ਤਾਜਾ ਖ਼ਬਰਾਂ 


ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਣ ਦੇ ਆਸਾਰ
. . .  about 2 hours ago
ਨਵੀਂ ਦਿੱਲੀ, 26 ਨਵੰਬਰ (ਏਜੰਸੀ)- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੁੜ ਘੱਟ ਸਕਦੀਆਂ ਹਨ। ਸੂਤਰਾਂ ਅਨੁਸਾਰ ਇਸੇ ਹਫ਼ਤੇ ਹੀ ਅਜਿਹਾ ਐਲਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੈਟਰੋਲ ਤੇ ਡੀਜ਼ਲ 2 ਰੁਪਏ ਪ੍ਰਤੀ ਲੀਟਰ ਤੱਕ ਸਸਤੇ ਹੋ ਸਕਦੇ ਹਨ। ਵਰਨਣਯੋਗ ਹੈ...
ਸ਼ਾਰਦਾ ਘੋਟਾਲਾ : ਆਸਾਮ ਦੇ ਸਾਬਕਾ ਸਿਹਤ ਮੰਤਰੀ ਤੋਂ ਸੀ.ਬੀ.ਆਈ. ਵੱਲੋਂ ਪੁੱਛਗਿੱਛ
. . .  about 2 hours ago
ਕੋਲਕਾਤਾ, 26 ਨਵੰਬਰ (ਏਜੰਸੀ)- ਸ਼ਾਰਦਾ ਚਿੱਟ ਫ਼ੰਡ ਘੁਟਾਲੇ ਸਬੰਧੀ ਆਸਾਮ ਦੇ ਸਾਬਕਾ ਸਿਹਤ ਮੰਤਰੀ ਹਿਮਾਨਤਾ ਬਿਸਵਾ ਸਰਮਾ ਤੋਂ ਸੀ.ਬੀ.ਆਈ. ਨੇ ਅੱਜ ਪੁੱਛਗਿੱਛ ਕੀਤੀ। ਸੀ.ਬੀ.ਆਈ. ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰਦੇ ਹੋਏ ਜੁਆਇੰਟ ਡਾਇਰੈਕਟਰ ਰਾਜੀਵ...
ਕੈਪ: ਅਮਰਿੰਦਰ ਮਾਮਲੇ ਦੀ ਅਗਲੀ ਸੁਣਵਾਈ 5 ਦਸੰਬਰ 'ਤੇ ਪਈ -ਮਾਮਲਾ ਇੰਪਰੂਵਮੈਂਟ ਟਰੱਸਟ ਦਾ
. . .  about 2 hours ago
ਐੱਸ. ਏ. ਐੱਸ. ਨਗਰ, 26 ਨਵੰਬਰ (ਸੁਖਦੀਪ ਸਿੰਘ/ਨਿੱਜੀ ਪੱਤਰ ਪ੍ਰੇਰਕ)ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ 'ਚ ਹੋਏ ਘਪਲੇ ਦੇ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਸਮੇਤ ਅਸ਼ਵਨੀ...
ਪਾਕਿਸਤਾਨ ਤੋਂ ਲਿਆਂਦੀ 105 ਕਰੋੜ ਦੀ 21 ਕਿੱਲੋਗਰਾਮ ਹੈਰੋਇਨ ਬਰਾਮਦ
. . .  about 2 hours ago
ਬਠਿੰਡਾ, 26 ਨਵੰਬਰ (ਹੁਕਮ ਚੰਦ ਸ਼ਰਮਾ)- ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਦੇ ਸਹਾਇਕ ਇੰਸਪੈਕਟਰ ਜਰਨਲ, ਸ਼੍ਰੀ ਅਜੈ ਮਲੂਜਾ ਦੀ ਅਗਵਾਈ ਵਾਲੀ ਪੁਲਿਸ ਦੀ ਵਿਸ਼ੇਸ਼ ਟੀਮ ਨੂੰ ਕੱਲ੍ਹ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇਸ ਨੇ ਤਸਕਰੀ ਰਾਹੀ ਪਾਕਿਸਤਾਨ ਤੋਂ ਲਿਆਂਦੀ ਗਈ...
ਅੱਤਵਾਦ ਨਾਲ ਨਿੱਬੜਨ ਲਈ ਮੋਦੀ ਨੇ ਦਕਸ਼ੇਸ ਸੰਮੇਲਨ 'ਚ ਕੀਤਾ ਠੋਸ ਕੋਸ਼ਿਸ਼ਾਂ ਦਾ ਐਲਾਨ
. . .  about 3 hours ago
ਕਾਠਮੰਡੂ ,26 ਨਵੰਬਰ (ਏਜੰਸੀ)- ਮੁੰਬਈ ਹਮਲਿਆਂ ਦੀ ਛੇਵੀਂ ਬਰਸੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18ਵੇਂ ਦਕਸ਼ੇਸ ਸਿਖਰ ਸੰਮੇਲਨ ਦੌਰਾਨ ਜ਼ਿਆਦਾਤਰ ਦਕਸ਼ੇਸ ਨੇਤਾਵਾਂ ਦੁਆਰਾ ਅੱਤਵਾਦ ਅਤੇ ਦੇਸ਼ ਅੰਦਰ ਗੁਨਾਹਾਂ ਨੂੰ ਇੱਕ ਵੱਡੀ ਚੁਨੌਤੀ ਦੱਸਿਆ । ਮੁੰਬਈ ਅੱਤਵਾਦੀ ਹਮਲੇ...
ਪਾਰੀਕਰ , ਰਾਮਗੋਪਾਲ ਸਹਿਤ 11 ਨੇ ਲਈ ਰਾਜ ਸਭਾ ਦੀ ਮੈਂਬਰੀ ਦੀ ਸਹੁੰ
. . .  about 4 hours ago
ਨਵੀਂ ਦਿੱਲੀ ,26 ਨਵੰਬਰ (ਏਜੰਸੀ)- : ਰੱਖਿਆ ਮੰਤਰੀ ਮਨੋਹਰ ਪਾਰੀਕਰ ਅਤੇ ਸਪਾ ਨੇਤਾ ਰਾਮਗੋਪਾਲ ਯਾਦਵ ਸਹਿਤ 11 ਨਵੇਂ ਚੁਣੇ ਮੈਂਬਰਾਂ ਨੇ ਅੱਜ ਰਾਜ ਸਭਾ 'ਚ ਸਹੁੰ ਲਈ । ਇਨ੍ਹਾਂ 'ਚੋਂ 10 ਉੱਤਰ ਪ੍ਰਦੇਸ਼ ਵੱਲੋਂ ਜਦੋਂ ਕਿ ਇੱਕ ਮੈਂਬਰ ਉੱਤਰਾਖੰਡ ਵੱਲੋਂ ਚੁਣਿਆ ਹੋਇਆ ਹੈ...
ਬੋਇੰਗ ਨੇ ਭਾਰਤ ਨੂੰ ਸਪੁਰਦ ਕੀਤਾ ਛੇਵਾਂ ਸਮੁੰਦਰੀ ਗਸ਼ਤ ਜਹਾਜ਼
. . .  about 6 hours ago
ਵਾਸ਼ਿੰਗਟਨ , 26 ਨਵੰਬਰ (ਏਜੰਸੀ)- ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਛੇਵਾਂ ਪੀ - 8 ਆਈ ਗਸ਼ਤ ਕਰਨ ਵਾਲਾ ਜਹਾਜ਼ ਭਾਰਤ ਨੂੰ ਸੌਂਪ ਦਿੱਤਾ ਹੈ । ਪੀ - 8ਆਈ ਸਾਲ 2009 'ਚ ਕੀਤੇ ਗਏ ਉਸ ਸੰਧੀ ਦਾ ਹਿੱਸਾ ਹੈ , ਜਿਸ ਵਿਚ ਅਜਿਹੇ ਅੱਠ ਜਹਾਜ਼ ਸੌਂਪੇ ਜਾਣ ਦਾ ਕਰਾਰ...
ਲੜਕੀ ਦੇ ਜਨਮ 'ਤੇ ਪਰਿਵਾਰ ਨੂੰ ਕੀਤਾ ਜਾਵੇਗਾ ਉਤਸ਼ਾਹਿਤ : ਸੁਪਰੀਮ ਕੋਰਟ
. . .  about 7 hours ago
ਨਵੀਂ ਦਿੱਲੀ ,26 ਨਵੰਬਰ (ਏਜੰਸੀ)- ਸੁਪਰੀਮ ਕੋਰਟ ਦੇਸ਼ 'ਚ ਲਿੰਗ -ਅਨੁਪਾਤ 'ਤੇ ਕਿਹਾ - ਰਾਜ ਸਰਕਾਰਾਂ ਨੂੰ ਉਨ੍ਹਾਂ ਪਰਿਵਾਰਾਂ ਨੂੰ ਇੰਸੇਂਟਿਵ ( ਮਿਹਨਤਾਨਾ ) ਦੇਣਾ ਚਾਹੀਦਾ ਹੈ ਜਿੱਥੇ ਲੜਕੀ ਦਾ ਜਨਮ ਹੋਇਆ ਹੋਵੇ । ਅਜਿਹਾ ਕਰਨ ਨਾਲ ਲੋਕਾਂ 'ਚ ਇਹ ਸੁਨੇਹਾ ਜਾਵੇਗਾ ਕਿ...
18ਵਾਂ ਸਾਰਕ ਸਿਖਰ ਸੰਮੇਲਨ ਸ਼ੁਰੂ , ਸ਼ਰੀਫ਼ ਦੀ ਹਾਜ਼ਰੀ 'ਚ 26 / 11 ਮੁੱਦਾ ਉਠਾਉਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 8 hours ago
ਚੀਨ ਦੀ ਕੋਲਾ ਖਾਨ 'ਚ ਅੱਗ ਲਗਣ ਨਾਲ 24 ਕਰਮਚਾਰੀ ਮਰੇ , 52 ਜਖ਼ਮੀ
. . .  about 8 hours ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਨੌਜਵਾਨ ਪੀੜ੍ਹੀ ਨੂੰ ਦਿਸ਼ਾਹੀਣ ਕਰ ਰਹੀ ਹੈ ਲੱਚਰ ਗਾਇਕੀ

ਯਾਰ ਤੇਰਾ ਨਸ਼ੇ ਵਿਚ ਟੁੰਨ ਹੋ ਗਿਆ
ਫੜ੍ਹ ਕੇ ਗੱਡੀ 'ਚ ਬੈਠਾ ਲਾ ਗੋਰੀਏ।
-0-
ਬੈਠਾ ਕੋਕ 'ਚ ਮਿਲਾਕੇ ਮੁੰਡਾ ਪੀਵੇ ਵਿਸਕੀ
ਜਦੋਂ ਹੀ ਟੀ. ਵੀ. ਦਾ ਰਿਮੋਟ ਦਬਾਈਏ ਤਾਂ ਪੰਜਾਬੀ ਚੈਨਲਾਂ 'ਤੇ ਅਜਿਹੇ ਕਈ ਗੀਤ ਸਾਨੂੰ ਸੁਣਨ ਨੂੰ ਮਿਲਦੇ ਹਨ। ਪੰਜਾਬ ਦੇ ਅਲਬੇਲੇ ਗੱਭਰੂ ਇਨ੍ਹਾਂ ਗੀਤਾਂ ਦੀ ਬਦੌਲਤ ਨਸ਼ੇ ਦੇ ਦਰਿਆ ਵਿਚ ਡੁੱਬਦੇ ਜਾ ਰਹੇ ਹਨ। ਸਾਡੇ ਲਈ ਇਹ ਬੜੀ ਮਾੜੀ ਗੱਲ ਹੈ ਕਿ ਅੱਜ ਪੰਜਾਬ ਦੇ ਹਰੇਕ ਪਿੰਡ ਵਿਚ 5-7 ਗੱਭਰੂ ਨਸ਼ਈ ਜ਼ਰੂਰ ਮਿਲਣਗੇ। ਭੰਗ, ਪੋਸਤ, ਜਰਦਾ, ਬੀੜੀ ਤਾਂ ਬੀਤੇ ਦੀਆਂ ਗੱਲਾਂ ਹੋ ਗਈਆਂ, ਹੁਣ ਪੰਜਾਬੀ ਮੁੰਡੇ ਸ਼ਰਾਬ ਨੂੰ ਲੱਸੀ ਦੀ ਤਰ੍ਹਾਂ ਪੀ ਕੇ 'ਸਿਹਤ' ਬਣਾਉਣ ਲੱਗ ਗਏ ਨੇ। ਗੱਲ ਸ਼ਰਾਬ ਤੋਂ ਅੱਗੇ ਜਾ ਕੇ ਸਮੈਕ ਤੱਕ ਪਹੁੰਚ ਗਈ ਹੈ। ਪੰਜਾਬ ਦੇ, ਖਾਸ ਕਰਕੇ ਪਿੰਡਾਂ ਦੇ ਮੁੰਡਿਆਂ ਦੇ ਹੱਡਾਂ 'ਚ ਸਮੈਕ ਨੇ ਆਪਣਾ ਡੇਰਾ ਲਾ ਲਿਆ ਹੈ। ਅਸੀਂ ਕਿਧਰ ਨੂੰ ਜਾ ਰਹੇ ਹਾਂ? ਪੰਜਾਬ ਦੇ ਨੌਜਵਾਨ ਆਪਣੀ ਅਮੁੱਲ ਜਵਾਨੀ ਨੂੰ ਆਪਣੇ ਹੱਥੋਂ ਗਵਾ ਰਹੇ ਹਨ। ਪੰਜਾਬੀ ਗੀਤਕਾਰ ਤੇ ਗਾਇਕ ਨਸ਼ੇ ਨੂੰ ਮੀਡੀਏ ਰਾਹੀਂ ਪ੍ਰਚਾਰ ਕੇ ਆਪਣੇ ਹੀ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਸਾਡਾ ਦੁਖਾਂਤ ਇਹ ਹੈ ਕਿ ਹੁਣ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ। ਇਸ ਕੰਮ ਵਿਚ ਉਹ ਮਰਦ ਦੇ 'ਮੋਢੇ ਨਾਲ ਮੋਢਾ' ਜੋੜ ਰਹੀਆਂ ਦਿਖਾਈ ਦਿੰਦੀਆਂ ਹਨ।

ਏਨਾ ਵੀ ਡੋਪ-ਸ਼ੋਪ ਨਾ ਮਾਰਿਆ ਕਰੋ
ਕੁੜੀਆਂ ਦਾ ਨਸ਼ੇ ਵੱਲ ਵਧ ਰਿਹਾ ਰੁਝਾਨ ਸਾਡੇ ਸਮਾਜ ਦੀਆਂ ਜੜ੍ਹਾਂ ਹਿਲਾ ਦੇਵੇਗਾ। ਔਰਤ ਪਰਿਵਾਰ ਦੀ ਚੂਲ ਹੈ। ਮਾਂ ਅਤੇ ਪਤਨੀ ਦੇ ਰੂਪ ਵਿਚ ਉਹੀ ਜੀਵਨ ਨੂੰ ਸਹੀ ਦਿਸ਼ਾ-ਨਿਰਦੇਸ਼ ਦਿੰਦੀ ਹੈ। ਔਰਤ ਵੱਲੋਂ ਖੁੱਲ੍ਹੇਆਮ ਪਰਿਵਾਰਕ ਮਰਯਾਦਾ ਭੰਗ ਕਰਨੀ ਬੜੀ ਘਾਤਕ ਹੋਵੇਗੀ। ਮਾਂ ਆਪਣੇ ਪੁੱਤਰ ਨੂੰ ਨਸ਼ਾ ਕਰਨ ਤੋਂ ਰੋਕਦੀ ਹੈ ਤੇ ਪਤਨੀ ਆਪਣੇ ਪਤੀ ਨੂੰ। ਪਰ ਜੇ ਉਹ ਖੁਦ ਹੀ ਕੁਰਾਹੇ ਪੈ ਗਈ ਤਾਂ ਸਾਡਾ ਸਮਾਜਿਕ ਢਾਂਚਾ ਹੀ ਡਾਵਾਂ-ਡੋਲ ਹੋ ਜਾਵੇਗਾ। ਮੀਡੀਏ ਰਾਹੀਂ ਔਰਤ ਦਾ ਇਹ ਰੂਪ ਚਿਤਰਣਾ ਉਸ ਨੂੰ 'ਦੇਵੀ' ਤੋਂ 'ਦੈਂਤਣੀ' ਦੇ ਰੂਪ ਵਿਚ ਬਦਲਣ ਦਾ ਕੋਝ-ਭਰਪੂਰ ਕਦਮ ਹੈ। ਇਸ (ਨਸ਼ੇ ਪ੍ਰਤੀ) ਕੰਮ ਲਈ ਔਰਤ ਨੂੰ ਉਕਸਾਉਣ ਦਾ ਅਰਥ ਹੈ ਕਿ ਅਸੀਂ ਆਪਣੀਆਂ ਮਾਵਾਂ, ਧੀਆਂ, ਭੈਣਾਂ ਨੂੰ ਗ਼ਲਤ ਕਦਮ ਪੁੱਟਣ ਦੀ ਹੱਲਾਸ਼ੇਰੀ ਦਿੰਦੇ ਹਾਂ ਤੇ ਇਹ ਸਾਬਤ ਕਰਦੇ ਹਾਂ ਕਿ ਜੇਕਰ ਔਰਤ (ਰੱਬ ਤੋਂ ਬਾਅਦ) ਸਮਾਜ ਦੀ ਸਿਰਜਨਾ ਕਰ ਸਕਦੀ ਹੈ ਤਾਂ ਵਿਨਾਸ਼ ਵੀ ਕਰ ਸਕਦੀ ਹੈ। ਅਜਿਹੇ ਗੀਤ ਲਿਖਣ ਵਾਲੇ ਗੀਤਕਾਰ, ਕੀ ਸਮਾਜ ਵਿਚ ਔਰਤ ਦਾ ਬਿੰਬ ਵਿਗਾੜਨਾ ਚਾਹੁੰਦੇ ਹਨ? ਜਾਂ ਫਿਰ ਸਸਤੀ ਸ਼ੋਹਰਤ ਦੀ ਲੋਚਾ ਲਈ ਅਜਿਹਾ ਕਰਦੇ ਹਨ। ਜੇਕਰ ਅਸੀਂ ਉਪਰੋਕਤ ਸੋਚ ਦੇ ਧਾਰਨੀ ਹਾਂ ਤਾਂ ਸਾਡੇ ਆਪਣੇ ਹੱਥੀਂ ਹੀ ਸਾਡੇ ਵਿਰਸੇ ਦੀਆਂ ਵਿਲੱਖਣ ਕਦਰਾਂ-ਕੀਮਤਾਂ ਦਮ ਤੋੜ ਲੈਣਗੀਆਂ।
ਪੰਜਾਬੀ ਗਾਇਕੀ ਨੇ ਦੂਜਾ ਮਾਰੂ ਪ੍ਰਭਾਵ ਜਿਹੜਾ ਨੌਜਵਾਨ ਪੀੜ੍ਹੀ 'ਤੇ ਪਾਇਆ ਹੈ, ਉਹ ਹੈ ਇਸ਼ਕ ਮਜਾਜ਼ੀ। ਨੌਜਵਾਨ ਮੁੰਡੇ-ਕੁੜੀਆਂ ਵਿਚ ਇਸ਼ਕ ਦਾ ਸੱਚਾ-ਸੁੱਚਾ ਤੇ ਉੱਚਾ ਸੰਕਲਪ ਕੋਈ ਮਾਇਨਾ ਨਹੀਂ ਰੱਖਦਾ ਸਗੋਂ ਇਹ ਇਸ਼ਕ ਵਕਤੀ ਹੈ, ਸਮਾਂ ਬਿਤਾਉਣ ਦਾ ਸਾਧਨ ਹੈ। ਪੂੰਜੀਵਾਦੀ ਨਿਜ਼ਾਮ ਵਿਚ ਇਸ਼ਕ ਪੈਸਾ ਪ੍ਰਧਾਨ ਹੋ ਕੇ ਰਹਿ ਗਿਆ ਹੈ।

ਮਿੱਤਰਾਂ ਨੂੰ ਤੂੰ ਲੁੱਟਦੀ
ਅਸੀਂ ਲੁੱਟਦੇ ਆਂ ਆਪਣਾ ਬਾਪੂ।
ਇਥੇ ਜਿਹੜਾ ਮਸਲਾ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਸਪੱਸ਼ਟ ਹੈ ਕਿ ਕੁੜੀਆਂ ਆਪਣੇ ਨਿੱਜੀ ਤੇ ਨਾਜਾਇਜ਼ ਸੁਆਰਥਾਂ ਦੀ ਪੂਰਤੀ ਲਈ ਜਾਣ-ਬੁੱਝ ਕੇ ਵਧਾਈ ਐਸ਼-ਇਸ਼ਰਤ ਨੂੰ ਆਪਣੇ ਬੁਆਏ ਫਰੈਂਡਸ ਦੀਆਂ ਜੇਬਾਂ ਤੋਂ ਪੂਰਾ ਕਰਦੀਆਂ ਹਨ। ਇਥੇ ਦੁਖਾਂਤ ਇਹ ਹੈ ਕਿ ਔਰਤ ਬਾਜ਼ਾਰੂ ਹੀ ਦਿਖਾਈ ਦਿੰਦੀ ਹੈ। ਔਰਤ ਦੇ ਆਚਰਣ 'ਤੇ ਇਥੇ ਪ੍ਰਸ਼ਨ-ਚਿੰਨ੍ਹ ਲਗਦਾ ਹੈ ਕਿ ਉਹ ਪੂੰਜੀ ਦੀ ਪ੍ਰਾਪਤੀ ਲਈ, ਆਪਣੀਆਂ ਨਾਜਾਇਜ਼ ਲੋੜਾਂ ਦੀ ਪੂਰਤੀ ਲਈ ਹਰ ਨਾਜਾਇਜ਼ ਹੱਥ-ਕੰਡਾ ਵਰਤ ਸਕਦੀ ਹੈ। ਕੀ ਸਾਡੀ ਮਾਨਸਿਕਤਾ ਔਰਤ ਦੇ ਇਸ ਬਿੰਬ ਨੂੰ ਪ੍ਰਵਾਨ ਕਰ ਸਕੇਗੀ? ਕਿਉਂਕਿ ਇਹ ਜਿਹੜੀ ਔਰਤ ਗੀਤਾਂ ਵਿਚ ਉਭਾਰੀ ਜਾ ਰਹੀ ਹੈ, ਇਹ ਸਾਡੀ ਭੈਣ ਹੈ, ਧੀ ਹੈ, ਘੱਟੋ-ਘੱਟ ਸਾਨੂੰ ਇਹ ਸੋਝੀ ਤਾਂ ਹੋਣੀ ਚਾਹੀਦੀ ਹੈ। ਅਸੀਂ ਆਪਣੀਆਂ ਹੀ ਭੈਣਾਂ ਤੇ ਧੀਆਂ ਲਈ, ਕਿੰਨੀ ਕੋਝੀ ਸੋਚ ਰੱਖਣ ਲੱਗ ਪਏ ਹਾਂ।
ਤੀਜਾ ਮਾਰੂ ਪ੍ਰਭਾਵ ਪੰਜਾਬੀ ਗਾਇਕੀ ਜਿਹੜਾ ਸਾਡੇ ਸਮਾਜ, ਸੱਭਿਆਚਾਰ 'ਤੇ ਪਾ ਰਹੀ ਹੈ, ਉਹ ਹੈ ਰਿਸ਼ਤਿਆਂ ਦੀ ਚੂਲ ਭੰਗ ਕਰਨੀ। ਸਾਡੇ ਸਮਾਜ, ਸੱਭਿਆਚਾਰ ਵਿਚ ਰਿਸ਼ਤਾ, ਨਾਤਾ ਪ੍ਰਣਾਲੀ ਬਹੁਤ ਅਹਿਮੀਅਤ ਰੱਖਦੀ ਹੈ। ਪਰ ਜੇਕਰ ਗੀਤਕਾਰ ਆਪਣੀ ਲੇਖਣੀ ਇਸੇ ਤਰ੍ਹਾਂ ਜਾਰੀ ਰੱਖਣਗੇ ਤਾਂ ਉਹ ਦਿਨ ਅਸੀਂ ਆਪਣੀਂ ਅੱਖੀਂ ਵੇਖਾਂਗੇ, ਭੋਗਾਂਗੇ ਕਿ ਅਸੀਂ ਆਪਣੇ ਬੱਚਿਆਂ ਤੋਂ ਹੀ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਵਾਵਾਂਗੇ।


ਤੇਰੇ ਕਰਕੇ ਮੈਂ ਘਰਦਿਆਂ ਨੂੰ
ਦੁੱਧ ਵਿਚ ਨੀਂਦ ਦੀਆਂ ਗੋਲੀਆਂ ਘੋਲ ਕੇ ਪਿਲਾਉਨੀ ਆਂ...
ਇਥੇ ਪਰਿਵਾਰਕ ਸਬੰਧ ਖੇਰੂੰ-ਖੇਰੂੰ ਹੋ ਰਹੇ ਹਨ। ਧੀ ਦੁਆਰਾ ਪਰਿਵਾਰ ਦੇ ਜੀਆਂ ਨੂੰ ਨਸ਼ੇ ਦੀਆਂ ਗੋਲੀਆਂ ਘੋਲ ਕੇ ਪਿਲਾਉਣੀਆਂ, ਰਿਸ਼ਤਿਆਂ ਦਾ ਆਪਣੇ ਹੱਥੀਂ ਕਤਲ ਕਰਨਾ ਹੈ। ਜੇਕਰ ਅਸੀਂ ਧੀਆਂ ਨੂੰ ਇਸ ਰੂਪ ਵਿਚ ਚਿਤਰਨ ਲੱਗੀਏ ਤਾਂ ਕੋਈ ਬਾਪ ਨਹੀਂ ਚਾਹੇਗਾ ਕਿ ਉਸ ਦੇ ਘਰ ਧੀ ਪੈਦਾ ਹੋਵੇ। ਪੰਜਾਬ ਵਿਚ ਕੁੜੀਆਂ ਦਾ ਅਨੁਪਾਤ ਤਾਂ ਮੁੰਡਿਆਂ ਦੇ ਮੁਕਾਬਲਤਨ ਪਹਿਲਾਂ ਹੀ ਘੱਟ ਹੈ, ਤਾਂ ਫਿਰ 'ਪੰਘੂੜਾ' ਅਤੇ 'ਨੰਨ੍ਹੀ ਛਾਂ' ਦਾ ਸੰਕਲਪ, ਸਿਰਫ਼ ਸੰਕਲਪ ਹੀ ਰਹਿ ਜਾਵੇਗਾ। ਇਹ ਇਕ ਵਿਚਾਰਨਯੋਗ ਮਸਲਾ ਹੈ, ਜਿਸ 'ਤੇ ਸਮਾਜ ਦੀ ਹੋਂਦ ਟਿਕੀ ਹੋਈ ਹੈ।
ਚੌਥਾ ਮਾਰੂ ਪ੍ਰਭਾਵ ਜਿਹੜਾ ਪੰਜਾਬੀ ਗਾਇਕੀ ਨੇ ਨੌਜਵਾਨ ਪੀੜ੍ਹੀ 'ਤੇ ਪਾਇਆ ਹੈ, ਉਹ ਹੈ ਐਸ਼ੋ-ਇਸ਼ਰਤ ਭਰਿਆ ਜੀਵਨ। ਪੰਜਾਬੀ ਸਮਾਜ, ਸੱਭਿਆਚਾਰ ਵਿਚ ਐਸ਼ ਦਾ ਸੰਕਲਪ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਮਿਹਨਤ ਪੰਜਾਬੀ ਸੁਭਾਅ ਦਾ ਵਿਸ਼ੇਸ਼ ਗੁਣ ਹੈ ਪ੍ਰੰਤੂ ਅਜੋਕੀ ਨੌਜਵਾਨ ਪੀੜ੍ਹੀ ਮਿਹਨਤ ਦੀ ਬਜਾਏ ਐਸ਼-ਭਰਪੂਰ ਜ਼ਿੰਦਗੀ ਜਿਊਣ ਦੀ ਚਾਹਵਾਨ ਦਿਖਾਈ ਦਿੰਦੀ ਹੈ।

ਸਾਡੇ ਬਾਪੂ ਦੀ ਕਮਾਈ
ਅਸੀਂ ਜਾਂਦੇ ਆ ਉਡਾਈ
ਦੱਸ ਤੈਨੂੰ ਕੀ?
ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਪੰਜਾਬ ਦੇ ਪਿੰਡਾਂ ਦੇ ਨੌਜਵਾਨ ਪੜ੍ਹਦੇ ਘੱਟ, ਐਸ਼ ਵੱਧ ਕਰਦੇ ਹਨ। ਇਥੇ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਇਹ ਪੀੜ੍ਹੀ ਤਾਂ ਆਪਣੇ ਬਾਪ ਦੀ ਕਮਾਈ 'ਤੇ ਐਸ਼ ਕਰ ਰਹੀ ਹੈ ਪਰ ਕੀ ਇਹ ਪੀੜ੍ਹੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਕਮਾਈ 'ਤੇ ਐਸ਼ ਕਰਾ ਸਕੇਗੀ?
ਇਕ ਹੋਰ ਪਹਿਲੂ ਜਿਹੜਾ ਵਿਚਾਰਨਯੋਗ ਹੈ, ਉਹ ਇਹ ਹੈ ਕਿ ਗੀਤਕਾਰਾਂ ਅਤੇ ਗਾਇਕਾਂ ਨੇ ਪੰਜਾਬ ਦੇ ਪਿੰਡਾਂ ਵਿਚ ਰਹਿਣ ਵਾਲੇ ਮੁੰਡਿਆਂ ਨੂੰ ਹੀ ਮੀਡੀਏ 'ਤੇ 'ਹੀਰੋ' ਬਣਾ ਕੇ ਕਿਉਂ ਪੇਸ਼ ਕੀਤਾ ਹੈ? ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਿੰਡਾਂ ਦੇ ਮੁੰਡੇ ਹੀ ਕਿਉਂ ਪੱਟੇ ਹਨ? ਸ਼ਹਿਰੀ ਮੁੰਡੇ ਕਿਉਂ ਨਹੀਂ ਪੱਟੇ। ਇਹ ਇਕ ਗੰਭੀਰ ਮਸਲਾ ਹੈ। ਦੂਸਰਾ ਸਵਾਲ ਇਸੇ ਪਹਿਲੂ ਦਾ ਪੰਜਾਬੀ ਗਾਇਕੀ ਵਿਚ ਇਹ ਉਭਰਦਾ ਹੈ ਕਿ ਪੰਜਾਬੀ ਗਾਇਕੀ ਨੇ ਇਕ ਵਿਸ਼ੇਸ਼ ਜਮਾਤ 'ਜੱਟਾਂ ਦੇ ਮੁੰਡੇ' ਨੂੰ ਉਭਾਰਿਆ ਹੈ, ਜਿਸ ਦਾ ਮਾਰੂ ਅਸਰ ਇਸ ਜਮਾਤ 'ਤੇ ਪੈ ਰਿਹਾ ਹੈ। ਗੀਤਾਂ ਵਿਚ ਜੱਟਾਂ ਦੇ ਮੁੰਡਿਆਂ ਨੂੰ ਵਿਹਲੜ, ਵਕਤੀ ਆਸ਼ਕ, ਪੈਸਾ ਬਰਬਾਦ ਕਰਨ ਵਾਲੇ, ਮਿਹਨਤ ਨਾ ਕਰਨ ਵਾਲੇ, ਲੜਾਈਆਂ ਮੁੱਲ ਲੈਣ ਵਾਲੇ ਹੀ ਦਿਖਾਇਆ ਗਿਆ ਹੈ। ਕੀ ਇਹ ਜੱਟ ਜਮਾਤ ਦੀ ਹੇਠੀ ਨਹੀਂ ਹੋ ਰਹੀ?
ਪੰਜਾਬੀ ਗਾਇਕੀ ਦਾ ਸਭ ਤੋਂ ਮਾੜਾ ਪ੍ਰਭਾਵ ਜਿਹੜਾ ਨੌਜਵਾਨ ਪੀੜ੍ਹੀ ਤੇ ਖਾਸ ਕਰਕੇ ਮੁੰਡਿਆਂ 'ਤੇ ਪਿਆ ਹੈ, ਉਹ ਹੈ ਮੁੱਲ ਦੀ ਲੜਾਈ ਲੈਣਾ।
ੲ ਅਸਲਾ ਨਾਜਾਇਜ਼ ਰੱਖਿਆ ੲ ਗੱਡੀ 'ਤੇ ਲਿਖਾ 'ਤਾ ਮੈਂ ਵੀ ਖੁੱਲ੍ਹੇ ਸ਼ੇਰ ਨੀਂ ੲ ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ
ਪੰਜਾਬੀਆਂ ਦੇ ਖੂਨ ਵਿਚ ਵਿਰੋਧੀਆਂ ਨੂੰ ਚਿੱਤ ਕਰਨ ਦਾ ਸੰਕਲਪ ਸਮੋਇਆ ਹੈ। ਸਾਡੇ ਗੁਰੂ ਸਾਹਿਬਾਨ ਨੇ ਮੁਗਲਾਂ ਦੇ ਜੁਲਮ ਵਿਰੁੱਧ ਲੜਾਈਆਂ ਲੜੀਆਂ, ਅੱਤਿਆਚਾਰਾਂ ਦਾ ਖਾਤਮਾ ਕੀਤਾ ਪਰ ਅਜੋਕੀ ਪੰਜਾਬੀ ਗਾਇਕੀ ਨੇ ਪੰਜਾਬੀ ਨੌਜਵਾਨ ਦੇ ਖੂਨ ਵਿਚ ਰਚੀ ਇਸ ਦਲੇਰ ਭਾਵਨਾ ਨੂੰ ਗ਼ਲਤ ਦਿਸ਼ਾ ਦਿੱਤੀ ਹੈ।
ਉਪਰੋਕਤ ਮਾਰੂ ਗਾਇਕੀ ਜਿਹੜਾ ਸਭ ਤੋਂ ਮਾੜਾ, ਨਿੰਦਣਯੋਗ ਕਾਰਜ ਕਰ ਰਹੀ ਹੈ, ਉਹ ਹੈ ਪੰਜਾਬੀ ਭਾਸ਼ਾ ਵਿਚ ਸਾਹਿਤ ਦੇ ਪੱਧਰ ਨੂੰ ਨੀਵਾਂ ਕਰਨਾ। 'ਮਾਖਿਉਂ ਮਿੱਠੀ' ਪੰਜਾਬੀ-ਬੋਲੀ ਦੀ ਅਸੀਂ ਇਹ ਕਿਸ ਤਰ੍ਹਾਂ ਦੀ ਸੇਵਾ ਕਰ ਰਹੇ ਹਾਂ। ਪੰਜਾਬੀ ਗੀਤਕਾਰੀ ਪੰਜਾਬੀ ਸਾਹਿਤ ਦਾ ਅੰਗ ਹੈ:
ਲੱਕ ਟਵੰਟੀ ਏਟ ਕੁੜੀ ਦਾ
ਫੋਰਟੀ ਸੈਵਨ ਵੇਟ ਕੁੜੀ ਦਾ
ਗੀਤਕਾਰ ਕੁੜੀਆਂ ਦੇ ਲੱਕ ਮਿਣਨ ਅਤੇ ਭਾਰ ਤੋਲਣ ਤੱਕ ਹੀ ਸੀਮਤ ਹਨ। ਕੀ ਅਸੀਂ ਕਦੇ ਪੰਜਾਬੀ ਭਾਸ਼ਾ ਦੇ ਕੱਦ, ਮਿਆਰ ਬਾਰੇ ਵੀ ਸੋਚਿਆ ਹੈ?
ਪੰਜਾਬੀਏ ਜ਼ਬਾਨੇ
ਨੀ ਰਕਾਨੇ ਮੇਰੇ ਦੇਸ਼ ਦੀਏ
ਪੰਜਾਬੀ ਭਾਸ਼ਾ ਦੇ ਇਸ ਸੰਕਲਪ ਨੂੰ ਜੇਕਰ ਗੀਤਕਾਰ ਆਪਣੇ ਦਿਲੋਂ-ਦਿਮਾਗ ਵਿਚ ਰੱਖਣ ਤਾਂ ਉਹ ਸੱਚੇ ਦਿਲੋਂ ਭਾਸ਼ਾ ਦੀ ਸੇਵਾ ਕਰ ਸਕਣਗੇ।
ਪੰਜਾਬੀ ਗੀਤਕਾਰੀ ਦਾ ਜਿਥੇ ਸਰਵਣ (ਸੁਣਨ) ਪੱਖ ਤੋਂ ਮਿਆਰ ਹੇਠਲੇ ਪੱਧਰ ਦਾ ਹੁੰਦਾ ਜਾ ਰਿਹਾ ਹੈ, ਉਥੇ ਕਈ ਪੰਜਾਬੀ ਗੀਤ ਫਿਲਮਾਂਕਣ ਪੱਧਰ 'ਤੇ ਪੰਜਾਬੀ ਸੱਭਿਆਚਾਰ ਨੂੰ ਢਾਹ ਲਾ ਰਹੇ ਹਨ।
ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਵਿਚ ਔਰਤ ਦਾ ਜਿਹੜਾ ਬਿੰਬ ਸਥਾਪਤ ਹੋ ਚੁੱਕਿਆ, ਬਹੁਤੇ ਗੀਤਾਂ ਵਿਚ ਅਸੀਂ ਇਸ ਸਥਾਪਤ ਬਿੰਬ ਦਾ ਉਲਟਾ ਪਾਸਾ ਹੀ ਦੇਖ ਰਹੇ ਹਾਂ ਜਿਸ ਵਿਚ ਔਰਤ ਵੀ ਬਰਾਬਰ ਦੀ ਹੀ ਕਸੂਰਵਾਰ ਹੈ। ਮੰਡੀ, ਪੈਸਾ ਅਤੇ ਖਪਤ ਦੇ ਇਸ ਦੌਰ ਵਿਚ 'ਸਸਤੀ ਸ਼ੁਹਰਤ' ਦੀ ਪ੍ਰਾਪਤ ਲਈ ਔਰਤ ਸ਼ਾਰਟ-ਕੱਟ ਰਸਤਾ ਅਪਣਾ ਕੇ ਸਿਰਫ਼ ਬਾਜ਼ਾਰੂ ਵਸਤੂ ਬਣ ਕੇ ਹੀ ਰਹਿ ਗਈ ਹੈ। ਬਹੁਤੇ ਪੰਜਾਬੀ ਗੀਤਾਂ ਵਿਚ ਔਰਤ ਦੁਆਰਾ ਪਾਏ ਗਏ ਕੱਪੜੇ ਉਸ ਦਾ ਨੰਗੇਜ਼ ਕੱਜਦੇ ਨਹੀਂ ਸਗੋਂ ਦਿਖਾਉਂਦੇ ਹਨ। ਕੌਮੀ ਪੱਧਰ 'ਤੇ ਕੀ ਮੀਡੀਏ ਰਾਹੀਂ ਅਸੀਂ ਪੰਜਾਬੀ ਔਰਤ ਦੇ ਬਿੰਬ ਨਾਲ ਖਿਲਵਾੜ ਨਹੀਂ ਕਰ ਰਹੇ? ਇਸ ਪਹਿਲੂ 'ਤੇ ਔਰਤ ਨੂੰ ਆਪ ਵੀ ਸੁਚੇਤ ਹੋਣਾ ਪਵੇਗਾ।
ਕਈ ਪੰਜਾਬੀ ਗੀਤਾਂ ਦੇ ਫਿਲਮਾਂਕਣ ਦਾ ਇਕ ਹੋਰ ਬੁਰਾ ਪਹਿਲੂ 'ਟੀਨ ਏਜ਼ਰ' ਮੁੰਡਿਆਂ-ਕੁੜੀਆਂ 'ਤੇ ਪੈ ਰਿਹਾ ਹੈ। ਬਹੁਤੇ ਪੰਜਾਬੀ ਗੀਤ ਬੱਚਿਆਂ ਨੂੰ ਕੁਰਾਹੇ ਪਾ ਰਹੇ ਹਨ:
ਚੜ੍ਹਦੀ ਜਵਾਨੀ ਕੁੜੀਓ
ਰੰਗ ਚੜ੍ਹਦੇ ਤੋਂ ਚੜ੍ਹਦਾ ਵਿਖਾਉਂਦੀ ਏ।
ਇਸ ਗੀਤ ਦਾ ਫਿਲਮਾਂਕਣ ਸਕੂਲੀ ਕੁੜੀਆਂ 'ਤੇ ਕੀਤਾ ਗਿਆ ਹੈ। ਇਹ ਉਹ ਬੱਚੀਆਂ ਹਨ, ਜਿਹੜੀਆਂ ਉਮਰ ਦੇ ਉਸ ਦੌਰ ਵਿਚੋਂ ਗੁਜ਼ਰ ਰਹੀਆਂ ਹਨ, ਜਿਨ੍ਹਾਂ ਨੂੰ ਜ਼ਿੰਦਗੀ ਲਈ ਸਹੀ ਦਿਸ਼ਾ-ਨਿਰਦੇਸ਼ ਦਿੱਤਾ ਜਾਣਾ ਲਾਜ਼ਮੀ ਹੁੰਦਾ ਹੈ। ਪਰ ਸਾਡੀ ਬਹੁਤੀ ਅਜੋਕੀ ਗਾਇਕੀ ਇਸ ਭੋਲੇ-ਭਾਲੇ ਅੱਲੜ੍ਹਪੁਣੇ ਨੂੰ 'ਚੜ੍ਹਦੀ ਜਵਾਨੀ' ਦੀਆਂ ਰੰਗੀਨੀਆਂ ਹੀ ਦਿਖਾਉਂਦੀ ਹੈ। ਜ਼ਿੰਦਗੀ ਦੇ ਉਸਾਰੂ ਪਹਿਲੂ ਬਾਰੇ ਜਾਣਕਾਰੀ ਨਹੀਂ ਦਿੰਦੀ।
ਪੰਜਾਬੀ ਗੀਤਕਾਰੀ ਨਾਲ ਜੁੜੇ ਮੇਰੇ ਉਨ੍ਹਾਂ ਸਾਰੇ ਭੈਣ-ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਉਸਾਰੂ ਸੋਚ 'ਤੇ ਪਹਿਰਾ ਦਈਏ। ਕੋਈ ਵੀ ਗੀਤ ਲਿਖਣ, ਸੁਣਨ, ਫਿਲਮਾਂਕਣ ਤੋਂ ਪਹਿਲਾਂ ਅਸੀਂ ਇਕ ਵਾਰ ਜ਼ਰੂਰ ਸੋਚੀਏ ਕਿ ਕੀ ਉਹ ਅਸੀਂ ਆਪਣੇ ਪਰਿਵਾਰ (ਮਾਂ, ਭੈਣ, ਧੀ) ਵਿਚ ਬੈਠ ਕੇ ਸੁਣ ਸਕਦੇ ਹਾਂ ਅਤੇ ਵੇਖ ਸਕਦੇ ਹਾਂ। ਕਿਤੇ ਅਸੀਂ ਆਪਣੀ ਕੋਝੀ ਸੋਚ ਦੀ ਬਦੌਲਤ ਆਪਣਾ ਹੀ ਨੁਕਸਾਨ ਨਾ ਕਰ ਬੈਠੀਏ? ਕਿਤੇ ਇਹ ਗੱਲ ਸਹੀ ਸਿੱਧ ਨਾ ਹੋਵੇ:
ਫਿਲਹਾਲ ਹਵਾਵਾਂ ਰੁਮਕਦੀਆਂ
ਜਦ ਝੱਖੜ ਝੁੱਲੂ ਵੇਖਾਂਗੇ।

ਡਾ: ਅੰਮ੍ਰਿਤਪਾਲ ਕੌਰ
-ਡੀ. ਏ. ਵੀ. ਕਾਲਜ ਫਾਰ ਵੋਮੈਨ, ਫਿਰੋਜ਼ਪੁਰ ਕੈਂਟ।
ਮੋਬਾਈਲ : 99140-42638.

ਫਿਰ ਸ਼ੁਰੂ ਹੋਇਆ ਫਾਂਸੀ 'ਤੇ ਵਿਵਾਦ

ਐਡਵਰਡੋ ਸਾਸ਼ੇਰੀ ਦਾ ਇਕ ਨਾਵਲ 'ਦ ਕੁਵੈਸ਼ਚਨ ਇਨ ਦੇਅਰ ਆਈਜ਼' (ਸਵਾਲ ਉਨ੍ਹਾਂ ਦੀਆਂ ਅੱਖਾਂ ਵਿਚ) ਹੈ ਜਿਸ 'ਤੇ ਸਾਲ 2010 ਵਿਚ ਅਰਜਨਟਾਈਨਾ ਦੇ ਨਿਰਦੇਸ਼ਕ ਜਾਨ ਜੋਜ ਕੈਂਬੇਨੇਲਾ ਨੇ ਆਸਕਰ ਜੇਤੂ ਫਿਲਮ 'ਦ ਸੀਕਰੇਟ ਇਨ ਦੇਅਰ ਆਈਜ਼' (ਰਾਜ਼ ਉਨ੍ਹਾਂ ਦੀਆਂ ਅੱਖਾਂ ਵਿਚ) ਬਣਾਈ ਸੀ। ਇਸ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ। ਬੈਂਜਮਿਨ ਐਸਪੋਸਟੋ ਨੂੰ ਫੈਡਰਲ ਸੇਵਾਵਾਂ ਤੋਂ ਸੇਵਾਮੁਕਤ ਕੀਤਿਆਂ 25 ਸਾਲ ਹੋ ਗਏ ਹਨ ਪਰ ਇਕ ਅਣਸੁਲਝਿਆ ਤੇ ਅਧੂਰਾ ਕੇਸ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ। ਕੇਸ ਇਹ ਹੈ ਇਕ 23 ਸਾਲਾ ਲੜਕੀ ਲਿਲਯਾਨਾ ਕੋਲੋਟੋ ਦੀ ਬਲਾਤਕਾਰ ਤੋਂ ਬਾਅਦ ਉਦੋਂ ਹੱਤਿਆ ਕਰ ਦਿੱਤੀ ਜਾਂਦੀ ਹੈ ਜਦੋਂ ਉਸ ਦਾ ਪਤੀ ਕੰਮ ਲਈ ਘਰੋਂ ਬਾਹਰ ਗਿਆ ਹੁੰਦਾ ਹੈ। ਇਸ ਮਾਮਲੇ ਦੀ ਜਾਂਚ ਐਸਪੋਸਟੋ ਨੂੰ ਦਿੱਤੀ ਜਾਂਦੀ ਹੈ। ਇਕ ਸਾਲ ਤੋਂ ਬਾਅਦ ਕੇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਫਿਰ ਵੀ ਐਸਪੋਸਟੋ ਦੇ ਕਹਿਣ 'ਤੇ ਇਸ ਕੇਸ ਨੂੰ ਖੋਲ੍ਹਣ ਲਈ 25 ਸਾਲ ਬਾਅਦ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ।ਮੁਕੱਦਮੇ ਦੌਰਾਨ ਪੀੜਤ ਮਹਿਲਾ ਦਾ ਪਤੀ ਰਿਕਾਰਡੋ ਮੋਰਲਸ ਐਸਪੋਸਟੋ ਤੋਂ ਪਤਾ ਕਰਦਾ ਹੈ ਕਿ ਜੇਕਰ ਬਲਾਤਕਾਰੀ ਹਤਿਆਰਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਉਸ ਨਾਲ ਕੀ ਕੀਤਾ ਜਾਵੇਗਾ? ਐਸਪੋਸਟੋ ਜਵਾਬ ਦਿੰਦਾ ਹੈ ਕਿ ਉਸ ਨੂੰ ਆਜ਼ਾਦ ਘੁੰਮਣ ਨਹੀਂ ਦਿੱਤਾ ਜਾ ਸਕਦਾ। ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਮੋਰਲਸ ਨੂੰ ਇਹ ਸਜ਼ਾ ਲਗਜ਼ਰੀ ਪ੍ਰਤੀਤ ਹੁੰਦੀ ਹੈ, ਉਹ ਕਹਿੰਦਾ ਹੈ ਕਿ ਬਲਾਤਕਾਰੀ ਕਾਤਲ ਨੂੰ ਮੌਤ ਦੀ ਸਜ਼ਾ ਨਹੀਂ ਇਕ ਅਜਿਹਾ ਜੀਵਨ ਦੇਣਾ ਚਾਹੀਦਾ ਹੈ, ਜਿਸ ਵਿਚ ਉਸ ਲਈ ਕਰਨ ਨੂੰ ਕੁਝ ਨਾ ਹੋਵੇ, ਉਹ ਆਪਣੇ ਅਪਰਾਧ ਨੂੰ ਚੇਤੇ ਕਰਕੇ-ਕਰਕੇ ਪਲ-ਪਲ ਮੌਤ ਦਾ ਇੰਤਜ਼ਾਰ ਕਰਦਾ ਰਹੇ।'

ਫ਼ਿਲਮ ਦਾ ਇਹ ਦ੍ਰਿਸ਼ ਮੌਤ ਦੀ ਸਜ਼ਾ 'ਤੇ ਆਪਣੇ ਦੇਸ਼ ਵਿਚ ਫਿਲਹਾਲ ਚਲ ਰਹੀ ਬਹਿਸ ਦੇ ਇਕ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਾ ਹੈ, ਜਿਸ ਦੇ ਤਹਿਤ ਦੁਰਲਭ ਵਿਚੋਂ ਵੀ ਅਤਿ-ਦੁਰਲਭ ਮਾਮਲੇ ਵਿਚ ਫਾਂਸੀ ਦੀ ਸਜ਼ਾ ਨਾ ਦਿੱਤੇ ਜਾਣ ਅਤੇ ਜ਼ਿੰਦਗੀ ਭਰ ਦੋਸ਼ੀ ਨੂੰ ਸਲਾਖਾਂ ਪਿੱਛੇ ਰੱਖਣ ਦੀ ਵਕਾਲਤ ਕੀਤੀ ਜਾ ਰਹੀ ਹੈ। ਪ੍ਰਸਿੱਧ ਸ਼ਾਇਰ ਵਿਜੇਂਦਰ ਸਿੰਘ ਪਰਵਾਜ਼ ਆਪਣੀ ਨਜ਼ਮ ਵਿਚ ਅਪਰਾਧ ਦੇ ਕਾਰਨਾਂ ਤੱਕ ਪਹੁੰਚਣ ਦਾ ਯਤਨ ਕਰਦੇ ਹਨ ਅਤੇ ਮੌਤ ਦੀ ਸਜ਼ਾ ਦਾ ਵਿਰੋਧ ਕਰਦੇ ਹੋਏ ਆਦਰਸ਼ ਮਨੁੱਖਤਾ ਦਾ ਦੀਪ ਜਗਾਉਣ ਲਈ ਕਹਿੰਦੇ ਹਨ। ਦੂਜੀ ਰਾਇ ਇਹ ਵੀ ਹੈ ਕਿ ਪੀੜਤ ਪਰਿਵਾਰ ਨੂੰ ਨਿਆਂ ਉਦੋਂ ਹੀ ਮਿਲ ਸਕਦਾ ਹੈ, ਜਦੋਂ ਅਪਰਾਧੀ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇ। ਇਸ ਤੋਂ ਇਲਾਵਾ ਇਸ ਵਰਗ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਫਾਂਸੀ ਵਰਗੀ ਸਖਤ ਸਜ਼ਾ ਦਿੱਤੀ ਜਾਵੇਗੀ ਤਾਂ ਹੀ ਵਧਦੇ ਅਪਰਾਧਾਂ 'ਤੇ ਰੋਕ ਲੱਗ ਸਕੇਗੀ। ਇਸੇ ਦੌਰਾਨ ਖ਼ਬਰ ਆਈ ਹੈ ਕਿ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਨੇ ਮੌਤ ਦੀ ਸਜ਼ਾ ਪ੍ਰਾਪਤ ਹੋਰ ਅਪਰਾਧੀਆਂ ਦੀਆਂ ਰਹਿਮ ਦੀ ਅਪੀਲਾਂ ਖਾਰਜ ਕਰ ਦਿੱਤੀਆਂ ਹਨ। ਚੇਤੇ ਰਹੇ ਕਿ ਰਾਸ਼ਟਰਪਤੀ ਵੱਲੋਂ ਰਹਿਮ ਦੀਆਂ ਅਪੀਲਾਂ 'ਤੇ ਫੈਸਲਾ ਕਰਨ ਦੇ ਸੰਦਰਭ ਵਿਚ ਵੀ ਆਪਾ-ਵਿਰੋਧੀ ਗੱਲਾਂ ਸਾਹਮਣੇ ਆ ਰਹੀਆਂ ਹਨ। ਸੰਵਿਧਾਨ ਦੇ ਤਹਿਤ ਰਾਸ਼ਟਰਪਤੀ ਨੂੰ ਮੌਤ ਦੀ ਸਜ਼ਾ ਮੁਆਫ਼ ਕਰਨ ਦਾ ਅਧਿਕਾਰ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਉਹ ਇਸ ਅਧਿਕਾਰ ਨੂੰ ਲਾਗੂ ਕਰਨ ਵਿਚ ਪੂਰੀ ਤਰ੍ਹਾਂ ਆਜ਼ਾਦ ਹਨ? ਮਾਹਿਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੂੰ ਸਰਕਾਰ ਦੇ ਸੁਝਾਅ ਦੇ ਮੁਤਾਬਿਕ ਹੀ ਫ਼ੈਸਲਾ ਲੈਣਾ ਪੈਂਦਾ ਹੈ। ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਧਾਰਾ 72 ਰਾਸ਼ਟਰਪਤੀ ਨੂੰ ਦਇਆ ਕਰਨ ਦਾ ਅਧਿਕਾਰ ਤਾਂ ਦਿੰਦੀ ਹੈ ਪਰ ਸੰਵਿਧਾਨ ਦੀਆਂ ਹੋਰ ਵਿਵਸਥਾਵਾਂ ਇਸ ਅਧਿਕਾਰ ਨੂੰ ਆਜ਼ਾਦ ਰੂਪ ਵਿਚ ਲਾਗੂ ਕਰਨ 'ਤੇ ਪਾਬੰਦੀਆਂ ਲਗਾ ਦਿੰਦੀਆਂ ਹਨ, ਜਿਸ ਕਾਰਨ ਰਾਸ਼ਟਰਪਤੀ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਇਸ ਸੰਦਰਭ ਵਿਚ ਫ਼ੈਸਲਾ ਨਹੀਂ ਲੈ ਸਕਦੇ। ਪਿਛਲੇ ਸਾਲ 16 ਦਸੰਬਰ ਨੂੰ ਦਿੱਲੀ ਵਿਚ ਜੋ ਗੈਂਗਰੇਪ ਦੀ ਘਿਨਾਉਣੀ ਵਾਰਦਾਤ ਹੋਈ ਸੀ, ਉਸ ਨਾਲ ਆਮ ਜਨਤਾ ਬਹੁਤ ਦੁਖੀ ਹੋਈ ਸੀ। ਉਹ ਇਸ ਜੁਰਮ ਦੇ ਅਪਰਾਧੀਆਂ ਨੂੰ ਫਾਂਸੀ ਤੋਂ ਘੱਟ ਸਜ਼ਾ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਫਿਰ ਕੇਂਦਰ ਸਰਕਾਰ ਨੇ ਜੋ ਅਜਮਲ ਕਸਾਬ ਅਤੇ ਅਫ਼ਜ਼ਲ ਗੁਰੂ ਨੂੰ ਫਾਂਸੀ 'ਤੇ ਲਟਾਇਆ, ਉਸ ਨਾਲ ਫਾਂਸੀ ਦੀ ਸਜ਼ਾ 'ਤੇ ਬਹਿਸ ਤੇਜ਼ ਹੋ ਗਈ ਹੈ ਅਤੇ ਕੁਝ ਹੈਰਾਨ ਕਰ ਦੇਣ ਵਾਲੇ ਅੰਕੜੇ ਵੀ ਸਾਹਮਣੇ ਆਉਣ ਲੱਗੇ ਹਨ।

ਸਾਲ 2001 ਤੋਂ 2011 ਤੱਕ 1455 ਅਪਰਾਧੀਆਂ ਨੂੰ ਭਾਰਤ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸੇ ਦੌਰਾਨ 4321 ਲੋਕਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ ਗਿਆ। ਇਨ੍ਹਾਂ 4321 ਵਿਚੋਂ 2462 ਲੋਕਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਸਿਰਫ਼ ਦਿੱਲੀ ਵਿਚ ਹੀ ਬਦਲੀ ਗਈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਇਹ ਵੀ ਦੱਸਦੇ ਹਨ ਕਿ ਦਿੱਲੀ ਵਿਚ ਫਾਂਸੀ ਨੂੰ ਉਮਰ ਕੈਦ ਵਿਚ ਬਦਲਣ ਦੇ 99 ਫ਼ੀਸਦੀ ਮਾਮਲੇ ਸਿਰਫ਼ ਤਿੰਨ ਸਾਲਾਂ (2005 ਤੋਂ 2007) ਵਿਚ ਹੀ ਹੋਏ, ਜਿਨ੍ਹਾਂ ਨੂੰ ਲੜੀਵਾਰ 919, 806 ਅਤੇ 726 ਫਾਂਸੀ ਦੀਆਂ ਸਜ਼ਾਵਾਂ ਨੂੰ ਉਮਰ ਕੈਦ ਵਿਚ ਬਦਲਿਆ ਗਿਆ। ਦਿੱਲੀ ਤੋਂ ਇਲਾਵਾ ਜਿਨ੍ਹਾਂ ਰਾਜਾਂ ਵਿਚ ਹੇਠਲੀਆਂ ਅਦਾਲਤਾਂ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਅਤੇ ਫਿਰ ਜਿਨ੍ਹਾਂ ਨੂੰ ਰਹਿਮ ਦੀ ਅਪੀਲ ਪਿੱਛੋਂ ਉਮਰ ਕੈਦ ਵਿਚ ਬਦਲ ਗਿਆ, ਉਨ੍ਹਾਂ ਵਿਚ ਸ਼ਾਮਿਲ ਹਨ ਉੱਤਰ ਪ੍ਰਦੇਸ਼ (458), ਬਿਹਾਰ (343), ਝਾਰਖੰਡ (300), ਮਹਾਰਾਸ਼ਟਰ (175), ਪੱਛਮੀ ਬੰਗਾਲ (98), ਆਸਾਮ (97), ਓਡਿਸ਼ਾ (68), ਮੱਧ ਪ੍ਰਦੇਸ਼ (62), ਉੱਤਰਾਖੰਡ (46), ਰਾਜਸਥਾਨ (33), ਤਾਮਿਲਨਾਡੂ, ਪੰਜਾਬ ਅਤੇ ਛੱਤੀਸਗੜ੍ਹ (ਹਰੇਕ ਵਿਚ 24), ਹਰਿਆਣਾ ਅਤੇ ਕੇਰਲ (ਹਰੇਕ ਵਿਚ 23) ਅਤੇ ਜੰਮੂ-ਕਸ਼ਮੀਰ (18)।ੁੰ

ਇਨ੍ਹਾਂ ਅੰਕੜਿਆਂ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਸੈਸ਼ਨ ਅਦਾਲਤਾਂ ਬਹੁਤ ਨਿਰੰਤਰਤਾ ਨਾਲ ਮੌਤ ਦੀ ਸਜ਼ਾ ਸੁਣਾ ਰਹੀਆਂ ਹਨ ਜਿਸ ਨੂੰ ਅਕਸਰ ਅਪੀਲ ਦੌਰਾਨ ਉੱਚ ਅਦਾਲਤਾਂ ਉਮਰ ਕੈਦ ਵਿਚ ਬਦਲ ਦਿੰਦੀਆਂ ਹਨ। ਇਸ ਦਾ ਕਾਰਨ ਸੈਸ਼ਨ ਅਦਾਲਤਾਂ ਵੱਲੋਂ 'ਦੁਰਲਭ ਵਿਚੋਂ ਵੀ ਅਤਿ-ਦੁਰਲਭ' ਦੀ ਪਰਿਭਾਸ਼ਾ ਨੂੰ ਸਹੀ ਤਰ੍ਹਾਂ ਨਾ ਸਮਝ ਸਕਣਾ ਵੀ ਹੋ ਸਕਦਾ ਹੈ। ਪਰ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਪਣੇ ਦੇਸ਼ ਵਿਚ ਮੌਤ ਦੀ ਸਜ਼ਾ 'ਤੇ ਉਸ ਸਮੇਂ ਬਹਿਸ ਕਿਉਂ ਨਹੀਂ ਹੁੰਦੀ, ਜਦੋਂ ਅਦਾਲਤਾਂ ਇਹ ਸਜ਼ਾ ਸੁਣਾਉਂਦੀਆਂ ਹਨ? ਪਰ ਉਸ ਸਮੇਂ ਮੌਤ ਦੀ ਆਧੁਨਿਕ ਸਮਾਜ ਵਿਚ ਪ੍ਰਸੰਗਿਕਤਾ 'ਤੇ ਸਵਾਲ ਕੀਤੇ ਜਾਂਦੇ ਹਨ ਜਦੋਂ ਕਿਸੇ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਂਦਾ ਹੈ। ਜਿਵੇਂ ਜਦੋਂ ਕੁਝ ਸਾਲ ਪਹਿਲਾਂ ਕੋਲਕਾਤਾ ਵਿਚ ਬਲਾਤਕਾਰੀ ਹਤਿਆਰੇ ਧਨੰਜੈ ਚੈਟਰਜੀ ਨੂੰ ਫਾਂਸੀ ਦੇ ਦਿੱਤੀ ਗਈ ਸੀ, ਉਦੋਂ ਇਸ ਵਿਸ਼ੇ 'ਤੇ ਬਹਿਸ ਛਿੜੀ ਸੀ। ਹੁਣ ਜਦ ਸੰਸਦ 'ਤੇ ਹਮਲੇ ਦੀ ਸਾਜ਼ਿਸ਼ ਦੇ ਦੋਸ਼ੀ ਅਫ਼ਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ ਗਈ ਹੈ ਤਾਂ ਇਸ 'ਤੇ ਬਹਿਸ ਹੋ ਰਹੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਭਾਵਨਾਵਾਂ ਭੜਕੀਆਂ ਹੁੰਦੀਆਂ ਹਨ, ਉਸ ਸਮੇਂ ਇਸ ਗੰਭੀਰ ਵਿਸ਼ੇ 'ਤੇ ਬਹਿਸ ਕੀਤੀ ਜਾਂਦੀ ਹੈ, ਜਿਸ ਨਾਲ ਕੋਈ ਸਹੀ ਨਤੀਜਾ ਨਹੀਂ ਨਿਕਲਦਾ। ਲੋੜ ਇਸ ਗੱਲ ਦੀ ਹੈ ਕਿ ਜਦੋਂ ਆਵਾਮ ਦੇ ਜਜ਼ਬਾਤ ਸੰਜਮ ਵਿਚ ਹੋਣ ਤਾਂ ਇਸ ਮਹੱਤਵਪੂਰਨ ਵਿਸ਼ੇ 'ਤੇ ਬਹਿਸ ਹੋਣੀ ਚਾਹੀਦੀ ਹੈ ਕਿ, ਕੀ ਬਦਲਦੇ ਹੋਏ ਆਧੁਨਿਕ ਸਮਾਜ ਵਿਚ ਮੌਤ ਦੀ ਸਜ਼ਾ ਦੇਣਾ ਠੀਕ ਹੈ? ਕੀ ਇਸ ਤਰ੍ਹਾਂ ਦੀ ਸਜ਼ਾ ਨਾਲ ਅਪਰਾਧਾਂ 'ਤੇ ਰੋਕ ਲੱਗਣੀ ਸੰਭਵ ਹੈ? ਕੀ ਫਾਂਸੀ ਦਾ ਡਰ ਕਿਸੇ ਵਿਅਕਤੀ ਨੂੰ ਏਨਾ ਖੌਫ਼ ਦਿਖਾ ਸਕਦਾ ਹੈ ਕਿ ਉਹ ਅਪਰਾਧ ਜਾਂ ਦਹਿਸ਼ਤ ਵਿਚ ਸ਼ਾਮਿਲ ਹੋਣ ਤੋਂ ਆਪਣੇ-ਆਪ ਨੂੰ ਰੋਕ ਸਕੇ?

ਚੇਤੇ ਰੱਖਣ ਵਾਲੀ ਗੱਲ ਹੈ ਕਿ ਆਪਣੇ ਦੇਸ਼ ਵਿਚ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਹੈ ਜੋ ਮੌਤ ਦੀ ਸਜ਼ਾ ਨੂੰ ਨਿਆਂ ਨਹੀਂ ਸਮਝਦੇ। ਇਨ੍ਹਾਂ ਅਨੁਸਾਰ ਮੌਤ ਦੀ ਸਜ਼ਾ ਨਾਲ ਤਾਂ ਅਪਰਾਧੀ ਇਕ ਤਰ੍ਹਾਂ ਸਜ਼ਾ ਤੋਂ 'ਛੁਟਕਾਰਾ' ਪਾ ਜਾਂਦਾ ਹੈ। ਜੀਵਨ ਨਾ ਰਹਿਣ ਕਾਰਨ ਉਸ ਨੂੰ ਆਪਣੇ ਕੀਤੇ 'ਤੇ ਅਫਸੋਸ ਹੁੰਦਾ ਹੀ ਨਹੀਂ, ਜਦਕਿ ਉਹ ਬਿਨਾਂ ਪੈਰੋਲ ਤੋਂ ਆਪਣੇ ਜੀਵਨ ਦੇ ਬਾਕੀ ਦਿਨ ਸੀਖਾਂ ਦੇ ਪਿੱਛੇ ਬਿਨਾਂ ਕਿਸੇ ਮਤਲਬ ਦੇ ਗੁਜ਼ਾਰਨ ਦੇ ਲਈ ਮਜਬੂਰ ਹੋਵੇਗਾ। ਇਸ ਤਰ੍ਹਾਂ ਉਹ ਖੁਦ ਵੀ ਪਛਤਾਵੇਗਾ ਅਤੇ ਦੂਜੇ ਵੀ ਉਸ ਤੋਂ ਸਬਕ ਲੈਣਗੇ ਅਤੇ ਅਪਰਾਧ ਨਾ ਕਰਨ ਦਾ ਮਨ ਬਣਾ ਲੈਣਗੇ।ਇਕ ਹੋਰ ਅਹਿਮ ਮੁੱਦਾ ਇਹ ਵੀ ਹੈ ਕਿ ਮੌਤ ਦੀ ਸਜ਼ਾ ਦਾ ਇਸਤੇਮਾਲ ਅਪਰਾਧਾਂ ਨੂੰ ਰੋਕਣ ਅਤੇ ਨਿਆਂ ਦੇ ਦ੍ਰਿਸ਼ਟੀਕੋਣ ਤੋਂ ਘੱਟ ਕੀਤਾ ਜਾਂਦਾ ਹੈ। ਇਸ ਦੇ ਰਾਜਸੀ ਕਾਰਨ ਵਧੇਰੇ ਹੁੰਦੇ ਹਨ। ਜਿਵੇਂ ਸਮਾਜ-ਸੇਵੀ ਐਸ. ਸੀ. ਅਗਰਵਾਲ ਦੀ ਆਰ. ਟੀ. ਆਈ. 'ਤੇ ਜੋ ਤੱਥ ਸਾਹਮਣੇ ਆਏ ਹਨ, ਉਹ ਹੈਰਾਨ ਕਰਨ ਵਾਲੇ ਹਨ। 1999 ਵਿਚ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਿਲ ਮੁਰੂਗਨ, ਸੰਥਮ ਅਤੇ ਪੇਰਾਰੀ ਵੱਲਨ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਸੀ ਪਰ ਉਨ੍ਹਾਂ ਨੂੰ ਬਚਾਉਣ ਲਈ ਲਿੱਟੇ ਦੇ ਕਾਡਰ ਅਤੇ ਹਮਾਇਤੀਆਂ ਨੇ ਮੌਤ ਦੀ ਸਜ਼ਾ ਦੇ ਵਿਰੁੱਧ ਮਨੁੱਖੀ ਅਧਿਕਾਰ ਜਥੇਬੰਦੀਆਂ ਨਾਲ ਮਿਲ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਅਤੇ ਹੁਣ ਇਨ੍ਹਾਂ ਤਿੰਨੇ ਦੋਸ਼ੀਆਂ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ ਕਿ ਸਜ਼ਾ ਨੂੰ ਲਾਗੂ ਕਰਨ ਵਿਚ ਜੋ ਅਸਾਧਾਰਨ ਦੇਰ ਹੋਈ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਜਾਵੇ। ਸ੍ਰੀ ਅਗਰਵਾਲ ਨੂੰ ਆਰ. ਟੀ. ਆਈ. ਤਹਿਤ ਪ੍ਰਾਪਤ ਕਾਗਜ਼ਾਤ ਤੋਂ ਪਤਾ ਲਗਦਾ ਹੈ ਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਕੌਮਾਂਤਰੀ ਅਤੇ ਘਰੇਲੂ ਦਬਾਅ ਦੇ ਕਾਰਨ ਫਾਂਸੀ 'ਤੇ ਨਹੀਂ ਲਟਕਾਇਆ ਗਿਆ। ਇਸੇ ਤਰ੍ਹਾਂ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦਾ ਅਮਲਾ ਲਟਕਿਆ ਹੋਇਆ ਹੈ।

ਇਥੇ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਰਾਜੀਵ ਗਾਂਧੀ ਦੇ ਕਤਲ ਵਿਚ ਨਲਿਨੀ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਗਈ ਸੀ ਪਰ ਅਪ੍ਰੈਲ 2000 ਵਿਚ ਤਾਮਿਲਨਾਡੂ ਦੇ ਰਾਜਪਾਲ ਨੇ ਇਹ ਕਹਿੰਦਿਆਂ ਹੋਇਆਂ ਉਸ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਸੀ ਕਿ ਨਲਿਨੀ ਦਾ ਇਕ ਛੋਟਾ ਬੱਚਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਦਇਆ ਦੀ ਮੰਗ ਕੀਤੀ ਸੀ। ਫਿਲਹਾਲ ਜਦ ਇਸ ਹੱਤਿਆ ਕਾਂਡ ਵਿਚ ਸ਼ਾਮਿਲ ਹੋਰ ਅਪਰਾਧੀਆਂ ਨੂੰ ਸੁਪਰੀਮ ਕੋਰਟ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਯੂਰਪੀ ਸੰਘ ਨੇ ਭਾਰਤ ਸਰਕਾਰ 'ਤੇ ਅਜਿਹਾ ਨਾ ਕਰਨ ਲਈ ਦਬਾਅ ਪਾਇਆ ਸੀ। ਫਰਾਂਸ, ਦੱਖਣੀ ਅਫਰੀਕਾ, ਜਰਮਨੀ, ਡੈਨਮਾਰਕ ਅਤੇ ਮਦਰਾਸ ਆਰਕਬਿਸ਼ਪ ਅਤੇ ਕੁਝ ਭਾਰਤੀ ਮੰਤਰੀਆਂ ਨੇ ਰਾਸ਼ਟਰਪਤੀ ਭਵਨ ਵਿਚ ਰਹਿਮ ਦੀਆਂ ਅਪੀਲਾਂ ਦਾ ਹੜ੍ਹ ਲਿਆ ਦਿੱਤਾ ਸੀ। ਇਸ ਪਿੱਠ ਭੂਮੀ ਵਿਚ ਸਾਬਕਾ ਰਾਸ਼ਟਰਪਤੀ ਕੇ. ਆਰ. ਨਾਰਾਇਣਨ ਨੇ 1999 ਵਿਚ ਇਨ੍ਹਾਂ ਰਹਿਮ ਦੀਆਂ ਅਪੀਲਾਂ 'ਤੇ ਕੋਈ ਵਿਚਾਰ ਹੀ ਨਹੀਂ ਸੀ ਕੀਤਾ ਅਤੇ 3 ਅਗਸਤ, 2011 ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਰਹਿਮ ਦੀਆਂ ਅਪੀਲਾਂ ਠੁਕਰਾ ਦਿੱਤੀਆਂ ਸਨ। ਪਰ ਉਸ ਤੋਂ ਫੌਰਨ ਬਾਅਦ ਦੋਸ਼ੀਆਂ ਨੇ ਅਦਾਲਤ ਰਾਹੀਂ ਆਪਣੀ ਫਾਂਸੀ 'ਤੇ ਰੋਕ ਲਗਵਾ ਲਈ। ਇਸ ਸੰਦਰਭ ਵਿਚ ਜੋ ਜ਼ਬਰਦਸਤ ਮੁਹਿੰਮ ਚੱਲੀ, ਉਸ ਨਾਲ ਦੇਸ਼-ਵਿਦੇਸ਼ ਵਿਚ ਵਸੇ ਤਾਮਿਲ ਲੋਕਾਂ ਦੇ ਪ੍ਰਭਾਵ ਦਾ ਅੰਦਾਜ਼ਾ ਲੱਗ ਜਾਂਦਾ ਹੈ ਅਤੇ ਇਹ ਵੀ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਕਾਤਲਾਂ ਨਾਲ ਉਨ੍ਹਾਂ ਦੀ ਕਿੰਨੀ ਹਮਦਰਦੀ ਹੈ।

ਦਰਅਸਲ ਫਾਂਸੀ ਦੀ ਸਜ਼ਾ 'ਤੇ ਸੰਸਦ ਵਿਚ ਦੇਸ਼ ਵਿਆਪੀ ਬਹਿਸ ਦੀ ਲੋੜ ਹੈ, ਤਾਂ ਕਿ ਇਸ ਗੱਲ 'ਤੇ ਵਿਚਾਰ ਕੀਤਾ ਜਾ ਸਕੇ ਕਿ ਅਪਰਾਧ ਭਾਵੇਂ ਕਿੰਨਾ ਵੀ ਘਿਨਾਉਣਾ ਕਿਉਂ ਨਾ ਹੋਵੇ ਪਰ ਆਧੁਨਿਕ ਸੱਭਿਆ ਸਮਾਜ ਦਾ ਤਕਾਜ਼ਾ ਇਹੀ ਹੈ ਕਿ ਦੋਸ਼ੀ ਨੂੰ ਪਛਤਾਵਾ, ਵਿਰਲਾਪ ਅਤੇ ਸੁਧਾਰ ਆਦਿ ਲਈ ਇਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜਦ ਫਾਂਸੀ 'ਤੇ ਲਟਕਾਏ ਜਾਣ ਦੀ ਬਜਾਏ, ਉਸ ਨੂੰ ਜੀਵਨ ਦੇ ਆਖਰੀ ਸਾਹ ਤੱਕ ਸੀਖਾਂ ਦੇ ਪਿੱਛੇ ਰੱਖਿਆ ਜਾਵੇ।

ਸ਼ਾਹਿਦ-ਏ-ਚੌਧਰੀ
-ਇਮੇਜ਼ ਰਿਫਲੈਕਸ਼ਨ ਸੈਂਟਰ।

ਕੋਟਕਪੂਰੇ ਦੇ ਇਤਿਹਾਸਕ ਸਮਾਰਕ -ਗੋਲ ਕੋਠੀ ਅਤੇ ਹਮਾਮ

ਕੋਟਕਪੂਰਾ ਸ਼ਹਿਰ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜਿਸ ਥਾਂ 'ਤੇ ਹੁਣ ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਸੈਕੰਡਰੀ ਸਕੂਲ (ਕੁੜੀਆਂ) ਹੈ, ਕੁਝ ਸਾਲ ਪਹਿਲਾਂ ਤੀਕ ਇਸ ਨੂੰ 'ਸਰਕਾਰੀ ਬਾਗ' ਕਿਹਾ ਜਾਂਦਾ ਸੀ। ਇਹ 'ਸਰਕਾਰ' ਜਿਸ ਦਾ ਇਹ ਬਾਗ ਸੀ, ਉਹ ਭਾਰਤ ਜਾਂ ਪੰਜਾਬ ਸਰਕਾਰ ਨਹੀਂ ਸੀ ਸਗੋਂ ਫ਼ਰੀਦਕੋਟ ਸਟੇਟ ਦੇ ਰਾਜੇ ਦੀ ਸਰਕਾਰ ਸੀ। ਉਸ ਸਮੇਂ ਕੋਟਕਪੂਰਾ ਸ਼ਹਿਰ ਦੀ ਵਸੋਂ ਇਸ ਇਲਾਕੇ ਵਿਚ ਸੀ ਪਰ ਹੁਣ ਇਸ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ। ਕੁਝ ਸਾਲ ਪਹਿਲਾਂ ਤੀਕ ਕਿਲ੍ਹੇ ਵਿਚਲੀ ਹਵੇਲੀ ਬਚੀ ਹੋਈ ਸੀ ਪਰ 1986 ਵਿਚ ਅਸੁਰੱਖਿਅਤ ਕਰਾਰ ਦੇ ਕੇ ਇਹ ਢਾਹ ਦਿੱਤੀ ਗਈ। 19ਵੀਂ ਸਦੀ ਵਿਚ ਉਸਾਰੀ ਗਈ ਇਹ ਇਮਾਰਤ ਪੰਜਾਬ ਦੀ ਹਵੇਲੀ ਉਸਾਰੀ ਕਲਾ ਦਾ ਬਿਹਤਰੀਨ ਨਮੂਨਾ ਸੀ ਜਿਸ ਦਾ ਵਜੂਦ ਹੁਣ ਸ਼ਹਿਰ ਦੇ ਫ਼ੋਟੋਗਰਾਫ਼ਰ ਸ੍ਰੀ ਚਮਨ ਲਾਲ (ਰਿੰਕੀ ਫ਼ੋਟੋ ਸਟੂਡੀਓ) ਦੀ ਖਿੱਚੀ ਇਕ ਤਸਵੀਰ ਵਿਚ ਹੀ ਬਚਿਆ ਹੈ। ਕੋਟਕਪੂਰੇ ਦਾ ਸਰਕਾਰੀ ਬਾਗ ਮੁਗ਼ਲ ਬਾਗ ਉਸਾਰਨ ਦੀ ਉਸ ਇਤਿਹਾਸਕ ਪਰੰਪਰਾ ਦੀ ਇਕ ਮਹੱਤਵਪੂਰਨ ਕੜੀ ਸੀ ਜੋ ਮੁਗ਼ਲ ਬਾਦਸ਼ਾਹ ਬਾਬਰ ਮੱਧ ਏਸ਼ੀਆ ਤੋਂ ਹਿੰਦੁਸਤਾਨ ਲੈ ਕੇ ਆਇਆ ਸੀ। ਮੁਗ਼ਲ ਕਲਾ ਦਾ ਪ੍ਰਭਾਵ ਹਿੰਦੁਸਤਾਨ ਦੇ ਸਥਾਨਕ ਹਾਕਮਾਂ 'ਤੇ ਵੀ ਹੋਇਆ ਭਾਵੇਂ ਉਹ ਰਾਜਸਥਾਨ ਦੇ ਰਾਜਪੂਤ ਸਨ ਜਾਂ ਪੰਜਾਬ ਦੇ ਸਿੱਖ ਰਾਜੇ। ਕੋਟਕਪੂਰੇ ਦੇ ਸਰਕਾਰੀ ਬਾਗ ਦਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਦਰਵਾਜ਼ਾ ਹਾਲੇ ਵੀ ਕਾਇਮ ਹੈ ਪਰ ਇਸ ਨੇ ਸਕੂਲ ਦੇ ਦਫ਼ਤਰ ਦਾ ਰੂਪ ਲੈ ਲਿਆ ਹੈ। ਆਲੇ-ਦੁਆਲੇ ਦੀ ਸੜਕ ਉੱਚੀ ਹੋ ਜਾਣ ਕਾਰਨ ਇਹ ਦਰਵਾਜ਼ਾ ਹੁਣ ਗਰਕਿਆ ਜਿਹਾ ਲਗਦਾ ਹੈ। ਖ਼ੁਸ਼ਕਿਸਮਤੀ ਨਾਲ ਇਸ ਬਾਗ ਦੀਆਂ ਦੋ ਹੋਰ ਇਮਾਰਤਾਂ ਹਾਲੇ ਵੀ ਖੜ੍ਹੀਆਂ ਹਨ-ਗੋਲ ਕੋਠੀ ਅਤੇ ਹਮਾਮ (ਇਸ਼ਨਾਨ ਘਰ)।

ਸਕੂਲ ਵਿਚ ਵੜਦਿਆਂ ਹੀ ਸਾਹਮਣੇ ਨਜ਼ਰੀਂ ਪੈਂਦੀ ਗੋਲ ਕੋਠੀ ਵਿਲੱਖਣ ਦੋ ਮੰਜ਼ਿਲਾ ਇਮਾਰਤ ਵਿਚ ਹੈ। ਫ਼ਰੀਦਕੋਟ ਸਟੇਟ ਦੀਆਂ ਇਤਿਹਾਸਕ ਇਮਾਰਤਾਂ ਵਿਚੋਂ ਸਿਰਫ ਇਹੀ ਇਕ ਇਮਾਰਤ ਹੈ ਜੋ ਗੋਲਾਕਾਰ ਹੈ। ਇਹ ਤਿੰਨ ਸਮ-ਕੇਂਦਰੀ ਚੱਕਰਦਾਰ ਕੰਧਾਂ ਦੀ ਬਣੀ ਹੋਈ ਹੈ। ਸਭ ਤੋਂ ਬਾਹਰਲੀ ਕੰਧ ਅਰਧ-ਚੱਕਰਦਾਰ ਹੀ ਹੈ। ਅਸਲ ਵਿਚ ਇਮਾਰਤ ਦਾ ਸਭ ਤੋਂ ਬਾਹਰਲਾ ਹਿੱਸਾ ਪੂਰੀ ਤਰ੍ਹਾਂ ਬੰਦ ਨਹੀਂ ਸੀ ਸਗੋਂ ਖੁੱਲ੍ਹਾ ਵਰਾਂਡਾ ਸੀ। ਪੱਛਮ ਵਾਲੇ ਪਾਸਿਉਂ ਇਕ ਪੌੜੀ ਉੱਪਰਲੀ ਮੰਜ਼ਿਲ ਨੂੰ ਜਾਂਦੀ ਹੈ ਜਿਸ ਦਾ ਸਿਰਫ਼ ਤਿੰਨ-ਚੌਥਾਈ ਭਾਗ ਛੱਤਿਆ ਹੋਇਆ ਹੈ। ਇਮਾਰਤ ਦੇ ਸਾਹਮਣੇ ਵਾਲੇ ਪਾਸੇ ਲੱਕੜ ਦੀ ਬਾਲਕੋਨੀ ਹੈ। ਡਾਟਾਂ ਨੁੱਕਰਦਾਰ ਅਤੇ ਗੋਲ, ਦੋਵੇਂ ਤਰ੍ਹਾਂ ਦੀਆਂ ਹਨ। ਨੁੱਕਰਦਾਰ ਡਾਟਾਂ ਦੀ ਵਰਤੋਂ ਮੁਸਲਿਮ ਪ੍ਰਭਾਵ ਹੇਠ ਹੋਈ ਅਤੇ ਗੋਲ ਡਾਟਾਂ ਦੀ ਬ੍ਰਿਟਿਸ਼ ਪ੍ਰਭਾਵ ਹੇਠ। ਇਮਾਰਤ ਦਾ ਪਿਛਲਾ ਹਿੱਸਾ ਡਿਗ ਚੁੱਕਾ ਹੈ। ਬਾਹਰਲੀਆਂ ਕੰਧਾਂ ਦੇ ਸਭ ਤੋਂ ਉੱਪਰਲੇ ਭਾਗ ਵਿਚ ਚੂਨੇ ਨੂੰ ਤਰਾਸ਼ ਕੇ ਬਣਾਏ ਗਏ ਜਿਓਮੈਟਰੀਕਲ ਸਜਾਵਟੀ ਨਮੂਨੇ ਸਾਲਾਨਾ ਕੀਤੀ ਜਾਂਦੀ ਕਲੀ ਦੀਆਂ ਤੈਹਾਂ ਹੇਠ ਦੱਬ ਗਏ ਹਨ। ਕੋਠੀ ਦੇ ਸਾਹਮਣੇ ਵਾਲੇ ਪਾਸੇ ਸਫ਼ੈਦ ਸੰਗਮਰਮਰ ਦੀ ਖ਼ੂਬਸੂਰਤ ਛਤਰੀ ਹੈ। ਇਸ ਦੇ ਵੱਖ-ਵੱਖ ਹਿੱਸਿਆਂ ਨੂੰ ਬਾਰੀਕੀ ਨਾਲ ਤਰਾਸ਼ਿਆ ਹੋਇਆ ਹੈ। ਹੇਠਲੇ ਹਿੱਸੇ ਵਿਚ ਫੁੱਲਦਾਰ ਡਿਜ਼ਾਈਨ ਵਿਚ ਤਰਾਸ਼ੀਆਂ ਜਾਲੀਆਂ ਹਨ ਜਿਨ੍ਹਾਂ ਵਿਚੋਂ ਕੁਝ ਟੁੱਟ ਚੁੱਕੀਆਂ ਹਨ। ਲੋਕ ਇਸ ਛਤਰੀ ਨੂੰ ਰਾਜਾ ਵਜ਼ੀਰ ਸਿੰਘ (1849-74) ਦੀ ਸਮਾਧ ਮੰਨ ਕੇ ਪੂਜਦੇ ਹਨ। ਪਰ ਰਾਜਾ ਵਜ਼ੀਰ ਸਿੰਘ ਦੀ ਸਮਾਧ ਤਾਂ ਹਰਿਆਣੇ ਵਿਚ ਕੁਰੂਕਸ਼ੇਤਰ ਨੇੜਲੇ ਕਸਬੇ ਥਾਨੇਸਾਰ ਵਿਖੇ ਹੈ ਜਿੱਥੇ ਤੀਰਥ-ਯਾਤਰਾ ਤੋਂ ਮੁੜਦੇ ਰਾਜੇ ਦਾ ਦਿਹਾਂਤ ਹੋ ਗਿਆ ਸੀ। ਉੱਥੇ ਸਮਾਧ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਹਾਲੇ ਵੀ ਫ਼ਰੀਦਕੋਟ ਕਿਹਾ ਜਾਂਦਾ ਹੈ। ਕੋਟਕਪੂਰੇ ਵਾਲੀ ਛਤਰੀ ਰਾਜਾ ਵਜ਼ੀਰ ਸਿੰਘ ਦਾ ਸਿਰਫ਼ ਯਾਦਗਾਰੀ ਚਿੰਨ੍ਹ ਹੋ ਸਕਦਾ ਹੈ।

ਬਾਗ ਦੀ ਬਚਦੀ ਦੂਜੀ ਇਮਾਰਤ ਹਮਾਮ ਗੋਲ ਮਹਿਲ ਦੇ ਉੱਤਰ-ਪੂਰਬ ਵੱਲ ਸਥਿਤ ਹੈ। ਇਸ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਦੋ ਕਮਰੇ ਹਨ ਅਤੇ ਉੱਪਰਲੀ 'ਤੇ ਇਕ। ਉੱਪਰਲੇ ਕਮਰੇ ਦੀ ਛੱਤ ਟੀਨ ਦੀਆਂ ਚਾਦਰਾਂ ਦੀ ਹੈ ਜੋ ਕਿ ਉਸ ਸਮੇਂ ਨਿਵੇਕਲੀ ਲਗਦੀ ਹੋਵੇਗੀ। ਲਗਦਾ ਹੈ ਕਿ ਹਮਾਮ ਦੀ ਉੱਪਰਲੀ ਮੰਜ਼ਿਲ ਦਾ ਕਮਰਾ ਅਸਲ ਯੋਜਨਾ ਦਾ ਹਿੱਸਾ ਨਹੀਂ ਹੈ ਕਿਉਂਕਿ ਉੱਪਰ ਜਾਣ ਲਈ ਪੌੜੀਆਂ ਦੀ ਉਸਾਰੀ ਬਾਅਦ ਵਿਚ ਕੀਤੀ ਗਈ ਹੈ ਜਿਸ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਇਹ ਪੌੜੀਆਂ ਇਮਾਰਤ ਦੇ ਇਸ ਪਾਸੇ ਦੀ ਚੂਨੇ ਨਾਲ ਬ੍ਰਿਟਿਸ਼ ਸ਼ੈਲੀ ਵਿਚ ਕੀਤੀ ਸਜਾਵਟ ਨੂੰ ਖ਼ਰਾਬ ਕਰਦੀਆਂ ਹਨ। ਫ਼ਰੀਦਕੋਟ ਸਟੇਟ ਦਾ ਦਰਬਾਰੀ ਇਤਿਹਾਸਕਾਰ ਸ਼ਾਹ ਵਲੀਉਲਾ ਸਿਦੀਕੀ 1903 ਵਿਚ ਉਰਦੂ ਵਿਚ ਛਪੀ ਆਪਣੀ ਕਿਤਾਬ ਆਈਨਾ-ਏ-ਬਰਾੜ ਬੰਸ ਦੀ ਤੀਸਰੀ ਜਿਲਦ ਦੇ ਪੰਨਾ ਨੰ: 670-71 'ਤੇ ਲਿਖਦਾ ਹੈ ਕਿ ਰਾਜਾ ਬਿਕ੍ਰਮ ਸਿੰਘ (1874-98) ਹਾਰ ਸਾਲ ਹਵਾ ਬਦਲਣ ਲਈ ਕੁਝ ਦਿਨ ਕੋਟਕਪੂਰੇ ਠਹਿਰਦਾ ਸੀ। ਇਸ ਲਈ ਉਸ ਨੇ ਬਾਗ ਵਾਲੀ ਕੋਠੀ ਵੱਡੀ ਕਰਵਾਈ ਅਤੇ ਕੁਝ ਹੋਰ ਇਮਾਰਤਾਂ ਦੀ ਉਸਾਰੀ ਵੀ ਕਰਵਾਈ। ਇਸ ਦਾ ਮਤਲਬ ਹੈ ਕਿ ਇਹ ਗੋਲ ਕੋਠੀ ਇਸ ਤੋਂ ਪਹਿਲਾਂ ਬਾਗ ਵਿਚ ਮੌਜੂਦ ਸੀ। ਇਸ ਬਾਗ ਦੀ ਉਸਾਰੀ ਰਾਜਾ ਵਜ਼ੀਰ ਸਿੰਘ ਨੇ ਕਰਵਾਈ ਹੋਵੇਗੀ। ਸ਼ਾਇਦ ਇਸੇ ਲਈ ਰਾਜੇ ਦੀ ਮੌਤ ਤੋਂ ਬਾਅਦ ਛੋਟੀ ਜਿਹੀ ਛਤਰੀ ਦੇ ਰੂਪ ਵਿਚ ਉਸ ਦੀ ਯਾਦਗਾਰ ਵੀ ਬਣਾ ਦਿੱਤੀ ਗਈ ਹੋਵੇਗੀ।

ਕੁਝ ਸਮਾਂ ਪਹਿਲਾਂ ਤੋਂ ਗੋਲ ਕੋਠੀ ਦੀ ਖ਼ਸਤਾ ਹਾਲਤ ਦੇਖਦਿਆਂ ਸਿੱਖਿਆ ਵਿਭਾਗ ਨੇ ਇਸ ਨੂੰ 'ਅਸੁਰੱਖਿਅਤ ਇਮਾਰਤ' ਕਰਾਰ ਦਿੱਤਾ ਹੋਇਆ ਹੈ ਅਤੇ ਕਈ ਵਾਰ ਇਸ ਨੂੰ ਢਾਹ ਦੇਣ ਦਾ ਵਿਚਾਰ ਵੀ ਬਣਿਆ ਹੈ। ਪਰ ਮੇਰਾ ਖ਼ਿਆਲ ਹੈ ਕਿ ਹਾਲੇ ਵੀ ਇਨ੍ਹਾਂ ਸਦੀ ਤੋਂ ਵੱਧ ਪੁਰਾਣੀਆਂ ਦੋਵਾਂ ਇਮਾਰਤਾਂ ਦੀ ਮੁਰੰਮਤ ਕਰ ਕੇ ਇਨ੍ਹਾਂ ਨੂੰ ਠੀਕ-ਠਾਕ ਕੀਤਾ ਜਾਣਾ ਚਾਹੀਦਾ ਹੈ। ਇਹ ਸਧਾਰਨ ਇਮਾਰਤਾਂ ਨਹੀਂ ਸਗੋਂ ਇਤਿਹਾਸ ਦੀਆਂ ਪੈੜਾਂ ਹਨ। ਖ਼ਾਸ ਕਰਕੇ ਗੋਲ ਕੋਠੀ ਤਾਂ ਸ਼ਹਿਰ ਦੀ ਹੀ ਨਹੀਂ, ਸਗੋਂ ਪੰਜਾਬ ਦੀ ਭਵਨ ਉਸਾਰੀ ਕਲਾ ਦਾ ਵਿਲੱਖਣ ਨਮੂਨਾ ਹੈ।

ਸੁਭਾਸ਼ ਪਰਿਹਾਰ

ਸਿੱਕਮ ਫੁੱਲਾਂ ਜੋਗੀ ਜ਼ਮੀਨ ਰੱਖਣ ਵਾਲਾ ਰਾਜ

ਭਾਰਤ ਕਈ ਦੇਸ਼ਾਂ ਦਾ ਦੇਸ਼ ਹੈ। ਇਹ ਰੰਗ-ਬਿਰੰਗੇ ਪਹਿਰਾਵਿਆਂ ਅਤੇ ਵੇਸਾਂ ਦਾ ਦੇਸ਼ ਹੈ। ਇੱਥੇ ਤਰ੍ਹਾਂ-ਤਰ੍ਹਾਂ ਦੇ ਲੋਕ, ਵੰਨ-ਸੁਵੰਨੇ ਸੱਭਿਆਚਾਰ ਅਤੇ ਵਿਲੱਖਣ ਕਿਸਮ ਦੇ ਧਰਾਤਲ ਹਨ। ਕਿਤੇ ਜੰਗਲ, ਕਿਤੇ ਰੇਗਿਸਤਾਨ, ਕਿਤੇ ਪਹਾੜ, ਕਿਤੇ ਮੈਦਾਨ ਹਨ। ਕਿਤੇ ਸਮੁੰਦਰ ਹਨ ਅਤੇ ਕਿਤੇ ਪਾਣੀਆਂ ਵਿਚ ਘਿਰੇ ਜਜ਼ੀਰੇ। ਕਿੱਤੇ ਘੁੱਗ ਵਸਦੇ ਪਿੰਡ ਅਤੇ ਸ਼ਹਿਰ ਹਨ ਕਿਤੇ ਟਾਵੀਂ ਟਾਵੀਂ ਵਸੋਂ।ਸਿੱਕਮ ਭਾਰਤ ਦੀਆਂ ਅਜਿਹੀਆਂ ਹੀ ਵੰਨ-ਸੁਵੰਨੀਆਂ ਵੰਨਗੀਆਂ ਨਾਲ ਭਰਪੂਰ ਰਾਜਾਂ ਵਿਚੋਂ ਇਕ ਖੂਬਸੂਰਤ ਰਾਜ ਹੈ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਜਨਵਰੀ ਦੇ ਪਹਿਲੇ ਹਫਤੇ ਕਿਸੇ ਕਾਨਫਰੰਸ ਵਿਚ ਭਾਗ ਲੈਣ ਲਈ ਸਿੱਕਮ ਜਾਣ ਦਾ ਮੌਕਾ ਮਿਲਿਆ। ਇਹ ਭਾਰਤ ਦਾ ਸਭ ਤੋਂ ਛੋਟਾ ਪਰ ਖੂਬਸੂਰਤ ਸੂਬਾ ਹੈ ਜੋ ਹਿਮਾਲਿਆ ਦੀਆਂ ਪਹਾੜੀਆਂ ਦੀ ਗੋਦ ਵਿਚ ਵੱਸਿਆ ਹੋਇਆ ਹੈ। ਇਸ ਦੀ ਵਸੋਂ ਕੇਵਲ 6 ਲੱਖ ਦੇ ਕਰੀਬ ਹੈ ਜੋ ਭਾਰਤ ਦੇ ਰਾਜਾਂ ਵਿਚ ਸਭ ਤੋਂ ਘੱਟ ਹੈ ਅਤੇ ਇਹ ਦੇਸ਼ ਦੀ ਵਸੋਂ ਦਾ ਸਿਰਫ 0.5ં ਬਣਦੀ ਹੈ। ਇਹ ਰਾਜ ਕੇਵਲ 7096 ਵਰਗਮੀਲ ਦੇ ਖੇਤਰ ਵਿਚ ਫੈਲਿਆ ਹੋਇਆ ਹੈ ਜੋ ਕਿ ਗੋਆ ਤੋਂ ਬਾਅਦ ਸਭ ਤੋਂ ਛੋਟਾ ਹੈ। ਸਿੱਕਮ ਵਿਚ ਪਹਿਲਾਂ ਰਾਜਾਸ਼ਾਹੀ ਵਿਵਸਥਾ ਸੀ ਅਤੇ ਇਹ 16 ਮਈ,1975 ਨੂੰ ਭਾਰਤੀ ਸੰਘ ਦਾ ਹਿੱਸਾ ਬਣਿਆ। ਇਹ ਛੋਟਾ ਜਿਹਾ ਭਾਰਤੀ ਰਾਜ ਦੱਖਣ ਦਿਸ਼ਾ ਵੱਲੋਂ ਭਾਰਤ ਦੇ ਪੱਛਮੀ ਬੰਗਾਲ ਸੂਬੇ ਨਾਲ ਜੁੜਦਾ ਹੈ। ਬਾਕੀ ਦਿਸ਼ਾਵਾਂ ਤੋਂ ਇਹ ਨੇਪਾਲ, ਚੀਨ/ਤਿੱਬਤ, ਭੂਟਾਨ ਦੇਸ਼ਾਂ ਦੀਆਂ ਸਰਹੱਦਾਂ ਦਰਮਿਆਨ ਘਿਰਿਆ ਹੋਇਆ ਹੈ। ਦੁਨੀਆ ਦੀ ਤੀਸਰੀ ਸਭ ਤੋਂ ਉੱਚੀ ਪਹਾੜੀ ਚੋਟੀ ਕੰਚਨਜੰਗਾ ਇਸ ਦੀ ਨੇਪਾਲ ਨਾਲ ਲਗਦੀ ਸਰਹੱਦ ਉੱਤੇ ਸਥਿਤ ਹੈ। ਇਸ ਥੋੜ੍ਹੀ ਜਿਹੀ ਵਸੋਂ ਵਾਲੇ ਛੋਟੇ ਜਿਹੇ ਰਾਜ ਵਿਚ ਵੀ ਸਰਕਾਰੀ ਤੌਰ 'ਤੇ 11 ਪ੍ਰਵਾਨਿਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜੋ ਭਾਰਤ ਦੀ ਭਾਸ਼ਾਈ ਵਿਵਿਧਤਾ ਦਾ ਸਬੂਤ ਹੈ। ਇੱਥੇ ਨੇਪਾਲੀ ਬੋਲਣ ਵਾਲੇ ਲੋਕ ਸਭ ਤੋਂ ਵੱਧ ਹਨ। ਭੁਟੀਆ (ਭੂਟਾਨੀ), ਲੈਪਚਾ, ਲਿੰਬੂ, ਨਿਵਾਰੀ, ਗੁਰੁੰਗ, ਤਮੁੰਗ ਆਦਿ ਹੋਰ ਭਾਸ਼ਾਵਾਂ ਵੀ ਇੱਥੇ ਬੋਲੀਆਂ ਜਾਂਦੀਆਂ ਹਨ। ਹਿੰਦੂ ਅਤੇ ਬੁੱਧ ਇੱਥੋਂ ਦੇ ਪ੍ਰਮੁੱਖ ਧਰਮ ਹਨ। ਖੇਤੀਬਾੜੀ ਅਤੇ ਸੈਰ-ਸਪਾਟਾ ਇੱਥੋਂ ਦੀ ਆਮਦਨ ਦੇ ਮੁੱਖ ਸੋਮੇ ਹਨ।

ਸਿੱਕਮ ਸੈਲਾਨੀਆਂ ਲਈ ਹਮੇਸ਼ਾ ਕਾਫੀ ਖਿੱਚ ਦਾ ਕੇਂਦਰ ਰਿਹਾ ਹੈ। ਇਸ ਦੀ ਰਾਜਧਾਨੀ ਗੰਗਟੋਕ ਪਹੁੰਚਣ ਲਈ ਪਹਿਲਾਂ ਹਵਾਈ ਜਹਾਜ਼ ਰਾਹੀਂ ਬਾਗਡੋਗਰਾ ਹਵਾਈ ਅੱਡੇ (ਪੱਛਮੀ ਬੰਗਾਲ) ਪਹੁੰਚ ਕੀਤੀ ਜਾਂਦੀ ਹੈ। ਫਿਰ ਸੜਕ ਰਾਹੀਂ (123 ਕਿ. ਮੀ.) ਤਕਰੀਬਨ 4 ਘੰਟੇ ਵਿਚ ਗੰਗਟੋਕ ਪਹੁੰਚਿਆ ਜਾਂਦਾ ਹੈ। ਇਸ ਸੜਕ ਵਾਲੇ ਸਫਰ ਵਿਚ ਇੱਥੋਂ ਦਾ ਤੀਸਤਾ ਦਰਿਆ ਨਾਲ-ਨਾਲ ਚਲਦਾ ਹੈ। ਰੇਲ ਰਾਹੀਂ ਨਿਊ ਜਲਪਾਈਗੁੜੀ (125 ਕਿ. ਮੀ.) ਜਾਂ ਸਿਲੀਗੁੜੀ (114 ਕਿ. ਮੀ) ਰੇਲਵੇ ਸਟੇਸਨ ਤੋਂ ਵੀ ਗੰਗਟੋਕ ਪਹੁੰਚਿਆ ਜਾ ਸਕਦਾ ਹੈ। ਗੰਗਟੋਕ ਸਿੱਕਮ ਦੀ ਰਾਜਧਾਨੀ ਅਤੇ ਇੱਥੋਂ ਦਾ ਪ੍ਰਮੁੱਖ ਸ਼ਹਿਰ ਹੈ। ਇੱਥੇ ਰਾਜ ਦੀ ਵਿਧਾਨ ਸਭਾ, ਪ੍ਰਮੁੱਖ ਦਫਤਰ, ਹੋਟਲ ਅਤੇ ਸੂਚਨਾ ਕੇਂਦਰ ਸਥਿਤ ਹਨ। ਗੰਗਟੋਕ ਤੋਂ ਸਿੱਕਮ ਦੇ ਬਾਕੀ ਥਾਂ ਟੈਕਸੀ ਰਾਹੀਂ ਘੁੰਮ ਕੇ ਵੇਖੇ ਜਾ ਸਕਦੇ ਹਨ। ਗੰਗਟੋਕ ਆਪਣੇ-ਆਪ ਵਿਚ ਵੀ ਸੈਲਾਨੀਆਂ ਲਈ ਵੇਖਣਯੋਗ ਸ਼ਹਿਰ ਹੈ।

ਸਿੱਕਮ ਨੇ ਕੁਦਰਤ ਪੱਖੀ ਵਿਕਾਸ ਮਾਡਲ ਅਪਣਾਉਣ ਦੀ ਪਹਿਲਕਦਮੀ ਕਰਨ ਵਿਚ ਵਿਲੱਖਣ ਪਹਿਚਾਣ ਬਣਾਈ ਹੈ। ਇਹ ਜੈਵਿਕ ਖੇਤੀ ਮਾਡਲ ਅਪਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਹੈ। 2003 ਵਿਚ ਸਿੱਕਮ ਨੇ ਸਮੁੱਚੇ ਰਾਜ ਦੀ ਖੇਤੀ ਨੂੰ ਜੈਵਿਕ ਖੇਤੀ ਵਿਚ ਤਬਦੀਲ ਕਰਨ ਲਈ ਸਰਕਾਰੀ ਤੌਰ 'ਤੇ ਫੈਸਲਾ ਲਿਆ ਸੀ। ਰਾਜ ਸਰਕਾਰ ਨੇ 2015 ਤੱਕ ਸਾਰੇ ਸੂਬੇ ਨੂੰ ਜੈਵਿਕ ਖੇਤੀ ਅਧੀਨ ਲਿਆਉਣ ਦਾ ਟੀਚਾ ਮਿਥਿਆ ਹੈ। ਇਸ ਸਮੇਂ ਇੱਥੇ 50000 ਪਰਿਵਾਰ ਜੈਵਿਕ ਖੇਤੀ ਕਰ ਰਹੇ ਹਨ। ਸਿੱਕਮ ਦੇ ਕੁਦਰਤ ਨਾਲ ਪ੍ਰੇਮ ਦਾ ਇਕ ਹੋਰ ਪ੍ਰਮਾਣ ਇਹ ਹੈ ਕਿ ਇੱਥੇ ਪਿਛਲੇ ਕੁਝ ਸਮੇਂ ਤੋਂ ਹਰ ਸਾਲ ਅੰਤਰਰਾਸ਼ਟਰੀ ਪੱਧਰ ਦਾ ਫੁੱਲਾਂ ਦਾ ਮੇਲਾ ਲਗਾਇਆ ਜਾਂਦਾ ਹੈ। ਇਸ ਸਾਲ ਵੀ ਇਹ ਮੇਲਾ 23 ਫਰਵਰੀ ਤੋਂ ਗੰਗਟੋਕ ਤੋਂ 12 ਕਿਲੋਮੀਟਰ ਦੂਰੀ ਤੇ ਸਥਿਤ ਸਰਮਾਸ ਗਾਰਡਨ ਵਿਖੇ ਲਗਾਇਆ ਗਿਆ ਹੈ। ਇਸ ਮੇਲੇ ਵਿਚ 25 ਅੰਤਰਰਾਸ਼ਟਰੀ, 30 ਰਾਸ਼ਟਰੀ ਫੁੱਲ ਕੰਪਨੀਆਂ ਅਤੇ ਲਗਭਗ 190 ਫੁੱਲ ਉਗਾਉਣ ਵਾਲੀਆਂ ਸੰਸਥਾਵਾਂ ਦੇ ਭਾਗ ਲੈਣ ਦੀ ਉਮੀਦ ਸੀ। ਇਸ ਮੇਲੇ ਵਿਚ ਤਕਰੀਬਨ 15000 ਕਿਸਮਾਂ ਦੇ ਫੁੱਲਾਂ ਦੀ ਨੁਮਾਇਸ਼ ਕੀਤੀ ਗਈ। ਸਿੱਕਮ ਰਾਜ ਆਪਣੇ ਆਪ ਵਿਚ ਫੁੱਲਾਂ ਦੀ ਅਮੀਰ ਧਰੋਹਰ ਵਾਲਾ ਰਾਜ ਹੈ। ਇੱਥੇ 5000 ਫੁੱਲਾਂ ਦੀਆਂ ਕਿਸਮਾਂ ਵਾਲੇ ਪੌਦੇ ਮੌਜੂਦ ਹਨ।

ਇਸੇ ਤਰ੍ਹਾਂ ਇਥੋਂ ਦੀ ਰਾਜ ਸਰਕਾਰ ਨੇ ਸਿੱਕਮ ਦੀ ਰਾਜਧਾਨੀ ਗੰਗਟੋਕ ਦੇ ਮੁੱਖ ਬਜ਼ਾਰ ਨੂੰ ਪ੍ਰਦੂਸ਼ਣ ਮੁਕਤ ਕਰਕੇ ਇਸ ਨੂੰ ਕੁਦਰਤੀ ਤੌਰ ਤੇ ਸੁਹਾਵਣੇ ਬਣਾਉਣ ਦੀ ਯੋਜਨਾ ਲਾਗੂ ਕਰਕੇ ਕੁਦਰਤ ਪੱਖੀ ਸ਼ਹਿਰੀ ਯੋਜਨਾਬੰਦੀ ਦਾ ਕੀਰਤੀਮਾਨ ਸਥਾਪਤ ਕੀਤਾ ਹੈ। ਗੰਗਟੋਕ ਸ਼ਹਿਰ ਵਿਚਲੀ ਸੜਕ ਜਿਸ ਨੂੰ ਮਹਾਤਮਾ ਗਾਂਧੀ ਮਾਰਗ ਕਿਹਾ ਜਾਂਦਾ ਹੈ, ਸ਼ਹਿਰ ਦੇ ਮੁੱਖ ਬਜ਼ਾਰ ਦੇ ਬਿਲਕੁੱਲ ਵਿਚਕਾਰੋਂ ਲੰਘਦੀ ਹੈ। ਇਹ ਇਥੋਂ ਦੀ ਇਕ ਤਰ੍ਹਾਂ ਦੀ ਮਾਲ ਰੋਡ ਹੈ ਜਿਸ ਉੱਤੇ ਸੈਲਾਨੀ ਇੱਥੋਂ ਦੇ ਸੁਹਾਵਣੇ ਮੌਸਮ ਦਾ ਅਤੇ ਇਰਦ-ਗਿਰਦ ਨਜ਼ਰੀਂ ਪੈਂਦੀਆਂ ਵਾਦੀਆਂ ਦਾ ਘੁੰਮ-ਫਿਰ ਕੇ ਅਨੰਦ ਮਾਣਦੇ ਹਨ। ਇਹ ਸੜਕ ਕੁਦਰਤ ਪੱਖੀ ਸ਼ਹਿਰੀ ਯੋਜਨਾਬੰਦੀ ਦੀ ਇਕ ਵਿਲੱਖਣ ਅਤੇ ਆਹਲਾ ਉਦਾਹਰਨ ਪੇਸ਼ ਕਰਦੀ ਹੈ। ਗੰਗਟੋਕ ਸ਼ਹਿਰ ਦੇ ਮੁੱਖ ਬਜ਼ਾਰ ਦੀ ਸੜਕ ਦਾ ਇਹ ਟੋਟਾ ਭਾਵੇਂ ਇਕ ਕਿਲੋਮੀਟਰ ਤੋਂ ਵੀ ਘੱਟ ਲੰਬਾਈ ਵਾਲਾ ਹੈ ਪਰ ਆਪਣੀ ਕੁਦਰਤੀ ਖੂਬਸੂਰਤੀ ਪੱਖੋਂ ਇਹ ਵਿਲੱਖਣ ਮਿਸਾਲ ਪੇਸ਼ ਕਰਦਾ ਹੈ। ਇਹ ਸੜਕ ਆਪਣੇ ਹੁਣ ਵਾਲੇ ਖੂਬਸੂਰਤ ਸਰੂਪ ਤੋਂ ਪਹਿਲਾ ਵਾਹਨਾਂ ਦੇ ਧੂੰਏ ਅਤੇ ਸ਼ੋਰ ਪ੍ਰਦੂਸ਼ਣ, ਟ੍ਰੈਫਿਕ ਜਾਮਾਂ ਅਤੇ ਭੀੜ-ਭੜੱਕੇ ਵਾਲੀ ਹੁੰਦੀ ਸੀ। ਹੁਣ ਸਿੱਕਮ ਸਰਕਾਰ ਨੇ ਆਪਣੇ ਵਿਸ਼ੇਸ਼ ਉਪਰਾਲਿਆਂ ਨਾਲ ਇਸ ਨੂੰ ਕੁਦਰਤ ਪੱਖੀ, ਸੁਹਾਵਣੇ, ਮਨਮੋਹਕ, ਰਮਣੀਕ ਅਤੇ ਸਵੱਛ ਵਾਤਾਵਰਨ ਵਾਲੀ ਦਿੱਖ ਪ੍ਰਦਾਨ ਕੀਤੀ ਹੈ।ਸਿੱਕਮ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਨੇ ਇਸ ਸੜਕ ਨੂੰ ਪ੍ਰਦੂਸ਼ਣ ਮੁਕਤ ਕਰਕੇ ਸਵੱਛ ਵਾਤਾਵਰਨ ਅਤੇ ਕੁਦਰਤੀ ਸੁਹੱਪਣ ਦਾ ਜਾਮਾ ਪਹਿਨਾਉਣ ਦਾ ਕੰਮ 7 ਨਵੰਬਰ, 2007 ਵਿਚ ਸ਼ੁਰੂ ਕੀਤਾ ਜੋ 23 ਦਸੰਬਰ 2007 ਵਿਚ ਪੂਰਾ ਕੀਤਾ ਗਿਆ ਅਤੇ ਇਸ ਉੱਤੇ 908.18 ਲੱਖ ਰੁਪਏ ਦੀ ਲਾਗਤ ਆਈ। ਇਸ ਸੜਕ ਦੀ ਪੂਰੀ ਲੰਬਾਈ ਉੱਤੇ ਸੀਮਿੰਟ (ਆਰ. ਸੀ. ਸੀ) ਕਰਕੇ ਉੱਤੇ ਮਨਮੋਹਕ ਰੰਗ ਦੀਆਂ ਕੁਡਾਪਾਹ (ਆਂਧਰਾ ਸਟੋਨ) ਪੱਥਰ ਦੀਆਂ ਟਾਇਲਾਂ ਲਗਾਈਆਂ ਗਈਆਂ ਸਨ। ਸੜਕ ਦੇ ਵਿਚਕਾਰਲੇ ਹਿੱਸੇ ਵਿਚ ਗਰੇਨਾਈਟ ਪੱਥਰ ਲਗਾਇਆ ਗਿਆ ਹੈ ਅਤੇ ਇਸੇ ਹਿੱਸੇ ਉੱਤੇ ਖੂਬਸੂਰਤ ਗਮਲੇ, ਫੁੱਲਦਾਨ ਆਦਿ ਰੱਖੇ ਗਏ ਹਨ। ਸੜਕਾਂ ਦੇ ਇਸੇ ਭਾਗ ਵਿਚੋਂ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਲਈ ਪਾਈਪਾਂ ਵਿਛਾਈਆਂ ਗਈਆਂ ਹਨ। ਇਹ ਸੜਕ ਇਕ ਸੁਚੱਜੀ ਅਤੇ ਕੁਦਰਤ ਪੱਖੋਂ ਸ਼ਹਿਰੀ ਯੋਜਨਾਬੰਦੀ ਦੀ ਮਿਸਾਲ ਹੈ।

ਸਾਰੀ ਸੜਕ ਨੂੰ ਫੁੱਲਾਂ ਨਾਲ, ਫੁਹਾਰਿਆਂ ਨਾਲ ਅਤੇ ਦਿਲਕਸ਼ ਅੰਦਾਜ਼ ਦੀਆਂ ਬਿਜਲੀ ਲਾਈਟਾਂ ਨਾਲ ਸਜਾਇਆ ਗਿਆ ਹੈ। ਸੜਕ ਦੇ ਵਿਚਕਾਰ ਲੱਗੇ ਬਿਜਲੀ ਦੀ ਰੌਸ਼ਨੀ ਦੇ ਆਕਰਸ਼ਿਤ ਵਿੰਟੇਜ ਕਿਸਮ ਦੇ ਬਿਜਲੀ ਦੇ ਖੰਭਿਆਂ ਉੱਤੇ ਬਹੁਤ ਹੀ ਖੂਬਸੂਰਤ ਕਿਸਮ ਦੀਆਂ ਰੰਗ-ਬਰੰਗੇ ਫੁੱਲਾਂ ਦੀਆਂ ਲਟਕਦੀਆਂ ਟੋਕਰੀਆਂ ਅਤਿਅੰਤ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ। ਇਹ ਸੜਕ ਕਿਸੇ ਯੂਰਪੀਨ ਦੇਸ਼ ਦੀ ਖੂਬਸੂਰਤ ਸੜਕ ਵਰਗੀ ਲਗਦੀ ਹੈ। ਇਹ ਸੜਕ ਜਿੱਥੇ ਆਮ ਲੋਕਾਂ ਲਈ ਮਨਪ੍ਰਚਾਵੇ ਦਾ ਸਾਧਨ ਹੈ, ਉੱਥੇ ਇੱਥੋਂ ਦੇ ਬੁੱਧੀਜੀਵੀਆਂ, ਨਾਮਾਨਿਗਾਰਾਂ ਲਈ ਵਿਚਾਰਾਂ ਅਤੇ ਸੂਚਨਾ ਦੇ ਆਦਾਨ-ਪ੍ਰਦਾਨ ਲਈ ਕੇਂਦਰੀ ਸਥਾਨ ਹੈ। ਇਹ ਨੌਜੁਆਨਾਂ ਦੀ ਪਸੰਦੀਦਾ ਥਾਂ ਹੈ, ਜਿੱਥੇ ਖਾਣ-ਪੀਣ ਲਈ ਵਧੀਆ ਰੈਸਤੋਰਾਂ, ਬਾਰ ਅਤੇ ਹੋਟਲ ਹਨ ਅਤੇ ਹਰ ਬਰਾਂਡ ਦੇ ਸ਼ੋਅਰੂਮ ਹਨ। ਕਦੇ-ਕਦੇ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ। (ਬਾਕੀ ਅਗਲੇ ਐਤਵਾਰ)

ਹਰਵਿੰਦਰ ਸਿੰਘ
-ਚੰਡੀਗੜ੍ਹ, ਮੋਬਾਈਲ : 094642-91592

ਫਾਂਸੀ ਦਿਓ ਮਹਿੰਗਾਈ ਨੂੰ

ਕਹਿੰਦੇ ਨੇ ਕਿ ਪਬਲਿਕ ਯਾਨਿ ਜਨਤਾ ਦੀ ਡਿਮਾਂਡ ਸੀ ਕਿ ਅਫ਼ਜ਼ਲ ਗੁਰੂ ਨੂੰ ਸਰਕਾਰ ਛੇਤੀ ਤੋਂ ਛੇਤੀ ਫਾਂਸੀ ਦਏ ਤੇ ਸਰਕਾਰ ਨੇ 11 ਸਾਲ ਬਾਅਦ ਫੁਰਤੀ ਵਿਖਾਈ, ਛੇਤੀ ਤੋਂ ਵੀ ਪਹਿਲਾਂ ਅਫ਼ਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ, ਚੁੱਪ-ਚੁਪੀਤੇ।
ਹੁਣ ਕੌਣ ਹੈ ਸਭ ਤੋਂ ਵੱਡਾ ਦੇਸ਼-ਦੁਸ਼ਮਣ ਜਿਸ ਨੂੰ ਤੁਰੰਤ ਫੌਰਨ ਤੋਂ ਪਹਿਲਾਂ ਫਾਂਸੀ 'ਤੇ ਲਟਕਾਉਣ ਲਈ ਜਨਤਾ ਤਤਪਰ ਹੈ। ਵਾਰ-ਵਾਰ ਦਿਨ-ਰਾਤ ਸਰਕਾਰ ਨੂੰ ਅਪੀਲ ਕਰ ਰਹੀ ਹੈ। ਇਹ ਹੈ...
'ਮਹਿੰਗਾਈ'
ਇਸ ਤੋਂ ਵੱਡਾ ਆਤੰਕਵਾਦੀ ਹੋਰ ਕੋਈ ਹੋ ਹੀ ਨਹੀਂ ਸਕਦਾ। ਪਹਿਲਾਂ ਸਰਕਾਰ ਦੇ ਸਿਰਮੌਰ ਪ੍ਰਧਾਨ ਮੰਤਰੀ ਜੀ ਨੇ ਐਲਾਨਿਆ ਸੀ ਕਿ ਸੌ ਦਿਨਾਂ 'ਚ ਮਹਿੰਗਾਈ ਦਾ ਖਾਤਮਾ ਕਰ ਦਿੱਤਾ ਜਾਵੇਗਾ। ਪਰ ਕਈ ਸੌ ਦਿਨ ਲੰਘ ਗਏ ਹਨ, ਮਹਿੰਗਾਈ ਨਾ ਕੇਵਲ ਜਿਊਂਦੀ ਹੈ ਸਗੋਂ ਭੰਗੜੇ ਪਾ ਰਹੀ ਹੈ, ਭਾਰਤ ਨਾਟਿਯਮ ਨੱਚ ਰਹੀ ਹੈ, ਉਡੀਸੀ ਡਾਂਸ ਕਰ ਰਹੀ ਹੈ, ਸਗੋਂ ਪੱਛਮੀ ਸਾਲਸਾ ਡਾਂਸ ਵੀ ਕਰ ਰਹੀ ਹੈ।
ਲੋਕੀਂ ਤ੍ਰਾਹੇਮਾਮ-ਤ੍ਰਾਹੇਮਾਮ ਹਨ ਤੇ ਮਹਿੰਗਾਈ ਦੰਦ ਕੱਢ ਕੇ ਮਾਣ ਨਾਲ ਆਖ ਰਹੀ ਹੈ: ਮੈਂ ਛਮ-ਛਮ ਨੱਚਦੀ ਫਿਰਾਂ।
ਮਹਿੰਗਾਈ ਨੂੰ ਜੇਕਰ ਸਰਕਾਰ ਫਾਂਸੀ ਦੇ ਦਏ, ਤਾਂ ਧਰਮ ਨਾਲ ਨਾ ਕਸ਼ਮੀਰ ਘਾਟੀ 'ਚ ਕਰਫਿਊ ਲਾਉਣ ਦੀ ਲੋੜ ਪਏਗੀ ਨਾ ਕਿਤੇ ਹੋਰ, ਸਗੋਂ ਲੋਕੀਂ ਸਰਕਾਰ ਨੂੰ ਦੁਆਵਾਂ ਦਿੰਦੇ, ਉਹਦਾ ਸ਼ੁਕਰੀਆ ਕਰਨ ਹਿਤ ਉਹਦੀ ਸ਼ੋਭਾ 'ਚ ਥਾਂ-ਥਾਂ ਪ੍ਰਸੰਨਤਾ ਜਲੂਸ ਕੱਢਣਗੇ। ਰਾਜ ਕਰਨ ਵਾਲੀ ਪਾਰਟੀ ਨੂੰ ਵੋਟਾਂ ਵੀ ਚੰਗੀਆਂ ਮਿਲ ਜਾਣਗੀਆਂ। ਪਤਾ ਨਹੀਂ ਮਹਿੰਗਾਈ ਜੋ ਜਨਤਾ ਨੂੰ ਦੁਖਿਆਰੀ ਹੈ, ਜਨਤਾ ਦੀ ਵੈਰੀ ਹੈ, ਉਹ ਸਰਕਾਰ ਨੂੰ ਕਿਉਂ ਪਿਆਰੀ ਹੈ?
ਦੂਜਾ, ਜਨਤਾ ਦਾ ਹੋਰ ਵੀ ਗੁਨਾਹਗਾਰ ਹੈ 'ਭ੍ਰਿਸ਼ਟਾਚਾਰ'।
ਇਹਨੂੰ ਵੀ ਫਾਂਸੀ ਲੱਗਣੀ ਹੀ ਚਾਹੀਦੀ ਹੈ।
ਪਰ ਐਥੇ ਇਕ ਬੜੀ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ, ਇਉਂ ਤਾਂ ਸਰਕਾਰ ਤੇ ਸਰਕਾਰਾਂ ਨੂੰ ਹੀ ਫਾਂਸੀ ਦੇਣੀ ਪਏਗੀ, ਹੇਠਾਂ ਤੋਂ ਉਪਰ ਤਾਈਂ ਕਈਆਂ ਨੂੰ ਫਾਂਸੀ ਦੇਣੀ ਪਵੇਗੀ।
'ਯਾਹ ਬੇਈਮਾਨੀਏ ਤੇਰਾ ਹੀ ਆਸਰਾ', ਇਸ ਸਮੇਂ ਸਭ ਦਾ ਨਾਅਰਾ ਸਭ ਦਾ ਆਸਰਾ, ਸਭ ਦਾ ਆਧਾਰ ਇਹੋ ਹੈ। ਆਪਣੇ ਟਰੱਕਾਂ ਪਿੱਛੇ ਕਿਵੇਂ ਇਮਾਨਦਾਰੀ ਨਾਲ ਲਿਖਿਆ ਹੁੰਦਾ ਹੈ:"
ਸੌ 'ਚੋਂ ਨੜਿੱਨਵੇਂ ਬੇਈਮਾਨ
ਫਿਰ ਵੀ ਮੇਰਾ ਭਾਰਤ ਮਹਾਨ।
ਇਸ ਸਮੇਂ ਮੈਂ ਆਪਣੇ-ਆਪ ਨੂੰ ਵੀ ਇਮਾਨਦਾਰਾਂ 'ਚ ਨਹੀਂ ਗਿਣਦਾ, ਇਸ ਲਈ ਤੱਥ ਪੇਸ਼ ਕਰ ਰਿਹਾ ਹਾਂ ਕਿ ਚਲੋ, ਸੌ 'ਚੋਂ ਨੜਿੱਨਵੇਂ ਨਹੀਂ 98 ਬੇਈਮਾਨ ਹਨ ਦੋ ਹਿੰਦੁਸਤਾਨੀ ਤਾਂ ਪੂਰੇ ਇਮਾਨਦਾਰ ਹਨ
ਇਕ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ
ਦੂਜਾ ਅੰਨਾ ਹਜ਼ਾਰੇ।
ਪਰ ਬਾਕੀ ਜਿਹੜੇ ਕਈ ਹੋਰ ਹਿੰਦੁਸਤਾਨੀ ਵੀ ਆਪਣੇ-ਆਪ ਨੂੰ ਇਮਾਨਦਾਰ ਸਮਝਦੇ ਹਨ,ਉਹ ਆਪਣਾ 'ਨਾਂਅ' ਭੇਜ ਸਕਦੇ ਹਨ ਤੇ ਬੇਈਮਾਨੀ ਵਾਲੇ ਖਰਲ 'ਚ ਰਗੜੇ ਜਾਣ ਵਿਰੁੱਧ ਪ੍ਰੋਟੈਸਟ ਵੀ ਕਰ ਸਕਦੇ ਹਨ।
ਇਕ ਹੋਰ ਵੀ ਸੱਚਾ ਤੱਥ ਹੈ, ਜਿਹੜੇ ਲੋਕੀਂ ਸਮਗਲਰ ਹਨ, ਅਫੀਮ, ਚਰਸ ਤੇ ਨਸ਼ਿਆਂ ਦਾ ਗ਼ੈਰ-ਕਾਨੂੰਨੀ ਵਪਾਰ ਕਰਦੇ ਹਨ, ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਧੰਦੇ ਵਿਚ ਬੜੇ ਇਮਾਨਦਾਰ ਹੁੰਦੇ ਹਨ, ਉਨ੍ਹਾਂ ਦੀ ਜ਼ਬਾਨ ਅਸਲ 'ਚ ਜ਼ਬਾਨ ਹੁੰਦੀ ਹੈ, ਸਿਰਫ਼ ਚਮੜੇ ਦੀ ਜ਼ਬਾਨ ਨਹੀਂ ਹੁੰਦੀ। ਉਹ ਇਕ ਵਾਰ ਜੋ ਜ਼ਬਾਨ ਦੇ ਦੇਣ, ਉਹਦੇ 'ਤੇ ਦ੍ਰਿੜ੍ਹ ਰਹਿੰਦੇ ਹਨ, ਪੂਰੀ ਇਮਾਨਦਾਰੀ ਨਾਲ ਆਪਣੀ ਜ਼ਬਾਨ 'ਤੇ ਪਹਿਰਾ ਦਿੰਦੇ ਹਨ।
ਬੇਈਮਾਨਾਂ ਨੂੰ ਕਿਹਦੇ ਹਵਾਲੇ ਕੀਤਾ ਜਾਂਦਾ ਹੈ? ਪੁਲਿਸ ਦੇ।
ਪੁਲਿਸ ਵਾਲੇ ਆਪੂੰ ਕਿੰਨੇ ਇਮਾਨਦਾਰ ਨੇ? ਮੈਂ ਇਸ ਮਾਮਲੇ 'ਚ ਆਪ ਕੁਝ ਨਹੀਂ ਕਹਿੰਦਾ।
ਸਾਢੇ ਪੰਜ ਸੌ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਅਸਲੀਅਤ ਪ੍ਰਗਟਾਈ ਕਿ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਜਾਪਦੈ ਇਹ ਤੱਥ ਭਰਿਆ ਸੱਚ, ਅਜੋਕੇ ਦੌਰ ਦਾ ਹੈ। ਉਸ ਵੇਲੇ ਸੀ. ਬੀ. ਆਈ. ਨਹੀਂ ਸੀ ਹੁੰਦੀ ਹਿੰਦੁਸਤਾਨ 'ਚ। ਅੱਜ ਤਾਂ ਜਿਹੜਾ ਵੱਡਾ ਕ੍ਰਾਈਮ ਜਾਂ ਵੱਡੀ ਹੇਰਾ-ਫੇਰੀ ਹੁੰਦੀ ਹੈ ਤਾਂ ਇਹੋ ਮੰਗ ਉਠਦੀ ਹੈ, ਨਾਲੇ ਚੰਗੀ ਤਰ੍ਹਾਂ ਰੌਲਾ ਪੈ ਜਾਂਦਾ ਹੈ, ਕਿ ਇਸ ਕੇਸ ਨੂੰ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤਾ ਜਾਵੇ।
ਅੱਜ ਵੇਖੋ ਨਾ ਅਖ਼ਬਾਰ ਇਸ ਖ਼ਬਰ ਨਾਲ ਭਰੇ ਪਏ ਹਨ ਕਿ ਜੀ-ਟੂ ਘੁਟਾਲੇ ਵਿਚ ਸੀ. ਬੀ. ਆਈ. ਦਾ ਇਕ ਵਕੀਲ ਹੀ ਅਪਰਾਧੀਆਂ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਨੂੰ ਸਲਾਹ ਦੇ ਰਿਹਾ ਹੈ ਕਿ ਕਿਵੇਂ ਬਚਣਾ ਹੈ। ਇਹ ਟੇਪ ਟੀ. ਵੀ. ਚੈਨਲਾਂ ਕੋਲ ਪਹੁੰਚ ਗਈ, ਸੀ. ਬੀ. ਆਈ. ਦੇ ਹੈੱਡ ਹਾਲਾਂ ਤਾਈਂ ਇਹ ਦੱਸਣ ਲਈ ਤਿਆਰ ਨਹੀਂ ਹਨ ਕਿ ਇਹ 'ਟੇਪ' ਕਿੱਦਾਂ ਉਹਦੇ ਹੱਥ ਲੱਗੀ, ਕਾਰਪੋਰੇਟ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕਰ ਰਹੇ।
ਇਨਕਾਰ ਕਰਨ ਜਾਂ ਨਾ, ਪਰ ਇਹ ਤਾਂ ਹਕੀਕਤ ਹੈ...
ਉਲਟਾ ਵਾੜ ਖੇਤ ਕੋ ਖਾਏ
ਬੋਫੋਰਸ ਤੋਪਾਂ ਦਾ ਇਹੋ ਜਿਹਾ ਹੀ ਕਮੀਸ਼ਨ ਘੁਟਾਲਾ 64 ਕਰੋੜ ਦਾ ਸੀ, ਵੀਹ ਸਾਲ ਲੱਗ ਗਏ, ਸਰਕਾਰ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਅੰਤ 'ਚ ਦੁੱਧ ਦੀ ਥਾਂ ਪਾਣੀ ਹੀ ਪਾਣੀ ਰਹਿ ਗਿਆ।
ਖਾਧਾ ਪੀਤਾ ਲਾਹੇ ਦਾ
ਬਾਕੀ ਅਹਿਮਦ ਸ਼ਾਹੇ ਦਾ।
ਅਹਿ ਇਕ ਨਵਾਂ ਹੈਲੀਕਾਪਟਰ ਘੁਟਾਲਾ ਉਜਾਗਰ ਹੋ ਗਿਆ ਹੈ। ਖਾਧਾ-ਪੀਤਾ ਲਾਹੇ ਦਾ... ਕਿੰਨੇ ਸੋਹਣੇ-ਸੋਹਣੇ ਤੇ ਵੱਡੇ-ਵੱਡੇ ਨਾਂਅ ਆ ਰਹੇ ਹਨ। 370 ਕਰੋੜ ਦੀ ਦਲਾਲੀ ਖਾ-ਪੀ ਗਏ।
ਰਾਤੋ-ਰਾਤ ਪੈਟਰੋਲ ਤੇ ਡੀਜ਼ਲ ਫੇਰ ਮਹਿੰਗਾ ਹੋ ਗਿਆ। ਖੰਡ ਹੋਰ ਕੌੜੀ ਹੋਣ ਵਾਲੀ ਹੈ, ਇਹਦੇ ਭਾਅ ਵੀ ਵਧਣ ਵਾਲੇ ਹਨ। ਮਹਿੰਗਾਈ ਹੋਰ ਵਧ ਗਈ ਹੈ।
ਮਹਿੰਗਾਈ ਨੂੰ ਫਾਂਸੀ 'ਤੇ ਕੌਣ ਚਾੜ੍ਹੇਗਾ? ਮਹਿੰਗਾਈ ਕੋਈ ਪਾਕਿਸਤਾਨੋਂ ਥੋੜ੍ਹਾ ਭੇਜੀ ਗਈ ਹੈ, ਅਫ਼ਜ਼ਲ ਗੁਰੂ ਵਾਂਗ ਕਿ ਇਹਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇ। ਇਹ ਤਾਂ ਜਨਤਾ ਦੀ ਲਾਡਲੀ ਹੈ, ਅਮਰ ਵੇਲ ਵਾਂਗ ਜਨਤਾ ਦੁਆਲੇ ਲਿਪਟੀ ਹੋਈ ਹੈ।

ਮੁੰਬਈ ਤੋਂ ਆਤਿਸ਼

ਮਿੰਨੀ ਕਹਾਣੀ-ਮਾਡਰੈਨਿਟੀ

ਜਵਾਨ ਜੋੜਿਆਂ ਦੀ ਕਿੱਟੀ ਪਾਰਟੀ ਦੇ ਚਲਦਿਆਂ, ਇਕੱਠ ਦੀ ਛਮਕ ਛੱਲੋ ਮਿਸਿਜ਼ ਕਲਪਨਾ, ਸਜ-ਵਿਆਹੀ ਸ਼ਾਲਿਨੀ ਨੂੰ ਇਕ ਨੁਕਰੇ ਅਲੱਗ ਕਰਕੇ ਗਪਸ਼ਪ ਮਾਰਦਿਆਂ, ਸਹੁਰੇ ਘਰ ਸ਼ਾਨ ਨਾਲ ਵਿਚਰਨ ਬਾਰੇ, ਨਸੀਹਤਾਂ ਦੇ ਰਹੀ ਸੀ ਕਿ ਉਤੋਂ ਮਿਸਿਜ਼ ਕਾਮਿਨੀ ਆ ਗਈ। ਮਿਸਿਜ਼ ਕਲਪਨਾ ਕਹਿ ਰਹੀ ਸੀ, 'ਬਈ ਪਹਿਲੇ ਪਹਿਲ, 6/8 ਮਹੀਨੇ ਬੰਦਾ ਸਹੁਰੇ ਘਰ ਇਹੀ ਕਹੀ ਜਾਵੇ ਕਿ ਮੈਨੂੰ ਤੇ ਕੁਝ ਵੀ ਨਹੀਂ ਆਉਂਦਾ, ਰਸੋਈ ਦੇ ਕੰਮ ਦਾ। ਮੈਂ ਤੇ ਕਦੇ ਚਾਹ ਤੱਕ ਵੀ ਨਹੀਂ ਬਣਾਈ, ਫੁਲਕੇ ਬਣਾਉਣਾ ਤੇ ਦੂਰ ਦੀ ਗੱਲ। ਬਸ 6/8 ਮਹੀਨਿਆਂ ਬਾਅਦ ਦੇਖਾ ਜਾਏਗਾ, ਕੀ ਲੋੜ ਏ ਬਹੁਤਾ ਕੰਮ ਕਰਨ ਦੀ? ਮਾੜੀ-ਮੋਟੀ ਮੁੱਠੀ-ਚਾਪੀ ਕਰੋ ਤੇ ਲਾਈਫ਼ ਦਾ ਮਜ਼ਾ ਲਓ।'
ਇਕ-ਦੋ ਮਿੰਟ ਹੋਰ ਗੱਲਬਾਤ, ਗੱਪਸ਼ਪ ਦੇ ਰੂਪ ਵਿਚ ਚੱਲਣ ਉਪਰੰਤ ਮਿਸਿਜ਼ ਸ਼ਾਲਿਨੀ ਨੂੰ ਉਸ ਦੇ ਪਤੀ ਨੇ ਕਿਸੇ ਹੋਰ ਨਾਲ ਤਾਅਰੁਫ਼ ਕਰਾਉਣ ਲਈ ਆਵਾਜ਼ ਮਾਰੀ ਤੇ ਉਹ 'ਮੁਆਫ਼ ਕਰਨਾ, ਹੁਣੇ ਆਈ' ਕਹਿ ਕੇ ਗਈ।
ਉਸ ਦੇ ਜਾਣ 'ਤੇ ਮਸਿਜ਼ ਕਾਮਿਨੀ ਨੇ ਮਿਸਿਜ਼ ਕਲਪਨਾ ਦਾ ਹੱਥ ਘੁੱਟਦਿਆਂ ਹਾਸੇ-ਹਾਸੇ 'ਚ ਕਿਹਾ, 'ਬਈ, ਕਿਉਂ ਖਰਾਬ ਕਰਦੀ ਏਂ, ਹੁਣੇ-ਹੁਣੇ ਵਿਆਹ ਕੇ ਆਈ ਨੂੰ, ਖੁਦ ਤਾਂ ਘਰ ਵਿਚ ਸੱਸ ਨਾਲ ਪੂਰਾ ਕੰਮ ਕਰਦੀ ਐਂ।'
'ਓ ਯਾਰ, ਬਸ ਜ਼ਰਾ ਮਜ਼ਾ ਲਈ ਦੈ, ਥੋੜ੍ਹਾ ਜਿਹਾ ਖਰਾਬ ਕਰਕੇ ਮਜ਼ਾ ਆਉਂਦੈ। ਜ਼ਰਾ ਡਾਂਗ-ਸੋਟਾ ਸੀਨ ਬਣੇ, ਕਲਾਈਮੈਕਸ ਵਧੀਆ ਬਣਦੈ, ਕਹਾਣੀ 'ਚ ਦਮ ਪੈਦਾ ਹੁੰਦੈ।' ਦੋਸਤਾਂ ਦੇ ਗਰੁੱਪ 'ਚ ਛਮਕ ਛੱਲੋ ਦੇ ਨਾਂਅ ਨਾਲ ਮਸ਼ਹੂਰ ਮਿਸਿਜ਼ ਕਲਪਨਾ ਆਪਣੀ ਨਸੀਹਤ ਦੇ ਪਰਿਣਾਮ ਨੂੰ ਅਣਗੌਲਦਿਆਂ ਸਹਿਜੇ ਜਿਹੇ ਕਹਿ ਰਹੀ ਸੀ।
'ਨਹੀਂ-ਨਹੀਂ, ਯਾਰ ਇਹ ਠੀਕ ਨਹੀਂ...' ਕਾਮਿਨੀ ਕੁਝ ਹੋਰ ਅੱਗੇ ਮਿਸਿਜ਼ ਕਲਪਨਾ ਨੂੰ ਕਹਿਣ ਹੀ ਲੱਗੀ ਸੀ ਕਿ ਮਿਸਿਜ਼ ਕਲਪਨਾ ਉਸ ਨੂੰ ਟੋਕਦਿਆਂ ਕਹਿਣ ਲੱਗੀ, 'ਦੇਖੋ ਮਿਸਿਜ਼ ਕਾਮਿਨੀ, ਇਸੇ ਕਿੱਟੀ ਗਰੁੱਪ ਦੀਆਂ ਮੈਂਬਰਾਂ ਨੇ ਜਦੋਂ ਮੈਂ ਤਾਜ਼ੀ-ਤਾਜ਼ੀ ਵਿਆਹ ਬਾਅਦ ਗਰੁੱਪ ਮੈਂਬਰ ਬਣੀ ਸੀ, ਮੈਨੂੰ ਚਿਕਨੇ-ਚੁਪੜੇ ਬੋਲਾਂ ਨਾਲ ਇਹੋ ਜਿਹੀਆਂ ਹੀ ਗੱਲਾਂ ਸਮਝਾ ਕੇ ਘਰੇ ਲੜਾ ਦਿੱਤਾ ਸੀ। ਜਦੋਂ ਮਾਮਲਾ ਥੋੜ੍ਹਾ ਵਿਗੜਿਆ ਸੀ, ਉਸ ਨੂੰ ਐਪਰਲ ਫੂਲ ਦੀ ਤਰ੍ਹਾਂ ਹਾਸੇ 'ਚ ਮੌਜਮਸਤੀ ਕਰਾਰ ਦਿੱਤਾ ਸੀ। ਸਹੁਰੇ ਘਰ ਸ਼ਰਮਸਾਰ ਮੈਂ ਹੋਈ ਤੇ ਆਪੇ ਹੀ ਸਭ ਸੰਭਾਲਿਆ। ਸੋ, ਮੈਂ ਤੇ ਉਹੋ ਜਿਹੀ ਮੌਜਮਸਤੀ 'ਚ ਹੀ ਆਪਣਾ ਬਦਲਾ ਲੈ ਰਹੀ ਆਂ।' ਤੇ ਇੰਨਾ ਕਹਿੰਦਿਆਂ ਠਹਾਕਾ ਮਾਰ ਕੇ ਹੱਸਦਿਆਂ ਜਦੋਂ ਗਰਦਨ ਘੁਮਾਈ ਤਾਂ ਪਾਣੀ-ਪਾਣੀ ਹੋ ਗਈ ਕਿ ਮਿਸਿਜ਼ ਸ਼ਾਲਿਨੀ ਕੋਨੇ 'ਚ ਖੜ੍ਹੀ ਸਭ ਕੁਝ ਸੁਣ ਰਹੀ ਸੀ।

ਇੰਜ: ਡੀ. ਐਮ. ਸਿੰਘ
-61-ਬੀ, ਸ਼ਾਸਤਰੀ ਨਗਰ, ਮਾਡਲ ਟਾਊਨ, ਲੁਧਿਆਣਾ।
ਮੋਬਾਈਲ : 98155-09390.

1857 ਦੇ ਆਜ਼ਾਦੀ ਘੁਲਾਟੀਏ-ਜਨਰਲ ਬਖ਼ਤ ਖ਼ਾਂ ਰੁਹੇਲਾ

ਸਦੀਆਂ ਦੇ ਬੋਲ

ਰੁਹੇਲੇ ਕੌਣ ਹਨ, ਇਸ ਬਾਰੇ ਇਤਿਹਾਸਕਾਰ ਲਿਖਦੇ ਹਨ, 'ਸਤਾਰ੍ਹਵੀਂ ਸਦੀ ਦੇ ਅਖ਼ੀਰ ਅਤੇ ਅਠਾਰਹਵੀਂ ਸਦੀ ਦੇ ਸ਼ੁਰੂ ਵਿਚ ਅਫ਼ਗ਼ਾਨਿਸਤਾਨ ਦੇ 'ਰੋਹ' ਇਲਾਕੇ ਤੋਂ ਜਿਹੜੇ ਪਠਾਨ ਨੌਕਰੀਆਂ ਦੀ ਭਾਲ ਵਿਚ ਹਿੰਦੁਸਤਾਨ ਆਏ, ਉਨ੍ਹਾਂ ਨੂੰ ਰੁਹੇਲੇ ਕਿਹਾ ਜਾਂਦਾ ਸੀ। 'ਰੋਹ' ਹਿੰਦੂਕੁਸ਼ ਪਹਾੜ ਅਤੇ ਸੁਲੇਮਾਨ ਪਹਾੜ ਦੇ ਇਲਾਕੇ ਨੂੰ ਕਿਹਾ ਜਾਂਦਾ ਹੈ। ਰੁਹੇਲੇ ਘੋੜੇ ਪਾਲਦੇ ਸਨ ਅਤੇ ਉਨ੍ਹਾਂ ਦਾ ਵਪਾਰ ਵੀ ਕਰਦੇ ਸਨ। ਇਹ ਟੱਪਰੀਵਾਸ ਲੋਕ ਸਨ ਜਿਹੜੇ ਵਪਾਰ ਦੇ ਨਾਲ ਨਾਲ ਫ਼ੌਜੀ ਨੌਕਰੀਆਂ ਵੀ ਕਰ ਲੈਂਦੇ ਸਨ। ਕਿਉਂਕਿ ਉਸ ਸਮੇਂ ਹਿੰਦੁਸਤਾਨ ਘੋੜਿਆਂ ਦੀ ਵੱਡੀ ਮੰਡੀ ਸੀ, ਇਸ ਲਈ ਇਹ ਲੋਕ ਵਪਾਰ ਕਰਦੇ ਕਰਦੇ ਹਿੰਦੁਸਤਾਨ ਨੂੰ ਪੱਕਾ ਵਸੇਬਾ ਹੀ ਬਣਾ ਕੇ ਬੈਠ ਗਏ। ਇਨ੍ਹਾਂ ਲੋਕਾਂ ਦੀ ਵਿਲੱਖਣ ਖ਼ੂਬੀ ਇਹ ਸੀ ਕਿ ਇਹ ਜਿਸ ਇਲਾਕੇ ਵਿਚ ਆਬਾਦ ਹੁੰਦੇ, ਉਸ ਨੂੰ ਅਪਣੀ ਮਾਰੂਸੀ ਜਗੀਰ ਬਣਾ ਲੈਂਦੇ ਅਤੇ ਉਸ ਇਲਾਕੇ ਵਿਚ ਸਰਕਾਰ ਦੀ ਦਖ਼ਲ-ਅੰਦਾਜ਼ੀ ਵੀ ਬਰਦਾਸ਼ਤ ਨਾ ਕਰਦੇ ਜਿਵੇਂ ਅੱਜ ਵੀ ਅਫ਼ਗ਼ਾਨਸਤਾਨ ਅਤੇ ਪਾਕਿਸਤਾਨ ਦੇ ਪਹਾੜਾਂ ਵਾਲੇ ਸਰਹੱਦੀ ਇਲਾਕਿਆਂ ਉੱਤੇ ਇਨ੍ਹਾਂ ਦਾ ਕਬਜ਼ਾ ਹੈ ਅਤੇ ਇਨ੍ਹਾਂ ਦਾ ਅਪਣਾ ਕਬੀਲਾ ਸਿਸਟਮ ਚੱਲਦਾ ਹੈ। ਉਸ ਸਮੇਂ ਇਹ ਲੋਕ ਛੋਟੇ ਛੋਟੇ ਕਬੀਲਿਆਂ ਵਿਚ ਵਸਦੇ ਸਨ ਅਤੇ ਮੁਸੀਬਤ ਸਮੇਂ ਇਕ ਦੂਜੇ ਦੀ ਸਹਾਇਤਾ ਕਰਦੇ ਸਨ'। ਮੁਗ਼ਲ ਰਾਜ ਦੇ ਅੰਤ ਸਮੇਂ ਬਰੇਲੀ ਦੇ ਆਲੇ-ਦੁਆਲੇ ਆਬਾਦ ਹੋਏ ਇਨ੍ਹਾਂ ਰੁਹੇਲਿਆਂ ਨੇ ਰੁਹੇਲ ਖੰਡ ਨਾਂ ਦਾ ਅਪਣਾ ਰਾਜ ਸਥਾਪਤ ਕਰ ਲਿਆ ਸੀ। ਜਨਰਲ ਬਖ਼ਤ ਖ਼ਾਂ ਰੁਹੇਲੇ ਦਾ ਜਨਮ ਰੁਹੇਲ ਖੰਡ ਦੇ ਇਕ ਛੋਟੇ ਜਿਹੇ ਕਸਬੇ ਸੁਲਤਾਨ ਪੁਰ ਵਿਖੇ ਹੋਇਆ। ਉਸ ਦਾ ਦਾਦਾ ਗ਼ੁਲਾਮ ਕਾਦਰ ਖ਼ਾਂ ਬਰੇਲੀ ਦੇ ਹਾਕਮ ਹਾਫ਼ਿਜ਼ ਰਹਿਮਤ ਖ਼ਾਂ ਦਾ ਦਰਬਾਰੀ ਸੀ। ਜਦੋਂ ਅੰਗਰੇਜ਼ਾਂ ਦੇ ਹੱਥੋਂ ਬਰੇਲੀ ਦੀ ਬਰਬਾਦੀ ਹੋਈ ਤਾਂ ਗ਼ੁਲਾਮ ਕਾਦਰ ਖ਼ਾਂ ਨੂੰ ਵੀ ਬਰੇਲੀ ਛੱਡ ਕੇ ਅਵਧ ਦੇ ਨਵਾਬ ਦੀ ਨੌਕਰੀ ਕਰਨੀ ਪਈ। ਹਾਫ਼ਿਜ਼ ਗ਼ੁਲਾਮ ਕਾਦਰ ਖ਼ਾਂ ਦਾ ਇਕ ਪੁੱਤਰ ਜਿਸ ਦਾ ਨਾਂ ਅਬਦੁੱਲਾ ਖ਼ਾਂ ਸੀ, ਦਲੇਰ, ਖ਼ੂਬਸੂਰਤ ਅਤੇ ਚੰਗੀ ਸ਼ਖ਼ਸ਼ੀਅਤ ਦਾ ਮਾਲਿਕ ਸੀ। ਉਹ ਅਵਧ ਦੇ ਨਵਾਬ ਸ਼ੁਜਾਹ-ਉਦ-ਦੌਲਾ ਦੇ ਪਰਿਵਾਰ ਦੀ ਇਕ ਸ਼ਹਿਜ਼ਾਦੀ ਦੀ ਨਜ਼ਰ ਚੜ੍ਹ ਗਿਆ ਜਿਸ ਤੋਂ ਬਾਅਦ ਗ਼ੁਲਾਮ ਕਾਦਰ ਖ਼ਾਂ ਦੀ ਅਵਧ ਦੇ ਨਵਾਬ ਨਾਲ ਰਿਸ਼ਤੇਦਾਰੀ ਬਣ ਗਈ। ਅਵਧ ਦੇ ਨਵਾਬ ਨੇ ਅਬਦੁੱਲਾ ਖ਼ਾਂ ਨਾਲ ਪੁਤਰੀ ਦਾ ਵਿਆਹ ਕਰਨ ਪਿੱਛੋਂ ਸੁਲਤਾਨ ਪੁਰ ਵਿਖੇ ਇਕ ਜਗੀਰ ਉਸ ਨੂੰ ਦਾਜ ਵਿਚ ਦਿੱਤੀ। ਇਸੇ ਜਗੀਰ ਵਿਚ ਅਵਧ ਦੀ ਸ਼ਹਿਜ਼ਾਦੀ ਦੀ ਕੁੱਖੋਂ ਬਖ਼ਤ ਖ਼ਾਂ ਰੁਹੇਲੇ ਦਾ ਜਨਮ ਹੋਇਆ।

ਜਵਾਨ ਹੋ ਕੇ ਬਖ਼ਤ ਖ਼ਾਂ ਰੁਹੇਲੇ ਨੇ ਸਿਪਾਹੀ ਬਣਨਾ ਪਸੰਦ ਕੀਤਾ ਕਿਉਂ ਜੋ ਸਿਪਾਹ ਗਿਰੀ ਉਸ ਨੂੰ ਵਿਰਸੇ ਵਿਚ ਮਿਲੀ ਸੀ। ਇਸ ਲਈ ਉਹ ਅਪਣੀ ਬਹਾਦਰੀ ਦੇ ਸਿਰ 'ਤੇ ਥੋੜੇ ਹੀ ਸਮੇਂ ਵਿਚ ਇਕ ਮਾਮੂਲੀ ਸਿਪਾਹੀ ਤੋਂ ਉਪਰਲੇ ਅਹੁਦੇ ਤੱਕ ਪਹੁੰਚ ਗਿਆ। ਜਦੋਂ ਅੰਗਰੇਜ਼ਾਂ ਦੀ ਅਫ਼ਗ਼ਾਨਿਸਤਾਨ ਨਾਲ ਜੰਗ ਹੋਈ ਤਾਂ ਉਹ ਅੰਗਰੇਜ਼ੀ ਫ਼ੌਜ ਦੇ ਸਭ ਤੋਂ ਵੱਡੇ ਦੇਸੀ ਅਫ਼ਸਰ ਸਨ। ਜੰਗ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਦੇ ਬਦਲੇ ਅੰਗਰੇਜ਼ਾਂ ਵੱਲੋਂ ਉਸ ਦੀਆਂ ਤੋਪਾਂ ਉੱਤੇ ਫੁੱਲਾਂ ਦੇ ਹਾਰ ਸਜਾਏ ਗਏ। ਜੰਗ ਤੋਂ ਬਾਅਦ ਬਖ਼ਤ ਖ਼ਾਂ ਨੂੰ ਤਰੱਕੀ ਦੇ ਕੇ ਸੂਬੇਦਾਰ ਬਣਾ ਦਿੱਤਾ ਗਿਆ ਅਤੇ ਉਹ ਕਈ ਛਾਉਣੀਆਂ ਵਿਚ ਇਸ ਅਹੁਦੇ ਉੱਤੇ ਨਿਯੁਕਤ ਰਿਹਾ।
1857 ਈਸਵੀ ਨੂੰ ਜਦੋਂ ਮਈ ਦੇ ਮਹੀਨੇ ਹਿੰਦੁਸਤਾਨ ਦੀ ਫ਼ੌਜ ਵਿਚ ਪਹਿਲੀ ਬਗ਼ਾਵਤ ਹੋਈ, ਉਸ ਸਮੇਂ ਬਖ਼ਤ ਖ਼ਾਂ ਬਰੇਲੀ ਦੀ ਛਾਉਣੀ ਵਿਚ ਨਿਯੁਕਤ ਸੀ। ਜਦੋਂ ਬਗ਼ਾਵਤ ਦੀ ਖ਼ਬਰ ਬਰੇਲੀ ਦੀ ਛਾਉਣੀ ਵਿਚ ਪਹੁੰਚੀ ਤਾਂ ਬਖ਼ਤ ਖ਼ਾਂ ਦੇ ਸਿਪਾਹੀਆਂ ਨੇ ਵੀ ਆਜ਼ਾਦੀ ਦਾ ਝੰਡਾ ਲਹਿਰਾ ਦਿੱਤਾ। ਉਸ ਸਮੇਂ ਜੇ ਬਖ਼ਤ ਖ਼ਾਂ ਚਾਹੁੰਦਾ ਤਾਂ ਅੰਗਰੇਜ਼ਾਂ ਦੀ ਖ਼ੁਸ਼ੀ ਪ੍ਰਾਪਤ ਕਰਨ ਲਈ ਬਗ਼ਾਵਤ ਕਰਨ ਵਾਲਿਆਂ ਨੂੰ ਦਰੜ ਵੀ ਸਕਦਾ ਸੀ ਪਰ ਉਸ ਨੇ ਅਪਣੇ ਮੁਲਕ ਦੀ ਆਜ਼ਾਦੀ ਲਈ ਅਫ਼ਸਰੀ ਨੂੰ ਤਿਲਾਂਜਲੀ ਦੇ ਦਿੱਤੀ ਅਤੇ ਆਜ਼ਾਦੀ ਪ੍ਰੇਮੀਆਂ ਦੀ ਕਮਾਨ ਸੰਭਾਲ ਲਈ। ਅੰਗਰੇਜ਼ਾਂ ਤੋਂ ਬਾਗ਼ੀ ਹੋਏ ਸਿਪਾਹੀਆਂ ਨੇ ਬਖ਼ਤ ਖ਼ਾਂ ਨੂੰ ਅਪਣਾ ਸਰਦਾਰ ਮੰਨ ਕੇ ਅੰਗਰੇਜ਼ ਅਫ਼ਸਰਾਂ ਨੂੰ ਕਤਲ ਕਰ ਦਿੱਤਾ, ਸਰਕਾਰ ਦਾ ਜੇਲ੍ਹਖ਼ਾਨਾਂ ਤੋੜ ਦਿੱਤਾ ਅਤੇ ਖ਼ਜ਼ਾਨੇ ਨੂੰ ਲੁੱਟ ਲਿਆ।

ਉਸ ਸਮੇਂ ਲਖਨਊ ਤੋਂ ਛਪਦੇ ਇਕ ਅਖ਼ਬਾਰ ਦਾ ਲੇਖਕ ਨੱਜਮੁਲ ਗ਼ਨੀ ਖ਼ਾਂ ਲਿਖਦਾ ਹੈ, '1 ਜੁਲਾਈ 1857 ਨੂੰ ਜਿਹੜੀ ਬਰੇਲੀ ਦੀ ਬਾਗ਼ੀ ਫ਼ੌਜ ਨੇ ਬਖ਼ਤ ਖ਼ਾਂ ਦੀ ਕਮਾਨ ਹੇਠ ਜਮਨਾ ਦਰਿਆ ਨੂੰ ਪਾਰ ਕੀਤਾ, ਉਸ ਵਿਚ ਚਾਰ ਪੈਦਲ ਪਲਟਣਾਂ, ਇਕ ਰਸਾਲਾ, ਇਕ ਤੋਪ ਖ਼ਾਨਾਂ ਸਮੇਤ ਪੰਜ ਲੱਖ ਰੁਪਈਏ ਵੀ ਸ਼ਾਮਿਲ ਸਨ। ਦੋ ਜੁਲਾਈ ਨੂੰ ਇਹ ਫ਼ੌਜ ਦਿੱਲੀ ਪੁੱਜੀ'। ਦਾਸਤਾਨੇ ਗ਼ਦਰ ਦਾ ਲੇਖਕ ਜ਼ਹੀਰ ਦੇਹਲਵੀ ਲਿਖਦਾ ਹੈ ਕਿ ਜਦੋਂ ਬਖ਼ਤ ਖ਼ਾਂ ਦੀ ਫ਼ੌਜ ਦਿੱਲੀ ਅੱਪੜੀ ਤਾਂ ਉਸ ਦਾ ਬੁਰਾ ਹਾਲ ਸੀ। ਦੇਖਣ-ਪਾਖਣ ਨੂੰ ਬਖ਼ਤ ਖ਼ਾਂ ਲੱਗ ਰਿਹਾ ਸੀ ਕਿ ਕੋਈ ਪੂਰਬੀਆ ਸਿਪਾਹੀ ਹੋਵੇਗਾ। ਤੂਫ਼ੈਲ ਅਹਿਮਦ ਮੰਗਲੌਰੀ ਬਖ਼ਤ ਖ਼ਾਂ ਦੇ ਨਾਲ ਦਿੱਲੀ ਪਹੁੰਚਣ ਵਾਲੀ ਫ਼ੌਜ ਦੀ ਗਿਣਤੀ ਚੌਦਾਂ ਹਜ਼ਾਰ ਲਿਖਦਾ ਹੈ। 'ਮੁਸਲਮਾਨੋਂ ਕਾ ਸ਼ਾਨਦਾਰ ਮੁਸਤਕਬਿਲ' ਦਾ ਲੇਖਕ ਸਫ਼ਾ 90 ਉੱਤੇ ਲਿਖਦਾ ਹੈ, 'ਬਰੇਲੀ ਦਾ ਖ਼ਜ਼ਾਨਾ ਲੁੱਟਣ ਤੋਂ ਬਾਅਦ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਬਖ਼ਤ ਖ਼ਾਂ ਨੇ ਅਪਣੇ ਫ਼ੌਜੀਆਂ ਨੂੰ ਛੇ ਮਹੀਨਿਆਂ ਦੀ ਤਨਖ਼ਾਹ ਪਹਿਲਾਂ ਹੀ ਦੇ ਦਿੱਤੀ ਅਤੇ ਬਾਕੀ ਚਾਰ ਲੱਖ ਰੁਪਈਆ ਦਿੱਲੀ ਜਾ ਕੇ ਬਹਾਦਰ ਸ਼ਾਹ ਜ਼ਫ਼ਰ ਨੂੰ ਨਜ਼ਰਾਨੇ ਵਜੋਂ ਭੇਂਟ ਕਰ ਦਿੱਤਾ। ਜਦੋਂ ਬਖ਼ਤ ਖ਼ਾਂ ਦਿੱਲੀ ਪਹੁੰਚਿਆ ਤਾਂ ਬਹਾਦਰ ਸ਼ਾਹ ਜ਼ਫ਼ਰ ਨੇ ਅਪਣੇ ਸਹੁਰੇ ਨਵਾਬ ਅਹਿਮਦ ਕੁਲੀ ਖ਼ਾਂ ਨੂੰ ਉਸ ਦੇ ਸਵਾਗਤ ਲਈ ਭੇਜਿਆ। ਲਾਲ ਕਿਲ੍ਹੇ ਵਿਚ ਪਹੁੰਚ ਕੇ ਜਦੋਂ ਬਖ਼ਤ ਖ਼ਾਂ ਨੇ ਅਪਣੀਆਂ ਸੇਵਾਵਾਂ ਬਹਾਦਰ ਸ਼ਾਹ ਜ਼ਫ਼ਰ ਨੂੰ ਪੇਸ਼ ਕੀਤੀਆਂ ਤਾਂ ਬਹਾਦਰ ਸ਼ਾਹ ਨੇ ਉਸ ਦਾ ਹੱਥ ਅਪਣੇ ਹੱਥ ਵਿਚ ਲੈ ਕੇ ਘੁੱਟ ਲਿਆ। ਦਰਬਾਰੀ ਰਵਾਇਤ ਅਨੁਸਾਰ ਹੱਥ ਘੁੱਟਣ ਦਾ ਭਾਵ ਇਹ ਸੀ ਕਿ ਬਾਦਸ਼ਾਹ ਨੇ ਤੁਹਾਡੀਆਂ ਸੇਵਾਵਾਂ ਕਬੂਲ ਕਰ ਲਈਆਂ ਹਨ। ਬਹਾਦਰ ਸ਼ਾਹ ਜ਼ਫ਼ਰ ਨੇ ਉਸ ਨੂੰ ਫ਼ਰਜੰਦ ਦਾ ਖ਼ਿਤਾਬ ਦਿੱਤਾ। ਉਸ ਨੇ ਇਕ ਤਲਵਾਰ ਅਤੇ ਢਾਲ ਤੋਹਫ਼ੇ ਵਜੋਂ ਦੇਣ ਦੇ ਨਾਲ ਸ਼ਹਿਰ ਵਿਚ ਮੁਨਾਦੀ ਕਰਵਾ ਦਿੱਤੀ ਕਿ ਸਾਰੀ ਫ਼ੌਜ ਬਖ਼ਤ ਖ਼ਾਂ ਦਾ ਹੁਕਮ ਮੰਨੇ ਜਿਹੜੇ ਉਸ ਦੇ ਜਰਨੈਲ ਹਨ'। (ਬਾਕੀ ਅਗਲੇ ਐਤਵਾਰ)

ਨੂਰ ਮੁਹੰਮਦ 'ਨੂਰ'
-ਬੀ 3/524 ਕਿਲ੍ਹਾ ਰਹਿਮਤਗੜ੍ਹ, ਮਾਲੇਰਕੋਟਲਾ।
ਮੋਬਾਇਲ-98555-51359.

ਕਿਤੇ ਕੋਮਲ ਦਿਮਾਗ਼ ਮਸ਼ੀਨ ਨਾ ਬਣ ਜਾਏ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਹ ਗੱਲ ਕਿਸੇ ਤੋਂ ਵੀ ਲੁਕੀ-ਛਿਪੀ ਨਹੀਂ ਕਿ ਸਾਡਾ ਬੱਚਾ ਸੂਰਜ ਚੜ੍ਹਨ ਤੋਂ ਪਹਿਲਾਂ ਸਕੂਲ ਵੈਨ 'ਚ ਸਵਾਰ ਹੋ ਜਾਂਦਾ ਹੈ ਤੇ ਸੂਰਜ ਢਲੇ ਤੋਂ ਵਾਪਸ ਆਉਂਦਾ ਹੈ। ਫਿਰ ਆਉਣ ਸਾਰ ਜੁਟ ਜਾਂਦਾ ਹੈ ਢੇਰ ਸਾਰੀਆਂ ਕਾਪੀਆਂ ਦਾ ਹੋਮ-ਵਰਕ ਕਰਨ 'ਚ ਕਿਉਂਕਿ ਉਹਨੇ ਆਉਣ ਵਾਲੇ ਕੱਲ੍ਹ ਦੀ ਸਵੇਰੇ ਤੋਂ ਪਹਿਲਾਂ ਪਹਿਲਾਂ ਇਹ ਨਿਬੇੜਨਾ ਹੁੰਦਾ ਹੈ। ਉਸ ਦੀ ਸੋਚ, ਸਿੱਖਣ ਦੀ ਬਜਾਏ ਨਿਬੇੜਨ ਤਕ ਹੀ ਸੀਮਤ ਰਹਿ ਜਾਂਦੀ ਹੈ। ਇਸ ਤਰ੍ਹਾਂ ਬੱਚੇ ਅੰਦਰ ਸਿੱਖਣ-ਸਮਝਣ ਜਾਂ ਆਪਣੇ ਵਲੋਂ ਕੁਝ ਕਰ ਵਿਖਾਉਣ ਦਾ ਸੰਕਲਪ ਹੀ ਨਹੀਂ ਜਾਗਦਾ। ਹੁਣ ਤੁਸੀਂ ਆਪ ਹੀ ਸੋਚੋ ਭਲਾ! ਇਹ ਮਸ਼ੀਨੀ ਸੁਭਆ ਨਹੀਂ ਤਾਂ ਹੋਰ ਕੀ ਏ ? ਬੱਚੇ ਦੇ ਸਕੂਲ ਦਾ ਸਫ਼ਰ ਅੱਧੇ ਘੰਟੇ ਦੇ ਵਕਫ਼ੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਉਸਦੀ ਸਵਾਰੀ ਅਰਾਮਦਾਇਕ, ਤੇ ਸਫ਼ਰ ਸੁਹਾਵਣਾ ਹੋਣਾ ਚਾਹੀਦਾ ਹੈ। ਉਸਦਾ ਬਸਤਾ ਭਾਰਾ,ਬੋਝਲ ਜਾਂ ਚੱਕਣ-ਧਰਣ ਦੇ ਪੱਖੋਂ ਵੱਸੋਂ-ਬਾਹਰਾ ਨਹੀਂ ਹੋਣਾ ਚਾਹੀਦਾ। ਸਕੂਲੀ ਸਫ਼ਰ ਤੇ ਬਸਤੇ ਦੇ ਥਕਾਏ ਬੱਚੇ ਸੁਸਤ, ਉਦਾਸ ਰਹਿੰਦੇ ਹਨ ਤੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਸਕਦੇ ਹਨ। ਛੋਟੇ ਬੱਚੇ ਦਾ ਸਕੂਲ ਚੁਣਦੇ ਵਕਤ ਧਿਆਨ ਰੱਖੋ ਕਿ ਉਥੇ ਬੱਚੇ ਦੇ ਖੇਡਣ-ਕੁੱਦਣ ਲਈ ਲੋੜੀਂਦੀ ਥਾਂ ਹੈ ਜਾਂ ਨਹੀਂ ? ਉਥੋਂ ਦੇ ਅਧਿਆਪਕ ਜਾਂ ਪ੍ਰਬੰਧਕ ਬੱਚਿਆਂ ਨੂੰ ਆਮ ਜਾਣਕਾਰੀ , ਚੰਗਾ ਵਿਵਹਾਰ, ਅਨੁਸ਼ਾਸਨ ਜਾਂ ਬਾਲ-ਮਨਾਂ ਦੇ ਪੱਧਰ ਦਾ ਕੰਮ-ਕਾਜ ਵੀ ਸਿਖਾਉਂਦੇ ਹਨ ਕਿ ਕੇਵਲ ਡੰਡਾ ਹੀ ਖੜਕਾਉਂਦੇ ਹਨ।

ਜੇਕਰ ਅਸੀਂ ਵਰਤਮਾਨ ਸਮੇਂ ਦੀ ਚਾਲੂ ਸਿੱਖਿਆ ਨੀਤੀ ਨੂੰ ਅਵਿਗਿਆਨਕ ਕਹਿ ਦੇਈਏ ਤਾਂ ਕੁਝ ਹੱਦ ਤੱਕ ਠੀਕ ਹੀ ਲੱਗੇਗੀ। ਅਸੀਂ ਇਸ ਗੱਲੋਂ ਵੀ ਤਾਂ ਇਨਕਾਰ ਨਹੀਂ ਕਰ ਸਕਦੇ ਕਿ ਆਧੁਨਿਕਤਾ ਅਤੇ ਨਵੀਆਂ ਤਕਨੀਕਾਂ ਦੇ ਤਜਰਬਿਆਂ ਨੇ ਬੱਚਿਆਂ ਲਈ ਨਵੇਂ ਮੌਕੇ ਪੈਦਾ ਕੀਤੇ ਹਨ। ਪਰ ਸਿੱਖਿਆ ਨੀਤੀਆਂ ਬਣਾਉਣ ਵਾਲੇ ਸ਼ਾਸਤਰੀਆਂ ਦੇ ਮਾਨਸਿਕ ਤੌਰ 'ਤੇ ਨਾ ਬਦਲਣ ਕਾਰਨ ਬੱਚਿਆਂ ਨੂੰ ਇਸਦਾ ਬਹੁਤਾ ਲਾਭ ਨਹੀਂ ਹੋਇਆ ਜਾਪਦਾ। ਉਨ੍ਹਾਂ ਦੇ ਮਨਾਂ 'ਤੇ ਤਾਂ ਕਿਤਾਬਾਂ ਦਾ ਵਾਧੂ ਬੋਝ ਤੇ ਪਾਠਾਂ-ਲੈਸਨਾਂ ਨੂੰ ਰੱਟੇ-ਘੋਟੇ ਲਾਉਣ ਦਾ ਤਣਾਅ ਹਰ ਸਮੇਂ ਬਣਿਆ ਰਹਿੰਦਾ ਹੈ। ਗੱਲ ਕੀ , ਬੱਚੇ ਦਾ ਕੋਮਲ ਬਚਪਨ , ਭਾਰੀ ਬਸਤੇ ਦੇ ਭਾਰ ਥੱਲੇ ਦੱਬਿਆ ਨਜ਼ਰ ਆ ਰਿਹਾ ਹੈ। ਉਹ ਬਚਪਨ ਜਿਸ ਦੀ ਪ੍ਰੀਭਾਸ਼ਾ ਅਸੀਂ ਸ਼ਰਾਰਤੀ, ਚੁਸਤੀ, ਕਲੋਟੇ ਸੁਆਲਾਂ, ਮਸਤੀ, ਅਣਭੋਲ ਅਦਾਵਾਂ ਅਤੇ ਚੋਹਲ-ਮੋਹਲ ਨਾਲ ਕਰਦੇ ਰਹੇ ਹਾਂ , ਅੱਜ ਉਹ ਤਕਨੀਕੀ ਚੁੱਪ ਵਿਚ ਗੁਆਚ ਗਿਆ ਹੈ। ਅਸੀਂ ਦੇਖਦੇ ਹਾਂ ਕਿ ਬਚਪਨ ਦੀਆਂ ਰਵਾਇਤੀ ਖੇਡਾਂ ਕੋਟਲਾ-ਛਪਾਕੀ, ਖਿੱਦੋ-ਖੂੰਡੀ, ਭੰਡਾ-ਭੰਡਾਰੀਆ, ਈਂਗਣ-ਮੀਂਗਣ, ਤੱਤੀ-ਤਾਉਣੀ, ਕਿੱਕਲੀ, ਲੁਕਣ-ਮਚਾਈ, ਬਾਂਦਰ-ਕਿੱਲਾ ਆਮ ਬੱਚਿਆਂ ਦੇ ਦਿਮਾਗ 'ਚੋਂ ਮਨਫ਼ੀ ਹੁੰਦੀਆਂ ਜਾ ਰਹੀਆਂ ਹਨ ਅਤੇ ਇਹਨਾਂ ਦੀ ਥਾਂ ਕੰਪਿਊਟਰ ਯੁੱਗ ਦੀਆਂ ਬਿਜਲਈ ਗੇਮਾਂ ਨੇ ਮੱਲ ਲਈ ਹੈ। ਅਜੋਕੇ ਬੱਚੇ 'ਤੇ ਕਿਤਾਬਾਂ ਅਤੇ ਤਕਨਾਲੋਜੀ ਦਾ ਏਨਾ ਬੋਝ ਪਾ ਦਿੱਤਾ ਗਿਆ ਹੈ ਕਿ ਉਹ ਅਪਣੀ ਪੜ੍ਹਾਈ ਬਾਰੇ ਖੁੱਲ੍ਹੇ ਵਿਚਾਰਾਂ ਨਾਲ ਸੋਚ ਵੀ ਨਹੀਂ ਸਕਦਾ। ਬਸ, ਉਹਦੇ ਲਈ ਤਾਂ ਘੋਟੇ ਚਾੜ੍ਹਨਾ ਹੀ ਵਰਦਾਨ ਸਾਬਤ ਹੋ ਰਿਹਾ ਹੈ। ਮਾਨਸਿਕ ਦਬਾਅ ਥੱਲੇ ਉਹ ਆਪਣੇ ਟੀਚੇ ਦੀ ਪੂਰਤੀ ਲਈ ਤਤਪਰ ਰਹਿੰਦਾ ਹੈ ਤੇ ਉਹਦਾ ਮੌਲਿਕ ਵਿਕਾਸ ਬਿਲਕੁਲ ਨਹੀਂ ਹੁੰਦਾ।

ਮਨੋਵਿਗਿਆਨੀ ਵੀ ਇਸ ਵਿਚਾਰ ਨੂੰ ਮੰਨਦੇ ਹਨ ਕਿ ਸਾਡੀ ਵਰਤਮਾਨ ਸਿੱਖਿਆ ਨੀਤੀ ਵਿਚ ਦੋ ਤਰ੍ਹਾਂ ਦੇ ਨਕਾਰਾਤਮਕ ਪਹਿਲੂ ਹਨ। ਪਹਿਲਾ ਇਹ ਕਿ ਇਹ ਲੋੜ ਤੋਂ ਵਧੇਰੇ ਤਕਨੀਕੀ ਹੋ ਗਈ ਹੈ। ਦੂਜਾ ਇਹ ਕਿ ਬੱਚੇ ਨੂੰ ਕਿਸੇ ਦਬਾਅ ਨਾਲ ਬਣਾਉਟੀ ਤੌਰ 'ਤੇ ਸਾਂਚੇ 'ਚ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਬੱਚੇ ਲਈ ਉਹ ਪਲ ਸਿਰਫ਼ ਯਾਦਾਂ ਬਣ ਕੇ ਰਹਿ ਗਏ ਹਨ ਜਦੋਂ ਉਹ ਆਪਣੀ ਮਰਜ਼ੀ ਨਾਲ ਜਾਂ ਅਜ਼ਾਦੀ ਨਾਲ ਖੇਡ-ਕੁੱਦ, ਘੁੰਮ-ਫਿਰ, ਮਨੋਰੰਜਨ ਜਾਂ ਫਿਰ ਆਪਣੀ ਮਨਪਸੰਦ ਦਾ ਕੋਈ ਕੰਮ ਸੁੱਤੇ-ਸਿਧ ਕਰ ਸਕਦਾ ਸੀ। ਬੱਚਿਆਂ ਦੀ ਅਜੋਕੀ ਸਥਿਤੀ 'ਤੇ ਸਿੱਖਿਆ ਦੇ ਵਰਤਮਾਨ ਪ੍ਰਸਾਰ ਤੋਂ ਅਸੀਂ ਸਾਰੇ ਹੀ ਜਾਣੂ ਹਾਂ। ਫਿਰ ਸੋਚੋ! ਇਸ ਤਰ੍ਹਾਂ ਥੋਪੀ ਗਈ ਸਿੱਖਿਆ ਪਾ ਕੇ ਬੱਚੇ ਕਿੰਨਾ ਕੁ ਵਿਕਸਤ ਹੋ ਸਕਣਗੇ? ਅਹਿਮ ਗੱਲ ਇਹ ਹੈ ਕਿ ਅੱਜ ਕੱਲ੍ਹ ਤਕਨਾਲੋਜੀ ਦੀ ਤੂਤੀ ਬੁਲਾਈ ਜਾਂਦੀ ਹੈ। ਤਕਨਾਲੋਜੀ ਦੇ ਅਸਲੀ ਅਰਥ ਤਾਂ ਬੱਚੇ ਦੇ ਬਸਤੇ ਦਾ ਬੋਝ ਹਲਕਾ ਕਰਨਾ ਬਣਦੇ ਹਨ ਨਾ ਕਿ ਬਚਪਨ ਦੀਆਂ ਕੋਮਲ ਅਦਾਵਾਂ 'ਤੇ ਵਧੇਰੇ ਬੋਝ ਲੱਦਣਾ। ਸੋ, ਸੂਝਵਾਨ ਮਾਪਿਉ! ਤੇ ਐਡਵਾਂਸ ਸਿੱਖਿਆ ਸ਼ਾਸਤਰੀਉ! ਬਚਪਨ ਨੂੰ ਖੇਲਣ-ਮੱਲਣ ਦਿਉ, ਮੌਜ-ਮਾਨਣ ਦਿਉ ਅਤੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਦਾ ਸੰਸਾਰ ਸਿਰਜਣ ਦਿਉ। ਸੁਣੋ! ਪ੍ਰੋ : ਮੋਹਨ ਸਿੰਘ ਕੀ ਕਹਿੰਦੇ ਆ:
ਬੱਚੇ ਜਿਹਾ ਨਾ ਮੇਵਾ ਡਿੱਠਾ,
ਜਿਤਨਾ ਕੱਚਾ ਉਤਨਾ ਮਿੱਠਾ । (ਸਮਾਪਤ)

-ਡਾ: ਕੁਲਦੀਪ ਸਿੰਘ ਮੱਲਣ
ਪਿੰਡ ਮੱਲਣ (152031), ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 95307 23426

ਸਾਹਿਤਕ ਸਰਗਰਮੀਆਂ

ਸੁਖਵਿੰਦਰ ਅੰਮ੍ਰਿਤ ਅਤੇ ਕੋਹਾਰਵਾਲਾ ਦਾ ਸਨਮਾਨ 
ਸਾਹਿਤ ਸਭਾ ਜ਼ੀਰਾ (ਰਜਿ:) ਜ਼ੀਰਾ ਵੱਲੋਂ ਸਾਹਿਤ ਕਲਾ ਅਤੇ ਪੁਸਤਕ ਮੇਲਾ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਚ ਗੈਂਗਰੇਪ ਦਾ ਸ਼ਿਕਾਰ ਹੋਈ ਲੜਕੀ ਦਾਮਨੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਵੱਡੀ ਗਿਣਤੀ ਵਿਚ ਲੋਕਾਂ ਨੇ ਸਾਹਿਤ ਖਰੀਦਿਆ ਅਤੇ ਕਵਿਤਾਵਾਂ ਸੁਣੀਆਂ। ਡਾ: ਮੋਹਨ ਸਿੰਘ ਮਾਝਾ, ਪਰਮਜੀਤ ਕੜਿਆਲ, ਚਿੱਤਰਕਾਰ ਗੁਰਮੀਤ ਸਿੰਘ, ਚਿੱਤਰਕਾਰ ਬਿੰਦਾ ਜ਼ੀਰਵੀ, ਜੋਤੀ ਸ਼ਰਮਾ ਵੱਲੋਂ ਲਗਾਈਆਂ ਕਲਾ ਪ੍ਰਦਰਸ਼ਨੀਆਂ ਅਤੇ ਕਲਾ ਚਿੱਤਰ ਪੰਡਾਲ ਨੂੰ ਵਿਲੱਖਣ ਰੂਪ ਪ੍ਰਦਾਨ ਕਰ ਰਹੇ ਸਨ। ਸਾਹਿਤਕ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ, ਹਰਮਿੰਦਰ ਸਿੰਘ ਕੋਹਾਰਵਾਲਾ, ਮਾ: ਬਚਿੱਤਰ ਸਿੰਘ, ਸ੍ਰੀ ਅਸ਼ੋਕ ਚਟਾਨੀ, ਅਮਰੀਕ ਸਿੰਘ ਤਲਵੰਡੀ, ਗੁਰਚਰਨ ਨੂਰਪੁਰ ਆਦਿ ਸਾਹਿਤਕਾਰ ਹਾਜ਼ਰ ਸਨ। ਸਮਾਗਮ ਦਾ ਉਦਘਾਟਨ ਸ: ਲਖਵੀਰ ਸਿੰਘ ਆਜ਼ਾਦ ਨੇ ਅਤੇ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਜਰਮਲ ਸਿੰਘ ਮਨੇਸ (ਰੀਡਰ ਤਹਿਸੀਲਦਾਰ) ਨੇ ਨਿਭਾਈ। ਸਭਾ ਵੱਲੋਂ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ ਅਤੇ ਹਰਮਿੰਦਰ ਸਿੰਘ ਕੋਹਾਰਵਾਲਾ ਨੂੰ ਗੁੱਜਰ ਸਿੰਘ ਗਿੱਲ ਯਾਦਗਾਰੀ ਐਵਾਰਡ, ਨਗਦ ਭੇਟਾ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਾਹਿਤ ਸਭਾ ਪ੍ਰਤੀ ਚੰਗੀ ਕਾਰਗੁਜ਼ਾਰੀ ਲਈ ਪ੍ਰਮਜੀਤ ਕੜਿਆਲ ਅਤੇ ਮੁਖਤਿਆਰ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ। ਸ੍ਰੀਮਤੀ ਵਿਨੀਤਾ ਝਾਂਜੀ, ਸ: ਬੂਟਾ ਸਿੰਘ ਅਤੇ ਬਲਵਿੰਦਰ ਸਿੰਘ ਖਾਰਾ ਨੂੰ ਸਮਾਜ ਪ੍ਰਤੀ ਵਧੀਆ ਸੇਵਾਵਾਂ ਦੇਣ ਵਜੋਂ ਸਨਮਾਨ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿਚ ਵੇਦ ਪ੍ਰਕਾਸ਼ ਸੋਨੀ, ਪ੍ਰੀਤ ਜੱਗੀ, ਅਵਤਾਰ ਸਿੰਘ ਤਪਵੰਡੀ, ਸੱਤਪਾਲ ਖੁੱਲਰ, ਰਣਜੀਤ ਸਰਾਂਵਾਲੀ, ਅਮਰ ਸੂਫੀ, ਪ੍ਰਤਾਪ ਸਿੰਘ ਹੀਰਾ, ਸੁਖਵੰਤ ਮਰਵਾਹਾ, ਪ੍ਰੀਤਮ ਸਿੰਘ ਪ੍ਰੀਤ, ਜਗਜੀਤ ਸਿੰਘ ਪਿਆਸਾ, ਜੋਤੀ ਬਾਲਾ, ਚਮਕ ਸੁਰਜੀਤ, ਡਾ: ਸਤੀਸ਼ ਸੋਨੀ, ਹਰਚਰਨ ਚੋਹਲਾ, ਅਵਤਾਰ ਸਿੰਘ ਮੰਗਾ, ਕਾਲਾ ਬੇਰੀ ਵਾਲਾ, ਜਗਜੀਤ ਜੀਤਾ, ਬਲਦੇਵ ਸਿੰਘ ਜ਼ੀਰਾ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਸੁਖਵਿੰਦਰ ਅੰਮ੍ਰਿਤ ਨੇ ਆਪਣੀ ਨਵੀਆਂ ਗਜ਼ਲਾਂ ਅਤੇ ਹਰਮਿੰਦਰ ਕੋਹਾਰਵਾਲਾ ਨੇ ਗ਼ਜ਼ਲ ਤੋਂ ਇਲਾਵਾ ਦੋਹੇ ਸੁਣਾ ਕੇ ਵਾਹ-ਵਾਹ ਲਈ। ਇਸ ਤੋਂ ਇਲਾਵਾ ਜੋਗਿੰਦਰ ਸਿੰਘ ਸ਼ਹਿਜ਼ਾਦਾ, ਬਚਿੱਤਰ ਸਿੰਘ ਬੱਢਾ, ਚਾਨਣ ਸਿੰਘ, ਚੰਦ ਸਿੰਘ, ਸੰਦੀਪ ਸਿੰਘ, ਵੀਰ ਸਿੰਘ, ਰਾਜੀਵ ਟੋਨੀ, ਹਰਮੇਸ਼ ਪਾਲ ਨੀਲੇਵਾਲਾ, ਜੋਗਿੰਦਰ ਕੜਿਆਲ, ਰਜਨੀਸ਼ ਕਥੂਰੀਆ, ਬਲਦੇਵ ਰਾਜ, ਗੁਰਬਚਨ ਸਿੰਘ ਅਲੀਪੁਰ ਆਦਿ ਨੇ ਹਾਜ਼ਰੀ ਲਵਾਈ। ਸਟੇਜ ਸਕੱਤਰ ਦੀ ਭੂਮਿਕਾ ਰੁਮੇਸ਼ ਗੁਲਾਟੀ ਨੇ ਬਾਖੂਬੀ ਨਿਭਾਈ।

-ਗੁਰਚਰਨ ਨੂਰਪੁਰ, ਜ਼ੀਰਾ
ਮੋਬਾਈਲ : 98550-51099

ਕਹਾਣੀ-ਬੈਲਟ

ਘਰ ਦੀ ਘੰਟੀ ਖੜਕਣ 'ਤੇ ਜਦ ਮੈਂ ਗੇਟ ਖੋਲ੍ਹਿਆ ਤਾਂ ਮੈਂ ਦੇਖਿਆ ਕਿ ਬਾਹਰ ਪੁਲਿਸ ਵਰਦੀ 'ਚ ਸਜੀ-ਸੰਵਰੀ ਉੱਚੀ ਲੰਮੀ, ਪਤਲੀ, ਤਿੱਖੇ ਨੈਣ-ਨਕਸ਼ਾਂ ਵਾਲੀ ਇਕ ਮੁਟਿਆਰ ਖੜ੍ਹੀ ਸੀ। ਮੇਰੇ ਚਿਹਰੇ ਰੂਪੀ ਪ੍ਰਸ਼ਨ-ਚਿੰਨ੍ਹ ਨੂੰ ਭਾਂਪਦਿਆਂ ਅੰਦਰ ਵੱਲ ਨੂੰ ਆਉਂਦੀ ਹੋਈ, ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਹ ਬੋਲ ਪਈ ਸੀ, 'ਸਰ ਤੁਸੀਂ ਮੈਨੂੰ ਪਛਾਣਿਆ ਨਹੀਂ, ਸ਼ਾਇਦ।'
ਮੈਂ ਕੋਈ ਜਵਾਬ ਨਹੀਂ ਸੀ ਦਿੱਤਾ। ਉਸ ਨੂੰ ਸਿਰ ਤੋਂ ਪੈਰਾਂ ਵੱਲ ਦੇਖਦਾ ਹੀ ਰਿਹਾ ਸਾਂ। ਕੁੜੀ ਨੇ ਮੁਸਕਰਾ ਕੇ ਕਿਹਾ ਸੀ, 'ਮੈਂ ਤੁਹਾਡੀ ਵਿਦਿਆਰਥਣ, ਜੀਹਨੂੰ ਤੁਸੀਂ, ਖਿਡਾਰਨ ਕੁੜੀ ਦੇ ਨਾਂਅ ਨਾਲ ਸਾਰੇ ਸਕੂਲ ਵਿਚ ਮਸ਼ਹੂਰ ਕਰ ਰੱਖਿਆ ਸੀ।'
'ਮਰ ਜਾਣੀਏਂ! ਤੂੰ ਰਾਜਵੀਰ ਐਂ?... ਆਹ ਕੀ ਸ਼ਕਲ ਬਣਾ ਰੱਖੀ ਐ?' ਮੈਂ ਇਕਦਮ ਬੋਲਿਆ ਸੀ 'ਮੈਂ ਤਾਂ ਤੇਰੀ ਵਰਦੀ ਤੇ ਖਾਸ ਕਰ ਆਹ ਬੈਲਟ ਲੱਗੀ ਦੇਖ ਕੇ ਘਬਰਾ ਹੀ ਗਿਆ ਸਾਂ,' ਮੈਂ ਹੱਸ ਪਿਆ ਸਾਂ।
'ਇਹ ਬੈਲਟ ਲਗਵਾਉਣ ਵਾਲੇ ਵੀ ਤੁਸੀਂ ਹੋ ਸਰ', ਨਾਲ ਲਿਆਂਦਾ ਮਠਿਆਈ ਦਾ ਡੱਬਾ ਖੋਲ੍ਹ ਕੇ ਮੇਰਾ ਅਤੇ ਮੇਰੀ ਪਤਨੀ ਦਾ ਮੂੰਹ ਮਿੱਠਾ ਕਰਵਾਉਂਦਿਆਂ ਰਾਜਵੀਰ ਨੇ ਕਿਹਾ ਸੀ, 'ਤੁਸੀਂ ਹੀ ਮੇਰੇ ਅੰਦਰ ਖੇਡਾਂ ਦਾ ਸ਼ੌਕ ਪੈਦਾ ਕੀਤਾ ਸੀ।... ਜ਼ਿਲ੍ਹਾ ਤੇ ਰਾਜ ਤਾਂ ਪਿੱਛੇ ਰਿਹਾ, ਤੁਸੀਂ ਨੈਸ਼ਨਲ ਪੱਧਰ ਦੇ ਸਰਟੀਫਿਕੇਟਾਂ ਦੀ ਵੀ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ।'
'ਇਹ ਤਾਂ ਤੇਰੀ ਮਿਹਨਤ ਸੀ, ਹਿੰਮਤ ਸੀ', ਮੈਂ ਕਿਹਾ ਸੀ।
ਮੈਨੂੰ ਸਭ ਕੁਝ ਯਾਦ ਸੀ। ਖੇਡਾਂ ਵਿਚ ਮੇਰੀ ਖੁਦ ਦੀ ਦਿਲਚਸਪੀ ਹੋਣ ਕਾਰਨ ਮੈਂ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਾ ਹੀ ਰਹਿੰਦਾ ਸਾਂ, ਜਿਸ ਦਾ ਪ੍ਰਤੱਖ ਪ੍ਰਮਾਣ ਅੱਜ ਮੇਰੇ ਸਾਹਮਣੇ ਸੀ।
ਬੇਸ਼ੱਕ ਚਾਰ ਕੁ ਸਾਲ ਪਹਿਲਾਂ ਮੇਰੀ ਉਸ ਸਕੂਲ ਤੋਂ ਬਦਲੀ ਹੋ ਚੁੱਕੀ ਸੀ।
ਗੱਲਾਂਬਾਤਾਂ ਦਾ ਸਿਲਸਿਲਾ ਚਲਦਾ ਰਿਹਾ। ਸਕੂਲ ਦੀ ਜ਼ਿੰਦਗੀ ਅਤੇ ਉਸ ਤੋਂ ਬਾਅਦ ਦੇ ਹਾਲਾਤ 'ਤੇ ਚਰਚਾ ਹੁੰਦੀ ਰਹੀ। ਖੁਸ਼ਮਿਜ਼ਾਜ ਰਾਜਵੀਰ ਆਪਣੇ ਸਕੂਲ ਅਤੇ ਸਹਿਪਾਠੀਆਂ ਦੀਆਂ ਗੱਲਾਂ ਦੱਸਦੀ ਰਹੀ। ਕੁਝ ਮੈਂ ਪੁੱਛਦਾ ਵੀ ਰਿਹਾ।
ਗੱਲ ਜਦ ਪੁਲਿਸ ਵਿਭਾਗ 'ਤੇ ਆਣ ਪਹੁੰਚੀ ਤਾਂ ਰਾਜਵੀਰ ਕੁਝ ਗੰਭੀਰ ਹੋ ਗਈ ਸੀ। ਥੋੜ੍ਹੇ ਜਿਹੇ ਅਰਸੇ ਦੇ ਢੇਰ ਸਾਰੇ ਕੌੜੇ-ਮਿੱਠੇ ਅਨੁਭਵਾਂ ਦੀ ਪਟਾਰੀ ਖੋਲ੍ਹ ਕੇ ਉਸ ਨੇ ਇਹ ਸਿੱਟਾ ਕੱਢਿਆ ਸੀ, 'ਸਰ ਜੀ, ਸਾਰੇ ਮਾੜੇ ਨ੍ਹੀਂ ਹੁੰਦੇ, ਪਰ ਸਾਰੇ ਚੰਗੇ ਵੀ ਨਹੀਂ।'
'ਮਹਿਕਮਾ ਏਨਾ ਮਾੜਾ ਨਹੀਂ, ਜਿੰਨਾ ਬਦਨਾਮ ਐ।'
'ਸਾਨੂੰ ਫੂਕ ਫੂਕ ਕੇ ਕਦਮ ਰੱਖਣਾ ਪੈਂਦੈ ਕਿ ਸਾਡੀ 'ਸ਼ਰਾਫ਼ਤ' ਦਾ ਕੋਈ ਨਾਜਾਇਜ਼ ਫਾਇਦਾ ਨਾ ਉਠਾ ਲਵੇ।'
ਮੈਂ 'ਸ਼ਾਬਾਸ਼' ਕਹਿ ਕੇ ਰਾਜਵੀਰ ਦਾ ਮੋਢਾ ਥਪਥਪਾਇਆ।
'ਸਰ, ਸਾਨੂੰ ਸਰਕਾਰ ਨੇ ਅਧਿਕਾਰ ਹੀ ਐਨੇ ਦੇ ਰੱਖੇ ਐ', ਚਾਹ ਦੀ ਪਿਆਲੀ ਚੁੱਕਦਿਆਂ ਰਾਜਵੀਰ ਨੇ ਪੂਰੇ ਸਵੈ-ਭਰੋਸੇ ਨਾਲ ਕਿਹਾ ਸੀ, 'ਸਾਡੇ ਪ੍ਰਤੀ ਮਾੜੀ ਸੋਚ ਰੱਖਣ ਵਾਲੇ ਕਿਸੇ ਦੀ ਵੀ ਅਸੀਂ ਬੈਲਟ ਲੁਹਾ ਸਕਦੀਆਂ ਐਂ।'
ਕੁਝ ਪਲ ਰੁਕ ਕੇ ਉਸ ਮੁਲਾਜ਼ਮ ਕੁੜੀ ਨੇ ਕਿਹਾ, 'ਪਰ... ਰੱਬ ਕਰੇ ਅਜਿਹੀ ਨੌਬਤ ਨਾ ਹੀ ਆਵੇ।'

-ਬਿਕਰਮਜੀਤ ਨੂਰ
ਗੁਰੂ ਨਾਨਕ ਨਗਰ, ਗਿੱਦੜਬਾਹਾ-152101.
ਮੋਬਾਈਲ : 94640-76257.

ਮਨ ਪਰਦੇਸੀ ਜੇ ਥੀੲੈ

ਕਿਸੇ ਖਿੱਤੇ ਦੀ ਜ਼ਮੀਨ, ਕਿਸੇ ਚੌਗਿਰਦੇ 'ਚ ਵਗਦੀ ਹਵਾ-ਪਾਣੀ ਤੇ ਪਲਰਦੀਆਂ ਫ਼ਸਲਾਂ ਉਥੋਂ ਦੇ ਵਾਸੀਆਂ ਦੀਆਂ ਸੋਚਾਂ ਪਾਲਦੇ-ਢਾਲਦੇ ਤੇ ਉਸਾਰਦੇ ਰਹੇ ਹਨ ਪਰ ਜਦੋਂ ਜਰਬ ਤਕਸੀਮ ਹੁੰਦੇ, ਉਹੀ ਖੇਤ ਭੀੜੇ ਹੋ ਜਾਣ, ਖੜ੍ਹੀਆਂ ਫਸਲਾਂ ਸਮੇਂ ਦੀ ਮਾਰ ਨਾ ਝੱਲਦੀਆਂ ਸਿਰ ਸੁੱਟ ਜਾਣ, ਮੁਰਝਾ ਜਾਣ ਜਾਂ ਬੀਜਣ ਵਾਲਿਆਂ ਦੀ ਭੁੱਖ ਦਾ ਸਿਰ ਪਲੋਸਣ ਤੋਂ ਬੇਵੱਸ ਹੋ ਜਾਣ ਤਾਂ ਉਸ ਧਰਤੀ ਦੇ ਬਸ਼ਿੰਦੇ ਆਪਣੀਆਂ ਊਣੀਆਂ ਝੋਲੀਆਂ ਪੁਰ ਕਰਨ ਲਈ ਅੱਕੀਂ ਪਲਾਹੀਂ ਹੱਥ ਮਾਰਦੇ ਹੋਰਨਾਂ ਧਰਤੀਆਂ ਵੱਲ ਅਹੁਲਦੇ ਹਨ। ਲੋੜਾਂ ਥੋੜਾਂ ਦੀਆਂ ਖੱਡਾਂ ਮੁੰਦਦਿਆਂ ਗਰਜਾਂ ਦੇ ਮੇਚਦਾ ਹੋ ਕੇ ਖੜ੍ਹਦਿਆਂ ਜਾਂ ਸੁਪਨਿਆਂ ਦਾ ਸਿਰ ਪਲੋਸਦਿਆਂ ਲੋਕ ਇਕ ਖਿੱਤੇ ਤੋਂ ਦੂਜੇ ਵੱਲ ਸਰਕਦੇ ਹਨ। ਪਿੰਡ ਦੀਆਂ ਜੂਹਾਂ ਟੱਪਦੇ ਹਨ, ਸੁਪਨਿਆਂ ਨਾਲ ਸਜਾਏ ਸ਼ਹਿਰ ਲੰਘਦੇ ਹਨ ਤੇ ਫਿਰ ਕਦੇ ਦੇਸ਼ ਨੂੰ ਹੀ ਅਲਵਿਦਾ ਆਖਦੇ ਸਰਹੱਦਾਂ ਟੱਪ ਜਾਂਦੇ ਹਨ। ਪੰਜਾਬ ਦੀ ਧਰਤੀ ਨੂੰ ਆਖਰੀ ਸਲਾਮ ਆਖਦਿਆਂ ਹੀ ਕਈ ਮਨਾਂ ਅੰਦਰ ਸ਼ੂਕਦੇ ਦਰਿਆਵਾਂ ਵਰਗੀ ਖੁਸ਼ੀ ਇਸ ਰੀਝ ਨੂੰ ਜਨਮਦੀ ਹੈ ਕਿ ਅਸੀਂ ਤਾਰਿਆਂ ਦੀ ਧਰਤੀ ਵੱਲ ਜਾ ਰਹੇ ਹਾਂ। ਮਿੱਟੀ, ਘੱਟੇ, ਧੂੜ, ਸ਼ੋਰ-ਸ਼ਰਾਬੇ ਤੋਂ ਦੂਰ ਭੱਜਣ ਨੂੰ ਮਨ ਸੱਚ ਹੀ ਵਿਆਕੁਲ ਹੋ ਉਠਦਾ ਹੋਵੇਗਾ। ਇਥੋਂ ਤੁਰਨ ਵੇਲੇ ਇਹ ਥਾਂ ਭੀੜੀ-ਭੀੜੀ ਲਗਦੀ ਹੈ। ਸੀਨੇ ਵਿਚ ਸਰਕਦੇ ਸੁਪਨਿਆਂ ਨੂੰ ਮੋਕਲੀ ਥਾਂ ਲਈ ਪੈਂਦੀ ਦੱਸ ਹਾਕ ਮਾਰਦੀ ਹੈ। ਜਿਥੇ ਕਲਮਨੋਕ 'ਤੇ ਵੀ ਸੰਗੀਨਾਂ ਦੇ ਪਹਿਰੇ ਨਾ ਹੋਣ, ਜਿਥੇ ਨਿਆਂ ਵੱਲ ਝਾਕਦੀ ਕਿਸੇ ਫਰਿਆਦੀ ਦੀ ਫਾਈਲ ਊਠ ਦਾ ਬੁੱਲ੍ਹ ਡਿੱਗਣ ਵਾਲੀ ਜੂਨ ਨਾ ਭੋਗਦੀ ਹੋਵੇ। ਬਿਨਾਂ ਕਿਸੇ ਅਨੁਸ਼ਾਸਨ, ਬਿਨਾਂ ਪਾਬੰਦੀ ਅਤੇ ਲਾ-ਇਲਾਜੀ ਨਾਲ ਜੂਝਦਿਆਂ ਹਰ ਮਨੁੱਖ ਦੀ ਇਹ ਇੱਛਾ ਰਹੀ ਹੋਵੇਗੀ ਕਿ ਨਵੀਂ ਧਰਤੀ 'ਤੇ ਨਵੇਂ ਰਾਹ ਉਲੀਕਦਿਆਂ ਜ਼ਿੰਦਗੀ ਨੂੰ ਮੁੜ ਵਿਉਂਤ ਲੈਣ ਦਾ ਮੌਕਾ ਪ੍ਰਾਪਤ ਕੀਤਾ ਜਾਵੇ, ਜਿਥੇ ਇਸ ਦੇਹੀ ਦੇ ਪੂਰੀ ਤਾਣ ਨਾਲ ਦੁਨੀਆ ਭਰ ਦੀਆਂ ਖੁਸ਼ੀਆਂ ਇਕੱਤਰ ਕਰਕੇ ਮਨ ਅੰਦਰ ਪਸਰੀ ਭੁੱਖ ਨੂੰ ਤ੍ਰਿਪਤ ਕਰਨ ਦਾ ਹੀਲਾ ਜੁਟਾਇਆ ਜਾਵੇ, ਕਈ ਵਸਤਾਂ ਤੋਂ ਸੱਖਣੇ ਘਰਾਂ ਵਿਚ ਪਲਦਿਆਂ ਅੰਦਰਲੇ ਤਰਸੇਵੇਂ ਦਾ ਸਿਰ ਪਲੋਸਿਆ ਜਾਵੇ। ਉਸ ਸਮੇਂ ਪਰਾਈ ਧਰਤੀ ਵੱਲ ਤਾਂਘ ਅਤੇ ਇਹ ਤਰਸੇਵਾਂ ਏਨਾ ਮੂੰਹ ਜ਼ੋਰ ਹੋ ਖੜ੍ਹਦਾ ਹੈ ਕਿ ਗੱਲ ਲਗਭਗ ਵਿਛੜਦੇ ਸਭ ਰਿਸ਼ਤਿਆਂ ਨੂੰ ਅੰਦਰਲੀ ਕਾਹਲ ਲਾਹ-ਲਾਹ ਸੁੱਟ ਜਾਂਦੀ ਹੈ। ਜਿਹੜੇ ਅਜਿਹੀ ਪ੍ਰਾਪਤੀ ਤੱਕ ਨਹੀਂ ਪੁੱਜ ਸਕਦੇ, ਉਹ ਉਸ ਨਾਲ ਜਾਂ ਈਰਖਾ ਕਰਦੇ ਹਨ ਜਾਂ ਰਸ਼ਕ ਕਰਦੇ ਵਿਥ 'ਤੇ ਖੜ੍ਹੋ ਜਾਂਦੇ ਨੇ। ਫਿਰ ਓਪਰੀਆਂ ਧਰਤੀਆਂ ਤੋਂ ਪਰਤੇ ਲੋਕਾਂ ਮੂੰਹੋਂ ਦੱਸੀਆਂ ਪਰਚਾਰੀਆਂ ਗੱਲਾਂ ਤੋਂ ਦੂਰ ਵਸਦੀ ਧਰਤੀ ਦਾ ਕਿਆਸ ਪਲਦਾ ਹੈ। ਹਰਚੰਦ ਸਿੰਘ ਬਾਗੜੀ ਦੀਆਂ ਸਤਰਾਂ ਇਥੇ ਪੁਸ਼ਟੀ ਕਰਦੀਆਂ ਹਨ:-
ਕਰਕੇ ਸ਼ੌਪਿੰਗ ਵੀਜ਼ੇ 'ਤੇ
ਅਸੀਂ ਵਤਨੀ ਗੇੜਾ ਲਾਨੇ ਹਾਂ,
ਸਾਨੂੰ ਪੱਟਿਆ ਹੋਰਾਂ ਨੇ
ਅਸੀਂ ਹੋਰਾਂ ਨੂੰ ਪੱਟ ਜਾਨੇ ਆਂ।
ਆਪਣੇ ਪੇਟ ਨੂੰ ਦੇ ਗੰਢਾਂ
ਚੰਦ ਪੇਟ ਹੋਰਾਂ ਦਾ ਭਰਦੇ ਹਾਂ,
ਨਾ ਪੁੱਛ ਕੈਨੇਡਾ ਵਿਚ
ਯਾਰਾ ਅਸੀਂ ਕਿਵੇਂ ਗੁਜ਼ਾਰਾ ਕਰਦੇ ਹਾਂ।
ਪਰ ਗੌਲਣ ਵਾਲਾ ਨੁਕਤਾ ਇਹ ਹੈ ਕਿ ਦੋਵਾਂ ਅੰਦਰ ਹੀ ਇਕ ਖਲਾਅ ਪਲਦਾ ਹੈ। ਏਧਰਲਿਆਂ ਅੰਦਰ ਉਸ ਅਪ੍ਰਾਪਤ ਸੰਸਾਰ ਨੂੰ ਵੇਖਣ ਨੂੰ ਜੀ ਭਰਮਾਉਂਦਾ ਹੈ। ਉਧਰ ਵਸਦਿਆਂ ਅੰਦਰ ਇਥੋਂ ਮਨਫ਼ੀ ਹੋ ਜਾਣ ਦਾ ਖਦਸ਼ਾ, ਤੇਰ-ਮੇਰ ਵਾਲੇ ਦਾਅਵੇ ਦੇ ਹੂੰਝੇ ਜਾਣ ਦਾ ਝੋਰਾ ਸਿਰ ਚੁੱਕਦਾ ਹੈ। ਪੰਜਾਬ ਬੈਠਿਆਂ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਦੂਰ ਵਸਦਾ ਸੰਸਾਰ ਹੈ। ਪਰੀ ਕਥਾ ਵਰਗਾ, ਮੁਹੱਬਤੀ ਖਤਾਂ ਦੇ ਪੜ੍ਹਨ ਵਰਗਾ ਜਾਂ ਰੱਜ ਕੇ ਮਾਣੇ ਸਾਹਾਂ ਦੇ ਸਾਥ ਵਰਗਾ, ਜਿਸ ਨੂੰ ਵੇਖਣ ਨੂੰ, ਵਰਤਣ ਨੂੰ ਅਤੇ ਵਸਣ ਲਈ ਮਨ ਤਾਂਘਦਾ ਹੈ। ਹੋਰਨਾਂ ਤੋਂ ਕਾਤਰਾਂ ਵਿਚ ਸੁਣੀਆਂ ਜ਼ਿੰਦਗੀ ਦੀਆਂ ਸਭ ਟਾਕੀਆਂ ਸਿਉਂ ਕੇ ਬਣਾਈ ਵਧੀਆ ਜ਼ਿੰਦਗੀ, ਸੁਪਨਿਆਂ ਵਿਚ ਪੁੰਗਰਦੀ ਹੈ। ਥੋੜ੍ਹੀ ਸਮਾਈ ਕਰਕੇ ਵੇਖੀਏ ਤਾਂ ਸਮਾਜ ਦੇ ਝੱਗੇ 'ਤੇ ਲੱਗੀਆਂ ਜੇਬਾਂ ਵਰਗੇ ਬੰਦੇ ਹਰ ਥਾਂ ਹੀ ਹੁੰਦੇ ਹਨ। ਉਹ ਉਥੇ ਵੀ ਹਨ, ਇਥੇ ਵੀ ਹਨ। ਮੈਨੂੰ ਇਨ੍ਹਾਂ ਵਿੱਥਾਂ ਨੂੰ ਗੌਲਣ ਦਾ ਕਈ ਵਾਰ ਮੌਕਾ ਮਿਲਿਆ ਹੈ। ਕਹਿੰਦੇ ਹਨ ਜਿਹੜੇ ਲਾਹੌਰ ਕਮਲੇ ਸੀ, ਇਧਰ ਵੀ ਕਮਲੇ ਈ ਹਨ। ਭਲਾ ਥਾਂ ਬਦਲਣ ਨਾਲ ਮਨ, ਸੁਭਾਅ, ਆਦਤਾਂ, ਬਚਪਨ ਹੰਢਾਇਆ ਅਹਿਸਾਸ, ਸੀਨੇ ਵਿਚ ਸਮੋਈਆਂ ਯਾਦਾਂ ਥੋੜ੍ਹੋ ਤਬਦੀਲ ਹੋ ਸਕਦੀਆਂ ਹਨ। ਪਿਆਰ, ਮੋਹ-ਤ੍ਰੇਹ, ਮਮਤਾ ਭਰਿਆ ਮਨ ਉਹ ਵੀ ਰੱਖਦੇ ਹਨ, ਇਹ ਵੀ ਰੱਖਦੇ ਨੇ। ਲਾਲਸਾਵਾਂ ਦੀ ਉਂਗਲ ਫੜ ਕੇ ਉਹ ਵੀ ਰਿਸ਼ਤੇ ਮਧੋਲ ਸੁੱਟਦੇ ਨੇ, ਇਹ ਵੀ ਦਗਾ ਕਰ ਜਾਂਦੇ ਨੇ। ਫਿਰ ਦੂਰ ਖੜ੍ਹੋ ਕੇ ਤੋਹਮਤਾਂ, ਮੇਹਣੇ-ਤਾਅਨੇ ਦੇਣ ਨਾਲ ਕੁਝ ਵੀ ਹੱਥ ਨਹੀਂ ਲਗਦਾ। ਦੋਵਾਂ ਪਾਸਿਆਂ ਤੋਂ ਹੀ 'ਬੁਰੇ ਭਲੇ ਹਮ ਥਾਰੇ' ਤੱਕ ਪੁੱਜਣਾ ਪਏਗਾ। ਸੋ ਜੀਅ ਤਾਂ ਸਭ ਦਾ ਕਰਦਾ ਹੈ ਵੱਖ-ਵੱਖ ਥਾਂਵਾਂ 'ਤੇ ਵਸਦੇ ਸਭ ਪੰਜਾਬਾਂ ਨੂੰ ਖੁੰਗ ਕੇ ਨਾਲ ਲਾ ਜਾਈਏ ਜਾਂ ਦੋਵਾਂ ਥਾਂਵਾਂ 'ਤੇ ਵਸਦੇ ਲੋਕਾਂ ਨੂੰ ਵਟੇ-ਵਟਾ ਲਈਏ। ਪਰ ਇਹ ਹੋਣਾ ਸੰਭਵ ਨਹੀਂ। ਸੋ, ਆਪਾਂ ਦੋਵਾਂ ਥਾਂਵਾਂ ਦੀਆਂ ਵੱਖ-ਵੱਖ ਸਥਿਤੀਆਂ ਵਿਚ ਵਸਦੇ ਲੋਕਾਂ ਦੀਆਂ ਖਾਹਿਸ਼ਾਂ ਦਾ, ਸੁਪਨਿਆਂ ਦਾ ਜਾਂ ਸਾਂਝਾਂ ਦਾ ਤੇ ਹੋਈਆਂ-ਬੀਤੀਆਂ ਦਾ ਬਸ ਲੇਖਾ-ਜੋਖਾ ਜਿਹਾ ਹੀ ਪੇਸ਼ ਕਰ ਸਕਦੇ ਹਾਂ।
ਐਨਾ ਹੂਲਾ ਫਕ ਕੇ, ਜਾਨ ਜੋਖੋਂ ਵਿਚ ਪਾ ਕੇ, ਨਹੁੰ-ਮਾਸ ਵਰਗੇ ਰਿਸ਼ਤੇ ਵਖਰਾਅ ਕੇ ਜਦੋਂ ਬਿਗਾਨੇ ਮੁਲਕਾਂ ਦੀ ਮਸ਼ੀਨੀ ਜ਼ਿੰਦਗੀ ਦੇ ਪੁਰਜ਼ਿਆਂ ਨਾਲ ਆਪਣਾ-ਆਪ ਤਰਾਸ਼ਦੇ ਲੋਕ ਅੰਦਰੋਂ ਊਣੇ-ਊਣੇ ਫਿਰਦੇ ਦਿਸਦੇ ਨੇ ਤਾਂ ਹੈਰਾਨੀ ਹੁੰਦੀ ਹੈ ਕਿ ਖੁਸ਼ੀ ਵਿਹਾਜਣ ਗਏ, ਚੰਗੀਆਂ ਪੂਰੀਆਂ ਪਾ ਆਏ ਨੇ। ਵਸਤਾਂ ਨਾਲ ਝੋਲੀਆਂ ਭਰਦੇ ਰੂਹ ਵਿਚ ਮੋਰੀਆਂ ਕਰਵਾ ਆਏ ਨੇ। ਫਿਰ ਇਹ ਲੋਕ ਉਥੋਂ ਦੇ ਕਾਇਦੇ-ਕਾਨੂੰਨ ਨੂੰ ਨਵਾਬੀ ਜੁੱਤੀ ਦੀ ਕੈਦ ਜਾਣਦੇ ਨੇ। ਇਹ ਲੋਕ ਨੁੱਚੜੇ ਜਿਹੇ, ਉਨੀਂਦਰੇ ਜਿਹੇ, ਅਤ੍ਰਿਪਤ ਜਿਹੇ ਤੇ ਰਸਹੀਣ ਜਿਹੇ ਹੋ ਜਾਂਦੇ ਨੇ। ਵੰਨ-ਸੁਵੰਨੀਆਂ ਵਸਤਾਂ ਜਾਂ ਸਾਮਾਨ ਨਾਲ ਤੁੰਨੇ ਘਰ ਉਨ੍ਹਾਂ ਦੀ ਤਸੱਲੀ ਦਾ ਦਮ ਨਹੀਂ ਭਰਦੇ। ਜਦੋਂ ਉਨ੍ਹਾਂ ਅੰਦਰ ਇਹ ਖਲਾਅ ਪਲਦਾ ਹੈ ਤਾਂ ਵਸਤਾਂ ਤੋਂ ਸੱਖਣੇ ਪਰ ਰਿਸ਼ਤੇ ਨਾਤਿਆਂ, ਸਕੀਰੀਆਂ ਨਾਲ ਭਰੇ-ਭੁਕੰਨੇ ਘਰਾਂ ਦੀਆਂ ਯਾਦਾਂ ਸਕੂਨ ਦਿੰਦੀਆਂ ਹਨ। ਫਿਰ ਖੇਤ ਦੀ ਵੱਟ 'ਤੇ ਬੈਠ, ਹੱਥ 'ਤੇ ਧਰ ਕੇ ਰੱਖੀ ਰੋਟੀ ਤੇ ਅੰਬ ਦੇ ਆਚਾਰ ਦੀ ਫਾੜੀ ਦਾ ਮਹਿਕ ਭਰਿਆ ਸਵਾਦ ਛੱਤੀ ਪਦਾਰਥ ਚੱਖੇ ਹੋਣ ਪਿੱਛੋਂ ਵੀ ਉਘੜ ਪੈਂਦਾ ਹੈ।
ਖੁਸ਼ੀ ਵਿਹਾਜਨ ਲਈ ਚਾਰਦੀਵਾਰੀ ਅੰਦਰ ਬੰਦ ਹੋਣਾ ਨਹੀਂ, ਸਗੋਂ ਹੋਰਨਾਂ ਕੋਲ ਨਿਰ-ਸਵਾਰਥ ਸਾਥ ਲੈ ਕੇ ਜਾਣਾ ਪੈਂਦਾ ਹੈ। ਜਿਥੇ ਰੂਹ ਸ਼ਾਂਤ ਹੋ ਸਕੇ, ਜਿਥੇ ਯਾਦਾਂ ਘਰ ਦੇ ਬਨੇਰਿਆਂ ਤੇ ਖਿਲਰੀ ਧੁੱਪ ਦੇ ਸੁਪਨੇ ਪਾਲ ਸਕਣ। ਅਜਿਹੇ ਅੰਤਲੇ ਪੜਾਅ 'ਤੇ ਹਰ ਕੋਈ ਆਪਣੇ ਅੰਦਰ ਲੱਗੀ ਉੱਲੀ ਨੂੰ ਲਾਹੁਣ ਲਈ ਹੀਲੇ ਜੋੜਦਾ ਹੈ। ਕਦੇ ਗੁਰਦੁਆਰੇ ਦੀ ਸੰਗਤ, ਕਦੇ ਮੇਲੇ ਦਾ ਹਿੱਸਾ, ਕਦੇ ਕਿਤੇ ਘਰ ਵਿਚਲੀ ਰੌਣਕ ਦਾ ਟੋਟਾ ਬਣਦਾ ਖੁਸ਼ੀਆਂ ਨੂੰ ਪੌੜੀ ਲਾਉਣ ਦੇ ਬਹਾਨੇ ਘੜਦਾ ਹੈ। ਉਮਰਾਂ ਸਿਰੋਂ ਲੰਘੀਆਂ ਧੁੱਪਾਂ-ਛਾਵਾਂ ਸੱਜਰੀਆਂ ਹੋ ਹੋ ਖੜ੍ਹਦੀਆਂ ਨੇ, ਕੰਨ ਪਛਾਣੀਆਂ ਆਵਾਜ਼ਾਂ ਨੂੰ ਤਰਸ ਜਾਂਦੇ ਹਨ। ਰੱਬ ਨਾ ਕਰੇ ਜੇ ਇਸ ਪਹਿਰ ਤੱਕ ਪੁੱਜਦਿਆਂ ਔਲਾਦ ਦਗਾ ਦੇ ਜਾਏ ਤਾਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੋਵੇਗਾ।
ਬੀਤੀ ਜ਼ਿੰਦਗੀ ਦੇ ਵਰ੍ਹੇ ਨਾ ਡਿਲੀਟ ਹੋ ਸਕਦੇ ਨੇ ਤੇ ਨਾ ਰਿਪੀਟ ਹੋ ਸਕਦੇ ਨੇ। ਪਰ ਮਨ ਵਾਰ-ਵਾਰ ਅਜਿਹਾ ਕਰਨ ਦੀ ਲੋਚਦਾ ਹੈ। ਇਹੀ ਸਭ ਸੋਚਦਿਆਂ ਸਾਹਾਂ ਦੀ ਮੋਹਲਤ ਪੁੱਗ ਜਾਂਦੀ ਹੈ। ਪਰ ਕੁਝ ਗੱਲਾਂ ਤੈਅ ਹਨ ਕਿ ਖੁਸ਼ੀ ਖਰੀਦੀ ਨਹੀਂ ਜਾਂਦੀ। ਕਿਸੇ ਨੂੰ ਆਪ ਦੇ ਕੇ ਬੈਂਕ ਵਿਚ ਜਮ੍ਹਾ ਪੂੰਜੀ ਵਾਂਗ ਪਹਿਲਾਂ ਕਿਸੇ ਨੂੰ ਦੇ ਕੇ ਫੇਰ ਹੀ ਹਾਸਲ ਕੀਤੀ ਜਾ ਸਕਦੀ ਹੈ। ਵੈਨਕੂਵਰ ਦੀ ਨਿਰਮਲ ਆਖਦੀ ਹੈ, ਇੰਡੀਆ ਮੈਂ ਸੁਣਦੀ ਸੀ ਬਈ ਸਰੀਰ ਮਰ ਜਾਣ, ਆਤਮਾ ਜਿਊਂਦੀ ਰਹਿੰਦੀ ਐ। ਪਰ ਕੈਨੇਡਾ ਮੈਂ ਕਈਆਂ ਨੂੰ ਜਾਣਦੀ ਆਂ ਜਿਨ੍ਹਾਂ ਦੀ ਆਤਮਾ ਤਾਂ ਮਰੀ ਹੋਈ ਐ ਪਰ ਬੰਦੇ ਤੁਰੇ ਫਿਰਦੇ ਨੇ। ਮੈਂ ਕੈਨੇਡਾ ਬੱਬੀ ਨੂੰ ਪੁੱਛਿਆ, ਕੀ ਫਰਕ ਹੈ ਆਪਣੇ ਤੇ ਇਸ ਮੁਲਕ ਦਾ। ਉਸ ਨੇ ਇਕ ਸਤਰ ਜਵਾਬ ਦਿੱਤਾ, ਇੰਡੀਆ ਵਿਚ ਕੋਈ ਸਿਸਟਮ ਨਹੀਂ ਹੈ, ਇਥੇ ਬਸ ਸਿਸਟਮ ਹੀ ਸਿਸਟਮ ਹੈ।
ਸੰਘਾ ਦੱਸ ਰਿਹਾ ਸੀ, ਬਈ ਪੰਜਾਬ ਵਿਚ ਸੜਕ 'ਤੇ ਤੁਰਦਾ ਆਦਮੀ ਡਰਦਾ ਹੈ, ਕਿਤੇ ਭੱਜੀ ਜਾਂਦੀ ਕਾਰ ਹੇਠ ਈ ਨਾ ਆ ਜਾਵਾਂ। ਪਰ ਕੈਨੇਡਾ ਵਿਚ ਕਾਰ ਸਵਾਰ ਡਰਦਾ ਹੈ ਕਿਤੇ ਤੁਰਿਆ ਜਾਂਦਾ ਆਦਮੀ ਕਾਰ ਹੇਠ ਨਾ ਆ ਜਾਵੇ। ਪੰਜਾਬ ਵਿਚ ਰੋਟੀ ਖਾਂਦੇ ਸੀ ਜਦੋਂ ਰੋਟੀ ਮਿਲਦੀ ਸੀ ਪਰ ਇਥੇ ਰੋਟੀ ਖਾਂਦੇ ਹਾਂ ਜਦੋਂ ਵਿਹਲ ਮਿਲਦੀ ਹੈ। ਪੰਜਾਬ ਵਿਚ ਬਿਨਾਂ ਵਿਹਲ ਮਿਲੇ ਤੋਂ ਸੌਂ ਲਈਦਾ ਸੀ ਪਰ ਇਥੇ ਸਾਰਾ ਕੈਨੇਡਾ ਅਣਸਰਦੇ ਨੂੰ ਸੌਂਦਾ ਹੈ। ਪੰਜਾਬ, ਜੇ ਅਸੀਂ ਬੇਲੀਆਂ ਨਾਲ ਰਲ ਕੇ ਖੇਡਣ ਭੱਜਦੇ ਸੀ, ਘਰ ਦੇ ਨਿੱਤ ਸਾਡੀ ਗਰਦ ਝਾੜਦੇ ਸੀ ਪਰ ਅਸੀਂ ਇਥੇ ਆਪਣੇ ਬੱਚਿਆਂ ਨੂੰ ਭੱਜ-ਭੱਜ ਪੈਂਦੇ ਹਾਂ ਕਿ ਕਦੇ ਤਾਂ ਨਾਲ ਦਿਆਂ ਨਾਲ ਰਲ ਕੇ ਖੇਡ ਲਵੋ। ਇਉਂ ਅਸੀਂ ਸਭ ਜੋ ਸਾਡੇ ਕੋਲ ਹੁੰਦਾ ਹੈ, ਉਸ ਨੂੰ ਗੌਲਣ ਦੀ ਥਾਂ ਜੋ ਨਹੀਂ ਹੁੰਦਾ ਉਸ ਵੱਲ ਨੂੰ ਅਹੁਲਦੇ ਹਾਂ। ਮਰਨ ਤੋਂ ਪਹਿਲਾਂ ਰੱਜ ਕੇ ਜੀਅ ਲੈਣ ਨੂੰ ਸਭ ਦਾ ਮਨ ਕਰਦਾ ਹੈ। ਜਦੋਂ ਵਿਦੇਸ਼ੀ ਵਸਿਆਂ ਦੀਆਂ ਕਿਸ਼ਤਾਂ ਭਰਦਿਆਂ ਕਿਸ਼ਤਾਂ ਵਰਗੀ ਜੂਨ ਵੇਖਦੇ ਹਾਂ ਤਾਂ ਮਨ ਆਪਣੇ ਇਸ ਹਾਸਲ 'ਤੇ ਸੰਤੁਸ਼ਟ ਹੋ ਜਾਂਦਾ ਹੈ। ਲਿਖੀ ਸਤਰ ਦੀਆਂ ਖਾਲੀ ਥਾਂਵਾਂ ਭਰਨ ਜੋਗੀ ਜ਼ਿੰਦਗੀ ਜਿਊਂਦੇ ਉਨ੍ਹਾਂ ਲੋਕਾਂ 'ਤੇ ਤਰਸ ਆਉਂਦਾ ਹੈ। ਕਦੇ ਕਿਹਾ ਗਿਆ ਸੀ, 'ਨਾਨਕ ਦੁਖੀਆ ਸਭ ਸੰਸਾਰ' ਪਰ ਹੁਣ ਕਈ ਲੋਕ ਇਸ ਦੀ ਅਗਲੀ ਸਤਰ ਪੂਰਦੇ ਹੋਏ ਘਰ ਤੋਂ ਬਾਹਰ ਹੋਣ ਨੂੰ ਸੁਖ ਦਾ ਆਧਾਰ ਮੰਨ ਰਹੇ ਹਨ। ਪਰ ਜੇ ਮਨ ਪਰਦੇਸੀ ਹੋ ਜਾਏ ਤਾਂ ਹਰ ਥਾਂ ਹੀ ਓਪਰਾ ਹੋ ਜਾਂਦਾ ਹੈ। -0-

ਬਲਵਿੰਦਰ ਕੌਰ ਬਰਾੜ

ਕੰਪਿਊਟਰ ਨੂੰ ਤਾਲਾ ਲਗਾਉਣ ਦਾ ਨੁਸਖਾ

ਸਾਈਬਰ ਸੰਸਾਰ
ਦੋਸਤੋ, ਕੰਪਿਊਟਰ 'ਤੇ ਕੰਮ ਕਰਦਿਆਂ ਜੇਕਰ ਅਚਾਨਕ ਤੁਹਾਨੂੰ ਕਿਧਰੇ ਜਾਣਾ ਪੈ ਜਾਵੇ ਤਾਂ ਤੁਸੀਂ ਕੀ ਕਰੋਗੇ? ਸ਼ਾਇਦ ਅਜਿਹੇ ਸਵਾਲ ਦਾ ਜਵਾਬ ਤੁਸੀਂ ਕਦੇ ਨਾ ਸੋਚਿਆ ਹੋਵੇ। ਜੇਕਰ ਅਸੀਂ ਕੰਪਿਊਟਰ ਨੂੰ ਬੰਦ ਕਰਕੇ ਕੁਝ ਮਿੰਟਾਂ ਬਾਅਦ ਫਿਰ ਚਾਲੂ ਕਰਦੇ ਹਾਂ ਤਾਂ ਸਾਡਾ ਕਾਫ਼ੀ ਸਮਾਂ ਬਰਬਾਦ ਹੋ ਜਾਂਦਾ ਹੈ। ਜਿਸ ਫਾਈਲ ਜਾਂ ਪ੍ਰੋਗਰਾਮ ਵਿਚ ਤੁਸੀਂ ਪਹਿਲਾਂ ਕੰਮ ਕਰ ਰਹੇ ਸੀ, ਉਸ ਨੂੰ ਵੀ ਦੁਬਾਰਾ ਖੋਲ੍ਹਣਾ ਪੈਂਦਾ ਹੈ। ਇਸ ਸਾਰੇ ਝੰਜਟ ਤੋਂ ਛੁਟਕਾਰਾ ਪਾਉਣ ਲਈ ਇਕ ਨੁਸਖਾ ਦੱਸਿਆ ਜਾ ਰਿਹਾ ਹੈ। ਇਸ ਨੁਸਖੇ ਨੂੰ ਅਪਣਾ ਕੇ ਤੁਸੀਂ ਜਿਥੇ ਆਪਣੇ ਕੰਪਿਊਟਰ ਨੂੰ ਸੁਰੱਖਿਅਤ ਤਾਲਾ ਲਗਾ ਸਕਦੇ ਹੋ ਉਥੇ ਕੰਪਿਊਟਰ ਅਤੇ ਫਾਈਲਾਂ/ਪ੍ਰੋਗਰਾਮਾਂ ਨੂੰ ਦੁਬਾਰਾ ਚਾਲੂ ਕਰਨ ਦੀ ਨੌਬਤ ਤੋਂ ਵੀ ਬਚ ਸਕਦੇ ਹੋ।
ਸਭ ਤੋਂ ਪਹਿਲਾਂ ਆਪਣੀ ਡੈਸਕਟਾਪ ਦੀ ਖਾਲੀ ਥਾਂ 'ਤੇ ਮਾਊਸ ਦਾ ਸੱਜਾ ਬਟਨ ਕਲਿੱਕ ਕਰੋ। ਹੁਣ ਖੁੱਲ੍ਹੀ ਹੋਈ ਵਿੰਡੋ ਤੋਂ ਪਹਿਲਾਂ 'ਨਿਊ' ਅਤੇ ਫਿਰ 'ਸ਼ਾਰਟ ਕੱਟ' ਤੇ ਕਲਿਕ ਕਰੋ। ਸ਼ਾਰਟ ਕੱਟ ਉਤੇ ਕਲਿੱਕ ਕਰਨ ਮਗਰੋਂ ਜਿਹੜੀ ਵਿੰਡੋ ਖੁੱਲ੍ਹੇਗੀ ਉਸ ਵਿਚ ਇਹ ਕੋਡ ਟਾਈਪ ਕਰੋ : rundll32.exe user32.dll, lockWorkStation
ਇਸ ਵਿੰਡੋ ਦੇ ਹੇਠਾਂ ਨਜ਼ਰ ਆਉਣ ਵਾਲੇ 'ਟੈਕਸਟ' ਬਟਨ 'ਤੇ ਕਲਿੱਕ ਕਰੋ। ਹੁਣ ਇਕ ਹੋਰ ਵਿੰਡੋ ਨਜ਼ਰ ਆਵੇਗੀ। ਇਸ ਵਿਚ ਸ਼ਾਰਟ ਕੱਟ ਦਾ ਕੋਈ ਵੀ ਨਾਂਅ ਭਰੋ ਅਤੇ 'ਫਿਨਿਸ਼' 'ਤੇ ਕਲਿੱਕ ਕਰ ਦਿਓ। ਹੁਣ ਤੁਸੀਂ ਦੇਖੋਗੇ ਕਿ ਡੈਸਕਟਾਪ ਉਤੇ ਇਕ ਨਵਾਂ ਆਈਕਾਨ ਬਣ ਜਾਵੇਗਾ। ਕੰਮ ਕਰਦਿਆਂ ਜੇਕਰ ਤੁਸੀਂ ਕੁਝ ਮਿੰਟਾਂ ਲਈ ਕੰਪਿਊਟਰ ਤੋਂ ਦੂਰ ਜਾਣਾ ਚਾਹੁੰਦੇ ਹੋ ਤਾਂ ਤਾਲੇ ਵਾਲੇ ਇਸ ਆਈਕਾਨ 'ਤੇ ਕਲਿੱਕ ਕਰ ਦਿਓ। ਇਸ ਨਾਲ ਤੁਹਾਡੀ ਡੈਸਕਟਾਪ ਨੂੰ ਤਾਲਾ ਲੱਗ ਜਾਵੇਗਾ। ਅਜਿਹਾ ਹੋਣ ਨਾਲ ਤੁਹਾਡੀ ਗ਼ੈਰ-ਹਾਜ਼ਰੀ ਵਿਚ ਤੁਹਾਡੇ ਕੰਪਿਊਟਰ ਨੂੰ ਕੋਈ ਨਹੀਂ ਛੇੜ ਸਕੇਗਾ। ਕੰਪਿਊਟਰ ਦੀ ਡੈਸਕਟਾਪ ਨੂੰ ਤਾਲਾ ਲਗਾਉਣ ਦਾ ਇਕ ਹੋਰ ਤਰੀਕਾ ਵੀ ਹੈ। ਕੀਬੋਰਡ ਤੋਂ 'ਵਿੰਡੋਜ਼' ਅਤੇ 'ਐਲ' ਬਟਨਾਂ ਨੂੰ ਇਕੱਠਾ ਦਬਾ ਕੇ ਤੁਸੀਂ ਬੜੀ ਅਸਾਨੀ ਨਾਲ ਅਜਿਹਾ ਕਰ ਸਕਦੇ ਹੋ।

ਸੀ. ਪੀ. ਕੰਬੋਜ
ਈਮੇਲ : punjabicomputer@ymail.com

ਸੁਪਨੇ ਵੇਖੋ, ਸਫ਼ਲ ਬਣੋ

ਇਕ ਗਰੀਬ ਮਨੁੱਖ ਅਮੀਰ ਹੋ ਜਾਣ ਦਾ ਸੁਪਨਾ ਵੇਖਦਾ ਹੈ। ਇਕ ਕੁਆਰੀ ਕੁੜੀ ਆਪਣੇ ਸੁਪਨਿਆਂ ਦੇ ਰਾਜਕੁਮਾਰ ਨਾਲ ਵਿਆਹੇ ਜਾਣ ਦਾ ਸੁਪਨਾ ਵੇਖਦੀ ਹੈ। ਇਕ ਵਿਦਿਆਰਥੀ ਪ੍ਰੀਖਿਆ ਵਿਚ ਅੱਵਲ ਆਉਣ ਦਾ ਸੁਪਨਾ ਵੇਖਦਾ ਹੈ। ਇਕ ਹੇਠਲੇ ਦਰਜੇ ਦਾ ਕਰਮਚਾਰੀ, ਉੱਚ-ਅਧਿਕਾਰੀ ਬਣ ਜਾਣ ਦਾ ਸੁਪਨਾ ਵੇਖਦਾ ਹੈ। ਇਕ ਅਪਾਹਜ, ਸਰਬ ਕਲਾ ਸੰਪੂਰਨ ਮਨੁੱਖ ਬਣ ਜਾਣ ਦਾ ਸੁਪਨਾ ਵੇਖਦਾ ਹੈ।... ਸੁਪਨੇ ਵੇਖਣ ਵਾਲੇ ਬੇਅੰਤ ਲੋਕ ਹਨ, ਪਰ ਦੁਨੀਆ ਸੁਪਨੇ ਵੇਖਣ ਵਾਲਿਆਂ ਦਾ ਮਖੌਲ ਉਡਾਉਂਦੀ ਹੈ ਅਤੇ ਉਨ੍ਹਾਂ ਨੂੰ ਸ਼ੇਖਚਿਲੀ ਜਾਂ ਮੁੰਗੇਰੀ ਲਾਲ ਵਰਗੇ ਨਾਂਵਾਂ ਨਾਲ ਸੁਭਾਇਮਾਨ ਕਰਦੀ ਹੈ... ਤਾਂ ਫਿਰ ਕੀ ਇੰਜ ਸੁਪਨੇ ਵੇਖਣਾ ਬੁਰੀ ਗੱਲ ਹੈ।
ਅਸਲ ਵਿਚ ਸੁਪਨੇ ਵੇਖਣਾ, ਬਿਲਕੁਲ ਵੀ ਗ਼ਲਤ ਨਹੀਂ ਹੈ। ਸੁਪਨੇ ਹੀ ਉਹ ਊਰਜਾ ਦੇਣ ਵਾਲੇ ਸਰੋਤ ਹਨ, ਜਿਨ੍ਹਾਂ ਨਾਲ ਮਨੁੱਖੀ ਜੀਵਨ ਸਫ਼ਲ ਹੁੰਦਾ ਹੈ। ਸੁਪਨੇ ਮਨੁੱਖ ਦਾ ਕ੍ਰਮਵਾਰ ਵਿਕਾਸ ਕਰਦੇ ਹਨ। ਜ਼ਿੰਦਗੀ ਵਿਚ ਅਸੀਂ ਜਿਸ ਮਕਸਦ ਜਾਂ ਵਸਤੂ ਨੂੰ ਪਾਉਣ ਲਈ ਤੜਪਦੇ ਹਾਂ, ਉਸ ਨੂੰ ਸਾਕਾਰ ਰੂਪ ਵਿਚ ਪਾਉਣ ਦਾ ਸੁਪਨਾ ਵੇਖਦੇ ਹਾਂ। ਪਹਿਲਾਂ ਅਸੀਂ ਆਪਣੇ ਖਿਆਲਾਂ ਵਿਚ ਉਸ ਦੀ ਕਲਪਨਾ ਕਰਦੇ ਹਾਂ, ਫਿਰ ਉਸ ਤੱਕ ਆਪਣੀ ਪਹੁੰਚ ਬਣਾ ਲੈਣ ਦੀ ਵਿਉਂਤ ਬਣਾਉਂਦੇ ਹਾਂ। ਇਸ ਲਈ ਸੁਪਨੇ ਹੀ ਸਾਡੀ ਸੱਚੀ ਪ੍ਰੇਰਕ ਸ਼ਕਤੀ ਹਨ।ਵਿਸ਼ਾਲ ਅਕਾਰ ਦਾ ਸਮੁੰਦਰੀ ਜਹਾਜ਼, ਅਦਭੁੱਤ ਸੁਰੰਗਾਂ, ਵਿਰਾਟ ਪੁਲ, ਸਜੀਲੇ ਸਕੂਲ, ਯੂਨੀਵਰਸਿਟੀਆਂ, ਵੱਡੇ-ਵੱਡੇ ਹੋਟਲ, ਹਸਪਤਾਲ, ਲਾਇਬ੍ਰੇਰੀਆਂ, ਆਵਾਜਾਈ ਦੇ ਸਾਧਨ, ਅੰਤਰਰਾਸ਼ਟਰੀ ਨਗਰ, ਜ਼ਿੰਦਗੀ ਜਿਊਣ ਦੀਆਂ ਤਮਾਮ ਸਹੂਲਤਾਂ, ਸੁਖ ਦੇ ਵਿਗਿਆਨਕ ਸਾਧਨ, ਸੰਚਾਰ ਅਤੇ ਮਨੋਰੰਜਨ ਦੇ ਭੰਡਾਰ ਆਦਿ ਕਿਸੇ ਨਾ ਕਿਸੇ ਸੁਪਨੇ ਦੇਖਣ ਵਾਲੇ ਦੇ ਸੁਪਨਿਆਂ ਦਾ ਫਲੀਭੂਤ ਹੋਇਆ ਮਿੱਠਾ ਫਲ ਹੈ। ਜੇ ਸੁਪਨਸਾਜ਼ ਨਾ ਹੁੰਦੇ ਅਤੇ ਆਧੁਨਿਕ ਯੁੱਗ ਦੇ ਸੁਪਨੇ ਨਾ ਵੇਖਦੇ ਤਾਂ ਅੱਜ ਜੋ ਸੱਭਿਅਤਾ, ਤਰੱਕੀ ਸਾਨੂੰ ਵਿਖਾਈ ਦੇ ਰਹੀ ਹੈ, ਉਸ ਦਾ ਕਿਤੇ ਨਾਮੋ-ਨਿਸ਼ਾਨ ਹੀ ਨਾ ਹੁੰਦਾ।

ਇਕ ਵੀ ਇੱਟ ਜਾਂ ਪੱਥਰ ਰੱਖੇ ਬਿਨਾਂ ਪੂਰਾ ਭਵਨ, ਇੰਜੀਨੀਅਰ ਦੀ ਕਲਪਨਾ ਵਿਚ ਪਹਿਲਾਂ ਹੀ ਤਿਆਰ ਹੁੰਦਾ ਹੈ। ਸਫ਼ਲ ਕਾਰੋਬਾਰੀ ਸੁਪਨੇ ਵਿਚ ਆਪਣਾ ਸਾਮਾਨ ਵੇਚ ਚੁੱਕਿਆ ਹੁੰਦਾ ਹੈ, ਵੇਚਣ ਦੇ ਰਾਹ ਵਿਚ ਆਈਆਂ ਉਲਝਣਾਂ ਉਹ ਵੇਚਣ ਤੋਂ ਪਹਿਲਾਂ ਹੀ ਲਗਭਗ ਸੁਲਝਾ ਚੁੱਕਿਆ ਹੁੰਦਾ ਹੈ। ਇਸੇ ਤਰ੍ਹਾਂ ਇਕ ਫਿਲਮ ਨਿਰਦੇਸ਼ਕ ਆਪਣੀ ਫਿਲਮ ਨੂੰ ਨਿਰਦੇਸ਼ਤ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਕਹਾਣੀ ਨੂੰ ਆਪਣੇ ਮਾਨਸ-ਪਟਲ 'ਤੇ ਕਲਪਿਤ ਲੋਕ ਵਿਚ ਚਿਤਰਿਤ ਹੁੰਦੇ ਵੇਖਦਾ ਹੈ ਅਤੇ ਉਸ ਦਾ ਜਿਉਂ ਦਾ ਤਿਉਂ ਸੁਪਨਾ ਲੈਂਦਾ ਹੈ, ਉਸ ਨੂੰ ਆਪਣੇ ਅਕਸ ਵਿਚ ਢਾਲਦਾ ਹੈ। ਫਿਰ ਉਸ ਨੂੰ ਸਿਨੇਮਾ ਦੇ ਪਰਦੇ 'ਤੇ ਪੇਸ਼ ਕਰਦਾ ਹੈ।ਸਾਰੇ ਮਹਾਨ ਕਾਰਜਾਂ ਪਿੱਛੇ ਸੁਪਨਿਆਂ ਦੀ ਖਾਸ ਭੂਮਿਕਾ ਹੁੰਦੀ ਹੈ। ਗਲੀਲੀਓ ਅਤੇ ਕਈ ਹੋਰ ਮਹਾਨ ਵਿਗਿਆਨੀਆਂ ਨੂੰ ਜਿਨ੍ਹਾਂ ਸੁਪਨਿਆਂ ਲਈ ਕਈ ਤਰ੍ਹਾਂ ਦੀ ਸਜ਼ਾ ਭੁਗਤਣੀ ਪਈ, ਉਹੀ ਸੁਪਨੇ ਕੁਝ ਵਰ੍ਹਿਆਂ ਬਾਅਦ 'ਵਿਗਿਆਨ' ਦੇ ਨਾਂਅ ਨਾਲ ਜਾਣੇ ਅਤੇ ਮੰਨੇ ਗਏ। ਗਲੀਲੀਓ ਨੇ ਸਾਨੂੰ ਪੁਲਾੜ ਅਤੇ ਧਰਤੀ ਸਬੰਧੀ ਵਿਗਿਆਨ ਤੋਂ ਜਾਣੂ ਕਰਵਾਇਆ। ਰਾਈਟ ਬੰਧੂ ਹਵਾਈ ਜਹਾਜ਼ ਉਡਾਉਣ ਦਾ ਸੁਪਨਾ ਵੇਖਦੇ ਸਨ। ਕੋਲੰਬਸ ਸਮੁੰਦਰ ਪਾਰ ਇਕ ਹੋਰ ਧਰਤੀ ਹੋਣ ਦਾ ਸੁਪਨਾ ਵੇਖਦਾ ਸੀ। ਕੋਲੰਬਸ, ਇਸ ਸੁਪਨੇ ਦੇ ਕਾਰਨ ਹੀ ਅਮਰੀਕਾ ਦੀ ਖੋਜ ਕਰਨ ਵਿਚ ਸਫ਼ਲ ਹੋਇਆ।ਕਨਫਿਊਸ਼ੀਅਸ, ਸੁਕਰਾਤ ਅਤੇ ਬੁੱਧ ਦੇ ਸੁਪਨੇ ਅੱਜ ਕਰੋੜਾਂ ਲੋਕਾਂ ਦੇ ਜੀਵਨ ਵਿਚ ਅਸਲੀਅਤ ਬਣ ਚੁੱਕੇ ਹਨ। ਜਾਰਜ ਸਟੀਵੇਨਸਨ ਇਕ ਕੋਇਲੇ ਦੀ ਖਾਨ ਵਿਚ ਮਜ਼ਦੂਰ ਸੀ। ਉਸ ਨੇ ਭਾਫ ਤੋਂ ਚੱਲਣ ਵਾਲੇ ਇੰਜਣ ਦਾ ਸੁਪਨਾ ਵੇਖਿਆ ਅਤੇ ਉਸ ਨੂੰ ਸਾਕਾਰ ਕੀਤਾ, ਜਿਸ ਨਾਲ ਰੇਲ ਗੱਡੀ ਹੋਂਦ ਵਿਚ ਆਈ ਤੇ ਪੂਰੇ ਸੰਸਾਰ ਦੀ ਆਵਾਜਾਈ ਪ੍ਰਣਾਲੀ ਵਿਚ ਕ੍ਰਾਂਤੀ ਆ ਗਈ। ਥਾਮਸ ਐਲਵਾ ਐਡੀਸਨ ਦਾ ਬਲਬ, ਅਲੈਗਜ਼ੈਂਡਰ ਗ੍ਰਾਹਮ ਬੇਲ ਦਾ ਟੈਲੀਫੋਨ, ਕਿੰਗ ਕੈਂਪ ਜਿਲੇਟ ਦਾ ਬਲੇਡ ਅਤੇ ਹੋਰ ਵੀ ਇਹੋ ਜਿਹੀਆਂ ਖੋਜਾਂ ਸੁਪਨਿਆਂ ਦਾ ਨਤੀਜਾ ਹਨ।

ਜ਼ਰਾ ਸੋਚੋ, ਸੁਪਨੇ ਵੇਖਣ ਵਿਚ ਬੁਰਾਈ ਕਿਤੇ ਵੀ ਨਹੀਂ ਹੈ। ਲੋਕ ਸੁਪਨੇ ਵੇਖਣ ਵਾਲਿਆਂ ਦੀ ਖਿੱਲੀ ਉਡਾਉਂਦੇ ਹਨ, ਪਰ ਇਹ ਸਰਾਸਰ ਸੱਚ ਹੈ ਕਿ ਸੁਪਨੇ ਹੀ ਸਾਨੂੰ ਉਹ ਰਚਨਾਤਮਕ ਅਤੇ ਸਿਰਜਣਾਤਮਕ ਸ਼ਕਤੀ ਪ੍ਰਦਾਨ ਕਰਦੇ ਹਨ ਜੋ ਸਾਨੂੰ, ਸਾਡੀ ਮਨੁੱਖਾ ਜਾਤੀ ਨੂੰ ਨਿੱਤ ਨਵੇਂ ਅਤੇ ਬਿਹਤਰ ਕਾਰਜ ਕਰਨ ਲਈ ਪ੍ਰੇਰਨਾ ਦਿੰਦੀ ਹੈ। ਸੁਪਨਿਆਂ ਤੋਂ ਮਿਲਣ ਵਾਲੀ ਪ੍ਰੇਰਨਾ ਦੁਆਰਾ ਹੀ ਮਨੁੱਖ ਸਰਬਉੱਚ ਅਹੁਦਾ ਪ੍ਰਾਪਤ ਕਰਦਾ ਹੈ। ਉਸ ਸੁਪਨੇ ਦੁਆਰਾ ਹੀ ਜਾਤ-ਪਾਤ, ਵਰਗ-ਫਿਰਕਾ, ਵੰਸ਼-ਗੋਤ, ਮਤ ਅਤੇ ਸੰਪਰਦਾਇ ਆਦਿ ਦੇ ਬੰਧਨ ਚਟਕ ਜਾਂਦੇ ਹਨ ਅਤੇ ਮਨੁੱਖ ਉੱਚਾ ਉਠਦਾ ਹੋਇਆ ਮਹਾਨ ਬਣ ਜਾਂਦਾ ਹੈ।ਕੁਦਰਤ ਨੇ ਜੇਕਰ ਪੰਛੀ ਨੂੰ ਉਡਣ ਦੀ ਸ਼ਕਤੀ ਨਾ ਦਿੱਤੀ ਹੁੰਦੀ ਤਾਂ ਖੁੱਲ੍ਹੇ ਅਸਮਾਨ ਵਿਚ ਆਜ਼ਾਦੀ ਨਾਲ ਉਡਣ-ਵਿਚਰਨ ਦਾ ਸੁਪਨਾ ਵੀ ਉਸ ਦੇ ਦਿਲ ਵਿਚ ਨਾ ਦਿੱਤਾ ਹੁੰਦਾ। ਕੁਦਰਤ ਨੇ ਸਾਨੂੰ ਵੱਡੀਆਂ ਇਛਾਵਾਂ, ਕਾਮਨਾਵਾਂ ਅਤੇ ਉੱਚ-ਅਕਾਖਿਆਵਾਂ ਦਿੱਤੀਆਂ ਹਨ। ਸਾਨੂੰ ਮਹਾਨ ਕਾਰਜ ਕਰਨ ਦੀ ਚਾਹਤ ਦਿੱਤੀ ਹੈ। ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਉੱਚਾ ਚੁੱਕਣ ਦਾ ਸੁਪਨਾ ਦਿੱਤਾ ਹੈ। ਇਸ ਲਈ ਸਪਸ਼ਟ ਹੈ ਕਿ ਕੁਦਰਤ ਨੇ ਜਿਥੇ ਸਾਨੂੰ ਸੁਪਨੇ ਵੇਖਣ ਦਾ ਸੁਭਾਅ ਦਿੱਤਾ ਹੈ, ਉਥੇ ਹੀ ਉਨ੍ਹਾਂ ਹੀ ਸੁਪਨਿਆਂ ਨੂੰ ਪ੍ਰਤੱਖ ਅਤੇ ਸਾਕਾਰ ਰੂਪ ਪ੍ਰਦਾਨ ਕਰਨ ਦੀ ਸ਼ਕਤੀ ਅਤੇ ਸਮਰੱਥਾ ਵੀ ਦਿੱਤੀ ਹੈ।ਸੁਪਨੇ ਵੇਖੋ ਅਤੇ ਸਫ਼ਲ ਬਣੋ। ਸੁਪਨਾ ਉਹ ਵੇਖੋ ਜੋ ਪੂਰਾ ਕੀਤਾ ਜਾ ਸਕੇ। ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਸਮੇਂ ਉਨ੍ਹਾਂ ਨੂੰ ਯਥਾਰਥ ਦੀ ਕਸਵੱਟੀ 'ਤੇ ਪਰਖਦੇ ਹੋਏ ਅੱਗੇ ਵਧਦੇ ਜਾਣਾ ਚਾਹੀਦਾ ਹੈ। ਫਿਰ ਅਜਿਹਾ ਹੋ ਹੀ ਨਹੀਂ ਸਕਦਾ ਕਿ ਮੰਜ਼ਿਲ ਨਾ ਮਿਲੇ ਅਤੇ ਸੁਪਨਾ ਸਾਕਾਰ ਰੂਪ ਨਾ ਲਵੇ। ਇਸ ਲਈ ਮਹਾਨ ਸੁਪਨੇ ਵੇਖੋ ਅਤੇ ਸੋਚੋ, 'ਮੈਂ ਇਸ ਨੂੰ ਕਿਵੇਂ ਪੂਰਾ ਕਰ ਸਕਦਾ ਹਾਂ?' ਅਤੇ ਉਸ ਨੂੰ ਸਾਕਾਰ ਕਰਨ ਲਈ ਜੁਟ ਜਾਵੋ।

ਡਾ: ਮਨਜੀਤ ਗਰੋਵਰ
-ਗਰੋਵਰ ਹੈਲਥ ਸੈਂਟਰ, ਨੇੜੇ ਪੁਰਾਣਾ ਡਾਕਘਰ, ਰਤੀਆ, (ਹਰਿਆਣਾ)।
ਮੋਬਾਈਲ : 094161-77193.

ਚੇਤਿਆਂ 'ਚ ਵਸਦੀਏ ਮਾਏਂ

ਚਿਰ ਬਾਅਦ ਪਿੰਡ ਆਇਆ ਹਾਂ। ਪਿੰਡ ਦੀਆਂ ਗਲੀਆਂ ਅਤੇ ਰਾਹ ਉਹੀ ਨੇ। ਗਰਾਂ ਵਿਚ ਪਹਿਲਾਂ ਵਰਗੀ ਚਹਿਲ ਪਹਿਲ, ਘੁੱਗ ਵਸਦਾ ਏ ਪਿੰਡ। ਪਰ ਮਨ ਉਖੜਿਆ ਹੋਇਆ ਏ। ਚਿੱਤ ਉਦਾਸ ਏ। ਮਾਂ ਦੀ ਘਾਟ ਘਰ ਵਿਚ ਰੜਕਦੀ ਏ। ਸਦੀਵੀ ਯਾਤਰਾ 'ਤੇ ਤੁਰ ਗਈ ਮਾਂ ਨੂੰ ਦੋ ਸਾਲ ਹੋਣ ਵਾਲੇ ਨੇ ਅਤੇ ਉਸ ਤੋਂ ਬਾਅਦ ਮਾਂ ਵਾਲੇ ਰੋਅਬ ਨਾਲ ਪਿੰਡ ਆਉਣ ਲਈ ਕੋਈ ਨਹੀਂ ਕਹਿਣ ਵਾਲਾ। ਭਰਾ ਤਾਂ ਭਰਾ ਹੀ ਹੁੰਦੇ ਨੇ। ਸਿਰਫ ਮਾਂ ਹੀ ਹੁੰਦੀ ਏ ਜੋ ਤੁਹਾਨੂੰ ਉਡੀਕਦੀ, ਤੁਹਾਡੇ ਲਈ ਤੁਹਾਡੀਆਂ ਮਨਪਸੰਦ ਚੀਜ਼ਾਂ ਤਿਆਰ ਕਰਨ ਵਿਚ ਸੁੱਖਨ ਮਹਿਸੂਸ ਕਰਦੀ ਏ।
ਮਾਂ ਤੋਂ ਬਿਨਾਂ ਘਰ ਵਿਚ ਇਕ ਬੇਰੌਣਕੀ। ਉਸ ਦੀ ਡੰਗੋਰੀ ਦੀ ਠੱਕ ਠੱਕ, ਉਸ ਦਾ ਹਰ ਕਾਰਜ ਵਿਚ ਰੋਹਬ ਪਾਉਣਾ, ਇਕ ਬੀਤਿਆ ਸੁਪਨਾ। ਖਾਮੋਸ਼ ਏ ਉਸ ਦਾ ਰੀਝਾਂ ਨਾਲ ਸਾਂਭਿਆ ਹੋਇਆ ਚਰਖਾ। ਇਸ 'ਤੇ ਚੜ੍ਹੀ ਹੋਈ ਘੱਟੇ ਦੀ ਪਰਤ ਦਿਨ-ਬਦਿਨ ਹੋਰ ਮੋਟੀ ਹੁੰਦੀ ਜਾਵੇਗੀ ਅਤੇ ਆਖਰ ਨੂੰ ਇਕ ਦਿਨ ਇਹ ਘਰ ਦੇ ਕਬਾੜ ਦਾ ਹਿੱਸਾ ਬਣ, ਚੁੱਲੇ ਦਾ ਸੇਕ ਬਣ ਜਾਵੇਗਾ।
ਮਾਂ ਦੀ ਛੋਹ ਨੂੰ ਤਰਸਦੇ ਸੰਦੂਕ ਨੂੰ ਕੌਣ ਫਰੋਲੇ? ਕਿਹੜਾ ਗੁਥਲੀਆਂ ਅਤੇ ਗੰਢਾਂ ਦੀ ਸਾਰ ਲਵੇ? ਹੁਣ ਨਹੀਂ ਮਾਂ ਨੂੰ ਖਿਝਾਉਣ ਲਈ, ਉਸ ਦੀਆਂ ਪੋਤਰੀਆਂ ਨੇ ਸਾਂਭ-ਸਾਂਭ ਕੇ ਰੱਖੀਆਂ ਵਸਤਾਂ ਨੂੰ ਫਰੋਲਣਾ। ਆਪਣੀਆਂ ਨੂੰਹਾਂ ਅਤੇ ਧੀਆਂ ਤੋਂ ਵੱਧ ਪੋਤਰੀਆਂ ਦਾ ਮੋਹ ਪਾਲਣ ਵਾਲੀ ਦਾਦੀ ਨੂੰ ਲੱਭਦੀਆਂ, ਮਾਯੂਸ ਨੇ ਉਸ ਦੀਆਂ ਪੋਤਰੀਆਂ। ਮਾਂ ਦਾ ਤੁਰ ਜਾਣਾ, ਜੀਵਨ ਦੀ ਅਟੱਲ ਸਚਾਈ। ਮਾਂ ਨੂੰ ਹੱਥੀਂ ਸਮੇਟ ਕੇ ਇਸ ਨੂੰ ਮੰਨ ਵੀ ਲਿਆ ਏ ਪਰ ਜਦ ਵੀ ਪਿੰਡ ਜਾਈਏ ਤਾਂ ਮਾਂ ਨਾਲ ਜੁੱੜੀਆਂ ਯਾਦਾਂ ਦਾ ਇਕ ਵੱਡਾ ਕਾਫਲਾ ਚੇਤਿਆਂ ਦੀ ਬਰੂਹੀਂ ਆ ਡੇਰਾ ਲਾਉਂਦਾ ਹੈ।
ਮਾਂ ਜਿਊਂਦੀ ਹੁੰਦੀ ਸੀ ਤਾਂ ਬਾਪ ਨਾਲ ਅਕਸਰ ਹੀ ਨੋਕ-ਝੋਕ ਰਹਿੰਦੀ। ਪਰ ਮਾਂ ਦੇ ਤੁਰ ਜਾਣ ਤੋਂ ਬਾਅਦ ਬਾਪ ਨੇ ਵੀ ਚੁੱਪ ਦਾ ਗਿਲਾਫ਼ ਤਾਣ ਲਿਆ ਏ। ਜੀਵਨ-ਸਾਥੀ ਦੇ ਤੁਰ ਜਾਣ ਤੋਂ ਬਾਅਦ ਬੜਾ ਕੁਝ ਬਦਲ ਜਾਂਦਾ ਏ ਅਤੇ ਇਸ ਬਦਲਾਅ ਵਿਚ ਬਹੁਤੀ ਵਾਰ ਬੰਦੇ ਨੂੰ ਆਪਣਾ ਅੰਦਰਲਾ ਮਨ ਮਾਰਨਾ ਪੈਂਦਾ ਏ। ਬਾਪ ਕੋਸ਼ਿਸ਼ ਤਾਂ ਕਰਦਾ ਏ ਕਿ ਉਹ ਮਾਂ ਦਾ ਬਦਲ ਬਣ ਸਕੇ ਪਰ ਬੜਾ ਔਖਾ ਏ। ਬਾਪ ਦੀ ਮਾਯੂਸੀ ਕਈ ਵਾਰ ਬਹੁਤ ਉਦਾਸ ਕਰ ਜਾਂਦੀ ਏ।
ਮਾਂਵਾਂ ਤੁਰ ਜਾਣ ਤਾਂ ਪਰਿਵਾਰ ਦੇ ਆਪੋ-ਆਪਣੇ ਰਾਹ। ਆਪ ਮੁਹਾਰਾਪਣ ਹਾਵੀ। ਗੁੰਮ ਜਾਂਦਾ ਏ ਆਪਸ ਵਿਚ ਮਿਲਾਉਣ ਵਾਲਾ ਕੇਂਦਰ-ਬਿੰਦੂ। ਮਾਂ ਦੇ ਕੋਲ ਹੀ ਧੀਆਂ ਨੂੰ ਆਉਣ ਦਾ ਚਾਅ। ਉਹਨਾਂ ਨੂੰ ਲੋਹੜੀ, ਤੀਆਂ ਅਤੇ ਸੰਧਾਰੇ ਦੀ ਬੜੀ ਬੇਸਬਰੀ ਨਾਲ ਉਡੀਕ। ਬੇਗਾਨੇ ਕਿਥੇ ਪਾਉਂਦੇ ਨੇ ਧੀਆਂ ਧਿਆਣੀਆਂ ਦੇ ਘਰੀਂ ਫੇਰਾ?
ਮਾਵਾਂ ਹੀ ਕੁੱਖੋਂ ਜਾਇਆਂ ਦੇ ਲਾਡ ਲਡਾਉਂਦੀਆਂ, ਅਸੀਸਾਂ ਅਤੇ ਦੁਆਵਾਂ ਦੀ ਝੜੀ ਲਾਉਂਦੀਆਂ ਅਤੇ ਰੱਬ ਦਾ ਸ਼ੁਕਰ ਮਨਾਉਂਦੀਆਂ ਨੇ।
ਮਾਵਾਂ, ਪੀਰਾਂ-ਫਕੀਰਾਂ ਤੋਂ ਉੱਚੀਆਂ, ਫੁੱਲਾਂ 'ਤੇ ਡਲਕਦੇ ਤ੍ਰੇਲ-ਤੁਪਕਿਆਂ ਤੋਂ ਸੁੱਚੀਆਂ ਅਤੇ ਮਾਨਵੀ ਰਹਿਤਲ ਵਿਚ ਰੰਗੀਆਂ, ਸਰਬ ਧਰਮਾਂ ਤੋਂ ਉੱਚੀਆਂ। ਮਾਂ ਬਣਨਾ, ਸਭ ਤੋਂ ਵੱਡਾ ਧਰਮ। ਮਾਂ ਦੇ ਫ਼ਰਜ਼ਾਂ ਦੀ ਤਫ਼ਸੀਲ ਸਾਹਵੇਂ ਬੌਣੇ ਨੇ ਦੁਨਿਆਵੀ ਫ਼ਰਜ਼ਾਂ ਦੇ ਅੰਬਾਰ, ਮਾਂ ਦੀ ਕਰਨੀ ਤੇ ਕਹਿਣੀ ਵਿਚ ਹੁੰਦਾ ਏ ਸੱਚੀ-ਸੁੱਚੀ ਸੋਚ ਦਾ ਵਿਸਥਾਰ ਅਤੇ ਮਾਂ ਦੀਆਂ ਸ਼ੁੱਭ ਭਾਵਨਾਵਾਂ ਵਿਚ ਪਨਪਦਾ ਏ ਯੁੱਗ ਜਿਊਣਾ ਮਾਣ ਅਤੇ ਸਤਿਕਾਰ।
ਮਾਂ, ਬੱਚਿਆਂ ਲਈ ਨਿੱਘੀ ਗੋਦੜੀ ਦਾ ਪੁਰ-ਖਲੂਸ ਅਹਿਸਾਸ, ਠੰਢੜੀ ਛਾਂ ਦਾ ਰੂਹਾਨੀ ਹੁਲਾਸ ਅਤੇ ਉਸ ਦੀਆਂ ਮੱਤਾਂ ਤੇ ਸਲਾਹੁਤਾਂ ਸਦਕਾ ਹੁੰਦਾ ਏ ਸੰਤੁਲਿਤ ਸ਼ਖ਼ਸੀਅਤ ਦਾ ਵਿਕਾਸ।
ਮਾਂ ਦਾ ਹੱਥੀਂ ਦਿੱਤਾ ਪਾਣੀ ਦਾ ਘੁੱਟ, ਇਲਾਹੀ ਅੰਮ੍ਰਿਤ। ਹੱਥੀਂ ਪਕਾਈਆਂ ਰੋਟੀਆਂ ਵਿਚ ਕੋਧਰੇ ਦੀ ਰੋਟੀ ਦਾ ਸਵਾਦ। ਰਿੜਕੀ ਲੱਸੀ ਵਿਚ ਮਿਠਾਸ ਦੀ ਲਜ਼ੀਜ਼ਤਾ ਅਤੇ ਸਾਗ ਵਿਚ ਦੇਸੀ ਘਿਉ ਵਰਗੀ ਮਹਿਕੀਲੀ ਤਾਜ਼ਗੀ ।
ਮਾਂ ਦੇ ਤੁਰ ਜਾਣ ਤੋਂ ਬਾਅਦ, ਪੱਲੇ ਵਿਚ ਰਹਿ ਗਈਆਂ ਨੇ ਕੁਝ ਪਿਆਰੀਆਂ ਅਤੇ ਮਿੱਠੀਆਂ ਯਾਦਾਂ। ਇਹ ਯਾਦਾਂ ਬੀਤਿਆ ਇਤਿਹਾਸ। ਸਾਡੀ ਸਿਰਜਣਾ ਵਿਚ ਅਹਿਮ ਰੋਲ ਦਾ ਜਾਮਨ। ਮਾਂ ਦੀਆਂ ਇਨ੍ਹਾਂ ਯਾਦਾਂ ਵਿਚ ਘੁਲੀ ਬਚਪਨ ਦੀ ਮਸੂਮੀਅਤ, ਪੜ੍ਹਾਈ ਦੀ ਲਗਨ, ਜੀਵਨ ਦੀ ਜੱਦੋਜਹਿਦ ਅਤੇ ਸਥਾਪਤੀ ਦੀ ਸੰਵੇਦਨਾ। ਜੀਵਨ ਦੇ ਹਰ ਮੋੜ 'ਤੇ ਹੱਲਾ-ਸ਼ੇਰੀ ਦੇਣ ਵਾਲੀ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਨਸੀਹਤ ਦੇਣ ਵਾਲੀ ਮਾਂ ਨੇ ਪਰਤ ਕੇ ਤਾਂ ਨਹੀਂ ਆਉਣਾ, ਪਰ ਜਦ ਵੀ ਕਦੇ ਕਦਮ ਡਗਮਗਾਉਂਦੇ, ਪੈਰ ਤਿਲਕਦੇ ਜਾਂ ਸੋਚਾਂ ਵਿਚ ਭਟਕਣ ਉਪਜਦੀ, ਤਾਂ ਮਾਂ ਦੀਆਂ ਰਮਜ਼ਾਂ ਭਰੀਆਂ ਗੱਲਾਂ ਮਸਤਕ ਦਾ ਦਰ ਖੜਕਾ, ਸੁਚੇਤ ਕਰ ਜਾਂਦੀਆਂ ਨੇ।

ਡਾ: ਗੁਰਬਖ਼ਸ਼ ਸਿੰਘ ਭੰਡਾਲ
ਸੈਲ ਫੋਨਂ001-647-702-5445
E-mail : bhandal_g@yahoo.ca

ਪੈਰੀਂ ਤੁਰਨ ਦਾ ਅਨੰਦ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬਹਾਨੇਬਾਜ਼, ਆਲਸੀ ਤੇ ਫੋਕੇ ਵੇਖ-ਵਿਖਾਵੇ ਕਰਨ ਵਾਲਿਆਂ ਨੂੰ ਸਾਡੀ ਸਲਾਹ ਹੈ ਕਿ ਉਹ ਭਲਕ ਤੋਂ ਹੀ ਥੋੜ੍ਹਾ-ਬਹੁਤਾ ਤੁਰਨ ਦਾ ਪ੍ਰੋਗਰਾਮ ਬਣਾ ਲੈਣ। ਕਿਵੇਂ ਬਣੇਗਾ? ਇਹ ਵੀ ਭਲੀ ਪੁੱਛੀ। ਇਹ ਕੋਈ ਡੈਮ ਬਣਾਉਣ ਜਾਂ ਛਾਉਣੀ ਪਾਉਣ ਦਾ ਪ੍ਰੋਜੈਕਟ ਨਹੀਂ। ਤੇ ਨਾ ਹੀ ਇਹਦੇ ਲਈ ਮਹੂਰਤ ਦਾ ਦਿਨ ਕਢਾਉਣ ਦੀ ਲੋੜ ਹੈ। ਮਾਮੂਲੀ ਉੱਦਮ ਨਾਲ ਪਹਿਲਾਂ ਨਾਲੋਂ ਕੁਝ ਮਿੰਟ ਪਹਿਲਾਂ ਮੰਜੇ ਤੋਂ ਉਠਿਆ ਜਾ ਸਕਦੈ। ਵਿਹੜਾ, ਬੀਹੀ, ਫਿਰਨੀ, ਸੜਕ, ਖੇਡ ਮੈਦਾਨ, ਪਾਰਕ, ਪਟੜੀ, ਪਹੇ ਤੇ ਡੰਡੀਆਂ ਕਿਤੇ ਵੀ ਤੁਰਿਆ ਜਾ ਸਕਦੈ। ਜੀਹਦੇ ਘਰ ਪੌੜੀਆਂ ਬਣੀਆਂ ਹੋਈਆਂ ਹਨ ਉਨ੍ਹਾਂ ਉਤੇ ਵੀਹ-ਪੰਜਾਹ ਵਾਰ ਚੜ੍ਹਿਆ-ਉਤਰਿਆ ਜਾ ਸਕਦੈ। ਕੇਵਲ ਛੱਤ ਹੋਵੇ ਤਾਂ ਛੱਤ ਉਤੇ ਹੀ ਅੱਧਾ ਘੰਟਾ ਚਹਿਲ ਕਦਮੀ ਕੀਤੀ ਜਾ ਸਕਦੀ ਹੈ। ਅਖ਼ਬਾਰ ਪੈ ਕੇ ਜਾਂ ਬਹਿ ਕੇ ਨਹੀਂ ਖੜ੍ਹ ਕੇ ਜਾਂ ਟਹਿਲਦੇ ਹੋਏ ਪੜ੍ਹ ਲੈਣਾ ਚਾਹੀਦੈ। ਸਬਜ਼ੀ-ਭਾਜੀ ਤੁਰ ਕੇ ਲਿਆਂਦੀ ਜਾ ਸਕਦੀ ਹੈ। ਬੱਸ ਅੱਡੇ, ਦੁਕਾਨ ਤੇ ਦਫਤਰ ਤੁਰ ਕੇ ਜਾਇਆ ਜਾ ਸਕਦੈ। ਬਹਿ ਕੇ ਕੰਮ ਕਰਨ ਵਾਲੇ ਵਿਚੋਂ ਉੱਠ ਵੀ ਖੜ੍ਹੇ ਹੋਣ ਤੇ ਸਰੀਰ ਦੇ ਅੰਗ ਹਿਲਾਉਣ ਦੀ ਥੋੜ੍ਹੀ ਜਿੰਨੀ ਕਸਰਤ ਕਰ ਲੈਣ। ਸੌ ਨਹੀਂ, ਹਜ਼ਾਰ ਰਾਹ ਕੱਢਿਆ ਜਾ ਸਕਦੈ। ਬੱਸ ਤੁਰਨ ਤੇ ਕਸਰਤ ਕਰਨ ਦੀ ਤਮੰਨਾ ਹੋਣੀ ਚਾਹੀਦੀ ਹੈ। ਤੁਰਨ-ਫਿਰਨ ਦੀ ਮਾੜੀ-ਮੋਟੀ ਕਸਰਤ ਨਾਲ ਖਾਧਾ-ਪੀਤਾ ਚੰਗੀ ਤਰ੍ਹਾਂ ਹਜ਼ਮ ਹੁੰਦਾ ਰਹਿੰਦਾ ਹੈ, ਭੈੜੇ ਡਕਾਰ ਨਹੀਂ ਆਉਂਦੇ, ਜੁੱਸਾ ਫਿੱਟ ਰਹਿੰਦਾ ਹੈ, ਬੰਦਾ ਕੰਮ ਕਾਰ ਜੀਅ ਲਾ ਕੇ ਕਰਦਾ ਹੈ ਤੇ ਛੇਤੀ ਕੀਤਿਆਂ ਨਿੱਕੀ-ਮੋਟੀ ਬਿਮਾਰੀ ਨੇੜੇ ਨਹੀਂ ਆਉਂਦੀ। ਸਰੀਰਕ ਭਾਰ ਨੂੰ ਥਾਂ ਸਿਰ ਰੱਖਣ ਲਈ ਤਿੱਖੀਆਂ ਤੋਰਾਂ ਬੜੀਆਂ ਸਹਾਈ ਹੁੰਦੀਆਂ ਹਨ। ਦਵਾਈਆਂ ਦੀ ਨੀਂਦ ਨਾਲੋਂ ਲੰਮੀਆਂ ਤੋਰਾਂ ਦੀ ਨੀਂਦ ਕਿਤੇ ਵੱਧ ਸੁਖਦਾਈ ਹੁੰਦੀ ਹੈ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪੈਰੀਂ ਤੁਰਨਾ ਸਾਰੀਆਂ ਬਿਮਾਰੀਆਂ ਜਾਂ ਮੁਸ਼ਕਲਾਂ ਦਾ ਹੱਲ ਹੈ। ਹਾਂ, ਇਹ ਜ਼ਰੂਰ ਕਹਿੰਦਾ ਹਾਂ ਕਿ ਲੱਤਾਂ ਤੇ ਪੈਰ ਤੁਰਨ ਲਈ ਹਨ ਤੇ ਜਿਹੜਾ ਕੁਦਰਤ ਦਾ ਜੀਅ ਇਹਨਾਂ ਤੋਂ ਕੰਮ ਲੈਂਦਾ ਰਹੇਗਾ, ਉਹ ਬਹੁਤ ਸਾਰੀਆਂ ਬਿਮਾਰੀਆਂ ਤੇ ਮੁਸ਼ਕਲਾਂ ਤੋਂ ਬਚਿਆ ਰਹੇਗਾ। ਜਿਥੋਂ ਤਕ ਸੁਹੱਪਣ ਦੀ ਗੱਲ ਹੈ ਸੋਹਣੇ ਸੁਡੌਲ ਜੁੱਸੇ ਪੈਰੀਂ ਤੁਰਨ ਤੇ ਕਸਰਤ ਕਰਨ ਵਾਲਿਆਂ ਦੇ ਹੀ ਹੁੰਦੇ ਹਨ। ਜਿਨ੍ਹਾਂ ਨੇ ਤੁਰਨ ਦੇ ਰਾਹ ਨਹੀਂ ਪੈਣਾ, ਉਨ੍ਹਾਂ ਦਾ ਮਾਸ ਥੁਲ-ਥੁਲ ਹੀ ਕਰਨਾ ਹੈ। ਬਿਊਟੀ ਪਾਰਲਰ ਵਾਲੇ ਸਿਹਲੀਆਂ ਘੜ ਦੇਣਗੇ, ਨਹੁੰ ਪਾਲਸ਼ ਲਾ ਦੇਣਗੇ, ਰੰਗ ਰੋਗਣ ਕਰ ਦੇਣਗੇ ਪਰ ਸਰੀਰ ਦਾ ਸੁਹੱਪਣ ਤਦ ਹੀ ਨਿਖਰੇਗਾ ਜਦੋਂ ਜੁੱਸੇ ਨੂੰ ਛਾਂਟ ਕੇ ਸੁਡੌਲਤਾ ਵਿਚ ਢਾਲਿਆ ਗਿਆ। ਜੁੱਸੇ ਨੂੰ ਛਾਂਟਣ ਲਈ ਲੰਮੀਆਂ ਵਾਟਾਂ ਦੀ ਸੈਰ ਅਹਿਮ ਹੈ।

ਬੰਦੇ ਦੇ ਸਰੀਰ ਵਿਚ ਏਨੀ ਸਮਰੱਥਾ ਹੈ ਕਿ ਉਹ ਦੋ-ਚਾਰ ਮੀਲ ਨਹੀਂ ਸਗੋਂ ਸੈਂਕੜੇ-ਹਜ਼ਾਰਾਂ ਮੀਲ ਲਗਾਤਾਰ ਤੁਰਦਾ ਰਹਿ ਸਕਦਾ ਹੈ। ਗੱਲ ਸਾਰੀ ਹਿੰਮਤ ਦੀ ਹੈ। ਸਾਡੇ ਵੱਡ-ਵਡੇਰੇ ਪੰਜਾਬੀ ਕੋਹਾਂ ਦਾ ਪੈਂਡਾ ਕੇਵਲ ਲੱਤਾਂ ਹਿਲਾਣ ਲਈ ਮਾਰਦੇ ਰਹੇ ਹਨ। ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵਿਚ ਉਹ ਤੁਰ ਕੇ ਜਾਂਦੇ ਸਨ। ਉਹ ਪਹੁਫੁਟਾਲੇ ਨਾਲ ਤੁਰਦੇ ਤੇ ਲੰਮੀਆਂ ਮੰਜ਼ਲਾਂ ਮਾਰਨ ਪਿੱਛੋਂ ਵੀ ਥਕੇਵਾਂ ਉਨ੍ਹਾਂ ਦੇ ਨੇੜੇ ਨਾ ਆਉਂਦਾ। ਉਦੋਂ ਨਾ ਮੁਟਾਪੇ ਦੀ ਸਮੱਸਿਆ ਸੀ, ਨਾ ਸ਼ੂਗਰਾਂ ਦੀ ਤੇ ਨਾ ਬਲੱਡ ਪ੍ਰੈਸ਼ਰਾਂ ਦੀ। ਸਰੀਰਕ ਮਿਹਨਤ ਛੱਡਣੀ ਕੋਈ ਸਰਦਾਰੀ ਨਹੀਂ ਸਗੋਂ ਘੋਰ ਬਿਮਾਰੀ ਹੈ।ਜਿਹੜੇ ਥੋੜ੍ਹਾ ਜਿਹਾ ਤੁਰਨ ਤੋਂ ਵੀ ਐਵੇਂ ਹੀ ਤ੍ਰਹਿੰਦੇ ਤੇ ਹਾਏ-ਹਾਏ ਕਰਦੇ ਹਨ, ਉਨ੍ਹਾਂ ਲਈ ਉਨ੍ਹਾਂ ਬੰਦਿਆਂ ਦੀਆਂ ਮਿਸਾਲਾਂ ਹਾਜ਼ਰ ਹਨ ਜਿਨ੍ਹਾਂ ਨੂੰ ਹੋਰਨਾਂ ਵਾਂਗ ਕੁਦਰਤ ਨੇ ਦੋ ਲੱਤਾਂ ਹੀ ਦਿੱਤੀਆਂ ਸਨ। ਫਰਾਂਸ ਦੇ ਗਿਲਬਰਟ ਰਾਜਨ ਨੇ 315 ਮੀਲ ਦੀ ਵਾਕ ਦੇ ਵਿਸ਼ਵ ਮੁਕਾਬਲੇ 6 ਵਾਰ ਜਿੱਤੇ। ਉਹ ਅਭਿਆਸ ਵਜੋਂ ਕੁਲ ਕਿੰਨੇ ਮੀਲ ਵਗਿਆ, ਉਹਦਾ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਜਾ ਸਕਿਆ। ਉਂਜ ਅਨੁਮਾਨ ਹੈ ਕਿ ਉਹ ਘੱਟੋ ਘੱਟ ਦੋ ਲੱਖ ਮੀਲ ਤਾਂ ਵਗਿਆ ਹੀ ਹੋਵੇਗਾ। ਵੈਸੇ 315 ਮੀਲ ਲੰਮੀ ਵਾਟ ਤੇਜ਼ ਤੋਂ ਤੇਜ਼ ਵਗਣ ਦਾ ਰਿਕਾਰਡ ਬੈਲਜੀਅਮ ਦੇ ਰਾਜਰ ਪਿਟਕੁਇਨ ਦਾ ਹੈ। ਉਸ ਨੇ ਇਹ ਦੂਰੀ 60 ਘੰਟੇ 1 ਮਿੰਟ 15 ਸਕਿੰਟ ਵਿਚ ਤੈਅ ਕੀਤੀ ਸੀ। ਇੰਜ ਉਸ ਦੀ ਵਗਣ ਰਫਤਾਰ ਸਵਾ ਪੰਜ ਮੀਲ ਪ੍ਰਤੀ ਘੰਟਾ ਪਈ।

ਚੌਵੀ ਘੰਟਿਆਂ ਵਿਚ ਵੱਧ ਤੋਂ ਵੱਧ ਵਗਣ ਦਾ ਦਾਅਵਾ ਬੇਸ਼ਕ ਕੈਨੇਡਾ ਦਾ ਜੈਸੀ ਕਾਸਟਾਨੇਡਾ ਕਰਦਾ ਰਿਹਾ ਪਰ ਪ੍ਰਮਾਣਿਕ ਰਿਕਾਰਡ ਬਰਤਾਨੀਆਂ ਦੇ ਹਿਊ ਨੈਲਸਨ ਦਾ ਹੈ। ਜੈਸੀ ਦਾ ਕਹਿਣਾ ਹੈ ਕਿ ਉਹ ਨਿਊ ਮੈਕਸੀਕੋ ਦੇ ਇਕ ਮੇਲੇ ਵਿਚ 24 ਘੰਟਿਆਂ 'ਚ 142 ਮੀਲ 448 ਗਜ਼ ਵਗਿਆ। ਔਰਤਾਂ ਦਾ ਇਹ ਰਿਕਾਰਡ ਬਰਤਾਨੀਆਂ ਦੀ ਐੱਨ ਸਾਬੇਰ ਦਾ ਹੈ। ਉਸ ਨੇ 24 ਘੰਟਿਆਂ ਵਿਚ 118.5 ਮੀਲ ਤੈਅ ਤਹਿ ਕੀਤਾ ਸੀ। ਫਰਾਂਸ ਦੇ ਵਗਣ ਵਾਲਿਆਂ ਦੀ ਇਕ ਕਲੱਬ ਵੱਲੋਂ 1 ਅਪਰੈਲ 1910 ਨੂੰ 62137 ਮੀਲ ਯਾਨੀ ਇਕ ਲੱਖ ਕਿਲੋਮੀਟਰ ਵਗਣ ਦਾ ਮੁਕਾਬਲਾ ਆਰੰਭਿਆ ਗਿਆ। ਇਹ ਕਿਸੇ ਦਾ ਅਪਰੈਲ ਫੂਲ ਬਣਾਉਣ ਵਾਲਾ ਮਖੌਲ ਨਹੀਂ ਸੀ। ਉਸ ਮੁਕਾਬਲੇ ਵਿਚ 200 ਵਗਣ ਵਾਲਿਆਂ ਨੇ ਭਾਗ ਲਿਆ ਤੇ ਰੁਮਾਨੀਆਂ ਦਾ ਦਮਿਤਰੀ ਡਾਨ ਪ੍ਰਥਮ ਆਇਆ। ਖ਼ੈਰ ਅਜਿਹੇ ਮਾਅਰਕੇ ਮਾਰਨ ਵਾਲਿਆਂ ਦਾ ਕੋਈ ਅੰਤ ਨਹੀਂ। ਆਪਾਂ ਤਾਂ ਏਨਾ ਹੀ ਉੱਦਮ ਕਰ ਲਈਏ ਕਿ ਮੀਂਹ ਜਾਵੇ, ਨ੍ਹੇਰੀ ਜਾਵੇ, ਪੰਜ-ਸੱਤ ਕਿਲੋਮੀਟਰ ਤੁਰਨਾ ਹੀ ਹੈ। ਤੇ ਏਨਾ ਕੁ ਲੱਖ ਰੁਝੇਵਿਆਂ ਦੇ ਬਾਵਜੂਦ ਤੁਰਿਆ ਜਾ ਸਕਦੈ। ਬੰਦਾ ਮਨ ਵਿਚ ਧਾਰ ਲਵੇ ਕਿ ਐਵੇਂ ਹੀ ਰਿਕਸ਼ਿਆਂ-ਟੈਂਪੂਆਂ 'ਤੇ ਚੜ੍ਹੀ ਜਾਣਾ ਗੁਨਾਹ ਹੈ, ਖੱਜਲ-ਖੁਆਰੀ ਹੈ ਤੇ ਆਪ ਸਹੇੜੀ ਬਿਮਾਰੀ। ਮਨ 'ਚੋਂ ਕੱਢ ਦੇਈਏ ਕਿ ਲੋਕ ਕੀ ਆਖਦੇ ਹਨ? ਲੋਕਾਂ ਨੇ ਕੀ ਆਖਣਾ ਹੈ? ਤੁਰਨਾ ਤੇ ਆਪਣੇ ਪੈਰੀਂ ਤੁਰਨਾ ਕੋਈ ਐਬ ਨਹੀਂ, ਚੋਰੀ-ਯਾਰੀ ਨਹੀਂ ਤੇ ਨਾ ਹੀ ਕੋਈ ਠੱਗੀ-ਠੋਰੀ ਹੈ। ਫਿਰ ਤੁਰਦਿਆਂ ਨੂੰ ਕਾਹਦਾ ਮਿਹਣਾ?

ਜਿਹੜੇ ਲੋਕ ਟੋਲੀਆਂ ਬਣਾ ਕੇ ਤੁਰਨ ਦੇ ਟੂਰ ਲਗਾ ਸਕਦੇ ਹਨ, ਸਾਥੀ ਰਲ ਕੇ ਸੈਰਾਂ ਕਰ ਸਕਦੇ ਹਨ, ਪ੍ਰੇਮੀ ਤੁਰਦੇ ਹੋਏ ਕਲੋਲਾਂ ਕਰਦਿਆਂ ਵਾਟਾਂ ਨਬੇੜ ਸਕਦੇ ਹਨ ਉਨ੍ਹਾਂ ਦਾ ਬਹਿਸ਼ਤ ਇਥੇ ਹੀ ਹੈ। ਬੁੱਢੇ-ਬੁੱਢੀਆਂ ਨੂੰ ਤੁਰਦਿਆਂ ਜੁਆਨੀ ਚੜ੍ਹ ਸਕਦੀ ਹੈ। ਇਕੱਲ ਵਿਚ ਤੁਰਦਿਆਂ ਕਲਪਨਾ ਦੇ ਉਹ ਹੁਲਾਰੇ ਲਏ ਜਾ ਸਕਦੇ ਹਨ ਜਿਹੜੇ ਸਿਰਫ ਕਵੀਆਂ ਦੀ ਅਮਾਨਤ ਸਮਝੇ ਗਏ ਹਨ। ਕੋਈ ਤੁਰ ਕੇ ਤਾਂ ਵੇਖੇ। ਵੇਖੇ ਕਿ ਪੈਰੀਂ ਤੁਰਨ ਦਾ ਕਿਹੋ ਜਿਹਾ ਨਸ਼ਾ ਹੈ, ਕਿਹੋ ਜਿਹਾ ਅਨੰਦ ਹੈ। (ਸਮਾਪਤ)

-ਟੋਰਾਂਟੋ।
ਫੋਨ : 905-799-1661.
ਪ੍ਰਿੰਸੀਪਲ ਸਰਵਣ ਸਿੰਘ

ਭਰੂਣ ਹੱਤਿਆ ਵਿਰੁੱਧ ਲੋਕਾਂ ਨੂੰ ਖ਼ਬਰਦਾਰ ਕਰਦਾ ਡਾ: ਸਾਧੂ ਸਿੰਘ ਹਮਦਰਦ ਮੇਲਾ ਯਾਦਗਾਰੀ ਹੋ ਨਿੱਬੜਿਆ

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰਾਖੀ, ਭਰੂਣ ਹੱਤਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਤੇ ਪੰਜਾਬੀ ਸੱਭਿਆਚਾਰ ਤੋਂ ਬੇਮੁਖ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦੇ ਮਨੋਰਥ ਨਾਲ 16ਵਾਂ ਡਾ: ਸਾਧੂ ਸਿੰਘ ਹਮਦਰਦ ਵਿਰਾਸਤੀ ਮੇਲਾ ਇਸ ਵਾਰ ਵੀ ਯਾਦਗਾਰੀ ਹੋ ਨਿੱਬੜਿਆ। ਸੱਭਿਆਚਾਰ ਦੇ ਅਦਾਨ-ਪ੍ਰਦਾਨ ਦੇ ਮਨੋਰਥ ਨਾਲ ਮੇਲੇ ਵਿਚ ਉਚੇਚੇ ਤੌਰ 'ਤੇ ਪੁੱਜਾ ਤਾਇਵਾਨ ਦਾ ਡੈਲੀਗੇਸ਼ਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ ਤੇ ਰਸ਼ੀਅਨ ਕਲਾਕਾਰਾਂ ਦਾ ਨ੍ਰਿਤ ਮੇਲੇ 'ਚ ਵਿਸ਼ੇਸ਼ ਆਕਰਸ਼ਨ ਰਿਹਾ। ਪੰਜਾਬੀ ਸੱਭਿਆਚਾਰਕ ਪਿੜ ਪੰਜਾਬ ਰਜਿ: ਵੱਲੋਂ ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਦੇ ਸਹਿਯੋਗ ਨਾਲ ਮੇਲੇ ਦੇ ਮੁੱਖ ਪ੍ਰਬੰਧਕ ਸ੍ਰੀ ਬਿਕਰਮਜੀਤ ਸਿੰਘ ਬਿੱਕੀ ਦੇ ਯਤਨਾਂ ਨਾਲ ਸਾਲ 2013 ਦਾ 'ਹਮਦਰਦ ਐਵਾਰਡ' ਪਟਿਆਲਾ ਘਰਾਣੇ ਦੇ ਉੱਘੇ ਗਾਇਕ ਸ੍ਰੀ ਲਖਵਿੰਦਰ ਵਡਾਲੀ ਦੀ ਝੋਲੀ ਪਿਆ। ਇਹ ਐਵਾਰਡ ਦੇਣ ਦੀ ਰਸਮ ਪਿੜ ਦੇ ਪਥ-ਪ੍ਰਦਰਸ਼ਕ ਤੇ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਤੇ ਪਥ-ਪ੍ਰਦਰਸ਼ਕ ਸ੍ਰੀ ਐਸ. ਐਸ. ਦੂਹੜੇ ਸੇਵਾਮੁਕਤ ਉਪ ਕਰ ਤੇ ਆਬਕਾਰੀ ਕਮਿਸ਼ਨਰ ਨੇ ਅਦਾ ਕੀਤੀ। ਇਸ ਐਵਾਰਡ ਵਿਚ ਵਡਾਲੀ ਨੂੰ ਸੋਨੇ ਦਾ ਕੈਂਠਾ, ਯਾਦਗਾਰੀ ਚਿੰਨ੍ਹ ਤੇ ਸ਼ਾਲ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਗਾਇਕ ਦਿਲਜਾਨ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬੀ ਜ਼ਬਾਨ ਤੇ ਸੱਭਿਆਚਾਰ ਦੀ ਝਲਕ ਨੂੰ ਸੱਤ ਸਮੁੰਦਰ ਪਾਰ ਪਹੁੰਚਾਉਣ ਵਾਲੇ ਉੱਘੇ ਸੰਗੀਤ ਨਿਰਦੇਸ਼ਕ ਜਸਵੰਤ ਭਵਰਾ, ਸੂਫੀ ਗਾਇਕ ਬਰਕਤ ਸਿੱਧੂ, ਹੰਸ ਰਾਜ ਹੰਸ, ਡੌਲੀ ਗੁਲੇਰੀਆ, ਗੋਲਡਨ ਸਟਾਰ ਮਲਕੀਤ ਸਿੰਘ, ਸਰਬਜੀਤ ਚੀਮਾ, ਉੱਘੇ ਅਦਾਕਾਰ ਹਰਭਜਨ ਮਾਨ, ਪਾਲੀ ਦੇਤਵਾਲੀਆ, ਮਨਮੋਹਨ ਵਾਰਸ, ਪੰਜਾਬੀ ਫ਼ਿਲਮਾਂ ਦੀ ਪਿਠਵਰਤੀ ਗਾਇਕਾ ਸ੍ਰੀਮਤੀ ਰੰਜਨਾ, ਸ: ਕਰਮਪਾਲ ਸਿੰਘ ਢਿੱਲੋਂ, ਡਾ: ਸਰਬਜੀਤ ਕੌਰ ਸੰਧਾਵਾਲੀਆ, ਨਿਰਮਲ ਸਿੱਧੂ, ਗੁਰਮੀਤ ਬਾਵਾ, ਸਤਵਿੰਦਰ ਬਿੱਟੀ ਨੂੰ ਪਿੜ ਵੱਲੋਂ 'ਹਮਦਰਦ ਐਵਾਰਡ' ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਹਮਦਰਦ ਵਿਰਾਸਤੀ ਮੇਲੇ ਵਿਚ ਪੰਜਾਬ ਮੁਟਿਆਰ ਦੇ ਮੁਕਾਬਲੇ ਵਿਚ ਪੰਜਾਬੀ ਦੇ ਵੱਖ-ਵੱਖ ਖੇਤਰਾਂ ਤੋਂ 58 ਮੁਟਿਆਰਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਮੁਟਿਆਰਾਂ ਨੇ ਇਸ ਮੁਕਾਬਲੇ ਵਿਚ ਘਰ ਦੇ ਚੁੱਲ੍ਹੇ-ਚੌਂਕੇ ਵਿਚ ਕੀਤੇ ਜਾਣ ਵਾਲੇ ਕੰਮਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਿਆ ਤੇ ਵੱਖ-ਵੱਖ ਪੜਾਵਾਂ 'ਚੋਂ ਗੁਜ਼ਰਦਿਆਂ ਪੰਜਾਬਣ ਮੁਟਿਆਰ ਦਾ ਖ਼ਿਤਾਬ ਬਠਿੰਡਾ ਦੀ ਮਨਪ੍ਰੀਤ ਕੌਰ ਨੇ ਜਿੱਤਿਆ, ਜਦਕਿ ਗੁਰਦਾਸਪੁਰ ਦੀ ਗੁਰਮੀਤ ਕੌਰ ਮਾਹਲ ਦੂਜੇ ਤੇ ਸ੍ਰੀ ਖਡੂਰ ਸਾਹਿਬ ਦੀ ਪ੍ਰਭਦੀਪ ਕੌਰ ਤੀਜੇ ਸਥਾਨ 'ਤੇ ਰਹੀ। ਇਨ੍ਹਾਂ ਮੁਟਿਆਰਾਂ ਨੂੰ ਗਹਿਣੇ-ਗੱਟਿਆਂ ਤੋਂ ਇਲਾਵਾ ਪਿੜ ਦੀ ਨਿਸ਼ਾਨੀ ਸਨਮਾਨ-ਚਿੰਨ੍ਹ ਸ੍ਰੀਮਤੀ ਐਸ. ਐਸ. ਦੂਹੜੇ ਤੇ ਪਿੜ ਦੇ ਹੋਰ ਮੈਂਬਰਾਂ ਨੇ ਦਿੱਤਾ। ਮੇਲੇ ਵਿਚ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕਾਂ ਨੂੰ ਹੱਲਾਸ਼ੇਰੀ ਦੇਣ ਲਈ ਪੁੱਜੇ ਡਾ: ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਰੋਜ਼ਾਨਾ 'ਅਜੀਤ' ਨੇ ਮੇਲੇ ਦਾ ਸੰਦੇਸ਼ 'ਭਰੂਣ ਹੱਤਿਆ ਰੋਕੋ ਤੇ ਧੀਆਂ ਬਚਾਓ' ਬਾਰੇ ਲੋਕਾਂ ਨੂੰ ਖ਼ਬਰਦਾਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਧੀਆਂ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਪੱਧਰ 'ਤੇ ਸੰਜੀਦਗੀ ਨਾਲ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਪੰਜਾਬੀ ਸੱਭਿਆਚਾਰਕ ਪਿੜ ਵੱਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁਦਈ ਡਾ: ਸਾਧੂ ਸਿੰਘ ਹਮਦਰਦ ਦੀ ਸੋਚ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਮਨੋਰਥ ਨਾਲ ਮੇਲੇ ਲਗਾਉਣ ਦੇ ਉੱਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਮੇਲੇ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਦੇਸੀ ਤੇ ਵਿਦੇਸ਼ੀ ਫਨਕਾਰਾਂ ਨੂੰ ਮੁਬਾਰਕਬਾਦ ਦਿੱਤੀ। ਡਾ: ਹਮਦਰਦ ਨੇ ਕਿਹਾ ਕਿ ਪੰਜਾਬ ਬਹੁਤ ਪੱਖਾਂ ਤੋਂ ਨਿੱਘਰਦਾ ਰਸਾਤਲ ਵੱਲ ਜਾ ਰਿਹਾ ਹੈ। ਪੰਜਾਬ ਦਾ ਪਾਣੀ, ਹਵਾ ਤੇ ਸੱਭਿਆਚਾਰ ਪ੍ਰਦੂਸ਼ਿਤ ਹੋ ਗਿਆ ਹੈ ਤੇ ਇਸ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਮਨ ਵਿਚ ਪੀੜਾ ਉੱਠਦੀ ਹੈ। ਉਨ੍ਹਾਂ ਪੰਜਾਬ ਦੇ ਉੱਘੇ ਫ਼ਨਕਾਰਾਂ ਵੱਲੋਂ ਆਪਣੀ ਸਾਫ਼-ਸੁਥਰੀ ਤੇ ਉੱਚ-ਪਾਏ ਦੀ ਗਾਇਕੀ ਨਾਲ ਪੰਜਾਬੀਆਂ ਦਾ ਗੌਰਵ ਤੇ ਸ਼ਾਨ ਉੱਚਾ ਰੱਖਣ ਦੇ ਯਤਨਾਂ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਮੇਲੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਮਿੱਠੜਾ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਲੋਕ-ਨਾਚ 'ਲੁੱਡੀ' ਬਹੁਤ ਹੀ ਬਾਖ਼ੂਬੀ ਨਾਲ ਪੇਸ਼ ਕੀਤਾ ਜਦਕਿ ਦੇਸ਼ ਦੇ ਉੱਤਰੀ ਖਿੱਤੇ ਵਿਚ ਢੋਲੀ ਵਜੋਂ ਸਥਾਪਤ ਹੋ ਰਹੀ ਕੁਮਾਰੀ ਜਹਾਨਜੀਤ ਸਿੰਘ ਨੇ ਢੋਲ ਦੇ ਡਗੇ 'ਤੇ ਮੇਲੀਆਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਮੇਲੇ ਵਿਚ ਡਾ: ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਗੁਰਮੁਖ ਸਿੰਘ ਢੋਡ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਵਸਤੂਆਂ ਦੀ ਲਗਾਈ ਗਈ ਪ੍ਰਦਰਸ਼ਨੀ ਵੀ ਮੇਲੀਆਂ ਦੀ ਖਿੱਚ ਦਾ ਕੇਂਦਰ ਰਹੀ। ਪੰਜਾਬਣ ਮੁਟਿਆਰ ਦੇ ਮੁਕਾਬਲੇ ਵਿਚ ਜਜਮੈਂਟ ਦੇ ਫ਼ਰਜ਼ ਡਾ: ਕੁਲਦੀਪ ਕੌਰ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਲੜਕੀਆਂ ਜਲੰਧਰ, ਪਰਮਿੰਦਰ ਕੌਰ, ਸਰਬਜੀਤ ਕੌਰ ਮਾਂਗਟ, ਰਮਨਪ੍ਰੀਤ ਕੌਰ ਤੇ ਰਮਨਦੀਪ ਕੌਰ ਫਿਰੋਜ਼ਪੁਰ ਨੇ ਅਦਾ ਕੀਤੇ। ਪੰਜਾਬਣ ਮੁਟਿਆਰ ਦੇ ਮੁਕਾਬਲੇ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਮੁਟਿਆਰਾਂ ਵਿਚੋਂ ਸਰੂ ਵਰਗਾ ਕੱਦ ਲਈ ਹਰਦੀਪ ਕੌਰ ਮਾਨਸਾ, ਟੂਣੇਹਾਰੀ ਅੱਖ ਸੁਖਜੀਤ ਕੌਰ ਮਿੱਠੜਾ, ਭਰੂਣ ਹੱਤਿਆ ਤੇ ਚੰਗੀ ਰਚਨਾ ਬੋਲਣ ਲਈ ਚਰਨਜੀਤ ਕੌਰ ਫਗਵਾੜਾ, ਸੋਹਣਾ ਮੁਖੜਾ ਲਈ ਪਰਮਜੀਤ ਕੌਰ ਸੁਲਤਾਨਪੁਰ ਲੋਧੀ, ਸੋਹਣੇ ਪਹਿਰਾਵੇ ਲਈ ਅਮਨਦੀਪ ਕੌਰ ਮਾਨਸਾ, ਗਿੱਧਿਆਂ ਦੀ ਰਾਣੀ ਗਗਨਦੀਪ ਕੌਰ ਫਗਵਾੜਾ, ਗੁੰਦਵੀਂ ਗੁੱਤ ਕਿਰਨਪ੍ਰੀਤ ਕੌਰ ਮਿੱਠੜਾ, ਸੁਚੱਜੀ ਮੁਟਿਆਰ ਰਾਜਬੀਰ ਕੌਰ ਖਡੂਰ ਸਾਹਿਬ, ਮਿੱਠ-ਬੋਲੜੀ ਚਰਨਜੀਤ ਕੌਰ ਫਗਵਾੜਾ, ਚੰਗੀ ਗੀਤ ਪਸੰਦ ਰਸ਼ਮੀ ਪਟਿਆਲਾ ਤੇ ਚੰਗੀ ਮੰਚ ਪੇਸ਼ਕਾਰੀ ਲਈ ਚੰਦਨਦੀਪ ਕੌਰ ਆਰ.ਸੀ.ਐਫ. ਚੁਣੀ ਗਈ। ਮੇਲੇ ਦੌਰਾਨ ਸ੍ਰੀ ਲਖਵਿੰਦਰ ਵਡਾਲੀ ਨੇ ਆਪਣੇ ਚਰਚਿਤ ਗੀਤਾਂ ਦੇ ਮੁਖੜੇ ਪੇਸ਼ ਕਰਕੇ ਮੇਲੀਆਂ ਨੂੰ ਸੀਟੀਆਂ ਮਾਰਨ ਲਈ ਮਜਬੂਰ ਕੀਤਾ। ਮੰਚ ਸੰਚਾਲਨ ਦੇ ਫ਼ਰਜ਼ ਸ੍ਰੀਮਤੀ ਸਰਬਜੀਤ ਕੌਰ ਮਾਂਗਟ, ਪ੍ਰੋ: ਸਰਦੂਲ ਸਿੰਘ ਔਜਲਾ, ਸ: ਅਰਵਿੰਦਰ ਸਿੰਘ ਭੱਟੀ ਤੇ ਕੁਮਾਰੀ ਮਨਦੀਪ ਕੌਰ ਨੇ ਅਦਾ ਕੀਤੇ। ਮੇਲੇ ਦੇ ਅੰਤ ਵਿਚ ਸ੍ਰੀ ਬਿਕਰਮਜੀਤ ਬਿੱਕੀ ਨੇ ਕਿਹਾ ਕਿ ਉਹ ਡਾ: ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਵਿਚ ਡਾ: ਸਾਧੂ ਸਿੰਘ ਹਮਦਰਦ ਦੀ ਸੋਚ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਯਤਨਸ਼ੀਲ ਰਹਿਣਗੇ। ਇਸੇ ਦੌਰਾਨ ਹੀ ਪੰਜਾਬ ਪ੍ਰਮੋਸ਼ਨ ਕੌਂਸਲ ਦੇ ਡਾਇਰੈਕਟਰ ਡਾ: ਦਵਿੰਦਰ ਸਿੰਘ ਛੀਨਾ ਨੇ ਅਗਲੇ ਵਰ੍ਹੇ ਵੀ ਵਿਦੇਸ਼ੀ ਕਲਾਕਾਰਾਂ ਦੀ ਸ਼ਮੂਲੀਅਤ ਮੇਲੇ ਵਿਚ ਯਕੀਨੀ ਬਣਾਉਣ ਦਾ ਵਾਅਦਾ ਕੀਤਾ। ਮੇਲੇ ਨੂੰ ਸਫਲ ਬਣਾਉਣ ਵਿਚ ਸ: ਐਸ. ਐਸ. ਦੂਹੜੇ, ਸਾਬਕਾ ਉਪ ਕਰ ਤੇ ਆਬਕਾਰੀ ਕਮਿਸ਼ਨਰ, ਸ੍ਰੀ ਵੀ.ਕੇ. ਵਿਰਦੀ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ, ਸ: ਲਛਮਣ ਸਿੰਘ ਨਾਇਬ-ਤਹਿਸੀਲਦਾਰ ਪਠਾਨਕੋਟ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਸ੍ਰੀ ਵਿਮਲ ਅਰੋੜਾ, ਪ੍ਰੋ: ਸ੍ਰੀਮਤੀ ਆਦਰਸ਼ ਪਰਤੀ, ਸ: ਮਹਿੰਦਰ ਸਿੰਘ ਨਡਾਲਾ, ਸ: ਜਗਮੋਹਨ ਸਿੰਘ ਸੋਢੀ, ਸ: ਸੁਖਜੀਤ ਸਿੰਘ ਭੱਚੂ, ਪ੍ਰੋ: ਜਸਬੀਰ ਕੌਰ, ਪ੍ਰੋ: ਮਧੂ ਸੇਠੀ, ਡਾ: ਦਲਜੀਤ ਸਿੰਘ ਖਹਿਰਾ, ਸ: ਬਲਦੇਵ ਸਿੰਘ ਸਲਹੋਤਰਾ ਦੂਰਦਰਸ਼ਨ ਕੇਂਦਰ ਜਲੰਧਰ, ਸ: ਅਵਤਾਰ ਸਿੰਘ ਭੰਮਰਾ, ਸ: ਸੁਰਿੰਦਰਪਾਲ ਸਿੰਘ ਖ਼ਾਲਸਾ, ਸ: ਅਮਰਜੀਤ ਸਿੰਘ ਢਪਈ, ਸ: ਰਣਜੀਤ ਸਿੰਘ ਖੋਜੇਵਾਲ, ਡਾ: ਮਨਜੀਤ ਕੌਰ ਪੱਡਾ, ਸ: ਪਰਮਜੀਤ ਸਿੰਘ ਆਲ ਇੰਡੀਆ ਰੇਡੀਓ ਜਲੰਧਰ, ਜੈਕਬ ਤੇਜਾ ਸਿੰਘ ਗੁਰਦਾਸਪੁਰ, ਡਾ: ਹਰਵਿੰਦਰ ਕੌਰ ਫਗਵਾੜਾ, ਪ੍ਰਿੰਸੀਪਲ ਸਰੋਜਬਾਲਾ ਸ਼ਰਮਾ, ਇੰਦਰਜੀਤ ਰੂਪੋਵਾਲੀ, ਸੋਨੂੰ ਜੰਡਿਆਲਾ, ਮਨਿੰਦਰ ਸਿੰਘ ਮੋਗਾ, ਕੰਵਰ ਇਕਬਾਲ, ਸ: ਪਰਮਜੀਤ ਸਿੰਘ ਬਾਜਵਾ ਕੈਨੇਡਾ, ਸ: ਮਹਿੰਦਰ ਸਿੰਘ ਕੈਨੇਡਾ, ਪ੍ਰੋ: ਜਸਵੀਰ ਸੋਹਲ, ਸ੍ਰੀ ਜੈਪਾਲ ਗੋਇਲ, ਡਾ: ਹਰਭਜਨ ਸਿੰਘ, ਡਾ: ਭੁਪਿੰਦਰ ਕੌਰ, ਪ੍ਰੋ: ਸੁਰਿੰਦਰਜੀਤ ਕੌਰ, ਪ੍ਰੋ: ਅੰਮ੍ਰਿਤ ਆਹਲੂਵਾਲੀਆ, ਸ੍ਰੀਮਤੀ ਪਰਮਜੀਤ ਕੌਰ, ਸ੍ਰੀ ਸਚਿਨ ਅਰੋੜਾ ਆਦਿ ਨੇ ਵਡਮੁੱਲਾ ਯੋਗਦਾਨ ਪਾਇਆ

-ਇੰਚਾਰਜ ਉਪ-ਦਫ਼ਤਰ, ਕਪੂਰਥਲਾ।

 

ਪੈਰੀਂ ਤੁਰਨ ਦਾ ਅਨੰਦ

ਕਈਆਂ ਨੂੰ ਇਹ ਸਿਰਲੇਖ ਅਜੀਬ ਲੱਗੇਗਾ | ਉਹਨਾਂ ਭਾਣੇ ਪੈਦਲ ਚੱਲਣਾ ਮਜਬੂਰੀ ਹੁੰਦੀ ਹੈ | ਬੰਦਾ ਤੰਗੀ, ਬਿਪਤਾ ਤੇ ਨੰਗ-ਮਲੰਗੀ 'ਚ ਪੈਰੀਂ ਤੁਰਦੈ | ਖਾਂਦਾ-ਪੀਂਦਾ ਬੰਦਾ ਪੈਦਲ ਕਿਉਾ ਤੁਰੇ? ਉਹ ਗੱਡੀ ਚੜ੍ਹੇ, ਕਾਰ ਚਲਾਵੇ, ਸਕੂਟਰ ਫੜੇ, ਨਹੀਂ ਤਾਂ ਭੱਈਆਂ ਦੇ ਕੰਧਾੜੀਂ ਹੀ ਚੜ੍ਹ ਜਾਵੇ ਯਾਨੀ ਰਿਕਸ਼ਾ 'ਤੇ ਚੜ੍ਹ ਬਹੇ | ਉਸ ਦੀ ਟੌਹਰ, ਸ਼ਾਨ ਤੇ ਸਰਦਾਰੀ ਇਸੇ ਵਿਚ ਹੈ! ਪੈਦਲ ਚੱਲਣਾ ਤਾਂ ਜਣੇ-ਖਣੇ ਤੋਂ ਮਖੌਲ ਕਰਵਾਉਣਾ ਹੈ | ਬੱਸ ਦਾ ਕਿਰਾਇਆ ਬਚਾਉਣ ਵਾਲਾ ਸੂਮ ਕਹਾਉਣਾ ਹੈ |
ਇਹੋ ਕਾਰਨ ਹੈ ਕਿ ਸਾਡੇ ਬਹੁਤੇ ਲੋਕ, ਖ਼ਾਸ ਕਰ ਕੇ ਰੱਜੇ-ਪੁੱਜੇ ਰਤਾ ਉਤਲੇ ਤਬਕੇ ਦੇ ਲੋਕ ਪੈਰੀਂ ਤੁਰਨਾ ਛੱਡ ਰਹੇ ਹਨ ਤੇ ਤੁਰਨ-ਫਿਰਨ ਦੀਆਂ ਨਿਹਮਤਾਂ ਤੋਂ ਵਾਂਝੇ ਹੋ ਰਹੇ ਹਨ | ਤੁਰਨਾ ਛੱਡ ਕੇ ਬਹੁਤੇ ਬੰਦਿਆਂ ਨੇ ਜੀਵਨ ਦੀਆਂ ਬਹੁਤ ਸਾਰੀਆਂ ਖ਼ੁਸ਼ੀਆਂ ਗੁਆ ਲਈਆਂ ਹਨ ਤੇ ਬਾਕੀ ਬਚਦੀਆਂ ਵੀ ਗੁਆਉਣ ਦੇ ਰਾਹ ਪਏ ਹੋਏ ਹਨ |
ਕਹਿੰਦੇ ਹਨ, ਕੰਨ ਗਏ ਤਾਂ ਰਾਗ ਗਿਆ, ਦੰਦ ਗਏ ਤਾਂ ਸੁਆਦ ਗਿਆ ਤੇ ਅੱਖਾਂ ਗਈਆਂ ਤਾਂ ਜਹਾਨ ਗਿਆ | ਕਹਿਣ ਵਾਲੀ ਗੱਲ ਇਕ ਹੋਰ ਵੀ ਹੈ ਕਿ ਗਿੱਟੇ-ਗੋਡੇ ਗਏ ਤਾਂ ਬੰਦਾ ਸਮਝੋ ਜਹੰਨਮ ਗਿਆ! ਹੈਰਾਨੀ ਦੀ ਗੱਲ ਹੈ ਕਿ ਗਿੱਟੇ-ਗੋਡੇ ਕਾਇਮ ਹੁੰਦਿਆਂ ਵੀ ਬਥੇਰੇ ਸਰਦੇ-ਬਰਦੇ ਬੰਦੇ ਨਰਕ ਦੀ ਟਿਕਟ ਕਟਾਈ ਜਾ ਰਹੇ ਹਨ ਤੇ ਅਮੀਰ ਹੋਣ ਦਾ ਭਰਮ ਪਾਲ ਰਹੇ ਹਨ | ਸੌ 'ਚੋਂ ਨੱਬੇ ਬਿਮਾਰੀਆਂ ਪੈਰੀਂ ਤੋਰਾ-ਫੇਰਾ ਛੱਡ ਬਹਿਣ ਵਾਲਿਆਂ ਨੂੰ ਹੀ ਲੱਗਦੀਆਂ ਹਨ |
ਬਿਮਾਰੀਆਂ ਸਰੀਰਕ ਮੁਸ਼ੱਕਤ ਕਰਨ ਵਾਲਿਆਂ ਨੂੰ ਨਹੀਂ ਸਗੋਂ ਉਨ੍ਹਾਂ ਨੂੰ ਲੱਗਦੀਆਂ ਹਨ ਜਿਹੜੇ ਦੁਕਾਨਾਂ, ਦਫਤਰਾਂ, ਸਟੋਰਾਂ, ਸੋਫਿਆਂ, ਕਾਰਾਂ, ਟਰੱਕਾਂ ਤੇ ਕੋਠੀਆਂ ਬੰਗਲਿਆਂ ਵਿਚ ਬਿਰਾਜਮਾਨ ਰਹਿੰਦੇ ਹਨ | ਜਿਹੜੇ ਦਿਮਾਗੀ ਮਿਹਨਤ ਤਾਂ ਕਰਦੇ ਹਨ ਪਰ ਸਰੀਰਕ ਹਿੱਲਜੁਲ ਬਿਲਕੁਲ ਨਹੀਂ ਕਰਦੇ | ਬੈਠੇ-ਬੈਠਿਆਂ ਦੇ ਫਿਰ ਢਿੱਡ ਵਧੀ ਜਾਂਦੇ ਹਨ ਤੇ ਖਾਧਾ-ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ | ਅਜਿਹੇ ਬੰਦਿਆਂ ਤੇ ਔਰਤਾਂ ਲਈ ਪੈਰੀਂ ਤੁਰਨ ਦਾ ਅਨੰਦ ਮਾਣਨਾ ਬਹੁਤ ਜ਼ਰੂਰੀ ਹੈ | ਬੱਸ ਰਤਾ ਕੁ ਵਿਹਲ, ਥੋੜ੍ਹਾ ਜਿਹਾ ਉੱਦਮ ਤੇ ਮਾੜੀ-ਮੋਟੀ ਕਲਪਨਾ ਦੀ ਹੀ ਲੋੜ ਹੈ | ਤੇਲ ਪਟਰੋਲ ਵੀ ਬਚੇਗਾ, ਹਵਾ ਵੀ ਸੁੱਥਰੀ ਮਿਲੇਗੀ, ਭੀੜ-ਭੜੱਕੇ ਤੋਂ ਵੀ ਬਚਾਅ ਹੋਵੇਗਾ ਤੇ ਕਿਸੇ 'ਤੇ ਭਾਰ ਵੀ ਨਹੀਂ ਬਣਨਾ ਪਵੇਗਾ | 'ਇਕ ਪੰਥ ਕਈ ਕਾਜ' ਵਾਲੀ ਗੱਲ ਹੋਵੇਗੀ | ਜੇਕਰ ਸਵੇਰ ਵੇਲੇ ਸੈਰ ਕਰਨ ਦਾ ਸਮਾਂ ਨਿਕਲ ਸਕੇ ਤਾਂ ਸੋਨੇ 'ਤੇ ਸੁਹਾਗਾ ਹੋਵੇਗਾ |
ਤੁਰਨਾ ਸਹਿਜ, ਸੁਭਾਵਿਕ, ਸੌਖੀ ਤੇ ਸਭ ਤੋਂ ਵਧੀਆ ਕਸਰਤ ਹੈ | ਤੁਰਨ ਨਾਲ ਸਰੀਰ ਦੇ ਸਾਰੇ ਹੀ ਅੰਗਾਂ ਦੀ ਬੜੀ ਸੁਖਾਵੀਂ ਵਰਜ਼ਿਸ਼ ਹੋ ਜਾਂਦੀ ਹੈ | ਇਹ ਅੱਗੋਂ ਉਮਰ, ਸਰੀਰਕ ਸਮਰੱਥਾ ਤੇ ਸਮੇਂ ਉਤੇ ਨਿਰਭਰ ਕਰਦਾ ਹੈ ਕਿ ਤੁਰਨ ਨੂੰ ਟਹਿਲਣ, ਵਗਣ, ਦੁੜਕੀ ਜਾਂ ਦੌੜਨ ਦਾ ਕਿਹੜਾ ਰੂਪ ਦਿੱਤਾ ਜਾਵੇ? ਕਿੰਨੀ ਵਾਟ ਤੇ ਕਿੰਨਾ ਸਮਾਂ ਤੁਰਿਆ ਜਾਵੇ? ਕੁਦਰਤ ਨੇ ਲੱਤਾਂ ਤੇ ਪੈਰ ਦਿੱਤੇ ਹੀ ਇਸ ਲਈ ਹਨ ਕਿ ਇਨ੍ਹਾਂ ਨਾਲ ਤੁਰਿਆ, ਵਗਿਆ ਤੇ ਦੌੜਿਆ ਜਾਵੇ | ਇਨ੍ਹਾਂ ਦੀ ਵਰਤੋਂ ਨਾਲ ਸਰੀਰ ਦਾ ਬੋਝ ਸੰਭਾਲਦਿਆ ਹੋਇਆਂ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾਵੇ |
ਜਿਹੜਾ ਕੋਈ ਕੁਦਰਤ ਦੇ ਬਖ਼ਸ਼ੇ ਅੰਗਾਂ ਦੀ, ਵਰਤੋਂ ਨਹੀਂ ਕਰਦਾ, ਕੁਦਰਤ ਸਮਝਦੀ ਹੈ ਕਿ ਇਨ੍ਹਾਂ ਅੰਗਾਂ ਦੀ ਵਰਤੋਂ ਕਰਨ ਵਾਲੇ ਨੂੰ ਲੋੜ ਨਹੀਂ | ਉਹ ਫਿਰ ਉਨ੍ਹਾਂ ਅੰਗਾਂ ਦੀ ਸੱਤਿਆ ਵਾਪਸ ਲੈ ਲੈਂਦੀ ਹੈ ਤੇ ਬੰਦਾ ਵਿਚਾਰਾ ਵੇਖਦਾ ਰਹਿ ਜਾਂਦਾ ਹੈ | ਇਸ ਲਈ ਜੀਂਦੇ-ਜਾਗਦੇ ਬੰਦੇ ਕਦੇ ਵੀ ਕੁਦਰਤ ਨੂੰ ਅਜਿਹਾ ਮੌਕਾ ਨਹੀਂ ਦਿੰਦੇ ਕਿ ਉਹ ਉਨ੍ਹਾਂ ਦੇ ਅੰਗਾਂ ਦੀ ਸੱਤਿਆ ਮਾਰ ਸਕੇ | ਕੁਦਰਤ ਉਸੇ ਨਾਲ ਬੇਲਿਹਾਜ਼ ਹੁੰਦੀ ਹੈ ਜਿਹੜਾ ਖ਼ੁਦ ਉਸ ਨੂੰ ਅਜਿਹਾ ਕਰਨ ਦਾ ਮੌਕਾ ਦੇਵੇ | ਜਿਹੜਾ ਕੁਦਰਤ ਦੇ ਰਾਹ ਚੱਲਦਾ ਚੱਲੇ, ਕੁਦਰਤ ਉਹਦੇ 'ਤੇ ਬਲਿਹਾਰ ਜਾਂਦੀ ਹੈ ਤੇ ਲੰਮੀ ਸਿਹਤਯਾਬ ਹਯਾਤੀ ਬਖ਼ਸ਼ਦੀ ਹੈ |
ਇਹ ਠੀਕ ਹੈ ਕਿ ਆਮ ਬੰਦਾ ਬਹਾਨੇਬਾਜ਼ ਹੁੰਦਾ ਹੈ | ਉਹ ਤੁਰਨ ਤੋਂ ਬਚਣ ਦੇ ਲੱਖ ਬਹਾਨੇ ਬਣਾ ਸਕਦਾ ਹੈ | ਮਸਲਨ ਸਮਾਂ ਨਹੀਂ, ਤੁਰਨ ਲਈ ਥਾਂ ਨਹੀਂ, ਸਾਹ ਚੜ੍ਹਦਾ ਹੈ, ਹੱਡ-ਪੈਰ ਦੁਖਦੇ ਹਨ, ਤੁਰਨ ਵਾਲੇ ਸ਼ੂਅ ਨਹੀਂ ਤੇ ਤੁਰਦਿਆਂ ਨੂੰ ਕੁੱਤੇ ਭੌਾਕਦੇ ਹਨ | ਹਨ੍ਹੇਰੇ-ਸਵੇਰੇ ਬਾਹਰ ਨਿਕਲਣ ਦਾ ਵੇਲਾ ਨਹੀਂ, ਕੋਈ ਅਗਵਾ ਕਰ ਲਏਗਾ, ਪੁਲਿਸ ਘੇਰ ਲਏਗੀ | ਹੋਰ ਤਾਂ ਹੋਰ ਆਂਢੀ-ਗੁਆਂਢੀ ਤੇ ਰਾਹ-ਖਹਿੜੇ ਮਿਲਣ ਵਾਲੇ ਕੀ ਕਹਿਣਗੇ? ਲਓ! ਇਹ ਤਾਂ ਚੰਗਾ ਭਲਾ ਹੈ, ਸੁੱਖ ਨਾਲ ਕਮਾਈ ਵੀ ਬਥੇਰੀ ਐ ਤੇ ਫਿਰ ਵੀ ਨੰਗਾਂ ਵਾਂਗ ਤੁਰਿਆ ਜਾਂਦੈ | ਜੱਗ ਜ਼ਮਾਨੇ ਦਾ ਸੂਮ! ਹੱਦ ਦਰਜੇ ਦਾ ਕੰਜੂਸ!! ਕੋਈ ਪੁੱਛੇ, ਤੁਰਨ ਵਾਲਾ ਉਹਨਾਂ ਦਾ ਨੁਕਸਾਨ ਤਾਂ ਨ੍ਹੀ ਕਰੀ ਜਾ ਰਿਹਾ ਬਈ, ਉਹ ਏਨੀਆਂ ਗੱਲਾਂ ਕਰਨਗੇ?
ਬਹਾਨੇਬਾਜ਼ਾਂ ਦੀ ਅਜਿਹੀ ਸੋਚ ਦੇ ਉਲਟ ਵਾੲ੍ਹੀਟ ਹਾਊਸ 'ਚ ਰਹਿੰਦੇ ਅਮਰੀਕਾ ਦੇ ਪ੍ਰਧਾਨ ਵੀ ਤੁਰਨ ਤੇ ਜੌਗਿੰਗ ਕਰਨ ਦਾ ਸਮਾਂ ਕੱਢਦੇ ਰਹੇ ਹਨ | ਪੱਛਮੀ ਮੁਲਕਾਂ ਵਿਚ ਮੇਮਾਂ ਨੇ ਤੁਰਨ-ਫਿਰਨ ਦਾ ਗਾਹ ਪਾਇਆ ਹੋਇਐ | ਜਦੋਂ ਉਹ ਸਾਹਬ ਲੋਕ ਸੜਕਾਂ 'ਤੇ ਪਾਰਕਾਂ ਵਿਚ ਸ਼ਰ੍ਹੇਆਮ ਪੈਰੀਂ ਤੁਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਕੰਜੂਸ ਨਹੀਂ ਕਹਿੰਦਾ | ਮੈਂ ਆਪਣੀਆਂ ਵਿਦੇਸ਼ ਫੇਰੀਆਂ ਦੌਰਾਨ ਪਾਰਕਾਂ ਕੋਲ ਕਾਰਾਂ ਦੇ ਝੁੰਡ ਪਾਰਕ ਹੋਏ ਵੇਖੇ ਹਨ | ਪਾਰਕਾਂ ਅੰਦਰ ਮੇਮਾਂ ਤੇ ਸਾਹਬ ਰੇਵੀਏ ਪਏ ਹੁੰਦੇ ਨੇ | ਉਹ ਹਰ ਮਿਲਣ ਵਾਲੇ ਨੂੰ ਮੁਸਕਰਾ ਕੇ ਗੁੱਡ ਮਾਰਨਿੰਗ ਕਰਦੇ ਨੇ | ਮੇਮਾਂ ਦੀਆਂ ਤੁਰ-ਫਿਰ ਕੇ ਬਣਾਈਆਂ ਗੋਰੀਆਂ ਸੁਡੌਲ ਲੱਤਾਂ ਵੇਖਣ ਵਾਲੀਆਂ ਹੁੰਦੀਆਂ ਨੇ | ਉਨ੍ਹਾਂ ਦੇ ਲੱਕ ਲਚਕਾਰੇ ਮਾਰਦੇ ਨੇ ਕਿਉਾਕਿ ਉਨ੍ਹਾਂ ਉਤੇ ਵਾਧੂ ਮਾਸ ਦੀਆਂ ਤੈਹਾਂ ਨਹੀਂ ਚੜ੍ਹੀਆਂ ਹੁੰਦੀਆਂ | ਉਹ ਜੁਆਨ ਰਹਿਣ ਤੇ ਸਰੀਰ ਸੁਡੌਲ ਬਣਾਈ ਰੱਖਣ ਲਈ ਦੁੜੰਗੇ ਮਾਰਦੀਆਂ ਫਿਰਦੀਆਂ ਨੇ | ਕੋਈ ਕੀ ਕਹੇਗਾ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ | ਇਹ ਵਾਧੂ ਦੀ ਟੀਕਾ-ਟਿੱਪਣੀ ਤਾਂ ਸਾਡੇ ਲੋਕਾਂ ਦੀ ਹੀ ਸਹੇੜੀ ਹੋਈ ਹੈ |
ਅਮਰੀਕਾ-ਕੈਨੇਡਾ ਕਾਰਾਂ-ਗੱਡੀਆਂ ਦੇ ਦੇਸ਼ ਹਨ | ਸੜਕਾਂ 'ਤੇ ਤਿੰਨ-ਤਿੰਨ, ਚਾਰ-ਚਾਰ ਕਾਰਾਂ ਬਰਾਬਰ ਭੱਜੀਆਂ ਜਾਂਦੀਆਂ ਵੇਖੀਆਂ ਜਾ ਸਕਦੀਆਂ ਹਨ | ਹਰ ਬੰਦੇ ਨਹੀਂ ਤਾਂ ਹਰ ਪਰਿਵਾਰ ਕੋਲ ਮੋਟਰ-ਕਾਰ ਹੈ | ਪਰ ਪੈਦਲ ਤੁਰੇ ਜਾਂਦੇ ਬੰਦੇ ਦਾ ਏਨਾ ਸਤਿਕਾਰ ਹੈ ਕਿ ਜੇ ਉਹਨੇ ਸੜਕ ਪਾਰ ਕਰਨੀ ਹੋਵੇ ਤਾਂ ਕਾਰਾਂ ਰੁਕ ਜਾਂਦੀਆਂ ਹਨ ਤੇ ਪੈਦਲ ਬੰਦੇ ਨੂੰ ਸੜਕ ਪਾਰ ਕਰਨ ਲਈ ਪਹਿਲ ਦਿੱਤੀ ਜਾਂਦੀ ਹੈ | ਪਹਿਲਾਂ ਪਹਿਲ ਮੈਂ ਸੜਕ ਕੰਢੇ ਖੜ੍ਹ ਕੇ ਆਸੇ-ਪਾਸੇ ਵੇਖਦਾ ਸੀ ਕਿ ਕਾਰਾਂ ਦਾ ਆਉਣ-ਜਾਣ ਬੰਦ ਹੋਵੇ ਤਾਂ ਮੈਂ ਸੜਕ ਪਾਰ ਕਰਾਂ | ਦੇਸ਼ ਵਿਚ ਇਸ ਤਰ੍ਹਾਂ ਹੀ ਹੁੰਦਾ ਹੈ | ਪਰ ਅਮਰੀਕਾ-ਕੈਨੇਡਾ ਵਿਚ ਮੈਂ ਹੈਰਾਨ ਹੋਣਾ ਕਿ ਕਾਰਾਂ ਵਾਲਿਆਂ ਨੇ ਕਾਰਾਂ ਰੋਕ ਲੈਣੀਆਂ ਤੇ ਅਦਬ ਨਾਲ ਇਸ਼ਾਰਾ ਕਰਨਾ ਕਿ ਤੁਸੀਂ ਪਹਿਲਾਂ ਸੜਕ ਪਾਰ ਕਰ ਲਓ | ਬਾਅਦ ਵਿਚ ਪਤਾ ਲੱਗਾ ਕਿ ਇਹ ਕੋਈ ਅਹਿਸਾਨ ਨਹੀਂ ਸਗੋਂ ਉਥੋਂ ਦਾ ਟ੍ਰੈਫਿਕ ਨਿਯਮ ਹੈ ਕਿ ਸੜਕਾਂ ਉਤੇ ਪਹਿਲਾ ਹੱਕ ਪੈਦਲ ਯਾਤਰੀ ਦਾ ਹੈ |

(ਬਾਕੀ ਅਗਲੇ ਐਤਵਾਰ)

-ਟੋਰਾਂਟੋ | ਫੋਨ : 905-799-1661.

ਵਧ ਰਹੀ ਹੈ ਜੰਗਲੀ ਜਾਨਵਰਾਂ ਦੇ ਅੰਗਾਂ ਦੀ ਤਸਕਰੀ

ਜੰਗਲੀ ਜਾਨਵਰਾਂ ਦੀ ਤਸਕਰੀ ਇਕੱਲੇ ਭਾਰਤ ਤੋਂ ਹੀ ਨਹੀਂ ਕੀਤੀ ਜਾਂ ਕਰਵਾਈ ਜਾਂਦੀ, ਇਹ ਬਰਤਾਨੀਆ ਦੇ ਸ਼ਹਿਰਾਂ ਅਤੇ ਅਫ਼ਰੀਕੀ ਦੇਸ਼ਾਂ ਦੀਆਂ ਵਿਸ਼ਾਲ ਜੰਗਲੀ ਥਾਂਵਾਂ ਦੇ ਸਫਾਰੀ ਪਾਰਕਾਂ ਤੋਂ ਵੀ ਹੁੰਦੀ ਹੈ | ਵੱਖੋ-ਵੱਖਰੇ ਦੇਸ਼ਾਂ ਜਾਂ ਖਿੱਤਿਆਂ ਵਿਚੋਂ ਮਾਰੇ ਗਏ ਜੰਗਲੀ ਜਾਨਵਰਾਂ ਦੇ ਵੱਖੋ-ਵੱਖਰੇ ਅੰਗ, ਹੱਡੀਆਂ ਜਾਂ ਖੱਲਾਂ ਵੱਖੋ-ਵੱਖਰੇ ਕੰਮਾਂ ਜਾਂ ਦਵਾਈਆਂ ਆਦਿ ਲਈ ਵਰਤੀਆਂ ਜਾਂਦੀਆਂ ਹਨ | ਚੀਨ ਦੇ ਵਿਚ ਜੰਗਲੀ ਜਾਨਵਰਾਂ ਦੇ ਹੱਡ, ਸਿੰਗ ਜਾਂ ਹੋਰ ਅੰਗ ਵੱਖੋ-ਵੱਖਰੀਆਂ ਦਵਾਈਆਂ ਵਿਚ ਵਰਤੇ ਜਾਂਦੇ ਹਨ ਜੋ ਵਧੇਰੇ ਕਰਕੇ ਭਾਰਤ, ਨਿਪਾਲ ਅਤੇ ਤਿੱਬਤ ਦੇ ਸਰਹੱਦੀ ਜਾਂ ਪਹਾੜੀ ਜੰਗਲਾਂ ਦੇ ਜਾਨਵਰ ਮਾਰ ਕੇ ਜਾਂ ਮਰਵਾ ਕੇ ਪ੍ਰਾਪਤ ਕੀਤੇ ਦੱਸੇ ਜਾਂਦੇ ਹਨ | ਇਸ ਗ਼ੈਰ-ਕਾਨੂੰਨੀ ਧੰਦੇ ਵਿਚ ਜਾਨਵਰ ਹੀ ਨਹੀਂ ਮਾਰੇ ਜਾਂਦੇ, ਸਗੋਂ ਜੰਗਲੀ ਜੀਵਾਂ ਦੀ ਭਲਾਈ ਨਾਲ ਸੰਬੰਧਿਤ ਕੌਮਾਂਤਰੀ ਸੰਸਥਾ, ਇੰਟਰਨੈਸ਼ਨਲ ਫੰਡ ਫਾਰ ਐਨੀਮਲ ਵੈਲਫੇਅਰ ਦੀ ਰਿਪੋਰਟ ਅਨੁਸਾਰ ਹਰ ਸਾਲ ਹਥਿਆਰਬੰਦ ਤਸਕਰਾਂ ਵੱਲੋਂ ਘੱਟੋ-ਘੱਟ 100 ਜੰਗਲਾਤ ਅਧਿਕਾਰੀ ਜਾਂ ਰੇਂਜਰ ਤੇ ਬੀੜਵਾਨ ਵੀ ਮਾਰੇ ਜਾਂਦੇ ਹਨ | ਇਸ ਤੋਂ ਪਹਿਲਾਂ ਕਿ ਭਾਰਤ ਦੇ ਸਰਹੱਦੀ ਜੰਗਲਾਂ ਵਿਚੋਂ ਹੋ ਰਹੀ ਜੰਗਲੀ ਜਾਨਵਰਾਂ ਦੀ ਤਸਕਰੀ ਦੀਆਂ ਪੈੜਾਂ ਕੱਢੀਏ | ਇਥੇ ਵੱਖੋ-ਵੱਖਰੇ ਖਿੱਤਿਆਂ ਵਿਚੋਂ ਤਸਕਰਾਂ ਰਾਹੀਂ ਖਤਮ ਕੀਤੇ ਜਾ ਰਹੇ ਕੀਮਤੀ ਜੰਗਲੀ ਜਾਨਵਰਾਂ ਅਤੇ ਇਨ੍ਹਾਂ ਦੇ ਕੀਮਤੀ ਅੰਗਾਂ ਤੋਂ ਬਣਦੀਆਂ ਵਸਤਾਂ ਅਤੇ ਵਿਕਰੀ ਦੀ ਗੱਲ ਕਰੀਏ ਤਾਂ ਗੱਲ ਇਥੇ 'ਜੰਗਲ ਦੇ ਬਾਦਸ਼ਾਹ' ਤੋਂ ਹੀ ਸ਼ੁਰੂ ਕਰਾਂਗੇ | ਗ਼ੌਰ ਫਰਮਾਓ!
ਸ਼ੇਰ : ਪਿਛਲੀ ਅੱਧੀ ਸਦੀ ਦੌਰਾਨ ਸੰਸਾਰ ਦੇ ਕਈ ਖਿੱਤਿਆਂ ਵਿਚੋਂ ਜਾਂ ਤਾਂ ਸ਼ੇਰ ਬਿਲਕੁਲ ਖਤਮ ਹੋ ਚੁੱਕੇ ਹਨ ਜਾਂ ਬਹੁਤ ਥੋੜ੍ਹੀ ਗਿਣਤੀ ਵਿਚ ਹੀ ਰਹਿ ਗਏ ਹਨ | ਧੁਰ ਪੂਰਬੀ ਖੇਤਰ ਦੇ ਬਾਲੀ ਅਤੇ ਜਾਵਾ ਟਾਪੂਆਂ ਵਿਚ ਹੁਣ ਸ਼ੇਰ ਬਿਲਕੁਲ ਖਤਮ ਹੋ ਚੁੱਕੇ ਹਨ | ਭਾਰਤ ਦੇ ਗੁਆਂਢ ਵਿਚ ਬਰਮਾ (ਮਿਆਂਮਾਰ) ਦੇ ਜੰਗਲਾਂ ਵਿਚ ਕੇਵਲ 150 ਸ਼ੇਰ ਹੀ ਰਹਿ ਗਏ ਹਨ ਅਤੇ ਸਾਰੇ ਸੰਸਾਰ ਵਿਚ ਪਿਛਲੀ 20ਵੀਂ ਸਦੀ ਦੇ ਸ਼ੁਰੂ ਵਿਚ ਇਕ ਲੱਖ ਸ਼ੇਰਾਂ ਵਿਚੋਂ ਹੁਣ ਕੁੱਲ ਸ਼ੇਰਾਂ ਦੀ ਗਿਣਤੀ 4000 ਤੋਂ ਵੀ ਘੱਟ ਹੈ | ਬੇਸ਼ੱਕ ਸ਼ੇਰ ਅਤੇ ਚੀਤੇ ਮਾਰਨ ਦੀ 'ਕਨਵੈਨਸ਼ਨ ਆਨ ਇੰਟਰਨੈਸ਼ਨਲ ਟਰੇਡ' ਜਾਂ ਜੰਗਲੀ ਸ਼ੇਰਾਂ ਦੇ ਮਾਰਨ ਦੀ ਰੋਕਥਾਮ ਬਾਰੇ ਕੌਮਾਂਤਰੀ ਸੰਮੇਲਨ 'ਤੇ ਲਏ ਫੈਸਲੇ ਅਨੁਸਾਰ ਪਾਬੰਦੀ ਹੈ ਪਰ ਭਾਰਤ ਤੋਂ ਬਾਅਦ ਮਿਆਂਮਾਰ ਦੇ ਸਰਹੱਦੀ ਪਿੰਡਾਂ ਵਿਚ ਚੀਤੇ ਦੀ ਖੱਲ 40,000 ਰੁਪਏ ਨੂੰ ਵਿਕ ਜਾਂਦੀ ਹੈ | ਇਥੋਂ ਚੀਤੇ ਅਤੇ ਸ਼ੇਰ ਦੀਆਂ ਖੱਲਾਂ ਹੋਰ ਦੇਸ਼ਾਂ ਵਿਚ ਵੀ ਜਾ ਕੇ ਇਕ ਲੱਖ ਤੋਂ ਲੈ ਕੇ ਵੱਧ ਤੋਂ ਵੱਧ 15 ਲੱਖ ਤੱਕ ਵਿਕ ਰਹੀਆਂ ਹਨ | ਸ਼ੇਰ ਦੀਆਂ ਹੱਡੀਆਂ ਤੋਂ ਬਣੀ ਹੋਈ ਸ਼ਰਾਬ (ਬੋਨ ਵਾਈਨ) ਚੀਨ ਵਿਚ ਸਿਹਤ ਲਈ 'ਟੌਨਿਕ' ਦੇ ਤੌਰ 'ਤੇ ਵਰਤੀ ਜਾਂਦੀ ਹੈ, ਜਿਸ ਦੀ ਇਕ ਬੋਤਲ ਉਥੇ 5000 ਰੁਪਏ ਤੱਕ ਵਿਚ ਵਿਕ ਜਾਂਦੀ ਹੈ |
ਗੈਂਡਾ (ਰੀਹਨੋ) : ਗੈਂਡੇ ਦਾ ਮਜ਼ਬੂਤ ਸਿੰਗ ਦਵਾਈਆਂ ਵਿਚ ਵਰਤਿਆ ਜਾਂਦਾ ਹੈ | ਇਸ ਜਾਨਵਰ ਨੂੰ ਮਾਰ ਕੇ ਤਸਕਰ ਇਸ ਦੇ ਸਿੰਗ ਨੂੰ ਵਿਦੇਸ਼ਾਂ ਵਿਚ ਵੇਚਦੇ ਹਨ | 2009 ਵਿਚ ਗੈਂਡੇ ਦਾ ਸਿੰਗ 14 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਵਿਕਣ ਲੱਗ ਪਿਆ ਸੀ, ਜਿਸ ਦੇ ਨਤੀਜੇ ਵਜੋਂ ਲਾਲਚੀ ਤਸਕਰਾਂ ਨੇ 2010 ਦੌਰਾਨ ਇਕੱਲੇ ਸਾਊਥ ਅਫਰੀਕਾ ਵਿਚ 333 ਗੈਂਡੇ ਮਾਰ ਕੇ ਉਨ੍ਹਾਂ ਦੇ ਸਿੰਗਾਂ ਦਾ ਵਪਾਰ ਕੀਤਾ ਹੈ | ਚੀਨੀ ਦਵਾਈਆਂ ਵਿਚ ਜਿਹੜੇ ਜਾਨਵਰਾਂ ਦੇ ਅੰਗ ਵਰਤੇ ਜਾਂਦੇ ਹਨ, ਉਨ੍ਹਾਂ ਵਿਚ ਸ਼ੇਰ, ਗੈਂਡਾ, ਸੱਪ, ਕੱਛੂ, ਰਿੱਛ ਅਤੇ ਉੱਲੂ ਸ਼ਾਮਿਲ ਹਨ | ਇਹ ਸਾਰੇ ਜਾਨਵਰ ਭਾਰਤ ਸਮੇਤ ਅਨੇਕਾਂ ਦੇਸ਼ਾਂ ਵਿਚ ਜੰਗਲਾਤ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਤਸਕਰਾਂ ਵੱਲੋਂ ਰਿਸ਼ਵਤਖੋਰੀ ਜਾਂ ਧੱਕੇਸ਼ਾਹੀ ਨਾਲ ਮਾਰੇ ਜਾਂ ਮਰਵਾਏ ਜਾਂਦੇ ਹਨ |
ਹਾਥੀ : ਕਹਿੰਦੇ ਹਨ, 'ਜਿਊਾਦਾ ਹਾਥੀ ਲੱਖ ਦਾ, ਮਰਿਆ ਸਵਾ ਲੱਖ ਦਾ' ਇਹ ਕਹਾਵਤ ਪੂਰੀ ਸੱਚ ਹੋ ਜਾਂਦੀ ਹੈ, ਜਦੋਂ ਜੰਗਲੀ ਜਾਨਵਰਾਂ ਦੇ ਕਾਲੇ ਬਾਜ਼ਾਰ ਵਿਚ ਹਾਥੀ ਦੇ ਦੰਦ (ਆਇਵਰੀ) ਦਾ ਧੰਦਾ ਦਿਨੋ-ਦਿਨ ਵਧਦਾ ਵੇਖਿਆ ਜਾ ਰਿਹਾ ਹੈ | ਹਰ ਸਾਲ ਲਗਭਗ 20 ਹਜ਼ਾਰ ਹਾਥੀ ਆਪਣੇ ਕੀਮਤੀ ਦੰਦਾਂ ਕਾਰਨ ਮਾਰੇ ਜਾਂਦੇ ਹਨ | ਅਫਰੀਕੀ ਖਿੱਤੇ ਵਿਚ ਦੰਦਾਂ ਦੀ ਤਸਕਰੀ ਲਗਭਗ 30 ਸ਼ਹਿਰਾਂ ਤੋਂ ਹੁੰਦੀ ਹੈ | ਪਿਛਲੇ 20 ਸਾਲਾਂ ਦੌਰਾਨ ਇਕ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਨਾਈਜ਼ੀਰੀਆ ਤੋਂ 19 ਟਨ, ਕੈਮਰੂਨ ਤੋਂ 18 ਟਨ, ਕੀਨੀਆ ਤੋਂ 29 ਟਨ ਅਤੇ ਨਮੀਬੀਆ ਦੇ ਸ਼ਹਿਰਾਂ ਤੋਂ 33 ਟਨ ਹਾਥੀ ਦੇ ਦੰਦ ਸਰਕਾਰ ਨੇ ਤਸਕਰਾਂ ਤੋਂ ਜ਼ਬਤ ਕੀਤੇ ਹਨ |
ਤਿੱਬਤੀ ਹਿਰਨ (ਐਾਟੀਲੋਪ) : ਤਸਕਰਾਂ ਅਤੇ ਸ਼ਿਕਾਰੀਆਂ ਦੀ ਗੋਲੀ ਦਾ ਸ਼ਿਕਾਰ ਤਿੱਬਤੀ ਹਿਰਨ ਵੀ ਹੁਣ ਵਧੇਰੇ ਹੋ ਰਿਹਾ ਹੈ | ਤਿੱਬਤੀ ਹਿਰਨ, ਜਿਸ ਨੂੰ ਐਾਟੀਲੋਪ, ਟੰਗਰੋਲ ਅਤੇ ਪਹਾੜੀ ਬੱਕਰਾ ਵੀ ਵੱਖੋ-ਵੱਖਰੇ ਇਲਾਕਿਆਂ ਅਤੇ ਬੋਲੀਆਂ ਵਿਚ ਕਿਹਾ ਜਾਂਦਾ ਹੈ, ਵੀ ਘਟਦਾ ਹੀ ਜਾ ਰਿਹਾ ਹੈ | ਇਸ ਦੋ ਉੱਚੇ ਸਿੰਗਾਂ ਵਾਲੇ ਹਿਰਨ ਦੀ ਖੱਲ ਕੀਮਤੀ 'ਸ਼ਾਹਤੂਸ਼' ਦੇ ਸ਼ਾਲ ਬਣਾਉਣ ਦੇ ਕੰਮ ਆਉਾਦੀ ਹੈ | ਇਸ ਜਾਨਵਰ ਦੀਆਂ 4 ਖੱਲਾਂ ਤੋਂ ਇਕ 'ਸ਼ਾਹਤੂਸ਼' ਦੀ ਸ਼ਾਲ ਬਣਦੀ ਹੈ, ਜਿਸ ਦੀ 40 ਹਜ਼ਾਰ ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਇਕ ਸ਼ਾਲ ਵਿਕ ਜਾਂਦੀ ਹੈ | ਇਸ ਜਾਨਵਰ ਦੀ ਗਿਣਤੀ ਹੁਣ ਤਿੱਬਤ, ਨਿਪਾਲ ਤੇ ਭਾਰਤੀ ਪਹਾੜੀ ਸਰਹੱਦਾਂ 'ਤੇ 75000 ਤੋਂ 1 ਲੱਖ ਦੇ ਦਰਮਿਆਨ ਦੱਸੀ ਜਾਂਦੀ ਹੈ | ਇਨ੍ਹਾਂ ਤੋਂ ਬਿਨਾਂ ਡੱਡੂ, ਤੋਤੇ, ਕੱਛੂ ਅਤੇ ਹੋਰ ਦੁਰਲੱਭ ਜਾਨਵਰਾਂ ਦੀ ਤਸਕਰੀ ਇਸ ਵੇਲੇ ਕੌਮਾਂਤਰੀ ਪੱਧਰ 'ਤੇ ਹੁੰਦੀ ਰਹਿੰਦੀ ਹੈ | ਇਹ ਜਾਨਵਰ ਦੱਖਣੀ ਅਫਰੀਕਾ ਅਤੇ ਏਸ਼ੀਆ ਵਿਚ ਪਾਏ ਜਾਂਦੇ ਹਨ |
ਭਾਰਤ ਵਿਚੋਂ ਜੰਗਲੀ ਜਾਨਵਰਾਂ ਦੀ ਤਸਕਰੀ : ਜਿਵੇਂ ਭਾਰਤ ਦੇ ਨੀਮ ਪਰਬਤੀ, ਹਿਮਾਚਲ ਪ੍ਰਦੇਸ਼ ਅਤੇ ਮੈਦਾਨੀ ਇਲਾਕਿਆਂ ਦੇ ਬੀੜ ਅਤੇ ਜੰਗਲ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਰਾਹੀਂ ਕੀਮਤੀ ਦਰੱਖਤਾਂ ਅਤੇ ਸੁੱਕੀ ਲੱਕੜੀ ਪੱਖੋਂ ਖਾਲੀ ਹੁੰਦੇ ਜਾ ਰਹੇ ਹਨ, ਉਸੇ ਤਰ੍ਹਾਂ ਚੰਬਲ ਦੀ ਵਾਦੀ ਅਤੇ ਉੱਤਰ-ਪੂਰਬੀ ਆਸਾਮ ਅਤੇ ਨਾਗਾਲੈਂਡ ਦੀਆਂ ਘਾਟੀਆਂ ਦੇ ਜੰਗਲਾਂ ਵਿਚੋਂ ਛੋਟੇ ਜਾਨਵਰ ਜਿਊਾਦੇ ਅਤੇ ਵੱਡਿਆਂ ਨੂੰ ਮਾਰ ਕੇ ਜਾਂ ਮਰਵਾ ਕੇ ਸਰਹੱਦੋਂ ਪਾਰ ਬਰਮਾ, ਚੀਨ, ਥਾਈਲੈਂਡ ਆਦਿ ਤੱਕ ਵੇਚੇ ਜਾਂਦੇ ਹਨ | ਭਾਰਤੀ ਜੰਗਲੀ ਜਾਨਵਰਾਂ ਦੇ ਹੱਡਾਂ, ਦੰਦਾਂ, ਖੋਪੜੀਆਂ ਅਤੇ ਹੋਰ ਅੰਗਾਂ ਦੀ ਵਧੇਰੇ ਤਸਕਰੀ ਉੱਤਰੀ-ਪੂਰਬੀ ਸਰਹੱਦੀ ਇਲਾਕਿਆਂ 'ਚ ਹੁੰਦੀ ਹੈ, ਜਿਸ ਦੇ ਫਲਸਰੂਪ ਭਾਰਤ ਦੇ ਸ਼ਕਤੀਸ਼ਾਲੀ ਗੁਆਂਢੀ ਚੀਨ ਨਾਲ ਤਸਕਰਾਂ ਰਾਹੀਂ ਹਰ ਰੋਜ਼ ਲੱਖਾਂ ਰੁਪਏ ਦਾ ਵਪਾਰ ਹੁੰਦਾ ਹੈ ਅਤੇ ਜੰਗਲੀ ਵਿਭਾਗ ਦੇ ਅਧਿਕਾਰੀ ਅਤੇ ਬੀੜਵਾਨ ਚੀਨੀ ਅਤੇ ਇਨ੍ਹਾਂ ਤਸਕਰਾਂ ਲਈ ਕੰਮ ਕਰਕੇ ਭਾਰਤ ਦਾ ਕੌਮੀ ਅਤੇ ਕੀਮਤੀ ਸਰਮਾਇਆ ਆਪਣੇ ਹੱਥੀਂ ਹੀ ਲੁਟਾ ਰਹੇ ਹਨ |

-ਜਰਨਲਿਸਟ, ravimasih0asia.com

ਉੱਭਰ ਰਹੀ ਹੈ ਮੀਡੀਆ ਦੀ ਇਕ ਨਵੀਂ ਦੁਨੀਆ

ਇਆਨ ਹਿਕੋਕਸ ਅਤੇ ਐਾਥਨੀ ਪੇਡੀਲਾ 'ਸਮੂਸ਼' ਨਾਮੀ ਕਾਮੇਡੀ ਸ਼ੋਅ ਦੇ ਕਲਾਕਾਰ ਹਨ | ਹਰ ਸ਼ੁੱਕਰਵਾਰ ਨੂੰ ਇਕ ਨਵਾਂ ਸਮੂਸ਼ ਸ਼ੋਅ ਯੂਟਿਊਬ 'ਤੇ ਪ੍ਰਸਾਰਿਤ ਹੁੰਦਾ ਹੈ ਜਿਸ ਵਿਚ ਤੇਜ਼ਤਰਾਰ, ਮੰੂਹਜ਼ੋਰੀ ਅਤੇ ਹਾਸਾ-ਮਜ਼ਾਕ ਹੁੰਦਾ ਹੈ |ਇਸ ਨੂੰ 25 ਸਾਲ ਤੋਂ ਵਡੇਰੀ ਉਮਰ ਦੇ ਲੋਕ ਬਹੁਤਾ ਪਸੰਦ ਨਹੀਂਕਰਦੇ | ਤੁਸੀਂ ਵੀ ਸ਼ਾਇਦ ਇਸ ਸ਼ੋਅ ਬਾਰੇ ਨਾ ਸੁਣਿਆ ਹੋਵੇ ਪਰ 70 ਲੱਖਤੋਂ ਵਧੇਰੇ ਲੋਕ ਇਹ ਦੇਖਦੇ ਹਨ | ਯੂਟਿਊਬ 'ਤੇ ਕਿਸੇ ਹੋਰ ਚੈਨਲ ਦੇ ਏਨੇ ਦੇਖਣ ਵਾਲੇ ਨਹੀਂ ਹਨ | ਇਸ ਸ਼ੋਅ ਨੂੰ 200 ਕਰੋੜ ਤੋਂ ਵਧੇਰੇ ਚੈਨਲ ਮਿਲ ਚੁੱਕੇ ਹਨ | ਸ਼ਾਮ ਨੂੰ ਕੌਫੀ ਪੀਂਦੇ ਹੋਏ ਸੋਫ਼ੇ 'ਤੇ ਸਮੂਸ਼ ਜਾਂ ਕਿਸੇ ਹੋਰ ਯੂਟਿਊਬ ਚੈਨਲ ਦੇ ਸਾਹਮਣੇ ਬੈਠਣਾ ਤੁਹਾਡੇ ਲਈ ਸ਼ਾਇਦ ਸੁਭਾਵਿਕ ਬਦਲ ਨਾ ਹੋਵੇ ਪਰ ਨੰਬਰ ਝੂਠ ਨਹੀਂ ਬੋਲਦੇ | ਯੂਟਿਊਬ ਇਕ ਪੂਰੀ ਪੀੜ੍ਹੀ ਨੂੰ ਟੈਲੀਵਿਜ਼ਨ ਦੇ ਸਾਹਮਣੇ ਬੈਠਣਤੋਂ ਹਟਾ ਕੇ ਆਪਣੇ ਵੱਲ ਖਿੱਚ ਰਹੀ ਹੈ ਅਤੇ ਜਿਥੇ ਅੱਖਾਂ ਭਟਕਦੀਆਂਹਨ, ਉਥੇ ਵਿਗਿਆਪਨਦਾਤਾ ਅਤੇ ਪੈਸਾ ਪਿੱਛੇ-ਪਿੱਛੇ ਆਉਣਲਗਦੇ ਹਨ |
ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਵਿਹਾਰ ਵਿਚ ਇਸ ਤਬਦੀਲੀ ਕਾਰਨ ਮੀਡੀਆ ਕੰਪਨੀ ਦੀ ਇਕ ਨਵੀਂ ਬਰੀਡ ਵਿਕਸਿਤ ਹੋ ਰਹੀ ਹੈ, ਜੋ ਆਪਣੇ-ਆਪ ਨੂੰ ਗ੍ਰਹਿ ਵਿਕਸਿਤ ਪ੍ਰਤਿਭਾ ਜੋ ਵੀਡੀਓ ਬਣਾਉਾਦੀ ਹੈ ਗੂਗਲ ਦੇ ਵੀਡੀਓ ਵਿਚਾਲੇ ਆਪਣਾ ਥਾਂਬਣਾਉਣ ਦਾ ਯਤਨ ਕਰ ਰਹੀ ਹੈ |ਇਹ ਸੁਤੰਤਰ ਮਲਟੀ ਚੈਨਲ ਯੂਟਿਊਬ ਨੈੱਟਵਰਕ ਵਰਚੂਅਲ ਛਤਰੀ ਵਾਂਗ ਹੈ ਜੋ ਯੂਟਿਊਬ ਦੇ ਪ੍ਰਸਿੱਧ ਚੈਨਲਾਂ ਨੂੰ ਇਕੋ ਸਮੇਂ ਲਿਆ ਰਿਹਾ ਹੈ ਤਾਂਕਿ ਆਪਣਾ ਦਬਦਬਾ ਬਣਾ ਸਕੇ | ਦਸੰਬਰ ਵਿਚ ਸਿਰਫ਼ 2 ਸਾਲ ਪੁਰਾਣੀ ਕੰਪਨੀ ਫੁੱਲ ਸਕਰੀਨ ਆਪਣੇ ਦੋ ਮੁੱਖ ਮੁਕਾਬਲਾਕਾਰੀਆਂ ਮੇਕਰ ਸਟੂਡੀਓਜ਼ ਅਤੇ ਮੇਸ਼ੀਨੀਮਾ ਤੋਂ ਅੱਗੇ ਨਿਕਲ ਗਏਹਨ ਅਤੇ ਯੂਟਿਊਬ 'ਤੇ ਸਭ ਤੋਂ ਵਧੇਰੇ ਦੇਖੀ ਜਾਣ ਵਾਲੀ ਗ਼ੈਰ-ਸੰਗੀਤ ਕੰਪਨੀ ਬਣਗਈਹੈ | ਦਸੰਬਰ 2012 ਵਿਚ ਇਸ ਦੇ 31 ਮਿਲੀਅਨ (3 ਕਰੋੜ 10 ਲੱਖ) ਖਾਸ ਦਰਸ਼ਕ ਸਨ | ਇਹ ਇਕ ਅਜਿਹਾ ਖੇਤਰ ਹੈ, ਜਿਸ ਵਿਚ ਜ਼ਬਰਦਸਤ ਭੁੱਖ ਹੈ-ਦਰਸ਼ਕਾਂਦੀ ਭੁੱਖ, ਵਿਗਿਆਪਨਾਂ ਦੀ ਭੁੱਖ ਅਤੇ ਮਨੋਰੰਜਨ ਪ੍ਰਦਾਨ ਕਰਨ ਲਈ ਨਵੀਆਂ ਪ੍ਰਤਿਭਾਵਾਂ ਦੀ ਭੁੱਖ |
ਇਸ ਵਿਚ ਸ਼ੱਕ ਨਹੀਂਹੈ ਕਿ ਆਡੀਓ-ਵਿਜ਼ੂਅਲ ਸੰਸਾਰ ਵਿਚ ਨਵੀਆਂ ਪ੍ਰਤਿਭਾਵਾਂਦੀ ਖੋਜ ਕਰਨ ਵਿਚ ਯੂਟਿਊਬ ਸਭ ਤੋਂ ਵਧੇਰੇ ਗ਼ੈਰ-ਭਰੋਸੇਯੋਗ ਮੰਚ ਹੈ | ਅਜਿਹਾ ਜਸਟਿਨ ਗੇਨਰ ਦਾ ਕਹਿਣਾ ਹੈ ਜੋ ਚੈਨਲ ਫਿਲਿਪ ਦੇ ਸੰਸਥਾਪਕ ਹਨ | ਚੈਨਲ ਫਿਲਿਪ ਇੰਗਲੈਂਡ ਦੇ ਦੋ ਪ੍ਰਮੁੱਖ ਯੂਟਿਊਬ ਨੈੱਟਵਰਕਜ਼ ਵਿਚੋਂ ਇਕ ਹੋ | ਗੇਨਰ ਦਾ ਕਹਿਣਾ ਹੈ, '80 ਕਰੋੜ ਯੂਜ਼ਰ ਹਨ ਅਤੇ 10 ਲੱਖ ਲੋਕ ਲਗਾਤਾਰ ਕੰਟੈਂਟ ਬਣਾ ਬਣਾ ਰਹੇ ਹਨ |ਇਸ ਲਈ ਸਾਡੇ ਲਈ ਸੌਖਾ ਇਹੀ ਹੈ ਕਿ ਇਥੇ ਆਪਣੇ ਦਫਤਰ ਵਿਚ ਬੈਠੀਏ ਅਤੇ ਪ੍ਰਤਿਭਾਵਾਂ ਦੀ ਭਾਲ ਕਰੀਏ |'
ਪਰ ਜੇਕਰ ਯੂਟਿਊਬ ਨੇ ਸਾਨੂੰ ਸਭ ਨੂੰ ਬਰਾਡਕਾਸਟ ਬਣਨ ਦਾ ਮੌਕਾ ਦਿੱਤਾ ਹੈ, ਜੋ ਆਪਣੇ ਯੋਗਤਾ ਦੇ ਅਨੁਸਾਰ ਸਫ਼ਲ ਹੋ ਸਕਦੇ ਹਨ, ਤਾਂਫਿਰ ਵਿਚੋਲਿਆਂ ਦੀ ਕੀ ਲੋੜ ਹੈ | ਗੇਨਰ ਦਾ ਕਹਿਣਾ ਹੈ, 'ਇਕ ਸਭ ਤੋਂ ਵੱਡੀ ਗੱਲ ਜੋ ਅਸੀਂ ਲੋਕ ਕਰਦੇ ਹਾਂ, ਉਹ ਇਹ ਹੈ ਕਿ ਆਪਣੇ ਟੇਲੈਂਟ ਅਤੇ ਉਨ੍ਹਾਂ ਦੇ ਕਮਰਸ਼ੀਅਲ ਪ੍ਰਯੋਜਕਾਂ ਅਤੇ ਬਰਾਂਡ ਪਾਰਟਨਰਾਂ ਵਿਚਾਲੇ ਕੜੀ ਬਣਦੇ ਹਾਂ | ਟੇਲੈਂਟ ਨੂੰ ਚੰਗਾ ਸ਼ੋਅ ਬਣਾਉਣਵਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਵਿਗਿਆਪਨ ਅਤੇ ਪ੍ਰਯੋਜਕ ਹਾਸਲ ਕਰਨ ਅਤੇ ਡੀਲ ਸਾਈਨ ਕਰਨ ਵਿਚ ਸਮਾਂ ਬਰਬਾਦ ਕਰਨਾ ਚਾਹੀਦਾ ਹੈ |'
ਯਕੀਨੀ ਤੌਰ 'ਤੇ ਇਹ ਫਾਰਮੂਲਾ ਚੈਨਲ ਫਿਲਿਪ ਦੇ ਕਲਾਕਾਰਾਂਲਈ ਸਫ਼ਲਤਾਪੂਰਵਕ ਕੰਮ ਕਰ ਰਿਹਾ ਹੈ | ਇਸ ਦੀ ਇਕ ਸਫ਼ਲਤਾ ਡੇਨ ਹੋਵੇਲ (ਡੇਨ ਇਜ਼ ਨਾਟ ਆਨ ਫਾਇਰ) ਹਨ ਜਿਨ੍ਹਾਂ ਨੇ ਆਪਣੇ ਬਹੁਤ ਮਸ਼ਹੂਰ ਯੂਟਿਊਬ ਚੈਨਲ ਤੋਂ ਬਾਅਦ ਰੇਡੀਓ-9 'ਤੇ ਆਪਣਾ ਸੰਡੇ ਸ਼ੋਅ ਸ਼ੁਰੂ ਕੀਤਾ ਹੈ | ਬਦਲੇ ਵਿਚ ਇਨ੍ਹਾਂ ਨੈਟਵਰਕਸ ਨੂੰ ਕੀ ਮਿਲਦਾ ਹੈ? ਕੁਝ ਵਿਗਿਆਪਨਾਂ ਤੋਂ ਹੋਣ ਵਾਲੀ ਆਮਦਨ ਦਾ ਇਕ ਨਿਸ਼ਚਿਤ ਫੀਸਦ ਲੈਂਦੇ ਹਨ | ਕੁਝ ਰਚਨਾਕਾਰ ਨੂੰ ਇਕ ਮੋਟੀ ਫੀਸ ਪ੍ਰਤੀ ਵੀਵਰ ਦਿੰਦੇ ਹਨ ਅਤੇ ਫਿਰ ਲਾਭ ਹਾਸਲ ਕਰਨ ਲਈ ਵਿਗਿਆਪਨ ਵੇਚਦੇ ਹਨ | ਪਰ ਪੈਸੇ ਦਾ ਵੱਡਾ ਹਿੱਸਾ ਸਪਾਂਸਰਸ਼ਿਪ ਤੋਂ ਆਉਾਦਾ ਹੈ, ਜਿਥੇ ਬਰਾਂਡਾਂ ਨੂੰ ਬਹੁਤ ਚਲਾਕੀ ਨਾਲ ਵੀਡੀਓ ਵਿਚ ਸ਼ਾਮਿਲ ਕਰ ਦਿੱਤਾ ਜਾਂਦਾ ਹੈ | ਗੇਨਰ ਦਾ ਕਹਿਣਾ ਹੈ ਕਿ, 'ਯੂਟਿਊਬ ਨੂੰ ਅਪਣਾਉਣ ਵਾਲੀ ਨੌਜਵਾਨ ਪੀੜ੍ਹੀ ਰਵਾਇਤੀ 30 ਸੈਕਿੰਡ ਦੇ ਵਿਗਿਆਪਨ ਵਿਚ ਦਿਲਚਸਪੀ ਨਹੀਂ ਰੱਖਦੀ, ਇਸ ਲਈ ਬਰਾਂਡਾਂ ਨੂੰ ਵੀਡੀਓ ਵਿਚ ਸ਼ਾਮਿਲ ਕਰ ਦਿੱਤਾ ਜਾਂਦਾ ਹੈ, ਤਾਂਕਿ ਉਨ੍ਹਾਂਦਾ ਵਿਗਿਆਪਨ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕੇ ਅਤੇ ਰਚਨਾਕਾਰ ਨੂੰ ਏਨਾ ਪੈਸਾ ਮਿਲ ਸਕੇ ਕਿ ਉਹ ਵਧੇਰੇ ਦਿਲਚਸਪ ਚੀਜ਼ਾਂ ਬਣਾ ਸਕੇ |'
ਬਹੁਤ ਸਾਰੇ ਮਸ਼ਹੂਰ ਯੂਟਿਊਬ ਚੈਨਲਾਂ ਦਾ ਇਕ ਖਾਸ ਅਟੁੱਟ ਹਿੱਸਾ ਇਹ ਹੈ ਕੀ ਉਹ ਦਰਸ਼ਕਾਂਨਾਲ ਉਨ੍ਹਾਂਦੇ ਪੱਧਰ 'ਤੇ ਹੀ ਗੱਲਬਾਤ ਕਰਦੇ ਹਨ | ਗ੍ਰਹਿ ਵਿਕਸਿਤ ਨਿਰਮਾਣਅਤੇ ਅਮੁੱਲ ਅਤੇ 'ਮੈਂ ਵੀ ਤੁਹਾਡੇ ਵਰਗਾ ਹੀ ਹਾਂ' ਇਸ ਵਿਚ ਬਹੁਤ ਮਹੱਤਵਪੂਰਨ ਹਨ | ਪਰ ਵੀਡੀਓ ਬਣਾਉਣ ਵਾਲਿਆਂਦੀ ਜੋ ਨਵੀਂਪੀੜ੍ਹੀ ਹੈ | ਉਸ ਵਿਚ ਜੋ ਤਜਰਬੇ ਦੀ ਕਮੀ ਪਰ ਉਤਸ਼ਾਹ ਦੀ ਬਹੁਲਤਾ ਹੈ | ਉਸ ਦੇ ਕਾਰਨ ਇਕ ਅਜਿਹੀ ਸਥਿਤੀ ਆ ਜਾਂਦੀ ਹੈ, ਜਿਸ ਦਾ ਸ਼ੋਸ਼ਣ ਕੀਤਾ ਜਾ ਸਕਦਾ ਹੈ |ਰਚਨਾਕਾਰਾਂ ਨੂੰ ਅਕਸਰ ਕੰਟਰੈਕਟ ਮਾਮਲਿਆਂਦੀ ਜਾਣਕਾਰੀ ਨਹੀਂ ਹੁੰਦੀ | ਉਹ ਇਸ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਸੈਕਟਰ ਵਿਚ ਅਜਿਹੇ ਲੋਕਾਂਦੇ ਹੱਥੀਂ ਚੜ੍ਹ ਜਾਂਦੇ ਹਨ ਜੋ ਜ਼ਿਆਦਾ ਤੋਂ ਜ਼ਿਆਦਾ ਲਾਭ ਕਮਾਉਣਾ ਚਾਹੁੰਦੇ ਹਨ | ਹਾਲ ਹੀ ਦੇ ਮਹੀਨਿਆਂਵਿਚ ਦੋਵੇਂ ਮੇਕਰ ਸਟੂਡੀਓਜ਼ ਅਤੇ ਮਿਸ਼ੀਨੀਮਾ ਨੂੰ ਗਾਲ੍ਹਾਂ ਵੀ ਸੁਣਨੀਆਂਪਈਆਂਹਨ ਕਿਉਾਕਿ ਬਹੁਤ ਸਾਰੇ ਰਚਨਾਕਾਰਾਂ ਨੂੰ ਅਚਾਨਕ ਆਪਣੇ ਕੰਟਰੈਕਟ ਬਾਰੇ ਪਤਾ ਲੱਗ ਗਿਆ ਸੀ ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ |
ਬਿਨ ਵਕਾਸ (ਅਪਨਾ ਬਰੇਨ ਡੈਡਲੀ) ਜੋ ਮਿਸ਼ੀਨੀਮਾ ਦਾ ਸਟਾਰ ਹੈ, ਨੂੰ ਅਹਿਸਾਸ ਹੋਇਆ ਕਿ ਉਸ ਨੇ ਮਿਸ਼ੀਨੀਮਾ ਡਾਟ ਕਾਮ ਲਈਆਪਣੇ-ਆਪ ਨੂੰ ਕਿਸ ਤਰ੍ਹਾਂਸਾਈਨ ਕੀਤਾ ਹੈ ਕਿ ਯੂਨੀਵਰਸ ਦੇ ਸਭ ਤਰ੍ਹਾਂਦੇ ਮੀਡੀਆ ਅਤੇ ਥਾਂ ਜਿਨ੍ਹਾਂਬਾਰੇ ਪਤਾ ਹੈ ਜਾਂ ਜੋ ਬਾਅਦ ਵਿਚ ਵਿਕਸਿਤ ਹੋਣਗੇ, ਉਸ ਦੇ ਅਧਿਕਾਰ ਇਸ ਕੰਪਨੀ ਦੇ ਕੋਲ ਰਹਿਣਗੇ | ਇਸ ਸ਼ਰਤ ਦੇ ਕਾਰਨ ਬਿਨ ਵਕਾਸ ਨੂੰ ਗੁੱਸਾ ਆਇਆ ਅਤੇ ਉਸ ਨੇ ਯੂਟਿਊਬ ਵੀਡੀਓ ਦੇ ਰਾਹੀਂ ਕੰਪਨੀ ਨੂੰ ਛੱਡਣਦਾ ਇਰਾਦਾ ਜ਼ਾਹਿਰ ਕੀਤਾ | ਕਾਨੂੰਨੀ ਲੜਾਈ ਚੱਲੀ, ਉਸ ਦੇ ਵੀਡੀਓ ਅਸਤੀਫ਼ੇ ਨੂੰ ਡਿਲੀਟ ਕਰ ਦਿੱਤਾ ਗਿਆ ਪਰ ਆਖਿਰਕਾਰ ਵਕਾਸ ਇਕ ਨਵੇਂ ਨੈਟਵਰਕ ਦੇ ਨਾਲ ਚਲਾ ਗਿਆ | ਸੰਭਵ ਹੈ ਕਿ ਬਿਹਤਰ ਸ਼ਰਤਾਂ'ਤੇ ਹੀ ਗਿਆ ਹੋਵੇਗਾ |
ਇਸ ਦਰਮਿਆਨ ਰੇਅ ਵਿਲੀਅਮ ਜਾਨਸਨ ਜੋ ਇੰਟਰਨੈੱਟ 'ਤੇ ਵੱਡੇ ਸਿਤਾਰੇ ਹਨ, ਉਹ ਆਮ ਤੌਰ 'ਤੇ ਵੀਡੀਓ 'ਤੇ ਤਿੱਖੀਆਂ ਅਤੇ ਵਿਅੰਗਾਤਮਿਕ ਟਿੱਪਣੀਆਂਕਰਦੇ ਹਨ, ਨੇ ਮੇਕਰ ਸਟੂਡੀਓਜ਼ ਨਾਲ ਵਿਵਾਦ ਵਿਚ ਖੜ੍ਹਾ ਕਰ ਲਿਆ | ਕੰਪਨੀ ਨੇ ਉਨ੍ਹਾਂਨਾਲ 8 ਮਹੀਨਿਆਂਤੋਂ ਬਾਅਦ ਮੁੜ ਤੋਂ ਕੰਟਰੈਕਟ ਕਰਨ ਦੀ ਮੰਗ ਰੱਖੀ ਸੀ | ਜਾਨਸਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਤੋਂ 40 ਫ਼ੀਸਦੀ ਵਿਗਿਆਪਨ ਆਮਦਨ ਮੰਗੀ ਗਈ ਸੀ | ਨਿਰਮਾਣਖਰਚ ਤੋਂ ਬਾਅਦ ਹੋਰ 50 ਫ਼ੀਸਦੀ ਇੰਟਲੈਕੁਚੂਅਲ ਪ੍ਰਾਪਰਟੀ ਮੰਗੀ ਸੀ | ਉਨ੍ਹਾਂਦੇ ਯੂਟਿਊਬ ਸ਼ੋਅ ਇਕੁਅਲ ਥ੍ਰੀ ਦੇ ਲਈ ਆਪਣੇ ਭਾਵੁਕ ਵੀਡੀਓ ਬਲਾਗ ਵਿਚ ਜਾਨਸਨ ਨੇ ਕਿਹਾ ਸੀ 'ਮੈਂ ਉਮੀਦ ਕਰਦਾ ਹਾਂ ਕਿ ਹਰ ਕੋਈ ਮੇਰੇ ਤਜਰਬੇ ਤੋਂ ਸਿੱਖੇਗਾ ਕਿ ਯੂਟਿਊਬ ਨੈਟਵਰਕ 'ਤੇ ਕਿਸ ਤਰ੍ਹਾਂ ਸਾਈਨ ਕਰਨਾ ਚਾਹੀਦਾ ਹੈ | ਇਹ ਇਕ ਡਰਾਉਣਾ ਸੁਪਨਾ ਹੈ |'
ਇਕ ਖੇਤਰ ਜਿਸ ਵਿਚ ਵੱਡੇ ਨੈੱਟਵਰਕ ਪਹੰੁਚਣ ਵਿਚ ਸਫ਼ਲ ਹੋਏ ਹਨ, ਉਹ ਹੈ (ਜਿਸ ਨੂੰ ਵਿਗਿਆਪਨ ਦਾ ਸੰਸਾਰ ਕਹਿੰਦਾ ਹੈ) 'ਖੋਏ ਹੁਏ ਲੜਕੇ' ਜਾਂ 'ਲੌਸਟ ਬੁਆਏਜ਼', ਇਹ 18 ਤੋਂ 34 ਸਾਲ ਦੇ ਦਰਮਿਆਨ ਦੇ ਨੌਜਵਾਨ ਹਨ, ਜੋ ਪੱਤਿ੍ਕਾਵਾਂ ਨਹੀਂ ਪੜ੍ਹਦੇ ਜਾਂ ਟੈਲੀਵਿਜ਼ਨ ਨਹੀਂਦੇਖਦੇ ਪਰ ਵੀਡੀਓਜ਼ ਗੇਮਜ਼ ਖੇਡਣ ਵਿਚ ਬਹੁਤ ਸਮਾਂ ਗੁਜ਼ਾਰਦੇ ਹਨ |
ਇਸ ਵਿਚ ਸ਼ੱਕ ਨਹੀਂ ਹੈ ਕਿ ਯੂਟਿਊਬ 'ਤੇ ਜੋ ਮੀਡੀਆ ਕੰਪਨੀ ਦੀ ਨਵੀਂ ਬਰੀਡ ਆ ਰਹੀ ਹੈ, ਉਹ ਨਾ ਸਿਰਫ਼ ਟੈਲੀਵਿਜ਼ਨ ਤੋਂ ਦਰਸ਼ਕਾਂਨੂੰ ਖਿੱਚ ਰਹੀ ਹੈ, ਬਲਕਿ ਨਵੀਆਂ ਪ੍ਰਤਿਭਾਵਾਂ ਨੂੰ ਚਮਕਣ ਦਾ ਮੌਕਾ ਵੀ ਪ੍ਰਦਾਨ ਕਰ ਰਹੀ ਹੈ ਪਰ ਨਾਲ ਹੀ ਜ਼ਿਆਦਾ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਇਹ ਕੰਪਨੀਆਂ ਪ੍ਰਤਿਭਾਵਾਂ ਦਾ ਸ਼ੋਸ਼ਣ ਵੀ ਕਰ ਰਹੀਆਂਹਨ | ਇਸ ਲਈ ਜ਼ਰੂਰੀ ਹੈ ਕਿ ਜੋ ਲੋਕ ਇਨ੍ਹਾਂਕੰਪਨੀਆਂ ਦੇ ਨਾਲ ਸਾਈਨ ਕਰ ਰਹੇ ਹਨ, ਉਹ ਕੰਟਰੈਕਟ ਨੂੰ ਚੰਗੀ ਤਰ੍ਹਾਂ ਪੜ੍ਹ ਤੇ ਸਮਝ ਲੈਣ ਅਤੇ ਬਿਨ ਵਕਾਸ ਦੀ ਤਰ੍ਹਾਂ ਸ਼ੋਸ਼ਿਤ ਹੋਣ ਤੋਂ ਬਚਣ |

-ਫਿਊਚਰ ਮੀਡੀਆ ਨੈੱਟਵਰਕ |

ਕਿਤੇ ਕੋਮਲ ਦਿਮਾਗ਼ ਮਸ਼ੀਨ ਨਾ ਬਣ ਜਾਣ

ਬਿਨਾਂਸ਼ੱਕ ਅਜੋਕਾ ਬਚਪਨ ਬਸਤੇ ਥੱਲੇ ਦੱਬਿਆ ਜਾ ਰਿਹਾ ਹੈ | ਬਚਪਨ ਕੋਮਲਤਾ ਤੇ ਸੂਖ਼ਮਤਾ ਭਰਪੂਰ ਜਵਾਨੀ ਤੋਂ ਪਹਿਲੀ ਅਵਸਥਾ ਹੈ | ਆਲੀਆਂ-ਭੋਲੀਆਂ ਵਿਚਾਰਾਂ ਕਰਨ ਦਾ ਸਮਾਂ ਹੈ | ਤੋਤਲੀ ਜ਼ਬਾਨ 'ਚ ਤਿੱਖੇ ਸਵਾਲ ਕਰਨ ਦੀ ਅਜ਼ਾਦੀ ਹੈ | ਬਚਪਨ ਜ਼ਿੰਦਗੀ ਦੀ ਬੇ-ਸਮਝੀ 'ਤੇ ਬਾਦਸ਼ਾਹੀ ਹੰਢਾਉਣ ਦਾ ਮਸਤੀ ਚੜਿ੍ਹਆ ਵਕਤ ਹੁੰਦਾ ਹੈ | ਬਚਪਨ ਜਿੱਥੇ ਮਨੁੱਖੀ ਜ਼ਿੰਦਗੀ ਦਾ ਸਭ ਤੋਂ ਆਨੰਦਮਈ ਸਮਾਂ ਹੁੰਦਾ ਹੈ, ਉਥੇ ਇਹ ਸਾਡੇ ਜੀਵਨ ਦਾ ਸੁਨਹਿਰੀ ਤੇ ਸੁਪਨਮਈ ਕਾਲ ਵੀ ਕਿਹਾ ਜਾ ਸਕਦਾ ਹੈ | ਇਹ ਉਹ ਸਮਾਂ ਹੁੰਦਾ, ਜਦੋਂ ਬੱਚੇ ਦੀ ਬੁੱਧੀ ਤਰਕ 'ਤੇ ਸਿਧਾਂਤ ਦੇ ਰਲੇ ਤੋਂ ਕੋਰੀ ਹੁੰਦੀ ਹੈ | ਤਾਹੀਓਾ ਤਾਂ ਬਚਪਨ ਦੀਆਂ ਖੁਸ਼ੀਆਂ ਨਿੱਕੀਆਂ ਤੇ ਸੱਚੀਆਂ ਕਹਾਉਾਦੀਆਂ ਹਨ |
ਅੱਜ ਦੇ ਹਰ ਬੱਚੇ ਦਾ ਮਾਂ-ਬਾਪ ਇਸ ਤਲਖ਼ ਹਕੀਕਤ ਤੋਂ ਭਲੀ-ਭਾਂਤ ਜਾਣੂ ਹੈ ਕਿ ਉਹਨਾਂ ਦੇ ਬੱਚੇ ਦੇ ਭਾਰ ਨਾਲੋਂ, ਉਸ ਦੇ ਬਸਤੇ ਦਾ ਭਾਰ ਡੇਢਾ ਹੈ | ਇਹ ਸਾਡੀ ਸਿੱਖਿਆ ਪ੍ਰਣਾਲੀ/ਨੀਤੀ ਦਾ ਹੀ ਨਤੀਜਾ ਹੈ | ਆਪਣੇ ਭਾਰੇ ਤੇ ਫੈਲਰੇ ਬਸਤੇ ਨੂੰ ਸਾਂਭਣ ਦੇ ਆਹਰ-ਪਾਹਰ 'ਚ ਬੱਚੇ ਦਾ ਸਰੀਰਕ-ਵਿਕਾਸ ਪ੍ਰਭਾਵਿਤ ਹੁੰਦਾ ਹੈ | ਇਸ ਗੱਲ ਦੀ ਪੁਸ਼ਟੀ ਅੱਜਕਲ੍ਹ ਦੇ ਬੱਚਿਆਂ ਦੇ ਮਾੜਚੂ ਡੀਲ-ਡੌਲ ਤੋਂ ਸਹਿਜੇ ਹੀ ਕੀਤੀ ਜਾ ਸਕਦੀ ਹੈ | ਬਾਲ-ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਬੱਚੇ ਦੀ ਚੌਦਾਂ ਸਾਲ ਤੱਕ ਦੀ ਉਮਰ ਵਿਆਕਤੀਗਤ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਾਦੀ ਹੈ | ਇਸ ਸਮੇਂ ਅੰਦਰ ਬੱਚੇ ਦੇ ਸਰੀਰ ਅਤੇ ਮਨ ਨੂੰ ਆਮ ਨਾਲੋਂ ਵਧੇਰੇ ਅਜ਼ਾਦੀ ਵਾਲੇ ਮਾਹੌਲ ਦੀ ਲੋੜ ਹੁੰਦੀ ਹੈ | ਕਿਸੇ ਕਿਸਮ ਦੇ ਠੋਸੇ ਗਏ ਦਬਾਅ ਜਾਂ ਮਾਨਸਿਕ ਤਣਾਅ ਆਦਿ ਤੋਂ ਬੱਚੇ ਦਾ ਦਿਮਾਗ ਬਿਲਕੁਲ ਅਜ਼ਾਦ ਹੋਣਾ ਚਾਹੀਦਾ ਹੈ | ਪਰ ਜੇ ਸਿੱਖਿਆ-ਤੰਤਰ 'ਤੇ ਸੁਭਾਵਿਕ ਹੀ ਨਜ਼ਰ ਦੌੜਾਈਏ ਤਾਂ ਅਜੋਕੀ ਸਥਿਤੀ ਅਸਲੋਂ ਹੀ ਉਲਟ-ਪੁਲਟ ਹੋ ਚੁੱਕੀ ਹੈ | ਉਮਰ ਦੇ ਉਪਰੋਕਤ ਅਰਸੇ ਤੱਕ ਹੀ ਸਕੂਲੀ ਬਸਤੇ ਦਾ ਜ਼ਿਆਦਾ ਭਾਰ ਅਤੇ ਠੋਸੀਆਂ ਗਈਆਂ ਕਿਤਾਬਾਂ ਦੇ ਦਬਾਅ ਕਾਰਨ ਬੱਚੇ ਦੀ ਕਾਲਪਨਿਕ ਸ਼ਕਤੀ ਤੇ ਸੋਚਣ-ਸਮਝਣ ਦੀ ਕੋਮਲ ਇੱਛਾ-ਸ਼ਕਤੀ 'ਤੇ ਡੂੰਘਾ ਅਸਰ ਪੈਣ ਦੇ ਨਾਲ-ਨਾਲ ਬੱਚੇ ਦੇ ਭਵਿੱਖੀ ਸੰਕਲਪ ਵੀ ਮੱਧਮ ਹੁੰਦੇ ਹਨ |
ਦੇਸ਼ ਦੇ ਮੰਨੇ-ਪ੍ਰਮੰਨੇ ਬੁੱਧੀਜੀਵੀ ਵੀ ਇਸ ਗੱਲ ਨਾਲ ਆਪਣੀ ਸਹਿਮਤੀ ਪ੍ਰਗਟਾਉਾਦੇ ਹਨ ਕਿ ਬੱਚਿਆਂ ਦੀ ਮੁਢਲੀ ਪੜ੍ਹਾਈ ਅਜਿਹੀ ਨਹੀਂ ਹੋਣੀ ਚਾਹੀਦੀ ਜਿਹੜੀ ਬੱਚਿਆਂ ਅੰਦਰ ਕਿਸੇ ਕਿਸਮ ਦਾ ਡਰ, ਤਣਾਅ ਜਾਂ ਦਬਾਅ ਪੈਦਾ ਕਰੇ | ਪਰ ਅਜੋਕੀ ਵਿੱਦਿਆ-ਨੀਤੀ ਦੀ ਅਸਲੀਅਤ ਕੀ ਹੈ? ਇਹ ਆਧੁਨਿਕ ਯੁੱਗ ਦੀ ਮੁਕਾਬਲਾ ਦੌੜ ਦੇ ਨਾਂਅ 'ਤੇ ਬੱਚਿਆਂ ਵਿਚ ਦਹਿਸ਼ਤ ਪੈਦਾ ਕਰ ਰਹੀ ਹੈ | ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਬੱਚੇ ਦਾ ਇਕ ਮਾਤਰ ਉਦੇਸ਼ ਡੂੰਘੀ ਸੋਚ-ਸਮਝ ਪੈਦਾ ਕਰਨਾ ਨਾ ਹੋ ਕੇ ਸਿਰਫ਼ ਦਿੱਤੇ ਵਿਸ਼ਿਆਂ ਦੀ ਪੂਰਤੀ ਲਈ ਲੋੜੀਂਦੀ ਜਾਣਕਾਰੀ ਹਾਸਲ ਕਰਨ ਦੀ ਬੰਦਸ਼ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ | ਮੁਢਲੀ ਪੜ੍ਹਾਈ ਦੌਰਾਨ ਬੱਚੇ ਨੂੰ ਕੇਵਲ ਆਮ-ਗਿਆਨ ਦੀ ਲੋੜ ਹੁੰਦੀ ਹੈ | ਭਾਰੇ ਬਸਤੇ ਜਾਂ ਕਿਤਾਬਾਂ ਦੇ ਥੱਬੇ ਦੀ ਨਹੀਂ | ਵੈਸੇ ਨਰਸਰੀ ਸਕੂਲ ਸਮੇਂ ਬੱਚੇ ਨੂੰ ਪੜ੍ਹਨ 'ਤੇ ਜ਼ੋਰ ਦੇਣਾ ਠੀਕ ਨਹੀਂ | ਕਿਉਾਕਿ ਇਹ ਕਲਾਸ ਅਸਲ ਵਿਚ ਬੱਚੇ ਦੇ ਪੜ੍ਹਨ ਦੀ ਨਹੀਂ ਬਲਕਿ ਇਕ-ਦੂਜੇ ਨਾਲ ਜਾਣ-ਪਹਿਚਾਣ ਕਰਨ, ਰਲ ਬੈਠਣ, ਰਲ ਖੇਡਣ, ਖੇਡ-ਖੇਡ 'ਚ ਇਕ-ਦੂਸਰੇ ਨਾਲ ਰਹਿਣਾ ਸਿੱਖਣ, ਇਕ-ਦੂਸਰੇ ਨੂੰ ਜਾਣਨ 'ਤੇ ਸ਼ਰਮਾਕਲ ਸੁਭਾਅ ਦੂਰ ਕਰਨ ਦੇ ਢੁਕਵੇਂ ਸਮੇਂ ਲਈ ਹੁੰਦੀ ਹੈ | ਨਰਸਰੀ ਦੂਸਰੇ ਸ਼ਬਦਾਂ ਵਿਚ ਬੱਚਿਆਂ ਦੀ ਪਨੀਰੀ ਤਿਆਰ ਕਰਨ ਦੀ ਕਿਆਰੀ ਹੁੰਦੀ ਹੈ | ਨਰਸਰੀ ਵਿਚ ਪਨੀਰੀ ਦੇ ਰੂਪ 'ਚ ਤਿਆਰ ਹੋਇਆ ਪੌਦਾ ਅੱਗੋਂ ਦਰੱਖ਼ਤ ਬਣਨ ਲਈ ਢੁਕਵੀਂ ਥਾਂ 'ਤੇ ਲਾਇਆ ਜਾਂਦਾ ਹੈ | ਇਸੇ ਲਈ ਇਸ ਸਮੇਂ ਦੌਰਾਨ ਬੱਚਿਆਂ ਨੂੰ ਅਨੁਸ਼ਾਸਨ, ਵਿਵਹਾਰ, ਆਮ ਜਾਣਕਾਰੀ ਜਾਂ ਕੇਵਲ ਰਲ-ਮਿਲ ਬੈਠਣ ਦਾ ਵਲ ਹੀ ਸਿਖਾਇਆ ਜਾਂਦਾ ਹੈ | ਵਿਸ਼ਵ ਪ੍ਰਸਿੱਧ ਵਿਗਿਆਨੀ ਤੇ ਸਿੱਖਿਆ ਮਾਹਿਰ ਮੇਰੀਆ ਮੋਟੇਂਸਰੀ ਅਨੁਸਾਰ ਪੰਜ-ਛੇ ਸਾਲ ਦੀ ਉਮਰ ਵਿਚ ਹੀ ਬੱਚੇ ਨੂੰ ਸਕੂਲ ਦਾ ਮੂੰਹ ਵਿਖਾਉਣਾ ਚਾਹੀਦਾ ਹੈ ਜਦਕਿ ਮਹਾਨ ਫ਼ਿਲਾਸਫਰ ਪਲੈਟੋ ਦਾ ਕਹਿਣਾ ਹੈ ਕਿ ਬੱਚੇ ਨੂੰ ਸਕੂਲ ਭੇਜਣ ਸਮੇਂ ਤਿੰਨ ਤੋਂ ਛੇ ਸਾਲ ਦੇ ਵਿਚਕਾਰ ਕਿਸੇ ਵੀ ਢੁਕਵੇਂ ਸਮੇਂ ਨੂੰ ਚੁਣਿਆ ਜਾ ਸਕਦਾ ਹੈ | ਕਿਉਾਕਿ ਉਦੋਂ ਤੱਕ ਬੱਚਾ ਆਪਣੇ ਬਚਪਨ ਦੀ ਬਾਦਸ਼ਾਹੀ ਹੰਢਾਅ ਲੈਂਦਾ ਅਤੇ ਖੇਡ ਦਾ ਚਾਅ ਵੀ ਪੂਰਾ ਕਰ ਲੈਂਦਾ ਹੈ | ਉਸ ਦਾ ਮਾਨਸਿਕ ਵਿਕਾਸ ਵੀ ਪੂਰੀ ਤਰ੍ਹਾਂ ਪਰਵਾਨ ਚੜ੍ਹ ਚੁੱਕਿਆ ਹੁੰਦਾ | ਬੱਚੇ ਨੂੰ ਹਰ ਗੱਲ ਦੀ ਸੋਝੀ ਆਉਣ ਲਗਦੀ ਹੈ | ਕਈ ਵਾਰੀ ਅਸੀਂ ਦੇਖਦੇ ਹਾਂ ਕਿ ਅਗਾਂਹ ਦੀਆਂ ਕਲਾਸਾਂ ਵਿਚ ਸਾਡਾ ਬੱਚਾ ਬਾਕੀ ਬੱਚਿਆਂ ਨਾਲੋਂ ਪਛੜ ਰਿਹਾ ਹੈ | ਉਸ ਅੰਦਰ ਸਕੂਲ ਪ੍ਰਤੀ ਅਰੁਚੀ ਪੈਦਾ ਹੋ ਰਹੀ ਹੈ | ਅਸੀਂ ੳਸਨੂੰ ਡਾਂਟਦੇ, ਝਿੜਕਦੇ ਹਾਂ ਪਰ ਅਸਲ ਵਿਚ ਬੱਚੇ ਦੇ ਅਜਿਹੇ ਵਿਵਹਾਰ ਦਾ ਕਾਰਨ ਬੱਚੇ ਨੂੰ ਛੋਟੀ ਉਮਰ 'ਚ ਸਕੂਲ ਭੇਜਣਾ ਹੀ ਹੁੰਦਾ ਹੈ ਜਿਸ ਨੂੰ ਅਸੀਂ ਆਪਣੀ ਗਲਤੀ ਵਜੋਂ ਨੋਟ ਹੀ ਨਹੀਂ ਕਰਦੇ | ਉਸਦੇ ਬਾਲ-ਮਨ ਦੇ ਅਧੂਰੇ ਰਹਿ ਗਏ ਚਾਅ ਆਪਣੀ ਪੂਰਤੀ ਲਈ ਉਸ ਨੂੰ ਸਕੂਲ ਤੇ ਪੜ੍ਹਾਈ ਨਾਲੋਂ ਤੋੜਦੇ ਹਨ |
ਜ਼ਿਆਦਾਤਰ ਸਕੂਲ, ਵਿਸ਼ੇਸ਼ ਕਰਕੇ ਮਾਡਰਨ ਸਕੂਲ ਜਾਂ ਆਧੁਨਿਕ ਸਿੱਖਿਆ ਸਹੂਲਤਾਂ ਨਾਲ ਲੈਸ ਅਖਵਾਉਾਣ ਵਾਲੇ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਜਿਸ ਵਿਧੀ ਦੁਆਰਾ ਪੜ੍ਹ ਰਹੇ ਹਨ ਜਾਂ ਪੜ੍ਹਾਏ ਜਾ ਰਹੇ ਹਨ , ਉਸ ਨਾਲ ਉੁਨ੍ਹਾਂ ਦੀ ਸੋਚ ਕਾਲਪਨਿਕ, ਖੋਜੀ ਜਾਂ ਉਸਾਰੂ ਹੋਣ ਦੀ ਬਜਾਏ ਕਿਤਾਬਾਂ ਨੂੰ ਦਿਨ-ਰਾਤ ਰੱਟੇ-ਘੋਟੇ ਲਾ ਕੇ ਵੱਧ ਤੋਂ ਵੱਧ ਨੰਬਰ ਬਟੋਰਨ ਵਾਲੀ ਹੀ ਬਣੀ ਜਾ ਰਹੀ ਹੈ | ਜੇ ਇਹ ਕਹਿ ਲਿਆ ਜਾਏ ਕਿ ਅੱਜ ਦੇ ਮਸ਼ੀਨੀ ਯੁੱਗ ਦੇ ਦੌਰ ਅੰਦਰ ਬੱਚੇ ਦੇ ਕੋਮਲ ਦਿਮਾਗ ਨੂੰ ਵੀ ਮਸ਼ੀਨ ਬਣਾਇਆ ਜਾ ਰਿਹਾ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ |

(ਬਾਕੀ ਅਗਲੇ ਐਤਵਾਰ)

-ਪਿੰਡ ਮੱਲਣ (152031),
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ |  ਮੋਬਾਈਲ : 95307 23426

ਵਿਅੰਗ--ਮਰਦ ਤੇ ਔਰਤ

ਉਸ ਜੋੜੇ ਨੂੰ ਵਿਆਹਿਆਂ ਕੁਝ ਮਹੀਨੇ ਹੀ ਗੁਜ਼ਰੇ ਸਨ ਕਿ ਇਕ ਸਵੇਰ ਪਤੀ ਆਪਣੀ ਪਤਨੀ ਨੂੰ ਪ੍ਰਸੰਨ ਚਿੱਤ ਹੋਏ ਆਪਣਾ ਰਾਤ ਵਾਲਾ ਸੁਪਨਾ ਸੁਣਾਉਣ ਲੱਗਾ, 'ਰਾਤੀਂ ਪਤੈ ਮੈਨੂੰ ਕੀ ਸੁਪਨਾ ਆਇਐ?'
'ਕੀ...?' ਪਤਨੀ ਨੇ ਉਤਸੁਕਤਾ ਨਾਲ ਪੁੱਛਿਆ |
'ਸੁਪਨੇ 'ਚ ਮੈਨੂੰ ਇਕ ਬਹੁਤ ਹੀ ਖੂਬਸੂਰਤ ਕੁੜੀ ਮਿਲੀ ਜਿਸ ਨੇ ਮੈਨੂੰ ਚੰੁਮਿਆ ਤੇ ਮੈਂ ਉਸ ਨੂੰ ਚੰੁਮਿਆ ਤੇ ਫਿਰ ਪੁੱਛੋ ਨਾ ਬਸ ਕੁਛ |'
ਪਤੀ ਰਾਜਾ ਦੀ ਖੁਸ਼ੀ ਵੇਖ ਕੇ ਪਤਨੀ ਨੂੰ ਵੀ ਖੁਸ਼ੀ ਚੜ੍ਹ ਗਈ, 'ਅੱਛਾ ਜੀ! ਕਮਾਲ ਐ, ਬਹੁਤ ਖੁਸ਼ਕਿਸਮਤ ਹੋ ਜਨਾਬ |'
'ਅੱਛਾ ਤੂੰ ਦਸ ਤੈਨੂੰ ਕੋਈ ਅਜਿਹਾ ਸੁਪਨਾ ਆਇਐ ਕਦੇ?'
'ਕਦੇ? ਕਈ ਵਾਰ... ਹਾਲੇ ਤਾਂਪਿਛਲੇ ਹਫ਼ਤੇ ਈ ਮੈਨੂੰ ਇਕ ਬਹੁਤ ਰੁਮਾਂਟਿਕ ਸੁਪਨਾ ਆਇਆ ਸੀ', ਪਤਨੀ ਖੁਸ਼ੀ ਨਾਲ ਬੇਹਾਲ ਹੁੰਦੀ ਬੋਲੀ |
'ਕੀ?' ਪਤੀ ਜਾਣਨ ਲਈਉਤਾਵਲਾ ਹੋ ਉਠਿਆ |
'ਮੇਰਾ ਇਕ ਕਲਾਸ ਫੈਲੋ ਸੀ, ਬੜਾ ਈ ਖੂਬਸੂਰਤ, ਪੂਰਾ ਜਵਾਨ | ਉਸ ਪਤੈ ਕੀ... ਸੁਪਨੇ 'ਚ ਮੈਨੂੰ ਅੱਖ ਮਾਰੀ ਤੇ ਮੈਂ...'
ਪਤਨੀ ਏਨਾ ਆਖਕੇ ਬੱਚਿਆਂਵਾਂਗ ਉੱਚੀ-ਉੱਚੀ ਹੱਸਣਲੱਗ ਪਈ |
ਪੰ੍ਰਤੂ ਪਤੀ ਦੇਵ ਪਤਾ ਨਹੀਂਉਸ ਦੇ ਹਾਸੇ ਵਿਚ ਕਿਉਾ ਸ਼ਰੀਕ ਨਾ ਹੋ ਸਕੇ ਤੇ ਕਿਸੇ ਡੰੂਘੀ ਸੋਚ ਵਿਚ ਲੱਥ ਗਏ ਜਾਪੇ |

-ਸੁਖਮਿੰਦਰ ਸੇਖੋਂ
ਅਖ਼ਬਾਰਾਂ ਵਾਲੀ ਗਲੀ, 195, ਪਾਂਡੂਸਰ, ਨਾਭਾ (ਪਟਿਆਲਾ) |

ਦੇਖਣਾ ਸ਼ੌਕ ਰਜਵਾੜਿਆਂ ਦਾ ਬਾਜ ਕਿਵੇਂ ਕਰਦਾ ਹੈ ਸ਼ਿਕਾਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਪੰਜਾਬ ਵਿਚ ਬਾਜ ਦਾ ਸ਼ਿਕਾਰ ਬੀਤੀ ਸਦੀ ਦੇ ਅੱਧ ਤੱਕ ਜ਼ਿੰਦਾ ਰਹਿਣ ਦੇ ਸੰਕੇਤ ਹਨ | ਦੇਸ਼ਦੀ ਵੰਡ ਤੋਂ ਬਾਅਦ ਇਹ ਸ਼ੌਕ ਵੀ ਜਿਵੇਂ ਪਾਕਿਸਤਾਨ ਦੀ ਵੰਡ ਵਿਚ ਪੈ ਗਿਆ ਹੋਵੇ | ਅੱਜ ਸੂਰਤੇ ਹਾਲ ਇਹ ਹੈ ਕਿ ਪਾਕਿਸਤਾਨ ਵਿਚੋਂ ਪਲ੍ਹੇ-ਪਲਾਏ ਬਾਜ ਅਰਬ ਦੇ ਦੇਸ਼ਾਂਵਿਚ ਭੇਜੇ ਜਾਂਦੇ ਹਨ ਅਤੇ ਬੜੀ ਭਾਰੀ ਕੀਮਤ 'ਤੇ ਵਿਕਦੇ ਹਨ | ਸੁਣ ਕੇ ਹੱਕਾ-ਬੱਕਾ ਰਹਿ ਜਾਣਵਾਲੀ ਗੱਲ ਹੈ ਕਿ ਵਧੀਆ ਨਸਲ ਦੇ ਇਕ ਬਾਜ ਦੀ ਕੀਮਤ ਲਗਭਗ ਇਕ ਘੋੜੇ ਦੀ ਕੀਮਤ ਦੇ ਬਰਾਬਰ ਤੱਕ ਪੈ ਜਾਂਦੀ ਹੈ |
ਬਾਜ ਦੇ ਪਾਲਣ ਪੋਸ਼ਣ, ਰਹਿਣ ਪ੍ਰਬੰਧ, ਸ਼ਿਕਾਰ ਦੀ ਸਿਖਲਾਈ, ਡਾਕਟਰੀ ਭਾਵ ਬਾਜ ਬਾਰੇ ਸਭ ਕੁਝ ਨੂੰ ਅੰਗਰੇਜ਼ੀ ਜ਼ਬਾਨ ਵਿਚ ਫਾਲਕਾਨਰੀ ਕਿਹਾ ਜਾਂਦਾ ਹੈ | ਸ਼ਬਦਕੋਸ਼ ਵਿਚ ਲਫ਼ਜ਼ ਫਾਲਕਾਨ ਦਾ ਪੰਜਾਬੀ ਲਿੱਪੀ ਵਿਚ ਸ਼ਬਦ ਬਦਲ ਬਾਜ ਦੇ ਨਾਲ-ਨਾਲ 'ਸ਼ਿਕਰਾ' ਵੀ ਆਉਾਦਾ ਹੈ | ਸ਼ਿਕਰਾ ਵੀ ਇਕ ਸ਼ਿਕਾਰੀ ਪੰਛੀ ਹੈ, ਜਿਸ ਨੂੰ ਬਾਜ ਦਾ ਛੋਟਾ ਰੂਪ ਕਿਹਾ ਜਾ ਸਕਦਾ ਹੈ ਪਰ ਬਾਜ ਨਹੀਂ ਹੈ | ਉਹੀ ਖੰੂਖਾਰ ਪੰਜਾ, ਉਹੀ ਚਾਕੂਨੁਮਾ ਚੰੁਝ, ਉਹੀ ਲਾਟੂ ਵਾਂਗ ਜਗਦੀਆਂਅੱਖਾਂ, ਉਹੀ ਸੁਭਾਅ, ਉਹੀ ਖੁਰਾਕ ਅਤੇ ਹਮਲੇ ਦਾ ਵੀ ਉਹੀ ਤਰੀਕਾ ਪਰ ਉਸ ਦਾ ਸ਼ਿਕਾਰ ਛੋਟੇ-ਛੋਟੇ ਜਾਨਵਰ ਚੂਹਾ, ਚਿੜੀਆਂ, ਕਿਰਲੀਆਂ, ਕਾਟੋ ਆਦਿ ਤੱਕ ਸੀਮਤ | ਮੇਰੇ ਫੋਟੋ ਭੰਡਾਰ ਵਿਚ ਸ਼ਿਕਰੇ ਦੇ ਚੰੁਝ, ਪੰਜੇ ਅਤੇ ਅੱਖਾਂ ਦੇ ਕਲੋਜਅੱਪ ਮੌਜੂਦ ਹਨ ਜੋ ਮੈਂ ਪਾਠਕਾਂ ਦੀ ਜਾਣਕਾਰੀ ਲਈਇਸ ਲੇਖ ਵਿਚ ਸ਼ਾਮਿਲ ਕਰ ਦਿੱਤੇ ਹਨ ਜਿਸ ਨੂੰ ਦੋ ਗੁਣਾਂ ਕਰਕੇ ਬਾਜ ਦੇ ਉਕਤ ਇਨ੍ਹਾਂਅੰਗਾਂ ਦੀ ਰੂਪ-ਰੇਖਾ ਮਿਲ ਸਕਦੀ ਹੈ | ਸੰਯੁਕਤ ਅਰਬ ਦੇ ਮੁਲਕਾਂ ਵਿਚ ਬਾਜ ਦੇ ਸ਼ਿਕਾਰ ਦੀ ਖੇਡ ਬਹੁਤ ਹੀ ਹਰਮਨ-ਪਿਆਰੀ ਹੈ | ਸਾਬਕਾ ਰਾਸ਼ਟਰਪਤੀ ਸ਼ੇਖ ਜਾਇਦ ਬਿਨ ਸੁਲਤਾਨ ਬਾਜ਼ਾਤੇ ਖੁਦ ਇਸ ਖੇਡ ਦੇ ਰਸੀਏ ਸਨ, ਖੁਦ ਆਪ ਸ਼ਿਕਾਰ ਵਿਚ ਜਾਂਦੇ ਸਨ ਅਤੇ ਬਾਜ ਵੀ ਆਪ ਛੱਡਦੇ ਸਨ | ਉਨ੍ਹਾਂ ਦੀਆਂਬਾਜ ਨਾਲ ਫੋਟੋਆਂ ਮੈਂ ਬਹਿਰੀਨ ਵਿਚ ਇਕ ਮੈਗਜ਼ੀਨ ਵਿਚ ਦੇਖੀਆਂਸਨ | ਉਨ੍ਹਾਂ ਮੁਲਕਾਂ ਦੀਆਂਇਤਿਹਾਸਕ ਇਮਾਰਤਾਂ, ਮਹਿਲਾਂ, ਹਵੇਲੀਆਂ ਅਤੇ ਕਿਲਿ੍ਹਆਂ ਦੀਆਂਦੀਵਾਰਾਂ 'ਤੇ ਬਾਜ ਅਤੇ ਬਾਜ ਦੇ ਸ਼ਿਕਾਰ ਦੇ ਦਿ੍ਸ਼ ਦੀਵਾਰ ਚਿਤਰਣ ਵਿਚ ਆਮ ਮਿਲਦੇ ਹਨ | ਇਥੇ ਇਸ ਪੰਛੀ (ਬਾਜ) ਦੀ ਮੰਗ ਇੰਨੀ ਹੈ ਕਿ ਇਨ੍ਹਾਂ ਮੁਲਕਾਂ ਵਿਚੋਂ ਪਾਰਖੂ ਵਪਾਰੀ ਬਾਜਾਂ ਨੂੰ ਖਰੀਦਣ ਲਈ ਪਾਕਿਸਤਾਨ ਵਰਗੇ ਦੂਜੇ ਮੁਲਕਾਂ ਵਿਚ ਵੀ ਜਾਂਦੇ ਹਨ ਅਤੇ ਮੋਟੀਆਂ ਰਕਮਾਂ ਖਰਚ ਕਰਕੇ ਵਧੀਆ ਤੋਂ ਵਧੀਆ ਬਾਜ ਖਰੀਦ ਕੇ ਲਿਆਉਾਦੇ ਹਨ | ਇਨ੍ਹਾਂਮੁਲਕਾਂ ਵਿਚ ਬਾਜਾਂ ਦੀਆਂਬਿਮਾਰੀਆਂ ਅਤੇ ਸੱਟ ਫੇਟ ਦੇ ਇਲਾਜ ਲਈ ਬਾਜਾਂ ਦੇ ਵਿਸ਼ੇਸ਼ਹਸਪਤਾਲ ਬਣੇ ਹੋਏ ਹਨ ਜਿਥੇ ਕਿ ਅਤਿ-ਆਧੁਨਿਕ ਉਪਕਰਨ, ਇਲਾਜ ਅਤੇ ਦਵਾਈਆਂ ਮੌਜੂਦ ਹਨ ਅਤੇ ਆਪਾਤਕਾਲ ਨਾਲ ਭੁਗਤਣ ਲਈਇਨ੍ਹਾਂ ਹਸਪਤਾਲਾਂਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਰਹਿੰਦੇ ਹਨ | ਬਾਜਾਂ ਦੇ ਸ਼ਿਕਾਰ ਦੇ ਨਾਲ-ਨਾਲ ਇਥੇ ਬਾਜਾਂ ਦੀ ਸੰੁਦਰਤਾ ਅਤੇ ਬਾਜਾਂ ਦੀਆਂ ਨਸਲਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ | ਪ੍ਰਬੰਧਕੀ ਢਾਂਚੇ ਦੀ ਵੀ ਹਰ ਕੋਸ਼ਿਸ਼ ਬਣੀ ਰਹਿੰਦੀ ਹੈ ਕਿ ਬਾਜ ਦਾ ਸ਼ੌਕ ਆਉਣਵਾਲੀਆਂ ਪੀੜ੍ਹੀਆਂ ਤੱਕ ਵੀ ਇਸੇ ਜੋਸ਼ੋ-ਖਰੋਸ਼ ਸਮੇਤ ਪਹੁੰਚਾਇਆ ਜਾਵੇ | ਜੰਗਲੀ ਬਾਜਾਂ ਦੀ ਸੁਰੱਖਿਆ ਅਤੇ ਜੰਗਲੀ ਬਾਜਾਂ ਦੇ ਵਧਣ-ਫੁਲਣ ਵਾਲੇ ਮੁਕਮਾਂ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਭਾਵੇਂ ਕਿ ਜੰਗਲੀ ਬਾਜਾਂ ਦੇ ਨਾਲ-ਨਾਲ ਹੁਣ ਦੋਗਲੇ ਬਾਜਾਂ ਦੀ ਵਰਤੋਂ ਵੀ ਦਿਨੋ-ਦਿਨ ਵਧ ਰਹੀ ਹੈ | ਅੰਕੜਿਆਂ ਮੁਤਾਬਿਕ ਹੁਣ ਫਾਲਕਾਨਰੀ ਵਿਚ, ਸ਼ਿਕਾਰ ਦੇ ਮੈਦਾਨ ਵਿਚ ਅਤੇ ਸੰੁਦਰਤਾ ਦੇ ਮੁਕਾਬਲਿਆਂ ਵਿਚ ਵੀ ਜੰਗਲੀ ਬਾਜਾਂ ਨਾਲੋਂ ਇਨ੍ਹਾਂ ਦੋਗਲੇ ਬਾਜਾਂ ਦੀ ਗਿਣਤੀ ਕਿਤੇ ਵੱਧ ਹੈ | ਬਹਿਰੀਨ ਦੇ ਸ਼ਾਹੀ ਪਰਿਵਾਰਾਂ ਵਿਚ ਤਾਂਬਾਜ ਦੀ ਖੇਡ ਹਮੇਸ਼ਾ ਤੋਂ ਹੀ ਬੜੀ ਅਹਿਮ ਰਹੀ ਹੈ ਅਤੇ ਅੱਜ ਵੀ ਓਨੀ ਹੀ ਅਹਿਮਹੈ | ਕੁਝ ਸਾਲ ਹੋਏ ਮੈਂ ਆਪ ਖੁਦ ਬਹਿਰੀਨ ਜਾ ਕੇ ਆਇਆ ਹਾਂ ਅਤੇ ਉਥੇ ਜਾ ਕੇ ਫਾਲਕਾਨਰੀ ਦੇ ਅੱਡੇ ਤਾਂ ਭਲਾ ਦੇਖਣੇ ਹੀ ਪੈਣੇ ਸਨ | ਇਸੇ ਮਕਸਦ ਨਾਲ, ਬੜਾ ਉਪਰਾਲਾ ਮਾਰ ਕੇ ਮੈਂ ਸ਼ਾਹੀ ਮਹਿਲਾਂਵਿਚ ਗਿਆ ਜਿਥੇ ਕਿ ਮੇਰੀ ਮੁਲਾਕਾਤ ਹਾਕਮ ਪਰਿਵਾਰ ਵਿਚੋਂ ਸ਼ੇਖ਼ ਅਹਿਮਦ ਬਿਨ ਮੁਹੰਮਦ ਬਿਨ ਸੁਲੇਮਾਨ ਅਲਖਲੀਫ਼ਾ ਨਾਲ ਹੋਈ ਜੋ ਕਿ ਉਸ ਵੇਲੇ ਦੇ ਰਾਜੇ ਸ਼ੇਖ ਹਾਮਦ ਬਿਨ ਈਸਾ ਬਿਨ ਸੁਲੇਮਾਨ ਦਾ ਚਚੇਰਾ ਭਾਈ ਹੈ | ਸ਼ੇਖ ਅਹਿਮਦ ਉਸ ਵੇਲੇ ਦਾ ਪੁੱਜਿਆ ਹੋਇਆ ਅਤੇ ਗਰਮ ਸ਼ਿਕਾਰੀ ਸੀ | ਬੰਦੂਕਾਂ ਰਾਈਫਲਾਂ ਦੇ ਨਾਲ-ਨਾਲ ਉਹ ਬਾਜ ਦੇ ਸ਼ਿਕਾਰ ਦਾ ਵੀ ਸ਼ੌਕੀਨ ਸੀ | ਕਰੀਬ ਪੰਜਾਹ-ਸੱਠ ਅਤਿ-ਕੀਮਤੀ ਬਾਜ ਸ਼ੇਖ ਨੇ ਆਪਣੀ ਨਿੱਜੀ ਨਿਗਰਾਨੀ ਹੇਠ ਪਾਲੇ ਹੋਏ ਸਨ | ਸਵੇਰੇ-ਸ਼ਾਮ ਇਨ੍ਹਾਂ ਬਾਜਾਂ ਨੂੰ ਮਹਿਲ ਦੇ ਖੁੱਲ੍ਹੇ ਵਿਹੜੇ ਦੀ ਤਾਜ਼ਾ ਹਵਾ ਵਿਚ ਕੱਢਿਆ ਜਾਂਦਾ ਸੀ ਅਤੇ ਅੱਖਾਂ 'ਤੇ ਟੋਪੀਆਂਪਾਕੇ ਹਰੇ-ਭਰੇ ਘਾਹ ਵਾਲੇ ਵਿਹੜੇ ਵਿਚ ਕੀਲਿਆਂ ਨਾਲ ਬੰਨ੍ਹ ਕੇ ਬਿਠਾਇਆ ਹੁੰਦਾ ਸੀ | ਦਿਨ ਦੀ ਧੁੱਪ ਅਤੇ ਰਾਤ ਨੂੰ ਆਰਾਮ ਵੇਲੇ ਇਨ੍ਹਾਂ ਬਾਜਾਂ ਨੂੰ ਵਾਤਾਨਕੂਲ ਕਮਰੇ ਵਿਚ ਰੱਖਿਆ ਜਾਂਦਾ ਸੀ | ਸਾਫ਼-ਸੁਥਰੀ ਅਤੇ ਤਾਜ਼ਾ ਖੁਰਾਕ ਦਿੱਤੀ ਜਾਂਦੀ ਸੀ, ਵਰਜਿਸ਼ ਕਰਵਾਈ ਜਾਂਦੀ ਸੀ ਅਤੇ ਉਨ੍ਹਾਂ ਦੀ ਸਿਹਤ ਅਤੇ ਸਿਖਲਾਈ ਲਈ ਵਿਸ਼ੇਸ਼ਡਾਕਟਰ ਅਤੇ ਉਸਤਾਦ ਰੱਖੇ ਹੋਏ ਸਨ ਜੋ ਸਾਰਾ ਅਮਲਾ ਫੈਲਾ ਦਿਨ ਰਾਤ ਉਨ੍ਹਾਂ ਪੰਛੀਆਂ ਦੁਆਲੇ ਲਾਟੂ ਵਾਂਗ ਘੰੁਮਦਾ ਸੀ | ਸਿਆਲ ਦੀ ਰੁੱਤ ਵਿਚ ਸ਼ਿਕਾਰ ਦੇ ਵਿਸ਼ੇਸ਼ ਕੈਂਪ ਲਗਦੇ ਸਨ | ਸ਼ੇਖ਼ ਆਪਣੇ ਦੋਸਤਾਂ ਅਤੇ ਹਮਸ਼ੌਕੀਨਾਂ ਨਾਲ ਘਰ ਤੋਂ ਦੂਰ ਬੇਆਬਾਦ ਮੁਕਾਮ 'ਤੇ ਜਾ ਕੇ ਆਰਜ਼ੀ ਤੰਬੂਆਂ ਵਿਚ ਡੇਰੇ ਲਾ ਲੈਂਦੇ ਸਨ ਅਤੇ ਕਈ-ਕਈ ਦਿਨ ਬਾਜਾਂ ਦੇ ਸ਼ਿਕਾਰ ਦਾ ਆਨੰਦ ਮਾਣਦੇ ਸਨ | ਸਾਰੇ ਨੌਕਰ ਚਾਕਰ, ਲੋਹ ਲੰਗਰ, ਕੁੱਤੇ ਖੰਦੇ, ਊਠ ਘੋੜੇ ਅਤੇ ਹੋਰ ਅਰਾਮ ਅਤੇ ਸ਼ੁਗਲ ਦਾ ਸਮਾਨ, ਬੰਦੂਕਾਂ, ਰਾਈਫਲਾਂ ਵੀ ਨਾਲ | ਇਸ ਕੈਂਪ ਦੇ ਸ਼ਿਕਾਰ ਲਈ ਉਹ ਜਿਊਾਦੇ ਤਿੱਤਰ, ਖਰਗੋਸ਼, ਕਬੂਤਰ ਅਤੇ ਤਲੌਰ ਵਰਗੇ ਪੰਛੀ ਗੁਆਂਢੀ ਦੇਸ਼ਾਂ 'ਚੋਂ ਮੰਗਵਾਉਾਦਾ ਸੀ, ਜਿਨ੍ਹਾਂ ਨੂੰ ਬਾਜ਼ ਦੇ ਅੱਗੇ ਛੱਡ ਕੇ ਸ਼ਿਕਾਰ ਦਾ ਸ਼ੁਗਲ ਮਾਣਿਆ ਜਾਂਦਾ ਸੀ | ਬਾਜ ਦੇ ਸ਼ਿਕਾਰ ਵਿਚ ਤਲੌਰ ਪੰਛੀ ਦਾ ਖਾਸ ਮੁਕਾਮ ਹੈ | ਤਲੌਰ ਸਾਡੀ ਟਟਹਿਰੀ ਵਰਗਾ ਲੰਬੀਆਂ-ਲੰਬੀਆਂ ਲੱਤਾਂ ਵਾਲਾ ਭੂਰਾ ਮਿੱਟੀ ਰੰਗਾ ਪੰਛੀ ਹੁੰਦਾ ਹੈ, ਕੁਝ-ਕੁਝ ਸਾਡੇ ਪੰਛੀ ਕੁਰਬਾਨਕ ਵਰਗਾ, ਕਦ-ਕਾਠ ਵਿਚ ਟਟਹਿਰੀ ਤੋਂ ਦੋ ਗੁਣਾਂ ਵੱਡਾ, ਸਿਰ 'ਤੇ ਦੰੁਬਾ | ਇਹ ਪੰਛੀ ਤਿੱਤਰ ਵਾਂਗ ਬੜਾ ਤੇਜ਼ ਉਡਦਾ ਹੈ ਅਤੇ ਬੜਾ ਤੇਜ਼ ਦੌੜਦਾ ਵੀ ਹੈ | ਬਾਜ ਦੇ ਸ਼ਿਕਾਰ ਵਿਚ ਇਸ ਪੰਛੀ ਦੀ ਮੁੱਖ ਖਾਸੀਅਤ ਇਹ ਹੈ ਕਿ ਇਹ ਉਡਦਾ-ਉਡਦਾ ਇਕ ਦਮ ਖੱਬੇ ਸੱਜੇ ਅਤੇ ਥੱਲੇ ਵੱਲ ਘਿਚਾਂਨੀ ਕੱਟ ਮਾਰ ਸਕਦਾ ਹੈ ਅਤੇ ਮਗਰ ਉਡੇ ਆਉਾਦੇ ਬਾਜ ਨੂੰ ਐਸੇ ਚੱਕਰ ਵਿਚ ਪਾਉਾਦਾ ਹੈ ਕਿ ਇਸ ਨੂੰ ਝਪਟਣ ਲਈ ਬਾਜ ਦੀਆਂ ਹੀਲਾਂ ਨਿਕਲ ਜਾਂਦੀਆਂ ਹਨ | ਬਾਜ ਅਤੇ ਤਲੌਰ ਦਾ ਦੰਗਲ ਦੇਖਣ ਵਿਚ ਬੜਾ ਆਨੰਦ ਭਰਪੂਰ ਹੁੰਦਾ ਹੈ ਅਤੇ ਇਹ ਪੰਛੀ ਕਹਿੰਦੇ ਕਹਾਉਾਦੇ ਬਾਜਾਂ ਨੂੰ ਚਕਮਾਂ ਦੇ ਸਕਦਾ ਹੈ | ਬਾਜ ਦੀ ਸਿਖਲਾਈ ਵਿਚ ਸ਼ੇਖ ਨੂੰ ਖੁਦ ਵੀ ਮੁਹਾਰਤ ਹਾਸਲ ਸੀ ਅਤੇ ਉਸ ਨੇ ਮੈਨੂੰ ਦੱਸਿਆ ਕਿ ਸ਼ਿਕਾਰ ਨੂੰ ਦਬੋਚਣ ਦੇ ਨਾਲ-ਨਾਲ ਬਾਜ ਵਰਗੇ ਖਾੜਕੂ ਪਰਿੰਦੇ ਨੂੰ ਵਾਪਸ ਸ਼ਿਕਾਰੀ ਦੀ ਕਲਾਈ ਤੇ ਲਿਆ ਕੇ ਬਿਠਾਅ ਦੇਣ ਦੀ ਸਿਖਲਾਈ ਕੋਈ ਛੋਟੀ-ਮੋਟੀ ਕਲਾ ਨਹੀਂ ਹੈ | ਸ਼ੇਖ ਨੇ ਆਪਣੀ ਫਾਲਕਾਨਰੀ ਵਿਚੋਂ ਆਪਣਾ ਸਭ ਤੋਂ ਪਿਆਰਾ ਬਾਜ ਵਿਸ਼ੇਸ਼ ਤੌਰ 'ਤੇ ਮੈਨੂੰ ਦਿਖਾਉਣ ਲਈ ਮੰਗਵਾਇਆ, ਕੁਝ ਚਿਰ ਉਸ ਨੇ ਉਸ ਬਾਜ ਨੂੰ ਉਸ ਦੀਆਂਅੱਖਾਂ 'ਤੇ ਟੋਪੀ ਪਾ ਕੇ ਮੇਰੀ ਬਾਂਹ 'ਤੇ ਵੀ ਬਿਠਾਇਆ ਅਤੇ ਉਸ ਤੋਂ ਬਾਅਦ ਜਿੰਨੀ ਦੇਰ ਅਸੀਂ ਗੱਲਬਾਤ ਕਰਦੇ ਰਹੇ ਓਨੀ ਦੇਰ ਉਹ ਬਾਜ ਬਰਾਬਰਸ਼ੇਖ਼ ਦੀ ਬਾਂਹ 'ਤੇ ਬੈਠਾ ਰਿਹਾ ਅਤੇ ਮੇਰੇ ਵੱਲ ਬਿਟਰ-ਬਿਟਰ ਝਾਕਦਾ ਰਿਹਾ | ਸ਼ੇਖ ਨੇ ਦੱਸਿਆ ਕਿ ਬਾਜ ਦੀਆਂਅੱਖਾਂ 'ਤੇ ਟੋਪੀ ਇਸ ਲਈ ਪਾਈ ਗਈ ਸੀ ਤਾਂਕਿ ਉਹ ਮੈਨੂੰ ਓਪਰਾ ਦੇਖਕੇ ਮੇਰੇ 'ਤੇ ਝਪਟ ਨਾ ਪਵੇ ਅਤੇ ਮੇਰੀ ਅੱਖ ਵਿਚ ਚੰੁਝ ਨਾ ਮਾਰ ਦੇਵੇ | (ਸਮਾਪਤ)

-ਮੋਬਾਈਲ : 98722-56005.

ਅੱਲੜ੍ਹ ਉਮਰ ਦੀ ਦਰਿੰਦਗੀ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਸਾਰੀ ਖੌਫ਼ ਦੀ ਦਾਸਤਾਂ ਦਰਜ ਕਰ ਰਹੇ ਅੰਕੜਿਆਂਦੇ ਬਾਵਜੂਦ ਇਹ ਮੰਨ ਲਿਆ ਜਾਏਕਿ ਅਪਰਾਧੀ ਸਿਰਫ਼ ਅਪਰਾਧੀ ਨਹੀਂਹੁੰਦਾ? ਉਹ ਵੱਖ-ਵੱਖ ਉਮਰ ਦੇ ਹਿਸਾਬ ਦੇ ਅਪਰਾਧੀ ਹੁੰਦੇ ਹਨ? ਮੰਨਿਆ ਜਾਂਦਾ ਹੈ ਕਿ ਬਾਲ ਸੁਧਾਰ ਘਰਾਂਵਿਚ ਭੇਜੇ ਗਏ ਇਹ ਅਪਰਾਧੀ ਸੁਧਰ ਜਾਣਗੇ, ਪਰ ਅੰਕੜੇ ਤਾਂ ਇਸ ਦੀ ਤਸਦੀਕ ਨਹੀਂਕਰਦੇ ਸਗੋਂ ਡਰਾਉਾਦੇ ਹਨ | ਜੇਕਰ ਬਾਲ ਸੁਧਾਰ ਘਰਾਂਵਿਚ ਰਹਿ ਰਹੇ ਅਪਰਾਧੀਆਂਦੀ ਬਾਹਰ ਵਾਲੀ ਜ਼ਿੰਦਗੀ ਨੂੰ ਦੇਖਿਆ ਜਾਵੇ ਤਾਂਪਤਾ ਲਗਦਾ ਹੈ ਕਿ ਇਕ ਵਾਰ ਬਾਲ ਸੁਧਾਰ ਘਰ ਜਾ ਕੇ ਆਉਣਤੋਂ ਬਾਅਦ 22 ਫ਼ੀਸਦੀ ਇਹ ਅਪਰਾਧੀ ਹੋਰ ਜ਼ਿਆਦਾ ਪੱਕੇ ਅਪਰਾਧੀ ਬਣ ਗਏ | 11 ਫ਼ੀਸਦੀ ਅਜਿਹੇ ਅਪਰਾਧੀਆਂ ਨੂੰ ਦੇਖਿਆ ਗਿਆ ਕਿ ਉਹ ਹਮੇਸ਼ਾ-ਹਮੇਸ਼ਾ ਲਈ ਅਪਰਾਧ ਦੀ ਦੁਨੀਆ ਵਿਚ ਪਰਤ ਜਾਂਦੇ ਹਨ | ਕਾਨੂੰਨ ਦੇ ਜਾਣਕਾਰ ਕਹਿੰਦੇ ਹਨ ਕਿ ਅਜਿਹਾ ਇਸ ਲਈਹੁੰਦਾ ਹੈ ਕਿ ਬਾਲ ਸੁਧਾਰ ਘਰਾਂ ਤੋਂ ਪਰਤ ਆਉਣ ਬਾਅਦ ਅਜਿਹੇ ਅਪਰਾਧੀਆਂ ਨੂੰ ਢੁਕਵਾਂ ਪਰਿਵਾਰਕ ਮਾਹੌਲ ਨਹੀਂ ਮਿਲਦਾ | ਬਹੁਤਿਆਂਦੇ ਘਰ-ਬਾਰ ਹੁੰਦੇ ਹੀ ਨਹੀਂ ਤੇ ਕਈਆਂਦਾ ਪਹਿਲਾਂ ਤੋਂ ਹੀ ਘਰ ਦਾ ਮਾਹੌਲ ਅਪਰਾਧੀ ਹੁੰਦਾ ਹੈ | ਹਾਲਾਂਕਿ ਅੰਕੜੇ ਇਥੇ ਵੀ ਸਹੀ ਤਸਵੀਰ ਪੇਸ਼ਨਹੀਂ ਕਰਦੇ | ਐਨ. ਸੀ. ਆਰ. ਬੀ. ਮੁਤਾਬਿਕ ਜੋ ਬਾਲ ਅਪਰਾਧੀ ਸੁਧਾਰ ਘਰਾਂਵਿਚੋਂ ਪਰਤਣ ਤੋਂ ਬਾਅਦ ਵੀ ਨਹੀਂਸੁਧਰੇ, ਉਨ੍ਹਾਂਵਿਚੋਂ ਸਿਰਫ਼ 5.7 ਫ਼ੀਸਦੀ ਹੀ ਬਿਨਾਂਘਰ ਵਾਲੇ ਸਨ ਜਦਕਿ 81.3 ਫ਼ੀਸਦੀ ਅਪਰਾਧੀ ਆਪਣੇ ਅਜਿਹੇ ਸਕੇ-ਸਬੰਧੀਆਂ ਅਤੇ ਮਾਂ-ਬਾਪ ਨਾਲ ਰਹਿ ਰਹੇ ਸਨ ਪਰ ਫਿਰ ਵੀ ਸਾਰੇ ਹਮੇਸ਼ਾ-ਹਮੇਸ਼ਾ ਲਈ ਅਪਰਾਧਦੀ ਦੁਨੀਆ ਵਿਚ ਗਲਤਾਨ ਹੋਣਾਹੀ ਬਿਹਤਰ ਸਮਝਣ ਲੱਗੇ | ਇਹ ਤਰਕ ਵੀ ਠੀਕ ਨਹੀਂਜਾਪਦਾ ਕਿ ਸਿਰਫ਼ ਗ਼ੈਰ ਪੜ੍ਹੇ-ਲਿਖੇ ਪਰਿਵਾਰਾਂ ਦੇ ਬਾਲ ਅਪਰਾਧੀ ਹੀ ਅਪਰਾਧਦੀ ਦੁਨੀਆ ਵਿਚ ਪਰਤ ਜਾਂਦੇ ਹਨ | 55 ਫ਼ੀਸਦੀ ਮਾਮਲਿਆਂਵਿਚ ਦੇਖਿਆਗਿਆ ਕਿ ਇਹ ਗ਼ੈਰ ਪੜ੍ਹੇ-ਲਿਖੇ ਪਰਿਵਾਰਾਂਨਾਲ ਰਿਸ਼ਤਾ ਰੱਖਦੇ ਸਨ ਅਤੇ ਮਹਿਜ਼ 57 ਫ਼ੀਸਦੀ ਅੱਲੜ੍ਹ ਉਮਰ ਦੇ ਅਪਰਾਧੀਆਂ ਦਾ ਰਿਸ਼ਤਾ ਗ਼ਰੀਬ ਪਰਿਵਾਰਾਂ ਨਾਲ ਸੀ |
ਕੁੱਲ ਮਿਲਾ ਕੇ ਕਹਿਣਦੀ ਗੱਲ ਇਹ ਹੈ ਕਿ ਕੋਈ ਵੀ ਰਵਾਇਤੀ ਦਲੀਲ ਇਸ ਗੱਲ ਦੀ ਪੁਸ਼ਟੀ ਨਹੀਂਕਰਦੀ ਕਿ ਅਜਿਹੇ ਬਾਲ ਅਪਰਾਧੀਆਂਨਾਲ ਨਰਮੀ ਵਰਤੀ ਜਾਵੇ ਜਾਂਉਨ੍ਹਾਂ ਦੇ ਗੁਨਾਹਾਂ ਨੂੰ ਦੇਖ ਕੇ ਉਸ ਦੇ ਹਿਸਾਬ ਨਾਲ ਫ਼ੈਸਲਾ ਕੀਤਾ ਜਾਵੇ | ਇਸ ਵਿਚ ਕੋਈਦੋ ਰਾਵਾਂ ਨਹੀਂ ਕਿ ਕਈ ਵਾਰ ਕਣਕ ਦੇ ਭੁਲੇਖੇ ਘੁਣ ਵੀ ਪੀਸਿਆ ਜਾਂਦਾ ਹੈ ਪਰ ਘੁਣ ਨੂੰ ਬਚਾਉਣਲਈ ਕਣਕ ਨੂੰ ਵੀ ਬਿਨਾਂਪੀਸੇ ਵਾਰ-ਵਾਰ ਛੱਡਣਾ ਕੋਈਅਕਲਮੰਦੀ ਨਹੀਂਹੈ | ਜੇਕਰ ਇਹ ਮੰਨਦੇ ਹਾਂਕਿ ਲਗਾਤਾਰ ਹਰ ਖੇਤਰ ਵਿਚ ਤਰੱਕੀ ਹੋ ਰਹੀ ਹੈ ਤਾਂ ਯਕੀਨਨ ਅਪਰਾਧ ਦੇ ਖੇਤਰ ਵਿਚ ਵੀ ਇਹ ਸਿਧਾਂਤ ਲਾਗੂ ਹੁੰਦਾ ਹੈ | ਫਿਰ ਕਿਉਾਅਸੀਂ ਅਪਰਾਧੀਆਂਨਾਲ ਨਿਪਟਣ ਵਾਲੇ ਕਾਨੂੰਨਾਂ ਅਤੇ ਉਪਾਵਾਂ ਦੇ ਸਬੰਧ ਵਿਚ ਲਕੀਰ ਦੇ ਫ਼ਕੀਰ ਬਣੇ ਹੋਏ ਹਾਂ | ਹੋ ਸਕਦਾ ਹੈ ਇਸ ਮਾਮਲੇ ਨੂੰ ਵੱਖਰੇ ਤੌਰ 'ਤੇ ਸਮਝੇ ਜਾਣ, ਦੇਖੇ ਜਾਣ ਜਾਂਇਸ ਦੇ ਨਾਲ ਵਰਤਾਅ ਕੀਤੇ ਜਾਣ ਨਾਲ ਕੋਈਅਜਿਹੀ ਪਰੰਪਰਾ ਚੱਲ ਪਵੇ, ਜਿਸ ਨਾਲ ਕਦੇ ਸੱਚਮੁੱਚ ਮਾਸੂਮ ਮੁਜਰਮ ਵੀ ਇਸ ਦਾ ਸ਼ਿਕਾਰ ਹੋ ਜਾਵੇ | ਪਰ ਜਦ ਮੁਜਰਮ ਏਨਾ ਖੌਫ਼ਨਾਕ ਹੋਵੇ ਅਤੇ ਉਸ ਦਾ ਖੌਫ਼ ਸਭ ਦੇ ਸਾਹਮਣੇ ਦਿਨ ਦੀ ਰੌਸ਼ਨੀ ਵਾਂਗ ਸਪੱਸ਼ਟ ਹੋਵੇ ਤਾਂਅੱਖਾਂਬੰਦ ਕਰ ਲੈਣਾ ਵੀ ਇਕ ਅਜਿਹੀ ਸ਼ੂਤਰਮੁਰਗ ਵਾਲੀ ਚਾਲ ਹੀ ਸਾਬਤ ਹੋਵੇਗੀ ਜੋ ਤੂਫ਼ਾਨ ਨੂੰ ਤਾਂ ਨਹੀਂਰੋਕ ਸਕਦੀ ਪਰ ਤੂਫ਼ਾਨ ਦੇ ਸਾਹਮਣੇ ਆਪਣੀ ਬੇਵਸੀ ਦਰਸਾ ਦਿੰਦੀ ਹੈ | ਇਸ ਖੌਫ਼ਨਾਕ ਅਪਰਾਧੀ ਨਾਲ ਨਿਪਟਣਦੇ ਮਾਮਲੇ ਵਿਚ ਕਾਨੂੰਨ ਅਤੇ ਕਾਨੂੰਨ ਦੇ ਮਾਹਿਰਾਂ ਨੂੰ ਹੀ ਨਵੀਂਸੋਚ ਦੇ ਨਾਲ ਅੱਗੇ ਆਉਣਾ ਚਾਹੀਦਾ ਹੈ | ਅਜਿਹਾ ਨਾ ਹੋਣ ਨਾਲ ਨਿਆਂ ਕਸਕ ਬਣਕੇ ਰਹਿ ਜਾਵੇਗਾ | ਅੱਲੜ੍ਹ ਉਮਰ ਜਦੋਂ ਜਬਰ ਦਾ ਬਦਲ ਬਣਜਾਵੇ ਤਾਂਉਸ ਨਾਲ ਭਾਵੇਂ ਜਬਰ ਨਾਲ ਪੇਸ਼ਨਾ ਵੀ ਆਇਆਜਾਵੇ ਪਰ ਸਖ਼ਤੀ ਨਾਲ ਜ਼ਰੂਰ ਪੇਸ਼ਆਉਣਾ ਚਾਹੀਦਾ ਹੈ | (ਸਮਾਪਤ)

-ਫਿਊਚਰ ਮੀਡੀਆ ਨੈੱਟਵਰਕ |

ਕੋਠੇ ਖੜਕ ਸਿੰਘ

ਕਿਵੇਂ ਲਿਖਿਆ ਅਣਖੀ ਨੇ ਸਾਹਿਤ ਅਕਾਦਮੀ ਇਨਾਮ ਜੇਤੂ ਨਾਵਲ?
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

1982 ਦੇ ਸ਼ੁਰੂ ਵਿਚ ਉਹਨੇ 'ਕੋਠੇ ਖੜਕ ਸਿੰਘ' ਲਿਖਣਾ ਸ਼ੁਰੂ ਕਰ ਦਿੱਤਾ | ਇਸ ਨਾਵਲ ਦੇ ਚਾਰ ਭਾਗ ਪਹਿਲਾਂਹੀ ਸੋਚ ਲਏ | ਦਸ ਬਾਰ੍ਹਾਂ ਸਕੂਲੀ ਕਾਪੀਆਂ ਖਰੀਦ ਲਈਆਂ |ਹਰ ਰੋਜ਼ ਇਕ ਚੈਪਟਰ ਲਿਖ ਲੈਂਦਾ | ਕਾਪੀ ਦੇ ਵੀਹ ਕੁ ਪੰਨਿਆਂ ਦਾ ਇਕ ਚੈਪਟਰ | ਕਦੇ-ਕਦੇ ਕਿਸੇ ਚੈਪਟਰ ਨੂੰ ਪੂਰਾ ਕਰਨ ਲਈ 2-3 ਦਿਨ ਵੀ ਲੱਗ ਜਾਂਦੇ ਜਾਂ ਫਿਰ ਇਸ ਤੋਂ ਵੀ ਵੱਧ | ਅਜਿਹੀ ਹਾਲਤ ਵਿਚ ਉਹ ਬਹੁਤ ਉਖੜਿਆ ਜਿਹਾ ਰਹਿੰਦਾ, ਪਤਨੀ ਅਤੇ ਬੱਚਿਆਂਉਤੇ ਐਵੇਂ ਹੀ ਖਿਝੀ ਜਾਂਦਾ | 1983 ਦੇ ਅੱਧ ਪਿਛੋਂ ਤਿੰਨ ਮਹੀਨੇ ਤੱਕ ਉਹ ਕੋਈ ਵੀ ਚੈਪਟਰ ਨਾ ਲਿਖ ਸਕਿਆ | ਫਿਰ ਵੀ ਸਹਿਜ-ਚਾਲ ਚਲਦਿਆਂ 1984 ਦੇ ਸ਼ੁਰੂ ਵਿਚ ਉਹਨੇ ਨਾਵਲ ਦੇ ਚਾਰੇ ਭਾਗ ਮੁਕਾ ਲਏ | ਇਸ ਪੂਰੇ ਨਾਵਲ ਦੀ ਕਹਾਣੀ 1940 ਤੋਂ ਸ਼ੁਰੂ ਹੋ ਕੇ 1980-81 ਤੱਕ ਚਲੀ ਗਈ ਸੀ ਅਤੇ ਕਰੀਬ 60-65 ਪਾਤਰਾਂ ਨੇ ਇਸ ਵਿਚ ਭੂਮਿਕਾ ਨਿਭਾਈ | ਇਸ ਸਾਰੇ ਨਾਵਲ ਦੇ ਕੁੱਲ 89 ਚੈਪਟਰ ਬਣੇ, ਪਹਿਲੇ ਤੇ ਦੂਜੇ ਦੇ 22-22, ਤੀਜੇ ਦੇ 25 ਅਤੇ ਚੌਥੇ ਦੇ 20, ਫਿਰ ਉਹਨੇ ਸਾਰਾ ਕੁਝ ਇਕੱਠਾ ਕਰਕੇ ਦੋ ਮਹੀਨੇ ਅਲਮਾਰੀ ਵਿਚ ਸੰਭਾਲੀ ਰੱਖਿਆ |
ਫਿਰ ਇਸ ਲਿਖੇ ਹੋਏ ਨਾਵਲ ਨੂੰ ਸੋਧਣ ਦੀ ਦਿ੍ਸ਼ਟੀ ਤੋਂ ਅਣਖੀ ਨੇ ਦੁਬਾਰਾ ਪੜ੍ਹਨਾ ਸ਼ੁਰੂ ਕੀਤਾ ਅਤੇ ਸਕੂਲੋਂ ਇਕ ਮਹੀਨੇ ਦੀ ਛੁੱਟੀ ਲੈ ਲਈ | ਇਸ ਦੌਰਾਨ ਉਹਨੇ ਅਖ਼ਬਾਰ ਪੜ੍ਹਨਾ, ਟੀ. ਵੀ. ਦੇਖਣਾ ਅਤੇ ਰੇਡੀਓ ਸੁਣਨਾ ਲਗਭਗ ਬੰਦ ਕਰ ਦਿੱਤਾ, ਬਰਨਾਲੇ ਤੋਂ ਬਾਹਰ ਜਾਣਾ ਬੰਦ ਕਰ ਦਿੱਤਾ, ਲੋਕਾਂ ਨੂੰ ਮਿਲਣਾ-ਗਿਲਣਾ ਛੱਡ ਦਿੱਤਾ ਅਤੇ ਸ਼ਰਾਬ ਪੀਣ ਤੋਂ ਵੀ ਤੌਬਾ ਕਰ ਲਈ... | ਉਸ ਨੇ ਨਾਵਲ ਦੇ ਪਾਤਰਾਂ ਦੀ ਸੂਚੀ ਬਣਾਈ, ਨਵੇਂ ਪੈਰੇ ਲਿਖ ਕੇ ਚਿਪਕਾਏ, ਗ਼ਲਤ ਵਾਕਾਂ ਨੂੰ ਸੋਧਕੇ ਲਿਖਿਆ | ਡੇਢਕੁ ਮਹੀਨੇ ਵਿਚ ਨਾਵਲ ਨੂੰ ਚੰਗੀ ਤਰ੍ਹਾਂਪੜਿ੍ਹਆ ਅਤੇ ਨਾਲੋ-ਨਾਲ ਸੋਧਵੀ ਲਿਆ | ਫਿਰ ਮਹੀਨਾ ਕੁ ਰੁਕ ਕੇ ਵਧੀਆ ਕਾਗਜ਼, ਪੈਨ, ਸਿਆਹੀ, ਫਾਈਲ ਕਵਰ ਆਦਿ ਸਮੱਗਰੀ ਲੈ ਕੇ ਖੁਸ਼ਖ਼ਤ ਲਿਖਾਈਵਿਚ ਨਾਵਲ ਫਿਰ ਤੋਂ ਲਿਖਿਆ | ਚਾਰੇ ਭਾਗਾਂ ਨੂੰ ਵੱਖ-ਵੱਖ ਫਾਈਲਾਂ ਵਿਚ ਸੰਭਾਲ ਕੇ, ਅਟੈਚੀ ਵਿਚ ਪਾ ਕੇ ਗੁਰਬਚਨ ਸਿੰਘ ਭੁੱਲਰ ਕੋਲ ਦਿੱਲੀ ਨੂੰ ਚੱਲ ਪਿਆ |
ਭੁੱਲਰ ਨੇ ਸਾਰੇ ਨਾਵਲ ਨੂੰ ਖੁਦ ਪੜਿ੍ਹਆ, ਛਪੇ ਨਾਵਲ ਦੀ ਪਰੂਫ ਰੀਡਿੰਗ ਅਤੇ ਸੰਪਾਦਨਾ ਵੀ ਕੀਤੀ, ਨਵੇਂ ਪੈਰੇ ਅਤੇ ਵਾਕ ਲਿਖੇ, ਸੈਟਿੰਗ ਕੀਤੀ ਇਤਿਆਦਿ | ਆਰਸੀ ਪਬਲਿਸ਼ਰਜ਼ ਦਿੱਲੀ ਨੇ ਪਹਿਲਾਂਇਸ ਪੂਰੇ ਨਾਵਲ ਨੂੰ ਦੋ ਜਿਲਦਾਂ'ਥੁੜੇ ਟੁੱਟੇ' ਅਤੇ 'ਹੱਕ ਸੱਚ' ਦੇ ਨਾਂਅਹੇਠ ਪ੍ਰਕਾਸ਼ਿਤ ਕੀਤਾ, ਜਿਸ ਦੀ ਕੀਮਤ ਕ੍ਰਮਵਾਰ 30 ਰੁਪਏ ਅਤੇ 35 ਰੁਪਏ ਰੱਖੀ ਗਈ | ਫਿਰ ਪੂਰੇ ਨਾਵਲ ਨੂੰ 'ਕੋਠੇ ਖੜਕ ਸਿੰਘ' ਨਾਂਅਹੇਠ 1985 ਦੇ ਅੱਧ ਵਿਚ 75 ਰੁਪਏ ਕੀਮਤ 'ਤੇ ਪ੍ਰਕਾਸ਼ਿਤ ਕੀਤਾ | ਛਪੇ ਹੋਏ ਪੂਰੇ ਨਾਵਲ ਨੂੰ ਕ੍ਰਾਊਨ ਸਾਈਜ਼ ਵਿਚ 496 ਪੰਨਿਆਂ ਵਿਚ ਸਮੇਟਿਆ ਗਿਆਸੀ |
1984 ਦੇ ਅਖੀਰ ਤੋਂ 1985 ਦੇ ਅਖੀਰ ਤੱਕ ਪੂਰਾ ਨਾਵਲ ਵਿਕ ਗਿਆ | 1986 ਵਿਚ ਇਕ ਹੋਰ ਪਬਲਿਸ਼ਰ ਨੇ ਇਸ ਦੀ ਦੂਜੀ ਐਡੀਸ਼ਨ ਛਾਪ ਦਿੱਤੀ | 1987 ਵਿਚ ਇਸ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕ੍ਰਿਤ ਕੀਤਾ ਗਿਆ | ਇਸ ਨਾਵਲ ਦਾ ਮੂਲ ਖਰੜਾ ਮਰਹੂਮ ਪ੍ਰੋਫੈਸਰ ਪ੍ਰੀਤਮ ਸਿੰਘ ਨੇ 1985 ਵਿਚ ਆਪਣੇ ਕੋਲ ਸੰਭਾਲ ਲਿਆ ਸੀ | ਇਸ ਨਾਵਲ ਬਾਰੇ 7-8 ਖੋਜ-ਪੱਤਰ ਪ੍ਰਸਤੁਤ ਕੀਤੇ ਗਏ | ਯੂਨੀਵਰਸਿਟੀਆਂ ਨੇ ਇਸ ਨੂੰ ਖੋਜ ਦਾ ਵਿਸ਼ਾ ਬਣਾਇਆ | ਇਸ ਨਾਵਲ ਦਾ 10 ਹੋਰ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਵੀ ਪ੍ਰਕਾਸ਼ਿਤ ਹੋਇਆ |
ਇਕ ਸਕੂਲ ਅਧਿਆਪਕ ਵੱਲੋਂ ਸਾਹਿਤ ਅਕਾਦਮੀ ਜੇਤੂ ਨਾਵਲ ਲਿਖਣਾ ਵਾਕਈ ਫ਼ਖ਼ਰਯੋਗ ਪ੍ਰਾਪਤੀ ਹੈ | ਸਾਹਿਤ ਅਕਾਦਮੀ ਵੱਲੋਂ ਮਿਲੇ ਪ੍ਰਸੰਸਾ ਪੱਤਰ ਵਿਚ ਅਣਖੀ ਬਾਰੇ ਇਹ ਟਿੱਪਣੀ ਅੰਕਿਤ ਹੈ, 'ਇਨ੍ਹਾਂ ਨੇ ਆਪਣੇ-ਆਪ ਨੂੰ ਸਕੂਲ ਅਧਿਆਪਕ ਦੇ ਕਾਰਜ ਲਈ ਸਮਰਪਿਤ ਕੀਤਾ ਹੋਇਆਹੈ |'
ਅਣਖੀ ਦੇ ਤੁਰ ਜਾਣਪਿਛੋਂ ਉਸ ਦੀ ਨਿਵੇਕਲੀ ਅਤੇ ਰਸਦਾਇਕ ਕਥਾ-ਸ਼ੈਲੀ ਪਾਠਕਾਂਦੀ ਰੂਹ ਨੂੰ ਸ਼ਰਸਾਰ ਕਰਦੀ ਰਹੇਗੀ... |
(ਸਮਾਪਤ)

-ਮੁਖੀ, ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ,
ਤਲਵੰਡੀ ਸਾਬੋ-151302 (ਬਠਿੰਡਾ) | ਮੋਬਾਈਲ : 94176-92015.

ਸਾਵਧਾਨ! ਸਾਵਧਾਨ!!

ਬਜ਼ੁਰਗ ਬੀਬੀਆਂ ਆਪਣੀਆਂ ਵਿਆਹੀਆਂ ਧੀਆਂ ਤੇ ਨੂੰਹਾਂ ਨੂੰ ਇਹ ਆਸ਼ੀਰਵਾਦ ਦਿੰਦੀਆਂਹਨ, 'ਵਧੇ ਫੁਲੇਂ... ਫੁਲੇਂ ਫਲੇਂ'
ਇਹ ਅਸੀਸ, ਇਸ ਸਮੇਂ ਸਾਡੇ ਦੇਸ਼ ਵਿਚ 'ਮਹਿੰਗਾਈ' ਨੂੰ ਮਿਲੀ ਹੈ | ਅਸੀਸਾਂ ਦੇਣ ਵਾਲੇ ਹਨ, ਸਾਡੇ ਬਜ਼ੁਰਗ ਪ੍ਰਧਾਨ ਮੰਤਰੀ ਜੀ, ਨਾਲੇ ਉਨ੍ਹਾਂ ਦੇ ਦੂਜੇ ਸਾਥੀ ਪਲਾਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ | ਇਹ ਤਾਂ ਜਾਪਦੈ ਵਿਆਹੀ ਗਈ ਹੈ, ਭਾਰਤੀ ਜਨਤਾ ਨਾਲ | ਨੂੰਹ ਰਾਣੀ ਦੇ ਪੈਰ ਐਸੇ ਸੁਭਾਗੇ ਹਨ ਕਿ ਜਨਤਾ ਅਭਾਗੀ ਹੋ ਗਈ ਹੈ-ਮਹਿੰਗਾਈ ਵਧ-ਫੁਲ ਰਹੀ ਹੈ, ਮਹਿੰਗਾਈਵਿਗੜੀ ਹੋਈ ਨੂੰਹ ਵਾਂਗ ਚੈਿਲੰਜ ਤੇ ਚੈਿਲੰਜ ਦੇ ਰਹੀ ਹੈ, ਜਨਤਾ ਦੀ ਸਰਕਾਰ ਨੂੰ... |
ਕੋਈ ਰੋਕ ਸਕੋ ਤੋ ਰੋਕ ਲੋ |
ਅਮਰਵੇਲ ਵਾਂਗ ਚੰਬੜੀ ਹੈ ਜਨਤਾ ਨੂੰ ਤੇ ਇਸ ਦੇ ਦੁਆਲੇ ਲਿਪਟੀ 'ਤਾਂਹ ਤੇ 'ਤਾਂਹ ਵਧ ਰਹੀ ਹੈ |
ਜ਼ਿੰਦਗੀ ਸਸਤੀ ਹੋ ਗਈ ਹੈ, ਕਿਉਾਕਿ ਜ਼ਿੰਦਗੀ ਨੂੰ ਜਿਊਾਦਿਆਂ ਰੱਖਣ ਵਾਲੀ ਹਰ ਸ਼ੈਅ ਮਹਿੰਗੀ ਹੋ ਗਈ ਹੈ |
ਹੁਣਤਾਂ ਰੇਲ ਮੰਤਰੀ ਜੀ ਨੇ ਇਕ ਹੋਰ ਹਥੌੜਾ ਵੱਜਣ ਦਾ ਸੰਕੇਤ ਦਿੱਤਾ ਹੈ ਕਿ ਰੇਲ ਕਿਰਾਇਆਂ 'ਚ ਛੇਤੀ ਹੀ ਹੋਰ ਵਾਧਾ ਕੀਤਾ ਜਾਵੇਗਾ | ਮੈਨੂੰ ਪੂਰਾ ਭਰੋਸਾ ਹੈ ਕਿ ਰੇਲ ਮੰਤਰੀ ਜੀ ਆਪੂੰ ਹਵਾਈ ਯਾਤਰਾ ਕਰਦੇ ਹੋਣਗੇ, ਕਿਉਾਕਿ ਜਨਤਾ ਦੀ ਕਮਾਈ ਦਾ ਸਰਕਾਰੀ ਪੈਸਾ ਹੈ | ਸਰਕਾਰਾਂ ਥੋੜ੍ਹਾ ਰੇਲਾਂ ਤੇ ਟਾਂਗਿਆਂ ਦਾ ਸਫ਼ਰ ਕਰਦੀਆਂਹਨ?
ਤੰਗ, ਆ ਗਏ ਹੈਂ,
ਇਸ ਮਹਿੰਗਾਈ ਸੇ ਹਮ |
ਮੰੁਬਈ ਮਹਾਂਨਗਰ 'ਚ, ਸਪਨਾ ਪਰੇਰਾ ਨਾਂਅਦੀ ਇਕ 47 ਸਾਲਾਂ ਦੀ ਗ੍ਰਹਿਣੀ ਬੀਬੀ ਨੇ ਇਸ ਮਰੀ-ਮਹਿੰਗਾਈ ਤੋਂ ਤੰਗ ਆ ਕੇ ਇਕ ਅਜੀਬ ਕਾਰਨਾਮਾ ਕੀਤਾ |ਉਹ ਇਥੋਂ ਦੇ ਖਾਰ ਇਲਾਕੇ 'ਚ ਕ੍ਰਿਸਟਲ ਮਾਲ ਦੇ ਨੇੜੇ ਇਕ ਵੱਡੇ ਦਰੱਖਤ 'ਤੇ ਚੜ੍ਹ ਗਈ ਤੇ ਉਤੇ ਚੜ੍ਹ ਕੇ ਗਲਾ ਪਾੜ-ਪਾੜ, ਮਹਿੰਗਾਈ ਨੂੰ ਕੋਸਣਲੱਗੀ ਤੇ ਮਹਿੰਗਾਈ ਨੂੰ ਦਿਨ-ਬਦਿਨ ਵਧਾਉਣਵਾਲੀ ਸਰਕਾਰ ਨੂੰ ਵੀ | ਲੋਕਾਂ ਦੀ ਭੀੜ ਓਸ ਥਾਂ ਇਕੱਠੀ ਹੋ ਗਈ | ਬੀਬੀ ਪਰੇਰਾ ਨੇ ਧਮਕੀ ਦਿੱਤੀ ਕਿ ਉਹ ਮਹਿੰਗਾਈ ਨੂੰ ਠੱਲ੍ਹ ਪਾਉਣ 'ਚ ਫੇਲ੍ਹ ਹੋਣ ਵਾਲੀ ਇਸ ਕੇਂਦਰੀ ਸਰਕਾਰ ਵਿਰੁੱਧ ਪ੍ਰੋਟੈਸਟ ਵਜੋਂ ਦਰੱਖਤ ਤੋਂ ਥੱਲੇ ਛਾਲ ਮਾਰ ਦਏਗੀ | ਬੇਸ਼ੱਕ ਉਹ 'ਸ਼ਹੀਦ' ਹੋ ਜਾਵੇ ਪਰ ਉਹ ਥੱਲੇ ਛਾਲ ਮਾਰੇ ਹੀ ਮਾਰੇਗੀ |
ਬੀਬੀ ਦਾ ਸਾਫ਼ ਐਲਾਨ ਸੀ, ਨਿਤ-ਨਿਤ ਮਰ-ਮਰ ਕੇ ਜਿਊਣ ਨਾਲੋਂ, ਐਉਂ ਇਕੋ ਵੇਲੇ ਮਰਨਾ ਚੰਗਾ ਹੈ |
ਬੀਬੀ ਦੀਆਂਗਰਮਾ-ਗਰਮ, ਤੱਤੀਆਂ-ਤੱਤੀਆਂ, ਖਰੀਆਂ-ਖਰੀਆਂ ਗਾਲਾਂ ਖਾ ਕੇ ਤੁਰੰਤ ਹਜ਼ਮ ਕਰਕੇ, ਸਰਕਾਰੀ ਅਮਲਾ ਹਰਕਤ 'ਚ ਆਇਆ, ਫਾਇਰ ਬਿ੍ਗੇਡ ਵਾਲੇ ਵੀ ਆਪਣੀਆਂ ਉੱਚੀਆਂ-ਲੰਮੀਆਂ ਪੌੜੀਆਂ ਲੈ ਕੇ ਵੀ ਮੌਕਿਆ-ਏ-ਵਾਰਦਾਤ 'ਤੇ ਪਹੁੰਚ ਗਏ, ਬੜੀਆਂ ਮਿੰਨਤਾਂ ਕੀਤੀਆਂ, ਬੀਬੀ ਦੀਆਂ ਕਿ ਉਹ ਥੱਲੇ ਆ ਜਾਵੇ, ਪਰ ਬੀਬੀ ਸ਼ਾਇਦ ਕੁਰਬਾਨੀ ਦੇਣ ਲਈ ਪੱਕਾ ਫ਼ੈਸਲਾ ਕਰਕੇ ਆਈ ਸੀ | ਅੰਤ 'ਚ ਸਵਰਗੀ ਸੁਨੀਲ ਦੱਤ ਜੀ ਦੀ ਸਭਤੋਂ ਛੋਟੀ ਧੀ ਪਿ੍ਆ ਦੱਤ ਨੂੰ ਜੋ ਕਿ ਇਸ ਇਲਾਕੇ ਦੀ ਐਮ. ਪੀ. ਹੈ, ਬੁਲਾਇਆਗਿਆ, ਜਿਸ ਨੇ ਫਾਇਰ ਬਿ੍ਗੇਡ ਵਾਲਿਆਂ ਦੀ ਪੌੜੀ 'ਤੇ ਸਵਾਰ ਹੋ ਕੇ ਬਿਲਕੁਲ ਬੀਬੀ ਦੇ ਨੇੜੇ ਪਹੁੰਚ ਕੇ ਉਹਨੂੰ ਸਮਝਾਇਆ ਤੇ ਮਸਾਂ-ਮਸਾਂ ਥੱਲੇ ਉਤਰਨ ਲਈ ਮਨਾਇਆ |
...ਵੇਖੋ ਬੇਸ਼ਰਮੀ ਇਸ ਸਰਕਾਰ ਦੀ, ਉਹਦੇ ਥੱਲੇ ਆਉਾਦਿਆਂ ਹੀ ਬਿਆਨ ਦਿੱਤਾ ਕਿ ਇਹ ਬੀਬੀ ਮੈਂਟਲ ਹੈ, ਭਾਵ ਇਹਨੂੰ ਦਿਮਾਗੀ ਬਿਮਾਰੀ ਹੈ |
ਧੰਨ ਮੇਰੀ ਸਰਕਾਰ | ਜਿਹੜੀ ਵਿਚਾਰੀ ਨੇ ਮਹਿੰਗਾਈ ਤੋਂ ਤੰਗ ਆ ਕੇ ਆਮ ਜਨਤਾ ਨੂੰ ਇਸ ਤਰੀਕੇ ਨਾਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ, ਉਹਨੂੰ ਪਾਗਲ ਕਰਾਰ ਦੇ ਦਿੱਤਾ ਗਿਆ ਤੇ ਜਿਹੜੀ ਸਰਕਾਰ ਦੇ ਰਾਜ 'ਚ ਮਹਿੰਗਾਈ ਸ਼ੈਤਾਨ ਦੀ ਆਂਤ ਵਾਂਗ ਦਿਨੋ-ਦਿਨ ਲਗਾਤਾਰ ਵਧ ਰਹੀ ਹੈ, ਇਹਦੇ 'ਤੇ ਠੱਲ੍ਹ ਪਾਉਣ 'ਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਹੈ, ਉਹ ਅਕਲਮੰਦ ਹੈ |
ਸਾਵਧਾਨ! ਸਾਵਧਾਨ!!
ਤੁਸੀਂ ਸਭੇ ਸਾਵਧਾਨ ਹੋ ਜਾਓ, ਜਿਹੜਾ-ਜਿਹੜਾ ਵੀ ਇਸ ਵਧ ਰਹੀ ਮਹਿੰਗਾਈ ਵਿਰੁੱਧਕਲਪ ਕੇ ਹਾਲ ਪਾਹਰਿਆ ਪਾਏਗਾ ਉਹਨੂੰ ਇਹ ਸਰਕਾਰ ਪਾਗਲ ਕਰਾਰ ਦੇ ਦਏਗੀ | ਇਸ ਲਈਸਹਿ ਲੈਣਾ, ਪਰ ਭੁੱਲ ਕੇ ਵੀ ਇਸ ਬੀਬੀ ਜਿਹੀ ਸਰਕਾਰ ਨੂੰ ਕੋਸਣ ਵਾਲੀ ਗ਼ਲਤੀ ਨਾ ਕਰਨਾ |ਪਾਗਲਖਾਨੇ ਭੇਜ ਦਏਗੀ ਸਰਕਾਰ...
ਉਂਜ ਜੇਕਰ ਆਪਣੀ ਯਾਦਾਸ਼ਤ 'ਤੇ ਜ਼ੋਰ ਦਿਓ ਤਾਂ ਤੁਹਾਨੂੰ ਚੇਤੇ ਹੋ ਆਏਗਾ ਆਪਣੇ ਪ੍ਰਧਾਨ ਮੰਤਰੀ ਜੀ ਦਾ ਦੇਸ਼ਵਾਸੀਆਂ ਦੇ ਨਾਂਅ ਦਿੱਤਾ ਇਹ ਸੰਦੇਸ਼, ਜਿਸ ਵਿਚ ਉਨ੍ਹਾਂਨੇ ਸਮਝਾਇਆ ਸੀ ਦੇਸ਼ ਵਾਸੀਆਂ ਨੂੰ ਕਿ ਰੁਪਿਆ ਦਰੱਖਤਾਂ 'ਤੇ ਨਹੀਂ ਲਗਦਾ |
ਇਹ ਬੀਬੀ ਹੋ ਸਕਦਾ ਹੈ, ਇਸੇ ਭੁਲੇਖੇ ਭਰੀ ਆਸ 'ਚ ਦਰੱਖਤ 'ਤੇ ਜਾ ਚੜ੍ਹੀ ਹੋਵੇ ਕਿ ਸ਼ਾਇਦ ਉਥੇ ਟਾਹਣੀਆਂ ਨਾਲ ਰੁਪਏ ਲਟਕ ਰਹੇ ਹੋਣ | ਪਰ ਪ੍ਰਧਾਨ ਮੰਤਰੀ ਜੀ ਤਾਂ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਹਨ, ਉਨ੍ਹਾਂਦਾ ਕਹਿਣਾ ਸੱਚ ਨਿਕਲਿਆ ਦਰੱਖਤ ਨਾਲ ਕਿਤੇ ਵੀ ਰੁਪਿਆ-ਪੈਸਾ ਨਹੀਂਲੱਗਾ ਸੀ | ਪਾਗਲ ਹੈ ਉਹ ਬੀਬੀ ਸਿਆਣਿਆਂ-ਬਿਆਣਿਆਂ ਦੀ ਗੱਲ ਨਹੀਂਮੰਨੀ |
ਇਸ ਬੀਬੀ ਨੂੰ ਬੇਸ਼ੱਕ ਸਾਡੇ ਮੰਤਰੀਆਂ ਤੇ ਲੀਡਰਾਂ ਨੇ ਦਿਮਾਗੀ ਮਰੀਜ਼ ਦਾ ਸਰਟੀਫਿਕੇਟ ਦੇ ਦਿੱਤਾ ਹੈ ਪਰ ਆਮ ਲੋਕਾਂ ਨੇ ਜਿਹੜੇ ਘਟਨਾ ਵਾਲੀ ਥਾਂ 'ਤੇ ਜਮ੍ਹਾਂ ਹੋ ਗਏ ਸਨ ਜਾਂਦੂਜੇ ਸਭੇ ਜਿਨ੍ਹਾਂ ਇਸ ਦਾ ਵੇਰਵਾ ਅਖ਼ਬਾਰਾਂ 'ਚ ਪੜਿ੍ਹਆ ਹੈ, ਸਭਨਾਂ ਦਾ ਇਕੋ ਮਤ ਹੈ ਕਿ ਬੀਬੀ ਨੇ ਜੋ ਕੁਝ ਕਿਹਾ ਹੈ, ਸੌ ਫ਼ੀਸਦੀ ਸੱਚ ਹੈ |ਇਹ ਹਰੇਕ ਨਾਗਰਿਕ ਦੇ ਦਿਲ ਦੀ ਆਵਾਜ਼ ਹੈ, ਦਿਲੋਂ ਨਿਕਲੀ ਹੂਕ ਹੈ |
ਜਦ ਮੈਂ ਇਹ ਸਤਰਾਂਲਿਖਰਿਹਾ ਹਾਂ ਤਾਂ ਅਲਾਹਾਬਾਦ ਵਿਚ ਕੰੁਭ ਮੇਲਾ ਜਾਰੀ ਹੈ | ਇਥੇ ਇਕ ਸਾਧ, ਆਪਣੀ ਇਕੋ ਲੱਤ 'ਤੇ ਖੜ੍ਹਾ ਹੈ, ਦੂਜੀ ਲੱਤ ਉਹਨੇ ਰੱਸੀ ਨਾਲ ਉਤਾਂਹ ਇਕ ਟਾਹਣੀ ਨਾਲ ਬੰਨ੍ਹੀ ਹੋਈਹੈ | ਉਹ ਮੰੂਹੋਂ ਬੋਲਦਾ ਵੀ ਕੁਝ ਨਹੀਂ | ਪਤਾ ਨਹੀਂਉਹਦੀ ਮਨਸ਼ਾ ਜਾਂ ਡਿਮਾਂਡ ਕੀ ਹੈ? ਉਹਨੂੰ ਮਹਿੰਗਾਈ ਨਾਲ ਕੋਈ ਸਰੋਕਾਰ ਨਹੀਂ ਹੈ | ਹੋ ਸਕਦਾ ਹੈ ਰੱਬ ਨਾਲ ਟਸ਼ਨ ਹੋਵੇ ਕਿ ਜਦ ਤਾੲੀਂ ਤੂੰ ਮਿਲਦਾ ਨਹੀਂ ਮੈਂ ਇਕੋ ਟੰਗ 'ਤੇ ਖੜ੍ਹਾ ਰਵਾਂਗਾ |
••

1857 ਦੇ ਆਜ਼ਾਦੀ ਘੁਲਾਟੀਏ ਬੇਗਮ ਹਜ਼ਰਤ ਮਹਿਲ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

'ਕੈਸਰੁਲ ਤਵਾਰੀਖ਼' ਦਾ ਲੇਖਕ ਕਮਾਲੁੱਦੀਨ ਹੈਦਰ ਲਿਖਦਾ ਹੈ, 'ਬਹੁਤ ਚਿਰ ਤੱਕ ਅੰਗਰੇਜ਼ ਕੋਸ਼ਿਸ਼ ਕਰਦੇ ਰਹੇ ਕਿ ਬੇਗਮ ਹਜ਼ਰਤ ਮਹਿਲ ਹਿੰਦੁਸਤਾਨ ਵਾਪਸ ਆ ਜਾਵੇ | ਇਕ ਅੰਗਰੇਜ਼ ਚਿੱਤਰਕਾਰ ਜਿਹੜਾ ਬਰਜੇਸ਼ ਕਦਰ ਦੀ ਤਸਵੀਰ ਲੈਣ ਲਈ ਕਾਠਮੰਡੂ ਗਿਆ ਸੀ, ਦੁਆਰਾ ਵੀ ਅੰਗਰੇਜ਼ਾਂ ਨੇ ਸੁਨੇਹਾ ਭੇਜਿਆ ਕਿ ਬੇਗਮ ਅਤੇ ਉਸ ਦਾ ਪੁੱਤਰ ਲਖਨਊ ਜਾਂ ਫ਼ੈਜ਼ਾਬਾਦ ਜਿੱਥੇ ਵੀ ਰਹਿਣਾ ਚਾਹੁਣ, ਰਹਿ ਸਕਦੇ ਹਨ | ਉਨ੍ਹਾਂ ਨੂੰ ਤਨਖ਼ਾਹ ਤੋਂ ਇਲਾਵਾ ਉਨ੍ਹਾਂ ਦੇ ਸਾਬਕਾ ਰੁਤਬੇ ਨੂੰ ਵੀ ਮੰਨਿਆ ਜਾਵੇਗਾ ਪਰ ਮਲਿਕਾ ਨੇ ਦੇਸ਼ ਨਿਕਾਲੇ ਨੂੰ ਹੀ ਪਹਿਲ ਦਿੱਤੀ ਅਤੇ ਅੰਗਰੇਜ਼ਾਂ ਦੇ ਨਾਲ ਕਿਸੇ ਕਿਸਮ ਦੀ ਸੁਲਾਹ ਕਰਨ ਤੋਂ ਇਨਕਾਰ ਕਰ ਦਿੱਤਾ | ਅਪ੍ਰੈਲ 1879 ਨੂੰ ਉਸ ਦੀ ਕਾਠਮੰਡੂ ਵਿਚ ਮੌਤ ਹੋ ਗਈ ਅਤੇ ਉਸ ਨੂੰ ਉੱਥੇ ਹੀ ਦਫ਼ਨਾ ਦਿੱਤਾ ਗਿਆ' |
ਬੇਗਮ ਹਜ਼ਰਤ ਮਹਿਲ ਨੇ ਆਪਣੀ ਅਜ਼ਮਤ ਦੇ ਸਦਕੇ ਇਤਿਹਾਸ ਦੇ ਪੰਨਿਆਂ ਉੱਤੇ ਆਪਣਾ ਨਾਂਅ ਜਿਊਾਦਾ ਰੱਖਿਆ | ਉਸ ਨੇ ਅਵਧ ਦੀ ਉਸ ਘਾਟ ਨੂੰ ਪੂਰਾ ਕੀਤਾ ਜਿਹੜੀ ਨਵਾਬ ਵਾਜਿਦ ਅਲੀ ਸ਼ਾਹ ਨੂੰ ਦੇਸ ਨਿਕਾਲਾ ਦੇਣ ਨਾਲ ਪੈ ਗਈ ਸੀ | ਲਖਨਊ ਵਿਚ ਪੈਦਾ ਹੋਈ ਬਖ਼ਤ ਹਮਾਯੂ (ਹਜ਼ਰਤ ਮਹਿਲ) ਨੇ ਸ਼ਾਹ ਅਵਧ ਦੇ ਨਾਲ ਵਿਆਹ ਕਰਕੇ ਅੰਗਰੇਜ਼ਾਂ ਦੀ ਦੁਸ਼ਣੀ ਕਬੂਲ ਕੀਤੀ ਪਰ ਉਨ੍ਹਾਂ ਨਾਲ ਕੋਈ ਸਮਝੌਤਾ ਨਾ ਕੀਤਾ | ਉਹ ਜਿਹੜੀ ਘਰ ਵਿਚ ਉਮਰਾਉ ਸੀ ਵਾਜਿਦ ਅਲੀ ਦੇ ਮਹਿਲ ਵਿਚ ਪਹੁੰਚ ਕੇ ਮਹਿਕ ਪਰੀ ਬਣੀ ਅਤੇ ਬਰਜੇਸ਼ ਕਦਰ ਨੂੰ ਜਨਮ ਦੇਣ ਪਿੱਛੋਂ ਹਜ਼ਰਤ ਮਹਿਲ ਬਣ ਗਈ | ਆਜ਼ਾਦੀ ਦੀ ਲੜਾਈ ਦਾ ਬਿਗਲ ਵੱਜਿਆ ਤਾਂ ਆਜ਼ਾਦੀ ਪਸੰਦ ਸਰਗਰਮੀਆਂ ਅਤੇ ਅਜ਼ਾਦੀ ਘੁਲਾਟੀਆਂ ਦੀ ਆਗੂ ਬਣੀ | ਭਾਵੇਂ ਮੁਲਕ ਛੱਡਣਾ ਪਿਆ ਪਰ ਅਪਣੀ ਗ਼ੈਰਤ ਨੂੰ ਆਂਚ ਨਹੀਂ ਆਉਣ ਦਿੱਤੀ | ਜਦੋਂ ਬਹਾਦਰੀ ਦਿਖਾਉਣ ਦਾ ਮੌਕਾ ਮਿਲਿਆ ਤਾਂ ਪਰਦੇ ਵਿਚ ਹੁੰਦਿਆਂ ਵੀ ਘੋੜੇ 'ਤੇ ਸਵਾਰ ਹੋ ਗਈ |
ਬੇਗਮ ਹਜ਼ਰਤ ਮਹਿਲ ਦੀ ਮੌਤ ਤੋਂ ਬਾਅਦ ਮਲਿਕਾ ਵਿਕਟੋਰੀਆ ਦੀ ਜੁਬਲੀ ਉੱਤੇ ਬਰਜੇਸ਼ ਕਦਰ ਨੂੰ ਮੁਆਫ਼ੀ ਦੇ ਦਿੱਤੀ ਗਈ | ਉਸ ਸਮੇਂ ਕਲਕੱਤੇ ਵਿਚ ਕੈਦ ਬਰਜੇਸ਼ ਕਦਰ ਦੇ ਪਿਤਾ ਵਾਜਿਦ ਅਲੀ ਸ਼ਾਹ ਦੀ ਮੌਤ ਹੋ ਚੁਕੀ ਸੀ | ਜਦੋਂ ਬਰਜੇਸ਼ ਕਦਰ ਕਲਕੱਤੇ ਪਹੁੰਚਿਆ, ਉਸ ਸਮੇਂ ਅਕਬਰ ਮਿਰਜ਼ਾ ਵਾਜਿਦ ਅਲੀ ਸ਼ਾਹ ਦਾ ਵਾਰਿਸ ਹੋਣ ਦੇ ਨਾਤੇ ਅੰਗਰੇਜ਼ ਸਰਕਾਰ ਤੋਂ ਤਨਖ਼ਾਹ ਲੈ ਰਿਹਾ ਸੀ | ਬਰਜੇਸ਼ ਕਦਰ ਨੇ ਅਪਣੇ ਹੱਕ ਲਈ ਆਵਾਜ਼ ਬੁਲੰਦ ਕੀਤੀ | ਉਸ ਨੇ ਇੰਗਲੈਂਡ ਜਾ ਕੇ ਆਪਣੇ ਕੇਸ ਦੀ ਪੈਰਵੀ ਕਰਨ ਦਾ ਮਨ ਬਣਾਇਆ | ਅਜੇ ਉਹ ਇੰਗਲੈਂਡ ਜਾਣ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਉਸ ਦੇ ਖ਼ਾਨਦਾਨ ਵਿੱਚੋਂ ਕਿਸੇ ਨੇ ਉਸ ਨੂੰ ਸ਼ਾਮ ਦੇ ਖਾਣੇ ਉੱਤੇ ਬੁਲਾਇਆ | ਖਾਣਾ ਖਾਣ ਤੋਂ ਬਾਅਦ ਵਾਪਸ ਘਰ ਨੂੰ ਜਾਂਦਿਆਂ ਰਾਹ ਵਿਚ ਉਨ੍ਹਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਘਰ ਪਹੁੰਚਦੇ ਪਹੁੰਚਦੇ ਉਹ, ਉਨ੍ਹਾਂ ਦੀ ਪਤਨੀ ਅਤੇ ਬੱਚੇ ਸਭ ਦੇ ਸਭ ਜ਼ਹਿਰ ਦੀ ਲਪੇਟ ਵਿਚ ਆ ਕੇ ਦਮ ਤੋੜ ਗਏ |

-ਬੀ 3/524 ਕਿਲ੍ਹਾ ਰਹਿਮਤਗੜ੍ਹ, ਮਾਲੇਰਕੋਟਲਾ |
ਮੋਬਾਈਲ-98555-51359.

ਹੱਟ ਮਹਿਕ ਦੀ...

ਬੋਤਲ ਬੁਰਸ਼ (ਲਾਲ)

'ਵੀਪਿੰਗ ਵਿਲੋ' ਦੀ ਤਰ੍ਹਾਂ ਝੁਕਦੀਆਂ ਹੋਈਆਂ ਟਾਹਣੀਆਂ ਕਰਕੇ ਇਸ ਖੂਬਸੂਰਤ ਫੁੱਲਾਂਵਾਲੇ ਰੁੱਖ ਨੂੰ 'ਜੀ ਆਇਆਂ ਨੂੰ' ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਅਕਸਰ ਬਗੀਚੀਆਂ ਦੇ ਦਰਾਂ 'ਤੇ ਲਾਇਆ ਜਾਂਦਾ ਹੈ |ਲਾਲ ਰੰਗ ਦੇ ਹੁਸੀਨ ਫੁੱਲਾਂ ਦੀ ਸੁਮੇਲਤਾ ਬੋਤਲਾਂ ਸਾਫ਼ ਕਰਨ ਵਾਲੇ ਬੁਰਸ਼ਾਂ ਵਰਗੀ ਹੋਣ ਕਰਕੇ ਸਮੁੱਚੇ ਵਿਸ਼ਵ ਵਿਚ ਇਸ ਨੂੰ ਲਾਲ ਬੋਤਲ ਬੁਰਸ਼ ਵਜੋਂ ਜਾਣਿਆ ਜਾਂਦਾ ਹੈ | ਮਾਰਚ ਅਪ੍ਰੈਲ ਮਹੀਨਿਆਂ ਦੌਰਾਨ ਖਿੜੇ ਫੁੱਲ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ | ਫਰਵਰੀ-ਮਾਰਚ ਜਾਂਬਰਸਾਤ ਰੁੱਤ ਦੌਰਾਨ ਇਸ ਨੂੰ ਆਪਣੀਆਂ ਬਗੀਚੀਆਂ ਵਿਚ ਲਾਇਆਜਾ ਸਕਦਾ ਹੈ |

-ਬਲਵਿੰਦਰ ਸਿੰਘ ਲੱ ਖੇਵਾਲੀ ਮੋਬਾਈਲ : 98142-39041.

ਕੀ ਟਾਈਪ ਕਰਨ 'ਤੇ ਪਹਿਲਾ ਅੱਖਰ ਬਦਲ ਜਾਂਦਾ ਹੈ

ਰਵਾਇਤੀ ਫੌਾਟਾਂ ਵਿਚ ਟਾਈਪ ਕਰਨ ਸਮੇਂ ਪੰਜਾਬੀ ਸਮੇਤ ਹੋਰਨਾਂ ਭਾਰਤੀ ਭਾਸ਼ਾਵਾਂ ਵਿਚ ਕਈ ਸਮੱਸਿਆਵਾਂ ਪੇਸ਼ ਆਉਾਦੀਆਂ ਹਨ | ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਕੰਪਿਊਟਰ ਸਾਫਟਵੇਅਰਾਂ ਦੇ ਵਿਕਾਸ ਸਮੇਂ ਅੰਗਰੇਜ਼ੀ ਭਾਸ਼ਾ ਨੂੰ ਆਧਾਰ ਮੰਨ ਕੇ ਤਰਕ (ਲੌਜਿਕ) ਵਿਕਸਿਤ ਕੀਤੇ ਜਾਂਦੇ ਰਹੇ ਹਨ | ਅਜਿਹੇ ਤਰਕ ਕਈ ਵਾਰ ਖੇਤਰੀ ਭਾਸ਼ਾਵਾਂ ਦੇ ਸਬੰਧ ਵਿਚ ਢੁੱਕਵੇਂ ਨਹੀਂ ਬੈਠਦੇ | ਐਮ. ਐਸ. ਵਰਡ ਵਿਚ ਅੰਗਰੇਜ਼ੀ ਟਾਈਪ ਕਰਨ ਸਮੇਂ ਪੈਰੇ ਦੇ ਸ਼ੁਰੂ ਵਿਚ ਪਾਏ ਛੋਟੇ ਅੱਖਰ ਨੂੰ ਆਪਣੇ ਆਪ ਵੱਡੇ ਅੱਖਰ ਵਿਚ ਬਦਲਣ ਦੀ ਸੁਵਿਧਾ ਸ਼ਾਮਿਲ ਹੈ | ਪਰ ਜਦੋਂ ਕੋਈ ਅਨਮੋਲ ਲਿਪੀ, ਅਸੀਸ, ਗੁਰਮੁਖੀ ਆਦਿ ਫੌਾਟ ਲਗਾ ਕੇ ਪੰਜਾਬੀ ਵਿਚ ਟਾਈਪ ਕਰਦਾ ਹੈ ਤਾਂ ਇੱਥੇ ਛੋਟੇ ਅੱਖਰ ਨੂੰ ਵੱਡੇ ਅੱਖਰ ਵਿਚ ਬਦਲਣ ਵਾਲੀ ਸੁਵਿਧਾ ਆਪਣੇ-ਆਪ ਚਾਲੂ ਹੋ ਜਾਂਦੀ ਹੈ | ਇਹ ਵਿਸ਼ੇਸ਼ਤਾ ਪੰਜਾਬੀ ਵਿਚ ਟਾਈਪ ਦੇ ਕੰਮ 'ਚ ਵੱਡਾ ਅੜਿੱਕਾ ਬਣਦੀ ਹੈ | ਮਿਸਾਲ ਵਜੋਂ ਤੁਸੀਂ ਅਨਮੋਲ ਲਿਪੀ ਫੌਾਟ ਰਾਹੀਂ ਸ਼ਬਦ 'ਕਲਮ' ਲਿਖਿਆ ਪਰ ਸਪੇਸ ਕੀਅ ਦੱਬਣ ਉਪਰੰਤ 'ਕ' ਆਪਣੀ ਸ਼ਿਫ਼ਟ ਕੀਅ ਸਥਿਤੀ ਵਾਲੇ ਅੱਖਰ 'ਖ' ਵਿਚ ਬਦਲ ਜਾਵੇਗਾ | ਸਿੱਟੇ ਵਜੋਂ ਸ਼ਬਦ 'ਕਲਮ' ਦੀ ਥਾਂ 'ਤੇ 'ਖਲਮ' ਲਿਖਿਆ ਮਿਲੇਗਾ | ਪੰਜਾਬੀ ਵਿਚ ਕੰਮ ਕਰਨ ਸਮੇਂ ਹਰੇਕ ਪੈਰੇ ਦੇ ਪਹਿਲੇ ਅੱਖਰ ਨੂੰ ਆਪਣੇ ਆਪ ਵੱਡੇ ਅੱਖਰ ਵਿਚ ਬਦਲਣ ਵਾਲੀ ਸੁਵਿਧਾ ਨੂੰ ਬੰਦ ਕਰਨ ਨਾਲ ਇਹ ਸਮੱਸਿਆ ਆਪਣੇ ਆਪ ਸੁਲਝ ਜਾਂਦੀ ਹੈ | ਵਰਡ 207 ਵਿਚ ਇਸ ਵਿਸ਼ੇਸ਼ਤਾ ਨੂੰ ਬੰਦ ਕਰਨ ਲਈ ਹੇਠਾਂ ਦਿੱਤੇ ਅਨੁਸਾਰ ਕੰਮ ਕਰੋ:
ਵਿੰਡੋ ਦੇ ਉੱਪਰ ਖੱਬੇ ਪਾਸੇ ਨਜ਼ਰ ਆਉਣ ਵਾਲੇ ਗੋਲਾਕਾਰ 'ਆਫ਼ਿਸ ਬਟਨ' 'ਤੇ ਕਲਿੱਕ ਕਰੋ | ਹੁਣ ਇਕ ਹੇਠਾਂ ਨੂੰ ਸੂਚੀ ਖੁੱਲ੍ਹੇਗੀ | ਇਸ ਵਿਚੋਂ ਹੇਠਾਂ ਸੱਜੇ ਹੱਥ ਤੁਹਾਨੂੰ 'ਵਰਡ ਆਪਸ਼ਨ' ਨਜ਼ਰ ਆਵੇਗੀ | ਇਸ 'ਤੇ ਕਲਿੱਕ ਕਰ ਦਿਓ | ਇਕ ਨਵੀਂ ਵਿੰਡੋ ਖੁੱਲ੍ਹੇਗੀ | ਹੁਣ ਇੱਥੋਂ 'ਪਰੂਫ਼ਿੰਗ' ਵਿਕਲਪ ਦੀ ਚੋਣ ਕਰੋ | ਉੱਪਰ ਸੱਜੇ ਹੱਥ 'ਆਟੋ ਕੋਰੈਕਟ ਆਪਸ਼ਨ' ਬਟਨ ਨਜ਼ਰ ਆਵੇਗਾ | ਇਸ 'ਤੇ ਕਲਿੱਕ ਕਰਕੇ ਦੁਬਾਰਾ ਫਿਰ ਉੱਪਰਲੇ 'ਆਟੋ ਕੋਰੈਕਟ' ਟੈਬ (ਬਟਨ) 'ਤੇ ਕਲਿੱਕ ਕਰੋ | 'ਆਟੋ ਕੋਰੈਕਟ ਆਪਸ਼ਨ ਬਟਨਜ਼' ਦੇ ਹੇਠਾਂ 5 ਵਿਕਲਪ ਨਜ਼ਰ ਆਉਣਗੇ | ਇਨ੍ਹਾਂ ਨੂੰ ਕਲਿੱਕ ਕਰਕੇ ਵਾਰੀ-ਵਾਰੀ ਬੰਦ (ਅਨ ਚੈੱਕ) ਕਰ ਦਿਓ 'ਤੇ 'ਓ.ਕੇ.' ਬਟਨ ਦਬਾ ਦਿਓ | ਦੁਬਾਰਾ ਫਿਰ 'ਓ.ਕੇ.' 'ਤੇ ਕਲਿੱਕ ਕਰਕੇ ਤੁਸੀਂ ਵਾਪਸ ਵਰਡ ਦੀ ਸਕਰੀਨ 'ਤੇ ਪੁੱਜ ਜਾਵੋਗੇ | ਹੁਣ ਟਾਈਪ ਕਰੋਗੇ ਤਾਂ ਆਪਣੇ ਆਪ ਪਹਿਲੇ ਅੱਖਰ ਦੇ ਬਦਲਣ ਦੀ ਸਮੱਸਿਆ ਪੇਸ਼ ਨਹੀਂ ਆਵੇਗੀ |
ਵਰਡ 2003 ਵਿਚ ਇਹ (ਆਟੋ ਕੋਰੈਕਟ ਆਪਸ਼ਨ) ਟੂਲਜ਼ ਮੀਨੂੰ ਵਿਚ ਨਜ਼ਰ ਆਵੇਗੀ | ਆਪਸ਼ਨ ਵਾਲੀ ਵਿੰਡੋ ਨੂੰ ਖੋਲ੍ਹ ਕੇ ਬਾਕੀ ਕੰਮ ਉੱਪਰ ਦੱਸੇ ਅਨੁਸਾਰ ਕਰਕੇ 'ਓ.ਕੇ.' ਬਟਨ 'ਤੇ ਕਲਿੱਕ ਕਰ ਦਿਓ |
ਇਸ ਸਮੱਸਿਆ ਦਾ ਦਾਇਰਾ ਸਿਰਫ਼ ਰਵਾਇਤੀ ਆਸਕੀ/ਅੰਗਰੇਜ਼ੀ ਆਧਾਰਿਤ ਫਾੌਟਾਂ ਤੱਕ ਹੀ ਸੀਮਤ ਹੈ | ਜੇਕਰ ਤੁਸੀਂ ਯੂਨੀਕੋਡ ਰਾਵੀ ਜਾਂ ਕਿਸੇ ਹੋਰ ਯੂਨੀਕੋਡ ਫੌਾਟ ਵਿਚ ਟਾਈਪ ਕਰ ਰਹੇ ਹੋ ਤਾਂ ਅਜਿਹੀ ਕੋਈ ਸਮੱਸਿਆ ਪੇਸ਼ ਨਹੀਂ ਆਉਾਦੀ?

ਈ-ਮੇਲ: punjabicomputer0ymail.com

ਮੋਬਾਈਲ ਫੋਨ 'ਤੇ ਪੰਜਾਬੀ ਭਾਸ਼ਾ ਕਿਵੇਂ ਵਰਤੀ ਜਾਵੇ?

(ਲੜੀ ਜੋੜ²ਨ ਲਈ ਪਿਛਲਾ ਅੰਕ ਦੇਖੋ)

8. Text 2ox ਵਿਚ ਟਾਈਪਿੰਗ ਪੂਰੀ ਹੋਣ ਉਪਰੰਤ ਇਸਨੂੰ ਇਕ ਵਾਰੀ 'ਕਾਪੀ' ਕਰ ਲਓ | (ਟਾਈਪਿੰਗ ਪੂਰੀ ਹੋਣ 'ਤੇ ਸਿੱਧਾ OK ਕਰਨ ਨਾਲ ਕਈ ਵਾਰ ਪੇਜ ਰੀਫ਼੍ਰੇਸ਼ ਹੋ ਜਾਂਦਾ ਹੈ ਅਤੇ ਕੀਤੀ ਗਈ ਸਾਰੀ ਟਾਈਪਿੰਗ ਅਲੋਪ ਹੋ ਜਾਂਦੀ ਹੈ | ਸੋ ਕੀਤੀ ਗਈ ਟਾਈਪਿੰਗ ਨੂੰ ਸੁਰੱਖਿਅਤ ਰੱਖਣ ਲਈ 'ਕਾਪੀ' ਕਰ ਲੈਣਾ ਚਾਹੀਦਾ ਹੈ | ਪਰ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਮੋਬਾਈਲ ਵਿਚ 'ਕਾਪੀ-ਪੇਸਟ' ਦੀ ਸਹੂਲਤ ਹੋਵੇਗੀ |) ਹੁਣ ਟਾਈਪਿੰਗ ਪੂਰੀ ਹੋਣ 'ਤੇ OK ਕਰਨ ਉਪਰੰਤ ਥੋੜ੍ਹੀ ਦੇਰ Processing ਹੋਵੇਗੀ | ਹੁਣ ‘3onvert’ ਬਟਨ 'ਤੇ ਕਲਿੱਕ ਕਰੋ | ਤੁਸੀਂ ਵੇਖੋਗੇ ਕਿ ਤੁਹਾਡੀ ਕੀਤੀ ਗਈ ਸਾਰੀ ਟਾਈਪਿੰਗ ਪੰਜਾਬੀ ਵਿਚ ਦਿਖਾਈ ਦੇਵੇਗੀ |
9. ਪੰਜਾਬੀ ਵਿਚ ਦਿਖਾਈ ਦੇ ਰਹੀ ਇਸ ਟਾਈਪਿੰਗ ਨੂੰ ਈ-ਮੇਲ ਵਿਚ ਲਿਜਾਣ ਦਾ ਕੰਮ ਅਜੇ ਬਾਕੀ ਹੈ | ਹੁਣ OperaMini ਵਿਚ ਜੋ ਪੰਜਾਬੀ ਟਾਈਪਿੰਗ ਵਾਲੀ ਵੈੱਬਸਾਈਟ ਖੁੱਲ੍ਹੀ ਹੋਈ ਹੈ, ਉਸ ਨੂੰ ਇਸ ਤਰ੍ਹਾਂ ਹੀ ਰਹਿਣ ਦਿਓ ਅਤੇ ਇਕ ਨਵੀਂ Tab ਖੋਲ੍ਹੋ | (ਇਕ ਤੋਂ ਜ਼ਿਆਦਾ Tab ਵਿਚ ਵੈੱਬਸਾਈਟ ਖੋਲ੍ਹਣ ਦੀ ਸਹੂਲਤ ਸਿਰਫ਼ OperaMini 5.0 ਅਤੇ ਇਸ ਤੋਂ ਉੱਪਰ ਵਾਲੇ Versions ਵਿਚ ਹੀ ਹੁੰਦੀ ਹੈ |) ਇਸ ਨਵੀਂ Tab ਦੀ 1ddress bar ਵਿਚ config: ਭਰੋ ਅਤੇ ਇਸ ਲੇਖ ਦੇ ਨੰ: 4 ਅਨੁਸਾਰ ਜਿਸ ਬਦਲ ਨੂੰ Yes ਕੀਤਾ ਸੀ ਉਸ ਨੂੰ No ਕਰੋ ਅਤੇ ਫ਼ਿਰ Save ਬਟਨ 'ਤੇ ਕਲਿੱਕ ਕਰੋ |
10. ਹੁਣ ਟਾਈਪਿੰਗ ਵੈੱਬਸਾਈਟ ਵਾਲੀ Tab ਵਿਚ ਵਾਪਸ ਆਓ | ਇਸ ਪੇਜ ਨੂੰ ਰੀਫ਼੍ਰੇਸ਼ (ਸ਼ੋਰਟਕੱਟ ਬਟਨ #0) ਕਰੋ | ਸਾਰੀ ਟਾਈਪਿੰਗ ਅਲੋਪ ਹੋ ਜਾਵੇਗੀ | ਹੁਣ ਮੀਨੂ ਬਾਕਸਾਂ ਵਿਚ ਦੁਬਾਰਾ 7urbaniLipi ਅਤੇ Unicode ਦੀ ਚੋਣ ਕਰੋ | ਆਪਣੀ ਕਾਪੀ ਕੀਤੀ ਹੋਈ ਸਾਰੀ ਟਾਈਪਿੰਗ ਨੂੰ Text 2ox ਵਿਚ ਪੇਸਟ ਕਰੋ ਅਤੇ OK ਕਰੋ | ਹੁਣ ‘3onvert’ 'ਤੇ ਕਲਿੱਕ ਕਰੋ | ਤੁਸੀਂ ਵੇਖੋਗੇ ਕਿ ਸਾਰੀ ਟਾਈਪਿੰਗ ਹੁਣ ਡੱਬੀਆਂ ਦੇ ਰੂਪ ਵਿਚ ਦਿਖਾਈ ਦੇ ਰਹੀ ਹੈ |
11. ਡੱਬੀਆਂ ਵਿਚ ਦਿਖਾਈ ਦੇ ਰਹੀ ਟਾਈਪਿੰਗ ਦੇ ਸਭ ਤੋਂ ਪਹਿਲੇ ਅੱਖਰ 'ਤੇ Pointer(3ursor) ਲੈ ਕੇ ਆਓ ਅਤੇ ਆਪਣੇ ਮੋਬਾਈਲ ਦਾ '1' ਬਟਨ ਦਬਾਓ | ਸਕ੍ਰੀਨ 'ਤੇ “Select Text ਦਾ ਬਦਲ ਆਵੇਗਾ | ਉਸ ਨੂੰ OK ਕਰੋ | ਹੁਣ Start ਬਟਨ 'ਤੇ ਕਲਿੱਕ ਕਰਕੇ ਡੱਬੀਆਂ ਵਿਚ ਦਿਖਾਈ ਦੇ ਰਹੀ ਟਾਈਪਿੰਗ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਿਲੈਕਟ ਕਰ ਲਓ | OperaMini 'ਤੇ ਆ ਰਹੇ ‘Use’ ਬਟਨ ਨੂੰ ਦਬਾਓ | ਹੁਣ ਇਕ ਮੀਨੂ ਖੁੱਲ੍ਹੇਗਾ ਜਿਸ ਵਿਚ ਤਿੰਨ ਬਦਲ ਹੋਣਗੇ | ਉਸ ਵਿਚੋਂ ਬਦਲ '3opy' ਦੀ ਚੋਣ ਕਰੋ | ਤੁਹਾਡੀ ਸਾਰੀ ਟਾਈਪਿੰਗ ਕਾਪੀ ਹੋ ਗਈ ਹੈ |
12. ਹੁਣ Tab ਨੰ: 2 'ਤੇ ਜਾਓ ਅਤੇ 'No' ਵਾਲੇ ਬਾਕਸ ਵਿਚ ਦੁਬਾਰਾ ਫ਼ਿਰ 'Yes' ਕਰਕੇ Save ਬਟਨ 'ਤੇ ਕਲਿੱਕ ਕਰੋ |
13. ਹੁਣ ਇਕ ਤੀਸਰੀ Tab ਖੋਲ੍ਹੋ ਅਤੇ ਉਸ ਦੀ 1ddress 2ar ਵਿਚ ਆਪਣੀ ਈ-ਮੇਲ ਵੈੱਬਸਾਈਟ ਭਰਕੇ ਆਪਣੀ ਈ-ਮੇਲ ਖੋਲ੍ਹੋ | New Mail ਜਾਂ 3ompose Mail 'ਤੇ ਕਲਿੱਕ ਕਰੋ | ਹੁਣ Text 2ox ਨੂੰ ਕਲਿੱਕ ਕਰੋ | OperaMini ਵਿਚ ਦਿਖਾਈ ਦੇ ਰਹੇ 'Option' ਬਟਨ ਨੂੰ ਦਬਾਓ | ਇਕ ਮੀਨੂ ਦਿਖਾਈ ਦੇਵੇਗਾ, ਇਸ ਵਿਚੋਂ 'Paste' ਦੀ ਚੋਣ ਕਰੋ | ਹੁਣ ਤੁਹਾਡੀ ਸਾਰੀ ਟਾਈਪਿੰਗ ਇਥੇ ਡੱਬੀਆਂ ਦੇ ਰੂਪ ਵਿਚ ਪੇਸਟ ਹੋ ਜਾਵੇਗੀ | ਜਿਸ ਨੂੰ ਵੀ ਤੁਸੀਂ ਈ-ਮੇਲ ਭੇਜਣਾ ਚਾਹੁੰਦੇ ਹੋ ਉਸ ਦਾ ਈ-ਮੇਲ ਪਤਾ ਭਰੋ ਅਤੇ 'Send' ਬਟਨ 'ਤੇ ਕਲਿੱਕ ਕਰੋ | ਹੁਣ ਤੁਹਾਡੀ ਈ-ਮੇਲ ਪੰਜਾਬੀ ਵਿਚ ਭੇਜੀ ਜਾ ਚੁੱਕੀ ਹੈ |
ਉਪਰੋਕਤ ਵਿਧੀ ਨਾਲ ਤੁਸੀਂ ਆਪਣੇ ਮੋਬਾਈਲ ਵਿਚ ਪੰਜਾਬੀ ਪੜ੍ਹ ਅਤੇ ਲਿਖ ਸਕਦੇ ਹੋ |..ਆਮੀਨ | (ਸਮਾਪਤ)

-ਪਿੰਡ ਤੇ ਡਾਕ: ਆਸੀ ਕਲਾਂ, ਲੁਧਿਆਣਾ - 141203
ਮੋ: 95-92-120-120. www.modestjasdeep.wordpress.com

ਰੁੱਤ ਆਈ ਫਲਾਵਰ ਸ਼ੋਆਂਦੀ

ਸਾਲਾਨਾ ਫੁੱਲ, ਬੂਟਿਆਂ ਦੀਆਂਪ੍ਰਦਰਸ਼ਨੀਆਂ/ਸ਼ੋਆਂ ਦਾ ਦੌਰ ਸ਼ੁਰੂ ਹੋ ਗਿਆ ਹੈ, ਭਾਵੇਂ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਹਾਲੇ ਵੀ ਫੁੱਲ-ਬੂਟਿਆਂ ਦੇ ਦੀਵਾਨਿਆਂ ਦੀ ਕਮੀ ਹੈ ਜਦੋਂ ਕਿ ਦਿੱਲੀ, ਲਖਨਊ, ਬੰਗਲੌਰ ਵਰਗੇ ਸ਼ਹਿਰਾਂ ਅਤੇ ਫ਼ੌਜੀ ਛਾਉਣੀਆਂ ਵਿਚ ਨਿਸ਼ਚਿਤ ਰੂਪ ਵਿਚ ਫਲਾਵਰ ਸ਼ੋਆਂਦਾ ਆਯੋਜਨ ਹੁੰਦਾ ਹੈ |
ਫੁੱਲ-ਬੂਟਿਆਂ ਦੇ ਸ਼ੌਕੀਨ ਉਤਪਾਦਕ ਆਪਣੀ ਭਰਵੀਂ ਮਿਹਨਤ ਨਾਲ 'ਮਿਸਾਲੀ' ਪੌਦੇ ਪੈਦਾ ਕਰਦੇ ਹਨ | ਪ੍ਰਵਾਨ ਚੜ੍ਹਾਉਾਦੇ ਹਨ ਅਤੇ ਸਮਾਂਆਉਣ 'ਤੇ ਪ੍ਰਦਰਸ਼ਨੀਆਂ ਵਿਚ ਸ਼ਾਮਿਲ ਹੁੰਦੇ ਹਨ | ਚੋਣਵੀਆਂ ਵੰਨਗੀਆਂ ਨੂੰ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਆਮ ਵਰਗ ਦੇ ਲੋਕ ਜੋ ਕਿ ਫੁੱਲ-ਬੂਟੇ ਪੈਦਾ ਤਾਂ ਕਰਨ ਦੇ ਸਮਰੱਥ ਨਹੀਂ ਹੁੰਦੇ, ਉਹ ਫਲਾਵਰਸ਼ੋਆਂ ਵਿਚ ਜਾ ਕੇ 'ਕੁਦਰਤੀ ਹੁਸਨ' ਦੇ ਜੀਅ ਭਰ ਕੇ ਨਜ਼ਾਰੇ ਮਾਣ ਸਕਦੇ ਹਨ |
ਸਾਡੇ ਦੇਸ਼ ਪੰਜਾਬ ਦੀ ਹਾਲਤ ਇਹ ਹੈ ਕਿ ਜੇਕਰ ਕਿਸੇ ਸ਼ਹਿਰ, ਕਾਰਪੋਰੇਸ਼ਨ, ਕਮੇਟੀ ਦਾ 'ਮੁੱਖ ਪ੍ਰਸ਼ਾਸਕ' ਅਫ਼ਸਰ ਬਾਗਬਾਨੀ ਦਾ 'ਕਦਰਦਾਨ' ਹੈ, 'ਸ਼ੌਕੀਨ' ਹੈ ਤਾਂਉਹ ਆਪਣੇ ਕਾਰਜਕਾਲ ਦੌਰਾਨ ਫਲਾਵਰ ਸ਼ੋਅ ਆਦਿ ਕਰਵਾਉਾਦਾ ਹੈ ਪਰ ਉਸ ਅਫਸਰ ਦੀ ਬਦਲੀ ਹੁੰਦਿਆਂ ਹੀ ਇਹੋ ਜਿਹੇ ਉਪਰਾਲੇ ਦਾ 'ਭੋਗ' ਪੈ ਜਾਂਦਾ ਹੈ |
ਵਿਕਸਿਤ ਦੇਸ਼ਾਂ ਵਿਚ ਸਾਲਾਨਾ ਵੱਖ-ਵੱਖ ਕਿਸਮਾਂ, ਵੰਨਗੀਆਂ ਦੇ ਜਿਵੇੰਾ ਕਿ ਗੁਲਾਬ, ਗਲੈਡੀਓਲਸ, ਔਰਕਿਡ 'ਖਾਸ' ਫੁੱਲਾਂ ਦੇ ਸ਼ੋਅ ਵੀ ਹੁੰਦੇ ਹਨ ਅਤੇ ਨਾਲ ਹੀ ਸਭ ਕਿਸਮਾਂ ਦੇ ਫੁੱਲ-ਬੂਟਿਆਂ ਦੇ ਸ਼ੋਅ ਵੀ ਹੁੰਦੇ ਰਹਿੰਦੇ ਹਨ | ਉਨ੍ਹਾਂ ਦੇ ਲੱਗਣ ਦੀ ਤਾਰੀਕ ਕਾਫ਼ੀ ਦੇਰ ਪਹਿਲਾਂਐਲਾਨੀ ਹੁੰਦੀ ਹੈ ਅਤੇ 'ਆਮ ਲੋਕ' ਬੱਚੇ-ਬੁੱਢੇ ਸਭ ਆਪਣੀਆਂ ਐਾਟਰੀਆਂ ਸ਼ੋਆਂ'ਚ ਬੜੇ ਸ਼ੌਕ ਨਾਲ ਪ੍ਰਦਰਸ਼ਿਤ ਕਰਦੇ ਹਨ | ਵੇਖਣਵਾਲੇ ਬਹੁਤ ਭਰਵਾਂ ਹੁੰਗਾਰਾ ਦਿੰਦੇ ਹਨ ਉਥੇ | ਚੋਣਵੀਆਂ ਵੰਨਗੀਆਂ ਨੂੰ ਢੇਰ ਸਾਰੇ ਇਨਾਮ/ਸ਼ੀਲਡਾਂ/ਟਰਾਫੀਆਂ ਦਿੱਤੀਆਂ ਜਾਂਦੀਆਂਹਨ |
ਇਥੇ ਸਾਡੀ ਖੇਤੀ ਯੂਨੀਵਰਸਿਟੀ, ਲੁਧਿਆਣਾ ਕੈਂਪਸ 'ਚ ਇਸੇ ਮਹੀਨੇ ਦੀ 21-22 ਤਾਰੀਕ ਨੂੰ ਸਾਲਾਨਾ ਫਲਾਵਰ ਸ਼ੋਅ ਹੋ ਰਿਹਾ ਹੈ | ਡਾ: ਕੁਸ਼ਲ ਸਿੰਘ ਮੁਖੀ, ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਹਰ ਆਮ-ਖਾਸ ਨੂੰ ਇਸ ਸ਼ੋਅ ਵਿਚ ਸ਼ਿਰਕਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ | ਹੁਣ ਮੌਸਮ ਖੁੱਲ੍ਹ ਗਿਆ ਹੈ ਅਤੇ ਆਸ ਹੈ ਕਿ 'ਫੁੱਲ ਮੇਲਾ' ਖੂਬ ਭਰੇਗਾ | ਮੇਰੇ ਸਮੇਤ ਯੂਨੀਵਰਸਿਟੀ ਛੱਡ ਚੁੱਕੇ ਪ੍ਰੋਫੈਸਰ, ਵਿਗਿਆਨੀਆਂ ਨੂੰ ਵੀ ਮੌਕਾ ਮਿਲਦਾ ਹੈ ਫੁੱਲ-ਬੂਟਿਆਂ ਦੀ 'ਜਜਮੈਂਟ' ਦੇ ਬਹਾਨੇ ਇਕੱਠੇ ਹੋਣ ਦਾ, ਆਪਣੇ ਪੁਰਾਣੇ-ਨਵੇਂ ਸਾਥੀਆਂ ਨੂੰ ਮਿਲਣ-ਗਿਲਣ ਦਾ |
ਫਲਾਵਰ ਸ਼ੋਅ/ਮੁਕਾਬਲੇ 'ਚ ਸ਼ਿਰਕਤ/ਭਾਗ ਲੈਣ ਵਾਲੇ ਸੱਜਣਾਂਨਾਲ ਕੁਝ ਜ਼ਰੂਰੀ ਨੁਕਤੇ ਸਾਂਝੇ ਕਰ ਰਿਹਾ ਹਾਂ:-
• 'ਫੁੱਲ ਮੇਲੇ' ਸਬੰਧੀ ਪੀ. ਏ. ਯੂ. ਵੱਲੋਂ ਜਾਰੀ ਕੀਤੇ ਗਏ 'ਪੈਂਫਲਟ' ਨੂੰ ਪੜ੍ਹ ਕੇ ਉਸੇ ਅਨੁਸਾਰ ਫੁੱਲ-ਬੂਟੇ, ਕੱਟ ਫਲਾਵਰ ਆਦਿ ਦੀ ਐਾਟਰੀ ਕੀਤੀ ਜਾਵੇ ਅਤੇ ਸੰਕੇਤਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ |
• ਕਿਆਰੀਆਂ 'ਚੋਂ ਕੱਢ ਚੰਗੇ ਬੂਟੇ 'ਤਾਜ਼ੇ' ਹੀ ਗਮਲਿਆਂ 'ਚ ਕਦੇ ਵੀ ਸ਼ੋਅ 'ਚ ਪ੍ਰਦਰਸ਼ਿਤ ਨਾ ਕਰੋ, ਸਾਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਇਹ ਬੂਟਾ ਤਾਜ਼ਾ ਹੀ ਗਮਲੇ 'ਚ ਬਦਲਿਆਗਿਆ ਹੈ | ਉਸ ਨੂੰ ਇਨਾਮ ਲਈ ਫਿਟ ਨਹੀਂ ਮੰਨਿਆ ਜਾਂਦਾ |
• ਧਿਆਨ ਰਹੇ ਕਿ ਗਮਲੇ ਦੀ ਬਨਾਵਟ/ਦਿੱਖ/ਚਮਕ ਪ੍ਰਦਰਸ਼ਿਤ ਬੂਟੇ ਨੂੰ ਇਨਾਮ ਦਿਵਾਉਣ 'ਚ ਸਹਾਈ ਨਹੀਂ ਹੁੰਦੀ, ਬੂਟਾ ਇਨਾਮ ਦੇ ਕਾਬਲ ਹੈ ਤਾਂਚਾਹੇ ਉਹ ਚਮਕਦਾਰ ਗਮਲੇ 'ਚ ਲਗਾ ਹੈ ਜਾਂ ਸਾਦਾ ਮਿੱਟੀ ਦੇ ਗਮਲੇ 'ਚ, ਉਸ ਨੂੰ ਇਨਾਮ ਮਿਲੇਗਾ ਹੀ |
• ਕੱਟ ਫਲਾਵਰ ਐਾਟਰੀ ਲਈ ਪੂਰਾ ਖਿੜਿਆ ਫੁੱਲ ਨਾ ਚੁਣੋ, ਧਿਆਨ ਰੱਖੋ ਕਿ ਜੱਜਮੈਂਟ ਵੇਲੇ ਉਹ 'ਭਰ ਜਵਾਨੀ' 'ਚ ਹੋਵੇ |
• ਇਕ ਵਾਰ ਵੇਖ ਕੇ ਪੱਕਾ ਕਰ ਲਓਕਿ ਤੁਹਾਡੀ ਐਾਟਰੀ ਜਿਸ ਥਾਂ ਪ੍ਰਦਰਸ਼ਿਤ ਕੀਤੀ ਗਈ ਹੈ, ਉਥੇ ਉਸੇ ਕਲਾਸ/ਵੰਨਗੀ ਦਾ ਬੋਰਡ ਲੱਗਾ ਹੋਵੇ |

-ਈਮੇਲ : dosanjhsps0yahoo.com