ਤਾਜਾ ਖ਼ਬਰਾਂ


ਜੇ.ਐਨ.ਯੂ. ਦਾ ਨਾਂ ਬਦਲ ਕੇ ਐਮ.ਐਨ.ਯੂ. ਕਰ ਦੇਣਾ ਚਾਹੀਦਾ ਹੈ - ਹੰਸ ਰਾਜ ਹੰਸ
. . .  8 minutes ago
ਨਵੀਂ ਦਿੱਲੀ, 18 ਅਗਸਤ - ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਗਾਇਕ ਹੰਸ ਰਾਜ ਹੰਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ) ਵਿਚ ਆਰਟੀਕਲ 370 'ਤੇ ਬੋਲਦਿਆਂ ਕਿਹਾ ਕਿ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਅਮਨ ਰਹੇ ਤੇ ਬੰਬ ਨਾਲ ਚੱਲਣ, ਸਾਡੇ ਬਜ਼ੁਰਗਾਂ ਨੇ ਜੋ ਗ਼ਲਤੀਆਂ...
ਅੱਜ ਦਾ ਵਿਚਾਰ
. . .  23 minutes ago
ਟਰੱਕ ਦੀ ਲਪੇਟ ਵਿਚ ਆਉਣ ਨਾਲ ਭੂਆ-ਭਤੀਜੀ ਦੀ ਮੌਤ
. . .  1 day ago
ਫਿਰੋਜਪੁਰ ,17 ਅਗਸਤ (ਗੁਰਿੰਦਰ ਸਿੰਘ )- ਦੇਰ ਰਾਤ ਫਿਰੋਜਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੋਂਕ ਦੇ ਕੋਲ ਟਰੱਕ ਦੀ ਲਪੇਟ ਵਿਚ ਆਉਣ ਨਾਲ ਰਿਸ਼ਤੇ ਵਿਚ ਭੂਆ ਭਤੀਜੀ ਲੱਗਦੀਆਂ ਦੋ ਬੱਚੀਆਂ ਦੀ ਮੌਤ ਹੋ ...
ਫਿਲੌਰ ਦੇ ਸਤਲੁਜ ਦਰਿਆ ਵਿਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ,ਦਰਿਆ ਨਾਲ ਲੱਗਦੇ ਇਲਾਕਿਆਂ ਵਿਚ ਹਾਈ ਅਲਰਟ
. . .  1 day ago
ਭਾਖੜਾ ਡੈਮ ਵਲੋਂ ਪਾਣੀ ਛੱਡੇ ਜਾਣ ਕਾਰਨ ਪਾਣੀ ਨੇ ਤਕਰੀਬਨ ਅੱਧੀ ਦਰਜਨ ਪਿੰਡ ਆਪਣੀ ਲਪੇਟ 'ਚ ਲਏ
. . .  1 day ago
ਸ੍ਰੀ ਅਨੰਦਪੁਰ ਸਾਹਿਬ,17ਅਗਸਤ {ਨਿੱਕੂਵਾਲ਼, ਕਰਨੈਲ ਸਿੰਘ}-ਮੋਸਮ ਵਿਭਾਗ ਵਲੋਂ ਅਗਲੇ 48 ਘੰਟੇ ਭਾਰੀ ਬਾਰਿਸ਼ ਪੈਣ ਦੀ ਦਿੱਤੀ ਖਬਰ ਤੋਂ ਬਾਅਦ ਭਾਖੜਾ ਡੈਮ ਦੇ ਪ੍ਰਬੰਧਕਾਂ ਵਲੋਂ ਪੈਦਾ ਹੋਣ ਵਾਲੇ ਖਤਰੇ ਨੂੰ ...
ਲਗਾਤਾਰ ਹੋ ਰਹੀ ਵਰਖਾ ਕਾਰਨ ਸਬ-ਡਵੀਜ਼ਨ ਤਪਾ ਵਿਖੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਈ
. . .  1 day ago
ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)- ਅੱਜ ਸ਼ਾਮ ਸਮੇਂ ਸ਼ੁਰੂ ਹੋਈ ਬਾਰਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ...
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ 'ਚੋਂ ਇਕ ਦੀ ਲਾਸ਼ ਬਰਾਮਦ
. . .  1 day ago
ਸਮਾਣਾ (ਪਟਿਆਲਾ), 17 ਅਗਸਤ (ਸਾਹਿਬ ਸਿੰਘ)- ਥਾਣਾ ਸਮਾਣਾ ਦੇ ਪਿੰਡ ਮਵੀ ਕਲਾਂ ਦੀਆਂ ਦੋ ਲਾਪਤਾ ਸਹੇਲੀਆਂ 'ਚੋਂ ਇਕ ਦੀ ਲਾਸ਼ ਭਾਖੜਾ 'ਚੋਂ ਬਰਾਮਦ...
ਭਾਰੀ ਮੀਂਹ ਕਾਰਨ ਹੰਡਿਆਇਆ ਹੋਇਆ ਜਲਥਲ
. . .  1 day ago
ਹੰਡਿਆਇਆ, 17 ਅਗਸਤ (ਗੁਰਜੀਤ ਸਿੰਘ ਖੁੱਡੀ) - ਅੱਜ ਬਾਅਦ ਦੁਪਹਿਰ ਤੋਂ ਪੈ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਕਸਬਾ ਹੰਡਿਆਇਆ ਜਲਥਲ ਹੋ...
ਕੈਪਟਨ ਵੱਲੋਂ ਖੇਡ ਸੰਸਥਾ ਲਈ 5 ਖਿਡਾਰੀਆਂ ਦੇ ਨਾਵਾਂ ਨੂੰ ਮਨਜ਼ੂਰੀ
. . .  1 day ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਉੱਘੇ ਖਿਡਾਰੀਆਂ ਦੇ ਨਾਵਾਂ ਨੂੰ ਪੰਜਾਬ ਖੇਡ ਸੰਸਥਾ ਦੀ ਸੰਚਾਲਨ ਪ੍ਰੀਸ਼ਦ ...
ਮੋਹਲ਼ੇਧਾਰ ਬਾਰਸ਼ ਕਾਰਨ ਜਲਥਲ ਹੋਇਆ ਨਾਭਾ
. . .  1 day ago
ਨਾਭਾ, 17 ਅਗਸਤ (ਕਰਮਜੀਤ ਸਿੰਘ)- ਅੱਜ ਦੁਪਹਿਰ ਤੋਂ ਹੋ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਨਾਭਾ ਸ਼ਹਿਰ ਪੂਰਾ ਜਲ ਥਲ ਹੋ ਗਿਆ। ਸ਼ਹਿਰ ਦੇ ਪੁਰਾਣੇ ਇਲਾਕਿਆਂ ਤੇ ਨੀਵੇਂ ਘਰਾਂ 'ਚ ਪਾਣੀ ਦਾਖ਼ਲ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁ: ਚੁਬਾਰਾ ਸਾਹਿਬ ਛੀਟਾਂਵਾਲਾ (ਪਟਿਆਲਾ)

ਹਲਕਾ ਨਾਭਾ ਦੇ ਪਿੰਡ ਛੀਟਾਂਵਾਲਾ ਵਿਖੇ ਜਿੱਥੇ ਅੱਜ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਸੁਸ਼ੋਭਿਤ ਹੈ, 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਚੰਨਣ ਮੱਲ ਜਾੜਾ ਖੱਤਰੀ ਦੀ ਹਵੇਲੀ ਵਿਖੇ ਚੁਬਾਰੇ ਵਿਚ 17 ਦਿਨ ਰਹੇ ਸਨ। ਉਸ ਪਰਿਵਾਰ ਦੀ ਦਸਵੀਂ ਪੀੜ੍ਹੀ ਦੀ ਬਜ਼ੁਰਗ ਮਾਤਾ ਉਂਕਾਰ ਵਰਮਾ 82 ਸਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਬਜ਼ੁਰਗਾਂ ਵਲੋਂ ਦੱਸੇ ਮੁਤਾਬਿਕ ਗੁਰੂ ਜੀ ਵਲੋਂ ਦੀਵੇ ਨਾਲ ਦੀਵਾ ਜਲਣ ਦਾ ਬਚਨ ਕੀਤਾ ਗਿਆ ਸੀ। ਉਨ੍ਹਾਂ ਸਾਰੀਆਂ ਪੀੜ੍ਹੀਆਂ ਕੋਲ ਇਕ ਹੀ ਪੁੱਤਰ ਹੈ। ਉਨ੍ਹਾਂ ਦੇ ਪੁੱਤਰ ਡਾ: ਸਚਿਨ ਵਰਮਾ ਦੇ ਪਿਤਾ ਸ੍ਰੀ ਆਨੰਦ ਸਰੂਪ, ਦਾਦਾ ਸ੍ਰੀ ਓਮ ਪ੍ਰਕਾਸ਼ ਤੇ ਪੜਦਾਦਾ ਸ੍ਰੀ ਗੰਗਾ ਰਾਮ ਸਨ। ਪੜਦਾਦਾ ਸ੍ਰੀ ਗੰਗਾ ਰਾਮ ਵਲੋਂ ਹਵੇਲੀ ਅਤੇ ਗੁਰੂ ਜੀ ਦੀਆਂ ਖੜਾਵਾਂ ਪਿੰਡ ਵਿਚ ਭਿਆਨਕ ਬਿਮਾਰੀ ਫੈਲਣ ਉਪਰੰਤ ਉਨ੍ਹਾਂ ਦੇ ਪਰਿਵਾਰ ਦੇ ਪਰੋਹਤਾਂ ਨੂੰ ਦੇ ਦਿੱਤੀਆਂ ਗਈਆਂ ਸਨ ਅਤੇ ਪਰਿਵਾਰ ਪਟਿਆਲਾ ਵਿਖੇ ਜਾ ਵਸਿਆ ਸੀ। ਪਰੋਹਤਾਂ ਦੀ ਦਸਵੀਂ ਪੀੜ੍ਹੀ ਵਿਚੋਂ ਹਾਜ਼ਰ ਗੁਰਸੇਵਕ ਸ਼ਰਮਾ ਅਤੇ ਰਾਜ ਕੁਮਾਰ ਸ਼ਰਮਾ ਮੁਤਾਬਿਕ ਉਨ੍ਹਾਂ ਦੇ ਨਕੜਦਾਦਾ ਜੀ ਨੂੰ ਇਹ ਹਵੇਲੀ ਪਰਿਵਾਰ ਵਲੋਂ ਸੰਭਾਲੀ ਗਈ ਸੀ, ਉਪਰੰਤ ਉਨ੍ਹਾਂ ਦੇ ਦਾਦਾ ਜੀ ਸ੍ਰੀ ਰਾਮ ਸ਼ਰਨ ਦਾਸ ਦੇ ਹੁੰਦਿਆਂ ਸਿੱਖ ਸੰਗਤਾਂ ਵਲੋਂ ਬੇਨਤੀ ਕਰਨ 'ਤੇ ਉਨ੍ਹਾਂ ਨੂੰ ਗੁਰੂ-ਘਰ ਬਣਾਉਣ ਲਈ ਸੌਂਪ ਦਿੱਤੀ ਗਈ ਸੀ। ਗੁਰਸੇਵਕ ਅਤੇ ਰਾਜ ਕੁਮਾਰ ਦੇ ਪਿਤਾ ਸ੍ਰੀ ਦੇਵ ਰਾਜ ਸ਼ਰਮਾ 45 ਸਾਲ ਦੀ ਉਮਰ ਵਿਚ ਚੜ੍ਹਾਈ ਕਰ ਗਏ ਸਨ। ਪਰਿਵਾਰ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਮੌਜੂਦ ਹਨ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਉਨ੍ਹਾਂ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਕਰਵਾਏ ਜਾਣਗੇ। ਇਸ ਗੁਰਦੁਆਰਾ ਸਾਹਿਬ ਵਿਖੇ ਹਰ ਪੂਰਨਮਾਸ਼ੀ 'ਤੇ ਸੰਗਤ ਜੁੜਦੀ ਹੈ ਤੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਹੋਰ ਵਿਸ਼ੇਸ਼ ਦਿਹਾੜੇ ਵੀ ਸੰਗਤ ਵਲੋਂ ਸ਼ਰਧਾ ਨਾਲ ਮਨਾਏ ਜਾਂਦੇ ਹਨ।
ਜਿਸ ਚੁਬਾਰੇ ਵਿਚ ਗੁਰੂ ਸਾਹਿਬ 17 ਦਿਨ ਰਹੇ ਸਨ, ਉਸ ਚੁਬਾਰੇ ਦੀ ਚੁਗਾਠ ਗੁਰੂ-ਘਰ ਵਿਚ ਮੌਜੂਦ ਹੈ, ਜਿਸ ਦੇ ਖੁੱਲ੍ਹੇ ਦਰਸ਼ਨ ਸੰਗਤਾਂ ਕਰਦੀਆਂ ਹਨ। ਜਾੜਾ ਮੱਲ ਖੱਤਰੀ ਦੀ ਅੱਜ ਚੱਲ ਰਹੀ ਪੀੜ੍ਹੀ ਵਿਚ ਵੀ ਡਾ: ਸਚਿਨ ਵਰਮਾ ਕੋਲ ਇਕ ਪੁੱਤਰ ਸਾਰਅੰਸ਼ ਹੈ। ਉਸ ਦੇ ਪਿਤਾ ਆਨੰਦ ਸਰੂਪ ਮਈ, 2018 ਵਿਚ ਸਵਰਗਵਾਸ ਹੋ ਗਏ ਸਨ। ਇਸ ਅਸਥਾਨ ਦੀ ਸੰਨ 1982 ਤੋਂ ਕਾਰ ਸੇਵਾ ਗੜ੍ਹੀ ਸਾਹਿਬ ਸਮਾਣੇ ਵਾਲਿਆਂ ਦੀ ਅਗਵਾਈ ਵਿਚ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਅਸ਼ੀਰਵਾਦ ਸਦਕਾ ਬਾਬਾ ਹਰਦੀਪ ਸਿੰਘ ਪੁੱਤਰ ਬਲਵੰਤ ਸਿੰਘ ਕਰ ਰਹੇ ਹਨ, ਜੋ ਕਿ ਛੀਟਾਂਵਾਲਾ ਪਿੰਡ ਦੇ ਜੰਮਪਲ ਹਨ। ਮੌਜੂਦਾ ਸਰਕਾਰ ਵਲੋਂ 8 ਕਰੋੜ 57 ਲੱਖ ਰੁਪਏ ਇਸ ਪਿੰਡ ਦੇ ਵਿਕਾਸ ਲਈ ਮਨਜ਼ੂਰ ਕੀਤੇ ਗਏ ਹਨ, ਜਿਸ ਦੀ ਪਹਿਲੀ ਗਰਾਂਟ 1 ਕਰੋੜ 2 ਲੱਖ ਰੁਪਏ ਦੇ ਕਰੀਬ ਆ ਚੁੱਕੀ ਹੈ, ਜੋ ਕਿ ਜੰਗਲਾਤ ਮੰਤਰੀ ਹਲਕਾ ਨਾਭਾ ਤੋਂ ਵਿਧਾਇਕ ਸਾਧੂ ਸਿੰਘ ਧਰਮਸੌਤ ਨੇ ਪਿੰਡ ਵਿਚ ਜਾ ਕੇ ਦਿੱਤੀ ਹੈ। ਪੰਚਾਇਤ ਕੋਲ ਆਉਣ ਵਾਲਾ ਪੈਸਾ ਪਿੰਡ ਦੇ ਵਿਕਾਸ ਲਈ ਖਰਚਿਆ ਜਾਵੇਗਾ। ਪਿੰਡ ਵਿਚ ਲਾਈਟਾਂ, ਸੀਵਰੇਜ, ਖੇਡਾਂ ਦਾ ਮੈਦਾਨ ਅਤੇ ਇਕ ਧਰਮਸ਼ਾਲਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ।


-ਅਮਨਦੀਪ ਸਿੰਘ ਲਵਲੀ ਨਾਭਾ (ਪਟਿਆਲਾ)।


ਖ਼ਬਰ ਸ਼ੇਅਰ ਕਰੋ

ਸਭ ਤੋਂ ਪਹਿਲਾਂ ਰਾਏ ਬੁਲਾਰ ਨੇ ਕੀਤੀ ਸੀ ਗੁਰੂ ਨਾਨਕ ਦੇ ਰੁਹਾਨੀ ਜ਼ਹੂਰ ਦੀ ਪਹਿਚਾਣ

ਰਾਇ ਬੁਲਾਰ ਮੁਹੰਮਦ ਭੱਟੀ ਦਾ ਜਨਮ ਪਿੰਡ ਕੋਟ ਹੁਸੈਨ ਦੇ ਵੱਡੇ ਜ਼ਿਮੀਂਦਾਰ ਰਾਇ ਭੋਇ ਖਾਨ ਭੱਟੀ ਦੇ ਘਰ 1447 ਈਸਵੀ ਨੂੰ ਹੋਇਆ। ਕੋਟ ਹੁਸੈਨ ਹੀ ਬਾਅਦ ਵਿਚ ਰਾਇ ਭੋਇ ਖਾਨ ਭੱਟੀ ਦੇ ਨਾਂਅ ਨਾਲ, ਰਾਇ ਭੋਇ ਦੀ ਤਲਵੰਡੀ ਵਜੋਂ ਜਾਣਿਆ ਜਾਣ ਲੱਗਾ, ਜੋ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਾਰਨ ਪੂਰੇ ਸੰਸਾਰ ਵਿਚ ਨਨਕਾਣਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ। ਨਨਕਾਣਾ ਸਾਹਿਬ, ਲਾਹੌਰ (ਪਾਕਿਸਤਾਨ) ਦੀ ਮਗਰਬੀ ਦਿਸ਼ਾ ਵੱਲ, ਲਹੌਰ ਤੋਂ ਲਗਪਗ 42 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸਬੰਧਤ, ਪੁਰਾਤਨ ਸਾਖੀ ਸਾਹਿਤ ਅਨੁਸਾਰ, ਗੁਰੂ ਨਾਨਕ ਦੇਵ ਜੀ ਦੇ ਸਾਖੀ ਸਾਹਿਤ ਦੀ ਇਬਤਦਾ, ਰਾਏ ਬੁਲਾਰ ਦੀਆਂ ਸਾਖੀਆਂ ਨਾਲ ਹੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨ੍ਹਾਂ ਦੇ ਰੂਹਾਨੀ ਨੂਰ ਦਾ ਅਨੁਭਵ ਸਭ ਤੋਂ ਪਹਿਲਾਂ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਉਸ ਤੋਂ ਬਾਅਦ ਰਾਏ ਬੁਲਾਰ ਜੀ ਨੂੰ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਜਨਮ ਦੀਆਂ ਖੁਸ਼ੀਆਂ ਜਿਵੇਂ ਮਹਿਤਾ ਕਾਲੂ ਜੀ ਦੇ ਪਰਿਵਾਰ ਵਿਚ ਮਨਾਈਆਂ ਗਈਆਂ, ਉਸ ਤੋਂ ਕਿਤੇ ਵੱਧ ਖੁਸ਼ੀ ਰਾਏ ਬੁਲਾਰ ਸਾਹਿਬ ਦੇ ਪਰਿਵਾਰ ਵਿਚ ਮਨਾਈ ਗਈ ਸੀ। ਰਾਏ ਬੁਲਾਰ ਭੱਟੀ ਗੁਰੂ ਨਾਨਕ ਦੇਵ ਜੀ ਦੇ ਸਾਖੀ ਸਾਹਿਤ ਦੇ ਅਜਿਹੇ ਪਹਿਲੇ ਪਾਤਰਾਂ ਵਿਚੋਂ ਹਨ, ਜਿਨ੍ਹਾਂ ਨੇ ਗੁਰੂ ਜੀ ਦੇ ਰੂਹਾਨੀ ਨੂਰ ਨੂੰ, ਇਲਾਹੀ ਨੂਰ ਦਾ ਸਾਕਾਰ ਰੂਪ ਮੁਜੱਸਮ ਮੰਨ ਕੇ, ਉਸ ਦੀ ਪਾਰਸਾਈ ਦੀ ਪ੍ਰਸਤਸ਼ ਜੀਵਨ ਦੇ ਆਖਰੀ ਪਲਾਂ ਤੱਕ ਕਰਦੇ ਰਹੇ।
ਗੁਰੂ ਸਾਖੀਆਂ ਵਿਚ ਹਵਾਲਾ ਮਿਲਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਹਾਲੇ ਬਾਲ ਅਵਸਥਾ ਵਿਚ ਹੀ ਸਨ ਤਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਪਰਿਵਾਰ ਦੇ ਪ੍ਰੋਹਤ ਨੇ ਕਿਹਾ ਕਿ ਬਾਲ ਨਾਨਕ ਦੀ ਅਵਸਥਾ ਹੁਣ ਜਨੇਊ ਪਹਿਨਣ ਦੇ ਯੋਗ ਹੋ ਗਈ ਹੈ ਤੇ ਬਾਲਕ ਨੂੰ ਜਨੇਊ ਗ੍ਰਹਿਣ ਕਰਵਾ ਦੇਣਾ ਚਾਹੀਦਾ ਹੈ। ਜਦੋਂ ਪੰਡਿਤ ਜਨੇਊ ਪਹਿਨਾਉਣ ਦੀ ਰਸਮ ਲਈ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਪੁੱਜੇ ਤਾਂ ਬਾਲ ਨਾਨਕ ਨੇ ਜਨੇਊ ਧਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਪਣੇ ਵਲੋਂ ਜਨੇਊ ਦੀ ਇਕ ਨਵੀਂ ਪਰਿਭਾਸ਼ਾ ਪਾਂਡੇ ਅੱਗੇ ਰੱਖ ਦਿੱਤੀ ਜੋ ਗੁਰਬਾਣੀ ਦੇ ਰਾਗ ਆਸਾ ਵਿਚ ਇਸ ਤਰ੍ਹਾਂ ਸੁਸ਼ੋਭਿਤ ਹੈ-
ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਾਈ ਤ ਪਾਡੇ ਘਤੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-471)
(ਹੇ ਪਾਂਡੇ, ਪਹਿਲਾਂ ਮਿਹਰਬਾਨੀ ਨੂੰ ਕਪਾਹ, ਸੰਤੁਸ਼ਟਤਾ ਨੂੰ ਧਾਗਾ, ਪ੍ਰਹੇਜ਼ਗਾਰੀ ਨੂੰ ਗੰਢ ਅਤੇ ਸੱਚ ਨੂੰ ਮਰੋੜਾ ਬਣਾ। ਇਹ ਜੰਝੂ ਆਤਮਾ ਦਾ ਹੈ, ਜੇ ਅਜਿਹਾ ਜੰਝੂ ਤੇਰੇ ਪਾਸ ਹੈ ਤਾਂ ਮੇਰੇ ਗਲ ਵਿਚ ਪਾ ਦੇਹ)
ਪੰਡਿਤ ਲਈ ਇਹ ਵਰਤਾਰਾ ਕੋਈ ਸਧਾਰਨ ਵਰਤਾਰਾ ਨਹੀਂ ਸੀ। ਜਨੇਊ ਨਾ ਧਾਰਨ ਕਰਨ ਦੀ ਖ਼ਬਰ ਚਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਖ਼ਬਰ ਸੁਣ ਕੇ ਰਾਏ ਬੁਲਾਰ ਵੀ ਬਾਲ ਨਾਨਕ ਦੇ ਦਰਸ਼ਨਾਂ ਲਈ ਮਹਿਤਾ ਕਾਲੂ ਜੀ ਦੇ ਘਰ ਆਏ ਤੇ ਇਸ ਕੌਤਕੀ ਘਟਨਾ ਬਾਰੇ ਜਾਣਕਾਰੀ ਲਈ ਅਤੇ ਬਾਲ ਨਾਨਕ ਦੇ ਦਰਸ਼ਨ ਪਾਏ। ਇਸ ਸਮੇਂ ਹੀ ਰਾਏ ਬੁਲਾਰ ਨੂੰ ਗੁਰੂ ਨਾਨਕ ਦੇਵ ਦੀ ਬਰਗੁਜ਼ੀਦਾ ਸ਼ਖ਼ਸੀਅਤ ਦਾ ਅਨੁਭਵ ਹੋ ਗਿਆ ਸੀ।
ਗੁਰੂ ਨਾਨਕ ਦੇਵ ਜੀ ਦੇ ਪਿਤਾ, ਮਹਿਤਾ ਕਲਿਆਣ ਦਾਸ ਉਰਫ਼ ਮਹਿਤਾ ਕਾਲੂ ਜੀ, ਰਾਏ ਬੁਲਾਰ ਦੇ ਜਨਮ ਤੋਂ ਪਹਿਲਾਂ ਹੀ ਰਾਇ ਭੋਇ ਖਾਨ ਦੀ ਮਿਲਖ ਦੇ ਪਟਵਾਰੀ ਅਤੇ ਮੀਰ ਮੁਨਸ਼ੀ ਸਨ। ਰਾਇ ਭੋਇ ਖਾਨ ਭੱਟੀ ਲਗਪਗ 39,000 ਏਕੜ ਰਕਬੇ ਦੇ ਮਾਲਕ ਸਨ। ਮਹਿਤਾ ਕਾਲੂ ਜੀ ਇਮਾਨਦਾਰੀ, ਸਿਆਣਪ, ਵਜ੍ਹਾਦਾਰੀ ਅਤੇ ਦਾਨਾਈ ਕਾਰਨ ਰਾਇ ਭੋਇ ਖਾਨ ਭੱਟੀ ਦੇ ਬੇਹੱਦ ਕਰੀਬੀ ਵਿਸ਼ਵਾਸਪਾਤਰਾਂ ਵਜੋਂ ਜਾਣੇ ਜਾਂਦੇ ਸਨ। ਰਾਇ ਬੁਲਾਰ ਹਾਲੇ ਬਾਲ ਵਰੇਸ ਵਿਚ ਹੀ ਸਨ ਕਿ ਉਨ੍ਹਾਂ ਦੇ ਵਾਲਿਦ ਰਾਇ ਭੋਇ ਖਾਨ ਭੱਟੀ, ਇੰਤਕਾਲ ਫ਼ਰਮਾ ਗਏ। ਰਾਇ ਬੁਲਾਰ ਖਾਨ ਦੇ ਵੱਡੇ ਹੋਣ ਤੱਕ ਰਾਇ ਭੋਇ ਖਾਨ ਦੀ ਮਿਲਖ ਦੀ ਸਾਰੀ ਜ਼ਿੰਮੇਵਾਰੀ ਮਹਿਤਾ ਕਾਲੂ ਜੀ ਨੇ ਬੜੀ ਇਮਾਨਦਾਰੀ ਨਾਲ ਨਿਭਾਈ, ਜਿਸ ਕਾਰਨ ਰਾਏ ਬੁਲਾਰ ਦੇ ਅਹਿਲ-ਏ-ਖ਼ਾਨਾ, ਮਹਿਤਾ ਕਾਲੂ ਜੀ ਦੀ ਖਸੂਸੀ ਇੱਜ਼ਤ ਕਰਦੇ ਸਨ। ਅਜਿਹਾ ਹੀ ਰਵੱਈਆ ਜਦੋਂ ਰਾਇ ਬੁਲਾਰ ਸਾਹਿਬ ਜਵਾਨ ਹੋ ਗਏ ਤਾਂ ਉਨ੍ਹਾਂ ਦੇ ਪੁਰਖਲੂਸ ਸਲੀਕਿਆਂ ਵਿਚ ਵੀ ਰਵਾਂ ਰਿਹਾ।
ਗੁਰੂ ਨਾਨਕ ਦੇਵ ਜੀ ਨੇ ਜਦੋਂ ਲੜਕਪਨ ਅਵਸਥਾ ਵਿਚ ਪ੍ਰਵੇਸ਼ ਕੀਤਾ ਤਾਂ ਪਿਤਾ ਮਹਿਤਾ ਕਾਲੂ ਨੇ ਇਕ ਦਿਨ ਮੱਝੀਆਂ ਚਰਾਵਣ ਲਈ ਭੇਜ ਦਿੱਤਾ। ਮੱਝੀਆਂ ਨੂੰ ਚਰਾਂਦਾਂ ਵਿਚ ਛੱਡ ਕੇ ਆਪ ਇਕ ਰੁੱਖ ਦੀ ਛਾਂ ਹੇਠਾਂ ਸੌਂ ਗਏ। ਮੱਝੀਆਂ ਦਾ ਝੁੰਡ ਚਰਾਂਦਾਂ ਦੇ ਨਾਲ ਲਗਦੇ ਕਿਸਾਨਾਂ ਦੇ ਖੇਤਾਂ ਵਿਚ ਜਾ ਵੜਿਆ ਤੇ ਕਿਸਾਨਾਂ ਦੀਆਂ ਲਹਿਲਹਾਉਂਦੀਆਂ ਫਸਲਾਂ ਉਜਾੜ ਦਿੱਤੀਆਂ। ਕਿਸਾਨਾਂ ਨੇ ਮੱਝੀਆਂ ਦੇ ਪਾਲ਼ੀ ਦੀ ਸ਼ਿਕਾਇਤ ਰਾਏ ਬੁਲਾਰ ਪਾਸ ਜਾ ਕੀਤੀ ਕਿ ਤੁਹਾਡੇ ਮੁਨਸ਼ੀ ਮਹਿਤਾ ਕਾਲੂ ਦੇ ਲਾਡਲੇ ਪੁੱਤਰ ਨਾਨਕ ਨੇ ਸਾਡੀ ਖੜ੍ਹੀ ਫਸਲ ਵਿਚ ਮੱਝੀਆਂ ਛੱਡ ਕੇ ਸਾਰੀ ਫਸਲ ਉਜਾੜ ਦਿੱਤੀ ਹੈ। ਰਾਇ ਬੁਲਾਰ ਨੇ ਉਸੇ ਵੇਲੇ ਮਹਿਤਾ ਕਾਲੂ ਜੀ ਨੂੰ ਬੁਲਵਾਇਆ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਉਜਾੜੇ ਦਾ ਮੌਕਾ ਵੇਖਣ ਲਈ ਚੱਲ ਪਏ। ਲੋਕ ਮਾਨਤਾ ਹੈ ਕਿ ਜਦੋਂ ਕਿਸਾਨਾਂ ਦੇ ਖੇਤਾਂ ਵਿਚ ਪੁੱਜੇ ਤਾਂ ਫਸਲਾਂ ਪਹਿਲਾਂ ਨਾਲੋਂ ਵੀ ਵੱਧ ਹਰੀਆਂ-ਕਚੂਰ ਸਨ ਤੇ ਲਹਿਲਹਾ ਰਹੀਆਂ ਸਨ। ਬਾਲ ਗੁਰੂ ਨਾਨਕ ਨੂੰ ਸੱਪ ਦੇ ਛਾਇਆ ਕਰਨ ਵਾਲੀ ਘਟਨਾ ਵੀ ਇਸੇ ਸਾਖੀ ਨਾਲ ਜੁੜੀ ਹੋਈ ਹੈ। ਇਹ ਦ੍ਰਿਸ਼ ਵੇਖ ਕੇ ਰਾਏ ਬੁਲਾਰ ਦੇ ਮੂੰਹੋਂ ਸੁਤੇ ਸਿੱਧ ਨਿਕਲ ਗਿਆ 'ਯਾ ਅੱਲਾਹ, ਨਾਨਕ ਤੇ ਨਿਰਾ ਈ ਅੱਲਾ ਦਾ ਨੂਰ ਏ, ਅਸੀਂ ਸਭ ਧੰਨ ਹੋ ਗਏ ਹਾਂ, ਰਾਇ ਭੋਇ ਦੀ ਤਲਵੰਡੀ ਦੀ ਕੁੱਲ ਖ਼ਾਕ ਪਾਕ ਹੋ ਗਈ ਏ, ਕਾਲੂ ਜੀ, ਤੁਸਾਂ ਦੇ ਘਰ ਇਕ ਵੱਡੇ ਬਜ਼ੁਰਗ ਫਕੀਰ ਨੇ ਜਨਮ ਲਿਆ ਸੂ।' 'ਯਾ ਅੱਲਾਹ, ਯਾ ਅੱਲਾਹ' ਪੁਕਾਰਦਾ ਹੋਇਆ ਰਾਇ ਬੁਲਾਰ ਮੱਝੀਆਂ ਦੇ ਪਾਲ਼ੀ ਗੁਰੂ ਨਾਨਕ ਦੇ ਪੈਰੀਂ ਢਹਿ ਪਿਆ, 'ਹੇ ਅੱਲਾ ਦੇ ਬਜ਼ੁਰਗ ਫਕੀਰ, ਸਾਡੀਆਂ ਖ਼ਤਾਵਾਂ ਮੁਆਫ਼ ਕਰੀਂ, ਸਾਥੋਂ ਵੱਡੀ ਖ਼ਤਾ ਹੋਈ ਏ, ਅਸਾਂ ਅੱਲਾਹ ਦੀ ਜ਼ਾਤ ਨੂੰ ਨਹੀਂ ਪਛਾਤਾ, ਨਾਨਕ ਤੇ ਵੱਡੀਆਂ ਬਕਕਤਾਂ ਬਰਸਾਉਣ ਵਾਲਾ, ਮਿਹਰਾਂ ਦਾ ਸਾਈਂ ਏ, ਇਸ ਨੂੰ ਅੱਜ ਤੋਂ ਬਾਅਦ ਕਿਸੇ ਨੇ ਕੁਝ ਨਹੀਂ ਆਖਣਾ, ਰੱਬ ਦੀ ਰਜ਼ਾ ਵਿਚ ਜੋ ਮਰਜ਼ੀ ਪਿਆ ਕਰੇ।'
ਰਾਇ ਬੁਲਾਰ, ਗੁਰੂ ਨਾਨਕ ਦੇਵ ਜੀ ਪਾਸੋਂ ਉਮਰ ਵਿਚ 22 ਸਾਲ ਵੱਡੇ ਸਨ, ਮਜ਼੍ਹਬੀ ਤੌਰ 'ਤੇ ਇਕ ਮੁਸਲਮਾਨ ਸਨ ਤੇ ਅੱਲਾ ਦੀ ਬੰਦਗੀ ਵਿਚ ਯਕੀਨ ਰੱਖਦੇ ਸਨ, ਪਰ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਨ੍ਹਾਂ ਦੀ ਅਸਰੀਰੀ ਅਕੀਦਤ, ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਅਜ਼ਮਤ ਤੋਂ ਜੁਦਾ ਨਹੀਂ ਸੀ। ਇਹੀ ਵਜ੍ਹਾ ਸੀ ਕਿ ਰਾਇ ਬੁਲਾਰ ਸਾਹਿਬ ਨੇ ਆਪਣੀ ਕੁੱਲ ਮਿਲਖ ਦਾ ਲਗਪਗ ਅੱਧਾ ਹਿੱਸਾ, ਭਾਵ 19,000 ਏਕੜ ਜ਼ਮੀਨੀ ਰਕਬਾ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਮਨਸੂਬ ਕਰਵਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਦੇ ਮਾਲ ਰਿਕਾਰਡ ਦੇ ਖਾਨਾ ਮਲਕੀਅਤ ਵਿਚ ਇਸ ਰਕਬੇ ਦਾ ਮਾਲਕ ਅੱਜ ਵੀ 'ਬਾਬਾ ਨਾਨਕ' ਹੀ ਹੈ। ਇਹ ਵੀ ਇਕ ਵਚਿੱਤਰ ਸੱਚ ਹੈ ਕਿ ਇਸ ਜ਼ਮੀਨ ਵਿਚ ਗੁਰੂ ਨਾਨਕ ਨੇ ਨਾ ਕਦੇ ਹਲ ਜੋਤਾ ਤੇ ਨਾ ਹੀ ਕਦੇ ਖੇਤੀ ਕੀਤੀ ਹੈ। ਇਸ ਸਮੁੱਚੇ ਰਕਬੇ ਦੀ ਦੇਖ-ਰੇਖ ਪਾਕਿਸਤਾਨ ਦੇ ਮਹਿਕਮਾ ਔਕਾਫ਼ ਦੇ ਜ਼ੇਰ-ਏ-ਬੰਦੋਬਸਤ ਹੈ। ਇਸੇ ਰਕਬੇ ਦੇ ਕੁਝ ਹਿੱਸੇ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਦੇ ਯਾਦਗਾਰੀ ਉਤਸਵ 'ਤੇ ਪਾਕਿਸਤਾਨ ਦੀ ਸਰਕਾਰ ਵਲੋਂ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਵਿਸ਼ਵ ਪੱਧਰ ਦੀ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਪੰਜਾਬ (ਪਾਕਿਸਤਾਨ) ਦੇ ਵਜ਼ੀਰ-ਏ-ਆਹਲਾ ਜਨਾਬ ਉਸਮਾਨ ਬੁਜ਼ਗਾਰ ਸਾਹਿਬ ਵਲੋਂ ਨਨਕਾਣਾ ਸਾਹਿਬ ਵਿਖੇ ਮਿਤੀ 13 ਜੁਲਾਈ, 2019 ਨੂੰ ਰੱਖਿਆ ਗਿਆ ਹੈ। ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਤਾਮੀਰ 'ਤੇ ਲਗਪਗ 259 ਕਰੋੜ ਰੁਪਏ ਦਾ ਅਨੁਮਾਨਤ ਖਰਚਾ ਆਵੇਗਾ। ਪਾਕਿਸਤਾਨ ਦੀ ਮਰਕਜ਼ੀ ਹਕੂਮਤ ਅਤੇ ਪੱਛਮੀ ਪੰਜਾਬ ਦੀ ਸੂਬਾਈ ਹਕੂਮਤ ਅੱਗੇ ਮੇਰੀ ਅਰਜ਼ੋਈ ਹੈ ਕਿ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤਾਮੀਰ ਦਾ ਕੰਮ ਮੁਕੰਮਲ ਹੋਣ ਉਪਰੰਤ ਉਸ ਦੇ ਪ੍ਰਬੰਧਕੀ ਕੰਪਲੈਕਸ ਦਾ ਨਾਂਅ ਰਾਏ ਬੁਲਾਰ ਸਾਹਿਬ ਦੇ ਨਾਂਅ 'ਤੇ ਇਸ ਤਰ੍ਹਾਂ ਮਨਸੂਬ ਕੀਤਾ ਜਾਵੇ : 'ਰਾਏ ਬੁਲਾਰ ਸ਼ੌਅਬਾ-ਏ-ਇੰਤਜ਼ਾਮੀਆ'। ਇਸ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦਾ ਨਾਂਅ ਭਾਈ ਮਰਦਾਨਾ ਦੇ ਨਾਂਅ 'ਤੇ 'ਭਾਈ ਮਰਦਾਨਾ ਸ਼ੌਅਭਾ-ਏ-ਮੌਸੀਕੀ' ਰੱਖਿਆ ਜਾਵੇ ਅਤੇ ਯੂਨੀਵਰਸਿਟੀ ਦੇ ਪਬਲੀਕੇਸ਼ਨ ਵਿਭਾਗ ਦਾ ਨਾਂਅ ਭਾਈ ਬਾਲਾ ਜੀ ਦੇ ਨਾਂਅ 'ਤੇ 'ਭਾਈ ਬਾਲਾ ਸ਼ੋਅਬਾ-ਏ-ਤਬਾਅਤ-ੳ-ਇਸ਼ਾਅਤ' ਰੱਖਿਆ ਜਾਵੇ, ਤਾਂ ਕਿ ਇਨ੍ਹਾਂ ਸਾਰਿਆਂ ਦੀ ਯਾਦ ਭਵਿੱਖ ਦੀਆਂ ਨਸਲਾਂ ਦੇ ਜ਼ਿਹਨ ਵਿਚ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਸਲਾਮਤ ਰਹੇ।
ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਦੇ ਸਮੇਂ ਕਸ਼ਮੀਰ, ਸੁਮੇਰ ਪਰਬਤ ਤੇ ਸਿੱਧ-ਗੋਸ਼ਟੀ ਵਿਚ ਮੁਬਤਲਾ ਸਨ, ਜਦੋਂ ਉਨ੍ਹਾਂ ਦਾ ਪਰਮ ਸਨੇਹੀ, ਰਾਇ ਭੋਇ ਦੀ ਤਲਵੰਡੀ ਦਾ ਉਦਾਰ, ਸਰਦਾਰ, ਰਾਏ ਬੁਲਾਰ ਭੱਟੀ (1515 ਈਸਵੀ) ਵਫ਼ਾਤ ਪਾ ਗਏ। ਸਾਖੀ ਸਾਹਿਤ ਵਿਚ ਇਕ ਕਥਾ ਇਹ ਵੀ ਦਰਜ ਹੈ ਕਿ ਰਾਇ ਬੁਲਾਰ ਸਾਹਿਬ ਨੇ ਆਖ਼ਰਤ ਦੇ ਵਕਤ ਗੁਰੂ ਨਾਨਕ ਸਾਹਿਬ ਨੂੰ ਬਹੁਤ ਯਾਦ ਕੀਤਾ ਤੇ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਵਿਚੇ ਹੀ ਛੱਡ ਕੇ ਆਪਣੇ ਮਹਿਰਮ ਮੁਰੀਦ ਰਾਇ ਬੁਲਾਰ ਦੇ ਆਖਰੀ ਦਰਸ਼ਨ ਦੀਦਾਰਿਆਂ ਲਈ ਅਚਨਚੇਤ ਰਾਇ ਭੋਇ ਦੀ ਤਲਵੰਡੀ ਪਰਤ ਆਏੇ, ਰਾਇ ਬੁਲਾਰ ਜੀ ਦਾ ਸਿਰ ਗੁਰੂ ਨਾਨਕ ਦੀ ਗੋਦ ਵਿਚ ਸੀ ਕਿ ਰਾਏ ਬੁਲਾਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਰਾਇ ਬੁਲਾਰ ਸਾਹਿਬ ਦੇ ਜਸਦ-ਏ-ਖ਼ਾਕੀ ਨੂੰ ਰਾਇ ਭੋਇ ਦੀ ਤਲਵੰਡੀ ਦੇ ਇਕ ਬੁਲੰਦ ਟਿੱਲੇ ਉੱਤੇ ਗੁਰੂ ਨਾਨਕ ਸਾਹਿਬ ਦੀ ਮੌਜੂਦਗੀ ਵਿਚ ਸਪੁਰਦ-ਏ-ਖ਼ਾਕ ਕੀਤਾ ਗਿਆ। ਇਸ ਟਿੱਲੇ ਉੱਤੇ ਹੀ ਉਨ੍ਹਾਂ ਦਾ ਇਕ ਭੁੱਲਿਆ ਵਿਸਰਿਆ ਮਜ਼ਾਰ ਵੀ ਹੈ, ਜਿਸ ਉੱਪਰ ਇਕ ਗੁੰਬਦ ਥਮ੍ਹਲਿਆਂ ਦੇ ਸਹਾਰੇ ਉਸਾਰਿਆ ਹੋਇਆ ਹੈ। ਰਾਇ ਬੁਲਾਰ ਜੀ ਦਾ ਮਜ਼ਾਰ ਅੱਜ ਬੇਹੱਦ ਅਣਗੌਲੀ ਹਾਲਤ ਵਿਚ ਜਾਪਦਾ ਏ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਮੇਂ ਤਾਂ ਰਾਇ ਬੁਲਾਰ ਸਾਹਿਬ ਦੇ ਮਜ਼ਾਰ ਨੂੰ ਸੰਵਾਰਨ ਤੇ ਸੰਭਾਲਣ ਦਾ ਕੰਮ ਸਾਡਾ ਫ਼ਰਜ਼-ਏ-ਅੱਵਲ ਹੋਣਾ ਚਾਹੀਦਾ ਸੀ। ਕੁੱਲ ਜਹਾਨ ਵਿਚ ਸਿੱਖਾਂ ਦੀ ਸ਼ੋਭਾ ਹੋਣੀ ਸੀ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ, ਸਿੱਖ ਯਾਤਰੂਆਂ ਨੂੰ ਨਾਲ ਲੈ ਕੇ ਰਾਏ ਬੁਲਾਰ ਸਾਹਿਬ ਦੀ ਮਜ਼ਾਰ 'ਤੇ ਪੁੱਜ ਕੇ ਪੂਰੀ ਸਿੱਖ ਕੌਮ ਵਲੋਂ ਰਸਮੀ ਤੌਰ 'ਤੇ ਖ਼ਿਰਾਜ਼-ਏ-ਅਕੀਦਤ ਭੇਟ ਕਰਦੇ। ਗੁਰੂ ਨਾਨਕ ਦੇਵ ਜੀ ਦੇ ਪਹਿਲੇ ਮੁਸਲਮਾਨ ਪੈਰੋਕਾਰ ਦੀ ਮਜ਼ਾਰ 'ਤੇ ਚਾਦਰਾਂ ਚੜ੍ਹਾਈਆਂ ਜਾਂਦੀਆਂ, ਗ਼ੁਲਪੋਸ਼ ਵਿਛਾਏ ਜਾਂਦੇ, ਚਿਰਾਗ ਜਗਾਏ ਜਾਂਦੇ। ਪਰ ਅਫ਼ਸੋਸ! ਕਿ ਕੁਝ ਵੀ ਅਜਿਹਾ ਨਹੀਂ ਹੋਇਆ। ਰੱਬ ਜਾਣੇ ਸਾਡੇ ਸਲੀਕਿਆਂ ਵਿਚੋਂ ਅਜਿਹੇ ਸੂਖ਼ਸ਼ਮ ਅਦਬ ਕਿਉਂ ਗਵਾਚ ਗਏ ਹਨ? ਇਸ ਉੱਦਮ ਦੀ ਪਹਿਲ ਨਾ ਕਰਨ ਵਿਚ ਸਾਥੋਂ ਏਡੀ ਵੱਡੀ ਭੁੱਲ ਕਿਉਂ ਹੋ ਗਈ? ਇਸ ਉਕਾਈ ਨੂੰ ਤੁਰੰਤ ਸੁਧਾਰਨਾ ਬਣਦਾ ਹੈ। 504 ਵਰ੍ਹੇ ਬੀਤ ਜਾਣ ਤੋਂ ਬਾਅਦ ਰਾਏ ਬੁਲਾਰ ਸਾਹਿਬ ਦੇ ਮਜ਼ਾਰ ਨੂੰ ਇਕ ਮਕਬਰਾ ਵੀ ਦਰਕਾਰ ਨਹੀਂ। ਜਿਸ ਰਾਏ ਬੁਲਾਰ ਨੇ 19,000 ਏਕੜ ਜ਼ਮੀਨੀ ਰਕਬਾ ਗੁਰੂ ਨਾਨਕ ਸਾਹਿਬ ਦੀ ਰੂਹਾਨੀ ਅਜ਼ਮਤ ਨੂੰ ਸਜਦੇ ਵਜੋਂ ਅਰਪਿਤ ਕੀਤਾ ਹੋਵੇ, ਅੱਜ ਪੰਜ ਸਦੀਆਂ ਬਾਅਦ ਵੀ ਉਸ ਦੀ ਮਜ਼ਾਰ ਨੂੰ ਮਕਬਰਾ ਮੁਯੱਸਰ ਨਾ ਹੋ ਸਕੇ। ਪਿਆਰੇ ਖਾਲਸਾ ਜੀਓ, ਅਸੀਂ ਸੰਗਮਰਮਰੀ ਗੁਰਦੁਆਰੇ ਤਾਂ ਥਾਂ-ਥਾਂ ਉਸਾਰ ਲਏ ਹਨ, ਪਰ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਦੇ ਸਹਿਪਾਤਰਾਂ ਨੂੰ ਕੌਣ ਯਾਦ ਕਰੇਗਾ?
ਚੰਗਾ ਹੋਵੇਗਾ ਇਹ ਕਾਰਜ ਹੁਣੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਆਪਣੇ ਹੱਥਾਂ ਵਿਚ ਲੈ ਕੇ ਆਪਣੀ ਭੁੱਲ ਨੂੰ ਸੁਧਾਰ ਲੈਣ, ਨਹੀਂ ਤਾਂ ਇਹ ਕਾਰਜ ਸਿੱਖ ਸੰਗਤਾਂ ਨੂੰ ਸਿੱਧੇ ਤੌਰ 'ਤੇ ਆਪਣੇ ਹੱਥਾਂ ਵਿਚ ਲੈ ਲੈਣਾ ਚਾਹੀਦਾ ਹੈ। ਇਸ ਮਕਬਰੇ ਦੀ ਤਾਮੀਰ ਦਾ ਸਾਰਾ ਤਾਮੀਰੀ ਖਰਚਾ ਰਾਇ ਬੁਲਾਰ ਸਾਹਿਬ ਦੇ ਖ਼ਾਨਦਾਨ ਦੀ ਅਠਾਰ੍ਹਵੀਂ ਪੀੜ੍ਹੀ ਦੇ ਜੋ ਵੀ ਅਹਿਲ-ਏ-ਖਾਨਾ ਇਸ ਵਕਤ ਨਨਕਾਣਾ ਸਾਹਿਬ ਵਿਚ ਮੁਕੀਮ ਹਨ, ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਕੇ ਸਮੁੱਚੀ ਸਿੱਖ ਕੌਮ ਨੂੰ ਅਦਾ ਕਰਨਾ ਚਾਹੀਦਾ ਹੈ। ਇਸ ਕਾਰਜ ਨੂੰ ਪਾਇਆ-ੲੁੇ-ਤਕਮੀਲ ਤੱਕ ਲੈ ਕੇ ਜਾਣਾ ਅਤੇ ਰਾਇ ਬੁਲਾਰ ਸਾਹਿਬ ਦੀ ਯਾਦ ਨੂੰ ਅੱਗੇ ਤੋਰਨਾ ਸੰਸਾਰ ਵਿਚ ਵਸਦੇ ਕੁਲ ਗੁਰੂ ਨਾਨਕ ਨਾਮ ਲੇਵਾ ਦਾ ਫਰਜ਼ ਬਣਦਾ ਹੈ।
ਮੈਂ ਜਦੋਂ ਵੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਅਜ਼ਮਤ ਨੂੰ ਮਹਿਸੂਸ ਕਰਦਾ ਹਾਂ ਤਾਂ ਮੇਰੀ ਜੀਵਨ ਚੇਤਨਾ ਵਿਚ ਰਾਏ ਬੁਲਾਰ ਸਾਹਿਬ ਦੀ ਭੁੱਲੀ ਵਿਸਰੀ ਮਜ਼ਾਰ ਦਾ ਦ੍ਰਿਸ਼ ਇਕ ਉਦਾਸ ਸ਼ਿਕਵਾ ਲੈ ਕੇ ਮੇਰੇ ਜ਼ਿਹਨ 'ਤੇ ਸਵਾਰ ਹੋ ਜਾਂਦਾ ਹੈ, ਜਿਸ ਦੀ ਪੀੜਾ ਬਹਾਦੁਰ ਸ਼ਾਹ ਜ਼ਫ਼ਰ ਦੇ ਬੋਲਾਂ ਵਿਚ ਬਿਆਨ ਕਰ ਰਿਹਾ ਹਾਂ-
ਬਰ ਮਜ਼ਾਰ-ਏ-ਮਾ ਗ਼ਰੀਬਾਂ ਨੀ ਚਿਰਾਗੀ, ਨੀ ਗ਼ੁਲੀ,
ਨੀ ਪਰ-ਏ-ਪਰਵਾਨਾ ਸੋਜ਼ਦ, ਨੀ ਸਦਾ-ਈ-ਬੁਲਬੁਲੀ।
( ਅਰਥਾਤ : ਮੇਰੇ ਬੇਵਤਨ ਦੇ ਮਜ਼ਾਰ ਉੱਪਰ ਹੁਣ ਨਾ ਕੋਈ ਚਿਰਾਗ ਜਗਦਾ ਹੈ ਅਤੇ ਨਾ ਹੀ ਕੋਈ ਫੁੱਲ ਮਹਿਕਦਾ ਹੈ, ਇਸ ਕਰਕੇ ਨਾ ਇੱਥੇ ਕਿਸੇ ਪਰਵਾਨੇ ਦੇ ਖੰਭ ਸੜਦੇ ਹਨ ਅਤੇ ਨਾ ਕਿਸੇ ਬੁਲਬੁਲ ਦੀ ਹੂਕ ਸੁਣਾਈ ਦਿੰਦੀ ਹੈ) ਆਮੀਨ!


-ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ।

ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ-ਸੰਤ ਅਮੀਰ ਸਿੰਘ

ਲੁਧਿਆਣਾ ਸ਼ਹਿਰ ਦੀ ਵੱਖੀ ਵਿਚ ਘੁੱਗ ਵਸਦੇ ਪਿੰਡ ਜਵੱਦੀ ਕਲਾਂ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਸਥਾਨ ਉੱਤੇ ਸੰਤ ਸੁੱਚਾ ਸਿੰਘ ਨੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਦੀਰਘ ਚਿੰਤਨ ਤੋਂ ਬਾਅਦ ਗੁਰਮਤਿ ਸੰਗੀਤ ਦੀ ਰਾਗਬੱਧ ਸ਼ੈਲੀ ਨੂੰ ਸੁਰਜੀਤ ਕਰਨ ਲਈ ਉੱਥੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਉਣ ਦਾ ਨਿਸ਼ਚਾ ਕੀਤਾ। ਉਨ੍ਹਾਂ ਦੇ ਉੱਦਮ ਸਦਕਾ ਪਹਿਲਾ ਗੁਰਮਤਿ ਸੰਮੇਲਨ 10 ਅਕਤੂਬਰ ਤੋਂ 13 ਅਕਤੂਬਰ, 1991 ਤੱਕ ਬੜੀ ਸ਼ਾਨੋ-ਸ਼ੌਕਤ ਨਾਲ ਹੋਇਆ, ਜੋ ਕਿ ਆਪਣੀ ਮਿਸਾਲ ਆਪ ਸੀ। ਦੁਨੀਆ ਭਰ ਵਿਚੋਂ ਗੁਰਮਤਿ ਸੰਗੀਤ ਪ੍ਰੇਮੀਆਂ ਨੇ ਇਸ ਵਿਚ ਹਾਜ਼ਰੀਆਂ ਭਰ ਕੇ ਰੂਹਾਨੀ ਅਨੰਦ ਨਾਲ ਝੋਲੀਆਂ ਭਰੀਆਂ ਸਨ। ਸੰਤ ਸੁੱਚਾ ਸਿੰਘ ਹੁਰਾਂ ਨੇ ਆਪਣੇ 49 ਸਾਲਾ ਜੀਵਨ ਕਾਲ ਦੌਰਾਨ ਗੁਰਮਤਿ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਵਿਸ਼ਵ ਪੱਧਰੀ ਕਾਰਜ ਕੀਤੇ। ਉਨ੍ਹਾਂ ਦੇ ਸੱਚਖੰਡ ਜਾ ਬਿਰਾਜਣ ਤੋਂ ਬਾਅਦ ਉਨ੍ਹਾਂ ਦੇ ਜਾਨਸ਼ੀਨ ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ ਦੇ ਮੁਖੀ ਦੀ ਸੇਵਾ ਬਾਖੂਬੀ ਨਿਭਾਉਂਦਿਆਂ ਸੰਤ ਸੁੱਚਾ ਸਿੰਘ ਵਲੋਂ ਵਿੱਢੇ ਕਾਰਜਾਂ ਨੂੰ ਸਿਖਰਾਂ ਉੱਤੇ ਲਿਜਾ ਰਹੇ ਹਨ।
ਸੰਤ ਅਮੀਰ ਸਿੰਘ ਦਾ ਜਨਮ ਪਿਤਾ ਤਿਰਲੋਕ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਬਚਨ ਕੌਰ ਦੀ ਸੁਲੱਖਣੀ ਕੁੱਖੋਂ 1971 ਵਿਚ ਪਿੰਡ ਠਰਵਾਮਾਜਰਾ, ਜ਼ਿਲ੍ਹਾ ਕਰਨਾਲ (ਹਰਿਆਣਾ) ਵਿਚ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਧਾਰਮਿਕ ਸੀ। ਮੁਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਉਚੇਰੀ ਪੜ੍ਹਾਈ ਰੋਪੜ ਕਾਲਜ ਤੋਂ ਹਾਸਲ ਕੀਤੀ। ਪੜ੍ਹਾਈ ਦੌਰਾਨ ਉਨ੍ਹਾਂ ਨੇ ਬਹੁਤ ਸਾਰੀ ਬਾਣੀ ਕੰਠ ਕਰਨ ਦੇ ਨਾਲ-ਨਾਲ ਪ੍ਰਸਿੱਧ ਵਿਦਵਾਨਾਂ ਦੀਆਂ ਲਗਪਗ 15 ਹਜ਼ਾਰ ਪੁਸਤਕਾਂ ਪੜ੍ਹ ਕੇ ਆਪਣੇ ਗਿਆਨ ਵਿਚ ਬਹੁਤ ਵਾਧਾ ਕੀਤਾ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਲੇਖੇ ਲਗਾਉਣ ਦਾ ਫੈਸਲਾ ਕੀਤਾ। ਇਕ ਸੁਭਾਗੇ ਦਿਹਾੜੇ ਕਥਾ ਦੌਰਾਨ ਸੰਤ ਸੁੱਚਾ ਸਿੰਘ ਜੀ ਨਾਲ ਉਨ੍ਹਾਂ ਦਾ ਸਬੱਬੀ ਮੇਲ ਹੋ ਗਿਆ। ਉਹ ਜਵੱਦੀ ਆ ਗਏ ਅਤੇ ਕਥਾ ਅਤੇ ਖੋਜ ਕਾਰਜ ਨਿਰੰਤਰ ਜਾਰੀ ਰੱਖੇ। ਪ੍ਰਸੰਨ ਹੋ ਕੇ ਸੰਤ ਸੁੱਚਾ ਸਿੰਘ ਨੇ ਉਨ੍ਹਾਂ ਨੂੰ ਟਕਸਾਲ ਦੇ ਹੈੱਡ ਗ੍ਰੰਥੀ ਦੀ ਸੇਵਾ ਸੌਂਪੀ। ਸੰਤ ਸੁੱਚਾ ਸਿੰਘ ਦੇ ਅਕਾਲ ਚਲਾਣੇ ਉਪਰੰਤ ਸਿੱਖ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਜਵੱਦੀ ਟਕਸਾਲ ਦੇ ਮੁਖੀ ਦੀ ਸੇਵਾ ਸੌਂਪੀ ਗਈ। ਉਨ੍ਹਾਂ ਟਕਸਾਲ ਵਿਖੇ ਗੁਰਸ਼ਬਦ ਸੰਗੀਤ ਅਕੈਡਮੀ, ਸੰਤ ਸੁੱਚਾ ਸਿੰਘ ਵਿਦਿਆਰਥੀ ਹੋਸਟਲ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਲਾਇਬ੍ਰੇਰੀ, ਸੁੱਖ ਸਾਗਰ ਚੈਰੀਟੇਬਲ ਡਿਸਪੈਂਸਰੀ, ਲੰਗਰ ਹਾਲ ਅਤੇ ਗੁਰਦੁਆਰਾ ਸਾਹਿਬ ਦੀ ਸ਼ਾਨਾਮਤੀ ਇਮਾਰਤ ਬਣਾਉਣ ਵਰਗੇ ਸ਼ਲਾਘਾਯੋਗ ਕਾਰਜ ਕੀਤੇ।
ਗੁਰਮਤਿ ਸੰਗੀਤ ਦੀ ਪੁਰਾਤਨ ਸ਼ੈਲੀ ਦੀ ਸੰਭਾਲ ਲਈ ਉਨ੍ਹਾਂ ਦੇ ਯਤਨ ਲਾਮਿਸਾਲ ਹਨ। ਉਨ੍ਹਾਂ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸਾਲਾਨਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਵਿਚ 31 ਸ਼ੁੱਧ, 31 ਮਿਸ਼ਰਤ ਰਾਗਾਂ, 55 ਪੜਤਾਲਾਂ, ਧਰੁੱਪਦ-ਧਮਾਰ ਸਮੇਤ ਵੱਖ-ਵੱਖ ਗੁਰਮਤਿ ਸੰਗੀਤ ਕਵਿਤਾਵਾਂ ਦਾ ਗਾਇਨ ਤੰਤੀ ਸਾਜ਼ਾਂ ਨਾਲ ਕਰਵਾਇਆ ਜਾਂਦਾ ਹੈ। ਸਾਲ 2016 ਵਿਚ ਉਨ੍ਹਾਂ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ 25ਵੀਂ ਵਰ੍ਹੇਗੰਢ ਚੜ੍ਹਦੀ ਕਲਾ ਨਾਲ ਮਨਾਈ। ਉਨ੍ਹਾਂ ਪੰਜਾਬ ਤੋਂ ਬਾਹਰ ਵੀ ਤਕਰੀਬਨ 50 ਰਾਗ ਦਰਬਾਰ ਕਰਵਾਏ ਹਨ ਅਤੇ ਹਰ ਮਹੀਨੇ ਜਵੱਦੀ ਵਿਚ ਗੁਰਮਤਿ ਸੰਗੀਤ ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ। ਗੁਰਮਤਿ ਸੰਗੀਤ ਦੇ ਖੇਤਰ ਵਿਚ ਉੱਘੀਆਂ ਸੇਵਾਵਾਂ ਨਿਭਾਉਣ ਵਾਲੇ ਗੁਣੀਜਨਾਂ ਨੂੰ ਹਰ ਸਾਲ ਗੁਰਮਤਿ ਸੰਗੀਤ ਪੁਰਸਕਾਰ ਦਿੱਤੇ ਜਾਂਦੇ ਹਨ। ਸੰਤ ਅਮੀਰ ਸਿੰਘ ਵਿਦਵਾਨਾਂ ਦੇ ਵੱਡੇ ਕਦਰਦਾਨ ਹੋਣ ਦੇ ਨਾਤੇ ਵੱਖ-ਵੱਖ ਵਿਸ਼ਿਆਂ ਅਤੇ ਟਕਸਾਲ ਵਿਚ ਅਤੇ ਹੋਰਨੀਂ ਥਾਈਂ ਸੈਮੀਨਾਰ ਤੇ ਵਰਕਸ਼ਾਪਾਂ ਕਰਵਾਉਂਦੇ ਰਹਿੰਦੇ ਹਨ। ਸੰਤ ਅਮੀਰ ਸਿੰਘ ਸਮੇਂ-ਸਮੇਂ 'ਤੇ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਜਿੱਥੇ ਭਾਵਪੂਰਤ ਕਥਾ ਸਰਵਣ ਕਰਵਾਉਂਦੇ ਹਨ, ਉੱਥੇ ਨਾਲ ਹੀ ਕੀਰਤਨ ਦੀ ਛਹਿਬਰ ਵੀ ਲਗਾਉਂਦੇ ਹਨ। ਬੁੱਧਵਾਰ ਅਤੇ ਐਤਵਾਰ ਨੂੰ ਟਕਸਾਲ ਵਿਚ ਨਾਮ ਅਭਿਆਸ ਸਮਾਗਮ ਹੁੰਦੇ ਹਨ ਤੇ ਸਾਲ ਵਿਚ ਦੋ ਵਾਰ ਨਾਮ ਅਭਿਆਸ ਕੈਂਪ ਵੀ ਲਗਾਏ ਜਾਂਦੇ ਹਨ। ਟਕਸਾਲ ਵਿਚ ਉੱਘੇ ਗੁਣੀਜਨ ਵਿਦਿਆਰਥੀਆਂ ਨੂੰ ਗਾਇਨ ਅਤੇ ਵਾਦਨ ਦੀ ਸਿੱਖਿਆ ਦੇ ਰਹੇ ਹਨ।
ਪ੍ਰ੍ਰਕਾਸ਼ਨਾਵਾਂ : ਸੰਤ ਜੀ ਨੇ ਸੰਗਤਾਂ ਲਈ ਅਨੇਕ ਪੁਸਤਕਾਂ ਜਿਵੇਂ ਕਿ 'ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ' (ਭਾਗ ਪਹਿਲਾ ਤੇ ਦੂਜਾ), 'ਰਾਗ ਸਰੂਪ ਨਿਰਣੈ' [ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਪੰਜਾਬੀ, ਹਿੰਦੀ, ਅੰਗਰੇਜ਼ੀ)], 'ਰਾਗ ਨਾਦ ਸਬਦਿ ਸੋਹਣੇ', ਸਮੇਤ ਅਨੇਕ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਉੱਤੇ ਢੇਰ ਸਾਰੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ। ਉਨ੍ਹਾਂ ਦੀ ਰਹਿਨੁਮਾਈ ਹੇਠ ਅਦਾਰਾ 'ਵਿਸਮਾਦ ਨਾਦ' ਵਲੋਂ ਸੀਡੀਜ਼ ਅਤੇ ਪੈਨਡਰਾਈਵ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸੰਤ ਜੀ ਵਲੋਂ ਦੋ ਵੈੱਬਸਾਈਟਾਂ ਚਲਾਉਣ ਦੇ ਨਾਲ-ਨਾਲ ਪੰਜ ਹਜ਼ਾਰ ਪੁਸਤਕਾਂ ਵਾਲੀ ਇਕ ਵਿਸ਼ਾਲ ਲਾਇਬ੍ਰੇਰੀ ਵੀ ਬਣਾਈ ਗਈ ਹੈ। ਜਵੱਦੀ ਟਕਸਾਲ ਤੋਂ ਸਿੱਖਿਆ ਪ੍ਰਾਪਤ ਵਿਦਿਆਰਥੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਮੇਤ ਵੱਖ-ਵੱਖ ਗੁਰ ਅਸਥਾਨਾਂ ਉੱਤੇ ਟਕਸਾਲੀ ਕੀਰਤਨ ਦੀ ਸੇਵਾ ਨਿਭਾ ਕੇ ਵਾਹ-ਵਾਹ ਖੱਟ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੰਗੀਤ ਅਚਾਰੀਆ ਡਾਕਟਰ ਜਸਬੀਰ ਕੌਰ ਵਿਸ਼ੇਸ਼ ਤੌਰ 'ਤੇ ਟਕਸਾਲ ਨਾਲ ਜੁੜੇ ਹੋਏ ਹਨ।


-ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮ੍ਰਿਤਸਰ। ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬਾਬਾ ਸਾਹਿਬ ਸਿੰਘ ਬੇਦੀ

ਯੁੱਗ ਪੁਰਸ਼ ਬਾਬਾ ਸਾਹਿਬ ਸਿੰਘ ਬੇਦੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ ਦਾ ਕੁਲਭੂਸ਼ਣ ਸਨ। ਉਨ੍ਹਾਂ ਦਾ ਜਨਮ ਚੇਤ ਸੁਦੀ ਪੰਚਮੀ ਸੰਮਤ 1812 ਨੂੰ ਬੇਦੀ ਅਜੀਤ ਸਿੰਘ ਅਤੇ ਮਾਤਾ ਸਰੂਪ ਦੇਈ ਦੇ ਘਰ ਊਨਾ ਸਾਹਿਬ ਵਿਖੇ ਹੋਇਆ। ਬਚਪਨ ਤੋਂ ਹੀ ਉਹ ਬੌਧਿਕ, ਸਰੀਰਕ ਅਤੇ ਆਤਮਿਕ ਧਨ ਨਾਲ ਮਾਲਾ-ਮਾਲ ਸਨ। ਉਨ੍ਹਾਂ ਨੂੰ ਉਸ ਸਮੇਂ ਦੇ ਮਹਾਨ ਦੇਸ਼ ਪੰਜਾਬ ਦਾ ਰਾਸ਼ਟਰਪਿਤਾ ਮੰਨਿਆ ਜਾਂਦਾ ਸੀ। ਪੰਜਾਬ ਦੀ ਏਕਤਾ, ਉੱਚਤਾ ਅਤੇ ਮਹਾਨਤਾ ਨੂੰ ਕਾਇਮ ਕਰਨ ਲਈ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਅਰਪਣ ਕਰ ਦਿੱਤਾ। ਦੁਰਾਨੀਆਂ, ਮੁਗ਼ਲਾਂ, ਪਠਾਣਾਂ, ਅੰਗਰੇਜ਼ਾਂ ਅਤੇ ਹੋਰ ਲੁਟੇਰਿਆਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਉਨ੍ਹਾਂ ਨੇ ਮਹਾਨ ਘਾਲਣਾ ਘਾਲੀ। ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤਪਾਨ ਕੀਤਾ ਅਤੇ ਫਿਰ ਦੁਸ਼ਟ ਦਮਨ ਸ੍ਰੀ ਦਸਮੇਸ਼ ਜੀ ਦੇ ਹੋਣਹਾਰ ਸਪੂਤ ਬਣ ਕੇ ਆਪਣਾ ਸਭ ਕੁਝ ਦੇਸ਼, ਕੌਮ, ਧਰਮ ਅਤੇ ਦੁਖੀ ਮਨੁੱਖਤਾ ਦੇ ਲੇਖੇ ਲਾ ਦਿੱਤਾ। ਉਹ ਇਕ ਸੱਚੇ ਰਾਜ ਯੋਗੀ, ਕਰਮ ਯੋਗੀ ਅਤੇ ਧਰਮ ਯੋਗੀ ਸਨ। ਕਠਿਨ ਤਪ, ਸਾਧਨਾ, ਬੰਦਗੀ ਅਤੇ ਪਰਉਪਕਾਰ ਦੀ ਭਾਵਨਾ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਨੂਰੋ-ਨੂਰ ਹੋ ਉੱਠੀ।
ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਉਨ੍ਹਾਂ ਦਾ ਆਦਰ ਕਰਦੇ ਸਨ। ਜਦੋਂ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਸਵਰਗਵਾਸ ਹੋਏ ਤਾਂ ਆਪ ਜੀ ਭੋਗ 'ਤੇ ਪਹੁੰਚੇ। ਰਾਜਮਾਤਾ ਬਾਲਕ ਰਣਜੀਤ ਸਿੰਘ ਨੂੰ ਨਾਲ ਲੈ ਕੇ ਆਪ ਜੀ ਨੂੰ ਮਿਲੇ ਤਾਂ ਬਾਬਾ ਜੀ ਨੇ ਆਪਣੇ ਗਾਤਰੇ ਦੀ ਕ੍ਰਿਪਾਨ ਰਣਜੀਤ ਸਿੰਘ ਦੇ ਗਲ ਵਿਚ ਪਾਈ ਅਤੇ ਹਰ ਮੈਦਾਨ ਫ਼ਤਹਿ ਕਰਨ ਲਈ ਅਰਦਾਸ ਕੀਤੀ। ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਦਾ ਹੋਰ ਮਿਸਲਾਂ ਜਾਂ ਰਾਜਿਆਂ ਨੇ ਵਿਰੋਧ ਕੀਤਾ, ਉਦੋਂ ਹੀ ਬਾਬਾ ਜੀ ਨੇ ਸਭ ਦੀ ਸੁਲਾਹ ਕਰਵਾਈ ਅਤੇ ਮਹਾਨ ਖ਼ਾਲਸਾ ਰਾਸ਼ਟਰ ਦੀ ਨੀਂਹ ਰੱਖੀ। ਆਪ ਜੀ ਦੇ ਹੁਕਮ 'ਤੇ ਮਹਾਰਾਜਾ ਨੇ ਗੁਰਦੁਆਰਾ ਸਾਹਿਬ ਦੇ ਨਾਂਅ 'ਤੇ ਜ਼ਮੀਨਾਂ ਤੇ ਜਗੀਰਾਂ ਲਾਈਆਂ, ਸ੍ਰੀ ਨਨਕਾਣਾ ਸਾਹਿਬ ਵਿਖੇ ਸਦਾਵਰਤ ਲੰਗਰ ਜਾਰੀ ਕੀਤਾ। ਬਾਬਾ ਜੀ ਸ਼ਸਤਰਧਾਰੀ ਸੂਰਮੇ ਵੀ ਸਨ ਅਤੇ ਹਰ ਤਰ੍ਹਾਂ ਦੇ ਜ਼ੁਲਮ ਤੇ ਧੱਕੇ ਵਿਰੁੱਧ ਜੂਝਣ ਵਾਲੇ ਬਹਾਦਰ ਯੋਧੇ ਵੀ ਸਨ। ਮਲੇਰਕੋਟਲੇ ਦਾ ਨਵਾਬ ਸਰਸਾ ਨਦੀ ਦੇ ਭਿਆਨਕ ਯੁੱਧ ਵਿਚ ਬੇਹੋਸ਼ ਹੋਈ ਇਕ ਸਿੱਖ ਬੀਬੀ ਨੂੰ ਚੁੱਕ ਲਿਆਇਆ ਸੀ। ਬਾਬਾ ਜੀ ਦੀ ਫੌਜ ਨੇ ਕੋਟਲੇ ਨੂੰ 3 ਦਿਨ ਤੱਕ ਘੇਰਾ ਪਾਈ ਰੱਖਿਆ। ਅੰਤ ਯੁੱਧ ਹੋਇਆ ਅਤੇ ਬਾਬਾ ਜੀ ਦੇ ਹੱਥੋਂ ਨਵਾਬ ਮਾਰਿਆ ਗਿਆ। ਆਪ ਜੀ ਦੇ ਲੰਗਰ ਵਿਚ ਹਜ਼ਾਰਾਂ ਲੋਕ ਪ੍ਰਸ਼ਾਦ ਛਕਦੇ ਸਨ। ਉਹ ਸਦਾ ਹੀ ਸਾਰਿਆਂ ਦੇ ਸਾਂਝੇ ਸਰਪ੍ਰਸਤ ਬਣੇ ਰਹੇ। ਉਨ੍ਹਾਂ ਨੇ ਸਾਰੀਆਂ ਤਾਕਤਾਂ ਨੂੰ ਇਕਮੁੱਠ ਕਰਕੇ ਸਰਬ ਸਾਂਝਾ ਖ਼ਾਲਸਾ ਰਾਜ ਸਥਾਪਤ ਕੀਤਾ, ਜਿਸ ਵਿਚ ਸਾਰੀਆਂ ਜਾਤਾਂ, ਧਰਮਾਂ ਅਤੇ ਨਸਲਾਂ ਦੇ ਲੋਕ ਸੁਖੀ ਵਸਦੇ ਸਨ। ਊਨਾ ਸਾਹਿਬ ਤੋਂ ਇਲਾਵਾ ਆਪ ਜੀ ਦੇ ਪ੍ਰਚਾਰ ਕੇਂਦਰ ਸਾਰੇ ਪੰਜਾਬ ਵਿਚ ਸਨ। ਆਪ ਜੀ ਸਾਰੀ ਉਮਰ ਸੱਚ, ਧਰਮ, ਨਿਆਂ, ਸਹਿਣਸ਼ੀਲਤਾ, ਅਣਖ, ਬੀਰਤਾ ਅਤੇ ਮਨੁੱਖੀ ਬਰਾਬਰੀ ਦਾ ਸੁਨੇਹਾ ਦਿੰਦੇ ਹੋਏ ਅੰਤ ਪਰਮ ਸੱਚ ਵਿਚ ਸਮਾ ਗਏ।

ਭਾਈਚਾਰਕ ਸਾਂਝ ਦੀ ਅਦਭੁੱਤ ਮਿਸਾਲ ਹੈ ਮਸਜਿਦ ਖ਼ੈਰੂਦੀਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮੌਜੂਦਾ ਸਮੇਂ ਵੀ ਮਸਜਿਦ ਖ਼ੈਰੂਦੀਨ ਹਿੰਦੂ, ਮੁਸਲਿਮ ਤੇ ਸਿੱਖ ਭਾਈਚਾਰੇ ਦੀ ਇਕ ਮਿਸਾਲ ਬਣੀ ਹੋਈ ਹੈ। ਉਕਤ ਮਸਜਿਦ ਦੇ ਅੰਦਰ ਪਿਛਲੇ 40 ਵਰ੍ਹਿਆਂ ਤੋਂ ਹਰ ਜੁੰਮੇ (ਸ਼ੁੱਕਰਵਾਰ) ਨੂੰ ਸ: ਬਲਜਿੰਦਰ ਸਿੰਘ ਪੁੱਤਰ ਸ: ਲੱਖਾ ਸਿੰਘ ਨਿਵਾਸੀ ਗੇਟ ਹਕੀਮਾਂ ਜੋੜਿਆਂ ਦੀ ਸੇਵਾ ਲਈ ਪਹੁੰਚ ਰਹੇ ਹਨ। ਆਪਣੇ ਘਰ ਦੇ ਪਾਸ ਆਬਾਦੀ ਅੰਨਗੜ੍ਹ ਵਿਚ ਸਬਜ਼ੀ ਵੇਚਣ ਦਾ ਕਾਰੋਬਾਰ ਕਰਨ ਵਾਲੇ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਕਿਧਰੇ ਜੁੰਮੇ ਵਾਲੇ ਦਿਨ ਉਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਪੈ ਜਾਵੇ ਜਾਂ ਉਹ ਬਿਮਾਰੀ ਦੀ ਹਾਲਤ ਵਿਚ ਮਸਜਿਦ ਨਾ ਪਹੁੰਚ ਸਕਣ ਤਾਂ ਉਨ੍ਹਾਂ ਦੇ ਪੁੱਤਰ ਬਲਦੇਵ ਸਿੰਘ ਜਾਂ ਵਰਿੰਦਰ ਸਿੰਘ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਸੇਵਾ ਨਿਭਾਉਣ ਨਿਯਮ ਨਾਲ ਪਹੁੰਚ ਜਾਂਦੇ ਹਨ। ਮਸਜਿਦ ਵਿਚ ਆਉਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕ ਬਲਜਿੰਦਰ ਸਿੰਘ ਨੂੰ ਬੜੇ ਅਦਬ ਨਾਲ 'ਬਾਬਾ ਜੀ', 'ਸਰਦਾਰ ਸਾਹਿਬ' ਜਾਂ 'ਮੀਆਂ ਜੀ' ਕਹਿ ਕੇ ਸੰਬੋਧਿਤ ਕਰਦੇ ਹਨ।
ਇਸੇ ਪ੍ਰਕਾਰ ਪਿਛਲੇ ਲਗਪਗ 26 ਵਰ੍ਹਿਆਂ ਤੋਂ ਮਸਜਿਦ ਖ਼ੈਰੂਦੀਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਜੇ ਕੁਮਾਰ ਮਹਾਜਨ ਨਿਭਾ ਰਹੇ ਹਨ। ਉਨ੍ਹਾਂ ਦੇ ਹੁੰਦਿਆਂ ਕੋਈ ਵੀ ਸ਼ਰਾਰਤੀ ਅਨਸਰ ਮਸਜਿਦ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਮਸਜਿਦ ਦੇ ਅੰਦਰ ਜਾਣ ਦੀ ਹਿੰਮਤ ਨਹੀਂ ਕਰਦਾ। ਅਜੇ ਕੁਮਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਇਕ ਮੁਸਤੈਦ ਚੌਕੀਦਾਰ ਵਾਂਗ ਮਸਜਿਦ ਦੇ ਗੇਟ 'ਤੇ ਖੜ੍ਹੇ ਹੋ ਕੇ ਮਸਜਿਦ ਦੀ ਰਖਵਾਲੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਤਿਲਕ ਰਾਜ ਮਹਾਜਨ, ਜਿਨ੍ਹਾਂ ਦਾ 7 ਸਾਲ ਪਹਿਲਾਂ ਹੀ ਦਿਹਾਂਤ ਹੋਇਆ ਹੈ, ਨੇ ਕਰੀਬ 45 ਸਾਲ ਪਹਿਲਾਂ ਮਸਜਿਦ ਦੇ ਗੇਟ ਦੇ ਨਾਲ ਬਣੇ ਥੜ੍ਹੇ 'ਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਹੁਣ ਉਹੀ ਕਾਰੋਬਾਰ ਅਜੇ ਦੁਆਰਾ ਚਲਾਇਆ ਜਾ ਰਿਹਾ ਹੈ। ਅਜੇ ਕੁਮਾਰ ਦਾ ਕਹਿਣਾ ਹੈ ਕਿ ਉਹ ਉਸ ਪਾਸੋਂ ਸਾਮਾਨ ਖ਼ਰੀਦਣ ਵਾਲੇ ਗਾਹਕਾਂ ਨੂੰ ਚਾਹੇ ਨਜ਼ਰਅੰਦਾਜ਼ ਕਰ ਦੇਵੇ ਪਰ ਕਦੇ ਕਿਸੇ ਬਾਹਰੀ ਵਿਅਕਤੀ ਜਾਂ ਹੁੱਲੜਬਾਜ਼ ਨੂੰ ਮਸਜਿਦ ਦੇ ਗੇਟ ਦੇ ਅੰਦਰ ਨਹੀਂ ਵੜਨ ਦਿੱਤਾ।
ਬਲਵਿੰਦਰ ਸਿੰਘ ਅਤੇ ਅਜੇ ਕੁਮਾਰ ਦੇ ਅਨੁਸਾਰ ਉਨ੍ਹਾਂ ਨੂੰ ਉਸ ਸਮੇਂ ਵੱਡਾ ਧੱਕਾ ਪਹੁੰਚਦਾ ਹੈ ਜਦੋਂ ਕੁਝ ਗੈਰ-ਮੁਸਲਿਮ ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਦੇ ਲੋਕ ਝੂਠੀ ਸ਼ੁਹਰਤ ਹਾਸਲ ਕਰਨ ਅਤੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਲਈ ਮਸਜਿਦ ਦੇ ਸਾਹਮਣੇ ਹੁੱਲੜਬਾਜ਼ੀ ਕਰਦੇ ਹਨ ਜਾਂ ਮਸਜਿਦ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਇਹ ਮਸਜਿਦ ਮੁਸਲਮਾਨ ਭਾਈਚਾਰੇ ਦੀ ਇਬਾਦਤਗਾਹ ਤੇ ਸਾਡੀ ਸਾਂਝੀ ਵਿਰਾਸਤੀ ਧਰੋਹਰ ਹੈ, ਜਿਸ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਣਾ ਵੀ ਗੁਨਾਹ ਹੈ। ਮਸਜਿਦ ਦੇ ਮੌਲਵੀ ਹਾਮਿਦ ਹੁਸੈਨ ਨੇ ਕਿਹਾ ਕਿ ਬਲਵਿੰਦਰ ਸਿੰਘ ਤੇ ਅਜੇ ਕੁਮਾਰ ਹਿੰਦੂ-ਸਿੱਖ ਬਾਅਦ ਵਿਚ ਹਨ, ਪਹਿਲਾਂ ਉਹ ਦੋਵੇਂ ਹਿੰਦੁਸਤਾਨੀ ਹਨ, ਇਸ ਲਈ ਉਪਰੋਕਤ ਮਸਜਿਦ ਜਾਂ ਮਸਜਿਦ ਵਿਚ ਆਉਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਦੇ ਉਨ੍ਹਾਂ ਨੂੰ ਬੇਗਾਨਾ ਨਹੀਂ ਸਮਝਿਆ।

ਅੰਮ੍ਰਿਤਸਰ। ਮੋਬਾ: 93561-27771

ਸਿੱਖ ਰੈਫਰੈਂਸ ਲਾਇਬ੍ਰੇਰੀ : ਇਕ ਪੱਖ ਇਹ ਵੀ

ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਦੀ ਸਥਾਪਨਾ ਦੇਸ਼ ਵੰਡ ਤੋਂ ਪਹਿਲਾਂ ਡਾ: ਗੰਡਾ ਸਿੰਘ ਅਤੇ ਉਨ੍ਹਾਂ ਦੇ ਕੁਝ ਸਹਿਯੋਗੀਆਂ ਦੁਆਰਾ ਕੀਤੀ ਗਈ ਸੀ। ਸਮੇਂ ਨਾਲ ਇਸ ਵਿਚ ਕਿਤਾਬਾਂ, ਅਖ਼ਬਾਰਾਂ, ਰਸਾਲੇ, ਹੱਥ-ਲਿਖਤਾਂ , ਰਿਪੋਰਟਾਂ, ਨਕਸ਼ੇ ਆਦਿ ਜਮ੍ਹਾਂ ਹੁੰਦੇ ਗਏ। ਪਹਿਲਾਂ ਇਸ ਲਾਇਬ੍ਰੇਰੀ ਦਾ ਜੇਕਰ ਕੋਈ ਵਿਧੀਵੱਤ ਕੈਟਾਲਾਗ ਤਿਆਰ ਕੀਤਾ ਗਿਆ ਸੀ ਤਾਂ ਉਹ ਕੇਵਲ ਲਾਇਬ੍ਰੇਰੀ ਦੀ ਹਦੂਦ ਤੱਕ ਹੀ ਸੀਮਿਤ ਸੀ, ਪਰ 1964 ਵਿਚ ਸ਼੍ਰੋਮਣੀ ਕਮੇਟੀ ਨੂੰ ਇਹ ਸੁਝਾਅ ਦਿੱਤਾ ਗਿਆ ਕਿ ਸਾਰੀਆਂ ਪੁਸਤਕਾਂ ਦਾ ਨਾਂਅ ਸਹੀ, ਇਸ ਵਿਚ ਸੁਰੱਖਿਅਤ ਕੇਵਲ ਹੱਥ-ਲਿਖਤਾਂ ਦਾ ਇਕ ਵਿਸਤ੍ਰਿਤ ਕੈਟਾਲਾਗ ਤਿਆਰ ਕਰਕੇ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾਵੇ, ਤਾਂ ਜੋ ਖੋਜਕਾਰਾਂ ਅਤੇ ਆਮ ਪਾਠਕਾਂ ਨੂੰ ਇਹ ਪਤਾ ਲੱਗ ਸਕੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਕਿਹੋ ਜਿਹੀ ਦੁਰਲੱਭ ਸਾਹਿਤਕ ਅਤੇ ਇਤਿਹਾਸਕ ਸਮੱਗਰੀ ਸਾਂਭੀ ਪਈ ਹੈ।
ਇਸ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਦੀ ਜ਼ਿੰਮੇਵਾਰੀ ਸਵਰਗੀ ਸ਼ਮਸ਼ੇਰ ਸਿੰਘ ਅਸ਼ੋਕ ਹੁਰਾਂ ਨੂੰ ਸੌਂਪੀ ਗਈ, ਕਿਉਂਕਿ ਉਹ ਪਹਿਲਾਂ ਭਾਸ਼ਾ ਵਿਭਾਗ ਲਈ ਦੋ ਜਿਲਦਾਂ ਵਿਚ 'ਪੰਜਾਬੀ ਹੱਥ ਲਿਖਤਾਂ ਦੀ ਸੂਚੀ' ਤਿਆਰ ਕਰਕੇ ਵਿਭਾਗ ਵਲੋਂ ਪ੍ਰਕਾਸ਼ਿਤ ਕਰਵਾ ਚੁੱਕੇ ਸਨ। ਇੰਜ ਅਸ਼ੋਕ ਹੁਰਾਂ ਨੇ 3-4 ਸਾਲ ਲਾ ਕੇ ਕੇਵਲ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਵਿਚ ਸੁਰੱਖਿਅਤ ਹੱਥ ਲਿਖਤਾਂ ਦੀ ਵਿਸਤ੍ਰਿਤ ਸੂਚੀ ਤਿਆਰ ਕੀਤੀ, ਜੋ ਪਹਿਲੀ ਵਾਰ 1968 ਈ: ਵਿਚ 'ਸਾਡਾ ਹੱਥ ਲਿਖਤ ਪੰਜਾਬੀ ਸਾਹਿਤ' ਨਾਂਅ ਥੱਲੇ ਛਪੀ। ਇਸ ਸੂਚੀ ਵਿਚ 366 ਹੱਥ ਲਿਖਤ ਗ੍ਰੰਥਾਂ ਦਾ ਵੇਰਵਾ ਸੀ। ਇਨ੍ਹਾਂ ਹੱਥ ਲਿਖਤਾਂ ਵਿਚੋਂ ਕਈਆਂ ਵਿਚ ਇਕ ਤੋਂ ਵਧੀਕ ਲਿਖਤਾਂ ਵੀ ਸਨ। ਇਕ ਮੋਟੇ ਅੰਦਾਜ਼ੇ ਨਾਲ ਜੇ ਇਕ ਸੰਗ੍ਰਹਿ ਵਿਚ ਔਸਤਨ ਦੋ ਲਿਖਤਾਂ ਵੀ ਮੰਨ ਲਈਏ ਤਾਂ ਇਹ ਗਿਣਤੀ 700 ਤੋਂ ਉੱਪਰ ਚਲੀ ਜਾਂਦੀ ਹੈ। ਇੰਜ 'ਸਾਡਾ ਹੱਥ ਲਿਖਤ ਪੰਜਾਬੀ ਸਾਹਿਤ' ਵਿਚ 700 ਤੋਂ ਉੱਪਰ ਗ੍ਰੰਥਾਂ ਬਾਰੇ ਸੂਚਨਾ ਦਰਜ ਸੀ। ਸਾਕਾ ਨੀਲਾ ਤਾਰਾ ਵੇਲੇ ਇਸ ਲਾਇਬ੍ਰੇਰੀ ਨਾਲ ਕੀ ਵਾਪਰਿਆ? ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕੁਝ ਹੱਥ ਲਿਖਤਾਂ ਵਾਪਸ ਆ ਵੀ ਗਈਆਂ ਸਨ ਪਰ ਬਾਕੀਆਂ ਬਾਰੇ ਕੁਝ ਥਹੁ-ਪਤਾ ਨਹੀਂ। ਬਹਰਹਾਲ, ਇਥੇ ਸਾਡਾ ਮਨੋਰਥ ਕੇਵਲ ਇਨ੍ਹਾਂ ਗ੍ਰੰਥਾਂ ਬਾਰੇ ਸੂਚਨਾ ਇਸ ਪੁਸਤਕ ਦੇ ਆਧਾਰ ਉੱਪਰ, ਪਾਠਕਾਂ ਨਾਲ ਸਾਂਝਿਆਂ ਕਰਨਾ ਹੈ।
ਲੇਖਕਾਂ ਦੀ ਜੇ ਗਿਣਤੀ ਦੀ ਗੱਲ ਕਰਨੀ ਹੋਵੇ ਤਾਂ ਇਸ ਵਿਚ 175 ਦੇ ਲਗਭਗ ਲੇਖਕ ਹਨ, ਜਿਨ੍ਹਾਂ ਦੁਆਰਾ ਇਹ ਗ੍ਰੰਥ ਰਚੇ ਗਏ ਸਨ। ਇਨ੍ਹਾਂ ਵਿਚ ਬਹੁਤੇ ਲੇਖਕ ਅਜਿਹੇ ਹਨ, ਜਿਨ੍ਹਾਂ ਬਾਰੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਕਦੇ ਜ਼ਿਕਰ ਨਹੀਂ ਹੋਇਆ। ਜੇਕਰ ਕੁਝ ਨਾਂਅ ਦੱਸਣੇ ਹੋਣ ਤਾਂ ਉਹ ਇਹ ਹਨ : ਅਮੀਰ ਦਾਸ, ਅੰਮ੍ਰਿਤ ਰਾਏ, ਸਹਾਈ ਸਿੰਘ, ਸਦਾ ਰਾਮ, ਸੁਖਦਿਆਲ, ਸੇਵਾ ਰਾਮ, ਸੌਂਧਾ, ਸੰਤ ਦਾਸ ਛਿੱਬਰ, ਸੋਢੀ ਹਰਿ ਜੀ, ਹੰਸ ਰਾਜ, ਖਜ਼ਾਨ ਸਿੰਘ, ਕਿਸ਼ੋਰ ਦਾਸ, ਗੋਪਾਲ ਦਾਸ, ਗੋਪਾਲ ਸਿੰਘ ਨਵੀਨ, ਜੋਧ ਸਿੰਘ, ਤੋਲਾ ਸਿੰਘ ਭੱਲਾ, ਦਰਬਾਰਾ ਸਿੰਘ, ਬੁੱਧ ਸਿੰਘ ਲਾਹੌਰੀ, ਮਾੜੂ ਦਾਸ, ਰਾਮ ਸਿੰਘ ਤਪੀਆ, ਰਾਮਦਾਸ, ਰਾਮ ਪ੍ਰਸਾਦ ਨਿਰੰਜਨੀ, ਲਾਲ ਸਿੰਘ ਅਤੇ ਵਲੀ ਰਾਮ ਆਦਿ। ਇਨ੍ਹਾਂ ਲੇਖਕਾਂ ਦੀਆਂ ਕਈ-ਕਈ ਰਚਨਾਵਾਂ ਇਸ ਲਾਇਬ੍ਰੇਰੀ ਵਿਚ ਸਾਂਭੀਆਂ ਪਈਆਂ ਸਨ। ਜਦ ਮੈਂ ਆਪਣੀ ਡਾਕਟਰੇਟ ਕਰਨੀ ਸੀ ਤਾਂ ਵਿਸ਼ਾ ਚੁਣਿਆ ਗਿਆ 'ਕਵੀ ਸੌਂਧਾ : ਇਕ ਆਲੋਚਨਾਤਮਕ ਅਧਿਐਨ'। ਇਹ ਵਿਸ਼ਾ ਇਸ ਕਰਕੇ ਚੁਣਿਆ ਗਿਆ ਸੀ, ਕਿਉਂਕਿ ਇਸ ਬਾਰੇ ਅੱਗੇ ਕੋਈ ਖੋਜ ਕਾਰਜ ਨਹੀਂ ਸੀ ਅਤੇ ਦੂਜਾ ਇਹ ਕਿ ਕਵੀ ਸੌਂਧਾ ਦੀਆਂ ਬਹੁਤੀਆਂ ਰਚਨਾਵਾਂ ਇਸੇ ਲਾਇਬ੍ਰੇਰੀ ਵਿਚ ਪਈਆਂ ਸਨ। ਉਦੋਂ ਫੋਟੋ ਕਾਪੀ ਮਸ਼ੀਨਾਂ ਨਹੀਂ ਸਨ ਹੁੰਦੀਆਂ, ਇਸ ਲਈ ਲੋੜੀਂਦੀ ਸਮੱਗਰੀ, ਮਹੀਨਿਆਂ ਬੱਧੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਬੈਠ ਕੇ, ਨੋਟ ਕੀਤੀ ਅਤੇ ਥੀਸਿਸ ਤਿਆਰ ਕੀਤਾ। ਕਈ ਗ੍ਰੰਥਾਂ ਦੀ ਕੇਵਲ ਇਕ ਹੀ ਕਾਪੀ ਸੀ, ਉਹ ਵੀ ਇਸ ਲਾਇਬ੍ਰੇਰੀ ਵਿਚ ਸੀ। ਸੌਂਧਾ ਰਚਿਤ ਇਕ ਗ੍ਰੰਥ ਦਾ ਨਾਂਅ 'ਹਾਤਮਨਾਮਾ' ਸੀ, ਜੋ 1807-08 ਈ: ਵਿਚ ਲਿਖਿਆ ਗਿਆ ਸੀ। ਹਾਤਮਤਾਈ ਦੀਆਂ ਕਹਾਣੀਆਂ ਲੋਕ ਧਾਰਾਈ ਸਮੱਗਰੀ ਵਜੋਂ ਪਹਿਲਾਂ ਹੀ ਪ੍ਰਚੱਲਿਤ ਸਨ, ਪਰ ਤਕਰੀਬਨ 500 ਪੱਤਰਿਆਂ ਉੱਪਰ ਲਿਖਿਆ ਗਿਆ ਪੰਜਾਬੀ ਵਿਚ ਇਹ ਪਹਿਲਾ ਕਿੱਸਾ ਸੀ। ਸੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਲਿਖਤੀ ਆਗਿਆ ਲੈ ਕੇ 1982 ਵਿਚ ਇਹ ਕਿੱਸਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਦੀ ਸੰਪਾਦਨਾ ਇਨ੍ਹਾਂ ਸਤਰਾਂ ਦੇ ਲੇਖਕ ਨੇ ਕੀਤੀ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਧਿਆਨ ਦੀ ਮੰਗ ਕਰਦੇ ਹਨ ਨਨਕਾਣਾ ਸਾਹਿਬ ਦੇ ਕਈ ਗੁਰਧਾਮ

ਸਿੱਖ ਧਰਮ ਦੇ ਬਾਨੀ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਉਨ੍ਹਾਂ ਦੇ ਮੁਸਲਮਾਨ ਮੁਰੀਦ ਬਾਬਾ ਨਾਨਕ ਦੇ ਨਾਂਅ ਨਾਲ ਵਧੇਰੇ ਜਾਣਦੇ ਹਨ, ਦੇ ਜਨਮ ਅਸਥਾਨ ਰਾਇ ਭੋਇ ਦੀ ਤਲਵੰਡੀ (ਹੁਣ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਗੁਰਦੁਆਰਾ ਜਨਮ ਅਸਥਾਨ ਸਮੇਤ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਹੋਰ ਗੁਰੂ ਸਾਹਿਬਾਨ ਨਾਲ ਸਬੰਧਤ 8 ਦੇ ਕਰੀਬ ਗੁੁਰਦੁਆਰਾ ਸਾਹਿਬਾਨ ਸੁਸ਼ੋਿਭਤ ਹਨ। ਇਹ ਪਾਵਨ ਧਰਤੀ ਸਿੱਖ ਜਗਤ ਲਈ ਅਥਾਹ ਸ਼ਰਧਾ ਤੇ ਆਸਥਾ ਦਾ ਕੇਂਦਰ ਹੈ ਤੇ ਇਸ ਧਰਤੀ ਦੇ ਦਰਸ਼ਨ ਕਰਨ ਦੀ ਦੁਨੀਆ ਦਾ ਹਰ ਸਿੱਖ ਲੋਚਾ ਰੱਖਦਾ ਹੈ। ਪਾਕਿਸਤਾਨ ਵਸਦੇ ਸਿੱਖਾਂ ਤੇ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂਆਂ ਤੋਂ ਇਲਾਵਾ ਗੁਰਪੁਰਬਾਂ ਤੇ ਹੋਰ ਇਤਿਹਾਸਕ ਦਿਹਾੜਿਆਂ ਮੌਕੇ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਭਾਰਤ ਸਮੇਤ ਵਿਦੇਸ਼ਾਂ ਤੋਂ ਵੀ ਕਾਫੀ ਸੰਗਤਾਂ ਪੁੱਜਦੀਆਂ ਹਨ। ਜੇਕਰ ਗੁਰਦੁਆਰਾ ਜਨਮ ਅਸਥਾਨ ਦੀ ਗੱਲ ਕਰੀਏ ਤਾਂ ਇਸ ਗੁਰਧਾਮ ਦਾ ਪ੍ਰਬੰਧ ਤੇ ਮਰਿਆਦਾ ਤਾਂ ਠੀਕ ਚੱਲ ਰਹੇ ਹਨ, ਪਰ ਇਸ ਸ਼ਹਿਰ ਵਿਚ ਸਥਿਤ ਬਾਕੀ ਗੁਰਦੁਆਰਾ ਸਾਹਿਬਾਨ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ।
ਸ੍ਰੀ ਨਨਕਾਣਾ ਸਾਹਿਬ, ਜੋ ਕਿ ਹੁਣ ਲਹਿੰਦੇ ਪੰਜਾਬ ਦਾ ਇਕ ਜ਼ਿਲ੍ਹਾ ਬਣ ਚੁੱਕਾ ਹੈ, ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਇਥੇ ਸਥਿਤ ਗੁਰਦੁਆਰਾ ਜਨਮ ਅਸਥਾਨ ਦੀ ਵਿਸ਼ਾਲ ਤੇ ਖੁੱਲ੍ਹੀ-ਡੁੱੱਲ੍ਹੀ ਇਮਾਰਤ ਸ਼ਰਧਾਲੂਆਂ ਦਾ ਮਨ ਮੋਹ ਲੈਂਦੀ ਹੈ। ਰੋਜ਼ਾਨਾ ਇਸ ਗੁਰਦੁਆਰਾ ਸਾਹਿਬ ਵਿਖੇ ਸਵੇਰੇ-ਸ਼ਾਮ ਪੰਥਕ ਮਰਯਾਦਾ ਅਨੁਸਾਰ ਧਾਰਮਿਕ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ, ਗੁਰਮਤਿ ਦੀਵਾਨ ਸਜਦੇ ਹਨ ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਵਸਦੇ ਦੋ ਕੁ ਹਜ਼ਾਰ ਦੇ ਕਰੀਬ ਸਿੱਖਾਂ ਵਿਚੋਂ ਵੱਡੀ ਗਿਣਤੀ ਵਿਚ ਸਿੱਖ ਪਰਿਵਾਰਾਂ ਦੇ ਸਿੱਖੀ ਸਰੂਪ ਵਿਚ ਪਰਪੱਕ ਬੱਚੇ, ਬੱਚੀਆਂ, ਨੌਜਵਾਨ ਤੇ ਬੀਬੀਆਂ ਸਵੇਰੇ-ਸ਼ਾਮ ਸ਼ਰਧਾ ਸਹਿਤ ਇਥੇ ਹਾਜ਼ਰੀ ਭਰਦੇ ਹਨ। ਇਸ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸਰੋਵਰ ਵੀ ਹੈ ਤੇ ਇਥੇ ਯਾਤਰੂਆਂ ਦੇ ਰੈਣ ਬਸੇਰੇ ਲਈ ਕਈ ਰਿਹਾਇਸ਼ੀ ਸਰਾਵਾਂ ਵੀ ਬਣੀਆਂ ਹੋਈਆਂ ਹਨ।
ਪਰ ਇਸ ਸ਼ਹਿਰ ਵਿਚ ਸਥਿਤ ਕਈ ਹੋਰਨਾਂ ਗੁਰਦੁਆਰਾ ਸਾਹਿਬਾਨ ਦੀ ਹਾਲਤ ਤਰਸਯੋਗ ਹੈ, ਜਿਸ ਵੱਲ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਓਕਾਫ਼ ਬੋਰਡ ਤੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ 'ਤੇ ਵਸਦੇ ਸਿੱਖਾਂ ਨੂੰ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈ। ਕੁਝ ਦਿਨ ਪਹਿਲਾਂ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਭਾਰਤ ਤੱਕ ਪਹਿਲੀ ਵਾਰ ਸਜਾਏ ਗਏ ਕੌਮਾਂਤਰੀ ਨਗਰ ਕੀਰਤਨ ਦੀ ਕਵਰੇਜ ਕਰਨ ਲਈ ਸ੍ਰੀ ਨਨਕਾਣਾ ਸਾਹਿਬ ਵਿਖੇ ਗਈ 'ਅਜੀਤ' ਦੀ ਦੋ ਮੈਂਬਰੀ ਟੀਮ ਵਲੋਂ ਜਦੋਂ ਇਸ ਸ਼ਹਿਰ 'ਚ ਸਥਿਤ ਬਾਕੀ ਗੁਰਦੁਆਰਾ ਸਾਹਿਬਾਨ ਦੀ ਵੀ ਯਾਤਰਾ ਕੀਤੀ ਗਈ ਤਾਂ ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਓਕਾਫ ਬੋਰਡ ਦੀ ਇਨ੍ਹਾਂ ਗੁਰਧਾਮਾਂ ਪ੍ਰਤੀ ਅਣਦੇਖੀ ਤੇ ਬੇਰੁਖ਼ੀ ਸਾਹਮਣੇ ਆਈ। ਗੁਰਦੁਆਰਾ ਜਨਮ ਅਸਥਾਨ ਸਮੇਤ ਗੁਰਦੁਆਰਿਆਂ ਦੇ ਵਿਸਥਾਰਤ ਇਤਿਹਾਸ ਸਬੰਧੀ ਯਾਤਰੂਆਂ ਨੂੰ ਜਾਣਕਾਰੀ ਦਿੰਦੇ ਬੋਰਡ ਬਹੁਤ ਘੱਟ ਗੁਰਦੁਆਰਿਆਂ 'ਚ ਨਜ਼ਰ ਆਉਂਦੇ ਹਨ ਤੇ ਨਾ ਹੀ ਗੁਰਦੁਆਰਾ ਕਮੇਟੀ ਵਲੋਂ ਇਨ੍ਹਾਂ ਗੁਰਦੁਆਰਿਆਂ ਦੇ ਦਰਸ਼ਨ ਕਰਾਉਣ ਲਈ ਕਿਸੇ ਵਿਸ਼ੇਸ਼ ਵਾਹਨ ਦੇ ਪ੍ਰਬੰਧ ਦੀ ਸਹੂਲਤ ਹੈ। ਸ਼ਰਧਾਲੂਆਂ ਨੂੰ ਆਟੋ ਰਿਕਸ਼ਾ ਵਾਲਿਆਂ ਦੀ ਸਹਾਇਤਾ ਜਾਂ ਫਿਰ ਪੈਦਲ ਹੀ ਦਰਸ਼ਨ ਕਰਨ ਜਾਣਾ ਪੈਂਦਾ ਹੈ।
ਗੁਰਦੁਆਰਾ ਸ੍ਰੀ ਪੱਟੀ ਸਾਹਿਬ ਤੇ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ
ਗੁਰਦੁਆਰਾ ਜਨਮ ਅਸਥਾਨ ਦੇ ਨਜ਼ਦੀਕ ਹੀ ਗੁਰਦੁਆਰਾ ਸ੍ਰੀ ਪੱਟੀ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ 'ਤੇ ਗੁਰੂ ਸਾਹਿਬ ਨੇ ਬਚਪਨ ਵਿਚ ਪਾਂਧੇ ਪਾਸੋਂ ਸਿੱਖਿਆ ਪ੍ਰਾਪਤ ਕਰਨ ਸਮੇਂ ਉਸ ਨੂੰ 'ਪਰਮਾਤਮਾ ਇਕ ਹੈ' ਦਾ ਅਧਿਆਤਮਿਕ ਸੰਦੇਸ਼ ਦਿੱਤਾ ਸੀ ਤੇ ਇਥੇ ਰਾਗ ਆਸਾ ਵਿਚ ਪੱਟੀ ਨਾਮੀ ਬਾਣੀ ਰਚ ਕੇ ਸੁਣਾਈ ਸੀ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਸਵੇਰ-ਸ਼ਾਮ ਕੁਝ ਸੰਗਤ ਵੀ ਦਰਸ਼ਨ ਕਰਨ ਆਉਂਦੀ ਹੈ। ਇਥੇ ਇਕ ਸਿਲਾਈ ਸਕੂਲ ਚੱਲ ਰਿਹਾ ਹੈ, ਪਰ ਸਾਫ਼-ਸਫਾਈ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਕੁਝ ਕਦਮਾਂ ਦੀ ਵਿੱਥ 'ਤੇ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਸਥਿਤ ਹੈ। ਇਥੇ ਗੁਰੂ ਸਾਹਿਬ ਬਾਲ ਅਵਸਥਾ ਸਮੇਂ ਸਾਥੀ ਹਾਣੀਆਂ ਨਾਲ ਖੇਡਦੇ ਹੁੰਦੇ ਸਨ। ਇਸ ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਦਾ ਨਵਾਂ ਏ.ਸੀ. ਹਾਲ ਬਣ ਚੁੱਕਾ ਹੈ ਤੇ ਬਾਕੀ ਦੀਵਾਨ ਹਾਲ ਤੇ ਲੰਗਰ ਹਾਲ ਦੀ ਕਾਰ ਸੇਵਾ ਵੀ ਜਾਰੀ ਹੈ। ਪਰ ਇਸ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਸਰੋਵਰ ਦੀ ਹਾਲਤ ਬਹੁਤ ਤਰਸਯੋਗ ਹੈ। ਇਸ ਸਰੋਵਰ ਵਿਚ ਜਲ ਤਾਂ ਇਕ ਪਾਸੇ ਰਿਹਾ, ਇਸ ਵਿਚ ਘਾਹ ਬੂਟੀ ਤੇ ਇਸ ਦੀ ਪਰਿਕਰਮਾ ਦੁਆਲੇ ਝਾੜੀਆਂ ਉੱਗੀਆਂ ਹੋਈਆਂ ਹਨ, ਜੋ ਪਾਕਿ ਗੁਰਦੁਆਰਾ ਕਮੇਟੀ ਤੇ ਓਕਾਫ ਬੋਰਡ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਦੇ ਦਾਅਵਿਆਂ ਦੀ ਫੂਕ ਕੱਢਦੀਆਂ ਹਨ। ਉਥੇ ਵਸਦੇ ਸਿੱਖਾਂ ਦਾ ਵੀ ਇਸ ਪਾਸੇ ਸ਼ਾਇਦ ਧਿਆਨ ਨਹੀਂ ਜਾਂਦਾ।
ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਦੇ ਵੀ ਸਰੋਵਰ ਦੀ ਹਾਲਤ ਤਰਸਯੋਗ
ਅੰਮ੍ਰਿਤ ਸਰੋਵਰ ਦੀ ਗੱਲ ਕਰੀਏ ਤਾਂ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਦੇ ਸਰੋਵਰ ਦੀ ਹਾਲਤ ਵੀ ਬਿਲਕੁਲ ਇਸੇ ਤਰ੍ਹਾਂ ਦੀ ਹੀ ਹੈ। ਇਸ ਗੁਰਦੁਆਰੇ ਦੇ ਇਤਿਹਾਸਕ ਪਿਛੋਕੜ ਅਨੁਸਾਰ ਜਦੋਂ ਬਚਪਨ ਵਿਚ ਗੁਰੂ ਸਾਹਿਬ ਇਸ ਥਾਂ 'ਤੇ ਆਪਣੇ ਪਸ਼ੂ ਚਾਰਦੇ ਸਨ ਤਾਂ ਇਕ ਦਿਨ ਉਨ੍ਹਾਂ ਦੇ ਭਗਤੀ 'ਚ ਲੀਨ ਹੋਣ ਕਾਰਨ ਪਸ਼ੂਆਂ ਨੇ ਇਕ ਜ਼ਿਮੀਂਦਾਰ ਦੀ ਫਸਲ ਖ਼ਰਾਬ ਕਰ ਦਿੱਤੀ, ਪਰ ਸ਼ਿਕਾਇਤ ਹੋਣ ਬਾਅਦ ਜਦੋਂ ਪੰਚਾਇਤ ਤੇ ਮੋਹਤਬਰਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਹ ਖ਼ਰਾਬ ਹੋਈ ਫ਼ਸਲ ਮੁੜ ਹਰੀ ਭਰੀ ਹੋ ਗਈ ਸੀ।
ਗੁਰਦੁਆਰਾ ਮਾਲਜੀ ਸਾਹਿਬ ਤੇ ਗੁਰਦੁਆਰਾ ਤੰਬੂ ਸਾਹਿਬ
ਇਸ ਦੇ ਥੋੜ੍ਹੀ ਨਜ਼ਦੀਕ ਹੀ ਗੁਰਦੁਆਰਾ ਮਾਲਜੀ ਸਾਹਿਬ ਦੀ ਨਵੀਂ ਇਮਾਰਤ ਉਸਾਰੀ ਅਧੀਨ ਹੈ। ਇਸ ਗੁਰਦੁਆਰੇ ਨੂੰ ਪਹਿਲਾਂ ਗੁਰਦੁਆਰਾ ਸਰਪ ਛਾਇਆ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਗੁਰੂ ਜੀ ਬਚਪਨ 'ਚ ਇਕ ਦਿਨ ਜਦੋਂ ਪਸ਼ੂ ਚਾਰਦੇ ਧੁੱਪੇ ਹੀ ਸੌਂ ਗਏ ਸਨ ਤਾਂ ਇਕ ਫਨੀਅਰ ਸੱਪ ਨੇ ਆਪਣਾ ਫੱਨ ਖਿਲਾਰ ਕੇ ਉਨ੍ਹਾਂ ਦੇ ਚਿਹਰੇ 'ਤੇ ਛਾਂ ਕੀਤੀ ਸੀ। ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਇਸ ਕੌਤਕ ਨੂੰ ਇਲਾਕੇ ਦੇ ਉਸ ਵੇਲੇ ਦੇ ਹਾਕਮ ਰਾਇ ਬੁਲਾਰ ਭੱਟੀ ਨੇ ਅੱਖੀਂ ਦੇਖਿਆ ਸੀ ਤੇ ਉਸ ਤੋਂ ਬਾਅਦ ਉਹ ਗੁਰੂ ਸਾਹਿਬ ਦਾ ਮੁਰੀਦ ਹੋ ਗਿਆ ਸੀ।
ਗੁਰਦੁਆਰਾ ਤੰਬੂ ਸਾਹਿਬ
ਨਨਕਾਣਾ ਸਾਹਿਬ ਵਿਚ ਹੀ ਗੁਰਦੁਆਰਾ ਤੂੰਬ ਸਾਹਿਬ, ਜਿਥੇ ਕਿ ਗੁਰੂ ਜੀ ਨੇ ਭੁੱਖੇ ਸਾਧੂਆਂ ਤੇ ਹੋਰਨਾਂ ਨੂੰ ਭੋਜਣ ਛਕਾਉਣ ਬਾਅਦ ਘਰ ਵਾਪਸੀ ਤੋਂ ਪਹਿਲਾਂ ਕੁਝ ਸਮਾਂ ਤੰਬੂ-ਨੁਮਾ ਵਣ ਦੇ ਸੰਘਣੇ ਦਰੱਖਤਾਂ ਹੇਠ ਬਿਤਾਇਆ ਸੀ, ਵੀ ਸੁਸ਼ੋਭਿਤ ਹੈ ਤੇ ਇਸ ਦੀ ਨਵੀਂ ਵਿਸ਼ਾਲ ਇਮਾਰਤ ਦੀ ਕਾਰ ਸੇਵਾ ਚੱਲ ਰਹੀ ਹੈ। ਇਥੇ ਵੱਡੀ ਯਾਤਰੀ ਸਰਾਂ ਵੀ ਬਣਾਈ ਗਈ ਹੈ। ਇਸ ਦੇ ਨਾਲ ਹੀ ਛਾਉਣੀ ਨਿਹੰਗ ਸਿੰਘਾਂ ਦੀ ਨਿੱਕੀ ਜਿਹੀ ਇਮਾਰਤ ਵੀ ਹੈ, ਜਿਸ ਦੇ ਨਾਂਅ ਕਾਫ਼ੀ ਜ਼ਮੀਨ ਦੱਸੀ ਜਾਂਦੀ ਹੈ। ਜਥੇ ਨਾਲ ਗਏ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਇਸ ਅਸਥਾਨ 'ਤੇ ਅਰਸੇ ਬਾਅਦ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ ਤੇ ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਇਸ ਅਸਥਾਨ ਦੀ ਕਾਰ ਸੇਵਾ ਬੁੱਢਾ ਦਲ ਵਲੋਂ ਕਰਾਉਣ ਦੀ ਪੇਸ਼ਕਸ਼ ਵੀ ਕੀਤੀ।
ਗੁਰਦੁਆਰਾ ਪਾਤਸ਼ਾਹੀ
ਪੰਜਵੀਂ ਤੇ ਛੇਵੀਂ
ਇਸ ਪਾਵਨ ਸ਼ਹਿਰ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਤੇ ਛੇਵੀਂ ਵੀ ਸਥਿਤ ਹੈ। ਇਸ ਛੋਟੇ ਜਿਹੇ ਗੁਰਦੁਆਰੇ ਵਿਚ ਕੇਵਲ ਦੋ ਕਮਰੇ ਬਣੇ ਹੋਏ ਹਨ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਆਉਣ ਸਮੇਂ ਇਸ ਥਾਂ 'ਤੇ ਠਹਿਰੇ ਸਨ।
ਇਥੇ ਜ਼ਿਕਰਯੋਗ ਹੈ ਕਿ ਸ੍ਰੀ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਵਸਦੇ ਸਿੱਖ ਵੀ ਸ੍ਰੀ ਨਨਕਾਣਾ ਸਾਹਿਬ ਦੇ ਕੁੱਝ ਮੁਖ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਬਾਕੀ ਛੋਟੇ ਗੁਰਦੁਆਰਾ ਸਾਹਿਬਾਨ ਵਿਖੇ ਦਰਸ਼ਨ ਕਰਨ ਵੀ ਕਦੇ-ਕਦਾਈਂ ਹੀ ਪੁੱਜਦੇ ਹਨ ਤੇ ਗ੍ਰੰਥੀ ਸਿੰਘਾਂ ਨੂੰ ਛੱਡ ਕੇ ਬਹੁਤੇ ਗੁਰਦੁਆਰਿਆਂ ਦਾ ਪ੍ਰਬੰਧ ਪਾਕਿ ਗੁਰਦੁਆਰਾ ਕਮੇਟੀ ਦੇ ਓਕਾਫ ਬੋਰਡ ਵਲੋਂ ਰੱਖੇ ਗਏ ਗੈਰ-ਸਿੱਖ ਕੇਅਰ ਟੇਕਰ, ਮੁਲਾਜ਼ਮਾਂ ਵਲੋਂ ਹੀ ਕੀਤਾ ਜਾਂਦਾ ਹੈ। ਕਈ ਗੁਰਦੁਆਰੇ ਤਾਂ ਭਾਰਤ ਤੋਂ ਜਾਣ ਵਾਲੇ ਵਿਸ਼ੇਸ਼ ਜਥਿਆਂ ਦੀ ਆਮਦ ਵੇਲੇ ਹੀ ਖੋਲ੍ਹੇ ਜਾਂਦੇ ਹਨ। ਪਾਕਿਸਤਾਨ ਸਰਕਾਰ ਅਰਸੇ ਤੋਂ ਬੰਦ ਪਏ ਕਈ ਇਤਿਹਾਸਕ ਗੁਰਦੁਆਰਿਆਂ ਨੂੰ ਮੁੜ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਰਹੀ ਹੈ, ਪਰ ਇਨ੍ਹਾਂ ਦੀ ਦੇਖ ਭਾਲ ਦੇ ਸਾਂਭ-ਸੰਭਾਲ ਵੱਲ ਵੀ ਵਿਸ਼ੇਸ਼ ਤਵੱਜੋਂ ਦੇਣ ਦੀ ਲੋੜ ਹੈ।


-ਅੰਮ੍ਰਿਤਸਰ। ਮੋਬਾ: 98558-55751

ਲੜੀਵਾਰ ਸਰੂਪ ਲਿਖਣ ਵਾਲੀ ਪਹਿਲੀ ਬੀਬੀ ਹੋਣ ਦਾ ਮਾਣ ਹਾਸਲ ਹੈ ਕਮਲਜੀਤ ਕੌਰ ਨੂੰ

ਕਹਿੰਦੇ ਹਨ ਜਦੋਂ ਇਨਸਾਨ ਦਾ ਇਰਾਦਾ ਪੱਕਾ ਅਤੇ ਹੌਸਲਾ ਕਾਇਮ ਹੋਵੇ ਤਾਂ ਕੋਈ ਵੀ ਤਾਕਤ ਉਸ ਦੀ ਮੰਜ਼ਿਲ ਦੇ ਰਸਤੇ ਵਿਚ ਰੁਕਾਵਟ ਨਹੀਂ ਬਣ ਸਕਦੀ। ਇਹੀ ਗੱਲ ਕਮਲਜੀਤ ਕੌਰ ਨੇ 7 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ-ਲਿਖਤ ਬੀੜ ਸੰਪੂਰਨ ਕਰਕੇ ਸਾਬਤ ਕਰ ਦਿਖਾਈ ਹੈ।
24 ਜਨਵਰੀ, 1976 ਨੂੰ ਪਿਤਾ ਕੁਲਦੀਪ ਸਿੰਘ ਮਤਵਾਲਾ ਅਤੇ ਮਾਤਾ ਪਰਮਜੀਤ ਕੌਰ ਦੇ ਘਰ ਜਨਮੀ ਕਮਲਜੀਤ ਕੌਰ ਨੇ ਗੁਰਮਤਿ ਸੰਗੀਤ ਦੀ ਐਮ. ਏ. ਦੇ ਨਾਲ ਫੈਸ਼ਨ ਡਿਜ਼ਾਈਨਿੰਗ, ਕੰਪਿਊਟਰ, ਸੰਗੀਤ ਵਿਸ਼ਾਰਦ ਅਤੇ ਗੁਰਮਤਿ ਸੰਗੀਤ ਦਾ ਡਿਪਲੋਮਾ ਵੀ ਕੀਤਾ ਹੋਇਆ ਹੈ ਪਰ ਉਸ ਨੇ ਸਕੂਲ ਵਿਚ ਪੰਜਾਬੀ ਦੀ ਕੋਈ ਪੜ੍ਹਾਈ ਨਹੀਂ ਕੀਤੀ। ਕਮਲਜੀਤ ਕੌਰ ਨੂੰ ਹਰਮੋਨੀਅਮ ਤੇ ਸ਼ਬਦ ਗਾਇਨ ਦਾ ਬਚਪਨ ਤੋਂ ਹੀ ਸ਼ੌਕ ਸੀ ਅਤੇ ਉਹ ਬਾਰ੍ਹਵੀਂ ਕਲਾਸ ਵਿਚ ਪੜ੍ਹਦੇ ਸਮੇਂ ਜਦੋਂ ਪਹਿਲੀ ਵਾਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਈ ਤਾਂ ਉਸ ਨੂੰ ਸ਼ਬਦ ਸੁਣਨ ਦਾ ਸ਼ੌਕ ਪੈਦਾ ਹੋ ਗਿਆ ਅਤੇ ਹੌਲੀ-ਹੌਲੀ ਗੁਰਸਿੱਖੀ ਵੱਲ ਧਿਆਨ ਵਧਦਾ ਗਿਆ। ਭਾਈ ਰਾਮ ਸਿੰਘ ਢਿੱਲੋਂ ਦੁਆਰਾ ਤਿਆਰ ਹੱਥ ਲਿਖਤ ਸਰੂਪ ਦੇ ਦਰਸ਼ਨ ਕਰਨ ਤੋਂ ਬਾਅਦ ਉਸ ਦੇ ਮਨ ਵਿਚ ਹੱਥ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣ ਦਾ ਵਿਚਾਰ ਆਇਆ। ਉਸ ਨੇ 1999 ਦੀ ਵਿਸਾਖੀ 'ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬੀ ਸਿੱਖਣੀ ਸ਼ੁਰੂ ਕੀਤੀ ਅਤੇ 13 ਜੁਲਾਈ, 2001 ਨੂੰ ਕਮਲਜੀਤ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਣਿਕ ਲੜੀਵਾਰ ਸਰੂਪ ਲਿਖਣਾ ਆਰੰਭ ਕਰ ਦਿੱਤਾ।
ਇਸ ਦੌਰਾਨ ਸੰਨ 2002 ਵਿਚ ਉਸ ਦਾ ਅਨੰਦ ਕਾਰਜ ਹੋ ਗਿਆ ਅਤੇ ਸਹੁਰਾ ਪਰਿਵਾਰ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣ ਦੇ ਕਾਰਜ ਵਿਚ ਪੂਰਾ ਸਹਿਯੋਗ ਦਿੱਤਾ। ਕਮਲਜੀਤ ਕੌਰ ਹਰ ਰੋਜ਼ 2 ਘੰਟੇ ਵਿਚ ਇਕ ਅੰਗ ਲਿਖਣ ਦੀ ਸੇਵਾ ਕਰਦੀ ਅਤੇ ਲਿਖੇ ਹੋਏ ਅੰਗਾਂ ਨੂੰ ਸ਼ਰਧਾ ਨਾਲ ਪਾਲੀਥੀਨ ਵਿਚ ਸੰਭਾਲ ਕੇ ਰੱਖ ਲੈਂਦੀ। ਉਸ ਨੇ ਸ਼੍ਰੋਮਣੀ ਕਮੇਟੀ ਦੁਆਰਾ ਛਾਪੀਆਂ ਸੈਂਚੀਆਂ ਤੋਂ ਹਰ ਲਾਈਨ ਅਤੇ ਅੰਗ ਉਪਰ ਸੈਂਚੀ ਦੇ ਬਰਾਬਰ ਹੀ ਬਾਣੀ ਦਾ ਉਤਾਰਾ ਕਰਕੇ 1430 ਅੰਗਾਂ ਦੀ ਲਿਖਾਈ ਅਤੇ ਤਤਕਰਾ 13 ਜੁਲਾਈ, 2008 ਨੂੰ ਸੰਪੂਰਨ ਕਰ ਦਿੱਤਾ।
ਸ਼੍ਰੋਮਣੀ ਕਮੇਟੀ ਵਲੋਂ ਕਮਲਜੀਤ ਕੌਰ ਨੂੰ ਲੜੀਵਾਰ ਸਰੂਪ ਲਿਖਣ ਵਾਲੀ ਪਹਿਲੀ ਬੀਬੀ ਹੋਣ ਦਾ ਸਰਟੀਫਿਕੇਟ ਅਤੇ ਸਨਮਾਨ ਪੱਤਰ ਵੀ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਵਲੋਂ ਵੀ ਕਮਲਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਅੱਜਕਲ੍ਹ ਥਰਮਲ ਪਲਾਂਟ, ਰੋਪੜ ਨੂੰਹੋਂ ਕਾਲੋਨੀ ਵਿਖੇ ਰਹਿ ਰਹੇ ਬੀਬੀ ਕਮਲਜੀਤ ਕੌਰ ਕੀਰਤਨ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਨ ਦੇ ਨਾਲ-ਨਾਲ ਕੀਰਤਨ ਅਤੇ ਸੰਗੀਤ ਦੀ ਸਿਖਲਾਈ ਵੀ ਦੇ ਰਹੇ ਹਨ।


-ਮੋਬਾ: 83601-43929

ਸ਼ਬਦ ਵਿਚਾਰ

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ॥

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਪੜ੍ਹੋ)
ਸਿਰੀਰਾਗੁ ਮਹਲਾ ੧
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਸਰਿ ਹੰਸ ਉਲਥੜੇ ਆਇ॥
ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ
ਆਵ ਘਟੈ ਦਿਨੁ ਜਾਇ॥
ਅੰਤਿ ਕਾਲਿ ਪਛੁਤਾਸੀ ਅੰਧੁਲੇ
ਜਾ ਜਮਿ ਪਕੜਿ ਚਲਾਇਆ॥
ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ
ਖਿਨ ਮਹਿ ਭਇਆ ਪਰਾਇਆ॥
ਬੁਧਿ ਵਿਸਰਜੀ ਗਈ ਸਿਆਣਪ
ਕਰਿ ਅਵਗਣ ਪਛੁਤਾਇ॥
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ
ਪ੍ਰਭੁ ਚੇਤਹੁ ਲਿਵ ਲਾਇ॥ ੩॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਬਿਰਧਿ ਭਇਆ ਤਨੁ ਖੀਣੁ॥
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ
ਕੰਨੀ ਸੁਣੈ ਨ ਵੈਣ॥
ਅਖੀ ਅੰਧੁ ਜੀਭ ਰਸੁ ਨਾਹੀ
ਰਹੇ ਪਰਾਕਉ ਤਾਣਾ॥
ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ
ਮਨਮੁਖ ਆਵਣ ਜਾਣਾ॥
ਖੜੁ ਪਕੀ ਕੁੜਿ ਭਜੈ ਬਿਨਸੈ
ਆਇ ਚਲੈ ਕਿਆ ਮਾਣੁ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ
ਗੁਰਮੁਖਿ ਸਬਦੁ ਪਛਾਣੁ॥ ੪॥
ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ
ਜਰੁ ਜਰਵਾਣਾ ਕੰਨਿ॥
ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ
ਅਵਗਣ ਖੜਸਨਿ ਬੰਨਿ॥
ਗੁਣ ਸੰਜਮਿ ਜਾਵੈ ਚੋਟ ਨ ਖਾਵੈ
ਨਾ ਤਿਸੁ ਜੰਮਣੁ ਮਰਣਾ॥
ਕਾਲੁ ਜਾਲੁ ਜਮੁ ਜੋਹਿ ਨ ਸਾਕੈ
ਭਾਇ ਭਗਤਿ ਭੈ ਤਰਣਾ॥
ਪਤਿ ਸੇਤੀ ਜਾਵੈ ਸਹਜਿ ਸਮਾਵੈ
ਸਗਲੇ ਦੂਖ ਮਿਟਾਵੈ॥
ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ
ਸਾਚੇ ਤੇ ਪਤਿ ਪਾਵੈ॥ ੪॥ ੨॥ (ਅੰਗ 75-76)
ਪਦ ਅਰਥ : ਸਰਿ-ਸਰੀਰ ਰੂਪੀ ਸਰੋਵਰ 'ਤੇ ਭਾਵ ਸਿਰ 'ਤੇ। ਹੰਸ-ਸਫੈਦ ਰੰਗ ਦੇ ਅਰਥਾਤ ਧੌਲੇ। ਉਲਥੜੇ ਆਇ-ਆ ਉਤਰਦੇ ਹਨ ਭਾਵ ਆ ਜਾਂਦੇ ਹਨ। ਜੋਬਨੁ-ਜਵਾਨੀ। ਜਰੂਆ-ਬੁਢਾਪਾ। ਜਿਣੈ-ਜਿੱਤਦਾ ਹੈ (ਵਧਣ ਲਗਦਾ ਹੈ)। ਆਵ-ਉਮਰ। ਦਿਨੁ ਜਾਇ-(ਜਿਵੇਂ ਜਿਵੇਂ) ਦਿਨ ਬੀਤਦੇ ਹਨ, ਦਿਨ ਗੁਜ਼ਰਦੇ ਹਨ। ਅੰਧੁਲੇ-ਹੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਜੀਵ। ਜਾ-ਜਦੋਂ। ਜਮਿ ਪਕੜਿ ਚਲਾਇਆ-ਜਦੋਂ ਜਮ ਨੇ ਫੜ ਕੇ ਤੈਨੂੰ ਅੱਗੇ ਤੋਰ ਲਿਆ। ਸਭੁ ਕਿਛੁ-ਤੂੰ ਹਰੇਕ ਚੀਜ਼ ਨੂੰ। ਅਪੁਨਾ ਕਰਿ ਕਰਿ ਰਾਖਿਆ-ਆਪਣੀਆਂ ਸਮਝ ਸਮਝ ਕੇ ਸੰਭਾਲਦਾ ਰਿਹਾ। ਖਿਨ ਮਹਿ-(ਜੋ) ਪਲ ਵਿਚ। ਭਇਆ ਪਰਾਇਆ-ਪਰਾਇਆ ਹੋ ਜਾਵੇਗਾ। ਬੁਧਿ ਵਿਸਰਜੀ-ਅਕਲ ਮਾਰੀ ਜਾਂਦੀ ਹੈ। ਗਈ ਸਿਆਣਪ-(ਸਾਰੀ) ਸਿਆਣਪ ਜਾਂਦੀ ਰਹਿੰਦੀ ਹੈ। ਕਰਿ ਅਵਗਣ-ਬੁਰੇ ਕਰਮ ਕਰਕੇ। ਪ੍ਰਭੁ ਚੇਤਹੁ-ਪ੍ਰਭੂ ਦੇ ਨਾਮ ਦਾ ਸਿਮਰਨ ਕਰੋ।
ਬਿਰਧਿ-ਬੁੱਢਾ ਹੋ ਜਾਂਦਾ ਹੈ। ਤਨੁ ਖੀਣੁ-ਸਰੀਰ ਕਮਜ਼ੋਰ ਅਰਥਾਤ ਕਮਜ਼ੋਰ ਹੋ ਜਾਂਦਾ ਹੈ। ਅਖੀ ਅੰਧੁ ਨ ਦੀਸਈ-ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ ਅਤੇ ਠੀਕ ਤਰ੍ਹਾਂ ਨਾਲ ਦਿਸਦਾ ਵੀ ਨਹੀਂ। ਵੈਣ-ਵਿਰਲਾਪ, ਕੀਰਨੇ, ਬਚਨ, ਗੱਲਾਂ। ਜੀਭ ਰਸੁ ਨਾਹੀ-ਜੀਭ ਦਾ ਸੁਆਦ ਜਾਂਦਾ ਰਹਿੰਦਾ ਹੈ। ਰਹੇ ਪਰਾਕਉ ਤਾਣਾ-ਬਲ ਤੇ ਉੱਦਮ ਰਹਿ ਜਾਂਦੇ ਹਨ ਭਾਵ ਦੂਜਿਆਂ ਦੇ ਆਸਰੇ ਰਹਿੰਦਾ ਹੈ। ਗੁਣ ਅੰਤਰਿ ਨਾਹੀ-ਹਿਰਦੇ ਅੰਦਰ ਕੋਈ ਗੁਣ ਨਹੀਂ। ਆਵਣ ਜਾਣਾ-ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਖੜੁ ਪਕੀ-ਪੱਕੀ ਹੋਈ ਖੇਤੀ। ਕੁੜਿ-ਝੁਕਣ ਨਾਲ, ਲਿਫਿਆਂ। ਭਜੈ-ਟੁੱਟ ਜਾਂਦੀ ਹੈ। ਬਿਨਸੈ-ਨਾਸ ਹੋ ਜਾਂਦੀ ਹੈ। ਆਇ ਚਲੈ-(ਸੰਸਾਰ ਵਿਚ) ਆ ਕੇ ਫਿਰ ਚਲੇ (ਤੁਰ) ਜਾਂਦਾ ਹੈ। ਕਿਆ ਮਾਣੁ-ਇਸ ਲਈ ਮਾਣ ਕਿਸ ਗੱਲ ਦਾ? ਗੁਰਮੁਖਿ ਸਬਦੁ ਪਛਾਣੁ-ਗੁਰਦੁਆਰਾ ਸ਼ਬਦ ਨੂੰ ਪਛਾਨਣਾ ਕਰ, ਸ਼ਬਦ ਵਿਚ ਮਨ ਨੂੰ ਜੋੜ।
ਓੜਕੁ ਆਇਆ-ਆਖਰੀ ਸਮਾਂ ਆ ਜਾਂਦਾ ਹੈ। ਤਿਨ ਸਾਹਿਆ-ਉਨ੍ਹਾਂ ਸੁਆਸਾਂ ਦਾ। ਜਰੁ ਜਰਵਾਣਾ-ਜ਼ਾਲਮ ਬੁਢਾਪਾ। ਕੰਨਿ-ਕੰਧੇ 'ਤੇ, ਮੋਢਿਆਂ 'ਤੇ। ਇਕ ਰਤੀ-ਇਕ ਰੱਤੀ ਭਰ। ਗੁਣ ਨ ਸਮਾਣਿਆ-ਗੁਣ (ਹਿਰਦੇ ਵਿਚ) ਨਾ ਸਮਾਏ। ਅਵਗਣ-ਅਵਗੁਣਾਂ ਦੇ ਕਾਰਨ। ਖੜਸਨਿ ਬੰਨਿ-ਬੰਨ੍ਹ ਖੜਨਗੇ, ਬੰਨ੍ਹ ਕੇ ਲੈ ਜਾਣਗੇ। ਗੁਣ ਸੰਜਮਿ ਜਾਵੈ-ਆਤਮਿਕ ਗੁਣਾਂ ਦੇ ਸੰਜਮ ਨਾਲ ਜਾਂਦਾ ਹੈ। ਚੋਟ ਨ ਖਾਵੈ-ਜਮਾਂ ਦੀ ਚੋਟ ਨਹੀਂ ਖਾਂਦਾ। ਨਾ ਤਿਸੁ ਜੰਮਣੁ ਮਰਣਾ-ਨਾ ਹੀ ਉਸ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਪੈਂਦਾ ਹੈ। ਕਾਲੁ ਜਾਲੁ ਜਮੁ-ਕਾਲ ਰੂਪੀ ਜਾਲ ਵਾਲਾ ਜਮ। ਜੋਹਿ ਨ ਸਾਕੈ-ਤਕ ਨਹੀਂ ਸਕਦਾ। ਭਾਇ ਭਗਤਿ-ਪ੍ਰੇਮਾ ਭਗਤੀ ਨਾਲ। ਭੈ ਤਰਣਾ-ਡਰਾਉਣੇ (ਸੰਸਾਰ ਸਮੁੰਦਰ 'ਚੋਂ) ਤਰ ਕੇ ਪਾਰ ਲੰਘ ਜਾਂਦਾ ਹੈ। ਪਤਿ ਸੇਤੀ ਜਾਵੈ-ਇੱਜ਼ਤ ਨਾਲ ਜਾਂਦਾ ਹੈ। ਸਹਜਿ ਸਮਾਵੈ-ਸਹਿਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਸਗਲੇ-ਸਾਰੇ। ਦੂਖ ਮਿਟਾਵੈ-ਦੁੱਖਾਂ ਕਲੇਸ਼ਾਂ ਨੂੰ ਦੂਰ ਕਰ ਲੈਂਦਾ ਹੈ।
ਸਿਰਮੌਰ ਭਗਤ ਕਬੀਰ ਜੀ ਦੇ ਰਾਗੁ ਭੈਰਉ ਵਿਚ ਪਾਵਨ ਬਚਨ ਹਨ ਕਿ ਹੇ ਜੀਵ, ਜੇਕਰ ਤੂੰ ਇਸ ਵੇਲੇ ਭਜਨ ਨਹੀਂ ਕੀਤਾ ਤਾਂ ਕਿਸ ਵੇਲੇ ਕਰੇਂਗਾ? ਜਦੋਂ ਮੌਤ ਨੇ ਸਿਰ 'ਤੇ ਆ ਕੂਕਣਾ ਹੈ, ਤੇਰੇ ਪਾਸੋਂ ਉਸ ਵੇਲੇ ਭਜਨ ਨਹੀਂ ਕੀਤਾ ਜਾਣਾ। ਜੋ ਕੁਝ ਭਾਵ ਭਜਨ ਬੰਦਗੀ ਕਰਨੀ ਹੈ, ਉਹ ਹੁਣੇ ਹੀ ਕਰ ਲੈ, ਨਹੀਂ ਤਾਂ ਬਾਅਦ ਵਿਚ ਪਛਤਾਏਂਗਾ-
ਅਬ ਨ ਭਜਸਿ ਭਜਸਿ ਕਬ ਭਾਈ॥
ਆਵੈ ਅੰਤੁ ਨ ਭਜਿਆ ਜਾਈ॥
ਜੋ ਕਿਛੁ ਕਰਹਿ ਸੋਈ ਅਬ ਸਾਰੁ॥
ਫਿਰਿ ਪਛੁਤਾਹੁ ਨ ਪਾਵਹੁ ਪਾਰੁ॥ (ਅੰਗ 1159)
ਅੱਖਰੀਂ ਅਰਥ : ਹੇ ਜੀਵ ਵਣਜਾਰੇ ਮਿੱਤਰ, ਜੀਵਨ ਰੂਪੀ ਰਾਤ ਦੇ ਤੀਜੇ ਪਹਿਰੇ ਸਿਰ 'ਤੇ ਹੰਸ ਆ ਉਤਰਦੇ ਹਨ ਭਾਵ ਮਨੁੱਖ ਦੇ ਧੌਲੇ ਆ ਜਾਂਦੇ ਹਨ। ਜਵਾਨੀ ਘਟਦੀ ਜਾਂਦੀ ਹੈ ਅਤੇ ਬੁਢਾਪਾ ਆ ਘੇਰਦਾ ਹੈ, ਇਕ-ਇਕ ਦਿਨ ਬੀਤਣ ਨਾਲ ਉਮਰ ਘਟਦੀ ਜਾਂਦੀ ਹੈ। ਹੁਣ ਜਦੋਂ ਜਮ ਨੇ ਫੜ ਕੇ ਤੈਨੂੰ ਅੱਗੇ ਲਾ ਲਿਆ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਤੂੰ ਪਛਤਾਏਂਗਾ। ਜਿਨ੍ਹਾਂ ਚੀਜ਼ਾਂ ਨੂੰ ਤੂੰ ਆਪਣੀਆਂ ਕਰ-ਕਰ ਕੇ ਸਾਂਭਦਾ ਰਿਹਾ, ਉਹ (ਮੌਤ ਆਉਣ 'ਤੇ) ਪਲ ਵਿਚ ਪਰਾਈਆਂ ਹੋ ਜਾਂਦੀਆਂ ਹਨ। ਹੁਣ ਜੀਵ ਦੀ ਜਦੋਂ ਮੱਤ ਮਾਰੀ ਜਾਂਦੀ ਹੈ ਅਤੇ ਸਿਆਣਪ ਵੀ ਜਾਂਦੀ ਰਹਿੰਦੀ ਹੈ ਤਾਂ ਕੀਤੇ ਮੰਦੇ ਕੰਮਾਂ 'ਤੇ ਪਛਤਾਉਂਦਾ ਹੈ।
ਗੁਰੂ ਬਾਬਾ ਜੀਵਨ ਰੂਪੀ ਰਾਤ ਦੇ ਤੀਜੇ ਪਹਰ ਜੀਵ ਨੂੰ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਭਾਈ, ਪ੍ਰਭੂ ਵਿਚ ਲਿਵ ਨੂੰ ਜੋੜ ਕੇ ਉਸ ਦੇ ਨਾਮ ਦਾ ਸਿਮਰਨ ਕਰੋ। ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿੱਤਰ, ਜੀਵਨ ਰੂਪੀ ਰਾਤ ਦੇ ਚੌਥੇ ਪਹਿਰ ਜੀਵ ਬੁੱਢਾ ਹੋ ਜਾਂਦਾ ਹੈ ਅਤੇ ਉਸ ਦਾ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ। ਮਨੁੱਖ ਦੀਆਂ ਅੱਖਾਂ ਅੱਗੇ ਹਨੇਰਾ ਆ ਜਾਣ ਨਾਲ ਉਸ ਨੂੰ ਫਿਰ ਚੰਗੀ ਤਰ੍ਹਾਂ ਨਾਲ ਦਿਖਾਈ ਵੀ ਨਹੀਂ ਦਿੰਦਾ ਅਤੇ ਕੰਨਾਂ ਤੋਂ ਚੰਗੀ ਤਰ੍ਹਾਂ ਨਾਲ ਸੁਣਿਆ ਵੀ ਨਹੀਂ ਜਾਂਦਾ। ਮਨੁੱਖ ਕੇਵਲ ਅੱਖਾਂ ਤੋਂ ਅੰਨ੍ਹਾ ਹੀ ਨਹੀਂ ਹੁੰਦਾ, ਹੁਣ ਉਸ ਦਾ ਜੀਭ ਦਾ ਸੁਆਦ ਵੀ ਜਾਂਦਾ ਰਹਿੰਦਾ ਹੈ। ਪ੍ਰਾਣੀ ਦਾ ਬਲ ਅਤੇ ਉੱਦਮ ਵੀ ਰਹਿ ਜਾਂਦੇ ਹਨ ਭਾਵ ਉਹ ਦੂਜਿਆਂ ਦੇ ਆਸਰੇ 'ਤੇ ਰਹਿ ਜਾਂਦਾ ਹੈ। ਜਦੋਂ ਪ੍ਰਾਣੀ ਨੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਕਦੀ ਵਸਾਇਆ ਹੀ ਨਹੀਂ, ਫਿਰ ਸੁਖਾਂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਇੰਜ ਆਪਣੇ ਮਨ ਦੇ ਪਿੱਛੇ ਲੱਗਣ ਵਾਲਾ ਮਨਮੁਖ ਜਨਮ-ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਜਿਵੇਂ ਪੱਕੀ ਹੋਈ ਖੇਤੀ ਝੁਕਣ ਜਾਂ ਲਿਫਣ ਨਾਲ ਟੁੱਟ ਜਾਂਦੀ ਹੈ, ਢਹਿ ਜਾਂਦੀ ਹੈ, ਇਸੇ ਤਰ੍ਹਾਂ ਮਨੁੱਖ 'ਤੇ ਬੁਢਾਪਾ ਆਉਣ ਨਾਲ ਉਸ ਦਾ ਸਰੀਰ ਨਾਸ ਹੋ ਜਾਂਦਾ ਅਤੇ ਪ੍ਰਾਣੀ ਜਗਤ ਵਿਚੋਂ ਤੁਰ ਜਾਂਦਾ ਹੈ। ਤਾਂ ਫਿਰ ਸਰੀਰ 'ਤੇ ਮਾਣ ਕਰਨਾ ਸਭ ਨਿਰਮੂਲ ਹੈ।
ਇਸ ਲਈ ਹੇ ਭਾਈ, ਜੀਵਨ ਰੂਪੀ ਰਾਤ ਦੇ ਚੌਥੇ ਪਹਿਰ (ਜਦੋਂ ਤੂੰ ਬੁੱਢਾ ਹੋ ਚੁੱਕਾ ਹੈਂ) ਹੁਣ ਤਾਂ ਗੁਰੂ ਦੇ ਸ਼ਬਦ ਨੂੰ ਪਛਾਣ, ਹੁਣ ਤਾਂ ਗੁਰੂ ਦੇ ਸ਼ਬਦ ਵਿਚ ਮਨ ਨੂੰ ਜੋੜ। ਹੇ ਵਣਜਾਰੇ ਮਿੱਤਰ, ਜਦੋਂ (ਮਿਲੇ ਹੋਏ) ਸੁਆਸਾਂ ਦਾ ਆਖਰੀ ਸਮਾਂ ਆ ਜਾਂਦਾ ਹੈ ਤਾਂ ਜ਼ਾਲਮ ਬੁਢਾਪਾ ਮੋਢਿਆਂ ਤੱਕ ਪੁੱਜ ਜਾਂਦਾ ਹੈ ਭਾਵ ਜੀਵ ਦਾ ਅੰਤ ਆ ਜਾਂਦਾ ਹੈ। ਜਦੋਂ ਰਤੀ ਭਰ ਵੀ ਗੁਣ ਹਿਰਦੇ ਵਿਚ ਨਾ ਸਮਾਏ ਹੋਣ ਤਾਂ ਜੀਵ ਦੇ ਆਪਣੇ ਹੀ ਔਗੁਣ ਉਸ ਨੂੰ ਬੰਨ੍ਹ ਕੇ ਅੱਗੇ ਲੈ ਤੁਰਨਗੇ। ਜਿਹੜੇ ਸੰਜਮ ਨਾਲ ਆਤਮਿਕ ਗੁਣਾਂ ਨੂੰ ਗ੍ਰਹਿਣ ਕਰਕੇ ਇਥੋਂ ਜਾਂਦੇ ਹਨ, ਉਨ੍ਹਾਂ ਨੂੰ ਅੱਗੇ ਜਾ ਕੇ ਜਮ ਦੀ ਮਾਰ ਖਾਣੀ ਨਹੀਂ ਪੈਂਦੀ ਅਤੇ ਨਾ ਹੀ ਉਹ ਜਨਮ-ਮਰਨ ਦੇ ਗੇੜ ਵਿਚ ਪੈਂਦੇ ਹਨ। ਜਮ ਦਾ ਕਾਲ ਰੂਪ ਜਾਲ ਉਸ ਨੂੰ ਤੱਕ ਨਹੀਂ ਸਕਦਾ। ਪ੍ਰੇਮਾ ਭਗਤੀ ਸਦਕਾ ਉਹ ਇਸ ਡਰਾਉਣੇ ਸੰਸਾਰ ਸਮੁੰਦਰ 'ਚੋਂ ਤਰ ਕੇ ਪਾਰ ਲੰਘ ਜਾਂਦਾ ਹੈ। ਅਜਿਹਾ ਪ੍ਰਾਣੀ ਸਾਰੇ ਦੁੱਖਾਂ ਦਾ ਨਾਸ ਕਰਕੇ ਸਹਿਜ ਅਵਸਥਾ ਵਿਚ ਟਿਕ ਕੇ ਇੱਜ਼ਤ ਨਾਲ (ਪਰਲੋਕ) ਜਾਂਦਾ ਹੈ।
ਅੰਤ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲਾ ਗੁਰਮੁਖਿ ਜਨ ਜਮ ਦੀ ਮਾਰ ਤੋਂ ਛੁੱਟ ਜਾਂਦਾ ਹੈ ਅਤੇ ਸਦਾ ਥਿਰ ਪ੍ਰਭੂ ਦੀ ਦਰਗਾਹ 'ਚੋਂ ਉਸ ਨੂੰ ਇੱਜ਼ਤ-ਮਾਣ ਪ੍ਰਾਪਤ ਹੁੰਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਬਰਸੀ 'ਤੇ ਵਿਸ਼ੇਸ਼

ਸਿਰਦਾਰ ਕਪੂਰ ਸਿੰਘ

ਸਿਰਦਾਰ ਕਪੂਰ ਸਿੰਘ ਦਾ ਜਨਮ ਜਗਰਾਉਂ (ਲੁਧਿਆਣਾ) ਦੇ ਇਕ ਨੇੜਲੇ ਪਿੰਡ ਵਿਚ 2 ਮਾਰਚ, 1909 ਈ: ਨੂੰ ਸਰਦਾਰ ਦੀਦਾਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖ ਤੋਂ ਹੋਇਆ। ਸਿਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਦੀ ਵਿੱਦਿਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਆਪ ਨੇ ਲਾਹੌਰ ਤੋਂ ਪ੍ਰਾਪਤ ਕੀਤੀ।
ਦੇਸ਼ ਦੀ ਆਜ਼ਾਦੀ ਤੋਂ ਪਿੱਛੋਂ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਏ ਤੋਂ ਆਪ ਹਮੇਸ਼ਾ ਚਿੰਤਤ ਰਹਿੰਦੇ ਸਨ। ਪੰਜਾਬ ਦੇ ਗਵਰਨਰ ਸ੍ਰੀ ਚੰਦੂ ਲਾਲ ਤ੍ਰਿਵੇਦੀ ਵੱਲੋਂ 10 ਅਕਤੂਬਰ, 1947 ਨੂੰ ਦੇਸ਼ ਦੇ ਬਟਵਾਰੇ ਤੋਂ ਚੰਦ ਦਿਨਾਂ ਬਾਅਦ ਇਕ ਗਸ਼ਤੀ ਚਿੱਠੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ। ਇਸ ਚਿੱਠੀ ਵਿਚ ਸਿੱਖਾਂ ਨੂੰ ਮੁਜਰਮਾਨਾ ਬਿਰਤੀ ਦੇ ਆਖ ਕੇ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਵਾਚਣ ਲਈ ਕਿਹਾ ਗਿਆ। ਇਸ ਗਸ਼ਤੀ ਪੱਤਰ ਨੇ ਇਨ੍ਹਾਂ ਦੇ ਹਿਰਦੇ 'ਤੇ ਡੂੰਘੀ ਸੱਟ ਮਾਰੀ। ਬਤੌਰ ਡਿਪਟੀ ਕਮਿਸ਼ਨਰ ਇਨ੍ਹਾਂ ਵੱਲੋਂ ਇਸ ਪੱਤਰ ਦੇ ਉੱਤਰ ਵਜੋਂ ਭਾਰਤ ਸਰਕਾਰ ਪ੍ਰਤੀ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਚਿੱਠੀ ਦੇ ਸਖ਼ਤ ਉੱਤਰ ਪਿੱਛੋਂ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. 'ਤੇ ਨਿਗੂਣੇ ਜਿਹੇ ਦੋਸ਼ ਲਾ ਕੇ ਮੁਕੱਦਮਾ ਚਲਾਇਆ ਗਿਆ। ਛੇਤੀ ਹੀ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਸਰਕਾਰੀ ਨੌਕਰੀ ਤੋਂ ਬਰਖ਼ਾਸਤ ਹੋਣ ਤੋਂ ਪਿੱਛੋਂ ਆਪ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਬੇਇਨਸਾਫ਼ੀ ਨੂੰ ਖ਼ਤਮ ਕਰਨ ਲਈ ਪੂਰਨ ਰੂਪ ਵਿਚ ਖ਼ੁਦ ਨੂੰ ਸਮਰਪਿਤ ਕਰਕੇ ਕਾਰਜ ਕਰਨਾ ਆਰੰਭ ਦਿੱਤਾ। ਉਹ ਜ਼ਿੰਦਗੀ ਭਰ ਸਿੱਖਾਂ ਨੂੰ ਕੌਮ ਵਜੋਂ ਪ੍ਰਭੂਸੱਤਾ ਸੰਪੰਨ ਕਰਨ ਲਈ ਭਾਰਤ ਸਰਕਾਰ ਵਿਰੁੱਧ ਇਕ ਉੱਘੇ ਸਿੱਖ ਬੁੱਧੀਜੀਵੀ ਵਾਲੀ ਭੂਮਿਕਾ ਨਿਭਾਉਂਦਿਆਂ ਸੰਘਰਸ਼ਸ਼ੀਲ ਤਾਕਤਾਂ ਦੇ ਹੱਕ ਵਿਚ ਆਵਾਜ਼ ਉਠਾਉਂਦੇ ਰਹੇ। 1962 ਈ: ਵਿਚ ਲੁਧਿਆਣਾ ਤੋਂ ਅਕਾਲੀ ਦਲ ਦੀ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਜਿੱਤੀ। ਸਿਰਦਾਰ ਕਪੂਰ ਸਿੰਘ ਸਪੱਸ਼ਟਵਾਦੀ ਤੇ ਨਿਧੜਕ ਲੇਖਕ ਸਨ। ਉਨ੍ਹਾਂ ਦੀ 'ਸਾਚੀ ਸਾਖੀ' ਪੁਸਤਕ ਸਿੱਖ ਕੌਮ ਨਾਲ ਹੋ ਰਹੇ ਰਾਜਨੀਤਕ ਵਿਤਕਰੇ ਦੇ ਸੱਚ ਨੂੰ ਪ੍ਰਗਟ ਕਰਦੀ ਹੈ, ਜਿਸ ਉੱਪਰ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ। ਸਿੱਖ ਬੁੱਧੀਜੀਵੀਆਂ ਵਿਚ ਉਹ ਬਹੁ-ਭਾਸ਼ਾਈ ਵਿਦਵਾਨ ਵਜੋਂ ਰਹਿੰਦੀ ਦੁਨੀਆ ਤੱਕ ਸਤਿਕਾਰ ਪ੍ਰਾਪਤ ਕਰਦੇ ਰਹਿਣਗੇ। ਇਹ ਮਹਾਨ ਸ਼ਖ਼ਸੀਅਤ 1984 ਦੇ ਘੱਲੂਘਾਰੇ ਤੋਂ ਪਿੱਛੋਂ ਹੋ ਰਹੀ ਸਿੱਖ ਨਸਲਕੁਸ਼ੀ ਦੇ ਦਿਨਾਂ ਵਿਚ 13 ਅਗਸਤ, 1986 ਈ: ਨੂੰ ਜਗਰਾਉਂ (ਲੁਧਿਆਣਾ) ਵਿਖੇ ਆਪਣੇ ਸਨੇਹੀਆਂ 'ਤੇ ਪ੍ਰਸੰਸਕਾਂ ਨੂੰ ਸਦੀਵੀ ਵਿਛੋੜਾ ਦੇ ਗਈ। ਉਨ੍ਹਾਂ ਦੀ ਯਾਦ ਨੂੰ ਪ੍ਰਣਾਮ!


bhagwansinghjohal@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX