਪ ਨਾਰਾਇਣ, ਪੰਡਿਤ ਰਾਮ ਨਾਰਾਇਣ, ਗੌਤਮ ਮੁਖਰਜੀ ਤੇ ਕੰਕਨਾ ਬੈਨਰਜੀ ਵਰਗਿਆਂ ਸੰਗੀਤ ਗੁਰੂਆਂ ਤੋਂ ਸਿੱਖਿਆ ਲਈ ਹੈ। ਉਸੇ ਸਿੱਖਿਆ ਨੇ ਮੈਨੂੰ ਐਲਬਮ ਕੱਢਣ ਨੂੰ ਪ੍ਰੇਰਿਤ ਕੀਤਾ ਅਤੇ ਮੇਰੀ ਸਿੱਖਿਆ ਦਾ ਨਤੀਜਾ ਹੁਣ ਲੋਕਾਂ ਦੇ ਸਾਹਮਣੇ ਹੈ।'
ਉਮੀਦ ਹੈ ਕਿ ਇਸ ਐਲਬਮ ਨੂੰ ਸੁਣ ਕੇ ਉਸ ਐਡ ਫ਼ਿਲਮ ਦੀ ਤਰਜ 'ਤੇ ਹੁਣ ਲੋਕ ਕੁਝ ਇਸੇ ਅੰਦਾਜ਼ ਵਿਚ ਦਾਦ ਦੇਣਗੇ ਕਿ 'ਵਾਹ ਸੁਨੀਲ ਬਾਬੂ... ਬੜ੍ਹੀਆ ਹੈ।'


-ਮੁੰਬਈ ਪ੍ਰਤੀਨਿਧ

'22 ਯਾਰਡਸ' ਹਰ ਖਿਡਾਰੀ ਲਈ ਹੈ : ਸੂਰਿਆ ਸਿਨਹਾ

ਅੱਜ ਮੋਟੀਵੇਸ਼ਨ ਸਪੀਕਰ ਦੇ ਤੌਰ 'ਤੇ ਸੂਰਿਆ ਸਿਨਹਾ ਦਾ ਨਾਂਅ ਕਾਫੀ ਜਾਣਿਆ ਪਛਾਣਿਆ ਹੈ। ਡੇਢ ਸੌ ਤੋਂ ਜ਼ਿਆਦਾ ਦੇਸ਼ਾਂ ਵਿਚ ਜਾ ਕੇ ਉਹ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ 'ਤੇ ਆਪਣੇ ਭਾਸ਼ਣ ਦੇ ਕੇ ਲੋਕਾਂ ਵਿਚ ਨਵੀਂ ਉਮੀਦ, ਨਵਾਂ ਉਤਸ਼ਾਹ ਜਗਾਉਂਦੇ ਰਹੇ। ਇਹੀ ਨਹੀਂ, ਉਹ ਜੀਵਨ ਦਰਸ਼ਨ 'ਤੇ ਕੇਂਦਿਰਤ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ। ਇਸ ਤਰ੍ਹਾਂ ਦੀ ਸ਼ਖ਼ਸੀਅਤ ਬਾਰੇ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਇਕ ਜ਼ਮਾਨੇ ਵਿਚ ਉਨ੍ਹਾਂ ਦਾ ਸਬੰਧ ਬਾਲੀਵੁੱਡ ਨਾਲ ਵੀ ਰਿਹਾ ਸੀ। ਉਹ ਬਤੌਰ ਫਾਈਨਾਂਸਰ ਤੇ ਨਿਰਮਾਤਾ ਸਾਲ 1987 ਵਿਚ ਫ਼ਿਲਮ ਇੰਡਸਟਰੀ ਵਿਚ ਦਾਖ਼ਲ ਹੋਏ ਸਨ ਅਤੇ 2000 ਤੱਕ ਸਰਗਰਮ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਫ਼ਿਲਮ ਇੰਡਸਟਰੀ ਦੇ ਕਈ ਖੱਟੇ-ਮਿੱਠੇ ਅਨੁਭਵ ਹੋਏ ਕਿਉਂਕਿ ਖੱਟੇ ਅਨੁਭਵ ਜ਼ਿਆਦਾ ਹੋਏ ਸਨ ਇਸ ਲਈ ਭਰੇ ਮਨ ਨਾਲ ਉਨ੍ਹਾਂ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ ਅਤੇ ਇਨ੍ਹਾਂ ਅਨੁਭਵਾਂ ਨੇ ਉਨ੍ਹਾਂ ਨੂੰ ਮੋਟੀਵੇਸ਼ਨਲ ਸਪੀਕਰ ਬਣਨ ਲਈ ਪ੍ਰੇਰਿਤ ਕੀਤਾ।
ਹੁਣ ਇਕ ਲੰਬੇ ਸਮੇਂ ਬਾਅਦ ਸੂਰਿਆ ਸਿਨਹਾ ਫਿਰ ਇਕ ਵਾਰ ਬਾਲੀਵੁੱਡ ਵਿਚ ਦਾਖ਼ਲ ਹੋਏ ਹਨ ਅਤੇ ਬਤੌਰ ਨਿਰਮਾਤਾ ਉਨ੍ਹਾਂ ਨੇ '22 ਯਾਰਡਸ' ਦਾ ਨਿਰਮਾਣ ਕੀਤਾ ਹੈ। ਕ੍ਰਿਕਟ ਦੀ ਖੇਡ ਵਿਚ ਪਿੱਚ ਦੀ ਲੰਬਾਈ 22 ਯਾਰਡਸ (ਗਜ਼) ਹੁੰਦੀ ਹੈ ਅਤੇ ਕਿਉਂਕਿ ਇਹ ਫ਼ਿਲਮ ਕ੍ਰਿਕਟ 'ਤੇ ਆਧਾਰਿਤ ਹੈ, ਇਸ ਲਈ ਇਸ ਦਾ ਇਹ ਨਾਂਅ ਰੱਖਿਆ ਗਿਆ ਹੈ। ਇਹ ਫ਼ਿਲਮ ਖੇਡ ਪੱਤਰਕਾਰ ਮਿਤਾਲੀ ਘੋਸ਼ਾਲ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿਚ ਬਰੁਨ ਸੋਬਤੀ, ਪੰਛੀ ਬੋਰ, ਰਜਿਤ ਕਪੂਰ, ਮ੍ਰਿਣਾਲ ਮੁਖਰਜੀ ਤੇ ਅਮਰਤਿਆ ਰੇ ਨੇ ਅਭਿਨੈ ਕੀਤਾ ਹੈ ਅਤੇ ਫ਼ਿਲਮ ਦੇ ਕਈ ਦ੍ਰਿਸ਼ ਭਾਰਤੀ ਕ੍ਰਿਕਟ ਦਾ ਮੱਕਾ ਮੰਨੇ ਜਾਂਦੇ ਕੋਲਕਾਤਾ ਦੇ ਈਡਨ ਗਾਰਡਨ ਵਿਚ ਵੀ ਫ਼ਿਲਮਾਏ ਗਏ ਹਨ। ਪਿਛਲੇ ਦਿਨੀਂ ਜਦੋਂ ਫ਼ਿਲਮ ਦਾ 'ਫਸਟ ਲੁੱਕ' ਜਾਰੀ ਕਰਨ ਦਾ ਮੌਕਾ ਆਇਆ ਤਾਂ ਇਸ ਸਿਲਸਿਲੇ ਵਿਚ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਲ ਸੰਪਰਕ ਕੀਤਾ ਗਿਆ ਅਤੇ ਫ਼ਿਲਮ ਦਾ ਟ੍ਰੇਲਰ ਦੇਖ ਕੇ ਪ੍ਰਭਾਵਿਤ ਹੋ ਕੇ ਸੌਰਵ ਨੇ ਸਮਾਰੋਹ ਵਿਚ ਹਾਜ਼ਰੀ ਭਰਨ ਲਈ ਹਾਂ ਕਹਿ ਦਿੱਤੀ ਸੀ। ਇਸ ਤੋਂ ਇਹ ਪਤਾ ਲਗਦਾ ਹੈ ਕਿ ਫ਼ਿਲਮ ਵਿਚ ਕੁਝ ਤਾਂ ਗੱਲ ਹੋਵੇਗੀ ਹੀ।
ਆਪਣੀ ਇਸ ਫ਼ਿਲਮ ਬਾਰੇ ਸੂਰਿਆ ਸਿਨਹਾ ਕਹਿੰਦੇ ਹਨ, 'ਜਦੋਂ ਕੋਈ ਖਿਡਾਰੀ ਕਿਸੇ ਖੇਡ ਵਿਚ ਜਿੱਤ ਹਾਸਲ ਕਰਦਾ ਹੈ ਤਾਂ ਪੂਰੀ ਦੁਨੀਆ ਨੂੰ ਖਿਡਾਰੀ ਦੇ ਚਿਹਰੇ ਦੀ ਰੌਣਕ ਤੇ ਫੜੀ ਹੋਈ ਚਮਚਾਉਂਦੀ ਹੋਈ ਟਰਾਫ਼ੀ ਨਜ਼ਰ ਆਉਂਦੀ ਹੈ। ਦੁਨੀਆ ਇਸ ਤੋਂ ਅਣਜਾਣ ਹੁੰਦੀ ਹੈ ਕਿ ਇਹ ਜਿੱਤ ਹਾਸਲ ਕਰਨ ਲਈ ਖਿਡਾਰੀ ਨੇ ਕਿੰਨੀ ਮਿਹਨਤ ਕੀਤੀ ਹੁੰਦੀ ਹੈ, ਕਿੰਨਾ ਪਸੀਨਾ ਵਹਾਇਆ ਹੁੰਦਾ ਹੈ। ਖਿਡਾਰੀ ਦੇ ਨਾਲ-ਨਾਲ ਉਸ ਦੇ ਘਰ ਵਾਲਿਆਂ ਵਲੋਂ ਦਿੱਤੇ ਗਏ ਬਲਿਦਾਨ ਦੀ ਬਦੌਲਤ ਖਿਡਾਰੀ ਨੇ ਇਹ ਸਫਲਤਾ ਹਾਸਲ ਕੀਤੀ ਹੁੰਦੀ ਹੈ। ਮੇਰੀ ਇਸ ਫ਼ਿਲਮ ਵਿਚ ਖਿਡਾਰੀ ਦੇ ਨਾਲ-ਨਾਲ ਉਸ ਦੇ ਘਰ ਵਾਲਿਆਂ ਵਲੋਂ ਕੀਤੇ ਗਏ ਸੰਘਰਸ਼ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਮੈਦਾਨ ਵਿਚ ਸਫਲਤਾ ਹਾਸਲ ਕਰਨ ਤੋਂ ਬਾਅਦ ਖਿਡਾਰੀ ਨੂੰ ਕਿਸ ਤਰ੍ਹਾਂ ਸੁਚੇਤ ਰਹਿਣਾ ਪੈਂਦਾ ਹੈ। ਨਾਲ ਹੀ ਸਪਾਂਸਰਾਂ ਦੇ ਮਾਇਆਜਾਲ ਨੂੰ ਵੀ ਕਹਾਣੀ ਵਿਚ ਬੁਣਿਆ ਗਿਆ ਹੈ। ਭਾਵ '22 ਯਾਰਡਸ' ਹਰ ਖਿਡਾਰੀ ਲਈ ਹੈ।'


-ਮੁੰਬਈ ਪ੍ਰਤੀਨਿਧ

ਮਲਾਲਾ 'ਤੇ ਬਣੀ ਫ਼ਿਲਮ ਦਾ ਪਾਕਿਸਤਾਨੀਆਂ ਵਲੋਂ ਵਿਰੋਧ

ਇਕ ਪਾਸੇ ਜਿਥੇ ਸਰਜੀਕਲ ਸਟ੍ਰਾਈਕ 'ਤੇ ਬਣੀ ਫ਼ਿਲਮ 'ਉਰੀ' ਦਾ ਪਾਕਿਸਤਾਨ ਵਿਚ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੁਣ ਇਕ ਹੋਰ ਹਿੰਦੀ ਫ਼ਿਲਮ 'ਗੁਲ ਮਕਾਈ' ਨੂੰ ਵੀ ਪਾਕਿਸਤਾਨੀਆਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ। ਨਿਰਦੇਸ਼ਕ ਅਮਜ਼ਦ ਖਾਨ ਨੇ ਪਾਕਿਸਤਾਨ ਵਿਚ ਬਾਲੜੀ ਸਿੱਖਿਆ ਪ੍ਰਤੀ ਆਵਾਜ਼ ਬੁਲੰਦ ਕਰਨ ਵਾਲੀ ਮਲਾਲਾ ਯੁਸੂਫ਼ਜਾਈ ਦੀ ਜ਼ਿੰਦਗੀ 'ਤੇ 'ਗੁਲ ਮਕਾਈ' ਦਾ ਨਿਰਮਾਣ ਕੀਤਾ ਹੈ। ਜਦੋਂ ਇਹ ਫਿਲਮ ਸੰਯੁਕਤ ਰਾਸ਼ਟਰ ਸੰਘ ਵਲੋਂ ਲੰਡਨ ਵਿਚ ਦਿਖਾਈ ਗਈ ਉਦੋਂ ਪਾਕਿਸਤਾਨੀਆਂ ਵਲੋਂ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਗਿਆ ਕਿ ਇਸ ਵਿਚ ਪਾਕਿਸਤਾਨ ਦੀ ਨਾਂਹ-ਪੱਖੀ ਸੋਚ ਪੇਸ਼ ਕੀਤੀ ਗਈ ਹੈ।
ਪਾਕਿਸਤਾਨ ਤੋਂ ਇਸ ਤਰ੍ਹਾਂ ਦੇ ਵਿਰੋਧ ਦੀ ਉਮੀਦ ਵੀ ਸੀ ਕਿਉਂਕਿ ਜਦੋਂ ਮਲਾਲਾ ਨੂੰ ਨੋਬਲ ਪੁਰਸਕਾਰ ਨਾਲ ਨਵਾਜਿਆ ਗਿਆ ਸੀ, ਉਦੋਂ ਵੀ ਪਾਕਿਸਤਾਨ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ ਸੀ।


-ਪੰਨੂੰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX