ਤਾਜਾ ਖ਼ਬਰਾਂ


ਕੋਤਵਾਲੀ ਪੁਲਿਸ ਵੱਲੋਂ 400 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
. . .  46 minutes ago
ਕਪੂਰਥਲਾ, 27 ਫਰਵਰੀ (ਅਮਰਜੀਤ ਸਿੰਘ ਸਡਾਨਾ)-ਡੀ.ਐੱਸ.ਪੀ. ਸਬ ਡਵੀਜ਼ਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਨਾਕਾਬੰਦੀ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਟਰੱਕ ਸਵਾਰ...
ਬੰਗਾ ਇਲਾਕੇ 'ਚ ਡਿੱਗੇ ਪਾਕਿਸਤਾਨੀ ਗੁਬਾਰੇ
. . .  about 2 hours ago
ਬੰਗਾ , 27 ਫ਼ਰਵਰੀ ( ਜਸਬੀਰ ਸਿੰਘ ਨੂਰਪੁਰ )-ਬੰਗਾ ਇਲਾਕੇ ਦੇ ਪਿੰਡਾਂ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਗੁਬਾਰੇ ਮਿਲੇ ।ਇਨ੍ਹਾਂ ਗ਼ੁਬਾਰਿਆਂ 'ਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਜਿਨਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ...
ਕਰਜ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਅੰਨਦਾਤਾ
. . .  about 2 hours ago
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੋਂ ਦੇ ਇੱਕ ਕਿਸਾਨ ਸੁਰਿੰਦਰ ਸਿੰਘ (39 ਸਲ) ਵੱਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ...
ਆਪ ਕੌਂਸਲਰ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ
. . .  about 3 hours ago
ਨਵੀਂ ਦਿੱਲੀ, 27 ਫਰਵਰੀ - ਆਪ ਕੌਂਸਲਰ ਦੇ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ ਹੋਈ ਹੈ। ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਚਲਾਏ ਪ੍ਰੋਜੈਕਟ ਸੰਬੰਧੀ 5 ਮਾਰਚ ਨੂੰ ਹੋਵੇਗੀ ਮੀਟਿੰਗ
. . .  about 3 hours ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰ ਪ੍ਰਾਇਮਰੀ ਸਕੂਲਾਂ ਅੰਦਰ ਪ੍ਰਾਇਮਰੀ ਸਿੱਖਿਆ...
ਕਰੋੜਾਂ ਦੇ ਬੈਂਕ ਘੁਟਾਲੇ ਵਾਲੇ ਮਾਮਲੇ 'ਚ 5 ਦੋਸ਼ੀਆਂ ਨੂੰ 4-4 ਸਾਲ ਦੀ ਕੈਦ
. . .  about 3 hours ago
ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)- ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਬਹੁਚਰਚਿਤ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਵਾਲੇ...
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ
. . .  about 4 hours ago
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ...
ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਚੁੱਕੇਗੀ ਦਿੱਲੀ ਸਰਕਾਰ : ਕੇਜਰੀਵਾਲ
. . .  about 4 hours ago
ਨਵੀਂ ਦਿੱਲੀ, 27 ਫਰਵਰੀ- ਉੱਤਰ ਪੂਰਬੀ ਦਿੱਲੀ ਦੇ ਖਈ ਇਲਾਕਿਆਂ 'ਚ ਹੋਈ ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਦਿੱਲੀ ਦੀ ਕੇਜਰੀਵਾਲ ਸਰਕਾਰ ....
ਅੱਡਾ ਅੰਮੋਨੰਗਲ ਕੋਲੋਂ ਮਿਲੀ ਨੌਜਵਾਨ ਦੀ ਲਾਸ਼
. . .  about 4 hours ago
ਅੱਚਲ ਸਾਹਿਬ, 27 ਫਰਵਰੀ (ਗੁਰਚਰਨ ਸਿੰਘ)- ਬਟਾਲਾ-ਜਲੰਧਰ ਰੋਡ ਅੱਡਾ ਅੰਮੋਨੰਗਲ ਨਜ਼ਦੀਕ ਕਰੀਬ 24 ...
ਦਿੱਲੀ ਹਿੰਸਾ 'ਚ ਮਾਮੂਲੀ ਜ਼ਖਮੀ ਹੋਏ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਮੁਆਵਜ਼ਾ: ਕੇਜਰੀਵਾਲ
. . .  about 5 hours ago
ਹੋਰ ਖ਼ਬਰਾਂ..

ਖੇਡ ਜਗਤ

ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ 2020

ਭਾਰਤੀ ਮਹਿਲਾ ਟੀਮ ਹੈ ਮਜ਼ਬੂਤ ਦਾਅਵੇਦਾਰ

ਕ੍ਰਿਕਟ ਦੇ ਚਾਰੇ ਪਾਸੇ ਚੱਲ ਰਹੇ ਮੁਕਾਬਲਿਆਂ ਦਰਮਿਆਨ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਆਸਟ੍ਰੇਲੀਆ ਵਿਚ ਸ਼ੁਰੂ ਹੋ ਚੁੱਕਾ ਹੈ। ਖ਼ਾਸ ਗੱਲ ਇਹ ਵੀ ਹੈ ਕਿ ਇਸ ਦਾ ਫਾਈਨਲ ਕੌਮਾਂਤਰੀ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ ਵਿਚ ਐਤਕੀਂ ਟੀਮਾਂ ਦੀ ਗਿਣਤੀ ਪਿਛਲੀ ਵਾਰ ਦੀਆਂ 8 ਤੋਂ ਵਧਾ ਕੇ 10 ਕੀਤੀ ਗਈ ਹੈ ਜਿਨ੍ਹਾਂ ਵਿਚ ਮੇਜ਼ਬਾਨ ਆਸਟਰੇਲੀਆ ਤੋਂ ਇਲਾਵਾ, ਭਾਰਤ, ਵੈਸਟਇੰਡੀਜ਼, ਸ੍ਰੀਲੰਕਾ, ਇੰਗਲੈਂਡ, ਪਾਕਿਸਤਾਨ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਥਾਈਲੈਂਡ ਦੀਆਂ ਮਹਿਲਾ ਟੀਮਾਂ ਸ਼ਾਮਿਲ ਹਨ। ਇਨ੍ਹਾਂ ਦਸ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ। ਪੂਲ 'ਏ' ਵਿਚ ਆਸਟਰੇਲੀਆ, ਭਾਰਤ, ਨਿਊਜ਼ੀਲੈਂਡ, ਸ੍ਰੀਲੰਕਾ ਅਤੇ ਬੰਗਲਾਦੇਸ਼ ਸ਼ਾਮਿਲ ਹਨ ਜਦਕਿ ਇੰਗਲੈਂਡ, ਵੈਸਟਇੰਡੀਜ਼, ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਥਾਈਲੈਂਡ ਦੇ ਭੇੜ ਹੋਣਗੇ। ਇਨ੍ਹਾਂ ਟੀਮਾਂ ਦਰਮਿਆਨ ਪਹਿਲੇ ਦੌਰ ਦੇ ਮੁਕਾਬਲੇ ਯਾਨੀ ਪੂਲ ਮੁਕਾਬਲੇ 2 ਮਾਰਚ ਤੱਕ ਖੇਡੇ ਜਾਣਗੇ ਇਸ ਉਪਰੰਤ ਸੈਮੀਫਾਈਨਲ ਅਤੇ ਫਾਈਨਲ ਮੈਚ ਹੋਣਗੇ। ਜੇਕਰ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਮੇਜ਼ਬਾਨ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਪਿਛਲੇ ਇਕ ਰੋਜ਼ਾ ਮਹਿਲਾ ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਮਾਮੂਲੀ ਜਿਹੇ ਫ਼ਰਕ ਨਾਲ ਖੁੰਝਣ ਵਾਲੀ ਭਾਰਤੀ ਮਹਿਲਾ ਟੀਮ ਚੋਟੀ ਦੇ ਦਾਅਵੇਦਾਰਾਂ ਵਿਚੋਂ ਇਕ ਹੈ। ਭਾਰਤੀ ਮਹਿਲਾ ਟੀਮ 2017 ਵਿਸ਼ਵ ਕੱਪ ਖਿਤਾਬ ਦੇ ਕਾਫੀ ਕਰੀਬ ਪਹੁੰਚ ਕੇ ਫਾਈਨਲ ਵਿਚ ਮੇਜ਼ਬਾਨ ਇੰਗਲੈਂਡ ਹੱਥੋਂ 9 ਦੌੜਾਂ ਨਾਲ ਹਾਰ ਗਈ ਸੀ। ਇਸ ਦੌਰਾਨ ਪੰਜਾਬਣ ਮੁਟਿਆਰ ਕਪਤਾਨ ਹਰਮਨਪ੍ਰੀਤ ਕੌਰ ਦੀ ਟੀਮ ਪਿਛਲੇ ਤਿੰਨ ਸਾਲਾਂ ਵਿਚ ਲਗਾਤਾਰ ਮਜ਼ਬੂਤ ਹੋਈ ਹੈ ਅਤੇ ਇਨ੍ਹਾਂ 3 ਸਾਲਾਂ ਦੇ ਤਜਰਬੇ ਦਾ ਪੂਰਾ ਫਾਇਦਾ ਲਵੇਗੀ। ਭਾਰਤੀ ਸਟਾਰ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਤਾਜ਼ਾ ਜਾਰੀ ਆਈ.ਸੀ.ਸੀ. ਮਹਿਲਾ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿਚ ਚੌਥੇ ਸਥਾਨ ਉੱਤੇ ਅਤੇ ਹਰਮਨਪ੍ਰੀਤ ਕੌਰ ਬੱਲੇਬਾਜ਼ਾਂ ਦੀ ਇਸ ਸੂਚੀ ਵਿਚ ਨੌਂਵੇ ਸਥਾਨ ਉੱਤੇ ਕਾਇਮ ਹੈ।
ਮਹਿਲਾ ਕ੍ਰਿਕਟ ਹੁਣ ਕਾਫੀ ਅੱਗੇ ਵਧ ਚੁੱਕੀ ਹੈ ਅਤੇ ਇਸ ਦਾ ਅੰਦਾਜ਼ਾ ਇਸ ਗੱਲੋਂ ਲੱਗ ਜਾਂਦਾ ਹੈ ਕਿ ਸੀਮਤ ਓਵਰਾਂ ਦੇ ਮੈਚਾਂ ਯਾਨੀ ਇਕ ਰੋਜ਼ਾ ਮੈਚਾਂ ਵਿਚ ਇਕ ਟੀਮ ਵਲੋਂ ਸਭ ਤੋਂ ਵੱਡਾ ਸਕੋਰ ਮਹਿਲਾ ਕ੍ਰਿਕਟ ਵਿੱਚ ਹੀ ਦਰਜ ਹੈ ਜਦੋਂ, ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ 50 ਓਵਰਾਂ ਵਿਚ 455 ਦੌੜਾਂ ਦਾ ਰਿਕਾਰਡ ਬਣਾਇਆ ਸੀ ਜੋ ਕਿ ਪੁਰਖਾਂ ਦੇ ਰਿਕਾਰਡ ਤੋਂ ਜ਼ਿਆਦਾ ਹੈ । ਇਸੇ ਤਰ੍ਹਾਂ, ਥੋੜ੍ਹੇ ਸਮੇਂ ਪਹਿਲਾਂ ਤੱਕ ਇਕ ਦਿਨਾ ਕ੍ਰਿਕਟ ਵਿਚ ਇਕ ਖਿਡਾਰੀ ਵਲੋਂ ਇਕ ਪਾਰੀ ਵਿਚ ਸਭ ਤੋਂ ਵਧ ਦੌੜਾਂ ਦਾ ਨਿੱਜੀ ਸਕੋਰ ਵੀ ਮਹਿਲਾਵਾਂ ਦੀ ਕ੍ਰਿਕਟ ਵਿਚ ਹੀ ਬਣਿਆ ਸੀ ਜਦੋਂ ਆਸਟ੍ਰੇਲੀਆ ਦੀ ਬੇਅਲਿੰਡਾ ਕਲਾਰਕ ਨੇ ਇਕੱਲੀ ਨੇ ਹੀ ਵਨ-ਡੇਅ ਮੈਚ ਵਿਚ ਬਿਨਾਂ ਆਊਟ ਹੋਇਆਂ 229 ਦੌੜਾਂ ਦੀ ਪਾਰੀ ਖੇਡੀ ਸੀ ਹਾਲਾਂਕਿ ਬਾਅਦ ਵਿਚ ਭਾਰਤ ਦੇ ਰੋਹਿਤ ਸ਼ਰਮਾ ਨੇ ਇਹ ਰਿਕਾਰਡ ਤੋੜਿਆ ਸੀ। ਇਸ ਤਰ੍ਹਾਂ ਮਹਿਲਾਵਾਂ ਦੀ ਕ੍ਰਿਕਟ ਪੁਰਖਾਂ ਦੀ ਕ੍ਰਿਕਟ ਨਾਲ ਬਰਾਬਰ ਹੀ ਨਹੀਂ ਬਲਕਿ ਕਈ ਮਾਮਲਿਆਂ ਵਿਚ ਅੱਗੇ ਵੀ ਹੈ। ਇਸ ਮਹਿਲਾ ਟੀ-20 ਵਿਸ਼ਵ ਕੱਪ ਦੀ ਇਕ ਹੋਰ ਖ਼ਾਸ ਗੱਲ ਇਹ ਵੀ ਹੈ ਕਿ ਇਸ ਦੌਰਾਨ ਪਹਿਲੀ ਵਾਰ ਫਰੰਟ ਫੁੱਟ ਨੋ ਬਾਲ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਜਿਸ ਦੇ ਤਹਿਤ ਤੀਜਾ ਅੰਪਾਇਰ ਫਰੰਟ ਫੁੱਟ ਨੋ ਬਾਲ ਦੀ ਨਿਗਰਾਨੀ ਕਰੇਗਾ। ਤੀਜੇ ਅੰਪਾਇਰ ਨੂੰ ਹਰ ਇਕ ਗੇਂਦ ਤੋਂ ਬਾਅਦ ਇਹ ਵੇਖਣਾ ਪਵੇਗਾ ਕਿ ਗੇਂਦਬਾਜ਼ ਦਾ ਅਗਲਾ ਪੈਰ ਠੀਕ ਪਿਆ ਸੀ ਜਾਂ ਨਹੀਂ ਅਤੇ ਉਹ ਹਰ ਗੇਂਦ ਤੋਂ ਬਾਅਦ ਮੈਦਾਨੀ ਅੰਪਾਇਰ ਨੂੰ ਸਹੀ ਅਤੇ ਗ਼ਲਤ ਦੀ ਜਾਣਕਾਰੀ ਦੇਵੇਗਾ। ਮੈਦਾਨੀ ਅੰਪਾਇਰਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਤੱਕ ਤੀਜਾ ਅੰਪਾਇਰ ਨਾ ਕਹੇ, ਉਹ ਫਰੰਟ ਫੁੱਟ 'ਨੋ ਬਾਲ' ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਨਾ ਦੇਣ। ਮੈਦਾਨੀ ਅੰਪਾਇਰਾਂ ਦੇ ਕੋਲ ਹਾਲਾਂਕਿ ਖੇਡ ਦੇ ਦੌਰਾਨ ਬਾਕੀ ਹੋਰ ਤਰ੍ਹਾਂ ਦੀਆਂ 'ਨੋ ਬਾਲ' ਦਾ ਫ਼ੈਸਲਾ ਲੈਣ ਦਾ ਅਧਿਕਾਰ ਪਹਿਲਾਂ ਵਾਂਗ ਹੀ ਮੌਜੂਦ ਹੋਵੇਗਾ। ਭਾਰਤ ਵਿਚ ਖੇਡ ਚੈਨਲ ਸਟਾਰ ਸਪੋਰਟਸ ਇਸ ਵਿਸ਼ਵ ਕੱਪ ਦਾ ਸਿੱਧਾ ਪ੍ਰਸਾਰਨ ਕਰ ਰਿਹਾ ਹੈ।


ਪਿੰਡ: ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ: ਜਲੰਧਰ 144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਕੌਣ ਮਾਰੇਗਾ ਟੀ-20 ਵਿਚ ਦੋਹਰਾ ਸੈਂਕੜਾ

ਸਾਲ 1968 ਵਿਚ ਪਹਿਲੀ ਵਾਰ ਇਕ ਅਮਰੀਕੀ ਟ੍ਰੈਕ ਐਂਡ ਫੀਲਡ ਅਥਲੀਟ ਜਿਮ ਹਾਈਂਸ ਨੇ 100 ਮੀਟਰ ਦੀ ਦੂਰੀ 10 ਸੈਕੰਡ ਤੋਂ ਘੱਟ ਸਮੇਂ (9.95 ਸੈਕੰਡ) ਵਿਚ ਦੌੜ ਕੇ ਮੈਕਸੀਕੋ ਉਲੰਪਿਕ ਵਿਚ ਸੋਨ ਤਗਮਾ ਜਿੱਤਿਆ ਸੀ। ਇਹ ਮਹਿਜ਼ ਸੋਨ ਤਗਮਾ ਜਿੱਤਣ ਜਾਂ 100 ਮੀਟਰ ਦੀ ਦੌੜ ਵਿਚ ਰਿਕਾਰਡ ਬਣਾਉਣ ਤੱਕ ਹੀ ਸੀਮਤ ਨਹੀਂ ਸੀ ਸਗੋਂ ਇਹ ਇਕ ਅਜਿਹੇ ਅਸੰਭਵ ਨੂੰ ਸੰਭਵ ਬਣਾਉਣਾ ਸੀ ਜੋ ਉਦੋਂ ਤੱਕ ਮਹਿਜ਼ ਇਕ ਸੁਪਨਾ ਲਗਦਾ ਸੀ। ਜੀ ਹਾਂ, ਪਤਾ ਨਹੀਂ ਕਿੰਨੇ ਅਥਲੀਟ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਨਸਾਨ ਕਦੇ ਵੀ 100 ਮੀਟਰ ਦੀ ਦੂਰੀ 10 ਸੈਕੰਡ ਵਿਚ ਪੂਰੀ ਨਹੀਂ ਕਰ ਸਕਦਾ।
ਜਿਮ ਹਾਈਂਸ ਨੇ ਨਾ ਸਿਰਫ ਇਸ ਅਸੰਭਵ ਨੂੰ ਸੰਭਵ ਕਰ ਦਿਖਾਇਆ, ਸਗੋਂ ਉਨ੍ਹਾਂ ਤੋਂ ਬਾਅਦ ਪਤਾ ਨਹੀਂ ਕਿੰਨੇ ਅਥਲੀਟਾਂ ਨੇ ਵਾਰ-ਵਾਰ ਇਸ ਅਸੰਭਵ ਨੂੰ ਸੰਭਵ ਕੀਤਾ। ਅੱਜ 100 ਮੀਟਰ ਦੀ ਦੂਰੀ ਨੂੰ ਸਭ ਤੋਂ ਤੇਜ਼ ਦੌੜ ਦਾ ਰਿਕਾਰਡ ਇਨਸਾਨੀ ਚੀਤਾ ਕਹਾਉਣ ਵਾਲੇ ਜਮੈਕਾ ਦੇ ਉਸੈਨ ਬੋਲਟ ਦੇ ਨਾਂਅ ਹੈ। ਸਾਲ 2009 ਵਿਚ ਉਸੈਨ ਬੋਲਟ ਨੇ ਉਲੰਪਿਕ ਤੋਂ ਬਾਅਦ ਬਰਲਿਨ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਇਹ ਦੂਰੀ 9.58 ਸੈਕੰਡ ਵਿਚ ਕੀਤੀ ਸੀ। ਇਹ ਹੁਣ ਤੱਕ ਦਾ ਸਭ ਤੋਂ ਸ੍ਰੇਸ਼ਠ ਰਿਕਾਰਡ ਹੈ ਪਰ ਕੋਈ ਨਹੀਂ ਜਾਣਦਾ ਸੀ ਕਿ ਇਹ ਰਿਕਾਰਡ ਕਦੋਂ ਤੱਕ ਰਹੇਗਾ। ਕਿਉਂਕਿ ਇਕ ਵਾਰ ਜਦੋਂ 100 ਮੀਟਰ ਦੀ ਦੌੜ 10 ਸੈਕੰਡ ਵਿਚ ਪੂਰੀ ਕਰਨ ਦਾ ਰਿਕਾਰਡ ਬਣਿਆ ਤਾਂ ਫਿਰ ਆਉਣ ਵਾਲੇ ਦਿਨਾਂ ਵਿਚ ਇਹ ਵਾਰ-ਵਾਰ ਟੁੱਟਿਆ ਸੀ। ਹਾਈਂਸ ਆਪਣੇ ਕੋਲ ਇਹ ਰਿਕਾਰਡ ਸਿਰਫ 15 ਸਾਲ ਤੱਕ ਰੱਖ ਸਕਿਆ ਸੀ।
ਜਿਸ ਤਰ੍ਹਾਂ 1968 ਤੋਂ ਪਹਿਲਾਂ 100 ਮੀਟਰ ਦੀ ਦੂਰੀ 10 ਸੈਕੰਡ ਤੋਂ ਘੱਟ ਸਮੇਂ ਵਿਚ ਪੂਰੀ ਕਰਨਾ ਅਸੰਭਵ ਜਿਹਾ ਲਗਦਾ ਸੀ, ਉਸੇ ਤਰ੍ਹਾਂ ਅੰਤਰਰਾਸ਼ਟਰੀ ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਟੀ-20 ਵਿਚ ਦੋਹਰਾ ਸੈਂਕੜਾ ਬਣਾਉਣਾ ਅਸੰਭਵ ਲਗਦਾ ਸੀ। ਪਰ ਜਿਵੇਂ ਕਿ ਅਸੀਂ ਜਾਣਦੇ ਹਾਂ, ਅਸੰਭਵ ਕੁਝ ਵੀ ਨਹੀਂ ਹੁੰਦਾ। ਜੇਕਰ 12 ਗੇਦਾਂ ਵਿਚ 50 ਦੌੜਾਂ ਬਣ ਸਕਦੀਆਂ ਹਨ ਤਾਂ 60 ਗੇਂਦਾਂ ਵਿਚ ਜਾਂ 70 ਗੇਂਦਾਂ ਵਿਚ 200 ਦੌੜਾਂ ਵੀ ਬਣ ਸਕਦੀਆਂ ਹਨ। ਜੇਕਰ ਟੀ-20 ਮੈਚ ਵਿਚ ਓਪਨਿੰਗ ਕਰਨ ਵਾਲਾ ਕੋਈ ਵਿਸਫੋਟਕ ਬੱਲੇਬਾਜ਼ ਕਿਸੇ ਦਿਨ ਆਪਣੀ ਗਤੀ ਵਿਚ ਹੋਇਆ ਅਤੇ ਉਸ ਨੇ ਆਪਣੇ ਕੋਲ ਜ਼ਿਆਦਾ ਸਟ੍ਰਾਈਕ ਰੱਖ ਕੇ 70-75 ਗੇਂਦਾਂ ਖੇਡੀਆਂ ਤਾਂ ਟੀ-20 ਵਿਚ ਦੋਹਰਾ ਸੈਂਕੜਾ ਆਰਾਮ ਨਾਲ ਬਣ ਜਾਏਗਾ। ਟੀ-20 ਵਿਚ ਦੋਹਰਾ ਸੈਂਕੜਾ ਕਦੋਂ ਬਣੇਗਾ, ਇਹ ਗੱਲ ਚਰਚਾ ਵਿਚ ਪਹਿਲੀ ਵਾਰ 2016 ਵਿਚ ਉਦੋਂ ਆਈ ਸੀ, ਜਦੋਂ ਰੋਹਿਤ ਸ਼ਰਮਾ 50 ਓਵਰਾਂ ਦੇ ਇਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿਚ 2-2 ਦੋਹਰੇ ਸੈਂਕੜੇ ਮਾਰ ਕੇ ਦੁਨੀਆ ਵਿਚ ਤਹਿਲਕਾ ਮਚਾ ਰਹੇ ਸਨ। ਅੱਜ ਦੀ ਤਾਰੀਖ ਵਿਚ ਰੋਹਿਤ ਦੇ ਨਾਂਅ ਇਕ ਦਿਨਾ ਅੰਤਰਰਾਸ਼ਟਰੀ ਮੈਚ ਵਿਚ ਤਿੰਨ ਦੋਹਰੇ ਸੈਂਕੜੇ ਮਾਰਨ ਦਾ ਰਿਕਾਰਡ ਹੈ। ਜਦੋਂ ਪੂਰੀ ਦੁਨੀਆ ਵਿਚ ਇਕ ਦਿਨਾ ਮੈਚ ਵਿਚ ਮਹਿਜ਼ 10 ਦੋਹਰੇ ਸੈਂਕੜੇ ਹੁਣ ਤੱਕ ਲੱਗੇ ਹੋਣ ਅਤੇ ਉਨ੍ਹਾਂ ਵਿਚ 3 ਇਕੱਲੇ ਰੋਹਿਤ ਸ਼ਰਮਾ ਦੇ ਨਾਂਅ ਹੋਣ ਤਾਂ ਭਲਾ ਕਿਉਂ ਨਾ ਦੁਨੀਆ ਭਰ ਵਿਚ ਤਾਬੜਤੋੜ ਕ੍ਰਿਕਟ ਨੂੰ ਜਾਣਨ ਵਾਲੇ ਮਾਹਿਰ ਇਹ ਕਹਿਣ ਕਿ ਰੋਹਿਤ ਭਵਿੱਖ ਵਿਚ ਟੀ-20 ਵਿਚ ਦੋਹਰਾ ਸੈਂਕੜਾ ਮਾਰ ਸਕਦੇ ਹਨ। ਰੋਹਿਤ ਸ਼ਰਮਾ ਦੇ ਪੱਖ ਵਿਚ ਮਾਹਿਰਾਂ ਦੇ ਕਈ ਵਿਚਾਰ ਹਨ। ਸਭ ਤੋਂ ਪਹਿਲੀ ਰਾਇ ਤਾਂ ਇਹ ਹੈ ਕਿ ਉਹ ਸਿਰਫ ਤਾਕਤ ਦੀ ਬਦੌਲਤ ਵੱਡੇ ਸ਼ਾਟਸ ਨਹੀਂ ਮਾਰਦੇ ਸਗੋਂ ਉਨ੍ਹਾਂ ਦੇ ਸ਼ਾਟਸ ਵਿਚ ਇਕ ਖ਼ਾਸ ਕਿਸਮ ਦੀ ਮਿਊਜ਼ੀਕਲ ਲੈਅ ਹੁੰਦੀ ਹੈ।
ਹਾਲਾਂਕਿ ਅਜੇ ਤੱਕ ਕਿਸੇ ਵੀ ਇਕ ਦਿਨਾ ਕ੍ਰਿਕਟ ਖੇਡਣ ਵਾਲੇ ਖਿਡਾਰੀ ਦਾ ਪੂਰੇ ਕੈਰੀਅਰ ਦਾ ਸਟ੍ਰਾਈਕ ਰੇਟ 200 ਜਾਂ ਇਸ ਦੇ ਨੇੜੇ-ਤੇੜੇ ਨਹੀਂ ਹੈ। ਪਰ ਜੇ ਕੋਈ ਦਿਨ ਰੋਹਿਤ ਦਾ ਹੋਇਆ ਤਾਂ ਉਹ 200 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰ ਕੇ ਦੋਹਰਾ ਸੈਂਕੜਾ ਟੀ-20 ਮੈਚ ਵਿਚ ਮਾਰ ਸਕਦੇ ਹਨ। ਰੋਹਿਤ ਦੇ ਪੱਖ ਵਿਚ ਮਾਹਿਰ ਇਸ ਲਈ ਵੀ ਹਨ, ਕਿਉਂਕਿ ਰੋਹਿਤ ਸ਼ਰਮਾ ਸਿੱਧੇ ਬੱਲੇ ਨਾਲ ਸ਼ਾਟ ਖੇਡਦੇ ਹਨ। ਸਾਲ 2016 ਤੋਂ ਬਾਅਦ ਇਨ੍ਹੀਂ ਦਿਨੀਂ ਇਕ ਵਾਰ ਫਿਰ ਤੋਂ ਇਹ ਬਹਿਸ ਚਰਚਾ ਵਿਚ ਇਸ ਲਈ ਆਈ ਹੈ ਕਿਉਂਕਿ ਇਸ ਸਬੰਧ ਵਿਚ ਸਾਬਕਾ ਟੈਸਟ ਖਿਡਾਰੀ ਯੁਵਰਾਜ ਸਿੰਘ ਨੇ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿਚ ਇਹ ਗੱਲ ਕਹੀ ਹੈ।
ਸਾਲ 2016 ਵਿਚ ਜਿਨ੍ਹਾਂ ਖਿਡਾਰੀਆਂ 'ਤੇ ਟੀ-20 ਕ੍ਰਿਕਟ ਵਿਚ ਦੋਹਰਾ ਸੈਂਕੜਾ ਮਾਰੇ ਜਾਣ ਦੀ ਉਮੀਦ ਸੀ, ਕਰੀਬ-ਕਰੀਬ ਅਜੇ ਵੀ ਇਹੀ ਰਾਏ ਮੌਜੂਦ ਹੈ। ਪਿਛਲੇ ਦਿਨੀਂ ਯੁਵਰਾਜ ਸਿੰਘ ਨੇ ਇਸ ਬਹਿਸ ਨੂੰ ਅੱਗੇ ਵਧਾਉਂਦਿਆਂ ਜਿਨ੍ਹਾਂ ਤਿੰਨ ਨਾਵਾਂ 'ਤੇ ਉਮੀਦ ਪ੍ਰਗਟ ਕੀਤੀ ਹੈ, ਉਹ ਉਹੀ ਨਾਂਅ ਹਨ ਜੋ ਚਾਰ ਸਾਲ ਪਹਿਲਾਂ ਵੀ ਮਾਹਿਰਾਂ ਦੇ ਚਹੇਤੇ ਸਨ। ਕ੍ਰਿਸ ਗੇਲ, ਏ.ਬੀ. ਡਿਵਿਲਿਅਰਸ ਅਤੇ ਰੋਹਿਤ ਸ਼ਰਮਾ। ਯੁਵਰਾਜ ਸਿੰਘ ਅਨੁਸਾਰ ਇਹੀ ਤਿੰਨ ਖਿਡਾਰੀ ਧਾਕੜ ਬੈਟਿੰਗ ਦਾ ਜਲਵਾ ਪੇਸ਼ ਕਰ ਸਕਦੇ ਹਨ। ਉਂਜ ਅਜੇ ਤੱਕ ਟੀ-20 ਵਿਚ ਦੋਹਰੇ ਸੈਂਕੜੇ ਦੇ ਨੇੜੇ-ਤੇੜੇ ਇਨ੍ਹਾਂ ਵਿਚੋਂ ਸਿਰਫ ਕ੍ਰਿਸ ਗੇਲ ਹੀ ਪਹੁੰਚੇ ਹਨ। ਆਈ.ਪੀ.ਐਲ. ਦੇ ਇਕ ਟੀ-20 ਮੈਚ ਵਿਚ ਕ੍ਰਿਸ ਗੇਲ 175 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਚੁੱਕੇ ਹਨ। ਜਦੋਂ ਕਿ 172 ਦੌੜਾਂ ਦੀ ਧਮਾਕੇਦਾਰ ਪਾਰੀ ਆਸਟ੍ਰੇਲੀਆਈ ਬੱਲੇਬਾਜ਼ ਏਰੋਨ ਫਿੰਚ ਅਤੇ 162 ਦੌੜਾਂ ਦੀ ਪਾਰੀ ਅਫ਼ਗਾਨਿਸਤਾਨ ਦੇ ਹਜ਼ਰਤੁੱਲਾ ਖੇਡ ਚੁੱਕੇ ਹਨ। ਇਹ ਦੋਵੇਂ ਪਾਰੀਆਂ ਟੀ-20 ਅੰਤਰਾਸ਼ਟਰੀ ਮੈਚਾਂ ਵਿਚ ਖੇਡੀਆਂ ਗਈਆਂ। ਇਸ ਲਈ ਇਹ ਅਸੰਭਵ ਨਹੀਂ ਹੈ ਕਿਸੇ ਨਾ ਕਿਸੇ ਦਿਨ ਟੀ-20 ਵਿਚ ਦੋਹਰਾ ਸੈਂਕੜਾ ਲੱਗੇਗਾ।

ਮੁੱਕੇਬਾਜ਼ੀ : ਭਾਰਤ ਲਈ ਨਵੀਂ ਉਮੀਦ ਬਣ ਕੇ ਉੱਭਰੇ ਅਮਿਤ ਪੰਘਾਲ

ਹਰਿਆਣੇ ਦੇ ਲੋਕ ਆਪਣੀ ਸੱਭਿਅਤਾ, ਪਰੰਪਰਾ ਅਤੇ ਮਿਹਨਤ ਦੇ ਬੀਜ ਕੁਝ ਇਸ ਤਰ੍ਹਾਂ ਬੀਜਦੇ ਹਨ ਕਿ ਪੂਰਾ ਦੇਸ਼ ਤਰੱਕੀ ਨਾਲ ਹਰਾ-ਭਰਾ ਹੋ ਜਾਂਦਾ ਹੈ। ਅੱਜ ਖੇਡਾਂ ਵਿਚ ਵੀ ਹਰਿਆਣੇ ਦੀ ਬੱਲੇ-ਬੱਲੇ ਹੋ ਰਹੀ ਹੈ। ਕਿਸੇ ਵੀ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਜਦੋਂ ਭਾਰਤੀ ਖਿਡਾਰੀ ਮੈਡਲ ਜਿੱਤਦੇ ਹਨ ਤਾਂ ਅਕਸਰ ਹਰਿਆਣੇ ਦੇ ਖਿਡਾਰੀਆਂ ਦਾ ਵੱਡਾ ਯੋਗਦਾਨ ਗਿਣਿਆ ਜਾਂਦਾ ਹੈ। ਸੰਨ 2008 ਬੀਜਿੰਗ ਉਲੰਪਿਕ 'ਚ ਵਿਜੇਂਦਰ ਸਿੰਘ ਅਤੇ ਸੁਸ਼ੀਲ ਕੁਮਾਰ ਨੇ ਕਾਂਸੀ ਤਗਮੇ ਸੰਨ 2012 ਦੇ ਉਲੰਪਿਕ 'ਚ ਸਾਇਨਾ ਨੇਹਵਾਲ, ਗਗਨ ਨਾਰੰਗ, ਯੁਗੇਸ਼ਵਰ ਦੱਤ ਨੇ ਕਾਂਸੀ ਤਗਮੇ ਅਤੇ ਸੰਨ 2016 ਰੀਉ ਉਲੰਪਿਕ 'ਚ ਹਰਿਆਣੇ ਦੀ ਸਾਕਸ਼ੀ ਮਲਿਕ ਨੇ ਕਾਂਸੀ ਤਗਮਾ ਜਿੱਤਿਆ। ਕੁਸ਼ਤੀ ਹੋਵੇ ਜਾਂ ਮੁੱਕੇਬਾਜ਼ੀ ਹਰਿਆਣੇ ਦੇ ਲਾਲ ਆਪਣੇ ਪਸੀਨੇ ਨਾਲ ਕਦੀ ਦੰਗਲ ਨੂੰ ਸਿੰਜਦੇ ਹਨ ਅਤੇ ਕਦੇ ਦਮਦਾਰ ਮੁੱਕਿਆਂ ਨਾਲ ਦੁਨੀਆ ਭਰ ਵਿਚ ਤਿਰੰਗੇ ਦਾ ਮਾਣ ਵਧਾਉਂਦੇ ਹਨ। ਅਜਿਹੀ ਹੀ ਇਕ ਵੱਡੀ ਪ੍ਰਾਪਤੀ ਹਰਿਆਣੇ ਦੇ ਮੁੱਕੇਬਾਜ਼ ਅਮਿਤ ਪੰਘਾਲ ਦੇ ਨਾਂਅ ਉਸ ਵੇਲੇ ਜੁੜ ਗਈ, ਜਦੋਂ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜੇਤੂ ਅਮਿਤ ਪੰਘਾਲ (52 ਕਿੱਲੋ) ਦੀ ਕੌਮਾਂਤਰੀ ਉਲੰਪਿਕ ਕਮੇਟੀ ਦੀ ਮੁੱਕੇਬਾਜ਼ੀ ਟਾਸਕ ਫੋਰਸ ਨੇ ਅਗਲੇ ਮਹੀਨੇ ਹੋਣ ਵਾਲੇ ਉਲੰਪਿਕ ਕੁਆਲੀਫਾਈਡ ਤੋਂ ਪਹਿਲਾਂ ਨੰਬਰ ਇਕ ਵਜੋਂ ਚੋਣ ਕੀਤੀ ਹੈ। ਇਕ ਦਹਾਕੇ ਬਾਅਦ ਆਪਣੇ ਭਾਰ ਵਰਗ ਵਿਚ ਸਿਖਲਰਾ ਦਰਜਾ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਮੁੱਕੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਉਲੰਪਿਕ 'ਚ ਕਾਂਸੀ ਤਗਮਾ ਜਿੱਤਣ ਵਾਲੇ ਵਿਜੇਂਦਰ ਸਿੰਘ ਨੇ 2009 'ਚ ਸਿਖਰਲਾ ਦਰਜਾ ਹਾਸਲ ਕੀਤਾ ਸੀ।
ਅਮਿਤ ਦਾ ਜਨਮ ਹਰਿਆਣਾ ਦੇ ਰੋਹਤਕ ਜ਼ਿਲੇ ਦੇ ਮਾਬਾਨਾ ਪਿੰਡ 'ਚ ਪਿਤਾ ਵਿਜੇਂਦਰ ਸਿੰਘ ਦੇ ਘਰ ਹੋਇਆ ਜੋ ਪੇਸ਼ੇ ਤੋਂ ਕਿਸਾਨ ਸਨ। ਅਮਿਤ ਨੂੰ ਮੁੱਕੇਬਾਜ਼ੀ ਵਿਰਾਸਤ 'ਚ ਮਿਲੀ। ਉਸ ਦੇ ਵੱਡੇ ਭਰਾ ਵੀ ਰਾਸ਼ਟਰੀ ਪੱਧਰ ਦੇ ਮੁੱਕੇਬਾਜ਼ ਸਨ। ਅਮਿਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੰਨ 2007 'ਚ ਸਰ ਛੋਟੂ ਰਾਮ ਬਾਕਸਿੰਗ ਅਕੈਡਮੀ ਤੋਂ ਕੀਤੀ। ਅਮਿਤ ਪੰਘਾਲ ਨੂੰ ਸਭ ਤੋਂ ਵੱਡੀ ਪ੍ਰਾਪਤੀ 2017 'ਚ ਮਿਲੀ ਜਦੋਂ ਉਸ ਨੇ ਰਾਸ਼ਟਰੀ ਮੁੱਕੇਬਾਜ਼ੀ 'ਚ ਸੋਨ ਤਗਮਾ ਜਿੱਤਿਆ ਪਰ ਪ੍ਰਸਿੱਧੀ ਮਿਲਣੀ ਅਜੇ ਬਾਕੀ ਸੀ। 2017 'ਚ ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੀ ਤਗਮੇ ਜਿੱਤਦੇ ਹੀ ਉਹ ਮੀਡੀਆ ਦੀਆਂ ਸੁਰਖੀਆਂ ਬਣ ਗਏ। ਇਸੇ ਜਿੱਤ ਨੇ ਉਸ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਵਾ ਦਿੱਤਾ। ਸੰਨ 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਅਮਿਤ ਨੇ ਕਾਂਸੀ ਤਗਮਾ ਜਿੱਤਿਆ। ਸੰਨ 2018 ਦੀਆਂ ਜੈਕਾਰਤਾ ਏਸ਼ੀਆਈ ਖੇਡਾਂ ਵਿਚ ਉਸ ਨੇ 49 ਕਿੱਲੋ ਭਾਰ ਵਰਗ ਵਿਚ ਰੀਉ ਉਲੰਪਿਕ ਗੋਲਡ ਮੈਡਲ ਜੇਤੂ ਉਜ਼ਬੇਕਿਸਤਾਨ ਦੇ ਦੁਸ਼ਮਾਤੋਵ ਨੂੰ ਧੂਲ ਚਟਾ ਕੇ ਭਾਰਤ ਲਈ 14ਵਾਂ ਗੋਲਡ ਹਾਸਲ ਕੀਤਾ।
ਭਾਰਤੀ ਸੈਨਾ ਦੇ ਨਾਇਬ ਸੂਬੇਦਾਰ ਦੇ ਅਹੁਦੇ 'ਤੇ ਤਾਇਨਾਤ ਅਮਿਤ ਪੰਘਾਲ 2020 ਉਲੰਪਿਕ (ਟੋਕੀਓ) 'ਚ ਭਾਰਤ ਲਈ ਮੈਡਲ ਦੀ ਵੱਡੀ ਆਸ ਬਣ ਕੇ ਉੱਭਰੇ ਹਨ। ਅਮਿਤ ਬੁਲਗਾਰੀਆ (2019) ਦੇ ਵਕਾਰੀ ਸਟਰਾਦਜਾ ਯਾਦਗਾਰੀ ਟੂਰਨਾਮੈਂਟ ਵਿਚ ਵੀ ਲਗਾਤਾਰ ਦੋ ਵਾਰ ਸੋਨ ਤਗਮਾ ਜਿੱਤਣ 'ਚ ਕਾਮਯਾਬ ਰਿਹਾ। ਖ਼ੈਰ ਜਦ ਕਿ ਅਮਿਤ ਨੇ ਅਗਲੇ ਮਹੀਨੇ ਹੋਣ ਵਾਲੇ ਉਲੰਪਿਕ ਕੁਲਾਈਫਾਇਰ ਲਈ ਨੰਬਰ ਇਕ ਦਰਜਾ ਹਾਸਲ ਕਰ ਲਿਆ ਹੈ ਅਤੇ ਉਹ ਰਾਸ਼ਟਰ ਮੰਡਲ ਖੇਡਾਂ 'ਚ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਗਮੇ ਜਿੱਤ ਚੁੱਕਾ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਗਮਾ ਹਾਸਲ ਕਰ ਚੁੱਕਾ ਹੈ। ਅਜਿਹੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਅਮਿਤ ਪੰਘਾਲ ਤੋਂ ਟੋਕੀਓ ਉਲੰਪਿਕ 'ਚ ਮੈਡਲ ਦੀ ਉਮੀਦ ਕੀਤੀ ਜਾ ਸਕਦੀ ਹੈ।


-ਪਿੰਡ ਤੇ ਡਾਕ: ਪਹਾਲੀ, ਫਗਵਾੜਾ
ਮੋ: 94636-12204.

ਮਨਪ੍ਰੀਤ ਸਿੰਘ ਕੋਰੀਅਨ ਨੇ ਜੱਗ ਜਿੱਤਿਆ

ਭਾਰਤੀ ਹਾਕੀ ਟੀਮ ਦੇ ਸਫਲ ਕਪਤਾਨ ਮਨਪ੍ਰੀਤ ਸਿੰਘ ਕੋਰੀਅਨ ਦੀ ਸਾਲ 2019 ਲਈ 'ਐਫ.ਆਈ.ਐਚ. ਪਲੇਅਰ ਆਫ ਦਾ ਯੀਅਰ ਐਵਾਰਡ' ਲਈ ਚੋਣ ਨੇ ਭਾਰਤੀ ਹਾਕੀ ਦਾ ਪੂਰੇ ਵਿਸ਼ਵ ਦੇ ਵਿਚ ਮਾਣ ਵਧਾਇਆ। ਪੂਰਾ ਜੱਗ ਜਿੱਤਣ ਵਾਲਾ ਉਹ ਪਹਿਲਾ ਭਾਰਤੀ ਹਾਕੀ ਖਿਡਾਰੀ ਬਣ ਗਿਆ।
ਮਨਪ੍ਰੀਤ ਸਿੰਘ ਕੋਰੀਅਨ ਜਲੰਧਰ ਦੇ ਨਜ਼ਦੀਕ ਪੈਂਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਭਾਰਤੀ ਹਾਕੀ ਦੀ ਦੋ ਵਾਰ ਕਪਤਾਨੀ ਕਰਨ ਵਾਲੇ ਪਰਗਟ ਸਿੰਘ ਤੋਂ ਬਾਅਦ ਮਨਪ੍ਰੀਤ ਸਿੰਘ ਕੋਰੀਅਨ ਨੇ ਮੁੜ ਮਿੱਠਾਪੁਰ ਨੂੰ ਸੁਰਖੀਆਂ ਵਿਚ ਲਿਆਂਦਾ ਹੈ ਅਤੇ ਉਮੀਦ ਹੈ ਕਿ ਆਉਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ-2020 ਵਿਚ ਵੀ ਮਨਪ੍ਰੀਤ ਦੀ ਅਗਵਾਈ ਹੇਠ ਭਾਰਤੀ ਟੀਮ ਹਿੱਸਾ ਲਵੇਗੀ। ਮਨਪ੍ਰੀਤ ਸਿੰਘ ਦਾ ਜਨਮ 26 ਜੂਨ, 1992 ਨੂੰ ਮਿੱਠਾਪੁਰ ਵਿਖੇ ਹੋਇਆ। ਹਾਕੀ ਖੇਡਣ ਦੀ ਲਗਨ ਉਸ ਨੂੰ ਆਪਣੇ ਵੱਡੇ ਭਰਾ ਤੋਂ ਲੱਗੀ। 10 ਵਰ੍ਹਿਆਂ ਦੀ ਉਮਰੇ ਹਾਕੀ ਖੇਡਣ ਲੱਗੇ ਮਨਪ੍ਰੀਤ ਨੂੰ ਇਸ ਖੇਡ ਵਿਚ ਜਦੋਂ ਪਹਿਲੀ ਵਾਰ 500 ਰੁਪਏ ਦਾ ਇਨਾਮ ਮਿਲਿਆ ਤਾਂ ਉਸ ਨੂੰ ਅੱਗੇ ਵਧਣ ਦਾ ਹੌਸਲਾ ਅਤੇ ਪ੍ਰੇਰਨਾ ਮਿਲੀ। ਮਨਪ੍ਰੀਤ ਦੀ ਖੇਡ ਵਿਚ ਵੱਡਾ ਬਦਲਾਅ ਉਸ ਵੇਲੇ ਆਇਆ ਜਦੋਂ ਉਹ ਜਲੰਧਰ ਸਥਿਤ ਸੁਰਜੀਤ ਹਾਕੀ ਅਕੈਡਮੀ ਲਈ ਚੁਣਿਆ ਗਿਆ। ਭਾਰਤੀ ਹਾਕੀ ਨੂੰ ਵੱਡੇ ਖਿਡਾਰੀ ਦੇਣ ਵਾਲੀ ਇਸ ਅਕੈਡਮੀ ਦੀ ਸਿਖਲਾਈ ਦੌਰਾਨ ਉਸ ਦੀ ਖੇਡ ਵਿਚ ਬਹੁਤ ਨਿਖਾਰ ਆਇਆ। 2011 ਵਿਚ 19 ਵਰ੍ਹਿਆਂ ਦੀ ਉਮਰੇ ਉਹ ਭਾਰਤੀ ਟੀਮ ਵਿਚ ਚੁਣਿਆ ਗਿਆ।
ਮਨਪ੍ਰੀਤ ਸਿੰਘ ਕੋਰੀਅਨ ਨੇ 19 ਵਰ੍ਹਿਆਂ ਦੀ ਛੋਟੀ ਉਮਰੇ ਭਾਰਤੀ ਹਾਕੀ ਟੀਮ ਵਿਚ ਜਗ੍ਹਾ ਬਣਾ ਲਈ ਸੀ। 20 ਵਰ੍ਹਿਆਂ ਦੀ ਉਮਰ 'ਚ ਉਹ ਓਲੰਪੀਅਨ ਬਣ ਗਿਆ ਸੀ ਅਤੇ 2017 ਵਿਚ 25 ਵਰ੍ਹਿਆਂ ਦੀ ਉਮਰੇ ਮਨਪ੍ਰੀਤ ਭਾਰਤੀ ਹਾਕੀ ਟੀਮ ਦਾ ਕਪਤਾਨ ਬਣ ਗਿਆ ਸੀ। 2018 ਵਿਚ ਉਸ ਦੀ ਅਰਜੁਨ ਐਵਾਰਡ ਲਈ ਚੋਣ ਹੋਈ। 2014 ਵਿਚ ਏਸ਼ੀਆ ਦਾ ਜੂਨੀਅਰ ਪਲੇਅਰ ਆਫ ਦਾ ਯੀਅਰ ਐਵਾਰਡ ਜਿੱਤਣ ਵਾਲਾ ਮਨਪ੍ਰੀਤ ਸਿੰਘ ਹੁਣ ਸੀਨੀਅਰ ਵਰਗ ਵਿਚ ਵਿਸ਼ਵ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ ਹੈ। ਜਰਮਨੀ ਦੇ ਕਪਤਾਨ ਮੌਰਿਟਜ਼ ਤੇ ਸਰਦਾਰ ਸਿੰਘ ਤੋਂ ਪ੍ਰਭਾਵਿਤ ਮਨਪ੍ਰੀਤ ਮਹਾਨ ਫੁਟਬਾਲ ਖਿਡਾਰੀ ਕ੍ਰਿਸਟੀਨੋ ਰੋਨਾਲਡੋ ਤੇ ਡੇਵਿਡ ਬੈਕਹਮ ਦਾ ਪ੍ਰਸੰਸਕ ਹੈ ਜਿਸ ਕਾਰਨ ਉਹ ਹਾਕੀ ਖੇਡ ਮੈਦਾਨ ਵਿਚ 'ਸੱਤ' ਨੰਬਰ ਦੀ ਜਰਸੀ ਨਾਲ ਉਤਰਦਾ ਹੈ। ਪੰਜਾਬ ਪੁਲਿਸ ਵਿਚ ਡੀ.ਐਸ.ਪੀ. ਵਜੋਂ ਤਾਇਨਾਤ ਮਨਪ੍ਰੀਤ ਸਿੰਘ ਨੂੰ ਸਾਲ 2018 ਵਿਚ ਪੰਜਾਬ ਸਰਕਾਰ ਨੇ ਜਕਾਰਤਾ ਏਸ਼ਿਆਈ ਖੇਡਾਂ ਦੇ ਤਮਗਾ ਜੇਤੂਆਂ ਦੇ ਸਨਮਾਨ ਸਮਾਰੋਹ ਵਿਚ 50 ਲੱਖ ਰੁਪਏ ਦੇ ਇਨਾਮ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਸੀ। ਇਸੇ ਸਾਲ ਉਹ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਮੈਂਬਰ ਸੀ। ਸਾਲ 2014 ਵਿਚ ਉਸ ਨੂੰ ਏਸ਼ੀਅਨ ਹਾਕੀ ਫੈਡਰੇਸ਼ਨ ਨੇ 'ਏਸ਼ੀਅਨ ਜੂਨੀਅਰ ਪਲੇਅਰ ਆਫ ਦਾ ਯੀਅਰ' ਦੇ ਵੱਕਾਰੀ ਐਵਾਰਡ ਨਾਲ ਵੀ ਸਨਮਾਨਤ ਕੀਤਾ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 2014 ਵਿਚ ਮਨਪ੍ਰੀਤ ਨੇ ਆਪਣੇ ਖੇਡ ਜੀਵਨ ਦੀ ਸਿਖਰਲੀ ਪ੍ਰਾਪਤੀ ਹਾਸਲ ਕਰਦਿਆਂ ਇੰਚੇਓਨ ਵਿਖੇ ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ 16 ਵਰ੍ਹਿਆਂ ਬਾਅਦ ਸੋਨ ਤਮਗਾ ਜਿਤਾਉਣ ਵਿਚ ਵੱਡੀ ਭੂਮਿਕਾ ਨਿਭਾਈ। ਗਲਾਸਗੋ ਵਿਖੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਅਪ੍ਰੈਲ 2016 ਵਿਚ ਉਹ ਮਲੇਸ਼ੀਆ ਵਿਖੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਵਿਚ ਹਿੱਸਾ ਲੈਣ ਗਿਆ ਸੀ। ਜਾਪਾਨ ਵਿਰੁੱਧ ਪਹਿਲੇ ਮੈਚ ਤੋਂ ਪਹਿਲਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। 7 ਅਪਰੈਲ ਨੂੰ ਆਸਟਰੇਲੀਆ ਖਿਲਾਫ ਖੇਡਿਆ ਜਾਣ ਵਾਲਾ ਮੈਚ ਛੱਡ ਕੇ ਉਹ ਵਾਪਸ ਭਾਰਤ ਆ ਗਿਆ ਅਤੇ ਪਿਤਾ ਦੀਆਂ ਅੰਤਿਮ ਰਸਮਾਂ ਵਿਚ ਹਿੱਸਾ ਲੈਣ ਤੋਂ ਬਾਅਦ ਮਾਂ ਦੀ ਪ੍ਰੇਰਨਾ ਨਾਲ ਵਾਪਸ ਵਾਪਸ ਖੇਡਣ ਲਈ ਮਲੇਸ਼ੀਆ ਤੋਰ ਦਿੱਤਾ। ਵਾਪਸੀ 'ਤੇ 10 ਅਪਰੈਲ ਨੂੰ ਕੈਨੇਡਾ ਖਿਲਾਫ਼ ਮੈਚ ਖੇਡਿਆ। ਸਾਲ 2016 ਵਿੱਚ ਰੀਓ ਓਲੰਪਿਕਸ ਵਿਖੇ ਉਹ ਦੂਜੀ ਵਾਰ ਓਲੰਪੀਅਨ ਬਣਿਆ ਤੇ ਇਸੇ ਸਾਲ ਹੀ ਭਾਰਤੀ ਟੀਮ ਨੇ ਲੰਡਨ ਵਿਖੇ ਚੈਂਪੀਅਨਜ਼ ਟਰਾਫੀ ਵਿਚ ਚਾਂਦੀ ਦਾ ਤਮਗਾ ਜਿੱਤਿਆ। 2017 ਵਿੱਚ ਢਾਕਾ ਵਿਖੇ ਹੋਏ ਏਸ਼ੀਆ ਕੱਪ ਵਿਚ ਭਾਰਤ ਚੈਂਪੀਅਨ ਬਣਿਆ। 2017 ਵਿਚ ਲੰਡਨ ਵਿਖੇ ਖੇਡੀ ਗਈ ਹਾਕੀ ਵਿਸ਼ਵ ਲੀਗ ਵਿਚ ਉਸ ਨੂੰ ਭਾਰਤ ਦੀ ਕਪਤਾਨੀ ਮਿਲੀ। ਸਾਲ 2018 ਵਿਚ ਮਨਪ੍ਰੀਤ ਸਿੰਘ ਨੇ ਚੈਂਪੀਅਨਜ਼ ਟਰਾਫੀ ਦਾ ਦੂਜਾ ਚਾਂਦੀ ਦਾ ਤਮਗਾ ਜਿੱਤਿਆ। 2018 ਵਿਚ ਜਕਾਰਤਾ ਵਿਖੇ ਏਸ਼ਿਆਈ ਖੇਡਾਂ ਵਿਚ ਭਾਰਤ ਨੇ ਕਾਂਸੀ ਦਾ ਤਮਗਾ ਜਿੱਤਿਆ। ਮਲੇਸ਼ੀਅਨ ਮੁਟਿਆਰ ਨਾਲ ਪਿਆਰ ਕਰਨ ਵਾਲੇ ਕੋਰੀਅਨ ਦੀ ਦਿਲੀ ਇੱਛਾ ਹੈ ਕਿ ਟੋਕੀਓ ਉਲੰਪਿਕ ਤੋਂ ਬਾਅਦ ਉਹ ਵਿਆਹ ਦੇ ਬੰਧਨ ਦੇ ਵਿਚ ਬੱਝ ਜਾਵੇਗਾ।

-ਮੋ: 98729-78781

ਖੇਡਾਂ ਦਾ ਰਾਜ ਦੁਲਾਰ ਅੱਖਾਂ ਤੋਂ ਮੁਨਾਖਾ ਮਹਿਰਾਜ ਬਿਹਾਰ

ਮਹਿਰਾਜ ਅੱਖਾਂ ਤੋਂ ਬਿਲਕੁਲ ਨਹੀਂ ਵੇਖ ਸਕਦਾ ਪਰ ਉਸ ਦੀ ਦਿੱਬ ਦ੍ਰਿਸ਼ਟੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਕੋਈ ਮੁਕਾਬਲਾ ਨਹੀਂ। ਇਸੇ ਲਈ ਤਾਂ ਜਿੱਥੇ ਉਹ ਪੜ੍ਹਾਈ ਵਿਚ ਹੁਸ਼ਿਆਰ ਹੈ, ਉਥੇ ਉਹ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਪ੍ਰਾਂਤ ਦਾ ਹੀ ਨਹੀਂ, ਸਗੋਂ ਦੇਸ਼ ਦਾ ਨਾਂਅ ਵੀ ਚਮਕਾ ਰਿਹਾ ਹੈ। ਮਹਿਰਾਜ ਦਾ ਜਨਮ ਇਕ ਸਾਧਾਰਨ ਪਰਿਵਾਰ ਵਿਚ ਪਿਤਾ ਰੋਜ਼ਾਦੀਨ ਦੇ ਘਰ ਮਾਤਾ ਹੁਸਨਾਰਾ ਖਾਤੂਨ ਦੀ ਕੁੱਖੋਂ ਬਿਹਾਰ ਪ੍ਰਾਂਤ ਦੇ ਜ਼ਿਲ੍ਹਾ ਚਾਪਰਾ ਦੇ ਇਕ ਪਿੰਡ ਹਰਪੁਰ ਕਿਸ਼ਨਪੁਰਾ ਵਿਖੇ ਹੋਇਆ। ਮਹਿਰਾਜ ਨੇ ਜਨਮ ਲਿਆ ਤਾਂ ਉਸ ਨੂੰ ਸ਼ਕਲ ਤਾਂ ਦੇ ਦਿੱਤੀ ਪਰ ਇਸ ਰੰਗਲੇ ਸੰਸਾਰ ਨੂੰ ਤੱਕਣ ਲਈ ਜਾਂ ਫਿਰ ਜ਼ਿੰਦਗੀ ਦੀਆਂ ਵਾਟਾਂ ਤੇਜ਼ੀ ਨਾਲ ਮਾਪਣ ਲਈ ਉਸ ਨੂੰ ਵੇਖ ਸਕਣ ਲਈ ਨਿਗ੍ਹਾ ਨਾ ਦਿੱਤੀ ਅਤੇ ਉਹ ਟੋਟਲ ਬਲਾਈਂਡ, ਜਾਣੀ ਵੇਖ ਸਕਣ ਤੋਂ ਅਸਮਰੱਥ ਹੈ। ਮਾਂ-ਬਾਪ ਨੇ ਸੋਚਿਆ ਕਿ ਆਖਰ ਉਨ੍ਹਾਂ ਦਾ ਇਹ ਰਾਜ ਦੁਲਾਰਾ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰੇਗਾ ਇਹ ਹਮੇਸ਼ਾ ਉਨ੍ਹਾਂ ਦੀ ਜ਼ਿੰਦਗੀ ਲਈ ਸਵਾਲ ਹੀ ਬਣਿਆ ਰਿਹਾ ਪਰ ਮਹਿਰਾਜ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸਜ ਸਵਾਰ ਲਿਆ ਜਿਵੇਂ ਉਸ ਦੇ ਤੀਜੇ ਨੇਤਰ ਦੀ ਅੱਖ ਵਿਚ ਉਸ ਨੂੰ ਵਿਖਾਈ ਦਿੰਦਾ ਸੀ ਜਾਂ ਫਿਰ ਇੰਜ ਆਖ ਲਈਏ ਕਿ ਉਸ ਨੇ ਬਲਾਈਂਡ ਹੋ ਕੇ ਵੀ ਜ਼ਿੰਦਗੀ ਜਿਊਣ ਲਈ ਆਪਣੇ ਆਪ ਨੂੰ ਸੁਰਖਰੂ ਕਰ ਲਿਆ। ਮਾਂ-ਬਾਪ ਨੇ ਸਕੂਲੀ ਤਾਲੀਮ ਦਿਵਾਉਣ ਲਈ ਸਾਲ 2006 ਵਿਚ ਦੇਹਰਾਦੂਨ (ਉੱਤਰਾਖੰਡ) ਦੇ ਬਲਾਈਂਡ ਬੱਚਿਆਂ ਦੇ ਸਕੂਲ ਐਨ.ਆਈ.ਈ.ਪੀ.ਵੀ.ਡੀ. ਵਿਚ ਨਰਸਰੀ ਕਲਾਸ ਵਿਚ ਦਾਖ਼ਲ ਕਰਵਾ ਦਿੱਤਾ ਅਤੇ ਮਹਿਰਾਜ ਨੇ ਪੜ੍ਹਾਈ ਵਿਚ ਏਨੇ ਮਾਅਰਕੇ ਮਾਰੇ ਕਿ ਉਹ ਸਕੂਲ ਦਾ ਸਭ ਤੋਂ ਹੁਸ਼ਿਆਰ ਵਿਦਿਆਰਥੀ ਸਾਬਤ ਹੋਇਆ ਅਤੇ ਉਸ ਨੇ 12ਵੀਂ ਕਲਾਸ 97.8 ਅੰਕਾਂ ਨਾਲ ਪਾਸ ਕਰਕੇ ਸਕੂਲ 'ਚੋਂ ਸਭ ਤੋਂ ਵੱਧ ਨੰਬਰ ਲੈਣ ਵਾਲਾ ਵਿਦਿਆਰਥੀ ਸਾਬਤ ਹੋਇਆ। ਪੜ੍ਹਾਈ ਵਿਚ ਹੀ ਨਹੀਂ, ਜੇਕਰ ਉਸ ਦੀਆਂ ਖੇਡ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਆਪਣੇ ਸਕੂਲ ਦੇ ਕੋਚ ਨਰੇਸ਼ ਸਿੰਘ ਨਯਾਲ ਨੇ ਉਸ ਨੂੰ ਅਜਿਹਾ ਖੇਡਾਂ ਦੇ ਖੇਤਰ ਵਿਚ ਤਰਾਸ਼ਿਆ ਕਿ ਇਹ ਮਾਣ ਨਾਲ ਆਖਿਆ ਤੇ ਲਿਖਿਆ ਜਾਵੇਗਾ ਕਿ ਸਾਲ 2018 ਵਿਚ ਕੋਚੀ ਵਿਚ ਹੋਏ ਅੰਤਰਰਾਸ਼ਟਰੀ ਬਲਾਈਂਡ ਫੁੱਟਬਾਲ ਮੈਚਾਂ ਵਿਚ ਉਹ ਭਾਰਤ ਵਲੋਂ ਆਸਟ੍ਰੇਲੀਆ ਦੇ ਖਿਲਾਫ਼ ਖੇਡਿਆ ਅਤੇ ਭਾਰਤ ਨੂੰ ਜਿੱਤ ਦਿਵਾਈ। ਸਾਲ 2018 ਵਿਚ ਹੀ ਉਹ ਆਪਣੇ ਸਕੂਲ ਕਰਕੇ ਉੱਤਰਾਖੰਡ ਵਲੋਂ ਆਈ.ਬੀ.ਐਸ. ਏ ਨੈਸ਼ਨਲ ਸਪੋਰਟਸ ਮੀਟ ਦਿੱਲੀ ਵਿਚ ਖੇਡਿਆ। ਸਾਲ 2016 ਵਿਚ ਉਹ ਉੱਤਰਾਖੰਡ ਦੀ ਬਲਾਈਂਡ ਕ੍ਰਿਕਟ ਟੀਮ ਵਿਚ ਵੀ ਧੁੰਮਾਂ ਪਾਉਂਦਾ ਰਿਹਾ। ਸਾਲ 2019 ਵਿਚ ਉਸ ਨੂੰ ਸਕੂਲ ਵਲੋਂ ਆਲ ਰਾਊਂਡਰ ਐਵਾਰਡ ਨਾਲ ਨਿਵਾਜਿਆ ਗਿਆ। ਮਹਿਰਾਜ ਅੱਜਕਲ੍ਹ ਦਿੱਲੀ ਵਿਖੇ ਹਿੰਦੂ ਕਾਲਜ ਵਿਚ ਉੱਚੇਰੀ ਸਿੱਖਿਆ ਲੈ ਰਿਹਾ ਹੈ ਅਤੇ ਨਾਲ ਹੀ ਖੇਡਾਂ ਦੇ ਵਿਚ ਵੀ ਮਾਅਰਕੇ ਮਾਰ ਰਿਹਾ ਹੈ। ਮਹਿਰਾਜ ਆਖਦਾ ਹੈ ਕਿ ਭਾਵੇਂ ਉਸ ਨੂੰ ਵਿਖਾਈ ਨਹੀਂ ਦਿੰਦਾ ਪਰ ਉਹ ਸਭ ਕੁਝ ਮਹਿਸੂਸ ਕਰ ਲੈਂਦਾ ਹੈ ਅਤੇ ਉਹ ਆਪਣੀ ਅੰਦਰਲੀ ਅੱਖ ਨਾਲ ਤੱਕਦਾ ਹੋਇਆ ਆਖਦਾ ਹੈ ਕਿ ਇਹ ਰੰਗਲਾ ਸੰਸਾਰ ਅਦਭੁਤ ਅਤੇ ਪਿਆਰਾ ਹੈ ਅਤੇ ਮੇਰਾ ਭਾਰਤ ਮਹਾਨ ਹੈ। ਪਰਮਾਤਮਾ ਕਰੇ ਇਸ ਸਨਮਾਨੇ ਨੌਜਵਾਨ ਨੂੰ ਭਵਿੱਖ ਵਿਚ ਅਜਿਹੇ ਸਨਮਾਨ ਮਿਲਣ ਕਿ ਵੇਖ ਸਕਣ ਵਾਲਾ ਵੀ ਆਖੇ ਕਿ ਕਾਸ਼! ਅਸੀਂ ਮਹਿਰਾਜ ਦੀ ਥਾਂ ਹੁੰਦੇ।


-ਮੋਗਾ (ਪੰਜਾਬ)
ਮੋ: 98551-14484

ਭਾਰਤੀ ਫੁੱਟਬਾਲ ਦਾ ਜਰਨੈਲ 'ਉਲੰਪੀਅਨ ਜਰਨੈਲ ਸਿੰਘ'

ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਜਗਤ ਦਾ ਉਹ ਖਿਡਾਰੀ ਸੀ ਜਿਸ ਦੀ ਮਹਾਨਤਾ ਸ਼ਬਦਾਂ ਵਿਚ ਬਿਆਨ ਕਰਨੀ ਮੁਸ਼ਕਿਲ ਹੈ। ਉਹ ਇਕ ਅਜਿਹਾ ਫੁੱਟਬਾਲਰ ਸੀ ਜੋੋ ਦੁਨੀਆ ਦੀ ਕਿਸੇ ਵੀ ਫੁੱਟਬਾਲ ਟੀਮ ਵਿਚ ਕਿਸੇ ਵੀ ਥਾਂ ਖੇਡਣ ਦੇ ਸਮਰੱਥ ਮੰਨਿਆ ਜਾਂਦਾ ਸੀ। ਉਲੰਪੀਅਨ ਜਰਨੈਲ ਸਿੰਘ ਨੇ ਦਸ ਸਾਲ ਭਰ ਜਵਾਨੀ ਵਿਚ ਫੁੱਟਬਾਲ ਨਾਲ ਰੱਜ ਕੇ ਮੋਹ ਜਤਾਇਆ ਤੇ ਅਨੇਕਾਂ ਪ੍ਰਾਪਤੀਆਂ ਨੂੰ ਚੁੰਮਿਆ। 1964 ਵਿਚ ਪ੍ਰਾਪਤੀਆਂ ਦੀ ਬਦੌਲਤ ਭਾਰਤ ਸਰਕਾਰ ਵਲੋਂ ਸ: ਜਰਨੈਲ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਆ ਗਿਆ। ਏਸ਼ੀਆ ਕੱਪ, ਮਡਰੇਕਾ ਕੱਪ, ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣਾ, ਉਲੰਪਿਕ ਵਿਚ ਸੰਸਾਰ ਇਲੈਵਨ ਦਾ ਮੈਂਬਰ ਚੁਣੇ ਜਾਣਾ, 1970 ਅਤੇ 1974 ਵਿਚ ਸ਼ੰਤੋਸ ਟਰਾਫੀ ਪੰਜਾਬ ਦੀ ਝੋਲੀ ਪਾਉਣੀ, ਸ: ਜਰਨੈਲ ਸਿੰਘ ਦੀਆਂ ਪ੍ਰਾਪਤੀਆਂ ਦਾ ਅਹਿਮ ਹਿੱਸਾ ਸੀ। ਪੰਜਾਬ ਮੋਹਨ ਬਗਾਨ ਅਤੇ ਏਸ਼ੀਆਂ ਦੀ ਟੀਮ ਦਾ ਕਪਤਾਨ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਸੀ। ਉਲੰਪੀਅਨ ਜਰਨੈਲ ਸਿੰਘ ਦੇ ਵਿਛੋੜੇ ਤੋਂ ਬਾਅਦ ਦੇਸ਼-ਵਿਦੇਸ਼ ਵਿਚ ਵਸਦੇ ਉਨ੍ਹਾਂ ਦੇ ਗੜ੍ਹਸ਼ੰਕਰ ਖੇਤਰ ਦੇ ਸਨੇਹੀਆਂ ਅਤੇ ਫੁੱਟਬਾਲ ਨਾਲ ਮੋਹ ਰੱਖਣ ਵਾਲੇ ਸੱਜਣਾਂ ਵਲੋਂ ਫੁੱਟਬਾਲ ਜਗਤ ਮਹਾਨ ਪੰਜਾਬੀ ਸਪੂਤ ਵਲੋਂ ਫੁੱਟਬਾਲ ਖੇਡ ਲਈ ਪਾਏ ਯੋਗਦਾਨ ਦੇ ਇਤਿਹਾਸ ਨੂੰ ਸਦਾ ਲਈ ਰੁਸ਼ਨਾਉਣ ਅਤੇ ਨੌਜਵਾਨਾਂ ਦੀ ਪ੍ਰੇਰਨਾ ਦਾ ਸਰੋਤ ਬਣਾਉਣ ਲਈ ਸੰਨ 2000 ਵਿਚ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦਾ ਗਠਨ ਕੀਤਾ। ਜਿਸ ਤੋਂ ਬਾਅਦ ਫੁੱਟਬਾਲ ਖੇਡ ਦੇ ਪਸਾਰ ਅਤੇ ਉਲੰਪੀਅਨ ਜਰਨੈਲ ਸਿੰਘ ਵਲੋਂ ਫੁੱਟਬਾਲ ਦੇ ਖੇਤਰ ਵਿਚ ਪਾਏ ਪੂਰਨਿਆਂ 'ਤੇ ਨੌਜਵਾਨ ਪੀੜ੍ਹੀ ਨੂੰ ਤੋਰਨ ਲਈ ਯਤਨ ਆਰੰਭੇ।
ਫੁੱਟਬਾਲ ਖੇਡ ਦੇ ਪਸਾਰ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਲਈ ਰਾਹ-ਦਸੇਰਾ ਬਣ ਰਿਹਾ ਰਾਜ ਪੱਧਰੀ ਸਾਲਾਨਾ ਫੁੱਟਬਾਲ ਟੂਰਨਾਮੈਂਟ 19ਵੇਂ ਵਰ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ ਜੋ 26 ਫਰਵਰੀ, 2020 ਤੱਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਰਵਾਇਆ ਜਾ ਰਿਹਾ ਹੈ। 19ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਵਿਚ ਪੰਜਾਬ ਦੇ ਨਾਮੀ ਕਲੱਬ, ਕਾਲਜ ਤੇ ਇਲਾਕੇ ਦੀਆਂ ਪੇਂਡੂ ਟੀਮਾਂ ਫੁੱਟਬਾਲ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ਕਮੇਟੀ ਦੇ ਕਾਰਜਾਂ ਅਤੇ ਪ੍ਰਬੰਧਾਂ ਨੂੰ ਆਪ ਮੁਹਾਰੇ ਪੇਸ਼ ਕਰਨਗੀਆਂ। ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਦੇ ਰੂਪ ਵਿਚ ਚੱਲ ਰਹੇ ਇਹ ਸਲਾਹੁਣਯੋਗ ਕਾਰਜ ਜਿਥੇ ਮਹਾਨ ਫੁੱਟਬਾਲ ਖਿਡਾਰੀ ਦੀ ਯਾਦ ਨੂੰ ਤਾਜ਼ਾ ਕਰਵਾ ਰਹੇ ਹਨ, ਉਥੇ ਨੌਜਵਾਨ ਵਰਗ ਨੂੰ ਵੀ ਖੇਡਾਂ ਨਾਲ ਜੁੜ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਵਧਣ ਲਈ ਪ੍ਰੇਰਿਤ ਕਰ ਰਹੇ ਹਨ।


-ਪਿੰਡ ਤੇ ਡਾਕ: ਗੋਗੋਂ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ) ਮੋ: 94176-76755

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX