ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  about 1 hour ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  about 2 hours ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  about 2 hours ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  about 3 hours ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  about 3 hours ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  about 3 hours ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 minute ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  about 4 hours ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਚੈਂਪੀਅਨ ਸ਼ਾਨਦਾਰ ਘੋੜੇ ਦਾ ਮਾਲਕ -ਸਤਪਾਲ ਸਿੰਘ ਜੌਹਲ

'ਘੋੜਿਆਂ ਵਾਲੇ ਸਰਦਾਰ' 5

ਜਲੰਧਰ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਜੌਹਲ ਦਾ ਸਤਪਾਲ ਸਿੰਘ ਜਿੰਨਾ ਵਧੀਆ ਇਨਸਾਨ ਹੈ ਉਨੇ ਹੀ ਸੋਹਣੇ ਉਸ ਨੇ ਘੋੜੇ ਪਾਲੇ ਹੋਏ ਹਨ, ਜਿਨ੍ਹਾਂ ਨੂੰ ਵੇਖਿਆਂ ਸੱਚਮੁੱਚ ਭੁੱਖ ਲੱਥਦੀ ਹੈ। ਬਾਪੂ ਹਰਭਜਨ ਸਿੰਘ ਤੇ ਮਾਤਾ ਰਤਨ ਕੌਰ ਦੇ ਘਰ 54 ਵਰ੍ਹੇ ਪਹਿਲਾਂ ਜਨਮੇ ਸਤਪਾਲ ਸਿੰਘ ਜੌਹਲ ਨੂੰ ਘੋੜੇ ਪਾਲਣ ਦਾ ਸ਼ੌਂਕ ਵਿਰਸੇ ਵਿਚੋਂ ਮਿਲਿਆ। ਅਗਾਂਹ ਉਸ ਦੇ ਦੋਵੇਂ ਪੁੱਤਰ ਪ੍ਰਭਜੀਤ ਸਿੰਘ ਤੇ ਪਰਵੀਨ ਸਿੰਘ ਸਿੰਘਾਪੁਰ ਵੀ ਉਸ ਦੇ ਘੋੜਿਆਂ ਦੇ ਨਵਾਬੀ ਸ਼ੌਂਕ ਵਿਚ ਪੂਰਾ ਹੱਥ ਵੰਡਾਅ ਰਹੇ ਹਨ। ਉਸ ਦੇ ਬਜ਼ੁਰਗਾਂ ਨੇ ਆਪਣੇ ਜ਼ਮਾਨੇ ਵਿਚ ਇਕ ਤੋਂ ਇਕ ਵਧੀਆ ਘੋੜੀ ਰੱਖੀ। ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਉਨ੍ਹਾਂ ਕੋਲ ਇਕ ਨੁੱਕਰਾ ਘੋੜਾ ਹੁੰਦਾ ਸੀ। ਉਹ ਘੋੜਿਆਂ ਦਾ ਵਗ ਰੱਖਣ ਨਾਲੋਂ ਨਸਲੀ ਤੇ ਚੰਗੀ ਬਲੱਡ ਲਾਈਨ ਦੇ ਘੋੜੇ ਰੱਖਣ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ। 20 ਵਰ੍ਹੇ ਪਹਿਲਾਂ ਉਸ ਨੇ ਘੋੜਿਆਂ ਦੀ ਨਸਲ ਨੂੰ ਸੁਧਾਰਨ ਦੇ ਮਕਸਦ ਤੇ ਸੋਚ ਨੂੰ ਲੈ ਕੇ ਇਨ੍ਹਾਂ ਦੀ ਲਗਾਮ ਆਪਣੇ ਹੱਥ ਵਿਚ ਫੜੀ ਸੀ, ਜਿਸ 'ਤੇ ਉਹ ਅੱਜ ਵੀ ਡੱਟ ਕੇ ਪਹਿਰਾ ਦੇ ਰਿਹਾ ਹੈ। ਪਿਛਲੇ ਦੋ ਦਹਾਕਿਆਂ ਤੋਂ ਉਸ ਨੇ ਰਾਜਸਥਾਨ, ਗੁਜਰਾਤ ਤੇ ਪੰਜਾਬ ਦੀਆਂ ਪ੍ਰਸਿੱਧ ਮੰਡੀਆਂ ਤੋਂ ਛਾਂਟ-ਛਾਂਟ ਕੇ ਘੋੜੇ ਲਿਆ ਕੇ ਆਪਣੇ ਤਬੇਲੇ ਦਾ ਸ਼ਿੰਗਾਰ ਬਣਾਏ। ਪਰ 2009 ਵਿਚ ਰਿਓਟਗੜ੍ਹ ਜੋਧਪੁਰ ਤੋਂ ਇਕ 64 ਇੰਚੀ 'ਸ਼ਾਨਦਾਰ' ਨਾਂਅ ਦਾ ਅਜਿਹਾ ਘੋੜਾ ਲਿਆਂਦਾ ਕਿ ਇਸ ਨੇ 2011 ਵਿਚ ਮੁਕਤਸਰ ਵਿਖੇ ਮਾਰਵਾੜੀ ਘੋੜਿਆਂ ਦੇ ਓਵਰਆਲ ਮੁਕਾਬਲੇ ਵਿਚ ਨੈਸ਼ਨਲ ਚੈਂਪੀਅਨ ਦਾ ਖਿਤਾਬ ਜਿੱਤ ਕੇ ਜਿਹੜਾ ਮਾਣ ਤੇ ਸਤਿਕਾਰ ਉਸ ਨੂੰ ਬਖਸ਼ਿਆ ਹੈ ਇਸ ਨੂੰ ਵੱਡੇ-ਵੱਡੇ ਘੋੜਾ ਪਾਲਕ ਵਰ੍ਹਿਆਂ ਤੋਂ ਤਰਸ ਰਹੇ ਹਨ। ਜ਼ੋਨਲ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਉਸ ਦੇ ਘੋੜੇ ਦਰਜਨਾਂ ਇਨਾਮ ਹਾਸਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਮੇਰਟਾਸਿਟੀ, ਰਿਓਟਗੜ੍ਹ ਅਤੇ ਜੋਧਪੁਰ ਤੋਂ ਚਾਰ ਉੱਤਮ ਨਸਲ ਦੀਆਂ ਘੋੜੀਆਂ ਵੀ ਲਿਆਇਆ। ਘੋੜਿਆਂ ਦੀ ਬਰੀਡ ਵਿਚ ਸੁਧਾਰ ਕਰਨ ਤੋਂ ਬਾਅਦ ਉਸ ਕੋਲ 6 ਕਾਲੀਆਂ, 2 ਤੇਲੀਆ ਕੁਮੈਤ, ਇਕ ਅਬਲਖ ਅਤੇ ਇਕ ਨੀਲੀ ਘੋੜੀ ਸਮੇਤ 10 ਘੋੜੀਆਂ ਹਨ। ਘੋੜਿਆਂ ਦੀ ਅੱਵਲ ਦਰਜੇ ਦੀ ਬਰੀਡ ਲੈਣ ਖਾਤਰ ਉਸ ਨੇ ਇਨ੍ਹਾਂ ਘੋੜੀਆਂ ਵਿਚੋਂ 2 ਘੋੜੀਆਂ ਨੂੰ ਅਹਿਮਦਾਬਾਦ (ਗੁਜਰਾਤ) ਵਿਖੇ ਉਦੈਪੁਰ ਰਾਜਾ ਦੇ ਦਰਬਾਰ ਦੇ ਸੁਲਤਾਨ ਘੋੜੇ ਦੀ ਬਲੱਡ ਲਾਈਨ ਵਾਲੇ ਘੋੜੇ ਨਾਲ ਮੀਟਿੰਗ ਕਰਾਉਣ ਲਈ ਭੇਜਿਆ ਹੋਇਆ ਹੈ। ਉਸ ਦਾ ਸਟੱਡ ਫਾਰਮ ਬਹੁਤ ਹੀ ਸਾਫ਼-ਸੁਥਰਾ ਹੈ ਅਤੇ ਘੋੜੇ-ਘੋੜੀਆਂ ਨੂੰ ਵੀ ਖੂਬ ਸ਼ਿੰਗਾਰ ਕੇ ਰੱਖਦਾ ਹੈ। ਉਸ ਦੇ ਸਟੱਡ ਫਾਰਮ ਵਿਚ ਹਰ ਇਕ ਘੋੜਾ, ਘੋੜੀ ਤੇ ਵਛੇਰੇ ਆਦਿ ਇਕ-ਦੂਸਰੇ ਨੂੰ ਮਾਤ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਮਾਰਵਾੜੀ ਘੋੜਿਆਂ ਦੀ ਬਰੀਡ ਨੂੰ ਪ੍ਰਫੁਲਿਤ ਕਰਕੇ ਇਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਹੁਣ ਸਰਕਾਰ ਨੂੰ ਘੋੜਿਆਂ ਦੀ ਰੇਸ ਕੋਰਸ ਵੀ ਸਥਾਪਤ ਕਰਨੀ ਚਾਹੀਦੀ ਹੈ। ਉਸ ਨੇ ਘੋੜਿਆਂ ਸਬੰਧੀ ਜਾਣਕਾਰੀ ਵਿਚ ਵਾਧਾ ਕਰਦਿਆਂ ਦੱਸਿਆ ਕਿ ਇਨਸਾਨਾਂ ਤੇ ਜਾਨਵਰਾਂ ਵਿਚੋਂ ਘੋੜਾ ਹੀ ਇਕ ਅਜਿਹਾ ਜਾਨਵਰ ਹੈ, ਜਿਸ ਦੇ ਸਰੀਰ 'ਤੇ ਦੁੱਧ ਦੇ ਨਿਸ਼ਾਨ ਨਹੀਂ ਹੁੰਦੇ। ਅਬਲਖ ਘੋੜਾ ਲੜਾਈ ਦੌਰਾਨ ਸੁਨੇਹਾ ਜਾਂ ਚਿੱਠੀ ਆਦਿ ਪਹੁੰਚਾਣ ਦਾ ਕੰਮ ਕਰਦਾ ਸੀ ਇਸ ਨੂੰ ਦੁਸ਼ਮਣ ਵੀ ਹੱਥ ਨਹੀਂ ਲਗਾਉਂਦਾ ਸੀ। ਉਨ੍ਹਾਂ ਕਿਹਾ ਕਿ ਨਵੇਂ ਘੋੜਾ ਪਾਲਕਾਂ ਨੂੰ ਘੋੜਿਆਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਹੀ ਨਸਲੀ ਘੋੜੇ ਘੋੜੀਆਂ ਰੱਖਣੇ ਚਾਹੀਦੇ ਹਨ।

-ਮੋਬਾਈਲ : 98155 35596
ਅਮਰੀਕ ਸਿੰਘ ਭਾਗੋਵਾਲੀਆ


ਖ਼ਬਰ ਸ਼ੇਅਰ ਕਰੋ

ਬੇਆਬਾਦ ਜ਼ਮੀਨਾਂ ਲਈ ਢੁਕਵਾਂ ਹੈ ਮੱਛੀ ਪਾਲਣ ਦਾ ਧੰਦਾ

ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੱਛੀ ਪਾਲਣ ਨੂੰ ਇਕ ਸਹਾਇਕ ਧੰਦੇ ਵਜੋਂ ਅਪਣਾਇਆ ਜਾ ਰਿਹਾ ਹੈ ਜਿਸ ਕਾਰਨ ਮੱਛੀ ਪਾਲਣ ਦੇ ਮਾਮਲੇ ਵਿਚ ਚੀਨ ਤੋਂ ਬਾਅਦ ਭਾਰਤ ਦਾ ਦੂਜਾ ਨੰਬਰ ਆਉਂਦਾ ਹੈ। ਪੰਜਾਬ ਅੰਦਰ ਇਸ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਹੁਣ ਪੰਜਾਬ ਦੇ ਕਿਸਾਨਾਂ ਨੇ ਵੀ ਪਿਛਲੇ ਸਮੇਂ ਦੌਰਾਨ ਇਸ ਧੰਦੇ ਪ੍ਰਤੀ ਰੁਚੀ ਦਿਖਾਉਣੀ ਸ਼ੁਰੂ ਕੀਤੀ ਹੈ। ਪੰਜਾਬ ਦੇ ਬਠਿੰਡਾ, ਫ਼ਿਰੋਜ਼ਪੁਰ, ਮਾਨਸਾ, ਮੁਕਤਸਰ ਅਤੇ ਫ਼ਰੀਦਕੋਟ ਸਮੇਤ ਵੱਖ-ਵੱਖ ਜ਼ਿਲ੍ਹਿਆਂ ਅੰਦਰ ਖਾਰੇਪਣ ਅਤੇ ਸੇਮ ਵਰਗੀਆਂ ਸਮੱਸਿਆਵਾਂ ਤੋਂ ਪ੍ਰਭਾਵਿਤ ਰਕਬੇ 'ਚ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਾਉਣ ਲਈ ਸਰਕਾਰ ਵੱਲੋਂ ਵੀ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਇਸ ਧੰਦੇ ਨੂੰ ਸਫਲ ਬਣਾਉਣ ਲਈ ਜ਼ਮੀਨ ਦੀ ਚੋਣ, ਮੱਛੀਆਂ ਦੀਆਂ ਕਿਸਮਾਂ, ਬਿਮਾਰੀਆਂ ਤੋਂ ਰੋਕਥਾਮ, ਨਦੀਨਾਂ ਅਤੇ ਹੋਰ ਜੀਵਾਂ ਤੋਂ ਸੁਰੱਖਿਆ, ਖ਼ੁਰਾਕ, ਪਾਣੀ ਦੀ ਗੁਣਵੱਤਾ ਅਤੇ ਨਵੇਂ ਪੂੰਗ ਪਾਉਣ ਸਮੇਤ ਮੱਛੀਆਂ ਦੇ ਮੰਡੀਕਰਨ ਬਾਰੇ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਧੰਦਾ ਕਰ ਰਹੇ ਕਿਸਾਨਾਂ ਮੁਤਾਬਿਕ ਇਕ ਏਕੜ ਵਿਚੋਂ ਪ੍ਰਤੀ ਸਾਲ 40 ਹਜ਼ਾਰ ਰੁਪਏ ਦੇ ਆਸਪਾਸ ਆਮਦਨ ਹੁੰਦੀ ਹੈ। ਮੱਛੀ ਪਾਲਣ ਦੇ ਧੰਦੇ ਨਾਲ ਨਾ ਸਿਰਫ਼ ਬੇਆਬਾਦ ਅਤੇ ਹੋਰ ਸਮੱਸਿਆਵਾਂ ਤੋਂ ਪ੍ਰਭਾਵਿਤ ਜ਼ਮੀਨਾਂ ਨੂੰ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਸਗੋਂ ਇਸ ਨਾਲ ਵਾਧੂ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੇ ਇਲਾਵਾ ਪਸ਼ੂਆਂ ਦੇ ਮਲ-ਮੂਤਰ, ਖੇਤੀ ਉਪਜਾਂ ਦੀ ਰਹਿੰਦ-ਖੂੰਹਦ ਅਤੇ ਖੇਤੀਬਾੜੀ ਦੇ ਹੋਰ ਵਾਧੂ ਜੈਵਿਕ ਪਦਾਰਥਾਂ ਨੂੰ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। 

ਇਸ ਧੰਦੇ ਨੂੰ ਸ਼ੁਰੂ ਕਰਨ ਲਈ ਪੀ. ਏ. ਯੂ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਅਨੁਸਾਰ ਵਿਚ ਫਰਵਰੀ ਮਹੀਨੇ ਦੌਰਾਨ 6 ਤੋਂ 7 ਫੁੱਟ ਡੂੰਘੇ ਛੱਪੜ ਦੀ ਪੁਟਾਈ ਕਰਕੇ ਇਸ ਦਾ ਹੇਠਲਾ ਤਲ ਪੱਧਰਾ ਕਰਨ ਦੇ ਇਲਾਵਾ ਕੰਢੇ ਢਲਾਣ ਵਿਚ ਬਣਾਉਣੇ ਚਾਹੀਦੇ ਹਨ। ਛੱਪੜ ਬਣਾਉਣ ਲਈ ਚੀਕਣੀ ਜਾਂ ਚੀਕਣੀ ਮੈਰਾ ਮਿੱਟੀ ਵਾਲੀ ਜ਼ਮੀਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਕਿ ਪਾਣੀ ਜ਼ਿਆਦਾ ਦੇਰ ਤੱਕ ਖੜ੍ਹਾ ਰਹਿ ਸਕੇ। ਛੱਪੜ ਵਿਚੋਂ ਨਦੀਨਾਂ ਦੇ ਖ਼ਾਤਮੇ ਲਈ ਗਰਾਸ ਕਾਰਪ ਮੱਛੀਆਂ ਅਤੇ ਸਿਲਵਰ ਕਾਰਪ ਮੱਛੀਆਂ ਪਾਈਆਂ ਜਾ ਸਕਦੀਆਂ ਹਨ। ਪੁਰਾਣੇ ਛੱਪੜਾਂ ਵਿਚ ਮਾਸਾਹਾਰੀ ਮੱਛੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਜਾਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਸਾਇਣਾਂ ਦੀ ਵਰਤੋਂ ਕਰਕੇ ਵੀ ਛੱਪੜ ਵਿਚੋਂ ਨਦੀਨਾਂ ਅਤੇ ਮਾਸਾਹਾਰੀ ਮੱਛੀਆਂ ਦੀ ਰੋਕਥਾਮ ਕੀਤੀ ਗਈ ਹੈ। ਮੱਛੀਆਂ ਪਾਲਣ ਲਈ ਛੱਪੜ ਦੇ ਪਾਣੀ ਵਿਚ ਮੌਜੂਦ ਆਕਸੀਜਨ ਅਤੇ ਪੀ. ਐੱਚ. ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜੋ ਮੱਛੀਆਂ ਦੇ ਜਿਊਂਦੇ ਰਹਿਣ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਲਈ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਛੱਪੜ ਵਿਚ ਘੁਲੀ ਹੋਈ ਆਕਸੀਜਨ ਦੀ ਮਾਤਰਾ 5 ਮਿਲੀ ਗਰਾਮ ਪ੍ਰਤੀ ਲੀਟਰ ਤੋਂ ਵੱਧ ਅਤੇ ਪੀ . ਐੱਚ. 7-9 ਵਿਚਕਾਰ ਰਹਿਣੀ ਚਾਹੀਦੀ ਹੈ। ਜੇਕਰ ਪੀ. ਐੱਚ. 7 ਤੋਂ ਘੱਟ ਜਾਵੇ ਤਾਂ ਪ੍ਰਤੀ ਏਕੜ 80 ਤੋਂ 100 ਕਿੱਲੋਗਰਾਮ ਬਰੀਕ ਪੀਸੇ ਹੋਏ ਚੂਨੇ ਨੂੰ ਪਾਣੀ ਵਿਚ ਘੋਲ ਕੇ ਠੰਢਾ ਕਰਨ ਦੇ ਬਾਅਦ ਛੱਪੜ ਵਿਚ ਛਿੜਕ ਦੇਣਾ ਚਾਹੀਦਾ ਹੈ। ਛੱਪੜ ਦੇ ਪਾਣੀ ਦਾ ਲੂਣਾਪਣ ਵੀ 2 ਪੀ. ਪੀ. ਟੀ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਛੱਪੜ ਵਿਚ ਦੇਸੀ ਖਾਦ ਨੂੰ ਢੇਰੀਆਂ ਦੇ ਰੂਪ ਵਿਚ ਅਤੇ ਰਸਾਇਣਿਕ ਖਾਦ ਨੂੰ ਪਾਣੀ ਵਿਚ ਘੋਲ ਕੇ ਛਿੜਕਣਾ ਚਾਹੀਦਾ ਹੈ। ਛੱਪੜ ਵਿਚ ਪਾਣੀ ਪਾਉਣ ਦੇ ਬਾਅਦ ਮਾਰਚ ਅਪ੍ਰੈਲ ਮਹੀਨੇ ਵਿਚ ਮੱਛੀਆਂ ਦਾ ਪੂੰਗ ਛੱਪੜ ਵਿਚ ਛੱਡ ਦੇਣਾ ਚਾਹੀਦਾ ਹੈ। ਪ੍ਰਤੀ ਏਕੜ ਛੱਪੜ ਵਿਚ 3 ਤੋਂ 5 ਸੈਂਟੀਮੀਟਰ ਆਕਾਰ ਦੇ 4 ਹਜ਼ਾਰ ਪੂੰਗ ਛੱਡਣੇ ਚਾਹੀਦੇ ਹਨ। ਮੱਛੀਆਂ ਦੀ ਕਿਸਮ ਵੀ ਇਸ ਧੰਦੇ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਇਸ ਲਈ ਮਾਹਿਰਾਂ ਵੱਲੋਂ ਕਤਲਾ, ਰੋਹੂ, ਮਰੀਗਲ, ਕਾਮਨ ਕਾਰਪ, ਗਰਾਸ ਕਾਰਪ ਅਤੇ ਸਿਲਵਰ ਕਾਰਪ ਕਿਸਮਾਂ ਦੀਆਂ ਮੱਛੀਆਂ ਪਾਲਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਜੇਕਰ ਇਨ੍ਹਾਂ ਸਾਰੀਆਂ ਕਿਸਮਾਂ ਦੀਆਂ ਮੱਛੀਆਂ ਪਾਲਣੀਆਂ ਹੋਣ ਤਾਂ ਕਤਲਾ 20 ਫ਼ੀਸਦੀ, ਰੋਹੂ 30 ਫ਼ੀਸਦੀ, ਮਰੀਗਲ 10 ਫ਼ੀਸਦੀ, ਕਾਮਨ ਕਾਰਪ 20 ਫ਼ੀਸਦੀ, ਗਰਾਸ ਕਾਰਪ 10 ਫ਼ੀਸਦੀ ਅਤੇ ਸਿਲਵਰ ਕਾਰਪ ਵੀ 10 ਫ਼ੀਸਦੀ ਦੇ ਅਨੁਪਾਤ ਵਿਚ ਪਾਉਣੀਆਂ ਚਾਹੀਦੀਆਂ ਹਨ। ਜੇਕਰ ਸਿਰਫ਼ ਚਾਰ ਕਿਸਮਾਂ ਪਾਲਣੀਆਂ ਹੋਣ ਤਾਂ ਕਤਲਾ 25 ਫ਼ੀਸਦੀ, ਰੋਹੂ 35 ਫ਼ੀਸਦੀ, ਮਰੀਗਲ 20 ਫ਼ੀਸਦੀ ਅਤੇ ਕਾਮਨ ਕਾਰਪ 20 ਫ਼ੀਸਦੀ ਅਨੁਪਾਤ ਨਾਲ ਪਾਉਣੀ ਚਾਹੀਦੀ ਹੈ। ਮੱਛੀਆਂ ਦਾ ਪੂੰਗ ਵੱਖ-ਵੱਖ ਸਰਕਾਰੀ ਪੂੰਗ ਫਾਰਮਾਂ ਤੋਂ ਆਸਾਨੀ ਨਾਲ ਪ੍ਰਾਪਤ ਕਰਕੇ ਕਿਸਾਨ ਇਸ ਧੰਦੇ ਨੂੰ ਸ਼ੁਰੂ ਕਰ ਸਕਦੇ ਹਨ। ਮੱਛੀਆਂ ਦੇ ਵਾਧੇ ਲਈ ਇਨ੍ਹਾਂ ਨੂੰ ਸੰਤੁਲਿਤ ਖ਼ੁਰਾਕ ਵੀ ਦੇਣੀ ਜ਼ਰੂਰੀ ਹੈ। ਇਸ ਲਈ ਇਨ੍ਹਾਂ ਨੂੰ ਸਮੇਂ-ਸਮੇਂ ਖ਼ੁਰਾਕ ਦੇਣ ਲਈ ਮਾਹਿਰਾਂ ਨਾਲ ਸੰਪਰਕ ਕਰਦੇ ਰਹਿਣਾ ਚਾਹੀਦਾ ਹੈ। ਜਦੋਂ ਮੱਛੀਆਂ ਦਾ ਭਾਰ 500 ਗਰਾਮ ਤੋਂ ਵੱਧ ਹੋ ਜਾਵੇ ਤਾਂ ਇਨ੍ਹਾਂ ਨੂੰ ਕੱਢ ਕੇ ਵੇਚਿਆ ਜਾ ਸਕਦਾ ਹੈ ਅਤੇ ਜਿਸ ਕਿਸਮ ਦੀਆਂ ਜਿੰਨੀਆਂ ਮੱਛੀਆਂ ਤਲਾਬ ਵਿਚੋਂ ਘਟ ਜਾਣ, ਉਸੇ ਕਿਸਮ ਦਾ ਪੂੰਗ ਛੱਪੜ ਵਿਚ ਮੁੜ ਪਾ ਦੇਣਾ ਚਾਹੀਦਾ ਹੈ। ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪੂੰਗ ਨੂੰ 100 ਮਿਲੀਗਰਾਮ ਪ੍ਰਤੀ ਲੀਟਰ ਲਾਲ ਦਵਾਈ ਦੇ ਘੋਲ ਵਿਚ ਡੁਬਾਉਣ ਦੇ ਬਾਅਦ ਛੱਪੜ ਵਿਚ ਛੱਡਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਸਿਹਤ ਲਈ ਲਗਾਤਾਰ ਚੌਕਸ ਰਹਿਣ ਦੇ ਇਲਾਵਾ ਮਾਹਿਰਾਂ ਦੀ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।

-ਉਪ-ਦਫਤਰ 'ਅਜੀਤ' ਗੁਰਦਾਸਪੁਰ।
ਹਰਮਨਪ੍ਰੀਤ ਸਿੰਘ

ਗੁਆਚੇ ਪਿੰਡ ਦੀ ਗਾਥਾ-29

ਅਮਰ ਸੂਫ਼ੀ 
ਬਾਰਾਂ ਵਰ੍ਹਿਆਂ ਮਗਰੋਂ ਪਿੰਡ 'ਚ, ਬਾਜ਼ੀ ਪਾਉਂਦੇ ਹੁੰਦੇ ਚੋਬਰ,
ਕਰਤਬ ਬਹੁਤ ਵਿਖਾਉਂਦਾ ਜਿਹੜਾ, ਚਿੱਤੂ ਬਾਜ਼ੀਗਰ ਹੁੰਦਾ ਸੀ।

ਲਾੜੇ ਦੇ ਘਰ ਘੋੜੀਆਂ ਗਾ ਕੇ, ਸਾਰੇ ਸ਼ਗਨ ਮਨਾਏ ਜਾਂਦੇ,
ਮਾਈਏਂ ਮਗਰੋਂ ਮੁੰਡਾ ਘਰ 'ਚੋਂ ਜਾਂਦਾ ਨਾ ਬਾਹਰ ਹੁੰਦਾ ਸੀ।

ਲਾੜੀ ਦੇ ਘਰ ਸ਼ਗਨ ਮਨਾ ਕੇ, ਗੀਤ ਸੁਹਾਗ ਦੇ ਗਾਏ ਜਾਂਦੇ,
ਹੱਥਾਂ ਉੱਤੇ ਲੱਗੀ ਮਹਿੰਦੀ, ਚਾਅ ਮਨ ਦੇ ਅੰਦਰ ਹੁੰਦਾ ਸੀ।

ਮੰਜੇ ਬਿਸਤਰ 'ਕੱਠੇ ਕਰ ਕੇ, ਡੇਰੇ ਵਿਚ ਵਿਛਾਏ ਜਾਂਦੇ,
ਜੰਞ ਦੀ ਆਮਦ 'ਤੇ ਸੇਵਾ ਵਿਚ, ਹਰ ਮਾਂਞੀਂ ਤਤਪਰ ਹੁੰਦਾ ਸੀ।

ਦੋ ਟਬਰਾਂ ਦਾ ਮੇਲ ਕਰਾਉਂਦੇ, ਭਾਈ ਜੀ ਅਰਦਾਸਾਂ ਕਰ ਕੇ,
ਮਿਲਣੀ ਵੇਲੇ ਨਿਉਂ ਕੇ ਮਿਲਣਾ, ਇਹ ਵੱਡਾ ਆਦਰ ਹੁੰਦਾ ਸੀ।

ਊਰੀ ਵਾਂਙ ਵਿਚੋਲਣ ਘੁੰਮਦੀ, ਧਰਤੀ 'ਤੇ ਪਬ ਨਈਂ ਲਗਦਾ ਸੀ,
ਵਿਆਹ ਇਕਾਂਗੀ ਦਾ ਇਹ ਸਭ ਤੋਂ, ਥੋੜ੍ਹ-ਚਿਰਾ ਪਾਤਰ ਹੁੰਦਾ ਸੀ।

# ਏ-1, ਜੁਝਾਰ ਨਗਰ, ਮੋਗਾ-142001.
ਮੋਬਾ: 098555-43660.

ਮਹੱਤਵਪੂਰਨ ਹੈ ਕਿਸਾਨ ਮੇਲਿਆਂ ਦਾ ਮਾਰਚ ਮਹੀਨਾ

ਕਿਸਾਨਾਂ ਲਈ ਮਾਰਚ ਦਾ ਮਹੀਨਾ ਬੜਾ ਮਹੱਤਵਪੂਰਨ ਹੈ। ਫ਼ਸਲਾਂ ਦਾ ਲਾਹੇਵੰਦ ਝਾੜ ਲੈਣ ਲਈ ਸੁਧਰੇ ਤੇ ਸ਼ੁੱਧ ਬੀਜਾਂ ਦਾ ਅਹਿਮ ਰੋਲ ਹੈ। ਇਸ ਸਬੰਧੀ ਕਿਸਾਨਾਂ 'ਚ ਜਾਣਕਾਰੀ ਵਧ ਜਾਣ ਨਾਲ ਯੋਗ ਕਿਸਮਾਂ ਦੇ ਬੀਜਾਂ ਦੀ ਮੰਗ ਵੀ ਵਧ ਗਈ ਹੈ। ਨਕਲੀ ਤੇ ਗ਼ੈਰ-ਮਿਆਰੀ ਬੀਜਾਂ ਦੀ ਵਿਕਰੀ ਵੱਧ ਜਾਣ ਨਾਲ ਕਿਸਾਨ ਆਪਣੀ ਲੋੜ ਪ੍ਰਮਾਣਿਤ ਏਜੰਸੀਆਂ ਰਾਹੀਂ ਹੀ ਪੂਰੀ ਕਰਨ ਲਈ ਯਤਨਸ਼ੀਲ ਹਨ। ਇਸ ਸਬੰਧੀ ਉਹ ਕਿਸਾਨ ਮੇਲਿਆਂ ਨੂੰ ਤੱਕਦੇ ਹਨ। ਸਾਉਣੀ ਦੇ ਬੀਜ ਕਿਸਾਨਾਂ ਨੂੰ ਮੁਹੱਈਆ ਕਰਨ ਲਈ ਅਤੇ ਇਸ ਮੌਸਮ ਦੀਆਂ ਫ਼ਸਲਾਂ ਦੀ ਜਾਣਕਾਰੀ ਦੇਣ ਅਤੇ ਟੈਕਨਾਲੋਜੀ ਉਨ੍ਹਾਂ ਤੀਕ ਪਹੁੰਚਾਉਣ ਲਈ ਪੰਜਾਬ ਖੇਤੀ ਯੂਨੀਵਰਸਿਟੀ, ਪੂਸਾ ਤੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵੱਲੋਂ ਕਿਸਾਨ ਮੇਲੇ ਆਯੋਜਿਤ ਕੀਤੇ ਜਾਂਦੇ ਹਨ। ਪੀ. ਏ. ਯੂ. ਵੱਲੋਂ ਬੱਲੋਵਾਲ ਸੌਂਕੜੀ ਵਿਖੇ ਇਕ ਮਾਰਚ ਨੂੰ, ਅੰਮ੍ਰਿਤਸਰ ਵਿਖੇ 5 ਮਾਰਚ ਨੂੰ, ਗੁਰਦਾਸਪੁਰ 7 ਮਾਰਚ ਨੂੰ, ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ 11 ਮਾਰਚ ਨੂੰ, ਫਰੀਦਕੋਟ ਵਿਖੇ 19 ਮਾਰਚ ਨੂੰ ਤੇ ਬਠਿੰਡਾ 'ਚ 21 ਮਾਰਚ ਨੂੰ ਕਿਸਾਨ ਮੇਲੇ ਲਾਏ ਜਾਣਗੇ। ਮੁੱਖ ਮੇਲਾ ਪੀ. ਏ. ਯੂ. ਕੈਂਪਸ ਲੁਧਿਆਣਾ ਵਿਖੇ 15 ਤੇ 16 ਮਾਰਚ ਨੂੰ ਲਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਆਪਣੇ ਰੱਖੜਾ ਕੈਂਪਸ 'ਤੇ 22 ਮਾਰਚ ਨੂੰ ਅਤੇ ਭਾਰਤੀ ਖੇਤੀ ਖੋਜ ਸੰਸਥਾਨ ਆਪਣੇ ਪੂਸਾ ਕੈਂਪਸ ਨਵੀਂ ਦਿੱਲੀ ਵਿਖੇ 6 ਤੋਂ 8 ਮਾਰਚ ਦੇ ਦਰਮਿਆਨ ਪੂਸਾ ਕ੍ਰਿਸ਼ੀ ਵਿਗਿਆਨ ਮੇਲਾ ਲਾਵੇਗਾ। ਪੂਸਾ ਦੇ ਇਸ ਤਿੰਨ ਰੋਜ਼ਾ ਕ੍ਰਿਸ਼ੀ ਵਿਗਿਆਨ ਮੇਲੇ ਦਾ ਵਿਸ਼ਾ 'ਕਿਸਾਨਾਂ ਦੀ ਖੁਸ਼ਹਾਲੀ ਲਈ ਖੇਤੀ ਵਿਗਿਆਨ' ਹੈ। ਇਹ ਕਿਸਾਨ ਮੇਲੇ ਖੇਤੀ ਮਾਹਰਾਂ, ਵਿਗਿਆਨੀਆਂ ਤੇ ਕਿਸਾਨਾਂ ਦਾ ਸੁਮੇਲ ਹੁੰਦੇ ਹਨ। ਉਹ ਆਪੋ ਵਿਚ ਤੇ ਇਕ ਦੂਜੇ ਨਾਲ ਵਿਚਾਰ-ਵਟਾਂਦਰਾ ਕਰਦੇ ਹਨ, ਜਿਸ ਵਿਚੋਂ ਕਿਸਾਨ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਹਨ ਅਤੇ ਵਿਗਿਆਨੀ ਖੋਜ ਲਈ ਪ੍ਰਤੀਕਰਮ ਲੈਂਦੇ ਹਨ। ਆਮ ਕਿਸਾਨ ਇਨ੍ਹਾਂ ਮੇਲਿਆਂ 'ਚ ਨਵੀਆਂ ਕਿਸਮਾਂ ਦੇ ਬੀਜ ਅਤੇ ਵਰਤਮਾਨ ਕਿਸਮਾਂ ਦੇ ਮਿਆਰੀ ਬੀਜ ਖਰੀਦਣ ਲਈ ਆਉਂਦੇ ਹਨ। ਪੰਜਾਬ 'ਚ ਝੋਨਾ ਤੇ ਬਾਸਮਤੀ ਸਾਉਣੀ ਦੀ ਮੁੱਖ ਫ਼ਸਲ ਹੈ। ਉਹ ਇਨ੍ਹਾਂ ਫ਼ਸਲਾਂ ਦੇ ਬੀਜ ਦੀ ਪ੍ਰਾਪਤੀ ਲਈ ਵਿਸ਼ੇਸ਼ ਤੌਰ 'ਤੇ ਇਨ੍ਹਾਂ ਮੇਲਿਆਂ 'ਚ ਸ਼ਾਮਿਲ ਹੁੰਦੇ ਹਨ। ਪੰਜਾਬ ਖੇਤੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ: ਬਲਦੇਵ ਸਿੰਘ ਢਿੱਲੋਂ ਦੀ ਦੂਰਅੰਦੇਸ਼ੀ ਹੈ ਕਿ ਉਹ ਬਾਸਮਤੀ ਦੀਆਂ ਸਫ਼ਲ ਤੇ ਨਵੀਆਂ ਪੂਸਾ ਬਾਸਮਤੀ 1121 ਤੇ ਪੂਸਾ 1509 ਕਿਸਮਾਂ ਦੇ ਬੀਜ ਵੀ ਕਿਸਾਨਾਂ ਨੂੰ ਪੀ. ਏ. ਯੂ. ਵੱਲੋਂ ਲਾਏ ਜਾ ਰਹੇ ਕਿਸਾਨ ਮੇਲਿਆਂ 'ਚ ਮੁਹੱਈਆ ਕਰਨਗੇ। ਇਸ ਤੋਂ ਇਲਾਵਾ ਝੋਨੇ ਦੀ ਨਵੀਂ ਕਿਸਮ ਪੀ.ਆਰ. 121, ਪੀ. ਆਰ. 122 ਅਤੇ ਪੰਜਾਬ ਬਾਸਮਤੀ-3 ਦੇ ਬੀਜ ਵੀ ਥੋੜ੍ਹੀ-ਥੋੜ੍ਹੀ ਮਾਤਰਾ 'ਚ ਇਨ੍ਹਾਂ ਮੇਲਿਆਂ 'ਚ ਕਿਸਾਨਾਂ ਨੂੰ ਦਿੱਤੇ ਜਾਣਗੇ। ਇਸ ਸਾਲ ਬਾਸਮਤੀ ਦਾ ਭਾਅ ਚੰਗਾ ਹੋਣ ਕਾਰਨ ਕਿਸਾਨਾਂ ਦਾ ਵਧੇਰੇ ਰੁਝਾਨ ਬਾਸਮਤੀ ਦੀ ਕਾਸ਼ਤ ਵੱਲ ਹੈ। ਬਾਸਮਤੀ ਦੀਆਂ ਪੂਸਾ ਬਾਸਮਤੀ 1121 ਤੇ ਪੂਸਾ ਪੰਜਾਬ ਬਾਸਮਤੀ 1509 ਕਿਸਮਾਂ ਦੇ ਬੀਜ ਰੱਖੜਾ ਕਿਸਾਨ ਮੇਲੇ ਅਤੇ ਕ੍ਰਿਸ਼ੀ ਵਿਗਿਆਨ ਮੇਲਾ ਦਿੱਲੀ ਵਿਖੇ ਵੀ ਕਿਸਾਨਾਂ ਨੂੰ ਉਪਲੱਬਧ ਹੋਣਗੇ। ਕਿਸਾਨਾਂ ਨੂੰ ਪੂਸਾ 44 ਕਿਸਮ ਦੀ ਲੋੜ ਰੱਖੜਾ ਕਿਸਾਨ ਮੇਲੇ ਜਾਂ ਦਿੱਲੀ ਵਿਖੇ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਤੋਂ ਹੀ ਪੂਰੀ ਕਰਨੀ ਪਵੇਗੀ।

ਕਿਸਾਨਾਂ ਵੱਲੋਂ ਬਹੁਤੀ ਮੰਗ ਬਾਸਮਤੀ ਦੀ ਨਵੀਂ ਕਿਸਮ ਪੂਸਾ 1509 ਦੀ ਹੈ। ਇਸ ਕਿਸਮ ਦਾ ਉਨ੍ਹਾਂ ਨੂੰ ਥੋੜ੍ਹਾ-ਥੋੜ੍ਹਾ ਬੀਜ ਹੀ ਉਪਲੱਬਧ ਹੋਵੇਗਾ। ਇਹ ਬੀਜ ਉਨ੍ਹਾਂ ਨੂੰ ਖੁੱਲ੍ਹੀ ਮੰਡੀ 'ਚੋਂ ਨਹੀਂ ਖਰੀਦਣਾ ਚਾਹੀਦਾ, ਕਿਉਂਕਿ ਇਸ ਮੰਡੀ 'ਚ ਨਕਲੀ ਤੇ ਗੈਰ-ਮਿਆਰੀ ਬੀਜ ਮਹਿੰਗੇ ਭਾਅ ਵਿਕਣ ਦੀ ਵਧੇਰੇ ਸੰਭਾਵਨਾ ਹੈ। ਬਾਸਮਤੀ ਦੀ ਪੂਸਾ 1509 ਕਿਸਮ ਖੇਤੀ ਖੋਜ 'ਚ ਇਕ ਨਵਾਂ ਮੀਲ ਪੱਥਰ ਹੈ। ਪੂਸਾ ਬਾਸਮਤੀ 1121 ਕਿਸਮ, ਜੋ ਸਭ ਦੂਜੀਆਂ ਕਿਸਮਾਂ ਨਾਲੋਂ ਵੱਧ ਰਕਬੇ 'ਤੇ ਕਾਸ਼ਤ ਕੀਤੀ ਜਾਂਦੀ ਹੈ ਅਤੇ 15 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਕਮਾਉਣ 'ਚ ਜਿਸ ਦਾ 75 ਫੀਸਦੀ ਤੱਕ ਯੋਗਦਾਨ ਹੈ ਅੱਜ ਮੰਡੀ 'ਚ 4000 ਤੋਂ 4200 ਰੁਪਏ ਕੁਇੰਟਲ ਤੱਕ ਵਿਕ ਰਹੀ ਹੈ ਅਤੇ ਕਿਸਾਨਾਂ ਦੀ ਮਨਪਸੰਦ ਬਣ ਚੁੱਕੀ ਹੈ। ਜਿਨ੍ਹਾਂ ਨੇ ਭੰਡਾਰ ਕੀਤੀ ਹੋਈ ਹੈ ਉਨ੍ਹਾਂ ਨੂੰ 80,000 ਰੁਪਏ ਪ੍ਰਤੀ ਏਕੜ ਤੱਕ ਦੀ ਵੱਟਤ ਹੋ ਰਹੀ ਹੈ। ਨਵੀਂ ਪੂਸਾ 1509 ਕਿਸਮ ਇਸ 1121 ਕਿਸਮ ਨਾਲੋਂ ਪੱਕਣ ਨੂੰ 20 ਤੋਂ 25 ਦਿਨ ਤੱਕ ਘੱਟ ਲੈਂਦੀ ਹੈ ਅਤੇ ਇਸ ਦੀ ਲੁਆਈ 25 ਤੋਂ 31 ਜੁਲਾਈ ਦੇ ਦਰਮਿਆਨ ਕੀਤੀ ਜਾ ਸਕਦੀ ਹੈ, ਜਦੋਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜ਼ਮੀਨ ਹੇਠਲੇ ਪਾਣੀ ਦੀ ਸਤਹਿ ਪ੍ਰਭਾਵਿਤ ਨਹੀਂ ਹੁੰਦੀ। ਕਿਸਾਨ ਕਣਕ ਵੱਢ ਕੇ ਗਰਮ ਰੁੱਤ ਦੀ ਮੂੰਗੀ ਦੀ ਫ਼ਸਲ ਵੀ ਆਸਾਨੀ ਨਾਲ ਲੈ ਸਕਦੇ ਹਨ ਅਤੇ ਕਣਕ, ਮੂੰਗੀ, ਬਾਸਮਤੀ ਦਾ ਫ਼ਸਲੀ ਚੱਕਰ ਅਪਣਾ ਕੇ ਜ਼ਮੀਨ ਦੀ ਸ਼ਕਤੀ ਬਹਾਲ ਕਰ ਸਕਦੇ ਹਨ। ਨਵੀਂ ਪੂਸਾ 1509 ਕਿਸਮ ਢਹਿੰਦੀ ਨਹੀਂ ਅਤੇ ਇਸ ਵਿਚ ਨਾ ਹੀ ਕਿਰਨ ਦੀ ਸਮੱਸਿਆ ਹੈ। ਪੰਜਾਬ 'ਚ ਜ਼ਮੀਨ ਹੇਠਲੇ ਪਾਣੀ ਦੀ ਸਤਹਿ 'ਚ ਆ ਰਹੇ ਨਿਘਾਰ ਦਾ ਇਹ ਪੂਰਨ ਹੱਲ ਸਾਬਤ ਹੋਣ ਦੀ ਸਮਰੱਥਾ ਰੱਖਦੀ ਹੈ। ਇਸ ਦਾ ਪ੍ਰਤੀ ਹੈਕਟੇਅਰ ਝਾੜ ਪੂਸਾ ਬਾਸਮਤੀ 1121 ਜਿਤਨਾ ਹੀ ਹੈ। ਅਜ਼ਮਾਇਸ਼ਾਂ 'ਚ ਤਾਂ 27 ਕੁਇੰਟਲ ਪ੍ਰਤੀ ਏਕੜ ਤੀਕ ਉਤਪਾਦਕਤਾ ਦੀ ਕਿਸਾਨਾਂ ਦੇ ਫਾਰਮਾਂ 'ਤੇ ਪ੍ਰਾਪਤ ਹੋਈ ਹੈ।

ਨਰਮਾ ਤੇ ਸਬਜ਼ੀਆਂ ਦੇ ਬੀਜ ਹੁਣ ਕਿਸਾਨ ਬਹੁਤੇ ਹਾਈਬਰਿਡ ਵਰਤਦੇ ਹਨ, ਜੋ ਨਿੱਜੀ ਖੇਤਰ ਦੇ ਵਿਕਰੇਤਾ ਤੇ ਕੰਪਨੀਆਂ ਵੱਲੋਂ ਵੱਡੀ ਮਾਤਰਾ 'ਚ ਵੇਚੇ ਜਾਂਦੇ ਹਨ। ਇਨ੍ਹਾਂ ਮੇਲਿਆਂ 'ਚ ਵੀ ਕਿਸਾਨ ਆਪਣੀ ਲੋੜ ਬਹੁਤਾ ਕਰਕੇ ਉਨ੍ਹਾਂ ਤੋਂ ਹੀ ਪੂਰੀ ਕਰਦੇ ਹਨ। ਭਾਵੇਂ ਭਾਰਤੀ ਖੇਤੀ ਖੋਜ ਸੰਸਥਾਨ ਨੇ ਮੂਲੀ ਦੀਆਂ ਪੂਸਾ ਦੇਸੀ, ਪੂਸਾ ਮ੍ਰਿਦੂਲਾ, ਜਾਪਾਨੀ ਵ੍ਹਾਈਟ, ਪੂਸਾ ਹਿਮਾਨੀ ਤੇ ਪੂਸਾ ਚੇਤਕੀ ਕਿਸਮਾਂ ਵਿਕਸਿਤ ਕਰਕੇ ਪੈਦਾਵਾਰ ਸਾਰਾ ਸਾਲ ਲਈ ਜਾਣੀ ਸੰਭਵ ਕਰ ਦਿੱਤੀ ਹੈ। ਇਸੇ ਤਰ੍ਹਾਂ ਪੱਤ ਗੋਭੀ ਦੀਆਂ ਅਗੇਤੀ ਪੂਸਾ ਮੇਘਨਾ ਤੇ ਪੂਸਾ ਕਾਰਤਿਕ ਸ਼ੰਕਰ ਕਿਸਮਾਂ, ਮੱਧ ਅਗੇਤੀ ਪੂਸਾ ਸ਼ਰਦ, ਪੂਸਾ ਹਾਈਬ੍ਰਿਡ-2 ਕਿਸਮਾਂ, ਮੱਧ ਪਿਛੇਤੀ ਪੂਸਾ ਪੋਸ਼ਜਾ ਅਤੇ ਪਿਛੇਤੀ ਪੂਸਾ ਸਨੋਬਾਲ ਕੇ-1 ਅਤੇ ਪੂਸਾ ਸਨੋਬਾਲ ਕੇ-25 ਰਿਲੀਜ਼ ਕਰਕੇ ਖਪਤਕਾਰਾਂ ਨੂੰ ਇਹ ਸਬਜ਼ੀ ਸਾਲ ਦੇ ਹਰ ਮਹੀਨੇ ਖਾਣ ਲਈ ਉਪਲੱਬਧ ਕਰ ਦਿੱਤੀ ਹੈ। ਇਸੇ ਤਰ੍ਹਾਂ ਗਾਜਰ ਦੀਆਂ ਕਿਸਮਾਂ ਵੀ ਕੱਢੀਆਂ ਹਨ, ਜਿਨ੍ਹਾਂ ਦੀ ਕਾਸ਼ਤ 'ਤੇ ਉਪਲੱਬਧਤਾ ਸਾਰਾ ਸਾਲ ਹੈ। ਇਨ੍ਹਾਂ ਵਿਚ ਪੂਸਾ ਵਰਿਸ਼ਟੀ, ਪੂਸਾ ਆਸਿਤਾ, ਪੂਸਾ ਨਿਆਨ ਜਯੋਤੀ, ਪੂਸਾ ਯਮਦਾਗਿਨੀ ਕੱਢੀਆਂ ਹਨ ਜਿਨ੍ਹਾਂ ਤੋਂ ਸਾਰਾ ਸਾਲ ਪੈਦਾਵਾਰ ਲਈ ਜਾ ਸਕਦੀ ਹੈ। ਕਿਸਾਨ ਇਨ੍ਹਾਂ ਕਿਸਮਾਂ ਦੇ ਬੀਜਾਂ ਦਾ ਵੀ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ 'ਚ ਮੁਲਾਂਕਣ ਕਰ ਸਕਣਗੇ। ਇਸ ਮੇਲੇ 'ਚ ਸਬਜ਼ੀਆਂ ਦੀ ਅਗੇਤੀ ਪਿਛੇਤੀ ਕਰਕੇ ਸਾਰਾ ਸਾਲ ਪੈਦਾ ਕਰਨ ਵਾਲੀ ਵਿਕਸਿਤ ਟੈਕਨਾਲੋਜੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ, ਜਿਸ ਰਾਹੀਂ ਬੇਮੌਸਮੀ ਸਬਜ਼ੀਆਂ ਉਗਾ ਕੇ ਕਿਸਾਨ ਆਪਣਾ ਮੁਨਾਫਾ ਵਧਾ ਸਕਣਗੇ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਵੀ ਜ਼ਿਲ੍ਹਾ ਤੇ ਬਲਾਕ ਪੱਧਰ 'ਤੇ ਸਾਉਣੀ ਦੀਆਂ ਫ਼ਸਲਾਂ ਦੇ ਸਿਖਲਾਈ ਕੈਂਪ ਲਾਏ ਜਾਣਗੇ, ਜਿਨ੍ਹਾਂ ਵਿਚ ਕਿਸਾਨਾਂ ਨੂੰ ਫ਼ਸਲਾਂ ਦੀਆਂ ਬਿਮਾਰੀਆਂ ਅਤੇ ਇਨ੍ਹਾਂ ਦੇ ਇਲਾਜ ਤੇ ਪ੍ਰਬੰਧ ਸਬੰਧੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ।

ਕਿਸਾਨ ਮੇਲੇ ਤੇ ਸਿਖਲਾਈ ਕੈਂਪ ਹੀ ਕਿਸਾਨਾਂ ਲਈ ਗਿਆਨ ਅਤੇ ਆਪਣੀਆਂ ਬੀਜਾਂ ਦੀ ਲੋੜ ਪੂਰਾ ਕਰਨ ਦੇ ਕੇਂਦਰ ਹਨ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਮੇਲਿਆਂ 'ਚ ਹੁੰਮ-ਹੁਮਾ ਕੇ ਭਾਗ ਲੈਣ ਅਤੇ ਵਿਗਿਆਨ ਸੰਬੰਧੀ ਪੂਰੀ ਜਾਣਕਾਰੀ ਤੇ ਗਿਆਨ ਪ੍ਰਾਪਤ ਕਰਨ ਤੋਂ ਇਲਾਵਾ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਕਰਨ ਲਈ ਯੋਗ ਕਿਸਮਾਂ ਦੇ ਬੀਜਾਂ ਦਾ ਮੇਲਿਆਂ 'ਚ ਖਰੀਦ ਕੇ ਹੁਣੇ ਤੋਂ ਪ੍ਰਬੰਧ ਕਰ ਲੈਣ ਤਾਂ, ਜੋ ਉਨ੍ਹਾਂ ਨੂੰ ਖੁੱਲ੍ਹੀ ਮੰਡੀ 'ਚ ਗ਼ੈਰ-ਮਿਆਰੀ ਖੇਤੀ ਸਮੱਗਰੀ ਲੈ ਕੇ ਨੁਕਸਾਨ ਨਾ ਉਠਾਉਣਾ ਪਵੇ।

ਭਗਵਾਨ ਦਾਸ
-ਫੋਨ : 98152-36307

ਵਰਮੀ ਕੰਪੋਸਟ ਫ਼ਸਲਾਂ ਲਈ ਲਾਭਦਾਇਕ

ਰੂੜੀ ਦੀ ਖਾਦ ਹਰ ਪ੍ਰਕਾਰ ਦੀਆਂ ਫ਼ਸਲਾਂ ਲਈ ਲਾਭਦਾਇਕ ਮੰਨੀ ਜਾਂਦੀ ਹੈ। ਰੂੜੀ ਦੀ ਖਾਦ ਤਿਆਰ ਹੋਣ ਲਈ ਕੁਝ ਸਾਲ ਲੱਗ ਜਾਂਦੇ ਹਨ ਪਰ ਅੱਜ ਲੋੜ ਹੈ ਉਹ ਖਾਦ ਜੋ ਕੁਝ ਸਮੇਂ 'ਚ ਤਿਆਰ ਹੋ ਜਾਵੇ। ਕਿਸਾਨ ਵੀ ਆਪਣੀ ਫ਼ਸਲ ਲਈ ਇਹੋ ਜਿਹੀ ਖਾਦ ਹੀ ਚਾਹੁੰਦੇ ਹਨ ਜੋ ਥੋੜ੍ਹੇ ਸਮੇਂ 'ਚ ਤਿਆਰ ਹੋ ਸਕੇ। ਕਿਸਾਨਾਂ ਦੀ ਇਸ ਮੰਗ 'ਤੇ ਖਰੀ ਉਤਰ ਸਕਦੀ ਹੈ ਵਰਮੀ ਕੰਪੋਸਟ (ਗੰਡੋਇਆਂ ਵੱਲੋਂ ਤਿਆਰ ਖਾਦ)। ਇਸ ਖਾਦ ਨੂੰ ਤਿਆਰ ਹੋਣ 'ਚ ਰੂੜੀ ਦੀ ਖਾਦ ਨਾਲੋਂ ਬਹੁਤ ਘੱਟ ਸਮਾਂ ਲੱਗਦਾ ਹੈ। ਗੰਡੋਏ ਜੋ ਅਮੀਨੀਆ ਫਟਾਈਡਾ ਕਿਸਮ ਦੇ ਹੁੰਦੇ ਹਨ ਗੋਹਾ, ਗਲੇ-ਸੜੇ ਪੱਤੇ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਖਾ ਕੇ ਜੋ ਮਲ ਤਿਆਗ ਕਰਦੇ ਹਨ, ਉਸ ਨੂੰ ਵਰਮੀ ਕੰਪੋਸਟ ਕਿਹਾ ਜਾਂਦਾ ਹੈ। ਗੰਡੋਏ 25-30 ਡਿਗਰੀ ਦਰਜੇ 'ਤੇ ਵਧੀਆ ਕੰਮ ਕਰਦੇ ਹਨ ਅਤੇ ਇਨ੍ਹਾਂ ਦਾ ਵਾਧਾ ਵੀ ਸਹੀ ਹੁੰਦਾ ਹੈ। ਗਰਮੀਆਂ ਵਿਚ ਵੱਧ ਤਾਪਮਾਨ ਹੋਣ ਕਾਰਨ ਗੰਡੋਇਆਂ ਦੇ ਸਹੀ ਕੰਮ ਕਰਨ ਲਈ ਸ਼ੈਡ ਥੱਲੇ ਨਮੀ ਬਣਾ ਕੇ ਰੱਖਣੀ ਪੈਂਦੀ ਹੈ। ਵਰਮੀ ਕੰਪੋਸਟ ਲਈ ਵਰਤਿਆ ਜਾਣ ਵਾਲਾ ਗੋਹਾ 5-6 ਦਿਨ ਪੁਰਾਣਾ ਹੋਵੇ ਅਤੇ ਇਸ ਗੋਹੇ 'ਚ ਪਾਣੀ ਪਾ ਕੇ ਇਸ ਨੂੰ ਠੰਢਾ ਕਰਨਾ ਚਾਹੀਦਾ ਹੈ। ਠੰਢਾ ਹੋਣ ਤੋਂ ਬਾਅਦ ਇਸ ਵਿਚ 25-30 ਗੰਡੋਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਪਾਓ। 10 ਫੁੱਟ ਲੰਬੀ ਅਤੇ 4 ਫੁੱਟ ਚੌੜੀ ਕਿਆਰੀ ਲਈ ਤਕਰੀਬਨ 1000-1200 ਦੇ ਕਰੀਬ ਗੰਡੋਇਆਂ ਦੀ ਲੋੜ ਪੈਂਦੀ ਹੈ। ਕਿਆਰੀ ਨੂੰ ਬੋਰੀਆਂ ਨਾਲ ਢਕਣ 'ਤੇ ਜ਼ਮੀਨ 'ਚ ਹਨੇਰਾ ਹੋ ਜਾਂਦਾ ਹੈ ਤੇ ਗੰਡੋਏ ਹਨੇਰੇ ਵਿਚ ਜ਼ਿਆਦਾ ਕੰਮ ਕਰਦੇ ਹਨ ਅਤੇ ਇਹ ਪੰਛੀਆਂ ਦੀ ਮਾਰ ਤੋਂ ਬਚੇ ਰਹਿੰਦੇ ਹਨ। ਜਿਸ ਥਾਂ 'ਤੇ ਵਰਮੀ ਕੰਪੋਸਟ ਯੂਨਿਟ ਲਗਾਉਣਾ ਹੈ, ਉਹ ਥਾਂ ਆਲੇ ਦੁਆਲੇ ਤੋਂ ਉਚੀ ਹੋਣੀ ਚਾਹੀਦੀ ਹੈ ਤਾਂ ਕਿ ਜ਼ਿਆਦਾ ਬਰਸਾਤ ਸਮੇਂ ਬਰਸਾਤੀ ਪਾਣੀ ਇਸ ਵਿਚ ਦਾਖਲ ਨਾ ਹੋ ਸਕੇ, 50-60 ਦਿਨਾਂ ਬਾਅਦ ਗੰਡੋਏ ਇਹ ਖਾਦ ਤਿਆਰ ਕਰ ਦਿੰਦੇ ਹਨ, ਜੋ ਇਨ੍ਹਾਂ ਵੱਲੋਂ ਖਾਦ ਤਿਆਰ ਹੁੰਦੀ ਹੈ, ਉਸ ਦਾ ਰੰਗ ਕਾਲਾ ਅਤੇ ਇਸ ਵਿਚੋਂ ਕਿਸੇ ਪ੍ਰਕਾਰ ਦੀ ਗੰਧ ਭਾਵ ਬਦਬੂ ਵੀ ਨਹੀਂ ਆਉਂਦੀ। ਇਸ ਤਰ੍ਹਾਂ ਬਣੀ ਹੋਈ ਖਾਦ ਹਰ ਤਰ੍ਹਾਂ ਦੀਆਂ ਫ਼ਸਲਾਂ, ਸਬਜ਼ੀਆਂ, ਫਲ, ਫੁੱਲ ਆਦਿ ਨੂੰ ਪਾਈ ਜਾ ਸਕਦੀ ਹੈ ਅਤੇ ਲਾਭਦਾਇਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। 
ਗੰਡੋਇਆਂ ਦੀ ਖਾਦ ਮਾਰਕੀਟ ਵਿਚ ਵੇਚੀ ਵੀ ਜਾ ਸਕਦੀ ਹੈ ਜਿਸ ਦਾ ਅੰਦਾਜ਼ਨ ਮੁੱਲ 5 ਤੋਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਸਕਦਾ ਹੈ। ਇਹ ਖਾਦ ਫ਼ਸਲਾਂ ਦੀ ਉਪਜ ਵਿਚ ਵੀ ਵਾਧਾ ਕਰਦੀ ਹੈ, ਫਲਾਂ ਵਿਚ ਮਿਠਾਸ ਵਧਾਉਂਦੀ ਹੈ ਅਤੇ ਫਲਾਂ ਨੂੰ ਕਈ ਦਿਨ ਖਰਾਬ ਵੀ ਨਹੀਂ ਹੋਣ ਦਿੰਦੀ। ਇਹ ਖਾਦ ਜ਼ਮੀਨ ਦਾ ਜੀਵਕ ਮਾਦਾ ਵਧਾਉਂਦੀ ਹੈ ਅਤੇ ਬੂਟਿਆਂ ਵਿਚ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਜਿਸ ਨਾਲ ਬੂਟੇ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਤੋਂ ਆਪਣਾ ਬਚਾਅ ਕਰ ਸਕਦੇ ਹਨ। ਉਪਰੋਕਤ ਖਾਦ ਪਾਉਣ ਨਾਲ ਮਿੱਟੀ ਵਿਚ ਪਾਣੀ ਸਮਾਉਣ ਦੀ ਸਮਰਥਾ ਵਧਦੀ ਹੈ ਜਿਸ ਕਰਕੇ ਸਿੰਚਾਈ ਦੀ ਬੱਚਤ ਹੁੰਦੀ ਹੈ। ਨਦੀਨਾਂ ਦੀ ਰੋਕਥਾਮ ਹੁੰਦੀ ਹੈ ਅਤੇ ਸਿਊਂਕ ਦੇ ਹਮਲੇ ਤੋਂ ਵੀ ਫ਼ਸਲ ਦਾ ਬਚਾਅ ਰਹਿੰਦਾ ਹੈ। ਕੱਲਰੀ ਜ਼ਮੀਨ ਦੀ ਭੌਤਿਕ ਅਤੇ ਰਸਾਇਣਕ ਸਥਿਤੀ ਵਿਚ ਸੁਧਾਰ ਹੁੰਦਾ ਹੈ। ਵਰਮੀ ਕੰਪੋਸਟ ਖਾਦ ਵਿਚ ਗੋਬਰ/ਰੂੜੀ ਦੀ ਖਾਦ ਨਾਲੋਂ ਜ਼ਿਆਦਾ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਤੱਤ ਪਾਏ ਜਾਂਦੇ ਹਨ। ਇਹ ਖਾਦ ਵਾਤਾਵਰਨ ਨੂੰ ਸਾਫ ਰੱਖਣ ਵਿਚ ਵੀ ਸਹਾਈ ਸਿੱਧ ਹੋ ਸਕਦੀ ਹੈ।

ਬਾਗਬਾਨੀ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਅਧੀਨ 600 ਵਰਗ ਫੁੱਟ ਦਾ ਵਰਮੀ ਕੰਪੋਸਟ ਯੂਨਿਟ ਲਗਾਉਣ 'ਤੇ 50 ਫ਼ੀਸਦੀ ਉਪਦਾਨ 30 ਹਜ਼ਾਰ ਰੁਪਏ ਦਿੱਤਾ ਜਾਂਦਾ ਹੈ। ਵਰਮੀ ਕੰਪੋਸਟ ਯੂਨਿਟ ਲਗਾਉਣ 'ਚ ਦਿਲਚਸਪੀ ਰੱਖਣ ਵਾਲੇ ਕਿਸਾਨ ਬਾਗਬਾਨੀ ਵਿਭਾਗ ਦੇ ਤਹਿਸੀਲ ਪੱਧਰੀ ਦਫ਼ਤਰਾਂ ਵਿਖੇ ਬਾਗਬਾਨੀ ਵਿਕਾਸ ਅਫਸਰ ਅਤੇ ਜ਼ਿਲ੍ਹਾ ਪੱਧਰ 'ਤੇ ਸਹਾਇਕ ਡਾਇਰੈਕਟਰ ਬਾਗਬਾਨੀ, ਉਪ ਡਾਇਰੈਕਟਰ ਬਾਗਬਾਨੀ ਨਾਲ ਸੰਪਰਕ ਕਰ ਸਕਦੇ ਹਨ ਤਾਂ ਕਿ ਵਰਮੀ ਕੰਪੋਸਟ ਸਬੰਧੀ ਤਕਨੀਕੀ ਅਤੇ ਆਰਥਿਕ ਤੌਰ 'ਤੇ ਪ੍ਰਾਪਤ ਕੀਤੀ ਜਾਣ ਵਾਲੀ ਮਦਦ ਸਬੰਧੀ ਪੂਰੀ ਜਾਣਕਾਰੀ ਮਿਲ ਸਕੇ।

-ਦਵਿੰਦਰ ਸਿੰਘ ਸਨੌਰ

ਕਿੰਨੂਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ

ਪੰਜਾਬ ਦੀ ਧਰਤੀ ਭੂਗੋਲਿਕ ਪੱਖ ਤੋਂ ਫ਼ਸਲਾਂ ਦੀ ਪੈਦਾਵਾਰ ਦੇ ਨਾਲ-ਨਾਲ ਸਬਜ਼ੀਆਂ ਅਤੇ ਬਾਗ਼ਬਾਨੀ ਲਈ ਵੀ ਢੁਕਵੀਂ ਹੈ। ਰਵਾਇਤੀ ਫ਼ਸਲਾਂ ਨੂੰ ਛੱਡ ਕੇ ਪਿਛਲੇ ਕੁਝ ਸਮੇਂ ਤੋਂ ਕਿਸਾਨਾਂ ਨੇ ਆਪਣਾ ਰੁਝਾਨ ਬਾਗ਼ਬਾਨੀ ਵੱਲ ਕੀਤਾ ਹੋਇਆ ਹੈ ਜੋ ਕਿ ਇਕ ਚੰਗਾ ਕਦਮ ਹੈ। ਪਰ ਅਜੇ ਤੱਕ ਛੋਟੇ ਕਿਸਾਨ ਜ਼ਮੀਨ ਦੀ ਘਾਟ ਕਾਰਨ ਇਸ ਦਿਸ਼ਾ ਵੱਲ ਨਹੀਂ ਆ ਸਕੇ। ਪੰਜਾਬ 'ਚ ਬਾਗ਼ਬਾਨੀ ਹੇਠ ਕੁੱਲ ਰਕਬਾ 1,53,750 ਏਕੜ ਹੈ, ਜਿਸ ਵਿਚੋਂ 75 ਹਜ਼ਾਰ ਏਕੜ 'ਚ ਕਿੰਨੂਆਂ ਦੇ ਬਾਗ਼ ਹਨ। ਇਨ੍ਹਾਂ ਹਰੇ-ਭਰੇ ਬਾਗ਼ਾਂ ਦੇ ਇਕ ਨਹੀਂ ਸਗੋਂ ਅਨੇਕਾਂ ਲਾਭ ਹਨ। ਇਹ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਅਤੇ ਮਨੁੱਖ ਨੂੰ ਜਿਉਂਦੇ ਰਹਿਣ ਲਈ ਸਾਫ਼-ਸੁਥਰੀ ਹਵਾ ਮੁਹੱਈਆ ਕਰਦੇ ਹਨ। ਰਵਾਇਤੀ ਫ਼ਸਲਾਂ ਦੇ ਮੁਕਾਬਲੇ ਬਿਜਲੀ, ਪਾਣੀ ਦੀ ਵੱਡੇ ਪੱਧਰ 'ਤੇ ਬੱਚਤ ਕਰਦੇ ਹਨ। ਕਿੰਨੂ ਦੇ ਬੂਟਿਆਂ ਨੂੰ ਕੀੜੇਮਾਰ ਦਵਾਈਆਂ ਅਤੇ ਖਾਦਾਂ ਦੀ ਹੋਰਨਾਂ ਫ਼ਸਲਾਂ ਦੇ ਮੁਕਾਬਲੇ 'ਚ ਘੱਟ ਲੋੜ ਹੁੰਦੀ ਹੈ। ਜਿਸ ਵੀ ਖਿੱਤੇ ਵਿਚ ਕਿੰਨੂਆਂ ਦੀ ਵਧੇਰੇ ਕਾਸ਼ਤ ਹੁੰਦੀ ਹੈ, ਉਸ ਇਲਾਕੇ ਦੇ ਲੋਕਾਂ ਨੂੰ ਸਸਤੇ ਭਾਅ 'ਤੇ ਮੌਸਮੀਂ ਫਲ਼ ਅਤੇ ਜੂਸ ਮਿਲਦਾ ਹੈ। ਜਿਸ ਸਬੰਧੀ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕਿੰਨੂ ਦੇ ਜੂਸ ਵਿਚ ਕੈਂਸਰ ਅਤੇ ਪੀਲੀਏ ਦੀ ਭਿਆਨਕ ਬਿਮਾਰੀ ਵਿਰੋਧੀ ਤੱਤ ਹੁੰਦੇ ਹਨ। ਪੰਜਾਬ ਅੰਦਰ ਇਹ ਬਿਮਾਰੀਆਂ ਦਿਨ-ਬ-ਦਿਨ ਵਧ ਰਹੀਆਂ ਹਨ। ਸੋ, ਕਿੰਨੂ ਇਨ੍ਹਾਂ ਦੇ ਇਲਾਜ ਲਈ ਵਧੀਆ ਅਤੇ ਸਸਤੀ ਦਵਾਈ ਹੈ।

ਕਿੰਨੂ ਦਾ ਬੂਟਾ ਆਮ ਕਰਕੇ ਤਿੰਨ ਸਾਲਾਂ ਬਾਅਦ ਹੀ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ। ਦਸੰਬਰ ਦੇ ਅਖ਼ੀਰਲੇ ਹਫ਼ਤੇ ਬਾਜ਼ਾਰ ਵਿਚ ਵਧੀਆ ਕਿੰਨੂ ਆ ਜਾਂਦਾ ਹੈ। ਇਸ ਦੀ ਤੁੜਾਈ ਦਾ ਕੰਮ ਫ਼ਰਵਰੀ ਮਹੀਨੇ ਦੇ ਅੰਤ ਤੱਕ ਚਲਦਾ ਰਹਿੰਦਾ ਹੈ। ਕਿੰਨੂ ਦੀ ਕਾਸ਼ਤ ਕਰਨਾ ਫ਼ਸਲੀ-ਚੱਕਰ ਦਾ ਇਕ ਵਧੀਆ ਬਦਲ ਹੈ ਅਤੇ ਕਣਕ ਝੋਨੇ ਨਾਲੋਂ ਆਮਦਨ ਵੀ ਵੱਧ ਹੁੰਦੀ ਹੈ। ਕਾਸ਼ਤਕਾਰਾਂ ਨੂੰ ਸਮੇਂ-ਸਮੇਂ ਸਿਰ ਇਸਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਸਬੰਧੀ ਬਾਗ਼ਬਾਨੀ ਵਿਭਾਗ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ। ਕਿੰਨੂ ਜੂਸ ਤੇ ਆਧਾਰਿਤ ਹੋਰ ਪ੍ਰੋਸੈਸਿੰਗ ਯੂਨਿਟ ਲਾਏ ਜਾਣੇ ਚਾਹੀਦੇ ਹਨ ਅਤੇ ਬੰਦ ਪਏ ਪ੍ਰੋਜੈਕਟ ਚਾਲੂ ਕੀਤੇ ਜਾਣ ਦੀ ਵੀ ਅਹਿਮ ਲੋੜ ਹੈ। ਇਸਦੀ ਕਾਸ਼ਤ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੂੰ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਕਾਸ਼ਤਕਾਰਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬਾਗ਼ਬਾਨੀ ਸੰਦ ਕਾਫੀ ਮਹਿੰਗੇ ਹੋਣ ਕਰਕੇ ਇਕੱਲਾ-ਇਕੱਲਾ ਬਾਗ਼ਬਾਨ ਖ਼ਰੀਦ ਨਹੀਂ ਸਕਦਾ, ਇਹ ਸੰਦ ਜਿਵੇਂ ਸਪਰੇਅ ਪੰਪ, ਪਰੂਨਰ, ਡੀ-ਕੰਪੋਜ਼ਰ, ਸਰਕਾਰ ਨੇੜੇ ਦੀਆਂ ਸਹਿਕਾਰੀ ਸਭਾਵਾਂ ਵਿਚ ਉਪਲੱਬਧ ਕਰਾਵੇ ਜਾਂ ਜੋ ਬਾਗ਼ਬਾਨ ਰਲ ਕੇ ਇਨ੍ਹਾਂ ਸੰਦਾਂ ਦੀ ਖ਼ਰੀਦ ਕਰਨ, ਉਨ੍ਹਾਂ ਨੂੰ ਪੂਰੀ ਸਬਸਿਡੀ ਦੇਵੇ।

ਮੋਹਰ ਗਿੱਲ ਸਿਰਸੜੀ
-ਪਿੰਡ ਤੇ ਡਾਕ: ਸਿਰਸੜੀ, ਫ਼ਰੀਦਕੋਟ-151207.
ਮੋਬਾਈਲ : 98156-59110.

ਕਿਸਾਨਾਂ ਲਈ ਇਸ ਮਹੀਨੇ ਦੇ ਖੇਤੀ ਰੁਝੇਵੇਂ

ਹਰੇ ਚਾਰੇ ਜ਼ਮੀਨ ਦੀ ਕਿਸਮ ਅਤੇ ਮੌਸਮ ਨੂੰ ਦੇਖਦੇ ਹੋਏ 15-20 ਦਿਨਾਂ ਦੇ ਫਰਕ ਤੇ ਬਰਸੀਮ ਅਤੇ ਲੂਸਣ ਦੀ ਫਸਲ ਨੂੰ ਪਾਣੀ ਦਿੰਦੇ ਰਹੋ। ਜੇਕਰ ਲੂਸਣ ਦਾ ਬੀਜ ਬਣਾਉਣਾ ਹੋਵੇ ਤਾਂ ਇਸ ਮਹੀਨੇ ਦੇ ਅੱਧ ਵਿਚ ਫਸਲ ਦੀ ਕਟਾਈ ਲੈ ਲਵੋ। ਜੇਕਰ ਹਰਾ ਚਾਰਾ ਜ਼ਿਆਦਾ ਹੋਵੇ ਤਾਂ ਇਸ ਮਹੀਨੇ ਦੇ ਅਖੀਰ 'ਚ ਜਾਂ ਮਾਰਚ ਦੇ ਸ਼ੁਰੂ ਵਿਚ ਜਵੀ ਦੀ ਫਸਲ ਜਦੋਂ ਦੋਧੀ ਹੋਵੇ ਤਾਂ ਅਚਾਰ ਬਣਾ ਲਵੋ।

ਅਰਬੀ ਦੀ ਕਾਸ਼ਤ ਦੇ ਜ਼ਰੂਰੀ ਨੁਕਤ

ਅਰਬੀ ਦੀ ਸਫ਼ਲ ਕਾਸ਼ਤ ਦੇ ਲਈ ਗਰਮ-ਤਰ ਮੌਸਮ ਦੀ ਲੋੜ ਹੁੰਦੀ ਹੈ | ਇਹ ਫ਼ਸਲ ਸਾਲ ਵਿਚ ਤਕਰੀਬਨ 120-150 ਸੈਂਟੀਮੀਟਰ ਵਰਖਾ ਮੰਗਦੀ ਹੈ | ਇਸ ਫ਼ਸਲ ਦੀ ਕਾਸ਼ਤ ਦੇ ਵਿਚ ਯਕੀਨੀ ਸਿੰਚਾਈ ਸਹੂਲਤਾਂ ਦਾ ਹੋਣਾ ਜ਼ਰੂਰੀ ਹੈ | ਅਰਬੀ ਦੀ ਕਾਸ਼ਤ ਹਰ ਤਰ੍ਹਾਂ ਦੀ ਜ਼ਮੀਨ ਦੇ ਵਿਚ ਕੀਤੀ ਜਾ ਸਕਦੀ ਹੈ ਪਰ ਰੇਤਲੀ ਮੈਰਾ ਤੋਂ ਮੈਰਾ ਜ਼ਮੀਨ ਇਸ ਦੀ ਸਫ਼ਲ ਕਾਸ਼ਤ ਦੇ ਵਿਚ ਵਾਧਾ ਲਿਆਉਾਦੀ ਹੈ | ਜੇਕਰ ਜ਼ਮੀਨ ਉਪਜਾਊ ਨਾ ਹੋਵੇ ਅਤੇ ਨਮੀ ਵੀ ਘੱਟ ਹੋਵੇ ਤਾਂ ਫ਼ਸਲ ਦਾ ਝਾੜ ਘੱਟ ਮਿਲਦਾ ਹੈ | ਮਾੜੇ ਜਲ-ਨਿਕਾਸ ਵਾਲੀਆਂ ਜ਼ਮੀਨਾਂ ਦੇ ਵਿਚ ਗੰਢੀਆਂ ਘਟੀਆ ਕਵਾਲਟੀ ਦੀ ਬਣਦੀਆਂ ਹਨ |
ਉੱਨਤ ਕਿਸਮਾਂ
ਪੰਜਾਬ ਅਰਬੀ-1: ਇਸ ਕਿਸਮ ਦੇ ਬੂਟੇ ਲੰਮੇ ਹੁੰਦੇ ਹਨ | ਪਤਰਾਲਾਂ ਦਾ ਰੰਗ ਗੂੜਾ ਹਰਾ, ਆਕਾਰ ਵੱਡਾ ਅਤੇ ਇਹ ਸਿੱਧੇ ਖੜ੍ਹੇ ਰਹਿੰਦੇ ਹਨ | ਇਸ ਦੀਆਂ ਗੰਢੀਆਂ ਲੰਮੀਆਂ ਅਤੇ ਦਰਮਿਆਨੀਆਂ ਮੋਟੀਆਂ ਹੁੰਦੀਆਂ ਹਨ | ਜਿਨ੍ਹਾਂ ਦਾ ਰੰਗ ਭੂਰਾ ਅਤੇ ਗੁੱਦੇ ਦਾ ਰੰਗ ਕਰੀਮੀ ਹੁੰਦਾ ਹੈ | ਇਹ ਕਿਸਮ ਤਿਆਰ ਹੋਣ ਲਈ 175 ਦਿਨ ਲੈਂਦੀ ਹੈ ਅਤੇ ਇਸ ਦੀ ਔਸਤ ਪੈਦਾਵਾਰ 90 ਕੁਇੰਟਲ ਪ੍ਰਤੀ ਏਕੜ ਹੈ |
ਬਿਜਾਈ ਦੇ ਢੰਗ: ਅਰਬੀ ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾ ਤਿਆਰ ਕਰੋ | ਜਿਸ ਲਈ ਖੇਤ ਨੂੰ 2-3 ਵਾਰ ਵਾਹੋ ਅਤੇ ਹਰ ਵਾਰੀ ਪਿੱਛੋਂ ਸੁਹਾਗਾ ਫੇਰੋ | ਖੇਤ ਵਿਚੋਂ ਸਾਰੇ ਨਦੀਨਾਂ ਅਤੇ ਮੁੱਢਾਂ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ |
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ: ਅਰਬੀ ਦੀਆਂ ਗੰਡੀਆਂ ਬੀਜ ਲਈ ਵਰਤੀਆਂ ਜਾਂਦੀਆਂ ਹਨ | ਇਕ ਏਕੜ ਵਾਸਤੇ ਤਕਰੀਬਨ 3-4 ਕੁਇੰਟਲ ਨਰੋਈਆਂ ਅਤੇ ਮੋਟੀਆਂ ਦਰਮਿਆਨੇ ਆਕਾਰ ਦੀਆਂ ਗੰਢੀਆਂ ਲੋੜੀਂਦੀਆਂ ਹੁੰਦੀਆਂ ਹਨ | ਬੀਜ ਲਈ ਛੋਟੀਆਂ ਗੰਢੀਆਂ ਨਹੀਂ ਵਰਤਣੀ ਚਾਹੀਦੀਆਂ | ਪੰਜਾਬ ਵਿਚ ਅਰਬੀ ਦੀ ਬਿਜਾਈ ਪਹਿਲੇ ਪੰਦਰ੍ਹਵਾੜੇ ਵਿਚ ਕੀਤੀ ਜਾ ਸਕਦੀ ਹੈ |
ਬਿਜਾਈ ਦਾ ਢੰਗ: ਅਰਬੀ ਦੀ ਗੰਢੀਆਂ ਦੀ ਡੂੰਘਾਈ 6-7.5 ਸੈਂਟੀਮੀਟਰ ਹੋਣੀ ਚਾਹੀਦੀ ਹੈ | ਇਕ ਕਤਾਰ ਤੋਂ ਦੂਜੀ ਕਤਾਰ ਦੇ ਵਿਚਾਕਰਲਾ ਫ਼ਾਸਲਾ 45-60 ਸੈਂਟੀਮੀਟਰ ਅਤੇ ਇਕ ਬੂਟੇ ਤੋਂ ਦੂਜੇ ਬੂਟੇ ਦਾ ਫ਼ਾਸਲਾ 15-20 ਸੈਂਟੀਮੀਟਰ ਹੋਣਾ ਚਾਹੀਦਾ ਹੈ |
ਖਾਦਾਂ: ਅਰਬੀ ਦੀ ਸਫ਼ਲ ਕਾਸਤ ਦੇ ਲਈ ਖਾਦਾਂ ਦਾ ਵਧੇਰੇ ਯੋਗਦਾਨ ਹੁੰਦਾ ਹੈ ਕਿਉਾਕਿ ਇਹ ਖਾਦਾਂ ਨੂੰ ਬਹੁਤ ਮੰਨਦੀ ਹੈ | ਬਿਜਾਈ ਤੋਂ ਪਹਿਲਾਂ 10-15 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ | ਰਸਾਇਣਿਕ ਖਾਦਾਂ ਜਿਵੇਂ ਕਿ ਯੂਰੀਆ-90 ਕਿਲੋ, ਸੁਪਰ ਫ਼ਾਸਫੇਟ-20 ਕਿਲੋ ਅਤੇ ਮਿਉਰੇਟ ਆਫ਼ ਪੋਟਾਸ਼-35 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ | ਬਿਜਾਈ ਵੇਲੇ ਯੂਰੀਆ ਨੂੰ ਅੱਧੀ (45 ਕਿਲੋ) ਅਤੇ ਬਾਕੀ ਖਾਦਾਂ ਨੂੰ ਪੂਰਾ ਹੀ ਖੇਤ ਵਿਚ ਪਾ ਦਿਓ | ਬਾਕੀ ਅੱਧੀ ਯੂਰੀਆ ਨੂੰ 35-45 ਦਿਨਾਂ ਪਿੱਛੋਂ ਜਦੋਂ ਨਦੀਨ ਕੱਢਣੇ ਹੋਣ ਅਤੇ ਮਿੱਟੀ ਚੜ੍ਹਾਉਣ ਵੇਲੇ ਪਾਓ |
ਪਾਣੀ : ਅਰਬੀ ਦੀ ਸਫ਼ਲ ਪੈਦਾਵਾਰ ਅਤੇ ਵਧੇਰੇ ਝਾੜ ਲੈਣ ਲਈ ਲਗਾਤਾਰ ਕਾਫ਼ੀ ਨਮੀ ਦੀ ਲੋੜ ਹੁੰਦੀ ਹੈ | ਬੀਜਣ ਤੋਂ ਤੁਰੰਤ ਬਾਅਦ ਇਕਸਾਰ ਫੁਟਾਰੇ ਲਈ ਖੇਤ ਨੂੰ ਲਗਾਤਾਰ ਗਿੱਲਾ ਰੱਖੋ ਜਦੋਂ ਤੱਕ ਬੂਟੇ ਜ਼ਮੀਨ ਵਿਚੋਂ ਬਾਹਰ ਨਿਕਲ ਨਾ ਆਉਣ | ਗਰਮ ਮੌਸਮ ਦੇ ਵਿਚ 3-4 ਦਿਨਾਂ ਦੇ ਵਕਫ਼ੇ 'ਤੇ ਸਿੰਚਾਈ ਕਰਦੇ ਰਹੋ | ਹਾਲਾਂ ਕੀ ਬਰਸਾਤ ਰੁੱਤ ਵਿਚ ਲੋੜ ਮੁਤਾਬਕ ਪਾਣੀ ਲਾਉਣਾ ਚਾਹੀਦਾ ਹੈ |
ਗੋਡੀਆਂ: ਜਦੋਂ ਫ਼ਸਲ ਦਾ ਵਾਧਾ ਹੋ ਰਿਹਾ ਹੁੰਦਾ ਹੈ ਉਸ ਸਮੇਂ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖਣਾ ਜ਼ਰੂਰੀ ਹੁੰਦਾ ਹੈ | ਜਿਸ ਲਈ ਖੇਤ ਦੀ ਇਕ ਜਾਂ ਲੋੜ ਮੁਤਾਬਕ ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਹਰ ਗੋਡੀ ਪਿਛੋਂ ਬੂਟਿਆਂ ਨੂੰ ਮਿੱਟੀ ਚੜਾ ਦੇਣੀ ਚਾਹੀਦੀ ਹੈ | ਫ਼ਸਲ ਬਿਜਾਈ ਤੋਂ 180-200 ਦਿਨਾਂ ਦੇ ਵਿਚ ਜਦੋਂ ਪੱਤੇ ਪੀਲੇ ਪੈਣ ਲੱਗ ਜਾਂਦੇ ਹਨ, ਪੁਟਾਈ ਲਈ ਤਿਆਰ ਹੋ ਜਾਂਦੀ ਹੈ | ਜਿਹੜੀਆਂ ਗੰਡੀਆਂ ਅਗੇਤੀ ਪੁੱਟੀਆਂ ਜਾਂਦੀਆਂ ਹਨ ਉਹ ਖਾਣ ਵਾਸਤੇ ਤਾਂ ਬਹੁਤ ਵਧੀਆ ਹੁੰਦੀਆਂ ਹਨ ਪਰ ਇਨ੍ਹਾਂ ਨੂੰ ਗੁਦਾਮ ਵਿਚ ਨਹੀਂ ਰੱਖਿਆ ਜਾ ਸਕਦਾ | ਪੁਟਾਈ ਵੇਲੇ ਖੇਤ ਵਿਚ ਨਮੀ ਹੋਣਾ ਲਾਜ਼ਮੀ ਹੈ | ਗੰਡੀਆਂ ਦੀ ਪੁਟਾਈ ਕਹੀਆਂ ਜਾਂ ਦੂਸਰੇ ਹੱਥ ਵਾਲੇ ਸੰਦਾਂ ਨਾਲ ਕੀਤੀ ਜਾ ਸਕਦੀ ਹੈ | ਪੁੱਟਣ ਤੋਂ ਬਾਅਦ ਗੰਡੀਆਂ ਨੂੰ ਸਾਫ਼ ਕਰਕੇ ਮੁੱਖ ਗੰਡੀਆਂ ਨੂੰ ਦੂਸਰੀਆਂ ਗੰਡੀਆਂ ਤੋਂ ਵੱਖ ਰੱਖਣਾ ਚਾਹੀਦਾ ਹੈ | ਇਸ ਦਾ ਝਾੜ 200-300 ਕੁਇੰਟਲ ਇਕ ਏਕੜ ਪਿੱਛੋਂ ਨਿਕਲ ਆੳਾਦਾ ਹੈ |
ਬਿਮਾਰੀਆਂ
ਝੁਲਸ ਰੋਗ: ਇਹ ਅਰਬੀ ਦੀ ਫ਼ਸਲ ਦਾ ਭਿਆਨਕ ਰੋਗ ਹੈ ਜਿਹੜਾ ਹਰ ਸਾਲ ਫ਼ਸਲ 'ਤੇ ਹਮਲਾ ਕਰਦਾ ਹੈ | ਇਹ ਰੋਗ ਅਰਬੀ ਦੇ ਝਾੜ 'ਤੇ ਖਾਸਾ ਅਸਰ ਪਾਉਾਦਾ ਹੈ | ਜੇਕਰ ਫ਼ਸਲ ਨੂੰ 15 ਫ਼ਰਵਰੀ ਤੋਂ 15 ਮਾਰਚ ਦੇ ਦਰਮਿਆਨ ਬੀਜਿਆ ਜਾਂਦਾ ਹੈ ਤਾਂ ਇਹ ਬਿਮਾਰੀ ਫ਼ਸਲ ਨੂੰ ਘੱਟ ਨੁਕਸਾਨ ਕਰਦੀ ਹੈ | ਇਹ ਰੋਗ ਅਗਸਤ-ਸਤੰਬਰ ਮਹੀਨਿਆਂ ਦੇ ਵਿਚ ਸ਼ੁਰੂ ਹੁੰਦਾ ਹੈ | ਪੱਤਿਆਂ ਉੱਤੇ ਗੋਲ ਧੱਬੇ ਬਣ ਜਾਂਦੇ ਹਨ ਜੋ ਕਿ ਬਾਅਦ ਵਿਚ ਥੋੜ੍ਹੇ ਲੰਬੂਤਰੇ ਅਤੇ ਟੇਢੇ ਹੋ ਜਾਂਦੇ ਹਨ | ਹੌਲੀ-ਹੌਲੀ ਪੱਤੇ ਦਾ ਬਹੁਤਾ ਹਿੱਸਾ ਬਿਮਾਰੀ ਦੇ ਅਸਰ ਹੇਠ ਆ ਜਾਂਦਾ ਹੈ | ਬਿਮਾਰੀ ਵਾਲੇ ਥਾਵਾਂ ਤੋਂ ਪੀਲੇ ਰੰਗ ਦਾ ਮਾਦਾ ਬਾਹਰ ਆਉਂਦਾ ਹੈ | ਬਿਮਾਰੀ ਵਾਲੀ ਥਾਂ ਪੱਤੇ ਤੋਂ ਵੱਖ ਹੋ ਜਾਂਦੀ ਹੈ ਅਤੇ ਅਜਿਹੇ ਪੱਤਿਆਂ ਵਿਚ ਛੇਕ ਨਜ਼ਰ ਆਂਉਦੇ ਹਨ | ਧੱਬਿਆਂ ਦੇ ਕੰਢੇ ਪੀਲੀ ਜਾਂ ਭੂਰੀ ਭਾਅ ਮਾਰਦੇ ਹਨ ਅਤੇ ਇਨ੍ਹਾਂ 'ਤੇ ਚਿੱਟੀ ਉੱਲ੍ਹੀ ਜੰਮੀ ਹੁੰਦੀ ਹੈ | ਬੀਮਾਰੀ ਨਾਲ ਗੰਡੀਆਂ ਗਲ ਜਾਂਦੀਆਂ ਹਨ |
ਰੋਕਥਾਮ
1. ਬਿਜਾਈ ਵਾਸਤੇ ਰੋਗ-ਰਹਿਤ ਬੀਜ ਦੀ ਵਰਤੋਂ ਕਰੋ |
2. ਖੇਤਾਂ ਨੂੰ ਸਾਫ ਰੱਖੋ ਅਤੇ ਬੀਮਾਰੀ ਵਾਲੇ ਬੂਟੇ ਪੁੱਟ ਕੇ ਨਸ਼ਟ ਕਰੋ |
3. ਬੀਮਾਰੀ ਤੋਂ ਬਚਾਉ ਲਈ 300 ਗ੍ਰਾਮ ਇੰਡੋਫਿਲ ਐਮ-45 ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ |
ਕੀੜੇ : ਬੀਜ ਖਾਣ ਵਾਲੇ ਕੀੜੇ: ਬੀਜ ਖਾਣ ਵਾਲੇ ਕੀੜਿਆਂ ਦੀ ਰੋਕਥਾਮ ਲਈ 250 ਮਿਲੀਲੀਟਰ 35 ਈ.ਸੀ. ਐਾਡੋਸਲਫ਼ਾਨ ਜਾਂ ਮੈਲਾਥੀਆਨ 50 ਈ. ਸੀ. ਦੀ ਵਰਤੋਂ ਕਰੋ |

ਰੁਮਾ ਦੇਵੀ ਅਤੇ ਜਗਛੰਦ ਸਿੰਘ ਛੀਨਾ
-ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ |

ਤਜਰਬੇਕਾਰ ਘੋੜਾ ਪਾਲਕਪਰਮਜੀਤ ਸਿੰਘ ਗਿੱਲ ਛੀਨੀਵਾਲ

'ਘੋੜਿਆਂ ਵਾਲੇ ਸਰਦਾਰ' 4
ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਤੋਂ ਛਿਪਦੇ ਪਾਸੇ ਵੱਲ 5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਪਿੰਡ ਛੀਨੀਵਾਲ | ਇਸ ਪਿੰਡ ਦੇ ਨੌਜਵਾਨ ਘੋੜਾ ਪਾਲਕ ਪਰਮਜੀਤ ਸਿੰਘ ਗਿੱਲ ਛੀਨੀਵਾਲ ਨੂੰ ਉਸ ਦੇ ਦੋਸਤ ਪਿਆਰ ਨਾਲ ਪਰਮ ਗਿੱਲ ਵੀ ਆਖਦੇ ਹਨ | ਐਤਵਾਰ ਦਾ ਦਿਨ ਸੀ | ਬਾਹਰ ਪਾਰਾ 4 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ | ਅਸੀਂ ਪਰਮ ਦੇ ਸਟੱਡ ਫਾਰਮ 'ਤੇ ਪਹੁੰਚਦਿਆਂ ਹੀ ਉਸ ਦੇ 8 ਘੋੜੇ-ਘੋੜੀਆਂ ਦੇ ਦਰਸ਼ਨ ਕਰਕੇ ਧੰਨ-ਧੰਨ ਹੋ ਗਏ | ਉਸ ਨੇ ਆਪਣੀ ਗੱਲਬਾਤ ਦੀ ਲੜੀ ਇੰਝ ਤੋਰੀ | ਬਾਈ ਜੀ ਛੀਨੀਵਾਲ ਮੇਰਾ ਜੱਦੀ ਪਿੰਡ ਹੈ ਤੇ ਅਸੀਂ ਹੁਣ ਰਹਿੰਦੇ ਬਰਨਾਲੇ ਹਾਂ | ਬਾਪੂ ਕੌਰ ਸਿੰਘ ਗਿੱਲ ਤੇ ਮਾਤਾ ਰਜਿੰਦਰ ਕੌਰ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਭਰਾ ਹਾਂ | ਪੜ੍ਹਾਈ-ਲਿਖਾਈ ਗਰੈਜੂਏਸ਼ਨ ਤੱਕ ਕੀਤੀ | ਹੋਣਹਾਰ ਪਤਨੀ ਲਖਵਿੰਦਰ ਕੌਰ, ਬੱਚਿਆਂ ਜੈਸਮੀਨ ਕੌਰ, ਅਵੀਤੇਜ ਸਿੰਘ ਤੇ ਇਸ਼ਮੀਤ ਕੌਰ ਅਤੇ ਭਰਾਵਾਂ ਵਰਗੇ ਦੋਸਤ ਮਨੂ ਸ਼ਰਮਾ ਦੇ ਸਹਿਯੋਗ ਨਾਲ ਘੋੜਿਆਂ ਦਾ ਸ਼ਾਹੀ ਸ਼ੌਕ ਠਾਠ-ਬਾਠ ਨਾਲ ਪਾਲ ਰਿਹਾ ਹਾਂ | ਉਸ ਨੇ ਦੱਸਿਆ ਕਿ ਉਸ ਦੇ ਪੜਦਾਦੇ ਮਿੱਤ ਸਿੰਘ ਤੇ ਦਾਦਾ ਹਾਕਮ ਸਿੰਘ ਵਧੀਆ ਤੋਂ ਵਧੀਆ ਘੋੜੀ ਸਵਾਰੀ ਵਾਸਤੇ ਰੱਖਦੇ ਸਨ | ਉਸ ਨੂੰ ਇਹ ਸ਼ੌਕ ਵਿਰਸੇ ਵਿਚ ਮਿਲਿਆ | ਘਰ ਦੀ ਖੁਦਮੁਖਤਿਆਰੀ ਹੱਥ ਵਿਚ ਆਉਣ ਤੋਂ ਬਾਅਦ ਉਸ ਨੇ ਆਪਣੇ ਸ਼ੌਕ ਦਾ ਰਾਂਝਾ ਰਾਜ਼ੀ ਕਰਨ ਲਈ ਇਕ ਘੋੜੀ ਲਿਆਂਦੀ ਪਰ ਇਹ ਕੰਮ 5-6 ਸਾਲ ਲੋਟ ਨਾ ਆਇਆ | ਉਸ ਨੇ ਬੇਝਿਜਕ ਹੋ ਕੇ ਦੱਸਿਆ ਕਿ ਘੋੜਿਆਂ ਕਰਕੇ ਉਸ ਨੂੰ ਘਾਟ-ਘਾਟ ਦਾ ਪਾਣੀ ਪੀਣਾ ਪਿਆ | ਇਨ੍ਹਾਂ 6 ਸਾਲਾਂ ਵਿਚ ਉਸ ਨੂੰ ਘੋੜਿਆਂ ਦਾ ਏਨਾ ਤਜਰਬਾ ਹੋ ਗਿਆ ਕਿ ਹੁਣ ਉਹ ਦੂਰੋਂ ਹੀ ਚੰਗੇ-ਮਾੜੇ ਘੋੜੇ ਦੀ ਪਰਖ ਕਰ ਲੈਂਦਾ ਹੈ | ਇਸ ਸਮੇਂ ਉਸ ਕੋਲ 5 ਘੋੜੀਆਂ, 2 ਵਛੇਰੇ ਅਤੇ ਇਕ ਵੱਡਾ ਘੋੜਾ ਹੈ | ਘੋੜਿਆਂ ਦੀ ਮਾਰਵਾੜੀ ਬਰੀਡ ਨੂੰ ਪ੍ਰਫੁਲਿਤ ਕਰਨ ਲਈ ਉਹ ਤਨੋ ਮਨੋ ਯਤਨਸ਼ੀਲ ਹੈ | ਹੁਣ ਉਸ ਨੇ ਆਪਣੇ ਘੋੜਿਆਂ ਦੇ ਸ਼ੌਕ ਨੂੰ ਵਪਾਰ ਵਿਚ ਬਦਲ ਲਿਆ ਹੈ | ਉਹ ਮਾਰਵਾੜੀ ਘੋੜਿਆਂ ਦੀ ਬਰੀਡ ਨੂੰ ਸੰਭਾਲਣ ਤੇ ਪ੍ਰਮੋਟ ਕਰਨ ਲਈ ਇਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਿਹਾ ਹੈ | ਹੁਣ ਤੱਕ ਉਸ ਦੇ ਘੋੜੇ-ਘੋੜੀਆਂ ਤੇ ਵਛੇਰੇ ਵੱਖ-ਵੱਖ ਮੁਕਾਬਲਿਆਂ ਵਿਚ 25 ਇਨਾਮ ਜਿੱਤ ਚੁੱਕੇ ਹਨ | 2010 ਵਿਚ ਬਠਿੰਡਾ ਵਿਖੇ 7 ਜ਼ਿਲਿ੍ਹਆਂ ਦੇ ਹੋਏ ਘੋੜਿਆਂ ਦੇ ਮੁਕਾਬਲਿਆਂ ਵਿਚ ਉਸ ਦੇ ਇਕੱਲੇ ਦੇ 7 ਇਨਾਮ ਬਣੇ ਸਨ | ਇਸ ਤੋਂ ਇਲਾਵਾ ਛੀਨੀਵਾਲ (ਬਰਨਾਲਾ) ਤੋਂ ਪੁਸ਼ਕਰ ਤੱਕ ਉਸ ਦੇ 'ਮਾਣਕ' ਨੇ ਪ੍ਰਤੀ ਦਿਨ 52 ਕਿਲੋਮੀਟਰ ਦੌੜ ਕੇ ਵਿਸ਼ਵ ਰਿਕਾਰਡ ਵੀ ਸਿਰਜਿਆ ਹੈ | ਪਰਮ ਦੀ 83 ਕਿੱਲਿਆਂ ਦੀ ਖੇਤੀ ਹੈ | ਸਭ ਤੋਂ ਮਹਿੰਗੀ ਵਛੇਰੀ ਵੇਚਣ ਦਾ ਵੀ ਉਸ ਦਾ ਰਿਕਾਰਡ ਹੈ | ਉਹ ਆਪਣੇ ਕਿਸੇ ਵੀ ਘੋੜੇ ਨੂੰ ਵੇਚਣ ਲਈ ਇਕ ਦਿਨ ਵੀ ਮੰਡੀ 'ਤੇ ਨਹੀਂ ਲੈ ਕੇ ਨਹੀਂ ਗਿਆ | ਉਹ ਆਪਣੇ ਘੋੜਿਆਂ ਨੂੰ ਇੰਟਰਨੈੱਟ 'ਤੇ ਆਨ ਲਾਈਨ ਹੀ ਵੇਚ ਦਿੰਦਾ ਹੈ | ਉਸ ਨੇ ਕਦੇ ਵੀ ਆਪਣੇ ਕਿਸੇ ਘੋੜੇ ਨੂੰ ਬੰਨਿ੍ਹਆਂ ਨਹੀਂ ਅਤੇ ਇਨ੍ਹਾਂ ਲਈ ਸਾਫ਼ਟ ਬਿਟ ਹੀ ਵਰਤਦਾ ਹੈ | ਉਹ ਆਪਣੇ ਘੋੜਿਆਂ ਨੂੰ ਜੌਾ, ਜਵੀ, ਛੋਲੇ ਤੇ ਤਾਰਾ ਮੀਰਾ ਆਦਿ ਖੁਰਾਕ ਵਜੋਂ ਦਿੰਦਾ ਹੈ | ਉਹ ਜਲਦੀ ਹੀ ਆਪਣੇ ਹਮਖਿਆਲੀ ਦੋਸਤਾਂ ਨਾਲ ਮਿਲ ਕੇ ਮਾਰਵਾੜੀ ਘੋੜਿਆਂ ਦਾ ਰੇਸ ਕੋਰਸ ਬਣਾ ਕੇ ਇਨ੍ਹਾਂ ਦੀਆਂ ਦੌੜਾਂ ਕਰਵਾਉਣ ਜਾ ਰਿਹਾ ਹੈ | ਘੋੜਿਆਂ ਸਬੰਧੀ ਸੁਝਾਅ ਦਿੰਦਿਆਂ ਉਨ੍ਹਾਂ ਦੱਸਿਆ ਕਿ ਘੋੜਾ-ਘੋੜੀ ਬਰੀਡ ਵੇਖ ਕੇ ਲਵੋ | ਘੋੜਿਆਂ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਮੁਕੰਮਲ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ |

ਅਮਰੀਕ ਸਿੰਘ ਭਾਗੋਵਾਲੀਆ
-ਵਾਰਡ ਨੰ: 6, ਮਾਡਲ ਟਾਊਨ ਕੁਰਾਲੀ, ਜ਼ਿਲ੍ਹਾ ਮੁਹਾਲੀ |
ਮੋਬਾਈਲ : 98155 35596

ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ ਵਣ-ਖੇਤੀ

ਕੌਮੀ ਨੀਤੀ ਅਨੁਸਾਰ ਵਾਤਾਵਰਨ ਸ਼ੁੱਧ ਰੱਖਣ, ਕੁਦਰਤੀ ਆਫ਼ਤਾਂ ਤੋਂ ਬਚਣ ਅਤੇ ਲੱਕੜ ਦੀਆਂ ਲੋੜਾਂ ਪੂਰੀਆਂ ਕਰਨ ਲਈ 20 ਪ੍ਰਤੀਸ਼ਤ ਰਕਬਾ ਜੰਗਲਾਤ ਹੇਠ ਹੋਣਾ ਚਾਹੀਦਾ ਹੈ ਜਦੋਂ ਕਿ ਪੰਜਾਬ 'ਚ ਇਹ ਰਕਬਾ ਹੁਣ 6 ਪ੍ਰਤੀਸ਼ਤ ਰਹਿ ਗਿਆ | ਵਿਗਿਆਨੀਆਂ ਨੇ ਵਿਉਂਤਬੰਦੀ ਕਰਦਿਆਂ ਸੋਚਿਆ ਕਿ 84 ਪ੍ਰਤੀਸ਼ਤ ਰਕਬਾ ਕਾਸ਼ਤ ਥੱਲੇ ਹੋਣ ਉਪਰੰਤ ਹੁਣ ਦਰੱਖਤ ਨਹੀਂ ਲੱਗਣਗੇ | ਉਨ੍ਹਾਂ ਨੇ ਰੁੱਖਾਂ ਦੀ ਸੰਖਿਆਂ ਵਧਾਉਣ ਲਈ ਐਗਰੋ–ਫੋਰੈਸਟਰੀ (ਵਣ ਖੇਤੀ) ਜਿਸ ਰਾਹੀਂ ਫ਼ਸਲਾਂ ਨਾਲ ਦਰੱਖਤਾਂ ਦੀ ਖੇਤੀ ਕੀਤੀ ਜਾ ਸਕੇ, ਦੀ ਯੋਜਨਾ ਬਣਾਈ | ਇਸ ਯੋਜਨਾ ਅਨੁਸਾਰ ਜ਼ਮੀਨਾਂ 'ਚ ਦਰੱਖਤ ਤੇ ਫ਼ਸਲਾਂ ਇਕੱਠੇ ਉਗਾਏ ਜਾ ਸਕਦੇ ਹਨ | ਹੁਣ ਤੱਕ ਦੇ ਤਜ਼ਰਬਿਆਂ ਮੁਤਾਬਕ ਵਣ-ਖੇਤੀ ਲਈ ਪਾਪੂਲਰ ਸਭ ਤੋਂ ਢੁੱਕਵਾਂ ਰੁੱਖ ਸਿੱਧ ਹੋਇਆ ਹੈ | ਪਾਪੂਲਰ ਭਾਵੇਂ ਭਾਰਤ ਦਾ ਦਰੱਖਤ ਨਹੀਂ ਪਰ ਇਹ ਤੇਜ਼ੀ ਨਾਲ ਵਧਣ ਕਾਰਨ ਐਗਰੋ–ਫੋਰੈਸਟਰੀ ਲਈ ਕਾਫੀ ਕਿਸਾਨਾਂ ਦਾ ਮਨਪਸੰਦ ਬਣ ਗਿਆ | ਬੇਟ ਦੇ ਇਲਾਕੇ ਵਿਚ ਇਹ ਕਾਫੀ ਕਾਮਯਾਬ ਹੈ | ਜਿੱਥੇ ਪਾਣੀ ਚੰਗਾ ਮਿਲ ਜਾਂਦਾ ਹੈ ਉਥੇ ਵੀ ਸਫਲਤਾ ਨਾਲ ਉਗਾਇਆ ਜਾਂਦਾ ਹੈ | ਪੰਜ ਸਾਲ 'ਚ ਵੇਚਣ ਲਈ ਤਿਆਰ ਹੋ ਜਾਂਦਾ ਹੈ | ਇਸ ਦਾ ਤਣਾ ਸਿੱਧਾ ਅਤੇ ਟਾਹਣੀਆਂ ਦਾ ਫੈਲਾਅ ਘੱਟ ਹੋਣ ਕਾਰਨ ਫ਼ਸਲਾਂ ਦੇ ਝਾੜ ਤੇ ਬਹੁਤਾ ਅਸਰ ਨਹੀਂ ਕਰਦਾ | ਹਾੜੀ ਦੀਆਂ ਫ਼ਸਲਾਂ ਨੂੰ ਤਾਂ ਬਹੁਤ ਹੀ ਘੱਟ ਨੁਕਸਾਨ ਹੁੰਦਾ ਹੈ ਕਿਉਂਕਿ ਸਰਦੀਆਂ ਵਿਚ ਇਸ ਦੇ ਪੱਤੇ ਝੜ ਜਾਂਦੇ ਹਨ | ਜਦੋਂ ਪਾਪੂਲਰ ਛੋਟਾ ਹੁੰਦਾ ਹੈ ਦੋ ਸਾਲ ਤੱਕ ਕੋਈ ਵੀ ਫ਼ਸਲ ਸਫ਼ਲਤਾ ਨਾਲ ਉਗਾਈ ਜਾ ਸਕਦੀ ਹੈ | ਇੱਥੋਂ ਤੀਕ ਕਿ ਕਮਾਦ, ਹਲਦੀ ਦੀਆਂ ਫ਼ਸਲਾਂ ਵੀ ਲਈਆਂ ਜਾ ਸਕਦੀਆਂ ਹਨ | ਫਿਰ ਤੀਜੇ ਸਾਲ ਹਾੜੀ 'ਚ ਕਣਕ, ਆਲੂ, ਤੋਰੀਆਂ ਆਦਿ ਸਾਉਣੀ 'ਚ ਚਾਰੇ ਵਾਲੀਆਂ ਫ਼ਸਲਾਂ ਜਿਨ੍ਹਾਂ ਵਿਚ ਮੱਕੀ, ਚਰ੍ਹੀ, ਗੁਆਰਾ ਆਦਿ ਸ਼ਾਮਿਲ ਹਨ, ਲਿੱਤੀਆਂ ਜਾ ਸਕਦੀਆਂ ਹਨ | ਇਸ ਨੂੰ ਖੇਤ ਦੇ ਬੰਨਿਆਂ 'ਤੇ ਵੀ ਉਗਾਇਆ ਜਾ ਸਕਦਾ ਹੈ ਤੇ ਖੇਤਾਂ 'ਚ ਵੀ | ਬੰਨਿਆਂ 'ਚ ਲਾਉਣ ਲਈ ਦਰਖਤਾਂ ਦਾ ਆਪਸ ਵਿਚ ਫਾਸਲਾ ਤਿੰਨ ਮੀਟਰ ਹੋਣਾ ਚਾਹੀਦਾ ਹੈ ਪਰ ਜੇ ਖੇਤ 'ਚ ਲਾਈਨਾਂ 'ਚ ਲਾਇਆ ਜਾਵੇ ਤਾਂ ਫਾਸਲਾ ਜ਼ਿਆਦਾ ਰੱਖਣ ਦੀ ਲੋੜ ਹੈ ਤਾਂ ਜੋ ਲੰਮੇ ਸਮੇਂ ਤੀਕ ਖੇਤੀ ਫ਼ਸਲਾਂ ਲਈਆਂ ਜਾ ਸਕਣ ਅਤੇ ਉਨ੍ਹਾਂ ਦਾ ਝਾੜ ਨਾ ਘਟੇ |
ਪਾਪੂਲਰ ਦੀ ਸਫਲ ਕਾਸ਼ਤ ਲਈ ਬੂਟੇ ਕਿਸੇ ਚੰਗੀ ਪ੍ਰਮਾਣਿਤ ਨਰਸਰੀ ਤੋਂ ਖਰੀਦੇ ਜਾਣ | ਪੰਜਾਬ ਵਿਚ ਭਾਵੇਂ ਅਜਿਹੀਆਂ ਨਰਸਰੀਆਂ ਦੀ ਗਿਣਤੀ ਬੜੀ ਘੱਟ ਹੈ | ਕਈ ਕਿਸਾਨਾਂ ਦਾ ਕਹਿਣਾ ਹੈ ਕਿ ਪਾਪੂਲਰ ਨਾਲ ਲਾਈਆਂ ਫ਼ਸਲਾਂ ਦਾ ਝਾੜ ਘੱਟ ਜਾਂਦਾ ਹੈ | ਇਹ ਠੀਕ ਹੈ ਪਰ 5–6 ਸਾਲ ਬਾਅਦ ਇਸ ਦੀ ਲੱਕੜੀ ਵੇਚ ਕੇ ਇਹ ਘਾਟਾ ਪੂਰਾ ਹੀ ਨਹੀਂ ਹੁੰਦਾ ਬਲਕਿ ਇੱਕਲੀ ਫਸਲਾਂ ਦੀ ਖੇਤੀ ਕਰਨ ਦੇ ਮੁਕਾਬਲੇ ਮੁਨਾਫਾ ਵੱਧ ਨਿਕਲਦਾ ਹੈ | ਇਸ ਵੇਲੇ ਪਾਪੂਲਰ ਦੀ ਲੱਕੜੀ ਦਾ ਭਾਅ 600 ਰੁਪਏ ਕੁਇੰਟਲ ਤੱਕ ਪਹੁੰਚ ਗਿਆ ਹੈ | ਪਾਪੂਲਰ ਦੇ ਲੱਗੇ ਕਾਰਖਾਨਿਆਂ 'ਚ ਇਸ ਦੀ ਲੱਕੜੀ ਲਾਹੇਵੰਦ ਵੇਚੀ ਜਾ ਸਕਦੀ ਹੈ | ਖਰੀਦਾਰ ਖੇਤਾਂ 'ਚ ਖੜ੍ਹੇ ਦਰਖਤਾਂ ਦਾ ਵੀ ਕਈ ਵੇਰ ਚੰਗਾ ਮੁੱਲ ਪਾ ਦੇਂਦੇ ਹਨ | ਪਾਪੂਲਰ ਦੀ ਲਕੜੀ ਦਾ ਇਸਤੇਮਾਲ ਹੁਣ ਬਾਲਣ ਤੋਂ ਇਲਾਵਾ ਕਈ ਮੰਤਵਾਂ ਲਈ ਜਿਵੇਂ ਫਰਨੀਚਰ, ਉਸਾਰੀ ਅਤੇ ਇਮਾਰਤੀ ਲੱਕੜੀ ਦੇ ਤੌਰ 'ਤੇ ਹੋਣ ਲੱਗ ਪਿਆ |
ਕੁਝ ਸਾਲ ਪਾਪਲਰ ਦੀ ਕਾਸ਼ਤ 'ਚ ਕਾਫੀ ਚੜ੍ਹਾਅ ਆਇਆ | ਫੇਰ ਜ਼ਵਾਲ ਆ ਗਿਆ | ਕਿਉਂਕਿ ਕਿਸਾਨ ਕੇਵਲ ਮੁਨਾਫੇ ਨੂੰ ਹੀ ਵੇਖਦੇ ਸਨ | ਇਸ ਵੱਜੋਂ ਆਉਣ ਵਾਲੀ ਵਾਤਾਵਰਣ ਦੀ ਸ਼ੁੱਧਤਾ ਵੱਲ ਬਹੁਤ ਘੱਟ ਦਾ ਧਿਆਨ ਸੀ | ਛੋਟੇ ਕਿਸਾਨ ਤਾਂ ਪੰਜ ਸਾਲ ਇਨ੍ਹਾਂ ਤੋਂ ਕੋਈ ਆਮਦਨ ਦੇ ਨਾ ਹੋਣ ਨੂੰ ਵੀ ਨਹੀਂ ਸਨ ਸਹਾਰ ਸਕਦੇ | ਬਾਗ਼ ਲਾਉਣ ਵਾਲੇ ਵੱਡੇ ਵੱਡੇ ਕਿਸਾਨਾਂ ਨੇ ਤਾਂ ਪਾਪੂਲਰ ਨੂੰ ਫ਼ਲਾਂ ਦੇ ਦਰੱਖਤਾਂ ਵਿਚ ਵੀ ਲਾ ਕੇ ਵਣ ਖੇਤੀ ਸ਼ੁਰੂ ਕਰ ਦਿੱਤੀ | ਬਾਗ਼ ਵਿਚ ਬੇਰ, ਅਮਰੂਦ, ਅੰਬ, ਕਿਨੂੰ ਦੇ ਨਾਲ ਤਾਂ ਪਾਪੂਲਰ ਸਫਲਤਾ ਨਾਲ ਲਾਇਆ ਜਾ ਸਕਦਾ ਹੈ | ਪਾਪੂਲਰ ਦੇ ਖੇਤੀ ਵੱਡੇ ਵੱਡੇ ਕਿਸਾਨਾਂ ਲਈ ਜੋ ਖੇਤਾਂ 'ਚ ਕਦੇ ਕਦਾਈਾ ਹੀ ਜਾਂਦੇ ਹਨ, ਲਈ ਤਾਂ ਬੜੀ ਯੋਗ ਤੇ ਲਾਹੇਵੰਦ ਹੈ |
ਐਗਰੋ ਫੋਰੈਸਟਰੀ ਨੂੰ ਪੰਜਾਬ 'ਚ ਹਰ ਥਾਂ ਸ਼ੁਰੂ ਕਰਨਾ ਤਾਂ ਮੁਸ਼ਕਿਲ ਹੋਵੇਗਾ ਪਰ ਸਰਕਾਰ ਨੂੰ ਯੋਗ ਥਾਵਾਂ ਚੁਣ ਕੇ ਇਸ ਦਾ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਕੁਦਰਤੀ ਸੋਮਿਆਂ ਦੀ ਸੰਭਾਲ ਹੋਵੇ ਅਤੇ ਵਾਤਾਵਰਨ ਸ਼ੁੱਧ ਹੋਵੇ ਅਤੇ ਨਾਲ ਹੀ ਕਿਸਾਨਾਂ ਦੀ ਆਮਦਨ ਵਧੇ | ਇਸ ਲਈ ਕਿਸਾਨਾਂ ਨੂੰ ਉਤਸ਼ਾਹ ਵੱਜੋਂ ਮਾਲੀ ਸਹਾਇਤਾ ਵੀ ਦੇਣੀ ਚਾਹੀਦੀ ਹੈ | ਇਸ ਨਾਲ ਲੋਕਾਂ ਦੀਆਂ ਦਰੱਖਤਾਂ ਤੋਂ ਮਿਲਣ ਵਾਲੇ ਪਦਾਰਥਾਂ ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ਅਤੇ ਲੱਕੜੀ ਦੀ ਆ ਰਹੀ ਕਮੀ ਵੀ ਦੂਰ ਹੋਵੇਗੀ |

ਭਗਵਾਨ ਦਾਸ
ਮੋਬਾਈਲ : 98152-36307

ਗੁਆਚੇ ਪਿੰਡ ਦੀ ਗਾਥਾ-28

ਦੇਸੀ ਖੇਡਾਂ ਡ੍ਹੀਟੀ ਪਾੜਾ, ਦਾਵੀ ਦੁਕੜਾ, ਲੁਕਣ ਮਚੀਚੀ,
ਛੋਟੇ ਬੱਚੇ ਰਲ਼ ਕੇ ਖੇਡਣ ਖੇਡ ਕੇ ਜੀਅ ਨਾ ਭਰ ਹੁੰਦਾ ਸੀ |

ਇੱਕੋ ਮਾਂ ਦੇ ਢਿੱਡੋਂ ਜਾਏ, ਅੱਡੋ ਅੱਡੀ ਲੇਖ ਦੋਹਾਂ ਦੇ,
ਕਿਸਮਤ ਆਪੋ ਅਪਣੀ ਤੇ ਅਲਗ ਮੁਕੱਦਰ ਹੁੰਦਾ ਸੀ |

ਬੁੱਢੀ ਬੇਬੇ ਚਰਖਾ ਡਾਹ ਕੇ, ਪੀੜ੍ਹੀ 'ਤੇ ਬਹਿ ਕੱਤੀ ਜਾਂਦੀ,
ਲਾਹ ਗਲੋਟੇ ਰੱਖੀ ਜਾਂਦੀ, ਜਿਚਰ ਨ ਬੋਹੀਆ ਭਰ ਹੁੰਦਾ ਸੀ |

ਅੱਟੀ ਲਾਹ ਅਟੇਰਨ ਉੱਤੋਂ, ਊਰੀ ਉੱਪਰ ਚੜ੍ਹਾਈ ਜਾਂਦੀ,
ਘੁੰਮਦੀ ਹੋਈ ਊਰੀ ਤੋਂ ਹੀ, ਸੂਤਰ ਗੋਲਾ ਕਰ ਹੁੰਦਾ ਸੀ |

ਖੇਸ ਚਤੱਹੀਆਂ ਡੱਬੀਆਂ ਪਾ ਕੇ, ਖੱਡੀ ਉੱਤੇ ਖੱਦਰ ਬੁਣ ਕੇ,
ਬੇਬੇ ਨੇ ਸੰਦੂਕ ਅਪਣੇ ਨੂੰ, ਨਪ ਨਪ ਰੱਖਿਆ ਭਰ ਹੁੰਦਾ ਸੀ |

ਇੱਟਾਂ ਜੋੜ ਬਣਾਈਆਂ ਮਟੀਆਂ, ਖੇਤਾਂ ਵਿੱਚ ਬਰੋਟੇ ਹੇਠਾਂ,
ਲੱਸੀ ਪਾਉਣ ਬਹਾਨੇ ਹੀ, ਪਿੱਤਰਾਂ ਨੂੰ ਚੇਤੇ ਕਰ ਹੁੰਦਾ ਸੀ |

• ਅਮਰ ਸੂਫ਼ੀ •
# ਏ-1, ਜੁਝਾਰ ਨਗਰ, ਮੋਗਾ-142001. ਮੋਬਾਈਲ : 098555-43660.

ਮਰਗ ਦਾ ਭੋਗ ਕਿ... ?

ਖੇਤਾਂ ਦੀ ਖ਼ੁਸ਼ਬੂ
ਬਰਨਾਲੇ ਵਾਲੀ ਭੂਆ ਦੇ ਮੁੰਡੇ ਦਾ ਫੋਨ ਆਇਆ– ਬਾਈ ਜੀ ਵੱਡੀ ਬੇਬੇ (ਦਾਦੀ) ਚੱਲ ਵਸੀ ਐ | ਲਾਸ਼ ਬਾਹਲਾ ਚਿਰ ਰੱਖਣ ਵਾਲੀ ਨਹੀਂ ਸੀ ; ਕੱਲ੍ਹ ਸ਼ਾਮੀਂ ਹੀ ਉਸ ਦਾ ਸਸਕਾਰ ਕਰ ਦਿੱਤਾ | ਕੱਲ੍ਹ ਨੂੰ ਫੁੱਲ ਚੁਗਣੇ ਹਨ | ਸਹਿਜ ਪਾਠ ਰਖਾਵਾਂਗੇ ਭੋਗ ਅਗਲੇ ਵੀਰਵਾਰ ਪਵੂਗਾ | ਜਿਸ ਤਰ੍ਹਾਂ ਟੈਮ ਲੱਗਿਆ ਆ ਜਾਣਾ- |
ਵਾਟ ਕੋਈ ਬਾਹਲੀ ਨਹੀਂ ਸੀ | ਟਾਈਮ ਨਾਲ ਫੁੱਲ ਚੁਗ ਕੇ ਸਾਰੇ ਘਰੇ ਚਲੇ ਗਏ ਰੋਟੀ-ਪਾਣੀ ਖਾਧਾ | ਫੁੱਫੜ ਹੁਰੀਂ ਚਾਰੇ ਭਰਾ ਇਕ ਬੋਰਡ ਜੇਹਾ ਬਣਾ ਕੇ ਬੈਠਕ ਵਿਚ ਬੈਠ ਗਏ | ਮੁੱਖ ਏਜੰਡਾ ਸੀ ਫੁੱਲ ਕਿਥੇ ਪਾਏ ਜਾਣ? ਕੋਈ ਕੁਝ ਆਖੇ ਕੋਈ ਕੁਝ ਆਪਸ ਵਿਚ ਸੁਰ ਜੇਹੀ ਨਾ ਰਲੀ | ਸਭ ਤੋਂ ਛੋਟਾ ਜੋ ਆਰਥਿਕ ਪੱਖੋਂ ਮਾੜਾ ਸੀ ਤੇ ਜਿਸ ਨੇ ਸਾਰੀ ਉਮਰ ਔਖੇ ਹੋ ਹੋ ਕੇ ਬੇਬੇ ਜੀ ਨੂੰ ਸਾਂਭਿਆ ਸੀ ਉਹ ਆਂਹਦਾ-ਆਪਾਂ ਸਿੱਧਵਾਂ ਵਾਲੀ ਵੱਡੀ ਨਹਿਰ ਵਿਚ ਹੀ ਸਣੇ ਸੁਆਹ ਦੇ ਫੁੱਲ ਤਾਰ ਦੇਈਏ | ਤੀਜੇ ਨੰਬਰ ਵਾਲੇ ਨੇ ਵਿਚਾਰ ਰੱਖਿਆ-ਅੱਜਕਲ੍ਹ ਸਾਰੇ ਹਰੀਕੇ ਪੱਤਣ ਪਾਈ ਜਾਂਦੇ ਹਨ ਘਰ ਦੀ ਜੀਪ ਹੈ ਆਪਾਂ ਵੀ... | ਉਸ ਦੀ ਗੱਲ ਅੱਧ ਵਿਚਾਲੇ ਹੀ ਸੀ ਕਿ ਸਾਡੇ ਵਾਲੇ ਫੁੱਫੜ ਨੇ ਵਿਚੋਂ ਮਾਈਕ ਖੋਹ ਲਿਆ - ਵੇਖੋ! ਆਪਣਾ ਮਰਿਯਾਦਾ ਮੂਜਬ ਕੀਰਤਪੁਰ ਜਾਣਾ ਬਣਦਾ | ਏਸ ਬਹਾਨੇ ਬੁੜੀਆਂ ਸਣੇ ਸਾਰੇ ਅਨੰਦਪੁਰ ਦੇ ਦਰਸ਼ਨ ਵੀ ਕਰਲਾਂ 'ਗੇ- | ਪਰ ਸਾਡੇ ਫੁੱਫੜ ਦਾ ਤਰਕ ਵਿਚੇ ਹੀ ਰਹਿ ਗਿਆ ਜਦ ਸਭ ਤੋਂ ਵੱਡਾ ਚੌਥਾ ਭਰਾ ਦਾਨਸ਼ਵਾਨਾ ਜੇਹਾ ਮੂੰਹ ਬਣਾ ਕੇ, ਐਨਕ ਲਾਹ ਕੇ ਸਾਫ ਕਰਦਾ ਹੋਇਆ ਕਹਿਣ ਲੱਗਾ -ਬਈ ਬੇਬੇ ਕਦੇ-ਕਦੇ ਮੇਰੇ ਨਾਲ ਦੁੱਖ-ਸੁੱਖ ਜੇਹਾ ਸਾਂਝਾ ਕਰਦੀ ਕਿਹਾ ਕਰਦੀ ਸੀ –ਵੇ ਸੁਰਜਣਾ ਜਿਥੇ ਥੋਡੇ ਬਾਪੂ ਦੇ ਫੁੱਲ ਤਾਰੇ ਸੀ ਮੇਰੇ ਵੀ ਉਥੇ ਹੀ ਪਾਉਣੇੇ | ਨਿਰਮਲਾ ਸੰਤ ਦੱਸਦਾ ਹੁੰਦਾ ਸੀ ਅਸਲ ਗਤੀ ਉਥੇ ਹੀ ਹੁੰਦੀ ਹੈ | ਵੇਖਿਉ ਕਿਤੇ ਸਰਫੇ ਵਿਚ ਨਾ ਪੈ ਜਿਉ ਮੇਰੇ ਫੁੱਲ ਵੀ ਹਰ ਕੀ ਪਉੜੀ ਹਰਿਦੁਆਰ ਹੀ ਪਾ ਕੇ ਆਇਉ- |
ਮੋਠੂ ਮਲੰਗਾ! ਜਦ ਇਹ ਗੱਲ ਸਾਰਿਆਂ ਵਾਸਤੇ ਚਾਹ ਬਣਾ ਕੇ ਲਿਆਈ ਸੀ ਵੱਡੇ ਭਰਾ ਦੀ ਘਰਵਾਲੀ ਨੇ ਸੁਣੀ ਤਾਂ ਉਸ ਨੇ ਚੌਥੇ ਭਰਾ ਦੇ ਮਸ਼ਵਰੇ ਦੀ ਪ੍ਰੋੜਤਾ ਕਰਦਿਆਂ ਆਖਿਆ–ਬੇੇਬੇ ਜੀ ਨੀ ਸਾਡੇ ਕੋਲ ਵੀ ਕਈ ਵਾਰ ਕਿਹਾ ਸੀ ਕਿਰਾਏ ਭਾੜੇ ਪਿੱਛੇ ਘੇਸਲ ਨਾ ਮਾਰ ਜਿਉ; ਫੁੱਲ ਆਪਣੇ ਵੱਡੇ ਬਾਪੂ ਵਾਲੀ ਥਾਂ ਹਰਿਦੁਆਰ ਹੀ ਪਾਇਓ, ਸ਼ਹਿਰੋਂ ਸਿੱਧੀ ਬੱਸ ਜਾਂਦੀ ਐ - | ਤੇ ਆਖਰੀ ਨਿਰਨਾ ਇਹ ਹੋਇਆ ਕਿਧਰੇ ਬੇਬੇ ਦੀ ਗਤੀ ਹੋਣੋ ਨਾ ਰਹਿ ਜੇ ; ਹਰਿਦੁਆਰ ਹਰਿ ਕੀ ਪਾਉੜੀ ਫੁੱਲ ਪਾਏ ਜਾਣਗੇ |
ਉਸ ਤੋਂ ਬਾਅਦ ਮਸਲਾ ਇਹ ਆ ਗਿਆ ਬੇਬੇ ਨੂੰ ਵੱਡੀ ਕਰਨ ਦਾ | ਤਿੰਨਾਂ ਭਰਾਵਾਂ ਦਾ ਵਿਚਾਰ ਸੀ ਬਈ ਆਪਾਂ ਬਾਹਲਾ ਖਰਚਾ ਕਰਕੇ ਕੀ ਲੈਣਾ ਆਪਾਂ ਸਾਰਾ ਕਾਰਜ ਗੁਰਦੁਆਰੇ ਹੀ ਕਰੀਏ ਉਥੇ ਆਏ ਗਏ ਨੂੰ ਲੰਗਰ ਛਕਾ ਦਿਆਂਗੇ | ਪਰ ਤੀਜੇ ਨੰਬਰ ਵਾਲਾ ਭਰਾ ਚੱਕਵਾਂ ਤੇ ਸਿਆਸੀ ਪੁੱਠ ਵਾਲਾ ਸੀ | ਉਹ ਅੜ ਗਿਆ–ਨਾ ਬਈ ਬੇਬੇ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਵੱਡੀ ਕਰਨਾ ਨਿੱਕਾ ਨਹੀਂ ਕੱਤਣਾ | ਜੇ ਤੁਸੀਂ ਨਹੀਂ ਹਿੱਸਾ ਪਾਉਣਾ ਤਾਂ ਥੋਡੀ ਮਰਜ਼ੀ- | ਨੱਕ-ਨਬੂਜ ਮਜਬੂਰੀ ਵੱਸ ਬਾਕੀ ਤਿੰਨਾਂ ਨੂੰ ਵੀ ਸ਼ਾਮਿਲ ਹੋਣਾ ਪਿਆ |
ਸਭ ਨੇ ਸੋਚਿਆ ਹੁਣ ਬਰਾਬਰ ਦਾ ਹਿੱਸਾ ਤਾਂ ਪਾਉਣਾ ਹੀ ਹੈ ਕਿਉਾ ਨਾ ਸਾਰੇ ਰਿਸ਼ਤੇਦਾਰਾਂ ਨੂੰ ਸੱਦ ਲਿਆ ਜਾਵੇ | ਉਨ੍ਹਾਂ ਨੇ ਦੂਰ-ਦੂਰ ਤੱਕ ਜਾ ਪਛਾਣ ਵਾਲਿਆਂ ਨੂੰ ਵੱਧ ਤੋਂ ਵੱਧ ਬੰਦੇ ਭੋਗ 'ਤੇ ਲੈ ਕੇ ਆਉਣ ਲਈ ਫਰਮਾਨ ਜਾਰੀ ਕਰ ਦਿੱਤਾ |
ਭੋਗ ਵਾਲੇ ਦਿਨ ਮੇਲੇ ਵਰਗਾ ਮਾਹੌਲ | ਜਲੇਬੀਆਂ ਦੇ ਢੇਰ ਲੱਗੀ ਜਾਣ | ਲੋਕੀਂ ਆਈ ਜਾਣ ਖਾਈ ਜਾਣ | ਅਚਾਨਕ ਲਿੱਬੜੇ ਹੱਥੀਂ ਮੁਖੀ ਹਲਾਵਈ ਬਾਹਰ ਆਇਆ ਤੇ ਕਹਿਣ ਲੱਗਾ–ਪਬਲਿਕ ਐਸਟੀਮੇਟ ਤੋਂ ਉਪਰ ਹੋ ਗਈ ਆ ਐਨੇ ਨਾਲ ਨਹੀਂ ਸਰਨਾ ਹੋਰ ਰਾਸ਼ਣ ਲੈ ਕੇ ਆਓ- | ਇੱਜ਼ਤ ਦਾ ਸਵਾਲ; ਖੜੇ੍ਹ ਪੈਰ ਮੈਦੇ ਘਿਉ ਲਈ ਸ਼ਹਿਰ ਵੱਲ ਜੀਪਾਂ ਭਜਾਉਣੀਆਂ ਪਈਆਂ |
ਇਕੱਠ ਬੇ-ਵਿਉਾਤਾ ਤੇ ਬੇ-ਹਿਸਾਬਾ ਹੋ ਗਿਆ ਸੀ | ਹਰ ਇਕ ਦਾ ਨਾਨਕਾ ਦਾਦਕਾ ਮਿੱਤਰ ਪਿਆਰਾ ਕਿੰਗਰੇ ਕੱਢ ਕੇ ਆ ਪਹੁੰਚਿਆ ਸੀ | ਜਨਤਾ ਤਿ੍ਪਤ ਹੋ ਕੇ ਬੈਠਣ ਲੱਗੀ | ਕੀਰਤਨੀਏ ਉਜਵਲ ਲਿਬਾਸ ਵਿਚ ਆ ਬਿਰਾਜੇ ਤੇ ਵੈਰਾਗਮਈ ਧੁਨਾਂ ਉਠਾਉਣ ਲੱਗੇ | ਦਿਨ ਸੋਹਣਾ ਲੱਗਾ ਸੀ | ਲੋਕਾਂ ਦੀ ਲਾਈਨ ਟੁੱਟਣ ਦਾ ਨਾ ਨਹੀਂ ਸੀ ਲੈ ਰਹੀ | ਬਾਬਾ ਜੀ ਵੱਲ ਮੱਥਾ ਟੇਕਣ ਤੋਂ ਬਾਅਦ ਦਸਾਂ ਦਾ ਨੋਟ ਕੀਰਤਨੀਆਂ ਵੱਲ ਅਰਪਨ ਹੋਈ ਜਾਂਦਾ ਸੀ | ਹਰਮਲੀ ਵਾਜਾ ਨੋਟਾਂ 'ਚ ਲੁਕਦਾ ਜਾ ਰਿਹਾ ਸੀ |
ਫਿਰ ਚਿੱਟੇ ਕੁੜਤੇ-ਪਜਾਮੇ ਵਾਲੇ ਸਿਆਸੀ ਲੀਡਰ ਲੋਕਾਂ ਦੀ ਵਾਰੀ ਆ ਗਈ ਸੀ | ਖੁਸ਼ੀ ਸੋਗ ਕੁਝ ਵੀ ਹੋਵੇ ਤਿਆਰ-ਬਰ-ਤਿਆਰ ਇਹ ਸਵੇਰੇ ਪੰਜ ਵਜੇ ਹੀ ਠਾਠੇ ਕੱਸ ਲੈਂਦੇ ਹਨ ਤੇ ਕੋਈ ਮੌਕਾ ਖੁੰਝਣ ਹੀ ਨਹੀਂ ਦਿੰਦੇ | ਜਿਵੇਂ ਛੱਜ-ਘਾੜਨਾ ਜਾਂ ਝੁੱਗੀਆਂ ਵਾਲੀਆਂ ਨੂੰ ਟੈਂਟ, ਬੈਂਡ ਵਾਲਿਆਂ ਤੋਂ ਪਤਾ ਲੱਗ ਜਾਂਦਾ ਇਨ੍ਹਾਂ ਨੂੰ ਵੀ ਚਾਹੇ ਕੋਈ ਓਪਰਾ ਹੀ ਮਿਸਕਾਲ ਮਾਰ ਦੇਵੇ ਨਿਮਰਤਾ ਸਹਿਤ ਆ ਸਿਰ ਕੱਢਦੇ ਹਨ |
ਮੋਠੂ ਮਲੰਗਾ! ਸਰਧਾਂਜਲੀਆਂ ਦੀ ਬਾਰਸ਼ ਸ਼ੁਰੂ | ਵਾਰੀ ਨਾਲ ਲੀਡਰ ਉਠੇ 'ਤੇ ਮਾਈਕ ਨੂੰ ਜਾ ਚਿੰਬੜੇ | ਹਰ ਇਕ ਦੀ ਤਿੰਘ ਕੇ ਇਕੋ ਮੁਹਾਰਨੀ-ਜੋ ਸਾਰੀ ਝੂਠੀਆਂ ਸਿਫ਼ਤਾਂ ਨਾਲ ਭਰੀ ਹੋਈ ਸੀ |
ਅਰਦਾਸ ਹੋ ਗਈ ਤੇ ਦੇਗ ਵਰਤ ਗਈ | ਲੋਕ ਹੱਥ ਮਿਲਾਕੇ ਆਪੋ-ਆਪਣੇ ਰਾਹੀਂ ਪੈ ਗਏ | ਕੁਝ ਦਿਨਾਂ ਬਾਅਦ ਬੇਬੇ ਨੂੰ ਵੱਡੀ ਕਰਨ 'ਤੇ ਖਰਚੇ ਦਾ ਹਿਸਾਬ ਕਿਤਾਬ ਹੋਇਆ ਤਾਂ ਸੁਣ ਕੇ ਅੱਖਾਂ ਟੱਡੀਆਂ ਰਹਿ ਗਈਆਂ, 'ਹੈਂ ਐਨਾ ਖਰਚ ਤਿੰਨ ਲੱਖ ਬਹੱਤਰ ਹਜ਼ਾਰ | ਐਨਾ ਕਿਵੇਂ ਹੋ ਗਿਆ | ਐਨੈ ਨਾਲ ਤਾਂ ਕੁੜੀ ਬੂਹਿਓਾ ਉਠ ਪੈਂਦੀ ਐ | ਇਹ ਮਰਗ ਦਾ ਭੋਗ ਸੀ ਕਿ ਵਿਆਹ...? ਬੇਬੇ ਵੱਡੀ ਕੀ ਹੋਈ ਵਾਢਾ ਈ ਪੈ ਗਿਆ |'

ਗੱਜਣਵਾਲਾ ਸੁਖਮਿੰਦਰ
-ਮੋਬਾਈਲ 99151-06449.


ਗੰਨੇ ਦੀ ਮੁੱਢੀ/ਮੋਢੀ ਫ਼ਸਲ ਕਿਵੇਂ ਲਈ ਜਾਵੇ?

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਵੱਢਾਂ ਨੂੰ ਕੁਤਰਨਾ : ਕਈ ਵਾਰ ਮਜ਼ਦੂਰ ਗੰਨੇ ਦੀ ਕਟਾਈ ਜ਼ਮੀਨ ਤੋਂ ਉਪਰੋਂ ਕਰਦੇ ਹਨ ਜਿਸ ਨਾਲ ਇਕ ਤਾਂ ਪੈਦਾਵਾਰ ਘਟਦੀ ਹੈ ਅਤੇ ਦੂਜਾ ਫੁਟਾਰਾ ਵੀ ਘੱਟ ਹੁੰਦਾ ਹੈ | ਕਰੂੰਬਲਾਂ, ਕਟਾਈ ਅਤੇ ਸਫਾਈ ਸਮੇਂ ਖਰਾਬ ਹੋ ਜਾਂਦੀਆਂ ਹਨ | ਇਸ ਤੋਂ ਇਲਾਵਾ ਨਵੀਆਂ ਸੰਭਾਵਤ ਪੁੰਗਰਣਯੋਗ ਅੱਖਾਂ ਸੁੱਕ ਕੇ ਬਿਮਾਰੀ ਤੋਂ ਪ੍ਰਭਾਵਤ ਹੋ ਸਕਦੀਆਂ ਹਨ | ਇਸ ਲਈ ਗੰਨੇ ਦੀ ਕਟਾਈ ਤਿੱਖੇ ਦਾਤਰ ਨਾਲ ਜ਼ਮੀਨ ਤੋਂ 2-3 ਸੈਂਟੀਮੀਟਰ ਹੇਠਾਂ ਕਰਨੀ ਚਾਹੀਦੀ ਤਾਂ ਜੋ ਜ਼ਮੀਨ ਵਿਚਲੀਆਂ ਅੱਖਾਂ ਨੂੰ ਪੁੰਗਰਣ ਅਤੇ ਜੜ੍ਹਾਂ ਨੂੰ ਡੂੰਘਿਆਂ ਜਾਣ ਲਈ ਉਤਸ਼ਾਹਿਤ ਕੀਤਾ ਜਾ ਸਕੇ | ਜੇਕਰ ਜ਼ਮੀਨ ਜ਼ਿਆਦਾ ਸੁੱਕੀ ਹੋਵੇ ਤਾਂ ਪਾਣੀ ਲਾਉਣ ਤੋਂ ਬਾਅਦ ਵੱਤਰ ਆਉਣ ਤੇ ਜ਼ਮੀਨ ਤੋਂ ਬਾਹਰਲੇ ਮੁੱਢਾਂ ਨੂੰ ਕੱਟਿਆ ਜਾ ਸਕਦਾ ਹੈ |
ਗੰਨੇ ਦੀਆਂ ਕਤਾਰਾਂ ਵਿਚਲੀ ਜ਼ਮੀਨ ਨੂੰ ਪੋਲਿਆਂ ਕਰਨਾ : ਗੰਨੇ ਦੀ ਫ਼ਸਲ ਦਾ ਜੀਵਨ ਚੱਕਰ ਇਕ ਸਾਲ ਦਾ ਹੋਣ ਕਾਰਨ ਜ਼ਮੀਨ ਵਿਚ ਸਖਤਪਣ ਜ਼ਿਆਦਾ ਆਉਾਦਾ ਹੈ ਜਿਸ ਨਾਲ ਜ਼ਮੀਨ ਵਿਚ ਹਵਾ ਦਾ ਸੰਚਾਰ ਘੱਟ ਹੋਣ ਕਾਰਨ ਜੜ੍ਹਾਂ ਘੱਟ ਡੂੰਘੀਆਂ ਜਾਂਦੀਆਂ ਹਨ, ਜੋ ਜ਼ਮੀਨ ਹੇਠੋਂ ਖੁਰਾਕੀ ਤੱਤ ਅਤੇ ਨਮੀ ਲੈਣ ਵਿਚ ਅਸਮਰੱਥ ਹੁਦੀਆਂ ਹਨ | ਇਸ ਲਈ ਜ਼ਰੂਰੀ ਹੈ ਕਿ ਬੀਜੜ ਫ਼ਸਲ ਦੀ ਕਟਾਈ ਤੋਂ ਬਾਅਦ ਉਲਟਾਵੀਂ ਹੱਲ ਨਾਲ ਪੋਲਿਆਂ ਕਰਨਾ ਚਾਹੀਦਾ ਹੈ | ਇਸ ਨਾਲ ਪੌਦੇ ਦੀਆਂ ਪੁਰਾਣੀਆਂ ਜੜਾਂ ਕੱਟੀਆਂ ਜਾਣਗੀਆਂ ਅਤੇ ਪੌਦੇ ਨਵੀਆਂ ਜੜਾਂ ਪੈਦਾ ਕਰਨ ਲਈ
ਵਿੱਥਾਂ ਪੂਰਨਾਂ : ਗੰਨੇ ਦੀ ਮੁੱਢੀ ਫ਼ਸਲ ਤੋਂ ਪੈਦਾਵਾਰ ਘੱਟ ਹੋਣ ਦਾ ਮੁੱਖ ਕਾਰਨ ਬੂਟਿਆਂ ਦੀ ਗਿਣਤੀ ਦਾ ਪੂਰਿਆਂ ਨਾ ਹੋਣਾ ਅਤੇ ਵਿੱਥਾਂ ਦਾ ਵਧਣਾ ਹੈ | ਜੇਕਰ ਦੋ ਫੁੱਟ ਦੀ ਕਤਾਰ ਵਿਚ ਕੋਈ ਬੂਟਾ ਨਾ ਹੋਵੇ ਤਾਂ ਉਸ ਨੂੰ ਵਿੱਥ ਕਿਹਾ ਜਾਂਦਾ ਹੈ | ਕਈ ਵਾਰ ਤਾਂ ਮਰਲੇ-ਮਰਲੇ ਦੀਆਂ ਵਿੱਥਾਂ ਵੀ ਖੇਤਾਂ ਵਿਚ ਦੇਖੀਆਂ ਗਈਆਂ ਹਨ ਕਿਉਾਕਿ ਕਿਸਾਨ ਆਮ ਕਰਕੇ ਮੁੱਢੀ ਫ਼ਸਲ ਨੂੰ ਵਾਧੂ ਦੀ ਫ਼ਸਲ ਸਮਝਦਾ ਹੈ ਅਤੇ ਸੰਭਾਲ ਵੀ ਬੀਜੜ ਫ਼ਸਲ ਦੇ ਮੁਕਾਬਲੇ ਘੱਟ ਕਰਦਾ ਹੈ | ਵਿੱਥਾਂ ਨੂੰ ਪੂਰਿਆਂ ਕਰਨ ਲਈ ਚਾਰ ਅੱਖਾਂ ਵਾਲੇ ਸੰਮੇ ਲਗਾਏ ਜਾ ਸਕਦੇ ਹਨ | ਇਸ ਤੋਂ ਇਲਾਵਾ ਪਲਾਸਟਿਕ ਦੇ ਲਿਫਾਫਿਆਂ ਅਤੇ ਟਰੇਆਂ ਵਿਚ ਫ਼ਸਲ ਦੀ ਕਟਾਈ ਤੋਂ ਇਕ ਮਹੀਨਾ ਪਹਿਲਾਂ ਗੰਨੇ ਦੀ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ | ਬਿਹਤਰ ਹੋਵੇਗਾ ਜੇਕਰ ਚੰਗੇ ਮੁਢਾਂ ਨੂੰ ਜੜ੍ਹਾਂ ਸਮੇਤ ਪੁੱਟ ਕੇ ਚਾਰ ਹਿੱਸਿਆਂ ਵਿਚ ਵੰਡ ਕੇ ਵਿੱਥਾਂ ਪੂਰੀਆਂ ਕੀਤੀਆਂ ਜਾਣ | ਪਨੀਰੀ ਜਾਂ ਮੁੱਢਾਂ ਨੂੰ ਪੁੱਟ ਕੇ ਵਿੱਥਾਂ ਪੂਰਿਆਂ ਕਰਨ ਉਪਰੰਤ ਪਾਣੀ ਲਾ ਦੇਣਾ ਚਾਹੀਦਾ ਹੈ | (ਚਲਦਾ)

-ਡਾ: ਅਮਰੀਕ ਸਿੰਘ
ਖੇਤੀਬਾੜੀ ਵਿਕਾਸ ਅਫ਼ਸਰ, ਗੁਰਦਾਸਪੁਰ |
dr_amriksingh0yahoomail.co.in

ਦਿਨੋ-ਦਿਨ ਅਲੋਪ ਹੋ ਰਿਹਾ ਟੋਕਰੇ ਬਣਾਉਣ ਦਾ ਕਾਰੋਬਾਰ

ਪੁਰਾਤਨ ਸਮੇਂ ਤੋਂ ਤੂਤ ਦੀਆਂ ਛਟੀਆਂ ਤੋਂ ਬਣਾਏ ਜਾਣ ਵਾਲੇ ਟੋਕਰੇ ਹੁਣ ਕਿਸੇ ਵਿਰਲੇ ਟਾਂਵੇਂ ਪਿੰਡਾਂ ਦੇ ਘਰਾਂ ਅੰਦਰ ਦਿਖਾਈ ਦਿੰਦੇ ਹਨ | ਮਾਘ, ਫੱਗਣ (ਜਨਵਰੀ-ਫਰਵਰੀ) ਦੇ ਮਹੀਨੇ ਵਿਚ ਜਦੋਂ ਖੇਤਾਂ ਵਿਚ ਲੱਗੇ ਤੂਤ ਮੌਸਮ ਦੀ ਤਬਦੀਲੀ ਕਾਰਨ ਪੱਤੇ ਸੁੱਟ ਜਾਂਦੇ ਹਨ ਤਾਂ ਉਸ ਦੀਆਂ ਲਚਕਦਾਰ ਛਟੀਆਂ-ਟਾਹਣੀਆਂ ਨੂੰ ਕੱਟ ਕੇ ਘਰ ਲਿਆਂਦੀਆਂ ਜਾਂਦੀਆਂ ਹਨ, ਫ਼ਿਰ ਕੁਝ ਦਿਨਾਂ ਬਾਅਦ ਟੋਕਰੇ ਬਣਾਉਣ ਵਾਲੇ ਕਾਰੀਗਰ ਨੂੰ ਸੱਦ ਕੇ ਟੋਕਰੇ, ਰੋਟੀ ਵਾਲੇ ਛਾਬੇ, ਵੱਡੇ ਖਾਊਾਚੇ ਅਤੇ ਰੂੜੀ ਦੀ ਖਾਦ ਪਾਉਣ ਵਾਲੇ ਟੋਕਰੇ ਬਣਾਏ ਜਾਂਦੇ ਹਨ | ਤੂਤ ਦੀ ਪਤਲੀਆਂ ਲਚਕਦਾਰ ਟਾਹਣੀਆਂ ਨੂੰ ਦੋ ਫਾੜ ਕਰਕੇ ਮਿਸਤਰੀ ਧਰਤੇ ਵਿਚ ਛੋਟਾ ਜਿਹਾ ਟੋਆ ਪੁੱਟ ਕੇ ਇਸ ਦੀ ਬਣਤਰ ਸ਼ੁਰੂ ਕਰਦਾ ਹੈ, ਜਿਸ ਤਰ੍ਹਾਂ ਦੀ ਘਰ ਵਾਲਾ ਸਿਫਾਰਸ਼ ਕਰੇ ਉਸੇ ਤਰ੍ਹਾਂ ਦੀ ਗੋਲਾਈ ਦੇ ਕੇ ਟੋਕਰੇ ਬਣ ਜਾਂਦੇ ਹਨ | ਪੁਰਾਣੇ ਬਜ਼ੁਰਗਾਂ ਨੂੰ ਵਧੀਆ ਸੋਹਣੇ ਟੋਕਰੇ/ਖਾਉਂਚੇ ਬਣਾਉਣ ਦਾ ਸ਼ੌਕ ਸੀ, ਟੋਕਰਿਆਂ ਦੇ ਕਾਰੀਗਰ ਵੀ ਭਾਵੇਂ ਵਿਰਲੇ ਟਾਵੇਂ ਹੀ ਰਹਿ ਗਏ, ਪਰ ਹੈ ਜ਼ਰੂਰ | ਪਹਿਲਾਂ ਆਮ ਟੋਕਰੇ ਦੀ ਬਣਾਈ 10-15 ਰੁਪਏ ਸੀ, ਪਰ ਹੁਣ ਮਹਿੰਗਾਈ ਦੇ ਜ਼ਮਾਨੇ ਪਿੰਡ 50 ਰੁਪਏ ਹੋ ਗਈ | ਵੱਡੇ ਟੋਕਰੇ/ਖਾਊਾਚੇ ਦੀ 200 ਤੋਂ 250 ਬਣਾਈ ਹੁੰਦੀ ਹੈ | ਇਕ ਤੂਤ ਤੋਂ 5-6 ਟੋਕਰੇ ਬਣ ਜਾਂਦੇ ਹਨ | ਵਿਆਹ ਸ਼ਾਦੀਆਂ ਵਿਚ ਇਹ ਮਠਿਆਈਆਂ ਪਾਉਣ ਤੋਂ ਇਲਾਵਾ ਪਸ਼ੂਆਂ ਲਾਈ ਤੂੜੀ-ਪੱਠੇ ਅਤੇ ਰੂੜੀ ਦੀ ਖਾਦ ਪਾਉਣ ਲਈ ਵਰਤੇ ਜਾਂਦੇ ਹਨ | ਪੇਂਡੂ ਔਰਤਾਂ ਚੱੁਲ੍ਹੇ-ਚੌਾਕੇ ਵਿਚ ਭਾਂਡੇ ਅਤੇ ਹੋਰ ਸਾਮਾਨ ਪਾਉਣ ਲਈ ਇਸ ਦੀ ਵਰਤੋਂ ਕਰਦੀਆਂ ਹਨ | ਹੁਣ ਮਸ਼ੀਨੀ ਯੁੱਗ ਵਿਚ ਟੋਕਰੇ ਦੀ ਲੋੜ ਭਾਵੇਂ ਪਿੰਡਾਂ ਵਿਚ ਅੱਜ ਵੀ ਪੈਂਦੀ ਹੈ, ਪਰ ਸ਼ਹਿਰਾਂ ਅਤੇ ਬਹੁਤੇ ਪੇਂਡੂ ਘਰਾਂ ਵਿਚ ਇਸ ਦੀ ਥਾਂ ਬਾਜ਼ਾਰ ਵਿਚ ਵਿਕਦੀਆਂ ਰੰਗ-ਬਿਰੰਗੀਆਂ ਪਲਾਸਟਿਕ ਦੀਆਂ ਟੋਕਰੀਆਂ ਅਤੇ ਲੋਹੇ ਦੇ ਪੱਤੀਦਾਰ ਟੋਕਰਿਆਂ ਨੇ ਲੈ ਲਈ | ਟੋਕਰੇ ਬਣਾਉਣ ਦਾ ਧੰਦਾ ਵੀ ਦਿਨੋਂ-ਦਿਨ ਅਲੋਪ ਹੋ ਰਿਹਾ ਹੈ | ਬਦਲੇ ਜ਼ਮਾਨੇ ਕਰਕੇ ਇਸ ਦੇ ਕਾਰੀਗਰਾਂ ਦੀ ਔਲਾਦ ਨੇ ਇਸ ਨੂੰ ਤਿਲਾਂਜਲੀ ਦੇ ਕੇ ਹੋਰ ਧੰਦਿਆਂ ਵੱਲ ਹੱਥ ਕਰ ਲਿਆ | ਕਹਿੰਦੇ ਹਨ ਕਿ ਕੋਈ ਵੀ ਚੀਜ਼ ਖ਼ਤਮ ਨਹੀਂ ਹੁੰਦੀ, ਬੱਸ ਉੇਸਦੀ ਵਰਤੋਂ ਕਰਨ ਵਾਲੇ ਵਧ-ਘਟ ਸਕਦੇ ਹਨ | ਇਸ ਤਰ੍ਹਾਂ ਟੋਕਰੇ ਬਣਾਉਣ ਦੇ ਸ਼ੌਕੀਨ ਹੁਣ ਉਂਗਲਾਂ 'ਤੇ ਗਿਣਨ ਜੋਗੇ ਰਹਿ ਗਏ, ਉਸ ਤਰ੍ਹਾਂ ਬਣਾਉਣ ਦੇ ਮਿਸਤਰੀ ਵੀ ਮਸਾਂ ਭਾਲੇ ਹੀ ਲੱਭਦੇ ਹਨ |

ਰੁਪਿੰਦਰ ਸਿੰਘ ਸੇਖੋਂ
-ਪ੍ਰਤੀਨਿਧ ਅਜੀਤ ਮੰਡੀ ਲੱਖੇਵਾਲੀ
ਪਿੰਡ ਚਿੱਬੜਾਂਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਮੋਬਾ: 98725-03524


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX