ਤਾਜਾ ਖ਼ਬਰਾਂ


ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  about 1 hour ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  about 2 hours ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  about 2 hours ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  about 2 hours ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  about 2 hours ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਹੋਰ ਖ਼ਬਰਾਂ..

ਬਾਲ ਸੰਸਾਰ

ਪੰਛੀ ਖੰਭਾਂ ਵਿਚ ਚੁੰਝ ਕਿਉਂ ਮਾਰਦੇ ਹਨ?

ਦੋਸਤੋ, ਅਕਸਰ ਤੁਸਾਂ ਨੇ ਪੰਛੀਆਂ ਨੂੰ ਆਪਣੇ ਖੰਭਾਂ ਵਿਚ ਚੁੰਝ ਮਾਰਦੇ ਹੋਏ ਜ਼ਰੂਰ ਦੇਖਿਆ ਹੋਵੇਗਾ। ਕੀ ਤੁਹਾਨੂੰ ਪਤਾ ਹੈ ਕਿ ਪੰਛੀ ਇਹੋ ਜਿਹਾ ਕਾਹਦੇ ਲਈ ਕਰਦੇ ਹਨ? ਆਓ, ਇਸ ਬਾਰੇ ਜਾਣੀਏ-
ਪੰਛੀ ਆਪਣੇ ਖੰਭਾਂ ਵਿਚ ਚੁੰਝ ਇਸ ਲਈ ਮਾਰਦੇ ਹਨ ਤਾਂ ਕਿ ਉਨ੍ਹਾਂ ਦੇ ਖੰਭ ਆਪਣਾ ਕੰਮ ਸਹੀ ਢੰਗ ਨਾਲ ਕਰਦੇ ਰਹਿਣ। ਬਹੁਤ ਸਾਰੇ ਪੰਛੀਆਂ ਦੀ ਪੂਛ ਦੇ ਓਰੀਜਿਨ 'ਤੇ ਇਕ ਪ੍ਰੀਨ ਗਲੈਂਡ (ਗ੍ਰੰਥੀ) ਹੁੰਦੀ ਹੈ। ਇਸ ਗ੍ਰੰਥੀ 'ਚੋਂ ਤੇਲ ਪਦਾਰਥ ਨਿਕਲਦਾ ਹੈ। ਇਹ ਬੜੇ ਕੰਮ ਦਾ ਹੁੰਦਾ ਹੈ। ਚੁੰਝ ਦੀ ਮਦਦ ਨਾਲ ਪੰਛੀ ਇਸ ਤੇਲ ਨੂੰ ਆਪਣੇ ਖੰਭਾਂ 'ਤੇ ਫੈਲਾਅ ਦਿੰਦੇ ਹਨ। ਅਜਿਹਾ ਕਰਨ 'ਤੇ ਉਨ੍ਹਾਂ ਦੇ ਖੰਭ ਪਾਣੀ ਵਿਚ ਗਿੱਲੇ ਹੋਣ ਤੋਂ ਬਚੇ ਰਹਿੰਦੇ ਹਨ ਅਤੇ ਪਾਣੀ ਉਨ੍ਹਾਂ ਦੇ ਖੰਭਾਂ ਤੋਂ ਉੱਪਰੋਂ ਤਿਲਕ ਜਾਂਦਾ ਹੈ। ਜੇਕਰ ਅਜਿਹਾ ਨਾ ਹੋਵੇ ਤਾਂ ਪਾਣੀ ਵਿਚ ਭਿੱਜਣ ਨਾਲ ਖੰਭ ਭਾਰੀ ਹੋ ਜਾਣਗੇ, ਇਸ ਨਾਲ ਪੰਛੀਆਂ ਨੂੰ ਉਡਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।ਇਲਾਕੇ ਦੇ ਵਾਤਾਵਰਨ ਅਨੁਸਾਰ ਜਿਨ੍ਹਾਂ ਪੰਛੀਆਂ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਉਨ੍ਹਾਂ ਵਿਚ ਇਹ ਗ੍ਰੰਥੀ ਵੱਡੀ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਘੱਟ ਸੁਰੱਖਿਆ ਦੀ ਲੋੜ ਹੁੰਦੀ ਹੈ, ਉਨ੍ਹਾਂ ਵਿਚ ਛੋਟੀ ਹੁੰਦੀ ਹੈ। ਆਪਣੇ ਖੰਭਾਂ ਦੀ ਸਫਾਈ ਕਰਕੇ ਪੰਛੀ ਬੈਕਟੀਰੀਆ ਅਤੇ ਪਰਜੀਵੀਆਂ ਤੋਂ ਵੀ ਛੁਟਕਾਰਾ ਪਾਉਂਦੇ ਹਨ। ਪੰਛੀ ਆਪਣੇ ਖੰਭਾਂ ਦੀ ਸਫਾਈ ਕਰਦੇ ਰਹਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਉਡਣ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।

ਨਿਰਮਲ ਪ੍ਰੇਮੀ
-ਪਿੰਡ ਰਾਮਗੜ੍ਹ, ਡਾਕ: ਫਿਲੌਰ (ਜਲੰਧਰ)-144410.
ਮੋਬਾ: 94631-61691
preminirmal@gmail.com

 


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ-ਸਫ਼ਲਤਾ ਦਾ ਭੇਤ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਰੋਮੀ ਆਪਣੀ ਜਮਾਤ ਦੇ ਹੁਸ਼ਿਆਰ ਬੱਚਿਆਂ ਵਿਚ ਗਿਣਿਆ ਜਾਂਦਾ ਸੀ। ਅਧਿਆਪਕ ਜੋ ਕੁਝ ਉਸ ਤੋਂ ਸੁਣਦੇ ਜਾਂ ਲਿਖਾਉਂਦੇ, ਉਹਦਾ ਸਭ ਕੁਝ ਠੀਕ ਹੁੰਦਾ। ਉਹਨੂੰ ਸਦਾ ਸ਼ਾਬਾਸ਼ ਮਿਲਦੀ। ਗੋਪਾਲ ਸਕੂਲੋਂ ਭੱਜ ਕੇ ਕੇਲੇ ਵੇਚਣ ਚਲਾ ਜਾਂਦਾ। ਉਹਦਾ ਪੜ੍ਹਾਈ ਵੱਲ ਧਿਆਨ ਘਟਦਾ ਗਿਆ। ਅਧਿਆਪਕ ਹਰ ਰੋਜ਼ ਉਸ ਨੂੰ ਝਿੜਕਦੇ ਤੇ ਮੁਰਗਾ ਬਣਾਉਂਦੇ ਪਰ ਉਸ ਨੇ ਸਕੂਲੋਂ ਭੱਜਣ ਦੀ ਆਦਤ ਨਾ ਛੱਡੀ।
ਰੋਮੀ ਤੇ ਗੋਪਾਲੇ ਨੇ ਮੈਟ੍ਰਿਕ ਦੀ ਪ੍ਰੀਖਿਆ ਦਿੱਤੀ। ਰੋਮੀ ਪਾਸ ਹੋ ਗਿਆ ਤੇ ਗੋਪਾਲਾ ਫੇਲ੍ਹ। ਰੋਮੀ ਜ਼ਿਲ੍ਹੇ ਵਿਚੋਂ ਅੱਵਲ ਰਿਹਾ। ਉਸ ਨੂੰ ਵਜ਼ੀਫਾ ਮਿਲਣ ਲੱਗ ਪਿਆ। ਉਹ ਅੱਗੇ ਪੜ੍ਹਦਾ ਰਿਹਾ। ਹੁਣ ਉਸ ਦੀ ਪੜ੍ਹਾਈ ਦਾ ਖਰਚ ਵਜ਼ੀਫੇ ਦੇ ਪੈਸਿਆਂ ਨਾਲ ਪੂਰਾ ਹੋ ਜਾਂਦਾ ਸੀ। ਦੂਜੇ ਭੈਣ-ਭਰਾਵਾਂ ਦੀ ਪੜ੍ਹਾਈ ਦਾ ਖਰਚਾ ਤੋਰਨ ਲਈ ਉਹ ਟਿਊਸ਼ਨਾਂ ਕਰਨ ਲੱਗ ਪਿਆ।
ਬੀ. ਏ. ਵਿਚ ਵੀ ਉਹ ਚੰਗੇ ਨੰਬਰ ਲੈ ਕੇ ਪਾਸ ਹੋਇਆ। ਐਮ. ਏ. ਕਰਕੇ ਉਹ ਦੂਜੇ ਸ਼ਹਿਰ ਵਿਚ ਪੜ੍ਹਾਉਣ ਲੱਗ ਗਿਆ। ਉਹਦੇ ਮਾਂ-ਪਿਓ ਬਹੁਤ ਖੁਸ਼ ਸਨ। ਹੁਣ ਉਨ੍ਹਾਂ ਨੂੰ ਰੋਜ਼ੀ-ਰੋਟੀ ਦੀ ਚਿੰਤਾ ਨਹੀਂ ਸੀ ਰਹੀ।
ਇਕ ਦਿਨ ਰੋਮੀ ਆਪਣੇ ਮਾਂ-ਪਿਓ ਅਤੇ ਭੈਣ-ਭਰਾਵਾਂ ਨੂੰ ਮਿਲਣ ਪਿੰਡ ਆਇਆ। ਰਸਤੇ ਵਿਚ ਉਹਦਾ ਜਮਾਤੀ ਗੋਪਾਲ ਕੇਲੇ ਵੇਚਦਾ ਮਿਲ ਗਿਆ। ਦੋਵੇਂ ਹਮਜਮਾਤੀ ਗਲਵਕੜੀ ਪਾ ਕੇ ਮਿਲੇ।
'ਯਾਰ ਰੋਮੀ, ਤੂੰ ਤਾਂ ਬਹੁਤ ਵੱਡਾ ਬੰਦਾ ਬਣ ਗਿਆ', ਗੋਪਾਲ ਬੋਲਿਆ।
'ਇਹ ਤਾਂ ਮੇਰੀ ਮਿਹਨਤ ਦਾ ਫਲ ਐ।'
'ਮਿਹਨਤ ਦਾ ਨਹੀਂ, ਕਿਸਮਤ ਦਾ। ਤੇਰੀ ਕਿਸਮਤ ਚੰਗੀ ਸੀ ਤੇ ਮੇਰੀ ਮਾੜੀ। ਅਸੀਂ ਦੋਨੋਂ ਇਕੱਠੇ ਪੜ੍ਹਨ ਲੱਗੇ। ਦੋਨਾਂ ਨੇ ਕੇਲੇ ਵੇਚ-ਵੇਚ ਪੜ੍ਹਾਈ ਕੀਤੀ। ਤੂੰ ਪਾਸ ਹੁੰਦਾ ਚਲਾ ਗਿਆ ਤੇ ਮੈਂ ਫੇਲ੍ਹ ਹੋ ਕੇ ਪੜ੍ਹਨਾ ਛੱਡ ਦਿੱਤਾ।'
'ਕਿਸਮਤ ਦੀ ਇਹਦੇ ਵਿਚ ਕਿਹੜੀ ਗੱਲ ਐ। ਮੈਂ ਕੇਲੇ ਵੇਚਣ ਵੇਲੇ ਕੇਲੇ ਵੇਚਦਾ ਸੀ ਤੇ ਪੜ੍ਹਨ ਵੇਲੇ ਦਿਲ ਲਾ ਕੇ ਪੜ੍ਹਦਾ ਸੀ। ਇਹ ਮੇਰੀ ਮਿਹਨਤ ਦਾ ਫਲ ਐ। ਮਿਹਨਤ ਹੀ ਮੇਰੀ ਸਫ਼ਲਤਾ ਦਾ ਭੇਤ ਹੈ।' ਕਹਿ ਕੇ ਰੋਮੀ ਹੱਸਦਾ-ਹੱਸਦਾ ਆਪਣੇ ਘਰ ਵੱਲ ਚਲਾ ਗਿਆ। (ਸਮਾਪਤ)

ਦਿਲਸ਼ੇਰ ਸਿੰਘ ਨਿਰਦੋਸ਼
-359, ਸੈਕਟਰ-10,
ਖਰੜ (ਮੁਹਾਲੀ)-140301

ਨਰਸਰੀ ਗੀਤ-ਪੜ੍ਹਿਆ ਬਾਂਦਰ

ਵਿਚ ਸਕੂਲੇ ਬਾਂਦਰ ਆਇਆ,
ਹੱਥ ਤਖ਼ਤੀ, ਗਲ ਬਸਤਾ ਪਾਇਆ।
ਕਹਿੰਦਾ ਸੀ, 'ਮੈਂ ਪੜ੍ਹਨਾ ਚਾਹਵਾਂ।
ਇਲਮ ਦੀ ਪੌੜੀ ਚੜ੍ਹਦਾ ਜਾਵਾਂ।
ਹੋਮਵਰਕ ਕਰ ਆਵਾਂਗਾ ਮੈਂ,
ਸੁੰਦਰ ਲਿਖਤ ਬਣਾਵਾਂਗਾ ਮੈਂ।
ਪੜ੍ਹ-ਲਿਖ ਕੇ ਮੈਂ ਇਹੀਓ ਚਾਹਵਾਂ,
ਇਲਮ ਦੇ ਦੀਵੇ ਹੋਰ ਜਗਾਵਾਂ।
ਜੰਗਲ ਦੇ ਵਿਚ ਸਭ ਅਨਪੜ੍ਹ,
ਮੈਂ ਸਭ ਦਾ ਬਣਨਾ ਟੀਚਰ।'

ਮੂਲ : ਅਸ਼ਰਫ਼ ਸੁਹੇਲ,
ਲਾਹੌਰ (ਪਾਕਿਸਤਾਨ)।
ਲਿਪੀਅੰਤਰ : ਦਰਸ਼ਨ ਸਿੰਘ ਆਸ਼ਟ (ਡਾ:),
ਮੋਬਾ: 98144-23703

ਲੜੀਵਾਰ ਨਾਵਲ-27- ਮੋਠੂ ਦੇ ਘੁੰਗਰੂ

ਹੁਣ ਤੱਕ ਤੁਸੀਂ ਪੜ੍ਹ ਚੁੱਕੇ ਹੋ
ਮੋਠੂ ਦੀ ਦਾਦੀ ਰਾਤ ਵੇਲੇ ਸੌਣ ਤੋਂ ਪਹਿਲਾਂ ਇਕ ਬੰਦੇ ਖਾਣੇ ਦਿਉ ਦੀ ਕਹਾਣੀ ਸੁਣਾ ਰਹੀ ਹੈ, ਜਿਸ ਲਈ ਮੋਠੂ ਦੇ ਸਾਥੀ ਵੀ ਦਿਲਚਸਪੀ ਰੱਖਦੇ ਹਨ। ਖੇਡਣ ਤੋਂ ਬਾਅਦ ਮੋਠੂ ਉਨ੍ਹਾਂ ਨੂੰ ਕਹਾਣੀ ਸੁਣਾ ਰਿਹੈ। ਇਸ ਤੋਂ ਅੱਗੇ ਪੜ੍ਹੋ :

ਤਾਰੀ ਘੋੜੇ ਵਾਂਗ ਰੇਵੀਏ ਪਿਆ ਆਇਆ ਤੇ ਕਿੱਕਰ ਕੋਲ ਆ ਕੇ ਸਾਹ ਲਿਆ। ਬਾਕੀ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਦੌੜੇ ਆਏ।
'ਚੱਲ ਬਈ ਹੋ ਜਾ ਸ਼ੁਰੂ', ਕਿੱਕਰ ਹੇਠ ਆਉਂਦਿਆਂ ਹੀ ਕਾਲਾ ਬੋਲਿਆ।
'ਹਾਂ, ਹੁਣ ਤਾਂ ਸੁਣਾਉਣੀ ਪਊ, ਆਪਾਂ ਕਿਥੇ ਸੀ?' ਮੋਠੂ ਨੇ ਪੁੱਛਿਆ।
'ਆਪਾਂ ਸੀਗੇ, ਉਸ ਪਿੰਡ 'ਚ ਪੰਜ ਮੁੰਡੇ ਆਏ ਸੀ ਤੇ ਫੇਰ ਸਮਾਨ ਲੈ ਕੇ ਦਿਉ ਨੂੰ ਫੜਨ ਤੁਰ ਪਏ ਸੀ', ਰਾਜੂ ਨੇ ਯਾਦ ਕਰਾਇਆ।
'ਹਾਂ ਆ ਗਿਆ ਯਾਦ, ਇਕ ਕੋਲ ਲੱਸੀ ਦਾ ਚਟੂਰਾ ਸੀ, ਦੂਸਰੇ ਕੋਲ ਗੋਹੇ ਦਾ ਟੋਕਰਾ, ਤੀਸਰੇ ਕੋਲ ਬਾਲਟੀ ਤੇ ਰੱਸਾ, ਚੌਥੇ ਕੋਲ ਢੋਲਕੀ ਤੇ ਪੰਜਵੇਂ ਕੋਲ ਕਹੀ ਸੀ, ਹੈਂ ਨਾ...?'
'ਹਾਂ', ਸਾਰੇ ਬੋਲੇ।
'ਸਾਰਾ ਕੁਝ ਲੈ ਕੇ ਉਹ ਜੰਗਲ ਵੱਲ ਤੁਰ ਪਏ, ਜਿਧਰ ਬੁੱਢੀ ਮਾਈ ਨੇ ਦੱਸਿਆ ਸੀ, ਬੰਦੇ ਖਾਣਾ ਦਿਉ ਰਹਿੰਦਾ ਹੈ।'
'ਉਨ੍ਹਾਂ ਨੂੰ ਡਰ ਨ੍ਹੀਂ ਲੱਗਿਆ? ਜੰਗਲ 'ਚ ਹਾਥੀ, ਬਘਿਆੜ, ਸ਼ੇਰ ਹੋਣਗੇ। ਸ਼ੇਰ ਵੀ ਤਾਂ ਬੰਦਿਆਂ ਨੂੰ ਖਾ ਜਾਂਦਾ ਹੁੰਦਾ ਐ', ਤਾਰੀ ਨੇ ਕਿਹਾ।
'ਕੀ ਪਤਾ, ਉਨ੍ਹਾਂ ਨੂੰ ਡਰ ਲੱਗਿਆ ਸੀ ਕਿ ਨਹੀਂ। ਦਾਦੀ ਨੇ ਤਾਂ ਐਂ ਈ ਸੁਣਾਈ ਸੀ। ਅੱਗੇ ਜੰਗਲ ਵੀ ਉਨ੍ਹਾਂ ਨੇ ਪਾਰ ਕਰ ਲਿਆ, ਫੇਰ ਨਦੀ ਆਈ, ਉਹ ਵੀ ਪਾਰ ਕਰ ਲਈ।'...
'ਉਹ ਤਰਨ ਜਾਣਦੇ ਸੀ?' ਰਾਜੂ ਨੇ ਪੁੱਛਿਆ।
'ਜਾਣਦੇ ਈ ਹੋਣਗੇ, ਤਾਂ ਹੀ ਪਾਰ ਕੀਤੀ ਹੋਊ', ਮੋਠੂ ਬੋਲਿਆ।
'ਐਨੀਆਂ ਚੀਜ਼ਾਂ ਸੀ ਉਨ੍ਹਾਂ ਕੋਲ, ਭਾਰੀਆਂ-ਭਾਰੀਆਂ, ਲੱਸੀ ਦਾ ਚਟੂਰਾ, ਗੋਹੇ ਦਾ ਟੋਕਰਾ..., ਕਿਵੇਂ ਲੈ ਕੇ ਗਏ ਹੋਣਗੇ?' ਕਾਲੇ ਨੇ ਹੈਰਾਨੀ ਨਾਲ ਪੁੱਛਿਆ।
'ਬਾਤਾਂ 'ਚ ਲੈ ਜਾਂਦੇ ਹੋਣਗੇ। ਮੈਂ ਵੀ ਜਦੋਂ ਦਾਦੀ ਨੂੰ ਪੁੱਛਿਆ ਸੀ-ਐਂ ਕਿਵੇਂ ਹੋ ਜਾਊ, ਦਾਦੀ ਕਹਿ ਦਿੰਦੀ ਐ, ਬਾਤ 'ਚ ਹੋ ਜਾਂਦੈ', ਮੋਠੂ ਨੇ ਦੱਸਿਆ।
'ਐਵੇਂ ਕਿਉਂ ਬੋਲੀ ਜਾਨੇ ਐ ਯਾਰ, ਚੱਲ ਮੋਠੂ ਤੂੰ ਬਾਤ ਸੁਣਾ', ਗੋਰੇ ਨੇ ਸਾਰਿਆਂ ਨੂੰ ਚੁੱਪ ਕਰਾਇਆ।
'ਫੇਰ ਸਾਰਿਆਂ ਨੇ ਨਦੀ ਪਾਰ ਕਰ ਲਈ। ਅੱਗੇ ਪਹਾੜ ਆਗੇ। ਵੱਡੇ-ਵੱਡੇ ਤੇ ਉੱਚੇ-ਉੱਚੇ...।'
'ਐਡੇ ਵੱਡੇ ਪਹਾੜ ਹੁੰਦੇ ਐ?' ਤਾਰੀ ਵਿਚੋਂ ਹੀ ਬੋਲ ਉਠਿਆ।
'ਮੈਂ ਕਿਹਾ ਸੀ ਬੋਲਣਾ ਨ੍ਹੀਂ ਕਿਸੇ ਨੇ', ਗੋਰਾ, ਤਾਰੀ ਨੂੰ ਝਈ ਲੈ ਕੇ ਪਿਆ।
'ਮੈਂ ਤਾਂ ਪਹਾੜ ਈ ਪੁੱਛਿਐ', ਤਾਰੀ ਢਿੱਲਾ ਜਿਹਾ ਬੋਲਿਆ।
'ਵੱਡੇ ਈ ਹੋਣਗੇ। ਆਪਣੇ ਰੇਤਾ ਦੇ ਟਿੱਬਿਆਂ ਆਂਗੂ। ਹੁਣ ਨਾ ਬੋਲੀਂ, ਤੂੰ ਸੁਣਾ ਮੋਠੂ', ਗੋਰੇ ਨੇ ਮੋਠੂ ਨੂੰ ਇਸ਼ਾਰਾ ਕੀਤਾ।
'ਫੇਰ ਉਨ੍ਹਾਂ ਪਹਾੜ ਵੀ ਪਾਰ ਕਰ ਲਏ। ਅੱਗੇ ਤੁਰੇ ਗਏ, ਤੁਰੇ ਗਏ, ਫੇਰ ਉਨ੍ਹਾਂ ਨੂੰ ਦਿਉ ਦਾ ਘਰ ਦਿਸ ਪਿਆ।
'ਦਿਉ ਘਰ ਪਾ ਕੇ ਰਹਿੰਦਾ ਸੀ?' ਤਾਰੀ ਕੋਲੋਂ ਫੇਰ ਨਾ ਰਿਹਾ ਗਿਆ।
'ਘਰ 'ਚ ਈ ਰਹਿੰਦਾ ਹੋਊ। ਘਰ ਦੀਆਂ ਵੀ ਉੱਚੀਆਂ ਕੰਧਾਂ ਵੱਡੇ ਦਰਵਾਜ਼ੇ।' ਮੋਠੂ ਅੱਖਾਂ ਅਤੇ ਹੱਥਾਂ ਦੀਆਂ ਹਰਕਤਾਂ ਵੀ ਅਨੋਖੀਆਂ ਕਰਦਾ ਦੱਸੀ ਗਿਆ।
'ਦਿਉ ਦਾ ਘਰ ਕੀਹਨੇ ਪਾ ਕੇ ਦਿੱਤਾ ਹੋਊ?' ਰਾਜੂ ਨੇ ਪੁੱਛਿਆ।
'ਕੀ ਪਤਾ ਹੁਣ, ਜਿਹੜੇ ਬੰਦੇ ਫੜ ਕੇ ਲੈ ਜਾਂਦਾ, ਉਨ੍ਹਾਂ ਕੋਲੋਂ ਪਹਿਲਾਂ ਘਰ ਬਣਾਉਂਦਾ ਹੋਊ, ਫੇਰ ਖਾਂਦਾ ਹੋਊ', ਮੋਠੂ ਬੋਲਿਆ।
(ਬਾਕੀ ਅਗਲੇ ਅੰਕ 'ਚ)

ਬਲਦੇਵ ਸਿੰਘ ਸੜਕਨਾਮਾ
19/374, ਕ੍ਰਿਸ਼ਨਾ ਨਗਰ, ਮੋਗਾ-142001.
ਫੋਨ : 98147-83069

ਭਾਰਤ ਦੀ ਮਹਾਨ ਕੰਧ ਕੁੰਭਾਲਗੜ੍ਹ

ਬੀਬੇ ਰਾਣੇ ਬੱਚਿਓ, ਰਾਜਸਥਾਨ ਦੇ ਅਰਾਵਲੀ ਪਰਬਤਾਂ ਦਰਮਿਆਨ ਖੂਬਸੂਰਤ ਪਹਾੜੀ ਸ਼ਹਿਰ ਕੁੰਭਾਲਗੜ੍ਹ ਵਸਦਾ ਹੈ। ਇਥੋਂ ਦੇ ਮਜ਼ਬੂਤ ਕਿਲ੍ਹੇ ਨੂੰ ਮਹਾਰਾਣਾ ਕੁੰਭਾ ਨੇ ਸੰਨ 1445 ਤੋਂ 1458 ਦੌਰਾਨ ਬਣਾਇਆ ਸੀ। 13 ਪਹਾੜੀ ਚੋਟੀਆਂ ਦੀ ਲੜੀ ਅੰਦਰ ਬਣਾਇਆ ਇਹ ਕਿਲ੍ਹਾ 12 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਸ ਕਿਲ੍ਹੇ ਨੂੰ 36 ਕਿਲੋਮੀਟਰ ਲੰਬੀ ਮਜ਼ਬੂਤ ਕੰਧ ਨਾਲ ਸੁਰੱਖਿਅਤ ਕੀਤਾ ਗਿਆ ਹੈ। ਆਖਿਆ ਜਾਂਦਾ ਹੈ ਕਿ ਇਹ ਕੰਧ ਚੀਨ ਦੀ ਕੰਧ ਨਾਲੋਂ ਦੂਜੇ ਨੰਬਰ 'ਤੇ ਆਉਂਦੀ ਹੈ। ਇਸ ਕਾਰਨ ਹੀ ਇਸ ਕੰਧ ਨੂੰ ਗ੍ਰੇਟ ਵਾਲ ਆਫ ਇੰਡੀਆ ਜਾਣੀ 'ਭਾਰਤ ਦੀ ਮਹਾਨ ਕੰਧ' ਵੀ ਆਖਿਆ ਜਾਂਦਾ ਹੈ। ਗੋਲਾਈਆਂ ਭਰਪੂਰ ਇਸ ਕੰਧ ਨੂੰ ਸੱਤ ਮਜ਼ਬੂਤ ਦਰਵਾਜ਼ਿਆਂ ਨਾਲ ਸ਼ਿੰਗਾਰਿਆ ਗਿਆ ਹੈ। 15 ਫੁੱਟ ਚੌੜੀ ਵਲ-ਵਲੇਵੇਂ ਖਾਂਦੀ ਇਸ ਕੰਧ ਉੱਪਰੋਂ 4 ਘੋੜੇ ਸਰਪਟ ਦੌੜ ਸਕਦੇ ਹਨ। ਕਿਲ੍ਹੇ ਦੇ ਅੰਦਰ ਬਹੁਤ ਹੀ ਖੂਬਸੂਰਤ ਮਹੱਲ, ਮੰਦਿਰ ਅਤੇ ਬਾਗ ਬਣੇ ਹੋਏ ਹਨ। ਬੱਦਲ ਮਹੱਲ ਸਭ ਤੋਂ ਉੱਚੀ ਪਹਾੜੀ ਚੋਟੀ 'ਤੇ ਬਣਿਆ ਹੋਇਆ ਹੈ। ਇਥੋਂ ਆਲੇ-ਦੁਆਲੇ ਕਈ-ਕਈ ਮੀਲਾਂ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਇਥੋਂ ਥਾਰ ਮਾਰੂਥਲ ਦੇ ਰੇਤਲੇ ਟਿੱਲੇ ਵੀ ਦਿਖਾਈ ਦਿੰਦੇ ਹਨ। ਕਿਲ੍ਹੇ ਦੇ ਅੰਦਰ 360 ਮੰਦਿਰ ਬਣੇ ਹੋਏ ਹਨ, ਜਿਨ੍ਹਾਂ ਵਿਚੋਂ 300 ਜੈਨ ਮੰਦਿਰ ਹਨ। 
ਮਹਾਰਾਣਾ ਪ੍ਰਤਾਪ ਦਾ ਜਨਮ ਵੀ ਇਸ ਕਿਲ੍ਹੇ ਅੰਦਰ ਹੀ ਹੋਇਆ ਸੀ। ਕਿਲ੍ਹੇ ਦੇ ਅੰਦਰ ਰਾਣਾ ਕੁੰਭਾ ਮਹੱਲ ਦੇਖਣਯੋਗ ਸਥਾਨ ਹੈ, ਜਿਸ ਦੇ ਅੰਦਰ ਮਰਦਾਂ ਅਤੇ ਔਰਤਾਂ ਦੇ ਰਹਿਣ ਲਈ ਵੱਖਰੇ-ਵੱਖਰੇ ਭਾਗ ਬਣਾਏ ਹੋਏ ਹਨ। ਕਿਲ੍ਹੇ ਅੰਦਰ ਸ਼ਾਹੀ ਯਾਦਗਾਰਾਂ, ਇਤਿਹਾਸਕ ਬਾਗ ਦੇਖਣਯੋਗ ਹਨ। 15ਵੀਂ ਸਦੀ ਦੌਰਾਨ ਬਣਾਇਆ ਡੈਮ, ਪੌੜੀਦਾਰ ਖੂਹ ਬਹੁਤ ਹੀ ਖੂਬਸੂਰਤ ਹਨ। ਕਿਲ੍ਹੇ ਅੰਦਰ ਦਾਖਲ ਹੋਣ ਲਈ ਮੁੱਖ ਦਰਵਾਜ਼ਿਆਂ ਦੇ ਅੰਦਰ ਹੋਰ ਗੁਪਤ ਦਰਵਾਜ਼ਿਆਂ ਰਾਹੀਂ ਜਾਇਆ ਜਾਂਦਾ ਹੈ। ਇਥੇ ਗਣੇਸ਼ ਮੰਦਿਰ, ਵੇਦੀ ਮੰਦਿਰ, ਨੀਲ ਕੰਠ ਮਹਾਂਦੇਵ ਮੰਦਿਰ, ਪਰਸਵ ਨਾਥ ਮੰਦਿਰ ਆਦਿ ਦੇਖਣਯੋਗ ਸਥਾਨ ਹਨ। ਕੁੰਭਾਲਗੜ੍ਹ ਉਦੇਪੁਰ ਤੋਂ 84 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਕਿਲ੍ਹੇ ਦੇ ਅੰਦਰ ਸੈਲਾਨੀਆਂ ਦੀ ਰਿਹਾਇਸ਼ ਲਈ ਏਅਰਕੰਡੀਸ਼ਨ ਤੰਬੂਆਂ ਦਾ ਪ੍ਰਬੰਧ ਵੀ ਹੈ।

ਜਰਨੈਲ ਬੱਧਣ
-527, ਅਰਬਨ ਅਸਟੇਟ, ਫੇਸ ਨੰ: 2, ਜਲੰਧਰ। ਮੋਬਾ: 94647-96287
jarnailsinghbadhan@gmail.com

ਅਫ਼ਰੀਕਾ ਮਹਾਦੀਪ ਦੀਆਂ ਨਦੀਆਂ

ਕਾਜ਼ਿੰਗਾ
ਪਿਆਰੇ ਬੱਚਿਓ! ਕਾਜ਼ਿੰਗਾ ਪੂਰਬੀ ਅਫਰੀਕਾ ਦੀ ਇਕ ਨਦੀ ਹੈ। ਇਹ ਨਦੀ ਯੂਗਾਂਡਾ ਦੇਸ਼ ਵਿਚ ਵਹਿਣ ਵਾਲੀ ਇਕ ਨਦੀ ਹੈ। ਇਸ ਨਦੀ ਦੀ ਲੰਬਾਈ 34 ਕਿਲੋਮੀਟਰ ਦੇ ਲਗਭਗ ਹੈ। ਇਸ ਨਦੀ ਦੀ ਚੌੜਾਈ 2.5 ਕਿਲੋਮੀਟਰ ਤੋਂ ਉੱਪਰ ਹੈ। ਬੱਚਿਓ! ਇਸ ਨਦੀ ਦੀ ਡੂੰਘਾਈ ਲਗਭਗ 2.5 ਮੀਟਰ ਹੈ। ਇਸ ਨਦੀ ਦਾ ਕੁੱਲ ਖੇਤਰਫਲ 900 ਕਿਲੋਮੀਟਰ ਹੈ। ਇਸ ਨਦੀ 'ਤੇ ਦੋ ਝੀਲਾਂ ਅਡਵਾਰਡ ਤੇ ਜੌਰਜ ਆਦਿ ਕਾਫੀ ਮਹੱਤਵਪੂਰਨ ਹਨ। ਇਨ੍ਹਾਂ ਝੀਲਾਂ 'ਤੇ ਬਹੁਤ ਸਾਰੀਆਂ ਪ੍ਰਜਾਤੀਆਂ ਦੇ ਪੰਛੀ ਆਮ ਦੇਖਣ ਨੂੰ ਮਿਲਦੇ ਹਨ। ਕਈ ਪੰਛੀ ਤਾਂ ਪ੍ਰਵਾਸੀ ਪੰਛੀ ਕਹਿਲਾਉਂਦੇ ਹਨ। ਇਨ੍ਹਾਂ ਝੀਲਾਂ ਉੱਤੇ 80 ਤੋਂ ਵੱਧ ਪ੍ਰਜਾਤੀਆਂ ਦੇ ਪੰਛੀ ਦੇਖਣ ਨੂੰ ਮਿਲਦੇ ਹਨ।
ਇਸ ਨਦੀ ਵਿਚ ਕਈ ਕਿਸਮ ਦੀਆਂ ਮੱਛੀਆਂ ਵੀ ਮਿਲਦੀਆਂ ਹਨ। ਬਹੁਤ ਸਾਰੇ ਮਛੇਰੇ ਇਨ੍ਹਾਂ ਮੱਛੀਆਂ ਨੂੰ ਫੜਦੇ ਆਮ ਦੇਖੇ ਜਾ ਸਕਦੇ ਹਨ। ਇਸ ਨਦੀ ਵਿਚ ਮਗਰਮੱਛ, ਕੱਛੂਕੁੰਮੇ, ਗੈਂਡੇ ਆਦਿ ਵੀ ਬਹੁਤ ਜ਼ਿਆਦਾ ਦੇਖੇ ਜਾ ਸਕਦੇ ਹਨ। 2005 ਵਿਚ ਇਸ ਨਦੀ ਵਿਚਲੇ ਜੀਵ-ਜੰਤੂਆਂ ਉੱਤੇ ਕਹਿਰ ਢਾਹਿਆ ਗਿਆ। ਬਹੁਤ ਸਾਰੇ ਜੀਵ-ਜੰਤੂ ਮਾਰੇ ਗਏ ਪਰ ਹੁਣ ਇਨ੍ਹਾਂ ਦੇ ਸ਼ਿਕਾਰ ਉੱਤੇ ਰੋਕ ਲਗਾਈ ਹੈ, ਜੋ ਇਕ ਸਾਰਥਿਕ ਕਦਮ ਹੈ।


ਕੁੰਦਨ ਲਾਲ ਭੱਟੀ
ਬੰਤਾ ਸਿੰਘ ਕਾਲੋਨੀ, ਵਾਰਡ ਨੰ: 7, ਗਲੀ ਨੰ: 3, ਦਸੂਹਾ, ਹੁਸ਼ਿਆਰਪੁਰ-144205.
ਮੋਬਾ: 94643-17983

ਮੁਕਾਬਲਾ ਪ੍ਰੀਖਿਆਵਾਂ-163- ਅੜਾਉਣੀ ਪਰਖ (ਉਲਝਾਅ-ਸੁਲਝਾਅ)

ਪਿਆਰੇ ਬੱਚਿਓ, ਪੰਜਾਬੀ ਰੰਗਮੰਚ (ਥੀਏਟਰ) ਨਾਲ ਸਬੰਧਤ 6 ਚਿਹਰੇ, ਅਜਮੇਰ ਸਿੰਘ ਔਲਖ, ਪਾਲੀ ਭੁਪਿੰਦਰ, ਕੇਵਲ ਧਾਲੀਵਾਲ, ਕੀਰਤੀ ਕਿਰਪਾਲ, ਤੇਜਿੰਦਰ ਸਿੰਘ ਅਤੇ ਗੌਰਵ ਦੁੱਗਲ ਸਾਰੇ ਨਿਰਦੇਸ਼ਕ ਹਨ। ਇਨ੍ਹਾਂ ਵਿਚੋਂ ਅਜਮੇਰ ਸਿੰਘ ਔਲਖ, ਪਾਲੀ ਭੁਪਿੰਦਰ ਅਤੇ ਕੇਵਲ ਧਾਲੀਵਾਲ ਲੇਖਕ ਵੀ ਹਨ, ਜਦਕਿ ਬਾਕੀ ਲੇਖਕ ਨਹੀਂ ਹਨ। ਅਜਮੇਰ ਸਿੰਘ ਔਲਖ, ਤੇਜਿੰਦਰ ਸਿੰਘ ਅਤੇ ਗੌਰਵ ਦੁੱਗਲ ਕਲਾਕਾਰ ਵੀ ਹਨ, ਜਦਕਿ ਬਾਕੀ ਕਲਾਕਾਰ ਨਹੀ ਹਨ। ਪਿਆਰੇ ਬੱਚਿਓ, ਹੁਣ ਤੁਸੀਂ ਉਪਰੋਕਤ ਦਿੱਤੀ ਗਈ ਜਾਣਕਾਰੀ ਦਾ ਅਧਿਐਨ ਕਰਨ ਉਪਰੰਤ ਪ੍ਰਸ਼ਨਾਂ ਦੇ ਢੁਕਵੇਂ ਉੱਤਰ ਦਿਓ। 
1. ਹੇਠ ਲਿਖਿਆਂ ਵਿਚੋਂ ਕਿਹੜਾ ਨਿਰਦੇਸ਼ਕ, ਲੇਖਕ ਅਤੇ ਕਲਾਕਾਰ ਹੈ?
(ੳ) ਪਾਲੀ ਭੁਪਿੰਦਰ (ਅ) ਅਜਮੇਰ ਸਿੰਘ ਔਲਖ (ੲ) ਕੇਵਲ ਧਾਲੀਵਾਲ (ਸ) ਕੀਰਤੀ ਕਿਰਪਾਲ
2. ਹੇਠ ਲਿਖਿਆਂ ਵਿਚੋਂ ਕਿਹੜਾ ਨਿਰਦੇਸ਼ਕ ਅਤੇ ਲੇਖਕ ਹੈ ਪਰ ਕਲਾਕਾਰ ਨਹੀ ਹੈ?
(ੳ) ਪਾਲੀ ਭੁਪਿੰਦਰ (ਅ) ਕੀਰਤੀ ਕਿਰਪਾਲ (ੲ) ਤੇਜਿੰਦਰ ਸਿੰਘ (ਸ) ਗੌਰਵ ਦੁੱਗਲ
3. ਹੇਠ ਲਿਖਿਆਂ ਵਿਚੋਂ ਕਿਹੜਾ ਨਿਰਦੇਸ਼ਕ ਅਤੇ ਕਲਾਕਾਰ ਹੈ ਪਰ ਲੇਖਕ ਨਹੀ ਹੈ?
(ੳ) ਕੀਰਤੀ ਕਿਰਪਾਲ (ਅ) ਪਾਲੀ ਭੁਪਿੰਦਰ (ੲ) ਤੇਜਿੰਦਰ ਸਿੰਘ (ਸ) ਕੇਵਲ ਧਾਲੀਵਾਲ
4. ਹੇਠ ਲਿਖਿਆਂ ਵਿਚੋਂ ਕਿਹੜਾ ਕੇਵਲ ਨਿਰਦੇਸ਼ਕ ਹੈ ਪਰ ਲੇਖਕ ਅਤੇ ਕਲਾਕਾਰ ਨਹੀ ਹੈ?
(ੳ) ਅਜਮੇਰ ਸਿੰਘ ਔਲਖ (ਅ) ਪਾਲੀ ਭੁਪਿੰਦਰ (ੲ) ਤੇਜਿੰਦਰ ਸਿੰਘ (ਸ) ਕੀਰਤੀ ਕਿਰਪਾਲ
ਉੱਤਰ ਕੁੰਜੀ- 163
1. (ਅ), 2. (ੳ), 3. (ੲ), 4. (ਸ)।

ਸ਼ਮਿੰਦਰ ਬੱਤਰਾ
-680/4 (1251) ਥਾਂਦੇਵਾਲਾ ਰੋਡ, ਨੇੜੇ ਭਗਤ ਨਾਮਦੇਵ ਭਵਨ, ਸ੍ਰੀ ਮੁਕਤਸਰ ਸਾਹਿਬ-152026.
ਮੋਬਾ: 95010-26350
shaminderbatra@gmail.com


 

ਬਾਲ ਗੀਤ

ਨਕਲ ਵਾਲੇ ਬੱਚਿਆਂ ਦੇ...
ਪੇਪਰ ਵਿਚ ਮੰਮੀ ਅੱਜ,
ਚੈਕਰ ਚਾਰ ਆ ਗਏ।
ਨਕਲ ਵਾਲੇ ਬੱਚਿਆਂ ਦੇ,
ਸਾਹ ਉਹ ਸੁਕਾ ਗਏ।
ਜਿਹੜੇ ਇਕ-ਦੂਜੇ ਨੂੰ,
ਪੇਪਰ ਸੀ ਕਰਾਂਵਦੇ।
ਵਿਹਲੇ ਬੈਠੇ ਸੋਚੀ ਜਾਣ,
ਕਦੋਂ ਇਹ ਜਾਂਵਦੇ।
ਰੋਣ ਹਾਕੇ ਹੋਏ ਬੈਠੇ,
ਨਾਨੀ ਯਾਦ ਕਰਾ ਗਏ।
ਨਕਲ ਵਾਲੇ ਬੱਚਿਆਂ ਦੇ....।
ਜਿਨ੍ਹਾਂ ਕੋਲ ਪਰਚੀ ਸੀ,
ਚੋਰਾਂ ਵਾਂਗ ਡਰਦੇ।
ਜਦੋਂ ਦਬਕਾ ਮਾਰਦੇ ਸੀ।
ਠੰਢੇ ਹਉਕੇ ਭਰਦੇ।
ਜਿਹੜਾ ਕੁਝ ਆਉਂਦਾ ਸੀ,
ਉਹ ਵੀ ਉਹ ਭੁਲਾ ਗਏ।
ਨਕਲ ਵਾਲੇ ਬੱਚਿਆਂ ਦੇ....।
ਨਕਲ ਬਹੁਤ ਮਾੜੀ ਚੀਜ਼,
ਸਾਨੂੰ ਸਮਝਾਈ ਸੀ।
'ਤਲਵੰਡੀ' ਸਰ ਦੀ ਗੱਲ,
ਅੱਜ ਯਾਦ ਆਈ ਸੀ।
ਨਕਲ ਵਾਲਿਆਂ ਦੇ ਹੱਥ,
ਕੰਨਾਂ ਨੂੰ ਲਵਾ ਗਏ।
ਨਕਲ ਵਾਲੇ ਬੱਚਿਆਂ ਦੇ....।

-ਅਮਰੀਕ ਸਿੰਘ ਤਲਵੰਡੀ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)।
ਮੋਬਾ: 94635-42896

ਮੋਠੂ ਦੇ ਘੁੰਗਰੂ

ਹੁਣ ਤੱਕ ਤੁਸੀਂ ਪੜ੍ਹ ਚੁੱਕੇ ਹੋ
ਮੋਠੂ ਪੇਂਡੂ ਆਮ ਘਰ ਦਾ ਬੱਚਾ ਹੈ। ਹਰ ਰੋਜ਼ ਰਾਤ ਨੂੰ ਦਾਦੀ ਕਲੋਂ ਕਹਾਣੀ ਸੁਣਨ ਦਾ ਸ਼ੌਕੀਨ ਹੈ। ਦਿਉ ਦੀ ਕਹਾਣੀ ਵਿਚ ਬੱਚਿਆਂ ਨੂੰ ਬਹੁਤ ਦਿਲਚਸਪੀ ਹੈ। ਇਸ ਤੋਂ ਅੱਗੇ ਪੜ੍ਹੋ :

 'ਮੇਰੀ ਬੀਬੀ ਤਾਂ ਗਾਲ੍ਹੀਂ ਡਹਿ ਪੈਂਦੀ ਐ', ਰਾਜੂ ਨੇ ਦੰਦਾਂ ਵਿਚ ਫਸੇ ਦਾਣੇ ਕੱਢਦਿਆਂ ਕਿਹਾ।
'ਪਹਿਲਾਂ ਖੇਡ ਤਾਂ ਲਈਏ', ਮੋਠੂ ਬੋਲਿਆ।
'ਕੀ ਖੇਡਾਂਗੇ ਹੁਣ?' ਸਾਰੇ ਇਕੱਠੇ ਹੀ ਬੋਲੇ।
'ਆਪਾਂ ਠੀਕਰੀਆਂ ਲੱਭ ਕੇ ਪਾਣੀ 'ਤੇ ਬੱਚੀਆਂ ਪਾਈਏ। ਦੇਖੀਏ ਕੀਹਦੀ ਠੀਕਰੀ ਸਭ ਤੋਂ ਦੂਰ ਜਾਂਦੀ ਐ', ਮੋਠੂ ਨੇ ਬਾਤ ਸੁਣਾਉਣੀ ਸੀ ਤੇ ਉਹ ਸਭ ਦਾ ਹੀਰੋ ਬਣਿਆ ਹੋਇਆ ਸੀ।
ਪੰਜੇ ਜਣੇ ਠੀਕਰੀਆਂ ਲੱਭਣ ਲੱਗੇ। ਸਭ ਤੋਂ ਪਹਿਲਾਂ ਕਾਲੇ ਨੂੰ ਇਕ ਠੀਕਰੀ ਲੱਭੀ। ਉਸ ਨੇ ਚਾਂਭਲ ਕੇ ਵਿਖਾਈ, 'ਆਹ ਵੇਖੋ।' ਸਾਰੇ ਉਸ ਵੱਲ ਈਰਖਾ ਨਾਲ ਦੇਖਣ ਲੱਗੇ, ਜਿਵੇਂ ਕਾਲੇ ਨੂੰ ਕੋਈ ਖਜ਼ਾਨਾ ਲੱਭ ਗਿਆ ਹੋਵੇ। ਫਿਰ ਸਭਨਾਂ ਨੂੰ ਹੀ ਠੀਕਰੀਆਂ ਲੱਭ ਲਈਆਂ।
'ਆਪਾਂ ਤਿੰਨ-ਤਿੰਨ ਵਾਰੀ ਬੱਚੀਆਂ ਪਾਵਾਂਗੇ', ਮੋਠੂ ਨੇ ਹੁਕਮ ਦੇਣ ਵਾਂਗ ਕਿਹਾ।
'ਜਿਸ ਦੀ ਠੀਕਰੀ ਨੇ ਸਭ ਤੋਂ ਦੂਰ ਬੱਚੀਆਂ ਪਾਈਆਂ, ਤਿੰਨ ਵਾਰੀਆਂ 'ਚ, ਉਹ ਫਸਟ ਆਊ, ਜਿਸ ਦੀ ਠੀਕਰੀ ਸਭ ਤੋਂ ਪਿੱਛੇ ਰਹੀ, ਉਹ ਫਸਟ ਆਉਣ ਵਾਲੇ ਨੂੰ ਸਾਹਮਣੀ ਕਿੱਕਰ ਤੱਕ ਆਪਣੀ ਪਿੱਠ 'ਤੇ ਮਿੋਠੂ ਦੇ ਘੁੰਗਰੂ

ਹੁਣ ਤੱਕ ਤੁਸੀਂ ਪੜ੍ਹ ਚੁੱਕੇ ਹੋ
ਮੋਠੂ ਪੇਂਡੂ ਆਮ ਘਰ ਦਾ ਬੱਚਾ ਹੈ। ਹਰ ਰੋਜ਼ ਰਾਤ ਨੂੰ ਦਾਦੀ ਕਲੋਂ ਕਹਾਣੀ ਸੁਣਨ ਦਾ ਸ਼ੌਕੀਨ ਹੈ। ਦਿਉ ਦੀ ਕਹਾਣੀ ਵਿਚ ਬੱਚਿਆਂ ਨੂੰ ਬਹੁਤ ਦਿਲਚਸਪੀ ਹੈ। ਇਸ ਤੋਂ ਅੱਗੇ ਪੜ੍ਹੋ :ਬਠਾ ਕੇ ਝੂਟੇ
ਦੇਊਗਾ। ਆਪਾਂ ਤਾੜੀਆਂ ਵਜਾਵਾਂਗੇ ਤੇ ਫੇਰ ਕਿੱਕਰ ਕੋਲ ਬੈਠ ਕੇ ਮੈਂ ਬਾਤ ਸੁਣਾਊਂਗਾ', ਮੋਠੂ ਨੇ ਸ਼ਰਤ ਰੱਖੀ।
ਸਾਰੇ ਸਹਿਮਤ ਹੋ ਗਏ।
'ਸਾਰੇ ਜਣੇ ਛੱਪੜ ਕੰਢੇ ਪੈਂਤੜੇ ਲੈ ਕੇ ਖੜ੍ਹੇ ਹੋ ਗਏ। ਹਰ ਕੋਈ ਪਹਿਲਾਂ ਆਪਣੀ ਠੀਕਰੀ ਚੁੰਮਦਾ, ਫੇਰ ਪੂਰੇ ਜ਼ੋਰ ਨਾਲ ਛੱਪੜ ਦੇ ਪਾਣੀ ਦੀ ਸਤਹ ਉੱਪਰ ਠੀਕਰੀ ਨੂੰ ਇਸ ਢੰਗ ਨਾਲ ਸੁੱਟਦਾ, ਠੀਕਰੀ ਪਾਣੀ ਉੱਪਰ ਛੜੱਪੇ ਮਾਰਦੀ ਤੈਰਦੀ ਜਾਂਦੀ। ਸਾਰੇ ਮੱਛਰ ਕੇ ਰੌਲਾ ਪਾਉਂਦੇ, ਚੀਕਾਂ ਤੇ ਲਲਕਾਰੇ ਮਾਰਦੇ। ਜਿਸ ਦੀ ਠੀਕਰੀ ਪਿੱਛੇ ਰਹਿ ਜਾਂਦੀ, ਉਹ ਕੰਢੇ ਉੱਪਰ ਖੜ੍ਹਾ ਹੀ ਜ਼ੋਰ ਲਾਈ ਜਾਂਦਾ, 'ਚੱਲ ਹੋਰ... ਚੱਲ ਹੋਰ।' ਜਦੋਂ ਠੀਕਰੀ ਡੁੱਬ ਜਾਂਦੀ ਤਾਂ ਉਹ 'ਹੱਤ ਤੇਰੇ ਦੀ' ਕਹਿ ਕੇ ਪੈਰ ਭੁੰਜੇ ਪਟਕਦਾ। ਕਦੇ ਤਾਰੀ ਦੀ ਠੀਕਰੀ ਸਭ ਤੋਂ ਦੂਰ ਤੈਰ ਜਾਂਦੀ, ਕਦੇ ਰਾਜੂ ਦੀ ਜਾਂ ਹੋਰ ਦੀ, ਦੂਜੀ ਵਾਰੀ ਵਿਚ ਸਭ ਤੋਂ ਅੱਗੇ ਜਾਣ ਵਾਲੇ ਦੀ ਠੀਕਰੀ ਸਭ ਤੋਂ ਪਿੱਛੇ ਰਹਿ ਜਾਂਦੀ। ਤੀਜੀ ਵਾਰ ਵਿਚ ਗੋਰੇ ਦੀ ਠੀਕਰੀ ਸਭ ਤੋਂ ਅੱਗੇ ਲੰਘ ਗਈ। ਤੈਰਦੀ-ਤੈਰਦੀ ਉਹ ਦੂਜੇ ਕੰਢੇ ਹੀ ਜਾ ਲੱਗਣੀ ਸੀ। ਗੋਰੇ ਨੇ ਛਾਲਾਂ ਮਾਰੀਆਂ, ਭੰਗੜਾ ਪਾਇਆ।
ਤਾਰੀ ਦੀ ਠੀਕਰੀ ਸਭ ਤੋਂ ਪਿੱਛੇ ਰਹਿ ਗਈ।
ਸ਼ਰਤ ਅਨੁਸਾਰ ਤਾਰੀ ਨੇ ਗੋਰੇ ਨੂੰ ਆਪਣੀ ਪਿੱਠ ਉੱਪਰ ਚੁੱਕ ਕੇ ਕਿੱਕਰ ਤੱਕ ਲੈ ਕੇ ਜਾਣਾ ਸੀ। ਤਾਰੀ ਸਾਊ ਮੁੰਡਿਆਂ ਵਾਂਗ ਘੋੜੀ ਬਣ ਕੇ ਖੜ੍ਹ ਗਿਆ। ਗੋਰੇ ਨੇ ਉਸ ਦੀ ਪਿੱਠ ਉੱਪਰ ਸਵਾਰੀ ਕਰਕੇ ਘੋੜੇ ਨੂੰ ਤੋਰਨ ਵਾਂਗ ਟਿਚਕਰ ਮਾਰੀ। ਬਾਕੀ ਸਾਰਿਆਂ ਨੇ ਤਾੜੀਆਂ ਮਾਰੀਆਂ, ਰੌਲਾ ਪਾਇਆ। ਕੋਲੋਂ ਦੀ ਲੰਘਦੇ ਬੰਦੇ ਉਨ੍ਹਾਂ ਵੱਲ ਦੇਖਦੇ ਹੱਸਦੇ ਲੰਘਣ ਲੱਗੇ। (ਬਾਕੀ ਅਗਲੇ ਅੰਕ 'ਚ)

ਲੜੀਵਾਰ ਨਾਵਲ-26
ਬਲਦੇਵ ਸਿੰਘ ਸੜਕਨਾਮਾ
-19/374, ਕ੍ਰਿਸ਼ਨਾ ਨਗਰ, ਮੋਗਾ-142001.
ਫੋਨ : 98147-83069

ਨੀਲੇ ਰੰਗ ਦੇ ਤੋਤੇ

ਇਸ ਸੰਸਾਰ ਅੰਦਰ ਪੈਦਾ ਹੋਏ ਜੀਵ-ਜੰਤੂਆਂ ਵਿਚੋਂ ਕਈਆਂ ਦੀਆਂ ਨਸਲਾਂ ਬੜੀ ਤੇਜ਼ੀ ਨਾਲ ਖਤਮ ਹੋ ਰਹੀਆਂ ਹਨ, ਜਿਨ੍ਹਾਂ ਵਿਚੋਂ ਬਰਾਜ਼ੀਲ ਦੇਸ਼ ਦੇ ਨੀਲੇ ਰੰਗ ਦੇ ਤੋਤੇ (ਬਲੂ ਮੋਕਾਅ) ਵੀ ਸ਼ਾਮਿਲ ਹਨ। ਇਨ੍ਹਾਂ ਦੀ ਨਸਲ ਵੀ ਬੜੀ ਤੇਜ਼ੀ ਨਾਲ ਖਤਮ ਹੁੰਦੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਬਚਾਉਣ ਲਈ ਵਿਸ਼ਵ ਵਣ ਜੀਵਨ ਫੰਡ ਵੱਲੋਂ ਉਚੇਚੇ ਯਤਨ ਕੀਤੇ ਜਾ ਰਹੇ ਹਨ। ਵਰਖ਼ਾ, ਵਣਾਂ ਦੇ ਤੇਜ਼ੀ ਨਾਲ ਸਫਾਏ ਅਤੇ ਅਵੈਧ ਤੌਰ 'ਤੇ ਸ਼ਿਕਾਰੀਆਂ ਵੱਲੋਂ ਇਨ੍ਹਾਂ ਜੀਵਾਂ ਨੂੰ ਕਾਬੂ ਕਰਕੇ ਦੁਨੀਆ ਭਰ ਦੇ ਚਿੜੀਆਘਰਾਂ ਕੋਲ ਵੇਚਣ ਦੇ ਲਾਲਚ ਨੇ ਇਨ੍ਹਾਂ ਤੋਤਿਆਂ ਦੀ ਨਸਲ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਇਆ। ਇਹ ਤੋਤੇ ਚੁੰਝ ਤੋਂ ਲੈ ਕੇ ਪੂਛ ਦੇ ਸਿਰੇ ਤੱਕ ਤਿੰਨ ਫੁੱਟ ਲੰਮੇ ਹੁੰਦੇ ਹਨ। ਇਨ੍ਹਾਂ ਦਾ ਰੰਗ ਗਾੜ੍ਹਾ ਨੀਲਾ, ਚੁੰਝ ਕਾਲੀ ਅਤੇ ਗਲੇ ਵਿਚ ਪੀਲੇ ਰੰਗ ਦੀ ਗਾਨੀ ਹੁੰਦੀ ਹੈ। ਇਹ ਧਰਤੀ ਤੋਂ ਤਕਰੀਬਨ 10 ਮੀਟਰ ਦੀ ਉਚਾਈ 'ਤੇ ਦਰੱਖਤਾਂ ਦੀਆਂ ਖੋੜਾਂ ਵਿਚ ਆਲ੍ਹਣੇ ਬਣਾਉਂਦੇ ਹਨ। ਹਰ ਮਾਦਾ ਤੋਤੀ ਇਕ ਸਮੇਂ ਦੋ ਆਂਡੇ ਦਿੰਦੀ ਹੈ। ਇਨ੍ਹਾਂ ਵਿਚੋਂ ਨਿਕਲਣ ਵਾਲੇ ਦੋ ਬੱਚਿਆਂ ਵਿਚੋਂ ਔਸਤ ਇਕ ਹੀ ਬਾਲਗ ਹੋਣ ਤੱਕ ਬਚਦਾ ਹੈ। ਦੂਜਾ ਬਚਪਨ ਵਿਚ ਹੀ ਮਰ ਜਾਂਦਾ ਹੈ। ਇਹ ਤੋਤੇ ਦੇਖਣ ਨੂੰ ਭਾਵੇਂ ਵੱਡੇ ਜਾਪਦੇ ਹਨ ਪਰ ਹੁੰਦੇ ਬਹੁਤ ਸਾਊ ਹਨ। ਨਰ ਤੋਤਾ 18 ਤਰ੍ਹਾਂ ਦੀਆਂ ਆਵਾਜ਼ਾਂ ਕੱਢ ਲੈਂਦਾ ਹੈ। ਇਨ੍ਹਾਂ ਤੋਤਿਆਂ ਨੂੰ ਜਿਥੇ ਸ਼ਿਕਾਰੀਆਂ ਤੋਂ ਖਤਰਾ ਹੁੰਦਾ ਹੈ, ਉਥੇ ਹੌਰਨਬਿਲ (ਸਿੰਗ ਵਰਗੀ ਚੁੰਝ ਵਾਲੇ ਪੰਛੀ) ਤੇ ਬਾਂਦਰ ਵੀ ਇਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਕਰਦੇ ਹਨ। 

-ਪਿੰਡ ਸੰਤੂਨੰਗਲ, ਡਾਕ: ਚੇਤਨਪੁਰਾ (ਅੰਮ੍ਰਿਤਸਰ)।
ਮਹਾਂਬੀਰ ਸਿੰਘ ਗਿੱਲ

ਚੁਟਕਲੇ

-> ਟੀਚਰ ਨੇ ਸੰਤੇ ਨੂੰ ਪੁੱਛਿਆ, 'ਪਾਣੀ ਵਿਚ ਰਹਿਣ ਵਾਲੇ ਪੰਜ ਜੀਵਾਂ ਦੇ ਨਾਂਅ ਦੱਸੋ।
ਸੰਤਾ ਫਟਾਫਟ ਬੋਲਿਆ-ਮੱਛੀ, ਮੱਛੀ ਦੀ ਮੰਮੀ, ਮੱਛੀ ਦੇ ਪਾਪਾ ਤੇ ਮੱਛੀ ਦੇ ਭੈਣ, ਭਰਾ।
-> ਸੰਤਾ ਕੰਪਿਊਟਰ ਦੇ ਪੇਪਰ ਵਿਚ ਬੈਠਾ ਸੀ। ਪੇਪਰ ਵਿਚ ਪ੍ਰਸ਼ਨ ਆਇਆ ਕਿ 'ਮਾਇਕਰੋਸਾਫਟ ਐਕਸਲ' ਕੀ ਹੈ?
ਸੰਤੇ ਨੇ ਉੱਤਰ ਵਿਚ ਪਤਾ ਕੀ ਲਿਖਿਆ? ਲਿਖਿਆ ਕਿ ਇਹ ਕੱਪੜੇ ਧੋਣ ਵਾਲੇ ਪਾਊਡਰ ਐਕਸਲ ਦਾ ਨਵਾਂ ਬ੍ਰਾਂਡ ਹੈ, ਜੋ ਕੰਪਿਊਟਰ ਧੋਵੇਗਾ।

-ਗੁਰਪ੍ਰੀਤ ਸਿੰਘ,
ਡੀ. ਪੀ. ਈ., ਏ. ਡੀ. ਸੀ: ਸੈ: ਸਕੂਲ, ਧਰਮਕੋਟ (ਮੋਗਾ)।

ਸਫ਼ਲਤਾ ਦਾ ਭੇਤ

ਰੋਮੀ ਨੌਵੀਂ ਜਮਾਤ ਵਿਚ ਪੜ੍ਹਦਾ ਸੀ। ਉਹਦੇ ਮਾਂ-ਪਿਓ ਬਹੁਤ ਗਰੀਬ ਸਨ। ਉਹਦਾ ਬਾਪੂ ਖੇਤ ਮਜ਼ਦੂਰ ਸੀ। ਕਦੇ ਦਿਹਾੜੀ ਲੱਗ ਜਾਂਦੀ ਤੇ ਕਦੇ ਨਾ। ਜਿਸ ਦਿਨ ਦਿਹਾੜੀ ਲੱਗ ਜਾਂਦੀ, ਉਸ ਦਿਨ ਉਨ੍ਹਾਂ ਦੇ ਘਰ ਦੋਵੇਂ ਡੰਗਾਂ ਦੀ ਰੋਟੀ ਪੱਕ ਜਾਂਦੀ ਤੇ ਜਿਸ ਦਿਨ ਉਹ ਵਿਹਲਾ ਰਹਿੰਦਾ, ਉਸ ਦਿਨ ਸਾਰੇ ਟੱਬਰ ਨੂੰ ਭੁੱਖੇ ਰਹਿਣਾ ਪੈਂਦਾ।
ਰੋਮੀ ਦੇ ਬਾਪੂ ਨੇ ਉਸ ਨੂੰ ਸਕੂਲੋਂ ਹਟਾ ਕੇ ਨੰਬਰਦਾਰਾਂ ਨਾਲ ਸੀਰੀ ਲਾਉਣ ਦਾ ਫੈਸਲਾ ਕਰ ਲਿਆ। ਉਹ ਪੜ੍ਹਨਾ ਚਾਹੁੰਦਾ ਸੀ। ਉਹ ਦਿਨ-ਰਾਤ ਸੋਚਦਾ ਰਹਿੰਦਾ ਕਿ ਉਹ ਆਪਣੀ ਪੜ੍ਹਾਈ ਕਿਵੇਂ ਜਾਰੀ ਰੱਖੇ। ਆਖਰ ਉਸ ਨੂੰ ਇਕ ਵਿਉਂਤ ਸੁੱਝ ਪਈ। ਉਹ ਆਪਣੇ ਬਾਪੂ ਕੋਲ ਗਿਆ।
'ਬਾਪੂ ਜੀ, ਮੈਂ ਪੜ੍ਹਨਾ ਚਾਹੁੰਨਾ, ਮੈਨੂੰ ਸਕੂਲੋਂ ਨਾ ਹਟਾਓ।'
'ਪੁੱਤਰ, ਤੈਨੂੰ ਪਤਾ ਈ ਆ, ਘਰ ਦੀ ਹਾਲਤ ਦਾ। ਕਈ ਵਾਰ ਤਾਂ ਦਿਹਾੜੀ ਵੀ ਨਹੀਂ ਲਗਦੀ। ਸਾਰੇ ਟੱਬਰ ਨੂੰ ਭੁੱਖੇ ਰਹਿਣਾ ਪੈਂਦੈ। ਮੈਂ ਚਾਹੁੰਨਾ, ਤੂੰ ਥੋੜ੍ਹੀ-ਬਹੁਤੀ ਕਮਾਈ ਕਰਕੇ ਮੇਰਾ ਹੱਥ ਵਟਾਵੇਂ।'
'ਬਾਪੂ ਜੀ, ਤੁਸੀਂ ਮੈਨੂੰ ਹਟਾਓ ਨਾ, ਮੈਂ ਆਪਣੀ ਪੜ੍ਹਾਈ ਦਾ ਖਰਚਾ ਆਪੇ ਚਲਾ ਲਊਂਗਾ।'
'ਕਿਵੇਂ?'
'ਮੈਂ ਗੋਪਾਲੇ ਵਾਂਗ ਕੇਲੇ ਵੇਚਿਆ ਕਰਾਂਗਾ। ਜਿਹੜੀ ਬੱਚਤ ਹੋਊ, ਉਹਦੇ ਨਾਲ ਮੈਂ ਸਕੂਲ ਦੀ ਫੀਸ ਦੇ ਦਿਆ ਕਰੂੰ, ਨਾਲੇ ਕਿਤਾਬਾਂ-ਕਾਪੀਆਂ ਖਰੀਦ ਲਿਆ ਕਰੂੰ।'
ਰੋਮੀ ਦੇ ਬਾਪੂ ਨੂੰ ਉਹਦੀ ਰਾਏ ਪਸੰਦ ਆ ਗਈ। ਉਸ ਨੇ ਕੇਲੇ ਖਰੀਦਣ ਲਈ ਕੁਝ ਰੁਪਏ ਰੋਮੀ ਨੂੰ ਦੇ ਦਿੱਤੇ। ਰੋਮੀ ਨੱਚ ਉਠਿਆ।
ਅਗਲੇ ਦਿਨ ਐਤਵਾਰ ਸੀ। ਉਹ ਮੰਡੀ ਗਿਆ ਤੇ ਕੇਲੇ ਖਰੀਦ ਕੇ ਘਰ ਮੁੜ ਆਇਆ। ਆਥਣ ਤੱਕ ਉਸ ਨੇ ਸਾਰੇ ਕੇਲੇ ਵੇਚ ਦਿੱਤੇ। ਉਸ ਨੇ 70 ਰੁਪਏ ਵੱਟੇ। ਉਸ ਨੇ 50 ਰੁਪਏ ਆਪਣੇ ਬਾਪ ਨੂੰ ਦੇ ਦਿੱਤੇ ਤੇ ਬਾਕੀ ਕੱਲ੍ਹ ਨੂੰ ਕੇਲੇ ਖਰੀਦਣ ਲਈ ਰੱਖ ਲਏ।
ਅਗਲੇ ਦਿਨ ਰੋਮੀ ਸਕੂਲ ਤੋਂ ਘਰ ਆਇਆ। ਉਸ ਨੇ ਸਕੂਲ ਵੱਲੋਂ ਘਰ ਲਈ ਮਿਲਿਆ ਕੰਮ ਮੁਕਾਇਆ ਤੇ ਕੇਲੇ ਵੇਚਣ ਚਲਾ ਗਿਆ।
ਜਿਸ ਮਹੱਲੇ ਵਿਚ ਉਹ ਕੇਲੇ ਵੇਚ ਰਿਹਾ ਸੀ, ਉਸ ਵਿਚ ਉਹਦੇ ਹਾਣੀ ਖਿੱਦੋ-ਖੂੰਡੀ ਖੇਡ ਰਹੇ ਸਨ। ਉਹਦਾ ਵੀ ਉਨ੍ਹਾਂ ਨਾਲ ਖੇਡਣ ਨੂੰ ਦਿਲ ਕੀਤਾ ਪਰ ਉਹ ਆਪਣਾ ਮਨ ਮਾਰ ਕੇ ਆਪਣੇ ਕੇਲੇ ਵੇਚਣ ਦੇ ਕੰਮ ਵਿਚ ਰੁੱਝਿਆ ਰਿਹਾ।
ਉਹ ਹਰ ਰੋਜ਼ ਸਕੂਲੋਂ ਆ ਕੇ ਸਕੂਲੋਂ ਮਿਲਿਆ ਕੰਮ ਮੁਕਾਉਂਦਾ ਤੇ ਫਿਰ ਕੇਲੇ ਵੇਚਣ ਚਲਾ ਜਾਂਦਾ। ਇਸ ਤਰ੍ਹਾਂ ਉਹ ਆਪਣੀ ਪੜ੍ਹਾਈ ਦਾ ਖਰਚ ਚਲਾਉਂਦਾ ਰਿਹਾ। ਆਪਣੇ ਛੋਟੇ ਭੈਣ-ਭਰਾਵਾਂ ਦੀਆਂ ਫੀਸਾਂ ਅਤੇ ਕਿਤਾਬਾਂ ਦਾ ਖਰਚ ਵੀ ਉਹ ਆਪ ਉਠਾਉਣ ਲੱਗ ਪਿਆ। ਇਸ ਤਰ੍ਹਾਂ ਉਹਦੇ ਛੋਟੇ ਭੈਣ-ਭਰਾ ਵੀ ਪੜ੍ਹਦੇ ਰਹੇ। ਉਹਦੇ ਮਾਂ-ਪਿਓ ਖੁਸ਼ ਸਨ, ਕਿਉਂਕਿ ਹੁਣ ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਨਹੀਂ ਸੀ ਰਹੀ।
(ਬਾਕੀ ਅਗਲੇ ਅੰਕ 'ਚ)

-ਦਿਲਸ਼ੇਰ ਸਿੰਘ ਨਿਰਦੋਸ਼,
359, ਸੈਕਟਰ-10, ਖਰੜ (ਮੁਹਾਲੀ)-140301

 

ਨਰਸਰੀ ਗੀਤ

ਭਾਲੂ ਨੱਚਿਆ
ਸਾਡੀ ਗਲੀ 'ਚ ਭਾਲੂ ਨੱਚਿਆ,
ਬਾਲਾਂ ਦੇ ਵਿਚ ਸ਼ੋਰ ਸੀ ਮੱਚਿਆ।
ਭਾਲੂ ਅਜੇ ਨਿਆਣਾ ਸੀ,
ਨਾਚ ਤੋਂ ਵੀ ਅਣਜਾਣਾ ਸੀ।
ਫਿਰ ਵੀ ਲੱਕ ਮਟਕਾਂਦਾ ਸੀ ਉਹ,
ਨਾਚ ਕਦੇ ਭੁੱਲ ਜਾਂਦਾ ਸੀ ਉਹ।
ਛੇਤੀ ਸੀ ਚੜ੍ਹ ਜਾਂਦਾ ਸਾਹ,
ਬਹਿ ਜਾਂਦਾ ਮੂੜ੍ਹੇ 'ਤੇ ਆ।
ਮਾਲਕ ਉਸ 'ਤੇ ਗੁੱਸਾ ਝਾੜੇ,
ਭਾਲੂ ਕਹਿੰਦਾ 'ਹਾੜ੍ਹੇ ਹਾੜ੍ਹੇ'।
ਕੁਝ ਦਿਨ ਤੱਕ ਸਿੱਖ ਜਾਵਾਂਗਾ ਮੈਂ,
ਡਿਸਕੋ-ਨਾਚ ਵਿਖਾਵਾਂਗਾ ਮੈਂ।

ਮੂਲ : ਅਸ਼ਰਫ਼ ਸੁਹੇਲ,
ਲਾਹੌਰ (ਪਾਕਿਸਤਾਨ)।
ਲਿਪੀਅੰਤਰ : ਦਰਸ਼ਨ ਸਿੰਘ ਆਸ਼ਟ (ਡਾ:),
ਮੋਬਾ: 98144-23703

ਭਾਰਤ ਦਾ ਪਵਿੱਤਰ ਸ਼ਹਿਰ ਕਾਸ਼ੀ

ਬੀਬੇ ਰਾਣੇ ਬੱਚਿਓ! ਪਵਿੱਤਰ ਗੰਗਾ ਕਿਨਾਰੇ ਵਸਿਆ ਸ਼ਹਿਰ ਕਾਸ਼ੀ (ਅਜੋਕਾ ਵਾਰਾਨਸੀ) ਸ਼ਹਿਰ ਪ੍ਰਾਚੀਨ ਕਾਲ ਵਿਚ ਕਾਸ਼ੀ ਬਾਦਸ਼ਾਹੀ ਅਖਵਾਉਂਦਾ ਸੀ ਅਤੇ ਇਸ ਇਤਿਹਾਸਕ ਸ਼ਹਿਰ ਨੂੰ ਰਾਜੇ ਅਯੂਸ਼ ਦੇ ਸਪੁੱਤਰ ਕਸ਼ੇਤਰਾਵ੍ਰਿਧਾ ਨੇ ਵਸਾਇਆ ਸੀ, ਜਿਹੜਾ ਕਿ ਪ੍ਰਾਤਿਸ਼ਥਾਨਾ ਦੇ ਸੋਮਵੰਸ਼ੀ ਘਰਾਣੇ ਨਾਲ ਸਬੰਧਤ ਸੀ। ਸੰਨ 1194 ਵਿਚ ਇਹ ਸ਼ਹਿਰ ਆਜ਼ਾਦ ਨਾ ਰਹਿ ਸਕਿਆ ਅਤੇ ਅੰਤ 1775 ਵਿਚ ਅਵਧ ਦੇ ਨਵਾਬ ਨੇ ਇਸ ਨੂੰ ਬਰਤਾਨੀਆ ਸਾਮਰਾਜ ਅਧੀਨ ਲੈ ਆਂਦਾ ਅਤੇ ਉਨ੍ਹਾਂ ਇਸ ਨੂੰ ਸੰਨ 1911 ਵਿਚ ਬਨਾਰਸ ਰਾਜ ਦਾ ਦਰਜਾ ਦੇ ਦਿੱਤਾ। ਹੁਣ ਵੀ ਇਥੋਂ ਦੇ ਮੁਗਲ ਸ਼ੈਲੀ ਅਨੁਸਾਰ ਉਸਾਰੇ ਰਾਮ ਨਗਰ ਕਿਲ੍ਹੇ ਵਿਚ ਕਾਸ਼ੀ ਨਰੇਸ਼ ਦੇ ਸ਼ਾਹੀ ਪਰਿਵਾਰ ਦੀ ਰਿਹਾਇਸ਼ ਹੈ ਅਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਧਾਰਮਿਕ ਰਸਮਾਂ ਵਿਚ ਕਾਸ਼ੀ ਨਰੇਸ਼ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਸਦੀਆਂ ਪੁਰਾਣੇ ਇਸ ਮਹਾਂਪਵਿੱਤਰ ਸ਼ਹਿਰ ਵਿਚ ਹਰ ਧਰਮ ਨਾਲ ਸਬੰਧਤ ਧਾਰਮਿਕ ਅਸਥਾਨ ਬਣੇ ਹੋਏ ਹਨ। ਬੇਸ਼ੱਕ ਮੁਹੰਮਦ ਗੌਰੀ ਜਿਹੇ ਧਾੜਵੀ ਨੇ ਇਥੋਂ ਦੇ ਬਹੁਤ ਸਾਰੇ ਪ੍ਰਾਚੀਨ ਮੰਦਿਰ 12ਵੀਂ ਸਦੀ ਦੌਰਾਨ ਤਬਾਹ ਕਰ ਦਿੱਤੇ ਸਨ ਪਰ ਫਿਰ ਵੀ ਇਥੇ ਬਹੁਤ ਸਾਰੇ ਮੰਦਿਰ ਅਤੇ ਹੋਰ ਧਾਰਮਿਕ ਅਸਥਾਨ ਦੇਖਣਯੋਗ ਹਨ। 

ਇਸ ਨੂੰ ਅਧਿਆਤਮਿਕ ਸ਼ਹਿਰ ਵੀ ਆਖਿਆ ਜਾਂਦਾ ਹੈ। ਜੈਨ ਧਰਮ ਦੇ 23ਵੇਂ ਤੀਰਥੰਕਰ ਪਰਸ਼ਵ ਦਾ ਜਨਮ ਇਥੇ ਹੀ ਹੋਇਆ ਸੀ। ਗੌਤਮ ਬੁੱਧ ਨੇ ਵੀ ਆਪਣਾ ਪਹਿਲਾ ਪ੍ਰਵਚਨ ਇਥੋਂ ਦੇ ਲਾਗਲੇ ਸ਼ਹਿਰ ਸਾਰਨਾਥ ਵਿਖੇ ਹੀ ਕੀਤਾ ਸੀ। ਭਗਤੀ ਲਹਿਰ ਨਾਲ ਸਬੰਧਤ ਮਹਾਨ ਸੰਤ ਕਬੀਰ ਦਾ ਜਨਮ ਵੀ ਇਥੇ ਹੀ ਹੋਇਆ ਸੀ। ਇਸ ਲਹਿਰ ਨਾਲ ਸਬੰਧਤ ਮਹਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਵੀ ਇਥੇ ਹੀ ਸੀਰ-ਗੋਵਰਧਨਪੁਰ ਵਿਖੇ 14ਵੀਂ ਸਦੀ ਦੌਰਾਨ ਹੋਇਆ ਸੀ। ਉਨ੍ਹਾਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੀ ਗਈ ਹੈ। ਬਾਬਤਪੁਰ ਏਅਰਪੋਰਟ ਇਥੋਂ 22 ਕਿਲੋਮੀਟਰ ਦੂਰੀ 'ਤੇ ਸਥਿਤ ਹੈ।

ਜਰਨੈਲ ਬੱਧਣ
-527, ਅਰਬਨ ਅਸਟੇਟ, ਫੇਸ ਨੰ: 2, ਜਲੰਧਰ।
ਮੋਬਾ: 94647-96287
jarnailsinghbadhan@gmail.com

ਅਫ਼ਰੀਕਾ ਮਹਾਂਦੀਪ ਦੀਆਂ ਨਦੀਆਂ

ਓਮੋ
ਪਿਆਰੇ ਬੱਚਿਓ! ਓਮੋ ਪੂਰਬੀ ਅਫਰੀਕਾ ਦੀ ਇਕ ਨਦੀ ਹੈ। ਇਹ ਇਥੋਪੀਆ ਦੇਸ਼ ਵਿਚ ਵਹਿਣ ਵਾਲੀ ਨਦੀ ਹੈ। ਇਸ ਨਦੀ ਦਾ ਅੰਤ ਤੁਰਕਾਨਾ ਝੀਲ ਵਿਚ ਜਾ ਕੇ ਹੋ ਜਾਂਦਾ ਹੈ। ਇਸ ਨਦੀ ਦੀ ਲੰਬਾਈ 764 ਕਿਲੋਮੀਟਰ ਹੈ। ਇਸ ਨਦੀ ਦੀ ਸਮੁੰਦਰ ਤਲ ਤੋਂ ਉਚਾਈ 6000 ਫੁੱਟ (2000 ਮੀਟਰ) ਮੰਨੀ ਗਈ ਹੈ। ਬਰਸਾਤੀ ਮੌਸਮ ਵਿਚ ਇਸ ਨਦੀ ਦਾ ਪਾਣੀ ਕਾਫੀ ਉਛਲਦਾ ਹੈ ਭਾਵ ਇਸ ਨਦੀ ਵਿਚਲੇ ਪਾਣੀ ਦੀ ਉਚਾਈ ਬਰਸਾਤੀ ਮੌਸਮ ਵਿਚ ਆਮ ਨਾਲੋਂ ਵਧ ਜਾਂਦੀ ਹੈ। ਇਸ ਨਦੀ ਵਿਚ ਇਥੋਂ ਦੀਆਂ ਕਈ ਛੋਟੀਆਂ ਨਦੀਆਂ ਜਿਵੇਂ ਗਿਬਾ, ਵਾਬਿ, ਡੇਨਚੀਆ, ਗੋਜੇਬ, ਮੁਆਈ ਅਤੇ ਓਸਨੋ ਨਦੀਆਂ ਆ ਕੇ ਮਿਲਦੀਆਂ ਹਨ, ਜਿਨ੍ਹਾਂ ਦਾ ਪਾਣੀ ਅਕਸਰ ਇਕ-ਦੂਜੇ ਵੱਲ ਨੂੰ ਆਉਂਦਾ ਰਹਿੰਦਾ ਹੈ। ਇਸ ਨਦੀ ਵਿਚ ਕਈ ਦਰੇ ਦਿਖਾਈ ਦਿੰਦੇ ਹਨ। ਕਿਹਾ ਜਾਂਦਾ ਹੈ 2006 ਵਿਚ ਇਸ ਨਦੀ ਵਿਚ ਭਿਆਨਕ ਹੜ੍ਹ ਆਇਆ ਪਰ ਜਾਨੀ-ਮਾਲੀ ਨੁਕਸਾਨ ਤੋਂ ਇਹ ਦੇਸ਼ ਬਚਿਆ ਰਿਹਾ।
ਇਸ ਨਦੀ ਵਿਚ ਕਈ ਤਰ੍ਹਾਂ ਦੀਆਂ ਮੱਛੀਆਂ, ਝੀਂਗੇ, ਕੱਛੂਕੁੰਮੇ, ਮਗਰਮੱਛ ਰਹਿੰਦੇ ਹਨ। ਵਪਾਰਕ ਮਾਰਗ ਵੀ ਇਸ ਨਦੀ ਦਾ ਕਾਫੀ ਅਹਿਮੀਅਤ ਰੱਖਦਾ ਹੈ। ਇਸ ਵਪਾਰ ਰਾਹੀਂ ਉਹ ਆਪਣੀ ਸਥਿਤੀ ਕਾਫੀ ਮਜ਼ਬੂਤ ਕਰਦਾ ਹੈ।

ਕੁੰਦਨ ਲਾਲ ਭੱਟੀ
-ਬੰਤਾ ਸਿੰਘ ਕਾਲੋਨੀ, ਵਾਰਡ ਨੰ: 7, ਗਲੀ ਨੰ: 3, 
ਦਸੂਹਾ, ਹੁਸ਼ਿਆਰਪੁਰ-144205.ਮੋਬਾ: 94643-17983

ਅੜਾਉਣੀ ਪਰਖ (ਉਲਝਾਅ-ਸੁਲਝਾਅ)

ਪਿਆਰੇ ਬੱਚਿਓ, 28 ਫਰਵਰੀ ਦਾ ਦਿਨ ਹਰ ਸਾਲ 'ਕੌਮੀ ਵਿਗਿਆਨ ਦਿਵਸ' ਵਜੋਂ ਸਮੁੱਚੇ ਦੇਸ਼ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਨੋਬਲ ਪੁਰਸਕਾਰ ਨਾਲ ਸਨਮਾਨਤ ਭਾਰਤੀ ਵਿਗਿਆਨੀ ਸੀ. ਵੀ. ਰਮਨ ਨੇ 'ਰਮਨ ਪ੍ਰਭਾਵ' ਦੀ ਖੋਜ ਕੀਤੀ ਸੀ। ਦੇਸ਼ ਵਿਚ ਵਿਗਿਆਨ ਨਾਲ ਸਬੰਧਤ ਗਤੀਵਿਧੀਆਂ ਨੂੰ ਚਲਾਉਣ ਲਈ 'ਵਿਗਿਆਨ ਪ੍ਰਸਾਰ' ਨਵੀਂ ਦਿੱਲੀਂ ਵੱਲੋਂ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਸਾਇੰਸ ਕਲੱਬ ਸਥਾਪਿਤ ਕੀਤੇ ਗਏ ਹਨ। ਵੱਖ-ਵੱਖ ਸਾਇੰਸ ਕਲੱਬਾਂ ਵੱਲੋਂ ਇਸ ਦਿਨ ਨੂੰ ਸਮਰਪਿਤ ਨਾਟਕ, ਰੈਲੀ, ਲੇਖ ਅਤੇ ਪੋਸਟਰ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਸੱਤ ਸਾਇੰਸ ਕਲੱਬਾਂ ਨੇ ૿, ੍ਹ, ਞ, ਛ, '', " ਅਤੇ ੜ ਨੇ ਵੀ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ। ਇਨ੍ਹਾਂ ਵਿਚੋਂ ਸਾਇੰਸ ਕਲੱਬ ૿, ਞ, ਛ ਅਤੇ ੜ ਨੇ ਲੇਖ ਮੁਕਾਬਲਿਆਂ ਦਾ ਆਯੋਜਨ ਕੀਤਾ। ਸਾਇੰਸ ਕਲੱਬ ੍ਹ, ਞ, ਛ ਅਤੇ " ਨੇ ਪੋਸਟਰ ਮੁਕਾਬਲਿਆਂ, ਸਾਇੰਸ ਕਲੱਬ ૿, ਞ, '' ਅਤੇ " ਨੇ ਨਾਟਕ ਮੁਕਾਬਲਿਆਂ ਦਾ ਆਯੋਜਨ ਕੀਤਾ ਅਤੇ ਸਾਇੰਸ ਕਲੱਬ ੍ਹ, ਛ, '' ਅਤੇ ੜ ਨੇ ਰੈਲੀ ਦਾ ਆਯੋਜਨ ਕੀਤਾ। ਪਿਆਰੇ ਬੱਚਿਓ, ਹੁਣ ਤੁਸੀਂ ਉਪਰੋਕਤ ਦਿੱਤੀ ਜਾਣਕਾਰੀ ਦਾ ਅਧਿਐਨ ਕਰਨ ਉਪਰੰਤ ਪ੍ਰਸ਼ਨਾਂ ਦੇ ਢੁਕਵੇਂ ਉੱਤਰ ਦਿਓ। 
1. ਹੇਠ ਲਿਖਿਆਂ ਵਿਚੋਂ ਕਿਸ ਸਾਇੰਸ ਕਲੱਬ ਨੇ ''ਲੇਖ ਮੁਕਾਬਲਿਆਂ'' ਦਾ ਆਯੋਜਨ ਨਹੀਂ ਕੀਤਾ?
(ੳ) '' (ਅ) ੜ (ੲ) ૿ (ਸ) ਞ
2. ਹੇਠ ਲਿਖਿਆਂ ਵਿਚੋਂ ਕਿਸ ਸਾਇੰਸ ਕਲੱਬ ਨੇ ਨਾਟਕ ਮੁਕਾਬਲਿਆਂ ਦਾ ਆਯੋਜਨ ਨਹੀਂ ਕੀਤਾ?
(ੳ) ਞ (ਅ) '' (ੲ) ੜ (ਸ) "
3. ਹੇਠ ਲਿਖਿਆਂ ਵਿਚੋਂ ਕਿਸ ਸਾਇੰਸ ਕਲੱਬ ਨੇ ਪੋਸਟਰ ਮੁਕਾਬਲਿਆਂ ਦਾ ਆਯੋਜਨ ਨਹੀਂ ਕੀਤਾ?
(ੳ) ੍ਹ (ਅ) ਞ (ੲ) ਛ (ਸ) ૿
4. ਹੇਠ ਲਿਖਿਆਂ ਵਿਚੋਂ ਕਿਸ ਸਾਇੰਸ ਕਲੱਬ ਨੇ ਦੋ ਤੋਂ ਵੱਧ ਮੁਕਾਬਲਿਆਂ ਦਾ ਆਯੋਜਨ ਕੀਤਾ?
(ੳ) ૿ (ਅ) ਞ (ੲ) '' (ਸ) "
ਉੱਤਰ ਕੁੰਜੀ- 163
1 (ੳ) 2 (ੲ) 3 (ਸ) 4 (ਅ)
-680/4 (1251)

ਥਾਂਦੇਵਾਲਾ ਰੋਡ, ਨੇੜੇ ਭਗਤ ਨਾਮਦੇਵ ਭਵਨ, ਸ੍ਰੀ ਮੁਕਤਸਰ ਸਾਹਿਬ-152026. ਮੋਬਾ: 95010-26350
shaminderbatra@gmail.com
ਮੁਕਾਬਲਾ ਪ੍ਰੀਖਿਆਵਾਂ-163
ਸ਼ਮਿੰਦਰ ਬੱਤਰਾ

ਬੁਝਾਰਤਾਂ

1. ਬਹੂ ਆਈ ਆਪੇ, ਪੰਜ ਲਿਆਈ ਕਾਕੇ।
ਦੋ ਰਿੜ੍ਹਦੇ ਦੋ ਤੁਰਦੇ ਇਕ ਬੈਠਾ ਝਾਕੇ।
2. ਹਰੀ ਸੀ ਭਰੀ ਸੀ, ਲਾਲਾ ਜੀ ਦੇ ਬਾਗ ਵਿਚ,
ਦੁਸ਼ਾਲਾ ਲਈ ਖੜ੍ਹੀ ਸੀ।
3. ਆਉਣਗੇ ਚੋਰ ਖਿੱਚਣਗੇ ਡੋਰ,
ਵੱਜਣਗੀਆਂ ਤੂਤੀਆਂ ਨੱਚਣਗੇ ਮੋਰ।
4. ਕਹਿਲਾਉਂਦੀ ਹੈ ਉਹ ਰਾਤ ਦੀ ਰਾਣੀ,
ਅੱਖੀਆਂ 'ਚੋਂ ਵਗਦਾ ਉਹਦੇ ਹਰ ਦਮ ਪਾਣੀ।
5. ਟੇਂਡੀ-ਮੇਂਡੀ ਲੱਕੜੀ, ਉਹਦੇ ਮੂੰਹ 'ਚੋਂ ਡਿਗਦੀਆਂ ਲਾਲਾਂ।
6. ਇਕ ਜੱਲਜਾਣੀ, ਪੂਛ ਦੇ ਰਸਤੇ ਪੀਂਦੀ ਪਾਣੀ।
7. ਧੁੱਪ ਵਿਚ ਆਵੇ, ਛਾਂ ਵਿਚ ਜਾਵੇ।
8. ਇਕ ਬਣਾਇਆ ਰੱਬ ਨੇ ਘਰ, ਜਿਸ ਵਿਚ ਰਹਿੰਦੇ ਬੱਤੀ ਨਰ।
9. ਦੱਬੇ ਪੂਛ, ਮਾਰੇ ਮੋਕ।
10. ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭਾਈ ਹਕੀਮਾਂ।
ਲੱਕੜੀਆਂ 'ਚੋਂ ਪਾਣੀ ਕੀਤਾ, ਪਾਣੀਓਂ ਕੀਤੀਆਂ ਢੀਮਾਂ।
ਉੱਤਰ : (1) ਰੇੜ੍ਹੀ, (2) ਮਿਰਚ, (3) ਸਿਲਾਈ ਮਸ਼ੀਨ, (4) ਮੋਮਬੱਤੀ, (5) ਜਲੇਬੀ, (6) ਦੀਵੇ ਦੀ ਬੱਤੀ, (7) ਮੁੜ੍ਹਕਾ, (8) ਮੂੰਹ ਅਤੇ ਦੰਦ, (9) ਨਲਕਾ, (10) ਗੰਨਾ, ਗੁੜ।

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ (ਲੁਧਿਆਣਾ)।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX