ਤਾਜਾ ਖ਼ਬਰਾਂ


ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਕਲਾਨੌਰ, 21 ਫਰਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਦੋ ਵੱਖ-ਵੱਖ ਪਿੰਡਾਂ 'ਚ ਬਾਅਦ ਦੁਪਹਿਰ ਦੋ ਨਾਬਾਲਗ ਲੜਕਿਆਂ ਅਤੇ ਇੱਕ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦੀ ਖ਼ਬਰ ...
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  1 day ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  1 day ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  1 day ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਪਠਾਨਕੋਟ ਸਾਂਭੀ ਬੈਠਾ ਹੈ-ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਅੰਗਰੇਜ਼ ਕਾਲ ਦੀਆਂ ਨਿਸ਼ਾਨੀਆਂ

ਘਨੱਈਆ ਮਿਸਲ 'ਤੇ ਕਾਬਜ਼ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਪਠਾਨਕੋਟ ਦੇ ਆਸ-ਪਾਸ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ। ਉਨ੍ਹਾਂ ਇਥੇ ਕਈ ਪ੍ਰਸ਼ਾਸਨਿਕ ਸੁਧਾਰ ਕਰਨੇ ਸ਼ੁਰੂ ਕਰ ਦਿੱਤੇ ਸਨ। ਇਥੇ ਪੰਜਾਬ ਦੀ ਆਖਰੀ ਸੀਮਾ 'ਤੇ ਜੰਮੂ-ਕਸ਼ਮੀਰ ਵੱਲ ਰਾਵੀ ਕੰਢੇ ਮਹਾਰਾਜਾ ਰਣਜੀਤ ਸਿੰਘ ਨੇ ਕਿਲ੍ਹਿਆਂ 'ਤੇ ਕਬਜ਼ਾ ਕਰ ਲਿਆ। ਇਹ ਕਿਲ੍ਹੇ ਮੁਗਲ ਹਾਕਮਾਂ ਸਮੇਂ ਪਠਾਨਕੋਟ ਵਿਚ ਬਣਾਏ ਗਏ ਸਨ। ਮਹਾਰਾਜਾ ਨੇ ਇਨ੍ਹਾਂ ਕਿਲ੍ਹਿਆਂ ਦੀ ਮੁਰੰਮਤ ਵੀ ਕਰਵਾਈ। ਇਥੇ ਕਈ ਮੰਦਰ ਵੀ ਮਹਾਰਾਜਾ ਵੱਲੋਂ ਬਣਾਏ ਗਏ। ਮਹਾਰਾਜਾ ਨੇ ਇਥੇ ਮਾਧੋਪੁਰ ਦੇ ਸਥਾਨ 'ਤੇ ਸੁੰਦਰ ਆਰਾਮਗਾਹ ਭਵਨ ਵੀ ਬਣਾਏ, ਜੋ ਅੱਜ ਵੀ ਖੰਡਰ ਹੋਏ ਪਏ ਮੌਜੂਦ ਹਨ। ਛੋਟੀ ਪੁਰਾਤਨ ਇੱਟ ਦੇ ਖੰਡਰ ਇਥੇ ਮੌਜੂਦ ਹਨ। 
ਮਹਾਰਾਜਾ ਰਣਜੀਤ ਸਿੰਘ ਨੇ ਇਲਾਕੇ ਦੇ ਵਿਕਾਸ ਲਈ ਤੇ ਸੀ੍ਰ ਹਰਿਮੰਦਿਰ ਸਾਹਿਬ ਨੂੰ ਪਾਣੀ ਪਹੁੰਚਾਉਣ ਲਈ 1822 ਈ: ਵਿਚ ਮਾਧੋਪੁਰ ਦੇ ਸਥਾਨ ਤੋਂ ਇਕ ਨਹਿਰ ਵੀ ਖੁਦਵਾਈ, ਜੋ ਮਾਧੋਪੁਰ ਤੋਂ ਸੀ੍ਰ ਦਰਬਾਰ ਸਾਹਿਬ ਤੇ ਸ਼ਾਲੀਮਾਰ ਬਾਗ ਅੰਮ੍ਰਿਤਸਰ ਤੱਕ ਪਾਣੀ ਪਹੁੰਚਾਉਂਦੀ ਸੀ। ਮਹਾਰਾਜਾ ਦੀ ਮੌਤ ਤੋਂ ਬਾਅਦ ਤੇ ਅੰਗਰੇਜ਼ਾਂ ਦੇ ਪਠਾਨਕੋਟ 'ਤੇ ਕਾਬਜ਼ ਹੋਣ ਤੋਂ ਬਾਅਦ ਇਹ ਸਾਰੀਆਂ ਰਾਵੀ ਨਦੀ ਨਾਲ ਸਬੰਧਤ ਯੋਜਨਾਵਾਂ ਅੰਗਰੇਜ਼ੀ ਹਕੂਮਤ ਨੇ ਆਪਣੇ ਹੱਥ ਲੈ ਲਈਆਂ ਸਨ। ਅੰਗਰੇਜ਼ਾਂ ਨੇ ਪਠਾਨਕੋਟ-ਮਾਧੋਪੁਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਹਰ ਥਾਂ 'ਤੇ ਕਬਜ਼ਾ ਕਰ ਲਿਆ ਸੀ ਤੇ ਲੋਕਾਂ ਨੂੰ ਸਿੱਧ ਕਰਕੇ ਦੱਸਿਆ ਸੀ ਕਿ ਹੁਣ ਇਸ ਧਰਤੀ 'ਤੇ ਅੰਗਰੇਜ਼ੀ ਰਾਜ ਹੈ। ਰਣਜੀਤ ਸਿੰਘ ਤੋਂ ਪਹਿਲਾਂ ਮੁਗਲਾਂ ਦੇ ਰਾਜ ਸਮੇਂ ਤੇ ਮਿਸਲ ਰਾਜ ਸਮੇਂ ਵੀ ਮਾਧੋਪੁਰ ਦੇ ਆਸ-ਪਾਸ ਜੰਮੂ-ਕਸ਼ਮੀਰ ਵੱਲ ਲਗਦੀ ਪੰਜਾਬ ਦੀ ਸੀਮਾ 'ਤੇ ਚੌਕਸੀ ਚੌਕੀਆਂ ਜ਼ਰੂਰ ਸਨ, ਕਿਉਂਕਿ ਵਿਦੇਸ਼ੀ ਤੇ ਗੁਆਂਢੀ ਰਾਜ ਦੇ ਅਚਾਨਕ ਹਮਲੇ ਤੋਂ ਬਚਣ ਲਈ ਇਹ ਸੀਮਾਬੰਦੀ ਕੀਤੀ ਗਈ ਸੀ। ਮਾਧੋਪੁਰ ਤੋਂ ਅੱਗੇ ਰਾਵੀ ਪਾਰ ਕਰਕੇ ਜੰਮੂ-ਕਸ਼ਮੀਰ ਦੀ ਹੱਦ ਸ਼ੁਰੂ ਹੋ ਜਾਂਦੀ ਸੀ। ਨਹਿਰੀ ਯੋਜਨਾਵਾਂ ਤੇ ਜੰਮੂ-ਕਸ਼ਮੀਰ ਤੋਂ ਅੱਗੇ ਤੱਕ ਹਮਲੇ ਕਰਨ ਦੇ ਮੰਤਵ ਨਾਲ ਮਹਾਰਾਜਾ ਨੇ ਮਾਧੋਪੁਰ ਵਿਖੇ ਕਿਲ੍ਹੇ ਵਿਚ ਕਾਫੀ ਫੌਜ ਰੱਖੀ ਸੀ।
ਇਹ ਕਿਲ੍ਹਾ ਰਾਵੀ ਦੇ ਕਿਨਾਰੇ 'ਤੇ ਅੱਜ ਵੀ ਸਥਿਤ ਹੈ ਤੇ ਇਥੇ ਇਸ ਸਮੇਂ ਨਹਿਰੀ ਵਿਭਾਗ ਦੀ ਵਰਕਸ਼ਾਪ ਹੈ। ਕਿਲ੍ਹੇ ਦੇ ਅੰਦਰ ਅੱਜ ਵੀ ਕਈ ਮਹੱਤਵਪੂਰਨ ਖੰਡਰ ਹਨ, ਜੋ ਉਸ ਸਮੇਂ ਦੀ ਫੌਜੀ ਜੀਵਨਸ਼ੈਲੀ 'ਤੇ ਝਲਕ ਪਾਉਂਦੀ ਹੈ। ਇਸ ਕਿਲ੍ਹੇ ਤੋਂ ਰਾਵੀ ਨਦੀ 'ਤੇ ਹੋਣ ਵਾਲੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਂਦੀ ਸੀ ਤੇ ਨਹਿਰ ਵਿਭਾਗ ਦਾ ਕੰਮਕਾਜ ਵੀ ਵੇਖਿਆ ਜਾਂਦਾ ਸੀ। ਇਸੇ ਤਰ੍ਹਾਂ ਦਾ ਹੀ ਇਕ ਕਿਲ੍ਹਾ ਸ਼ਾਹਪੁਰ ਕੰਢੀ ਜੁਗਿਆਲ ਵਿਖੇ ਵੀ ਬਿਲਕੁਲ ਰਾਵੀ ਦੇ ਕੰਢੇ ਮਹਾਰਾਜਾ ਨੇ ਫੌਜ ਲਈ ਰੱਖਿਆ ਸੀ।
ਕਿਲ੍ਹੇ ਅੰਦਰ ਇਸ ਸਮੇਂ ਮੰਦਿਰ ਬਣਾ ਦਿੱਤਾ ਹੈ ਤੇ ਰਾਵੀ ਸਦਨ ਨਾਂਅ ਦਾ ਭਵਨ ਰਣਜੀਤ ਸਾਗਰ ਡੈਮ ਵਿਭਾਗ ਵੱਲੋਂ ਬਣਾਇਆ ਹੈ। ਅੱਜ ਵੀ ਰਾਵੀ ਵਾਲੇ ਪਾਸੇ ਕਿਲ੍ਹੇ ਦੀਆਂ ਉੱਚੀਆਂ ਦੀਵਾਰਾਂ ਵੇਖ ਕੇ ਉਸ ਸਮੇਂ ਦੇ ਫੌਜੀ ਪ੍ਰਬੰਧ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਪਰ ਹੁਣ ਕਿਲ੍ਹਾ ਕਾਫੀ ਖਸਤਾ ਹਾਲਤ ਵਿਚ ਹੈ, ਦੀਵਾਰਾਂ ਤੇ ਬੁਰਜ ਢਹਿ-ਢੇਰੀ ਹੋ ਰਹੇ ਹਨ ਤੇ ਜਲਦੀ ਹੀ ਅਲੋਪ ਹੋ ਜਾਣ ਦੀ ਕਗਾਰ 'ਤੇ ਹਨ। ਇਸੇ ਤਰ੍ਹਾਂ ਹੀ ਰਾਵੀ ਤੋਂ ਪਾਰ ਜੰਮੂ-ਕਸ਼ਮੀਰ ਦੀ ਸੀਮਾ ਸ਼ੁਰੂ ਹੁੰਦੇ ਹੀ ਰਾਵੀ ਨਦੀ ਦੇ ਕਿਨਾਰੇ ਪਹਾੜੀ ਰਾਜਿਆਂ ਦੇ ਕਿਲ੍ਹਿਆਂ ਦੇ ਖੰਡਰ ਅੱਜ ਵੀ ਵੇਖੇ ਜਾ ਸਕਦੇ ਹਨ। ਜਾਣਕਾਰਾਂ ਦੀ ਮੰਨੀਏ ਤਾਂ ਮਾਧੋਪੁਰ ਤੋਂ ਸ਼ਾਹਪੁਰ ਕੰਢੀ ਦੇ ਕਿਲ੍ਹੇ ਨੂੰ ਆਪਸ ਵਿਚ ਮੇਲਣ ਵਾਲੀ ਇਕ ਸੁਰੰਗ ਵੀ ਸੀ। ਇਸ ਸੁਰੰਗ ਦੇ ਖੰਡਰ ਅੱਜ ਵੀ ਮਾਧੋਪੁਰ ਵਿਖੇ ਮੌਜੂਦ ਹਨ। ਇਹ ਸੁਰੰਗ ਦੁਸ਼ਮਣ ਦੇ ਹਮਲੇ ਤੋਂ ਬਚ ਨਿਕਲਣ ਲਈ ਬਣਾਈ ਗਈ ਸੀ। ਸੁਰੰਗ ਦੀ ਕਾਰਾਗਰੀ ਬਹੁਤ ਹੀ ਉੱਤਮ ਢੰਗ ਦੀ ਹੈ। ਇਹ ਸੁਰੰਗ ਦੱਖਣ ਤੋਂ ਉੱਤਰ ਵੱਲ ਨੂੰ ਹੈ। ਇਹ ਸੁਰੰਗ ਮੁਗਲ ਕਾਲ ਤੋਂ ਵੀ ਪਹਿਲਾਂ ਦੀ ਪ੍ਰਤੀਤ ਹੁੰਦੀ ਹੈ। ਇਸ ਵਿਚ ਪੱਥਰ, ਸੀਮੈਂਟ ਤੇ ਇੱਟ ਦੀ ਵਰਤੋਂ ਕੀਤੀ ਗਈ ਹੈ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸੁਰੰਗ ਮਹਿਲਾਂ ਨੂੰ ਪਾਣੀ ਪਹੁੰਚਾਉਣ ਲਈ ਤੇ ਭੂਮੀ ਨੂੰ ਪਾਣੀ ਪਹੁੰਚਾਉਣ ਲਈ ਵੀ ਵਰਤੀ ਜਾਂਦੀ ਸੀ ਤੇ ਇਹ ਮੁਗਲ ਕਾਲ ਤੋਂ ਵੀ ਪਹਿਲਾਂ ਦੀ ਯੋਜਨਾ ਹੈ। ਰਾਵੀ ਦੇ ਪਾਣੀ ਦੀ ਮਹੱਤਤਾ ਕਰਕੇ ਪੁਰਾਤਨ ਸਮੇਂ ਤੋਂ ਹੀ ਮਾਧੋਪੁਰ ਇਲਾਕੇ 'ਤੇ ਹਰ ਹਾਕਮ ਦੀ ਅੱਖ ਰਹੀ ਹੈ ਤੇ ਇਥੋਂ ਪਾਣੀ ਅਸਾਨੀ ਨਾਲ ਪੁਰਾਣੇ ਪੰਜਾਬ ਦੇ ਸਾਰੇ ਇਲਾਕਿਆਂ ਵਿਚ ਲਿਜਾਇਆ ਜਾ ਸਕਦਾ ਸੀ। ਇਸ ਲਈ ਪੁਰਾਣੇ ਸਮੇਂ ਤੋਂ ਹੀ ਇਥੇ ਨਹਿਰੀ ਤੇ ਪਾਣੀ ਨਾਲ ਸਬੰਧਤ ਯੋਜਨਾਵਾਂ ਰਾਜਿਆਂ ਨੇ ਸ਼ੁਰੂ ਕੀਤੀਆਂ ਸਨ। ਹਰ ਹਾਕਮ ਜਾਣਦਾ ਸੀ ਕਿ ਨਹਿਰੀ ਪਾਣੀ ਨਾਲ ਵੱਧ ਤੋਂ ਵੱਧ ਫਸਲ ਉਗਾਅ ਕੇ ਵੱਧ ਕਰ ਕਿਸਾਨਾਂ ਤੋਂ ਇਕੱਠਾ ਕੀਤਾ ਜਾ ਸਕਦਾ ਹੈ। ਇਸ ਲਈ ਵਿਦੇਸ਼ੀ ਹਮਲਾਵਰਾਂ ਦੀਆਂ ਨਜ਼ਰਾਂ ਵੀ ਇਸ ਮਾਧੋਪੁਰ ਦੇ ਪਾਣੀ 'ਤੇ ਰਹੀਆਂ ਸਨ। ਇਸ ਦੇ ਸਬੂਤ ਇਥੇ ਮਿਲਦੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਤ ਤੇ ਅੰਗਰੇਜ਼ੀ ਰਾਜ ਨਾਲ ਸਬੰਧਤ ਕਈ ਚੀਜ਼ਾਂ ਮਾਧੋਪੁਰ ਤੇ ਪਠਾਨਕੋਟ ਵਿਚ ਮੌਜੂਦ ਹਨ।
ਮਾਧੋਪੁਰ-ਪਠਾਨਕੋਟ ਦੇ ਇਲਾਕੇ ਦੀ ਕਿਲ੍ਹੇਬੰਦੀ ਇਸ ਗੱਲ ਦੀ ਵੀ ਹਾਮੀ ਭਰਦੀ ਹੈ ਕਿ ਉਸ ਸਮੇਂ ਦੇ ਹਾਕਮਾਂ ਨੂੰ ਜੰਮੂ-ਕਸ਼ਮੀਰ ਇਲਾਕੇ ਵੱਲੋਂ ਹਮਲਾਵਰਾਂ ਦੇ ਆਉਣ ਦਾ ਡਰ ਵੀ ਸੀ, ਜਿਸ ਕਾਰਨ ਇਹ ਸੀਮਾ ਵਧੇਰੇ ਚੌਕਸੀ ਹੇਠ ਰੱਖੀ ਗਈ ਤੇ ਇਸ ਸੀਮਾ ਚੌਕੀ ਦਾ ਸਬੰਧ ਉਸ ਸਮੇਂ ਦੀ ਕਰ ਪ੍ਰਣਾਲੀ ਨਾਲ ਵੀ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਪਠਾਨਕੋਟ-ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਅਧੀਨ ਕੀਤਾ ਤਾਂ ਉਨ੍ਹਾਂ ਮਹਾਰਾਜਾ ਦੇ ਫੌਜੀ ਡਿਫੈਂਸ ਵਾਲੀ ਧਰਤੀ ਮਾਧੋਪੁਰ 'ਤੇ ਆਪਣੇ ਮੁੱਖ ਦਫਤਰ ਬਣਾ ਕੇ ਕਬਜ਼ਾ ਜਮਾ ਲਿਆ ਸੀ। ਇਥੇ ਅੰਗਰੇਜ਼ਾਂ ਨੇ ਇਸਾਈ ਧਰਮ ਨੂੰ ਵੀ ਖੂਬ ਫੈਲਾਇਆ ਸੀ।
ਇਸੇ ਧਰਤੀ 'ਤੇ ਕਈ ਅੰਗਰੇਜ਼ ਅਫਸਰਾਂ ਦੀ ਕੁਦਰਤੀ ਮੌਤ ਵੀ ਹੋਈ ਸੀ, ਇਸ ਦੀ ਗਵਾਹੀ ਮਾਧੋਪੁਰ ਵਿਖੇ ਬਣਾਏ ਅੰਗਰੇਜ਼ਾਂ ਦੇ ਕਬਰਸਤਾਨ 'ਤੇ ਲੱਗੇ ਪੱਥਰਾਂ ਤੋਂ ਹੁੰਦੀ ਹੈ। ਅੰਗਰੇਜ਼ੀ ਹਕੂਮਤ ਨੇ ਵੀ ਖੇਤੀ ਦੇ ਵਿਕਾਸ ਲਈ ਤੇ ਵੱਧ ਤੋਂ ਵੱਧ ਕਰ ਪ੍ਰਾਪਤ ਕਰਨ ਦੇ ਮੰਤਵ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਨਹਿਰੀ ਯੋਜਨਾ ਮਾਧੋਪੁਰ ਨੂੰ ਆਪਣੇ ਹੱਥ ਵਿਚ ਲੈ ਲਿਆ ਤੇ ਹੋਰ ਨਹਿਰਾਂ ਦਾ ਇੱਥੇ ਵਿਕਾਸ ਕੀਤਾ ਤੇ ਨਹਿਰ ਨਾਲ ਸਬੰਧਤ ਕਈ ਦਫਤਰ ਖੋਲ੍ਹੇ ਤੇ ਪ੍ਰਬੰਧ ਵੀ ਕੀਤੇ। ਇਥੇ ਆਟਾ ਤਿਆਰ ਕਰਨ ਲਈ ਅੰਗਰੇਜ਼ਾਂ ਨੇ ਕਈ ਪਣਚੱਕੀਆਂ (ਘਰਾਟ) ਵੀ ਲਗਾਏ। ਘਰਾਟ ਦਾ ਆਟਾ ਲੋਕ ਬਹੁਤ ਪਸੰਦ ਕਰਦੇ ਸਨ ਤੇ ਇਹ ਤਾਕਤਵਾਰ ਵੀ ਹੁੰਦਾ ਸੀ। ਘਨੱਈਆ ਮਿਸਲ ਦੇ ਸਮੇਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮਾਧੋਪੁਰ ਦੇ ਆਸ-ਪਾਸ ਸਿੱਖ ਧਰਮ ਦਾ ਵੀ ਵਿਕਾਸ ਕਾਫੀ ਹੋਇਆ ਸੀ।
ਇਸ ਇਲਾਕੇ ਵਿਚ ਵੀ ਅੰਗਰੇਜ਼ੀ ਹਕੁਮਤ ਨੇ ਆਮ ਜਨਤਾ ਦਾ ਬਹੁਤ ਸ਼ੋਸ਼ਣ ਕੀਤਾ ਤੇ ਲੋਕਾਂ 'ਤੇ ਤਾਨਾਸ਼ਾਹੀ ਰਾਜ ਚਲਾਇਆ ਸੀ। ਅੰਗਰੇਜ਼ਾਂ ਦੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਂਦੇ ਇੱਥੇ ਵੀ ਕਈ ਗੁੰਮਨਾਮ ਯੋਧੇ ਅੰਗਰੇਜ਼ਾਂ ਦੀ ਸੂਲੀ ਦਾ ਸ਼ਿਕਾਰ ਬਣੇ, ਜਿਨ੍ਹਾਂ ਵਿਚੋਂ ਸ਼ਹੀਦ ਰਾਮ ਸਿੰਘ ਪਠਾਨੀਆ ਦਾ ਨਾਂਅ ਲੋਕ ਅੱਜ ਵੀ ਇਸ ਇਲਾਕੇ ਵਿਚ ਫਖਰ ਨਾਲ ਲੈਂਦੇ ਹਨ। ਇਸ ਵੀਰ ਰਾਜਪੂਤ ਯੋਧੇ ਨੇ ਇਥੇ ਅੰਗਰੇਜ਼ਾਂ ਨਾਲ ਡਟ ਕੇ ਸੰਘਰਸ਼ ਕੀਤਾ ਸੀ ਤੇ ਇਸ ਨੇ ਕਈ ਅੰਗਰੇਜ਼ ਅਫਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਅੰਤ ਅੰਗਰੇਜ਼ਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਕਿਸੇ ਅਗਿਆਤ ਥਾਂ 'ਤੇ ਵਿਦੇਸ਼ੀ ਜੇਲ੍ਹ ਵਿਚ ਸੁੱਟ ਦਿੱਤਾ ਸੀ। ਅੰਗਰੇਜ਼ਾਂ ਦੇ ਜੇਲ੍ਹ ਵਿਚ ਦਿੱਤੇ ਤਸੀਹਿਆਂ ਕਾਰਨ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਪਠਾਨਕੋਟ ਮਾਧੋਪੁਰ ਦੀ ਧਰਤੀ ਨਾਲ ਖਾਸ ਲਗਾਉ ਸੀ ਕਿਉਂਕਿ ਮਹਾਰਾਜਾ ਪੰਜਾਬ ਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਇਥੋਂ ਨਹਿਰੀ ਯੋਜਨਾਵਾਂ ਦਾ ਵਿਕਾਸ ਕਰਨਾ ਚਾਹੁੰਦਾ ਸੀ।

ਮਾਸਟਰ ਹਰੇਸ਼ ਕੁਮਾਰ ਸੈਣੀ
-172, ਸੈਣੀ ਮੁਹੱਲਾ, ਬੱਜਰੀ ਕੰਪਨੀ, ਪਠਾਨਕੋਟ-145001.
ਫੋਨ : 9478597326

 


ਖ਼ਬਰ ਸ਼ੇਅਰ ਕਰੋ

ਸਿੱਖ ਧਰਮ ਵਿਚ ਜਾਤ-ਪਾਤ ਕਿੱਥੋਂ ਆਈ?

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਵੇਈਂ ਨਦੀ ਤੋਂ ਬਾਹਰ ਆ ਕੇ 'ਨਾ ਕੋਈ ਹਿੰਦੂ, ਨਾ ਮੁਸਲਮਾਨ' ਦਾ ਪਹਿਲਾ ਬਚਨ ਕਰਕੇ ਸਮਾਜ ਵਿਚ ਬਰਾਬਰਤਾ ਤੇ ਸੱਚ ਦਾ ਹੋਕਾ ਦੇ ਕੇ ਇਕ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ। ਸਮਾਜ ਵਿਚ ਜਾਤ-ਪਾਤ ਜਾਂ ਧਰਮ ਦੀ ਵੰਡ ਨਾਲ ਲੋਕਾਂ ਨੂੰ ਕਮਜ਼ੋਰ ਕਰਨ ਦੀ ਨੀਤੀ ਦਾ ਵਿਰੋਧ ਕਰਕੇ 'ਜਾਣਹੁ ਜੋਤਿ ਨਾ ਪੁਛਹੁ ਜਾਤੀ ਆਗੇ ਜਾਤਿ ਨ ਹੇ...' ਦਾ ਇਨਕਲਾਬੀ ਸੰਦੇਸ਼ ਪ੍ਰਗਟ ਕੀਤਾ। ਘਰ, ਪਰਿਵਾਰ ਤੇ ਸਮਾਜ ਵਿਚ ਵੰਡ ਹਮੇਸ਼ਾ ਕਮਜ਼ੋਰੀ ਤੇ ਬਰਬਾਦੀ ਦੀ ਪ੍ਰਤੀਕ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਮਿਸ਼ਨ ਦੀ ਸ਼ੁਰੂਆਤ ਵੀ ਸਮਾਜ ਵਿਚ ਸਭ ਤੋਂ ਜ਼ਿਆਦਾ ਦੱਬੇ-ਕੁਚਲੇ ਵਰਗ ਨਾਲ ਸਬੰਧ ਰੱਖਦੇ ਭਾਈ ਮਰਦਾਨਾ ਨੂੰ ਨਾਲ ਲੈ ਕੇ ਆਰੰਭ ਕੀਤੀ। ਇਹ ਉਸ ਸਮੇਂ ਦੇ ਹਿਸਾਬ ਨਾਲ ਬੇਜੋੜ ਭਾਈਚਾਰਾ ਸੀ, ਕਿਉਂਕਿ ਮਿਰਾਸੀ ਵਰਨ, ਜਿਸ ਵਿਚ ਭਾਈ ਮਰਦਾਨਾ ਦਾ ਜਨਮ ਹੋਇਆ ਸੀ, ਉਹ ਮਨੂੰ ਦੀ ਵਰਨ ਵੰਡ ਅਨੁਸਾਰ ਸ਼ੂਦਰ ਦੀ ਸ਼੍ਰੇਣੀ ਵਿਚ ਆਉਂਦਾ ਸੀ। ਮਨੂੰ ਦੀ ਸੋਚ ਅਨੁਸਾਰ ਇਸ ਜਾਤ ਨਾਲ ਮੇਲ-ਮਿਲਾਪ ਰੱਖਣ ਵਾਲਾ ਉੱਚ ਜਾਤ ਦਾ ਵਿਅਕਤੀ ਭਿੱਟਿਆ ਜਾਂ ਅਪਵਿੱਤਰ ਹੋਇਆ ਮੰਨਿਆ ਜਾਂਦਾ ਸੀ। ਗੁਰੂ ਜੀ ਤਾਂ ਕੇਵਲ-'ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ। ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ। ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸ਼ੀਸ਼।' ਲਈ ਹੀ ਇਸ ਸੰਸਾਰ ਵਿਚ ਆਏ ਸਨ। ਦਸਾਂ ਗੁਰੂਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇਸੇ ਫਲਸਫੇ ਨੂੰ ਪੇਸ਼ ਕਰਦੇ ਹਨ ਕਿ ਸਾਰੇ ਇਨਸਾਨ ਇਕ ਅਕਾਲ ਪੁਰਖ ਦੇ ਬਣਾਏ ਹੋਏ ਹਨ, ਇਸ ਲਈ ਜਾਤ ਦਾ ਹੰਕਾਰ ਠੀਕ ਨਹੀਂ ਹੈ-ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥੧॥
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਨੇ ਛੇ ਗੁਰੂ ਸਾਹਿਬਾਨ ਦੀ ਬਾਣੀ ਅੰਕਿਤ ਕੀਤੀ ਹੈ। ਕਈ ਜਗ੍ਹਾ ਭਗਤ ਬਾਣੀ ਤੇ ਫਲਸਫੇ ਨੂੰ ਸਪੱਸ਼ਟ ਕਰਨ ਲਈ ਗੁਰੂ ਸਾਹਿਬਾਨ ਨੇ ਉਨ੍ਹਾਂ ਦੀ ਬਾਣੀ ਨਾਲ ਬਾਣੀ ਦਰਜ ਕੀਤੀ ਹੈ। ਪਰ ਕੇਵਲ ਦੋ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਸੰਬੋਧਿਤ ਕਰਕੇ ਗੁਰੂ ਨਾਨਕ ਦੇਵ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ। ਇਨ੍ਹਾਂ ਵਿਚ ਇਹ ਮਾਣ ਭਾਈ ਮਰਦਾਨਾ ਅਤੇ ਕਿਰਤੀ ਭਾਈ ਲਾਲੋ ਨੂੰ ਹੀ ਪ੍ਰਾਪਤ ਹੋਇਆ ਹੈ। ਪੰਗਤ ਤੇ ਸੰਗਤ, ਸਰੋਵਰ, ਸ੍ਰੀ ਹਰਿਮੰਦਰ ਸਾਹਿਬ ਇਸੇ ਹੀ ਊਚ-ਨੀਚ, ਜਾਤ-ਪਾਤ ਦੇ ਭੇਦ-ਭਾਵ ਨੂੰ ਖਤਮ ਕਰਨ ਦੇ ਚਾਨਣ ਮੁਨਾਰੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਵਿਚ ਭਗਤ ਕਬੀਰ, ਭਗਤ ਰਵਿਦਾਸ, ਭਗਤ ਸੈਣ, ਭਗਤ ਧੰਨਾ, ਭਗਤ ਨਾਮਦੇਵ ਅਤੇ ਭਗਤ ਸਧਨਾ ਦੀ ਬਾਣੀ ਦਰਜ ਕਰਕੇ ਗੁਰੂ ਸਾਹਿਬ ਨੇ ਸਰਬ ਸਾਂਝੀਵਾਲਤਾ ਦੀ ਸੋਚ ਦੀ ਵਧੀਆ ਮਿਸਾਲ ਦਿੱਤੀ ਹੈ। ਸਿੱਖ ਗੁਰੂ ਸਾਹਿਬਾਨ ਨੇ ਆਪਣੀ ਸੰਸਾਰਕ ਯਾਤਰਾ ਦੌਰਾਨ ਜਿਨ੍ਹਾਂ ਲੋਕਾਂ ਨਾਲ ਖਾਸ ਪਿਆਰ ਤੇ ਸਤਿਕਾਰ ਬਣਾਈ ਰੱਖਿਆ ਹੈ, ਉਹ ਉਸੇ ਸਮੇਂ ਦੀ ਵਰਨ-ਵੰਡ ਅਨੁਸਾਰ ਲੋਕਾਂ ਤੋਂ ਪਿੱਛੇ ਕੀਤੇ ਹੋਏ ਸਨ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਨੂੰ ਵਿਸਾਖੀ ਵਾਲੇ ਦਿਨ ਸਿੱਖਾਂ ਵਿਚੋਂ ਜਾਤੀ-ਪਾਤੀ ਨਿਜ਼ਾਮ ਦਾ ਖਾਤਮਾ ਕਰ ਦਿੱਤਾ, ਜਦ ਉਨ੍ਹਾਂ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ।
ਪੰਜਾਂ ਪਿਆਰਿਆਂ ਵਿਚੋਂ ਪਿਛਲੀ ਜਾਤ-ਪਾਤ, ਜਨਮ, ਦੇਸ਼ ਅਤੇ ਮਜ਼੍ਹਬ ਦਾ ਵਿਤਕਰਾ ਖ਼ਤਮ ਕਰਕੇ ਨਿਰੋਲ ਖ਼ਾਲਸਾ ਨੂੰ ਆਪਣੇ ਧਾਰਮਿਕ ਪੁੱਤਰ ਦਾ ਦਰਜਾ ਦਿੱਤਾ। ਅੰਮ੍ਰਿਤ ਛਕਣ ਤੋਂ ਬਾਅਦ ਸਮੂਹ ਖ਼ਾਲਸਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮਾਤਾ ਸਾਹਿਬ ਕੌਰ ਦੇ ਪੁੱਤਰ ਅਤੇ ਪੁੱਤਰੀਆਂ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ 'ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ...' ਦੇ ਹੁਕਮ ਦੀ ਮਿਸਾਲ ਬਣਦੇ ਹਨ। ਭਾਈ ਜੈਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੰਘਰੇਟੇ ਗੁਰੂ ਕੇ ਬੇਟੇ ਆਖ ਕੇ ਆਪਣਾ ਵੱਡਾ ਪੁੱਤਰ ਬਣਾਇਆ। ਆਪਣੇ ਜੀਵਨ ਵਿਚ ਆਪਣੀ ਕਲਗੀ ਤੇ ਵਸਤਰ ਚਮਕੌਰ ਸਾਹਿਬ ਵਿਚ ਭਾਈ ਸੰਗਤ ਸਿੰਘ ਨੂੰ ਬਖਸ਼ਿਸ਼ ਕੀਤੇ। ਭਾਈ ਸੰਗਤ ਸਿੰਘ ਨੇ ਵੀ ਸ਼ਹਾਦਤ ਦੇ ਕੇ ਗੁਰੂ ਜੀ ਦੇ ਉਸ ਉਪਰ ਵਿਸ਼ਵਾਸ ਨੂੰ ਪ੍ਰਵਾਨ ਚੜ੍ਹਾਇਆ। ਇਨ੍ਹਾਂ ਸੂਰਬੀਰ ਸਿੰਘਾਂ ਨਾਲ ਹੀ ਗੁਰੂ ਸਾਹਿਬ ਨੇ ਚਮਕੌਰ ਦੀ ਗੜ੍ਹੀ, ਪਾਉਂਟਾ ਸਾਹਿਬ ਤੇ ਹੋਰ ਥਾਵਾਂ ਤੇ ਮੁਗਲਾਂ ਦੀਆਂ ਤਾਕਤਵਰ ਤੇ ਹੁਨਰਮੰਦ ਫ਼ੌਜਾਂ 'ਤੇ ਫ਼ਤਹਿ ਹਾਸਲ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਹੀ ਇਹੀ ਸੀ 'ਇਨ ਗਰੀਬਨ ਕੋ ਦੂ ਪਾਤਸ਼ਾਹੀ॥ ਯਾਦ ਕਰੈ ਹਮਰੀ ਗੁਰਿਆਈ॥'
ਗੁਰੂ ਦੇ ਹੁਕਮ 'ਤੇ ਆਪਾ ਵਾਰਨ ਵਾਲੇ ਪੰਜ ਪਿਆਰਿਆਂ ਵਿਚੋਂ ਵੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਵਰਨ-ਵੰਡ ਦੇ ਪਹਿਲੇ ਵਰਗਾਂ ਵਿਚੋਂ ਨਹੀਂ ਸਨ। ਇਨ੍ਹਾਂ ਗੁਰੂ ਦੇ ਪੰਜ ਪਿਆਰਿਆਂ ਤੇ ਭਾਈ ਜੀਵਨ ਸਿੰਘ ਤੇ ਭਾਈ ਸੰਗਤ ਸਿੰਘ ਦੇ ਵੰਸ਼ਜ਼ ਗੁਰੂ ਦੇ ਸਿੱਖ ਖਾਲਸਾ ਹੋਣ ਵਜੋਂ ਗੁਰੂ ਹੁਕਮ ਨਾਲ ਬਰਾਬਰ ਦੇ ਅਤੇ ਭਰਾ ਹਨ। ਖਾਲਸਾ ਤਾਂ 'ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ' ਦਾ ਅਲੰਬਰਦਾਰ ਹੈ। ਦਸਮ ਪਾਤਸ਼ਾਹ ਦੀ ਬਾਣੀ ਦਾ ਹਰ ਸ਼ਬਦ ਗੁਰੂ ਨਾਨਕ ਦੀਆਂ ਦਸਾਂ ਜੋਤਾਂ ਦੀ ਗਵਾਹੀ ਭਰਦਾ ਹੈ, ਜਿਨ੍ਹਾਂ ਨੇ 'ਮਾਨਸੁ ਕੀ ਜਾਤ, ਸਭੈ ਏਕੋ ਪਹਿਚਾਨਬੋ' ਦਾ ਹੁਕਮ ਕਰਕੇ ਹਰ ਭੇਦ-ਭਾਵ ਨੂੰ ਖ਼ਤਮ ਕਰਨ ਦਾ ਆਦੇਸ਼ ਦਿੱਤਾ ਹੈ।
ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਮੁਗਲ ਕਾਲ ਤੇ ਇਸ ਤੋਂ ਪਹਿਲਾਂ ਜ਼ਮੀਨ ਦੇ ਮਾਲਕ ਬਾਦਸ਼ਾਹ ਜਾਂ ਰਾਜੇ ਹੁੰਦੇ ਸਨ ਤੇ ਬਾਕੀ ਖੇਤੀ ਕਰਨ ਵਾਲੇ ਗੈਰ-ਮਰੂਸੀ ਕਿਸਾਨ ਹੀ ਹੁੰਦੇ ਸਨ। ਜ਼ਮੀਨ ਦੀ ਮਾਲਕੀ ਦੀ ਬਖਸ਼ਿਸ਼ ਗੁਰੂ ਹੁਕਮ ਨਾਲ ਕਾਸ਼ਤਕਾਰਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਸੀ। ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਹੈ ਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ। ਗੁਰੂ ਸਾਹਿਬਾਨ ਦੀ ਦਿੱਤੀ ਹੋਈ ਇਕ ਵੱਖਰੀ ਸੋਚ ਨਾਲ ਪੰਜਾਬ ਦੂਜੇ ਰਾਜਾਂ ਨਾਲੋਂ ਅੱਜ ਤੋਂ ਕੁਝ ਸਮਾਂ ਪਹਿਲਾਂ ਤੱਕ ਸਭ ਤੋਂ ਵੱਧ ਖੁਸ਼ਹਾਲ ਤੇ ਮਜ਼ਬੂਤ ਰਿਹਾ ਹੈ, ਕਿਉਂਕਿ ਇਥੇ ਜਾਤ-ਪਾਤ ਤੇ ਵਖਰੇਵੇਂ ਤੇ ਛੂਤ-ਛਾਤ ਅਮਲੀ ਰੂਪ ਵਿਚ ਗੁਰੂ ਸਾਹਿਬਾਨ ਨੇ 500 ਸਾਲ ਪਹਿਲਾਂ ਹੀ ਖਤਮ ਕਰ ਦਿੱਤੀ ਸੀ ਅਤੇ ਇਸ ਅਗਾਂਹਵਧੂ ਸੋਚ ਪੰਗਤ-ਸੰਗਤ ਤੇ ਧਰਮ ਅਸਥਾਨਾਂ 'ਚ ਦਾਖਲੇ ਦੀ ਖੁੱਲ੍ਹ ਭਾਰਤ ਦੇ ਕਈ ਸੂਬਿਆਂ ਵਿਚ ਅਜੇ ਤੱਕ ਵੀ ਨਹੀਂ ਹੈ।
ਇਸੇ ਗੁਰੂ ਬਖਸ਼ਿਸ਼ ਨੂੰ ਭੁੱਲ ਕੇ ਅਸੀਂ ਫਿਰ ਜਾਤ-ਪਾਤਾਂ ਦੇ ਵਖਰੇਵਿਆਂ ਨੂੰ ਵਿਚਾਰਨ ਲੱਗ ਪਏ ਹਾਂ। ਵੱਖਰਾ ਲੰਗਰ ਤੇ ਵੱਖਰੀਆਂ ਬਸਤੀਆਂ ਗੁਰੂ ਹੁਕਮ ਦੀ ਉਲੰਘਣਾ ਤੁਲ ਹੈ। ਜਾਤ-ਪਾਤ 'ਤੇ ਆਧਾਰਿਤ ਆਰਥਿਕ ਲਾਭ ਲਈ ਵਰਨ ਵੰਡ ਕਬੂਲ ਕਰਨੀ ਗੁਰੂ ਦਾ ਹੁਕਮ ਨਹੀਂ ਹੈ। ਜਾਤ-ਪਾਤ ਨਾਲ ਸਬੰਧਤ ਗੁਰੂ-ਘਰ ਬਣਾਉਣ, ਵੱਖਰੇ ਸ਼ਮਸ਼ਾਨਘਾਟ ਬਣਾਉਣ ਤੋਂ ਰੋਕਣ ਲਈ ਸਿੱਖ ਸੰਗਤ ਨੂੰ ਜਾਗ੍ਰਿਤ ਕਰਨਾ ਚਾਹੀਦਾ ਹੈ, ઠਜਾਤ-ਪਾਤ ਦੇ ਨਾਂਅ 'ਤੇ ਗੁਰਦੁਆਰਾ ਸਾਹਿਬ ਬਣਾਉਣ 'ਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ 'ਚ ਸਭ ਨੂੰ ਬਰਾਬਰ ਦੀ ਮਾਨਤਾ ਤੇ ਪ੍ਰਬੰਧਕਾਂ 'ਚ ਥਾਂ ਦੇਣੀ ਜ਼ਰੂਰੀ ਹੈ। ਗੁਰੂ ਤੇ ਗੁਰੂ ਦੇ ਪਿਆਰਿਆਂ ਦੇ ਦਿਨ ਵਾਰ ਇਕੱਠੇ ਮਿਲ ਕੇ ਮਨਾਉਣੇ ਚਾਹੀਦੇ ਹਨ, ਕਿਉਂਕਿ ਜਿਨ੍ਹਾਂ ਮਹਾਂਪੁਰਸ਼ਾਂ ਨੂੰ ਗੁਰੂ ਸਾਹਿਬਾਨ ਨੇ ਮਾਣ ਦਿੱਤਾ ਹੈ, ਸਾਡਾ ਵੀ ਫਰਜ਼ ਹੈ ਕਿ ਉਨ੍ਹਾਂ ਦਾ ਸਤਿਕਾਰ ਕਰੀਏ। ਗੁਰਬਾਣੀ ਤੇ ਗਿਆਨ ਸਭ 'ਚ ਵੰਡਣ ਦੀ ਲੋੜ ਹੈ ਪਰ ਸਭ ਤੋਂ ਜ਼ਿਆਦਾ ਆਰਥਿਕ ਤੌਰ 'ਤੇ ਕਮਜ਼ੋਰ ਭਰਾਵਾਂ 'ਚ ਇਨ੍ਹਾਂ ਨਾਲ ਹੋ ਰਹੀਆਂ ਜ਼ਿਆਦਤੀਆਂ, ਨਫ਼ਰਤਾਂ ਅਤੇ ਵੱਖਰੇਵੇਂ ਵਿਰੁੱਧ ਤਕੜੇ ਹੋ ਕੇ ਇਨ੍ਹਾਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ, ਜਿਸ ਨਾਲ ਸਮਾਜ 'ਚ ਲੜਾਈ-ਝਗੜੇ ਖ਼ਤਮ ਹੋ ਸਕਣਗੇ। ਪੰਥਕ ਏਕਤਾ ਅਤੇ ਭੇਦਭਾਵ ਦਾ ਖਾਤਮਾ ਮਜ਼ਬੂਤੀ ਦਾ ਰਾਹ ਹੈ।
ਜੇਕਰ ਗੁਰੂ ਹੁਕਮ ਨੂੰ ਮੰਨੀਏ ਤੇ ਚੜ੍ਹਦੀ ਕਲਾ ਨਾਲ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਲਈ ਉੱਦਮ ਕਰੀਏ ਤਾਂ ਸਾਰੇ ਵਖਰੇਵੇਂ ਆਪਣੇ-ਆਪ ਦੂਰ ਹੋ ਜਾਣਗੇ। ਸਮਾਜ ਵਿਚ ਏਕਤਾ ਤਰੱਕੀ ਤੇ ਮਜ਼ਬੂਤੀ ਲਿਆਉਣ ਲਈ ਅੱਜ ਜਾਤ-ਪਾਤ ਦੇ ਖਾਤਮੇ ਦੀ ਲੋੜ ਉਸ ਸਮੇਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 300 ਸਾਲਾ ਗੁਰਤਾਗੱਦੀ ਮਨਾਉਂਦੇ ਹੋਏ ਸਭ ਤੋਂ ਪਹਿਲਾ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਾਤ-ਪਾਤ ਖਤਮ ਕਰਨ ਦੇ ਹੁਕਮ ਨੂੰ ਅਮਲੀ ਜਾਮਾ ਪਹਿਨਾਉਣਾ ਹੋਣਾ ਚਾਹੀਦਾ ਹੈ ਅਤੇ ਗੁਰੂ ਦਾ ਇਹ ਸੰਦੇਸ਼ ਸਮੂਹ ਮਾਨਵਤਾ ਵਿਚ ਲੈ ਕੇ ਜਾਣਾ ਚਾਹੀਦਾ ਹੈ, ਕਿਉਂਕਿ ਅਸੀਂ ਨਾਨਕ ਨਾਮ ਲੇਵਾ ਸਭ ਇਕ ਹਾਂ। ਫਿਰ ਸਿੱਖ ਸਮਾਜ ਵਿਚ ਜਾਤ-ਪਾਤ ਕਿਸ ਨੇ ਪੈਦਾ ਕੀਤੀ? ਬਾਰੇ ਵਿਚਾਰ ਕਰਕੇ ਇਨ੍ਹਾਂ ਸਮਾਗਮਾਂ ਨੂੰ ਸਾਰਥਕ ਕਰਨ ਲਈ ਅੱਜ ਤੋਂ ਹੀ ਜਾਤ-ਪਾਤ ਖ਼ਤਮ ਕਰਨ ਲਈ ਉੱਦਮ ਸ਼ੁਰੂ ਕਰੀਏ। ਇਸ ਨਾਲ ਸਿੱਖ ਧਰਮ ਤੇ ਰਾਜਨੀਤੀ ਦਾ ਵਿਕਾਸ ਹੋਵੇਗਾ ਤੇ ਮੀਰੀ ਪੀਰੀ ਦਾ ਸੰਕਲਪ ਆਧੁਨਿਕ ਸਮੇਂ ਵਿਚ ਉਘੜ ਕੇ ਸਾਹਮਣੇ ਆਵੇਗਾ।

ਇਕਬਾਲ ਸਿੰਘ
-ਸਾਬਕਾ ਡੀ. ਆਈ. ਜੀ., ਪੰਜਾਬ ਪੁਲਿਸ।
ਮੋਬਾ: 99888-23452

 

ਇਤਿਹਾਸਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਖਾੜਾ

ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆਂ ਮੁਨੀਆਂ ਨੇ ਜਨਮ ਲਿਆ। ਇਸੇ ਕਰਕੇ ਪੰਜਾਬ ਨੂੰ ਪਵਿੱਤਰ ਸੂਬਾ ਹੋਣ ਦਾ ਮਾਣ ਹਾਸਲ ਹੈ। ਜਿਥੇ-ਜਿਥੇ ਗੁਰੂ ਸਾਹਿਬਾਨ ਨੇ ਆਪਣੇ ਪਵਿੱਤਰ ਚਰਨ ਪਾਏ, ਉਥੇ-ਉਥੇ ਸ਼ਰਧਾਲੂਆਂ ਵੱਲੋਂ ਉਨ੍ਹਾਂ ਦੀ ਯਾਦ ਨੂੰ ਬਰਕਰਾਰ ਰੱਖਣ ਲਈ ਅਸਥਾਨ ਬਣਾਏ ਗਏ। ਇਸੇ ਤਰ੍ਹਾਂ ਦਾ ਇਕ ਇਤਿਹਾਸਿਕ ਅਸਥਾਨ ਹੈ, ਜ਼ਿਲ੍ਹਾ ਲੁਧਿਆਣਾ ਦੀ ਜਗਰਾਉਂ ਵਾਲੀ ਨਹਿਰ ਕਿਨਾਰੇ ਵਸੇ ਪਿੰਡ ਅਖਾੜਾ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਜੋ ਕੈਮਾਂ ਵਾਲੀ ਢਾਬ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਤਿਹਾਸਕਾਰਾਂ ਅਨੁਸਾਰ ਅੱਜ ਤੋਂ ਕਰੀਬ 306 ਸਾਲ ਪਹਿਲਾਂ 1761 ਬ੍ਰਿਕਮੀ ਭਾਵ ਕਿ 1704 ਈ: ਨੂੰ ਖਾਲਸਾ ਪੰਥ ਦੇ ਸਿਰਜਕ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਘ ਦੇ ਮਹੀਨੇ ਇਸ ਅਸਥਾਨ 'ਤੇ ਚਰਨ ਪਾ ਕੇ ਇਸ ਅਸਥਾਨ ਨੂੰ ਪੂਜਣਯੋਗ ਬਣਾਇਆ। ਇਸ ਤੋਂ ਇਲਾਵਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਸ਼ ਵੰਸ਼ 'ਚੋਂ ਧੰਨ ਧੰਨ ਬਾਬਾ ਸਾਹਿਬ ਸਿੰਘ ਬੇਦੀ ਊਨਾ ਸਾਹਿਬ ਵਾਲੇ ਵੀ 1798 ਈ: ਨੂੰ ਆਪਣੇ 5 ਹਜ਼ਾਰ ਘੋੜਸਵਾਰਾਂ ਸਮੇਤ ਇਸ ਅਸਥਾਨ 'ਤੇ ਆ ਕੇ ਠਹਿਰੇ ਸਨ। 
ਅੱਜਕਲ੍ਹ ਉਸ ਜਗ੍ਹਾ 'ਤੇ ਗੁਰਦੁਆਰਾ ਦਮਦਮਾ ਸਾਹਿਬ ਅਖਾੜਾ ਸ਼ਸ਼ੋਭਿਤ ਹੈ। ਦੂਰ-ਦੁਰਾਡੇ ਤੋਂ ਲੋਕ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਵਾਉਣ ਲਈ ਆਉਂਦੇ ਹਨ। ਇਥੋਂ ਹੀ ਬਾਬਾ ਜੀ ਨੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਖਾਨ ਦੇ ਪੋਤਰੇ ਅਤਾ ਉਲਾ ਖਾਨ ਮਲੇਰਕੋਟਲਾ ਵਿਖੇ ਅਤੇ ਰਾਏਕੋਟ ਦੇ ਰਾਏ ਅਲਿਆਸ ਨਾਲ ਪਿੰਡ ਦੋਲੋ ਦੇ ਮੈਦਾਨ ਵਿਚ ਜੰਗ ਕਰਕੇ ਹਿੰਦੂ-ਸਿੱਖ ਦਾ ਵਿਤਕਰਾ ਗਊ ਕਾਸ਼ੀ ਬੰਦ ਕਰਵਾਈ। ਇਨ੍ਹਾਂ ਲੜਾਈਆਂ ਵਿਚ ਬਾਬਾ ਜੀ ਵੱਲੋਂ ਵਰਤੇ ਗਏ ਪੱਥਰ ਦੇ ਗੋਲੇ ਅੱਜ ਵੀ ਇਸ ਗੁਰਦਆਰਾ ਸਾਹਿਬ ਵਿਚ ਮੌਜੂਦ ਹਨ। ਅੱਜਕਲ੍ਹ ਬਾਬਾ ਜੀ ਦੇ ਅਸਥਾਨ 'ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ (ਕੈਮਾਂ ਵਾਲੀ ਢਾਬ) ਅਤੇ ਪਵਿੱਤਰ ਸਰੋਵਰ ਬਣਾਇਆ ਗਿਆ ਹੈ ਤੇ ਇਥੇ ਮੱਸਿਆ ਦਾ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਚੇਤ ਮਹੀਨੇ ਦੀ ਮੱਸਿਆ ਨੂੰ ਇਸ ਅਸਥਾਨ 'ਤੇ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਸੰਗਤਾਂ ਆਪੋ-ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਇਥੇ ਵੱਡੀ ਤਦਾਦ ਵਿਚ ਨਤਮਸਤਕ ਹੁੰਦੀਆਂ ਹਨ। ਜੋੜ ਮੇਲੇ ਦੇ ਆਖਰੀ ਦਿਨ ਪਹਿਲਵਾਨਾਂ ਦੇ ਘੋਲ ਕਰਵਾਏ ਜਾਂਦੇ ਹਨ। ਇਸ ਇਤਿਹਾਸਕ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਭਜਨ ਸਿੰਘ ਅਤੇ ਮਹੰਤ ਜਰਨੈਲ ਸਿੰਘ ਦੇ ਉੱਦਮਾਂ ਸਦਕਾ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧਾਂ ਨਾਲ ਇਹ ਪਵਿੱਤਰ ਅਸਥਾਨ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਅਜੀਤ ਸਿੰਘ ਅਖਾੜਾ
-ਪਿੰਡ ਤੇ ਡਾਕ: ਅਖਾੜਾ (ਲੁਧਿਆਣਾ)। 95925 51348
ajayakhara@gmail. com

 

 

ਰਿਆਸਤ ਦੀ ਮੁਸਲਿਮ ਆਬਾਦੀ ਨੂੰ ਰਾਜੇ ਨੇ ਸੁਰੱਖਿਅਤ ਸਰਹੱਦ ਪਾਰ ਕਰਵਾਈ

 ਰਿਆਸਤ ਫ਼ਰੀਦਕੋਟ ਦਾ ਆਖ਼ਰੀ ਹੁਕਮਰਾਨ ਰਾਜਾ ਹਰਇੰਦਰ ਸਿੰਘ

ਰਾਜਾ ਹਰਇੰਦਰ ਸਿੰਘ ਬਰਾੜ ਨੇ ਆਪਣੇ ਰਾਜਭਾਗ ਦੌਰਾਨ ਰਿਆਸਤ ਨੂੰ ਅਕਾਦਮਿਕ ਅਤੇ ਇਮਾਰਤੀ ਖੇਤਰ ਵਿਚ ਹੀ ਮੋਹਰੀ ਨਹੀਂ ਬਣਾਇਆ, ਉਸ ਦੇ ਕਾਰਜਕਾਲ ਦੌਰਾਨ ਤਾਮੀਰ ਹੋਈਆਂ ਸੜਕਾਂ ਵੀ ਆਪਣੀ ਮਿਸਾਲ ਆਪ ਸਨ। ਬਠਿੰਡਾ ਇਤਿਹਾਸਕ ਤੌਰ 'ਤੇ ਇਲਾਕੇ ਦਾ ਪ੍ਰਸਿੱਧ ਸਥਾਨ ਸੀ ਤੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਰੇਲ ਜੰਕਸ਼ਨ ਸੀ। ਇਸ ਨੂੰ ਫ਼ਰੀਦਕੋਟ ਨਾਲ (ਬਰਾਸਤਾ ਕੋਟਕਪੂਰਾ) ਸੜਕ ਰਾਹੀਂ ਜੋੜਨਾ ਅਹਿਮ ਗੱਲ ਸੀ, ਕਿਉਂਕਿ ਰੇਲ ਸੰਪਰਕ ਦੋਵਾਂ ਦਰਮਿਆਨ ਪਹਿਲਾਂ ਹੀ ਸਥਾਪਤ ਹੋ ਚੁੱਕਾ ਸੀ। ਦਿੱਕਤ ਇਹ ਸੀ ਕਿ ਜੈਤੋ ਉਦੋਂ ਰਿਆਸਤ ਨਾਭਾ ਦਾ ਹਿੱਸਾ ਸੀ ਤੇ ਇਸ ਰਾਹੀਂ ਬਠਿੰਡੇ ਤੱਕ ਸੜਕ ਤਾਮੀਰ ਨਹੀਂ ਸੀ ਕੀਤੀ ਜਾ ਸਕਦੀ। ਜੈਤੋ ਕੋਟਕਪੂਰੇ ਤੋਂ ਕੇਵਲ 10 ਮੀਲ ਦੂਰ ਸੀ ਤੇ ਬਠਿੰਡਾ ਲਗਪਗ 28 ਮੀਲ। ਇਸ ਲਈ ਮਹਾਰਾਜੇ ਨੇ ਬਠਿੰਡੇ ਨੂੰ ਰਿਆਸਤ ਨਾਲ ਜੋੜਨ ਲਈ ਗੋਨਿਆਣੇ ਤੱਕ ਬਰਾਸਤਾ ਬਾਜਾਖਾਨਾ, (ਜੈਤੋ ਨਾਲੋਂ ਲੰਬੀ) ਸੜਕ ਦੀ ਤਾਮੀਰ ਕੀਤੀ। 
ਇਹ ਸੜਕ ਪਕਿਆਈ ਅਤੇ ਹੋਰਨਾਂ ਸੜਕੀ ਗੁਣਾਂ ਸਦਕਾ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਸੀ। ਇਕ ਹੋਰ ਸੜਕ ਨਥਾਣੇ ਤੋਂ ਜੰਡਵਾਲੇ ਰਾਹੀਂ ਗੋਨਿਆਣੇ ਜਾਂਦੀ ਸੀ। ਇਸ ਸੜਕ ਦੇ ਸੱਜੇ ਪਾਸੇ ਖੰਡਰ ਬਣ ਚੁੱਕਾ ਪੱਥਰ ਦਾ ਨਿਸ਼ਾਨ ਦੋ ਵੱਖੋ-ਵੱਖਰੇ ਰਾਜ ਪ੍ਰਬੰਧਾਂ ਅੰਗਰੇਜ਼ੀ ਰਾਜ ਅਤੇ ਫ਼ਰੀਦਕੋਟ ਰਿਆਸਤ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨੂੰ ਸਾਂਭੀ ਬੈਠਾ ਹੈ। ਦੋਵਾਂ ਪ੍ਰਬੰਧਾਂ ਦੀ ਰਾਜ ਅਤੇ ਵਿਕਾਸ ਨੀਤੀ ਅਤੇ ਵਣਜ ਵਪਾਰ ਦੇ ਮੰਡੀਕਰਨ ਵੱਖ-ਵੱਖ ਹੋਣ ਕਾਰਨ ਦੋਵਾਂ ਦੇ ਸਰਹੱਦੀ ਮਸਲੇ ਇਸ ਪੱਥਰ ਅਤੇ ਇਸ ਦੇ ਨਾਲ ਲਗਦੇ ਰਸਤੇ ਦੁਆਲੇ ਘੁੰਮਦੇ ਰਹੇ ਹਨ। (ਰਿਆਸਤ ਫ਼ਰੀਦਕੋਟ ਦਾ ਗੁਆਂਢੀ ਨਥਾਣਾ ਅਤੇ ਭੁੱਚੋ ਮੰਡੀ ਦਾ ਇਲਾਕਾ ਪਹਿਲਾਂ ਰਿਆਸਤ ਪਟਿਆਲਾ ਦੇ ਅਧੀਨ ਸੀ ਅਤੇ ਸੰਨ 1833 ਵਿਚ 22 ਪਿੰਡਾਂ ਦਾ ਸੰਗ੍ਰਹਿ 'ਬਾਹੀਆ' ਪਟਿਆਲੇ ਦੇ ਮਹਾਰਾਜਿਆਂ ਨੇ ਤੋਹਫ਼ੇ ਵਜੋਂ ਅੰਗਰੇਜ਼ਾਂ ਨੂੰ ਸੌਂਪਿਆ ਹੋਇਆ ਸੀ।) ਇਸ ਇਲਾਕੇ 'ਚੋਂ ਰਿਆਸਤ ਫ਼ਰੀਦਕੋਟ ਵੱਲ ਆਉਂਦੀ ਸੜਕ ਅੰਗਰੇਜ਼ੀ ਇਲਾਕੇ ਵਿਚ 50 ਫ਼ੁੱਟ ਚੌੜੀ ਸੀ ਪਰ ਰਿਆਸਤ ਫ਼ਰੀਦਕੋਟ ਵਿਚ ਦਾਖ਼ਲ ਹੋਣ ਸਾਰ ਇਹ 110 ਫ਼ੁੱਟ ਹੋ ਜਾਂਦੀ ਸੀ।
ਰਾਜਾ ਹਰਇੰਦਰ ਸਿੰਘ ਦੇ ਅਜਿਹੇ ਗੁਣਾਂ ਨੂੰ ਇਕ ਪਾਸੇ ਰੱਖਦਿਆਂ ਇਹ ਗੱਲ ਵੀ ਵਰਨਣਯੋਗ ਹੈ ਕਿ ਰਾਜਸੀ ਪੱਧਰ 'ਤੇ ਉਪ-ਮਹਾਂਦੀਪ ਵਿਚ ਵੱਡੀਆਂ ਤਬਦੀਲੀਆਂ ਨਮੂਦਾਰ ਹੋ ਰਹੀਆਂ ਸਨ। ਸਮੁੱਚੇ ਭਾਰਤ ਵਿਚ ਅੰਗਰੇਜ਼ੀ ਰਾਜ ਵਿਰੁੱਧ ਕੌਮੀ ਲਹਿਰਾਂ ਜ਼ੋਰ ਫ਼ੜ ਰਹੀਆਂ ਸਨ। ਕਈ ਸ਼ਾਹੀ ਰਿਆਸਤਾਂ ਵਿਚ ਰਾਜਿਆਂ ਦੇ ਆਪਹੁਦਰੇਪਣ ਵਿਰੁੱਧ ਸਤਿਆਗ੍ਰਹਿ ਅਰੰਭ ਹੋ ਗਿਆ ਸੀ। ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ 'ਆਲ ਇੰਡੀਆ ਸਟੇਟਸ ਪੀਪਲਜ਼ ਐਸੋਸੀਏਸ਼ਨ' ਨਾਂਅ ਦੀ ਜਥੇਬੰਦੀ ਬਣਾਈ ਗਈ ਸੀ। ਇਸ ਰੁਝਾਨ ਅਧੀਨ ਹੀ ਫ਼ਰੀਦਕੋਟ ਸਮੇਤ ਪੰਜਾਬ ਦੀਆਂ ਸਾਰੀਆਂ ਰਿਆਸਤਾਂ ਵਿਚ ਪਰਜਾ ਮੰਡਲ ਲਹਿਰ ਉੱਠੀ ਸੀ। ਫ਼ਰੀਦਕੋਟ ਵਿਚ ਇਸ ਲਹਿਰ ਦੀ ਅਗਵਾਈ ਗਿਆਨੀ ਜ਼ੈਲ ਸਿੰਘ ਤੇ ਉਨ੍ਹਾਂ ਦੇ ਜੁਝਾਰੂ ਸਾਥੀ ਕਰ ਰਹੇ ਸਨ। 1938 ਵਿਚ ਅਰੰਭ ਹੋਈ ਇਸ ਲਹਿਰ ਦੇ ਪਹਿਲੇ ਪੜਾਅ ਅਧੀਨ ਸਤਿਆਗ੍ਰਹਿ ਮੁੱਖ ਤੌਰ 'ਤੇ ਕਿਸਾਨਾਂ ਦੀਆਂ ਤਕਲੀਫ਼ਾਂ ਸਬੰਧੀ ਹੀ ਸੀ। ਫ਼ਰੀਦਕੋਟ ਰਿਆਸਤ ਨੇ ਇਸ ਲਹਿਰ ਨੂੰ ਕਾਮਯਾਬੀ ਨਾਲ ਦਬਾਅ ਦਿੱਤਾ ਪਰ 1946 ਵਿਚ ਅਰੰਭ ਹੋਏ ਇਸ ਦੇ ਦੂਜੇ ਪੜਾਅ ਸਮੇਂ ਸਤਿਆਗ੍ਰਹੀਆਂ ਨੇ ਰਿਆਸਤ ਵਿਚ ਇਕ ਜ਼ਿੰਮੇਵਾਰ ਸਰਕਾਰ ਸਥਾਪਤ ਕਰਨ ਦੀ ਮੰਗ ਕੀਤੀ। ਸਤਿਆਗ੍ਰਹੀਆਂ ਨੇ ਰਿਆਸਤ ਵਿਚ ਇਕ ਸਮਾਨਅੰਤਰ ਸਰਕਾਰ ਦੀ ਸਥਾਪਤੀ ਵੀ ਕਰ ਲਈ। ਲਹਿਰ ਨੇ ਆਖ਼ਰ ਵੱਡੀ ਸਫ਼ਲਤਾ ਹਾਸਲ ਕੀਤੀ, ਜਦੋਂ 15 ਜੁਲਾਈ 1948 ਨੂੰ ਆਜ਼ਾਦ ਭਾਰਤ ਦੀ ਸਰਕਾਰ ਨੇ ਫ਼ਰੀਦਕੋਟ ਸਮੇਤ ਪਟਿਆਲਾ, ਨਾਭਾ, ਮਲੇਰਕੋਟਲਾ ਅਤੇ ਕਪੂਰਥਲਾ ਨੂੰ ਇਕੱਠਿਆਂ ਕਰਕੇ ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ) ਦੀ ਸਥਾਪਨਾ ਕਰ ਦਿੱਤੀ।
ਭਾਰਤ ਆਜ਼ਾਦ ਹੋ ਗਿਆ ਤੇ ਪੰਜਾਬ ਅਤੇ ਬੰਗਾਲ ਦੀ ਮੁਸਲਿਮ ਬਹੁ-ਗਿਣਤੀ ਦੇ ਆਧਾਰ 'ਤੇ ਇਕ ਨਵਾਂ ਮੁਲਕ ਪਾਕਿਸਤਾਨ ਬਣਾ ਦਿੱਤਾ ਗਿਆ ਇਸ ਵਿਚ ਪੱਛਮੀ ਪੰਜਾਬ ਅਤੇ ਬੰਗਾਲ ਸ਼ਾਮਲ ਸਨ। ਪੰਜਾਬ ਵਾਲੇ ਪਾਕਿਸਤਾਨ ਨੂੰ ਪੱਛਮੀ ਅਤੇ ਬੰਗਾਲ ਨੂੰ ਪੂਰਬੀ ਪਾਕਿਸਤਾਨ ਬਣਾ ਦਿੱਤਾ ਗਿਆ। ਨਵੇਂ ਬਣੇ ਮੁਲਕਾਂ ਦੀ ਆਬਾਦੀ ਦੇ ਤਬਾਦਲੇ ਸਮੇਂ ਵੱਡੀ ਪੱਧਰ 'ਤੇ ਕਤਲੋ-ਗ਼ਾਰਤ ਹੋਈ ਤੇ ਹਿੰਦੂ, ਮੁਸਲਮਾਨ ਤੇ ਸਿੱਖ ਮਾਰੇ ਗਏ। ਇਧਰਲੇ ਪੰਜਾਬ ਵਿਚ ਵੀ ਨਿਰਦੋਸ਼ ਮੁਸਲਮਾਨਾਂ 'ਤੇ ਭਾਰੀ ਜ਼ੁਲਮ ਹੋਏ। ਏਸ ਕਾਲੇ ਦੌਰ ਵਿਚ ਵੀ ਫ਼ਰੀਦਕੋਟ ਦੇ ਰਾਜਾ ਹਰਇੰਦਰ ਸਿੰਘ ਬਰਾੜ ਨੇ ਆਪਣੀ ਰਿਆਸਤ ਦੇ ਮੁਸਲਮਾਨਾਂ ਦੀ ਸਮੁੱਚੀ ਆਬਾਦੀ ਨੂੰ ਫ਼ੁੱਲਾਂ ਵਾਂਗ ਸਾਂਭ ਕੇ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਰਾਹੀਂ ਓਸ ਪਾਰ ਪਹੁੰਚਾਇਆ। ਰਾਜਾ ਹਰਇੰਦਰ ਸਿੰਘ ਬਰਾੜ 16 ਅਕਤੂਬਰ 1989 ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਇਕਲੌਤਾ ਸਪੁੱਤਰ ਅਤੇ ਰਿਆਸਤ ਦਾ ਵਾਰਸ ਪਹਿਲਾਂ ਹੀ 10 ਅਕਤੂਬਰ 1983 ਨੂੰ ਸਵਰਗਵਾਸ ਹੋ ਗਿਆ ਸੀ। ਰਾਜੇ ਨੇ ਆਪਣੇ ਜਿਉਂਦਿਆਂ ਹੀ ਆਪਣੀ ਸਾਰੀ ਜਾਇਦਾਦ ਮਹਾਰਾਵਲ ਖੇਵਾ ਜੀ ਟਰੱਸਟ ਦੇ ਨਾਂਅ ਕਰ ਦਿੱਤੀ ਸੀ, ਜਿਸ ਦੀ ਪ੍ਰਧਾਨ ਰਾਜੇ ਦੀ ਬੇਟੀ ਦੀਪਇੰਦਰ ਕੌਰ ਹੈ, ਜੋ ਕਿ ਬਰਦਵਾਨ ਦੇ ਸਾਬਕ ਰਾਜਾ ਸਦਾ ਚੰਦ ਮਹਿਤਾਬ ਨੂੰ ਵਿਆਹ ਦਿੱਤੀ ਗਈ ਸੀ। (ਚਲਦਾ)

ਗੁਰਮੀਤ ਸਿੰਘ ਕੋਟਕਪੂਰਾ
-ਮੋਬਾ: 98722-2055

ਸੇਵਾ ਦੇ ਸਾਂਝੇ ਗੁਣਾਂ ਵਾਲੀ ਧਾਰਮਿਕ ਸ਼ਖ਼ਸੀਅਤ ਭਾਈ ਰਜਿੰਦਰ ਸਿੰਘ ਪੜੌਲ

ਜ਼ਿਲ੍ਹਾ ਮੋਹਾਲੀ ਦੇ ਪਿੰਡ ਪੜੌਲ ਵਿਖੇ ਪਿਤਾ ਗੁਰਮੇਲ ਸਿੰਘ ਤੇ ਮਾਤਾ ਜਸਪਾਲ ਕੌਰ ਦੇ ਗ੍ਰਹਿ ਵਿਖੇ ਜਨਮੇ ਭਾਈ ਰਜਿੰਦਰ ਸਿੰਘ ਦਾ ਬਚਪਨ ਤੋਂ ਗੁਰਸਿੱਖੀ ਨਾਲ ਲਗਾਓ ਸੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਪਿੰਡ ਦੇ ਗੁਰੂ-ਘਰ ਵਿਖੇ ਸੇਵਾ ਜਾਰੀ ਰੱਖੀ। ਇਸ ਚਿਣਗ ਨੂੰ ਭਾਂਪਦਿਆਂ ਗੁਰੂ-ਘਰ ਦੇ ਪ੍ਰਧਾਨ ਸੂਬੇਦਾਰ ਸੁਰਜੀਤ ਸਿੰਘ ਨੇ ਇਨ੍ਹਾਂ ਨੂੰ ਅਮ੍ਰਿਤਪਾਨ ਦੀ ਪ੍ਰੇਰਣਾ ਦਿੱਤੀ, ਜਿਸ ਉਪਰੰਤ ਬਾਬਾ ਭੁਪਿੰਦਰ ਸਿੰਘ ਮਾਜਰਾ ਤੋਂ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ। ਇਲਾਕੇ ਦੀ ਪਰਉਪਕਾਰੀ ਸ਼ਖ਼ਸੀਅਤ ਭਾਈ ਬਸਤਾ ਸਿੰਘ ਭੜੌਜੀਆਂ ਨਾਲ ਮਿਲਾਪ ਹੋਣ 'ਤੇ ਉਨ੍ਹਾਂ ਪ੍ਰੇਰਿਤ ਕਰਕੇ ਕੀਰਤਨ ਦੇ ਗੁਣਾਂ ਤੇ ਕਲਾ ਤੋਂ ਜਾਣੂ ਕਰਵਾਇਆ, ਜਿਸ 'ਤੇ ਭਾਈ ਸਾਹਿਬ ਨੇ ਪ੍ਰਸਿੱਧ ਕੀਰਤਨੀਏ ਭਾਈ ਬਲਵਿੰਦਰ ਸਿੰਘ ਰੰਗੀਲਾ ਵੱਲੋਂ ਸਥਾਪਿਤ ਗੁਰਮਤਿ ਸੰਗੀਤ ਅਕੈਡਮੀ ਚੰਡੀਗੜ੍ਹ 'ਚ ਕੀਰਤਨ ਦੀ ਮੁਹਾਰਤ ਹਾਸਲ ਕੀਤੀ। ਸੁਰੀਲੇ ਗਲੇ ਰਾਹੀਂ ਕੀਰਤਨ ਕਾਰਨ ਇਨ੍ਹਾਂ ਦੇ ਜਥੇ ਨੂੰ ਪੰਜਾਬ ਸਮੇਤ ਪੂਨਾ, ਹੇਮਕੁੰਟ ਸਾਹਿਬ, ਨਾਢਾ ਸਾਹਿਬ, ਹਰਿਆਣਾ ਅਤੇ ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਖੇ ਕੀਰਤਨ ਕਰਨ ਦਾ ਮੌਕਾ ਮਿਲਿਆ। ਇਨ੍ਹਾਂ 'ਚ ਕੀਰਤਨ ਅਤੇ ਕਥਾ ਦੇ ਇਕੱਠੇ ਗੁਣਾਂ ਕਾਰਨ ਇਲਾਕੇ ਦੇ ਸਾਂਝੇ ਅਸਥਾਨ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਬਲਾਕ ਮਾਜਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਪੱਕੇ ਤੌਰ 'ਤੇ ਹਜ਼ੂਰੀ ਰਾਗੀ ਵਜੋਂ ਸੇਵਾ ਸੰਭਾਲੀ ਗਈ ਹੈ, ਜਿਥੇ ਰਹਿੰਦਿਆਂ ਭਾਈ ਸਾਹਿਬ ਇਲਾਕੇ ਅੰਦਰ ਕੀਰਤਨ ਦੇ ਨਾਲ-ਨਾਲ ਬੱਚਿਆਂ ਲਈ ਮੁਫਤ ਕੀਰਤਨ ਸਿਖਲਾਈ ਕੇਂਦਰ ਚਲਾ ਰਹੇ ਹਨ।

-ਰਵਿੰਦਰ ਸਿੰਘ ਵਜੀਦਪੁਰ,
ਨਵਾਂਗਰਾਉਂ, ਮੁਹਾਲੀ। 94633-87697

ਜਾਹਮਣ ਦੇ ਗੁਰਦੁਆਰਾ ਸਾਹਿਬ ਦੀ ਤਰਸਯੋਗ ਹਾਲਤ

ਇਤਿਹਾਸ ਦੀਆਂ ਪੈੜਾਂ-15

ਲਾਹੌਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਪਿੰਡ ਜਾਹਮਣ ਵਿਚਲਾ ਗੁਰਦੁਆਰਾ ਰੋੜੀ ਸਾਹਿਬ ਉਹ ਮੁਕਦਸ ਅਸਥਾਨ ਹੈ, ਜਿਥੇ ਸਤਿਗੁਰੂ ਨਾਨਕ ਸਾਹਿਬ ਨੇ ਤਿੰਨ ਵਾਰ ਚਰਨ ਪਾਏ। ਇਹ ਢਾਈ ਮੰਜ਼ਿਲਾ ਵਿਸ਼ਾਲ ਤੇ ਖੂਬਸੂਰਤ ਗੁਰਦੁਆਰਾ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਖਾਲੜਾ ਤੋਂ ਸਰਹੱਦ ਪਾਰ ਡੇਢ ਕਿਲੋਮੀਟਰ ਦੀ ਦੂਰੀ 'ਤੇ ਮੌਜੂਦ ਹੈ। ਭਾਈ ਕਾਨ੍ਹ ਸਿੰਘ ਨਾਭਾ 'ਮਹਾਨ ਕੋਸ਼' ਵਿਚ ਗੁਰਦੁਆਰਾ ਰੋੜੀ ਸਾਹਿਬ ਦੇ ਸੰਬੰਧ ਵਿਚ ਲਿਖਦੇ ਹਨ-'ਥਾਣਾ ਬਰਕੀ ਦੇ ਪਿੰਡ ਜਾਹਮਣ ਵਿਚ ਪਿੰਡ ਦੇ ਬਾਹਰਵਾਰ ਪੂਰਬ ਵੱਲ ਦੋ ਫਰਲਾਂਗ ਦੇ ਕਰੀਬ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਗੁਰਦੁਆਰਾ ਰੋੜੀ ਸਾਹਿਬ ਹੈ। ਇਸ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਿੰਨ ਵਾਰ ਚਰਨ ਪਾਏ। ਇਸ ਦੇ ਕੋਲ ਹੀ ਇਕ ਛੱਪੜੀ ਸੀ, ਜਿਸ ਨੂੰ ਸੰਗਤਾਂ ਨੇ ਸਰੋਵਰ ਵਿਚ ਤਬਦੀਲ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਇਕ ਸੇਵਕ ਸਿੱਖ ਇਸ ਪਿੰਡ ਵਿਚ ਰਹਿੰਦਾ ਸੀ, ਜਿਸ ਦੀ ਕਿਰਪਾ ਨਾਲ ਕਈ ਭਾਬੜੇ ਸੁਮਾਰਗ ਹੋਏ। ਇਸ ਅਸਥਾਨ ਦੀ ਸੇਵਾ ਭਾਈ ਵਧਾਵਾ ਸਿੰਘ ਨੇ ਅਰੰਭੀ ਸੀ ਅਤੇ ਉਨ੍ਹਾਂ ਇਸ ਇਮਾਰਤ ਨੂੰ ਬਹੁਤ ਖ਼ੂਬਸੂਰਤ ਬਣਾਇਆ। ਗੁਰਦੁਆਰੇ ਦੇ ਨਾਂਅ 100 ਵਿਘੇ ਜ਼ਮੀਨ ਹੈ। ਵੈਸਾਖੀ ਅਤੇ 20 ਜੇਠ ਨੂੰ ਇਥੇ ਮੇਲਾ ਲਗਦਾ ਹੈ।'
'ਗੁਰਧਾਮ ਦੀਦਾਰ' ਸਫ਼ਾ 152 ਦੇ ਅਨੁਸਾਰ, ਪਿੰਡ ਜਾਹਮਣ ਤੋਂ ਪੂਰਬ ਦੇ ਪਾਸੇ ਦਸ ਫਰਲਾਂਗ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਇਥੋਂ ਨੇੜੇ ਹੀ ਚਾਹਲ ਪਿੰਡ ਗੁਰੂ ਜੀ ਦੇ ਨਾਨਕੇ ਸਨ, ਆਉਂਦੇ-ਜਾਂਦੇ ਗੁਰੂ ਜੀ ਨੇ ਤਿੰਨ ਵਾਰ ਚਰਨ ਪਾਏ। ਗੁਰਦੁਆਰਾ ਬਹੁਤ ਸੁੰਦਰ, ਸੁਨਹਿਰੀ ਕਲਸ ਵਾਲਾ ਬਣਿਆ ਹੋਇਆ ਹੈ। ਪਾਸ ਰਿਹਾਇਸ਼ੀ ਮਕਾਨ ਹਨ। ਗੁਰੂ ਜੀ ਪਹਿਲੀ ਵਾਰ ਆਏ ਅਤੇ ਪਹਿਲਾਂ ਜਿਥੇ ਠਹਿਰੇ, ਉਹ ਥਾਂ ਪਿੰਡ ਤੋਂ ਨੇਰਤ ਕੋਣ ਦੇ ਪਾਸੇ ਇਕ ਮੀਲ ਰੋੜੀ ਸਾਹਿਬ ਨਾਮੇ ਹੈ। ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਬਹੁਤ ਚੰਗਾ ਹੈ। ਪੁਜਾਰੀ ਚੰਦਾ ਸਿੰਘ ਬਹੁਤ ਭਲਾ ਲੋਕ ਸਾਧੂ ਸੁਭਾਅ ਵਾਲਾ ਹੈ। ਇਥੋਂ ਦੇ ਨਗਰਵਾਸੀ ਵੀ ਗੁਰਦੁਆਰੇ ਨਾਲ ਪ੍ਰੇਮ ਕਰਨ ਵਾਲੇ ਹਨ। ਕਿਹਾ ਜਾਂਦਾ ਹੈ ਕਿ ਇਥੋਂ ਦੇ ਭਾਈ ਨਰੀਆ ਭਗਤ ਨੇ ਗੁਰੂ ਜੀ ਨੂੰ ਨਾਲ ਭਾਜਾ ਛਕਾਇਆ ਸੀ, ਜੋ ਕੜਾਹ ਪ੍ਰਸ਼ਾਦ ਬਣ ਗਿਆ ਸੀ। 20 ਜੇਠ, ਵੈਸਾਖੀ, ਮਾਘੀ ਤੇ ਸਰਾਧਾਂ ਦੀ ਦਸਮੀ ਨੂੰ ਮੇਲਾ ਹੁੰਦਾ ਹੈ।
ਮੈਂ ਆਪਣੇ ਪਾਕਿਸਤਾਨੀ ਪੱਤਰਕਾਰ ਮਿੱਤਰ ਨਾਲ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਨ ਦਾ ਨਿਸ਼ਚਾ ਕੀਤਾ। ਅਸੀਂ ਸ਼ਾਮ ਨੂੰ ਜਦੋਂ ਉਪਰੋਕਤ ਮੁਕੱਦਸ ਸਥਾਨ 'ਤੇ ਪਹੁੰਚੇ ਤਾਂ ਇਹ ਵੇਖ ਕੇ ਬਹੁਤ ਦੁੱਖ ਪਹੁੰਚਿਆ ਕਿ ਸੰਨ 1965 ਦੀ ਹਿੰਦ-ਪਾਕਿ ਜੰਗ ਦੇ ਦੌਰਾਨ ਹੋਈ ਗੋਲਾਬਾਰੀ ਵਿਚ ਗੁਰਦੁਆਰੇ ਦੀ ਢਹਿ ਗਈ ਇਮਾਰਤ ਦਾ ਮਲਬਾ ਅੱਜ ਵੀ ਗੁਰਦੁਆਰਾ ਸਾਹਿਬ ਦੇ ਅੰਦਰ-ਬਾਹਰ ਖਿਲਰਿਆ ਹੋਇਆ ਹੈ।
ਪਿੰਡ ਜਾਹਮਣ ਵਿਚ ਗੁਰਦੁਆਰਾ ਸਾਹਿਬ ਦੇ ਦੂਰ-ਦੂਰ ਤੱਕ ਕੋਈ ਢਾਬਾ ਜਾਂ ਖਾਣ-ਪੀਣ ਦੇ ਸਾਮਾਨ ਵਾਲੀ ਦੁਕਾਨ ਨਾ ਹੋਣ ਕਰਕੇ ਉਹ ਰਾਤ ਅਸੀਂ ਦੋਵੇਂ ਭੁੱਖੇ ਹੀ ਗੁਰਦੁਆਰਾ ਸਾਹਿਬ ਦੀ ਛੱਤ 'ਤੇ ਰਾਤ ਸੌਂ ਕੇ ਗੁਜ਼ਾਰੀ। ਸਾਰੀ ਰਾਤ ਜ਼ਮੀਨ 'ਤੇ ਲੇਟਿਆਂ ਤੇ ਪਾਸੇ ਮਾਰਦਿਆਂ ਸਾਨੂੰ ਕਿਤੇ ਕੋਈ ਪ੍ਰੇਤ ਆਤਮਾ ਤਾਂ ਨਜ਼ਰ ਨਹੀਂ ਆਈ ਪਰ ਮੱਛਰਾਂ ਦੇ ਡੰਗਾਂ ਨੇ ਅਤੇ ਚਮਚੜਿੱਕਾਂ ਦੀ ਡਰਾਉਣੀ ਆਵਾਜ਼ ਨੇ ਕਾਫ਼ੀ ਪ੍ਰੇਸ਼ਾਨ ਕੀਤਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨੀ ਮੀਡੀਆ ਵੱਲੋਂ ਭੂ-ਮਾਫ਼ੀਆ ਦੀ ਸ਼ਹਿ 'ਤੇ ਹੀ ਗੁੰਮਰਾਹ ਕਰਨ ਵਾਲਾ ਭੂਤ-ਪ੍ਰੇਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਵਿਚ ਗੁਰਦੁਆਰੇ ਸੰਬੰਧੀ ਖੌਫ਼ ਪੈਦਾ ਕਰਕੇ ਆਸਾਨੀ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਗਿਰਾ ਕੇ ਗੁਰਦੁਆਰੇ ਦੇ ਨਾਂਅ ਲਗਦੀ 100 ਵਿਘਾ ਭੂਮੀ ਨੂੰ ਹੜੱਪਿਆ ਜਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਗੰਭੀਰਤਾ ਨਾਲ ਵਿਚਾਰ ਕਰਕੇ ਪਾਕਿਸਤਾਨ ਸਰਕਾਰ ਨਾਲ ਢੁਕਵੀਂ ਗੱਲਬਾਤ ਕਰਨੀ ਚਾਹੀਦੀ ਹੈ।

ਸੁਰਿੰਦਰ ਕੋਛੜ
-ਅੰਮ੍ਰਿਤਸਰ। ਫੋਨ : 9356127771,

 

ਪ੍ਰੇਰਨਾ-ਸਰੋਤ-ਸਾਡੇ ਕਰਮ ਹੀ ਸਾਡੇ ਚਰਿੱਤਰ ਦਾ ਨਿਰਮਾਣ ਕਰਦੇ ਹਨ

ਇਸ ਦੁਨੀਆ ਵਿਚ ਅਸੀਂ ਜੋ ਵੀ ਕਾਰਜ ਹੁੰਦੇ ਦੇਖਦੇ ਹਾਂ, ਮਨੁੱਖੀ ਸਮਾਜ ਵਿਚ ਜੋ ਵੀ ਗਤੀਵਿਧੀਆਂ ਹੁੰਦੀਆਂ ਦੇਖਦੇ ਹਾਂ, ਇਹ ਸਭ ਮਨੁੱਖੀ ਵਿਚਾਰਾਂ ਅਤੇ ਇੱਛਾਸ਼ਕਤੀ ਦਾ ਪ੍ਰਦਰਸ਼ਨ ਹਨ। ਮਸ਼ੀਨਾਂ, ਯੰਤਰ, ਸ਼ਹਿਰ, ਭਵਨ, ਜਹਾਜ਼, ਯੁੱਧ ਦੇ ਹਥਿਆਰ ਸਭ ਮਨੁੱਖ ਦੀ ਇੱਛਾਸ਼ਕਤੀ ਦਾ ਪ੍ਰਗਟਾਵਾ ਹੈ। ਇਹ ਇੱਛਾਸ਼ਕਤੀ ਸਾਡੇ ਚਰਿੱਤਰ ਕਾਰਨ ਪੈਦਾ ਹੁੰਦੀ ਹੈ ਅਤੇ ਸਾਡੇ ਕਰਮ ਸਾਡੇ ਚਰਿੱਤਰ ਦਾ ਨਿਰਮਾਣ ਕਰਦੇ ਹਨ। ਜਿਹੋ ਜਿਹੇ ਕਰਮ ਉਹੋ ਜਿਹੀ ਇੱਛਾਸ਼ਕਤੀ। ਸਵਾਮੀ ਵਿਵੇਕਾਨੰਦ ਆਪਣੀ 'ਚਰਿੱਤਰ ਨਿਰਮਾਣ' ਪੁਸਤਕ ਵਿਚ ਲਿਖਦੇ ਹਨ। ਜੇ ਕੋਈ ਵਿਅਕਤੀ ਚੰਗੇ ਵਿਚਾਰ ਰੱਖਦਾ ਹੈ, ਚੰਗੇ ਕਾਰਜ ਕਰਦਾ ਹੈ ਤਾਂ ਅਜਿਹੇ ਸਾਡੇ ਕਾਰਜਾਂ ਦਾ ਜੋੜ ਵੀ ਅੱਛਾਈ ਹੀ ਹੁੰਦਾ ਹੈ ਅਤੇ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਆਪਣੇ-ਆਪ ਨੂੰ ਭੁੱਲ ਕੇ ਵੀ ਚੰਗੇ ਕਰਮ ਹੀ ਕਰਦਾ ਹੈ। ਜਦ ਕੋਈ ਵਿਅਕਤੀ ਚੰਗੇ ਕਰਮ ਕਰਦਾ ਹੈ ਅਤੇ ਚੰਗੇ ਵਿਚਾਰ ਰੱਖਦਾ ਹੈ ਤਾਂ ਉਨ੍ਹਾਂ ਵਿਚ ਅੱਛਾਈ ਕਰਨ ਦੀ ਇਕ ਆਦਤ ਬਣ ਜਾਂਦੀ ਹੈ। ਅਜਿਹਾ ਵਿਅਕਤੀ ਜੇ ਕਿਸੇ ਦਾ ਬੁਰਾ ਕਰਨ ਦਾ ਵਿਚਾਰ ਵੀ ਰੱਖਦਾ ਹੈ ਤਾਂ ਉਸ ਦਾ ਚਰਿੱਤਰ ਉਸ ਨੂੰ ਬੁਰਾਈ ਨਹੀਂ ਕਰਨ ਦਿੰਦਾ, ਉਹ ਬੁਰਾਈ ਤੋਂ ਵਾਪਸ ਆ ਜਾਂਦਾ ਹੈ, ਉਹ ਨੇਕ ਵਿਚਾਰਾਂ ਅਧੀਨ ਹੀ ਰਹਿੰਦਾ ਹੈ। ਅਜਿਹੀ ਅਵਸਥਾ ਵਿਚ ਵਿਅਕਤੀ ਦੇ ਚੰਗੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ।

-ਸੰਜੀਵਨ ਸਿੰਘ ਡਢਵਾਲ,
ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।|
ਮੋਬਾ: 94175-50741

ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ -57

 ਕੁਰੈਸ਼ ਲਈ ਖ਼ਤਰਾ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮਦੀਨੇ ਦੇ ਮੁਸਲਮਾਨਾਂ ਨੇ ਹੱਜ ਦੇ ਸਮੇਂ ਜਦੋਂ ਅਕਬਾ ਦੇ ਸਥਾਨ ਉੱਤੇ ਹਜ਼ਰਤ ਮੁਹੰਮਦ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਾਥੀਆਂ ਸਮੇਤ ਮਦੀਨੇ ਆ ਕੇ ਰਹਿਣ ਦੀ ਪੇਸ਼ਕਸ਼ ਕੀਤੀ ਤਾਂ ਕੁਰੈਸ਼ ਵਾਲਿਆਂ ਨੇ ਇਸ ਨੂੰ ਆਪਣੇ ਅਤੇ ਸਮੁੱਚੇ ਅਰਬ ਲਈ ਵੰਗਾਰ ਸਮਝਿਆ। ਇਸ ਪੇਸ਼ਕਸ਼ ਨੂੰ ਸੁਣ ਕੇ ਮਦੀਨੇ ਦੇ ਹਾਜੀਆਂ ਵਿਚ ਸ਼ਾਮਲ ਇਕ ਬਜ਼ੁਰਗ ਅੱਬਾਸ ਬਿਨ ਉਬਾਦਾ ਨੇ ਕਿਹਾ, 'ਮਦੀਨੇ ਵਾਲਿਓ! ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਸੱਪ ਦੀ ਖੁੱਡ ਵਿਚ ਹੱਥ ਪਾ ਰਹੇ ਹੋ? ਤੁਸੀਂ ਇਨ੍ਹਾਂ ਨੂੰ ਮਦੀਨੇ ਸੱਦ ਕੇ ਸਾਰੀ ਦੁਨੀਆ ਨਾਲ ਲੜਾਈ ਮੁੱਲ ਲੈ ਰਹੇ ਹੋ। ਜੇ ਤੁਹਾਡੇ ਮਨ ਵਿਚ ਕੋਈ ਅਜਿਹਾ ਵਿਚਾਰ ਹੋਵੇ ਕਿ ਕਿਸੇ ਖ਼ਤਰੇ ਸਮੇਂ ਮੌਤ ਤੋਂ ਡਰਦਿਆਂ ਜਾਂ ਆਪੇ ਨੂੰ ਤਬਾਹੀ ਤੋਂ ਬਚਾਉਣ ਲਈ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਨੂੰ ਵੈਰੀਆਂ ਦੇ ਹਵਾਲੇ ਕਰ ਦਿਉਗੇ, ਤਾਂ ਉਸ ਤੋਂ ਚੰਗਾ ਹੈ ਕਿ ਤੁਸੀਂ ਅੱਜ ਹੀ ਇਨ੍ਹਾਂ ਨੂੰ ਇਥੇ ਛੱਡ ਦਿਓ, ਨਹੀਂ ਤਾਂ ਦੁਨੀਆ ਅਤੇ ਆਖ਼ਰਤ ਵਿਚ ਖੱਜਲ-ਖ਼ੁਆਰ ਹੋਵੋਗੇ। ਜੇ ਤੁਸੀਂ ਸਮਝਦੇ ਹੋ ਕਿ ਜਿਹੜਾ ਬਚਨ ਇਨ੍ਹਾਂ ਨੂੰ ਦੇ ਰਹੇ ਹੋ, ਉਸ ਨੂੰ ਮੌਤ ਦੇ ਡਰ ਦੇ ਬਾਵਜੂਦ ਨਿਭਾਓਗੇ, ਤਾਂ ਇਨ੍ਹਾਂ ਦਾ ਹੱਥ ਫੜ ਲਵੋ। ਰੱਬ ਦੀ ਸਹੁੰ, ਇਸ ਵਿਚ ਦੁਨੀਆ ਅਤੇ ਆਖ਼ਰਤ ਦੀ ਭਲਾਈ ਹੈ।'
ਜਿਥੇ ਹਜ਼ਰਤ ਮੁਹੰਮਦ ਸਾਹਿਬ ਨੂੰ ਮੁਸਲਮਾਨਾਂ ਸਮੇਤ ਮਦੀਨੇ ਵਿਚ ਵਸ ਜਾਣ ਨਾਲ ਬੇਡਰ ਅਤੇ ਬੇਖ਼ੌਫ਼ ਹੋ ਕੇ ਰਹਿਣ ਲਈ ਠਿਕਾਣਾ ਮਿਲ ਗਿਆ ਸੀ ਅਤੇ ਉਹ ਆਪਣੀ ਸ਼ਕਤੀ ਨੂੰ ਵਧਾਉਣ ਦਾ ਚੰਗਾ ਉਪਰਾਲਾ ਕਰ ਸਕਦੇ ਸਨ, ਉਥੇ ਮੱਕੇ ਦੇ ਕੁਰੈਸ਼ ਵਾਲਿਆਂ ਲਈ ਇਹ ਖ਼ਤਰੇ ਦੀ ਘੰਟੀ ਵੱਜ ਗਈ ਸੀ। ਉਨ੍ਹਾਂ ਦੇ ਸਿਰ 'ਤੇ ਇਕ ਖ਼ਤਰਾ ਹੋਰ ਮੰਡਲਾ ਰਿਹਾ ਸੀ, ਜਿਸ ਨਾਲ ਉਨ੍ਹਾਂ ਦਾ ਵਪਾਰ ਸਬੰਧਤ ਸੀ। ਅਸਲ ਵਿਚ ਮੱਕੇ ਵਾਲਿਆਂ ਦੀ ਆਰਥਿਕ ਵਿਵਸਥਾ ਯਮਨ ਅਤੇ ਸੀਰੀਆ ਨਾਲ ਵਪਾਰ ਉੱਤੇ ਨਿਰਭਰ ਸੀ। ਲਾਲ ਸਾਗਰ ਦੇ ਤੱਟ ਦੇ ਨਾਲ-ਨਾਲ ਜਿਸ ਰਸਤਿਉਂ ਉਹ ਸੀਰੀਆ ਅਤੇ ਯਮਨ ਨੂੰ ਜਾਂਦੇ ਸਨ, ਮਦੀਨਾ ਉਸੇ ਰਸਤੇ ਉੱਤੇ ਸਥਿਤ ਸੀ। ਹੁਣ ਕੁਰੈਸ਼ ਵਾਲਿਆਂ ਲਈ ਜ਼ਰੂਰੀ ਹੋ ਗਿਆ ਸੀ ਕਿ ਉਹ ਆਪਣੇ ਵਪਾਰ ਨੂੰ ਸਲਾਮਤ ਰੱਖਣ ਲਈ ਜਾਂ ਮੁਸਲਮਾਨਾਂ ਨਾਲ ਸੁਲਾਹ ਕਰ ਲੈਣ ਜਾਂ ਉਨ੍ਹਾਂ ਨੂੰ ਲੜਾਈ ਵਿਚ ਖ਼ਤਮ ਕਰ ਦੇਣ।
ਉਮਰੂ ਪੁੱਤਰ ਹਜ਼ਮੀ ਦੀ ਮੌਤ ਤੋਂ ਬਾਅਦ ਮੱਕੇ ਦੇ ਮੁਸ਼ਰਕਾਂ ਨੂੰ ਸਮਝ ਲੱਗੀ ਕਿ ਮਦੀਨੇ ਵਿਚ ਆਬਾਦ ਹੋ ਜਾਣ ਤੋਂ ਬਾਅਦ ਮੁਸਲਮਾਨ ਉਨ੍ਹਾਂ ਦਾ ਕੀ ਕੁਝ ਵਿਗਾੜ ਸਕਦੇ ਹਨ। ਉਹ ਜਿਸ ਫ਼ੰਦੇ ਤੋਂ ਬਚਣਾ ਚਾਹੁੰਦੇ ਸਨ ਉਸ ਵਿਚ ਫਸ ਗਏ ਸਨ। ਉਹ ਜਾਣ ਗਏ ਸਨ ਕਿ ਮਦੀਨੇ ਵਿਚ ਰਹਿ ਕੇ ਹਜ਼ਰਤ ਮੁਹੰਮਦ ਸਾਹਿਬ ਉਨ੍ਹਾਂ ਨੂੰ ਸ਼ਾਂਤੀ ਨਾਲ ਨਹੀਂ ਬੈਠਣ ਦੇਣਗੇ। ਉਹ ਉਨ੍ਹਾਂ ਦੇ ਹਰ ਵਪਾਰਕ ਕਾਫ਼ਲੇ ਉੱਤੇ ਨਜ਼ਰ ਰੱਖਣਗੇ। ਉਸ ਨੂੰ ਰੋਕਣ ਦੀ ਹਿੰਮਤ ਕਰਨਗੇ। ਉਹ ਜਾਣ ਗਏ ਸਨ ਕਿ ਉਨ੍ਹਾਂ ਦਾ ਸ਼ਾਮ ਨਾਲ ਵਪਾਰ ਮੁਸਲਮਾਨਾਂ ਨਾਲ ਸੁਲਾਹ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਮੱਕੇ ਵਿਚ ਰਹਿੰਦੇ ਮੁਸਲਮਾਨ ਪਰਿਵਾਰਾਂ ਦੇ ਘਰਾਂ ਵਿਚ ਵੜ ਕੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇ। ਮੁਸ਼ਰਕਾਂ ਦਾ ਏਹੋ ਫ਼ੈਸਲਾ ਬਦਰ ਦੀ ਜੰਗ ਦਾ ਕਾਰਨ ਬਣਿਆ। (ਬਾਕੀ ਅਗਲੇ ਅੰਕ 'ਚ)

ਨੂਰ ਮੁਹੰਮਦ ਨੂਰ
-ਮੋਬਾ: 98555-51359

 

ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ

ਸ਼ਹੀਦੀ ਸਾਕੇ 'ਤੇ ਵਿਸ਼ੇਸ਼

\20ਵੀਂ ਸਦੀ ਦੇ ਅਰੰਭ ਵਿਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਨੇ ਸਮੁੱਚੀ ਸਿੱਖ ਕੌਮ ਵਿਚ ਜਿਹੜੀ ਜਾਗ੍ਰਿਤੀ ਪੈਦਾ ਕੀਤੀ, ਉਸ ਦੀ ਗਵਾਹੀ ਸਿੱਖ ਇਤਿਹਾਸ ਦੇ ਪੰਨੇ ਬਾਖੂਬੀ ਬਿਆਨ ਕਰਦੇ ਹਨ। ਇਸ ਲਹਿਰ ਦੌਰਾਨ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਵਾਪਰਿਆ ਸ਼ਹੀਦੀ ਸਾਕਾ ਲੂੰਅ-ਕੰਡੇ ਖੜ੍ਹੇ ਕਰਨ ਵਾਲੀ ਅਹਿਮ ਘਟਨਾ ਹੈ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਗੁਰੂ ਕੇ ਬਾਗ ਦੇ ਮੋਰਚੇ ਦਾ ਅਰੰਭ 8 ਅਗਸਤ 1922 ਈ: ਨੂੰ ਹੁੰਦਾ ਹੈ। ਇਸ ਮੋਰਚੇ ਵਿਚ ਸ਼ਾਮਿਲ ਹੋਣ ਲਈ ਗੱਭਰੂ ਸਿੱਖ ਮਰਜੀਵੜਿਆਂ ਦੇ ਜਥੇ ਸਮੁੱਚੇ ਪੰਜਾਬ ਵਿਚੋਂ ਵਹੀਰਾਂ ਘੱਤ ਕੇ ਆਉਂਦੇ ਹਨ। ਇਹ ਸਾਰੇ ਸਿੰਘ ਆਪਣੇ ਜਾਨ ਤੋਂ ਪਿਆਰੇ ਗੁਰਧਾਮਾਂ ਲਈ ਆਪਾ ਵਾਰਨ ਲਈ ਪਰਿਵਾਰਾਂ ਤੋਂ ਵਿਛੜਨ ਸਮੇਂ ਗੁਰੂ ਚਰਨਾਂ ਵਿਚ ਅਰਦਾਸ ਕਰਕੇ ਤੁਰਦੇ ਹਨ। ਮੋਰਚੇ ਵਿਚ ਸ਼ਾਮਿਲ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਚ ਬੰਦੀ ਬਣਾ ਕੇ ਰੱਖਿਆ ਜਾਂਦਾ ਹੈ। ਜਦੋਂ ਕੈਦੀਆਂ ਦੀ ਗਿਣਤੀ ਇਕ ਰੇਲ ਗੱਡੀ ਵਿਚ ਸਵਾਰ ਹੋਣ ਲਈ ਪੂਰੀ ਹੋ ਜਾਂਦੀ ਹੈ ਤਾਂ ਪੂਰੀ ਰੇਲ ਗੱਡੀ ਵਿਚ ਸਵਾਰ ਕੈਦੀਆਂ ਨੂੰ ਦੂਰ-ਦੁਰਾਡੇ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ ਸੀ। 29 ਅਕਤੂਬਰ 1922 ਈ: ਨੂੰ ਇਕ ਗੱਡੀ ਕੈਦੀ ਸਿੰਘਾਂ ਨਾਲ ਭਰ ਕੇ ਅੰਮ੍ਰਿਤਸਰ ਤੋਂ ਅਟਕ ਕਿਲ੍ਹੇ (ਪੱਛਮੀ ਪੰਜਾਬ) ਵੱਲ ਭੇਜੀ ਗਈ।
ਗੁਰਦੁਆਰਾ ਪ੍ਰਬੰਧਕ ਕਮੇਟੀ ਗੁ: ਪੰਜਾ ਸਾਹਿਬ ਅਤੇ ਇਲਾਕੇ ਦੀ ਸਿੱਖ ਸੰਗਤ ਨੇ ਇਸ ਰੇਲ ਗੱਡੀ ਵਿਚ ਸਵਾਰ ਕੈਦੀ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਦੇ ਨੇੜਲੇ ਰੇਲਵੇ ਸਟੇਸ਼ਨ ਹਸਨ ਅਬਦਾਲ (ਪਾਕਿਸਤਾਨ) ਵਿਚ ਰੋਕ ਕੇ ਗੁਰੂ ਕਾ ਲੰਗਰ ਛਕਾਉਣ ਅਤੇ ਟਹਿਲ-ਪਾਣੀ ਕਰਨ ਦਾ ਫੈਸਲਾ ਕੀਤਾ। ਇਸ ਰੇਲ ਗੱਡੀ ਨੇ ਇਸ ਸਟੇਸ਼ਨ 'ਤੇ ਬਿਨਾਂ ਰੁਕਣ ਤੋਂ ਹੀ ਅੱਗੇ ਨਿਕਲ ਜਾਣਾ ਸੀ। ਇਹ ਸਮਾਂ ਸਵੇਰੇ 10 ਵਜੇ ਦਾ ਸੀ। ਸਟੇਸ਼ਨ ਮਾਸਟਰ ਨੇ ਸੰਗਤਾਂ ਨੂੰ ਸੂਚਿਤ ਕਰ ਦਿੱਤਾ ਕਿ ਕੈਦੀ ਸਿੰਘਾਂ ਵਾਲੀ ਰੇਲ ਸਰਕਾਰ ਦੇ ਹੁਕਮ ਮੁਤਾਬਿਕ ਰੋਕੀ ਨਹੀਂ ਜਾ ਸਕਦੀ। ਲੰਗਰ ਛਕਾਉਣ ਲਈ ਉਤਾਵਲੀ ਹੋਈ ਸੰਗਤ ਰੇਲ ਪਟੜੀ ਉੱਪਰ ਬੈਠ ਗਈ। ਇਨ੍ਹਾਂ ਮਰਜੀਵੜੇ ਸ਼ਰਧਾਲੂਆਂ ਵਿਚੋਂ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੇ ਰੇਲ ਗੱਡੀ ਨੂੰ ਰੋਕਣ ਲਈ ਸ਼ਹੀਦੀ ਜਾਮ ਪੀ ਕੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਕੀਤੀ ਅਰਦਾਸ ਨੂੰ ਪੂਰਾ ਕੀਤਾ। ਸ਼ਹੀਦ ਭਾਈ ਪ੍ਰਤਾਪ ਸਿੰਘ ਦਾ ਜਨਮ 26 ਮਾਰਚ 1899 ਈ: ਨੂੰ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਅਕਾਲਗੜ੍ਹ ਵਿਖੇ ਬੀਬੀ ਪ੍ਰੇਮ ਕੌਰ ਦੀ ਕੁੱਖ ਤੋਂ ਹੋਇਆ। ਜਦੋਂ ਇਸ ਸ਼ਹੀਦੀ ਸਾਕੇ ਦੀ ਘਟਨਾ ਵਾਪਰੀ, ਉਦੋਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਰੇਲਵੇ ਲਾਈਨ ਉੱਪਰ ਚੌਕੜੇ ਮਾਰ ਕੇ ਬੈਠੇ ਸਨ, ਬਾਕੀ ਸੰਗਤ ਉਨ੍ਹਾਂ ਦੇ ਪਿੱਛੇ ਰੇਲ ਲਾਈਨ ਉੱਪਰ ਬੈਠੀ ਸੀ। ਗੱਡੀ ਵਿਸਲਾਂ ਮਾਰਦੀ ਆ ਰਹੀ ਸੀ ਪਰ ਇਹ ਮਰਜੀਵੜੇ ਆਪਣੇ ਅਕੀਦੇ ਅਤੇ ਕੀਤੀ ਹੋਈ ਅਰਦਾਸ ਤੋਂ ਜ਼ਰਾ ਜਿੰਨੇ ਵੀ ਨਹੀਂ ਥਿੜਕੇ। ਰੇਲ ਗੱਡੀ ਰੁਕ ਤਾਂ ਗਈ ਪਰ ਗਿਆਰਾਂ ਸਿੰਘਾਂ ਨੂੰ ਦਰੜ ਕੇ।
ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਪਰ ਸੁਆਸ ਚੱਲ ਰਹੇ ਸਨ। ਸਾਰੇ ਜ਼ਖਮੀਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਗੁਰਧਾਮ ਵਿਚ ਇਲਾਜ ਲਈ ਪਹੁੰਚਾਇਆ ਗਿਆ। ਲੰਗਰ ਲੈ ਕੇ ਪੁੱਜੀ ਸਿੱਖ ਸੰਗਤ ਨੇ ਕੈਦੀ ਸਿੰਘਾਂ ਦੀ ਗੁਰੂ ਕੇ ਲੰਗਰ ਨਾਲ ਭਰਪੂਰ ਸੇਵਾ ਕੀਤੀ। ਇਸ ਦੁਖਦਾਈ ਘਟਨਾ ਦੀ ਖ਼ਬਰ ਪੂਰੀ ਦੁਨੀਆ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਖੂਨੀ ਸਾਕਾ 29 ਅਕਤੂਬਰ 1922 ਈ: ਨੂੰ ਵਾਪਰਿਆ। ਸਮੁੱਚੇ ਸੰਸਾਰ ਵਿਚ ਵਸਣ ਵਾਲੀਆਂ ਦੂਜੀਆਂ ਕੌਮਾਂ ਵਿਚ ਸਿੱਖ ਮਰਜੀਵੜਿਆਂ ਦੀ ਆਪਾ ਵਾਰ ਕੇ ਭੁੱਖੇ ਸਾਥੀ ਕੈਦੀਆਂ ਨੂੰ ਲੰਗਰ ਛਕਾਉਣ ਦੀ ਚਰਚਾ ਤਾਂ ਹੋਣੀ ਹੀ ਸੀ, ਉਥੇ ਅੰਗਰੇਜ਼ ਸਰਕਾਰ ਲਈ ਲਾਹਣਤ ਦਾ ਟਿੱਕਾ ਵੀ ਪੱਕੇ ਤੌਰ 'ਤੇ ਮੱਥੇ ਦਾ ਕਲੰਕ ਬਣ ਗਿਆ। ਗੰਭੀਰ ਰੂਪ ਵਿਚ ਦੋਵੇਂ ਜ਼ਖਮੀ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ 31 ਅਕਤੂਬਰ ਨੂੰ ਸ਼ਹਾਦਤ ਪ੍ਰਾਪਤ ਕਰ ਗਏ।

-ਭਗਵਾਨ ਸਿੰਘ ਜੌਹਲ,
ਮੋਬਾ: 98143-24040

ਸ਼ਬਦ ਵਿਚਾਰ

ਆਦਿ ਸਚੁ ਜੁਗਾਦਿ ਸਚੁ॥
॥ ਜਪੁ॥
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥
ਚੁਪੈ ਚੁਪ ਨ ਹੋਵਈ
ਜੇ ਲਾਇ ਰਹਾ ਲਿਵ ਤਾਰ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥
ਸਹਸ ਸਿਆਣਪਾ ਲਖ ਹੋਹਿ
ਤ ਇਕ ਨ ਚਲੈ ਨਾਲਿ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥
(ਅੰਗ 1)
ਪਦ ਅਰਥ : ਆਦਿ-ਕਾਲ, ਸਮੇਂ ਤੋਂ ਪਹਿਲਾਂ। ਸਚੁ-ਹੋਂਦ ਹਸਤੀ ਵਾਲਾ। ਜੁਗਾਦਿ-ਜੁਗਾਂ ਦੇ ਅਰੰਭ ਤੋਂ ਪਹਿਲਾਂ। ਹੈ-ਹੁਣ ਵੀ ਹੈ। ਹੋਸੀ-ਅੱਗੇ ਲਈ ਵੀ ਉਸ ਦੀ ਹੋਂਦ ਰਹੇਗੀ। ਸੋਚੈ-ਤਨ ਦੀ ਸੁਚਤਾ ਰੱਖਣ ਨਾਲ। ਸੋਚਿ-ਮਨ ਦੀ ਸੁਚਤਾ, ਪਵਿੱਤਰਤਾ। ਸੋਚੀ-ਸੁੱਚ ਰੱਖਾਂ। ਚੁਪੈ-ਚੁੱਪ ਕੀਤਿਆਂ। ਚੁਪ-ਮਨ ਦੀ ਚੁੱਪ, ਮਨ ਦੀ ਸ਼ਾਂਤੀ ਅਥਵਾ ਟਿਕਾਉ। ਲਾਇ ਰਹਾ-ਲਾਈ ਰੱਖਾਂ। ਲਿਵ ਤਾਰ-ਲਿਵ ਦੀ ਤਾਰ, ਸਮਾਧੀ। ਭੁਖਿਆ-ਭੁੱਖਿਆਂ ਰਹਿਣ ਨਾਲ। ਭੁੱਖ-ਤ੍ਰਿਸ਼ਨਾ। ਨ ਉਤਰੀ-ਦੂਰ ਨਹੀਂ ਹੁੰਦੀ। ਬੰਨਾ-ਬੰਨ੍ਹ ਲਵਾਂ। ਪੁਰੀਆ ਭਾਰ-ਸਾਰੀਆਂ ਪੁਰੀਆਂ ਅਥਵਾ ਸਾਰੇ ਭਵਨਾਂ ਦੇ ਪਦਾਰਥ। ਸਹਸ-ਹਜ਼ਾਰਾਂ। ਸਿਆਣਪਾ-ਚਤੁਰਾਈਆਂ। ਸਚਿਆਰਾ-ਸੱਚ ਨੂੰ ਧਾਰਨ ਵਾਲਾ, ਸੱਚਾ। ਕੂੜੈ-ਝੂਠ ਦੀ। ਪਾਲਿ-ਦੀਵਾਰ, ਪਰਦਾ। ਰਜਾਈ-ਰਜ਼ਾ ਵਿਚ। ਲਿਖਿਆ ਨਾਲ-ਲਿਖਿਆ ਚਲਿਆ ਆ ਰਿਹਾ ਹੈ।
'ਜਪ' ਜੀ ਸਾਹਿਬ ਦੇ ਅਰੰਭ ਵਿਚ ਆਏ ਸਲੋਕ ਵਿਚ ੴ ਦੀ ਹੋਂਦ ਬਾਰੇ ਦਰਸਾਇਆ ਗਿਆ ਹੈ, ਜੋ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ, ਜੁਗਾਂ ਦੇ ਆਦਿ ਤੋਂ ਹੈ, ਹੁਣ ਵੀ ਮੌਜੂਦ ਹੈ ਅਤੇ ਅੱਗੇ ਤੋਂ ਵੀ ਸਦਾ ਕਾਇਮ ਰਹੇਗਾ। ਇਸੇ ਵਿਚਾਰ ਨੂੰ ਆਪ ਜੀ ਨੇ ਰਾਗੁ ਆਸਾ ਵਿਚ ਵੀ ਇਸ ਪ੍ਰਕਾਰ ਪ੍ਰਗਟਾਇਆ ਹੈ-
ਆਦਿ ਜੁਗਾਦੀ ਹੈ ਭੀ ਹੋਸੀ
ਅਵਰੁ ਝੂਠਾ ਸਭੁ ਮਾਨੋ॥ (ਅੰਗ 437)
ਅਵਰੁ-ਹੋਰ। ਝੂਠਾ-ਨਾਸਵੰਤ।
ਭਾਵ ਪਰਮਾਤਮਾ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦਾ ਹੈ, ਜੁਗਾਂ ਦੇ ਆਦਿ ਤੋਂ ਕਾਇਮ ਹੈ, ਹੁਣ ਵੀ ਮੌਜੂਦ ਹੈ ਅਤੇ ਅੱਗੇ ਵੀ ਸਦਾ ਕਾਇਮ ਰਹੇਗਾ, ਬਾਕੀ ਹੋਰ ਸਭ ਨਾਸਵੰਤ ਹਨ।
ਜਗਤ ਰਚਨਾ ਤੋਂ ਕਰੋੜਾਂ-ਅਰਬਾਂ ਸਾਲਾਂ ਤੋਂ ਪਹਿਲਾਂ ਜਦੋਂ ਸਭ ਪਾਸੇ ਘੁੱਪ ਹਨੇਰਾ ਸੀ, ਨਾ ਧਰਤੀ ਸੀ, ਨਾ ਆਕਾਸ਼ ਸੀ ਅਤੇ ਨਾ ਹੀ ਕਿਧਰੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ, ਨਾ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਸੀ, ਤਦੋਂ ਪਰਮਾਤਮਾ ਆਪਣੇ-ਆਪ ਵਿਚ ਸਮਾਧੀ ਲਾਈ ਬੈਠਾ ਸੀ-
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ
ਸੁੰਨ ਸਮਾਧਿ ਲਗਾਇਦਾ॥
(ਰਾਗੁ ਮਾਰੂ ਸੋਲਹੇ ਮਹਲਾ ੧, ਅੰਗ 1035)
ਅਰਬਦ-10 ਕਰੋੜ। ਨਰਬਰ-ਨ ਅਰਬਦ, ਗਿਣਤੀ ਤੋਂ ਪਰੇ। ਧੁੰਧੂਕਾਰਾ-ਘੁਪ ਹਨੇਰਾ। ਧਰਣਿ-ਧਰਤੀ। ਗਗਨਾ-ਆਕਾਸ਼। ਅਪਾਰਾ-ਬੇਅੰਤ। ਰੈਨਿ-ਰਾਤ। ਸੁੰਨ ਸਮਾਧਿ-ਸਮਾਧੀ ਵਿਚ ਪ੍ਰਭੂ ਤੋਂ ਬਿਨਾਂ ਹੋਰ ਕੁਝ ਨਹੀਂ ਸੀ।
'ਜਪੁ' ਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਜਗਤ ਗੁਰੂ ਬਾਬੇ ਨੇ ਵਹਿਮਾਂ ਤੇ ਭਰਮਾਂ ਵਿਚ ਫਸੀ ਹੋਈ ਲੋਕਾਈ ਨੂੰ ਪ੍ਰਭੂ ਮਿਲਾਪ ਦਾ ਸਰਲ ਤੇ ਸੁਖੈਨ ਮਾਰਗ ਦਰਸਾਇਆ ਹੈ। ਪਹਿਲੀਆਂ ਚਾਰ ਤੁਕਾਂ ਵਿਚ ਉਨ੍ਹਾਂ ਪ੍ਰਚੱਲਿਤ ਫੋਕਟ ਸਾਧਨਾਂ ਦਾ ਜ਼ਿਕਰ ਹੈ, ਜਿਨ੍ਹਾਂ ਨਾਲ ਪਰਮਾਤਮਾ ਅਤੇ ਮਨੁੱਖ ਵਿਚਕਾਰ ਪਈ ਵਿੱਥ ਮਿਟ ਨਹੀਂ ਸਕਦੀ। ਤੀਰਥਾਂ 'ਤੇ ਲੱਖ ਵਾਰੀ ਇਸ਼ਨਾਨ ਕਰਿਆਂ, ਜੰਗਲਾਂ ਵਿਚ ਸਮਾਧੀਆਂ ਲਾਉਣ, ਮੋਨ (ਚੁੱਪ ਰਹਿਣ ਨਾਲ) ਧਾਰਨ ਕਰਨਾ, ਇਹ ਸਭ ਫੋਕਟ ਧਾਰਮਿਕ ਕਰਮ ਹਨ। ਇਨ੍ਹਾਂ ਨਾਲ ਮਾਲਕ ਪ੍ਰਭੂ ਨੂੰ ਰੀਝਾਇਆ ਨਹੀਂ ਜਾ ਸਕਦਾ, ਮਨ ਸੁੱਚਾ ਨਹੀਂ ਹੁੰਦਾ ਅਤੇ ਨਾ ਹੀ ਅੰਦਰਲਾ ਸ਼ਾਂਤ ਹੁੰਦਾ ਹੈ। ਇਸੇ ਪ੍ਰਕਾਰ ਭਾਵੇਂ ਸਾਰੇ ਭਵਨਾਂ ਦੇ ਪਦਾਰਥ ਪ੍ਰਾਪਤ ਹੋ ਜਾਣ, ਮਾਇਆ ਦੀ ਤ੍ਰਿਸ਼ਨਾ ਦੂਰ ਨਹੀਂ ਹੁੰਦੀ। ਹਜ਼ਾਰਾਂ-ਲੱਖਾਂ ਕੀਤੀਆਂ ਚਤੁਰਾਈਆਂ ਵੀ ਕਿਸੇ ਕੰਮ ਨਹੀਂ ਆਉਂਦੀਆਂ।
ਤਾਂ ਫਿਰ ਪਰਮਾਤਮਾ ਅਤੇ ਮਨੁੱਖ ਵਿਚਕਾਰ ਪਈ ਵਿੱਥ ਨੂੰ ਦੂਰ ਕਰਕੇ ਸੱਚ ਦੇ ਮਾਰਗ 'ਤੇ ਕਿਵੇਂ ਚੱਲਿਆ ਜਾਵੇ, ਇਸ ਦਾ ਉੱਤਰ ਜਗਤ ਗੁਰੂ ਬਾਬੇ ਨੇ ਪਉੜੀ ਦੀ ਅੰਤਲੀ ਤੁਕ ਵਿਚ ਇਸ ਪ੍ਰਕਾਰ ਆਪ ਹੀ ਦਿੱਤਾ ਹੈ-
ਹੁਕਮਿ ਰਜਾਈਂ ਚਲਣਾ ਨਾਨਕ ਲਿਖਿਆ ਨਾਲਿ॥
ਭਾਵ ਅਕਾਲ ਪੁਰਖ ਦੀ ਰਜ਼ਾ (ਭਾਣੇ) ਵਿਚ ਰਹਿ ਕੇ ਜੀਵਨ ਬਤੀਤ ਕਰਨ ਨਾਲ ਪਰਮਾਤਮਾ ਤੇ ਮਨੁੱਖ ਵਿਚਕਾਰ ਪਈ ਝੂਠ ਦੀ ਦੀਵਾਰ ਦੂਰ ਹੋ ਸਕਦੀ ਹੈ। ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਦੋਂ ਤੋਂ ਜਗਤ ਦੀ ਰਚਨਾ ਹੋਈ ਹੈ, ਇਹ ਹੁਕਮ ਉਦੋਂ ਤੋਂ ਲਿਖਿਆ ਚਲਿਆ ਆ ਰਿਹਾ ਹੈ।
ਜਦੋਂ ਮਨੁੱਖ ਪ੍ਰਭੂ ਦੀ ਰਜ਼ਾ ਅਥਵਾ ਭਾਣੇ ਵਿਚ ਵਿਚਰਦਾ ਹੈ ਤਾਂ ਸੁਖ ਹੋਵੇ ਜਾਂ ਦੁੱਖ, ਉਹ ਹਰ ਅਵਸਥਾ ਵਿਚ ਪ੍ਰਭੂ ਦੀ ਅਰਾਧਨਾ ਕਰਦਾ ਹੈ ਅਤੇ ਆਤਮਿਕ ਤੌਰ 'ਤੇ ਉਹ ਤ੍ਰਿਪਤ ਹੋ ਜਾਂਦਾ ਹੈ ਅਰਥਾਤ ਉਸ ਦੇ ਮਨ ਅੰਦਰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿੰਦੀ। ਹੁਣ ਸੁੱਖ ਅਤੇ ਦੁੱਖ ਉਸ ਨੂੰ ਇਕ ਸਮਾਨ ਜਾਪਦੇ ਹਨ। ਰਾਗੁ ਸੂਹੀ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ॥
ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ
ਦੁਖ ਵਿਚਿ ਸੂਖ ਮਨਾਈ॥ (ਅੰਗ 757)
ਪੰਚਮ ਪਾਤਸ਼ਾਹ ਦੇ ਰਾਗੁ ਆਸਾ ਵਿਚ ਪਾਵਨ ਬਚਨ ਹਨ ਕਿ ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਰਜ਼ਾ ਵਿਚ ਰਹਿੰਦਾ ਹੈ-
ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ॥ (ਅੰਗ 396)
ਪ੍ਰਾਣੀ ਵੱਲੋਂ ਕੀਤੀਆਂ ਚਤੁਰਾਈਆਂ ਅਤੇ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ। ਉਸ ਨੂੰ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਪਰਮਾਤਮਾ ਆਪ ਪ੍ਰਸੰਨ ਹੋ ਕੇ ਦਿੰਦਾ ਹੈ-
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ॥
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ॥ (ਅੰਗ 396)
ਤੁਠਾ-ਖੁਸ਼ ਹੋ ਕੇ, ਪ੍ਰਸੰਨ ਹੋ ਕੇ। ਸਾਹਿਬੁ-ਮਾਲਕ ਪ੍ਰਭੂ।
ਰਾਗੁ ਆਸਾ ਦੀ ਵਾਰ ਵਿਚ ਵੀ ਆਪ ਜੀ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਇਕ ਪ੍ਰਭੂ ਦੀ ਟੇਕ ਤੋਂ ਬਿਨਾਂ ਹੋਰ ਕੋਈ ਦੂਜੀ ਥਾਂ ਨਹੀਂ। ਜੋ ਉਸ ਦੀ ਮਰਜ਼ੀ ਹੁੰਦੀ ਹੈ, ਉਹੋ ਕੁਝ ਉਹ ਕਰਦਾ ਹੈ-
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ॥
ਸੋ ਕਰੇ ਜਿ ਤਿਸੈ ਰਜਾਇ॥ (ਅੰਗ 475)
ਏਕੀ ਬਾਹਰੀ-ਇਕ ਪ੍ਰਭੂ ਦੀ ਟੇਕ ਤੋਂ ਬਿਨਾਂ। ਜਾਇ-ਥਾਂ।
ਜਗਤ ਗੁਰ ਬਾਬਾ ਬਾਣੀ 'ਜਪੁ' ਜੀ ਸਾਹਿਬ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਨੂੰ ਜੋ ਚੰਗਾ ਲਗਦਾ ਹੈ, ਉਹੀ ਕੁਝ ਉਹ ਕਰਦਾ ਹੈ। ਉਸ ਨੂੰ ਹੁਕਮ ਨਹੀਂ ਕੀਤਾ ਜਾ ਸਕਦਾ ਕਿ ਇੰਜ ਨਹੀਂ, ਇੰਜ ਕਰ। ਪਰਮਾਤਮਾ ਸਾਰੇ ਜਗਤ ਦਾ ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਸ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ-
ਜੋ ਤਿਸੁ ਭਾਵੈ ਸੋਈ ਕਰਸੀ
ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ
ਨਾਨਕ ਰਹਣੁ ਰਜਾਈ॥ (ਪਉੜੀ ਨੰ: 29, ਅੰਗ 6)
ਇਸ ਲਈ ਅਕਾਲ ਪੁਰਖ ਅੱਗੇ ਸਦਾ ਇਹੋ ਅਰਜੋਈ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਸਭ ਕੁਝ ਤੇਰੇ ਵੱਸ ਵਿਚ ਹੈ। ਸਾਡੇ ਵਿਚ ਐਨਾ ਬਲ ਨਹੀਂ ਕਿ ਅਸੀਂ ਕੁਝ ਕਰ ਸਕੀਏ। ਇਸ ਲਈ ਤੈਨੂੰ ਜਿਵੇਂ ਚੰਗਾ ਲੱਗਦਾ ਹੈ, ਸਾਨੂੰ ਬਖਸ਼ ਲਓ-
ਮੇਰੇ ਹਰਿ ਜੀਓ ਸਭੁ ਕੋ ਤੇਰੈ ਵਸਿ
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ
ਜਿਉ ਭਾਵੈ ਤਿਵੈ ਬਖਸਿ॥
(ਰਾਗੁ ਸੂਹੀ ਮਹਲਾ ੪, ਅੰਗ 736)

ਸਾਧੂ ਸਿੰਘ ਗੋਬਿੰਦਪੁਰੀ
-217-ਆਰ, ਮਾਡਲ ਟਾਊਨ, ਜਲੰਧਰ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 409ਵਾਂ ਪ੍ਰਕਾਸ਼ ਪੁਰਬ ਮਨਾਇਆ

ਪਿੰਡ ਅਠੌਲੀ ਦੇ ਇਤਿਹਾਸਕ ਗੁਰਦੁਆਰਾ ਭਾਈ ਦੇਸੂ ਜੀ ਵਿਖੇ ਇੰਟਰਨੈਸ਼ਨਲ ਪੰਥਕ ਢਾਡੀ ਗਿਆਨੀ ਪਲਦੀਪ ਸਿੰਘ ਅਠੌਲੀ ਵੱਲੋਂ ਸਮੂਹ ਗਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 409ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਪੂਰਨ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗਿਆਨੀ ਰਛਪਾਲ ਸਿੰਘ ਪਮਾਲ ਗੋਲਡ ਮੈਡਲਿਸਟ ਢਾਡੀ ਜਥਾ, ਗਿਆਨੀ ਲਖਵਿੰਦਰ ਸਿੰਘ ਨਿਮਾਣਾ, ਗਿਆਨੀ ਅਰਨਜੀਤ ਸਿੰਘ ਭਰੋਲੀ ਅਤੇ ਹੋਰ ਪੰਥ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਹਾਜ਼ਰ ਸੰਗਤਾਂ ਨੂੰ ਕਥਾ ਕੀਰਤਨ, ਢਾਡੀ ਵਾਰਾਂ ਅਤੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਗੁਰਮਤਿ ਸਮਾਗਮ ਵਿਚ ਸਹਿਯੋਗ ਦੇਣ ਵਾਲਿਆਂ ਨੂੰ ਗਿਆਨੀ ਗੁਰਬਖਸ਼ ਸਿੰਘ ਅਠੌਲੀ ਅਤੇ ਪ੍ਰਬੰਧਕਾਂ ਵੱਲੋਂ ਸਿਰੋਪਾੳ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਰੀ ਪੀਰੀ ਗੱਤਕਾ ਦਲ ਫਗਵਾੜਾ ਵੱਲੋਂ ਸਿੱਖ ਮਾਰਸ਼ਲ ਆਰਟ ਗਤਕੇ ਦੇ ਵਿਲੱਖਣ ਜੌਹਰ ਦਿਖਾਏ ਗਏ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸਥਾਨਕ ਸਰਕਾਰਾਂ ਸ੍ਰੀ ਸੋਮ ਪ੍ਰਕਾਸ਼, ਬਾਬਾ ਗੁਰਨਾਮ ਸਿੰਘ ਹਜ਼ੂਰ ਸਾਹਿਬ, ਗੁਰਮੀਤ ਸਿੰਘ ਅਟਵਾਲ ਬੀੜ ਪੁਆਦ, ਬਾਬਾ ਪਰਮੇਸ਼ਵਰ ਸਿੰਘ ਕ੍ਰਿਸ਼ਨਪੁਰ, ਸ: ਮਹਿੰਦਰ ਸਿੰਘ ਮਾਹਲ, ਇਕਬਾਲ ਸਿੰਘ ਕੁੰਦੀ, ਵਕੀਲ ਕਸ਼ਮੀਰ ਸਿੰਘ ਮੱਲੀ, ਗੁਰਜੀਤ ਸਿੰਘ ਵਾਲੀਆ, ਬੂਟਾ ਸਿੰਘ ਮਾਨਾਂਵਾਲੀ, ਸਰਪੰਚ ਮੋਹਣ ਸਿੰਘ ਮਾਉਵਾਲ, ਜਸਵੰਤ ਸਿੰਘ ਨੰਗਲ ਮੱਝਾ, ਬਹਾਦਰ ਸਿੰਘ ਸੰਗਤਪੁਰ, ਰਾਜਾ ਸਿੰਘ ਚਹੇੜੂ, ਮਹਿੰਦਰ ਸਿੰਘ ਭਵਿਆਣਾ, ਬਲਵੀਰ ਸਿੰਘ ਗੰਡਮ, ਬਲਿਹਾਰ ਸਿੰਘ ਨਾਰੰਗਪੁਰ, ਨੰਬਰਦਾਰ ਝਲਮਣ ਸਿੰਘ ਨਾਰੰਗ ਸ਼ਾਹਪੁਰ, ਜਸਵਿੰਦਰ ਸਿੰਘ ਭਾਣੋਕੀ, ਜਸਵੰਤ ਸਿੰਘ ਰਬੀਬੀ, ਜਸਵਿੰਦਰ ਸਿੰਘ ਠੱਕਰਕੀ, ਗੁਰਮੀਤ ਸਿੰਘ ਦਰਵੇਸ਼ ਪਿੰਡ, ਪਿਆਰਾ ਸਿੰਘ ਯੂ. ਕੇ., ਮਿਸਤਰੀ ਆਤਮਾ ਸਿੰਘ ਅਠੌਲੀ ਅਤੇ ਬਲਬੀਰ ਸਿੰਘ ਕੈਨੇਡਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। 

-ਮਨਦੀਪ ਸਿੰਘ ਸੰਧੂ,
ਖਲਵਾੜਾ, ਤਹਿ: ਫਗਵਾੜਾ (ਕਪੂਰਥਲਾ)। 98152-91217

ਤਿਆਗ ਤੇ ਸੇਵਾ ਦੀ ਮੂਰਤ '20ਵੀਂ ਸਦੀ ਦਾ ਮਹਾਨ ਮਨੁੱਖ' ਪਾਲਮ ਕਲਿਆਣਸੁੰਦਰਮ

ਭੱਜ-ਦੌੜ ਵਾਲੀ ਅਜੋਕੀ ਤਰਜ਼-ਏ-ਜ਼ਿੰਦਗੀ ਵਿਚ ਜਦੋਂ ਬਹੁਤੇ ਲੋਕ ਆਪਣੇ ਲਈ ਸੁਖ ਸਹੂਲਤਾਂ ਜੁਟਾਉਣ ਖਾਤਰ ਪੈਸੇ ਦੀ ਅੰਨ੍ਹੀ ਦੌੜ ਵਿਚ ਸ਼ਾਮਿਲ ਹੋ ਕੇ ਨਿੱਜੀ ਸਵਾਰਥਾਂ ਤੋਂ ਬਿਨਾਂ ਹੋਰ ਕੁਝ ਨਹੀਂ ਸੋਚ ਪਾਉਂਦੇ ਤਾਂ ਅਜਿਹੇ ਦੌਰ ਵਿਚ ਜੇਕਰ ਕੋਈ ਆਪਣੀ ਜ਼ਿੰਦਗੀ ਦੀ ਅੱਧੀ ਸਦੀ ਅਤੇ ਪੂਰੀ ਕਮਾਈ ਨਿਆਸਰਿਆਂ ਤੇ ਲੋੜਵੰਦਾਂ ਦੇ ਲੇਖੇ ਲਾ ਦੇਵੇ ਤਾਂ ਉਸ ਨੂੰ 20ਵੀਂ ਸਦੀ ਦੇ ਮਹਾਨ ਵਿਅਕਤੀ ਦਾ ਖਿਤਾਬ ਮਿਲਣਾ ਬਿਲਕੁਲ ਵਾਜਬ ਹੈ। 
ਇਹ ਮਹਾਂਨਾਇਕ ਭਾਰਤ ਦੇ ਧੁਰ ਦੱਖਣੀ ਸੂਬੇ ਤਾਮਿਲਨਾਡੂ ਦਾ ਪਾਲਮ ਕਲਿਆਣਸੁੰਦਰਮ ਹੈ। ਭਾਰਤ ਸਰਕਾਰ ਤੋਂ ਸਰਵੋਤਮ ਲਾਇਬ੍ਰੇਰੀਅਨ ਦਾ ਖਿਤਾਬ ਹਾਸਲ ਕਰ ਚੁੱਕੇ ਸ੍ਰੀ ਕਲਿਆਣ ਸੁੰਦਰਮ ਦੀ ਸਮਾਜ ਸੇਵਾ ਦੀ ਇਹ ਲੰਮੀ ਤਪੱਸਿਆ ਸ਼ੁਰੂ ਹੋਣ ਦਾ ਕਿੱਸਾ ਵੀ ਦਿਲਚਸਪ ਹੈ। ਦਰਅਸਲ 1962 ਦੀ ਭਾਰਤ-ਚੀਨ ਜੰਗ ਮੌਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਵੱਲੋਂ ਦੇਸ਼ ਦੀ ਫੌਜ ਲਈ ਫੰਡ ਇਕੱਤਰ ਕਰਨ ਵਾਸਤੇ ਲੋਕਾਂ ਨੂੰ ਦਾਨ ਦੇਣ ਦੀ ਕੀਤੀ ਅਪੀਲ 'ਤੇ ਫੁੱਲ ਚੜ੍ਹਾਉਂਦਿਆਂ ਕਾਲਜ ਪੜ੍ਹਦੇ ਸ੍ਰੀ ਸੁੰਦਰਮ ਨੇ ਆਪਣੇ ਪਿਤਾ ਵੱਲੋਂ ਤੋਹਫ਼ੇ ਵਿਚ ਮਿਲੀ ਸੋਨੇ ਦੀ ਚੇਨੀ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਕਰ ਦਿੱਤੀ। ਆਮ ਲੋਕਾਂ ਦੀ ਸੋਚ ਮੁਤਾਬਕ ਹੀ ਆਪਣੀ ਵਾਹ-ਵਾਹ ਕਰਾਉਣ ਵਾਸਤੇ ਆਪਣੇ ਇਸ 'ਵੱਡੇ ਦਾਨ' ਬਾਰੇ ਲੋਕਾਂ ਨੂੰ ਦੱਸਣ ਲਈ ਉਹ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਿਤ ਕਰਾਉਣ ਹਿਤ ਇਕ ਅਖ਼ਬਾਰ ਦੇ ਸੰਪਾਦਕ ਸ੍ਰੀ ਬਾਲਾ ਸੁਬਰਾਮਨੀਅਮ ਕੋਲ ਪਹੁੰਚੇ। ਪਰ ਸੰਪਾਦਕ ਸਾਹਿਬ ਨੇ ਅੱਗਿਓਂ ਇਹ ਕਹਿ ਕੇ ਉਨ੍ਹਾਂ ਨੂੰ ਬੇਰੰਗ ਮੋੜ ਦਿੱਤਾ ਕਿ ਅਖ਼ਬਾਰ ਵਿਚ ਖ਼ਬਰ ਉਦੋਂ ਛਾਪਾਂਗਾ ਜਦੋਂ ਉਹ ਖੁਦ ਆਪਣੀ ਕਮਾਈ ਕਰਕੇ ਕੁਝ ਦਾਨ ਕਰੇਗਾ। ਸੰਪਾਦਕ ਦੀ ਇਸ ਗੱਲ ਨੇ ਸ੍ਰੀ ਸੁੰਦਰਮ ਦੇ ਮਨ 'ਤੇ ਗਹਿਰਾ ਪ੍ਰਭਾਵ ਪਾਇਆ ਤੇ ਉਨ੍ਹਾਂ ਮਨ ਹੀ ਮਨ ਇਹ ਚੁਣੌਤੀ ਕਬੂਲਦਿਆਂ ਸਾਰੀ ਉਮਰ ਲੋੜਵੰਦਾਂ ਦੇ ਲੇਖੇ ਲਾਉਣ ਦਾ ਤਹੱਈਆ ਕਰ ਲਿਆ।
ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਕੁਮਾਰ ਕੁਰੂਪਾਰਾ ਆਰਟਸ ਕਾਲਜ ਵਿਖੇ ਲਾਏਬ੍ਰੇਰੀਅਨ ਵਜੋਂ ਸੇਵਾ ਨਿਭਾਉਂਦਿਆਂ ਸ੍ਰੀ ਸੁੰਦਰਮ ਆਪਣੀ ਪੂਰੀ ਤਨਖਾਹ ਲਗਾਤਾਰ 35 ਸਾਲ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਖਰਚਦੇ ਰਹੇ ਅਤੇ ਆਪਣੀ ਪੂਰੀ ਤਨਖਾਹ ਇਸ ਭਲੇ ਕੰਮ ਲਈ ਖਰਚਣ ਵਾਸਤੇ ਉਹ ਆਪਣੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਲਜ ਤੋਂ ਆ ਕੇ ਵੱਖ-ਵੱਖ ਥਾਈਂ ਹੋਰ ਨੌਕਰੀਆਂ ਵੀ ਕਰਦੇ ਰਹੇ ਹਨ। ਇਸ ਕੰਮ ਵਿਚ ਕਿਸੇ ਕਿਸਮ ਦਾ ਨਿੱਜੀ ਤੇ ਪਰਿਵਾਰਕ ਹਿਤ ਅੜਿੱਕਾ ਨਾ ਬਣੇ, ਇਸ ਲਈ ਉਨ੍ਹਾਂ ਵਿਆਹ ਵੀ ਨਹੀਂ ਕਰਵਾਇਆ। ਸੇਵਾਮੁਕਤੀ ਮੌਕੇ ਮਿਲਣ ਵਾਲੇ 10 ਲੱਖ ਰੁਪਏ ਅਤੇ ਆਪਣੀ ਜੱਦੀ ਜਾਇਦਾਦ ਵੀ ਉਨ੍ਹਾਂ ਲੋੜਵੰਦਾਂ ਲਈ ਦਾਨ ਕਰ ਦਿੱਤੇ। ਉਨ੍ਹਾਂ ਦੀ ਲੋਕ ਸੇਵਾ ਦੀ ਇਹ ਮੁਹਿੰਮ ਇਥੇ ਹੀ ਨਹੀਂ ਮੁੱਕੀ, ਬਲਕਿ ਲੋੜਵੰਦਾਂ ਦੀ ਸੇਵਾ ਦੇ ਆਪਣੇ ਇਸ ਜਨੂੰਨ ਨੂੰ ਜਾਰੀ ਰੱਖਦਿਆਂ ਉਨ੍ਹਾਂ ਨੇ ਅਮਰੀਕਾ ਦੀ ਇਕ ਸੰਸਥਾ ਵੱਲੋਂ 'ਸਦੀ ਦੇ ਨਾਇਕ' ਵਜੋਂ ਮਿਲੇ ਸਨਮਾਨ ਦੇ ਨਾਲ ਨਕਦ ਇਨਾਮ ਵਿਚ ਮਿਲੀ 30 ਕਰੋੜ ਰੁਪਏ ਦੀ ਵੱਡੀ ਰਕਮ ਵੀ ਲੋੜਵੰਦਾਂ ਲਈ ਦਾਨ ਕਰ ਦਿੱਤੀ।
ਦੁਨੀਆਂ ਦੇ ਚੋਟੀ ਦੇ 10 ਲਾਇਬ੍ਰੇਰੀਅਨਾਂ ਵਿਚੋਂ ਇਕ ਚੁਣੇ ਗਏ ਸ੍ਰੀ ਸੁੰਦਰਮ ਨੇ ਕੇਵਲ ਸਮਾਜ ਸੇਵਾ ਵਿਚ ਹੀ ਕੰਮ ਨਹੀਂ ਕੀਤਾ ਬਲਕਿ ਲਾਇਬ੍ਰੇਰੀ ਸਾਇੰਸ ਦੇ ਖੇਤਰ ਵਿਚ ਵੀ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਵੱਡੀਆਂ ਲਾਇਬ੍ਰੇਰੀਆਂ ਵਿਚੋਂ ਕਿਤਾਬਾਂ ਦੀ ਜਲਦ ਤੋਂ ਜਲਦ ਭਾਲ ਕਰਨ ਲਈ ਇਕ ਅਨੋਖਾ ਤਰੀਕਾ ਲੱਭਿਆ ਅਤੇ ਇਸ ਵਿਸ਼ੇ 'ਤੇ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਮੁਕੰਮਲ ਕਰਨ ਲਈ ਕਾਮਰਾਜ ਯੂਨੀਵਰਸਿਟੀ ਨੂੰ ਪੇਸ਼ ਕੀਤੇ ਥੀਸਿਸ ਲਈ ਉਨ੍ਹਾਂ ਨੂੰ ਡਿਸਟਿੰਕਸ਼ਨ ਨਾਲ ਨਿਵਾਜਿਆ ਗਿਆ।
ਸ੍ਰੀ ਸੁੰਦਰਮ ਦੀ ਇਸ ਸੇਵਾ ਭਾਵਨਾ ਨੂੰ ਵੇਖਦਿਆਂ ਅਮਰੀਕਾ ਦੀ ਕੈਂਬਰਿਜ਼ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਵਿਸ਼ਵ ਦਾ ਸਭ ਤੋਂ ਦਿਆਲੂ ਮਨੁੱਖ ਹੋਣ ਦਾ ਖਿਤਾਬ ਦਿੱਤਾ ਜਦਕਿ ਸੰਯੁਕਤ ਰਾਸ਼ਟਰ ਸੰਘ ਵੱਲੋਂ ਉਨ੍ਹਾਂ ਨੂੰ 20ਵੀਂ ਸਦੀ ਦੇ ਸਰਬੋਤਮ ਵਿਲੱਖਣ ਮਨੁੱਖ ਵਜੋਂ ਨਿਵਾਜਿਆ ਗਿਆ ਹੈ। ਸਮਾਜ ਸੇਵਾ ਦੀ ਇਹ ਲਹਿਰ ਆਪਣੀ ਮੌਤ ਤੋਂ ਬਾਅਦ ਵੀ ਜਾਰੀ ਰੱਖਣ ਹਿੱਤ ਉਨ੍ਹਾਂ ਨੇ ਇਕ ਸੰਸਥਾ 'ਪਾਲਮ' ਬਣਾਈ ਹੈ, ਜਿਸ ਰਾਹੀਂ ਉਹ ਤਾਮਿਲਨਾਡੂ ਤੋਂ ਬਾਹਰ ਵੀ ਆਂਧਰਾ ਪ੍ਰਦੇਸ਼, ਓਡੀਸ਼ਾ, ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਟੀ ਸੁਨਾਮੀ, ਭੁਚਾਲ ਅਤੇ ਹੋਰ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋਏ ਲੋੜਵੰਦਾਂ ਦੀ ਮਦਦ ਕਰਦੇ ਹਨ। ਉਹ ਤਾਮਿਲਨਾਡੂ ਵਿਖੇ ਬੱਚਿਆਂ ਲਈ ਇਕ ਕੌਮਾਂਤਰੀ ਯੂਨੀਵਰਸਿਟੀ ਅਤੇ ਕੌਮੀ ਪੱਧਰ ਦੀ ਇਕ ਡਿਜੀਟਲ ਲਾਇਬ੍ਰੇਰੀ ਬਣਾਉਣ ਦੇ ਚਾਹਵਾਨ ਹਨ, ਜਿਸ ਰਾਹੀਂ ਅਜੋਕੇ ਆਧੁਨਿਕ ਯੁੱਗ ਵਿਚ ਹਰ ਵਿਅਕਤੀ ਆਪਣੀਆਂ ਮਨਪਸੰਦ ਦੀਆਂ ਕਿਤਾਬਾਂ ਤੋਂ ਗਿਆਨ ਹਾਸਲ ਕਰ ਸਕੇ।

ਪਰਮੇਸ਼ਰ ਸਿੰਘ
-426, ਫੇਸ-2 ਅਰਬਨ ਐਸਟੇਟ,
ਦੁੱਗਰੀ ਲੁਧਿਆਣਾ-141013.
ਮੋਬਾ: 98141-74325

 

332ਵੇਂ ਜਨਮ ਦਿਹਾੜੇ 'ਤੇ ਤਿੰਨ ਰੋਜ਼ਾ ਧਾਰਮਿਕ ਸਮਾਗਮ

ਖਾਲਸਾ ਪੰਥ ਦੇ ਪੂਜਨੀਕ ਮਾਤਾ ਸਾਹਿਬ ਦੇਵਾਂ ਜੀ ਦੇ 332ਵੇਂ ਜਨਮ ਦਿਹਾੜੇ ਮੌਕੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਵਿਖੇ ਤਿੰਨ ਦਿਨਾ ਧਾਰਮਿਕ ਸਮਾਗਮ ਕਰਵਾਏ ਗਏ। ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਅਰਦਾਸ ਉਪਰੰਤ ਧਾਰਮਿਕ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਦੇ ਦੂਜੇ ਦਿਨ ਖੁੱਲ੍ਹੇ ਪੰਡਾਲ ਵਿਚ ਮਹਾਨ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਸ਼ੇਰ ਸਿੰਘ ਅੰਬਾਲਾ, ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਪ੍ਰਤਾਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਭਾਈ ਗੁਰਜੀਤ ਸਿੰਘ ਕਵੀਸ਼ਰ, ਕਵੀਸ਼ਰ ਭਾਈ ਕਸ਼ਮੀਰ ਸਿੰਘ ਅੰਮ੍ਰਿਤਸਰ, ਬੀਬੀ ਹਰਬੰਸ ਕੌਰ ਲੁਧਿਆਣੇ ਵਾਲਿਆਂ ਨੇ ਆਈਆਂ ਹੋਈਆਂ ਸੰਗਤਾਂ ਨਾਲ ਗੁਰਬਾਣੀ ਦੀ ਸਾਂਝ ਪਾਈ। ਸ਼ਾਮ ਸਮੇਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਰਵਾਇਤੀ ਖੇਡਾਂ ਦੇ ਨਾਲ-ਨਾਲ ਘੋੜਸਵਾਰੀ, ਨੇਜੇਬਾਜ਼ੀ ਅਤੇ ਗੱਤਕੇਬਾਜ਼ੀ ਦੇ ਜੌਹਰ ਦਿਖਾਏ। ਰਾਤ ਸਮੇਂ ਰੈਣ ਸੁਬਾਈ ਕੀਰਤਨ ਦੌਰਾਨ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ, ਭਾਈ ਅਮਰੀਕ ਸਿੰਘ ਦਮਦਮੀ ਟਕਸਾਲ ਨੇ ਗੁਰਇਤਿਹਾਸ ਸੁਣਾ ਕੇ ਨਿਹਾਲ ਕੀਤਾ। 
ਸਮਾਗਮ ਦੇ ਤੀਸਰੇ ਤੇ ਅਖੀਰਲੇ ਦਿਨ ਧਾਰਮਿਕ ਸਮਾਗਮਾਂ ਦੌਰਾਨ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ, ਸੰਤ ਬਾਬਾ ਨਰਿੰਦਰ ਸਿੰਘ, ਗਿਆਨੀ ਸ਼ੇਰ ਸਿੰਘ ਅੰਬਾਲਾ, ਗਿਆਨੀ ਪਿੰਦਰਪਾਲ ਸਿੰਘ, ਸੰਤ ਬਾਬਾ ਹਰਭਜਨ ਸਿੰਘ ਨੇ ਗੁਰਬਾਣੀ ਕੀਰਤਨ ਦੀ ਵਿਆਖਿਆ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੁੜਨ ਦੀ ਸਲਾਹ ਦਿੱਤੀ। ਇਸ ਮੌਕੇ ਗੁ: ਮਾਤਾ ਸਾਹਿਬ ਕੌਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਕਰੀਬ 3 ਕਿਲੋਮੀਟਰ ਲੰਮੇ ਨਗਰ ਕੀਰਤਨ ਵਿਚ ਸੈਂਕੜੇ ਘੋੜਸਵਾਰ ਨਿਹੰਗ ਸਿੰਘ, ਮੋਟਰਸਾਈਕਲ ਸਵਾਰ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਟੇਜ ਦੀ ਸੇਵਾ ਸੰਤ ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ ਵਾਲਿਆਂ ਬਾਖੂਬੀ ਨਿਭਾਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮਹਾਂਰਾਸ਼ਟਰ ਦੇ ਬਾਗਬਾਨ ਪਾਲਕ ਮੰਤਰੀ ਸ੍ਰੀ ਡੀ. ਪੀ. ਸਾਵੰਤ, ਵਿਧਾਇਕ ਓਮ ਪ੍ਰਕਾਸ਼ ਕੁਕਰਨਾ, ਡਿਪਟੀ ਮੇਅਰ ਅਨੰਦ ਚੌਹਾਨ ਨੂੰ ਪ੍ਰਬੰਧਕਾਂ ਵੱਲੋਂ ਰਵਾਇਤੀ ਚੋਲਾ, ਦਸਤਾਰ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।

-ਪਰਮਿੰਦਰ ਸਿੰਘ ਕੜਿਆਲ,
98556-44426

ਪੰਥ ਪ੍ਰਸਿੱਧ ਕੀਰਤਨੀਏ ਭਾਈ ਜਤਿੰਦਰ ਸਿੰਘ ਬੋਪਾਰਾਏ

ਇਤਿਹਾਸਿਕ ਸ਼ਹਿਰ ਪੱਟੀ ਵਿਚ ਮਸ਼ਹੂਰ ਕੀਰਤਨੀਏ ਦੇ ਰੂਪ ਵਿਚ ਜਾਣੇ ਜਾਂਦੇ ਹਨ ਭਾਈ ਜਤਿੰਦਰ ਸਿੰਘ ਬੋਪਾਰਾਏ ਵਾਲੇ। ਛੋਟੀ ਉਮਰ ਵਿਚ ਹੀ ਆਪ ਨੇ ਅਕਾਲ ਪੁਰਖ ਦੀ ਕਿਰਪਾ ਸਦਕਾ ਅਤੇ ਮਾਤਾ-ਪਿਤਾ ਦੇ ਗੁਰਸਿੱਖੀ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੀ ਮਧੁਰ ਅਤੇ ਮਿੱਠੀ ਆਵਾਜ਼ ਵਿਚ ਧੁਰ ਕੀ ਬਾਣੀ ਦਾ ਕੀਰਤਨ ਕਰਦਿਆਂ ਇਲਾਕੇ ਵਿਚ ਆਪਣੀ ਇਕ ਨਿਵੇਕਲੀ ਪਹਿਚਾਣ ਬਣਾਈ। ਭਾਈ ਸਾਹਿਬ ਦਾ ਜਨਮ ਜਥੇਦਾਰ ਸੰਤੋਖ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਦੇ ਗ੍ਰਹਿ ਪਿੰਡ ਬੋਪਾਰਾਏ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਵਿਖੇ 1971 ਨੂੰ ਹੋਇਆ। ਭਾਈ ਜਤਿੰਦਰ ਸਿੰਘ ਨੇ ਆਪਣੀ ਵਿੱਦਿਅਕ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ ਗੁਰਬਾਣੀ ਸੰਥਿਆ ਬਾਪੂ ਜਗੀਰ ਸਿੰਘ ਦਮਦਮੀ ਟਕਸਾਲ ਮਹਿਤਾ ਚੌਕ ਵਾਲਿਆਂ ਤੋਂ ਹਾਸਲ ਕੀਤੀ। ਗੁਰਬਾਣੀ ਕੀਰਤਨ ਦੀ ਸਿਖਲਾਈ ਬਾਬਾ ਬਲਵਿੰਦਰ ਸਿੰਘ (ਸੂਰਮਾ ਸਿੰਘ) ਪਾਸੋਂ ਹਾਸਲ ਕੀਤੀ। ਬਾਬਾ ਬਲਵਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਅਤੇ ਬਾਬਾ ਜੀ ਵੱਲੋਂ ਕਰਵਾਏ ਜਾਂਦੇ ਸਖਤ ਅਭਿਆਸ ਦੇ ਸਿੱਟੇ ਵਜੋਂ ਆਪ ਨੇ ਗੁਰਬਾਣੀ ਕੀਰਤਨ ਦੀਆਂ ਵੱਖ-ਵੱਖ ਸ਼ੈਲੀਆਂ ਵਿਚ ਨਿਪੁੰਨਤਾ ਹਾਸਲ ਕਰਕੇ ਸਭ ਤੋਂ ਪਹਿਲੀ ਕੈਸਿਟ 'ਐਸਾ ਜੋਗ ਕਮਾਓ' ਸੰਨ 1994 ਵਿਚ ਸੰਗਤਾਂ ਦੀ ਸੇਵਾ ਲਈ ਅਰਪਿਤ ਕੀਤੀ। 
ਭਾਈ ਜਤਿੰਦਰ ਸਿੰਘ ਵੱਲੋਂ ਕਈ ਧਾਰਮਿਕ ਅਸਥਾਨ ਜਿਵੇਂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਗੁ: ਸ਼ਹੀਦ ਗੰਜ ਸਾਹਿਬ ਅੰਮ੍ਰਤਸਰ ਵਿਖੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ। ਆਪ ਵੱਲੋਂ ਦੂਰਦਰਸ਼ਨ ਦੇ ਧਾਰਮਿਕ ਪ੍ਰੋਗਰਾਮ 'ਸ਼ਬਦ ਗੁਰਬਾਣੀ' ਵਿਚ ਵੀ ਹਾਜ਼ਰੀ ਭਰੀ ਗਈ। ਭਾਈ ਜਤਿੰਦਰ ਸਿੰਘ ਬੋਪਾਰਾਏ ਦੀ ਰਸਭਿੰਨੀ ਆਵਾਜ਼ ਅਤੇ ਸੰਗਤਾਂ ਤੋਂ ਮਿਲੇ ਅਥਾਹ ਸਹਿਯੋਗ ਦੇ ਸਦਕਾ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫਿਰੋਜ਼ਪੁਰ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ (ਰਜਿ:) ਪੱਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਵੇਲੇ ਭਾਈ ਸਾਹਿਬ ਸ਼ਹਿਰ ਵਿਚ ਸਥਿਤ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ (ਸਾਕਾ ਪੰਜਾ ਸਾਹਿਬ) ਚੌਂਕ ਭਾਂਡਿਆਂ ਵਾਲਾ ਵਿਖੇ ਬਤੌਰ ਗ੍ਰੰਥੀ ਸੇਵਾਵਾਂ ਨਿਭਾਅ ਰਹੇ ਹਨ।

-ਜੋਗਾ ਸਿੰਘ ਪੱਟੀ
ਮੋਬਾ: 98150 90028

ਕਿਰਤ ਅਤੇ ਵਿਸ਼ਵਾਸ ਹੀ ਹੈ ਜ਼ਿੰਦਗੀ ਦਾ ਆਧਾਰ

ਦੁਨੀਆ ਦੇ ਇਤਿਹਾਸ ਵਿਚ ਹਮੇਸ਼ਾ ਨੇਕੀ ਤੇ ਬਦੀ ਨਾਲੋ-ਨਾਲ ਚੱਲੇ ਹਨ। ਜਦੋਂ ਵੀ ਕੋਈ ਕਿਰਤ ਕਰਕੇ ਰੱਬ ਵਿਚ ਵਿਸ਼ਵਾਸ ਰੱਖਣ ਵਾਲਾ ਮਨੁੱਖ ਆਪਣੀ ਮੰਜ਼ਿਲ ਵੱਲ ਪੁਲਾਂਘਾਂ ਪੁੱਟਦਾ ਹੈ ਤਾਂ ਵਿਹਲੜ ਤੇ ਅਕ੍ਰਿਤਘਣ ਮਨੁੱਖਾਂ ਨੂੰ ਉਸ ਦਾ ਸਮਾਜ ਵਿਚ ਰਹਿਣਾ ਤਕਲੀਫਦੇਹ ਹੋ ਜਾਂਦਾ ਹੈ ਤੇ ਉਹ ਇਕੱਠੇ ਹੋ ਕੇ ਕਿਰਤ ਦੀ ਲੁੱਟ ਕਰਨ ਦੀ ਸਾਜ਼ਿਸ਼ ਰਚਦੇ ਹਨ। ਕਈ ਵਾਰ ਸਫ਼ਲ ਵੀ ਹੁੰਦੇ ਹਨ ਤੇ ਕਈ ਵਾਰ ਮੂੰਹ ਭਨਾ ਬੈਠਦੇ ਹਨ। ਇਹ ਹੀ ਸਮਾਜ ਵਿਚਲਾ ਦਵੰਦ ਹੈ। ਇਸ ਦਵੰਦ ਨੂੰ ਹੀ ਪ੍ਰੋ: ਮੋਹਨ ਸਿੰਘ ਆਪਣੀ ਕਵਿਤਾ ਵਿਚ ਕਹਿੰਦੇ ਹਨ, 'ਦੋ ਹਿੱਸਿਆਂ ਵਿਚ ਖਲਕਤ ਵੰਡੀ ਇਕ ਲੋਕਾਂ ਦਾ ਇਕ ਜੋਕਾਂ ਦਾ'। ਇਹ ਲੋਕਾਂ ਤੇ ਜੋਕਾਂ ਦੀ ਲੜਾਈ ਨਾ ਕਦੇ ਮੁੱਕੀ, ਨਾ ਕਦੇ ਮੁੱਕਣੀ ਹੈ, ਜਦੋਂ ਵੀ ਸਮਾਜ ਉੱਤੇ ਜੋਕਾਂ ਨੇ ਆਪਣੀ ਤਾਕਤ ਰਾਹੀਂ ਜਕੜ ਮਜ਼ਬੂਤ ਕੀਤੀ, ਉਦੋਂ ਹੀ ਲੋਕਾਂ ਅੰਦਰਲੀ ਅਣਖ ਤੇ ਗ਼ੈਰਤ ਨੇ ਅੰਗੜਾਈ ਲਈ ਤੇ ਜੋਕਾਂ ਨੂੰ ਲਲਕਾਰਿਆ ਤਾਂ ਜੋਕਾਂ ਹਮੇਸ਼ਾ ਹੀ ਚਿੱਤ ਹੁੰਦੀਆਂ ਰਹੀਆਂ।
ਕਿਰਤ ਹੀ ਸਦਾ ਬਹਾਰ 'ਤੇ ਟਿਕਾਉ ਹੁੰਦੀ ਹੈ, ਜਿਸ ਦੀ ਹਮੇਸ਼ਾ ਜਿੱਤ ਤੇ ਇੱਜ਼ਤ ਹੁੰਦੀ ਰਹੀ ਹੈ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਹਲ ਵਾਹ ਕੇ ਕਿਰਤ ਨੂੰ ਵਡਿਆਇਆ ਹੈ। ਭਗਤ ਧੰਨਾ ਜੀ ਨੇ ਜਦੋਂ ਉਹ ਧੰਨਾ ਜੱਟ ਸੀ, ਪੱਥਰ ਨੂੰ ਭਗਵਾਨ ਸਮਝ ਕੇ ਪੂਜਿਆ ਭਾਵ ਉਹਦੇ ਸਿਰੜ, ਤਪੱਸਿਆ ਅਤੇ ਵਿਸ਼ਵਾਸ ਨੂੰ ਦੇਖ ਕੇ ਰੱਬ ਵੀ ਪ੍ਰਗਟ ਹੋਇਆ। ਘਰ ਆਏ ਰੱਬ ਤੋਂ ਧੰਨਾ ਕਿਰਤ ਦੇ ਸਾਧਨ, ਉਹ ਗਾਂ, ਬਲਦਾਂ ਦੀ ਜੋੜੀ ਦੀ ਮੰਗ ਕਰਦਾ ਹੋਇਆ ਕਿਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਦੱਸਦਾ ਹੈ। ਭਗਤ ਧੰਨਾ ਜੀ ਦਾ ਕਿਰਤ ਅਤੇ ਵਿਸ਼ਵਾਸ ਦਾ ਫਲਸਫਾ ਮਨੁੱਖ ਦੀ ਖਾਸ ਕਰਕੇ ਧਰਤੀ ਨਾਲ ਜੁੜੇ ਹੋਏ ਵਰਗ ਦੀ ਜੀਵਨ ਜਾਚ ਹੈ।
ਅੱਜ ਲੋਕ ਧੜਾਧੜ ਕਿਰਤ ਨਾਲੋਂ ਟੁੱਟ ਰਹੇ ਹਨ, ਵਿਸ਼ਵਾਸ ਦੂਜੇ 'ਤੇ ਤਾਂ ਕੀ, ਆਪਣੇ-ਆਪ 'ਤੇ ਵੀ ਨਹੀਂ ਕਰ ਰਹੇ, ਜਿਸ ਨਾਲ ਵਿਹਲੜਾਂ ਦੀ ਸ਼੍ਰੇਣੀ ਵੱਡੀ ਤਾਦਾਦ ਵਿਚ ਤਿਆਰ ਹੋ ਰਹੀ ਹੈ, ਜਿਹੜੀ ਕਿਸੇ ਨਾ ਕਿਸੇ ਤਰੀਕੇ ਜੋਕਾਂ ਦੀ ਲੁੱਟ ਦਾ ਸਾਧਨ ਬਣ ਰਹੀ ਹੈ। ਪਿੰਡਾਂ ਵਿਚ ਕਿਰਤ ਨਾਲ ਜੁੜੀ ਵੱਡੀ ਸ਼੍ਰੇਣੀ ਭਾਵ ਕਿਸਾਨੀ ਕੋਲ ਜ਼ਮੀਨ ਘਟਦੀ ਜਾ ਰਹੀ ਹੈ। ਬਹੁਤ ਸਾਰੇ ਪਰਿਵਾਰ ਗ਼ੈਰ-ਜ਼ਮੀਨੇ ਹੋ ਗਏ ਹਨ ਤੇ ਉਨ੍ਹਾਂ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰਾਂ ਦੀ ਵੱਡੀ ਫੌਜ ਬਣ ਰਹੀ ਹੈ, ਜਿਸ ਨੂੰ ਜੋਕਾਂ ਦੀ ਬਾਜ ਅੱਖ ਆਪਣੇ ਗ਼ੈਰ-ਕਾਨੂੰਨੀ ਤੇ ਗ਼ੈਰ-ਮਨੁੱਖੀ ਧੰਦਿਆਂ ਵਿਚ ਫਸਾਉਣ ਦੇ ਯਤਨ ਕਰ ਰਹੀ ਹੈ, ਜਿਸ ਤੋਂ ਇਸ ਨੌਜਵਾਨੀ ਨੂੰ ਬਚਾਉਣਾ ਅੱਜ ਵੱਡੀ ਚੁਣੌਤੀ ਤੇ ਵੱਡੀ ਜ਼ਰੂਰਤ ਹੈ। ਇਸ ਦੀ ਵੱਡੀ ਜ਼ਿੰਮੇਵਾਰੀ ਅੱਜ ਦੇਸ਼ ਅਤੇ ਸੂਬਿਆਂ ਦੇ ਮਲਾਹ ਸਿਆਸਤਦਾਨਾਂ ਦੀ ਬਣਦੀ ਹੈ, ਜੋ ਕਾਨੂੰਨ ਬਣਾਉਣ ਅਤੇ ਪ੍ਰਬੰਧ ਦੇ ਜ਼ਰੀਏ ਸਮਰੱਥ ਹੁੰਦੇ ਹਨ, ਸਮਾਜ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਨ ਲਈ। ਜੇ ਉਹ ਨਵੀਆਂ ਦਿਸ਼ਾਵਾਂ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਮਨੁੱਖੀ ਅਤੇ ਸਮਾਜੀ ਕਦਰਾਂ-ਕੀਮਤਾਂ ਨੂੰ ਬਚਾਅ ਜ਼ਰੂਰ ਸਕਦੇ ਹਨ ਪਰ ਅਜੋਕੇ ਦੌਰ ਵਿਚ ਇਨ੍ਹਾਂ ਰਹਿਬਰਾਂ ਤੋਂ ਵੀ ਕੋਈ ਆਸ ਨਹੀਂ ਬੱਝਦੀ, ਸਗੋਂ ਲੋਕ ਸਮਾਜ ਦੀ ਟੁੱਟ-ਭੱਜ ਦੀ ਜ਼ਿੰਮੇਵਾਰੀ ਇਸੇ ਵਰਗ ਸਿਰ ਬੰਨ੍ਹਦੇ ਹਨ, ਜੋ ਕਿਸੇ ਹੱਦ ਤੱਕ ਸੱਚ ਵੀ ਹੈ। ਇਸ ਸੋਚ ਦਾ ਵੱਡਾ ਕਾਰਨ ਹੈ ਕਿ ਕਦੇ ਸਿਆਸਤਦਾਨ ਵਿਚਾਰਧਾਰਕ ਰਾਜਸੀ ਘੋਲਾਂ 'ਚੋਂ ਪੈਦਾ ਹੁੰਦੇ ਸਨ। ਲੈਕਚਰ ਤੇ ਲਿਟਰੇਚਰ ਦਾ ਉਨ੍ਹਾਂ ਕੋਲ ਹੁਨਰ ਹੁੰਦਾ ਸੀ, ਉੱਚੀਆਂ ਤੇ ਸੁੱਚੀਆਂ ਕਦਰਾਂ ਲੈ ਕੇ ਮਨੁੱਖੀ ਰਿਸ਼ਤਿਆਂ ਨਾਲ ਨਿਭਣਾ ਉਨ੍ਹਾਂ ਦਾ ਜੀਵਨ ਆਧਾਰ ਹੁੰਦਾ ਸੀ।
ਆਗੂ ਆਪਣੇ ਵਰਕਰਾਂ ਨਾਲ ਪੁੱਤਰਾਂ ਤੇ ਰਿਸ਼ਤੇਦਾਰਾਂ ਵਾਂਗ ਵਰਤਦੇ ਸਨ। ਭ੍ਰਿਸ਼ਟਾਚਾਰ ਭਾਵੇਂ ਉਦੋਂ ਵੀ ਮੌਜੂਦ ਸੀ। ਕਿਸੇ ਆਗੂ ਨੂੰ ਜੇ ਕਿਸੇ ਚੋਰ ਦੀ ਮਦਦ ਕਿਸੇ ਮਜਬੂਰੀ ਵੱਸ ਕਰਨੀ ਵੀ ਪੈਂਦੀ ਤਾਂ ਉਸ ਨੂੰ ਚੋਰ ਸਮਝ ਕੇ ਸੀਮਾਵਾਂ ਵਿਚ ਰਹਿ ਕੇ ਆਪਣੀ ਪੱਤ ਬਚਾਉਣ ਦੇ ਖਿਆਲ ਨਾਲ ਕੀਤੀ ਜਾਂਦੀ ਸੀ। ਅੱਜ ਲੀਡਰ ਪੈਦਾ ਨਹੀਂ ਹੁੰਦੇ, ਸਗੋਂ ਰਾਤੋ-ਰਾਤ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਕੋਲ ਨਾ ਕੋਈ ਵਿਚਾਰਧਾਰਕ ਰਾਜਸੀ ਸੋਚ ਹੈ, ਨਾ ਲੈਕਚਰ ਤੇ ਲਿਟਰੇਚਰ ਦਾ ਇਲਮ। ਮਨੁੱਖ ਰਿਸ਼ਤਿਆਂ ਤੋਂ ਅਣਭਿੱਜ ਜਜ਼ਬਾਤ ਤੇ ਇਤਬਾਰ ਇਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ। ਸਿਆਸੀ ਪਾਰਟੀਆਂ 'ਤੇ ਕਾਬਜ਼ ਆਗੂਆਂ ਨੇ ਆਪਣੀ ਸਿਆਸਤ ਕਰਨ ਦਾ ਢੰਗ ਮਕੈਨੀਕਲ ਕੀਤਾ ਹੋਇਆ ਹੈ, ਜਿਵੇਂ ਫੋਰਮੈਨ ਮਸ਼ੀਨ ਦੇ ਪੁਰਜ਼ਿਆਂ ਨੂੰ ਬਦਲਦਾ ਰਹਿੰਦਾ ਹੈ, ਉਸੇ ਤਰ੍ਹਾਂ ਇਹ ਲੋਕ ਪਾਰਟੀ ਵਰਕਰਾਂ ਨਾਲ ਕਰਦੇ ਹਨ। ਸਮਾਜ ਦੇ ਲੋਟੂ ਅਨਸਰਾਂ ਦੀ ਪੁਸ਼ਤਪਨਾਹੀ ਹੀ ਨਹੀਂ, ਉਨ੍ਹਾਂ ਨੂੰ ਆਪਣੇ ਟੀਮ ਮੈਂਬਰਾਂ ਦਾ ਨਾਂਅ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਸਾਧਨਾਂ ਵਜੋਂ ਵਰਤਦੇ ਹਨ। ਸਿਆਸਤਦਾਨ ਪੈਸਾ ਇਕੱਠਾ ਕਰਨਾ ਤੇ ਪੈਸੇ ਦੀ ਵਰਤੋਂ ਨਾਲ ਸੱਤਾ 'ਤੇ ਕਾਬਜ਼ ਹੋਣ ਦੇ ਚੱਕਰ ਵਿਚ ਰਹਿੰਦੇ ਹਨ। ਨਾ ਕਿਸੇ ਦੇ ਦਰਦ ਦੀ ਪੀੜਾ ਦਾ ਅਹਿਸਾਸ, ਨਾ ਕਿਰਤ ਦਾ ਸਤਿਕਾਰ। ਇਨ੍ਹਾਂ ਨੂੰ ਸੱਤਾ ਵਿਚ ਲਿਆਉਣ ਵਾਲੇ ਸਿਰੜੀ ਤੇ ਇਮਾਨਦਾਰ ਵਰਕਰਾਂ ਦੀ ਬੇਇੱਜ਼ਤੀ ਕਰਨਾ, ਸਾਧਨਾਂ ਵਾਲਿਆਂ ਨੂੰ ਹੀ ਥਾਪੜਾ ਦੇਣਾ ਅੱਜ ਦੇ ਬਹੁਤੇ ਆਗੂਆਂ ਦਾ ਕਿਰਦਾਰ ਬਣ ਗਿਆ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਗੰਧਲੇ ਮਾਹੌਲ ਵਿਚ ਕੀ ਸਾਨੂੰ ਆਸ ਦਾ ਪੱਲਾ ਛੱਡ ਦੇਣਾ ਚਾਹੀਦਾ ਹੈ? ਮੈਂ ਕਹਾਂਗਾ ਨਹੀਂ, ਇਸ ਦੌਰ ਦਾ ਅੰਤ ਹੋ ਜਾਣਾ ਵੀ ਬਹੁਤੀ ਦੂਰ ਨਹੀਂ। ਮੇਰਾ ਜੂਨ ਦੇ ਮਹੀਨੇ ਚਿਤੌੜਗੜ੍ਹ ਅਤੇ ਉਦੈਪੁਰ ਜਾਣ ਦਾ ਸਬੱਬ ਬਣਿਆ। ਗਰਮੀ ਦਾ ਮਹੀਨਾ, ਰਾਜਸਥਾਨ ਜਾਣਾ ਸੈਲਾਨੀਆਂ ਲਈ ਢੁਕਵਾਂ ਨਹੀਂ ਹੁੰਦਾ ਪਰ ਮੈਂ ਤਾਂ ਜ਼ਿਮੀਂ-ਏ-ਆਹਨ (ਅਣਖੀਲੀ ਧਰਤੀ) ਨੂੰ ਸਿਜਦਾ ਕਰਨ ਗਿਆ ਸੀ, ਜਿਥੋਂ ਦੇ ਯੋਧਿਆਂ ਨੇ ਅਣਖ ਤੇ ਗ਼ੈਰਤ ਨੂੰ ਤਰਜ਼-ਏ-ਹਿਯਾਤ ਬਣਾ ਕੇ ਇਤਿਹਾਸ ਵਿਚ ਵੱਖਰੀ ਪਹਿਚਾਣ ਸਥਾਪਿਤ ਕੀਤੀ ਸੀ। ਜਾਣ ਤੋਂ ਪਹਿਲਾਂ ਮੇਰੇ ਮਨ ਵਿਚ ਵਾਰ-ਵਾਰ ਆਉਂਦਾ ਸੀ ਕਿ ਜਿਥੋਂ ਦੀ ਰਿਆਸਤ ਦੇ ਰਖਵਾਲੇ ਮਹਾਰਾਣੇ ਤੇ ਰਾਣੇ (ਉਹ ਆਪਣੇ-ਆਪ ਨੂੰ ਮਹਾਰਾਜਾ ਤੇ ਰਾਜਾ ਨਹੀਂ ਅਖਵਾਉਂਦੇ ਸਨ) ਜਿਨ੍ਹਾਂ ਨੇ ਆਪਣੀਆਂ ਪੁਸ਼ਤਾਂ, ਅਣਖ ਤੇ ਗ਼ੈਰਤ ਦੀ ਰਖਵਾਲੀ ਲਈ ਵਿਦੇਸ਼ੀ ਤਾਕਤਾਂ ਦੇ ਖਿਲਾਫ ਜੰਗ ਲੜਦਿਆਂ ਕੁਰਬਾਨ ਕੀਤੀਆਂ ਹੋਣ, ਉਨ੍ਹਾਂ ਦੀ ਭਵਨ ਕਲਾ ਦੂਜੀਆਂ ਰਿਆਸਤਾਂ ਦੇ ਮੁਕਾਬਲੇ ਕਿਹੋ ਜਿਹੀ ਹੋਵੇਗੀ, ਅੱਜ ਉਥੋਂ ਦੇ ਬਸ਼ਿੰਦੇ ਉਨ੍ਹਾਂ ਪ੍ਰਤੀ ਕਿਹੋ ਜਿਹਾ ਸੋਚਦੇ ਹੋਣਗੇ। ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਉਸ ਰਿਆਸਤ ਦੇ ਕਿਲ੍ਹੇ ਤੇ ਮਹੱਲ ਉਨ੍ਹਾਂ ਰਿਆਸਤਾਂ ਦੇ ਕਿਲ੍ਹਿਆਂ ਤੇ ਮਹੱਲਾਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸਨ, ਜਿਨ੍ਹਾਂ ਰਿਆਸਤਾਂ ਦੇ ਮਹਾਰਾਜਿਆਂ ਤੇ ਰਾਜਿਆਂ ਨੇ ਹਰ ਵਿਦੇਸ਼ੀ ਹਕੂਮਤ ਅੱਗੇ ਸਿਰ ਝੁਕਾ ਕੇ ਇਤਿਹਾਸ ਵਿਚ ਆਪਣੇ-ਆਪ ਨੂੰ ਬੁਜ਼ਦਿਲ, ਕਮਜ਼ੋਰ ਅਤੇ ਲਾਲਚੀ ਵਜੋਂ ਪਹਿਚਾਣ ਕਰਵਾਈ। ਉਦੈਪੁਰ ਦੇ ਬਸ਼ਿੰਦੇ ਆਪਣੀ ਰਿਆਸਤ ਦੇ ਮਹਾਰਾਣਿਆਂ ਤੇ ਰਾਣਿਆਂ ਦੀ ਬੀਰਤਾ ਦੀਆਂ ਕਹਾਣੀਆਂ ਬੜੇ ਫਖ਼ਰ ਨਾਲ ਸੁਣਾਉਂਦੇ ਹਨ। ਫਿਰ ਕਿਉਂ ਨਾ ਅਣਖ ਨੂੰ ਪਹਿਲ ਦਿੱਤੀ ਜਾਵੇ?
ਸ਼ਹਿਨਸ਼ਾਹ-ਏ-ਹਿੰਦ ਅਕਬਰ ਤੇ ਦੁੱਲੇ ਭੱਟੀ ਦਾ ਇਤਿਹਾਸ ਵਿਚ ਬਰਾਬਰ ਜ਼ਿਕਰ ਹੁੰਦਾ ਹੈ, ਜਿਹੜਾ ਸਿਰਫ ਆਪਣੀ ਹਿੱਕ ਦੇ ਜ਼ੋਰ ਸ਼ਹਿਨਸ਼ਾਹ ਨੂੰ ਲਲਕਾਰ ਰਿਹਾ ਸੀ। ਰਾਜਾ ਪੋਰਸ ਜਿਸ ਦਾ ਨਾਂਅ ਹਰ ਪੰਜਾਬੀ ਬੜੇ ਮਾਣ ਨਾਲ ਲੈਂਦਾ ਹੈ, ਜਿਸ ਨੇ ਸਿਕੰਦਰ ਨੂੰ ਆਪਣੀ ਕਿਰਤ ਤੇ ਵਿਸ਼ਵਾਸ ਵਾਲੀ ਜੀਵਨ ਸ਼ੈਲੀ ਨਾਲ ਟੱਕਰ ਦਿੱਤੀ ਸੀ, ਉਸ ਦੇ ਨਾਂਅ ਦਾ ਜਦੋਂ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਤਾਂ ਅਣਖ ਦੀ ਖੁਸ਼ਬੂ ਫੈਲਦੀ ਹੈ।
ਅੱਜ ਭਾਵੇਂ ਕਿਰਤ ਅਤੇ ਵਿਸ਼ਵਾਸ ਦੇ ਫਲਸਫੇ ਨੂੰ ਪਰਨਾਏ ਲੋਕ ਸਮਾਜ ਵਿਚ ਫੈਲੀਆਂ ਦੁਸ਼ਵਾਰੀਆਂ ਤੋਂ ਪੀੜਤ ਹਨ ਪਰ ਉਹ ਯੋਧੇ ਹਨ, ਜਿਹੜੇ ਇਸ ਫਲਸਫੇ ਨੂੰ ਬਚਾਅ ਕੇ ਆਉਣ ਵਾਲੀਆਂ ਪੁਸ਼ਤਾਂ ਨੂੰ ਸੁਨੇਹਾ ਦੇਣਗੇ ਕਿ ਕਿਰਤ ਅਤੇ ਵਿਸ਼ਵਾਸ ਹੀ ਮਨੁੱਖ ਦਾ ਜੀਵਨ ਅਧਾਰ ਹੈ, ਜੋ ਅਣਖ ਭਰੀ ਜ਼ਿੰਦਗੀ ਜਿਊਣ ਦਾ ਪ੍ਰੇਰਨਾ ਸਰੋਤ ਬਣ ਕੇ ਇਤਿਹਾਸ ਨੂੰ ਜ਼ਿਕਰ ਕਰਨ ਯੋਗ ਬਣਾਉਂਦਾ ਹੈ।

ਮੇਜਰ ਸਿੰਘ ਸੇਖੋਂ
ਡਾਇਰੈਕਟਰ, ਮਾਲਵਾ ਗਰਾਮੀਣ ਬੈਂਕ। ਘੱਗਾ (ਪਟਿਆਲਾ)-147102.
ਮੋਬਾ: 98888-42697

 

ਬਜ ਬਜ ਸਟੇਸ਼ਨ ਦਾ ਨਾਂਅ ਹੋਇਆ ਕਾਮਾਗਾਟਾਮਾਰੂ ਸਟੇਸ਼ਨ

 ਰੇਲਵੇ ਦੀ ਕਾਮਾਗਾਟਾਮਾਰੂ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਕੋਲਕਾਤਾ ਤੋਂ ਲਗਭਗ 25 ਕਿਲੋਮੀਟਰ ਦੂਰ ਦੱਖਣੀ 24 ਪਰਗਨਾ ਜ਼ਿਲ੍ਹੇ 'ਚ ਬਜ ਬਜ ਵਿਖੇ 29 ਸਤੰਬਰ 1914 ਨੂੰ ਤਤਕਾਲੀਨ ਅੰਗਰੇਜ਼ ਸਰਕਾਰ ਦੀ ਪੁਲਿਸ ਨੇ ਗੋਲੀ ਚਲਾ ਕੇ 75 ਭਾਰਤੀ ਸ਼ਹੀਦ ਕਰ ਦਿੱਤੇ ਸਨ। ਇਸ ਘਟਨਾ ਨੂੰ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਕਾਮਾਗਾਟਾਮਾਰੂ ਸਾਕੇ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਸ਼ਹੀਦ ਹੋਣ ਵਾਲੇ ਵਿਅਕਤੀ ਕਾਮਾਗਾਟਾਮਾਰੂ ਜਹਾਜ਼ ਦੇ ਯਾਤਰੀ ਸਨ। ਇਹ ਜਹਾਜ਼ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ 354 ਭਾਰਤੀਆਂ ਨੂੰ ਲੈ ਕੇ ਕੈਨੇਡਾ ਗਿਆ ਸੀ। ਉਥੋਂ ਦੀ ਸਰਕਾਰ ਨੇ ਵੈਨਕੂਵਰ ਬੰਦਰਗਾਹ ਉੱਤੇ ਇਸ ਜਹਾਜ਼ ਨੂੰ ਨਾ ਤਾਂ ਲੰਗਰ ਛਕਣ ਦੀ ਇਜਾਜ਼ਤ ਦਿੱਤੀ ਤੇ ਨਾ ਹੀ ਸਵਾਰੀਆਂ ਨੂੰ ਇਸ 'ਚੋਂ ਉਤਰਨ ਦਿੱਤਾ। ਦੋ ਮਹੀਨੇ ਤੱਕ ਇਹ ਜਹਾਜ਼ ਪਾਣੀ ਵਿਚ ਹੀ ਵੈਨਕੂਵਰ ਦੇ ਤੱਟ 'ਤੇ ਖੜ੍ਹਾ ਰਿਹਾ ਤੇ ਇਸ ਵਿਚ ਸਵਾਰ ਯਾਤਰੀ ਮੁਸੀਬਤ 'ਚ ਪਏ ਰਹੇ। 
ਅਖੀਰ ਦੋ ਮਹੀਨਿਆਂ ਬਾਅਦ ਇਸ ਜਹਾਜ਼ ਨੂੰ ਯਾਤਰੀਆਂ ਸਮੇਤ ਵਾਪਸ ਮੁੜਨਾ ਪਿਆ। ਇਹ ਜਹਾਜ਼ ਹਾਂਗਕਾਂਗ ਤੋਂ ਚੱਲਿਆ ਸੀ ਤੇ ਯਾਤਰੀਆਂ ਦੀ ਕੋਸ਼ਿਸ਼ ਸੀ ਕਿ ਉਹ ਰਾਹ ਵਿਚ ਜਿਥੋਂ-ਜਿਥੋਂ ਜਹਾਜ਼ 'ਚ ਚੜ੍ਹੇ ਸਨ, ਅਰਥਾਤ ਹਾਂਗਕਾਂਗ, ਸਿੰਘਾਈ, ਕੋਬੇ ਆਦਿ ਥਾਵਾਂ 'ਤੇ ਉਤਰ ਜਾਣਗੇ ਪਰ ਅੰਗਰੇਜ਼ ਸਰਕਾਰ ਨੇ ਇਸ ਜਹਾਜ਼ ਨੂੰ ਰਾਹ ਵਿਚ ਕਿਤੇ ਵੀ ਰੁਕਣ ਨਾ ਦਿੱਤਾ ਤੇ ਇਸ ਨੂੰ ਕੋਲਕਾਤਾ ਦੇ ਨੇੜੇ ਬਜ ਬਜ ਘਾਟ ਉੱਤੇ ਲਿਆ ਖੜ੍ਹਾ ਕੀਤਾ। ਇਥੇ ਪਹੁੰਚਣ 'ਤੇ ਅੰਗਰੇਜ਼ ਪੁਲਿਸ ਨੇ ਜਹਾਜ਼ 'ਚ ਸਵਾਰ ਹੋ ਕੇ ਯਾਤਰੀਆਂ ਦੀ ਮੁਕੰਮਲ ਤਲਾਸ਼ੀ ਲਈ ਪਰ ਪੁਲਿਸ ਨੂੰ ਕੋਈ ਹਥਿਆਰ ਉਨ੍ਹਾਂ ਪਾਸੋਂ ਨਾ ਮਿਲਿਆ। ਉਸ ਉਪਰੰਤ ਯਾਤਰੀਆਂ ਨੂੰ ਜਹਾਜ਼ 'ਚੋਂ ਉਤਰਨ ਲਈ ਕਿਹਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਉਥੋਂ ਸਿੱਧੇ ਪੰਜਾਬ ਜਾਣ ਦਾ ਹੁਕਮ ਸੁਣਾਇਆ ਗਿਆ। ਯਾਤਰੀਆਂ ਨੇ ਅੰਗਰੇਜ਼ ਪੁਲਿਸ ਦਾ ਇਹ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀ ਧਰਤੀ 'ਤੇ ਉਤਰਨ ਅਤੇ ਆਪਣੀ ਮਰਜ਼ੀ ਨਾਲ ਉਥੇ ਵਿਚਰਨ ਦਾ ਪੂਰਨ ਅਧਿਕਾਰ ਹੈ।
ਇਸ ਤੋਂ ਇਲਾਵਾ ਸਫ਼ਰ ਦੌਰਾਨ ਬਹੁਤ ਸਾਰੇ ਯਾਤਰੀਆਂ ਦੇ ਪੱਲੇ ਕੁਝ ਵੀ ਨਹੀਂ ਸੀ ਰਿਹਾ। ਅੰਗਰੇਜ਼ ਸਰਕਾਰ ਨੇ ਯਾਤਰੀਆਂ ਨੂੰ ਸਿੱਧਾ ਪੰਜਾਬ ਭੇਜਣ ਲਈ ਬਜ ਬਜ ਰੇਲਵੇ ਸਟੇਸ਼ਨ ਉੱਤੇ ਇਕ ਵਿਸ਼ੇਸ਼ ਰੇਲ ਗੱਡੀ ਖੜ੍ਹੀ ਕੀਤੀ ਹੋਈ ਸੀ ਅਤੇ ਯਾਤਰੀਆਂ ਨੂੰ ਜ਼ਬਰਦਸਤੀ ਉਸ ਰੇਲ 'ਚ ਚੜ੍ਹਾਉਣ ਲਈ ਪੁਲਿਸ ਨੇ ਯਤਨ ਕੀਤੇ। ਯਾਤਰੀ ਬਜ ਬਜ ਵਿਖੇ ਆਪਣਾ ਜਥਾ ਬਣਾ ਕੇ ਕੋਲਕਾਤਾ ਵੱਲ ਤੁਰ ਪਏ। ਉਨ੍ਹਾਂ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਸੀ। ਉਨ੍ਹਾਂ ਨੇ ਫੈਸਲਾ ਕੀਤਾ ਸੀ ਕਿ ਉਹ ਉਸ ਬੀੜ ਨੂੰ ਗੁਰਦੁਆਰਾ ਸਿੱਖ ਸੰਗਤ ਹਾਵੜਾ ਵਿਖੇ ਸਨਮਾਨਪੂਰਵਕ ਰੱਖ ਕੇ ਫੇਰ ਹੀ ਕਿਧਰੇ ਜਾਣਗੇ। ਜਦ ਉਹ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਕੋਲਕਾਤਾ ਵੱਲ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਜਬਰੀ ਵਾਪਸ ਬਜ ਬਜ ਘਾਟ 'ਤੇ ਲੈ ਆਂਦਾ, ਜਿਥੇ ਯਾਤਰੀਆਂ ਅਤੇ ਪੁਲਿਸ ਵਿਚਕਾਰ ਸੰਘਰਸ਼ ਹੋ ਗਿਆ। ਘਬਰਾਈ ਹੋਈ ਪੁਲਿਸ ਨੇ ਯਾਤਰੀਆਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰੀ ਰਿਕਾਰਡ ਅਨੁਸਾਰ ਇਸ ਗੋਲੀ ਕਾਂਡ ਵਿਚ 21 ਯਾਤਰੀ ਸ਼ਹੀਦ ਹੋਏ ਪਰ ਗ਼ੈਰ-ਸਰਕਾਰੀ ਅੰਕੜਿਆਂ ਅਨੁਸਾਰ 75 ਵਿਅਕਤੀ ਸ਼ਹੀਦ ਹੋਏ ਸਨ। ਕਈ ਯਾਤਰੀ ਨਦੀ 'ਚ ਛਾਲ ਮਾਰ ਕੇ ਅਗਲੇ ਪਾਸੇ ਨਿਕਲ ਗਏ ਤੇ ਕਈਆਂ ਨੂੰ ਸਥਾਨਕ ਲੋਕਾਂ ਨੇ ਆਪਣੇ ਘਰਾਂ ਵਿਚ ਪਨਾਹ ਦਿੱਤੀ।
ਚਸ਼ਮਦੀਦ ਵਿਵਰਣ ਅਨੁਸਾਰ ਜਿਹੜੇ ਯਾਤਰੀ ਸ਼ਹੀਦ ਹੋ ਗਏ, ਉਨ੍ਹਾਂ ਨੂੰ ਪੁਲਿਸ ਨੇ ਗੱਡਿਆਂ ਉੱਪਰ ਲੱਦ ਕੇ ਘਾਟ ਦੇ ਨੇੜੇ ਹੀ ਇਕ ਥਾਂ 'ਤੇ ਸਾਰੀਆਂ ਲਾਸ਼ਾਂ ਇਕੱਠੀਆਂ ਕਰਕੇ ਉਨ੍ਹਾਂ ਉੱਤੇ ਮਿੱਟੀ ਦਾ ਤੇਲ ਪਾ ਕੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ। ਸ਼ਹੀਦ ਹੋਣ ਵਾਲਿਆਂ ਵਿਚ ਬਹੁਗਿਣਤੀ ਸਿੱਖਾਂ ਦੀ ਸੀ। ਬਾਬਾ ਗੁਰਦਿੱਤ ਸਿੰਘ ਬਚ ਕੇ ਨਿਕਲਣ 'ਚ ਸਫਲ ਹੋ ਗਏ ਸਨ ਅਤੇ ਪੰਜਾਬ ਪਹੁੰਚ ਕੇ ਉਹ ਕਈ ਸਾਲ ਆਜ਼ਾਦੀ ਸੰਗਰਾਮ 'ਚ ਸਰਗਰਮ ਰਹੇ ਅਤੇ ਜੇਲ੍ਹ ਵੀ ਗਏ। ਕਾਮਾਗਾਟਾਮਾਰੂ ਸਾਕੇ 'ਚ ਇਸ ਤਰ੍ਹਾਂ ਸ਼ਹੀਦ ਹੋਏ ਭਾਰਤੀਆਂ ਦੀ ਯਾਦ ਵਿਚ ਇਕ ਜਨਵਰੀ 1952 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਬਜਬਜ ਘਾਟ ਵਿਖੇ ਯਾਦਗਾਰ ਦਾ ਉਦਘਾਟਨ ਕੀਤਾ, ਜਿਥੇ ਹਰ ਸਾਲ 29 ਸਤੰਬਰ ਨੂੰ ਸਮਾਗਮ ਹੁੰਦਾ ਹੈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, 'ਕਾਮਾਗਾਟਾਮਾਰੂ ਪ੍ਰਸੰਗ ਨੇ ਇਸ ਸ਼ਤਾਬਦੀ ਦੇ ਦੂਜੇ ਦਹਾਕੇ 'ਚ ਕਾਫੀ ਪ੍ਰਭਾਵ ਪੈਦਾ ਕੀਤਾ। ਉਸ ਤੋਂ ਬਾਅਦ ਭਾਰਤ ਵਿਚ ਕਈ ਤਬਦੀਲੀਆਂ ਆਈਆਂ ਪਰ ਇਸ ਅਧਿਆਏ ਤੋਂ ਦੇਸ਼ ਦੇ ਨੌਜਵਾਨਾਂ ਲਈ ਸਿੱਖਣ ਵਾਸਤੇ ਬਹੁਤ ਕੁਝ ਹੈ। ਭਾਰਤੀ ਆਜ਼ਾਦੀ ਦਾ ਢਾਂਚਾ ਹੌਲੀ-ਹੌਲੀ ਵੱਖ-ਵੱਖ ਪੱਧਰਾਂ ਨਾਲ ਖੜ੍ਹਾ ਕੀਤਾ ਗਿਆ ਸੀ। ਕਾਮਾਗਾਟਾਮਾਰੂ ਪ੍ਰਸੰਗ ਦਾ ਇਸ ਉੱਪਰ ਕਾਫੀ ਪ੍ਰਭਾਵ ਪਿਆ ਸੀ।'
ਕਾਮਾਗਾਟਾਮਾਰੂ ਸਾਕੇ ਨੂੰ ਵਾਪਰਿਆਂ 100 ਸਾਲ ਹੋ ਗਏ ਹਨ ਤੇ ਇਸ ਵਰ੍ਹੇ ਇਸ ਸਾਕੇ ਦੀ ਸ਼ਤਾਬਦੀ ਮਨਾਉਣ ਲਈ ਯਤਨ ਹੋ ਰਹੇ ਹਨ। ਇਨ੍ਹਾਂ ਯਤਨਾਂ ਦੇ ਸੰਦਰਭ ਵਿਚ ਮੰਗ ਕੀਤੀ ਜਾ ਰਹੀ ਸੀ ਕਿ ਬਜ ਬਜ ਰੇਲ ਸਟੇਸ਼ਨ, ਜਿਸ ਦੇ ਨੇੜੇ ਇਹ ਸਾਕਾ ਹੋਇਆ, ਦਾ ਨਾਂਅ ਸ਼ਹੀਦਾਂ ਦੀ ਯਾਦ ਵਿਚ 'ਕਾਮਾਗਾਟਾਮਾਰੂ ਰੇਲ ਸਟੇਸ਼ਨ' ਰੱਖਿਆ ਜਾਵੇ। ਬਜ ਬਜ ਦੀ ਮਿਉਂਸਪਲ ਕਮੇਟੀ ਨੇ ਇਸ ਲਈ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ ਅਤੇ ਰਾਜ ਸਰਕਾਰ ਨੂੰ ਭੇਜਿਆ ਗਿਆ। ਇਹ ਮਤਾ ਰੇਲ ਮੰਤਰਾਲੇ ਨੂੰ ਵੀ ਭੇਜਿਆ ਗਿਆ। ਇਹ ਕਾਰਵਾਈ 1987 ਵਿਚ ਸ਼ੁਰੂ ਕੀਤੀ ਗਈ ਸੀ। ਇਸ ਮਾਮਲੇ ਵਿਚ ਸਰਕਾਰੀ ਫਾਈਲ ਬੜੀ ਧੀਮੀ ਗਤੀ ਨਾਲ ਚਲਦੀ ਰਹੀ। ਐਸੇ ਸਮੇਂ ਜਦ ਇਸ ਫਾਈਲ ਨੂੰ ਰੱਦੀ ਦੀ ਟੋਕਰੀ ਵਿਚ ਸੁੱਟਣ ਦੀਆਂ ਕੋਸ਼ਿਸ਼ਾਂ ਹੋਈਆਂ, ਗੁਰਦੁਆਰਾ ਸ਼ਹੀਦਗੰਜ ਕਾਮਾਗਾਟਾਮਾਰੂ ਬਜ ਬਜ ਅਤੇ ਸ਼ਹੀਦ ਯਾਦਗਾਰ ਕਮੇਟੀ ਨੇ ਇਸ ਸਿਲਸਿਲੇ ਵਿਚ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ: ਤਰਲੋਚਨ ਸਿੰਘ ਨਾਲ ਸੰਪਰਕ ਕੀਤਾ ਤੇ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਉਨ੍ਹਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਸ: ਤਰਲੋਚਨ ਸਿੰਘ ਨੇ ਪਹਿਲਾਂ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਦੀ ਹੈਸੀਅਤ ਵਿਚ ਅਤੇ ਫਿਰ ਰਾਜ ਸਭਾ ਦੇ ਮੈਂਬਰ ਦੇ ਤੌਰ 'ਤੇ ਰੇਲ ਮੰਤਰਾਲੇ ਪਾਸ ਇਹ ਮਾਮਲਾ ਚੁੱਕਿਆ।
ਪੱਛਮੀ ਬੰਗਾਲ ਦੀ ਵਰਤਮਾਨ ਮੁੱਖ ਮੰਤਰੀ ਮਮਤਾ ਬੈਨਰਜੀ ਜਦ ਰੇਲ ਮੰਤਰੀ ਸਨ ਤਾਂ ਸ: ਤਰਲੋਚਨ ਸਿੰਘ ਨੇ ਉਨ੍ਹਾਂ ਪਾਸ ਇਸ ਲਈ ਪਹੁੰਚ ਕੀਤੀ। ਪਤਾ ਲੱਗਾ ਕਿ ਮਮਤਾ ਬੈਨਰਜੀ ਨੇ ਬਜ ਬਜ ਸਟੇਸ਼ਨ ਦਾ ਨਾਂਅ ਬਦਲਣ ਦੀ ਮੰਗ ਸਵੀਕਾਰ ਕਰਦਿਆਂ ਆਪਣੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਤੇ ਫਾਈਲ ਅਗਲੀ ਕਾਰਵਾਈ ਲਈ ਪੱਛਮੀ ਬੰਗਾਲ ਸਰਕਾਰ ਨੂੰ ਭੇਜ ਦਿੱਤੀ ਸੀ। ਇਹ ਫਾਈਲ ਕਈ ਵਰ੍ਹੇ ਜਦ ਪੱਛਮੀ ਬੰਗਾਲ ਸਰਕਾਰ ਦੀ ਰੱਦੀ ਦੀ ਟੋਕਰੀ 'ਚੋਂ ਬਾਹਰ ਨਾ ਨਿਕਲੀ ਤਾਂ ਯਾਦਗਾਰ ਕਮੇਟੀ ਨੇ ਫਿਰ ਸ: ਤਰਲੋਚਨ ਸਿੰਘ ਦਾ ਧਿਆਨ ਇਸ ਪਾਸੇ ਦੁਆਇਆ, ਜਿਨ੍ਹਾਂ ਨੇ ਰਾਜ ਸਭਾ ਵਿਚ ਰੇਲ ਮੰਤਰੀ ਪਾਸੋਂ ਜਦ ਇਸ ਬਾਰੇ ਸਵਾਲ ਪੁੱਛਿਆ ਤਾਂ ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਨੇ ਤਾਂ ਕਦੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਕਮੇਟੀ ਪੱਛਮੀ ਬੰਗਾਲ ਵਿਚ ਕਾਮਰੇਡ ਬੁੱਧਦੇਵ ਭੱਟਾਚਾਰਜੀ ਦੀ ਸਰਕਾਰ ਦੇ ਦਰਵਾਜ਼ੇ ਇਸ ਲਈ ਖੜਕਾਉਂਦੀ ਰਹੀ ਪਰ ਖੱਬੇ ਮੋਰਚੇ ਦੀ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ।
ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੀ ਅਗਵਾਈ ਹੇਠ ਤ੍ਰਿਣਾਮੂਲ ਕਾਂਗਰਸ ਦੀ ਸਰਕਾਰ ਬਣਨ 'ਤੇ ਉਸ ਵਿਚ ਸ਼ਾਮਿਲ ਕੀਤੇ ਗਏ ਸਿੱਖ ਕੈਬਨਿਟ ਮੰਤਰੀ ਸ: ਰਛਪਾਲ ਸਿੰਘ ਦਾ ਧਿਆਨ ਜਦ ਇਸ ਪਾਸੇ ਦੁਆਇਆ ਗਿਆ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਧਿਆਨ ਵਿਚ ਇਹ ਗੱਲ ਲਿਆਂਦੀ। ਮਮਤਾ ਬੈਨਰਜੀ, ਜਿਨ੍ਹਾਂ ਨੇ ਰੇਲ ਮੰਤਰੀ ਹੁੰਦਿਆਂ ਖੁਦ ਇਸ ਮਾਮਲੇ ਨੂੰ ਨਿਪਟਾਇਆ ਸੀ, ਨੇ ਇਸ ਬਾਰੇ ਮਾਮਲਾ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਰੱਖਿਆ, ਜੋ ਕਿ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਮਮਤਾ ਬੈਨਰਜੀ ਦੀ ਇਸ ਉਦਾਰਤਾ 'ਤੇ ਸ: ਤਰਲੋਚਨ ਸਿੰਘ ਤੇ ਸ: ਰਛਪਾਲ ਸਿੰਘ ਦੇ ਯਤਨਾਂ ਦਾ ਸਦਕਾ ਬਜ ਬਜ ਰੇਲ ਸਟੇਸ਼ਨ ਦਾ ਨਾਂਅ ਰੇਲਵੇ ਨੇ ਬਦਲ ਕੇ ਪਹਿਲੀ ਅਕਤੂਬਰ 2013 ਤੋਂ 'ਕਾਮਾਗਾਟਾਮਾਰੂ ਬਜ ਬਜ ਰੇਲ ਸਟੇਸ਼ਨ' ਕਰ ਦਿੱਤਾ ਹੈ। ਇਹ ਨਾਂਅ ਰੇਲ ਟਿਕਟਾਂ ਉੱਪਰ ਛਪ ਗਿਆ ਹੈ ਅਤੇ ਸਟੇਸ਼ਨ ਦੇ ਪਲੇਟਫਾਰਮ ਉੱਪਰ ਵੀ ਲਿਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰੇਲਵੇ ਨੇ ਸਟੇਸ਼ਨ ਵਿਖੇ ਬਜ ਬਜ ਘਾਟ 'ਤੇ ਵਾਪਰੇ ਕਾਮਾਗਾਟਾਮਾਰੂ ਸ਼ਹੀਦੀ ਸਾਕੇ ਦਾ ਇਤਿਹਾਸ ਅੰਗਰੇਜ਼ੀ, ਬੰਗਾਲੀ ਅਤੇ ਹਿੰਦੀ ਵਿਚ ਲਿਖਤੀ ਲਾਉਣ ਦਾ ਵੀ ਫੈਸਲਾ ਕੀਤਾ ਹੈ। ਕਾਮਾਗਾਟਾਮਾਰੂ ਸ਼ਹੀਦੀ ਸਾਕੇ 'ਚ ਸ਼ਹੀਦ ਹੋਣ ਵਾਲਿਆਂ ਨੂੰ ਇਹ ਇਕ ਬਹੁਤ ਵੱਡੀ ਸ਼ਰਧਾਂਜਲੀ ਹੈ, ਜਿਸ ਦੀ ਪੰਜਾਬੀਆਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ।

ਬਚਨ ਸਿੰਘ ਸਰਲ
-11, ਮੁਖਰਾਜ ਕਨੌਰੀਆ ਰੋਡ,
ਹਾਵੜਾ-711101. ਮੋਬਾ: 98315-48113

 

ਪਿੰਗਲਾ ਆਸ਼ਰਮ ਦੇ ਸੇਵਾਦਾਰ ਬਾਬਾ ਬਲਬੀਰ ਸਿੰਘ

ਅਜੋਕੇ ਮੌਕਾਪ੍ਰਸਤੀ, ਪੈਸੇ ਦੀ ਚਕਾਚੌਂਧ ਅਤੇ ਤੇਜ਼ ਰਫਤਾਰੀ ਦੇ ਦੌਰ ਵਿਚ ਦਰਦਮੰਦਾਂ ਦੀਆਂ ਆਹਾਂ ਸੁਣਨ ਵਾਲੇ ਲੋਕਾਂ ਦੀ ਗਿਣਤੀ ਆਟੇ ਵਿਚ ਲੂਣ ਸਮਾਨ ਹੀ ਰਹਿ ਗਈ ਹੈ। ਮਨੁੱਖੀ ਕਦਰਾਂ-ਕੀਮਤਾਂ ਤੇ ਇਨਸਾਨੀਅਤ ਸਭ ਮਨਫੀ ਹੋ ਰਹੇ ਹਨ। ਦੀਨ-ਦੁਖੀਆਂ ਲਈ ਕਿਸੇ ਟਾਵੇਂ-ਟੱਲੇ ਦੇ ਦਿਮਾਗ ਵਿਚ ਹੀ ਸੇਵਾ ਭਾਵਨਾ ਦੀ ਸੋਚ ਦਾ ਪੌਦਾ ਘਣਛਾਵਾਂ ਬਣਿਆ ਕਰਦਾ ਹੈ। ਅਜਿਹੇ ਵਿਅਕਤੀ ਨੂੰ ਇਨ੍ਹਾਂ ਦੁਖਿਆਰੇ ਲੋਕਾਂ ਵਿਚੋਂ ਆਪਣੇ ਇਸ਼ਟ ਦਾ ਪ੍ਰਤੀਬਿੰਬ ਹੀ ਦਿਖਾਈ ਦਿੰਦਾ ਹੈ। ਆਪਣਾ ਸੁੱਖ-ਆਰਾਮ, ਲੋਭ-ਲਾਲਚ ਤਿਆਗ ਕੇ ਆਪਣੇ-ਆਪ ਨੂੰ ਬਿਮਾਰਾਂ, ਪਾਗਲਾਂ, ਅਪਾਹਜਾਂ, ਨਿਆਸਰਿਆਂ, ਬੇਸਹਾਰਾ ਲੋਕਾਂ ਨੂੰ ਸਮਰਪਿਤ ਰਹਿਣ ਵਾਲੇ ਹੀ ਹਨ 'ਆਲ ਇੰਡੀਆ ਪਿੰਗਲਾ ਆਸ਼ਰਮ' (ਰਜਿ:) ਸਨੌਰ ਰੋਡ, ਪਟਿਆਲਾ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ, ਜਿਨ੍ਹਾਂ ਦਾ ਬਹੁਤਾ ਸਮਾਂ ਮਰੀਜ਼ਾਂ, ਲੋੜਵੰਦਾਂ ਦੀ ਮਦਦ ਕਰਨ ਨਾਲ ਆਸ਼ਰਮ ਵਿਚ ਹੀ ਬੀਤਦਾ ਹੈ।
ਬਾਬਾ ਬਲਬੀਰ ਸਿੰਘ ਨੂੰ ਸੇਵਾ ਭਾਵਨਾ ਦੀ ਲਿਵ ਵੰਡ ਸਮੇਂ ਪਾਕਿਸਤਾਨ ਤੋਂ ਪੰਜਾਬ ਆ ਵਸੇ ਉਨ੍ਹਾਂ ਦੇ ਪਿਤਾ ਸੰਤ ਬਾਬਾ ਮੋਹਣ ਸਿੰਘ ਤੋਂ ਲੱਗੀ। ਸੰਤ ਬਾਬਾ ਮੋਹਣ ਸਿੰਘ ਭਗਤ ਪੂਰਨ ਸਿੰਘ ਨਾਲ ਹੀ ਮਨੁੱਖੀ ਸੇਵਾ ਕਰਿਆ ਕਰਦੇ ਸਨ। ਫਿਰ ਕੁਝ ਮੁਸ਼ਕਿਲਾਂ ਨੂੰ ਵੇਖਦਿਆਂ ਉਨ੍ਹਾਂ ਨੇ 1983 ਵਿਚ ਬੋਰੀਆਂ, ਪਾਟੇ-ਪੁਰਾਣੇ ਕੱਪੜਿਆਂ ਨੂੰ ਤੰਬੂ-ਕਨਾਤਾਂ ਵਜੋਂ ਵਰਤਦਿਆਂ ਮਰੀਜ਼ਾਂ, ਲਾਵਾਰਸਾਂ, ਅਪਾਹਜਾਂ, ਪਾਗਲਾਂ, ਬਜ਼ੁਰਗਾਂ ਦੀ ਸਾਂਭ-ਸੰਭਾਲ ਕਰਦਿਆਂ, ਇਸ ਪਿੰਗਲਾ ਆਸ਼ਰਮ ਦੀ ਨੀਂਹ ਰੱਖੀ। ਬਾਲਕ ਬਲਬੀਰ ਸਿੰਘ ਦਾ ਜਨਮ ਦੋ ਵੱਡੇ ਭਰਾਵਾਂ ਅਤੇ ਤਿੰਨ ਵੱਡੀਆਂ ਭੈਣਾਂ ਤੋਂ ਬਾਅਦ 30 ਅਕਤੂਬਰ 1955 ਨੂੰ ਮਾਤਾ ਚਰਨ ਕੌਰ ਦੀ ਕੁੱਖੋਂ ਹੋਇਆ। ਅਜੇ ਲੋਰੀਆਂ ਦੇਣ-ਲੈਣ ਵਾਲਾ ਚਾਅ ਵੀ ਪੂਰਾ ਨਹੀਂ ਸੀ ਹੋਇਆ ਕਿ ਉਹ ਦੋ ਵਰ੍ਹਿਆਂ ਦੇ ਬਾਲਕ ਬਲਬੀਰ ਸਿੰਘ ਨੂੰ ਛੱਡ ਸਦਾ-ਸਦਾ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਈ। ਪਿਤਾ ਸੰਤ ਬਾਬਾ ਮੋਹਣ ਸਿੰਘ ਹਰ ਸਮੇਂ ਸੇਵਾ ਸੰਭਾਲ ਵਿਚ ਰੁੱਝੇ ਰਹਿੰਦੇ ਸਨ। ਇਸ ਲਈ ਬਲਬੀਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਦੇਵਾ ਯਤੀਮਖਾਨੇ ਵਿਚ ਮਾਤਾ-ਪਿਤਾ ਦੇ ਪਿਆਰ ਤੋਂ ਵਾਂਝਾ ਰਹਿੰਦਿਆਂ ਬਚਪਨ ਗੁਜ਼ਾਰਨਾ ਪਿਆ ਅਤੇ ਬੀ. ਐਨ. ਖਾਲਸਾ ਸਕੂਲ ਪਟਿਆਲਾ ਤੋਂ ਦਸਵੀਂ ਕਰਨ ਉਪਰੰਤ, ਯਤੀਮਖਾਨੇ ਦੀ ਰਿਹਾਇਸ਼ ਨੇ ਅਤੇ ਪਿਤਾ ਨੂੰ ਹੱਥੀਂ ਸੇਵਾ ਕਰਨ ਵਾਲੀ ਦਿਖ ਨੇ ਬਲਬੀਰ ਸਿੰਘ ਦੀ ਸੋਚ ਹੀ ਬਦਲ ਦਿੱਤੀ। ਉਹ ਵੀ ਆਪਣੇ ਪਿਤਾ ਜੀ ਨਾਲ ਹੀ ਮਰੀਜ਼ਾਂ ਦੀ ਸੇਵਾ-ਸੰਭਾਲ ਵਿਚ ਜੁਟ ਗਏ ਅਤੇ ਅਜਿਹਾ ਵੇਖਦਿਆਂ ਉਨ੍ਹਾਂ ਦੇ ਪਿਤਾ ਜੀ ਨੇ ਬਾਬਾ ਬਲਬੀਰ ਸਿੰਘ ਨੂੰ ਹੀ ਆਸ਼ਰਮ ਦੀ ਵਾਗਡੋਰ ਸੰਭਾਲ ਦਿੱਤੀ। ਕੜਾਕੇ ਦੀ ਠੰਢ ਵਿਚ ਵਾਰਡ ਇੰਚਾਰਜਾਂ ਦੇ ਹੁੰਦਿਆਂ ਹੋਇਆਂ ਵੀ ਬਾਬਾ ਜੀ ਰਾਤਾਂ ਨੂੰ ਕਈ-ਕਈ ਵਾਰ ਵਾਰਡਾਂ ਵਿਚ ਜਾ ਕੇ ਨੰਗੇ ਪਏ ਮਰੀਜ਼ਾਂ ਉੱਤੇ ਰਜਾਈਆਂ ਦੇ ਕੇ ਗਿੱਲੇ ਥਾਂ ਪਿਆਂ ਨੂੰ ਸੁੱਕੇ ਥਾਂ ਲਿਟਾਉਂਦੇ ਰਹੇ ਹਨ। ਲੋੜਾਂ-ਥੋੜਾਂ ਲਈ ਅਕਸਰ ਹੀ ਚਿੰਤਤ ਰਿਹਾ ਕਰਦੇ ਹਨ। ਕਿਉਂਕਿ ਇਸ ਆਸ਼ਰਮ ਦੇ ਪਰਿਵਾਰ ਵਾਧੇ ਨਾਲ ਲੋੜਾਂ ਦੀ ਪੂਰਤੀ ਲਈ ਵਸੀਲੇ ਜੁਟਾਉਣੇ ਬਹੁਤ ਔਖੇ ਹਨ। ਇਮਾਰਤ ਦੀ ਘਾਟ, ਐਂਬੂਲੈਂਸ ਦੀ ਘਾਟ, ਸਕੂਲ ਬੱਸ ਦੀ ਘਾਟ ਪ੍ਰੇਸ਼ਾਨ ਕਰਦੀ ਹੈ।

ਰਣਜੀਤ ਸਿੰਘ ਪ੍ਰੀਤ
-ਭਗਤਾ (ਬਠਿੰਡਾ)-151206. ਮੋਬਾ: 98157-07232

 

ਰਿਆਸਤ ਫ਼ਰੀਦਕੋਟ ਦਾ ਆਖ਼ਰੀ ਹੁਕਮਰਾਨ ਰਾਜਾ ਹਰਇੰਦਰ ਸਿੰਘ ਬਰਾੜ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸੰਸਾਰ ਪ੍ਰਸਿੱਧ ਇਤਿਹਾਸ ਖੋਜੀ ਡਾ: ਸੁਭਾਸ਼ ਪਰਿਹਾਰ ਅਨੁਸਾਰ ਰਾਜਾ ਹਰਇੰਦਰ ਸਿੰਘ ਬਰਾੜ ਦੇ ਰਿਆਸਤੀ ਹੁਕਮਰਾਨ ਵਜੋਂ ਨਮੂਦਾਰ ਹੋਣ ਵੇਲੇ ਰਿਆਸਤ ਵਿਚ ਇਕ ਹਾਈ ਸਕੂਲ, ਫ਼ਰੀਦਕੋਟ ਵਿਖੇ ਅਤੇ ਇਕ ਮਿਡਲ ਸਕੂਲ ਕੋਟਕਪੂਰੇ ਵਿਚ ਸੀ। ਉਸ ਨੇ ਫ਼ਰੀਦਕੋਟ ਬ੍ਰਿਜਇੰਦਰ ਹਾਈ ਸਕੂਲ ਦਾ ਦਰਜਾ ਵਧਾ ਕੇ ਇਸ ਨੂੰ ਬ੍ਰਿਜਇੰਦਰ ਕਾਲਜ ਬਣਾ ਦਿੱਤਾ (ਜਿਸ ਦੇ ਪਹਿਲੇ ਵਿਦਿਆਰਥੀ ਰੋਲ ਨੰਬਰ 1 ਸਨ ਫ਼ਰੀਦਕੋਟ ਦੇ ਸ: ਕਰਨੈਲ ਸਿੰਘ ਡੋਡ, ਉਹ ਫ਼ਰੀਦਕੋਟ ਦੇ ਵਿਧਾਇਕ ਰਹੇ ਹਨ ਅਤੇ ਅੱਜਕਲ੍ਹ ਭਾਈ ਫ਼ੇਰੂ ਸੰਗਤ ਸਾਹਿਬ ਵਿੱਦਿਅਕ ਸੁਸਾਇਟੀ ਦੇ ਪ੍ਰਮੁੱਖ ਹਨ, ਜਿਸ ਅਧੀਨ ਕਈ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਫ਼ਰੀਦਕੋਟ, ਕੋਟਕਪੂਰੇ ਅਤੇ ਬਰਗਾੜੀ ਵਿਖੇ ਚੱਲ ਰਹੀਆਂ ਹਨ)। ਉਸ ਨੇ ਪ੍ਰਾਇਮਰੀ ਅਧਿਆਪਕਾਂ ਵਜੋਂ ਸਿੱਖਿਅਤ ਕਰਨ ਲਈ ਨਾਰਮਲ ਸਕੂਲ ਖੋਲ੍ਹਿਆ ਅਤੇ ਇਸ ਵਿਚ ਜੇ. ਵੀ. (ਜੂਨੀਅਰ ਵਰਨੈਕੁਲਰ) ਪ੍ਰਾਇਮਰੀ ਤੱਕ ਅਧਿਆਪਕ ਲੱਗਣ ਲਈ ਅਤੇ ਐਸ. ਵੀ. (ਸੀਨੀਅਰ ਵਰਨੈਕੁਲਰ) ਮਿਡਲ ਤੱਕ ਅਧਿਆਪਕ ਲੱਗਣ ਲਈ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ। (ਉਦੋਂ ਦੀ ਜੇ. ਵੀ. ਨੂੰ ਪਿੱਛੋਂ ਜੇ. ਬੀ. ਟੀ. ਅਤੇ ਅੱਜਕਲ੍ਹ ਈ. ਟੀ. ਟੀ. ਕਿਹਾ ਜਾਂਦਾ ਹੈ।)
ਫ਼ਿਰ ਰਾਜੇ ਨੇ ਫ਼ਰੀਦਕੋਟ ਵਿਖੇ ਬਿਕਰਮ ਕਾਲਜ ਆਫ਼ ਕਾਮਰਸ ਅਤੇ ਆਰਟ ਅਤੇ ਕਰਾਫ਼ਟ ਸਕੂਲ ਖੋਲ੍ਹਿਆ। (ਬਿਕਰਮ ਕਾਲਜ ਆਫ਼ ਕਾਮਰਸ ਆਜ਼ਾਦੀ ਪਿੱਛੋਂ ਪਤਾ ਨਹੀਂ ਕਿਉਂ ਇਥੋਂ ਚੁੱਕ ਕੇ ਪਟਿਆਲੇ ਲਿਜਾਇਆ ਗਿਆ, ਜੋ ਅੱਜਕਲ੍ਹ ਸਫ਼ਲਤਾਪੂਰਵਕ ਉਥੇ ਚੱਲ ਰਿਹਾ ਹੈ। ਅਸਲ ਵਿਚ ਇਹ ਫ਼ਰੀਦਕੋਟ ਦੇ ਰਾਜੇ ਦੇ ਨਾਂਅ 'ਤੇ ਹੋਣ ਕਰਕੇ ਇਥੋਂ ਦੀ ਹੀ ਮਲਕੀਅਤ ਹੈ।) ਇਥੇ ਹੀ ਰਾਜਾ ਹਰਇੰਦਰ ਸਿੰਘ ਬਰਾੜ ਨੇ ਬੀ. ਟੀ. (ਜਿਸ ਨੂੰ ਅੱਜਕਲ੍ਹ ਬੀ. ਐੱਡ. ਕਿਹਾ ਜਾਂਦਾ ਹੈ) ਪਿਸ਼ਾਵਰ ਤੋਂ ਦਿੱਲੀ ਤੱਕ ਲਾਹੌਰ ਤੋਂ ਪਿੱਛੋਂ ਫ਼ਰੀਦਕੋਟ ਹੀ ਸੀ, ਜਿਥੇ ਬੀ. ਟੀ. ਅਤੇ ਕਾਮਰਸ ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਸਨ। ਫ਼ਰੀਦਕੋਟ ਵਿਖੇ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜ ਖੋਲ੍ਹਣ ਦੀ ਵੀ ਰਾਜੇ ਦੀ ਯੋਜਨਾ ਸੀ, ਜੋ ਕਿਸੇ ਕਾਰਨ ਸਿਰੇ ਨਹੀਂ ਚੜ੍ਹ ਸਕੀ। ਹੌਲੀ-ਹੌਲੀ ਫ਼ਰੀਦਕੋਟ ਰਿਆਸਤ ਵਿਚ ਅੱਠ ਹਾਈ ਸਕੂਲ, ਕਈ ਮਿਡਲ ਸਕੂਲ ਅਤੇ ਹਰ ਪਿੰਡ ਵਿਚ ਘੱਟੋ-ਘੱਟ ਇਕ ਪ੍ਰਾਇਮਰੀ ਸਕੂਲ ਹੋ ਗਿਆ। ਆਜ਼ਾਦੀ ਤੋਂ ਪਹਿਲਾਂ ਅਜਿਹਾ ਹੋਣਾ ਆਪਣੇ-ਆਪ ਵਿਚ ਹੀ ਬੜੀ ਵੱਡੀ ਅਕਾਦਮਿਕ ਪ੍ਰਾਪਤੀ ਸੀ। ਕਿਉਂਕਿ ਰਾਜਾ ਖ਼ੁਦ ਪੋਲੋ ਦਾ ਖਿਡਾਰੀ ਸੀ, ਇਸ ਲਈ ਉਸ ਨੇ ਖਿਡਾਰੀਆਂ ਦੀ ਪ੍ਰੈਕਟਿਸ ਲਈ ਫ਼ਰੀਦਕੋਟ ਵਿਖੇ ਇਕ ਵੱਡਾ ਸਟੇਡੀਅਮ ਵੀ ਬਣਾਇਆ। (ਅੱਜਕਲ੍ਹ ਇਹ ਨਹਿਰੂ ਸਟੇਡੀਅਮ ਦੇ ਨਾਂਅ ਨਾਲ ਪ੍ਰਸਿੱਧ ਹੈ ਤੇ ਵੱਡੀਆਂ ਖੇਡ ਅਤੇ ਸੰਸਕ੍ਰਿਤ ਸਰਗਰਮੀਆਂ ਦਾ ਕੇਂਦਰ ਬਣਿਆ ਹੋਇਆ ਹੈ।)
ਆਪਣੇ ਰਾਜ-ਭਾਗ ਦੌਰਾਨ ਰਾਜਾ ਹਰਇੰਦਰ ਸਿੰਘ ਬਰਾੜ ਨੇ ਕੋਟਕਪੂਰੇ ਵਿਚ ਕੁਈਨ ਮੇਰੀ ਹਸਪਤਾਲ ਅਤੇ ਰੱਲੇਵਾਲਾ ਵੈਟਰਨਰੀ ਹਸਪਤਾਲ ਬਣਵਾਏ। ਫ਼ਰੀਦਕੋਟ ਵਿਖੇ ਇਕ ਗ਼ਰੀਬ-ਖਾਨਾ (ਪੂਅਰ ਹੋਮ) ਅਤੇ ਜੁਬਲੀ ਸਿਨੇਮੇ ਦੀ ਤਾਮੀਰ ਕਰਵਾਈ। ਰਿਆਸਤ ਦੇ ਪ੍ਰਬੰਧ ਨੂੰ ਸਾਫ਼-ਸੁਥਰਾ ਬਣਾਉਣ ਅਤੇ ਰਿਆਸਤ ਦੇ ਸਾਰੇ ਵੱਡੇ ਅਫ਼ਸਰਾਂ ਅਤੇ ਕਰਮਚਾਰੀਆਂ ਵਿਚ ਰਿਸ਼ਵਤ ਦੀ ਭਾਵਨਾ ਰੋਕਣ ਲਈ ਰਾਜੇ ਨੇ ਕਈ ਅਮਲੀ ਕਦਮ ਚੁੱਕੇ। ਇਨ੍ਹਾਂ ਵਿਚੋਂ ਹੀ ਇਕ ਸੀ ਰਿਆਸਤ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਵਿਚ ਵਧ ਰਹੇ ਰਿਸ਼ਵਤ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੀਆਂ ਕੋਸ਼ਿਸ਼ਾਂ। ਇਜਲਾਸ-ਇ-ਖਾਸ ਦੇ ਫ਼ਰਮਾਨ ਮਿਤੀ 17 ਨਵੰਬਰ 1936 ਅਨੁਸਾਰ ਰਿਆਸਤ ਦੇ ਅਫ਼ਸਰਾਂ ਅਤੇ ਅਧਿਕਾਰੀਆਂ ਵਿਰੁੱਧ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਵਾਰੰਟ ਅਫ਼ਸਰ ਤਾਰਾ ਸਿੰਘ ਨੂੰ ਅਜਿਹੇ ਕਿਸੇ ਵੀ ਅਧਿਕਾਰੀ ਜਾਂ ਅਫ਼ਸਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਅਧਿਕਾਰ ਦਿੱਤੇ ਗਏ, ਜਿਸ ਵਿਰੁੱਧ ਰਿਸ਼ਵਤ ਲੈਣ ਜਾਂ ਅਜਿਹਾ ਕੀਤੇ ਜਾਣ ਦਾ ਸ਼ੱਕ ਹੋਵੇ। (ਸ: ਤਾਰਾ ਸਿੰਘ ਫ਼ਰੀਦਕੋਟ ਦੇ ਕੁਝ ਵਰ੍ਹੇ ਪਹਿਲਾਂ ਸੇਵਾ-ਮੁਕਤ ਹੋਏ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਦਲਜੀਤ ਸਿੰਘ ਧਾਲੀਵਾਲ ਦੇ ਪਿਤਾ ਸਨ।) ਇਨ੍ਹਾਂ ਸਾਰੇ ਕਾਰਨਾਂ ਕਰਕੇ ਰਾਜਾ ਹਰਇੰਦਰ ਸਿੰਘ ਬਰਾੜ ਜਨਤਾ ਦੇ ਮਕਬੂਲਤਮ ਹੁਕਮਰਾਨ ਸਾਬਤ ਹੋਏ। ਉਨ੍ਹਾਂ ਦੀ ਇਸ ਮਕਬੂਲੀਅਤ ਦਾ ਹੀ ਨਤੀਜਾ ਹੈ ਕਿ ਕਪੂਰਥਲੇ ਦੇ ਦੀਵਾਨ ਜਰਮਨੀ ਦਾਸ ਵੱਲੋਂ ਲਿਖੀ ਅੰਗਰੇਜ਼ੀ ਦੀ ਪ੍ਰਸਿੱਧ ਪੁਸਤਕ 'ਮਹਾਰਾਜਾ' ਵਿਚ ਪੰਜਾਬ ਅਤੇ ਹਿੰਦੁਸਤਾਨ ਦੇ ਰਾਜਿਆਂ ਵਿਚੋਂ ਕੇਵਲ ਹਰਇੰਦਰ ਸਿੰਘ ਬਰਾੜ ਹੀ ਸੀ, ਜਿਸ ਵਿਰੁੱਧ ਕੋਈ ਕਿੱਸਾ-ਕਹਾਣੀ ਜਾਂ ਮਾੜੀ ਟਿੱਪਣੀ ਨਹੀਂ ਕੀਤੀ ਗਈ। (ਚਲਦਾ)

ਗੁਰਮੀਤ ਸਿੰਘ ਕੋਟਕਪੂਰਾ
-ਮੋਬਾ: 98722-20551

 

ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ ਕੀਰਤਨੀਏ ਭਾਈ ਸਿਮਰਪ੍ਰੀਤ ਸਿੰਘ ਜਵੱਦੀ ਟਕਸਾਲ

ਭਾਈ ਸਿਮਰਪ੍ਰੀਤ ਸਿੰਘ ਦਾ ਜਨਮ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਿਤਾ ਸ: ਕਾਮਰੇਟ ਸਿੰਘ ਅਤੇ ਮਾਤਾ ਸ੍ਰੀਮਤੀ ਜਸਵਿੰਦਰ ਕੌਰ ਦੇ ਗ੍ਰਹਿ ਵਿਖੇ ਹੋਇਆ। ਮੁਢਲੀ ਸਿੱਖਿਆ ਰੇਲ ਕੋਚ ਫੈਕਟਰੀ ਕਪੂਰਥਲਾ ਜੈਕਇਨ ਜ਼ਿਲ੍ਹਾ ਸਕੂਲ ਅਤੇ ਅਨੰਦ ਪਬਲਿਕ ਸੀਨੀ: ਸੈਕੰ: ਸਕੂਲ ਕਪੂਰਥਲਾ ਤੋਂ ਪ੍ਰਾਪਤ ਕੀਤੀ। ਭਾਈ ਸਿਮਰਪ੍ਰੀਤ ਸਿੰਘ ਨੇ ਤੀਸਰੀ ਕਲਾਸ ਵਿਚ ਪੜ੍ਹਦਿਆਂ ਹੀ ਕੀਰਤਨ ਅਤੇ ਸੰਗੀਤ ਦੀ ਸਿਖਲਾਈ ਭਾਈ ਦਲਜੀਤ ਸਿੰਘ ਤੋਂ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੁਰਬਾਣੀ ਦੀ ਸੰਥਿਆ ਡਾ: ਭਾਈ ਜਸਵੰਤ ਸਿੰਘ ਦਮਦਮੀ ਟਕਸਾਲ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਲਈ। ਪੜ੍ਹਾਈ ਦੇ ਨਾਲ ਹੀ ਤੰਤੀ ਸਾਜ਼ਾਂ ਦੀ ਸਿਖਲਾਈ ਸ: ਇੰਦਰਜੀਤ ਸਿੰਘ ਬਿੰਦੂ ਅਤੇ ਰਾਗ ਨਿਰਧਾਰਿਤ ਸੰਗੀਤ ਦੀ ਸਿਖਲਾਈ ਪ੍ਰੋ: ਅਲੰਕਾਰ ਸਿੰਘ ਜਲੰਧਰ ਤੋਂ ਪ੍ਰਾਪਤ ਕੀਤੀ। ਆਪ ਨੇ ਸੰਤ ਗਿਆਨੀ ਅਮੀਰ ਸਿੰਘ ਵੱਲੋਂ ਚਲਾਈ ਜਾ ਰਹੀ ਜਵੱਦੀ ਟਕਸਾਲ ਲੁਧਿਆਣਾ ਤੋਂ ਨਿਰਧਾਰਿਤ ਰਾਗਾਂ ਵਿਚ ਕੀਰਤਨ ਕਰਨ ਦੀ ਸਿਖਲਾਈ ਪ੍ਰਿੰਸੀਪਲ ਸੁਖਵੰਤ ਸਿੰਘ ਕੋਲੋਂ ਤਿੰਨ ਸਾਲਾ ਡਿਗਰੀ ਕੋਰਸ ਕੀਤਾ। 
ਵਿਸ਼ਾਰਦ ਦੀ ਡਿਗਰੀ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਪ੍ਰਾਪਤ ਕਰਕੇ ਸੰਗੀਤ ਵਿਚ ਮੁਹਾਰਤ ਹਾਸਲ ਕੀਤੀ। ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਆਪਣੇ ਜਥੇ ਨਾਲ ਸਵੇਰ ਅਤੇ ਸ਼ਾਮ ਦੀ ਹਾਜ਼ਰੀ ਲਗਵਾਉਣੀ ਸ਼ੁਰੂ ਕੀਤੀ ਅਤੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਥੇ ਕੀਰਤਨ ਕਰਦਿਆਂ ਭਾਈ ਸਿਮਰਪ੍ਰੀਤ ਸਿੰਘ ਨੂੰ ਸੰਗਤਾਂ ਵੱਲੋਂ ਗੁਰ ਅਸੀਸਾਂ ਮਿਲੀਆਂ ਅਤੇ ਆਪ ਸਮੇਂ- ਸਮੇਂ 'ਤੇ ਹੁੰਦੇ ਕੀਰਤਨ ਦਰਬਾਰਾਂ ਵਿਚ ਹਾਜ਼ਰੀਆਂ ਭਰਦੇ ਹਨ। ਪ੍ਰਿੰਸੀਪਲ ਭਾਈ ਸੁਖਵੰਤ ਸਿੰਘ ਦੇ ਅਸ਼ੀਰਵਾਦ ਸਦਕਾ ਭਾਈ ਸਿਮਰਪ੍ਰੀਤ ਸਿੰਘ ਜਵੱਦੀ ਟਕਸਾਲ ਦੀ ਰਸਭਿੰਨੀ ਆਵਾਜ਼ ਅਤੇ ਸੰਗਤਾਂ ਵੱਲੋਂ ਮਿਲੇ ਸਹਿਯੋਗ ਨੂੰ ਦੇਖਦਿਆਂ ਸੰਗੀਤਕ ਕੰਪਨੀ ਵੱਲੋਂ ਆਡੀਓ ਸੀ. ਡੀ. 'ਤੂ ਸਮਰਥੁ ਸਦਾ' ਰਿਕਾਰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਾਈ ਸੁਖਰੂਪ ਸਿੰਘ ਜਥੇ ਦੇ ਸਹਾਇਕ ਰਾਗੀ ਅਤੇ ਭਾਈ ਗੁਰਜੀਤ ਸਿੰਘ ਤਬਲਾ-ਵਾਦਕ ਹਨ।

ਸਾ ਅਨਜਾਣ
-ਚੱਬਾ (ਅੰਮ੍ਰਿਤਸਰ)।

 

ਅੰਮ੍ਰਿਤ ਸਰੋਵਰ ਦੀ ਸ਼ਾਨ ਖਰਾਬ ਕਰਨ ਵਾਲੇ ਲੱਖਪਤ ਰਾਇ ਦਾ ਤਾਲਾਬ ਕੂੜਾ-ਘਰ ਵਿਚ ਤਬਦੀਲ

ਇਤਿਹਾਸ ਦੀਆਂ ਪੈੜਾਂ-13

ਹੌਰ ਦੀ ਕਵੀਨੰਜ਼ ਰੋਡ (ਨਵਾਂ ਨਾਂਅ ਫ਼ਾਤਿਮਾ ਜਿਨ੍ਹਾ ਰੋਡ) ਅਤੇ ਵਾਰਿਸ ਰੋਡ ਦੇ ਚੌਰਾਹੇ ਦੇ ਪਾਸ ਮੌਜੂਦ 17ਵੀਂ ਸਦੀ ਦਾ ਸਿੱਖ ਇਤਿਹਾਸ ਨਾਲ ਸਬੰਧਤ ਇਕ ਸਮਾਰਕ ਅੱਜ ਪਾਕਿਸਤਾਨ ਸਰਕਾਰ ਦੀ ਲਾਹੌਰ ਵੇਸਟ ਮੈਨੇਜਮੈਂਟ ਕੰਪਨੀ ਵੱਲੋਂ ਡੰਪ ਹਾਊਸ (ਕੂੜਾ-ਘਰ) ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪਿਛਲੀ ਵਾਰ ਪਾਕਿਸਤਾਨ ਯਾਤਰਾ ਦੌਰਾਨ ਜਦੋਂ ਮੈਂ ਲਾਹੌਰ ਵਕਫ਼ ਬੋਰਡ ਦੇ ਇਕ ਅਧਿਕਾਰੀ ਨਾਲ ਉਪਰੋਕਤ ਸਮਾਰਕ ਦੇ ਸਥਾਨ 'ਤੇ ਪਹੁੰਚਿਆ ਤਾਂ ਇਸ ਸਮਾਰਕ ਦੀ ਹਾਲਤ ਵੇਖ ਬੋਰਡ ਦੇ ਅਧਿਕਾਰੀ ਨੇ ਸ਼ਰਮਿੰਦਗੀ ਜ਼ਾਹਰ ਕਰਦਿਆਂ ਕਿਹਾ-'ਬਸ, ਦੋ-ਚਾਰ ਮਹੀਨਿਆਂ 'ਚ ਅਸੀਂ ਇਥੋਂ ਕੂੜਾ-ਘਰ ਹਟਵਾ ਕੇ ਇਸ ਦਾ ਨਵ-ਨਿਰਮਾਣ ਕਰਵਾ ਰਹੇ ਹਾਂ।' ਇਸ 'ਤੇ ਮੈਂ ਉਸ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਸਮਾਰਕ ਨੂੰ ਇਸੇ ਹਾਲਤ ਵਿਚ ਰਹਿਣ ਦਿਓ ਤਾਂ ਸ਼ਾਇਦ ਜ਼ਿਆਦਾ ਚੰਗਾ ਰਹੇਗਾ। ਵੈਸੇ ਵੀ ਇਸ ਦੀ ਨਵ-ਉਸਾਰੀ ਤਾਂ ਕਦੇ ਹੋਣ ਵਾਲੀ ਨਹੀਂ, ਕਿਉਂਕਿ ਇਸ ਸਮਾਰਕ ਦੀ ਅਜਿਹੀ ਹਾਲਤ ਆਪਣੇ-ਆਪ ਵਿਚ ਇਕ ਇਤਿਹਾਸ ਦੁਹਰਾਅ ਰਹੀ ਹੈ, ਜਿਸ ਨੂੰ ਜਾਣਨ ਅਤੇ ਸਮਝਣ ਲਈ ਸ਼ਾਇਦ ਇਸ ਦਾ ਇਸੇ ਹਾਲਤ ਵਿਚ ਰਹਿਣਾ ਜ਼ਰੂਰੀ ਹੈ।
ਇਹ ਸਮਾਰਕ, ਜਿਸ ਦੀ ਮੈਂ ਗੱਲ ਕਰ ਰਿਹਾ ਹਾਂ, ਇਹ ਕੁਝ ਵਰ੍ਹੇ ਪਹਿਲਾਂ ਤੱਕ ਦੀਵਾਨ ਲਖਪਤ ਰਾਇ ਦਾ ਸ਼ਾਹੀ ਤਾਲਾਬ ਹੋਇਆ ਕਰਦਾ ਸੀ, ਜਿਸ ਨੂੰ ਉਸ ਨੇ ਆਪਣੀ ਬਾਰਾਂਦਰੀ ਅਤੇ ਬਾਗ਼ ਦੇ ਬਿਲਕੁਲ ਪਾਸ ਬਣਵਾਇਆ ਸੀ। ਇਸ ਤਾਲਾਬ ਦਾ ਕੁਲ ਘੇਰਾ 450 ਫੁੱਟ ਹੈ ਅਤੇ ਲਾਹੌਰ ਵਾਲੇ ਇਸ ਨੂੰ ਸੁੱਕੇ ਤਾਲਾਬ ਦੇ ਨਾਂਅ ਨਾਲ ਸੰਬੋਧਨ ਕਰਦੇ ਹਨ। ਸੰਨ 1960 ਤੱਕ ਇਸ ਤਾਲਾਬ ਵਿਚ ਮੱਛੀਆਂ ਪਾਲੀਆਂ ਜਾਂਦੀਆਂ ਰਹੀਆਂ। ਬਾਅਦ ਵਿਚ ਤਾਲਾਬ ਦੇ ਸੁੱਕ ਜਾਣ 'ਤੇ ਕੁਝ ਲੋਕਾਂ ਨੇ ਨਜਾਇਜ਼ ਢੰਗ ਨਾਲ ਇਥੇ ਆਪਣੇ ਘਰ ਤੇ ਦੁਕਾਨਾਂ ਬਣਾ ਲਈਆਂ। ਸੰਨ 1980 ਤੋਂ ਬਾਅਦ ਉਪਰੋਕਤ ਦੁਕਾਨਾਂ ਅਤੇ ਘਰਾਂ ਨੂੰ ਇਥੋਂ ਹਟਾ ਦਿੱਤਾ ਗਿਆ। ਦੀਵਾਨ ਲਖਪਤ ਰਾਇ ਦੇ ਇਸ ਬਾਗ਼ ਦੇ ਇਕ ਪਾਸੇ ਅੱਜ ਇਕ ਕੁਸ਼ਤੀ ਅਖਾੜਾ ਮੌਜੂਦ ਹੈ, ਜਦੋਂ ਕਿ ਬਾਕੀ ਸਾਰੇ ਬਾਗ਼ ਅਤੇ ਫੁਹਾਰੇ ਵਾਲੇ ਸਥਾਨ ਨੂੰ ਕੂੜਾ-ਘਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਆਸ-ਪਾਸ ਦੀਆਂ ਦੁਕਾਨਾਂ ਵਾਲਿਆਂ ਨੇ ਦੱਸਿਆ ਕਿ ਪਾਕਿਸਤਾਨੀ ਕ੍ਰਿਕਟਰ ਸਰਫ਼ਰਾਜ਼ ਨਵਾਜ਼ ਤੇ ਵਸੀਮ ਅਕਰਮ ਇਸ ਗਰਾਊਂਡ ਵਿਚ ਸੈਂਕੜੇ ਮੈਚ ਖੇਡ ਚੁੱਕੇ ਹਨ।
ਦੀਵਾਨ ਲਖਪਤ ਰਾਇ ਦੇ ਉਪਰੋਕਤ ਬਾਗ਼, ਤਾਲਾਬ ਅਤੇ ਬਾਰਾਂਦਰੀ ਦੇ ਪਾਸ ਹੀ ਪਹਿਲਾਂ ਦੀਵਾਨ ਜਸਪਤ ਰਾਇ ਦਾ ਵਿਸ਼ਾਲ ਤਾਲਾਬ ਹੁੰਦਾ ਸੀ। ਉਸ ਦੇ ਤਾਲਾਬ ਦੀ ਜਗ੍ਹਾ 'ਤੇ ਹੁਣ ਰਿਹਾਇਸ਼ੀ ਕਾਲੋਨੀ ਬਣ ਚੁੱਕੀ ਹੈ, ਜਦੋਂ ਕਿ ਦੀਵਾਨ ਨਰਪਤ ਰਾਇ ਦਾ ਤਾਲਾਬ ਲਾਹੌਰ ਸੈਂਟਰਲ ਜੇਲ੍ਹ ਦੇ ਪਾਸ ਹੁੰਦਾ ਸੀ, ਜੋ ਹੁਣ ਆਬਾਦੀ ਗੌਲਾਂਵਾਲਾ ਸਰਾਂ ਦਾ ਹਿੱਸਾ ਬਣ ਚੁੱਕਾ ਹੈ।
ਅਸਲ ਵਿਚ ਦੀਵਾਨ ਲਖਪਤ ਰਾਇ ਖੱਤਰੀ ਕਲਾਨੌਰ ਦਾ ਰਹਿਣ ਵਾਲਾ ਸੀ। ਸੰਨ 1726 ਤੋਂ ਸੰਨ 1745 ਤੱਕ ਉਹ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਂ ਅਤੇ ਫਿਰ ਸੰਨ 1745 ਤੋਂ ਸੰਨ 1747 ਤੱਕ ਉਹ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਂ ਦਾ ਦੀਵਾਨ ਰਿਹਾ। ਕੁਝ ਸਮੇਂ ਲਈ ਉਹ ਅਹਿਮਦ ਸ਼ਾਹ ਦੂਰਾਨੀ ਦੇ ਹੁਕਮ ਨਾਲ ਲਾਹੌਰ ਦਾ ਹਾਕਮ ਵੀ ਰਿਹਾ। ਦੀਵਾਨ ਜਸਪਤ ਰਾਇ ਪਹਿਲਾਂ ਜਲੰਧਰ ਦਾ ਹਾਕਮ ਸੀ, ਬਾਅਦ ਵਿਚ ਸੂਬਾ ਲਾਹੌਰ ਜ਼ਕਰੀਆ ਖ਼ਾਂ ਨੇ ਉਸ ਨੂੰ ਏਮਨਾਬਾਦ ਛੋਟੇ ਪਰਗਨੇ ਦਾ ਹਾਕਮ ਬਣਾ ਦਿੱਤਾ। ਸੰਨ 1744 ਵਿਚ ਇਸ ਦੀ ਸਿੰਘਾਂ ਦੇ ਇਕ ਜਥੇ ਨਾਲ ਮੁਠਭੇੜ ਹੋ ਗਈ। ਨਿਬਾਹੂ ਸਿੰਘ ਰੰਘਰੇਟੇ ਨੇ ਗੁਜਰਾਂਵਾਲਾ ਦੇ ਪਾਸ ਪਿੰਡ ਬੱਦੋਕੀ ਗੁਸਾਈਆਂ ਦੇ ਮੁਕਾਮ 'ਤੇ ਜਸਪਤ ਰਾਇ ਦੇ ਹਾਥੀ 'ਤੇ ਚੜ੍ਹ ਕੇ ਇਸ ਦਾ ਸਿਰ ਵੱਢ ਦਿੱਤਾ।
ਜਸਪਤ ਰਾਇ ਦੀ ਮੌਤ ਦੇ ਬਾਅਦ ਲਖਪਤ ਰਾਇ ਹੱਥ ਧੋ ਕੇ ਸਿੱਖਾਂ ਦੇ ਪਿੱਛੇ ਪੈ ਗਿਆ ਅਤੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦਾ ਪ੍ਰਣ ਕਰ ਲਿਆ, ਜਿਸ ਦੇ ਚਲਦਿਆਂ ਇਸ ਨੇ ਵੱਡਾ ਲਾਮ-ਲਸ਼ਕਰ ਨਾਲ ਲੈ ਕੇ ਕਾਹਨੂੰਵਾਨ ਦੇ ਛੰਭ ਵਿਚ ਲੁਕੇ 7000 ਦੇ ਕਰੀਬ ਸਿੰਘਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਖਤਮ ਕਰ ਦਿੱਤਾ। ਇਸ ਘਟਨਾ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਇਸ ਦੇ ਬਾਅਦ ਇਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ ਅਤੇ ਅੰਮ੍ਰਿਤਸਰ ਵਿਚ ਸਿੱਖਾਂ ਦੇ ਦਾਖ਼ਲੇ 'ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ।
ਅੰਤ ਸੂਬੇਦਾਰ ਮੀਰ ਮੰਨੂ ਨੇ ਆਪਣੇ ਦੀਵਾਨ ਕੌੜਾ ਮੱਲ, ਜੋ ਕਿ ਗੁਰੂ ਭਗਤ ਹੋਣ ਦੇ ਨਾਲ-ਨਾਲ ਸਿੱਖਾਂ ਦਾ ਸਹਾਇਕ ਵੀ ਸੀ ਅਤੇ ਸਿੱਖ ਇਸ ਨੂੰ 'ਮਿੱਠਾ ਮੱਲ' ਨਾਂਅ ਨਾਲ ਸੰਬੋਧਨ ਕਰਦੇ ਸਨ, ਦੀ ਮੰਗ 'ਤੇ ਦੀਵਾਨ ਲਖਪਤ ਰਾਇ ਨੂੰ ਗ੍ਰਿਫ਼ਤਾਰ ਕਰਕੇ ਦੀਵਾਨ ਕੌੜਾ ਮੱਲ ਦੇ ਹਵਾਲੇ ਕਰ ਦਿੱਤਾ। ਕੌੜਾ ਮੱਲ ਨੇ ਅਗਾਂਹ ਦੀਵਾਨ ਲਖਪਤ ਰਾਇ ਸਿੱਖਾਂ ਨੂੰ ਸੌਂਪ ਦਿੱਤਾ। ਖ਼ਾਲਸੇ ਨੇ ਲਖਪਤ ਰਾਇ ਨੂੰ ਛੇ ਮਹੀਨੇ ਤੱਕ ਕੈਦ ਵਿਚ ਰੱਖ ਕੇ ਉਸ ਦੀ ਚੰਗੀ ਦੁਰਦਸ਼ਾ ਕੀਤੀ ਅਤੇ ਅੰਤ ਸੰਨ 1748 ਵਿਚ ਉਸ ਨੂੰ ਉਸ ਦੇ ਸਿੱਖਾਂ 'ਤੇ ਕੀਤੇ ਜ਼ੁਲਮਾਂ ਬਦਲੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰ ਵਿਚ ਗੁਸਤਾਖ਼ੀ ਕਰਨ ਬਦਲੇ ਮੌਤ ਦੇ ਘਾਟ ਉਤਾਰ ਦਿੱਤਾ।
ਇਤਿਹਾਸ ਨੇ ਕਰੀਬ ਢਾਈ ਸਦੀ ਬਾਅਦ ਖੁਦ ਨੂੰ ਦੁਹਰਾਉਂਦਿਆਂ ਦੀਵਾਨ ਲਖਪਤ ਰਾਇ ਸਮੇਤ ਜਸਪਤ ਰਾਇ ਤੇ ਨਰਪਤ ਰਾਇ ਦੀਆਂ ਯਾਦਗਾਰਾਂ ਦੀ ਉਹੀਓ ਹਾਲਤ ਬਣਾ ਦਿੱਤੀ ਹੈ, ਜੋ ਉਹ ਲੱਖ ਚਾਹ ਕੇ ਵੀ ਅੰਮ੍ਰਿਤ ਸਰੋਵਰ ਦੀ ਨਹੀਂ ਸੀ ਕਰ ਸਕਿਆ। ਦੀਵਾਨ ਲਖਪਤ ਰਾਇ ਨੇ ਤਾਂ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਨਾਲ ਪੂਰ ਦੇਣ ਦੀ ਗ਼ੁਸਤਾਖ਼ੀ ਕੀਤੀ ਸੀ, ਜਿਸ ਦੀ ਕਾਰਸੇਵਾ (ਇਹ ਅੰਮ੍ਰਿਤ ਸਰੋਵਰ ਦੀ ਤੀਜੀ ਕਾਰ ਸੇਵਾ ਸੀ) ਕਰਵਾ ਕੇ ਸਰੋਵਰ ਦੀ ਮੁੜ ਸਫ਼ਾਈ ਕਰਵਾ ਲਈ ਗਈ, ਜਦੋਂਕਿ ਅੱਜ ਉਸ ਦੇ ਲਾਹੌਰ ਵਿਚਲੇ ਉਪਰੋਕਤ ਵਿਸ਼ਾਲ ਤੇ ਆਲੀਸ਼ਾਨ ਤਾਲਾਬ ਦੀ ਅਜਿਹੀ ਹਾਲਤ ਹੋ ਗਈ ਹੈ ਕਿ ਲੱਖ ਯਤਨ ਕਰਕੇ ਵੀ ਉਸ ਦੀ ਪੁਰਾਣੀ ਹਾਲਤ ਨਹੀਂ ਪਰਤ ਸਕੀ। ਆਲਮ ਹੈ ਕਿ ਅੱਜ ਇਸ ਦੇ ਅੰਦਰ ਲੱਗੇ ਕਈ-ਕਈ ਫੁੱਟ ਉੱਚੇ ਗੰਦ ਤੇ ਕੂੜੇ ਦੇ ਢੇਰਾਂ ਅਤੇ ਉਥੋਂ ਆ ਰਹੀ ਬਦਬੂ ਦੇ ਕਾਰਨ ਇਥੋਂ ਨਿਕਲਣ ਵਾਲੇ ਤਾਮਾਮ ਰਾਹਗੀਰ ਨੱਕ ਢਕ ਕੇ ਅਤੇ ਮੂੰਹ ਮਰੋੜ ਕੇ ਲੰਘਦੇ ਹਨ ਅਤੇ ਕਿਤੇ ਨਾ ਕਿਤੇ ਨਾ ਚਾਹੁੰਦੇ ਹੋਏ ਵੀ ਦੀਵਾਨ ਲਖਪਤ ਰਾਇ ਅਤੇ ਉਸ ਦੀ ਇਸ ਯਾਦਗਾਰ ਨੂੰ ਵੀ ਕੌੜੇ ਸ਼ਬਦ ਬੋਲ ਜਾਂਦੇ ਹਨ।

ਸੁਰਿੰਦਰ ਕੋਛੜ
ਅੰਮ੍ਰਿਤਸਰ। ਫੋਨ : 7837849764, 9356127771
kochhar_asr@yahoo.co.in

- ਪ੍ਰੇਰਨਾ-ਸਰੋਤ-ਸਿੱਖਿਆ ਅਤੇ ਸਿਖਲਾਈ ਦਾ ਉਦੇਸ਼ ਹੈ ਮਨੁੱਖ ਦਾ ਨਿਰਮਾਣ


ਅਸੀਂ ਆਪਣੀ ਸਾਰੀ ਸ਼ਕਤੀ ਕੇਵਲ ਆਪਣੇ ਸਰੀਰ ਨੂੰ ਬਾਹਰੋਂ ਚਮਕਾਉਣ ਲਈ ਵਰਤ ਦਿੰਦੇ ਹਾਂ। ਸਵਾਮੀ ਵਿਵਾਕਨੰਦ ਜੀ 'ਚਰਿੱਤਰ ਨਿਰਮਾਣ' ਦੇ ਸਬੰਧ ਵਿਚ ਲਿਖਦੇ ਹਨ ਕਿ ਬਾਹਰੋਂ ਚਮਕਾਉਣ ਦਾ ਕੀ ਲਾਭ ਜੇ ਅੰਦਰ ਹੀ ਕੁਝ ਨਾ ਹੋਵੇ। ਸਾਰੀ ਸਿਖਲਾਈ ਦਾ ਉਦੇਸ਼ ਅਤੇ ਟੀਚਾ ਤਾਂ ਮਨੁੱਖ ਦਾ ਵਿਕਾਸ ਹੈ। ਜੋ ਵਿਅਕਤੀ ਦੂਜਿਆਂ 'ਤੇ ਆਪਣਾ ਚੁੰਬਕੀ ਪ੍ਰਭਾਵ ਪਾਉਂਦਾ ਹੈ, ਉਹ ਸ਼ਕਤੀ ਦਾ ਡਾਇਨਮੋ ਹੈ। ਅਜਿਹਾ ਵਿਅਕਤੀ ਇੱਛਾ-ਸ਼ਕਤੀ ਨਾਲ ਉਹ ਸਾਰੇ ਕਾਰਜ ਕਰ ਸਕਦਾ ਹੈ, ਜੋ ਉਹ ਚਾਹੁੰਦਾ ਹੈ।
ਜੇ ਅਸੀਂ ਇਤਿਹਾਸ ਦੇ ਮਹਾਂਨਾਇਕਾਂ ਜਾਂ ਮਹਾਂਪੁਰਸ਼ਾਂ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਚਲਦਾ ਹੈ ਕਿ ਕੇਵਲ ਉਨ੍ਹਾਂ ਦੀ ਸ਼ਖ਼ਸੀਅਤ ਨੇ ਹੀ ਪ੍ਰਭਾਵ ਪਾਇਆ ਹੈ। ਭੂਤਕਾਲ ਦੇ ਸਾਰੇ ਦਾਰਸ਼ਨਿਕਾਂ ਅਤੇ ਲੇਖਕਾਂ ਦੀ ਗੱਲ ਕਰਦੇ ਹਾਂ ਤਾਂ ਉਨ੍ਹਾਂ ਦੇ ਵਿਚਾਰ ਹੀ ਸਾਡੇ ਲਈ ਸਭ ਕੁਝ ਹਨ। ਅਸੀਂ ਲੇਖਕ ਨੂੰ ਦੇਖਦੇ ਨਹੀਂ ਪਰ ਉਸ ਦੀਆਂ ਲਿਖਤਾਂ ਰਾਹੀਂ ਉਸ ਦੀ ਮਹਾਨਤਾ ਸਾਨੂੰ ਪ੍ਰਭਾਵਿਤ ਕਰਦੀ ਹੈ। ਅਜਿਹੇ ਨਾਇਕਾਂ ਨੂੰ ਮਹਾਨ ਕਿਸ ਨੇ ਬਣਾਇਆ? ਕੇਵਲ ਉਨ੍ਹਾਂ ਦੇ ਵਿਚਾਰਾਂ ਜਾਂ ਲਿਖਤਾਂ ਨੇ ਨਹੀਂ, ਕੇਵਲ ਤੇ ਕੇਵਲ ਉਨ੍ਹਾਂ ਦੀ ਸ਼ਖ਼ਸੀਅਤ ਨੇ ਹੀ ਉਨ੍ਹਾਂ ਨੂੰ ਮਹਾਨ ਬਣਾਇਆ ਸੀ। ਅਸਫਲ ਹੋਣ 'ਤੇ ਦੂਜਿਆਂ ਨੂੰ ਦੋਸ਼ ਨਾ ਦਿਓ, ਨਾ ਹੀ ਕਿਸਮਤ ਨੂੰ ਦੋਸ਼ੀ ਮੰਨੋ। ਆਪਣੇ-ਆਪ ਨੂੰ ਪਛਾਣੋ, ਆਪਣੀ ਸ਼ਖ਼ਸੀਅਤ ਦਾ ਅਧਿਐਨ ਆਪਣੇ ਦਿਮਾਗ ਦੇ ਸੁਭਾਅ ਅਤੇ ਕਾਰਜ ਪ੍ਰਣਾਲੀ ਤੋਂ ਸ਼ੁਰੂ ਕਰੋ।

-ਸੰਜੀਵਨ ਸਿੰਘ ਡਢਵਾਲ,
ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। 94175-50741

ਅਤੀਤ ਨਾਲੋਂ ਬਦਲ ਗਈ ਹੈ ਅਜੋਕੀ ਅਕਾਲੀ ਰਾਜਨੀਤੀ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸ਼੍ਰੋਮਣੀ ਅਕਾਲੀ ਦਲ ਵੱਲੋਂ 24-25 ਫਰਵਰੀ 1996 ਈ: ਨੂੰ ਮੋਗਾ ਵਿਖੇ 75ਵੀਂ ਵਰ੍ਹੇਗੰਢ ਮਨਾਈ ਗਈ। ਮੋਗਾ ਵਿਚ ਹੋਏ ਇਕੱਠ ਨੇ ਅਕਾਲੀ ਦਲ ਨੂੰ ਮਜ਼ਬੂਤ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੁੱਚੇ ਪੰਜਾਬ ਵਿਚ ਮੀਟਿੰਗਾਂ ਕੀਤੀਆਂ ਗਈਆਂ। ਪੰਜਾਬ ਵਿਚ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ: ਪ੍ਰਕਾਸ਼ ਸਿੰਘ 'ਬਾਦਲ' ਦੇ ਅਕਾਲੀ ਦਲ ਨੂੰ ਬਹੁਮਤ ਮਿਲਿਆ ਅਤੇ ਸ: ਪ੍ਰਕਾਸ਼ ਸਿੰਘ ਬਾਦਲ 12 ਫਰਵਰੀ 1997 ਤੋਂ 26 ਫਰਵਰੀ 2002 ਈ: ਤੱਕ ਮੁੱਖ ਮੰਤਰੀ ਪੰਜਾਬ ਬਣੇ। ਇਹ ਪਹਿਲੀ ਵਾਰ ਸੀ ਜਦੋਂ ਸ਼੍ਰੋਮਣੀ ਅਕਾਲੀ ਦੇ ਮੁੱਖ ਮੰਤਰੀ ਨੇ ਪੰਜ ਸਾਲ ਪੂਰੇ ਕੀਤੇ ਹੋਣ। ਇਸੇ ਸਮੇਂ ਦੌਰਾਨ ਖ਼ਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ ਮਨਾਇਆ ਗਿਆ। ਪਰ ਸਿਆਸਤ ਦੀ ਖੇਡ ਬਹੁਤ ਗੰਦੀ ਖੇਡ ਹੈ। ਰਾਜਨੀਤੀ ਵਿਚ ਕੌਣ ਕਿਸ ਦਾ ਮਿੱਤਰ ਬਣ ਜਾਵੇ, ਕੌਣ ਕਿਸੇ ਦਾ ਦੁਸ਼ਮਣ, ਕੁਝ ਨਹੀਂ ਕਿਹਾ ਜਾ ਸਕਦਾ। ਇਸੇ ਸਮੇਂ ਸ: ਪ੍ਰਕਾਸ਼ ਸਿੰਘ 'ਬਾਦਲ' ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਨ੍ਹਾਂ ਨੇ ਇਕੱਠਿਆਂ ਰਲ ਕੇ ਸਰਕਾਰ ਬਣਾਈ ਸੀ ਵੱਖੋ-ਵੱਖ ਹੋ ਗਏ। ਸ: ਮਨਜੀਤ ਸਿੰਘ ਕਲਕੱਤਾ, ਸ: ਮਹੇਸ਼ਇੰਦਰ ਸਿੰਘ ਗਰੇਵਾਲ, ਸ: ਇੰਦਰਜੀਤ ਸਿੰਘ ਜ਼ੀਰਾ, ਸ: ਸੁਰਜੀਤ ਸਿੰਘ ਕੋਹਲੀ ਅਤੇ ਸ: ਹਰਮੇਲ ਸਿੰਘ 'ਟੌਹੜਾ' ਨੇ 'ਬਾਦਲ' ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਜਥੇਦਾਰ ਗੁਰਚਰਨ ਸਿੰਘ ਦੀ ਅਗਵਾਈ ਵਿਚ ਸਰਬਹਿੰਦ ਸ਼੍ਰੋਮਣੀ ਅਕਾਲੀ ਦਲ ਬਣ ਗਿਆ। ਸਤੰਬਰ 1999 ਦੀਆਂ ਲੋਕ ਸਭਾ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੀਆਂ 8 ਪੰਥਕ ਸੀਟਾਂ ਕਾਂਗਰਸ ਨੇ ਜਿੱਤ ਲਈਆਂ ਅਤੇ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਆਪਸੀ ਫੁੱਟ ਕਾਰਨ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਈ। ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀਆਂ ਸਰਗਰਮੀਆਂ ਜਾਰੀ ਰੱਖੀਆਂ ਅਤੇ ਫਿਰ ਸ: ਪ੍ਰਕਾਸ਼ ਸਿੰਘ ਬਾਦਲ 2 ਮਾਰਚ 2007 ਨੂੰ ਮੁੱਖ ਮੰਤਰੀ ਪੰਜਾਬ ਬਣੇ। ਇਸ ਸਰਕਾਰ ਵਿਚ ਸ: ਸੁਖਬੀਰ ਸਿੰਘ ਬਾਦਲ ਉੱਪ-ਮੁੱਖ ਮੰਤਰੀ ਪੰਜਾਬ ਸਨ। ਸ: ਸੁਖਬੀਰ ਸਿੰਘ ਬਾਦਲ ਜਨਵਰੀ 2008 ਈ: ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ। ਸ: ਸੁਖਬੀਰ ਸਿੰਘ ਬਾਦਲ ਨੇ ਜਥੇਬੰਦੀ ਵਿਚ ਨਵਾਂ ਉਤਸ਼ਾਹ ਪੈਦਾ ਕਰ ਦਿੱਤਾ। ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 2009 ਈ: ਨੂੰ ਲੜੀਆਂ ਗਈਆਂ ਲੋਕ ਸਭਾ ਚੋਣਾਂ, 2011 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, 2012 ਵਿਚ ਵਿਧਾਨ ਸਭਾ ਦੀਆਂ ਚੋਣਾਂ, 2013 ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਇਨ੍ਹਾਂ ਚੋਣਾਂ ਤੋਂ ਇਲਾਵਾ ਅੰਮ੍ਰਿਤਸਰ ਦੱਖਣੀ, ਨੂਰਮਹਿਲ, ਬਨੂੜ, ਕਾਹਨੂੰਵਾਨ, ਜਲਾਲਾਬਾਦ ਅਤੇ ਮੋਗਾ ਦੀਆਂ ਚੋਣਾਂ ਨੇ ਸ: ਸੁਖਬੀਰ ਸਿੰਘ ਬਾਦਲ ਦੀ ਹਿੰਮਤ ਅਤੇ ਦਲੇਰੀ ਦੇ ਝੰਡੇ ਸਾਰੇ ਪੰਜਾਬ ਵਿਚ ਝੁਲਾ ਦਿੱਤੇ। ਇਹ ਪੰਜਾਬ ਵਿਚ ਦੂਜੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜ ਸਾਲ ਪੂਰੇ ਕੀਤੇ ਅਤੇ ਪਹਿਲੀ ਵਾਰ ਹੈ ਕਿ ਲਗਾਤਾਰ ਦੂਜੀ ਵਾਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ। ਇਸ ਸਮੇਂ ਸ: ਸੁਖਬੀਰ ਸਿੰਘ 'ਬਾਦਲ' ਅਕਾਲੀ ਦਲ ਦੀ ਰਾਜਨੀਤੀ ਦਾ ਥੰਮ੍ਹ ਹੈ ਜਿਸ ਦੁਆਲੇ ਅਕਾਲੀ ਰਾਜਨੀਤੀ ਘੁੰਮਦੀ ਹੈ ਅਤੇ ਧੜਾਧੜ ਵਿਰੋਧੀ ਜਥੇਬੰਦੀਆਂ ਦੇ ਮੈਂਬਰ ਅਤੇ ਨੁਮਾਇੰਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼ਾਮਿਲ ਹੋ ਰਹੇ ਹਨ। ਅੱਜ ਦੇ ਸਮੇਂ ਵਿਚ ਸ: ਸੁਖਬੀਰ ਸਿੰਘ ਬਾਦਲ ਜਿਹਾ ਨਿਡਰ, ਉਤਸ਼ਾਹੀ, ਧੜੱਲੇਦਾਰ ਨੇਤਾ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਰਾਜਨੀਤੀ ਵਿਚ ਹੀ ਨਹੀਂ ਸਗੋਂ ਪੰਜਾਬ ਦੀ ਕਿਸੇ ਰਾਜਨੀਤਕ ਪਾਰਟੀ ਵਿਚ ਵੀ ਨਹੀਂ ਹੈ।
ਅੱਜ ਦੀ ਰਾਜਨੀਤੀ ਬਹੁਤ ਮਹਿੰਗੀ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣਾ ਅਤੇ ਅੱਜ ਦੀ ਮੌਜੂਦਾ ਸਥਿਤੀ ਨੂੰ ਸਮਝਦੇ ਹੋਏ ਅਕਾਲੀ ਦਲ ਨੂੰ ਇਕਜੁੱਟ ਰੱਖ ਕੇ ਅੱਗੇ ਤੋਰਨਾ ਸੌਖਾ ਨਹੀਂ ਹੈ। ਟਕਸਾਲੀ ਅਕਾਲੀ ਸਿੰਘਾਂ ਅਤੇ ਨਵੇਂ ਅਕਾਲੀ ਵਰਕਰਾਂ ਨੂੰ ਇਕ ਸੰਤੁਲਨ ਵਿਚ ਲੈ ਕੇ ਚੱਲਣਾ ਆਮ ਵਿਅਕਤੀ ਦਾ ਕੰਮ ਨਹੀਂ। ਅਕਾਲੀ ਰਾਜਨੀਤੀ ਪਹਿਲਾਂ ਕੁਰਬਾਨੀ ਕਰਨ ਵਾਲੇ, ਸਿੱਧੇ ਸਾਦੇ, ਸੇਵਾ ਭਾਵਨਾ ਵਾਲੇ, ਤਿਆਗੀ ਲੋਕਾਂ ਦੀ ਰਾਜਨੀਤੀ ਸੀ ਪਰ ਅੱਜ ਜ਼ਿਆਦਾ ਖੇਡ ਧੰਨ ਦੌਲਤ ਵਾਲਿਆਂ ਦੀ ਹੈ। ਅੱਜ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਹਨ ਕਿ ਪਤਾ ਨਹੀਂ ਲੱਗਦਾ ਕਿ ਕਿਹੜਾ ਟਪੂਸੀ ਮਾਰ ਕੇ ਕਿਹੜੇ ਪਾਸੇ ਚਲਾ ਜਾਵੇ। ਅੱਜ ਰਾਜਸੀ ਖੇਤਰ ਵਿਚ ਵਿਚਰਦੇ ਰਹਿਣ ਲਈ ਕੱਛੂ-ਕੁੰਮੇ ਦੀ ਚਮੜੀ, ਮਗਰਮੱਛ ਦੀਆਂ ਅੱਖਾਂ, ਸੱਪ ਵਾਲੀ ਬਿਰਤੀ, ਠੂਹੇ ਵਾਲਾ ਡੰਗ ਅਤੇ ਵੇਸਵਾ ਵਾਲੀ ਮੁਸਕਰਾਹਟ ਦੀ ਲੋੜ ਹੈ। ਅੱਜ ਪੰਜਾਬ ਵਿਚਲੀ ਅਕਾਲੀ ਰਾਜਨੀਤੀ ਦਾ ਵਿਸ਼ਲੇਸ਼ਣ ਕਰੀਏ ਤਾਂ ਨੇੜ ਭਵਿੱਖ ਵਿਚ ਅਕਾਲੀ ਰਾਜਨੀਤੀ ਅੰਦਰ ਸ: ਸੁਖਬੀਰ ਸਿੰਘ ਬਾਦਲ ਜਿਹਾ ਰਾਜਨੀਤਕ ਨੇਤਾ ਨੇੜੇ-ਤੇੜੇ ਨਜ਼ਰ ਨਹੀਂ ਆਉਂਦਾ। ਅਕਾਲੀ ਰਾਜਨੀਤੀ ਨੂੰ ਸਮਝਣਾ ਹਰ ਇਕ ਦੇ ਵਸ ਦੀ ਗੱਲ ਨਹੀਂ ਹੈ। ਪਿੰਡ ਦੀ ਸੱਥ ਤੋਂ ਚੰਡੀਗੜ੍ਹ ਦੇ ਸੈਕਟਰੀਏਟ ਤੱਕ ਚੱਲਣ ਵਾਲੀ ਅਕਾਲੀ ਰਾਜਨੀਤੀ ਨੂੰ ਸਮਝਣ ਵਾਲਾ ਹੀ ਅਕਾਲੀ ਨੇਤਾ ਹੈ। ਪਰ ਫਿਰ ਵੀ ਸੱਥ ਵਿਚ ਬੈਠੇ ਜਥੇਦਾਰ ਅਕਾਲੀ ਰਾਜਨੀਤੀ ਦੀ ਗੱਲ ਚਲਾ ਕੇ ਕੀ ਚੱਕਰ ਚਲਾ ਦੇਣ, ਇਸ ਨੂੰ ਜੋ ਸਮਝ ਗਿਆ ਉਸ ਨੂੰ ਅਕਾਲੀ ਰਾਜਨੀਤੀ ਦਾ ਗਿਆਤਾ ਕਿਹਾ ਜਾ ਸਕਦਾ ਹੈ। (ਸਮਾਪਤ)

ਹਰਵਿੰਦਰ ਸਿੰਘ ਖਾਲਸਾ
-ਬਠਿੰਡਾ। ਮੋਬਾ: 98155-33725

 

ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ -56

-ਹਜ਼ਰਮੀ ਦਾ ਮਰਨਾ-
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਹੁਣ ਹਜ਼ਰਤ ਮੁਹੰਮਦ ਸਾਹਿਬ ਕੁਰੈਸ਼ ਦੀਆਂ ਚਾਲਾਂ ਤੋਂ ਚੁਕੰਨੇ ਹੋ ਗਏ ਸਨ ਅਤੇ ਹਰ ਸਮੇਂ ਆਪਣੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਦੀ ਖ਼ਬਰ ਰੱਖਣੀ ਚਾਹੁੰਦੇ ਸਨ। ਉਹ ਸਭ ਤੋਂ ਵੱਧ ਇਸ ਗੱਲ ਉੱਤੇ ਧਿਆਨ ਦਿੰਦੇ ਸਨ ਕਿ ਕੁਰੈਸ਼ ਵਾਲੇ ਅੱਜਕਲ੍ਹ ਕੀ ਕਰ ਰਹੇ ਹਨ। ਸੰਨ 2 ਹਿਜਰੀ ਮੁਤਾਬਕ ਜਨਵਰੀ 624 ਈ: ਵਿਚ ਹਜ਼ਰਤ ਮੁਹੰਮਦ ਸਾਹਿਬ ਨੇ ਅਬਦੁੱਲਾਹ ਪੁੱਤਰ ਜਹਸ਼ ਦੀ ਸਰਦਾਰੀ ਅਧੀਨ 12 ਆਦਮੀਆਂ ਦਾ ਇਕ ਦਸਤਾ ਬਤਨ ਨਖ਼ਲਾ ਵੱਲ ਘੱਲਿਆ। ਇਹ ਸਥਾਨ ਮੱਕੇ ਅਤੇ ਤਾਇਫ਼ ਦੇ ਵਿਚਕਾਰ ਪੈਂਦਾ ਸੀ।
ਹਜ਼ਰਤ ਮੁਹੰਮਦ ਸਾਹਿਬ ਨੇ ਅਬਦੁੱਲਾਹ ਨੂੰ ਇਕ ਚਿੱਠੀ ਦੇ ਕੇ ਤੋਰਿਆ ਅਤੇ ਆਖਿਆ ਕਿ ਇਸ ਨੂੰ ਦੋ ਦਿਨਾਂ ਬਾਅਦ ਖੋਲ੍ਹਿਆ ਜਾਵੇ। ਜਦੋਂ ਦੋ ਦਿਨ ਬਾਅਦ ਚਿੱਠੀ ਖੋਲ੍ਹੀ ਗਈ ਤਾਂ ਉਸ ਉੱਤੇ ਲਿਖਿਆ ਸੀ ਕਿ ਨਖ਼ਲਾ ਵਿਚ ਠਹਿਰੋ ਅਤੇ ਕੁਰੈਸ਼ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੋ ਅਤੇ ਇਸ ਦੀ ਸੂਚਨਾ ਮਦੀਨੇ ਭੇਜੋ। ਅਬਦੁੱਲਾਹ ਨੇ ਚਿੱਠੀ ਪੜ੍ਹੀ ਅਤੇ ਆਪਣੇ ਸਾਥੀਆਂ ਨੂੰ ਆਖਿਆ ਕਿ ਮੈਂ ਕਿਸੇ ਉੱਤੇ ਇਹ ਫ਼ੈਸਲਾ ਜ਼ਬਰਦਸਤੀ ਨਹੀਂ ਥੋਪਣਾ ਚਾਹੁੰਦਾ। ਜਿਸ ਨੂੰ ਸ਼ਹੀਦ ਹੋਣਾ ਮਨਜ਼ੂਰ ਹੈ, ਉਹ ਮੇਰੇ ਨਾਲ ਚੱਲੇ ਅਤੇ ਜਿਸ ਨੂੰ ਮਨਜ਼ੂਰ ਨਹੀਂ, ਉਹ ਵਾਪਸ ਮਦੀਨੇ ਚਲਿਆ ਜਾਵੇ। ਜਦੋਂ ਉਹ ਇਹ ਕਹਿ ਕੇ ਤੁਰਨ ਲੱਗਿਆ ਤਾਂ ਸਭ ਨੇ ਉਸ ਦਾ ਸਾਥ ਦੇਣਾ ਸਵੀਕਾਰ ਕਰ ਲਿਆ ਅਤੇ ਨਾਲ ਤੁਰ ਪਏ।
ਹਜ਼ਰਤ ਅਬਦੁੱਲਾਹ ਪੁੱਤਰ ਜਹਿਸ਼ ਲੰਬਾ ਸਫ਼ਰ ਤੈਅ ਕਰਕੇ ਨਖ਼ਲਾ ਪਹੁੰਚੇ। ਅਚਾਨਕ ਉਨ੍ਹਾਂ ਨੂੰ ਕੁਰੈਸ਼ ਦਾ ਇਕ ਕਾਫ਼ਲਾ ਮਿਲ ਗਿਆ, ਜਿਹੜਾ ਚਮੜਾ, ਕਿਸ਼ਮਿਸ਼ ਅਤੇ ਵਪਾਰ ਦਾ ਦੂਜਾ ਸਾਮਾਨ ਲੈ ਕੇ ਜਾ ਰਿਹਾ ਸੀ। ਇਸ ਕਾਫ਼ਲੇ ਵਿਚ ਅਬਦੁੱਲਾ ਪੁੱਤਰ ਮੁਗ਼ੀਰਾ ਦੇ ਦੋ ਪੁੱਤਰ ਉਸਮਾਨ ਅਤੇ ਨੋਫਲ ਤੋਂ ਇਲਾਵਾ ਉਮਰੂ ਪੁੱਤਰ ਹਜ਼ਮੀ ਅਤੇ ਹਕੀਮ ਪੁੱਤਰ ਕੇਸਾਨ ਵੀ ਸ਼ਾਮਿਲ ਸਨ। ਮੁਸਲਮਾਨਾਂ ਨੇ ਸਲਾਹ ਕੀਤੀ ਕਿ ਕੀ ਕੀਤਾ ਜਾਵੇ। ਅੱਜ ਹਰਾਮ ਮਹੀਨੇ ਦਾ ਆਖ਼ਰੀ ਦਿਨ ਹੈ, ਜੇ ਲੜਾਈ ਕਰਦੇ ਹਾਂ ਤਾਂ ਮਹੀਨੇ ਦੀ ਬੇਹੁਰਮਤੀ ਹੁੰਦੀ ਹੈ ਅਤੇ ਜੇ ਰਾਤ ਮੁੱਕਣ ਦੀ ਉਡੀਕ ਕਰਦੇ ਹਾਂ ਤਾਂ ਇਹ ਕਾਫ਼ਲਾ ਮੱਕੇ ਦੀ ਹੱਦ ਵਿਚ ਪਹੁੰਚ ਜਾਵੇਗਾ।
ਹਮਲਾ ਕਰਨ ਲਈ ਸਭ ਦੀ ਰਾਇ ਬਣ ਜਾਣ ਤੋਂ ਬਾਅਦ ਇਕ ਮੁਸਲਮਾਨ ਨੇ ਉਮਰੂ ਪੁੱਤਰ ਹਜ਼ਮੀ ਨੂੰ ਤੀਰ ਮਾਰਿਆ ਅਤੇ ਉਹ ਉੱਥੇ ਹੀ ਢੇਰ ਹੋ ਗਿਆ। ਉਸਮਾਨ ਅਤੇ ਹਕੀਮ ਨੂੰ ਫੜ ਲਿਆ ਗਿਆ ਅਤੇ ਕਾਫ਼ਲੇ ਦਾ ਤਜਾਰਤੀ ਮਾਲ ਜ਼ਬਤ ਕਰ ਲਿਆ ਗਿਆ। ਜਦੋਂ ਹਜ਼ਰਤ ਅਬਦੁੱਲਾਹ ਨੇ ਮਦੀਨੇ ਪਰਤ ਕੇ ਇਹ ਖ਼ਬਰ ਦਿੱਤੀ ਅਤੇ ਜ਼ਬਤ ਕੀਤਾ ਮਾਲ ਹਜ਼ੂਰ ਦੇ ਸਾਹਮਣੇ ਪੇਸ਼ ਕੀਤਾ ਤਾਂ ਹਜ਼ਰਤ ਮੁਹੰਮਦ ਸਾਹਿਬ ਨੇ ਵਪਾਰਕ ਕਾਫ਼ਲੇ ਦਾ ਲੁੱਟਿਆ ਮਾਲ ਲੈਣ ਤੋਂ ਇਨਕਾਰ ਕਰਦਿਆਂ ਆਖਿਆ, 'ਮੈਂ ਤੁਹਾਨੂੰ ਇਸ ਦੀ ਇਜਾਜ਼ਤ ਤਾਂ ਨਹੀਂ ਸੀ ਦਿੱਤੀ।' ਕਿਉਂ ਜੋ ਇਸ ਘਟਨਾ ਵਿਚ ਮਾਰਿਆ ਜਾਣ ਵਾਲਾ ਅਤੇ ਫੜੇ ਜਾਣ ਵਾਲੇ ਦੋਵੇਂ ਬੰਦੇ ਕੁਰੈਸ਼ ਦੇ ਪਤਵੰਤੇ ਪਰਿਵਾਰਾਂ ਨਾਲ ਸਬੰਧਤ ਸਨ, ਇਸ ਲਈ ਕੁਰੈਸ਼ ਨੂੰ ਇਹ ਪ੍ਰਾਪੇਗੰਡਾ ਕਰਨ ਦਾ ਮੌਕਾ ਮਿਲ ਗਿਆ ਕਿ ਮੁਸਲਮਾਨਾਂ ਨੇ ਲੜਾਈ ਲਈ ਰੱਬ ਦੇ ਹਰਾਮ ਕੀਤੇ ਹੋਏ ਮਹੀਨੇ ਨੂੰ ਹਲਾਲ ਕਰ ਲਿਆ ਹੈ। (ਬਾਕੀ ਅਗਲੇ ਅੰਕ 'ਚ)

ਨੂਰ ਮੁਹੰਮਦ ਨੂਰ
-ਮੋਬਾ: 98555-51359

 

ਬਾਬਾ ਬੁੱਢਾ ਜੀ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਮਨਾਇਆ

ਇਤਿਹਾਸਕ ਗੁਰਦੁਆਰਾ ਬੀੜ ਬਾਬਾ ਬੱਢਾ ਸਾਹਿਬ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ 21 ਅੱਸੂ ਤੋਂ ਲੈ ਕੇ 23 ਅੱਸੂ 5 ਅਕਤੂਬਰ ਤੋਂ 7 ਅਕਤੂਬਰ ਤੱਕ ਬੜੀ ਸ਼ਰਧਾ ਨਾਲ ਮਨਾਇਆ ਗਿਆ। ਬਾਬਾ ਬੁੱਢਾ ਜੀ ਨੇ ਇਸ ਅਸਥਾਨ 'ਤੇ ਗੁਰੂ-ਘਰ ਦੀ ਅਥਾਹ ਸੇਵਾ ਕੀਤੀ। ਬਾਬਾ ਬੁੱਢਾ ਜੀ ਨੇ ਸਿੱਖ ਇਤਿਹਾਸ ਵਿਚ ਬਹੁਤ ਵੱਡਾ ਰੁਤਬਾ ਹਾਸਲ ਕੀਤਾ। ਬਾਬਾ ਜੀ ਨੂੰ ਪੰਜ ਗੁਰੂ ਸਾਹਿਬਾਨ ਨੂੰ ਗੁਰਤਾਗੱਦੀ ਦਾ ਤਿਲਕ ਲਗਾਉਣ ਅਤੇ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਹੋਣ ਦਾ ਮਾਣ ਹਾਸਲ ਹੋਇਆ। ਬਾਬਾ ਬੁੱਢਾ ਸਾਹਿਬ 125 ਸਾਲ ਦੀ ਆਰਜਾ ਭੋਗ ਕੇ ਇਸ ਸੰਸਾਰ ਤੋਂ ਗਏ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੰਮ੍ਰਿਤਸਰ ਸਾਹਿਬ ਤੋਂ 22 ਕੋਹ ਪੈਦਲ ਲੱਸੀ ਅਤੇ ਮਿੱਸੇ ਪ੍ਰਸ਼ਾਦੇ ਲੈ ਕੇ ਇਸ ਅਸਥਾਨ 'ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਦਾ ਵਰ ਲੈਣ ਲਈ ਪਹੁੰਚੇ ਸਨ। ਬਾਬਾ ਜੀ ਨੇ 21 ਅੱਸੂ ਨੂੰ ਗੰਢਾ ਭੰਨ ਕੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਇਤਿਹਾਸਕ ਦਿਨ ਹਰ ਸਾਲ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਪਹਿਲਾਂ ਇਸ ਅਸਥਾਨ 'ਤੇ ਇਕ ਛੋਟਾ ਜਿਹਾ ਕੋਠਾ ਹੁੰਦਾ ਸੀ। ਇਲਾਕੇ ਦੀ ਸੰਗਤ ਨੇ ਕਾਰ ਸੇਵਾ ਦੇ ਸੰਚਾਲਕ ਬਾਬਾ ਗੁਰਮੁਖ ਸਿੰਘ ਪਾਸ ਗੁਰਦੁਆਰਾ ਡੇਹਰਾ ਸਾਹਿਬ ਦੇ ਅਥਸਾਨ 'ਤੇ ਜਾ ਕੇ ਮੰਗ ਕੀਤੀ ਕਿ ਬਾਬਾ ਬੁੱਢਾ ਜੀ ਦਾ ਇਤਿਹਾਸ ਬਹੁਤ ਮਹਾਨ ਹੈ। ਸੰਗਤਾਂ ਦੀ ਬੇਨਤੀ ਸਵੀਕਾਰ ਕਰਦੇ ਹੋਏ ਬਾਬਾ ਖੜਕ ਸਿੰਘ ਨੂੰ ਇਸ ਸੇਵਾ ਦੀ ਜ਼ਿੰਮੇਵਾਰੀ ਸੌਂਪ ਕੇ ਇਸ ਅਸਥਾਨ 'ਤੇ ਭੇਜਿਆ। ਬਾਬਾ ਖੜਕ ਸਿੰਘ ਨੇ ਇਸ ਅਸਥਾਨ 'ਤੇ ਗੁਰਦੁਆਰਾ ਸਾਹਿਬ, ਲੰਗਰ ਹਾਲ, ਦੀਵਾਨ ਹਾਲ, ਸਰੋਵਰ, ਸਰਾਂ ਅਤੇ ਖਾਲਸਾ ਹਾਇਰ ਸੈਕੰਡਰੀ ਸਕੂਲ ਅਤੇ ਬਾਬਾ ਬੁੱਢਾ ਜੀ ਕਾਲਜ ਦਾ ਨਿਰਮਾਣ ਕਰਵਾਇਆ। 30 ਮਈ 1986 ਨੂੰ ਬਾਬਾ ਖੜਕ ਸਿੰਘ ਪ੍ਰਲੋਕ ਸੁਧਾਰ ਗਏ ਅਤੇ ਰਹਿੰਦੇ ਸੇਵਾ ਦੇ ਕੰਮ ਬਾਬਾ ਦਰਸ਼ਨ ਸਿੰਘ ਵੱਲੋਂ ਨਿਭਾਏ ਗਏ। ਇਸ ਵਾਰ ਬਾਬਾ ਬੁੱਢਾ ਜੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਗਿਆ। 21 ਅੱਸੂ ਨੂੰ ਦੀਵਾਨ ਹਾਲ ਅਤੇ ਗੁਰਦੁਆਰਾ ਸੰਤ ਨਿਵਾਸ 'ਤੇ ਬੜੀ ਵੱਡੀ ਪੱਧਰ 'ਤੇ ਦੀਵਾਨ ਸਜਾਏ ਗਏ, ਜਿਸ ਵਿਚ ਕੌਮ ਦੇ ਮਹਾਨ ਰਾਗੀ, ਢਾਡੀ, ਕਵੀਸ਼ਰਾਂ ਨੇ ਬਾਬਾ ਜੀ ਦੇ ਜੀਵਨ 'ਤੇ ਚਾਨਣਾ ਪਾਇਆ। ਕੌਮ ਦੇ ਮਹਾਨ ਵਿਦਵਾਨ ਭਾਈ ਪਿੰਦਰਪਾਲ ਸਿੰਘ ਵੱਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ 'ਤੇ ਗੁਰਦੁਆਰਾ ਕਮੇਟੀ ਦੇ ਮੈਨੇਜਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਮਨਜੀਤ ਸਿੰਘ ਨੇ ਲਗਾਤਾਰ ਮੇਲੇ ਦੀ ਹਾਜ਼ਰੀ ਭਰੀ।
ਮੇਲੇ ਦੇ ਆਖਰੀ ਦਿਨ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਕਬੱਡੀ ਦੀ ਟੀਮ ਨੇ ਮੈਚ ਖੇਡ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਮੇਲੇ 'ਤੇ ਧਾਰਮਿਕ ਨਾਟਕ ਵੀ ਖੇਡੇ ਗਏ, 21 ਅੱਸੂ ਦੇ ਦਿਹਾੜੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਬੀੜ ਬਾਬਾ ਬੁੱਢਾ ਸਾਹਿਬ ਤੋਂ ਨਗਰ ਕੀਤਰਨ ਸ਼ੁਰੂ ਹੋ ਕੇ ਝਬਾਲ, ਬਘਿਆੜੀ ਹੁੰਦਾ ਹੋਇਆ ਦੀਵਾਨ ਅਸਥਾਨ 'ਤੇ ਪਹੁੰਚਿਆ। ਮਾਝੇ ਵਿਚ ਇਹ ਜੋੜ ਮੇਲਾ ਆਪਣਾ ਵਿਸ਼ੇਸ਼ ਯੋਗ ਸਥਾਨ ਰੱਖਦਾ ਹੈ।

ਗੁਰਚਰਨ ਸਿੰਘ ਠੱਠਗੜ੍ਹ
-ਮੋਬਾ: 98724-56446

 

ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਮੈਣੀ ਸੰਗਤ, ਪਟਨਾ ਸਾਹਿਬ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਲ-ਅਵਸਥਾ ਦੀ ਇਕ ਅਤਿਅੰਤ ਸਨੇਹ ਭਰੀ ਘਟਨਾ ਹੈ ਉਨ੍ਹਾਂ ਦਾ ਰਾਣੀ ਵਿਸੰਭਰਾ ਦੇਵੀ ਪ੍ਰਤੀ ਪਿਆਰ ਤੇ ਸਤਿਕਾਰ। ਪਟਨੇ ਦੀ ਧਰਤੀ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਕਾਸ਼ ਧਾਰਿਆ ਅਤੇ ਆਪਣੇ ਬਚਪਨ ਦੇ ਬਹੁਤ ਹੀ ਕੀਮਤੀ ਸੱਤ ਸਾਲ ਇਥੇ ਬਿਤਾਏ। ਇਸ ਧਰਤੀ 'ਤੇ ਕਈ ਪ੍ਰਕਾਰ ਦੇ ਚੋਜ ਕਰਦੇ ਹੋਏ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ-ਦੀਦਾਰੇ ਦੇ ਕੇ ਨਿਹਾਲ ਕਰਦੇ ਰਹੇ। 
ਗੁਰੂ ਸਾਹਿਬ ਜਦ ਪਟਨਾ ਸਾਹਿਬ ਦੀ ਧਰਤੀ ਨੂੰ ਛੱਡ ਕੇ ਜਾਣ ਲੱਗੇ ਤਾਂ ਰਾਜਾ ਫਤਹਿ ਚੰਦ ਮੈਣੀ ਅਤੇ ਰਾਣੀ ਵਿਸੰਭਰਾ ਨੇ ਆ ਕੇ ਬੇਨਤੀ ਕੀਤੀ ਕਿ ਤੁਸੀਂ ਸਾਡੇ ਧਰਮ ਦੇ ਪੁੱਤਰ ਹੋ। ਅਸੀਂ ਤੁਹਾਡੇ ਤੋਂ ਬਿਨਾਂ ਕਿਸ ਤਰ੍ਹਾਂ ਰਹਾਂਗੇ? ਗੁਰੂ ਸਾਹਿਬ ਨੇ ਬਚਨ ਕੀਤੇ, 'ਆਪ ਜੀ ਨੇ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਸੰਗਤ ਕਰਕੇ ਪੂੜੀਆਂ ਅਤੇ ਭੁੰਗਣੀਆਂ ਦਾ ਪ੍ਰਸਾਦਿ ਤਿਆਰ ਕਰਕੇ ਅਰਦਾਸ ਕਰਨੀ ਅਤੇ ਛੋਟੇ-ਛੋਟੇ ਬੱਚਿਆਂ ਦੀ ਪੰਗਤ ਲਗਾ ਕੇ ਉਨ੍ਹਾਂ ਨੂੰ ਪ੍ਰਸਾਦਿ ਛਕਾਉਣਾ, ਅਸੀਂ ਉਨ੍ਹਾਂ ਵਿਚ ਹਾਜ਼ਰ-ਨਾਜ਼ਰ ਮਿਲਾਂਗੇ।'
ਰਾਜਾ ਅਤੇ ਰਾਣੀ ਸਮਾਂ ਪਾ ਕੇ ਬਜ਼ੁਰਗ ਅਵਸਥਾ ਤੱਕ ਪਹੁੰਚ ਗਏ। ਉਨ੍ਹਾਂ ਅਨੰਦਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਹੁਣ ਕਾਫੀ ਬਿਰਧ ਹੋ ਚੁੱਕੇ ਹਾਂ ਤੇ ਅੱਜ ਤੱਕ ਤੁਹਾਡੇ ਹੁਕਮ ਅਨੁਸਾਰ ਪੂੜੀਆਂ ਤੇ ਭੁੰਗਣੀਆਂ ਦਾ ਪ੍ਰਸਾਦਿ ਅਰਦਾਸ ਕਰਨ ਤੋਂ ਬਾਅਦ ਛੋਟੇ-ਛੋਟੇ ਬੱਚਿਆਂ ਦੀ ਪੰਗਤ ਲਗਾ ਕੇ ਵਰਤਾਉਂਦੇ ਰਹੇ ਹਾਂ ਪਰ ਹੁਣ ਅਸੀਂ ਬਿਰਧ ਅਵਸਥਾ ਵਿਚ ਕਿਵੇਂ ਕਰਾਂਗੇ? ਗੁਰੂ ਸਾਹਿਬ ਨੇ ਨਿਰਮਲੇ ਸੰਤਾਂ ਨੂੰ ਬੁਲਾਇਆ ਅਤੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਮੁੱਖ ਪੰਨੇ ਦੇ ਬਾਹਰ ਆਪਣੇ ਤੀਰ ਦੀ ਨੋਕ ਦੇ ਨਾਲ ਮੂਲ ਮੰਤਰ ਲਿਖ ਕੇ ਉਨ੍ਹਾਂ ਨੂੰ ਧਰਮ ਦੇ ਪ੍ਰਚਾਰ ਲਈ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਵਿਖੇ ਪਟਨਾ ਸਾਹਿਬ ਦੀ ਧਰਤੀ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ੀ ਅਤੇ ਬਚਨ ਕੀਤੇ ਕਿ ਭੁੰਗਣੀਆਂ ਅਤੇ ਪੂੜੀਆਂ ਦੇ ਪ੍ਰਸਾਦਿ ਨੂੰ ਵੰਡਣ ਦੀ ਪਰੰਪਰਾ ਨੂੰ ਕਾਇਮ ਰੱਖਿਆ ਜਾਵੇ। ਇਸ ਤਰ੍ਹਾਂ ਰਾਜੇ ਤੇ ਰਾਣੀ ਦੀ ਮਨੋਕਾਮਨਾ ਪੂਰੀ ਹੋਈ। ਅੱਜ ਵੀ ਇਸ ਸਥਾਨ ਉੱਪਰ ਅੰਮ੍ਰਿਤ ਵੇਲੇ ਦੀ ਪਹਿਲੀ ਅਰਦਾਸ ਉਪਰੰਤ ਇਲਾਕੇ ਦੇ ਛੋਟੇ-ਛੋਟੇ ਬੱਚਿਆਂ ਦੀ ਪੰਗਤ ਲਗਦੀ ਹੈ ਅਤੇ ਉਨ੍ਹਾਂ ਬੱਚਿਆਂ ਵਿਚ ਪੂੜੀਆਂ ਅਤੇ ਭੁੰਗਣੀਆਂ ਦਾ ਪ੍ਰਸਾਦਿ ਵਰਤਾ ਕੇ ਬਾਕੀ ਸੰਗਤ ਨੂੰ ਵਰਤਾਇਆ ਜਾਂਦਾ ਹੈ। ਜਿਸ ਕਮਰੇ ਵਿਚ ਗੁਰੂ ਸਾਹਿਬ ਰਾਣੀ ਦੀ ਗੋਦ ਵਿਚ ਬਿਰਾਜੇ ਸਨ, ਉਸ ਕਮਰੇ ਦੀ ਚੋਗਾਠ ਅੱਜ ਵੀ ਉਹੀ ਹੈ, ਉਸ ਕਮਰੇ ਦੀਆਂ ਅੰਦਰਲੀਆਂ ਦੀਵਾਰਾਂ ਛੋਟੀ ਇੱਟ ਦੀਆਂ ਹਨ, ਗੁਰਦੁਆਰਾ ਸਾਹਿਬ ਅੰਦਰ ਛੇ ਥੰਮ੍ਹ ਜੋ ਕਿ ਪੱਥਰ ਦੇ ਹਨ, ਇਹ ਵੀ ਰਾਣੀ ਵਿਸੰਭਰਾ ਦੇਵੀ ਦੇ ਮਹਿਲਾਂ ਦੀ ਨਿਸ਼ਾਨੀ ਹੈ। ਇਸ ਪਵਿੱਤਰ ਅਸਥਾਨ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਦੀ ਸੇਵਾ ਹੁਣ ਵੀ ਨਿਰਮਲ ਸੰਪਰਦਾਇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ, ਜਿਥੇ 24 ਘੰਟੇ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਹੈ ਅਤੇ ਦੂਰੋਂ-ਨੇੜਿਓਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਲਈ ਆਲੀਸ਼ਾਨ ਕਮਰਿਆਂ ਦੀ ਸਹੂਲਤ ਹੈ।

ਹਰਮੀਤ ਕੌਰ ਸੈਣੀ
-ਮੁਖੀ, ਪੰਜਾਬੀ ਵਿਭਾਗ, ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ।
harmeetsaini76@gmail. com

ਬਾਬਾ ਮਾਹੀ ਸਿੰਘ ਦੀ ਯਾਦ 'ਚ ਤਿੰਨ-ਰੋਜ਼ਾ ਜੋੜ-ਮੇਲਾ

ਪਿੰਡ ਤੋਲਾ ਨੰਗਲ ਨੇੜੇ ਰਾਜਾਸਾਂਸੀ (ਅਮ੍ਰਿਤਸਰ) ਗੁਰਦੁਆਰਾ ਬਾਬਾ ਮਾਹੀ ਸਿੰਘ ਵਿਖੇ ਹਰ ਸਾਲ ਦੀ ਤਰ੍ਹਾਂ ਤਿੰਨ-ਰੋਜ਼ਾ ਬੜਾ ਭਾਰੀ ਜੋੜ ਮੇਲਾ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਕਰਵਾਏ ਕਵੀ ਦਰਬਾਰ ਦੌਰਾਨ ਪੰਥ ਦੇ ਪ੍ਰਸਿੱਧ ਕਵੀ ਡਾ: ਹਰੀ ਸਿੰਘ ਜਾਚਕ (ਲੁਧਿਆਣਾ), ਚੈਨ ਸਿੰਘ ਚੱਕਰਵਰਤੀ (ਦਸੂਹਾ), ਪ੍ਰਿੰ: ਚੰਨਣ ਸਿੰਘ ਚਮਨ ਹਰਿਗੋਬਿੰਦਪੁਰੀ (ਗੁਰਦਾਸਪੁਰ), ਨਿਰਮਲ ਸਿੰਘ ਧਾਲੀਵਾਲ (ਗੁਰਦਾਸਪੁਰ), ਪੰਥਕ ਸਟੇਜੀ ਕਵੀ ਹਰੀ ਸਿੰਘ ਗਰੀਬ, ਕਾਕਾ ਦਿਲਾਵਰ ਸਿੰਘ ਛੀਨਾ ਅਤੇ ਚਰਨਜੀਤ ਸਿੰਘ ਅਜਨਾਲਾ ਨੇ ਧਾਰਮਿਕ ਅਤੇ ਸਮਾਜਿਕ ਵਿਸ਼ਿਆਂ ਨੂੰ ਛੋਂਹਦੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਜਿਥੇ ਸਿੱਖ ਇਤਿਹਾਸ ਨਾਲ ਜੋੜਿਆ, ਉਥੇ ਸਮਾਜਿਕ ਕੁਰੀਤੀਆਂ 'ਤੇ ਵੀ ਤਿੱਖਾ ਵਿਅੰਗ ਕੱਸਿਆ। ਦੂਸਰੇ ਦਿਨ ਸ਼ਾਮ ਨੂੰ ਕਰਵਾਏ ਕੀਰਤਨ ਦਰਬਾਰ ਦੌਰਾਨ ਬਾਬਾ ਸੁਰਿੰਦਰ ਸਿੰਘ ਮਿੱਠਾ ਟਿਵਾਣਾ, ਬੀਬੀ ਪ੍ਰਭਜੋਤ ਕੌਰ ਬਟਾਲੇ ਵਾਲੇ, ਬਾਬਾ ਹਰਭਜਨ ਸਿੰਘ ਕੁੱਲੀ ਵਾਲੇ, ਰਾਗੀ ਮੰਗਲਜੀਤ ਸਿੰਘ, ਪ੍ਰਿੰ: ਗੁਰਬਚਨ ਸਿੰਘ ਕਥਾਵਾਚਕ, ਭਾਈ ਗੁਰਦੀਪ ਸਿੰਘ ਦੂਖ ਨਿਵਾਰਨ ਵਾਲੇ ਕਥਾਵਾਚਕਾਂ ਅਤੇ ਕੀਰਤਨੀ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। 
ਤੀਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ, ਜਿਸ ਵਿਚ ਪ੍ਰਸਿੱਧ ਢਾਡੀ ਗੁਰਦੀਪ ਸਿੰਘ ਦੀਪਕ (ਗੋਲਡ ਮੈਡਲਿਸਟ), ਕਵੀਸ਼ਰ ਸੁਲੱਖਣ ਸਿੰਘ ਰਿਆੜ, ਕਵੀਸ਼ਰ ਗੁਰਬਚਨ ਸਿੰਘ ਵਿਛੋਆ ਨੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ। ਤਿੰਨੇ ਦਿਨ ਮੰਚ ਸੰਚਾਲਕ ਦੇ ਫਰਜ਼ ਪ੍ਰਿੰ: ਗੁਰਬਾਜ ਸਿੰਘ ਤੋਲਾ ਨੰਗਲ ਨੇ ਬਾਖੂਬੀ ਨਿਭਾਏ। ਗੁਰੂ ਕੇ ਲੰਗਰ ਅਤੁੱਟ ਵਰਤੇ। ਐਨ. ਆਰ. ਆਈ. ਵੀਰਾਂ ਵੱਲੋਂ ਚਾਹ-ਪਕੌੜਿਆਂ ਦੇ ਲੰਗਰ ਚਲਾਏ ਗਏ। ਸ਼ਾਮ ਨੂੰ ਕੁਸ਼ਤੀ ਅਤੇ ਕਬੱਡੀ ਮੁਕਾਬਲੇ ਵੀ ਕਰਵਾਏ ਗਏ।

-ਧਰਵਿੰਦਰ ਸਿੰਘ ਔਲਖ,
ਪਰਮਿੰਦਰ ਸਿੰਘ ਕੜਿਆਲ
98152-82283, 98556-44426

ਸਿੱਖ ਵਿਚਾਰਧਾਰਾ ਨੂੰ ਸਮਰਪਿਤ ਭਾਈ ਹਰਬੰਸ ਲਾਲ

'ਸਿੱਖ ਰੀਵਿਊ' ਕਲਕੱਤਾ ਨੇ ਆਪਣਾ ਜੁਲਾਈ 2013 ਦਾ ਅੰਕ ਡਾ: (ਭਾਈ) ਹਰਬੰਸ ਲਾਲ ਨੂੰ ਸਮਰਪਿਤ ਕਰਕੇ ਬਹੁਤ ਪ੍ਰਸੰਸਾਯੋਗ ਕੰਮ ਕੀਤਾ ਹੈ। ਡਾ: ਹਰਬੰਸ ਲਾਲ ਨੇ ਆਪਣਾ ਸਮੁੱਚਾ ਜੀਵਨ ਸਿੱਖ ਵਿਚਾਰਧਾਰਾ ਨੂੰ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਵਿਚ ਪ੍ਰਚਾਰਨ-ਪ੍ਰਸਾਰਨ ਦੇ ਲੇਖੇ ਲਾਇਆ ਹੋਇਆ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੀ ਜੋ ਸੇਵਾ ਕੀਤੀ ਹੈ, ਉਸ ਲਈ ਉਹ ਸਰਬਉੱਚ ਸਨਮਾਨ ਦੇ ਪਾਤਰ ਹਨ। 
ਭਾਈ ਸਾਹਿਬ ਨਾਲ ਮੇਰਾ ਸੰਪਰਕ 1949 ਵਿਚ ਹੋਇਆ, ਜਦੋਂ ਮੈਂ ਖਾਲਸਾ ਹਾਈ ਸਕੂਲ ਕਲਕੱਤਾ ਵਿਚ ਦਸਵੀਂ ਜਮਾਤ ਦਾ ਵਿਦਿਆਰਥੀ ਸਾਂ। ਭਾਈ ਸਾਹਿਬ ਉਸ ਸਮੇਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਚਾਰ ਸਕੱਤਰ ਸਨ। ਉਸ ਵੇਲੇ ਫੈਡਰੇਸ਼ਨ ਦੇ ਪ੍ਰਧਾਨ ਡਾ: ਜਸਵੰਤ ਸਿੰਘ ਨੇਕੀ ਹੁੰਦੇ ਸਨ। ਫੈਡਰੇਸ਼ਨ ਦਾ ਮੁੱਖ ਦਫਤਰ ਅੰਮ੍ਰਿਤਸਰ ਵਿਚ ਹੁੰਦਾ ਸੀ। ਇਕ ਵਾਰੀ ਪ੍ਰਿੰ: ਗੁਰਬਖਸ਼ ਸਿੰਘ ਸ਼ੇਰਗਿੱਲ (ਜੋ ਫੈਡਰੇਸ਼ਨ ਦੇ ਮੀਤ ਪ੍ਰਧਾਨ ਸਨ ਅਤੇ ਬਾਅਦ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣੇ) ਅਤੇ ਜੰਮੂ-ਕਸ਼ਮੀਰ ਨਾਲ ਸਬੰਧਤ ਸ: ਪਰਦੁਮਨ ਸਿੰਘ ਆਜ਼ਾਦ (ਜੋ ਮਗਰੋਂ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ) ਕਲਕੱਤੇ ਆਏ। ਇਹ ਸਾਰੇ ਸੱਜਣ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਮੁੱਖ ਕਾਰਜ ਕਰਤਾ ਸਨ। ਉਨ੍ਹਾਂ ਨੇ ਮੈਨੂੰ ਪ੍ਰੇਰਿਆ ਕਿ ਕਲਕੱਤੇ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਯੂਨਿਟ ਕਾਇਮ ਹੋਣਾ ਚਾਹੀਦਾ ਹੈ। ਮੈਨੂੰ ਕਲਕੱਤਾ ਯੂਨਿਟ ਦਾ ਸੰਗਠਨ-ਕਰਤਾ ਨਿਯੁਕਤ ਕੀਤਾ ਗਿਆ। ਅਸੀਂ ਖਾਲਸਾ ਹਾਈ ਸਕੂਲ ਕਲਕੱਤਾ ਵਿਚ ਸਿੱਖ ਵਿਦਿਆਰਥੀਆਂ ਦੀ ਇਕ ਮੀਟਿੰਗ ਬੁਲਾਈ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਕਲਕੱਤਾ ਯੂਨਿਟ ਸਥਾਪਤ ਕਰ ਦਿੱਤਾ। ਇਹ ਯੂਨਿਟ ਦਿਨੋ-ਦਿਨ ਮਜ਼ਬੂਤ ਹੁੰਦਾ ਗਿਆ। ਮੈਂ ਇਸ ਯੂਨਿਟ ਵਿਚ 1958 ਤੱਕ ਸੇਵਾ ਕੀਤੀ। ਇਸ ਸਮੇਂ ਤੱਕ ਮੈਂ ਸੇਂਟ ਜ਼ੈਵੀਅਰ ਕਾਲਜ ਕਲਕੱਤਾ ਤੋਂ ਬੀ. ਏ. ਕਰ ਲਈ ਸੀ ਅਤੇ ਉਸ ਤੋਂ ਬਾਅਦ ਕਲਕੱਤਾ ਯੂਨੀਵਰਸਿਟੀ ਤੋਂ ਐਮ. ਏ. ਅਤੇ ਕਾਨੂੰਨ ਦੀ ਪ੍ਰੀਖਿਆ ਵੀ ਪਾਸ ਕਰ ਲਈ। 1958 ਵਿਚ ਮੈਂ ਜਲੰਧਰ ਆ ਗਿਆ ਅਤੇ ਪੰਜਾਬ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਸਰਗਰਮੀਆਂ ਵਿਚ ਰੁੱਝ ਗਿਆ।
ਮੈਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੋੜਨ ਦਾ ਸਿਹਰਾ ਕਾਫੀ ਹੱਦ ਤੱਕ ਭਾਈ ਹਰਬੰਸ ਲਾਲ ਨੂੰ ਜਾਂਦਾ ਹੈ। ਭਾਈ ਸਾਹਿਬ ਨਾਲ ਮੇਰੀ ਦੂਜੀ ਮੁਲਾਕਾਤ ਲਗਭਗ 1952 ਵਿਚ ਗੁਰੂਸਰ ਸੁਧਾਰ ਕਾਲਜ ਲੁਧਿਆਣਾ ਵਿਚ ਹੋਈ। ਮੈਂ ਤੇ ਸ: ਬਚਨ ਸਿੰਘ ਸਰਲ ਉਥੇ ਫੈਡਰੇਸ਼ਨ ਦੇ ਇਕ ਇਜਲਾਸ ਵਿਚ ਸ਼ਾਮਿਲ ਹੋਣ ਗਏ ਸਾਂ। ਸ: ਬਚਨ ਸਿੰਘ ਸਰਲ ਅੱਜਕਲ੍ਹ ਕਲਕੱਤੇ ਦੇ ਪ੍ਰਸਿੱਧ ਪੱਤਰਕਾਰ ਹਨ।
ਭਾਈ ਹਰਬੰਸ ਲਾਲ, ਪ੍ਰਿੰ: ਸਤਿਬੀਰ ਸਿੰਘ ਤੋਂ ਬਾਅਦ 31 ਨਵੰਬਰ 1954 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਚੁਣੇ ਗਏ ਅਤੇ 26 ਨਵੰਬਰ 1955 ਤੱਕ ਇਸ ਅਹੁਦੇ 'ਤੇ ਰਹੇ। ਉਨ੍ਹਾਂ ਤੋਂ ਬਾਅਦ ਪ੍ਰਿੰ: ਭਰਪੂਰ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਬਣੇ। ਇਹ ਉਹ ਸਮਾਂ ਸੀ ਜਦੋਂ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਨਾਅਰੇ ਦੇ ਸਬੰਧ ਵਿਚ ਮੋਰਚਾ ਲਾਇਆ। (ਪੰਜਾਬ ਸਰਕਾਰ ਨੇ ਪੰਜਾਬੀ ਸੂਬੇ ਦਾ ਨਾਅਰਾ ਲਾਉਣ ਉੱਤੇ ਪਾਬੰਦੀ ਲਾ ਦਿੱਤੀ ਸੀ) ਸਿੱਖ ਫੈਡਰੇਸ਼ਨ ਨੇ ਮੋਰਚੇ ਵਿਚ ਵਧ-ਚੜ੍ਹ ਕੇ ਭਾਗ ਲਿਆ ਅਤੇ ਮੋਰਚਾ ਫਤਹਿ ਹੋ ਗਿਆ। ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭੀਮ ਸੈਨ ਸੱਚਰ ਨੂੰ ਬਾਅਦ ਵਿਚ ਅਸਤੀਫਾ ਦੇਣਾ ਪਿਆ। ਇਸ ਉਪਰੰਤ ਭਾਈ ਹਰਬੰਸ ਲਾਲ ਬੰਬਈ ਚਲੇ ਗਏ। ਉਥੇ ਉਨ੍ਹਾਂ ਨੇ ਪਾਰਕ ਡੇਵੀਜ਼ ਕੰਪਨੀ ਵਿਚ ਨੌਕਰੀ ਕਰ ਲਈ ਪਰ ਨਾਲ ਦੀ ਨਾਲ ਉਹ ਬੰਬਈ ਤੋਂ ਫੈਡਰੇਸ਼ਨ ਦਾ ਮਾਸਕ ਪੱਤਰ 'ਸਿੱਖ ਸਟੂਡੈਂਟਸ ਬੁਲੀਟਨ' ਵੀ ਪ੍ਰਕਾਸ਼ਿਤ ਕਰਦੇ ਰਹੇ। ਮੈਨੂੰ ਵੀ ਇਸ ਰਸਾਲੇ ਨੂੰ 1959, 1960 ਅਤੇ 1961 ਵਿਚ ਜਲੰਧਰ ਤੋਂ ਪ੍ਰਕਾਸ਼ਿਤ ਕਰਨ ਦਾ ਮਾਣ ਪ੍ਰਾਪਤ ਹੋਇਆ, ਜਦੋਂ ਮੈਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਸਾਂ।
ਭਾਈ ਹਰਬੰਸ ਲਾਲ ਦਾ ਜਨਮ ਹਰੀਪੁਰ (ਹੁਣ ਪਾਕਿਸਤਾਨ ਪੰਜਾਬ) ਦੇ ਇਕ ਸਹਿਜਧਾਰੀ ਪਰਿਵਾਰ ਵਿਚ ਹੋਇਆ। ਉਨ੍ਹਾਂ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਮਾਊਂਟ ਐਵਰੈਸਟ ਦੀ ਪ੍ਰਸਿੱਧੀ ਵਾਲੇ ਸ: ਮਨਮੋਹਨ ਸਿੰਘ ਕੋਹਲੀ ਨੇ ਜੋੜਿਆ। ਭਾਈ ਹਰਬੰਸ ਲਾਲ ਇਕੋ-ਇਕ ਸਹਿਜਧਾਰੀ ਹਨ, ਜਿਨ੍ਹਾਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਚੁਣੇ ਜਾਣ ਦਾ ਮਾਣ ਹਾਸਲ ਹੈ। ਉਨ੍ਹਾਂ ਨੇ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਫਾਰਮੇਸੀ ਦਾ ਡਿਪਲੋਮਾ ਪਾਸ ਕੀਤਾ। ਉਹ ਅੰਬਾਲੇ ਵੀ ਪੜ੍ਹਦੇ ਰਹੇ, ਜਿਥੇ ਉਨ੍ਹਾਂ ਨੂੰ ਪ੍ਰੋ: ਓ. ਪੀ. ਕੋਹਲੀ ਨੇ ਸਿੱਖ ਧਰਮ ਅਤੇ ਫਿਲਾਸਫੀ ਬਾਰੇ ਸਿੱਖਿਅਤ ਕੀਤਾ। ਪ੍ਰੋ: ਓ. ਪੀ. ਕੋਹਲੀ ਨੇ 'ਏ ਕੇਸ ਫਾਰ ਪੰਜਾਬੀ ਸਪੀਕਿੰਗ ਸਟੇਟ' ਨਾਂਅ ਦੀ ਇਕ ਪ੍ਰਸੰਸਾਯੋਗ ਅਤੇ ਪ੍ਰਮਾਣਿਕ ਪੁਸਤਕ ਵੀ ਲਿਖੀ ਸੀ। ਬਾਅਦ ਵਿਚ ਭਾਈ ਹਰਬੰਸ ਲਾਲ ਅਮਰੀਕਾ ਜਾ ਕੇ ਵਸ ਗਏ। ਉਥੇ ਉਨ੍ਹਾਂ ਨੇ ਨਾਰਥ ਟੈਕਸਾਸ ਹੈਲਥ ਸਾਇੰਸ ਸੈਂਟਰ ਯੂਨੀਵਰਸਿਟੀ ਦੇ ਮਨੋਵਿਗਿਆਨ ਤੇ ਔਸ਼ਧੀ ਵਿਗਿਆਨ ਵਿਭਾਗ ਵਿਚ ਪ੍ਰੋਫੈਸਰ ਤੇ ਚੇਅਰਮੈਨ ਵਜੋਂ ਸੇਵਾ ਕੀਤੀ।
ਉਨ੍ਹਾਂ ਨੂੰ 1995 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸਨਮਾਨਤ ਕੀਤਾ ਅਤੇ ਉਨ੍ਹਾਂ ਨੂੰ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਪ੍ਰਦਾਨ ਕੀਤੀ। ਵਾਹਿਗੁਰੂ ਉਨ੍ਹਾਂ ਨੂੰ ਲੰਮੀ, ਸਵਸਥ ਅਤੇ ਸਾਰਥਿਕ ਜ਼ਿੰਦਗੀ ਬਖਸ਼ਿਸ਼ ਕਰੇ ਤਾਂ ਜੋ ਉਹ ਵਾਹਿਗੁਰੂ ਨਾਨਕ ਦੇ ਸੰਦੇਸ਼ ਅਤੇ ਸਿੱਖ ਵਿਚਾਰਧਾਰਾ ਨੂੰ ਪ੍ਰਚਾਰਨ-ਪ੍ਰਸਾਰਨ ਵਿਚ ਵੱਧ ਤੋਂ ਵੱਧ ਸੇਵਾ ਕਰ ਸਕਣ।

ਸੁਰਜੀਤ ਸਿੰਘ ਮਿਨਹਾਸ
-ਸਾਬਕਾ ਸਪੀਕਰ, ਪੰਜਾਬ ਵਿਧਾਨ ਸਭਾ।

 

ਸ਼ਬਦ ਵਿਚਾਰ

ਅਕਾਲ ਮੂਰਤਿ ਅਜੂਨੀ 
ਸੈਭੰ ਗੁਰ ਪ੍ਰਸਾਦਿ॥
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਕੇਵਲ ਉਹ ਇਕ ਸੱਚਾ ਨਿਰੰਕਾਰ ਹੀ ਨਿਰਭਉ ਹੈ। ਇਸ ਸਬੰਧ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਾਗੁ ਆਸਾ ਦੀ ਵਾਰ ਵਿਚ ਉਚਾਰਿਆ ਹੋਇਆ ਸ਼ਬਦ ਬੜਾ ਲੰਬਾ ਹੋਣ ਕਰਕੇ ਇਸ ਦੀਆਂ ਕੇਵਲ ਅੰਤਲੀਆਂ ਦੋ ਤੁਕਾਂ ਹੀ ਦਿੱਤੀਆਂ ਜਾ ਰਹੀਆਂ ਹਨ-
ਸਗਲਿਆ ਭਉ ਲਿਖਿਆ ਸਿਰਿ ਲੇਖੁ॥
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥ (ਅੰਗ 464)
ਸਗਲਿਆ-ਸਾਰੇ ਜੀਵਾਂ ਦੇ।
ਨਿਰਭਉ ਪ੍ਰਭੂ ਦਾ ਸਿਮਰਨ ਕਰਨ ਵਾਲੇ ਵੀ ਨਿਰਭਉ ਹੋ ਜਾਂਦੇ ਹਨ। ਉਨ੍ਹਾਂ ਦੇ ਅੰਦਰੋਂ ਹਰ ਪ੍ਰਕਾਰ ਦਾ ਭੈਅ ਅਤੇ ਡਰ ਜਾਂਦਾ ਰਹਿੰਦਾ ਹੈ-
ਜਿਨ ਨਿਰਭਉ ਜਿਨ੍ਰ ਹਰਿ ਨਿਰਭਉ ਧਿਆਇਆ ਜੀਉ
ਤਿਨ ਕਾ ਭਉ ਸਭੁ ਗਵਾਸੀ॥
(ਰਾਗੁ ਆਸਾ ਮਹਲਾ ੪, ਅੰਗ 348)
ਅਕਾਲ ਪੁਰਖ ਕੇਵਲ ਨਿਰਭਉ ਹੀ ਨਹੀਂ, ਨਿਰਵੈਰ ਵੀ ਹੈ। ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ। ਉਹ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਹੈ ਅਤੇ ਮਾਤਾ-ਪਿਤਾ ਵਾਂਗ ਸਾਡੀ ਸਾਰਿਆਂ ਦੀ ਪਾਲਣਾ ਕਰਦਾ ਹੈ। ਰਾਗੁ ਮਾਰੂ ਕੀ ਵਾਰ ਮਹਲਾ ੫ ਵਿਚ ਆਪ ਜੀ ਦੇ ਪਾਵਨ ਬਚਨ ਹਨ-
ਹਰਿ ਜੀ ਮਾਤਾ ਹਰਿ ਜੀ ਪਿਤਾ
ਹਰਿ ਜੀਉ ਪ੍ਰਤਿਪਾਲਕ॥
ਹਰਿ ਜੀ ਮੇਰੀ ਸਾਰ ਕਰੇ
ਹਮ ਹਰਿ ਕੇ ਬਾਲਕ॥ (ਅੰਗ 1101)
ਪ੍ਰਤਿਪਾਲਕ-ਪਾਲਣਾ ਕਰਨ ਵਾਲਾ। ਸਾਰ-ਸਾਂਭ ਸੰਭਾਲ।
ਅਥਵਾ
ਨਿਰਭਉ ਨਿਰੰਕਾਰੁ ਨਿਰਵੈਰੁ
ਪੂਰਨ ਜੋਤਿ ਸਮਾਈ॥
(ਰਾਗੁ ਸੋਰਠਿ ਮਹਲਾ ੧, ਅੰਗ 596)
ਨਿਰੰਕਾਰੁ-ਆਕਾਰ ਤੋਂ ਬਿਨਾਂ, ਆਕਾਰ ਰਹਿਤ। ਸਮਾਈ-ਵਿਆਪਕ ਹੈ।
ਭਾਵ ਪ੍ਰਭੂ ਨਿਰਭਉ ਹੈ, ਉਸ ਦਾ ਕੋਈ ਆਕਾਰ ਨਹੀਂ, ਨਿਰਵੈਰ ਹੈ ਉਸ ਦਾ ਕਿਸੇ ਨਾਲ ਵੈਰ ਨਹੀਂ। ਉਸ ਦੀ ਜੋਤਿ ਪੂਰਨ ਤੌਰ 'ਤੇ ਸਾਰੇ ਜਗਤ ਵਿਚ ਵਿਆਪਕ ਹੈ। ਅਕਾਲ ਮੂਰਤਿ-ਅਕਾਲ ਤੋਂ ਅਰਥ ਹੈ ਜਿਸ 'ਤੇ ਕਾਲ ਜਾਂ ਸਮੇਂ ਦਾ ਕੋਈ ਅਸਰ ਨਹੀਂ ਹੁੰਦਾ। ਮੂਰਤ ਤੋਂ ਭਾਵ ਹੈ ਸਰੂਪ। ਇਸ ਲਈ ਅਕਾਲ ਮੂਰਤਿ ਦੇ ਅਰਥ ਹੋਏ-ਪਰਮਾਤਮਾ ਦਾ ਸਰੂਪ ਕਦੀ ਨਾਸ ਨਹੀਂ ਹੁੰਦਾ, ਉਹ ਸਦੀਵੀ ਹੈ। ਰਾਗੁ ਮਾਰੂ ਸੋਲਹੇ ਵਿਚ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ ਕਿ ਮੌਤ ਤੋਂ ਰਹਿਤ ਸਰੂਪ ਵਾਲੇ ਪ੍ਰਭੂ ਦਾ ਕਦੀ ਨਾਸ ਨਹੀਂ ਹੁੰਦਾ-
ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ॥
(ਅੰਗ 1082)
ਮੂਰਤਿ-ਜੋ ਕਾਲ ਤੋਂ ਰਹਿਤ ਹੈ। ਖਉ-ਨਾਸ।
ਅਥਵਾ
ਤੂ ਅਕਾਲ ਪੁਰਖ ਨਾਹੀ ਸਿਰਿ ਕਾਲਾ॥
(ਰਾਗੁ ਮਾਰੂ ਸੋਲਹੇ ਮਹਲਾ ੧, ਅੰਗ 1038)
ਕਿਉਂਕਿ ਉਹ ਅਕਾਲ ਮੂਰਤ ਹੈ, ਕਾਲ ਤੋਂ ਰਹਿਤ ਹੈ, ਇਸ ਲਈ ਉਸ ਦਾ ਜਨਮ ਨਹੀਂ ਹੁੰਦਾ ਅਤੇ ਨਾ ਹੀ ਉਸ ਦੀ ਕਦੀ ਮੌਤ ਹੁੰਦੀ ਹੈ। ਉਹ ਅਜੂਨੀ ਹੈ ਭਾਵ ਜੂਨਾਂ ਤੋਂ ਰਹਿਤ ਹੈ। ਰਾਗੁ ਮਾਰੂ ਕੀ ਵਾਰ ਵਿਚ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ-
ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ॥ (ਅੰਗ 1095)
ਸ਼ਬਦ ਸੈਭੰ ਸੰਸਕ੍ਰਿਤ ਦਾ ਸ਼ਬਦ ਸ੍ਵਯੰਭੂ ਹੈ, ਜਿਸ ਦੇ ਅਰਥ ਹਨ ਕਿ ਉਸ ਦਾ ਪ੍ਰਕਾਸ਼ ਆਪਣੇ-ਆਪ ਤੋਂ ਹੋਇਆ ਹੈ-
ਆਪੀਨ੍ਰੈ ਆਪੁ ਸਾਜਿਓ ਆਪੀਨ੍ਰੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
(ਰਾਗੁ ਆਸਾ ਦੀ ਵਾਰ ਮਹਲਾ ੧, ਅੰਗ 463)
ਆਪੀਨ੍ਰੈ-ਆਪ ਹੀ ਨੇ। ਆਪੁ-ਆਪਣੇ ਆਪ ਨੂੰ। ਦੁਯੀ-ਦੂਜੀ। ਸਾਜੀਐ-ਬਣਾਈ ਹੈ। ਡਿਠੋ-ਦੇਖਣ ਲੱਗ ਪਿਆ। ਚਾਉ-ਤਮਾਸ਼ਾ।
ਅਥਵਾ
ਥਾਪਿਆ ਨ ਜਾਇ ਕੀਤਾ ਨ ਹੋਇ॥
ਆਪੇ ਆਪਿ ਨਿਰੰਜਨੁ ਸੋਇ॥
(ਜਪੁਜੀ, ਪਉੜੀ ੫)
ਗੁਰ ਪ੍ਰਸਾਦਿ ਤੋਂ ਭਾਵ ਹੈ ਕਿ ਮੂਲ ਮੰਤਰ ਵਿਚ ਵਰਨਣ ਕੀਤੇ ਗਏ ਸਰੂਪ ਵਾਲੇ ੴ ਨਾਲ ਮਿਲਾਪ ਗੁਰੂ ਦੀ ਕਿਰਪਾ ਦੁਆਰਾ ਹੁੰਦਾ ਹੈ-
ਗੁਰ ਪਰਸਾਦੀ ਮਿਲਿ ਰਹੈ ਸਚੁ ਨਾਮੁ ਕਰਤਾਰੁ॥
(ਸਿਰੀਰਾਗੁ ਮਹਲਾ ੩, ਅੰਗ 33)
ਪਰਸਾਦੀ-ਕਿਰਪਾ।
ਅਥਵਾ
ਗੁਰ ਪਰਸਾਦੀ ਬ੍ਰਹਮਿ ਸਮਾਉ॥
(ਰਾਗੁ ਆਸਾ ਮਹਲਾ ੧, ਅੰਗ 355)
ਸੰਖੇਪ ਵਿਚ ਅਕਾਲ ਪੁਰਖ ਇਕ ਹੈ, ਜਿਸ ਦਾ ਨਾਮ ਹੋਂਦ ਵਾਲਾ ਸਦੀਵੀ ਹੈ। ਉਸ ਨੇ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਅਤੇ ਸਭਨਾਂ ਵਿਚ ਉਹ ਆਪ ਵਿਆਪਕ ਹੈ। ਉਸ ਨੂੰ ਕਿਸੇ ਦਾ ਭੈ ਜਾਂ ਡਰ ਨਹੀਂ ਅਤੇ ਨਾ ਹੀ ਉਸ ਦਾ ਕਿਸੇ ਨਾਲ ਵੈਰ-ਵਿਰੋਧ ਹੈ। ਉਸ ਦਾ ਸਰੂਪ ਕਾਲ-ਰਹਿਤ ਹੈ ਭਾਵ ਉਹ ਨਾਸ ਰਹਿਤ ਹੈ, ਜਿਸ ਕਾਰਨ ਉਹ ਜੂਨਾਂ ਵਿਚ ਨਹੀਂ ਆਉਂਦਾ। ਉਸ ਦਾ ਪ੍ਰਕਾਸ਼ ਆਪਣੇ-ਆਪ ਤੋਂ ਹੋਇਆ ਹੈ। ਗੁਰੂ ਦੀ ਕਿਰਪਾ ਦੁਆਰਾ ਉਸ ਨਾਲ ਮਿਲਾਪ ਹੁੰਦਾ ਹੈ।

ਸਾਧੂ ਸਿੰਘ ਗੋਬਿੰਦਪੁਰੀ
-217-ਆਰ, ਮਾਡਲ ਟਾਊਨ, ਜਲੰਧਰ।

 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX