ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਚੋਣ ਪ੍ਰਾਪਤੀਆਂ 'ਤੇ ਸਵਾਰ ਹੈ ਅਕਾਲੀ ਦਲ

ਪੰਜਾਬ ਦੀ ਪ੍ਰਮੁੱਖ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਚੋਣ ਪ੍ਰਾਪਤੀਆਂ ਦੇ ਪੱਖ ਤੋਂ ਨਵੀਆਂ ਬੁਲੰਦੀਆਂ ਨੂੰ ਛੋਹ ਰਹੀ ਹੈ। ਹੁਣੇ-ਹੁਣੇ ਇਸ ਨੇ ਮੋਗਾ ਵਿਧਾਨ ਸਭਾ ਹਲਕੇ ਤੋਂ ਚੋਖੀਆਂ ਵੋਟਾਂ ਲੈ ਕੇ ਉਪ ਚੋਣ ਜਿੱਤੀ ਹੈ। ਇਸ ਤੋਂ ਕੁਝ ਹਫ਼ਤੇ ਪਹਿਲਾਂ ਹੀ ਇਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਜ਼ਬਰਦਸਤ ਜਿੱਤ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਵੱਡੀ ਹਾਰ ਦਿੱਤੀ ਸੀ। ਪਾਰਟੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਥੇ: ਮਨਜੀਤ ਸਿੰਘ ਜੀ. ਕੇ. ਨੂੰ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਥੇ ਹੀ ਬੱਸ ਨਹੀਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ 2011 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੀ ਵੱਡੀ ਸਫ਼ਲਤਾ ਮਿਲੀ ਸੀ। 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦੇ ਕੇ ਉਸ ਨੇ ਨਵਾਂ ਇਤਿਹਾਸ ਸਿਰਜਿਆ ਤੇ ਰਾਜ ਵਿਚ ਮੁੜ ਤੋਂ ਅਕਾਲੀ-ਭਾਜਪਾ ਸਰਕਾਰ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ। ਇਸ ਤੋਂ ਛੇਤੀ ਬਾਅਦ ਹੀ ਇਸ ਗਠਜੋੜ ਨੇ ਰਾਜ ਵਿਚ ਮਿਊਂਸਪਲ ਕਮੇਟੀਆਂ ਅਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਵਿਚ ਵੀ ਪ੍ਰਭਾਵੀ ਜਿੱਤ ਹਾਸਲ ਕੀਤੀ ਸੀ।ਕਿਸੇ ਸਮੇਂ ਇਹ ਕਿਹਾ ਜਾਂਦਾ ਸੀ ਕਿ ਅਕਾਲੀ ਦਲ ਚੋਣਾਂ ਤਾਂ ਜਿੱਤ ਸਕਦਾ ਹੈ ਪਰ 5 ਸਾਲ ਤੱਕ ਸਰਕਾਰ ਨਹੀਂ ਚਲਾ ਸਕਦਾ, ਕਿਉਂਕਿ ਇਸ ਪਾਰਟੀ ਦੇ ਨੇਤਾਵਾਂ ਨੂੰ ਰਾਜ ਕਰਨਾ ਨਹੀਂ ਆਉਂਦਾ। ਇਹ ਆਪਸੀ ਧੜੇਬੰਦੀ ਕਾਰਨ ਸੱਤਾ ਗੁਆ ਬੈਠਦੇ ਹਨ। ਪਰ ਹੁਣ ਅਕਾਲੀ ਦਲ ਵਿਚ ਇਹ ਸਭ ਕੁਝ ਕਾਫੀ ਹੱਦ ਤੱਕ ਬਦਲ ਚੁੱਕਾ ਦਿਖਾਈ ਦਿੰਦਾ ਹੈ। 1997 ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਬਣੀ ਪਹਿਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੀ 5 ਸਾਲ ਦੀ ਮਿਆਦ ਪਹਿਲੀ ਵਾਰੀ ਪੂਰੀ ਕੀਤੀ ਸੀ। ਉਸ ਤੋਂ ਬਾਅਦ 2002 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਥੇ: ਟੌਹੜਾ ਧੜੇ ਦੇ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਪਾਰਟੀ ਦਾ ਗਠਨ ਕਰਕੇ ਚੋਣ ਮੈਦਾਨ ਵਿਚ ਡਟਣ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਰਾਜ ਵਿਚ ਸੱਤਾਧਾਰੀ ਹੋ ਗਈ। ਪਰ 2007 ਤੋਂ ਬਾਅਦ 2012 ਵਿਚ ਦੁਬਾਰਾ ਸੱਤਾ ਵਿਚ ਆ ਕੇ ਅਕਾਲੀ ਦਲ ਨੇ ਇਤਿਹਾਸ ਰਚਿਆ, ਕਿਉਂਕਿ ਪੰਜਾਬ ਵਿਚ ਲਗਾਤਾਰ ਦੂਜੀ ਵਾਰੀ ਸੱਤਾ ਵਿਚ ਆਉਣਾ ਕਿਸੇ ਵੀ ਪਾਰਟੀ ਲਈ ਮੁਸ਼ਕਿਲ ਹੁੰਦਾ ਹੈ। ਪੰਜਾਬ ਦਾ ਚੋਣ ਇਤਿਹਾਸ ਇਹੀ ਦੱਸਦਾ ਹੈ ਕਿ ਇਥੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਅਕਸਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਹੀ ਵਾਰੀ-ਵਾਰੀ ਸੱਤਾ ਵਿਚ ਆਉੇਂਦੀਆਂ ਰਹੀਆਂ ਹਨ।

ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਚੋਣ ਸਥਿਤੀ ਮਜ਼ਬੂਤ ਹੋਣ ਦੇ ਕੀ ਕਾਰਨ ਹਨ? ਇਸ ਦਾ ਭੇਦ ਕੱਦਾਵਰ ਅਤੇ ਬਜ਼ੁਰਗ ਆਗੂ ਸ: ਪ੍ਰਕਾਸ਼ ਸਿੰਘ ਬਾਦਲ ਦੀ ਜਨਤਕ ਲਾਮਬੰਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਚੋਣ ਕੂਟਨੀਤੀ ਅਤੇ ਸਮੁੱਚੇ ਤੌਰ 'ਤੇ ਅਕਾਲੀ ਦਲ ਵੱਲੋਂ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਚੱਲਣ ਅਤੇ ਰਾਜ ਦੇ ਵਿਕਾਸ ਲਈ ਦਿਖਾਈ ਪ੍ਰਤੀਬੱਧਤਾ ਵਿਚ ਛੁਪਿਆ ਹੋਇਆ ਹੈ। ਰਾਜ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਇਸ ਸਮੇਂ ਦੇਸ਼ ਦੇ ਸੀਨੀਅਰ ਆਗੂਆਂ ਵਿਚ ਸ਼ਾਮਿਲ ਹਨ। ਉਨ੍ਹਾਂ ਨੂੰ ਰਾਜਨੀਤੀ ਦਾ ਗਹਿਰਾ ਅਨੁਭਵ ਹੈ। ਉਹ ਅਜਿਹੇ ਆਗੂ ਹਨ, ਜੋ ਉਮਰ ਦੇ ਇਸ ਪੜਾਅ 'ਤੇ ਪਹੁੰਚ ਕੇ ਵੀ ਸਵੇਰ ਤੋਂ ਸ਼ਾਮ ਤੱਕ ਲੋਕਾਂ ਵਿਚ ਘਿਰੇ ਰਹਿਣ ਨੂੰ ਵਧੇਰੇ ਪਸੰਦ ਕਰਦੇ ਹਨ। ਉਹ ਅਜਿਹੇ ਆਗੂ ਨਹੀਂ ਹਨ, ਜੋ ਲੋਕਾਂ ਨੂੰ ਦੇਖ ਕੇ ਮੱਥੇ ਤਿਊੜੀਆਂ ਪਾ ਲੈਂਦੇ ਹਨ ਜਾਂ ਲੋਕਾਂ ਨੂੰ ਮਿਲਣ ਤੋਂ ਸੰਕੋਚ ਕਰਦੇ ਹਨ। ਰਾਜ ਦੇ 5 ਵਾਰ ਮੁੱਖ ਮੰਤਰੀ ਬਣਨ ਨਾਲ ਉਨ੍ਹਾਂ ਦਾ ਰਾਜਨੀਤਕ ਅਤੇ ਪ੍ਰਸ਼ਾਸਨਿਕ ਅਨੁਭਵ ਹੀ ਏਨਾ ਹੋ ਗਿਆ ਹੈ ਕਿ ਉਨ੍ਹਾਂ ਨੂੰ ਰਾਜ ਦੀਆਂ ਆਰਥਿਕ, ਰਾਜਨੀਤਕ, ਸਨਅਤੀ, ਖੇਤੀਬਾੜੀ, ਸਿਹਤ ਅਤੇ ਸਿੱਖਿਆ ਨਾਲ ਸਬੰਧਤ ਸਮੱਸਿਆਵਾਂ ਦੀ ਖ਼ੁਦ ਚੋਖੀ ਸਮਝ ਆ ਚੁੱਕੀ ਹੈ। ਉਹ ਸੀਮਤ ਸਾਧਨਾਂ ਦੇ ਬਾਵਜੂਦ ਆਪਣੇ ਵੱਲੋਂ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਕਰਦੇ ਰਹਿੰਦੇ ਹਨ ਅਤੇ ਕੇਂਦਰ ਵਿਚ ਡਾ: ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਲੈ ਕੇ ਵੱਖ-ਵੱਖ ਕੇਂਦਰੀ ਮੰਤਰੀਆਂ ਤੱਕ ਨਾਲ ਚੰਗੇ ਸਬੰਧ ਬਣਾਏ ਹੋਏ ਹਨ ਅਤੇ ਉਹ ਸਮੇਂ-ਸਮੇਂ ਉਨ੍ਹਾਂ ਨੂੰ ਮਿਲ ਕੇ ਪੰਜਾਬ ਲਈ ਕੁਝ ਨਾ ਕੁਝ ਸਹਾਇਤਾ ਹਾਸਲ ਕਰਦੇ ਰਹਿੰਦੇ ਹਨ। ਭਾਵੇਂ ਕਿ ਇਸ ਕਾਰਨ ਰਾਜ ਦੀ ਕਾਂਗਰਸ ਉਨ੍ਹਾਂ 'ਤੇ ਕਈ ਵਾਰੀ ਇਹ ਦੋਸ਼ ਵੀ ਲਾਉਂਦੀ ਰਹਿੰਦੀ ਹੈ ਕਿ ਰਾਜ ਦਾ ਵਿਕਾਸ ਕੇਂਦਰ ਤੋਂ ਮਿਲਣ ਵਾਲੇ ਫੰਡਾਂ ਨਾਲ ਹੀ ਹੋ ਰਿਹਾ ਹੈ। ਪਰ ਇਹ ਸ: ਪ੍ਰਕਾਸ਼ ਸਿੰਘ ਬਾਦਲ ਦੀ ਕੂਟਨੀਤੀ ਜਾਂ ਇਸ ਨੂੰ ਸਹਿਯੋਗ ਹਾਸਲ ਕਰਨ ਦੀ ਸਮਰੱਥਾ ਹੀ ਕਹਿ ਸਕਦੇ ਹਾਂ ਕਿ ਉਹ ਸਮੇਂ-ਸਮੇਂ ਆਪਣੇ ਬਿਆਨਾਂ ਰਾਹੀਂ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਤੋਂ ਆਪਣੀ ਦੂਰੀ ਵੀ ਬਣਾਈ ਰੱਖਦੇ ਹਨ, ਜਿਹੜੀ ਕਿ ਇਕ ਖੇਤਰੀ ਪਾਰਟੀ ਲਈ ਜ਼ਰੂਰੀ ਵੀ ਹੈ ਪਰ ਇਸ ਦੇ ਨਾਲ-ਨਾਲ ਕੇਂਦਰ ਸਰਕਾਰ ਤੋਂ ਬਣਦਾ ਸਹਿਯੋਗ ਲੈਣ ਲਈ ਵੀ ਨਿਰੰਤਰ ਯਤਨਸ਼ੀਲ ਰਹਿੰਦੇ ਹਨ। ਸ: ਪ੍ਰਕਾਸ਼ ਸਿੰਘ ਬਾਦਲ ਦੀਆਂ ਕਈ ਤਰ੍ਹਾਂ ਦੀਆਂ ਪ੍ਰਸ਼ਾਸਨਿਕ ਕਮਜ਼ੋਰੀਆਂ ਦੇ ਬਾਵਜੂਦ ਲੋਕਾਂ ਨਾਲ ਲਗਾਤਾਰ ਸੰਪਰਕ ਵਿਚ ਰਹਿਣ ਕਾਰਨ ਆਮ ਲੋਕ ਉਨ੍ਹਾਂ ਨੂੰ ਬੇਹੱਦ ਪਸੰਦ ਕਰਦੇ ਹਨ। ਇਸ ਤਰ੍ਹਾਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸੰਚਾਰ ਦਾ ਅਹਿਮ ਕੰਮ ਸੰਭਾਲਿਆ ਹੋਇਆ ਹੈ, ਜਿਹੜਾ ਕਿ ਸਰਕਾਰ ਲਈ ਵੀ ਅਤੇ ਅਕਾਲੀ ਦਲ ਲਈ ਵੀ ਇਕ ਪੂੰਜੀ ਸਾਬਤ ਹੋ ਰਿਹਾ ਹੈ।

ਅਕਾਲੀ ਦਲ ਦੀ ਰਾਜ ਵਿਚ ਮਜ਼ਬੂਤੀ ਦਾ ਵੱਡਾ ਦੂਜਾ ਕਾਰਨ ਇਹ ਹੈ ਕਿ ਅੱਤਵਾਦ ਦੇ ਦੌਰ ਦੌਰਾਨ ਕਾਫੀ ਸਮੇਂ ਤੱਕ ਅਲੱਗ-ਥਲੱਗ ਰਹਿਣ ਤੋਂ ਬਾਅਦ ਪਾਰਟੀ ਨੇ ਇਹ ਸਬਕ ਸਿੱਖ ਲਿਆ ਜਾਪਦਾ ਹੈ ਕਿ ਰਾਜ ਵਿਚ ਜੇਕਰ ਸੱਤਾ ਵਿਚ ਰਹਿਣਾ ਹੈ ਅਤੇ ਦੇਸ਼ ਦੀ ਰਾਜਨੀਤੀ ਵਿਚ ਅਹਿਮ ਰੋਲ ਅਦਾ ਕਰਨਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਨੂੰ ਰਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਅਤੇ ਦੂਜੀਆਂ ਪਾਰਟੀਆਂ ਤੋਂ ਸਹਿਯੋਗ ਹਾਸਲ ਕਰਨ ਦੀ ਜ਼ਰੂਰਤ ਹੈ। 1996 ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਮੋਗਾ ਵਿਖੇ ਆਪਣੀ 75ਵੀਂ ਵਰ੍ਹੇਗੰਢ ਮਨਾਈ ਸੀ। ਇਥੇ 25 ਫਰਵਰੀ, 1996 ਨੂੰ ਅਕਾਲੀ ਕਾਨਫ਼ਰੰਸ ਦੇ ਆਖਰੀ ਦਿਨ ਇਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਪੱਸ਼ਟ ਤੌਰ 'ਤੇ ਇਹ ਸੰਕੇਤ ਦਿੱਤੇ ਸਨ ਕਿ ਉਹ ਦੇਸ਼ ਦੀ ਸਿੱਖ ਘੱਟ-ਗਿਣਤੀ ਦੀ ਨੁਮਾਇੰਦਗੀ ਕਰਨ ਦੇ ਨਾਲ-ਨਾਲ ਰਾਜ ਦੇ ਸਮੂਹ ਪੰਜਾਬੀਆਂ ਨੂੰ ਵੀ ਨਾਲ ਲੈ ਕੇ ਚੱਲਣਗੇ। ਇਸ ਕਾਨਫ਼ਰੰਸ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਸਰੋਕਾਰਾਂ ਦੇ ਨਾਲ-ਨਾਲ ਪੰਜਾਬੀਅਤ ਦੀ ਭਾਵਨਾ ਦਾ ਵੀ ਕਾਫੀ ਜ਼ਿਕਰ ਕੀਤਾ ਸੀ ਅਤੇ ਰਾਜ ਦੇ ਵਿਕਾਸ ਪ੍ਰਤੀ ਚੋਖੀ ਪ੍ਰਤੀਬੱਧਤਾ ਪ੍ਰਗਟ ਕੀਤੀ ਸੀ। ਅਕਾਲੀ ਦਲ ਨੇ ਇਸ ਕਾਨਫ਼ਰੰਸ ਤੋਂ ਬਾਅਦ ਨਿਰੰਤਰ ਇਸ ਦਿਸ਼ਾ ਵਿਚ ਅਨੇਕਾਂ ਕਦਮ ਪੁੱਟੇ ਹਨ। 1997 ਦੀਆਂ ਚੋਣਾਂ ਭਾਜਪਾ ਨਾਲ ਮਿਲ ਕੇ ਲੜੀਆਂ ਸਨ। ਭਾਵੇਂ ਕਿ ਅਕਾਲੀ ਦਲ ਨੂੰ ਪੂਰਨ ਬਹੁਮਤ ਪ੍ਰਾਪਤ ਹੋ ਗਿਆ ਸੀ ਪਰ ਫਿਰ ਵੀ ਅਕਾਲੀ ਦਲ ਨੇ ਭਾਜਪਾ ਨਾਲ ਮਿਲ ਕੇ ਹੀ ਸਰਕਾਰ ਬਣਾਉਣ ਨੂੰ ਤਰਜੀਹ ਦਿੱਤੀ ਸੀ ਅਤੇ ਕੌਮੀ ਪੱਧਰ 'ਤੇ ਵੀ ਅਕਾਲੀ ਦਲ ਕੌਮੀ ਲੋਕਤੰਤਰਕ ਗਠਜੋੜ ਦਾ ਹਿੱਸਾ ਬਣ ਕੇ ਵਿਚਰਿਆ ਸੀ। ਇਸ ਤੋਂ ਬਾਅਦ ਅਕਾਲੀ ਦਲ ਨੇ ਸਿਰਫ ਭਾਜਪਾ ਨਾਲ ਹੀ ਆਪਣੀ ਸਾਂਝ ਨੂੰ ਬਰਕਰਾਰ ਨਹੀਂ ਰੱਖਿਆ, ਸਗੋਂ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਹਿੰਦੂ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਸਿੱਧੇ ਤੌਰ 'ਤੇ ਸ਼ਾਮਿਲ ਕਰਕੇ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਘੱਟੋ-ਘੱਟ 8 ਹਿੰਦੂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿੱਤ ਕੇ ਵਿਧਾਨ ਸਭਾ ਵਿਚ ਪੁੱਜੇ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਘੱਟ-ਗਿਣਤੀ ਦੇ ਨਾਲ-ਨਾਲ ਹਿੰਦੂ ਅਤੇ ਦਲਿਤ ਭਾਈਚਾਰੇ ਵਿਚ ਵੀ ਆਪਣੀ ਚੋਖੀ ਸਾਖ਼ ਬਣਾ ਲਈ। ਅਕਾਲੀ ਦਲ ਦੀ ਇਸ ਗ਼ੈਰ-ਰਵਾਇਤੀ ਪਹੁੰਚ ਦਾ ਵੀ ਚੁਣਾਵੀ ਰਾਜਨੀਤੀ ਦੇ ਪੱਖ ਤੋਂ ਕਾਫੀ ਲਾਭ ਪੁੱਜਾ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਚੋਣ ਸਫ਼ਲਤਾ ਦਾ ਇਕ ਵੱਡਾ ਕਾਰਨ ਸ: ਸੁਖਬੀਰ ਸਿੰਘ ਬਾਦਲ ਦੀ 'ਮਾਈਕਰੋ ਮੈਨੇਜਮੈਂਟ' ਨੂੰ ਵੀ ਕਿਹਾ ਜਾਂਦਾ ਹੈ। ਪਹਿਲਾਂ ਅਜਿਹੇ ਮਾਮਲਿਆਂ ਵਿਚ ਕੌਮੀ ਪੱਧਰ 'ਤੇ ਅਤੇ ਪੰਜਾਬ ਦੇ ਪੱਧਰ 'ਤੇ ਕਾਂਗਰਸ ਪਾਰਟੀ ਮਾਹਿਰ ਮੰਨੀ ਜਾਂਦੀ ਸੀ। ਉਹ ਆਪਣੀ ਕੂਟਨੀਤੀ ਅਤੇ ਵਿੱਤੀ ਸਾਧਨਾਂ ਨਾਲ ਅਕਾਲੀ ਨੇਤਾਵਾਂ ਵਿਚ ਫੁੱਟ ਪਾਈ ਰੱਖਦੀ ਸੀ। ਜਾਤ ਅਤੇ ਧਰਮ ਦੇ ਸਮੀਕਰਨਾਂ ਨੂੰ ਆਪਣੀ ਚੋਣ ਰਾਜਨੀਤੀ ਦੇ ਹੱਕ ਵਿਚ ਸਫ਼ਲਤਾ ਨਾਲ ਇੰਜ ਵਰਤਦੀ ਸੀ ਕਿ ਅਕਾਲੀ ਦਲ ਸੱਤਾ ਹਾਸਲ ਕਰਨ ਦੇ ਨੇੜੇ ਵੀ ਨਹੀਂ ਸੀ ਢੁਕਦਾ ਅਤੇ ਜੇਕਰ ਕਾਂਗਰਸ ਵਿਰੋਧੀ ਲੋਕ ਲਹਿਰ 'ਤੇ ਸਵਾਰ ਹੋ ਕੇ ਸੱਤਾ ਵਿਚ ਆ ਵੀ ਜਾਂਦਾ ਸੀ ਤਾਂ ਚਾਣਕੀਆ ਰਾਜਨੀਤੀ ਦੀ ਵਰਤੋਂ ਕਰਕੇ ਕਾਂਗਰਸ ਅਕਾਲੀਆਂ ਨੂੰ ਆਪਸ ਵਿਚ ਲੜਾ ਕੇ ਸੱਤਾ ਤੋਂ ਬਾਹਰ ਕੱਢ ਦਿੰਦੀ ਸੀ। ਪਰ ਜਦੋਂ ਤੋਂ ਸ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਚੋਣ ਰਾਜਨੀਤੀ ਦੀ ਅਗਵਾਈ ਸੰਭਾਲੀ ਹੈ, ਉਹ ਚੋਣਾਂ ਜਿੱਤਣ ਲਈ ਜਿੱਥੇ ਵਿਕਾਸ ਦੇ ਮੁੱਦਿਆਂ 'ਤੇ ਜ਼ੋਰ ਦਿੰਦੇ ਹਨ, ਉਥੇ ਇਸ ਮਕਸਦ ਲਈ ਸਾਮ, ਦੰਡ ਤੇ ਭੇਦ ਸਮੇਤ ਸਾਰੇ ਹਰਬੇ ਵੀ ਵਰਤਦੇ ਹਨ। ਉਨ੍ਹਾਂ 'ਤੇ ਇਹ ਅਕਸਰ ਦੋਸ਼ ਲਗਦੇ ਹਨ ਕਿ ਉਹ ਆਪਣੇ ਵਿਰੋਧੀਆਂ ਨੂੰ ਹਰਾਉਣ ਲਈ ਸਰਕਾਰੀ ਮਸ਼ੀਨਰੀ ਅਤੇ ਪੈਸੇ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੋਸ਼ਾਂ ਵਿਚ ਕਾਫੀ ਹੱਦ ਤੱਕ ਸਚਾਈ ਵੀਹੋ ਸਕਦੀ ਹੈ, ਪਰ ਰਾਜ ਵਿਚ ਕਾਂਗਰਸ ਅਤੇ ਦੂਜੀਆਂ ਹੋਰ ਵਿਰੋਧੀ ਪਾਰਟੀਆਂ ਕੋਲ ਅੱਜ ਚੋਣ ਕੂਟਨੀਤੀ ਵਿਚ ਉਨ੍ਹਾਂ ਨੂੰ ਮਾਤ ਦੇਣ ਵਾਲਾ ਕੋਈ ਲੀਡਰ ਨਾ ਹੋਣ ਕਾਰਨ ਅਕਾਲੀ ਦਲ ਨੂੰ ਸਫ਼ਲਤਾ ਮਿਲੀ ਜਾ ਰਹੀ ਹੈ। ਉਨ੍ਹਾਂ ਦੀ ਦਿਨ ਰਾਤ ਮਿਹਨਤ ਕਰਨ ਦੀ ਆਦਤ ਵੀ ਪਾਰਟੀ ਨੂੰ ਲਾਭ ਪਹੁੰਚਾ ਰਹੀ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਆਪਣੀ ਰਾਜਨੀਤਕ ਸਥਿਤੀ ਬੇਹੱਦ ਮਜ਼ਬੂਤ ਬਣਾ ਲਈ ਹੈ ਅਤੇ ਮੋਗਾ ਦੀ ਜ਼ਿਮਨੀ ਚੋਣ ਜਿੱਤ ਕੇ ਤਾਂ ਉਸ ਨੇ ਆਪਣੀ ਸੱਤਾ ਵਿਚ ਭਾਈਵਾਲ ਪਾਰਟੀ ਭਾਜਪਾ ਤੋਂ ਵੀ ਰਾਜ ਸਰਕਾਰ ਵਿਚ ਆਪਣੀ ਨਿਰਭਰਤਾ ਘਟਾ ਲਈ ਹੈ। ਇਸ ਤੋਂ ਪਹਿਲਾਂ ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪਿਛਲੇ 9 ਸਾਲਾਂ ਤੋਂ ਕਾਬਜ਼ ਸਰਨਾ ਧੜੇ ਨੂੰ ਗੁਰਦੁਆਰਾ ਪ੍ਰਬੰਧ ਤੋਂ ਬਾਹਰ ਕੀਤਾ ਹੈ, ਉਸ ਨਾਲ ਦਿੱਲੀ ਵਿਚ ਵੀ ਅਕਾਲੀ ਦਲ (ਬਾਦਲ) ਦਾ ਦਬਦਬਾ ਸਥਾਪਿਤ ਹੋ ਗਿਆ ਹੈ। ਇਸ ਤਰ੍ਹਾਂ ਕੌਮੀ ਰਾਜਨੀਤੀ ਵਿਚ ਵੀ ਅਕਾਲੀ ਦਲ (ਬਾਦਲ) ਦਾ ਪ੍ਰਭਾਵ ਵਧਿਆ ਹੈ। ਜਾਪਦਾ ਇਹ ਹੈ ਕਿ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਪੰਜਾਬ ਦੀ ਰਾਜਨੀਤੀ 'ਤੇ ਆਪਣੀ ਪਕੜ ਮਜ਼ਬੂਤ ਕਰਨ ਦੇ ਨਾਲ-ਨਾਲ ਦੇਸ਼ ਦੀ ਕੌਮੀ ਰਾਜਨੀਤੀ ਵਿਚ ਵੀ ਅਹਿਮ ਰੋਲ ਅਦਾ ਕਰਨ ਦੀ ਖਾਹਿਸ਼ ਰੱਖਦੇ ਹਨ। ਉਹ 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਰਾਜਸਥਾਨ ਤੇ ਮੱਧ ਪ੍ਰਦੇਸ਼ ਆਦਿ ਰਾਜਾਂ, ਜਿਥੇ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੀ ਵਰਨਣਯੋਗ ਵਸੋਂ ਹੈ, ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਯਤਨਸ਼ੀਲ ਹਨ। ਇਸ ਸਬੰਧੀ ਉਨ੍ਹਾਂ ਨੂੰ ਕਿੰਨੀ ਕੁ ਕਾਮਯਾਬੀ ਮਿਲਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਅਜੇ ਤੱਕ ਉਹ ਸਫ਼ਲਤਾ ਨਾਲ ਇਸ ਰਾਹ 'ਤੇ ਅੱਗੇ ਵਧਦੇ ਨਜ਼ਰ ਆ ਰਹੇ ਹਨ ਭਾਵੇਂ ਕਿ ਉਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਕਾਰਨ ਭਾਜਪਾ ਵਿਚ ਕਈ ਤਰ੍ਹਾਂ ਦੇ ਸ਼ੰਕੇ ਵੀ ਉੱਭਰ ਰਹੇ ਹਨ।

ਪਰ ਇਸ ਸਫ਼ਲਤਾ ਦੇ ਨਾਲ-ਨਾਲ ਸ: ਸੁਖਬੀਰ ਸਿੰਘ ਬਾਦਲ ਨੇ ਜਿਹੜੀ ਰਾਜਨੀਤਕ ਕਾਰਜਸ਼ੈਲੀ ਅਪਣਾ ਰੱਖੀ ਹੈ, ਰਾਜਨੀਤਕ ਤੇ ਪੱਤਰਕਾਰੀ ਹਲਕਿਆਂ ਵਿਚ ਉਸ ਦੀ ਆਲੋਚਨਾ ਵੀ ਹੋਣੀ ਸ਼ੁਰੂ ਹੋ ਗਈ ਹੈ। ਸਭ ਤੋਂ ਵੱਡੀ ਆਲੋਚਨਾ ਇਸ ਕਾਰਨ ਹੋ ਰਹੀ ਹੈ ਕਿ ਸ: ਸੁਖਬੀਰ ਸਿੰਘ ਬਾਦਲ ਨੇ ਪਾਰਟੀ ਅੰਦਰ ਕੇਂਦਰੀਕਰਨ ਨੂੰ ਵਧੇਰੇ ਉਤਸ਼ਾਹਿਤ ਕੀਤਾ ਹੈ। ਹੇਠਲੀ ਪੱਧਰ ਤੱਕ ਪਾਰਟੀ ਦੇ ਕੰਮਕਾਜ ਵਿਚ ਜਮਹੂਰੀਅਤ ਅਤੇ ਪਾਰਦਰਸ਼ਤਾ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਮਿਸਾਲ ਦੇ ਤੌਰ 'ਤੇ ਮੋਗਾ ਦੀ ਉਪ ਚੋਣ ਨੂੰ ਹੀ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਕਾਂਗਰਸ ਦੇ ਐਮ. ਐਲ. ਏ. ਜੋਗਿੰਦਰਪਾਲ ਜੈਨ ਨੂੰ ਅਸਤੀਫ਼ਾ ਦੁਆ ਕੇ ਆਪਣੀ ਪਾਰਟੀ ਵਿਚ ਸ਼ਾਮਿਲ ਕੀਤਾ ਅਤੇ ਫਿਰ ਉਸ ਨੂੰ ਸਥਾਨਕ ਪਾਰਟੀ ਆਗੂਆਂ ਨੂੰ ਵਿਸ਼ਵਾਸ ਵਿਚ ਲੈਣ ਤੋਂ ਬਿਨਾਂ ਹੀ ਮੋਗੇ ਤੋਂ ਉਮੀਦਵਾਰ ਐਲਾਨ ਦਿੱਤਾ, ਉਸ ਨੂੰ ਉਥੋਂ ਦੇ ਬਹੁਤੇ ਆਗੂਆਂ ਨੇ ਪਸੰਦ ਨਹੀਂ ਸੀ ਕੀਤਾ, ਜਿਸ ਕਾਰਨ ਆਰੰਭ ਵਿਚ ਪਾਰਟੀ ਨੂੰ ਸਥਾਨਕ ਆਗੂਆਂ ਦੀ ਨਾਰਾਜ਼ਗੀ ਦਾ ਵੀ ਸਾਹਮਣਾ ਕਰਨਾ ਪਿਆ। ਪਾਰਟੀ ਅੰਦਰ ਨਾਰਾਜ਼ਗੀ ਉੱਭਰਨ ਦਾ ਦੂਜਾ ਕਾਰਨ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਵੱਡੀ ਪੱਧਰ 'ਤੇ ਯੂਥ ਅਕਾਲੀ ਦਲ ਰਾਹੀਂ ਅਤੇ ਹੋਰ ਜਨਤਕ ਜਥੇਬੰਦੀਆਂ ਰਾਹੀਂ ਬਹੁਤ ਸਾਰੇ ਸਮਾਜ ਵਿਰੋਧੀ ਅਨਸਰ ਵੀ ਸ਼ਾਮਿਲ ਹੋ ਗਏ ਹਨ, ਜੋ ਪਾਰਟੀ ਵਿਚ ਸਿਧਾਂਤਕ ਪ੍ਰਤੀਬੱਧਤਾ ਕਾਰਨ ਨਹੀਂ ਆਏ, ਸਗੋਂ ਸੌੜੇ ਸਵਾਰਥਾਂ ਦੀ ਪੂਰਤੀ ਲਈ ਆਏ ਹਨ। ਅਜਿਹੇ ਲੋਕਾਂ ਦਾ ਕਿਰਦਾਰ ਵੀ ਕੁਝ ਜ਼ਿਆਦਾ ਚੰਗਾ ਨਹੀਂ ਹੈ। ਅੰਮ੍ਰਿਤਸਰ ਵਿਚ ਜ਼ਿਲ੍ਹਾ ਅਕਾਲੀ ਜਥੇ ਦੇ ਇਕ ਆਗੂ ਵੱਲੋਂ ਇਕ ਸਬ-ਇੰਸਪੈਕਟਰ ਨੂੰ ਗੋਲੀ ਮਾਰ ਕੇ ਮਾਰਨ ਦੀ ਘਟਨਾ ਨੇ ਅਤੇ ਫ਼ਰੀਦਕੋਟ ਵਿਚ ਇਕ ਵਿਗੜੇ ਹੋਏ ਨੌਜਵਾਨ ਵੱਲੋਂ ਪਾਰਟੀ ਆਗੂਆਂ ਨਾਲ ਨੇੜਤਾ ਦਾ ਲਾਭ ਉਠਾ ਕੇ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਕਾਰੇ ਨੇ ਅਤੇ ਲੁਧਿਆਣਾ ਵਿਚ ਯੂਥ ਅਕਾਲੀ ਦਲ ਨਾਲ ਸਬੰਧਤ ਰਹੇ ਇਕ ਆਗੂ ਵੱਲੋਂ ਇਕ ਪੁਲਿਸ ਅਫਸਰ ਦੀ ਕੀਤੀ ਗਈ ਕੁਟਾਈ ਕਾਰਨ ਅਕਾਲੀ ਦਲ ਦੇ ਅਕਸ ਨੂੰ ਭਾਰੀ ਢਾਹ ਲਾਈ ਹੈ। ਜੇਕਰ ਅਕਾਲੀ ਦਲ ਨੇ ਭਵਿੱਖ ਵਿਚ ਅਜਿਹੇ ਅਨਸਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਨਾ ਦਿਖਾਇਆ ਤਾਂ ਪਾਰਟੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪਾਰਟੀ ਲੋਕਾਂ ਦਾ ਵਿਸ਼ਵਾਸ ਗੁਆ ਬੈਠੇਗੀ।

ਅਕਾਲੀ ਦਲ ਦੇ ਆਲੋਚਕ ਅਤੇ ਸਾਫ਼-ਸੁਥਰੀ ਰਾਜਨੀਤੀ ਦੇ ਸਮਰਥਕ ਹਲਕੇ ਇਹ ਵੀ ਕਹਿੰਦੇ ਹਨ ਕਿ ਅਕਾਲੀ ਦਲ ਸਿੱਖ ਧਰਮ ਤੋਂ ਅਗਵਾਈ ਲੈਣ ਵਾਲੀ ਪਾਰਟੀ ਹੋਣ ਦਾ ਦਾਅਵਾ ਕਰਦਾ ਹੈ। ਇਸ ਨੂੰ ਚੋਣਾਂ ਲਈ ਧਨ, ਧੌਂਸ ਅਤੇ ਧੱਕੇ ਦੀ ਵਰਤੋਂ ਕਰਨ ਦੀ ਥਾਂ 'ਤੇ ਨੈਤਿਕ ਕਦਰਾਂ-ਕੀਮਤਾਂ ਦੇ ਘੇਰੇ ਵਿਚ ਰਹਿ ਕੇ ਆਪਣੀ ਰਾਜਨੀਤੀ ਕਰਨੀ ਚਾਹੀਦੀ ਹੈ ਅਤੇ ਵਧੇਰੇ ਟੇਕ ਰਾਜ ਦੇ ਵਿਕਾਸ 'ਤੇ ਰੱਖਣੀ ਚਾਹੀਦੀ ਹੈ। ਜੇਕਰ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਹੀ ਇਹ ਚੋਣਾਂ ਜਿੱਤਣ ਲਈ ਸਾਮ, ਦੰਡ ਤੇ ਭੇਦ ਦੀ ਨੀਤੀ ਦੀ ਵਰਤੋਂ ਕਰਦਾ ਰਿਹਾ ਤਾਂ ਇਕ ਨਾ ਇਕ ਦਿਨ ਇਹ ਰਾਜਨੀਤੀ ਅਕਾਲੀ ਦਲ ਲਈ ਉਲਟ-ਪ੍ਰਭਾਵੀ ਵੀ ਸਾਬਤ ਹੋ ਸਕਦੀ ਹੈ। ਇਸ ਲਈ ਅਕਾਲੀ ਦਲ ਨੂੰ ਆਪਣੇ ਅੰਦਰ ਉੱਭਰ ਰਹੇ ਇਨ੍ਹਾਂ ਨਾਂਹ-ਪੱਖੀ ਪ੍ਰਭਾਵਾਂ ਨੂੰ ਨਕੇਲ ਪਾਉਣੀ ਚਾਹੀਦੀ ਹੈ। ਇਹ ਸਾਰੇ ਜਾਣਦੇ ਹਨ ਕਿ ਪੱਛਮੀ ਬੰਗਾਲ ਵਿਚ ਸੀ.ਪੀ.ਆਈ. (ਐਮ) ਦੀ ਅਗਵਾਈ ਵਾਲੇ ਖੱਬੇ-ਪੱਖੀ ਫਰੰਟ ਨੂੰ ਇਹੋ ਜਿਹੇ ਰੁਝਾਨਾਂ ਨੇ ਹੀ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਇਆ ਸੀ।

ਸਤਨਾਮ ਸਿੰਘ ਮਾਣਕ


ਖ਼ਬਰ ਸ਼ੇਅਰ ਕਰੋ

ਸੁਣ ਭਾਈ ਆਰੇ ਵਾਲਿਆ ਵੇ ਨਾ ਚੀਰ ਦਰੱਖਤਾਂ ਨੂੰ...

ਸਤਿੰਦਰ ਸਰਤਾਜ ਥੋੜ੍ਹੇ ਜਿਹੇ ਸਮੇਂ ਵਿਚ ਪੰਜਾਬੀ ਗਾਇਕੀ ਦਾ ਧਰੂ ਤਾਰਾ ਬਣ ਕੇ ਚਮਕਿਆ ਹੈ। ਇਹ ਉਸ ਦੀ ਨਿਵੇਕਲੀ ਗਾਇਨ-ਸ਼ੈਲੀ ਅਤੇ ਕੀਤੀ ਮਿਹਨਤ ਦਾ ਨਤੀਜਾ ਹੈ। ਉਸ ਦੇ ਚਾਹੁਣ ਵਾਲਿਆਂ ਵਿਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਭਾਵ ਹਰ ਉਮਰ ਦੇ ਸਰੋਤੇ ਸ਼ਾਮਿਲ ਹਨ। ਉਹ ਚੱਬੇਵਾਲ ਨੇੜਲੇ ਪਿੰਡ ਬਜਰੌਰ, ਜ਼ਿਲ੍ਹਾ ਹੁਸ਼ਿਆਰਪੁਰ ਦਾ ਜੰਮਪਲ ਹੈ। ਪਿਤਾ ਸ: ਬਲਵਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਸਤਨਾਮ ਕੌਰ ਦੇ ਇਸ ਲਾਡਲੇ ਨੇ ਪਿੰਡ ਤੋਂ ਮੁਢਲੀ ਪੜ੍ਹਾਈ ਤੋਂ ਬਾਅਦ ਬੀ. ਏ. ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ। ਬਾਅਦ ਵਿਚ ਐਮ. ਏ. ਸੰਗੀਤ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਦਾਖਲਾ ਲੈ ਲਿਆ। ਪੜ੍ਹਾਈ ਦੌਰਾਨ ਉਸ ਨੇ ਖੋਜ ਲਈ 'ਪੰਜਾਬ ਦੀ ਸੂਫ਼ੀ ਗਾਇਨ ਪ੍ਰੰਪਰਾ' ਵਿਸ਼ਾ ਰੱਖਿਆ। ਇਸ ਤੋਂ ਇਲਾਵਾ ਫਾਰਸੀ ਵਿਚ ਵੀ ਉਸ ਨੇ ਡਿਪਲੋਮਾ ਕੀਤਾ। ਇਸੇ ਲਈ ਫਾਰਸੀ ਜ਼ਬਾਨ ਦੀ ਰੰਗਤ ਉਸ ਦੀ ਗਾਇਕੀ ਵਿਚੋਂ ਸਾਫ਼ ਝਲਕਦੀ ਹੈ। ਪਿਛਲੇ ਦਿਨੀਂ ਉਹ ਪੰਜਾਬੀ ਜਾਗ੍ਰਿਤੀ ਮਾਰਚ ਵਿਚ ਸ਼ਿਰਕਤ ਕਰਨ ਅਤੇ ਆਪਣੀ ਤਾਜ਼ਾ ਐਲਬਮ 'ਅਫ਼ਸਾਨੇ ਸਰਤਾਜ ਦੇ' ਮਸ਼ਹੂਰੀ ਦੇ ਸਿਲਸਿਲੇ ਵਿਚ 'ਅਜੀਤ ਭਵਨ' ਵਿਖੇ ਆਏ ਸਨ। ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁਝ ਚੋਣਵੇਂ ਅੰਸ਼ ਇਸ ਤਰ੍ਹਾਂ ਹਨ:

 ਆਪਣੀ ਨਵੀਂ ਐਲਬਮ 'ਅਫ਼ਸਾਨੇ ਸਰਤਾਜ ਦੇ' ਬਾਰੇ ਕੁਝ ਦੱਸੋ?
-ਇਹ ਮੇਰੀ ਚੌਥੀ ਐਲਬਮ ਹੈ। ਇਸ ਤੋਂ ਪਹਿਲਾਂ ਸਰਤਾਜ, ਚੀਰੇਵਾਲਾ ਸਰਤਾਜ ਅਤੇ ਸਰਤਾਜ ਲਾਈਵ ਐਲਬਮਾਂ ਨੂੰ ਬੇਹੱਦ ਸਫ਼ਲਤਾ ਮਿਲੀ। ਦੋ ਸਾਲ ਦੇ ਅਰਸੇ ਬਾਅਦ ਇਹ ਐਲਬਮ ਮੇਰੀ ਆਪਣੀ ਕੰਪਨੀ ਫ਼ਿਰਦੌਸ ਪ੍ਰੋਡਕਸ਼ਨ ਪ੍ਰਾ. ਲਿਮਟਿਡ ਰਾਹੀਂ ਜਾਰੀ ਕੀਤੀ ਗਈ ਹੈ, ਇਸ ਦੀ ਡਿਸਟ੍ਰੀਬਿਊਸ਼ਨ ਵਿਸ਼ਵ ਪ੍ਰਸਿੱਧ ਸੰਗੀਤਕ ਕੰਪਨੀ ਈਰੋਸ ਨੇ ਦੁਨੀਆ ਭਰ ਵਿਚ ਕੀਤੀ ਹੈ। ਇਸ ਐਲਬਮ ਵਿਚ ਕੁੱਲ 10 ਗੀਤ ਹਨ ਜੋ ਸਾਰੇ ਹੀ ਮੇਰੇ ਆਪਣੇ ਲਿਖੇ ਹੋਏ ਹਨ। ਇਸ ਵਿਚਲਾ ਸੰਗੀਤ ਜਤਿੰਦਰ ਸ਼ਾਹ ਦਾ ਹੈ। ਇਸ ਐਲਬਮ ਦੀ ਖਾਸੀਅਤ ਇਹ ਹੈ ਕਿ ਇਸ ਦੇ ਬਹੁਤੇ ਗੀਤ ਸਮਾਜਿਕ ਚੇਤਨਾ ਪੈਦਾ ਕਰਨ ਵਾਲੇ ਹਨ। ਟਾਈਟਲ ਗੀਤ ਦਾ ਵੀਡੀਓ ਆਰ. ਸਵਾਮੀ ਨੇ ਬਣਾਇਆ ਹੈ ਜਿਸ ਲਈ ਬਹੁਤ ਖ਼ੂਬਸੂਰਤ ਥਾਂਵਾਂ 'ਤੇ ਫਿਲਮਾਂਕਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋ ਗੀਤਾਂ ਦੇ ਵੀਡੀਓ 'ਸਿਕਸਟੀ ਫਾਈਵ ਸਟੂਡੀਓ' ਵਿਖੇ ਅਮਰੀਕਾ ਦੇ ਮਨਦੀਪ ਲੇਹਲ ਨੇ ਫਿਲਮਾਏ ਹਨ।

 ਇਸ ਐਲਬਮ ਵਿਚਲੇ ਗੀਤਾਂ ਬਾਰੇ ਕੀ ਕਹਿਣਾ ਚਾਹੋਗੇ?
-ਐਲਬਮ ਵਿਚਲੇ 80 ਫ਼ੀਸਦੀ ਗੀਤ ਸਮਾਜਿਕ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਦੇ ਹਨ। ਪਹਿਲਾ ਗੀਤ ਵਾਤਾਵਰਨ ਵਿਚ ਫੈਲੇ ਪ੍ਰਦੂਸ਼ਣ ਸਬੰਧੀ ਹੈ। ਜਿਸਦੇ ਬੋਲ ਹਨ:
ਜੇ ਨਾ ਰਹੀ ਹਰਿਆਲੀ ਫੇਰ ਕੀ ਕਰਨਾ ਤਖਤਾਂ ਨੂੰ
ਸੁਣ ਭਾਈ ਆਰੇ ਵਾਲਿਆ ਵੇ ਨਾ ਚੀਰ ਦਰੱਖਤਾਂ ਨੂੰ...
ਅਫਸਾਨੇ ਉਹ ਹੁੰਦੇ ਹਨ ਜਿਨ੍ਹਾਂ ਦੀ ਉਮਰ ਲੰਬੀ ਹੋਵੇ ਤੇ ਇਹ ਕਾਫ਼ੀ ਦੇਰ ਤੱਕ ਸੁਣੇ ਜਾਂਦੇ ਹਨ। ਕੁਝ ਅਜਿਹੇ ਹੀ ਨਵੀਂ ਕਿਸਮ ਦੇ ਗੀਤ ਹਨ ਇਸ ਐਲਬਮ ਵਿਚ। ਦੂਸਰਾ ਗੀਤ ਹੈ:
ਮੈਂ ਲਿਖਣਾ ਚਾਹੁੰਦਾ ਹਾਂ ਕੋਈ ਦਰਦ ਗ਼ਰੀਬਾਂ ਦਾ,
ਜਿਨ੍ਹਾਂ ਨਾਲ ਪੈ ਗਿਆ ਏ ਕੋਈ ਵੈਰ ਨਸੀਬਾਂ ਦਾ...
ਇਹ ਗੀਤ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਰਿਜ਼ਕ ਦੇ ਲਾਲੇ ਪਏ ਰਹਿੰਦੇ ਹਨ। ਇਨ੍ਹਾਂ ਲੋਕਾਂ ਦੀ ਗੱਲ ਕਲਾਕਾਰ ਬਹੁਤ ਘੱਟ ਕਰਦੇ ਹਨ। ਇਹ ਮੇਰੇ ਦਿਲੋਂ ਨਿਕਲੇ ਨਗਮੇ ਹਨ। ਅਗਲਾ ਗੀਤ ਹੈ:
ਕੁੜੀਓ ਰੋਇਆ ਨਾ ਕਰੋ ਨੀਂ ਡੁੱਬ ਜਾਣੀਓ...
ਇਹ ਕੁੜੀਆਂ ਦੇ ਸੰਤਾਪ ਦੀ ਕਹਾਣੀ ਹੈ। ਜੋ ਚੰਗੀ ਸ਼ਾਇਰੀ ਦਾ ਲਖਾਇਕ ਵੀ ਹੈ।
ਅਗਲਾ ਗੀਤ ਮੌਲ਼ਾ ਨੂੰ ਅਰਦਾਸ ਹੈ। ਜੋ ਬੀਤੇ ਸਮੇਂ ਵਿਚ ਕੀਤੀ ਜਦੋ-ਜਹਿਦ ਅਤੇ ਤੰਗੀਆਂ-ਤੁਰਸ਼ੀਆਂ ਸਬੰਧੀ ਪ੍ਰਗਟਾਵਾ ਹੈ। ਬੋਲ ਹਨ:
ਮੇਰੀ ਜ਼ਿੰਦਗੀ ਵੀ ਇਕ ਨਾਟਕ,
ਕੀਤੇ ਕਿਸਮਤ ਨੇ ਬੰਦ ਫਾਟਕ,
ਆਉਂਦੇ ਸੁਫਨੇ ਘਾਤਕ ਘਾਤਕ,
ਤੜਕੇ ਤੜਕੇ ਮੌਲ਼ਾ ਜੀ
ਅਸੀਂ ਰਾਹੀ ਭੁੱਲੇ ਭਟਕੇ,
ਸਾਡੇ ਢੰਗ ਤਰੀਕੇ ਜਟਕੇ,
ਕਈ ਚਿਰ ਤੋਂ ਰਾਹ ਵਿਚ ਅਟਕੇ,
ਪਾ ਦਿਓ ਸੜਕੇ ਮੌਲ਼ਾ ਜੀ...
ਮੇਰਾ ਮੰਨਣਾ ਹੈ ਕਿ ਸੰਗੀਤ ਵਿਚ ਸ਼ਾਇਰੀ ਜਿੱਤਦੀ ਹੈ, ਸੰਗੀਤ ਨਹੀਂ, ਸ਼ਬਦ ਹੀ ਹਮੇਸ਼ਾ ਜਿੱਤਦੇ ਹਨ। ਬਹੁਤੇ ਗੀਤ ਹੀ ਹਿੱਟ ਹੁੰਦੇ ਹਨ ਨਾ ਕਿ ਕਲਾਕਾਰ। ਅਗਲਾ ਗੀਤ ਹੈ:
ਔਖੇ ਸੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ
ਸੁਫਨੇ ਉਹ ਦੱਸੀਂ ਪੂਰੇ ਹੋਏ ਕਿ ਨਹੀਂ
ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ ਪੁੱਤ ਸਾਡੇ
ਪੈਰਾਂ 'ਤੇ ਖਲੋਏ ਕਿ ਨਹੀਂ...
ਇਹ ਗੀਤ ਮੈਂ 2009 ਦੇ ਆਪਣੇ ਆਸਟ੍ਰੇਲੀਆ ਦੌਰੇ ਵੇਲੇ ਲਿਖਿਆ ਸੀ। ਤੀਸਰਾ ਵੀਡੀਓ ਵੀ ਉਨ੍ਹਾਂ ਪ੍ਰਦੇਸੀ ਵੀਰਾਂ ਲਈ ਹੈ, ਜਿਨ੍ਹਾਂ ਦੇ ਮਾਪੇ ਪੈਸੇ ਲਗਾ ਕੇ ਉਨ੍ਹਾਂ ਨੂੰ ਬਾਹਰ ਭੇਜਦੇ ਹਨ ਤੇ ਉਡੀਕ ਕਰਦੇ ਹਨ ਕਿ ਉਨ੍ਹਾਂ ਦਾ ਪੁੱਤ ਕਦੋਂ ਬਾਹਰੋਂ ਪੈਸੇ ਭੇਜੇਗਾ। ਇਸ ਐਲਬਮ ਦਾ ਟਾਈਟਲ ਗੀਤ ਹੈ:
ਦੱਸ ਹਾੜ੍ਹ ਦਾ ਦੁਪਹਿਰਾ ਕਿੱਥੇ ਕੱਟੀਏ,
ਬਾਬੇ ਬੁੱਲ੍ਹੇ ਦੇ ਪੰਜਾਬ ਦੀਏ ਜੱਟੀਏ,
ਸੂਹੇ ਖ਼ਤ ਇਸ਼ਕੇ ਦੇ ਨਾਜਾਂ ਪੱਟੀਏ
ਕਦੋਂ ਕੁ ਮਨਜ਼ੂਰ ਹੋਣਗੇ ਤੇ ਫਾਸਲੇ ਵੀ ਦੂਰ ਹੋਣਗੇ
ਇਹ ਗੀਤ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਇਸ ਦੀ ਵੀਡੀਓ ਆਰ. ਸਵਾਮੀ ਨੇ ਤਿਆਰ ਕੀਤੀ ਹੈ ਜੋ ਕਾਫ਼ੀ ਵੱਡੇ ਬਜਟ ਵਾਲੀ ਹੈ। ਇਸ ਗੀਤ ਵਿਚ ਸਾਂਝੇ ਪੰਜਾਬ ਦੀ ਗੱਲ ਕੀਤੀ ਹੈ। ਲਹਿੰਦੇ ਪੰਜਾਬ ਦੀ ਵੀ ਅਤੇ ਚੜ੍ਹਦੇ ਪੰਜਾਬ ਦੀ ਵੀ ਗੱਲ ਕੀਤੀ ਹੈ। ਇਸ ਵਿਚ ਦੋਵਾਂ ਪੰਜਾਬਾਂ ਦੇ ਪਹਿਰਾਵੇ ਦੀ ਰੰਗਤ ਭਰੀ ਗਈ ਹੈ। ਅਗਲੇ ਗੀਤ ਦੇ ਬੋਲ ਹਨ 'ਖਿਲਾਰਾ' :
ਜਿਸ ਨੇ ਜਲ ਗੰਦਾ ਕੀਤਾ,
ਉਸ ਤੋਂ ਜਾਣਾ ਨੀਂ ਪੀਤਾ।
ਨਦੀਆਂ ਜੇ ਸ਼ੁੱਧ ਹੁੰਦੀਆਂ,
ਪਾਪਾਂ ਨੂੰ ਦੁੱਧ ਧੋਂਦੀਆਂ
ਇਕ ਗੱਲ ਹੈਰਾਨ ਜਾਣੀ,
ਖੜ੍ਹ ਕੇ ਵੀ ਸੁਥਰਾ ਪਾਣੀ ਦੁਨੀਆ
ਵਿਚ ਹੋਰ ਤਾਂ ਕਿਧਰੇ ਅੰਮ੍ਰਿਤਸਰ ਨੀਂ ਹੋਣਾ,
ਜਦੋਂ ਕਿਤੇ ਪੈ ਗਿਆ ਖਿਲਾਰਾ
ਇਕੱਠਾ ਕਰ ਨੀਂ ਹੋਣਾ...
ਅਗਲਾ ਗੀਤ ਖਿਡਾਰੀਆਂ 'ਤੇ ਲਿਖਿਆ ਹੈ:
ਜੋ ਹਾਰਾਂ ਕਬੂਲੇ ਨਾ ਖੇਲਣ ਦੇ ਮਗਰੋਂ,
ਲੜਾਕੂ ਹੋਊ ਉਹ ਖਿਡਾਰੀ ਨਹੀਂ ਹੋਣਾ,
ਜੋ ਦਾਅ ਤੇ ਲਗਾ ਕੇ ਦੋਚਿੱਤੀ 'ਚ ਪੈ ਜਾਏ
ਵਪਾਰੀ ਹੋਏਗਾ ਜੁਆਰੀ ਨਹੀਂ ਹੋਣਾ।
ਇਸ ਵਾਰ ਮੈਂ ਐਲਬਮ ਨੂੰ ਵਧ ਤੋਂ ਵਧ ਸੁਣਨਯੋਗ ਸਮੱਗਰੀ ਨਾਲ ਪੇਸ਼ ਕੀਤਾ ਹੈ ਆਸ ਹੈ ਕਿ ਇਹ ਪਹਿਲੀਆਂ ਐਲਬਮਾਂ ਵਾਂਗ ਸਰੋਤਿਆਂ ਦੀ ਪਸੰਦ 'ਤੇ ਖਰੀ ਉਤਰੇਗੀ।

 ਗਾਇਕੀ 'ਚ ਆਈ ਅਸ਼ਲੀਲਤਾ ਬਾਰੇ ਕੀ ਕਹੋਗੇ?
-ਇਨਸਾਨ ਦੀ ਫਿਤਰਤ ਹੈ ਕਾਮੁਕ ਚੀਜ਼ਾਂ ਨੂੰ ਵੇਖਣਾ। ਜਿਨ੍ਹਾਂ ਮੁਲਕਾਂ ਵਿਚ ਇਨ੍ਹਾਂ ਗੱਲਾਂ 'ਤੇ ਬੰਦਸ਼ਾਂ ਨਹੀਂ, ਉਹ ਸਾਡੇ ਵਰਗੇ ਮੁਲਕਾਂ 'ਚ ਪਸੰਦ ਨਹੀਂ ਕੀਤੀਆਂ ਜਾ ਸਕਦੀਆਂ। ਸਾਡੇ ਦੇਸ਼ ਦੀ ਆਪਣੀ ਗਾਇਕੀ ਹੈ, ਆਪਣਾ ਸੱਭਿਆਚਾਰ ਹੈ, ਕਦਰਾਂ-ਕੀਮਤਾਂ ਹਨ। ਏਸ਼ੀਆ ਵਿਚ ਰਿਵਾਜ ਤੇ ਪਸੰਦ ਹੋਰ ਹੈ, ਪੱਛਮ ਵਿਚ ਬਿਲਕੁਲ ਇਸ ਦੇ ਉਲਟ ਹੈ। ਮੈਂ ਸੋਚਦਾ ਹਾਂ ਜਿਥੇ ਰਹਿੰਦੇ ਹੋ ਉਥੋਂ ਦੀਆਂ ਕਦਰਾਂ-ਕੀਮਤਾਂ ਦੀ ਕਦਰ ਕਰਨੀ ਚਾਹੀਦੀ ਹੈ। ਅਸੀਂ ਇਥੇ ਦਸਤਾਰ ਬੰਨ੍ਹਦੇ ਹਾਂ। ਇਹ ਸਾਡੀ ਪੁਸ਼ਾਕ ਦਾ ਹਿੱਸਾ ਹੈ। ਹੋ ਸਕਦਾ ਹੈ ਬਾਹਰਲੇ ਮੁਲਕਾਂ ਵਿਚ ਨਾ ਹੋਵੇ। ਇਸੇ ਤਰ੍ਹਾਂ ਇਥੇ ਔਰਤਾਂ ਸੰਜਮ ਵਿਚ ਰਹਿੰਦੀਆਂ ਹਨ, ਤਾਂ ਇਥੋਂ ਦਾ ਮੁੱਢ-ਕਦੀਮ ਤੋਂ ਚਲਿਆ ਆ ਰਿਹਾ ਸਾਡਾ ਸੱਭਿਆਚਾਰ ਹੈ। ਇਸ ਲਈ ਸਾਨੂੰ ਪੱਛਮੀ ਸੱਭਿਆਚਾਰ ਦੇਖਣਾ ਵੀ ਪਸੰਦ ਨਹੀਂ ਹੋਵੇਗਾ। ਸੋ, ਇਹ ਸੋਚਣ ਦੀ ਗੱਲ ਹੈ ਕਿ ਇਕੱਲੇ ਫ਼ਨਕਾਰ ਹੀ ਇਸ ਨੂੰ ਨਹੀਂ ਠੱਲ੍ਹ ਪਾ ਸਕਦੇ ਹਨ। ਸ਼ਬਦ ਮਨ 'ਤੇ ਬਹੁਤ ਅਸਰ ਪਾਉਂਦੇ ਹਨ। ਸੋ ਗੀਤ ਲਿਖਣ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ॥ ਕਲਾਕਾਰ ਤਾਂ ਪ੍ਰੇਰਨਾ ਦੇ ਸਕਦੇ ਹਨ, ਮੰਨਣਾ ਜਾਂ ਨਾ ਮੰਨਣਾ ਲੋਕਾਂ ਦੀ ਗੱਲ ਹੈ। ਮਾੜੀਆਂ ਗੱਲਾਂ ਵਾਇਆ ਇੰਟਰਨੈੱਟ ਵੀ ਘਰਾਂ 'ਚ ਪੁੱਜ ਜਾਂਦੀਆਂ ਹਨ। ਸਾਨੂੰ ਇਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਫਿਰ ਗੰਦ ਆਪਣੇ-ਆਪ ਸਾਫ਼ ਹੋ ਜਾਵੇਗਾ।

ਕੀ ਤੁਹਾਡੇ ਗੀਤਾਂ 'ਚ ਪਹਿਲਾਂ ਸਾਈਂ ਸੀ ਤੇ ਹੁਣ ਮੌਲਾ ਹੈ। ਇਸ ਤਰ੍ਹਾਂ ਦੇ ਪ੍ਰਭਾਵ ਦੀ ਕੀ ਵਜ੍ਹਾ ਹੈ?
-ਜੀ ਹਾਂ, ਮੇਰੀ ਐਲਬਮ ਵਿਚ ਇਕ ਅਜਿਹਾ ਗੀਤ ਜ਼ਰੂਰ ਹੁੰਦਾ ਹੈ। ਜੇਕਰ ਕਿਸੇ ਗੀਤ ਨੂੰ ਸਿਰਫ਼ ਸਰੋਤਿਆਂ ਦੀ ਥੋੜ੍ਹੇ ਸਮੇਂ ਦੀ ਪਸੰਦ ਦਾ ਧਿਆਨ ਰੱਖ ਕੇ ਲਿਖੀਏ ਤਾਂ ਉਸ ਦੀ ਉਮਰ ਲੰਮੀ ਨਹੀਂ ਹੁੰਦੀ। 'ਮੌਲਾ' ਗੀਤ ਮੇਰੀ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ 'ਚੋਂ ਨਿਕਲਿਆ ਗੀਤ ਹੈ। ਇਹ ਸੰਨ 2008 ਵਿਚ ਕੀਤੀ ਜਦੋ-ਜਹਿਦ ਦੀ ਬਾਤ ਪਾਉਂਦਾ ਹੈ।
ੲ ਤੁਹਾਡੀ ਸ਼ਾਇਰੀ 'ਤੇ ਫਾਰਸੀ ਦੀ ਰੰਗਤ ਬਹੁਤ ਹੈ?
-ਜੀ ਹਾਂ ਮੈਨੂੰ ਈਰਾਨੀ ਲੋਕਾਂ ਨਾਲ ਪਿਆਰ ਹੈ। ਇਸੇ ਲਈ ਮੈਂ ਵੀ ਸਲਵਾਰ ਕਮੀਜ਼ ਪਾ ਕੇ ਖੁਸ਼ ਹੁੰਦਾ ਹਾਂ। ਇਸ ਪਹਿਰਾਵੇ ਦਾ ਮਜ਼੍ਹਬ ਜਾਂ ਸੱਭਿਆਚਾਰ ਨਾਲ ਬੜਾ ਗੂੜ੍ਹਾ ਸਬੰਧ ਹੁੰਦਾ ਹੈ। ਮੇਰੀ ਪੱਗੜੀ 'ਤੇ ਲੱਗਣ ਵਾਲਾ 'ਸਰਪੇਚ' ਵੀ ਈਰਾਨੀ ਲੋਕਾਂ ਦਾ ਗਹਿਣਾ ਹੈ ਜੋ ਈਰਾਨੀ ਲੋਕ ਖਾਸ ਮੌਕਿਆਂ 'ਤੇ ਪਹਿਨਦੇ ਹਨ। ਮੈਨੂੰ ਲਗਦਾ ਹੈ ਕਿ ਮੇਰੀ ਉਨ੍ਹਾਂ ਨਾਲ ਕੋਈ ਪਿਛਲੀ ਸਾਂਝ ਹੈ, ਉਂਜ ਮੈਂ ਭੰਗੜੇ ਦਾ ਅੰਤਰਰਾਸ਼ਟਰੀ ਕਲਾਕਾਰ ਰਿਹਾ ਹਾਂ। ਪੜ੍ਹਾਈ ਦੌਰਾਨ ਕਈ ਸਟੇਜਾਂ 'ਤੇ ਭੰਗੜਾ ਪਾਇਆ ਹੈ।

ਵਿਦੇਸ਼ੀ ਦੌਰਿਆਂ ਬਾਰੇ ਤੁਹਾਡਾ ਕੀ ਪ੍ਰਭਾਵ ਹੈ?
-ਪੰਜਾਬ ਵਿਚ ਤਾਂ ਪੰਜਾਬੀ ਗਾਇਕੀ ਲੋਕ ਪਸੰਦ ਕਰਦੇ ਹੀ ਹਨ ਪਰ ਵਿਦੇਸ਼ਾਂ ਵਿਚ ਵੀ ਇਸ ਨੂੰ ਸਰੋਤੇ ਬਹੁਤ ਪਸੰਦ ਕਰਦੇ ਹਨ। ਵਿਦੇਸ਼ਾਂ ਵਿਚ ਜਾ ਕੇ ਗਾਉਣ ਨਾਲ ਮੇਰੀ ਗਾਇਕੀ ਦਾ ਘੇਰਾ ਕਾਫ਼ੀ ਵਿਸ਼ਾਲ ਹੋਇਆ ਹੈ। ਵਿਦੇਸ਼ਾਂ ਵਿਚ ਖਾਸ ਕਰਕੇ ਕੈਨੇਡਾ-ਅਮਰੀਕਾ ਆਦਿ ਵਿਚ ਮੈਨੂੰ ਬਹੁਤ ਵਧੇਰੇ ਸ਼ੋਅ ਮਿਲੇ, ਸਰੋਤਿਆਂ ਦੇ ਪਿਆਰ ਕਾਰਨ ਥੋੜ੍ਹੇ ਸਮੇਂ ਵਿਚ ਹੀ ਬਹੁਤ ਪ੍ਰਸਿੱਧੀ ਮਿਲ ਗਈ।

ਪੌਪ ਗਾਇਕੀ ਦੀ ਚੜ੍ਹਤ ਦੇ ਜ਼ਮਾਨੇ 'ਚ ਬੈਠ ਕੇ ਗਾਉਣ ਦੇ ਅਨੁਭਵ ਬਾਰੇ ਵੀ ਕੁਝ ਦੱਸੋ?
-ਦੋ ਸਾਲ ਬਾਅਦ ਆਈ ਤਾਜ਼ਾ ਐਲਬਮ ਪਹਿਲਾਂ ਵਾਂਗ ਵੱਡੀ ਪੱਧਰ 'ਤੇ ਮਕਬੂਲ ਹੋਵੇਗੀ। ਬਾਕੀ ਮੇਰੇ ਗਾਉਣ ਦਾ ਢੰਗ ਤੁਸੀਂ ਜਾਣਦੇ ਹੀ ਹੋ। ਮੈਂ ਬੈਠ ਕੇ ਹਰਮੋਨੀਅਮ ਨਾਲ ਗਾਉਂਦਾ ਹਾਂ, ਹੁਣ ਮੈਂ ਇਸ ਵਿਚ ਚਿਮਟਾ ਵੀ ਦਾਖਲ ਕੀਤਾ ਹੈ। ਮੇਰਾ ਖਿਆਲ ਹੈ ਕਿ ਸਟੇਜ 'ਤੇ ਤੁਰ-ਫਿਰ ਕੇ ਗਾਉਣ ਨਾਲ ਸਰੋਤੇ ਆਕਰਸ਼ਿਤ ਨਹੀਂ ਹੁੰਦੇ। ਬੈਠ ਕੇ ਗਾਉਣ ਨਾਲ ਸਰੋਤੇ ਧਿਆਨ ਨਾਲ ਸੁਣਦੇ ਹਨ ਅਤੇ ਗਾਇਕ ਵੀ ਸਾਹਮਣੇ ਬੈਠੇ ਸਰੋਤਿਆਂ ਵੱਲ ਧਿਆਨ ਦੇ ਕੇ ਗਾਉਂਦਾ ਹੈ। ਲੋਕ ਤਾਲ 'ਤੇ ਆਪਣੇ-ਆਪ ਨੱਚਦੇ ਹਨ।
ਇਕ ਗੱਲ ਜੋ ਵਿਸ਼ੇਸ਼ ਤੌਰ 'ਤੇ ਕਹਿਣੀ ਚਾਹੁੰਦਾ ਹਾਂ ਉਹ ਇਹ ਹੈ ਕਿ ਇਸ ਐਲਬਮ ਦੀ ਅਸਲ ਵਿਕਰੀ/ਕਮਾਈ ਵਿਚੋਂ ਕੁਝ ਹਿੱਸਾ ਯੁਵਰਾਜ ਦੀ ਕੈਂਸਰ ਸੁਸਾਇਟੀ ਨੂੰ ਵੀ ਦਿੱਤਾ ਜਾਵੇਗਾ।

ਹਰਜਿੰਦਰ ਸਿੰਘ ਤੇ ਪਰਮਜੀਤ ਸਿੰਘ ਵਿਰਕ

ਆਸਕਰ ਐਵਾਰਡਜ਼ -ਇਕ ਸੁਪਨੇ ਦੀ ਆਸ...

ਹਰ ਸਾਲ ਵਾਂਗ ਇਸ ਵਾਰ ਵੀ ਆਸਕਰ ਲਈ ਨਾਮਜ਼ਦ ਫ਼ਿਲਮਾਂ ਵਿਚ ਭਾਰਤ ਦੀ ਭੂਮਿਕਾ ਅਹਿਮ ਰਹੀ ਹੈ। ਹਾਲਾਂਕਿ 2008 ਵਾਂਗ ਇਸ ਸਾਲ ਕਿਸੇ ਭਾਰਤੀ ਨੂੰ ਆਸਕਰ ਤਾਂ ਨਹੀਂ ਮਿਲ ਸਕਿਆ ਪਰ ਅਜਿਹੀਆਂ ਫ਼ਿਲਮਾਂ ਜ਼ਰੂਰ ਇਨਾਮ ਲੈ ਗਈਆਂ ਜਿਨ੍ਹਾਂ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਭਾਰਤ ਨਾਲ ਕੋਈ ਸਬੰਧ ਰਿਹਾ ਹੈ। ਇਸ ਵਾਰ 4 ਆਸਕਰ ਐਵਾਰਡ ਜਿੱਤਣ ਵਾਲੀ 'ਲਾਈਫ਼ ਆਫ਼ ਪਾਈ' ਦਾ ਭਾਰਤ ਨਾਲ ਡੂੰਘਾ ਰਿਸ਼ਤਾ ਹੈ। ਇਸੇ ਤਰ੍ਹਾਂ 'ਲਿੰਕਨ' ਜਿਸ ਲਈ ਡੈਨੀਅਲ ਡੇ ਲੂਈਸ ਨੂੰ ਸਰਬੋਤਮ ਅਭਿਨੇਤਾ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ, ਇਸ ਦੇ ਤਾਰ ਵੀ ਭਾਰਤ ਨਾਲ ਜੁੜੇ ਹੋਏ ਹਨ। ਆਸਕਰ ਦੇ ਇਨਾਮਾਂ ਵਿਚ ਸ਼ਾਮਿਲ ਹੋਣ ਵਾਲੀ ਇਕ ਹੋਰ ਫ਼ਿਲਮ 'ਸਿਲਵਰ ਲਾਈਨਿੰਗ ਪਲੇਅਬੁੱਕ' ਦੇ ਵੀ ਤਾਰ ਭਾਰਤ ਨਾਲ ਜੁੜਦੇ ਹਨ। ਇਸ ਫ਼ਿਲਮ ਲਈ ਜੈਨੀਫਰ ਲਾਰੈਂਸ ਨੂੰ ਸਰਬੋਤਮ ਅਭਿਨੇਤਰੀ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਇਸ ਲਈ ਇਸ ਵਾਰ ਰੈੱਡ ਕਾਰਪਟ 'ਤੇ ਬਹੁਤ ਸਾਰੇ ਭਾਰਤੀਆਂ ਨੂੰ ਦੇਖਿਆ ਗਿਆ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਜਿਨ੍ਹਾਂ ਫ਼ਿਲਮਾਂ ਦਾ ਭਾਰਤ ਨਾਲ ਕਿਸੇ ਨਾ ਕਿਸੇ ਰੂਪ ਵਿਚ ਸਬੰਧ ਰਿਹਾ ਹੈ, ਉਹ ਕਈ ਸਾਲਾਂ ਤੋਂ ਸਨਮਾਨਿਤ ਹੁੰਦੀਆਂ ਆ ਰਹੀਆਂ ਹਨ। ਪਰ ਅਸਲ ਮਜ਼ਾ ਤਾਂ ਉਦੋਂ ਆਏਗਾ ਜਦੋਂ ਪੂਰੀ ਤਰ੍ਹਾਂ ਕੋਈ ਭਾਰਤੀ ਫ਼ਿਲਮ ਇਸ ਸਮਾਰੋਹ ਵਿਚ ਤਹਿਲਕਾ ਮਚਾਏਗੀ। ਇਹੀ ਵਜ੍ਹਾ ਹੈ ਕਿ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਨਿਰਦੇਸ਼ਕ ਸ਼ੇਖਰ ਕਪੂਰ ਕਹਿੰਦੇ ਹਨ, 'ਇਹ ਤਾਂ ਚੰਗੀ ਗੱਲ ਹੈ ਕਿ ਮੀਡੀਆ ਆਸਕਰ ਨਾਲ ਭਾਰਤੀ ਸੰਪਰਕਾਂ ਦਾ ਜਸ਼ਨ ਮਨਾ ਰਿਹਾ ਹੈ ਪਰ ਮੈਂ ਉਸ ਦਿਨ ਦੇ ਇੰਤਜ਼ਾਰ ਵਿਚ ਹਾਂ ਜਦ ਕੋਈ ਭਾਰਤੀ ਫ਼ਿਲਮ ਆਸਕਰ ਵਿਚ ਰਿਕਾਰਡ ਪੁਰਸਕਾਰ ਜਿੱਤਣ ਵਿਚ ਸਫ਼ਲ ਹੋਵੇ।' ਚੇਤੇ ਰੱਖਣ ਵਾਲੀ ਗੱਲ ਹੈ ਕਿ ਸ਼ੇਖਰ ਕਪੂਰ ਦੀ 1998 ਵਿਚ ਬਣੀ ਫ਼ਿਲਮ 'ਅਲਿਜ਼ਾਬੈੱਥ' ਨੂੰ ਸਰਬੋਤਮ ਮੇਕਅੱਪ ਲਈ ਆਸਕਰ ਸਨਮਾਨ ਨਾਲ ਸਨਮਾਨਿਆ ਗਿਆ ਸੀ ਅਤੇ ਉਸ ਨੂੰ ਕਈ ਨਾਮਜ਼ਦਗੀਆਂ ਮਿਲੀਆਂ ਸਨ।

2013 ਦੇ ਆਸਕਰ ਇਨਾਮਾਂ ਲਈ ਵੀ ਅਨੇਕਾਂ ਅਜਿਹੀਆਂ ਫ਼ਿਲਮਾਂ ਨਾਮਜ਼ਦ ਹੋਈਆਂ ਸਨ ਜਿਨ੍ਹਾਂ ਦਾ ਭਾਰਤ ਨਾਲ ਡੂੰਘਾ ਸਬੰਧ ਹੈ। ਮਿਸਾਲ ਵਜੋਂ ਆਂਗ ਲੀ ਦੀ ਫ਼ਿਲਮ 'ਲਾਈਫ਼ ਆਫ ਪਾਈ' ਨੂੰ 11 ਆਸਕਰ ਨਾਮਜ਼ਦਗੀਆਂ ਮਿਲੀਆਂ ਹਨ। ਇਸ ਫ਼ਿਲਮ ਵਿਚ ਅਨੇਕਾਂ ਭਾਰਤੀ ਪ੍ਰਤਿਭਾਵਾਂ ਨੇ ਆਪਣਾ ਯੋਗਦਾਨ ਦਿੱਤਾ ਹੈ। ਫ਼ਿਲਮ ਦੇ ਮੁੱਖ ਅਭਿਨੇਤਾ ਸੂਰਜ ਸ਼ਰਮਾ ਭਾਰਤੀ ਹਨ ਅਤੇ ਇਸ ਫ਼ਿਲਮ ਵਿਚ ਕੰਮ ਕਰਨ ਵਾਲੀ ਤੱਬੂ ਤੇ ਇਰਫਾਨ ਆਦਿ ਵੀ ਬਾਲੀਵੁੱਡ ਨਾਲ ਸਬੰਧਿਤ ਕਲਾਕਾਰ ਹਨ। ਇਸ ਫ਼ਿਲਮ ਦਾ ਬਹੁਤਾ ਹਿੱਸਾ ਦੱਖਣ ਭਾਰਤ ਵਿਚ ਫ਼ਿਲਮਾਇਆ ਗਿਆ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਫ਼ਿਲਮ ਵਿਚ ਪਾਈ ਨੂੰ ਲੋਰੀ ਸੁਣਾਉਣ ਵਾਲੀ ਜਯਾਸ੍ਰੀ ਨੂੰ ਸਰਬੋਤਮ ਗੀਤ ਲਈ ਨਾਮਜ਼ਦ ਕੀਤਾ ਗਿਆ ਸੀ। ਹਾਲਾਂਕਿ ਜਯਾਸ੍ਰੀ ਸਖ਼ਤ ਮੁਕਾਬਲੇ ਦੇ ਚਲਦਿਆਂ ਆਸਕਰ ਨਹੀਂ ਜਿੱਤ ਸਕੀ ਪਰ 'ਲਾਈਫ਼ ਆਫ਼ ਪਾਈ' ਨੂੰ 4 ਆਸਕਰ ਮਿਲੇ ਹਨ ਜਿਨ੍ਹਾਂ ਵਿਚ ਆਂਗ ਲੀ ਲਈ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਵੀ ਸ਼ਾਮਿਲ ਹੈ। ਜਯਾਸ੍ਰੀ ਨੇ ਤਾਮਿਲ ਭਾਸ਼ਾ ਵਿਚ ਇਹ ਲੋਰੀ ਲਿਖੀ ਅਤੇ ਗਾਈ ਸੀ। ਇਸ ਨੂੰ ਕੰਪੋਜ਼ ਮਾਈਕਲ ਡੰਨ ਨੇ ਕੀਤਾ ਸੀ, ਜੋ ਖੁਦ ਸਰਬੋਤਮ ਸੰਗੀਤ ਲਈ ਨਾਮਜ਼ਦ ਸੀ। ਜਯਾਸ੍ਰੀ ਦਾ ਮੁਕਾਬਲਾ ਐਡੀਲੇ (ਸਕਾਈਫਾਲ), ਜੇ ਰੇਲਫ (ਚੇਜਿੰਗ ਆਈਸ), ਵਾਲਟਰ ਮਰਫ਼ੀ ਅਤੇ ਸੇਠ ਮੇਕ ਫਾਰਲੈਂਸ (ਟੈੱਡ) ਅਤੇ ਕਲੋਡੇ ਮਾਈਕਲ ਸ਼ਾਨਬਰਗ, ਹਰਬਰਟ ਰੈਟਸਮਰ ਅਤੇ ਐਲਨ ਬੋਬਿਲੀ (ਲੇਜ਼ ਮਿਜ਼ਰੇਬਲਜ਼) ਨਾਲ ਸੀ। ਆਸਕਰ ਲਈ ਨਾਮਜ਼ਦ ਹੋਣ ਵਾਲੀ ਉਹ ਇਕੱਲੀ ਭਾਰਤੀ ਸੀ।

ਇਸ ਸਾਲ ਜਿਸ ਫ਼ਿਲਮ ਨੂੰ ਸਭ ਤੋਂ ਜ਼ਿਆਦਾ ਨਾਮਜ਼ਦਗੀਆਂ ਮਿਲੀਆਂ, ਉਹ ਫ਼ਿਲਮ ਸੀ 'ਲਿੰਕਨ'। 12 ਨਾਮਜ਼ਦਗੀਆਂ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਸਟੀਵਨ ਸਪਿੱਲਬਰਗ ਨੇ ਕੀਤਾ ਸੀ। ਇਸ ਫ਼ਿਲਮ ਦਾ ਭਾਰਤ ਨਾਲ ਡੂੰਘਾ ਸਬੰਧ ਹੈ। ਉਹ ਇਸ ਲਿਹਾਜ਼ ਨਾਲ ਕਿ ਇਸ ਨੂੰ ਰਿਲਾਇੰਸ ਨੇ ਡਰੀਮ ਵਰਕਸ ਨਾਲ ਮਿਲ ਕੇ ਬਣਾਇਆ ਸੀ। ਰਿਲਾਇੰਸ ਅਨਿਲ ਅੰਬਾਨੀ ਦੀ ਕੰਪਨੀ ਹੈ ਅਤੇ ਅਨਿਲ ਅੰਬਾਨੀ ਲਈ ਰੈੱਡ ਕਾਰਪੈਟ 'ਤੇ ਚੱਲਣਾ ਕੋਈ ਨਵੀਂ ਗੱਲ ਨਹੀਂ ਹੈ। ਉਹ ਪਹਿਲਾਂ ਵੀ ਆਪਣੀ ਪਤਨੀ ਟੀਨਾ ਨਾਲ ਰੈੱਡ ਕਾਰਪੈਟ 'ਤੇ ਤੁਰ ਚੁੱਕੇ ਹਨ। 84ਵੇਂ ਸਾਲਾਨਾ ਅਕਾਦਮੀ ਐਵਾਰਡ ਵਿਚ ਉਨ੍ਹਾਂ ਦੀ ਕੰਪਨੀ ਦੀਆਂ ਤਿੰਨ ਫ਼ਿਲਮਾਂ-ਦਾ ਹੈਲਪ, ਵਾਰ ਹੌਰਸ ਅਤੇ ਰੀਅਲ ਸਟੀਲ ਵੱਖ-ਵੱਖ ਸ਼੍ਰੇਣੀਆਂ ਵਿਚ ਨਾਮਜ਼ਦ ਹੋਈਆਂ ਸਨ। ਹਾਲਾਂਕਿ 'ਲਿੰਕਨ' ਲਈ ਸਟੀਵਨ ਸਪਿਲਬਰਗ ਸਰਬੋਤਮ ਨਿਰਦੇਸ਼ਕ ਜਾਂ ਸਰਬੋਤਮ ਉੱਤਮ ਫ਼ਿਲਮ ਦਾ ਆਸਕਰ ਸਨਮਾਨ ਤਾਂ ਨਹੀਂ ਜਿੱਤ ਸਕੇ ਪਰ ਲਿੰਕਨ ਦੀ ਭੂਮਿਕਾ ਵਿਚ ਆਇਰਲੈਂਡ ਦੇ ਅਭਿਨੇਤਾ ਡੈਨੀਅਲ ਡੇ ਲੂਈਸ ਨੇ ਸਰਬੋਤਮ ਅਭਿਨੇਤਾ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਲਗਾਤਾਰ ਤਿੰਨ ਵਾਰ ਸਰਬੋਤਮ ਉੱਤਮ ਅਭਿਨੇਤਾ ਦਾ ਆਸਕਰ ਜਿੱਤਿਆ। ਰਿਕਾਰਡ ਨਾਮਜ਼ਦਗੀਆਂ ਦੇ ਬਾਵਜੂਦ ਲਿੰਕਨ ਸਰਬੋਤਮ ਫ਼ਿਲਮ ਦਾ ਇਨਾਮ ਜਿੱਤਣ ਵਿਚ ਨਾਕਾਮ ਰਹੀ। ਇਸ ਦਾ ਸਿਹਰਾ ਐਫਲੇਕ ਦੀ ਫ਼ਿਲਮ 'ਆਰਗੋ' ਨੂੰ ਮਿਲਿਆ। ਜਦਕਿ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫ਼ਿਲਮ ਦਾ ਆਸਕਰ 'ਆਮੌਰ' ਨੂੰ ਮਿਲਿਆ।

ਇਸ ਸਾਲ ਆਸਕਰ ਲਈ ਨਾਮਜ਼ਦ ਹੋਣ ਵਾਲੀਆਂ ਫ਼ਿਲਮਾਂ ਨਾਲ ਭਾਰਤ ਦਾ ਰਿਸ਼ਤਾ ਇਥੇ ਹੀ ਖਤਮ ਨਹੀਂ ਹੋ ਜਾਂਦਾ। ਕੈਥਰੀਨ ਬਿਗਲੋ ਦੀ ਫ਼ਿਲਮ 'ਜ਼ੀਰੋ ਡਾਰਕ ਥਰਟੀ' ਦਾ ਬਹੁਤਾ ਹਿੱਸਾ ਚੰਡੀਗੜ੍ਹ ਵਿਚ ਫ਼ਿਲਮਾਇਆ ਗਿਆ, ਜਿਥੇ ਮਨੀਮਾਜਰਾ ਦੇ ਬਾਜ਼ਾਰ ਨੂੰ ਪਾਕਿਸਤਾਨੀ ਪਿੱਠਭੂਮੀ ਦਿੱਤੀ ਗਈ ਸੀ। ਇਸ ਸ਼ੂਟਿੰਗ ਨੂੰ ਕੁਝ ਸਮੇਂ ਲਈ ਰੋਕਣਾ ਵੀ ਪਿਆ ਸੀ ਕਿਉਂਕਿ ਸੈੱਟ ਬਣਾਉਣ ਲਈ ਪਾਕਿਸਤਾਨੀ ਝੰਡਿਆਂ ਅਤੇ ਉਰਦੂ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ, ਜਿਸ ਦਾ ਕੁਝ ਗੁੱਟਾਂ ਨੇ ਵਿਰੋਧ ਕੀਤਾ ਸੀ। ਇਸ ਫ਼ਿਲਮ ਨੂੰ 5 ਆਸਕਰ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ। ਇਸ 'ਤੇ ਮਨੀਮਾਜਰਾ ਦੇ ਦੁਕਾਨਦਾਰਾਂ ਨੇ ਖੂਬ ਜਸ਼ਨ ਮਨਾਇਆ।ਇਸ ਸਾਲ ਆਸਕਰ ਦੀ ਦਾਅਵੇਦਾਰ ਇਕ ਹੋਰ ਫ਼ਿਲਮ ਡੈਵਿਡ ਓ. ਰਸਲ ਦੀ 'ਸਿਲਵਰ ਲਾਈਨਿੰਗ ਪਲੇਅਬੁੱਕਸ' ਰਹੀ। ਇਸ ਫ਼ਿਲਮ ਨੂੰ 8 ਸ਼੍ਰੇਣੀਆਂ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਇਸੇ ਫ਼ਿਲਮ ਲਈ ਜੈਨੀਫਰ ਲਾਰੈਂਸ ਨੂੰ ਸਰਬੋਤਮ ਅਭਿਨੇਤਰੀ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਫ਼ਿਲਮ ਵਿਚ ਅਨੁਪਮ ਖੇਰ ਦੀ ਬੜੀ ਅਹਿਮ ਭੂਮਿਕਾ ਸੀ। ਹਾਲਾਂਕਿ ਅਨੁਪਮ ਖੇਰ ਨੂੰ ਨਾਮਜ਼ਦਗੀ ਨਹੀਂ ਮਿਲ ਸਕੀ ਪਰ ਉਹ ਫਿਰ ਵੀ ਖੁਸ਼ ਸਨ, ਕਿ ਉਨ੍ਹਾਂ ਨਾਲ ਜੁੜੀ ਫ਼ਿਲਮ ਨੂੰ ਨਾ ਸਿਰਫ਼ ਨਾਮਜ਼ਦਗੀ ਮਿਲੀ ਬਲਕਿ ਕੁਝ ਸ਼੍ਰੇਣੀਆਂ ਜਿਵੇਂ ਕਿ ਉਪਰ ਦੱਸਿਆ ਗਿਆ ਹੈ, ਨੇ ਆਸਕਰ ਪ੍ਰਾਪਤ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਉਸ ਨੇ ਭਾਰਤੀ ਸਿਨੇਮਾ ਦਾ ਧੰਨਵਾਦ ਕੀਤਾ।ਭਾਰਤ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੀਆਂ ਫ਼ਿਲਮਾਂ ਤਾਂ ਆਸਕਰ ਵਿਚ ਨਾਮਜ਼ਦਗੀਆਂ ਅਤੇ ਪੁਰਸਕਾਰ ਜਿੱਤਣ ਵਿਚ ਸਫ਼ਲ ਹੋ ਜਾਂਦੀਆਂ ਹਨ ਪਰ ਇਹ ਅਫਸੋਸ ਦੀ ਗੱਲ ਹੈ ਕਿ ਭਾਰਤ ਕਦੀ ਵੀ ਆਪਣੀਆਂ ਮੂਲ ਫ਼ਿਲਮਾਂ ਦੇ ਜ਼ਰੀਏ ਆਸਕਰ ਵਿਚ ਤਹਿਲਕਾ ਨਹੀਂ ਮਚਾ ਸਕਿਆ। ਹਾਲਾਂਕਿ ਉਸ ਦੇ ਨਿਰਦੇਸ਼ਕਾਂ ਦੀਆਂ ਫ਼ਿਲਮਾਂ ਖਾਸਕਰ ਸਤਿਆਜੀਤ ਰੇਅ, ਮਿਰਨਾਲ ਸੇਨ ਅਤੇ ਅਨੁਰਾਗ ਕਸ਼ਯਪ ਆਦਿ ਦੀਆਂ ਫ਼ਿਲਮਾਂ ਕੌਮਾਂਤਰੀ ਫ਼ਿਲਮ ਮੇਲਿਆਂ ਵਿਚ ਆਲੋਚਕਾਂ ਦੀਆਂ ਕਾਫ਼ੀ ਚੰਗੀਆਂ ਸਮੀਖਿਆਵਾਂ ਹਾਸਲ ਕਰਨ ਵਿਚ ਕਾਮਯਾਬ ਹੁੰਦੀਆਂ ਰਹੀਆਂ ਹਨ।

ਪਿਛਲੇ ਇਕ ਦਹਾਕੇ ਤੋਂ ਭਾਰਤ ਦਾ ਆਸਕਰ ਨਾਲ ਰਿਸ਼ਤਾ ਡੂੰਘਾ ਹੁੰਦਾ ਗਿਆ। ਬਾਵਜੂਦ ਇਸ ਦੇ ਕੋਈ ਵੀ ਭਾਰਤੀ ਫ਼ਿਲਮ ਸਰਬੋਤਮ ਵਿਦੇਸ਼ੀ ਫ਼ਿਲਮ ਸ਼੍ਰੇਣੀ ਵਿਚ ਇਨਾਮ ਨਹੀਂ ਜਿੱਤ ਸਕੀ। ਇਸ ਸ਼੍ਰੇਣੀ ਵਿਚ ਭਾਰਤ ਨੇ ਸਭ ਤੋਂ ਪਹਿਲਾਂ 1957 ਵਿਚ ਮਹਿਬੂਬ ਖ਼ਾਨ ਦੀ ਫਿਲਮ 'ਮਦਰ ਇੰਡੀਆ' ਨੂੰ ਅਧਿਕਾਰਤ ਤੌਰ 'ਤੇ ਭੇਜਿਆ ਸੀ। ਇਹ ਫ਼ਿਲਮ ਖਿਤਾਬ ਨਾ ਜਿੱਤ ਸਕੀ ਅਤੇ ਮਹਿਬੂਬ ਖ਼ਾਨ ਨੂੰ ਇਹ ਅਹਿਸਾਸ ਹੋਇਆ ਕਿ ਜੇ ਸਹੀ ਮਾਰਕੀਟਿੰਗ ਹੋ ਜਾਂਦੀ ਤਾਂ 'ਮਦਰ ਇੰਡੀਆ' ਨੂੰ ਆਸਕਰ ਵਿਚ ਬਿਹਤਰ ਥਾਂ ਮਿਲ ਸਕਦੀ ਸੀ। 1988 ਵਿਚ ਮੀਰਾ ਨਾਇਰ ਦੀ 'ਸਲਾਮ ਬੰਬੇ' ਦੂਜੀ ਭਾਰਤੀ ਫ਼ਿਲਮ ਸੀ ਜੋ ਸਰਬੋਤਮ ਵਿਦੇਸ਼ੀ ਫ਼ਿਲਮ ਸ਼੍ਰੇਣੀ ਲਈ ਨਾਮਜ਼ਦ ਹੋਈ ਸੀ ਪਰ ਇਹ ਵੀ ਆਸਕਰ ਨਾ ਜਿੱਤ ਸਕੀ। ਹਾਲਾਂਕਿ ਇਸ ਤੋਂ ਬਾਅਦ ਵਿਦੇਸ਼ੀ ਫ਼ਿਲਮ ਸ਼੍ਰੇਣੀ ਵਿਚ ਭਾਰਤ ਅਧਿਕਾਰਤ ਤੌਰ 'ਤੇ ਅਤੇ ਨਿਰਮਾਤਾ ਵਿਅਕਤੀਗਤ ਤੌਰ 'ਤੇ ਆਪਣੀਆਂ-ਆਪਣੀਆਂ ਫ਼ਿਲਮਾਂ ਅਕਾਦਮੀ ਐਵਾਰਡਜ਼ ਵਿਚ ਲੈ ਕੇ ਜਾਂਦੇ ਰਹੇ ਹਨ ਪਰ ਕਿਸੇ ਵੀ ਫ਼ਿਲਮ ਨੂੰ ਸ਼ਾਰਟ ਲਿਸਟ ਨਹੀਂ ਕੀਤਾ ਜਾ ਸਕਿਆ। ਇਹ ਵੱਖਰੀ ਗੱਲ ਹੈ ਕਿ 2012 ਵਿਚ ਆਮਿਰ ਖਾਨ ਅਤੇ ਆਸੂਤੋਸ਼ ਗੋਵਾਰੀਕਰ ਦੀ ਫ਼ਿਲਮ 'ਲਗਾਨ' ਇਸ ਦੇ ਬਹੁਤ ਕਰੀਬ ਪਹੁੰਚ ਗਈ ਸੀ। (ਬਾਕੀ ਅਗਲੇ ਐਤਵਾਰ)

ਸ਼ਾਹਿਦ-ਏ-ਚੌਧਰੀ

ਰੂਸ ਵਿਚ ਅਸਮਾਨੋਂ ਉਤਰੀ ਆਫ਼ਤ

'ਉਹ ਫਿਰੇ ਨੱਥ ਪਵਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ', 'ਨਰ ਚਾਹਤ ਕਛੁ ਅਉਰ ਅਉਰੇ ਕੀ ਅਉਰੇ ਭਈ॥ ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ॥ 15 ਫਰਵਰੀ ਨੂੰ ਕੁਝ ਅਜਿਹਾ ਹੀ ਹੋਇਆ। ਕਾਫ਼ੀ ਸਮੇਂ ਤੋਂ ਸਾਡੇ ਅਸਮਾਨ ਵਿਚ ਡੀ. ਏ. 14 ਨਾਂਅ ਦੇ ਐਸਟਰਾਇਡ ਦੇ ਦਰਸ਼ਨ ਦੇਣ ਦੀਆਂ ਖ਼ਬਰਾਂ ਸਨ। ਐਸਟਰਾਇਡ ਬਥੇਰੇ ਹਨ। ਗਿਣਨੇ ਵੀ ਔਖੇ ਹਨ। ਅਸਮਾਨ ਵਿਚ ਪੂਰੀ ਪੱਟੀ ਹੈ, ਇਨ੍ਹਾਂ ਦੀ। ਦੂਰ ਨੇੜੇ ਇਧਰ-ਉਧਰ ਇਹ ਨਿਰੰਤਰ ਭਉਂਦੇ ਫਿਰਦੇ ਹਨ। ਭਾਂਤ-ਭਾਂਤ ਦੀਆਂ ਚਟਾਨਾਂ ਦੇ ਬਣੇ ਐਸਟਰਾਇਡਾਂ ਵਿਚ ਸੋਨਾ, ਚਾਂਦੀ, ਲੋਹਾ, ਹੀਰੇ ਤੱਕ ਵੀ ਹਨ। ਇਨ੍ਹਾਂ ਬਾਰੇ ਸੋਚ ਕੇ ਧਰਤੀ ਦਾ ਮਨੁੱਖ ਲਲਚਾਉਣ ਲੱਗਾ। ਅਸਮਾਨ ਵਿਚ ਸੋਨੇ, ਚਾਂਦੀ, ਹੀਰੇ, ਮੋਤੀਆਂ ਨੂੰ ਕੌਣ ਪੁੱਛਦਾ ਹੈ। ਇਨ੍ਹਾਂ ਪਿਛੇ ਸਿਰ ਨਹੀਂ ਪਾਟਦੇ, ਕਤਲ ਨਹੀਂ ਹੁੰਦੇ, ਯੁੱਧ ਨਹੀਂ ਹੁੰਦੇ। ਡੀ. ਏ. 14 ਦੀ ਧਰਤੀ ਦੇ ਬਹੁਤ ਨੇੜੇ ਆਉਣ ਦੀ ਖ਼ਬਰ ਸੁਣ ਕੇ ਕਈ ਕੰਪਨੀਆਂ ਨੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਅਜਿਹੇ ਜੁਗਾੜ ਕਰਨ ਲਈ ਕਿਹਾ ਕਿ ਇਸ ਵਿਚੋਂ ਜਾਂ ਅਜਿਹੇ ਹੋਰ ਐਸਟਰਾਇਡਾਂ ਵਿਚੋਂ ਕੀਮਤੀ ਖਣਿਜ ਖੋਦੇ ਜਾ ਸਕਣ। ਇਹ ਐਸਟਰਾਇਡ ਤਾਂ ਲਗਭਗ ਉਸੇ ਖੇਤਰ ਵਿਚ ਆ ਰਿਹਾ ਸੀ ਜਿਸ ਵਿਚ ਦੇਸ਼-ਵਿਦੇਸ਼ ਦੇ ਅਨੇਕਾਂ ਸੈਟੇਲਾਈਟ ਨਿਰੰਤਰ ਚੱਕਰ ਕਟ ਰਹੇ ਹਨ ਸਾਡੇ ਸੈਟੇਲਾਈਟ ਵਿਹੜੇ ਵਿਚ। ਸਾਡੇ ਆਪਣੇ ਘੜੇ ਦੀ ਮੱਛੀ ਵਾਂਗ। ਤਿਆਰੀਆਂ ਹੋ ਰਹੀਆਂ ਸਨ ਕਿ ਇਸੇ ਦਿਨ ਕੁਝ ਹੋਰ ਹੀ ਵਾਪਰ ਗਿਆ। ਰੂਸ ਦੇ ਅਸਮਾਨ ਉਤੇ ਇਕ ਵੱਡਾ ਮੀਟੀਆਰ ਨਮੂਦਾਰ ਹੋ ਗਿਆ। ਇਹ ਟੋਟੇ-ਟੋਟੇ ਹੋ ਕੇ ਖਿੰਡਿਆ ਤਾਂ ਮੀਟੀਆਰਾਈਟਾਂ ਦੀ ਬਰਸਾਤ ਹੋਣ ਲੱਗੀ। 12-15 ਸੌ ਬੰਦੇ ਇਸ ਨਾਲ ਜ਼ਖ਼ਮੀ ਹੋ ਗਏ। ਉੱਪਰਲੀ ਗੱਲਬਾਤ ਵਿਚ ਤੁਸੀਂ ਤਿੰਨ-ਚਾਰ ਵਿਗਿਆਨਕ ਸੰਕੇਤ ਦੇਖੇ-ਪੜ੍ਹੇ ਹਨ। ਧਿਆਨ ਦਿਓ, ਜ਼ਰਾ ਇਨ੍ਹਾਂ ਵੱਲ। ਇਹ ਹਨ ਐਸਟਰਾਇਡ, ਮੀਟੀਆਰ ਤੇ ਮੀਟੀਆਰਾਈਟ। ਇਨ੍ਹਾਂ ਦੇ ਨੇੜੇ-ਤੇੜੇ ਦਾ ਇਕ ਹੋਰ ਸ਼ਬਦ ਹੈ ਕਾਮੇਟ। ਦੋਸਤ ਲੋਕ ਇਸ ਨੂੰ ਬੋਦੀ ਵਾਲਾ ਤਾਰਾ ਵੀ ਆਖਦੇ ਹਨ। ਤਾਰਾ ਚੜ੍ਹਿਆ ਲੰਮਾ ਕਾਵਿ ਬੋਲ ਇਸੇ ਨਾਲ ਜੁੜਦੇ ਹਨ। ਸੱਚ ਪੁੱਛੋ ਤਾਂ ਸਾਡੀ ਧਰਤੀ ਨਿਰੰਤਰ ਕਿਸੇ ਕੁਦਰਤੀ ਆਫ਼ਤ ਦੇ ਖਤਰਿਆਂ ਵਿਚ ਘਿਰੀ ਰਹਿੰਦੀ ਹੈ। ਅਤੀਤ ਵਿਚ ਕਈ ਵਾਰ ਧਰਤੀ ਨੇ ਅਸਮਾਨੋਂ ਪਈ ਬਿਜ ਵਾਂਗ ਇਸ ਆਫ਼ਤ ਦਾ ਸਾਹਮਣਾ ਕੀਤਾ ਹੈ। ਟੁੱਟਦੇ ਤਾਰੇ ਵਾਂਗ ਦਿਸਦੇ ਉਲਕਾ ਪਿੰਡ ਰੋਜ਼ ਧਰਤੀ ਉਤੇ ਡਿਗਦੇ ਹਨ। ਜੇ ਕਿਤੇ ਇਹ ਬਹੁਤ ਭਾਰੇ ਹੋਣ ਤਾਂ ਚੋਖਾ ਵਖਤ ਪਾਉਂਦੇ ਹਨ।

ਸਭ ਤੋਂ ਪਹਿਲਾਂ ਐਸਟਰਾਇਡ! ਇਹ ਨਿੱਕੇ-ਵੱਡੇ ਪੁਲਾੜੀ ਪਿੰਡ ਹਨ ਜੋ ਸੂਰਜ ਦੁਆਲੇ, ਧਰਤੀ ਅਤੇ ਹੋਰ ਗ੍ਰਹਿਆਂ ਵਾਂਗ ਪਰਿਕਰਮਾ ਕਰਦੇ ਹਨ। ਕਦੇ ਇਨ੍ਹਾਂ ਨੂੰ ਨਿੱਕੇ ਗ੍ਰਹਿ (ਮਾਈਨਰ ਪਲੈਨੈਟ) ਜਾਂ ਗ੍ਰਹਿੜੇ (ਪਲੈਨੇਟਾਇਡ) ਵੀ ਕਿਹਾ ਜਾਂਦਾ ਸੀ। ਹੁਣ ਇੰਟਰਨੈਸ਼ਨਲ ਐਸਟਰੋਨਾਮੀਕਲ ਯੂਨੀਅਨ ਨੇ ਇਨ੍ਹਾਂ ਨੂੰ ਸਮਾਲ ਸੋਲਰ ਬਾਡੀਜ਼ ਕਹਿਣ ਦਾ ਨਿਰਣਾ ਕੀਤਾ ਹੈ। ਭਾਂਤ-ਭਾਂਤ ਦੇ ਪੱਥਰਾਂ ਤੇ ਚਟਾਨਾਂ ਦੇ ਬਣੇ ਹੁੰਦੇ ਹਨ ਇਹ। ਨਿੱਕੇ ਜਿਹੇ ਕੰਕਰ ਪੱਥਰ ਤੋਂ ਲੈ ਕੇ ਇਕ ਹਜ਼ਾਰ ਕਿਲੋਮੀਟਰ ਤੱਕ ਦੇ ਵਿਆਸ ਦੇ। ਉਂਜ ਤਾਂ ਇਹ ਧਰਤੀ ਦੇ ਗ੍ਰਹਿ ਪੰਧ ਤੋਂ ਲੈ ਕੇ ਸ਼ਨੀ ਦੇ ਗ੍ਰਹਿ-ਪੰਧ ਤੱਕ ਖਿੰਡੇ ਪਏ ਹਨ ਪ੍ਰੰਤੂ ਮੰਗਲ ਅਤੇ ਜੂਪੀਟਰ ਵਿਚਾਲੇ ਇਨ੍ਹਾਂ ਦੀ ਇਕ ਵੱਡੀ ਪੱਟੀ ਹੈ ਜਿਸ ਨੂੰ ਐਸਟਰਾਇਡ ਬੈਲਟ ਕਹਿੰਦੇ ਹਨ। ਕਈ ਐਸਟਰਾਇਡ ਦੁਆਲੇ ਹੋਰ ਐਸਟਰਾਇਡ ਵੀ ਇਉਂ ਚੱਕਰ ਕੱਟ ਰਹੇ ਹਨ, ਜਿਵੇਂ ਧਰਤੀ ਦੁਆਲੇ ਚੰਨ। ਸਾਡੇ ਸੂਰਜ ਪਰਿਵਾਰ ਦੇ ਜਨਮ ਸਮੇਂ ਤੋਂ ਹੀ ਇਹ ਇੰਜ ਭਉਂਦੇ ਫਿਰ ਰਹੇ ਹਨ। ਇਉਂ ਵੀ ਹੋ ਸਕਦਾ ਹੈ ਕਿ ਦੂਰ ਅਤੀਤ ਵਿਚ ਕੋਈ ਗ੍ਰਹਿ ਉਪ-ਗ੍ਰਹਿ ਕਿਸੇ ਹੋਰ ਗ੍ਰਹਿ-ਉਪਗ੍ਰਹਿ ਨਾਲ ਟਕਰਾਅ ਕੇ ਚੀਨਾ-ਚੀਨਾ ਹੋ ਗਿਆ ਹੋਵੇ। ਇਨ੍ਹਾਂ ਐਸਟਰਾਇਡਾਂ ਦੇ ਰੂਪ ਵਿਚ ਖਿੰਡ ਗਿਆ ਹੋਵੇ। ਸਭ ਤੋਂ ਪਹਿਲਾਂ ਐਸਟਰਾਇਡ 1 ਜਨਵਰੀ, 1801 ਨੂੰ ਇਟਲੀ ਦੇ ਜੀ. ਪਿਆਜੀ ਨੇ ਲੱਭਿਆ ਅਤੇ ਇਸ ਨੂੰ ਸੀਅਰਜ਼ ਦਾ ਨਾਂਅ ਦਿੱਤਾ ਗਿਆ। ਮੈਕਸ ਵੁਲਫ਼ ਨੇ 1891 ਵਿਚ ਇਕੱਲੇ ਨੇ ਹੀ ਢਾਈ ਸੌ ਐਸਟਰਾਇਡ ਲੱਭੇ। ਹੁਣ ਤਾਂ ਚਾਰ ਲੱਖ ਦੇ ਕਰੀਬ ਐਸਟਰਾਇਡ ਲੱਭ ਚੁੱਕੇ ਹਨ। ਨਾਂਅ/ਨੰਬਰ ਇਉਂ ਕਹੋ ਕਿ ਰੋਲ ਨੰਬਰ ਵੀ ਬਹੁਤਿਆਂ ਨੂੰ ਦਿੱਤੇ ਜਾ ਚੁੱਕੇ ਹਨ।ਧਰਤੀ ਨਾਲ ਟੱਕਰ ਦੇ ਰਾਹ ਪੈ ਗਏ ਐਸਟਰਾਇਡਾਂ ਨੂੰ ਮੀਟੀਆਰਾਇਡ ਆਖਦੇ ਹਨ। ਧਰਤੀ ਦੇ ਵਾਯੂਮੰਡਲ ਵਿਚ ਵੜੇ ਮੀਟੀਆਰਾਇਡ ਨੂੰ ਮੀਟੀਆਰ ਕਹਿੰਦੇ ਹਨ। ਮੀਟੀਆਰ ਵਾਯੂਮੰਡਲ ਨਾਲ ਰਗੜ ਖਾ ਕੇ ਟੋਟੇ-ਟੋਟੇ ਹੁੰਦਾ ਹੈ। ਕਈ ਟੋਟਿਆਂ ਵਿਚ ਖੰਡਿਤ ਹੋ ਕੇ ਡਿਗਦਾ ਹੈ। ਇਹ ਟੋਟੇ ਮੀਟੀਆਰਾਈਟ ਆਖੇ ਜਾਂਦੇ ਹਨ। ਇਉਂ ਕਹੋ ਕਿ ਧਰਤੀ ਉਤੇ ਬਚ ਖੁਚ ਕੇ ਡਿੱਗੇ ਮੀਟੀਆਰ ਟੋਟੇ ਨੂੰ ਮੀਟੀਆਰਾਈਟ ਕਿਹਾ ਜਾਂਦਾ ਹੈ। ਇਉਂ ਇਹ ਸਾਰੇ ਇਕੋ ਟੱਬਰ ਦੇ ਜੀਅ ਹਨ। ਸੀ. ਟਾਈਪ ਐਸਟਰਾਇਡਾਂ ਵਿਚ ਕਾਰਬਨ ਵਧੇਰੇ ਹੁੰਦੀ ਹੈ। ਐਸ-ਟਾਈਮ ਐਸਟਰਾਇਡਾਂ ਵਿਚ ਲੋਹੇ ਤੇ ਨਿਕਲ ਦੇ ਸਿਲੀਕੇਟ ਵਧੇਰੇ ਹੁੰਦੇ ਹਨ। ਐਮ ਟਾਈਪ ਐਸਟਰਾਇਡਾਂ ਵਿਚ ਸ਼ੁੱਧ ਲੋਹਾ ਤੇ ਨਿਕਲ ਬਹੁਤ ਹੁੰਦਾ ਹੈ। ਰਹਿ ਗਏ ਕਾਮੇਟ ਜਾਂ ਪੂਛਲ ਤਾਰੇ। ਇਹ ਬਰਫ਼ ਤੇ ਧੂੜ ਕਣਾਂ ਦੇ ਬਣੇ ਨਿੱਕੇ-ਵੱਡੇ ਪੁਲਾੜੀ ਪਿੰਡ ਹਨ ਜੋ ਸਾਡੇ ਸੂਰਜ ਵਿਹੜੇ ਦੇ ਬਰਫ਼ੀਲੇ ਬਾਹਰੀ ਬਾਰਡਰ ਉਤੋਂ ਤੁਰ ਕੇ ਸੂਰਜ ਦਾ ਚੱਕਰ ਕੱਟਦੇ ਹਨ। ਸੂਰਜ ਦੇ ਸੇਕ ਨਾਲ ਇਨ੍ਹਾਂ ਦੀ ਬਰਫ਼ ਖੁਰਦੀ ਹੈ। ਨਤੀਜੇ ਵਜੋਂ ਇਹ ਜਿਧਰੋਂ ਲੰਘਦੇ ਹਨ ਆਪਣੇ ਪਿੱਛੇ ਪਾਣੀ ਅਤੇ ਧੂੜ ਕਣਾਂ ਦੀ ਪੂਛ ਛੱਡਦੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਪੂਛਲ ਜਾਂ ਬੋਦੀ ਵਾਲੇ ਤਾਰੇ ਵੀ ਕਹਿੰਦੇ ਹਨ। ਅਸੀਂ ਜਿਨ੍ਹਾਂ ਨੂੰ ਹਨੇਰੀਆਂ ਰਾਤਾਂ ਵਿਚ ਟੁੱਟਦੇ ਤਾਰਿਆਂ ਵਾਗ ਵੇਖਦੇ ਹਾਂ, ਇਹ ਮੀਟੀਆਰਾਈਟ ਹੁੰਦੇ ਹਨ ਜੋ ਧਰਤੀ ਦੇ ਵਾਯੂਮੰਡਲ ਵਿਚ ਰਗੜ ਖਾ ਕੇ ਸੜ ਰਹੇ ਹੁੰਦੇ ਹਨ।

ਕੁਦਰਤੀ ਗੱਲ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਜੇ ਧਰਤੀ ਉਤੇ ਡਿੱਗੇ ਤਾਂ ਉਹ ਨੁਕਸਾਨ ਕਰੇਗਾ। ਜਿੰਨਾ ਉਹ ਵੱਧ ਭਾਰਾ ਜਾਂ ਵੱਡਾ ਹੋਵੇਗਾ, ਓਨਾ ਨੁਕਸਾਨ ਵਧੇਰੇ ਹੋਵੇਗਾ। ਵਿਗਿਆਨੀ ਇਨ੍ਹਾਂ ਕੁਦਰਤੀ ਆਫ਼ਤਾਂ ਨੂੰ ਟਾਲਣ ਅਤੇ ਬਚਣ ਦੇ ਰਾਹ ਪੈ ਚੁੱਕੇ ਹਨ। ਇਕ ਤਰੀਕਾ ਇਹ ਹੈ ਕਿ ਧਰਤੀ ਦੇ ਰਾਹ ਤੁਰੇ ਐਸਟਰਾਇਡ ਨੂੰ ਪਰ੍ਹਾਂ ਧਕਿਆ ਜਾਵੇ। ਉਸ ਦਾ ਰਾਹ ਬਦਲਿਆ ਜਾਵੇ। ਇਹ ਤਾਂ ਹੀ ਸੰਭਵ ਹੈ ਜੇ ਪਹਿਲਾਂ ਉਸ ਦੇ ਰਾਹ ਦਾ ਪਤਾ ਲੱਗੇ। ਲਿੰਕਨ ਨੀਅਰ ਅਰਥ ਐਸਟਰਾਇਡ ਰਿਸਰਚ ਟੀਮ, ਸਪੇਸ ਵਾਚ, ਨੀਅਰ ਅਰਥ ਐਸਟਰਾਇਡ ਟ੍ਰੈਕਿੰਗ ਟੀਮ, ਲਾਵੇਲ ਅਬਜ਼ਰਵੇਟਰੀ ਟੀਮ, ਕੈਟਾਲੀਨਾ ਸਕਾਈ ਸਰਵੇ ਟੀਮ ਅਤੇ ਜਾਪਾਨ ਦੀ ਸਪੇਸਗਾਰਡ ਐਸੋਸੀਏਸ਼ਨ ਇਸ ਕਿਸਮ ਦੇ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ।ਧਰਤੀ ਵੱਲ ਵਧ ਰਹੇ ਮੀਟੀਆਰਾਇਡ ਨੂੰ ਟੱਕਰ ਮਾਰ ਕੇ ਜਾਂ ਉਸ ਨਾਲ ਕੁਝ ਭਾਰ ਬੰਨ੍ਹ ਕੇ ਉਸ ਨੂੰ ਪਰ੍ਹਾਂ ਧੱਕਣ ਦੀ ਵਿਧੀ ਵੀ ਸੋਚੀ ਜਾ ਰਹੀ ਹੈ। ਐਸਟਰਾਇਡਾਂ ਲਈ ਗਰੈਵਿਟੀ ਟਰੈਕਟਰ ਡਿਜ਼ਾਈਨ ਹੋ ਰਹੇ ਹਨ। ਇਹ ਇਨ੍ਹਾਂ ਨੂੰ ਪਰ੍ਹਾਂ ਧਕਣ ਜਾਂ ਸੁਰੱਖਿਅਤ ਖੇਤਰ ਵਲ ਖਿੱਚਣ ਦਾ ਕੰਮ ਕਰਨਗੇ। ਉਪਰੋਕਤ ਪਿਛੋਕੜ ਵਿਚ ਤੁਸੀਂ ਹੁਣ ਸੌਖਿਆਂ ਹੀ ਸਮਝ ਸਕਦੇ ਹੋ ਕਿ ਰੂਸ ਵਿਚ 15 ਫਰਵਰੀ, 2013 ਨੂੰ ਹੋਇਆ ਕੀ ਹੈ। ਇਸ ਦਿਨ 55 ਫੁੱਟ ਚੌੜਾ ਦਸ ਹਜ਼ਾਰ ਟਨ ਭਾਰਾ ਇਕ ਮੀਟੀਆਰ ਰੂਸ ਦੇ ਯੂਗਲ ਪਰਬਤ ਦੇ ਅਸਮਾਨ ਵੱਲ ਆ ਟਪਕਿਆ। ਵਾਯੂਮੰਡਲ ਵਿਚ ਰਗੜ ਤੇ ਸੇਕ ਨਾਲ ਇਹ ਟੁਟ ਕੇ ਖਿੰਡ ਗਿਆ। ਇਹ ਵਿਸਫੋਟ ਏਨਾ ਸ਼ਕਤੀਸ਼ਾਲੀ ਸੀ ਜਿਵੇਂ ਕਈ ਐਟਮ ਬੰਬ ਇਕੱਠੇ ਚੱਲ ਗਏ ਹੋਣ। ਹੀਰੋਸ਼ੀਮਾ ਤੇ ਨਾਗਾਸਾਕੀ ਉਤੇ ਸੁੱਟੇ ਗਏ ਬੰਬਾਂ ਨਾਲ ਮੁਕਾਬਲਾ ਕਰਕੇ ਵਿਗਿਆਨੀਆਂ ਨੇ ਕਿਹਾ ਕਿ ਵਿਸਫੋਟ ਸਮੇਂ ਧਮਾਕਾ ਉਹੋ ਜਿਹੇ 30 ਐਟਮ ਬੰਬਾਂ ਵਰਗਾ ਸੀ। 500 ਕਿਲੋ ਟਨ ਦੀ ਊਰਜਾ ਦੇ ਇਸ ਵਿਸਫੋਟ ਨਾਲ ਸ਼ਕਤੀਸ਼ਾਲੀ ਸ਼ਾਕ ਵੇਵ ਪੈਦਾ ਹੋਈ। ਧਮਾਕਾ ਧਰਤੀ ਤੋਂ 24 ਕਿਲੋਮੀਟਰ ਉਚਾਈ 'ਤੇ ਹੋਇਆ। ਇਉਂ ਸਮਝੋ ਕਿ ਇਹ ਮੀਟੀਆਰ ਧਰਤੀ ਤੋਂ 24 ਕਿਲੋਮੀਟਰ ਉਚਾਈ ਉਤੇ ਟੋਟੇ ਹੋ ਕੇ ਖਿੰਡਿਆ। ਨੁਕਸਾਨ ਇਨ੍ਹਾਂ ਟੋਟਿਆਂ ਨੇ ਵੀ ਕੀਤਾ ਅਤੇ ਸ਼ਾਕ ਵੇਵ ਨੇ ਵੀ। ਟੋਟੇ ਤਾਂ ਬਹੁਤੇ ਸੜ ਕੇ ਸਵਾਹ ਹੋ ਗਏ। ਆਤਿਸ਼ਬਾਜ਼ੀ ਵਾਂਗ ਦਿਸੇ। ਜਿਹੜੇ ਸਾਬਤ ਬਚ ਕੇ ਘਰਾਂ ਤੇ ਬੰਦਿਆਂ ਉਤੇ ਡਿੱਗੇ, ਉਨ੍ਹਾਂ ਨੇ ਨੁਕਸਾਨ ਕੀਤਾ। ਬਹੁਤਾ ਨੁਕਸਾਨ ਸ਼ਾਕ ਵੇਵ ਨੇ ਕੀਤਾ। ਮੀਟੀਆਰ ਆਇਆ ਹੀ ਇੰਨੀ ਤੇਜ਼ੀ ਨਾਲ ਸੀ ਕਿ ਟੁੱਟਣ ਤੋਂ ਪਹਿਲਾਂ ਇਸ ਦੀ ਸਪੀਡ ਲਗਭਗ ਸਾਢੇ ਛੇ ਲੱਖ ਕਿਲੋਮੀਟਰ ਪ੍ਰਤੀ ਘੰਟਾ ਸੀ। ਲਗਭਗ ਪੌਣੇ ਦੋ ਸੌ ਕਿਲੋਮੀਟਰ ਪ੍ਰਤੀ ਸਕਿੰਟ।

ਉਕਤ ਸ਼ਾਕ ਵੇਵ ਅਤੇ ਮੀਟੀਆਰਾਈਟ ਟੋਟਿਆਂ ਨੇ ਹਜ਼ਾਰਾਂ ਘਰਾਂ ਦਾ ਨੁਕਸਾਨ ਕੀਤਾ। 1200 ਤੋਂ 1500 ਦੇ ਕਰੀਬ ਬੰਦੇ ਜ਼ਖ਼ਮੀ ਕੀਤੇ। ਦਰਵਾਜ਼ਿਆਂ ਅਤੇ ਖਿੜਕੀਆਂ ਦੇ ਸ਼ੀਸ਼ੇ ਤਿੜਕੇ ਤੇ ਉੱਡੇ। ਜਿਸ ਨੂੰ ਵੱਜੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ। ਕਈ ਥਾਈਂ ਘਰਾਂ ਦੀਆਂ ਕੰਧਾਂ ਵੀ ਢਹਿ ਗਈਆਂ। ਉੱਡੇ ਮਲਬੇ ਨੇ ਵੀ ਨੁਕਸਾਨ ਕੀਤਾ। ਵਿਸਫੋਟ ਸਮੇਂ ਮੂਲ ਮੀਟੀਆਰ ਅੱਗ ਦੇ ਵੱਡੇ ਗੋਲੇ ਵਾਂਗ ਦਿਸਿਆ। ਇਸ ਆਫ਼ਤ ਦਾ ਸ਼ਿਕਾਰ ਬਣਿਆ ਮਾਸਕੋ ਤੋਂ ਲਗਭਗ ਡੇਢ ਹਜ਼ਾਰ ਕਿਲੋਮੀਟਰ ਪੂਰਬ ਵੱਲ ਵਸਿਆ ਚੈਲੀਆਬਿੰਸਕ ਨਾਂਅ ਦਾ ਨਗਰ। ਕਿਉਂਕਿ ਡੀ. ਏ. 14 ਨਾਂਅ ਦੇ ਐਸਟਰਾਈਡ ਨੇ ਵੀ ਧਰਤੀ ਨੇੜੇ 15 ਫਰਵਰੀ ਨੂੰ ਆਉਣਾ ਸੀ, ਇਸ ਲਈ ਕਈ ਲੋਕਾਂ ਨੇ ਸੋਚਿਆ ਕਿ ਇਹ ਡੀ. ਏ. 14 ਦੇ ਹੀ ਕਿਸੇ ਟੋਟੇ ਦਾ ਵਿਸਫੋਟ ਹੈ। ਇੰਜ ਨਹੀਂ ਹੋਇਆ। ਇਸ ਮੀਟੀਆਰ ਦਾ ਰਾਹ ਅਤੇ ਡੀ. ਏ. 14 ਦਾ ਰਾਹ ਅਸਲੋਂ ਵੱਖਰੇ ਹਨ। ਦੋਵਾਂ ਦਾ ਕੋਈ ਲਾਗਾ-ਦੇਗਾ ਇਕ-ਦੂਜੇ ਨਾਲ ਨਹੀਂ। ਦਿਨ ਵਾਰ ਦਾ ਇਕ ਹੋਣਾ ਬਸ ਇਤਫਾਕ ਹੀ ਹੈ।ਰੂਸ ਵਿਚ ਇਸ ਤੋਂ ਪਹਿਲਾਂ 1908 ਵਿਚ ਸਾਇਬੇਰੀਆ ਤੋਂ ਪੌਣੇ ਪੰਜ ਹਜ਼ਾਰ ਕਿਲੋਮੀਟਰ ਦੂਰ ਪੂਰਬ ਵਿਚ ਟੁੰਗੁਸਕਾ ਨੇੜੇ ਅਜਿਹਾ ਵੱਡਾ ਮੀਟੀਆਰ ਡਿੱਗਾ ਸੀ। ਵਿਗਿਆਨੀ ਕਹਿੰਦੇ ਹਨ ਕਿ 100 ਸਾਲਾਂ ਵਿਚ ਇਕ ਵਾਰ ਅਜਿਹਾ ਵੱਡਾ ਮੀਟੀਆਰ ਡਿਗ ਹੀ ਜਾਂਦਾ ਹੈ। ਨਾਸਾ ਦੇ ਮੀਟੀਆਰਾਇਡ ਐਨਵਾਇਰਨਮੈਂਟ ਆਫਿਸ ਅਤੇ ਨਾਸਾ ਦੇ ਹੀ ਨੀਅਰ ਅਰਥ ਆਬਜੈਕਟ ਪ੍ਰੋਗਰਾਮ ਆਫਿਸ ਦੋਵਾਂ ਦੇ ਵਿਗਿਆਨੀ ਇਸ ਵਿਸਫੋਟ ਦਾ ਪੋਸਟ ਮਾਰਟਮ ਕਰਨ ਵਿਚ ਰੁੱਝੇ ਹੋਏ ਹਨ।

ਸਪੱਸ਼ਟ ਹੈ ਕਿ ਜੋ ਕੁਝ ਰੂਸ ਵਿਚ ਹੋਇਆ ਹੈ, ਉਹ ਨਾ ਪਹਿਲੀ ਵਾਰ ਹੋਇਆ ਹੈ ਅਤੇ ਨਾ ਆਖਰੀ ਵਾਰ। ਹੁਣ ਤੱਕ ਵਿਗਿਆਨੀ ਧਰਤੀ ਉਤੇ ਸਵਾ ਸੌ ਦੇ ਕਰੀਬ ਅਜਿਹੇ ਵੱਡੇ ਟੋਇਆਂ ਦੀ ਨਿਸ਼ਾਨਦੇਹੀ ਕਰ ਚੁੱਕੇ ਹਨ ਜੋ ਮੀਟੀਆਰਾਈਟ ਡਿਗਣ ਨਾਲ ਬਣੇ ਹਨ। ਇਨ੍ਹਾਂ ਦੇ ਵਿਆਸ ਡੇਢ ਸੌ ਮੀਟਰ ਤੋਂ ਲੈ ਕੇ 180 ਕਿਲੋਮੀਟਰ ਤੱਕ ਹਨ। ਸੰਨ 2007 ਵਿਚ ਸੰਗਰੂਰ ਨੇੜੇ ਇਕ ਨਿੱਕਾ ਜਿਹਾ ਮੀਟੀਆਰਾਈਟ ਡਿਗਦਾ ਵੇਖ ਕੇ ਲੋਕ ਡਰ ਗਏ ਸਨ। ਵਾਸ਼ਿੰਗਟਨ ਦੇ ਨੈਸ਼ਨਲ ਮਿਊਜ਼ੀਅਮ ਆਫ਼ ਨੈਚਰਲ ਹਿਸਟਰੀ ਵਿਚ ਮੀਟੀਆਰਾਈਟਾਂ ਦੇ 1800 ਨਮੂਨੇ ਸਾਂਭੇ ਪਏ ਹਨ। ਸਾਡੇ ਆਪਣੇ ਦੇਸ਼ ਵਿਚ 50 ਹਜ਼ਾਰ ਸਾਲ ਪਹਿਲਾਂ ਮੁੰਬਈ ਵਿਚ ਲੋਨਾਰ (ਬੁਲਡਾਨਾ) ਵਿਚ ਵੱਡਾ ਮੀਟੀਆਰ ਡਿਗਣ ਨਾਲ ਡੇਢ ਕਿਲੋਮੀਟਰ ਵਿਆਸ ਦਾ ਡੂੰਘਾ ਖੱਡਾ ਬਣਿਆ। ਜਿਥੋਂ ਤੱਕ ਐਸਟਰਾਇਡਾਂ ਦੀ ਗੱਲ ਹੈ ਦੋ ਗੱਲਾਂ ਉਨ੍ਹਾਂ ਦੀਆਂ ਦੇਖ ਲਓ। ਪਹਿਲੀ 25 ਕਰੋੜ ਸਾਲ ਪਹਿਲਾਂ 6 ਤੋਂ 12 ਕਿਲੋਮੀਟਰ ਵਿਆਸ ਦੇ ਐਸਟਰਾਇਡ ਨੇ ਧਰਤੀ ਉਤਲੇ ਜੀਅ-ਜੰਤਾਂ ਵਿਚ ਪਰਲੋ ਲਿਆਂਦੀ। ਦੂਜੀ ਸਾਢੇ ਛੇ ਕਰੋੜ ਸਾਲ ਪਹਿਲਾਂ ਐਡੇ ਕੁ ਹੋਰ ਐਸਟਰਾਇਡ ਨੇ ਡਾਇਨਾਸੋਰਾਂ ਦੇ ਯੁੱਗ ਦਾ ਅੰਤ ਕੀਤਾ। ਘਬਰਾਓ ਨਾ। ਰੋਜ਼-ਰੋਜ਼ ਇੰਜ ਨਹੀਂ ਹੋਇਆ ਕਰਦਾ।

ਡਾ: ਕੁਲਦੀਪ ਸਿੰਘ ਧੀਰ
-ਹਾਊਸ ਨੰਬਰ 2, ਸਟਰੀਟ ਨੰਬਰ 9,
ਗੁਰੂ ਨਾਨਕ ਨਗਰ, ਪਟਿਆਲਾ।

ਵਿਆਹ : ਜਿਵੇਂ ਰਾਜੇ-ਰਾਣਿਆਂ ਦੇ

ਆਪਣਾ ਹੱਥ, ਕਿਸੇ ਦੂਜੇ ਅੱਗੇ ਫੈਲਾਉਣ ਵਾਲਾ, ਮੰਗਤਾ ਹੁੰਦਾ ਹੈ ਤੇ ਜਿਹੜਾ ਹੱਥ ਫੈਲੇ ਹੋਏ ਹੱਥ 'ਤੇ ਕੁਝ ਧਰ ਦਿੰਦਾ ਹੈ, ਉਹ ਦਾਤਾ ਹੁੰਦਾ ਹੈ।
ਪਤਾ ਨਹੀਂ ਕਿਉਂ, ਕਦੇ-ਕਦੇ ਮੰਗਤਿਆਂ, ਭਿਖਾਰੀਆਂ ਨਾਲ ਵੀ ਮੋਹ ਹੋ ਜਾਂਦਾ ਹੈ। ਮੈਂ ਕਈ ਸਾਲਾਂ ਤੋਂ ਇਕ ਮੰਗਤੇ ਵਿਸ਼ੇਸ਼ ਵੱਲ ਖਿਚਿਆ ਹੋਇਆ ਸਾਂ। ਮੇਰੇ ਰਾਹ ਵਿਚ ਉਹ ਇਕ ਛੋਟੇ ਜਿਹੇ ਮੰਦਿਰ ਦੇ ਬਾਹਰ ਹੱਥ ਫੈਲਾਈ, ਭੀਖ ਮੰਗ ਰਿਹਾ ਹੁੰਦਾ। ਉਹ ਹੱਥ ਫੈਲਾਈ ਕਦੇ ਫ਼ਿਲਮੀ ਗਾਣਾ ਗਾਉਂਦਾ ਸੀ ਕਿ...
ਗ਼ਰੀਬੋਂ ਕੀ ਸੁਨੋ, ਵੋਹ ਤੁਮ੍ਹਾਰੀ ਸੁਨੇਗਾ
ਤੁਮ ਏਕ ਪੈਸਾ ਦੋਗੇ, ਵੋਹ ਦਸ ਲਾਖ ਦੇਗਾ।
ਨਾਲ ਹੀ ਉਹ ਦੁੱਖ ਭਰੀ ਆਵਾਜ਼ ਵਿਚ ਇਹ ਸਦਾਅ ਦਿੰਦਾ, 'ਦੇ ਦੋ, ਗਰੀਬ ਕੋ ਦੇ ਦੋ, ਰੁਪਿਆ ਦੋ ਰੁਪਿਆ, ਦਸ ਰੁਪਿਆ, ਭਗਵਾਨ ਤੁਮਹਾਰਾ ਭਲਾ ਕਰੇਗਾ।' ਉਹ ਤਾਂ ਆਮ ਕਰਕੇ, ਹੱਥ ਫੈਲਾਈ, ਮੁਸਕਰਾਉਂਦਾ ਰਹਿੰਦਾ। ਉਹ ਦੀ ਮੁਸਕਰਾਹਟ ਵਿਚੋਂ ਹੀ ਇਹ ਪਤਾ ਲਗਦਾ ਹੁੰਦਾ, 'ਜੋ ਦਏ ਉਹਦਾ ਵੀ ਭਲਾ, ਜੋ ਨਾ ਦਏ ਉਹਦਾ ਵੀ ਭਲਾ।' ਉਹ ਮੂੰਹੋਂ ਕੁਝ ਨਾ ਬੋਲਦਾ ਪਰ ਲੋਕੀਂ ਉਸ ਦੀ ਇਸ ਮੁਸਕਰਾਹਟ ਭਰੀ ਅਦਾਅ 'ਤੇ ਖੁਸ਼ ਹੋ ਕੇ ਉਹਦੀ ਤਲੀ 'ਤੇ ਕੁਝ ਨਾ ਕੁਝ, ਸਿੱਕੇ ਜਾਂ ਨੋਟ ਧਰੀ ਹੀ ਜਾਂਦੇ। ਮੇਰੀ ਵੀ ਰੋਜ਼ਮਰ੍ਹਾ ਦੀ ਇਹ ਆਦਤ ਹੀ ਬਣ ਗਈ ਸੀ, ਜਦ ਵੀ ਮੈਂ ਉਹਦੇ ਨੇੜੇ ਪਹੁੰਚਦਾ ਇਕ ਆਟੋਮੈਟਿਕ ਮਸ਼ੀਨ ਵਾਂਗ ਜੇਬ 'ਚੋਂ ਦੋ ਰੁਪਏ ਦਾ ਸਿੱਕਾ ਕੱਢ ਕੇ ਉਹਦੀ ਤਲੀ 'ਤੇ ਧਰ ਦਿੰਦਾ। ਉਹਦੀ ਮੁਸਕਰਾਹਟ ਰਤਾ ਵਿਸ਼ਾਲ ਹੋ ਜਾਂਦੀ, ਉਹਦਾ ਪੋਪਲਾ ਮੂੰਹ ਹੋਰ ਖੁੱਲ੍ਹ ਜਾਂਦਾ ਤੇ ਅੰਦਰੋਂ ਕਈ ਟੁੱਟੇ ਹੋਏ ਪੀਲੇ ਦੰਦਾਂ ਦੇ ਦਰਸ਼ਨ ਹੋ ਜਾਂਦੇ। ਮੈਂ ਵੀ ਮੁਸਕਰਾ ਕੇ ਅਗਾਂਹ ਵਧ ਜਾਂਦਾ। ਇਹ ਆਪਣੀ ਰੁਟੀਨ ਬਣ ਗਈ ਸੀ।
ਇਕ ਦਿਨ ਜਦ ਮੈਂ ਉਸੇ ਥਾਂ, ਮੰਦਿਰ ਦੇ ਨੇੜੇ ਪਹੁੰਚਿਆ ਤਾਂ ਉਥੇ ਉਸ ਭਿਖਾਰੀ ਦੇ ਦਰਸ਼ਨ ਨਾ ਹੋਏ, ਉਹਦੀ ਥਾਂ ਰਤਾ ਸਾਫ਼-ਸੁਥਰੇ, ਨਵੇਂ ਕੱਪੜੇ ਪਾਈ ਇਕ ਨੌਜਵਾਨ ਮੰਗਤਾ ਖੜ੍ਹਾ ਸੀ। ਉਹ ਆਮ ਮੰਗਤਿਆਂ ਵਾਂਗ ਹੱਥ ਫੈਲਾਈ ਆਪਣੀ ਬੇਸੁਰੀ ਕਰਕਸ਼ ਆਵਾਜ਼ 'ਚ ਉਹੀਓ ਗਾਣਾ ਗਾ ਕੇ, ਭਿਖ ਮੰਗਣ ਲਈ ਸਦਾਅ ਦੇ ਰਿਹਾ ਸੀ:
ਗਰੀਬੋਂ ਕੀ ਸੁਨੋ ਵੋਹ ਤੁਮ੍ਹਾਰੀ ਸੁਨੇਗਾ
ਤੁਮ ਏਕ ਪੈਸਾ ਦੋਗੇ, ਵੋਹ ਦਸ ਲਾਖ ਦੇਗਾ।
ਪਤਾ ਨਹੀਂ ਕਿਉਂ, ਮੇਰਾ ਹੱਥ ਆਪਣੀ ਜੇਬ੍ਹ 'ਚ ਨਹੀਂ ਗਿਆ। ਦੋ ਰੁਪਏ ਦਾ ਸਿੱਕਾ ਮੇਰੀ ਜੇਬ 'ਚ ਹੀ ਸੁਰੱਖਿਅਤ ਪਿਆ ਰਿਹਾ। ਨਾ ਉਹਨੇ ਮੈਨੂੰ ਪਛਾਣਿਆ, ਨਾ ਮੈਂ ਉਹਨੂੰ। ਨਾ ਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ ਨਾ ਮੈਂ ਉਹਦੇ ਵੱਲ ਵੇਖ ਕੇ... ਅਸੀਂ ਦੋਵੇਂ ਇਕ-ਦੂਜੇ ਲਈ ਅਜਨਬੀ ਸਾਂ। ਨਾ ਉਹਨੇ ਮੈਨੂੰ ਰੋਕਿਆ, ਨਾ ਮੈਂ ਆਪਣੀ ਆਦਤ ਅਨੁਸਾਰ ਹੁੰਦਿਆਂ ਚੁੱਪ ਕਰਕੇ ਅੱਗੇ ਲੰਘ ਗਿਆ। ਮਨ 'ਚੋਂ ਇਕ ਤਾਂਘ ਜ਼ਰੂਰ ਉਠ ਰਹੀ ਸੀ ਕਿ ਉਹ ਆਪਣਾ ਖਾਸ ਭਿਖਾਰੀ ਗਿਆ ਕਿੱਥੇ?

ਦੂਜੇ ਦਿਨ, ਮੈਂ ਇਕ ਦੋਸਤ ਨਾਲ ਉਹਦੀ ਕਾਰ 'ਚ ਸ਼ਹਿਰ ਦੇ ਇਕ ਦੂਜੇ ਹਿੱਸੇ ਵਿਚ ਇਕ ਹਸਪਤਾਲ 'ਚ ਕਿਸੇ ਜਾਣ-ਪਛਾਣ ਦੇ ਮਰੀਜ਼ ਨੂੰ ਵੇਖਣ ਗਿਆ। ਮੈਂ ਜਿਉਂ ਕਾਰ 'ਚੋਂ ਬਾਹਰ ਨਿਕਲਿਆ, ਮੇਰਾ ਉਹੀਓ ਖਾਸ ਜਾਣ-ਪਛਾਣ ਵਾਲਾ ਮੰਗਤਾ, ਇਕ ਪਾਸਿਉਂ ਦੌੜਦਾ ਹੋਇਆ, ਮੇਰੇ ਕੋਲ ਆਇਆ, ਮੈਨੂੰ ਵੇਖ ਕੇ ਖੁਸ਼ੀ ਨਾਲ ਖੁੱਲ੍ਹ ਕੇ ਮੁਸਕਰਾਇਆ, ਪੋਪਲਾ ਮੂੰਹ ਹੋਰ ਖੁੱਲ੍ਹਾ ਕੀਤਾ ਤੇ ਆਪਣੀ ਤਲੀ ਮੇਰੇ ਅੱਗੇ ਵਧਾ ਦਿੱਤੀ। ਮੈਂ ਖੀਸੇ 'ਚ ਹੱਥ ਪਾਉਣ ਦੀ ਥਾਂ, ਉਹਨੂੰ ਪਿਆਰ ਨਾਲ ਪੁੱਛਿਆ, 'ਕਿਉਂ ਬਈ ਤੂੰ ਆਪਣੀ ਥਾਂ ਕਿਉਂ ਬਦਲ ਲਈ? ਉਥੇ ਤਾਂ ਤੇਰੀ ਥਾਂ 'ਤੇ ਇਕ ਟੁੰਡਾ ਜਿਹਾ ਨੌਜਵਾਨ ਮੁੰਡਾ ਖੜ੍ਹਾ ਸੀ।'
'ਜੀ, ਉਹ ਮੇਰਾ ਜਵਾਈ ਏ', ਉਹਨੇ ਬੇਅੰਤ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ, 'ਮੈਂ ਉਹਨੂੰ ਆਪਣੀ ਉਹ ਥਾਂ ਦਾਜ ਵਿਚ ਦੇ ਦਿੱਤੀ ਹੈ।'
ਮੇਰੇ ਲਈ ਸੁਆਦ ਭਰੀ, ਅਚੰਭੇ ਭਰੀ, ਇਹ ਕਮਾਲ ਦੀ ਖ਼ਬਰ ਸੀ। ਉਹਨੇ ਆਪ ਹੀ ਖੁਲਾਸਾ ਕਰਦਿਆਂ ਬਿਆਨ ਜਾਰੀ ਰੱਖਿਆ, 'ਸਾਹਬ ਜੀ, ਮੈਂ ਆਪਣੀ ਕੁੜੀ ਦਾ ਵਿਆਹ ਕੀਤਾ ਹੈ। ਜ਼ਾਹਿਰ ਹੈ ਕਿ ਸਾਡੀ ਜਾਤ-ਬਿਰਾਦਰੀ ਭਿਖਾਰੀਆਂ ਦੀ ਹੈ। ਮੁੰਡਾ ਚੰਗਾ ਮਿਲ ਗਿਆ ਤੇ ਮੈਂ ਆਪਣੀ ਧੀ ਦਾ ਵਿਆਹ ਇਹਦੇ ਨਾਲ ਕਰ ਦਿੱਤਾ। ਮੈਂ ਜਿਹੜੇ ਅੱਡੇ 'ਤੇ ਪਿਛਲੇ ਕਈ ਸਾਲਾਂ ਤੋਂ ਭੀਖ ਮੰਗਦਾ ਸਾਂ, ਉਥੇ ਕਮਾਈ ਚੰਗੀ ਹੋ ਜਾਂਦੀ ਹੈ। ਇਸ ਲਈ ਮੈਂ ਉਹ ਥਾਂ ਦਾਜ ਵਿਚ ਆਪਣੇ ਧੀ-ਜਵਾਈ ਨੂੰ ਦੇ ਦਿੱਤੀ। ਹੁਣ ਥੋੜ੍ਹੇ ਦਿਨਾਂ ਮਗਰੋਂ ਮੇਰੀ ਧੀ ਵੀ ਉਸੇ ਥਾਂ ਉਹਦੇ ਨਾਲ ਮਿਲ ਕੇ ਭੀਖ ਮੰਗਣਾ ਸ਼ੁਰੂ ਕਰ ਦੇਵੇਗੀ। ਮੇਰੇ ਤੇ ਮੇਰੀ ਸਾਥੀ ਦੇ ਮੁੱਖ 'ਤੇ ਭਰਪੂਰ ਮੁਸਕਰਾਹਟ ਫੈਲ ਗਈ। ਉਹਨੇ ਹੋਰ ਫ਼ਖਰ ਨਾਲ ਬਿਆਨ ਕੀਤਾ, 'ਸਰਦਾਰ ਜੀ, ਪੁੱਛੋ ਨਾ ਕੁੜੀ ਦਾ ਵਿਆਹ ਐਸਾ ਕੀਤੈ ਕਿ ਅੱਜ ਤਾਈਂ ਕਿਸੇ ਹੋਰ ਭਿਖਾਰੀ ਨੇ ਨਹੀਂ ਕੀਤਾ ਹੋਣਾ। ਸਾਰੇ ਸ਼ਹਿਰ ਦੇ ਮੰਗਤੇ ਹਾਜ਼ਰ ਸਨ। ਇਕ ਫਾਈਵ ਸਟਾਰ ਹੋਟਲ ਦਾ ਮੈਨੇਜਰ ਵੀ ਤੁਹਾਡੇ ਵਾਂਗ ਮੇਰੇ 'ਤੇ ਮਿਹਰਬਾਨ ਸੀ। ਉਹਨੇ ਉਸ ਦਿਨ ਜਿੰਨਾ ਖਾਣਾ ਵੀ ਹੋਟਲ 'ਚ ਬਚ ਗਿਆ ਸੀ, ਸਾਰਾ ਇਕ ਟੈਂਪੂ 'ਚ ਲਦਵਾ ਕੇ ਮੇਰੇ ਘਰ ਭੇਜ ਦਿੱਤਾ। ਜਾਂਝੀਆਂ ਦੀਆਂ ਤੇ ਮੇਰੇ ਆਪਣੇ ਰਿਸ਼ਤੇਦਾਰਾਂ ਦੀਆਂ ਮੌਜਾਂ ਲੱਗ ਗਈਆਂ। ਪੰਜ ਸਟਾਰ ਹੋਟਲ ਦਾ ਖਾਣਾ ਅੱਜ ਤਾਈਂ ਉਨ੍ਹਾਂ ਨੂੰ ਨਸੀਬ ਨਹੀਂ ਸੀ ਹੋਇਆ। ਮੇਰੀ ਮਹਿਮਾਨ-ਨਿਵਾਜ਼ੀ ਦੀਆਂ ਤਾਂ ਭਿਖਾਰੀ ਜਗਤ ਵਿਚ ਧੁੰਮਾਂ ਪੈ ਗਈਆਂ।

ਅੱਜ ਮੈਂ ਜੇਬ 'ਚੋਂ ਸੌ ਰੁਪਏ ਦਾ ਨੋਟ ਕੱਢ ਕੇ ਉਹਦੀ ਤਲੀ 'ਤੇ ਰੱਖ ਦਿੱਤਾ। ਮੇਰੇ ਮਿੱਤਰ ਨੇ ਵੀ ਮੇਰੀ ਰੀਸ ਕੀਤੀ। ਇਹ ਤਾਂ ਸੀ ਸ਼ਾਨ ਇਕ ਭਿੱਖ ਮੰਗੇ ਦੀ, ਧੀ ਦੇ ਵਿਆਹ ਦੀ। ਸਾਰੀ ਭਿਖਾਰੀ ਬਿਰਾਦਰੀ 'ਚ ਉਹਦੀ ਬੱਲੇ-ਬੱਲੇ ਹੋ ਗਈ ਸੀ ਤੇ ਇਸੇ ਹੀ ਪਿਛਲੇ ਹਫ਼ਤੇ ਮਹਾਰਾਸ਼ਟਰ ਸਰਕਾਰ ਦੇ ਇਕ ਮੰਤਰੀ ਭਾਸਕਰ ਜਾਦਵ ਦੀ ਧੀ ਅਤੇ ਪੁੱਤਰ ਦੋਵਾਂ ਦਾ ਇਕੋ ਦਿਨ ਵਿਆਹ ਹੋਇਆ, ਜਿਹਦੀ ਬੱਲੇ-ਬੱਲੇ ਸਾਰੇ ਮਹਾਰਾਸ਼ਟਰ ਨੂੰ ਛੱਡੋ, ਪੂਰੇ ਹਿੰਦੁਸਤਾਨ 'ਚ ਹੋ ਰਹੀ ਹੈ।ਇਸ ਵਿਆਹ ਦਾ ਜਿਹੜਾ ਪੰਡਾਲ ਬਣਾਇਆ ਗਿਆ ਸੀ, ਉਹ ਕਿਸੇ ਰਾਜੇ ਦੇ ਮਹੱਲ ਵਰਗਾ ਆਲੀਸ਼ਾਨ ਸੀ ਤੇ ਇਸ ਨੂੰ ਬਣਾਇਆ ਸੀ ਮੁੰਬਈ ਦੀ ਫਿਲਮ ਨਗਰੀ ਬਾਲੀਵੁੱਡ ਦੇ ਇਕ ਕਹਿੰਦੇ-ਕਹਾਉਂਦੇ ਆਰਟ ਡਾਇਰੈਕਟਰ ਨੇ। ਹਾਰੀ-ਸਾਰੀ ਤਾਂ ਇਹ ਸੈੱਟ ਬਣਵਾ ਹੀ ਨਹੀਂ ਸਕਦਾ। ਇਹਦੇ 'ਤੇ ਲੱਖਾਂ ਰੁਪਏ ਖਰਚ ਹੋਏ। ਫਿਰ ਅੰਦਾਜ਼ਾ ਲਾਓ ਰਤਾ ਕਿੰਨੇ ਕੁ ਮਹਿਮਾਨਾਂ ਨੇ ਇਥੇ ਖਾਣਾ ਖਾਧਾ?
50 ਹਜ਼ਾਰ ਤੋਂ ਉਤੇ ਲੋਕਾਂ ਨੇ। ਇਸ ਮੌਕੇ 'ਤੇ ਮਹਾਰਾਸ਼ਟਰ ਸਰਕਾਰ ਦੇ ਲਗਭਗ ਸਾਰੇ ਵਜ਼ੀਰ ਉਥੇ ਹਾਜ਼ਰ ਸਨ। ਸਿਰਫ਼ ਲੋਕਾਂ ਦੀ ਚਾਹ-ਪਾਣੀ ਤੇ ਛੱਤੀ ਪ੍ਰਕਾਰ ਦੇ ਭੋਜਨਾਂ ਨਾਲ ਸਵਾਗਤ ਕਰਨ 'ਤੇ ਹੀ ਕਰੋੜਾਂ ਰੁਪਏ ਖਰਚ ਹੋ ਗਏ।
ਇਹ ਰੁਪਏ ਕਿੱਥੋਂ ਆਏ?
ਇਹ ਕਰੋੜਾਂ ਦਾ ਖਰਚ ਕਿਸ ਨੇ ਕੀਤਾ? ਸਾਡੇ ਭਿਖਾਰੀ ਨੂੰ ਤਾਂ ਖਾਣਾ ਇਕ ਪੰਜ ਤਾਰਾ ਹੋਟਲ ਦੇ ਮੈਨੇਜਰ ਨੇ ਬਚਿਆ-ਖੁਚਿਆ ਸਪਲਾਈ ਕਰ ਦਿੱਤਾ ਸੀ। ਐਥੇ ਤਾਂ ਛੱਤੀ ਪ੍ਰਕਾਰ ਦੇ ਪਕਵਾਨ ਸਭਨਾਂ ਦੇ ਸਾਹਮਣੇ ਤਾਜ਼ੇ-ਤਾਜ਼ੇ ਤਿਆਰ ਕੀਤੇ ਜਾ ਰਹੇ ਸਨ।
ਰਤਾ ਧਿਆਨ ਦੇਣਾ, ਇਹ ਮਨਿਸਟਰ ਸਾਹਿਬ, ਮਹਾਰਾਸ਼ਟਰ ਸਰਕਾਰ 'ਚ ਅਰਬਨ ਡਿਵੈਲਪਮੈਂਟ ਦੇ ਮਨਿਸਟਰ ਆਫ਼ ਸਟੇਟ ਹਨ। ਐਸ ਵੇਲੇ ਮਹਾਰਾਸ਼ਟਰ ਦੇ, ਮਰਾਠਵਾੜਾ ਇਲਾਕੇ 'ਚ ਭਿਆਨਕ ਸੋਕਾ ਪਿਆ ਹੋਇਆ ਹੈ। ਕਿਸਾਨਾਂ ਦੀਆਂ ਬਿਨਾਂ ਪਾਣੀ ਫਸਲਾਂ ਤਬਾਹ ਹੋ ਗਈਆਂ ਹਨ। ਇਸ ਇਲਾਕੇ 'ਚ ਬਹੁਤੇ ਕਿਸਾਨਾਂ ਨੇ ਮੁਸੱਮੀ, ਅਨਾਰ, ਨਿੰਬੂ ਆਦਿ ਦੀ ਖੇਤੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਫਸਲਾਂ ਨੂੰ ਭਰਪੂਰ ਪਾਣੀ ਦਰਕਾਰ ਹੈ। ਪਰ ਸੋਕੇ ਕਾਰਨ ਸਾਰੇ ਬੂਟੇ ਸੜ ਗਏ। ਵਿਚਾਰੇ ਕਿਸਾਨਾਂ ਨੂੰ ਘਰਬਾਰ ਛਡਣੇ ਪਏ। ਮਹਾਰਾਸ਼ਟਰ ਸਰਕਾਰ ਨੇ ਇਸ ਇਲਾਕੇ 'ਚ ਕਈ ਥਾਈਂ ਪਸ਼ੂਆਂ ਲਈ ਚਾਰਾ ਕੈਂਪ ਲਾਏ ਹੋਏ ਹਨ। ਹੱਦ ਇਹ ਹੈ ਕਿ ਕਿਸਾਨਾਂ ਨੇ ਪਸ਼ੂ ਤਾਂ ਇਨ੍ਹਾਂ ਕੈਂਪਾਂ 'ਚ ਭੇਜੇ ਹੀ ਹਨ, ਉਹ ਆਪ ਵੀ ਇਨ੍ਹਾਂ ਪਸ਼ੂ-ਕੈਂਪਾਂ 'ਚ ਆਸਰਾ ਲਈ ਬੈਠੇ ਹਨ। ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਹਨ ਤੇ ਇਸੇ ਇਲਾਕੇ ਵਿਚ ਅਰਬਨ ਡਿਵੈਲਪਮੈਂਟ ਦੇ ਸਟੇਟ ਮਨਿਸਟਰ ਜਾਦਵ ਸਾਹਿਬ ਨੇ ਆਪਣੇ ਧੀ ਤੇ ਪੁੱਤ ਦਾ ਵਿਆਹ ਐਨਾ ਆਲੀਸ਼ਾਨ ਕੀਤਾ ਹੈ ਕਿ ਲੋਕੀਂ ਦੰਦਾਂ ਹੇਠ ਉਂਗਲਾਂ ਦਬਾ ਰਹੇ ਹਨ।
ਇਹ ਮੰਤਰੀ ਸਾਹਿਬ, ਸ਼ਰਦ ਪਵਾਰ ਦੀ ਪਾਰਟੀ, ਐਨ. ਸੀ. ਪੀ. ਦੇ ਕੋਟੇ 'ਚੋਂ ਹਨ। ਸ਼ਰਦ ਪਵਾਰ ਨੇ ਤਾਂ ਇਸ ਮੰਤਰੀ ਦੀ ਝਾੜਝੰਬ ਕੀਤੀ, ਰੋਸ ਪ੍ਰਗਟ ਕੀਤਾ, ਪਰ ਜਦ ਮੰਤਰੀ ਸਾਹਿਬ ਨੂੰ ਪੁੱਛਿਆ ਗਿਆ ਕਿ ਇਹ ਸਾਰਾ ਖਰਚ ਉਨ੍ਹਾਂ ਕਿੱਦਾਂ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਨੇ ਆਪਣੇ ਪੱਲਿਉਂ ਖਰਚ ਨਹੀਂ ਕੀਤਾ, ਸਗੋਂ ਉਨ੍ਹਾਂ ਦੇ ਇਲਾਕੇ 'ਚ ਪਾਣੀ ਦੇ ਡੈਮ ਉਸਾਰਨ ਦਾ ਠੇਕਾ ਜਿਸ ਸੱਜਣ ਨੂੰ ਮਿਲਿਆ ਹੈ, ਉਹ ਉਨ੍ਹਾਂ ਦਾ ਦੋਸਤ ਹੈ ਤੇ ਉਸੇ ਨੇ ਇਹ ਡੈਕੋਰੇਸ਼ਨ ਤੇ ਰੋਟੀ-ਪਾਣੀ ਦਾ ਖਰਚ ਕੀਤਾ ਹੈ।
ਸਮਝ ਜਾਓ ਆਪੇ, ਜਦ ਡੈਮਾਂ ਦੇ ਠੇਕੇਦਾਰ, ਕਿਸੇ ਮੰਤਰੀ ਦੇ ਧੀ-ਪੁੱਤ ਦੇ ਵਿਆਹ ਦਾ ਸਾਰਾ ਖਰਚ ਆਪਣੇ ਪੱਲਿਉਂ ਕਰਨਗੇ ਤਾਂ ਅੱਗੋਂ ਕਿੰਨਾ ਕੁ ਮਾਲ ਇਸ ਦੇ ਬਦਲੇ ਕਮਾਉਣਗੇ? ਮੰਤਰੀ ਸਾਹਿਬ ਨੇ ਇਹ ਵੀ ਫੁਰਮਾਇਆ ਹੈ ਕਿ ਇਹ ਠੇਕੇਦਾਰ ਕੈਟਰਰ ਵੀ ਹੈ, ਭਾਵ ਵਿਆਹ-ਸ਼ਾਦੀਆਂ ਤੇ ਪਾਰਟੀਆਂ 'ਚ ਖਾਣਾ ਸਪਲਾਈ ਕਰਨ ਦਾ ਠੇਕਾ ਵੀ ਲੈਂਦਾ ਹੈ।
ਛੇ-ਸੱਤ ਮਹੀਨੇ ਪਹਿਲਾਂ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਅਜੀਤ ਪਵਾਰ ਨੇ (ਜੋ ਕਿ ਸ਼ਰਦ ਪਵਾਰ ਦੇ ਸਕੇ ਭਤੀਜੇ ਹਨ) ਇਸ ਲਈ ਅਸਤੀਫ਼ਾ ਦੇ ਦਿੱਤਾ ਸੀ ਕਿ ਉਨ੍ਹਾਂ ਨੇ ਮਹਾਰਾਸ਼ਟਰ 'ਚ ਇਸੇ ਇਲਾਕੇ 'ਚ ਕਈ ਛੋਟੇ-ਛੋਟੇ ਡੈਮ ਉਸਾਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ ਪਰ ਕਈ ਡੈਮ ਅਜੇ ਵੀ ਅਧੂਰੇ ਪਏ ਹਨ। ਕਿਸਾਨ ਪਾਣੀ ਨੂੰ ਤਰਸ ਰਹੇ ਹਨ ਤੇ ਸਾਰੇ ਇਲਾਕੇ 'ਚ ਜ਼ੋਰਦਾਰ ਸੋਕਾ ਪਿਆ ਹੈ ਪਰ ਇਕ ਮਹੀਨੇ ਮਗਰੋਂ ਹੀ ਉਹੀਓ ਮੁੜ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਬਣ ਗਏ ਤੇ ਉਨ੍ਹਾਂ ਦੀ ਪਾਰਟੀ ਦੇ ਹੀ ਇਸ ਮੰਤਰੀ ਨੇ ਆਪਣੇ ਸੋਕੇ ਮਾਰੇ ਇਲਾਕੇ 'ਚ ਐਨੀ ਸ਼ਾਨ ਨਾਲ ਆਪਣੇ ਧੀ ਤੇ ਪੁੱਤ ਦਾ ਵਿਆਹ ਕੀਤਾ ਹੈ। ਅੱਜ ਦੀ ਜਿਹੜੀ ਤਾਜ਼ਾ ਖ਼ਬਰ ਹੈ ਉਸੇ ਅਨੁਸਾਰ ਇਸ ਨੇਤਾ ਜੀ ਨੇ ਰਿਜ਼ਾਰਟ ਤੇ ਉਹਦੀ ਡੈਕੋਰੇਸ਼ਨ 'ਤੇ ਹੀ 1.4 ਕਰੋੜ ਰੁਪਏ ਖਰਚ ਕੀਤੇ ਹਨ। ਜਿਨ੍ਹਾਂ ਲੋਕਾਂ ਦੀਆਂ ਵੋਟਾਂ ਨਾਲ ਨੇਤਾ ਜੀ, ਜਿੱਤ ਕੇ ਮੰਤਰੀ ਬਣ ਗਏ ਹਨ, ਉਹ ਵਿਚਾਰੇ ਤਾਂ ਭੁੱਖੇ ਤਿਹਾਏ ਹਨ, ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਤੇ ਇਨ੍ਹਾਂ ਦੇ ਧੀ ਅਤੇ ਪੁੱਤ ਦੇ ਵਿਆਹ 'ਤੇ ਪਾਣੀ ਦਾ ਦਰਿਆ ਵਹਿ ਰਿਹਾ ਸੀ ਉਹਵੀ ਬਿਸਲੇਰੀਆ 'ਤੇ ਹਿਮਾਲੀਅਨ ਬ੍ਰਾਂਡ, ਬੰਦ ਬੋਤਲਾਂ 'ਚ ਪਾਣੀ ਦਾ।
ਚੁਲੀ ਭਰ ਪਾਣੀ 'ਚ ਡੁਬ ਮਰੋ
ਇਹ ਲਾਹਣਤ ਇਹੋ ਜਿਹੇ ਨੇਤਾਵਾਂ ਲਈ ਹੀ ਹੈ ਪਰ ਅਜੇ ਤਾਈਂ ਇਸ ਮੰਤਰੀ ਨੇ ਕੁਰਸੀ ਨਹੀਂ ਛੱਡੀ, ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਇਸ ਵਜ਼ੀਰ ਦੀ ਇਨਕੁਆਰੀ ਇਨਕਮ ਟੈਕਸ ਵਿਭਾਗ ਵਾਲੇ ਵੀ ਕਰ ਰਹੇ ਹਨ ਤੇ ਸਰਵਿਸ ਟੈਕਸ ਡਿਪਾਰਟਮੈਂਟ ਵਾਲੇ ਵੀ ਪਰ ਕੀ ਕੋਈ ਕਾਰਵਾਈ ਹੋਵੇਗੀ, ਇਸ ਮੰਤਰੀ ਸਾਹਿਬ ਵਿਰੁੱਧ? ਇਨ੍ਹਾਂ ਦੀ ਕਿਸਮਤ ਚੰਗੀ ਹੈ ਕਿ ਹੈਦਰਾਬਾਦ 'ਚ ਆਤੰਕੀਆਂ ਨੇ ਬੰਬ ਧਮਾਕਾ ਕਰਕੇ, ਇਨ੍ਹਾਂ ਦੇ ਮਾਮਲੇ ਨੂੰ ਧੁੰਦਲਾ ਕਰ ਦਿੱਤਾ ਹੈ।
ਧੀਆਂ-ਪੁੱਤਾਂ ਦੇ ਵਿਆਹ ਤਾਂ ਹਰ ਕਿਸੇ ਦੀ ਸ਼ਾਨ ਦਾ ਵਿਖਾਵਾ ਬਣ ਗਏ ਹਨ। ਆਪਣੇ ਪੰਜਾਬ ਵਿਚ ਵੀ ਵਜ਼ੀਰਾਂ-ਲੀਡਰਾਂ ਦੇ ਧੀਆਂ-ਪੁੱਤਾਂ ਦੇ ਵਿਆਹ ਵੀ ਐਹੋ ਜਿਹੀ ਸ਼ਾਨੋ-ਸ਼ੌਕਤ ਨਾਲ ਕੀਤੇ ਜਾਂਦੇ ਹਨ। ਜਿਹੜੇ ਵਜ਼ੀਰ ਨਹੀਂ ਹਨ ਪਰ ਵੱਡੇ ਹਨ, ਉਨ੍ਹਾਂ ਵੱਡਿਆਂ ਦੇ ਵਿਆਹ ਵੀ ਏਦਾਂ ਹੀ ਵੱਡੇ-ਵੱਡੇ ਰਿਜ਼ਾਰਟਾਂ ਵਿਚ, ਇਸੇ ਤਰ੍ਹਾਂ ਦੀ ਸ਼ਾਨ ਨਾਲ ਹੀ ਹੁੰਦੇ ਹਨ। ਹਰ ਇਕ ਵਿਆਹ ਮਗਰੋਂ ਇਹੋ ਦਾਅਵਾ ਕਰਦਾ ਹੈ, 'ਕੁੜੀ ਦਾ ਵਿਆਹ ਕੀਤਾ, ਸਾਰੇ ਪੰਜਾਬ 'ਚ ਧੁੰਮਾਂ ਪੈ ਗਈਆਂ। ਐਨਾ ਸ਼ਾਨਦਾਰ ਵਿਆਹ ਪਹਿਲਾਂ ਕਿਤੇ ਨਹੀਂ ਹੋਇਆ।'
ਬਈ ਠੀਕ ਹੈ, ਜੇਕਰ ਇਕ ਭਿੱਖ ਭਿਖਾਰੀ ਐਨੀ ਸ਼ਾਨ ਨਾਲ ਆਪਣੀ ਧੀ ਦਾ ਵਿਆਹ ਕਰ ਸਕਦਾ ਹੈ ਤਾਂ ਨੇਤਾ ਵਜ਼ੀਰ-ਅਮੀਰ ਪਿੱਛੇ ਕਿਉਂ ਰਹਿਣ? ਸ਼ਾਨ ਤਾਂ ਹਰ ਇਕ ਦੀ ਹੈ, ਸ਼ਾਨ ਤਾਂ ਵਿਖਾਉਣ ਲਈ ਹੀ ਹੁੰਦੀ ਹੈ।

ਮੁੰਬਈ ਤੋਂ ਆਤਿਸ਼

ਕਹਾਣੀ-ਮਾਪਦੰਡ

ਟਨ... ਟਨ... ਟਨ..... ਟਨ...ਟਨ ...ਟਨ...
ਲੈਂਡਲਾਈਨ ਫੋਨ ਦੀ ਘੰਟੀ ਨਿਰੰਤਰ ਵੱਜ ਰਹੀ ਸੀ। ਹੁਣੇ ਘਰੇ ਪੁੱਜੇ ਮਾਲਕ ਨੇ ਫੋਨ ਉਠਾਇਆ ਤਾਂ ਇਕ ਮਹਿਲਾ ਬੋਲ ਰਹੀ ਸੀ, 'ਭਾਈ ਸਾਹਿਬ, ਤੁਹਾਡੀ ਸਭਾ ਦੇ ਪ੍ਰਧਾਨ ਚੁਣਨ ਦਾ ਕੋਈ ਵਿਧੀ ਵਿਧਾਨ ਨਹੀਂ ਜਾਪਦਾ... ਮੂੰਹ ਦੇਖਵੇਂ ਟਿੱਕੇ ਹੀ ਲਾਉਂਦੇ ਹੋ... ਕੀ ਕੇਵਲ ਪੈਸਾ ਹੀ ਤੁਹਾਡਾ ਮਾਪਦੰਡ ਹੈ?'
'ਭੈਣ ਜੀ, ਮੈਂ ਤੁਹਾਡੀ ਗੱਲ ਸਮਝ ਨਹੀਂ ਸਕਿਆ... ਜ਼ਰਾ ਖੋਲ੍ਹ ਕੇ ਸਮਝਾਓ...।'
'ਭਾਈ ਸਾਹਿਬ, ਜਿਹੜਾ ਪ੍ਰਧਾਨ ਤੁਸੀਂ ਚੁਣਿਆ ਹੈ... ਉਹ ਮੇਰਾ ਹਸਬੈਂਡ ਹੈ... ਮੇਰੇ ਨਾਲੋਂ ਤਲਾਕ ਲੈਣ ਲਈ ਉਹਨੇ ਮੁਕੱਦਮਾ ਪਾਇਆ ਹੋਇਆ ਹੈ... ਕੀ ਤੁਸੀਂ ਪ੍ਰਧਾਨਗੀ ਲਈ ਕੋਈ ਪੁਣ-ਛਾਣ ਜਾਂ ਟ੍ਰੇਨਿੰਗ ਨਹੀਂ ਦਿੰਦੇ? ਜਿਹੜਾ ਆਦਮੀ ਇਕ ਘਰੋਗੀ ਇਸਤਰੀ ਨੂੰ ਨਹੀਂ ਸੰਭਾਲ ਸਕਦਾ, ਉਹ ਸਭਾ ਕਿਵੇਂ ਸੰਭਾਲੇਗਾ?' ਘਰ ਦੇ ਮਾਲਕ ਤੇ ਸਭਾ ਦੇ ਮੁੱਖ ਮੈਂਬਰ ਨੂੰ ਮਹਿਲਾ ਕਹਿ ਰਹੀ ਸੀ।

-ਸੁਰਜੀਤ ਸਿੰਘ ਮਰਜਾਰਾ
ਫੋਨ : 01765-257059

1857 ਦੇ ਆਜ਼ਾਦੀ ਘੁਲਾਟੀਏ-ਜਨਰਲ ਬਖ਼ਤ ਖ਼ਾਂ ਰੁਹੇਲਾ

ਸਦੀਆਂ ਦੇ ਬੋਲ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬਾਦਸ਼ਾਹ ਤੋਂ ਆਗਿਆ ਲੈ ਕੇ ਬਖ਼ਤ ਖ਼ਾਂ ਅਪਣੇ ਸਾਥੀਆਂ ਕੋਲ ਪਹੁੰਚਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਬਹਾਦਰ ਸ਼ਾਹ ਨੇ ਉਸ ਦੀਆਂ ਸੇਵਾਵਾਂ ਕਬੂਲ ਕਰ ਲਈਆਂ ਹਨ ਅਤੇ ਨਾਲ ਹੀ ਉਨ੍ਹਾਂ ਤੋਂ ਪੁੱਛਿਆ ਕਿ ਹੁਣ ਤੁਸੀਂ ਦੱਸੋ ਤੁਹਾਡੇ ਵਿੱਚੋਂ ਕਿਹੜਾ ਕਿਹੜਾ ਮੇਰਾ ਸਾਥ ਦੇਣ ਲਈ ਤਿਆਰ ਹੈ। ਉੱਤਰ ਵਿਚ ਸਾਰਿਆਂ ਨੇ ਬਖ਼ਤ ਖ਼ਾਂ ਨੂੰ ਉਸ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਅਰਾਜਕਤਾ ਦੇ ਇਨ੍ਹਾਂ ਦਿਨਾਂ ਵਿਚ ਦਿੱਲੀ ਦਾ ਬੁਰਾ ਹਾਲ ਸੀ। ਹਰ ਪਾਸੇ ਅਫ਼ਰਾ-ਤਫ਼ਰੀ ਫ਼ੈਲੀ ਹੋਈ ਸੀ। ਕਾਨੂੰਨ ਨਾਂ ਦੀ ਕੋਈ ਚੀਜ਼ ਦੂਰ ਦੂਰ ਤੱਕ ਟਟੋਲਿਆਂ ਵੀ ਹੱਥ ਨਹੀਂ ਲਗਦੀ ਸੀ। ਤਾਰੀਖ਼ੇ ਅਹਿਦ-ਏ-ਇੰਗਲਸ਼ੀਆ ਦਾ ਲੇਖਕ ਜ਼ਕਾਉੱਲਾ ਸਫ਼ਾ 698 ਉੱਤੇ ਲਿਖਦਾ ਹੈ, 'ਦਿੱਲੀ ਵਿਚ ਸਿਪਾਹੀਆਂ ਨੇ ਬਦਨਜ਼ਮੀ ਫ਼ੈਲਾ ਰੱਖੀ ਸੀ। ਉਹ ਦੁਕਾਨਦਾਰਾਂ ਨੂੰ ਆਪ ਲੁੱਟ ਰਹੇ ਸਨ ਅਤੇ ਉਸ ਦਾ ਇਲਜ਼ਾਮ ਮੁਗ਼ਲ ਸ਼ਹਿਜ਼ਾਦਿਆਂ ਦੇ ਸਿਰ ਧਰ ਦਿੰਦੇ ਸਨ'। ਬਖ਼ਤ ਖ਼ਾਂ ਦੇ ਦਿੱਲੀ ਵਿਚ ਆ ਜਾਣ ਨਾਲ ਆਜ਼ਾਦੀ ਘੁਲਾਟੀਆਂ ਦੀਆਂ ਸਫ਼ਾਂ ਵਿਚ ਉਤਸ਼ਾਹ ਪੈਦਾ ਹੋ ਗਿਆ। ਸ਼ਹਿਰ ਵਿਚ ਫ਼ੈਲੀ ਬਦਅਮਨੀ ਨੂੰ ਰੋਕਣ ਲਈ ਉਸ ਨੇ ਬਹਾਦਰ ਸ਼ਾਹ ਨੂੰ ਭਰੋਸੇ ਵਿਚ ਲੈ ਕੇ ਸ਼ਹਿਰ ਦੇ ਕੋਤਵਾਲ ਨੂੰ ਹੁਕਮ ਦਿੱਤਾ ਕਿ ਜੇ ਸ਼ਹਿਰ ਵਿਚ ਹੋਰ ਲੁੱਟ-ਮਾਰ ਹੋਈ ਤਾਂ ਉਸ ਨੂੰ ਫ਼ਾਂਸੀ ਦੇ ਦਿੱਤੀ ਜਾਵੇਗੀ। ਦੁਕਾਨਦਾਰਾਂ ਨੂੰ ਹੁਕਮ ਦਿੱਤਾ ਕਿ ਉਹ ਅਪਣੇ ਪਾਸ ਹਥਿਆਰ ਰੱਖਣ ਅਤੇ ਜਿਨ੍ਹਾਂ ਕੋਲ ਹਥਿਆਰ ਨਹੀਂ ਹਨ ਉਨ੍ਹਾਂ ਨੂੰ ਸਰਕਾਰ ਮੁਫ਼ਤ ਹਥਿਆਰ ਦੇਵੇਗੀ। ਉਪਰੋਕਤ ਲੇਖਕ ਇਹ ਵੀ ਲਿਖਦਾ ਹੈ ਕਿ ਉਸ ਨੇ ਬਾਦਸ਼ਾਹ ਨੂੰ ਇਹ ਵੀ ਕਹਾ ਭੇਜਿਆ ਕਿ ਜੇ ਕੋਈ ਸ਼ਹਿਜ਼ਾਦਾ ਹੁਣ ਬਾਜ਼ਾਰ ਲੁੱਟੇਗਾ, ਉਸ ਦੀ ਨੱਕ ਕੱਟ ਦਿੱਤੀ ਜਾਵੇਗੀ।

ਉਸ ਸਮੇਂ ਦਿੱਲੀ ਤੋਂ ਛਪਣ ਵਾਲਾ 'ਸਾਦਿਕ ਅਲ ਅਖ਼ਬਾਰ' ਲਿਖਦਾ ਹੈ, 'ਜਾਮਾ ਮਸਜਿਦ ਵਿਚ ਵੱਡੇ ਵੱਡੇ ਮੌਲਵੀਆਂ ਨੂੰ ਬੁਲਾਇਆ ਗਿਆ ਅਤੇ ਮੁਸਲਮਾਨਾਂ ਨੂੰ ਆਖਿਆ ਗਿਆ ਕਿ ਅਜਿਹੀ ਹਾਲਤ ਵਿਚ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਚੁੱਕਣਾ ਮੁਸਲਮਾਨਾਂ ਉੱਤੇ ਫ਼ਰਜ਼ ਹੋ ਗਿਆ ਹੈ। ਬਖ਼ਤ ਖ਼ਾਂ ਨੇ ਆਮ ਲੋਕਾਂ ਦਾ ਦਿਲ ਜਿੱਤਣ ਲਈ ਲੂਣ ਅਤੇ ਸ਼ੱਕਰ ਤੋਂ ਸਰਕਾਰੀ ਟੈਕਸ ਮੁਆਫ਼ ਕਰਵਾਇਆ ਅਤੇ ਹਿੰਦੂਆਂ ਦਾ ਦਿਲ ਜਿੱਤਣ ਲਈ ਮੁਸਲਮਾਨਾਂ ਨੂੰ ਕਿਹਾ ਕਿ ਉਹ ਬਕਰੀਦ ਦੇ ਮੌਕੇ ਉੱਤੇ ਗਊ ਦੀ ਕੁਰਬਾਨੀ ਨਾ ਕਰਨ। ਜਦੋਂ ਦਿੱਲੀ ਵਿਚ ਖ਼ਬਰ ਪਹੁੰਚੀ ਕਿ ਅੰਗਰੇਜ਼ ਫ਼ੌਜਾਂ ਦਿੱਲੀ ਉੱਤੇ ਹਮਲਾ ਕਰਨ ਲਈ ਨੇੜੇ ਪਹੁੰਚ ਗਈਆਂ ਹਨ ਤਾਂ ਬਖ਼ਤ ਖ਼ਾਂ ਨੇ 4 ਜੁਲਾਈ ਨੂੰ ਅਲੀ ਪੁਰ ਉੱਤੇ ਹਮਲਾ ਕਰਕੇ ਅੰਗਰੇਜ਼ੀ ਛਾਉਣੀ ਨੂੰ ਤਬਾਹ ਕਰ ਦਿੱਤਾ। ਉਸ ਨੇ ਸਿਪਾਹੀਆਂ ਦੇ ਹੌਸਲੇ ਵਧਾਉਣ ਲਈ ਬਾਦਸ਼ਾਹ ਵੱਲੋਂ ਐਲਾਨ ਕੀਤਾ ਕਿ ਜਿਹੜਾ ਫ਼ੌਜੀ ਜੰਗ ਵਿਚ ਬਹਾਦਰੀ ਵਿਖਾਵੇਗਾ ਉਸ ਨੂੰ ਨਕਦ ਇਨਾਮ ਤੋਂ ਇਲਾਵਾ ਪੰਜ ਵਿੱਘੇ ਜ਼ਮੀਨ ਦਿੱਤੀ ਜਾਵੇਗੀ। 8 ਜੁਲਾਈ ਨੂੰ ਬਖ਼ਤ ਖ਼ਾਂ ਨੇ ਨੌ ਹਜ਼ਾਰ ਫ਼ੌਜ ਦੇ ਨਾਲ ਅੰਗਰੇਜ਼ੀ ਫ਼ੌਜ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਤੋਂ ਤੀਹ ਹਜ਼ਾਰੀ ਮੈਦਾਨ ਖੋਹ ਲਿਆ। ਜਿੱਥੋਂ ਬਹੁਤ ਸਾਰਾ ਫ਼ੌਜੀ ਸਾਮਾਨ ਹੱਥ ਆਇਆ। ਇਕ ਪਾਸੇ ਬਖ਼ਤ ਖ਼ਾਂ ਦਿੱਲੀ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਜੂਝ ਰਿਹਾ ਸੀ, ਦੂਜੇ ਪਾਸੇ ਮੁਗ਼ਲ ਦਰਬਾਰ ਦੇ ਅਮੀਰ, ਦਰਬਾਰੀ ਅਤੇ ਸ਼ਹਿਜ਼ਾਦੇ ਉਸ ਦੇ ਖ਼ਿਲਾਫ਼ ਸ਼ਾਜ਼ਿਸ਼ਾਂ ਦੇ ਜਾਲ ਬੁਣ ਰਹੇ ਸਨ। ਕਈ ਕਿਸਮ ਦੇ ਬਹਾਨੇ ਬਣਾ ਕੇ ਬਖ਼ਤ ਖ਼ਾਂ ਦੇ ਹਰ ਕੰਮ ਦੀ ਅਲੋਚਨਾ ਕੀਤੀ ਜਾ ਰਹੀ ਸੀ। 17 ਜੁਲਾਈ ਨੂੰ ਸ਼ਹਿਜ਼ਾਦੇ ਮਿਰਜ਼ਾ ਮੁਗ਼ਲ ਨੇ ਬਖ਼ਤ ਖ਼ਾਂ ਦੀ ਲਿਖਤੀ ਸ਼ਿਕਾਇਤ ਕੀਤੀ ਜਿਹੜੀ ਝੂਠ ਨਿਕਲੀ। 29 ਜੁਲਾਈ ਨੂੰ ਸੂਬੇਦਾਰ ਕਾਦਰ ਬਖ਼ਸ਼ ਨੇ ਬਖ਼ਤ ਖ਼ਾਂ ਉੱਤੇ ਇਲਜ਼ਾਮ ਲਾਇਆ ਕਿ ਉਸ ਨੇ ਅੰਗਰੇਜ਼ਾਂ ਉੱਤੇ ਹਮਲਾ ਕਰਨ ਵਿਚ ਦੇਰੀ ਕੀਤੀ ਹੈ ਜਦੋਂ ਕਿ ਬਖ਼ਤ ਖ਼ਾਂ ਇਕ ਹਫ਼ਤਾ ਪਹਿਲਾਂ ਬਹਾਦਰ ਸ਼ਾਹ ਨੂੰ ਆਖ ਚੁੱਕੇ ਸਨ ਕਿ ਕੁਝ ਸ਼ਰਾਰਤੀ ਲੋਕ ਮੇਰੇ ਉੱਤੇ ਅੰਗਰੇਜ਼ਾਂ ਨਾਲ ਮਿਲੀ-ਭੁਗਤ ਦਾ ਇਲਜ਼ਾਮ ਲਾ ਰਹੇ ਹਨ ਅਤੇ ਬਹਾਦਰ ਸ਼ਾਹ ਨੇ ਆਖਿਆ ਸੀ ਕਿ 'ਮੈਨੂੰ ਤੇਰੀ ਵਫ਼ਾਦਾਰੀ ਉੱਤੇ ਕੋਈ ਸ਼ੱਕ ਨਹੀਂ'।

'ਮੁਕੱਦਮਾ ਬਹਾਦਰਸ਼ਾਹ ਜ਼ਫ਼ਰ' ਵਿਚ ਹਕੀਮ ਅਹਿਸਾਨੁੱਲਾ ਖ਼ਾਂ ਵੀ ਲਿਖਦੇ ਹਨ ਕਿ, 'ਸਾਰੇ ਸਿਪਾਹੀ ਬਖ਼ਤ ਖ਼ਾਂ ਰੁਹੇਲੇ ਦੀ ਅਧੀਨਗੀ ਵਿਚ ਜੰਗ ਲੜਨ ਲਈ ਰਾਜ਼ੀ ਨਹੀਂ ਸਨ। ਉਹ ਇਸ ਨੂੰ ਸੈਨਾਪਤੀ ਬਣਾਏ ਜਾਣ ਦੇ ਵੀ ਖ਼ਿਲਾਫ਼ ਸਨ। ਉਨ੍ਹਾਂ ਦਾ ਆਖਣਾ ਸੀ ਕਿ ਮਿਰਜ਼ਾ ਮੁਗ਼ਲ ਨੂੰ ਸਾਰੇ ਅਖ਼ਤਿਆਰ ਦਿੱਤੇ ਜਾ ਚੁੱਕੇ ਹਨ ਅਤੇ ਉਹ ਸਾਰੀਆਂ ਜੁਮੇਵਾਰੀਆਂ ਨਿਭਾਉਣ ਦੇ ਕਾਬਲ ਹੈ'। 'ਜੰਗੇ ਆਜ਼ਾਦੀ ਕੇ ਮੁਸਲਿਮ ਮੁਸ਼ਾਹੀਰ' ਦਾ ਲੇਖਕ ਲਿਖਦਾ ਹੈ, 'ਹਕੀਕਤ ਇਹ ਸੀ ਕਿ ਇਹ ਸਾਰੀਆਂ ਸ਼ਿਕਾਇਤਾਂ ਮੁਗ਼ਲ ਸ਼ਹਿਜ਼ਾਦਿਆਂ ਦੀ ਸ਼ਹਿ ਉੱਤੇ ਹੀ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਬਖ਼ਤ ਖ਼ਾਂ ਮੁਢਲੇ ਤੌਰ ਤੇ ਤੋਪਖ਼ਾਨੇ ਦਾ ਅਫ਼ਸਰ ਹੈ, ਉਸ ਨੂੰ ਲੜਾਈ ਦਾ ਤਜਰਬਾ ਨਹੀਂ। 3 ਅਗਸਤ ਨੂੰ ਜਦੋਂ ਬਖ਼ਤ ਖ਼ਾਂ ਨੇ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਕਿ ਸਿਪਾਹੀ ਉਸ ਦਾ ਹੁਕਮ ਨਹੀਂ ਮੰਨਦੇ ਤਾਂ ਬਾਦਸ਼ਾਹ ਨੇ ਉਸ ਨੂੰ ਕਹਿ ਭੇਜਿਆ ਕਿ ਜਿਹੜੇ ਸਿਪਾਹੀ ਹੁਕਮ ਨਹੀਂ ਮੰਨਦੇ, ਉਨ੍ਹਾਂ ਨੂੰ ਸ਼ਹਿਰ ਛੱਡਣ ਲਈ ਆਖ ਦਿੱਤਾ ਜਾਵੇ। 29 ਅਗਸਤ ਨੂੰ ਬਖ਼ਤ ਖ਼ਾਂ ਨੇ ਫੇਰ ਸ਼ਿਕਾਇਤ ਕੀਤੀ ਤਾਂ ਉਸ ਨੇ ਫੇਰ ਆਖਿਆ ਕਿ ਤੁਸੀਂ ਹੀ ਸੁਪਰੀਮ ਕਮਾਂਡਰ ਓ। ਬਾਦਸ਼ਾਹ ਨੇ ਸ਼ਿਕਾਇਤਾਂ ਕਰਨ ਵਾਲਿਆਂ ਨੂੰ ਬੁਲਾ ਕੇ ਸਮਝਾਇਆ ਕਿ ਬਾਹਰ ਦੁਸ਼ਮਣ ਘਾਤ ਲਾਈ ਬੈਠਾ ਹੈ ਅਤੇ ਤੁਸੀਂ ਆਪਸ ਵਿਚ ਫੁੱਟ ਪਾਈ ਬੈਠੇ ਹੋ। ਪਰ ਉਨ੍ਹਾਂ ਉੱਤੇ ਸਮਝਾਉਣ ਦਾ ਕੋਈ ਅਸਰ ਨਾ ਹੁੰਦਾ ਦੇਖ ਕੇ ਫ਼ੌਜ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਜਿਸ ਦੇ ਤਿੰਨ ਕਮਾਂਡਰ ਮਿਰਜ਼ਾ ਮੁਗ਼ਲ, ਬਖ਼ਤ ਖ਼ਾਂ ਰੁਹੇਲਾ ਅਤੇ ਮਿਰਜ਼ਾ ਅਬੂ ਬਕਰ ਸਨ। ਫੌਜ ਦੀ ਇਸ ਤਰ੍ਹਾਂ ਵੰਡ ਨੂੰ ਦੇਖ ਕੇ ਬਖ਼ਤ ਖ਼ਾਂ ਰੁਹੇਲੇ ਦਾ ਦਿਲ ਟੁੱਟ ਗਿਆ।

ਦਿੱਲੀ ਦੇ ਨੇੜਲੇ ਇਲਾਕਿਆਂ ਦੇ ਆਜ਼ਾਦੀ ਘੁਲਾਟੀਆਂ ਨੂੰ ਹੌਸਲਾ ਦੇਣ ਲਈ ਬਖ਼ਤ ਖ਼ਾਂ ਰੁਹੇਲੇ ਨੇ ਪੱਤਰ ਵੀ ਲਿਖੇ। ਉਸ ਨੇ ਸਿਧਾਰੀ ਸ਼ੰਕਰ ਦੇ ਨਾਂ ਪੱਤਰ ਵਿਚ ਲਿਖਿਆ, 'ਮੁਹੰਮਦ ਬਖ਼ਤ ਖ਼ਾਂ ਗਵਰਨਰ ਬਹਾਦਰ ਸ਼ਾਹ ਦਿੱਲੀ ਦੇ ਅਧੀਨ ਜਿਹੜੀ ਫ਼ੌਜ ਹੈ, ਉਸ ਦੇ ਸਿਪਾਹੀ ਅਤੇ ਅਫ਼ਸਰ ਆਪ ਨੂੰ ਸ਼ੁਭ ਕਾਮਨਾਮਾਂ ਭੇਜਦੇ ਹਨ ਅਤੇ ਮੁਬਾਰਕਬਾਦ ਦਿੰਦੇ ਹਨ। ਤੁਸੀਂ ਜਿਹੜੇ ਬਹਾਦਰੀ ਭਰੇ ਕਾਰਨਾਮੇ ਕਰ ਰਹੇ ਹੋ, ਸਾਨੂੰ ਉਨ੍ਹਾਂ ਉੱਤੇ ਮਾਨ ਹੈ। ਸਾਡੇ ਵਿੱਚ ਹਰ ਬੰਦਾ ਅਤੇ ਤੁਹਾਡਾ ਬਾਦਸ਼ਾਹ ਇਸਾਈਆਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰੱਬ ਨੇ ਚਾਹਿਆ ਤਾਂ ਬਹੁਤ ਥੋੜੇ ਸਮੇਂ ਵਿਚ ਦਿੱਲੀ ਦਾ ਮੁਲਕ ਉਨ੍ਹਾਂ ਤੋਂ ਸਾਫ਼ ਹੋ ਜਾਵੇਗਾ'।
ਇਸ ਪੱਤਰ ਦੇ ਉੱਤਰ ਵਿਚ 'ਗ਼ਦਰ ਕਾ ਰਿਕਾਰਡ' ਦਾ ਲੇਖਕ ਸਿਧਾਰੀ ਸਿੰਘ ਦੇ ਪੱਤਰ ਦੇ ਹਵਾਲੇ ਨਾਲ ਲਿਖਦਾ ਹੈ, 'ਰੱਬ ਦੀ ਮਿਹਰਬਾਨੀ ਨਾਲ ਦਿੱਲੀ ਦੀ ਜਿਹੜੀ ਹਕੂਮਤ ਹੋਂਦ ਵਿਚ ਆਈ ਹੈ ਅਜੇ ਬੱਚੀ ਹੈ। ਰੱਬ
ਨੇ ਤੁਹਾਨੂੰ ਇਸ ਬੱਚੇ ਨੂੰ ਪਾਲਣ-ਪੋਸਨ ਲਈ ਭੇਜਿਆ ਹੈ। ਤੁਹਾਡੇ ਅਧੀਨ ਪੰਜ ਦਸਤੇ ਹਨ ਅਤੇ ਜਨਰਲ ਹੋਣ ਦੇ ਨਾਤੇ ਤੁਹਾਡੇ ਹੱਥ ਵਿਚ ਤਾਕਤ ਵੀ ਹੈ'। (ਬਾਕੀ ਅਗਲੇ ਅੰਕ 'ਚ)

ਨੂਰ ਮੁਹੰਮਦ 'ਨੂਰ'
-ਬੀ 3/524 ਕਿਲ੍ਹਾ ਰਹਿਮਤਗੜ੍ਹ, ਮਾਲੇਰਕੋਟਲਾ।
ਮੋਬਾਇਲ-98555-51359.

ਸਾਹਿਤਕ ਸਰਗਰਮੀਆਂ-21 ਸਾਹਿਤਕਾਰਾਂ ਦੀ ਪਲੇਠੀ ਕਿਤਾਬ 'ਹਰਫ਼ਾਂ ਦੀ ਪ੍ਰਵਾਜ਼' ਲੋਕ ਅਰਪਣ

ਮਹਿਫ਼ਲ-ਏ-ਅਦੀਬ (ਰਜਿ.) ਸੰਸਥਾ ਜਗਰਾਉਂ ਦੀ ਇਕ ਪਲੇਠੀ ਪੁਸਤਕ 'ਹਰਫ਼ਾਂ ਦੀ ਪ੍ਰਵਾਜ਼' ਸਬੰਧੀ ਕਰਵਾਏ ਗਏ ਸਾਹਿਤਕ ਸਮਾਗਮ ਮੌਕੇ ਇਹ ਕਿਤਾਬ ਅਰਜਨ ਸਿੰਘ ਸਰਾਂ ਕੈਨੇਡਾ ਨੇ ਆਪਣੇ ਕਰ-ਕਮਲਾਂ ਨਾਲ ਜਾਰੀ ਕੀਤੀ। ਉਨ੍ਹਾਂ ਸਾਹਿਤ ਪ੍ਰਤੀ ਨਿਸ਼ਚੇ ਦੀ ਸ਼ਲਾਘਾ ਕਰਦਿਆਂ ਸੰਸਥਾ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਕਰਨਲ ਗੁਰਦੀਪ ਸਿੰਘ ਜਗਰਾਉਂ ਨੇ ਦੱਸਿਆ ਕਿ ਕਿਤਾਬ 'ਹਰਫ਼ਾਂ ਦੀ ਪ੍ਰਵਾਜ਼' 21 ਅਦੀਬਾਂ ਦੀ ਰਚਨਾ ਹੈ ਅਤੇ ਮਹਿਫ਼ਲ-ਏ-ਅਦੀਬ ਦੀ ਇਹ ਪਲੇਠੀ ਕਿਤਾਬ ਹੈ। ਇਸ ਮੌਕੇ ਰਚਨਾਵਾਂ ਦੇ ਦੌਰ 'ਚ ਪ੍ਰਿੰਸੀਪਲ ਨਛੱਤਰ ਸਿੰਘ, ਲੈਕਚਰਾਰ ਅਵਤਾਰ ਸਿੰਘ, ਮਾਸਟਰ ਮਹਿੰਦਰ ਸਿੰਘ ਸਿੱਧੂ, ਜਸਵੰਤ ਭਾਰਤੀ ਤੇ ਰਣਜੀਤ ਕਮਾਲਪੁਰੀ ਨੇ ਆਪਣੀਆਂ-ਆਪਣੀਆਂ ਗ਼ਜ਼ਲਾਂ ਸੁਣਾ ਕੇ ਮਾਹੌਲ ਨੂੰ ਸਾਹਿਤਕ ਰੰਗ ਚਾੜ੍ਹਿਆ। ਕੈਪਟਨ ਪੂਰਨ ਸਿੰਘ ਗਗੜਾ, ਗੁਰਦੀਪ ਮਣਕੂ, ਮੇਜਰ ਸਿੰਘ ਨੇ 'ਦਿੱਲੀ ਦੀਆਂ ਸੜਕਾਂ' ਤੋਂ ਮੈਂ ਦਾਮਨੀ ਬੋਲਦੀ, ਸਾਂਝੀ ਕਵਿਤਾ ਸੁਣਾ ਕੇ ਔਰਤਾਂ ਦੀ ਤਰਾਸਦੀ ਨੂੰ ਬਿਆਨਿਆ। ਇਸੇ ਤਰ੍ਹਾਂ ਜਸਵੰਤ ਭੰਗਾਣੀਆ, ਟੋਨੀ ਔਲਖ ਨੇ 'ਤੇਰੀ ਏ. ਬੀ. ਸੀ. ਨਾਲੋਂ ਸਾਡਾ ੳ. ਅ. ਦੀ ਚੜ੍ਹਾਈ' ਕਵਿਤਾ ਸੁਣਾਈ, ਗੁਰਮੀਤ ਗਗੜਾ, ਸੂਬੇਦਾਰ ਬਚਿੱਤਰ ਸਿੰਘ ਕਲਿਆਣ 'ਬੱਲੇ ਨੀ ਪੰਜਾਬ ਦੀ ਜਵਾਨੀਏ', ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ ਨੇ 'ਅਮੀਰਾਂ ਦੇ ਅੱਗੇ ਗਰੀਬ ਕੀ ਕਰਨ', ਮੁਨੀਸ਼ ਸਰਗਮ ਨੇ 'ਕੁਝ ਲੋਕ ਯਾਦ ਬਣਕੇ' ਅਤੇ ਸੋਨੂੰ ਮਹਿਰਾ ਨੇ ਵੀ ਆਪਣੀ ਰਚਨਾ ਸੁਣਾ ਕੇ ਰੰਗ ਬੰਨ੍ਹਿਆ। ਸਭ ਤੋਂ ਅਖੀਰ 'ਚ ਲੈਕਚਰਾਰ ਰਾਜਿੰਦਰਪਾਲ ਸ਼ਰਮਾ ਨੇ ਆਪਣੀ ਵਿਅੰਗਮਈ ਰਚਨਾ ਸੁਣਾ ਕੇ ਸਾਥੀਆਂ ਨੂੰ ਹੱਸਣ ਲਈ ਮਜਬੂਰ ਕੀਤਾ। ਸੰਸਥਾ ਦੇ ਸਰਪ੍ਰਸਤ ਕਰਨਲ ਗੁਰਦੀਪ ਸਿੰਘ ਅਤੇ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਨੇ ਸਾਹਿਤਕ ਮਿਲਣੀ ਅਤੇ ਪੁਸਤਕ ਲੋਕ ਅਰਪਣ ਸਮਾਗਮ 'ਚ ਪੁੱਜੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਪ੍ਰਵਾਸੀ ਪੰਜਾਬੀ ਅਰਜਨ ਸਿੰਘ ਅਤੇ ਕੇਸਰ ਸਿੰਘ ਗਰੇਵਾਲ ਦੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਭਾਵਨਾ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਗੀਤਕਾਰ ਸੀਮਾ ਤਲਵੰਡੀ, ਐਡਵੋਕੇਟ ਪਰਲਾਦ ਸਿੰਘ, ਪੱਤਰਕਾਰ ਰਛਪਾਲ ਸਿੰਘ, ਭੁਪਿੰਦਰ ਸਿੰਘ ਮੰਡਿਆਣੀ, ਡਾਕਟਰ ਦਿਲਬਾਗ ਸਿੰਘ, ਮਾਸਟਰ ਅਮਨਦੀਪ ਸਿੰਘ ਅਤੇ ਚਰਨਜੀਤ ਕੌਰ ਗਰੇਵਾਲ ਨੇ ਵੀ ਹਾਜ਼ਰੀ ਲਗਵਾਈ। 

ਜੋਗਿੰਦਰ ਸਿੰਘ

ਸਿੱਕਮ-ਫੁੱਲਾਂ ਜੋਗੀ ਜ਼ਮੀਨ ਰੱਖਣ ਵਾਲਾ ਰਾਜ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਸ ਸੜਕ ਉੱਤੇ ਕਿਸੇ ਵੀ ਕਿਸਮ ਦੇ ਵਾਹਨਾਂ ਦੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਸਾਰੀ ਸੜਕ 'ਤੇ ਕੇਵਲ ਪੈਦਲ ਚੱਲਣ ਦੀ ਪ੍ਰਵਾਨਗੀ ਹੈ। ਇਸ ਸੜਕ ਦਾ ਉਦਘਾਟਨ ਯੋਜਨਾ ਕਮਿਸ਼ਨ ਦੇ ਉਪ-ਚੇਅਰਮੈਨ ਡਾ: ਐਮ. ਐਸ. ਆਹਲੂਵਾਲੀਆ ਨੇ 15 ਮਾਰਚ 2008 ਨੂੰ ਕੀਤਾ ਸੀ। ਇਸ ਉਪਰੰਤ ਸਿੱਕਮ ਆਉਣ ਵਾਲੀਆਂ ਕਈ ਜਾਣੀਆਂ-ਪਹਿਚਾਣੀਆਂ ਸ਼ਖਸੀਅਤਾਂ ਨੇ ਇਸ ਦੀ ਪ੍ਰਸੰਸਾ ਕੀਤੀ ਹੈ ਜਿਨ੍ਹਾਂ ਵਿਚ ਭਾਰਤ ਦੇ ਉਪ-ਰਾਸ਼ਟਰਪਤੀ ਸ੍ਰੀ ਐਮ. ਹਾਮਿਦ ਅਨਸਾਰੀ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪੱਛਮੀ ਬੰਗਾਲ ਦੇ ਗਵਰਨਰ ਸ੍ਰੀ ਐਸ. ਕੇ ਨਰਾਇਣ ਮੁੱਖ ਹਨ। ਉਨ੍ਹਾਂ ਵਿਚੋਂ ਕੁਝ ਮੁੱਖ ਮੰਤਰੀਆਂ ਨੇ ਆਪੋ-ਆਪਣੇ ਸੂਬਿਆਂ ਦੇ ਸ਼ਹਿਰਾਂ ਦਾ ਵਿਕਾਸ ਇਸ ਅਨੁਸਾਰ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਪੁਣੇ ਅਤੇ ਅਹਿਮਦਾਬਾਦ ਦੀਆਂ ਸ਼ਹਿਰੀ ਵਿਕਾਸ ਕਾਰਪੋਰੇਸ਼ਨਾਂ ਨੇ ਇਹ ਮਾਡਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਲੇਹ ਅਤੇ ਲਦਾਖ ਸਰਕਾਰ ਤੋਂ ਵੀ ਸਿੱਕਮ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਸਲਾਹ-ਮਸ਼ਵਰੇ ਲਈ ਸੱਦਾ ਪ੍ਰਾਪਤ ਹੋਇਆ ਹੈ।ਚੰਡੀਗੜ੍ਹ ਸਮੇਤ ਪੰਜਾਬ ਦੇ ਸ਼ਹਿਰਾਂ ਵਿਚ ਵੀ ਅਜਿਹੀ ਵਾਤਾਵਰਨ ਪੱਖੋਂ ਕਾਰਗਰ ਸ਼ਹਿਰੀ ਯੋਜਨਾਬੰਦੀ ਲਾਗੂ ਕਰਨ ਦੀ ਕਾਫੀ ਗੁੰਜਾਇਸ਼ ਅਤੇ ਲੋੜ ਹੈ। ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਲਗਭਗ ਅਜਿਹਾ ਮਾਡਲ ਪਹਿਲਾਂ ਹੀ ਲਾਗੂ ਹੈ। ਸਿੱਕਮ ਦੀ ਤਰਜ਼ 'ਤੇ ਇਸ ਵਿਚ ਕੁਝ ਹੋਰ ਸੁਧਾਰ ਕਰਨ ਲਈ ਅਤੇ ਹੋਰਨਾਂ ਸੈਕਟਰਾਂ ਵਿਚ ਇਸ ਨੂੰ ਲਾਗੂ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਅਤੇ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਸਿੱਕਮ ਸਰਕਾਰ ਨਾਲ ਰਾਬਤਾ ਕਾਇਮ ਕਰਨਾ ਲਾਹੇਵੰਦਾ ਹੋ ਸਕਦਾ ਹੈ। ਚੰਡੀਗੜ੍ਹ ਦੇ ਸੈਕਟਰ 17 ਵਿਚ ਇਸ ਨੂੰ ਲਾਗੂ ਕਰਨ ਦੀਆਂ ਕਾਫੀ ਸੰਭਾਵਨਾਵਾਂ ਹਨ, ਜਿੱਥੇ ਵਾਹਨਾਂ ਦੀ ਬਹੁਤ ਭਰਮਾਰ ਹੈ ਅਤੇ ਟ੍ਰੈਫਿਕ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਸ ਨਾਲ ਇਸ ਸੈਕਟਰ ਨੂੰ ਵਾਹਨ ਮੁਕਤ ਕਰਕੇ ਸਿਰਫ ਪੈਦਲ ਚੱਲਣ ਦੀ ਸੁਵਿਧਾ ਨੂੰ ਲਾਗੂ ਕਰਨ ਨਾਲ ਜਿੱਥੇ ਹਵਾ ਅਤੇ ਸ਼ੋਰ ਪ੍ਰਦੂਸ਼ਨ ਘਟੇਗਾ, ਉੱਥੇ ਟ੍ਰੈਫਿਕ ਸਮੱਸਿਆ ਵੀ ਘਟੇਗੀ। ਇੱਥੇ ਲੀ ਕਾਰਬੂਜੀਅਰ ਦੀ ਮੂਲ ਯੋਜਨਾਬੰਦੀ ਅਨੁਸਾਰ ਸਾਈਕਲ ਦੀ ਸਵਾਰੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਹਰਿਆਵਲ ਪੱਖੋਂ ਚੰਡੀਗੜ੍ਹ ਪਹਿਲਾਂ ਹੀ ਕਾਫੀ ਅਮੀਰ ਹੈ ਪਰ ਇਸ ਦੀ ਦਿਖ ਨੂੰ ਹੋਰ ਨਿਖਾਰਨ ਲਈ ਰਾਊਂਡ ਅਬਾਊਟ ਤੋਂ ਇਲਾਵਾ ਸੜਕਾਂ ਵਿਚਕਾਰ ਲਾਈਟਾਂ ਦੇ ਖੰਭਿਆਂ ਨਾਲ ਖੂਬਸੂਰਤ ਫੁੱਲਾਂ ਦੀਆਂ ਟੋਕਰੀਆਂ ਲਟਕਾਈਆਂ ਜਾ ਸਕਦੀਆਂ ਹਨ। ਸੈਕਟਰ-17 ਨੂੰ ਵਾਹਨਮੁਕਤ ਕਰਨ ਉਪਰੰਤ ਇਸ ਦੀਆਂ ਅੰਦਰੂਨੀ ਸੜਕਾਂ ਨੂੰ ਫੁੱਲਾਂ, ਗਮਲਿਆਂ ਅਤੇ ਬੈਠਣ ਲਈ ਈਕੋ ਫਰੈਂਡਲੀ ਬੈਂਚਾਂ ਨਾਲ ਹੋਰ ਵੀ ਸਜਾਇਆ ਜਾ ਸਕਦਾ ਹੈ। ਚੰਡੀਗੜ੍ਹ ਆਉਣ ਵਾਲਾ ਹਰ ਆਦਮੀ ਸੈਕਟਰ-17 ਜ਼ਰੂਰ ਆਉਂਦਾ ਹੈ। ਇਸ ਲਈ ਇਸ ਨੂੰ ਚੰਡੀਗੜ੍ਹ ਦੇ ਦਿਲ ਵਜੋਂ ਹੋਰ ਸੰਵਾਰਨਾ ਸ਼ਿੰਗਾਰਨਾ ਚਾਹੀਦਾ ਹੈ।

ਇਸੇ ਤਰ੍ਹਾਂ ਪੰਜਾਬ ਵਿਚ ਵੀ ਇਸ ਬਾਰੇ ਕਾਫੀ ਕੁਝ ਹੋ ਸਕਦਾ ਹੈ। ਸਮੁੱਚੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ 'ਅਜੀਤ ਪ੍ਰਕਾਸ਼ਨ ਸਮੂਹ' ਵੱਲੋਂ ਹਰਿਆਵਲ ਲਹਿਰ ਚਲਾਉਣ ਦੀ ਸ਼ਲਾਘਾਯੋਗ ਮੁਹਿੰਮ ਪਿਛਲੇ ਦੋ ਸਾਲਾਂ ਤੋਂ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ। ਵਾਤਾਵਰਨ ਸ਼ੁੱਧ ਕਰਨ ਅਤੇ ਹਰਿਆਵਲ ਵਧਾਉਣ ਸਬੰਧੀ ਰਾਜ ਸਰਕਾਰ ਵੀ ਕਾਫੀ ਸੰਵੇਦਨਸ਼ੀਲ ਹੈ। ਦਰਿਆਵਾਂ ਨੂੰ ਸਵੱਛ ਕਰਨ ਦੇ ਲਾਗੂ ਕੀਤੇ ਪ੍ਰਾਜੈਕਟ ਤੋਂ ਇਲਾਵਾ ਹਾਲ ਹੀ ਵਿਚ ਮਾਨਯੋਗ ਮੁੱਖ ਮੰਤਰੀ ਵੱਲੋਂ ਬਾਇਓ ਡਾਇਵਰਸਿਟੀ ਪ੍ਰਾਜੈਕਟ ਲਈ ਕੇਂਦਰ ਤੋਂ 771 ਕਰੋੜ ਰੁਪਏ ਦੇ ਪੈਕੇਜ ਦੀ ਕੀਤੀ ਮੰਗ ਇਸ ਸਬੰਧੀ ਸੰਜੀਦਗੀ ਦੇ ਪ੍ਰਮਾਣ ਹਨ। ਉਪ-ਮੁੱਖ ਮੰਤਰੀ ਦੇ ਨਿਰੀਖਣ ਵਿਚ ਚਲਾਇਆ ਜਾ ਰਿਹਾ 'ਗਰੀਨਿੰਗ ਪੰਜਾਬ ਮਿਸ਼ਨ' ਵੀ ਇਸੇ ਲੜੀ ਦਾ ਇਕ ਹੋਰ ਅਹਿਮ ਉਪਰਾਲਾ ਹੈ।
ਸਰਕਾਰ ਦੀ 'ਪੰਜਾਬ ਨੂੰ ਹਰਾ-ਭਰਾ ਬਣਾਉਣ ਦੀ ਮੁਹਿੰਮ ਗ੍ਰੀਨਿੰਗ ਪੰਜਾਬ ਮਿਸ਼ਨ' ਨੂੰ ਲਾਗੂ ਕਰਦੇ ਹੋਏ ਸਿੱਕਮ ਦੇ ਤਜਰਬੇ ਤੋਂ ਵੀ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਸਿੱਕਮ ਵਰਗੀ ਸ਼ਹਿਰੀ ਖੇਤਰਾਂ ਵਿਚ ਕੁਦਰਤ ਪੱਖੀ ਸੁੰਦਰੀਕਰਨ ਕਰਨ ਦੀ ਯੋਜਨਾ ਮੁਹਾਲੀ, ਪਟਿਆਲਾ, ਜਲੰਧਰ, ਅੰਮ੍ਰਿਤਸਰ ਸ਼ਹਿਰਾਂ ਤੋਂ ਸ਼ੁਰੂ ਕਰਕੇ ਬਾਕੀ ਸ਼ਹਿਰਾਂ ਨੁੰ ਪੜਾਅਵਾਰ ਕਵਰ ਕੀਤਾ ਜਾ ਸਕਦਾ ਹੈ। ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਨੂੰ ਵੀ ਫਿਰਨੀਆਂ ਉੱਤੇ ਰੁੱਖ, ਫੁੱਲ, ਬੂਟੇ ਲਾ ਕੇ ਕੁਦਰਤੀ ਹਰਿਆਵਲ ਦੇ ਸੁਹੱਪਣ ਦਾ ਜਾਮਾ ਪਹਿਨਾਇਆ ਜਾ ਸਕਦਾ ਹੈ।
ਇਸੇ ਤਰ੍ਹਾਂ ਸਿੱਕਮ ਦੀ ਜੈਵਿਕ ਖੇਤੀ ਦੇ ਅਪਣਾਏ ਜਾ ਰਹੇ ਮਾਡਲ ਨੂੰ ਲਾਗੂ ਕਰਨ ਨਾਲ ਪੰਜਾਬ ਦੀ ਧਰਤੀ, ਪਾਣੀ ਅਤੇ ਆਬੋ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਸਬੰਧੀ ਵੀ ਰਾਜ ਸਰਕਾਰ ਕੇਂਦਰ ਤੋਂ ਫ਼ਸਲੀ ਚੱਕਰ ਬਦਲਣ ਲਈ 5000 ਕਰੋੜ ਦੇ ਪੈਕੇਜ ਦੀ ਮੰਗ ਜ਼ੋਰਦਾਰ ਢੰਗ ਨਾਲ ਪੇਸ਼ ਕਰ ਚੁੱਕੀ ਹੈ। ਇਸ ਯੋਜਨਾਂ ਨੂੰ ਜੈਵਿਕ ਖੇਤੀ ਨਾਲ ਜੋੜਿਆ ਜਾ ਸਕਦਾ ਹੈ।
ਅੰਤ ਵਿਚ ਮੈਂ ਕੁਝ ਚੰਗਾ ਹੋਣ ਦੀ ਆਸ ਰੱਖਦਾ ਹੋਇਆ ਸੁਰਜੀਤ ਪਾਤਰ ਦੇ ਸ਼ਿਅਰ ਨਾਲ ਆਗਿਆ ਮੰਗਦਾ ਹਾਂ:-
ਜੇ ਅਜੇ ਪਤਝੜ ਤਾਂ ਫੇਰ ਕੀ ਏ
ਤੂੰ ਆਉਂਦੀ ਰੁੱਤ ਵਿਚ ਯਕੀਨ ਰੱਖੀਂ,
ਮੈਂ ਲੱਭ ਕੇ ਕਿਤੋਂ ਲਿਆਉਨਾ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ।
(ਸਮਾਪਤ)

ਹਰਵਿੰਦਰ ਸਿੰਘ
ਮੋਬਾਈਲ : 094642-91592

ਸਾਈਬਰ ਸੰਸਾਰ-ਫੌਂਟ ਬਦਲਣ ਲਈ ਬਣਾਓ ਕੀਬੋਰਡ ਸ਼ਾਰਟਕੱਟ

ਕੰਪਿਊਟਰ 'ਤੇ ਫੁਰਤੀ ਨਾਲ ਕੰਮ ਕਰਨ ਦਾ ਇਕ ਸਿੱਕੇਬੰਦ ਤਰੀਕਾ ਹੈ ਕਿ ਮਾਊਸ ਰਾਹੀਂ ਕਮਾਂਡਾਂ ਦੀ ਚੋਣ ਕਰਨ ਦੀ ਬਜਾਏ ਉਨ੍ਹਾਂ ਦੇ ਕੀਬੋਰਡ ਸ਼ਾਰਟਕੱਟ ਦੀ ਵਰਤੋਂ ਕੀਤੀ ਜਾਵੇ। ਆਮ ਤੌਰ 'ਤੇ ਅਸੀਂ ਮੈਟਰ ਨੂੰ ਕੱਟ, ਕਾਪੀ, ਪੇਸਟ ਆਦਿ ਕਰਨ ਦੇ ਕੀਬੋਰਡ ਸ਼ਾਰਟਕੱਟ ਦੀ ਵਰਤੋਂ ਕਰਦੇ ਹਾਂ ਪਰ ਜੇਕਰ ਸਾਨੂੰ ਫੌਂਟ ਬਦਲਣ ਦਾ ਸ਼ਾਰਟਕੱਟ ਵਰਤਣਾ ਪਵੇ ਤਾਂ ਕੀ ਕਰਾਂਗੇ? 
ਦੋਸਤੋ, ਆਮ ਵਰਤੋਂ ਵਾਲੇ ਸ਼ਾਰਟਕੱਟ ਮਾਈਕਰੋਸਾਫ਼ਟ ਵਰਡ ਵਿਚ ਪਹਿਲਾਂ ਤੋਂ ਹੀ ਨਿਰਧਾਰਿਤ ਹਨ। ਫਿਰ ਵੀ ਜੇ ਅਸੀਂ ਆਪਣੀ ਸੁਵਿਧਾ ਅਨੁਸਾਰ ਮਰਜ਼ੀ ਦਾ ਸ਼ਾਰਟਕੱਟ ਬਣਾਉਣਾ ਚਾਹੀਏ ਤਾਂ ਵਰਡ ਵਿਚ ਇਸ ਦੀ ਸਹੂਲਤ ਵੀ ਹੈ। ਮਿਸਾਲ ਵਜੋਂ ਜੇ ਅਸੀਂ ਵਰਡ ਵਿਚ ਅਨਮੋਲ ਫੌਂਟ ਵਿਚ ਟਾਈਪ ਕਰਦਿਆਂ-ਕਰਦਿਆਂ ਅੰਗਰੇਜ਼ੀ ਦਾ ਅੱਖਰ ਪਾਉਣਾ ਚਾਹੁੰਦੇ ਹਾਂ ਤਾਂ ਫੌਂਟ ਬਕਸੇ ਤੋਂ ਅੰਗਰੇਜ਼ੀ ਦਾ ਫੌਂਟ ਟਾਈਮਜ਼ ਨਿਊ ਰੋਮਨ਼ ਜਾਂ ਕੋਈ ਹੋਰ ਚੁਣਾਂਗੇ। ਪਰ ਅਜਿਹਾ ਕਰਨ 'ਤੇ ਸਾਡਾ ਕਾਫ਼ੀ ਸਮਾਂ ਬਰਬਾਦ ਹੋ ਜਾਂਦਾ ਹੈ। ਜੇਕਰ ਅਸੀਂ ਪਹਿਲਾਂ ਤੋਂ ਹੀ ਆਮ ਵਰਤੇ ਜਾਂਦੇ ਫੌਂਟਾਂ ਦਾ ਕੀਬੋਰਡ ਸ਼ਾਰਟਕੱਟ ਬਣਾਇਆ ਹੋਵੇਗਾ ਤਾਂ ਫੌਂਟ ਬਦਲਣਾ ਬਹੁਤ ਆਸਾਨ ਹੋ ਜਾਂਦਾ ਹੈ। ਆਓ ਫੌਂਟ ਬਦਲਣ ਲਈ ਕੀਬੋਰਡ ਸ਼ਾਰਟਕੱਟ ਬਣਾਉਣ ਦਾ ਤਰੀਕਾ ਸਿੱਖੀਏ।
ਸਭ ਤੋਂ ਪਹਿਲਾਂ ਵਰਡ 2007 ਦੀ ਵਿੰਡੋ ਨੂੰ ਖੋਲ੍ਹੋ। ਵਿੰਡੋ ਦੇ ਉੱਪਰ ਖੱਬੇ ਹੱਥ ਨਜ਼ਰ ਆਉਣ ਵਾਲੇ ਆਫ਼ਿਸ ਬਟਨ਼ 'ਤੇ ਕਲਿੱਕ ਕਰੋ। ਹੇਠਾਂ ਨੂੰ ਇਕ ਸੂਚੀ ਖੁੱਲ੍ਹੇਗੀ। ਇੱਥੋਂ ਵਰਡ ਆਪਸ਼ਨ਼ ਦੀ ਚੋਣ ਕਰੋ। ਹੁਣ ਇਕ ਨਵਾਂ ਬਕਸਾ ਖੁੱਲ੍ਹੇਗਾ। ਇਸ ਬਕਸੇ ਦੇ ਸੱਜੇ ਹੱਥ ਬਣੀ ਪੱਟੀ ਵਿਚੋਂ 'ਕਸਟੋਮਾਈਜ਼' ਦੀ ਚੋਣ ਕਰੋ। ਬਕਸੇ ਦੇ ਹੇਠਾਂ ਸੱਜੇ ਹੱਥ ਕੀਬੋਰਡ ਸ਼ਾਰਟਕੱਟ ਦੇ ਸੱਜੇ ਹੱਥ ਇਕ ਹੋਰ ਕਸਟੋਮਾਈਜ਼਼ ਬਟਨ ਨਜ਼ਰ ਆਵੇਗਾ। ਇਸ ਬਟਨ 'ਤੇ ਕਲਿੱਕ ਕਰਕੇ ਅਸੀਂ ਆਪਣਾ ਕੀਬੋਰਡ ਸ਼ਾਰਟਕੱਟ ਬਣਾ ਸਕਦੇ ਹਾਂ। ਇਸ 'ਤੇ ਕਲਿੱਕ ਕਰ ਦਿਓ। ਹੁਣ ਨਵੇਂ ਬਕਸੇ ਦੇ ਖੱਬੇ ਪਾਸੇ ਕੈਟਾਗਰੀਜ਼਼ ਦੇ ਹੇਠੋਂ ਫੌਂਟ ਦੀ ਚੋਣ ਕਰੋ। ਫੌਂਟ਼ 'ਤੇ ਕਲਿੱਕ ਕਰਦਿਆਂ ਸੱਜੇ ਹੱਥ ਸਾਡੇ ਕੰਪਿਊਟਰ ਵਿਚ ਪਏ ਉਨ੍ਹਾਂ ਫੌਂਟਾਂ ਦੀ ਸੂਚੀ ਨਜ਼ਰ ਆਵੇਗੀ, ਜੋ ਉਸ ਵਿਚ ਇੰਸਟਾਲ ਹੋਣਗੇ। ਇੱਥੋਂ ਹੁਣ ਉਸ ਫੌਂਟ ਨੂੰ ਚੁਣੋ ਜਿਸ ਦਾ ਸ਼ਾਰਟਕੱਟ ਬਣਾਉਣਾ ਚਾਹੁੰਦੇ ਹੋ। ਮਿਸਾਲ ਵਜੋਂ ਅਨਮੋਲ ਲਿਪੀ਼ ਫੌਂਟ ਦਾ ਸ਼ਾਰਟਕੱਟ ਬਣਾਉਣ ਲਈ ਸੂਚੀ ਵਿਚੋਂ ਪਹਿਲਾਂ ਅਨਮੋਲ ਲਿਪੀ਼ ਲੱਭ ਕੇ ਚੁਣਿਆ ਜਾਵੇਗਾ। ਇਸ ਉਪਰੰਤ ਪ੍ਰੈੱਸ ਨਿਊ ਸ਼ਾਰਟਕੱਟ ਕੀਅ਼ ਦੇ ਹੇਠਲੇ ਬਕਸੇ ਵਿਚ ਉਸ ਦਾ ਸ਼ਾਰਟਕੱਟ ਟਾਈਪ ਕੀਤਾ ਜਾਵੇਗਾ। ਅਨਮੋਲ ਲਿਪੀ਼ ਲਈ ਅਲਟ+ਏ ਬਟਨਾਂ (Alt+A) ਨੂੰ ਇਕੱਠੇ ਦੱਬ ਕੇ ਸ਼ਾਰਟਕੱਟ ਬਣਾਇਆ ਜਾ ਸਕਦਾ ਹੈ। ਇਸੇ ਪ੍ਰਕਾਰ ਅਸੀਂ ਅਨਮੋਲ ਹਿੰਦੀ਼ ਅਤੇ ਟਾਈਮਜ਼ ਨਿਊ ਰੋਮਨ਼ ਦੇ ਸ਼ਾਰਟਕੱਟ ਬਟਨ ਕ੍ਰਮਵਾਰ ਅਲਟ+ਐਚ (Alt+H) ਅਤੇ ਅਲਟ+ਟੀ (Alt+T) ਨਿਰਧਾਰਿਤ ਕਰ ਸਕਦੇ ਹਾਂ। ਹੁਣ ਨਿਰਧਾਰਿਤ ਖ਼ਾਨੇ ਵਿਚ ਸ਼ਾਰਟਕੱਟ ਭਰਨ ਉਪਰੰਤ ਹੇਠਾਂ ਨਜ਼ਰ ਆਉਣ ਵਾਲੇ ਅਸਾਈਨ਼ (Assign)ਬਟਨ ਉੱਤੇ ਕਲਿੱਕ ਕਰਾਂਗੇ। ਇਸੇ ਤਰ੍ਹਾਂ ਲੋੜ ਅਨੁਸਾਰ ਵਾਰੀ-ਵਾਰੀ ਦੂਸਰੇ ਫੌਂਟਾਂ ਦੇ ਸ਼ਾਰਟਕੱਟ ਵੀ ਬਣਾਏ ਜਾ ਸਕਦੇ ਹਨ। ਹੁਣ ਕਲੋਜ਼ ਅਤੇ ਓ.ਕੇ. ਬਟਨਾਂ 'ਤੇ ਕਲਿੱਕ ਕਰਦਿਆਂ ਵਾਪਸ ਆਵਾਂਗੇ। ਪੰਜਾਬੀ (Alt+A), ਹਿੰਦੀ (Alt+H) ਅਤੇ ਅੰਗਰੇਜ਼ੀ (Alt+T) ਵਿਚ ਟਾਈਪ ਕਰਨ ਲਈ ਨਿਰਧਾਰਿਤ ਕੀਤੇ ਸ਼ਾਰਟਕੱਟ ਬਟਨਾਂ ਦੀ ਵਰਤੋਂ ਦਾ ਅਭਿਆਸ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਵਾਰ-ਵਾਰ ਮਾਊਸ ਪਕੜ ਕੇ ਫਾਰਮੈਟ ਟੂਲ ਬਾਰ਼ ਤੋਂ ਫੌਂਟ ਨਹੀਂ ਬਦਲਣਾ ਪਵੇਗਾ। ਵਰਡ 2003 ਵਿਚ ਕਸਟੋਮਾਈਜ਼਼ ਕਮਾਂਡ ਟੂਲ਼ ਮੀਨੂ ਵਿਚ ਉਪਲਬਧ ਹੁੰਦੀ ਹੈ। ਇਸ ਤੋਂ ਅੱਗੇ ਦਾ ਤਰੀਕਾ ਵਰਡ 2007 ਵਾਂਗ ਹੀ ਹੈ।

ਸੀ. ਪੀ. ਕੰਬੋਜ
punjabicomputer@ymail.com

 

ਪ੍ਰੇਰਨਾਦਾਇਕ ਲੇਖ-ਪਰਾਈ ਆਸ ਕਰੇ ਨਿਰਾਸ਼

ਫਰੀਦਾ ਬਾਰਿ ਪਰਾਇਐ ਬੈਸਣਾ ਸਾਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥
ਪੰਜਾਬੀ ਵਿਚ ਕਹਾਵਤ ਹੈ, 'ਮੰਗਵਾਂ ਗਹਿਣਾ ਪਾਇਆ, ਆਪਣਾ ਰੂਪ ਗਵਾਇਆ।' ਇਸੇ ਤਰ੍ਹਾਂ ਪਰਾਈ ਆਸ ਰੱਖਣ ਵਾਲੇ ਮਨੁੱਖ ਕਦੇ ਵੀ ਧੋਖਾ ਖਾ ਸਕਦੇ ਹਨ। ਉਨ੍ਹਾਂ ਦੇ ਦੋਸਤ-ਮਿੱਤਰ ਕਦੇ ਵੀ ਉਨ੍ਹਾਂ ਦਾ ਸਾਥ ਛੱਡ ਸਕਦੇ ਹਨ। ਹਮੇਸ਼ਾ ਆਪਣੇ ਬਾਹੂ-ਬਲ ਅਤੇ ਆਤਮਿਕ ਸ਼ਕਤੀ 'ਤੇ ਹੀ ਯਕੀਨ ਰੱਖੋ। ਆਪਣੀ ਸ਼ਕਤੀ ਤੁਹਾਨੂੰ ਕਦੀ ਧੋਖਾ ਨਹੀਂ ਦੇਵੇਗੀ। ਉਹ ਲੋਕ ਬਹੁਤ ਸੁਖੀ ਰਹਿੰਦੇ ਹਨ, ਜੋ ਕਦੀ ਪਰਾਈ ਆਸ ਨਹੀਂ ਰੱਖਦੇ।
ਅਸੀਂ ਕਈ ਵਾਰ ਆਪਣੇ ਛੋਟੇ-ਛੋਟੇ ਨਿੱਜੀ ਕੰਮਾਂ ਲਈ ਵੀ ਦੂਸਰਿਆਂ 'ਤੇ ਨਿਰਭਰ ਰਹਿਣ ਲੱਗ ਪੈਂਦੇ ਹਾਂ। ਜਿਵੇਂ ਆਪਣੇ ਸਥਾਨ 'ਤੇ ਬੈਠੇ ਬਿਠਾਏ ਹੀ ਪਰਿਵਾਰ ਦੇ ਦੂਸਰੇ ਜੀਅ ਨੂੰ ਕਹਿੰਦੇ ਹਾਂ... ਮੈਨੂੰ ਪਾਣੀ ਦਾ ਇਕ ਗਲਾਸ ਦਈਂ... ਐਹ ਮੇਰੇ ਜੂਠੇ ਬਰਤਨ ਜ਼ਰਾ ਰਸੋਈ ਵਿਚ ਰੱਖ ਆ... ਜ਼ਰਾ ਮੇਰਾ ਪੱਖਾ ਚਲਾ ਦੇ... ਪੱਖਾ ਹੌਲੀ ਕਰ ਦੇ... ਜ਼ਰਾ ਮੇਰੀ ਲਾਈਟ ਜਗਾ ਦੇ... ਲਾਈਟ ਬੰਦ ਕਰ ਦੇ... ਉਹ ਜ਼ਰਾ ਮੇਰੀ ਐਨਕ ਫੜਾਈਂ... ਬਾਹਰੋਂ ਜ਼ਰਾ ਮੇਰਾ ਤੌਲੀਆ ਲਿਆ ਦਈਂ ਆਦਿ। ਇਹ ਗੱਲਾਂ ਬਹੁਤੀਆਂ ਚੰਗੀਆਂ ਨਹੀਂ। ਸਾਨੂੰ ਆਪਣੇ ਇਸ ਤਰ੍ਹਾਂ ਦੇ ਛੋਟੇ-ਛੋਟੇ ਕੰਮ ਆਪ ਕਰਨੇ ਚਾਹੀਦੇ ਹਨ। ਦੂਸਰੇ ਨੂੰ ਇਹ ਕੰਮ ਕਹਿਣੇ ਚੰਗਾ ਨਹੀਂ ਲੱਗਦਾ। ਇਸ ਨਾਲ ਅਸੀਂ ਆਲਸੀ ਬਣਦੇ ਹਾਂ। ਦੂਸਰਿਆਂ 'ਤੇ ਨਿਰਭਰ ਰਹਿਣ ਦੀ ਸਾਡੀ ਆਦਤ ਬਣ ਜਾਂਦੀ ਹੈ। ਸ਼ਾਇਦ ਦੂਸਰੇ ਜੀਅ ਇਸ ਨੂੰ ਪਸੰਦ ਨਾ ਕਰਦੇ ਹੋਣ। ਬੇਸ਼ੱਕ ਉਮਰੋਂ ਛੋਟੇ ਹੋਣ ਕਰਕੇ ਉਹ ਸਾਨੂੰ ਕੁਝ ਨਾ ਕਹਿਣ ਪਰ ਹੌਲੀ-ਹੌਲੀ ਉਹ ਸਾਡੇ ਆਦੇਸ਼ਾਂ ਨੂੰ ਅਣਗੌਲਿਆ ਕਰਨ ਲੱਗ ਪੈਂਦੇ ਹਨ। ਇਸ ਨਾਲ ਸਾਡੇ ਮਨ ਨੂੰ ਠੇਸ ਪਹੁੰਚਦੀ ਹੈ। ਚੰਗਾ ਇਹ ਹੀ ਹੈ ਕਿ ਦੂਸਰਿਆਂ 'ਤੇ ਨਿਰਭਰ ਰਹਿਣ ਦੀ ਆਦਤ ਨਾ ਹੀ ਪਾਈ ਜਾਵੇ ਅਤੇ ਸਾਰੇ ਅਜਿਹੇ ਆਪਣੇ ਛੋਟੇ-ਛੋਟੇ ਕੰਮ ਆਪ ਹੀ ਕੀਤੇ ਜਾਣ। ਇਸ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਦੂਸਰਿਆਂ ਨੂੰ ਵੀ ਬੁਰਾ ਨਹੀਂ ਲੱਗਦਾ। ਆਪਣੀ ਹਰ ਇਕ ਚੀਜ਼ ਥਾਂ ਟਿਕਾਣੇ ਰੱਖਣੀ ਚਾਹੀਦੀ ਹੈ, ਤਾਂ ਕਿ ਜ਼ਰੂਰਤ ਵੇਲੇ ਸੌਖਿਆਂ ਹੀ ਮਿਲ ਜਾਵੇ ਅਤੇ ਘਰ ਵਿਚ ਬਹੁਤਾ ਰੌਲਾ-ਰੱਪਾ ਹੀ ਨਾ ਪਵੇ।

ਕਈ ਵਾਰ ਸਮੇਂ ਸਿਰ ਸਹੀ ਦਿਸ਼ਾ ਵਿਚ ਪੁੱਟਿਆ ਹੋਇਆ ਕਦਮ ਬੰਦੇ ਨੂੰ ਸਦਾ ਲਈ ਅਮਰ ਕਰ ਦਿੰਦਾ ਹੈ। ਸਾਨੂੰ ਨਿਰੰਤਰ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਫ਼ਲ ਬਾਰੇ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਫ਼ਲ ਪ੍ਰਮਾਤਮਾ ਨੇ ਦੇਣਾ ਹੈ। ਜਦ ਸਾਡੇ ਕੰਮ ਵਿਚ ਪ੍ਰਪੱਕਤਾ ਆ ਜਾਵੇਗੀ ਤਾਂ ਸਾਨੂੰ ਫ਼ਲ ਮਿਲਣਾ ਹੀ ਮਿਲਣਾ ਹੈ। ਕੁਦਰਤ ਵੀ ਹਮੇਸ਼ਾ ਉਨ੍ਹਾਂ ਲੋਕਾਂ ਦਾ ਹੀ ਸਾਥ ਦਿੰਦੀ ਹੈ, ਜੋ ਆਪ ਹਿੰਮਤ ਕਰਕੇ ਅੱਗੇ ਵਧਦੇ ਹਨ। ਜ਼ਿੰਦਗੀ ਦੀ ਜੰਗ ਹਮੇਸ਼ਾ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਹੀ ਜਿੱਤੀ ਜਾਂਦੀ ਹੈ। ਬੁਜਦਿਲਾਂ ਦਾ ਤਾਂ ਰੱਬ ਵੀ ਕਦੇ ਸਾਥ ਨਹੀਂ ਦਿੰਦਾ। ਇਕ ਵਾਰੀ ਇਕ ਛੋਟੇ ਜਿਹੇ ਦੇਸ਼ 'ਤੇ ਗੁਆਂਢੀ ਮੁਲਕ ਨੇ ਹਮਲਾ ਕਰ ਦਿੱਤਾ। ਛੋਟੇ ਮੁਲਕ ਕੋਲ ਫੌਜ ਅਤੇ ਸਾਧਨ ਥੋੜ੍ਹੇ ਸਨ ਪਰ ਦਲੇਰੀ ਬਹੁਤ ਸੀ। ਕਈ ਦਿਨ ਜੰਗ ਚੱਲੀ ਪਰ ਸਿੱਟਾ ਕੁਝ ਨਾ ਨਿਕਲਿਆ। ਦੋਵੇਂ ਫੌਜਾਂ ਥੱਕ ਕੇ ਚੂਰ ਹੋ ਗਈਆਂ। ਹੋਰ ਨਹੀਂ ਸੀ ਲੜਿਆ ਜਾਂਦਾ। ਛੋਟੇ ਦੇਸ਼ ਦੇ ਫੌਜੀਆਂ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਸਾਨੂੰ ਆਤਮ-ਸਮਰਪਣ ਕਰ ਦੇਣਾ ਚਾਹੀਦਾ ਹੈ। ਅਸੀਂ ਐਡੇ ਵੱਡੇ ਦੇਸ਼ ਤੋਂ ਕਦੀ ਵੀ ਨਹੀਂ ਜਿੱਤ ਸਕਦੇ। ਰਾਜੇ ਨੇ ਸਭ ਦੇ ਸਾਹਮਣੇ ਸਿੱਕਾ ਉਛਾਲਿਆ। ਸਿੱਕਾ ਜਿੱਤ ਦਾ ਆਇਆ। ਰਾਜਾ ਇਕ ਦਮ ਉੱਛਲ ਪਿਆ...ਸਾਡੀ ਕਿਸਮਤ ਵਿਚ ਤਾਂ ਜਿੱਤ ਲਿਖੀ ਹੈ... ਫਿਰ ਅਸੀਂ ਦੁਸ਼ਮਣ ਤੋਂ ਕਿਉਂ ਹਾਰ ਮੰਨੀਏ? ਅਸੀਂ ਲੜਾਂਗੇ ਅਤੇ ਜਿੱਤਾਂਗੇ। ਇਸ ਨਾਲ ਉਸ ਦੇ ਸਾਰੇ ਸੈਨਿਕਾਂ ਵਿਚ ਇਕ ਨਵਾਂ ਜੋਸ਼ ਭਰ ਗਿਆ। ਉਹ ਅਗਲੇ ਦਿਨ ਦੁੱਗਣੇ ਜੋਸ਼ ਨਾਲ ਲੜੇ ਅਤੇ ਜੰਗ ਜਿੱਤ ਗਏ।

ਆਪਣੇ ਸਰੀਰ ਦੁਆਰਾ ਨਾ ਕੇਵਲ ਆਪਣੇ ਰੋਜ਼ਾਨਾ ਦੇ ਕੰਮ ਪੂਰੇ ਕਰਨੇ ਚਾਹੀਦੇ ਹਨ, ਸਗੋਂ ਲੋਕ ਸੇਵਾ ਵੀ ਕਰਨੀ ਚਾਹੀਦੀ ਹੈ। ਸੇਵਾ ਨਾਲ ਮਨ ਵਿਚ ਨਿਮਰਤਾ ਅਤੇ ਸ਼ਾਂਤੀ ਆਉਂਦੀ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਕਾਬੂ ਵਿਚ ਰਹਿੰਦੇ ਹਨ। ਇਸ ਲਈ ਗਰੀਬ ਗੁਰਬੇ, ਲੋੜਵੰਦ, ਮੁਥਾਜ, ਬਿਮਾਰ ਅਤੇ ਜ਼ਰੂਰਤਮੰਦ ਦੀ ਮਦਦ ਕਰਨੀ ਚਾਹੀਦੀ ਹੈ। ਸੇਵਾ ਨਿਰਸੁਆਰਥ ਹੋਣੀ ਚਾਹੀਦੀ ਹੈ। ਗੁਰਬਾਣੀ ਵਿਚ ਵੀ ਸੇਵਾ ਦਾ ਇਕ ਖਾਸ ਸਥਾਨ ਹੈ। ਜਿਵੇਂ:
ਵਿਣ ਸੇਵਾ ਧ੍ਰਿਗੁ ਹਥ ਪੈਰ
ਹੋਰ ਨਿਹਫ਼ਲ ਕਰਣੀ॥
ਜਾਂ
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ॥
ਸੇਵਾ ਦੀ ਬਹੁਤ ਮਹੱਤਤਾ ਹੈ। ਜੇ ਅਸੀਂ ਆਪਣੇ ਛੋਟੇ-ਛੋਟੇ ਕੰਮ ਹੀ ਹੋਰਨਾਂ ਤੋਂ ਕਰਵਾਉਣ ਲੱਗ ਪਏ ਤਾਂ ਫਿਰ ਦੂਜਿਆਂ ਦੀ ਸੇਵਾ ਕਿਵੇਂ ਕਰਾਂਗੇ?
ਕਈ ਲੋਕ ਕੰਮ ਕਰਨ ਦੀਆਂ ਵੱਡੀਆਂ-ਵੱਡੀਆਂ ਡੀਂਗਾਂ ਮਾਰਦੇ ਹਨ ਪਰ ਹੱਥ ਪੈਰ ਹਿਲਾ ਕੇ ਆਪਣੀਆਂ ਸਕੀਮਾਂ ਨੂੰ ਕਦੀ ਅਮਲੀ ਰੂਪ ਨਹੀਂ ਦਿੰਦੇ। ਸੋਚ ਭਾਵੇਂ ਕਿੱਡੀ ਵੀ ਉੱਚੀ ਕਿਉਂ ਨਾ ਹੋਵੇ ਜੇ ਉਸਨੂੰ ਅਮਲ ਵਿਚ ਨਾ ਲਿਆਂਦਾ ਜਾਵੇ ਤਾਂ ਉਸ ਦਾ ਕੋਈ ਫਾਇਦਾ ਨਹੀਂ। ਕਈ ਲੋਕ ਗੱਲਾਂ ਨਾਲ ਅਸਮਾਨ ਦੇ ਤਾਰੇ ਤੋੜ ਲਿਆਉਣ ਦੀਆਂ ਫੜਾਂ ਮਾਰਦੇ ਹਨ ਪਰ ਲੋੜ ਪੈਣ 'ਤੇ ਉਨ੍ਹਾਂ ਕੋਲੋਂ ਇਕ ਮੱਖੀ ਵੀ ਨਹੀਂ ਮਾਰੀ ਜਾਂਦੀ। ਕਈ ਨੌਜੁਆਨ ਸਿਹਤ ਬਣਾਉਣ ਲਈ ਰੋਜ਼ ਯੋਗਾ ਕਰਦੇ ਹਨ ਜਾਂ ਜਿਮ 'ਤੇ ਜਾ ਕੇ ਪੈਸੇ ਦੇ ਕੇ ਕਸਰਤ ਕਰਦੇ ਹਨ ਪਰ ਘਰ ਦੇ ਕੰਮ ਲਈ ਦੋ ਕਦਮ ਵੀ ਤੁਰਨਾ ਪਵੇ ਤਾਂ ਉਨ੍ਹਾਂ ਕੋਲੋਂ ਕਾਰ ਜਾਂ ਮੋਟਰਸਾਈਕਲ ਤੋਂ ਬਿਨਾਂ ਬਾਹਰ ਕਦਮ ਵੀ ਨਹੀਂ ਰੱਖਿਆ ਜਾਂਦਾ।
(ਬਾਕੀ ਅਗਲੇ ਐਤਵਾਰ)

ਗੁਰਸ਼ਰਨ ਸਿੰਘ ਕੁਮਾਰ
1183, ਫੇਜ਼-10, ਮੁਹਾਲੀ।
ਮੋਬਾਈਲ : 094631-89432
email:- gursharan1183@yahoo.in

ਡਾ: ਐਮ. ਐਸ. ਰੰਧਾਵਾ ਫਲਾਵਰ ਸ਼ੋਅ ਦੀਆਂ ਝਲਕੀਆਂ

21 ਤੇ 22 ਫਰਵਰੀ ਨੂੰ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ 'ਫੁੱਲ ਬੂਟੇ ਮੇਲਾ' (ਫਲਾਵਰ ਸ਼ੋਅ) ਖੂਬ ਭਰਿਆ। ਗਮਲਿਆਂ 'ਚ ਲੱਗੇ 'ਮਿਸਾਲੀ' ਪੱਕੇ ਬੂਟੇ (ਪਰਮਾਨੈਂਟ ਪਲਾਂਟਜ਼) ਅਤੇ 'ਕੱਚੇ ਬੂਟੇ' ਯਾਨਿ 'ਸੀਜ਼ਨਲ ਪਲਾਂਟਸ', 'ਗੁਲਦਾਨਾਂ' ਵਿਚ ਲੱਗਣ ਵਾਲੇ 'ਕਟ ਫਲਾਵਰ' ਆਦਿ ਆਮ ਅਤੇ ਖਾਸ ਸਭ ਸ਼ਹਿਰੀਆਂ ਅਤੇ ਸਕੂਲੀ ਬੱਚਿਆਂ ਆਦਿ ਨੇ ਮੁਕਾਬਲੇ ਲਈ ਪ੍ਰਦਰਸ਼ਿਤ ਕੀਤੇ। ਡਾ: ਕੁਸ਼ਲ ਸਿੰਘ, ਮੁਖੀ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਅਨੁਸਾਰ ਪਿਛਲੇ ਵਰ੍ਹੇ ਨਾਲੋਂ ਇਸ ਵਾਰ ਕੋਈ ਪੰਜ ਸੌ ਐਂਟਰੀਆਂ ਵਧ ਆਈਆਂ। ਮੇਲਾ ਪ੍ਰਬੰਧਕਾਂ ਨੇ 'ਵਧੀਆ', 'ਸਰਬੋਤਮ' ਐਂਟਰੀਆਂ ਨੂੰ 'ਦਿਲ ਖੋਲ੍ਹ' ਇਨਾਮਾਂ ਨਾਲ ਨਿਵਾਜਿਆ। ਪ੍ਰਤੀਯੋਗੀਆਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਤਿੰਨ ਸੌ ਟਰਾਫੀਆਂ ਦਿੱਤੀਆਂ ਗਈਆਂ।ਮੁਖੀ, ਫਲੋਕੀਰਲਚਰ ਵਿਭਾਗ ਅਨੁਸਾਰ ਇਸ ਮੌਕੇ 'ਤੇ ਇਕ ਗਲੈਡੀਓਲਸ ਦੀ ਨਵੀਂ ਕਿਸਮ (PAU GLAD-1) ਅਤੇ ਪੈਨਜ਼ੀ ਦੀਆਂ ਦੋ ਨਵੀਆਂ ਕਿਸਮਾਂ ਰਿਲੀਜ਼ ਕੀਤੀਆਂ ਗਈਆਂ। 'ਅਜੀਤ' ਦੇ ਦੇਸ਼-ਵਿਦੇਸ਼ ਵਿਚ ਬੈਠੇ ਪਾਠਕਾਂ ਲਈ 'ਫੁੱਲ ਮੇਲੇ' ਦੀਆਂ ਕੁਝ ਝਲਕੀਆਂ ਪੇਸ਼ ਹਨ।

ਸੁਰਿੰਦਰਪਾਲ ਸਿੰਘ ਦੁਸਾਂਝ
ਈਮੇਲ : dosanjps@yahoo.com
ਬਾਗ਼-ਬਗੀਚਾ

ਘੰਟੀ ਵੇਲ

ਤਸਵੀਰ ਵਿਚ ਨਜ਼ਰੀਂ ਪੈ ਰਹੇ ਖੂਬਸੂਰਤ ਫੁੱਲ 'ਘੰਟੀ ਵੇਲ' ਨਾਮੀ ਵੇਲ ਉਪਰ ਵਿਖਾਈ ਦਿੰਦੇ ਹਨ। ਜ਼ਾਹਿਰ ਹੈ ਕਿ ਫੁੱਲਾਂ ਦੀ ਦਿਖ ਘੰਟੀਨੁਮਾ ਹੋਣ ਕਰਕੇ ਲੋਕ ਇਸ ਨੂੰ ਘੰਟੀ ਵੇਲ ਦੇ ਨਾਂਅ ਨਾਲ ਸੱਦਦੇ ਹਨ। ਵਿਸ਼ਵ ਦੇ ਹੋਰਨਾਂ ਇਲਾਕਿਆਂ ਵਿਚ ਇਸ ਨੂੰ 'ਪੈਰਟ ਬੀਕ' ਅਤੇ 'ਬਧਾਰਾ' ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਗਰਮੀ ਦੇ ਦਿਨਾਂ 'ਚ ਖਿੜਣ ਵਾਲੀ ਇਸ ਵੇਲ ਨੂੰ ਛਤਰੀਨੁਮਾ ਲੋਹੇ ਦੇ ਢਾਂਚਿਆਂ ਉਪਰ ਬਾਖੂਬੀ ਚੜ੍ਹਾਇਆ ਜਾ ਸਕਦਾ ਹੈ। ਘੰਟੀਆਂ ਵਰਗੇ ਇਹ ਹੁਸੀਨ ਫੁੱਲ ਅਕਸਰ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ।

-ਬਲਵਿੰਦਰ ਸਿੰਘ ਲੱਖੇਵਾਲੀ
ਮੋਬਾਈਲ : 98142-39041.

ਨੌਜਵਾਨ ਪੀੜ੍ਹੀ ਨੂੰ ਦਿਸ਼ਾਹੀਣ ਕਰ ਰਹੀ ਹੈ ਲੱਚਰ ਗਾਇਕੀ

ਯਾਰ ਤੇਰਾ ਨਸ਼ੇ ਵਿਚ ਟੁੰਨ ਹੋ ਗਿਆ
ਫੜ੍ਹ ਕੇ ਗੱਡੀ 'ਚ ਬੈਠਾ ਲਾ ਗੋਰੀਏ।
-0-
ਬੈਠਾ ਕੋਕ 'ਚ ਮਿਲਾਕੇ ਮੁੰਡਾ ਪੀਵੇ ਵਿਸਕੀ
ਜਦੋਂ ਹੀ ਟੀ. ਵੀ. ਦਾ ਰਿਮੋਟ ਦਬਾਈਏ ਤਾਂ ਪੰਜਾਬੀ ਚੈਨਲਾਂ 'ਤੇ ਅਜਿਹੇ ਕਈ ਗੀਤ ਸਾਨੂੰ ਸੁਣਨ ਨੂੰ ਮਿਲਦੇ ਹਨ। ਪੰਜਾਬ ਦੇ ਅਲਬੇਲੇ ਗੱਭਰੂ ਇਨ੍ਹਾਂ ਗੀਤਾਂ ਦੀ ਬਦੌਲਤ ਨਸ਼ੇ ਦੇ ਦਰਿਆ ਵਿਚ ਡੁੱਬਦੇ ਜਾ ਰਹੇ ਹਨ। ਸਾਡੇ ਲਈ ਇਹ ਬੜੀ ਮਾੜੀ ਗੱਲ ਹੈ ਕਿ ਅੱਜ ਪੰਜਾਬ ਦੇ ਹਰੇਕ ਪਿੰਡ ਵਿਚ 5-7 ਗੱਭਰੂ ਨਸ਼ਈ ਜ਼ਰੂਰ ਮਿਲਣਗੇ। ਭੰਗ, ਪੋਸਤ, ਜਰਦਾ, ਬੀੜੀ ਤਾਂ ਬੀਤੇ ਦੀਆਂ ਗੱਲਾਂ ਹੋ ਗਈਆਂ, ਹੁਣ ਪੰਜਾਬੀ ਮੁੰਡੇ ਸ਼ਰਾਬ ਨੂੰ ਲੱਸੀ ਦੀ ਤਰ੍ਹਾਂ ਪੀ ਕੇ 'ਸਿਹਤ' ਬਣਾਉਣ ਲੱਗ ਗਏ ਨੇ। ਗੱਲ ਸ਼ਰਾਬ ਤੋਂ ਅੱਗੇ ਜਾ ਕੇ ਸਮੈਕ ਤੱਕ ਪਹੁੰਚ ਗਈ ਹੈ। ਪੰਜਾਬ ਦੇ, ਖਾਸ ਕਰਕੇ ਪਿੰਡਾਂ ਦੇ ਮੁੰਡਿਆਂ ਦੇ ਹੱਡਾਂ 'ਚ ਸਮੈਕ ਨੇ ਆਪਣਾ ਡੇਰਾ ਲਾ ਲਿਆ ਹੈ। ਅਸੀਂ ਕਿਧਰ ਨੂੰ ਜਾ ਰਹੇ ਹਾਂ? ਪੰਜਾਬ ਦੇ ਨੌਜਵਾਨ ਆਪਣੀ ਅਮੁੱਲ ਜਵਾਨੀ ਨੂੰ ਆਪਣੇ ਹੱਥੋਂ ਗਵਾ ਰਹੇ ਹਨ। ਪੰਜਾਬੀ ਗੀਤਕਾਰ ਤੇ ਗਾਇਕ ਨਸ਼ੇ ਨੂੰ ਮੀਡੀਏ ਰਾਹੀਂ ਪ੍ਰਚਾਰ ਕੇ ਆਪਣੇ ਹੀ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਸਾਡਾ ਦੁਖਾਂਤ ਇਹ ਹੈ ਕਿ ਹੁਣ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ। ਇਸ ਕੰਮ ਵਿਚ ਉਹ ਮਰਦ ਦੇ 'ਮੋਢੇ ਨਾਲ ਮੋਢਾ' ਜੋੜ ਰਹੀਆਂ ਦਿਖਾਈ ਦਿੰਦੀਆਂ ਹਨ।

ਏਨਾ ਵੀ ਡੋਪ-ਸ਼ੋਪ ਨਾ ਮਾਰਿਆ ਕਰੋ
ਕੁੜੀਆਂ ਦਾ ਨਸ਼ੇ ਵੱਲ ਵਧ ਰਿਹਾ ਰੁਝਾਨ ਸਾਡੇ ਸਮਾਜ ਦੀਆਂ ਜੜ੍ਹਾਂ ਹਿਲਾ ਦੇਵੇਗਾ। ਔਰਤ ਪਰਿਵਾਰ ਦੀ ਚੂਲ ਹੈ। ਮਾਂ ਅਤੇ ਪਤਨੀ ਦੇ ਰੂਪ ਵਿਚ ਉਹੀ ਜੀਵਨ ਨੂੰ ਸਹੀ ਦਿਸ਼ਾ-ਨਿਰਦੇਸ਼ ਦਿੰਦੀ ਹੈ। ਔਰਤ ਵੱਲੋਂ ਖੁੱਲ੍ਹੇਆਮ ਪਰਿਵਾਰਕ ਮਰਯਾਦਾ ਭੰਗ ਕਰਨੀ ਬੜੀ ਘਾਤਕ ਹੋਵੇਗੀ। ਮਾਂ ਆਪਣੇ ਪੁੱਤਰ ਨੂੰ ਨਸ਼ਾ ਕਰਨ ਤੋਂ ਰੋਕਦੀ ਹੈ ਤੇ ਪਤਨੀ ਆਪਣੇ ਪਤੀ ਨੂੰ। ਪਰ ਜੇ ਉਹ ਖੁਦ ਹੀ ਕੁਰਾਹੇ ਪੈ ਗਈ ਤਾਂ ਸਾਡਾ ਸਮਾਜਿਕ ਢਾਂਚਾ ਹੀ ਡਾਵਾਂ-ਡੋਲ ਹੋ ਜਾਵੇਗਾ। ਮੀਡੀਏ ਰਾਹੀਂ ਔਰਤ ਦਾ ਇਹ ਰੂਪ ਚਿਤਰਣਾ ਉਸ ਨੂੰ 'ਦੇਵੀ' ਤੋਂ 'ਦੈਂਤਣੀ' ਦੇ ਰੂਪ ਵਿਚ ਬਦਲਣ ਦਾ ਕੋਝ-ਭਰਪੂਰ ਕਦਮ ਹੈ। ਇਸ (ਨਸ਼ੇ ਪ੍ਰਤੀ) ਕੰਮ ਲਈ ਔਰਤ ਨੂੰ ਉਕਸਾਉਣ ਦਾ ਅਰਥ ਹੈ ਕਿ ਅਸੀਂ ਆਪਣੀਆਂ ਮਾਵਾਂ, ਧੀਆਂ, ਭੈਣਾਂ ਨੂੰ ਗ਼ਲਤ ਕਦਮ ਪੁੱਟਣ ਦੀ ਹੱਲਾਸ਼ੇਰੀ ਦਿੰਦੇ ਹਾਂ ਤੇ ਇਹ ਸਾਬਤ ਕਰਦੇ ਹਾਂ ਕਿ ਜੇਕਰ ਔਰਤ (ਰੱਬ ਤੋਂ ਬਾਅਦ) ਸਮਾਜ ਦੀ ਸਿਰਜਨਾ ਕਰ ਸਕਦੀ ਹੈ ਤਾਂ ਵਿਨਾਸ਼ ਵੀ ਕਰ ਸਕਦੀ ਹੈ। ਅਜਿਹੇ ਗੀਤ ਲਿਖਣ ਵਾਲੇ ਗੀਤਕਾਰ, ਕੀ ਸਮਾਜ ਵਿਚ ਔਰਤ ਦਾ ਬਿੰਬ ਵਿਗਾੜਨਾ ਚਾਹੁੰਦੇ ਹਨ? ਜਾਂ ਫਿਰ ਸਸਤੀ ਸ਼ੋਹਰਤ ਦੀ ਲੋਚਾ ਲਈ ਅਜਿਹਾ ਕਰਦੇ ਹਨ। ਜੇਕਰ ਅਸੀਂ ਉਪਰੋਕਤ ਸੋਚ ਦੇ ਧਾਰਨੀ ਹਾਂ ਤਾਂ ਸਾਡੇ ਆਪਣੇ ਹੱਥੀਂ ਹੀ ਸਾਡੇ ਵਿਰਸੇ ਦੀਆਂ ਵਿਲੱਖਣ ਕਦਰਾਂ-ਕੀਮਤਾਂ ਦਮ ਤੋੜ ਲੈਣਗੀਆਂ।
ਪੰਜਾਬੀ ਗਾਇਕੀ ਨੇ ਦੂਜਾ ਮਾਰੂ ਪ੍ਰਭਾਵ ਜਿਹੜਾ ਨੌਜਵਾਨ ਪੀੜ੍ਹੀ 'ਤੇ ਪਾਇਆ ਹੈ, ਉਹ ਹੈ ਇਸ਼ਕ ਮਜਾਜ਼ੀ। ਨੌਜਵਾਨ ਮੁੰਡੇ-ਕੁੜੀਆਂ ਵਿਚ ਇਸ਼ਕ ਦਾ ਸੱਚਾ-ਸੁੱਚਾ ਤੇ ਉੱਚਾ ਸੰਕਲਪ ਕੋਈ ਮਾਇਨਾ ਨਹੀਂ ਰੱਖਦਾ ਸਗੋਂ ਇਹ ਇਸ਼ਕ ਵਕਤੀ ਹੈ, ਸਮਾਂ ਬਿਤਾਉਣ ਦਾ ਸਾਧਨ ਹੈ। ਪੂੰਜੀਵਾਦੀ ਨਿਜ਼ਾਮ ਵਿਚ ਇਸ਼ਕ ਪੈਸਾ ਪ੍ਰਧਾਨ ਹੋ ਕੇ ਰਹਿ ਗਿਆ ਹੈ।

ਮਿੱਤਰਾਂ ਨੂੰ ਤੂੰ ਲੁੱਟਦੀ
ਅਸੀਂ ਲੁੱਟਦੇ ਆਂ ਆਪਣਾ ਬਾਪੂ।
ਇਥੇ ਜਿਹੜਾ ਮਸਲਾ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਸਪੱਸ਼ਟ ਹੈ ਕਿ ਕੁੜੀਆਂ ਆਪਣੇ ਨਿੱਜੀ ਤੇ ਨਾਜਾਇਜ਼ ਸੁਆਰਥਾਂ ਦੀ ਪੂਰਤੀ ਲਈ ਜਾਣ-ਬੁੱਝ ਕੇ ਵਧਾਈ ਐਸ਼-ਇਸ਼ਰਤ ਨੂੰ ਆਪਣੇ ਬੁਆਏ ਫਰੈਂਡਸ ਦੀਆਂ ਜੇਬਾਂ ਤੋਂ ਪੂਰਾ ਕਰਦੀਆਂ ਹਨ। ਇਥੇ ਦੁਖਾਂਤ ਇਹ ਹੈ ਕਿ ਔਰਤ ਬਾਜ਼ਾਰੂ ਹੀ ਦਿਖਾਈ ਦਿੰਦੀ ਹੈ। ਔਰਤ ਦੇ ਆਚਰਣ 'ਤੇ ਇਥੇ ਪ੍ਰਸ਼ਨ-ਚਿੰਨ੍ਹ ਲਗਦਾ ਹੈ ਕਿ ਉਹ ਪੂੰਜੀ ਦੀ ਪ੍ਰਾਪਤੀ ਲਈ, ਆਪਣੀਆਂ ਨਾਜਾਇਜ਼ ਲੋੜਾਂ ਦੀ ਪੂਰਤੀ ਲਈ ਹਰ ਨਾਜਾਇਜ਼ ਹੱਥ-ਕੰਡਾ ਵਰਤ ਸਕਦੀ ਹੈ। ਕੀ ਸਾਡੀ ਮਾਨਸਿਕਤਾ ਔਰਤ ਦੇ ਇਸ ਬਿੰਬ ਨੂੰ ਪ੍ਰਵਾਨ ਕਰ ਸਕੇਗੀ? ਕਿਉਂਕਿ ਇਹ ਜਿਹੜੀ ਔਰਤ ਗੀਤਾਂ ਵਿਚ ਉਭਾਰੀ ਜਾ ਰਹੀ ਹੈ, ਇਹ ਸਾਡੀ ਭੈਣ ਹੈ, ਧੀ ਹੈ, ਘੱਟੋ-ਘੱਟ ਸਾਨੂੰ ਇਹ ਸੋਝੀ ਤਾਂ ਹੋਣੀ ਚਾਹੀਦੀ ਹੈ। ਅਸੀਂ ਆਪਣੀਆਂ ਹੀ ਭੈਣਾਂ ਤੇ ਧੀਆਂ ਲਈ, ਕਿੰਨੀ ਕੋਝੀ ਸੋਚ ਰੱਖਣ ਲੱਗ ਪਏ ਹਾਂ।
ਤੀਜਾ ਮਾਰੂ ਪ੍ਰਭਾਵ ਪੰਜਾਬੀ ਗਾਇਕੀ ਜਿਹੜਾ ਸਾਡੇ ਸਮਾਜ, ਸੱਭਿਆਚਾਰ 'ਤੇ ਪਾ ਰਹੀ ਹੈ, ਉਹ ਹੈ ਰਿਸ਼ਤਿਆਂ ਦੀ ਚੂਲ ਭੰਗ ਕਰਨੀ। ਸਾਡੇ ਸਮਾਜ, ਸੱਭਿਆਚਾਰ ਵਿਚ ਰਿਸ਼ਤਾ, ਨਾਤਾ ਪ੍ਰਣਾਲੀ ਬਹੁਤ ਅਹਿਮੀਅਤ ਰੱਖਦੀ ਹੈ। ਪਰ ਜੇਕਰ ਗੀਤਕਾਰ ਆਪਣੀ ਲੇਖਣੀ ਇਸੇ ਤਰ੍ਹਾਂ ਜਾਰੀ ਰੱਖਣਗੇ ਤਾਂ ਉਹ ਦਿਨ ਅਸੀਂ ਆਪਣੀਂ ਅੱਖੀਂ ਵੇਖਾਂਗੇ, ਭੋਗਾਂਗੇ ਕਿ ਅਸੀਂ ਆਪਣੇ ਬੱਚਿਆਂ ਤੋਂ ਹੀ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਵਾਵਾਂਗੇ।


ਤੇਰੇ ਕਰਕੇ ਮੈਂ ਘਰਦਿਆਂ ਨੂੰ
ਦੁੱਧ ਵਿਚ ਨੀਂਦ ਦੀਆਂ ਗੋਲੀਆਂ ਘੋਲ ਕੇ ਪਿਲਾਉਨੀ ਆਂ...
ਇਥੇ ਪਰਿਵਾਰਕ ਸਬੰਧ ਖੇਰੂੰ-ਖੇਰੂੰ ਹੋ ਰਹੇ ਹਨ। ਧੀ ਦੁਆਰਾ ਪਰਿਵਾਰ ਦੇ ਜੀਆਂ ਨੂੰ ਨਸ਼ੇ ਦੀਆਂ ਗੋਲੀਆਂ ਘੋਲ ਕੇ ਪਿਲਾਉਣੀਆਂ, ਰਿਸ਼ਤਿਆਂ ਦਾ ਆਪਣੇ ਹੱਥੀਂ ਕਤਲ ਕਰਨਾ ਹੈ। ਜੇਕਰ ਅਸੀਂ ਧੀਆਂ ਨੂੰ ਇਸ ਰੂਪ ਵਿਚ ਚਿਤਰਨ ਲੱਗੀਏ ਤਾਂ ਕੋਈ ਬਾਪ ਨਹੀਂ ਚਾਹੇਗਾ ਕਿ ਉਸ ਦੇ ਘਰ ਧੀ ਪੈਦਾ ਹੋਵੇ। ਪੰਜਾਬ ਵਿਚ ਕੁੜੀਆਂ ਦਾ ਅਨੁਪਾਤ ਤਾਂ ਮੁੰਡਿਆਂ ਦੇ ਮੁਕਾਬਲਤਨ ਪਹਿਲਾਂ ਹੀ ਘੱਟ ਹੈ, ਤਾਂ ਫਿਰ 'ਪੰਘੂੜਾ' ਅਤੇ 'ਨੰਨ੍ਹੀ ਛਾਂ' ਦਾ ਸੰਕਲਪ, ਸਿਰਫ਼ ਸੰਕਲਪ ਹੀ ਰਹਿ ਜਾਵੇਗਾ। ਇਹ ਇਕ ਵਿਚਾਰਨਯੋਗ ਮਸਲਾ ਹੈ, ਜਿਸ 'ਤੇ ਸਮਾਜ ਦੀ ਹੋਂਦ ਟਿਕੀ ਹੋਈ ਹੈ।
ਚੌਥਾ ਮਾਰੂ ਪ੍ਰਭਾਵ ਜਿਹੜਾ ਪੰਜਾਬੀ ਗਾਇਕੀ ਨੇ ਨੌਜਵਾਨ ਪੀੜ੍ਹੀ 'ਤੇ ਪਾਇਆ ਹੈ, ਉਹ ਹੈ ਐਸ਼ੋ-ਇਸ਼ਰਤ ਭਰਿਆ ਜੀਵਨ। ਪੰਜਾਬੀ ਸਮਾਜ, ਸੱਭਿਆਚਾਰ ਵਿਚ ਐਸ਼ ਦਾ ਸੰਕਲਪ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਮਿਹਨਤ ਪੰਜਾਬੀ ਸੁਭਾਅ ਦਾ ਵਿਸ਼ੇਸ਼ ਗੁਣ ਹੈ ਪ੍ਰੰਤੂ ਅਜੋਕੀ ਨੌਜਵਾਨ ਪੀੜ੍ਹੀ ਮਿਹਨਤ ਦੀ ਬਜਾਏ ਐਸ਼-ਭਰਪੂਰ ਜ਼ਿੰਦਗੀ ਜਿਊਣ ਦੀ ਚਾਹਵਾਨ ਦਿਖਾਈ ਦਿੰਦੀ ਹੈ।

ਸਾਡੇ ਬਾਪੂ ਦੀ ਕਮਾਈ
ਅਸੀਂ ਜਾਂਦੇ ਆ ਉਡਾਈ
ਦੱਸ ਤੈਨੂੰ ਕੀ?
ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਪੰਜਾਬ ਦੇ ਪਿੰਡਾਂ ਦੇ ਨੌਜਵਾਨ ਪੜ੍ਹਦੇ ਘੱਟ, ਐਸ਼ ਵੱਧ ਕਰਦੇ ਹਨ। ਇਥੇ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਇਹ ਪੀੜ੍ਹੀ ਤਾਂ ਆਪਣੇ ਬਾਪ ਦੀ ਕਮਾਈ 'ਤੇ ਐਸ਼ ਕਰ ਰਹੀ ਹੈ ਪਰ ਕੀ ਇਹ ਪੀੜ੍ਹੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਕਮਾਈ 'ਤੇ ਐਸ਼ ਕਰਾ ਸਕੇਗੀ?
ਇਕ ਹੋਰ ਪਹਿਲੂ ਜਿਹੜਾ ਵਿਚਾਰਨਯੋਗ ਹੈ, ਉਹ ਇਹ ਹੈ ਕਿ ਗੀਤਕਾਰਾਂ ਅਤੇ ਗਾਇਕਾਂ ਨੇ ਪੰਜਾਬ ਦੇ ਪਿੰਡਾਂ ਵਿਚ ਰਹਿਣ ਵਾਲੇ ਮੁੰਡਿਆਂ ਨੂੰ ਹੀ ਮੀਡੀਏ 'ਤੇ 'ਹੀਰੋ' ਬਣਾ ਕੇ ਕਿਉਂ ਪੇਸ਼ ਕੀਤਾ ਹੈ? ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਿੰਡਾਂ ਦੇ ਮੁੰਡੇ ਹੀ ਕਿਉਂ ਪੱਟੇ ਹਨ? ਸ਼ਹਿਰੀ ਮੁੰਡੇ ਕਿਉਂ ਨਹੀਂ ਪੱਟੇ। ਇਹ ਇਕ ਗੰਭੀਰ ਮਸਲਾ ਹੈ। ਦੂਸਰਾ ਸਵਾਲ ਇਸੇ ਪਹਿਲੂ ਦਾ ਪੰਜਾਬੀ ਗਾਇਕੀ ਵਿਚ ਇਹ ਉਭਰਦਾ ਹੈ ਕਿ ਪੰਜਾਬੀ ਗਾਇਕੀ ਨੇ ਇਕ ਵਿਸ਼ੇਸ਼ ਜਮਾਤ 'ਜੱਟਾਂ ਦੇ ਮੁੰਡੇ' ਨੂੰ ਉਭਾਰਿਆ ਹੈ, ਜਿਸ ਦਾ ਮਾਰੂ ਅਸਰ ਇਸ ਜਮਾਤ 'ਤੇ ਪੈ ਰਿਹਾ ਹੈ। ਗੀਤਾਂ ਵਿਚ ਜੱਟਾਂ ਦੇ ਮੁੰਡਿਆਂ ਨੂੰ ਵਿਹਲੜ, ਵਕਤੀ ਆਸ਼ਕ, ਪੈਸਾ ਬਰਬਾਦ ਕਰਨ ਵਾਲੇ, ਮਿਹਨਤ ਨਾ ਕਰਨ ਵਾਲੇ, ਲੜਾਈਆਂ ਮੁੱਲ ਲੈਣ ਵਾਲੇ ਹੀ ਦਿਖਾਇਆ ਗਿਆ ਹੈ। ਕੀ ਇਹ ਜੱਟ ਜਮਾਤ ਦੀ ਹੇਠੀ ਨਹੀਂ ਹੋ ਰਹੀ?
ਪੰਜਾਬੀ ਗਾਇਕੀ ਦਾ ਸਭ ਤੋਂ ਮਾੜਾ ਪ੍ਰਭਾਵ ਜਿਹੜਾ ਨੌਜਵਾਨ ਪੀੜ੍ਹੀ ਤੇ ਖਾਸ ਕਰਕੇ ਮੁੰਡਿਆਂ 'ਤੇ ਪਿਆ ਹੈ, ਉਹ ਹੈ ਮੁੱਲ ਦੀ ਲੜਾਈ ਲੈਣਾ।
ੲ ਅਸਲਾ ਨਾਜਾਇਜ਼ ਰੱਖਿਆ ੲ ਗੱਡੀ 'ਤੇ ਲਿਖਾ 'ਤਾ ਮੈਂ ਵੀ ਖੁੱਲ੍ਹੇ ਸ਼ੇਰ ਨੀਂ ੲ ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ
ਪੰਜਾਬੀਆਂ ਦੇ ਖੂਨ ਵਿਚ ਵਿਰੋਧੀਆਂ ਨੂੰ ਚਿੱਤ ਕਰਨ ਦਾ ਸੰਕਲਪ ਸਮੋਇਆ ਹੈ। ਸਾਡੇ ਗੁਰੂ ਸਾਹਿਬਾਨ ਨੇ ਮੁਗਲਾਂ ਦੇ ਜੁਲਮ ਵਿਰੁੱਧ ਲੜਾਈਆਂ ਲੜੀਆਂ, ਅੱਤਿਆਚਾਰਾਂ ਦਾ ਖਾਤਮਾ ਕੀਤਾ ਪਰ ਅਜੋਕੀ ਪੰਜਾਬੀ ਗਾਇਕੀ ਨੇ ਪੰਜਾਬੀ ਨੌਜਵਾਨ ਦੇ ਖੂਨ ਵਿਚ ਰਚੀ ਇਸ ਦਲੇਰ ਭਾਵਨਾ ਨੂੰ ਗ਼ਲਤ ਦਿਸ਼ਾ ਦਿੱਤੀ ਹੈ।
ਉਪਰੋਕਤ ਮਾਰੂ ਗਾਇਕੀ ਜਿਹੜਾ ਸਭ ਤੋਂ ਮਾੜਾ, ਨਿੰਦਣਯੋਗ ਕਾਰਜ ਕਰ ਰਹੀ ਹੈ, ਉਹ ਹੈ ਪੰਜਾਬੀ ਭਾਸ਼ਾ ਵਿਚ ਸਾਹਿਤ ਦੇ ਪੱਧਰ ਨੂੰ ਨੀਵਾਂ ਕਰਨਾ। 'ਮਾਖਿਉਂ ਮਿੱਠੀ' ਪੰਜਾਬੀ-ਬੋਲੀ ਦੀ ਅਸੀਂ ਇਹ ਕਿਸ ਤਰ੍ਹਾਂ ਦੀ ਸੇਵਾ ਕਰ ਰਹੇ ਹਾਂ। ਪੰਜਾਬੀ ਗੀਤਕਾਰੀ ਪੰਜਾਬੀ ਸਾਹਿਤ ਦਾ ਅੰਗ ਹੈ:
ਲੱਕ ਟਵੰਟੀ ਏਟ ਕੁੜੀ ਦਾ
ਫੋਰਟੀ ਸੈਵਨ ਵੇਟ ਕੁੜੀ ਦਾ
ਗੀਤਕਾਰ ਕੁੜੀਆਂ ਦੇ ਲੱਕ ਮਿਣਨ ਅਤੇ ਭਾਰ ਤੋਲਣ ਤੱਕ ਹੀ ਸੀਮਤ ਹਨ। ਕੀ ਅਸੀਂ ਕਦੇ ਪੰਜਾਬੀ ਭਾਸ਼ਾ ਦੇ ਕੱਦ, ਮਿਆਰ ਬਾਰੇ ਵੀ ਸੋਚਿਆ ਹੈ?
ਪੰਜਾਬੀਏ ਜ਼ਬਾਨੇ
ਨੀ ਰਕਾਨੇ ਮੇਰੇ ਦੇਸ਼ ਦੀਏ
ਪੰਜਾਬੀ ਭਾਸ਼ਾ ਦੇ ਇਸ ਸੰਕਲਪ ਨੂੰ ਜੇਕਰ ਗੀਤਕਾਰ ਆਪਣੇ ਦਿਲੋਂ-ਦਿਮਾਗ ਵਿਚ ਰੱਖਣ ਤਾਂ ਉਹ ਸੱਚੇ ਦਿਲੋਂ ਭਾਸ਼ਾ ਦੀ ਸੇਵਾ ਕਰ ਸਕਣਗੇ।
ਪੰਜਾਬੀ ਗੀਤਕਾਰੀ ਦਾ ਜਿਥੇ ਸਰਵਣ (ਸੁਣਨ) ਪੱਖ ਤੋਂ ਮਿਆਰ ਹੇਠਲੇ ਪੱਧਰ ਦਾ ਹੁੰਦਾ ਜਾ ਰਿਹਾ ਹੈ, ਉਥੇ ਕਈ ਪੰਜਾਬੀ ਗੀਤ ਫਿਲਮਾਂਕਣ ਪੱਧਰ 'ਤੇ ਪੰਜਾਬੀ ਸੱਭਿਆਚਾਰ ਨੂੰ ਢਾਹ ਲਾ ਰਹੇ ਹਨ।
ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਵਿਚ ਔਰਤ ਦਾ ਜਿਹੜਾ ਬਿੰਬ ਸਥਾਪਤ ਹੋ ਚੁੱਕਿਆ, ਬਹੁਤੇ ਗੀਤਾਂ ਵਿਚ ਅਸੀਂ ਇਸ ਸਥਾਪਤ ਬਿੰਬ ਦਾ ਉਲਟਾ ਪਾਸਾ ਹੀ ਦੇਖ ਰਹੇ ਹਾਂ ਜਿਸ ਵਿਚ ਔਰਤ ਵੀ ਬਰਾਬਰ ਦੀ ਹੀ ਕਸੂਰਵਾਰ ਹੈ। ਮੰਡੀ, ਪੈਸਾ ਅਤੇ ਖਪਤ ਦੇ ਇਸ ਦੌਰ ਵਿਚ 'ਸਸਤੀ ਸ਼ੁਹਰਤ' ਦੀ ਪ੍ਰਾਪਤ ਲਈ ਔਰਤ ਸ਼ਾਰਟ-ਕੱਟ ਰਸਤਾ ਅਪਣਾ ਕੇ ਸਿਰਫ਼ ਬਾਜ਼ਾਰੂ ਵਸਤੂ ਬਣ ਕੇ ਹੀ ਰਹਿ ਗਈ ਹੈ। ਬਹੁਤੇ ਪੰਜਾਬੀ ਗੀਤਾਂ ਵਿਚ ਔਰਤ ਦੁਆਰਾ ਪਾਏ ਗਏ ਕੱਪੜੇ ਉਸ ਦਾ ਨੰਗੇਜ਼ ਕੱਜਦੇ ਨਹੀਂ ਸਗੋਂ ਦਿਖਾਉਂਦੇ ਹਨ। ਕੌਮੀ ਪੱਧਰ 'ਤੇ ਕੀ ਮੀਡੀਏ ਰਾਹੀਂ ਅਸੀਂ ਪੰਜਾਬੀ ਔਰਤ ਦੇ ਬਿੰਬ ਨਾਲ ਖਿਲਵਾੜ ਨਹੀਂ ਕਰ ਰਹੇ? ਇਸ ਪਹਿਲੂ 'ਤੇ ਔਰਤ ਨੂੰ ਆਪ ਵੀ ਸੁਚੇਤ ਹੋਣਾ ਪਵੇਗਾ।
ਕਈ ਪੰਜਾਬੀ ਗੀਤਾਂ ਦੇ ਫਿਲਮਾਂਕਣ ਦਾ ਇਕ ਹੋਰ ਬੁਰਾ ਪਹਿਲੂ 'ਟੀਨ ਏਜ਼ਰ' ਮੁੰਡਿਆਂ-ਕੁੜੀਆਂ 'ਤੇ ਪੈ ਰਿਹਾ ਹੈ। ਬਹੁਤੇ ਪੰਜਾਬੀ ਗੀਤ ਬੱਚਿਆਂ ਨੂੰ ਕੁਰਾਹੇ ਪਾ ਰਹੇ ਹਨ:
ਚੜ੍ਹਦੀ ਜਵਾਨੀ ਕੁੜੀਓ
ਰੰਗ ਚੜ੍ਹਦੇ ਤੋਂ ਚੜ੍ਹਦਾ ਵਿਖਾਉਂਦੀ ਏ।
ਇਸ ਗੀਤ ਦਾ ਫਿਲਮਾਂਕਣ ਸਕੂਲੀ ਕੁੜੀਆਂ 'ਤੇ ਕੀਤਾ ਗਿਆ ਹੈ। ਇਹ ਉਹ ਬੱਚੀਆਂ ਹਨ, ਜਿਹੜੀਆਂ ਉਮਰ ਦੇ ਉਸ ਦੌਰ ਵਿਚੋਂ ਗੁਜ਼ਰ ਰਹੀਆਂ ਹਨ, ਜਿਨ੍ਹਾਂ ਨੂੰ ਜ਼ਿੰਦਗੀ ਲਈ ਸਹੀ ਦਿਸ਼ਾ-ਨਿਰਦੇਸ਼ ਦਿੱਤਾ ਜਾਣਾ ਲਾਜ਼ਮੀ ਹੁੰਦਾ ਹੈ। ਪਰ ਸਾਡੀ ਬਹੁਤੀ ਅਜੋਕੀ ਗਾਇਕੀ ਇਸ ਭੋਲੇ-ਭਾਲੇ ਅੱਲੜ੍ਹਪੁਣੇ ਨੂੰ 'ਚੜ੍ਹਦੀ ਜਵਾਨੀ' ਦੀਆਂ ਰੰਗੀਨੀਆਂ ਹੀ ਦਿਖਾਉਂਦੀ ਹੈ। ਜ਼ਿੰਦਗੀ ਦੇ ਉਸਾਰੂ ਪਹਿਲੂ ਬਾਰੇ ਜਾਣਕਾਰੀ ਨਹੀਂ ਦਿੰਦੀ।
ਪੰਜਾਬੀ ਗੀਤਕਾਰੀ ਨਾਲ ਜੁੜੇ ਮੇਰੇ ਉਨ੍ਹਾਂ ਸਾਰੇ ਭੈਣ-ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਉਸਾਰੂ ਸੋਚ 'ਤੇ ਪਹਿਰਾ ਦਈਏ। ਕੋਈ ਵੀ ਗੀਤ ਲਿਖਣ, ਸੁਣਨ, ਫਿਲਮਾਂਕਣ ਤੋਂ ਪਹਿਲਾਂ ਅਸੀਂ ਇਕ ਵਾਰ ਜ਼ਰੂਰ ਸੋਚੀਏ ਕਿ ਕੀ ਉਹ ਅਸੀਂ ਆਪਣੇ ਪਰਿਵਾਰ (ਮਾਂ, ਭੈਣ, ਧੀ) ਵਿਚ ਬੈਠ ਕੇ ਸੁਣ ਸਕਦੇ ਹਾਂ ਅਤੇ ਵੇਖ ਸਕਦੇ ਹਾਂ। ਕਿਤੇ ਅਸੀਂ ਆਪਣੀ ਕੋਝੀ ਸੋਚ ਦੀ ਬਦੌਲਤ ਆਪਣਾ ਹੀ ਨੁਕਸਾਨ ਨਾ ਕਰ ਬੈਠੀਏ? ਕਿਤੇ ਇਹ ਗੱਲ ਸਹੀ ਸਿੱਧ ਨਾ ਹੋਵੇ:
ਫਿਲਹਾਲ ਹਵਾਵਾਂ ਰੁਮਕਦੀਆਂ
ਜਦ ਝੱਖੜ ਝੁੱਲੂ ਵੇਖਾਂਗੇ।

ਡਾ: ਅੰਮ੍ਰਿਤਪਾਲ ਕੌਰ
-ਡੀ. ਏ. ਵੀ. ਕਾਲਜ ਫਾਰ ਵੋਮੈਨ, ਫਿਰੋਜ਼ਪੁਰ ਕੈਂਟ।
ਮੋਬਾਈਲ : 99140-42638.

ਫਿਰ ਸ਼ੁਰੂ ਹੋਇਆ ਫਾਂਸੀ 'ਤੇ ਵਿਵਾਦ

ਐਡਵਰਡੋ ਸਾਸ਼ੇਰੀ ਦਾ ਇਕ ਨਾਵਲ 'ਦ ਕੁਵੈਸ਼ਚਨ ਇਨ ਦੇਅਰ ਆਈਜ਼' (ਸਵਾਲ ਉਨ੍ਹਾਂ ਦੀਆਂ ਅੱਖਾਂ ਵਿਚ) ਹੈ ਜਿਸ 'ਤੇ ਸਾਲ 2010 ਵਿਚ ਅਰਜਨਟਾਈਨਾ ਦੇ ਨਿਰਦੇਸ਼ਕ ਜਾਨ ਜੋਜ ਕੈਂਬੇਨੇਲਾ ਨੇ ਆਸਕਰ ਜੇਤੂ ਫਿਲਮ 'ਦ ਸੀਕਰੇਟ ਇਨ ਦੇਅਰ ਆਈਜ਼' (ਰਾਜ਼ ਉਨ੍ਹਾਂ ਦੀਆਂ ਅੱਖਾਂ ਵਿਚ) ਬਣਾਈ ਸੀ। ਇਸ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ। ਬੈਂਜਮਿਨ ਐਸਪੋਸਟੋ ਨੂੰ ਫੈਡਰਲ ਸੇਵਾਵਾਂ ਤੋਂ ਸੇਵਾਮੁਕਤ ਕੀਤਿਆਂ 25 ਸਾਲ ਹੋ ਗਏ ਹਨ ਪਰ ਇਕ ਅਣਸੁਲਝਿਆ ਤੇ ਅਧੂਰਾ ਕੇਸ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ। ਕੇਸ ਇਹ ਹੈ ਇਕ 23 ਸਾਲਾ ਲੜਕੀ ਲਿਲਯਾਨਾ ਕੋਲੋਟੋ ਦੀ ਬਲਾਤਕਾਰ ਤੋਂ ਬਾਅਦ ਉਦੋਂ ਹੱਤਿਆ ਕਰ ਦਿੱਤੀ ਜਾਂਦੀ ਹੈ ਜਦੋਂ ਉਸ ਦਾ ਪਤੀ ਕੰਮ ਲਈ ਘਰੋਂ ਬਾਹਰ ਗਿਆ ਹੁੰਦਾ ਹੈ। ਇਸ ਮਾਮਲੇ ਦੀ ਜਾਂਚ ਐਸਪੋਸਟੋ ਨੂੰ ਦਿੱਤੀ ਜਾਂਦੀ ਹੈ। ਇਕ ਸਾਲ ਤੋਂ ਬਾਅਦ ਕੇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਫਿਰ ਵੀ ਐਸਪੋਸਟੋ ਦੇ ਕਹਿਣ 'ਤੇ ਇਸ ਕੇਸ ਨੂੰ ਖੋਲ੍ਹਣ ਲਈ 25 ਸਾਲ ਬਾਅਦ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ।ਮੁਕੱਦਮੇ ਦੌਰਾਨ ਪੀੜਤ ਮਹਿਲਾ ਦਾ ਪਤੀ ਰਿਕਾਰਡੋ ਮੋਰਲਸ ਐਸਪੋਸਟੋ ਤੋਂ ਪਤਾ ਕਰਦਾ ਹੈ ਕਿ ਜੇਕਰ ਬਲਾਤਕਾਰੀ ਹਤਿਆਰਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਉਸ ਨਾਲ ਕੀ ਕੀਤਾ ਜਾਵੇਗਾ? ਐਸਪੋਸਟੋ ਜਵਾਬ ਦਿੰਦਾ ਹੈ ਕਿ ਉਸ ਨੂੰ ਆਜ਼ਾਦ ਘੁੰਮਣ ਨਹੀਂ ਦਿੱਤਾ ਜਾ ਸਕਦਾ। ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਮੋਰਲਸ ਨੂੰ ਇਹ ਸਜ਼ਾ ਲਗਜ਼ਰੀ ਪ੍ਰਤੀਤ ਹੁੰਦੀ ਹੈ, ਉਹ ਕਹਿੰਦਾ ਹੈ ਕਿ ਬਲਾਤਕਾਰੀ ਕਾਤਲ ਨੂੰ ਮੌਤ ਦੀ ਸਜ਼ਾ ਨਹੀਂ ਇਕ ਅਜਿਹਾ ਜੀਵਨ ਦੇਣਾ ਚਾਹੀਦਾ ਹੈ, ਜਿਸ ਵਿਚ ਉਸ ਲਈ ਕਰਨ ਨੂੰ ਕੁਝ ਨਾ ਹੋਵੇ, ਉਹ ਆਪਣੇ ਅਪਰਾਧ ਨੂੰ ਚੇਤੇ ਕਰਕੇ-ਕਰਕੇ ਪਲ-ਪਲ ਮੌਤ ਦਾ ਇੰਤਜ਼ਾਰ ਕਰਦਾ ਰਹੇ।'

ਫ਼ਿਲਮ ਦਾ ਇਹ ਦ੍ਰਿਸ਼ ਮੌਤ ਦੀ ਸਜ਼ਾ 'ਤੇ ਆਪਣੇ ਦੇਸ਼ ਵਿਚ ਫਿਲਹਾਲ ਚਲ ਰਹੀ ਬਹਿਸ ਦੇ ਇਕ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਾ ਹੈ, ਜਿਸ ਦੇ ਤਹਿਤ ਦੁਰਲਭ ਵਿਚੋਂ ਵੀ ਅਤਿ-ਦੁਰਲਭ ਮਾਮਲੇ ਵਿਚ ਫਾਂਸੀ ਦੀ ਸਜ਼ਾ ਨਾ ਦਿੱਤੇ ਜਾਣ ਅਤੇ ਜ਼ਿੰਦਗੀ ਭਰ ਦੋਸ਼ੀ ਨੂੰ ਸਲਾਖਾਂ ਪਿੱਛੇ ਰੱਖਣ ਦੀ ਵਕਾਲਤ ਕੀਤੀ ਜਾ ਰਹੀ ਹੈ। ਪ੍ਰਸਿੱਧ ਸ਼ਾਇਰ ਵਿਜੇਂਦਰ ਸਿੰਘ ਪਰਵਾਜ਼ ਆਪਣੀ ਨਜ਼ਮ ਵਿਚ ਅਪਰਾਧ ਦੇ ਕਾਰਨਾਂ ਤੱਕ ਪਹੁੰਚਣ ਦਾ ਯਤਨ ਕਰਦੇ ਹਨ ਅਤੇ ਮੌਤ ਦੀ ਸਜ਼ਾ ਦਾ ਵਿਰੋਧ ਕਰਦੇ ਹੋਏ ਆਦਰਸ਼ ਮਨੁੱਖਤਾ ਦਾ ਦੀਪ ਜਗਾਉਣ ਲਈ ਕਹਿੰਦੇ ਹਨ। ਦੂਜੀ ਰਾਇ ਇਹ ਵੀ ਹੈ ਕਿ ਪੀੜਤ ਪਰਿਵਾਰ ਨੂੰ ਨਿਆਂ ਉਦੋਂ ਹੀ ਮਿਲ ਸਕਦਾ ਹੈ, ਜਦੋਂ ਅਪਰਾਧੀ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇ। ਇਸ ਤੋਂ ਇਲਾਵਾ ਇਸ ਵਰਗ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਫਾਂਸੀ ਵਰਗੀ ਸਖਤ ਸਜ਼ਾ ਦਿੱਤੀ ਜਾਵੇਗੀ ਤਾਂ ਹੀ ਵਧਦੇ ਅਪਰਾਧਾਂ 'ਤੇ ਰੋਕ ਲੱਗ ਸਕੇਗੀ। ਇਸੇ ਦੌਰਾਨ ਖ਼ਬਰ ਆਈ ਹੈ ਕਿ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਨੇ ਮੌਤ ਦੀ ਸਜ਼ਾ ਪ੍ਰਾਪਤ ਹੋਰ ਅਪਰਾਧੀਆਂ ਦੀਆਂ ਰਹਿਮ ਦੀ ਅਪੀਲਾਂ ਖਾਰਜ ਕਰ ਦਿੱਤੀਆਂ ਹਨ। ਚੇਤੇ ਰਹੇ ਕਿ ਰਾਸ਼ਟਰਪਤੀ ਵੱਲੋਂ ਰਹਿਮ ਦੀਆਂ ਅਪੀਲਾਂ 'ਤੇ ਫੈਸਲਾ ਕਰਨ ਦੇ ਸੰਦਰਭ ਵਿਚ ਵੀ ਆਪਾ-ਵਿਰੋਧੀ ਗੱਲਾਂ ਸਾਹਮਣੇ ਆ ਰਹੀਆਂ ਹਨ। ਸੰਵਿਧਾਨ ਦੇ ਤਹਿਤ ਰਾਸ਼ਟਰਪਤੀ ਨੂੰ ਮੌਤ ਦੀ ਸਜ਼ਾ ਮੁਆਫ਼ ਕਰਨ ਦਾ ਅਧਿਕਾਰ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਉਹ ਇਸ ਅਧਿਕਾਰ ਨੂੰ ਲਾਗੂ ਕਰਨ ਵਿਚ ਪੂਰੀ ਤਰ੍ਹਾਂ ਆਜ਼ਾਦ ਹਨ? ਮਾਹਿਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੂੰ ਸਰਕਾਰ ਦੇ ਸੁਝਾਅ ਦੇ ਮੁਤਾਬਿਕ ਹੀ ਫ਼ੈਸਲਾ ਲੈਣਾ ਪੈਂਦਾ ਹੈ। ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਧਾਰਾ 72 ਰਾਸ਼ਟਰਪਤੀ ਨੂੰ ਦਇਆ ਕਰਨ ਦਾ ਅਧਿਕਾਰ ਤਾਂ ਦਿੰਦੀ ਹੈ ਪਰ ਸੰਵਿਧਾਨ ਦੀਆਂ ਹੋਰ ਵਿਵਸਥਾਵਾਂ ਇਸ ਅਧਿਕਾਰ ਨੂੰ ਆਜ਼ਾਦ ਰੂਪ ਵਿਚ ਲਾਗੂ ਕਰਨ 'ਤੇ ਪਾਬੰਦੀਆਂ ਲਗਾ ਦਿੰਦੀਆਂ ਹਨ, ਜਿਸ ਕਾਰਨ ਰਾਸ਼ਟਰਪਤੀ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਇਸ ਸੰਦਰਭ ਵਿਚ ਫ਼ੈਸਲਾ ਨਹੀਂ ਲੈ ਸਕਦੇ। ਪਿਛਲੇ ਸਾਲ 16 ਦਸੰਬਰ ਨੂੰ ਦਿੱਲੀ ਵਿਚ ਜੋ ਗੈਂਗਰੇਪ ਦੀ ਘਿਨਾਉਣੀ ਵਾਰਦਾਤ ਹੋਈ ਸੀ, ਉਸ ਨਾਲ ਆਮ ਜਨਤਾ ਬਹੁਤ ਦੁਖੀ ਹੋਈ ਸੀ। ਉਹ ਇਸ ਜੁਰਮ ਦੇ ਅਪਰਾਧੀਆਂ ਨੂੰ ਫਾਂਸੀ ਤੋਂ ਘੱਟ ਸਜ਼ਾ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਫਿਰ ਕੇਂਦਰ ਸਰਕਾਰ ਨੇ ਜੋ ਅਜਮਲ ਕਸਾਬ ਅਤੇ ਅਫ਼ਜ਼ਲ ਗੁਰੂ ਨੂੰ ਫਾਂਸੀ 'ਤੇ ਲਟਾਇਆ, ਉਸ ਨਾਲ ਫਾਂਸੀ ਦੀ ਸਜ਼ਾ 'ਤੇ ਬਹਿਸ ਤੇਜ਼ ਹੋ ਗਈ ਹੈ ਅਤੇ ਕੁਝ ਹੈਰਾਨ ਕਰ ਦੇਣ ਵਾਲੇ ਅੰਕੜੇ ਵੀ ਸਾਹਮਣੇ ਆਉਣ ਲੱਗੇ ਹਨ।

ਸਾਲ 2001 ਤੋਂ 2011 ਤੱਕ 1455 ਅਪਰਾਧੀਆਂ ਨੂੰ ਭਾਰਤ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸੇ ਦੌਰਾਨ 4321 ਲੋਕਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ ਗਿਆ। ਇਨ੍ਹਾਂ 4321 ਵਿਚੋਂ 2462 ਲੋਕਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਸਿਰਫ਼ ਦਿੱਲੀ ਵਿਚ ਹੀ ਬਦਲੀ ਗਈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਇਹ ਵੀ ਦੱਸਦੇ ਹਨ ਕਿ ਦਿੱਲੀ ਵਿਚ ਫਾਂਸੀ ਨੂੰ ਉਮਰ ਕੈਦ ਵਿਚ ਬਦਲਣ ਦੇ 99 ਫ਼ੀਸਦੀ ਮਾਮਲੇ ਸਿਰਫ਼ ਤਿੰਨ ਸਾਲਾਂ (2005 ਤੋਂ 2007) ਵਿਚ ਹੀ ਹੋਏ, ਜਿਨ੍ਹਾਂ ਨੂੰ ਲੜੀਵਾਰ 919, 806 ਅਤੇ 726 ਫਾਂਸੀ ਦੀਆਂ ਸਜ਼ਾਵਾਂ ਨੂੰ ਉਮਰ ਕੈਦ ਵਿਚ ਬਦਲਿਆ ਗਿਆ। ਦਿੱਲੀ ਤੋਂ ਇਲਾਵਾ ਜਿਨ੍ਹਾਂ ਰਾਜਾਂ ਵਿਚ ਹੇਠਲੀਆਂ ਅਦਾਲਤਾਂ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਅਤੇ ਫਿਰ ਜਿਨ੍ਹਾਂ ਨੂੰ ਰਹਿਮ ਦੀ ਅਪੀਲ ਪਿੱਛੋਂ ਉਮਰ ਕੈਦ ਵਿਚ ਬਦਲ ਗਿਆ, ਉਨ੍ਹਾਂ ਵਿਚ ਸ਼ਾਮਿਲ ਹਨ ਉੱਤਰ ਪ੍ਰਦੇਸ਼ (458), ਬਿਹਾਰ (343), ਝਾਰਖੰਡ (300), ਮਹਾਰਾਸ਼ਟਰ (175), ਪੱਛਮੀ ਬੰਗਾਲ (98), ਆਸਾਮ (97), ਓਡਿਸ਼ਾ (68), ਮੱਧ ਪ੍ਰਦੇਸ਼ (62), ਉੱਤਰਾਖੰਡ (46), ਰਾਜਸਥਾਨ (33), ਤਾਮਿਲਨਾਡੂ, ਪੰਜਾਬ ਅਤੇ ਛੱਤੀਸਗੜ੍ਹ (ਹਰੇਕ ਵਿਚ 24), ਹਰਿਆਣਾ ਅਤੇ ਕੇਰਲ (ਹਰੇਕ ਵਿਚ 23) ਅਤੇ ਜੰਮੂ-ਕਸ਼ਮੀਰ (18)।ੁੰ

ਇਨ੍ਹਾਂ ਅੰਕੜਿਆਂ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਸੈਸ਼ਨ ਅਦਾਲਤਾਂ ਬਹੁਤ ਨਿਰੰਤਰਤਾ ਨਾਲ ਮੌਤ ਦੀ ਸਜ਼ਾ ਸੁਣਾ ਰਹੀਆਂ ਹਨ ਜਿਸ ਨੂੰ ਅਕਸਰ ਅਪੀਲ ਦੌਰਾਨ ਉੱਚ ਅਦਾਲਤਾਂ ਉਮਰ ਕੈਦ ਵਿਚ ਬਦਲ ਦਿੰਦੀਆਂ ਹਨ। ਇਸ ਦਾ ਕਾਰਨ ਸੈਸ਼ਨ ਅਦਾਲਤਾਂ ਵੱਲੋਂ 'ਦੁਰਲਭ ਵਿਚੋਂ ਵੀ ਅਤਿ-ਦੁਰਲਭ' ਦੀ ਪਰਿਭਾਸ਼ਾ ਨੂੰ ਸਹੀ ਤਰ੍ਹਾਂ ਨਾ ਸਮਝ ਸਕਣਾ ਵੀ ਹੋ ਸਕਦਾ ਹੈ। ਪਰ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਪਣੇ ਦੇਸ਼ ਵਿਚ ਮੌਤ ਦੀ ਸਜ਼ਾ 'ਤੇ ਉਸ ਸਮੇਂ ਬਹਿਸ ਕਿਉਂ ਨਹੀਂ ਹੁੰਦੀ, ਜਦੋਂ ਅਦਾਲਤਾਂ ਇਹ ਸਜ਼ਾ ਸੁਣਾਉਂਦੀਆਂ ਹਨ? ਪਰ ਉਸ ਸਮੇਂ ਮੌਤ ਦੀ ਆਧੁਨਿਕ ਸਮਾਜ ਵਿਚ ਪ੍ਰਸੰਗਿਕਤਾ 'ਤੇ ਸਵਾਲ ਕੀਤੇ ਜਾਂਦੇ ਹਨ ਜਦੋਂ ਕਿਸੇ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਂਦਾ ਹੈ। ਜਿਵੇਂ ਜਦੋਂ ਕੁਝ ਸਾਲ ਪਹਿਲਾਂ ਕੋਲਕਾਤਾ ਵਿਚ ਬਲਾਤਕਾਰੀ ਹਤਿਆਰੇ ਧਨੰਜੈ ਚੈਟਰਜੀ ਨੂੰ ਫਾਂਸੀ ਦੇ ਦਿੱਤੀ ਗਈ ਸੀ, ਉਦੋਂ ਇਸ ਵਿਸ਼ੇ 'ਤੇ ਬਹਿਸ ਛਿੜੀ ਸੀ। ਹੁਣ ਜਦ ਸੰਸਦ 'ਤੇ ਹਮਲੇ ਦੀ ਸਾਜ਼ਿਸ਼ ਦੇ ਦੋਸ਼ੀ ਅਫ਼ਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ ਗਈ ਹੈ ਤਾਂ ਇਸ 'ਤੇ ਬਹਿਸ ਹੋ ਰਹੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਭਾਵਨਾਵਾਂ ਭੜਕੀਆਂ ਹੁੰਦੀਆਂ ਹਨ, ਉਸ ਸਮੇਂ ਇਸ ਗੰਭੀਰ ਵਿਸ਼ੇ 'ਤੇ ਬਹਿਸ ਕੀਤੀ ਜਾਂਦੀ ਹੈ, ਜਿਸ ਨਾਲ ਕੋਈ ਸਹੀ ਨਤੀਜਾ ਨਹੀਂ ਨਿਕਲਦਾ। ਲੋੜ ਇਸ ਗੱਲ ਦੀ ਹੈ ਕਿ ਜਦੋਂ ਆਵਾਮ ਦੇ ਜਜ਼ਬਾਤ ਸੰਜਮ ਵਿਚ ਹੋਣ ਤਾਂ ਇਸ ਮਹੱਤਵਪੂਰਨ ਵਿਸ਼ੇ 'ਤੇ ਬਹਿਸ ਹੋਣੀ ਚਾਹੀਦੀ ਹੈ ਕਿ, ਕੀ ਬਦਲਦੇ ਹੋਏ ਆਧੁਨਿਕ ਸਮਾਜ ਵਿਚ ਮੌਤ ਦੀ ਸਜ਼ਾ ਦੇਣਾ ਠੀਕ ਹੈ? ਕੀ ਇਸ ਤਰ੍ਹਾਂ ਦੀ ਸਜ਼ਾ ਨਾਲ ਅਪਰਾਧਾਂ 'ਤੇ ਰੋਕ ਲੱਗਣੀ ਸੰਭਵ ਹੈ? ਕੀ ਫਾਂਸੀ ਦਾ ਡਰ ਕਿਸੇ ਵਿਅਕਤੀ ਨੂੰ ਏਨਾ ਖੌਫ਼ ਦਿਖਾ ਸਕਦਾ ਹੈ ਕਿ ਉਹ ਅਪਰਾਧ ਜਾਂ ਦਹਿਸ਼ਤ ਵਿਚ ਸ਼ਾਮਿਲ ਹੋਣ ਤੋਂ ਆਪਣੇ-ਆਪ ਨੂੰ ਰੋਕ ਸਕੇ?

ਚੇਤੇ ਰੱਖਣ ਵਾਲੀ ਗੱਲ ਹੈ ਕਿ ਆਪਣੇ ਦੇਸ਼ ਵਿਚ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਹੈ ਜੋ ਮੌਤ ਦੀ ਸਜ਼ਾ ਨੂੰ ਨਿਆਂ ਨਹੀਂ ਸਮਝਦੇ। ਇਨ੍ਹਾਂ ਅਨੁਸਾਰ ਮੌਤ ਦੀ ਸਜ਼ਾ ਨਾਲ ਤਾਂ ਅਪਰਾਧੀ ਇਕ ਤਰ੍ਹਾਂ ਸਜ਼ਾ ਤੋਂ 'ਛੁਟਕਾਰਾ' ਪਾ ਜਾਂਦਾ ਹੈ। ਜੀਵਨ ਨਾ ਰਹਿਣ ਕਾਰਨ ਉਸ ਨੂੰ ਆਪਣੇ ਕੀਤੇ 'ਤੇ ਅਫਸੋਸ ਹੁੰਦਾ ਹੀ ਨਹੀਂ, ਜਦਕਿ ਉਹ ਬਿਨਾਂ ਪੈਰੋਲ ਤੋਂ ਆਪਣੇ ਜੀਵਨ ਦੇ ਬਾਕੀ ਦਿਨ ਸੀਖਾਂ ਦੇ ਪਿੱਛੇ ਬਿਨਾਂ ਕਿਸੇ ਮਤਲਬ ਦੇ ਗੁਜ਼ਾਰਨ ਦੇ ਲਈ ਮਜਬੂਰ ਹੋਵੇਗਾ। ਇਸ ਤਰ੍ਹਾਂ ਉਹ ਖੁਦ ਵੀ ਪਛਤਾਵੇਗਾ ਅਤੇ ਦੂਜੇ ਵੀ ਉਸ ਤੋਂ ਸਬਕ ਲੈਣਗੇ ਅਤੇ ਅਪਰਾਧ ਨਾ ਕਰਨ ਦਾ ਮਨ ਬਣਾ ਲੈਣਗੇ।ਇਕ ਹੋਰ ਅਹਿਮ ਮੁੱਦਾ ਇਹ ਵੀ ਹੈ ਕਿ ਮੌਤ ਦੀ ਸਜ਼ਾ ਦਾ ਇਸਤੇਮਾਲ ਅਪਰਾਧਾਂ ਨੂੰ ਰੋਕਣ ਅਤੇ ਨਿਆਂ ਦੇ ਦ੍ਰਿਸ਼ਟੀਕੋਣ ਤੋਂ ਘੱਟ ਕੀਤਾ ਜਾਂਦਾ ਹੈ। ਇਸ ਦੇ ਰਾਜਸੀ ਕਾਰਨ ਵਧੇਰੇ ਹੁੰਦੇ ਹਨ। ਜਿਵੇਂ ਸਮਾਜ-ਸੇਵੀ ਐਸ. ਸੀ. ਅਗਰਵਾਲ ਦੀ ਆਰ. ਟੀ. ਆਈ. 'ਤੇ ਜੋ ਤੱਥ ਸਾਹਮਣੇ ਆਏ ਹਨ, ਉਹ ਹੈਰਾਨ ਕਰਨ ਵਾਲੇ ਹਨ। 1999 ਵਿਚ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਿਲ ਮੁਰੂਗਨ, ਸੰਥਮ ਅਤੇ ਪੇਰਾਰੀ ਵੱਲਨ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਸੀ ਪਰ ਉਨ੍ਹਾਂ ਨੂੰ ਬਚਾਉਣ ਲਈ ਲਿੱਟੇ ਦੇ ਕਾਡਰ ਅਤੇ ਹਮਾਇਤੀਆਂ ਨੇ ਮੌਤ ਦੀ ਸਜ਼ਾ ਦੇ ਵਿਰੁੱਧ ਮਨੁੱਖੀ ਅਧਿਕਾਰ ਜਥੇਬੰਦੀਆਂ ਨਾਲ ਮਿਲ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਅਤੇ ਹੁਣ ਇਨ੍ਹਾਂ ਤਿੰਨੇ ਦੋਸ਼ੀਆਂ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ ਕਿ ਸਜ਼ਾ ਨੂੰ ਲਾਗੂ ਕਰਨ ਵਿਚ ਜੋ ਅਸਾਧਾਰਨ ਦੇਰ ਹੋਈ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਜਾਵੇ। ਸ੍ਰੀ ਅਗਰਵਾਲ ਨੂੰ ਆਰ. ਟੀ. ਆਈ. ਤਹਿਤ ਪ੍ਰਾਪਤ ਕਾਗਜ਼ਾਤ ਤੋਂ ਪਤਾ ਲਗਦਾ ਹੈ ਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਕੌਮਾਂਤਰੀ ਅਤੇ ਘਰੇਲੂ ਦਬਾਅ ਦੇ ਕਾਰਨ ਫਾਂਸੀ 'ਤੇ ਨਹੀਂ ਲਟਕਾਇਆ ਗਿਆ। ਇਸੇ ਤਰ੍ਹਾਂ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦਾ ਅਮਲਾ ਲਟਕਿਆ ਹੋਇਆ ਹੈ।

ਇਥੇ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਰਾਜੀਵ ਗਾਂਧੀ ਦੇ ਕਤਲ ਵਿਚ ਨਲਿਨੀ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਗਈ ਸੀ ਪਰ ਅਪ੍ਰੈਲ 2000 ਵਿਚ ਤਾਮਿਲਨਾਡੂ ਦੇ ਰਾਜਪਾਲ ਨੇ ਇਹ ਕਹਿੰਦਿਆਂ ਹੋਇਆਂ ਉਸ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਸੀ ਕਿ ਨਲਿਨੀ ਦਾ ਇਕ ਛੋਟਾ ਬੱਚਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਦਇਆ ਦੀ ਮੰਗ ਕੀਤੀ ਸੀ। ਫਿਲਹਾਲ ਜਦ ਇਸ ਹੱਤਿਆ ਕਾਂਡ ਵਿਚ ਸ਼ਾਮਿਲ ਹੋਰ ਅਪਰਾਧੀਆਂ ਨੂੰ ਸੁਪਰੀਮ ਕੋਰਟ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਯੂਰਪੀ ਸੰਘ ਨੇ ਭਾਰਤ ਸਰਕਾਰ 'ਤੇ ਅਜਿਹਾ ਨਾ ਕਰਨ ਲਈ ਦਬਾਅ ਪਾਇਆ ਸੀ। ਫਰਾਂਸ, ਦੱਖਣੀ ਅਫਰੀਕਾ, ਜਰਮਨੀ, ਡੈਨਮਾਰਕ ਅਤੇ ਮਦਰਾਸ ਆਰਕਬਿਸ਼ਪ ਅਤੇ ਕੁਝ ਭਾਰਤੀ ਮੰਤਰੀਆਂ ਨੇ ਰਾਸ਼ਟਰਪਤੀ ਭਵਨ ਵਿਚ ਰਹਿਮ ਦੀਆਂ ਅਪੀਲਾਂ ਦਾ ਹੜ੍ਹ ਲਿਆ ਦਿੱਤਾ ਸੀ। ਇਸ ਪਿੱਠ ਭੂਮੀ ਵਿਚ ਸਾਬਕਾ ਰਾਸ਼ਟਰਪਤੀ ਕੇ. ਆਰ. ਨਾਰਾਇਣਨ ਨੇ 1999 ਵਿਚ ਇਨ੍ਹਾਂ ਰਹਿਮ ਦੀਆਂ ਅਪੀਲਾਂ 'ਤੇ ਕੋਈ ਵਿਚਾਰ ਹੀ ਨਹੀਂ ਸੀ ਕੀਤਾ ਅਤੇ 3 ਅਗਸਤ, 2011 ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਰਹਿਮ ਦੀਆਂ ਅਪੀਲਾਂ ਠੁਕਰਾ ਦਿੱਤੀਆਂ ਸਨ। ਪਰ ਉਸ ਤੋਂ ਫੌਰਨ ਬਾਅਦ ਦੋਸ਼ੀਆਂ ਨੇ ਅਦਾਲਤ ਰਾਹੀਂ ਆਪਣੀ ਫਾਂਸੀ 'ਤੇ ਰੋਕ ਲਗਵਾ ਲਈ। ਇਸ ਸੰਦਰਭ ਵਿਚ ਜੋ ਜ਼ਬਰਦਸਤ ਮੁਹਿੰਮ ਚੱਲੀ, ਉਸ ਨਾਲ ਦੇਸ਼-ਵਿਦੇਸ਼ ਵਿਚ ਵਸੇ ਤਾਮਿਲ ਲੋਕਾਂ ਦੇ ਪ੍ਰਭਾਵ ਦਾ ਅੰਦਾਜ਼ਾ ਲੱਗ ਜਾਂਦਾ ਹੈ ਅਤੇ ਇਹ ਵੀ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਕਾਤਲਾਂ ਨਾਲ ਉਨ੍ਹਾਂ ਦੀ ਕਿੰਨੀ ਹਮਦਰਦੀ ਹੈ।

ਦਰਅਸਲ ਫਾਂਸੀ ਦੀ ਸਜ਼ਾ 'ਤੇ ਸੰਸਦ ਵਿਚ ਦੇਸ਼ ਵਿਆਪੀ ਬਹਿਸ ਦੀ ਲੋੜ ਹੈ, ਤਾਂ ਕਿ ਇਸ ਗੱਲ 'ਤੇ ਵਿਚਾਰ ਕੀਤਾ ਜਾ ਸਕੇ ਕਿ ਅਪਰਾਧ ਭਾਵੇਂ ਕਿੰਨਾ ਵੀ ਘਿਨਾਉਣਾ ਕਿਉਂ ਨਾ ਹੋਵੇ ਪਰ ਆਧੁਨਿਕ ਸੱਭਿਆ ਸਮਾਜ ਦਾ ਤਕਾਜ਼ਾ ਇਹੀ ਹੈ ਕਿ ਦੋਸ਼ੀ ਨੂੰ ਪਛਤਾਵਾ, ਵਿਰਲਾਪ ਅਤੇ ਸੁਧਾਰ ਆਦਿ ਲਈ ਇਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜਦ ਫਾਂਸੀ 'ਤੇ ਲਟਕਾਏ ਜਾਣ ਦੀ ਬਜਾਏ, ਉਸ ਨੂੰ ਜੀਵਨ ਦੇ ਆਖਰੀ ਸਾਹ ਤੱਕ ਸੀਖਾਂ ਦੇ ਪਿੱਛੇ ਰੱਖਿਆ ਜਾਵੇ।

ਸ਼ਾਹਿਦ-ਏ-ਚੌਧਰੀ
-ਇਮੇਜ਼ ਰਿਫਲੈਕਸ਼ਨ ਸੈਂਟਰ।

ਕੋਟਕਪੂਰੇ ਦੇ ਇਤਿਹਾਸਕ ਸਮਾਰਕ -ਗੋਲ ਕੋਠੀ ਅਤੇ ਹਮਾਮ

ਕੋਟਕਪੂਰਾ ਸ਼ਹਿਰ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜਿਸ ਥਾਂ 'ਤੇ ਹੁਣ ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਸੈਕੰਡਰੀ ਸਕੂਲ (ਕੁੜੀਆਂ) ਹੈ, ਕੁਝ ਸਾਲ ਪਹਿਲਾਂ ਤੀਕ ਇਸ ਨੂੰ 'ਸਰਕਾਰੀ ਬਾਗ' ਕਿਹਾ ਜਾਂਦਾ ਸੀ। ਇਹ 'ਸਰਕਾਰ' ਜਿਸ ਦਾ ਇਹ ਬਾਗ ਸੀ, ਉਹ ਭਾਰਤ ਜਾਂ ਪੰਜਾਬ ਸਰਕਾਰ ਨਹੀਂ ਸੀ ਸਗੋਂ ਫ਼ਰੀਦਕੋਟ ਸਟੇਟ ਦੇ ਰਾਜੇ ਦੀ ਸਰਕਾਰ ਸੀ। ਉਸ ਸਮੇਂ ਕੋਟਕਪੂਰਾ ਸ਼ਹਿਰ ਦੀ ਵਸੋਂ ਇਸ ਇਲਾਕੇ ਵਿਚ ਸੀ ਪਰ ਹੁਣ ਇਸ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ। ਕੁਝ ਸਾਲ ਪਹਿਲਾਂ ਤੀਕ ਕਿਲ੍ਹੇ ਵਿਚਲੀ ਹਵੇਲੀ ਬਚੀ ਹੋਈ ਸੀ ਪਰ 1986 ਵਿਚ ਅਸੁਰੱਖਿਅਤ ਕਰਾਰ ਦੇ ਕੇ ਇਹ ਢਾਹ ਦਿੱਤੀ ਗਈ। 19ਵੀਂ ਸਦੀ ਵਿਚ ਉਸਾਰੀ ਗਈ ਇਹ ਇਮਾਰਤ ਪੰਜਾਬ ਦੀ ਹਵੇਲੀ ਉਸਾਰੀ ਕਲਾ ਦਾ ਬਿਹਤਰੀਨ ਨਮੂਨਾ ਸੀ ਜਿਸ ਦਾ ਵਜੂਦ ਹੁਣ ਸ਼ਹਿਰ ਦੇ ਫ਼ੋਟੋਗਰਾਫ਼ਰ ਸ੍ਰੀ ਚਮਨ ਲਾਲ (ਰਿੰਕੀ ਫ਼ੋਟੋ ਸਟੂਡੀਓ) ਦੀ ਖਿੱਚੀ ਇਕ ਤਸਵੀਰ ਵਿਚ ਹੀ ਬਚਿਆ ਹੈ। ਕੋਟਕਪੂਰੇ ਦਾ ਸਰਕਾਰੀ ਬਾਗ ਮੁਗ਼ਲ ਬਾਗ ਉਸਾਰਨ ਦੀ ਉਸ ਇਤਿਹਾਸਕ ਪਰੰਪਰਾ ਦੀ ਇਕ ਮਹੱਤਵਪੂਰਨ ਕੜੀ ਸੀ ਜੋ ਮੁਗ਼ਲ ਬਾਦਸ਼ਾਹ ਬਾਬਰ ਮੱਧ ਏਸ਼ੀਆ ਤੋਂ ਹਿੰਦੁਸਤਾਨ ਲੈ ਕੇ ਆਇਆ ਸੀ। ਮੁਗ਼ਲ ਕਲਾ ਦਾ ਪ੍ਰਭਾਵ ਹਿੰਦੁਸਤਾਨ ਦੇ ਸਥਾਨਕ ਹਾਕਮਾਂ 'ਤੇ ਵੀ ਹੋਇਆ ਭਾਵੇਂ ਉਹ ਰਾਜਸਥਾਨ ਦੇ ਰਾਜਪੂਤ ਸਨ ਜਾਂ ਪੰਜਾਬ ਦੇ ਸਿੱਖ ਰਾਜੇ। ਕੋਟਕਪੂਰੇ ਦੇ ਸਰਕਾਰੀ ਬਾਗ ਦਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਦਰਵਾਜ਼ਾ ਹਾਲੇ ਵੀ ਕਾਇਮ ਹੈ ਪਰ ਇਸ ਨੇ ਸਕੂਲ ਦੇ ਦਫ਼ਤਰ ਦਾ ਰੂਪ ਲੈ ਲਿਆ ਹੈ। ਆਲੇ-ਦੁਆਲੇ ਦੀ ਸੜਕ ਉੱਚੀ ਹੋ ਜਾਣ ਕਾਰਨ ਇਹ ਦਰਵਾਜ਼ਾ ਹੁਣ ਗਰਕਿਆ ਜਿਹਾ ਲਗਦਾ ਹੈ। ਖ਼ੁਸ਼ਕਿਸਮਤੀ ਨਾਲ ਇਸ ਬਾਗ ਦੀਆਂ ਦੋ ਹੋਰ ਇਮਾਰਤਾਂ ਹਾਲੇ ਵੀ ਖੜ੍ਹੀਆਂ ਹਨ-ਗੋਲ ਕੋਠੀ ਅਤੇ ਹਮਾਮ (ਇਸ਼ਨਾਨ ਘਰ)।

ਸਕੂਲ ਵਿਚ ਵੜਦਿਆਂ ਹੀ ਸਾਹਮਣੇ ਨਜ਼ਰੀਂ ਪੈਂਦੀ ਗੋਲ ਕੋਠੀ ਵਿਲੱਖਣ ਦੋ ਮੰਜ਼ਿਲਾ ਇਮਾਰਤ ਵਿਚ ਹੈ। ਫ਼ਰੀਦਕੋਟ ਸਟੇਟ ਦੀਆਂ ਇਤਿਹਾਸਕ ਇਮਾਰਤਾਂ ਵਿਚੋਂ ਸਿਰਫ ਇਹੀ ਇਕ ਇਮਾਰਤ ਹੈ ਜੋ ਗੋਲਾਕਾਰ ਹੈ। ਇਹ ਤਿੰਨ ਸਮ-ਕੇਂਦਰੀ ਚੱਕਰਦਾਰ ਕੰਧਾਂ ਦੀ ਬਣੀ ਹੋਈ ਹੈ। ਸਭ ਤੋਂ ਬਾਹਰਲੀ ਕੰਧ ਅਰਧ-ਚੱਕਰਦਾਰ ਹੀ ਹੈ। ਅਸਲ ਵਿਚ ਇਮਾਰਤ ਦਾ ਸਭ ਤੋਂ ਬਾਹਰਲਾ ਹਿੱਸਾ ਪੂਰੀ ਤਰ੍ਹਾਂ ਬੰਦ ਨਹੀਂ ਸੀ ਸਗੋਂ ਖੁੱਲ੍ਹਾ ਵਰਾਂਡਾ ਸੀ। ਪੱਛਮ ਵਾਲੇ ਪਾਸਿਉਂ ਇਕ ਪੌੜੀ ਉੱਪਰਲੀ ਮੰਜ਼ਿਲ ਨੂੰ ਜਾਂਦੀ ਹੈ ਜਿਸ ਦਾ ਸਿਰਫ਼ ਤਿੰਨ-ਚੌਥਾਈ ਭਾਗ ਛੱਤਿਆ ਹੋਇਆ ਹੈ। ਇਮਾਰਤ ਦੇ ਸਾਹਮਣੇ ਵਾਲੇ ਪਾਸੇ ਲੱਕੜ ਦੀ ਬਾਲਕੋਨੀ ਹੈ। ਡਾਟਾਂ ਨੁੱਕਰਦਾਰ ਅਤੇ ਗੋਲ, ਦੋਵੇਂ ਤਰ੍ਹਾਂ ਦੀਆਂ ਹਨ। ਨੁੱਕਰਦਾਰ ਡਾਟਾਂ ਦੀ ਵਰਤੋਂ ਮੁਸਲਿਮ ਪ੍ਰਭਾਵ ਹੇਠ ਹੋਈ ਅਤੇ ਗੋਲ ਡਾਟਾਂ ਦੀ ਬ੍ਰਿਟਿਸ਼ ਪ੍ਰਭਾਵ ਹੇਠ। ਇਮਾਰਤ ਦਾ ਪਿਛਲਾ ਹਿੱਸਾ ਡਿਗ ਚੁੱਕਾ ਹੈ। ਬਾਹਰਲੀਆਂ ਕੰਧਾਂ ਦੇ ਸਭ ਤੋਂ ਉੱਪਰਲੇ ਭਾਗ ਵਿਚ ਚੂਨੇ ਨੂੰ ਤਰਾਸ਼ ਕੇ ਬਣਾਏ ਗਏ ਜਿਓਮੈਟਰੀਕਲ ਸਜਾਵਟੀ ਨਮੂਨੇ ਸਾਲਾਨਾ ਕੀਤੀ ਜਾਂਦੀ ਕਲੀ ਦੀਆਂ ਤੈਹਾਂ ਹੇਠ ਦੱਬ ਗਏ ਹਨ। ਕੋਠੀ ਦੇ ਸਾਹਮਣੇ ਵਾਲੇ ਪਾਸੇ ਸਫ਼ੈਦ ਸੰਗਮਰਮਰ ਦੀ ਖ਼ੂਬਸੂਰਤ ਛਤਰੀ ਹੈ। ਇਸ ਦੇ ਵੱਖ-ਵੱਖ ਹਿੱਸਿਆਂ ਨੂੰ ਬਾਰੀਕੀ ਨਾਲ ਤਰਾਸ਼ਿਆ ਹੋਇਆ ਹੈ। ਹੇਠਲੇ ਹਿੱਸੇ ਵਿਚ ਫੁੱਲਦਾਰ ਡਿਜ਼ਾਈਨ ਵਿਚ ਤਰਾਸ਼ੀਆਂ ਜਾਲੀਆਂ ਹਨ ਜਿਨ੍ਹਾਂ ਵਿਚੋਂ ਕੁਝ ਟੁੱਟ ਚੁੱਕੀਆਂ ਹਨ। ਲੋਕ ਇਸ ਛਤਰੀ ਨੂੰ ਰਾਜਾ ਵਜ਼ੀਰ ਸਿੰਘ (1849-74) ਦੀ ਸਮਾਧ ਮੰਨ ਕੇ ਪੂਜਦੇ ਹਨ। ਪਰ ਰਾਜਾ ਵਜ਼ੀਰ ਸਿੰਘ ਦੀ ਸਮਾਧ ਤਾਂ ਹਰਿਆਣੇ ਵਿਚ ਕੁਰੂਕਸ਼ੇਤਰ ਨੇੜਲੇ ਕਸਬੇ ਥਾਨੇਸਾਰ ਵਿਖੇ ਹੈ ਜਿੱਥੇ ਤੀਰਥ-ਯਾਤਰਾ ਤੋਂ ਮੁੜਦੇ ਰਾਜੇ ਦਾ ਦਿਹਾਂਤ ਹੋ ਗਿਆ ਸੀ। ਉੱਥੇ ਸਮਾਧ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਹਾਲੇ ਵੀ ਫ਼ਰੀਦਕੋਟ ਕਿਹਾ ਜਾਂਦਾ ਹੈ। ਕੋਟਕਪੂਰੇ ਵਾਲੀ ਛਤਰੀ ਰਾਜਾ ਵਜ਼ੀਰ ਸਿੰਘ ਦਾ ਸਿਰਫ਼ ਯਾਦਗਾਰੀ ਚਿੰਨ੍ਹ ਹੋ ਸਕਦਾ ਹੈ।

ਬਾਗ ਦੀ ਬਚਦੀ ਦੂਜੀ ਇਮਾਰਤ ਹਮਾਮ ਗੋਲ ਮਹਿਲ ਦੇ ਉੱਤਰ-ਪੂਰਬ ਵੱਲ ਸਥਿਤ ਹੈ। ਇਸ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਦੋ ਕਮਰੇ ਹਨ ਅਤੇ ਉੱਪਰਲੀ 'ਤੇ ਇਕ। ਉੱਪਰਲੇ ਕਮਰੇ ਦੀ ਛੱਤ ਟੀਨ ਦੀਆਂ ਚਾਦਰਾਂ ਦੀ ਹੈ ਜੋ ਕਿ ਉਸ ਸਮੇਂ ਨਿਵੇਕਲੀ ਲਗਦੀ ਹੋਵੇਗੀ। ਲਗਦਾ ਹੈ ਕਿ ਹਮਾਮ ਦੀ ਉੱਪਰਲੀ ਮੰਜ਼ਿਲ ਦਾ ਕਮਰਾ ਅਸਲ ਯੋਜਨਾ ਦਾ ਹਿੱਸਾ ਨਹੀਂ ਹੈ ਕਿਉਂਕਿ ਉੱਪਰ ਜਾਣ ਲਈ ਪੌੜੀਆਂ ਦੀ ਉਸਾਰੀ ਬਾਅਦ ਵਿਚ ਕੀਤੀ ਗਈ ਹੈ ਜਿਸ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਇਹ ਪੌੜੀਆਂ ਇਮਾਰਤ ਦੇ ਇਸ ਪਾਸੇ ਦੀ ਚੂਨੇ ਨਾਲ ਬ੍ਰਿਟਿਸ਼ ਸ਼ੈਲੀ ਵਿਚ ਕੀਤੀ ਸਜਾਵਟ ਨੂੰ ਖ਼ਰਾਬ ਕਰਦੀਆਂ ਹਨ। ਫ਼ਰੀਦਕੋਟ ਸਟੇਟ ਦਾ ਦਰਬਾਰੀ ਇਤਿਹਾਸਕਾਰ ਸ਼ਾਹ ਵਲੀਉਲਾ ਸਿਦੀਕੀ 1903 ਵਿਚ ਉਰਦੂ ਵਿਚ ਛਪੀ ਆਪਣੀ ਕਿਤਾਬ ਆਈਨਾ-ਏ-ਬਰਾੜ ਬੰਸ ਦੀ ਤੀਸਰੀ ਜਿਲਦ ਦੇ ਪੰਨਾ ਨੰ: 670-71 'ਤੇ ਲਿਖਦਾ ਹੈ ਕਿ ਰਾਜਾ ਬਿਕ੍ਰਮ ਸਿੰਘ (1874-98) ਹਾਰ ਸਾਲ ਹਵਾ ਬਦਲਣ ਲਈ ਕੁਝ ਦਿਨ ਕੋਟਕਪੂਰੇ ਠਹਿਰਦਾ ਸੀ। ਇਸ ਲਈ ਉਸ ਨੇ ਬਾਗ ਵਾਲੀ ਕੋਠੀ ਵੱਡੀ ਕਰਵਾਈ ਅਤੇ ਕੁਝ ਹੋਰ ਇਮਾਰਤਾਂ ਦੀ ਉਸਾਰੀ ਵੀ ਕਰਵਾਈ। ਇਸ ਦਾ ਮਤਲਬ ਹੈ ਕਿ ਇਹ ਗੋਲ ਕੋਠੀ ਇਸ ਤੋਂ ਪਹਿਲਾਂ ਬਾਗ ਵਿਚ ਮੌਜੂਦ ਸੀ। ਇਸ ਬਾਗ ਦੀ ਉਸਾਰੀ ਰਾਜਾ ਵਜ਼ੀਰ ਸਿੰਘ ਨੇ ਕਰਵਾਈ ਹੋਵੇਗੀ। ਸ਼ਾਇਦ ਇਸੇ ਲਈ ਰਾਜੇ ਦੀ ਮੌਤ ਤੋਂ ਬਾਅਦ ਛੋਟੀ ਜਿਹੀ ਛਤਰੀ ਦੇ ਰੂਪ ਵਿਚ ਉਸ ਦੀ ਯਾਦਗਾਰ ਵੀ ਬਣਾ ਦਿੱਤੀ ਗਈ ਹੋਵੇਗੀ।

ਕੁਝ ਸਮਾਂ ਪਹਿਲਾਂ ਤੋਂ ਗੋਲ ਕੋਠੀ ਦੀ ਖ਼ਸਤਾ ਹਾਲਤ ਦੇਖਦਿਆਂ ਸਿੱਖਿਆ ਵਿਭਾਗ ਨੇ ਇਸ ਨੂੰ 'ਅਸੁਰੱਖਿਅਤ ਇਮਾਰਤ' ਕਰਾਰ ਦਿੱਤਾ ਹੋਇਆ ਹੈ ਅਤੇ ਕਈ ਵਾਰ ਇਸ ਨੂੰ ਢਾਹ ਦੇਣ ਦਾ ਵਿਚਾਰ ਵੀ ਬਣਿਆ ਹੈ। ਪਰ ਮੇਰਾ ਖ਼ਿਆਲ ਹੈ ਕਿ ਹਾਲੇ ਵੀ ਇਨ੍ਹਾਂ ਸਦੀ ਤੋਂ ਵੱਧ ਪੁਰਾਣੀਆਂ ਦੋਵਾਂ ਇਮਾਰਤਾਂ ਦੀ ਮੁਰੰਮਤ ਕਰ ਕੇ ਇਨ੍ਹਾਂ ਨੂੰ ਠੀਕ-ਠਾਕ ਕੀਤਾ ਜਾਣਾ ਚਾਹੀਦਾ ਹੈ। ਇਹ ਸਧਾਰਨ ਇਮਾਰਤਾਂ ਨਹੀਂ ਸਗੋਂ ਇਤਿਹਾਸ ਦੀਆਂ ਪੈੜਾਂ ਹਨ। ਖ਼ਾਸ ਕਰਕੇ ਗੋਲ ਕੋਠੀ ਤਾਂ ਸ਼ਹਿਰ ਦੀ ਹੀ ਨਹੀਂ, ਸਗੋਂ ਪੰਜਾਬ ਦੀ ਭਵਨ ਉਸਾਰੀ ਕਲਾ ਦਾ ਵਿਲੱਖਣ ਨਮੂਨਾ ਹੈ।

ਸੁਭਾਸ਼ ਪਰਿਹਾਰ

ਸਿੱਕਮ ਫੁੱਲਾਂ ਜੋਗੀ ਜ਼ਮੀਨ ਰੱਖਣ ਵਾਲਾ ਰਾਜ

ਭਾਰਤ ਕਈ ਦੇਸ਼ਾਂ ਦਾ ਦੇਸ਼ ਹੈ। ਇਹ ਰੰਗ-ਬਿਰੰਗੇ ਪਹਿਰਾਵਿਆਂ ਅਤੇ ਵੇਸਾਂ ਦਾ ਦੇਸ਼ ਹੈ। ਇੱਥੇ ਤਰ੍ਹਾਂ-ਤਰ੍ਹਾਂ ਦੇ ਲੋਕ, ਵੰਨ-ਸੁਵੰਨੇ ਸੱਭਿਆਚਾਰ ਅਤੇ ਵਿਲੱਖਣ ਕਿਸਮ ਦੇ ਧਰਾਤਲ ਹਨ। ਕਿਤੇ ਜੰਗਲ, ਕਿਤੇ ਰੇਗਿਸਤਾਨ, ਕਿਤੇ ਪਹਾੜ, ਕਿਤੇ ਮੈਦਾਨ ਹਨ। ਕਿਤੇ ਸਮੁੰਦਰ ਹਨ ਅਤੇ ਕਿਤੇ ਪਾਣੀਆਂ ਵਿਚ ਘਿਰੇ ਜਜ਼ੀਰੇ। ਕਿੱਤੇ ਘੁੱਗ ਵਸਦੇ ਪਿੰਡ ਅਤੇ ਸ਼ਹਿਰ ਹਨ ਕਿਤੇ ਟਾਵੀਂ ਟਾਵੀਂ ਵਸੋਂ।ਸਿੱਕਮ ਭਾਰਤ ਦੀਆਂ ਅਜਿਹੀਆਂ ਹੀ ਵੰਨ-ਸੁਵੰਨੀਆਂ ਵੰਨਗੀਆਂ ਨਾਲ ਭਰਪੂਰ ਰਾਜਾਂ ਵਿਚੋਂ ਇਕ ਖੂਬਸੂਰਤ ਰਾਜ ਹੈ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਜਨਵਰੀ ਦੇ ਪਹਿਲੇ ਹਫਤੇ ਕਿਸੇ ਕਾਨਫਰੰਸ ਵਿਚ ਭਾਗ ਲੈਣ ਲਈ ਸਿੱਕਮ ਜਾਣ ਦਾ ਮੌਕਾ ਮਿਲਿਆ। ਇਹ ਭਾਰਤ ਦਾ ਸਭ ਤੋਂ ਛੋਟਾ ਪਰ ਖੂਬਸੂਰਤ ਸੂਬਾ ਹੈ ਜੋ ਹਿਮਾਲਿਆ ਦੀਆਂ ਪਹਾੜੀਆਂ ਦੀ ਗੋਦ ਵਿਚ ਵੱਸਿਆ ਹੋਇਆ ਹੈ। ਇਸ ਦੀ ਵਸੋਂ ਕੇਵਲ 6 ਲੱਖ ਦੇ ਕਰੀਬ ਹੈ ਜੋ ਭਾਰਤ ਦੇ ਰਾਜਾਂ ਵਿਚ ਸਭ ਤੋਂ ਘੱਟ ਹੈ ਅਤੇ ਇਹ ਦੇਸ਼ ਦੀ ਵਸੋਂ ਦਾ ਸਿਰਫ 0.5ં ਬਣਦੀ ਹੈ। ਇਹ ਰਾਜ ਕੇਵਲ 7096 ਵਰਗਮੀਲ ਦੇ ਖੇਤਰ ਵਿਚ ਫੈਲਿਆ ਹੋਇਆ ਹੈ ਜੋ ਕਿ ਗੋਆ ਤੋਂ ਬਾਅਦ ਸਭ ਤੋਂ ਛੋਟਾ ਹੈ। ਸਿੱਕਮ ਵਿਚ ਪਹਿਲਾਂ ਰਾਜਾਸ਼ਾਹੀ ਵਿਵਸਥਾ ਸੀ ਅਤੇ ਇਹ 16 ਮਈ,1975 ਨੂੰ ਭਾਰਤੀ ਸੰਘ ਦਾ ਹਿੱਸਾ ਬਣਿਆ। ਇਹ ਛੋਟਾ ਜਿਹਾ ਭਾਰਤੀ ਰਾਜ ਦੱਖਣ ਦਿਸ਼ਾ ਵੱਲੋਂ ਭਾਰਤ ਦੇ ਪੱਛਮੀ ਬੰਗਾਲ ਸੂਬੇ ਨਾਲ ਜੁੜਦਾ ਹੈ। ਬਾਕੀ ਦਿਸ਼ਾਵਾਂ ਤੋਂ ਇਹ ਨੇਪਾਲ, ਚੀਨ/ਤਿੱਬਤ, ਭੂਟਾਨ ਦੇਸ਼ਾਂ ਦੀਆਂ ਸਰਹੱਦਾਂ ਦਰਮਿਆਨ ਘਿਰਿਆ ਹੋਇਆ ਹੈ। ਦੁਨੀਆ ਦੀ ਤੀਸਰੀ ਸਭ ਤੋਂ ਉੱਚੀ ਪਹਾੜੀ ਚੋਟੀ ਕੰਚਨਜੰਗਾ ਇਸ ਦੀ ਨੇਪਾਲ ਨਾਲ ਲਗਦੀ ਸਰਹੱਦ ਉੱਤੇ ਸਥਿਤ ਹੈ। ਇਸ ਥੋੜ੍ਹੀ ਜਿਹੀ ਵਸੋਂ ਵਾਲੇ ਛੋਟੇ ਜਿਹੇ ਰਾਜ ਵਿਚ ਵੀ ਸਰਕਾਰੀ ਤੌਰ 'ਤੇ 11 ਪ੍ਰਵਾਨਿਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜੋ ਭਾਰਤ ਦੀ ਭਾਸ਼ਾਈ ਵਿਵਿਧਤਾ ਦਾ ਸਬੂਤ ਹੈ। ਇੱਥੇ ਨੇਪਾਲੀ ਬੋਲਣ ਵਾਲੇ ਲੋਕ ਸਭ ਤੋਂ ਵੱਧ ਹਨ। ਭੁਟੀਆ (ਭੂਟਾਨੀ), ਲੈਪਚਾ, ਲਿੰਬੂ, ਨਿਵਾਰੀ, ਗੁਰੁੰਗ, ਤਮੁੰਗ ਆਦਿ ਹੋਰ ਭਾਸ਼ਾਵਾਂ ਵੀ ਇੱਥੇ ਬੋਲੀਆਂ ਜਾਂਦੀਆਂ ਹਨ। ਹਿੰਦੂ ਅਤੇ ਬੁੱਧ ਇੱਥੋਂ ਦੇ ਪ੍ਰਮੁੱਖ ਧਰਮ ਹਨ। ਖੇਤੀਬਾੜੀ ਅਤੇ ਸੈਰ-ਸਪਾਟਾ ਇੱਥੋਂ ਦੀ ਆਮਦਨ ਦੇ ਮੁੱਖ ਸੋਮੇ ਹਨ।

ਸਿੱਕਮ ਸੈਲਾਨੀਆਂ ਲਈ ਹਮੇਸ਼ਾ ਕਾਫੀ ਖਿੱਚ ਦਾ ਕੇਂਦਰ ਰਿਹਾ ਹੈ। ਇਸ ਦੀ ਰਾਜਧਾਨੀ ਗੰਗਟੋਕ ਪਹੁੰਚਣ ਲਈ ਪਹਿਲਾਂ ਹਵਾਈ ਜਹਾਜ਼ ਰਾਹੀਂ ਬਾਗਡੋਗਰਾ ਹਵਾਈ ਅੱਡੇ (ਪੱਛਮੀ ਬੰਗਾਲ) ਪਹੁੰਚ ਕੀਤੀ ਜਾਂਦੀ ਹੈ। ਫਿਰ ਸੜਕ ਰਾਹੀਂ (123 ਕਿ. ਮੀ.) ਤਕਰੀਬਨ 4 ਘੰਟੇ ਵਿਚ ਗੰਗਟੋਕ ਪਹੁੰਚਿਆ ਜਾਂਦਾ ਹੈ। ਇਸ ਸੜਕ ਵਾਲੇ ਸਫਰ ਵਿਚ ਇੱਥੋਂ ਦਾ ਤੀਸਤਾ ਦਰਿਆ ਨਾਲ-ਨਾਲ ਚਲਦਾ ਹੈ। ਰੇਲ ਰਾਹੀਂ ਨਿਊ ਜਲਪਾਈਗੁੜੀ (125 ਕਿ. ਮੀ.) ਜਾਂ ਸਿਲੀਗੁੜੀ (114 ਕਿ. ਮੀ) ਰੇਲਵੇ ਸਟੇਸਨ ਤੋਂ ਵੀ ਗੰਗਟੋਕ ਪਹੁੰਚਿਆ ਜਾ ਸਕਦਾ ਹੈ। ਗੰਗਟੋਕ ਸਿੱਕਮ ਦੀ ਰਾਜਧਾਨੀ ਅਤੇ ਇੱਥੋਂ ਦਾ ਪ੍ਰਮੁੱਖ ਸ਼ਹਿਰ ਹੈ। ਇੱਥੇ ਰਾਜ ਦੀ ਵਿਧਾਨ ਸਭਾ, ਪ੍ਰਮੁੱਖ ਦਫਤਰ, ਹੋਟਲ ਅਤੇ ਸੂਚਨਾ ਕੇਂਦਰ ਸਥਿਤ ਹਨ। ਗੰਗਟੋਕ ਤੋਂ ਸਿੱਕਮ ਦੇ ਬਾਕੀ ਥਾਂ ਟੈਕਸੀ ਰਾਹੀਂ ਘੁੰਮ ਕੇ ਵੇਖੇ ਜਾ ਸਕਦੇ ਹਨ। ਗੰਗਟੋਕ ਆਪਣੇ-ਆਪ ਵਿਚ ਵੀ ਸੈਲਾਨੀਆਂ ਲਈ ਵੇਖਣਯੋਗ ਸ਼ਹਿਰ ਹੈ।

ਸਿੱਕਮ ਨੇ ਕੁਦਰਤ ਪੱਖੀ ਵਿਕਾਸ ਮਾਡਲ ਅਪਣਾਉਣ ਦੀ ਪਹਿਲਕਦਮੀ ਕਰਨ ਵਿਚ ਵਿਲੱਖਣ ਪਹਿਚਾਣ ਬਣਾਈ ਹੈ। ਇਹ ਜੈਵਿਕ ਖੇਤੀ ਮਾਡਲ ਅਪਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਹੈ। 2003 ਵਿਚ ਸਿੱਕਮ ਨੇ ਸਮੁੱਚੇ ਰਾਜ ਦੀ ਖੇਤੀ ਨੂੰ ਜੈਵਿਕ ਖੇਤੀ ਵਿਚ ਤਬਦੀਲ ਕਰਨ ਲਈ ਸਰਕਾਰੀ ਤੌਰ 'ਤੇ ਫੈਸਲਾ ਲਿਆ ਸੀ। ਰਾਜ ਸਰਕਾਰ ਨੇ 2015 ਤੱਕ ਸਾਰੇ ਸੂਬੇ ਨੂੰ ਜੈਵਿਕ ਖੇਤੀ ਅਧੀਨ ਲਿਆਉਣ ਦਾ ਟੀਚਾ ਮਿਥਿਆ ਹੈ। ਇਸ ਸਮੇਂ ਇੱਥੇ 50000 ਪਰਿਵਾਰ ਜੈਵਿਕ ਖੇਤੀ ਕਰ ਰਹੇ ਹਨ। ਸਿੱਕਮ ਦੇ ਕੁਦਰਤ ਨਾਲ ਪ੍ਰੇਮ ਦਾ ਇਕ ਹੋਰ ਪ੍ਰਮਾਣ ਇਹ ਹੈ ਕਿ ਇੱਥੇ ਪਿਛਲੇ ਕੁਝ ਸਮੇਂ ਤੋਂ ਹਰ ਸਾਲ ਅੰਤਰਰਾਸ਼ਟਰੀ ਪੱਧਰ ਦਾ ਫੁੱਲਾਂ ਦਾ ਮੇਲਾ ਲਗਾਇਆ ਜਾਂਦਾ ਹੈ। ਇਸ ਸਾਲ ਵੀ ਇਹ ਮੇਲਾ 23 ਫਰਵਰੀ ਤੋਂ ਗੰਗਟੋਕ ਤੋਂ 12 ਕਿਲੋਮੀਟਰ ਦੂਰੀ ਤੇ ਸਥਿਤ ਸਰਮਾਸ ਗਾਰਡਨ ਵਿਖੇ ਲਗਾਇਆ ਗਿਆ ਹੈ। ਇਸ ਮੇਲੇ ਵਿਚ 25 ਅੰਤਰਰਾਸ਼ਟਰੀ, 30 ਰਾਸ਼ਟਰੀ ਫੁੱਲ ਕੰਪਨੀਆਂ ਅਤੇ ਲਗਭਗ 190 ਫੁੱਲ ਉਗਾਉਣ ਵਾਲੀਆਂ ਸੰਸਥਾਵਾਂ ਦੇ ਭਾਗ ਲੈਣ ਦੀ ਉਮੀਦ ਸੀ। ਇਸ ਮੇਲੇ ਵਿਚ ਤਕਰੀਬਨ 15000 ਕਿਸਮਾਂ ਦੇ ਫੁੱਲਾਂ ਦੀ ਨੁਮਾਇਸ਼ ਕੀਤੀ ਗਈ। ਸਿੱਕਮ ਰਾਜ ਆਪਣੇ ਆਪ ਵਿਚ ਫੁੱਲਾਂ ਦੀ ਅਮੀਰ ਧਰੋਹਰ ਵਾਲਾ ਰਾਜ ਹੈ। ਇੱਥੇ 5000 ਫੁੱਲਾਂ ਦੀਆਂ ਕਿਸਮਾਂ ਵਾਲੇ ਪੌਦੇ ਮੌਜੂਦ ਹਨ।

ਇਸੇ ਤਰ੍ਹਾਂ ਇਥੋਂ ਦੀ ਰਾਜ ਸਰਕਾਰ ਨੇ ਸਿੱਕਮ ਦੀ ਰਾਜਧਾਨੀ ਗੰਗਟੋਕ ਦੇ ਮੁੱਖ ਬਜ਼ਾਰ ਨੂੰ ਪ੍ਰਦੂਸ਼ਣ ਮੁਕਤ ਕਰਕੇ ਇਸ ਨੂੰ ਕੁਦਰਤੀ ਤੌਰ ਤੇ ਸੁਹਾਵਣੇ ਬਣਾਉਣ ਦੀ ਯੋਜਨਾ ਲਾਗੂ ਕਰਕੇ ਕੁਦਰਤ ਪੱਖੀ ਸ਼ਹਿਰੀ ਯੋਜਨਾਬੰਦੀ ਦਾ ਕੀਰਤੀਮਾਨ ਸਥਾਪਤ ਕੀਤਾ ਹੈ। ਗੰਗਟੋਕ ਸ਼ਹਿਰ ਵਿਚਲੀ ਸੜਕ ਜਿਸ ਨੂੰ ਮਹਾਤਮਾ ਗਾਂਧੀ ਮਾਰਗ ਕਿਹਾ ਜਾਂਦਾ ਹੈ, ਸ਼ਹਿਰ ਦੇ ਮੁੱਖ ਬਜ਼ਾਰ ਦੇ ਬਿਲਕੁੱਲ ਵਿਚਕਾਰੋਂ ਲੰਘਦੀ ਹੈ। ਇਹ ਇਥੋਂ ਦੀ ਇਕ ਤਰ੍ਹਾਂ ਦੀ ਮਾਲ ਰੋਡ ਹੈ ਜਿਸ ਉੱਤੇ ਸੈਲਾਨੀ ਇੱਥੋਂ ਦੇ ਸੁਹਾਵਣੇ ਮੌਸਮ ਦਾ ਅਤੇ ਇਰਦ-ਗਿਰਦ ਨਜ਼ਰੀਂ ਪੈਂਦੀਆਂ ਵਾਦੀਆਂ ਦਾ ਘੁੰਮ-ਫਿਰ ਕੇ ਅਨੰਦ ਮਾਣਦੇ ਹਨ। ਇਹ ਸੜਕ ਕੁਦਰਤ ਪੱਖੀ ਸ਼ਹਿਰੀ ਯੋਜਨਾਬੰਦੀ ਦੀ ਇਕ ਵਿਲੱਖਣ ਅਤੇ ਆਹਲਾ ਉਦਾਹਰਨ ਪੇਸ਼ ਕਰਦੀ ਹੈ। ਗੰਗਟੋਕ ਸ਼ਹਿਰ ਦੇ ਮੁੱਖ ਬਜ਼ਾਰ ਦੀ ਸੜਕ ਦਾ ਇਹ ਟੋਟਾ ਭਾਵੇਂ ਇਕ ਕਿਲੋਮੀਟਰ ਤੋਂ ਵੀ ਘੱਟ ਲੰਬਾਈ ਵਾਲਾ ਹੈ ਪਰ ਆਪਣੀ ਕੁਦਰਤੀ ਖੂਬਸੂਰਤੀ ਪੱਖੋਂ ਇਹ ਵਿਲੱਖਣ ਮਿਸਾਲ ਪੇਸ਼ ਕਰਦਾ ਹੈ। ਇਹ ਸੜਕ ਆਪਣੇ ਹੁਣ ਵਾਲੇ ਖੂਬਸੂਰਤ ਸਰੂਪ ਤੋਂ ਪਹਿਲਾ ਵਾਹਨਾਂ ਦੇ ਧੂੰਏ ਅਤੇ ਸ਼ੋਰ ਪ੍ਰਦੂਸ਼ਣ, ਟ੍ਰੈਫਿਕ ਜਾਮਾਂ ਅਤੇ ਭੀੜ-ਭੜੱਕੇ ਵਾਲੀ ਹੁੰਦੀ ਸੀ। ਹੁਣ ਸਿੱਕਮ ਸਰਕਾਰ ਨੇ ਆਪਣੇ ਵਿਸ਼ੇਸ਼ ਉਪਰਾਲਿਆਂ ਨਾਲ ਇਸ ਨੂੰ ਕੁਦਰਤ ਪੱਖੀ, ਸੁਹਾਵਣੇ, ਮਨਮੋਹਕ, ਰਮਣੀਕ ਅਤੇ ਸਵੱਛ ਵਾਤਾਵਰਨ ਵਾਲੀ ਦਿੱਖ ਪ੍ਰਦਾਨ ਕੀਤੀ ਹੈ।ਸਿੱਕਮ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਨੇ ਇਸ ਸੜਕ ਨੂੰ ਪ੍ਰਦੂਸ਼ਣ ਮੁਕਤ ਕਰਕੇ ਸਵੱਛ ਵਾਤਾਵਰਨ ਅਤੇ ਕੁਦਰਤੀ ਸੁਹੱਪਣ ਦਾ ਜਾਮਾ ਪਹਿਨਾਉਣ ਦਾ ਕੰਮ 7 ਨਵੰਬਰ, 2007 ਵਿਚ ਸ਼ੁਰੂ ਕੀਤਾ ਜੋ 23 ਦਸੰਬਰ 2007 ਵਿਚ ਪੂਰਾ ਕੀਤਾ ਗਿਆ ਅਤੇ ਇਸ ਉੱਤੇ 908.18 ਲੱਖ ਰੁਪਏ ਦੀ ਲਾਗਤ ਆਈ। ਇਸ ਸੜਕ ਦੀ ਪੂਰੀ ਲੰਬਾਈ ਉੱਤੇ ਸੀਮਿੰਟ (ਆਰ. ਸੀ. ਸੀ) ਕਰਕੇ ਉੱਤੇ ਮਨਮੋਹਕ ਰੰਗ ਦੀਆਂ ਕੁਡਾਪਾਹ (ਆਂਧਰਾ ਸਟੋਨ) ਪੱਥਰ ਦੀਆਂ ਟਾਇਲਾਂ ਲਗਾਈਆਂ ਗਈਆਂ ਸਨ। ਸੜਕ ਦੇ ਵਿਚਕਾਰਲੇ ਹਿੱਸੇ ਵਿਚ ਗਰੇਨਾਈਟ ਪੱਥਰ ਲਗਾਇਆ ਗਿਆ ਹੈ ਅਤੇ ਇਸੇ ਹਿੱਸੇ ਉੱਤੇ ਖੂਬਸੂਰਤ ਗਮਲੇ, ਫੁੱਲਦਾਨ ਆਦਿ ਰੱਖੇ ਗਏ ਹਨ। ਸੜਕਾਂ ਦੇ ਇਸੇ ਭਾਗ ਵਿਚੋਂ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਲਈ ਪਾਈਪਾਂ ਵਿਛਾਈਆਂ ਗਈਆਂ ਹਨ। ਇਹ ਸੜਕ ਇਕ ਸੁਚੱਜੀ ਅਤੇ ਕੁਦਰਤ ਪੱਖੋਂ ਸ਼ਹਿਰੀ ਯੋਜਨਾਬੰਦੀ ਦੀ ਮਿਸਾਲ ਹੈ।

ਸਾਰੀ ਸੜਕ ਨੂੰ ਫੁੱਲਾਂ ਨਾਲ, ਫੁਹਾਰਿਆਂ ਨਾਲ ਅਤੇ ਦਿਲਕਸ਼ ਅੰਦਾਜ਼ ਦੀਆਂ ਬਿਜਲੀ ਲਾਈਟਾਂ ਨਾਲ ਸਜਾਇਆ ਗਿਆ ਹੈ। ਸੜਕ ਦੇ ਵਿਚਕਾਰ ਲੱਗੇ ਬਿਜਲੀ ਦੀ ਰੌਸ਼ਨੀ ਦੇ ਆਕਰਸ਼ਿਤ ਵਿੰਟੇਜ ਕਿਸਮ ਦੇ ਬਿਜਲੀ ਦੇ ਖੰਭਿਆਂ ਉੱਤੇ ਬਹੁਤ ਹੀ ਖੂਬਸੂਰਤ ਕਿਸਮ ਦੀਆਂ ਰੰਗ-ਬਰੰਗੇ ਫੁੱਲਾਂ ਦੀਆਂ ਲਟਕਦੀਆਂ ਟੋਕਰੀਆਂ ਅਤਿਅੰਤ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ। ਇਹ ਸੜਕ ਕਿਸੇ ਯੂਰਪੀਨ ਦੇਸ਼ ਦੀ ਖੂਬਸੂਰਤ ਸੜਕ ਵਰਗੀ ਲਗਦੀ ਹੈ। ਇਹ ਸੜਕ ਜਿੱਥੇ ਆਮ ਲੋਕਾਂ ਲਈ ਮਨਪ੍ਰਚਾਵੇ ਦਾ ਸਾਧਨ ਹੈ, ਉੱਥੇ ਇੱਥੋਂ ਦੇ ਬੁੱਧੀਜੀਵੀਆਂ, ਨਾਮਾਨਿਗਾਰਾਂ ਲਈ ਵਿਚਾਰਾਂ ਅਤੇ ਸੂਚਨਾ ਦੇ ਆਦਾਨ-ਪ੍ਰਦਾਨ ਲਈ ਕੇਂਦਰੀ ਸਥਾਨ ਹੈ। ਇਹ ਨੌਜੁਆਨਾਂ ਦੀ ਪਸੰਦੀਦਾ ਥਾਂ ਹੈ, ਜਿੱਥੇ ਖਾਣ-ਪੀਣ ਲਈ ਵਧੀਆ ਰੈਸਤੋਰਾਂ, ਬਾਰ ਅਤੇ ਹੋਟਲ ਹਨ ਅਤੇ ਹਰ ਬਰਾਂਡ ਦੇ ਸ਼ੋਅਰੂਮ ਹਨ। ਕਦੇ-ਕਦੇ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ। (ਬਾਕੀ ਅਗਲੇ ਐਤਵਾਰ)

ਹਰਵਿੰਦਰ ਸਿੰਘ
-ਚੰਡੀਗੜ੍ਹ, ਮੋਬਾਈਲ : 094642-91592

ਫਾਂਸੀ ਦਿਓ ਮਹਿੰਗਾਈ ਨੂੰ

ਕਹਿੰਦੇ ਨੇ ਕਿ ਪਬਲਿਕ ਯਾਨਿ ਜਨਤਾ ਦੀ ਡਿਮਾਂਡ ਸੀ ਕਿ ਅਫ਼ਜ਼ਲ ਗੁਰੂ ਨੂੰ ਸਰਕਾਰ ਛੇਤੀ ਤੋਂ ਛੇਤੀ ਫਾਂਸੀ ਦਏ ਤੇ ਸਰਕਾਰ ਨੇ 11 ਸਾਲ ਬਾਅਦ ਫੁਰਤੀ ਵਿਖਾਈ, ਛੇਤੀ ਤੋਂ ਵੀ ਪਹਿਲਾਂ ਅਫ਼ਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ, ਚੁੱਪ-ਚੁਪੀਤੇ।
ਹੁਣ ਕੌਣ ਹੈ ਸਭ ਤੋਂ ਵੱਡਾ ਦੇਸ਼-ਦੁਸ਼ਮਣ ਜਿਸ ਨੂੰ ਤੁਰੰਤ ਫੌਰਨ ਤੋਂ ਪਹਿਲਾਂ ਫਾਂਸੀ 'ਤੇ ਲਟਕਾਉਣ ਲਈ ਜਨਤਾ ਤਤਪਰ ਹੈ। ਵਾਰ-ਵਾਰ ਦਿਨ-ਰਾਤ ਸਰਕਾਰ ਨੂੰ ਅਪੀਲ ਕਰ ਰਹੀ ਹੈ। ਇਹ ਹੈ...
'ਮਹਿੰਗਾਈ'
ਇਸ ਤੋਂ ਵੱਡਾ ਆਤੰਕਵਾਦੀ ਹੋਰ ਕੋਈ ਹੋ ਹੀ ਨਹੀਂ ਸਕਦਾ। ਪਹਿਲਾਂ ਸਰਕਾਰ ਦੇ ਸਿਰਮੌਰ ਪ੍ਰਧਾਨ ਮੰਤਰੀ ਜੀ ਨੇ ਐਲਾਨਿਆ ਸੀ ਕਿ ਸੌ ਦਿਨਾਂ 'ਚ ਮਹਿੰਗਾਈ ਦਾ ਖਾਤਮਾ ਕਰ ਦਿੱਤਾ ਜਾਵੇਗਾ। ਪਰ ਕਈ ਸੌ ਦਿਨ ਲੰਘ ਗਏ ਹਨ, ਮਹਿੰਗਾਈ ਨਾ ਕੇਵਲ ਜਿਊਂਦੀ ਹੈ ਸਗੋਂ ਭੰਗੜੇ ਪਾ ਰਹੀ ਹੈ, ਭਾਰਤ ਨਾਟਿਯਮ ਨੱਚ ਰਹੀ ਹੈ, ਉਡੀਸੀ ਡਾਂਸ ਕਰ ਰਹੀ ਹੈ, ਸਗੋਂ ਪੱਛਮੀ ਸਾਲਸਾ ਡਾਂਸ ਵੀ ਕਰ ਰਹੀ ਹੈ।
ਲੋਕੀਂ ਤ੍ਰਾਹੇਮਾਮ-ਤ੍ਰਾਹੇਮਾਮ ਹਨ ਤੇ ਮਹਿੰਗਾਈ ਦੰਦ ਕੱਢ ਕੇ ਮਾਣ ਨਾਲ ਆਖ ਰਹੀ ਹੈ: ਮੈਂ ਛਮ-ਛਮ ਨੱਚਦੀ ਫਿਰਾਂ।
ਮਹਿੰਗਾਈ ਨੂੰ ਜੇਕਰ ਸਰਕਾਰ ਫਾਂਸੀ ਦੇ ਦਏ, ਤਾਂ ਧਰਮ ਨਾਲ ਨਾ ਕਸ਼ਮੀਰ ਘਾਟੀ 'ਚ ਕਰਫਿਊ ਲਾਉਣ ਦੀ ਲੋੜ ਪਏਗੀ ਨਾ ਕਿਤੇ ਹੋਰ, ਸਗੋਂ ਲੋਕੀਂ ਸਰਕਾਰ ਨੂੰ ਦੁਆਵਾਂ ਦਿੰਦੇ, ਉਹਦਾ ਸ਼ੁਕਰੀਆ ਕਰਨ ਹਿਤ ਉਹਦੀ ਸ਼ੋਭਾ 'ਚ ਥਾਂ-ਥਾਂ ਪ੍ਰਸੰਨਤਾ ਜਲੂਸ ਕੱਢਣਗੇ। ਰਾਜ ਕਰਨ ਵਾਲੀ ਪਾਰਟੀ ਨੂੰ ਵੋਟਾਂ ਵੀ ਚੰਗੀਆਂ ਮਿਲ ਜਾਣਗੀਆਂ। ਪਤਾ ਨਹੀਂ ਮਹਿੰਗਾਈ ਜੋ ਜਨਤਾ ਨੂੰ ਦੁਖਿਆਰੀ ਹੈ, ਜਨਤਾ ਦੀ ਵੈਰੀ ਹੈ, ਉਹ ਸਰਕਾਰ ਨੂੰ ਕਿਉਂ ਪਿਆਰੀ ਹੈ?
ਦੂਜਾ, ਜਨਤਾ ਦਾ ਹੋਰ ਵੀ ਗੁਨਾਹਗਾਰ ਹੈ 'ਭ੍ਰਿਸ਼ਟਾਚਾਰ'।
ਇਹਨੂੰ ਵੀ ਫਾਂਸੀ ਲੱਗਣੀ ਹੀ ਚਾਹੀਦੀ ਹੈ।
ਪਰ ਐਥੇ ਇਕ ਬੜੀ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ, ਇਉਂ ਤਾਂ ਸਰਕਾਰ ਤੇ ਸਰਕਾਰਾਂ ਨੂੰ ਹੀ ਫਾਂਸੀ ਦੇਣੀ ਪਏਗੀ, ਹੇਠਾਂ ਤੋਂ ਉਪਰ ਤਾਈਂ ਕਈਆਂ ਨੂੰ ਫਾਂਸੀ ਦੇਣੀ ਪਵੇਗੀ।
'ਯਾਹ ਬੇਈਮਾਨੀਏ ਤੇਰਾ ਹੀ ਆਸਰਾ', ਇਸ ਸਮੇਂ ਸਭ ਦਾ ਨਾਅਰਾ ਸਭ ਦਾ ਆਸਰਾ, ਸਭ ਦਾ ਆਧਾਰ ਇਹੋ ਹੈ। ਆਪਣੇ ਟਰੱਕਾਂ ਪਿੱਛੇ ਕਿਵੇਂ ਇਮਾਨਦਾਰੀ ਨਾਲ ਲਿਖਿਆ ਹੁੰਦਾ ਹੈ:"
ਸੌ 'ਚੋਂ ਨੜਿੱਨਵੇਂ ਬੇਈਮਾਨ
ਫਿਰ ਵੀ ਮੇਰਾ ਭਾਰਤ ਮਹਾਨ।
ਇਸ ਸਮੇਂ ਮੈਂ ਆਪਣੇ-ਆਪ ਨੂੰ ਵੀ ਇਮਾਨਦਾਰਾਂ 'ਚ ਨਹੀਂ ਗਿਣਦਾ, ਇਸ ਲਈ ਤੱਥ ਪੇਸ਼ ਕਰ ਰਿਹਾ ਹਾਂ ਕਿ ਚਲੋ, ਸੌ 'ਚੋਂ ਨੜਿੱਨਵੇਂ ਨਹੀਂ 98 ਬੇਈਮਾਨ ਹਨ ਦੋ ਹਿੰਦੁਸਤਾਨੀ ਤਾਂ ਪੂਰੇ ਇਮਾਨਦਾਰ ਹਨ
ਇਕ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ
ਦੂਜਾ ਅੰਨਾ ਹਜ਼ਾਰੇ।
ਪਰ ਬਾਕੀ ਜਿਹੜੇ ਕਈ ਹੋਰ ਹਿੰਦੁਸਤਾਨੀ ਵੀ ਆਪਣੇ-ਆਪ ਨੂੰ ਇਮਾਨਦਾਰ ਸਮਝਦੇ ਹਨ,ਉਹ ਆਪਣਾ 'ਨਾਂਅ' ਭੇਜ ਸਕਦੇ ਹਨ ਤੇ ਬੇਈਮਾਨੀ ਵਾਲੇ ਖਰਲ 'ਚ ਰਗੜੇ ਜਾਣ ਵਿਰੁੱਧ ਪ੍ਰੋਟੈਸਟ ਵੀ ਕਰ ਸਕਦੇ ਹਨ।
ਇਕ ਹੋਰ ਵੀ ਸੱਚਾ ਤੱਥ ਹੈ, ਜਿਹੜੇ ਲੋਕੀਂ ਸਮਗਲਰ ਹਨ, ਅਫੀਮ, ਚਰਸ ਤੇ ਨਸ਼ਿਆਂ ਦਾ ਗ਼ੈਰ-ਕਾਨੂੰਨੀ ਵਪਾਰ ਕਰਦੇ ਹਨ, ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਧੰਦੇ ਵਿਚ ਬੜੇ ਇਮਾਨਦਾਰ ਹੁੰਦੇ ਹਨ, ਉਨ੍ਹਾਂ ਦੀ ਜ਼ਬਾਨ ਅਸਲ 'ਚ ਜ਼ਬਾਨ ਹੁੰਦੀ ਹੈ, ਸਿਰਫ਼ ਚਮੜੇ ਦੀ ਜ਼ਬਾਨ ਨਹੀਂ ਹੁੰਦੀ। ਉਹ ਇਕ ਵਾਰ ਜੋ ਜ਼ਬਾਨ ਦੇ ਦੇਣ, ਉਹਦੇ 'ਤੇ ਦ੍ਰਿੜ੍ਹ ਰਹਿੰਦੇ ਹਨ, ਪੂਰੀ ਇਮਾਨਦਾਰੀ ਨਾਲ ਆਪਣੀ ਜ਼ਬਾਨ 'ਤੇ ਪਹਿਰਾ ਦਿੰਦੇ ਹਨ।
ਬੇਈਮਾਨਾਂ ਨੂੰ ਕਿਹਦੇ ਹਵਾਲੇ ਕੀਤਾ ਜਾਂਦਾ ਹੈ? ਪੁਲਿਸ ਦੇ।
ਪੁਲਿਸ ਵਾਲੇ ਆਪੂੰ ਕਿੰਨੇ ਇਮਾਨਦਾਰ ਨੇ? ਮੈਂ ਇਸ ਮਾਮਲੇ 'ਚ ਆਪ ਕੁਝ ਨਹੀਂ ਕਹਿੰਦਾ।
ਸਾਢੇ ਪੰਜ ਸੌ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਅਸਲੀਅਤ ਪ੍ਰਗਟਾਈ ਕਿ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਜਾਪਦੈ ਇਹ ਤੱਥ ਭਰਿਆ ਸੱਚ, ਅਜੋਕੇ ਦੌਰ ਦਾ ਹੈ। ਉਸ ਵੇਲੇ ਸੀ. ਬੀ. ਆਈ. ਨਹੀਂ ਸੀ ਹੁੰਦੀ ਹਿੰਦੁਸਤਾਨ 'ਚ। ਅੱਜ ਤਾਂ ਜਿਹੜਾ ਵੱਡਾ ਕ੍ਰਾਈਮ ਜਾਂ ਵੱਡੀ ਹੇਰਾ-ਫੇਰੀ ਹੁੰਦੀ ਹੈ ਤਾਂ ਇਹੋ ਮੰਗ ਉਠਦੀ ਹੈ, ਨਾਲੇ ਚੰਗੀ ਤਰ੍ਹਾਂ ਰੌਲਾ ਪੈ ਜਾਂਦਾ ਹੈ, ਕਿ ਇਸ ਕੇਸ ਨੂੰ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤਾ ਜਾਵੇ।
ਅੱਜ ਵੇਖੋ ਨਾ ਅਖ਼ਬਾਰ ਇਸ ਖ਼ਬਰ ਨਾਲ ਭਰੇ ਪਏ ਹਨ ਕਿ ਜੀ-ਟੂ ਘੁਟਾਲੇ ਵਿਚ ਸੀ. ਬੀ. ਆਈ. ਦਾ ਇਕ ਵਕੀਲ ਹੀ ਅਪਰਾਧੀਆਂ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਨੂੰ ਸਲਾਹ ਦੇ ਰਿਹਾ ਹੈ ਕਿ ਕਿਵੇਂ ਬਚਣਾ ਹੈ। ਇਹ ਟੇਪ ਟੀ. ਵੀ. ਚੈਨਲਾਂ ਕੋਲ ਪਹੁੰਚ ਗਈ, ਸੀ. ਬੀ. ਆਈ. ਦੇ ਹੈੱਡ ਹਾਲਾਂ ਤਾਈਂ ਇਹ ਦੱਸਣ ਲਈ ਤਿਆਰ ਨਹੀਂ ਹਨ ਕਿ ਇਹ 'ਟੇਪ' ਕਿੱਦਾਂ ਉਹਦੇ ਹੱਥ ਲੱਗੀ, ਕਾਰਪੋਰੇਟ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕਰ ਰਹੇ।
ਇਨਕਾਰ ਕਰਨ ਜਾਂ ਨਾ, ਪਰ ਇਹ ਤਾਂ ਹਕੀਕਤ ਹੈ...
ਉਲਟਾ ਵਾੜ ਖੇਤ ਕੋ ਖਾਏ
ਬੋਫੋਰਸ ਤੋਪਾਂ ਦਾ ਇਹੋ ਜਿਹਾ ਹੀ ਕਮੀਸ਼ਨ ਘੁਟਾਲਾ 64 ਕਰੋੜ ਦਾ ਸੀ, ਵੀਹ ਸਾਲ ਲੱਗ ਗਏ, ਸਰਕਾਰ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਅੰਤ 'ਚ ਦੁੱਧ ਦੀ ਥਾਂ ਪਾਣੀ ਹੀ ਪਾਣੀ ਰਹਿ ਗਿਆ।
ਖਾਧਾ ਪੀਤਾ ਲਾਹੇ ਦਾ
ਬਾਕੀ ਅਹਿਮਦ ਸ਼ਾਹੇ ਦਾ।
ਅਹਿ ਇਕ ਨਵਾਂ ਹੈਲੀਕਾਪਟਰ ਘੁਟਾਲਾ ਉਜਾਗਰ ਹੋ ਗਿਆ ਹੈ। ਖਾਧਾ-ਪੀਤਾ ਲਾਹੇ ਦਾ... ਕਿੰਨੇ ਸੋਹਣੇ-ਸੋਹਣੇ ਤੇ ਵੱਡੇ-ਵੱਡੇ ਨਾਂਅ ਆ ਰਹੇ ਹਨ। 370 ਕਰੋੜ ਦੀ ਦਲਾਲੀ ਖਾ-ਪੀ ਗਏ।
ਰਾਤੋ-ਰਾਤ ਪੈਟਰੋਲ ਤੇ ਡੀਜ਼ਲ ਫੇਰ ਮਹਿੰਗਾ ਹੋ ਗਿਆ। ਖੰਡ ਹੋਰ ਕੌੜੀ ਹੋਣ ਵਾਲੀ ਹੈ, ਇਹਦੇ ਭਾਅ ਵੀ ਵਧਣ ਵਾਲੇ ਹਨ। ਮਹਿੰਗਾਈ ਹੋਰ ਵਧ ਗਈ ਹੈ।
ਮਹਿੰਗਾਈ ਨੂੰ ਫਾਂਸੀ 'ਤੇ ਕੌਣ ਚਾੜ੍ਹੇਗਾ? ਮਹਿੰਗਾਈ ਕੋਈ ਪਾਕਿਸਤਾਨੋਂ ਥੋੜ੍ਹਾ ਭੇਜੀ ਗਈ ਹੈ, ਅਫ਼ਜ਼ਲ ਗੁਰੂ ਵਾਂਗ ਕਿ ਇਹਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇ। ਇਹ ਤਾਂ ਜਨਤਾ ਦੀ ਲਾਡਲੀ ਹੈ, ਅਮਰ ਵੇਲ ਵਾਂਗ ਜਨਤਾ ਦੁਆਲੇ ਲਿਪਟੀ ਹੋਈ ਹੈ।

ਮੁੰਬਈ ਤੋਂ ਆਤਿਸ਼

ਮਿੰਨੀ ਕਹਾਣੀ-ਮਾਡਰੈਨਿਟੀ

ਜਵਾਨ ਜੋੜਿਆਂ ਦੀ ਕਿੱਟੀ ਪਾਰਟੀ ਦੇ ਚਲਦਿਆਂ, ਇਕੱਠ ਦੀ ਛਮਕ ਛੱਲੋ ਮਿਸਿਜ਼ ਕਲਪਨਾ, ਸਜ-ਵਿਆਹੀ ਸ਼ਾਲਿਨੀ ਨੂੰ ਇਕ ਨੁਕਰੇ ਅਲੱਗ ਕਰਕੇ ਗਪਸ਼ਪ ਮਾਰਦਿਆਂ, ਸਹੁਰੇ ਘਰ ਸ਼ਾਨ ਨਾਲ ਵਿਚਰਨ ਬਾਰੇ, ਨਸੀਹਤਾਂ ਦੇ ਰਹੀ ਸੀ ਕਿ ਉਤੋਂ ਮਿਸਿਜ਼ ਕਾਮਿਨੀ ਆ ਗਈ। ਮਿਸਿਜ਼ ਕਲਪਨਾ ਕਹਿ ਰਹੀ ਸੀ, 'ਬਈ ਪਹਿਲੇ ਪਹਿਲ, 6/8 ਮਹੀਨੇ ਬੰਦਾ ਸਹੁਰੇ ਘਰ ਇਹੀ ਕਹੀ ਜਾਵੇ ਕਿ ਮੈਨੂੰ ਤੇ ਕੁਝ ਵੀ ਨਹੀਂ ਆਉਂਦਾ, ਰਸੋਈ ਦੇ ਕੰਮ ਦਾ। ਮੈਂ ਤੇ ਕਦੇ ਚਾਹ ਤੱਕ ਵੀ ਨਹੀਂ ਬਣਾਈ, ਫੁਲਕੇ ਬਣਾਉਣਾ ਤੇ ਦੂਰ ਦੀ ਗੱਲ। ਬਸ 6/8 ਮਹੀਨਿਆਂ ਬਾਅਦ ਦੇਖਾ ਜਾਏਗਾ, ਕੀ ਲੋੜ ਏ ਬਹੁਤਾ ਕੰਮ ਕਰਨ ਦੀ? ਮਾੜੀ-ਮੋਟੀ ਮੁੱਠੀ-ਚਾਪੀ ਕਰੋ ਤੇ ਲਾਈਫ਼ ਦਾ ਮਜ਼ਾ ਲਓ।'
ਇਕ-ਦੋ ਮਿੰਟ ਹੋਰ ਗੱਲਬਾਤ, ਗੱਪਸ਼ਪ ਦੇ ਰੂਪ ਵਿਚ ਚੱਲਣ ਉਪਰੰਤ ਮਿਸਿਜ਼ ਸ਼ਾਲਿਨੀ ਨੂੰ ਉਸ ਦੇ ਪਤੀ ਨੇ ਕਿਸੇ ਹੋਰ ਨਾਲ ਤਾਅਰੁਫ਼ ਕਰਾਉਣ ਲਈ ਆਵਾਜ਼ ਮਾਰੀ ਤੇ ਉਹ 'ਮੁਆਫ਼ ਕਰਨਾ, ਹੁਣੇ ਆਈ' ਕਹਿ ਕੇ ਗਈ।
ਉਸ ਦੇ ਜਾਣ 'ਤੇ ਮਸਿਜ਼ ਕਾਮਿਨੀ ਨੇ ਮਿਸਿਜ਼ ਕਲਪਨਾ ਦਾ ਹੱਥ ਘੁੱਟਦਿਆਂ ਹਾਸੇ-ਹਾਸੇ 'ਚ ਕਿਹਾ, 'ਬਈ, ਕਿਉਂ ਖਰਾਬ ਕਰਦੀ ਏਂ, ਹੁਣੇ-ਹੁਣੇ ਵਿਆਹ ਕੇ ਆਈ ਨੂੰ, ਖੁਦ ਤਾਂ ਘਰ ਵਿਚ ਸੱਸ ਨਾਲ ਪੂਰਾ ਕੰਮ ਕਰਦੀ ਐਂ।'
'ਓ ਯਾਰ, ਬਸ ਜ਼ਰਾ ਮਜ਼ਾ ਲਈ ਦੈ, ਥੋੜ੍ਹਾ ਜਿਹਾ ਖਰਾਬ ਕਰਕੇ ਮਜ਼ਾ ਆਉਂਦੈ। ਜ਼ਰਾ ਡਾਂਗ-ਸੋਟਾ ਸੀਨ ਬਣੇ, ਕਲਾਈਮੈਕਸ ਵਧੀਆ ਬਣਦੈ, ਕਹਾਣੀ 'ਚ ਦਮ ਪੈਦਾ ਹੁੰਦੈ।' ਦੋਸਤਾਂ ਦੇ ਗਰੁੱਪ 'ਚ ਛਮਕ ਛੱਲੋ ਦੇ ਨਾਂਅ ਨਾਲ ਮਸ਼ਹੂਰ ਮਿਸਿਜ਼ ਕਲਪਨਾ ਆਪਣੀ ਨਸੀਹਤ ਦੇ ਪਰਿਣਾਮ ਨੂੰ ਅਣਗੌਲਦਿਆਂ ਸਹਿਜੇ ਜਿਹੇ ਕਹਿ ਰਹੀ ਸੀ।
'ਨਹੀਂ-ਨਹੀਂ, ਯਾਰ ਇਹ ਠੀਕ ਨਹੀਂ...' ਕਾਮਿਨੀ ਕੁਝ ਹੋਰ ਅੱਗੇ ਮਿਸਿਜ਼ ਕਲਪਨਾ ਨੂੰ ਕਹਿਣ ਹੀ ਲੱਗੀ ਸੀ ਕਿ ਮਿਸਿਜ਼ ਕਲਪਨਾ ਉਸ ਨੂੰ ਟੋਕਦਿਆਂ ਕਹਿਣ ਲੱਗੀ, 'ਦੇਖੋ ਮਿਸਿਜ਼ ਕਾਮਿਨੀ, ਇਸੇ ਕਿੱਟੀ ਗਰੁੱਪ ਦੀਆਂ ਮੈਂਬਰਾਂ ਨੇ ਜਦੋਂ ਮੈਂ ਤਾਜ਼ੀ-ਤਾਜ਼ੀ ਵਿਆਹ ਬਾਅਦ ਗਰੁੱਪ ਮੈਂਬਰ ਬਣੀ ਸੀ, ਮੈਨੂੰ ਚਿਕਨੇ-ਚੁਪੜੇ ਬੋਲਾਂ ਨਾਲ ਇਹੋ ਜਿਹੀਆਂ ਹੀ ਗੱਲਾਂ ਸਮਝਾ ਕੇ ਘਰੇ ਲੜਾ ਦਿੱਤਾ ਸੀ। ਜਦੋਂ ਮਾਮਲਾ ਥੋੜ੍ਹਾ ਵਿਗੜਿਆ ਸੀ, ਉਸ ਨੂੰ ਐਪਰਲ ਫੂਲ ਦੀ ਤਰ੍ਹਾਂ ਹਾਸੇ 'ਚ ਮੌਜਮਸਤੀ ਕਰਾਰ ਦਿੱਤਾ ਸੀ। ਸਹੁਰੇ ਘਰ ਸ਼ਰਮਸਾਰ ਮੈਂ ਹੋਈ ਤੇ ਆਪੇ ਹੀ ਸਭ ਸੰਭਾਲਿਆ। ਸੋ, ਮੈਂ ਤੇ ਉਹੋ ਜਿਹੀ ਮੌਜਮਸਤੀ 'ਚ ਹੀ ਆਪਣਾ ਬਦਲਾ ਲੈ ਰਹੀ ਆਂ।' ਤੇ ਇੰਨਾ ਕਹਿੰਦਿਆਂ ਠਹਾਕਾ ਮਾਰ ਕੇ ਹੱਸਦਿਆਂ ਜਦੋਂ ਗਰਦਨ ਘੁਮਾਈ ਤਾਂ ਪਾਣੀ-ਪਾਣੀ ਹੋ ਗਈ ਕਿ ਮਿਸਿਜ਼ ਸ਼ਾਲਿਨੀ ਕੋਨੇ 'ਚ ਖੜ੍ਹੀ ਸਭ ਕੁਝ ਸੁਣ ਰਹੀ ਸੀ।

ਇੰਜ: ਡੀ. ਐਮ. ਸਿੰਘ
-61-ਬੀ, ਸ਼ਾਸਤਰੀ ਨਗਰ, ਮਾਡਲ ਟਾਊਨ, ਲੁਧਿਆਣਾ।
ਮੋਬਾਈਲ : 98155-09390.

1857 ਦੇ ਆਜ਼ਾਦੀ ਘੁਲਾਟੀਏ-ਜਨਰਲ ਬਖ਼ਤ ਖ਼ਾਂ ਰੁਹੇਲਾ

ਸਦੀਆਂ ਦੇ ਬੋਲ

ਰੁਹੇਲੇ ਕੌਣ ਹਨ, ਇਸ ਬਾਰੇ ਇਤਿਹਾਸਕਾਰ ਲਿਖਦੇ ਹਨ, 'ਸਤਾਰ੍ਹਵੀਂ ਸਦੀ ਦੇ ਅਖ਼ੀਰ ਅਤੇ ਅਠਾਰਹਵੀਂ ਸਦੀ ਦੇ ਸ਼ੁਰੂ ਵਿਚ ਅਫ਼ਗ਼ਾਨਿਸਤਾਨ ਦੇ 'ਰੋਹ' ਇਲਾਕੇ ਤੋਂ ਜਿਹੜੇ ਪਠਾਨ ਨੌਕਰੀਆਂ ਦੀ ਭਾਲ ਵਿਚ ਹਿੰਦੁਸਤਾਨ ਆਏ, ਉਨ੍ਹਾਂ ਨੂੰ ਰੁਹੇਲੇ ਕਿਹਾ ਜਾਂਦਾ ਸੀ। 'ਰੋਹ' ਹਿੰਦੂਕੁਸ਼ ਪਹਾੜ ਅਤੇ ਸੁਲੇਮਾਨ ਪਹਾੜ ਦੇ ਇਲਾਕੇ ਨੂੰ ਕਿਹਾ ਜਾਂਦਾ ਹੈ। ਰੁਹੇਲੇ ਘੋੜੇ ਪਾਲਦੇ ਸਨ ਅਤੇ ਉਨ੍ਹਾਂ ਦਾ ਵਪਾਰ ਵੀ ਕਰਦੇ ਸਨ। ਇਹ ਟੱਪਰੀਵਾਸ ਲੋਕ ਸਨ ਜਿਹੜੇ ਵਪਾਰ ਦੇ ਨਾਲ ਨਾਲ ਫ਼ੌਜੀ ਨੌਕਰੀਆਂ ਵੀ ਕਰ ਲੈਂਦੇ ਸਨ। ਕਿਉਂਕਿ ਉਸ ਸਮੇਂ ਹਿੰਦੁਸਤਾਨ ਘੋੜਿਆਂ ਦੀ ਵੱਡੀ ਮੰਡੀ ਸੀ, ਇਸ ਲਈ ਇਹ ਲੋਕ ਵਪਾਰ ਕਰਦੇ ਕਰਦੇ ਹਿੰਦੁਸਤਾਨ ਨੂੰ ਪੱਕਾ ਵਸੇਬਾ ਹੀ ਬਣਾ ਕੇ ਬੈਠ ਗਏ। ਇਨ੍ਹਾਂ ਲੋਕਾਂ ਦੀ ਵਿਲੱਖਣ ਖ਼ੂਬੀ ਇਹ ਸੀ ਕਿ ਇਹ ਜਿਸ ਇਲਾਕੇ ਵਿਚ ਆਬਾਦ ਹੁੰਦੇ, ਉਸ ਨੂੰ ਅਪਣੀ ਮਾਰੂਸੀ ਜਗੀਰ ਬਣਾ ਲੈਂਦੇ ਅਤੇ ਉਸ ਇਲਾਕੇ ਵਿਚ ਸਰਕਾਰ ਦੀ ਦਖ਼ਲ-ਅੰਦਾਜ਼ੀ ਵੀ ਬਰਦਾਸ਼ਤ ਨਾ ਕਰਦੇ ਜਿਵੇਂ ਅੱਜ ਵੀ ਅਫ਼ਗ਼ਾਨਸਤਾਨ ਅਤੇ ਪਾਕਿਸਤਾਨ ਦੇ ਪਹਾੜਾਂ ਵਾਲੇ ਸਰਹੱਦੀ ਇਲਾਕਿਆਂ ਉੱਤੇ ਇਨ੍ਹਾਂ ਦਾ ਕਬਜ਼ਾ ਹੈ ਅਤੇ ਇਨ੍ਹਾਂ ਦਾ ਅਪਣਾ ਕਬੀਲਾ ਸਿਸਟਮ ਚੱਲਦਾ ਹੈ। ਉਸ ਸਮੇਂ ਇਹ ਲੋਕ ਛੋਟੇ ਛੋਟੇ ਕਬੀਲਿਆਂ ਵਿਚ ਵਸਦੇ ਸਨ ਅਤੇ ਮੁਸੀਬਤ ਸਮੇਂ ਇਕ ਦੂਜੇ ਦੀ ਸਹਾਇਤਾ ਕਰਦੇ ਸਨ'। ਮੁਗ਼ਲ ਰਾਜ ਦੇ ਅੰਤ ਸਮੇਂ ਬਰੇਲੀ ਦੇ ਆਲੇ-ਦੁਆਲੇ ਆਬਾਦ ਹੋਏ ਇਨ੍ਹਾਂ ਰੁਹੇਲਿਆਂ ਨੇ ਰੁਹੇਲ ਖੰਡ ਨਾਂ ਦਾ ਅਪਣਾ ਰਾਜ ਸਥਾਪਤ ਕਰ ਲਿਆ ਸੀ। ਜਨਰਲ ਬਖ਼ਤ ਖ਼ਾਂ ਰੁਹੇਲੇ ਦਾ ਜਨਮ ਰੁਹੇਲ ਖੰਡ ਦੇ ਇਕ ਛੋਟੇ ਜਿਹੇ ਕਸਬੇ ਸੁਲਤਾਨ ਪੁਰ ਵਿਖੇ ਹੋਇਆ। ਉਸ ਦਾ ਦਾਦਾ ਗ਼ੁਲਾਮ ਕਾਦਰ ਖ਼ਾਂ ਬਰੇਲੀ ਦੇ ਹਾਕਮ ਹਾਫ਼ਿਜ਼ ਰਹਿਮਤ ਖ਼ਾਂ ਦਾ ਦਰਬਾਰੀ ਸੀ। ਜਦੋਂ ਅੰਗਰੇਜ਼ਾਂ ਦੇ ਹੱਥੋਂ ਬਰੇਲੀ ਦੀ ਬਰਬਾਦੀ ਹੋਈ ਤਾਂ ਗ਼ੁਲਾਮ ਕਾਦਰ ਖ਼ਾਂ ਨੂੰ ਵੀ ਬਰੇਲੀ ਛੱਡ ਕੇ ਅਵਧ ਦੇ ਨਵਾਬ ਦੀ ਨੌਕਰੀ ਕਰਨੀ ਪਈ। ਹਾਫ਼ਿਜ਼ ਗ਼ੁਲਾਮ ਕਾਦਰ ਖ਼ਾਂ ਦਾ ਇਕ ਪੁੱਤਰ ਜਿਸ ਦਾ ਨਾਂ ਅਬਦੁੱਲਾ ਖ਼ਾਂ ਸੀ, ਦਲੇਰ, ਖ਼ੂਬਸੂਰਤ ਅਤੇ ਚੰਗੀ ਸ਼ਖ਼ਸ਼ੀਅਤ ਦਾ ਮਾਲਿਕ ਸੀ। ਉਹ ਅਵਧ ਦੇ ਨਵਾਬ ਸ਼ੁਜਾਹ-ਉਦ-ਦੌਲਾ ਦੇ ਪਰਿਵਾਰ ਦੀ ਇਕ ਸ਼ਹਿਜ਼ਾਦੀ ਦੀ ਨਜ਼ਰ ਚੜ੍ਹ ਗਿਆ ਜਿਸ ਤੋਂ ਬਾਅਦ ਗ਼ੁਲਾਮ ਕਾਦਰ ਖ਼ਾਂ ਦੀ ਅਵਧ ਦੇ ਨਵਾਬ ਨਾਲ ਰਿਸ਼ਤੇਦਾਰੀ ਬਣ ਗਈ। ਅਵਧ ਦੇ ਨਵਾਬ ਨੇ ਅਬਦੁੱਲਾ ਖ਼ਾਂ ਨਾਲ ਪੁਤਰੀ ਦਾ ਵਿਆਹ ਕਰਨ ਪਿੱਛੋਂ ਸੁਲਤਾਨ ਪੁਰ ਵਿਖੇ ਇਕ ਜਗੀਰ ਉਸ ਨੂੰ ਦਾਜ ਵਿਚ ਦਿੱਤੀ। ਇਸੇ ਜਗੀਰ ਵਿਚ ਅਵਧ ਦੀ ਸ਼ਹਿਜ਼ਾਦੀ ਦੀ ਕੁੱਖੋਂ ਬਖ਼ਤ ਖ਼ਾਂ ਰੁਹੇਲੇ ਦਾ ਜਨਮ ਹੋਇਆ।

ਜਵਾਨ ਹੋ ਕੇ ਬਖ਼ਤ ਖ਼ਾਂ ਰੁਹੇਲੇ ਨੇ ਸਿਪਾਹੀ ਬਣਨਾ ਪਸੰਦ ਕੀਤਾ ਕਿਉਂ ਜੋ ਸਿਪਾਹ ਗਿਰੀ ਉਸ ਨੂੰ ਵਿਰਸੇ ਵਿਚ ਮਿਲੀ ਸੀ। ਇਸ ਲਈ ਉਹ ਅਪਣੀ ਬਹਾਦਰੀ ਦੇ ਸਿਰ 'ਤੇ ਥੋੜੇ ਹੀ ਸਮੇਂ ਵਿਚ ਇਕ ਮਾਮੂਲੀ ਸਿਪਾਹੀ ਤੋਂ ਉਪਰਲੇ ਅਹੁਦੇ ਤੱਕ ਪਹੁੰਚ ਗਿਆ। ਜਦੋਂ ਅੰਗਰੇਜ਼ਾਂ ਦੀ ਅਫ਼ਗ਼ਾਨਿਸਤਾਨ ਨਾਲ ਜੰਗ ਹੋਈ ਤਾਂ ਉਹ ਅੰਗਰੇਜ਼ੀ ਫ਼ੌਜ ਦੇ ਸਭ ਤੋਂ ਵੱਡੇ ਦੇਸੀ ਅਫ਼ਸਰ ਸਨ। ਜੰਗ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਦੇ ਬਦਲੇ ਅੰਗਰੇਜ਼ਾਂ ਵੱਲੋਂ ਉਸ ਦੀਆਂ ਤੋਪਾਂ ਉੱਤੇ ਫੁੱਲਾਂ ਦੇ ਹਾਰ ਸਜਾਏ ਗਏ। ਜੰਗ ਤੋਂ ਬਾਅਦ ਬਖ਼ਤ ਖ਼ਾਂ ਨੂੰ ਤਰੱਕੀ ਦੇ ਕੇ ਸੂਬੇਦਾਰ ਬਣਾ ਦਿੱਤਾ ਗਿਆ ਅਤੇ ਉਹ ਕਈ ਛਾਉਣੀਆਂ ਵਿਚ ਇਸ ਅਹੁਦੇ ਉੱਤੇ ਨਿਯੁਕਤ ਰਿਹਾ।
1857 ਈਸਵੀ ਨੂੰ ਜਦੋਂ ਮਈ ਦੇ ਮਹੀਨੇ ਹਿੰਦੁਸਤਾਨ ਦੀ ਫ਼ੌਜ ਵਿਚ ਪਹਿਲੀ ਬਗ਼ਾਵਤ ਹੋਈ, ਉਸ ਸਮੇਂ ਬਖ਼ਤ ਖ਼ਾਂ ਬਰੇਲੀ ਦੀ ਛਾਉਣੀ ਵਿਚ ਨਿਯੁਕਤ ਸੀ। ਜਦੋਂ ਬਗ਼ਾਵਤ ਦੀ ਖ਼ਬਰ ਬਰੇਲੀ ਦੀ ਛਾਉਣੀ ਵਿਚ ਪਹੁੰਚੀ ਤਾਂ ਬਖ਼ਤ ਖ਼ਾਂ ਦੇ ਸਿਪਾਹੀਆਂ ਨੇ ਵੀ ਆਜ਼ਾਦੀ ਦਾ ਝੰਡਾ ਲਹਿਰਾ ਦਿੱਤਾ। ਉਸ ਸਮੇਂ ਜੇ ਬਖ਼ਤ ਖ਼ਾਂ ਚਾਹੁੰਦਾ ਤਾਂ ਅੰਗਰੇਜ਼ਾਂ ਦੀ ਖ਼ੁਸ਼ੀ ਪ੍ਰਾਪਤ ਕਰਨ ਲਈ ਬਗ਼ਾਵਤ ਕਰਨ ਵਾਲਿਆਂ ਨੂੰ ਦਰੜ ਵੀ ਸਕਦਾ ਸੀ ਪਰ ਉਸ ਨੇ ਅਪਣੇ ਮੁਲਕ ਦੀ ਆਜ਼ਾਦੀ ਲਈ ਅਫ਼ਸਰੀ ਨੂੰ ਤਿਲਾਂਜਲੀ ਦੇ ਦਿੱਤੀ ਅਤੇ ਆਜ਼ਾਦੀ ਪ੍ਰੇਮੀਆਂ ਦੀ ਕਮਾਨ ਸੰਭਾਲ ਲਈ। ਅੰਗਰੇਜ਼ਾਂ ਤੋਂ ਬਾਗ਼ੀ ਹੋਏ ਸਿਪਾਹੀਆਂ ਨੇ ਬਖ਼ਤ ਖ਼ਾਂ ਨੂੰ ਅਪਣਾ ਸਰਦਾਰ ਮੰਨ ਕੇ ਅੰਗਰੇਜ਼ ਅਫ਼ਸਰਾਂ ਨੂੰ ਕਤਲ ਕਰ ਦਿੱਤਾ, ਸਰਕਾਰ ਦਾ ਜੇਲ੍ਹਖ਼ਾਨਾਂ ਤੋੜ ਦਿੱਤਾ ਅਤੇ ਖ਼ਜ਼ਾਨੇ ਨੂੰ ਲੁੱਟ ਲਿਆ।

ਉਸ ਸਮੇਂ ਲਖਨਊ ਤੋਂ ਛਪਦੇ ਇਕ ਅਖ਼ਬਾਰ ਦਾ ਲੇਖਕ ਨੱਜਮੁਲ ਗ਼ਨੀ ਖ਼ਾਂ ਲਿਖਦਾ ਹੈ, '1 ਜੁਲਾਈ 1857 ਨੂੰ ਜਿਹੜੀ ਬਰੇਲੀ ਦੀ ਬਾਗ਼ੀ ਫ਼ੌਜ ਨੇ ਬਖ਼ਤ ਖ਼ਾਂ ਦੀ ਕਮਾਨ ਹੇਠ ਜਮਨਾ ਦਰਿਆ ਨੂੰ ਪਾਰ ਕੀਤਾ, ਉਸ ਵਿਚ ਚਾਰ ਪੈਦਲ ਪਲਟਣਾਂ, ਇਕ ਰਸਾਲਾ, ਇਕ ਤੋਪ ਖ਼ਾਨਾਂ ਸਮੇਤ ਪੰਜ ਲੱਖ ਰੁਪਈਏ ਵੀ ਸ਼ਾਮਿਲ ਸਨ। ਦੋ ਜੁਲਾਈ ਨੂੰ ਇਹ ਫ਼ੌਜ ਦਿੱਲੀ ਪੁੱਜੀ'। ਦਾਸਤਾਨੇ ਗ਼ਦਰ ਦਾ ਲੇਖਕ ਜ਼ਹੀਰ ਦੇਹਲਵੀ ਲਿਖਦਾ ਹੈ ਕਿ ਜਦੋਂ ਬਖ਼ਤ ਖ਼ਾਂ ਦੀ ਫ਼ੌਜ ਦਿੱਲੀ ਅੱਪੜੀ ਤਾਂ ਉਸ ਦਾ ਬੁਰਾ ਹਾਲ ਸੀ। ਦੇਖਣ-ਪਾਖਣ ਨੂੰ ਬਖ਼ਤ ਖ਼ਾਂ ਲੱਗ ਰਿਹਾ ਸੀ ਕਿ ਕੋਈ ਪੂਰਬੀਆ ਸਿਪਾਹੀ ਹੋਵੇਗਾ। ਤੂਫ਼ੈਲ ਅਹਿਮਦ ਮੰਗਲੌਰੀ ਬਖ਼ਤ ਖ਼ਾਂ ਦੇ ਨਾਲ ਦਿੱਲੀ ਪਹੁੰਚਣ ਵਾਲੀ ਫ਼ੌਜ ਦੀ ਗਿਣਤੀ ਚੌਦਾਂ ਹਜ਼ਾਰ ਲਿਖਦਾ ਹੈ। 'ਮੁਸਲਮਾਨੋਂ ਕਾ ਸ਼ਾਨਦਾਰ ਮੁਸਤਕਬਿਲ' ਦਾ ਲੇਖਕ ਸਫ਼ਾ 90 ਉੱਤੇ ਲਿਖਦਾ ਹੈ, 'ਬਰੇਲੀ ਦਾ ਖ਼ਜ਼ਾਨਾ ਲੁੱਟਣ ਤੋਂ ਬਾਅਦ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਬਖ਼ਤ ਖ਼ਾਂ ਨੇ ਅਪਣੇ ਫ਼ੌਜੀਆਂ ਨੂੰ ਛੇ ਮਹੀਨਿਆਂ ਦੀ ਤਨਖ਼ਾਹ ਪਹਿਲਾਂ ਹੀ ਦੇ ਦਿੱਤੀ ਅਤੇ ਬਾਕੀ ਚਾਰ ਲੱਖ ਰੁਪਈਆ ਦਿੱਲੀ ਜਾ ਕੇ ਬਹਾਦਰ ਸ਼ਾਹ ਜ਼ਫ਼ਰ ਨੂੰ ਨਜ਼ਰਾਨੇ ਵਜੋਂ ਭੇਂਟ ਕਰ ਦਿੱਤਾ। ਜਦੋਂ ਬਖ਼ਤ ਖ਼ਾਂ ਦਿੱਲੀ ਪਹੁੰਚਿਆ ਤਾਂ ਬਹਾਦਰ ਸ਼ਾਹ ਜ਼ਫ਼ਰ ਨੇ ਅਪਣੇ ਸਹੁਰੇ ਨਵਾਬ ਅਹਿਮਦ ਕੁਲੀ ਖ਼ਾਂ ਨੂੰ ਉਸ ਦੇ ਸਵਾਗਤ ਲਈ ਭੇਜਿਆ। ਲਾਲ ਕਿਲ੍ਹੇ ਵਿਚ ਪਹੁੰਚ ਕੇ ਜਦੋਂ ਬਖ਼ਤ ਖ਼ਾਂ ਨੇ ਅਪਣੀਆਂ ਸੇਵਾਵਾਂ ਬਹਾਦਰ ਸ਼ਾਹ ਜ਼ਫ਼ਰ ਨੂੰ ਪੇਸ਼ ਕੀਤੀਆਂ ਤਾਂ ਬਹਾਦਰ ਸ਼ਾਹ ਨੇ ਉਸ ਦਾ ਹੱਥ ਅਪਣੇ ਹੱਥ ਵਿਚ ਲੈ ਕੇ ਘੁੱਟ ਲਿਆ। ਦਰਬਾਰੀ ਰਵਾਇਤ ਅਨੁਸਾਰ ਹੱਥ ਘੁੱਟਣ ਦਾ ਭਾਵ ਇਹ ਸੀ ਕਿ ਬਾਦਸ਼ਾਹ ਨੇ ਤੁਹਾਡੀਆਂ ਸੇਵਾਵਾਂ ਕਬੂਲ ਕਰ ਲਈਆਂ ਹਨ। ਬਹਾਦਰ ਸ਼ਾਹ ਜ਼ਫ਼ਰ ਨੇ ਉਸ ਨੂੰ ਫ਼ਰਜੰਦ ਦਾ ਖ਼ਿਤਾਬ ਦਿੱਤਾ। ਉਸ ਨੇ ਇਕ ਤਲਵਾਰ ਅਤੇ ਢਾਲ ਤੋਹਫ਼ੇ ਵਜੋਂ ਦੇਣ ਦੇ ਨਾਲ ਸ਼ਹਿਰ ਵਿਚ ਮੁਨਾਦੀ ਕਰਵਾ ਦਿੱਤੀ ਕਿ ਸਾਰੀ ਫ਼ੌਜ ਬਖ਼ਤ ਖ਼ਾਂ ਦਾ ਹੁਕਮ ਮੰਨੇ ਜਿਹੜੇ ਉਸ ਦੇ ਜਰਨੈਲ ਹਨ'। (ਬਾਕੀ ਅਗਲੇ ਐਤਵਾਰ)

ਨੂਰ ਮੁਹੰਮਦ 'ਨੂਰ'
-ਬੀ 3/524 ਕਿਲ੍ਹਾ ਰਹਿਮਤਗੜ੍ਹ, ਮਾਲੇਰਕੋਟਲਾ।
ਮੋਬਾਇਲ-98555-51359.

ਕਿਤੇ ਕੋਮਲ ਦਿਮਾਗ਼ ਮਸ਼ੀਨ ਨਾ ਬਣ ਜਾਏ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਹ ਗੱਲ ਕਿਸੇ ਤੋਂ ਵੀ ਲੁਕੀ-ਛਿਪੀ ਨਹੀਂ ਕਿ ਸਾਡਾ ਬੱਚਾ ਸੂਰਜ ਚੜ੍ਹਨ ਤੋਂ ਪਹਿਲਾਂ ਸਕੂਲ ਵੈਨ 'ਚ ਸਵਾਰ ਹੋ ਜਾਂਦਾ ਹੈ ਤੇ ਸੂਰਜ ਢਲੇ ਤੋਂ ਵਾਪਸ ਆਉਂਦਾ ਹੈ। ਫਿਰ ਆਉਣ ਸਾਰ ਜੁਟ ਜਾਂਦਾ ਹੈ ਢੇਰ ਸਾਰੀਆਂ ਕਾਪੀਆਂ ਦਾ ਹੋਮ-ਵਰਕ ਕਰਨ 'ਚ ਕਿਉਂਕਿ ਉਹਨੇ ਆਉਣ ਵਾਲੇ ਕੱਲ੍ਹ ਦੀ ਸਵੇਰੇ ਤੋਂ ਪਹਿਲਾਂ ਪਹਿਲਾਂ ਇਹ ਨਿਬੇੜਨਾ ਹੁੰਦਾ ਹੈ। ਉਸ ਦੀ ਸੋਚ, ਸਿੱਖਣ ਦੀ ਬਜਾਏ ਨਿਬੇੜਨ ਤਕ ਹੀ ਸੀਮਤ ਰਹਿ ਜਾਂਦੀ ਹੈ। ਇਸ ਤਰ੍ਹਾਂ ਬੱਚੇ ਅੰਦਰ ਸਿੱਖਣ-ਸਮਝਣ ਜਾਂ ਆਪਣੇ ਵਲੋਂ ਕੁਝ ਕਰ ਵਿਖਾਉਣ ਦਾ ਸੰਕਲਪ ਹੀ ਨਹੀਂ ਜਾਗਦਾ। ਹੁਣ ਤੁਸੀਂ ਆਪ ਹੀ ਸੋਚੋ ਭਲਾ! ਇਹ ਮਸ਼ੀਨੀ ਸੁਭਆ ਨਹੀਂ ਤਾਂ ਹੋਰ ਕੀ ਏ ? ਬੱਚੇ ਦੇ ਸਕੂਲ ਦਾ ਸਫ਼ਰ ਅੱਧੇ ਘੰਟੇ ਦੇ ਵਕਫ਼ੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਉਸਦੀ ਸਵਾਰੀ ਅਰਾਮਦਾਇਕ, ਤੇ ਸਫ਼ਰ ਸੁਹਾਵਣਾ ਹੋਣਾ ਚਾਹੀਦਾ ਹੈ। ਉਸਦਾ ਬਸਤਾ ਭਾਰਾ,ਬੋਝਲ ਜਾਂ ਚੱਕਣ-ਧਰਣ ਦੇ ਪੱਖੋਂ ਵੱਸੋਂ-ਬਾਹਰਾ ਨਹੀਂ ਹੋਣਾ ਚਾਹੀਦਾ। ਸਕੂਲੀ ਸਫ਼ਰ ਤੇ ਬਸਤੇ ਦੇ ਥਕਾਏ ਬੱਚੇ ਸੁਸਤ, ਉਦਾਸ ਰਹਿੰਦੇ ਹਨ ਤੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਸਕਦੇ ਹਨ। ਛੋਟੇ ਬੱਚੇ ਦਾ ਸਕੂਲ ਚੁਣਦੇ ਵਕਤ ਧਿਆਨ ਰੱਖੋ ਕਿ ਉਥੇ ਬੱਚੇ ਦੇ ਖੇਡਣ-ਕੁੱਦਣ ਲਈ ਲੋੜੀਂਦੀ ਥਾਂ ਹੈ ਜਾਂ ਨਹੀਂ ? ਉਥੋਂ ਦੇ ਅਧਿਆਪਕ ਜਾਂ ਪ੍ਰਬੰਧਕ ਬੱਚਿਆਂ ਨੂੰ ਆਮ ਜਾਣਕਾਰੀ , ਚੰਗਾ ਵਿਵਹਾਰ, ਅਨੁਸ਼ਾਸਨ ਜਾਂ ਬਾਲ-ਮਨਾਂ ਦੇ ਪੱਧਰ ਦਾ ਕੰਮ-ਕਾਜ ਵੀ ਸਿਖਾਉਂਦੇ ਹਨ ਕਿ ਕੇਵਲ ਡੰਡਾ ਹੀ ਖੜਕਾਉਂਦੇ ਹਨ।

ਜੇਕਰ ਅਸੀਂ ਵਰਤਮਾਨ ਸਮੇਂ ਦੀ ਚਾਲੂ ਸਿੱਖਿਆ ਨੀਤੀ ਨੂੰ ਅਵਿਗਿਆਨਕ ਕਹਿ ਦੇਈਏ ਤਾਂ ਕੁਝ ਹੱਦ ਤੱਕ ਠੀਕ ਹੀ ਲੱਗੇਗੀ। ਅਸੀਂ ਇਸ ਗੱਲੋਂ ਵੀ ਤਾਂ ਇਨਕਾਰ ਨਹੀਂ ਕਰ ਸਕਦੇ ਕਿ ਆਧੁਨਿਕਤਾ ਅਤੇ ਨਵੀਆਂ ਤਕਨੀਕਾਂ ਦੇ ਤਜਰਬਿਆਂ ਨੇ ਬੱਚਿਆਂ ਲਈ ਨਵੇਂ ਮੌਕੇ ਪੈਦਾ ਕੀਤੇ ਹਨ। ਪਰ ਸਿੱਖਿਆ ਨੀਤੀਆਂ ਬਣਾਉਣ ਵਾਲੇ ਸ਼ਾਸਤਰੀਆਂ ਦੇ ਮਾਨਸਿਕ ਤੌਰ 'ਤੇ ਨਾ ਬਦਲਣ ਕਾਰਨ ਬੱਚਿਆਂ ਨੂੰ ਇਸਦਾ ਬਹੁਤਾ ਲਾਭ ਨਹੀਂ ਹੋਇਆ ਜਾਪਦਾ। ਉਨ੍ਹਾਂ ਦੇ ਮਨਾਂ 'ਤੇ ਤਾਂ ਕਿਤਾਬਾਂ ਦਾ ਵਾਧੂ ਬੋਝ ਤੇ ਪਾਠਾਂ-ਲੈਸਨਾਂ ਨੂੰ ਰੱਟੇ-ਘੋਟੇ ਲਾਉਣ ਦਾ ਤਣਾਅ ਹਰ ਸਮੇਂ ਬਣਿਆ ਰਹਿੰਦਾ ਹੈ। ਗੱਲ ਕੀ , ਬੱਚੇ ਦਾ ਕੋਮਲ ਬਚਪਨ , ਭਾਰੀ ਬਸਤੇ ਦੇ ਭਾਰ ਥੱਲੇ ਦੱਬਿਆ ਨਜ਼ਰ ਆ ਰਿਹਾ ਹੈ। ਉਹ ਬਚਪਨ ਜਿਸ ਦੀ ਪ੍ਰੀਭਾਸ਼ਾ ਅਸੀਂ ਸ਼ਰਾਰਤੀ, ਚੁਸਤੀ, ਕਲੋਟੇ ਸੁਆਲਾਂ, ਮਸਤੀ, ਅਣਭੋਲ ਅਦਾਵਾਂ ਅਤੇ ਚੋਹਲ-ਮੋਹਲ ਨਾਲ ਕਰਦੇ ਰਹੇ ਹਾਂ , ਅੱਜ ਉਹ ਤਕਨੀਕੀ ਚੁੱਪ ਵਿਚ ਗੁਆਚ ਗਿਆ ਹੈ। ਅਸੀਂ ਦੇਖਦੇ ਹਾਂ ਕਿ ਬਚਪਨ ਦੀਆਂ ਰਵਾਇਤੀ ਖੇਡਾਂ ਕੋਟਲਾ-ਛਪਾਕੀ, ਖਿੱਦੋ-ਖੂੰਡੀ, ਭੰਡਾ-ਭੰਡਾਰੀਆ, ਈਂਗਣ-ਮੀਂਗਣ, ਤੱਤੀ-ਤਾਉਣੀ, ਕਿੱਕਲੀ, ਲੁਕਣ-ਮਚਾਈ, ਬਾਂਦਰ-ਕਿੱਲਾ ਆਮ ਬੱਚਿਆਂ ਦੇ ਦਿਮਾਗ 'ਚੋਂ ਮਨਫ਼ੀ ਹੁੰਦੀਆਂ ਜਾ ਰਹੀਆਂ ਹਨ ਅਤੇ ਇਹਨਾਂ ਦੀ ਥਾਂ ਕੰਪਿਊਟਰ ਯੁੱਗ ਦੀਆਂ ਬਿਜਲਈ ਗੇਮਾਂ ਨੇ ਮੱਲ ਲਈ ਹੈ। ਅਜੋਕੇ ਬੱਚੇ 'ਤੇ ਕਿਤਾਬਾਂ ਅਤੇ ਤਕਨਾਲੋਜੀ ਦਾ ਏਨਾ ਬੋਝ ਪਾ ਦਿੱਤਾ ਗਿਆ ਹੈ ਕਿ ਉਹ ਅਪਣੀ ਪੜ੍ਹਾਈ ਬਾਰੇ ਖੁੱਲ੍ਹੇ ਵਿਚਾਰਾਂ ਨਾਲ ਸੋਚ ਵੀ ਨਹੀਂ ਸਕਦਾ। ਬਸ, ਉਹਦੇ ਲਈ ਤਾਂ ਘੋਟੇ ਚਾੜ੍ਹਨਾ ਹੀ ਵਰਦਾਨ ਸਾਬਤ ਹੋ ਰਿਹਾ ਹੈ। ਮਾਨਸਿਕ ਦਬਾਅ ਥੱਲੇ ਉਹ ਆਪਣੇ ਟੀਚੇ ਦੀ ਪੂਰਤੀ ਲਈ ਤਤਪਰ ਰਹਿੰਦਾ ਹੈ ਤੇ ਉਹਦਾ ਮੌਲਿਕ ਵਿਕਾਸ ਬਿਲਕੁਲ ਨਹੀਂ ਹੁੰਦਾ।

ਮਨੋਵਿਗਿਆਨੀ ਵੀ ਇਸ ਵਿਚਾਰ ਨੂੰ ਮੰਨਦੇ ਹਨ ਕਿ ਸਾਡੀ ਵਰਤਮਾਨ ਸਿੱਖਿਆ ਨੀਤੀ ਵਿਚ ਦੋ ਤਰ੍ਹਾਂ ਦੇ ਨਕਾਰਾਤਮਕ ਪਹਿਲੂ ਹਨ। ਪਹਿਲਾ ਇਹ ਕਿ ਇਹ ਲੋੜ ਤੋਂ ਵਧੇਰੇ ਤਕਨੀਕੀ ਹੋ ਗਈ ਹੈ। ਦੂਜਾ ਇਹ ਕਿ ਬੱਚੇ ਨੂੰ ਕਿਸੇ ਦਬਾਅ ਨਾਲ ਬਣਾਉਟੀ ਤੌਰ 'ਤੇ ਸਾਂਚੇ 'ਚ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਬੱਚੇ ਲਈ ਉਹ ਪਲ ਸਿਰਫ਼ ਯਾਦਾਂ ਬਣ ਕੇ ਰਹਿ ਗਏ ਹਨ ਜਦੋਂ ਉਹ ਆਪਣੀ ਮਰਜ਼ੀ ਨਾਲ ਜਾਂ ਅਜ਼ਾਦੀ ਨਾਲ ਖੇਡ-ਕੁੱਦ, ਘੁੰਮ-ਫਿਰ, ਮਨੋਰੰਜਨ ਜਾਂ ਫਿਰ ਆਪਣੀ ਮਨਪਸੰਦ ਦਾ ਕੋਈ ਕੰਮ ਸੁੱਤੇ-ਸਿਧ ਕਰ ਸਕਦਾ ਸੀ। ਬੱਚਿਆਂ ਦੀ ਅਜੋਕੀ ਸਥਿਤੀ 'ਤੇ ਸਿੱਖਿਆ ਦੇ ਵਰਤਮਾਨ ਪ੍ਰਸਾਰ ਤੋਂ ਅਸੀਂ ਸਾਰੇ ਹੀ ਜਾਣੂ ਹਾਂ। ਫਿਰ ਸੋਚੋ! ਇਸ ਤਰ੍ਹਾਂ ਥੋਪੀ ਗਈ ਸਿੱਖਿਆ ਪਾ ਕੇ ਬੱਚੇ ਕਿੰਨਾ ਕੁ ਵਿਕਸਤ ਹੋ ਸਕਣਗੇ? ਅਹਿਮ ਗੱਲ ਇਹ ਹੈ ਕਿ ਅੱਜ ਕੱਲ੍ਹ ਤਕਨਾਲੋਜੀ ਦੀ ਤੂਤੀ ਬੁਲਾਈ ਜਾਂਦੀ ਹੈ। ਤਕਨਾਲੋਜੀ ਦੇ ਅਸਲੀ ਅਰਥ ਤਾਂ ਬੱਚੇ ਦੇ ਬਸਤੇ ਦਾ ਬੋਝ ਹਲਕਾ ਕਰਨਾ ਬਣਦੇ ਹਨ ਨਾ ਕਿ ਬਚਪਨ ਦੀਆਂ ਕੋਮਲ ਅਦਾਵਾਂ 'ਤੇ ਵਧੇਰੇ ਬੋਝ ਲੱਦਣਾ। ਸੋ, ਸੂਝਵਾਨ ਮਾਪਿਉ! ਤੇ ਐਡਵਾਂਸ ਸਿੱਖਿਆ ਸ਼ਾਸਤਰੀਉ! ਬਚਪਨ ਨੂੰ ਖੇਲਣ-ਮੱਲਣ ਦਿਉ, ਮੌਜ-ਮਾਨਣ ਦਿਉ ਅਤੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਦਾ ਸੰਸਾਰ ਸਿਰਜਣ ਦਿਉ। ਸੁਣੋ! ਪ੍ਰੋ : ਮੋਹਨ ਸਿੰਘ ਕੀ ਕਹਿੰਦੇ ਆ:
ਬੱਚੇ ਜਿਹਾ ਨਾ ਮੇਵਾ ਡਿੱਠਾ,
ਜਿਤਨਾ ਕੱਚਾ ਉਤਨਾ ਮਿੱਠਾ । (ਸਮਾਪਤ)

-ਡਾ: ਕੁਲਦੀਪ ਸਿੰਘ ਮੱਲਣ
ਪਿੰਡ ਮੱਲਣ (152031), ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 95307 23426

ਸਾਹਿਤਕ ਸਰਗਰਮੀਆਂ

ਸੁਖਵਿੰਦਰ ਅੰਮ੍ਰਿਤ ਅਤੇ ਕੋਹਾਰਵਾਲਾ ਦਾ ਸਨਮਾਨ 
ਸਾਹਿਤ ਸਭਾ ਜ਼ੀਰਾ (ਰਜਿ:) ਜ਼ੀਰਾ ਵੱਲੋਂ ਸਾਹਿਤ ਕਲਾ ਅਤੇ ਪੁਸਤਕ ਮੇਲਾ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਚ ਗੈਂਗਰੇਪ ਦਾ ਸ਼ਿਕਾਰ ਹੋਈ ਲੜਕੀ ਦਾਮਨੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਵੱਡੀ ਗਿਣਤੀ ਵਿਚ ਲੋਕਾਂ ਨੇ ਸਾਹਿਤ ਖਰੀਦਿਆ ਅਤੇ ਕਵਿਤਾਵਾਂ ਸੁਣੀਆਂ। ਡਾ: ਮੋਹਨ ਸਿੰਘ ਮਾਝਾ, ਪਰਮਜੀਤ ਕੜਿਆਲ, ਚਿੱਤਰਕਾਰ ਗੁਰਮੀਤ ਸਿੰਘ, ਚਿੱਤਰਕਾਰ ਬਿੰਦਾ ਜ਼ੀਰਵੀ, ਜੋਤੀ ਸ਼ਰਮਾ ਵੱਲੋਂ ਲਗਾਈਆਂ ਕਲਾ ਪ੍ਰਦਰਸ਼ਨੀਆਂ ਅਤੇ ਕਲਾ ਚਿੱਤਰ ਪੰਡਾਲ ਨੂੰ ਵਿਲੱਖਣ ਰੂਪ ਪ੍ਰਦਾਨ ਕਰ ਰਹੇ ਸਨ। ਸਾਹਿਤਕ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ, ਹਰਮਿੰਦਰ ਸਿੰਘ ਕੋਹਾਰਵਾਲਾ, ਮਾ: ਬਚਿੱਤਰ ਸਿੰਘ, ਸ੍ਰੀ ਅਸ਼ੋਕ ਚਟਾਨੀ, ਅਮਰੀਕ ਸਿੰਘ ਤਲਵੰਡੀ, ਗੁਰਚਰਨ ਨੂਰਪੁਰ ਆਦਿ ਸਾਹਿਤਕਾਰ ਹਾਜ਼ਰ ਸਨ। ਸਮਾਗਮ ਦਾ ਉਦਘਾਟਨ ਸ: ਲਖਵੀਰ ਸਿੰਘ ਆਜ਼ਾਦ ਨੇ ਅਤੇ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਜਰਮਲ ਸਿੰਘ ਮਨੇਸ (ਰੀਡਰ ਤਹਿਸੀਲਦਾਰ) ਨੇ ਨਿਭਾਈ। ਸਭਾ ਵੱਲੋਂ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ ਅਤੇ ਹਰਮਿੰਦਰ ਸਿੰਘ ਕੋਹਾਰਵਾਲਾ ਨੂੰ ਗੁੱਜਰ ਸਿੰਘ ਗਿੱਲ ਯਾਦਗਾਰੀ ਐਵਾਰਡ, ਨਗਦ ਭੇਟਾ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਾਹਿਤ ਸਭਾ ਪ੍ਰਤੀ ਚੰਗੀ ਕਾਰਗੁਜ਼ਾਰੀ ਲਈ ਪ੍ਰਮਜੀਤ ਕੜਿਆਲ ਅਤੇ ਮੁਖਤਿਆਰ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ। ਸ੍ਰੀਮਤੀ ਵਿਨੀਤਾ ਝਾਂਜੀ, ਸ: ਬੂਟਾ ਸਿੰਘ ਅਤੇ ਬਲਵਿੰਦਰ ਸਿੰਘ ਖਾਰਾ ਨੂੰ ਸਮਾਜ ਪ੍ਰਤੀ ਵਧੀਆ ਸੇਵਾਵਾਂ ਦੇਣ ਵਜੋਂ ਸਨਮਾਨ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿਚ ਵੇਦ ਪ੍ਰਕਾਸ਼ ਸੋਨੀ, ਪ੍ਰੀਤ ਜੱਗੀ, ਅਵਤਾਰ ਸਿੰਘ ਤਪਵੰਡੀ, ਸੱਤਪਾਲ ਖੁੱਲਰ, ਰਣਜੀਤ ਸਰਾਂਵਾਲੀ, ਅਮਰ ਸੂਫੀ, ਪ੍ਰਤਾਪ ਸਿੰਘ ਹੀਰਾ, ਸੁਖਵੰਤ ਮਰਵਾਹਾ, ਪ੍ਰੀਤਮ ਸਿੰਘ ਪ੍ਰੀਤ, ਜਗਜੀਤ ਸਿੰਘ ਪਿਆਸਾ, ਜੋਤੀ ਬਾਲਾ, ਚਮਕ ਸੁਰਜੀਤ, ਡਾ: ਸਤੀਸ਼ ਸੋਨੀ, ਹਰਚਰਨ ਚੋਹਲਾ, ਅਵਤਾਰ ਸਿੰਘ ਮੰਗਾ, ਕਾਲਾ ਬੇਰੀ ਵਾਲਾ, ਜਗਜੀਤ ਜੀਤਾ, ਬਲਦੇਵ ਸਿੰਘ ਜ਼ੀਰਾ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਸੁਖਵਿੰਦਰ ਅੰਮ੍ਰਿਤ ਨੇ ਆਪਣੀ ਨਵੀਆਂ ਗਜ਼ਲਾਂ ਅਤੇ ਹਰਮਿੰਦਰ ਕੋਹਾਰਵਾਲਾ ਨੇ ਗ਼ਜ਼ਲ ਤੋਂ ਇਲਾਵਾ ਦੋਹੇ ਸੁਣਾ ਕੇ ਵਾਹ-ਵਾਹ ਲਈ। ਇਸ ਤੋਂ ਇਲਾਵਾ ਜੋਗਿੰਦਰ ਸਿੰਘ ਸ਼ਹਿਜ਼ਾਦਾ, ਬਚਿੱਤਰ ਸਿੰਘ ਬੱਢਾ, ਚਾਨਣ ਸਿੰਘ, ਚੰਦ ਸਿੰਘ, ਸੰਦੀਪ ਸਿੰਘ, ਵੀਰ ਸਿੰਘ, ਰਾਜੀਵ ਟੋਨੀ, ਹਰਮੇਸ਼ ਪਾਲ ਨੀਲੇਵਾਲਾ, ਜੋਗਿੰਦਰ ਕੜਿਆਲ, ਰਜਨੀਸ਼ ਕਥੂਰੀਆ, ਬਲਦੇਵ ਰਾਜ, ਗੁਰਬਚਨ ਸਿੰਘ ਅਲੀਪੁਰ ਆਦਿ ਨੇ ਹਾਜ਼ਰੀ ਲਵਾਈ। ਸਟੇਜ ਸਕੱਤਰ ਦੀ ਭੂਮਿਕਾ ਰੁਮੇਸ਼ ਗੁਲਾਟੀ ਨੇ ਬਾਖੂਬੀ ਨਿਭਾਈ।

-ਗੁਰਚਰਨ ਨੂਰਪੁਰ, ਜ਼ੀਰਾ
ਮੋਬਾਈਲ : 98550-51099

ਕਹਾਣੀ-ਬੈਲਟ

ਘਰ ਦੀ ਘੰਟੀ ਖੜਕਣ 'ਤੇ ਜਦ ਮੈਂ ਗੇਟ ਖੋਲ੍ਹਿਆ ਤਾਂ ਮੈਂ ਦੇਖਿਆ ਕਿ ਬਾਹਰ ਪੁਲਿਸ ਵਰਦੀ 'ਚ ਸਜੀ-ਸੰਵਰੀ ਉੱਚੀ ਲੰਮੀ, ਪਤਲੀ, ਤਿੱਖੇ ਨੈਣ-ਨਕਸ਼ਾਂ ਵਾਲੀ ਇਕ ਮੁਟਿਆਰ ਖੜ੍ਹੀ ਸੀ। ਮੇਰੇ ਚਿਹਰੇ ਰੂਪੀ ਪ੍ਰਸ਼ਨ-ਚਿੰਨ੍ਹ ਨੂੰ ਭਾਂਪਦਿਆਂ ਅੰਦਰ ਵੱਲ ਨੂੰ ਆਉਂਦੀ ਹੋਈ, ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਹ ਬੋਲ ਪਈ ਸੀ, 'ਸਰ ਤੁਸੀਂ ਮੈਨੂੰ ਪਛਾਣਿਆ ਨਹੀਂ, ਸ਼ਾਇਦ।'
ਮੈਂ ਕੋਈ ਜਵਾਬ ਨਹੀਂ ਸੀ ਦਿੱਤਾ। ਉਸ ਨੂੰ ਸਿਰ ਤੋਂ ਪੈਰਾਂ ਵੱਲ ਦੇਖਦਾ ਹੀ ਰਿਹਾ ਸਾਂ। ਕੁੜੀ ਨੇ ਮੁਸਕਰਾ ਕੇ ਕਿਹਾ ਸੀ, 'ਮੈਂ ਤੁਹਾਡੀ ਵਿਦਿਆਰਥਣ, ਜੀਹਨੂੰ ਤੁਸੀਂ, ਖਿਡਾਰਨ ਕੁੜੀ ਦੇ ਨਾਂਅ ਨਾਲ ਸਾਰੇ ਸਕੂਲ ਵਿਚ ਮਸ਼ਹੂਰ ਕਰ ਰੱਖਿਆ ਸੀ।'
'ਮਰ ਜਾਣੀਏਂ! ਤੂੰ ਰਾਜਵੀਰ ਐਂ?... ਆਹ ਕੀ ਸ਼ਕਲ ਬਣਾ ਰੱਖੀ ਐ?' ਮੈਂ ਇਕਦਮ ਬੋਲਿਆ ਸੀ 'ਮੈਂ ਤਾਂ ਤੇਰੀ ਵਰਦੀ ਤੇ ਖਾਸ ਕਰ ਆਹ ਬੈਲਟ ਲੱਗੀ ਦੇਖ ਕੇ ਘਬਰਾ ਹੀ ਗਿਆ ਸਾਂ,' ਮੈਂ ਹੱਸ ਪਿਆ ਸਾਂ।
'ਇਹ ਬੈਲਟ ਲਗਵਾਉਣ ਵਾਲੇ ਵੀ ਤੁਸੀਂ ਹੋ ਸਰ', ਨਾਲ ਲਿਆਂਦਾ ਮਠਿਆਈ ਦਾ ਡੱਬਾ ਖੋਲ੍ਹ ਕੇ ਮੇਰਾ ਅਤੇ ਮੇਰੀ ਪਤਨੀ ਦਾ ਮੂੰਹ ਮਿੱਠਾ ਕਰਵਾਉਂਦਿਆਂ ਰਾਜਵੀਰ ਨੇ ਕਿਹਾ ਸੀ, 'ਤੁਸੀਂ ਹੀ ਮੇਰੇ ਅੰਦਰ ਖੇਡਾਂ ਦਾ ਸ਼ੌਕ ਪੈਦਾ ਕੀਤਾ ਸੀ।... ਜ਼ਿਲ੍ਹਾ ਤੇ ਰਾਜ ਤਾਂ ਪਿੱਛੇ ਰਿਹਾ, ਤੁਸੀਂ ਨੈਸ਼ਨਲ ਪੱਧਰ ਦੇ ਸਰਟੀਫਿਕੇਟਾਂ ਦੀ ਵੀ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ।'
'ਇਹ ਤਾਂ ਤੇਰੀ ਮਿਹਨਤ ਸੀ, ਹਿੰਮਤ ਸੀ', ਮੈਂ ਕਿਹਾ ਸੀ।
ਮੈਨੂੰ ਸਭ ਕੁਝ ਯਾਦ ਸੀ। ਖੇਡਾਂ ਵਿਚ ਮੇਰੀ ਖੁਦ ਦੀ ਦਿਲਚਸਪੀ ਹੋਣ ਕਾਰਨ ਮੈਂ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਾ ਹੀ ਰਹਿੰਦਾ ਸਾਂ, ਜਿਸ ਦਾ ਪ੍ਰਤੱਖ ਪ੍ਰਮਾਣ ਅੱਜ ਮੇਰੇ ਸਾਹਮਣੇ ਸੀ।
ਬੇਸ਼ੱਕ ਚਾਰ ਕੁ ਸਾਲ ਪਹਿਲਾਂ ਮੇਰੀ ਉਸ ਸਕੂਲ ਤੋਂ ਬਦਲੀ ਹੋ ਚੁੱਕੀ ਸੀ।
ਗੱਲਾਂਬਾਤਾਂ ਦਾ ਸਿਲਸਿਲਾ ਚਲਦਾ ਰਿਹਾ। ਸਕੂਲ ਦੀ ਜ਼ਿੰਦਗੀ ਅਤੇ ਉਸ ਤੋਂ ਬਾਅਦ ਦੇ ਹਾਲਾਤ 'ਤੇ ਚਰਚਾ ਹੁੰਦੀ ਰਹੀ। ਖੁਸ਼ਮਿਜ਼ਾਜ ਰਾਜਵੀਰ ਆਪਣੇ ਸਕੂਲ ਅਤੇ ਸਹਿਪਾਠੀਆਂ ਦੀਆਂ ਗੱਲਾਂ ਦੱਸਦੀ ਰਹੀ। ਕੁਝ ਮੈਂ ਪੁੱਛਦਾ ਵੀ ਰਿਹਾ।
ਗੱਲ ਜਦ ਪੁਲਿਸ ਵਿਭਾਗ 'ਤੇ ਆਣ ਪਹੁੰਚੀ ਤਾਂ ਰਾਜਵੀਰ ਕੁਝ ਗੰਭੀਰ ਹੋ ਗਈ ਸੀ। ਥੋੜ੍ਹੇ ਜਿਹੇ ਅਰਸੇ ਦੇ ਢੇਰ ਸਾਰੇ ਕੌੜੇ-ਮਿੱਠੇ ਅਨੁਭਵਾਂ ਦੀ ਪਟਾਰੀ ਖੋਲ੍ਹ ਕੇ ਉਸ ਨੇ ਇਹ ਸਿੱਟਾ ਕੱਢਿਆ ਸੀ, 'ਸਰ ਜੀ, ਸਾਰੇ ਮਾੜੇ ਨ੍ਹੀਂ ਹੁੰਦੇ, ਪਰ ਸਾਰੇ ਚੰਗੇ ਵੀ ਨਹੀਂ।'
'ਮਹਿਕਮਾ ਏਨਾ ਮਾੜਾ ਨਹੀਂ, ਜਿੰਨਾ ਬਦਨਾਮ ਐ।'
'ਸਾਨੂੰ ਫੂਕ ਫੂਕ ਕੇ ਕਦਮ ਰੱਖਣਾ ਪੈਂਦੈ ਕਿ ਸਾਡੀ 'ਸ਼ਰਾਫ਼ਤ' ਦਾ ਕੋਈ ਨਾਜਾਇਜ਼ ਫਾਇਦਾ ਨਾ ਉਠਾ ਲਵੇ।'
ਮੈਂ 'ਸ਼ਾਬਾਸ਼' ਕਹਿ ਕੇ ਰਾਜਵੀਰ ਦਾ ਮੋਢਾ ਥਪਥਪਾਇਆ।
'ਸਰ, ਸਾਨੂੰ ਸਰਕਾਰ ਨੇ ਅਧਿਕਾਰ ਹੀ ਐਨੇ ਦੇ ਰੱਖੇ ਐ', ਚਾਹ ਦੀ ਪਿਆਲੀ ਚੁੱਕਦਿਆਂ ਰਾਜਵੀਰ ਨੇ ਪੂਰੇ ਸਵੈ-ਭਰੋਸੇ ਨਾਲ ਕਿਹਾ ਸੀ, 'ਸਾਡੇ ਪ੍ਰਤੀ ਮਾੜੀ ਸੋਚ ਰੱਖਣ ਵਾਲੇ ਕਿਸੇ ਦੀ ਵੀ ਅਸੀਂ ਬੈਲਟ ਲੁਹਾ ਸਕਦੀਆਂ ਐਂ।'
ਕੁਝ ਪਲ ਰੁਕ ਕੇ ਉਸ ਮੁਲਾਜ਼ਮ ਕੁੜੀ ਨੇ ਕਿਹਾ, 'ਪਰ... ਰੱਬ ਕਰੇ ਅਜਿਹੀ ਨੌਬਤ ਨਾ ਹੀ ਆਵੇ।'

-ਬਿਕਰਮਜੀਤ ਨੂਰ
ਗੁਰੂ ਨਾਨਕ ਨਗਰ, ਗਿੱਦੜਬਾਹਾ-152101.
ਮੋਬਾਈਲ : 94640-76257.

ਮਨ ਪਰਦੇਸੀ ਜੇ ਥੀੲੈ

ਕਿਸੇ ਖਿੱਤੇ ਦੀ ਜ਼ਮੀਨ, ਕਿਸੇ ਚੌਗਿਰਦੇ 'ਚ ਵਗਦੀ ਹਵਾ-ਪਾਣੀ ਤੇ ਪਲਰਦੀਆਂ ਫ਼ਸਲਾਂ ਉਥੋਂ ਦੇ ਵਾਸੀਆਂ ਦੀਆਂ ਸੋਚਾਂ ਪਾਲਦੇ-ਢਾਲਦੇ ਤੇ ਉਸਾਰਦੇ ਰਹੇ ਹਨ ਪਰ ਜਦੋਂ ਜਰਬ ਤਕਸੀਮ ਹੁੰਦੇ, ਉਹੀ ਖੇਤ ਭੀੜੇ ਹੋ ਜਾਣ, ਖੜ੍ਹੀਆਂ ਫਸਲਾਂ ਸਮੇਂ ਦੀ ਮਾਰ ਨਾ ਝੱਲਦੀਆਂ ਸਿਰ ਸੁੱਟ ਜਾਣ, ਮੁਰਝਾ ਜਾਣ ਜਾਂ ਬੀਜਣ ਵਾਲਿਆਂ ਦੀ ਭੁੱਖ ਦਾ ਸਿਰ ਪਲੋਸਣ ਤੋਂ ਬੇਵੱਸ ਹੋ ਜਾਣ ਤਾਂ ਉਸ ਧਰਤੀ ਦੇ ਬਸ਼ਿੰਦੇ ਆਪਣੀਆਂ ਊਣੀਆਂ ਝੋਲੀਆਂ ਪੁਰ ਕਰਨ ਲਈ ਅੱਕੀਂ ਪਲਾਹੀਂ ਹੱਥ ਮਾਰਦੇ ਹੋਰਨਾਂ ਧਰਤੀਆਂ ਵੱਲ ਅਹੁਲਦੇ ਹਨ। ਲੋੜਾਂ ਥੋੜਾਂ ਦੀਆਂ ਖੱਡਾਂ ਮੁੰਦਦਿਆਂ ਗਰਜਾਂ ਦੇ ਮੇਚਦਾ ਹੋ ਕੇ ਖੜ੍ਹਦਿਆਂ ਜਾਂ ਸੁਪਨਿਆਂ ਦਾ ਸਿਰ ਪਲੋਸਦਿਆਂ ਲੋਕ ਇਕ ਖਿੱਤੇ ਤੋਂ ਦੂਜੇ ਵੱਲ ਸਰਕਦੇ ਹਨ। ਪਿੰਡ ਦੀਆਂ ਜੂਹਾਂ ਟੱਪਦੇ ਹਨ, ਸੁਪਨਿਆਂ ਨਾਲ ਸਜਾਏ ਸ਼ਹਿਰ ਲੰਘਦੇ ਹਨ ਤੇ ਫਿਰ ਕਦੇ ਦੇਸ਼ ਨੂੰ ਹੀ ਅਲਵਿਦਾ ਆਖਦੇ ਸਰਹੱਦਾਂ ਟੱਪ ਜਾਂਦੇ ਹਨ। ਪੰਜਾਬ ਦੀ ਧਰਤੀ ਨੂੰ ਆਖਰੀ ਸਲਾਮ ਆਖਦਿਆਂ ਹੀ ਕਈ ਮਨਾਂ ਅੰਦਰ ਸ਼ੂਕਦੇ ਦਰਿਆਵਾਂ ਵਰਗੀ ਖੁਸ਼ੀ ਇਸ ਰੀਝ ਨੂੰ ਜਨਮਦੀ ਹੈ ਕਿ ਅਸੀਂ ਤਾਰਿਆਂ ਦੀ ਧਰਤੀ ਵੱਲ ਜਾ ਰਹੇ ਹਾਂ। ਮਿੱਟੀ, ਘੱਟੇ, ਧੂੜ, ਸ਼ੋਰ-ਸ਼ਰਾਬੇ ਤੋਂ ਦੂਰ ਭੱਜਣ ਨੂੰ ਮਨ ਸੱਚ ਹੀ ਵਿਆਕੁਲ ਹੋ ਉਠਦਾ ਹੋਵੇਗਾ। ਇਥੋਂ ਤੁਰਨ ਵੇਲੇ ਇਹ ਥਾਂ ਭੀੜੀ-ਭੀੜੀ ਲਗਦੀ ਹੈ। ਸੀਨੇ ਵਿਚ ਸਰਕਦੇ ਸੁਪਨਿਆਂ ਨੂੰ ਮੋਕਲੀ ਥਾਂ ਲਈ ਪੈਂਦੀ ਦੱਸ ਹਾਕ ਮਾਰਦੀ ਹੈ। ਜਿਥੇ ਕਲਮਨੋਕ 'ਤੇ ਵੀ ਸੰਗੀਨਾਂ ਦੇ ਪਹਿਰੇ ਨਾ ਹੋਣ, ਜਿਥੇ ਨਿਆਂ ਵੱਲ ਝਾਕਦੀ ਕਿਸੇ ਫਰਿਆਦੀ ਦੀ ਫਾਈਲ ਊਠ ਦਾ ਬੁੱਲ੍ਹ ਡਿੱਗਣ ਵਾਲੀ ਜੂਨ ਨਾ ਭੋਗਦੀ ਹੋਵੇ। ਬਿਨਾਂ ਕਿਸੇ ਅਨੁਸ਼ਾਸਨ, ਬਿਨਾਂ ਪਾਬੰਦੀ ਅਤੇ ਲਾ-ਇਲਾਜੀ ਨਾਲ ਜੂਝਦਿਆਂ ਹਰ ਮਨੁੱਖ ਦੀ ਇਹ ਇੱਛਾ ਰਹੀ ਹੋਵੇਗੀ ਕਿ ਨਵੀਂ ਧਰਤੀ 'ਤੇ ਨਵੇਂ ਰਾਹ ਉਲੀਕਦਿਆਂ ਜ਼ਿੰਦਗੀ ਨੂੰ ਮੁੜ ਵਿਉਂਤ ਲੈਣ ਦਾ ਮੌਕਾ ਪ੍ਰਾਪਤ ਕੀਤਾ ਜਾਵੇ, ਜਿਥੇ ਇਸ ਦੇਹੀ ਦੇ ਪੂਰੀ ਤਾਣ ਨਾਲ ਦੁਨੀਆ ਭਰ ਦੀਆਂ ਖੁਸ਼ੀਆਂ ਇਕੱਤਰ ਕਰਕੇ ਮਨ ਅੰਦਰ ਪਸਰੀ ਭੁੱਖ ਨੂੰ ਤ੍ਰਿਪਤ ਕਰਨ ਦਾ ਹੀਲਾ ਜੁਟਾਇਆ ਜਾਵੇ, ਕਈ ਵਸਤਾਂ ਤੋਂ ਸੱਖਣੇ ਘਰਾਂ ਵਿਚ ਪਲਦਿਆਂ ਅੰਦਰਲੇ ਤਰਸੇਵੇਂ ਦਾ ਸਿਰ ਪਲੋਸਿਆ ਜਾਵੇ। ਉਸ ਸਮੇਂ ਪਰਾਈ ਧਰਤੀ ਵੱਲ ਤਾਂਘ ਅਤੇ ਇਹ ਤਰਸੇਵਾਂ ਏਨਾ ਮੂੰਹ ਜ਼ੋਰ ਹੋ ਖੜ੍ਹਦਾ ਹੈ ਕਿ ਗੱਲ ਲਗਭਗ ਵਿਛੜਦੇ ਸਭ ਰਿਸ਼ਤਿਆਂ ਨੂੰ ਅੰਦਰਲੀ ਕਾਹਲ ਲਾਹ-ਲਾਹ ਸੁੱਟ ਜਾਂਦੀ ਹੈ। ਜਿਹੜੇ ਅਜਿਹੀ ਪ੍ਰਾਪਤੀ ਤੱਕ ਨਹੀਂ ਪੁੱਜ ਸਕਦੇ, ਉਹ ਉਸ ਨਾਲ ਜਾਂ ਈਰਖਾ ਕਰਦੇ ਹਨ ਜਾਂ ਰਸ਼ਕ ਕਰਦੇ ਵਿਥ 'ਤੇ ਖੜ੍ਹੋ ਜਾਂਦੇ ਨੇ। ਫਿਰ ਓਪਰੀਆਂ ਧਰਤੀਆਂ ਤੋਂ ਪਰਤੇ ਲੋਕਾਂ ਮੂੰਹੋਂ ਦੱਸੀਆਂ ਪਰਚਾਰੀਆਂ ਗੱਲਾਂ ਤੋਂ ਦੂਰ ਵਸਦੀ ਧਰਤੀ ਦਾ ਕਿਆਸ ਪਲਦਾ ਹੈ। ਹਰਚੰਦ ਸਿੰਘ ਬਾਗੜੀ ਦੀਆਂ ਸਤਰਾਂ ਇਥੇ ਪੁਸ਼ਟੀ ਕਰਦੀਆਂ ਹਨ:-
ਕਰਕੇ ਸ਼ੌਪਿੰਗ ਵੀਜ਼ੇ 'ਤੇ
ਅਸੀਂ ਵਤਨੀ ਗੇੜਾ ਲਾਨੇ ਹਾਂ,
ਸਾਨੂੰ ਪੱਟਿਆ ਹੋਰਾਂ ਨੇ
ਅਸੀਂ ਹੋਰਾਂ ਨੂੰ ਪੱਟ ਜਾਨੇ ਆਂ।
ਆਪਣੇ ਪੇਟ ਨੂੰ ਦੇ ਗੰਢਾਂ
ਚੰਦ ਪੇਟ ਹੋਰਾਂ ਦਾ ਭਰਦੇ ਹਾਂ,
ਨਾ ਪੁੱਛ ਕੈਨੇਡਾ ਵਿਚ
ਯਾਰਾ ਅਸੀਂ ਕਿਵੇਂ ਗੁਜ਼ਾਰਾ ਕਰਦੇ ਹਾਂ।
ਪਰ ਗੌਲਣ ਵਾਲਾ ਨੁਕਤਾ ਇਹ ਹੈ ਕਿ ਦੋਵਾਂ ਅੰਦਰ ਹੀ ਇਕ ਖਲਾਅ ਪਲਦਾ ਹੈ। ਏਧਰਲਿਆਂ ਅੰਦਰ ਉਸ ਅਪ੍ਰਾਪਤ ਸੰਸਾਰ ਨੂੰ ਵੇਖਣ ਨੂੰ ਜੀ ਭਰਮਾਉਂਦਾ ਹੈ। ਉਧਰ ਵਸਦਿਆਂ ਅੰਦਰ ਇਥੋਂ ਮਨਫ਼ੀ ਹੋ ਜਾਣ ਦਾ ਖਦਸ਼ਾ, ਤੇਰ-ਮੇਰ ਵਾਲੇ ਦਾਅਵੇ ਦੇ ਹੂੰਝੇ ਜਾਣ ਦਾ ਝੋਰਾ ਸਿਰ ਚੁੱਕਦਾ ਹੈ। ਪੰਜਾਬ ਬੈਠਿਆਂ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਦੂਰ ਵਸਦਾ ਸੰਸਾਰ ਹੈ। ਪਰੀ ਕਥਾ ਵਰਗਾ, ਮੁਹੱਬਤੀ ਖਤਾਂ ਦੇ ਪੜ੍ਹਨ ਵਰਗਾ ਜਾਂ ਰੱਜ ਕੇ ਮਾਣੇ ਸਾਹਾਂ ਦੇ ਸਾਥ ਵਰਗਾ, ਜਿਸ ਨੂੰ ਵੇਖਣ ਨੂੰ, ਵਰਤਣ ਨੂੰ ਅਤੇ ਵਸਣ ਲਈ ਮਨ ਤਾਂਘਦਾ ਹੈ। ਹੋਰਨਾਂ ਤੋਂ ਕਾਤਰਾਂ ਵਿਚ ਸੁਣੀਆਂ ਜ਼ਿੰਦਗੀ ਦੀਆਂ ਸਭ ਟਾਕੀਆਂ ਸਿਉਂ ਕੇ ਬਣਾਈ ਵਧੀਆ ਜ਼ਿੰਦਗੀ, ਸੁਪਨਿਆਂ ਵਿਚ ਪੁੰਗਰਦੀ ਹੈ। ਥੋੜ੍ਹੀ ਸਮਾਈ ਕਰਕੇ ਵੇਖੀਏ ਤਾਂ ਸਮਾਜ ਦੇ ਝੱਗੇ 'ਤੇ ਲੱਗੀਆਂ ਜੇਬਾਂ ਵਰਗੇ ਬੰਦੇ ਹਰ ਥਾਂ ਹੀ ਹੁੰਦੇ ਹਨ। ਉਹ ਉਥੇ ਵੀ ਹਨ, ਇਥੇ ਵੀ ਹਨ। ਮੈਨੂੰ ਇਨ੍ਹਾਂ ਵਿੱਥਾਂ ਨੂੰ ਗੌਲਣ ਦਾ ਕਈ ਵਾਰ ਮੌਕਾ ਮਿਲਿਆ ਹੈ। ਕਹਿੰਦੇ ਹਨ ਜਿਹੜੇ ਲਾਹੌਰ ਕਮਲੇ ਸੀ, ਇਧਰ ਵੀ ਕਮਲੇ ਈ ਹਨ। ਭਲਾ ਥਾਂ ਬਦਲਣ ਨਾਲ ਮਨ, ਸੁਭਾਅ, ਆਦਤਾਂ, ਬਚਪਨ ਹੰਢਾਇਆ ਅਹਿਸਾਸ, ਸੀਨੇ ਵਿਚ ਸਮੋਈਆਂ ਯਾਦਾਂ ਥੋੜ੍ਹੋ ਤਬਦੀਲ ਹੋ ਸਕਦੀਆਂ ਹਨ। ਪਿਆਰ, ਮੋਹ-ਤ੍ਰੇਹ, ਮਮਤਾ ਭਰਿਆ ਮਨ ਉਹ ਵੀ ਰੱਖਦੇ ਹਨ, ਇਹ ਵੀ ਰੱਖਦੇ ਨੇ। ਲਾਲਸਾਵਾਂ ਦੀ ਉਂਗਲ ਫੜ ਕੇ ਉਹ ਵੀ ਰਿਸ਼ਤੇ ਮਧੋਲ ਸੁੱਟਦੇ ਨੇ, ਇਹ ਵੀ ਦਗਾ ਕਰ ਜਾਂਦੇ ਨੇ। ਫਿਰ ਦੂਰ ਖੜ੍ਹੋ ਕੇ ਤੋਹਮਤਾਂ, ਮੇਹਣੇ-ਤਾਅਨੇ ਦੇਣ ਨਾਲ ਕੁਝ ਵੀ ਹੱਥ ਨਹੀਂ ਲਗਦਾ। ਦੋਵਾਂ ਪਾਸਿਆਂ ਤੋਂ ਹੀ 'ਬੁਰੇ ਭਲੇ ਹਮ ਥਾਰੇ' ਤੱਕ ਪੁੱਜਣਾ ਪਏਗਾ। ਸੋ ਜੀਅ ਤਾਂ ਸਭ ਦਾ ਕਰਦਾ ਹੈ ਵੱਖ-ਵੱਖ ਥਾਂਵਾਂ 'ਤੇ ਵਸਦੇ ਸਭ ਪੰਜਾਬਾਂ ਨੂੰ ਖੁੰਗ ਕੇ ਨਾਲ ਲਾ ਜਾਈਏ ਜਾਂ ਦੋਵਾਂ ਥਾਂਵਾਂ 'ਤੇ ਵਸਦੇ ਲੋਕਾਂ ਨੂੰ ਵਟੇ-ਵਟਾ ਲਈਏ। ਪਰ ਇਹ ਹੋਣਾ ਸੰਭਵ ਨਹੀਂ। ਸੋ, ਆਪਾਂ ਦੋਵਾਂ ਥਾਂਵਾਂ ਦੀਆਂ ਵੱਖ-ਵੱਖ ਸਥਿਤੀਆਂ ਵਿਚ ਵਸਦੇ ਲੋਕਾਂ ਦੀਆਂ ਖਾਹਿਸ਼ਾਂ ਦਾ, ਸੁਪਨਿਆਂ ਦਾ ਜਾਂ ਸਾਂਝਾਂ ਦਾ ਤੇ ਹੋਈਆਂ-ਬੀਤੀਆਂ ਦਾ ਬਸ ਲੇਖਾ-ਜੋਖਾ ਜਿਹਾ ਹੀ ਪੇਸ਼ ਕਰ ਸਕਦੇ ਹਾਂ।
ਐਨਾ ਹੂਲਾ ਫਕ ਕੇ, ਜਾਨ ਜੋਖੋਂ ਵਿਚ ਪਾ ਕੇ, ਨਹੁੰ-ਮਾਸ ਵਰਗੇ ਰਿਸ਼ਤੇ ਵਖਰਾਅ ਕੇ ਜਦੋਂ ਬਿਗਾਨੇ ਮੁਲਕਾਂ ਦੀ ਮਸ਼ੀਨੀ ਜ਼ਿੰਦਗੀ ਦੇ ਪੁਰਜ਼ਿਆਂ ਨਾਲ ਆਪਣਾ-ਆਪ ਤਰਾਸ਼ਦੇ ਲੋਕ ਅੰਦਰੋਂ ਊਣੇ-ਊਣੇ ਫਿਰਦੇ ਦਿਸਦੇ ਨੇ ਤਾਂ ਹੈਰਾਨੀ ਹੁੰਦੀ ਹੈ ਕਿ ਖੁਸ਼ੀ ਵਿਹਾਜਣ ਗਏ, ਚੰਗੀਆਂ ਪੂਰੀਆਂ ਪਾ ਆਏ ਨੇ। ਵਸਤਾਂ ਨਾਲ ਝੋਲੀਆਂ ਭਰਦੇ ਰੂਹ ਵਿਚ ਮੋਰੀਆਂ ਕਰਵਾ ਆਏ ਨੇ। ਫਿਰ ਇਹ ਲੋਕ ਉਥੋਂ ਦੇ ਕਾਇਦੇ-ਕਾਨੂੰਨ ਨੂੰ ਨਵਾਬੀ ਜੁੱਤੀ ਦੀ ਕੈਦ ਜਾਣਦੇ ਨੇ। ਇਹ ਲੋਕ ਨੁੱਚੜੇ ਜਿਹੇ, ਉਨੀਂਦਰੇ ਜਿਹੇ, ਅਤ੍ਰਿਪਤ ਜਿਹੇ ਤੇ ਰਸਹੀਣ ਜਿਹੇ ਹੋ ਜਾਂਦੇ ਨੇ। ਵੰਨ-ਸੁਵੰਨੀਆਂ ਵਸਤਾਂ ਜਾਂ ਸਾਮਾਨ ਨਾਲ ਤੁੰਨੇ ਘਰ ਉਨ੍ਹਾਂ ਦੀ ਤਸੱਲੀ ਦਾ ਦਮ ਨਹੀਂ ਭਰਦੇ। ਜਦੋਂ ਉਨ੍ਹਾਂ ਅੰਦਰ ਇਹ ਖਲਾਅ ਪਲਦਾ ਹੈ ਤਾਂ ਵਸਤਾਂ ਤੋਂ ਸੱਖਣੇ ਪਰ ਰਿਸ਼ਤੇ ਨਾਤਿਆਂ, ਸਕੀਰੀਆਂ ਨਾਲ ਭਰੇ-ਭੁਕੰਨੇ ਘਰਾਂ ਦੀਆਂ ਯਾਦਾਂ ਸਕੂਨ ਦਿੰਦੀਆਂ ਹਨ। ਫਿਰ ਖੇਤ ਦੀ ਵੱਟ 'ਤੇ ਬੈਠ, ਹੱਥ 'ਤੇ ਧਰ ਕੇ ਰੱਖੀ ਰੋਟੀ ਤੇ ਅੰਬ ਦੇ ਆਚਾਰ ਦੀ ਫਾੜੀ ਦਾ ਮਹਿਕ ਭਰਿਆ ਸਵਾਦ ਛੱਤੀ ਪਦਾਰਥ ਚੱਖੇ ਹੋਣ ਪਿੱਛੋਂ ਵੀ ਉਘੜ ਪੈਂਦਾ ਹੈ।
ਖੁਸ਼ੀ ਵਿਹਾਜਨ ਲਈ ਚਾਰਦੀਵਾਰੀ ਅੰਦਰ ਬੰਦ ਹੋਣਾ ਨਹੀਂ, ਸਗੋਂ ਹੋਰਨਾਂ ਕੋਲ ਨਿਰ-ਸਵਾਰਥ ਸਾਥ ਲੈ ਕੇ ਜਾਣਾ ਪੈਂਦਾ ਹੈ। ਜਿਥੇ ਰੂਹ ਸ਼ਾਂਤ ਹੋ ਸਕੇ, ਜਿਥੇ ਯਾਦਾਂ ਘਰ ਦੇ ਬਨੇਰਿਆਂ ਤੇ ਖਿਲਰੀ ਧੁੱਪ ਦੇ ਸੁਪਨੇ ਪਾਲ ਸਕਣ। ਅਜਿਹੇ ਅੰਤਲੇ ਪੜਾਅ 'ਤੇ ਹਰ ਕੋਈ ਆਪਣੇ ਅੰਦਰ ਲੱਗੀ ਉੱਲੀ ਨੂੰ ਲਾਹੁਣ ਲਈ ਹੀਲੇ ਜੋੜਦਾ ਹੈ। ਕਦੇ ਗੁਰਦੁਆਰੇ ਦੀ ਸੰਗਤ, ਕਦੇ ਮੇਲੇ ਦਾ ਹਿੱਸਾ, ਕਦੇ ਕਿਤੇ ਘਰ ਵਿਚਲੀ ਰੌਣਕ ਦਾ ਟੋਟਾ ਬਣਦਾ ਖੁਸ਼ੀਆਂ ਨੂੰ ਪੌੜੀ ਲਾਉਣ ਦੇ ਬਹਾਨੇ ਘੜਦਾ ਹੈ। ਉਮਰਾਂ ਸਿਰੋਂ ਲੰਘੀਆਂ ਧੁੱਪਾਂ-ਛਾਵਾਂ ਸੱਜਰੀਆਂ ਹੋ ਹੋ ਖੜ੍ਹਦੀਆਂ ਨੇ, ਕੰਨ ਪਛਾਣੀਆਂ ਆਵਾਜ਼ਾਂ ਨੂੰ ਤਰਸ ਜਾਂਦੇ ਹਨ। ਰੱਬ ਨਾ ਕਰੇ ਜੇ ਇਸ ਪਹਿਰ ਤੱਕ ਪੁੱਜਦਿਆਂ ਔਲਾਦ ਦਗਾ ਦੇ ਜਾਏ ਤਾਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੋਵੇਗਾ।
ਬੀਤੀ ਜ਼ਿੰਦਗੀ ਦੇ ਵਰ੍ਹੇ ਨਾ ਡਿਲੀਟ ਹੋ ਸਕਦੇ ਨੇ ਤੇ ਨਾ ਰਿਪੀਟ ਹੋ ਸਕਦੇ ਨੇ। ਪਰ ਮਨ ਵਾਰ-ਵਾਰ ਅਜਿਹਾ ਕਰਨ ਦੀ ਲੋਚਦਾ ਹੈ। ਇਹੀ ਸਭ ਸੋਚਦਿਆਂ ਸਾਹਾਂ ਦੀ ਮੋਹਲਤ ਪੁੱਗ ਜਾਂਦੀ ਹੈ। ਪਰ ਕੁਝ ਗੱਲਾਂ ਤੈਅ ਹਨ ਕਿ ਖੁਸ਼ੀ ਖਰੀਦੀ ਨਹੀਂ ਜਾਂਦੀ। ਕਿਸੇ ਨੂੰ ਆਪ ਦੇ ਕੇ ਬੈਂਕ ਵਿਚ ਜਮ੍ਹਾ ਪੂੰਜੀ ਵਾਂਗ ਪਹਿਲਾਂ ਕਿਸੇ ਨੂੰ ਦੇ ਕੇ ਫੇਰ ਹੀ ਹਾਸਲ ਕੀਤੀ ਜਾ ਸਕਦੀ ਹੈ। ਵੈਨਕੂਵਰ ਦੀ ਨਿਰਮਲ ਆਖਦੀ ਹੈ, ਇੰਡੀਆ ਮੈਂ ਸੁਣਦੀ ਸੀ ਬਈ ਸਰੀਰ ਮਰ ਜਾਣ, ਆਤਮਾ ਜਿਊਂਦੀ ਰਹਿੰਦੀ ਐ। ਪਰ ਕੈਨੇਡਾ ਮੈਂ ਕਈਆਂ ਨੂੰ ਜਾਣਦੀ ਆਂ ਜਿਨ੍ਹਾਂ ਦੀ ਆਤਮਾ ਤਾਂ ਮਰੀ ਹੋਈ ਐ ਪਰ ਬੰਦੇ ਤੁਰੇ ਫਿਰਦੇ ਨੇ। ਮੈਂ ਕੈਨੇਡਾ ਬੱਬੀ ਨੂੰ ਪੁੱਛਿਆ, ਕੀ ਫਰਕ ਹੈ ਆਪਣੇ ਤੇ ਇਸ ਮੁਲਕ ਦਾ। ਉਸ ਨੇ ਇਕ ਸਤਰ ਜਵਾਬ ਦਿੱਤਾ, ਇੰਡੀਆ ਵਿਚ ਕੋਈ ਸਿਸਟਮ ਨਹੀਂ ਹੈ, ਇਥੇ ਬਸ ਸਿਸਟਮ ਹੀ ਸਿਸਟਮ ਹੈ।
ਸੰਘਾ ਦੱਸ ਰਿਹਾ ਸੀ, ਬਈ ਪੰਜਾਬ ਵਿਚ ਸੜਕ 'ਤੇ ਤੁਰਦਾ ਆਦਮੀ ਡਰਦਾ ਹੈ, ਕਿਤੇ ਭੱਜੀ ਜਾਂਦੀ ਕਾਰ ਹੇਠ ਈ ਨਾ ਆ ਜਾਵਾਂ। ਪਰ ਕੈਨੇਡਾ ਵਿਚ ਕਾਰ ਸਵਾਰ ਡਰਦਾ ਹੈ ਕਿਤੇ ਤੁਰਿਆ ਜਾਂਦਾ ਆਦਮੀ ਕਾਰ ਹੇਠ ਨਾ ਆ ਜਾਵੇ। ਪੰਜਾਬ ਵਿਚ ਰੋਟੀ ਖਾਂਦੇ ਸੀ ਜਦੋਂ ਰੋਟੀ ਮਿਲਦੀ ਸੀ ਪਰ ਇਥੇ ਰੋਟੀ ਖਾਂਦੇ ਹਾਂ ਜਦੋਂ ਵਿਹਲ ਮਿਲਦੀ ਹੈ। ਪੰਜਾਬ ਵਿਚ ਬਿਨਾਂ ਵਿਹਲ ਮਿਲੇ ਤੋਂ ਸੌਂ ਲਈਦਾ ਸੀ ਪਰ ਇਥੇ ਸਾਰਾ ਕੈਨੇਡਾ ਅਣਸਰਦੇ ਨੂੰ ਸੌਂਦਾ ਹੈ। ਪੰਜਾਬ, ਜੇ ਅਸੀਂ ਬੇਲੀਆਂ ਨਾਲ ਰਲ ਕੇ ਖੇਡਣ ਭੱਜਦੇ ਸੀ, ਘਰ ਦੇ ਨਿੱਤ ਸਾਡੀ ਗਰਦ ਝਾੜਦੇ ਸੀ ਪਰ ਅਸੀਂ ਇਥੇ ਆਪਣੇ ਬੱਚਿਆਂ ਨੂੰ ਭੱਜ-ਭੱਜ ਪੈਂਦੇ ਹਾਂ ਕਿ ਕਦੇ ਤਾਂ ਨਾਲ ਦਿਆਂ ਨਾਲ ਰਲ ਕੇ ਖੇਡ ਲਵੋ। ਇਉਂ ਅਸੀਂ ਸਭ ਜੋ ਸਾਡੇ ਕੋਲ ਹੁੰਦਾ ਹੈ, ਉਸ ਨੂੰ ਗੌਲਣ ਦੀ ਥਾਂ ਜੋ ਨਹੀਂ ਹੁੰਦਾ ਉਸ ਵੱਲ ਨੂੰ ਅਹੁਲਦੇ ਹਾਂ। ਮਰਨ ਤੋਂ ਪਹਿਲਾਂ ਰੱਜ ਕੇ ਜੀਅ ਲੈਣ ਨੂੰ ਸਭ ਦਾ ਮਨ ਕਰਦਾ ਹੈ। ਜਦੋਂ ਵਿਦੇਸ਼ੀ ਵਸਿਆਂ ਦੀਆਂ ਕਿਸ਼ਤਾਂ ਭਰਦਿਆਂ ਕਿਸ਼ਤਾਂ ਵਰਗੀ ਜੂਨ ਵੇਖਦੇ ਹਾਂ ਤਾਂ ਮਨ ਆਪਣੇ ਇਸ ਹਾਸਲ 'ਤੇ ਸੰਤੁਸ਼ਟ ਹੋ ਜਾਂਦਾ ਹੈ। ਲਿਖੀ ਸਤਰ ਦੀਆਂ ਖਾਲੀ ਥਾਂਵਾਂ ਭਰਨ ਜੋਗੀ ਜ਼ਿੰਦਗੀ ਜਿਊਂਦੇ ਉਨ੍ਹਾਂ ਲੋਕਾਂ 'ਤੇ ਤਰਸ ਆਉਂਦਾ ਹੈ। ਕਦੇ ਕਿਹਾ ਗਿਆ ਸੀ, 'ਨਾਨਕ ਦੁਖੀਆ ਸਭ ਸੰਸਾਰ' ਪਰ ਹੁਣ ਕਈ ਲੋਕ ਇਸ ਦੀ ਅਗਲੀ ਸਤਰ ਪੂਰਦੇ ਹੋਏ ਘਰ ਤੋਂ ਬਾਹਰ ਹੋਣ ਨੂੰ ਸੁਖ ਦਾ ਆਧਾਰ ਮੰਨ ਰਹੇ ਹਨ। ਪਰ ਜੇ ਮਨ ਪਰਦੇਸੀ ਹੋ ਜਾਏ ਤਾਂ ਹਰ ਥਾਂ ਹੀ ਓਪਰਾ ਹੋ ਜਾਂਦਾ ਹੈ। -0-

ਬਲਵਿੰਦਰ ਕੌਰ ਬਰਾੜ

ਕੰਪਿਊਟਰ ਨੂੰ ਤਾਲਾ ਲਗਾਉਣ ਦਾ ਨੁਸਖਾ

ਸਾਈਬਰ ਸੰਸਾਰ
ਦੋਸਤੋ, ਕੰਪਿਊਟਰ 'ਤੇ ਕੰਮ ਕਰਦਿਆਂ ਜੇਕਰ ਅਚਾਨਕ ਤੁਹਾਨੂੰ ਕਿਧਰੇ ਜਾਣਾ ਪੈ ਜਾਵੇ ਤਾਂ ਤੁਸੀਂ ਕੀ ਕਰੋਗੇ? ਸ਼ਾਇਦ ਅਜਿਹੇ ਸਵਾਲ ਦਾ ਜਵਾਬ ਤੁਸੀਂ ਕਦੇ ਨਾ ਸੋਚਿਆ ਹੋਵੇ। ਜੇਕਰ ਅਸੀਂ ਕੰਪਿਊਟਰ ਨੂੰ ਬੰਦ ਕਰਕੇ ਕੁਝ ਮਿੰਟਾਂ ਬਾਅਦ ਫਿਰ ਚਾਲੂ ਕਰਦੇ ਹਾਂ ਤਾਂ ਸਾਡਾ ਕਾਫ਼ੀ ਸਮਾਂ ਬਰਬਾਦ ਹੋ ਜਾਂਦਾ ਹੈ। ਜਿਸ ਫਾਈਲ ਜਾਂ ਪ੍ਰੋਗਰਾਮ ਵਿਚ ਤੁਸੀਂ ਪਹਿਲਾਂ ਕੰਮ ਕਰ ਰਹੇ ਸੀ, ਉਸ ਨੂੰ ਵੀ ਦੁਬਾਰਾ ਖੋਲ੍ਹਣਾ ਪੈਂਦਾ ਹੈ। ਇਸ ਸਾਰੇ ਝੰਜਟ ਤੋਂ ਛੁਟਕਾਰਾ ਪਾਉਣ ਲਈ ਇਕ ਨੁਸਖਾ ਦੱਸਿਆ ਜਾ ਰਿਹਾ ਹੈ। ਇਸ ਨੁਸਖੇ ਨੂੰ ਅਪਣਾ ਕੇ ਤੁਸੀਂ ਜਿਥੇ ਆਪਣੇ ਕੰਪਿਊਟਰ ਨੂੰ ਸੁਰੱਖਿਅਤ ਤਾਲਾ ਲਗਾ ਸਕਦੇ ਹੋ ਉਥੇ ਕੰਪਿਊਟਰ ਅਤੇ ਫਾਈਲਾਂ/ਪ੍ਰੋਗਰਾਮਾਂ ਨੂੰ ਦੁਬਾਰਾ ਚਾਲੂ ਕਰਨ ਦੀ ਨੌਬਤ ਤੋਂ ਵੀ ਬਚ ਸਕਦੇ ਹੋ।
ਸਭ ਤੋਂ ਪਹਿਲਾਂ ਆਪਣੀ ਡੈਸਕਟਾਪ ਦੀ ਖਾਲੀ ਥਾਂ 'ਤੇ ਮਾਊਸ ਦਾ ਸੱਜਾ ਬਟਨ ਕਲਿੱਕ ਕਰੋ। ਹੁਣ ਖੁੱਲ੍ਹੀ ਹੋਈ ਵਿੰਡੋ ਤੋਂ ਪਹਿਲਾਂ 'ਨਿਊ' ਅਤੇ ਫਿਰ 'ਸ਼ਾਰਟ ਕੱਟ' ਤੇ ਕਲਿਕ ਕਰੋ। ਸ਼ਾਰਟ ਕੱਟ ਉਤੇ ਕਲਿੱਕ ਕਰਨ ਮਗਰੋਂ ਜਿਹੜੀ ਵਿੰਡੋ ਖੁੱਲ੍ਹੇਗੀ ਉਸ ਵਿਚ ਇਹ ਕੋਡ ਟਾਈਪ ਕਰੋ : rundll32.exe user32.dll, lockWorkStation
ਇਸ ਵਿੰਡੋ ਦੇ ਹੇਠਾਂ ਨਜ਼ਰ ਆਉਣ ਵਾਲੇ 'ਟੈਕਸਟ' ਬਟਨ 'ਤੇ ਕਲਿੱਕ ਕਰੋ। ਹੁਣ ਇਕ ਹੋਰ ਵਿੰਡੋ ਨਜ਼ਰ ਆਵੇਗੀ। ਇਸ ਵਿਚ ਸ਼ਾਰਟ ਕੱਟ ਦਾ ਕੋਈ ਵੀ ਨਾਂਅ ਭਰੋ ਅਤੇ 'ਫਿਨਿਸ਼' 'ਤੇ ਕਲਿੱਕ ਕਰ ਦਿਓ। ਹੁਣ ਤੁਸੀਂ ਦੇਖੋਗੇ ਕਿ ਡੈਸਕਟਾਪ ਉਤੇ ਇਕ ਨਵਾਂ ਆਈਕਾਨ ਬਣ ਜਾਵੇਗਾ। ਕੰਮ ਕਰਦਿਆਂ ਜੇਕਰ ਤੁਸੀਂ ਕੁਝ ਮਿੰਟਾਂ ਲਈ ਕੰਪਿਊਟਰ ਤੋਂ ਦੂਰ ਜਾਣਾ ਚਾਹੁੰਦੇ ਹੋ ਤਾਂ ਤਾਲੇ ਵਾਲੇ ਇਸ ਆਈਕਾਨ 'ਤੇ ਕਲਿੱਕ ਕਰ ਦਿਓ। ਇਸ ਨਾਲ ਤੁਹਾਡੀ ਡੈਸਕਟਾਪ ਨੂੰ ਤਾਲਾ ਲੱਗ ਜਾਵੇਗਾ। ਅਜਿਹਾ ਹੋਣ ਨਾਲ ਤੁਹਾਡੀ ਗ਼ੈਰ-ਹਾਜ਼ਰੀ ਵਿਚ ਤੁਹਾਡੇ ਕੰਪਿਊਟਰ ਨੂੰ ਕੋਈ ਨਹੀਂ ਛੇੜ ਸਕੇਗਾ। ਕੰਪਿਊਟਰ ਦੀ ਡੈਸਕਟਾਪ ਨੂੰ ਤਾਲਾ ਲਗਾਉਣ ਦਾ ਇਕ ਹੋਰ ਤਰੀਕਾ ਵੀ ਹੈ। ਕੀਬੋਰਡ ਤੋਂ 'ਵਿੰਡੋਜ਼' ਅਤੇ 'ਐਲ' ਬਟਨਾਂ ਨੂੰ ਇਕੱਠਾ ਦਬਾ ਕੇ ਤੁਸੀਂ ਬੜੀ ਅਸਾਨੀ ਨਾਲ ਅਜਿਹਾ ਕਰ ਸਕਦੇ ਹੋ।

ਸੀ. ਪੀ. ਕੰਬੋਜ
ਈਮੇਲ : punjabicomputer@ymail.com

ਸੁਪਨੇ ਵੇਖੋ, ਸਫ਼ਲ ਬਣੋ

ਇਕ ਗਰੀਬ ਮਨੁੱਖ ਅਮੀਰ ਹੋ ਜਾਣ ਦਾ ਸੁਪਨਾ ਵੇਖਦਾ ਹੈ। ਇਕ ਕੁਆਰੀ ਕੁੜੀ ਆਪਣੇ ਸੁਪਨਿਆਂ ਦੇ ਰਾਜਕੁਮਾਰ ਨਾਲ ਵਿਆਹੇ ਜਾਣ ਦਾ ਸੁਪਨਾ ਵੇਖਦੀ ਹੈ। ਇਕ ਵਿਦਿਆਰਥੀ ਪ੍ਰੀਖਿਆ ਵਿਚ ਅੱਵਲ ਆਉਣ ਦਾ ਸੁਪਨਾ ਵੇਖਦਾ ਹੈ। ਇਕ ਹੇਠਲੇ ਦਰਜੇ ਦਾ ਕਰਮਚਾਰੀ, ਉੱਚ-ਅਧਿਕਾਰੀ ਬਣ ਜਾਣ ਦਾ ਸੁਪਨਾ ਵੇਖਦਾ ਹੈ। ਇਕ ਅਪਾਹਜ, ਸਰਬ ਕਲਾ ਸੰਪੂਰਨ ਮਨੁੱਖ ਬਣ ਜਾਣ ਦਾ ਸੁਪਨਾ ਵੇਖਦਾ ਹੈ।... ਸੁਪਨੇ ਵੇਖਣ ਵਾਲੇ ਬੇਅੰਤ ਲੋਕ ਹਨ, ਪਰ ਦੁਨੀਆ ਸੁਪਨੇ ਵੇਖਣ ਵਾਲਿਆਂ ਦਾ ਮਖੌਲ ਉਡਾਉਂਦੀ ਹੈ ਅਤੇ ਉਨ੍ਹਾਂ ਨੂੰ ਸ਼ੇਖਚਿਲੀ ਜਾਂ ਮੁੰਗੇਰੀ ਲਾਲ ਵਰਗੇ ਨਾਂਵਾਂ ਨਾਲ ਸੁਭਾਇਮਾਨ ਕਰਦੀ ਹੈ... ਤਾਂ ਫਿਰ ਕੀ ਇੰਜ ਸੁਪਨੇ ਵੇਖਣਾ ਬੁਰੀ ਗੱਲ ਹੈ।
ਅਸਲ ਵਿਚ ਸੁਪਨੇ ਵੇਖਣਾ, ਬਿਲਕੁਲ ਵੀ ਗ਼ਲਤ ਨਹੀਂ ਹੈ। ਸੁਪਨੇ ਹੀ ਉਹ ਊਰਜਾ ਦੇਣ ਵਾਲੇ ਸਰੋਤ ਹਨ, ਜਿਨ੍ਹਾਂ ਨਾਲ ਮਨੁੱਖੀ ਜੀਵਨ ਸਫ਼ਲ ਹੁੰਦਾ ਹੈ। ਸੁਪਨੇ ਮਨੁੱਖ ਦਾ ਕ੍ਰਮਵਾਰ ਵਿਕਾਸ ਕਰਦੇ ਹਨ। ਜ਼ਿੰਦਗੀ ਵਿਚ ਅਸੀਂ ਜਿਸ ਮਕਸਦ ਜਾਂ ਵਸਤੂ ਨੂੰ ਪਾਉਣ ਲਈ ਤੜਪਦੇ ਹਾਂ, ਉਸ ਨੂੰ ਸਾਕਾਰ ਰੂਪ ਵਿਚ ਪਾਉਣ ਦਾ ਸੁਪਨਾ ਵੇਖਦੇ ਹਾਂ। ਪਹਿਲਾਂ ਅਸੀਂ ਆਪਣੇ ਖਿਆਲਾਂ ਵਿਚ ਉਸ ਦੀ ਕਲਪਨਾ ਕਰਦੇ ਹਾਂ, ਫਿਰ ਉਸ ਤੱਕ ਆਪਣੀ ਪਹੁੰਚ ਬਣਾ ਲੈਣ ਦੀ ਵਿਉਂਤ ਬਣਾਉਂਦੇ ਹਾਂ। ਇਸ ਲਈ ਸੁਪਨੇ ਹੀ ਸਾਡੀ ਸੱਚੀ ਪ੍ਰੇਰਕ ਸ਼ਕਤੀ ਹਨ।ਵਿਸ਼ਾਲ ਅਕਾਰ ਦਾ ਸਮੁੰਦਰੀ ਜਹਾਜ਼, ਅਦਭੁੱਤ ਸੁਰੰਗਾਂ, ਵਿਰਾਟ ਪੁਲ, ਸਜੀਲੇ ਸਕੂਲ, ਯੂਨੀਵਰਸਿਟੀਆਂ, ਵੱਡੇ-ਵੱਡੇ ਹੋਟਲ, ਹਸਪਤਾਲ, ਲਾਇਬ੍ਰੇਰੀਆਂ, ਆਵਾਜਾਈ ਦੇ ਸਾਧਨ, ਅੰਤਰਰਾਸ਼ਟਰੀ ਨਗਰ, ਜ਼ਿੰਦਗੀ ਜਿਊਣ ਦੀਆਂ ਤਮਾਮ ਸਹੂਲਤਾਂ, ਸੁਖ ਦੇ ਵਿਗਿਆਨਕ ਸਾਧਨ, ਸੰਚਾਰ ਅਤੇ ਮਨੋਰੰਜਨ ਦੇ ਭੰਡਾਰ ਆਦਿ ਕਿਸੇ ਨਾ ਕਿਸੇ ਸੁਪਨੇ ਦੇਖਣ ਵਾਲੇ ਦੇ ਸੁਪਨਿਆਂ ਦਾ ਫਲੀਭੂਤ ਹੋਇਆ ਮਿੱਠਾ ਫਲ ਹੈ। ਜੇ ਸੁਪਨਸਾਜ਼ ਨਾ ਹੁੰਦੇ ਅਤੇ ਆਧੁਨਿਕ ਯੁੱਗ ਦੇ ਸੁਪਨੇ ਨਾ ਵੇਖਦੇ ਤਾਂ ਅੱਜ ਜੋ ਸੱਭਿਅਤਾ, ਤਰੱਕੀ ਸਾਨੂੰ ਵਿਖਾਈ ਦੇ ਰਹੀ ਹੈ, ਉਸ ਦਾ ਕਿਤੇ ਨਾਮੋ-ਨਿਸ਼ਾਨ ਹੀ ਨਾ ਹੁੰਦਾ।

ਇਕ ਵੀ ਇੱਟ ਜਾਂ ਪੱਥਰ ਰੱਖੇ ਬਿਨਾਂ ਪੂਰਾ ਭਵਨ, ਇੰਜੀਨੀਅਰ ਦੀ ਕਲਪਨਾ ਵਿਚ ਪਹਿਲਾਂ ਹੀ ਤਿਆਰ ਹੁੰਦਾ ਹੈ। ਸਫ਼ਲ ਕਾਰੋਬਾਰੀ ਸੁਪਨੇ ਵਿਚ ਆਪਣਾ ਸਾਮਾਨ ਵੇਚ ਚੁੱਕਿਆ ਹੁੰਦਾ ਹੈ, ਵੇਚਣ ਦੇ ਰਾਹ ਵਿਚ ਆਈਆਂ ਉਲਝਣਾਂ ਉਹ ਵੇਚਣ ਤੋਂ ਪਹਿਲਾਂ ਹੀ ਲਗਭਗ ਸੁਲਝਾ ਚੁੱਕਿਆ ਹੁੰਦਾ ਹੈ। ਇਸੇ ਤਰ੍ਹਾਂ ਇਕ ਫਿਲਮ ਨਿਰਦੇਸ਼ਕ ਆਪਣੀ ਫਿਲਮ ਨੂੰ ਨਿਰਦੇਸ਼ਤ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਕਹਾਣੀ ਨੂੰ ਆਪਣੇ ਮਾਨਸ-ਪਟਲ 'ਤੇ ਕਲਪਿਤ ਲੋਕ ਵਿਚ ਚਿਤਰਿਤ ਹੁੰਦੇ ਵੇਖਦਾ ਹੈ ਅਤੇ ਉਸ ਦਾ ਜਿਉਂ ਦਾ ਤਿਉਂ ਸੁਪਨਾ ਲੈਂਦਾ ਹੈ, ਉਸ ਨੂੰ ਆਪਣੇ ਅਕਸ ਵਿਚ ਢਾਲਦਾ ਹੈ। ਫਿਰ ਉਸ ਨੂੰ ਸਿਨੇਮਾ ਦੇ ਪਰਦੇ 'ਤੇ ਪੇਸ਼ ਕਰਦਾ ਹੈ।ਸਾਰੇ ਮਹਾਨ ਕਾਰਜਾਂ ਪਿੱਛੇ ਸੁਪਨਿਆਂ ਦੀ ਖਾਸ ਭੂਮਿਕਾ ਹੁੰਦੀ ਹੈ। ਗਲੀਲੀਓ ਅਤੇ ਕਈ ਹੋਰ ਮਹਾਨ ਵਿਗਿਆਨੀਆਂ ਨੂੰ ਜਿਨ੍ਹਾਂ ਸੁਪਨਿਆਂ ਲਈ ਕਈ ਤਰ੍ਹਾਂ ਦੀ ਸਜ਼ਾ ਭੁਗਤਣੀ ਪਈ, ਉਹੀ ਸੁਪਨੇ ਕੁਝ ਵਰ੍ਹਿਆਂ ਬਾਅਦ 'ਵਿਗਿਆਨ' ਦੇ ਨਾਂਅ ਨਾਲ ਜਾਣੇ ਅਤੇ ਮੰਨੇ ਗਏ। ਗਲੀਲੀਓ ਨੇ ਸਾਨੂੰ ਪੁਲਾੜ ਅਤੇ ਧਰਤੀ ਸਬੰਧੀ ਵਿਗਿਆਨ ਤੋਂ ਜਾਣੂ ਕਰਵਾਇਆ। ਰਾਈਟ ਬੰਧੂ ਹਵਾਈ ਜਹਾਜ਼ ਉਡਾਉਣ ਦਾ ਸੁਪਨਾ ਵੇਖਦੇ ਸਨ। ਕੋਲੰਬਸ ਸਮੁੰਦਰ ਪਾਰ ਇਕ ਹੋਰ ਧਰਤੀ ਹੋਣ ਦਾ ਸੁਪਨਾ ਵੇਖਦਾ ਸੀ। ਕੋਲੰਬਸ, ਇਸ ਸੁਪਨੇ ਦੇ ਕਾਰਨ ਹੀ ਅਮਰੀਕਾ ਦੀ ਖੋਜ ਕਰਨ ਵਿਚ ਸਫ਼ਲ ਹੋਇਆ।ਕਨਫਿਊਸ਼ੀਅਸ, ਸੁਕਰਾਤ ਅਤੇ ਬੁੱਧ ਦੇ ਸੁਪਨੇ ਅੱਜ ਕਰੋੜਾਂ ਲੋਕਾਂ ਦੇ ਜੀਵਨ ਵਿਚ ਅਸਲੀਅਤ ਬਣ ਚੁੱਕੇ ਹਨ। ਜਾਰਜ ਸਟੀਵੇਨਸਨ ਇਕ ਕੋਇਲੇ ਦੀ ਖਾਨ ਵਿਚ ਮਜ਼ਦੂਰ ਸੀ। ਉਸ ਨੇ ਭਾਫ ਤੋਂ ਚੱਲਣ ਵਾਲੇ ਇੰਜਣ ਦਾ ਸੁਪਨਾ ਵੇਖਿਆ ਅਤੇ ਉਸ ਨੂੰ ਸਾਕਾਰ ਕੀਤਾ, ਜਿਸ ਨਾਲ ਰੇਲ ਗੱਡੀ ਹੋਂਦ ਵਿਚ ਆਈ ਤੇ ਪੂਰੇ ਸੰਸਾਰ ਦੀ ਆਵਾਜਾਈ ਪ੍ਰਣਾਲੀ ਵਿਚ ਕ੍ਰਾਂਤੀ ਆ ਗਈ। ਥਾਮਸ ਐਲਵਾ ਐਡੀਸਨ ਦਾ ਬਲਬ, ਅਲੈਗਜ਼ੈਂਡਰ ਗ੍ਰਾਹਮ ਬੇਲ ਦਾ ਟੈਲੀਫੋਨ, ਕਿੰਗ ਕੈਂਪ ਜਿਲੇਟ ਦਾ ਬਲੇਡ ਅਤੇ ਹੋਰ ਵੀ ਇਹੋ ਜਿਹੀਆਂ ਖੋਜਾਂ ਸੁਪਨਿਆਂ ਦਾ ਨਤੀਜਾ ਹਨ।

ਜ਼ਰਾ ਸੋਚੋ, ਸੁਪਨੇ ਵੇਖਣ ਵਿਚ ਬੁਰਾਈ ਕਿਤੇ ਵੀ ਨਹੀਂ ਹੈ। ਲੋਕ ਸੁਪਨੇ ਵੇਖਣ ਵਾਲਿਆਂ ਦੀ ਖਿੱਲੀ ਉਡਾਉਂਦੇ ਹਨ, ਪਰ ਇਹ ਸਰਾਸਰ ਸੱਚ ਹੈ ਕਿ ਸੁਪਨੇ ਹੀ ਸਾਨੂੰ ਉਹ ਰਚਨਾਤਮਕ ਅਤੇ ਸਿਰਜਣਾਤਮਕ ਸ਼ਕਤੀ ਪ੍ਰਦਾਨ ਕਰਦੇ ਹਨ ਜੋ ਸਾਨੂੰ, ਸਾਡੀ ਮਨੁੱਖਾ ਜਾਤੀ ਨੂੰ ਨਿੱਤ ਨਵੇਂ ਅਤੇ ਬਿਹਤਰ ਕਾਰਜ ਕਰਨ ਲਈ ਪ੍ਰੇਰਨਾ ਦਿੰਦੀ ਹੈ। ਸੁਪਨਿਆਂ ਤੋਂ ਮਿਲਣ ਵਾਲੀ ਪ੍ਰੇਰਨਾ ਦੁਆਰਾ ਹੀ ਮਨੁੱਖ ਸਰਬਉੱਚ ਅਹੁਦਾ ਪ੍ਰਾਪਤ ਕਰਦਾ ਹੈ। ਉਸ ਸੁਪਨੇ ਦੁਆਰਾ ਹੀ ਜਾਤ-ਪਾਤ, ਵਰਗ-ਫਿਰਕਾ, ਵੰਸ਼-ਗੋਤ, ਮਤ ਅਤੇ ਸੰਪਰਦਾਇ ਆਦਿ ਦੇ ਬੰਧਨ ਚਟਕ ਜਾਂਦੇ ਹਨ ਅਤੇ ਮਨੁੱਖ ਉੱਚਾ ਉਠਦਾ ਹੋਇਆ ਮਹਾਨ ਬਣ ਜਾਂਦਾ ਹੈ।ਕੁਦਰਤ ਨੇ ਜੇਕਰ ਪੰਛੀ ਨੂੰ ਉਡਣ ਦੀ ਸ਼ਕਤੀ ਨਾ ਦਿੱਤੀ ਹੁੰਦੀ ਤਾਂ ਖੁੱਲ੍ਹੇ ਅਸਮਾਨ ਵਿਚ ਆਜ਼ਾਦੀ ਨਾਲ ਉਡਣ-ਵਿਚਰਨ ਦਾ ਸੁਪਨਾ ਵੀ ਉਸ ਦੇ ਦਿਲ ਵਿਚ ਨਾ ਦਿੱਤਾ ਹੁੰਦਾ। ਕੁਦਰਤ ਨੇ ਸਾਨੂੰ ਵੱਡੀਆਂ ਇਛਾਵਾਂ, ਕਾਮਨਾਵਾਂ ਅਤੇ ਉੱਚ-ਅਕਾਖਿਆਵਾਂ ਦਿੱਤੀਆਂ ਹਨ। ਸਾਨੂੰ ਮਹਾਨ ਕਾਰਜ ਕਰਨ ਦੀ ਚਾਹਤ ਦਿੱਤੀ ਹੈ। ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਉੱਚਾ ਚੁੱਕਣ ਦਾ ਸੁਪਨਾ ਦਿੱਤਾ ਹੈ। ਇਸ ਲਈ ਸਪਸ਼ਟ ਹੈ ਕਿ ਕੁਦਰਤ ਨੇ ਜਿਥੇ ਸਾਨੂੰ ਸੁਪਨੇ ਵੇਖਣ ਦਾ ਸੁਭਾਅ ਦਿੱਤਾ ਹੈ, ਉਥੇ ਹੀ ਉਨ੍ਹਾਂ ਹੀ ਸੁਪਨਿਆਂ ਨੂੰ ਪ੍ਰਤੱਖ ਅਤੇ ਸਾਕਾਰ ਰੂਪ ਪ੍ਰਦਾਨ ਕਰਨ ਦੀ ਸ਼ਕਤੀ ਅਤੇ ਸਮਰੱਥਾ ਵੀ ਦਿੱਤੀ ਹੈ।ਸੁਪਨੇ ਵੇਖੋ ਅਤੇ ਸਫ਼ਲ ਬਣੋ। ਸੁਪਨਾ ਉਹ ਵੇਖੋ ਜੋ ਪੂਰਾ ਕੀਤਾ ਜਾ ਸਕੇ। ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਸਮੇਂ ਉਨ੍ਹਾਂ ਨੂੰ ਯਥਾਰਥ ਦੀ ਕਸਵੱਟੀ 'ਤੇ ਪਰਖਦੇ ਹੋਏ ਅੱਗੇ ਵਧਦੇ ਜਾਣਾ ਚਾਹੀਦਾ ਹੈ। ਫਿਰ ਅਜਿਹਾ ਹੋ ਹੀ ਨਹੀਂ ਸਕਦਾ ਕਿ ਮੰਜ਼ਿਲ ਨਾ ਮਿਲੇ ਅਤੇ ਸੁਪਨਾ ਸਾਕਾਰ ਰੂਪ ਨਾ ਲਵੇ। ਇਸ ਲਈ ਮਹਾਨ ਸੁਪਨੇ ਵੇਖੋ ਅਤੇ ਸੋਚੋ, 'ਮੈਂ ਇਸ ਨੂੰ ਕਿਵੇਂ ਪੂਰਾ ਕਰ ਸਕਦਾ ਹਾਂ?' ਅਤੇ ਉਸ ਨੂੰ ਸਾਕਾਰ ਕਰਨ ਲਈ ਜੁਟ ਜਾਵੋ।

ਡਾ: ਮਨਜੀਤ ਗਰੋਵਰ
-ਗਰੋਵਰ ਹੈਲਥ ਸੈਂਟਰ, ਨੇੜੇ ਪੁਰਾਣਾ ਡਾਕਘਰ, ਰਤੀਆ, (ਹਰਿਆਣਾ)।
ਮੋਬਾਈਲ : 094161-77193.

ਚੇਤਿਆਂ 'ਚ ਵਸਦੀਏ ਮਾਏਂ

ਚਿਰ ਬਾਅਦ ਪਿੰਡ ਆਇਆ ਹਾਂ। ਪਿੰਡ ਦੀਆਂ ਗਲੀਆਂ ਅਤੇ ਰਾਹ ਉਹੀ ਨੇ। ਗਰਾਂ ਵਿਚ ਪਹਿਲਾਂ ਵਰਗੀ ਚਹਿਲ ਪਹਿਲ, ਘੁੱਗ ਵਸਦਾ ਏ ਪਿੰਡ। ਪਰ ਮਨ ਉਖੜਿਆ ਹੋਇਆ ਏ। ਚਿੱਤ ਉਦਾਸ ਏ। ਮਾਂ ਦੀ ਘਾਟ ਘਰ ਵਿਚ ਰੜਕਦੀ ਏ। ਸਦੀਵੀ ਯਾਤਰਾ 'ਤੇ ਤੁਰ ਗਈ ਮਾਂ ਨੂੰ ਦੋ ਸਾਲ ਹੋਣ ਵਾਲੇ ਨੇ ਅਤੇ ਉਸ ਤੋਂ ਬਾਅਦ ਮਾਂ ਵਾਲੇ ਰੋਅਬ ਨਾਲ ਪਿੰਡ ਆਉਣ ਲਈ ਕੋਈ ਨਹੀਂ ਕਹਿਣ ਵਾਲਾ। ਭਰਾ ਤਾਂ ਭਰਾ ਹੀ ਹੁੰਦੇ ਨੇ। ਸਿਰਫ ਮਾਂ ਹੀ ਹੁੰਦੀ ਏ ਜੋ ਤੁਹਾਨੂੰ ਉਡੀਕਦੀ, ਤੁਹਾਡੇ ਲਈ ਤੁਹਾਡੀਆਂ ਮਨਪਸੰਦ ਚੀਜ਼ਾਂ ਤਿਆਰ ਕਰਨ ਵਿਚ ਸੁੱਖਨ ਮਹਿਸੂਸ ਕਰਦੀ ਏ।
ਮਾਂ ਤੋਂ ਬਿਨਾਂ ਘਰ ਵਿਚ ਇਕ ਬੇਰੌਣਕੀ। ਉਸ ਦੀ ਡੰਗੋਰੀ ਦੀ ਠੱਕ ਠੱਕ, ਉਸ ਦਾ ਹਰ ਕਾਰਜ ਵਿਚ ਰੋਹਬ ਪਾਉਣਾ, ਇਕ ਬੀਤਿਆ ਸੁਪਨਾ। ਖਾਮੋਸ਼ ਏ ਉਸ ਦਾ ਰੀਝਾਂ ਨਾਲ ਸਾਂਭਿਆ ਹੋਇਆ ਚਰਖਾ। ਇਸ 'ਤੇ ਚੜ੍ਹੀ ਹੋਈ ਘੱਟੇ ਦੀ ਪਰਤ ਦਿਨ-ਬਦਿਨ ਹੋਰ ਮੋਟੀ ਹੁੰਦੀ ਜਾਵੇਗੀ ਅਤੇ ਆਖਰ ਨੂੰ ਇਕ ਦਿਨ ਇਹ ਘਰ ਦੇ ਕਬਾੜ ਦਾ ਹਿੱਸਾ ਬਣ, ਚੁੱਲੇ ਦਾ ਸੇਕ ਬਣ ਜਾਵੇਗਾ।
ਮਾਂ ਦੀ ਛੋਹ ਨੂੰ ਤਰਸਦੇ ਸੰਦੂਕ ਨੂੰ ਕੌਣ ਫਰੋਲੇ? ਕਿਹੜਾ ਗੁਥਲੀਆਂ ਅਤੇ ਗੰਢਾਂ ਦੀ ਸਾਰ ਲਵੇ? ਹੁਣ ਨਹੀਂ ਮਾਂ ਨੂੰ ਖਿਝਾਉਣ ਲਈ, ਉਸ ਦੀਆਂ ਪੋਤਰੀਆਂ ਨੇ ਸਾਂਭ-ਸਾਂਭ ਕੇ ਰੱਖੀਆਂ ਵਸਤਾਂ ਨੂੰ ਫਰੋਲਣਾ। ਆਪਣੀਆਂ ਨੂੰਹਾਂ ਅਤੇ ਧੀਆਂ ਤੋਂ ਵੱਧ ਪੋਤਰੀਆਂ ਦਾ ਮੋਹ ਪਾਲਣ ਵਾਲੀ ਦਾਦੀ ਨੂੰ ਲੱਭਦੀਆਂ, ਮਾਯੂਸ ਨੇ ਉਸ ਦੀਆਂ ਪੋਤਰੀਆਂ। ਮਾਂ ਦਾ ਤੁਰ ਜਾਣਾ, ਜੀਵਨ ਦੀ ਅਟੱਲ ਸਚਾਈ। ਮਾਂ ਨੂੰ ਹੱਥੀਂ ਸਮੇਟ ਕੇ ਇਸ ਨੂੰ ਮੰਨ ਵੀ ਲਿਆ ਏ ਪਰ ਜਦ ਵੀ ਪਿੰਡ ਜਾਈਏ ਤਾਂ ਮਾਂ ਨਾਲ ਜੁੱੜੀਆਂ ਯਾਦਾਂ ਦਾ ਇਕ ਵੱਡਾ ਕਾਫਲਾ ਚੇਤਿਆਂ ਦੀ ਬਰੂਹੀਂ ਆ ਡੇਰਾ ਲਾਉਂਦਾ ਹੈ।
ਮਾਂ ਜਿਊਂਦੀ ਹੁੰਦੀ ਸੀ ਤਾਂ ਬਾਪ ਨਾਲ ਅਕਸਰ ਹੀ ਨੋਕ-ਝੋਕ ਰਹਿੰਦੀ। ਪਰ ਮਾਂ ਦੇ ਤੁਰ ਜਾਣ ਤੋਂ ਬਾਅਦ ਬਾਪ ਨੇ ਵੀ ਚੁੱਪ ਦਾ ਗਿਲਾਫ਼ ਤਾਣ ਲਿਆ ਏ। ਜੀਵਨ-ਸਾਥੀ ਦੇ ਤੁਰ ਜਾਣ ਤੋਂ ਬਾਅਦ ਬੜਾ ਕੁਝ ਬਦਲ ਜਾਂਦਾ ਏ ਅਤੇ ਇਸ ਬਦਲਾਅ ਵਿਚ ਬਹੁਤੀ ਵਾਰ ਬੰਦੇ ਨੂੰ ਆਪਣਾ ਅੰਦਰਲਾ ਮਨ ਮਾਰਨਾ ਪੈਂਦਾ ਏ। ਬਾਪ ਕੋਸ਼ਿਸ਼ ਤਾਂ ਕਰਦਾ ਏ ਕਿ ਉਹ ਮਾਂ ਦਾ ਬਦਲ ਬਣ ਸਕੇ ਪਰ ਬੜਾ ਔਖਾ ਏ। ਬਾਪ ਦੀ ਮਾਯੂਸੀ ਕਈ ਵਾਰ ਬਹੁਤ ਉਦਾਸ ਕਰ ਜਾਂਦੀ ਏ।
ਮਾਂਵਾਂ ਤੁਰ ਜਾਣ ਤਾਂ ਪਰਿਵਾਰ ਦੇ ਆਪੋ-ਆਪਣੇ ਰਾਹ। ਆਪ ਮੁਹਾਰਾਪਣ ਹਾਵੀ। ਗੁੰਮ ਜਾਂਦਾ ਏ ਆਪਸ ਵਿਚ ਮਿਲਾਉਣ ਵਾਲਾ ਕੇਂਦਰ-ਬਿੰਦੂ। ਮਾਂ ਦੇ ਕੋਲ ਹੀ ਧੀਆਂ ਨੂੰ ਆਉਣ ਦਾ ਚਾਅ। ਉਹਨਾਂ ਨੂੰ ਲੋਹੜੀ, ਤੀਆਂ ਅਤੇ ਸੰਧਾਰੇ ਦੀ ਬੜੀ ਬੇਸਬਰੀ ਨਾਲ ਉਡੀਕ। ਬੇਗਾਨੇ ਕਿਥੇ ਪਾਉਂਦੇ ਨੇ ਧੀਆਂ ਧਿਆਣੀਆਂ ਦੇ ਘਰੀਂ ਫੇਰਾ?
ਮਾਵਾਂ ਹੀ ਕੁੱਖੋਂ ਜਾਇਆਂ ਦੇ ਲਾਡ ਲਡਾਉਂਦੀਆਂ, ਅਸੀਸਾਂ ਅਤੇ ਦੁਆਵਾਂ ਦੀ ਝੜੀ ਲਾਉਂਦੀਆਂ ਅਤੇ ਰੱਬ ਦਾ ਸ਼ੁਕਰ ਮਨਾਉਂਦੀਆਂ ਨੇ।
ਮਾਵਾਂ, ਪੀਰਾਂ-ਫਕੀਰਾਂ ਤੋਂ ਉੱਚੀਆਂ, ਫੁੱਲਾਂ 'ਤੇ ਡਲਕਦੇ ਤ੍ਰੇਲ-ਤੁਪਕਿਆਂ ਤੋਂ ਸੁੱਚੀਆਂ ਅਤੇ ਮਾਨਵੀ ਰਹਿਤਲ ਵਿਚ ਰੰਗੀਆਂ, ਸਰਬ ਧਰਮਾਂ ਤੋਂ ਉੱਚੀਆਂ। ਮਾਂ ਬਣਨਾ, ਸਭ ਤੋਂ ਵੱਡਾ ਧਰਮ। ਮਾਂ ਦੇ ਫ਼ਰਜ਼ਾਂ ਦੀ ਤਫ਼ਸੀਲ ਸਾਹਵੇਂ ਬੌਣੇ ਨੇ ਦੁਨਿਆਵੀ ਫ਼ਰਜ਼ਾਂ ਦੇ ਅੰਬਾਰ, ਮਾਂ ਦੀ ਕਰਨੀ ਤੇ ਕਹਿਣੀ ਵਿਚ ਹੁੰਦਾ ਏ ਸੱਚੀ-ਸੁੱਚੀ ਸੋਚ ਦਾ ਵਿਸਥਾਰ ਅਤੇ ਮਾਂ ਦੀਆਂ ਸ਼ੁੱਭ ਭਾਵਨਾਵਾਂ ਵਿਚ ਪਨਪਦਾ ਏ ਯੁੱਗ ਜਿਊਣਾ ਮਾਣ ਅਤੇ ਸਤਿਕਾਰ।
ਮਾਂ, ਬੱਚਿਆਂ ਲਈ ਨਿੱਘੀ ਗੋਦੜੀ ਦਾ ਪੁਰ-ਖਲੂਸ ਅਹਿਸਾਸ, ਠੰਢੜੀ ਛਾਂ ਦਾ ਰੂਹਾਨੀ ਹੁਲਾਸ ਅਤੇ ਉਸ ਦੀਆਂ ਮੱਤਾਂ ਤੇ ਸਲਾਹੁਤਾਂ ਸਦਕਾ ਹੁੰਦਾ ਏ ਸੰਤੁਲਿਤ ਸ਼ਖ਼ਸੀਅਤ ਦਾ ਵਿਕਾਸ।
ਮਾਂ ਦਾ ਹੱਥੀਂ ਦਿੱਤਾ ਪਾਣੀ ਦਾ ਘੁੱਟ, ਇਲਾਹੀ ਅੰਮ੍ਰਿਤ। ਹੱਥੀਂ ਪਕਾਈਆਂ ਰੋਟੀਆਂ ਵਿਚ ਕੋਧਰੇ ਦੀ ਰੋਟੀ ਦਾ ਸਵਾਦ। ਰਿੜਕੀ ਲੱਸੀ ਵਿਚ ਮਿਠਾਸ ਦੀ ਲਜ਼ੀਜ਼ਤਾ ਅਤੇ ਸਾਗ ਵਿਚ ਦੇਸੀ ਘਿਉ ਵਰਗੀ ਮਹਿਕੀਲੀ ਤਾਜ਼ਗੀ ।
ਮਾਂ ਦੇ ਤੁਰ ਜਾਣ ਤੋਂ ਬਾਅਦ, ਪੱਲੇ ਵਿਚ ਰਹਿ ਗਈਆਂ ਨੇ ਕੁਝ ਪਿਆਰੀਆਂ ਅਤੇ ਮਿੱਠੀਆਂ ਯਾਦਾਂ। ਇਹ ਯਾਦਾਂ ਬੀਤਿਆ ਇਤਿਹਾਸ। ਸਾਡੀ ਸਿਰਜਣਾ ਵਿਚ ਅਹਿਮ ਰੋਲ ਦਾ ਜਾਮਨ। ਮਾਂ ਦੀਆਂ ਇਨ੍ਹਾਂ ਯਾਦਾਂ ਵਿਚ ਘੁਲੀ ਬਚਪਨ ਦੀ ਮਸੂਮੀਅਤ, ਪੜ੍ਹਾਈ ਦੀ ਲਗਨ, ਜੀਵਨ ਦੀ ਜੱਦੋਜਹਿਦ ਅਤੇ ਸਥਾਪਤੀ ਦੀ ਸੰਵੇਦਨਾ। ਜੀਵਨ ਦੇ ਹਰ ਮੋੜ 'ਤੇ ਹੱਲਾ-ਸ਼ੇਰੀ ਦੇਣ ਵਾਲੀ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਨਸੀਹਤ ਦੇਣ ਵਾਲੀ ਮਾਂ ਨੇ ਪਰਤ ਕੇ ਤਾਂ ਨਹੀਂ ਆਉਣਾ, ਪਰ ਜਦ ਵੀ ਕਦੇ ਕਦਮ ਡਗਮਗਾਉਂਦੇ, ਪੈਰ ਤਿਲਕਦੇ ਜਾਂ ਸੋਚਾਂ ਵਿਚ ਭਟਕਣ ਉਪਜਦੀ, ਤਾਂ ਮਾਂ ਦੀਆਂ ਰਮਜ਼ਾਂ ਭਰੀਆਂ ਗੱਲਾਂ ਮਸਤਕ ਦਾ ਦਰ ਖੜਕਾ, ਸੁਚੇਤ ਕਰ ਜਾਂਦੀਆਂ ਨੇ।

ਡਾ: ਗੁਰਬਖ਼ਸ਼ ਸਿੰਘ ਭੰਡਾਲ
ਸੈਲ ਫੋਨਂ001-647-702-5445
E-mail : bhandal_g@yahoo.ca

ਪੈਰੀਂ ਤੁਰਨ ਦਾ ਅਨੰਦ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬਹਾਨੇਬਾਜ਼, ਆਲਸੀ ਤੇ ਫੋਕੇ ਵੇਖ-ਵਿਖਾਵੇ ਕਰਨ ਵਾਲਿਆਂ ਨੂੰ ਸਾਡੀ ਸਲਾਹ ਹੈ ਕਿ ਉਹ ਭਲਕ ਤੋਂ ਹੀ ਥੋੜ੍ਹਾ-ਬਹੁਤਾ ਤੁਰਨ ਦਾ ਪ੍ਰੋਗਰਾਮ ਬਣਾ ਲੈਣ। ਕਿਵੇਂ ਬਣੇਗਾ? ਇਹ ਵੀ ਭਲੀ ਪੁੱਛੀ। ਇਹ ਕੋਈ ਡੈਮ ਬਣਾਉਣ ਜਾਂ ਛਾਉਣੀ ਪਾਉਣ ਦਾ ਪ੍ਰੋਜੈਕਟ ਨਹੀਂ। ਤੇ ਨਾ ਹੀ ਇਹਦੇ ਲਈ ਮਹੂਰਤ ਦਾ ਦਿਨ ਕਢਾਉਣ ਦੀ ਲੋੜ ਹੈ। ਮਾਮੂਲੀ ਉੱਦਮ ਨਾਲ ਪਹਿਲਾਂ ਨਾਲੋਂ ਕੁਝ ਮਿੰਟ ਪਹਿਲਾਂ ਮੰਜੇ ਤੋਂ ਉਠਿਆ ਜਾ ਸਕਦੈ। ਵਿਹੜਾ, ਬੀਹੀ, ਫਿਰਨੀ, ਸੜਕ, ਖੇਡ ਮੈਦਾਨ, ਪਾਰਕ, ਪਟੜੀ, ਪਹੇ ਤੇ ਡੰਡੀਆਂ ਕਿਤੇ ਵੀ ਤੁਰਿਆ ਜਾ ਸਕਦੈ। ਜੀਹਦੇ ਘਰ ਪੌੜੀਆਂ ਬਣੀਆਂ ਹੋਈਆਂ ਹਨ ਉਨ੍ਹਾਂ ਉਤੇ ਵੀਹ-ਪੰਜਾਹ ਵਾਰ ਚੜ੍ਹਿਆ-ਉਤਰਿਆ ਜਾ ਸਕਦੈ। ਕੇਵਲ ਛੱਤ ਹੋਵੇ ਤਾਂ ਛੱਤ ਉਤੇ ਹੀ ਅੱਧਾ ਘੰਟਾ ਚਹਿਲ ਕਦਮੀ ਕੀਤੀ ਜਾ ਸਕਦੀ ਹੈ। ਅਖ਼ਬਾਰ ਪੈ ਕੇ ਜਾਂ ਬਹਿ ਕੇ ਨਹੀਂ ਖੜ੍ਹ ਕੇ ਜਾਂ ਟਹਿਲਦੇ ਹੋਏ ਪੜ੍ਹ ਲੈਣਾ ਚਾਹੀਦੈ। ਸਬਜ਼ੀ-ਭਾਜੀ ਤੁਰ ਕੇ ਲਿਆਂਦੀ ਜਾ ਸਕਦੀ ਹੈ। ਬੱਸ ਅੱਡੇ, ਦੁਕਾਨ ਤੇ ਦਫਤਰ ਤੁਰ ਕੇ ਜਾਇਆ ਜਾ ਸਕਦੈ। ਬਹਿ ਕੇ ਕੰਮ ਕਰਨ ਵਾਲੇ ਵਿਚੋਂ ਉੱਠ ਵੀ ਖੜ੍ਹੇ ਹੋਣ ਤੇ ਸਰੀਰ ਦੇ ਅੰਗ ਹਿਲਾਉਣ ਦੀ ਥੋੜ੍ਹੀ ਜਿੰਨੀ ਕਸਰਤ ਕਰ ਲੈਣ। ਸੌ ਨਹੀਂ, ਹਜ਼ਾਰ ਰਾਹ ਕੱਢਿਆ ਜਾ ਸਕਦੈ। ਬੱਸ ਤੁਰਨ ਤੇ ਕਸਰਤ ਕਰਨ ਦੀ ਤਮੰਨਾ ਹੋਣੀ ਚਾਹੀਦੀ ਹੈ। ਤੁਰਨ-ਫਿਰਨ ਦੀ ਮਾੜੀ-ਮੋਟੀ ਕਸਰਤ ਨਾਲ ਖਾਧਾ-ਪੀਤਾ ਚੰਗੀ ਤਰ੍ਹਾਂ ਹਜ਼ਮ ਹੁੰਦਾ ਰਹਿੰਦਾ ਹੈ, ਭੈੜੇ ਡਕਾਰ ਨਹੀਂ ਆਉਂਦੇ, ਜੁੱਸਾ ਫਿੱਟ ਰਹਿੰਦਾ ਹੈ, ਬੰਦਾ ਕੰਮ ਕਾਰ ਜੀਅ ਲਾ ਕੇ ਕਰਦਾ ਹੈ ਤੇ ਛੇਤੀ ਕੀਤਿਆਂ ਨਿੱਕੀ-ਮੋਟੀ ਬਿਮਾਰੀ ਨੇੜੇ ਨਹੀਂ ਆਉਂਦੀ। ਸਰੀਰਕ ਭਾਰ ਨੂੰ ਥਾਂ ਸਿਰ ਰੱਖਣ ਲਈ ਤਿੱਖੀਆਂ ਤੋਰਾਂ ਬੜੀਆਂ ਸਹਾਈ ਹੁੰਦੀਆਂ ਹਨ। ਦਵਾਈਆਂ ਦੀ ਨੀਂਦ ਨਾਲੋਂ ਲੰਮੀਆਂ ਤੋਰਾਂ ਦੀ ਨੀਂਦ ਕਿਤੇ ਵੱਧ ਸੁਖਦਾਈ ਹੁੰਦੀ ਹੈ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪੈਰੀਂ ਤੁਰਨਾ ਸਾਰੀਆਂ ਬਿਮਾਰੀਆਂ ਜਾਂ ਮੁਸ਼ਕਲਾਂ ਦਾ ਹੱਲ ਹੈ। ਹਾਂ, ਇਹ ਜ਼ਰੂਰ ਕਹਿੰਦਾ ਹਾਂ ਕਿ ਲੱਤਾਂ ਤੇ ਪੈਰ ਤੁਰਨ ਲਈ ਹਨ ਤੇ ਜਿਹੜਾ ਕੁਦਰਤ ਦਾ ਜੀਅ ਇਹਨਾਂ ਤੋਂ ਕੰਮ ਲੈਂਦਾ ਰਹੇਗਾ, ਉਹ ਬਹੁਤ ਸਾਰੀਆਂ ਬਿਮਾਰੀਆਂ ਤੇ ਮੁਸ਼ਕਲਾਂ ਤੋਂ ਬਚਿਆ ਰਹੇਗਾ। ਜਿਥੋਂ ਤਕ ਸੁਹੱਪਣ ਦੀ ਗੱਲ ਹੈ ਸੋਹਣੇ ਸੁਡੌਲ ਜੁੱਸੇ ਪੈਰੀਂ ਤੁਰਨ ਤੇ ਕਸਰਤ ਕਰਨ ਵਾਲਿਆਂ ਦੇ ਹੀ ਹੁੰਦੇ ਹਨ। ਜਿਨ੍ਹਾਂ ਨੇ ਤੁਰਨ ਦੇ ਰਾਹ ਨਹੀਂ ਪੈਣਾ, ਉਨ੍ਹਾਂ ਦਾ ਮਾਸ ਥੁਲ-ਥੁਲ ਹੀ ਕਰਨਾ ਹੈ। ਬਿਊਟੀ ਪਾਰਲਰ ਵਾਲੇ ਸਿਹਲੀਆਂ ਘੜ ਦੇਣਗੇ, ਨਹੁੰ ਪਾਲਸ਼ ਲਾ ਦੇਣਗੇ, ਰੰਗ ਰੋਗਣ ਕਰ ਦੇਣਗੇ ਪਰ ਸਰੀਰ ਦਾ ਸੁਹੱਪਣ ਤਦ ਹੀ ਨਿਖਰੇਗਾ ਜਦੋਂ ਜੁੱਸੇ ਨੂੰ ਛਾਂਟ ਕੇ ਸੁਡੌਲਤਾ ਵਿਚ ਢਾਲਿਆ ਗਿਆ। ਜੁੱਸੇ ਨੂੰ ਛਾਂਟਣ ਲਈ ਲੰਮੀਆਂ ਵਾਟਾਂ ਦੀ ਸੈਰ ਅਹਿਮ ਹੈ।

ਬੰਦੇ ਦੇ ਸਰੀਰ ਵਿਚ ਏਨੀ ਸਮਰੱਥਾ ਹੈ ਕਿ ਉਹ ਦੋ-ਚਾਰ ਮੀਲ ਨਹੀਂ ਸਗੋਂ ਸੈਂਕੜੇ-ਹਜ਼ਾਰਾਂ ਮੀਲ ਲਗਾਤਾਰ ਤੁਰਦਾ ਰਹਿ ਸਕਦਾ ਹੈ। ਗੱਲ ਸਾਰੀ ਹਿੰਮਤ ਦੀ ਹੈ। ਸਾਡੇ ਵੱਡ-ਵਡੇਰੇ ਪੰਜਾਬੀ ਕੋਹਾਂ ਦਾ ਪੈਂਡਾ ਕੇਵਲ ਲੱਤਾਂ ਹਿਲਾਣ ਲਈ ਮਾਰਦੇ ਰਹੇ ਹਨ। ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵਿਚ ਉਹ ਤੁਰ ਕੇ ਜਾਂਦੇ ਸਨ। ਉਹ ਪਹੁਫੁਟਾਲੇ ਨਾਲ ਤੁਰਦੇ ਤੇ ਲੰਮੀਆਂ ਮੰਜ਼ਲਾਂ ਮਾਰਨ ਪਿੱਛੋਂ ਵੀ ਥਕੇਵਾਂ ਉਨ੍ਹਾਂ ਦੇ ਨੇੜੇ ਨਾ ਆਉਂਦਾ। ਉਦੋਂ ਨਾ ਮੁਟਾਪੇ ਦੀ ਸਮੱਸਿਆ ਸੀ, ਨਾ ਸ਼ੂਗਰਾਂ ਦੀ ਤੇ ਨਾ ਬਲੱਡ ਪ੍ਰੈਸ਼ਰਾਂ ਦੀ। ਸਰੀਰਕ ਮਿਹਨਤ ਛੱਡਣੀ ਕੋਈ ਸਰਦਾਰੀ ਨਹੀਂ ਸਗੋਂ ਘੋਰ ਬਿਮਾਰੀ ਹੈ।ਜਿਹੜੇ ਥੋੜ੍ਹਾ ਜਿਹਾ ਤੁਰਨ ਤੋਂ ਵੀ ਐਵੇਂ ਹੀ ਤ੍ਰਹਿੰਦੇ ਤੇ ਹਾਏ-ਹਾਏ ਕਰਦੇ ਹਨ, ਉਨ੍ਹਾਂ ਲਈ ਉਨ੍ਹਾਂ ਬੰਦਿਆਂ ਦੀਆਂ ਮਿਸਾਲਾਂ ਹਾਜ਼ਰ ਹਨ ਜਿਨ੍ਹਾਂ ਨੂੰ ਹੋਰਨਾਂ ਵਾਂਗ ਕੁਦਰਤ ਨੇ ਦੋ ਲੱਤਾਂ ਹੀ ਦਿੱਤੀਆਂ ਸਨ। ਫਰਾਂਸ ਦੇ ਗਿਲਬਰਟ ਰਾਜਨ ਨੇ 315 ਮੀਲ ਦੀ ਵਾਕ ਦੇ ਵਿਸ਼ਵ ਮੁਕਾਬਲੇ 6 ਵਾਰ ਜਿੱਤੇ। ਉਹ ਅਭਿਆਸ ਵਜੋਂ ਕੁਲ ਕਿੰਨੇ ਮੀਲ ਵਗਿਆ, ਉਹਦਾ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਜਾ ਸਕਿਆ। ਉਂਜ ਅਨੁਮਾਨ ਹੈ ਕਿ ਉਹ ਘੱਟੋ ਘੱਟ ਦੋ ਲੱਖ ਮੀਲ ਤਾਂ ਵਗਿਆ ਹੀ ਹੋਵੇਗਾ। ਵੈਸੇ 315 ਮੀਲ ਲੰਮੀ ਵਾਟ ਤੇਜ਼ ਤੋਂ ਤੇਜ਼ ਵਗਣ ਦਾ ਰਿਕਾਰਡ ਬੈਲਜੀਅਮ ਦੇ ਰਾਜਰ ਪਿਟਕੁਇਨ ਦਾ ਹੈ। ਉਸ ਨੇ ਇਹ ਦੂਰੀ 60 ਘੰਟੇ 1 ਮਿੰਟ 15 ਸਕਿੰਟ ਵਿਚ ਤੈਅ ਕੀਤੀ ਸੀ। ਇੰਜ ਉਸ ਦੀ ਵਗਣ ਰਫਤਾਰ ਸਵਾ ਪੰਜ ਮੀਲ ਪ੍ਰਤੀ ਘੰਟਾ ਪਈ।

ਚੌਵੀ ਘੰਟਿਆਂ ਵਿਚ ਵੱਧ ਤੋਂ ਵੱਧ ਵਗਣ ਦਾ ਦਾਅਵਾ ਬੇਸ਼ਕ ਕੈਨੇਡਾ ਦਾ ਜੈਸੀ ਕਾਸਟਾਨੇਡਾ ਕਰਦਾ ਰਿਹਾ ਪਰ ਪ੍ਰਮਾਣਿਕ ਰਿਕਾਰਡ ਬਰਤਾਨੀਆਂ ਦੇ ਹਿਊ ਨੈਲਸਨ ਦਾ ਹੈ। ਜੈਸੀ ਦਾ ਕਹਿਣਾ ਹੈ ਕਿ ਉਹ ਨਿਊ ਮੈਕਸੀਕੋ ਦੇ ਇਕ ਮੇਲੇ ਵਿਚ 24 ਘੰਟਿਆਂ 'ਚ 142 ਮੀਲ 448 ਗਜ਼ ਵਗਿਆ। ਔਰਤਾਂ ਦਾ ਇਹ ਰਿਕਾਰਡ ਬਰਤਾਨੀਆਂ ਦੀ ਐੱਨ ਸਾਬੇਰ ਦਾ ਹੈ। ਉਸ ਨੇ 24 ਘੰਟਿਆਂ ਵਿਚ 118.5 ਮੀਲ ਤੈਅ ਤਹਿ ਕੀਤਾ ਸੀ। ਫਰਾਂਸ ਦੇ ਵਗਣ ਵਾਲਿਆਂ ਦੀ ਇਕ ਕਲੱਬ ਵੱਲੋਂ 1 ਅਪਰੈਲ 1910 ਨੂੰ 62137 ਮੀਲ ਯਾਨੀ ਇਕ ਲੱਖ ਕਿਲੋਮੀਟਰ ਵਗਣ ਦਾ ਮੁਕਾਬਲਾ ਆਰੰਭਿਆ ਗਿਆ। ਇਹ ਕਿਸੇ ਦਾ ਅਪਰੈਲ ਫੂਲ ਬਣਾਉਣ ਵਾਲਾ ਮਖੌਲ ਨਹੀਂ ਸੀ। ਉਸ ਮੁਕਾਬਲੇ ਵਿਚ 200 ਵਗਣ ਵਾਲਿਆਂ ਨੇ ਭਾਗ ਲਿਆ ਤੇ ਰੁਮਾਨੀਆਂ ਦਾ ਦਮਿਤਰੀ ਡਾਨ ਪ੍ਰਥਮ ਆਇਆ। ਖ਼ੈਰ ਅਜਿਹੇ ਮਾਅਰਕੇ ਮਾਰਨ ਵਾਲਿਆਂ ਦਾ ਕੋਈ ਅੰਤ ਨਹੀਂ। ਆਪਾਂ ਤਾਂ ਏਨਾ ਹੀ ਉੱਦਮ ਕਰ ਲਈਏ ਕਿ ਮੀਂਹ ਜਾਵੇ, ਨ੍ਹੇਰੀ ਜਾਵੇ, ਪੰਜ-ਸੱਤ ਕਿਲੋਮੀਟਰ ਤੁਰਨਾ ਹੀ ਹੈ। ਤੇ ਏਨਾ ਕੁ ਲੱਖ ਰੁਝੇਵਿਆਂ ਦੇ ਬਾਵਜੂਦ ਤੁਰਿਆ ਜਾ ਸਕਦੈ। ਬੰਦਾ ਮਨ ਵਿਚ ਧਾਰ ਲਵੇ ਕਿ ਐਵੇਂ ਹੀ ਰਿਕਸ਼ਿਆਂ-ਟੈਂਪੂਆਂ 'ਤੇ ਚੜ੍ਹੀ ਜਾਣਾ ਗੁਨਾਹ ਹੈ, ਖੱਜਲ-ਖੁਆਰੀ ਹੈ ਤੇ ਆਪ ਸਹੇੜੀ ਬਿਮਾਰੀ। ਮਨ 'ਚੋਂ ਕੱਢ ਦੇਈਏ ਕਿ ਲੋਕ ਕੀ ਆਖਦੇ ਹਨ? ਲੋਕਾਂ ਨੇ ਕੀ ਆਖਣਾ ਹੈ? ਤੁਰਨਾ ਤੇ ਆਪਣੇ ਪੈਰੀਂ ਤੁਰਨਾ ਕੋਈ ਐਬ ਨਹੀਂ, ਚੋਰੀ-ਯਾਰੀ ਨਹੀਂ ਤੇ ਨਾ ਹੀ ਕੋਈ ਠੱਗੀ-ਠੋਰੀ ਹੈ। ਫਿਰ ਤੁਰਦਿਆਂ ਨੂੰ ਕਾਹਦਾ ਮਿਹਣਾ?

ਜਿਹੜੇ ਲੋਕ ਟੋਲੀਆਂ ਬਣਾ ਕੇ ਤੁਰਨ ਦੇ ਟੂਰ ਲਗਾ ਸਕਦੇ ਹਨ, ਸਾਥੀ ਰਲ ਕੇ ਸੈਰਾਂ ਕਰ ਸਕਦੇ ਹਨ, ਪ੍ਰੇਮੀ ਤੁਰਦੇ ਹੋਏ ਕਲੋਲਾਂ ਕਰਦਿਆਂ ਵਾਟਾਂ ਨਬੇੜ ਸਕਦੇ ਹਨ ਉਨ੍ਹਾਂ ਦਾ ਬਹਿਸ਼ਤ ਇਥੇ ਹੀ ਹੈ। ਬੁੱਢੇ-ਬੁੱਢੀਆਂ ਨੂੰ ਤੁਰਦਿਆਂ ਜੁਆਨੀ ਚੜ੍ਹ ਸਕਦੀ ਹੈ। ਇਕੱਲ ਵਿਚ ਤੁਰਦਿਆਂ ਕਲਪਨਾ ਦੇ ਉਹ ਹੁਲਾਰੇ ਲਏ ਜਾ ਸਕਦੇ ਹਨ ਜਿਹੜੇ ਸਿਰਫ ਕਵੀਆਂ ਦੀ ਅਮਾਨਤ ਸਮਝੇ ਗਏ ਹਨ। ਕੋਈ ਤੁਰ ਕੇ ਤਾਂ ਵੇਖੇ। ਵੇਖੇ ਕਿ ਪੈਰੀਂ ਤੁਰਨ ਦਾ ਕਿਹੋ ਜਿਹਾ ਨਸ਼ਾ ਹੈ, ਕਿਹੋ ਜਿਹਾ ਅਨੰਦ ਹੈ। (ਸਮਾਪਤ)

-ਟੋਰਾਂਟੋ।
ਫੋਨ : 905-799-1661.
ਪ੍ਰਿੰਸੀਪਲ ਸਰਵਣ ਸਿੰਘ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX