ਤਾਜਾ ਖ਼ਬਰਾਂ


ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 minute ago
ਜੋਧਾਂ, 21 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)- ਲੁਧਿਆਣਾ ਜ਼ਿਲ੍ਹੇ ਦੇ ਨਾਮਵਰ ਪਿੰਡ ਗੁੱਜਰਵਾਲ ਵਿਖੇ ਅੱਜ ਇੱਕ ਨੌਜਵਾਨ ਵਲੋਂ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 22 ਸਾਲਾ ਚਰਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ...
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  11 minutes ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਅੱਜ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ, ਮੱਤੇਵਾਲ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  28 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਰਾਜਧਾਨੀ ਕੋਲੰਬੋ ਅਤੇ ਸ੍ਰੀਲੰਕਾ 'ਚ ਇੱਕੋ ਸਮੇਂ ਕਈ ਥਾਈਂ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਉੱਥੇ ਹੀ ਇਨ੍ਹਾਂ ਧਮਾਕਿਆਂ 'ਚ 450 ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਰਾਜਧਾਨੀ...
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  48 minutes ago
ਜਲੰਧਰ, 21 ਅਪ੍ਰੈਲ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਗੁਰੂ ਗੋਬਿੰਦ ਸਿੰਘ ਐਵਨਿਊ ਨੇੜੇ ਅੱਜ ਇੱਕ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ...
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  about 1 hour ago
ਅਟਾਰੀ, 21ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ 'ਤੇ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਵਾਪਸ ਪਰਤ ਆਇਆ...
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਧਮਾਕਿਆਂ ਦੀ ਖ਼ਬਰ ਨਾਲ ਕਰੋੜਾਂ ਭਾਰਤੀ ਵੀ ਚਿੰਤਾ 'ਚ ਹਨ। ਵੱਡੀ ਗਿਣਤੀ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਲੋਕ ਸ੍ਰੀਲੰਕਾ 'ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ 'ਚ ਅਜੇ ਤੱਕ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  about 1 hour ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ 'ਚ ਅੱਜ ਇੱਕੋ ਸਮੇਂ ਕਈ ਥਾਈਂ ਲੜੀਵਾਰ ਧਮਾਕੇ ਹੋਏ, ਜਿਨ੍ਹਾਂ 'ਚ 49 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਸ੍ਰੀਲੰਕਾ ਦੀ ਪੁਲਿਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ...
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  about 2 hours ago
ਕੋਲੰਬੋ, 21 ਅਪ੍ਰੈਲ- ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ ਦੇ ਕਈ ਇਲਾਕਿਆਂ 'ਚ ਅੱਜ ਈਸਟਰ ਮੌਕੇ ਬੰਬ ਧਮਾਕੇ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਇੱਥੇ ਦੋ ਚਰਚਾਂ ਤੇ ਹੋਟਲਾਂ 'ਚ ਹੋਏ ਹਨ ਅਤੇ ਇਨ੍ਹਾਂ 'ਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦਾ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  about 1 hour ago
ਰਾਏਪੁਰ, 21 ਅਪ੍ਰੈਲ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬੀਜਾਪੁਰ ਦੇ ਪਾਮੇੜ ਪਿੰਡ ਦੇ ਜੰਗਲਾਂ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ...
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 3 hours ago
ਅਮਰਕੋਟ, 21 ਅਪ੍ਰੈਲ (ਗੁਰਚਰਨ ਸਿੰਘ ਭੱਟੀ)- ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਵਿਖੇ ਬੀਤੀ ਰਾਤ ਇਕ ਨੌਜਵਾਨ ਦੇ ਕਤਲ ਹੋਣ ਦਾ ਪਤਾ ਲੱਗਾ, ਜਾਣਕਾਰੀ ਅਨੁਸਾਰ ਪਿੰਡ ਵਲਟੋਹਾ ਵਿਖੇ ਆਪਣੇ ਨਾਨਕੇ ਘਰ ਆਏ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਨੂਰਵਾਲਾ ਜੋ ਕਿ ਬੀਤੀ ਰਾਤ ਆਪਣੇ...
ਹੋਰ ਖ਼ਬਰਾਂ..

ਦਿਲਚਸਪੀਆਂ

ਖੂਹ ਦੀ ਰੋਟੀ

ਅੱਤ ਦੀ ਪੈ ਰਹੀ ਗਰਮੀ ਨੇ ਮੈਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਸੀ, ਘਰ ਵਿਚ ਕੂਲਰ, ਪੱਖਿਆਂ ਨੇ ਵੀ ਗਰਮ ਹਵਾ ਦੇਣੀ ਸ਼ੁਰੂ ਕਰ ਦਿੱਤੀ ਸੀ। ਬਾਜ਼ਾਰ ਵਿਚਲੀ ਦੁਕਾਨ ਉੱਪਰ ਸਾਰਾ ਦਿਨ ਬੱਸਾਂ, ਗੱਡੀਆਂ ਦਾ ਜ਼ਹਿਰੀ ਧੂੰਆਂ ਮੈਨੂੰ ਹੋਰ ਵੀ ਤੰਗੀ ਦਿੰਦਾ। ਅਜਿਹੀ ਹਾਲਤ ਵਿਚ ਸਰੀਰ ਵੀ ਕਮਜ਼ੋਰ ਪੈ ਰਿਹਾ ਸੀ, ਰੋਟੀ ਤਾਂ ਜਿਵੇਂ ਵੇਖਣ ਨੂੰ ਵੀ ਜੀਅ ਨਹੀਂ ਸੀ ਕਰਦਾ... ਬਸ ਮਨ ਨੂੰ ਢਾਰਸ ਦੇਣ ਲਈ ਇਕ ਦੋ ਰੋਟੀਆਂ ਅੰਦਰ ਲੰਘਦੀਆਂ ਸਨ। ਸਾਰਾ ਦਿਨ ਕੋਲਡ ਡਰਿੰਕ, ਠੰਢਾ ਪਾਣੀ ਪੀ ਪੀ ਢਿੱਡ ਆਫਰ ਜਾਂਦਾ... ਜੀਅ ਕਰਦਾ ਕਿਸੇ ਠੰਢੇ ਪਹਾੜੀ ਇਲਾਕੇ ਵਿਚ ਨਿਕਲ ਜਾਵਾਂ... ਪਰ ਘਰ ਬੈਠੇ ਜੁਆਕਾਂ ਤੇ ਪਤਨੀ ਦਾ ਖਿਆਲ ਆਉਂਦਾ ਕਿ ਪਿੱਛੋਂ ਇਨ੍ਹਾਂ ਦਾ ਕੀ ਬਣੇਗਾ।
ਰੋਜ਼ ਵਾਂਗ ਅੱਜ ਵੀ ਦੁਕਾਨ ਉੱਪਰ ਬੈਠਾ ਸੀ ਕਿ 10 ਕੁ ਵਜੇ ਪਿੰਡ ਕੱਕੜ ਦੇ ਤਰਸੇਮ ਸਿੰਘ ਕਿਸਾਨ ਜੋ ਕਿ ਮੇਰਾ ਜਮਾਤੀ ਵੀ ਸੀ, ਨੇ ਫੋਨ ਕੀਤਾ। 'ਸ਼ਰਮਾ ਸਾਹਿਬ, ਫੌਰਨ ਆ ਜਾਓ, ਖੂਹ ਉੱਪਰ, ਜਾਮਨੂ ਵੀ ਰਸੇ ਨੇ ਅਤੇ ਕੱਦੂ, ਅੱਲਾਂ, ਤੋਰੀਆਂ ਵੀ ਲੱਗੀਆਂ ਨੇ।'

ਮੈਂ ਸਕੂਟਰ ਉੱਪਰ ਸਵਾਰ ਹੋ 10 ਕੁ ਕਿਲੋਮੀਟਰ ਦੂਰ ਪਿੰਡ ਕੱਕੜ ਉਸ ਕੋਲ ਖੂਹ ਉੱਪਰ ਪਹੁੰਚ ਗਿਆ। ਬੋਹੜਾਂ, ਪਿੱਪਲਾਂ ਤੇ ਤੂਤਾਂ ਦੀ ਸੰਘਣੀ ਛਾਂ ਹੇਠਾਂ ਖਾਲ ਵਿਚ ਝੋਨੇ ਨੂੰ ਲੱਗਾ ਪਾਣੀ, ਸਰੀਰ ਨੂੰ ਕੰਬਣੀ ਜਿਹੀ ਛੇੜ ਰਿਹਾ ਸੀ। ਤਰਸੇਮ ਕਹੀ ਫੜੀ ਖਾਲਾਂ ਦੇ ਵੱਟਾਂ-ਬੰਨ੍ਹੇ ਠੀਕ ਕਰ ਰਿਹਾ ਸੀ। ਦੋ-ਚਾਰ ਖੇਤਾਂ ਦੇ ਇਧਰ-ਉਧਰ ਦੇ ਗੇੜਿਆਂ ਨੇ ਮੈਨੂੰ ਤਰੋਤਾਜ਼ਾ ਕਰ ਦਿੱਤਾ ਸੀ। ਬੰਬੀ ਦਾ ਪਾਣੀ ਪੀਤਾ ਤਾਂ ਮਨ ਨੂੰ ਚੈਨ ਆ ਗਿਆ। ਤਰਸੇਮ ਦੇ ਬੱਚਿਆਂ ਨੇ ਮੈਨੂੰ 4-5 ਕਿਲੋ ਕਾਲੇ ਰਾਅ ਜਾਮਨੂ ਤੋੜ ਲਿਫ਼ਾਫ਼ੇ ਵਿਚ ਪਾ ਦਿੱਤੇ। ਬੰਬੀ ਉੱਪਰ ਲੱਗੀਆਂ ਘੀਆ ਤੋਰੀਆਂ ਤੇ ਕੱਦੂ ਮੈਂ ਆਪ ਹੀ ਤੋੜ ਲਏ ਸਨ। ਤਰਸੇਮ ਦੀ ਪਤਨੀ ਦੁਪਹਿਰ ਦੀ ਰੋਟੀ ਲੈ ਆਈ। ਅੰਬ ਦਾ ਤਾਜ਼ਾ ਅਚਾਰ, ਗੁੜ ਅਤੇ ਲੱਸੀ ਦੁਆਲੇ ਸਾਰਾ ਟੱਬਰ ਬੈਠ ਗਿਆ।ਦੋ ਰੋਟੀਆਂ ਵੱਡੀਆਂ (ਸਾਡੇ ਘਰ ਤੋਂ ਦੁੱਗਣੀਆਂ) ਉੱਪਰ ਤਾਜ਼ਾ ਅਚਾਰ, ਗੁੜ ਅਤੇ ਲੱਸੀ ਦਾ ਵੱਡਾ ਗਿਲਾਸ ਉਸ ਨੇ ਮੈਨੂੰ ਫੜਾਇਆ ਤੇ ਆਪ ਵੀ ਇਸੇ ਤਰ੍ਹਾਂ ਰੋਟੀਆਂ ਉੱਪਰ ਹੱਲਾ ਬੋਲ ਦਿੱਤਾ।ਅਚਾਰ, ਗੁੜ ਅਤੇ ਲੱਸੀ ਦੀ ਘੁੱਟ ਨਾਲ ਰੋਟੀ ਇਵੇਂ ਅੰਦਰ ਲੰਘ ਜਾਂਦੀ ਸੀ, ਜਿਵੇਂ ਰਸ ਮਿਲਾਈ। ਰੋਟੀ ਖਾ ਕੇ ਅਨੰਦ ਆ ਗਿਆ। ਜੀਅ ਕਰਦਾ ਸੀ ਇਕ ਰੋਟੀ ਹੋਰ ਮੰਗ ਕੇ ਖਾ ਲਵਾਂ।

-ਗੁਰਬਿੰਦਰ ਸਿੰਘ ਬਾਗੀ
ਪਿੰਡ ਤੇ ਡਾਕ: ਚੋਗਾਵਾਂ, ਜ਼ਿਲ੍ਹਾ ਅੰਮ੍ਰਿਤਸਰ।
ਮੋਬਾਈਲ : 98552-50365.


ਖ਼ਬਰ ਸ਼ੇਅਰ ਕਰੋ

ਗੁੱਡ ਮੌਰਨਿੰਗ

ਗੋਡੇ ਲੱਗੇ ਚਾਹੇ ਗਿੱਟੇ

ਜਦੋਂ ਬਖਸ਼ੀ ਰਾਮ ਨੇ ਸਿਖਰ ਦੁਪਹਿਰੇ ਮਿਲੇ ਆਪਣੇ ਕਿਸੇ ਜਾਣੂ ਨੂੰ ਗੁੱਡ ਮੌਰਨਿੰਗ ਆਖੀ ਤਾਂ ਨਜ਼ਦੀਕ ਖੜ੍ਹੀ ਉਸ ਦੀ ਭਤੀਜੀ ਕਹਿਣ ਲੱਗੀ ਕਿ ਲੈ ਚਾਚੇ ਨੂੰ ਤਾਂ ਇਹ ਵੀ 'ਨੀ ਪਤਾ ਕਿ ਦੁਪਹਿਰ ਨੂੰ ਗੁੱਡ ਮੌਰਨਿੰਗ ਥੋੜ੍ਹੀ ਹੁੰਦੀ ਐ।' ਇਸ ਦੇ ਜਵਾਬ ਵਿਚ ਬਖਸ਼ੀ ਰਾਮ ਕਹਿਣ ਲੱਗਾ ਕਿ 'ਹਰ ਵੇਲੇ ਏਦਾਂ ਆਖਣ ਲਈ ਤਾਂ ਸਾਨੂੰ ਪ੍ਰਧਾਨ ਜੀ ਦਾ ਹੁਕਮ ਹੈ ਕਿਉਂਕਿ ਉਹ ਸਮਝਦੇ ਹਨ ਕਿ ਜਿਵੇਂ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਫਤਿਹ ਦਾ ਜਵਾਬ ਦੇਣ ਮਗਰੋਂ ਦਿਨ ਕੀ ਤਾਂ ਰਾਤ ਕੀ ਹਰ ਵੇਲੇ ਹਾਲ-ਚਾਲ ਪੁੱਛੇ ਜਾਣ 'ਤੇ ਹਮੇਸ਼ਾ ਚੜ੍ਹਦੀ ਕਲਾ ਆਖ ਜਵਾਬ ਦਿੰਦੇ ਹਨ। ਨਿਹੰਗ ਸਿੰਘ ਚਾਹੇ ਮਨ ਦੀ ਮੌਜ ਵਿਚ ਹੋਣ, ਕਿਸੇ ਇਮਤਿਹਾਨ ਵਿਚੋਂ ਗੁਜ਼ਰ ਰਹੇ ਹੋਣ, ਕਿਸੇ ਮੁਸੀਬਤ ਜਾਂ ਮੁਸ਼ਕਿਲ ਵਿਚ ਹੋਣ, ਉਹ ਚੜ੍ਹਦੀ ਕਲਾ ਵਿਚ ਹੀ ਰਹਿਣਗੇ ਕਿਉਂਕਿ ਗੁਰੂ ਦੀ ਬਖਸ਼ਿਸ਼ ਸਦਕਾ ਇਹ ਉਨ੍ਹਾਂ ਦੀ ਫਿਤਰਤ ਬਣ ਹੱਡਾਂ ਵਿਚ ਰਚ ਚੁੱਕੀ ਹੈ। ਉਸੇ ਤਰ੍ਹਾਂ ਹੀ ਇਹ ਗੁੱਡ ਮੌਰਨਿੰਗ ਵੀ ਚੜ੍ਹਦੀ ਕਲਾ ਦੀ ਪ੍ਰਤੀਕ ਕਹੀ ਜਾ ਸਕਦੀ ਹੈ।
ਅੰਗਰੇਜ਼ੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਪੰਜਾਬੀ ਭਾਸ਼ਾ ਨੇ ਆਪਣੇ ਵਿਚ ਜਜ਼ਬ ਕਰਕੇ ਆਪਣਿਆਂ ਵਰਗੇ ਹੀ ਬਣਾ ਲਏ ਹਨ। ਜਿਵੇਂ ਕੱਪ ਅਤੇ ਪਿਆਲੇ ਵਿਚਲਾ ਫਰਕ ਨਹੀਂ ਰਿਹਾ। ਇਸੇ ਤਰ੍ਹਾਂ ਆਮ ਬੋਲਚਾਲ ਵਿਚ ਗੁੱਡ ਮੌਰਨਿੰਗ ਅਤੇ ਸ਼ੁੱਭ ਸਵੇਰ ਵੀ ਇਕਮਿਕ ਹੋਏ ਜਾਪਦੇ ਹਨ। ਇਸੇ ਆੜ ਵਿਚ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਵਾਲੇ ਬਹੁਤੇ ਗਾਇਕ ਆਪਣੀਆਂ ਰੀਲ੍ਹਾਂ ਦੇ ਨਾਂਅ ਅੰਗਰੇਜ਼ੀ ਦੇ ਅਜਿਹੇ ਸ਼ਬਦਾਂ ਨਾਲ ਰੱਖੀ ਜਾ ਰਹੇ ਜੋ ਆਮ ਲੋਕਾਂ ਦੀ ਸਮਝ ਹੀ ਆਉਂਦੇ।
ਪਿੱਛੇ ਜਿਹੇ ਇਕ ਕਲਾਕਾਰ ਵੱਲੋਂ ਕੱਢੀ ਗੁੱਡ ਮੌਰਨਿੰਗ ਨਾਂਅ ਦੀ ਰੀਲ੍ਹ ਭਾਵੇਂ ਬਹੁਤਿਆਂ ਨੂੰ ਗੁੱਡ ਮੌਰਨਿੰਗ ਨਹੀਂ ਕਹਿ ਸਕੀ। ਪਰ ਉਸ ਦੇ ਚੰਗੇ ਉਪਰਾਲੇ ਦੀ ਦਾਦ ਤਾਂ ਦੇਣੀ ਬਣਦੀ ਹੀ ਹੈ ਨਾ। ਇਸ ਤੋਂ ਬਾਅਦ ਇਕ ਹੋਰ ਗਾਇਕ ਨੇ ਗੁੱਡ ਗਾਇਜ਼ ਨਾਂਅ ਦੀ ਰੀਲ ਕੱਢੀ ਤਾਂ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਗਾਇਜ਼ ਦਾ ਅਰਥ ਗਊ ਹੋਊ ਜਾਂ ਕੁਝ ਹੋਰ।
ਇਤਿਹਾਸ ਗਵਾਹ ਹੈ ਕਿ ਇਕ ਕੰਪਨੀ ਨੂੰ ਭਾਰਤ ਭੇਜ ਕੇ 'ਗੁੱਡ ਮੌਰਨਿੰਗ ਵਾਲਿਆਂ' ਨੇ ਭਾਰਤ ਦੇਸ਼ ਨੂੰ ਆਪਣਾ ਗੁਲਾਮ ਬਣਾ ਲਿਆ ਸੀ ਅਤੇ ਦੁਨੀਆ ਦੇ ਬਹੁਤ ਸਾਰੇ ਹੋਰ ਦੇਸ਼ਾਂ ਨੂੰ ਵੀ ਇਸੇ ਲੜੀ ਵਿਚ ਪਰੋ ਕੇ ਆਪਣੇ ਕਬਜ਼ੇ ਵਾਲੇ ਰਾਜ ਬਾਰੇ ਇਹ ਧਾਰਨਾ ਬਣਾ ਦਿੱਤੀ ਸੀ ਕਿ ਅੰਗਰੇਜ਼ਾਂ ਦੇ ਰਾਜ ਵਿਚ ਕਦੇ ਸੂਰਜ ਨਹੀਂ ਛਿਪਦਾ। ਪਰ ਸਮਾਂ ਆਇਆ ਅਣਖੀ ਯੋਧਿਆਂ, ਨਾਇਕਾਂ ਅਤੇ ਲੋਕਾਂ ਨੇ ਬੇਈਮਾਨੀ ਦੀ ਬੁਨਿਆਦ 'ਤੇ ਖੜ੍ਹਾ ਨਾ ਉਹ ਰਾਜ ਰਹਿਣ ਦਿੱਤਾ ਅਤੇ ਨਾ ਹੀ ਉਹ ਧਾਰਨਾ।
ਤੇ ਹੁਣ ਇਹ ਗੱਲ ਕਹਿੰਦਿਆਂ ਮਨ 'ਚੋਂ ਹਉਕਾ ਲਾਟ ਬਣ ਕੇ ਉੱਠਦਾ ਹੈ ਕਿ ਅੱਜ ਦੇ ਹਾਕਮਾਂ ਨੇ ਦੇਸ਼ ਨੂੰ ਗੁਲਾਮ ਕਰਨ ਵਾਲੀ ਉਸ ਇਕ ਕੰਪਨੀ ਵਰਗੀਆਂ ਅਣਗਿਣਤ ਕੰਪਨੀਆਂ ਨੂੰ ਖੁਦ ਸੱਦ ਕੇ ਜਿੱਥੇ ਸ਼ਹੀਦਾਂ ਅਤੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ ਉੱਥੇ ਮਰ ਚੁੱਕੀ ਉਸ ਧਾਰਨਾ ਦੇ ਮੂੰਹ ਵਿਚ ਪਾਣੀ ਪਾ ਕੇ ਮੁੜ ਜਿਊਂਦਾ ਕਰ ਦਿੱਤਾ ਹੈ ਜਿਹੜੀ ਸਾਨੂੰ ਗੁਲਾਮੀ ਦੇ ਦਰਦ ਦਾ ਹੁਣ ਤੱਕ ਅਹਿਸਾਸ ਕਰਵਾਉਦੀ ਆ ਰਹੀ ਹੈ।
ਪਰ ਅਸੀ ਬਖਸ਼ੀ ਰਾਮ ਦੀ ਭਤੀਜੀ ਨੂੰ ਉਹ ਅਹਿਸਾਸ ਨਹੀਂ ਹੋਣ ਦੇਣਾ ਕਿਉਂਕਿ ਅਜੇ ਲੋਕਾਂ ਦੀ ਅੱਖ ਜਾਗਦੀ ਹੈ, ਜ਼ਮੀਰ ਜਿਊਂਦੀ ਹੈ, ਅਣਖ ਦਾ ਮਾਦਾ ਕਾਇਮ ਹੈ, ਪਰ ਹਾਕਮ ਨੂੰ ਵਹਿਮ ਹੈ ਕਿ ਸ਼ਾਇਦ ਲੋਕੀਂ ਵੀ ਉਹਦੇ ਵਾਂਗ ਉਕਤ ਤਿੰਨਾਂ ਚੀਜ਼ਾਂ ਤੋਂ ਸੱਖਣੇ ਹੋ ਗਏ ਹਨ। ਇਹ ਜਾਗਦੀ ਅੱਖ ਹੋਰਾਂ ਨੂੰ ਜਗਾਏਗੀ, ਕਾਫਲਾ ਬਣਾਏਗੀ, ਅੱਗੇ ਨੂੰ ਵਧਾਏਗੀ, ਚਿੰਗਾਰੀ ਨੂੰ ਮਚਾਏਗੀ, ਜਾਬਰਾਂ ਨੂੰ ਢਾਏਗੀ, ਕੰਪਨੀਆਂ ਨੂੰ ਭੇਜੇਗੀ, ਇਤਿਹਾਸ ਨੂੰ ਦੁਹਰਾਏਗੀ, ਬਰਾਬਰੀ ਵਾਲਾ ਰਾਜ ਲਿਆਏਗੀ। ਤੇ ਇਸ ਨਵੇਂ ਰਾਜ ਦਾ ਘੇਰਾ ਏਨਾ ਵਿਸ਼ਾਲ ਹੋਵੇਗਾ ਕਿ ਪੂਰਾ ਸੰਸਾਰ ਇਸ ਦੇ ਕਲਾਵੇ ਵਿਚ ਹੋਵੇਗਾ।
ਕੁੱਲ ਦੁਨੀਆ ਵਿਚ ਕਾਇਮ ਹੋਣ ਵਾਲੇ ਉਸ ਕਿਰਤੀ ਰਾਜ ਵਿਚ ਫਿਰ ਹਰ ਵੇਲੇ ਕਿਤੇ ਨਾ ਕਿਤੇ ਸੂਰਜ ਚੜ੍ਹਿਆ ਹੀ ਰਹੇਗਾ ਤੇ ਫਿਰ ਕਿਸੇ ਵੀ ਸਮੇਂ ਗੁੱਡ ਮੌਰਨਿੰਗ ਆਖੇ ਜਾਣ 'ਤੇ ਹੁਣ ਵਾਂਗ ਓਪਰਾ-ਓਪਰਾ ਨਹੀ ਲੱਗੇਗਾ ਅਤੇ ਨਾ ਹੀ ਬਖਸ਼ੀ ਰਾਮ ਦੀ ਭਤੀਜੀ ਫਿਰ ਪਹਿਲਾਂ ਵਾਂਗ ਇਹ ਆਖੇਗੀ ਕਿ ਚਾਚੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਗੁੱਡ ਮੌਰਨਿੰਗ ਦੁਪਹਿਰ ਨੂੰ ਨਹੀਂ ਆਖੀਦਾ। ਸਗੋਂ ਉਸ ਨੂੰ ਇਹ ਪੂਰੀ ਤਰ੍ਹਾਂ ਸਮਝ ਆ ਜਾਵੇਗੀ ਹੁਣ ਕਿਸੇ ਵੀ ਸਮੇਂ ਹਰ ਕਿਸੇ ਨੂੰ ਗੁੱਡ ਮੌਰਨਿੰਗ ਕਿਹਾ ਜਾ ਸਕੇਗਾ ਕਿਉਂਕਿ ਨਾ ਰਹੇਗਾ ਬਾਂਸ ਅਤੇ ਨਾ ਵੱਜੇਗੀ ਬੰਸਰੀ ਵਾਂਗ ਉਸ ਸਮੇਂ ਤੱਕ ਹੁਣ ਵਾਲਾ ਰਾਜ ਪ੍ਰਬੰਧ ਹੀ ਨਹੀਂ ਰਹੇਗਾ।

ਬਲਦੇਵ ਸਿੰਘ ਬੱਲੀ
ਪਿੰਡ : ਠਠਿਆਲਾ ਢਾਹਾ, ਡਾ: ਗਰਲੇ ਢਾਹਾ,
ਤਹਿ: ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 98142-80838.

ਵਿਤਕਰਾ

ਗੇਟ ਦੇ ਬਾਹਰ ਬਣੀ ਛੋਟੀ ਜਿਹੀ ਕਿਆਰੀ ਦੇ ਨਾਲ-ਨਾਲ ਪਏ ਪੰਜ-ਛੇ ਗਮਲਿਆਂ ਨੂੰ ਪਾਣੀ ਪਾ ਕੇ ਮੈਂ ਝਾੜੂ ਨਾਲ ਸੜਕ ਵਿਚ ਖੜ੍ਹਾ ਪਾਣੀ ਸਾਫ਼ ਕਰ ਰਹੀ ਸੀ। ਮੇਰੀ ਗੁਆਂਢਣ ਆਪਣੇ ਗੇਟ ਦੇ ਅੱਗੇ ਕਿਸੇ ਹੋਰ ਔਰਤ ਨਾਲ ਗੱਲਾਂ ਕਰ ਰਹੀ ਸੀ। ਹੌਲੀ-ਹੌਲੀ ਮੈਨੂੰ ਉਨ੍ਹਾਂ ਦੀ ਆਵਾਜ਼ ਕੰਨੀਂ ਪਈ।
ਦੂਸਰੀ ਔਰਤ ਮੇਰੀ ਗੁਆਂਢਣ ਨੂੰ ਕਹਿ ਰਹੀ ਸੀ-
ਨਾ ਭੈਣ ਜੀ, ਮੈਂ ਆਪਣੇ ਕੁੜੀ ਤੇ ਮੁੰਡਾ ਵਿਚ ਕਦੇ ਵਿਤਕਰਾ ਨਹੀਂ ਕਰਦੀ, ਮੇਰੀ ਕੁੜੀ ਜਿਹੜੀ ਚੀਜ਼ ਮੰਗੇ ਮੈਂ ਉਸੇ ਵੇਲੇ ਲੈ ਕੇ ਦੇਨੀ ਆਂ।
ਦੇਖੋ ਜੀ। 'ਧੀਆਂ ਤੇ ਅਗਲੇ ਘਰ ਜਾਣਾ ਪਤਾ ਨਹੀਂ ਬੇਗਾਨੇ ਬੰਦੇ ਕਿਦਾਂ ਦੇ ਮਿਲਣੇ ਆ। ਇਸ ਲਈ ਮੈਂ ਤਾਂ ਆਪਣੀ ਬੱਚੀ ਨੂੰ ਬਹੁਤ ਪਿਆਰ ਕਰਦੀ ਆਂ।'
ਮੇਰੀ ਗੁਆਂਢਣ ਕਹਿਣ ਲੱਗੀ, 'ਲੈ ਦੀਦੀ ਇਹ ਕੀ ਗੱਲ ਕਰਦੇ ਓ, ਮੈਂ ਤਾਂ ਆਪ ਆਪਣੀ ਧੀ ਨੂੰ ਮੁੰਡੇ ਤੋਂ ਵੀ ਵਧ ਕੇ ਰੱਖਦੀ ਆਂ। ਮੈਂ ਤਾਂ ਆਪ ਕਦੇ ਵਿਤਕਰਾ ਨਹੀਂ ਕੀਤਾ। ਧੀਆਂ ਵਿਚਾਰੀਆਂ ਕਿਹੜਾ ਰਾਤ ਨੂੰ ਉੱਠ-ਉੱਠ ਕੇ ਖਾਂਦੀਆਂ। ਸਗੋਂ ਆਪਣੇ ਮਾਂ ਪਿਉ ਦੀ ਧੀਆਂ ਹੀ ਸੁਖ ਮੰਗਦੀਆਂ।
ਮੈਂ ਥੋੜ੍ਹਾ ਅੱਗੇ ਹੋਈ ਉਹ ਦੋਵੇਂ ਮੇਰੇ ਵੱਲ ਦੇਖ ਕੇ ਮੁਸਕਰਾ ਪਈਆਂ ਤੇ ਬੋਲੀਆਂ... 'ਆ ਜਾਓ।'
ਮੈਂ ਕਿਹਾ ਮੈਂ ਜ਼ਰਾ ਆਹ ਕਿਆਰੀ ਦੀ ਸਫਾਈ ਜਿਹੀ ਕਰਦੀ ਪਈ ਸੀ ਨਾਲੇ ਆਹ ਸੜਕ 'ਤੇ ਪਾਣੀ ਖੜ੍ਹਾ ਸੀ। ਮੈਂ ਸੋਚਿਆ ਸਾਫ ਹੀ ਕਰ ਦੇਵਾਂ. ਅੱਜ ਖ਼ਬਰਾਂ ਵਿਚ ਦੱਸ ਰਹੇ ਸਨ ਤੇ ਅਖ਼ਬਾਰ ਵਿਚ ਵੀ ਪੜ੍ਹਿਆ ਸੀ ਕਿ ਡੇਂਗੂ ਮੱਛਰ ਬਹੁਤ ਫੈਲਿਆ ਹੋਇਆ ਹੈ। ਇਸ ਤੋਂ ਬਚਣ ਲਈ ਘਰਾਂ ਦੇ ਆਲੇ-ਦੁਆਲੇ ਸਫਾਈ ਰੱਖੋ, ਪਾਣੀ ਨਾ ਖੜ੍ਹਾ ਹੋਣ ਦਿਓ। ਨਾਲੇ ਡੇਂਗੂ ਤੋਂ ਬਚਣ ਲਈ ਬੱਚਿਆਂ ਨੂੰ ਪੂਰੇ ਕੱਪੜੇ ਪਾਓ, ਲੱਤਾਂ ਬਾਹਵਾਂ ਢਕਵੇਂ, ਪੈਰਾਂ ਵਿਚ ਵੀ ਬੂਟ ਪਾ ਕੇ ਰੱਖੋ ਇਹ ਮੱਛਰ ਲੱਤਾਂ ਪੈਰਾਂ 'ਤੇ ਹੀ ਲੜਦਾ ਹੈ। ਏਨਾ ਕਹਿ ਕੇ ਮੈਂ ਅੰਦਰ ਆ ਗਈ।
ਥੋੜ੍ਹੀ ਦੇਰ ਬਾਅਦ ਮੈਂ ਬਾਹਰ ਜਾ ਕੇ ਦੇਖਿਆ ਮੇਰੀ ਗੁਆਂਢਣ ਨੇ ਆਪਣੇ ਮੁੰਡੇ ਨੂੰ ਪੂਰੀ ਬਾਂਹ ਦੀ ਸ਼ਰਟ, ਪੈਂਟ ਤੇ ਬੂਟ ਜੁਰਾਬਾਂ ਪਾਈਆਂ ਹੋਈਆਂ ਸਨ ਤੇ ਉਸ ਦੀ ਕੁੜੀ ਬਿਨਾਂ ਬਾਹਾਂ ਦਾ ਟੌਪ, ਗੋਡਿਆਂ ਤੱਕ ਸਕਰਟ ਤੇ ਪੈਰਾਂ ਵਿਚ ਚੱਪਲਾਂ ਪਾਈ ਖੇਡ ਰਹੀ ਸੀ।
ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਵਿਤਕਰਾ ਨਹੀਂ ਤਾਂ ਹੋਰ ਕੀ ਹੈ।

-ਸੁਰਜੀਤ ਕੌਰ (ਜਲੰਧਰ)
ਮੋਬਾ: 85680-40330.

ਵਿਅੰਗ-ਪਿਆਰ ਬਨਾਮ ਵਪਾਰ

ਬਾਬੂ ਸ਼ਾਮ ਸੁੰਦਰ ਪਟਵਾਰੀ ਭਰਤੀ ਹੋਇਆ ਸੀ। ਤਰੱਕੀ ਕਰਦੇ-ਕਰਦੇ ਉਹ ਨਾਇਬ ਤਹਿਸੀਲਦਾਰ ਬਣ ਗਿਆ। ਚਾਹੇ ਤਹਿਸੀਲਦਾਰੀ ਦਾ ਅਨੰਦ ਤਿੰਨ ਕੁ ਸਾਲ ਹੀ ਮਾਣ ਸਕਿਆ, ਕਿਉਂਕਿ ਤਰੱਕੀ ਰਿਟਾਇਰਮੈਂਟ ਦੇ ਨੇੜੇ ਜਾ ਕੇ ਹੀ ਹੋਈ ਸੀ।ਖ਼ੈਰ, ਮਾਲ ਮਹਿਕਮੇ ਦੀ ਅਫ਼ਸਰੀ ਸਦਕਾ ਬਾਬੂ ਸ਼ਾਮ ਸੁੰਦਰ ਦੇ ਅਨੇਕਾਂ ਪ੍ਰੇਮੀ ਤੇ ਸਨੇਹੀ ਪੈਦਾ ਹੋ ਗਏ। ਅਫ਼ਸਰੀ ਸਦਕਾ 20 ਕੰਮ ਕੀਤੇ-ਕਰਾਏ ਜਾ ਸਕਦੇ ਹਨ। ਉਨ੍ਹਾਂ ਦੇ ਪਹਿਲੇ ਵਾਕਿਫ਼ਕਾਰਾਂ ਵਿਚੋਂ ਇਕ ਰਾਮਪਾਲ ਨਾਂਅ ਦਾ ਭਾਈ ਸੀ। ਉਹ ਬਾਬੂ ਸ਼ਾਮ ਸੁੰਦਰ ਪ੍ਰਤੀ ਪੂਰੀ ਸ਼ਰਧਾ ਤੇ ਪਿਆਰ ਦਿਖਾਉਣ ਲੱਗ ਪਿਆ। ਚੰਗੇ ਦੋਸਤ ਜਾਂ ਨਜ਼ਦੀਕੀ ਰਿਸ਼ਤੇਦਾਰ ਤੋਂ ਵੀ ਵੱਧ ਪਿਆਰ ਦਾ ਪ੍ਰਗਟਾਵਾ ਕਰਨ ਲੱਗਾ।
ਮਨੁੱਖੀ ਸਾਂਝ ਜਾਂ ਨੇੜਤਾ ਦੁਵੱਲੀ ਹੀ ਹੁੰਦੀ ਹੈ ਤੇ ਬਾਬੂ ਸ਼ਾਮ ਸੁੰਦਰ ਨੂੰ ਵੀ ਰਾਮਪਾਲ ਬਹੁਤ ਪਿਆਰਾ ਤੇ ਅਤਿ ਨੇੜਲਾ ਜੀਅ ਲੱਗਣ ਲੱਗਾ। ਕੰਮ ਸੋਹਣਾ ਚਲਦਾ ਗਿਆ। ਅਖ਼ੀਰ ਬਾਬੂ ਸ਼ਾਮ ਸੁੰਦਰ ਰਿਟਾਇਰ ਹੋ ਗਏ ਤੇ ਸੋਹਣੀ ਵਿਦਾਇਗੀ ਪਾਰਟੀ ਵੀ ਹੋਈ।
ਰਿਟਾਇਰ ਹੋਣ ਪਿੱਛੋਂ ਰਾਮਪਾਲ ਹੋਰਾਂ ਨਾਲ ਪਿਆਰ ਤੇ ਨੇੜਤਾ ਹੌਲੀ-ਹੌਲੀ ਘਟਣ ਲੱਗ ਪਈ ਤੇ ਅਖ਼ੀਰ ਸਾਧਾਰਨ ਪੱਧਰ 'ਤੇ ਆ ਗਈ। ਗੱਲ ਸਧਾਰਨ ਵਾਕਿਫ਼ਕਾਰਾਂ ਵਾਲੀ ਹੋ ਗਈ। ਬਾਬੂ ਸ਼ਾਮ ਸੁੰਦਰ ਨੂੰ ਇਹ ਤਬਦੀਲੀ ਕਾਫ਼ੀ ਮਹਿਸੂਸ ਹੋਣ ਲੱਗੀ। ਇਸ ਬਾਰੇ ਉਨ੍ਹਾਂ ਆਪਣੇ ਇਕ ਹੋਰ ਵਾਕਿਫ਼ਕਾਰ ਨਾਲ ਗੱਲ ਕੀਤੀ ਤਾਂ ਉਹ ਆਖਣ ਲੱਗਾ, 'ਭਾਈ ਸਾਹਿਬ ਤੁਹਾਡੀ ਤਹਿਸੀਲਦਾਰੀ ਕਾਰਨ ਪਿਆਰ ਸੀ ਕਿਉਂਕਿ ਕੰਮ ਕਾਰ ਕਰਨੇ ਕਰਵਾਉਣੇ ਹੁੰਦੇ ਹਨ। ਹੁਣ ਤੁਸੀਂ ਸਾਧਾਰਨ ਬਾਬੂ ਸ਼ਾਮ ਸੁੰਦਰ ਬਣ ਗਏ ਹੋ ਤੇ ਵਪਾਰਕ ਪੱਖੋਂ ਘੱਟ ਲਾਹੇਵੰਦ ਹੋ। ਸੋ, ਇਹ ਵਪਾਰਕ ਪਿਆਰ ਸੀ ਨਾ ਕਿ ਨਿਰਾ ਪਿਆਰ।' ਇਹ ਸੁਣ ਕੇ ਬਾਬੂ ਸ਼ਾਮ ਸੁੰਦਰ ਹੋਰਾਂ ਨੂੰ ਪਿਆਰ ਤੇ ਵਪਾਰ ਦਾ ਅੰਤਰ ਤੇ ਆਪਸੀ ਸਬੰਧ ਸਮਝ ਆ ਗਿਆ।

-ਰਾਜਿੰਦਰ ਪਾਲ ਸ਼ਰਮਾ
ਗਲੀ ਨੰ: 8-ਸੀ, ਹੀਰਾ ਬਾਗ਼, ਜਗਰਾਉਂ (ਲੁਧਿਆਣਾ)। 

ਫੁੱਲਾਂ ਦਾ ਬਦਲਣਾ

ਸ਼ਮਸ਼ਾਨਘਾਟ 'ਤੇ ਲੋਕੀਂ ਮੁਰਦੇ ਦੇ ਫੁੱਲ (ਅਸਥੀਆਂ) ਚੁਗ ਕੇ ਕਿਰਿਆ ਕਰਮ ਅਨੁਸਾਰ ਥੈਲੀ 'ਚ ਬੰਦ ਕਰ ਦਿੰਦੇ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਗੰਗਾ 'ਚ ਪ੍ਰਵਾਹ ਕਰਨਾ ਹੁੰਦਾ ਸੀ। ਕਈ ਲੋਕੀਂ ਇਕ ਦੋ ਦਿਨ ਠਹਿਰ ਕੇ ਫੁੱਲ ਪਾਉਣ ਜਾਂਦੇ ਤੇ ਥੈਲੀ ਨੂੰ ਸ਼ਮਸ਼ਾਨਘਾਟ 'ਤੇ ਇਕ ਬਣੇ ਕਮਰੇ 'ਚ ਸੰਦੂਕੜੀਆਂ 'ਚ ਰੱਖ ਜਾਂਦੇ। ਸੰਦੂਕੜੀਆਂ ਦੇ ਨੰਬਰ ਲੱਗੇ ਸਨ 1 ਤੋਂ 10 ਤੱਕ। ਵਾਰਸ ਸੰਦੂਕੜੀਆਂ ਦਾ ਟੋਕਨ ਨੰਬਰ ਭੁੱਲ ਤੋਂ ਬਚਣ ਲਈ ਲੈ ਜਾਂਦੇ ਸਨ।
ਇਕ ਵਾਰਸ ਦਾ ਟੋਕਨ ਨੰਬਰ 6 ਸੀ। ਪਰ ਜਦੋਂ ਫੁੱਲ ਲੈਣ ਆਇਆ ਤਾਂ ਉਸ ਨੇ ਟੋਕਨ ਪੁੱਠਾ 9 ਫੜਿਆ ਸੀ ਤੇ 9 ਨੰਬਰ ਵਾਲੀ ਸੰਦੂਕੜੀ ਦੇ ਫੁੱਲ ਲੈ ਗਿਆ ਤੇ ਗੰਗਾ 'ਚ ਪ੍ਰਵਾਹ ਕਰ ਆਇਆ। ਦੂਜੇ ਦਿਨ 9 ਨੰਬਰ ਵਾਲਾ ਆਇਆ ਤਾਂ ਦੇਖਿਆ ਸੰਦੂਕੜੀ ਖਾਲੀ ਹੈ। ਉਹ ਹੈਰਾਨ ਸੀ। ਉਸ ਨੂੰ ਅਸਲੀਅਤ ਦਾ ਪਤਾ ਲੱਗਾ ਤੇ ਉਸ ਨੇ 6 ਨੰਬਰ ਵਾਲੇ ਨੂੰ ਬੁਲਾ ਕੇ ਝਗੜਾ ਸ਼ੁਰੂ ਕੀਤਾ, 'ਤੂੰ ਸਾਡੇ ਬੁੱਢੇ ਨੂੰ ਗੱਡੀ ਚੜ੍ਹਾ ਕੇ ਗੰਗਾ ਪ੍ਰਵਾਹ ਕਰ ਆਇਆ ਹੈਂ।'
ਲੋਕਾਂ ਨੇ ਸਮਝੌਤਾ ਕਰਵਾ ਕੇ ਕਿਹਾ ਚਲੋ, ਹੁਣ ਤੂੰ ਬਈ ਐਂ ਕਰ ਕਿ 6 ਨੰਬਰ ਵਾਲੀ ਥੈਲੀ ਦੇ ਫੁੱਲ ਪਾ ਆ। ਗੰਗਾ ਪ੍ਰਵਾਹ ਹੀ ਕਰਨੇ ਹਨ, ਇਹ ਹੋਏ ਜਾਂ ਉਹ।
9 ਨੰਬਰ ਵਾਲਾ ਬੋਲਿਆ ਚਲੋ ਠੀਕ ਹੈ ਪਰ ਸਾਡਾ ਬੁੱਢਾ ਤਾਂ ਕੁਚੀਲ (ਕੁਚਾਲ) ਸੀ। ਅਸੀਂ ਉਸ ਦੀ ਗਤੀ ਕਰਾਉਣੀ ਸੀ, ਬਿਨਾਂ ਗੱਡੀ ਕਰਾਇਆਂ ਤਾਂ ਉਹ ਸਾਨੂੰ ਟੱਬਰ ਨੂੰ ਭੂਤ ਬਣ ਕੇ ਚਿੰਬੜ ਜਾਊ।

-ਦੀਵਾਨ ਚੰਦ ਗਰਗ
43, ਟਾਈਪ 4, ਪਾਵਰ ਕਾਲੋਨੀ, ਲਹਿਰਾ ਮੁਹੱਬਤ-151103 (ਬਠਿੰਡਾ)।
ਮੋਬਾ : 94633-33523.

ਨਹਿਲੇ 'ਤੇ ਦਹਿਲਾ

ਇਕੋ ਬੁਰੀ ਆਦਤ
ਇਕ ਫ਼ਿਲਮੀ ਅਖ਼ਬਾਰ ਦੇ ਸੰਪਾਦਕ ਸਾਹਿਬ ਲਖਨਊ ਮਜਾਜ਼ ਸਾਹਿਬ ਦਾ ਇੰਟਰਵਿਊ ਲੈਣ ਆਏ। ਉਨ੍ਹਾਂ ਨੇ ਮਜਾਜ਼ ਸਾਹਿਬ ਤੋਂ ਉਨ੍ਹਾਂ ਦੇ ਜਨਮ, ਉਮਰ, ਸਿੱਖਿਆ ਅਤੇ ਸ਼ਾਇਰੀ ਬਾਰੇ ਕਾਫ਼ੀ ਸਵਾਲ ਪੁੱਛ ਕੇ ਜਵਾਬ ਪ੍ਰਾਪਤ ਕੀਤੇ। ਫਿਰ ਦੱਬੀ ਜ਼ਬਾਨ ਨਾਲ ਪੁੱਛਿਆ, 'ਹਜ਼ੂਰ, ਮੈਂ ਸੁਣਿਆ ਹੈ ਕਿ ਤੁਸੀਂ ਸ਼ਰਾਬ ਬਹੁਤ ਪੀਂਦੇ ਹੋ?'
'ਕਿਸ ਕੰਜਰ ਨੇ ਤੁਹਾਨੂੰ ਕਿਹਾ ਹੈ ਕਿ ਸ਼ਰਾਬ ਪੀਂਦਾ ਹਾਂ', ਮਜਾਜ਼ ਨੇ ਜਵਾਬ ਦਿੱਤਾ।
'ਤੁਸੀਂ ਸਿਗਰਟ ਵੀ ਬਹੁਤ ਪੀਂਦੇ ਹੋ', ਉਸ ਨੇ ਫਿਰ ਪੁੱਛਿਆ।
'ਨਹੀਂ, ਮੈਂ ਸਿਗਰਟ ਬਿਲਕੁਲ ਨਹੀਂ ਪੀਂਦਾ। ਸ਼ਰਾਬ ਤੇ ਸਿਗਰਟ ਪੀਣਾ ਬੁਰੀਆਂ ਆਦਤਾਂ ਹਨ, ਮੈਂ ਐਸੀ ਕਿਸੇ ਆਦਤ ਦਾ ਸ਼ਿਕਾਰ ਨਹੀਂ ਹਾਂ', ਮਜਾਜ਼ ਸਾਹਿਬ ਨੇ ਜਵਾਬ ਦਿੱਤਾ।
ਫਿਰ ਐਡੀਟਰ ਸਾਹਿਬ ਨੇ ਪੁੱਛਿਆ, 'ਹਾਂ ਤੁਹਾਡੇ ਵਿਚ ਕੋਈ ਬੁਰੀ ਆਦਤ ਨਹੀਂ ਹੈ।'
ਮਜਾਜ਼ ਸਾਹਿਬ ਨੇ ਜਵਾਬ ਦਿੱਤਾ, 'ਮੇਰੇ ਵਿਚ ਬਸ ਇਕ ਹੀ ਬੁਰੀ ਆਦਤ ਹੈ ਕਿ ਮੈਂ ਝੂਠ ਬਹੁਤ ਬੋਲਦਾ ਹਾਂ।'

ਸਰਦਾਰ ਪੰਛੀ
-ਪੰਜਾਬ ਮਾਤਾ ਨਗਰ, ਲੁਧਿਆਣਾ-141013.
ਮੋਬਾਈਲ : 94170-91668.

ਕਰੇਲਿਆਂ-ਦੀ ਖੀਰ

ਚੌਧਰ
ਕੱਥਾ ਸਿੰਘ, 'ਯਾਰ ਨੱਥਾ, ਇਹ ਦੱਸ ਬਈ ਆਪਣੇ ਮੁਲਖ ਦੇ ਲੋਕ ਇਹ ਜਾਣਦੇ ਆ, ਬਈ ਰੱਬ ਤੇਰਾ ਭਲਾ ਕਰੇ ਕਿ ਇਨ੍ਹਾਂ ਲੀਡਰਾਂ ਨੇ ਸਾਨੂੰ ਨਾਅਰਿਆਂ ਤੋਂ ਵੱਧ ਕੁਝ ਨੀਂ ਦਿੱਤਾ ਤੇ ਨਾ ਦੇਣੈ। ਫਿਰ ਲੋਕ ਇਨ੍ਹਾਂ ਦੇ ਪਿੱਛੇ-ਪਿੱਛੇ ਕਿਉਂ ਲਗਦੇ ਐ।'
ਨੱਥਾ, 'ਬੜੀ ਸਿੱਧੀ ਗੱਲ ਐ, ਬਈ ਕੁਝ ਚੌਧਰ ਦੇ ਚਾਹਵਾਨ ਵਿਅਕਤੀ ਇਨ੍ਹਾਂ ਦੇ ਪਿੱਛੇ ਲੱਗ ਜਾਂਦੇ ਐ, ਫਿਰ ਅੱਗੋਂ ਉਨ੍ਹਾਂ ਨੂੰ ਆਪਣੇ ਰਿਸ਼ਤਦਾਰ, ਭਾਵ ਇਸੇ ਚੌਧਰ ਦੀ ਭੁੱਖ ਵਾਲੇ ਮਿਲ ਜਾਂਦੇ ਐ ਤੇ ਰੱਬ ਤੇਰਾ ਭਲਾ ਕਰੇ, ਇਹ ਕਾਫ਼ਲਾ ਵਧਦਾ ਈ ਜਾਂਦੈ।'

ਵਿਦਿਆਰਥੀ ਅਤੇ ਮਨੋਵਿਗਿਆਨ
ਮਨੋਵਿਗਿਆਨ ਦੀ ਅਧਿਆਪਕਾ ਮਿਸ ਜੂਲੀ, 'ਵਿਦਿਆਰਥੀਓ, ਤੁਹਾਨੂੰ ਪਤਾ ਹੈ ਕਿ ਅਸੀਂ ਮਨੋਵਿਗਿਆਨ ਵਿਚ ਭਾਵਆਤਮਿਕ ਵੱਲ ਵਧੇਰੇ ਧਿਆਨ ਦਿੰਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਬੱਚਾ ਰੋਂਦਾ ਕਿਉਂ ਹੈਂ?
ਸ਼ੈਲੀ, 'ਜੀ ਮੈਮ, ਜਦੋਂ ਸਾਨੂੰ ਸਕੂਲ ਲਈ ਤਿਆਰ ਕਰਦੇ ਹਨ, ਉਸ ਵਕਤ ਮੈਂ ਬਹੁਤ ਰੋਂਦੀ ਹਾਂ ਜੀ।'
ਮਿਸ ਜੂਲੀ ਹੱਸੀ ਪਰ ਇਸ ਵਿਚ ਉਸ ਨੂੰ ਸਚਾਈ ਦੀ ਝਲਕ ਵੀ ਨਜ਼ਰ ਆਈ।
'ਨੰਦੂ ਤੂੰ ਦੱਸ?'
ਨੰਦੂ, 'ਜੀ ਮੈਡਮ ਜੀ ਸੰਗ ਲਗਦੀ ਐ ਜੀ, ਤੁਸੀਂ ਚਿੰਤੂ ਨੂੰ ਵੀ ਤਾਂ ਪੁੱਛਿਆ ਕਰੋ ਜੀ।'
ਚਿੰਤੂ, 'ਜੀ ਮੈਮ ਜੀ, ਮੈਂ ਕਈ ਵਾਰ ਦੇਖਿਆ ਹੈ ਜੀ, ਜਦੋਂ ਨੰਦੂ ਨੂੰ ਨੰਗਾ ਕਰਕੇ ਨੁਹਾਉਂਦੇ ਸੀ, ਇਹ ਬਹੁਤ ਰੋਂਦਾ ਸੀ ਜੀ।'
ਅਧਿਆਪਕਾ ਦੇ ਨਾਲ-ਨਾਲ ਸਾਰੇ ਬੱਚੇ ਹੱਸਣ ਲੱਗੇ।
ਅਧਿਆਪਕਾ, 'ਅੱਛਾ ਰੋਮੀ ਤੂੰ ਦਸ, ਤੂੰ ਕਦੇ ਰੋਇਆ ਹੈਂ?'
ਰੋਮੀ, 'ਜੀ ਮੈਂ ਕਈ ਵਾਰ ਰੋਇਆ ਹਾਂ ਜੀ।'
ਅਧਿਆਪਕਾ, 'ਕਿਹੜੇ ਕਿਹੜੇ ਕਾਰਨਾਂ ਕਰਕੇ?'
ਰੋਮੀ, 'ਜੀ ਮੈਨੂੰ ਸ਼ਰਮ ਆਉਂਦੀ ਹੈ, ਪਹਿਲਾਂ ਸਾਰੇ ਆਪਣੀਆਂ ਅੱਖਾਂ ਬੰਦ ਕਰੋ।'
ਅਧਿਆਪਕਾ, 'ਬੇਟਾ ਤੂੰ ਸ਼ਰਮ ਨਾ ਕਰ ਅਤੇ ਦੱਸ, ਸਾਰੇ ਬੱਚੇ ਤੇਰੇ ਵਰਗੇ ਹੀ ਹਨ। ਐਹ ਲੈ ਅਸੀਂ
ਆਪਣੀਆਂ ਅੱਖਾਂ ਬੰਦ ਕਰਦੇ ਹਾਂ।'
ਰੋਮੀ, 'ਜਦੋਂ ਜੀ... ਜਦੋਂ ਜੀ ਡੈਡੀ ਮੈਨੂੰ...' ਕਹਿੰਦਿਆਂ ਕਹਿੰਦਿਆਂ ਫਿਰ ਥੋੜ੍ਹਾ ਜਿਹਾ ਹੱਸ ਕੇ ਰੁਕ ਜਾਂਦਾ ਹੈ।
ਅਧਿਆਪਕਾ, 'ਜੇ ਹੁਣ ਨਾ ਦੱਸਿਆ, ਫੇਰ ਅਸਾਂ ਸਭ ਨੇ ਅੱਖਾਂ ਖੋਲ੍ਹ ਲੈਣੀਆਂ ਹਨ, ਯਾਦ ਰੱਖ।'
ਰੋਮੀ, 'ਦੱਸਦਾ ਹਾਂ ਜੀ... ਜਦੋਂ ਡੈਡੀ ਮੈਨੂੰ ਨੰਗਾ ਕਰਕੇ ਕੁੱਟਦੇ ਨੇ ਜੀ... ਮੈਂ ਬਹੁਤ ਰੋਂਦਾ ਹਾਂ ਜੀ...।'
ਸਭ ਬੱਚਿਆਂ ਦਾ ਹਾਸਾ ਨਿਕਲ ਆਇਆ ਅਤੇ ਮਿਸ ਜੂਲੀ ਵੀ ਹੱਸਣੋਂ ਨਾ ਰਹਿ ਸਕੀ।
(ਸਮਾਪਤ)

-ਗੁਰਨਾਮ ਸਿੰਘ ਸੀਤਲ
-ਮਕਾਨ ਨੰਬਰ 582/30, ਪ੍ਰੇਮ ਗਲੀ ਨੰ: ਐਲ-2,
ਐਮ. ਕੇ. ਰੋਡ, ਗੁਰੂ ਹਰਕ੍ਰਿਸ਼ਨ ਨਗਰ, ਖੰਨਾ-141401.
ਮੋਬਾਈਲ : 98761-05647.

ਛੋਟੀ ਕਹਾਣੀ-ਫਰਕ

'ਡੈਡੀ ਅੱਜ ਮੈਨੂੰ ਕਿਤਾਬ ਲਿਆਉਣ ਲਈ ਪੈਸੇ ਚਾਹੀਦੇ ਆ, ਮੇਰਾ ਸਿਲੇਬਸ ਪਿੱਛੇ ਪੈ ਰਿਹਾ ਹੈ।' ਰੀਤੂ ਨੇ ਆਪਣੇ ਡੈਡੀ ਨੂੰ ਦਿਲ ਦੀ ਗੱਲ ਦੱਸਦਿਆਂ ਕਿਹਾ।
ਰੀਤੂ ਦੀ ਗੱਲ ਨੂੰ ਅਣਗੌਲਿਆਂ ਕਰਦੇ ਰੀਤੂ ਦੇ ਡੈਡੀ ਦੂਸਰੇ ਵਿਹੜੇ 'ਚ ਚਲੇ ਗਏ। ਅੱਗੇ ਰੀਤੂ ਦਾ ਭਰਾ ਬੋਲਿਆ, 'ਯਾਰ ਡੈਡੀ ਕਿੰਨੇ ਦਿਨ ਹੋ ਗਏ ਤੈਨੂੰ ਲਾਰੇ ਲਾਈ ਜਾਂਦਿਆਂ, ਤੈਨੂੰ ਪਤਾ ਰੋਜ਼-ਰੋਜ਼ ਨੀਂ ਮੈਥੋਂ ਬੱਸਾਂ 'ਤੇ ਪੜ੍ਹਨ ਜਾਇਆ ਜਾਂਦਾ, ਅੱਜ ਮੈਨੂੰ ਪੈਸੇ ਦਿਉ ਮੋਟਰਸਾਈਕਲ ਲਿਆਉਣ ਨੂੰ, ਨਹੀਂ ਤਾਂ ਫਿਰ...? ਭਟਕੇ ਹੋਏ ਜੀਤ ਨੇ ਆਪਣੇ ਪਿਉ ਨੂੰ ਇਕੋ ਸਾਰੇ ਕਿਹਾ।
ਕੁਝ ਸਮੇਂ ਬਾਅਦ ਪਿਉ ਆੜ੍ਹਤੀਏ ਤੋਂ ਪੈਸੇ ਲੈ ਆਇਆ ਤੇ ਕਹਿਣ ਲੱਗਾ, 'ਲੈ ਪੁੱਤ ਲੈ ਆ ਮੋਟਰ ਸਾਈਕਲ।'
'ਉਹ ਮੇਰਿਆ ਕਮਲਿਆ ਪਿਉਆ, ਮੋਟਰ ਸਾਈਕਲ ਲੈਣਾ ਨਾ ਕਿ ਸਾਈਕਲ। ਅੱਜਕਲ੍ਹ ਮਹਿੰਗਾਈ ਦਾ ਸਮਾਂ ਏ, ਏਨੇ 'ਚ ਤਾਂ ਨਵਾਂ ਸਾਈਕਲ ਨੀਂ ਆਉਣਾ, ਛੇਤੀ ਕਰ ਲਿਆ, ਜਾਵਾਂ ਸ਼ਹਿਰ।' ਜੀਤ ਨੇ ਆਪਣੇ ਪਿਉ ਨੂੰ ਰੋਅਬ ਵਿਚ ਉੱਚੀ-ਉੱਚੀ ਕਿਹਾ।
ਦੁਖੀ ਹੋਇਆ ਪਿਉ ਫਿਰ ਆੜ੍ਹਤੀਏ ਕੋਲ ਚਲਾ ਗਿਆ, ਆੜ੍ਹਤੀਏ ਨੇ ਹੋਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਦੁਖੀ ਹੋਏ ਆਉਂਦੇ ਆਉਂਦੇ ਜੰਗੀਰ ਨੂੰ ਰਸਤੇ ਵਿਚ ਆਉਂਦੇ ਜਿਗਰੀ ਯਾਰ ਸੰਤੇ ਨੇ ਪੁੱਛਿਆ ਤਾਂ ਜੰਗੀਰ ਨੇ ਭਰੇ ਮਨ ਨਾਲ ਦਿਲ ਦੀ ਭੜਾਸ ਕੱਢਦੇ ਹੋਏ ਕਿਹਾ ਕਿ ਰੀਤੂ ਨੂੰ ਤਾਂ ਮਹੀਨਾ ਹੋ ਗਿਆ ਪੰਜ ਸੌ ਰੁਪਿਆ ਕਿਤਾਬਾਂ ਲੈਣ ਵਾਸਤੇ ਮੰਗਦੀ ਨੂੰ, ਪਰ ਇਹ ਕੰਜਰ ਕਦੇ ਮੋਬਾਈਲ, ਕਦੇ ਕੱਪੜੇ, ਕਦੇ ਬੂਟ ਤੇ ਕਦੇ ਕੁਝ, ਹੁਣ ਕਹਿੰਦਾ ਨਵਾਂ ਮਹਿੰਗਾ ਮੋਟਰਸਾਈਕਲ ਲੈਣਾ, ਚੰਗੇ ਮੋਟਰਸਾਈਕਲ ਲਿਆਉਣ ਜੋਗੇ ਪੈਸੇ ਵੀ ਦਿੱਤੇ ਕਹਿੰਦਾ ਥੋੜ੍ਹੇ ਆ, ਹੋਰ ਲਿਆ, ਭਾਈ ਇਹਨੇ ਤਾਂ ਸਾਡੇ ਨੱਕ 'ਚ ਦਮ ਕਰ ਰੱਖਿਆ, ਪੜ੍ਹਦਾ ਹੈ ਨੀਂ, ਖਰਚਾ ਜ਼ਿਆਦਾ।
ਸੰਤਾ ਬੋਲਿਆ 'ਬਸ ਯਾਰ ਇਹੀ ਫਰਕ ਏ ਧੀ ਤੇ ਪੁੱਤ 'ਚ।'

-ਵੀਰਪਾਲ ਕੌਰ ਬਰਾੜ
ਸਪੁੱਤਰੀ ਸ: ਹਰਦੇਵ ਸਿੰਘ ਗੋਗੀ ਬਰਾੜ, ਭਗਤਾ (ਬਠਿੰਡਾ)
ਮੋਬਾ: 90417-56411.

ਯਾਦਾਂ ਦੇਸ਼ ਵੰਡ ਦੀਆਂ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੈਂ (ਗਿਆਨੀ ਗੁਰਦੀਪ ਸਿੰਘ) ਹੁਣ ਉਮਰ 69 ਸਾਲ, ਮੇਰਾ ਛੋਟਾ ਭਰਾ ਗੁਰਦਿਆਲ ਸਿੰਘ ਹੁਣ ਉਮਰ 66 ਸਾਲ, ਮੇਰੀ ਮਾਂ ਕਰਤਾਰ ਕੌਰ (ਤਾਰੋ) ਹੁਣ ਉਮਰ ਤਕਰੀਬਨ 88 ਸਾਲ, ਹੀ ਉਸ 47 ਦੇ ਘੱਲੂਘਾਰੇ ਵਿਚੋਂ ਬਚੇ ਸੀ। ਉੱਜੜਨ ਤੋਂ ਬਾਅਦ ਸਾਡਾ ਵਸੇਬਾ ਕਿਸ ਤਰ੍ਹਾਂ ਹੋਇਆ, ਇਹ ਇਕ ਵੱਖਰੀ ਕਹਾਣੀ ਹੈ। ਮੈਂ ਛੇਹਰਟਾ (ਅੰਮ੍ਰਿਤਸਰ) ਵਿਚ ਰਹਿ ਰਿਹਾ ਹਾਂ ਅਤੇ ਮੇਰਾ ਛੋਟਾ ਭਰਾ ਘੁਮਾਣ (ਗੁਰਦਾਸਪੁਰ) ਵਿਖੇ ਰਹਿ ਰਿਹਾ ਹੈ। ਰੱਬ ਰੂਪ ਮਾਂ ਆਪਣੀ ਮਰਜ਼ੀ ਮੁਤਾਬਿਕ ਕਦੀ ਛੇਹਰਟੇ ਤੇ ਕਦੀ ਘੁਮਾਣ ਰਹਿੰਦੀ ਹੈ।ਡਿਸਪਲੇਸਮੈਂਟ ਪਰਸਨਜ਼ (ਕਲੇਮਜ਼) ਐਕਟ 1950 ਅਨੁਸਾਰ ਸਾਡੇ ਵਰਗੇ ਪਰਿਵਾਰਾਂ ਨੂੰ ਜੋ ਸ਼ਰਨਾਰਥੀ ਬਣ ਕੇ ਭਾਰਤ ਵਿਚ ਆਏ ਸਨ, ਉਨ੍ਹਾਂ ਦੀ ਅਨੁਮਾਨਤ ਚੱਲ ਤੇ ਅਚੱਲ ਜਾਇਦਾਦ ਦਾ ਸਿਰਫ਼ 10 ਪ੍ਰਤੀਸ਼ਤ ਰਾਹਤ ਹੀ ਹਾਸਲ ਹੋ ਸਕੀ। ਹੋ ਸਕਦਾ ਹੈ ਕਈਆਂ ਨੂੰ ਕੋਈ ਮੁਆਵਜ਼ਾ ਵੀ ਨਾ ਮਿਲਿਆ ਹੋਵੇ। ਜਾਨੀ ਨੁਕਸਾਨ ਦਾ ਤਾਂ ਕੋਈ ਅੱਜ ਤੱਕ ਵੀ ਮੁਆਵਜ਼ੇ ਦਾ ਖਿਆਲ ਕਦੀ ਵੀ ਕਿਸੇ ਗੌਰਮਿੰਟ ਨੂੰ ਨਹੀਂ ਆਇਆ। ਇਸ ਕਤਲੋਗਾਰਤ ਵਿਚ ਵਿਧਵਾ ਤੇ ਅਨਾਥ ਹੋਏ ਬੱਚਿਆਂ ਦੀ 65 ਸਾਲ ਬੀਤ ਜਾਣ ਬਾਅਦ ਵੀ ਕਿਸੇ ਨੇ ਸਾਰ ਨਹੀਂ ਲਈ। ਹਰ ਸਾਲ ਜਦੋਂ ਆਜ਼ਾਦੀ ਦਿਵਸ ਆਉਂਦਾ ਹੈ, ਸਾਡਾ ਪਰਿਵਾਰ ਆਜ਼ਾਦੀ ਦੇ ਦਿਵਸ ਨੂੰ ਭੁੱਲ ਕੇ ਗ਼ਮਗੀਨ ਤੇ ਵਲੂੰਧਰੇ ਹੋਏ ਮਨਾਂ ਨਾਲ ਸੋਚਦਾ ਹੈ ਕਿ ਆਖਰਕਾਰ ਹਿੰਦੁਸਤਾਨ ਦੀ ਆਜ਼ਾਦੀ ਲਈ ਇਕੱਠੇ ਲੜ ਰਹੇ ਹਿੰਦੂ-ਸਿੱਖ ਤੇ ਮੁਸਲਮਾਨਾਂ ਨੇ ਦੋ ਦੇਸ਼ ਬਣਾਉਣੇ ਕਿਉਂ ਮੰਨੇ। ਜੇ ਇੰਝ ਨਾ ਹੁੰਦਾ ਤਾਂ ਏਡੀ ਵੱਡੀ ਕਤਲੋ-ਗਾਰਤ ਨਹੀਂ ਸੀ ਹੋਣੀ। ਇਸ ਸੰਤਾਪ ਤੋਂ ਅੱਗੇ ਵਾਸਤੇ ਖ਼ੁਦ ਸਿੱਟੇ ਕੱਢਣੇ ਚਾਹੀਦੇ ਹਨ। ਇਕ ਤਾਂ ਦੋਹਾਂ ਦੇਸ਼ਾਂ ਨੂੰ ਇਸ ਵੰਡ 'ਤੇ ਪਛਤਾਤਾਪ ਕਰਨਾ ਚਾਹੀਦਾ ਹੈ। ਦੇਸ਼ ਦੀ ਵੰਡ ਨਹੀਂ ਹੋਣੀ ਚਾਹੀਦੀ ਸੀ। ਜੇ ਹੋ ਗਈ ਸੀ ਤਾਂ ਅਦਲਾ-ਬਦਲੀ ਨਹੀਂ ਸੀ ਹੋਣੀ ਚਾਹੀਦੀ। ਨਵੀਂ ਪੀੜ੍ਹੀ ਨੂੰ ਆਪਸੀ ਮਿਲਵਰਤਨ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਕੱਟੜਵਾਦੀ ਫਿਰਕਾਪ੍ਰਸਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਹੋਰ ਇਹੋ ਜਿਹੀ ਦੇਸ਼ ਦੀ ਵੰਡ ਨਾ ਹੋਵੇ।
ਸੱਚੀ ਗੱਲ ਤਾਂ ਇਹੋ ਹੀ ਹੈ ਕਿ ਦਿਲ ਚਾਹੁੰਦਾ ਹੈ ਕਿ ਅੱਜ ਵੀ ਕੋਈ ਇਜਾਜ਼ਤ ਦੇਵੇ ਤਾਂ ਉਹ ਉੱਡ ਕੇ ਆਪਣੇ ਪੁਰਖਿਆਂ ਦੀ ਜੰਮਣ ਭੋਇੰ ਨੂੰ ਨਮਸਕਾਰ ਤੇ ਸਿਜਦਾ ਕਰਨ ਚਲੇ ਜਾਣ। (ਸਮਾਪਤ)

ਕਾ: ਗਿਆਨੀ ਗੁਰਦੀਪ ਸਿੰਘ 'ਕੰਬੋਜ'
-ਸਾਬਕਾ ਮੈਂਬਰ ਪੰਜਾਬ ਸਟੇਟ ਕੌਂਸਲ, ਸੀ. ਪੀ. ਆਈ.।
ਮੋਬਾ: 98558-44033.

ਕਾਵਿ-ਵਿਅੰਗ

ਨੱਕ
 ਨਵਰਾਹੀ ਘੁਗਿਆਣਵੀ 
ਨਿੱਤ ਨਿੱਤ ਦੇ ਘਪਲ ਘੁਟਾਲਿਆਂ ਨੇ,
ਅਰਥਚਾਰੇ ਦਾ ਤੋੜਿਆ ਲੱਕ ਮਿੱਤਰੋ।
ਸਾਂਹਵੇਂ ਹੁੰਦੀਆਂ ਵੇਖ ਕੇ ਵਾਰਦਾਤਾਂ,
ਆਮ ਆਦਮੀ ਗਿਆ ਹੈ ਅੱਕ ਮਿੱਤਰੋ।
ਖੋਟੀ ਨੀਅਤ ਹੈ ਸ਼ਾਇਦ ਪ੍ਰਬੰਧਕਾਂ ਦੀ,
ਰੋੜਾ ਰਾਹ ਦਾ ਬਣ ਗਿਆ ਸ਼ੱਕ ਮਿੱਤਰੋ।
ਮੂਹਰੇ ਦੇਸ਼ ਦੇ ਢੇਰ ਚੁਣੌਤੀਆਂ ਨੇ,
ਕਿਵੇਂ ਰਹੇਗਾ ਕੌਮ ਦਾ ਨੱਕ ਮਿੱਤਰੋ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ।
ਮੋਬਾਈਲ : 98150-02302.

ਯਾਦਾਂ ਦੇਸ਼ ਵੰਡ ਦੀਆਂ

ਭਾਰਤ ਪਾਕਿ ਵੰਡ ਸਮੇਂ ਦੋਵੇਂ ਦੇਸ਼ਾਂ ਦੇ 2 ਕਰੋੜ ਲੋਕ ਘਰੋਂ ਬੇਘਰ ਹੋਏ ਸਨ ਅਤੇ 20 ਲੱਖ ਦੇ ਕਰੀਬ ਲੋਕ ਮਾਰੇ ਗਏ ਸਨ | ਇਨ੍ਹਾਂ ਵਿਚ ਬਹੁ-ਗਿਣਤੀ ਦੋਵੇਂ ਪੰਜਾਬਾਂ ਦੀ ਸੀ | ਗੋਦੀ ਲਏ ਬੱਚਿਆਂ ਨੂੰ ਵੀ ਗੋਲੀਆਂ ਤੇ ਬਰਛਿਆਂ ਨੇ ਉਸ ਵੇਲੇ ਨਹੀਂ ਸੀ ਬਖਸ਼ਿਆ | ਇਹ ਵਰਤਾਰਾ ਦੋਹਾਂ ਧਰਮਾਂ ਦੇ ਫਿਰਕਾਪ੍ਰਸਤ ਕੱਟੜਵਾਦੀਆਂ ਨੇ ਤਕਰੀਬਨ ਇਕੋ ਜਿਹਾ ਹੀ ਕੀਤਾ ਸੀ |
ਹਿੰਦ-ਪਾਕਿ ਵੰਡ ਵੇਲੇ ਮੇਰੀ ਉਮਰ ਸਾਢੇ 4 ਸਾਲ ਅਤੇ ਮੇਰੇ ਛੋਟੇ ਭਰਾ ਦੀ ਉਮਰ ਢਾਈ ਸਾਲ ਸੀ | ਵੱਡੇ ਪਰਿਵਾਰ ਵਿਚੋਂ ਇਕੱਲੀ ਹੀ ਬਚੀ ਮੇਰੀ ਮਾਤਾ ਕਰਤਾਰ ਕੌਰ (ਤਾਰੋ) ਦੀ ਉਮਰ 22 ਸਾਲ ਸੀ | ਮੇਰੀ ਮਾਤਾ ਜੀ ਦੇ ਦੱਸਣ ਮੁਤਾਬਿਕ ਸਾਡਾ ਪੁਰਖਿਆਂ ਦਾ ਪਿੰਡ ਛਾਪਾ ਵਾਹਗਾ ਸਰਹੱਦ ਤੋਂ 5 ਮੀਲ ਅੰਦਰ ਪਾਕਿਸਤਾਨ ਵੱਲ ਸੀ | 1947 ਦੇ ਵਾਕਿਆ ਬਾਰੇ ਦੱਸਦੀ-ਦੱਸਦੀ ਉਹ ਭਾਵੁਕ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਾਕਾ ਛੱਡੋ, ਮੇਰੇ ਵੱਡੇ ਕਹਿੰਦੇ ਸੀ ਕਿ ਅਸਲ ਜਾਇਦਾਦ ਪੁੱਤਰ-ਧੀਆਂ ਹੀ ਹੁੰਦੇ ਹਨ | ਤੁਸੀਂ ਬਚ ਕੇ ਆ ਗਏ, ਸਾਰੀ ਜਾਇਦਾਦ ਆ ਗਈ | ਉਨ੍ਹਾਂ ਦੇ ਦੱਸਣ ਮੁਤਾਬਿਕ ਮੇਰੇ ਦਾਦਾ ਜੀ ਮੁਨਸ਼ੀ ਜੀਵਨ ਸਿੰਘ ਪੁਲ ਕੰਜਰੀ ਵਿਖੇ ਸਾਰੀ ਉਮਰ ਅਧਿਆਪਕ ਰਹੇ | ਉਹ ਬੜੇ ਸਾਊ ਸੁਭਾਅ ਦੇ ਮਾਲਕ ਸਨ | ਹਰ ਜਾਤ ਧਰਮ ਦੇ ਲੋਕ ਉਨ੍ਹਾਂ ਨੂੰ ਗੁਰੂ ਜੀ ਕਹਿ ਕੇ ਮਾਣ ਦਿੰਦੇ ਸਨ | ਮੇਰੇ ਤਾਇਆ ਜੀ ਡਾਕਖਾਨੇ ਵਿਚ (ਲਾਹੌਰ) ਨੌਕਰੀ ਕਰਦੇ ਕੰਮ ਕਰਦੇ ਸਨ | ਉਸ ਵੇਲੇ ਉਨ੍ਹਾਂ ਦੀ ਉਮਰ 24 ਸਾਲ, ਜੁੱਸਾ ਸੋਹਣਾ ਤੇ ਹੱਥ ਵਿਚ ਤਿੰਨ ਫੁੱਟ ਦੀ ਕਿਰਪਾਨ ਰੱਖਦੇ ਸਨ | ਧਾਰਮਿਕ ਵਿਚਾਰਾਂ ਦੇ ਧਾਰਨੀ ਸਨ |
ਮਾਂ ਦੱਸਦੀ ਹੈ ਕਿ ਸਾਡੇ ਪਿੰਡ ਵਾਲੇ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਛਾਪਾ ਪਿੰਡ ਪਾਕਿਸਤਾਨ ਵਿਚ ਆ ਜਾਵੇਗਾ | ਹੱਦਬੰਦੀ ਦਾ ਫੈਸਲਾ ਰੈੱਡਕਲਿੱਫ ਬਾਊਾਡਰੀ ਕਮਿਸ਼ਨ ਨੇ 15 ਅਗਸਤ 1947 ਤੋਂ ਪਹਿਲਾਂ-ਪਹਿਲਾਂ ਦੇਣਾ ਸੀ ਪਰ ਉਹ ਅਜਿਹਾ ਨਹੀਂ ਸੀ ਕਰ ਸਕਿਆ | 15 ਅਗਸਤ ਤੋਂ ਇਕ ਦਿਨ ਪਹਿਲਾਂ ਤਾਂ 14 ਅਗਸਤ 1947 ਨੂੰ ਸਮੁੱਚਾ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਵਿਚ ਚਲਾ ਗਿਆ ਸੀ | ਇਸ ਦਿਨ ਤਹਿਸੀਲ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਵਿਚ ਪਾਕਿਸਤਾਨ ਦੇ ਝੰਡੇ ਵੀ ਝੁਲਾਏ ਗਏ | ਬਾਅਦ ਵਿਚ 17 ਅਗਸਤ 1947 ਦੀ ਸਵੇਰ ਨੂੰ ਐਲਾਨ ਹੋਇਆ ਕਿ ਇਹ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਭਾਰਤ ਵਿਚ ਤੇ ਲਾਇਲਪੁਰ, ਨਨਕਾਣਾ ਸਾਹਿਬ ਅਤੇ ਸ਼ੇਖੂਪੁਰਾ ਪਾਕਿਸਤਾਨ ਵਿਚ ਚਲੇ ਗਏ ਹਨ | 17 ਅਗਸਤ ਨੂੰ ਸਾਡਾ ਪਿੰਡ ਛਾਪਾ ਪਾਕਿਸਤਾਨ ਵਿਚ ਜਾਣ ਦਾ ਰੌਲਾ ਪੈਣ ਦੀ ਦੇਰ ਸੀ ਕਿ ਲਾਗਲੇ ਪਿੰਡਾਂ ਵਿਚੋਂ ਦੂਸਰੇ ਫਿਰਕਿਆਂ ਦੇ ਲੋਕਾਂ ਨੇ ਅੱਗਾਂ ਲਾਉਣੀਆਂ ਤੇ ਲੁੱਟ-ਖੋਹ ਕਰਨੀ ਸ਼ੁਰੂ ਕਰ ਦਿੱਤੀ | ਰੌਲਾ ਪੈਣ ਤੋਂ ਪਹਿਲਾਂ ਪਿਤਾ ਜੀ ਘਰ ਵਿਚ ਨਹੀਂ ਸਨ | ਉਹ ਲਾਗਲੇ ਪਿੰਡ ਵਿਚੋਂ ਕਿਰਪਾਨ ਠਪਾਉਣ ਗਏ ਹੋਏ ਸਨ | ਮੇਰੇ ਦਾਦਾ ਤੇ ਦਾਦੀ ਜੀ ਵਾਰ-ਵਾਰ ਕਹਿ ਰਹੇ ਸਨ ਕਿ ਸਾਨੂੰ ਘਰੇ ਰਹਿਣ ਦਿਉ, ਸਾਨੂੰ ਕਿਸੇ ਨੇ ਕੀ ਆਖਣਾ ਹੈ | ਪਿਤਾ ਜੀ ਦੇ ਆਉਣ 'ਤੇ ਪਿੰਡ ਵਿਚ ਕੱਟ-ਵੱਢ ਜ਼ੋਰਾਂ 'ਤੇ ਹੋ ਰਹੀ ਸੀ | ਉਨ੍ਹਾਂ ਨੇ ਕਾਹਲੀ-ਕਾਹਲੀ ਵਿਚ ਮੇਰੀ ਮਾਤਾ ਜੀ ਅਤੇ ਸਾਨੂੰ ਦੋਹਾਂ ਭਰਾਵਾਂ ਨੂੰ ਉਂਗਲੀ ਲਾਈ ਤੇ ਮਾੜਾ²-ਮੋਟਾ ਕੱਪੜਾ ਟਰੰਕ ਵਿਚ ਪਾ ਲਿਆ ਤੇ ਬਾਕੀ ਪਰਿਵਾਰ ਨਾਲ ਲਾਗਲੇ ਪਿੰਡ ਨਰਵੜ ਵੱਲ ਨੂੰ ਚੱਲ ਪਏ | ਪਿੰਡ ਨਰਵੜ ਪਹੁੰਚੇ ਹੀ ਸਾਂ ਕਿ ਕਿਸੇ ਨੇ ਪਿਤਾ ਜੀ ਨੂੰ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਜੋ ਛਾਪਾ ਪਿੰਡ ਵਿਚ ਹੀ ਜ਼ਿਦ ਕਰਕੇ ਰਹਿ ਗਏ ਸਨ, ਨੂੰ ਚੁਬਾਰੇ ਵਿਚ ਸੁੱਟ ਕੇ ਮਾਰ ਦਿੱਤਾ ਗਿਆ ਹੈ ਅਤੇ ਲੁੱਟ-ਪੁੱਟ ਕੇ ਘਰ ਨੂੰ ਅੱਗ ਲਗਾ ਦਿੱਤੀ ਹੈ | ਪਰਿਵਾਰ ਦੇ ਦੂਸਰੇ ਮੈਂਬਰ ਪਿਤਾ ਜੀ ਨੂੰ ਪਿੰਡ ਜਾਣ ਤੋਂ ਰੋਕ ਰਹੇ ਸਨ ਪਰ ਜ਼ਿਦ ਕਰਕੇ ਪਿਤਾ ਜੀ ਬਚਦੇ-ਬਚਾਉਂਦੇ ਚਲੇ ਗਏ | ਅੱਖੀਂ ਦੇਖਿਆ ਕਿ ਉਨ੍ਹਾਂ ਦੇ ਪਿਤਾ (ਮੇਰੇ ਦਾਦਾ ਜੀ) ਅਤੇ ਉਨ੍ਹਾਂ ਦੀ ਮਾਤਾ (ਦਾਦੀ ਜੀ) ਦੀਆਂ ਲੋਥਾਂ ਗਲੀ ਵਿਚ ਪਈਆਂ ਸਨ ਤੇ ਘਰ ਵਿਚ ਪੁੱਟ-ਪੁਟਾਈ ਕਰਕੇ ਅੱਗ ਲਗਾਈ ਹੋਈ ਸੀ | ਪਿੰਡ ਦੇ ਕੁਝ ਚੰਗੇ ਲੋਕਾਂ ਨੇ ਪਿਤਾ ਜੀ ਨੂੰ ਕਿਹਾ ਕਿ ਲਾਭ ਸਿਹਾਂ ਜੋ ਹੋਣਾ ਹੋ ਗਿਆ ਪਰ ਤੂੰ ਹੁਣ ਆਪਣੀ ਜਾਨ ਬਚਾ | ਬਹੁਤ ਅਨਰਥ ਹੋ ਰਿਹਾ ਹੈ |
ਨਵਰੜ ਪਿੰਡ ਵਿਚ ਰਾਤ ਜਾਗ ਕੇ ਕੱਟਣ ਤੋਂ ਬਾਅਦ ਅਗਲੀ ਸਵੇਰ ਸਾਡਾ ਸ਼ਰਨਾਰਥੀ ਜਥਾ ਮੰਜ਼ਿਲ ਵੱਲ ਨੂੰ ਤੁਰਿਆ | ਸਾਵਨ ਦਾ ਮਹੀਨਾ ਸੀ | ਮੀਂਹ ਜ਼ੋਰਾਂ 'ਤੇ ਪੈ ਰਿਹਾ ਸੀ | ਕੱਟ-ਵੱਡ ਹੋਣ ਕਰਕੇ ਹੈਜ਼ਾ . ਵੀ ਫੈਲਿਆ ਹੋਇਆ ਸੀ | ਬੂੰਦਾਂ-ਬਾਂਦੀ ਹੋ ਰਹੀ ਸੀ | ਪਿੰਡੋਂ ਬਾਹਰ ਨਿਕਲਦਿਆਂ ਹੀ ਗਸ਼ਤ ਕਰ ਰਹੀ ਬਲੋਚ ਮਿਲਟਰੀ ਨੇ ਭਾਰਤ ਆ ਰਹੇ ਜਥੇ ਨੂੰ ਘੇਰ ਲਿਆ | ਅੰਨ੍ਹੇਵਾਹ ਬੇਧਿਆਨੇ ਹੋਏ ਲੋਕ ਗਿੱਲੀਆਂ ਪੈਲੀਆਂ ਤੇ ਕਮਾਦ ਦੇ ਖੇਤਾਂ ਵਿਚ ਇਸ ਕਰਕੇ ਲੰਮੇ ਪੈ ਗਏ ਕਿ ਗੋਲੀਆਂ ਉੱਪਰ ਦੀ ਲੰਘ ਜਾਣਗੀਆਂ ਤੇ ਉਹ ਬਚ ਜਾਣਗੇ | ਪਰ ਬਲੋਚ ਮਿਲਟਰੀ ਨੇ ਚੁਣ-ਚੁਣ ਕੇ ਜਵਾਨਾਂ ਨੂੰ ਗੋਲੀਆਂ ਮਾਰੀਆਂ | ਮਿੰਟਾਂ-ਸਕਿੰਟਾਂ ਵਿਚ ਲਹੂ-ਲੁਹਾਣ ਹੋਈਆਂ ਲੋਥਾਂ ਨੂੰ ਛੱਡ ਕੇ ਹੱਸਦੇ-ਹੱਸਦੇ ਅੱਗੇ ਨਿਕਲ ਗਏ | ਇਸ ਗੋਲੀਬਾਰੀ ਵਿਚ ਮੇਰੇ ਪਿਤਾ ਜੀ ਵੀ ਗੱਲ੍ਹ ਵਿਚ ਗੋਲੀ ਲੱਗਣ ਨਾਲ ਮਾਰੇ ਗਏ ਸਨ | ਮੇਰੀ ਬਾਂਹ ਵਿਚ ਵੀ ਗੋਲੀ ਲੱਗੀ ਹੋਈ ਸੀ | ਮੇਰੇ ਛੋਟੇ ਭਰਾ ਗੁਰਦਿਆਲ ਦੇ ਪੱਟ ਵਿਚ ਗੋਲੀ ਲੱਗ ਕੇ ਲਹੂ-ਲੁਹਾਣ ਹੋਇਆ ਪਿਆ ਸੀ | ਮਾਤਾ (ਕਰਤਾਰ ਕੌਰ) ਦਾ ਸਰੀਰ ਗੋਲੀਆਂ ਦੇ ਛਰਲਿਆਂ ਨਾਲ ਛਾਨਣੀ-ਛਾਨਣੀ ਹੋਇਆ ਪਿਆ ਸੀ | ਇਕ ਗੋਲੀ ਉਨ੍ਹਾਂ ਦੀ ਨੇਂਘ ਵਿਚ ਲੱਗੀ ਸੀ | ਇਕੱਲੀ ਰਹਿ ਗਈ ਵਿਧਵਾ ਜਿਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਧਰ ਜਾਵੇ | ਸੁਭਾਗ ਇੰਝ ਹੋਇਆ ਕਿ ਏਨੇ ਨੂੰ ਕੋਈ ਫਰਿਸ਼ਤਾ ਰੂਪੀ ਰਾਹਗੀਰ ਸਾਈਕਲ 'ਤੇ ਉਧਰੋਂ ਲੰਘਿਆ | ਉਸ ਨੇ ਦੇਖਿਆ ਕਿ ਲੋਥਾਂ ਵਿਚ ਇਕ ਔਰਤ ਜ਼ਿੰਦਾ ਹੈ | ਮਾਤਾ ਦੱਸਦੀ ਹੈ ਕਿ ਉਸ ਨੇ ਕਿਹਾ ਭੈਣ ਮੇਰੇ ਸਾਈਕਲ ਮਗਰ ਬੈਠ ਜਾ ਮੈਂ ਤੈਨੂੰ ਅਟਾਰੀ ਦੇ ਹਸਪਤਾਲ ਵਿਚ ਦਾਖਲ ਕਰਵਾ ਦਿੰਦਾ ਹਾਂ | ਮਾਤਾ ਨੇ ਨਾਂਹ ਕੀਤੀ ਪਰ ਰਾਹਗੀਰ ਨੇ ਕਿਹਾ ਕਿ ਬੀਬੀ ਤੂੰ ਮੇਰੀ ਧਰਮ ਭੈਣ ਹੈਂ, ਮੇਰੇ ਕੋਲੋਂ ਝਿਜਕ ਨਾ | ਮਾਤਾ ਨੇ ਕਿਹਾ, ਵੀਰ ਮੇਰੇ ਕੱਪੜੇ ਗੋਲੀਆਂ ਲੱਗਣ ਕਾਰਨ ਨੰਗੇਜ਼ ਢਕਣ ਦੇ ਕਾਬਲ ਨਹੀਂ | ਉਸ ਧਰਮ 'ਭਰਾ' ਨੇ ਮੂੰਹ ਪਰ੍ਹੇ ਕਰਕੇ ਆਪਣੇ ਮੋਢੇ ਤੋਂ ਪਰਨਾ ਲਾਹ ਕੇ ਦਿੱਤਾ ਤੇ ਫਿਰ ਮੇਰੀ ਮਾਤਾ ਨੇ ਉਹ ਪਰਨਾ ਤਨ 'ਤੇ ਵਲੇ੍ਹਟ ਲਿਆ | ਮੇਰੀ ਫੱਟੜ ਹੋਈ ਮਾਂ ਮੈਨੂੰ ਲੈ ਕੇ ਉਹਦੇ ਸਾਈਕਲ ਪਿੱਛੇ ਬੈਠ ਗਈ | ਉਸ ਨੇ ਸਾਨੂੰ ਅਟਾਰੀ ਦੇ ਹਸਪਤਾਲ ਵਿਚ ਦਾਖਲ ਕਰਾਇਆ | ਮੇਰੇ ਫੱਟੜ ਹੋਏ ਛੋਟੇ ਭਰਾ ਗੁਰਦਿਆਲ ਨੂੰ ਕੋਈ ਸਬੰਧੀ ਇਹ ਜਾਣ ਕੇ ਚੁੱਕ ਕੇ ਲੈ ਗਿਆ ਕਿ ਸਾਰੇ ਮੈਂਬਰ ਮਰ ਚੁੱਕੇ ਹਨ ਤੇ ਇਹੋ ਹੀ ਬਚਿਆ ਹੈ |

(ਬਾਕੀ ਅਗਲੇ ਅੰਕ 'ਚ)

ਕਾ: ਗਿਆਨੀ ਗੁਰਦੀਪ ਸਿੰਘ 'ਕੰਬੋਜ'
-ਸਾਬਕਾ ਮੈਂਬਰ ਪੰਜਾਬ ਸਟੇਟ ਕੌਾਸਲ, ਸੀ. ਪੀ. ਆਈ.
ਮੋਬਾ: 98558-44033.

ਸਫ਼ਲਤਾ ਦੀ ਮੁਸਕਰਾਹਟ

ਰੱਬ ਨੇ ਕੁਝ ਮਨੁੱਖ ਤਾਂ ਅਜਿਹੇ ਬਣਾਏ ਹਨ ਕਿ ਜਿਨ੍ਹਾਂ ਵੱਲੋਂ ਸਹਿਜ-ਸੁਭਾਅ, ਜਾਣੇ-ਅਣਜਾਣੇ ਜਾਂ ਅਣਭੋਲਪੁਣੇ ਵਿਚ ਕਹੀਆਂ ਗਈਆਂ ਗੱਲਾਂ ਦਰਦਾਂ ਨਾਲ ਕਰਾਹ ਰਹੇ ਮਰੀਜ਼ਾਂ ਅਤੇ ਸੁਣਨ ਵਾਲਿਆਂ ਦੇ ਚਿਹਰਿਆਂ 'ਤੇ ਮੁਸਕਰਾਹਟਾਂ ਲਿਆ ਦਿੰਦੀਆਂ ਹਨ | ਨਿਮਾਣਾ ਸਿਹੁੰ ਦਾ ਵੀ ਤੋਰਾ-ਫੇਰਾ ਕੁਝ ਜ਼ਿਆਦਾ ਹੋਣ ਕਰਕੇ ਅਜਿਹੇ ਕਿੱਸੇ ਆਮ ਹੀ ਉਸ ਨੂੰ ਦੇਖਣ ਸੁਣਨ ਨੂੰ ਮਿਲਦੇ | ਇਕ ਦਿਨ ਨਿਮਾਣੇ ਨੂੰ ਉਸ ਦੇ ਅਫਸਰ ਨੇ ਹਸਪਤਾਲ ਵਿਚ ਕਿਸੇ ਮਰੀਜ਼ ਨਾਲ ਪੱਟੀ ਕਰਵਾਉਣ ਲਈ ਭੇਜਿਆ | ਮਰੀਜ਼ ਕੁਝ ਜ਼ਿਆਦਾ ਹੀ ਦਰਦ ਮਹਿਸੂਸ ਕਰ ਰਿਹਾ ਸੀ | ਇਸੇ ਕਰਕੇ ਪੱਟੀ ਕਰਦਿਆਂ ਡਾਕਟਰ ਸਾਹਿਬ ਨੇ ਮਰੀਜ਼ ਨਾਲ ਗੱਲਾਂ-ਬਾਤਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਹੋਰ ਹਾਲ-ਚਾਲ ਪੁੱਛਿਆ | ਮਰੀਜ਼ ਨੇ ਵੀ ਡਾ:” ਸਾਹਿਬ ਨੂੰ ਖੁੱਲ੍ਹ ਕੇ ਗੱਲਬਾਤ ਕਰਦਿਆਂ ਦੇਖ ਗੱਲ ਕਰਨੀ ਸ਼ੁਰੂ ਕੀਤੀ, 'ਡਾ: ਸਾਹਿਬ, ਜਦੋਂ ਮੇਰੇ ਪਹਿਲਾਂ ਸੱਟ ਲੱਗੀ ਸੀ, ਉਦੋਂ ਵੀ ਤੁਸੀਂ ਇਲਾਜ ਕੀਤਾ ਸੀ | ਹੁਣ ਸੱਟ ਲੱਗੀ, ਆਹ ਦੇਖ ਲਵੋ, ਹੁਣ ਵੀ ਤੁਸੀਂ ਪੱਟੀ ਕਰ ਰਹੇ ਹੋ ਜੀ | ਪਰ ਡਾ: ਸਾਹਿਬ ਜਦ ਤੁਸੀਂ ਮੇਰਾ ਪਹਿਲਾਂ ਇਲਾਜ ਕੀਤਾ ਸੀ ਨਾ, ਉਦੋਂ ਤਾਂ ਹਸਪਤਾਲ ਵੀ ਨਿੱਕਾ ਜਿਹਾ ਸੀ, ਮਰੀਜ਼ ਵੀ ਘੱਟ-ਵੱਧ ਹੀ ਆਉਂਦੇ ਸਨ, (ਬੈੱਡਾਂ 'ਤੇ ਪਏ ਮਰੀਜ਼ਾਂ ਵੱਲ ਵੇਖ ਅਤੇ ਹੋਰ ਦਵਾਈ ਲੈਣ ਵਾਲਿਆਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ ਵੱਲ ਝਾਤੀ ਮਾਰ ਕੇ) ਪਰ ਹੁਣ ਤੇ ਪ੍ਰਮਾਤਮਾ ਦੀ ਪੂਰੀ ਮਿਹਰ ਆ ਜੀ | ਮਰੀਜ਼ ਅਤੇ ਉਨ੍ਹਾਂ ਦੇ ਵਾਰਿਸ ਜਿਥੇ ਉਸ ਦੇ ਇਹ ਵਾਰਤਾਲਾਪ ਦੇ ਭੋਲੇ-ਭਾਲੇ ਬੋਲ ਸੁਣ ਕੇ ਚਿਹਰਿਆਂ 'ਤੇ ਹੈਰਾਨੀ ਜਿਹੀ ਪ੍ਰਗਟਾ ਰਹੇ ਸਨ, ਉਥੇ ਡਾ: ਸਾਹਿਬ ਅਤੇ ਸਟਾਫ ਸਫ਼ਲਤਾ ਦੀ ਮੁਸਕਰਾਹਟ ਨੂੰ ਰੋਕਣ ਦੀ ਜਿੰਨੀ ਕੋਸ਼ਿਸ਼ ਕਰ ਰਹੇ ਸਨ, ਉਥੇ ਉਨ੍ਹਾਂ ਦੇ ਚਿਹਰਿਆਂ 'ਤੇ ਵਧੇਰੇ ਲਾਲੀ ਛਾਈ ਜਾ ਰਹੀ ਸੀ | ਮਰੀਜ਼ ਹੋਰ ਕੋਈ ਗੱਲ ਕਰਦਾ, ਡਾ: ਸਾਹਿਬ ਨੇ ਇਸ਼ਾਰਾ ਕੀਤਾ, ਉਸ ਨੂੰ ਸਟਰੇਚਰ 'ਤੇ ਪਾ ਕੇ ਹਸਪਤਾਲ ਦੇ ਕਰਮਚਾਰੀ ਹਸਪਤਾਲ ਤੋਂ ਬਾਹਰ ਲਿਆ ਹਾਸੇ ਨੂੰ ਰੋਕਦੇ ਹੋਏ ਨੀਵੀਂ ਪਾਈ ਐਾਬੂਲੈਂਸ ਵਾਲੇ ਦੇ ਹਵਾਲੇ ਕਰ ਗਏ |

ਸੁਖਬੀਰ ਸਿੰਘ ਖੁਰਮਣੀਆਂ
-477/21 ਕਿਰਨ ਕਾਲੋਨੀ ਬਾਈਪਾਸ, ਗੁਮਟਾਲਾ, ਅੰਮਿ੍ਤਸਰ |
ਮੋਬਾ: 98555-12677

 

ਰੱਬ ਤੇਰੇ ਅੰਦਰ

ਹਰ ਇਨਸਾਨ ਬਚਪਨ ਤੋਂ ਜਵਾਨੀ ਅਤੇ ਬੁਢਾਪੇ ਤੋਂ ਬਾਅਦ ਅੰਤ ਵੱਲ ਜਾ ਰਿਹਾ ਹੈ | ਸੋਚਣਦੀ ਘੜੀ ਆ ਗਈਹੈ | ਬਾਲ ਬੱਚੇ, ਬੱਚਿਆਂਵਾਲੇ ਹਨ ਤੇ ਹੁਣ ਆਪਾਂ ਬੱਚੇ ਨਹੀਂ ਰਹੇ | ਹਰ ਪੰਛੀ ਆਲ੍ਹਣੇ ਤੋਂ ਉਡਦਾ ਹੈ, ਆਓ ਉਡਦੇ ਹੀ ਜਾਈਏ ਹੋਸ਼ ਅਤੇ ਜੋਸ਼ਦੇ ਨਾਲ, ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਇਸ ਨੂੰ ਚਾੲੀਂ-ਚਾੲੀਂ ਬਸਰ ਕਰਨਾ ਚਾਹੀਦੈ | ਕਹਿੰਦੇ ਨੇ ਖੁਸ਼ੀ ਵੰਡਿਆਂ ਵਧਦੀ ਐ ਅਤੇ ਦੁੱਖ ਵੰਡਾਇਆਂਘਟਦੈ, ਜਗਾ ਦਿਓ ਕੋਈ ਦੀਵਾ, ਪਾ ਦਿਓਕਿਸੇ ਬੁਝਦੇ ਦੀਵੇ ਵਿਚ ਤੇਲ, ਪਰ ਯਾਰ ਇਹ ਮੁਕਾਮੇ ਫਾਨੀ ਦੁਨੀਆਵਾਲੇ ਤਾਂ ਅੱਜਕਲ੍ਹਜਗਮਗ ਕਰਦੇ ਦੀਵਿਆਂ ਨੂੰ ਬੁਝਾਈ ਜਾ ਰਹੇ ਨੇ, ਕੋਈਪਿਆਰ ਨਹੀਂ ਰਿਹਾ, ਕੋਈ ਰਿਸ਼ਤਾ ਨਹੀਂ ਰਿਹਾ, ਸਭ ਗਰਜ਼ਾਂ ਦੇ ਲੋਭੀ ਹੀ ਨਜ਼ਰ ਆਉਾਦੇ ਨੇ |
ਕੁਝ ਲੋਕ ਐਸੇ ਵੀ ਹੁੰਦੇ ਨੇ ਜੋ ਭਰਦੇ ਨੇ ਲੰਬੀ ਰਾਤ ਤੱਕ ਲੰਬੀ ਬਾਤ ਦਾ ਹੁੰਗਾਰਾ, ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਪ੍ਰੇਮ ਦੇ ਸਿਰਫ਼ ਢਾਈਅੱਖਰ ਹਨ, ਉਹ ਪ੍ਰੇਮ ਦੀ ਢਾਈ ਅੱਖਰਾਂਦੀ ਬੇੜੀ ਨੂੰ ਪੱਤਣੋਂ ਪਾਰ ਲਾ ਹੀ ਜਾਂਦੇ ਨੇ, ਮੁਆਫ਼ ਕਰਨਾ ਸਾਰੇ ਲੋਕੀਂ ਇਕੋ ਜਿਹੇ ਨਹੀਂਹੁੰਦੇ, ਹੁੰਦੇ ਨੇ ਕੁਝ ਰਸੀਲੇ ਲੋਕ ਜੋ ਚਲਦਿਆਂ-ਫਿਰਦਿਆਂ ਹੀ ਡੁੱਬਦੇ ਦਿਲਾਂਨੂੰ ਤੀਲੇ ਦਾ ਸਹਾਰਾ ਲਾ ਹੀ ਜਾਇਆ ਕਰਦੇ ਨੇ | ਉਨ੍ਹਾਂਨੂੰ ਪਤਾ ਹੁੰਦਾ ਹੈ ਕਿ ਵੱਜਦਾ ਹੈ ਵਾਜਾ, ਪਾਉਣਦਾ ਵਜਾਇਆ, ਉਹ ਬੋਲਣਤੋਂ ਬਿਨਾਂ ਹੀ ਅਲਫ਼ਾਜ਼ਾਂ ਦੇ ਛਾਏ ਦੀ ਛਾਪ ਆਪਣੇ ਪਿਆਰੇ ਦੇ ਦਿਲ 'ਤੇ ਛੱਡ ਜਾਇਆ ਕਰਦੇ ਹਨ | ਕਈ ਸਿਆਣੇ ਆਪ ਤੋਂ ਛੋਟਿਆਂ ਨੂੰ ਅੱਖਾਂ-ਅੱਖਾਂ ਰਾਹੀਂ ਹੀ ਕੁਝ ਸਮਝਾ ਜਾਇਆ ਕਰਦੇ ਨੇ, ਕਈ ਕੰੁਦਨ, ਦੰਦਨ ਆਪਣੀ ਇਕ ਝਲਕ ਦੇ ਨਾਲ ਹੀ ਬਿਰਹਾ ਦੀ ਪੀੜ ਨੂੰ ਖਤਮ ਕਰਕੇ ਉਦਾਸ ਮਨਾਂ ਵਿਚ ਖੇੜਾ ਅਤੇ ਖੁਸ਼ਬੂ ਖਿਲਾਰ ਜਾਇਆ ਕਰਦੇ ਨੇ, ਉਹ ਜਾਣਦੇ ਹਨ ਕਿ ਰੂਹ ਰਾਜ਼ੀ ਤੇ ਰੱਬ ਰਾਜ਼ੀ, ਪ੍ਰੇਮ ਵਸ ਹੋ ਕੇ ਮਿੱਤਰਤਾ ਕਰਨੀ ਹੀ ਲਾਹੇਵੰਦ ਹੁੰਦੀ ਹੈ | ਸੁਆਰਥ ਵੱਸ ਹੋ ਕੇ ਮਿੱਤਰਤਾ ਕਰਨੀ, ਕੋਈ ਪ੍ਰੇਮ ਪ੍ਰੀਤ ਨਹੀਂ, ਰੱਬ ਡਾਹਢੇ ਨਾਲ ਪ੍ਰੀਤ ਪਾ ਲਈ ਹੈ ਤਾਂਕੀ ਹੋਇਆ, ਰੱਬ ਦੀ ਕਾਇਨਾਤ ਨਾਲ ਪ੍ਰੀਤਾਂ ਪਾ, ਫਿਰ ਵੇਖ ਬੰਦਿਆ ਤੇਰਾ ਮਨ ਕੀ ਕਹਿੰਦੈ, ਖੁਸ਼ ਰਹਿੰਦੈ ਜਾਂ ਨਹੀਂ | ਐਵੇਂ ਆਪਣੇ-ਆਪ ਤੋਂ ਰੁੱਸਿਆ-ਰੁੱਸਿਆ ਨਾ ਰਿਹਾ ਕਰ, ਥੋੜ੍ਹਾ ਖਿੜਖਿੜਾਉਣਾ ਸਿੱਖ, ਬਨਸਪਤੀ ਤੋਂ ਸਿੱਖ, ਫੁੱਲਾਂ ਪੌਦਿਆਂ ਬਿਰਛਾਂ ਕੋਲੋਂ ਸਿੱਖ ਜੋ ਅਡੋਲ ਹਨ ਅਤੇ ਲਹਿਰਾ ਰਹੇ ਹਨ, ਤੂੰ ਸੰਤੁਸ਼ਟ ਕਿਉਾ ਨਹੀਂ, ਤੇਰਾ ਕੀ ਗੁਆਚ ਗਿਐ | ਕਿਉਾਗੁਆਚਿਆ ਜਿਹਾ ਰਹਿੰਨੈਂ | ਆਪਣੇ-ਆਪ ਨੂੰ ਆਪਣੇ ਅੰਦਰੋਂ ਲੱਭ, ਬਾਹਰ ਕੀ ਲੱਭਦੈਂ, ਹੁਣ ਕੀ ਲੱਭੇਗਾ ਤੈਨੂੰ... ਨਹੀਓਾ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ
ਲੱਭਣੇ ਹਨ ਤਾਂ ਢਾਈਅੱਖਰ ਪ੍ਰੇਮ ਦੇ ਲੱਭ ਲੈ, ਇਸ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ | ਜਿਸ ਤਰ੍ਹਾਂ ਪੁੱਤਰ ਮਾਵਾਂ ਨੂੰ ਪਿਆਰੇ ਉਸੇ ਤਰ੍ਹਾਂ ਭਗਤ ਰੱਬ ਨੂੰ ਪਿਆਰੇ | ਰੱਬ ਦੀ ਬੰਦਗੀ ਕਰ ਪਿਆਰੇ, ਬਾਕੀ ਸਭ ਝੂਠੇ ਸਹਾਰੇ, ਜੇ ਤੂੰ ਰੱਬ ਦਾ ਹੋ ਗਿਆ ਤਾਂ ਸਮਝ ਲੲੀਂ ਸਭ ਜਗ ਤੇਰਾ ਹੋ ਗਿਆ | ਸੁਆਸ ਸੁਆਸ ਸਿਮਰਨ ਕਰਿਆ ਕਰ ਪਿਆਰੇ, ਮਾਲਕ ਤੋਂ ਡਰਿਆ ਕਰ, ਹਰੀ ਹਰੀ ਕਰਿਆ ਕਰ, ਸਭ ਕੁਝ ਉਸੇ ਦਾ ਚਲਾਇਆ ਚੱਲ ਰਿਹੈ, ਪਰ ਯਾਦ ਰੱਖ : ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ
ਜੰਗਲਾਂ ਵਿਚ ਨਾ ਲੱਭਣ ਜਾਇਓ, ਪਿਆਰਾ ਤੁਹਾਡੇ ਅੰਦਰ ਵਸਦਾ ਹੈ |ਪਰ ਬੰਦਾ ਬੇਸਮਝ ਉਸ ਤੋਂ ਦੂਰ ਨੱਸਦਾ ਹੈ |

ਬਾਬਾ ਬਿਕਰਮ ਸਿੰਘ
-ਪਿੰਡ ਤੇ ਡਾਕ: ਚੜੀ (ਖਮਾਣੋ), ਜ਼ਿਲ੍ਹਾ ਫਤਹਿਗੜ੍ਹਸਾਹਿਬ | ਮੋਬਾਈਲ : 88726-21028.

ਸਾਡੇ ਸਕੂਲ ਵਿਚ ਤਾਂਐਤਵਾਰ ਹੈ

ਇਕ ਮਾਸਟਰ ਜੀ ਨੂੰ ਵਿਹਲੇ ਅਤੇ ਖਾਣ-ਪੀਣ ਵਾਲੇ ਮੰੁਡਿਆਂ ਵਿਚ ਬੈਠਣਦੀ ਆਦਤ ਪੈ ਗਈ | ਪੈੱਗ-ਸ਼ੈੱਗ ਲਾਉਣ ਦੀ ਵੀ ਆਦਤ ਬਣਗਈ | ਘਰ ਵਾਲੀ ਨੇ ਰੋਕਣਦੀ ਕੋਸ਼ਿਸ਼ ਕੀਤੀ ਪਰ ਮਾਸਟਰ ਜੀ ਨਾ ਹਟੇ | ਪੈੱਗ ਲਾ ਕੇ ਘਰੇ ਲੜਾਈ ਵੀ ਕਰਨ ਲੱਗ ਪਏ | ਇਕ ਦਿਨ ਮਾਸਟਰ ਜੀ ਟੰੁਨ ਹੋ ਕੇ ਘਰੇ ਆਏ ਤਾਂਮਾਸਟਰਨੀ ਲੜਨ ਲੱਗੀ | ਮਾਸਟਰ ਜੀ ਨੇ ਸਕੂਲ ਵਾਲਾ ਹੀ ਡੰਡਾ ਮਾਸਟਰਨੀ ਉਤੇ ਵਾਹ ਦਿੱਤਾ | ਕਹਿਣਲੱਗੇ ਇਸ ਡੰਡੇ ਨਾਲ ਮੈਂ ਸਾਰੇ ਪਿੰਡ ਦੇ ਜੁਆਕ ਸਿੱਧੇ ਕਰ ਦਿੱਤੇ ਤੂੰ ਇਕੱਲੀ ਨਹੀਂ ਠੀਕ ਹੋਵੇਂਗੀ | ਸਵੇਰੇ ਦਿਨ ਚੜਿ੍ਹਆ ਤਾਂਘਰਵਾਲੀ ਪਹਿਲੀ ਬੱਸ ਚੜ੍ਹ ਗਈ | ਜਦੋਂ ਮਾਸਟਰ ਜੀ ਵੱਡੇ ਸਾਰੇ ਦਿਨ ਜਾਗੇ ਤਾਂ ਵੇਖਿਆਘਰਵਾਲੀ ਗਾਇਬ ਸੀ | ਇਕ ਤਾਂ ਰਾਤ ਨੂੰ ਨਸ਼ਾ ਵੱਧ ਕੀਤਾ ਸੀ, ਦੂਜਾ ਲੜਾਈ | ਹੁਣ ਘਰਵਾਲੀ ਗਾਇਬ | ਮਾਸਟਰ ਜੀ ਦਾ ਦਿਮਾਗ ਘੰੁਮ ਰਿਹਾ ਸੀ | ਕੁਝ ਸਮਝ ਨਾ ਲੱਗੇ ਕਿ ਕੀ ਕਰੇ | ਸੂਰਜ ਕਾਫ਼ੀ ਉੱਚਾ ਆ ਗਿਆ | ਮਾਸਟਰ ਜੀ ਨੇ ਸੋਚਿਆ ਕਿ ਮੈਂ ਤਾਂਅੱਜ ਸਕੂਲ ਤੋਂ ਲੇਟ ਹੋ ਗਿਆ ਹਾਂ | ਕਾਹਲੀ-ਕਾਹਲੀ ਨਹਾ-ਧੋ ਕੇ ਤਿਆਰ ਹੋਇਆ | ਸੋਚਿਆ ਰੋਟੀ ਕਿਸੇ ਬੱਚੇ ਦੇ ਘਰੋਂ ਮੰਗਾ ਲਵਾਂਗੇ | ਦੂਸਰੇ ਪਿੰਡ ਜਾਣਾ ਸੀ | ਬੱਸ ਚੜ੍ਹ ਕੇ ਮਾਸਟਰ ਜੀ ਵਾਹੋਵਾਹੀ ਸਕੂਲ ਪਹੁੰਚੇ ਤਾਂਸਕੂਲ ਖਾਲੀ ਪਿਆ ਸੀ |ਇਕ ਚਾਬੀ ਮਾਸਟਰ ਜੀ ਦੇ ਕੋਲ ਵੀ ਹੁੰਦੀ ਸੀ | ਮਾਸਟਰ ਜੀ ਨੇ ਸਕੂਲ ਖੋਲਿ੍ਹਆ | ਆਪ ਹੀ ਸਫਾਈ ਕਰਨ ਲੱਗ ਪਿਆ ਕਿ ਬੱਚੇ ਵੀ ਮੇਰੇ ਵਾਂਗੂ ਲੇਟ ਨੇ |ਸਫਾਈ ਹੋ ਗਈ | ਫਿਰ ਮਾਸਟਰ ਜੀ ਨੇ ਸੋਚਿਆ ਕਿ ਮੈਂ ਲੇਟ ਹੋ ਗਿਆਹਾਂ | ਇਸ ਕਰਕੇ ਬੱਚੇ ਘਰੋੋ-ਘਰੀ ਪਰਤ ਗਏਨੇ | ਮਾਸਟਰ ਜੀ ਨੇ ਸੋਚਿਆ ਕਿਉਾ ਨਾ ਹੋਕਾ ਦਿਵਾ ਦੇਵਾਂ, ਬੱਚੇ ਸੁਣ ਕੇ ਫਟਾਫਟ ਆ ਜਾਣਗੇ | ਮਾਸਟਰ ਜੀ ਹੋਕਾ ਦਿਵਾ ਕੇ ਸਕੂਲ ਆ ਕੇ ਕੁਰਸੀ ਉਤੇ ਬੈਠ ਗਏ | ਬੜੀ ਦੇਰ ਉਡੀਕਦੇ ਰਹੇ | ਪਰ ਬੱਚਿਆਂਨੇ ਕਾਹਦਾ ਆਉਣਾ ਸੀ | ਫਿਰ ਗੁੱਸੇ ਵਿਚ ਕਹਿਣ ਲੱਗੇ, ਕੱਲ੍ਹ ਨੂੰ ਆਉਣਗੇ ਤਾਂ ਘਰ-ਵਾਲੀ ਵਾਂਗੂੰ ਇਨ੍ਹਾਂ ਦੇ ਵੀ ਡੰਡਾ ਫੇਰੰੂ | ਫਿਰ ਪਤਾ ਲੱਗੂ ਬਈ ਗ਼ੈਰ-ਹਾਜ਼ਰ ਕਿਵੇਂ ਰਹੀਦਾ ਹੈ | ਇਹ ਸੋਚ ਕੇ ਕਹਿਣ ਲੱਗੇ ਰਾਤ ਘਰਵਾਲੀ ਉਤੇ ਡੰਡਾ ਫੇਰਿਆ ਉਹ ਭੱਜ ਗਈ, ਘਰ ਖਾਲੀ ਹੋ ਗਿਆ ਜੇ ਬੱਚੇ ਕੁੱਟ ਦਿੱਤੇ, ਕਿਤੇ ਸਕੂਲ ਨਾ ਖਾਲੀ ਹੋ ਜਾਵੇ | ਨੌਕਰੀ ਤੋਂ ਨਾ ਹੱਥ ਧੋ ਬੈਠੀਏ | ਨਹੀਂਆਏਤਾਂ ਨਾ ਸਹੀ, ਆਪੇ ਕੱਲ੍ਹ ਨੂੰ ਆ ਜਾਣਗੇ | ਆਪਾਂਕਾਹਨੂੰ ਬੱਚੇ ਕੁੱਟਣੇ ਨੇ | ਸਕੂਲ ਨੂੰ ਤਾਲਾ ਲਾ ਕੇ ਬੱਸ ਚੜ੍ਹ ਕੇ ਪਿੰਡ ਪਹੁੰਚੇ ਤਾਂ ਵੇਖਿਆਕਿ ਪਿੰਡ ਵਾਲਾ ਸਕੂਲ ਵੀ ਖਾਲੀ ਪਿਆ ਸੀ | ਬੱਚੇ ਬਾਹਰ ਖੇਡਦੇ ਫਿਰਦੇ ਹਨ ਤਾਂ ਮਾਸਟਰ ਜੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਅੱਜ ਸਕੂਲ ਕਿਉਾਨਹੀਂ ਖੋਲਿ੍ਹਆ | ਤਾਂ ਬੱਚੇ ਹੱਸ ਕੇ ਕਹਿਣਲੱਗੇ ਮਾਸਟਰ ਜੀ ਤੁਹਾਡਾ ਸਕੂਲ ਖੁੱਲ੍ਹਾ ਸੀ ਤਾਂ ਮਾਸਟਰ ਜੀ ਆਪਣੀ ਕਮਜ਼ੋਰੀ ਛੁਪਾਉਣ ਲਈ ਕਹਿੰਦੇ, 'ਆਹੋ, ਵੇਖੋ ਮੈਂ ਪੜ੍ਹਾ ਕੇ ਹੀ ਆ ਰਿਹਾ ਹਾਂ |'
ਇਹ ਸੁਣ ਕੇ ਬੱਚੇ ਹੱਸਦੇ ਹੋਏ ਕਹਿਣਲੱਗੇ, 'ਮਾਸਟਰ ਜੀ ਸਾਡੇ ਸਕੂਲ ਵਿਚ ਤਾਂਐਤਵਾਰ ਹੈ |'

ਰਣਧੀਰ ਸਿੰਘ ਧੀਰਾ ਨੈਣੇਵਾਲੀਆ
-ਮੋਬਾਈਲ : 93177-64311.

ਜ਼ਿੰਦਗੀ ਦਾ ਗੀਤ

ਹਸਪਤਾਲ ਦੇ ਵਾਰਡ ਨੰ: 1 'ਚ ਪਏ ਕਲਾਕਾਰ ਨੂੰ ਹੋਣ ਵਾਲੇ ਅਪ੍ਰੇਸ਼ਨ ਲਈ ਮਾਨਸਿਕ ਤੌਰ 'ਤੇ ਤਿਆਰ ਕਰਨ ਲਈ ਵਾਰਡ ਵਿਚਲੀ ਨਰਸ ਨੇ ਉਸ ਦੇ ਡਰਿੱਪ ਲਗਾਉਣ ਤੋਂ ਪਹਿਲਾਂ ਪੁੱਛਿਆ, 'ਤੁਹਾਨੂੰ ਪਹਿਲਾਂ ਵੀ ਕਦੀ ਦੇਖਿਐ, ਕੀ ਤੁਸੀਂ ਪਹਿਲਾਂ ਵੀ ਹਸਪਤਾਲ ਆਏ ਹੋ ਕਦੀ?' 'ਨਹੀਂ', ਕਲਾਕਾਰ ਨੇ ਮੁਸਕਰਾਉਂਦੇ ਹੋਏ ਉੱਤਰ ਦਿੱਤਾ | 'ਤੁਹਾਨੂੰ ਕਿਤੇ ਦੇਖਿਆ ਜ਼ਰੂਰ ਐ' ਨਰਸ ਨੇ ਫਿਰ ਕਿਹਾ | 'ਹਾਂ, ਤੁਸੀਂ ਮੈਨੂੰ ਟੀ. ਵੀ. ਉੱਪਰ ਗੀਤ ਗਾਉਂਦੇ ਨੂੰ ਦੇਖਿਆ ਹੋਵੇਗਾ |' ਕਲਾਕਾਰ ਨੇ ਆਦਤ ਅਨੁਸਾਰ ਉੱਤਰ ਦਿੱਤਾ | ਹਾਂ, ਤੁਹਾਨੂੰ ਟੀ. ਵੀ. ਉੱਪਰ ਹੀ ਦੇਖਿਆ ਹੋਵੇਗਾ | 'ਅੱਛਾ! ਤਾਂ ਤੁਸੀਂ ਗਾਇਕ ਹੋ |' ਨਰਸ ਨੇ ਅੱਖਾਂ ਮਟਕਾਉਂਦਿਆਂ ਕਿਹਾ, ਤਾਂ ਪਹਿਲਾਂ ਇਕ ਗੀਤ ਸੁਣਾਓ ਫਿਰ ਹੀ ਤੁਹਾਡੇ ਡਰਿੱਪ ਲਗਾਵਾਂਗੇ | ਗਾਇਕ ਨੇ ਨਾ ਚਾਹੁੰਦੇ ਹੋਏ ਵੀ ਹਲਕੀ ਜਿਹੀ ਆਵਾਜ਼ ਵਿਚ ਆਪਣੇ ਗੀਤ ਦੀਆਂ ਦੋ ਸਤਰਾਂ ਗੁਣਗੁਣਾ ਕੇ ਸੁਣਾਈਆਂ ਤਾਂ ਨਰਸ ਖੁਸ਼ੀ ਭਰੇ ਮੂਡ ਵਿਚ ਆਪਣੀ ਡਿਊਟੀ ਨਿਭਾ, ਨਾਲ ਦੇ ਬੈੱਡ 'ਤੇ ਪਏ ਦਿਲ ਦੀ ਬਿਮਾਰੀ ਤੋਂ ਪੀੜਤ ਅੱਸੀ ਸਾਲਾ ਬਜ਼ੁਰਗ ਨਾਲ ਉਸੇ ਅੰਦਾਜ਼ ਵਿਚ ਗੱਲ ਕਰਦਿਆਂ ਕਹਿਣਲੱਗੀ, 'ਬਾਬਾ ਜੀ, ਤੁਸੀਂ ਵੀ ਕੋਈ ਗੀਤ ਸੁਣਾਓ |' ਤਾਂ ਬਜ਼ੁਰਗ ਨੇ ਹੱਸਦਿਆਂ ਕਿਹਾ, 'ਪੁੱਤ, ਮੈਨੂੰ ਨਹੀਂ ਆਉਂਦਾ ਕੋਈ ਗੀਤ-ਗੂਤ, ਮੈਨੂੰ ਤਾਂ ਕਬੀਲਦਾਰੀ ਆਉਂਦੀ ਐ, ਸੁਰਤ ਸੰਭਲਦਿਆਂ ਹੀ ਪਿਓ ਦਾ ਸਾਇਆ ਸਿਰ ਤੋਂ ਉੱਠ ਜਾਣ ਕਰਕੇ ਸਾਰਾ ਕਬੀਲਦਾਰੀ ਦਾ ਬੋਝ ਮੇਰੇ ਮੋਢਿਆਂ 'ਤੇ ਆ ਪਿਆ ਜਿਸ ਨੂੰ ਨਿਭਾਉਂਦਿਆਂ ਪੰਜ ਭੈਣਾਂ ਤੇ ਚਾਰ ਭਰਾਵਾਂ ਨੂੰ ਪਾਲਿਆ-ਪੋਸਿਆ, ਵਿਆਹ ਕੀਤੇ ਤੇ ਪੈਰਾਂ ਸਿਰ ਕੀਤਾ | ਇਹ ਸਾਰਾ ਕੁਝ ਕਰਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਜ਼ਿੰਦਗੀ ਅਗਲੇ ਕਿਨਾਰੇ ਦੇ ਨੇੜੇ ਜਾ ਪੁੱਜੀ ਤੇ ਗੀਤ ਤਾਂ ਪਤਾ ਨਹੀਂ... |' ਕੋਲ ਪਏ ਕਲਾਕਾਰ ਨੂੰ ਬਾਬੇ ਦੀ ਸੰਖੇਪ ਜੀਵਨ ਗਾਥਾ ਸੁਣਦਿਆਂ ਇੰਝ ਲੱਗਾ ਜਿਵੇਂ ਬਾਬਾ ਸੱਚੀਂ-ਮੁੱਚੀਂ ਜ਼ਿੰਦਗੀ ਦਾ ਅਸਲੀ ਗੀਤ ਗਾ ਰਿਹਾ ਹੋਵੇ |

-ਸੁਖਮੰਦਰ ਸਿੰਘ ਬਰਾੜ
ਨਿੱਜੀ ਪੱਤਰ ਪ੍ਰੇਰਕ, ਪੰਜਗਰਾਈਾ ਕਲਾਂ (ਫ਼ਰੀਦਕੋਟ) |
ਮੋਬਾ: 98149-65928.

ਵਾਹ! ਤੇਰਾ ਭਰੋਸਾ

ਜ਼ਿੰਦਗੀ ਵਿਚ ਕਈ ਕਿਸਮ ਦੇ ਇਨਸਾਨ ਮਿਲਦੇ ਹਨ | ਕਈ ਚੰਗੇ ਤੇ ਕਈ ਬੁਰੇ | ਹਾਂ ਪਰ ਵਾਹਿਗੁਰੂ ਦੀ ਬਖ਼ਸ਼ਿਸ਼ ਸਦਕਾ ਮੈਨੂੰ ਸਾਰੇ ਨੇਕ ਹੀ ਇਨਸਾਨ ਮਿਲੇ ਹਨ | ਆਪਾਂ ਵੀ ਕੋਸ਼ਿਸ਼ ਕਰੀਦੀ ਹੈ ਕਿ ਕਿਸੇ ਦਾ ਬੁਰਾ ਨਾ ਹੋਵੇ, ਕਿਸੇ ਨੂੰ ਦੁੱਖ ਨਾ ਪੁੱਜੇ, ਕਿਸੇ ਦਾ ਹੱਕ ਨਾ ਮਾਰਿਆ ਜਾਵੇ | ਇਮਾਨਦਾਰੀ ਦੇ ਰਾਹ ਹੀ ਚੱਲੀਏ | ਇਹ ਰਾਹ ਔਖਾ ਜ਼ਰੂਰ ਹੈ ਪਰ ਸ਼ਾਂਤੀ ਭਰਿਆ ਹੋਇਆ ਹੈ |
ਇੰਝ ਹੀ ਜ਼ਿੰਦਗੀ ਨੂੰ ਚਲਾਉਣ ਲਈ ਆਪਾਂ ਸਾਰੇ ਖਰੀਦੋ ਫਰੋਖ਼ਤ ਕਰਦੇ ਹਾਂ | ਕਈ ਵਾਰੀ ਅਸੀਂ ਮਾਲਕ ਅਤੇ ਕਰਿੰਦਿਆਂ ਦੇ ਚੰਗੇ ਸੁਭਾਓ ਕਰਕੇ ਆਪਾਂ ਸਾਰੇ ਇਕੋ ਹੀ ਦੁਕਾਨ ਤੋਂ ਜ਼ਿਆਦਾਤਰ ਸਾਮਾਨ ਖਰੀਦਦੇ ਹਾਂ | ਇੰਝ ਗਾਹਕ ਅਤੇ ਦੁਕਾਨਦਾਰ ਇਕ ਦੂਜੇ ਨੂੰ ਜਾਨਣ ਲੱਗ ਜਾਂਦੇ ਹਨ | ਉਹ ਗਾਹਕ ਦੀ ਜ਼ੁਬਾਨ ਉੱਤੇ ਭਰੋਸਾ ਕਰਨ ਲਗ ਜਾਂਦੇ ਹਨ | ਕਈ ਵਾਰੀ ਮਾੜੇ ਮੋਟੇ ਬਕਾਏ ਨੂੰ ਦੁਕਾਨਦਾਰ ਲਿਖਦੇ ਵੀ ਨਹੀਂ |
ਮੇਰੇ ਨਾਲ ਵੀ ਕੁਝ ਇੰਝ ਹੀ ਵਾਪਰਿਆ | ਮੈਂ ਇਕ ਦੁਕਾਨ ਤੋਂ ਕੁਝ ਕੁ ਸਾਲ ਪਹਿਲਾਂ ਰੈਡੀਮੇਡ ਕੱਪੜ²ੇ ਖਰੀਦੇ ਸਨ | ਇਕ ਵਾਰ ਇਕ ਕਰਿੰਦੇ ਨੇ ਆਖਿਆ, 'ਜੇ ਤੁਸੀਂ ਕੁਝ ਡਿਜ਼ਾਇਨਰ ਕੱਪੜੇ ਖਰੀਦਣਾ ਚਾਹੁੰਦੇ ਹੋ ਤਾਂ ਫਲਾਣੀ ਦੁਕਾਨ ਤੋਂ ਜ਼ਰੂਰ ਖਰੀਦ ਕੇ ਦੇਖੋ |' ਮੈਂ ਉਸ ਦੀ ਦੱਸੀ ਹੋਈ ਦੁਕਾਨ ਤੋਂ ਇਕ ਦੋ ਵਾਰੀ ਕੱਪੜੇ ਖਰੀਦੇ | ਹੋਰਾਂ ਨੂੰ ਵੀ ਦੱਸਿਆ ਕਿ ਤੁਸੀਂ ਵੀ ਜਾ ਕੇ ਖਰੀਦ ਕੇ ਦੇਖੋ, ਮੈਂ ਇਕ ਦਿਨ ਕੁਝ ਸਾਮਾਨ ਲਿਆ | ਕੁਝ ਪੈਸੇ ਘੱਟ ਹੋ ਗਏ | ਮੈਂ ਕਿਹਾ ਕਿ ਮੈਂ ਬਾਕਾਇਆ ਭੇਜ ਦਿਆਂਗੀ |' ਬਸ ਘਰੇਲੂ ਰੁਝੇਵਿਆਂ ਕਰਕੇ ਮੈਂ ਉਸ ਮਾਰਕੀਟ ਤੱਕ ਜਾ ਨਾ ਸਕੀ | ਪਰ ਮੇਰਾ ਦਿਮਾਗ ਮੈਨੂੰ ਸਦਾ ਹੀ ਯਾਦ ਕਰਵਾਉਂਦਾ ਰਹਿੰਦਾ ਕਿ ਮੈਂ ਬਕਾਇਆ ਦੇਣਾ ਹੈ | ਬਸ ਘੌਲ ਹੁੰਦੀ ਜਾਂਦੀ ਸੀ | ਦੇਰ ਬਹੁਤ ਹੋ ਗਈ ਸੀ | ਕਈ ਸਾਲ ਬੀਤ ਗਏ | ਪਰ ਦੇਣਦਾਰ ਸੀ ਭਾਵੇਂ ਉਹ ਪੈਸੇ ਦੇ ਹੋਈਏ ਭਾਵੇਂ ਰੁਪਏ ਦੇ | ਦੇਣਦਾਰ ਤਾਂ ਹੁੰਦੇ ਹੀ ਹਾਂ |'
ਮੈਂ ਪਿੱਛੇ ਜਿਹੇ ਆਪਣੀ ਬੇਟੀ ਨਾਲ ਉਸ ਮਾਰਕੀਟ ਵਿਚ ਗਈ | ਮੈਂ ਬੇਟੀ ਨੂੰ ਕਿਹਾ 'ਬੇਟਾ ਮੈਂ ਅੰਕਲ ਦੇ ਕੁਝ ਪੈਸੇ ਦੇਣੇ ਹਨ | ਪਹਿਲਾਂ ਉਹ ਦੇ ਦਈਏ ਤੇ ਫਿਰ ਆਪਾਂ ਹੋਰ ਕੰਮ ਕਰਾਂਗੇ | ਮੇਰੇ 'ਤੇ ਬਹੁਤ ਦੇਰ ਦਾ ਭਾਰ ਹੈ | ਅਸੀਂ ਉਸ ਦੁਕਾਨ 'ਤੇ ਗਏ ਜਿਸ ਦਾ ਬਕਾਇਆ ਮੈਂ ਦੇਣਾ ਸੀ | ਦੁਕਾਨ ਦੇ ਮਾਲਕ ਫੋਨ 'ਤੇ ਗੱਲ ਕਰਦੇ ਪਏ ਸੀ | ਮੈਂ ਇੰਤਜ਼ਾਰ ਕੀਤਾ ਕਿ ਕਦ ਉਹ ਗੱਲ ਖਤਮ ਕਰਨਗੇ | ਉਨ੍ਹਾਂ ਨੇ ਗੱਲ ਖਤਮ ਕੀਤੀ ਮੈਂ ਕਿਹਾ 'ਵੀਰ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਅਤੇ ਦੂਜਾ ਦੇਰੀ ਲਈ ਮੁਆਫ਼ੀ | ਇਹ ਲਵੋ ਆਪਣੀ ਅਮਾਨਤ | ਦੇਰ ਬਹੁਤ ਹੋ ਗਈ | ਯਾਦ ਸੀ ਪਰ ਰੁਝੇਵਿਆਂ ਕਾਰਨ ਆ ਨਹੀਂ ਸਕੀ | ਸੋ ਫਿਰ ਤੋਂ ਮਾਫੀ ਚਾਹੁੰਦੀ ਹਾਂ | ਇਹ ਲਵੋ |' ਉਨ੍ਹਾਂ ਕਿਹਾ, 'ਮੈਂ ਇਕ ਦੋ ਵਾਰੀ ਆਪਣੇ ਕਰਿੰਦੇ ਨੂੰ ਕਿਹਾ ਸੀ | ਉਨ੍ਹਾਂ ਦੀ ਦੁਕਾਨ 'ਤੇ ਕੁਲਵੰਤ ਸਿੰਘ ਨਾਮੀ ਕਰਿੰਦਾ ਸੀ ਜਿਸ ਨੂੰ ਮੇਰੇ ਘਰ ਦਾ ਪਤਾ ਵੀ ਨਹੀਂ ਸੀ | ਕੇਵਲ ਮੇਰੀ ਜ਼ੁਬਾਨ 'ਤੇ ਹੀ ਕੁਲਵੰਤ ਸਿੰਘ ਨੇ ਭਰੋਸਾ ਕੀਤਾ | ਕੁਲਵੰਤ ਸਿੰਘ ਨੇ ਆਪਣੇ ਮਾਲਕ ਨੂੰ ਪੈਸਿਆਂ ਦੇ ਬਕਾਏ ਬਾਰੇ ਆਖਿਆ | 'ਤੁਸੀਂ ਜੀ ਮੇਰੀ ਤਨਖਾਹ ਵਿਚੋਂ ਕਟ ਲਵੋ | ਮੈਨੂੰ ਪਤਾ ਹੈ ਉਹ ਆਪੇ ਹੀ ਦੇ ਜਾਣਗੇ |' ਇਹ ਸੁਣ ਕੇ ਮੇਰੇ ਮਨ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ ਜਿਸ ਨੇ ਮੇਰੇ ਬੋਲਾਂ ਵਿਚ ਤਾਕਤ ਬਖ਼ਸ਼ੀ ਅਤੇ ਫਿਰ ਕੁਲਵੰਤ ਸਿੰਘ ਨੇ ਭਰੋਸਾ ਕੀਤਾ | ਉਸ ਵੱਲੋਂ ਕੀਤੇ ਹੋਏ ਭਰੋਸੇ ਪ੍ਰਤੀ ਮੇਰਾ ਸਿਰ ਝੁਕ ਗਿਆ | ਖੁਦ-ਬ-ਖੁਦ ਮੇਰੇ ਮੂੰਹੋਂ ਨਿਕਲਿਆ | ਵਾਹ! ਤੇਰਾ ਭਰੋਸਾ | ਹੁਣ ਫਿਰ ਤੋਂ ਪ੍ਰਮਾਤਮਾ ਦਾ ਸ਼ੁਕਰ ਕਰਦੀ ਹਾਂ ਜਿਸ ਨੇ ਕੁਲਵੰਤ ਸਿੰਘ ਦਾ ਭਰੋਸਾ ਟੁੱਟਣ ਨਹੀਂ ਦਿੱਤਾ | ਵਾਹ! ਕੁਲਵੰਤ ਸਿੰਘ ਤੇਰਾ ਭਰੋਸਾ |

ਜਸਵੀਰ ਕਲਸੀ
-ਮੋਬਾ: 9988334125.

ਦੋਹਿਰੇ

ਚੋਰਾਂ ਯਾਰਾਂ ਆਸ਼ਕਾਂ, ਸਦਾ ਸੁਹਾਵੇ ਰਾਤ |
ਸੱਚ ਝੂਠ ਦੀ ਜੰਗ ਵਿਚ, ਝੂਠ ਨੂੰ ਹੋਵੇ ਮਾਤ |
ਹੇਠ ਸਰ੍ਹਾਣੇ ਦੱਬ ਲਏ, ਸੁਪਨੇ ਕਈ ਕਮਾਲ |
ਸੁਪਨੇ ਸੁਪਨੇ ਰਹਿ ਗਏ, ਰੜਕਣ ਅੱਖਾਂ ਲਾਲ |
ਅੱਕੀ ਆਦਮਜ਼ਾਤ ਤੋਂ, ਧਰਤੀ ਕਰੇ ਪੁਕਾਰ |
ਬਹੁੜੀਂ ਰੱਬਾ ਮੇਰਿਆ, ਮੱਚੀ ਹਾਹਾਕਾਰ |
ਚਾੲੀਂ ਚਾੲੀਂ ਗੱਭਰੂ, ਬੰਨ੍ਹੇ ਸਿਰ 'ਤੇ ਪੱਗ |
ਦੂਣ ਸਵਾਈ ਸ਼ਾਨ ਹੈ, ਖੜ੍ਹ ਖੜ੍ਹ ਵੇਖੇ ਜੱਗ |
ਇਸ਼ਕ 'ਚ ਅੰਨ੍ਹੀ ਹੋ ਗਈ, ਕੀ ਸੱਸੀ ਕੀ ਹੀਰ |
ਸਾਰੇ ਰਿਸ਼ਤੇ ਤੋੜਤੇ, ਕੀ ਬਾਪੂ ਕੀ ਵੀਰ |

-ਸਮਰਜੀਤ ਸਿੰਘ ਸ਼ੰਮੀ
ਮੋਬਾਈਲ : 94173-55724.
ਈਮੇਲ : shammi0samarjeet.com

ਕਾਵਿ-ਵਿਅੰਗ ਭਾਈਵਾਲੀ

ਉੱਤਰ ਆਉਾਦੇ ਨੇ ਸੜਕਾਂ 'ਤੇ ਲੋਕ ਆਪੇ,
ਨਹੀਂ ਜਦੋਂ ਇਨਸਾਫ਼ ਦਿਖਾਈ ਦਿੰਦਾ |
ਪਾਹਰੂ ਅਤੇ ਲੁਟੇਰੇ ਦੀ ਭਾਈਵਾਲੀ,
ਚੋਰ ਚੋਰਾਂ ਦੀ ਫਿਰੇ ਸਫ਼ਾਈ ਦਿੰਦਾ |
ਵਹਿਸ਼ੀ ਆਦਮੀ ਦੌੜਿਆ ਫਿਰੇ ਥਾਂ-ਥਾਂ,
ਚੀਤੇ ਵਾਂਗ ਨਾ ਕਿਸੇ ਨੂੰ ਡਾਹੀ ਦਿੰਦਾ |
ਐਨਾ ਸ਼ੋਰ ਸ਼ਰਾਬਾ ਹੈ ਚਾਰੇ ਪਾਸੇ,
ਨਹੀਂਕਿਸੇ ਨੂੰ ਕੁਝ ਸੁਣਾਈ ਦਿੰਦਾ |

 ਨਵਰਾਹੀ ਘੁਗਿਆਣਵੀ 
-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ |
ਮੋਬਾਈਲ : 98150-02302.

ਮੈਂ ਸੀ. ਆਈ. ਡੀ. ਦਾ ਬੰਦਾ ਹਾਂ

ਨਹਿਲੇ 'ਤੇ ਦਹਿਲਾ
ਸਕੂਲ ਦੇ ਡਰਾਮੇ ਵਿਚ ਹਿੱਸਾ ਲੈਣਲਈ ਕੈਫ਼ੀ ਆਜ਼ਮੀ ਸਾਹਿਬ ਨੂੰ ਤੁਰਕੀ ਟੋਪੀ ਦੀ ਲੋੜ ਸੀ ਪਰ ਉਹ ਖਰੀਦ ਨਹੀਂਸਨ ਸਕਦੇ, ਕਿਉਾਕਿ ਜੇਬ ਖਾਲੀ ਸੀ | ਉਨ੍ਹਾਂ ਨੂੰ ਬਾਜ਼ਾਰ ਵਿਚੋਂ ਲੰਘਦਿਆਂ ਇਕ ਤੁਰਕੀ ਟੋਪੀ ਪਾਈ ਬੰਦਾ ਮਿਲਿਆ | ਉਨ੍ਹਾਂ ਨੇ ਉਸ ਨੂੰ ਇਕ ਦਿਨ ਲਈ ਟੋਪੀ ਦੇਣਲਈ ਕਿਹਾ | ਉਸ ਬੰਦੇ ਨੇ ਟੋਪੀ ਦੇ ਦਿੱਤੀ | ਕੈਫ਼ੀ ਸਾਹਿਬ ਨੇ ਉਹਦਾ ਧੰਨਵਾਦ ਕੀਤਾ ਅਤੇ ਕਿਹਾ, 'ਆਪਣੇ ਘਰ ਦਾ ਪਤਾ ਦੱਸ ਦਿਓ ਤਾਂਕਿ ਮੈਂ ਤੁਹਾਡੀ ਟੋਪੀ ਤੁਹਾਡੇ ਘਰ ਪਹੁੰਚਾ ਦਿਆਂ |'
ਉਸ ਆਦਮੀ ਨੇ ਕਿਹਾ, 'ਕੈਫ਼ੀ ਸਾਹਿਬ ਚਿੰਤਾ ਨਾ ਕਰੋ | ਮੈਂ ਆਪ ਜੀ ਦੇ ਘਰੋਂ ਆਪਣੀ ਟੋਪੀ ਲੈ ਲਵਾਂਗਾ |'
ਕੈਫ਼ੀ ਸਾਹਿਬ ਨੇ ਪੁੱਛਿਆ, 'ਤੁਸੀਂ ਮੇਰੇ ਘਰ ਦਾ ਪਤਾ ਕਿਵੇਂ ਜਾਣਦੇ ਹੋ?'
ਉਸ ਆਦਮੀ ਨੇ ਜਵਾਬ ਦਿੱਤਾ, 'ਮੈਂ ਸੀ. ਆਈ. ਡੀ. ਦਾ ਬੰਦਾ ਹਾਂ |'


ਸਰਦਾਰ ਪੰਛੀ
-ਪੰਜਾਬ ਮਾਤਾ ਨਗਰ, ਲੁਧਿਆਣਾ-141013.
ਮੋਬਾਈਲ : 94170-91668.ਮਿੰਨੀ ਕਹਾਣੀ... ਲੋੜਾਂ

'ਆਹ ਡਾਕਟਰ ਜੀ! ਬੁਖਾਰ ਦੀਆਂ ਗੋਲੀਆਂ ਦਿਓ', ਚਿਹਰੇ ਤੋਂ ਹੀ ਤੇਜ਼ ਬੁਖਾਰ ਦੇ ਲੱਗ ਰਹੇ ਨੌਜਵਾਨ ਜਿਹੇ ਮਰੀਜ਼ ਨੇ ਕਲੀਨਿਕ 'ਚ ਵੜਦਿਆਂ ਹੀ ਮੰਗ ਕੀਤੀ |
'ਬਹਿ ਜਾ! ਚੈੱਕ ਤਾਂਕਰ ਲਈਏ', ਮੈਂ ਇਸ਼ਾਰੇ ਨਾਲ ਉਸ ਨੂੰ ਸਟੂਲ 'ਤੇ ਬਿਠਾ ਕੇ ਥਰਮਾਮੀਟਰ ਉਸ ਦੇ ਮੰੂਹ 'ਚ ਲਗਾ ਦਿੱਤਾ | 104 ਡਿਗਰੀ ਬੁਖਾਰ ਸੀ | 'ਤੈਨੂੰ ਤਾਂ ਬੁਖਾਰ ਬਹੁਤ ਐ, ਚੱਜ ਨਾਲ ਦਵਾਈ ਲੈ, 'ਗੋਲੀ ਨਾਲ ਬੁਖਾਰ ਨਹੀਂ ਲੱਥਣਾ', ਮੈਂ ਪਿੰਡਾਂ ਵਿਚ ਕੰਮ ਕਰਦੇ ਡਾਕਟਰਾਂ ਵਾਂਗ ਉਸ ਨੂੰ ਸਮਝਾਇਆ | 'ਪਰ ਮੇਰੇ ਕੋਲ ਪੈਸੇ ਨ੍ਹੀਂ | ਆਹ ਤੀਹ ਰੁਪਈਏ ਨੇ' | ਤੁਸੀਂ ਪੰਜਾਂ ਦੀਆਂ ਗੋਲੀਆਂ ਈ ਦੇ ਦਿਓਵਧੀਆ' | ਉਸ ਨੇ ਦਸ ਰੁਪਏ ਮੇਰੇ ਅੱਗੇ ਸੁਟਦਿਆਂ ਗੱਲ ਮੁਕਾਈ | 'ਪਰ ਦੋ ਤਿੰਨ ਖੁਰਾਕਾਂਤਾਂ ਲੈ, ਆਰਾਮ ਆਉਣਵਾਲਾ ਬਣੂ', ਮੈਂ ਫਿਰ ਸਲਾਹ ਦਿੱਤੀ | ਪਿੰਡਾਂ 'ਚ ਲੋਕ ਇਵੇਂ ਹੀ ਭਾਅ ਜਿਹਾ ਬਣਾ ਕੇ ਦਵਾਈ ਲੈਂਦੇ ਨੇ |
'ਕੱਲ੍ਹ ਲੈ ਜੂੰ, ਹੁਣ ਪੰਝੀ ਰੁਪਏ ਮੋਬਾਈਲ ਵਿਚ ਪਾਉਣੇ ਨੇ', ਉਸ ਨੇ ਦਵਾਈਤੋਂ ਵੀ ਜ਼ਰੂਰੀ ਬਣ ਚੁੱਕੀ ਲੋੜ ਬਾਰੇ ਦੱਸਿਆ ਤਾਂ ਹੈਰਾਨੀ ਨਾਲ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ | ਮੈਂ ਚੁੱਪ-ਚਾਪ ਚਾਰ ਕਰੋਸਿਨ ਦੀਆਂ ਗੋਲੀਆਂ ਉਸ ਨੂੰ ਫੜਾ ਦਿੱਤੀਆਂ |

-ਅਮਰਪਾਲ ਸਿੰਘ ਖਹਿਰਾ
ਖਡੂਰ ਸਾਹਿਬ | ਮੋਬਾਈਲ : 94172-67124.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX