ਤਾਜਾ ਖ਼ਬਰਾਂ


ਟਰੱਕ ਦੀ ਲਪੇਟ ਵਿਚ ਆਉਣ ਨਾਲ ਭੂਆ-ਭਤੀਜੀ ਦੀ ਮੌਤ
. . .  1 day ago
ਫਿਰੋਜਪੁਰ ,17 ਅਗਸਤ (ਗੁਰਿੰਦਰ ਸਿੰਘ )- ਦੇਰ ਰਾਤ ਫਿਰੋਜਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੋਂਕ ਦੇ ਕੋਲ ਟਰੱਕ ਦੀ ਲਪੇਟ ਵਿਚ ਆਉਣ ਨਾਲ ਰਿਸ਼ਤੇ ਵਿਚ ਭੂਆ ਭਤੀਜੀ ਲੱਗਦੀਆਂ ਦੋ ਬੱਚੀਆਂ ਦੀ ਮੌਤ ਹੋ ...
ਫਿਲੌਰ ਦੇ ਸਤਲੁਜ ਦਰਿਆ ਵਿਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ,ਦਰਿਆ ਨਾਲ ਲੱਗਦੇ ਇਲਾਕਿਆਂ ਵਿਚ ਹਾਈ ਅਲਰਟ
. . .  1 day ago
ਭਾਖੜਾ ਡੈਮ ਵਲੋਂ ਪਾਣੀ ਛੱਡੇ ਜਾਣ ਕਾਰਨ ਪਾਣੀ ਨੇ ਤਕਰੀਬਨ ਅੱਧੀ ਦਰਜਨ ਪਿੰਡ ਆਪਣੀ ਲਪੇਟ 'ਚ ਲਏ
. . .  1 day ago
ਸ੍ਰੀ ਅਨੰਦਪੁਰ ਸਾਹਿਬ,17ਅਗਸਤ {ਨਿੱਕੂਵਾਲ਼, ਕਰਨੈਲ ਸਿੰਘ}-ਮੋਸਮ ਵਿਭਾਗ ਵਲੋਂ ਅਗਲੇ 48 ਘੰਟੇ ਭਾਰੀ ਬਾਰਿਸ਼ ਪੈਣ ਦੀ ਦਿੱਤੀ ਖਬਰ ਤੋਂ ਬਾਅਦ ਭਾਖੜਾ ਡੈਮ ਦੇ ਪ੍ਰਬੰਧਕਾਂ ਵਲੋਂ ਪੈਦਾ ਹੋਣ ਵਾਲੇ ਖਤਰੇ ਨੂੰ ...
ਲਗਾਤਾਰ ਹੋ ਰਹੀ ਵਰਖਾ ਕਾਰਨ ਸਬ-ਡਵੀਜ਼ਨ ਤਪਾ ਵਿਖੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਈ
. . .  1 day ago
ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)- ਅੱਜ ਸ਼ਾਮ ਸਮੇਂ ਸ਼ੁਰੂ ਹੋਈ ਬਾਰਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ...
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ 'ਚੋਂ ਇਕ ਦੀ ਲਾਸ਼ ਬਰਾਮਦ
. . .  1 day ago
ਸਮਾਣਾ (ਪਟਿਆਲਾ), 17 ਅਗਸਤ (ਸਾਹਿਬ ਸਿੰਘ)- ਥਾਣਾ ਸਮਾਣਾ ਦੇ ਪਿੰਡ ਮਵੀ ਕਲਾਂ ਦੀਆਂ ਦੋ ਲਾਪਤਾ ਸਹੇਲੀਆਂ 'ਚੋਂ ਇਕ ਦੀ ਲਾਸ਼ ਭਾਖੜਾ 'ਚੋਂ ਬਰਾਮਦ...
ਭਾਰੀ ਮੀਂਹ ਕਾਰਨ ਹੰਡਿਆਇਆ ਹੋਇਆ ਜਲਥਲ
. . .  1 day ago
ਹੰਡਿਆਇਆ, 17 ਅਗਸਤ (ਗੁਰਜੀਤ ਸਿੰਘ ਖੁੱਡੀ) - ਅੱਜ ਬਾਅਦ ਦੁਪਹਿਰ ਤੋਂ ਪੈ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਕਸਬਾ ਹੰਡਿਆਇਆ ਜਲਥਲ ਹੋ...
ਕੈਪਟਨ ਵੱਲੋਂ ਖੇਡ ਸੰਸਥਾ ਲਈ 5 ਖਿਡਾਰੀਆਂ ਦੇ ਨਾਵਾਂ ਨੂੰ ਮਨਜ਼ੂਰੀ
. . .  1 day ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਉੱਘੇ ਖਿਡਾਰੀਆਂ ਦੇ ਨਾਵਾਂ ਨੂੰ ਪੰਜਾਬ ਖੇਡ ਸੰਸਥਾ ਦੀ ਸੰਚਾਲਨ ਪ੍ਰੀਸ਼ਦ ...
ਮੋਹਲ਼ੇਧਾਰ ਬਾਰਸ਼ ਕਾਰਨ ਜਲਥਲ ਹੋਇਆ ਨਾਭਾ
. . .  1 day ago
ਨਾਭਾ, 17 ਅਗਸਤ (ਕਰਮਜੀਤ ਸਿੰਘ)- ਅੱਜ ਦੁਪਹਿਰ ਤੋਂ ਹੋ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਨਾਭਾ ਸ਼ਹਿਰ ਪੂਰਾ ਜਲ ਥਲ ਹੋ ਗਿਆ। ਸ਼ਹਿਰ ਦੇ ਪੁਰਾਣੇ ਇਲਾਕਿਆਂ ਤੇ ਨੀਵੇਂ ਘਰਾਂ 'ਚ ਪਾਣੀ ਦਾਖ਼ਲ ...
ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦਾ ਪਲਟਿਆਂ ਵਾਹਨ, ਕਈ ਜ਼ਖਮੀ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਅਗਸਤ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਪਿੰਡ ਭਾਗੀਵਾਦਰ ਲਾਗੇ ਹਜ਼ੂਰ ਸਾਹਿਬ ਲਈ ਜਾ ਰਹੇ ਸ਼ਰਧਾਲੂਆਂ ਨੂੰ ਟਰੇਨ ਚੜ੍ਹਾਉਣ...
ਤਪਾ ਖੇਤਰ 'ਚ ਸ਼ੁਰੂ ਹੋਇਆ ਮੀਂਹ
. . .  1 day ago
ਤਪਾ ਮੰਡੀ, 17 ਅਗਸਤ (ਵਿਜੇ ਸ਼ਰਮਾ)- ਮੌਸਮ ਵਿਭਾਗ ਵੱਲੋਂ ਅਗਲੇ 48 ਤੋਂ 72 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਅਤੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਨੂੰ...
ਹੋਰ ਖ਼ਬਰਾਂ..

ਲੋਕ ਮੰਚ

ਕਿਉਂ ਰੁਲਦੀਆਂ ਨੇ ਵਿਦੇਸ਼ਾਂ ਵਿਚ ਪੰਜਾਬੀ ਲਾਸ਼ਾਂ?

ਪੰਜਾਬ ਵਿਚ ਬੇਰੁਜ਼ਗਾਰੀ ਵੱਧ ਹੋਣ ਕਰਕੇ ਪੰਜਾਬੀ ਨੌਜਵਾਨ ਮਜਬੂਰੀ ਵੱਸ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ। ਉੱਥੇ ਉਨ੍ਹਾਂ ਨੂੰ ਮਿਹਨਤ ਦਾ ਵਧੀਆ ਮੁੱਲ ਮਿਲਦਾ ਹੈ, ਜਿਸ ਕਰਕੇ ਪੰਜਾਬ ਵਿਚ ਰਹਿਣ ਤੋਂ ਪੰਜਾਬੀਆਂ ਦਾ ਹੁਣ ਮਨ ਅੱਕ ਚੁੱਕਾ ਹੈ। ਪਰ ਅਫਸੋਸ ਜਦੋਂ ਕਿਸੇ ਪੰਜਾਬੀ ਨੌਜਵਾਨ ਦੀ ਕਿਸੇ ਵਿਦੇਸ਼ ਵਿਚ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਵਾਲੇ ਆਪਣੇ ਪੁੱਤ ਦੀ ਲਾਸ਼ ਆਪਣੇ ਦੇਸ਼ ਲਿਆਉਣ ਲਈ ਸਾਡੇ ਨੇਤਾਵਾਂ ਦੇ ਤਰਲੇ ਕਰਦੇ ਰਹਿੰਦੇ ਹਨ ਪਰ ਸਾਡੇ ਨੇਤਾਵਾਂ ਕੋਲ ਇਹੋ ਜਿਹੇ ਪੀੜਤ ਪਰਿਵਾਰਾਂ ਦੀ ਗੱਲ ਸੁਣਨ ਲਈ ਸਮਾਂ ਨਹੀਂ ਹੈ। ਹਰ ਰੋਜ਼ ਕਿਸੇ ਨਾ ਕਿਸੇ ਵਿਦੇਸ਼ ਵਿਚ ਪੰਜਾਬੀ ਦੀ ਲਾਸ਼ ਵਤਨ ਨਾ ਆਉਣ ਕਰਕੇ ਪਰਿਵਾਰ ਦੀ ਦੁਹਾਈ ਸੁਣ ਕੇ ਰੂਹ ਕੰਬ ਜਾਦੀ ਹੈ। ਸਾਡੇ ਦੇਸ਼ ਦੇ ਨੇਤਾ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀਆਂ ਵੋਟਾਂ ਵੇਲੇ ਬੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਵੋਟਾਂ ਤੋਂ ਬਾਅਦ ਇਨ੍ਹਾਂ ਨੂੰ ਕੀਤੇ ਆਪਣੇ ਵਾਅਦੇ ਯਾਦ ਨਹੀਂ ਰਹਿੰਦੇ। ਸਾਡੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਹਰੇਕ ਨੌਜਵਾਨ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਕੁਰਸੀ ਮਿਲਣ 'ਤੇ ਕੈਪਟਨ ਸਾਹਿਬ ਆਪਣਾ ਵਾਅਦਾ ਭੁੱਲ ਗਏ ਹਨ। ਮੌਜੂਦਾ ਆਗੂਆਂ ਅਤੇ ਅਹੁਦੇਦਾਰਾਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਵਿਦੇਸ਼ ਵਿਚ ਕਿਸੇ ਪੰਜਾਬੀ ਦੀ ਮੌਤ ਹੁੰਦੀ ਹੈ ਤਾਂ ਉਹ ਉਸ ਪਰਿਵਾਰ ਵਾਲਿਆਂ ਨਾਲ ਦਿਲੋਂ ਹਮਦਰਦੀ ਪ੍ਰਗਟਾਇਆ ਕਰਨ ਤੇ ਵਿਦੇਸ਼ 'ਚ ਮਰੇ ਨੌਜਵਾਨ ਦੀ ਲਾਸ਼ ਲਿਆਉਣ ਲਈ ਯਤਨ ਕਰਿਆ ਕਰਨ। ਜੇਕਰ ਸਰਕਾਰਾਂ ਆਪਣੇ ਦੇਸ਼ ਵਿਚ ਰੁਜ਼ਗਾਰ ਨਹੀਂ ਦੇ ਸਕਦੀਆਂ ਤਾਂ ਘੱਟੋ-ਘੱਟ ਇਹੋ ਜਿਹੇ ਮੌਕੇ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਜ਼ਰੂਰ ਸਮਝਿਆ ਕਰਨ।

-ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ। ਮੋਬਾ: 94650-33331


ਖ਼ਬਰ ਸ਼ੇਅਰ ਕਰੋ

ਪੰਜਾਬ ਨੂੰ ਸੰਕਟ ਵਿਚੋਂ ਕੱਢਣ ਲਈ ਯਤਨਸ਼ੀਲ ਹੋਈਏ

ਪੰਜਾਬ ਨੂੰ ਬਚਾਉਣ ਲਈ ਪਾਣੀ ਦੇ ਦਿਨ-ਬ-ਦਿਨ ਡਿਗ ਰਹੇ ਪੱਧਰ ਅਤੇ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਮੰਤਵ ਨਾਲ ਜਿੱਥੇ ਸਰਕਾਰੀ ਪੱਧਰ 'ਤੇ ਰੁੱਖ ਲਗਾਉਣ ਦੀ ਹੋੜ ਵਧੀ ਹੈ, ਉੱਥੇ ਹੀ ਦੇਸ਼ ਭਰ ਦੀਆਂ ਧਾਰਮਿਕ, ਸਮਾਜਿਕ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਛਾਂਦਾਰ ਅਤੇ ਫਲਦਾਰ ਬੂਟੇ ਲਗਾਉਣ ਦੇ ਯਤਨ ਆਰੰਭੇ ਜਾ ਰਹੇ ਹਨ। ਇੱਥੋਂ ਤੱਕ ਕਿ ਦੇਸ਼ ਭਰ ਦੀਆਂ ਸਰਕਾਰੀ/ਗ਼ੈਰ-ਸਰਕਾਰੀ ਵਿੱਦਿਅਕ ਸੰਸਥਾਵਾਂ ਵਿਚ ਗੰਧਲੇ ਹੋ ਚੁੱਕੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਾਡੇ ਦੇਸ਼ ਦਾ ਬਹੁਤ ਦੁਖਦਾਈ ਪਹਿਲੂ ਹੈ ਕਿ ਸਾਡੀਆਂ ਸਰਕਾਰਾਂ ਵਲੋਂ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਭਲੀਭਾਂਤ ਜਾਣਦੇ ਹੋਏ ਵੀ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ ਜਿਵੇਂ ਕਿ ਓਵਰ ਬ੍ਰਿਜ ਬਣਾਉਣ, ਸੜਕਾਂ ਬਣਾਉਣ ਆਦਿ ਹੋਰ ਅਨੇਕਾਂ ਹੀ ਗੱਲਾਂ ਹਨ ਜੋ ਕਿ ਸਰਕਾਰ ਵਲੋਂ ਇਕ ਦਿਨ ਵਿਚ ਫੈਸਲੇ ਕਰਦਿਆਂ ਤਾਂ ਨਹੀਂ ਬਣਾਈਆਂ ਜਾਂਦੀਆਂ, ਬਲਕਿ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਵਿਕਾਸ ਦੇ ਕੰਮ ਨੂੰ ਤਰਜੀਹ ਦੇਣ ਲਈ ਵਿਉਂਤਬੰਦੀ ਬਣਾ ਕੇ ਕਈ ਮੀਟਿੰਗਾਂ ਆਦਿ ਕੀਤੀਆਂ ਜਾਂਦੀਆਂ ਹਨ, ਤਦ ਕਿਤੇ ਜਾ ਕੇ ਕਿਸੇ ਸ਼ਹਿਰ ਜਾਂ ਇਲਾਕੇ ਨੂੰ ਸੜਕ ਜਾਂ ਪੁਲ ਬਣਾਉਣ ਦੀ ਮਨਜ਼ੂਰੀ ਪ੍ਰਵਾਨ ਕੀਤੀ ਜਾਂਦੀ ਹੈ, ਜਦੋਂ ਕਿ ਅਜਿਹੀਆਂ ਸਹੂਲਤਾਂ ਦੇਣ ਤੋਂ ਪਹਿਲਾਂ ਆਮ ਜਨਤਾ ਨੂੰ ਹੋਣ ਵਾਲੇ ਨੁਕਸਾਨ ਅਤੇ ਕੁਦਰਤੀ ਵਸਤਾਂ ਰੁੱਖ ਆਦਿ ਨੂੰ ਖਤਮ ਕਰ ਦੇਣਾ ਕਿਧਰ ਦੀ ਅਕਲਮੰਦੀ ਹੈ? ਪੰਜਾਬ ਦੀ ਗੱਲ ਕਰੀਏ ਤਾਂ ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਸਿਰਫ਼ ਖੁਸ਼ਹਾਲ ਹੀ ਨਹੀਂ ਸਗੋਂ ਭਰਪੂਰ ਹਰਿਆਵਲ ਨਾਲ ਭਰਿਆ ਹੁੰਦਾ ਸੀ, ਜੋ ਕਿ ਵਾਤਾਵਰਨ ਦੀ ਸ਼ੁੱਧੀ ਲਈ ਆਪਣੀ ਵੱਖਰੀ ਪਹਿਚਾਣ ਨਾਲ ਜਾਣਿਆ ਜਾਂਦਾ ਸੀ ਪਰ ਅੱਜ ਪੰਜਾਬ ਸਰਕਾਰੀ ਨੁਮਾਇੰਦਿਆਂ ਦੀ ਆਪਸੀ ਖਿੱਚੋਤਾਣ 'ਚ ਪਿਸ ਕੇ ਰਹਿ ਗਿਆ ਹੈ, ਕਿਉਂਕਿ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਪੰਜਾਬ 'ਚ ਫੈਲੀ ਬੇਰੁਜ਼ਗਾਰੀ, ਨਸ਼ਿਆਂ ਦੀ ਭਰਮਾਰ, ਲਗਪਗ ਹਰ ਰੋਜ਼ ਵਾਂਗ ਕਿਸੇ ਨਾ ਕਿਸੇ ਅਦਾਰੇ ਵਲੋਂ ਲਗਾਏ ਜਾਂਦੇ ਧਰਨੇ-ਮੁਜ਼ਾਹਰੇ ਅਤੇ ਸਰਕਾਰ ਦਾ ਕੀਤਾ ਜਾਂਦਾ ਪਿੱਟ-ਸਿਆਪਾ, ਮੋਟੀਆਂ ਤਨਖਾਹਾਂ ਦੇ ਬਾਵਜੂਦ ਲਗਪਗ ਹਰ ਮਹਿਕਮੇ 'ਚ ਫੈਲਿਆ ਭ੍ਰਿਸ਼ਟਾਚਾਰ, ਗੁੰਡਾ ਰਾਜ, ਕਤਲੋਗਾਰਤ ਦੀਆਂ ਵਾਰਦਾਤਾਂ, ਆਮ ਨਾਗਰਿਕ ਨੂੰ ਬਣਦੇ ਹੱਕਾਂ ਲਈ ਮੰਗੇ ਇਨਸਾਫ ਬਦਲੇ ਮਿਲਦੀਆਂ ਲਾਠੀਆਂ/ਡੰਡੇ ਆਮ ਜਿਹੀ ਗੱਲ ਹੋ ਗਈ ਹੈ, ਜਿੱਥੇ ਆਮ ਨਾਗਰਿਕ ਹੁਣ ਪੰਜਾਬ 'ਚ ਰਹਿੰਦਾ ਹੋਇਆ ਵੀ ਘੁਟਣ ਮਹਿਸੂਸ ਕਰ ਰਿਹਾ ਹੈ। ਪਾਰਟੀ ਦੇ ਨੁਮਾਇੰਦਿਆਂ ਵਲੋਂ ਚੋਣਾਂ ਮੌਕੇ ਚੋਣ ਮੈਨੀਫੈਸਟੋ 'ਚ ਕੀਤੇ ਵਾਅਦਿਆਂ ਨੂੰ ਨਾ ਪੂਰਾ ਕਰਨ ਅਤੇ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਦੁਖੀ ਪੰਜਾਬ 'ਚ ਵਸਦੀ ਨੌਜਵਾਨ ਪੀੜ੍ਹੀ ਤਾਂ ਜ਼ਿਆਦਾਤਰ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਹੈ ਭਾਵੇਂ ਉੱਥੇ ਜਾ ਕੇ ਭਾਂਡੇ ਹੀ ਕਿਉਂ ਨਾ ਮਾਂਜਣੇ ਪੈਣ, ਪਰ ਉਹ ਵਿਦੇਸ਼ ਨੂੰ ਤਰਜੀਹ ਦੇ ਰਹੀ ਹੈ। ਪੰਜਾਬ ਨੂੰ ਅਨੇਕਾਂ ਵਾਰ ਹਰਿਆ ਭਰਿਆ ਬਣਾਉਣ ਲਈ ਚਲਾਈ ਗਈ ਹਰਿਆਵਲ ਲਹਿਰ ਤਹਿਤ ਕਰੋੜਾਂ ਰੁਪਏ ਦੇ ਬੂਟੇ ਲਗਾਏ ਜਾ ਚੁੱਕੇ ਹਨ ਜੋ ਕਿ ਮਹਿਜ਼ ਅਖ਼ਬਾਰੀ ਸੁਰਖੀਆਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਸਨ। ਅੱਜ ਪਾਣੀ ਦਾ ਪੱਧਰ ਨੀਵਾਂ ਚਲੇ ਜਾਣ ਅਤੇ ਕੁਦਰਤੀ ਆਫਤਾਂ ਦਾ ਸ਼ਿਕਾਰ ਹੋਏ ਪੰਜਾਬ ਦੀ ਚਿੰਤਾ, ਹਰ ਪੰਜਾਬ ਵਾਸੀ ਲਈ ਵੱਡੀ ਚੁਣੌਤੀ ਬਣੀ ਹੋਈ ਹੈ ਜਿਸ ਨੂੰ ਨਾ ਸੰਭਾਲਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸੂਬਾ ਬਰਬਾਦੀ ਦੇ ਕਗਾਰ 'ਤੇ ਪਹੁੰਚ ਜਾਵੇਗਾ, ਜਿਸ ਨੂੰ ਸੰਭਾਲਣਾ ਅੱਜ ਪੰਜਾਬ ਸਰਕਾਰ ਦੇ ਨਾਲ-ਨਾਲ ਹਰ ਪੰਜਾਬ ਵਾਸੀ ਦੀ ਜ਼ਿੰਮੇਵਾਰੀ ਬਣ ਚੁੱਕੀ ਹੈ। ਇਹ ਉਦੋਂ ਹੀ ਸੰਭਵ ਹੋ ਸਕੇਗਾ ਜਦੋਂ ਪੰਜਾਬ ਅੰਦਰ ਬੇਰੁਜ਼ਗਾਰੀ ਦਾ ਖਾਤਮਾ, ਨਸ਼ਿਆਂ ਦਾ ਖਾਤਮਾ, ਭ੍ਰਿਸ਼ਟਾਚਾਰ, ਗੁੰਡਾਰਾਜ, ਲੁੱਟ-ਖਸੁੱਟ ਅਤੇ ਭ੍ਰਿਸ਼ਟ ਸ਼ਾਸਨ ਦਾ ਅੰਤ ਹੋਵੇਗਾ ਅਤੇ ਹਰ ਮੰਤਰੀ ਤੋਂ ਲੈ ਕੇ ਸੰਤਰੀ ਸਮੇਤ ਪੰਜਾਬ ਦਾ ਹਰ ਨਾਗਰਿਕ ਆਪਣੀ ਬਣਦੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵੇਗਾ।

-ਨਰਿੰਦਰਾ ਕਾਲੋਨੀ, ਮਲੇਰਕੋਟਲਾ।
ਮੋਬਾ: 96460-55370

ਅਪਰਾਧਾਂ ਦੀ ਵਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ

ਅੱਜ ਦੇ ਸਮੇਂ ਵਿਚ ਅਪਰਾਧਾਂ ਦੀ ਗਿਣਤੀ ਕਾਫੀ ਵਧ ਚੁੱਕੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਹਰ ਰੋਜ਼ ਅਖ਼ਬਾਰ ਦਾ ਪਹਿਲਾ ਪੰਨਾ ਖੋਲ੍ਹਦੇ ਹੀ ਕਈ ਤਰ੍ਹਾਂ ਦੀਆਂ ਅਪਰਾਧਿਕ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਕਿਤੇ ਕਤਲ, ਕਿਤੇ ਜਬਰ ਜਨਾਹ, ਕਿਤੇ ਲੁੱਟ-ਖੋਹ, ਕਿਤੇ ਚੋਰੀ, ਕਿਤੇ ਠੱਗੀ, ਕਈ ਤਰ੍ਹਾਂ ਦੇ ਅਪਰਾਧਾਂ ਦੀਆਂ ਘਟਨਾਵਾਂ ਰੋਜ਼ਾਨਾ ਹੀ ਹੁੰਦੀਆਂ ਹਨ, ਜਿਨ੍ਹਾਂ ਉੱਤੇ ਕੋਈ ਕਾਬੂ ਨਹੀਂ ਹੈ। ਕਈ ਵਾਰ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਅਪਰਾਧਾਂ ਦੀ ਦੁਨੀਆ ਵਿਚ ਜੀਅ ਰਹੇ ਹੋਈਏ। ਛੋਟੇ-ਛੋਟੇ ਬੱਚੇ ਵੀ ਅਪਰਾਧੀਆਂ ਦੀ ਗ੍ਰਿਫ਼ਤ ਵਿਚ ਆ ਚੁੱਕੇ ਹਨ। ਬੱਚੇ ਜੋ ਕਿ ਮਾਂ-ਬਾਪ ਅਤੇ ਦੇਸ਼ ਦਾ ਭਵਿੱਖ ਹੁੰਦੇ ਹਨ, ਅਪਰਾਧੀਆਂ ਦਾ ਸ਼ਿਕਾਰ ਬਣ ਰਹੇ ਹਨ। ਹਰ ਮਾਂ-ਬਾਪ, ਪਰਿਵਾਰ ਨੂੰ ਆਪਣਾ ਬੱਚਾ ਜਾਨ ਤੋਂ ਪਿਆਰਾ ਹੁੰਦਾ ਹੈ। ਉਨ੍ਹਾਂ ਦੇ ਬੱਚੇ ਨੂੰ ਝਰੀਟ ਵੀ ਆ ਜਾਵੇ ਤਾਂ ਮਾਂ-ਬਾਪ ਦੀ ਜਾਨ ਉੱਤੇ ਬਣ ਆਉਂਦੀ ਹੈ ਅਤੇ ਜੇ ਬੱਚੇ ਨੂੰ ਕੁਝ ਹੋ ਜਾਵੇ ਤਾਂ ਉਹ ਜਿਉਂਦੇ ਜੀਅ ਹੀ ਮਰ ਜਾਂਦੇ ਹਨ। ਅੱਜਕਲ੍ਹ ਬੱਚਿਆਂ ਉੱਤੇ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਪੰਜਾਬ ਵਿਚ ਅੱਜਕਲ੍ਹ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਹ ਹੈ ਬੱਚਾ ਚੋਰੀ ਦਾ ਵਿਸ਼ਾ। ਪੰਜਾਬ ਦੇ ਪਿੰਡਾਂ ਵਿਚ, ਗਲੀ-ਮੁਹੱਲਿਆਂ ਵਿਚ, ਸੋਸ਼ਲ ਮੀਡੀਆ ਉੱਤੇ, ਹਰ ਪਾਸੇ ਹੀ ਬੱਚਾ ਚੋਰੀ ਦੀਆਂ ਘਟਨਾਵਾਂ ਦੀ ਚਰਚਾ ਹੋ ਰਹੀ ਹੈ। ਕਈ ਪਿੰਡਾਂ ਵਿਚ ਅਨਾਊਂਸਮੈਂਟ ਕਰਵਾ ਕੇ ਆਪਣੇ ਬੱਚਿਆਂ ਦਾ ਧਿਆਨ ਆਪ ਰੱਖਣ ਬਾਰੇ ਮਾਪਿਆਂ ਨੂੰ ਚੌਕੰਨੇ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਕਈ ਘਟਨਾਵਾਂ ਅਜਿਹੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਬੱਚਾ ਚੁੱਕ ਕੇ ਲਿਜਾਂਦੇ ਵਿਅਕਤੀ ਕਾਬੂ ਕੀਤੇ ਗਏ ਹਨ ਅਤੇ ਬੱਚਿਆਂ ਦਾ ਬਚਾਅ ਹੋ ਗਿਆ ਹੈ। ਬੱਚਿਆਂ ਨੂੰ ਚੁੱਕਣ ਦੇ ਮਾਮਲੇ ਵਿਚ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਦੌਰ ਜਾਰੀ ਹੈ। ਇਸ ਮਾਮਲੇ ਵਿਚ ਡੂੰਘਾਈ ਤੱਕ ਪਹੁੰਚਣ ਦੀ ਲੋੜ ਹੈ, ਤਾਂ ਕਿ ਸੱਚ ਸਾਹਮਣੇ ਆ ਸਕੇ। ਜਿਹੜੇ ਵਿਅਕਤੀ ਪੁਲਿਸ ਨੇ ਕਾਬੂ ਕੀਤੇ ਹਨ, ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿਛ ਕਰਕੇ ਮਾਮਲੇ ਦੀ ਜੜ੍ਹ ਤੱਕ ਪਹੁੰਚਣ ਦੀ ਲੋੜ ਹੈ। ਪੁਲੀਸ ਗਸ਼ਤ ਵਧਾਈ ਜਾਣੀ ਚਾਹੀਦੀ ਹੈ, ਤਾਂ ਕਿ ਅਪਰਾਧੀਆਂ ਨੂੰ ਅਪਰਾਧ ਕਰਨ ਦਾ ਮੌਕਾ ਨਾ ਮਿਲੇ। ਸਰਕਾਰ ਨੂੰ ਵਧ ਰਹੇ ਅਪਰਾਧਾਂ ਨੂੰ ਨੱਥ ਪਾਉਣ ਲਈ ਪਹਿਲ ਦੇ ਆਧਾਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਕਿ ਆਮ ਜਨਤਾ ਸੁਖ-ਸ਼ਾਂਤੀ ਨਾਲ ਆਪਣਾ ਜੀਵਨ ਗੁਜ਼ਾਰ ਸਕੇ।

-ਮ: ਨੰ: 478, ਮੰਡੀ ਬੋਰਡ ਕੰਪਲੈਕਸ, ਸੈਕਟਰ-66, ਮੁਹਾਲੀ। ਮੋਬਾ: 90417-47107

ਪੁਲਿਸ ਵਿਭਾਗ ਤੇ ਆਮ ਲੋਕ

ਸਾਡੇ ਸਮਾਜ ਵਿਚ ਅੱਜ ਆਮ ਆਦਮੀ ਕੁੱਟਿਆ ਤੇ ਲੁੱਟਿਆ ਜਾ ਰਿਹਾ ਹੈ। ਉਸ ਦੀ ਫਰਿਆਦ ਸੁਣਨ ਵਾਲਾ ਕੋਈ ਨਹੀਂ। ਉਸ ਨੂੰ ਇਹ ਨਹੀਂ ਪਤਾ ਲਗਦਾ ਕਿ ਉਹ ਇਨਸਾਫ ਮੰਗਣ ਲਈ ਜਾਵੇ ਤਾਂ ਕਿਥੇ ਜਾਵੇ? ਉਸ ਕੋਲ ਖੁਦਕੁਸ਼ੀ ਕਰਨ ਤੋਂ ਬਗੈਰ ਕੋਈ ਚਾਰਾ ਨਹੀਂ ਬਚਦਾ। ਅੱਜ ਭਾਰਤ ਦੇ ਚਿੰਤਕ ਰੋ ਰਹੇ ਹਨ। ਕਾਨੂੰਨ ਦਾ ਕੋਈ ਰਾਜ ਨਹੀਂ। ਪੁਲਿਸ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਨਹੀਂ ਕਰਦੀ। ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਤੋਂ ਬਾਹਰ ਰਹਿ ਕੇ ਕੰਮ ਕਰਦੇ ਹਨ ਤੇ ਆਮ ਆਦਮੀ 'ਤੇ ਆਪਣਾ ਹੀ ਘੜਿਆ ਕਾਨੂੰਨ ਥੋਪਦੇ ਹਨ। ਆਰਟੀਕਲ 41-ਬੀ ਅਨੁਸਾਰ ਜਦੋਂ ਕਿਸੇ ਆਮ ਆਦਮੀ ਨੂੰ ਪੁਲਿਸ ਨੇ ਲਿਜਾਣਾ ਹੁੰਦਾ ਹੈ ਤਾਂ ਇਕ 'ਅਰੈਸਟ ਮੀਮੋ' ਤਿਆਰ ਕਰਨੀ ਪੈਂਦੀ ਹੈ, ਜਿਸ ਵਿਚ ਦੋ ਗੁਆਂਢੀ, ਇਕ ਮੈਂਬਰ ਤੇ ਕਿਹੜੇ-ਕਿਹੜੇ ਪੁਲਿਸ ਵਾਲੇ ਲਿਜਾ ਰਹੇ ਹਨ, ਦਸਤਖ਼ਤ ਹੋਣੇ ਜ਼ਰੂਰੀ ਹਨ। ਜੇ ਕਿਸੇ ਨੂੰ ਹਵਾਲਾਤ ਵਿਚ ਬੰਦ ਕਰਨਾ ਹੋਵੇ ਤਾਂ ਉਸ ਦੇ ਗ੍ਰਿਫ਼ਤਾਰੀ ਵਾਰੰਟ ਜ਼ਰੂਰੀ ਹਨ। ਪਰ ਬੇਲਗਾਮ ਪੁਲਿਸ ਕਿਸੇ ਵੀ ਇੱਜ਼ਤਦਾਰ ਆਦਮੀ ਨੂੰ ਉਸ ਦੀ ਇੱਜ਼ਤ ਮਿੱਟੀ ਵਿਚ ਰੋਲ ਕੇ ਕੁੱਟ-ਮਾਰ ਕੇ, ਲੁੱਟ ਕੇ ਹਵਾਲਾਤ ਵਿਚ ਇੰਜ ਬੰਦ ਕਰ ਦਿੰਦੀ ਹੈ ਜਿਵੇਂ ਉਹ ਬਹੁਤ ਵੱਡਾ ਅਪਰਾਧੀ ਹੋਵੇ। ਸਰਕਾਰ ਅਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਹੈ ਕਿ ਉਹ ਮਹਿਕਮੇ ਵਿਚ ਲੋੜੀਂਦੇ ਸੁਧਾਰ ਕਰੇ ਅਤੇ ਭ੍ਰਿਸ਼ਟ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਦੇਸ਼ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ।

-ਗਹਿਰੀ ਮੰਡੀ, ਅੰਮ੍ਰਿਤਸਰ। ਮੋਬਾ: 93560-17462

ਚੰਗੀ ਸਿਹਤ ਲਈ ਇਕੱਲਤਾ ਤੋਂ ਬਚਣਾ ਜ਼ਰੂਰੀ

ਸਾਡੇ ਰੁਝੇਵਿਆਂ ਭਰੇ ਜੀਵਨ ਵਿਚ ਤੇਜ਼ੀ ਨਾਲ ਵਧ ਰਹੇ ਟੈਕਨੋਲੋਜੀ ਭਰੇ ਸਾਧਨਾਂ ਵਿਚ ਇਕੱਲਤਾ ਨਾਂਅ ਦਾ ਮਾਨਸਿਕ ਰੋਗ ਵੱਡੀ ਗਿਣਤੀ ਵਿਚ ਉੱਭਰ ਕੇ ਆ ਰਿਹਾ ਹੈ। ਇਹ ਸਮੱਸਿਆ ਭਾਰਤ ਦੀ ਹੀ ਨਹੀਂ, ਬਲਕਿ ਵਿਸ਼ਵ ਦੇ ਵਧੇਰੇ ਦੇਸ਼ਾਂ ਵਿਚ ਇਕ ਵੱਡੀ ਸਮੱਸਿਆ ਬਣ ਕੇ ਲੋਕਾਂ ਨੂੰ ਚਿੰਬੜ ਰਹੀ ਹੈ। ਇਕੱਲਤਾ ਇਕ ਅਜਿਹਾ ਮਾਨਸਿਕ ਰੋਗ ਹੈ, ਜਿਸ ਵਿਚ ਬਹੁਤਾ ਸਮਾਂ ਇਕੱਲੇ ਰਹਿਣ ਜਾਂ ਕਿਸੇ ਚੀਜ਼ ਬਾਰੇ ਲੋੜ ਤੋਂ ਵੱਧ ਸੋਚਣ ਨਾਲ ਬੰਦਾ ਤਣਾਅ ਵਿਚ ਚਲਾ ਜਾਂਦਾ ਹੈ ਅਤੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਰੋਗ ਨਾਲ ਪੀੜਤ ਦੇਸ਼ਾਂ ਵਿਚ ਸਰਵੇਖਣ ਅਨੁਸਾਰ ਇੰਗਲੈਂਡ ਵਿਚ 80 ਲੱਖ ਲੋਕ ਇਕੱਲਤਾ ਵਰਗੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਸਵੀਡਨ, ਕੀਨੀਆ ਵਰਗੇ ਦੇਸ਼ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇੰਗਲੈਂਡ ਵਿਚ ਇਹ ਰੋਗ ਇਸ ਕਦਰ ਵਧ ਗਿਆ ਹੈ ਕਿ ਉਥੇ ਦੇ ਕਈ ਨਿਵਾਸੀਆਂ ਨੂੰ ਮਹੀਨਾ-ਮਹੀਨਾ ਕਿਸੇ ਨਾਲ ਗੱਲ ਕਰਦੇ ਨਹੀਂ ਦੇਖਿਆ ਗਿਆ ਜਾਂ ਫ਼ਿਰ ਉਹ ਲੋਕ, ਜਿਨ੍ਹਾਂ ਦਾ ਸਹਾਰਾ ਕੇਵਲ ਟੈਲੀਵਿਜ਼ਨ ਹੀ ਹੈ, ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਇਕ-ਦੋ ਘੰਟੇ ਦਾ ਸੈਸ਼ਨ ਰੱਖਿਆ ਜਾਂਦਾ ਹੈ, ਜਿਸ ਵਿਚ ਬਾਹਰੋਂ ਵਿਅਕਤੀ ਗੱਲ ਕਰਨ ਲਈ ਆਉਂਦਾ ਹੈ ਅਤੇ ਸੈਸ਼ਨ ਦੇ ਹਿਸਾਬ ਨਾਲ ਪੈਸੇ ਵਸੂਲਦਾ ਹੈ। ਇਸ ਰੋਗ ਦੇ ਸ਼ਿਕਾਰ ਕਰੀਬ ਸਾਰੇ ਦੇਸ਼ਾਂ ਵਿਚ ਵਧੇਰੇ ਗਿਣਤੀ ਕਰਕੇ ਬੱਚੇ ਵੀ ਪਾਏ ਜਾਂਦੇ ਹਨ, ਜਿਸ ਦਾ ਮੁੱਖ ਕਾਰਨ ਮੋਬਾਈਲ ਨੂੰ ਸੱਚਾ ਸਾਥੀ ਸਮਝਣਾ, ਹੋਰਨਾਂ ਨਾਲ ਗੱਲ ਸਾਂਝੀ ਕਰਨ ਵਿਚ ਹਿਚਕਾਹਟ ਮਹਿਸੂਸ ਕਰਨਾ, ਜ਼ਿਆਦਾ ਸੋਚਣਾ, ਖ਼ੁਦ ਨੂੰ ਕਮਰੇ ਵਿਚ ਬੰਦ ਕਰਕੇ ਰੱਖਣਾ, ਗੱਲ-ਗੱਲ 'ਤੇ ਚਿੜ੍ਹੇ ਰਹਿਣਾ ਜਾਂ ਗੁੱਸਾ ਕਰਨਾ, ਚਿੰਤਾ ਵਿਚ ਰਹਿਣਾ ਆਦਿ ਹਨ। ਇਕ ਛੱਤ ਹੇਠਾਂ ਬੈਠੇ ਪਰਿਵਾਰ ਦੇ ਮੈਂਬਰ ਆਪਣੇ-ਆਪਣੇ ਮੋਬਾਈਲਾਂ 'ਤੇ ਲੱਗੇ ਰਹਿਣ ਜਾਂ ਟੈਲੀਵਿਜ਼ਨ ਵਿਚ ਨਿਰਵਿਘਨ ਆਉਂਦੇ ਗੰਭੀਰ ਕਿਸਮ ਦੇ ਸੀਰੀਅਲਾਂ, ਝਗੜਾ, ਗੁੱਸਾ, ਟੈਨਸ਼ਨ ਨੇ ਹਾਸਿਆਂ ਦਾ ਰਾਹ ਘੇਰ ਲਿਆ ਹੈ, ਜਿਸ ਕਰਕੇ ਲੋਕ ਖ਼ੁਦਕੁਸ਼ੀਆਂ ਦਾ ਰਾਹ ਅਪਣਾ ਰਹੇ ਹਨ। ਭਾਰਤ ਵੀ ਇੰਗਲੈਂਡ, ਅਮਰੀਕਾ ਦੀ ਥਾਂ ਨਾ ਲੈ ਲਵੇ, ਇਸ ਲਈ ਸਾਨੂੰ ਇਸ ਦੀ ਰੋਕਥਾਮ ਲਈ ਆਪਣੇ ਪਰਿਵਾਰਕ ਮਾਹੌਲ ਨੂੰ ਮਿੱਤਰਤਾਪੂਰਵਕ ਬਣਾਉਣਾ ਚਾਹੀਦਾ ਹੈ, ਤਾਂ ਕਿ ਆਪਸੀ ਵਿਚਾਰ ਆਸਾਨੀ ਨਾਲ ਸਾਂਝੇ ਕੀਤੇ ਜਾ ਸਕਣ। ਮੋਬਾਈਲ ਨੂੰ ਨਹੀਂ, ਸਗੋਂ ਮਾਂ-ਬਾਪ, ਭੈਣ-ਭਰਾਵਾਂ ਅਤੇ ਦੋਸਤਾਂ ਨੂੰ ਸਾਥੀ ਬਣਾਉਣਾ ਚਾਹੀਦਾ ਹੈ। ਸਾਨੂੰ ਇਕੱਲਤਾ ਦੇ ਰੋਗ ਤੋਂ ਬਚਣ ਲਈ ਸਮਾਂ ਕੱਢ ਕੇ ਸੈਰ ਕਰਨ, ਖੇਡਾਂ ਖੇਡਣ ਅਤੇ ਖ਼ੁਸ਼ੀ ਅਤੇ ਹਾਸਿਆਂ ਭਰੂਪਰ ਜੀਵਨ ਜਿਊਣਾ ਚਾਹੀਦਾ ਹੈ, ਕਿਉਂਕਿ ਜੋ ਮਨੁੱਖ ਧਰਤੀ 'ਤੇ ਆਇਆ, ਉਸ ਨੇ ਇਕ ਦਿਨ ਚਲੇ ਜਾਣਾ ਹੈ, ਫ਼ਿਰ ਕਿਉਂ ਨਾ ਆਪਣੇ ਜੀਵਨ ਨੂੰ ਵਧੀਆ ਬਣਾ ਕੇ ਜੀਈਏ ਅਤੇ ਇਕੱਲਤਾ ਦੇ ਰੋਗ ਤੋਂ ਬਚਾਈਏ।

-ਪਿੰਡ ਫੱਗੂਵਾਲਾ, ਨੇੜੇ ਭਵਾਨੀਗੜ੍ਹ,
ਜ਼ਿਲ੍ਹਾ ਸੰਗਰੂਰ।

ਮਾਰ ਬੇਰੁਜ਼ਗਾਰੀ ਦੀ...

ਬੇਰੁਜ਼ਗਾਰੀ ਅੱਜ ਇਕ ਅਜਿਹੀ ਸਮੱਸਿਆ ਬਣ ਚੁੱਕੀ ਹੈ ਕਿ ਜਿਸ ਦਾ ਹੱਲ ਨਿਕਲਣਾ ਵੀ ਸੰਭਵ ਨਹੀਂਂ ਜਾਪਦਾ। ਸਰਕਾਰ ਨੂੰ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦੇ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਲਈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣੇ ਚਾਹੀਦੇ ਹਨ। ਸਵੈਰੁਜ਼ਗਾਰ ਲਈ ਸਿਖਲਾਈ ਕੇਂਦਰ ਖੋਲ੍ਹਣੇ ਚਾਹੀਦੇ ਹਨ, ਤਾਂ ਜੋ ਵਿਅਕਤੀ ਆਪਣੀ ਪੜ੍ਹਾਈ ਖਤਮ ਕਰਨ ਉਪਰੰਤ, ਸਿਖਲਾਈ ਲੈ ਕੇ ਆਪਣਾ ਮਨ ਭਾਉਂਦਾ ਕਿੱਤਾ ਸ਼ੁਰੂ ਕਰ ਸਕੇ ਅਤੇ ਬੇਰੁਜ਼ਗਾਰੀ ਦੀ ਮਾਰ ਤੋਂ ਬਚਿਆ ਜਾ ਸਕੇ। ਅੱਜ ਹਰ ਨੌਜਵਾਨ ਆਪਣਾ ਭਵਿੱਖ ਸੁਰੱਖਿਅਤ ਰੱਖਣ ਲਈ ਚਿੰਤਤ ਹੈ। ਚੰਗੇਰੇ ਜੀਵਨ ਲਈ ਹਮੇਸ਼ਾ ਯਤਨ ਕਰਦਾ ਹੈ, ਚੰਗਾ ਪੜ੍ਹਦਾ-ਲਿਖਦਾ ਹੈ ਕਿ ਚੰਗਾ ਭਵਿੱਖ ਤਿਆਰ ਕਰ ਸਕਾਂ। ਜਦ ਕੋਲ ਯੋਗਤਾ ਵੀ ਪੂਰੀ ਹੈ ਅਤੇ ਫਿਰ ਵੀ ਨੌਕਰੀ ਨਾ ਮਿਲਦੀ ਹੋਵੇ ਤਾਂ ਫਿਰ ਦੁਖੀ ਹੋ ਕੇ ਉਹੀ ਨੌਜਵਾਨ ਪੀੜ੍ਹੀ ਕੁਰਾਹੇ, ਗ਼ਲਤ ਸੰਗਤ ਵਿਚ ਪੈ ਜਾਂਦੀ ਹੈ। ਕਈ ਨਸ਼ਿਆਂ ਵੱਲ ਤੁਰ ਪੈਂਦੇ ਹਨ, ਕਈ ਜ਼ਿੰਦਗੀਆਂ ਬਰਬਾਦ ਹੋ ਗਈਆਂ ਹਨ ਤੇ ਕਈ ਹੋਣ ਲਈ ਤਿਆਰ ਹਨ। ਕਈਆਂ ਵਿਚ ਬਾਹਰ ਵਿਦੇਸ਼ ਜਾਣ ਦਾ ਰੁਝਾਨ ਹੈ ਅਤੇ ਕਈ ਵਿਦੇਸ਼ਾਂ ਵਿਚ ਪੱਕੇ ਵਸਨੀਕ ਵੀ ਬਣ ਚੁੱਕੇ ਹਨ। ਉਥੇ ਜਾ ਕੇ ਭਾਵੇਂ ਦਿਨ-ਰਾਤ ਮਿਹਨਤ ਕਰਦੇ ਹਨ ਪਰ ਆਪਣੀ ਮਾਤਰ-ਭੂਮੀ ਤੇ ਆਪਣੇ ਮਾਪਿਆਂ ਤੋਂ ਦੂਰ ਹੋ ਜਾਂਦੇ ਹਨ, ਪੈਸੇ ਖਾਤਰ ਹੀ ਮਨੁੱਖ ਵਿਦੇਸ਼ਾਂ ਵਿਚ ਪੂਰੀ ਸ਼ਿੱਦਤ ਨਾਲ ਮਿਹਨਤ ਕਰਦੇ ਹਨ। ਜਿਹੜਾ ਵੀ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ ਕੋਈ ਵੀ ਕੰਮ ਹੋਵੇ, ਉਸ ਨੂੰ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ। ਪਰ ਉੱਥੇ ਉਨ੍ਹਾਂ ਦਾ ਕੋਈ ਆਪਣਾ ਨਹੀਂਂ ਹੁੰਦਾ। ਕਈ ਕਿਸਮਤ ਦੇ ਮਾਰੇ ਵਿਅਕਤੀ ਵਿਦੇਸ਼ ਜਾਣ ਲਈ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਆਪਣੀ ਜ਼ਿੰਦਗੀ ਜੇਲ੍ਹਾਂ ਵਿਚ ਕੱਟ ਰਹੇ ਹਨ। ਕਈਆਂ ਦੇ ਇਸ ਰੁਝਾਨ ਨੇ ਘਰਾਂ ਦੇ ਘਰ ਹੀ ਲੁੱਟ ਸੁੱਟੇ ਹਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਹ ਹੀ ਸਿੱਟਾ ਨਿਕਲਦਾ ਹੈ ਕਿ ਅੱਜ ਨੌਜਵਾਨਾਂ ਲਈ ਹਨੇਰਾ ਹੀ ਹਨੇਰਾ ਹੈ ਅਤੇ ਉੱਜਵਲ ਭਵਿੱਖ ਦੀ ਕੋਈ ਆਸ ਦੀ ਕਿਰਨ ਨਹੀਂਂ ਦਿਸ ਰਹੀ। ਦੇਸ਼ ਦੀ ਨੌਜਵਾਨ ਪੀੜ੍ਹੀ ਹੀ ਦੇਸ਼ ਦਾ ਭਵਿੱਖ ਹੁੰਦੀ ਹੈ। ਜੇਕਰ ਇਹੀ ਹਨੇਰੇ ਵਿਚ ਹੈ ਤਾਂ ਫਿਰ ਸਾਡਾ ਦੇਸ਼ ਕਿਸ ਤਰੀਕੇ ਕਾਮਯਾਬੀ ਦੀਆਂ ਸਿਖਰਾਂ 'ਤੇ ਪਹੁੰਚ ਸਕਦਾ ਹੈ। ਸਰਕਾਰ ਨੂੰ ਇਸ ਸਮੱਸਿਆ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ।

-ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ। ਮੋਬਾ: 75081-34486

ਸਮੇਂ ਦਾ ਹਾਣੀ ਬਣਦਾ ਮਨੁੱਖ ਵਾਤਾਵਰਨ ਨਾਲ ਕਰ ਰਿਹੈ ਖਿਲਵਾੜ

ਮੌਜੂਦਾ ਸਮੇਂ 'ਚ ਪਾਣੀ ਦੀ ਸਮੱਸਿਆ ਸਭ ਤੋਂ ਵੱਡੀ 'ਤੇ ਅਹਿਮ ਬਣਦੀ ਜਾ ਰਹੀ ਹੈ। ਆਧੁਨਿਕਤਾ ਨਾਲ ਜੁੜਦਾ-ਜੁੜਦਾ ਮਨੁੱਖ ਕੁਦਰਤ ਨਾਲ ਅਜਿਹੇ ਢੰਗ ਨਾਲ ਖਿਲਵਾੜ ਕਰਦਾ ਜਾ ਰਿਹਾ ਹੈ ਕਿ ਉਹ ਇਸ ਕੁਦਰਤ ਨਾਲ ਹੋ ਰਹੇ ਖਿਲਵਾੜ ਤੋਂ ਪੈਦਾ ਹੋਣ ਵਾਲੇ ਭਿਆਨਕ ਨਤੀਜਿਆਂ ਤੋਂ ਬੇਖ਼ਬਰ ਜਾਪਦਾ ਹੈ। ਪਿਛਲੇ ਸਮੇਂ 'ਚ ਪਾਣੀ ਪ੍ਰਤੀ ਚਿੰਤਤ ਹੋ ਕੇ ਪੰਜਾਬ ਸਰਕਾਰ ਨੇ ਸਖ਼ਤ ਰਵੱਈਆ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਅੱਜ ਦੇ ਸਮੇਂ 'ਚ ਆਏ ਦਿਨ ਪਾਣੀ ਦਾ ਡਿਗਦਾ ਮਿਆਰ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ। ਸ਼ਾਇਦ ਹੀ ਕਿਸੇ ਨੇ ਕਦੇ ਸੋਚਿਆ ਹੋਵੇਗਾ ਕਿ ਪਾਣੀ ਵੀ ਕਦੇ ਮੁੱਲ ਮਿਲੇਗਾ, ਪਰ ਇਹ ਬਿਲਕੁਲ ਸੱਚ ਹੈ ਅਤੇ ਅਸੀਂ ਇਸ ਦੌਰ ਵਿਚੋਂ ਦੀ ਗੁਜ਼ਰ ਵੀ ਰਹੇ ਹਾਂ। ਜੇ ਹਾਲਾਤ ਨੂੰ ਜਲਦ ਕਾਬੂ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪਾਣੀ ਖਰੀਦਣਾ ਹੀ ਸਭ ਤੋਂ ਵੱੱਡੀ ਸਮੱਸਿਆ ਸਾਬਤ ਹੋਇਆ ਕਰੇਗੀ। ਭਾਵੇਂ ਕਿ ਪਿਛਲੇ ਸਮੇਂ 'ਚ ਪਾਣੀ ਦੀ ਇਸ ਸਮੱਸਿਆ ਸਬੰਧੀ ਸੁਚੇਤ ਹੁੰਦਿਆਂ ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲਾਂ, ਨਗਰ ਨਿਗਮਾਂ, ਪੰਚਾਇਤਾਂ ਵਲੋਂ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਜੁਰਮਾਨਾ ਕਰਨ ਦਾ ਸਖ਼ਤ ਫੈਸਲਾ ਲਿਆ। ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਲਿਖਤੀ ਹੁਕਮ ਦਿੱਤੇ ਸਨ, ਜਿਸ ਵਿਚ ਗੱਡੀਆਂ ਧੋਣ ਅਤੇ ਘਰਾਂ ਦੇ ਵਿਹੜੇ ਆਦਿ ਧੋਣ 'ਤੇ ਵੀ ਸਖਤ ਪਾਬੰਦੀ ਲਗਾਈ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਪਾਣੀ ਦੀ ਦੁਰਵਰਤੋਂ ਕਰਨ 'ਤੇ ਪਹਿਲੀ ਵਾਰ ਫੜੇ ਜਾਣ 'ਤੇ 1000 ਰੁਪਏ ਜੁਰਮਾਨਾ, ਦੂਜੀ ਵਾਰ 'ਤੇ ਫੜੇ ਜਾਣ 'ਤੇ 2000 ਅਤੇ ਜੇਕਰ ਕੋਈ ਤੀਸਰੀ ਵਾਰ ਪਾਣੀ ਦੀ ਦੁਰਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਨੂੰ 5000 ਰੁਪਏ ਜੁਰਮਾਨਾ ਅਤੇ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ ਅਤੇ ਦੁਬਾਰਾ ਫੀਸ ਭਰਾ ਕੇ ਨਵਾਂ ਕੁਨੈਕਸ਼ਨ ਲਗਾਇਆ ਜਾਵੇਗਾ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਭਾਵੇਂ ਕਿ ਕੁਝ ਹੱਦ ਤੱਕ ਲੋਕਾਂ ਅੰਦਰ ਭੈਅ ਕਾਰਨ ਪਾਣੀ ਦੀ ਦੁਰਵਰਤੋਂ 'ਤੇ ਕਾਬੂ ਤਾਂ ਪਾਇਆ ਜਾ ਸਕਦਾ ਹੈ, ਪਰ ਚੰਗਾ ਹੋਵੇ ਜੇ ਪਾਣੀ ਦੀ ਇਸ ਸਮੱਸਿਆ ਪ੍ਰਤੀ ਅਸੀਂ ਇਕਜੁੱਟ ਹੋਈਏ, ਕਿਉਂਕਿ ਪੰਜਾਬ ਦੇ ਮੌਜੂਦਾ ਹਾਲਾਤ 'ਚ ਪਾਣੀ ਦਾ ਡਿਗਦਾ ਪੱਧਰ ਅਤੇ ਪੈਦਾ ਹੋ ਰਹੀ ਪਾਣੀ ਦੀ ਸਮੱਸਿਆ ਲਈ ਸਾਡੀ ਅਣਗਹਿਲੀ ਹੀ ਸਭ ਤੋਂ ਵੱਡਾ ਕਾਰਨ ਸਮਝੀ ਜਾ ਸਕਦੀ ਹੈ।

-ਜਗਰਾਉਂ। ਮੋਬਾ: 99884-35333

ਮਨੁੱਖ ਲਈ ਹਾਨੀਕਾਰਕ ਹੈ ਸ਼ੋਰ ਪ੍ਰਦੂਸ਼ਣ

ਤੇਜ਼ ਰਫ਼ਤਾਰ ਨਾਲ ਵਧ ਰਹੀ ਆਬਾਦੀ, ਸ਼ਹਿਰੀਕਰਨ ਅਤੇ ਆਵਾਜਾਈ ਦੇ ਕਾਰਨ ਸ਼ੋਰ ਪ੍ਰਦੂਸ਼ਣ ਇਕ ਅਣ-ਸੁਲਝਵੀਂ ਸਮੱਸਿਆ ਬਣ ਕੇ ਉੱਭਰ ਰਿਹਾ ਹੈ, ਜਿਸ ਦਾ ਮਾੜਾ ਅਸਰ ਮਨੁੱਖ ਉੱਪਰ ਹੀ ਨਹੀਂ ਬਲਕਿ ਪਸ਼ੂ-ਪੰਛੀਆਂ ਅਤੇ ਵਾਤਾਵਰਨ 'ਤੇ ਵੀ ਪੈ ਰਿਹਾ ਹੈ।
ਵਿਆਹ-ਸਮਾਰੋਹ, ਨਾਈਟ ਕਲੱਬ, ਪਾਰਟੀਆਂ ਅਤੇ ਪੈਲੇਸਾਂ ਵਿਚ ਬਿਨਾਂ ਮਨਜ਼ੂਰੀ ਤੋਂ ਵੱਜਣ ਵਾਲੇ ਡੀ. ਜੇ., ਢੋਲ ਤੇ ਬੈਂਡ ਵਿਅਕਤੀ ਲਈ ਸਿਰਦਰਦੀ ਬਣ ਜਾਂਦੇ ਹਨ। ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਵਲੋਂ ਕੀਤਾ ਜਾਣ ਵਾਲਾ ਚੋਣ ਪ੍ਰਚਾਰ ਅਤੇ ਰੈਲੀਆਂ ਤੋਂ ਇਲਾਵਾ ਸੇਲਾਂ ਅਤੇ ਵਪਾਰ ਵਧਾਉਣ ਲਈ ਰਿਕਸ਼ਿਆਂ ਉੱਤੇ ਕੀਤਾ ਜਾਣ ਵਾਲਾ ਪ੍ਰਚਾਰ ਕੰਨਪਾੜੂ ਹੁੰਦਾ ਹੈ। ਘਰ ਦੇ ਸ਼ੋਰ ਦੀ ਗੱਲ ਕਰੀਏ ਤਾਂ ਟੀ.ਵੀ. ਅਤੇ ਮਿਊਜ਼ਿਕ ਸਿਸਟਮ ਦੀ ਉੱਚੀ ਆਵਾਜ਼ ਘਰੇਲੂ ਝਗੜੇ ਦਾ ਕਾਰਨ ਬਣਦੇ ਹਨ। ਪਾਬੰਦੀਸ਼ੁਦਾ ਹੋਣ ਦੇ ਬਾਵਜੂਦ ਵੀ ਬੱਸਾਂ ਅਤੇ ਟਰੱਕਾਂ 'ਤੇ ਲੱਗੇ ਪ੍ਰੈਸ਼ਰ ਹਾਰਨ ਆਵਾਜ਼ ਪ੍ਰਦੂਸ਼ਣ ਦੇ ਨਾਲ-ਨਾਲ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਹਨ। ਕਈ ਵਾਰ ਤੇਜ਼ ਹਾਰਨ ਸੁਣ ਕੇ ਅਗਲਾ ਵਾਹਨ ਚਾਲਕ ਇਹ ਸੋਚ ਕੇ ਘਬਰਾ ਜਾਂਦਾ ਹੈ ਕਿ ਪਿੱਛੇ ਤੋਂ ਕੋਈ ਵੱਡਾ ਵਾਹਨ ਆ ਰਿਹਾ ਹੈ ਅਤੇ ਤੁਰਤੋ-ਫੁਰਤੀ ਸਾਈਡ ਦੇਣ ਦੇ ਚੱਕਰ ਵਿਚ ਦੂਸਰੇ ਵਾਹਨ ਨਾਲ ਟਕਰਾ ਜਾਂਦਾ ਹੈ। ਬਹੁਤੇ ਟਰੈਕਟਰਾਂ 'ਤੇ ਲੱਗੇ ਡੈੱਕ ਅਤੇ ਬਕਸੇ ਵੀ ਰਾਹਗੀਰ ਦੇ ਕੰਨ ਚੀਰਦੇ ਹਨ। ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿਚ ਜਗ੍ਹਾ-ਜਗ੍ਹਾ ਮਾਨਸਿਕ ਸ਼ਾਂਤੀ ਲਈ ਧਾਰਮਿਕ ਸਥਾਨ ਬਣੇ ਹਨ। ਧਾਰਮਿਕ ਸਥਾਨਾਂ 'ਤੇ ਲੱਗੇ ਉੱਚੇ ਅਤੇ ਵੱਡੇ ਸਪੀਕਰ ਬਿਮਾਰ, ਵਿਦਿਆਰਥੀ ਅਤੇ ਕੰਮ ਕਾਜ ਤੋਂ ਥੱਕੇ ਸੌਣ ਦੇ ਚਾਹਵਾਨ ਇਨਸਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਰਹੇ ਹਨ। ਸ਼ੋਰ ਪ੍ਰਦੂਸ਼ਣ ਤੋਂ ਹੋਣ ਵਾਲੇ ਨੁਕਸਾਨ ਅਤੇ ਬਿਮਾਰੀਆਂ ਨਾਲ ਸਬੰਧਤ ਚਿੰਤਾ, ਬੈਚੇਨੀ, ਗੱਲਬਾਤ ਕਰਨ ਵਿਚ ਸਮੱਸਿਆ, ਬੋਲਣ ਵਿਚ ਰੁਕਾਵਟ, ਸੁਣਨ ਦੀ ਸਮੱਸਿਆ, ਸਮੇਂ ਸਿਰ ਨੀਂਦ ਨਾ ਆਉਣਾ, ਥਕਾਵਟ, ਸਿਰਦਰਦ, ਚਿੜਚਿੜਾਪਨ, ਘਬਰਾਹਟ, ਅਵਾਜ਼ ਵਿਚ ਸੰਵੇਦਨਸ਼ੀਲਤਾ ਦੀ ਘਾਟ ਜੋ ਸਰੀਰ ਨੂੰ ਲੈਅ ਵਿਚ ਰੱਖਣ ਲਈ ਸਾਡੇ ਕੰਨ ਮਹਿਸੂਸ ਕਰਦੇੇ ਹਨ। ਕਈ ਵਾਰ ਅਚਨਚੇਤ ਤਿੱਖੀ ਆਵਾਜ਼ ਸਾਡੇ ਦਿਲ ਦੀ ਧੜਕਣ ਨੂੰ ਇਕਦਮ ਵਧਾ ਦਿੰਦੀ ਹੈ। ਹੋਰ ਵੀ ਬਹੁਤ ਸਾਰੇ ਸ਼ੋਰ ਦੇ ਕਾਰਨ ਹਨ, ਜੋ ਹੌਲੀ-ਹੌਲੀ ਸਾਡੇ ਸੁਣਨ ਦੀ ਸ਼ਕਤੀ ਨੂੰ ਕਮਜ਼ੋਰ ਕਰਦੇ ਹਨ। ਸ਼ੋਰ ਰੂਪੀ ਜ਼ਹਿਰ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਸਾਨੂੰ ਸਭ ਨੂੰ ਮਿਲ ਕੇ ਯਤਨ ਕਰਨੇ ਪੈਣਗੇ। ਸਰਕਾਰ ਦੁਆਰਾ 'ਸ਼ੋਰ ਪ੍ਰਦੂੂੂਸ਼ਣ ਰੋਕਥਾਮ ਕਾਨੂੰਨ' ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਵਿਆਹ-ਸ਼ਾਦੀਆਂ ਵਿਚ ਚੱਲਣ ਵਾਲੇ ਡੀ.ਜੇ., ਪਟਾਕੇ ਅਤੇ ਆਤਿਸ਼ਬਾਜ਼ੀ 'ਤੇ ਪੂਰਨ ਪਾਬੰਦੀ ਤੋਂ ਇਲਾਵਾ ਮੋਟਰਸਾਈਕਲ, ਬੱਸ, ਟਰੱਕ, ਟਰੈਕਟਰ ਵਾਲੀਆਂ ਕੰਪਨੀਆਂ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ ਕਿ ਇੰਜਣਾਂ ਦੀ ਬਣਾਵਟ ਵਿਚ ਸੁਧਾਰ ਕਰਕੇ ਅਵਾਜ਼ ਮੁਕਤ ਇੰਜਣ ਬਣਾਏ ਜਾਣ ਤਾਂ ਜੋ ਧਰਤੀ ਨੂੰ ਸ਼ਾਂਤ ਰੱਖਿਆ ਜਾ ਸਕੇ।

- ਸਰਦੂਲਗੜ੍ਹ, ਮਾਨਸਾ।
manish07421@gmail.com

ਬਿਜਲਈ ਯੰਤਰਾਂ ਦਾ ਰਿਸ਼ਤਿਆਂ 'ਤੇ ਵਧਦਾ ਪ੍ਰਭਾਵ

ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਪੱਛਮੀ ਸੱਭਿਅਤਾ ਦੀ ਰਾਹ 'ਤੇ ਚੱਲ ਪਏ ਹਾਂ ਅਤੇ ਆਪਣੇ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਵਿਸਾਰ ਰਹੇ ਹਾਂ। ਕੋਈ ਸਮਾਂ ਸੀ ਸ਼ਾਮ ਵੇਲੇ ਸਕੂਲਾਂ-ਕਾਲਜਾਂ ਵਿਚ ਪੜ੍ਹਨ ਵਾਲੇ ਪਾੜ੍ਹੇ ਮੈਦਾਨਾਂ ਵਿਚ ਜਾਂਦੇ, ਸਰੀਰਕ ਕਸਰਤ ਕਰਦੇ ਅਤੇ ਇਕ-ਦੂਜੇ ਨਾਲ ਆਪਣੇ ਮਨਾਂ ਦੇ ਵਿਚਾਰਾਂ ਨੂੰ ਸਾਂਝਿਆਂ ਕਰਦੇ ਪਰ ਹੁਣ ਉਹ ਪਾੜ੍ਹੇ ਸਾਰਾ ਦਿਨ ਆਈ ਫੋਨ, ਆਈ ਪੈਡ, ਲੈਪਟੋਪ, ਮੋਬਾਈਲਾਂ 'ਤੇ ਵੱਟਸਐਪ, ਫੇਸਬੁੱਕ, ਟਵਿੱਟਰ ਆਦਿ 'ਤੇ ਚਿੰਬੜੇ ਰਹਿੰਦੇ ਹਨ। ਜੇਕਰ ਕਿਸੇ ਵੇਲੇ ਉਹ ਇਕ-ਦੂਸਰੇ ਨੂੰ ਮਿਲਣ ਦੀ ਵਿਉਂਤ ਬਣਾ ਵੀ ਲੈਂਦੇ ਹਨ ਤਾਂ ਇਕੱਠੇ ਬੈਠ ਤਾਂ ਜਾਂਦੇ ਹਨ ਪਰ ਉਸ ਵੇਲੇ ਵੀ ਉਨ੍ਹਾਂ ਦੀਆਂ ਅੱਖਾਂ, ਦਿਮਾਗ ਅਤੇ ਉਂਗਲੀਆਂ ਸਿਰਫ ਆਪਣੇ ਅਸਲੀ ਮਿੱਤਰ ਮੋਬਾਈਲ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ। ਇਸ ਤਰ੍ਹਾਂ ਦੇ ਹਾਲਾਤ ਵਿਚ ਅਸੀਂ ਆਪਣੇ ਸੱਭਿਆਚਾਰ ਅਤੇ ਸਮਾਜ ਨੂੰ ਕਿਸ ਤਰ੍ਹਾਂ ਵਿਕਸਤ ਕਰ ਸਕਦੇ ਹਾਂ? ਬਿਜਲਈ ਯੰਤਰਾਂ ਰਾਹੀਂ ਅਸੀਂ ਆਪਣੇ ਆਪ ਨੂੰ ਵਿਅਸਤ ਤਾਂ ਰੱਖ ਸਕਦੇ ਹਾਂ ਪਰ ਖੁੱਲ੍ਹ ਕੇ ਹੱਸਣਾ, ਦਿਲ ਦੇ ਬੋਝ ਨੂੰ ਹਲਕਾ ਕਰਨ ਲਈ ਆਪਣਿਆਂ 'ਚ ਬੈਠਣਾ ਤਾਂ ਸ਼ਾਇਦ ਇਸ ਸਮਾਜ ਵਿਚੋਂ ਖਤਮ ਹੀ ਹੁੰਦਾ ਜਾ ਰਿਹਾ ਹੈ। ਪਹਿਲਾਂ ਲੋਕ ਆਪਣੇ ਭੈਣਾਂ-ਭਰਾਵਾਂ ਨੂੰ ਮਿਲਣ ਲਈ ਜਾਇਆ ਕਰਦੇ ਸਨ, ਚਿੱਠੀਆਂ ਲਿਖਿਆ ਕਰਦੇ ਸਨ ਪਰ ਹੁਣ ਮੋਬਾਈਲ ਫੋਨ ਦੀ ਇਕ ਘੰਟੀ ਨਾਲ ਹੀ ਉਹ ਸਾਰੀਆਂ ਕਮੀਆਂ ਦੂਰ ਕਰ ਲੈਂਦੇ ਹਨ ਅਤੇ ਰਿਸ਼ਤੇਦਾਰਾਂ ਕੋਲ ਉਸ ਵੇਲੇ ਹੀ ਪਹੁੰਚਦੇ ਹਨ ਜਦੋਂ ਕੋਈ ਉਨ੍ਹਾਂ ਦੇ ਘਰ ਵਿਚ ਸਮਾਗਮ ਹੋਵੇ। ਸਾਇੰਸ ਦੀਆਂ ਇਨ੍ਹਾਂ ਖੋਜਾਂ ਦਾ ਸਭ ਤੋਂ ਜ਼ਿਆਦਾ ਅਸਰ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤਿਆਂ 'ਤੇ ਪਿਆ ਹੈ। ਪਹਿਲਾਂ ਕਿਸੇ ਵਿਆਹ ਸਮਾਗਮ ਵਿਚ ਕੰਮ ਕਾਜ ਛੱਡ ਕੇ ਲੋਕ ਕਈ ਦਿਨ ਪਹਿਲਾਂ ਪਹੁੰਚ ਜਾਂਦੇ ਸਨ ਅਤੇ ਵਿਆਹ ਦਾ ਅਨੰਦ ਮਾਣਦੇ ਸਨ ਪਰ ਹੁਣ ਹਰੇਕ ਵਿਅਕਤੀ ਮੌਕੇ 'ਤੇ ਹੀ ਪੁੱਜਦਾ ਹੈ। ਜੇਕਰ ਸਾਡੇ ਦੇਸ਼ ਵਿਚ ਕੁਝ ਹੱਦ ਤੱਕ ਸੱਭਿਅਤਾ ਦਾ ਘਾਣ ਹੋਣੋਂ ਬਚਿਆ ਹੈ ਤਾਂ ਉਹ ਸਾਡੇ ਪਿੰਡਾਂ ਵਿਚ ਹੈ ਜਿਥੇ ਅਜੇ ਵੀ ਮੇਲਿਆਂ ਵਿਚ ਪੰਜਾਬੀ ਸੱਭਿਆਚਾਰ ਨੂੰ ਬਚਾਇਆ ਜਾ ਸਕਿਆ ਹੈ ਅਤੇ ਲੋਕ ਪੂਰੀ ਦਿਲਚਸਪੀ ਨਾਲ ਇਨ੍ਹਾਂ ਵਿਚ ਸ਼ਾਮਿਲ ਹੁੰਦੇ ਹਨ। ਜੇਕਰ ਗੱਲ ਕਰੀਏ ਸ਼ਹਿਰਾਂ ਦੀ ਤਾਂ ਕਈ ਤਰ੍ਹਾਂ ਦੇ ਲਾਲਚ ਦੇ ਕੇ ਵੀ ਸ਼ਹਿਰਾਂ ਦੇ ਲੋਕਾਂ ਨੂੰ ਮੇਲਿਆਂ ਵਿਚ ਇਕੱਠਿਆਂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜ਼ਿਆਦਾਤਰ ਉਹ ਆਪਣੇ ਕਮਰੇ ਵਿਚ ਬੈਠ ਕੇ ਲੈਪਟਾਪ ਜਾਂ ਕੰਪਿਊਟਰ 'ਤੇ ਹੀ ਰੁੱਝੇ ਰਹਿੰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਵਿਗਿਆਨ ਅਤੇ ਤਕਨੀਕ ਸੰਸਾਰ 'ਤੇ ਸ਼ਾਸਨ ਕਰ ਰਹੀ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਤਕਨੀਕ ਦਾ ਇਸਤੇਮਾਲ ਯਕੀਨਨ ਰਿਸ਼ਤਿਆਂ ਨੂੰ ਤੋੜਨਾ ਹੈ। ਅੱਜ ਇਕ ਛੱਤ ਹੇਠ ਰਹਿਣ ਵਾਲੇ ਮੈਂਬਰ ਵੀ ਹਜ਼ਾਰਾਂ ਮੀਲ ਦੂਰ ਰਹਿੰਦੇ ਹਨ। ਪਤੀ-ਪਤਨੀ ਅਤੇ ਬੱਚਿਆਂ ਦੇ ਰਿਸ਼ਤੇ ਪੂਰੀ ਤਰ੍ਹਾਂ ਨਾਲ ਖਰਾਬ ਹੋ ਰਹੇ ਹਨ। ਸਾਨੂੰ ਤਕਨੀਕਾਂ ਦਾ ਫਾਇਦਾ ਜ਼ਰੂਰ ਲੈਣਾ ਚਾਹੀਦਾ ਹੈ ਪਰ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।

-ਹਿੰਦੀ ਮਾਸਟਰ, ਸ: ਹਾ: ਸਕੂਲ, ਕੰਡੀਲਾ।
ਮੋਬਾ: 80547-47374

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX