ਤਾਜਾ ਖ਼ਬਰਾਂ


ਪੰਜਾਬ ਦੀਆਂ 40 ਦੇ ਕਰੀਬ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
. . .  3 minutes ago
ਸੰਗਰੂਰ, 17 ਜਨਵਰੀ(ਧੀਰਜ ਪਸ਼ੋਰੀਆ)- ਅਧਿਆਪਕ ਮੰਗਾਂ ਲਈ ਸੰਘਰਸ਼ ਕਰ ਰਹੇ ਸਾਂਝਾ ਅਧਿਆਪਕ ਮੋਰਚਾ ਦੇ ਪੰਜ ਅਧਿਆਪਕ ਆਗੂਆਂ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਖ਼ਿਲਾਫ਼ ਪੰਜਾਬ ਦੀਆਂ ਤਮਾਮ ਅਧਿਆਪਕ ਜਥੇਬੰਦੀਆਂ ਇਕ ਮੰਚ 'ਤੇ ਆ ਗਈਆਂ....
ਵਿਜੈ ਸਾਂਪਲਾ ਵੱਲੋਂ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਟਰੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
. . .  17 minutes ago
ਮਾਹਿਲਪੁਰ 17 ਜਨਵਰੀ (ਦੀਪਕ ਅਗਨੀਹੋਤਰੀ)- ਬਲਾਕ ਮਾਹਿਲਪੁਰ ਦੇ ਪਹਾੜੀ ਖ਼ਿੱਤੇ ਦੇ ਪਿੰਡ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਨੂੰ ਸ਼ੁਰੂ ਹੋਈ ਨਵੀ ਰੇਲ ਗੱਡੀ ਨੂੰ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਅੱਜ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਇਸ ਸਟੇਸ਼ਨ ਨੂੰ ਅਗਲੇ ਦੋ .....
ਐਨ.ਆਈ.ਏ ਦੀ ਵਿਸ਼ੇਸ਼ ਟੀਮ ਵੱਲੋਂ ਲੁਧਿਆਣਾ 'ਚ ਛਾਪੇਮਾਰੀ
. . .  14 minutes ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਅੱਤਵਾਦੀਆਂ ਦੇ ਲੁਧਿਆਣਾ 'ਚ ਲੁਕੇ ਹੋਣ ਨੂੰ ਲੈ ਕੇ ਐਨ.ਆਈ.ਏ ਦੀ ਵਿਸ਼ੇਸ਼ ਟੀਮ ਵੱਲੋਂ ਕੁੱਝ ਥਾਵਾਂ 'ਤੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਦੇ ਅਨੁਸਾਰ, ਇਸ ਟੀਮ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ......
ਪੱਤਰਕਾਰ ਹੱਤਿਆ ਮਾਮਲਾ : ਮੁਲਜ਼ਮਾਂ ਨੂੂੰ ਸਜ਼ਾ ਸੁਣਾਉਣ ਲਈ ਸੀ.ਬੀ.ਆਈ. ਕੋਰਟ 'ਚ ਪਹੁੰਚੇ ਜੱਜ ਜਗਦੀਪ ਸਿੰਘ
. . .  31 minutes ago
ਪੰਚਕੂਲਾ, 17 ਜਨਵਰੀ (ਕੇ.ਐੱਸ. ਰਾਣਾ)- ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਹੱਤਿਆ ਕਾਂਡ ਸਬੰਧੀ ਅੱਜ ਸੀ.ਬੀ. ਆਈ. ਕੋਰਟ ਵੱਲੋਂ ਮੁਲਜ਼ਮਾਂ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧੀ ਜੱਜ ਜਗਦੀਪ ਸਿੰਘ ਸੀ.ਬੀ.ਆਈ. ਦੀ ਕੋਰਟ 'ਚ ਪਹੁੰਚ ਚੁੱਕੇ .....
ਪਾਕਿਸਤਾਨ ਵੱਲੋਂ ਪੁੰਛ 'ਚ ਮੁੜ ਜੰਗਬੰਦੀ ਦੀ ਉਲੰਘਣਾ
. . .  44 minutes ago
ਸ੍ਰੀਨਗਰ, 17 ਜਨਵਰੀ- ਜੰਮੂ-ਕਸ਼ਮੀਰ 'ਚ ਅੱਜ ਫਿਰ ਤੋਂ ਪਾਕਿਸਤਾਨ ਵੱਲੋਂ ਪੁੰਛ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ ਜਿਸ ਦੀ ਭਾਰਤੀ ਫ਼ੌਜ ਵੱਲੋਂ ਜਵਾਬੀ ਕਾਰਵਾਈ ਕੀਤੀ ਜਾ ਰਹੀ.....
ਸੰਘਣੀ ਧੁੰਦ ਕਾਰਨ ਮੁੜ ਜਨਜੀਵਨ ਹੋਇਆ ਪ੍ਰਭਾਵਿਤ, ਮਾਪਿਆਂ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
. . .  about 1 hour ago
ਅਜਨਾਲਾ,17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਅੰਦਰ ਬੇਸ਼ੱਕ ਲਗਾਤਾਰ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਕੁੱਝ ਦਿਨਾਂ ਤੋਂ ਧੁੰਦ ਨਾ ਪੈਣ ਕਾਰਨ ਕੰਮ-ਕਾਰ ਆਮ ਵਾਂਗ ਹੀ ਚੱਲ ਰਿਹਾ ਸੀ ਪਰ ਅੱਜ ਅਚਾਨਕ ਪਈ ਸੰਘਣੀ ਧੁੰਦ ਨੇ ਮੁੜ ਜਨਜੀਵਨ ਪ੍ਰਭਾਵਿਤ ਕਰ .....
ਅੰਡੇਮਾਨ ਨਿਕੋਬਾਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 1 hour ago
ਨਵੀਂ ਦਿੱਲੀ, 17 ਜਨਵਰੀ- ਅੰਡੇਮਾਨ ਨਿਕੋਬਾਰ ਟਾਪੂ 'ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਦੇ ਅਨੁਸਾਰ, ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ ਹੈ। ਹਾਲਾਂਕਿ, ਭੂਚਾਲ ਕਾਰਨ ਹਾਲੇ ਤੱਕ ਕਿਸੇ ਜਾਨੀ ਜਾ ਮਾਲੀ .....
ਐਨ.ਆਈ.ਏ. ਵਲੋਂ ਪੰਜਾਬ ਤੇ ਯੂਪੀ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਆਈ.ਐਸ.ਆਈ.ਐਸ. ਤੋਂ ਪ੍ਰੇਰਿਤ ਮਾਡਿਊਲ ਨਾਲ ਸਬੰਧਤ ਹਾਲ ਹੀ ਵਿਚ ਦਰਜ ਕੀਤੇ ਗਏ ਕੇਸਾਂ ਨਾਲ ਸਬੰਧਿਤ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਪੱਛਮੀ ਉਤਰ ਪ੍ਰਦੇਸ਼ ਦੀਆਂ ਸੱਤ ਥਾਵਾਂ ਤੇ ਪੰਜਾਬ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮੀਡੀਆ ਵਿਚ ਰਿਪੋਰਟਾਂ...
ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  about 2 hours ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  about 2 hours ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਹੋਰ ਖ਼ਬਰਾਂ..

ਖੇਡ ਜਗਤ

ਫੁੱਟਬਾਲ : ਸੁਣਾਈ ਦੇ ਰਹੀ ਹੈ ਵਿਸ਼ਵ ਕੱਪ ਦੀ ਦਸਤਕ

ਸੰਨ 2014 'ਚ ਬਰਾਜ਼ੀਲ 'ਚ ਹੋਣ ਵਾਲੇ 20ਵੇਂ ਫੀਫਾ ਵਿਸ਼ਵ ਕੱਪ ਦੀ ਸੁਗਬਗਾਹਟ ਹੁਣ ਪੂਰੀ ਤਰ੍ਹਾਂ ਸ਼ੋਰ 'ਚ ਬਦਲ ਚੁੱਕੀ ਹੈ। ਇਹ ਟੂਰਨਾਮੈਂਟ ਅਗਲੇ ਸਾਲ 12 ਜੂਨ ਤੋਂ 13 ਜੁਲਾਈ ਤੱਕ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਰਿਕਾਰਡ ਪੰਜ ਵਾਰ ਦੇ ਵਿਸ਼ਵ ਕੱਪ ਵਿਜੇਤਾ ਬਰਾਜ਼ੀਲ ਨੇ 1950 ਵਿਚ ਇਸ ਕੱਪ ਦੀ ਮੇਜ਼ਬਾਨੀ ਕੀਤੀ ਸੀ। ਅਗਲੇ ਸਾਲ ਹੋਣ ਵਾਲੇ ਇਸ ਟੂਰਨਾਮੈਂਟ ਨਾਲ ਬਰਾਜ਼ੀਲ ਅਜਿਹਾ ਪੰਜਵਾਂ ਦੇਸ਼ ਬਣ ਜਾਵੇਗਾ, ਜਿਸ ਨੂੰ ਦੂਜੀ ਵਾਰ ਇਸ ਵੱਕਾਰੀ ਕੱਪ ਦੀ ਮੇਜ਼ਬਾਨੀ ਕਰਨ ਦਾ ਫ਼ਖਰ ਹਾਸਲ ਹੋਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਇਟਲੀ, ਫਰਾਂਸ ਅਤੇ ਜਰਮਨੀ ਦੋ-ਦੋ ਵਾਰ ਆਪਣੀ ਸਰਜ਼ਮੀਂ 'ਤੇ ਵਿਸ਼ਵ ਕੱਪ ਕਰਵਾ ਚੁੱਕੇ ਹਨ। ਸੰਨ 1978 ਵਿਚ ਮੈਕਸੀਕੋ ਵਿਚ ਖੇਡੇ ਗਏ ਵਿਸ਼ਵ ਕੱਪ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਦੱਖਣੀ ਅਮਰੀਕੀ ਖਿੱਤੇ 'ਚ ਫੀਫਾ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਫੀਫਾ ਨੇ 2003 'ਚ ਜਦੋਂ ਇਹ ਐਲਾਨ ਕੀਤਾ ਸੀ ਕਿ ਇਸ ਵਾਰ ਵਿਸ਼ਵ ਕੱਪ ਦੱਖਣੀ ਅਮਰੀਕੀ ਖਿੱਤੇ 'ਚ ਖੇਡਿਆ ਜਾਣਾ ਹੈ, ਤਾਂ ਮੇਜ਼ਬਾਨੀ ਦੀ ਦਾਅਵੇਦਾਰੀ ਦੀ ਦੌੜ ਵਿਚ ਕੋਲੰਬੀਆ, ਅਰਜਨਟੀਨਾ ਅਤੇ ਬਰਾਜ਼ੀਲ ਸ਼ਾਮਲ ਸਨ ਪਰ ਅਰਜਨਟੀਨਾ ਨੇ ਮਿਥੀ ਤਰੀਕ ਤੱਕ ਅਰਜ਼ੀ ਨਾ ਭਰੀ ਤੇ ਕੋਲੰਬੀਆ ਨੇ ਆਪਣੇ-ਆਪ ਮੇਜ਼ਬਾਨੀ ਦੀ ਦਾਅਵੇਦਾਰੀ ਵਾਪਸ ਲੈਣ ਕਰਕੇ ਆਖਰ 30 ਅਕਤੂਬਰ 2007 'ਚ ਬਰਾਜ਼ੀਲ ਮੇਜ਼ਬਾਨੀ ਕਰਨ ਦਾ ਹੱਕ ਹਾਸਲ ਕਰਨ ਵਿਚ ਸਫਲ ਰਿਹਾ। 
ਰਿਕਾਰਡ ਵਿਸ਼ਵ ਕੱਪ ਜੇਤੂ ਬਰਾਜ਼ੀਲ ਤੋਂ ਇਲਾਵਾ ਫਾਈਨਲ ਦੌਰ ਵਿਚ ਖੇਡਣ ਵਾਲੀਆਂ 31 ਟੀਮਾਂ ਲਈ ਕੁਆਲੀਫਾਈ ਮੁਕਾਬਲੇ ਲਗਭਗ ਦੋ ਸਾਲ ਪਹਿਲਾਂ ਸ਼ੁਰੂ ਹੋ ਚੁੱਕੇ ਸਨ। ਪਰੰਪਰਾ ਮੁਤਾਬਿਕ ਮੇਜ਼ਬਾਨ ਹੋਣ ਦੇ ਨਾਤੇ ਬਰਾਜ਼ੀਲ ਨੂੰ ਫੀਫਾ ਕੱਪ ਵਿਚ ਸਿੱਧਾ ਦਾਖਲਾ ਮਿਲਿਆ ਹੈ। ਪਿਛਲੇ 15 ਮਹੀਨਿਆਂ ਤੋਂ ਵਿਸ਼ਵ ਕੱਪ ਦੇ ਕੁਆਲੀਫਾਈ ਮੁਕਾਬਲੇ ਕਾਫੀ ਉਤਰਾਅ-ਚੜ੍ਹਾਅ ਵਾਲੇ ਰਹੇ ਪਰ ਲੇਖ ਲਿਖੇ ਜਾਣ ਤੱਕ 32 ਟੀਮਾਂ ਦੇ ਫਾਈਨਲ ਦਾਖਲੇ ਲਈ ਵੱਖ-ਵੱਖ ਖਿੱਤਿਆਂ ਵਿਚੋਂ 21 ਟੀਮਾਂ ਫਾਈਨਲ ਪੜਾਅ ਲਈ ਟਿਕਟ ਪੱਕਾ ਕਰ ਚੁੱਕੀਆਂ ਹਨ। ਫੁੱਟਬਾਲ ਦੀਆਂ ਵਿਸ਼ਵ ਜੇਤੂ ਟੀਮਾਂ ਵਿਚੋਂ ਬਰਾਜ਼ੀਲ, ਜਰਮਨੀ, ਸਪੇਨ, ਇਟਲੀ ਅਤੇ ਇੰਗਲੈਂਡ ਹੁਣ ਤੱਕ ਫਾਈਨਲ ਲਈ ਸਥਾਨ ਪੱਕਾ ਕਰ ਚੁੱਕੇ ਹਨ।
ਏਸ਼ੀਆਈ ਖਿੱਤੇ ਦੇ 43 ਦੇਸ਼ਾਂ ਦੀ ਦਾਅਵੇਦਾਰੀ ਵਿਚੋਂ ਹੁਣ ਤੱਕ ਆਸਟ੍ਰੇਲੀਆ, ਜਾਪਾਨ, ਈਰਾਨ ਅਤੇ ਕੋਰੀਆ ਕੁਆਲੀਫਾਈ ਕਰ ਚੁੱਕੇ ਹਨ, ਜਦਕਿ ਇਕ ਸਥਾਨ ਦਾ ਫੈਸਲਾ ਪਲੇਅ ਆਫ ਦੇ ਆਧਾਰ 'ਤੇ ਹੋਵੇਗਾ। ਯੂਰਪੀ ਖਿੱਤੇ ਦੇ 53 ਮੈਂਬਰ ਦੇਸ਼ਾਂ ਦੀ ਜ਼ੋਰ-ਅਜ਼ਮਾਈ ਵਿਚ ਬਰਾਜ਼ੀਲ ਲਈ 13 ਟੀਮਾਂ ਫਾਈਨਲ ਦੌਰ ਲਈ ਦਾਅਵੇਦਾਰੀ ਪੇਸ਼ ਕਰਨਗੀਆਂ ਪਰ ਹੁਣ ਤੱਕ ਬੈਲਜੀਅਮ, ਇੰਗਲੈਂਡ, ਇਟਲੀ, ਰੂਸ, ਸਵਿਟਜ਼ਰਲੈਂਡ, ਬੋਸਨੀਆ, ਹਰਜੇਗੋਵੀਨਾ, ਜਰਮਨੀ, ਨੀਦਰਲੈਂਡ ਅਤੇ ਪਿਛਲਾ ਚੈਂਪੀਅਨ ਸਪੇਨ ਕੁਆਲੀਫਾਈ ਕਰ ਚੁੱਕੇ ਹਨ। ਉੱਤਰੀ ਮੱਧ ਅਮਰੀਕੀ ਤੇ ਕਰੈਬੀਅਨ ਖਿੱਤੇ ਵਿਚੋਂ ਹੁਣ ਤੱਕ ਕੋਸਟਰੀਕਾ, ਯੂ. ਐਸ. ਏ. ਅਤੇ ਹੌਡੋਰਾਸ, ਫਾਈਨਲ ਪੜਾਅ 'ਤੇ ਪਹੁੰਚਣ 'ਚ ਕਾਮਯਾਬ ਰਹੇ ਹਨ। ਲੈਟਿਨ ਅਮਰੀਕੀ ਖਿੱਤੇ 'ਚ, ਅਰਜਨਟੀਨਾ, ਚਿੱਲੀ, ਏਕਵਾਡੋਰ, ਬਰਾਜ਼ੀਲ ਅਤੇ ਕੋਲੰਬੀਆ ਫਾਈਨਲ ਲਈ ਦਾਅਵੇਦਾਰੀ ਪੱਕੀ ਕਰ ਚੁੱਕੇ ਹਨ। ਅਫਰੀਕੀ ਖਿੱਤੇ ਦੇ 52 ਮੈਂਬਰੀ ਗਰੁੱਪ ਵਿਚੋਂ ਅਜੇ ਤੱਕ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਦਾ ਫੈਸਲਾ ਅਜੇ ਹੋਣਾ ਬਾਕੀ ਹੈ। ਉਸੈਨੀਆ ਖਿੱਤੇ ਵਿਚੋਂ ਵੀ ਫਾਈਨਲ ਪੜਾਅ ਦੀਆਂ ਟੀਮਾਂ ਦੀ ਇੰਤਜ਼ਾਰ ਕੀਤੀ ਜਾ ਰਹੀ ਹੈ ਜਦਕਿ ਅਗਲੇ ਕੁਝ ਹੀ ਦਿਨਾਂ ਤੱਕ ਭਾਵ ਨਵੰਬਰ 2013 ਤੱਕ ਬਾਕੀ ਰਹਿੰਦੀਆਂ ਟੀਮਾਂ ਦਾ ਫੈਸਲਾ ਹੋ ਜਾਵੇਗਾ।
ਫੀਫਾ 2014 ਲਈ 20 ਅਗਸਤ 2013 ਤੋਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ ਤੇ ਪਹਿਲੇ ਪੜਾਅ 'ਚ ਇਕ ਮਿਲੀਅਨ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ, ਜਦਕਿ ਫਿਲਹਾਲ ਕੁੱਲ 3.3 ਮਿਲੀਅਨ ਟਿਕਟਾਂ ਰਾਖਵੀਆਂ ਰੱਖੀਆਂ ਗਈਆਂ ਹਨ। 20ਵੇਂ ਪੜਾਅ 'ਚ ਪਹੁੰਚੇ ਵਿਸ਼ਵ ਕੱਪ ਦੇ ਮੇਜ਼ਬਾਨ ਦੇਸ਼ ਬਰਾਜ਼ੀਲ 'ਚ ਫੁੱਟਬਾਲ ਨੂੰ ਪੂਜਿਆ ਜਾਂਦਾ ਹੈ। ਬਰਾਜ਼ੀਲ ਦੇ ਬਸ਼ਿੰਦੇ ਆਪਣੇ-ਆਪ ਨੂੰ 'ਫੁੱਟਬਾਲ ਦੀ ਕੌਮ' ਅਖਵਾਉਣ 'ਚ ਫਖਰ ਮਹਿਸੂਸ ਕਰਦੇ ਹਨ। ਦਸ ਹਜ਼ਾਰ ਤੋਂ ਜ਼ਿਆਦਾ ਬਰਾਜ਼ੀਲ ਦੇ ਖਿਡਾਰੀ ਦੁਨੀਆ ਭਰ 'ਚ ਪੇਸ਼ਾਵਰ ਫੁੱਟਬਾਲ ਖੇਡ ਰਹੇ ਹਨ। ਬਰਾਜ਼ੀਲ ਦੇ ਫੁੱਟਬਾਲ ਇਤਿਹਾਸ ਵਿਚ 1958 ਤੋਂ 1970 ਦੇ ਲਗਭਗ ਇਕ ਦਹਾਕੇ ਤੋਂ ਕੁਝ ਜ਼ਿਆਦਾ ਸਮੇਂ ਨੂੰ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਇਸ ਸਮੇਂ 'ਚ ਬਰਾਜ਼ੀਲ ਨੇ 1958, 1962 ਅਤੇ 1970 ਦਾ ਵਿਸ਼ਵ ਕੱਪ ਜਿੱਤਿਆ ਸੀ। ਉਂਜ 1994 ਅਤੇ 2002 'ਚ ਵੀ ਬਰਾਜ਼ੀਲ ਚੈਂਪੀਅਨ ਬਣਿਆ ਸੀ। ਬਰਾਜ਼ੀਲ ਦੇ ਖਾਤੇ ਵਿਚ ਵੱਡੀ ਪ੍ਰਾਪਤੀ ਇਹ ਵੀ ਰਹੀ ਹੈ ਕਿ ਉਹ ਹੁਣ ਤੱਕ ਸਾਰੇ ਦੇ ਸਾਰੇ ਵਿਸ਼ਵ ਕੱਪ ਖੇਡ ਚੁੱਕਾ ਹੈ। ਬਰਾਜ਼ੀਲ ਨੇ ਹੁਣ ਤੱਕ ਪੇਲੇ, ਗਰਿਚਾ, ਜੀਕੋ, ਜੀਅਜੀਨੂ, ਟਾਸਟਾਉ, ਦੀਦੀ, ਰੋਨਾਲਡੋ, ਰੋਮਾਰੀਉ, ਰੈਵੀਲੀਨੋ, ਫਾਲਕਾਉ ਆਦਿ ਵਰਗੇ ਫੁੱਟਬਾਲ ਦੇ ਦਬੰਗ ਦੁਨੀਆ ਸਾਹਮਣੇ ਪੇਸ਼ ਕੀਤੇ ਹਨ। ਖੈਰ, ਫੁੱਟਬਾਲ ਵਿਸ਼ਵ ਕੱਪ ਦੇ ਕੁਆਲੀਫਾਈ ਮੁਕਾਬਲੇ ਲਗਭਗ ਅੰਤਿਮ ਪੜਾਅ 'ਤੇ ਪਹੁੰਚ ਚੁੱਕੇ ਹਨ। ਦਿੱਗਜ ਟੀਮਾਂ ਨਾਲ ਨਵੀਆਂ ਟੀਮਾਂ ਦੀ ਜ਼ਬਰਦਸਤ ਟੱਕਰ ਅਤੇ ਧਨੰਤਰ ਖਿਡਾਰੀਆਂ ਨਾਲ ਉੱਭਰ ਰਹੇ ਖਿਡਾਰੀਆਂ ਦੀ ਦਮਦਾਰ ਦਸਤਕ ਨਾਲ ਵਿਸ਼ਵ ਕੱਪ ਦੀ ਚਰਚਾ ਹੁਣ ਖੇਡ ਪ੍ਰੇਮੀਆਂ ਦੀ ਜ਼ਬਾਨ 'ਤੇ ਆਮ ਹੋ ਚੁੱਕੀ ਹੈ।

ਸੀਤਲ ਸਿੰਘ ਪਲਾਹੀ
-ਚੀਫ ਸਾਈ ਫੁੱਟਬਾਲ ਕੋਚ, ਪਿੰਡ ਤੇ ਡਾਕ: ਪਲਾਹੀ (ਫਗਵਾੜਾ)। ਮੋਬਾ: 94636-12204


ਖ਼ਬਰ ਸ਼ੇਅਰ ਕਰੋ

ਹਾਕੀ ਦੀ ਲੋਕਪ੍ਰਿਅਤਾ ਲਈ ਦ੍ਰਿੜ੍ਹ ਕਦਮਾਂ ਦੀ ਲੋੜ

ਕਬੱਡੀ ਖੇਡ ਨੂੰ ਇਸ ਖੇਡ ਦੇ ਕੁਮੈਂਟੇਟਰ ਨੇ ਲੋਕਪ੍ਰਿਆ ਬਣਾਇਆ ਹੈ। ਸ਼ਾਇਰਾਨਾ ਅੰਦਾਜ਼ 'ਚ ਖੇਡ ਦੇ ਮੈਦਾਨਾਂ 'ਚ ਉਨ੍ਹਾਂ ਨੇ ਕਬੱਡੀ ਖੇਡ ਲਈ ਉਹ ਜੋਸ਼ੀਲਾ ਮਾਹੌਲ ਬਣਾਇਆ ਹੈ ਕਿ ਕਬੱਡੀ ਪ੍ਰੇਮੀ, ਖੇਡ ਦਰਸ਼ਕ ਉਨ੍ਹਾਂ ਦੀ ਆਵਾਜ਼ ਦੇ ਜਾਦੂ ਸਦਕਾ ਤੇ ਅੰਦਾਜ਼ ਸਦਕਾ ਖਿਡਾਰੀਆਂ ਨਾਲ ਵੀ ਡੂੰਘੀ ਤਰ੍ਹਾਂ ਸਾਂਝ ਪਾਉਂਦੇ ਹਨ। ਕਬੱਡੀ ਖੇਡ ਦੀ ਕੁਮੈਂਟਰੀ ਕਰਦੇ ਲੋਕ ਜ਼ਰੂਰੀ ਨਹੀਂ ਕਿ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਰਹੇ ਹੋਣ ਜਾਂ ਉਨ੍ਹਾਂ ਨੇ ਆਪਣੇ ਜੀਵਨ 'ਚ ਕਬੱਡੀ ਵੱਡੇ ਪੱਧਰ 'ਤੇ ਖੇਡੀ ਹੋਵੇ ਪਰ ਉਨ੍ਹਾਂ ਕਬੱਡੀ ਖੇਡ 'ਚ ਨਵੀਂ ਰੂਹ ਫੂਕੀ ਹੈ, ਕਬੱਡੀ ਨੂੰ ਜ਼ਿੰਦਗੀ ਦਿੱਤੀ ਹੈ ਅਤੇ ਕਬੱਡੀ ਨੇ ਉਨ੍ਹਾਂ ਨੂੰ ਜ਼ਿੰਦਗੀ ਦਿੱਤੀ ਹੈ, ਸ਼ੁਹਰਤ ਦਿੱਤੀ ਹੈ, ਪੈਸਾ ਦਿੱਤਾ ਹੈ। ਅਸੀਂ ਕਬੱਡੀ ਖੇਡ ਕੁਮੈਂਟੇਟਰ ਦੇ ਪ੍ਰਸੰਸਕ ਹਾਂ ਪਰ ਹਾਕੀ ਜਗਤ ਦਾ ਇਸ ਪੱਖੋਂ ਹਾਲ ਉਤਸ਼ਾਹਵਰਧਕ ਨਹੀਂ ਹੈ। ਹਾਕੀ ਜਗਤ 'ਚ ਇਸ ਪੱਖੋਂ ਬਹੁਤ ਕਮੀਆਂ ਨਜ਼ਰ ਆ ਰਹੀਆਂ ਹਨ। ਹਾਕੀ ਜਗਤ ਨੂੰ 'ਉਲੰਪੀਅਨ ਨਿਜ਼ਮ' ਨੇ ਮਾਰ ਸੁੱਟਿਆ ਹੈ। ਇਸ ਖੇਡ ਸੰਸਾਰ ਨੂੰ ਕਬੱਡੀ ਖੇਡ ਜਗਤ ਤੋਂ ਸਿੱਖਣ ਦੀ ਲੋੜ ਹੈ। 
ਹਾਕੀ ਖੇਡ ਨੂੰ ਭਾਰਤ 'ਚ ਲੋਕਪ੍ਰਿਆ ਕਰਨ ਲਈ ਬਹੁਤ ਪ੍ਰਤਿਭਾਸ਼ਾਲੀ ਸਪੋਰਟਸ ਐਂਕਰ ਦੀ ਲੋੜ ਹੈ, ਖੇਡ ਕੁਮੈਂਟੇਟਰ ਦੀ ਜ਼ਰੂਰਤ ਹੈ। ਜ਼ਰੂਰੀ ਨਹੀਂ ਕਿ ਮਾਇਕ ਕਿਸੇ ਉਲੰਪੀਅਨ ਦੇ ਹੱਥ 'ਚ ਹੋਵੇ। ਪਿਛਲੇ ਕਈ ਦਹਾਕਿਆਂ ਤੋਂ ਭਾਰਤ ਦੀ ਧਰਤ 'ਤੇ ਆਯੋਜਿਤ ਹੋਣ ਵਾਲੇ ਹਾਕੀ ਟੂਰਨਾਮੈਂਟ ਦੇਖ ਰਹੇ ਹਾਂ। ਇਹ ਖੇਡ ਕੁਮੈਂਟਰੀ ਕਰਨ ਵਾਲੇ ਕੋਈ ਰੰਗ ਨਹੀਂ ਬੰਨ੍ਹਦੇ, ਕਿਉਂਕਿ ਇਨ੍ਹਾਂ ਕੋਲ ਐਂਕਰਿੰਗ ਕਰਨ ਦਾ ਤਜਰਬਾ ਨਹੀਂ। ਇਹ ਉਹ ਲੋਕ ਕਰ ਸਕਦੇ ਨੇ, ਐਂਕਰਿੰਗ ਜਿਨ੍ਹਾਂ ਦਾ ਪ੍ਰੋਫੈਸ਼ਨ ਹੈ। ਇਸ ਹੁਨਰ ਨੂੰ ਸਿੱਖਣ ਲਈ ਜਿਨ੍ਹਾਂ ਨੇ ਜੀਵਨ 'ਚ ਕਠਿਨ ਘਾਲਣਾ ਕੀਤੀ ਹੈ। ਹਾਕੀ ਕੁਮੈਂਟੇਟਰ ਜਸਦੇਵ ਸਿੰਘ ਕੀ ਕੋਈ ਹਾਕੀ ਉਲੰਪੀਅਨ ਸੀ? ਉਨ੍ਹਾਂ ਨੇ ਆਪਣੇ ਸੁਰੀਲੇ ਅੰਦਾਜ਼ ਅਤੇ ਸ਼ਬਦਾਂ ਦੇ ਜਾਦੂ ਨਾਲ ਪੂਰਾ ਵਿਸ਼ਵ ਕੀਲ ਸੁੱਟਿਆ ਸੀ, ਹਾਕੀ ਮੁਹੱਬਤੀ ਦ੍ਰਿਸ਼ ਖਿੱਚ ਕੇ।
ਸੱਚ ਤਾਂ ਇਹ ਹੈ ਕਿ ਅੱਜਕਲ੍ਹ ਤਾਂ ਜਸਦੇਵ ਸਿੰਘ ਵੇਲੇ ਦਾ ਵਕਤ ਵੀ ਨਹੀਂ ਰਿਹਾ। ਖੇਡ ਮੈਦਾਨਾਂ 'ਚ ਦਰਸ਼ਕ ਬਣ ਕੇ ਆ ਰਿਹਾ ਖੇਡ ਪ੍ਰੇਮੀ ਹੁਣ ਖੂਬ ਰੁਮਾਂਚਿਤ ਹੋਣਾ ਚਾਹੁੰਦਾ ਹੈ, ਅਨੰਦਿਤ ਹੋਣਾ ਚਾਹੁੰਦਾ ਹੈ, ਖਿਡਾਰੀਆਂ ਨਾਲ ਜੁੜਨਾ ਚਾਹੁੰਦਾ ਹੈ, ਉਤਸ਼ਾਹਿਤ ਹੋਣਾ ਚਾਹੁੰਦਾ ਹੈ, ਤਾੜੀਆਂ ਮਾਰਨਾ ਚਾਹੁੰਦਾ ਹੈ, ਹੱਲਾ-ਗੁੱਲਾ ਕਰਨਾ ਚਾਹੁੰਦਾ ਹੈ, ਉਹ ਇਹ ਜਾਣਨਾ ਚਾਹੁੰਦਾ ਹੈ ਕਿ ਉਸ ਦਾ ਏਨੇ ਵੱਡੇ ਹਜੂਮ 'ਚ ਕੀ ਰੋਲ ਹੈ, ਕੀ ਮਹੱਤਤਾ ਹੈ। ਉਹ ਕੁਮੈਂਟਰੀ ਕਰਨ ਵਾਲੇ ਨਾਲ ਆਪਣੀ ਸਾਂਝ ਪਾਉਣੀ ਚਾਹੁੰਦਾ ਹੈ ਪਰ ਵੱਖ-ਵੱਖ ਹਾਕੀ ਟੂਰਨਾਮੈਂਟਾਂ 'ਚ ਕੁਮੈਂਟਰੀ ਦੀ ਡਿਊਟੀ ਨਿਭਾਅ ਰਹੇ ਇਹ ਸਾਬਕਾ ਖਿਡਾਰੀ ਸਾਨੂੰ ਅਸਫਲ ਜਿਹੇ ਨਜ਼ਰ ਹੀ ਆ ਰਹੇ ਹਨ। ਉਨ੍ਹਾਂ ਕੋਲ ਹਾਕੀ ਖੇਡ ਦਾ ਹੁਨਰ ਹੈ ਪਰ ਮੰਚ ਅਤੇ ਮਾਈਕ ਦਾ ਹੁਨਰ ਨਹੀਂ, ਬੋਲਣ ਦਾ ਅੰਦਾਜ਼ ਨਹੀਂ, ਦਰਸ਼ਕਾਂ ਨੂੰ ਉਤਸ਼ਾਹਿਤ ਕਰਨ ਦਾ ਬਲ ਨਹੀਂ, ਰੁਮਾਂਚਿਤ ਕਰਨ ਦਾ ਤਰੀਕਾ ਨਹੀਂ ਆਉਂਦਾ। ਖੇਡ ਦੇ ਤਕਨੀਕੀ ਪੱਖਾਂ ਬਾਰੇ ਉਹ ਬਹੁਤ ਹੀ ਨੀਰਸ ਅੰਦਾਜ਼ 'ਚ ਬੋਲਦੇ ਨੇ। ਦਰਸ਼ਕਾਂ ਅਤੇ ਖਿਡਾਰੀਆਂ ਦੀ ਕੋਈ ਆਪਸੀ ਸਾਂਝ ਨਹੀਂ ਬਣਦੀ। ਕ੍ਰਿਕਟ ਖੇਡ ਕੋਲ ਵੀ ਬਹੁਤ ਪ੍ਰਤਿਭਾਸ਼ਾਲੀ ਐਂਕਰ ਹਨ, ਜੋ ਮੈਦਾਨ 'ਚ ਪੂਰਾ ਮਾਹੌਲ ਆਪਣੇ ਜੋਸ਼ੀਲੇ ਅੰਦਾਜ਼ ਨਾਲ ਬਣਾਉਂਦੇ ਦੇਖੇ ਗਏ ਹਨ ਪਰ ਬਦਕਿਸਮਤੀ ਹਾਕੀ ਖੇਡ ਦੀ ਜੋ ਅਜੇ ਤੱਕ ਵੀ ਲਕੀਰ ਦੀ ਫਕੀਰ ਬਣੀ ਹੋਈ ਹੈ।
ਹਾਕੀ ਇਕ ਦਰਸ਼ਨੀ ਖੇਡ ਹੈ। ਇਸ ਖੇਡ ਨੂੰ ਕਬੱਡੀ ਖੇਡ ਦੀ ਕੁਮੈਂਟਰੀ ਕਰਨ ਵਰਗੇ ਪ੍ਰਤਿਭਾਸ਼ਾਲੀ ਬੁਲਾਰੇ ਮਿਲ ਜਾਣ ਤਾਂ ਇਹ ਬਹੁਤ ਜ਼ਿਆਦਾ ਲੋਕਪ੍ਰਿਆ ਹੋ ਸਕਦੀ ਹੈ। ਟੂਰਨਾਮੈਂਟ ਦਾ ਆਗਾਜ਼, ਮੁੱਖ ਮਹਿਮਾਨ ਦਾ ਸਵਾਗਤ, ਖਿਡਾਰੀਆਂ ਦਾ ਮੈਦਾਨ 'ਚ ਪ੍ਰਵੇਸ਼, ਮੈਚ ਦੀ ਸ਼ੁਰੂਆਤ, ਮੈਚ ਦੇ ਜੋਸ਼ੀਲੇ, ਰੁਮਾਂਚਿਕ ਪਲ, ਦਰਸ਼ਕਾਂ ਵੱਲੋਂ ਹੱਲਾਸ਼ੇਰੀ, ਖਿਡਾਰੀਆਂ ਦਾ ਸਨਮਾਨ, ਮੈਦਾਨੀ ਮਾਹੌਲ ਆਦਿ ਲਈ ਕਿਸੇ ਪ੍ਰਤਿਭਾਸ਼ਾਲੀ ਸਪੋਰਟਸ ਐਂਕਰ, ਖੇਡ ਕੁਮੈਂਟੇਟਰ ਦੀ ਜ਼ਰੂਰਤ ਹੁੰਦੀ ਹੈ, ਜੋ ਹਾਕੀ ਦੇ ਮੈਦਾਨਾਂ 'ਚ ਨਹੀਂ ਲੱਭਦਾ। ਕੀ ਹਾਕੀ ਖੇਡ ਲਈ ਵੀ ਕਬੱਡੀ ਵਰਗਾ ਰੁਝਾਨ ਸ਼ੁਰੂ ਹੋ ਸਕਦੈ?

ਪ੍ਰੋ: ਪਰਮਜੀਤ ਸਿੰਘ ਰੰਧਾਵਾ
-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਫੋਨ : 98155-35410

ਖੇਡਾਂ ਵਿਚ ਸਿਆਸਤ ਨਾ ਲਿਆਂਦੀ ਜਾਵੇ

ਭਾਰਤ ਦੀ ਬਦਬਖ਼ਤੀ ਹੈ ਕਿ ਖੇਡਾਂ ਦੀ ਚੌਧਰ ਵਧੇਰੇ ਕਰਕੇ ਸਿਆਸਤਦਾਨਾਂ ਦੇ ਹੱਥ ਹੈ ਜਾਂ ਉਨ੍ਹਾਂ ਦੇ ਪਲੋਸੇ ਹੋਏ ਅਫਸਰਾਂ ਦੇ ਹੱਥ। ਇਹ ਤੱਥ ਸਭ ਜਾਣਦੇ ਹਨ ਕਿ ਆਮ ਸਿਆਸੀ ਆਗੂਆਂ ਤੇ ਬਿਊਰੋਕਰੇਸੀ ਕੋਲ ਖੇਡਾਂ ਬਾਰੇ ਲੋੜੀਂਦਾ ਗਿਆਨ ਤੇ ਹੱਡੀਂ ਹੰਢਾਇਆ ਅਨੁਭਵ ਨਹੀਂ ਹੁੰਦਾ। ਖੇਡਾਂ ਦੇ ਗਿਆਨ ਦੀ ਥਾਂ ਉਨ੍ਹਾਂ ਕੋਲ ਸਿਆਸੀ ਸ਼ਕਤੀ ਹੁੰਦੀ ਹੈ, ਜਿਸ ਦੀ ਉਹ ਖੇਡਾਂ ਦੇ ਖੇਤਰ ਵਿਚ ਵੀ ਦੁਰਵਰਤੋਂ ਕਰਨੋਂ ਨਹੀਂ ਟਲਦੇ। ਉਨ੍ਹਾਂ ਨੂੰ ਖੇਡਾਂ ਤੇ ਖਿਡਾਰੀਆਂ ਦਾ ਫ਼ਿਕਰ ਨਹੀਂ ਹੁੰਦਾ। ਖੇਡਾਂ ਰਾਹੀਂ ਬਸ ਆਪਣੀ ਸਿਆਸਤ ਚਮਕਾਉਣ ਦਾ ਹੀ ਫ਼ਿਕਰ ਹੁੰਦੈ! ਉਹ ਖੇਡ ਚੈਂਪੀਅਨਸ਼ਿਪਾਂ/ਕੱਪਾਂ ਦੇ ਸਮੇਂ ਸਥਾਨ ਚੁਣਨ, ਪ੍ਰਬੰਧਕ ਲਾਉਣ, ਟੀਮਾਂ ਮੰਗਵਾਉਣ, ਵਿਸ਼ੇਸ਼ ਸੱਦੇ 'ਤੇ ਸਨਮਾਨ ਦੇਣ, ਸਟੇਜ 'ਤੇ ਬੈਠਣ-ਬੋਲਣ, ਕੁਮੈਂਟੇਟਰ ਲਾਉਣ, ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਲਈ ਕਲਾਕਾਰ ਚੁਣਨ, ਗੱਲ ਕੀ ਖੇਡਾਂ ਨਾਲ ਜੁੜੇ ਸਾਰੇ ਪਹਿਲੂਆਂ ਦਾ ਫੈਸਲਾ ਕਰਨ ਵੇਲੇ ਆਪਣਾ ਸਿਆਸੀ ਹਿਤ ਹੀ ਵੇਖਦੇ ਹਨ। ਖੇਡਾਂ ਰਾਹੀਂ ਸਿਹਤ ਬਣਾਉਣ ਤੇ ਸਿਹਤਮੰਦ ਮਨੋਰੰਜਨ ਕਰਨ ਦੀ ਥਾਂ ਉਹ ਆਪਣਾ ਵੋਟ ਬੈਂਕ ਵਧਾਉਣਾ ਲੋਚਦੇ ਹਨ। ਨਿਗ੍ਹਾ ਖੇਡਾਂ ਉੱਤੇ ਨਹੀਂ, ਵੋਟ ਬੈਂਕ ਉੱਤੇ ਹੁੰਦੀ ਹੈ। ਆਪਣਾ ਸਿਆਸੀ ਹਿਤ ਪਾਲਦਿਆਂ ਖਿਡਾਰੀ ਤੇ ਖੇਡ ਮਾਹਿਰ ਅਕਸਰ ਖੂੰਜੇ ਲਾਏ ਹੁੰਦੇ ਹਨ। 2010 ਵਿਚ ਕਾਮਨਵੈਲਥ ਖੇਡਾਂ ਦੀ ਮਸ਼ਾਲ ਵਾਹਗਾ ਬਾਰਡਰ 'ਤੇ ਪਹੁੰਚਣ ਵੇਲੇ ਤੀਸ ਮਾਰ ਖਾਂ ਨੇ ਵਿਅੰਗਮਈ ਕਾਵਿ ਬੰਦ ਲਿਖਿਆ ਸੀ :
'ਕਾਮਨਵੈਲਥ ਦੀ ਜਦੋਂ ਮਸ਼ਾਲ ਪਹੁੰਚੀ,
ਵਾਹਗੇ ਬਾਡਰ 'ਤੇ ਗੇਟ ਬਣਾਏ ਹੈ ਸੀ।
ਸ਼ੀਲਾ ਦੀਕਸ਼ਤ ਵੀ ਦਿੱਲੀ ਤੋਂ ਚੱਲ ਆਈ,
ਚੰਡੀਗੜ੍ਹ ਤੋਂ ਬਾਦਲ ਜੀ ਆਏ ਹੈ ਸੀ।
ਕਿੱਦਾਂ ਪਿੱਛੇ ਕਲਮਾਦੀ ਵੀ ਰਹਿ ਜਾਂਦਾ,
ਟੀ. ਵੀ. ਕੈਮਰੇ ਜੀਹਨੇ ਲਗਵਾਏ ਹੈ ਸੀ।
ਵਾਰੀ-ਵਾਰੀ ਮਸ਼ਾਲ ਨੂੰ ਹੱਥ ਲਾ ਕੇ,
ਫੋਟੋ ਉਹਨਾਂ ਨੇ ਖ਼ੂਬ ਖਿਚਵਾਏ ਹੈ ਸੀ।
ਸੱਦੇ ਹੋਏ ਖਿਡਾਰੀ ਸਨ ਖੜ੍ਹੇ ਪਿੱਛੇ,
ਧਾੜ ਲੀਡਰਾਂ ਦੀ ਅੱਗੇ ਲਾਈ ਹੈ ਸੀ।
ਧੌਣ ਉੱਚੀ ਸੀ ਸਿਆਸੀ ਲੀਡਰਾਂ ਦੀ,
ਨੀਵੀਂ ਉਥੇ ਖਿਡਾਰੀਆਂ ਪਾਈ ਹੈ ਸੀ!'
ਖੇਡਾਂ ਦਾ ਕਾਰਜ ਖੇਡ ਖੇਤਰ ਦੇ ਮਾਹਿਰਾਂ ਨੂੰ ਸੌਂਪਿਆ ਜਾਵੇ, ਤਦ ਹੀ ਖੇਡਾਂ ਦਾ ਬਿਹਤਰ ਵਿਕਾਸ ਹੋ ਸਕਦੈ ਤੇ ਬਿਹਤਰ ਨਤੀਜੇ ਲਏ ਜਾ ਸਕਦੇ ਨੇ। ਪਰ ਸਿਆਸੀ ਮਸਲਹਤਾਂ ਕਾਰਨ ਅਜਿਹਾ ਹੋ ਨਹੀਂ ਰਿਹਾ, ਹਾਲਾਂ ਕਿ ਖੇਡਾਂ ਦਾ ਖੇਤਰ ਅਜਿਹਾ ਖੇਤਰ ਹੈ, ਜਿਸ ਵਿਚ ਸਿਆਸਤ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਪੰਜਾਬ ਦੀਆਂ ਖੇਡਾਂ ਦੀ ਗੱਲ ਹੀ ਲੈ ਲਵੋ। ਪੰਜਾਬ ਕੋਲ ਏਨੇ ਖੇਡ ਮਾਹਿਰ ਹਨ ਕਿ ਉਨ੍ਹਾਂ ਦੀਆਂ ਸੇਵਾਵਾਂ ਲੈ ਕੇ ਪੰਜਾਬ ਭਾਰਤ ਵਿਚ ਖੇਡਾਂ ਦਾ ਮੁੜ ਮੋਹਰੀ ਸੂਬਾ ਬਣ ਸਕਦੈ। ਨੈਸ਼ਨਲ ਮੈਡਲ ਜਿੱਤਣ 'ਚ ਹੁਣ ਪੰਜਾਬ ਤੋਂ ਹਰਿਆਣਾ ਤੇ ਕਈ ਹੋਰ ਸੂਬੇ ਅੱਗੇ ਨਿਕਲ ਗਏ ਹਨ। ਅਸਲ ਵਿਚ ਪੰਜਾਬ ਦੇ ਸਿਆਸਤਦਾਨ ਪੰਜਾਬ ਦੇ ਖੇਡ ਵਿਭਾਗ ਤੋਂ ਲੋਕ ਸੰਪਰਕ ਵਿਭਾਗ ਦਾ ਹੀ ਕੰਮ ਲੈਣ ਦੀ ਲਾਲਸਾ ਰੱਖਦੇ ਰਹੇ ਤੇ ਰੱਖ ਰਹੇ ਹਨ।
ਮੈਂ ਪੰਜਾਬ ਵਿਚ ਹੋਏ ਕਬੱਡੀ ਵਰਲਡ ਕੱਪ ਕਾਫੀ ਨੇੜਿਓਂ ਵੇਖੇ ਹਨ ਤੇ 'ਅੱਖੀਂ ਡਿੱਠਾ ਕਬੱਡੀ ਵਰਲਡ ਕੱਪ' ਕਿਤਾਬ ਵੀ ਲਿਖੀ ਹੈ। ਕਬੱਡੀ ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਹੈ, ਜਿਸ ਨੂੰ ਪੰਜਾਬੀਆਂ ਦੀ ਮਾਂ-ਖੇਡ ਵੀ ਕਿਹਾ ਜਾਂਦੈ। ਕਬੱਡੀ ਦਾ ਵਰਲਡ ਕੱਪ ਸੌੜੇ ਸਿਆਸੀ ਦਾਇਰਿਆਂ ਤੋਂ ਬਾਹਰ ਰਹਿ ਕੇ ਕਰਾਇਆ ਤੇ ਵੇਖਿਆ ਜਾਣਾ ਚਾਹੀਦਾ ਹੈ। ਪਰ ਪਿਛਲੇ ਤਿੰਨਾਂ ਵਰਲਡ ਕੱਪਾਂ ਤੋਂ ਵੇਖਦੇ ਰਹੇ ਹਾਂ ਕਿ ਕਾਂਗਰਸੀ ਨੇਤਾ ਕਬੱਡੀ ਕੱਪਾਂ ਦੇ ਲਾਗੇ ਵੀ ਨਹੀਂ ਲਗਦੇ ਰਹੇ। ਉਹ ਇਹੋ ਸਮਝਦੇ ਰਹੇ ਹਨ ਕਿ ਇਹ ਅਕਾਲੀਆਂ ਦਾ ਸ਼ੋਅ ਹੈ। ਐਨ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਸਮੇਂ ਪਟਿਆਲੇ 'ਚ ਕਰਾਈਆਂ ਇੰਡੋ-ਪਾਕਿ ਪੰਜਾਬ ਖੇਡਾਂ ਵਿਚ ਅਕਾਲੀ ਨੇਤਾਵਾਂ ਨੇ ਦਿਲਚਸਪੀ ਨਹੀਂ ਸੀ ਲਈ, ਕਿਉਂਕਿ ਉਹ ਸਮਝਦੇ ਸਨ ਇਹ ਕਾਂਗਰਸੀਆਂ ਦਾ ਸ਼ੋਅ ਹੈ। ਉਦੋਂ ਬਾਦਲ ਸਾਹਿਬ ਜ਼ਰੂਰ ਉਦਘਾਟਨੀ ਸਮਾਗਮ ਵਿਚ ਜਾ ਆਏ ਸਨ ਪਰ ਕੈਪਟਨ ਸਾਹਿਬ ਤਾਂ ਕਬੱਡੀ ਕੱਪਾਂ ਦੇ ਉਦਘਾਟਨੀ ਸਮਾਗਮਾਂ ਵਿਚ ਵੀ ਨਹੀਂ ਪੁੱਜੇ। ਪੰਜਾਬ ਦੀਆਂ ਖੇਡਾਂ ਲਈ ਇਹ ਨਕਾਰਾਤਮਕ ਪਹੁੰਚ ਹੈ। ਖੇਡਾਂ ਆਪਣੀ ਥਾਂ, ਸਿਆਸਤ ਆਪਣੀ ਥਾਂ। ਕਬੱਡੀ ਤਾਂ ਸਾਰੇ ਪੰਜਾਬੀਆਂ ਦੀ ਸਾਂਝੀ ਖੇਡ ਹੈ।
ਹੁਣ 30 ਨਵੰਬਰ ਤੋਂ ਕਬੱਡੀ ਦਾ ਚੌਥਾ ਵਰਲਡ ਕੱਪ ਸ਼ੁਰੂ ਹੋਣਾ ਹੈ, ਜਿਸ ਦੇ ਮੈਚ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚ ਖੇਡੇ ਜਾਣੇ ਹਨ। ਪਹਿਲਾਂ ਇਹ 9 ਨਵੰਬਰ ਤੋਂ ਸ਼ੁਰੂ ਹੋਣੇ ਸਨ ਪਰ ਦਿੱਲੀ ਦੀਆਂ ਚੋਣਾਂ ਕਾਰਨ ਹੀ ਤਾਰੀਖ਼ਾਂ ਪਿੱਛੇ ਪਾਈਆਂ ਗਈਆਂ ਹਨ। ਪੰਜਾਬ ਸਰਕਾਰ ਨੇ ਪਹਿਲਾ ਇਨਾਮ ਦੂਜੇ ਵਰਲਡ ਕੱਪ ਤੋਂ ਹੀ ਦੋ ਕਰੋੜ ਰੁਪਏ ਦਾ ਰੱਖਿਆ ਹੋਇਐ, ਜੋ ਭਾਰਤ ਵਰਗੇ ਮੁਲਕ ਵਿਚ ਬਹੁਤ ਵੱਡਾ ਹੈ। ਕਿਸੇ ਵੀ ਖੇਡ ਦਾ ਇਨਾਮ ਦੂਜੀਆਂ ਖੇਡਾਂ ਵੱਲ ਵੇਖ ਕੇ ਰੱਖਣਾ ਚਾਹੀਦੈ। ਕਬੱਡੀ ਦੇ ਮੁਕਾਬਲੇ ਓਲੰਪਿਕ ਖੇਡਾਂ ਵਿਚ ਖੇਡੀ ਜਾਂਦੀ ਹਾਕੀ ਤੇ ਹੋਰ ਖੇਡਾਂ ਦੇ 5 ਜਾਂ 10 ਲੱਖੇ ਇਨਾਮ ਹੁਣ ਨਿਗੂਣੇ ਜਿਹੇ ਜਾਪਦੇ ਹਨ!
ਅਸਲ ਵਿਚ ਵਰਲਡ ਕੱਪ ਕਰਵਾਉਣ ਵਾਲਿਆਂ ਦੀ ਨਿਗ੍ਹਾ ਕਬੱਡੀ ਉਤੇ ਓਨੀ ਨਹੀਂ, ਜਿੰਨੀ ਕਬੱਡੀ ਰਾਹੀਂ ਕੀਤੇ ਜਾਂਦੇ 'ਕੱਠਾਂ ਦੇ ਵੋਟ ਬੈਂਕ ਉੱਤੇ ਰਹੀ ਹੈ। ਇਸੇ ਲਈ ਉਹ ਕਬੱਡੀ ਕੱਪ ਦੇ ਦਿਨ ਮਿਥਣ ਤੇ ਸਟੇਡੀਅਮ ਚੁਣਨ ਲਈ ਸਿਆਸੀ ਮੁਫ਼ਾਦ ਮੁੱਖ ਰੱਖਦੇ ਰਹੇ ਹਨ। ਚੰਗਾ ਹੋਵੇ ਜੇ ਚੌਥੇ ਕਬੱਡੀ ਵਿਸ਼ਵ ਕੱਪ ਵਿਚ ਸ਼ਾਮਲ ਹੋਣ ਦੇ ਵਿਸ਼ੇਸ਼ ਸੱਦੇ ਪੰਜਾਬ ਦੀਆਂ ਸਭਨਾਂ ਰਾਜਸੀ ਪਾਰਟੀਆਂ ਦੇ ਨੇਤਾਵਾਂ ਨੂੰ ਦਿੱਤੇ ਜਾਣ ਤੇ ਉਹ ਵੀ ਬਹਾਨੇ ਛੱਡ ਕੇ ਆਪਣੀ ਮਾਂ-ਖੇਡ ਵੇਖਣ।

ਖੇਡ ਚਰਚਾ
ਪ੍ਰਿੰ: ਸਰਵਣ ਸਿੰਘ

ਪੇਂਡੂ ਖੇਡ ਮੇਲਿਆਂ ਦੀ ਪੂਰਨਮਾਸ਼ੀ ਤੇ ਮੱਸਿਆ

ਪੰਜਾਬ ਸਰਕਾਰ ਨੇ ਲਗਾਤਾਰ ਤਿੰਨ ਵਿਸ਼ਵ ਕੱਪ ਕਰਵਾ ਕੇ ਪੰਜਾਬੀ ਖਿੱਤੇ ਦੇ ਲੋਕਾਂ ਦੇ ਖੂਨ 'ਚ ਰਚੀ ਖੇਡ ਕਬੱਡੀ ਨੂੰ ਵਿਸ਼ਵ ਪੱਧਰੀ ਪਹਿਚਾਣ ਦਿੱਤੀ ਹੈ ਅਤੇ ਇਸ ਖੇਡ ਨੂੰ ਨਿਯਮਬੱਧ ਕਰਨ ਲਈ ਵੱਡਾ ਉਪਰਾਲਾ ਕੀਤਾ ਹੈ। ਆਲਮੀ ਕੱਪਾਂ ਦੇ ਨਿਯਮਬੱਧ ਆਯੋਜਨ ਤੋਂ ਸਭ ਤੋਂ ਵਧੇਰੇ ਸਾਡੇ ਘਰੇਲੂ ਖੇਡ ਮੇਲਿਆਂ ਦੇ ਪ੍ਰਬੰਧਕਾਂ ਨੇ ਬਹੁਤ ਕੁਝ ਸਿੱਖਿਆ ਹੈ, ਜਿਸ ਨਾਲ ਇਹ ਖੇਡ ਮੇਲੇ ਪੂਰਨਮਾਸ਼ੀ ਦੀ ਰਾਤ ਵਾਂਗ ਚਮਕਣ ਲੱਗ ਪਏ ਹਨ। ਪਰ ਦੂਸਰੇ ਪਾਸੇ ਇਨ੍ਹਾਂ ਖੇਡ ਮੇਲਿਆਂ ਦਾ ਦੂਸਰਾ ਪਹਿਲੂ ਮੱਸਿਆ ਦੀ ਰਾਤ ਵਰਗਾ ਹੈ, ਜੋ ਬਹੁਤ ਸਾਰੇ ਖਿਡਾਰੀਆਂ ਦੁਆਰਾ ਜ਼ਾਬਤੇ ਦੀ ਉਲੰਘਣਾ ਕਰਨ ਨਾਲ ਉਤਪੰਨ ਹੁੰਦਾ ਹੈ, ਜਿਸ ਨਾਲ ਇਸ ਖੇਡ ਦੀ ਆਤਮਾ ਤਾਂ ਝੰਜੋੜੀ ਜਾ ਹੀ ਰਹੀ ਹੈ, ਸਗੋਂ ਇਸ ਖੇਡ ਦੇ ਸ਼ੈਦਾਈ ਲੋਕ ਵੀ ਖਿਡਾਰੀਆਂ ਦੀਆਂ ਬੇਹੁਦਾ ਹਰਕਤਾਂ ਦੇਖ ਕੇ ਪ੍ਰੇਸ਼ਾਨ ਹੋ ਜਾਂਦੇ ਹਨ। ਚੰਗੀਆਂ ਇਨਾਮੀ ਰਾਸ਼ੀਆਂ ਹੋਣ ਤੇ ਚੰਗੇ ਟੂਰਨਾਮੈਂਟ ਹੋਣ ਦੇ ਬਾਵਜੂਦ ਬਹੁਤ ਸਾਰੇ ਖਿਡਾਰੀ ਸੁਧਰਨ ਦਾ ਨਾਂਅ ਨਹੀਂ ਲੈ ਰਹੇ।
ਪਹਿਲਾਂ ਗੱਲ ਕਰਦੇ ਹਾਂ ਘਰੇਲੂ ਕਬੱਡੀ ਦੇ ਪੂਰਨਮਾਸ਼ੀ ਵਾਲੇ ਪੱਖ ਦਾ। ਪੰਜਾਬ ਦੀ ਧਰਤੀ 'ਤੇ ਕਬੱਡੀ ਦਾ ਸੀਜ਼ਨ 2013-14 ਸ਼ੁਰੂ ਹੋ ਚੁੱਕਾ ਹੈ। ਕਈ ਵਧੀਆ ਪ੍ਰਬੰਧਾਂ ਵਾਲੇ ਖੇਡ ਮੇਲਿਆਂ 'ਤੇ ਜਾਣ ਦਾ ਮੌਕਾ ਮਿਲਿਆ ਹੈ। ਇਕ ਪਿੰਡ ਓਪਨ ਤੇ ਵਜ਼ਨੀ ਮੁਕਾਬਲਿਆਂ ਵਾਲੇ ਟੂਰਨਾਮੈਂਟ ਦੇ ਪ੍ਰਬੰਧਾਂ ਨੂੰ ਦੇਖ ਕੇ ਜਾਪਦਾ ਹੈ ਕਿ ਇਨ੍ਹਾਂ ਮੇਲਿਆਂ ਦੇ ਖੇਡ ਸੰਚਾਲਕਾਂ ਨੇ ਵਿਸ਼ਵ ਕੱਪਾਂ ਦੇ ਸੰਚਾਲਨ ਤੋਂ ਬਹੁਤ ਕੁਝ ਸਿੱਖ ਲਿਆ ਹੈ। ਕੱਪਾਂ ਦੇ ਸੰਚਾਲਨ ਬਾਰੇ ਅਜੇ ਸ਼ੁਰੂਆਤ ਤੋਂ ਬਾਅਦ ਪਤਾ ਲੱਗੇਗਾ। ਖਿਡਾਰੀਆਂ ਲਈ ਚੰਗੇ ਖਾਣੇ ਦਾ ਪ੍ਰਬੰਧ, ਪੇਸ਼ੇਵਰ ਰੈਫਰੀ, ਦਿਲਕਸ਼ ਵਿਸ਼ੇਸ਼ ਇਨਾਮ ਅਤੇ ਚੰਗੇ ਮੈਦਾਨਾਂ ਦਾ ਪ੍ਰਬੰਧ ਘਰੇਲੂ ਕਬੱਡੀ ਦੇ ਚੰਗੇ ਮਿਆਰ ਦਾ ਸਬੂਤ ਹਨ। ਇਨ੍ਹਾਂ ਖੇਡ ਮੇਲਿਆਂ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਨ੍ਹਾਂ ਦਾ ਸੰਚਾਲਨ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਇਆ ਜਾਂਦਾ ਹੈ, ਜਿਸ ਕਾਰਨ ਬਹੁਤ ਸਾਰੇ ਮੇਲਿਆਂ 'ਚ ਤਾਂ ਕੱਪਾਂ ਨਾਲੋਂ ਵੀ ਵਧੇਰੇ ਇਕੱਠ ਹੋ ਜਾਂਦਾ ਹੈ।
ਫਿਰ ਦੋਵੇਂ ਟੀਮਾਂ ਆਪਸੀ ਸਹਿਮਤੀ ਨਾਲ ਹੀ ਮੈਚ ਖੇਡਦੀਆਂ ਹਨ, ਪ੍ਰਬੰਧਕਾਂ ਦੀ ਕੋਈ ਨਹੀਂ ਸੁਣਦਾ। ਕੋਈ ਸਖ਼ਤ ਸੁਭਾਅ ਵਾਲਾ ਟੂਰਨਾਮੈਂਟ ਸੰਚਾਲਕ ਭਾਵੇਂ ਟੀਮ ਨੂੰ ਬਾਹਰ ਕਰਨ ਦਾ ਫੈਸਲਾ ਲੈ ਲਵੇ, ਨਹੀਂ ਤਾਂ ਜ਼ਿਆਦਾਤਰ ਖਿਡਾਰੀਆਂ ਦੀ ਹੀ ਚਲਦੀ ਹੈ। ਅਜਿਹੀਆਂ ਟੀਮਾਂ 'ਚ ਕੌਮਾਂਤਰੀ ਖਿਡਾਰੀ ਵੀ ਸ਼ਾਮਿਲ ਹੁੰਦੇ ਹਨ। ਵੱਡੇ ਇਨਾਮਾਂ ਵਾਲੇ ਟੂਰਨਾਮੈਂਟਾਂ 'ਤੇ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ। ਇਨ੍ਹਾਂ ਖੇਡ ਮੇਲਿਆਂ ਦੌਰਾਨ ਬਹੁਤ ਸਾਰੇ ਧਾਵੀਆਂ ਵੱਲੋਂ ਸਰੀਰ 'ਤੇ ਚਿਕਨਾਈ ਵਾਲੀਆਂ ਚੀਜ਼ਾਂ ਲਗਾ ਕੇ ਖੇਡਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਮੈਦਾਨ 'ਚ ਵੜਦਿਆਂ ਹੀ ਖਿਡਾਰੀ ਇਕ-ਦੂਜੇ ਦੇ ਸਰੀਰ ਨੂੰ ਪਹਿਲਾਂ ਕੱਪੜੇ ਨਾਲ ਸਾਫ ਕਰਦੇ ਹਨ ਅਤੇ ਫਿਰ ਮਿੱਟੀ ਲਗਾ ਕੇ ਚਿਕਨਾਈ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਪਸੀਨਾ ਆਉਣ 'ਤੇ ਫਿਰ ਖਿਡਾਰੀਆਂ ਦੇ ਸਰੀਰ ਚਿਕਨਾਹਟ ਵਾਲੇ ਹੋ ਜਾਂਦੇ ਹਨ ਅਤੇ ਜਾਫੀਆਂ ਦਾ ਹੱਥ ਹੀ ਨਹੀਂ ਖੜ੍ਹਦਾ। ਤੀਸਰੀ ਸਮੱਸਿਆ ਖਿਡਾਰੀਆਂ ਵੱਲੋਂ ਅੰਪਾਇਰਾਂ ਨਾਲ ਵੱਖ-ਵੱਖ ਫੈਸਲਿਆਂ ਨੂੰ ਲੈ ਕੇ ਖਹਿਬੜਨ ਦੀ ਹੈ। ਬੇਵਜ੍ਹਾ ਹੀ ਖਿਡਾਰੀ ਰੈਫਰੀਆਂ ਨਾਲ ਝਗੜਦੇ ਦਿਖਾਈ ਦਿੰਦੇ ਹਨ। ਚੌਥੀ ਸਮੱਸਿਆ ਟੀਮਾਂ ਦਾ ਸਮੇਂ ਸਿਰ ਨਾ ਪੁੱਜਣਾ ਹੈ। ਕੁਮੈਂਟੇਟਰਾਂ ਤੇ ਮੰਚ ਸੰਚਾਲਕਾਂ ਵੱਲੋਂ ਵਾਰ-ਵਾਰ ਆਵਾਜ਼ਾਂ ਮਾਰਨ ਦੇ ਬਾਵਜੂਦ ਖਿਡਾਰੀ ਮੈਦਾਨ 'ਚ ਸਮੇਂ ਸਿਰ ਨਹੀਂ ਪੁੱਜਦੇ, ਜਿਸ ਕਾਰਨ ਟੂਰਨਾਮੈਂਟ ਦੇਰੀ ਨਾਲ ਖਤਮ ਹੁੰਦਾ ਹੈ ਅਤੇ ਮੈਚਾਂ ਦਾ ਫੈਸਲਾ ਪੰਜ-ਪੰਜ ਰੇਡਾਂ 'ਤੇ ਆ ਜਾਂਦਾ ਹੈ, ਜਿਸ ਨਾਲ ਕਈ ਵਾਰ ਤਕੜੀਆਂ ਟੀਮਾਂ ਦਾ ਨੁਕਸਾਨ ਹੋ ਜਾਂਦਾ ਹੈ।
ਪੰਜਵੀਂ ਸਮੱਸਿਆ ਤਾਂ ਕਬੱਡੀ ਨੂੰ ਘੁਣ ਵਾਂਗ ਖਾ ਰਹੀ ਹੈ। ਇਹ ਹੈ ਡੋਪਿੰਗ ਦੀ। ਖੇਡ ਮੇਲੇ ਤੋਂ ਦੂਰ ਜਿੰਨੀ ਕਿਸੇ ਟੀਮ ਦੀ ਗੱਡੀ ਦੂਰ ਖੜ੍ਹੀ ਹੁੰਦੀ ਹੈ, ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਟੀਮ ਡੋਪ ਕਰਨ 'ਚ ਸਭ ਤੋਂ ਮੋਹਰੀ ਹੈ। ਖਿਡਾਰੀ ਜਦੋਂ ਸੈਮੀਫਾਈਨਲ ਜਿੱਤ ਲੈਂਦੇ ਹਨ ਤਾਂ ਪ੍ਰਬੰਧਕਾਂ ਦੇ ਕਹਿਣ ਦੇ ਬਾਵਜੂਦ ਫਾਈਨਲ ਲਈ ਨਹੀਂ ਰੁਕਦੇ, ਧੱਕੇ ਨਾਲ ਉਹ ਆਪਣੀ ਗੱਡੀ ਕੋਲ ਜਾ ਕੇ ਇਕ ਵਾਰ ਜ਼ਰੂਰ ਮੁੜ ਮਸਾਲਾ ਭਰ ਕੇ ਮੈਦਾਨ 'ਚ ਆਉਂਦੇ ਹਨ। ਪਿਛਲੇ ਕਬੱਡੀ ਸੀਜ਼ਨ 'ਚ ਖੇਡ ਮੈਦਾਨਾਂ 'ਚ ਹੀ ਕੁਝ ਅਣਹੋਣੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਸਾਡੇ ਖਿਡਾਰੀ ਇਨ੍ਹਾਂ ਤੋਂ ਕੁਝ ਵੀ ਸਬਕ ਨਹੀਂ ਲੈਂਦੇ ਅਤੇ ਆਪਣੇ ਖੇਡ ਜੀਵਨ ਤੇ ਜ਼ਿੰਦਗੀ ਦੀ ਉਮਰ ਘਟਾ ਰਹੇ ਹਨ। ਇਸ ਤੋਂ ਇਲਾਵਾ ਹੋਰ ਘਰੇਲੂ ਕਬੱਡੀ 'ਚ ਖਿਡਾਰੀਆਂ ਦੁਆਰਾ ਪੈਦਾ ਕੀਤੀਆਂ ਜਾਣ ਵਾਲੀਆਂ ਕੁਝ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ, ਜੋ ਇਸ ਦੇ ਵਕਾਰ ਨੂੰ ਢਾਅ ਲਗਾ ਰਹੀਆਂ ਹਨ। ਸਾਡੇ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਕ-ਇਕ ਰੁਪਿਆ ਜੋੜ ਕੇ ਖੇਡ ਮੇਲੇ ਕਰਵਾਉਣ ਵਾਲੇ ਪ੍ਰਬੰਧਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਜ਼ਾਬਤੇ 'ਚ ਰਹਿ ਕੇ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਕੱਦ ਹੋਰ ਉੱਚਾ ਕਰਕੇ ਅੱਗੇ ਵਧਣ।

ਡਾ: ਸੁਖਦਰਸ਼ਨ ਸਿੰਘ ਚਹਿਲ
-ਪਟਿਆਲਾ। 97795-90575

ਨੈਸ਼ਨਲ ਪੱਧਰ ਦੀ ਹਾਕੀ ਖਿਡਾਰਨ ਤੇ ਕੋਚ-ਜਸਪ੍ਰੀਤ ਕੌਰ ਖਾਲਸਾ

ਸਰਕਾਰੀ ਹਾਈ ਸਕੂਲ ਖਿਆਲਾ ਕਲਾਂ ਵਿਖੇ ਹਿੰਦੀ ਅਧਿਆਪਕਾ ਦੇ ਨਾਲ-ਨਾਲ ਕੋਚ ਵਜੋਂ ਖਿਡਾਰੀਆਂ ਅਤੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਕੇ ਖੇਡਾਂ ਨਾਲ ਜੋੜ ਰਹੀ ਬੀਬੀ ਜਸਪ੍ਰੀਤ ਕੌਰ ਖਾਲਸਾ ਜਿਥੇ ਖੁਦ ਨੈਸ਼ਨਲ ਪੱਧਰ ਦੀ ਹਾਕੀ ਤੇ ਖੋ-ਖੋ ਦੀ ਖਿਡਾਰਨ ਰਹਿ ਚੁੱਕੀ ਹੈ। 30 ਜੁਲਾਈ 1968 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਿੱਧਵਾਂ ਖੁਰਦ ਵਿਖੇ ਪਿਤਾ ਸ: ਭਗਵਾਨ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਵਿਹੜੇ ਨੂੰ ਪਹਿਲੀ ਕਿਲਕਾਰੀ ਨਾਲ ਮਹਿਕਾਉਣ ਵਾਲੀ ਬੀਬੀ ਜਸਪ੍ਰੀਤ ਕੌਰ ਨੇ ਸਿੱਖ ਕੰਨਿਆ ਹਾਈ ਸਕੂਲ ਸਿੱਧਵਾਂ ਖੁਰਦ ਵਿਚ ਪੜ੍ਹਦਿਆਂ ਕੋਚ ਮੈਡਮ ਅਮਰਜੀਤ ਕੌਰ ਦੀ ਯੋਗ ਅਗਵਾਈ ਹੇਠ ਹਾਕੀ ਖੇਡਣੀ ਸ਼ੁਰੂ ਕੀਤੀ। 1983 'ਚ ਬਿਲਾਸਪੁਰ (ਮੱਧ ਪ੍ਰਦੇਸ਼) ਵਿਖੇ ਪੰਜਾਬ ਵੱਲੋਂ ਖੇਡਦਿਆਂ 29ਵੀਆਂ ਰਾਸ਼ਟਰੀ ਸਕੂਲ ਖੇਡਾਂ, ਉਸੇ ਸਾਲ ਪਟਿਆਲਾ ਵਿਖੇ ਹੋਈਆਂ ਪੰਜਾਬ ਸਕੂਲ ਖੇਡਾਂ ਵਿਚੋਂ ਵੀ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। 1982 ਵਿਚ ਪੰਜਾਬ ਰਾਜ ਪੇਂਡੂ ਖੇਡਾਂ ਦੌਰਾਨ ਲੁਧਿਆਣਾ ਵੱਲੋਂ ਖੇਡਦਿਆਂ ਟੀਮ ਨੂੰ ਪਹਿਲਾ ਸਥਾਨ ਦਿਵਾਇਆ। 1984 ਵਿਚ ਅੰਤਰ-ਯੂਨੀਵਰਸਿਟੀ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸ੍ਰੀਨਗਰ ਵਿਖੇ ਉਸ ਦੀ ਟੀਮ ਨੇ ਪਹਿਲਾ ਸਥਾਨ, 1985 ਵਿਚ ਪੈਪਸੂ ਵੂਮੈਨ ਹਾਕੀ ਐਸੋਸੀਏਸ਼ਨ ਵੱਲੋਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਟੂਰਨਾਮੈਂਟ ਦੌਰਾਨ ਪੰਜਾਬ ਵੱਲੋਂ ਖੇਡਦਿਆਂ ਆਪਣੀ ਟੀਮ ਨੂੰ ਪਹਿਲਾ ਸਥਾਨ ਦਿਵਾਇਆ। 
1986 ਵਿਚ ਉਹ ਏਸ਼ੀਆਡ ਖੇਡਾਂ ਲਈ ਲਗਾਏ ਗਏ ਭਾਰਤੀ ਮਹਿਲਾ ਹਾਕੀ ਕੈਂਪ ਲਈ ਚੁਣੇ ਗਏ। ਐਮ. ਏ. ਹਿੰਦੀ, ਬੀ. ਐੱਡ. ਅਤੇ ਡੀ. ਪੀ. ਐੱਡ. ਦੀ ਡਿਗਰੀ ਕਰਨ ਤੋਂ ਬਾਅਦ ਕੇਂਦਰੀ ਵਿਦਿਆਲਾ ਸ੍ਰੀਨਗਰ, ਆਰਮੀ ਸਕੂਲ ਗੁਰਦਾਸਪੁਰ, ਪੁਲਿਸ ਪਬਲਿਕ ਸਕੂਲ ਬਠਿੰਡਾ, ਅਕਾਲ ਅਕੈਡਮੀ ਬਰਨਾਲਾ, ਸੰਤ ਕਬੀਰ ਸਕੂਲ ਬਠਿੰਡਾ, ਦਸਮੇਸ਼ ਸਕੂਲ ਬਠਿੰਡਾ ਅਤੇ ਸਰਕਾਰੀ ਹਾਈ ਸਕੂਲ ਭੀਲੋਵਾਲ ਪੱਕਾ (ਅੰਮ੍ਰਿਤਸਰ) ਵਿਖੇ ਵੱਖ-ਵੱਖ ਸਮੇਂ 'ਤੇ ਕਰੀਬ 18 ਸਾਲ ਹਾਕੀ ਕੋਚ ਵਜੋਂ ਸੇਵਾਵਾਂ ਨਿਭਾਉਂਦਿਆਂ ਅਨੇਕਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਪੰਜਾਬ ਦੀ ਝੋਲੀ ਪਾਏ। ਅੱਜਕਲ੍ਹ ਉਹ ਖਿਆਲਾ ਕਲਾਂ ਸਕੂਲ 'ਚ ਵਿਦਿਆਰਥੀਆਂ ਨੂੰ ਜਿਥੇ ਖੇਡਾਂ ਲਈ ਤਿਆਰ ਕਰ ਰਹੇ ਹਨ, ਉਥੇ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਸਮੇਂ-ਸਮੇਂ 'ਤੇ ਮੁੱਖ ਅਧਿਆਪਕ ਸ: ਜਸਵੰਤ ਸਿੰਘ ਜੇਥਰ ਦੀ ਅਗਵਾਈ ਹੇਠ ਕਰਵਾਏ ਜਾਂਦੇ ਪ੍ਰੋਗਰਾਮਾਂ ਦੌਰਾਨ ਵੀ ਉਹ ਮੋਹਰੀ ਰੋਲ ਅਦਾ ਕਰਦੇ ਹਨ।

-ਧਰਵਿੰਦਰ ਸਿੰਘ ਔਲਖ,
ਪ੍ਰਤੀਨਿਧ ਰਾਮ ਤੀਰਥ (ਅੰਮ੍ਰਿਤਸਰ)-143109. ਮੋਬਾ: 98152-82283

ਕਬੱਡੀ ਨੂੰ ਉਤਸ਼ਾਹਿਤ ਕਰਦੇ ਮੇਜਰ ਸਿੰਘ ਬਰਾੜ, ਕਰਮਪਾਲ ਸਿੱਧੂ

ਕਬੱਡੀ ਦੇ ਹਮੇਸ਼ਾ ਅੰਗ-ਸੰਗ ਵਿਚਰਨ ਵਾਲੇ ਮੇਜਰ ਬਰਾੜ ਬ੍ਰਿਟਿਸ਼ ਕੋਲੰਬੀਆ ਦੀ ਨਾਮਵਰ ਖੇਡ ਸੰਸਥਾ 'ਵੈਸਟਰਨ ਪਲੇਅਰਸ ਐਂਡ ਕਲਚਰਲ ਐਸੋਸੀਏਸ਼ਨ ਆਫ਼ ਬ੍ਰਿਟਿਸ਼ ਕੋਲੰਬੀਆ ਬੀ. ਸੀ.' 'ਚ ਸਨਮਾਨਜਨਕ ਅਹੁਦੇ 'ਤੇ ਜ਼ਿੰਮੇਵਾਰੀ ਨਿਭਾਅ ਚੁੱਕਾ ਹੈ। ਪਿਛਲੇ 22 ਵਰ੍ਹਿਆਂ ਤੋਂ ਕੈਨੇਡਾ ਰਹਿੰਦੇ ਆ ਰਹੇ ਮੇਜਰ ਬਰਾੜ ਦੀ ਬਿਲਡਿੰਗ ਕੰਸਟਰੱਕਸ਼ਨ ਕੰਪਨੀ 'ਨਿਊ ਲੁਕ ਹੋਮਸ' ਕੈਨੇਡਾ ਦੀਆਂ ਪ੍ਰਮੁੱਖ ਬਿਲਡਿੰਗ ਕੰਸਟਰੱਕਸ਼ਨ ਕੰਪਨੀਆਂ 'ਚ ਸ਼ਾਮਿਲ ਹੈ। ਇਸੇ ਤਰ੍ਹਾਂ ਕਰਮਪਾਲ ਸਿੱਧੂ ਦੇ ਵੱਖ-ਵੱਖ ਬਿਜ਼ਨਸ ਜਿਵੇਂ ਮੋਗਾ ਮੀਟ, ਬੀਕਾਨੇਰ ਸਵੀਟਸ ਤੇ ਬੈਸਟ ਬਾਏ ਫਰਨੀਚਰਜ਼ ਕੈਲਗਿਰੀ ਤੋਂ ਇਲਾਵਾ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚ ਸਥਾਪਤ ਬਰਾਂਚਾਂ ਉਸ ਦੀ ਸਫਲਤਾ 'ਤੇ ਲੱਗੀ ਮੋਹਰ ਦੀ ਗਵਾਹੀ ਭਰਦੀਆਂ ਹਨ। ਵਿਲੱਖਣ ਮੋਹ ਤੇ ਸ਼ਿੱਦਤ ਨਾਲ ਵਿਚਰਦੇ ਰਹਿਣ ਵਾਲੇ ਮੇਜਰ ਬਰਾੜ, ਕਰਮਪਾਲ ਸਿੱਧੂ, ਜਲੰਧਰ ਸਿੱਧੂ, ਹਰਵਿੰਦਰ ਫਤਹਿਗੜ੍ਹ ਤੇ ਅਮਰਜੀਤ ਚਾਹਲ ਮਜਾਰੀ ਆਦਿ ਸਾਥੀਆਂ ਵੱਲੋਂ ਕਬੱਡੀ ਜਗਤ ਦੇ ਅੰਬਰੋਂ ਟੁੱਟੇ ਸਿਤਾਰੇ ਅੰਬੀ ਹਠੂਰ ਦੀ ਯਾਦ ਦਿਵਾਉਂਦੀ 'ਅੰਬੀ ਇੰਟਰਨੈਸ਼ਨਲ ਸਪੋਰਟਸ ਕਲੱਬ ਕੈਲਗਿਰੀ' ਕਬੱਡੀ ਜਗਤ ਦੇ ਅੰਤਰਰਾਸ਼ਟਰੀ ਸਟਾਰ ਖਿਡਾਰੀਆਂ ਨਾਲ ਲੈਸ ਇਹ ਖੇਡ ਕਲੱਬ 2005 ਤੋਂ ਕੈਨੇਡਾ ਦੇ ਘਾਹ ਵਾਲੇ ਮੈਦਾਨਾਂ ਦਾ ਖੂਬਸੂਰਤ ਪ੍ਰਦਰਸ਼ਨ ਕਰਦੀ ਆ ਰਹੀ ਹੈ।
ਜੇਕਰ ਕਬੱਡੀ ਖਿਡਾਰੀਆਂ ਦੇ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ ਮੇਜਰ ਤੇ ਕਰਮਪਾਲ ਵੱਲੋਂ ਕੈਨੇਡਾ ਤੇ ਪੰਜਾਬ ਵਿਚ ਦੋ ਦਰਜਨ ਤੋਂ ਵੱਧ ਖੇਡ ਸ਼ਖ਼ਸੀਅਤਾਂ ਨੂੰ ਸੋਨ ਤਗਮੇ ਤੇ ਸੋਨੇ ਦੀਆਂ ਚੈਨੀਆਂ ਨਾਲ ਸਨਮਾਨਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਦੋ ਅਣਮੁੱਲੇ ਯਾਰਾਂ ਦੀ ਇਸ ਜੋੜੀ ਵੱਲੋਂ 70 ਦੇ ਕਰੀਬ ਬੁਲਟ ਮੋਟਰਸਾਈਕਲਾਂ ਨਾਲ ਕਬੱਡੀ ਖਿਡਾਰੀਆਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ। ਜੇਕਰ ਉਨ੍ਹਾਂ ਵੱਲੋਂ ਕੀਤੇ ਕਬੱਡੀ ਖਿਡਾਰੀ ਦੇ ਵੱਡੇ ਸਨਮਾਨਾਂ ਦੀ ਗੱਲ ਕਰੀਏ ਤਾਂ ਸੁਖਬੀਰ ਸਰਾਵਾਂ ਨੂੰ ਬਲੈਰੋ ਗੱਡੀ, ਸੁਖਬੀਰ ਨੂੰ ਹੀ ਅਰਜਨ ਮਹਿੰਦਰਾ ਟਰੈਕਟਰ, ਸ਼ੀਰਾ ਪਿਥੋ, ਕਾਲੂ ਰਸੂਲਪੁਰੀਆ ਤੇ ਕੀਪਾ ਬੰਧਨੀ ਨੂੰ ਸਫਾਰੀ ਗੱਡੀਆਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਕਬੱਡੀ ਖੇਡ ਮੈਦਾਨਾਂ ਵਿਚ ਜਰਵਾਣੇ ਜਾਫੀ ਵਜੋਂ ਪਹਿਚਾਣ ਬਣਾਉਣ ਵਾਲੇ ਅਮਰੂ ਜਨੇਤਪੁਰਾ ਨੂੰ ਆਲਟੋ ਗੱਡੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ 26 ਜਨਵਰੀ 2014 ਨੂੰ ਪਿੰਡ ਵੀਲ੍ਹਾ ਜ਼ਿਲ੍ਹਾ ਬਰਨਾਲਾ ਦੇ ਕਬੱਡੀ ਕੱਪ 'ਤੇ ਮੇਜਰ ਬਰਾੜ, ਕਰਮਪਾਲ ਸਿੱਧੂ ਲੰਡੇਕੇ, ਲੱਭੀ ਨੰਗਲ, ਮਿੰਟੂ ਸਰਪੰਚ ਵੀਲ੍ਹਾ ਵੱਲੋਂ ਅੰਤਰਰਾਸ਼ਟਰੀ ਕਬੱਡੀ ਸਟਾਰ ਬੱਬੂ ਜਲਾਲ ਦਾ ਜਿਥੇ ਸਵਿਫਟ ਗੱਡੀ ਨਾਲ ਸਨਮਾਨ ਹੋਵੇਗਾ, ਉਥੇ ਦੋਲੀ ਅਲਕੜਾਂ, ਵਰਿੰਦਰ ਦੌਧਰ ਤੇ ਦੀਪ ਹਿੰਮਤਪੁਰਾ ਦਾ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ।
ਮੇਜਰ ਬਰਾੜ ਤੇ ਕਰਮਪਾਲ ਸਿੱਧੂ ਇਕ ਸਿੱਕੇ ਦੇ ਦੋ ਪਾਸਿਆਂ ਵਾਂਗ ਹਮੇਸ਼ਾ ਹੀ ਅੰਗ-ਸੰਗ ਰਹਿੰਦੇ ਹਨ। ਮਾਂ-ਖੇਡ ਕਬੱਡੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਵੇਖਣ ਦੀ ਚਾਹਤ ਰੱਖਦਿਆਂ ਦੋਵਾਂ ਨੇ ਕਿਹਾ ਕਿ ਅੱਜ ਕਬੱਡੀ ਦੀ ਗੁੱਡੀ ਅਸਮਾਨੀਂ ਚੜ੍ਹੀ ਹੈ ਪਰ ਦੂਜੇ ਪਾਸੇ ਖਿਡਾਰੀਆਂ ਵੱਲੋਂ ਵਰਤੇ ਜਾਂਦੇ ਨਸ਼ਿਆਂ ਨੇ ਮਾਣਮੱਤੀ ਖੇਡ 'ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਉਹ ਚਿੰਤਤ ਹਨ ਕਿ ਪੰਜ-ਆਬ ਦੇ ਦੁੱਧ-ਮੱਖਣਾਂ ਦੀ ਜਵਾਨੀ ਹੁਣ ਨਸ਼ਿਆਂ ਦੀ 'ਝਕਾਨੀ' ਵਿਚ ਫਸੀ ਨਜ਼ਰ ਆ ਰਹੀ ਹੈ। ਉਨ੍ਹਾਂ ਕਬੱਡੀ ਖਿਡਾਰੀ ਨੂੰ ਅਪੀਲ ਕੀਤੀ ਕਿ ਉਹ ਸ਼ੁੱਧ ਖੁਰਾਕਾਂ ਤੇ ਸ਼ੁੱਧ ਜੁੱਸਿਆਂ ਵਿਚ ਖੇਡਦੇ ਨਜ਼ਰ ਆਉਣ। ਪੂਰੀ ਸੂਝ-ਬੂਝ ਤੇ ਸ਼ਿੱਦਤ ਨਾਲ ਖੇਡ ਕਬੱਡੀ ਤੋਂ ਲੱਖਾਂ ਡਾਲਰ ਨਿਛਾਵਰ ਕਰਨ ਵਾਲੇ ਮੇਜਰ ਬਰਾੜ ਤੇ ਕਰਮਪਾਲ ਸਿੱਧੂ ਆਪਣੀ ਕਿਰਤ-ਕਮਾਈ 'ਚੋਂ ਵੱਡਾ ਦਸਵੰਧ ਕਬੱਡੀ ਲਈ ਹੀ ਕੱਢਦੇ ਹਨ। ਖੇਡ ਕਬੱਡੀ ਜਗਤ ਵਿਚ ਉਨ੍ਹਾਂ ਦੇ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਮੇਜਰ ਬਰਾੜ ਤੇ ਕਰਮਾਪਲ ਸਿੱਧੂ ਆਪਣੇ ਕੈਰੀਅਰ ਵਿਚ ਬੁਲੰਦੀਆਂ ਨੂੰ ਛੂਹਣ, ਇਹੀ ਦੁਆ ਕਰਦੇ ਹਾਂ।

-ਹਰਮਿੰਦਰ ਢਿੱਲੋਂ ਮੌ ਸਾਹਿਬ,
ਪਿੰਡ ਤੇ ਡਾਕ: ਮੌ ਸਾਹਿਬ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ। ਮੋਬਾ: 98157-26066

'ਹਾਕੀ ਇੰਡੀਆ' ਹਾਕੀ ਨੂੰ ਉਤਸ਼ਾਹਤ ਕਰਨ ਦਾ ਉਪਰਾਲਾ ਕਰੇ

ਹਾਕੀ ਮੇਰੇ ਦੇਸ਼ ਦੀ ਰਾਸ਼ਟਰੀ ਖੇਡ ਹੈ ਪਰ ਮੇਰੇ ਰਾਸ਼ਟਰ 'ਚ, ਮੇਰੇ ਦੇਸ਼ 'ਚ ਇਹੋ ਜਿਹੇ ਲੇਖਕ, ਇਹੋ ਜਿਹੇ ਪੱਤਰਕਾਰ ਕਿਉਂ ਘੱਟ ਹਨ ਜੋ ਹਾਕੀ ਨੂੰ ਸਮਰਪਿਤ ਹੋਣ, ਕ੍ਰਿਕਟ ਦੀ ਤਰ੍ਹਾਂ ਹਾਕੀ ਦੀ ਗੱਲ ਚਲਾਉਣ। ਦੂਜੇ ਮਹਾਂਦੀਪਾਂ ਦੇ ਹਾਕੀ ਪ੍ਰੇਮੀ, ਮੀਡੀਆ ਦੇ ਲੋਕ ਇਹੀ ਸੋਚਦੇ ਹੋਣਗੇ ਕਿ ਭਾਰਤ ਹਾਕੀ ਦੇ ਜਾਦੂਗਰਾਂ ਦਾ ਦੇਸ਼ ਹੈ, ਪਤਾ ਨਹੀਂ ਇਥੇ ਹਾਕੀ ਦਾ ਕਿੰਨਾ ਕੁ ਸਾਹਿਤ ਮੌਜੂਦ ਹੋਵੇ। ਪਤਾ ਨਹੀਂ ਕਿੰਨੇ ਕੁ ਲੋਕ ਇਥੇ ਹਾਕੀ ਬਾਰੇ ਲਿਖਦੇ ਹੋਣ। ਭਾਰਤ ਵਿਚ ਜਿਹੜੇ ਲੋਕ, ਜਿਹੜੇ ਖੇਡ ਪ੍ਰੇਮੀ, ਜਿਹੜੇ ਸਾਬਕਾ ਖਿਡਾਰੀ-ਖਿਡਾਰਨਾਂ ਅੱਜ ਵੀ ਹਾਕੀ ਲਈ ਯਤਨਸ਼ੀਲ ਹਨ, ਉਨ੍ਹਾਂ ਵਿਚ ਮੈਂ ਸਮਝਦਾ ਹਾਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਹੁਰੀਂ ਵੀ ਇਕ ਵਿਸ਼ੇਸ਼ ਹਨ। ਦੋਸਤਾਂ ਦੇ ਸਹਿਯੋਗ ਤੇ ਉੱਦਮ ਨਾਲ ਇਸ ਅਜੀਮ ਸ਼ਖ਼ਸੀਅਤ ਨੇ ਭਾਰਤ ਵਿਚ ਹਾਕੀ ਮੈਗਜ਼ੀਨ ਨਾ ਹੋਣ ਦੀ ਕਮੀ ਨੂੰ ਕਦੇ ਸ਼ਿੱਦਤ ਨਾਲ ਮਹਿਸੂਸ ਕਰਦਿਆਂ ਪਹਿਲੀ ਵਾਰ ਭਾਰਤੀ ਹਾਕੀ ਜਗਤ ਦੀ ਝੋਲੀ ਦਾ ਸ਼ਿੰਗਾਰ 'ਇਨਸਾਈਡ ਹਾਕੀ' ਮੈਗਜ਼ੀਨ ਨੂੰ ਬਣਾਇਆ। 
ਖੇਡ ਪ੍ਰੇਮੀ ਪਾਠਕ ਵਰਗ ਨੇ ਇਸ ਹਾਕੀ ਮੈਗਜ਼ੀਨ ਨੂੰ ਕਾਫੀ ਪਸੰਦ ਕੀਤਾ। ਕਈਆਂ ਦਾ ਕਹਿਣਾ ਸੀ ਕਿ ਇਹ ਯਤਨ ਭਾਰਤ ਵਿਚ ਪਹਿਲੀ ਵਾਰ ਹੋਇਆ ਅਤੇ ਹਾਕੀ ਖੇਡ ਨੂੰ ਉਤਸ਼ਾਹਿਤ ਕਰਨ ਦਾ ਸਬੱਬ ਬਣਦਾ ਰਹੇਗਾ। ਹਾਕੀ ਨੂੰ ਲੋਕਪ੍ਰਿਅਤਾ ਬਖਸ਼ੇਗਾ। ਹਾਕੀ ਦੇ ਪ੍ਰਦਰਸ਼ਨ ਤੇ ਪ੍ਰਚਾਰ ਦਾ, ਕਈਆਂ ਨੇ ਇਸ ਨੂੰ ਬਹੁਤ ਵਧੀਆ ਸਾਧਨ ਮੰਨਿਆ। ਇਨ੍ਹਾਂ ਅੰਕਾਂ ਦੇ ਡੂੰਘੇ ਅਧਿਐਨ ਤੋਂ ਬਾਅਦ ਏਨਾ ਕਿਹਾ ਜਾ ਸਕਦਾ ਹੈ ਕਿ ਦੂਜੇ ਦੇਸ਼ਾਂ ਦੇ ਹਾਕੀ ਪੱਤਰਕਾਰਾਂ ਅਤੇ ਖਿਡਾਰੀ ਵਰਗ ਲਈ ਵੀ ਇਹ ਮੈਗਜ਼ੀਨ ਬਹੁਤ ਲਾਭਦਾਇਕ ਸੀ। ਮਹਿਲਾ ਹਾਕੀ ਬਾਰੇ ਵੀ 'ਇਨਸਾਈਡ ਹਾਕੀ' ਦੇ ਪੰਨਿਆਂ 'ਤੇ ਭਰਪੂਰ ਜਾਣਕਾਰੀ ਪੜ੍ਹਨ ਨੂੰ ਮਿਲੀ। ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੇ ਹਾਕੀ ਖਿਡਾਰੀਆਂ ਤੇ ਖਿਡਾਰਨਾਂ ਨੂੰ ਇਸ ਮੈਗਜ਼ੀਨ ਤੋਂ ਇਹੀ ਉਮੀਦਾਂ ਬੱਝੀਆਂ ਕਿ ਵੱਖ-ਵੱਖ ਪ੍ਰਾਂਤਾਂ ਦੀਆਂ ਹਾਕੀ ਐਸੋਸੀਏਸ਼ਨਾਂ ਦੀਆਂ ਅੱਖਾਂ ਵੀ ਇਹੀ ਮੈਗਜ਼ੀਨ ਖੋਲ੍ਹੇਗਾ। ਹਾਕੀ ਅੰਦਰ ਚੱਲ ਰਹੀ ਮੌਜੂਦਾ ਰਾਜਨੀਤੀ ਤੋਂ ਵੀ ਇਹ ਮੈਗਜ਼ੀਨ ਘੁੰਡ ਉਤਾਰੇਗਾ। ਪੁੰਗਰਦੇ ਹਾਕੀ ਖਿਡਾਰੀਆਂ ਤੇ ਖਿਡਾਰਨਾਂ ਨੂੰ ਇਹ ਮੈਗਜ਼ੀਨ ਉਤਸ਼ਾਹਿਤ ਕਰੇਗਾ।
ਸਾਡੀ ਹਾਕੀ ਬਰਾਦਰੀ ਦਾ ਦੁਖਾਂਤ ਇਹ ਹੈ ਕਿ ਉਹ ਹਾਕੀ ਪੱਤਰਕਾਰੀ ਜਾਂ ਫਿਰ ਇੰਜ ਕਹਿ ਲਓ ਕਿ ਮੀਡੀਆ ਜਾਂ ਹਾਕੀ ਮੈਗਜ਼ੀਨ ਚਲਾਉਣ ਵਰਗੀਆਂ ਜ਼ਰੂਰਤਾਂ ਨੂੰ ਬਹੁਤਾ ਮਹਿਸੂਸ ਵੀ ਨਹੀਂ ਕਰਦੀ। ਕੁਝ ਵੀ ਹੋਵੇ, ਮੌਜੂਦਾ ਸਮੇਂ ਭਾਰਤ ਵਿਚ ਇਕ ਹਾਕੀ ਮੈਗਜ਼ੀਨ ਹੋਂਦ ਵਿਚ ਲਿਆਉਣ ਦੀ ਸਖਤ ਲੋੜ ਹੈ। ਕ੍ਰਿਕਟ ਤੋਂ ਉਲਟ ਹਾਕੀ ਦੇ ਵਧੀਆ ਸਾਹਿਤ ਦੀ ਭਾਰਤ ਵਿਚ ਘਾਟ ਹੈ, ਹਾਕੀ ਦੇ ਤੱਥਾਂ ਤੇ ਅੰਕੜਿਆਂ ਦਾ ਕੋਈ ਵੀ ਰਿਕਾਰਡ ਕਿਤੇ ਵੀ ਪੂਰੀ ਤਰ੍ਹਾਂ ਮੌਜੂਦ ਨਹੀਂ ਹੈ। ਅਫਸੋਸ ਦੀ ਗੱਲ ਹੈ ਕਿ ਭਾਰਤੀ ਹਾਕੀ ਦੀ ਜਿੰਦ-ਜਾਨ ਤੇ ਦੁਨੀਆ ਦੇ ਮਹਾਨ ਖਿਡਾਰੀਆਂ ਸੁਰਜੀਤ ਰੰਧਾਵਾ ਤੇ ਪ੍ਰਿਥੀਪਾਲ ਸਿੰਘ ਦੀ ਜਦੋਂ ਮੌਤ ਹੋਈ ਤਾਂ ਭਾਰਤੀ ਹਾਕੀ ਫੈਡਰੇਸ਼ਨ ਕੋਲ ਇਨ੍ਹਾਂ ਦੋਵਾਂ ਖਿਡਾਰੀਆਂ ਬਾਰੇ ਮੀਡੀਏ ਨੂੰ ਦੇਣ ਲਈ ਕੋਈ ਰਿਕਾਰਡ ਨਹੀਂ ਸੀ। ਉਨ੍ਹਾਂ ਨੇ ਆਪਣੇ ਖੇਡ ਕੈਰੀਅਰ ਦੌਰਾਨ ਕਿੰਨੇ ਅੰਤਰਰਾਸ਼ਟਰੀ ਮੈਚ ਖੇਡੇ, ਕਿੰਨੇ ਉਨ੍ਹਾਂ ਨੇ ਗੋਲ ਕੀਤੇ, ਇਸ ਦਾ ਕੋਈ ਰਿਕਾਰਡ ਨਹੀਂ ਸੀ। ਸ਼ਾਇਦ ਇਹੀ ਕਾਰਨ ਵੀ ਹੈ ਕਿ ਮੀਡੀਆ ਹਾਕੀ ਤੋਂ ਦੂਰ-ਦੂਰ ਰਹਿੰਦਾ ਹੈ।
ਅਸੀਂ ਚਾਹੁੰਦੇ ਹਾਂ ਕਿ ਭਾਰਤ ਵਿਚ ਹਾਕੀ ਦਾ ਫਿਰ ਉਹੀ ਸੁਨਹਿਰੀ ਕਾਲ, ਸੁਨਹਿਰੀ ਦਿਨ ਵਾਪਸ ਆਉਣ। ਅੱਜ ਇਨ੍ਹਾਂ ਅਣਗੌਲੇ ਪੱਖਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਪੱਖੋਂ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਕਿਤੇ ਚੰਗਾ ਹੈ, ਜਿਥੇ ਪਾਕਿਸਤਾਨੀ ਹਾਕੀ ਫੈਡਰੇਸ਼ਨ ਵੱਲੋਂ 'ਪਾਕਿਸਤਾਨ ਹਾਕੀ' ਨਾਂਅ ਦਾ ਇਕ ਖੂਬਸੂਰਤ ਹਾਕੀ ਮੈਗਜ਼ੀਨ ਇਕ ਲੰਮੇ ਅਰਸੇ ਤੋਂ ਛਪਦਾ ਆ ਰਿਹਾ ਹੈ। ਨੀਦਰਲੈਂਡ, ਆਸਟ੍ਰੇਲੀਆ, ਜਾਪਾਨ, ਨਿਊਜ਼ੀਲੈਂਡ, ਇੰਗਲੈਂਡ ਦੀਆਂ ਹਾਕੀ ਐਸੋਸੀਏਸ਼ਨਾਂ ਹਾਕੀ ਦਾ ਨਿਹਾਇਤ ਖੂਬਸੂਰਤ ਮੈਗਜ਼ੀਨ ਕੱਢ ਰਹੀਆਂ ਹਨ ਪਰ ਭਾਰਤ 'ਚ ਨਾ ਹੀ ਹਾਕੀ ਫੈਡਰੇਸ਼ਨ ਵੱਲੋਂ ਹਾਕੀ ਮੈਗਜ਼ੀਨ ਦੀ ਸ਼ੁਰੂਆਤ ਹੋਈ, ਨਾ ਹੁਣ ਅਜੇ ਤੱਕ ਹਾਕੀ ਇੰਡੀਆ ਇਸ ਪਾਸੇ ਗੰਭੀਰਤਾ ਨਾਲ ਸੋਚ ਰਹੀ ਹੈ। ਪਰ ਹੁਣ ਇਸ ਪ੍ਰਤੀ ਸੰਜੀਦਗੀ ਨਾਲ ਸੋਚਣ ਦਾ ਵੇਲਾ ਹੈ।

ਪ੍ਰੋ: ਪਰਮਜੀਤ ਸਿੰਘ ਰੰਧਾਵਾ
-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਫੋਨ : 98155-35410

 

ਭਾਰਤ ਵਿਚ ਆਵੇਗੀ ਫਾਰਮੂਲਾ ਵੰਨ ਦੀ ਹਨੇਰੀ

ਭਾਰਤ ਨੂੰ ਐਤਕੀਂ ਲਗਾਤਾਰ ਤੀਜੀ ਵਾਰ ਫਾਰਮੂਲਾ ਵੰਨ ਗ੍ਰਾਂ ਪ੍ਰੀ ਅੰਤਰਰਾਸ਼ਟਰੀ ਕਾਰ ਰੇਸ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਹੈ, ਜੋ ਦਿੱਲੀ ਨੇੜੇ ਗ੍ਰੇਟਰ ਨੋਇਡਾ ਦੇ ਬੁੱਧ ਇੰਟਰਨੈਸ਼ਨਲ ਸਰਕਿਟ ਉੱਤੇ 27 ਅਕਤੂਬਰ ਦਿਨ ਐਤਵਾਰ ਨੂੰ ਕਰਵਾਈ ਜਾਵੇਗੀ। ਯੂਰਪ ਅਤੇ ਏਸ਼ੀਆ ਦੇ ਹੋਰ ਦੇਸ਼ਾਂ ਵਿਚ ਫ਼ਾਰਮੂਲਾ ਵੰਨ ਕਾਰ ਰੇਸ ਕਾਫ਼ੀ ਮਸ਼ਹੂਰ ਹੈ ਅਤੇ ਹੁਣ ਭਾਰਤ ਵਿਚ ਇਸ ਦਾ ਆਯੋਜਨ ਹੋਣ ਸਦਕਾ ਰਫਤਾਰ ਦੀ ਇਹ ਖੇਡ ਇਸ ਖਿੱਤੇ ਵਿਚ ਵੀ ਆਪਣੇ ਪ੍ਰਸੰਸਕਾਂ ਨੂੰ ਖ਼ੂਬ ਰੁਮਾਂਚਤ ਕਰ ਰਹੀ ਹੈ।ઠ
ਫ਼ਾਰਮੂਲਾ ਵੰਨ ਕਾਰ ਰੇਸ ਲਈ ਦੇਸ਼ ਦੀ ਰਾਜਧਾਨੀ ਵੱਲੋਂ ਗਰੇਟਰ ਨੋਇਡਾ ਵਿਚ 1700 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਬੁੱਧ ਇੰਟਰਨੈਸ਼ਨਲ ਸਰਕਿਟ ਦੀ ਖਾਸ ਤੌਰ 'ਤੇ ਤਿਆਰੀ ਕੀਤੀ ਗਈ ਸੀ, ਜਿਸ ਦੀ ਪੂਰੇ ਵਿਸ਼ਵ ਵਿਚ ਕਾਫੀ ਤਾਰੀਫ਼ ਹੋਈ ਹੈ। ਕਰੀਬ ਛੇ ਹਜ਼ਾਰ ਮਜ਼ਦੂਰਾਂ ਵੱਲੋਂ ਤਕਰੀਬਨ ਪੰਜ ਕਿਲੋਮੀਟਰ ਲੰਮੇ ਬੁੱਧ ਇੰਟਰਨੈਸ਼ਨਲ ਸਰਕਿਟ ਨੂੰ ਬਣਾ ਕੇ ਤਿਆਰ ਕਰਨ ਵਿਚ ਢਾਈ ਸਾਲ ਲੱਗੇ ਸਨ। ਇਸ ਟ੍ਰੈਕ ਦੀ ਚੌੜਾਈ ਕਰੀਬ 10 ਤੋਂ 14 ਮੀਟਰ ਹੈ, ਜਿਸ ਵਿਚ ਕੁੱਲ 16 ਮੋੜ ਆਉਂਦੇ ਹਨ। ਇਸ ਰੇਸ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਕਰੀਬ ਇਕ ਲੱਖ ਤੋਂ ਵਧੇਰੇ ਲੋਕ ਆਉਣਗੇ। ਗ੍ਰੇਟਰ ਨੋਇਡਾ ਵਿਚ 320 ਕਿਲੋਮੀਟਰ ਦੀ ਰਫਤਾਰ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ, ਕਿਉਂਕਿ ਗਰੇਟਰ ਨੋਇਡਾ ਵਿਚ ਤਿੰਨ ਕੋਨਿਆਂ ਦੀ ਚੌੜਾਈ ਕਾਫ਼ੀ ਵਾਧੂ ਬਣਾਈ ਗਈ ਹੈ, ਤਾਂ ਕਿ ਇਕ ਕਾਰ ਨੂੰ ਦੂਜੀ ਨੂੰ 'ਓਵਰਟੇਕ' ਕਰਨ ਵਿਚ ਕੋਈ ਰੁਕਾਵਟ ਨਾ ਆ ਸਕੇ। ਦੁਨੀਆ ਦੇ ਦੂਜੇ ਟਰੈਕਾਂ ਦੇ ਮੁਕਾਬਲੇ ਇਥੋਂ ਦੇ ਕੋਨੇ ਕਾਫ਼ੀ ਵੱਡੇ ਹਨ। ਸਿੱਧੀ ਰੇਸ ਵਿਚ ਇਸ ਟ੍ਰੈਕ ਉੱਤੇ 210 ਦੀ ਸਪੀਡ ਸੌਖ ਨਾਲ ਦਰਜ ਕੀਤੀ ਜਾ ਸਕਦੀ ਹੈ ਅਤੇ ਇਸੇ ਕਰਕੇ ਇਥੇ ਐਫ਼-ਵੰਨ ਦੇ ਚੈਂਪੀਅਨ ਡਰਾਈਵਰ 320 ਦੀ ਸਪੀਡ ਉੱਤੇ ਆਪਣੀ ਐਫ਼-1 ਕਾਰ ਨੂੰ ਆਰਾਮ ਨਾਲ ਦੌੜਾਅ ਸਕਦੇ ਹਨ।ઠ
ਇਸ ਰੇਸ ਰਾਹੀਂ ਭਾਰਤ ਦੇਸ਼ ਦੇ ਲੋਕੀਂ, ਮੌਜੂਦਾ ਵਿਸ਼ਵ ਜੇਤੂ ਡਰਾਈਵਰ ਸਬੈਸਟੀਅਨ ਵੈਟਲ, ਸਾਬਕਾ ਵਿਸ਼ਵ ਜੇਤੂ ਮਾਰਕ ਵੈੱਬਰ, ਲੂਈਸ ਹੈਮਿਲਟਨ, ਜੈਨਸਨ ਬਟਨ, ਫਰਨੈਂਡੋ ਅਲੋਂਸੋ ਅਤੇ ਫਿਲੀਪੇ ਮਾਸਾ ਵਰਗੇ ਹੋਰਨਾਂ ਡਰਾਈਵਰਾਂ ਨੂੰ ਪਹਿਲੀ ਵਾਰ ਏਨਾ ਨੇੜਿਓਂ ਤੱਕ ਸਕਣਗੇ। ਵੈਟਲ ਲਗਾਤਾਰ ਚੌਥੀ ਵਾਰ ਫਾਰਮੂਲਾ ਵੰਨ ਚੈਂਪੀਅਨ ਬਣਨ ਦੀ ਦਹਿਲੀਜ਼ 'ਤੇ ਖੜ੍ਹਾ ਹੈ। ਐਤਕੀਂ ਇਸ ਰੇਸ ਨਾਲ ਇਕ ਹੋਰ ਰਿਕਾਰਡ ਵੀ ਬਣ ਸਕਦਾ ਹੈ ਅਤੇ ਉਹ ਇਹ ਹੈ ਕਿ ਮੌਜੂਦ ਜੇਤੂ ਰੈੱਡ ਬੁੱਲ ਰੇਸਿੰਗ ਟੀਮ ਦਾ ਸਬੈਸਟੀਅਨ ਵੈਟਲ ਜੇਕਰ ਇੰਡੀਅਨ ਗ੍ਰਾਂ. ਪ੍ਰੀ. ਜਿੱਤ ਜਾਂਦਾ ਹੈ ਤਾਂ ਲਗਾਤਾਰ ਚਾਰ ਵਾਰ ਫਾਰਮੂਲਾ ਵੰਨ ਵਿਸ਼ਵ ਖ਼ਿਤਾਬ ਜਿੱਤਣ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਰੇਸਰ ਬਣ ਜਾਵੇਗਾ। ਦੂਜੇ ਸਥਾਨ 'ਤੇ ਚੱਲ ਰਹੇ ਫੇਰਾਰੀ ਦੇ ਫਰਨਾਡੋ ਅਲੌਂਸੋ ਅਤੇ ਵੈਟਲ ਵਿਚਕਾਰ 90 ਅੰਕਾਂ ਦਾ ਫਾਸਲਾ ਹੈ ਅਤੇ ਵੈਟਲ ਜੇਕਰ ਇਸ ਸਰਕਟ ਵਿਚ ਪੰਜਵਾਂ ਸਥਾਨ ਵੀ ਹਾਸਲ ਕਰ ਲੈਂਦਾ ਹੈ ਤਾਂ ਉਸ ਦਾ ਲਗਾਤਾਰ ਚੌਥਾ ਵਿਸ਼ਵ ਖ਼ਿਤਾਬ ਪੱਕਾ ਹੋ ਜਾਵੇਗਾ।
ਜੇਕਰ ਇਸ ਰੇਸ ਦੀ ਸਮਾਂ-ਸਾਰਨੀ ਦੀ ਤਰਤੀਬ ਵਾਰ ਗੱਲ ਕਰੀਏ ਤਾਂ ਸ਼ੁੱਕਰਵਾਰ 25 ਅਕਤੂਬਰ ਨੂੰ ਐਫ਼ ਵੰਨ ਦੀ ਪ੍ਰੈਕਟਿਸ ਰੇਸ ਸਵੇਰੇ 10 ਵਜੇ ਤੋਂ 11.30 ਵਜੇ ਤੱਕ ਅਤੇ ਇਸ ਦੇ ਬਾਅਦ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਹੋਵੇਗੀ। ਸਨਿਚਰਵਾਰ 26 ਅਕਤੂਬਰ ਨੂੰ ਮੁੱਖ ਰੇਸ ਲਈ ਤੇਜ਼-ਤਰਾਰ ਕੁਆਲੀਫਾਈਂਗ ਰੇਸ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਚੱਲੇਗੀ। ਅਖੀਰ ਵਿਚ 27 ਅਕਤੂਬਰ ਐਤਵਾਰ ਨੂੰ ਸ਼ਾਮ 3 ਵਜੇ ਤੋਂ ਪੰਜ ਵਜੇ ਤੱਕ ਮੁੱਖ ਫਾਰਮੂਲਾ ਵੰਨ ਰੇਸ ਹੋਵੇਗੀ, ਜਿਸ ਦਾ ਇੰਤਜ਼ਾਰ ਹਰ ਭਾਰਤੀ ਦਰਸ਼ਕ ਉਸ ਦਿਨ ਤੋਂ ਕਰ ਰਿਹਾ ਹੈ ਜਦੋਂ ਦਾ ਭਾਰਤ ਵਿਚ ਰੇਸ ਦਾ ਹੋਣਾ ਤੈਅ ਹੋਇਆ ਸੀ।

ਸੁਦੀਪ ਸਿੰਘ ਢਿੱਲੋਂ
-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ
E-mail: sudeepsdhillon@ymail. com

 

ਕਰਤਾਰ ਸਿੰਘ ਫਿਰ ਬਣਿਆ ਵਿਸ਼ਵ ਚੈਂਪੀਅਨ

ਮਾਝੇ ਦੇ ਵਰਤਮਾਨ ਤਰਨ ਤਾਰਨ ਜ਼ਿਲ੍ਹੇ ਦੇ ਸੁਰ ਸਿੰਘ ਵਾਲਾ ਪਿੰਡ ਵਿਚ ਇਕ ਸਧਾਰਨ ਕਿਸਾਨ ਕਰਨੈਲ ਸਿੰਘ ਦੇ ਘਰ 7 ਅਕਤੂਬਰ 1953 ਨੂੰ ਜਨਮੇ ਕਰਤਾਰ ਨੇ ਬਚਪਨ ਵਿਚ ਹੀ ਕੁਸ਼ਤੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ। ਉਸ ਨੇ ਪਹਿਲਾਂ ਸਕੂਲ, ਫਿਰ ਯੂਨੀਵਰਸਿਟੀ ਅਤੇ ਦੇਖਦੇ ਹੀ ਦੇਖਦੇ ਕੌਮਾਂਤਰੀ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਵਿਚ ਮੱਲਾਂ ਮਾਰ ਤਹਿਲਕਾ ਮਚਾਉਣਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਲਗਾਤਾਰ 3 ਉਲੰਪਿਕ, 3 ਏਸ਼ੀਆਈ ਖੇਡਾਂ, 3 ਏਸ਼ੀਅਨ ਚੈਂਪੀਅਨਸ਼ਿਪ, 2 ਕਾਮਨਵੈਲਥ ਖੇਡਾਂ ਅਤੇ ਅਨੇਕਾਂ ਹੋਰ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਤਗਮੇ ਜਿੱਤ ਚੁੱਕਾ ਹੈ। ਉਸ ਦਾ ਇਹ ਲਾਜਵਾਬ ਪ੍ਰਦਰਸ਼ਨ ਬਜ਼ੁਰਗ ਵਰਗ ਵਿਚ ਅੱਜ ਵੀ ਨਿਰੰਤਰ ਜਾਰੀ ਹੈ।
ਬੋਸਨੀਆ ਦੇ ਸ਼ਹਿਰ ਸਾਰਾਜੇਵੋ ਵਿਖੇ ਵਿਸ਼ਵ ਵੈਟਰਨ ਚੈਂਪੀਅਨਸ਼ਿਪ ਦੇ 55 ਤੋਂ 60 ਸਾਲ ਦੀ ਉਮਰ ਦੇ 97 ਕਿਲੋ ਭਾਰ ਵਰਗ ਵਿਚ ਪਦਮਸ੍ਰੀ ਭਾਰਤੀ ਪਹਿਲਵਾਨ ਕਰਤਾਰ ਸਿੰਘ ਨੇ ਫਾਈਨਲ ਮੁਕਾਬਲੇ ਵਿਚ ਫਰਾਂਸ ਦੇ ਪਹਿਲਵਾਨ ਕੋਹਨ ਜੀਨ ਸੀਮੋਨ ਨੂੰ ਆਸਾਨੀ ਨਾਲ ਹਰਾ ਕੇ 17ਵੀਂ ਵਾਰ ਵਿਸ਼ਵ ਵੈਟਰਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕਰ ਨਵਾਂ ਇਤਿਹਾਸ ਲਿਖ ਦਿੱਤਾ। ਇਸ ਗੋਲਡ ਮੈਡਲ ਨਾਲ ਉਸ ਦਾ ਦਾਅਵਾ ਗਿੰਨੀਜ਼ ਬੁੱਕ ਅਤੇ ਲਿਮਕਾ ਬੁੱਕ ਆਫ ਰਿਕਾਰਡ ਲਈ ਪੁਖਤਾ ਹੋ ਗਿਆ ਹੈ। ਇਸ ਤੋਂ ਪਹਿਲਾਂ 1992 ਵਿਚ ਕੋਲੰਬੀਆ ਵਿਚ ਹੋਈ ਵਿਸ਼ਵ ਵੈਟਰਨ ਚੈਂਪੀਅਨਸ਼ਿਪ ਵਿਚ ਪਹਿਲਾ ਸੋਨ ਤਗਮਾ ਜਿੱਤ ਕੇ ਸ਼ੁਰੂਆਤ ਕਰਨ ਵਾਲਾ ਕਰਤਾਰ ਸਿੰਘ 16 ਵਾਰ ਸੋਨ ਤੇ ਇਕ ਵਾਰ ਚਾਂਦੀ (1994 ਵਿਚ ਰੋਮ ਵਿਚ ਹੋਈ ਤੀਜੀ ਵਿਸ਼ਵ ਵੈਟਰਨ ਚੈਂਪੀਅਨਸ਼ਿਪ ਦੌਰਾਨ) ਦਾ ਤਗਮਾ ਜਿੱਤ ਚੁੱਕਾ ਹੈ। ਇਸ ਵਾਰ ਦੀ ਚੈਂਪੀਅਨਸ਼ਿਪ ਦੇ ਪਹਿਲੇ ਰਾਊਂਡ ਵਿਚ ਕਰਤਾਰ ਸਿੰਘ ਨੇ ਤੁਰਕੀ ਦੇ ਦੌਜਾ ਰਮਾਦਾਨ ਨੂੰ 10 ਸੈਕਿੰਡ ਵਿਚ ਹੀ ਹਰਾਉਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਪੂਰਵ ਉਲੰਪੀਅਨ ਵੇਰਮਾਕ ਪੇਟਰਸ ਨੂੰ ਧੂਲ ਚਟਾਈ। ਕਾਬਲੇ ਗੌਰ ਹੈ ਕਿ ਇਸ ਚੈਂਪੀਅਨਸ਼ਿਪ ਵਿਚ ਕਰਤਾਰ ਸਿੰਘ ਭਾਰਤ ਵੱਲੋਂ ਭਾਗ ਲੈਣ ਵਾਲੇ ਇਕਲੌਤੇ ਪਹਿਲਵਾਨ ਸਨ, ਕਿਉਂਕਿ ਉਸ ਦੇ 5 ਸਾਥੀ ਪਹਿਲਵਾਨ ਭਾਰਤੀ ਕੁਸ਼ਤੀ ਮਹਾਂਸੰਘ (ਡਬਲਿਯੂ. ਐਫ. ਆਈ.) ਦੀ ਲਾਪ੍ਰਵਾਹੀ ਕਾਰਨ ਭਾਗ ਲੈਣ ਤੋਂ ਖੁੰਝ ਗਏ ਸਨ।
ਪਿਛਲੇ ਸਾਲ ਸਤੰਬਰ 'ਚ ਹੰਗਰੀ ਦੇ ਬੁੱਡਪੈਸਟ ਵਿਚ ਹੋਈ ਇਸ ਚੈਂਪੀਅਨਸ਼ਿਪ ਵਿਚ ਕਰਤਾਰ ਸਿੰਘ ਨੇ ਫਾਈਨਲ ਮੁਕਾਬਲੇ 'ਚ ਆਸਟਰੀਆ ਦੇ ਪਹਿਲਵਾਨ ਜੇਗਲਿਕ ਡੈਟਮਾਰ ਨੂੰ 2.20 ਮਿੰਟਾਂ ਵਿਚ ਚਿੱਤ ਕਰਕੇ 16ਵੀਂ ਵਾਰ ਸੋਨ ਤਗਮਾ ਹਾਸਲ ਕੀਤਾ ਸੀ। ਕੁਆਟਰ ਫਾਈਨਲ ਵਿਚ ਉਸ ਨੇ ਈਰਾਨ ਦੇ ਪਹਿਲਵਾਨ ਗਡੇਰੀ ਜੇਨਸਿਦ ਅਤੇ ਸੈਮੀਫਾਈਨਲ ਵਿਚ ਫਰਾਂਸ ਦੇ ਪਹਿਲਵਾਨ ਕੋਹੇਨ ਨੂੰ ਕੇਵਲ 1.30 ਮਿੰਟਾਂ ਵਿਚ ਚਿੱਤ ਕਰਕੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਸੀ।
ਦਾਰਾ ਸਿੰਘ ਤੇ ਹਨੂੰਮਾਨ ਵਰਗੇ ਉਸਤਾਦਾਂ ਦੇ ਚੰਡੇ ਇਸ ਪਹਿਲਵਾਨ ਦੀਆਂ ਪਿਛਲੀਆਂ ਖੇਡ ਪ੍ਰਾਪਤੀਆਂ 'ਤੇ ਨਜ਼ਰਸਾਨੀ ਕਰੀਏ ਤਾਂ 1978 ਵਿਚ ਬੈਂਕਾਕ ਵਿਚ 90 ਕਿਲੋ ਵਰਗ ਵਿਚ ਸੋਨ ਤਗਮਾ ਹਾਸਲ ਕੀਤਾ। ਇਸੇ ਸਾਲ ਹੀ ਐਡਮੰਟਨ ਕਾਮਨਵੈਲਥ ਖੇਡਾਂ ਵਿਚ ਕਾਂਸੀ ਦਾ ਤਗਮਾ ਵੀ ਜਿੱਤਿਆ ਅਤੇ ਪੰਜਾਬ ਸਰਕਾਰ ਤੋਂ 1979 ਵਿਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਾ ਸਨਮਾਨ ਹਾਸਲ ਕੀਤਾ। 1982 ਦੀਆਂ ਦਿੱਲੀ ਏਸ਼ੀਆਈ ਖੇਡਾਂ ਤੇ ਬ੍ਰਿਸਬੇਨ ਕਾਮਨਵੈਲਥ ਖੇਡਾਂ ਵਿਚ 90 ਕਿਲੋ ਵਰਗ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਉਪਲਬਧੀ ਲਈ ਭਾਰਤ ਸਰਕਾਰ ਵੱਲੋਂ ਅਰਜੁਨ ਐਵਾਰਡ ਮਿਲਿਆ ਅਤੇ ਇਹ ਐਵਾਰਡ ਹਾਸਲ ਕਰਨ ਵਾਲਾ ਉਹ ਭਾਰਤ ਦਾ 14ਵਾਂ ਪਹਿਲਵਾਨ ਬਣਿਆ। 1986 ਦੀਆਂ ਸਿਓਲ ਏਸ਼ੀਆਈ ਖੇਡਾਂ ਵਿਚ ਭਾਰਤ ਵੱਲੋਂ ਸੋਨ ਤਗਮਾ ਹਾਸਲ ਕਰਨ ਵਾਲਾ ਇਕਲੌਤਾ ਪੁਰਸ਼ ਖਿਡਾਰੀ ਬਣ ਕੇ ਭਾਰਤੀ ਮਰਦਾਂ ਦੀ ਲਾਜ ਰੱਖੀ। ਇਨ੍ਹਾਂ ਬੇਜੋੜ ਪ੍ਰਾਪਤੀਆਂ ਲਈ 1987 ਵਿਚ ਕਰਤਾਰ ਸਿੰਘ ਨੂੰ ਪਦਮਸ੍ਰੀ ਦੇ ਸਨਮਾਨ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਉਸ ਨੇ ਭਾਰਤ ਕੁਮਾਰ, ਪੰਜਾਬ ਕੇਸਰੀ, ਭਾਰਤ ਮੱਲ ਸਮਰਾਟ, ਮਹਾ ਪੌਰ ਕੇਸਰੀ ਅਤੇ ਰੁਸਤਮੇ ਹਿੰਦ ਆਦਿ ਕਈ ਖ਼ਿਤਾਬ ਆਪਣੇ ਨਾਂਅ ਕੀਤੇ।
ਇਸ ਤਰ੍ਹਾਂ ਜਿਥੇ ਨੌਜਵਾਨ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਅਮਿਤ ਕੁਮਾਰ, ਬਜਰੰਗ ਤੇ ਸੰਦੀਪ ਤੁਲਸੀ ਯਾਦਵ ਵਿਸ਼ਵ ਭਰ ਵਿਚ ਆਪਣੇ ਜ਼ੋਰ ਦਾ ਲੋਹਾ ਮੰਨਵਾ ਕੇ ਇਤਿਹਾਸ ਸਿਰਜ ਰਹੇ ਹਨ, ਉਥੇ ਕਰਤਾਰ ਸਿੰਘ ਬਜ਼ੁਰਗਾਂ ਦੇ ਮੁਕਾਬਲਿਆਂ ਵਿਚ ਵਿਸ਼ਵ ਰਿਕਾਰਡ ਵਰਗੀਆਂ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਭਾਰਤ ਦਾ ਨਾਂਅ ਰੁਸ਼ਨਾ ਰਿਹਾ ਹੈ।

ਹਰਸਿਮਰਤ ਸਿੰਘ ਥਿੰਦ
-15 ਅਮਨ ਨਗਰ, ਕਪੂਰਥਲਾ।
ਮੋਬਾ: 95014-84786

 

ਸ਼ਹੀਦ ਲੈਫ: ਗੁਰਦੇਵ ਸਿੰਘ ਢਿੱਲੋਂ ਯਾਦਗਾਰੀ ਖੇਡ ਮੇਲਾ ਭੀਖੀ

1965 ਦੀ ਭਾਰਤ-ਪਾਕਿ ਜੰਗ 'ਚ ਸ਼ਹੀਦ ਹੋਏ ਲੈਫਟੀਨੈਂਟ ਗੁਰਦੇਵ ਸਿੰਘ ਢਿੱਲੋਂ ਦੀ ਯਾਦ 'ਚ ਭੀਖੀ (ਜ਼ਿਲ੍ਹਾ ਮਾਨਸਾ) 'ਚ ਕਰਵਾਇਆ ਜਾਣ ਵਾਲਾ ਸਾਲਾਨਾ ਖੇਡ ਮੇਲਾ ਮਾਲਵੇ ਦਾ ਸਿਰਮੌਰ ਟੂਰਨਾਮੈਂਟ ਮੰਨਿਆ ਜਾਂਦਾ ਹੈ। ਸ਼ਹੀਦਾਂ ਦੀ ਸੋਚ ਨੂੰ ਪ੍ਰਣਾਇਆ ਇਹ ਟੂਰਨਾਮੈਂਟ ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਅਜੈਪਾਲ ਸਿੰਘ ਚਹਿਲ, ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ, ਚਰਨਜੀਤ ਸਿੰਘ ਢਿੱਲੋਂ, ਡੀ. ਐਸ. ਪੀ. ਬਲਵਿੰਦਰ ਸਿੰਘ, ਗੁਰਮੀਤ ਸਿੰਘ, ਮੋਹਨਜੀਤ ਦਲਿਓ, ਵਿਨੋਦ ਕੁਮਾਰ ਐਮ. ਸੀ. ਤੇ ਡਾ: ਸੁਖਦਰਸ਼ਨ ਸੋਨੀ ਹੁਰਾਂ ਦੀ ਨੌਜਵਾਨ ਟੀਮ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਵਾਰ 48ਵੇਂ ਸਾਲਾਨਾ ਖੇਡ ਮੇਲੇ ਦੇ ਰੂਪ 'ਚ ਕਰਵਾਇਆ ਗਿਆ, ਜਿਸ ਨੂੰ ਕੌਮਾਂਤਰੀ ਕਬੱਡੀ ਖਿਡਾਰੀਆਂ ਦੀ ਸ਼ਮੂਲੀਅਤ ਅਤੇ ਨਾਮਵਰ ਸ਼ਖ਼ਸੀਅਤਾਂ ਦੇ ਸਨਮਾਨ ਨੇ ਹੋਰ ਮਿਆਰੀ ਬਣਾ ਦਿੱਤਾ। ਦਿਲਖਿੱਚਵੇਂ ਇਨਾਮਾਂ ਵਾਲੇ ਇਸ ਟੂਰਨਾਮੈਂਟ 'ਚ 200 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। 
ਤਿੰਨ-ਦਿਨਾ ਟੂਰਨਾਮੈਂਟ ਦੇ ਪਹਿਲੇ ਦਿਨ 65 ਕਿਲੋ ਕਬੱਡੀ ਦੇ ਮੁਕਾਬਲੇ ਹੋਏ, ਜਿਨ੍ਹਾਂ 'ਚ ਖਿਆਲਾ ਕਲਾਂ ਦੀ ਟੀਮ ਨੇ ਪਹਿਲੇ ਤੇ ਭੀਖੀ ਦੀ ਟੀਮ ਨੇ ਦੂਸਰੇ ਸਥਾਨ 'ਤੇ ਰਹਿਣ ਦਾ ਮਾਣ ਪ੍ਰਾਪਤ ਕੀਤਾ। ਦੂਸਰੇ ਦਿਨ ਹੋਏ 75 ਕਿਲੋ ਵਰਗ ਦੇ ਮੁਕਾਬਲਿਆਂ 'ਚ ਭੀਖੀ ਪਹਿਲੇ ਤੇ ਭੂਪਾਲ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਇਕ ਪਿੰਡ ਓਪਨ ਦੇ ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਢਿੱਲੋਂ ਕੱਪ ਲਈ ਜੂਝੀਆਂ 52 ਟੀਮਾਂ 'ਚੋਂ ਦਿੜ੍ਹਬਾ ਦੀ ਟੀਮ ਨੇ ਕੱਪ ਚੁੰਮਣ ਦਾ ਮਾਣ ਪ੍ਰਾਪਤ ਕੀਤਾ ਅਤੇ ਬਨਭੌਰੀ (ਹਰਿਆਣਾ) ਦੀ ਟੀਮ ਉਪ-ਜੇਤੂ ਰਹੀ। ਰਾਜ ਝੋਟ ਦਿੜ੍ਹਬਾ ਨੇ ਸਰਬੋਤਮ ਧਾਵੀ ਵਜੋਂ ਮੋਟਰਸਾਈਕਲ ਜਿੱਤਿਆ ਅਤੇ ਗੁਰਧਿਆਨ ਦਿੜ੍ਹਬਾ ਨੇ ਬਿਹਤਰੀਨ ਧਾਵੀ ਵਜੋਂ ਵੀ ਮੋਟਰਸਾਈਕਲ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਹਲਕਾ ਮਾਨਸਾ ਦੇ ਵਿਧਾਇਕ ਸ੍ਰੀ ਪ੍ਰੇਮ ਮਿੱਤਲ ਨੇ ਅਦਾ ਕੀਤੀ। ਟੂਰਨਾਮੈਂਟ ਦਾ ਉਦਘਾਟਨ ਸ: ਅਮਰ ਸਿੰਘ ਚਹਿਲ ਡੀ. ਆਈ. ਜੀ. ਬਠਿੰਡਾ ਨੇ ਕੀਤਾ ਸੀ। ਕੁਮੈਂਟੇਟਰ ਸੱਤਪਾਲ ਖਡਿਆਲ, ਸਰਬਜੀਤ ਦਾਤੇਵਾਸ, ਮਨਜੀਤ ਬੱਪੀਆਣਾ ਤੇ ਮੇਵਾ ਸਿੰਘ ਨੇ ਟੂਰਨਾਮੈਂਟ ਨੂੰ ਸਫਲ ਬਣਾਉਣ 'ਚ ਅਹਿਮ ਯੋਗਦਾਨ ਪਾਇਆ। ਹੌਲਦਾਰ ਬਲਵੰਤ ਸਿੰਘ ਨੇ ਮੰਚ ਸੰਚਾਲਨ ਨਾਲ ਸਭ ਦਾ ਮਨ ਮੋਹ ਲਿਆ।

-ਬਲਵੰਤ ਭੀਖੀ

ਜੋਸ਼ ਤੇ ਹੋਸ਼ ਦਾ ਸੁਮੇਲ-ਦੌਣ ਕਲਾਂ ਦਾ ਖੇਡ ਮੇਲਾ

ਪਟਿਆਲਾ ਜ਼ਿਲ੍ਹੇ ਦੇ ਵੱਡੇ ਪਿੰਡਾਂ 'ਚ ਸ਼ਾਮਲ ਦੌਣ ਕਲਾਂ 'ਚ ਕਰਵਾਇਆ ਜਾਂਦਾ ਖੇਡ ਮੇਲਾ ਹੋਸ਼ ਤੇ ਜੋਸ਼ ਦਾ ਸੁਮੇਲ ਹੁੰਦਾ ਹੈ। ਗ੍ਰਾਮ ਪੰਚਾਇਤ, ਨੌਜਵਾਨ ਸਭਾ ਤੇ ਢੀਂਡਸਾ ਯੂਥ ਕਲੱਬ ਵੱਲੋਂ ਇਸ ਵਾਰ ਕਰਵਾਏ ਗਏ 37ਵੇਂ ਢੀਂਡਸਾ ਕਬੱਡੀ ਮੇਲੇ ਦੀ ਸਫਲਤਾ 'ਚ ਜਿਥੇ ਪਿੰਡ ਦੇ ਵਡੇਰੀ ਉਮਰ ਦੇ ਆਗੂਆਂ ਨੇ ਜਥੇਦਾਰ ਬਲਵਿੰਦਰ ਸਿੰਘ ਸਾਬਕਾ ਸਰਪੰਚ ਦੀ ਅਗਵਾਈ 'ਚ ਸਹਿਯੋਗ ਦਿੱਤਾ, ਉੱਥੇ ਨਵੀਂ ਪੀੜ੍ਹੀ ਨੇ ਮੌਜੂਦਾ ਸਰਪੰਚ ਬਲਕਾਰ ਸਿੰਘ ਦੀ ਦੇਖ-ਰੇਖ 'ਚ ਭਰਵਾਂ ਯੋਗਦਾਨ ਦਿੱਤਾ। ਭੁਪਿੰਦਰ ਸਿੰਘ ਭਿੰਦਾ, ਜਤਿੰਦਰ ਸਿੰਘ ਜੰਡਾ, ਜਗਦੇਵ ਜੱਗੀ, ਮਨਦੀਪ ਡੋਨਾ, ਕੰਵਲਜੀਤ ਸਿੰਘ, ਸਰਪੰਚ ਬਲਕਾਰ ਸਿੰਘ, ਮੱਖਣ ਸਿੰਘ ਢੀਂਡਸਾ, ਸਤਿਗੁਰ ਸਿੰਘ ਤੇ ਜਥੇਦਾਰ ਬਲਵਿੰਦਰ ਸਿੰਘ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਟੂਰਨਾਮੈਂਟ ਦਾ ਪਹਿਲੇ ਦਿਨ ਉਦਘਾਟਨ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਮੁਖ ਸਿੰਘ ਸਰਪੰਚ ਦੌਣ ਖੁਰਦ, ਜਥੇਦਾਰ ਬਲਵਿੰਦਰ ਸਿੰਘ, ਜਗਰੂਪ ਸਿੰਘ ਬਿੱਟੂ ਜਲਾਲਗੜ੍ਹ ਤੇ ਹਰਜੀਤ ਸਿੰਘ ਜੱਸੋਵਾਲ ਨੇ ਕੀਤਾ। ਦੂਸਰੇ ਦਿਨ ਦਾ ਉਦਘਾਟਨ ਚੇਅਰਮੈਨ ਨਿਰਪਾਲ ਸਿੰਘ ਬੜਿੰਗ ਲੈਂਡ ਮਾਰਗੇਜ਼ ਬੈਂਕ, ਸੰਜੀਵਨ ਸਿੰਗਲਾ, ਹਰਦੇਵ ਸਿੰਘ ਢੀਂਡਸਾ, ਦਵਿੰਦਰ ਸਿੰਘ ਸੰਧੂ ਸਰਪੰਚ ਜ਼ੀਰਕਪੁਰ ਤੇ ਇਕਬਾਲ ਪਾਲੀ ਢੀਂਡਸਾ ਨੇ ਕੀਤਾ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਹਲਕਾ ਸਨੌਰ ਦੇ ਇੰਚਾਰਜ ਤੇਜਿੰਦਰਪਾਲ ਸਿੰਘ ਸੰਧੂ ਸੀਨੀਅਰ ਅਕਾਲੀ ਆਗੂ ਤੇ ਬੀਬੀ ਅਨੂਪਇੰਦਰ ਕੌਰ ਸੰਧੂ ਨੇ ਅਦਾ ਕੀਤੀ। ਇਸ ਮੌਕੇ ਐਸ. ਓ. ਆਈ. ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਹਾਇਕ ਨਿਰਦੇਸ਼ਕ ਯੁਵਕ ਸੇਵਾਵਾਂ ਡਾ: ਮਲਕੀਤ ਸਿੰਘ ਮਾਨ ਤੇ ਡਾ: ਵਰਿੰਦਰਜੀਤ ਸਿੰਘ ਢੀਂਡਸਾ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ। 
ਇਸ ਖੇਡ ਮੇਲੇ ਦਾ ਇਕ ਪਿੰਡ ਓਪਨ ਮੁਕਾਬਲੇ ਦਾ 45 ਹਜ਼ਾਰ ਰੁਪਏ ਵਾਲਾ ਖਿਤਾਬ ਕਾਲੀਆ ਦੀ ਟੀਮ ਨੇ ਜਿੱਤਿਆ ਤੇ ਕਾਲਖ ਦੀ ਟੀਮ ਉਪ-ਜੇਤੂ ਰਹੀ। ਕਾਲੀਆ ਦੇ ਪਰਵੀਨ ਨੂੰ ਸਰਬੋਤਮ ਧਾਵੀ ਤੇ ਕਮਲ ਕੁਮਾਰ ਨੂੰ ਸਰਬੋਤਮ ਜਾਫੀ ਵਜੋਂ ਇਕਬਾਲ ਪਾਲੀ ਢੀਂਡਸਾ ਨੇ ਐਲ. ਸੀ. ਡੀਜ਼. ਨਾਲ ਸਨਮਾਨਤ ਕੀਤਾ ਗਿਆ। 70 ਕਿਲੋ ਵਰਗ 'ਚ ਬਾਠਾਂ ਪਹਿਲੇ ਤੇ ਹਰਿਆਊ ਦੂਸਰੇ, 60 ਕਿਲੋ 'ਚ ਮਹਿਲ ਕਲਾਂ ਪਹਿਲੇ ਤੇ ਘਨੌਰੀ ਦੂਸਰੇ, 52 ਕਿਲੋ 'ਚ ਚੀਮਾ ਜੋਧਪੁਰ ਪਹਿਲੇ ਤੇ ਰੈਮਲ ਮਾਜਰਾ ਦੂਸਰੇ ਸਥਾਨ 'ਤੇ ਰਿਹਾ। ਜੇਤੂ ਟੀਮਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਵਿਸ਼ਵ ਚੈਂਪੀਅਨ ਕਬੱਡੀ ਖਿਡਾਰੀ ਗੁਰਲਾਲ ਘਨੌਰ ਤੇ ਵਿੱਕੀ ਘਨੌਰ ਨੂੰ ਵੀ ਸਨਮਾਨਤ ਕੀਤਾ ਗਿਆ। ਨਾਮਵਰ ਕੁਮੈਂਟੇਟਰ ਹਰਪ੍ਰੀਤ ਸੰਧੂ, ਸਵਰਨ ਸੰਧੂ ਤੇ ਗੁਰਤੇਜ ਕੋਟੜਾ ਨੇ ਆਪਣੇ ਬੋਲਾਂ ਨਾਲ ਖੂਬ ਰੰਗ ਬੰਨ੍ਹਿਆ।

-ਅਰਸ਼ਦੀਪ ਸਿੰਘ
ਪਟੇਲ ਕਾਲਜ, ਰਾਜਪੁਰਾ, ਪਟਿਆਲਾ।

ਕਬੱਡੀ ਜਗਤ ਵਿਚ ਉੱਭਰਦਾ ਨਾਂਅ ਗੁਰਮੁਖ ਸੰਧੂ ਸੰਗਤਪੁਰ

ਅੱਜ ਪ੍ਰਵਾਸੀ ਖੇਡ ਪ੍ਰਮੋਟਰਾਂ ਨੇ ਕਬੱਡੀ ਨੂੰ ਕੌਡੀ ਤੋਂ ਕੱਢ ਕਰੋੜਾਂ ਦੀ ਬਣਾ ਦਿੱਤਾ ਹੈ। ਕਬੱਡੀ ਤੋਂ ਅਨੇਕਾਂ ਡਾਲਰ ਨਿਛਾਵਰ ਕਰਨ ਵਾਲਿਆਂ ਦੀ ਜਦੋਂ ਕਿਧਰੇ ਚਰਚਾ ਹੁੰਦੀ ਹੈ ਤਾ ਫਿਰ ਇਕ ਨਾਂਅ ਗੁਰਮੁਖ ਸਿੰਘ ਸੰਧੂ ਸੰਗਤਪੁਰ ਸੁਭਾਵਿਕ ਹੀ ਕਬੱਡੀ ਨਾਲ ਜੁੜੇ ਸਾਡੇ ਲੋਕ-ਬੁੱਲ੍ਹਾਂ 'ਤੇ ਆ ਜਾਂਦੇ ਹੈ। ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਿਲੌਰ 'ਚ ਚਿੜ੍ਹੀ ਦੇ ਪੌਂਚੇ ਜਿੱਡੇ ਪਿੰਡ ਸੰਗਤਪੁਰ ਵਿਖੇ ਪਿਤਾ ਸ: ਸਰੂਪ ਸਿੰਘ ਸੰਧੂ ਦੇ ਗ੍ਰਹਿ ਮਾਤਾ ਗੁਰਮੇਲ ਕੌਰ ਦੀ ਕੁੱਖੋਂ ਜਨਮਿਆ ਤਿੰਨ ਭੈਣਾਂ ਦਾ ਇਕਲੌਤਾ ਵੀਰ ਗੁਰਮੁਖ ਸੰਧੂ ਮਿਡਲ ਦੀ ਪੜ੍ਹਾਈ ਕਰਦਿਆਂ ਹੀ ਪਿਤਾ ਸਰੂਪ ਸਿੰਘ ਸੰਧੂ ਦੇ ਸੱਦੇ 'ਤੇ ਪਰਿਵਾਰ ਸਮੇਤ ਅਮਰੀਕਾ ਦੇ ਸੂਬਾ ਕੈਲੇਫੋਰਨੀਆ ਦੇ ਸ਼ਹਿਰ ਸੈਕਰਾਮੈਟੋਂ 'ਚ ਜਾ ਪੁੱਜਾ। ਮਿੱਤਰ ਢਾਣੀਆਂ ਵਿਚ ਗੁਰਮੁਖ ਤੋਂ ਗੈਰੀ ਬਣੇ ਗੁਰਮੁਖ ਨੇ ਉਚੇਰੀ ਵਿੱਦਿਆ ਅਮਰੀਕਨ ਰਿਵਜ਼ ਕਾਲਜ ਤੋਂ ਮੁਕੰਮਲ ਕੀਤੀ। ਪੰਜਾਬੀਆਂ ਦੀ ਮਹਿਬੂਬ ਕਬੱਡੀ ਨਾਲ ਅੰਤਾਂ ਦਾ ਮੋਹ ਰੱਖਣ ਵਾਲੇ ਗੁਰਮੁਖ ਨੇ ਸਾਥੀਆਂ ਨਾਲ ਮਿਲ ਕੇ ਕਿੰਗਜ਼ ਸਪੋਰਟਸ ਕਲੱਬ ਦੀ ਸਥਾਪਨਾ 2009 ਵਿਚ ਕੀਤੀ। ਇਸ ਕਲੱਬ ਦੇ ਰਜਿਸਟਰਡ ਬੈਨਰ ਹੇਠ ਹੁਣ ਤੱਕ ਚਾਰ ਕਬੱਡੀ ਦੇ ਵਰਲਡ ਕੱਪ ਕਰਵਾਏ ਗਏ ਹਨ। ਕਿੰਗਜ਼ ਵੱਲੋਂ 29 ਸਤੰਬਰ 2013 ਵਿਚ ਗੁਰਦੁਆਰਾ ਬਰਾਡਸ਼ਾਹ ਦੇ ਮੈਦਾਨ 'ਚ ਹੋਏ ਵਰਲਡ ਕੱਪ ਦਾ ਬਜਟ ਦੋ ਲੱਖ ਡਾਲਰ ਤੋਂ ਵਧੇਰੇ ਸੀ। ਇਸ ਕੱਪ ਵਿਚ ਭਾਗ ਲੈਣ ਲਈ ਇੰਗਲੈਂਡ ਦੀ ਟੀਮ ਉਚੇਚੇ ਤੌਰ 'ਤੇ ਪੁੱਜੀ ਸੀ। ਇਸ ਵਰਲਡ ਕੱਪ ਵਿਚ ਚੋਟੀ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ ਸੀ।
ਗੁਰਮੁਖ ਨੇ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਕਿੰਗਜ਼ ਦੇ ਬੈਨਰ ਹੇਠ ਖੇਡ ਰਹੀਆਂ ਵਾਲੀਬਾਲ ਤੇ ਕਬੱਡੀ ਦੀਆਂ ਟੀਮਾਂ ਦੇ ਪ੍ਰਦਰਸ਼ਨ 'ਤੇ ਸ਼ਰਫ ਹੈ। ਪੰਜਾਬ ਸਰਕਾਰ ਵੱਲੋਂ ਕਰਵਾਏ ਗਏ 2011-12 'ਚ ਅਮਰੀਕਾ ਦੀ ਕਬੱਡੀ ਟੀਮ ਨਾਲ ਪਰਲਜ਼ ਵਿਸ਼ਵ ਕਬੱਡੀ ਕੱਪ 'ਚ ਹਿੱਸਾ ਲੈਣ ਵਾਲੇ ਗੁਰਮੁਖ ਨੇ ਕਿਹਾ ਕਿ ਭਾਵੇਂ ਅੱਜ ਸਾਡੀ ਕਬੱਡੀ ਇਕ ਵੱਡੇ ਬਜ਼ਾਰ ਵਜੋਂ ਉੱਭਰ ਚੁੱਕੀ ਹੈ ਪਰ ਇਸ ਵਿਚ ਰੂਲਾਂ ਅਸੂਲਾਂ ਦੀ ਘਾਟ ਅਜੇ ਵੀ ਬਰਕਰਾਰ ਹੈ। ਕਿੰਗਜ਼ ਦੇ ਪ੍ਰਮੋਟਰਾਂ ਵੱਲੋਂ ਹਰ ਵਾਰ ਹੀ ਕੁਝ ਨਵਾਂ ਕਰਨ ਦੀ ਸੋਚ ਕਰਕੇ 2012 ਵਿਚ ਉਨ੍ਹਾਂ ਦੇ ਕਬੱਡੀ ਕੱਪ ਦੇ ਦਲੀਪ ਸਿੰਘ ਉਰਫ ਗ੍ਰੇਟ ਖਲੀ ਨੇ ਸ਼ਿਰਕਤ ਕੀਤੀ ਸੀ, ਜਦੋਂ ਕਿ ਇਸ ਵਾਰ ਗੁਰਮੁਖ ਸੰਧੂ ਤੇ ਸਾਥੀਆਂ ਵਾਲੀ ਕਿੰਗਜ਼ ਨੇ ਅਮਰੀਕਨ ਕਬੱਡੀ ਦੇ ਇਤਿਹਾਸ ਵਿਚ ਕੁੜੀਆਂ ਦਾ ਪਹਿਲੀ ਵਾਰ ਸ਼ੋਅ ਮੈਚ ਕਰਵਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਕਬੱਡੀ ਜਗਤ ਦੀਆਂ ਸਭ ਗੁੱਝੀਆਂ ਖ਼ਬਰਾਂ ਤੋਂ ਹਮੇਸ਼ਾ ਵਾਕਫ਼ ਰਹਿਣ ਵਾਲਾ ਗੁਰਮੁਖ ਸੰਧੂ ਸੱਚਾ ਧਰਮੀ ਤੇ ਸੁੱਚਾ ਵਤਨ ਪ੍ਰੇਮੀ ਹੈ, ਜਿਸ ਕਰਕੇ ਉਹ ਹਰ ਵਰ੍ਹੇ ਪੰਜਾਬ 'ਚ ਕਬੱਡੀ ਸੀਜ਼ਨ ਸਮੇਂ ਵਤਨ ਫੇਰੀ ਮਾਰਨਾ ਨਹੀਂ ਭੁੱਲਦਾ। ਯਾਰਾਂ ਦਾ ਯਾਰ ਅਣਮੁੱਲਾ, ਲੋੜਵੰਦਾਂ ਲਈ ਠੰਢੀ ਹਵਾ ਦਾ ਬੁੱਲਾ ਗੁਰਮੁਖ ਸੰਧੂ ਜ਼ਿੰਦਗੀ ਵਿਚ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹੇ, ਇਹੀ ਕਾਮਨਾ ਕਰਦੇ ਹਾਂ।

-ਹਰਮਿੰਦਰ ਢਿੱਲੋਂ ਮੌ ਸਾਹਿਬ,
ਪਿੰਡ ਤੇ ਡਾਕ: ਮੌ ਸਾਹਿਬ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ। ਮੋਬਾ: 98157-26066

ਖੇਡ ਕੁਮੈਂਟੇਟਰ ਵਜੋਂ ਨਾਮਣਾ ਖੱਟ ਰਿਹਾ ਹਰਜੀਤ ਰਡਾਲਾ

ਪੰਜਾਬ ਵਿਚ ਅੱਜ ਸੈਂਕੜੇ ਖੇਡ ਕੁਮੈਂਟੇਟਰ ਵੱਖ-ਵੱਖ ਖੇਡਾਂ ਦੇ ਹਨ ਪਰ ਜੋ ਖੇਡ ਕੁਮੈਂਟੇਟਰ ਕਬੱਡੀ ਮੈਦਾਨਾਂ ਵਿਚ ਸਥਾਪਤ ਹੋ ਚੁੱਕੇ ਹਨ, ਉਨ੍ਹਾਂ 'ਚੋਂ ਪ੍ਰੋ: ਇੰਦਰਜੀਤ ਸਿੰਘ ਪੱਡਾ, ਸੁਖਬੀਰ ਸਿੰਘ ਚੌਹਾਨ, ਪ੍ਰੋ: ਮੱਖਣ ਸਿੰਘ, ਅਰਵਿੰਦਰ ਕੋਛੜ, ਮੱਖਣ ਅਲੀ, ਡਾ: ਦਰਸ਼ਨ ਬੜੀ, ਹਰਦਿਆਲ ਸੁੱਗਾ ਤੇ ਬੂਟਾ ਉਮਰੀਆਣਾ ਨੇ ਆਪਣੀ ਅਲੱਗ ਪਹਿਚਾਣ ਖੇਡ ਮੈਦਾਨਾਂ ਵਿਚ ਬਣਾ ਲਈ ਹੈ, ਇਹ ਉਹ ਕੁਮੈਂਟੇਟਰ ਹਨ, ਜਿਨ੍ਹਾਂ ਨੂੰ ਸੁਣਨ ਲਈ ਲੋਕ ਦੂਰ-ਦਰਾਡੇ ਤੋਂ ਪੁੱਜਦੇ ਹਨ। ਅੱਜ ਅਨੇਕਾਂ ਹੀ ਨੌਜਵਾਨ ਹੱਥਾਂ ਵਿਚ ਮਾਇਕ ਫੜ ਕੇ ਇਨ੍ਹਾਂ ਦੀ ਤਰ੍ਹਾਂ ਹੀ ਖੇਡ ਮੈਦਾਨਾਂ ਵਿਚ ਆਪਣੇ-ਆਪ ਨੂੰ ਸਥਾਪਤ ਕਰਨਾ ਚਾਹੁੰਦੇ ਹਨ।
ਇਸੇ ਹੀ ਸ਼੍ਰੇਣੀ ਵਿਚ ਆਉਣ ਲਈ ਇਕ ਹੋਰ ਨਵਾਂ ਤੇ ਤੇਜ਼ੀ ਨਾਲ ਉੱਭਰ ਰਿਹਾ ਕੁਮੈਂਟੇਟਰ ਹੈ ਹਰਜੀਤ ਸਿੰਘ ਰਡਾਲਾ। ਉਸ ਦਾ ਜਨਮ 26 ਨਵੰਬਰ 1986 ਨੂੰ ਪਿਤਾ ਸ: ਇਕਬਾਲ ਸਿੰਘ ਸਰਕਾਰੀਆ ਦੇ ਘਰ ਮਾਤਾ ਬਲਜਿੰਦਰ ਕੌਰ ਦੀ ਕੁੱਖੋਂ ਹੋਇਆ। ਹਰਜੀਤ ਦਾ ਪਿੰਡ ਅੰਮ੍ਰਿਤਸਰ ਰਾਜਾਸਾਂਸੀ ਏਅਰਪੋਰਟ ਦੇ ਬਿਲਕੁਲ ਨਜ਼ਦੀਕ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਾ ਇਤਿਹਾਸਕ ਪਿੰਡ ਹੈ। ਇਸ ਪਿੰਡ ਦੇ ਬਾਬਾ ਦਿੱਤ ਸਿੰਘ ਸ਼ਹੀਦ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਪਹਿਲੀ ਜੰਗ ਲੋਹਗੜ੍ਹ ਵਿਖੇ ਸ਼ਹੀਦ ਹੋਏ।
ਬਾਰਾਂ ਜਮਾਤਾਂ ਪਾਸ ਤੇ ਸਿਵਲ ਡਰਾਫਟਮੈਨ ਦਾ ਕੋਰਸ ਕਰਨ ਵਾਲਾ ਹਰਜੀਤ ਆਪ ਸਕੂਲ ਸਮੇਂ ਰੱਸਾਕਸ਼ੀ ਦਾ ਵਧੀਆ ਖਿਡਾਰੀ ਸੀ। ਉਹ ਪ੍ਰੋ: ਇੰਦਰਜੀਤ ਸਿੰਘ ਪੱਡੇ ਦੀ ਕੁਮੈਂਟਰੀ ਤੋਂ ਪ੍ਰਭਾਵਿਤ ਹੋ ਕੇ 2008 ਤੋਂ ਕੁਮੈਂਟਰੀ ਕਰਨ ਲੱਗ ਪਿਆ। ਉਸ ਨੇ ਆਪਣੇ ਪੰਜ ਸਾਲਾ ਸਫਰ ਦੌਰਾਨ ਹੀ ਪੰਜਾਬ ਭਰ ਦੇ ਖੇਡ ਮੇਲਿਆਂ 'ਚ ਵਧੀਆ ਕੁਮੈਂਟਰੀ ਕਰਕੇ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾ ਲਈ। ਹਰਜੀਤ ਰਡਾਲਾ ਦਾ ਸਟਾਈਲ ਹੈ ਕਿ ਉਹ ਚਲਦੇ ਹੋਏ ਮੈਚ ਦੌਰਾਨ ਜਿਥੇ ਖਿਡਾਰੀਆਂ ਦਾ ਪੂਰਾ ਬਾਇਓਡਾਟਾ ਪੇਸ਼ ਕਰ ਦਿੰਦਾ ਹੈ, ਉਥੇ ਉਹ ਨਾਲ ਹੀ ਦਰਸ਼ਕਾਂ ਨੂੰ ਸ਼ਿਅਰੋ-ਸ਼ਾਇਰੀ ਤੇ ਇਤਿਹਾਸ ਨਾਲ ਵੀ ਜੋੜੀ ਰੱਖਦਾ ਹੈ। ਹਰਜੀਤ ਨੇ ਹੁਣ ਤੱਕ ਜਿਨ੍ਹਾਂ ਮੁੱਖ ਕਬੱਡੀ ਕੱਪਾਂ 'ਤੇ ਆਪਣੀ ਅਵਾਜ਼ ਦਾ ਜਾਦੂ ਬਿਖੇਰਿਆ, ਉਨ੍ਹਾਂ 'ਚ ਕੋਟ ਧਰਮਚੰਦ ਕਲਾਂ, ਬਾਬਾ ਬੁੱਢਾ ਸਾਹਿਬ, ਪਿੰਡ ਸੁੱਗਾ ਸਰਦਾਰਾਂ ਦਾ, ਗੱਗੋਬੂਆ, ਖਾਪੜਖੇੜੀ, ਸੋਹਲ, ਖੇਮਕਰਨ, ਸ਼ੇਰੋ, ਪਲਾਹ ਸਾਹਿਬ, ਮੀਰੀ ਪੀਰੀ ਕਬੱਡੀ ਕੱਪ ਸੁਲਤਾਨਵਿੰਡ ਆਦਿ ਸ਼ਾਮਿਲ ਹਨ। ਹਰਜੀਤ ਰਡਾਲਾ ਨੂੰ ਕੋਟ ਧਰਮਚੰਦ ਕਲਾਂ ਤੇ ਬਾਬਾ ਬੁੱਢਾ ਜੀ ਸਾਹਿਬ ਕਬੱਡੀ ਕੱਪਾਂ 'ਤੇ ਸਪੈਸ਼ਲ ਸਨਮਾਨਿਤ ਕੀਤਾ ਗਿਆ।

-ਦਿਲਬਾਗ ਸਿੰਘ ਘਰਿਆਲਾ,
ਸੁਲਤਾਨਵਿੰਡ, ਅੰਮ੍ਰਿਤਸਰ। ਮੋਬਾ: 98723-67922
dsgharyala@yahoo.in


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX