ਤਾਜਾ ਖ਼ਬਰਾਂ


ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਕਲਾਨੌਰ, 21 ਫਰਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਦੋ ਵੱਖ-ਵੱਖ ਪਿੰਡਾਂ 'ਚ ਬਾਅਦ ਦੁਪਹਿਰ ਦੋ ਨਾਬਾਲਗ ਲੜਕਿਆਂ ਅਤੇ ਇੱਕ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦੀ ਖ਼ਬਰ ...
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  1 day ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  1 day ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  1 day ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਮੁਹੱਬਤੀ ਘੋੜਾ ਪਾਲਕ-ਚੌਧਰੀ ਕ੍ਰਿਸ਼ਨ ਕੁਮਾਰ ਚਾਹਰ

'ਘੋੜਿਆਂ ਵਾਲੇ ਸਰਦਾਰ' 36
ਚੌਧਰੀ ਕ੍ਰਿਸ਼ਨ ਕੁਮਾਰ ਚਾਹਰ ਪੰਜਾਬ ਅਤੇ ਰਾਜਸਥਾਨ ਦਾ ਉਹ ਘੋੜਾ ਪਾਲਕ ਹੈ ਜੋ ਘੋੜਿਆਂ ਨੂੰ ਆਪਣਾ ਰਹਿਬਰ ਮੰਨਦਾ ਹੈ। ਉਨ੍ਹਾਂ ਦੀ ਜ਼ਮੀਨ ਰਾਜਸਥਾਨ ਵਿਚ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਪਿੰਡ 'ਪੀਰ ਦਾ ਮੜਿਆ' ਅਤੇ ਪੰਜਾਬ ਵਿਚ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਰੂਪਨਗਰ ਵਿਖੇ ਹੈ ਪਰ ਉਨ੍ਹਾਂ ਦਾ ਸਟੱਡ ਫਾਰਮ 'ਪੀਰ ਦਾ ਮੜਿਆ' ਵਿਚ ਹੈ। ਚੌਧਰੀ ਕ੍ਰਿਸ਼ਨ ਕੁਮਾਰ ਦੀ ਉਮਰ 59 ਸਾਲਾਂ ਦੀ ਹੈ। ਘੋੜੇ ਪਾਲਣ ਦਾ ਸ਼ੌਕ ਉਸ ਨੂੰ ਵਿਰਸੇ ਵਿਚੋਂ ਮਿਲਿਆ। ਉਸ ਦੇ ਦਾਦਾ ਚੌਧਰੀ ਪੀਰ ਦਾਨ ਆਪਣੇ ਸਮੇਂ ਵਿਚ 60-70 ਘੋੜੀਆਂ ਰੱਖਿਆ ਕਰਦੇ ਸਨ। ਉਨ੍ਹਾਂ ਦਾ ਘੋੜਿਆਂ ਦਾ ਕਾਰੋਬਾਰ ਉਸ ਦੇ ਬਾਪੂ ਤੋਂ ਇਲਾਵਾ 5 ਹੋਰ ਤਾਏ ਚਾਚੇ ਸਾਂਭਦੇ ਸਨ। ਚੌਧਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਦਾਦਾ ਜੀ ਦੇ ਫੌਤ ਹੋ ਜਾਣ ਮਗਰੋਂ ਮੇਰੇ ਬਾਪੂ ਅਤੇ ਚਾਚਿਆਂ ਤਾਇਆਂ ਨੇ ਆਪਣੇ ਲਈ ਇਕ ਇਕ ਘੋੜੀ ਰੱਖ ਕੇ ਬਾਕੀ ਸਭ ਵੇਚ ਦਿੱਤੀਆਂ। ਆਪਣੇ ਦਾਦਾ ਜੀ ਦੇ ਘੋੜਿਆਂ ਸਬੰਧੀ ਕਿੱਸੇ ਸੁਣ ਸੁਣ ਕੇ ਉਸ ਦੇ ਅੰਦਰ ਵੀ ਘੋੜਿਆਂ ਦੇ ਸ਼ੌਕ ਦਾ ਉਬਾਲ ਉਠਿਆ ਤਾਂ ਉਸ ਨੇ ਇਕ ਇਕ ਕਰਕੇ ਛਾਂਟਵੀਂ ਘੋੜੀ ਤੇ ਘੋੜੇ ਆਪਣੇ ਅਸਤਬਲ ਵਿਚ ਭਰਤੀ ਕਰਨੇ ਸ਼ੁਰੂ ਕਰ ਦਿੱਤੇ। ਆਪਣੇ ਇਕਲੌਤੇ ਸਪੁੱਤਰ ਸੰਜੀਵ ਚਾਹਰ ਤੇ ਪੋਤਰੇ ਕੁਨਾਲ ਚਾਹਰ ਨਾਲ ਮਿਲ ਕੇ ਹੁਣ ਉਹ ਘੋੜਿਆਂ ਦਾ ਸ਼ਾਹੀ ਸ਼ੌਂਕ ਪੂਰੀ ਮੜ੍ਹਕ ਨਾਲ ਪਾਲ ਰਿਹਾ ਹੈ। ਇਸ ਸਮੇਂ ਉਸ ਕੋਲ ਸ਼ੁੱਧ ਮਾਰਵਾੜੀ 21 ਘੋੜੀਆਂ ਤੇ 3 ਘੋੜੇ ਹਨ। 2006 ਤੋਂ ਉਸ ਨੇ ਆਪਣੇ ਘੋੜਿਆਂ ਦੇ ਸ਼ੌਕ ਨੂੰ ਵਪਾਰ ਵੱਲ ਜ਼ਿਆਦਾ ਤਬਦੀਲ ਕਰ ਲਿਆ ਹੈ। ਉਸ ਨੇ ਬੜੇ ਮਾਣ ਨਾਲ ਦੱਸਿਆ ਕਿ ਘੋੜਿਆਂ ਕਰਕੇ ਹੀ ਉਨ੍ਹਾਂ ਦੀ ਰੂਪਨਗਰ ਪਿੰਡ ਵਾਲੀ 300 ਏਕੜ ਬਚੀ ਰਹੀ। ਉਨ੍ਹਾਂ ਦੱਸਿਆ ਕਿ ਉਥੇ ਸਾਡੇ ਦਾਦਾ ਜੀ ਦੀ 600 ਏਕੜ ਜ਼ਮੀਨ ਸੀ। ਇਸ ਵਿਚੋਂ 300 ਏਕੜ ਉਨ੍ਹਾਂ ਨੇ ਘੋੜਿਆਂ ਦੇ ਚਰਨ ਲਈ ਖੁੱਲ੍ਹੀ ਛੱਡੀ ਹੋਈ ਸੀ ਅਤੇ ਬਾਕੀ ਦੀ 300 ਏਕੜ ਵਟਾਈ ਉਤੇ ਹੋਰਨਾਂ ਕਿਸਾਨਾਂ ਨੂੰ ਦਿੱਤੀ ਹੋਈ ਸੀ। ਉਦੋਂ ਨਵੇਂ ਕਾਨੂੰਨ ਮੁਤਾਬਿਕ ਘੋੜਿਆਂ ਦੀ ਚਰਾਂਦ ਵਾਲੀ 300 ਏਕੜ ਜ਼ਮੀਨ ਦੀ ਗਿਰਦਾਵਰੀ ਦਾਦਾ ਜੀ ਦੇ ਨਾਂਅ ਹੋਣ ਕਰਕੇ ਬਚ ਗਈ ਤੇ ਬਾਕੀ ਦੀ 300 ਏਕੜ ਜ਼ਮੀਨ ਵਾਹੀ ਕਰਨ ਵਾਲੇ ਕਿਸਾਨਾਂ ਦੇ ਨਾਂਅ ਹੋ ਗਈ। ਉਸ ਦੇ ਦਾਦਾ ਜੀ ਕੋਲ ਇਕ ਨੀਲੀ ਨਾਂਅ ਦੀ ਘੋੜੀ ਹੁੰਦੀ ਸੀ ਜੋ ਬਾਕਮਾਲ ਨੱਚਦੀ ਹੁੰਦੀ ਸੀ ਅਤੇ ਅਨੋਖੇ ਕਰਤੱਵ ਦਿਖਾਉਂਦੀ ਹੁੰਦੀ ਸੀ। ਇਸ ਘੋੜੀ ਦਾ ਨਾਚ ਦੇਖ ਕੇ ਮਹਾਰਾਜਾ ਗੰਗਾ ਸਿੰਘ ਵੀ ਇਸ ਉਤੇ ਫਿਦਾ ਹੋ ਗਿਆ ਸੀ। ਮਹਾਰਾਜੇ ਨੇ ਉਸ ਦੇ ਦਾਦੇ ਨੂੰ ਇਸ ਘੋੜੀ ਬਦਲੇ ਗੰਗ ਨਹਿਰ ਵਿਚੋਂ 600 ਏਕੜ ਜ਼ਮੀਨ ਲਈ ਪਾਣੀ ਦਾ ਪੱਕਾ ਮੋਘਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਦੇ ਦਾਦੇ ਨੇ ਇਹ ਪੇਸ਼ਕਸ਼ ਇਹ ਕਹਿ ਕੇ ਠੁਕਰਾ ਦਿੱਤੀ ਕਿ ਇਸ ਘੋੜੀ ਤੋਂ ਬਗੈਰ ਤਾਂ ਉਸ ਨੂੰ ਇਕ ਬਿੰਦ ਵੀ ਨੀਂਦ ਨਹੀਂ ਆਉਂਦੀ। ਬਾਅਦ ਵਿਚ ਮਹਾਰਾਜਾ ਗੰਗਾ ਸਿੰਘ ਨੇ ਇਹ ਘੋੜੀ ਆਪਣੇ ਇਕ ਪਰਿਵਾਰਕ ਮੈਂਬਰ ਦੇ ਵਿਆਹ ਵਾਸਤੇ ਇਕ ਮਹੀਨੇ ਲਈ ਮੰਗਵੀਂ ਲਈ ਸੀ। ਇਹ ਘੋੜੀ ਕਾਹਦੀ ਨਿਰੀ ਤੂਫ਼ਾਨ ਸੀ। ਉਨ੍ਹਾਂ ਦੱਸਿਆ ਕਿ ਜਦੋਂ ਵੀ ਦੂਰ ਦੂਰਾਡੇ ਵੱਜਦੇ ਢੋਲ ਦੀ ਆਵਾਜ਼ ਇਸ ਘੋੜੀ ਦੇ ਕੰਨੀਂ ਪੈ ਜਾਂਦੀ ਸੀ ਤਾਂ ਇਹ ਕਿੱਲੇ 'ਤੇ ਖੜ੍ਹੀ-ਖੜ੍ਹੀ ਉਸੇ ਤਾਲ ਵਿਚ ਨੱਚਣ ਲੱਗ ਪੈਂਦੀ ਸੀ। ਮੁਕਤਸਰ ਦੇ ਮਾਘੀ ਮੇਲੇ ਵਿਚ ਉਸ ਦੇ ਘੋੜੇ ਘੋੜੀਆਂ ਕਲਿਆਣੀ, ਜੁਨੂੰ, ਗੋਰੀ, ਸੂਰਜ ਆਦਿ ਨੇ ਕਈ ਇਨਾਮ ਜਿੱਤੇ। ਨਵੇਂ ਘੋੜਾ ਪਾਲਕਾਂ ਤੇ ਬ੍ਰੀਡਰਾਂ ਦੀ ਮਦਦ ਕਰਕੇ ਉਸ ਨੂੰ ਰੂਹਾਨੀ ਸਕੂਨ ਮਿਲਦਾ ਹੈ। ਭਾਵੇਂ ਉਹ ਸੱਤਵੀਂ ਫੇਲ੍ਹ ਹੈ ਪਰ ਘੋੜਿਆਂ ਵਿਚ ਉਹ ਪੀ. ਐਚ. ਡੀ. ਤੋਂ ਘੱਟ ਨਹੀਂ। ਘੋੜਿਆਂ ਦੀਆਂ ਸੁਸਾਇਟੀਆਂ ਦਾ ਉਹ ਪ੍ਰਮੁੱਖ ਮੈਂਬਰ ਹੈ। ਹਨੂੰਮਾਨਗੜ੍ਹ ਵਿਖੇ ਘੋੜਾ ਮੇਲਾ ਲਗਾਉਣਾ ਸ਼ੁਰੂ ਕਰਵਾਉਣ ਵਿਚ ਉਸ ਦਾ ਵੱਡਮੁੱਲਾ ਯੋਗਦਾਨ ਹੈ।

ਅਮਰੀਕ ਸਿੰਘ ਭਾਗੋਵਾਲੀਆ
-ਵਾ: ਨੰ: 6, ਮਾਡਲ ਟਾਊਨ ਕੁਰਾਲੀ (ਮੁਹਾਲੀ)
ਮੋਬਾ : 98155 35596


ਖ਼ਬਰ ਸ਼ੇਅਰ ਕਰੋ

ਕੁਦਰਤੀ ਖੇਤੀ ਵਿਚ ਕਣਕ-ਬਿਜਾਈ ਦੀ ਤਿਆਰੀ, ਬਿਜਾਈ ਅਤੇ ਸਹੀ ਦੇਖ-ਭਾਲ

ਕਿਸਾਨ ਵੀਰੋ! ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ ਝੋਨੇ ਦੀ ਕਟਾਈ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦੀਆਂ ਤਿਆਰੀਆਂ ਜ਼ੋਰ ਫ਼ੜ ਰਹੀਆਂ ਹਨ। ਪੰਜਾਬ ਵਿਚ ਹਾੜੀ ਦੀ ਮੁੱਖ ਫ਼ਸਲ ਵਜੋਂ 20 ਅਕਤੂਬਰ ਤੋਂ 15 ਨਵੰਬਰ ਤੱਕ ਕਣਕ ਦੀ ਕ੍ਰਮਵਾਰ ਅਗੇਤੀ ਅਤੇ ਸਮੇਂ ਸਿਰ ਬਿਜਾਈ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਖਿੱਤਿਆਂ ਵਿਚ ਕਣਕ ਦੀ ਬਿਜਾਈ ਦਾ ਕੰਮ ਦਸੰਬਰ ਦੇ ਅੰਤ ਤੱਕ ਮੁਕੰਮਲ ਹੋ ਜਾਂਦਾ ਹੈ। 
♦ਸਭ ਤੋਂ ਖੇਤ ਵਿਚ ਕੰਬਾਇਨ ਦੁਆਰਾ ਪਿੱਛੇ ਸੁੱਟੀ ਗਈ ਝੋਨੇ ਦੀ ਪਰਾਲੀ ਨੂੰ ਟਰੈਕਟਰ ਪਿੱਛੇ ਕਲਟੀਵੇਟਰ ਪਾ ਕੇ ਬਾਹਰ ਕੱਢ ਦਿਉ।
♦ ਉਪਰੰਤ ਪ੍ਰਤੀ ਏਕੜ ਅੱਧੀ ਟਰਾਲੀ ਰੂੜੀ ਖਿਲਾਰ ਕੇ ਖੜੇ, ਨਾੜ ਨੂੰ ਤਵੀਆਂ (ਡਿਸਕ ਹੈਰੋਂ) ਨਾਲ ਵਾਪਸ ਖੇਤ 'ਚ ਵਾਹ ਦਿਉ।
♦ ਹੁਣ ਪ੍ਰਤੀ ਏਕੜ 1 ਡਰੰਮ (200) ਲੀਟਰ ਗੁੜਜਲ ਅੰਮ੍ਰਿਤ ਪਾਉਂਦੇ ਹੋਏ ਖੇਤ ਦੀ ਰੌਣੀ ਕਰ ਦਿਉ। ਜਿਹੜੇ ਖਿੱਤਿਆਂ 'ਚ ਝੋਨੇ ਦੀ ਵੱਤਰ 'ਤੇ ਹੀ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਉੱਥੇ ਝੋਨੇ ਨੂੰ ਆਖਰੀ ਪਾਣੀ ਨਾਲ ਖੇਤ ਨੂੰ ਗੁੜਜਲ ਅੰਮ੍ਰਿਤ ਪਾਇਆ ਜਾਵੇ।
♦ ਰੌਣੀ ਉਪਰੰਤ ਵੱਤਰ ਆਏ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਪ੍ਰਤੀ ਏਕੜ 5 ਕਵਿੰਟਲ ਗੁੜਜਲ ਅੰਮ੍ਰਿਤ ਕੰਪੋਸਟ ਦਾ ਛਿੱਟਾ ਦੇ ਕੇ ਸੁਹਾਗਾ ਫੇਰ ਦਿਉ। ਖੇਤ ਬਿਜਾਈ ਲਈ ਤਿਆਰ ਹੈ।
ਨੋਟ : ਜੇਕਰ ਤੁਸੀਂ ਕੁਦਰਤੀ ਖੇਤੀ ਸ਼ੁਰੂ ਹੀ ਕਰਨ ਜਾ ਰਹੇ ਹੋ ਤਾਂ ਪ੍ਰਤੀ ਏਕੜ ਘੱਟੋ-ਘੱਟ 4 ਟਰਾਲੀਆਂ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਲਾਜ਼ਮੀ ਪਾਉ।
ਬੀਜ ਚੋਣ : ਖੇਤ ਤਿਆਰ ਕਰਨ ਉਪਰੰਤ ਬਿਜਾਈ ਲਈ ਸਹੀ ਬੀਜ ਚੁਣਨਾ ਸਭ ਤੋਂ ਅਹਿਮ ਕੰਮ ਹੈ। ਕਿਉਂਕਿ ਬੀਜ ਹੀ ਖੇਤੀ ਦੀ ਬੁਨਿਆਦ ਹੁੰਦਾ ਹੈ, ਇਸ ਲਈ ਇਹ ਲਾਜ਼ਮੀ ਹੈ ਕਿ ਬੀਜ ਚੋਣ ਪੱਖੋਂ ਸਾਨੂੰ ਹਰ ਤਰ੍ਹਾਂ ਚੇਤੰਨ ਰਹਿਣਾ ਚਾਹੀਦਾ ਹੈ। ਪੰਜਾਬ ਵਿਚ ਅਕਤੂਬਰ ਦੇ ਅੰਤਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਕੁਦਰਤੀ ਖੇਤੀ ਤਹਿਤ ਕਣਕ ਦੀਆਂ- ਬੰਸੀ, ਆਰ. ਜੇ. 1482, ਸੀ-306, ਚਾਵਲਕਾਠਾ, ਐੱਚ. ਡੀ.-2733, ਅਤੇ ਐੱਚ. ਡੀ. 2967 ਆਦਿ ਕਿਸਮਾਂ ਬੀਜੀਆਂ ਜਾ ਸਕਦੀਆਂ ਹਨ। ਜਦੋਂ ਕਿ ਨਰਮੇ ਵਾਲੇ ਖਿੱਤਿਆਂ 'ਚ ਪਿਛੇਤੀ ਬਿਜਾਈ ਲਈ ਪੀ. ਏ. ਯੂ. ਦੁਆਰਾ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਬੀਜ ਚੋਣ ਮੌਕੇ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖੋ:
♦ ਬੀਜ ਦੀ ਕਿਸਮ, ਉਸ ਤੋਂ ਪੈਦਾ ਹੋਏ ਪੌਦਿਆਂ ਦੀਆਂ ਔਸਤਨ ਸਾਖਾਵਾਂ, ਸਬੰਧਤ ਕਿਸਮ ਦਾ ਝਾੜ, ਬਿਮਾਰੀਆਂ ਅਤੇ ਕੀਟਾਂ ਖਿਲਾਫ਼ ਉਸ ਦੀ ਪ੍ਰਤੀਰੋਧੀ ਸ਼ਕਤੀ।
♦ ਬੀਜ ਅੰਦਰ ਟੁੱਟੇ ਅਤੇ ਪਿਚਕੇ ਦਾਣੇ ਨਹੀਂ ਹੋਣੇ ਚਾਹੀਦੇ।
ਬੀਜ ਵਿਚੋਂ ਜਾਨਦਾਰ ਬੀਜ ਅਲਗ ਕਰਨਾ
♦ ਬਿਜਾਈ ਲਈ ਘਰ ਰੱਖੇ ਜਾਂ ਬਾਜ਼ਾਰੋਂ ਲਿਆਂਦੇ ਗਏ ਬੀਜ ਨੂੰ ਛੱਜ-ਛਾਣਨਾ ਲਾਉ।
♦ ਛੱਜ-ਛਾਣਨਾ ਲੱਗੇ ਹੋਏ ਬੀਜ ਨੂੰ ਸਾਦੇ ਪਾਣੀ ਵਿਚ ਪਾਓ। ਉਪਰੰਤ ਪਾਣੀ ਉੱਤੇ ਤੈਰ ਜਾਣ ਵਾਲੇ ਦਾਣਿਆਂ ਨੂੰ ਬਾਹਰ ਕੱਢ ਦਿਉ।
♦ ਹੁਣ ਪਾਣੀ ਅੰਦਰ ਬਚੇ ਹੋਏ ਬੀਜ ਨੂੰ ਪਾਣੀ ਵਿਚੋਂ ਬਾਹਰ ਕੱਢ ਲਉ।
♦ ਇਸ ਬੀਜ ਵਿਚ ਪ੍ਰਤੀ ਏਕੜ 500 ਗ੍ਰਾਮ ਧਨੀਆ, 250 ਗ੍ਰਾਮ ਮੇਥੇ ਅਤੇ 5 ਕਿੱਲੋ ਦੇਸੀ ਛੋਲੇ ਮਿਲਾਉ। ਬੀਜ ਨੂੰ ਉਪੰਰਤ ਚੰਗੀ ਤਰ੍ਹਾਂ ਬੀਜ ਅੰਮ੍ਰਿਤ ਲਗਾ ਕੇ ਘੱਟੋ-ਘੱਟ 2 ਘੰਟੇ ਛਾਵੇਂ ਜਾਂ ਪੱਖੇ ਥੱਲੇ ਸੁੱਕਣ ਦਿਉ। ਬਿਜਾਈ ਲਈ ਬੀਜ ਤਿਆਰ ਹੈ।
ਨੋਟ: ਪ੍ਰਤੀ ਏਕੜ ਕਣਕ ਦੇ ਬੀਜ ਦੀ ਮਾਤਰਾ 25 ਤੋਂ 32 ਕਿੱਲੋ ਦੇ ਵਿਚਕਾਰ ਹੀ ਰੱਖੋ।
ਬਿਜਾਈ ਦਾ ਸਮਾਂ: ਕਿਸਾਨ ਵੀਰੋ ਉੱਪਰ ਸਾਂਝੇ ਕੀਤੇ ਗਏ ਨੁਕਤਿਆਂ ਦੇ ਨਾਲ-ਨਾਲ ਬਿਜਾਈ ਦਾ ਸਮਾਂ ਵੀ ਕਣਕ ਦੇ ਝਾੜ ਨੂੰ ਪ੍ਰਭਾਵਿਤ ਕਰਦਾ ਹੈ। ਕੁਦਰਤੀ ਖੇਤ ਤਹਿਤ ਝੋਨੇ ਵਾਲੇ ਖਿੱਤਿਆਂ ਵਿਚ ਨਵੰਬਰ ਦਾ ਪਹਿਲਾ ਪੰਦਰਵਾੜਾ ਕਣਕ ਦੀ ਬਿਜਾਈ ਲਈ ਬਿਲਕੁੱਲ ਢੁਕਵਾਂ ਸਮਾਂ ਹੈ। ਸੋ, ਹਰ ਹੀਲੇ ਨਵੰਬਰ ਦੇ ਪਹਿਲੇ ਪੰਦਰਵਾੜੇ ਕਣਕ ਦੀ ਬਿਜਾਈ ਮੁਕੰਮਲ ਕਰ ਲੈਣੀ ਚਾਹੀਦੀ ਹੈ।
ਬਿਜਾਈ ਦਾ ਢੰਗ: ਕੁਦਰਤੀ ਖੇਤੀ ਤਹਿਤ ਕਣਕ ਤੋਂ ਚੋਖਾ ਝਾੜ ਲੈਣ ਲਈ ਸਾਨੂੰ ਕਣਕ ਬਿਜਾਈ ਦੇ ਮੌਜੂਦਾ ਢੰਗ ਨੂੰ ਬਦਲਣਾ ਪਏਗਾ। ਜਿਵੇਂ ਕਿ ਸਭ ਜਾਣਦੇ ਹੀ ਹਨ ਕਿ ਮੌਜੂਦਾ ਸਮੇਂ ਕਣਕ ਦੀ ਜ਼ਿਆਦਾਤਰ ਬਿਜਾਈ ਸਿਆੜ ਤੋਂ ਸਿਆੜ 7-7 ਇੰਚ ਦੇ ਫ਼ਾਸਲੇ 'ਤੇ ਕੀਤੀ ਜਾ ਰਹੀ ਹੈ। ਕਣਕ ਦੀ ਬਿਜਾਈ ਦਾ ਇਹ ਤਰੀਕਾ ਕੁਦਰਤ ਅਤੇ ਕੁਦਰਤੀ ਖੇਤੀ ਦੇ ਬਿਲਕੁੱਲ ਵੀ ਅਨੁਕੂਲ ਨਹੀਂ ਹੈ।
♦ ਸੋ ਕੁਦਰਤੀ ਖੇਤੀ ਤਹਿਤ ਕਣਕ ਦੀ ਬਿਜਾਈ ਕਰਦੇ ਸਮੇਂ ਸਿਆੜ ਤੋਂ ਸਿਆੜ ਵਿਚਕਾਰ ਘੱਟੋ-ਘੱਟ 9 ਇੰਚ ਤੋਂ 12 ਇੰਚ ਦਾ ਫ਼ਾਸਲਾ ਰੱਖਿਆ ਜਾਵੇ।
♦ ਬਿਜਾਈ ਹਮੇਸ਼ਾ ਦੱਖਣ-ਉੱਤਰ ਦਿਸ਼ਾ ਵਿਚ ਕਰੋ।
♦ ਉਪਰੋਕਤ ਦੋਹੇਂ ਕਾਰਜ ਕਰਨ ਸਦਕਾ ਜਿੱਥੇ ਇਕ ਪਾਸੇ ਫ਼ਸਲ ਨੂੰ ਦਿਨ ਵਿਚ ਲੰਮਾਂ ਸਮਾਂ ਸੂਰਜੀ ਰੌਸ਼ਨੀ ਮਿਲੇਗੀ ਉੱਥੇ ਹੀ ਖੇਤ ਅੰਦਰ ਭਰਪੂਰ ਮਾਤਰਾ 'ਚ ਹਵਾ ਦਾ ਸੰਚਾਰ ਵੀ ਬਣਿਆ ਰਹੇਗਾ।
♦ ਬਿਜਾਈ ਕਰਨ ਉਪਰੰਤ ਪ੍ਰਤੀ ਏਕੜ ਘੱਟੋ-ਘੱਟ 6 ਕਿਆਰੇ ਪਾਉ। ਕਿਆਰੇ ਪਾਉਂਦੇ ਸਮੇਂ ਉਸਰੀ ਜਿੰਨੀ ਛੋਟੀ ਰੱਖੋਗੇ ਝਾੜ ਪੱਖੋਂ ਉੰਨੇ ਹੀ ਫ਼ਾਇਦੇ 'ਚ ਰਹੋਗੇ।
ਪਹਿਲਾ ਪਾਣੀ: ਕਿਸਾਨ ਵੀਰੋ ਝਾੜ ਪੱਖੋਂ ਪਾਣੀ ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸੋ ਇਸ ਪੱਖੋਂ ਸਾਨੂੰ ਬਹੁਤ ਹੀ ਸਾਵਧਾਨ ਰਹਿਣਾ ਚਾਹੀਦਾ ਹੈ। ਕੁਦਰਤੀ ਖੇਤੀ ਤਹਿਤ ਕਣਕ ਨੂੰ ਖਾਸ ਤੌਰ 'ਤੇ ਭਾਰੀਆਂ ਜ਼ਮੀਨਾਂ ਵਿਚ 22 ਤੋਂ 28 ਦਿਨਾਂ ਵਿਚਕਾਰ ਪਹਿਲਾ ਪਾਣੀ ਦੇਣ ਦੀ ਸਖਤ ਮਨਾਹੀ ਹੈ।
ਕਣਕ ਦੀ ਫ਼ਸਲ ਸਮੇਤ ਕਿਸੇ ਵੀ ਫ਼ਸਲ ਨੂੰ ਪਹਿਲਾ ਪਾਣੀ ਉਦੋਂ ਹੀ ਦਿਉ ਜਦੋਂ ਸਵੇਰ ਜਾਂ ਸ਼ਾਮ ਵੇਲੇ ਫ਼ਸਲ ਕੁਮਲਾਈ ਹੋਈ ਨਜ਼ਰ ਆਵੇ। ਜੇ ਸੌਖੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਭਾਰੀਆਂ ਜ਼ਮੀਨਾਂ ਵਿਚ ਕਣਕ ਦੀ ਫ਼ਸਲ ਨੂੰ ਘੱਟੋ-ਘੱਟ 45 ਦਿਨਾਂ ਉਪਰੰਤ ਪਹਿਲਾ ਪਾਣੀ ਦਿਉ। ਜੇਕਰ ਇਸ ਦੌਰਾਨ ਥੋੜ੍ਹਾ-ਬਹੁਤ ਮੀਂਹ ਪੈ ਜਾਵੇ ਤਾਂ ਇਹ ਸਮਾਂ 55 ਦਿਨਾਂ ਤੱਕ ਲੈ ਜਾਉ।
ਇਕ ਗੱਲ ਹੋਰ, ਕਣਕ ਦੀ ਫ਼ਸਲ ਅੰਦਰ 3 ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਪਾਣੀ ਨਹੀਂ ਰੁਕਣਾ ਚਾਹੀਦਾ। ਸੋ ਕਣਕ ਨੂੰ ਪਾਣੀ ਹਮੇਸ਼ਾ ਪਤਲਾ ਅਤੇ ਖੇਤ 'ਚ ਖੜ ਕੇ ਲਾਉ। ਇਸ ਤਰ੍ਹਾਂ ਕਰਨ ਨਾਲ ਜਿੱਥੇ ਫ਼ਸਲ ਦੀਆਂ ਜੜ੍ਹਾਂ ਜ਼ਮੀਨ ਅੰਦਰ ਜਿਆਦਾ ਡੂੰਘੀਆਂ ਜਾਣਗੀਆਂ ਉੱਥੇ ਹੀ ਦੂਜੇ ਪਾਸੇ ਕਣਕ 'ਚ ਜੰਮਣ ਵਾਲੇ ਨਦੀਨ ਵੀ ਫ਼ਸਲ 'ਤੇ ਭਾਰੂ ਨਹੀਂ ਹੋ ਸਕਣਗੇ।
ਨੋਟ: ਹਲਕੀਆਂ ਜ਼ਮੀਨਾਂ ਵਿਚ ਫ਼ਸਲ ਦੀ ਮੰਗ ਅਨੁਸਾਰ ਸਮੇਂ-ਸਮੇਂ ਸਿਰ ਪਾਣੀ ਦਿੰਦੇ ਰਹੋ।

ਗੁਰਪ੍ਰੀਤ ਦਬੜ੍ਹੀਖਾਨਾ
-ਮਾਰਫ਼ਤ : ਖੇਤੀ ਵਿਰਾਸਤ ਮਿਸ਼ਨ, ਜੈਤੋ।

ਕਣਕ ਦੀ ਬਿਜਾਈ ਲਈ ਯੋਗ ਤਕਨੀਕ

ਕਣਕ ਦੀ ਬਿਜਾਈ ਸ਼ੁਰੂ ਹੈ। ਜਿਨ੍ਹਾਂ ਕਿਸਾਨਾਂ ਨੇ ਝੋਨੇ ਨੂੰ ਆਖਰੀ ਪਾਣੀ ਦੇਰੀ ਨਾਲ ਦਿੱਤਾ, ਉਹ ਕਿਸਾਨ ਉਸੇ ਗਿੱਲ 'ਚ ਬਿਨਾਂ ਰੌਣੀ ਕੀਤਿਆਂ ਬਿਜਾਈ ਕਰ ਰਹੇ ਹਨ। ਝੋਨਾ ਵੱਢਣ ਪਿੱਛੋਂ ਖੇਤ ਨੂੰ ਤਿਆਰ ਕਰਨ ਲਈ ਡਿਸਕ ਹੈਰੋ ਨਾਲ ਵਾਹ ਕੇ ਕਲਟੀਵੇਟਰ ਕਰਨਾ ਪਵੇਗਾ। ਜੇ ਖੇਤ ਵਿਚ ਗਿੱਲ ਘੱਟ ਹੈ ਤਾਂ ਰੌਣੀ ਲੋੜੀਂਦੀ ਹੈ। ਬਹੁਤੇ ਕਿਸਾਨ ਖੇਤਾਂ 'ਚ ਪਰਾਲੀ ਨੂੰ ਅੱਗ ਲਾ ਕੇ ਜ਼ਮੀਨ ਨੂੰ ਬਿਜਾਈ ਲਈ ਤਿਆਰ ਕਰ ਰਹੇ ਹਨ ਕਿਉਂਕਿ ਸੀਡ-ਕਮ-ਫਰਟੀਲਾਈਜ਼ਰ ਡਰਿੱਲ ਨਾਲ ਕਣਕ ਬੀਜਣ ਵਾਸਤੇ ਉਨ੍ਹਾਂ ਨੂੰ ਹੋਰ ਕੋਈ ਹੱਲ ਨਹੀਂ ਲੱਭ ਰਿਹਾ। ਖੇਤ ਨੂੰ ਸੀਡ-ਕਮ-ਖਾਦ ਡਰਿਲ ਨਾਲ ਬਿਜਾਈ ਲਈ ਤਿਆਰ ਕਰਨ ਵਾਸਤੇ ਡਿਸਕ ਹੈਰੋ ਤੇ ਕਲਟੀਵੇਟਰ ਨਾਲ ਵਾਹ ਕੇ ਸੁਹਾਗਾ ਮਾਰ ਦੇਣਾ ਚਾਹੀਦਾ ਹੈ। ਸੀਡ-ਕਮ-ਫਰਟੀਲਾਈਜ਼ਰ ਡਰਿਲ ਨਾਲ ਬਿਜਾਈ ਲਈ ਸਿਆੜਾਂ ਵਿਚ 20 ਤੋਂ 22 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ। ਬਿਜਾਈ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਵਰਤੋਂ ਕਰਨ ਲਈ ਖੇਤ 'ਚ ਪਰਾਲੀ ਇਕਸਾਰ ਵਿਛਾਉਣੀ ਪਵੇਗੀ। ਹੈਪੀ ਸੀਡਰ ਨਾਲ 3.5 ਤੋਂ 5 ਸੈਂਟੀਮੀਟਰ ਡੂੰਘੀ ਕਣਕ ਬੀਜੀ ਜਾਣੀ ਚਾਹੀਦੀ ਹੈ। ਜੇ ਨਦੀਨਾਂ ਦੀ ਸਮੱਸਿਆ ਨਹੀਂ, ਬਿਜਾਈ ਜ਼ੀਰੋ-ਟਿਲ-ਡਰਿਲ ਨਾਲ ਵੀ ਕੀਤੀ ਜਾ ਸਕਦੀ ਹੈ। ਬਿਜਾਈ ਬੈੱਡਾਂ 'ਤੇ ਵੀ ਕੀਤੀ ਜਾ ਸਕਦੀ ਹੈ ਜਿਸ ਲਈ ਬੈੱਡ ਪਲਾਂਟਰ ਦੀ ਵਰਤੋਂ ਕਰਨੀ ਪਵੇਗੀ। 
ਵਧੇਰੇ ਝਾੜ ਦੀ ਪ੍ਰਾਪਤੀ ਲਈ ਬੀਜ ਦੀ ਸਹੀ ਕਿਸਮ ਦੀ ਵਰਤੋਂ ਬਿਜਾਈ ਦੇ ਸਮੇਂ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਇਸ ਹਫ਼ਤੇ ਤੋਂ 25 ਨਵੰਬਰ ਤੱਕ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਐਚ. ਡੀ. 2967 ਕਿਸਮ ਜੋ ਸਭ ਤੋਂ ਵੱਧ ਝਾੜ ਦੇਂਦੀ ਹੈ, ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਵੇਂ ਉਹ ਇਸ ਸਮੇਂ ਦੌਰਾਨ ਪੀ. ਬੀ. ਡਬਲਿਊ 621, ਪੀ. ਬੀ. ਡਬਲਿਊ 502, ਡਬਲਿਊ. ਐਚ. 542, ਡੀ. ਬੀ. ਡਬਲਿਊ 17 ਕਿਸਮਾਂ ਵੀ ਬੀਜ ਸਕਦੇ ਹਨ। ਕੁਝ ਕਿਸਾਨ ਐਚ. ਡੀ. 2733 ਤੇ ਬਰਬੜ ਕਿਸਮਾਂ ਵੀ ਬੀਜ ਰਹੇ ਹਨ। ਹੁਣ ਇਸ ਸਮੇਂ ਨਾਰਮਲ ਬਿਜਾਈ ਦੌਰਾਨ ਐਚ. ਡੀ. 2967 ਕਿਸਮ ਦਾ ਝਾੜ ਸਭ ਦੂਜੀਆਂ ਕਿਸਮਾਂ ਨਾਲੋਂ ਜ਼ਿਆਦਾ ਆਉਣ ਦੀ ਸੰਭਾਵਨਾ ਹੈ। ਬੀਜ ਦੀ ਮਾਤਰਾ ਕਿਸਮ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ। ਇਨ੍ਹਾਂ ਸਮੇਂ ਸਿਰ ਬੀਜਣ ਵਾਲੀਆਂ ਕਿਸਮਾਂ ਦਾ ਬੀਜ 40 ਕਿਲੋ ਪ੍ਰਤੀ ਏਕੜ ਪਾਉਣਾ ਉਚਿਤ ਹੋਵੇਗਾ। ਪੀ.ਬੀ.ਡਬਲਿਊ 550 ਕਿਸਮ (ਜਿਸਦੀ ਬਿਜਾਈ 15 ਨਵੰਬਰ ਤੋਂ ਬਾਅਦ ਕਰਨੀ ਚਾਹੀਦੀ ਹੈ) ਦਾ ਬੀਜ 45 ਕਿਲੋ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਡਬਲਿਊ.ਐਚ. 542 ਦੇ ਬੀਜ ਦੀ ਮਾਤਰਾ 35 ਕਿਲੋ ਪ੍ਰਤੀ ਏਕੜ ਸਿਫ਼ਾਰਿਸ਼ ਹੈ। ਕਿਸਾਨਾਂ ਨੂੰ ਬੀਜ ਪ੍ਰਮਾਣਿਤ ਏਜੰਸੀਆਂ ਤੋਂ ਲੈਣਾ ਚਾਹੀਦਾ ਹੈ। ਫਾਊਂਡੇਸ਼ਨ ਬੀਜ ਸਭ ਤੋਂ ਉੱਚਿਤ ਹੈ। ਜੇ ਇਹ ਉਪਲੱਬਧ ਨਾ ਹੋਵੇ ਤਾਂ ਤਸਦੀਕਸ਼ੁਦਾ ਬੀਜ ਵਰਤ ਲੈਣਾ ਚਾਹੀਦਾ ਹੈ। ਟੀ. ਐਲ. ਕਿਸਮ ਦਾ ਬੀਜ ਤਾਂ ਵਿਸ਼ੇਸ਼ ਕਰਕੇ ਭਰੋਸੇਯੋਗ ਥਾਵਾਂ ਤੋਂ ਹੀ ਖਰੀਦਣਾ ਚਾਹੀਦਾ ਹੈ। ਵਧੇਰੇ ਝਾੜ ਲੈਣ ਲਈ ਸ਼ੁੱਧ ਬੀਜ ਦੀ ਬੜੀ ਮਹੱਤਤਾ ਹੈ। ਬੀਜ ਤਰਜੀਹਨ ਰੈਕਸਿਲ ਜਾਂ ਵੀਟਾਵੈਕਸ ਦਵਾਈ ਨਾਲ ਸੋਧ ਕੇ ਹੀ ਬੀਜੋ। ਜੇ ਬੀਜ ਪ੍ਰਮਾਣਿਤ ਏਜੰਸੀ ਵੱਲੋਂ ਸੋਧਿਆ ਗਿਆ ਹੈ ਤਾਂ ਕਿਸਾਨਾਂ ਨੂੰ ਦੁਬਾਰਾ ਸੋਧਣ ਦੀ ਕੋਈ ਲੋੜ ਨਹੀਂ। ਜੇ ਬਿਜਾਈ ਸਿਉਂਕ ਵਾਲੀ ਜ਼ਮੀਨ 'ਚ ਕਰਨੀ ਹੈ ਤਾਂ ਕਲੋਰੋਪਾਈਰੋਫਾਸ ਦੀ ਵਰਤੋਂ ਕਰੋ।
ਯੋਗ ਸਿੰਜਾਈ ਪ੍ਰਬੰਧ ਅਤੇ ਪਾਣੀ ਦੀ ਵਰਤੋਂ ਘਟਾਉਣ ਲਈ ਕਿਆਰੇ ਛੋਟੇ ਪਾਉਣੇ ਚਾਹੀਦੇ ਹਨ। ਹਲਕੀਆਂ ਜ਼ਮੀਨਾਂ ਵਿਚ ਕਿਆਰਿਆਂ ਦੀ ਗਿਣਤੀ 16 ਪ੍ਰਤੀ ਏਕੜ ਅਤੇ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਵਿਚ ਇਹ ਗਿਣਤੀ 8 ਪ੍ਰਤੀ ਏਕੜ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਬਾਅਦ ਪਹਿਲਾ ਪਾਣੀ ਹਲਕਾ ਜਿਹਾ ਲਾਉਣਾ ਚਾਹੀਦਾ ਹੈ। ਜੋ ਕਿਸਾਨ ਅੱਜਕਲ੍ਹ ਕਣਕ ਬੀਜ ਰਹੇ ਹਨ, ਉਹ ਪਹਿਲਾ ਪਾਣੀ ਤਿੰਨ ਹਫ਼ਤਿਆਂ ਬਾਅਦ ਲਾਉਣ, 10 ਨਵੰਬਰ ਤੋਂ ਬਾਅਦ ਬੀਜੀ ਕਣਕ ਨੂੰ ਥੋੜ੍ਹਾ ਜਿਹਾ ਵਕਫ਼ਾ ਵਧਾਇਆ ਜਾ ਸਕਦਾ ਹੈ। ਅੱਜਕਲ੍ਹ ਸਮੇਂ ਸਿਰ ਬੀਜੀ ਜਾ ਰਹੀ ਕਣਕ ਨੂੰ ਮਾਰਚ ਦੇ ਅੰਤ ਤੱਕ ਪਾਣੀ ਲਾਉਣ ਦੀ ਲੋੜ ਹੈ ਤਾਂ ਜੋ ਉਸ ਵੇਲੇ ਵਧੇ ਤਾਪਮਾਨ ਦਾ ਅਸਰ ਘਟਾਇਆ ਜਾ ਸਕੇ। ਕਣਕ ਦੇ ਠੀਕ ਫੁਟਾਰੇ ਲਈ ਹੁਣ ਬਿਜਾਈ ਵੇਲੇ ਅਤੇ ਇਸ ਤੋਂ ਬਾਅਦ ਠੰਢ ਦੀ ਲੋੜ ਹੈ। ਜੇ ਖੇਤ ਦੀ ਗਿੱਲ ਨਾ ਜਾਂਦੀ ਹੋਵੇ ਤਾਂ ਕਿਸਾਨ 5 ਨਵੰਬਰ ਤੋਂ ਪਹਿਲਾਂ ਬਿਜਾਈ ਕਰਨ ਦੀ ਕਾਹਲੀ ਨਾ ਕਰਨ।
ਖਾਦਾਂ ਦੀ ਵਰਤੋਂ ਜ਼ਮੀਨ ਦੀ ਪਰਖ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ। ਨਾਈਟਰੋਜਨ 35 ਕਿਲੋ ਯੂਰੀਆ ਪਾ ਕੇ, 55 ਕਿਲੋ ਡੀ. ਏ. ਪੀ. ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਨਾਲ ਬਿਜਾਈ ਵੇਲੇ ਹੀ ਪਾ ਦੇਣਾ ਚਾਹੀਦਾ ਹੈ। ਫਿਰ 55 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਦੇ ਦੇਣਾ ਚਾਹੀਦਾ ਹੈ। ਜੇ ਕਣਕ ਵਿਚ ਲਘੂ ਤੱਤਾਂ ਦੀ ਘਾਟ ਵੇਖੀ ਜਾਵੇ ਤਾਂ ਸਿਫ਼ਾਰਿਸ਼ਾਂ ਅਨੁਸਾਰ ਇਸਨੂੰ ਪੂਰਾ ਕਰਨਾ ਚਾਹੀਦਾ ਹੈ। ਜਿਨ੍ਹਾਂ ਜ਼ਮੀਨਾਂ ਵਿਚ ਗੰਧਕ ਦੀ ਘਾਟ ਹੈ, ਉਨ੍ਹਾਂ ਵਿਚ 100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਪਸਮ ਪਾ ਦੇਣ ਦੀ ਲੋੜ ਹੈ। ਜੇ ਝੋਨੇ ਦੀ ਫ਼ਸਲ ਨੂੰ ਜਿੰਕ ਸਲਫੇਟ ਨਹੀਂ ਪਾਇਆ ਤਾਂ ਕਣਕ ਨੂੰ 25 ਕਿਲੋ ਜਿੰਕ ਸਲਫੇਟ 21 ਫ਼ੀਸਦੀ ਜਾਂ 16 ਕਿਲੋ 33 ਫ਼ੀਸਦੀ ਜ਼ਿੰਕ ਸਲਫੇਟ ਪਾਉਣ ਦੀ ਲੋੜ ਹੈ।
ਵਧੇਰੇ ਝਾੜ ਲੈਣ ਲਈ ਬਿਜਾਈ ਦੀ ਯੋਗ ਤਕਨੀਕ, ਸਮੇਂ ਅਨੁਸਾਰ ਬੀਜ ਦੀ ਕਿਸਮ ਦੀ ਚੋਣ, ਬੀਜ ਅਤੇ ਖਾਦ ਦੀ ਸਿਫਾਰਸ਼ਸ਼ੁਦਾ ਮਾਤਰਾ ਅਤੇ ਬੀਜ ਦੀ ਸ਼ੁੱਧਤਾ ਤੇ ਸਿੰਜਾਈ ਦੇ ਯੋਗ ਢੰਗ ਵਰਤਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਪੰਜਾਬ 'ਚ ਹਾੜ੍ਹੀ ਦੀ ਕਣਕ ਹੀ ਮੁੱਖ ਫ਼ਸਲ ਹੈ। ਇਸੇ ਉੱਤੇ ਰਾਜ ਤੇ ਕਿਸਾਨ ਦੀ ਆਰਥਿਕਤਾ ਆਧਾਰਿਤ ਹੈ। ਇਸ ਹਾੜ੍ਹੀ 'ਚ 35.5 ਲੱਖ ਹੈਕਟੇਅਰ ਰਕਬੇ 'ਤੇ ਕਣਕ ਦੇ ਬੀਜੇ ਜਾਣ ਦੀ ਸੰਭਾਵਨਾ ਹੈ। ਭਾਵੇਂ ਵੱਡੇ ਵੱਡੇ ਕਿਸਾਨ ਵਿਭਿੰਨਤਾ ਲਈ ਹੋਰ ਬਦਲਵੀਆਂ ਫ਼ਸਲਾਂ ਜੋ ਵਧੇਰੇ ਆਮਦਨ ਦੇਣ, ਲੱਭ ਰਹੇ ਹਨ ਪਰ ਛੋਟੇ ਤੇ ਸੀਮਿਤ ਕਿਸਾਨਾਂ ਦਾ ਆਧਾਰ ਤਾਂ ਹਾੜ੍ਹੀ ਦੇ ਮੌਸਮ 'ਚ ਕਣਕ ਦੀ ਫ਼ਸਲ 'ਤੇ ਹੀ ਹੈ। ਇਸੇ ਫ਼ਸਲ ਦਾ ਉਨ੍ਹਾਂ ਨੂੰ ਤਜਰਬਾ ਹੈ ਅਤੇ ਇਸ ਨੂੰ ਬੀਜਣ ਦੇ ਹੀ ਉਨ੍ਹਾਂ ਕੋਲ਼ ਸਾਧਨ ਹਨ। ਕਣਕ ਦੀ ਥਾਂ ਹੋਰ ਕਿਸੇ ਫ਼ਸਲ ਨੂੰ ਚੁਣ ਕੇ ਉਹ ਜੋਖ਼ਮ ਨਹੀਂ ਲੈ ਸਕਦੇ। ਅਗਾਂਹਵਧੂ ਤੇ ਬੀਜ ਦਾ ਵਪਾਰ ਕਰਨ ਵਾਲੇ ਕਿਸਾਨ ਹਰਿਆਣਾ ਖੇਤੀ 'ਵਰਸਿਟੀ ਵੱਲੋਂ ਵਿਕਸਿਤ ਡਬਲਿਊ. ਐਚ. 1105 ਅਤੇ ਭਾਰਤੀ ਖੇਤੀ ਖੋਜ ਸੰਸਥਾ ਵੱਲੋਂ ਵਿਕਸਿਤ ਐਚ. ਡੀ. 3086 ਕਿਸਮਾਂ ਦੇ ਬੀਜ ਦੀ ਭਾਲ 'ਚ ਫਿਰ ਰਹੇ ਹਨ ਅਤੇ ਨਿੱਜੀ ਖੇਤਰਾਂ ਤੋਂ ਮਹਿੰਗੇ ਭਾਅ ਇਨ੍ਹਾਂ ਕਿਸਮਾਂ ਦਾ ਬੀਜ ਖਰੀਦ ਰਹੇ ਹਨ। ਨਿੱਜੀ ਖੇਤਰ ਦੇ ਬੀਜਾਂ ਦੇ ਡੀਲਰਾਂ ਰਾਹੀਂ ਖਰੀਦੇ ਇਨ੍ਹਾਂ ਨਵੀਆਂ ਕਿਸਮਾਂ ਦੇ ਬੀਜਾਂ ਦੀ ਸ਼ੁੱਧਤਾ ਦੀ ਤਸੱਲੀ ਕਰ ਲੈਣ ਦੀ ਲੋੜ ਹੈ। ਸ਼ੁੱਧ ਬੀਜ ਲਈ ਕਿਸਾਨਾਂ ਨੂੰ ਇਨ੍ਹਾਂ ਕਿਸਮਾਂ ਦੀ ਕਾਸ਼ਤ ਕਰਨ ਲਈ ਅਗਲੇ ਸਾਲ ਤੱਕ ਇੰਤਜ਼ਾਰ ਕਰ ਲੈਣਾ ਬਿਹਤਰ ਹੋਵੇਗਾ।

ਭਗਵਾਨ ਦਾਸ
ਮੋਬਾ: 98152-36307

ਸੱਜਣਾ ਬਹਾਰ ਵੇਖ ਲੈ...

ਆਈ ਖੇਤਾਂ ਵਿਚ ਸੱਜਣਾ ਬਹਾਰ ਵੇਖ ਲੈ।
ਹਰ ਬੂਟੇ ਉੱਤੇ ਸੱਜਰਾ ਨਿਖ਼ਾਰ ਵੇਖ ਲੈ...।

'ਵਾ ਪੱਛੋਂ ਦੀ 'ਚ ਫ਼ਸਲਾਂ ਹੁਲਾਰੇ ਲੈਂਦੀਆਂ।
ਹਰੇ ਖੇਤਾਂ ਵਿਚੋਂ ਖੁਸ਼ੀਆਂ ਫ਼ੁਹਾਰੇ ਪੈਂਦੀਆਂ।
ਝੁਕੇ ਧਾਨ ਦਿਆਂ ਬੂਟਿਆਂ 'ਤੇ ਭਾਰ ਵੇਖ ਲੈ।
ਆਈ ਖੇਤਾਂ ਵਿਚ ਸੱਜਣਾ ਬਹਾਰ ਵੇਖ ਲੈ...।

ਖ਼ੁਸ਼ੀ-ਖ਼ੁਸ਼ੀ ਖੇਤਾਂ ਵਿਚ ਜਾਣ ਜੱਟੀਆਂ।
ਚੁਗ ਚੁਗ ਬੋਝੇ ਵਿਚ ਪਾਉਣ ਫੁੱਟੀਆਂ।
ਸਾਡੇ ਕਿਰਤੀ ਕਿਸਾਨ ਦੀ ਤੂੰ ਕਾਰ ਵੇਖ ਲੈ।...

ਹਵਾ ਨਾਲ ਖਹਿ-ਖਹਿ ਕਮਾਦ ਨੱਚਦੇ।
ਸ਼ਹਿਦ-ਮਿੱਠੇ ਹਾਸੇ ਪਏ ਜੱਟ ਹੱਸਦੇ।
ਪਲਦਾ ਖੇਤਾਂ 'ਚ ਜੱਟ ਦਾ ਪਿਆਰ ਵੇਖ ਲੈ।...

ਖੇਤ ਵਿਚ ਭੱਤਾ ਲੈ ਕੇ ਆਈ ਢੋਲ ਦਾ।
ਪੱਟਿਆ ਮਜ਼ਾਜ ਦਾ ਨਈਂ ਮੁੱਖੋਂ ਬੋਲਦਾ।
ਰੁੱਸੇ ਕੰਤ ਨੂੰ ਮਨਾਉਂਦੀ ਖ਼ੁਦ ਨਾਰ ਵੇਖ ਲੈ!...

ਰਣਜੀਤ ਆਜ਼ਾਦ ਕਾਂਝਲਾ
-10-ਸੀ/103, ਆਜ਼ਾਦ ਸਟਰੀਟ, ਸ਼ਿਵਪੁਰੀ, ਧੂਰੀ (ਪੰਜਾਬ)। ਮੋਬਾ: 099880-55606.

ਵਿਰਸੇ ਦੀਆਂ ਬਾਤਾਂ...ਬੜਾ ਯਾਦ ਆਉਂਦੀਆਂ ਨੇ ਬਚਪਨ ਵਾਲੀਆਂ ਖੇਡਾਂ

ਬਚਪਨ ਦੇ ਦਿਨ ਚੇਤੇ ਕਰਦਿਆਂ ਜਮਾਤੀਆਂ ਨਾਲ ਖੇਡਣਾ, ਲੜਨਾ, ਝਗੜਨਾ ਕਿੰਨਾ ਕੁਝ ਚੇਤੇ ਆ ਜਾਂਦੈ। ਸਵੇਰੇ ਮਾਂ ਨੇ ਨੁਹਾ ਕੇ ਤਿਆਰ ਕਰ ਸਕੂਲ ਭੇਜਣਾ ਤੇ ਸਕੂਲੋਂ ਆਉਂਦਿਆਂ ਭੂਤਾਂ ਵਰਗੇ ਬਣੇ ਹੋਣਾ, ਜਿਵੇਂ ਪੂਰਾ ਦਿਨ ਖੇਤਾਂ ਵਿਚ ਕੰਮ ਕਰੇ ਆਏ ਹੋਈਏ।
ਉਨ੍ਹਾਂ ਦਿਨਾਂ ਦੀਆਂ ਖੇਡਾਂ ਨੂੰ ਚੇਤੇ ਕਰ ਕਰ ਅੱਜ ਵੀ ਮਨ ਖਿੜ ਉੱਠਦੈ। ਚਾਰ ਖੇਡਾਂ ਨਾਲ ਮੇਰਾ ਆਪਣਾ ਬਚਪਨ ਜੁੜਿਆ ਰਿਹਾ ਹੈ। ਖੋ-ਖੋ, ਗੁੱਲੀ ਡੰਡਾ, ਬੰਟੇ ਤੇ ਬਾਂਦਰ ਕਿੱਲਾ। ਇਨ੍ਹਾਂ ਸਾਰੀਆਂ ਖੇਡਾਂ ਵਿਚ ਸਭ ਤੋਂ ਵੱਧ ਸਜ਼ਾਯੋਗ ਖੇਡ ਬਾਂਦਰ ਕਿੱਲਾ ਹੀ ਸੀ। ਕਿਉਂਕਿ ਉਨ੍ਹੀਂ ਦਿਨੀਂ ਆਮ ਪਰਵਾਰਾਂ ਦੀ ਪਹੁੰਚ ਵਿੱਚ ਅੱਜ ਵਾਂਗ ਆਧੁਨਿਕ ਖੇਡਾਂ ਨਹੀਂ ਸੀ ਆਈਆਂ, ਇਸ ਲਈ ਮਨੋਰੰਜਨ ਦੇ ਢੰਗ ਖੁਦ ਹੀ ਈਜਾਦ ਕੀਤੇ ਜਾਂਦੇ ਸਨ। ਦੋਸਤਾਂ ਮਿੱਤਰਾਂ 'ਕੱਠੇ ਹੋ ਕੇ ਗੁੱਲੀ ਡੰਡਾ ਖੇਡ ਲੈਣਾ ਜਾਂ ਫਿਰ ਸਾਰਿਆਂ ਨੇ ਚੱਪਲਾਂ ਇਕੱਠੀਆਂ ਕਰਕੇ ਬਾਂਦਰ ਕਿੱਲਾ ਸ਼ੁਰੂ ਕਰ ਦੇਣਾ।
ਬਾਂਦਰ ਕਿੱਲਾ ਖੇਡਣ ਵੇਲ਼ੇ ਚੁਸਤੀ-ਫੁਰਤੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਸੀ। ਢਿੱਲੜ ਜਹੇ ਖਿਡਾਰੀ ਦੇ ਕੁੱਟ ਬਹੁਤ ਪੈਂਦੀ ਸੀ। ਇੱਕ ਕਿੱਲੀ ਗੱਡ ਲੈਣੀ, ਜਿਸ ਨਾਲ ਰੱਸੀ ਬੰਨ੍ਹ ਲੈਣੀ। ਸਾਰਿਆਂ ਨੇ ਚੱਪਲਾਂ ਉਸ ਕਿੱਲੀ ਕੋਲ ਰੱਖ ਦੇਣੀਆਂ। ਇੱਕ ਜਣੇ ਨੇ ਰੱਸੀ ਫੜ ਕੇ ਚੱਪਲਾਂ ਚੁੱਕਣ ਤੋਂ ਬਚਾਅ ਕਰਨਾ ਤੇ ਬਾਕੀਆਂ ਨੇ ਤਰਕੀਬਾਂ ਵਰਤ-ਵਰਤ ਚੱਪਲਾਂ ਚੁੱਕਣ ਦੀ ਕੋਸ਼ਿਸ਼ ਕਰਨੀ।
ਜਦੋਂ ਸਾਰੀਆਂ ਚੱਪਲਾਂ ਚੁੱਕੀਆਂ ਜਾਂਦੀਆਂ ਤਾਂ ਰੱਸੀ ਫੜਨ ਵਾਲੇ ਨੇ ਦੌੜਨਾ ਹੁੰਦਾ ਸੀ ਤੇ ਚੱਪਲਾਂ ਚੁੱਕਣ ਵਾਲਿਆਂ ਨੇ ਉਸ ਪਿੱਛੇ ਚੱਪਲਾਂ ਨਾਲ ਵਾਰ ਕਰਨੇ ਹੁੰਦੇ। ਜਿਹੜਾ ਦੌੜਨ ਵਿਚ ਚੰਗਾ ਹੁੰਦਾ, ਉਸ ਦੀ ਪਿੱਠ 'ਤੇ ਘੱਟ ਪੈਂਦੀਆਂ, ਨਹੀਂ ਤਾਂ ਪੂਰੀ ਪਿੱਠ ਲਾਲ ਹੋ ਜਾਂਦੀ।
ਜੇ ਚੱਪਲ ਚੁੱਕਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚੋਂ ਕਿਸੇ ਇੱਕ ਨੂੰ ਰੱਸੀ ਫੜਨ ਵਾਲਾ ਹੱਥ ਲਗਾ ਦਿੰਦਾ ਤਾਂ ਫਿਰ ਕੁੱਟ ਖਾਣ ਦੀ ਵਾਰੀ ਉਸ ਦੀ ਆ ਜਾਂਦੀ। ਏਦਾਂ ਖੇਡਦਿਆਂ-ਖੇਡਦਿਆਂ ਪਤਾ ਨਹੀਂ ਕਿੰਨਾ ਵਕਤ ਲੰਘ ਜਾਂਦਾ। ਸਕੂਲ ਵਿੱਚ ਅੱਧੀ ਛੁੱਟੀ ਵੀ ਇਹੀ ਕੁਝ ਤੇ ਘਰ ਆ ਕੇ ਬਸਤਾ ਰੱਖਣ ਮਗਰੋਂ ਫੇਰ ਇਹੀ ਖੇਡਣਾ ਸ਼ੁਰੂ ਕਰ ਦੇਣਾ।
ਜਦੋਂ ਕਦੇ ਮੌਕਾ ਮਿਲਣਾ ਸਾਈਕਲ ਦੇ ਟਾਇਰਾਂ ਨਾਲ ਖੇਡਣ ਤੁਰ ਪੈਣਾ। ਨਾਲੇ ਟਾਇਰ ਭਜਾਈ ਜਾਣਾ ਤੇ ਨਾਲ ਨਾਲ ਆਪ ਭੱਜੀ ਜਾਣਾ। ਆਥਣ ਵੇਲ਼ੇ ਥੱਕ ਟੁੱਟ ਕੇ ਜਦੋਂ ਮੰਜੇ 'ਤੇ ਪੈਣਾ, ਪਤਾ ਹੀ ਨਾ ਲੱਗਣਾ ਕਿ ਨੀਂਦ ਕਿਹੜੇ ਵੇਲ਼ੇ ਆ ਗਈ।
ਇਹ ਉਹ ਖੇਡਾਂ ਸਨ, ਜਿਨ੍ਹਾਂ 'ਤੇ ਕੋਈ ਪੈਸਾ ਖਰਚ ਨਹੀਂ ਸੀ ਹੁੰਦਾ। ਪਰ ਇਨ੍ਹਾਂ ਨਾਲ ਹੁੰਦੇ ਮਨੋਰੰਜਨ ਬਾਬਤ ਅੱਜ ਦੀਆਂ ਨਵੀਂਆਂ ਖੇਡਾਂ ਨਾਲ ਜੁੜੇ ਨਿਆਣੇ ਕੁਝ ਨਹੀਂ ਜਾਣ ਸਕਦੇ। ਹੁਣ ਜਦੋਂ ਨਾਲ ਪੜ੍ਹਨ ਵਾਲੇ ਜੁੰਡੀ ਦੇ ਯਾਰ ਮਿਲਦੇ ਨੇ ਤਾਂ ਗਲਵੱਕੜੀ ਪਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਖੇਡੀਆਂ ਗਈਆਂ ਖੇਡਾਂ ਹੀ ਯਾਦ ਆਉਂਦੀਆਂ ਨੇ।
ਵਕਤ ਵਕਤ ਦੀ ਗੱਲ ਹੈ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ 'ਬਚਪਨ, ਜਵਾਨੀ, ਬੁਢਾਪਾ, ਸਭ ਕੁਛ ਚਲਾ ਜਾਏਗਾ, ਯਾਦਗਾਰ ਦੇ ਲੀਏ ਬਸ ਏਕ ਫੋਟੋ ਹੀ ਰਹਿ ਜਾਏਗਾ' ਤੇ ਏਦਾਂ ਦੀਆਂ ਤਸਵੀਰਾਂ ਦੇਖ ਕੇ ਬਚਪਨ ਦੇ ਦਿਨ ਯਾਦ ਆ ਜਾਂਦੇ ਨੇ।

ਸਵਰਨ ਸਿੰਘ ਟਹਿਣਾ
-37, ਪ੍ਰੀਤ ਇਨਕਲੇਵ,
ਲੱਧੇਵਾਲੀ ਯੂਨੀਵਰਸਿਟੀ ਰੋਡ, ਜਲੰਧਰ।
98141-78883 ਮੋ.

ਕਿਸਾਨਾਂ ਲਈ ਇਸ ਮਹੀਨੇ ਦੇ ਖੇਤੀ ਰੁਝੇਵੇਂ

ਮੌਸਮੀ ਫੁੱਲ
ਬਰਸਾਤਾਂ ਖਤਮ ਹੋਣ ਉਪਰੰਤ ਸਰਦੀ ਦੇ ਮੌਸਮੀ ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਬੀਜ ਕਿਆਰੀਆਂ ਵਿਚ ਬੀਜੇ ਜਾ ਸਕਦੇ ਹਨ। ਬੀਜ ਬੀਜਣ ਦੇ ਤੁਰੰਤ ਬਾਅਦ ਹਲਕਾ ਪਾਣੀ ਦਿਓ। ਇਸ ਤੋਂ ਬਾਅਦ ਹਰ ਰੋਜ਼ ਸਵੇਰੇ ਜਾਂ ਸ਼ਾਮ ਪਾਣੀ ਜ਼ਰੂਰ ਲਾਓ। ਜਿਨ੍ਹਾਂ ਫੁੱਲਾਂ ਦੇ ਬੀਜ ਉਪਰ ਬਹੁਤ ਸਖਤ ਸੀਡ ਕੌਟ ਹੁੰਦੀ ਹੈ ਜਿਵੇਂ ਕਿ ਸਜਾਵਟੀ ਮਟਰ ਇਨ੍ਹਾਂ ਨੂੰ ਪਾਣੀ ਵਿਚ ਇਕ ਰਾਤ ਭਿਉਣ ਤੋਂ ਬਾਅਦ ਸਿੱਧੇ ਹੀ ਕਿਆਰੀਆਂ ਵਿਚ ਲਾਇਆ ਜਾ ਸਕਦਾ ਹੈ। ਪਨੀਰੀ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਢੁਕਵੇਂ ਉਲੀਨਾਸ਼ਕ ਦਾ ਛਿੜਕਾਅ ਕਰੋ।
ਪੱਕੇ ਬੂਟੇ
ਜ਼ਰੂਰਤ ਤੋਂ ਜ਼ਿਆਦਾ ਫੈਲੇ ਸਜਾਵਟੀ ਬੂਟੇ ਅਤੇ ਵੇਲਾਂ ਦੀ ਕਾਂਟ-ਛਾਂਟ ਕਰੋ ਅਤੇ ਲੋੜੀਂਦਾ ਆਕਾਰ ਦੇ ਦਿਓ। ਜੇਕਰ ਬੂਟੇ ਕਮਜ਼ੋਰ ਨਜ਼ਰ ਆ ਰਹੇ ਹੋਣ ਤਾਂ ਗਲੀ ਸੜੀ ਰੂੜੀ ਦੀ ਖਾਦ ਪਾਓ। ਬੋਗਨਵਿਲੀਆ ਜਾਂ ਦੂਸਰੀਆਂ ਝਾੜੀਆਂ ਦੀਆਂ ਕਲਮਾਂ ਜਿਹੜੀਆਂ ਫਰਵਰੀ ਵਿਚ ਨਰਸਰੀ ਵਿਚ ਲਾਈਆਂ ਗਈਆਂ ਸਨ, ਲਿਫ਼ਾਫਿਆਂ ਜਾਂ ਗਮਲਿਆਂ ਵਿਚ ਲਾ ਦਿਓ। ਇਸ ਸਮੇਂ ਰਬੜ ਪਲਾਂਟ, ਬੋਗਨਵਿਲੀਆ, ਮੈਗਨੋਲਿਆ, ਕੈਲੀਐਂਡਰਾ ਆਦਿ ਦਾ ਪੌਦ ਵਾਧਾ ਹਵਾਈ ਦਾਬ ਰਾਹੀਂ ਕੀਤਾ ਜਾ ਸਕਦਾ ਹੈ।
ਘਾਹ ਦਾ ਮੈਦਾਨ
ਘਾਹ ਕੱਟਣ ਵਾਲੀ ਮਸ਼ੀਨ ਦੇ ਬਲੇਡ ਨੀਵੇਂ ਕਰ ਦਿਓ ਤਾਂ ਕਿ ਘਾਹ ਨੀਵੇਂ ਤੋਂ ਨੀਵਾਂ ਕੱਟਿਆ ਜਾ ਸਕੇ। ਜੇਕਰ ਲਾਅਨ ਹਰਾ ਭਰਾ ਨਹੀਂ ਤਾਂ ਇਕ ਕਿਲੋ ਕਿਸਾਨ ਖਾਦ ਜਾਂ ਅੱਧਾ ਕਿਲੋ ਯੂਰੀਆ ਪ੍ਰਤੀ 1000 ਵਰਗ ਫੁੱਟ ਦੇ ਹਿਸਾਬ ਨਾਲ ਪਾ ਕੇ ਪਾਣੀ ਲਾਓ।
ਗੁਲਦਾਉਦੀ
ਬਾਰਸ਼ ਦਾ ਪਾਣੀ ਗੁਲਦਾਉਦੀ ਦੇ ਗਮਲਿਆਂ ਵਿਚ ਨਾ ਖੜ੍ਹਨ ਦਿਓ। ਗਮਲੇ ਟੇਢੇ ਕਰਕੇ ਪਾਣੀ ਕੱਢ ਦਿਓ। ਬੂਟਿਆਂ ਦੀ ਸੇਧਾਈ ਕਰਦੇ ਰਹੋ। ਬਿਮਾਰੀਆਂ ਰੋਕਣ ਲਈ ਬਾਵਿਸਟਨ 1 ਗ੍ਰਾਮ/ਲਿਟਰ ਦੀ ਸਪਰੇਅ ਕਰੋ। ਜੇਕਰ ਲੋੜ ਹੋਵੇ ਗਮਲਿਆਂ ਦੇ ਹੇਠਾਂ ਡਰੈਨਜ਼ ਹੋਲ ਵੀ ਖੋਲ੍ਹ ਦਿਓ। ਸਟੈਂਡਰਡ ਕਿਸਮਾਂ ਵਿਚ ਡਿਸਬਡਿੰਗ ਕਰਦੇ ਰਹੋ।
ਗੁਲਾਬ
ਮਹੀਨੇ ਦੇ ਦੂਸਰੇ ਪੰਦਰਵਾੜੇ ਵਿਚ ਪਾਣੀ ਨਾ ਦਿਓ ਤਾਂ ਕਿ ਬੂਟਿਆਂ ਨੂੰ ਕਾਂਟ-ਛਾਂਟ ਲਈ ਤਿਆਰ ਕੀਤਾ ਜਾ ਸਕੇ। ਇਸ ਮਹੀਨੇ ਦੇ ਆਖਰੀ ਹਫ਼ਤੇ ਵਿਚ ਕਾਂਟ-ਛਾਂਟ ਕੀਤੀ ਜਾ ਸਕਦੀ ਹੈ।

-ਸੰਯੋਜਕ :
ਜਗਦੇਵ ਸਿੰਘ ਕੁਲਾਰ

ਆਧੁਨਿਕ ਖ਼ੇਤੀ ਦੇ ਅਲੰਬਰਦਾਰ ਕਿਸਾਨ : ਸਵਿੰਦਰ ਸਿੰਘ ਬੇਰਛਾ

ਰਿਵਾਇਤੀ ਖੇਤੀ ਤੋਂ ਹਟ ਕੇ ਕਈ ਕਿਸਾਨਾਂ ਨੇ ਖੇਤੀ ਦੇ ਆਧੁਨਿਕ ਢੰਗਾਂ ਨੂੰ ਅਪਣਾੳਂਦੇ ਹੋਏ ਨਵੀਆਂ ਮਿਸਾਲਾਂ ਕਾਇਮ ਕੀਤੀਆਂ ਹਨ। ਇਨ੍ਹਾਂ ਕਿਸਾਨਾਂ ਵਿਚ ਸਰਦਾਰ ਸਵਿੰਦਰ ਸਿੰਘ ਪਿੰਡ ਬੇਰਛਾ ਦਾ ਨਾਂਅ ਵੀ ਆਉਂਦਾ ਹੈ, ਜਿਸ ਨੇ ਝੋਨੇ, ਕਣਕ ਦੀ ਰਵਾਇਤ ਨੂੰ ਤੋੜਦੇ ਹੋਏ ਪੋਲੀਹਾਊਸ (ਗਰੀਨ ਹਾਊਸ) ਲਗਾ ਕੇ ਖੇਤੀ ਦੀ ਆਧੁਨਿਕ ਵਿਧੀ ਅਪਣਾਈ ਅਤੇ ਹੁਣ ਲਗਾਤਾਰ ਖੂਬ ਮੁਨਾਫਾ ਕਮਾ ਰਿਹਾ ਹੈ। ਸਵਿੰਦਰ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਆਪਣੀ 10 ਕਿੱਲਿਆਂ ਦੀ ਖੇਤੀ ਵਿਚ ਕਣਕ , ਝੋਨਾ, ਕਮਾਦ, ਪਾਪੂਲਰ ਅਤੇ ਸਫੈਦਾ ਆਦਿ ਦੀ ਖੇਤੀ ਕਰਕੇ ਦੇਖੀ, ਪਰ ਉਪਜ ਨਾਲ ਲਗਾਤਾਰ ਅਤੇ ਚੰਗੀ ਆਮਦਨ ਪ੍ਰਾਪਤ ਨਾ ਹੋਈ। 2012 ਵਿਚ ਉਸ ਨੇ ਆਪਣੇ ਪੜ੍ਹੇ ਲਿਖੇ ਪੁੱਤਰਾਂ ਅਰਵਿੰਦਰ ਸਿੰਘ ਅਤੇ ਹਰਿੰਦਰ ਸਿੰਘ ਦੀ ਸਲਾਹ ਸਹਿਮਤੀ ਨਾਲ ਇਜ਼ਰਾਇਲੀ ਤਕਨੀਕੀ ਤਰਜ਼ 'ਤੇ ਰਾਸ਼ਟਰੀ ਬਾਗਬਾਨੀ ਵਿਭਾਗ ਤੋਂ ਪੋਲੀਹਾਊਸ ਵਿਚ ਖੇਤੀ ਕਰਨ ਦੀ ਸਿਖਲਾਈ ਲਈ ਅਤੇ ਨਾਬਾਰਡ ਦੀ ਸਹਾਇਤਾ ਨਾਲ 4 ਕਨਾਲਾਂ ਵਿਚ ਗਰੀਨ ਹਾਊਸ ਲਗਵਾਇਆ। ਉਨ੍ਹਾਂ ਦੱਸਿਆ ਕਿ ਗਰੀਨ ਹਾਊਸ ਲਗਾੳਣ ਵਿਚ ਭਾਰਤ ਸਰਕਾਰ 50 ਫ਼ੀਸਦੀ ਸਬਸਿਡੀ ਵੀ ਦਿੰਦੀ ਹੈ। ਇਸ ਗਰੀਨ ਹਾਊਸ ਵਿਚ ਸਬਜ਼ੀਆਂ ਜਿਵੇਂ ਸ਼ਿਮਲਾ ਮਿਰਚ, ਖੀਰੇ, ਮਿਰਚਾਂ, ਟਮਾਟਰ, ਭਿੰਡੀ ਆਦਿ ਦੀ ਖੇਤੀ ਹੁੰਦੀ ਹੈ ਅਤੇ ਇਸ ਖੇਤੀ ਵਿਚ ਕੀਟਨਾਸ਼ਕ ਨਾ ਮਾਤਰ ਹੀ ਵਰਤੇ ਜਾਂਦੇ ਹਨ। ਇਸ ਤਰ੍ਹਾਂ ਦੀ ਖੇਤੀ 'ਚ ਗਰੀਨ ਹਾਊਸ ਵਿਚ ਅਸੀਂ ਬਾਹਰੀ ਬਿਮਾਰੀਆਂ ਨਾ ਆਉਣ ਕਾਰਣ ਘੱਟ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਾਂ, ਘੱਟ ਰਸਾਇਣਕ ਖ਼ਾਦਾਂ, ਡਿੱਪ ਸਿਸਟਮ ਦੇ ਨਾਲ ਘੱਟ ਸਿੰਚਾਈ (ਪਾਣੀ), ਘੱਟ ਖਰਚ ਅਤੇ ਥੋੜ੍ਹੇ ਪਰ ਨਿਯਮਤ ਮਿਹਨਤ ਕਰਕੇ ਵੱਧ ਮੁਨਾਫਾ ਕਮਾਉਂਦੇ ਹਾਂ। ਅਰਵਿੰਦਰ ਸਿੰਘ ਦੇ ਦੱਸਣ ਅਨੁਸਾਰ ਸਧਾਰਨ ਥਾਂ 'ਤੇ ਆਮ ਸਬਜ਼ੀਆਂ ਤਿੰਨ ਮਹੀਨੇ ਫਲ ਦਿੰਦੀਆਂ ਹਨ ਪਰ ਗਰੀਨ ਹਾਊਸ ਵਿਚ ਪੌਦੇ ਦੀ ਉਮਰ ਵੀ ਵੱਧਦੀ ਹੈ ਅਤੇ ਲਗਭਗ ਸਾਰਾ ਸਾਲ ਹੀ ਸਬਜ਼ੀਆਂ ਮਿਲਦੀਆਂ ਹਨ ਜਿਸ ਨਾਲ ਤਿੰਨ ਤੋਂ ਚਾਰ ਗੁਣਾ ਵੱਧ ਉਪਜ ਵੀ ਪ੍ਰਾਪਤ ਹੁੰਦੀ ਹੈ। ਸਬਜ਼ੀਆਂ ਦੇ ਮੰਡੀਕਰਨ ਬਾਰੇ ਪੁੱਛਣ 'ਤੇ ਅਰਵਿੰਦਰ ਸਿੰਘ ਨੇ ਕਿਹਾ ਕਿ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਹੈ, ਸਗੋਂ ਤਾਜ਼ੀਆਂ ਸਬਜ਼ੀਆਂ ਪਹਿਲ ਦੇ ਆਧਾਰ 'ਤੇ ਵਿਕਦੀਆਂ ਹਨ। ਉਨ੍ਹਾਂ ਮਾਣ ਨਾਲ ਦੱਸਦਿਆਂ ਕਿਹਾ ਕਿ ਲੋਕਲ ਦਸੂਹਾ ਮੰਡੀ ਵਿਚ ਪਿਛਲੇ ਚਾਰ ਮਹੀਨੇ ਉਨ੍ਹਾਂ ਦੀ ਉਗਾਈ ਸ਼ਿਮਲਾ ਮਿਰਚ ਹੀ ਵਿਕਦੀ ਰਹੀ ਅਤੇ ਹਰ ਰੇਹੜੀ 'ਤੇ ਉਨ੍ਹਾਂ ਦੀ ਹੀ ਸ਼ਿਮਲਾ ਮਿਰਚ ਹੁੰਦੀ ਸੀ। ਸਬਜ਼ੀਆਂ ਦੇ ਮੰਡੀ ਵਿਚ ਪੈਂਦੇ ਮੁੱਲ ਬਾਰੇ ਪੁੱਛਣ 'ਤੇ ਹਰਿੰਦਰ ਸਿੰਘ ਨੇ ਦੱਸਿਆ ਕਿ ਨਵੰਬਰ ਤੋਂ ਲਗਭਗ ਫਰਵਰੀ ਮਹੀਨੇ ਤੱਕ ਉਨ੍ਹਾਂ ਦੀ ਭਿੰਡੀ 80 ਰੁਪਏ ਪ੍ਰਤੀ ਕਿੱਲੋ ਤੱਕ ਵਿਕਦੀ ਰਹੀ ਅਤੇ ਬਾਕੀ ਸਬਜ਼ੀਆਂ ਦਾ ਮੁੱਲ ਵੀ ਠੀਕ ਹੀ ਰਿਹਾ। ਮਿਹਨਤ ਬਾਰੇ ਪੱਛਣ 'ਤੇ ਉਨ੍ਹਾਂ ਦੱਸਿਆ ਕਿ ਪੌਦਿਆਂ ਦੀ ਬਿਜਾਈ ਤੋਂ ਲੈਕੇ ਫ਼ਲ ਦੇਣ ਤੱਕ ਮਿਹਨਤ ਤਾਂ ਜ਼ਰੂਰ ਲੱਗਦੀ ਹੈ ਪਰ ਇਹ ਮਿਹਨਤ ਜ਼ਿਆਦਾ ਜ਼ੋਰ ਨਹੀਂ ਸਗੋਂ ਥੋੜਾ ਜ਼ੋਰ ਤੇ ਜ਼ਿਆਦਾ ਅਕਲ ਮੰਗਦੀ ਹੈ। ਗਰੀਨ ਹਾਊਸ ਵਿਚ ਗੋਡੀ ਕਰਨੀ, ਪੌਦਿਆਂ ਦਾ ਬਿਮਾਰੀਆਂ ਤੋਂ ਬਚਾਅ, ਮਾਰਚ ਤੋਂ ਲੈ ਕੇ ਅਗਸਤ ਤੱਕ ਗਰਮੀ ਤੋਂ ਬਚਾਅ ਅਤੇ ਫਲ਼ਾਂ ਦੀ ਤੁੜਾਈ ਕਰਨਾਂ ਅਤੇ ਮੰਡੀਕਰਨ ਆਦਿ ਹੀ ਮਿਹਨਤ ਹੈ। ਸਵਿੰਦਰ ਸਿੰਘ ਨੇ ਦੱਸਿਆ ਕਿ ਬੀਜ ਕੰਪਨੀਆਂ ਦੇ ਡਾਕਟਰ ਸਮੇਂ ਸਮੇਂ 'ਤੇ ਆ ਕੇ ਗਰੀਨ ਹਾਊਸ ਦਾ ਮੁਆਇਨਾ ਕਰਦੇ ਰਹਿੰਦੇ ਹਨ ਅਤੇ ਲੋੜੀਦੀਆਂ ਸਲਾਹਾਂ ਤੇ ਦਵਾਈਆਂ ਦਾ ਵੀ ਪ੍ਰਬੰਧ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਇਸ ਤਕਨੀਕ ਨਾਲ ਖੇਤੀ ਕਰਨ ਵਾਲਿਆਂ ਲਈ ਕਪੂਰਥਲਾ ਵਿਚ ਹਾਈਟੈਕ ਸੈਂਟਰ ਦੀ ਸਥਾਪਨਾ ਕੀਤੀ ਹੈ ਜਿੱਥੋਂ ਕਿਸਾਨ ਤਕਨੀਕੀ ਸਹਾਇਤਾ, ਬੀਜ, ਪਨੀਰੀ ਆਦਿ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਆਪਣੀ ਮੁੱਖ ਸਮੱਸਿਆ ਨਿਰੰਤਰ ਬਿਜਲੀ ਦੀ ਸਪਲਾਈ ਦਾ ਉਪਲੱਭਧ ਨਾ ਹੋਣਾ ਦੱਸੀ ਕਿਉਂਕਿ ਸਿੰਚਾਈ ਦਾ ਲਗਭਗ ਸਾਰਾ ਕੰਮ ਬਿਜਲੀ 'ਤੇ ਨਿਰਭਰ ਹੁੰਦਾ ਹੈ। 
ਸਵਿੰਦਰ ਸਿੰਘ ਨੇ ਆਪਣੇ ਪੜ੍ਹੇ-ਲਿਖੇ ਪੁੱਤਰਾਂ ਨੂੰ ਗਰੀਨ ਹਾਊਸ ਦੀ ਖੇਤੀ ਵਿਚ ਲਗਾਇਆ ਹੋਇਆ ਹੈ ਅਤੇ ਉਨ੍ਹਾਂ ਨੇ ਇਕ ਸਾਲ ਦੇ ਅੰਦਰ ਹੀ ਇਕ ਤੋਂ ਤਿੰਨ ਪਾਲੀਹਾਊਸ ਤਿਆਰ ਕਰਵਾ ਲਏ ਹਨ ਅਤੇ ਉਨ੍ਹਾਂ ਵਿਚ ਖ਼ੇਤੀ ਕਰ ਰਹੇ ਹਨ। ਭਵਿੱਖ ਵਿਚ ਉਨ੍ਹਾਂ ਦਾ ਆਪਣਾ ਗੰਡੋਆ ਖ਼ਾਦ ਦਾ ਪਲਾਂਟ ਲਗਾਉਣ ਦੇ ਨਾਲ-ਨਾਲ ਕੇਲਿਆਂ ਅਤੇ ਫੁੱਲਾਂ ਦੀ ਖ਼ੇਤੀ ਕਰਨ ਦਾ ਵਿਚਾਰ ਹੈ।

ਗੁਰਇਕਬਾਲ ਸਿੰਘ ਬੋਦਲ
-ਦਸੂਹਾ, ਹੁਸ਼ਿਆਰਪੁਰ।
ਮੋਬਾਈਲ : 98152-05360.
gsbodal@gmail.com

 

ਘੋੜਿਆਂ ਦੀ 'ਮੱਝੂ ਕੇ ਬਲੱਡ' ਲਾਈਨ ਦਾ ਜਨਮਦਾਤਾਜ਼ੋਰਾ ਸਿੰਘ

'ਘੋੜਿਆਂ ਵਾਲੇ ਸਰਦਾਰ' 35
ਪੁਰਾਣੇ ਸਮਿਆਂ ਵਿਚ ਹਿੰਦੋਸਤਾਨ ਉਤੇ ਹਮਲਾ ਕਰਨ ਵਾਲੇ ਮੁਗਲ ਹਮਲਾਵਰ ਘੋੜਿਆਂ ਉੱਤੇ ਦੀ ਪੰਜਾਬ ਵਿਚੋਂ ਦੀ ਲੰਘ ਲੜ੍ਹਾਈਆਂ ਤੇ ਲੁੱਟ ਖਸੁੱਟ ਕਰਨ ਲਈ ਆਉਂਦੇ ਤੇ ਜਾਂਦੇ ਰਹੇ। ਇਸੇ ਦੌਰਾਨ ਉਨ੍ਹਾਂ ਦੇ ਕਈ ਚੰਗੀਆਂ ਨਸਲਾਂ ਤੇ ਘੋੜੇ-ਘੋੜੀਆਂ ਇਥੇ ਰਹਿ ਗਏ। ਉਨ੍ਹਾਂ ਵਿਚੋਂ ਕਈ ਨਸਲਾਂ ਤਾਂ ਖ਼ਤਮ ਹੋ ਗਈਆਂ ਅਤੇ ਕਈਆਂ ਵਿਚ ਰਲੌਟ ਆ ਗਈ। ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੱਝੂ ਕੇ ਦਾ ਬਜ਼ੁਰਗ ਘੋੜਾ ਪਾਲਕ ਜ਼ੋਰਾ ਸਿੰਘ ਇਕ ਉਹ ਘੋੜਾ ਸ਼ੌਕੀਨ ਹੈ ਜਿਸ ਨੇ ਘੋੜਿਆਂ ਦੀ ਇਕ ਖਾਸ ਨਸਲ (ਨੀਲੇ ਘੋੜੇ) ਨੂੰ ਸੰਭਾਲਿਆ ਹੀ ਨਹੀਂ ਸਗੋਂ ਇਸ ਨਸਲ ਦਾ ਨਾਮਕਰਨ ਵੀ ਉਸ ਦੇ ਪਿੰਡ 'ਮੱਝੂ ਕੇ ਬਲੱਡ ਲਾਈਨ' ਨਾਲ ਹੋ ਗਿਆ ਹੈ। ਇਸ ਨਸਲ ਦਾ ਜੰਮਦਾ ਬੱਚਾ ਕਾਲੇ ਰੰਗ ਦਾ ਹੁੰਦਾ ਹੈ। ਜ਼ੋਰਾ ਸਿੰਘ ਨੇ 92 ਵਰ੍ਹੇ ਪਹਿਲਾਂ ਬਾਪੂ ਚੰਨਣ ਸਿੰਘ ਤੇ ਬੇਬੇ ਸ਼ਾਮ ਕੌਰ ਦੇ ਘਰ ਨੂੰ ਭਾਗ ਲਗਾਏ। ਜ਼ੋਰਾ ਸਿੰਘ ਬਚਪਨ ਤੋਂ ਹੀ ਮੌਜੀ, ਮਸਤ ਤੇ ਸ਼ੌਂਕੀ ਕਿਸਮ ਦਾ ਬੰਦਾ ਹੈ। ਉਹ ਚਾਰ ਪੀੜ੍ਹੀਆਂ ਤੋਂ ਘੋੜੀਆਂ ਰੱਖਣ ਦੇ ਸ਼ੌਕੀਨ ਹਨ। ਤਕਰੀਬਨ ਪੰਜ ਦਹਾਕੇ ਪਹਿਲਾਂ ਉਸ ਨੇ ਆਪਣੀ ਇਕ ਪਾਕਿਸਤਾਨੀ ਘੋੜੀ ਮਾਝੇ ਦੇ ਇਕ ਘੋੜੇ ਤੋਂ ਮਿਲਾਈ ਸੀ। ਇਸ ਘੋੜੀ ਨੇ ਇਕ ਐਸਾ ਨਸਲੀ ਵਛੇਰਾ ਜੰਮਿਆ ਕਿ ਉਹ ਵੱਡਾ ਹੋ ਕੇ ਖੂਬਸੂਰਤ ਨੀਲਾ ਦਰਸ਼ਨੀ ਘੋੜਾ ਬਣ ਕੇ ਨਿੱਤਰਿਆ। ਇਸ ਗੱਲ ਦਾ ਉਸਨੂੰ ਬੜਾ ਫਖ਼ਰ ਹੈ ਕਿ ਪੰਜਾਬ ਦੇ ਘੋੜਾ ਪਾਲਕਾਂ ਨੇ ਉਸ ਦੇ ਘੋੜੇ ਦੀ ਔਲਾਦ ਨੂੰ ਉਸ ਦੇ ਪਿੰਡ 'ਮੱਝੂ ਕੇ ਬਲੱਡ ਲਾਈਨ' ਦਾ ਨਾਂਅ ਦਿੱਤਾ ਹੈ। ਉਸ ਨੇ ਘੋੜਿਆਂ ਦੇ ਨਾਲ 2-3 ਘੋੜੀਆਂ ਹਮੇਸ਼ਾ ਆਪਣੇ ਕੋਲ ਰੱਖੀਆਂ ਜਿਨ੍ਹਾਂ ਦੀ ਮੱਦਦ ਨਾਲ ਉਹ ਇਸ ਨਸਲ ਨੂੰ ਵਧਾਉਂਦਾ ਰਿਹਾ। 92 ਸਾਲਾਂ ਨੂੰ ਢੁੱਕਣ ਦੇ ਬਾਵਜੂਦ ਉਸ ਨੇ ਆਪਣੇ ਜਿਗਰੀ ਹਮਦਰਦ ਪੰਡਿਤ ਕ੍ਰਿਸ਼ਨ ਕੋਲ ਆਪਣੀ ਇਸੇ ਨਸਲ ਦੀ ਵਛੇਰੀ ਰੱਖੀ ਹੋਈ ਹੈ। ਹੁਣ ਵੀ ਇਸ ਵਛੇਰੀ ਨੂੰ ਆਪਣੇ ਹੱਥੀਂ ਪੱਠੇ ਖੁਆਉਂਦਾ ਹੈ। ਜਿਸ ਦਿਨ ਉਹ ਵਛੇਰੀ ਨੂੰ ਖੁਦ ਪੱਠੇ ਨਹੀਂ ਪਾਉਂਦਾ ਜਾਂ ਉਸ ਦੇ ਪਿੰਡੇ ਉਤੇ ਹੱਥ ਨਹੀਂ ਫੇਰਦਾ ਤਾਂ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਮੈਂ ਤਾਂ ਸਾਰੀ ਉਮਰ ਸ਼ੌਂਕ ਦੇ ਕਬੂਤਰ ਉਡਾਏ ਹਨ। ਇੱਜੜ ਮੈਂ ਰੱਖਿਆ। ਮਹੀਆਂ ਮੈਂ ਰੱਖੀਆਂ। ਕੁੱਤੇ ਮੈਂ ਰੱਖੇ। ਮੇਰਾ ਖਾਣ ਪੀਣ ਹਮੇਸ਼ਾ ਖੁੱਲ੍ਹਾ ਰਿਹਾ। ਪਰ ਜਿਹੜਾ ਸਕੂਨ ਘੋੜਿਆਂ ਤੋਂ ਮਿਲਿਆ ਹੋਰ ਕਿਤੋਂ ਨਹੀਂ ਮਿਲਿਆ। ਘੋੜਿਆਂ ਪ੍ਰਤੀ ਤਜਰਬਾ ਉਸ ਦੇ ਮੂੰਹ ਚੜ੍ਹ ਕੇ ਬੋਲਦੈ। ਘੋੜਿਆਂ ਦੀਆਂ ਬਿਮਾਰੀਆਂ ਦਾ ਉਹ ਪੂਰਾ ਵੈਦ ਹੈ। ਜੇਕਰ ਘੋੜੇ/ਘੋੜੀ ਦੇ ਦਰਦ ਹੁੰਦਾ ਹੋਵੇ ਜਾਂ ਬੰਨ੍ਹ ਪੈ ਜਾਏ ਤਾਂ ਉਹ ਆਪਣੇ ਨੁਸਖੇ ਨਾਲ ਉਸ ਨੂੰ ਪੰਜਾਂ ਮਿੰਟਾਂ ਵਿਚ ਰਾਜ਼ੀ ਕਰ ਦਿੰਦਾ ਹੈ। ਘੋੜਿਆਂ ਬਾਰੇ ਉਸ ਦਾ ਕਹਿਣਾ ਹੈ ਕਿ ਮੈਂ ਜੰਮਦਾ ਵਛੇਰਾ ਦੇਖ ਕੇ ਦੱਸਦੂੰ ਕਿ ਇਹ ਚੰਗਾ ਘੋੜਾ ਬਣੂੰ ਜਾਂ ਟੱਟੂ। ਚੰਗੇ ਘੋੜੇ ਦੀ ਪਰਖ ਬਾਰੇ ਉਸ ਦਾ ਕਹਿਣਾ ਹੈ ਕਿ ਹਮੇਸ਼ਾ ਘੋੜਾ ਉਸ ਦੀ ਮਣੀ, ਵੱਡੇ ਪੈਰ, ਭੌਰੀ ਤੇ ਮੱਥੇ ਦਾ ਤੇਜ਼ ਆਦਿ ਦੇਖ ਕੇ ਖਰੀਦੋ। ਹੁਣ ਵੀ ਉਸ ਦੇ ਲੰਗੋਟੀਏ ਯਾਰਾਂ ਦੇ ਪੁੱਤ-ਪੋਤਰੇ ਉਸ ਨੂੰ ਚੁੱਕ ਕੇ ਘੋੜਿਆਂ ਦੀ ਪਰਖ ਲਈ ਮੰਡੀਆਂ ਅਤੇ ਮੇਲਿਆਂ ਤੇ ਅਕਸਰ ਲੈ ਜਾਂਦੇ ਹਨ। ਜਿਥੇ ਘੋੜਿਆਂ ਦੇ ਦਰਸ਼ਨ ਕਰਕੇ ਉਸ ਨੂੰ ਗੁਲੂਕੋਜ਼ ਵਰਗੀ ਤਾਕਤ ਮਿਲ ਜਾਂਦੀ ਹੈ। ਵਾਕਈ ਉਸ ਵੱਲੋਂ ਪੈਦਾ ਕੀਤੀ ਘੋੜਿਆਂ ਦੀ ਨਸਲ ਦੀ ਪੰਜਾਬ ਦੇ ਘੋੜਾ ਪਾਲਕਾਂ ਨੂੰ ਮਿਲੀ ਹੋਈ ਇਕ ਵੱਡੀ ਪ੍ਰੈਕਟੀਕਲ ਖੋਜ ਹੈ।

ਅਮਰੀਕ ਸਿੰਘ ਭਾਗੋਵਾਲੀਆ
-ਵਾ: ਨੰ: 6, ਮਾਡਲ ਟਾਊਨ ਕੁਰਾਲੀ (ਮੁਹਾਲੀ) ਮੋਬਾ : 98155 35596


ਜ਼ਮੀਨ ਦਾ ਉਪਜਾਊਪਨ ਬਹਾਲ ਕਰਾਉਣ 'ਚ ਅਹਿਮ ਯੋਗਦਾਨ ਪਾ ਸਕਦੇ ਹਨ ਕਿਸਾਨ

ਪੰਜਾਬ ਅੰਦਰ ਝੋਨੇ ਦੀ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਨਾ ਸਾੜਨ ਲਈ ਜ਼ਿਲ੍ਹਾ ਮੈਜਿਸਟ੍ਰੇਟਾਂ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਅਤੇ ਖੇਤੀ ਵਿਗਿਆਨੀਆਂ ਦੀਆਂ ਅਪੀਲਾਂ ਦੇ ਬਾਵਜੂਦ ਵੀ ਸੂਬੇ ਅੰਦਰ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਨਹੀਂ ਰੁਕ ਰਿਹਾ। ਤਕਰੀਬਨ ਹਰ ਸਾਲ ਹੀ 246 ਲੱਖ ਟਨ ਪਰਾਲੀ ਅਤੇ ਫੱਕ ਵਿਚੋਂ ਕਿਸਾਨ ਜ਼ਿਆਦਾਤਰ ਪਰਾਲੀ ਨੂੰ ਅੱਗ ਲਗਾ ਕੇ ਨਸ਼ਟ ਕਰ ਦਿੰਦੇ ਹਨ। ਇਸ ਅੱਗ ਤੋਂ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਸਾਡੇ ਵਾਤਾਵਰਨ ਨੂੰ ਦਿਨੋ ਦਿਨ ਦੂਸ਼ਿਤ ਕਰ ਰਹੀਆਂ ਹਨ। ਅਜਿਹੇ ਵੱਖ-ਵੱਖ ਕਾਰਨਾਂ ਸਦਕਾ ਖੇਤਾਂ ਦੀ ਮਿੱਟੀ ਦਾ ਉਪਜਾਊਪਨ ਦਿਨੋਂ ਦਿਨ ਘਟ ਰਿਹਾ ਹੈ ਜਿਸ ਵਿਚ ਜੈਵਿਕ ਮਾਦਾ 0.02 ਤੋਂ 0.25 ਫ਼ੀਸਦੀ ਤੱਕ ਹੀ ਬਚਿਆ ਹੈ ਜਦੋਂ ਕਿ ਇਸ ਦੀ ਘੱਟੋ-ਘੱਟ ਮਾਤਰਾ 0.45 ਫ਼ੀਸਦੀ ਹੋਣੀ ਜ਼ਰੂਰੀ ਹੈ। ਜੈਵਿਕ ਮਾਦੇ ਦੇ ਘਟਣ ਨਾਲ ਨਾ ਸਿਰਫ਼ ਮਿੱਟੀ ਦੇ ਭੌਤਿਕ ਗੁਣ ਵਿਗੜ ਰਹੇ ਹਨ ਸਗੋਂ ਇਸ ਨਾਲ ਫ਼ਸਲਾਂ ਦੀ ਪੈਦਾਵਾਰ ਵੀ ਪ੍ਰਭਾਵਿਤ ਹੋ ਰਹੀ ਹੈ। ਅਜਿਹੀ ਸਮੱਸਿਆ ਦੇ ਹੱਲ ਲਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ ਕਰਨ ਦੇ ਨਾਲ-ਨਾਲ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਦੇ ਇਲਾਵਾ 'ਹਰੀ ਖਾਦ' ਬਣਾਉਣ ਸਮੇਤ ਕਈ ਉਪਰਾਲੇ ਕਰਨ ਦੀ ਲੋੜ ਹੈ। ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਕਿਸਾਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਪਰਾਲੀ ਨੂੰ ਖੇਤ ਵਿਚ ਖਤਮ ਕਰਨ ਲਈ ਹੋਰ ਕਈ ਢੁਕਵਾਂ ਢੰਗ ਨਹੀਂ ਹੈ। ਪਰ ਹੈਪੀ ਸੀਡਰ ਵਰਗੇ ਸੰਦਾਂ ਨਾਲ ਕਣਕ ਦੀ ਬਿਜਾਈ ਕਰਨ ਦੇ ਨਾਲ-ਨਾਲ ਹੋਰ ਵੀ ਅਨੇਕਾਂ ਤਕਨੀਕਾਂ ਹਨ ਜਿਸ ਨਾਲ ਕਿਸਾਨ ਪਰਾਲੀ ਨੂੰ ਸਾੜਨ ਦੇ ਬਗ਼ੈਰ ਕਣਕ ਦੀ ਕਾਸ਼ਤ ਕਰ ਸਕਦੇ ਹਨ। ਹੈਪੀ ਸੀਡਰ ਅਜਿਹੀ ਮਸ਼ੀਨ ਹੈ ਜਿਸ ਨਾਲ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੇਤ ਵਿਚ ਖਿਲਾਰਨ ਦੇ ਨਾਲ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਨਾਲ ਝੋਨੇ ਦੇ ਖੇਤ ਵਿਚ ਵੱਤਰ ਹੋਣ 'ਤੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਰੌਣੀ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ। ਇਸ ਤੋਂ ਇਲਾਵਾ ਇਸ ਵਿਧੀ ਨਾਲ ਬਿਜਾਈ ਕਰਨ ਦੇ ਹੋਰ ਵੀ ਅਨੇਕਾਂ ਫਾਇਦੇ ਹਨ ਜਿਸ ਕਾਰਨ ਕਈ ਕਿਸਾਨਾਂ ਵੱਲੋਂ ਇਸ ਨੂੰ ਅਪਣਾਇਆ ਜਾ ਰਿਹਾ ਹੈ। ਜੇਕਰ ਕਿਸਾਨ ਪਰਾਲੀ ਨੂੰ ਸਾਂਭ ਲੈਣ ਤਾਂ ਇਸ ਨੂੰ ਅਗਲੇ ਸਮੇਂ ਵਿਚ ਬੀਜਣ ਵਾਲੀਆਂ ਵੱਖ-ਵੱਖ ਫ਼ਸਲਾਂ ਵਿਚ 'ਮਲਚਿੰਗ' ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਅਨੇਕਾਂ ਇਲਾਕਿਆਂ ਅੰਦਰ ਕਿਸਾਨ ਆਪਣੇ ਤਰੀਕਿਆਂ ਨਾਲ 'ਮਲਚਿੰਗ' ਕਰਕੇ ਪਰਾਲੀ ਦੀ ਸੁਚੱਜੀ ਵਰਤੋਂ ਕਰ ਰਹੇ ਹਨ। ਕਈ ਕਿਸਾਨ ਝੋਨੇ ਦੀ ਪਰਾਲੀ ਨੂੰ ਬਾਗਾਂ, ਕਮਾਦ ਅਤੇ ਸਬਜ਼ੀਆਂ ਵਿਚ 'ਮਲਚਿੰਗ' ਲਈ ਵਰਤ ਰਹੇ ਹਨ। ਜੇਕਰ ਫਰਵਰੀ ਮਹੀਨੇ ਵਿਚ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਦੇ ਖੇਤ ਵਿਚ ਖ਼ਾਲੀ ਰਹਿ ਜਾਣ ਵਾਲੀ ਜਗ੍ਹਾ 'ਤੇ 10 ਇੰਚ ਪਰਾਲੀ ਦੀ ਤਹਿ ਲਗਾ ਦਿੱਤੀ ਜਾਵੇ ਤਾਂ ਸੂਰਜ ਦੀ ਸਿੱਧੀ ਰੌਸ਼ਨੀ ਜ਼ਮੀਨ 'ਤੇ ਨਾ ਪੈ ਸਕਣ ਕਾਰਨ ਜ਼ਮੀਨ ਵਿਚ ਖੁਸ਼ਕਪਨ ਨਹੀਂ ਆਵੇਗਾ ਜਿਸ ਕਾਰਨ ਪਾਣੀ ਦੀ ਖਪਤ ਘੱਟ ਹੋਵੇਗੀ ਅਤੇ ਖੇਤ ਵਿਚ ਨਦੀਨਾਂ ਦੀ ਰੋਕਥਾਮ ਦਾ ਖਰਚਾ ਵੀ ਘਟੇਗਾ। ਇਸ ਤੋਂ ਇਲਾਵਾ ਹਲਦੀ ਵਿਚ ਵੀ ਪਾਣੀ ਦੀ ਜ਼ਿਆਦਾ ਜ਼ਰੂਰਤ ਨੂੰ ਘਟਾਉਣ ਲਈ ਵੀ ਗਰਮੀ ਦੇ ਦਿਨਾਂ ਵਿਚ ਪਰਾਲੀ ਦੀ ਤਹਿ ਵਿਛਾ ਕੇ 'ਮਲਚਿੰਗ' ਕੀਤੀ ਜਾ ਸਕਦੀ ਹੈ। 
ਹਰੀ ਖਾਦ-ਫ਼ਸਲ ਬੀਜਣ ਤੋਂ ਪਹਿਲਾਂ 'ਹਰੀ ਖਾਦ' ਬੀਜ ਕੇ ਵੀ ਕਿਸਾਨ ਜ਼ਮੀਨ ਦੀ ਭੌਤਿਕ ਸਥਿਤੀ ਨੂੰ ਬਿਹਤਰ ਬਣਾ ਸਕਦੇ ਹਨ। ਹਰੀ ਖਾਦ ਦੇ ਰੂਪ ਵਿਚ ਬੀਜੀ ਗਈ ਫ਼ਸਲ ਨੂੰ ਹਰੀ ਹਾਲਤ ਵਿਚ ਹੀ ਵਾਹ ਕੇ ਖੇਤੀ ਸੰਦਾਂ ਨਾਲ ਮਿੱਟੀ ਵਿਚ ਮਿਲਾ ਦਿੱਤਾ ਜਾਂਦਾ ਹੈ, ਜੋ ਗਲ ਸੜ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ। ਹਾੜ੍ਹੀ ਦੀਆਂ ਫ਼ਸਲਾਂ ਤੋਂ ਪਹਿਲਾਂ ਮੇਥੀ, ਮਸਰੀ, ਸੇਂਜੀ, ਬਰਸੀਮ ਵਰਗੀਆਂ ਫ਼ਸਲਾਂ ਦੀ ਬਿਜਾਈ ਕਰਕੇ ਇਨ੍ਹਾਂ ਨੂੰ ਹਰੀ ਖਾਦ ਦੇ ਰੂਪ ਵਿਚ ਵਾਹਿਆ ਜਾ ਸਕਦਾ ਹੈ। ਜ਼ਿਆਦਾਤਰ ਦਾਲ ਵਾਲੀਆਂ ਫ਼ਸਲਾਂ ਨੂੰ ਹਰੀ ਖਾਦ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਵਿਚ ਨਾਈਟਰੋਜਨ ਸਥਿਰੀਕਰਨ ਦੀ ਸਮਰਥਾ ਹੁੰਦੀ ਹੈ। ਹਰੀ ਖਾਦ ਵਜੋਂ ਚੁਣੀ ਜਾਣ ਵਾਲੀ ਫ਼ਸਲ ਅਜਿਹੀ ਹੋਣੀ ਚਾਹੀਦੀ ਹੈ ਜੋ ਘੱਟ ਸਮੇਂ ਵਿਚ ਜ਼ਿਆਦਾ ਨਾਈਟਰੋਜਨ ਦੇ ਸਕੇ ਅਤੇ ਪਾਣੀ ਦੀ ਖਪਤ ਵੀ ਘੱਟ ਕਰੇ। ਹਰੀ ਖਾਦ ਲਈ ਡੂੰਘੀਆਂ ਜੜ੍ਹਾਂ ਵਾਲੀਆਂ ਫ਼ਸਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਤੇਜ਼ੀ ਨਾਲ ਵਧਣ ਵਾਲੀਆਂ ਫ਼ਸਲਾਂ ਇਸ ਮੰਤਵ ਲਈ ਕਾਫ਼ੀ ਲਾਭਦਾਇਕ ਸਿੱਧ ਹੁੰਦੀਆਂ ਹਨ। ਹਰੀ ਖਾਦ ਵਾਲੀ ਚੁਣੀ ਜਾਣ ਵਾਲੀ ਫ਼ਸਲ ਦੇ ਪੱਤੇ ਅਤੇ ਹੋਰ ਭਾਗ ਸਖ਼ਤ ਨਹੀਂ ਹੋਣੇ ਚਾਹੀਦੇ ਅਤੇ ਇਹ ਫ਼ਸਲ ਕੀਟ ਅਤੇ ਰੋਗਾਂ ਦੇ ਪ੍ਰਤੀਰੋਧੀ ਹੋਣੀ ਚਾਹੀਦੀ ਹੈ। ਹਰੀ ਖਾਦ ਨੂੰ ਖੇਤ ਵਿਚ ਦਬਾਉਣ ਦੇ ਸਮੇਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਕ ਖਾਸ ਅਵਸਥਾ 'ਤੇ ਹੀ ਫ਼ਸਲ ਵਿਚੋਂ ਨਾਈਟ੍ਰੋਜਨ ਅਤੇ ਹੋਰ ਲਾਭਦਾਇਕ ਅੰਸ਼ ਜ਼ਿਆਦਾ ਮਾਤਰਾ ਵਿਚ ਪ੍ਰਾਪਤ ਹੁੰਦੇ ਹਨ। ਵੱਖ-ਵੱਖ ਫ਼ਸਲਾਂ ਲਈ ਇਹ ਸਮਾਂ ਵੱਖ-ਵੱਖ ਹੁੰਦਾ ਹੈ। ਜ਼ਿਆਦਾਤਰ ਫ਼ਸਲਾਂ ਵਿਚ ਜਦੋਂ 50 ਫੀਸਦੀ ਦੇ ਕਰੀਬ ਫੁੱਲ ਆ ਗਏ ਹੋਣ ਤਾਂ ਇਸ ਨੂੰ ਮਿੱਟੀ ਪਲਟਣ ਵਾਲੇ ਹੱਲ ਨਾਲ ਜ਼ਮੀਨ ਵਿਚ ਦਬਾ ਦੇਣਾ ਚਾਹੀਦਾ ਹੈ। ਬਰਸੀਮ ਦੀਆਂ ਦੋ-ਤਿੰਨ ਕਟਾਈਆਂ ਤੋਂ ਬਾਅਦ ਇਸ ਨੂੰ ਦਬਾਇਆ ਜਾ ਸਕਦਾ ਹੈ। ਕਣਕ, ਗੰਨਾ, ਆਲੂ ਅਤੇ ਸਬਜ਼ੀਆਂ ਆਦਿ ਦੀ ਬਿਜਾਈ ਤੋਂ ਕਰੀਬ ਇਕ ਮਹੀਨਾ ਪਹਿਲਾਂ ਹੀ ਹਰੀ ਖਾਦ ਨੂੰ ਮਿੱਟੀ ਵਿਚ ਦਬਾ ਦੇਣਾ ਚਾਹੀਦਾ ਹੈ। ਹਰੀ ਖਾਦ ਨੂੰ ਪੂਰੀ ਤਰ੍ਹਾਂ ਲਾਭਦਾਇਕ ਬਣਾਉਣ ਲਈ ਉਪਰੋਕਤ ਤੋਂ ਇਲਾਵਾ ਹੋਰ ਅਨੇਕਾਂ ਨੁਕਤਿਆਂ ਦਾ ਧਿਆਨ ਰੱਖ ਕੇ ਕਿਸਾਨ ਰਸਾਇਣਿਕ ਖਾਦਾਂ ਦੇ ਖਰਚੇ ਨੂੰ ਵੀ ਘਟਾ ਸਕਦੇ ਹਨ।

ਹਰਮਨਪ੍ਰੀਤ ਸਿੰਘ
-ਉਪ-ਦਫ਼ਤਰ ਗੁਰਦਾਸਪੁਰ

ਕਿਸਮ ਅਤੇ ਬਿਜਾਈ ਦੇ ਸਮੇਂ ਦੀ ਚੋਣ-ਕਣਕ ਦੇ ਵਧੇਰੇ ਝਾੜ ਲਈ ਅਹਿਮ

ਜਿਨ੍ਹਾਂ ਇਲਾਕਿਆਂ 'ਚ ਸਾਉਣੀ ਦੀ ਫ਼ਸਲ ਵੱਢੀ ਜਾ ਚੁੱਕੀ ਹੈ, ਕਣਕ ਦੀ ਬਿਜਾਈ ਇਸੇ ਹਫ਼ਤੇ (ਅਕਤੂਬਰ ਦੇ ਅਖ਼ੀਰ) 'ਚ ਸ਼ੁਰੂ ਹੋ ਜਾਵੇਗੀ। ਝੋਨੇ ਦੀਆਂ ਕੁਝ ਕਿਸਮਾਂ ਅਗੇਤੀ ਪੱਕ ਜਾਂਦੀਆਂ ਹਨ ਅਤੇ ਕੁਝ ਲੰਮਾ ਸਮਾਂ ਲੈਂਦੀਆਂ ਹਨ। ਇਸ ਤਰ੍ਹਾਂ ਝੋਨੇ ਦੇ ਖੇਤਾਂ 'ਚ ਬਿਜਾਈ ਸਾਰਾ ਨਵੰਬਰ ਚਲਦੀ ਹੈ। ਕਪਾਹ, ਨਰਮੇ ਦੇ ਖੇਤਾਂ 'ਚ ਕਣਕ ਪਿਛੇਤੀ ਬੀਜੀ ਜਾਂਦੀ ਹੈ। ਵਧੇਰੇ ਝਾੜ ਦੀ ਪ੍ਰਾਪਤੀ ਲਈ ਕਿਸਾਨਾਂ ਨੂੰ ਬਿਜਾਈ ਦਾ ਸਮਾਂ ਮੁੱਖ ਰੱਖ ਕੇ ਹੀ ਕਣਕ ਦੀ ਕਿਸਮ ਦੀ ਚੋਣ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਇਹ ਵੀ ਧਿਆਨ 'ਚ ਰੱਖਣ ਦੀ ਲੋੜ ਹੈ ਕਿ ਵਾਢੀ ਵੇਲੇ ਅਪ੍ਰੈਲ 'ਚ ਬਾਰਿਸ਼ ਜਾਂ ਖਰਾਬ ਮੌਸਮ ਤੋਂ ਕਣਕ ਦੀ ਫ਼ਸਲ ਸੁਰੱਖਿਅਤ ਰਹੇ ਕਿਉਂਕਿ ਅਜਿਹਾ ਨੁਕਸਾਨ ਹੋਣ ਕਾਰਨ ਉਤਪਾਦਕਤਾ ਘੱਟ ਜਾਂਦੀ ਹੈ। ਪੰਜਾਬ 'ਚ 90 ਪ੍ਰਤੀਸ਼ਤ (35-36 ਲੱਖ ਹੈਕਟੇਅਰ) ਕਾਸ਼ਤ ਯੋਗ ਰਕਬੇ 'ਤੇ ਹਾੜੀ 'ਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ। ਹਰ ਛੋਟਾ-ਵੱਡਾ ਕਿਸਾਨ ਇਸ ਨੂੰ ਬੀਜਦਾ ਹੈ। ਇਸ 'ਚੋਂ ਬਹੁਤਾ ਰਕਬਾ ਨਵੰਬਰ ਦੇ ਪਹਿਲੇ ਪੰਦਰਵਾੜੇ ਤੋਂ ਸ਼ੁਰੂ ਹੋ ਕੇ ਨਵੰਬਰ ਦੇ ਅਖੀਰਲੇ ਹਫ਼ਤੇ ਤੀਕ ਬੀਜਿਆ ਜਾਂਦਾ ਹੈ। 
ਉਤਪਾਦਕਤਾ ਸਹੀ ਕਿਸਮ ਦੀ ਚੋਣ ਅਤੇ ਮੌਸਮ ਦੀ ਅਨੁਕੂਲਤਾ 'ਤੇ ਜ਼ਿਆਦਾ ਆਧਾਰਿਤ ਹੈ। ਪਿਛਲੀ ਸ਼ਤਾਬਦੀ ਦੇ ਅੱਠਵੇਂ ਦਹਾਕੇ 'ਚ ਇਕੱਲੀ ਐਚ. ਡੀ. 2329 ਕਿਸਮ ਹੀ ਕਈ ਸਾਲ 75 ਤੋਂ 85 ਪ੍ਰਤੀਸ਼ਤ ਰਕਬੇ 'ਤੇ ਬੀਜੀ ਜਾਂਦੀ ਰਹੀ ਅਤੇ ਇਸ ਦਾ ਝਾੜ ਵਧ ਹੋਣ ਕਾਰਨ ਇਹ ਕਈ ਸਾਲ ਕਿਸਾਨਾਂ ਦੀ ਪਸੰਦ ਬਣੀ ਰਹੀ। ਪਿਛਲੀ ਸ਼ਤਾਬਦੀ ਦੇ ਅੰਤ 'ਚ ਫੇਰ ਪੀ. ਬੀ. ਡਬਲਿਊ. 343 ਕਿਸਮ ਹੌਲੀ-ਹੌਲੀ ਇਸ ਦੀ ਥਾਂ ਲੈ ਕੇ ਵੱਡੇ ਰਕਬੇ 'ਚ ਬੀਜੀ ਜਾਣ ਲੱਗੀ। ਹਰ ਕਿਸਮ ਦਾ ਸਮਾਂ ਸੀਮਿਤ ਹੁੰਦਾ ਹੈ ਅਤੇ ਇਹ ਕਿਸਮ ਪੀਲੀ ਕੁੰਗੀ ਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋਣ ਕਾਰਨ ਪਿਛਲੇ ਤਿੰਨ ਸਾਲਾਂ 'ਚ ਬਹੁਤੀਆਂ ਥਾਵਾਂ 'ਤੇ ਕਾਸ਼ਤ 'ਚੋਂ ਨਿਕਲ ਗਈ ਅਤੇ ਦੂਜੀਆਂ ਥਾਵਾਂ 'ਤੇ ਇਸ ਦੀ ਕਾਸ਼ਤ ਥੱਲੇ ਰਕਬਾ ਬਹੁਤ ਘੱਟ ਗਿਆ। ਪੰਜਾਬ 'ਚ ਬਹੁਤੀ ਬਿਜਾਈ ਸਿੰਜਾਈ ਵਾਲੇ ਇਲਾਕਿਆਂ 'ਚ ਸਮੇਂ ਸਿਰ 25 ਨਵੰਬਰ ਤੋਂ ਪਹਿਲਾਂ ਹੀ ਹੁੰਦੀ ਹੈ। ਇਸ ਲਈ ਭਾਰਤੀ ਖੇਤੀ ਖੋਜ ਸੰਸਥਾਨ (ਆਈ. ਏ. ਆਰ. ਆਈ.) ਵੱਲੋਂ ਵਿਕਸਿਤ ਰਿਕਾਰਡ ਉਤਪਾਦਕਤਾ ਦੇਣ ਵਾਲੀ ਐਚ. ਡੀ. 2967 ਕਿਸਮ 2009 'ਚ ਕਿਸਾਨਾਂ ਨੂੰ ਮਿਲ ਗਈ ਜੋ ਸੰਨ 2011 'ਚ ਕੇਂਦਰ ਦੀ ਕਿਸਮਾਂ ਦੀ ਪ੍ਰਵਾਨਗੀ ਦੇਣ ਵਾਲੀ ਕਮੇਟੀ ਵੱਲੋਂ ਨੋਟੀਫਾਈ ਹੋ ਗਈ। ਫਿਰ ਇਸੇ ਸਮੇਂ ਦੌਰਾਨ ਪੰਜਾਬ ਖੇਤੀਬਾੜੀ 'ਵਰਸਿਟੀ ਵੱਲੋਂ ਵਿਕਸਿਤ ਪੀ. ਬੀ. ਡਬਲਿਊ. 621 ਕਿਸਮ ਵੀ ਸਿੰਜਾਈ ਵਾਲੇ ਇਲਾਕਿਆਂ 'ਚ ਸਮੇਂ ਸਿਰ ਕਾਸ਼ਤ ਕਰਨ ਲਈ ਰਲੀਜ਼ ਹੋ ਗਈ।
ਪਿਛਲੇ ਦੋ ਸਾਲ ਇਹ ਦੋਵੇਂ ਕਿਸਮਾਂ ਪ੍ਰਧਾਨ ਰਹੀਆਂ। ਅੱਜ ਸਾਰੇ ਪੰਜਾਬ ਤੇ ਉੱਤਰ-ਪੱਛਮੀ ਮੈਦਾਨੀ ਇਲਾਕਿਆਂ 'ਚ ਐਚ.ਡੀ. 2967 ਕਿਸਮ ਦੀ ਹੀ ਚਰਚਾ ਹੈ । ਇਹ ਕਿਸਮ ਕਿਸਾਨਾਂ ਦੀ ਬਹੁਮਤ ਦੀ ਪਸੰਦ ਬਣ ਚੁੱਕੀ ਹੈ। ਭਾਵੇਂ ਕੁਝ ਕਿਸਾਨ ਪੀ.ਬੀ.ਡਬਲਿਊ 621 ਕਿਸਮ ਨੂੰ ਵੀ ਅਪਨਾਉਣਗੇ। ਪੀ ਬੀ ਡਬਲਿਊ 621 'ਤੇ ਪਿਛਲੇ ਸਾਲ ਕਈ ਥਾਵਾਂ 'ਤੇ ਪੀਲੀ ਕੁੰਗੀ ਦਾ ਹਮਲਾ ਹੋਣ ਕਾਰਨ ਇਹ ਕਿਸਮ ਅੱਜ ਦੂਜੇ ਦਰਜੇ 'ਤੇ ਹੈ। ਕਿਸਾਨ ਤਰਜ਼ੀਹ ਐਚ. ਡੀ. 2967 ਕਿਸਮ ਨੂੰ ਦੇ ਰਹੇ ਹਨ।
ਦੂਜੀਆਂ ਹੋਰ ਕਿਸਮਾਂ ਜੋ ਪੰਜਾਬ ਲਈ ਸਿਫਾਰਿਸ਼ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਪੀ. ਬੀ. ਡਬਲਿਊ 550, ਪੀ.ਬੀ.ਡਬਲਿਊ 502, ਡੀ.ਬੀ. ਡਬਲਿਊ 17 ਤੇ ਡਬਲਿਊ ਐਚ. 542 ਸ਼ਾਮਿਲ ਹਨ। ਇਸ ਤੋਂ ਇਲਾਵਾ ਕੁਝ ਕਿਸਾਨ ਐਚ.ਡੀ. 2733 ਤੇ ਡਬਲਿਊ.ਐਚ. 1105 ਕਿਸਮਾਂ ਦੇ ਬੀਜ ਦਾ ਵੀ ਕਾਸ਼ਤ ਲਈ ਪ੍ਰਬੰਧ ਕਰ ਰਹੇ ਹਨ। ਬਰਬੜ ਕਿਸਮ ਦਾ ਪਿਛਲੇ ਸਾਲ ਝਾੜ ਗਿਰ ਜਾਣ ਕਾਰਨ ਇਸ ਕਿਸਮ ਦੇ ਕਾਸ਼ਤ 'ਚੋਂ ਇਸ ਸਾਲ ਉੱਕਾ ਹੀ ਨਿਕਲ ਜਾਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਅਤੇ ਨੀਮ-ਪਹਾੜੀ ਇਲਾਕੇ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੀਲੀ ਕੁੰਗੀ ਤੋਂ ਪ੍ਰਭਾਵਿਤ ਪੀ. ਬੀ. ਡਬਲਿਊ 343 ਕਿਸਮ ਦੀ ਕਾਸ਼ਤ ਨਾ ਕਰਨ।
ਐਚ.ਡੀ. 2967 ਕਿਸਮ ਝਾੜ ਤੇ ਮੁਨਾਫੇ ਪੱਖੋਂ ਸਰਵੋਤਮ ਕਿਸਮ ਹੈ। ਇਸ ਦੇ ਪੌਦੇ ਦੀ ਉਚਾਈ ਔਸਤਨ 101 ਸੈਂਟੀਮੀਟਰ ਹੈ। ਇਹ ਢਹਿੰਦੀ ਨਹੀਂ ਤੇ ਇਸ ਤੋਂ ਤੂੜੀ ਵੀ ਵਧੇਰੇ ਉਪਲਬਧ ਹੁੰਦੀ ਹੈ। ਇਸ ਦਾ ਦਾਣਾ ਬੜਾ ਚਮਕੀਲਾ, ਦਰਮਿਆਨਾ-ਵੱਡੇ ਆਕਾਰ ਦਾ, ਸੁਗੰਧ ਵਾਲਾ ਅਤੇ ਸਖਤ ਹੈ। ਸਮੇਂ ਸਿਰ ਸਿੰਜਾਈ ਵਾਲੇ ਇਲਾਕਿਆਂ ਵਿੱਚ ਕਾਸ਼ਤ ਕਰਨ ਲਈ ਝਾੜ ਪੱਖੋਂ ਐਚ. ਡੀ. 2967 ਕਿਸਮ ਦੂਜੀਆਂ ਸਿਫਾਰਿਸ਼ ਕੀਤੀਆਂ ਗਈਆਂ ਸਾਰੀਆਂ ਕਿਸਮਾਂ ਦੇ ਮੁਕਾਬਲੇ ਉੱਪਰ ਆਉਂਦੀ ਹੈ। ਸੰਨ 2011-2012 'ਚ ਇਸ ਦਾ ਪ੍ਰਤੀ ਏਕੜ ਝਾੜ 25-26 ਕੁਇੰਟਲ ਤੀਕ ਸੀ। ਪਿਛਲੇ ਸਾਲ ਅਖੀਰ 'ਚ ਮਾਰਚ-ਅਪ੍ਰੈਲ ਦੌਰਾਨ ਮੌਸਮ ਅਨੁਕੂਲ ਨਾ ਹੋਣ ਕਾਰਨ ਕਿਸਾਨਾਂ ਨੇ ਫ਼ਸਲ ਨੂੰ ਆਖ਼ਰੀ ਸਿੰਜਾਈ ਨਾ ਦਿੱਤੀ। ਨਤੀਜੇ ਵਜੋਂ ਸਭੇ ਕਿਸਮਾਂ ਦਾ ਝਾੜ ਘੱਟ ਗਿਆ। ਔਸਤ ਉਤਪਾਦਕਤਾ 2011-12 ਦੀ 52 ਕੁਇੰਟਲ ਪ੍ਰਤੀ ਹੈਕਟੇਅਰ ਦੇ ਮੁਕਾਬਲੇ ਗਿਰ ਕੇ 47.24 ਕੁਇੰਟਲ ਰਹਿ ਗਈ। ਅਜਿਹੇ ਵਾਤਾਵਰਨ 'ਚ ਵੀ ਸਭ ਤੋਂ ਘੱਟ ਨੁਕਸਾਨ ਐਚ.ਡੀ. 2967 ਕਿਸਮ ਨੂੰ ਹੋਇਆ ਜਿਸਦਾ ਔਸਤ ਝਾੜ 53-54 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ।
ਪਿਛਲੇ ਮਹੀਨੇ ਕਾਨਪੁਰ 'ਚ ਹੋਈ ਸਾਲਾਨਾ ਕਣਕ ਦੀ ਵਰਕਸ਼ਾਪ 'ਚ ਵਿਗਿਆਨੀਆਂ ਨੇ ਇੱਕ ਨਵੀਂ ਐਚ.ਡੀ. 3086 ਕਿਸਮ ਦੀ ਪਹਿਚਾਣ ਕੀਤੀ ਹੈ। ਜੋ ਐਚ. ਡੀ. 2967 ਅਤੇ ਪੀ.ਬੀ.ਡਬਲਿਊ 621 ਕਿਸਮਾਂ 'ਚ ਵਿਭਿੰਨਤਾ ਲਿਆਉਣ ਪੱਖੋਂ ਬੜੀ ਸਫ਼ਲ ਕਿਸਮ ਹੈ। ਇਸ ਦਾ ਬੀਜ ਅਗਲੇ ਸਾਲ ਕਿਸਾਨਾਂ ਨੂੰ ਉਪਲੱਬਧ ਹੋ ਜਾਣ ਦੀ ਸੰਭਾਵਨਾ ਹੈ।
ਕਣਕ ਦੀ ਫ਼ਸਲ ਨੂੰ ਵਧੀਆ ਫੁਟਕਾਰਾ ਅਤੇ ਵਿਕਾਸ ਲਈ ਠੰਢੇ ਵਾਤਾਵਰਣ ਦੀ ਲੋੜ ਹੈ, ਜਿਸ ਨਾਲ ਫ਼ਸਲ ਬਿਮਾਰੀਆਂ ਤੋਂ ਵੀ ਸੁਰੱਖਿਅਤ ਰਹਿੰਦੀ ਹੈ। ਸਿੰਜਾਈ ਵਾਲੀਆਂ ਜ਼ਮੀਨਾਂ 'ਤੇ ਸਮੇਂ ਸਿਰ ਬਿਜਾਈ ਕਰਨ ਦਾ ਵਧੇਰੇ ਅਨੁਕੂਲ ਸਮਾਂ ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਕੇ ਨਵੰਬਰ ਦੇ ਅਖੀਰਲੇ ਹਫ਼ਤੇ ਤੀਕ ਹੈ। ਮੱਧ-ਨਵੰਬਰ ਬਿਜਾਈ ਲਈ ਆਦਰਸ਼ਕ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਉਨ੍ਹਾਂ ਨੇ ਪ੍ਰਮਾਣਿਤ ਏਜੰਸੀਆਂ ਤੋਂ ਸੋਧਿਆ ਬੀਜ ਪ੍ਰਾਪਤ ਨਾ ਕੀਤਾ ਹੋਵੇ ਤਾਂ ਬੀਜ ਨੂੰ ਰੈਕਸਿਲ ਜਾਂ ਵੀਟਾਵੈਕਸ ਨਾਲ ਸੋਧ ਕੇ ਬੀਜਣ। ਜੇ ਅਗਲੇ ਸਾਲਾਂ ਲਈ ਬੀਜ ਬਣਾਉਣਾ ਹੋਵੇ ਤਾਂ ਪ੍ਰਮਾਣਿਤ ਏਜੰਸੀਆਂ ਤੋਂ ਫਾਊਂਡੇਸ਼ਨ ਬੀਜ ਲੈ ਕੇ ਬਿਜਾਈ ਕਰਨੀ ਉੱਚਿਤ ਹੋਵੇਗੀ।

ਭਗਵਾਨ ਦਾਸ

ਝੋਨੇ ਦੀ ਪਰਾਲੀ ਦੀ ਸਮੱਸਿਆ ਦਾ ਹੱਲ ਕੀ ਹੋਵੇ?

ਪੰਜਾਬ ਹਰਿਆਣਾ ਦੇ ਮਿਹਨਤੀ ਕਿਸਾਨਾਂ ਦੀ ਕਰੜੀ ਮਿਹਨਤ ਨੇ ਦੇਸ਼ ਵਿਚ ਹਰੀ ਕ੍ਰਾਂਤੀ ਲਿਆ ਕੇ ਸਰਕਾਰਾਂ ਨੂੰ ਬਾਹਰਲੇ ਦੇਸ਼ਾਂ ਅੱਗੇ ਗੋਡੇ ਟੇਕ ਕੇ ਅਨਾਜ ਮੰਗਣ ਤੋਂ ਨਿਜਾਤ ਦਿਵਾਈ ਤੇ ਦੇਸ਼ ਨੂੰ ਵਾਧੂ ਆਨਾਜ ਭੰਡਾਰ ਦਾ ਸਮਰਥਾਵਾਨ ਵੀ ਬਣਾਇਆ। ਪ੍ਰੰਤੂ ਇਸ ਤੋਂ ਅੱਗੇ ਹੋਰ ਜ਼ਿਆਦਾ ਉਤਪਾਦਨ ਦੀ ਤਾਂਘ ਨੇ ਕੀੜੇਮਾਰ ਦਵਾਈਆਂ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਵਿਚ ਬੇਸ਼ੁਮਾਰ ਵਾਧਾ ਕਰ ਦਿੱਤਾ ਜਿਸ ਨਾਲ ਉਤਪਾਦਨ ਤਾਂ ਨਾ ਵਧ ਸਕਿਆ ਪ੍ਰੰਤੂ ਧਰਤੀ ਦੀ ਉਪਜਾਊ ਸ਼ਕਤੀ ਨੂੰ ਖੋਰਾ ਅਤੇ ਵਾਤਾਵਰਨ ਨੂੰ ਦੂਸ਼ਿਤ ਕਰਨ ਦੇ ਨਾਲ ਅਨੇਕਾਂ ਹੋਰ ਸਮੱਸਿਆਵਾਂ ਨੂੰ ਜਨਮ ਦਿੱਤਾ ਜਿਸ ਨਾਲ ਬਿਮਾਰੀਆਂ ਵਿਚ ਅਥਾਹ ਵਾਧਾ ਹੋਇਆ। ਕਣਕ ਅਤੇ ਝੋਨੇ ਦੀ ਕਟਾਈ ਉਪਰੰਤ ਬਚੇ ਨਾੜ ਅਤੇ ਪਰਾਲੀ ਨੂੰ ਅੱਗ ਲਗਾ ਕੇ ਨਸ਼ਟ ਕਰਨ ਨਾਲ ਖੇਤੀ ਮਾਹਿਰਾਂ, ਸਮਾਜ ਸੇਵੀ, ਵਾਤਾਵਰਨ ਬਚਾਊ ਸੰਸਥਾ ਵੱਲੋਂ ਨਾੜ, ਪਰਾਲੀ ਨੂੰ ਅੱਗ ਨਾ ਲਗਾਉਣ ਦੀਆਂ ਅਪੀਲਾਂ ਨੂੰ ਕਿਸਾਨਾਂ ਵੱਲੋਂ ਦਰਕਿਨਾਰ ਕਰ ਦਿੱਤਾ ਗਿਆ ਤੇ ਸਰਕਾਰਾਂ ਵੱਲੋਂ ਵੀ ਇਸ ਪ੍ਰਤੀ ਕੋਈ ਠੋਸ ਨੀਤੀ ਜਾਂ ਕਾਨੂੰਨ ਨਾ ਬਣਾਉਣ ਕਾਰਨ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਗਈ ਜੋ ਅੱਜ ਵਿਸ਼ੇਸ਼ ਤੌਰ 'ਤੇ ਧਿਆਨ ਦੀ ਮੰਗ ਕਰਦੀ ਹੈ। ਝੋਨੇ ਦੀ ਕਟਾਈ ਸ਼ੁਰੂ ਹੈ ਤੇ ਪੂਰਾ ਇਕ ਮਹੀਨਾ ਸੜਕਾਂ ਨੇੜਲੇ ਖੇਤਾਂ 'ਚੋਂ ਪਰਾਲੀ ਦੇ ਉਠਦੇ ਧੂੰਏਂ ਕਾਰਨ ਲੰਘਣਾ ਮੁਸ਼ਕਿਲ ਹੋ ਜਾਵੇਗਾ। ਇਸ ਕਾਰਨ ਅਨੇਕਾਂ ਦੁਰਘਟਨਾਵਾਂ ਵਾਪਰਦੀਆਂ ਹਨ ਜਿਸ ਨਾਲ ਕਈ ਕੀਮਤੀ ਜਾਨਾਂ ਅਜਾਈਂ ਚਲੇ ਜਾਂਦੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਤੋਂ ਸਿਵਾਏ ਕੋਈ ਹੱਲ ਨਹੀਂ ਜੋ ਕਿਸੇ ਹੱਦ ਤੱਕ ਠੀਕ ਹੈ। ਪ੍ਰੰਤੂ ਇਹ ਕਥਨ ਵੀ ਗਲਤ ਨਹੀਂ ਹੋਵੇਗਾ ਕਿ ਅੱਜ ਦਾ ਕਿਸਾਨ ਰਵਾਇਤੀ ਖੇਤੀ ਦੇ ਮੱਕੜੀ ਜਾਲ ਵਿਚ ਫਸ ਕੇ ਵਿਹਲੜ ਤੇ ਨਿਕੰਮਾ ਬਣ ਗਿਆ ਹੈ। ਅੱਜ ਲੋੜ ਹੈ ਕਿਸਾਨੀ ਦੀ ਮਾਨਸਿਕਤਾ ਨੂੰ ਬਦਲਣ ਦੀ। ਝੋਨੇ ਵਾਲੇ ਖੇਤਾਂ ਵਿਚ ਕਣਕ ਦੀ ਬਿਜਾਈ ਸਿੱਧੀ ਕੀਤੀ ਜਾ ਸਕਦੀ ਹੈ। ਜਿਸ ਨਾਲ ਲਾਗਤ ਘੱਟ ਤੇ ਉਪਜ ਵਧੇਰੇ ਮਿਲਦੀ ਹੈ। ਜੋ ਸਿੱਧ ਹੋ ਚੁੱਕਿਆ ਹੈ। ਆਲੂ, ਮਟਰ ਤੇ ਹੋਰ ਸਬਜ਼ੀਆਂ ਦੀ ਕਾਸ਼ਤ ਲਈ ਖੇਤ ਦੀ ਤਿਆਰੀ ਤੋਂ ਪਹਿਲਾਂ ਪਰਾਲੀ ਦੀਆਂ ਗੰਢਾਂ ਬੰਨ੍ਹਕੇ ਖੇਤ ਵਿਚੋਂ ਬਾਹਰ ਕੱਢਣ ਦਾ ਅਸਾਨ ਤਰੀਕਾ ਹੋਂਦ ਵਿਚ ਆ ਗਿਆ ਹੈ, ਜਿਸ 'ਤੇ ਅਮਲ ਕਰਨ ਨਾਲ ਪਰਾਲੀ ਦੀ ਸਮੱਸਿਆ ਦਾ ਹੱਲ ਹੋ ਸਕੇਗੀ ਤੇ ਕਿਸਾਨ ਖੁਸ਼ਹਾਲ ਹੋਵੇਗਾ।
ਝੋਨਾ ਕੱਟਣ ਉਪਰੰਤ ਪਰਾਲੀ ਵਿਚ ਬਹੁਤ ਹੀ ਕੀਮਤੀ ਖੁਰਾਕੀ ਤੱਤ ਰਹਿ ਜਾਂਦੇ ਹਨ, ਜਿਨ੍ਹਾਂ ਨੂੰ ਖੇਤ ਵਿਚ ਮਿਲਾਇਆਂ ਧਰਤੀ ਉਪਜਾਊ ਬਣਦੀ ਹੈ। ਜੇਕਰ ਅਜਿਹਾ ਨਹੀਂ ਤਾਂ ਪਰਾਲੀ ਨੂੰ ਖੇਤ ਵਿਚੋਂ ਕੱਟਣ ਲਈ ਵਿਗਿਆਨੀਆਂ ਵੱਲੋਂ ਕੱਟਣ ਦੇ ਨਾਲ-ਨਾਲ ਗੰਢਾਂ ਬੰਨ੍ਹਣ ਵਾਲੀ ਮਸ਼ੀਨ (ਵੇਲਰ) ਤਿਆਰ ਕੀਤੀ ਹੈ ਜੋ ਵਾਤਾਵਰਨ ਦੀ ਸੰਭਾਲ ਵਿਚ ਭਰਪੂਰ ਯੋਗਦਾਨ ਦੇ ਨਾਲ ਕਿਸਾਨਾਂ ਲਈ ਕਮਾਈ ਦਾ ਸਾਧਨ ਵੀ ਸਿੱਧ ਹੋਵੇਗੀ। ਵੇਲਰ ਕਟਾਈ ਉਪਰੰਤ ਜ਼ਮੀਨ ਦੇ ਬਰਾਬਰ ਤੋਂ ਪਰਾਲੀ ਕੱਟ ਕੇ ਨਾਲ ਦੀ ਨਾਲ ਇਸ ਦੀਆਂ ਗੰਢਾਂ ਬੰਨ੍ਹਦੀ ਜਾਂਦੀ ਹੈ, ਜਿਸ ਨੂੰ ਅਸਾਨੀ ਨਾਲ ਚੁੱਕ ਕੇ ਖੇਤ 'ਚੋਂ ਬਾਹਰ ਰੱਖਿਆ ਜਾ ਸਕਦਾ ਹੈ ਤੇ ਇਸ ਦੀ ਵਰਤੋਂ ਲਈ ਬਾਇਲਰ ਵਾਲੀਆਂ ਫੈਕਟਰੀਆਂ ਨੂੰ ਬਾਲਣ ਦੇ ਤੌਰ 'ਤੇ ਸਪਲਾਈ ਕਰਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਖੁੰਬ (ਮਸ਼ਰੂਮ) ਉਤਪਾਦਕਾਂ ਵੱਲੋਂ ਪਰਾਲੀ ਆਦਿ ਦੀ ਜਾਰੀ ਮੰਗ ਹੈ ਤੇ ਲੋੜ ਅਨੁਸਾਰ ਸਪਲਾਈ ਕਰਕੇ ਕਿਸਾਨ ਖੁਸ਼ਹਾਲ ਹੋ ਸਕਦਾ ਹੈ। (ਵੇਲਰ) ਇਸ ਮਸ਼ੀਨ ਤੇ ਸਰਕਾਰ ਵੱਲੋਂ 40 ਫ਼ੀਸਦੀ ਸਬਸਿਡੀ ਦੀ ਯੋਜਨਾ ਹੈ, ਜਿਸ ਨੂੰ ਕੁਝ ਕਿਸਾਨਾਂ ਵੱਲੋਂ ਰਲ ਕੇ ਖਰੀਦਿਆ ਜਾ ਸਕਦਾ ਹੈ। ਸਰਕਾਰ ਵੱਲੋਂ ਵੀ ਇਸ ਨੂੰ ਹੋਰ ਖੇਤੀ ਮਸ਼ੀਨਰੀ ਵਾਂਗ ਸਹਿਕਾਰੀ ਸਭਾਵਾਂ ਵਿਚ ਭੇਜ ਕੇ ਪਰਾਲੀ ਦੀ ਕਟਾਈ ਕਰਕੇ ਗੰਢਾਂ ਬੰਨ੍ਹਵਾਉਣ ਨੂੰ ਲਾਜ਼ਮੀ ਕਰਾਰ ਦੇਣਾ ਵੀ ਸਹਾਈ ਹੋ ਸਕਦਾ ਹੈ। ਇਸ ਤਰ੍ਹਾਂ ਵਾਤਾਵਰਨ ਦੀ ਸਹੀ ਸੰਭਾਲ ਵੀ ਹੋਵੇਗੀ ਤੇ ਕਿਸਾਨ ਲਈ ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲੀ ਗੱਲ ਸਾਬਤ ਹੋਵੇਗੀ।

ਅਮਰੀਕ ਸਿੰਘ ਢੀਂਡਸਾ
ਮੋਬਾਈਲ : 94635-39590.


ਕਿਸਾਨਾਂ ਲਈ ਇਸ ਮਹੀਨੇ ਦੇ ਖੇਤੀ ਰੁਝੇਵੇਂ

ਸਬਜ਼ੀਆਂ
ਲਸਣ
ਇਸ ਮਹੀਨੇ ਦੇ ਦੂਸਰੇ ਪੰਦਰਵਾੜੇ ਵਿਚ ਗਲੀ ਸੜੀ ਰੂੜੀ ਦੀ ਖਾਦ 20 ਟਨ ਪ੍ਰਤੀ ਏਕੜ ਪਾ ਕੇ ਚੰਗੀ ਤਰ੍ਹਾਂ ਮਿੱਟੀ ਵਿਚ ਰਲਾ ਦਿਓ। ਫਸਲ ਨੂੰ 40 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਸਮੇਂ ਪਾਓ। 225 ਤੋਂ 250 ਕਿਲੋ ਲਸਣ ਦੀਆਂ ਤੁਰੀਆਂ ਕੇਰ ਦਿਓ ਜਾਂ ਦਬਾ ਦਿਓ। ਕਤਾਰਾਂ ਦਾ ਫਾਸਲਾ 15 ਸੈ. ਮੀ. ਅਤੇ ਬੂਟਿਆਂ ਦਾ ਫਾਸਲਾ 7.5 ਸੈ. ਮੀ. ਹੋਣਾ ਚਾਹੀਦਾ ਹੈ। ਬੀਜਣ ਤੋਂ ਇਕਦਮ ਬਾਅਦ ਪਾਣੀ ਦਿਓ।
ਪਾਲਕ
ਪਾਲਕ ਦੀ ਪੰਜਾਬ ਗਰੀਨ ਕਿਸਮ ਦਾ 4-6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਪਾਓ। ਬੀਜ ਨੂੰ ਕਤਾਰਾਂ ਵਿਚ 20 ਸੈਂਟੀਮੀਟਰ ਦਾ ਫਾਸਲਾ ਰੱਖ ਕੇ 3-4 ਸੈਟੀਮੀਟਰ ਡੂੰਘਾ ਬੀਜੋ ਅਤੇ ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਦਿਓ।
ਫੁੱਲਗੋਭੀ ਅਤੇ ਹੋਰ ਗੋਭੀ ਦੀਆਂ ਫਸਲਾਂ
45 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਖਾਦ ਪ੍ਰਤੀ ਏਕੜ ਪਾਓ। ਫਿਰ ਵੱਟਾਂ 'ਤੇ 4 ਤੋਂ 6 ਹਫ਼ਤੇ ਦੀ ਗੋਭੀ ਦੀ ਤਿਆਰ ਪਨੀਰੀ ਲਗਾ ਦਿਓ। ਪਿਛੇਤੀ ਗੋਭੀ ਲਈ ਪੂਸਾ ਸਨੋਬਾਲ ਕੇ-1/ਪੂਸਾ ਸਨੋਬਾਲ-1 ਕਿਸਮ ਦਾ 250 ਗ੍ਰਾਮ ਇਕ ਮਰਲੇ ਵਿਚ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਬੀਜੋ। ਨਦੀਨਾਂ ਦੀ ਰੋਕਥਾਮ ਲਈ ਬਾਸਾਲਿਨ 750 ਮਿ. ਲਿ. ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਲਾਉਣ ਤੋਂ ਚਾਰ ਦਿਨ ਪਹਿਲਾਂ ਵਰਤੋ। ਨਦੀਨ ਨਾਸ਼ਕ ਨੂੰ ਪਾਣੀ ਦੇ ਕੇ ਜਾਂ ਹਲਕੀ ਜਿਹੀ ਗੋਡੀ ਕਰਕੇ ਜ਼ਮੀਨ ਵਿਚ ਮਿਲਾ ਦਿਓ। ਸਟੌਂਪ 30 ਤਾਕਤ ਇਕ ਲਿਟਰ ਜਾਂ 750 ਮਿ. ਲਿ. ਅਤੇ ਇਕ ਗੋਡੀ ਪਨੀਰੀ ਲਾਉਣ ਤੋਂ 35 ਦਿਨ ਬਾਅਦ ਵੀ ਕੀਤੀ ਜਾ ਸਕਦੀ ਹੈ। ਸਟੌਂਪ ਦਾ ਛਿੜਕਾਅ ਪਨੀਰੀ ਲਾਉਣ ਤੋਂ ਇਕ ਦਿਨ ਪਹਿਲਾਂ ਵੱਤਰ ਖੇਤ ਵਿਚ ਕਰੋ। ਪਨੀਰੀ ਲਾਉਣ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਜਾਂ ਥੀਰਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।
ਜੜ੍ਹਦਾਰ ਸਬਜ਼ੀਆਂ
ਮੂਲੀ ਦੀਆਂ ਦੇਸੀ ਕਿਸਮਾਂ (ਪੰਜਾਬ ਪਸੰਦ), ਸ਼ਲਗਮ (ਐਲ-1) ਅਤੇ ਗਾਜਰ (ਪੀ. ਸੀ.-34) ਦੀ ਬਿਜਾਈ ਸ਼ੁਰੂ ਕਰ ਦਿਓ। ਮੂਲੀ ਅਤੇ ਗਾਜਰ ਦਾ 4-5 ਕਿਲੋ ਅਤੇ ਸ਼ਲਗਮ ਦਾ 2-3 ਕਿਲੋ ਬੀਜ ਪ੍ਰਤੀ ਏਕੜ ਪਾਓ। ਕਤਾਰਾਂ ਵਿਚਕਾਰ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫਾਸਲਾ 7.5 ਸੈਂਟੀਮੀਟਰ ਰੱਖੋ। ਜੜ੍ਹਦਾਰ ਸਬਜ਼ੀਆਂ ਦੀਆਂ ਵੱਟਾਂ 'ਤੇ ਬਿਜਾਈ ਕਰਨ ਨਾਲ ਵਧੀਆ ਵਾਧਾ ਅਤੇ ਪੁਟਾਈ ਸੌਖੀ ਹੁੰਦੀ ਹੈ।
ਵਣ ਖੇਤੀ
ਪੋਪਲਰ
ਜਦੋਂ ਤਾਪਮਾਨ ਘਟਣਾ ਸ਼ੁਰੂ ਹੋ ਜਾਵੇ ਤਾਂ ਪਾਣੀ ਹਫ਼ਤੇ ਦੀ ਬਜਾਏ ਪੰਦਰਾਂ ਦਿਨ ਬਾਅਦ ਲਗਾਉਣਾ ਚਾਹੀਦਾ ਹੈ। ਪਤਝੜ ਵਿਚ ਤਿੰਨ ਸਾਲ ਤੋਂ ਘੱਟ ਉਮਰ ਦੇ ਪੋਪਲਰ ਵਿਚ ਗੰਨੇ ਦੀ ਫਸਲ ਲਈ ਜਾ ਸਕਦੀ ਹੈ। ਜਦੋਂ ਕਿ ਚਾਰੇ ਲਈ ਮੱਕੀ, ਚਰ੍ਹੀ ਤੇ ਬਾਜਰਾ ਦੀ ਫਸਲ ਕਿਸੇ ਵੀ ਉਮਰ ਦੇ ਪੋਪਲਰ ਵਿਚ ਲਾਈ ਜਾ ਸਕਦੀ ਹੈ। ਇਹ ਪੋਪਲਰ ਦੇ ਪੱਤੇ ਖਾਣ ਵਾਲੀਆਂ ਸੁੰਡੀਆਂ ਦੇ ਹਮਲੇ ਦਾ ਸਮਾਂ ਹੈ। ਇਨ੍ਹਾਂ ਦੀ ਰੋਕਥਾਮ ਲਈ ਖਰਾਬ ਪੱਤਿਆਂ ਨੂੰ ਤੋੜ ਕੇ ਜਲਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁਈਨਲਫਾਸ 25 ਤਾਕਤ 4 ਮਿ. ਲਿ. ਪ੍ਰਤੀ ਲਿਟਰ ਜਾਂ ਪ੍ਰੋਫਿਨੋਫਾਸ 50 ਤਾਕਤ 2 ਮਿ. ਲਿ. ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਛਿੜਕਾਅ ਲਈ 500 ਲਿਟਰ ਪਾਣੀ ਪ੍ਰਤੀ ਏਕੜ ਦੀ ਵਰਤੋਂ ਕਰੋ। ਛਿੜਕਾਅ ਪੈਰ ਨਾਲ ਚੱਲਣ ਵਾਲੇ ਪੰਪ ਜਾਂ ਟਰੈਕਟਰ ਨਾਲ ਚੱਲਣ ਵਾਲੇ ਪੰਪ ਨਾਲ ਕਰਨਾ ਚਾਹੀਦਾ ਹੈ। ਪੋਪਲਰ ਦੀ ਸੱਕ ਖਾਣ ਵਾਲੀ ਸੁੰਡੀ ਲਈ 1 ਗ੍ਰਾਮ ਕਾਰਬਰਿਲ 50 ਤਾਕਤ ਜਾਂ 2.5 ਮਿ. ਲਿ. ਕਲੋਰਪਾਈਰੀਫਾਸ 20 ਤਾਕਤ ਨੂੰ 1 ਲਿਟਰ ਪਾਣੀ ਵਿਚ ਘੋਲ ਕੇ ਸੁੰਡੀ ਦੇ ਹਮਲੇ ਵਾਲੀ ਜਗ੍ਹਾ ਤੇ ਛਿੜਕਾਅ ਕਰੋ। ਛਿੜਕਾਅ ਸਿਰਫ਼ ਤਣੇ 'ਤੇ ਕਰੋ।

ਹੋਰਨਾਂ ਲਈ ਪ੍ਰੇਰਣਾ ਸਰੋਤ-ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ ਢਿੱਲੋਂ

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਕਲਾਂ (ਮਹਿਤਾ ਰੋਡ) ਦੇ ਜੰਮਪਲ ਅਗਾਂਹਵਧੂ ਕਿਸਾਨ ਸ: ਗੁਰਦਿਆਲ ਸਿੰਘ ਢਿੱਲੋਂ ਪੁੱਤਰ ਜੋਗਿੰਦਰ ਨੇ ਗਿਆਨ-ਵਿਗਿਆਨਕ ਦ੍ਰਿਸ਼ਟੀ ਆਸਰੇ ਖੇਤੀ ਨੂੰ ਅਜਿਹੀ ਟੀਸੀ ਉਪਰ ਪਹੁੰਚਾਇਆ ਹੈ ਜਿਸ 'ਤੇ ਪੂਰਨ ਰੂਪ 'ਚ ਮਾਣ ਕੀਤਾ ਜਾ ਸਕਦਾ ਹੈ। ਉਮਰ ਵਿਚ 41 ਸਾਲਾ ਢਿੱਲੋਂ ਦੀ ਵਿਦਿਅਕ ਯੋਗਤਾ ਭਾਵੇਂ ਮੈਟ੍ਰਿਕ ਹੀ ਹੈ, ਪਰ ਉਹ ਪਿਛਲੇ 26 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਆਪਣੀ ਬਹੁਤ ਥੋੜ੍ਹੀ ਮਾਲਕੀ ਵਾਲੀ ਅਤੇ ਕੁਝ ਠੇਕੇ ਉਪਰ ਜ਼ਮੀਨ ਲੈ ਕੇ ਵਿਗਿਆਨਕ ਤੌਰ ਤਰੀਕਿਆਂ ਨਾਲ ਖੇਤੀ ਕਰ ਰਿਹਾ ਹੈ।
ਸ: ਢਿੱਲੋਂ ਨੇ ਮਧੂ-ਮੱਖੀ ਪਾਲਣ ਸਬੰਧੀ ਮੁਢਲੀ ਸਿੱਖਿਆ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਅਤੇ ਮਧੂ-ਮੱਖੀ ਪਾਲਣ ਨੂੰ ਸਹਾਇਕ ਕਿੱਤੇ ਵਜੋਂ ਅਪਣਾਇਆ। ਇਸ ਖੇਤਰ 'ਚ ਪੈੜਾਂ ਛੱਡਣ ਵਾਲੇ ਸ: ਢਿੱਲੋਂ ਨੂੰ 'ਜੈਨ ਅਡਵਾਈਜ਼ਰ ਕਿਸਾਨ ਸਨਮਾਨ' ਕਿਸਾਨ ਮੇਲਾ 2012 ਜਲੰਧਰ, ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਅਪ੍ਰੈਲ 2013 ਅੰਮ੍ਰਿਤਸਰ 'ਚ ਸਨਮਾਨਿਤ ਕਰਨ ਅਤੇ ਮੁੱਖ ਖੇਤੀ ਬਾੜੀ ਅਫ਼ਸਰ ਅੰਮ੍ਰਿਤਸਰ ਦਿਲਬਾਗ ਸਿੰਘ ਧੰਝੂ ਵਲੋਂ ਲਾਏ ਗਏ ਜ਼ਿਲ੍ਹਾ ਪੱਧਰੀ ਕੈਂਪ 'ਚ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵਲੋਂ 10 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜਕਲ੍ਹ ਉਹ ਇਸ ਨਾਲ ਸਬੰਧਤ ਕੌਮਾਂਤਰੀ ਪੱਧਰ 'ਤੇ ਅਨੇਕਾਂ ਅਦਾਰਿਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਕੋਲ 300 ਦੇ ਕਰੀਬ ਸ਼ਹਿਦ ਦੀਆਂ ਮੱਖੀਆਂ ਦੇ ਡੱਬੇ ਹਨ, ਜਿਨ੍ਹਾਂ ਨੂੰ ਪਰਗਣ ਦੇ ਅਨੁਸਾਰ ਵੱਖ-ਵੱਖ ਖੇਤਰਾਂ 'ਚ ਲਿਜਾ ਕੇ ਚੋਖੀ ਸ਼ਹਿਦ ਦੀ ਮਾਤਰਾ ਪੈਦਾ ਕਰ ਰਹੇ ਹਨ। ਉਨ੍ਹਾਂ ਇਲਾਕੇ ਦੇ ਹੋਰ ਮਧੂ ਮੱਖੀ ਪਾਲਕਾਂ ਨੂੰ ਸਾਂਝੇ ਤੌਰ 'ਤੇ ਇਸ ਕਾਰਜ ਨੂੰ ਕਰਨ ਲਈ ਪ੍ਰੇਰਿਆ। ਉਨ੍ਹਾਂ ਨੂੰ ਖੇਤੀ ਬਾੜੀ ਮਹਿਕਮੇ ਵਲੋਂ ਵੱਖ-ਵੱਖ ਥਾਵਾਂ 'ਤੇ ਲਾਏ ਜਾਂਦੇ ਕਿਸਾਨ ਮੇਲਿਆਂ ਤੋ ਬਿਨਾ ਗੁਜਰਾਤ ਸਰਕਾਰ ਵਲੋਂ ਭਾਰਤ ਪੱਧਰ ਦੇ ਕਿਸਾਨ ਮਹਾਂ-ਕੁੰਭ ਮੇਲੇ 'ਚ ਅਤੇ ਪੂਸ਼ਾ ਯੂਨੀਵਰਸਿਟੀ ਦਿੱਲੀ ਜਾਣ ਦਾ ਮੌਕਾ ਵੀ ਮਿਲਿਆ। ਉਹ ਪ੍ਰੋਗਰੈਸਿਵ ਬੀ ਕੀਪਰ ਐਸੋ. ਦੇ ਮੈਂਬਰ ਵੀ ਹਨ।
1984 'ਚ ਪੁਰਾਣੇ ਡੀ. ਟੀ.-ਐਚ ਮਾਡਲ 1969 ਟਰੈਕਟਰ ਤੋਂ ਸ਼ੁਰੂਆਤ ਕਰਨ ਵਾਲੇ ਉਹ ਅੱਜ ਇਲਾਕੇ 'ਚ 'ਢਿੱਲੋਂ ਕਿਸਾਨ ਸੇਵਾ ਕੇਂਦਰ' ਨਾਲ ਜਾਣੇ ਜਾਂਦੇ ਹਨ। ਉਨ੍ਹਾਂ ਕੋਲ 3 ਟਰੈਕਟਰ, 2 ਲੇਜ਼ਰ ਕਰਾਹੇ, ਹੈਪੀ ਸੀਡਰ, ਰੋਟਾਵੇਟਰ, ਤਵੀਆਂ, ਸੁਹਾਗਾ, ਬਿਜਾਈ ਦੀਆਂ ਮਸੀਨਾਂ ਆਦਿ ਹਨ ਜਿੰਨ੍ਹਾਂ ਨੂੰ ਕਿਰਾਏ ਉਪਰ ਦੇ ਕੇ ਉਹ ਸਾਲਾਨਾ 6 ਲੱਖ ਰੁਪਏ ਦੇ ਕਰੀਬ ਆਮਦਨ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਰਵਾਇਤੀ ਫਸਲੀ ਚੱਕਰ ਨੂੰ ਤੋੜਦਿਆਂ ਖੇਤੀ ਯੂਨੀਵਰਸਿਟੀ ਵਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਨਵੀਆਂ ਫਸਲਾਂ ਦੀ ਖੇਤੀ ਕੀਤੀ ਤੇ ਆਪਣੀ ਥੋੜ੍ਹੀ ਜ਼ਮੀਨ ਤੋਂ ਵੱਧ ਆਮਦਨ ਪੈਦਾ ਕਰਕੇ ਆਪਣੇ ਇਲਾਕੇ ਦੇ ਕਿਸਾਨਾਂ ਲਈ ਪ੍ਰੇਰਣਾ ਸ੍ਰੋਤ ਬਣੇ। ਖੇਤੀ ਯੂਨੀਵਰਸਿਟੀ ਲੁਧਿਆਣਾ ਵਲੋਂ ਸ: ਗੁਰਅਿਾਲ ਸਿੰਘ ਢਿੱਲੋਂ ਨੂੰ ਪੰਜਾਬ ਅੰਦਰ ਖੇਤੀ ਫਸਲਾਂ ਅਤੇ ਇਨ੍ਹਾਂ ਦੇ ਸਹਾਇਕ ਧੰਦਿਆਂ ਦੇ ਕਰਨ ਹਿਤ ਸਾਲ 2013 ਲਈ ਸ: ਸੁਰਜੀਤ ਸਿੰਘ ਢਿੱਲੋਂ ਯਾਦਗਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਪਾਣੀ ਦੇ ਦਿਨੋਂ-ਦਿਨ ਘਟ ਰਹੇ ਪੱਧਰ ਨੂੰ ਧਿਆਨ 'ਚ ਰੱਖ ਕੇ ਅਜੋਕੇ ਸਮੇਂ ਦੀ ਲੋੜ ਹੈ ਕਿ ਕਿਸਾਨ ਸ: ਢਿੱਲੋਂ ਤੋਂ ਪ੍ਰੇਰਣਾ ਲੈ ਕੇ ਰਵਾਇਤੀ ਫਸਲੀ ਕਵਾਇਦ ਨੂੰ ਤੋੜ ਕੇ ਸਹਾਇਕ ਧੰਦੇ ਅਪਨਾਉਣ।

ਜਸਪਾਲ ਸਿੰਘ
-ਪ੍ਰਤੀਨਿਧ 'ਰੋਜ਼ਾਨਾ ਅਜੀਤ' ਨਵਾਂ ਪਿੰਡ (ਅੰਮ੍ਰਿਤਸਰ)
ਮੋਬਾਈਲ : 98726-09257.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX