ਤਾਜਾ ਖ਼ਬਰਾਂ


ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  30 minutes ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  about 1 hour ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  about 2 hours ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  about 3 hours ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  about 4 hours ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ
. . .  about 4 hours ago
ਨਵੀ ਦਿੱਲੀ, 23 ਫਰਵਰੀ(ਜਗਤਾਰ ਸਿੰਘ)- ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 1 ਮਾਰਚ ਤੋਂ ਬੇਮਿਆਦੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ....
ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਕੈਪਟਨ ਸਰਕਾਰ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
. . .  about 4 hours ago
ਚੰਡੀਗੜ੍ਹ, 23 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦੇਣ ਭਰੋਸਾ ਦਿਵਾਇਆ ....
ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਲੜੇਗਾ ਲੋਕ ਸਭਾ ਦੀ ਚੋਣ - ਮਾਨ
. . .  about 5 hours ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਨਹੀਂ....
ਹੋਰ ਖ਼ਬਰਾਂ..

ਲੋਕ ਮੰਚ

'ਡਿਸਪੋਜ਼ਲ' ਦੀ ਵਧ ਰਹੀ ਵਰਤੋਂ ਦੇ ਸਮਾਜਿਕ ਕਾਰਨ

ਅੱਜਕਲ੍ਹ ਲੰਗਰਾਂ, ਭੰਡਾਰਿਆਂ ਅਤੇ ਘਰੇਲੂ ਸਮਾਗਮਾਂ ਵਿਚ ਡਿਸਪੋਜ਼ਲ ਪਲੇਟਾਂ, ਚਮਚਿਆਂ ਅਤੇ ਕੌਲੀਆਂ ਦੀ ਵਰਤੋਂ ਬਹੁਤ ਵਧ ਗਈ ਹੈ। ਡਿਸਪੋਜ਼ਲਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਬਹੁਤ ਕੁਝ ਸਾਹਮਣੇ ਆ ਰਿਹਾ ਹੈ ਪਰ ਫਿਰ ਵੀ ਇਨ੍ਹਾਂ ਦੀ ਵਰਤੋਂ ਦਿਨੋ-ਦਿਨ ਵਧ ਹੀ ਰਹੀ ਹੈ। ਆਓ ਇਸ ਦੇ ਸਮਾਜਿਕ ਕਾਰਨਾਂ ਦਾ ਵਿਸਲੇਸ਼ਣ ਕਰਦੇ ਹਾਂ। ਇਹ ਗੱਲ ਕੋਈ ਬਹੁਤੀ ਪੁਰਾਣੀ ਨਹੀਂ ਹੈ ਜਦ ਘਰਾਂ ਵਿਚ ਹੁੰਦੇ ਵਿਆਹਾਂ, ਭੋਗਾਂ ਆਦਿ ਦੇ ਪ੍ਰੋਗਰਾਮਾਂ ਲਈ ਆਏ ਹੋਏ ਰਿਸ਼ਤੇਦਾਰਾਂ ਦੇ ਖਾਣ-ਪੀਣ ਲਈ ਸਟੀਲ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਘਰਾਂ ਵਿਚ ਇਨ੍ਹਾਂ ਦੀ ਵਰਤੋਂ ਘਟਣ ਦਾ ਮੁੱਖ ਕਾਰਨ ਸਮਾਜਿਕ ਤੇ ਭਾਈਚਾਰਕ ਪਿਆਰ ਦੀ ਕਮੀ ਹੈ। ਪਹਿਲਾਂ ਘਰੇਲੂ ਸਮਾਗਮਾਂ ਵਿਚ ਚਾਚੇ-ਤਾਏ, ਆਂਢ-ਗੁਆਂਢ ਸਭ ਇਕੱਠੇ ਹੋ ਜਾਂਦੇ ਸਨ। ਘਰ ਆਏ ਰਿਸ਼ਤੇਦਾਰਾਂ ਦੀ ਰੋਟੀ-ਪਾਣੀ ਦੀ ਸੇਵਾ ਸਭ ਰਲ-ਮਿਲ ਕੇ ਕਰਦੇ ਸਨ। ਇਸ ਤਰ੍ਹਾਂ ਭਾਂਡੇ ਲਿਆਉਣ, ਮਾਂਜਣ ਅਤੇ ਸਵਾਰਨ ਦਾ ਕੰਮ ਰਲ ਮਿਲ ਕੇ ਹੋ ਜਾਂਦਾ ਸੀ ਪਰ ਹੌਲੀ-ਹੌਲੀ ਪਰਿਵਾਰ ਛੋਟੇ ਹੁੰਦੇ ਗਏ। ਚਾਚੇ-ਤਾਇਆਂ ਵਿਚ ਪਿਆਰ ਦੀ ਜਗ੍ਹਾ ਈਰਖਾ ਨੇ ਲੈ ਲਈ, ਆਂਢ-ਗੁਆਂਢ ਨਾਲ ਪਿਆਰ ਵੀ ਘਟਦਾ ਗਿਆ ਤੇ ਸਟੀਲ ਦੇ ਭਾਂਡਿਆਂ ਦੀ ਜਗ੍ਹਾ ਡਿਸਪੋਜ਼ਲਾਂ ਨੇ ਲੈ ਲਈ। ਅੱਜਕਲ੍ਹ ਹਰ ਬੰਦੇ ਕੋਲ ਸਮੇਂ ਦੀ ਬਹੁਤ ਘਾਟ ਹੈ। ਇਸੇ ਕਰਕੇ ਖਾਸ ਦਿਨ ਜਾਂ ਤਿਉਹਾਰਾਂ 'ਤੇ ਲਗਾਏ ਜਾਂਦੇ ਲੰਗਰਾਂ ਜਾਂ ਭੰਡਾਰਿਆਂ ਵਿਚ ਵੀ ਡਿਸਪੋਜਲਾਂ ਦੀ ਵਰਤੋਂ ਦਿਨੋ-ਦਿਨ ਵਧ ਰਹੀ ਹੈ। ਸਟੀਲ ਦੇ ਭਾਂਡੇ ਮਾਂਜਣ ਤੇ ਸਾਂਭਣ ਦੇ ਝੰਜਟ ਤੋਂ ਸਭ ਬਚਣਾ ਚਾਹੁੰਦੇ ਹਨ। ਪਰ ਸਾਨੂੰ ਲੋੜ ਹੈ ਆਪਣੀ ਸਿਹਤ ਅਤੇ ਵਾਤਾਵਰਨ ਪ੍ਰਤੀ ਸੁਚੇਤ ਹੋਣ ਦੀ। ਡਿਸਪੋਜ਼ਲਾਂ ਦੀ ਵਰਤੋ ਸਿੱਧਾ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ। ਇਨ੍ਹਾਂ ਵਿਚ ਵਰਤੀ ਜਾਣ ਵਾਲੀ ਵੈਕਸ (ਮੋਮ) ਖਾਣੇ ਦੇ ਨਾਲ ਸਾਡੇ ਪੇਟ ਵਿਚ ਜਾਂਦੀ ਹੈ, ਜੋ ਕਿ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਸਿਹਤ ਦੇ ਨਾਲ-ਨਾਲ ਡਿਸਪੋਜ਼ਲਾਂ ਦੇ ਵਾਤਾਵਰਨ ਦੇ ਉਪਰ ਵੀ ਮਾਰੂ ਪ੍ਰਭਾਵ ਪੈਂਦੇ ਹਨ। ਕਿਉਂਕਿ ਨਾ ਤਾਂ ਇਹ ਗਲਦਾ ਹੈ ਤੇ ਜੇਕਰ ਇਸ ਨੂੰ ਸਾੜਿਆ ਜਾਂਦਾ ਹੈ ਤਾਂ ਇਹ ਹਵਾ ਨੂੰ ਗੰਧਲਾ ਕਰਦਾ ਹੈ। ਆਉ ਰਲ ਮਿਲ ਕੇ ਹੰਭਲਾ ਮਾਰੀਏ ਤੇ ਡਿਸਪੋਜ਼ਲਾਂ ਦੀ ਵਰਤੋਂ ਨਾ ਕਰੀਏ ਅਤੇ ਬਿਹਤਰ ਤੇ ਨਰੋਏ ਸਮਾਜ ਦੀ ਸਿਰਜਣਾ ਦੇ ਜਾਮਨ ਬਣੀਏ।

-ਬਰਨਾਲਾ। ਮੋਬਾ: 94176-39004
er.maninder008@ gmail.com


ਖ਼ਬਰ ਸ਼ੇਅਰ ਕਰੋ

ਪਾਠਕਾਂ ਦੀ ਕਮੀ ਨਾਲ ਜੂਝਦਾ ਪੰਜਾਬੀ ਸਾਹਿਤ

ਅੱਜ ਦੇ ਸਮੇਂ ਵਿਚ ਪੰਜਾਬੀ ਸਾਹਿਤ ਭਰਪੂਰਤਾ ਦਾ ਮਾਲਕ ਹੈ ਤੇ ਵੱਡੀ ਮਾਤਰਾ ਵਿਚ ਛਪ ਰਿਹਾ ਹੈ। ਕਿਸੇ ਅਖ਼ਬਾਰ ਜਾਂ ਰਸਾਲੇ ਦੇ ਸਮੀਖਿਆਕਾਰ ਕੋਲ ਦੇਖ ਲਵੋ, ਕਿਤਾਬਾਂ ਦੇ ਢੇਰ ਲੱਗੇ ਮਿਲ ਜਾਣਗੇ। ਭਾਵੇਂ ਪਾਠਕਾਂ ਦੀ ਪਹੁੰਚ ਵਿਚ ਸੁਹਜ ਤ੍ਰਿਪਤੀ ਦੇ ਗਿਆਨ ਤੇ ਜਗਿਆਸਾ ਲਈ ਹੋਰ ਢੇਰ ਸਾਰੇ ਸਾਧਨ ਮੌਜੂਦ ਹਨ ਅਤੇ ਸੰਚਾਰ ਸਾਧਨਾਂ ਨੇ ਵਿਸ਼ਾਲ ਗਿਆਨ ਦੀਆਂ ਛੱਲਾਂ ਨੂੰ ਹਰ ਘਰ, ਹਰ ਦਰ ਪਹੁੰਚਾਇਆ ਹੈ, ਪਰ ਇਲੈਕਟ੍ਰਾਨਿਕ ਮੀਡੀਆ ਦਾ ਦੌਰ ਹੋਣ ਦੇ ਬਾਵਜੂਦ ਪ੍ਰਿੰਟ ਮੀਡੀਆ ਦੀ ਆਪਣੀ ਮਹੱਤਤਾ ਹੈ। ਦੂਜੇ ਪਾਸੇ ਨਿੱਜੀ ਪ੍ਰਕਾਸ਼ਨਾਂ ਦੀ ਭਰਮਾਰ ਵੀ ਹੈ। ਇਸ ਸਭ ਦੇ ਬਾਵਜੂਦ ਅਜੋਕਾ ਪੰਜਾਬੀ ਸਾਹਿਤ ਪਾਠਕਾਂ ਦੀ ਕਮੀ ਨਾਲ ਜੂਝ ਰਿਹਾ ਹੈ। ਰਚਨਾਤਮਕ ਪੰਜਾਬੀ ਸਾਹਿਤਕਾਰਾਂ ਦਾ ਪਾਠਕ ਵਰਗ ਸੁੰਗੜ ਰਿਹਾ ਹੈ। ਪੰਜਾਬੀ ਪ੍ਰਕਾਸ਼ਕ ਵਿਕਰੀ ਪੱਖੋਂ ਮੱਠੇ ਹੁੰਗਾਰੇ ਕਰਕੇ ਸਾਹਿਤਕ ਪੁਸਤਕਾਂ ਘੱਟ ਤੋਂ ਘੱਟ ਛਾਪਦੇ ਹਨ। ਭਾਵੇਂ ਪੰਜਾਬ, ਪੰਜਾਬੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੇ ਆਪਣੇ ਪ੍ਰਕਾਸ਼ਨ ਅਦਾਰੇ ਹਨ ਪਰ ਇਹ ਪ੍ਰਕਾਸ਼ਨ ਅਦਾਰੇ ਵਧੇਰੇ ਕਰਕੇ ਸਿਲੇਬਸ, ਖੋਜ-ਪੱਤਰਾਂ ਅਤੇ ਸਥਾਪਿਤ ਲੇਖਕਾਂ ਦੀਆਂ ਰਚਨਾਵਾਂ ਛਾਪਣ ਆਦਿ ਦਾ ਕੰਮ ਹੀ ਕਰਦੇ ਹਨ। ਗੈਰ-ਸਥਾਪਿਤ ਲੇਖਕਾਂ ਨੂੰ ਆਪਣੀਆਂ ਰਚਨਾਵਾਂ ਛਪਵਾਉਣ ਲਈ ਵੱਡੀ ਰਕਮ ਖਰਚ ਕਰਨੀ ਪੈਂਦੀ ਹੈ। ਨਿੱਜੀ ਪ੍ਰਕਾਸ਼ਕਾਂ ਤੱਕ ਲੇਖਕ ਦੀ ਪਹੁੰਚ ਤਾਂ ਸੌਖੀ ਹੈ ਪਰ ਕਿਹੜਾ ਖਰੜਾ ਕਿਤਾਬੀ ਰੂਪ ਧਾਰਨ ਕਰਨ ਦੇ ਯੋਗ ਹੈ ਤੇ ਕਿਹੜਾ ਨਹੀਂ, ਇਸ ਦਾ ਫੈਸਲਾ ਕਿਸੇ ਪੱਧਰ 'ਤੇ ਨਹੀਂ ਹੁੰਦਾ ਤੇ ਧੜਾਧੜ ਕਿਤਾਬਾਂ ਛਪ ਰਹੀਆਂ ਹਨ। ਉਨ੍ਹਾਂ ਵਿਚੋਂ ਗੁਣਵੱਤਾ ਲੱਭਣੀ ਮੁਸ਼ਕਿਲ ਹੋ ਜਾਂਦੀ ਹੈ। ਇਹ ਕੰਮ ਪਾਠਕ ਦੀ ਆਪਣੀ ਸੂਝ 'ਤੇ ਨਿਰਭਰ ਹੈ। ਉਸ ਦੀ ਗਲਤ ਚੋਣ ਪੰਜਾਬੀ ਸਾਹਿਤ ਪ੍ਰਤੀ ਉਸ ਦੇ ਵਿਸ਼ਵਾਸ ਨੂੰ ਘਟਾਉਂਦੀ ਹੈ। ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਸਮੇਂ ਦੀ ਘਾਟ ਨੇ ਨਾਵਲ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਥੋੜ੍ਹੀ-ਬਹੁਤ ਤੁਕਬੰਦੀ ਕਰਕੇ ਖੁਦ ਨੂੰ ਕਵੀ ਸਮਝਣ ਵਾਲੇ ਤੇ ਮਹਿਜ਼ ਦੁਨਿਆਵੀ ਇਸ਼ਕ ਤੱਕ ਖੜੋ ਜਾਣ ਵਾਲੇ ਕਵਿਤਾ ਰੁਝਾਨ ਨੇ ਨਵੀਂ ਪੀੜ੍ਹੀ ਨੂੰ ਆਪਣੇ ਨਾਲ ਜੋੜਨ ਵਿਚ ਕਾਮਯਾਬ ਤਾਂ ਕੀ ਹੋਣਾ ਸੀ, ਸਗੋਂ ਉੱਚਪਾਏ ਤੇ ਸਰਵਪੱਖੀ ਸਰੋਕਾਰਾਂ ਦੀ ਗੱਲ ਕਰਦੀ ਕਵਿਤਾ ਨੂੰ ਆਪਣੇ ਢੇਰਾਂ ਹੇਠ ਲੁਕਾ ਲਿਆ ਹੈ। ਜਿੰਨਾ ਚਿਰ ਕਹਾਣੀ, ਨਾਵਲ ਤੇ ਨਾਟਕ ਵਰਗਾ ਸਾਹਿਤ ਲੋਕਾਂ ਦਾ ਜੀਅ ਪਰਚਾਉਣ ਲਈ ਨਹੀਂ ਹੋਵੇਗਾ, ਓਨਾ ਚਿਰ ਸਾਹਿਤ ਦਾ ਵਾਧਾ ਨਹੀਂ ਹੋ ਸਕਦਾ। ਅੰਗਰੇਜ਼ੀ ਸਾਹਿਤ ਦੀ ਜੇ ਗੱਲ ਕਰੀਏ ਤਾਂ 100 ਵਿਚੋਂ 90 ਕਿਤਾਬਾਂ ਫਿਕਸ਼ਨ ਦੀਆਂ ਪ੍ਰਾਪਤ ਹੋਣਗੀਆਂ। ਅੱਜ ਨੀਵਾਣ ਵੱਲ ਜਾ ਰਹੇ ਕਈ ਪੰਜਾਬੀ ਸਾਹਿਤ ਰੂਪਾਂ ਨੂੰ ਉੱਚਾ ਚੁੱਕਣਾ ਲੇਖਕਾਂ ਦਾ ਧਰਮ ਹੈ। ਅਜਿਹੇ ਮਾਹੌਲ ਵਿਚ ਚੰਗੇ ਲੇਖਕਾਂ, ਚੰਗੀਆਂ ਕਿਰਤਾਂ ਦੀ ਵੀ ਘਾਟ ਨਹੀਂ ਹੈ। ਇਨ੍ਹਾਂ ਸਭਾਵਾਂ ਵਿਚ ਸਾਹਿਤਕ ਏਜੰਡਿਆਂ ਦੀ ਗੁਣਵੱਤਾ ਬਾਰੇ ਵੀ ਸੋਚਣਾ ਬਣਦਾ ਹੈ। ਸਾਹਿਤਕ ਸਰਗਰਮੀਆਂ ਵਿਚ ਔਰਤ ਲੇਖਕਾਂ ਦੀ ਘਾਟ ਦੇਖ ਕੇ ਇੰਜ ਜਾਪਣ ਲਗਦਾ ਹੈ ਕਿ ਸਾਹਿਤ ਸਿਰਜਣਾ ਮਰਦਾਂ ਦਾ ਹੀ ਕੰਮ ਹੈ। ਆਜ਼ਾਦੀ ਤੋਂ ਬਾਅਦ ਦੇ 63 ਵਰ੍ਹਿਆਂ ਵਿਚ ਔਰਤ ਲੇਖਕਾਂ ਦੇ ਸਾਹਿਤ 'ਤੇ ਨਿਗਾਹ ਮਾਰੀ ਜਾਵੇ ਤਾਂ ਇਹ ਗਿਣਤੀ ਉਂਗਲਾਂ 'ਤੇ ਕੀਤੀ ਜਾ ਸਕਦੀ ਹੈ। ਇਸ ਸਭ ਲਈ ਚਿੰਤਾ ਜ਼ਰੂਰੀ ਹੈ। ਚਿੰਤਾ ਸਿਰਫ ਚਿੰਤਾ ਨਾ ਰਹਿ ਜਾਵੇ। ਚਿੰਤਾ ਤੋਂ ਚੇਤਨਤਾ ਪੈਦਾ ਹੋਣੀ ਚਾਹੀਦੀ ਹੈ ਤੇ ਉਸ ਵਿਚੋਂ ਚਿੰਤਨ ਪੈਦਾ ਹੋਵੇ।

-ਦੁਆਰੇਆਣਾ ਰੋਡ, ਕੋਟਕਪੂਰਾ। ਮੋਬਾ: 89688-92929

ਵਿਦੇਸ਼ਾਂ ਵਿਚ ਪੰਜਾਬੀ ਪਨੀਰੀ ਨੂੰ ਸੰਭਾਲੀਏ

ਆਪਣੀ ਬੋਲੀ ਅਤੇ ਆਪਣੇ ਵੇਸ ਨੂੰ ਬਰਕਰਾਰ ਰੱਖਣਾ ਤੇ ਉਹ ਵੀ ਬਿਗਾਨੇ ਮੁਲਕਾਂ ਵਿਚ, ਤੂਫਾਨ ਆਏ ਸਾਗਰਾਂ ਵਿਚ ਕਿਸ਼ਤੀ ਚਲਾਉਣ ਵਰਗਾ ਹੀ ਹੁੰਦਾ ਹੈ, ਪਰ ਇਹ ਹਿੰਮਤ ਵੀ ਸਾਡੇ ਪੰਜਾਬੀਆਂ ਦੇ ਹਿੱਸੇ ਹੀ ਆਈ ਹੈ ਕਿ ਉਹ ਜਿੱਥੇ ਵੀ ਗਏ, ਆਪਣੀ ਪਹਿਚਾਣ ਬਰਕਰਾਰ ਰੱਖੀ, ਸਿਰਫ ਆਪਣੀ ਪਹਿਚਾਣ ਹੀ ਨਹੀਂ ਸਗੋਂ ਆਪਣੇ ਹੁਨਰ ਅਤੇ ਆਪਣੀ ਸਿਆਣਪ ਦਾ ਲੋਹਾ ਮਨਵਾਇਆ, ਵਧੀਆ ਰੁਤਬੇ ਹਾਸਲ ਕੀਤੇ ਉਹ ਭਾਵੇਂ ਸੰਸਦ ਮੈਂਬਰ ਦਾ ਹੋਵੇ ਜਾਂ ਕਿਸਾਨ ਦਾ ਆਪਣੀ ਇਮਾਨਦਾਰੀ ਅਤੇ ਸਿਆਣਪ ਦਾ ਸਬੂਤ ਦੇ ਕੇ ਹਰ ਖੇਤਰ ਵਿਚ ਮੱਲਾਂ ਮਾਰੀਆਂ। ਕਹਾਵਤ ਹੈ ਕਿ 'ਡੰਡੇ ਬਿਨ ਝੰਡਾ ਨਹੀਂ' ਤੇ ਜੇ ਡੰਡਾ ਮਜ਼ਬੂਤ ਹੈ, ਨੀਂਹ ਮਜ਼ਬੂਤ ਹੈ ਤਾਂ ਝੰਡਾ ਵੀ ਖੂਬ ਝੂਲਦਾ ਹੈ। ਸੋ ਪੰਜਾਬੀਆਂ ਨੇ ਆਪਣੀਆਂ ਨੀਹਾਂ ਵਿਦੇਸ਼ਾਂ ਵਿਚ ਮਜ਼ਬੂਤ ਕੀਤੀਆਂ ਤੇ ਫੇਰ ਉਸ ਉੱਪਰ ਆਪਣੇ ਝੰਡੇ ਝੁਲਾਏ। ਉਹ ਝੰਡੇ ਭਾਵੇਂ ਸਾਹਿਤ ਅਤੇ ਸਿੱਖਿਆ ਦੇ ਹੋਣ ਜਾਂ ਫਿਰ ਕਾਰੋਬਾਰ ਜਾਂ ਸਿਆਸਤ ਦੇ। ਵਿਦੇਸ਼ਾਂ ਵਿਚ ਜੇਕਰ ਅੱਜ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਜ਼ਿੰਦਾ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਸਾਡੇ ਪੰਜਾਬੀਆਂ ਦੇ ਕਰਕੇ ਹੀ ਹੈ। ਜਿਨ੍ਹਾਂ ਨੇ ਸਿਰਤੋੜ ਮਿਹਨਤ ਕਰਨ ਦੇ ਨਾਲ-ਨਾਲ ਸਾਹਿਤ ਸਭਾਵਾਂ ਅਤੇ ਸਿਆਸਤ ਵਿਚ ਵੀ ਦਿਲਚਸਪੀ ਲਈ। ਭਾਵੇਂ ਕਿ ਮੀਡੀਆ ਕਿਸੇ ਵੀ ਬੋਲੀ ਅਤੇ ਉਸ ਦੀ ਵਿਰਾਸਤ ਨੂੰ ਫੈਲਾਉਣ ਵਿਚ ਸਹਾਈ ਹੋਇਆ ਹੈ ਪਰ ਫੈਲਦੀ ਵੀ ਉਹੀ ਚੀਜ਼ ਹੈ ਜਿਸ ਦੀ ਹਵਾ ਵਿਚ ਖੁਸ਼ਬੋ ਹੋਵੇਗੀ, ਖੁਸ਼ਬੋ ਤਾਂ ਹੀ ਹੋਵੇਗੀ ਜੇ ਅਸੀਂ ਉਹ ਬੀਜਾਂਗੇ। ਸਾਡੇ ਵਿਦੇਸ਼ੀ ਪੰਜਾਬੀਆਂ ਨੇ ਇਸ ਬੀਜ ਨੂੰ ਵਿਦੇਸ਼ਾਂ ਵਿਚ ਜਾ ਕੇ ਬੀਜਿਆ ਤੇ ਖੂਬ ਸਿੰਜਿਆ, ਜਿਸ ਦੀ ਬਦੌਲਤ ਬਹੁਤ ਸਾਰੀਆਂ ਸਾਹਿਤ ਸਭਾਵਾਂ ਹੋਂਦ ਵਿਚ ਆਈਆਂ ਜਿਸ ਕਾਰਨ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ। ਬਹੁਤ ਸਾਰੇ ਸਾਹਿਤਕਾਰ ਵਿਦੇਸ਼ਾਂ ਵਿਚ ਕੰਮ ਦੇ ਨਾਲ-ਨਾਲ ਸਾਹਿਤ ਰਚ ਰਹੇ ਹਨ। ਸਿਜਦਾ ਹੈ ਉਨ੍ਹਾਂ ਨੂੰ, ਕਿਉਂਕਿ ਸਾਹਿਤ ਲਿਖਣ ਲਈ ਸਮਾਂ ਹੋਣਾ ਬਹੁਤ ਜ਼ਰੂਰੀ ਹੈ। ਖੈਰ ਜਿਨ੍ਹਾਂ ਨੇ ਸਾਹਿਤ ਨਹੀਂ ਲਿਖਿਆ ਉਨ੍ਹਾਂ ਨੇ ਸਾਹਿਤ ਸਭਾਵਾਂ ਅਤੇ ਸਾਹਿਤ ਸੰਮੇਲਨ ਕਰਵਾ ਕੇ ਸਹਿਤਕਾਰਾਂ ਦਾ ਹੌਸਲਾ ਵਧਾਇਆ। ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੀ ਦਰਿਆਦਿਲੀ ਹੈ ਕਿ ਸਮੇਂ-ਸਮੇਂ 'ਤੇ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ (ਬੁੱਧੀਜੀਵੀਆਂ) ਨੂੰ ਬੁਲਾ ਕੇ ਵਿਸ਼ਵ ਪੱਧਰੀ ਸੰਮੇਲਨ ਕਰਵਾਏ ਜਾਂਦੇ ਹਨ, ਆਉਣ ਵਾਲੀਆਂ ਪੀੜ੍ਹੀਆਂ ਉੱਪਰ ਵੀ ਇਨ੍ਹਾਂ ਸੰਮੇਲਨਾਂ ਦਾ ਅਸਰ ਸਕਾਰਾਤਮਿਕ ਹੁੰਦਾ ਹੈ। ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੇ ਆਪਣੀ ਮਾਂ-ਬੋਲੀ ਦੇ ਪਿਆਰ ਸਦਕਾ ਹੀ ਅੱਜ ਪੰਜਾਬੀ ਸੱਭਿਆਚਾਰਕ ਅਤੇ ਵਿਰਾਸਤੀ ਖੇਡ ਮੇਲੇ ਆਦਿ-ਆਦਿ ਵਿਦੇਸ਼ਾਂ ਦੀ ਧਰਤੀ 'ਤੇ ਲਗਦੇ ਹਨ। ਬਸ ਲੋੜ ਹੈ ਇਨ੍ਹਾਂ ਸਾਹਿਤਕ-ਸਭਾਵਾਂ ਅਤੇ ਸਨਮਾਨ ਸਮਾਰੋਹਾਂ ਵਿਚ ਭਾਈ-ਭਤੀਜਾਵਾਦ ਆਦਿ ਤੋਂ ਬਚਣ ਦੀ। ਸਿਰਫ ਚੰਗਾ ਸਾਹਿਤ ਲਿਖਣ ਵਾਲੇ ਲੇਖਕਾਂ ਨੂੰ ਬਿਨਾਂ ਪੱਖਪਾਤ ਤੋਂ ਕਬੂਲਣ ਦੀ ਕਿਉਂਕਿ ਅਸੀਂ ਸਿਰਫ਼ ਆਪਣੇ ਲਈ ਨਹੀਂ ਸਗੋਂ ਸਾਡੇ ਆਪਣਿਆਂ ਅਤੇ ਆਪਣੀ ਭਾਸ਼ਾ ਲਈ ਯੋਗਦਾਨ ਪਾਉਣਾ ਹੈ। ਵਿਦੇਸ਼ਾਂ ਵਿਚ ਬੈਠੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਸਾਹਿਤ ਸਿਰਫ ਓਹੀ ਰਚਿਆ ਜਾਵੇ ਜੋ ਬਜ਼ੁਰਗਾਂ ਨੂੰ ਸਹਾਰਾ ਦੇਣ ਵਿਚ, ਨੌਜਵਾਨਾਂ ਨੂੰ ਸਹੀ ਸੇਧ ਦੇਣ ਵਿਚ, ਔਰਤਾਂ ਅਤੇ ਬੱਚਿਆਂ ਦੀ ਰਖਵਾਲੀ ਕਰਨ ਵਿਚ, ਕਿਸਾਨਾਂ ਅਤੇ ਕਿਰਤੀਆਂ ਨੂੰ ਹੱਕ ਦਿਵਾਉਣ ਵਿਚ ਅਤੇ ਸਮੇਂ ਦੀਆਂ ਤਾਨਾਸ਼ਾਹੀ ਨੀਤੀਆਂ ਨੂੰ ਖ਼ਤਮ ਕਰਨ ਵਿਚ ਸਹਾਈ ਹੋਵੇ। ਵਿਦੇਸ਼ਾਂ ਵਿਚ ਨਵੀਂ ਪਨੀਰੀ ਅਤੇ ਨਵੇਂ ਪਹੁੰਚੇ ਵਿਦਿਆਰਥੀਆਂ ਨੂੰ ਸਾਹਿਤ ਸਭਾਵਾਂ ਦਾ ਹਿੱਸਾ ਜ਼ਰੂਰ ਬਣਾਇਆ ਜਾਵੇ ਤਾਂ ਜੋ ਇਹ ਲੜੀ ਅੱਗੇ ਤੋਂ ਅੱਗੇ ਬਣੀ ਰਹੇ ਸਿਰਫ਼ ਬੋਹੜਾਂ ਦੀ ਰਾਖੀ ਕਰਦਿਆਂ ਨਵੀਂ ਪਨੀਰੀ ਨੂੰ ਸੰਭਾਲਣਾ ਭੁੱਲ ਨਾ ਜਾਈਏ।

-ਮੋਗਾ, ਮੋਬਾਈਲ : 94656-06210

ਬਿਖਰ ਗਈ ਸਾਡੀ ਸਦੀਆਂ ਦੀ ਸਾਂਝ ਪੁਰਾਣੀ...

ਲੋਕਤੰਤਰ ਦੇ ਨਾਂਅ 'ਤੇ ਸਾਡੇ ਦੇਸ਼ ਵਿਚ ਪੈ ਰਹੀਆਂ ਵੋਟਾਂ ਨੇ ਭਾਈਚਾਰਕ ਸਾਂਝ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤੈ। ਸਦੀਆਂ ਪੁਰਾਣੀ ਸਾਂਝ ਅਤੇ ਰਿਸ਼ਤੇ ਇਕ-ਇਕ ਕਰਕੇ ਟੁੱਟਣ ਦੀ ਕਗਾਰ 'ਤੇ ਪਹੁੰਚ ਚੁੱਕੇ ਨੇ, ਸਕੇ ਭਾਈਆਂ ਤੋਂ ਲੈ ਕੇ ਸ਼ਰੀਕੇ ਵਾਲੇ ਪਰਿਵਾਰਾਂ ਨੂੰ ਵੀ ਵੋਟਾਂ ਦੇ ਸੇਕ ਨੇ ਬੁਰੀ ਤਰ੍ਹਾਂ ਝੰਜੋੜਿਆ ਹੈ। ਪੈਸੇ ਅਤੇ ਨਸ਼ੇ ਦੀ ਸਿਆਸਤ ਨੇ ਹੱਸਦੇ-ਵਸਦੇ ਘਰਾਂ ਵਿਚ ਲਾਂਬੂ ਲਾਉਣ ਦਾ ਕੰਮ ਕੀਤਾ। ਸਮਾਂ ਆਪਣੀ ਚਾਲੇ ਚਲਦਾ ਰਿਹਾ, ਭਾਈ ਭਾਈਆਂ ਦੇ ਵੈਰੀ ਬਣਦੇ ਰਹੇ ਅਤੇ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਦੇ ਰਹੇ। ਪਿੰਡਾਂ ਅੰਦਰ ਸੱਥਾਂ ਦੀਆਂ ਰੌਣਕਾਂ ਨੂੰ ਸਿਆਸੀ ਕੁੜੱਤਣ ਨੇ ਐਸਾ ਨਾਗ ਵਲੇਵਾਂ ਮਾਰਿਆ ਕਿ ਪਿਆਰ ਅਤੇ ਮੁਹੱਬਤ ਦੀਆਂ ਪੀਡੀਆਂ ਗੰਢਾਂ ਨਫਰਤ ਅਤੇ ਝਗੜਿਆਂ ਵਿਚ ਬਦਲ ਗਈਆਂ। ਇਕ-ਦੂਜੇ ਦੇ ਸੁੱਖ-ਦੁੱਖ ਸਮੇਂ ਸ਼ਰੀਕ ਹੋਣ ਵਾਲੇ ਪੇਂਡੂ ਲੋਕਾਂ ਵਿਚ ਪਾਰਟੀਬਾਜ਼ੀ ਨੇ ਇਥੋਂ ਤੱਕ ਜ਼ਹਿਰ ਭਰ ਦਿੱਤਾ ਕਿ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਜੇਕਰ ਪਿੰਡ ਅੰਦਰ ਕਿਸੇ ਦੇ ਮਰਗ ਹੋ ਜਾਵੇ ਤਾਂ ਵਿਰੋਧੀ ਪਾਰਟੀ ਵਾਲੇ ਅਫਸੋਸ ਕਰਨ ਤੋਂ ਵੀ ਕੰਨੀ ਕਤਰਾਉਂਦੇ ਹਨ, ਇਹ ਕਿਹੋ ਜਿਹੀ ਹਵਾ ਵਗ ਰਹੀ ਹੈ ਮੇਰੇ ਮੁਲਕ ਅੰਦਰ? ਸਾਡੇ ਸਿਆਸੀ ਆਗੂਆਂ ਵਲੋਂ ਲਾਈਆਂ ਅੱਗਾਂ ਦੀ ਬਦੌਲਤ ਅੱਜ ਸਾਡਾ ਸਮਾਜ ਲਟ-ਲਟ ਮਚਦਾ ਨਜ਼ਰ ਆਉਂਦਾ ਹੈ। ਅੱਧੀ-ਅੱਧੀ ਰਾਤੀਂ ਉੱਠ ਕੇ ਆਪਣੇ ਭਾਈਚਾਰੇ ਦੇ ਦੁੱਖ ਵਿਚ ਸ਼ਰੀਕ ਹੋਣ ਵਾਲੇ ਲੋਕ ਅੱਜ ਆਪਣੇ ਹੀ ਘਰਾਂ ਦੇ ਵਿਹੜਿਆਂ ਵਲੋਂ ਵਲੋਂ ਮੂੰਹ ਮੋੜੀ ਬੈਠੇ ਨਜ਼ਰ ਆਉਂਦੇ ਨੇ, ਪਤਾ ਨਹੀਂ ਕਦ ਸਮਝ ਆਊ ਸਾਡੇ ਲੋਕਾਂ ਨੂੰ ਇਨ੍ਹਾਂ ਸਿਆਸੀ ਆਗੂਆਂ ਦੇ ਚਤਰ ਦਿਮਾਗਾਂ ਦੀ, ਜਿਨ੍ਹਾਂ ਨੇ ਸਾਂਝੇ ਘਰਾਂ ਵਿਚ ਕੰਧਾਂ ਕਢਵਾ ਕੇ ਆਪਣੀਆਂ ਚੌਧਰਾਂ ਨੂੰ ਕਾਇਮ ਕੀਤਾ। ਰੱਬ ਕਰੇ ਸਾਡੇ ਮਨਾਂ ਵਿਚ ਖਿੱਚੀਆਂ ਇਹ ਲੀਕਾਂ ਮਿਟ ਜਾਣ ਅਤੇ ਅਸੀਂ ਪੈਸੇ ਤੇ ਨਸ਼ੇ ਨਾਲ ਸਾਡੀਆਂ ਜ਼ਮੀਰਾਂ ਨੂੰ ਖਰੀਦਣ ਵਾਲੇ ਲੋਕਾਂ ਨੂੰ ਨਕਾਰ ਕੇ ਆਪੋ-ਆਪਣੇ ਸਕੇ ਸਬੰਧੀਆਂ ਅਤੇ ਹੋਰ ਦੋਸਤਾਂ-ਮਿੱਤਰਾਂ ਨਾਲ ਮੋਹ-ਮੁਹੱਬਤ ਦੀਆਂ ਸਾਂਝਾਂ ਮੁੜ ਤੋਂ ਕਾਇਮ ਕਰ ਸਕੀਏ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਸ ਨਫਰਤ ਭਰੀ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਸਮਾਜ ਅਤੇ ਲੋਕਾਂ ਲਈ ਕੋਈ ਭਲੇ ਦਾ ਕੰਮ ਕਰ ਸਕੇ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹੱਥੀਂ ਦਿੱਤੀਆਂ ਗੰਢਾਂ ਆਖਰ ਵਿਚ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਹਨ। ਸੋ, ਸਮਾਂ ਰਹਿੰਦਿਆਂ ਸੋਚ-ਵਿਚਾਰ ਕੇ ਇਕ ਨਵੀਂ ਪਿਆਰ ਭਰੀ ਪਿਰਤ ਪਾਈਏ, ਜਿਸ ਨਾਲ ਸਮਾਜਿਕ ਤਾਣਾ-ਬਾਣਾ ਅਤੇ ਨੈਤਿਕ ਕਦਰਾਂ-ਕੀਮਤਾਂ ਸਥਿਰ ਰਹਿਣ। ਇਸ ਵਿਚ ਸਾਡੀ ਅਤੇ ਸਾਡੇ ਸਮਾਜ ਦੀ ਭਲਾਈ ਹੈ।

-ਮੁੱਖ ਪ੍ਰਚਾਰ ਸਕੱਤਰ, ਵਿਸ਼ਵ ਪੰਜਾਬੀ ਲੇਖਕ ਮੰਚ। ਮੋਬਾ: 94634-63136

ਤੇਜ਼ੀ ਨਾਲ ਵਧ ਰਹੀ ਆਬਾਦੀ 'ਤੇ ਕਾਬੂ ਪਾਉਣਾ ਜ਼ਰੂਰੀ

ਭਾਰਤ ਵਿਚ ਤੇਜ਼ੀ ਨਾਲ ਵਧ ਰਹੀ ਆਬਾਦੀ ਦੇ ਹਿਸਾਬ ਨਾਲ ਅਗਲੇ 3 ਤੋਂ 5 ਸਾਲਾਂ ਤੱਕ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਵੇਗਾ। ਅੱਜ ਭਾਵੇਂ ਸੰਸਾਰ ਦੀ ਆਬਾਦੀ 8.50 ਅਰਬ ਦੇ ਨੇੜੇ-ਤੇੜੇ ਹੈ ਪ੍ਰੰਤੂ ਭਾਰਤ ਵਿਚ 18 ਫ਼ੀਸਦੀ ਲੋਕ ਭਾਰਤ ਵਿਚ ਵਸ ਰਹੇ ਹਨ। ਜਦਕਿ ਭਾਰਤ ਦਾ ਖੇਤਰਫਲ ਕੁੱਲ ਦੁਨੀਆ ਦੇ ਖੇਤਰਫਲ ਮੁਤਾਬਿਕ 2.4 ਹਿੱਸਾ ਹੈ। ਜਿਸ ਸਮੇਂ 1947 ਨੂੰ ਦੇਸ਼ ਆਜ਼ਾਦ ਹੋਇਆ ਉਸ ਸਮੇਂ ਦੇਸ਼ ਦੀ ਆਬਾਦੀ 32 ਕਰੋੜ ਦੇ ਲਗਪਗ ਸੀ, ਅੱਜ 70 ਸਾਲਾਂ ਬਾਅਦ ਲਗਪਗ 125 ਕਰੋੜ ਆਬਾਦੀ ਹੋ ਚੁੱਕੀ ਹੈ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਰਕਾਰਾਂ ਬਣਦੀਆਂ ਰਹੀਆਂ ਅਤੇ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਤੋਰਨ ਲਈ ਅਨੇਕਾਂ ਲਹਿਰਾਂ ਜਿਵੇਂ ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ, ਗ਼ਰੀਬੀ ਹਟਾਓ ਦਾ ਨਾਅਰਾ, ਆਰਥਿਕ ਸੁਧਾਰ, ਅਨਪੜ੍ਹਤਾ ਨੂੰ ਦੂਰ ਕਰਨ ਦੀ ਗੱਲ ਕੀਤੀ ਗਈ, ਪ੍ਰੰਤੂ ਕਿਸੇ ਵੀ ਸਰਕਾਰ ਨੇ ਆਪਣੀ ਕੁਰਸੀ ਦੇ ਚਾਰੇ ਪਾਵਿਆਂ ਨੂੰ ਮਜ਼ਬੂਤ ਰੱਖਣ ਲਈ ਆਬਾਦੀ ਕੰਟਰੋਲ ਕਰਨ ਲਈ ਕੋਈ ਵੀ ਠੋਸ ਪ੍ਰੋਗਰਾਮ ਨਹੀਂ ਉਲੀਕਿਆ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਸਾਨੂੰ ਭਿਆਨਕ ਹਾਲਤਾਂ ਵਿਚੋਂ ਗੁਜ਼ਰਨਾ ਪੈ ਸਕਦਾ ਹੈ, ਕਿਉਂਕਿ ਤੇਜ਼ੀ ਨਾਲ ਵਧ ਰਹੀ ਆਬਾਦੀ ਦੇਸ਼ ਦੀ ਤਰੱਕੀ ਦੇ ਰਾਹ ਵਿਚ ਰੋੜਾ ਸਾਬਤ ਹੋ ਰਹੀ ਹੈ। ਸਰਕਾਰਾਂ ਜਿੰਨਾ ਮਰਜ਼ੀ ਵਿਕਾਸ ਸੜਕਾਂ, ਪੁਲ, ਹਸਪਤਾਲ, ਮੁਲਾਜ਼ਮਾਂ ਦੀ ਭਰਤੀ, ਗਲੀਆਂ ਨਾਲੀਆਂ ਬਣਾਉਣ ਦੇ ਦਾਅਵੇ ਕਰਦੀਆਂ ਹਨ, ਪ੍ਰੰਤੂ ਵਧ ਰਹੀ ਆਬਾਦੀ ਅੱਗੇ ਸਭ ਥੋੜ੍ਹਾ ਜਾਪ ਰਿਹਾ ਹੈ, ਜਿਸ ਕਾਰਨ ਦੇਸ਼ ਵਾਸੀਆਂ ਸਾਹਮਣੇ ਮਹਿੰਗਾਈ, ਭ੍ਰਿਸ਼ਟਾਚਾਰ, ਸਿਹਤ ਸਹੂਲਤਾਂ, ਬੇਰੁਜ਼ਗਾਰੀ, ਬਨਸਪਤੀ ਦਾ ਘਟਣਾ, ਦੂਸ਼ਿਤ ਵਾਤਾਵਰਨ ਅਤੇ ਪਾਣੀ ਦੀ ਘਾਟ ਵਰਗੀਆਂ ਅਨੇਕਾਂ ਚੁਣੌਤੀਆਂ ਥੰਮ੍ਹ ਬਣ ਕੇ ਖੜ੍ਹੀਆਂ ਹਨ। ਜੇ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਗੁਆਂਢੀ ਦੇਸ਼ ਚੀਨ ਆਬਾਦੀ ਕੰਟਰੋਲ ਕਰਕੇ ਆਰਥਿਕ ਤੌਰ 'ਤੇ ਮਜ਼ਬੂਤ ਹੋ ਸਕਦਾ ਹੈ ਤਾਂ ਭਾਰਤ ਕਿਉਂ ਨਹੀਂ ਹੋ ਸਕਦਾ? ਜੇ ਆਉਣ ਵਾਲੇ ਸਮੇਂ ਵਿਚ ਕੇਂਦਰ ਤੇ ਰਾਜ ਸਰਕਾਰਾਂ ਨੇ ਵਧ ਰਹੀ ਆਬਾਦੀ ਨੂੰ ਠੱਲ੍ਹ ਪਾਉਣ ਲਈ ਸਖ਼ਤ ਫ਼ੈਸਲਾ ਨਾ ਲਿਆ ਤਾਂ ਦੇਸ਼ ਅੰਦਰ 25 ਤੋਂ 30 ਸਾਲ ਬਾਅਦ ਭੁੱਖਮਰੀ, ਬਿਮਾਰੀ, ਲੁੱਟਾਂ-ਖੋਹਾਂ, ਚੋਰੀਆਂ-ਡਾਕੇ ਅਤੇ ਆਪਣੇ ਨਿੱਜੀ ਸਵਾਰਥਾਂ ਲਈ ਮਾਰ-ਧਾੜ ਸ਼ੁਰੂ ਹੋ ਸਕਦੀ ਹੈ, ਇਸ ਲਈ ਰਾਜਸੀ ਪਾਰਟੀਆਂ ਨੂੰ ਵੋਟਾਂ ਦੀ ਰਾਜਨੀਤੀ ਛੱਡ ਕੇ ਲੋਕ ਭਲਾਈ ਅਤੇ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਤੁਰੰਤ ਸਖ਼ਤ ਕਾਨੂੰਨ ਲਾਗੂ ਕਰ ਕੇ ਆਬਾਦੀ ਰੋਕੋ ਮੁਹਿੰਮ ਚਲਾਉਣੀ ਚਾਹੀਦੀ ਹੈ, ਤਾਂ ਕਿ ਭਾਰਤ ਵਾਸੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।

-ਫ਼ਤਹਿਗੜ੍ਹ ਸਾਹਿਬ,
ਮੋਬਾਈਲ : 75080-00016

ਦਸਤਾਵੇਜ਼ੀ ਗ਼ਲਤੀ ਲਈ ਜ਼ਿੰਮੇਵਾਰ ਕੌਣ?

ਆਧਾਰ ਕਾਰਡ, ਸ਼ਨਾਖਤੀ ਕਾਰਡ ਜਾਂ ਫਿਰ ਜਨਮ ਸਰਟੀਫਿਕੇਟ ਵਿਚ ਹੋਣ ਵਾਲੀ ਗ਼ਲਤੀ ਵਾਸਤੇ ਕੌਣ ਜ਼ਿੰਮੇਵਾਰ ਹੈ? ਕਈ ਵਾਰ ਅਸੀਂ ਸਹੀ ਸਬੂਤ ਦਿੰਦੇ ਹਾਂ ਪਰ ਸਾਡੇ ਪਛਾਣ-ਪੱਤਰਾਂ ਜਾਂ ਸਰਟੀਫਿਕੇਟਾਂ ਵਿਚ ਗ਼ਲਤੀ ਪਾਈ ਜਾਂਦੀ ਹੈ। ਸਾਡੀ ਕੋਈ ਵੀ ਗ਼ਲਤੀ ਨਹੀਂ ਹੁੰਦੀ ਪਰ ਅਸੀਂ ਇਨ੍ਹਾਂ ਨੂੰ ਠੀਕ ਕਰਵਾਉਣ ਵਾਸਤੇ ਦਫਤਰਾਂ ਦੇ ਚੱਕਰ ਕੱਟਦੇ ਹਾਂ। ਬਜ਼ੁਰਗ ਜਿਨ੍ਹਾਂ ਨੂੰ ਠੀਕ ਤਰ੍ਹਾਂ ਦਿਸਦਾ ਵੀ ਨਹੀਂ ਹੁੰਦਾ, ਜਦੋਂ ਪੈਨਸ਼ਨ ਲੈਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਨ੍ਹਾਂ ਗ਼ਲਤੀਆਂ ਦੀ ਸਜ਼ਾ ਭੋਗਣੀ ਪੈਂਦੀ ਹੈ। ਜਿਸ ਵਿਅਕਤੀ ਦੀ ਇੰਟਰਵਿਊ ਵਾਸਤੇ ਸਮਾਂ ਸੀਮਤ ਹੈ, ਜੇ ਉਸ ਨੂੰ ਪਤਾ ਲੱਗੇ ਕਿ ਮੇਰੇ ਸਰਟੀਫਿਕੇਟ ਵਿਚ ਨਾਂਅ ਗ਼ਲਤ ਹੈ ਜਾਂ ਫਿਰ ਮੇਰੇ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਵਿਚ ਤਰੀਕ ਜਾਂ ਨਾਂਅ ਇਕੋ ਜਿਹਾ ਨਹੀਂ ਤਾਂ ਇਸ ਵਿਚ ਕਿਸ ਦਾ ਦੋਸ਼ ਹੈ? ਸਾਡੇ ਦਫਤਰਾਂ ਵਿਚ ਜੇ ਗ਼ਲਤੀਆਂ ਹੁੰਦੀਆਂ ਹਨ ਤਾਂ ਸੁਧਾਰ ਵੀ ਉਸੇ ਤਰੀਕੇ ਕਿਉਂ ਨਹੀਂ ਹੁੰਦਾ? ਕਿਉਂ ਅਸੀਂ ਇਕੱਲੇ-ਇਕੱਲੇ ਇਕ-ਇਕ ਕਾਗਜ਼ ਚੁੱਕੀ ਫਿਰਦੇ ਹਾਂ? ਜੇਕਰ ਕਿਸੇ ਮਾਪੇ ਦੇ ਆਧਾਰ ਕਾਰਡ ਵਿਚ ਦੋਸ਼ ਪਾਇਆ ਜਾਂਦਾ ਹੈ ਤਾਂ ਬੱਚੇ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਠੀਕ ਕਰਵਾ ਕੇ ਲਿਆਓ। ਸਾਡੇ ਦੇਸ਼ ਵਿਚ ਕਿਸ ਚੀਜ਼ ਦੀ ਘਾਟ ਹੈ ਕਿ ਇਹ ਕਾਗਜ਼-ਪੱਤਰ ਸਕੂਲਾਂ ਜਾਂ ਦਫਤਰਾਂ ਵਿਚੋਂ ਸਿੱਧੇ ਸੁਧਾਰ ਘਰ ਕਿਉਂ ਨਹੀਂ ਪਹੁੰਚਦੇ? ਜੇਕਰ ਸਰਕਾਰ ਚਾਹੇ ਤਾਂ ਹਰ ਅਦਾਰੇ ਵਿਚ ਇਕ ਦਫਤਰ ਇਹੋ ਜਿਹੇ ਦਸਤਾਵੇਜ਼ਾਂ ਨੂੰ ਠੀਕ ਕਰਨ ਵਾਸਤੇ ਖੁੱਲ੍ਹ ਸਕਦਾ ਹੈ। ਸਾਡੀਆਂ ਛੋਟੀਆਂ-ਛੋਟੀਆਂ ਲੋੜਾਂ ਵਾਸਤੇ ਰਾਹਾਂ ਵਿਚ ਭਟਕਣਾ ਹੀ ਸਾਡੇ ਦੇਸ਼ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਦਾ ਹੈ। ਜਿਹੜੇ ਅਧਿਕਾਰੀ ਸਰਕਾਰੀ ਕੰਮ ਨੂੰ ਅਣਗਹਿਲੀ ਨਾਲ ਕਰਦੇ ਹਨ, ਉਨ੍ਹਾਂ ਨੂੰ ਇਹ ਅਹਿਸਾਸ ਕਦੋਂ ਹੋਵੇਗਾ ਕਿ ਸਾਡੀ ਕੀਤੀ ਗ਼ਲਤੀ ਨਾਲ ਆਮ ਵਿਅਕਤੀ ਕਿੰਨਾ ਪ੍ਰਭਾਵਿਤ ਹੁੰਦਾ ਹੈ? ਕਿਸੇ ਨੌਜਵਾਨ ਨੂੰ ਇਕ-ਦੋ ਵਾਰੀ ਕੋਈ ਦਸਤਾਵੇਜ਼ ਠੀਕ ਕਰਵਾਉਣ ਵਾਸਤੇ ਜਾਣਾ ਪਵੇ ਤਾਂ ਉਹ ਖਿਝ ਕੇ ਪੈਂਦੇ ਹਨ ਪਰ ਜਿਨ੍ਹਾਂ ਬਜ਼ੁਰਗਾਂ ਨੂੰ ਦਿਸਦਾ ਵੀ ਨਹੀਂ ਹੁੰਦਾ, ਕੀ ਉਹ ਆਪਣੇ ਲਈ ਲੜ ਸਕਦੇ ਹਨ? ਜ਼ਰਾ ਸੋਚੋ।
**

ਸਵੱਛ ਭਾਰਤ ਅਤੇ ਕੁੱਤੇ

ਭਾਰਤ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼-ਸੁਥਰਾ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਿਜਲਈ ਅਤੇ ਪ੍ਰਿੰਟ ਮੀਡੀਏ ਦਾ ਸਹਾਰਾ ਵੀ ਲੈ ਰਹੀ ਹੈ। ਇਸ਼ਤਿਹਾਰਾਂ ਵਿਚ ਹਰ ਰੋਜ਼ ਸਮਝਾਇਆ ਜਾਂਦਾ ਹੈ ਕਿ ਮਨੁੱਖ ਨੂੰ ਘਰਾਂ ਵਿਚ ਬਣਾਏ ਪਖਾਨਿਆਂ ਵਿਚ ਹੀ ਹਾਜ਼ਰੀ ਲਗਵਾਉਣੀ ਚਾਹੀਦੀ ਹੈ, ਤਾਂ ਜੋ ਬਿਮਾਰੀਆਂ ਲੱਗਣ ਦਾ ਖ਼ਤਰਾ ਘੱਟ ਹੋ ਸਕੇ ਅਤੇ ਸਾਡਾ ਦੇਸ਼ ਸਾਫ਼-ਸੁਥਰਾ ਰਹਿ ਸਕੇ। ਇਸ ਮੁਹਿੰਮ ਨੂੰ ਕੁੱਤੇ ਬਹੁਤ ਢਾਅ ਲਾ ਰਹੇ ਹਨ। ਕੁੱਤੇ ਅਤੇ ਮਨੁੱਖ ਲਗਪਗ ਕਈ ਹਜ਼ਾਰ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਅੱਜਕਲ੍ਹ ਦੁਨੀਆ ਵਿਚ ਇਨ੍ਹਾਂ ਦੀਆਂ 200 ਦੇ ਲਗਪਗ ਕਿਸਮਾਂ ਹਨ। ਕੁੱਤਿਆਂ ਨੂੰ ਮਨੁੱਖ ਕੋਲੋਂ ਵਧੀਆ ਭੋਜਨ ਅਤੇ ਚੰਗੀ ਰਿਹਾਇਸ਼ ਮਿਲ ਜਾਂਦੀ ਹੈ, ਜਦੋਂ ਕਿ ਮਨੁੱਖ ਕੁੱਤਿਆਂ ਨੂੰ ਖੇਤਾਂ ਅਤੇ ਡੰਗਰਾਂ ਦੀ ਰਾਖੀ ਕਰਨ ਲਈ, ਖੇਡਾਂ ਵਿਚ ਭਾਗ ਲੈਣ ਲਈ ਅਤੇ ਮੁਲਜ਼ਮਾਂ ਦੀ ਭਾਲ ਕਰਨ ਲਈ ਵਰਤਦਾ ਹੈ, ਪਰ ਜਿਹੜੇ ਅਵਾਰਾ ਕੁੱਤੇ ਗਲੀਆਂ ਵਿਚ ਬੇਲਗਾਮ ਘੁੰਮ ਰਹੇ ਹਨ, ਉਹ ਬਹੁਤ ਹੀ ਖੌਰਾ ਪਾ ਰਹੇ ਹਨ। ਜਦੋਂ ਤੋਂ ਸਾਡੇ ਸਮਾਜ ਵਿਚ ਕੰਨਿਆ ਭਰੂਣ-ਹੱਤਿਆ ਹੋਣੀ ਸ਼ੁਰੂ ਹੋਈ ਹੈ, ਉਦੋਂ ਤੋਂ ਇਹ ਹੋਰ ਵੀ ਹਿੰਸਕ ਹੋ ਗਏ ਹਨ। ਭਰੂਣ ਦੇ ਖਾਣ ਨਾਲ ਇਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਹੈ। ਇਸ ਕਰਕੇ ਇਹ ਗਲੀਆਂ ਵਿਚ ਸਕੂਲ ਜਾ ਰਹੇ ਛੋਟੇ-ਛੋਟੇ ਬੱਚਿਆਂ ਨੂੰ ਵੀ ਵੱਢਣ ਲੱਗ ਗਏ ਹਨ। ਸਰਕਾਰ ਮਨੁੱਖ ਲਈ ਤਾਂ ਪਖਾਨੇ ਬਣਾ ਰਹੀ ਹੈ ਪਰ ਇਹ ਸ਼ਰੇਆਮ ਗਲੀਆਂ ਨੂੰ ਪਖਾਨੇ ਦੇ ਰੂਪ ਵਿਚ ਵਰਤ ਰਹੇ ਹਨ। ਸਵੇਰੇ-ਸਵੇਰੇ ਜਦੋਂ ਲੋਕ ਸੈਰ ਕਰਨ ਲਈ ਜਾਂਦੇ ਹਨ ਤਾਂ ਥਾਂ-ਥਾਂ ਪਈਆਂ ਇਨ੍ਹਾਂ ਵਲੋਂ ਪਾਏ ਗਏ ਗੰਦ ਨੂੰ ਦੇਖ ਕੇ ਚਿੜ੍ਹ ਆਉਂਦੀ ਹੈ। ਕਈ ਨਾਗਰਿਕਾਂ ਨੇ ਇਨ੍ਹਾਂ ਨੂੰ ਆਪਣੇ ਘਰ ਵਿਚ ਪਾਲਿਆ ਹੋਇਆ ਹੈ। ਉਨ੍ਹਾਂ ਦੇ ਕੁੱਤੇ ਵੀ ਇਸ 'ਚ ਸ਼ਾਮਲ ਹਨ। ਇਸ ਲਈ ਇਨ੍ਹਾਂ ਦੀ ਗਿਣਤੀ ਘਟਾਉਣੀ ਬਹੁਤ ਜ਼ਰੂਰੀ ਹੈ। ਸਰਕਾਰ ਇਨ੍ਹਾਂ ਦੀ ਨਸਬੰਦੀ ਤਾਂ ਕਰਵਾਉਂਦੀ ਹੈ ਪਰ ਚੰਗਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਦਾ। ਸਰਕਾਰਾਂ ਨੂੰ ਅਵਾਰਾ ਕੁੱਤਿਆਂ ਪ੍ਰਤੀ ਆਪਣੀ ਨੀਤੀ 'ਚ ਸੁਧਾਰ ਲਿਆਉਣਾ ਹੋਵੇਗਾ ਤਾਂ ਜੋ ਇਨ੍ਹਾਂ ਵਲੋਂ ਆਮ ਲੋਕਾਂ ਅੰਦਰ ਪੈਦਾ ਕੀਤੇ ਭੈਅ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਸਫ਼ਾਈ ਵੀ ਕਾਇਮ ਰਹਿ ਸਕੇ।

-8/29, ਨਿਊ ਕੁੰਦਨਪੁਰੀ, ਲੁਧਿਆਣਾ।

ਕਦੋਂ ਪਵੇਗੀ ਨਸ਼ਿਆਂ ਦੇ ਵਗਦੇ ਦਰਿਆ ਨੂੰ ਠੱਲ੍ਹ

ਪੰਜਾਬ ਵਿਚ ਵਗਦੇ ਨਸ਼ਿਆਂ ਦੇ ਦਰਿਆ ਵਿਚ ਅਨੇਕ ਪਰਿਵਾਰਾਂ ਦੇ ਚਿਰਾਗ ਭੈਣਾਂ ਦੀਆਂ ਰੱਖੜੀਆਂ, ਬੇਗਾਨੀਆਂ ਧੀਆਂ ਦੇ ਸੁਹਾਗ ਰੁੜ੍ਹ ਗਏ ਹਨ। ਆਧੁਨਿਕ ਸਮੇਂ ਵਿਚ ਨੌਜਵਾਨੀ ਨੂੰ ਪੂਰੀ ਤਰ੍ਹਾਂ ਚਿੱਟੇ, ਸਮੈਕ ਤੇ ਹੋਰ ਮੈਡੀਕਲ ਨਸ਼ਿਆਂ ਨੇ ਜਕੜ ਲਿਆ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਨੌਜਵਾਨਾਂ ਦਾ ਨਸ਼ਿਆਂ ਦਾ ਸੇਵਨ ਕਰਨ ਦਾ ਮਨੋਰਥ ਕੀ ਹੈ, ਉਹ ਕੋਈ ਪਹਿਲਾਂ ਵਾਲੇ ਲੋਕਾਂ ਵਾਂਗ ਕੋਈ ਜ਼ੋਰ ਵਾਲਾ ਕੰਮ ਵੀ ਨਹੀਂ ਕਰਦੇ, ਤਾਂ ਜੋ ਸਮਝਿਆ ਜਾ ਸਕੇ ਕਿ ਉਹ ਸਰੀਰਕ ਸਮਰੱਥਾ ਲਈ ਇਸ ਦੀ ਵਰਤੋਂ ਕਰਦੇ ਹਨ। ਇਕ ਹੋਰ ਪਹਿਲੂ ਰਿਹਾ ਹੈ ਕਿ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਬੇਰੁਜ਼ਗਾਰੀ ਕਾਰਨ ਨੌਜਵਾਨ ਨਸ਼ਿਆਂ ਦਾ ਸੇਵਨ ਕਰਨ ਲੱਗ ਪਏ ਹਨ। ਜੇਕਰ ਕੋਈ ਰੁਜ਼ਗਾਰ ਨਹੀਂ ਮਿਲਦਾ ਤਾਂ ਨਸ਼ੇ ਕਰਨ ਲੱਗ ਜਾਣਾ ਵੀ ਕੋਈ ਸਾਰਥਕ ਹੱਲ ਨਾ ਹੋਇਆ। ਬੇਰੁਜ਼ਗਾਰੀ ਨਾਲ ਲੜਿਆ ਜਾ ਸਕਦਾ ਹੈ, ਲੋੜ ਹੈ ਨੌਜਵਾਨਾਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ। ਉਹ ਨਿੱਜੀ ਪੱਧਰ 'ਤੇ ਕੋਈ ਆਪਣਾ ਕਾਰੋਬਾਰ ਚਲਾ ਸਕਦੇ ਹਨ। ਜਿਨ੍ਹਾਂ ਨੌਜਵਾਨਾਂ ਕੋਲ ਆਪਣੀਆਂ ਜ਼ਮੀਨਾਂ ਹਨ, ਉਹ ਆਧੁਨਿਕ ਤਰੀਕੇ ਨਾਲ ਖੇਤੀ ਕਰਕੇ ਕਾਮਯਾਬ ਹੋ ਸਕਦੇ ਹਨ। ਪੰਜਾਬ ਵਿਚ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਿਚ ਪੰਜਾਬੀ ਗਾਇਕੀ ਨੂੰ ਵੀ ਜ਼ਿੰਮੇਵਾਰ ਠਹਿਰਾਉਣਾ ਬਣਦਾ ਹੈ। ਕਈ ਗੀਤਕਾਰ ਤਾਂ ਅਜਿਹੇ ਹਨ ਕਿ ਜਿਨ੍ਹਾਂ ਦੇ ਗੀਤਾਂ ਦੇ ਵਿਸ਼ੇ ਹੀ ਸ਼ਰਾਬ, ਅਫੀਮ, ਚਿੱਟਾ ਹਨ। ਇਸ ਤਰ੍ਹਾਂ ਦੀ ਗਾਇਕੀ 'ਤੇ ਸੈਂਸਰ ਬੋਰਡ ਨੂੰ ਸਖਤ ਹੋਣ ਦੀ ਲੋੜ ਹੈ। ਨਸ਼ਿਆਂ ਦੇ ਇਸ ਕਾਰੋਬਾਰ ਵਿਚ ਕਈ ਰਾਜਸੀ ਨੇਤਾਵਾਂ ਦੇ ਨਾਂਅ ਆਉਣ ਕਾਰਨ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਰਕਾਰਾਂ ਵੀ ਕੁਝ ਹੱਦ ਤੱਕ ਇਸ ਲਈ ਜ਼ਿੰਮੇਵਾਰ ਹਨ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਚੋਣਾਂ ਸਮੇਂ ਕਿਸ ਤਰ੍ਹਾਂ ਲੋਕਾਂ ਨੂੰ ਲੁਭਾਉਣ ਲਈ ਨਸ਼ਿਆਂ ਨੂੰ ਵੰਡਿਆ ਜਾਂਦਾ ਹੈ। ਰੈਲੀਆਂ ਵਿਚ ਭੀੜ ਇਕੱਠੀ ਕਰਨ ਲਈ ਵੀ ਨਸ਼ਿਆਂ ਦਾ ਲਾਲਚ ਦਿੱਤਾ ਜਾਂਦਾ ਹੈ। ਪੁਲਿਸ ਨੂੰ ਵੀ ਰਾਜਸੀ ਦਬਾਅ ਤੋਂ ਮੁਕਤ ਹੋ ਕੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਲੋੜੀਂਦੀ ਕਾਰਵਾਈ ਕਰਨ ਦੀ ਲੋੜ ਹੈ। ਪਿੰਡਾਂ ਵਿਚ ਵੱਧ ਤੋਂ ਵੱਧ ਖੇਡ ਮੁਕਾਬਲੇ ਕਰਵਾ ਕੇ ਨੌਜਵਾਨੀ ਨੂੰ ਖੇਡਾਂ ਨਾਲ ਜੋੜਿਆ ਜਾਵੇ।

-ਪਿੰਡ ਕੋਟਲੀ ਅਬਲੂ। ਮੋਬਾ: 73077-36899

ਸਾਦੇ ਜੀਵਨ ਨੂੰ ਅਪਣਾਓ

ਬਹੁਤ ਵਾਰ ਸੁਣਨ ਨੂੰ ਮਿਲਦਾ ਹੈ ਕਿ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ। ਬਿਲਕੁਲ ਜ਼ਿੰਦਗੀ ਵਿਚ ਅਜਿਹੇ ਉਤਰਾਅ-ਚੜ੍ਹਾਅ ਆਉਂਦੇ ਹਨ ਜਿਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਜ਼ਿੰਦਗੀ ਵਿਚ ਦੁੱਖ-ਸੁੱਖ ਆਉਂਦੇ ਹਨ ਅਤੇ ਆਉਂਦੇ ਰਹਿਣਗੇ। ਜ਼ਿੰਦਗੀ ਨੂੰ ਜਿਊਣਾ ਕਿਵੇਂ ਹੈ, ਇਸ ਦੀ ਸੋਚ ਬਣਾਉਣਾ ਸਾਡੇ ਹੱਥ ਵਿਚ ਹੁੰਦਾ ਹੈ। ਆਈਨਸਟਾਈਨ ਅਨੁਸਾਰ 'ਜ਼ਿੰਦਗੀ ਜਿਊਣ ਦੇ ਦੋ ਹੀ ਤਰੀਕੇ ਹਨ। ਪਹਿਲਾ ਜਿਵੇਂ ਕੁਝ ਵੀ ਚਮਤਕਾਰੀ ਨਹੀਂ ਹੈ ਤੇ ਦੂਜਾ ਜਿਵੇਂ ਹਰ ਚੀਜ਼ ਚਮਤਕਾਰੀ ਹੈ।' ਗੱਲ ਕੀ ਸੋਚ ਸਾਡੀ ਜ਼ਿੰਦਗੀ 'ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਜ਼ਿੰਦਗੀ ਨੂੰ ਹਰ ਪੱਧਰ 'ਤੇ ਸਾਦਾ ਅਤੇ ਸਧਾਰਨ ਰੱਖੋ, ਬਹੁਤ ਕੁਝ ਸਹਿਜ ਰਹੇਗਾ। ਜਿੰਨੀ ਚਾਦਰ ਹੈ, ਓਨੇ ਪੈਰ ਪਸਾਰੋ। ਜਦੋਂ ਦੂਸਰਿਆਂ ਵੱਲ ਵੇਖ ਕੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਜ਼ਿੰਦਗੀ ਔਖੀ ਲੱਗੇਗੀ। ਆਪਣੀ ਸੋਚ ਨੂੰ ਉੱਚਾ ਰੱਖੋ। ਦੂਸਰੇ ਦੀ ਅੱਡੀ ਉੱਚੀ ਵਾਲੀ ਜੁੱਤੀ ਵੇਖ ਕੇ ਉਸ ਦੀ ਨਕਲ ਨਾ ਕਰੋ। ਜਿਹੜੇ ਵਿਖਾਵੇ ਵਿਚ ਜਿਊਂਦੇ ਹਨ, ਉਹ ਹਮੇਸ਼ਾ ਫਿਕਰਮੰਦ ਰਹਿੰਦੇ ਹਨ ਕਿ ਪਿਛਲੇ ਨਾਲੋਂ ਵਧੇਰੇ ਮਹਿੰਗਾ ਸੂਟ ਪਾਉਣਾ ਹੈ ਅਤੇ ਨਵੇਂ ਭਾਰੀ ਗਹਿਣੇ ਪਾਉਣੇ ਹਨ ਆਦਿ। ਸਿਆਣੇ ਸੱਚ ਕਹਿ ਗਏ ਹਨ ਕਿ ਲਾਲ ਤਾਂ ਗੋਦੜੀ ਵਿਚ ਵੀ ਪਹਿਚਾਣੇ ਜਾਂਦੇ ਹਨ। ਬਿਲਕੁਲ ਲਾਲ ਨੇ ਲਾਲ ਹੀ ਰਹਿਣਾ ਹੈ। ਇੰਜ ਹੀ ਜੇਕਰ ਸਾਦਾ ਰਹਿੰਦੇ ਹਾਂ ਤਾਂ ਕੋਈ ਗੁਣ ਹੈ ਤਾਂ ਲੋਕਾਂ ਨੂੰ ਆਪੇ ਪਤਾ ਲੱਗ ਜਾਂਦਾ ਹੈ। ਲੋਕ ਸਮਝ ਜਾਂਦੇ ਹਨ। ਅੱਡੀਆਂ ਚੁੱਕ ਕੇ ਫਾਹਾ ਲੈਣ ਦੀ ਜ਼ਰੂਰਤ ਨਹੀਂ ਹੈ। ਜਿੰਨਾ ਪੈਸੇ ਦੇ ਪਿੱਛੇ ਭੱਜੋਗੇ, ਪੈਸਾ ਓਨਾ ਹੀ ਵਧੇਰੇ ਤੰਗ ਕਰਦਾ ਹੈ। ਹਾਂ ਜੀ, ਜਿਹੜੇ ਵਿਖਾਵੇ ਦੀ ਜ਼ਿੰਦਗੀ ਜਿਊਣ ਲੱਗ ਜਾਂਦੇ ਹਨ, ਉਨ੍ਹਾਂ ਵਾਸਤੇ ਕਦੇ ਵੀ ਪੈਸਾ ਪੂਰਾ ਨਹੀਂ ਪੈਂਦਾ। ਉਹ ਸੰਤੁਸ਼ਟ ਹੁੰਦੇ ਹੀ ਨਹੀਂ। ਇਸ ਕਰਕੇ ਇਸ ਦੌੜ ਵਿਚ ਪੈ ਕੇ ਜ਼ਿੰਦਗੀ ਨੂੰ ਔਖਾ ਬਣਾਉਣਾ ਵਧੇਰੇ ਸਿਆਣਪ ਨਹੀਂ ਹੈ। ਇਸ ਵਿਖਾਵੇ ਦੀ ਜ਼ਿੰਦਗੀ ਨਾਲ ਬਹੁਤ ਸਾਰੇ ਰਿਸ਼ਤੇ ਵੀ ਖਰਾਬ ਹੋ ਜਾਂਦੇ ਹਨ। ਅਜਿਹੇ ਲੋਕਾਂ ਨੂੰ ਇਹ ਭਰਮ ਹੁੰਦਾ ਹੈ ਕਿ ਵੱਧ ਸਿਆਣੇ ਉਹ ਹਨ। ਜ਼ਿੰਦਗੀ ਨੂੰ ਚਲਦੇ ਰੱਖਣ ਵਾਸਤੇ ਕੰਮ ਕਰਨਾ ਅਤੇ ਤੁਰਦੇ ਰਹਿਣਾ ਬਹੁਤ ਜ਼ਰੂਰੀ ਹੈ। ਅਫ਼ਰੀਕੀ ਕਹਾਵਤ ਹੈ 'ਜ਼ਿੰਦਗੀ ਸਾਈਕਲ ਵਾਂਗ ਹੈ, ਜਦੋਂ ਤੱਕ ਤੁਸੀਂ ਪੈਡਲ ਮਾਰਦੇ ਰਹੋਗੇ, ਡਿੱਗੋਗੇ ਨਹੀਂ। ਜ਼ਿੰਦਗੀ ਨੂੰ ਚਲਾਉਣ ਲਈ ਹਮੇਸ਼ਾ ਪੈਡਲ ਮਾਰਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।' ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜਿਊਣਾ, ਮਹਿੰਗੇ ਕੱਪੜੇ ਅਤੇ ਗਹਿਣੇ ਕੋਈ ਮਾਇਨੇ ਨਹੀਂ ਰੱਖਦੇ। ਸਾਦਾ ਰਹਿਣ ਵਿਚ ਜੋ ਸੁੱਖ ਹੈ, ਚੈਨ ਹੈ ਉਹ ਹੋਰ ਕਿਧਰੇ ਵੀ ਨਹੀਂ ਹੈ। ਜ਼ਿੰਦਗੀ ਨੂੰ ਔਖੀ ਅਤੇ ਬੋਝ ਅਸੀਂ ਖ਼ੁਦ ਬਣਾਉਂਦੇ ਹਾਂ। ਸੱਚ ਹੈ, ਜ਼ਿੰਦਗੀ ਨੂੰ ਸਾਦੀ ਰੱਖੀਏ ਤਾਂ ਕਿ ਸੌਖੀ ਰਹੇ।

-ਮੁਹਾਲੀ। ਮੋਬਾਈਲ : 98150-30221


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX