ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 171 ਦਾ ਟੀਚਾ
. . .  5 minutes ago
ਉਤਰ ਪ੍ਰਦੇਸ਼ 'ਚ ਹੋਏ ਸੜਕ ਹਾਦਸੇ 'ਚ ਗਤਕਾ ਟੀਮ ਦੇ ਦੋ ਨੌਜਵਾਨਾਂ ਦੀ ਮੌਤ, ਕਈ ਜ਼ਖਮੀ
. . .  41 minutes ago
ਅੰਮ੍ਰਿਤਸਰ, 8 ਦਸੰਬਰ (ਜਸਵੰਤ ਸਿੰਘ ਜੱਸ) - ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸਾਹਿਬ, ਆਗਰਾ ਦੀ ਗਤਕਾ ਟੀਮ ਦੇ ਦੋ ਸਿੱਖ ਨੌਜਵਾਨਾਂ ਦੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਨੇੜੇ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਦਕਿ 7 ਨੌਜਵਾਨ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਲਖਨਊ ਨੇੜਲੇ ਹਸਪਤਾਲ ਵਿਚ...
ਵੈਸਟ ਇੰਡੀਜ਼ ਨੂੰ ਮਿਲੀ ਤੀਸਰੀ ਸਫਲਤਾ : ਸ਼ਿਵਮ ਦੂਬੇ 54 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 10 ਓਵਰਾਂ ਤੋਂ ਬਾਅਦ ਭਾਰਤ 93/2
. . .  about 1 hour ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਨੌਜਵਾਨ ਹਰਫ਼ਨ-ਮੌਲਾ ਖਿਡਾਰੀ ਸ਼ਿਵਮ ਦੂਬੇ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਭਾਰਤ ਦਾ ਦੂਸਰਾ ਖਿਡਾਰੀ (ਰੋਹਿਤ ਸ਼ਰਮਾ) 15 ਦੌੜਾਂ ਬਣਾ ਕੇ ਆਊਟ
. . .  about 1 hour ago
ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਖ਼ਿਲਾਫ਼ 304 ਦਾ ਮਾਮਲਾ ਦਰਜ
. . .  about 1 hour ago
ਨਵੀਂ ਦਿੱਲੀ, 8 ਦਸੰਬਰ - ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ 'ਚ ਪੁਲਿਸ ਵੱਲੋਂ ਇਮਾਰਤ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੇ ਖ਼ਿਲਾਫ਼ ਆਈ.ਪੀ.ਸੀ ਦੀ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 5 ਓਵਰਾਂ ਤੋਂ ਬਾਅਦ ਭਾਰਤ 37/1
. . .  about 1 hour ago
ਪ੍ਰਧਾਨ ਮੰਤਰੀ ਨੇ ਜਾਣਿਆ ਅਰੁਣ ਸੌਰੀ ਦਾ ਹਾਲ
. . .  about 1 hour ago
ਪੁਣੇ, 8 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਦੇ ਹਸਪਤਾਲ 'ਚ ਜੇਰੇ ਇਲਾਜ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਪੱਤਰਕਾਰ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆ। ਅਰੁਣ ਸ਼ੌਰੀ...
ਵੈਸਟ ਇੰਡੀਜ਼ ਨੂੰ ਮਿਲੀ ਪਹਿਲੀ ਸਫਲਤਾ : ਕੇ.ਐੱਲ ਰਾਹੁਲ 11 ਦੌੜਾਂ ਬਣਾ ਕੇ ਆਊਟ
. . .  about 1 hour ago
ਹੋਰ ਖ਼ਬਰਾਂ..

ਲੋਕ ਮੰਚ

ਆਜ਼ਾਦੀ ਅਤੇ ਦਖ਼ਲ-ਅੰਦਾਜ਼ੀ ਵਿਚਲਾ ਅੰਤਰ ਸਮਝਣ ਨੌਜਵਾਨ

ਹਰ ਕੋਈ ਆਜ਼ਾਦ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਜਾਨਵਰਾਂ ਨੂੰ ਵੀ ਰੱਸੀ ਜਾਂ ਸੰਗਲੀ ਨਾਲ ਬੰਨ੍ਹੀ ਰੱਖੋ ਤਾਂ ਚਿੜਚਿੜਾ ਹੋ ਜਾਂਦਾ ਹੈ। ਹਾਂ, ਹਰ ਚੀਜ਼ ਦਾ ਸੰਤੁਲਨ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਸਿਆਣੇ ਤਾਂ ਹੀ ਕਹਿੰਦੇ ਸੀ ਕਿ ਅੱਤ ਤੇ ਖ਼ੁਦਾ ਦਾ ਵੈਰ ਹੈ। ਬਹੁਤੀ ਆਜ਼ਾਦੀ ਵੀ ਮਾੜੀ ਅਤੇ ਬਹੁਤਾ ਕੰਟਰੋਲ ਵੀ ਮਾੜਾ। ਅੱਜ ਮਾਪੇ ਬੱਚਿਆਂ ਨੂੰ ਕੁਝ ਕਹਿੰਦੇ ਹਨ ਜਾਂ ਪੁੱਛਦੇ ਹਨ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਮਾਪੇ ਉਨ੍ਹਾਂ ਦੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਕਰਦੇ ਹਨ। ਉਹ ਇੰਨਾ ਆਜ਼ਾਦ ਰਹਿਣਾ ਚਾਹੁੰਦੇ ਹਨ ਕਿ ਮਾਪਿਆਂ ਦੇ ਨਾਲ ਰਹਿਣਾ ਉਨ੍ਹਾਂ ਨੂੰ ਆਪਣੀ ਆਜ਼ਾਦੀ ਖ਼ਤਮ ਹੋ ਗਈ ਮਹਿਸੂਸ ਹੁੰਦਾ ਹੈ। ਜਿਵੇਂ ਦਾ ਪਰਿਵਾਰਾਂ ਅਤੇ ਸਮਾਜ ਦਾ ਹਾਲ ਹੈ, ਉਹ ਮਾਪਿਆਂ ਤੋਂ ਆਜ਼ਾਦੀ ਦੇ ਹੀ ਨਤੀਜੇ ਹਨ। ਨੌਜਵਾਨ ਪੀੜ੍ਹੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਹੱਥਾਂ ਵਿਚ ਡਿਗਰੀਆਂ ਹਨ, ਇਸ ਕਰਕੇ ਉਹ ਮਾਪਿਆਂ ਤੋਂ ਵਧੇਰੇ ਸਿਆਣੇ ਹਨ। ਪਰ ਉਹ ਇਸ ਗੱਲ ਨੂੰ ਸਮਝਦੇ ਹੀ ਨਹੀਂ ਕਿ ਜੋਂ ਸਬਕ ਜ਼ਿੰਦਗੀ ਸਿਖਾਉਂਦੀ ਹੈ, ਉਹ ਕਿਸੇ ਵੀ ਕਿਤਾਬ ਵਿਚੋਂ ਨਹੀਂ ਸਿੱਖਿਆ ਜਾਂਦਾ। ਅੱਜ ਨੌਜਵਾਨ ਪੀੜ੍ਹੀ ਜਿੰਨਾ ਵੱਧ ਕਮਾਉਂਦੀ ਹੈ, ਓਨਾ ਹੀ ਪੈਸੇ ਦੀ ਘਾਟ ਦਾ ਰੋਣਾ ਰੋਂਦੀ ਹੈ। ਕੁਝ ਦਹਾਕੇ ਪਹਿਲਾਂ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਮਾਪਿਆਂ ਨੂੰ ਜਾਂ ਘਰਦੇ ਬਜ਼ੁਰਗਾਂ ਨੂੰ ਇਹ ਕਹੇ ਕਿ ਤੁਸੀਂ ਮੈਨੂੰ ਕੁਝ ਨਹੀਂ ਕਹਿ ਸਕਦੇ। ਨਾ ਘਰ ਦੇ ਲੜਕਿਆਂ ਦੀ ਹਿੰਮਤ ਹੁੰਦੀ, ਨਾ ਧੀਆਂ ਦੀ ਅਤੇ ਨਾ ਨੂੰਹਾਂ ਦੀ। ਘਰਾਂ ਵਿਚ ਆਪਣੀ-ਆਪਣੀ ਡਫਲੀ ਵਜਾਉਣ ਦਾ ਕੋਈ ਕੰਮ ਨਹੀਂ ਹੁੰਦਾ ਸੀ। ਘਰ ਦੇ ਬਜ਼ੁਰਗਾਂ ਦੇ ਹੱਥਾਂ ਵਿਚ ਪੈਸੇ-ਧੇਲੇ ਦਾ ਹਿਸਾਬ-ਕਿਤਾਬ ਹੁੰਦਾ ਸੀ। ਉਸ ਵਿਚ ਬਰਕਤ ਵੀ ਸੀ ਅਤੇ ਫਜ਼ੂਲ ਖਰਚੀ ਵੀ ਨਹੀਂ ਹੁੰਦੀ ਸੀ। ਜਿਸ ਤਰ੍ਹਾਂ ਅੱਜ ਰੋਜ਼ ਬਾਹਰ ਖਾਣਾ ਖਾਣ ਦਾ ਰਿਵਾਜ ਪੈ ਗਿਆ, ਇਵੇਂ ਕਿਸੇ ਨੂੰ ਪਤਾ ਨਹੀਂ ਸੀ। ਵਧੇਰੇ ਕਰਕੇ ਲੋਕ ਬਾਹਰ ਜਾਣ ਲੱਗਿਆਂ ਘਰੋਂ ਰੋਟੀ ਪੱਲੇ ਬੰਨ੍ਹ ਕੇ ਲੈ ਜਾਂਦੇ ਸਨ। ਹੁਣ ਤਾਂ ਇਸ ਵਿਚ ਵੀ ਬੇਇੱਜ਼ਤੀ ਸਮਝੀ ਜਾਂਦੀ ਹੈ। ਅੱਜ ਤਲਾਕ ਵੀ ਮਜ਼ਾਕ ਬਣ ਗਿਆ ਹੈ ਅਤੇ ਰਿਸ਼ਤੇ ਵੀ ਮਜ਼ਾਕ ਬਣ ਕੇ ਰਹਿ ਗਏ ਹਨ। ਲੜਕੀਆਂ ਅਤੇ ਲੜਕੀਆਂ ਦੇ ਮਾਪੇ ਇਹ ਚਾਹੁੰਦੇ ਹਨ ਕਿ ਲੜਕੀ ਦਾ ਵਿਆਹ ਹੋਣ ਤੋਂ ਬਾਅਦ ਲੜਕੀ ਸਹੁਰੇ ਪਰਿਵਾਰ ਨਾਲ ਨਾ ਰਹੇ। ਬਹੁਤੀ ਵਾਰ ਲੜਕੀਆਂ ਦੇ ਮਾਪੇ ਵੀ ਇਸ ਗੱਲ ਨੂੰ ਤੂਲ ਦਿੰਦੇ ਹਨ ਕਿ ਉਨ੍ਹਾਂ ਦੀ ਲੜਕੀ ਨੂੰ ਆਜ਼ਾਦੀ ਨਹੀਂ ਹੈ। ਉਹ ਭੁੱਲ ਜਾਂਦੇ ਹਨ ਕਿ ਲੜਕੇ ਦੇ ਮਾਪਿਆਂ ਨੇ ਵੀ ਪੁੱਤ ਉਵੇਂ ਹੀ ਪੜ੍ਹਾਇਆ ਹੈ, ਜਿਵੇਂ ਤੁਸੀਂ। ਲੜਕੀ ਨੌਕਰੀ ਕਰਦੀ ਹੋਵੇ ਤਾਂ ਸਹੁਰੇ ਪਰਿਵਾਰ ਨੂੰ ਤਨਖਾਹ ਨਹੀਂ। ਲੜਕੇ ਦੀ ਤਨਖਾਹ 'ਤੇ ਉਸ ਦਾ ਪੂਰਾ ਹੱਕ। ਇਹ ਤਾਂ ਠੀਕ ਨਹੀਂ। ਆਜ਼ਾਦੀ ਦਾ ਜਾਂ ਪੜ੍ਹੇ-ਲਿਖੇ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਮਾਪਿਆਂ ਤੋਂ ਸਿਆਣੇ ਹੋ ਗਏ। ਡਿਗਰੀ ਸਿੱਖਿਆ ਲਈ ਦਾ ਸਰਟੀਫਿਕੇਟ ਹੈ, ਸਿਆਣੇ ਹੋਣ ਦਾ ਨਹੀਂ। ਜਿਹੜੇ ਉਤਰਾਅ-ਚੜ੍ਹਾਅ ਮਾਪਿਆਂ ਨੇ ਵੇਖੇ ਨੇ ਅਤੇ ਜੋ ਉਨ੍ਹਾਂ ਨੇ ਸਿੱਖਿਆ ਹੈ, ਉਹ ਤੁਹਾਨੂੰ ਦੱਸਣਾ ਚਾਹੁੰਦੇ ਹਨ, ਨਾ ਕਿ ਤੁਹਾਡੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਕਰਦੇ ਹਨ। ਮਾਪਿਆਂ ਦੇ ਕਹੇ ਬੋਲ ਨਾ ਦਖ਼ਲਅੰਦਾਜ਼ੀ ਹੁੰਦੇ ਹਨ ਅਤੇ ਨਾ ਆਜ਼ਾਦੀ ਵਿਚ ਰੁਕਾਵਟ। ਉਹ ਇਸ ਲਈ ਕਹਿੰਦੇ ਹਨ, ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ ਅਤੇ ਤੁਹਾਡੀ ਫਿਕਰ ਹੁੰਦੀ ਹੈ ਉਨ੍ਹਾਂ ਨੂੰ।

-ਮੁਹਾਲੀ। ਮੋਬਾ: 98150-30221


ਖ਼ਬਰ ਸ਼ੇਅਰ ਕਰੋ

ਮਨੁੱਖ ਦੇ ਵਿਕਾਸ ਦੀ ਪੌੜੀ : ਕਿਤਾਬ

ਆਦਿ ਕਾਲ ਵਿਚ ਮਨੁੱਖ ਆਪਣੇ ਵਿਚਾਰਾਂ, ਗਿਆਨ ਅਤੇ ਖੋਜਾਂ ਨੂੰ ਰੁੱਖਾਂ ਦੇ ਪੱਤਿਆਂ, ਭੋਜ ਪੱਤਰਾਂ ਅਤੇ ਸੈਂਚੀਆਂ ਆਦਿ ਦੇ ਉੱਤੇ ਲਿਖਦਾ ਸੀ। ਹੌਲੀ-ਹੌਲੀ ਕਾਗ਼ਜ਼ ਦੀ ਖੋਜ ਹੋਈ ਅਤੇ ਹੱਥ-ਲਿਖਤ ਕੰਮਾਂ ਵਿਚ ਤੇਜ਼ੀ ਆਉਣੀ ਸ਼ੁਰੂ ਹੋ ਗਈ। ਫਿਰ ਛਾਪੇਖਾਨੇ ਨੇ ਮਨੁੱਖ ਦੇ ਗਿਆਨ, ਵਿਚਾਰਾਂ ਤੇ ਹੋਰ ਰਚਨਾਵਾਂ ਨੂੰ ਛੇਤੀ ਅਤੇ ਸਥਾਈ ਤੌਰ 'ਤੇ ਕਿਤਾਬਾਂ ਦੇ ਰੂਪ ਵਿਚ ਛਾਪਣ ਦੀ ਪੈਰਵੀ ਕੀਤੀ। ਮਨੁੱਖ ਨੂੰ ਆਦਿ ਕਾਲ ਤੋਂ ਹੁਣ ਤੱਕ ਅੰਕੜੇ ਸੰਭਾਲ ਕੇ ਰੱਖਣ, ਖੋਜਾਂ, ਤਜਰਬਿਆਂ ਤੇ ਸੰਗ੍ਰਹਿ ਕੀਤੇ ਗਿਆਨ ਭੰਡਾਰ ਨੂੰ ਸੰਜੋਅ ਕੇ ਰੱਖਣ ਅਤੇ ਅਗਲੀਆਂ ਪੀੜ੍ਹੀਆਂ ਤੱਕ ਸੰਭਾਲ ਕੇ ਰੱਖਣ ਦੀ ਲੋੜ ਪੈਂਦੀ ਰਹੀ। ਇਸ ਸਾਰੇ ਕੰਮ ਦੀ ਜ਼ਿੰਮੇਵਾਰੀ ਕਿਤਾਬ ਹੁਣ ਤੱਕ ਨਿਭਾਉਂਦੀ ਆ ਰਹੀ ਹੈ। ਕਿਤਾਬ ਵਿਚ ਸਾਲਾਂ-ਸਦੀਆਂ ਦਾ ਗੁਰੂਆਂ, ਪੀਰਾਂ, ਮਹਾਂਪੁਰਖਾਂ, ਵਿਗਿਆਨੀਆਂ ਅਤੇ ਸਾਡੇ ਹੋਰ ਵੱਡੇ-ਵਡੇਰਿਆਂ ਦਾ ਅਲੌਕਿਕ, ਰੂਹਾਨੀ ਤੇ ਅਣਮੁੱਲਾ ਗਿਆਨ, ਖੋਜਾਂ ਅਤੇ ਤਜਰਬਿਆਂ ਦਾ ਅਮੋਲਕ ਗਿਆਨ ਸੰਭਾਲ ਕੇ ਰੱਖਿਆ ਹੋਇਆ ਹੁੰਦਾ ਹੈ। ਕਿਤਾਬ ਪੀੜ੍ਹੀ-ਦਰ-ਪੀੜ੍ਹੀ ਸਾਡੇ ਗਿਆਨ ਦਾ ਨੇਤਰ ਖੋਲ੍ਹਣ ਵਾਲਾ ਅਜਿਹਾ ਵਡਮੁੱਲਾ ਸਾਧਨ ਹੈ, ਜਿਸ ਦਾ ਮਨੁੱਖ ਦੀ ਸੋਝੀ ਤੇ ਆਰੰਭਕ ਕਾਲ ਤੋਂ ਅੱਜ ਤੱਕ ਸਾਡੇ ਨਾਲ ਨਹੁੰ-ਮਾਸ ਦਾ ਰਿਸ਼ਤਾ ਬਣਿਆ ਹੋਇਆ ਹੈ। ਕਿਤਾਬ ਮਨੁੱਖ ਨੂੰ ਗਿਆਨਵਾਨ ਅਤੇ ਕਰਮਵਾਦੀ ਬਣਾਉਂਦੀ ਹੀ ਹੈ, ਸਗੋਂ ਮਨੁੱਖ ਨੂੰ ਜੀਵਨ ਜਿਊਣ ਦੀ ਜਾਚ ਵੀ ਸਿਖਾਉਂਦੀ ਹੈ। ਮਨੁੱਖ ਨੇ ਅੱਜ ਤੱਕ ਤਰੱਕੀ ਦੀਆਂ ਜੋ ਬੁਲੰਦੀਆਂ ਸਰ ਕੀਤੀਆਂ ਹਨ, ਉਹ ਕੇਵਲ ਕਿਤਾਬ ਦੀ ਹੀ ਦੇਣ ਹੈ। ਇਨਸਾਨੀਅਤ ਨੈਤਿਕ ਕਦਰਾਂ-ਕੀਮਤਾਂ ਅਤੇ ਜੀਵਨ-ਜਾਚ ਦਾ ਪਾਠ ਚੰਗੀਆਂ ਕਿਤਾਬਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ। ਸਾਡੇ ਸਿੱਖਿਆ ਸ਼ਾਸਤਰੀ, ਮਹਾਨ ਨੇਤਾ, ਬੁੱਧੀਜੀਵੀ, ਮਾਰਗ ਦਰਸ਼ਕ, ਵੱਡੇ-ਵੱਡੇ ਵਿਦਵਾਨ, ਦਾਰਸ਼ਨਿਕ, ਸਾਇੰਸਦਾਨ, ਦੇਸ਼ ਭਗਤ ਤੇ ਇਤਿਹਾਸਕਾਰ ਚੰਗੀਆਂ ਕਿਤਾਬਾਂ ਨਾਲ ਜੁੜੇ ਹੋਏ ਸਨ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਪੁਸਤਕਾਂ ਪੜ੍ਹਨ ਵਾਲਾ ਵਿਅਕਤੀ ਜ਼ਿੰਦਗੀ ਵਿਚ ਕਦੇ ਵੀ ਆਪਣੇ-ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਅਤੇ ਔਖੇ ਤੋਂ ਔਖੇ ਸਮੇਂ ਵੀ ਹੀਣ-ਭਾਵਨਾ ਦਾ ਸ਼ਿਕਾਰ ਨਹੀਂ ਹੁੰਦਾ। ਚੰਗੀਆਂ ਕਿਤਾਬਾਂ ਪੜ੍ਹਨ ਨਾਲ ਸਾਡੀ ਸ਼ਬਦਾਵਲੀ ਵਿਚ ਵੀ ਵਾਧਾ ਹੁੰਦਾ ਹੈ ਅਤੇ ਆਪਣੇ-ਆਪ ਤੇ ਦੂਜਿਆਂ ਨੂੰ ਸਮਝਣ ਦਾ ਸਾਡਾ ਨਜ਼ਰੀਆ ਵੀ ਬਦਲ ਜਾਂਦਾ ਹੈ ਅਤੇ ਸਕਾਰਾਤਮਿਕ ਭਾਵਨਾ ਦਾ ਸਾਡੀ ਜ਼ਿੰਦਗੀ ਵਿਚ ਠਹਿਰਾਓ ਹੋ ਜਾਂਦਾ ਹੈ। ਸਾਨੂੰ ਜ਼ਿੰਦਗੀ ਦੀਆਂ ਮੰਜ਼ਿਲਾਂ ਸਰ ਕਰਨ ਅਤੇ ਬੁਲੰਦੀਆਂ 'ਤੇ ਪਹੁੰਚਣ ਲਈ ਕਿਤਾਬਾਂ ਨੂੰ ਸਦਾ ਲਈ ਆਪਣਾ ਸਾਥੀ ਬਣਾ ਲੈਣਾ ਚਾਹੀਦਾ ਹੈ। ਸਾਨੂੰ ਲਾਇਬ੍ਰੇਰੀ ਅਤੇ ਪੁਸਤਕ ਮੇਲਿਆਂ ਵਿਚ ਵੀ ਜ਼ਰੂਰ ਸ਼ਿਰਕਤ ਕਰਨੀ ਚਾਹੀਦੀ ਹੈ। ਕਿਸੇ ਵਿਅਕਤੀ ਦੀ ਅਮੀਰੀ ਤੇ ਉਸ ਦੀ ਸ਼ਖ਼ਸੀਅਤ ਦੀ ਝਲਕ ਕਿਤਾਬਾਂ, ਲਿਖਤ ਰਚਨਾਵਾਂ ਆਦਿ ਨਾਲ ਉਸ ਦੇ ਸੰਬੰਧਾਂ ਤੋਂ ਸਪੱਸ਼ਟ ਹੋ ਜਾਂਦੀ ਹੈ। ਪੁਸਤਕਾਂ ਨਕਾਰਾਤਮਿਕ ਵਿਚਾਰਾਂ ਨੂੰ ਸਕਾਰਾਤਮਿਕ ਬਣਾਉਣ ਦੀ ਸਮਰੱਥਾ ਰੱਖਦੀਆਂ ਹਨ ਅਤੇ ਜ਼ਿੰਦਗੀ ਜਿਊਣ ਦੀ ਚਾਹਤ ਪੈਦਾ ਕਰਦੀਆਂ ਹਨ। ਕਿਤਾਬ ਦੀ ਮਹਾਨਤਾ ਤਾਂ ਕਿਤਾਬਾਂ ਦਾ ਉਹ ਰਸੀਆ ਹੀ ਜਾਣ ਸਕਦਾ ਹੈ, ਜਿਸ ਦੀ ਜ਼ਿੰਦਗੀ ਕਿਤਾਬ ਨੇ ਬਦਲ ਦਿੱਤੀ ਹੋਵੇ। ਕਿਤਾਬਾਂ ਰੁਜ਼ਗਾਰ ਦੇਣ ਤੇ ਦਿਵਾਉਣ ਵਿਚ ਵੀ ਯੋਗਦਾਨ ਪਾਉਂਦੀਆਂ ਹਨ। ਅਜੋਕੇ ਵਿਦਿਆਰਥੀ ਤੇ ਨੌਜਵਾਨ ਵਰਗ ਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਪੜ੍ਹਾਈ ਜਾਂ ਹੋਰ ਕਾਰਜਾਂ ਤੋਂ ਕੁਝ ਸਮਾਂ ਕੱਢ ਕੇ ਚੰਗੀਆਂ ਕਿਤਾਬਾਂ ਪੜ੍ਹਨ ਲਈ ਜ਼ਰੂਰ ਸਮਾਂ ਬਿਤਾਉਣ।

-ਸ੍ਰੀ ਅਨੰਦਪੁਰ ਸਾਹਿਬ। ਮੋਬਾ: 94785-61356

ਜ਼ਮੀਨਾਂ 'ਤੇ ਹੋ ਰਹੀਆਂ ਫ਼ਰਜ਼ੀ ਕਰਜ਼ਾ ਲਿਮਟਾਂ ਨੇ ਕਿਸਾਨਾਂ ਦੇ ਸਾਹ ਸੂਤੇ

ਜਿੱਥੇ ਕਿਸਾਨਾਂ ਨੂੰ ਸਮੇਂ ਅਨੁਸਾਰ ਕੁਦਰਤੀ ਅਤੇ ਘੱਟ ਭਾਅ ਮਿਲਣ ਕਰਕੇ ਸਰਕਾਰੀ ਕਰੋਪੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੁਣ ਅਜਿਹੇ ਇਕ ਹੋਰ ਭ੍ਰਿਸ਼ਟਾਚਾਰ ਸਿਸਟਮ ਨੇ ਕਿਸਾਨਾਂ ਨੂੰ ਗਹਿਰੇ ਸੰਕਟ ਵਿਚ ਫ਼ਸਾ ਦਿੱਤਾ ਹੈ। ਜਿਹੜਾ ਕਿਸਾਨ ਇਸ ਸੰਕਟ ਦਾ ਸ਼ਿਕਾਰ ਹੋ ਜਾਂਦਾ ਹੈ, ਉਸ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਹ ਹੁਣ ਕੀ ਕਰੇ, ਕੀ ਨਾ? ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਇਹ ਸੰਕਟ ਹੈ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਹੋ ਰਹੀਆਂ ਫ਼ਰਜ਼ੀ ਲਿਮਟਾਂ ਦਾ। ਹੁਣ ਅਜਿਹੇ ਮਸਲੇ ਸਾਹਮਣੇ ਆਉਣ ਲੱਗੇ ਹਨ ਕਿ ਜ਼ਮੀਨ ਮਾਲਕ ਨੂੰ ਪਤਾ ਵੀ ਨਹੀਂ ਹੁੰਦਾ ਤੇ ਉਸ ਦੀ ਜ਼ਮੀਨ 'ਤੇ ਕੋਈ ਲਿਮਟ ਦਾ ਕਰਜ਼ਾ ਲੈ ਲੈਂਦਾ ਹੈ ਤੇ ਜ਼ਮੀਨ ਬੈਂਕ ਕੋਲ ਗਹਿਣੇ (ਗਿਰਵੀ) ਹੋ ਜਾਂਦੀ ਹੈ, ਜਿਸ ਤੋਂ ਬਾਅਦ ਜਿਸ ਕਿਸਾਨ ਦੀ ਜ਼ਮੀਨ ਦੇ ਨੰਬਰਾਂ 'ਤੇ ਕਰਜ਼ਾ ਲਿਆ ਹੁੰਦਾ ਹੈ, ਭਰਨਾ ਉਸ ਨੂੰ ਪੈਂਦਾ ਹੈ। ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਲੀਡਰਾਂ ਤੱਕ ਭ੍ਰਿਸ਼ਟਾਚਾਰ ਦਾ ਖੂਬ ਬੋਲਬਾਲਾ ਹੈ। ਜਿੱਥੇ ਹਜ਼ਾਰਾਂ ਲੋਕ ਇਸ ਦੀ ਭੇਟ ਚੜ੍ਹਦੇ ਹਨ, ਉੱਥੇ ਹੀ ਹੁਣ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਫ਼ਰਜ਼ੀ ਲਿਮਟਾਂ ਕਰ ਕੇ ਠੱਗਿਆ ਜਾ ਰਿਹਾ ਹੈ। ਇਸ ਸਾਰੇ ਵਰਤਾਰੇ ਦੀ ਜ਼ਮੀਨ ਮਾਲਕ ਕਿਸਾਨ ਨੂੰ ਭਿਣਕ ਵੀ ਨਹੀਂ ਪੈਣ ਦਿੱਤੀ ਜਾਂਦੀ ਕਿ ਉਹ ਏਨੀ ਵੱਡੀ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਜਦੋਂ ਕਿਤੇ ਕਿਸੇ ਲੋੜ ਲਈ ਕੋਈ ਕਿਸਾਨ ਆਪਣੀ ਜ਼ਮੀਨ ਦੀ ਫ਼ਰਦ ਕਢਵਾਉਂਦਾ ਹੈ ਜਾਂ ਵੈਸੇ ਰਿਕਾਰਡ ਚੈੱਕ ਕਰਦਾ ਹੈ ਤਾਂ ਕਿਤੇ ਜਾ ਕੇ ਪਤਾ ਚਲਦਾ ਹੈ ਕਿ ਉਹ ਧੋਖੇਬਾਜ਼ੀ ਦੀ ਭੇਟ ਚੜ੍ਹ ਗਿਆ ਹੈ। ਇਨ੍ਹਾਂ ਫ਼ਰਜ਼ੀ ਲਿਮਟਾਂ ਨੇ ਸਰਕਾਰੀ ਅਧਿਕਾਰੀਆਂ ਦੀ ਪਾਰਦਰਸ਼ਤਾ ਵਾਲੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਜੇਕਰ ਕਿਸੇ ਸਹੀ ਵਿਅਕਤੀ ਨੇ ਆਪਣੀ ਜ਼ਮੀਨ 'ਤੇ ਲਿਮਟ ਕਰਵਾਉਣੀ ਹੋਵੇ ਤਾਂ ਉਨ੍ਹਾਂ ਨੂੰ ਇਕ ਸਖ਼ਤ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਠੱਗ ਫ਼ਰਜ਼ੀ ਲਿਮਟ ਕਿਵੇਂ ਬਣਾ ਲੈਂਦੇ ਹਨ। ਜਿੱਥੇ ਕਿਸਾਨਾਂ ਦੇ ਇਸ ਘਪਲੇ ਨੇ ਸਾਹ ਸੂਤੇ ਪਏ ਹਨ, ਉੱਥੇ ਹੀ ਇਹ ਵੀ ਡਰ ਪਿਆ ਹੋਇਆ ਹੈ ਕਿ ਇਸ ਤਰ੍ਹਾਂ ਜ਼ਮੀਨਾਂ ਵੀ ਨਾ ਕੋਈ ਧੋਖੇ ਨਾਲ ਆਪਣੇ ਨਾਂਅ ਕਰਵਾ ਲਵੇ। ਬਾਕੀ ਏਨੀ ਵੱਡੀ ਪੱਧਰ ਉੱਤੇ ਕਿਸਾਨਾਂ ਨਾਲ ਵੱਜ ਰਹੀ ਠੱਗੀ ਬਾਰੇ ਅਜੇ ਤੱਕ ਨਾ ਕਿਸੇ ਸਿਆਸਤਦਾਨ ਨੇ ਮੁੱਦਾ ਚੁੱਕਿਆ, ਨਾ ਹੀ ਕਿਸਾਨੀ ਮਸਲੇ ਸਲਝਾਉਣ ਲਈ ਬਣੀਆਂ ਕਿਸਾਨ ਯੂਨੀਅਨਾਂ ਨੇ ਇਸ ਮਸਲੇ ਨੂੰ ਉਭਾਰਿਆ ਹੈ। ਇਸ ਤੋਂ ਇਲਾਵਾ ਕੁੰਭਕਰਨੀ ਨੀਂਦ ਸੁੱਤੀ ਪਈ ਸਰਕਾਰ ਨੂੰ ਆਪਣੀ ਜਾਗ ਖੋਲ੍ਹ ਕੇ ਦੇਖਣ ਦੀ ਲੋੜ ਹੈ ਕਿ ਕਿਵੇਂ ਸਰਕਾਰੀ ਅਦਾਰਿਆਂ ਵਿਚ ਕਿਸਾਨਾਂ ਨਾਲ ਵੱਡੀ ਪੱਧਰ 'ਤੇ ਧੋਖਾ ਕੀਤਾ ਜਾ ਰਿਹਾ ਹੈ। ਇਹ ਮਸਲਾ ਬਹੁਤ ਗੰਭੀਰ ਹੈ, ਇਸ 'ਤੇ ਜਲਦੀ ਪਹਿਰਾ ਦੇਣ ਦੀ ਲੋੜ ਹੈ, ਤਾਂ ਕਿ ਹੋਰ ਕਿਸਾਨ ਵਿਚਾਰੇ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਜਾਣ।

-ਧਨੌਲਾ (ਬਰਨਾਲਾ)। ਮੋਬਾ: 97810-48055

 

ਬੱਚਿਆਂ 'ਤੇ ਪੜ੍ਹਾਈ ਦਾ ਬੋਝ ਅਤੇ ਪੜ੍ਹਾਈ ਦੇ ਢਾਂਚੇ ਵਿਚ ਸੁਧਾਰ ਦੀ ਲੋੜ

ਅੱਜਕਲ੍ਹ ਆਪਾਂ ਦੇਖਦੇ ਹਾਂ ਕਿ ਬੱਚਿਆਂ 'ਤੇ ਪੜ੍ਹਾਈ ਦਾ ਬਹੁਤ ਭਾਰ ਹੈ। ਬੱਚਿਆਂ ਨੂੰ ਇਕ ਪਲ ਦੀ ਵਿਹਲ ਨਹੀਂ ਹੁੰਦੀ। ਬੱਚਾ ਸਵੇਰੇ ਸਕੂਲ ਜਾਂਦੈ, ਸਕੂਲ ਵਿਚ ਪੜ੍ਹਦੈ, ਸਕੂਲੋਂ ਵਾਪਸ ਆ ਕੇ ਸਕੂਲ ਵਲੋਂ ਦਿੱਤਾ ਕੰਮ ਕਰਦੈ। ਕੰਮ ਕਰਨ ਤੋਂ ਬਾਅਦ ਟਿਊਸ਼ਨ ਜਾਂਦੈ, ਟਿਊਸ਼ਨ ਤੋਂ ਆ ਕੇ ਰੋਟੀ ਖਾਂਦੈ, ਸੌਂ ਜਾਂਦੈ। ਫਿਰ ਸਵੇਰੇ ਉੱਠ ਕੇ ਪੜ੍ਹਦੈ। ਫਿਰ ਰੋਜ਼ ਦਾ ਇਹੀ ਨਿੱਤਨੇਮ। ਸ਼ਾਇਦ ਲੋਕ ਇਹ ਭੁੱਲ ਚੁੱਕੇ ਹਨ ਕਿ ਬੱਚਾ ਕੋਈ ਮਸ਼ੀਨ ਜਾਂ ਕੰਪਿਊਟਰ ਨਹੀਂ ਕਿ ਬਟਨ ਦਬਾਇਆ ਤੇ ਸੌ ਵਿਚੋਂ ਸੌ ਨੰਬਰਾਂ ਵਾਲਾ ਰਿਪੋਰਟ ਕਾਰਡ ਮਿਲ ਗਿਆ। ਬੱਚਿਆਂ ਨੂੰ ਇਕ ਐਤਵਾਰ ਦੀ ਅਤੇ ਗਰਮੀਆਂ ਦੇ ਮਹੀਨੇ ਵਿਚ ਛੁੱਟੀਆਂ ਹੁੰਦੀਆਂ ਹਨ। ਪਰ ਕੋਈ ਇਹ ਨਹੀਂ ਸਮਝਦਾ, ਸਗੋਂ ਬੱਚਿਆਂ ਨੂੰ ਦੁੱਗਣਾ ਜਾਂ ਤਿੰਨ ਗੁਣਾ ਕੰਮ ਇਹ ਸੋਚ ਕੇ ਦਿੱਤਾ ਜਾਂਦਾ ਹੈ ਕਿ ਕੱਲ੍ਹ ਦੀ ਛੁੱਟੀ ਹੈ। ਬੱਚਾ ਜੂਨ ਦੀਆਂ ਛੁੱਟੀਆਂ 'ਚ ਮਾਸੀ ਕੋਲ, ਭੂਆ ਕੋਲ ਆਪਣਾ ਇਕ ਸਾਲ ਦਾ ਪੜ੍ਹਾਈ ਦਾ ਬੋਝ ਹਲਕਾ ਕਰਨ ਲਈ ਜਾਂਦੈ ਪਰ ਸਕੂਲ ਵਲੋਂ ਦਿੱਤਾ ਕੰਮ ਦੇਖ ਕੇ ਉਹ ਆਪਣਾ ਕੰਮ ਉੱਥੇ ਲੈ ਜਾਂਦੈ ਤੇ ਉੱਥੇ ਆਪਣਾ ਕੰਮ ਕਰ ਕੇ ਵਾਪਸ ਮੁੜ ਆਉਂਦੈ। ਨਾ ਹੀ ਉਸ ਨੂੰ ਖੇਡਣ ਦਾ ਮੌਕਾ ਮਿਲਦੈ। ਹਰ ਇਕ ਮਾਂ-ਪਿਓ ਦੀ ਇਹੀ ਸੋਚ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪਹਿਲੇ ਨੰਬਰ 'ਤੇ ਆਵੇ ਜਾਂ ਇੰਨੇ ਫੀਸਦੀ ਅੰਕ ਲੈ ਕੇ ਆਵੇ ਪਰ ਕੋਈ ਉਸ ਦੀ ਕਾਬਲੀਅਤ ਵੱਲ ਨਹੀਂ ਦੇਖਦਾ ਕਿ ਉਹ ਕਿਸ ਖੇਡ ਲਈ ਜਾਂ ਕਿਸ ਕੰਮ ਲਈ ਬਣਿਆ ਹੈ, ਬਲਕਿ ਜਦੋਂ ਬੱਚਾ ਕੰਮ ਤੋਂ ਵਿਹਲਾ ਹੋ ਕੇ ਆਪਣੇ ਮਨੋਰੰਜਨ ਲਈ ਖੇਡਣ ਲਗਦਾ ਹੈ ਤਾਂ ਉਸ ਨੂੰ ਫਿਰ ਪੜ੍ਹਾਈ ਦੀ ਯਾਦ ਦਿਵਾ ਕੇ ਕਿਹਾ ਜਾਂਦੈ ਕਿ ਛੱਡ ਇਸ ਨੂੰ ਇਸ ਦੇ ਚੱਕਰ 'ਚ ਕਿਤੇ ਪੜ੍ਹਾਈ 'ਚ ਪਿੱਛੇ ਨਾ ਰਹਿ ਜਾਵੀਂ। ਸਾਰਾ ਦਿਨ ਪੜ੍ਹਾਈ-ਪੜ੍ਹਾਈ ਕਹਿ ਕੇ ਬੱਚੇ ਦੇ ਮਨ ਵਿਚ ਡਰ ਪੈਦਾ ਕਰ ਦਿੰਦੇ ਨੇ, ਪੜ੍ਹਾਈ ਅਤੇ ਸਫਲਤਾ ਦਾ ਦੂਰ-ਦੂਰ ਤੱਕ ਕੋਈ ਰਿਸ਼ਤਾ ਨਹੀਂ। ਪੜ੍ਹਾਈ ਜ਼ਿੰਦਗੀ ਦਾ ਭਾਗ ਹੈ। ਪੜ੍ਹਾਈ ਜ਼ਿੰਦਗੀ ਨਹੀਂ ਹੈ। ਇਹੀ ਕਾਰਨ ਹੈ ਕਿ ਭਾਰਤ ਅੱਗੇ ਨਹੀਂ ਵਧ ਰਿਹਾ। ਭਾਰਤ 'ਚ ਪੜ੍ਹਾਈ ਦਾ ਢਾਂਚਾ ਬਹੁਤ ਖਰਾਬ ਹੈ। ਇੱਥੇ ਬੱਚੇ ਦੇ ਅੰਕਾਂ ਵੱਲ ਧਿਆਨ ਦਿੱਤਾ ਜਾਂਦਾ ਹੈ, ਜੋ ਕਿ ਸਹੀ ਨਹੀਂ ਹੈ। ਸਾਨੂੰ ਸਕੂਲ ਵਿਚ ਜ਼ਿੰਦਗੀ ਦੇ ਤੌਰ-ਤਰੀਕਿਆਂ ਬਾਰੇ ਦੱਸਿਆ ਜਾਣਾ ਚਾਹੀਦੈ, ਤਾਂ ਜੋ ਅਸੀਂ ਜ਼ਿੰਦਗੀ ਵਿਚ ਕਾਮਯਾਬ ਹੋ ਸਕੀਏ। ਜ਼ਿੰਦਗੀ ਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਹੈ। ਸਾਨੂੰ ਹੌਸਲਾ ਦੇਣਾ ਚਾਹੀਦੈ, ਤਾਂ ਜੋ ਅਸੀਂ ਜ਼ਿੰਦਗੀ 'ਚ ਕੁਝ ਬਣ ਸਕੀਏ। ਪਰ ਸਕੂਲਾਂ ਵਿਚ ਇਸ ਤੋਂ ਉਲਟ ਕੀਤਾ ਜਾਂਦਾ ਹੈ। ਜੇਕਰ ਕਿਸੇ ਬੱਚੇ ਦਾ ਕੰਮ ਪੂਰਾ ਨਹੀਂ ਹੁੰਦਾ ਤਾਂ ਉਸ ਨੂੰ ਕੁੱਟ ਕੇ ਸਮਝਾਇਆ ਜਾਂਦਾ ਹੈ। ਆਮ ਜਾਣਕਾਰੀ ਦਾ ਵਿਸ਼ਾ ਤਾਂ ਹੈ ਪਰ ਉਸ ਵਿਚ ਸਹੀ ਸਵਾਲ ਨਹੀਂ ਹਨ। ਸਕੂਲ ਵਲੋਂ ਦਿੱਤਾ ਘਰ ਦਾ ਕੰਮ ਜ਼ਿਆਦਾ ਹੋਣ ਕਰਕੇ ਬੱਚਾ ਆਪਣੀ ਕਾਬਲੀਅਤ ਨਹੀਂ ਪਛਾਣ ਪਾਉਂਦਾ। ਸੋ, ਭਾਰਤ ਸਰਕਾਰ ਨੂੰ ਪੜ੍ਹਾਈ ਦੇ ਢਾਂਚੇ ਉੱਤੇ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਨੂੰ ਪੜ੍ਹਾਈ ਦਾ ਬੋਝ ਨਾ ਸਹਿਣਾ ਪਵੇ ਅਤੇ ਆਪਣਾ ਭਾਰਤ ਤਰੱਕੀ ਕਰ ਸਕੇ।

-ਕਲਾਸ ਅੱਠਵੀਂ, ਸੇਂਟ ਸੋਲਜਰ ਰੈਸ਼ਨਲ ਪਬਲਿਕ ਸਕੂਲ, ਤਲਵੰਡੀ ਸਾਬੋ।

ਨਿੱਜੀ ਹਸਪਤਾਲਾਂ ਵਿਚ ਲੁੱਟੇ ਜਾ ਰਹੇ ਨੇ ਮਰੀਜ਼

ਦੇਸ਼ ਵਿਚ ਲਗਾਤਾਰ ਵਧ ਰਹੀਆਂ ਮਿਲਾਵਟੀ ਵਸਤਾਂ ਅਤੇ ਦਿਨੋ-ਦਿਨ ਪ੍ਰਦੂਸ਼ਿਤ ਹੁੰਦੇ ਵਾਤਾਵਰਨ ਕਾਰਨ ਅੱਜ ਹਰ ਇਨਸਾਨ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ। ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ। ਜੇਕਰ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਤਾਂ ਹਸਪਤਾਲ ਵਿਚ ਨਾ ਹੀ ਪੂਰੇ ਡਾਕਟਰ ਹਨ ਅਤੇ ਨਾ ਹੀ ਉਚਿਤ ਮਾਤਰਾ ਵਿਚ ਦਵਾਈ ਉਪਲਬਧ ਹੈ। ਜੇਕਰ ਕਿਸੇ ਸਰਕਾਰੀ ਹਸਪਤਾਲ ਵਿਚ ਇਹ ਉਪਲਬਧ ਵੀ ਹਨ ਤਾਂ ਜ਼ਿਆਦਾਤਰ ਡਾਕਟਰ ਆਪਣੇ ਮਰੀਜ਼ਾਂ ਨੂੰ ਚੰਗੀ ਤਰ੍ਹਾਂ ਦੇਖਣਾ ਉਚਿਤ ਹੀ ਨਹੀਂ ਸਮਝਦੇ, ਜਿਸ ਕਾਰਨ ਆਮ ਲੋਕਾਂ ਦਾ ਸਰਕਾਰੀ ਹਸਪਤਾਲ ਤੋਂ ਵਿਸ਼ਵਾਸ ਲਗਪਗ ਉੱਠ ਗਿਆ ਹੈ। ਭਾਵੇਂ ਕਿ ਕੁਝ ਚੰਗੇ ਡਾਕਟਰ ਵੀ ਸਰਕਾਰੀ ਹਸਪਤਾਲਾਂ ਵਿਚ ਤਾਇਨਾਤ ਹਨ, ਜੋ ਕਿ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੇ ਹਨ ਪਰ ਇਨ੍ਹਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੈ। ਸਰਕਾਰੀ ਹਸਪਤਾਲਾਂ ਵਿਚ ਇਲਾਜ ਨਾ ਮਿਲਣ ਕਾਰਨ ਬਿਮਾਰ ਹੋਣ ਦੀ ਸੂਰਤ ਵਿਚ ਮਰੀਜ਼ ਨੂੰ ਆਪਣਾ ਇਲਾਜ ਨਿੱਜੀ ਹਸਪਤਾਲ ਤੋਂ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਅੱਜ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿਚ ਨਿੱਜੀ ਡਾਕਟਰ ਲੋਕਾਂ ਦਾ ਇਲਾਜ ਕਰ ਰਹੇ ਹਨ। ਇਨ੍ਹਾਂ ਨਿੱਜੀ ਹਸਪਤਾਲਾਂ ਵਿਚ ਡਾਕਟਰਾਂ ਨੇ ਆਪਣੀ ਲੈਬ, ਆਪਣੀ ਦਵਾਈ ਦੀ ਦੁਕਾਨ, ਐਕਸਰੇ ਦੀਆਂ ਮਸ਼ੀਨਾਂ ਆਦਿ ਲਗਾਈਆਂ ਹੋਈਆਂ ਹਨ ਅਤੇ ਇਹ ਡਾਕਟਰ ਆਪਣੀ ਮਨਮਰਜ਼ੀ ਦੀ ਫੀਸ ਲੈ ਕੇ ਲੋਕਾਂ ਦੇ ਇਲਾਜ ਦੇ ਨਾਂਅ 'ਤੇ ਉਨ੍ਹਾਂ ਦੀ ਭਾਰੀ ਲੁੱਟ ਕਰ ਰਹੇ ਹਨ। ਕਿਸੇ ਵੀ ਨਿੱਜੀ ਹਸਪਤਾਲ ਵਿਚ ਜਾ ਕੇ ਦੇਖ ਲਓ, ਮਰੀਜ਼ਾਂ ਦੀ ਭੀੜ ਇਨ੍ਹਾਂ ਹਸਪਤਾਲਾਂ ਵਿਚ ਦਿਖਾਈ ਦੇ ਜਾਵੇਗੀ। ਹਸਪਤਾਲ ਵਿਚ ਦਾਖ਼ਲ ਹੁੰਦੇ ਹੀ ਰਿਸੈਪਸ਼ਨ 'ਤੇ ਬੈਠੇ ਸਟਾਫ ਵਲੋਂ ਮਰੀਜ਼ ਦੀ ਪਰਚੀ ਕੱਟ ਦਿੱਤੀ ਜਾਂਦੀ ਹੈ ਅਤੇ ਮਨਮਰਜ਼ੀ ਦੀ ਫੀਸ ਵਸੂਲ ਲਈ ਜਾਂਦੀ ਹੈ। ਸ਼ਹਿਰ ਦੇ ਵੱਡੇ ਹਸਪਤਾਲਾਂ ਦੀ ਸਥਿਤੀ ਇਹ ਹੈ ਕਿ ਮਰੀਜ਼ ਨਾਲ ਆਏ ਰਿਸ਼ਤੇਦਾਰਾਂ ਨੂੰ ਮਾਨਸਿਕ ਤੌਰ 'ਤੇ ਇਹ ਕਹਿ ਕੇ ਡਰਾਇਆ ਜਾਂਦਾ ਹੈ ਕਿ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਜੇਕਰ ਤੁਰੰਤ ਆਪ੍ਰੇਸ਼ਨ ਨਾ ਕੀਤਾ ਗਿਆ ਤਾਂ ਮਰੀਜ਼ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਡਾਕਟਰਾਂ ਦੀ ਘਾਟ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ। ਨਾਲੋ-ਨਾਲ ਨਿੱਜੀ ਹਸਪਤਾਲਾਂ ਲਈ ਵੀ ਸਖ਼ਤ ਨਿਯਮ ਬਣਾਏ ਜਾਣ ਕਿ ਇਕ ਨਿਸਚਿਤ ਮਾਤਰਾ ਤੱਕ ਹੀ ਮਰੀਜ਼ ਤੋਂ ਬਿਮਾਰੀ ਦਾ ਬਿੱਲ ਲਿਆ ਜਾ ਸਕਦਾ ਹੈ। ਆਮ ਲੋਕਾਂ ਦੀ ਨਜ਼ਰ ਵਿਚ ਅੱਜ ਵੀ ਡਾਕਟਰਾਂ ਨੂੰ ਦੂਜਾ ਰੱਬ ਮੰਨਿਆ ਜਾਂਦਾ ਹੈ, ਇਸ ਲਈ ਡਾਕਟਰ ਸਾਹਿਬਾਨ ਆਪਣੇ ਮਰੀਜ਼ਾਂ ਦਾ ਇਲਾਜ ਘੱਟ ਕੀਮਤ ਤੇ ਵਧੀਆ ਢੰਗ ਨਾਲ ਕਰਨ, ਤਾਂ ਜੋ ਇਸ ਪੇਸ਼ੇ ਦੀ ਪਵਿੱਤਰਤਾ ਕਾਇਮ ਰਹਿ ਸਕੇ ਅਤੇ ਹਰ ਇਨਸਾਨ ਬਿਮਾਰ ਹੋਣ 'ਤੇ ਆਪਣਾ ਇਲਾਜ ਚੰਗੀ ਤਰ੍ਹਾਂ ਕਰਵਾ ਸਕੇ।

-ਮਲੌਦ (ਲੁਧਿਆਣਾ)।
princearora151@gmail.com

ਅਨਿਸਚਿਤਤਾ ਦੇ ਦੌਰ 'ਚੋਂ ਲੰਘ ਰਿਹੈ ਪੰਜਾਬ

ਪੰਜ ਪਾਣੀਆਂ ਦੀ ਧਰਤੀ ਪੰਜਾਬ, ਜਿਸ ਨੂੰ ਇਕ ਸਮੇਂ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ। ਹਰ ਪਾਸੇ ਹਰਿਆਲੀ, ਖੁਸ਼ੀਆਂ-ਖੇੜੇ ਸਨ ਪਰ ਅੱਜ ਉਹੀ ਰੰਗਲਾ ਪੰਜਾਬ ਬਰਬਾਦੀ ਦੀ ਕਗਾਰ 'ਤੇ ਖੜ੍ਹਾ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦਾ ਕੋਹੜ ਲੱਗ ਚੁੱਕਾ ਹੈ। ਉਹ ਪੰਜਾਬ ਜਿਥੇ ਪੰਜ ਦਰਿਆਵਾਂ ਦਾ ਪਾਣੀ ਮੌਜਾਂ ਲੁੱਟਦਾ ਸੀ, ਉਹ ਪੰਜਾਬ ਅੱਜ ਮਾਰੂਥਲ ਬਣਦਾ ਜਾ ਰਿਹਾ ਹੈ। ਪੰਜਾਬ ਦੇ ਧੀਆਂ-ਪੁੱਤਰ ਵਿਦੇਸ਼ਾਂ ਵਿਚ ਆਪਣਾ ਭਵਿੱਖ ਲੱਭ ਰਹੇ ਹਨ। ਪੰਜਾਬ ਦਾ ਕਿਸਾਨ ਜੋ ਪੂਰੇ ਦੇਸ਼ ਦਾ ਅੰਨਦਾਤਾ ਅਖਵਾਉਂਦਾ ਸੀ, ਉਹ ਅੱੱਜ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਚੁੱਕਾ ਹੈ। ਪੰਜਾਬ ਦਾ ਸ਼ਰਬਤ ਵਰਗਾ ਪਾਣੀ ਗੰਧਲਾ ਹੋ ਚੁੱਕਾ ਹੈ, ਜਿਸ ਕਾਰਨ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਪੰਜਾਬ ਦੇ ਘਰ-ਘਰ ਪਹੁੰਚ ਚੁੱਕੀ ਹੈ। ਪੰਜਾਬ ਦੀ ਰੰਗਲੀ ਧਰਤੀ ਜਿਥੇ ਰਿਸ਼ਤੇ ਪਨਪਦੇ ਸਨ, ਪਿਆਰ-ਮੁਹੱਬਤ ਦੀਆਂ ਮਹਿਕਾਂ ਆਉਂਦੀਆਂ ਸਨ, ਅੱਜ ਉਸ ਧਰਤੀ 'ਤੇ ਰਿਸ਼ਤਿਆਂ ਦਾ ਕਤਲ ਹੋ ਰਿਹਾ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਵੀ ਵੱਡੀ ਇਕ ਸਮੱਸਿਆ ਇਹ ਹੈ ਕਿ ਅੱਜ ਪੰਜਾਬੀਆਂ ਦੀ ਸੋਚਣ-ਸਮਝਣ ਦੀ ਸ਼ਕਤੀ ਖਤਮ ਹੋ ਚੁੱਕੀ ਹੈ। ਪੰਜਾਬੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਲੱਭ ਰਹੇ ਹਨ ਪਰ ਸਿਰਫ ਸੋਸ਼ਲ ਮੀਡੀਆ 'ਤੇ ਚਿੰਤਾ ਕਰਨ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ, ਇਸ ਦੇ ਲਈ ਚਿੰਤਨ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਜੋ ਹੌਲੀ-ਹੌਲੀ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਹੈ। ਮਾਵਾਂ ਦੇ ਜਵਾਨ ਪੁੱਤ ਚਿੱਟੇ ਨੇ ਖਾ ਲਏ ਪਰ ਸਾਡੀ ਤ੍ਰਾਸਦੀ ਇਹ ਹੈ ਕਿ ਅਸੀਂ ਇਨ੍ਹਾਂ ਨਸ਼ਿਆਂ ਦਾ ਵਿਰੋਧ ਸੋਸ਼ਲ ਮੀਡੀਆ 'ਤੇ ਤਾਂ ਕਰਦੇ ਹਾਂ ਪਰ ਪਿੰਡਾਂ ਜਾਂ ਸ਼ਹਿਰਾਂ ਵਿਚ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਨਸ਼ੇ ਖਰੀਦੇ-ਵੇਚੇ ਜਾ ਰਹੇ ਹਨ, ਉਸ ਨੂੰ ਦੇਖ ਅਸੀਂ ਚੁੱਪ ਹੋ ਜਾਂਦੇ ਹਨ। ਜੇਕਰ ਪੰਜਾਬ ਨੂੰ ਨਸ਼ਾਮੁਕਤ ਕਰਨਾ ਹੈ ਤਾਂ ਨਸ਼ੇ ਰੋਕਣ ਦਾ ਕੰਮ ਜ਼ਮੀਨੀ ਪੱਧਰ 'ਤੇ ਕਰਨਾ ਪਵੇਗਾ। ਪੰਜਾਬ ਦੀ ਉਪਜਾਊ ਭੂਮੀ ਬੰਜਰ ਤੇ ਪਾਣੀ ਜ਼ਹਿਰ ਬਣਦਾ ਜਾ ਰਿਹਾ ਹੈ। ਰੁੱਖਾਂ ਦੀ ਕਟਾਈ ਅੰਨ੍ਹੇਵਾਹ ਹੋ ਰਹੀ ਹੈ। ਪੰਜਾਬ ਨੂੰ ਫਿਰ ਤੋਂ ਹਰਿਆ-ਭਰਿਆ ਬਣਾਉਣ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾਵੇ। ਜੇਕਰ ਅੱਜ ਦੀ ਤਰ੍ਹਾਂ ਪੰਜਾਬੀਆਂ ਦਾ ਰੁਝਾਨ ਵਿਦੇਸ਼ਾਂ ਵੱਲ ਰਿਹਾ ਤਾਂ ਪੰਜਾਬੀ ਮਾਂ-ਬੋਲੀ, ਪੰਜਾਬੀ ਸੱਭਿਆਚਾਰ ਆਪਣੇ-ਆਪ ਹੌਲੀ-ਹੌਲੀ ਖਤਮ ਹੋ ਜਾਵੇਗਾ। ਨੌਜਵਾਨ ਪੀੜ੍ਹੀ ਦਾ ਵਿਦੇਸ਼ ਜਾਣ ਦਾ ਵੱਡਾ ਕਾਰਨ ਹੈ ਆਪਣੀ ਧਰਤੀ 'ਤੇ ਰੁਜ਼ਗਾਰ ਨਾ ਮਿਲਣਾ, ਪਰ ਜੇਕਰ ਪੰਜਾਬ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ ਤਾਂ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਵੀ ਕਾਫੀ ਹੱਦ ਤੱਕ ਕੱਢਿਆ ਜਾ ਸਕਦਾ ਹੈ ਅਤੇ ਵਿਦੇਸ਼ ਜਾਣ ਤੋਂ ਵੀ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਪੰਜਾਬ ਦਾ ਥੰਮ੍ਹ ਪੰਜਾਬ ਦੀ ਕਿਸਾਨੀ ਹੈ ਪਰ ਕਿਸਾਨ ਦੀ ਹਾਲਤ ਅੱਜ ਇੰਨੀ ਮਾੜੀ ਹੋ ਚੁੱਕੀ ਹੈ ਕਿ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਚੁੱਕਾ ਹੈ। ਦੇਸ਼ ਦਾ ਅੰਨਦਾਤਾ ਅੱਜ ਖੁਦ ਭੁੱਖੇ ਢਿੱਡ ਸੌਂਦਾ ਹੈ। ਇਕ ਪਾਸੇ ਕੁਦਰਤੀ ਕਰੋਪੀਆਂ ਅਤੇ ਦੂਸਰੇ ਪਾਸੇ ਸਰਕਾਰਾਂ ਦੀ ਅਣਗਹਿਲੀ ਨੇ ਕਿਸਾਨੀ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਅੱਜ ਜ਼ਰੂਰਤ ਹੈ ਮਿਲ ਕੇ ਵਿਚਾਰ ਕਰਨ ਦੀ ਅਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਤੱਕ ਪਹੁੰਚ ਕੇ ਉਨ੍ਹਾਂ ਨੂੰ ਹੱਲ ਕਰਨ ਦੀ।

-ਪਿੰਡ ਤਨੂੰਲੀ।

ਪ੍ਰਦੂਸ਼ਣ ਦੀ ਰੋਕਥਾਮ ਲਈ ਹਰੇਕ ਵਰਗ ਨਿਭਾਏ ਆਪਣੀ ਜ਼ਿੰਮੇਵਾਰੀ

ਵਾਤਾਵਰਨ ਨੂੰ ਗੰਧਲਾ ਕਰਨ ਵਿਚ ਬਹੁਤ ਸਾਰੇ ਕਾਰਨਾਂ ਵਿਚ ਇਕ ਮੁੱਖ ਕਾਰਨ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਸਾੜਨਾ ਵੀ ਹੈ। ਪਰਾਲੀ ਸਾੜਨ ਵਾਲਿਆਂ ਦੀ ਮਜਬੂਰੀ, ਸਾਧਨਾਂ ਦੀ ਕਮੀ, ਖਰਚੇ ਦੇ ਵਧ ਜਾਣ ਦੀ ਚਿੰਤਾ, ਇੱਛਾ ਸ਼ਕਤੀ ਦੀ ਘਾਟ, ਜ਼ਿੱਦ, ਕਾਹਲ, ਨਾਦਾਨੀ, ਲਾਹਪ੍ਰਵਾਹੀ ਅਤੇ ਮੈਨੂੰ ਕੀ? ਆਦਿ ਤੱਤ ਪਰਾਲੀ ਦੇ ਧੂੰਏਂ ਦੀ ਮੋਟੀ ਕਾਲੀ ਚਾਦਰ ਨਾਲ ਵਾਯੂ ਮੰਡਲ ਢਕਣ ਦੇ ਜ਼ਿੰਮੇਵਾਰ ਬਣੇ ਹੋਏ ਹਨ। ਐਤਕੀਂ ਇਸ ਚਾਦਰ ਨੂੰ ਤੋੜਨ ਲਈ ਕੁਦਰਤ ਨੂੰ ਖੁਦ ਮਜਬੂਰ ਵੀ ਹੋਣਾ ਪਿਆ ਜਾਨੀ ਕਿ ਬੇਵਕਤੀ ਬੂੰਦਾ-ਬਾਂਦੀ ਤੋਂ ਲੈ ਕੇ ਭਾਰੀ ਮੀਂਹ ਵਰਸਾਉਣਾ ਪਿਆ, ਜਿਸ ਨਾਲ ਹਾੜ੍ਹੀ ਦੀ ਫਸਲ ਦੀ ਬਿਜਾਈ ਵੀ ਕਾਫੀ ਲੇਟ ਹੋ ਰਹੀ ਹੈ। ਸਰਕਾਰਾਂ, ਪ੍ਰਦੂਸ਼ਣ ਕੰਟਰੋਲ ਬੋਰਡਾਂ ਨੇ ਪਰਾਲੀ ਨਾ ਸਾੜਨ ਲਈ ਦਲੀਲਾਂ ਭਰੀਆਂ ਅਪੀਲਾਂ, ਦਬਕੇ ਭਰੇ ਬਿਆਨ ਆਦਿ ਦੇ ਕੇ ਇਸ਼ਤਿਹਾਰੀ ਤੀਰ ਵੀ ਛੱਡੇ ਪਰ ਪਰਨਾਲਾ ਉਥੇ ਦਾ ਉਥੇ ਹੀ। ਝੋਨੇ ਦੀ ਵਢਾਈ ਤੋਂ ਪਹਿਲਾਂ ਇਹ ਚਰਚਾ ਸੀ ਕਿ ਪਰਾਲੀ ਨੂੰ ਕੁਤਰਾ ਕਰਨ (ਐਸ.ਐਮ.ਐਸ.) ਵਾਲੇ ਸਿਸਟਮ ਵਾਲੀਆਂ ਕੰਬਾਈਨਾਂ ਹੀ ਝੋਨੇ ਦੀ ਕਟਾਈ ਕਰਨਗੀਆਂ, ਜਿਸ ਨਾਲ ਪਰਾਲੀ ਦਾ ਕੁਤਰਾ ਹੋ ਕੇ ਖੇਤਾਂ ਵਿਚ ਖਿੱਲਰਦਾ ਜਾਏਗਾ ਤੇ ਜਿਸ ਨੂੰ ਸਾੜਨ ਦੀ ਲੋੜ ਪੈਣੀ ਈ ਨਹੀਂ। ਪਰ ਹੋਇਆ ਇਸ ਦੇ ਐਨ ਉਲਟ। ਇਸੇ ਤਰ੍ਹਾਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤੇ ਜਾਣ ਦੀ ਵੀ ਗੱਲ ਆਖੀ ਜਾ ਰਹੀ ਹੈ। ਇਸ ਦੇ ਨਾਲ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਪਰਾਲੀ ਸਾੜਨ ਵਾਲੇ ਲੋਕ ਵੀ ਇਹ ਮੁਆਵਜ਼ਾ ਲੈਣ ਲਈ ਵਧੇਰੇ ਪੱਬਾਂ ਭਾਰ ਹੋ ਰਹੇ ਹਨ। ਇਹ ਜੋ ਕੁਝ ਹੋ ਰਿਹਾ ਹੈ, ਇਹ ਸਭ ਕੁਝ ਹੀ ਗਲਤ ਹੈ। ਹੁਣ ਇਹ ਸਿਰਫ ਕੁਵੇਲੇ ਦੀਆਂ ਟੱਕਰਾਂ ਹੀ ਹਨ। ਇਥੇ ਤਾਂ ਇਹ ਚਾਹੀਦਾ ਸੀ ਕਿ ਇਹ ਮੁਆਵਜ਼ਾ ਝੋਨੇ ਦੀ ਕਟਾਈ ਤੋਂ ਪਹਿਲਾਂ ਵੰਡਿਆ ਜਾਂਦਾ। ਇਹ ਮੁਆਵਜ਼ਾ ਲੈਣ ਵਾਲਿਆਂ ਤੋਂ ਪ੍ਰਣ-ਪੱਤਰ/ਹਲਫੀਆ ਬਿਆਨ ਲਏ ਜਾਂਦੇ ਕਿ ਜੇ ਉਹ ਪਰਾਲੀ ਸਾੜਦੇ ਫੜੇ ਜਾਣਗੇ ਤਾਂ ਉਹ ਸਖਤ ਸਜ਼ਾਵਾਂ ਦੇ ਭਾਗੀਦਾਰ ਹੋਣਗੇ। ਕੁਝ ਜਾਗਰੂਕ ਉੱਦਮੀ ਕਿਸਾਨਾਂ ਨੇ ਆਪਣੀ ਉਸਾਰੂ ਸੋਚ-ਸਮਝ ਅਨੁਸਾਰ ਐਤਕੀਂ ਵੀ ਪਰਾਲੀ ਉੱਕਾ ਹੀ ਨਹੀਂ ਸਾੜੀ। ਬਾਕੀ ਸਾਨੂੰ ਸਭ ਨੂੰ ਵੀ ਅਜਿਹੇ ਯਤਨ ਵੀ ਕਰਨੇ ਹੋਣਗੇ ਪ੍ਰਦੂਸ਼ਣ ਫੈਲਾਊ ਸਾਧਨਾਂ ਦੀ ਵਰਤੋਂ ਸੀਮਤ, ਉਹ ਵੀ ਸਿਰਫ ਲੋੜ ਪੈਣ 'ਤੇ ਕੀਤੀ ਜਾਵੇ ਨਾ ਕਿ ਕਿਸੇ ਆਸਥਾ ਜਾਂ ਐਸ਼ਪ੍ਰਸਤੀ ਲਈ ਕੀਤੀ ਜਾਏ। ਜਿਥੋਂ ਤੱਕ ਸੰਭਵ ਹੋਵੇ, ਆਵਾਜਾਈ ਲਈ ਜਨਤਕ ਵਾਹਨਾਂ ਦੀ ਵਰਤੋਂ ਕੀਤੀ ਜਾਵੇ। ਹਰ ਪ੍ਰਕਾਰ ਦੀਆਂ ਉਦਯੋਗਿਕ ਇਕਾਈਆਂ ਦੇ ਮਾਲਕਾਂ/ਪ੍ਰਬੰਧਕਾਂ ਨੂੰ ਵੀ ਹਵਾ ਸਾਫ ਰੱਖਣ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਇਸ ਦੇ ਨਾਲ-ਨਾਲ ਰੁੱਖ ਲਾਉਣੇ ਤੇ ਪਾਲਣੇ ਸਾਡਾ ਸਭ ਦਾ ਕਰਮ-ਧਰਮ ਬਣ ਜਾਣਾ ਚਾਹੀਦਾ ਹੈ, ਤਾਂ ਕਿ ਧਰਤ ਮਾਂ ਦਾ ਖੁਸ਼ਗਵਾਰ ਵਾਤਵਰਨ ਫਿਰ ਤੋਂ ਆਣ ਦਸਤਕ ਦੇਵੇ।

-ਪਿੰਡ ਛੋਟਾ ਰਈਆ, ਜਿਲ੍ਹਾ ਅੰਮ੍ਰਿਤਸਰ, 143112 ਫੋਨ: 62845-75581

ਬੋਰਡ ਪ੍ਰੀਖਿਆਵਾਂ ਲਈ ਕਿਵੇਂ ਕੀਤੀ ਜਾਵੇ ਤਿਆਰੀ?

ਹਰ ਪ੍ਰੀਖਿਆ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਸਮਾਂ ਘੱਟ ਹੁੰਦਾ ਹੈ ਅਤੇ ਸਿਲੇਬਸ ਜ਼ਿਆਦਾ, ਪਰ ਜੇ ਯੋਜਨਾਬੰਦੀ ਅਜਿਹੀ ਹੋਵੇ ਕਿ ਸਾਰੇ ਮੁੱਖ ਪ੍ਰਸ਼ਨਾਂ ਦੀ ਸੂਚੀ ਕੇਵਲ ਪੜ੍ਹੀ ਹੋਵੇ, ਲਿਖ ਕੇ ਯਾਦ ਕੀਤੀ ਹੋਵੇ ਅਤੇ ਨਾ ਭੁੱਲਣਯੋਗ ਹੋਵੇ ਤਾਂ ਸਮੇਂ ਦੀ ਬੱਚਤ ਵੀ ਹੋਵੇਗੀ ਤੇ ਸਿਲੇਬਸ ਵੀ ਪੂਰਾ ਹੋ ਜਾਵੇਗਾ। ਪੱਕੇ ਯਾਦ ਕੀਤੇ ਪ੍ਰਸ਼ਨਾਂ ਨੂੰ ਇਕ, ਦੋ ਅਤੇ ਤਿੰਨ ਸਟਾਰ ਲਗਾ ਕੇ ਅੰਕਿਤ ਕਰੋ। ਕੋਸ਼ਿਸ਼ ਇਹ ਹੋਵੇ ਕਿ ਪ੍ਰੀਖਿਆ ਤੋਂ ਪਹਿਲਾਂ ਸਾਰੇ ਪ੍ਰਸ਼ਨਾਂ 'ਤੇ ਤਿੰਨ ਸਟਾਰ ਲੱਗੇ ਹੋਣ। ਬਾਰ੍ਹਵੀਂ (ਸਾਇੰਸ) ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦੀ ਇਹ ਘੜੀ ਬੜੀ ਅਹਿਮ ਹੁੰਦੀ ਹੈ। ਸਾਇੰਸ ਦੇ ਵਿਸ਼ਿਆਂ 'ਤੇ ਪਕੜ ਕਰਨਾ ਚੁਣੌਤੀਪੂਰਨ ਕਾਰਜ ਮੰਨਿਆ ਗਿਆ ਹੈ। ਸਾਇੰਸ ਦੇ ਸਾਰੇ ਵਿਸ਼ੇ ਫਿਜ਼ਿਕਸ, ਕੈਮਿਸਟਰੀ, ਗਣਿਤ ਅਤੇ ਬਿਓਲੋਜੀ ਬਿਨਾਂ ਨੋਟਸ ਜਾਂ ਬਿਨਾਂ ਲਿਖਤੀ ਅਭਿਆਸ ਦੇ ਹੱਲ ਕਰਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹਨ। ਹਰੇਕ ਵਿਗਿਆਨ ਵਿਸ਼ੇ ਨਾਲ ਸਬੰਧਿਤ ਕੁਝ ਅਜਿਹੇ ਪਹਿਲੂ ਹਨ, ਜਿਨ੍ਹਾਂ ਨੂੰ ਜਾਣ ਕੇ ਪ੍ਰੀਖਿਆਵਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਫਿਜ਼ਿਕਸ ਵਿਸ਼ਾ ਵਿਦਿਆਰਥੀ ਦੇ ਸਮੁੱਚੀ ਫ਼ੀਸਦੀ ਨੂੰ ਸਿਖਰ 'ਤੇ ਲਿਜਾ ਸਕਦਾ ਹੈ। ਵਿਸ਼ੇਸ਼ ਨੁਸਖ਼ੇ : ਫਿਜ਼ਿਕਸ ਵਿਚ ਕਿਸੇ ਵੀ ਵਿਸ਼ੇ ਨੂੰ ਰੱਟਾ ਨਹੀਂ ਲਗਾਇਆ ਜਾ ਸਕਦਾ। ਕਿਤਾਬ ਦਾ ਮੁਕੰਮਲ ਰੂਪ 'ਚ ਅਧਿਐਨ ਕਰ ਕੇ, ਹਰ ਵਿਸ਼ੇ ਨੂੰ ਪ੍ਰਯੋਗੀ ਰੂਪ 'ਚ ਸਮਝਣਾ ਜ਼ਰੂਰੀ ਹੁੰਦਾ ਹੈ। ਇਸ ਵਿਸ਼ੇ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਸੂਚੀਬੱਧ ਕੀਤਾ ਜਾਵੇ। ਜਿਵੇਂ ਸਾਰੇ ਵਿਸ਼ੇ ਨਾਲ ਸਬੰਧਿਤ ਫਾਰਮੂਲੇ, ਪਰਿਭਾਸ਼ਾਵਾਂ, ਇਕਾਈਆਂ ਅਤੇ ਡੈਰੀਵੇਸ਼ਨਾਂ ਦੀ ਵੱਖੋ-ਵੱਖਰੀ ਸੂਚੀ ਨਾਲ ਯਾਦ ਰੱਖਣਾ ਬੇਹੱਦ ਆਸਾਨ ਹੋ ਜਾਂਦਾ ਹੈ। ਵਿਸ਼ੇ ਨਾਲ ਸਬੰਧਿਤ ਗ੍ਰਾਫ ਅਤੇ ਲੇਬਲ ਕੀਤੇ ਚਿੱਤਰਾਂ ਦਾ ਲਿਖ ਕੇ ਕੀਤਾ ਅਭਿਆਸ ਪੂਰੇ ਅੰਕ ਦਿਵਾ ਦਿੰਦਾ ਹੈ। ਵਿਸ਼ੇ ਨਾਲ ਸਬੰਧਿਤ ਕੋਈ ਸ਼ੱਕ ਹੋਵੇ ਤਾਂ ਮੌਕੇ 'ਤੇ ਆਪਣੇ ਅਧਿਆਪਕ ਦੀ ਸਹਾਇਤਾ ਲਓ। ਕਰਮ ਅਨੁਸਾਰ ਪ੍ਰਸ਼ਨਾਂ ਨੂੰ ਹੱਲ ਕਰੋ। ਜੇ ਲੰਮੇ ਪ੍ਰਸ਼ਨ ਪਹਿਲਾਂ ਹੱਲ ਕਰ ਲਏ ਜਾਣ ਤਾਂ ਬਿਹਤਰ ਹੈ, ਕਿਉਂਕਿ ਪ੍ਰੀਖਿਆ ਦੇ ਆਖਰੀ ਸਮੇਂ 'ਚ ਕਈ ਵਾਰ ਲੰਮੇ ਪ੍ਰਸ਼ਨਾਂ ਲਈ ਸਮਾਂ ਘੱਟ ਰਹਿ ਜਾਂਦਾ ਹੈ। 1-2 ਅੰਕਾਂ ਵਾਲੇ ਪ੍ਰਸ਼ਨ ਥੋੜ੍ਹੇ ਸਮੇਂ 'ਚ ਵੀ ਕੀਤੇ ਜਾ ਸਕਦੇ ਹਨ। ਪੂਰੇ ਅੰਕ ਹਾਸਲ ਕਰਨ ਲਈ ਉੱਤਰਾਂ ਨੂੰ ਹਮੇਸ਼ਾ ਪੁਆਇੰਟ ਵਾਈਜ਼, ਸੰਖੇਪ ਅਤੇ ਸਾਫ ਢੰਗ ਨਾਲ ਲਿਖੋ। ਰਸਾਇਣ ਵਿਗਿਆਨ (ਕੈਮਿਸਟਰੀ) ਵਿਸ਼ਾ ਮਾਦਾ ਦੇ ਕੰਪੋਜੀਸ਼ਨ, ਸਟ੍ਰਕਚਰ ਪ੍ਰਾਪਰਟੀਜ਼ ਨਾਲ ਸਬੰਧਿਤ ਹੁੰਦਾ ਹੈ। ਵੇਖਣ ਨੂੰ ਇਹ ਵਿਸ਼ਾ ਗੁੰਝਲਦਾਰ ਜਾਪਦਾ ਹੈ, ਪਰ ਯਤਨ ਤੇ ਸਖਤ ਮਿਹਨਤ ਨਾਲ ਇਸ ਵਿਸ਼ੇ 'ਤੇ ਵੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਪ੍ਰੀਖਿਆਵਾਂ ਤੋਂ ਇਕ ਦਿਨ ਪਹਿਲਾਂ ਸਾਰੇ ਵਿਸ਼ੇ 'ਤੇ ਪਕੜ ਮਜ਼ਬੂਤ ਕਰ ਲਓ। ਪ੍ਰੀਖਿਆ ਦੇ ਅਖੀਰਲੇ ਮਿੰਟ ਕੋਈ ਵਿਸ਼ਾ ਰਹਿ ਨਾ ਜਾਵੇ। ਪਹਿਲਾਂ ਤੋਂ ਤਿਆਰ ਨੋਟਿਸ ਅਤੇ ਉਨ੍ਹਾਂ ਵਿਚਲੇ ਫਾਰਮੂਲੇ ਯੋਜਨਾਬੱਧ ਢੰਗ ਨਾਲ ਹੋਰ ਸੰਖੇਪ ਕਰਕੇ ਦਿਮਾਗ 'ਚ ਬਿਠਾਓ।

-ਪ੍ਰਿੰਸੀਪਲ ਸ: ਕੰ: ਸੀ: ਸੈ: ਸਕੂਲ, ਮੰਡੀ ਹਰਜ਼ੀ ਰਾਮ, ਮਲੋਟ।
ਮੋਬਾ: 90233-46816

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX