ਤਾਜਾ ਖ਼ਬਰਾਂ


ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  2 minutes ago
ਜੋਧਾਂ, 21 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)- ਲੁਧਿਆਣਾ ਜ਼ਿਲ੍ਹੇ ਦੇ ਨਾਮਵਰ ਪਿੰਡ ਗੁੱਜਰਵਾਲ ਵਿਖੇ ਅੱਜ ਇੱਕ ਨੌਜਵਾਨ ਵਲੋਂ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 22 ਸਾਲਾ ਚਰਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ...
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  13 minutes ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਅੱਜ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ, ਮੱਤੇਵਾਲ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  30 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਰਾਜਧਾਨੀ ਕੋਲੰਬੋ ਅਤੇ ਸ੍ਰੀਲੰਕਾ 'ਚ ਇੱਕੋ ਸਮੇਂ ਕਈ ਥਾਈਂ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਉੱਥੇ ਹੀ ਇਨ੍ਹਾਂ ਧਮਾਕਿਆਂ 'ਚ 450 ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਰਾਜਧਾਨੀ...
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  50 minutes ago
ਜਲੰਧਰ, 21 ਅਪ੍ਰੈਲ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਗੁਰੂ ਗੋਬਿੰਦ ਸਿੰਘ ਐਵਨਿਊ ਨੇੜੇ ਅੱਜ ਇੱਕ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ...
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  about 1 hour ago
ਅਟਾਰੀ, 21ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ 'ਤੇ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਵਾਪਸ ਪਰਤ ਆਇਆ...
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਧਮਾਕਿਆਂ ਦੀ ਖ਼ਬਰ ਨਾਲ ਕਰੋੜਾਂ ਭਾਰਤੀ ਵੀ ਚਿੰਤਾ 'ਚ ਹਨ। ਵੱਡੀ ਗਿਣਤੀ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਲੋਕ ਸ੍ਰੀਲੰਕਾ 'ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ 'ਚ ਅਜੇ ਤੱਕ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  about 1 hour ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ 'ਚ ਅੱਜ ਇੱਕੋ ਸਮੇਂ ਕਈ ਥਾਈਂ ਲੜੀਵਾਰ ਧਮਾਕੇ ਹੋਏ, ਜਿਨ੍ਹਾਂ 'ਚ 49 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਸ੍ਰੀਲੰਕਾ ਦੀ ਪੁਲਿਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ...
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  about 2 hours ago
ਕੋਲੰਬੋ, 21 ਅਪ੍ਰੈਲ- ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ ਦੇ ਕਈ ਇਲਾਕਿਆਂ 'ਚ ਅੱਜ ਈਸਟਰ ਮੌਕੇ ਬੰਬ ਧਮਾਕੇ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਇੱਥੇ ਦੋ ਚਰਚਾਂ ਤੇ ਹੋਟਲਾਂ 'ਚ ਹੋਏ ਹਨ ਅਤੇ ਇਨ੍ਹਾਂ 'ਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦਾ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  about 1 hour ago
ਰਾਏਪੁਰ, 21 ਅਪ੍ਰੈਲ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬੀਜਾਪੁਰ ਦੇ ਪਾਮੇੜ ਪਿੰਡ ਦੇ ਜੰਗਲਾਂ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ...
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 3 hours ago
ਅਮਰਕੋਟ, 21 ਅਪ੍ਰੈਲ (ਗੁਰਚਰਨ ਸਿੰਘ ਭੱਟੀ)- ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਵਿਖੇ ਬੀਤੀ ਰਾਤ ਇਕ ਨੌਜਵਾਨ ਦੇ ਕਤਲ ਹੋਣ ਦਾ ਪਤਾ ਲੱਗਾ, ਜਾਣਕਾਰੀ ਅਨੁਸਾਰ ਪਿੰਡ ਵਲਟੋਹਾ ਵਿਖੇ ਆਪਣੇ ਨਾਨਕੇ ਘਰ ਆਏ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਨੂਰਵਾਲਾ ਜੋ ਕਿ ਬੀਤੀ ਰਾਤ ਆਪਣੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਿਸ਼ਤ ਨੰ: 45 ਲੜੀਵਾਰ ਨਾਵਲ-ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਦੂਜੀ ਵਿਸ਼ਵ ਜੰਗ ਖ਼ਤਮ ਹੋ ਗਈ। ਸਰਨ ਸਿੰਘ ਦੇ ਘਰ ਸਰਕਾਰੀ ਚਿੱਠੀ ਆਈ ਕਿ ਜੰਗੀ ਕੈਦੀ ਰਿਹਾਅ ਹੋ ਕੇ ਘਰ ਆ ਰਹੇ ਹਨ। ਫਿਰ ਜਦੋਂ ਕੈਦੀਆਂ ਨੂੰ ਲੈ ਕੇ ਜਹਾਜ਼ ਕਰਾਚੀ ਬੰਦਰਗਾਹ 'ਤੇ ਆ ਗਿਆ ਤਾਂ ਉਥੇ ਉਨ੍ਹਾਂ ਦੇ ਸਵਾਗਤ ਲਈ ਕੈਦੀਆਂ ਦੇ ਰਿਸ਼ਤੇਦਾਰ ਤੇ ਹੋਰ ਲੋਕ ਪਹਿਲਾਂ ਹੀ ਪਹੁੰਚੇ ਹੋਏ ਸਨ। ਸਰਨ ਸਿੰਘ ਤੇ ਅਵਤਾਰ ਸਿੰਘ ਵੀ ਪਹੁੰਚੇ ਹੋਏ ਸਨ। ਜਦੋਂ ਭਾਗ ਸਿੰਘ ਲੰਗੜਾਉਂਦਾ ਹੋਇਆ ਉਨ੍ਹਾਂ ਵੱਲ ਵਧਿਆ ਤਾਂ ਉਹ ਅੱਗੇ ਵਧ ਘੁੱਟ ਕੇ ਗਲਵਕੜੀ ਪਾ ਕੇ ਮਿਲੇ। ਜਦ ਭਾਗ ਸਿੰਘ ਪਿੰਡ ਪਹੁੰਚਿਆ ਤਾਂ ਉਸ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਹੋਇਆ। ਅੱਜ ਅੱਗੇ ਪੜ੍ਹੋ :

ਆਪਣੇ ਘਰ ਦੀਆਂ ਪੌੜੀਆਂ ਉਤੇ ਖਲੋਤੀ ਭੂਆ ਰਾਮੋ ਨੇ ਕਿਹਾ, 'ਖੈਰੇ! ਰੋ ਲੈਣ ਦਿਓਸ, ਬੱਚਿਆਂ ਨੂੰ ਮਿਲ ਕੇ ਵਿਛੋੜੇ ਦਾ ਵੈਰਾਗ ਅੰਦਰੋਂ ਨਿਕਲਸਸ... ਆਪ ਬੀ ਤਾਂ ਤੜਫਦਾ ਰਿਹਾ ਹੋਸੀ ਬੱਚਿਆਂ ਬਗੈਰ... ਅੰਦਰ ਭਰਿਆ ਗੁਬਾਰ ਨਿਕਲ ਜਾਵਸ... ਥੋੜ੍ਹਾ ਹਲਕਾ ਹੋ ਜਾਸੀ...।'
ਭਾਗ ਸਿੰਘ ਨੇ ਅੱਖਾਂ ਰੁਮਾਲ ਨਾਲ ਪੂੰਝੀਆਂ ਤੇ ਇਕ ਨਜ਼ਰ ਗੁੱਲਾਂ ਨਾਲ ਮਿਲਦੇ ਹੀ ਉਹ ਫੇਰ ਸੁਭਕਣ ਲੱਗ ਪਿਆ। ਅੱਖਾਂ ਤਾਂ ਸਾਰਿਆਂ ਦੀਆਂ ਸਿੱਲ੍ਹੀਆਂ ਹੋ ਗਈਆਂ ਜਿਵੇਂ ਕੁੜੀ ਦੀ ਡੋਲੀ ਟੁਰਨ ਲੱਗੀ ਹੋਏ ਜਿਸ ਵੇਲੇ ਕੋਈ ਵੀ ਅੱਖ ਸੁੱਕੀ ਨਹੀਂ ਰਹਿੰਦੀ।
ਭਾਗ ਸਿੰਘ ਦਾ ਤਾਂ ਜਿਵੇਂ ਨਵਾਂ ਵਿਆਹ ਰਚਾਇਆ ਗਿਆ। ਦੋਸਤਾਂ, ਮਿੱਤਰਾਂ, ਬਿਰਾਦਰੀ ਦਾ ਇਕੱਠ ਹੋਇਆ। ਗੁੱਲਾਂ ਦਾ ਧਰਤੀ ਉਤੇ ਪੈਰ ਨਾ ਟਿਕਦਾ। ਉਡਦੀ ਫਿਰਦੀ ਵਧਾਈਆਂ, ਤੋਹਫ਼ੇ, ਸ਼ਗਨ ਕਬੂਲ ਕਰਦੀ ਹੱਸ-ਹੱਸ ਦੂਹਰੀ ਹੁੰਦੀ। 'ਖੈਰੀ ਮੇਰੀ ਮੌਤ ਦੇ ਮੂੰਹ 'ਚੋਂ ਬਚ ਕੇ ਆਇਐ ਸੁਖ ਨਾਲ ਨਵਾਂ ਜਨਮ ਹੋਇਆਸ।'
ਨਿਆਮਤ ਦਾ ਉਮਡ-ਉਮਡ ਪੈਂਦਾ ਚਾਅ ਝੱਲਿਆ ਨਾ ਜਾਂਦਾ। ਉਹ ਗਹਿਣੇ ਗੱਟਿਆਂ ਨਾਲ ਲੱਦੀ ਲਦਾਈ 6 ਬੱਚਿਆਂ ਨਾਲ ਕਿਨਾਰੀਆਂ ਵਾਲੀ ਚੁੰਨੀ ਦੀ ਬੁੱਕਲ ਮਾਰ ਕੇ ਬੈਠ ਗਈ।... 'ਸੁਣ ਲੋ ਦੋਵੇਂ ਭਰਝਾਈਓ ਮੈਂ ਤਾਂ ਕੱਖ ਭੰਨ ਕੇ ਦੋਹਰਾ ਨਾ ਕਰਸਾਂ ਨੇ... ਮਨੂੰ ਤਾਂ ਇਥੇ ਆਰਾਮ ਕਰਨ ਦਿਓ।'
ਸਾਰੀ ਗਲੀ ਦੀਪ ਮਾਲਾ ਨਾਲ ਸਜਾਈ ਗਈ। ਜਿਵੇਂ ਸਾਰੀ ਲੜਾਈ ਭਾਗ ਸਿੰਘ ਨੇ ਹੀ ਜਿੱਤੀ ਹੋਏ...। ਜਿੰਨੇ ਵੀ ਮੁਲਕ ਜਿੱਤੇ ਚਾਹੇ ਉਹ ਐਕਸਿਸ ਸਨ ਜਾਂ ਐਲਾਈਡ ਸ਼ਕਤੀਆਂ। ਹਿਟਲਰ ਨੇ ਵੀ ਆਤਮ-ਹੱਤਿਆ ਭਾਗ ਸਿੰਘ ਦੇ ਡਰ ਤੋਂ ਕੀਤੀ ਹੋਏ, ਭਾਗ ਸਿੰਘ ਹੀ ਸਾਰੀ ਲੜਾਈ ਦਾ ਨਾਇਕ ਹੋਵੇ।
ਕਾਲੂ ਦੀ ਗਲੀ ਦਾ ਮਿਹਰ ਸਿੰਘ ਦੂਜੇ-ਚੌਥੇ ਦਿਨ ਭਾਗ ਸਿੰਘ ਕੋਲ ਗੱਪਾਂ ਮਾਰਨ ਆ ਜਾਂਦਾ। ਛੁੱਟੀਆਂ ਮਿਲੀਆਂ ਨੇ ਟੱਬਰ-ਟ੍ਹੀਰ ਕੋਲ ਬੈਠਣ ਵੈਰਾਗ ਉਤਾਰਨ ਲਈ। ਦੋਵਾਂ ਦੀਆਂ ਕੈਦ ਵੇਲੇ ਦੀਆਂ ਗੱਲਾਂ-ਯਾਦਾਂ ਹੀ ਖਤਮ ਨਹੀਂ ਸੀ ਹੁੰਦੀਆਂ। ਆਸ-ਪਾਸ ਗਲੀ-ਮੁਹੱਲੇ ਵਾਲੇ ਵੀ ਆ ਕੇ ਬੈਠ ਉਨ੍ਹਾਂ ਦੀਆਂ ਮੁਸ਼ਕਿਲਾਂ, ਭੁੱਖਾਂ, ਬਿਮਾਰੀਆਂ, ਗੋਲੀਆਂ ਲੱਗਣ ਬਾਰੇ ਸੁਣਦੇ। ਤ੍ਰਿਹਾਏ ਮਰਨ ਨਾਲੋਂ ਉਨ੍ਹਾਂ ਪਿਸ਼ਾਬ ਵੀ ਪੀਤਾ ਸੀ ਸੁਣ ਕੇ ਪ੍ਰਕਾਸ਼ ਤੇ ਪੁੱਤਲੀ ਉਬਾਕ ਲੈਂਦੀਆਂ, ਮੂੰਹ ਅੱਗੇ ਚੁੰਨੀ ਦਾ ਡੱਬ ਦੇ ਕੇ ਖੁਰੇ ਵੱਲ ਦੌੜੀਆਂ।
'ਚਾਚਾ ਜੀ, ਤੁਸੀਂ ਬੀ ਭਾਪਾ ਜੀ ਦੇ ਨਾਲ ਹੀ ਰਹਿਉ?' ਪ੍ਰਕਾਸ਼ ਨੇ ਬੜੀ ਉਤਸੁਕਤਾ ਨਾਲ ਮਿਹਰ ਸਿੰਘ ਕੋਲੋਂ ਪੁੱਛਿਆ।
'ਨਾ ਪੁੱਤਰ, ਸਾਨੂੰ ਸਿਸਲੀ ਤੋਂ 'ਉਦੀਨੇ' ਪਹਿਲੇ ਜੰਗੀ ਕੈਦੀ ਕੈਂਪ ਵਿਚ ਕੈਦ ਕੀਤਾ ਹੋਇਆ ਨੇ। ਇਹ ਬੜਾ ਵੱਡਾ ਜੰਗੀ ਕੈਦੀ ਕੈਂਪ ਆਇਆ। ਬੜੀ ਉੱਚੀ-ਉੱਚੀ ਕੰਡਿਆਂ ਵਾਲੀ ਵਲਗਣ ਚਾਰੇ ਪਾਸੇ ਲਗਵੀ ਆਈ। ਕੈਦੀਆਂ ਉਤੇ ਨਜ਼ਰ ਰੱਖਣ ਵਾਸਤੇ ਉੱਚੇ-ਉੱਚੇ ਮੀਨਾਰ ਬਣਾਏਵੇ ਆਏ ਨੇ ਤੇ ਲੰਮ-ਸਲੰਮੀਆਂ ਬੈਰਕਾਂ। ਹਿਕ ਕੰਬਲ ਦਿੱਤਾ ਆਇਆ ਨੇ ਉਹੀ ਤੱਲੇ, ਉਹੀ ਉਤੇ... ਠੰਡ ਨਾਲ ਠਰ ਜਾਨੇ ਆਇਆਂ... ਹੱਡੀਆਂ ਬੀ ਕੰਬਦੀਆਂ ਆਈਆਂ... ਸਾਰੀ ਰਾਤ ਸੌਂ ਨੀਂ ਸਕਨੇ ਆਇਆਂ... ਬੈਰਕਾਂ ਵਿਚ ਬੜੀ ਘਾਟ ਬਿਜਲੀ ਦਾ ਚਾਨਣ ਹੋਂਦਾ... ਸਾਰੀ ਰਾਤ ਸੌਂ ਨੀਂ ਸਕਨੇ ਆਇਆਂ... ਬੈਰਕਾਂ ਵਿਚ ਬੜੀ ਘਾਟ ਬਿਜਲੀ ਦਾ ਚਾਨਣ ਹੋਂਦਾ ਆਇਆ ਡਾਢੀ ਮੁਸ਼ਕਿਲ 'ਚ ਆਇਆਂ... ਕੈਦੀਆਂ ਵਿਚ ਭਾਰਤੀ, ਕੈਨੇਡੀਅਨ, ਆਸਟ੍ਰੇਲੀਅਨ, ਲੰਦਨ ਤੋਂ ਬੜੇ ਕੈਦੀ ਆਏ।'
'ਕ੍ਹੇ ਕਰਦੇ ਰਹਿੰਦੇ ਆਇਓ ਸਾਰਾ ਦਿਨ ਚਾਚਾ ਜੀ?' ਪੁੱਤਲੀ ਬੋਲੀ।
'ਕਰਨਾ ਕ੍ਹੇ ਆਇਆ-ਕਦੀ ਕੈਂਪ ਦੀ ਸਫਾਈ, ਕਦੀ ਗੱਪਾਂ, ਸੌਣਾ, ਬਸ, ਕਈ ਵਾਰੀ ਭੁੱਖੇ ਬੀ ਰਹਿਣਾ ਪੈਂਦਾ ਆਇਆ। ਸਾਡੇ ਕੈਂਪ ਵਿਚ ਪਤੈ ਕੈਦੀਆਂ ਨੇ ਕ੍ਹੇ ਕੀਤਾ? ਅੰਦਰੋ-ਅੰਦਰੀ ਪਤਾ ਨ੍ਹੀਂ ਕਦੋਂ ਦੀ ਸੁਰੰਗ ਪੱਟਦੇ ਰਹੇ। ਸਾਡੀ ਭਾਰਤੀ ਬੀ ਨਾਲ ਮਿਲਵੇ ਆਏ ਹਿਕ ਦਿਨ ਸਤਾਰਾਂ ਕੈਦੀ ਉਥੋਂ ਨੱਸ ਗਏ। ਜਰਮਨ ਸਿਪਾਹੀਆਂ ਨੇ ਬੜੀ ਭੱਜ-ਦੌੜ ਕਰਕੇ ਉਨ੍ਹਾਂ ਨੂੰ ਪਕੜ ਲਿਆ, ਵੱਤ ਉਨ੍ਹਾਂ ਨੇ ਸਾਰੇ ਕੈਦੀਆਂ ਉਤੇ ਬੜੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ, ਆਹੀ ਹਰ ਗੱਲ 'ਤੇ ਸ਼ੱਕ ਕਰਦੇ ਆਹੇ... ਕਰੇ ਕੋਈ ਭਰੇ ਕੋਈ, ਮਨੇ ਤਾਂ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਮਨੂੰ ਕਈ ਹੋਰ ਕੈਦੀਆਂ ਨਾਲ ਉਦੀਨੇ ਤੋਂ ਬਰੂਮਜ਼ਵਿਕ ਕੈਂਪ ਭੇਜਿਆ। ਉਥੇ ਤੇਰਾ ਭਾਪਾ ਮਿਲ ਗਿਆ ਵੱਤ ਅਸੀਂ ਹਮੇਸ਼ਾ ਇਕੱਠੇ ਰਹਿੰਨੇ ਆਇਆ। ਇਥੇ ਉਦੀਨੇ ਨਾਲੋਂ ਘੱਟ ਸਖਤੀ ਆਹੀ ਦੋਵੇਂ ਆਪਣੇ ਪਿਸ਼ੌਰ ਦੀਆਂ ਗੱਲਾਂ ਕਰਦੇ ਰਹਿਨੇ ਆਇਆ... ਤੁਹਾਨੂੰ ਸਾਰਿਆਂ ਨੂੰ ਯਾਦ ਕਰਕੇ ਬਹੁਤ ਰੋਏ... ਕ੍ਹੇ ਖਬਰ ਤੁਹਾਨੂੰ ਸਾਰਿਆਂ ਨੂੰ ਵੱਤ ਤਕਸੀਏ ਕਿ ਨਾ...' ਕਹਿੰਦੇ ਮਿਹਰ ਸਿੰਘ ਦੀਆਂ ਅੱਖਾਂ ਦੇ ਕੋਹਿਆਂ ਦਾ ਪਾਣੀ ਛਲਕਣ ਲੱਗਾ।
'ਪਤੈ ਮਿਹਰ ਸਿੰਘ, ਤੇਰੇ ਬਰੂਮਜ਼ਵਿਕ ਕੈਂਪ ਵਿਚ ਆਣ ਤੋਂ ਪੈਹਲੈ 1944 ਵਿਚ ਬੜੇ ਏਅਰ ਰੇਡਜ਼ ਹੋਏ' ਮਨੂੰ ਪਕੀ ਤਰ੍ਹਾਂ ਯਾਦ ਏ ਮਈ ਵਿਚ ਅਠਾਰ੍ਹਾਂ... ਜੂਨ ਵਿਚ ਸਤਾਰਾਂ, ਜੁਲਾਈ ਵਿਚ ਵੀਹ, ਅਗਸਤ ਵਿਚ ਬੀ ਵੀਹ, ਸਤੰਬਰ ਵਿਚ ਇੱਕੀ, ਅਕਤੂਬਰ ਵਿਚ ਚੌਂਤਰੀ, ਨਵੰਬਰ ਵਿਚ ਇਕਤਾਲੀ, ਦਸੰਬਰ ਵਿਚ ਪੈਂਤਰੀ ਸਾਡਾ ਸਾਰਾ ਕੈਂਪ ਤਬਾਹ ਹੋ ਗਿਆ, ਬੜੇ ਜੰਗੀ ਕੈਦੀ ਮਰੇ, ਹਿੰਝ ਲਗਦਾ ਆਇਆ ਅਸੀਂ ਜੰਗ ਦੇ ਮੈਦਾਨ ਵਿਚ ਨਿਹੱਥੇ ਲੜ੍ਹਦੇ ਪਏ ਆਂ। ਹਿੱਕ ਵਾਰੀ ਤਾਂ ਕੈਂਪ ਨੂੰ ਅੱਗ ਬੀ ਲੱਗੀ ਆਈ... ਕੋਈ ਕਿਸਮਤ ਵਾਲਾ ਹੀ ਬਚਿਐ... ਅਫ਼ਸਰਾਂ ਦੀਆਂ ਲਾਸ਼ਾਂ ਪੈਰ ਵਿਚ ਰੁਲਦੀਆਂ ਆਈਆਂ ਤਾਹਢਾ ਬੁਰਾ ਹਾਲ ਹੋ ਗਿਆ ਤੂੰ ਤਾਂ ਦਸੰਬਰ ਦੇ ਅਖੀਰ 'ਚ ਆਇਉਂ।' ਸਰਨ ਸਿੰਘ ਨੇ ਬੜਾ ਉਦਾਸ ਹੋ ਕੇ ਕਿਹਾ।
'ਹੋਰ ਸੁਣ, ਸਾਡੇ ਨਾਲ ਕ੍ਹੇ ਬੀਤੀ? ਜਰਮਨ ਅਫ਼ਸਰਾਂ ਨੇ ਤਾਂ ਦੱਸਿਆ ਕਿ ਅਸੀਂ ਕਿਸੀ ਵੀ ਕੈਦੀ ਨੂੰ ਜੰਜ਼ੀਰਾਂ ਨ੍ਹੀਂ ਲਗਾਂਸੀਏਂ ਪਰ ਸਾਡੀ ਅੰਗਰੇਜ਼ ਸਰਕਾਰ ਨੇ ਕਿਹਾ ਕਿ ਜਰਮਨਾਂ ਦਾ ਹੱਕ ਹੈ ਕਿ ਉਹ ਖਾਸ-ਖਾਸ ਮੌਕਿਆਂ ਉਤੇ ਜੰਗੀ ਕੈਦੀਆਂ ਨੂੰ ਹੱਥ ਕੜੀਆਂ ਲਗਾ ਸਕਦੇ ਨੇ। ਪਤਾ ਲੱਗਾ ਕਿ ਜੰਗੀ ਕੈਦੀ ਵੱਡੀ ਗਿਣਤੀ ਵਿਚ ਨੱਸਣ ਦੀ ਕੋਸ਼ਿਸ਼ ਕਰਨਾ ਚਾਂਹਦੇ ਨੇ, ਜਰਮਨਾਂ ਦੇ ਕੈਂਪਾਂ ਉਤੇ ਹਮਲੇ ਕਰਨਾ ਚਾਂਹਦੇ ਨੇ, ਸ਼ਹਿਰੀ ਲੋਕਾਂ ਨੂੰ ਕਤਲ ਕਰਨਾ ਚਾਂਹਦੇ ਨੇ। ਪਤੈ ਵੱਤ ਕ੍ਹੇ ਹੋਇਆ? ਜਰਮਨ ਅਫ਼ਸਰਾਂ ਨੇ ਨਵਾਂ ਆਡਰ ਕੱਢਿਆ, 'ਸਾਰੇ ਬ੍ਰਿਟਿਸ਼ ਜੰਗੀ ਕੈਦੀ ਅਫ਼ਸਰ ਜਦੋਂ ਇਕ ਕੈਂਪ ਤੋਂ ਦੂਜੇ ਕੈਂਪ ਲਿਜਾਏ ਜਾਣ ਤਾਂ ਆਪਣੇ ਬੂਟ, ਪੇਟੀਆਂ, ਬਰੇਸਜ਼, ਉਤਾਰ ਦੇਣ। ਉਨ੍ਹਾਂ ਨੂੰ ਹੱਥਕੜੀਆਂ ਬੀ ਲਗਾਈਆਂ ਜਾਸਨ ਇਹ ਸਿਰਫ਼ ਸਾਵਧਾਨੀ ਵਾਸਤੇ ਕਰਦੇ ਪਏਨ।'
'ਯਾਰ ਬੜਾ ਮਜ਼ਾ ਆਂਦਾ ਆਇਆ, ਅਸੀਂ ਸਾਰੇ ਛੋਟੇ ਅਫਸਰਾਂ ਨੇ ਬੂਟ ਪਾਏਵੇ ਹੋਏ ਆਏ, ਪੇਟੀਆਂ ਬੀ ਬੰਨ੍ਹਵੀਆਂ ਤੇ ਦੋਵੇਂ ਹੱਥ ਖੁੱਲ੍ਹੇ ਹੋਂਦੇ ਆਏ ਤੇ ਵੱਡੇ ਅਫਸਰ ਨੰਗੇ ਪੈਰੀਂ ਬਰਫ਼ ਉਤੇ ਕੁਦ-ਕੁਦ... ਤਰੱਪ-ਤਰੱਪ (ਉਛਲ) ਕੇ ਟੁਰਦੇ, ਅਸੀਂ ਅੰਦਰ ਹੀ ਅੰਦਰ ਉਨ੍ਹਾਂ ਦੀ ਹਾਲਤ ਦੇਖ ਕੇ ਹੱਸਨੇ ਆਇਆਂ। ਖੁੱਲ੍ਹ ਕੇ ਹੱਸ ਬੀ ਨੀ ਸਕਨੇ ਆਇਆਂ। ਢਿੱਡ ਬੀ ਪਕੜ ਲੈਨੇ ਆਇਆਂ।' ਮਿਹਰ ਸਿੰਘ ਨੇ ਥੋੜ੍ਹਾ ਮੁਸਕਰਾ ਕੇ ਕਿਹਾ।
'ਡਾਹਢੇ ਭੈੜੇ ਦਿਨ ਆਏ, ਬਚ ਕੇ ਆ ਗਿਆਂ, ਹੱਛੀ ਕਿਸਮਤ ਆਹੀ।'
'ਚਲ ਛੋੜ ਯਾਰ, ਗਰਮ-ਗਰਮ ਪਕੌੜੇ ਖਾਨੇ ਆਂ ਤੇ ਬਦਾਮਾਂ ਵਾਲਾ ਕਾਹਵਾ ਪੀਨਿਆਂ। ਸੁੰਦਰੀ ਭਰਝਾਈ ਬੜ ਸੁਆਦੀ ਕਾਹਵਾ ਬਣਾਂਦੀ ਏ। ਦਾਲਚੀਨੀ, ਲਾਚੀਆਂ, ਬਦਾਮ ਪਾ ਕੇ, ਭਾਗ ਸਿੰਘ ਨੇ ਸੁੰਦਰੀ ਭਰਝਾਈ ਵੱਲ ਤੱਕਦੇ ਕਿਹਾ।
(ਬਾਕੀ ਅਗਲੇ ਐਤਵਾਰ)

ਚੰਦਨ ਨੇਗੀ

 


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਬੁੱਢੀ ਮਾਂ
ਕਈ ਵਾਰ ਅਕਲਾਂ ਜਵਾਬ ਦੇ ਜਾਂਦੀਆਂ ਨੇ, ਵਪਾਰਾਂ ਦੀ ਦੁਨੀਆ ਅੱਖਾਂ ਅੱਗਿਉਂ ਕੋਹਾਂ ਦੂਰ ਚਲੀ ਜਾਂਦੀ ਹੈ-ਰੁੱਖਾਂ ਨਾਲੋਂ ਟਾਹਣੀ ਤੋੜਨ ਲੱਗਿਆਂ ਜੀਅ ਜਿਹਾ ਘਬਰਾਉਂਦਾ ਹੈ ਤੇ ਹੱਥ ਸੁੰਨੇ ਪੈ ਜਾਂਦੇ ਨੇ, ਉਹ ਵੇਲਾ, ਉਹ ਚੁੱਲ੍ਹਾ ਤੇ ਮਾਂ ਰੋਟੀਆਂ ਪਕਾਉਂਦੀ, ਘਰ ਦੇ ਸਾਰੇ ਜੀਅ ਚੁੱਲ੍ਹੇ ਦੇ ਆਲੇ-ਦੁਆਲੇ ਮਾਂ ਨੇ ਕਦੀ ਅੱਧੀ ਰੋਟੀ ਨਹੀਓਂ ਦੇਣੀ, ਬਦਸ਼ਗਨੀ ਹੁੰਦੀ ਸੀ। ਹਾਂ ਮਾਂ ਜੋ ਅੱਜ ਬੁੱਢੀ ਹੋ ਚੁੱਕੀ ਹੈ ਤੇ ਮੇਰੇ ਵਿਹੜੇ ਚਲਦਾ ਚੁੱਲ੍ਹਾ ਮਾਂ ਤੋਂ ਬਿਨਾਂ ਮੇਰੀ ਦੇਹੀ ਨੂੰ ਅੱਗ ਨਾਲ ਸਾੜਦਾ ਹੈ, 'ਪੁੱਤ ਬੰਦੇ ਦਾ ਕੋਈ ਭਰੋਸਾ ਨਹੀਂ, ਬਸ ਆਪਣੇ ਨਿੱਕੇ ਵੀਰ ਦਾ ਖਿਆਲ ਰੱਖੀਂ, ਵੱਡਾ ਤੇ ਹੋ ਗਿਆ ਪਰ ਬਚਪਨਾ ਉਂਝ ਦਾ ਉਂਝ ਹੈ...।'
ਮੈਂ ਮਾਂ ਦੇ ਮਨ ਦੀ ਅਵਸਥਾ ਪੜ੍ਹ ਲੈਂਦਾ ਹਾਂ, ਉਮਰ ਦੇ ਇਸ ਪੜਾਅ 'ਤੇ ਜਿਥੇ ਇਨਸਾਨ ਜ਼ਿੰਦਗੀ ਦਾ ਪੈਂਡਾ ਤੈਅ ਕਰ ਸਮਿਆਂ ਨੂੰ ਆਪਣੀਆਂ ਝੁਰੜੀਆਂ ਵਿਚ ਉਲੀਕ ਲੈਂਦਾ ਹੈ। ਜਿਥੇ ਕਿਸੇ ਨਾਲ ਰਹਿਣ ਦੀ ਹੱਦ ਲਗਭਗ ਤੈਅ ਹੋ ਜਾਂਦੀ ਹੈ, ਜਿਥੇ ਆਪਣਿਆਂ ਦਾ ਸਾਥ ਪਲ-ਪਲ 'ਤੇ ਚਾਹੀਦਾ ਹੈ, ਹਾਂ ਬੁਢਾਪੇ ਦੀ ਅਵਸਥਾ ਜੋ ਜਨਮ ਪਿਆ ਉਹ ਮਰਨ ਲਈ ਜੰਮਿਆ ਹੈ, ਪਰ ਇਸ ਜਨਮ-ਮਰਨ ਦੇ ਚੱਕਰ ਵਿਚ ਰਿਸ਼ਤਿਆਂ ਦੀਆਂ ਡੋਰਾਂ ਬੱਝ ਜਾਂਦੀਆਂ ਹਨ। ਮੈਂ ਅਕਸਰ ਡਰਦਾ ਹਾਂ ਵਿਛੋੜੇ ਤੋਂ ਪਰ ਪ੍ਰਮਾਤਮਾ ਦੀ ਕਚਹਿਰੀ ਵਿਚ ਕੋਈ ਅਪੀਲ ਨਹੀਓਂ ਕੋਈ ਦਲੀਲ ਨਹੀਓਂ। ਜੇ ਹੱਕ ਦਿੰਦਾ ਤਾਂ ਆਖਦਾ ਮੇਰੀ ਜਨਣੀ ਨੂੰ, ਮੇਰੀ ਪਿਆਰੀ ਮਾਂ ਨੂੰ ਉਮਰ ਭਰ ਮੇਰੇ ਨਾਲ ਰਹਿਣ ਦੇ, ਮੈਂ ਪ੍ਰਮਾਤਮਾ ਨੂੰ ਆਖਦਾ ਮੇਰੇ ਬਿਮਾਰ ਮੱਥੇ ਨੂੰ ਚੁੰਮਣ ਵਾਲਾ ਕੋਈ ਨਹੀਓਂ ਰਹਿਣਾ, ਮੈਂ ਦੇਰ ਨਾਲ ਰਾਤ ਨੂੰ ਜਾਵਾਂ ਕਿਸੇ ਨਹੀਓਂ ਜਾਗਣਾ, ਮੇਰੇ ਵਿਹੜੇ ਵਿਚ ਬਲਦੇ ਚੁੱਲ੍ਹੇ ਕੋਲ ਮਾਂ ਨਹੀਓਂ ਨਜ਼ਰੀਂ ਆਉਣੀ ਤੇ ਅਕਸਰ ਮਾਂ ਨੂੰ ਘੁੱਟ ਜੱਫੀ ਪਾ ਕੇ ਆਖਦਾ ਹਾਂ, ਮਾਂ ਅਜੇ ਤੂੰ ਲੰਮੀ ਉਮਰ ਜਿਊਣੀ ਹੈ, ਤੂੰ ਖੁਸ਼ ਰਿਹਾ ਕਰ। ਪਰ ਮਾਂ ਦਾ ਹੌਸਲਾ ਵਧਾਉਂਦੇ ਮੈਨੂੰ ਜਨਮ ਤੋਂ ਮਰਨ ਤੱਕ ਦੀਆਂ ਹੱਦਾਂ ਘੇਰ ਲੈਂਦੀਆਂ ਨੇ ਤੇ ਆਪ-ਮੁਹਾਰੇ ਅੱਖਾਂ ਵਿਚੋਂ ਕਿਣ-ਮਿਣ ਸ਼ੁਰੂ ਹੋ ਜਾਂਦੀ ਹੈ।
ਬੁੱਢੇ ਰੁੱਖਾਂ ਅਤੇ ਬੁੱਢੇ ਮਾਂ-ਪਿਓ ਦੀ ਸੰਘਣੀ ਛਾਂ ਹੇਠਾਂ ਬੈਠਣ ਨਾਲ ਧੁੱਪ ਦਾ ਸੇਕ ਨਹੀਓਂ ਲਗਦਾ। ਮੈਨੂੰ ਅੱਜ ਵੀ ਲਗਦਾ ਹੈ ਮਾਂ ਨੇ ਆਪਣੀ ਕੁੱਖ ਨਾਲੋਂ ਮੇਰਾ ਰਿਸ਼ਤਾ ਨਹੀਓਂ ਤੋੜਿਆ, ਮਾਂ ਲਫ਼ਜ਼ ਨਹੀਓਂ, ਮਾਂ ਮੇਰੀ ਉਮਰ ਦਾ ਹਿੱਸਾ ਹੈ, ਜੇ ਕੋਈ ਨਹੀਓਂ ਚਾਹੇਗਾ ਕਿ ਉਸ ਦੀ ਉਮਰ ਉਸ ਨਾਲੋਂ ਰੁੱਸ ਜਾਵੇ, ਮਾਂ ਅਜੇ ਮੈਂ ਤੇਰੇ ਬੁਢਾਪੇ ਦੀ ਛਾਂ ਮਾਣਨਾ ਚਾਹੁੰਦਾ ਹਾਂ।

-ਪ੍ਰਦੀਪ ਕੁਮਾਰ ਥਿੰਦ
ਮੋਬਾਈਲ : 86991-57303.

ਪਿੱਤਲ
ਇਹ ਇਕ ਸਰਹੱਦੀ ਇਲਾਕੇ ਦਾ ਸਕੂਲ ਸੀ। ਇਥੇ ਜ਼ਿਆਦਾਤਰ ਗਰੀਬਾਂ ਦੇ ਬੱਚੇ ਪੜ੍ਹਨ ਆਉਂਦੇ ਸਨ, ਜਿਹੜੇ ਦਿਹਾੜੀ ਦੱਪਾ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਉਥੋਂ ਦਾ ਹੈਡਮਾਸਟਰ ਬਚਨ ਸਿੰਘ ਬੜਾ ਮਿਹਨਤੀ ਸੀ। ਉਸ ਨੇ ਘਰ-ਘਰ ਜਾ ਕੇ ਬੱਚਿਆਂ ਨੂੰ ਸਕੂਲ ਵਿਚ ਦਾਖਲ ਕਰਨ ਲਈ ਪ੍ਰੇਰਿਆ। ਉਹ ਉਨ੍ਹਾਂ ਦੇ ਮਾਪਿਆਂ ਨੂੰ ਆਖਦਾ ਤੁਹਾਡੇ ਬੱਚੇ ਦੋ ਅੱਖਰ ਪੜ੍ਹ ਜਾਣਗੇ। ਕਿਤੇ ਚੰਗੀ ਨੌਕਰੀ ਮਿਲ ਜਾਵੇਗੀ। ਤੁਹਾਡੇ ਘਰ ਦੀ ਹਾਲਤ ਸੁਧਰੇਗੀ। ਉਹ ਬੱਚਿਆਂ ਨੂੰ ਪੜ੍ਹਾਉਂਦਾ-ਪੜ੍ਹਾਉਂਦਾ ਵੀ ਸਿੱਖਿਆ ਦਿੰਦਾ, 'ਸੋਨਾ ਹਮੇਸ਼ਾ ਕੁਠਾਲੀ ਵਿਚ ਪੈ ਕੇ ਹੋਰ ਨਿਖਰਦਾ ਹੈ ਤੇ ਫਿਰ ਉਸ ਦਾ ਗਹਿਣਾ ਬਣ ਕੇ ਮੁੱਲ ਪੈਂਦਾ ਹੈ। ਤੁਸੀਂ ਬੱਚਿਓ, ਦਿਲ ਲਾ ਕੇ ਪੜ੍ਹੋ। ਪਹਿਲਾਂ ਔਖਿਆਈ ਕਟ ਕੇ ਹੀ ਸੁਖ ਮਿਲਦਾ ਹੈ।' ਹੁਣ ਸਰਵ ਸਿੱਖਿਆ ਅਭਿਆਨ ਦੀ ਇਕ ਲਹਿਰ ਵੀ ਚਲ ਪਈ ਤੇ ਕੁਝ ਬੱਚਿਆਂ ਨੂੰ ਮਿਡ-ਡੇਅ-ਮੀਲ ਮਿਲਣ ਦੇ ਲਾਲਚ ਕਰਕੇ ਉਨ੍ਹਾਂ ਦੀ ਸਕੂਲ ਵਿਚ ਸੰਖਿਆ ਵਧ ਗਈ। ਪਰ ਕਦੇ-ਕਦੇ ਮਹੀਨੇ ਵਿਚ ਇਕ ਅੱਧ ਵਾਰੀ ਤਾਂ ਬੱਚੇ ਸਕੂਲ ਆਉਣੋਂ ਘਟ ਜਾਂਦੇ। ਜਦੋਂ ਉਨ੍ਹਾਂ ਦੇ ਮਾਪਿਆਂ ਤੋਂ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ, 'ਮਾਸਟਰ ਜੀ, ਸਾਡੇ ਇਸ ਇਲਾਕੇ ਵਿਚ ਅਕਸਰ ਫ਼ੌਜਾਂ ਦੀਆਂ ਮਸ਼ਕਾਂ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਆਲੇ-ਦੁਆਲੇ ਸਭ ਰਾਹਾਂ ਨੂੰ ਸੀਲ ਕਰ ਦਿੱਤਾ ਜਾਂਦਾ ਹੈ। ਵੱਡੇ ਫ਼ੌਜ ਕਮਾਂਡਰ ਵੱਲੋਂ ਇਹ ਹਦਾਇਤ ਹੁੰਦੀ ਹੈ ਕਿ ਕੋਈ ਵੀ ਇਸ ਏਰੀਏ ਵਿਚ ਦਾਖਲ ਨਾ ਹੋਵੇ। ਦੂਰ-ਦੂਰ ਚਾਂਦਮਾਰੀ ਹੁੰਦੀ ਹੈ। ਕਈ ਹਥਿਆਰ ਤੇ ਬੰਬ ਚਲਦੇ ਹਨ ਤਾਂ ਉਨ੍ਹਾਂ ਦੇ ਖੋਲ ਆਸੇ-ਪਾਸੇ ਖਿਲਰ ਜਾਂਦੇ ਹਨ। ਸਾਡੇ ਬੱਚੇ ਉਨ੍ਹਾਂ ਨੂੰ ਚੁੱਕ ਕੇ ਲੈ ਆਉਂਦੇ ਹਨ ਤੇ ਫਿਰ ਅਸੀਂ ਉਨ੍ਹਾਂ ਵਿਚਲਾ ਪਿੱਤਲ ਲਾਹ ਕੇ ਬਜ਼ਾਰ ਵਿਚ ਵੇਚ ਦਿੰਦੇ ਹਾਂ। ਇਸ ਲਈ ਉਨ੍ਹਾਂ ਨੂੰ ਉਸ ਦਿਨ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ।'
ਇਹ ਸੁਣ ਕੇ ਮਾਸਟਰ ਜੀ ਹੈਰਾਨ ਹੋ ਗਏ ਤੇ ਸੋਚਣ ਲੱਗੇ, 'ਮੈਂ ਤਾਂ ਇਨ੍ਹਾਂ ਨੂੰ ਸ਼ੁੱਧ ਸੋਨਾ ਬਣਾਉਣ ਦਾ ਯਤਨ ਕਰ ਰਿਹਾ ਸਾਂ ਪਰ ਇਹ ਤਾਂ ਕਬਾੜ ਵਿਚੋਂ ਪਿੱਤਲ ਲੱਭ ਰਹੇ ਹਨ। ਆਖਰ ਪਿੱਤਲ ਤਾਂ ਪਿੱਤਲ ਹੀ ਹੁੰਦਾ ਹੈ ਭਾਵੇਂ ਉਸ ਦੀ ਵਰਤੋਂ ਕਿਤੇ ਵੀ ਹੋਵੇ। ਪਰ ਉਹ ਸੋਨਾ ਤਾਂ ਨਹੀਂ ਨਾ ਬਣ ਸਕਦਾ।'

ਉਮਰ ਦਾ ਅਹਿਸਾਸ
ਆਪਣੀ ਡਿਊਟੀ ਖਤਮ ਕਰਕੇ ਡਾਕੀਆ ਬੰਤ ਸਿੰਘ ਘਰ ਪਰਤ ਰਿਹਾ ਸੀ। ਰਾਹ ਦੀ ਇਕੱਲ ਦੂਰ ਕਰਨ ਲਈ ਉਸ ਨੇ ਹੀਰ ਗਾਉਣੀ ਸ਼ੁਰੂ ਕਰ ਦਿੱਤੀ। ਉਸ ਦੀ ਸੁਰੀਲੀ ਆਵਾਜ਼ ਹਰੇਕ ਦਾ ਮਨ ਮੋਹ ਰਹੀ ਸੀ। ਨਾਲ ਦੇ ਖੇਤਾਂ ਵਿਚੋਂ ਮੁੜ ਰਹੀਆਂ ਪਿੰਡ ਦੀਆਂ ਕੁੜੀਆਂ ਕਹਿ ਰਹੀਆਂ ਸਨ, 'ਵੇਖੋ ਨੀਂ ਉਹ ਬਾਬਾ ਕਿੰਨਾ ਚੰਗਾ ਗਾ ਰਿਹਾ ਹੈ।' ਡਾਕੀਆ ਬੰਤ ਸਿੰਘ ਦੇ ਪੈਰ ਇਕਦਮ ਬੋਝਲ ਹੋ ਗਏ। ਉਸ ਦੇ ਗਾਉਣ ਦਾ ਸਾਰਾ ਸੁਆਦ ਹੀ ਕਿਰਕਰਾ ਹੋ ਗਿਆ। ਜਦੋਂ ਕੁੜੀਆਂ ਦਾ ਟੋਲਾ ਉਸ ਦੇ ਨੇੜੇ ਆਇਆ ਤਾਂ ਉਹ ਆਖਣ ਲੱਗਾ, 'ਕੁੜੀਓ ਇਸ ਦੇ ਨਾਲੋਂ ਤਾਂ ਮੈਨੂੰ ਕੋਈ ਗਾਲ੍ਹ ਕੱਢ ਦਿੰਦੀਆਂ ਤਾਂ ਚੰਗਾ ਸੀ।' ਅੱਗੋਂ ਜਵਾਨ ਕੁੜੀਆਂ ਦਾ ਚੰਚਲ ਹਾਸਾ ਉਸ ਨੂੰ ਹੋਰ ਵੀ ਉਦਾਸ ਕਰ ਗਿਆ ਜਿਵੇਂ ਕੋਈ ਮਣਾਂ-ਮੂੰਹੀਂ ਭਾਰੀ ਢਿੱਗ ਉਸ 'ਤੇ ਆ ਡਿੱਗੀ ਹੋਵੇ।

-ਜੋਗਿੰਦਰ ਭਾਟੀਆ
56/9, ਮੁਹੱਲਾ ਉੱਚਾ ਵਿਹੜਾ, ਖੰਨਾ-141401, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 99885-90956.

ਫਰਕ
ਸੰਤਾ ਸਿੰਘ ਨੇ ਦੋਵਾਂ ਪੁੱਤਰਾਂ ਵਿਚ ਕਦੇ ਫਰਕ ਨਹੀਂ ਸੀ ਰੱਖਿਆ। ਮਿਹਨਤ ਕਰਕੇ ਉਨ੍ਹਾਂ ਨੂੰ ਖੂਬ ਪੜ੍ਹਾਇਆ। ਵੱਡਾ ਤਾਂ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ ਤੇ ਛੋਟੇ ਨੇ ਈ. ਟੀ. ਟੀ. ਕਰ ਲਈ।
ਮੰਤਰੀ ਦੀ ਰੈਲੀ ਵਿਚ ਬੇਰੁਜ਼ਗਾਰ ਅਧਿਆਪਕ ਨਾਅਰੇਬਾਜ਼ੀ ਕਰਦੇ ਤੇ ਪੁਲਿਸ ਲਾਠੀਚਾਰ ਕਰਦੀ। ਅਖ਼ਬਾਰ ਦੀ ਸੁਰਖੀ ਵੇਖ ਕੇ ਸੰਤਾ ਸਿੰਘ ਸੋਚੀਂ ਪੈ ਜਾਂਦਾ ਤੇ ਦੋਵਾਂ ਪੁੱਤਰਾਂ ਵਿਚ ਫ਼ਰਕ ਵੇਖਣ ਲੱਗ ਜਾਂਦਾ।

-ਦਵਿੰਦਰਜੀਤ
ਪਿੰਡ ਬੁਜਰਗ, ਤਹਿ: ਜਗਰਾਉਂ।
ਮੋਬਾਈਲ : 98551-27254.

ਨਸੀਬ
ਧੀ ਦੀ ਚਿੱਠੀ ਦੇ ਪਹਿਲੇ ਲਫ਼ਜ਼ਾਂ ਨੇ ਹੀ ਕੁਲਵੰਤ ਨੂੰ ਝੁੰਜਲਾ ਕੇ ਰੱਖ ਦਿੱਤਾ। 'ਅਜਿਹੇ ਜ਼ਾਲਮ ਘਰ ਕਿਉਂ ਕੀਤਾ ਸੀ ਮੇਰਾ ਵਿਆਹ? ਲਾਲਚੀ ਤੇ ਦਰਿੰਦੇ ਨੇ ਇਹ। ਮਰ ਜਾਣੀ ਨਨਾਣ ਨੇ ਕੁੱਟ ਦਿੱਤਾ ਅੱਜ ਮੁੱਕੀਆਂ ਨਾਲ। ਦੇਵਰ ਨੇ ਥੱਪੜ ਮਾਰ ਦਿੱਤਾ ਬਿਨਾਂ ਕਿਸੇ ਕਸੂਰ ਦੇ। ਕਿਹਨੇ ਰੋਕਣਾ ਤਾਂ ਕੀ ਸੀ, ਸਗੋਂ ਕਹਿਣ ਲੱਗਾ ਕਿ ਲੱਖ ਰੁਪਇਆਂ ਲੈ ਆ ਪਿਓ ਕੋਲੋਂ। ਕਹਿੰਦਾ ਏ ਮੈਂ ਨਹੀਂ ਵਸਾਉਣਾ ਤੈਨੂੰ। ਕਿਧਰ ਜਾਵਾਂ ਬਾਪੂ? ਮਾਂ ਹੁੰਦੀ ਤਾਂ ਦੁੱਖ ਦੀ ਸਾਂਝ ਕਰਦੀ। ਤੂੰ ਤਾਂ ਆਪ ਹੀ ਭਰਾ-ਭਰਜਾਈ ਦੇ ਅਧੀਨ ਏਂ। ਬਾਪੂ! ਭਰਜਾਈ ਤਾਂ ਪਹਿਲੇ ਹੀ ਨਹੀਂ ਸੀ ਖੁਸ਼ ਮੈਨੂੰ ਵੇਖ ਕੇ। ਭਰਾ ਤਾਂ ਹੋਇਆ ਹੀ ਉਹਦਾ ਗੁਲਾਮ। ਡਰ ਲਗਦਾ ਏ, ਕਿਧਰੇ ਮਾਰ ਹੀ ਨਾ ਦੇਣ ਮੈਨੂੰ। ਚੱਲ ਮੈਂ ਤੇ ਮੇਰੀ ਕਿਸਮਤ ਬਾਪੂ। ਬਾਪੂ ਮੇਰੇ ਵੀ ਕੀ ਏ ਵੱਸ?' ਧੀ ਦਾ ਦੁੱਖ ਡਾਢਾ ਹੰਢਾਏ। ਅੱਖਾਂ ਵਿਚ ਹੰਝੂ ਵਗੀ ਜਾ ਰਹੇ ਸਨ। ਕੁਝ ਕਰ ਨਹੀਂ ਸਕਦਾ ਸੀ ਕੁਲਵੰਤ। ਪੁੱਤਰ ਤਾਂ ਰੋਟੀ ਦੇਣਾ ਵੀ ਭਾਰ ਸਮਝਦਾ ਸੀ। ਹੋਰ ਤਾਂ ਮਦਦ ਉਸ ਕਰਨੀ ਵੀ ਕੀ ਸੀ?
ਨਿੰਮੋਝੂਣਾ ਤੇ ਨਿਢਾਲ ਹੋ ਕੇ ਪੈ ਗਿਆ। ਬੇਵੱਸ ਸੀ ਉਹ। ਵਾਹ ਨੀ ਧੀਏ। ਇਹੋ ਜਿਹੇ ਲੇਖ ਲਿਖੇ ਸੀ ਵਿਧਾਤਾ ਨੇ ਤੇਰੇ। ਜੰਮਦੀ ਨੂੰ ਮਾਂ ਨੇ ਨਾ ਦਿੱਤਾ ਪਿਆਰ। ਦੁਰ-ਦੁਰ ਕਰਦੀ ਸੀ ਤੈਨੂੰ ਤੇ ਪੁੱਤਰ ਨੂੰ ਕਰਦੀ ਸੀ ਪਿਆਰ। ਤੇਰੀ ਦੁਰਦਸ਼ਾ ਨੂੰ ਦੇਖ ਕਿ ਮੈਂ ਉਦੋਂ ਵੀ ਰੋਂਦਾ ਸੀ ਤੇ ਅੱਜ ਵੀ ਰੋ ਰਿਹਾ ਹਾਂ। ਇਸ ਵਿਚ ਪ੍ਰਮਾਤਮਾ ਦਾ ਕੀ ਕਸੂਰ? ਜਿਸ ਨੂੰ ਮਾਂ ਨੇ ਦੁਰਕਾਰਿਆ, ਸੱਸ ਤੇ ਦੂਸਰੇ ਕਿਉਂ ਕਰਨ ਪਿਆਰ ਤੇ ਹਮਦਰਦੀ। ਤੇਰੇ ਤੇ ਮੇਰੇ ਨਸੀਬ ਧੀਏ।

-ਗੁਰਬਚਨ ਸਿੰਘ ਮਦਾਨ
ਜਲਾਲਾਬਾਦ (ਪੱ.)-152024.
ਜ਼ਿਲ੍ਹਾ ਫਾਜ਼ਿਲਕਾ।

5 ਮਾਰਚ ਨੂੰ ਬਰਸੀ 'ਤੇ ਵਿਸ਼ੇਸ਼

ਪ੍ਰੋ: ਕੁਲਵੰਤ ਜਗਰਾਓਂ ਦੀ ਇਕ ਗ਼ਜ਼ਲ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ

ਸਾਡੇ ਨਾਲ ਚਾਹੇ ਫੁੱਲਾਂ ਨਾ ਪੁਗਾਈ ਦੋਸਤੀ।
ਅਸੀਂ ਕੰਡਿਆਂ ਦੇ ਨਾਲ ਵੀ ਨਿਭਾਈ ਦੋਸਤੀ।

ਸਾਡੇ ਰਾਹ ਵਿਚ ਜਿੰਨੀਆਂ ਵੀ ਆਈਆਂ ਔਕੜਾਂ,
ਸਾਡੀ ਹੁੰਦੀ ਗਈ ਹੋਰ ਵੀ ਸਵਾਈ ਦੋਸਤੀ।

ਸੱਤਾਂ ਸਵਰਗਾਂ ਦਾ ਮੁੱਲ ਉਹਦੇ ਸਾਂਹਵੇਂ ਕੱਖ ਨਾ,
ਅਸੀਂ ਜ਼ਿੰਦਗੀ 'ਚ ਇਕ ਜੋ ਕਮਾਈ ਦੋਸਤੀ।

ਉਨ੍ਹਾਂ ਆਪਣੇ ਕਰਾਰ ਚਾਹੇ ਦਿੱਤੇ ਨੇ ਵਿਸਾਰ,
ਅਸੀਂ ਕਦੀ ਵੀ ਨਾ ਉਨ੍ਹਾਂ ਦੀ ਭੁਲਾਈ ਦੋਸਤੀ।

ਉਹਨੂੰ ਡਾਲਰਾਂ ਤੇ ਸਿੱਕਿਆਂ ਅਖ਼ੀਰ ਮੋਹ ਲਿਆ,
ਅਸੀਂ ਜਿਨ੍ਹਾਂ ਦੇ ਸੀ ਰਾਹਾਂ 'ਚ ਵਿਛਾਈ ਦੋਸਤੀ।

ਜਿਹੜਾ ਤੁਰ ਗਿਆ ਦੂਰ ਸਾਨੂੰ ਕਰਕੇ ਬੇਨੂਰ,
ਅਸੀਂ ਸਾਹਾਂ ਵਿਚ ਓਸ ਦੀ ਰਚਾਈ ਦੋਸਤੀ।

ਖਿੰਡੀ ਸਾਰੇ ਖ਼ੁਸ਼ਬੋ ਹੋ ਗਈ ਸਭਨਾਂ ਨੂੰ ਸ਼ੋਅ,
ਅਸੀਂ ਦੁਨੀਆ ਤੋਂ ਜਿੰਨੀ ਵੀ ਛੁਪਾਈ ਦੋਸਤੀ।

ਉਹਦੀ ਦੋਸਤੀ ਦਾ ਰਾਗ ਸਾਡੀ ਜਿੰਦ ਦਾ ਚਿਰਾਗ,
ਕੀਤੀ ਨ੍ਹੇਰਿਆਂ 'ਚ ਸਦਾ ਰੁਸ਼ਨਾਈ ਦੋਸਤੀ।

ਕਾਵਿ-ਮਹਿਫ਼ਲ

ਕੀ ਕਹਾਂ ਹੁਣ ਕਿਸ ਤਰ੍ਹਾਂ ਦਾ ਹਾਲ ਹੈ
ਜ਼ਿੰਦਗੀ ਹੁਣ ਬਣ ਗਈ ਖ਼ੁਸ਼ਹਾਲ ਹੈ।
ਮਨ ਮੇਰੇ ਦਾ ਸਾਜ਼ ਇਕਸੁਰ ਹੋ ਗਿਆ
ਗੂੰਜਦੀ ਇਸ ਵਿਚ ਤੇਰੀ ਸੁਰਤਾਲ ਹੈ।
ਚੜ੍ਹ ਗਈ ਜੋ ਪਾਣ ਤੇਰੇ ਇਸ਼ਕ ਦੀ,
ਆਤਮਾ ਮਸਤੀ 'ਚ ਲਾਲੋ-ਲਾਲ ਹੈ।
ਚੜ੍ਹ ਗਿਆ ਹੈ ਰੰਗ ਕਾਇਨਾਤ ਨੂੰ
ਝੂਮਦੀ ਗੁਲਸ਼ਨ ਦੀ ਹਰ ਇਕ ਡਾਲ ਹੈ।
ਰੂਹ ਮੇਰੀ ਕੁਰਬਾਨ ਹੋਣਾ ਲੋਚਦੀ
ਆਪਣੇ ਕਾਤਲ ਦੀ ਇਸ ਨੂੰ ਭਾਲ ਹੈ।
ਹੁਣ ਕੋਈ ਨਸ਼ਤਰ ਨਾ ਸੀਨਾ ਚੀਰਦਾ,
ਬਣ ਗਿਆ ਹਰ ਰੰਜ ਮੇਰੀ ਢਾਲ ਹੈ।
ਬਣ ਗਈ ਦੁਨੀਆ ਸੁਹਾਣਾ ਬਾਗ਼ ਹੈ,
ਵਕਤ ਦੀ ਕੈਸੀ ਅਨੋਖੀ ਚਾਲ ਹੈ।
ਥਿਰਕਦੀ ਨਸ ਨਸ ਮੇਰੀ ਸੰਗੀਤ ਵਿਚ
ਬਣ ਗਿਆ ਹਿਰਦਾ ਜਿਵੇਂ ਖੜਤਾਲ ਹੈ।
ਨਾਲ ਤੇਰੇ ਛੋਹ ਗਈ ਜੋ ਜ਼ਿੰਦਗੀ,
ਬਣ ਗਈ ਇਹ ਬੇਸ਼ਕੀਮਤ ਲਾਲ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ

ਨਜ਼ਮ

ਜੇ ਕਿਧਰੇ ਓਦੋਂ ਮਿਲ ਪੈਂਦੇ...

ਜਦ ਚੰਚਲ ਸ਼ੋਖ ਜਵਾਨੀ ਸੀ।
ਤੇ ਕਹਿਰੀ ਅੱਖ ਮਸਤਾਨੀ ਸੀ।
ਜੇ ਕਿਧਰੇ ਓਦੋਂ ਮਿਲ ਪੈਂਦੇ,
ਜਦ ਬਣ ਕੇ ਰਹਿੰਦੇ ਜਾਨੀ ਸੀ।

ਜਦ ਮੋੜਾਂ ਉਤੇ ਖੜ੍ਹਦੇ ਸੀ।
ਬਿਨ ਕਾਰਨ ਰਹਿੰਦੇ ਲੜਦੇ ਸੀ।
ਜੇ ਕਿਧਰੇ ਓਦੋਂ ਮਿਲ ਪੈਂਦੇ,
ਜਦ ਇਕੋ ਥਾਂ 'ਤੇ ਪੜ੍ਹਦੇ ਸੀ।

ਜਦ ਧਰਤੀ ਲੱਗਦੀ ਸੌੜੀ ਸੀ,
ਗੱਲ ਸੱਚੀ ਲਗਦੀ ਕੌੜੀ ਸੀ।
ਜੇ ਕਿਧਰੇ ਓਦੋਂ ਮਿਲ ਪੈਂਦੇ,
ਜਦ ਜਜ਼ਬੇ ਚੜ੍ਹਦੇ ਪੌੜੀ ਸੀ।

ਜਦ ਕਾਲਾ ਬੱਦਲ ਚੜ੍ਹਦਾ ਸੀ,
ਮੀਂਹ ਛਮ-ਛਮ ਕਰ ਕੇ ਵਰ੍ਹਦਾ ਸੀ।
ਜੇ ਕਿਧਰੇ ਓਦੋਂ ਮਿਲ ਪੈਂਦੇ,
ਜਦ ਭਿੱਜਣ ਨੂੰ ਮਨ ਕਰਦਾ ਸੀ।

ਜਦ 'ਕੱਲ੍ਹੇ ਬਹਿ ਕੇ ਗਾਉਂਦੇ ਸੀ,
ਮੁੜ ਸ਼ੀਸ਼ੇ ਮੂਹਰੇ ਆਉਂਦੇ ਸੀ।
ਜੇ ਕਿਧਰੇ ਓਦੋਂ ਮਿਲ ਪੈਂਦੇ,
ਜਦ ਖ਼ੁਦ ਤੋਂ ਹੀ ਸ਼ਰਮਾਉਂਦੇ ਸੀ।

ਜਦ ਦਿਲ ਚਾਹੁੰਦਾ ਇਕ ਹਾਣੀ ਸੀ।
ਸਿੰਮ ਆਉਂਦਾ ਅੱਖੋਂ ਪਾਣੀ ਸੀ।
ਜੇ ਕਿਧਰੇ ਓਦੋਂ ਮਿਲ ਪੈਂਦੇ,
ਜਦ ਜੋਬਨ, ਹੜ੍ਹ ਦਾ ਪਾਣੀ ਸੀ।


ਜਦ ਵੇਖੇ ਬਿਨ ਨਾ ਸਰਦਾ ਸੀ।
ਪਰ ਸ਼ਰਮ ਹਯਾ ਦਾ ਪਰਦਾ ਸੀ।
ਜੇ ਕਿਧਰੇ ਓਦੋਂ ਮਿਲ ਪੈਂਦੇ,
ਜਦ ਉੱਡਣ ਨੂੰ ਦਿਲ ਕਰਦਾ ਸੀ।

ਜਦ ਪਿਆਰ ਮੁਹੱਬਤ ਕਰਦੇ ਸਾਂ।
ਪਰ ਜ਼ਾਹਿਰ ਹੋਣੋਂ ਡਰਦੇ ਸਾਂ।
ਜੇ ਕਿਧਰੇ ਓਦੋਂ ਮਿਲ ਪੈਂਦੇ,
ਜਦ ਇਕ-ਦੂਜੇ 'ਤੇ ਮਰਦੇ ਸਾਂ।

ਜਦ ਸੁਪਨੇ ਵਿਚ ਕੁਈ ਆਉਂਦਾ ਸੀ,
ਤੇ ਜਿੰਦ ਮਿਰੀ ਤੜਪਾਉਂਦਾ ਸੀ।
ਜੇ ਕਿਧਰੇ ਓਦੋਂ ਮਿਲ ਪੈਂਦੇ,
ਜਦ ਰੂਹ ਤੱਕ ਪਿਆਰ ਜਤਾਉਂਦਾ ਸੀ।

ਹੁਣ ਹੰਝਾਂ ਨਾਲ ਪਰੀਤੀ ਹੈ,
ਰੋ ਰੋ ਕੇ ਉਮਰਾ ਬੀਤੀ ਹੈ।
ਹੁਣ ਮਿਲਣਾ ਕਾਹਦਾ ਹੈ ਮਿਲਣਾ,
ਜਦ ਦਿਲ ਦੀ ਗੱਲ ਨਾ ਕੀਤੀ ਹੈ।

ਜੇ ਕਿਧਰੇ ਓਦੋਂ ਮਿਲ ਪੈਂਦੇ,
ਖਿੜ ਫੁੱਲਾਂ ਵਾਂਗੂੰ ਦਿਲ ਪੈਂਦੇ।
ਤਿਲ ਤਿਲ ਹੋ ਨਾ ਮਰਦੇ 'ਸੂਫ਼ੀ',
ਦਿਨ ਕੱਢਣੇ ਨਾ ਮੁਸ਼ਕਿਲ ਪੈਂਦੇ।

ਜੇ ਕਿਧਰੇ ਓਦੋਂ ਮਿਲ ਪੈਂਦੇ,
ਜੇ ਕਿਧਰੇ ਓਦੋਂ ਮਿਲ ਪੈਂਦੇ।

ਅਮਰ ਸੂਫ਼ੀ
-ਏ-1, ਜੁਝਾਰ ਨਗਰ, ਮੋਗਾ-142001.
ਮੋਬਾਈਲ : 098555-43660.

ਲਘੂ ਕਥਾ

ਨਜ਼ਰੀਆ
'ਭਗਤੋ! ਜ਼ਰਾ ਉਸ ਤੋਂ ਬਚ ਕੇ ਰਹਿਣਾ। ਉਹ ਬੜਾ ਹੀ ਪੁੱਠੀ ਮੱਤ ਦਾ ਹੈ ਤੇ ਸਭ ਨੂੰ ਉਲਟੇ ਰਾਹ ਪਾਉਂਦਾ ਹੈ।'
'ਯਾਰ, ਤੂੰ ਇਹ ਕੀ ਗੱਲ ਕਹਿ ਛੱਡੀ। ਬੰਦੇ ਨੂੰ ਬੋਲਣ ਤੋਂ ਪਹਿਲਾਂ ਕੁਝ ਸੋਚ ਤਾਂ ਲੈਣਾ ਚਾਹੀਦਾ ਹੈ। ਮੈਨੂੰ ਤਾਂ ਉਸ 'ਚ ਇਹੋ ਜਿਹੀ ਕੋਈ ਗੱਲ ਨਹੀਂ ਲੱਗੀ। ਉਹ ਤਾਂ ਬਹੁਤ ਹੀ ਭਲਾ ਪੁਰਸ਼ ਹੈ ਤੇ ਸਦਾ ਹੱਸਦਾ ਰਹਿੰਦਾ ਹੈ।'
'ਦੋਸਤ, ਇਹੋ ਤੇਰਾ ਭੁਲੇਖਾ ਹੈ ਤੇ ਉਸ ਦੀ ਖੂਬੀ।'
'ਅੱਛਾ।'
'ਹਾਂ! ਉਸ ਨੇ ਸਾਰੀ ਉਮਰ ਇਸੇ ਗੱਲ ਦਾ ਖੱਟਿਆ ਖਾਧਾ ਏ। ਉਸ ਦਾ ਵਸ ਚੱਲੇ ਤਾਂ ਚੰਗੇ ਭਲਿਆਂ ਨੂੰ ਖੜ੍ਹੇ-ਖੜ੍ਹੇ ਹੀ ਰੁਲਾ ਦੇਵੇ।'
'ਜਨਾਬ, ਚਿੰਤਾ ਨਾ ਕਰੋ। ਮੈਂ ਤੁਹਾਡੀ ਗੱਲ ਚੰਗੀ ਤਰ੍ਹਾਂ ਲੜ ਬੰਨ੍ਹ ਲਈ ਹੈ। ਤੁਸੀਂ ਆਪਣਾ ਵਿਚਾਰੋ। ਮੇਰੀ ਛੱਡੋ।'

-ਡਾ: ਮਨੋਹਰ ਸਿੰਗਲ
ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025.
ਮੋਬਾਈਲ : 94175-30266.

ਕਹਾਣੀ-ਜ਼ਮਾਨਾ ਬਦਲ ਗਿਆ ਹੈ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਅਗਲਾ ਸਾਲ ਆ ਗਿਆ, ਸਰਦੀ ਲੰਘ ਗਈ, ਗਰਮੀ ਹੌਲੀ-ਹੌਲੀ ਮੌਸਮ ਦੇ ਵਿਹੜੇ ਵਿਚ ਆ ਕੇ ਖੜ੍ਹੀ ਹੋ ਗਈ, ਉੱਪਰ ਇਮਤਿਹਾਨ ਵੀ ਸਿਰ 'ਤੇ ਆ ਗਏ ਸਨ। ਬੀਜੀ ਨੇ ਪੁਸ਼ਪਾ ਨੂੰ ਪਿਆਰ ਨਾਲ ਸਮਝਾ ਦਿੱਤਾ ਸੀ ਕਿ ਮੈਨੂੰ ਪੜ੍ਹਨ ਦੇਵੇ, ਡਿਸਟਰਬ ਨਾ ਕਰੇ। ਪੁਸ਼ਪਾ ਦੁਖੀ ਹੋ ਗਈ। ਉਹ ਕਿਸ਼ੋਰ ਦੀਆਂ ਗੱਲਾਂ ਕਰਨ ਲਈ ਤੜਪ ਰਹੀ ਸੀ। ਫਿਰ ਉਸ ਨੇ ਆਪਣੇ ਆਪ ਨੂੰ ਸਮਝਾ ਲਿਆ ਕਿਉਂਕਿ ਉਸ ਦੇ ਆਪਣੇ ਸਕੂਲ ਵਿਚ ਵੀ ਬੱਚਿਆਂ ਦੇ ਇਮਤਿਹਾਨ ਸਨ। ਉਹ ਕੰਮਾਂ-ਕਾਰਾਂ 'ਚ ਰੁੱਝ ਗਈ ਤੇ ਸਾਡਾ ਮਿਲਣਾ-ਜੁਲਣਾ ਲਗਭਗ ਬੰਦ ਜਿਹਾ ਹੀ ਹੋ ਗਿਆ।
ਫਿਰ ਇਮਤਿਹਾਨ ਮੁੱਕ ਗਏ ਤੇ ਅਸੀਂ ਦੋਵੇਂ ਵਿਹਲੀਆਂ ਹੋ ਗਈਆਂ। ਹੁਣ ਸਾਡੇ ਪਾਸ ਟਾਈਮ ਹੀ ਟਾਈਮ ਸੀ। ਇਕ ਦਿਨ ਮੈਂ ਪੁਸ਼ਪਾ ਨੂੰ ਪੁੱਛਿਆ, 'ਪੁਸ਼ਪਾ ਤੂੰ ਆਪਣੇ ਇਸ ਪਿਆਰ ਦੀ ਕੋਈ ਮੰਜ਼ਿਲ ਤਾਂ ਸੋਚੀ ਹੋਵੇਗੀ, ਜਿਥੇ ਤੁਸੀਂ ਦੋਵਾਂ ਨੇ ਪਹੁੰਚਣਾ ਹੈ।'
'ਹਾਂ ਸੋਚਿਆ ਹੈ ਮੈਂ ਕਿਸ਼ੋਰ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੀ', ਉਸ ਨੇ ਝੱਟ ਜਵਾਬ ਦਿੱਤਾ।
'ਪਰ ਇਹ ਮੰਜ਼ਿਲ ਤਾਂ ਨਹੀਂ, ਇਹ ਤਾਂ ਸਿਰਫ਼ ਰਾਸਤਾ ਹੈ ਜਿਸ 'ਤੇ ਤੁਸੀਂ ਚੁੱਪਚਾਪ ਤੁਰੀ ਜਾ ਰਹੇ ਹੋ।'
'ਚੁੱਪ-ਚਾਪ ਨਾ ਤੁਰੀਏ ਤਾਂ ਕੀ ਕਰੀਏ। ਜਿਸ ਦਿਨ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਉਹ ਦਿਨ ਸ਼ਾਇਦ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ...', ਨਹੀਂ ਮੈਂ ਉਸ ਦੇ ਮੂੰਹ 'ਤੇ ਉਂਗਲੀ ਰੱਖ ਦਿੱਤੀ, 'ਏਨਾ ਨਿਰਾਸ਼ ਹੋਣ ਦੀ ਲੋੜ ਨਹੀਂ। ਕੋਸ਼ਿਸ਼ ਕਰੋ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਰਾਹ ਲੱਭੋ। ਘਰ ਵਾਲਿਆਂ ਨੂੰ ਮਨਾਓ।'
'ਕੀ ਕਰਾਂ ਮੈਂ' ਸਭ ਤੋਂ ਵੱਡੀ ਦਿੱਕਤ ਤਾਂ ਇਹ ਹੈ ਕਿ ਕਿਸ਼ੋਰ ਮੇਰੀ ਭੂਆ ਦਾ ਬੇਟਾ ਹੈ, ਲੋਕਾਂ ਦੇ ਹਿਸਾਬ ਨਾਲ ਉਹ ਮੇਰਾ ਭਾਈ ਲਗਦਾ ਹੈ। ਸੋ ਕੋਈ ਵੀ ਇਸ ਰਿਸ਼ਤੇ ਨੂੰ ਕਬੂਲ ਨਹੀਂ ਕਰੇਗਾ', ਪੁਸ਼ਪਾ ਨੇ ਮਾਯੂਸੀ ਨਾਲ ਕਿਹਾ।
'ਪਰ ਮੈਂ ਤਾਂ ਸੁਣਿਆ ਹੈ ਕਿ ਤੁਸੀਂ ਪਾਕਿਸਤਾਨ ਦੇ ਜਿਹੜੇ ਇਲਾਕੇ 'ਚੋਂ ਆਏ ਹੋ ਉਥੇ ਤਾਂ ਅਜਿਹੇ ਰਿਸ਼ਤੇ ਆਮ ਹੋ ਜਾਂਦੇ ਸਨ। ਫਿਰ ਤੇਰੇ ਮਾਂ-ਬਾਪ ਕਿਉਂ ਨਹੀਂ ਹਾਂ ਕਰਨਗੇ', ਮੈਂ ਦਲੀਲ ਦਿੱਤੀ।
'ਪਾਕਿਸਤਾਨ ਦੀਆਂ ਗੱਲਾਂ ਤਾਂ ਉਥੇ ਹੀ ਰਹਿ ਗਈਆਂ ਹਨ, ਹੁਣ ਤਾਂ ਸਾਨੂੰ ਇਧਰ ਆਇਆਂ ਵੀ ਬਹੁਤ ਸਾਲ ਹੋ ਗਏ ਹਨ, ਸਾਡਾ ਤਾਂ ਜਨਮ ਵੀ ਇਥੇ ਆ ਕੇ ਹੋਇਆ ਹੈ, ਝਾਈ ਕਹਿੰਦੀ ਹੈ ਕਿ ਪਾਕਿਸਤਾਨ ਦੀ ਕੋਈ ਵੀ ਗੱਲ ਯਾਦ ਨਹੀਂ ਕਰਨੀ, ਬਹੁਤ ਤਕਲੀਫ਼ ਹੁੰਦੀ ਹੈ।'
'ਫਿਰ ਤੁਸੀਂ ਕੀ ਕਰੋਗੇ, ਕੀ ਤੂੰ ਕਿਸ਼ੋਰ ਨੂੰ ਭੁੱਲ ਸਕੇਂਗੀ?'
'ਨਹੀਂ, ਕਦੇ ਨਹੀਂ।'
ਅਜੀਬ ਉਲਝਣ ਸੀ, ਜਿਸ ਦਾ ਕੋਈ ਹੱਲ ਵੀ ਸਮਝ ਵਿਚ ਨਹੀਂ ਸੀ ਆ ਰਿਹਾ। ਦਿਨ ਲੰਘਦੇ ਗਏ, ਮੇਰਾ ਰਿਜ਼ਲਟ ਆ ਗਿਆ, ਮੈਂ ਚੰਗੇ ਨੰਬਰ ਲੈ ਕੇ ਪਾਸ ਹੋ ਗਈ ਸਾਂ। ਬਾਪੂ ਜੀ ਨੇ ਮੈਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਮ. ਏ. ਕਰਨ ਲਈ ਭੇਜ ਦਿੱਤਾ। ਪੁਸ਼ਪਾ ਬਹੁਤ ਉਦਾਸ ਹੋ ਗਈ, ਉਸ ਨੇ ਰੋਂਦੇ ਹੋਏ ਕਿਹਾ, 'ਜਾਪਦੈ ਇਹ ਤੇਰੀ ਮੇਰੀ ਆਖਿਰੀ ਮੁਲਾਕਾਤ ਹੈ। ਇੰਜ ਲਗਦਾ ਹੈ ਜਿਵੇਂ ਬਹੁਤ ਜਲਦੀ ਹੀ ਕੁਝ ਹੋਣ ਵਾਲਾ ਹੈ।'
'ਹਾਂ ਹਾਂ ਹੋਣ ਵਾਲਾ ਹੈ ਤੇਰਾ ਤੇ ਕਿਸ਼ੋਰ ਦਾ ਵਿਆਹ', ਮੈਂ ਉਸ ਨੂੰ ਹਸਾਉਣ ਲਈ ਕਿਹਾ। ਉਹ ਥੋੜ੍ਹਾ ਜਿੰਨਾ ਹੱਸੀ ਵੀ ਉਦਾਸ ਹਾਸਾ ਤੇ ਮੈਂ ਅਗਲੇ ਦਿਨ ਚੰਡੀਗੜ੍ਹ ਚਲੀ ਗਈ।
ਸੱਚਮੁੱਚ ਹੀ ਸਾਡੀ ਇਹ ਆਖਰੀ ਮੁਲਾਕਾਤ ਸੀ। ਤਿੰਨ ਕੁ ਮਹੀਨਿਆਂ ਬਾਅਦ ਜਦ ਮੈਂ ਛੁੱਟੀਆਂ ਵਿਚ ਘਰ ਆਈ ਤਾਂ ਪੁਸ਼ਪਾ ਜਾ ਚੁੱਕੀ ਸੀ। ਮੇਰੇ ਬੀਜੀ ਨੇ ਮੈਨੂੰ ਦੱਸਿਆ, 'ਪੁਸ਼ਪਾ ਨੇ ਬਹੁਤ ਮਾੜਾ ਕੀਤਾ। ਗੱਡੀ ਥੱਲੇ ਆ ਕੇ ਮਰ ਗਈ। ਗੱਲਾਂ ਤਾਂ ਛੁਪਦੀਆਂ ਨਹੀਂ। ਕਹਿੰਦੇ ਆ ਉਹ ਆਪਣੀ ਭੂਆ ਦੇ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ। ਭਲਾ ਇਹ ਕਿਵੇਂ ਹੋ ਸਕਦਾ ਹੈ। ਮਾਂ ਬਾਪ ਨੇ ਜਦ ਸੁਣਿਆ ਤਾਂ ਬਹੁਤ ਕਲੇਸ਼ ਪਿਆ ਘਰ ਵਿਚ, ਕਹਿੰਦੇ ਆ ਉਨ੍ਹਾਂ ਨੇ ਪੁਸ਼ਪਾ ਨੂੰ ਬੜਾ ਮਾਰਿਆ ਤੇ ਅੰਦਰ ਕਮਰੇ ਵਿਚ ਬੰਦ ਕਰ ਦਿੱਤਾ। ਉਸ ਦੀ ਨੌਕਰੀ ਵੀ ਛੁਡਵਾ ਦਿੱਤੀ।
ਫਿਰ ਨਤੀਜਾ ਤਾਂ ਭੈੜਾ ਹੋਣਾ ਹੀ ਸੀ। ਪਤਾ ਨਹੀਂ ਪੁਸ਼ਪਾ ਕਿਵੇਂ ਇਕ ਦਿਨ ਘਰੋਂ ਦੌੜ ਗਈ ਤੇ ਗੱਡੀ ਥੱਲੇ ਆ ਕੇ ਜਾਨ ਦੇ ਦਿੱਤੀ। ਚੰਦਰੀ ਇਹ ਗੱਡੀ ਦੀ ਲਾਈਨ ਵੀ ਤਾਂ ਕਾਲੋਨੀ ਦੇ ਕੋਲੋਂ ਹੀ ਲੰਘਦੀ ਹੈ। ਹੇ, ਪ੍ਰਮਾਤਮਾ ਸਭ ਦੇ ਬੱਚਿਆਂ ਦੀ ਰੱਖਿਆ ਕਰੀਂ ਤੇ ਸਭ ਨੂੰ ਸੁਮੱਤ ਦੇਵੀਂ। ਪਤਾ ਨਹੀਂ ਕਦੇ ਕਿਸ ਦਾ ਦਿਮਾਗ ਖਰਾਬ ਹੋ ਜਾਵੇ। ਪੁਸ਼ਪਾ ਤਾਂ ਬਹੁਤ ਚੰਗੀ ਕੁੜੀ ਸੀ, ਪਤਾ ਨਹੀਂ ਕਿਵੇਂ ਉਸ ਦੀ ਮਤ ਮਾਰੀ ਗਈ। ਆਖਿਰ ਮਾਂ ਬਾਪ ਨੇ ਤਾਂ ਇਸ ਸਮਾਜ ਵਿਚ ਰਹਿਣਾ ਹੈ, ਜੇ ਇਸ ਤਰ੍ਹਾਂ ਭੈਣ-ਭਾਈਆਂ ਦੇ ਵਿਆਹ...।'
'ਬੀਜੀ ਚੁੱਪ ਕਰੋ, ਮੈਂ ਹੋਰ ਕੁਝ ਨਹੀਂ ਸੁਣਨਾ', ਮੈਂ ਇੰਨੀ ਦੁਖੀ ਹੋ ਗਈ ਸਾਂ ਕਿ ਮੇਰੇ ਕੋਲੋਂ ਕੁਝ ਨਾ ਸੁਣਿਆ ਗਿਆ ਤੇ ਮੈਂ ਫਫਕ ਫਫਕ ਕੇ ਰੋਣ ਲੱਗ ਪਈ। ਉਸ ਤੋਂ ਬਾਅਦ ਮੇਰੇ ਕੋਲੋਂ ਉਸ ਸ਼ਹਿਰ ਦੇ ਉਸ 170 ਨੰਬਰ ਘਰ ਵਿਚ ਰਿਹਾ ਨਹੀਂ ਗਿਆ ਤੇ ਮੈਂ ਬਾਕੀ ਦੀਆਂ ਆਪਣੀਆਂ ਛੁੱਟੀਆਂ ਕੱਟਣ ਲਈ ਆਪਣੇ ਦਾਦਾ-ਦਾਦੀ ਕੋਲ ਪਿੰਡ ਆ ਗਈ।
ਕਈ ਸਾਲ ਲੰਘ ਗਏ, ਪੁਸ਼ਪਾ ਦੀ ਕਹਾਣੀ ਹੌਲੀ-ਹੌਲੀ ਮੇਰੇ ਮਨ ਦੇ ਅੰਦਰ ਕਿਧਰੇ ਦੱਬੀ ਗਈ ਪਰ ਅੱਜ ਮਿਸਜ਼ ਦਾਸ ਦੀ ਬੇਟੀ ਮੁੰਨੀਆ ਦੀ ਸ਼ਾਦੀ ਨੇ ਉਹ ਸਾਰਾ ਕੁਝ ਪੁਟ ਕੇ ਮੇਰੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ। ਮੇਰੇ ਮੂੰਹੋਂ ਸਿਰਫ਼ ਏਨਾ ਹੀ ਨਿਕਲਿਆ, 'ਜ਼ਮਾਨਾ ਕਿੰਨਾ ਬਦਲ ਗਿਆ ਹੈ, ਰੱਬ ਖ਼ੈਰ ਕਰੇ।' (ਸਮਾਪਤ)

ਪ੍ਰੀਤਮਾ ਦੋਮੇਲ
-1682, 7 ਫੇਜ਼, ਮੋਹਾਲੀ।
ਮੋਬਾਈਲ : 99881-52523.

ਤਿੰਨ ਗ਼ਜ਼ਲਾਂ

ਕਦੇ ਨਗ਼ਮਾ, ਕਦੇ ਖ਼ੁਸ਼ਬੂ, ਕਦੇ ਵਾਅਦਾ ਵਫ਼ਾ ਬਣ ਕੇ

ਕਦੇ ਮਿਲਦਾ ਏਂ ਤੂੰ ਸਰਗੋਸ਼ੀਆਂ ਕਰਦੀ ਹਵਾ ਬਣ ਕੇ।
ਕਦੇ ਮੰਦਰ, ਕਦੇ ਮਸਜਿਦ, ਕਦੇ ਦਿਲ ਦੇ ਸਿੰਘਾਸਣ 'ਤੇ
ਤੂੰ ਕਿਸ ਕਿਸ ਰੂਪ ਅੰਦਰ ਰਾਜ ਕਰਦਾ ਏਂ, ਸ਼ੁਆ ਬਣ ਕੇ।
ਕਦੇ ਵਸਦਾ ਏਂ ਫੁੱਲਾਂ ਤਿਤਲੀਆਂ ਤੇ ਭੌਰਿਆਂ ਅੰਦਰ
ਕਦੇ ਕੋਇਲ, ਕਦੇ ਬੁਲਬੁਲ ਦੀ ਗੂੰਜੇਂ ਤੂੰ ਸਦਾ ਬਣ ਕੇ।
ਕਦੇ ਤੂੰ ਸ਼ਾਂਤ ਸਾਗਰ ਹੈਂ, ਕਦੇ ਅਠਖੇਲੀਆਂ ਕਰਦਾ
ਕਦੇ ਸੀਤਲ ਕਰੇਂ ਮੈਨੂੰ ਤੂੰ ਸਾਹਿਲ ਦੀ ਸਬਾ ਬਣ ਕੇ।
ਕਦੇ ਤੂੰ ਪਿਆਸ ਬਣਦਾ ਏਂ, ਕਦੇ ਬਣਦਾ ਪਿਆਸਾ ਏਂ
ਕਦੇ ਤੂੰ ਜ਼ਿੰਦਗੀ ਬਣਦਾ ਕਦੇ ਮਿਲਦਾ ਕਜ਼ਾ ਬਣ ਕੇ।
ਕਦੇ ਤੂੰ ਦਰਦ ਬਣ ਜਾਵੇਂ ਕਦੇ ਦਿਲਸ਼ਿਕਨ ਹੋ ਜਾਏਂ
ਕਦੇ ਉਪਚਾਰ ਕਰਦਾ ਏਂ ਮੇਰੇ ਦਿਲ ਦੀ ਦਵਾ ਬਣ ਕੇ।
ਕਦੇ ਤੂੰ ਆਣ ਖਿੜਦਾ ਏਂ ਮੇਰੀ ਰੋਮਾਵਲੀ ਅੰਦਰ
ਮੇਰੇ ਹੋਠਾਂ ਨੂੰ ਛੋਂਹਦਾ ਏਂ ਕਦੇ ਤੂੰ ਹੀ ਦੁਆ ਬਣ ਕੇ।
ਤਰੰਨੁਮ ਛੇੜ ਦੇਂਦਾ ਏਂ, ਮੇਰੇ ਸਾਹਾਂ 'ਚ ਤੂੰ ਆਪੇ
ਕਦੇ ਮੈਨੂੰ ਲੁਭਾਉਂਦਾ ਏਂ ਕੋਈ ਦਿਲਕਸ਼ ਅਦਾ ਬਣ ਕੇ।
ਕਿਨਾਰਾ ਵੀ ਤੂੰ ਹੀ ਬੇੜੀ ਵੀ ਤੂੰ ਮੰਝਧਾਰ ਵੀ ਤੂੰ ਹੀ
ਰਹੀਂ ਤੂੰ ਨਾਲ ਮੇਰੇ ਹਰ ਸਮੇਂ ਹੀ ਨਾਖ਼ੁਦਾ ਬਣ ਕੇ।
ਮੇਰੇ ਦਿਲਬਰ ਤੂੰ ਮੈਨੂੰ ਬਖਸ਼ ਦੇਵੀਂ ਮਰਤਬਾ ਐਸਾ
ਕਿ ਜੀਵਨ ਜੀ ਲਵਾਂ ਹਰ ਹਾਲ ਮੈਂ ਤੇਰੀ ਰਜ਼ਾ ਬਣ ਕੇ।
-0-

ਕਰਮ ਖੇਤਰ ਹੈ ਇਹ ਜੀਵਨ ਤੇਰਾ ਉਪਦੇਸ਼ ਗੀਤਾ ਹੈ
ਇਸੇ ਲਈ ਮੌਤ 'ਚੋਂ ਮੈਂ ਜ਼ਿੰਦਗੀ ਦਾ ਜਾਮ ਪੀਤਾ ਹੈ।
ਇਕੱਲੀ ਜਾਨ ਨੂੰ ਤੇਰਾ ਤਾਂ ਉਦਰੇਵਾਂ ਹੀ ਏਨਾ ਸੀ
ਕਿ ਇਸ ਨੇ ਹੰਝੂਆਂ ਨਾਲ ਦਰਦ ਦਾ ਲੰਗਾਰ ਸੀਤਾ ਹੈ।
ਮੇਰੇ ਅਸ਼ਕਾਂ ਨੂੰ ਮੇਰੀ ਨਜ਼ਰ ਵਿਚ ਵਸਣਾ ਨਹੀਂ ਮਿਲਿਆ
ਇਨ੍ਹਾਂ ਨੂੰ ਬਿਰਹੜੇ ਨੇ ਅੱਖ ਨਾਲੋਂ ਵੱਖ ਕੀਤਾ ਹੈ।
ਮੇਰੇ ਬਰਫ਼ਾਂ ਘਿਰੇ ਹਿਰਦੇ 'ਚ ਜੰਮੇ ਵਲਵਲੇ ਤੇਰੇ
ਇਸੇ ਲਈ ਇਸ਼ਕ ਦਾ ਨਿੱਘਾ ਜਿਹਾ ਚੋਲਾ ਮੈਂ ਸੀਤਾ ਹੈ।
ਮੇਰਾ ਕਮਲਾ ਜਿਹਾ ਇਹ ਦਿਲ ਕਿਸੇ ਦਾ ਹੋ ਨਹੀਂ ਸਕਿਆ
ਜਦੋਂ ਵੀ ਤੜਪਿਆ ਇਸ ਨੇ ਤੇਰਾ ਹੀ ਨਾਮ ਲੀਤਾ ਹੈ।
ਮੇਰੀ ਇਸ ਤੜਪ ਨੂੰ ਤੂੰ ਆਪਣੇ ਗਲ ਨਾਲ ਲਾਇਆ ਹੈ
ਇਸੇ ਲਈ ਸੋਹਣਿਆ ਤੇਰੇ 'ਤੇ ਏਨਾ ਮਾਣ ਕੀਤਾ ਹੈ।
ਮੇਰਾ ਆਪਾ ਕਿਸੇ ਅਰਸ਼ੀ ਉਜਾਲੇ ਨਾਲ ਨ੍ਹਾਉਂਦਾ ਹੈ
ਮੈਂ ਆਖ਼ਰ ਨੂੰ ਮੁਹੱਬਤ ਦਾ ਇਲਾਹੀ ਜਾਮ ਪੀਤਾ ਹੈ।
-0-

ਤੇਰੇ ਕਰੀਬ ਹੋਣ ਦਾ ਕੈਸਾ ਸਰੂਰ ਹੈ
ਨੈਣਾਂ 'ਚ ਮੇਰੇ ਡਲ੍ਹਕਦਾ ਤੇਰਾ ਹੀ ਨੂਰ ਹੈ।

ਓ ਪ੍ਰੀਤ ਦੇ ਪੈਗ਼ੰਬਰਾ ਮੈਨੂੰ ਸੰਭਾਲ ਲੈ
ਹਸਤੀ ਮੇਰੀ ਤਾਂ ਪਿਆਰ ਦੇ ਨਸ਼ਿਆਂ 'ਚ ਚੂਰ ਹੈ।

ਤੈਨੂੰ ਮਿਲਣ ਦਾ ਸਫ਼ਰ ਹੀ ਕਿੰਨਾ ਸੁਹਾਵਣਾ
ਪਰਵਾਹ ਨਹੀਂ ਮੰਜ਼ਿਲ ਅਜੇ ਕਿੰਨੀ ਕੁ ਦੂਰ ਹੈ।

ਆਈ ਬਸੰਤ ਪਿਆਰ ਦਾ ਬੂਟਾ ਹੈ ਮੌਲਿਆ
ਹੁਣ ਜ਼ਿੰਦਗੀ ਨੂੰ ਪੈ ਗਿਆ ਵਸਲਾਂ ਦਾ ਬੂਰ ਹੈ।

ਅੰਦਰ ਮੇਰੇ ਚਾਨਣ ਦੀਆਂ ਕਣੀਆਂ ਦਾ ਗੀਤ ਹੈ
ਹਿਰਦੇ ਮੇਰੇ 'ਤੇ ਪੈ ਰਹੀ ਬਖਸ਼ਿਸ਼ ਦੀ ਭੂਰ ਹੈ।

ਹੁਣ ਸ਼ਾਂਤ ਹੋ ਗਈ ਮੇਰੀ ਵੰਝਲੀ ਦੀ ਵਿਲਕਣੀ
ਬਿਰਹੁੰ ਦਿਆਂ ਫੱਟਾਂ ਤੇ ਵੀ ਆਇਆ ਅੰਗੂਰ ਹੈ।

ਛਾਇਆ ਮੇਰੇ ਆਕਾਸ਼ ਤੇ ਰਹਿਮਤ ਦਾ ਮੇਘਲਾ
ਖੁਸ਼ੀਆਂ 'ਚ ਪੈਲ ਪਾ ਰਿਹਾ ਮਨ ਦਾ ਮਿਊਰ ਹੈ।

ਜ਼ੱਰੇ ਨਸੀਬ ਕਹਿ ਦਿਆਂ ਤੈਨੂੰ ਦਿਲਾਵਰਾ
ਵਿਸ਼ਵਾਸ ਹੋ ਗਿਆ ਹੈ ਕਿ ਮਿਲਣਾ ਜ਼ਰੂਰ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆ
-ਮੋਬਾਈਲ : 98147-16367. 

ਲੜੀਵਾਰ ਨਾਵਲ-ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਭਾਗ ਸਿੰਘ ਦੀ ਚਿੱਠੀ ਆਉਂਦੀ ਰਹਿੰਦੀ ਹੈ। ਇਸ ਵਾਰ ਉਸ ਨੇ ਲਿਖਿਆ ਸੀ ਕਿ ਕੁਝ ਅਫ਼ਸਰਾਂ ਤੇ ਸਿਪਾਹੀਆਂ ਦੇ ਕੈਂਪ ਵਿਚੋਂ ਭੱਜ ਜਾਣ ਕਰਕੇ ਪਹਿਰਾ ਸਖ਼ਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕੁਲਦੀਪ ਡੇਢ ਸਾਲ ਦਾ ਹੋ ਗਿਆ ਸੀ। ਦਾਦਾ, ਮਾਮਾ, ਚੋਚੀ ਸ਼ਬਦ ਉਹ ਬੋਲਣ ਲੱਗ ਪਿਆ ਸੀ। ਉਹ ਤਿੰਨ ਪਹੀਆਂ ਵਾਲੇ ਰੇੜ੍ਹੇ ਨਾਲ ਪੈਰ ਪੁੱਟ ਕੇ ਉਹ ਖੁਸ਼ੀ ਮਹਿਸੂਸ ਕਰਨ ਲੱਗਾ ਸੀ। ਅੱਗੇ ਕੀ ਹੋਇਆ ਅੱਜ ਪੜ੍ਹੋ :
ਵਿਸ਼ਵ ਦੀ ਦੂਜੀ ਜੰਗ ਖਤਮ ਹੋ ਗਈ ਹੈ। ਸਰਨ ਸਿੰਘ ਦੇ ਘਰ ਸਰਕਾਰੀ ਚਿੱਠੀ ਆਈ ਹੈ ਕਿ ਜੰਗੀ ਕੈਦੀ ਰਿਹਾਅ ਹੋ ਕੇ ਆਪੋ-ਆਪਣੇ ਟਿਕਾਣਿਆਂ ਉਤੇ ਜਲਦੀ ਪਹੁੰਚ ਜਾਣਗੇ। ਇਸ ਖ਼ਬਰ ਨਾਲ ਗੁੱਲਾਂ ਦੀ ਹਨੇਰੀ ਜ਼ਿੰਦਗੀ ਵਿਚ ਹਜ਼ਾਰਾਂ ਬਿਜਲੀ ਦੇ ਬਲਬਾਂ ਦੀ ਰੌਸ਼ਨੀ ਜਗਮਗਾਉਣ ਲੱਗੀ। ਖੁਸ਼ੀ ਦੀ ਕਰੰਟ ਦੀ ਲਹਿਰ ਨਾਲ ਉਸ ਦੇ ਸਾਰੇ ਸਰੀਰ ਉੱਤੇ ਪਾਣੀ ਦੀਆਂ ਬੂੰਦਾਂ ਉਭਰ ਆਈਆਂ ਜਿਵੇਂ ਤਾਜ਼ੀ-ਤਾਜ਼ੀ ਤਰੇਲ ਦਾ ਛਿੜਕਾਅ ਹੋਇਆ ਹੋਵੇ। ਖੁਸ਼ੀ ਨਾਲ ਉਸ ਦੇ ਚਿਹਰੇ ਉੱਤੇ ਅੱਥਰੂਆਂ ਦੀਆਂ ਧਾਰਾਂ ਨਾਲ ਕਮੀਜ਼ ਭਿੱਜ ਗਈ। ਕਈ ਬੂੰਦਾਂ ਗਲੇ ਅੰਦਰ ਵੜ ਕੇ ਜਿਸਮ ਉਤੇ ਰੀਂਗਣ ਲੱਗੀਆਂ। ਉਹ ਤਾਂ ਕਈ ਘੰਟੇ ਬੇਹੋਸ਼ ਰਹਿੰਦੀ ਸੀ, ਜਦ ਜਾਗਦੀ ਤਾਂ ਇਕੋ ਸੋਚ ਖਾਈ ਜਾਂਦੀ, 'ਹਨੇਰੀ ਕਿਉਂ ਹੋ ਗਈ ਸੀ ਜ਼ਿੰਦਗੀ?'
ਉਹ ਇਕੋ ਝਟਕੇ ਨਾਲ ਉਠੀ। ਖੁਸ਼ੀ ਨਾਲ ਪੈਰ ਡਗਮਗਾ ਰਹੇ ਹਨ, ਉਹ ਸਿੱਧੀ ਸ਼ੀਸ਼ੇ ਸਾਹਮਣੇ ਜਾ ਖਲੋਤੀ। ਸ਼ੀਸ਼ੇ ਵਿਚੋਂ ਆਪਣੇ-ਆਪ ਨੂੰ ਸਿਰ ਤੋਂ ਪੈਰਾਂ ਤੱਕ ਨਿਹਾਰਿਆ, ਇਹ ਕਿਹੋ ਜਿਹੀ ਅੱਧਮੋਈ ਗੁੱਲਾਂ ਹੈ? ਗੁੱਲਾਂ? ਗੁੱਲ ਦਾਊਦੀ? ਗੁੱਲਚੀਨ? ਕਿੱਥੇ ਗਈ?
'ਕਾਲਾ ਧੁਆਂਖਿਆਂ ਚਿਹਰੇ ਦਾ ਰੰਗ, ਸੁੱਜੇ ਹੋਏ ਘੇਰਿਆਂ ਵਿਚ ਧਸੀਆਂ ਅੱਖਾਂ, ਅੰਤਰ ਚੇਤਨਾ ਦੀ ਪੀੜ ਦੇ ਦੁੱਖ ਨਾਲ ਝੁਲਸਿਆ ਤਨ-ਬਦਨ, ਪਤਲਾ-ਸੁੱਕਾ-ਲੰਬੂਤਰਾ ਚਿਹਰਾ, ਖਿਲਰੇ ਹੋਏ ਵਾਲ। ਉਸ ਨੇ ਉਂਗਲਾਂ ਨਾਲ ਹੀ ਆਪਣੇ ਵਾਲ ਸਵਾਰੇ ਤੇ ਪਿਆਜ਼ੀ ਰੰਗ ਦੀ ਕਿਨਾਰੀ ਦੀ ਬਾਂਕੜੀ ਵਾਲੀ ਚੁੰਨੀ ਨਾਲ ਆਪਣਾ ਸਿਰ ਢੱਕ ਲਿਆ ਤੇ ਬੜੇ ਗਹੁ ਨਾਲ ਆਪਣੀ ਸ਼ਕਲ ਨੂੰ ਫੇਰ ਨਿਹਾਰਿਆ। ਮੱਥੇ ਉਤੇ ਪਈਆਂ ਸਿਲਵਟਾਂ, ਅੱਖਾਂ ਹੇਠਾਂ ਸੁਜੀ ਹੋਈ ਮੁਲਾਇਮ ਚਮੜੀ ਹੇਠੋਂ ਉਭਰੀਆਂ ਨੀਲੀਆਂ ਨਸਾਂ, ਅੱਖਾਂ ਦੇ ਕੋਹਇਆਂ ਕੋਲ ਤਰੁੰਭਿਆ ਮਾਸ। ਬੜੀ ਦੇਰ ਤੱਕ ਉਹ ਆਪਣੇ ਚਿਹਰੇ ਤੋਂ ਪਹਿਲੀ ਝਲਕ ਤਲਾਸ਼ਦੀ ਰਹੀ। ਚੰਨ ਵਰਗਾ ਗੋਲ ਮੱਖਣ ਮਿਲੇ ਸੰਧੂਰੀ ਰੰਗ ਦਾ ਚਿਹਰਾ, ਗੂੜ੍ਹੇ ਗੁਲਾਬੀ ਹੋਂਠ,ਚਮਕਦੀਆਂ ਮੋਟੀਆਂ ਸ਼ਰਬਤੀ ਅੱਖਾਂ, ਕਿਹੜੇ ਯੁੱਗ ਵਿਚ ਛੁੱਪ ਗਈਆਂ? ਕੀ ਬਣਿਆ ਏ ਇਸ ਜਿਸਮ ਦਾ? ਇਸ ਚਿਹਰੇ ਦਾ? ਜਿਸਨੂੰ ਸਲਾਹੁੰਦੇ ਭਾਗ ਸਿੰਘ ਕਦੀ ਥਕਦਾ ਨਹੀਂ ਸੀ। ਸਭ ਕੁਝ ਢਹਿ ਢੇਰੀ ਹੋ ਗਿਆ, 'ਸੋਚਦੇ-ਸੋਚਦੇ ਗਰਮ-ਗਰਮ ਅੱਥਰੂਆਂ ਦਾ ਸੋਮਾ ਫੇਰ ਫੁੱਟ ਪਿਆ।
-0-
ਭਾਰਤ ਵਰਸ਼ ਦੇ ਸਾਰੇ ਸੂਬਿਆਂ ਵਿਚੋਂ ਲੋਕ ਆਪੋ-ਆਪਣੇ ਰਿਸ਼ਤੇਦਾਰ ਜੰਗੀ ਕੈਦੀਆਂ ਦਾ ਸਵਾਗਤ ਕਰਨ ਲਈ ਕਰਾਚੀ ਬੰਦਰਗਾਹ ਉਤੇ ਪਹੁੰਚੇ ਹੋਏ ਸਨ। ਸਮੁੰਦਰੀ ਜਹਾਜ਼ ਸਮੁੰਦਰ ਦੇ ਢਿੱਡ ਵਿਚ ਆ ਖਲੋਤਾ। ਦੂਰੋਂ ਹੀ ਫ਼ੌਜੀਆਂ ਦੇ ਹਿਲਦੇ ਹੱਥ, ਖੁਸ਼ੀ ਦਾ ਸ਼ੋਰ ਫ਼ੌਜੀਆਂ ਦੀਆਂ ਭਰੀਆਂ ਬੇੜੀਆਂ ਜਿਉਂ-ਜਿਉਂ ਨੇੜੇ ਆਈਆਂ ਸਰਨ ਸਿੰਘ ਦੇ ਅੱਥਰੂ ਨਾ ਰੁਕੇ। ਫ਼ੌਜੀ ਬੈਂਡ ਨੇ ਸਵਾਗਤ ਵਿਚ ਫ਼ੌਜੀ ਧੁਨ ਵਜਾਈ। ਕੈਦੀ ਫ਼ੌਜੀ ਲਾਈਨ ਵਿਚ ਖਲੋ ਗਏ। ਬੈਂਡ ਦੀ ਧੁਨ ਬੰਦ ਹੋਈ, ਇਕ ਵੱਡੇ ਅੰਗਰੇਜ਼ ਅਫ਼ਸਰ ਨੇ ਉਨ੍ਹਾਂ ਦਾ ਸਵਾਗਤ ਕਰਕੇ ਲੈਕਚਰ ਦਿੱਤਾ, ਸਾਰਿਆਂ ਨਾਲ ਹੱਥ ਮਿਲਾਏ ਤੇ ਗਲੇ ਵਿਚ ਹਾਰ ਪਾਏ। ਹਰ ਇਕ ਕੋਲ ਮਿੰਟ-ਦੋ ਮਿੰਟ ਖਲੋ ਕੇ ਗੱਲਬਾਤ ਕੀਤੀ, ਸ਼ਾਬਾਸ਼ ਦਿੱਤੀ।
ਭਾਗ ਸਿੰਘ ਥੋੜਾ ਲੰਗੜਾਂਦਾ ਤੇਜ਼ ਕਦਮੀਂ ਭਰਾਵਾਂ ਵੱਲ ਲਪਕਿਆ, ਘੁੱਟ ਜੱਫੀ ਪਾਈ, ਤਿੰਨਾਂ ਦੀਆਂ ਅੱਖਾਂ ਵਿਚੋਂ ਗੰਗਾ, ਯਮਨਾ, ਸਰਸਵਤੀ ਦੀਆਂ ਧਾਰਾਂ ਤੇਜ਼ ਵਗਣ ਲੱਗੀਆਂ। ਕੋਈ ਗੱਲ ਵੀ ਮੂੰਹੋਂ ਨਾ ਨਿਕਲੀ। 'ਸ਼ੁਕਰ ਏ, ਇਨ੍ਹਾਂ ਅੱਖੀਆਂ ਨੇ ਤਨੂੰ ਜੀਂਦੇ ਡਿੱਠਾ', ਸਰਨ ਸਿੰਘ ਨੇ ਘਗਿਆਉਂਦੇ ਮਸਾਂ ਕਿਹਾ। ਤਿੰਨਾਂ ਦੀਆਂ ਅੱਖਾਂ ਵਿਚੋਂ ਬਰਸਾਤ ਦੀ ਝੜੀ ਲੱਗ ਗਈ। ਅਵਤਾਰ ਤਾਂ ਬੁੱਤ ਬਣੀ ਇੰਝ ਖਲੋਤਾ ਰਿਹਾ ਜਿਵੇਂ ਉਸ ਨੂੰ ਕੁਝ ਸਮਝ ਹੀ ਨਾ ਆ ਰਿਹਾ ਹੋਵੇ, ਉਹ ਜੋ ਵੇਖ ਰਿਹਾ ਹੈ ਕੀ ਇਹ ਸਭ ਸੱਚ ਹੈ? ਭਾਪਾ ਭਾਗ ਸਿੰਘ ਗੋਲਿਆਂ ਦੀ ਬਰਸਾਤ ਮੁਰਦਿਆਂ ਦੇ ਢੇਰ ਵਿਚੋਂ ਜਿਊਂਦਾ ਨਿਕਲ ਕੇ ਆ ਗਿਆ ਹੈ?'
'ਤੁਸੀਂ ਬੀ ਥੱਕ ਗਏ ਹੋਸੋ... ਪਿਸ਼ੌਰ ਤੋਂ ਕਰਾਚੀ ਆਣਾ ਕਿਹੜਾ ਅਸਾਨ ਏ? ਬੜਾ ਜ਼ੋਖ਼ਮ ਉਠਾਇਆ ਨੇ... ਭਲਾ ਹੋਵਨ ਨੇ... ਅੱਖੀਆਂ ਠੰਡੀਆਂ ਕੀਤੀਆਂ ਨੇ', ਤੇ ਬੁੱਤ ਬਣੇ ਅਵਤਾਰ ਨੂੰ ਭਾਗ ਸਿੰਘ ਨੇ ਇਕ ਵਾਰੀ ਫਿਰ ਛਾਤੀ ਨਾਲ ਘੁੱਟ ਲਿਆ।
'ਸਾਡੇ ਨਾਲ ਚਲਸੇਂ ਨਾ ਵੱਤ...?' ਸਰਨ ਨੇ ਪੁੱਛਿਆ।
'ਨਾ ਮੜਾ, ਹਾਲੀਂ ਤਾਂ ਮਨੂੰ ਹਸਪਤਾਲ ਕੁਝ ਦਿਨ ਰਖਸਨ... ਵੱਤ ਸਾਰੇ ਟੈਸਟ ਹੋਸਨ... ਸਭ ਕੁਝ ਠੀਕ ਨਿਕਲਿਆ ਤਾਂ ਪਹਿਲੇ ਮੈਨੂੰ ਹੈਡਕੁਆਰਟਰ ਜਬਲਪੁਰ ਜਾਣਾ ਪੈਸੀ... ਵੱਤ ਕਿਧਰੇ ਘਰ ਵਾਸਤੇ ਛੁੱਟੀ ਦੇਸਨ।'
'ਚੱਲ ਖੈਰੇ! ਜਿਥੇ ਇਡੇ ਸਾਲ ਕਟੇਨ ਥੋੜ੍ਹੇ ਦਿਨ ਹੋਰ ਸਹੀ... ਅੱਖੀਂ ਡਿੱਠਾ ਠੰਡ ਪੈ ਗਈ ਏ... ਗੁਰੂ ਰਾਖਾ ਹੋਵੀ ਅਸੀਂ ਰਾਤੀ ਗੱਡੀ 'ਤੇ ਵਾਪਸ ਚਲੇ ਜਾਸੀਏਂ, ਘਰ ਸਾਰਾ ਹਵਾਲ ਦੇਣੈਂ।'
-0-
ਬਚੇ-ਖੁਚੇ ਫ਼ੌਜੀ ਵਾਪਸ ਆਏ। ਕਈ ਘਰਾਂ ਵਿਚ ਦੀਪ ਮਾਲਾ ਹੋਈ, ਕਈ ਆਸਾਂ ਦੀਆਂ ਡੋਰੀਆਂ ਟੁੱਟੀਆਂ ਤੇ ਹਮੇਸ਼ਾ ਲਈ ਹਨੇਰਾ ਪਸਰਿਆ। ਅੱਜ ਗਲੀ ਵਿਚ ਬੜੀ ਰੌਣਕ ਏ। ਮਰਦ ਗੁਰਦੁਆਰੇ, ਮੰਦਰਾਂ 'ਚੋਂ ਵਾਪਸ ਆ ਕੇ ਸਰਨ ਸਿੰਘ ਦੇ ਘਰ ਫੇਰਾ ਮਾਰ ਰਹੇ ਹਨ। ਗਲੀ ਦੇ ਜਵਾਨ ਮੁੰਡਿਆਂ ਨੇ ਗੇਂਦਾਂ ਦੀ ਗਲੀ ਵਿਚ ਪੱਤੀ ਤੋਂ ਲੈ ਕੇ ਸਰਨ ਸਿੰਘ ਦੇ ਘਰ ਤੱਕ ਰੰਗ-ਬਰੰਗੀਆਂ ਝੰਡੀਆਂ ਦਾ ਜਾਲ ਲਗਾਇਆ ਹੈ। ਵੱਡੇ ਥੜੇ ਉਤੇ ਛੋਟੇ ਬੱਚੇ ਝੰਡੀਆਂ ਬਣਾਂਦੇ ਆਪਸ ਵਿਚ ਖਹਿਬੜ ਰਹੇ ਹਨ। ਬੰਟੇ ਵਾਲੀਆਂ ਬੋਤਲਾਂ ਦੇ ਕਰੇਟ ਸੁਰਜਨ ਦੀ ਹੱਟੀ ਤੋਂ ਹੁਣੇ-ਹੁਣੇ ਆਏ ਹਨ। ਬਰਫ਼ ਦੀ ਵੱਡੀ ਸਿਲ੍ਹ ਘਰਦੇ ਥੜਵੇ ਉਤੇ ਬੋਰੀ ਵਿਚ ਲਪੇਟੀ ਪਈ ਹੈ। ਲੋਕਾਂ ਦੀ ਆਵਾਜਾਈ ਹੈ। ਘਰ ਦੇ ਮਰਦ ਤੇ ਰਿਸ਼ਤੇਦਾਰ ਪਿਸ਼ਾਵਰ ਸਦਰ ਸਟੇਸ਼ਨ ਉਤੇ ਗਏ ਹਨ। ਸਾਰੀ ਗਲੀ ਵਿਚ 'ਜੀ ਆਇਆਂ ਨੂੰ' ਦੇ ਬੈਨਰ ਲੱਗੇ ਹਨ।
ਅੱਜ ਭਾਗ ਸਿੰਘ ਨੇ ਰਾਵਲਪਿੰਡੀ ਤੋਂ ਘਰ ਜਾਣਾ ਹੈ। ਗਲੀ ਵਿਚ ਇਸ ਤਰ੍ਹਾਂ ਰੌਣਕ ਹੈ ਜਿਵੇਂ ਜੰਞ ਦੇ ਆਉਣ ਦੀ ਆਓ-ਭਗਤ ਵਿਚ ਸਾਰੇ ਲੋਕ ਜੁਟੇ ਹੋਣ। ਔਰਤਾਂ ਵੀ ਘਰਾਂ ਦੇ ਕੰਮ ਮੁਕਾਂਦੀਆਂ ਘੜੀ-ਮੁੜੀ ਛੱਜਿਆਂ ਤੋਂ ਬਾਹਰ ਗਲੀ ਵਿਚ ਝਾਤੀ ਮਾਰ ਜਾਂਦੀਆਂ ਭਾਗ ਸਿੰਘ ਨੂੰ ਉਡੀਕ ਰਹੀਆਂ ਹਨ। ਭਾਗ ਸਿੰਘ ਲੋਕਾਂ ਵਿਚ ਘਿਰਿਆ ਗਲੀ ਵਿਚ ਵੜਿਆ ਤਾਂ ਝੂਲਦੀ ਹੋਈ ਤੇਜ਼ ਹਵਾ ਨਾਲ ਹਲਕੀ-ਹਲਕੀ ਬੂੰਦਾ-ਬਾਂਦੀ ਹੋਈ। ਸੋਧੀ-ਸੋਧੀ ਮਿੱਟੀ ਦੀ ਖੁਸ਼ਬੀ ਨਾਲ, ਉਸ ਦੀਆਂ ਨਾਸਾਂ ਵਿਚ ਜਲੂਣ ਜਿਹੀ ਹੋਈ। ਤਨ, ਮਨ ਠਰ ਗਿਆ। ਆਪਣੇ ਵਤਨ, ਆਪਣੇ ਪ੍ਰਾਂਤ, ਆਪਣੀ ਗਲੀ ਦੀ ਮਿੱਟੀ। ਭਾਗ ਸਿੰਘ ਨੇ ਲੰਮਾ ਸਾਹ ਭਰਿਆ ਤੇ ਤੇਜ਼ ਕਦਮਾਂ ਨਾਲ ਘਰ ਦੇ ਥੜੇ ਕੋਲ ਪਹੁੰਚ ਗਿਆ।
ਪੱਤੀ ਉਤੋਂ ਹੀ ਭਾਗ ਸਿੰਘ ਨੂੰ ਲੋਕਾਂ ਨੇ ਸਿਹਰਿਆਂ ਨਾਲ ਲੱਧ ਦਿੱਤਾ ਸੀ। ਘੜੀ-ਮੁੜੀ ਰੁਮਾਲ ਨਾਲ ਅੱਖਾਂ ਪੂੰਝਦੇ ਭਾਗ ਸਿੰਘ ਕੋਲੋਂ ਇਹ ਚਾਅ, ਸਨਮਾਨ, ਖੁਸ਼ੀ ਝੱਲੀ ਨਹੀਂ ਜਾ ਰਹੀ। ਉਸ ਦੀਆਂ ਅੱਖਾਂ ਛਲਕਣ ਲੱਗ ਪਈਆਂ। ਗਲੀ ਵਿਚ ਸ਼ੋਰ ਸੁਣ ਕੇ ਛੱਜਿਆਂ, ਬਨੇਰਿਆਂ, ਕੋਠਿਆਂ ਤੋਂ ਸਿਰ ਹੀ ਸਿਰ ਦਿਸਣ ਲੱਗੇ, ਲਾਲ, ਪੀਲੀਆਂ, ਨੀਲੀਆਂ, ਸਾਵੀਆਂ ਚੁੰਨੀਆਂ। ਘਰ ਦੇ ਥੜੇ ਕੋਲ ਪਹੁੰਚ ਕੇ ਪ੍ਰਕਾਸ਼ ਤੇ ਪੁੱਤਲੀ, ਨੂੰ ਆਪਣੀਆਂ ਬਾਹਵਾਂ ਵਿਚ ਲਪੇਟ ਕੇ ਭਾਗ ਸਿੰਘ ਉੱਚੀ-ਉੱਚੀ ਰੋਇਆ। ਸਰਨ ਸਿੰਘ ਨੇ ਬੱਚੀਆਂ ਨੂੰ ਉਸ ਦੀਆਂ ਬਾਹਵਾਂ ਵਿਚੋਂ ਛੁੜਾਇਆ ਹੈ।
(ਬਾਕੀ ਅਗਲੇ ਐਤਵਾਰ)

ਕਿਸ਼ਤ ਨੰ: 44
ਚੰਦਨ ਨੇਗੀ
ਮੋਬਾ: 099996-82767

ਮਿੰਨੀ ਕਹਾਣੀਆਂ-

ਰਫ਼ਤਾਰ
ਜ਼ਿਲ੍ਹੇ ਵਿਚ ਮੀਟਿੰਗ ਸੀ। ਵਿਭਾਗ ਨੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਸੱਦਿਆ ਸੀ। ਸਿੱਖਿਆ ਸੁਧਾਰਾਂ ਦੀ ਗੱਲ ਹੋਣੀ ਸੀ। ਬਸ ਵਿਚ ਬੈਠ ਗਿਆ। ਦੋ ਘੰਟੇ ਦਾ ਸਫ਼ਰ ਸੀ। ਅਖਬਾਰ ਖੋਲ੍ਹਿਆ। ਮੁਲਾਜ਼ਮਾਂ ਨੂੰ ਇਸ ਸਾਲ ਵਿਚ ਫਿਰ ਮੌਜਾਂ... ਛੁੱਟੀਆਂ ਦੇ ਗੱਫੇ। ਖ਼ਬਰ 'ਤੇ ਸਰਸਰੀ ਨਜ਼ਰ ਫੇਰਦਾ, ਇਕ-ਇਕ ਲਾਈਨ ਗੁਹ ਨਾਲ ਪੜਵਨ ਲੱਗਾ। ਬੜੀਆਂ ਦਲੀਲਾਂ ਨਾਲ ਸੰਪਾਦਕੀ ਵਿਚ ਲਿਖਿਆ ਸੀ ਕਿ ਵਧੇਰੇ ਛੁੱਟੀਆਂ ਨਾਲ ਦੇਸ਼ ਦੇ ਵਿਕਾਸ ਦੀ ਰਫ਼ਤਾਰ ਘੱਟ ਜਾਂਦੀ ਹੈ।'
ਚਲਦੀ ਬੱਸ ਨੂੰ ਅਚਾਨਕ ਬਰੇਕ ਲੱਗੀ। ਖੜਵੀਆਂ ਸਵਾਰੀਆਂ ਨੂੰ ਧੱਕਾ ਲੱਗਾ।
'ਬਾਬਾ... ਅਖ਼ਬਾਰ ਪਾਸੇ ਕਰ। ਸ਼ੀਸ਼ਾ ਨਹੀਂ ਦਿਸਦਾ', ਡਰਾਈਵਰ ਮੈਨੂੰ ਸੰਬੋਧਨ ਹੋਇਆ ਬੋਲਿਆ।
ਮੈਂ ਸ਼ੀਸ਼ਾ ਤੱਕਿਆ... ਚਿਹਰੇ ਦੇ ਚਿੱਟੇ ਵਾਲ...? ਬੱਸ ਨੇ ਰਫ਼ਤਾਰ ਫੜ ਲਈ। ਮੈਂ ਆਪਣੀ ਉਮਰ ਦੀ ਰਫ਼ਤਾਰ ਦਾ ਅੰਦਾਜ਼ਾ ਲਾਉਣ ਲੱਗਾ।

ਸੰਤੁਸ਼ਟੀ
ਬੱਸ ਅੱਡੇ ਦੀ ਸਟਾਲ 'ਤੇ ਖੜ੍ਹਾ ਸੀ। ਸਟਾਲ ਮਾਲਕ ਅਖ਼ਬਾਰਾਂ ਨੂੰ ਤਰਤੀਬ ਦੇ ਰਿਹਾ ਸੀ। ਮੈਂ ਰੋਜ਼ ਵਾਂਗ ਪੰਜਾਬੀ ਅਖ਼ਬਾਰ ਲੈ ਕੇ ਸੰਪਾਦਕੀ ਪੰਨੇ 'ਤੇ ਸਰਸਰੀ ਜਿਹੀ ਨਜ਼ਰ ਮਾਰਨ ਲੱਗਾ। ਮਨਪਸੰਦ ਕਾਲਮ ਦਾ ਸਿਰਲੇਖ ਬੜਾ ਪਿਆਰਾ ਲੱਗਾ। ਸਾਰਾ ਕਾਲਮ ਖੜ੍ਹੇ-ਖੜ੍ਹੇ ਹੀ ਪੜ੍ਹ ਗਿਆ। ਇੱਛਾ ਤਾਂ ਭਾਵੇਂ ਘਰ ਲਿਜਾ ਕੇ ਪੜ੍ਹਨ ਦੀ ਸੀ ਪਰ... ਮੇਰੇ ਖੜ੍ਹੇ-ਖੜ੍ਹੇ ਹੀ ਪਿੰਡ ਦੇ ਸਰਪੰਚ ਸਾਹਿਬ ਆਏ। ਲਿਸ਼ਕਦੀ ਤਿੱਲੇਦਾਰ ਜੁੱਤੀ, ਚਮਕਾਂ ਮਾਰਦਾ ਚਿਹਰਾ, ਚਿੱਟੇ ਦੁੱਧ ਕੱਪੜੇ, ਗੱਲਬਾਤ ਵਿਚ ਅਪਡੇਟ...।
'ਅੰਗਰੇਜ਼ੀ ਅਖ਼ਬਾਰ ਹੈਂ?'
'ਜੀ ਨਹੀਂ, ਅੱਜ ਲੇਟ ਨੇ।'
ਮੈਂ ਆਵਾਜ਼ ਪਹਿਚਾਣੀ, ਇਹ ਤਾਂ ਉਹੀ ਸਰਪੰਚ ਸਾਹਿਬ ਨੇ ਜਿਨ੍ਹਾਂ ਦੇ ਪਿੰਡ ਬਾਰੇ ਫੀਚਰ ਕਈ ਸਾਲ ਪਹਿਲਾਂ ਮੈਂ ਚੰਡੀਗੜ੍ਹ ਛਪਦੇ ਪੰਜਾਬੀ ਅਖਬਾਰ ਵਿਚ ਛਪਵਾਇਆ ਸੀ। ਕਿੰਨੇ ਖੁਸ਼ ਸੀ ਸਰਪੰਚ ਸਾਹਿਬ, ਫੀਚਰ ਛਪਣ ਤੇ। ਉਨ੍ਹਾਂ ਮੇਰੇ ਵੱਲ ਤੱਕਿਆ, ਪਹਿਚਾਣਿਆ...।
'ਓ ਬੱਲੇ-ਬੱਲੇ ਕੀ ਹਾਲ ਹੈ, ਮਾਸਟਰ ਜੀ? ਕਿੱਥੇ ਹੁੰਨੇ ਹੋ? ਅੱਜਕਲ੍ਹ ਭੇਜਦੇ ਹੁੰਨੇ ਅਖ਼ਬਾਰ ਨੂੰ ਕੁਸ਼...?' ਇਕੋ ਵਾਰੀ ਕਿੰਨੇ ਸਵਾਲ। ਯਾਦਾਂ ਦੀ ਖੁਸ਼ਬੋ।
'ਬਿਲਕੁਲ ਜੀ ਸਰਪੰਚ ਸਾਹਿਬ, ਲਿਖੀਦਾ, ਭੇਜੀਦਾ ਵੀ ਏ ਹੁਣ ਨਹੀਂ ਰਹਿ ਹੁੰਦਾ ਲਿਖੇ ਬਗੈਰ...।'
'ਤੇ ਤੁਸੀਂ ਅੰਗਰੇਜ਼ੀ ਨਹੀਂ ਤਾਂ ਇਹ ਪੰਜਾਬੀ ਅਖ਼ਬਾਰ ਲੈ ਜਾਓ...।'
'ਜ਼ਰੂਰ ਜ਼ਰੂਰ... ਮੈਂ ਪੰਜਾਬੀ ਦੇ ਦੋ ਅਖਬਾਰ ਲੈ ਜਾਨਾਂ... ਆਪਾਂ ਕਿਹੜਾ ਅੰਗਰੇਜ਼ ਆਂ... ਐਵੇਂ ਬਸ ਅੰਗਰੇਜ਼ੀ ਨੂੰ ਮੂੰਹ ਜਿਹਾ ਲੱਗਾ ਹੋਇਆ....।'
ਦੋ ਪੰਜਾਬੀ ਅਖ਼ਬਾਰ ਸਾਂਭਦੇ ਸਰਪੰਚ ਸਾਹਿਬ ਕਾਰ ਵਿਚ ਜਾ ਬੈਠੇ। ਮੈਂ ਵੀ ਅਖ਼ਬਾਰ ਸਾਈਕਲ ਦੀ ਟੋਕਰੀ ਵਿਚ ਰੱਖੇ। ਸੋਚਿਆ, ਅੱਜ ਅਣਜਾਣੇ ਹੀ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਨਿਗੂਣਾ ਜਿਹਾ ਹਿੱਸਾ ਪਾ ਕੇ ਮਨ ਨੂੰ ਸੰਤੁਸ਼ਟੀ ਮਿਲ ਗਈ ਹੋਵੇ।

-ਪ੍ਰਿੰ: ਗੁਰਮੀਤ ਸਿੰਘ ਫ਼ਾਜ਼ਿਲਕਾ
3/1751, ਕੈਲਾਸ਼ ਨਗਰ, ਫ਼ਾਜ਼ਿਲਕਾ।
ਮੋਬਾਈਲ : 98148-56160.

ਫਾੜੀਆਂ
ਬਖਤਾਵਰ ਸਿੰਘ ਦੀ ਨਵੀਂ ਨੂੰਹ ਸਵੇਰ ਦੀ ਰੋਟੀ ਦੇਣ ਆਈ ਤਾਂ ਉਹ ਇਕ ਪਲੇਟ ਵਿਚ ਇਕ ਸਾਬਤ ਸੇਬ ਤੇ ਇਕ ਕਰਦ ਰੱਖ ਕੇ ਚਲੀ ਗਈ। ਬਖਤਾਵਰ ਸਿੰਘ ਬੜਾ ਹੈਰਾਨ ਹੋਇਆ ਕਿ ਸਹੁਰੀ ਕੁੜੀ ਪੜੀ-ਲਿਖੀ ਹੈ ਤੇ ਸੇਬ ਸਬੂਤਾ ਰੱਖ ਗਈ, ਕੱਟ ਕੇ ਕਿਉਂ ਨਹੀਂ ਰੱਖਿਆ। ਉਸ ਨੇ ਗੁੱਸੇ ਵਿਚ ਨੂੰਹ ਨੂੰ ਆਵਾਜ਼ ਮਾਰੀ ਤੇ ਸੇਬ ਬਾਬਤ ਪੁੱਛਿਆ। ਨੂੰਹ ਕਹਿਣ ਲੱਗੀ ਕਿ 'ਦਰਅਸਲ ਡੈਡੀ ਜੀ, ਮੈਂ ਸੋਚਿਆ ਪਤਾ ਨਹੀਂ ਤੁਸੀਂ ਕਿੱਡੀਆਂ-ਕਿੱਡੀਆਂ ਫਾੜੀਆਂ ਖਾਣਾ ਪਸੰਦ ਕਰਦੇ ਹੋ।'
ਹੁਣ ਬਖਤਾਵਰ ਸਿੰਘ ਸੇਬ ਦੀਆਂ ਆਪ ਫਾੜੀਆਂ ਕੱਟ ਰਿਹਾ ਸੀ।

-ਸਰਵਨ ਸਿੰਘ 'ਪਤੰਗ'
ਪਿੰਡ ਮਾਣੂਕੇ, ਤਹਿ: ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ।

ਬੋਹੜ
ਦੂਰ ਸ਼ਹਿਰ ਨੂੰ ਜਾਂਦੇ ਰਸਤੇ 'ਚ ਕੱਲਾ ਕਾਰਾ ਬੋਹੜ ਵਿਕ ਚੁੱਕਾ ਸੀ। ਜੂਨ ਦੀ ਕੜਕਦੀ ਦੁਪਹਿਰ। ਠੇਕੇਦਾਰ ਤੇ ਚਾਰ ਮਜ਼ਦੂਰ ਉਥੇ ਮਸੀਂ ਪਹੁੰਚੇ। ਗਰਮੀ ਨਾਲ ਉਨ੍ਹਾਂ ਦਾ ਬੁਰਾ ਹਾਲ ਸੀ। ਠੇਕੇਦਾਰ ਬੋਲਿਆ, 'ਐ ਬਜ਼ੁਰਗ ਬੋਹੜ, ਤੇਰਾ ਅੰਤ ਆ ਗਿਆ ਹੈ। ਮੁਆਫ਼ ਕਰੀਂ ਅਸੀਂ ਤੈਨੂੰ ਵੱਢਣ ਆਏ ਹਾਂ।'
ਬੋਹੜ ਹੋਣੀ ਨੂੰ ਕਬੂਲ ਕਰਦਾ ਪਹਿਲਾਂ ਤਾਂ ਚੁੱਪ ਰਿਹਾ। ਪਰ ਫਿਰ ਦਰਵੇਸ਼ਾਂ ਵਾਲੀ ਮਿੱਠੀ ਤੇ ਧੀਮੀ ਸੁਰ 'ਚ ਬੋਲਿਆ, 'ਕੋਈ ਗੱਲ ਨਹੀਂ, ਧੰਨਵਾਦ! ਤੁਸੀਂ ਜੋ ਵੀ ਕਰੋਗੇ, ਠੀਕ ਹੀ ਕਰੋਗੇ। ਪਰ ਲੰਮੇ ਸਫ਼ਰ ਕਾਰਨ ਥੱਕੇ ਜਾਪਦੇ ਹੋ, ਥੋੜ੍ਹਾ ਆਰਾਮ ਕਰ ਲਵੋ। ਤੁਹਾਡੇ ਕੁਹਾੜੇ ਧੁੱਪੇ ਪਏ ਹਨ। ਉਰ੍ਹਾਂ ਮੇਰੇ ਹੇਠਾਂ ਲੈ ਆਓ, ਜਾਂਦੀ ਵਾਰ ਮੈਂ ਇਨ੍ਹਾਂ 'ਤੇ ਵੀ ਛਾਂ ਕਰ ਦਿਆਂ।'

-ਜੰਗ ਬਹਾਦਰ ਸਿੰਘ ਘੁੰਮਣ
ਬੀ-12/42, ਮਾਲ ਰੋਡ, ਨੇੜੇ ਇਨਕਮ ਟੈਕਸ ਦਫਤਰ, ਕਪੂਰਥਲਾ।
ਮੋਬਾਈਲ : 98159-72868.

ਇਨਕਲਾਬ
ਖੁਸ਼ੀ ਦੇ ਮਾਰੇ ਰਾਣਾਵੀਰ ਸਿੰਘ ਪ੍ਰਧਾਨ ਯੂਥ ਵੈਲਫੇਅਰ ਸਾਹਿਬ ਦੇ ਪੈਰ ਧਰਤੀ ਉਤੇ ਨਹੀਂ ਲੱਗ ਰਹੇ ਸੀ। ਅੱਜ ਸਵੇਰੇ ਉਸ ਦੇ ਵੱਲੋਂ ਕੀਤੀ ਗਈ ਰੈਲੀ ਦੀ ਕਾਮਯਾਬੀ ਨੇ ਉਸ ਨੂੰ ਇਕ ਹੀ ਦਿਨ ਵਿਚ ਸ਼ਹਿਰ ਦਾ ਹੀਰੋ ਬਣਾ ਦਿੱਤਾ ਸੀ। ਨਸ਼ੇ ਦੇ ਵਿਰੋਧ ਵਿਚ ਕੀਤੀ ਗਈ ਇਸ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਦਾ ਇਕੱਠ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਸਮਾਜ ਦੇ ਇਸ ਨਾਸੂਰ ਦਾ ਹਮੇਸ਼ਾ-ਹਮੇਸ਼ਾ ਦੇ ਲਈ ਖਾਤਮਾ ਹੋ ਜਾਵੇਗਾ। ਅਜਿਹਾ ਲੱਗ ਰਿਹਾ ਸੀ ਜਿਵੇਂ ਇਸ ਸ਼ਹਿਰ ਵਿਚ ਇਨਕਲਾਬ ਦੀ ਅੱਗ ਭੜਕ ਉਠੀ ਹੋਵੇ।
ਲਗਾਤਾਰ ਇਕ ਮਹੀਨੇ ਦੀ ਭੱਜ-ਦੌੜ ਤੋਂ ਮਗਰੋਂ ਤਾਂ ਇਹ ਰੈਲੀ ਸਫ਼ਲ ਹੋਈ ਸੀ। ਸ਼ਾਮ ਹੋ ਚੁੱਕੀ ਸੀ। ਰਾਣਾਵੀਰ ਸਿੰਘ ਆਪਣੇ ਆਫਿਸ ਵਿਚ ਕੁਰਸੀ ਉਤੇ ਟੇਕ ਲਾਈ ਊਂਘ ਰਿਹਾ ਸੀ। ਥਕਾਵਟ ਨਾਲ ਉਸ ਦਾ ਬੁਰਾ ਹਾਲ ਹੀ। ਉਸ ਨੂੰ ਜ਼ੋਰਾਂ ਦੀ ਨੀਂਦ ਆ ਰਹੀ ਸੀ। ਪਰ ਰੈਲੀ ਦੀ ਕਾਮਯਾਬੀ ਵਿਚ ਉਹ ਵੀ ਜਾਗ ਰਿਹਾ ਸੀ। ਸ਼ਹਿਰ ਭਰ ਤੋਂ ਉਸ ਨੂੰ ਮੁਬਾਰਕਬਾਦ ਦੇ ਫੋਨ 'ਤੇ ਫੋਨ ਆ ਰਹੇ ਸਨ। ਸਾਰਾ ਦਿਨ ਉਹ ਪ੍ਰੈੱਸ ਵਾਲਿਆਂ ਵਿਚ ਘਿਰਿਆ ਰਿਹਾ ਸੀ। ਹੁਣ ਸ਼ਾਇਦ ਉਸ ਨੂੰ ਆਪਣੇ ਸਾਥੀ ਵਿਕਰਮ ਸਿੰਘ ਦਾ ਇੰਤਜ਼ਾਰ ਸੀ, ਜਿਹੜਾ ਇਸ ਰੈਲੀ ਦਾ ਕਨਵੀਨਰ ਸੀ। ਇਸੇ ਦੌਰਾਨ ਵਿਕਰਮ ਸਿੰਘ ਆਫਿਸ ਵਿਚ ਦਾਖਲ ਹੋਇਆ।
'ਹੋ ਗਿਆ... ਕੰਮ ਖਤਮ...' ਰਾਣਾਵੀਰ ਸਿੰਘ ਨੇ ਅੰਗੜਾਈ ਲੈਂਦੇ ਹੋਏ ਆਪਣੇ ਸਾਥੀ ਤੋਂ ਪੁੱਛਿਆ।
'ਜੀ...'
'ਵਿਕਰਮ ਧਿਆਨ ਰਹੇ ਕੋਈ ਨਾਰਾਜ਼ ਨਹੀਂ ਹੋਣਾ ਚਾਹੀਦਾ... ਸਾਨੂੰ ਅੱਗੇ ਨੂੰ ਵੀ ਵਰਕਰਾਂ ਦੀ ਜ਼ਰੂਰਤ ਰਹੇਗੀ।'
'ਤੁਸੀਂ ਬੇਫਿਕਰ ਰਹੋ... ਸਾਰੇ ਖੁਸ਼ ਹੋ ਕੇ ਗਏ ਹਨ।... 200 ਡੱਬੇ ਸ਼ਰਾਬ, 20 ਬੋਰੀਆਂ ਪੋਸਤ, ਅਫੀਮ ਅਤੇ ਚਰਸ ਵੰਡ ਕੇ ਆ ਰਿਹਾ ਹਾਂ। ਆਪਣੀ ਤਾਂ ਇਹੀ ਸਮਾਜ ਸੇਵਾ ਹੈ।'

ਆਲੋਚਨਾ
ਮਸ਼ਹੂਰ ਕਹਾਣੀਕਾਰ ਐਸ. ਐਸ. ਕਾਜ਼ਮੀ ਨੂੰ ਉਸ ਦੀ ਕਹਾਣੀ ਦੇ ਖੇਤਰ ਵਿਚ ਪਾਏ ਯੋਗਦਾਨ ਕਰਕੇ ਅਦੀਬ ਐਵਾਰਡ ਨਾਲ ਸਨਮਾਨਿਆ ਗਿਆ। ਪ੍ਰੋਗਰਾਮ ਦੇ ਸਮਾਪਤ ਹੁੰਦੇ ਹੀ ਪ੍ਰੈੱਸ-ਰਿਪੋਰਟਰਾਂ ਨੇ ਕਾਜ਼ਮੀ ਸਾਹਿਬ ਨੂੰ ਆ ਘੇਰਿਆ।
'...ਤੁਹਾਡੀ ਕਾਮਯਾਬੀ ਦਾ ਰਾਜ਼...?' ਇਕ ਪ੍ਰੈੱਸ ਰਿਪੋਰਟਰ ਨੇ ਮਾਈਕ ਵਧਾਉਂਦੇ ਹੋਏ ਪੁੱਛਿਆ।
'ਈਰਖਾਲੂਆਂ ਦੀ ਆਲੋਚਨਾ' ਉਸ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ।
'ਪਲੀਜ਼, ਸਰ ਇਸ ਦੀ ਵਿਆਖਿਆ ਕਰਨਾ....', ਇਕ ਪ੍ਰੈੱਸ ਰਿਪੋਰਟਰ ਨੇ ਅੱਗੇ ਵਧ ਕੇ ਪੁੱਛਿਆ।
'ਸਿਰਫ਼... ਮੇਰੇ ਦੋਸਤਾਂ ਦਾ ਇਕ ਹਲਕਾ ਹੈ, ਜਿਸ ਦਾ ਮਕਸਦ ਸਿਰਫ਼ ਦੂਸਰਿਆਂ ਦੀਆਂ ਲਿਖੀਆਂ ਰਚਨਾਵਾਂ ਵਿਚ ਗ਼ਲਤੀਆਂ ਕੱਢਣਾ ਹੈ... ਬਸ ਮੇਰੀ ਹਮੇਸ਼ਾ ਤੋਂ ਇਹੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਦੀ ਤੇਜ਼ਧਾਰ ਆਲੋਚਨਾ ਤੋਂ ਬਚ ਕੇ ਸਿਰਜਣਾ ਕਰਾਂ। ਇਸੇ ਲਈ ਮੈਂ ਆਪਣੀ ਹਰ ਰਚਨਾ ਨੂੰ 20 ਵਾਰ ਜਾਂਚਦਾ-ਪਰਖਦਾ ਹਾਂ ਅਤੇ ਫਿਰ ਛਪਣ ਲਈ ਭੇਜਦਾ ਹਾਂ। ਬਸ ਇਹੀ ਮੇਰੀ ਕਾਮਯਾਬੀ ਦਾ ਰਾਜ਼ ਹੈ।'

-ਸਾਲਿਕ ਜਮੀਲ ਬਰਾੜ
ਬੀ-14/594, ਹਜ਼ਰਤ ਸ਼ੇਖ਼ ਰੋਡ, ਮਾਲੇਰ, ਮਾਲੇਰਕੋਟਲਾ-148023 (ਪੰਜਾਬ)
ਮੋਬਾਈਲ : 092560-33695.

ਜ਼ਮਾਨਾ ਬਦਲ ਗਿਆ ਹੈ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਹੌਲੀ-ਹੌਲੀ ਮੈਂ ਪੁਸ਼ਪਾ ਦੀ ਬਾਬਤ ਕਾਫ਼ੀ ਕੁਝ ਜਾਣ ਗਈ ਸਾਂ। ਉਸ ਦੇ ਘਰ ਵਾਲੇ ਕਾਫ਼ੀ ਗਰੀਬ ਸਨ। ਉਹ ਪੰਜ ਭੈਣ-ਭਾਈ ਸਨ ਤੇ ਸਾਰੇ ਹੀ ਪੁਸ਼ਪਾ ਤੋਂ ਛੋਟੇ ਸਨ। ਉਸ ਦਾ ਭਾਈਆ ਕਿਸ ਕੱਪੜੇ ਦੀ ਦੁਕਾਨ 'ਤੇ ਨੌਕਰੀ ਕਰਦਾ ਸੀ। ਪੁਸ਼ਪਾ ਭਾਵੇਂ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਪ੍ਰੰਤੂ ਅੱਗੇ ਕਾਲਜ ਵਿਚ ਪੜ੍ਹਾਉਣ ਜੋਗੀ ਪਹੁੰਚ ਨਾ ਹੋਣ ਕਰਕੇ ਉਸ ਨੂੰ ਜੇ. ਬੀ. ਟੀ. ਕਰਵਾ ਦਿੱਤੀ ਤੇ ਉਹ ਕਿਸੇ ਪਿੰਡ ਦੇ ਸਰਕਾਰੀ ਸਕੂਲ ਵਿਚ ਨੌਕਰੀ ਕਰਨ ਲੱਗ ਪਈ। ਉਸ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਭਾਵੇਂ ਠੀਕ ਤਰ੍ਹਾਂ ਹੋਣ ਲੱਗ ਪਿਆ ਸੀ ਪਰ ਫਿਰ ਵੀ ਘਰ ਵਿਚ ਬੜੀਆਂ ਤੰਗੀਆਂ ਸਨ। ਰੋਟੀ ਭਾਵੇਂ ਸਭ ਨੂੰ ਰੱਜ ਕੇ ਮਿਲ ਜਾਂਦੀ ਸੀ ਪਰ ਰੋਟੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜ਼ਰੂਰਤਾਂ ਹੁੰਦੀਆਂ ਹਨ। ਤਿੱਥ ਤਿਉਹਾਰ ਤੇ ਨਵੇਂ ਕੱਪੜੇ ਲੀੜੇ, ਮਿਠਾਈ ਤੇ ਬੱਚਿਆਂ ਦੀ ਸਕੂਲ ਦੀ ਫੀਸ, ਜੁੱਤੇ, ਜੋੜੇ, ਬਿਮਾਰੀ-ਠਿਮਾਰੀ ਵਿਚ ਦਵਾ ਬੂਟੀ ਲਈ ਫਾਲਤੂ ਪੈਸੇ ਕਦੇ ਘਰ ਵਿਚ ਨਾ ਬਚਦੇ। ਇਸੇ ਕਰਕੇ ਝਾਈ ਹਮੇਸ਼ਾ ਚਿੜ੍ਹੀ ਰਹਿੰਦੀ ਤੇ ਉਸ ਦਾ ਜ਼ਿਆਦਾਤਰ ਗੁੱਸਾ ਪੁਸ਼ਪਾ ਉਤੇ ਹੀ ਉਤਰਦਾ ਤੇ ਮੈਂ ਪੁਸ਼ਪਾ ਲਈ ਅਜਿਹੀ ਠਾਹਰ ਸਾਂ ਜਿਥੇ ਬੈਠ ਕੇ ਉਹ ਆਪਣੇ ਮਨ ਦਾ ਸਾਰਾ ਗੁਬਾਰ ਕੱਢ ਸਕਦੀ ਸੀ। ਹਮ-ਉਮਰ ਕੁੜੀਆਂ ਨੂੰ ਵੈਸੇ ਵੀ ਇਕ ਦੂਜੀ ਦੇ ਨੇੜੇ ਆਉਣ ਲਈ ਕਿਸੇ ਕਾਰਨ ਦੀ ਲੋੜ ਨਹੀਂ ਹੁੰਦੀ ਪਰ ਮੇਰੇ ਤੇ ਪੁਸ਼ਪਾ ਵਿਚ ਅਚਾਨਕ ਇਕ ਕੜੀ ਜੁੜ ਗਈ ਸੀ। ਪੁਸ਼ਪਾ ਨੇ ਇਕ ਦਿਨ ਮੈਨੂੰ ਆਪਣੀ ਜ਼ਿੰਦਗੀ ਦਾ ਇਕ ਬੜਾ ਹੀ ਪਿਆਰਾ ਜਿਹਾ ਰਾਜ਼ ਦੱਸ ਦਿੱਤਾ। ਉਹ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ। ਅੱਜ ਤੋਂ 35-40 ਸਾਲ ਪਹਿਲਾਂ ਇਹ ਗੱਲਾਂ ਆਮ ਨਹੀਂ ਸਨ ਹੁੰਦੀਆਂ ਤੇ ਫਿਰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਲਈ ਤਾਂ ਅਜਿਹਾ ਸੋਚਣਾ ਵੀ ਗੁਨਾਹ ਸੀ। ਪੁਸ਼ਪਾ ਦਾ ਮਹਿਬੂਬ ਕਿਸ਼ੋਰ ਸੀ। ਇਕ ਦਿਨ ਉਨ੍ਹਾਂ ਦੇ ਘਰ ਵਿਚ ਮੇਰੀ ਉਸ ਨਾਲ ਮੁਲਾਕਾਤ ਹੋ ਗਈ। ਬੜਾ ਸੋਹਣਾ, ਉੱਚਾ, ਲੰਮਾ, ਗੋਰਾ, ਚਿੱਟਾ ਪੂਰਾ ਪਠਾਨ ਲਗਦਾ ਸੀ। ਉਸ ਦੇ ਆਉਣ ਨਾਲ ਪੁਸ਼ਪਾ ਨੂੰ ਜਿਵੇਂ ਖੰਭ ਲੱਗ ਗਏ ਸਨ। ਉਹ ਜਿਵੇਂ ਉਡਦੀ ਫਿਰਦੀ ਸੀ। ਉਹ ਦੋ ਮਿੰਟ ਵਿਚ ਚਾਹ ਬਣਾ ਲਿਆਈ ਤੇ ਨਾਲ ਤਾਜ਼ੇ-ਤਾਜ਼ੇ ਬਣੇ ਵੇਸਣ ਦੇ ਲੱਡੂ ਵੀ ਪਲੇਟ ਭਰ ਕੇ ਲੈ ਆਈ। ਮੈਂ ਦੇਖਿਆ ਉਹ ਜਿਧਰ-ਜਿਧਰ ਜਾਂਦੀ, ਕਿਸ਼ੋਰ ਦੀਆਂ ਨਜ਼ਰਾਂ ਉਧਰ ਹੀ ਘੁੰਮ ਰਹੀਆਂ ਸਨ। ਉਸ ਦਿਨ ਉਸ ਦੀ ਝਾਈ ਘਰ ਨਹੀਂ ਸੀ। ਅਸੀਂ ਰਲ ਕੇ ਚਾਹ ਪੀਤੀ, ਲੱਡੂ ਖਾਧੇ, ਬਹੁਤ ਸਾਰੀਆਂ ਗੱਲਾਂ ਕੀਤੀਆਂ। ਕਿਸ਼ੋਰ ਬਿਜਲੀ ਬੋਰਡ ਦੇ ਦਫਤਰ ਵਿਚ ਜੇ. ਈ. ਲੱਗਿਆ ਹੋਇਆ ਸੀ ਤੇ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਸ਼ਹਿਰ ਦੀ ਇਕ ਬਹੁਤ ਹੀ ਵਧੀਆ ਕਾਲੋਨੀ ਵਿਚ ਉਨ੍ਹਾਂ ਨੇ ਹੁਣੇ-ਹੁਣੇ ਵਧੀਆ ਕੋਠੀ ਬਣਾਈ ਸੀ।
ਪੁਸ਼ਪਾ ਨੇ ਕਿਸ਼ੋਰ ਵਾਲੀ ਗੱਲ ਕਿਸੇ ਨੂੰ ਨਹੀਂ ਸੀ ਦੱਸੀ। ਮੈਨੂੰ ਪਤਾ ਨਹੀਂ ਕਿਹੜੇ ਕਮਜ਼ੋਰ ਪਲ ਵਿਚ ਜਜ਼ਬਾਤੀ ਹੋ ਕੇ ਉਹ ਦੱਸ ਬੈਠੀ ਸੀ। ਪਰ ਬਾਅਦ ਵਿਚ ਉਹ ਬਹੁਤ ਡਰ ਗਈ ਸੀ ਤੇ ਤਰਲੇ ਲੈ ਰਹੀ ਸੀ, 'ਮੇਰੀ ਭੈਣ ਤੈਨੂੰ ਰੱਬ ਦਾ ਵਾਸਤਾ, ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀਂ। ਜੇ ਮੇਰੀ ਝਾਈ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਤਾਂ ਮੈਨੂੰ ਖੜ੍ਹੇ ਖੜ੍ਹਿਆਂ ਹੀ ਧਰਤੀ ਵਿਚ ਗੱਡ ਦੇਣਾ ਹੈ, ਮੇਰੇ ਨਾਲ ਤਾਂ ਜੋ ਹੋਵੇਗੀ ਸੋ ਹੋਵੇਗੀ ਪਰ ਕਿਸ਼ੋਰ ਦਾ ਵੀ ਇਸ ਘਰ ਵਿਚ ਆਉਣਾ-ਜਾਣਾ ਬੰਦ ਹੋ ਜਾਵੇਗਾ, ਮੇਰੀ ਜ਼ਿੰਦਗੀ ਵਿਚ ਇਕ ਉਹੀ ਤਾਂ ਜੀਣ ਦਾ ਸਹਾਰਾ ਹੈ। ਜੇ ਉਹ ਵੀ ਮੁੱਕ ਗਿਆ ਤਾਂ ਮੈਂ ਜੀਵਾਂਗੀ ਕਿਸ ਦੇ ਸਹਾਰੇ ਤੇ ਕਿਸ ਦੇ ਵਾਸਤੇ।' ਮੈਂ ਉਸ ਨੂੰ ਭਰੋਸਾ ਦੁਆਇਆ ਕਿ ਮੇਰੀ ਜ਼ਬਾਨ 'ਤੇ ਇਹ ਗੱਲ ਕਦੇ ਨਹੀਂ ਆਏਗੀ।
ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਸੀ, ਇਕ ਦਿਨ ਪੁਸ਼ਪਾ ਆਪਣੀ ਸ਼ਾਲ ਦੀ ਬੁੱਕਲ ਵਿਚ ਲੁਕਾ ਕੇ 3-4 ਉੱਨ ਦੇ ਬੜੇ ਹੀ ਪਿਆਰੇ ਤੇ ਨਰਮ ਨਰਮ ਘੁੱਗੀ ਰੰਗੇ ਗੋਲੇ ਲੈ ਕੇ ਆਈ ਤੇ ਬਹੁਤ ਹੀ ਨਿੱਘੇ ਰਉਂ ਵਿਚ ਬੋਲੀ, 'ਦੇਖ ਇਹ ਗੋਲੇ ਮੈਂ ਕਿਸ਼ੋਰ ਦੀ ਸਵੈਟਰ ਬਣਾਉਣ ਲਈ ਲੈ ਕੇ ਆਈ ਹਾਂ। ਸਿਲਾਈਆਂ ਤੂੰ ਮੈਨੂੰ ਆਪਣੀਆਂ ਦੇ ਦੇ। ਸਿਲਾਈਆਂ ਘਰੋਂ ਲਿਆਵਾਂਗੀ ਤਾਂ ਝਾਈ ਨੂੰ ਪਤਾ ਲੱਗ ਜਾਵੇਗਾ। ਸਵੈਟਰ ਮੈਂ ਇਥੇ ਤੇਰੇ ਕੋਲ ਬੈਠ ਕੇ ਹੀ ਬੁਣਿਆ ਕਰਾਂਗੀ। ਪੂਰੀਆਂ ਸਰਦੀਆਂ ਦੇ ਆਉਣ ਤੱਕ ਤਾਂ ਪੂਰਾ ਹੋ ਹੀ ਜਾਵੇਗਾ।' ਮੈਂ ਸਲਾਈਆਂ ਉਸ ਨੂੰ ਦੇ ਦਿੱਤੀਆਂ ਤੇ ਸਵੈਟਰ ਉਸ ਨੇ ਬੁਣਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਸਵੈਟਰ ਬੁਣਦੀ ਤਾਂ ਏਨੀ ਖੁਸ਼ ਤੇ ਮਸਤ ਹੁੰਦੀ ਕਿ ਕਿਸੇ ਨਾਲ ਕੋਈ ਗੱਲ ਨਾ ਕਰਦੀ। ਮੈਨੂੰ ਕਹਿੰਦੀ, 'ਬਸ ਬੁਲਾ ਨਾ ਮੈਨੂੰ। ਹੁਣ ਤੂੰ ਮੈਨੂੰ ਕੱਲਿਆਂ ਛੱਡ ਦੇ।' ਜਿਵੇਂ ਹਰ ਇਕ ਫੰਦੇ ਨਾਲ ਉਹ ਕਿਸ਼ੋਰ ਦੀ ਹੋਂਦ ਮਹਿਸੂਸ ਕਰ ਰਹੀ ਹੁੰਦੀ, ਕਦੇ-ਕਦੇ ਕੋਈ ਪਿਆਰਾ ਜੇਹਾ ਗੀਤ ਛੋਹ ਬਹਿੰਦੀ, ਕਦੇ ਹੱਸਣ ਲੱਗ ਪੈਂਦੀ, ਕਿਸੇ ਵੇਲੇ ਮੁਸਕਰਾਉਣ ਲੱਗ ਪੈਂਦੀ...
ਨਾਮ ਤੇਰੇ ਦਾ ਧਾਗਾ ਪਾਵਾਂ,
ਨਾਮ ਤੇਰੇ ਦੀਆਂ ਰੇਖਾਂ
ਖੁਸ਼ ਖੁਸ਼ ਹੋਵਾਂ,
ਮਰ ਮਰ ਜੀਵਾਂ ਜਦ ਤੇਰੇ ਵੱਲ ਦੇਖਾਂ
ਜਿਉਂ-ਜਿਉਂ ਸਵੈਟਰ ਵਧ ਰਿਹਾ ਸੀ, ਪੁਸ਼ਪਾ ਦੇ ਚਿਹਰੇ 'ਤੇ ਵੀ ਲਾਲੀਆਂ ਭਖਣ ਲੱਗ ਪਈਆਂ ਸਨ, ਉਸ ਨੇ ਬੜੇ ਹੀ ਰਾਜ਼ਦਾਨਾਂ ਲਹਿਜ਼ੇ ਵਿਚ ਮੈਨੂੰ ਕਿਹਾ, 'ਮੈਂ ਹਾਲਾਂ ਕਿਸ਼ੋਰ ਨੂੰ ਕੁਝ ਵੀ ਨਹੀਂ ਦੱਸਿਆ। ਉਸ ਨੂੰ ਤੇਰੇ ਗ੍ਰ ਬੁਲਾ ਕੇ ਸਰਪ੍ਰਾਈਜ਼ ਦੇਵਾਂਗੀ। ਸਵੈਟਰ ਪਾ ਕੇ ਦਿਖਾਏਂਗਾ ਤਾਂ ਮੈਂ ਖੁਸ਼ੀ ਦੇ ਮਾਰੇ ਬੇਹੋਸ਼ ਹੀ ਹੋ ਜਾਵਾਂਗੀ।' ਕਹਿ ਕੇ ਉਹ ਗੁਲਾਬ ਵਰਗੀ ਹੋ ਕੇ ਆਪਦੇ ਘਰ ਨੂੰ ਭੱਜ ਗਈ।
ਫਿਰ ਸਵੈਟਰ ਪੂਰਾ ਬਣ ਗਿਆ। ਬੁਣਦੇ-ਬੁਣਦੇ ਪੁਸ਼ਪਾ ਨੇ ਪਤਾ ਨਹੀਂ ਕਿੰਨੇ ਰੰਗੀਨ ਸੁਪਨੇ ਬੁਣ ਲਏ ਸਨ। ਉਹ ਅੱਜਕਲ੍ਹ ਬਹੁਤ ਖੁਸ਼ ਰਹਿੰਦੀ ਸੀ। ਸਕੂਲ ਤੋਂ ਆ ਕੇ ਉਹ ਸਾਰਾ ਟਾਈਮ ਮੇਰੇ ਕੋਲ ਹੀ ਹੁੰਦੀ। ਫਿਰ ਅਸੀਂ ਉਸ ਦਿਨ ਨੂੰ ਉਡੀਕਣ ਲੱਗ ਪਈਆਂ ਜਦ ਆਪਣੇ-ਆਪਣੇ ਘਰ ਵਿਚ ਅਸੀਂ ਦੋਵੇਂ ਜਣੀਆਂ ਇਕੱਲੀਆਂ ਹੋਈਏ ਤੇ ਆਖਰ ਉਹ ਦਿਨ ਆ ਹੀ ਗਿਆ। ਕਾਲੋਨੀ ਦੇ ਧਰਮ ਅਸਥਾਨ 'ਚ ਸਮਾਗਮ ਸੀ। ਐਤਵਾਰ ਦਾ ਦਿਨ ਸੀ। ਸਾਡੇ ਤੇ ਪੁਸ਼ਪਾ ਦੇ ਘਰ ਵਾਲੇ ਸਾਰੇ ਉਥੇ ਸਵੇਰ ਤੋਂ ਹੀ ਗਏ ਹੋਏ ਸਨ। ਮੇਰੇ ਬੀਜੀ ਤੇ ਪੁਸ਼ਪਾ ਦੀ ਝਾਈ ਤਾਂ ਤੜਕੇ ਤੋਂ ਹੀ ਸੇਵਾ ਵਿਚ ਲੱਗੀਆਂ ਹੋਈਆਂ ਸਨ। ਪੁਸ਼ਪਾ ਨੇ ਸਵੈਟਰ ਦੇ ਉਦਘਾਟਨ ਲਈ ਕਿਸ਼ੋਰ ਨੂੰ ਬੁਲਾ ਲਿਆ ਸੀ। ਤੇ ਅਸੀਂ ਆਪਣੀਆਂ ਮਾਵਾਂ ਅੱਗੇ ਕੋਈ ਬਹਾਨਾ ਬਣਾ ਕੇ ਘਰ ਹੀ ਰਹਿ ਗਈਆਂ ਸਾਂ। ਤੇ ਉਹ ਬਹੁਤ ਹੀ ਪਿਆਰਾ ਤੇ ਹਸਮੁਖ ਕਿਸ਼ੋਰ ਜਿਵੇਂ ਖੁਸ਼ੀਆਂ ਦੇ ਰੱਥ 'ਤੇ ਚੜ੍ਹ ਕੇ ਆ ਗਿਆ ਸੀ। ਉਹ ਬਹੁਤ ਹੀ ਸੋਹਣਾ ਲੱਗ ਰਿਹਾ ਸੀ, ਜਿਵੇਂ ਕੋਈ ਸ਼ਹਿਜ਼ਾਦਾ ਹੋਵੇ। ਪੁਸ਼ਪਾ ਬਲਿਹਾਰ ਜਾ ਰਹੀ ਸੀ ਤੇ ਵਾਰ-ਵਾਰ ਮੈਨੂੰ ਕਹਿ ਰਹੀ ਸੀ, 'ਦੇਖ ਕਿੰਨਾ ਸੋਹਣਾ ਹੈ ਮੇਰਾ ਕਿਸ਼ੋਰ। ਮੈਂ ਤਾਂ ਇਸ ਦੇ ਸਾਹਮਣੇ ਕੁਝ ਵੀ ਨਹੀਂ।'
ਮੈਂ ਉਸ ਨੂੰ ਕਿਹਾ, 'ਪਿਆਰ, ਪਿਆਰ ਹੁੰਦਾ ਹੈ, ਉਹ ਸ਼ਕਲ ਸੂਰਤ ਦਾ ਮੁਹਤਾਜ ਨਹੀਂ ਹੁੰਦਾ, ਤੂੰ ਐਵੇਂ ਨਾ ਫਾਲਤੂ ਗੱਲਾਂ ਸੋਚਿਆ ਕਰ, ਉਹ ਤੈਨੂੰ ਪਿਆਰ ਕਰਦਾ ਹੈ ਤੇ ਤੂੰ ਉਸ ਨੂੰ ਇਸ ਤੋਂ ਜ਼ਿਆਦਾ ਹੋਰ ਕੋਈ ਚੀਜ਼ ਮਾਇਨੇ ਨਹੀਂ ਰੱਖਦੀ।' ਘੁੱਗੀ ਰੰਗਾ ਸਵੈਟਰ ਪਹਿਲ ਕੇ ਉਹ ਹੋਰ ਵੀ ਸੋਹਣਾ ਲੱਗਣ ਲਗ ਪਿਆ ਸੀ।
(ਬਾਕੀ ਅਗਲੇ ਐਤਵਾਰ)

ਪ੍ਰੀਤਮਾ ਦੋਮੇਲ
-1682, 7 ਫੇਜ਼, ਮੋਹਾਲੀ।
ਮੋਬਾਈਲ : 99881-52523.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX