ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਫ਼ਿਲਮ ਅੰਕ

'ਆਈ ਮੀ ਔਰ ਮੈਂ' ਚਿਤਰਾਂਗਦਾ ਸਿੰਘ ਬੱਝ ਗਈ ਆਸ

ਵਿਆਹ ਤੋਂ ਬਾਅਦ ਚਿਤਰਾਂਗਦਾ ਸਿੰਘ ਤਾਂ ਹੋਰ ਨਿੱਖਰ ਗਈ ਹੈ,ਘੱਟੋ-ਘੱਟ ਅਭਿਨੈ ਦੇ ਮਾਮਲੇ 'ਚ ਉਹ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਹੀ ਹੈ | 'ਜੋਕਰ' ਦੀ ਆਈਟਮ ਗਰਲ ਤੇ 'ਇਨਕਾਰ' ਫ਼ਿਲਮ ਦੀ ਇਹ ਨਾਇਕਾ 'ਰੇਸ-2' ਨਾਲ ਵੀ ਚੋਟੀ ਦੀਆਂਨਾਇਕਾਵਾਂ ਦੀ ਰੇਸ ਅਰਥਾਤ ਦੌੜ 'ਚ ਅੱਗੇ ਹੈ | ਵੱਖਰੀ ਕਿਸਮ ਦੀਆਂ ਫ਼ਿਲਮਾਂ ਤੋਂ ਬਾਅਦ ਵਪਾਰਕ ਫ਼ਿਲਮਾਂ 'ਚ ਉਸ ਦੀ ਗੱਲ ਖੂਬ ਬਣਗਈ ਹੈ |ਹਾਲਾਂਕਿ 'ਜੋਕਰ' ਦੇ ਗੀਤ 'ਕਾਫਿਰਾਨਾ' ਨੇ ਉਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਸਨ | ਖੈਰ ਇਸ ਵੇਲੇ ਚਿਤਰਾਂਗਦਾ 'ਆਈ ਮੀ ਔਰ ਮੈਂ' ਫ਼ਿਲਮ ਨਾਲ ਫਿਰ ਦਰਸ਼ਕਾਂ ਦੇ ਸਾਹਮਣੇ ਹੈ | ਸਿ੍ਸ਼ਟੀ ਆਰੀਆ ਦੀ ਇਸ ਫ਼ਿਲਮ 'ਚ ਉਹ ਅਨੁਸ਼ਕਾ ਲਾਲ ਦੀ ਭੂਮਿਕਾ 'ਚ ਹੈ | ਚਿਤਰਾਂਗਦਾ ਦੇ ਨਾਲ ਜਾਨ ਅਬਰਾਹਮ ਤੇ ਪ੍ਰਾਚੀ ਦੇਸਾਈ ਹਨ | ਕਾਮੇਡੀ ਤੇ ਰੁਮਾਂਸ ਵਾਲੀ 'ਆਈ ਮੀ ਔਰ ਮੈਂ' ਦੇ ਗੀਤ 'ਨਾ ਜਾਨੇ ਕਹਾਂਸੇ ਆਇਆ' ਨੂੰ ਫ਼ਿਲਮ ਦਾ ਵਧੀਆਨੁਕਤਾ ਦੱਸਣ ਵਾਲੀ ਚਿਤਰਾਂਗਦਾ ਫ਼ਿਲਮ ਦੇ ਨਿਰਦੇਸ਼ਕ ਕਪਿਲ ਸ਼ਰਮਾ ਦਾ ਧੰਨਵਾਦ ਕਰਦੀ ਹੈ, ਜਿਸ ਨੇ ਨਾ ਸਿਰਫ਼ ਉਸ ਨੂੰ ਵਧੀਆਭੂਮਿਕਾ ਦਿੱਤੀ ਬਲਕਿ ਜ਼ਰੀਨਾ ਵਹਾਬ ਜਿਹੀ ਅਭਿਨੇਤਰੀ ਨਾਲ ਕੰਮ ਕਰਕੇ ਸਿੱਖਣਦਾ ਮੌਕਾ ਵੀ ਦਿੱਤਾ | ਰਾਜਸਥਾਨ ਦੀ ਜੰਮਪਲ ਚਿਤਰਾਂਗਦਾ 'ਆਈਮੀ ਔਰ ਮੈਂ' ਨੂੰ ਦੋ ਔਰਤਾਂ ਦੇ ਪਿਆਰ ਤੇ ਫਲਰਟ ਵਿਅਕਤੀ ਦੀ ਸ਼ਾਨਦਾਰ ਕਹਾਣੀ ਦੱਸਦੀ ਆਸਵੰਦ ਹੈ ਕਿ ਇਹ ਫ਼ਿਲਮ ਵਪਾਰਕ ਸਿਨੇਮਾ 'ਚ ਉਸ ਦੀ ਹਾਜ਼ਰੀ ਨੂੰ ਹੋਰ ਚਾਰ ਚੰਨ ਲਾਏਗੀ |


ਖ਼ਬਰ ਸ਼ੇਅਰ ਕਰੋ

ਜਾਨ ਅਬਰਾਹਮ ਬੁਢਾਪਾ ਅਜੇ ਦੂਰ ਦੀ ਗੱਲ

ਕਿਸੇ ਸਮੇਂ ਜੈਜ਼ੀ ਬੀ. ਦੇ ਵੀਡੀਓ 'ਸੁਰਮਾ' 'ਚ ਮਾਡਲ ਬਣੇ ਤੇ ਮੁੜ ਪੰਕਜ ਉਧਾਸ ਦੇ ਵੀਡੀਓ ਕਰਨ ਵਾਲੇ ਜਾਨ ਅਬਰਾਹਮ ਦੀ ਗਿਣਤੀ ਅੱਜ ਚੋਟੀ ਦੇ ਪੰਜ ਐਕਸ਼ਨ ਨਾਇਕਾਂ 'ਚ ਹੁੰਦੀ ਹੈ | ਮਾਡਲ ਨਿਰਮਾਤਾ ਤੇ ਅਭਿਨੇਤਾ ਜਾਨ ਅਬਰਾਹਮ ਦਾ 'ਜਿਸਮ' ਫ਼ਿਲਮ ਤੋਂ ਸ਼ੁਰੂ ਹੋਇਆ ਸਫ਼ਰ ਹੁਣ 'ਆਈ ਮੀ ਔਰ ਮੈਂ' ਤੱਕ ਪਹੁੰਚ ਗਿਆ ਹੈ | ਉਮਰ ਭਾਵੇਂ ਚਾਲੀ ਦੀ ਹੋ ਗਈ ਹੈ ਪਰ ਫਿਟਨੈਸ ਨੇ ਬੁਢਾਪਾ ਉਸ ਦੇ ਨੇੜੇ ਨਹੀਂ ਢੁੱਕਣ ਦਿੱਤਾ | ਫ਼ਿਲਮ 'ਜਿਸਮ' ਦਾ 'ਕਬੀਰ ਲਾਲ' ਜਾਨ ਹੁਣ ਨਵੇਂ ਨਿਰਦੇਸ਼ਕ ਕਪਿਲ ਸ਼ਰਮਾ ਦੀ 'ਆਈ ਮੀ ਔਰ ਮੈਂ' ਦਾ ਸਹਿ-ਨਿਰਮਾਤਾ ਵੀ ਹੈ | ਜਾਨ ਨੇ ਨਿਰਮਾਤਰੀ ਸਿ੍ਸ਼ਟੀ ਆਰੀਆ ਨਾਲ ਤਾਲਮੇਲ ਕਰਕੇ ਚਾਰ ਸੰਗੀਤਕਾਰਾਂ ਤੋਂ ਇਸ ਫ਼ਿਲਮ ਦਾ ਸੰਗੀਤ ਬਣਵਾਇਆਹੈ | 'ਰੇਸ-2' 'ਚ ਅਰਮਾਨ ਮਲਿਕ ਬਣ ਕੇ ਦਰਸ਼ਕਾਂ ਦੇ ਅਰਮਾਨਾਂ 'ਤੇ ਖਰੇ ਉਤਰ ਚੁੱਕੇ ਜਾਨ ਦੀ 'ਆਈ ਮੀ ਔਰ ਮੈਂ' 'ਚ ਰੁਮਾਂਟਿਕ ਤੇ ਹਾਸਰਸ ਭੂਮਿਕਾ ਹੈ | ਫ਼ਿਲਮ 'ਚ ਇਸ਼ਾਨ ਸੱਭਰਵਾਲ ਬਣਕੇ ਸੰਗੀਤ ਨਿਰਮਾਤਾ ਦਾ ਉਸ ਕਿਰਦਾਰ ਕੀਤਾ ਹੈ | ਹੱਸਦਾ ਹੈ ਜਾਨ ਕਿ ਚਾਲੀ ਦੀ ਉਮਰ 'ਚ ਵੀ ਪੰਜ ਹਸੀਨਾਂ 'ਆਈ ਮੀ ਔਰ ਮੈਂ' 'ਚ ਉਸ ਦੇ ਨਾਲ ਹਨ | ਜਾਨ ਨੇ ਵੀ ਪ੍ਰਚਾਰ ਦੀ ਜ਼ਿੰਮੇਵਾਰੀ ਤੱਕ ਖੁਦ ਸੰਭਾਲ ਕੇ ਇਸ ਫ਼ਿਲਮ ਨੂੰ ਖੂਬ ਪ੍ਰਚਾਰਿਆ ਹੈ |

ਕੈਟਰੀਨਾ ਕੈਫ਼ ਪੈਸਾ ਯੇਹ ਪੈਸਾ

ਕੈਟਰੀਨਾ ਕੈਫ਼ 2012 'ਚ ਕਾਮਯਾਬ ਰਹੀ ਸੀ | ਵੱਡੀ ਗੱਲ ਇਹ ਸੀ ਕਿ 2 ਵਪਾਰਕ ਦੁਸ਼ਮਣ ਸਲਮਾਨ ਤੇ ਸ਼ਾਹਰੁਖ ਨਾਲ ਉਸ ਫ਼ਿਲਮਾਂ ਕੀਤੀਆਂਤੇ ਉਹ ਹਿੱਟ ਰਹੀਆਂ | ਮਤਭੇਦ ਆਮ ਗੱਲ ਹੈ ਪਰ ਕੈਟੀ ਨਹੀਂ ਚਾਹੁੰਦੀ ਕਿ ਨਿੱਜੀ ਪੱਧਰ 'ਤੇ ਵੀ ਦਿਲੋਂ ਇਸ ਨਾਲ ਨਫ਼ਰਤ ਹੋ ਜਾਵੇ |ਆਪਣੇ ਅਨੁਸਾਰ ਚੱਲਣਵਾਲੀ ਕੈਟਰੀਨਾ ਸਰੀਰਕ ਸੰੁਦਰਤਾ ਤੇ ਮੁਸਕਰਾਹਟ ਨਾਲ ਹਰ ਕਿਸੇ ਨੂੰ ਖਿੱਚ ਲੈਂਦੀ ਹੈ | ਹੁਣਕੈਟਰੀਨਾ ਫ਼ਿਲਮਾਂ ਦੀ ਮਾਰਕੀਟਿੰਗ ਵੀ ਕਰਨਾ ਚਾਹੁੰਦੀ ਹੈ | ਡਾਂਸ ਦਾ ਅਭਿਆਸ ਉਹ ਰੋਜ਼ ਕਰ ਰਹੀ ਹੈ |ਡਾਂਸ ਕਰਨ ਦੇ ਨਾਲ-ਨਾਲ ਸਰੀਰਕ ਫਿਟਨੈਸ ਵੀ ਕਾਇਮ ਰੱਖਦੀ ਹੈ | ਗ਼ਲਤੀਆਂ ਦੇ ਸਬੰਧ 'ਚ ਉਹ ਕਹਿ ਰਹੀ ਹੈ ਕਿ ਅਸੀਂ ਵੀ ਇਨਸਾਨ ਹਾਂ, ਗ਼ਲਤੀ ਹੋ ਜਾਂਦੀ ਹੈ | ਅਸਲ 'ਚ ਆਪਣੀ ਨਵੀਂਫੋਟੋ ਦੇ ਸਬੰਧ 'ਚ ਉਹ ਸਪੱਸ਼ਟੀਕਰਨ ਦੇ ਰਹੀ ਹੈ | 'ਬੂਮ' ਵਾਲੀ ਕੈਟੀ ਅੱਜ ਹਰ ਸਟਾਰ ਨਾਲ ਫ਼ਿਲਮਾਂਕਰ ਰਹੀ ਹੈ |
ਬਿਪਾਸ਼ਾ ਬਸੂ ਦੀ ਸਹੇਲੀ ਬਣਕੇ ਫਿਟਨੈਸ ਦੇ ਕਈ ਰਾਜ਼ ਸਿਖ ਚੁੱਕੀ ਕੈਟੀ ਨੂੰ ਮਲਾਲ ਹੈ ਕਿ ਪਾਕਿਸਤਾਨ 'ਚ ਉਸ ਦੇ ਪੋਸਟਰ ਉਪਰ ਪਾਬੰਦੀ ਲੱਗ ਗਈਹੈ |ਕੈਟ ਇਸ ਸਮੇਂ 'ਪਾਰਟਨਰ-2', 'ਦੋਸਤਾਨਾ-2' ਤੇ 'ਧੂਮ-3' ਤੋਂ ਇਲਾਵਾ 'ਆਸਮਾਨ' ਫ਼ਿਲਮਾਂਵੀ ਕਰ ਰਹੀ ਹੈ | ਫ਼ਿਲਮਾਂਤੋਂ ਇਲਾਵਾ ਸ਼ੋਅ ਵੀ ਜਾਰੀ ਹਨ | ਕ੍ਰਿਕਟ 'ਚ ਉਹ ਖਾਸ ਦਿਲਚਸਪੀ ਲੈ ਰਹੀ ਹੈ ਕਿਉਾਕਿ ਆ ਰਹੇ ਆਈ. ਪੀ. ਐਲ. 'ਚ ਅਦਾਕਾਰੀ ਦਿਖਾ ਕੇ ਸ਼ੋਹਰਤ ਤੇ ਦੌਲਤ ਉਸ ਨੇ ਇਕੱਠੀ ਕਰਨੀ ਹੈ | ਕਾਫ਼ੀ ਰੁੱਝੀ ਹੋਈ ਹੋਣ ਕਰਕੇ ਉਹ ਥਕਾਵਟ ਵੀ ਮਹਿਸੂਸ ਕਰ ਰਹੀ ਹੈ | ਫਿਰ ਵੀ ਪੈਸਾ ਪ੍ਰੇਮ ਉਸ ਨੂੰ ਵਿਹਲੇ ਵੀ ਬੈਠਣ ਨਹੀਂ ਦਿੰਦਾ | ਹੋਰ ਤੇ ਹੋਰ ਹੁਣ ਵਿਆਹ ਦੇ ਪ੍ਰੋਗਰਾਮਾਂ 'ਚ ਵੀ ਕੈਟੀ ਭਾਗ ਲੈ ਕੇ ਹੋਰ ਨੋਟ ਇਕੱਠੇ ਕਰਨਾ ਚਾਹੁੰਦੀ ਹੈ | ਫ਼ਿਲਮਾਂ ਤਾਂਅੱਗੇ ਹੀ ਉਸ ਕੋਲ ਵਾਧੂ ਹਨ |

-ਸੁਖਜੀਤ ਕੌਰ

ਗਲੈਮਰਸ ਭੂਮਿਕਾਵਾਂ ਦੀ ਮਨਾਹੀ ਨਹੀਂ : ਪ੍ਰਾਚੀ ਦੇਸਾਈ

ਛੋਟੇ ਪਰਦੇ 'ਤੇ ਆਏ ਸੀਰੀਅਲ 'ਕਸਮ ਸੇ' ਤੋਂ ਵਧੀਆਅਭਿਨੈ ਕਰਕੇ ਕਈ ਦਰਜਨਾਂ ਇਨਾਮ ਜਿੱਤਣਵਾਲੀ ਅਭਿਨੇਤਰੀ ਪ੍ਰਾਚੀ ਦੇਸਾਈ ਅੱਜ ਵੱਡੇ ਪਰਦੇ ਦੀ ਵੱਡੀ ਸਟਾਰ ਹੈ | 'ਕਸਮ ਸੇ' ਸੀਰੀਅਲ 2006 ਤੋਂ ਸ਼ੁਰੂ ਹੋ ਕੇ ਪੂਰੇ ਦੋ ਸਾਲ ਚੱਲਿਆ | 'ਝਲਕ ਦਿਖਲਾ ਜਾ-2', 'ਕਸੌਟੀ ਜ਼ਿੰਦਗੀ ਕੀ' ਆਦਿ ਸੀਰੀਅਲ ਕੀਤੇ ਪਰ ਅਸਲੀ ਪਛਾਣ ਤਾਂ 'ਕਸਮ ਸੇ' ਤੋਂ ਮਿਲੀ | ਸਾਲ 2008 'ਚ ਫ਼ਿਲਮ 'ਰਾਕ ਆਨ' ਨੇ ਉਸ ਦੀ ਜ਼ਿੰਦਗੀ ਹੀ ਬਦਲ ਦਿੱਤੀ | ਫਿਰ ਹੋਰ ਵੀ ਬਹੁਤ ਸਾਰੀਆਂਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿਚ 'ਲਾਈਫ਼ ਪਾਰਟਨਰ', 'ਵੰਨਸ ਅਪਾਨ ਏ ਟਾਈਮ ਇਨ ਮੰੁਬਈ', 'ਤੇਰੀ ਮੇਰੀ ਕਹਾਨੀ', 'ਬੋਲ ਬੱਚਨ' ਆਦਿ ਫ਼ਿਲਮਾਂ ਕੀਤੀਆਂ | ਇਨ੍ਹਾਂਫ਼ਿਲਮਾਂ ਦੇ ਨਾਲ ਹੀ ਪ੍ਰਾਚੀ ਕੋਲ ਕਈ ਫ਼ਿਲਮਾਂ ਹਨ, ਜਿਨ੍ਹਾਂ ਦੀ ਉਹ ਸ਼ੂਟਿੰਗ, ਡਬਿੰਗ ਆਦਿ ਕਰ ਰਹੀ ਹੈ | ਉਸ ਦੀ ਫ਼ਿਲਮ 'ਆਈ, ਮੀ ਔਰ ਮੈਂ' ਰਿਲੀਜ਼ ਹੋ ਗਈ ਹੈ | 'ਪੁਲਿਸਗਿਰੀ', '1920' (ਤੀਜਾ ਭਾਗ), 'ਰਾਕ ਆਨ-2' ਆਦਿ ਫ਼ਿਲਮਾਂ ਉਸ ਕੋਲ ਹਨ | ਵਿਕਰਮ ਭੱਟ ਦੀ 1920 ਦੇ ਭਾਗ ਤੀਜੇ 'ਚ ਉਹ ਇਕ ਡਰਾਉਣੀ ਭੂਮਿਕਾ ਕਰ ਰਹੀ ਹੈ | ਇਸ ਫ਼ਿਲਮ 'ਚ ਸੰਗੀਤ ਤੇ ਸਸਪੈਂਸ ਥਿ੍ਲਰ 'ਤੇ ਧਿਆਨ ਦਿੱਤਾ ਗਿਆ ਹੈ | 'ਗੋਆ ਟੂਰਿਜ਼ਮ ਵਿਭਾਗ' ਦੀ ਪ੍ਰਾਚੀ ਬਰਾਂਡ ਅੰਬੈਸਡਰ ਬਣੀ ਹੈ | ਸਲਮਾਨ ਖ਼ਾਨ ਦੇ ਨਾਲ ਇਕ ਪ੍ਰੋਡਕਟ ਦੀ ਐਡ ਤੋਂ ਬਾਅਦ ਉਹ ਆਮਿਰ ਖਾਨ, ਸ਼ਾਹਰੁਖ ਖਾਨ, ਸ਼ਾਹਿਦ ਕਪੂਰ, ਸੋਨਾਲੀ ਬੇਂਦਰੇ, ਕੈਟਰੀਨਾ ਕੈਫ਼ ਆਦਿ ਨਾਲ ਵੀ ਕਈ ਐਡ ਫ਼ਿਲਮਾਂ ਕਰ ਰਹੀ ਹੈ | ਹੋਰ ਵੀ ਕਈ ਵੱਡੇ ਬੈਨਰ ਦੀਆਂ ਫ਼ਿਲਮਾਂ ਹਨ, ਜੋ ਪ੍ਰਾਚੀ ਕਰ ਰਹੀ ਹੈ | ਪ੍ਰਾਚੀ ਦੇਸਾਈ ਦਾ ਕਹਿਣਾ ਹੈ ਕਿ, 'ਮੇਰੇ ਕੋਲ ਕਈ ਗਲੈਮਰਸ ਭੂਮਿਕਾਵਾਂ ਵਾਲੀਆਂ ਫ਼ਿਲਮਾਂ ਹਨ | ਗਲੈਮਰਸ ਉਥੋਂ ਤੱਕ ਜਾਇਜ਼ ਹੈ, ਜਿਥੋਂ ਤੱਕ ਸੈਂਸਰ ਇਜਾਜ਼ਤ ਦਿੰਦਾ ਹੈ |'

-ਤਰਸੇਮ ਬੱਧਣ

ਚੰਗਾ ਗਾਉਣਾ ਤੇ ਚੰਗਾ ਪੜ੍ਹਨਾ ਹੀ ਹੈ ਮੇਰੀ ਜ਼ਿੰਦਗੀ

ਲਖਵਿੰਦਰ ਵਡਾਲੀ ਨਾਲ ਵਿਸ਼ੇਸ਼ ਮੁਲਾਕਾਤ
ਪੇਸ਼ਕਸ਼ : ਸਤਨਾਮ ਸਿੰਘ ਮਾਣਕ

ਭਾਵੇਂ ਜੀਵਨ ਦੇ ਭੇਦਾਂ ਨੂੰ ਸਮਝਣ ਦੇ ਦਾਅਵੇ ਧਰਮ-ਸ਼ਾਸਤਰੀਆਂ, ਸਮਾਜ-ਸ਼ਾਸਤਰੀਆਂ ਅਤੇ ਵਿਗਿਆਨਕਾਂ ਵੱਲੋਂ ਅਕਸਰ ਕੀਤੇ ਜਾਂਦੇ ਹਨ ਪਰ ਜੀਵਨ ਦਾ ਸੱਚ ਇਹੀ ਕਹਿੰਦਾ ਹੈ ਕਿ ਜ਼ਿੰਦਗੀ 2+2=4 ਦੇ ਹਿਸਾਬ ਦੀ ਤਰ੍ਹਾਂ ਨਹੀਂ ਚਲਦੀ | ਕਈ ਲੋਕ ਪੜ੍ਹਾਈ ਤਾਂ ਇੰਜੀਨੀਅਰਿੰਗ ਦੀ ਕਰਦੇ ਹਨ ਤੇ ਬਣ ਐਕਟਰ ਜਾਂਦੇ ਹਨ | ਤੇ ਕਈ ਲੋਕ ਤਾਲੀਮ ਤਾਂ ਡਾਕਟਰੀ ਦੀ ਲੈਂਦੇ ਹਨ ਪਰ ਬਣ ਗਾਇਕ ਜਾਂਦੇ ਹਨ | ਕਈ ਲੋਕ ਫ਼ੌਜ ਵਿਚ ਭਰਤੀ ਤਾਂ ਜਰਨੈਲ ਬਣਨ ਲਈ ਹੁੰਦੇ ਹਨ ਪਰ ਜ਼ਿੰਦਗੀ ਦੇ ਅਖੀਰ ਵਿਚ ਬਣ ਸੰਤ ਜਾਂਦੇ ਹਨ |
ਜ਼ਿੰਦਗੀ ਦੀਆਂ ਰਮਜ਼ਾਂ ਨੂੰ ਸਮਝਣਾ ਆਦਿਕਾਲ ਵਿਚ ਵੀ ਇਕ ਬੁਝਾਰਤ ਹੀ ਸੀ ਤੇ ਅੱਜ ਵੀ ਇਕ ਬੁਝਾਰਤ ਹੀ ਹੈ | ਮਾਂ-ਬਾਪ ਬੱਚਿਆਂ ਨੂੰ ਆਪਣੀ ਸਮਝ ਮੁਤਾਬਿਕ ਸਿੱਖਿਆ ਦੁਆ ਸਕਦੇ ਹਨ, ਸੇਧ ਦੇ ਸਕਦੇ ਹਨ ਤੇ ਆਖਰ ਵਿਚ ਉਹ ਬਣਨਗੇ ਕੀ, ਇਸ ਦਾ ਫ਼ੈਸਲਾ ਬੱਚਿਆਂ ਅੰਦਰਲੀ ਪ੍ਰਤਿਭਾ ਹੀ ਕਰਦੀ ਹੈ | ਕਈ ਲੋਕ ਬੜੇ ਖੁਸ਼ਕਿਸਮਤ ਹੁੰਦੇ ਹਨ, ਜਿਹੜੇ ਆਪਣੇ ਅੰਦਰਲੀ ਪ੍ਰਤਿਭਾ ਦੇ ਬੜੀ ਛੇਤੀ ਰੂਬਰੂ ਹੋ ਜਾਂਦੇ ਹਨ ਜਾਂ ਉਨ੍ਹਾਂ ਦੇ ਨੇੜੇ ਦੇ ਮਿੱਤਰ, ਦੋਸਤ ਜਾਂ ਸਬੰਧੀ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਦਾ ਅਹਿਸਾਸ ਕਰਾ ਦਿੰਦੇ ਹਨ | ਪਰ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਾਫੀ ਲੰਮੀ ਭਟਕਣਾ ਵਿਚੋਂ ਗੁਜ਼ਰਨ ਤੋਂ ਬਾਅਦ ਆਪਣੇ ਅੰਦਰਲੀ ਪ੍ਰਤਿਭਾ ਦਾ ਅਹਿਸਾਸ ਹੁੰਦਾ ਹੈ | ਜਦੋਂ ਇਕ ਵਾਰ ਅਜਿਹਾ ਅਹਿਸਾਸ ਹੋ ਜਾਂਦਾ ਹੈ ਤਾਂ ਫਿਰ ਸਬੰਧਤ ਵਿਅਕਤੀ ਨੂੰ ਇਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਜਿਵੇਂ ਜੰਗਲ ਵਿਚ ਰਸਤਾ ਗੁਆਚਣ ਤੋਂ ਬਾਅਦ ਮੁੜ ਰਾਹ ਲੱਭ ਗਿਆ ਹੋਵੇ |
ਇਸ ਤਰ੍ਹਾਂ ਦੇ ਅਨੁਭਵਾਂ ਵਿਚੋਂ ਵਡਾਲੀ ਖਾਨਦਾਨ ਦੇ ਚਸ਼ਮੇ-ਚਿਰਾਗ ਲਖਵਿੰਦਰ ਵਡਾਲੀ ਨੂੰ ਵੀ ਗੁਜ਼ਰਨਾ ਪਿਆ ਹੈ | ਉਹ ਬਚਪਨ ਵਿਚ ਕ੍ਰਿਕਟਰ ਬਣਨ ਦਾ ਸੁਪਨਾ ਲੈਂਦਾ ਸੀ ਅਤੇ ਦਿਨ-ਰਾਤ ਕ੍ਰਿਕਟ ਦੀ ਪ੍ਰੈਕਟਿਸ ਕਰਦਾ ਰਹਿੰਦਾ ਸੀ | ਪਰ ਵਡਾਲੀ ਪਰਿਵਾਰ, ਜਿਹੜਾ ਕਿ ਪੰਜਾਬੀ ਸੰਗੀਤ ਜਗਤ ਵਿਚ ਪਟਿਆਲਾ ਘਰਾਣੇ ਦੀ ਨੁਮਾਇੰਦਗੀ ਕਰਦਾ ਹੈ, ਉਸ ਨੂੰ ਸੰਗੀਤ ਦੇ ਖੇਤਰ ਵਿਚ ਆਪਣਾ ਵਾਰਸ ਬਣਾਉਣ ਦੇ ਸੁਪਨੇ ਲੈਂਦਾ ਸੀ | ਇਸ ਤਰ੍ਹਾਂ ਦੀ ਦੁਬਿਧਾ ਵਿਚ ਹੀ ਉਸ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀਤੇ ਫਿਰ ਉਸ ਦੇ ਪਿਤਾ ਪੂਰਨ ਚੰਦ ਵਡਾਲੀ ਨੇ ਉਸ ਨੂੰ ਉਸੇ ਤਰ੍ਹਾਂ ਸੰਗੀਤ ਦੇ ਖੇਤਰ ਵਿਚ ਲੈ ਆਂਦਾ ਜਿਵੇਂ ਪੂਰਨ ਚੰਦ ਵਡਾਲੀ ਦੇ ਪਿਤਾ ਠਾਕਰ ਦਾਸ ਵਡਾਲੀ ਨੇ ਉਸ ਨੂੰ ਭਲਵਾਨੀ ਕਰਦਿਆਂ ਫੜ ਕੇ ਸੰਗੀਤ ਵਿਚ ਲੈ ਆਂਦਾ ਸੀ | ਇਸ ਸਬੰਧੀ ਲਖਵਿੰਦਰ ਵਡਾਲੀ ਦਾ ਕਹਿਣਾ ਹੈ ਕਿ ਭਾਵੇਂ ਪਹਿਲਾਂ-ਪਹਿਲਾਂ ਮੈਨੂੰ ਕ੍ਰਿਕਟ ਤੋਂ ਸੰਗੀਤ ਵੱਲ ਆਉਣਾ ਬੜਾ ਅਟਪਟਾ ਲਗਦਾ ਸੀ ਪਰ ਹੌਲੀ-ਹੌਲੀ ਮੈਨੂੰ ਹੁਣ ਸੰਗੀਤ ਵਿਚੋਂ ਵੀ ਆਨੰਦ ਤੇ ਸੰਤੁਸ਼ਟੀ ਦਾ ਅਨੁਭਵ ਹੋਣ ਲੱਗ ਪਿਆ ਹੈ | ਉਸ ਨੇ ਹੁਣ ਤੱਕ ਸੰਗੀਤ ਦੀ ਐਮ. ਏ. ਕਰ ਲਈ ਹੈ ਅਤੇ ਇਸੇ ਖੇਤਰ ਵਿਚ ਉਹ ਪੀ.ਐਚ.ਡੀ. ਵੀ ਕਰਨਾ ਚਾਹੁੰਦਾ ਹੈ ਪਰ ਇਸ ਦੇ ਨਾਲ-ਨਾਲ ਉਸ ਨੇ ਕਈ ਫ਼ਿਲਮਾਂ 'ਤੇ ਵੀ ਹੱਥ ਅਜਮਾਏ ਹਨ ਅਤੇ ਉਸ ਦੀਆਂ ਹੁਣ ਤੱਕ 4 ਸੰਗੀਤ ਐਲਬਮਾਂ¸'ਬੁੱਲ੍ਹਾ, ਮਾਹੀਆ, ਨੈਣਾਂ ਦੇ ਬੂਹੇ ਅਤੇ ਇਸ਼ਕੇ ਦਾ ਜਾਮ' ਵੀ ਬਾਜ਼ਾਰ ਵਿਚ ਆ ਚੁੱਕੀਆਂ ਹਨ | ਇਨ੍ਹਾਂ ਸੰਗੀਤ ਐਲਬਮਾਂ ਨੂੰ ਸੰਜੀਦਾ ਗਾਇਕੀ ਦੇ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ | ਉਸ ਨੂੰ ਹੁਣਉੱਭਰਦੇ ਨੌਜਵਾਨ ਗਾਇਕ ਤੋਂ ਤੇਜ਼ੀ ਨਾਲ ਸਥਾਪਤੀ ਵੱਲ ਵਧ ਰਹੇ ਗਾਇਕ ਵਜੋਂ ਵੇਖਿਆ ਜਾਣ ਲੱਗ ਪਿਆ ਹੈ | ਪਿਛਲੇ ਦਿਨੀਂ ਉਸ ਨੂੰ ਪੰਜਾਬੀ ਸੱਭਿਆਚਾਰਕ ਪਿੜ ਪੰਜਾਬ ਕਪੂਰਥਲਾ ਨੇ ਡਾ: ਸਾਧੂ ਸਿੰਘ ਹਮਦਰਦ ਐਵਾਰਡ ਨਾਲ ਸਨਮਾਨਿਤ ਕਰਕੇ ਉਸ ਦੀ ਇਹ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ | ਕੁਝ ਦਿਨ ਪਹਿਲਾਂ ਲਖਵਿੰਦਰ ਵਡਾਲੀ 'ਅਜੀਤ ਭਵਨ' ਵਿਚ ਆਇਆ ਸੀ | ਪੇਸ਼ ਹਨ-ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅਹਿਮ ਅੰਸ਼ :
• ਹੁਣ ਤੱਕ ਤੁਹਾਡੀ ਗਾਇਕੀ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਹੈ?
¸ਕਿਸੇ ਵੱਡੇ ਰੁੱਖ ਦੇ ਹੇਠਾਂ ਉਗ ਕੇ ਆਪਣੀ ਵੱਖਰੀ ਪਛਾਣ ਬਣਾਉਣੀ ਬੇਹੱਦ ਮੁਸ਼ਕਿਲ ਕੰਮ ਹੁੰਦਾ ਹੈ | ਮੈਨੂੰ ਇਸ ਗੱਲ ਦਾ ਬੜਾ ਫਾਇਦਾ ਰਿਹਾ ਹੈ ਕਿ ਮੇਰੇ ਪਿਤਾ ਪੂਰਨ ਚੰਦ ਵਡਾਲੀ ਅਤੇ ਚਾਚਾ ਪਿਆਰੇ ਲਾਲ ਦੇਸ਼ ਦੇ ਪ੍ਰਮੁੱਖ ਸੂਫ਼ੀ ਗਾਇਕ ਹਨ | ਉਨ੍ਹਾਂ ਤੋਂ ਸਿੱਖਣ ਦੇ ਮੈਨੂੰ ਬਹੁਤ ਮੌਕੇ ਮਿਲੇ ਹਨ | ਪਰ ਉਨ੍ਹਾਂ ਦੀ ਗਾਇਕੀ ਤੋਂ ਵੱਖਰੀ ਆਪਣੀ ਪਛਾਣ ਬਣਾਉਣੀ ਮੇਰੇ ਲਈ ਬੇਹੱਦ ਚੁਣੌਤੀ ਭਰਿਆ ਕੰਮ ਰਿਹਾ ਹੈ | ਮੈਂ ਇਸ ਗੱਲ ਲਈ ਹਮੇਸ਼ਾ ਰਿਣੀ ਰਹਾਂਗਾ ਕਿ ਮੈਂ ਆਪਣੇ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖਿਆ ਹੈ ਪਰ ਇਸੇ ਸਮੇਂ ਦੌਰਾਨ ਮੇਰੀ ਇੱਛਾ ਇਹ ਵੀ ਰਹੀ ਹੈ ਕਿ ਲੋਕ ਮੇਰੀ ਗਾਇਕੀ ਨੂੰ 'ਮੇਰੀ ਗਾਇਕੀ' ਵਜੋਂ ਪਛਾਨਣ ਤੇ ਮਾਨਣ | ਇਸ ਜੱਦੋ-ਜਹਿਦ ਵਿਚ ਲੰਮਾ ਸਮਾਂ ਲੱਗਿਆ ਹੈ | ਜੇ ਮੈਂ ਅੱਜ ਗਾਇਕੀ ਦੇ ਖੇਤਰ ਵਿਚ ਥੋੜ੍ਹੀ-ਬਹੁਤੀ ਪਛਾਣ ਬਣਾਉਣ ਵਿਚ ਸਫ਼ਲ ਹੋਇਆ ਹਾਂ, ਜੇ ਅੱਜ ਮੇਰੇ ਪ੍ਰਸੰਸਕ ਅਤੇ ਮੇਰੇ ਸਰੋਤੇ ਇਹ ਮਹਿਸੂਸ ਕਰਦੇ ਹਨ ਕਿ ਮੈਂ ਗਾਇਕੀ ਦੇ ਖੇਤਰ ਵਿਚ ਕੋਈਵੱਖਰੀ ਲੀਕ ਵਾਹੀ ਹੈ ਤਾਂ ਮੈਂ ਇਸ ਨੂੰ ਆਪਣੀ ਥੋੜ੍ਹੀ-ਬਹੁਤੀ ਪ੍ਰਾਪਤੀ ਕਹਿ ਸਕਦਾ ਹਾਂ |
• ਤੁਹਾਡੀਆਂ ਹੁਣ ਤੱਕ 4 ਸੰਗੀਤ ਐਲਬਮਾਂ ਆਈਆਂ ਹਨ | ਇਨ੍ਹਾਂ ਵਿਚੋਂ ਤੁਹਾਡੇ ਵਧੇਰੇ ਮਕਬੂਲ ਗਾਣੇ ਕਿਹੜੇ-ਕਿਹੜੇ ਹਨ?
¸ਇਨ੍ਹਾਂ ਸੰਗੀਤ ਐਲਬਮਾਂ ਵਿਚੋਂ 'ਦੀਵਾ ਨਾ ਬੁਝਾਈ', 'ਵੇ ਮਾਹੀਆ ਤੇਰੇ ਦੇਖਣ ਨੂੰ....', 'ਯਾਰ ਬਹਿ ਗਿਆ ਨੈਣਾਂ ਦੇ ਬੂਹੇ ਆ ਕੇ', 'ਨਾਲੇ ਮੈਂ ਤੇ ਘਿਉ ਦੀ ਮਿੱਠੀ ਚੂਰੀ...', 'ਸੱਜਣਾ ਤੇਰਾ ਨਾਂਅ ਲੈ ਕੇ', 'ਤੁਝੇ ਤੱਕਿਆ ਤੋ ਲਗਾ ਮੁਝੈ ਐਸੇ' ਆਦਿ ਗਾਣੇ ਲੋਕਾਂ ਵਿਚ ਬੇਹੱਦ ਮਕਬੂਲ ਹੋਏ ਹਨ |
• ਤੁਸੀਂ ਗਾਇਕੀ ਤੋਂ ਇਲਾਵਾ ਇਕ-ਦੋ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ | ਤੁਹਾਨੂੰ ਵਧੇਰੇ ਸੰਤੁਸ਼ਟੀ ਸੰਗੀਤ ਤੋਂ ਮਿਲਦੀ ਹੈ ਜਾਂ ਐਕਟਿੰਗ ਤੋਂ?
¸ਮੇਰਾ ਅਨੁਭਵ ਇਹ ਰਿਹਾ ਹੈ ਕਿ ਮੈਨੂੰ ਵਧੇਰੇ ਸੰਤੁਸ਼ਟੀ ਆਪਣੀ ਗਾਇਕੀ ਤੋਂ ਹੀ ਮਿਲਦੀ ਹੈ | ਮੈਨੂੰ ਇਸ ਪਾਸੇ ਹੀ ਵਧੇਰੇ ਧਿਆਨ ਦੇਣਾ ਚਾਹੀਦਾ ਹੈ |
• ਕੀ ਅਜੇ ਵੀ ਤੁਸੀਂ ਆਪਣੇ ਪਿਤਾ ਜੀ ਤੋਂ ਸੰਗੀਤ ਦੀ ਤਰਬੀਅਤ ਹਾਸਲ ਕਰਦੇ ਹੋ ?
¸ਹਾਂ, ਬਿਲਕੁਲ | ਮੈਂ ਤਾਂ ਸਮਝਦਾ ਹਾਂ ਕਿ ਸੰਗੀਤ ਦੇ ਖੇਤਰ ਵਿਚ ਕੋਈ ਇਨਸਾਨ ਭਾਵੇਂ ਜਿੰਨੀਆਂ ਮਰਜ਼ੀ ਬੁਲੰਦੀਆਂ 'ਤੇ ਪਹੁੰਚ ਜਾਏ ਪਰ ਆਖਰੀ ਉਮਰ ਤੱਕ ਉਹ ਸਿਖਿਆਰਥੀ ਹੀ ਰਹਿੰਦਾ ਹੈ | ਇਸ ਲਈ ਮੈਂ ਆਪਣੇ ਪਿਤਾ ਜੀ ਕੋਲੋਂ ਅਤੇ ਆਪਣੇ ਚਾਚਾ ਜੀ ਕੋਲੋਂ ਅਜੇ ਵੀ ਸਿੱਖਦਾ ਹਾਂ ਅਤੇ ਉਨ੍ਹਾਂ ਤੋਂ ਸਿੱਖਣ ਲਈ ਅਜੇ ਬਹੁਤ ਕੁਝ ਬਾਕੀ ਹੈ | ਪਹਿਲਾਂ-ਪਹਿਲਾਂ ਮੈਂ ਉਨ੍ਹਾਂ ਤੋਂ ਬਹੁਤ ਝਿਜਕਦਾ ਸਾਂ ਪਰ ਹੁਣ ਕੁਝ ਕੈਸੇਟਾਂ ਵਿਚ ਉਨ੍ਹਾਂ ਨਾਲ ਗਾ ਕੇ ਮੇਰਾ ਝਾਕਾ ਖੁੱਲ੍ਹ ਗਿਆ ਹੈ | ਮੈਨੂੰ ਲਗਦਾ ਹੈ ਕਿ ਮੈਂ ਉਨ੍ਹਾਂ ਤੋਂ ਹੁਣ ਵਧੇਰੇ ਆਸਾਨੀ ਨਾਲ ਸਿੱਖ ਸਕਦਾ ਹਾਂ |
• ਤੁਹਾਡਾ ਘਰਾਣਾ ਸੂਫ਼ੀ ਸੰਗੀਤ ਨਾਲ ਅਤੇ ਖਾਸ ਕਰਕੇ ਕੱਵਾਲੀ ਨਾਲ ਜੁੜਿਆ ਹੋਇਆ ਹੈ | ਕੀ ਤੁਸੀਂ ਵੀ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਹੈ?
¸ਸਾਡੇ ਘਰਾਣੇ ਵਿਚ ਸ਼ੁਰੂਆਤ ਸ਼ਾਸਤਰੀ ਸੰਗੀਤ ਤੋਂ ਹੀ ਹੁੰਦੀ ਹੈ | ਮੈਂ ਵੀ ਇਸ ਸਬੰਧੀ ਰਾਗਾਂ ਦੀ ਸਿੱਖਿਆ ਲਈ ਹੈ ਪਰ ਮੈਂ ਸਮਝਦਾ ਹਾਂ ਕਿ ਮੈਨੂੰ ਇਸ ਖੇਤਰ ਵਿਚ ਅਜੇ ਹੋਰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ | ਤਾਂ ਹੀ ਮੈਂ ਸੂਫ਼ੀ ਗਾਇਕੀ ਅਤੇ ਇਥੋਂ ਤੱਕ ਲੋਕ ਗਾਇਕੀ ਨਾਲ ਇਨਸਾਫ਼ ਕਰ ਸਕਦਾ ਹਾਂ |
• ਕੱਵਾਲੀ, ਲੋਕ ਗਾਇਕੀ ਤੇ ਗ਼ਜ਼ਲ ਆਦਿ ਸੰਗੀਤ ਦੀਆਂ ਸਿਨਫ਼ਾਂ ਵਿਚੋਂ ਤੁਹਾਨੂੰ ਵਧੇਰੇ ਮਜ਼ਾ ਕਿਸ 'ਚੋਂ ਆਉਂਦਾ ਹੈ?
¸ਮੈਨੂੰ ਕੱਵਾਲੀ ਅਤੇ ਲੋਕ ਗਾਇਕੀ ਵਧੇਰੇ ਆਪਣੇ ਵੱਲ ਖਿੱਚਦੀ ਹੈ |
• ਲਖਵਿੰਦਰ ਜੀ, ਅੱਜਕਲ੍ਹ ਪੰਜਾਬ ਵਿਚ ਲੱਚਰ ਗਾਇਕੀ ਸਬੰਧੀ ਬੜੀ ਚਰਚਾ ਚਲ ਰਹੀ ਹੈ | ਤੁਸੀਂ ਇਸ ਲਈ ਗੀਤਕਾਰਾਂ, ਕੰਪਨੀਆਂ ਅਤੇ ਗਾਇਕਾਂ ਵਿਚੋਂ ਕਿਸ ਨੂੰ ਵਧੇਰੇ ਜ਼ਿੰਮੇਵਾਰ ਸਮਝਦੇ ਹੋ ਤੇ ਇਸ ਰੁਝਾਨ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
¸ਮੈਂ ਵਿਅਕਤੀਗਤ ਤੌਰ 'ਤੇ ਕਿਸੇ ਗਾਇਕ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ | ਪਰ ਮੇਰੀ ਇਹ ਰਾਇ ਹੈ ਕਿ ਇਸ ਸਬੰਧੀ ਵਧੇਰੇ ਜ਼ਿੰਮੇਵਾਰੀ ਗਾਇਕ ਦੀ ਹੀ ਹੁੰਦੀ ਹੈ | ਜਿਥੋਂ ਤੱਕ ਮੇਰਾ ਅਨੁਭਵ ਹੈ, ਗਾਇਕ ਅਤੇ ਕਈ ਵਾਰ ਕੰਪਨੀਆਂ ਵੀ ਲੱਚਰ ਗਾਣੇ ਗਾਉਣ ਲਈ ਗਾਇਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਪਰ ਮੇਰਾ ਵਿਚਾਰ ਹੈ ਕਿ ਅੰਤਿਮ ਤੌਰ 'ਤੇ ਫ਼ੈਸਲਾ ਗਾਇਕ ਨੇ ਹੀ ਕਰਨਾ ਹੁੰਦਾ ਹੈ ਕਿ ਉਸ ਨੇ ਕੀ ਗਾਉਣਾ ਹੈ ਜਾਂ ਕੀ ਨਹੀਂ ਗਾਉਣਾ | ਇਸ ਲਈ ਜੇ ਕੋਈ ਗਾਇਕ ਇਸ ਗੱਲ 'ਤੇ ਖੜ੍ਹਾ ਰਹਿੰਦਾ ਹੈ ਕਿ ਉਹ ਉਹੋ ਕੁਝ ਗਾਏਗਾ, ਜੋ ਪਰਿਵਾਰ ਵਿਚ ਬੈਠ ਕੇ ਸੁਣਿਆ ਜਾ ਸਕਦਾ ਹੋਵੇ ਤਾਂ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ | ਇਸ ਤੋਂ ਇਲਾਵਾ ਪੰਜਾਬੀ ਗਾਇਕੀ ਨੂੰ ਮਾਣਨ ਵਾਲੇ ਸਰੋਤਿਆਂ 'ਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ | ਜੇਕਰ ਉਹ ਸਿਹਤਮੰਦ ਗਾਇਕੀ ਨੂੰ ਵਧੇਰੇ ਸਮਰਥਨ ਦੇਣ ਤਾਂ ਇਸ ਨਾਲ ਵੀ ਲੱਚਰ ਗਾਇਕੀ ਦੇ ਰੁਝਾਨ ਨੂੰ ਠੱਲਿ੍ਹਆ ਜਾ ਸਕਦਾ ਹੈ |
• ਹੁਣੇ-ਹੁਣੇ ਤੁਹਾਡੀ ਨਵੀਂ ਕੈਸੇਟ 'ਇਸ਼ਕੇ ਦਾ ਜਾਮ' ਆਈ ਹੈ | ਇਸ ਵਿਚ ਕਿਹੜੇ ਗਾਣੇ ਸ਼ਾਮਿਲ ਹਨ ਅਤੇ ਲੋਕਾਂ ਵੱਲੋਂ ਇਸ ਨੂੰ ਕਿੰਨਾ ਕੁ ਹੁੰਗਾਰਾ ਮਿਲਿਆ ਹੈ?
¸ਮੇਰੀ ਇਸ ਸੰਗੀਤ ਐਲਬਮ ਵਿਚ 8 ਗਾਣੇ ਸ਼ਾਮਿਲ ਹਨ | ਪਹਿਲਾ ਗਾਣਾ 'ਜੈਸੇ ਮੇਰੀ ਈਦ ਹੋ ਗਈ' ਫਿਦਾ ਬਟਾਲਵੀ ਦਾ | ਦੂਜਾ 'ਹੀਰ' ਜਸਵੰਤ ਬਕਜ਼ ਤੇ ਅਮਰਜੀਤ ਕੌਰ ਦਾ, ਤੀਜਾ 'ਸੱਜਣਾ ਦੇ ਦੇਸ਼ ਵੱਲੋਂ' ਰਣਜੀਤ ਸ਼ੰਕਰ ਸ੍ਰੀਵਾਲਾ ਦਾ, ਚੌਥਾ 'ਇਸ਼ਕੇ ਦਾ ਜਾਮ' ਆਰ. ਪੀ. ਦੀਵਾਨਾ ਦਾ, ਪੰਜਵਾਂ 'ਮਾਂ' ਪ੍ਰੀਤ ਸੰਘਰੇੜੀ ਦਾ ਲਿਖਿਆ ਹੋਇਆ ਹੈ | ਛੇਵੀਂ 'ਰਾਹਾਂ 'ਚ ਬਹਿਣਾ ਪੈਂਦਾ' ਇਕ ਪੁਰਾਤਨ ਕੱਵਾਲੀ ਹੈ | ਸੱਤਵਾਂ ਗਾਣਾ 'ਜੁਗਨੀ' ਜੱਸੀ ਭੁੱਲਰ ਨੇ ਲਿਖਿਆ ਹੈ ਅਤੇ ਅੱਠਵਾਂ ਗਾਣਾ 'ਸੋਹਣੀ' ਵੀ ਇਕ ਪੁਰਾਤਨ ਲੋਕ ਗੀਤ ਹੈ | ਇਹ ਸੰਗੀਤ ਐਲਬਮ ਸਪੀਡ ਰਿਕਾਰਡਜ਼ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ | ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਿਕ ਮੇਰੇ ਸਰੋਤਿਆਂ ਅਤੇ ਪ੍ਰਸੰਸਕਾਂ ਵੱਲੋਂ ਇਸ ਕੈਸੇਟ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ |
• ਤੁਹਾਡੀਆਂ ਅਗਲੀਆਂ ਯੋਜਨਾਵਾਂ ਕੀ ਹਨ ?
¸ਚੰਗਾ ਪੜ੍ਹਨਾ ਅਤੇ ਚੰਗਾ ਗਾਉਣਾ ਹੀ ਹੁਣ ਮੇਰੀ ਜ਼ਿੰਦਗੀ ਹੈ | ਮੈਂ ਗਾਉਣ ਲਈ ਗਾਣੇ ਬੜੀ ਸੋਚ-ਵਿਚਾਰ ਤੋਂ ਬਾਅਦ ਚੁਣਦਾ ਹਾਂ ਅਤੇ ਫਿਰ ਉਨ੍ਹਾਂ ਦੀਆਂ ਤਰਜ਼ਾਂ ਤਿਆਰ ਕਰਦਾ ਹਾਂ ਤੇ ਫਿਰ ਉਨ੍ਹਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਕੇ ਉਨ੍ਹਾਂ ਦਾ ਪ੍ਰਤੀਕਰਮ ਵੇਖਦਾ ਹਾਂ | ਇਸ ਤੋਂ ਬਾਅਦ ਹੀ ਮੈਂ ਗਾਣਿਆਂ ਨੂੰ ਆਪਣੀ ਐਲਬਮ ਵਿਚ ਸ਼ਾਮਿਲ ਕਰਨ ਬਾਰੇ ਸੋਚਦਾ ਹਾਂ | ਇਸ ਸਾਰੇ ਅਮਲ ਵਿਚ ਮੈਂ ਖ਼ੁਦ ਖੋਹ ਜਾਂਦਾ ਹਾਂ ਤੇ ਆਨੰਦ ਮਾਣਦਾ ਹਾਂ | ਕੋਈ ਲੰਮੀਆਂ ਚੌੜੀਆਂ ਯੋਜਨਾਵਾਂ ਦਾ ਮੈਂ ਅਜੇ ਕੋਈ ਐਲਾਨ ਨਹੀਂ ਕਰਨਾ ਚਾਹੁੰਦਾ ਪਰ ਸੰਗੀਤ ਦੇ ਖੇਤਰ ਵਿਚ ਕੁਝ ਚੰਗਾ ਤੇ ਕੁਝ ਵੱਖਰਾ ਕਰਨਾ ਹੀ ਹੁਣ ਮੇਰੀ ਕੋਸ਼ਿਸ਼ ਹੈ |
••

ਪਿ੍ਅੰਕਾ ਚੋਪੜਾ ਧਿਆਨ ਕੈਰੀਅਰ ਦੀ ਮਜ਼ਬੂਤੀ ਵੱਲ

ਆਪਣੀ ਆਕਰਸ਼ਕ ਮੁਸਕਰਾਹਟ ਤੇ ਪ੍ਰਭਾਵਸ਼ਾਲੀ ਅਭਿਨੈ ਸ਼ੈਲੀ ਸਦਕਾ ਹਰ ਉਮਰ ਵਰਗ ਦੇ ਦਰਸ਼ਕਾਂ ਦੀ ਚਹੇਤੀ ਅਭਿਨੇਤਰੀ ਬਣ ਚੁੱਕੀ ਪਿ੍ਅੰਕਾ ਚੋਪੜਾ ਭਾਵੇਂ ਕਿ ਇਸ ਸਮੇਂ ਇੰਡਸਟਰੀ ਦੀਆਂ ਮਹਿੰਗੀਆਂ ਤੇ ਚਰਚਿਤ ਹੀਰੋਇਨਾਂ 'ਚੋਂ ਇਕ ਹੈ, ਬਾਵਜੂਦ ਇਸ ਦੇ ਉਸ ਦਾ ਆਖਣਾ ਹੈ ਕਿ ਆਪਣੇ ਕੈਰੀਅਰ ਦੀ ਸਥਿਤੀ ਨੂੰ ਲੈ ਕੇ ਉਹ ਹਮੇਸ਼ਾ ਫਿਕਰਮੰਦ ਰਹਿੰਦੀ ਹੈ ਤੇ ਇਸ ਨੂੰ ਮਜ਼ਬੂਤ ਰੱਖਣ ਲਈ ਪਾਏਦਾਰ ਫ਼ਿਲਮਾਂ ਦੀ ਭਾਲ 'ਚ ਰਹਿੰਦੀ ਹੈ | ਬਹੁਤੇ ਹੋਰਨਾਂ ਕਲਾਕਾਰਾਂ ਵਾਂਗ ਸਿਆਣਪ ਵਰਤਦੇ ਹੋਏ ਪਿ੍ਅੰਕਾ ਵੀ ਐਕਟਿੰਗ ਜ਼ਰੀਏ ਕਮਾਈ ਕਰਨ ਦੇ ਨਾਲ-ਨਾਲ ਨਾਲ ਹੋਰ ਸਾਧਨਾਂ ਦੁਆਰਾ ਵੀ ਮਾਇਆ ਇਕੱਠੀ ਕਰਨ ਵੱਲ ਤਵੱਜੋ ਦੇ ਰਹੀ ਹੈ | ਇਸ ਸਬੰਧ 'ਚ ਉਸ ਦਾ ਕਹਿਣਾ ਹੈ ਕਿ ਨੇੜ-ਭਵਿੱਖ 'ਚ ਜਦੋਂ ਉਸ ਕੋਲ ਫ਼ਿਲਮਾਂ ਦਾ ਕੰਮ ਘੱਟ ਹੋਵੇਗਾ ਤਾਂਇਹ ਪੈਸਾ ਉਸ ਦੇ ਜੀਵਨ ਨਿਰਬਾਹ ਲਈ ਕੰਮ ਆਵੇਗਾ | ਆਪਣੀਆਂ ਹੋਰ ਨਿਰਮਾਣਅਧੀਨ ਫ਼ਿਲਮਾਂ ਤੋਂ ਇਲਾਵਾ ਪਿ੍ਅੰਕਾ ਇਨ੍ਹੀਂ ਦਿਨੀਂ ਨਿਰਦੇਸ਼ਕ ਅਪੂਰਵ ਲਖੀਆ ਦੀ ਫ਼ਿਲਮ 'ਜੰਜ਼ੀਰ' ਨਾਲ ਵੀ ਦਰਸ਼ਕਾਂ ਦੇ ਧਿਆਨ 'ਚ ਹੈ | ਅਮਿਤਾਬ ਬੱਚਨ ਦੀ ਮੁੱਖ ਭੂਮਿਕਾ ਵਾਲੀ 'ਜੰਜ਼ੀਰ' ਦੀ ਰਿਮੇਕ ਇਸ ਨਵੀਂ ਫ਼ਿਲਮ 'ਚ ਉਸ ਨਾਲ ਅਰਜੁਨ ਰਾਮਪਾਲ ਤੇ ਬਾਲੀਵੁੱਡ ਦੇ ਕਈ ਹੋਰ ਨਾਮਚੀਨ ਸਿਤਾਰੇ ਅਹਿਮ ਕਿਰਦਾਰਾਂ 'ਚ ਵਿਖਾਈ ਦੇਣਗੇ |

-ਨਰਿੰਦਰ ਲਾਗੂ

'ਧੀ ਪੰਜਾਬ ਦੀ' : ਸਤਵਿੰਦਰ ਬਿੱਟੀ

ਪੰਜਾਬੀ ਗਾਇਕੀ 'ਚ ਸਤਵਿੰਦਰ ਬਿੱਟੀ ਦਾ ਨਾਂਅ ਹਰ ਪੰਜਾਬੀ ਦੇ ਬੁੱਲ੍ਹਾਂ 'ਤੇ ਅੱਜ ਵੀ ਚੜਿ੍ਹਆ ਹੋਇਆ ਹੈ ਤੇ ਖਾਸ ਕਰ 'ਧੰਨ ਤੇਰੀ ਸਿੱਖੀ' ਉਸ ਦੀ ਧਾਰਮਿਕ ਐਲਬਮ ਤਾਂਇਤਿਹਾਸ ਦਾ ਸੁਨਹਿਰੀ ਵਰਕਾ ਬਣਚੁੱਕੀ ਹੈ | ਤਕਦੀਰ ਦੀ ਬੁਲੰਦੀ ਦੇਖੋ ਕਿ ਫ਼ਿਲਮੀ ਪਰਦੇ 'ਤੇ ਨਾਇਕਾ ਪ੍ਰਧਾਨ ਤੇ ਸਮਾਜਿਕ ਵਿਸ਼ੇ ਵਾਲੀ ਮਨੋਰੰਜਕ ਫ਼ਿਲਮ 'ਧੀ ਪੰਜਾਬ ਦੀ' ਨਾਲ ਉਸ ਦੀ ਵਧੀਆ ਸ਼ੁਰੂਆਤ ਹੋਈ ਹੈ | ਇਸ ਫ਼ਿਲਮ ਦੇ ਸੈੱਟ 'ਤੇ ਉਹ ਕਹਿਣਲੱਗੀ ਕਿ ਮਨ 'ਮਦਰ ਇੰਡੀਆ' ਜਿਹੀ ਫ਼ਿਲਮ ਕਰਨ ਦਾ ਸੀ ਤੇ ਇਤਫਾਕ ਨਾਲ ਨੌਜਵਾਨ ਲੇਖਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸਿੰਘ ਨੇ 'ਧੀ ਪੰਜਾਬ ਦੀ' 'ਚ ਉਸ ਨੂੰ ਲੈ ਕੇ ਉਸ ਦੀ ਸਮਾਜ ਪ੍ਰਤੀ ਸੋਚ ਨੂੰ ਸਾਕਾਰ ਕੀਤਾ ਹੈ | ਜਸਪਿੰਦਰ ਚੀਮਾ, ਰੇਵ ਤੇ ਖੁਸ਼ੀ ਰਾਜਪੂਤ ਉਸ ਨਾਲ ਫ਼ਿਲਮ 'ਚ ਹਨ ਤੇ ਇਹ ਵੀ ਚੰਗੀ ਗੱਲ ਹੈ ਕਿ ਧੀਆਂਦੇ ਮਾਣ ਨੂੰ ਵਧਾਉਾਦੀ ਇਸ ਫ਼ਿਲਮ 'ਚ ਇਹ ਤਿੰਨ ਸਟਾਰ ਧੀਆਂ ਉਸ ਨਾਲ ਹਨ | ਅਰੁਣ ਬਖਸ਼ੀ ਜਿਹੇ ਸੀਨੀਅਰ ਕਲਾਕਾਰ ਨਾਲ ਕੰਮ ਕਰਨਾ, ਬੱਲੀ ਫ਼ਿਲਮਜ਼ ਦੇ ਯੂਨਿਟ ਦੀ ਬੇਮਿਸਾਲ ਮਿਹਨਤ ਤੇ ਫ਼ਿਲਮ 'ਚ ਟਾਈਟਲ ਗੀਤ ਗਾ ਕੇ ਬਿੱਟੀ ਪਾਲੀਵੁੱਡ 'ਚ ਸ਼ਾਨਦਾਰ ਆਗਾਜ਼ ਕਰ ਰਹੀ ਹੈ | ਹੈਰੀ ਆਹਲੂਵਾਲੀਆ, ਕਮਲ ਕੁਮਾਰ, ਸੁਰਿੰਦਰ ਤਬਲਾ ਵਾਦਕ, ਸਾਜੀਵ ਅੱਤਰੀ, ਜੈਜ਼ੀ ਲਾਹੌਰੀਆ, ਅਰਵਿੰਦਰ ਭੱਟੀ, ਤੇਜੀ ਸੰਧੂ ਤੇ ਸੁਰਜੀਤ ਧਾਮੀ ਵਰਗੇ ਸਿਤਾਰੇ ਵੀ ਸ਼ੂਟਿੰਗ ਦੌਰਾਨ ਸਤਵਿੰਦਰ ਬਿੱਟੀ ਦੀ ਫ਼ਿਲਮ ਲਈ ਲੁੱਕ ਤੇ ਅਭਿਨੈ ਦੇ ਮਰੀਦ ਬਣ ਗਏ | 'ਧੀ ਪੰਜਾਬ ਦੀ' ਨਾਲ ਪਾਲੀਵੁੱਡ 'ਚ ਨਵੀਂ ਪਾਰੀ ਸ਼ੁਰੂ ਕਰਕੇ ਬਹੁਤ ਕੁਝ ਕਰਨ ਦਾ ਵਿਸ਼ਵਾਸ ਸਤਵਿੰਦਰ ਬਿੱਟੀ ਨੇ ਪ੍ਰਗਟਾਇਆਹੈ |

ਅੰਮਿ੍ਤ ਪਵਾਰ

ਆਪਣੀ ਟੀਮ ਨੂੰ ਪ੍ਰਮੋਟ ਕਰਨ ਵਿਚ ਜੁਟੇ ਰਿਤੇਸ਼-ਜੇਨੇਲੀਆ

ਕਲ੍ਹ ਤੱਕ ਰਿਤੇਸ਼ ਦੇਸ਼ਮੁਖ ਆਪਣੀਆਂ ਫ਼ਿਲਮਾਂ ਨੂੰ ਪ੍ਰਮੋਟ ਕਰਦੇ ਨਜ਼ਰ ਆਉਂਦੇ ਸਨ | ਨਿਰਮਾਤਾ ਦੇ ਤੌਰ 'ਤੇ ਹਾਲ ਹੀ ਵਿਚ ਉਨ੍ਹਾਂ ਨੇ ਮਰਾਠੀ ਫ਼ਿਲਮ 'ਬਾਲਕ ਪਾਲਕ' ਬਣਾਈ ਅਤੇ ਜਦੋਂ ਇਸ ਫ਼ਿਲਮ ਦੀ ਰਿਲੀਜ਼ ਦੀ ਵਾਰੀ ਆਈ ਤਾਂ ਰਿਤੇਸ਼ ਨੇ ਇਸ ਨੂੰ ਵੀ ਜ਼ੋਰਾਂ-ਸ਼ੋਰਾਂ ਨਾਲ ਪ੍ਰਮੋਟ ਕੀਤਾ | ਹੁਣ ਰਿਤੇਸ਼ ਮਰਾਠੀ ਕਲਾਕਾਰਾਂ ਵੱਲੋਂ ਬਣਾਈ ਗਈ ਕ੍ਰਿਕਟ ਟੀਮ 'ਵੀਰ ਮਰਾਠੀ' ਦੇ ਕਪਤਾਨ ਬਣ ਗਏ ਹਨ ਅਤੇ ਆਪਣੀ ਇਸ ਕ੍ਰਿਕਟ ਟੀਮ ਨੂੰ ਪ੍ਰਮੋਟ ਕਰਨ ਵਿਚ ਉਹ ਰੁੱਝੇ ਹੋਏ ਹਨ | ਆਈ. ਪੀ. ਐਲ. ਦੀ ਤਰਜ਼ 'ਤੇ ਸੀ. ਸੀ. ਐਲ. ਭਾਵ ਸੈਲੀਬਿ੍ਟੀ ਕ੍ਰਿਕਟ ਲੀਗ ਦਾ ਗਠਨ ਕੀਤਾ ਗਿਆ ਹੈ | ਹਿੰਦੀ, ਬੰਗਲਾ ਤੇ ਦੱਖਣ ਦੇ ਕਲਾਕਾਰਾਂ ਨੂੰ ਲੈ ਕੇ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਹ ਆਪਸ ਵਿਚ ਮੈਚ ਖੇਡਦੀਆਂ ਹਨ | ਇਨ੍ਹਾਂ ਮੈਚਾਂ ਦਾ ਪ੍ਰਸਾਰਨ ਸਟਾਰ ਗਰੁੱਪ ਦੇ ਚੈਨਲਾਂ 'ਤੇ ਵੀ ਹੁੰਦਾ ਹੈ | ਹੁਣ ਸੀ. ਸੀ. ਐਲ. ਵਿਚ ਦੋ ਨਵੀਂਆਂ ਟੀਮਾਂ ਸ਼ਾਮਿਲ ਕੀਤੀਆਂ ਗਈਆਂ ਹਨ | ਇਹ ਹਨ ਭੋਜਪੁਰੀ ਫ਼ਿਲਮਾਂ ਦੇ ਕਲਾਕਾਰਾਂ ਨੂੰ ਲੈ ਕੇ ਬਣੀ 'ਭੋਜਪੁਰੀ ਦਬੰਗ' ਅਤੇ ਮਰਾਠੀ ਫ਼ਿਲਮ ਦੇ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ ਟੀਮ ਹੈ 'ਵੀਰ ਮਰਾਠੀ' | ਆਪਣੀ ਟੀਮ ਦੀ ਕਪਤਾਨੀ ਕਰਨ ਦੇ ਅਨੁਭਵ ਬਾਰੇ ਰਿਤੇਸ਼ ਕਹਿੰਦੇ ਹਨ, 'ਜਦੋਂ ਮੇਰੀ ਕਿਸੇ ਫ਼ਿਲਮ ਦੀ ਰਿਲੀਜ਼ ਦਾ ਸਮਾਂ ਨੇੜੇ ਆਉਂਦਾ ਹੈ ਤਾਂ ਮੈਂ ਦਬਾਅ ਮਹਿਸੂਸ ਕਰਨ ਲੱਗਦਾ ਹਾਂ | ਉਸੇ ਤਰ੍ਹਾਂ ਜਿਸ ਦਿਨ ਅਸੀਂ ਮੈਚ ਖੇਡਣਾ ਹੁੰਦਾ ਹੈ ਤਾਂ ਉਦੋਂ ਵੀ ਖੁਦ 'ਤੇ ਭਾਰੀ ਦਬਾਅ ਮਹਿਸੂਸ ਕਰਦਾ ਹਾਂ | ਉਹ ਇਸ ਲਈ ਕਿਉਂਕਿ ਹਰ ਕੋਈ ਸਾਡੇ ਤੋਂ ਚੰਗੇ ਪ੍ਰਦਰਸ਼ਨ ਤੇ ਜਿੱਤ ਦੀ ਉਮੀਦ ਰੱਖਦਾ ਹੈ | ਸਾਡੀ ਟੀਮ ਨੂੰ ਕੁਝ ਕੰਪਨੀਆਂ ਵੱਲੋਂ ਸਪਾਂਸਰ ਵੀ ਕੀਤਾ ਗਿਆ ਹੈ | ਸੋ, ਉਨ੍ਹਾਂ ਦਾ ਦਬਾਅ ਵੀ ਬਣਿਆ ਰਹਿੰਦਾ ਹੈ | ਫਿਰ ਵੀ ਮੈਂ ਇਹ ਕਹਾਂਗਾ ਕਿ ਇਨ੍ਹਾਂ ਮੈਚਾਂ ਦੀ ਬਦੌਲਤ ਮੈਨੂੰ ਉਨ੍ਹਾਂ ਕਲਾਕਾਰਾਂ ਦੀ ਪਛਾਣ ਵਿਚ ਆਉਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਦਾ ਮੈਂ ਫੈਨ ਰਿਹਾ ਹਾਂ | ਮੇਰੇ ਪਸੰਦੀਦਾ ਅਦਾਕਾਰ ਮੋਹਨ ਲਾਲ ਕੇਰਲ ਦੀ ਟੀਮ ਤੋਂ ਹਨ |
'ਵੀਰ ਮਰਾਠੀ' ਟੀਮ ਨੂੰ ਪ੍ਰਮੋਟ ਕਰਨ ਵਿਚ ਰਿਤੇਸ਼ ਦੀ ਪਤਨੀ ਜੈਨੇਲੀਆ ਵੀ ਆਪਣੇ ਪਤੀ ਨੂੰ ਪੂਰਾ ਸਹਿਯੋਗ ਦੇ ਰਹੀ ਹੈ | ਜਦੋਂ ਕਦੀ 'ਵੀਰ ਮਰਾਠੀ' ਦੀ ਟੀਮ ਆਪਣਾ ਮੈਚ ਖੇਡ ਰਹੀ ਹੁੰਦੀ ਹੈ ਤਾਂ ਜੈਨੇਲੀਆ ਸਟੇਡੀਅਮ ਵਿਚ ਪਹੁੰਚ ਜਾਂਦੀ ਹੈ |

-ਇੰਦਰਮੋਹਨ ਪੰਨੂੰ

ਕਿਵੇਂ ਬਣੀ ਚਾਰ ਆਸਕਰ ਜੇਤੂ ਫ਼ਿਲਮ 'ਲਾਈਫ਼ ਆਫ਼ ਪਾਈ'

ਇਸ ਵਾਰ ਫ਼ਿਲਮ 'ਲਾਈਫ਼ ਆਫ ਪਾਈ' ਚਾਰ ਆਸਕਰ ਐਵਾਰਡ ਜਿੱਤਣ 'ਚ ਸਫ਼ਲ ਰਹੀ ਹੈ | ਇਸ ਫਿਲਮ ਨੂੰ ਸਰਬੋਤਮ ਨਿਰਦੇਸ਼ਨ (ਆਂਗ ਲੀ), ਸਰਬੋਤਮ ਸੰਗੀਤ (ਮਾਈਕਲ ਡਾਨਾ), ਸਰਬੋਤਮ ਸਿਨੇਮਾਟੋਗ੍ਰਾਫ਼ੀ (ਕਲੌਡੀਆ ਮਿਰਾਂਡਾ) ਅਤੇ ਸਰਬੋਤਮ ਵਿਜ਼ੂਅਲ ਇਫੈਕਟਸ (ਬਿਲ ਵੈਸਟਨਹੋਫਰ ਤੇ ਸਾਥੀ) ਮਿਲੇ ਹਨ | ਇਹ ਫਿਲਮ ਕੈਨੇਡਾ ਦੇ ਲੇਖਕ ਯਾਨ ਮਾਰਟਲ ਦੇ ਬੁੱਕਰ ਇਨਾਮ ਜੇਤੂ ਨਾਵਲ 'ਤੇ ਆਧਾਰਿਤ ਹੈ | ਆਂਗ ਲੀ ਇਸ ਤੋਂ ਪਹਿਲਾਂ ਵੀ ਆਸਕਰ ਇਨਾਮ ਜਿੱਤ ਚੁੱਕੇ ਹਨ ਤੇ ਉਨ੍ਹਾਂ ਦੀਆਂ ਫਿਲਮਾਂ ਕਰੌਚਿੰਗ ਟਾਈਗਰ, ਹਿਡਨ ਡਰੈਗਨ ਅਤੇ ਬਰੁਕਬੈਕ ਮਾਉਨਟੇਨ ਵੀ ਚਰਚਾ 'ਚ ਰਹਿ ਚੁੱਕੀਆਂ ਹਨ | ਹੁਣ ਉਨ੍ਹਾਂ ਦੀ ਨਿਰਦੇਸ਼ਤ ਕੀਤੀ ਫਿਲਮ 'ਲਾਈਫ਼ ਆਫ਼ ਪਾਈ' ਨੇ ਚਾਰ ਆਸਕਰ ਇਨਾਮ ਜਿੱਤ ਕੇ ਮੁੜ ਤਹਿਲਕਾ ਮਚਾ ਦਿੱਤਾ ਹੈ | ਚੇਤੇ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਇਸ ਫਿਲਮ ਨੇ ਬੀਤੇ ਸਾਲ ਭਾਰਤ ਵਿਚ 60 ਕਰੋੜ ਡਾਲਰ ਅਤੇ ਵਿਸ਼ਵ ਪੱਧਰ 'ਤੇ 450 ਮਿਲੀਅਨ ਡਾਲਰ ਦਾ ਵਪਾਰ ਕੀਤਾ ਸੀ | ਇਸ ਫਿਲਮ ਵਿਚ ਮੁੱਖ ਦੋ ਕਿਰਦਾਰ ਹਨ ਇਕ ਲੜਕਾ ਅਤੇ ਇਕ ਬਾਘ | ਸਮੁੰਦਰ ਵਿਚ ਇਹ ਕਿਸ਼ਤੀ ਉੱਪਰ ਕਾਫੀ ਸਮਾਂ ਇਕੱਠਿਆਂ ਬਿਤਾਉਂਦੇ ਹਨ | ਨਾਵਲ ਦੇ ਲੇਖਕ ਯਾਨ ਮਾਰਟਲ ਦਾ ਕਹਿਣਾ ਹੈ ਕਿ ਨਾਵਲ ਲਿਖਣ ਸਮੇਂ ਮੇਰੇ ਮਨ ਵਿਚ ਇਸ ਦੇ ਫਿਲਮਾਏ ਜਾਣ ਬਾਰੇ ਬਿਲਕੁਲ ਖਿਆਲ ਨਹੀਂ ਸੀ | ਮੈਂ ਤਾਂ ਸੱਭਿਆਚਾਰਕ ਤੌਰ 'ਤੇ ਅਮੀਰ ਵਿਰਾਸਤ ਦੇ ਮਾਲਕ ਤੇ ਧਾਰਮਿਕ ਦੇਸ਼ ਭਾਰਤ ਬਾਰੇ ਲਿਖਣਾ ਚਾਹਿਆ ਸੀ | ਇਸੇ ਕਰਕੇ ਮੇਰੀ ਕਹਾਣੀ ਭਾਰਤ, ਧਰਮ, ਇਕ ਚਿੜੀਆ ਘਰ ਅਤੇ ਨੁਕਸਾਨੇ ਗਏ ਸਮੁੰਦਰੀ ਜਹਾਜ਼ ਬਾਰੇ ਹੈ | ਲੇਖਕ ਦੱਸਦਾ ਹੈ 90ਵਿਆਂ 'ਚ ਮੈਂ ਤੰਗਦਸਤੀ ਦਾ ਸ਼ਿਕਾਰ ਹੋ ਗਿਆ ਸੀ ਕਿਉਂਕਿ ਮੇਰੀਆਂ ਦੋ ਕਿਤਾਬਾਂ ਦੀ ਬਹੁਤੀ ਵਿੱਕਰੀ ਨਹੀਂ ਸੀ ਹੋਈ | ਮੈਨੂੰ ਨਹੀਂ ਸੁਝ ਰਿਹਾ ਸੀ ਕਿ ਮੈਂ ਕਿੱਥੇ ਜਾਵਾਂ ਤੇ ਕੀ ਕਰਾਂ | ਅਗਲੀ ਕਿਤਾਬ ਬਾਰੇ ਇਹ ਸੋਚ ਕੇ ਡਰ ਜਾਂਦਾ ਸੀ ਕਿ ਜੇ ਕਿਤੇ ਇਹਦੀ ਵੀ ਚੰਗੀ ਵਿੱਕਰੀ ਨਾ ਹੋਈ ਤਾਂ... | ਫਿਰ ਮੈਂ ਸੋਚਿਆ ਕਿ ਮੈਂ ਇਕ ਵਾਰ ਯਤਨ ਕਰਦਾ ਹਾਂ ਜੇ ਸਫਲ ਨਾ ਹੋਇਆ ਤਾਂ ਸੁਪਨੇ ਲੈਣੇ ਛੱਡ ਦਿਆਂਗਾ ਕਿਤੇ ਨੌਕਰੀ ਕਰ ਲਵਾਂਗਾ |
ਮਾਰਟਲ ਦਾ ਕਹਿਣਾ ਹੈ ਕਿ ਮੈਂ ਭਾਰਤੀ ਧਰਤੀ 'ਤੇ ਤਿੰਨ ਵਾਰ ਆਇਆ ਤੇ ਲਗਭਗ 13 ਮਹੀਨੇ ਇਥੇ ਗੁਜ਼ਾਰੇ | ਇਥੇ ਮੈਂ ਇਸ ਲਈ ਆਉਂਦਾ ਰਿਹਾ ਕਿਉਂਕਿ ਭਾਰਤ ਸੱਭਿਆਚਾਰਕ ਤੌਰ 'ਤੇ ਸਦੀਆਂ ਤੋਂ ਹੀ ਬਹੁਤ ਅਮੀਰ ਦੇਸ਼ ਹੈ ਤੇ ਆਰਥਿਕ ਤੌਰ 'ਤੇ ਵੀ ਉੱਭਰ ਰਿਹਾ ਹੈ | ਇਥੋਂ ਦਾ ਸੱਭਿਆਚਾਰ ਹੈ ਵੀ ਸਭ ਤੋਂ ਪੁਰਾਣਾ | ਇਥੇ ਗਲੀਆਂ 'ਚ ਫਿਰਦੇ ਹਾਥੀ ਤੇ ਥਾਂ-ਥਾਂ ਘੁੰਮਦੇ ਬਾਂਦਰ ਆਮ ਹੀ ਨਜ਼ਰੀਂ ਪੈ ਜਾਂਦੇ ਹਨ | ਸਭ ਦੇਖਦਿਆਂ ਹੀ ਆਪਣੀ ਦੂਜੀ ਯਾਤਰਾ ਦੌਰਾਨ ਇਕ ਨਾਵਲ ਦਾ ਪਲਾਟ ਮੇਰੇ ਜ਼ਿਹਨ ਵਿਚ ਆ ਗਿਆ ਜੋ 'ਲਾਈਫ਼ ਆਫ ਪਾਈ' ਦੇ ਰੂਪ 'ਚ ਤੁਹਾਡੇ ਸਾਹਮਣੇ ਹੈ | ਇਹ ਇਕ ਨੌਜਵਾਨ ਪਾਈ ਦੀ ਸਮੁੰਦਰੀ ਯਾਤਰਾ ਦੀ ਕਹਾਣੀ ਹੈ ਇਹ ਜਿਸ ਵਿਚ ਉਸ ਦਾ ਪਰਿਵਾਰ ਤੁਫਾਨ ਕਾਰਨ ਡੁੱਬ ਜਾਂਦਾ ਹੈ ਪਰ ਪਾਈ ਬਚ ਜਾਂਦਾ ਹੈ | ਹੁੰਦਾ ਇੰਜ ਹੈ ਕਿ ਪਾਈ ਕਿਸੇ ਤਰ੍ਹਾਂ ਬਾਘ 'ਚ ਦਿਲਚਸਪੀ ਰੱਖਦਾ ਹੁੰਦਾ ਹੈ |
ਜਦੋਂ ਉਸ ਦਾ ਪਿਤਾ ਜੋ ਚਿੜੀਆਘਰ ਦਾ ਮਾਲਕ ਹੁੰਦਾ ਹੈ ਕਿਸ਼ਤੀ ਰਾਹੀਂ ਕੈਨੇਡਾ ਜਾਣ ਦਾ ਫੈਸਲਾ ਕਰਦਾ ਹੈ ਤਾਂ ਉਹ ਜਾਨਵਰ ਵੀ ਆਪਣੇ ਨਾਲ ਲੈ ਕੇ ਜਾਣ ਦਾ ਫੈਸਲਾ ਕਰਦਾ ਹੈ | ਕਿਸ਼ਤੀ ਤੁਫਾਨ 'ਚ ਘਿਰ ਜਾਂਦੀ ਹੈ | ਉਸ ਦੇ ਪਰਿਵਾਰਕ ਮੈਂਬਰ ਮਾਰੇ ਜਾਂਦੇ ਹਨ | ਬਚਦੇ ਹਨ ਪਾਈ ਤੇ ਬਾਘ ਜੋ ਆਪਣਾ ਜੀਵਨ ਬਚਾਉਣ ਲਈ ਲੜਦੇ ਹਨ | ਉਨ੍ਹਾਂ ਦਰਮਿਆਨ ਹੋਏ ਜੀਵਨ ਬਚਾਊ ਸੰਘਰਸ਼ ਨੂੰ ਫਿਲਮ 'ਚ ਨਿਰਦੇਸ਼ਕ ਨੇ ਦਿਖਾਇਆ ਗਿਆ ਹੈ | ਲੇਖਕ ਦੱਸਦਾ ਹੈ ਕਿ ਫਿਲਮ 'ਚ ਜਹਾਜ਼ ਦੇ ਡੁੱਬਣ ਤੇ ਆਏ ਤੁਫਾਨ ਨੂੰ ਬੜੇ ਭਾਵਪੂਰਤ ਤਰੀਕੇ ਨਾਲ ਫਿਲਮਾਇਆ ਹੈ ਜਦ ਕਿ ਨਾਵਲ ਵਿਚ ਇਸ ਦਾ ਵਰਨਣ ਨਹੀਂ ਸੀ | ਜਹਾਜ਼ ਡੁੱਬਣ ਬਾਰੇ ਮੈਂ ਨਾਵਲ ਵਿਚ ਮਸਾਂ ਤਿੰਨ ਸ਼ਬਦ ਲਿਖੇ ਸਨ | ਫਿਲਮ ਵਿਚ ਪਾਈ ਦੀ ਭੂਮਿਕਾ ਦਿੱਲੀ ਦੇ ਸੂਰਜ ਸ਼ਰਮਾ ਨੇ ਨਿਭਾਈ ਹੈ | ਉਂਜ ਇਸ ਫਿਲਮ ਵਿਚ ਅਭਿਨੇਤਰੀ ਤੱਬੂ ਅਤੇ ਇਰਫਾਨ ਖਾਨ ਨੇ ਵੀ ਕਿਰਦਾਰ ਨਿਭਾਏ ਹਨ |

'ਨਿਰਮਲ ਸਿੱਧੂ ਦਾ ਭੰਗੜਾ ਸਟਾਰ' ਨਾਲ ਚੁਫੇਰੇ ਚਰਚਾ 'ਚ ਨਿਰਮਲ ਸਿੱਧੂ

ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਕਿਸੇ ਰਸਮੀ ਤੁਆਰਫ਼ ਦਾ ਮੁਹਤਾਜ ਨਹੀਂ ਹੈ | ਉਸਦਾ ਨਾਂਅ ਹੀ ਉਸਦੀ ਪਹਿਚਾਣ ਦਾ ਜਾਮਨ ਹੈ | ਨਿਰਮਲ ਸਿੱਧੂ ਸੰਗੀਤ ਲਈ ਬਣਿਆ ਹੈ ਅਤੇ ਸੰਗੀਤ ਉਸ ਲਈ | ਉਹ ਕਰੀਬ ਢਾਈ ਦਹਾਕਿਆਂ ਤੋਂ ਸੰਗੀਤ ਦੀ ਬੰਦਗੀ ਕਰ ਰਿਹਾ ਹੈ | ਨਿਰਮਲ ਪੰਜਾਬੀ ਦੇ ਉਨ੍ਹਾਂ ਪੋਟਿਆਂ 'ਤੇ ਗਿਣੇ ਜਾਣ ਵਾਲੇ ਗਾਇਕਾਂ 'ਚੋਂ ਹੈ ਜਿਨ੍ਹਾਂ ਦੇ ਗੀਤ ਬੀਬੀਸੀ 'ਤੇ ਵੱਜੇ ਹਨ | ਆਪਣੇ ਗੀਤਾਂ ਜ਼ਰੀਏ ਲੰਡਨ ਵਰਗੇ ਸ਼ਹਿਰਾਂ 'ਚ 'ਭੰਗੜਾ ਸਟਾਰ' ਦੇ ਨਾਂਅ ਨਾਲ ਮਸ਼ਹੂਰ ਨਿਰਮਲ ਹੁਣ ਇਸੇ ਨਾਂਅ ਹੇਠ ਹੀ ਆਪਣੀ ਨਵੀਂ ਕੈਸਿਟ 'ਨਿਰਮਲ ਸਿੱਧੂ-ਦਾ ਭੰਗੜਾ ਸਟਾਰ' ਲੈ ਕੇ ਚਾਰਾਂ ਸਾਲਾਂ ਬਾਅਦ ਭਾਰਤੀ ਸਰੋਤਿਆਂ ਦੇ ਸਨਮੁਖ ਹੋਇਆ ਹੈ | ਇਸ ਕੈਸਿਟ ਨੂੰ ਵਿਦੇਸ਼ਾਂ 'ਚ ਸੰਗੀਤਕ ਕੰਪਨੀ 'ਵੀਆਈਪੀ ਰਿਕਾਰਡਜ਼' ਵਲੋਂ ਰਿਲੀਜ਼ ਕੀਤਾ ਗਿਆ ਹੈ ਜਦਕਿ ਭਾਰਤ 'ਚ ਟੀ-ਸੀਰੀਜ਼ ਵਲੋਂ ਇਸ ਕੈਸਿਟ ਨੂੰ ਬਜ਼ਾਰ 'ਚ ਉਤਾਰਿਆ ਗਿਆ ਹੈ | ਨਿਰਮਲ ਦੀ ਇਸ ਕੈਸਿਟ ਨੂੰ ਚੁਫੇਰਿਓਾ ਮਿਲ ਰਹੇ ਹੁੰਗਾਰੇ ਨੇ ਜਿਥੇ ਉਸਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ ਹਨ, ਉਥੇ ਲੱਚਰ ਗਾਇਕੀ ਦੇ ਲੜ ਲੱਗੇ ਗਾਇਕਾਂ ਨੂੰ ਵੀ ਸਬਕ ਦਿੱਤਾ ਹੈ ਕਿ ਲੱਚਰਤਾ ਦੀ ਹਨੇਰੀ 'ਚ ਸੱਭਿਅਤਾ ਦਾ ਦੀਵਾ ਬਾਲਣ ਵਾਲੇ ਵੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ | ਨਿਰਮਲ ਦੀ ਇਸ ਕੈਸਿਟ 'ਚ ਵੱਖ ਵੱਖ ਸੁਭਾਅ ਦੇ 8 ਗੀਤ ਹਨ | ਨਿਰਮਲ ਨੇ ਵੱਡਾ ਰਿਸਕ ਲੈਂਦਿਆਂ ਇਸ ਕੈਸਿਟ 'ਚ ਆਪਣੇ ਸਾਰੇ ਗੀਤਾਂ ਦਾ ਸੰਗੀਤ ਵੱਖ-ਵੱਖ ਸੰਗੀਤਕਾਰਾਂ ਤੋਂ ਤਿਆਰ ਕਰਵਾਇਆ ਹੈ, ਜਿਨ੍ਹਾਂ 'ਚ ਬਹੁਤੇ ਨਵੇਂ ਸੰਗੀਤਕਾਰ ਹਨ | ਨਿਰਮਲ ਨੇ ਇਸ 'ਚ ਕੁਝ ਪੁਰਾਣੀਆਂ ਯਾਦਾਂ ਵੀ ਰਿਕਾਰਡ ਕੀਤੀਆਂ ਹਨ | ਅਮਰ ਸਿੰਘ ਸ਼ੌਕੀ ਦਾ 'ਮਿਰਜ਼ਾ' ਨਵੇਂ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਸਰੋਤੇ ਭਰਵਾਂ ਹੁੰਗਾਰਾ ਦੇ ਰਹੇ ਹਨ | ਇੰਦਰਜੀਤ ਹਸਨਪੁਰੀ ਦੀ ਰਚਨਾ 'ਹੋਇਆ ਕੀ ਜੇ ਕੁੜੀ ਏਾ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ' ਵੀ ਇਸ ਕੈਸਿਟ ਦਾ ਹਿੱਸਾ ਹੈ | ਬਾਕੀ ਗੀਤ ਵੀ ਵੱਖ-ਵੱਖ ਸੁਭਾਅ ਦੇ ਹਨ | ਕੈਸਿਟ ਵਿਚਲੇ ਦੋ ਹੋਰ ਗੀਤ 'ਸਾਡਾ ਵਿਰਸਾ ਵਿਸਰਦਾ ਜਾਵੇ' ਅਤੇ 'ਬੋਤਲ ਵਾਲੀ ਨਹੀਂ ਚੜ੍ਹਦੀ' ਨੂੰ ਵੀ ਕਾਫੀ ਹੁੰਗਾਰਾ ਮਿਲ ਰਿਹਾ ਹੈ | ਬਾਕੀ ਗੀਤ ਵੀ ਹੌਲੀ-ਹੌਲੀ ਸਰੋਤਿਆਂ ਦੀ ਜ਼ੁਬਾਨ 'ਤੇ ਚੜ੍ਹਨ ਲੱਗੇ ਹਨ | ਫ਼ਰੀਦਕੋਟ ਦੇ ਪਿੰਡ ਟਹਿਣਾ ਦਾ ਜੰਮਪਲ ਅਤੇ ਜਲੰਧਰ ਤੇ ਇੰਗਲੈਂਡ ਨੂੰ ਆਪਣੀ ਕਰਮ-ਭੂਮੀ ਬਣਾ ਚੁੱਕਾ ਨਿਰਮਲ ਪੰਜਾਬੀ ਗਾਇਕੀ 'ਚ ਇਸੇ ਤਰ੍ਹਾਂ ਆਪਣਾ ਬਣਦਾ ਯੋਗਦਾਨ ਪਾਉਂਦਾ ਰਹੇਗਾ, ਇਹ ਸਾਡਾ ਪੂਰਨ ਵਿਸ਼ਵਾਸ ਹੈ |

-ਸਪਨ ਮਨਚੰਦਾ
Sapan243330gmail.com

ਅਮੀਸ਼ਾ ਪਟੇਲ ਸਮਝਦਾਰੀ ਦੀ ਲੋੜ

ਅੱਧਖੜ ਹੋਣ ਜਾ ਰਹੀ ਅਮੀਸ਼ਾ ਪਟੇਲ ਨੇ ਆਪਣੇ ਸਰੀਰ ਨੂੰ ਇਸ ਕਦਰ ਸੰਭਾਲਿਆ ਹੈ ਕਿ ਉਹ 37 ਵਰਿ੍ਹਆਂ ਦੀ ਨਹੀਂ ਬਲਕਿ 22 ਕੁ ਸਾਲ ਦੀ ਲੱਗਦੀ ਹੈ | 13 ਵਰਿ੍ਹਆਂ ਤੋਂ ਰੰਗੀਨ ਦੁਨੀਆ ਦਾ ਹਿੱਸਾ ਬਣੀ ਅਮੀਸ਼ਾ ਇਸ ਸਮੇਂ ਨਵੀਂ ਫ਼ਿਲਮ 'ਰਨ-ਭੋਲਾ-ਰਨ' ਲਈ ਸਾਰਾ ਸਮਾਂ ਦੇ ਰਹੀ ਹੈ | ਇਕ ਹੋਰ ਫ਼ਿਲਮ 'ਦੋ ਲੱਕੀ' ਵੀ ਅਮੀਸ਼ਾ ਦੇ ਕੋਲ ਹੈ | 'ਰੇਸ-2' ਦੀ ਕਾਮਯਾਬੀ ਨੇ ਉਸ ਦੇ ਮੁੱਖੜੇ 'ਤੇ ਨੂਰ ਲੈ ਆਂਦਾ ਹੈ | ਇਹ ਵੱਖਰੀ ਗੱਲ ਹੈ ਕਿ 'ਰੇਸ-2' ਦੇ ਪ੍ਰਚਾਰ ਸਮੇਂ ਫ਼ਿਲਮ ਵਾਲਿਆਂ ਨੇ ਅਮੀਸ਼ਾ ਨੂੰ ਅੱਖੋਂ ਪਰੋਖਿਆਂ ਕਰਨ ਪਿੱਛੇ ਅਸਲ ਸੋਚ ਸੀ ਕਿ ਅਮੀਸ਼ਾ ਪੁਰਾਣੀ ਹੈ ਨਵਿਆਂ 'ਤੇ ਦਾਅ ਖੇਡਿਆ ਜਾਵੇ | ਕੁਝ ਵੀ ਹੋਵੇ ਅਮੀਸ਼ਾ ਨੂੰ 'ਰੇਸ-2' ਦਾ ਲਾਭ ਹੋਇਆ ਹੈ | ਸੰਨੀ ਦਿਓਲ ਨਾਲ ਵੱਡੀ ਫ਼ਿਲਮ 'ਸਿੰਘ ਸਾਹਿਬ ਦੀ ਗਰੇਟ' ਇਸ ਸਾਲ ਆਉਣੀ ਹੈ, ਸੰਨੀ ਨਾਲ 'ਗ਼ਦਰ' ਉਸ ਕੀਤੀ ਜਿਸ ਨੇ ਥੀਏਟਰ 'ਚ ਸਫ਼ਲਤਾ ਦਾ ਗ਼ਦਰ ਮਚਾ ਕੇ ਅਮੀਸ਼ਾ-ਅਮੀਸ਼ਾ ਫਿਰ ਕਰਵਾ ਦਿੱਤੀ ਸੀ | ਸ਼ੁਰੂਆਤ ਚੰਗੀ ਹੋਣ ਦੇ ਬਾਵਜੂਦ ਅਮੀਸ਼ਾ ਕਿਸਮਤ ਦੀ ਮਾਰ ਕਰਕੇ ਪਛੜ ਗਈ | ਬਾਕੀ ਉਸ ਨੇ ਅੰਨ੍ਹੇਵਾਹ ਫ਼ਿਲਮਾਂ ਚੁਣ ਲਈਆਂ ਸਨ | ਅਮੀਸ਼ਾ ਲਈ ਮਾੜੀ ਖ਼ਬਰ ਇਹ ਹੈ ਕਿ ਸ਼ਾਇਦ 'ਸਿੰਘ ਸਾਹਿਬ ਦੀ ਗਰੇਟ' 'ਚੋਂ ਉਸ ਦੀਆਂ ਕਰਤੂਤਾਂ ਕਾਰਨ ਉਸ ਨੂੰ ਬਾਹਰ ਕਰ ਦਿੱਤਾ ਜਾਏ | ਫਿਰ ਉਸ ਕੋਲ 'ਪਾਵਰ' ਨਾਂਅ ਦੀ ਫ਼ਿਲਮ ਹੀ ਰਹਿ ਜਾਵੇਗੀ | ਹਾਂ, 'ਭਈਆ ਜੀ ਸੁਪਰ ਹਿੱਟ' ਜ਼ਰੂਰ ਕ੍ਰਿਸ਼ਮਾ ਕਰ ਸਕਦੀ ਹੈ ਪਰ ਆਪਣੇ ਪੈਰੀਂ ਆਪ ਕੁਹਾੜੀ ਮਾਰ ਕੇ ਅਮੀਸ਼ਾ ਪਟੇਲ ਖ਼ੁਦ ਗਰਦਿਸ਼ 'ਚ ਜਾਵੇ ਤਾਂ ਕਿਸੇ ਨੂੰ ਕੀ ਦੋਸ਼... |

ਸੋਨਾਕਸ਼ੀ ਸਿਨਹਾ

'ਰੱਜੋ' ਕੋਲ ਇਸ ਸਮੇਂ ਸਭ ਕੁਝ ਰੱਜਵਾਂ ਹੈ | ਅਕਸ਼ੈ ਨਾਲ ਹਿੱਟ, ਅਜੈ ਦੇਵਗਨ ਨਾਲ ਸੁਪਰ ਡੁਪਰ ਹਿੱਟ ਤੇ ਸਲਮਾਨ ਖਾਨ ਨਾਲ ਡੁਪਰ ਹਿੱਟ ਸੋਨਾਕਸ਼ੀ ਸਿਨਹਾ ਸਭ ਤੋਂ ਵੱਧ ਰੁਝੇਵੇਂ ਵਾਲੀ ਕਾਮਯਾਬ ਘੱਟ ਉਮਰ ਦੀ ਨਾਇਕਾ ਬਣ ਚੁੱਕੀ ਹੈ | ਚਮੜੇ ਦੀ ਪੈਂਟ ਤੇ ਪੁਰਾਣੇ ਰਿਵਾਜ਼ ਦਾ ਪਹਿਰਾਵਾ ਪਹਿਨ ਕੇ ਸੋਨਾਕਸ਼ੀ ਨੇ ਚਿਨੀ ਪ੍ਰਕਾਸ਼ ਦੇ ਨਿਰਦੇਸ਼ਨ ਹੇਠ 'ਥੈਂਕ ਗਾਡ ਇਟੀਜ਼ ਫਰਾਈਡੇ' ਗਾਣੇ 'ਤੇ ਕਮਾਲ ਦੇ ਠੁਮਕੇ ਲਾਏ ਹਨ | ਰੀਮੇਕ 'ਹਿੰਮਤ ਵਾਲਾ' ਦੇ ਡਿਸਕੋ ਗੀਤ 'ਚ ਸੋਨਾਕਸ਼ੀ ਨੇ ਜਾਨ ਪਾ ਦਿੱਤੀ ਹੈ | ਖਾਸ ਤੌਰ 'ਤੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀਆਂ ਸੇਵਾਵਾਂ ਲੈ ਕੇ ਸੋਨਾਕਸ਼ੀ ਨੇ ਪਹਿਲਾਂ ਪ੍ਰਵੀਨ ਬਾਬੀ ਤੇ ਸ੍ਰੀਦੇਵੀ ਦੇ ਪੁਰਾਣੇ ਗਾਣੇ ਦੇਖੇ | ਕਾਫੀ ਹੱਦ ਤੱਕ ਆਪਣੇ ਨਾਚ ਨੂੰ ਉਨ੍ਹਾਂ ਦੀ ਸ਼ੈਲੀ 'ਚ ਉਸ ਨੇ ਰੱਖਿਆ ਹੈ | ਹਰ ਫ਼ਿਲਮ ਲਈ ਕੁਝ ਨਾ ਕੁਝ ਵੱਖਰਾ ਉਹ ਕਰ ਰਹੀ ਹੈ | ਪਹਿਲੀ ਵਾਰ ਸੈਫ ਅਲੀ ਖਾਨ ਨਾਲ ਰੁਮਾਂਟਿਕ ਭੂਮਿਕਾ 'ਬੁਲੇਟ ਰਾਜਾ' 'ਚ ਨਿਭਾਅ ਰਹੀ ਸੋਨਾਕਸ਼ੀ ਮੁੜ ਦੇਸੀ ਕੁੜੀ ਵਜੋਂ ਦਿਖਾਈ ਦੇਵੇਗੀ | 'ਬੁਲੇਟ ਰਾਜਾ' 'ਚ ਬੰਗਾਲੀ ਸਾੜ੍ਹੀ ਤੇ ਲਾਲ ਬਿੰਦੀ ਨਵਾਂ ਫੈਸ਼ਨ ਵਿਕਸਿਤ ਕਰੇਗੀ, ਉਸ ਨੂੰ ਯਕੀਨ ਹੈ | 'ਬੁਲੇਟ ਰਾਜਾ' ਤੋਂ ਇਲਾਵਾ ਤੇਲਗੂ ਦੀ 'ਸ਼ਿਵਮ' ਤੇ 'ਲੁਟੇਰਾ' 'ਚ ਵੀ ਉਸ ਦਾ ਵੱਖਰਾ ਕੰਮ ਹੈ | ਹਾਂ, ਉਸ ਨੇ ਆਪਣਾ ਭਾਰ ਸੱਠ ਕਿਲੋ ਤੱਕ ਰੱਖਣ ਦਾ ਨਿਯਮ ਬਣਾ ਲਿਆ ਹੈ | ਏਕਤਾ ਦੀ ਦੂਸਰੀ 'ਵੰਨਸ ਅਪਾਨ...' 'ਚ ਸੋਨਕਾਸ਼ੀ ਹੋਰ ਕਮਾਲ ਕਰਨ ਵਾਲੀ ਹੈ | ਸੁੱਪਰ ਫ਼ਿਲਮਾਂ ਦਾ ਸਿਲਸਿਲਾ ਇਸ ਸਾਲ ਵੀ ਉਸ ਵੱਲੋਂ ਜ਼ਾਰੀ ਰਹਿਣ ਦੀਆਂ ਗੱਲਾਂ ਸੱਚ ਹੋ ਨਿਬੜ ਰਹੀਆਂ ਹਨ |

ਸਲਮਾਨ ਖਾਨ ਨਸ਼ਾ ਕਾਮਯਾਬੀ ਦਾ

ਹੁਣ ਤੱਕ 80 ਫ਼ਿਲਮਾਂ ਕਰ ਚੁੱਕੇ ਮਾਇਆ ਨਗਰੀ ਦੇ ਬਾਦਸ਼ਾਹ ਸਲਮਾਨ ਖਾਨ ਲਈ ਹਰ ਦਿਨ ਨਵਾਂ ਤੇ ਸੁਨਹਿਰੀ ਸੂਰਜ ਚੜ੍ਹਦਾ ਹੈ | ਕਦੇ 'ਬੀਵੀ ਹੋ ਤੋ ਐਸੀ' 'ਚ ਨਿੱਕਾ ਜਿਹਾ ਕਿਰਦਾਰ ਕਰਨ ਵਾਲੇ ਅਬਦੁਲ ਰਸ਼ੀਦ ਸਲੀਮ ਸਲਮਾਨ ਖਾਨ ਦੇ ਮਗਰ ਅੱਜ ਹਰ ਨਿਰਮਾਤਾ ਦੌੜਦਾ ਹੈ ਕਿ ਉਸ ਨੂੰ ਹਾਂ ਹੋ ਜਾਵੇ | 'ਵਾਂਟੇਡ' ਤੋਂ ਲੈ ਕੇ 'ਦਬੰਗ-2' ਤੱਕ ਕਾਮਯਾਬੀ ਦੇ ਰੱਥ 'ਤੇ ਸਵਾਰ ਸਲਮਾਨ ਨੂੰ ਬਾਲੀਵੁੱਡ ਦੀ ਹਿੱਟ ਮਸ਼ੀਨ ਕਿਹਾ ਜਾ ਰਿਹਾ ਹੈ | ਸਲਮਾਨ ਦਾ ਡਾਂਸ ਕਮਾਲ ਹੈ, ਕਾਮੇਡੀ ਗ਼ਜਬ ਹੈ ਤੇ ਐਕਸ਼ਨ ਲਾਜੁਆਬ ਹੈ | ਸਖ਼ਤ ਮਿਹਨਤ ਉਸ ਨੂੰ ਰਾਸ ਆਈ ਹੈ | ਐਾਕਰਿੰਗ ਤੋਂ ਲੈ ਕੇ ਨਾਇਕੀ ਤੇ ਗਾਇਕੀ 'ਚ ਵੀ ਉਸ ਦੀ ਬੱਲੇ-ਬੱਲੇ ਹੈ | ਇਸ ਸਾਲ ਤੱਕ 95 ਫ਼ਿਲਮਾਂ ਉਹ ਕਰ ਚੁੱਕਾ ਹੋਵੇਗਾ | ਘਬਰਾਹਟ ਤੋਂ ਦੂਰ ਸਲਮਾਨ ਤੇ ਨਿਰਮਾਤਾਵਾਂ ਦਾ ਭਰੋਸਾ ਕਾਇਮ ਹੈ | ਚਾਹੇ ਸ਼ਾਹਰੁਖ ਖਾਨ ਨਾਲ ਉਸ ਦੀ ਨਹੀਂ ਬਣਦੀ ਫਿਰ ਵੀ ਗਾਹੇ-ਬੇਗਾਹੇ ਸ਼ਾਹਰੁਖ ਲਈ ਉਹ ਚੰਗਾ ਹੀ ਬੋਲਦਾ ਹੈ | ਔਕੜਾਂ ਦੇ ਬਾਵਜੂਦ ਸ਼ਾਹਰੁਖ ਦੀ ਉਹ ਇੱਜ਼ਤ ਕਰਦਾ ਹੈ | ਸਲਮਾਨ ਨੂੰ ਆਪਣੇ ਕੰਮ ਨਾਲ ਮਤਲਬ ਹੈ | 'ਸਾਜਨ', 'ਹਮ ਆਪ ਕੇ ਹੈਂ ਕੌਨ' ਤੋਂ 'ਦਬੰਗ-2', 'ਬਾਡੀਗਾਰਡ' ਉਸ ਦੀ ਹਰ ਫ਼ਿਲਮ ਸੁਪਰਹਿੱਟ ਹੈ | ਇਸ ਸਾਲ 'ਨੌਾ ਐਾਟਰੀ ਮੇਂ ਐਾਟਰੀ', 'ਪਾਰਟਨਰ-2', 'ਕਿੱਕ', 'ਹੇਅਰ ਆਈ ਐਮ ਪ੍ਰਸ਼ਾਦਿ' ਤੇ 'ਸ਼ੇਰ ਖਾਨ' ਸਲਮਾਨ ਦੀਆਂ ਫ਼ਿਲਮਾਂ ਆ ਕੇ ਉਸ ਨੂੰ 47 ਸਾਲ ਦਾ ਨਹੀਂ ਬਲਕਿ ਨੌਜਵਾਨ ਹੀ ਦਰਸਾਉਣਗੀਆਂ ਕਿਉਂਕਿ ਕਾਮਯਾਬੀ ਤੇ ਫਿਟਨੈੱਸ ਨੇ ਸਲਮਾਨ ਨੂੰ ਅੱਧਖੜ ਜਾਂ ਬੁੱਢਾ ਹੋਣ ਹੀ ਨਹੀਂ ਦਿੱਤਾ | ਕਾਮਯਾਬੀ ਹੀ ਉਸ ਦੀ ਅਸਲੀ ਦਵਾਈ ਹੈ |

-ਸੁਖਜੀਤ ਕੌਰ

ਮੈਨੂੰ ਗੰਭੀਰ ਫ਼ਿਲਮਾਂ ਪਸੰਦ ਨਹੀਂ-ਏਕਤਾ ਕਪੂਰ

ਦਰਜਨਾਂ ਲੜੀਵਾਰਾਂ ਦਾ ਨਿਰਮਾਣ ਕਰਨ ਤੋਂ ਬਾਅਦ ਹੁਣ ਏਕਤਾ ਕਪੂਰ ਫ਼ਿਲਮਾਂ ਦੇ ਨਿਰਮਾਣ ਵਿਚ ਰੁੱਝੀ ਹੋਈ ਹੈ | ਇਨ੍ਹੀਂ ਦਿਨੀਂ ਏਕਤਾ ਵੱਲੋਂ ਬਣਾਈਆਂ ਜਾ ਰਹੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਕੰਢੇ ਹਨ | ਇਨ੍ਹਾਂ ਵਿਚੋਂ ਐਕਸ਼ਨ ਫ਼ਿਲਮਾਂ ਹਨ ਤੇ ਕਾਮੇਡੀ ਫ਼ਿਲਮਾਂ ਵੀ ਹਨ ਅਤੇ ਨਾਲ ਹੀ ਡਰਾਉਣੀਆਂ ਫ਼ਿਲਮਾਂ ਵੀ ਸ਼ਾਮਿਲ ਹਨ | ਆਪਣੀਆਂ ਇਨ੍ਹਾਂ ਫ਼ਿਲਮਾਂ ਬਾਰੇ ਏਕਤਾ ਇਥੇ ਗੱਲ ਕਰ ਰਹੀ ਹੈ |
• ਸਾਲ 2012 ਵਿਚ ਤੁਹਾਡੀ ਇਕ ਹੀ ਫ਼ਿਲਮ 'ਕਿਆ ਸੁਪਰ ਕੂਲ ਹੈਂ ਹਮ' ਪ੍ਰਦਰਸ਼ਿਤ ਹੋਈ ਸੀ ਜਦੋਂ ਕਿ ਇਸ ਸਾਲ ਤੁਹਾਡੀਆਂ ਕਈ ਫ਼ਿਲਮਾਂ ਨਿਰਮਾਣ ਅਧੀਨ ਹਨ | ਹੁਣ ਢੇਰਾਂ ਫ਼ਿਲਮਾਂ ਬਣਾਉਣ ਦਾ ਨਿਰਣਾ ਕਿਸ ਆਧਾਰ 'ਤੇ ਲਿਆ ਗਿਆ?
-ਮੈਂ ਝਟ-ਪਟ ਇਨ੍ਹਾਂ ਫ਼ਿਲਮਾਂ ਨੂੰ ਬਣਾਉਣ ਦਾ ਐਲਾਨ ਨਹੀਂ ਕੀਤਾ ਹੈ | ਇਕ ਸੋਚੀ-ਸਮਝੀ ਯੋਜਨਾ ਦੇ ਤਹਿਤ ਇਹ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ | 2012 ਵਿਚ ਮੈਂ ਆਪਣਾ ਜ਼ਿਆਦਾਤਰ ਸਮਾਂ ਇਸ ਯੋਜਨਾ ਦੇ ਪਿੱਛੇ ਬਿਤਾਇਆ ਸੀ | ਉਦੋਂ ਨਵੀਆਂ ਫ਼ਿਲਮਾਂ ਦੇ ਪ੍ਰਾਜੈਕਟਸ ਬਣਾਏ ਗਏ ਅਤੇ ਉਨ੍ਹਾਂ ਪ੍ਰਾਜੈਕਟਾਂ ਦੇ ਹਿਸਾਬ ਨਾਲ ਹੁਣ ਇਹ ਫ਼ਿਲਮਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ |
• ਤੁਹਾਡੇ ਲਈ ਕੀ ਜ਼ਿਆਦਾ ਸੌਖਾ ਹੈ, ਫ਼ਿਲਮ ਬਣਾਉਣਾ ਜਾਂ ਲੜੀਵਾਰ ਬਣਾਉਣਾ?
-ਦੇਖੋ, ਦੋਵੇਂ ਹੀ ਕੰਮਾਂ ਵਿਚ ਮਿਹਨਤ ਜ਼ਰੂਰੀ ਹੈ | ਲੜੀਵਾਰ ਨਿਰਮਾਣ ਦਾ ਆਪਣਾ ਹਿਸਾਬ ਹੁੰਦਾ ਹੈ ਤੇ ਫ਼ਿਲਮ ਨਿਰਮਾਣ ਦਾ ਆਪਣਾ | ਹਾਂ, ਲੜੀਵਾਰ ਬਣਾਉਣ ਲਈ ਵੱਡੇ ਕਲਾਕਾਰਾਂ ਦੀ ਲੋੜ ਨਹੀਂ ਹੁੰਦੀ | ਜੇਕਰ ਤੁਹਾਡੇ ਕੋਲ ਚੰਗੀ ਕਹਾਣੀ ਹੋਵੇ ਅਤੇ ਲੜੀਵਾਰ ਨੂੰ ਢੰਗ ਨਾਲ ਬਣਾਇਆ ਜਾਵੇ ਤੇ ਪ੍ਰਮੋਟ ਕੀਤਾ ਜਾਵੇ ਤਾਂ ਲੋਕ ਇਸ ਨੂੰ ਜ਼ਰੂਰ ਦੇਖਣਾ ਪਸੰਦ ਕਰਦੇ ਹਨ | ਫ਼ਿਲਮ ਬਣਾਉਂਦੇ ਸਮੇਂ ਇਸ ਦੀ ਸਟਾਰ ਵੈਲਿਊ, ਰਿਲੀਜ਼ ਦਾ ਸਮਾਂ ਆਦਿ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ | ਫ਼ਿਲਮਾਂ ਨਾਲ ਜੁੜੀਆਂ ਕਈ ਗੱਲਾਂ ਜਿਵੇਂ ਸਿਤਾਰਿਆਂ ਦੀਆਂ ਤਰੀਕਾਂ, ਉਨ੍ਹਾਂ ਦੀ ਮਾਰਕੀਟ ਵੈਲਿਊ ਆਦਿ ਨਿਰਮਾਤਾ ਦੇ ਹੱਥ ਵਿਚ ਨਹੀਂ ਹੁੰਦਾ | ਸੋ, ਫ਼ਿਲਮ ਦੇ ਨਿਰਮਾਣ ਸਮੇਂ ਦੂਜਿਆਂ 'ਤੇ ਜ਼ਿਆਦਾ ਆਧਾਰ ਰੱਖਣਾ ਪੈਂਦਾ ਹੈ | ਪਰ ਫਿਰ ਵੀ ਮੈਂ ਇਹ ਜ਼ਰੂਰ ਕਹਾਂਗੀ ਕਿ ਲੜੀਵਾਰ ਦੇ ਮੁਕਾਬਲੇ ਫ਼ਿਲਮ ਬਣਾਉਣ ਵਿਚ ਜ਼ਿਆਦਾ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ |
• ਤੁਸੀਂ ਤਾਂ ਲੜੀਵਾਰ ਬਣਾਉਣ ਵਿਚ ਰੁੱਝੇ ਹੋਏ ਸੀ ਤੇ ਫਿਰ ਫ਼ਿਲਮ ਨਿਰਮਾਣ ਵਲ ਰੁਖ ਕਰਨ ਦੀ ਕੋਈ ਖਾਸ ਵਜ੍ਹਾ?
-ਹਿੰਦੀ ਦੇ ਨਾਲ-ਨਾਲ ਅਸੀਂ ਤਾਮਿਲ, ਤੇਲਗੂ ਤੇ ਕੰਨੜ ਭਾਸ਼ਾਵਾਂ ਵਿਚ ਵੀ ਲੜੀਵਾਰ ਬਣਾਏ ਹਨ | ਸਾਡੀ ਕੰਪਨੀ ਬਾਲਾਜੀ ਟੈਲੀ ਫ਼ਿਲਮਜ਼ ਵੱਲੋਂ ਡੇਢ ਲੇਖ ਤੋਂ ਜ਼ਿਆਦਾ ਐਪੀਸੋਡਜ਼ ਬਣਾਏ ਗਏ ਹਨ | ਹਰ ਤਰ੍ਹਾਂ ਦੀਆਂ ਕਹਾਣੀਆਂ ਇਨ੍ਹਾਂ ਐਪੀਸੋਡਜ਼ ਵਿਚ ਪੇਸ਼ ਕੀਤੀਆਂ ਜਾ ਚੁੱਕੀਆਂ ਹਨ | ਸ਼ਾਇਦ ਹੀ ਕੋਈ ਵਿਸ਼ਾ ਬਚਿਆ ਹੋਵੇਗਾ ਜਿਸ ਨੂੰ ਅਸੀਂ ਨਾ ਲਿਆ ਹੋਵੇਗਾ | ਇਹ ਦੇਖਦੇ ਹੋਏ ਮੈਨੂੰ ਲੱਗਿਆ ਕਿ ਹੁਣ ਮੈਨੂੰ ਲੜੀਵਾਰਾਂ ਵਿਚ ਬ੍ਰੇਕ ਲੈਣਾ ਚਾਹੀਦਾ ਅਤੇ ਕੁਝ ਵੱਖਰਾ ਕਰਨਾ ਚਾਹੀਦਾ ਹੈ | ਇਸ ਦੌਰਾਨ ਮੈਂ ਕੁਝ ਨਵੇਂ ਨਿਰਦੇਸ਼ਕਾਂ ਦੇ ਸੰਪਰਕ ਵਿਚ ਆਈ ਅਤੇ ਉਨ੍ਹਾਂ ਦੇ ਵਿਸ਼ੇ ਸੁਣ ਕੇ ਲੱਗਿਆ ਕਿ ਚੰਗੀਆਂ ਫ਼ਿਲਮਾਂ ਬਣਾਉਣ ਦਾ ਚੰਗਾ ਮੌਕਾ ਹੈ | ਸੋ, ਮੈਂ ਫ਼ਿਲਮ ਨਿਰਮਾਣ ਵਲ ਰੁਖ ਕਰਨਾ ਚੰਗਾ ਸਮਝਿਆ |
• ਇਨ੍ਹੀਂ ਦਿਨੀਂ ਤੁਹਾਡੇ ਵੱਲੋਂ ਬਣਾਈਆਂ ਜਾ ਰਹੀਆਂ ਕਿਹੜੀਆਂ ਕਿਹੜੀਆਂ ਫ਼ਿਲਮਾਂ ਫਲੋਰ 'ਤੇ ਹਨ?
-ਕੁਝ ਫ਼ਿਲਮਾਂ ਦਾ ਨਿਰਮਾਣ ਸਾਡੀ ਕੰਪਨੀ ਬਾਲਾਜੀ ਟੈਲੀ ਫ਼ਿਲਮਜ਼ ਰਾਹੀਂ ਕੀਤਾ ਜਾ ਰਿਹਾ ਹੈ ਤੇ ਕੁਝ ਦੂਜੇ ਨਿਰਮਾਤਾਵਾਂ ਦੇ ਨਾਲ ਮਿਲ ਕੇ ਬਣਾ ਰਹੇ ਹਾਂ | ਅਨੁਰਾਗ ਕਸ਼ਿਅਪ ਦੇ ਨਾਲ ਮਿਲ ਕੇ 'ਲੁਟੇਰਾ' ਬਣਾਈ ਜਾ ਰਹੀ ਹੈ ਤੇ ਸੰਜੈ ਗੁਪਤਾ ਦੇ ਨਾਲ 'ਸ਼ੂਟਆਊਟ ਐਟ ਵਡਾਲਾ' ਬਣ ਰਹੀ ਹੈ | 'ਵੰਨਸ ਅਪਾਨ ਏ ਟਾਈਮ ਇਨ ਮੁੰਬਈ ਅਗੇਨ', 'ਮਿਲਨ ਟਾਕੀਜ', 'ਏਕ ਥੀ ਡਾਇਨ', 'ਕੁਕੂ ਮਾਥੁਰ ਕੀ ਝੰਡ ਹੋ ਗਈ', 'ਰਾਗਿਨੀ ਐਮ. ਐਮ. ਐਸ.' ਆਦਿ ਫ਼ਿਲਮਾਂ ਨਿਰਮਾਣ ਅਧੀਨ ਹਨ | ਮੇਰੇ ਪਾਪਾ ਦੀ ਹਿੱਟ ਫ਼ਿਲਮ 'ਨਾਗਿਨ' ਦੇ ਹੱਕ ਵੀ ਅਸੀਂ ਖਰੀਦ ਲਏ ਹਨ |
• ਕੀ ਤੁਸੀਂ ਆਪਣੇ ਲੜੀਵਾਰਾਂ ਦੇ ਕਲਾਕਾਰਾਂ ਨੂੰ ਆਪਣੀਆਂ ਫ਼ਿਲਮਾਂ ਵਿਚ ਲੈਣਾ ਪਸੰਦ ਕਰਦੇ ਹੋ?
-ਜੀ ਨਹੀਂ, ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਮੈਂ ਨਹੀਂ ਚਾਹਾਂਗੀ ਕਿ ਆਪਣੀ ਫ਼ਿਲਮ ਬਣਾਉਂਦੇ ਸਮੇਂ ਮੈਂ ਆਪਣੇ ਲੜੀਵਾਰਾਂ ਦੇ ਨਾਲ ਬੇਈਮਾਨੀ ਕਰਾਂ | ਇਹ ਮੇਰਾ ਅਨੁਭਵ ਰਿਹਾ ਹੈ ਕਿ ਜਦੋਂ ਕਿਸੇ ਲੜੀਵਾਰ ਦੇ ਕਲਾਕਾਰ ਨੂੰ ਫ਼ਿਲਮ ਵਿਚ ਮੌਕਾ ਮਿਲਦਾ ਹੈ ਤਾਂ ਉਹ ਫ਼ਿਲਮ ਨੂੰ ਆਪਣੀ ਪਹਿਲ ਦੇਣਾ ਸ਼ੁਰੂ ਕਰ ਦਿੰਦਾ ਹੈ ਅਤੇ ਸੀਰੀਅਲ ਪ੍ਰਤੀ ਉਹ ਸੌਤੇਲਾ ਵਿਹਾਰ ਅਪਣਾਉਣ ਲਗਦਾ ਹੈ | ਮੇਰਾ ਲੜੀਵਾਰ 'ਪ੍ਰਤਿੱਗਿਆ' ਦੀ ਬਦੌਲਤ ਨਾਂਅ ਕਮਾਉਣ ਵਾਲੇ ਸੁਸ਼ਾਂਤ ਸਿੰਘ ਨੂੰ ਜਦੋਂ 'ਕਾਈ ਪੋ ਛੇ' ਮਿਲੀ ਤਾਂ ਉਸ ਨੇ ਲੜੀਵਾਰਾਂ ਤੋਂ ਕਿਨਾਰਾ ਕਰ ਲਿਆ | ਜੇਕਰ ਮੈਂ ਆਪਣੇ ਲੜੀਵਾਰਾਂ ਦੇ ਕਲਾਕਾਰਾਂ ਨੂੰ ਫ਼ਿਲਮਾਂ ਵਿਚ ਲੈਣ ਲੱਗੀ ਤਾਂ ਮੇਰੇ ਲੜੀਵਾਰਾਂ ਨੂੰ ਮਹਿੰਗਾ ਪੈ ਸਕਦਾ ਹੈ | ਇਸ ਤਰ੍ਹਾਂ ਮੈਂ ਆਪਣੇ ਹੀ ਹੱਥੀਂ ਆਪਣਾ ਨੁਕਸਾਨ ਕਿਉਂ ਕਰਨਾ ਚਾਹਾਂਗੀ |

-ਇੰਦਰਮੋਹਨ ਪੰਨੂੰ

ਹੋ ਗਈ ਤਿਆਰ 'ਦਿਲ ਪ੍ਰਦੇਸੀ ਹੋ ਗਿਆ'

ਬਾਲੀਵੁੱਡ ਤੇ ਪਾਲੀਵੁੱਡ ਦੇ ਨਾਲ ਲਾਲੀਵੁੱਡ ਦੀ ਫ਼ਿਲਮ 'ਦਿਲ ਪ੍ਰਦੇਸੀ ਹੋ ਗਿਆ' ਸਭ ਕੰਮਾਂ ਤੋਂ ਸੰਪੂਰਨ ਹੋ ਕੇ ਸੈਂਸਰ ਪ੍ਰਮਾਣ ਪੱਤਰ ਮਿਲਦੇ ਹੀ ਫ਼ਿਲਮ ਬਾਜ਼ਾਰ 'ਚ ਰਿਲੀਜ਼ ਲਈ ਆਉਣ ਵਾਸਤੇ ਤਿਆਰ ਹੈ | ਡਾ: ਰਾਜ ਕੁਮਾਰ ਵੇਰਕਾ ਵੱਲੋਂ ਦਿੱਤੇ ਵਿਸ਼ੇ 'ਤੇ ਠਾਕਰ ਤਪੱਸਵੀ ਵੱਲੋਂ ਲਿਖੀ ਤੇ ਨਿਰਦੇਸ਼ਤ ਕੀਤੀ ਗਈ ਇਹ ਫ਼ਿਲਮ ਸ਼ਾਨਦਾਰ ਕਹਾਣੀ ਦੇ ਨਾਲ-ਨਾਲ ਚੰਗੀਆਂ ਲੋਕੇਸ਼ਨਾਂ ਤੇ ਜਜ਼ਬਾਤੀ ਦਿ੍ਸ਼ਾਂ ਨਾਲ ਭਰਪੂਰ ਰੱਖਣ ਤੋਂ ਇਲਾਵਾ ਫ਼ਿਲਮ 'ਚ ਹਾਸਾ, ਮਿੱਠੇ ਗਾਣੇ, ਚੋਟੀ ਦੇ ਸੰਵਾਦ ਤੇ ਐਕਸ਼ਨ ਦੇ ਨਾਲ-ਨਾਲ ਮਨਮੋਹਕ ਨਾਚ ਵੀ ਰੱਖੇ ਗਏ ਹਨ | 'ਦਿਲ ਪ੍ਰਦੇਸੀ ਹੋ ਗਿਆ' 'ਚ ਇੰਦਰਜੀਤ ਨਿੱਕੂ ਨੂੰ ਨਾਇਕ ਲਿਆ ਗਿਆ ਹੈ | ਉਸ ਦੇ ਨਾਲ ਅਸ਼ੋਕ ਪੁਰੀ, ਦਿਲਜੀਤ ਕੌਰ, ਸਵਰਗੀ ਜਸਪਾਲ ਭੱਟੀ, ਸਰਦਾਰ ਸੋਹੀ, ਸੁਰਿੰਦਰ ਸ਼ਰਮਾ ਨਾਮਵਰ ਪਾਲੀਵੁੱਡ ਕਲਾਕਾਰ ਹਨ | ਫ਼ਿਲਮ 'ਚ ਹੀਰੋਇਨ ਪਾਕਿਸਤਾਨ ਦੀ ਸੁਪਰ ਸਟਾਰ ਸਨਾ ਹੈ | ਇਸ ਤੋਂ ਇਲਾਵਾ ਪਾਕਿਸਤਾਨ ਦੇ ਕਾਮੇਡੀ ਕਿੰਗ ਸਰਦਾਰ ਕਮਾਲ ਦਾ ਵੀ ਕਮਾਲ ਦਾ ਕੰਮ ਹੈ | ਪਾਕਿਸਤਾਨ ਦੀ ਬੁਲਬੁਲ ਹਯਾ ਅਲੀ ਆਪਣੇ ਆਈਟਮ ਗੀਤ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰੇਗੀ | ਇਥੇ ਹੀ ਬੱਸ ਨਹੀਂ 'ਦਿਲ ਪ੍ਰਦੇਸੀ ਹੋ ਗਿਆ' 'ਚ 'ਸਪੈਸ਼ਲ ਛੱਬੀਸ' ਅਕਸ਼ੈ ਕੁਮਾਰ ਦੇ ਨਾਲ ਮੋਹਨ ਜੋਸ਼ੀ, ਰਜ਼ਾ ਮੁਰਾਦ ਤੇ ਸ਼ਕਤੀ ਕਪੂਰ ਵੀ ਨਜ਼ਰ ਆਉਣਗੇ | ਠਾਕਰ ਤਪੱਸਵੀ ਦੇ ਲਿਖੇ ਮਿੱਠੇ ਗੀਤਾਂ ਨੂੰ ਗੁਰਮੀਤ ਸਿੰਘ ਨੇ ਮਿਸਾਲ ਸੰਗੀਤ ਦੇ ਕੇ ਸਵੀਟ ਮਿਊਜ਼ੀਕਲ ਫ਼ਿਲਮ ਬਣਾਉਣ ਦਾ ਕਾਰਜ ਬਾਖ਼ੂਬੀ ਨਿਭਾਇਆ ਹੈ |

-ਅੰਮਿ੍ਤ ਪਵਾਰ

ਨੇਹਾ ਧੂਪੀਆ ਸਬੱਬੀਂ ਆਉਣਾ ਹੋਇਆ

ਨੇੜ-ਭਵਿੱਖ 'ਚ ਬੰਗਾਲੀ ਫਿਲਮਕਾਰ ਰਿਤੂਪਰਣਾਘੋਸ਼ ਨਾਲ ਫਿਲਮਾਂ ਕਰਨ ਦੀ ਚਾਹਵਾਨ ਅਭਿਨੇਤਰੀ ਨੇਹਾ ਧੂਪੀਆ ਜਦੋਂ 2002 ਵਿਚ ਫੈਮਿਨਾ ਮਿਸ ਇੰਡੀਆ ਦੇ ਖਿਤਾਬ ਦੀ ਵਿਜੇਤਾ ਬਣੀ ਸੀ ਤਾਂ ਉਸ ਵੇਲੇ ਉਸ ਦੇ ਮਨ 'ਚ ਅਦਾਕਾਰਾ ਬਣਨ ਦਾ ਕੋਈ ਖਿਆਲ ਨਹੀਂ ਸੀ ਤੇ ਫਿਰ ਜਦੋਂ ਉਹ ਫਿਲਮਾਂ 'ਚ ਆ ਗਈ ਤਾਂ ਉਸ ਨੇ ਇਸ ਨੂੰ ਸਬੱਬੀਂ ਬਣੀ ਗੱਲ ਮੰਨ ਲਿਆ। ਨੇਹਾ ਕਿਸਮਤ ਦੀਆਂ ਲਕੀਰਾਂ 'ਚ ਕਾਫ਼ੀ ਯਕੀਨ ਰੱਖਦੀ ਹੈ, ਇਸੇ ਕਰਕੇ ਅਭਿਨੈ ਕਰਨ ਦੇ ਆਪਣੇ ਸਿਲਸਿਲੇ ਨੂੰ ਭਾਗਾਂ ਦਾ ਹੀ ਹਿੱਸਾ ਆਖਦੀ ਹੈ।
'ਪੱਪੂ ਕਾਂਟ ਡਾਂਸ ਸਾਲਾ', 'ਗਾਂਧੀ ਟੂ ਹਿਟਲਰ', 'ਕਯਾ ਕੂਲ ਹੈਂ ਹਮ', 'ਮੈਕਿਸਮ' ਆਦਿ ਸਮੇਤ ਕਈ ਹੋਰ ਫਿਲਮਾਂ ਦੇ ਜ਼ਰੀਏ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਨੇਹਾ ਦਾ ਕਹਿਣਾ ਹੈ ਕਿ ਆਪਣੇ ਕੈਰੀਅਰ ਦੀ ਸਥਿਤੀ ਨੂੰ ਲੈ ਕੇ ਉਹ ਹਮੇਸ਼ਾ ਗੰਭੀਰ ਰਹਿੰਦੀ ਹੈ ਤੇ ਹਰ ਫਿਲਮ ਨੂੰ ਸਾਈਨ ਕਰਨ ਤੋਂ ਪਹਿਲਾਂ ਕਈ ਵਾਰੀ ਸੋਚਦੀ ਹੈ।
ਨੇਹਾ ਮੁਤਾਬਿਕ ਉਹ ਅਭਿਨੈ ਦੀ ਦੁਨੀਆ 'ਚ ਆ ਕੇ ਆਨੰਦ ਮਹਿਸੂਸ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸੁਰਖੀਆਂ 'ਚ ਰਹਿਣ ਲਈ ਵੀ ਉਹ ਸੁਚੇਤ ਰਹਿੰਦੀ ਹੈ।
ਗਲੈਮਰਸ ਭੂਮਿਕਾਵਾਂ ਕਰਨ ਦੇ ਨਾਲ-ਨਾਲ ਨੇਹਾ ਕਾਮੇਡੀ ਭਰਪੂਰ ਰੋਲ ਕਰਨ ਦੀ ਇੱਛੁਕ ਹੈ। 'ਪੱਪੂ ਕਾਂਟ ਡਾਂਸ ਸਾਲਾ' ਨੂੰ ਉਹ ਰੁਮਾਂਟਿਕ ਕਮੇਡੀ ਵਾਲੀ ਫਿਲਮ ਦੱਸਦੀ ਹੈ, ਜਿਸ ਵਿਚ ਉਸ ਨਾਲ ਅਭਿਨੇਤਾ ਵਿਨੈ ਪਾਠਕ ਹੈ। ਨੇਹਾ ਦਾ ਮੰਨਣਾ ਹੈ ਕਿ ਜੀਅ ਜਾਨ ਨਾਲ ਕੀਤੇ ਗਏ ਕੰਮ ਨੂੰ ਦਰਸ਼ਕ ਜ਼ਰੂਰ ਪਸੰਦ ਕਰਦੇ ਹਨ।

-ਨਰਿੰਦਰ ਲਾਗੂ

ਵਧਦੀ ਮਹਿੰਗਾਈ 'ਤੇ ਬਣੀ ਵਿਅੰਗਾਤਮਕ ਫ਼ਿਲਮ 'ਸਾਰੇ ਜਹਾਂ ਸੇ ਮਹਿੰਗਾ'

ਸਾਲ 2012-13 ਵਿਚ ਦੇਸ਼ ਦੀ ਜਨਤਾ ਮਹਿੰਗਾਈ ਦੀ ਮਾਰ ਝੱਲ ਰਹੀ ਹੈ ਅਤੇ ਲੋਕ ਬੇਤਹਾਸ਼ਾ ਵਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਹਨ ਤੇ ਹੁਣ ਅਸ਼ੋਕ ਪਾਂਡੇ ਨੇ ਮਹਿੰਗਾਈ ਨੂੰ ਮੁਖ ਰੱਖਦੇ ਹੋਏ 'ਸਾਰੇ ਜਹਾਂ ਸੇ ਮਹਿੰਗਾ...' ਫ਼ਿਲਮ ਦਾ ਨਿਰਮਾਣ ਕੀਤਾ ਹੈ | ਇਸ ਵਿਚ ਉਨ੍ਹਾਂ ਨੇ ਇਕ ਮੱਧਵਰਗੀ ਪਰਿਵਾਰ ਦੀ ਕਹਾਣੀ ਪੇਸ਼ ਕੀਤੀ ਹੈ ਜੋ ਮਹਿੰਗਾਈ ਨਾਲ ਜੂਝਣ ਲਈ ਵੱਖਰਾ ਰਸਤਾ ਅਪਣਾਉਂਦਾ ਹੈ |
ਪੁੱਤਨ ਲਾਲ ਅਤੇ ਨੂਰੀ (ਸੰਜੈ ਮਿਸ਼ਰਾ ਅਤੇ ਪ੍ਰਗਤੀ) ਪਤੀ-ਪਤਨੀ ਹਨ | ਪੁੱਤਨ ਲਾਲ ਸਰਕਾਰੀ ਮੁਲਾਜ਼ਮ ਹੈ ਜਦੋਂ ਕਿ ਨੂਰੀ ਬਿਊਟੀ ਪਾਰਲਰ ਚਲਾਉਂਦੀ ਹੁੰਦੀ ਹੈ | ਇਸ ਬਿਊਟੀ ਪਾਰਲਰ ਵਿਚ ਪ੍ਰਯੋਗ ਕੀਤੇ ਜਾਣ ਵਾਲਾ ਸਾਮਾਨ ਵੀ ਉਹ ਆਪਣੇ ਨਾਲ ਦਹੇਜ ਵਿਚ ਲਿਆਈ ਹੁੰਦੀ ਹੈ | ਪੁੱਤਨ ਲਾਲ ਅਤੇ ਨੂਰੀ ਦੋਵੇਂ ਵਧਦੀ ਹੋਈ ਮਹਿੰਗਾਈ ਤੋਂ ਪਰੇਸ਼ਾਨ ਹਨ ਅਤੇ ਹਰ ਵੇਲੇ ਉਨ੍ਹਾਂ ਦਾ ਹੱਥ ਤੰਗ ਰਹਿੰਦਾ ਹੈ | ਇਕ ਦਿਨ ਪੁੱਤਨ ਲਾਲ ਨੂੰ ਪਤਾ ਲੱਗਦਾ ਹੈ ਕਿ ਸਰਕਾਰ ਨੇ ਗ਼ਰੀਬਾਂ ਦੇ ਕਲਿਆਣ ਲਈ ਇਕ ਸਕੀਮ ਦਾ ਐਲਾਨ ਕੀਤਾ ਹੈ | ਹਾਲਾਂਕਿ ਪੁੱਤਨ ਲਾਲ ਲਈ ਇਸ ਸਕੀਮ ਦਾ ਲਾਭ ਲੈ ਸਕਣਾ ਗ਼ੈਰ-ਕਾਨੂੰਨੀ ਹੈ ਕਿਉਂਕਿ ਉਹ ਇਸ ਸਕੀਮ ਲਈ ਐਲਾਨ ਕੀਤੇ ਗਏ ਘੇਰੇ ਵਿਚ ਨਹੀਂ ਆਉਂਦਾ ਪਰ ਫਿਰ ਵੀ ਉਹ ਇਸ ਸਕੀਮ ਲਈ ਸਾਧਨਾਂ ਦੀ ਦੁਰਵਰਤੋਂ ਕਰਕੇ ਪੈਸੇ ਕਮਾਉਣ ਦੀ ਯੋਜਨਾ ਬਣਾਉਂਦਾ ਹੈ | ਇਸ ਕੰਮ ਵਿਚ ਉਸ ਦੇ ਪਰਿਵਾਰ ਵਾਲੇ ਵੀ ਸਾਥ ਦਿੰਦੇ ਹਨ | ਹੁਣ ਇਸ ਤੋਂ ਪਹਿਲਾਂ ਕਿ ਪੁੱਤਨ ਲਾਲ ਇਸ ਸਕੀਮ ਦੀ ਬਦੌਲਤ ਆਪਣਾ ਘਰ ਭਰ ਲੇਵੇ ਉਸ ਦੀ ਇਸ ਕਾਲੀ ਕਰਤੂਤ ਦੀ ਖ਼ਬਰ ਸਰਕਾਰੀ ਅਧਿਕਾਰੀਆਂ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਅਤੇ ਇਕ ਸਰਕਾਰੀ ਇੰਸਪੈਕਟਰ (ਜ਼ਾਫਿਰ ਹੁਸੈਨ) ਨੂੰ ਮਾਮਲੇ ਦੀ ਛਾਨਬੀਨ ਕਰਨ ਦਾ ਆਦੇਸ਼ ਦੇ ਦਿੱਤਾ ਜਾਂਦਾ ਹੈ | ਹੁਣ ਉਸ ਇੰਸਪੈਕਟਰ ਦੀ ਬਦੌਲਤ ਪੁੱਤਨ ਲਾਲ ਦੀਆਂ ਪਰੇਸ਼ਾਨੀਆਂ ਕਿਵੇਂ ਵਧ ਜਾਂਦੀਆਂ ਹਨ, ਇਹ ਇਸ ਵਿਚ ਦਿਖਾਇਆ ਗਿਆ ਹੈ |
ਹਾਲਾਂਕਿ ਇਸ ਫ਼ਿਲਮ ਵਿਚ ਕਹਾਣੀ ਦੀ ਪਿੱਠਭੂਮੀ ਸੋਨੀਪਤ (ਹਰਿਆਣਾ) ਦਿਖਾਈ ਗਈ ਹੈ ਪਰ ਇਸ ਦੀ ਸ਼ੂਟਿੰਗ ਮਹਾਰਾਸ਼ਟਰ ਦੇ ਇਕ ਪਿੰਡ ਵਾਈ ਵਿਚ ਕੀਤੀ ਗਈ ਹੈ | ਜਦੋਂ ਇਹ ਫ਼ਿਲਮ ਸ਼ੁਰੂ ਕੀਤੀ ਗਈ ਸੀ ਉਦੋਂ ਇਸ ਦਾ ਟਾਈਟਲ 'ਅਪਨੀ ਤੋ ਲਗ ਗਈ' ਰੱਖਿਆ ਗਿਆਸੀ ਪਰ ਕਿਉਂਕਿ ਇਸ ਨਾਂਅ ਨਾਲ ਕਿਤੇ ਵੀ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਫ਼ਿਲਮ ਮਹਿੰਗਾਈ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ | ਸੋ, ਇਸ ਦਾ ਨਾਂਅ ਬਦਲ ਕੇ 'ਸਾਰੇ ਜਹਾਂ ਸੇ ਮਹਿੰਗਾ' ਕੀਤਾ ਗਿਆ |

-ਇੰਦਰਮੋਹਨ

ਭਾਰਤ ਪਸੰਦ ਆਇਆ ਹੈਜ਼ਲ ਕੀਚ ਨੂੰ

26 ਸਾਲਾਂ ਦੀ ਇੰਗਲੈਂਡ ਦੀ ਮੁਟਿਆਰ ਹੈਜ਼ਲ ਕੀਚ ਨੇ ਫ਼ਿਲਮਾਂ 'ਚ ਆਪਣੀ ਸ਼ੁਰੂਆਤ ਤਾਮਿਲ ਫ਼ਿਲਮ 'ਬਿੱਲਾ' ਤੋਂ ਕੀਤੀ | ਫਿਰ ਚਾਰ ਸਾਲ ਉਸ ਨੇ ਐਡ ਫ਼ਿਲਮਾਂ ਕਾਫੀ ਕੀਤੀਆਂ | ਹਿੰਦੀ ਫ਼ਿਲਮ 'ਬਾਡੀਗਾਰਡ' 'ਚ ਉਹ ਮਾਇਆ ਦੇ ਕਿਰਦਾਰ 'ਚ ਨਜ਼ਰ ਆਈ | 'ਮੈਕਸੀਮਮ', 'ਕ੍ਰਿਸ਼ਨਮ', 'ਵੰਦੇ', 'ਜਾਗਦ ਗੁਰੂਮ' ਆਦਿ ਫ਼ਿਲਮਾਂ ਕੀਤੀਆਂ ਹਨ | 13 ਸਾਲ ਦੀ ਉਮਰ 'ਚ ਹੈਜ਼ਲ ਨੇ ਅਭਿਨੈ ਕਰਨਾ ਸ਼ੁਰੂ ਕਰ ਦਿੱਤਾ ਸੀ | ਹੈਜ਼ਲ 'ਹੈਰੀ ਪਾਟਰ' ਦੇ ਕਈ ਭਾਗਾਂ ਵਿਚ ਕੰਮ ਕਰ ਚੁੱਕੀ ਹੈ, ਜਿਸ ਕਰਕੇ ਉਸ ਦੀ ਪਛਾਣ ਅੰਤਰਰਾਸ਼ਟਰੀ ਅਭਿਨੇਤਰੀ ਦੀ ਬਣੀ ਹੈ | ਤਾਮਿਲ ਫ਼ਿਲਮ 'ਬਿੱਲਾ' 'ਚ ਕੰਮ, 'ਹੈਰੀ ਪਾਟਰ' ਦੇਖ ਕੇ ਹੀ ਮਿਲਿਆ ਸੀ | ਬਿ੍ਟਿਸ਼ ਦੇ ਪ੍ਰਸਿੱਧ ਡਾਂਸ ਪ੍ਰੋਗਰਾਮ 'ਮਿਸ ਮਾਰਪਲ' ਵਿਚ ਵੀ ਉਹ ਅਹਿਮ ਕਿਰਦਾਰ 'ਚ ਰਹੀ ਹੈ | ਬੀਬੀਸੀ ਦੇ ਡਾਕੂਮੈਂਟਰੀ ਪ੍ਰੋਗਰਾਮ 'ਕਾਲ ਦਾ ਸ਼ਾਟਸ' ਦਾ ਵੀ ਉਹ ਹਿੱਸਾ ਰਹੀ ਹੈ | ਮਿਊਜ਼ੀਕਲ ਪ੍ਰੋਗਰਾਮ 'ਬਾਂਬੇ ਡ੍ਰੀਮਜ਼' ਨਾਲ ਉਹ ਕਈ ਸਾਲ ਰਹੀ ਤੇ ਬਾਲੀਵੁੱਡ 'ਚ ਵਸਣ ਦਾ ਮਨ ਬਣਾ ਲਿਆ | ਕਈ ਹਿੱਟ ਵੀਡੀਓ 'ਕਹੀਂ ਪੇ ਨਿਗਾਹੇਂ' ਆਦਿ ਵੀ ਕਰ ਚੁੱਕੀ ਹੈ | ਦੋ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਉਹ ਤਾਮਿਲ ਫ਼ਿਲਮ 'ਕੋਲਾਈ' ਕਰ ਰਹੀ ਹੈ, ਜਿਸ ਦਾ ਹਿੰਦੀ ਰੀਮੇਕ ਵੀ ਬਣੇਗਾ | ਹੈਜ਼ਲ ਦਾ ਕਹਿਣਾ ਹੈ ਕਿ ਉਸ ਨੂੰ ਭਾਰਤ ਬਹੁਤ ਪਸੰਦ ਆਇਆ, ਇਸੇ ਲਈ ਉਹ ਇਥੇ ਦੀ ਹੋ ਕੇ ਰਹਿ ਗਈ |

-ਤਰਸੇਮ ਬੱਧਣ

ਸੱਭਿਆਚਾਰ ਦੀ ਗੱਲ ਕਰਨ ਵਾਲਾ ਗਾਇਕ ਹੈ ਸੁਖਵਿੰਦਰ ਸੁੱਖੀ

ਸਾਉਣ ਮਹੀਨੇ ਤੀਆਂ ਵਾਲੇ ਦਿਨ ਨਹਿਰ ਕਿਨਾਰੇ ਉੱਡਦੇ ਲੈਹਰੀਏ ਵਰਗਾ, ਮੀਢੀਆਂ ਗੁੰਦਾਉਾਦੀ ਜਵਾਨੀ ਚੜ੍ਹੀ ਮੇਲੇ ਆਈ ਮੁਟਿਆਰ ਵਰਗਾ, ਗੁਲਾਨਾਰੀ ਕੁੜਤੇ ਚਾਦਰੇ ਨਾਲ ਕੱਢੀ ਜੁੱਤੀ ਪਾ ਤੁਰਲੇ ਵਾਲੀ ਪੱਗ ਬੰਨ੍ਹੀ ਕੰੁਢੀਆਂ ਮੁੱਛਾਂ ਵਾਲੇ ਗੱਭਰੂ ਵਰਗਾ, ਹਸਮੁਖ ਮਿਲਾਪੜਾ, ਵਿਸਰੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਨ ਵਾਲਾ ਸੱਭਿਅਕ ਗਾਇਕ ਹੈ, ਸੁਖਵਿੰਦਰ ਸੁੱਖੀ |
ਸੁੱਖੀ ਦੇ ਗੀਤਾਂ ਦੀ ਇਹ ਖਾਸੀਅਤ ਹੈ ਕਿ ਉਸਦੇ ਗੀਤਾਂ ਦੇ ਬੋਲ ਅਤੇ ਫ਼ਿਲਮਾਂਕਣ ਸੱਭਿਆਚਾਰਕ ਹੁੰਦਾ ਹੈ, ਜੋ ਪਰਿਵਾਰ ਵਿਚ ਬੈਠ ਸੁਣਿਆ ਅਤੇ ਵੇਖਿਆ ਜਾ ਸਕਦਾ ਹੈ | ਉਸਦੀ ਗਾਇਕੀ ਦਾ ਅੰਦਾਜ਼ ਬੜਾ ਸਪੱਸ਼ਟ ਹੈ | ਜਿਸ ਸਟੇਜ ਨੂੰ ਕਲਾਕਾਰ 'ਰੇਤ ਦਾ ਮਹਿਲ' ਸਮਝਦੇ ਹਨ ਕਿ ਪਤਾ ਨਹੀਂ ਰਾਸ ਆਏ ਕਿ ਨਾ, ਉਸੇ ਸਟੇਜ ਨੂੰ ਸੁੱਖੀ 'ਮਾਂ' ਸਮਝ ਕੇ ਚਰਨ ਚੁੰਮ ਕੇ ਜਦੋਂ ਸਟੇਜ ਤੋਂ ਆਪਣੇ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਪੰਡਾਲ ਵਿਚ ਬੈਠੇ ਹਜ਼ਾਰਾਂ ਦੀ ਗਿਣਤੀ ਵਿਚ ਸਰੋਤੇ ਉਦੋਂ ਹੀ ਸਮਝ ਜਾਂਦੇ ਹਨ ਕਿ ਮਾਂ ਦੀਆਂ ਅਸੀਸਾਂ ਵਰਗੇ, ਬਾਪੂ ਦੀਆਂ ਝਿੜਕਾਂ ਵਰਗੇ ਗੀਤ ਗਾਉਣ ਵਾਲੇ ਸੁੱਖੀ ਨੇ ਉਸਤਾਦਾਂ ਦੀ ਮਾਰ ਖਾਧੀ ਹੋਈ ਹੈ | ਮਹਿਬੂਬ ਦੇ ਮੇਚੇ ਦੀਆਂ ਵੰਗਾਂ ਲੱਭਦੇ ਸੁੱਖੀ ਨੇ ਪੂਰਾ ਪੰਜਾਬ ਗਾਹ ਮਾਰਿਆ ਹੈ | ਕਦੀ ਬਠਿੰਡੇ ਰਫਲਾਂ ਰੱਖਣ ਦੇ ਸ਼ੌਕੀ ਮਿਲੇ ਤੇ ਕਦੇ ਫਾਟਕ ਮਰਿੰਡੇ ਵਾਲਾ ਬੰਦ ਮਿਲਿਆ | ਬੰਦ ਫਾਟਕ ਕਦੇ ਸੁੱਖੀ ਨੂੰ ਚੰਗਾ ਨਹੀਂ ਲੱਗਦਾ | ਪਰ ਹੁਣ ਜਿੱਥੇ ਸੁੱਖੀ ਦਾ ਅਖਾੜਾ ਲੱਗਾ ਹੋਏ, ਉੱਥੇ ਫਾਟਕ ਬੰਦ ਕਰਨ ਦੀ ਲੋੜ ਨਹੀਂ ਪੈਂਦੀ ਕਿਉਾਕਿ ਆਪਣੇ ਆਪ ਹੀ ਜਾਮ ਲੱਗ ਜਾਂਦਾ ਹੈ | ਸੱਭਿਆਚਾਰਕ ਸ਼ਬਦਾਵਲੀ ਵਿਚ ਪਰੋਏ ਗੀਤ ਸੁਖਵਿੰਦਰ ਸੁੱਖੀ ਦੀ ਕੋਕਿਆਂ ਜੜੀ ਡਾਂਗ ਵਰਗੀ ਸਿੱਧੀ ਅਤੇ ਸਪਾਟ ਆਵਾਜ਼ ਵਿਚ ਬੜੇ ਫਿੱਟ ਬੈਠਦੇ ਹਨ | ਗੀਤ 'ਘਰ ਤੇਰਾ ਲੱਭਲਾਂਗੇ ਨਾਂਅ ਦੱਸ ਜਾ ਮੁਟਿਆਰੇ', 'ਲਾਡੋ ਰਾਣੀ ਮਿੱਤਰਾਂ ਦੀ', 'ਮਿੱਤਰਾਂ 'ਚ ਸ਼ਰਤ ਲੱਗੀ' ਅਤੇ 'ਵਾਰਦਾਤ ਹੋਣ ਦਾ ਪਤਾ ਨਹੀਂ ਲੱਗਦਾ', 'ਸਾਡੀ ਪੱਗ ਦੀਆਂ ਪੂਣੀਆਂ ਕਰਾਇਆ ਕਰੇਂਗੀ' ਅਜਿਹੇ ਪਿਆਰੇ ਪਲਾਂ ਦੀ ਤਰਜ਼ਮਾਨੀ ਕਰਦੇ ਹਨ-ਸੁੱਖੀ ਦੇ ਗੀਤ | ਅਗਲੇ ਮਹੀਨੇ ਉਸ ਦੀ ਇਕ ਧਾਰਮਿਕ ਐਲਬਮ 'ਤੱਕਿਆ ਆਸਰਾ ਤੇਰਾ' ਆਉਣ ਵਾਲੀ ਹੈ ਜਿਸ ਦਾ ਸੰਗੀਤ ਜਗਜੀਤ ਸੋਨੀ ਨੇ ਦਿੱਤਾ ਹੈ | ਅਜਿਹੇ ਹੋਰ ਵੀ ਅਨੇਕਾਂ ਹੀ ਗੀਤ ਹਨ ਸੁੱਖੀ ਦੇ ਜਿਨ੍ਹਾਂ ਨੇ ਸਰੋਤਿਆਂ ਦੇ ਕੰਨਾਂ ਵਿਚ ਮਿਸ਼ਰੀ ਘੋਲੀ ਹੈ ਅਤੇ ਉਨ੍ਹਾਂ ਦੇ ਦਿਲ ਦੀਆਂ ਤਾਰਾਂ ਛੇੜੀਆਂ ਹਨ | ਲੱਚਰਤਾ ਦੇ ਸੁੱਖੀ ਰੱਜ ਕੇ ਖਿਲਾਫ਼ ਹੈ | ਪਰ ਉਸਦਾ ਕਹਿਣਾ ਹੈ ਕਿ ਪੰਜਾਬੀ ਸਰੋਤੇ ਜੇ ਲੱਚਰ ਸੁਣਨਾ ਹੀ ਬੰਦ ਕਰ ਦੇਣ ਤਾਂ ਆਪੇ ਹੀ ਮਾਰਕੀਟ ਵਿਚ ਨਾ ਆਵੇ |
ਪ੍ਰੋਫੈਸਰ ਚਮਨ ਲਾਲ ਭੱਲਾ ਜੀ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖਣ ਵਾਲਾ ਸੁੱਖੀ ਭੱਲਾ ਜੀ ਦਾ ਗੁਰੂਆਂ-ਪੀਰਾਂ ਬਰਾਬਰ ਸਤਿਕਾਰ ਕਰਦਾ ਹੈ | ਸ: ਮੇਜਰ ਸਿੰਘ ਗਰੇਵਾਲ ਤੇ ਮਾਤਾ ਸੁਰਜੀਤ ਕੌਰ ਦੇ ਇਸ ਲਾਡਲੇ ਪੁੱਤਰ ਦਾ ਇਹ ਸਰੋਤਿਆਂ ਨਾਲ ਵਾਅਦਾ ਹੈ ਕਿ ਉਹ ਕਦੇ ਵੀ ਅਜਿਹਾ ਗੀਤ ਨਹੀਂ ਗਾਵੇਗਾ ਜਿਸ ਵਿਚ ਪੰਜਾਬੀ ਸੱਭਿਆਚਾਰ ਦੀ ਤਸਵੀਰ ਨਾ ਦਿੱਸੇ | ਪਤਨੀ ਸੁਖਜੀਤ ਕੌਰ ਗਰੇਵਾਲ ਦਾ ਜਾਨ ਤੋਂ ਪਿਆਰਾ ਸੁੱਖੀ ਥੋੜੇ੍ਹ ਸਮੇਂ ਤੱਕ ਇਕ ਹੋਰ ਮੱਲ ਮਾਰਨ ਜਾ ਰਿਹਾ ਹੈ | ਉਸਦਾ ਲਾਡਲਾ ਬੇਟਾ ਤੇ ਚਾਹਤਪ੍ਰੀਤ ਦਾ ਲਾਡਲਾ ਵੀਰ ਏਕਮਪ੍ਰੀਤ ਗਰੇਵਾਲ ਵੀ ਬਹੁਤ ਵਧੀਆ ਗਾ ਲੈਂਦਾ ਹੈ | ਸੁਖਵਿੰਦਰ ਸੁੱਖੀ ਨੇ ਅਮਰੀਕਾ, ਕੈਨੇਡਾ, ਨਿਊਜੀਲੈਂਡ, ਮਸਕਟ ਅਤੇ ਹੋਰ ਕਈ ਦੇਸ਼ਾਂ ਵਿਚ ਪ੍ਰੋਗਰਾਮ ਵੀ ਕੀਤੇ ਹੋਏ ਹਨ | ਵੱਡਿਆਂ ਦੀ ਇੱਜ਼ਤ ਕਰਨੀ ਉਸਦੀ ਫਿਤਰਤ ਹੈ, ਛੋਟਿਆਂ ਨੂੰ ਪਿਆਰ ਕਰਨਾ ਉਸਦਾ ਸੁਭਾਅ ਹੈ, ਹਾਣੀਆਂ ਨੂੰ ਜੱਫੀ ਪਾ ਕੇ ਮਿਲਣਾ ਉਸਦੀ ਆਦਤ ਹੈ ਜੋ ਉਸਨੂੰ ਉਸਦੇ ਵੱਡ-ਵਡੇਰਿਆਂ ਤੋਂ ਮਿਲਿਆ ਹੈ |
ਸੁੱਖੀ ਦੀ ਸੋਚ ਹੈ : ਦਿਲ 'ਚ ਵਸਾਇਆ ਤੁਸਾਂ ਦਿੱਤਾ ਸਤਿਕਾਰ ਸਦਾ, ਜੀਹਦੇ ਨਸ਼ੇ ਵਿਚ ਮਾਰਾਂ ਮੈਂ ਉਡਾਰੀਆਂ |
ਲੋਕ ਰੰਗ ਭਰਿਆ ਹਮੇਸ਼ਾ ਗੀਤਾਂ ਵਿਚ, ਗੱਲਾਂ ਸਦਾ ਕਰਾਂ ਮੈਂ ਪੰਜਾਬ ਦੀਆਂ ਨਿਆਰੀਆਂ |
ਰੱਬ ਦੀ ਰਜ਼ਾ 'ਚ ਰਹਿ ਕੇ ਨੀਵਾਂ ਹੋ ਚੱਲੀਂ ਪੁੱਤ, ਮੈਨੂੰ ਮਾਪਿਆਂ ਸਿਖਾਈਆਂ ਗੱਲਾਂ ਸਾਰੀਆਂ |
ਪੀਰਾਂ ਦੀ ਦੁਆ ਹੋਏ ਦੋਸਤਾਂ ਦਾ ਸਾਥ ਮਿਲੇ, ਅਸੀਸਾਂ ਮਾਵਾਂ ਦੀਆਂ ਮਿਲਣ ਪਿਆਰੀਆਂ |
ਅਤੇ ਇਸੇ ਤਰ੍ਹਾਂ ਹੋਏ ਦਿਲ 'ਚ ਵਸਾ ਕੇ ਰੱਖਣ ਸਾਰੇ ਮੈਨੂੰ, ਪੰਜਾਂ ਪਾਣੀਆਂ ਦੇ ਗੀਤ ਸਦਾ ਗਾਵਾਂ ਦੋਸਤੋ |
ਹੱਸਦਾ ਪੰਜਾਬ ਰਹੇ ਖ਼ੁਸ਼ੀਆਂ ਤੇ ਖੇੜਿਆਂ 'ਚ, ਸੁੱਖੀ ਰੱਬ ਕੋਲੋਂ ਮੰਗਦਾ ਦੁਆਵਾਂ ਦੋਸਤੋ |

-ਐਸ. ਐਸ. ਮਾਨ

ਫ਼ਿਲਮੀ ਸਿਤਾਰਿਆਂ ਨੇ ਕਿਹਾ.

• ਬਚਪਨ ਤੋਂ ਹੀ ਮੈਨੂੰ ਗੁਲਾਬ ਜਾਮੁਨ ਪਸੰਦ ਹਨ ਅਤੇ ਅੱਜ ਵੀ ਇਹ ਮੇਰੀ ਪਸੰਦ ਬਦਲੀ ਨਹੀਂ ਹੈ | ਜਦੋਂ ਮੈਂ ਅੱਜ ਵੀ ਗੁਲਾਬ ਜਾਮੁਨ ਖਾਂਦੀ ਹਾਂ ਲੋਕ ਮੈਨੂੰ ਹੈਰਾਨੀ ਨਾਲ ਦੇਖਦੇ ਹਨ |

-ਮਾਹੀ ਗਿੱਲ

• ਆਪਣੀ ਗੱਲ ਕਰਾਂ ਤਾਂ ਜਦੋਂ ਮੈਂ ਕਾਮੇਡੀ ਕੀਤੀ, ਆਪਣੇ ਰੋਲ ਨੂੰ ਉਂਝ ਹੀ ਹੱਸਦੇ-ਹੱਸਦੇ ਕਰ ਦਿੱਤਾ | ਉਦੋਂ ਕਿਹਾ ਗਿਆ ਕਿ 'ਕਮਾਲ ਕਾ ਕੰਮ ਕੀਤਾ ਹੈ | ਬਹੁਤ ਉਲਟੀ ਦੁਨੀਆ ਹੈ |'

-ਜੂਹੀ ਚਾਵਲਾ

• 'ਵਿਆਹੁਤਾ' ਔਰਤ ਹੋਣ ਤੋਂ ਇਲਾਵਾ ਮੈਂ ਇਕ ਅਭਿਨੇਤਰੀ ਵੀ ਹਾਂ | ਦੋਵੇਂ ਵੱਖ-ਵੱਖ ਚੀਜ਼ਾਂ ਹਨ | ਅਸੀਂ ਦੋਵੇਂ (ਸਿਧਾਰਥ ਅਤੇ ਮੈਂ) ਇਕ-ਦੂਜੇ ਦੇ ਕੰਮ ਦੀ ਇੱਜ਼ਤ ਕਰਦੇ ਹਾਂ | ਅਸੀਂ ਕੰਮ ਅਤੇ ਰਿਸ਼ਤਿਆਂ ਨੂੰ ਇਕ-ਦੂਜੇ ਦੇ ਰਸਤੇ ਵਿਚ ਨਹੀਂ ਲਿਆਉਂਦੇ |

-ਵਿਦਿਆ ਬਾਲਨ

-ਧਰਮਪਾਲ ਡੋਗਰਾ 'ਮਿੰਟੂ'
5-mail : mintucartoonistjournalist0gmail.com
 

ਵੀਰ ਸੁਖਵੰਤ ਦੇ ਹੋ ਗਏ'ਚਰਚੇ'

 ਪੰਜਾਬੀ ਗਾਇਕਾਂ ਵਿਚ ਬਹੁਤੇ ਤਾਂ ਚਮਕੀਲੇ ਤੇ ਭੜਕੀਲੇ ਕੱਪੜੇ ਤੇ ਜੈੱਲ ਵਾਲੇ ਵਾਲਾਂ ਤੋਂ ਬਿਨਾਂ ਘਰੋਂ ਪੈਰ ਨਹੀਂ ਪੁੱਟਦੇ। ਉਨ੍ਹਾਂ ਵਿਚ ਇਸ ਗੱਲ ਦੀ ਖਾਸੀ ਤਮ੍ਹਾਂ ਹੁੰਦੀ ਹੈ ਕਿ ਜਿਥੇ ਵੀ ਉਹ ਜਾਣ, ਮੁੰਡੇ-ਖੁੰਡੇ ਭਰਿੰਡਾਂ ਵਾਂਗੂ ਚਿੰਬੜਨ ਨੂੰ ਫਿਰਨ। ਇਸ ਖੇਤਰ ਵਿਚ ਕੁਝ ਕੁ ਗਿਣਤੀ ਦੇ ਗਾਇਕ ਅਜਿਹੇ ਵੀ ਹਨ, ਸ਼ੌਹਰਤ ਤੇ ਪੈਸਾ ਜਿਨ੍ਹਾਂ ਦੇ ਦਿਮਾਗ ਨੂੰ ਨਹੀਂ ਚੜ੍ਹਿਆ। ਉਹ ਆਮ ਲੋਕਾਂ ਵਿਚ ਆਮ ਲੋਕਾਂ ਵਾਂਗੂ ਹੀ ਵਿਚਰਦੇ ਹਨ। ਸਾਦਗੀ ਦੇ ਮੁੱਦਈ ਅਜਿਹੇ ਗਾਇਕਾਂ ਚੋਂ ਇਕ ਹੈ ਵੀਰ ਸੁਖਵੰਤ। ਪਟਿਆਲਾ ਜ਼ਿਲ੍ਹੇ ਦੇ ਪਿੰਡ ਹਡਾਣਾ ਦਾ ਜੰਮਪਲ ਸੁਖਵੰਤ ਪੜ੍ਹਾਈ ਦੌਰਾਨ ਹੀ ਗਾਇਕੀ ਦਾ ਸ਼ੌਕ ਪਾਲਦਾ ਰਿਹਾ ਅਤੇ ਉਸਨੇ ਅੰਤਰ-ਕਾਲਜ ਮੁਕਾਬਲਿਆਂ 'ਚ ਕਈ ਇਨਾਮ ਵੀ ਜਿੱਤੇ। ਉਸਦੀ ਪਲੇਠੀ ਐਲਬਮ 'ਜਨੂੰਨ-2004' ਸੀ ਜਿਸ ਵਿਚ ਉਸਦਾ ਇਕੋ ਇਕ ਗੀਤ 'ਕਿਹੜੇ ਪਿੰਡ ਦੀ ਤੂੰ' ਪ੍ਰਸਿੱਧੀ ਦੀਆਂ ਕਈ ਮੰਜ਼ਿਲਾਂ ਤੈਅ ਕਰ ਗਿਆ। ਉਸਦੇ ਗਾਏ ਗੀਤਾਂ ਦੀ ਐਲਬਮ 'ਹਵਾਵਾਂ' ਨੇ ਉਸਨੂੰ ਸਾਹਿਤਕ ਗੀਤਾਂ ਦੇ ਸਫਲ ਗਾਇਕ ਵਜੋਂ ਪੇਸ਼ ਕੀਤਾ। ਇਨ੍ਹਾਂ ਸਦਾ ਬਹਾਰ ਗੀਤਾਂ ਤੋਂ ਬਾਅਦ ਉਸਨੇ ਦੋਗਾਣਿਆਂ ਵੱਲ ਨੂੰ ਰੁਖ਼ ਕੀਤਾ। ਮਿਸ ਪੂਜਾ ਨਾਲ 'ਪਾਰਟੀ', ਸੁਦੇਸ਼ ਕੁਮਾਰੀ ਨਾਲ 'ਵੀਜ਼ਾ' ਤੋਂ ਬਾਅਦ 'ਕਾਕੇ', 'ਪਜੈਰੋ' ਅਤੇ 'ਕੰਬਾਈਨ' ਐਲਬਮਾਂ ਦੇ ਜ਼ਰੀਏ ਉਸਦਾ ਅਕਸ ਸੱਭਿਆਚਾਰਕ ਦੋਗਾਣੇ ਗਾਉਣ ਵਾਲੇ ਗਾਇਕ ਵਜੋਂ ਉਭਰਿਆ। 'ਜ਼ਫਰਨਾਮਾ' ਸਮੇਤ ਉਸਦੀਆਂ ਦੋ ਧਾਰਮਿਕ ਕੈਸਿਟਾਂ ਵੀ ਆਈਆਂ ਤੇ ਕਾਫੀ ਮਕਬੂਲ ਹੋਈਆਂ। ਹੁਣ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਉਸਦੀ ਸੋਲੋ ਗੀਤਾਂ ਦੀ ਐਲਬਮ 'ਚਰਚੇ' ਵੀ ਸੁਖਵੰਤ ਦੀ ਸੁਰੀਲੀ ਅਵਾਜ਼ ਅਤੇ ਸੱਭਿਆਚਾਰਕ ਲਫਜ਼ਾਂ ਨਾਲ ਲਬਰੇਜ਼ ਹੋਣ ਕਰਕੇ ਚਰਚਾ ਕਰਵਾ ਰਹੀ ਹੈ। ਇਸ ਵਿਚਲਾ ਟਾਈਟਲ ਗੀਤ 'ਖਰਚੇ ਬਿਨਾਂ ਨੀ ਹੁੰਦੇ ਚਰਚੇ' ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਣਜੰਮੀ ਧੀ ਦੀ ਪੁਕਾਰ 'ਧੀ ਆਖਦੀ ਸੁਣ ਵੇ ਰੱਬਾ', 'ਬਾਹਰ ਜਾਣ ਦੀ ਕਾਹਲੀ ਸੀ, ਹੁਣ ਇੰਡੀਆ ਆਉਣ ਨੂੰ ਤਰਸ ਗਈ', 'ਕਰਨੀ ਐ ਤਾਂ ਰੀਸ ਕਰੋ ਭਗਤ ਸਿੰਘ ਸਰਦਾਰ ਦੀ', 'ਭੁੱਲ ਕੇ ਨਾ ਕਰਿਓ ਮਿੱਤਰੋ ਯਾਰਾਂ ਨਾਲ 420', 'ਖਾਨੇ ਪੀਨੇ ਆਂ ਟੌਹਰ ਨਾਲ ਜੀੇਨੇ ਆਂ', 'ਅੱਗ ਇਸ਼ਕ ਦੀ ਮੱਚਦੀ ਏ ਨਾ ਬੁੱਝਦੀ ਏ' ਤੇ 'ਮੁੰਡੇ ਜਾਨ ਦੇਣ ਨੂੰ ਫਿਰਦੇ' ਆਦਿ ਗੀਤਾਂ ਚੋਂ ਬਹੁਤੇ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਦੇਣ ਵਾਲੇ ਹਨ। ਕਰਮਜੀਤ ਪੁਰੀ ਦੇ ਲਿਖੇ, ਵਿਨੇ ਕਮਾਲ ਤੇ ਆਰ. ਗੁਰੂ ਦੁਆਰਾ ਸੰਗੀਤਬੱਧ ਕੀਤੇ ਇਨ੍ਹਾਂ ਗੀਤਾਂ ਨੂੰ ਐਲਬਮ ਦਾ ਰੂਪ ਸੱਜਣ ਦੂਹਣ ਦੀ ਕੰਪਨੀ ਐਸ. ਐਮ. ਆਈ. ਨੇ ਦਿੱਤਾ। ਵੀਰ ਸੁਖਵੰਤ ਦਾ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਹੈ ਕਿ ਜੇਕਰ ਪੰਜਾਬ ਦੇ ਅਨਮੋਲ ਵਿਰਸੇ ਤੇ ਸੱਭਿਆਚਾਰ ਨੂੰ ਬਚਾਉਣਾ ਹੈ ਤਾਂ ਲੱਚਰ, ਭੜਕਾਊ ਤੇ ਹਿੰਸਕ ਪ੍ਰਵਿਰਤੀ ਉਭਾਰਨ ਵਾਲੀ ਗਾਇਕੀ ਨੂੰ ਤੁਰੰਤ ਨਕਾਰ ਦੇਣਾ ਚਾਹੀਦਾ ਹੈ।

-ਰਵਿੰਦਰ ਸਿੰਘ ਨਿੱਝਰ

ਮਾਧੁਰੀ ਦੀ ਮੁਸਕਾਨ

'ਆਜਾ ਨੱਚ ਲੈ' ਦੇ 6 ਸਾਲ ਬਾਅਦ ਮਾਧੁਰੀ ਦੀਕਸ਼ਿਤ ਹੁਣ ਅਨੁਭਵ ਸਿਨਹਾ ਦੀ 'ਗੁਲਾਬ ਗੈਂਗ' ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ | ਅਸਲ ਜ਼ਿੰਦਗੀ ਦੀ ਕਹਾਣੀ ਤੋਂ ਪ੍ਰੇਰਿਤ ਇਸ ਫ਼ਿਲਮ ਨੂੰ ਲੈ ਕੇ ਮਾਧੁਰੀ ਕਾਫੀ ਪ੍ਰਭਾਵਤ ਹੈ, ਜਿਸ ਦਾ ਸ਼ਡਿਊਲ ਉਨ੍ਹਾਂ ਨੇ ਹਾਲ ਵਿਚ ਪੂਰਾ ਕੀਤਾ ਹੈ | ਇਸ ਵਿਚ 1990 ਦੀ ਉਨ੍ਹਾਂ ਦੀ ਮੁਕਾਬਲੇਬਾਜ਼ ਜੂਹੀ ਚਾਵਲਾ ਵੀ ਹੈ |
ਫ਼ਿਲਮ ਭਾਵੇਂ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਹੋਵੇ ਪਰ ਮਾਧੁਰੀ ਨੂੰ ਨਹੀਂ ਲਗਦਾ ਕਿ ਇਸ ਨਾਲ ਉਨ੍ਹਾਂ ਨੂੰ ਕੰਮ ਕਰਨ ਵਿਚ ਮੁਸ਼ਕਿਲ ਆਈ | ਉਹ ਕਹਿੰਦੀ ਹੈ, 'ਹੋਰ ਲੋਕਾਂ ਨੂੰ ਵੀ ਫ਼ਿਲਮ ਦੀ ਕਹਾਣੀ ਆਪਣੀ ਹੀ ਲੱਗੇਗੀ |'
ਮਾਧੁਰੀ, ਜੋ ਇਨ੍ਹੀਂ ਦਿਨੀਂ ਡੈਂਟਲ ਕੇਅਰ ਪ੍ਰੋਡਕਸ ਦੇ ਇਸ਼ਤਿਹਾਰ ਕਰ ਰਹੀ ਹੈ, ਇੰਡਸਟਰੀ ਵਿਚ ਆਪਣੀ ਮਨਮੋਹਕ ਮੁਸਕਾਨ ਲਈ ਪ੍ਰਸਿੱਧ ਹੈ | ਉਹ ਕਹਿੰਦੀ ਹੈ, 'ਇਕ ਅਦਾਕਾਰਾ ਲਈ ਮੁਸਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਦਰਸ਼ਕ ਤੁਹਾਡੇ ਨਾਲ ਜੁੜਦੇ ਹਨ | ਮੁਸਕਾਨ ਨਾਲ ਪਿਆਰ ਵਧਦਾ ਹੈ | ਮੈਂ ਮੁਸ਼ਕਿਲ ਘੜੀਆਂ ਵਿਚ ਵੀ ਮੁਸਕਰਾਉਂਦੀ ਹਾਂ | ਮੈਂ ਕਿਸੇ ਨੂੰ ਵੀ ਮੈਨੂੰ ਵਿਵਾਦਾਂ ਵਿਚ ਲਿਆਉਣ ਜਾਂ ਮੇਰੀ ਰੋਜ਼ਾਨਾ ਦੀ ਰੋਟੀਨ ਵਿਗਾੜਨ ਨਹੀਂ ਦਿੰਦੀ | ਮੁਸਕਰਾਉਣਾ ਮੈਨੂੰ ਕੁਦਰਤ ਵੱਲੋਂ ਦਿੱਤਾ ਗਿਆ ਤੋਹਫ਼ਾ ਹੈ |'
ਪਰ ਅਦਾਕਾਰਾ ਆਪਣੀ ਇਸ ਖੂਬੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਹਿੰਦੀ ਹੈ ਕਿ ਉਸ ਨੂੰ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਮਧੂਬਾਲਾ ਦੀ ਮੁਸਕਾਨ ਸਭ ਤੋਂ ਵਧੀਆ ਲੱਗਦੀ ਹੈ | 'ਉਨ੍ਹਾਂ ਦੀ ਮੁਸਕਾਨ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ |'
ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਕਰਦੇ ਹੋਏ ਉਹ ਕਹਿੰਦੀ ਹੈ, 'ਮੈਨੂੰ ਮੇਰੇ ਬੱਚਿਆਂ ਦੀ ਮੁਸਕਾਨ ਪਿਆਰੀ ਲੱਗਦੀ ਹੈ | ਜ਼ਿੰਦਗੀ ਦਾ ਸਭ ਤੋਂ ਪਿਆਰਾ ਲਮਹਾ ਉਹ ਹੁੰਦਾ ਹੈ, ਜਦੋਂ ਤੁਹਾਡੇ ਬੱਚੇ ਤੁਹਾਡੇ ਚਿਹਰੇ ਅਤੇ ਮੁਸਕਾਨ ਤੋਂ ਪਛਾਣਦੇ ਹਨ |' ਮਾਧੁਰੀ ਦਾ ਮੰਨਣਾ ਹੈ ਕਿ ਤੁਹਾਡੀ ਮੁਸਕਾਨ ਤੁਹਾਨੂੰ ਹਰ ਮਾਹੌਲ ਵਿਚੋਂ ਕੱਢ ਸਕਦੀ ਹੈ | ਕਹਿੰਦੀ ਹੈ, 'ਮੇਰੀ ਮੁਸਕਾਨ ਨੇ ਮੈਨੂੰ ਕਈ ਵਾਰ ਬਚਾਇਆ ਹੈ | ਹੁਣ ਮੇਰੇ ਬੱਚੇ ਵੀ ਮੇਰੇ ਨਾਲ ਇਹੀ ਖੇਡ, ਖੇਡ ਰਹੇ ਹਨ | ਮੇਰਾ ਵੱਡਾ ਬੇਟਾ ਇਸ ਤਰ੍ਹਾਂ ਕਈ ਵਾਰ ਕਰਦਾ ਹੈ | ਮੁਸਕਰਾ ਕੇ ਖੁਦ ਨੂੰ ਬਚਾ ਲੈਂਦਾ ਹੈ |'
-ਬਾਲੀਵੁੱਡ ਨਿਊਜ਼ ਸਰਵਿਸ |

ਇਤੀ ਸ਼ਰਮਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX