ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਅੱਤਵਾਦੀਆਂ ਨਾਲ ਮੁਠਭੇੜ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ
. . .  19 minutes ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਡੂਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਚਾਰੀ ਸ਼ਰੀਫ਼ ਦੇ ਜ਼ੀਨਪੰਚਾਲ ਇਲਾਕੇ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ...
ਜੋਧ ਸਿੰਘ ਸਮਰਾ ਤੇ ਮਜੀਠੀਆ ਮਿਲ ਕੇ ਸੰਭਾਲਣਗੇ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ - ਬਾਦਲ
. . .  18 minutes ago
ਹਰਸ਼ਾ ਛੀਨਾਂ, ਅਜਨਾਲਾ, 21 ਜਨਵਰੀ ਕੜਿਆਲ, ਢਿੱਲੋਂ)- ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਦੇ ਸਾਬਕਾ ਲੀਡਰਾਂ ਦੇ ......
ਸ਼ਰਾਬ ਦੇ ਦੁੱਖ ਕਾਰਨ ਹੀ ਭਗਵੰਤ ਮਾਨ ਦੇ ਪਰਿਵਾਰ ਨੇ ਉਸ ਨੂੰ ਛੱਡਿਆ- ਮਜੀਠੀਆ
. . .  34 minutes ago
ਹਰਸ਼ਾ ਛੀਨਾਂ, ਅਜਨਾਲਾ 21 ਜਨਵਰੀ (ਕੜਿਆਲ, ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ 'ਚ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ .....
ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  33 minutes ago
ਭੁਵਨੇਸ਼ਵਰ, 21 ਜਨਵਰੀ- ਉੜੀਸਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖ਼ਲ...
ਭਗਵੰਤ ਮਾਨ ਵਲੋਂ ਸ਼ਰਾਬ ਛੱਡਣ 'ਤੇ ਬੋਲੇ ਬਾਦਲ, ਕਿਹਾ- ਉਨ੍ਹਾਂ ਵਲੋਂ ਕੁਝ ਸਮੇਂ ਲਈ ਛੱਡੀਆਂ ਜਾਂਦੀਆਂ ਹਨ ਕਈ ਚੀਜ਼ਾਂ
. . .  53 minutes ago
ਅਜਨਾਲਾ/ਹਰਛਾ ਛੀਨਾ 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਕੜਿਆਲ)- ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅੱਜ ਅਜਨਾਲਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ...
ਸ਼ਾਹ ਦੇ ਹੈਲੀਕਾਪਟਰ ਲੈਂਡਿੰਗ ਨੂੰ ਮਾਲਦਾ 'ਚ ਇਜਾਜ਼ਤ ਨਾ ਦਿੱਤੇ ਜਾਣ ਨੂੰ ਭਾਜਪਾ ਨੇ ਦੱਸਿਆ ਸਾਜ਼ਿਸ਼
. . .  about 1 hour ago
ਨਵੀਂ ਦਿੱਲੀ, 21 ਜਨਵਰੀ-ਭਾਜਪਾ ਪ੍ਰਧਾਨ ਅਮਿਤ ਸ਼ਾਹ 22 ਜਨਵਰੀ ਨੂੰ ਪੱਛਮੀ ਬੰਗਾਲ ਦੇ ਮਾਲਦਾ 'ਚ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨੇ ਹਵਾਈ ਅੱਡੇ 'ਤੇ ਉਸਾਰੀ ਦਾ ਕੰਮ ਹੋਣ ਕਾਰਨ ਉੱਥੇ ਸ਼ਾਹ ਦਾ ਹੈਲੀਕਾਪਟਰ ਉਤਾਰਨ ਦੀ .....
ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਤਾਪ ਸਿੰਘ ਬਾਜਵਾ
. . .  about 1 hour ago
ਪਟਨਾ, 21 ਜਨਵਰੀ (ਹਰਿੰਦਰ ਸਿੰਘ ਕਾਕਾ)- ਕਾਂਗਰਸ ਦਾ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ....
ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਦੇਹਾਂਤ
. . .  about 1 hour ago
ਬੈਂਗਲੁਰੂ, 21 ਜਨਵਰੀ- ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਅੱਜ ਦੇਹਾਂਤ ਹੋ ਗਿਆ। ਉਹ 111 ਸਾਲ ਦੇ ਸਨ। ਮਹੰਤ ਸ਼ਿਵ ਕੁਮਾਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ 'ਚ ਦਾਖਲ ਸਨ ਜਿੱਥੇ ਉਨ੍ਹਾਂ ਅੱਜ ਆਖ਼ਰੀ ਸਾਹ .....
ਅਫ਼ਗਾਨਿਸਤਾਨ 'ਚ ਵਿਸ਼ੇਸ਼ ਬਲਾਂ ਦੇ ਟਿਕਾਣੇ 'ਤੇ ਕਾਰ ਬੰਬ ਧਮਾਕਾ, 18 ਦੀ ਮੌਤ
. . .  about 1 hour ago
ਕਾਬੁਲ, 21 ਜਨਵਰੀ- ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਵਾਰਦਕ ਦੀ ਰਾਜਧਾਨੀ ਮੈਦਾਨ ਸ਼ਰ 'ਚ ਅੱਜ ਅੱਤਵਾਦੀ ਸੰਗਠਨ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਸ਼ੇਸ਼ ਬਲ ਦੇ ਟਿਕਾਣੇ 'ਤੇ ਕਾਰ ਬੰਬ ਧਮਾਕੇ ਨੂੰ ਅੰਜਾਮ ਦਿੱਤਾ, ਜਿਸ 'ਚ 18 ਲੋਕਾਂ ਦੀ ਮੌਤ ਹੋ ਗਈ ਅਤੇ 27...
ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਕੇਂਦਰੀ ਰਾਜਨਾਥ ਸਿੰਘ ਨੇ ਮੇਹੁਲ ਚੌਕਸੀ ਦੇ ਮੁੱਦੇ 'ਤੇ ਕਿਹਾ ਕਿ ਸਰਕਾਰ ਨੇ ਆਰਥਿਕ ਅਪਰਾਧਿਕ ਬਿਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼ ਛੱਡ ਕੇ ਭੱਜ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ .....
ਹੋਰ ਖ਼ਬਰਾਂ..

ਲੋਕ ਮੰਚ

ਆਓ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ

ਦੀਵਾਲੀ ਦਾ ਤਿਉਹਾਰ ਹਰ ਸਾਲ ਆਉਂਦਾ ਹੈ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਇਸ ਵਾਰੀ ਦੀਵਾਲੀ ਪ੍ਰਦੂਸ਼ਣ ਰਹਿਤ ਹੋਵੇਗੀ ਪਰ ਅਜਿਹਾ ਹੁੰਦਾ ਨਹੀਂ ਹੈ | ਰਾਤ ਵੇਲੇ ਅਸਮਾਨ ਵਿਚ ਉਡਦੇ ਧੰੂਏਾ ਤੋਂ ਪਤਾ ਲੱਗ ਜਾਂਦਾ ਹੈ ਕਿ ਅਜੇ ਵੀ ਅਸੀਂ ਵਾਤਾਵਰਨ ਪ੍ਰਤੀ ਸੁਚੇਤ ਨਹੀਂ ਹੋਏ | ਕੀ ਸਾਡੇ ਗੁਰੂ-ਪੀਰਾਂ ਨੇ ਅਜਿਹਾ ਸੰਦੇਸ਼ ਦਿੱਤਾ ਸੀ ਕਿ ਦੀਵਾਲੀ ਮੌਕੇ ਵਾਤਾਵਰਨ ਏਨਾ ਖਰਾਬ ਕਰ ਦਿੱਤਾ ਜਾਵੇ ਕਿ ਜਿਸ ਨਾਲ ਮਨੁੱਖਤਾ ਨੂੰ ਖਤਰਾ ਬਣ ਜਾਵੇ? ਬਿਲਕੁਲ ਨਹੀਂ, ਉਨ੍ਹਾਂ ਦਾ ਉਪਦੇਸ਼ ਇਹ ਸੀ ਕਿ ਹਰ ਕੰਮ ਮਨੁੱਖਤਾ ਦੀ ਭਲਾਈ ਲਈ ਕੀਤਾ ਜਾਵੇ | ਸਾਨੂੰ ਸਭ ਨੂੰ ਪਤਾ ਹੈ ਕਿ ਜਦ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਰਾਮ ਚੰਦਰ ਜੀ ਵਾਪਸ ਆਏ ਸਨ ਤਾਂ ਲੋਕਾਂ ਨੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਦੀਪਮਾਲਾ ਕੀਤੀ ਸੀ | ਉਸ ਵਕਤ ਜੋ ਦੇਸੀ ਘਿਓ ਦੇ ਦੀਵੇ ਜਲਾਏ ਜਾਂਦੇ ਸਨ, ਉਹ ਵਾਤਾਵਰਨ ਨੂੰ ਸ਼ੁੱਧ ਕਰਦੇ ਸਨ | ਸਾਡੇ ਗੁਰੂ-ਪੀਰਾਂ ਨੇ ਕਿਤੇ ਨਹੀਂ ਕਿਹਾ ਕਿ ਆਤਿਸ਼ਬਾਜ਼ੀ ਕਰਕੇ ਖੁਸ਼ੀ ਮਨਾਈ ਜਾਵੇ ਅਤੇ ਨਾ ਹੀ ਉਸ ਵਕਤ ਉਨ੍ਹਾਂ ਦੇ ਆਉਣ ਮੌਕੇ ਅਜਿਹਾ ਕੀਤਾ ਗਿਆ ਸੀ | ਆਤਿਸ਼ਬਾਜ਼ੀ ਵਰਗੀਆਂ ਗੱਲਾਂ ਅਸੀਂ ਆਪਣੇ ਕੋਲੋਂ ਜੋੜ ਕੇ ਵਾਤਾਵਰਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ | ਭਾਵੇਂ ਕਿ ਕਈ ਧਾਰਮਿਕ ਸਥਾਨਾਂ 'ਤੇ ਵੀ ਅਜਿਹਾ ਹੋ ਰਿਹਾ ਹੈ ਪਰ ਇਨ੍ਹਾਂ ਧਾਰਮਿਕ ਨੇਤਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਅਜਿਹਾ ਕਰਨ ਨਾਲ ਅਸੀਂ ਮਨੁੱਖਤਾ ਦੀ ਭਲਾਈ ਨਹੀਂ ਕਰ ਰਹੇ, ਸਗੋਂ ਉਨ੍ਹਾਂ ਦਾ ਜੀਵਨ ਖਤਰੇ ਵਿਚ ਪੈ ਰਿਹਾ ਹੈ |
ਕਈ ਲੋਕਾਂ ਦਾ ਵਿਚਾਰ ਹੈ ਕਿ ਆਤਿਸ਼ਬਾਜ਼ੀ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ | ਇਹ ਬਿਲਕੁਲ ਗ਼ਲਤ ਹੈ | ਹੋਰ ਵੀ ਕਈ ਤਰੀਕੇ ਹਨ ਖੁਸ਼ੀਆਂ ਮਨਾਉਣ ਦੇ | ਇਸ ਦਿਨ ਪਾਠ-ਪੂਜਾ ਕੀਤੀ ਜਾਵੇ | ਖੁਸ਼ੀਆਂ ਮਨਾਉਣ ਲਈ ਸਭ ਇਕੱਠੇ ਹੋ ਕੇ ਇਸ ਦਿਨ ਦੀ ਮਹਾਨਤਾ 'ਤੇ ਵਿਚਾਰ ਕਰਨ | ਖੁਸ਼ੀਆਂ ਨਾਲ ਸਭ ਨੂੰ ਮਿਲਿਆ ਜਾਵੇ | ਵਾਧੂ ਦੀ ਫਜ਼ੂਲ ਖਰਚੀ ਬੰਦ ਕੀਤੀ ਜਾਵੇ | ਬਿਜਲੀ ਨੂੰ ਬਚਾਉਣ ਲਈ ਵਾਧੂ ਲਾਈਟਾਂ ਨਾ ਜਲਾਈਆਂ ਜਾਣ | ਗੁਰੂ-ਪੀਰਾਂ ਦੇ ਉਪਦੇਸ਼ 'ਤੇ ਚੱਲਣ ਦਾ ਪ੍ਰਣ ਲਿਆ ਜਾਵੇ | ਸਮਾਜ ਵਿਚ ਫੈਲੇ ਭਿ੍ਸ਼ਟਾਚਾਰ, ਫਿਰਕਾਪ੍ਰਸਤੀ, ਵੈਰ-ਵਿਰੋਧ, ਭਰੂਣ-ਹੱਤਿਆ, ਦਾਜ ਦੀ ਬੁਰਾਈ ਅਤੇ ਨਸ਼ਿਆਂ ਵਰਗੇ ਕੋਹੜ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ |
-ਫਿਰੋਜ਼ਪੁਰ | ਮੋਬਾ: 99143-80202


ਖ਼ਬਰ ਸ਼ੇਅਰ ਕਰੋ

ਸਾਡੇ ਬੂਹਿਆਂ ਤੱਕ ਪਹੁੰਚ ਚੁੱਕੀ ਹੈ ਭੰਗ ਤੇ ਕਾਂਗਰਸ ਬੂਟੀ

ਇਹ ਤਸਵੀਰਾਂ ਮੇਰੇ ਸ਼ਹਿਰ ਦੀ ਇਕ ਸੜਕ 'ਤੇ ਅਤੇ ਇਕ ਰਿਹਾਇਸ਼ੀ ਮਕਾਨ ਦੇ ਅੱਗੇ ਉੱਗੀ ਹੋਈ ਭੰਗ ਅਤੇ ਕਾਂਗਰਸ ਬੂਟੀ ਦੀਆਂ ਹਨ | ਮੇਰੇ ਘਰ ਦੇ ਆਲੇ-ਦੁਆਲੇ ਵੀ ਕਈ ਖਾਲੀ ਪਲਾਟ ਹਨ, ਜਿਹੜੇ 3-4 ਮਹੀਨਿਆਂ ਪਿੱਛੋਂ ਕਾਂਗਰਸ ਬੂਟੀ ਤੇ ਬਾਥੂ ਦੇ ਪੌਦਿਆਂ ਨਾਲ ਭਰ ਜਾਂਦੇ ਹਨ | ਮਾਲਕਾਂ ਨੇ ਤਾਂ ਖਾਲੀ ਪਲਾਟਾਂ ਨੂੰ ਇਨ੍ਹਾਂ ਪੌਦਿਆਂ ਦੀ ਫਸਲ ਲਈ ਖੁੱਲੇ੍ਹ ਛੱਡ ਰੱਖਿਆ ਹੈ | ਸਫਾਈ ਦੀ ਉਨ੍ਹਾਂ ਨੂੰ ਨਾ ਲੋੜ ਹੈ ਅਤੇ ਨਾ ਹੀ ਕੋਈ ਜ਼ਿੰਮੇਵਾਰੀ ਪਰ ਮੈਂ ਆਪਣੀ ਸਹੂਲਤ ਲਈ ਨਾਲ ਦੇ ਦੋ ਪਲਾਟਾਂ 'ਚ ਮਜ਼ਦੂਰ ਲਾ ਕੇ ਸਾਲ ਵਿਚ ਦੋ-ਤਿੰਨ ਵਾਰੀ ਸਫਾਈ ਕਰਵਾ ਦਿੰਦਾ ਹਾਂ | ਫੈਲ ਰਹੇ ਗੰਦ, ਪ੍ਰਦੂਸ਼ਣ, ਸੱਪਾਂ, ਚੂਹਿਆਂ ਤੇ ਮੱਛਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਸਾਰੇ ਲੋਕ ਇਸ ਤਰ੍ਹਾਂ ਸੋਚ ਤੇ ਕਰ ਨਹੀਂ ਸਕਦੇ | ਜੇ ਕਰ ਲੈਣ ਤਾਂ ਆਲਾ-ਦੁਆਲਾ ਸਾਫ਼ ਹੋ ਸਕਦਾ ਹੈ | ਬਹੁਤੇ ਪਲਾਟ ਮਾਲਕ ਇਸ ਸਬੰਧੀ ਜ਼ਿੰਮੇਵਾਰੀ ਸਮਝਣ ਦੇ ਸਮਰੱਥ ਵੀ ਨਹੀਂ ਲਗਦੇ | ਇਸੇ ਤਰ੍ਹਾਂ ਖਾਲੀ ਪਈਆਂ ਥਾਂਵਾਂ, ਪਲਾਟਾਂ ਅਤੇ ਸੜਕਾਂ ਦੇ ਆਲੇ-ਦੁਆਲੇ ਨਜ਼ਰ ਮਰੀਏ ਤਾਂ ਇਹ ਪੌਦੇ ਪੂਰੇ ਜੋਬਨ 'ਤੇ ਦਿਖਾਈ ਦਿੰਦੇ ਹਨ, ਜੋ ਸਾਡੇ ਲਈ ਘਾਤਕ ਵੀ ਸਿੱਧ ਹੋ ਰਹੇ ਹਨ, ਕਾਂਗਰਸ ਬੂਟੀ ਵਾਤਾਵਰਨ ਲਈ ਅਤੇ ਭੰਗ ਨੌਜਵਾਨਾਂ ਲਈ |
ਕਾਂਗਰਸ ਬੂਟੀ ਨੂੰ ਛੂਹਣ 'ਤੇ ਸਾਡੇ ਸਰੀਰ ਲਈ ਅਤੇ ਇਸ ਦੇ ਫੁੱਲ ਹਵਾ ਵਿਚ ਐਲਰਜੀ ਦਾ ਕਾਰਨ ਬਣਦੇ ਹਨ | 70ਵੇਂ ਦਹਾਕੇ ਤੱਕ ਇਸ ਬੂਟੀ ਦਾ ਨਾਮੋ-ਨਿਸ਼ਾਨ ਨਹੀਂ ਸੀ | ਹਰੀ ਕ੍ਰਾਂਤੀ ਸਮੇਂ ਕਣਕ ਅਤੇ ਹੋਰ ਫਸਲਾਂ ਦੇ ਬੀਜ ਦੂਸਰੇ ਦੇਸ਼ਾਂ ਤੋਂ ਦਰਾਮਦ ਕਰਨ ਦੇ ਨਾਲ ਇਸ ਮਨਹੂਸ ਬੂਟੀ ਦੇ ਬੀਜ ਵੀ ਸਾਡੇ ਦੇਸ਼ ਵਿਚ ਘੁਸਪੈਠ ਕਰ ਗਏ | ਸਾਡੇ ਦੇਸ਼ ਵਿਚ ਤਾਂ ਹਰ ਬੁਰੀ ਅਲਾਮਤ ਅਤੇ ਬਿਮਾਰੀ ਨੂੰ ਪਲਣ ਅਤੇ ਪਸਰਨ ਲਈ ਸਾਜ਼ਗਾਰ ਮਾਹੌਲ ਮਿਲ ਜਾਂਦਾ ਹੈ | ਪੰਜਾਬ ਨੇ ਹਰੀ ਕ੍ਰਾਂਤੀ ਨੂੰ ਭਰਪੂਰ ਹੁੰਗਾਰਾ ਦਿੱਤਾ ਹੈ | ਇਸੇ ਤਰ੍ਹਾਂ ਦਾ ਹੁੰਗਾਰਾ ਇਸ ਬੂਟੀ ਨੂੰ ਵੀ ਮਿਲ ਗਿਆ | ਹੁਣ ਇਹ ਵੱਡੀ ਪੱਧਰ 'ਤੇ ਪੈਰ ਪਸਾਰ ਕੇ ਸਾਡੇ ਘਰਾਂ ਤੱਕ ਪਹੁੰਚ ਗਈ ਹੈ, ਜਿਸ ਦਾ ਨਾਸ਼ ਕਰਨਾ ਸਾਡੇ ਲਈ ਚੁਣੌਤੀ ਬਣਿਆ ਹੋਇਆ ਹੈ | ਭੰਗ ਵੀ ਸਾਡੀ ਅਜਿਹੀ ਅਣਗਹਿਲੀ ਦਾ ਹੀ ਸਿੱਟਾ ਹੈ | ਨਸ਼ੇੜੀ ਲੋਕ ਇਸ ਨੂੰ ਮਲ਼ ਕੇ ਆਪਣੇ ਨਸ਼ੇ ਦੀ ਲਤ ਪੂਰੀ ਕਰਦੇ ਹਨ | ਭੰਗ ਦੇ ਬੂਟਿਆਂ 'ਚ ਅਕਸਰ ਹੀ ਨਸ਼ੇੜੀ ਲੋਕ ਆਪਣੇ ਹੱਥਾਂ ਵਿਚ ਇਨ੍ਹਾਂ ਦੇ ਪੱਤਿਆਂ ਨੂੰ ਮਲ਼ ਕੇ ਨਸ਼ੇ ਦੀ ਖੁਰਾਕ ਤਿਆਰ ਕਰਦੇ ਨਜ਼ਰ ਆ ਜਾਂਦੇ ਹਨ | ਇਥੇ ਹੀ ਬੱਸ ਨਹੀਂ, ਖਾਲੀ ਪਲਾਟਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਖੜ੍ਹੇ ਇਨ੍ਹਾਂ ਦੇ ਆਦਮ ਕੱਦ ਬੂਟਿਆਂ ਵਿਚ ਚੋਰ/ਲੁਟੇਰੇ ਅਸਾਨੀ ਨਾਲ ਲੁਕ ਕੇ ਆਪਣਾ ਮਕਸਦ ਪੂਰਾ ਕਰ ਲੈਂਦੇ ਹਨ |
ਇਹ ਸਭ ਕੁਝ ਸਾਡੀ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਰਕੇ ਹੀ ਹੋ ਰਿਹਾ ਹੈ | ਧਨ ਕਮਾਉਣ ਅਤੇ ਵਧਾਉਣ ਦੀ ਲਾਲਸਾ ਕਾਰਨ ਕੱਟੀਆਂ ਗਈਆਂ ਕਲੋਨੀਆਂ ਦੇ ਖਾਲੀ ਅਤੇ ਡੂੰਘੇ ਪਲਾਟਾਂ ਵਿਚ ਇਨ੍ਹਾਂ ਬੂਟਿਆਂ ਦੀ ਭਰਪੂਰ ਫਸਲ ਖੜ੍ਹੀ ਹੈ | ਪਲਾਟਾਂ ਦੇ ਮਾਲਕਾਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਖਾਲੀ ਪਲਾਟਾਂ ਨੂੰ ਗਲੀਆਂ ਦੇ ਬਰਾਬਰ ਭਰ ਕੇ ਸਾਫ਼-ਸੁਥਰਾ ਰੱਖਣ ਕਿਉਂਕਿ ਇਹ ਬੂਟੇ ਅਤੇ ਬਰਸਾਤਾਂ ਦੇ ਦਿਨ ਵਿਚ ਪਾਣੀ ਨਾਲ ਭਰੇ ਡੂੰਘੇ ਪਲਾਟ ਨਾਲ ਦੇ ਮਕਾਨਾਂ ਵਿਚ ਰਹਿ ਰਹੇ ਲੋਕਾਂ ਲਈ ਸਮੱਸਿਆ ਬਣ ਰਹੇ ਹਨ | ਕੀ ਇਹ ਲੋਕ ਹੋਰਾਂ ਲਈ ਸਮੱਸਿਆਵਾਂ ਖੜ੍ਹੀਆਂ ਕਰਨ ਲਈ ਅਜਿਹਾ ਕਰ ਰਹੇ ਹਨ? ਜੇਕਰ ਪਲਾਟਾਂ ਤੋਂ ਕਮਾਈ ਕਰ ਰਹੇ ਮਾਲਕ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਤਾਂ ਨਾਲ ਲਗਦੇ ਮਕਾਨ ਮਾਲਕ ਹੀ ਥੋੜ੍ਹਾ ਕਸ਼ਟ ਕਰਕੇ ਇਨ੍ਹਾਂ ਦੀ ਸਫਾਈ ਕਰ ਦੇਣ, ਤਾਂ ਜੋ ਉਨ੍ਹਾਂ ਦਾ ਅਤੇ ਆਲੇ-ਦੁਆਲੇ ਦਾ ਭਲਾ ਹੋ ਜਾਵੇ ਅਤੇ ਇਨ੍ਹਾਂ ਖਤਰਨਾਕ ਬੂਟਿਆਂ ਤੋਂ ਰਾਹਤ ਮਿਲ ਸਕੇ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲਾਪ੍ਰਵਾਹੀ ਤਿਆਗ ਕੇ ਸੜਕਾਂ ਅਤੇ ਗਲੀਆਂ 'ਚ ਖੜ੍ਹੇ ਇਨ੍ਹਾਂ ਬੂਟਿਆਂ ਦੀ ਸਫਾਈ ਕਰਕੇ ਲੋਕਾਂ ਨੂੰ ਰਾਹਤ ਦੇਵੇ, ਕਿਉਂਕਿ ਲੋਕ ਉਨ੍ਹਾਂ ਨੂੰ ਟੈਕਸ ਦੇ ਰਹੇ ਹਨ |
ਮੋਬਾ: 98142-45959
5mail : harjitbalahri0gmail.com

ਪਿੰਡਾਂ ਦੇ ਸ਼ਿੰਗਾਰ ਛੱਪੜਾਂ ਨੂੰ ਬਚਾਇਆ ਜਾਵੇ

ਪਿੰਡਾਂ ਦਾ ਸਾਂਝਾ ਸਰਮਾਇਆ ਛੱਪੜ, ਜਿਸ ਨੂੰ ਪਿੰਡ ਦਾ ਸ਼ਿੰਗਾਰ ਵੀ ਕਿਹਾ ਜਾਂਦਾ ਸੀ ਅਤੇ ਪਸ਼ੂ, ਪੰਛੀਆਂ ਤੇ ਜੀਵਾਂ ਦਾ ਇਹ ਰੈਣ-ਬਸੇਰਾ ਹੁੰਦਾ ਸੀ, ਹੁਣ ਪਿੰਡਾਂ ਵਿਚੋਂ ਬਹੁਤ ਤੇਜ਼ੀ ਨਾਲ ਅਲੋਪ ਹੋ ਰਹੇ ਹਨ | ਅੱਜ ਕਿਸੇ ਵਿਰਲੇ ਪਿੰਡ ਵਿਚ ਹੀ ਛੱਪੜ ਬਚਿਆ ਹੋਵੇਗਾ | ਮਾਝੇ ਦੇ ਬਹੁਤੇ ਪਿੰਡਾਂ ਵਿਚ ਲੋਕਾਂ ਨੇ ਛੱਪੜਾਂ ਉੱਪਰ ਨਜਾਇਜ਼ ਕਬਜ਼ੇ ਕਰਕੇ ਇਨ੍ਹਾਂ ਉੱਪਰ ਉਸਾਰੀ ਕਰ ਲਈ ਹੈ, ਜਿਸ ਕਾਰਨ ਜਿਥੇ ਮਨੁੱਖ ਛੱਪੜਾਂ ਤੋਂ ਬਗੈਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਉਥੇ ਪਿੰਡਾਂ ਦੀ ਸਾਂਝੀ ਸੰਪਤੀ ਦਾ ਮਾਲੀ ਨੁਕਸਾਨ ਵੀ ਹੋ ਰਿਹਾ ਹੈ | ਪਹਿਲਾਂ ਸਾਰੇ ਪਿੰਡ ਦੇ ਪਾਣੀ ਦੇ ਨਿਕਾਸ ਦਾ ਇਕ ਮੁੱਖ ਧੁਰਾ ਛੱਪੜ ਹੀ ਹੁੰਦਾ ਸੀ, ਜੋ ਕਿ ਨੀਵੀਂ ਥਾਂ ਉੱਪਰ ਹੋਣ ਕਾਰਨ ਮੀਂਹ ਦਾ ਪਾਣੀ ਤੇ ਘਰਾਂ ਦਾ ਪਾਣੀ ਉਸ ਵਿਚ ਅਸਾਨੀ ਨਾਲ ਸਮਾਅ ਜਾਂਦਾ ਸੀ ਅਤੇ ਸਾਰਾ ਸਾਲ ਪਾਣੀ ਨਾਲ ਭਰਿਆ ਹੋਣ ਕਾਰਨ ਇਸ ਵਿਚ ਮੱਛੀਆਂ, ਡੱਡੂ, ਬੱਤਖਾਂ, ਮਰਗਾਬੀਆਂ ਤੇ ਹੋਰ ਪਾਣੀ ਵਿਚ ਪਲਣ ਵਾਲੇ ਜੀਵ, ਪੰਛੀ ਰਹਿੰਦੇ ਸਨ, ਜੋ ਕਿ ਮੱਛਰਾਂ ਤੇ ਜ਼ਹਿਰੀਲੇ ਜੰਤੂਆਂ ਨੂੰ ਖਾ ਕੇ ਉਨ੍ਹਾਂ ਦਾ ਖਾਤਮਾ ਨਾਲੋ-ਨਾਲ ਹੀ ਕਰ ਦਿੰਦੇ ਸਨ | ਪਰ ਅੱਜ ਪਿੰਡਾਂ ਵਿਚੋਂ ਛੱਪੜ ਖਤਮ ਹੋਣ ਕਾਰਨ ਗਲੀਆਂ, ਨਾਲੀਆਂ ਵਿਚ ਘਰਾਂ ਦਾ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਉਸ ਵਿਚ ਮੱਛਰ ਤੇ ਹੋਰ ਜ਼ਹਿਰੀਲੇ ਜੰਤੂ ਪੈਦਾ ਹੋ ਰਹੇ ਹਨ, ਜੋ ਕਿ ਇਨਸਾਨ ਨੂੰ ਕੱਟਦੇ ਹਨ, ਜਿਸ ਕਾਰਨ ਇਨਸਾਨ ਬੁਖਾਰ, ਖੰਘ, ਟਾਈਫਾਈਡ ਬੁਖਾਰ, ਡੇਂਗੂ ਬੁਖਾਰ ਆਦਿ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਮੌਤ ਦੇ ਮੰੂਹ ਪੈ ਰਹੇ ਹਨ | ਕੇਂਦਰ ਸਰਕਾਰ, ਪੰਜਾਬ ਸਰਕਾਰ ਨੂੰ ਛੱਪੜਾਂ ਦੀ ਹੋਂਦ ਬਚਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਜਾਇਜ਼ ਕਬਜ਼ੇ ਹੇਠ ਜਿਹੜੇ ਛੱਪੜ ਆਏ ਹਨ, ਉਨ੍ਹਾਂ ਨੂੰ ਛੁਡਾ ਕੇ ਛੱਪੜਾਂ ਦਾ ਰੂਪ ਦੇਣਾ ਚਾਹੀਦਾ ਹੈ, ਤਾਂ ਕਿ ਪਿੰਡਾਂ ਦੇ ਪਾਣੀ ਦਾ ਨਿਕਾਸ ਹੋ ਸਕੇ ਅਤੇ ਮੁੜ ਤੋਂ ਪਾਣੀ ਵਿਚ ਪਲਣ ਵਾਲੇ ਜੀਵ-ਜੰਤੂਆਂ ਨੂੰ ਜੀਵਨ ਮਿਲ ਸਕੇ |
-ਚੋਗਾਵਾਂ (ਅੰਮਿ੍ਤਸਰ) |

ਬੇਰੁਜ਼ਗਾਰ ਕਿੱਧਰ ਜਾਣ?

ਭਾਵੇਂ ਨੌਜਵਾਨ ਵਰਗ ਨੂੰ ਹਰ ਇਕ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ ਪਰ ਜੇਕਰ ਇਸ ਨੌਜਵਾਨ ਵਰਗ ਨੂੰ ਰੁਜ਼ਗਾਰ ਦੇ ਮੌਕੇ ਨਾ ਮੁਹੱਈਆ ਕਰਵਾਏ ਜਾਣ ਤਾਂ ਦੇਸ਼ ਦੇ ਭਵਿੱਖ ਦਾ ਕੀ ਹੋਵੇਗਾ? ਅੱਜ ਸਾਡੇ ਦੇਸ਼ ਵਿਚ ਹਜ਼ਾਰਾਂ ਨਹੀਂ, ਲੱਖਾਂ ਨੌਜਵਾਨ ਹੱਥਾਂ ਵਿਚ ਡਿਗਰੀਆਂ ਚੁੱਕੀ ਰੁਜ਼ਗਾਰ ਦੀ ਭਾਲ ਵਿਚ ਫਿਰਦੇ ਹਨ | ਕੋਈ ਅਖਬਾਰ ਵਿਚ, ਕੋਈ ਇੰਟਰਨੈੱਟ 'ਤੇ ਅਤੇ ਕਈ ਰੁਜ਼ਗਾਰ ਦਫਤਰਾਂ ਦੇ ਗੇੜੇ ਮਾਰ ਕੇ ਰੁਜ਼ਗਾਰ ਦੀ ਭਾਲ ਵਿਚ ਲੱਗੇ ਹੋਏ ਹਨ | ਜਿਥੇ ਉਨ੍ਹਾਂ ਉੱਪਰ ਬੇਰੁਜ਼ਗਾਰੀ ਦਾ ਭਾਰ ਹੈ, ਉਥੇ ਉਨ੍ਹਾਂ ਉੱਪਰ ਵੱਖ-ਵੱਖ ਵਿਭਾਗਾਂ ਵਿਚ ਨਿਕਲਣ ਵਾਲੀਆਂ ਅਸਾਮੀਆਂ ਭਰਨ ਲਈ ਵਸੂਲੀ ਜਾਂਦੀ ਮੋਟੀ ਫੀਸ ਦਾ ਭਾਰ ਵੀ ਹੈ | ਜਦੋਂ ਕਦੇ ਅਖਬਾਰ ਜਾਂ ਇੰਟਰਨੈੱਟ ਅਸਾਮੀਆਂ ਆਉਂਦੀਆਂ ਹਨ ਤਾਂ ਬਹੁਤ ਸਾਰੇ ਅਸਾਮੀਆਂ ਭਰਨ ਤੋਂ ਵਾਂਝੇ ਰਹਿ ਜਾਂਦੇ ਹਨ, ਕਿਉਂਕਿ ਅਸਾਮੀਆਂ ਲਈ ਫੀਸਾਂ ਬਹੁਤ ਜ਼ਿਆਦਾ ਹੁੰਦੀਆਂ ਹਨ | ਸੋਚਣ ਵਾਲੀ ਗੱਲ ਹੈ ਕਿ ਇਕ ਬੇਰੁਜ਼ਗਾਰ ਜੋ ਆਪਣੇ ਮਾਪਿਆਂ ਦੇ ਸਿਰ ਭਾਰ ਜਾਪਦਾ ਹੈ, ਉਹ 500, 800, 1000 ਰੁਪਏ ਕਿਥੋਂ ਲਿਆਵੇਗਾ? ਫੀਸਾਂ ਤੋਂ ਬਿਨਾਂ ਫਾਰਮ ਭਰਨ ਲਈ ਡਾਕ ਖਰਚਾ ਜਾਂ ਕੰਪਿਊਟਰ ਸੈਂਟਰ ਤੇ ਫਾਰਮ ਭਰਨ ਦਾ ਖਰਚਾ ਉਸ ਦੀ ਚਿੰਤਾ ਨੂੰ ਹੋਰ ਵਧਾ ਦਿੰਦਾ ਹੈ | ਦੂਜਾ ਪ੍ਰੀਖਿਆ ਕੇਂਦਰ ਏਨੀ ਦੂਰ ਹੁੰਦਾ ਹੈ ਕਿ ਬੱਸਾਂ ਦਾ ਵਧ ਰਿਹਾ ਕਿਰਾਇਆ ਉਸ ਲਈ ਹੋਰ ਮੁਸ਼ਕਿਲ ਬਣ ਜਾਂਦਾ ਹੈ |
ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੇਰੁਜ਼ਗਾਰਾਂ ਦੇ ਭਾਰ ਨੂੰ ਵਧਾਉਣ ਦੀ ਬਜਾਏ, ਉਨ੍ਹਾਂ ਨੂੰ ਦੁਖੀ ਤੇ ਨਿਰਾਸ਼ ਕਰਨ ਦੀ ਬਜਾਏ ਉਨ੍ਹਾਂ ਉੱਪਰ ਤਰਸ ਤੇ ਰਹਿਮ ਕਰੇ ਤਾਂ ਜੋ ਕੋਈ ਵੀ ਆਪਣੀ ਯੋਗਤਾ ਪਰਖਣ ਤੋਂ ਵਾਂਝਾ ਨਾ ਰਹੇ | ਸਰਕਾਰ ਨੂੰ ਚਾਹੀਦਾ ਹੈ ਕਿ ਅਸਾਮੀਆਂ ਲਈ ਬਿਨੈ ਕਰਨ ਵਾਸਤੇ ਵਸੂਲੀਆਂ ਜਾਂਦੀਆਂ ਫੀਸਾਂ ਘੱਟ ਕਰੇ ਤੇ ਪ੍ਰੀਖਿਆ ਕੇਂਦਰ ਨੇੜੇ ਬਣਾਏ ਜਾਣ, ਤਾਂ ਜੋ ਕੋਈ ਵੀ ਆਪਣੀ ਯੋਗਤਾ ਪਰਖਣ ਤੋਂ ਵਾਂਝਾ ਨਾ ਰਹੇ | ਜੇਕਰ ਇਸ ਸਬੰਧੀ ਕੋਈ ਉਚਿਤ ਕਦਮ ਨਾ ਚੁੱਕਿਆ ਗਿਆ ਜਾਂ ਸੋਚ-ਵਿਚਾਰ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਬੇਰੁਜ਼ਗਾਰੀ ਘਟਣ ਦੀ ਬਜਾਏ ਵਧਦੀ ਜਾਵੇਗੀ ਤੇ ਦੇਸ਼ ਦਾ ਭਵਿੱਖ ਧੁੰਦਲਾ ਹੁੰਦਾ ਜਾਵੇਗਾ |
-ਪਿੰਡ ਤੇ ਡਾਕ: ਬਖੋਰਾ ਕਲਾਂ, ਤਹਿ: ਲਹਿਰਾਗਾਗਾ (ਸੰਗਰੂਰ)-148031. ਮੋਬਾ: 97818-23988

ਮਨੁੱਖ ਨੂੰ ਕੁਦਰਤ ਪ੍ਰੇਮੀ ਬਣਨ ਦੀ ਲੋੜ

ਜਿਥੇ ਰੁੱਖ ਧਰਤੀ ਦਾ ਸ਼ਿੰਗਾਰ ਕਰਦੇ ਹਨ, ਉਥੇ ਪੰਛੀ ਆਪਣੀ-ਆਪਣੀ ਬੋਲੀ ਵਿਚ ਗੀਤ ਗਾ ਕੇ ਰੂਹ ਨੂੰ ਰੁਸ਼ਨਾਉਂਦੇ ਹਨ | ਜਦੋਂ ਦੁਨੀਆ 'ਤੇ ਘੜੀ ਦਾ ਨਾਮੋ-ਨਿਸ਼ਾਨ ਨਹੀਂ ਸੀ ਹੁੰਦਾ, ਉਸ ਵਕਤ ਕਿਸਾਨ ਕੁੱਕੜ ਦੀ ਬਾਂਗ ਤੋਂ ਸਵੇਰ ਹੋਣ ਦਾ ਅੰਦਾਜ਼ਾ ਲਗਾਉਂਦਾ ਅਤੇ ਖੇਤੀ ਦੇ ਕੰਮਾਂ ਵਿਚ ਰੁੱਝ ਜਾਂਦਾ | ਘਰਾਂ ਦੀਆਂ ਸੁਆਣੀਆਂ ਕਿਸਾਨ ਦੇ ਬਲਦਾਂ ਦੇ ਗਲ ਬੰਨ੍ਹੀ ਟੱਲੀ ਦੀ ਆਵਾਜ਼ ਸੁਣ ਕੇ ਆਪਣੇ ਕੰਮ-ਕਾਰ ਵਿਚ ਰੁੱਝ ਜਾਂਦੀਆਂ | ਪੰਛੀਆਂ ਦੀ ਚਹਿਚਹਾਟ ਨਾਲ ਸਕੂਲ ਜਾਣ ਵਾਲੇ ਬੱਚੇ ਅਤੇ ਕੰਮ-ਕਾਰ 'ਤੇ ਜਾਣ ਵਾਲੇ ਆਦਮੀ ਤਿਆਰ ਹੋਣ ਲਗਦੇ | ਤਿਤਲੀਆਂ ਅਤੇ ਭੰਵਰਿਆਂ ਦੀਆਂ ਡਾਰਾਂ ਤੋਂ ਬਸੰਤ ਰੁੱਤ ਦਾ ਪਤਾ ਲਗਦਾ, ਕੋਇਲ ਦੀ ਕੂਕ ਤੋਂ ਗਰਮੀ ਦੇ ਸ਼ੁਰੂ ਹੋਣ ਅਤੇ ਫਲਾਂ ਦੇ ਪੱਕਣ ਦਾ ਪਤਾ ਲਗਦਾ, ਮੋਰਾਂ ਦੇ ਪੈਲਾਂ ਪਾਉਣ ਦੇ ਅਜਬ ਨਜ਼ਾਰੇ ਦੇਖ ਕੇ ਵਰਖਾ ਰੁੱਤ ਦਾ ਅਹਿਸਾਸ ਹੋਣ ਲਗਦਾ | ਪੰਛੀ ਆਪਣੀ ਅਨੋਖੀ ਬੋਲੀ ਰਾਹੀਂ ਸਾਨੂੰ ਆਉਣ ਵਾਲੀ ਕੁਦਰਤੀ ਬਿਪਤਾ ਦਾ ਸੰਕੇਤ ਦਿੰਦੇ ਹਨ | ਇਹ ਸਾਡੇ ਮਿੱਤਰ ਪੰਛੀ ਹਨ ਤੇ ਕਿਸਾਨਾਂ ਦੇ ਖੇਤਾਂ ਵਿਚੋਂ ਕੀੜੇ ਚੁਗ ਕੇ ਕਿਸਾਨਾਂ ਦੀ ਮਦਦ ਕਰਦੇ ਹਨ | ਪਿੱਪਲ, ਬੋਹੜ ਆਦਿ ਵਰਗੇ ਦਰਖਤਾਂ ਦਾ ਆਪਣੀਆਂ ਬਿੱਠਾਂ ਰਾਹੀਂ ਪਰਾਗ ਕਰਦੇ ਹਨ | ਜ਼ਰਾ ਸੋਚੋ ਕਿ ਜੇਕਰ ਧਰਤੀ 'ਤੇ ਪੰਛੀ ਨਾ ਹੋਣ ਤਾਂ ਕੀ ਹੋਵੇਗਾ |
ਧਰਤੀ ਉੱਤੇ ਜ਼ਹਿਰੀਲੇ ਕੀੜਿਆਂ ਦੀ ਭਰਮਾਰ ਹੋ ਜਾਵੇਗੀ | ਬਿੱਠਾਂ ਰਾਹੀਂ ਪਰਾਗ ਹੋਣ ਵਾਲੇ ਦਰਖਤਾਂ ਦੀਆਂ ਜਾਤੀਆਂ ਖਤਮ ਹੋ ਜਾਣਗੀਆਂ | ਕੀੜੇ ਧਰਤੀ ਉੱਤੇ ਕੋਈ ਫਸਲ ਨਹੀਂ ਹੋਣ ਦੇਣਗੇ ਤੇ ਧਰਤੀ ਦੀ ਹਰਿਆਲੀ ਖਤਮ ਅਤੇ ਧਰਤੀ ਬੰਜਰ ਹੋ ਜਾਵੇਗੀ ਅਤੇ ਵਰਖਾ ਘੱਟ ਹੋ ਜਾਵੇਗੀ ਜਾਂ ਬਿਲਕੁਲ ਹੀ ਨਹੀਂ ਹੋਵੇਗੀ | ਧਰਤੀ ਮਾਰੂਥਲ ਦਾ ਰੂਪ ਧਾਰਨ ਕਰ ਲਵੇਗੀ | ਪਾਣੀ ਦੀ ਘਾਟ, ਭੁੱਖਮਰੀ ਵਿਚ ਇਨਸਾਨ ਕਦ ਤੱਕ ਜਿਉਂਦਾ ਰਹੇਗਾ ਅਤੇ ਧਰਤੀ ਦੂਜੇ ਗ੍ਰਹਿਆਂ ਦੀ ਤਰ੍ਹਾਂ ਬੀਆਬਾਨ, ਬੇਜਾਨ ਤੇ ਬੇਰੰਗ ਹੋ ਜਾਵੇਗੀ |
ਕਾਸ਼! ਸਾਨੂੰ ਇਹ ਦਿਨ ਦੇਖਣਾ ਨਾ ਪਵੇ | ਕਰੋ ਦੁਆਵਾਂ ਕਿਤੇ ਧਰਤੀ ਤੋਂ ਪੰਛੀ ਮੁੱਕ ਨਾ ਜਾਣ, ਨਹੀਂ ਤਾਂ ਮੁੱਕ ਜਾਵੇਗੀ ਇਨਸਾਨ ਦੀ ਔਲਾਦ |
-ਪਿੰਡ ਛੀਨਾ ਕਰਮ ਸਿੰਘ, ਤਹਿ: ਅਜਨਾਲਾ (ਅੰਮਿ੍ਤਸਰ) |

ਸੜਕਾਂ 'ਤੇ ਫਿਰਦੀਆਂ ਜ਼ਖ਼ਮੀ ਤੇ ਭੁੱਖੀਆਂ ਗਾਵਾਂ ਦੀ ਸਾਰ ਲਓ

ਗਊਆਂ ਦੀ ਸਾਂਭ-ਸੰਭਾਲ ਲਈ ਅਨੇਕਾਂ ਹੀ ਗਊਸ਼ਾਲਾਵਾਂ ਅਤੇ ਅਨੇਕਾਂ ਹੀ ਕਮੇਟੀਆਂ ਬਣੀਆਂ ਹੋਈਆਂ ਹਨ ਪਰ ਫਿਰ ਵੀ ਸੜਕਾਂ 'ਤੇ ਫਿਰਦੀਆਂ ਬੇਸਹਾਰਾ ਤੇ ਜ਼ਖਮੀ ਗਊਆਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ, ਜੋ ਕਿ ਸੜਕ ਹਾਦਸੇ ਦਾ ਕਾਰਨ ਬਣ ਕੇ ਕਈ ਵਾਰ ਆਪ ਅਤੇ ਕਈ ਵਾਰ ਹੋਰਾਂ ਨੂੰ ਜ਼ਖਮੀ ਕਰ ਚੁੱਕੀਆਂ ਹੁੰਦੀਆਂ ਹਨ | ਜ਼ਿਲ੍ਹਾ ਮਾਨਸਾ ਦੇ ਪਿੰਡ ਜੋਗਾ ਵਿਖੇ ਹੋਇਆ ਗਊ-ਹੱਤਿਆ ਕਾਂਡ ਅਤੇ ਰਾਮਾਮੰਡੀ ਦੇ ਪਿੰਡ ਕਣਕਵਾਲ ਵਿਖੇ ਸੱਤ ਗਊਆਂ ਦੀ ਰੇਲ ਗੱਡੀ ਨਾਲ ਟਕਰਾ ਕੇ ਹੋਈ ਮੌਤ ਤੋਂ ਬਾਅਦ ਵੀ ਹੁਣ ਤੱਕ ਲਗਭਗ ਹਰੇਕ ਸੜਕ, ਹਰੇਕ ਪਿੰਡ ਅਤੇ ਹਰੇਕ ਸ਼ਹਿਰ 'ਚ ਵੱਡੀ ਗਿਣਤੀ 'ਚ ਫਿਰਦੀਆਂ ਜ਼ਖਮੀ ਤੇ ਬੇਸਹਾਰਾ ਗਊਆਂ, ਇਨ੍ਹਾਂ ਦੀ ਸੇਵਾ ਸੰਭਾਲ ਦਾ ਦਾਅਵਾ ਕਰਨ ਵਾਲਿਆਂ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲਗਾ ਰਹੀਆਂ ਹਨ | ਇਨ੍ਹਾਂ ਦੀ ਸੰਭਾਲ ਵਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਸੜਕਾਂ ਅਤੇ ਬਜ਼ਾਰਾਂ ਵਿਚ ਫਿਰਦੀਆਂ ਜ਼ਖਮੀ ਤੇ ਬੇਸਹਾਰਾ ਗਊਆਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ, ਜੋ ਕਿ ਸੜਕਾਂ 'ਤੇ ਪਏ ਕੂੜੇ ਵਿਚੋਂ ਆਪਣਾ ਢਿੱਡ ਭਰਦੀਆਂ ਹਨ | ਗੰਦਗੀ 'ਚ ਮੰੂਹ ਮਾਰਦੀਆਂ ਇਨ੍ਹਾਂ ਗਊਆਂ ਦੇ ਢਿੱਡ ਵਿਚ ਕਈ ਵਾਰ ਕੂੜੇ 'ਚ ਸੁੱਟਿਆ ਹੋਇਆ ਕੱਚ, ਲੋਹਾ ਤੇ ਸਖਤ ਪਲਾਸਿਟਕ ਵੀ ਚਲਾ ਜਾਦਾ ਹੈ, ਜੋ ਕਈ ਵਾਰ ਇਨ੍ਹਾਂ ਬੇਜ਼ਬਾਨੀਆਂ ਲਈ ਜਾਨਲੇਵਾ ਸਿੱਧ ਹੁੰਦਾ ਹੈ ਜਾਂ ਫਿਰ ਬੇਸਹਾਰਾ ਹੋਈਆਂ ਇਹ ਗਊਆਂ ਜਦੋਂ ਆਪਣਾ ਢਿੱਡ ਭਰਨ ਲਈ ਕਿਸਾਨਾਂ ਦੀਆਂ ਫਸਲਾਂ ਵਿਚ ਚਰਦੀਆਂ ਹਨ ਤਾਂ ਕਿਸਾਨ ਆਪਣੀ ਫਸਲ ਬਚਾਉਣ ਲਈ ਇਨ੍ਹਾਂ ਗਊਆਂ ਦੀ ਬੇਦਰਦੀ ਨਾਲ ਕੁੱਟਮਾਰ ਕਰਦੇ ਹਨ | ਬੇਸਹਾਰਾ ਹੋਣ ਕਰਕੇ ਜਿਥੇ ਇਨ੍ਹਾਂ ਗਊਆਂ ਨੂੰ ਕਿਸਾਨਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ, ਉਥੇ ਇਹ ਗਊਆਂ ਅਵਾਰਾ ਕੁੱਤਿਆਂ ਦਾ ਵੀ ਸ਼ਿਕਾਰ ਬਣਦੀਆਂ ਹਨ | ਕਈ ਵਾਰ ਜ਼ਖਮੀ ਹਾਲਤ ਵਿਚ ਵਿਚਾਰੀਆਂ ਗਊਆਂ ਕੁਝ ਖਾਣ ਨੂੰ ਨਾ ਮਿਲਣ ਕਰਕੇ ਭੁੱਖ ਤ੍ਰੇਹ ਨਾਲ ਮਰ ਜਾਂਦੀਆਂ ਹਨ | ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੀ ਗਿਣਤੀ 'ਚ ਅਨੇਕਾਂ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਇਨ੍ਹਾਂ ਅਵਾਰਾ ਗਊਆਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ, ਜਿਸ ਦਾ ਇਕ ਕਾਰਨ ਗਊਸ਼ਾਲਾ ਵਾਲਿਆਂ ਵੱਲੋਂ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਰੱਖਣ ਲਈ ਵਸੂਲੀ ਜਾਂਦੀ ਮੋਟੀ ਫੀਸ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਹੀ ਪਹਿਲ ਦੇਣਾ ਵੀ ਹੈ | ਸੜਕਾਂ 'ਤੇ ਫਿਰਦੇ ਇਨ੍ਹਾਂ ਗਊਆਂ ਦੇ ਝੁੰਡ ਜਿੱਥੇ ਫਸਲਾਂ ਦਾ ਉਜਾੜਾ ਕਰਦੇ ਹਨ, ਉੱਥੇ ਸੜਕੀ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਅਤੇ ਕਈ ਪਿੰਡਾਂ ਵਿਚ ਛੋਟੇ-ਛੋਟੇ ਬੱਚਿਆਂ ਦੇ ਇਨ੍ਹਾਂ ਝੁੰਡਾਂ ਦੇ ਹੇਠਾਂ ਆਉਣ ਕਰਕੇ ਗੰਭੀਰ ਜ਼ਖਮੀ ਹੋਣ ਦੀਆਂ ਖਬਰਾਂ ਵੀ ਹਨ | ਕਿੰਨੇ ਦੁੱਖ ਦੀ ਗੱਲ ਹੈ ਕਿ ਅਸੀਂ ਗਊ ਨੂੰ ਮਾਤਾ ਜਿਹੇ ਪਵਿੱਤਰ ਸ਼ਬਦ ਨਾਲ ਸਤਿਕਾਰ ਤਾਂ ਦਿੰਦੇ ਹਾਂ ਪਰ ਕੋਈ ਵੀ ਇਨ੍ਹਾਂ ਦੀ ਅੱਜਕਲ੍ਹ ਹੋ ਰਹੀ ਦੁਰਦਸ਼ਾ ਸਬੰਧੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ ਅਤੇ ਨਾ ਹੀ ਸਰਕਾਰ ਦਾ ਇਸ ਮਸਲੇ ਸਬੰਧੀ ਕੋਈ ਧਿਆਨ ਦਿਵਾ ਸਕਿਆ ਹੈ | ਵਿਆਹ-ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਗਊ ਦਾਨ ਦੇ ਨਾਂਅ 'ਤੇ ਪੈਸੇ ਤਾਂ ਬਟੋਰੇ ਜਾਂਦੇ ਹਨ ਪਰ ਗਊਆਂ 'ਤੇ ਹੋ ਰਹੇ ਅੱਤਿਆਚਾਰ ਬਾਰੇ ਸਭ ਖਾਮੋਸ਼ ਹਨ | ਸ਼ਹਿਰਾਂ ਵਿਚ ਗਊ ਮਾਤਾ ਦੇ ਨਾਂਅ 'ਤੇ ਬਣੀਆਂ ਵੱਖ-ਵੱਖ ਸੰਸਥਾਵਾਂ ਅਤੇ ਗਊਸ਼ਾਲਾਵਾਂ ਜੋ ਮੋਟਾ ਚੰਦਾ ਵੀ ਇਕੱਠਾ ਕਰਦੀਆਂ ਹਨ, ਵੀ ਸੜਕਾਂ 'ਤੇ ਫਿਰਦੀਆਂ ਅਵਾਰਾ ਗਊਆਂ ਦਾ ਕੋਈ ਪੱਕਾ ਪ੍ਰਬੰਧ ਕਰਨ ਵਿਚ ਅਸਫਲ ਰਹੀਆਂ ਹਨ | ਗਊ ਮਾਤਾ ਦੇ ਨਾਂਅ 'ਤੇ ਬਣੀਆਂ ਵੱਖ-ਵੱਖ ਕਮੇਟੀਆਂ ਅਤੇ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਨੂੰ ਇਸ ਮਸਲੇ ਸਬੰਧੀ ਤੁਰੰਤ ਗੌਰ ਕਰਨ ਲਈ ਮਜਬੂਰ ਕਰਨ ਅਤੇ ਸੜਕਾਂ 'ਤੇ ਅਵਾਰਾ ਫਿਰਦੀਆਂ ਗਊਆਂ ਨੂੰ ਵੀ ਗਊਸ਼ਾਲਾ ਵਿਚ ਰੱਖਿਆ ਜਾਵੇ, ਤਾਂ ਜੋ ਗਊ ਮਾਤਾ ਦੀ ਬੇਅਦਬੀ ਨਾ ਹੋਵੇ |
ਪਿੰਡ ਵਜੀਦਕੇ ਖੁਰਦ (ਬਰਨਾਲਾ) |
ਮੋਬਾ: 98142-26549

ਬੱਚਿਆਂ ਨਾਲ ਹੋ ਰਿਹਾ ਹੈ ਅਨਿਆਂ

ਭਾਰਤ ਵਿਚ ਹਰ ਸਾਲ 55 ਫੀਸਦੀ ਬੱਚੇ ਅਨਿਆਂ ਤੋਂ ਪੀੜਤ ਹੁੰਦੇ ਹਨ | ਇਹ ਸਭ ਕੁਝ ਜਾਣਦੇ ਹੋਏ ਵੀ ਸਾਡੀਆਂ ਸਰਕਾਰਾਂ ਨੇ ਇਨ੍ਹਾਂ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦੀ ਰੋਕਥਾਮ ਅਤੇ ਉਨ੍ਹਾਂ ਨਾਲ ਹੁੰਦੇ ਜਿਸਮਾਨੀ ਅਤੇ ਿਲੰਗਕ ਵਿਤਕਰੇ ਘਟਾਉਣ ਲਈ ਨਿਗੁਣੇ ਫੰਡ ਹੀ ਰੱਖੇ ਹਨ | ਬੱਚਿਆਂ ਨਾਲ ਜਿਸਮਾਨੀ ਅਤੇ ਿਲੰਗਕ ਅਨਿਆਂ ਦੀਆਂ ਦਿਲ-ਕੰਬਾਊ ਖ਼ਬਰਾਂ ਹਰ ਰੋਜ਼ ਅਸੀਂ ਅਖ਼ਬਾਰਾਂ ਵਿਚ ਪੜ੍ਹ ਰਹੇ ਹਾਂ | 4-5 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ, ਸਕੂਲਾਂ ਅੰਦਰ ਯੋਨ ਸ਼ੋਸ਼ਣ, ਘਰਾਂ ਵਿਚ ਵਹਿਸ਼ੀ ਬਾਪ ਅਤੇ ਗੁਆਂਢੀਆਂ ਵੱਲੋਂ ਲੜਕੀਆਂ ਦੀਆਂ ਇੱਜ਼ਤਾਂ ਲੁੱਟਣ ਦੀਆਂ ਖ਼ਬਰਾਂ ਪੜ੍ਹ ਕੇ ਕੰਬਣੀ ਛਿੜ ਜਾਂਦੀ ਹੈ | ਕੀ ਇਹ ਭਾਰਤ ਦੇ ਵਿਕਾਸ ਦੀ ਤਸਵੀਰ ਹੈ? ਬੱਚਿਆਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਦਿਨੋ-ਦਿਨ ਘਟਣ ਦੀ ਥਾਂ ਵਧਦੀਆਂ ਹੀ ਜਾਂਦੀਆਂ ਹਨ | ਇਸ ਸਾਲ ਬੱਚਿਆਂ ਲਈ ਕੁਲ ਬਜਟ ਕੇਂਦਰੀ ਕੁੱਲ ਬਜਟ ਦੇ ਅਨੁਪਾਤ ਵੀ ਘਟਾ ਦਿੱਤਾ ਗਿਆ ਹੈ, ਜੋ ਬੱਚਿਆਂ ਨੂੰ ਮਿਡ-ਡੇ-ਮੀਲ, ਆਈ. ਸੀ. ਡੀ. ਐਸ. ਅਤੇ ਸਰਵ ਸਿੱਖਿਆ ਅਭਿਐਨ ਅਧੀਨ ਮਿਲਦਾ ਸੀ | ਭਾਵ ਸਰਕਾਰ ਬੱਚਿਆਂ ਦੀ ਸੁਰੱਖਿਆ ਲਈ ਬਹੁਤੀ ਗੰਭੀਰ ਨਹੀਂ ਹੈ |
ਜੇਕਰ ਸਰਕਾਰ ਇਹ ਕਹਿ ਰਹੀ ਹੈ ਕਿ ਸਿੱਖਿਆ ਕਾਨੂੰਨ ਅਧੀਨ 14 ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਬਾਲ ਮਜ਼ਦੂਰੀ ਦੇ ਜਾਲ ਵਿਚੋਂ ਬਾਹਰ ਕੱਢ ਲਿਆ ਜਾਵੇਗਾ, ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹਨ ਪਰ ਮੌਜੂਦ ਮੰਦੀ ਕਾਰਨ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਗਰੀਬੀ-ਗੁਰਬਤ ਕਾਰਨ ਭਾਰਤ ਅੰਦਰ ਬਾਲ ਮਜ਼ਦੂਰੀ ਦੇ ਅੰਕੜੇ ਵਧ ਰਹੇ ਹਨ | ਮਾਂ-ਬਾਪ ਦੀ ਆਮਦਨ ਵਿਚ ਵਾਧਾ ਕਰਨ ਲਈ ਮਜਬੂਰੀ ਵੱਸ ਬੱਚਿਆਂ ਨੂੰ ਵੀ ਕੰਮ ਕਰਨਾ ਪੈਂਦਾ ਹੈ | ਇਸ ਲਈ ਗਰੀਬੀ ਨੂੰ ਪਹਿਲਾਂ ਹੀ ਖਤਮ ਕਰਨਾ ਹੋਵੇਗਾ, ਤਾਂ ਹੀ ਦੇਸ਼ ਦਾ ਉਜਲਾ ਭਵਿੱਖ ਅੱਗੇ ਵਧੇਗਾ | ਇਸ ਦੀ ਰੋਕਥਾਮ ਲਈ ਸਾਨੂੰ ਬਚਾਓ ਢੰਗ, ਮੁੜ ਵਸੇਬਾ, ਸਿੱਖਿਆ ਅਤੇ ਸਿਹਤ ਦੇ ਆਧਾਰ ਢਾਂਚੇ ਨੂੰ ਮਜ਼ਬੂਤ ਕਰਨ ਲਈ ਛੇਤੀ ਅਤੇ ਜ਼ਰੂਰੀ ਲੋੜੀਂਦੇ ਕਦਮ ਪੁੱਟਣੇ ਚਾਹੀਦੇ ਹਨ | ਇਸ ਲਈ ਕੌਮ ਦੇ ਆਉਣ ਵਾਲੇ ਵਾਰਸ, ਬੱਚਿਆਂ ਦੇ ਮਾਨਸਿਕ ਤੇ ਿਲੰਗਕ ਸ਼ੋਸ਼ਣ ਅਤੇ ਅਨਿਆਂਪੂਰਨ ਵਿਵਹਾਰ 'ਤੇ ਸੰਪੂਰਨ ਰੋਕ ਲਾ ਕੇ ਹੀ ਇਹ ਫੁੱਲ ਮੁਰਝਾਉਣੋ ਬਚਾਏ ਜਾ ਸਕਦੇ ਹਨ ਤੇ ਤਾਂ ਹੀ ਬੱਚੇ ਹਰ ਪਾਸੇ ਮਹਿਕਾਂ ਅਤੇ ਮੁਸਕਾਨਾਂ ਵੰਡ ਸਕਣਗੇ |
-ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ,
ਜ਼ਿਲ੍ਹਾ ਮੋਗਾ |

ਅਧਿਆਪਕਾਂ ਦੀਆਂ ਸਮੱਸਿਆਵਾਂ ਵੀ ਸਮਝੋ

ਪ੍ਰਾਚੀਨ ਕਾਲ ਤੋਂ ਹੀ ਅਧਿਆਪਕ ਨੂੰ ਸਮਾਜ ਵਿਚ ਸਨਮਾਨਯੋਗ ਸਥਾਨ ਪ੍ਰਾਪਤ ਹੈ, ਜਿਸ ਕਾਰਨ ਉਸ ਨੂੰ ਕੌਮ ਤੇ ਸਮਾਜ ਦਾ ਨਿਰਮਾਤਾ ਮੰਨਿਆ ਜਾਂਦਾ ਹੈ | ਹਰ ਮਨੁੱਖ ਜਿਸ ਨੂੰ ਸਮਾਜ ਵਿਚ ਇਕ ਚੰਗਾ ਰੁਤਬਾ ਪ੍ਰਾਪਤ ਹੈ, ਇਹ ਸਭ ਸਿਰਫ਼ ਅਧਿਆਪਕ ਦੇ ਸਦਕਾ ਹੀ ਹੈ | ਇਕ ਅਧਿਆਪਕ ਮੋਮਬੱਤੀ ਵਾਂਗ ਜਲ ਕੇ ਦੂਸਰਿਆਂ ਨੂੰ ਰਸਤਾ ਵਿਖਾਉਂਦਾ ਹੈ ਪਰ ਅੱਜ ਦੇ ਦੌਰ ਵਿਚ ਅਧਿਆਪਕ ਦੀ ਬਹੁਤੀ ਕਦਰ ਤੇ ਮਾਣ-ਇੱਜ਼ਤ ਨਹੀਂ ਹੈ | ਇਸ ਪਿੱਛੇ ਸਿਰਫ਼ ਤੇ ਸਿਰਫ਼ ਅਧਿਆਪਕ ਦਾ ਕਸੂਰ ਨਹੀਂ ਹੈ | ਅਧਿਆਪਕ ਨੂੰ ਹਰ ਇਕ ਡਿਊਟੀ ਅਦਾ ਕਰਨੀ ਪੈਂਦੀ ਹੈ, ਭਾਵੇਂ ਉਹ ਚੋਣ ਡਿਊਟੀ ਹੋਵੇ, ਚਾਹੇ ਮਰਦਮਸ਼ੁਮਾਰੀ ਤੇ ਚਾਹੇ ਕੋਈ ਹੋਰ ਗ਼ੈਰ-ਵਿਦਿਅਕ ਕੰਮ | ਅਧਿਆਪਕ ਨੂੰ ਕੰਮ ਦੇ ਬੋਝ ਹੇਠ ਇਥੋਂ ਤੱਕ ਦਬਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਬਣਦੀ ਡਿਊਟੀ ਭਾਵ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੀ ਡਿਊਟੀ ਚੰਗੀ ਤਰ੍ਹਾਂ ਨਿਭਾਉਣ ਦੇ ਸਮਰੱਥ ਹੀ ਨਹੀਂ ਰਹਿੰਦਾ |
ਆਖਰ ਜਦੋਂ ਜਮਾਤਾਂ ਦੇ ਸਲਾਨਾ ਨਤੀਜੇ ਸਾਹਮਣੇ ਆਉਂਦੇ ਹਨ ਤਾਂ ਅਕਸਰ ਮਾੜੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ ਤੇ ਜਵਾਬਤਲਬੀ ਕੀਤੀ ਜਾਂਦੀ ਹੈ ਪਰ ਅਜਿਹਾ ਕਰਨਾ ਬਹੁਤੀ ਵਾਰ ਉਚਿਤ ਤੇ ਅਧਿਆਪਕ-ਪੱਖੀ ਨਹੀਂ ਹੁੰਦਾ | ਹੱਥ ਦੀਆਂ ਉਂਗਲਾਂ ਵਾਂਗ ਸਾਰੇ ਅਧਿਆਪਕ ਇਕੋ ਜਿਹੇ ਨਹੀਂ ਹੁੰਦੇ | ਲਗਾਤਾਰ ਮਿਹਨਤ ਕਰਵਾਉਣ ਦੇ ਬਾਵਜੂਦ ਕਈ ਅਧਿਆਪਕਾਂ ਦੇ ਨਤੀਜੇ ਆਸ ਮੁਤਾਬਕ ਨਹੀਂ ਆਉਂਦੇ | ਇਸ ਪਿਛਲੇ ਕਾਰਨਾਂ ਦੀ ਵੀ ਪੜਤਾਲ ਕਰਨੀ ਜ਼ਰੂਰੀ ਹੈ | ਇਸ ਦੇ ਹੋਰ ਦੋ ਮੁੱਖ ਕਾਰਨ ਹਨ | ਇਕ ਤਾਂ ਅਧਿਆਪਕ-ਵਿਦਿਆਰਥੀ ਅਨੁਪਾਤ ਵਿਚ ਵਿਗਾੜ ਦਾ ਹੋਣਾ ਭਾਵ ਇਕ ਅਧਿਆਪਕ ਕੋਲ ਨਿਰਧਾਰਤ ਗਿਣਤੀ ਤੋਂ ਵਧੇਰੇ ਵਿਦਿਆਰਥੀਆਂ ਦਾ ਜਾਂ ਇਕ ਤੋਂ ਵਧੇਰੇ ਜਮਾਤਾਂ ਦਾ ਹੋਣਾ | ਦੂਸਰਾ ਅਧਿਆਪਕ ਨੂੰ ਲਗਾਤਾਰ ਸਕੂਲ ਤੋਂ ਪਾਸੇ ਰੱਖਣਾ ਭਾਵ ਉਨ੍ਹਾਂ ਨੂੰ ਲਗਾਤਾਰ ਗ਼ੈਰ-ਵਿਦਿਅਕ ਕੰਮਾਂ ਵਿਚ ਉਲਝਾਈ ਰੱਖਣਾ |
ਕਈ ਵਾਰ ਵਿਦਿਆਰਥੀਆਂ ਦੀ ਹਾਜ਼ਰੀ ਵੀ ਗੈਰ-ਯਕੀਨੀ ਹੋਣ ਕਾਰਨ ਅਜਿਹੇ ਵਿਦਿਆਰਥੀ ਅਧਿਆਪਕ ਦੇ ਨਤੀਜੇ ਨੂੰ ਪ੍ਰਭਾਵਿਤ ਕਰਦੇ ਹਨ | ਕਈ ਪ੍ਰਾਇਮਰੀ ਸਕੂਲਾਂ ਵਿਚ ਇਕੱਲਾ ਅਧਿਆਪਕ ਹੀ ਪੰਜ ਜਮਾਤਾਂ ਨੂੰ ਵੀ ਸਾਂਭਦਾ ਹੈ ਤੇ ਨਾਲੋ-ਨਾਲ ਸਕੂਲ ਦੀ ਡਾਕ ਖਾਸ ਕਰਕੇ ਮਿੱਡ ਡੇਅ ਮੀਲ, ਗਰਾਂਟਾਂ ਤੇ ਰੋਜ਼ਾਨਾ ਦੀ ਡਾਕ ਆਦਿ ਦਾ ਕੰਮ ਵੀ ਮੁਕੰਮਲ ਕਰਨਾ ਪੈਂਦਾ ਹੈ | ਸੋਚਣ ਦੀ ਗੱਲ ਹੈ ਕਿ ਇਕੱਲਾ ਅਧਿਆਪਕ ਫਿਰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਿਵੇਂ ਨਿਭਾ ਸਕੇਗਾ...? ਆਖ਼ਰ ਅਧਿਆਪਕ ਵੀ ਇਕ ਇਨਸਾਨ ਹੈ, ਉਸ ਦਾ ਵੀ ਘਰ ਪਰਿਵਾਰ ਹੈ, ਜਿਸ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਵੀ ਉਸੇ ਦੀ ਹੀ ਹੈ | ਇਸ ਤੋਂ ਇਲਾਵਾ ਉਸ ਨੇ ਸਮਾਜ ਵਿਚ ਵੀ ਵਿਚਰਨਾ ਹੁੰਦਾ ਹੈ |
ਇਸ ਲਈ ਇਕੱਲੇ ਅਧਿਆਪਕ ਨੂੰ ਦੋਸ਼ੀ ਮੰਨਣਾ ਉਚਿਤ ਨਹੀਂ ਹੈ | ਇਸ ਵਿਚ ਕਾਫ਼ੀ ਦੋਸ਼ ਦੋਸ਼-ਪੂਰਨ ਵਿੱਦਿਅਕ ਨੀਤੀਆਂ ਦਾ ਵੀ ਹੈ | ਸਾਰੇ ਸਕੂਲਾਂ ਵਿਚ ਪੂਰੇ ਸਟਾਫ਼ ਦੀ ਨਿਯੁਕਤੀ ਬੇਹੱਦ ਜ਼ਰੂਰੀ ਹੈ | ਹਰ ਸਕੂਲ ਵਿਚ ਡਾਕ ਆਦਿ ਦਾ ਕੰਮ ਨਿਪਟਾਉਣ ਹਿਤ ਮਾਹਿਰ ਕਲਰਕਾਂ ਨੂੰ ਤਾਇਨਾਤ ਕਰਨਾ ਜ਼ਰੂਰੀ ਹੈ ਜਦ ਕਿ ਪ੍ਰਾਇਮਰੀ ਸਕੂਲਾਂ ਵਿਚ ਕਲਰਕ ਦੀ ਵਿਵਸਥਾ ਨਾ ਹੋਣ ਕਾਰਨ ਸਾਰਾ ਕੰਮ ਅਧਿਆਪਕ ਨੂੰ ਹੀ ਕਰਨਾ ਪੈਂਦਾ ਹੈ | ਮਿਡ ਡੇਅ ਮੀਲ ਦਾ ਕੰਮ ਅਧਿਆਪਕ ਦੇ ਗਲੋਂ ਲਾਹੁਣਾ ਚਾਹੀਦਾ ਹੈ ਤੇ ਉਸ ਨੂੰ ਸਕੂਲ ਗਰਾਂਟਾਂ ਦੇ ਕਾਰਜ ਤੋਂ ਵੀ ਮੁਕਤੀ ਮਿਲਣੀ ਚਾਹੀਦੀ ਹੈ | ਆਖ਼ਰ ਵਿਚ ਮੈਂ ਇਹੀ ਕਹਾਂਗਾ ਕਿ ਇਕ ਅਧਿਆਪਕ ਦੀਆਂ ਸਮੱਸਿਆਵਾਂ ਨੂੰ ਵੀ ਸਮਝਣਾ ਜ਼ਰੂਰੀ ਹੈ, ਕਿਉਕਿ ਉਹ ਇਕੱਲਾ ਵਿਚਾਰਾ ਕੀ ਕਰੇ...?
-ਦਸਮੇਸ਼ ਨਗਰ ਗਲੀ ਨੰ: 7, ਸ੍ਰੀ ਮੁਕਤਸਰ ਸਾਹਿਬ |
ਮੋਬਾ: 8146171500

ਸਵੇਰ ਦੀ ਸੈਰ ਸੜਕਾਂ ਕੰਢੇ ਕਰਨੀ ਕਿੰਨੀ ਕੁ ਠੀਕ?

ਕਈ ਵਾਰ ਇਹ ਖਬਰ ਅਖਬਾਰ ਦੀ ਸੁਰਖੀ ਬਣਦੀ ਹੈ ਕਿ ਸੈਰ ਕਰਨ ਜਾ ਰਹੇ ਨੂੰ ਕੋਈ ਵਾਹਨ ਫੇਟ ਮਾਰ ਗਿਆ | ਬੇਸ਼ੱਕ ਸੈਰ ਕਰਨ ਵਾਲਾ ਆਪਣੀ ਠੀਕ ਸਾਈਡ ਜਾ ਰਿਹਾ ਹੁੰਦਾ ਹੈ | ਰਾਤ ਭਰ ਵਾਹਨਾਂ ਦੇ ਚੱਲਣ ਕਾਰਨ ਗੱਡੀ ਦਾ ਡਰਾਈਵਰ ਉਨੀਂਦਰਾ ਹੋਣ 'ਤੇ ਇਸ ਤਰ੍ਹਾਂ ਦਾ ਹਾਦਸਾ ਵਾਪਰ ਸਕਦਾ ਹੈ ਜਾਂ ਫਿਰ ਿਲੰਕ ਸੜਕ ਹੋਣ ਕਾਰਨ ਕਿਸੇ ਵਾਹਨ ਦੀਆਂ ਲਾਈਟਾਂ ਜੇ ਅੱਗਿਓਾ ਵਾਹਨ ਚਾਲਕ ਦੇ ਅੱਖਾਂ ਵਿਚ ਪੈ ਜਾਣ ਤਾਂ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ |
ਸ਼ਹਿਰਾਂ ਵਿਚ ਤਾਂ ਸੈਰ ਕਰਨ ਲਈ ਪਾਰਕ ਬਣਾਏ ਗਏ ਹਨ, ਜਿਥੇ ਲੋਕੀਂ ਸੈਰ ਕਰਨ ਜਾਂਦੇ ਹਨ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਹਨ ਪਰ ਕਈ ਲੋਕੀਂ ਸਵੇਰੇ-ਸਵੇਰੇ ਸੈਰ ਲਈ ਸੜਕਾਂ ਦੇ ਕਿਨਾਰੇ ਪੈਦਲ ਚਲਦੇ ਹਨ | ਇਹ ਬੇਹੱਦ ਖਤਰਨਾਕ ਹੈ | ਸਾਨੂੰ ਸੜਕਾਂ ਦੇ ਕਿਨਾਰੇ ਸੈਰ ਨਹੀਂ ਕਰਨੀ ਚਾਹੀਦੀ | ਉਹ ਵੀ ਸ਼ਹਿਰੀ ਸੜਕਾਂ 'ਤੇ ਜਿਥੇ ਸਵੇਰੇ ਬੇਸ਼ੱਕ ਟ੍ਰੈਫਿਕ ਘੱਟ ਹੁੰਦਾ ਹੈ ਪਰ ਗੱਡੀਆਂ ਤੇਜ਼ ਰਫਤਾਰ ਵਿਚ ਚਲਦੀਆਂ ਹਨ | ਕਿਉਂ ਜੋ ਉਨ੍ਹਾਂ ਆਪਣੀ ਮੰਜ਼ਿਲ 'ਤੇ ਜੁ ਅਪੜਨਾ ਹੁੰਦਾ ਹੈ |
ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜ਼ਿਆਦਾ ਸਵਖਤੇ ਸੈਰ ਲਈ ਪੈਦਲ ਨਾ ਨਿਕਲਣ | ਜੇ ਸੈਰ ਕਰਨ ਲਈ ਕਿਸੇ ਪਾਰਕ ਵਿਚ ਜਾਣਾ ਹੈ ਤਾਂ ਆਪਣਾ ਕੋਈ ਵਾਹਨ ਲੈ ਕੇ ਜਾਣ | ਅਗਰ ਕੋਈ ਵਾਹਨ ਦਿਸਦਾ ਹੈ ਤਾਂ ਆਪ ਹੀ ਕੱਚੇ ਉਤਰ ਜਾਓ ਤੇ ਫਿਰ ਸੜਕ 'ਤੇ ਚੱਲੋ | ਅੱਜ ਹਰ ਕੋਈ ਕਾਹਲੀ ਦਾ ਹੀ ਮਾਰਿਆ ਪਿਆ ਹੈ | ਸਮਾਂ ਕਿਸੇ ਕੋਲ ਵੀ ਨਹੀਂ ਹੈ | ਬਚਾਓ ਵਿਚ ਹੀ ਆਪਣਾ ਬਚਾਓ ਹੈ | ਔਰਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਰਿਵਾਰਕ ਮੈਂਬਰਾਂ ਨਾਲ ਹੀ ਸੈਰ ਕਰਨ ਲਈ ਜਾਣ |
ਸਰਕਾਰ ਨੂੰ ਚਾਹੀਦਾ ਹੈ ਕਿ ਹਰ ਪਿੰਡ ਵਿਚ ਪਾਰਕ ਦਾ ਨਿਰਮਾਣ ਕੀਤਾ ਜਾਵੇ, ਜਿਥੇ ਲੋਕ ਆਪਣੀ ਸਿਹਤ ਦਾ ਖਿਆਲ ਰੱਖ ਨਿਰੋਗ ਜੀਵਨ ਬਸਰ ਕਰ ਸਕਣ | ਆਪਸੀ ਨੇੜਲੇ ਪਿੰਡਾਂ ਦਾ ਸਾਂਝਾ ਪਾਰਕ ਬਣਾਇਆ ਜਾ ਸਕਦਾ ਹੈ | ਜਿਨ੍ਹਾਂ ਪਿੰਡਾਂ ਵਿਚ ਜਲ ਘਰ ਹਨ, ਉਨ੍ਹਾਂ ਦੇ ਆਲੇ-ਦੁਆਲੇ ਸੈਰ ਲਈ ਪਾਰਕ ਦੀ ਉਸਾਰੀ ਕਰਵਾਈ ਜਾ ਸਕਦੀ ਹੈ | ਹੁਣੇ ਨਵ-ਨਿਰਮਾਣ ਹੋਈਆਂ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਪਾਸੇ ਵੱਲ ਜ਼ਰੂਰ ਧਿਆਨ ਦੇਣ, ਤਾਂ ਜੋ ਨਵੀਂ ਪੀੜ੍ਹੀ ਨੂੰ ਨਸ਼ਿਆਂ ਦੇ ਵਗਦੇ ਦਰਿਆ ਤੋਂ ਵੀ ਬਚਾਇਆ ਜਾ ਸਕੇ |
-ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ | ਮੋਬਾ: 94630-57786

ਆਓ ਪਸ਼ੂ-ਪੰਛੀਆਂ ਨੂੰ ਪਿਆਰ ਕਰੀਏ

ਮਨੁੱਖ ਦਾ ਪੁਰਾਤਨ ਸਮੇਂ ਤੋਂ ਹੀ ਪਸ਼ੂ-ਪੰਛੀਆਂ ਨਾਲ ਸਬੰਧ ਚਲਿਆ ਆ ਰਿਹਾ ਹੈ | ਕਈ ਪਸ਼ੂਆਂ 'ਚੋਂ ਕਈਆਂ ਦਾ ਮਨੁੱਖ ਨਾਲ ਮਿੱਤਰਤਾ ਵਾਲਾ ਸਬੰਧ ਰਿਹਾ ਹੈ, ਜੋ ਹੁਣ ਵੀ ਹੈ | ਕਈ ਪਸ਼ੂਆਂ ਨੂੰ ਮਨੁੱਖ ਲਾਭ ਲਈ ਪਾਲਦਾ ਆ ਰਿਹਾ ਹੈ ਤੇ ਕਈ ਪਸ਼ੂ-ਪੰਛੀ ਆਦਿ ਇਹੋ ਜਿਹੇ ਵੀ ਹਨ, ਜੋ ਬਿਨਾਂ ਕਿਸੇ ਲਾਭ ਦੇ ਮਨੁੱਖ ਨਾਲ ਮਿੱਤਰਤਾ ਰੱਖਦੇ ਆ ਰਹੇ ਹਨ | ਪਹਿਲਾਂ ਸਾਡਾ ਰਹਿਣ-ਸਹਿਣ ਅਤਿ ਸਾਦਾ ਸੀ | ਪੇਂਡੂ ਇਲਾਕਿਆਂ ਦੀ ਤਾਂ ਗੱਲ ਹੀ ਹੋਰ ਸੀ | ਲੋਕਾਂ ਦੇ ਰਹਿਣ ਵਾਲੇ ਘਰ ਛੋਟੇ ਤੇ ਕੱਚੇ ਹੁੰਦੇ ਸਨ | ਘਰ ਦੀਆਂ ਛੱਤਾਂ ਸ਼ਤੀਰ ਪਾ ਸਰਕੜੇ ਆਦਿ ਦੀਆਂ ਹੁੰਦੀਆਂ ਸਨ | ਘਰ ਦੀਆਂ ਇਨ੍ਹਾਂ ਛੱਤਾਂ ਵਿਚ ਹੀ ਅਨੇਕਾਂ ਪੰਛੀ ਵਿਚਰਦੇ ਰਹਿੰਦੇ ਸਨ | ਖ਼ਾਸਕਰ ਚਿੜੀਆਂ, ਕਬੂਤਰ, ਗਟਾਰਾਂ, ਤੋਤੇ, ਕਾਟੋਆਂ, ਘੁੱਗੀਆਂ ਤੇ ਹੋਰ ਛੋਟੇ ਪੰਛੀ ਸਾਡੇ ਘਰਾਂ ਵਿਚ ਆਲ੍ਹਣੇ ਬਣਾ ਕੇ ਰਹਿੰਦੇ ਸਨ | ਘਰਾਂ ਵਿਚ ਪੰਛੀਆਂ ਦੀ ਚੀਂ-ਚੀਂ ਦੀ ਅਜੀਬ ਆਵਾਜ਼ ਚਹਿਕਦੀ ਰਹਿੰਦੀ ਸੀ |
ਅੱਜ ਅਸੀਂ ਬਹੁਤ ਹੀ ਆਧੁਨਿਕਤਾ ਵਿਚ ਆ ਗਏ ਹਾਂ | ਸਾਡਾ ਰਹਿਣ-ਸਹਿਣ, ਥਾਂ, ਘਰ, ਮਕਾਨ ਸਭ ਕੁਝ ਬਦਲ ਗਿਆ ਹੈ | ਸਾਦੇ ਘਰਾਂ ਦੀ ਥਾਂ ਵੱਡੀਆਂ-ਵੱਡੀਆਂ ਕੋਠੀਆਂ ਨੇ ਲੈ ਲਈ ਹੈ | ਦਰਵਾਜ਼ੇ ਤੇ ਤਾਕੀਆਂ 'ਤੇ ਲੋਹੇ ਦੀਆਂ ਗਰਿੱਲਾਂ, ਜਾਲੀ ਤੇ ਸ਼ੀਸ਼ਾ ਲੱਗ ਚੁੱਕਾ ਹੈ | ਫਿਰ ਕਿਥੋਂ ਪੰਛੀ ਲੰਘ ਕੇ ਅੰਦਰ ਜਾਣ ਤੇ ਕਿਵੇਂ ਲੈਂਟਰ ਲੱਗੀ ਛੱਤ 'ਤੇ ਆਲ੍ਹਣਾ ਬਣਾਉਣ? ਉੱਪਰੋਂ ਮੋਬਾਈਲ ਫੋਨ ਦੇ ਟਾਵਰਾਂ ਦੀਆਂ ਕਿਰਨਾਂ ਨੇ ਸਾਡੇ ਕਈ ਮਿੱਤਰ ਪੰਛੀ ਹੀ ਗਾਇਬ ਕਰ ਦਿੱਤੇ ਹਨ | ਕਈ ਸੱਜਣ ਜੋ ਪੰਛੀਆਂ ਪ੍ਰਤੀ ਪਿਆਰ ਰੱਖਦੇ ਹਨ, ਉਹ ਲੱਕੜ ਦੇ ਆਲ੍ਹਣੇ ਬਣਾ ਕੇ ਕਈ ਥਾਵਾਂ 'ਤੇ ਟੰਗਦੇ ਹਨ | ਬਹੁਤ ਘੱਟ ਪੰਛੀ ਉਨ੍ਹਾਂ ਆਲ੍ਹਣਿਆਂ 'ਚ ਵੜਦੇ ਹਨ, ਕਿਉਂਕਿ ਪੰਛੀਆਂ ਦੇ ਆਪਣੇ-ਆਪ ਤੀਲ੍ਹੇ ਜੋੜ ਕੇ ਬਣਾਏ ਆਲ੍ਹਣੇ ਦੀ ਗੱਲ ਹੀ ਹੋਰ ਹੈ |
ਪਿਛਲੇ ਦਿਨੀਂ ਮੇਰਾ ਵੀ ਇਕ ਪੰਛੀ ਜੋੜੇ ਨਾਲ ਵਾਹ ਪਿਆ ਜੋ ਲੇਖ ਲਿਖਣ ਦਾ ਸਬੱਬ ਬਣਿਆ | ਮਹੀਨਾ ਕੁ ਪਹਿਲਾਂ ਇਕ ਘੁੱਗੀਆਂ ਦਾ ਜੋੜਾ ਸਾਡੇ ਘਰ ਦੇ ਬਰਾਂਡੇ ਵਿਚਲੀ ਖਿੜਕੀ ਵਿਚ ਘਾਹ-ਫੂਸ ਦੇ ਤੀਲੇ ਜਿਹੇ ਲਮਕਾਉਂਦੇ ਤੱਕਿਆ | ਕੁਝ ਕੁ ਤੀਲੇ ਹੇਠਾਂ ਡਿੱਗ ਪਏ ਤੇ ਮੇਰੀ ਪਤਨੀ ਨੇ ਝਾੜੂ ਮਾਰ ਇਕੱਠੇ ਕਰ ਸੁੱਟ ਦਿੱਤੇ | ਘੁੱਗੀਆਂ ਦਾ ਜੋੜਾ ਫਿਰ ਤੀਲੇ ਜਿਹੇ ਲਿਆ ਕੇ ਖਿੜਕੀ ਵਿਚ ਫਸਾਉਣ ਲੱਗਾ ਪਰ ਉਨ੍ਹਾਂ ਤੋਂ ਗੱਲ ਨਾ ਬਣੀ | ਮੈਂ ਸਾਰਾ ਨਜ਼ਾਰਾ ਤੱਕ ਕੇ ਕੁਝ ਝਾੜੂ ਦੀਆਂ ਤੀਲਾਂ ਤੇ ਹੋਰ ਘਾਹ-ਫੂਸ ਜੋੜ ਕੇ ਚੰਗੇ ਧਾਗੇ ਨਾਲ ਬੰਨ੍ਹ ਕੇ ਆਲ੍ਹਣੇ ਦਾ ਰੂਪ ਜਿਹਾ ਦੇ ਕੇ ਉਸ ਜਗ੍ਹਾ 'ਤੇ ਟਿਕਾ ਦਿੱਤਾ, ਜਿਥੇ ਘੁੱਗੀਆਂ ਦੇ ਆਲ੍ਹਣਾ ਬਣਾਉਣ ਦੀ ਮਨਸ਼ਾ ਸੀ | ਦੂਸਰੇ ਦਿਨ ਮੇਰੇ ਵੱਲੋਂ ਬਣਾ ਕੇ ਰੱਖੇ ਆਲ੍ਹਣੇ ਦਾ ਟਿਕਾਣਾ ਆਲ੍ਹਣਾ ਬਣ ਗਿਆ ਤੇ ਉਨ੍ਹਾਂ ਨੇ ਉਥੇ ਰਹਿਣਾ ਸ਼ੁਰੂ ਕਰ ਦਿੱਤਾ | ਬੱਚਿਆਂ ਵੱਲੋਂ ਛੇੜਛਾੜ ਕਰਨ 'ਤੇ ਕਈ ਵਾਰ ਘੁੱਗੀਆਂ ਉਡ ਵੀ ਜਾਂਦੀਆਂ ਪਰ ਉਨ੍ਹਾਂ ਨੇ ਫਿਰ ਆ ਕੇ ਆਲ੍ਹਣੇ 'ਚ ਹੀ ਬੈਠਣਾ |
ਹੁਣ ਇਕ ਘੁੱਗੀ ਅੰਡੇ ਦੇਣ ਵਾਲੀ ਹਾਲਤ ਵਿਚ ਬੈਠ ਗਈ | ਉਸ ਨੇ ਦੋ ਦਿਨਾਂ ਬਾਅਦ ਇਕ ਆਂਡਾ ਤੇ ਫਿਰ ਕੁਝ ਦਿਨਾਂ 'ਚ ਹੀ ਦੂਸਰਾ ਆਂਡਾ ਦੇ ਦਿੱਤਾ | ਅਖ਼ੀਰ ਕਈ ਦਿਨਾਂ ਬਾਅਦ ਆਲ੍ਹਣੇ 'ਚੋ ਦੋ ਬਹੁਤ ਹੀ ਛੋਟੇ ਘੁੱਗੀ ਦੇ ਪੰਖੇਰੂ ਤੱਕੇ | ਕਾਦਰ ਦੀ ਬਖਸ਼ੀ ਤੇ ਸਾਜ਼ੀ ਅਨਮੋਲ ਦਾਤ ਜਾਪੀ | ਘੁੱਗੀ ਉਨ੍ਹਾਂ ਨੂੰ ਚੋਗਾ ਵੀ ਲਿਆ ਕੇ ਦਿੰਦੀ | ਉਹ ਛੋਟੇ-ਛੋਟੇ ਖੰਭ ਮਾਰ ਉਡਣ ਦੀ ਕੋਸ਼ਿਸ਼ ਕਰਦੇ ਪਰ ਉਡ ਨਾ ਹੁੰਦਾ ਤੇ ਘੁੱਗੀ ਆਪਣੇ ਖੰਭਾਂ 'ਚ ਹੀ ਲੈ ਲੈਂਦੀ | ਸਾਡੇ ਦੇਖਦੇ-ਦੇਖਦੇ ਹੀ ਆਲ੍ਹਣਾ ਖਾਲੀ ਹੋ ਗਿਆ, ਘੁੱਗੀ ਤੇ ਉਸ ਦੇ ਬੱਚੇ ਦੂਰ ਉਡਾਰੀ ਮਾਰ ਗਏ ਤੇ ਮੁੜ ਨਾ ਆਏ | ਕੁਝ ਦਿਨਾਂ ਬਾਅਦ ਮੈਂ ਆਲ੍ਹਣਾ ਲਾਹਿਆ ਤਾਂ ਉਹ ਬਿੱਠਾਂ ਨਾਲ ਭਰਿਆ ਪਿਆ ਸੀ | ਮੈਨੂੰ ਸੁੱਕੀਆਂ ਬਿੱਠਾਂ ਤੱਕ ਕੇ 20-25 ਦਿਨ ਰਹੇ ਘੁੱਗੀ ਤੇ ਉਸ ਦੇ ਪੰਖੇਰੂਆਂ ਨਾਲ ਪਏ ਪ੍ਰੇਮ ਦੀ ਯਾਦ ਆ ਰਹੀ ਸੀ | ਸੋ ਆਓ ਆਪਾਂ ਆਪਣੇ ਆਲੇ-ਦੁਆਲੇ ਦੇ ਪਸ਼ੂ-ਪੰਛੀਆਂ ਨਾਲ ਪ੍ਰੇਮ ਕਰਕੇ ਆਪਣਾ ਆਲਾ-ਦੁਆਲਾ ਚਹਿਕਦਾ-ਮਹਿਕਦਾ ਰੱਖੀਏ |
-ਪਿੰਡ ਤੇ ਡਾਕ: ਤੱਖਰਾਂ (ਲੁਧਿਆਣਾ) | ਮੋਬਾ: 92175 92531

ਸਰਕਾਰ ਪਿੰਡਾਂ ਦੀ ਵੰਡ ਕਰਕੇ ਲਾਵੇ ਨਾੜ ਤੇ ਪਰਾਲੀ ਤੋਂ ਖਾਦ ਬਣਾਉਣ ਦੇ ਪਲਾਂਟ

ਕਿਸਾਨਾਂ ਦੁਆਰਾ ਖੇਤਾਂ ਵਿਚ ਨਾੜ ਤੇ ਪਰਾਲੀ ਨੂੰ ਅੱਗ ਲਗਾਉਣਾ ਮੌਜੂਦਾ ਸਮੇਂ ਦੀ ਇਕ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ | ਇਸ ਨਾਲ ਸਾਡੇ ਵਾਤਾਵਰਨ ਵਿਚ ਕਈ ਜ਼ਹਿਰੀਲੀਆਂ ਗੈਸਾਂ ਦਾ ਦਬਾਅ ਬਹੁਤ ਵਧ ਗਿਆ ਹੈ, ਜੋ ਇਨਸਾਨੀਅਤ ਲਈ ਬਹੁਤ ਖਤਰਨਾਕ ਹੈ ਪਰ ਇਸ ਨੂੰ ਰੋਕਣ ਵਾਸਤੇ ਕਿਸਾਨਾਂ ਨਾਲ ਜ਼ਬਰਦਸਤੀ ਨਹੀਂ ਸਗੋਂ ਲੋੜ ਹੈ ਉਨ੍ਹਾਂ ਨਾਲ ਮਿਲ ਕੇ ਹੱਲ ਲੱਭਣ ਦੀ, ਪਰ ਜੇਕਰ ਸਿਰਫ ਕਿਸਾਨਾਂ ਨੂੰ ਹੀ ਪਰਾਲੀ ਤੇ ਨਾੜ ਜਾਂ ਕੱਖ-ਕਾਨ ਸਾੜਨ ਦੇ ਬਦਲੇ ਖਾਦ ਬਣਾਉਣ ਜਾਂ ਹੋਰ ਵਰਤੋਂ ਵਿਚ ਲਿਆਉਣ ਲਈ ਕਿਹਾ ਜਾਵੇ ਤਾਂ ਇਹ ਬਿਲਕੁਲ ਅਸੰਭਵ ਹੈ, ਕਿਉਂਕਿ ਪੰਜਾਬ ਵਿਚ 80 ਫੀਸਦੀ ਕਿਸਾਨ ਮਸਾਂ ਆਪਣਾ ਗੁਜ਼ਾਰਾ ਚਲਾਉਂਦੇ ਹਨ ਤੇ ਤਕਰੀਬਨ ਅਨਪੜ੍ਹ ਹਨ | ਉਹ ਖਾਦ ਬਣਾਉਣ ਜਾਂ ਇਸ ਨੂੰ ਹੋਰ ਕਿਤੇ ਵਰਤਣ ਦੇ ਕਾਬਲ ਨਹੀਂ ਹਨ, ਇਸ ਲਈ ਜੇਕਰ ਮੰਨ ਵੀ ਲਿਆ ਜਾਵੇ ਕਿ ਥੋੜ੍ਹੇ ਅਮੀਰ ਕਿਸਾਨ ਪਰਾਲੀ, ਨਾੜ ਦੀ ਵਰਤੋਂ ਖਾਦ ਬਣਾਉਣ ਵਾਸਤੇ ਕਰਨ ਤਾਂ ਵੀ ਇਸ ਮੁਸ਼ਕਿਲ ਦਾ ਹੱਲ ਨਹੀਂ ਹੋਵੇਗਾ, ਪਰ ਸਰਕਾਰ ਹਰ ਕੰਮ ਕਰਨ ਦੇ ਸਮਰੱਥ ਹੁੰਦੀ ਹੈ, ਉਸ ਕੋਲ ਵਧੀਆ ਇੰਜੀਨੀਅਰ, ਆਧੁਨਿਕ ਮਸ਼ੀਨਾਂ ਆਦਿ ਦਾ ਪ੍ਰਬੰਧ ਹੁੰਦਾ ਹੈ | ਜੇਕਰ ਸਰਕਾਰ ਵੱਲੋਂ ਆਪ ਜਾਂ ਕਿਸੇ ਗੈਰ-ਸਰਕਾਰੀ ਕੰਪਨੀ ਨੂੰ ਇਕ ਨਿਸਚਿਤ ਮੁੱਲ 'ਤੇ ਕਿਸਾਨਾਂ ਕੋਲੋਂ ਨਾੜ, ਪਰਾਲੀ ਖਰੀਦਣ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਸੁਸਾਇਟੀਆਂ ਵਿਚ ਜਾਂ ਪਿੰਡਾਂ ਦੀ ਵੰਡ ਕਰਕੇ ਉਨ੍ਹਾਂ ਲਾਗੇ ਖਾਦ ਦੇ ਪਲਾਂਟ ਲਗਾਏ ਜਾਣ ਜਿਥੇ ਕਿਸਾਨਾਂ ਨੂੰ ਜਾਣ ਵਿਚ ਅਸਾਨੀ ਹੋਵੇ ਤਾਂ ਕਿਸੇ ਹੱਦ ਤੱਕ ਇਸ ਧੂੰਏਾ ਰੂਪੀ ਪ੍ਰਮਾਣੂ ਬੰਬਾਂ ਤੋਂ ਛੁਟਕਾਰਾ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ |
-ਪਿ੍ੰਸੀਪਲ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ, ਅਟਾਰੀ ਬਾਰਡਰ (ਅੰਮਿ੍ਤਸਰ) |
ਫੋਨ : 0183-2382977

ਲਾਇਬ੍ਰੇਰੀਆਂ ਦੀ ਘਾਟ ਨੇ ਸਾਨੂੰ ਫ਼ੇਸਬੁੱਕ ਵਾਲੇ ਬਣਾ ਦਿੱਤਾ

ਪੰਜਾਬ ਉਹ ਨਹੀਂ ਰਿਹਾ, ਜੋ ਪਹਿਲਾਂ ਸੀ | ਭੁੱਲਦਾ ਜਾ ਰਿਹਾ ਆਪਣੇ ਵਿਰਸੇ ਦੀਆਂ ਬਾਤਾਂ ਨੂੰ | ਮੋਬਾਈਲ, ਟੈਲੀਵਿਜ਼ਨ ਤੇ ਫੇਸਬੁੱਕ ਦੇ ਜ਼ਮਾਨੇ ਨੇ ਮੁੱਖ ਮੋੜ ਦਿੱਤਾ ਨੌਜਵਾਨੀ ਦਾ ਕਿਤਾਬਾਂ, ਮੈਗਜ਼ੀਨਾਂ, ਰਸਾਲਿਆਂ ਤੋਂ | ਫੇਰ ਕਿਉਂ ਨਾ ਆਖੀਏ ਪੱਛਮੀ ਸੱਭਿਆਚਾਰ ਦਾ ਪ੍ਰਸਾਰ ਦਿਨੋ-ਦਿਨ ਆਪਣੇ ਕਦਮਾਂ ਨੂੰ ਅੱਗੇ ਵਧਾਉਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਫ਼ੈਲਦਾ ਜਾ ਰਿਹਾ ਹੈ? ਜ਼ਿੰਮੇਵਾਰ ਕੌਣ ਹੈ, ਅਸੀਂ? ਸਕੂਲਾਂ ਵਿਚੋਂ ਲਾਇਬ੍ਰੇਰੀਆਂ ਖਤਮ ਹੋ ਗਈਆਂ | ਸੰਨ 2011 ਵਿਚ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਲਦੀ ਹੀ ਰਾਜ ਦੇ ਸਾਰੇ ਸਕੂਲਾਂ ਵਿਚ ਲਾਇਬ੍ਰੇਰੀਆਂ ਸਥਾਪਤ ਹੋਣਗੀਆਂ ਪਰ ਜਿਨ੍ਹਾਂ ਦੀ ਲੋੜ ਏਨੀ ਕੁ ਵਧ ਗਈ ਹੈ ਕਿ ਭੁੱਲ ਗਏ ਸਕੂਲਾਂ ਦੇ ਵਿਦਿਆਰਥੀ ਪੰਜਾਬੀ ਸਾਹਿਤ ਨੂੰ ਉੱਚਾ ਚੁੱਕਣ ਵਾਲੇ ਕਵੀਆਂ, ਸਾਹਿਤਕਾਰਾਂ ਤੇ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ |
ਸਿੱਖਿਆ ਵਿਭਾਗ ਨੂੰ ਵੱਡੇ ਹੰਭਲੇ ਦੇ ਨਾਲ ਲਾਇਬ੍ਰੇਰੀਆਂ ਸਥਾਪਿਤ ਕਰਕੇ ਹਰ ਜਮਾਤ ਦੇ ਵਿਦਿਆਰਥੀਆਂ ਲਈ ਖ਼ਾਸ ਪੀਰੀਅਡ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਜੋੜਨਾ ਚਾਹੀਦਾ ਮਾਂ-ਬੋਲੀ ਪੰਜਾਬੀ ਦੇ ਸੱਭਿਆਚਾਰ ਵਾਲੇ ਭੰਡਾਰ ਨਾਲ ਅਤੇ ਗਰਾਮ ਪੰਚਾਇਤਾਂ ਨੂੰ ਪਿੰਡਾਂ ਅੰਦਰ ਲਾਇਬ੍ਰੇਰੀਆਂ ਬਣਾਉਣ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਨੂੰ ਕੰਪਿਊਟਰੀਕਰਨ ਗੇਮਾਂ, ਟੈਲੀਵਿਜ਼ਨ ਦੇ ਨਾਲ-ਨਾਲ ਚੰਗੀ ਸੇਧ ਦੇਣ ਵਾਲੀਆਂ ਅਖ਼ਬਾਰਾਂ ਤੇ ਕਿਤਾਬਾਂ ਵਿਚ ਖ਼ਾਸ ਕਿਸਮ ਦੀ ਪੜ੍ਹਨ ਰੁਚੀ ਪੈਦਾ ਕਰਕੇ ਆਪਣੇ ਵਿਰਸੇ ਦੀ ਸੰਭਾਲ ਕਰਨ ਦੇ ਕਾਬਲ ਬਣਾਇਆ ਜਾਵੇੇ | ਲਾਇਬ੍ਰੇਰੀਆਂ ਭਾਈਚਾਰਕ ਸਾਂਝ ਦੀਆਂ ਪ੍ਰਤੀਕ ਹਨ, ਜੋ ਰਲ-ਮਿਲ ਕੇ ਬੈਠਣ 'ਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ | ਜੇਕਰ ਸੱਚਮੁੱਚ ਅਸੀਂ ਮਾਂ-ਬੋਲੀ ਪੰਜਾਬੀ ਦੇ ਅਨਮੋਲ ਖ਼ਜ਼ਾਨੇ ਨੂੰ ਬਚਾਉਣਾ ਹੈ ਤਾਂ ਜ਼ਰੂਰ ਬਿਨਾਂ ਕਿਸੇ ਦੇਰੀ ਦੇ ਪੰਜਾਬ 'ਚ ਵਿੱਦਿਆ ਦੇ ਮੁਕਾਮ ਨੂੰ ਚਾਰ ਚੰਨ ਲਗਾ ਕੇ ਪਿੰਡਾਂ ਅਤੇ ਸਾਰੇ ਸਕੂਲਾਂ ਵਿਚ ਲਾਇਬ੍ਰੇਰੀਆਂ ਦੀ ਸਥਾਪਨਾ ਕਰਕੇ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਯਤਨ ਕਰਨੇ ਪੈਣਗੇ |
-ਮੋਬਾ: 94173-01224

ਯਾਦਾਂ ਬਣਨ ਲੱਗੇ ਚਿੱਠੀਆਂ ਦੀ ਉਡੀਕ 'ਚ ਡਾਕ ਬਕਸੇ

ਪੁਰਾਤਨ ਸਮੇਂ 'ਚ ਪਿੰਡਾਂ ਅੰਦਰ 'ਡਾਕੀਆ ਡਾਕ ਲਿਆਇਆ' ਦਾ ਰੌਲਾ ਆਮ ਸੁਣਨ ਨੂੰ ਮਿਲਦਾ ਸੀ | ਉਦੋਂ ਚਿੱਠੀਆਂ ਸਾਕ-ਸਬੰਧੀਆਂ, ਪਿਆਰਿਆਂ, ਦਿਲਜਾਨੀਆਂ ਨਾਲ ਅੱਧਾ ਮਿਲਾਪ ਕਰਾ ਦਿੰਦੀਆਂ ਸਨ | ਪੂਰਾ ਮਿਲਾਪ ਇਸ ਕਰਕੇ ਨਹੀਂ ਸੀ ਹੁੰਦਾ, ਕਿਉਂਕਿ ਚਿੱਠੀਆਂ ਮੰੂਹੋਂ ਨਹੀਂ ਸੀ ਬੋਲ ਸਕਦੀਆਂ | ਕਿਸੇ ਸ਼ਾਇਰ ਨੇ ਵੀ ਇਸ ਬਾਰੇ ਲਿਖਿਆ ਸੀ, 'ਬੈਠ ਚੁਬਾਰੇ ਨੀਂ ਮੈਂ ਚਿੱਠੀ ਨੂੰ ਫੋਲਦੀ, ਇਕ ਦੁੱਖ ਡਾਢਾ ਚਿੱਠੀ ਮੰੂਹੋਂ ਨਈਾ ਬੋਲਦੀ |' ਇਹ ਚਿੱਠੀਆਂ-ਪੱਤਰ ਪਿੰਡਾਂ 'ਚ ਟੰਗੇ ਡਾਕ ਬਕਸਿਆਂ ਰਾਹੀਂ ਇਕ-ਦੂਜੇ ਤੱਕ ਪਹੁੰਚਦੇ ਸਨ | ਬੀਤੇ ਸਮੇਂ 'ਚ ਤਿਉਹਾਰਾਂ ਦੇ ਦਿਨ ਇਨ੍ਹਾਂ ਡਾਕ ਬਕਸਿਆਂ 'ਤੇ ਚਹਿਲ-ਪਹਿਲ ਹੋਇਆ ਕਰਦੀ ਸੀ | ਚਿੱਠੀ-ਪੱਤਰ ਪਾਉਣ ਲਈ ਇਨ੍ਹਾਂ ਡਾਕ ਬਕਸਿਆਂ 'ਚ ਜਗ੍ਹਾ ਨਈਾ ਸੀ ਹੁੰਦੀ | ਉਦੋਂ ਘਰਾਂ 'ਚ ਚਿੱਠੀਆਂ ਆਉਣੀਆਂ ਬਜ਼ੁਰਗ ਵਸਦੇ ਘਰਾਂ ਦੀਆਂ ਨਿਸ਼ਾਨੀਆਂ ਮੰਨਦੇ ਸਨ | ਲੇਕਿਨ ਆਧੁਨਿਕ ਯੁੱਗ ਵਿਚ ਨਾ ਤਾਂ ਹੁਣ ਚਿੱਠੀਆਂ ਲੱਭ ਰਹੀਆਂ ਹਨ ਅਤੇ ਨਾ ਹੀ ਦੀਵਾਰਾਂ 'ਤੇ ਟੰਗੇ ਡਾਕ ਬਕਸੇ ਦਿਖ ਰਹੇ ਹਨ |
ਚਿੱਠੀਆਂ-ਪੱਤਰ ਵੀ ਬਹੁਤ ਘੱਟ ਆਉਂਦੇ ਹਨ ਤੇ ਜੇਕਰ ਕੋਈ ਪੱਤਰ ਆਉਂਦਾ ਵੀ ਹੈ ਤਾਂ ਉਹ ਡਾਕੀਆ ਦੇ ਕੇ ਕਦੋਂ ਚਲਾ ਜਾਂਦਾ, ਪਤਾ ਵੀ ਨਹੀਂ ਚਲਦਾ | ਚਿੱਠੀਆਂ ਦੇ ਇੰਤਜ਼ਾਰ 'ਚ ਪਿੰਡਾਂ ਅੰਦਰ ਦੀਵਾਰਾਂ 'ਤੇ ਟੰਗੇ ਡਾਕ ਬਕਸੇ ਜੰਗ ਖਾ ਚੁੱਕੇ ਹਨ | ਮੌਜੂਦਾ ਸਮੇਂ 'ਚ ਮੋਬਾਈਲ, ਇੰਟਰਨੈੱਟ ਦਾ ਦੌਰ ਤੇਜ਼ੀ 'ਤੇ ਹੈ | ਬਹੁਤ ਘੱਟ ਲੋਕ ਸੰਦੇਸ਼ ਭੇਜਣ ਲਈ ਚਿੱਠੀਆਂ ਦਾ ਸਹਾਰਾ ਲੈਂਦੇ ਹਨ | ਬਚੀ ਹੋਈ ਕਸਰ ਕੋਰੀਅਰ ਤੇ ਇੰਟਰਨੈੱਟ ਚੈਟਿੰਗ ਪੂਰੀ ਕਰ ਰਹੀ ਹੈ | ਡਾਕ ਬਕਸਿਆਂ ਰਾਹੀਂ ਚਿੱਠੀਆਂ ਦਾ ਇਕ ਸੁਨਹਿਰੀ ਯੁੱਗ ਖਤਮ ਹੋਣ ਕਿਨਾਰੇ ਹੈ | ਡਾਕੀਏ ਦਾ ਕੰਮ ਵੀ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੋ ਚੁੱਕਾ ਹੈ, ਕਿਉਂਕਿ ਜ਼ਿਆਦਾਤਰ ਲੋਕ ਈ-ਮੇਲ ਦਾ ਸਹਾਰਾ ਲੈਂਦੇ ਹਨ | ਜਿਸ ਤਰ੍ਹਾਂ ਵਿਗਿਆਨਕ ਯੁੱਗ 'ਚ ਕੰਪਿਊਟਰ ਨੇ ਆਪਣਾ ਵਿਸਥਾਰ ਕਰ ਲਿਆ ਹੈ | ਆਉਣ ਵਾਲੇ ਸਮੇਂ ਵਿਚ ਚਿੱਠੀਆਂ ਦਾ ਸਿਲਸਿਲਾ ਖਤਮ ਹੋਣ ਦੇ ਆਸਾਰ ਦਿਖ ਰਹੇ ਹਨ | ਜ਼ਿਆਦਾਤਰ ਲੋਕ ਇਸ ਯੁੱਗ ਵਿਚ ਚਿੱਠੀ ਲਿਖਣਾ ਭੁੱਲ ਕੇ ਮੈਸਿਜ ਲਿਖਣ 'ਚ ਮਾਹਰ ਹੋ ਗਏ ਹਨ |
-ਪਿੰਡ ਨਾਰਦਾ, ਡਾਕ: ਸਾਹੋਵਾਲ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ-143531. ਮੋਬਾ: 94171-93114

ਪਖੰਡੀ ਸਾਧੂਆਂ ਦਾ ਅਸਲੀ ਰੂਪ ਤੇ ਮਨੋਰਥ

ਕਹਿਣ ਨੂੰ ਤਾਂ ਅਸੀਂ 21ਵੀਂ ਸਦੀ ਵਿਚ ਰਹਿ ਰਹੇ ਹਾਂ | ਪਹਿਰਾਵੇ, ਰਹਿਣ-ਸਹਿਣ ਤੇ ਖਾਣ-ਪੀਣ ਪੱਖੋਂ ਹਰ ਹੀਲੇ ਆਧੁਨਿਕ ਨਜ਼ਰ ਆਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੀ ਸੋਚ ਅੱਜ ਵੀ ਉਥੇ ਦੀ ਉਥੇ ਹੀ ਖੜ੍ਹੀ ਹੈ | ਅੱਜ ਦਾ ਮਨੁੱਖ ਅਮੀਰ ਹੋਵੇ ਜਾਂ ਗਰੀਬ, ਆਪਣੀਆਂ ਮੁਸ਼ਕਿਲਾਂ ਵਿਚ ਘਿਰਿਆ ਹੋਣ ਕਾਰਨ ਇਨ੍ਹਾਂ ਤੋਂ ਨਜ਼ਾਤ ਪਾਉਣੀ ਚਾਹੁੰਦਾ ਹੈ | ਆਪਣੀਆਂ ਸਮੱਸਿਆਵਾਂ ਤੋਂ ਛੁਟਕਾਰੇ ਲਈ ਉਹ ਖੁਦ ਸਾਰਥਿਕ ਯਤਨ ਕਰਨ ਦੀ ਥਾਂ ਪਖੰਡੀ ਬਾਬਿਆਂ ਦੀ ਸ਼ਰਨ ਵਿਚ ਜਾ ਬਹਿੰਦਾ ਹੈ | ਇਥੋਂ ਤੱਕ ਕਿ ਆਪਣੀਆਂ ਮਾਂਵਾਂ, ਧੀਆਂ, ਭੈਣਾਂ ਵੀ ਬਾਬਿਆਂ ਦੀ ਸੇਵਾ ਵਿਚ ਲਗਾ ਦਿੰਦਾ ਹੈ, ਤਾਂ ਕਿ ਅੱਗਾ ਸਵਾਰਿਆ ਜਾ ਸਕੇ | ਆਪਣਾ ਅੱਗਾ ਸਵਾਰਨ ਦੇ ਲਾਲਚ ਹਿਤ ਆਪਣਾ ਵਰਤਮਾਨ ਵੀ ਹਨੇਰੇ ਵਿਚ ਧਕੇਲ ਦਿੰਦਾ ਹੈ | ਇਸ ਦੀ ਤਾਜ਼ਾ ਮਿਸਾਲ ਬਾਪੂ ਜੀ ਹਨ, ਜੋ ਆਮ ਜਨਤਾ ਲਈ ਪ੍ਰਮੇਸ਼ਵਰ ਹਨ, ਜੋ ਉਨ੍ਹਾਂ ਦੇ ਦੁੱਖ-ਦਲਿੱਦਰ ਨੂੰ ਦੂਰ ਕਰਦੇ ਹਨ ਪਰ ਅਸਲੀਅਤ ਕੁਝ ਹੋਰ ਹੈ, ਜੋ ਅੱਜ ਸਾਡੇ ਸਾਹਮਣੇ ਹੈ | ਬਾਪੂ ਜਿਹੇ ਲੱਖਾਂ ਵਹਿਸ਼ੀ ਲੋਕ ਹਨ ਜੋ ਸਾਡੇ ਸਮਾਜ ਅੰਦਰ ਸਾਧੂ ਦੇ ਭੇਸ ਵਿਚ ਛੁਪੇ ਬੈਠੇ ਹਨ, ਜੋ ਸਮਾਜ ਦੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ |
ਇਹ ਬਾਬੇ ਆਪਣੀ ਸੰਸਥਾ ਦੇ ਨਾਂਅ 'ਤੇ ਸੇਵਕਾਂ ਕੋਲੋਂ ਦਾਨ ਮੰਗਦੇ ਹਨ ਤੇ ਸੇਵਕ ਆਪਣੀ ਜ਼ਮੀਨ ਤੱਕ ਡੇਰੇ ਦੇ ਨਾਂਅ ਕਰਵਾ ਦਿੰਦੇ ਹਨ | ਆਪ ਸਾਰੀ ਜ਼ਿੰਦਗੀ ਕੰਗਾਲੀ ਨਾਲ ਜੂਝਦੇ ਮਰ ਜਾਂਦੇ ਹਨ | ਉਦਾਹਰਨ ਦੇ ਤੌਰ 'ਤੇ ਦੇਖੀਏ ਤਾਂ ਇਕ ਘਰ ਜੋ ਮੁਸ਼ਕਿਲ ਨਾਲ ਆਪਣਾ ਤੋਰੀ-ਫੁਲਕਾ ਚਲਾਉਂਦਾ ਹੈ, ਉਸ ਦੇ ਘਰ ਜੇਕਰ ਲਵੇਰਾ (ਦੁੱਧ) ਹੈ, ਉਹ ਵੀ ਡੇਰੇ ਦੇ ਆਉਂਦਾ ਹੈ | ਜਿੰਨੀ ਥੋੜ੍ਹੀ-ਬਹੁਤੀ ਜ਼ਮੀਨ ਹੁੰਦੀ, ਉਹ ਸ਼ਰਧਾ ਵੱਸ ਆ ਕੇ ਆਪਣੇ ਬਾਬਿਆਂ ਦੇ ਨਾਂਅ ਕਰ ਦਿੰਦਾ ਹੈ | ਉੱਪਰੋਂ ਡੇਰੇ ਤੋਂ ਬਾਬੇ ਦੁਆਰਾ ਮੰਤਰ ਪੜ੍ਹ ਕੇ ਦਿੱਤਾ ਪਾਣੀ (ਜਿਸ ਨੂੰ ਸ਼ਰਧਾ ਵੱਸ ਬਾਬੇ ਦੀ ਕਿਰਪਾ ਮੰਨ ਕੇ) ਘਰ ਵਿਚ ਆ ਛਿੱਟਾ ਦਿੰਦਾ ਹੈ ਤਾਂ ਜੋ ਘਰ ਵਿਚ ਖੁਸ਼ਹਾਲੀ ਆ ਜਾਵੇ, ਘਰ ਦਾ ਦੁੱਖ-ਦਲਿੱਦਰ ਤੇ ਕਲੇਸ਼ ਦੂਰ ਹੋ ਜਾਵੇ | ਉਹ ਅੰਨ੍ਹੀ ਸ਼ਰਧਾ ਤੇ ਅਗਿਆਨਤਾ ਦੇ ਕਾਰਨ ਇਹ ਨਹੀਂ ਸਮਝਦਾ ਕਿ ਘਰ ਦੀ ਖੁਸ਼ਹਾਲੀ ਦੇ ਰਾਜ਼ ਦੁੱਧ, ਜ਼ਮੀਨ ਤਾਂ ਡੇਰੇ ਦੇ ਦਿੱਤੀ ਹੈ ਤੇ ਬਾਬੇ ਦੇ ਚੁੱਲੀ ਭਰ ਦਿੱਤੇ ਪਾਣੀ ਨਾਲ ਖੁਸ਼ਹਾਲੀ ਕਿਵੇਂ ਆਊ?
ਸਾਧਾਰਨ ਜੀਵਨ ਬਤੀਤ ਕਰਨ ਦਾ ਉਪਦੇਸ਼ ਦੇਣ ਵਾਲੇ ਪਖੰਡੀ ਸਾਧ ਆਪ ਐਸ਼ਪ੍ਰਸਤੀ ਵਾਲਾ ਜੀਵਨ ਬਤੀਤ ਕਰਦੇ ਹਨ | ਆਮ ਜਨਤਾ ਨੂੰ ਵੱਡੇ-ਵੱਡੇ ਉਪਦੇਸ਼ ਦੇਣ ਸਮੇਂ ਬੇਸ਼ੱਕ ਇਕ ਸਾਧਾਰਨ ਲੰੂਗੀ ਹੀ ਪਹਿਨਦੇ ਹਨ, ਤਾਂ ਕਿ ਉਨ੍ਹਾਂ ਸਾਹਮਣੇ ਪੂਰੀ ਸਾਧਾਰਨਤਾ ਦਾ ਨਮੂਨਾ ਪੇਸ਼ ਕਰ ਸਕਣ ਪਰ ਅਸਲੀਅਤ ਵਿਚ ਖੁਦ ਵੱਡੀਆਂ-ਵੱਡੀਆਂ ਏ. ਸੀ. ਕੋਠੀਆਂ ਵਿਚ ਰਹਿੰਦੇ, ਲਗਜ਼ਰੀ ਗੱਡੀਆਂ ਵਿਚ ਘੰੁਮਦੇ ਹਨ | ਮਾਇਆ ਨੂੰ ਤਿਆਗਣ ਦਾ ਉਪਦੇਸ਼ ਦੇਣ ਵਾਲੇ ਖੁਦ ਬੈਂਕਾਂ ਵਿਚ ਵੱਡੇ-ਵੱਡੇ ਅਕਾਊਾਟਾਂ ਦੇ ਮਾਲਕ ਹੁੰਦੇ ਹਨ, ਜੋ ਆਪਣੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਧਨ ਇਕੱਠਾ ਕਰ ਜਾਂਦੇ ਹਨ |
ਸਾਡੇ ਰਾਜਨੀਤਕ ਆਗੂਆਂ ਦੀ ਖਾਸ ਮਿਹਰਬਾਨੀ ਇਨ੍ਹਾਂ ਪਖੰਡੀ ਸਾਧੂਆਂ ਨੂੰ ਪ੍ਰਾਪਤ ਹੁੰਦੀ ਹੈ | ਇਸੇ ਮਿਹਰਬਾਨੀ ਸਦਕਾ ਹੀ ਇਹ ਸਾਧੂ ਆਪਣੇ ਡੇਰਿਆਂ ਦਾ ਵਿਸਥਾਰ ਕਰੀ ਜਾਂਦੇ ਹਨ | ਆਪ ਤਾਂ ਮੰਤਰੀ ਮਾਨਸਿਕ ਤੌਰ 'ਤੇ ਪੂਰੇ ਚੇਤੰਨ ਹੁੰਦੇ ਹਨ, ਅੰਧ-ਵਿਸ਼ਵਾਸ, ਵਹਿਮ-ਭਰਮ, ਝੂਠ-ਸੱਚ ਨੂੰ ਖੂਬ ਸਮਝਦੇ ਹਨ, ਫਿਰ ਵੀ ਡੇਰਿਆਂ ਉੱਪਰ ਸਮੇਂ-ਸਮੇਂ ਆਪਣੀ ਹਾਜ਼ਰੀ ਲਵਾਉਂਦੇ ਹਨ | ਅਜਿਹਾ ਉਹ ਕਿਸੇ ਵਰ ਪ੍ਰਾਪਤੀ ਲਈ ਨਹੀਂ ਕਰਦੇ, ਸਗੋਂ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਕਰਦੇ ਹਨ | ਆਮ ਜਨਤਾ ਦੀ ਨਜ਼ਰ ਵਿਚ ਮੰਤਰੀਆਂ ਦੀ ਡੇਰੇ 'ਤੇ ਹਾਜ਼ਰੀ ਵਿਸ਼ੇਸ਼ ਮਹੱਤਤਾ ਰੱਖਦੀ ਹੈ, ਜਿਸ ਦੀ ਦੇਖਾ-ਦੇਖੀ ਡੇਰੇ ਪ੍ਰਤੀ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ | ਦੂਜੇ ਪਾਸੇ ਮੰਤਰੀ ਨੂੰ ਵੋਟਾਂ ਮਿਲ ਜਾਂਦੀਆਂ ਹਨ ਤੇ ਸਾਧੂਆਂ ਨੂੰ ਨੋਟ, ਆਮ ਲੋਕਾਂ ਪੱਲੇ ਰਹਿ ਜਾਂਦੀ ਹੈ ਕੰਗਾਲੀ |
ਸੋ, ਅੱਜ ਦੇ ਇਸ ਵਿਗਿਆਨ ਦੇ ਯੁੱਗ ਵਿਚ ਲੋੜ ਹੈ ਜਨਤਾ ਨੂੰ ਜਾਗਰੂਕ ਕਰਨ ਦੀ, ਤਾਂ ਜੋ ਉਨ੍ਹਾਂ ਨੂੰ ਇਹ ਸਮਝ ਆ ਸਕੇ ਕਿ ਇਨ੍ਹਾਂ ਪਖੰਡੀ ਸਾਧੂਆਂ ਕੋਲ ਉਨ੍ਹਾਂ ਦੇ ਦੁੱਖ ਰੋਗ ਦੂਰ ਕਰਨ ਦੀ ਕੋਈ ਗੈਬੀ ਸ਼ਕਤੀ ਨਹੀਂ ਹੈ | ਇਹ ਤਾਂ ਜਨਤਾ ਨੂੰ ਵਹਿਮਾਂ-ਭਰਮਾਂ ਵਿਚ ਫਸਾ ਕੇ ਉਨ੍ਹਾਂ ਦੀ ਲੁੱਟ ਕਰਦੇ ਹਨ ਆਪਣੀਆਂ ਜੇਬਾਂ ਭਰਦੇ ਹਨ | ਸਾਨੂੰ ਲੋੜ ਹੈ ਬੌਧਿਕ ਪੱਧਰ 'ਤੇ ਚੇਤੰਨ ਹੋਣ ਦੀ, ਤਾਂ ਜੋ ਅਸੀਂ ਇਨ੍ਹਾਂ ਬਾਬਿਆਂ ਦੀ ਚੁੰਗਲ ਤੋਂ ਬਚ ਸਕੀਏ ਤੇ ਆਪਣੀਆਂ ਸਮੱਸਿਆਵਾਂ ਦਾ ਖੁਦ ਹੱਲ ਲੱਭ ਸਕੀਏ |
-ਸਪੁੱਤਰੀ ਅਵਤਾਰ ਸਿੰਘ, ਪਿੰਡ ਭਗਤੂਪੁਰ, ਡਾਕ: ਘੁਮਾਣ, ਤਹਿ: ਬਟਾਲਾ (ਗੁਰਦਾਸਪੁਰ)-143514. ਮੋਬਾ: 85281-10846

ਟੁੱਟ ਰਹੇ ਸਾਂਝੇ ਪਰਿਵਾਰ

ਕੋਈ ਸਮਾਂ ਸੀ ਜਦੋਂ ਸਾਂਝੇ ਪਰਿਵਾਰਾਂ ਵਿਚ ਲੋਕ ਇਕਮੁੱਠ ਹੋ ਕੇ ਰਹਿੰਦੇ ਸਨ | ਉਸ ਵੇਲੇ ਪਰਿਵਾਰ ਦੇ ਸਾਰੇ ਮੈਂਬਰ ਖੁਸ਼, ਸੰਤੁਸ਼ਟ ਰਹਿੰਦੇ ਸਨ | ਆਪਸੀ ਤਾਲਮੇਲ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਤਾਂ ਆਪਣੇ-ਆਪ ਹੀ ਦੂਰ ਹੋ ਜਾਂਦੀਆਂ ਸਨ | ਸਾਂਝੇ ਪਰਿਵਾਰ ਦੇ ਵਿਚ ਪਰਿਵਾਰ ਦੇ ਮੁਖੀ ਦਾ ਪੂਰਾ ਆਦਰ-ਸਨਮਾਨ ਹੁੰਦਾ ਸੀ | ਉਸ ਦਾ ਕਿਹਾ ਹੁਕਮ ਬਣ ਜਾਂਦਾ ਸੀ | ਬੱਚਿਆਂ ਨੂੰ ਚੰਗੇ ਸੰਸਕਾਰ ਮਿਲਦੇ ਸਨ | ਪਰ ਸਮਾਂ ਹੁਣ ਤੇਜ਼ੀ ਨਾਲ ਬਦਲਦਾ ਜਾ ਰਿਹਾ ਹੈ | ਹੁਣ ਸਾਂਝੇ ਪਰਿਵਾਰ ਦੀ ਗੱਲ ਕਰਨੀ ਬੇਮਾਨੀ ਹੋਵੇਗੀ | ਮਾਂ-ਬਾਪ ਅਲੱਗ ਰਹਿ ਰਹੇ ਹਨ ਤੇ ਬੱਚੇ ਵੀ ਵੱਖ ਰਹਿਣਾ ਪਸੰਦ ਕਰਦੇ ਹਨ | ਹਰੇਕ ਦਾ ਆਪੋ-ਆਪਣਾ ਜਿਉਣ ਦਾ ਢੰਗ ਹੈ | ਕੋਈ ਕਿਸੇ ਦਾ ਸਾਥੀ ਨਹੀਂ | ਖੂਨ ਚਿੱਟਾ ਹੋ ਰਿਹਾ ਹੈ | ਜ਼ਮੀਨ-ਜਾਇਦਾਦ ਕਾਰਨ ਭਰਾ-ਭਰਾ ਨੂੰ ਅਤੇ ਪੁੱਤਰ ਆਪਣੇ ਬਾਪ ਜਾਂ ਮਾਂ ਨੂੰ ਮਾਰ-ਮੁਕਾਉਣ ਵਿਚ ਰਤਾ ਵੀ ਦੇਰ ਨਹੀਂ ਲਗਾਉਂਦਾ, ਜਦੋਂ ਕਿ ਹੋਣਾ ਇੰਜ ਚਾਹੀਦਾ ਹੈ ਕਿ ਜੇ ਕੋਈ ਇਕ ਭਰਾ ਗਰੀਬ ਹੈ ਅਤੇ ਦੂਜਾ ਭਰਾ ਸਰਦਾ-ਪੁੱਜਦਾ ਹੈ ਤਾਂ ਉਹ ਆਪਣੇ ਗਰੀਬ ਭਰਾ ਦੀ ਮਦਦ, ਜਿੱਥੋਂ ਤੱਕ ਸੰਭਵ ਹੋ ਸਕੇ, ਕਰੇ ਤਾਂ ਹੀ ਉਸ ਦੀ ਜ਼ਿੰਦਗੀ ਦਾ ਇਸ ਧਰਤੀ 'ਤੇ ਆਉਣ ਦਾ ਅਸਲੀ ਮਕਸਦ ਪੂਰਾ ਹੁੰਦਾ ਹੈ |
ਸਿਰਫ ਆਪਣੇ ਲਈ ਹੀ ਨਹੀਂ, ਬਲਕਿ ਦੂਜਿਆਂ ਲਈ ਵੀ ਜਿਊਣਾ ਸਿੱਖੋ | ਹਾਂ, ਜੇਕਰ ਅਸੀਂ ਆਪਣੇ ਸਾਂਝੇ ਪਰਿਵਾਰ ਵਿਚ ਨਹੀਂ ਰਹਿਣਾ ਚਾਹੁੰਦੇ ਤਾਂ ਘੱਟ ਤੋਂ ਘੱਟ ਉਨ੍ਹਾਂ ਰਿਸ਼ਤਿਆਂ ਦੀ ਮਹੱਤਤਾ ਨੂੰ ਤਾਂ ਜ਼ਰੂਰ ਸਮਝੀਏ | ਇਸ ਨਾਲ ਅਸੀਂ ਕਾਫੀ ਹੱਦ ਤੱਕ ਤਣਾਅ ਭਰੀ ਜ਼ਿੰਦਗੀ ਤੋਂ ਬਚ ਸਕਦੇ ਹਾਂ | ਵੱਡੇ-ਵਡੇਰਿਆਂ ਨਾਲ ਹੀ ਪਰਿਵਾਰ ਦੀ ਸ਼ੋਭਾ ਹੈ ਅਤੇ ਉਨ੍ਹਾਂ ਦੇ ਅਨੁਭਵ ਸਾਡੀ ਜ਼ਿੰਦਗੀ ਨੂੰ ਖੁਸ਼ਨੁਮਾ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ | ਅੱਜ ਦੇ ਨੌਜਵਾਨਾਂ ਦੇ ਵਿਗੜਨ ਦਾ ਮੁੱਖ ਕਾਰਨ ਹੀ ਟੁੱਟ ਰਹੇ ਪਰਿਵਾਰ ਹਨ | ਜੇ ਮਾਂ-ਬਾਪ ਦੋਵੇਂ ਹੀ ਨੌਕਰੀਪੇਸ਼ਾ ਹਨ ਤਾਂ ਹੋਰ ਵੀ ਇਸ ਤੇਜ਼ੀ ਭਰੀ ਜ਼ਿੰਦਗੀ ਵਿਚ ਮੁਸ਼ਕਿਲਾਂ ਆਉਂਦੀਆਂ ਹਨ | ਇਸ ਲਈ ਨੌਜਵਾਨ ਵਰਗ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਸਾਂਝੇ ਪਰਿਵਾਰਾਂ ਦੀ ਮੁੱਖ ਲੋੜ ਹੈ | ਯਾਦ ਰੱਖੋ, ਆਪਣਾ ਆਪਣਾ ਹੁੰਦਾ ਹੈ ਤੇ ਬੇਗਾਨਾ ਬੇਗਾਨਾ ਹੀ ਹੁੰਦਾ ਹੈ | ਕਿਹਾ ਵੀ ਗਿਆ ਹੈ ਕਿ 'ਨਹੁੰਆਂ ਨਾਲੋਂ ਮਾਸ ਕਦੀ ਵੀ ਵੱਖਰਾ ਨਹੀਂ ਹੋ ਸਕਦਾ |'
-ਲੈਕਚਰਾਰ, ਮੁਹੱਲਾ ਪੱਬੀਆਂ, ਧਰਮਕੋਟ, ਮੋਗਾ | ਮੋਬਾ: 94172-80333

ਪੰਜਾਬੀ ਬੋਲੀ ਨਾਲ ਹੋ ਰਿਹਾ ਵਿਤਕਰਾ

ਕਿੰਨੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਪੰਜਾਬੀ ਬੋਲੀ ਨਾਲ ਵਿਤਕਰਾ ਹੋ ਰਿਹਾ ਹੈ | ਖਾਸ ਕਰਕੇ ਚੰਡੀਗੜ੍ਹ ਦੇ ਦਫਤਰਾਂ, ਸਕੂਲਾਂ, ਕਾਲਜਾਂ ਵਿਚ ਪਿਛਲੇ ਦਿਨੀਂ ਮੈਂ ਇਹ ਵਿਤਕਰਾ ਆਪ ਮਹਿਸੂਸ ਕੀਤਾ | ਮੈਂ 'ਪੰਜਾਬ ਯੂਨੀਵਰਸਿਟੀ ਸਕੂਲ ਆਫ ਓਪਨ ਲਰਨਿੰਗ' ਦੇ ਐਮ. ਏ. ਸਮਾਜ ਵਿਗਿਆਨ ਵਿਚ ਦਾਖਲਾ ਲਿਆ | ਮਾਧਿਅਮ ਪੰਜਾਬੀ ਭਰਿਆ | ਪਿੱਛੇ ਜਿਹੇ ਇਨ੍ਹਾਂ ਦੀਆਂ ਕਲਾਸਾਂ ਲੱਗੀਆਂ | ਕਲਾਸਾਂ ਵਿਚ ਲੈਕਚਰਾਰਾਂ ਨੇ ਸਭ ਕੁਝ ਅੰਗਰੇਜ਼ੀ ਵਿਚ, ਥੋੜ੍ਹਾ-ਬਹੁਤ ਹਿੰਦੀ ਵਿਚ ਪੜ੍ਹਾਇਆ | ਪੰਜਾਬੀ ਵਿਚ ਕੁਝ ਵੀ ਨਹੀਂ ਦੱਸਿਆ | ਬਹੁਤ ਸਾਰੇ ਬੱਚੇ ਪੰਜਾਬੀ ਮਾਧਿਅਮ ਨਾਲ ਸਬੰਧਤ ਸਨ | ਮੇਰੇ ਵਾਂਗ ਉਨ੍ਹਾਂ ਦੇ ਵੀ ਕੁਝ ਪੱਲੇ ਨਹੀਂ ਪਿਆ | ਹੈਰਾਨੀ ਉਸ ਸਮੇਂ ਹੋਈ ਜਦੋਂ ਯੂਨੀਵਰਸਿਟੀ ਵਾਲਿਆਂ ਕਿਤਾਬਾਂ ਵੀ ਅੰਗਰੇਜ਼ੀ ਵਿਚ ਦਿੱਤੀਆਂ | ਲੈਕਚਰਾਰਾਂ ਨੂੰ ਲੱਖ ਮਿੰਨਤਾਂ ਕੀਤੀਆਂ ਕਿ ਪੰਜਾਬੀ ਵਿਚ ਸਿਲੇਬਸ ਦਿਓ ਪਰ ਉਨ੍ਹਾਂ ਹੱਥ ਖੜ੍ਹੇ ਕਰ ਦਿੱਤੇ ਤੇ ਨਾਲ ਹੀ ਕਿਹਾ ਕਿ ਮਿਹਨਤ ਕਰੋ, ਪਤਾ ਲੱਗੇ ਐਮ. ਏ. ਕਰ ਰਹੇ ਹੋ | ਪਟਿਆਲੇ ਜਾਂ ਜਲੰਧਰ ਤੋਂ ਪਤਾ ਕਰੋ, ਸ਼ਾਇਦ ਕਿਤਾਬਾਂ ਪੰਜਾਬੀ ਵਿਚ ਮਿਲ ਜਾਣ | ਜੋ ਬੱਚੇ ਓਪਨ ਲਰਨਿੰਗ ਵਿਚ ਦਾਖਲਾ ਲੈਂਦੇ ਹਨ, ਉਹ ਸੋਚਦੇ ਹਨ ਕਿ ਕਿਤਾਬਾਂ ਮਿਲ ਜਾਣਗੀਆਂ ਤੇ ਬਾਹਰੋਂ ਕਿਤਾਬਾਂ ਦਾ ਖਰਚ ਬਚ ਜਾਊ ਪਰ ਅੰਗਰੇਜ਼ੀ ਵਿਚ ਹੋਣ ਕਾਰਨ ਸਭ ਬੱਚੇ ਇਧਰੋਂ-ਉਧਰੋ ਕਿਤਾਬਾਂ ਲੱਭ ਰਹੇ ਹਨ ਅਤੇ ਏਨੀ ਫੀਸ ਭਰਨ ਦੇ ਬਾਅਦ ਕਿਤਾਬਾਂ 'ਤੇ ਖਰਚ ਕਰ ਰਹੇ ਹਨ |
ਮੈਨੂੰ ਸਮਝ ਨਹੀਂ ਆ ਰਹੀ ਕਿ ਪੰਜਾਬੀ ਬੋਲੀ ਨਾਲ ਐਨਾ ਵਿਤਕਰਾ ਕਿਉਂ ਹੋ ਰਿਹਾ ਹੈ? ਇਹ ਸਾਰਾ ਕੁਝ ਅੰਗਰੇਜ਼ੀ ਵਿਚ ਦਿੰਦੇ ਹਨ, ਕੁਝ ਵਿਸ਼ਿਆਂ ਨੂੰ ਛੱਡ ਕੇ | ਪੰਜਾਬੀ ਵਿਚ ਦੇਣਾ ਕੋਈ ਮੁਸ਼ਕਿਲ ਨਹੀਂ ਹੈ, ਕਿਉਂਕਿ ਇਹ ਕਿਤਾਬਾਂ ਜੋ ਦਿੰਦੇ ਹਨ, ਖੁਦ ਛਪਵਾਉਂਦੇ ਹਨ | ਜੇਕਰ ਇਹ ਕਿਤਾਬਾਂ ਪੰਜਾਬੀ ਵਿਚ ਅਨੁਵਾਦ ਕਰਵਾ ਕੇ ਛਪਵਾਉਣ ਤਾਂ ਇਸ ਵਿਚ ਕੋਈ ਸਮੱਸਿਆ ਨਹੀਂ, ਸਗੋਂ ਪੰਜਾਬੀ ਵਿਚ ਪੜ੍ਹਨ ਵਾਲੇ ਵਿਦਿਆਰਥੀ ਮਿਹਨਤ ਨਾਲ ਪੜ੍ਹਨਗੇ | ਕਾਫੀ ਬੱਚਿਆਂ ਨਾਲ ਗੱਲ ਕਰਕੇ ਇਹ ਸਮੱਸਿਆ ਵੀ ਪਤਾ ਲੱਗੀ ਕਿ ਇਹ ਪੇਪਰ ਕੇਵਲ ਅੰਗਰੇਜ਼ੀ ਵਿਚ ਹੀ ਦਿੰਦੇ ਹਨ | ਬੱਚਿਆਂ ਨੂੰ ਪੇਪਰ ਹੀ ਸਮਝ ਨਹੀਂ ਆਉਂਦੇ | ਜੇਕਰ ਯੂਨੀਵਰਸਿਟੀ ਪੰਜਾਬੀ ਭਾਸ਼ਾ ਪ੍ਰਤੀ ਅਜਿਹਾ ਵਤੀਰਾ ਅਪਣਾਉਂਦੀ ਹੈ ਤਾਂ ਅਸੀਂ ਸਕੂਲਾਂ, ਕਾਲਜਾਂ, ਦਫਤਰਾਂ ਤੋਂ ਕੀ ਆਸ ਕਰ ਸਕਦੇ ਹਾਂ? ਆਉਣ ਵਾਲੇ ਸਮੇਂ ਵਿਚ ਵੱਡੀ ਸਮੱਸਿਆ ਬਣ ਸਕਦੀ ਹੈ | ਯੂਨੀਵਰਸਿਟੀ ਜਾਂ ਤਾਂ ਪੰਜਾਬੀ ਨੂੰ ਬਚਾਉਣ ਲਈ ਕਦਮ ਚੁੱਕੇ ਜਾਂ ਪੰਜਾਬੀ ਮਾਧਿਅਮ ਦੀ ਚੋਣ ਬੰਦ ਕਰ ਦੇਵੇ, ਤਾਂ ਜੋ ਵਿਦਿਆਰਥੀ ਸੋਚ-ਸਮਝ ਕੇ ਦਾਖਲਾ ਲੈਣ |
-ਚੰਡੀਗੜ੍ਹ | 98727-26000

ਸਰਬਪੱਖੀ ਵਿਕਾਸ ਲਈ ਸੋਚ ਬਦਲਣ ਦੀ ਲੋੜ

ਆਉਣ ਵਾਲਾ ਸਮਾਂ ਬਹੁਤ ਬਦਲਣ ਦੀ ਉਮੀਦ ਸੀ ਪਰ ਨਹੀਂ ਬਦਲਿਆ | ਕੁਝ ਕੁ ਲੋਕਾਂ ਦੀ ਸੋਚ ਸੀ ਕਿ ਐਤਕੀਂ ਜੋ ਸਰਪੰਚੀ ਦੀ ਚੋਣ ਹੋਵੇ ਨੌਜਵਾਨ ਮੁੰਡਿਆਂ ਦੀ ਹੋਵੇ ਅਤੇ ਕਈ ਥਾੲੀਂ ਇਸ ਤਰ੍ਹਾਂ ਹੋਇਆ ਵੀ | ਲੋਕਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਕਿ ਐਤਕੀਂ ਨਵੇਂ ਮੁੰਡੇ ਸਰਪੰਚ ਚੁਣੇ ਹੈ ਅਤੇ ਕੁਝ ਨਵਾਂ ਕਰਨਗੇ ਜੋ ਕਿ ਲੋਕਾਂ ਨੂੰ ਅਲੱਗ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ ਪਰ ਬਦਲਿਆ ਕੁਝ ਨਹੀਂ, ਨਵੇਂ ਲੋਕ ਤਾਂ ਚੁਣੇ ਗਏ ਪਰ ਉਨ੍ਹਾਂ ਦੀ ਸੋਚ ਉਹੀ ਪੁਰਾਣੀ ਰਹੀ | ਮੈਨੂੰ ਕਈ ਥਾੲੀਂ ਮੁੱਖ ਮੰਤਰੀ ਸਾਹਿਬ ਦੇ ਸੰਗਤ ਦਰਸ਼ਨਾਂ ਵਿਚ ਜਾਣ ਦਾ ਮੌਕਾ ਮਿਲਿਆ ਤੇ ਮੇਰਾ ਜ਼ਿਆਦਾ ਧਿਆਨ ਨਵੇਂ ਚੁਣੇ ਗਏ ਸਰਪੰਚਾਂ 'ਤੇ ਗਿਆ ਜੋ ਕਿ ਛੋਟੀ ਉਮਰ ਦੇ ਸਰਪੰਚ ਸੀ | ਮੈਂ ਸੋਚ ਰਿਹਾ ਸੀ ਕਿ ਇਹ ਲੋਕ ਕੁਝ ਬਦਲਾਓ ਲਿਆਉਣਗੇ ਪਰ ਇਸ ਤਰ੍ਹਾਂ ਨਹੀਂ ਹੋਇਆ | ਕਿਸੇ ਵੀ ਸਰਪੰਚ ਸਾਹਿਬਾਨ ਨੇ ਮੁੱਖ ਮੰਤਰੀ ਅੱਗੇ ਕੋਈ ਵੀ ਨਵੀਂ ਮੰਗ ਨਹੀਂ ਰੱਖੀ, ਸਗੋਂ ਉਹੀ ਮੰਗਾਂ ਰੱਖੀਆਂ ਜੋ ਅੱਜ ਤੋਂ ਲਗਭਗ 20 ਸਾਲ ਪਹਿਲਾਂ ਤੋਂ ਚਲੀਆਂ ਆ ਰਹੀਆਂ ਹਨ, ਜਿਵੇਂ ਗਲੀਆਂ-ਨਾਲੀਆਂ ਅਤੇ ਛੱਪੜਾਂ ਦੀ ਚਾਰਦੀਵਾਰੀ ਨੂੰ ਪੱਕਾ ਕਰਨ ਸਬੰਧੀ ਆਦਿ ਜੋ ਕਿ ਇਹ ਚੀਜ਼ਾਂ ਨਾ ਤਾਂ ਅੱਜ ਤੱਕ ਸਹੀ ਢੰਗ ਨਾਲ ਬਣ ਸਕੀਆਂ ਹਨ ਅਤੇ ਨਾ ਹੀ ਬਣ ਸਕਣਗੀਆਂ, ਜਿੰਨਾ ਚਿਰ ਪਿੰਡਾਂ ਦੀ ਸ਼ਹਿਰੀ ਸੋਚ ਨਹੀਂ ਬਣਦੀ |
ਜਿਹੜੀਆਂ ਪਹਿਲਾਂ ਧਰਮਸ਼ਾਲਾਵਾਂ ਬਣੀਆਂ ਹਨ, ਲੋਕ ਉਨ੍ਹਾਂ ਦੀ ਕਿਹੜਾ ਸਾਂਭ-ਸੰਭਾਲ ਕਰਦੇ ਹਨ | ਬਸ ਇਕ ਬਣਾ ਕੇ ਰੱਖ ਦਿੱਤੀਆਂ ਅਤੇ ਹੌਲੀ-ਹੌਲੀ ਡਿੱਗ ਪੈਣਗੀਆਂ | ਬਿਨਾਂ ਵਰਤੋਂ ਦੇ ਹੀ ਪਿਛਲੇ ਪੰਜ ਸਾਲਾਂ ਦੌਰਾਨ ਮੁੱਖ ਮੰਤਰੀ ਸਾਹਿਬ ਨੇ ਗਲੀਆਂ-ਨਾਲੀਆਂ ਲਈ ਕਰੋੜਾਂ ਰੁਪਏ ਦਿੱਤੇ ਪਰ ਉਨ੍ਹਾਂ ਨੇ ਅੱਜ ਤੱਕ ਕਿਸੇ ਪੰਚਾਇਤ ਨੂੰ ਇਹ ਨਹੀਂ ਪੁੱਛਿਆ ਕਿ ਹਾਲੇ ਤੁਹਾਡੇ ਪਿੰਡ ਗਲੀਆਂ-ਨਾਲੀਆਂ ਬਣੀਆਂ ਨਹੀਂ? ਪਰ ਉਹ ਪੁੱਛ ਵੀ ਕਿਵੇਂ ਸਕਦੇ ਐ? ਵੋਟ ਰਾਜ ਹੈ | ਜੇਕਰ ਮੁੱਖ ਮੰਤਰੀ ਸਾਹਿਬ ਇਨ੍ਹਾਂ ਦੀ ਇਨਕੁਆਰੀ ਕਰਵਾਉਂਦੇ ਤਾਂ ਲੋਕ ਉਨ੍ਹਾਂ ਨੂੰ ਮਾੜਾ ਕਹਿਣਗੇ | ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਮੰਗਣ ਵਾਲੀਆਂ ਚੀਜ਼ਾਂ ਸੀ, ਉਧਰ ਲੋਕਾਂ ਦਾ ਧਿਆਨ ਕਿਉਂ ਨਹੀਂ ਗਿਆ? ਜਿਵੇਂ ਕਿ ਕਿਸੇ ਨੇ ਪਿੰਡ ਵਿਚ ਕਾਲਜ, ਚੰਗੇ ਸਕੂਲ ਜਾਂ ਸਕੂਲ ਵਿਚ ਵਧੀਆ ਫਰਨੀਚਰ, ਪਿੰਡ ਦੇ ਵਿਚ ਸਰਕਾਰੀ ਹਸਪਤਾਲ, ਜਿਥੇ ਪਹਿਲਾਂ ਹੈ ਉਨ੍ਹਾਂ ਦੀ ਦੇਖ-ਰੇਖ ਕਰਨ ਸਬੰਧੀ ਅਤੇ ਪਿੰਡ ਦੇ ਹਸਪਤਾਲਾਂ, ਸਕੁੂਲਾਂ, ਸੁਸਾਇਟੀਆਂ, ਐਕਸਚੇਂਜਾਂ ਅਤੇ ਵਾਟਰ ਵਰਕਸ ਆਦਿ ਵਿਚ ਸਟਾਫ ਪੂਰਾ ਕੀਤਾ ਜਾਵੇ, ਜਿਹੜੇ ਸ਼ਹਿਰਾਂ ਤੋਂ ਦੂਰ ਪਿੰਡ ਹਨ, ਉਨ੍ਹਾਂ ਪਿੰਡਾਂ ਵਿਚ ਐਾਬੂਲੈਂਸ ਗੱਡੀਆਂ ਦਾ ਪ੍ਰਬੰਧ ਹੋਵੇ ਤੇ ਬੱਚਿਆਂ ਦੇ ਖੇਡਣ ਵਾਸਤੇ ਗਰਾਊਾਡ ਮੰਗੇ ਜਾਣ, ਪਿੰਡਾਂ ਵਿਚ ਸਰਕਾਰੀ ਮੈਰਿਜ ਪੈਲਸ ਬਣਾਏ ਜਾਣ, ਤਾਂ ਜੋ ਗਰੀਬ ਅਤੇ ਆਮ ਵਰਗ ਆਪਣੇ ਕਿਸੇ ਵੀ ਖੁਸ਼ੀ ਅਤੇ ਗਮੀ ਦੇ ਮੌਕਿਆਂ 'ਤੇ ਇਨ੍ਹਾਂ ਦੀ ਸਹੂਲਤ ਲੈ ਸਕਣ | ਪਰ ਇਨ੍ਹਾਂ ਚੀਜ਼ਾਂ 'ਤੇ ਕਿਸੇ ਦਾ ਵੀ ਧਿਆਨ ਨਹੀਂ |
ਪਤਾ ਨਹੀਂ ਜਾਣ ਕੇ ਨਹੀਂ ਮੰਗਦੇ ਕਿ ਇਨ੍ਹਾਂ ਅਦਾਰਿਆਂ 'ਚ ਆਪ ਨੂੰ ਕੀ ਖਾਣ-ਖੱਟਣ ਨੂੰ ਐ | ਇਸੇ ਤਰ੍ਹਾਂ ਕਈ ਪਿੰਡਾਂ ਦੇ ਲੋਕ ਤਾਂ ਬਿਜਲੀ ਅਤੇ ਟੈਲੀਫੋਨ ਦੇ ਬਿੱਲ ਵੀ ਲਗਭਗ 20-25 ਕਿਲੋਮੀਟਰ ਦੂਰ ਭਰਨ ਲਈ ਜਾਂਦੇ ਹਨ | ਇਸ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਵਿਚ ਪਟਵਾਰਖਾਨੇ ਹੋਣ ਦੇ ਬਾਵਜੂਦ ਪਟਵਾਰੀ ਤਹਿਸੀਲਾਂ ਜਾਂ ਬਲਾਕਾਂ ਵਿਚ ਹੀ ਬੈਠਦੇ ਹਨ ਨਾ ਕਿ ਪਿੰਡ ਦੇ ਪਟਵਾਰਖਾਨੇ ਵਿਚ, ਜਿਸ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅੰਤ ਵਿਚ ਮੈਂ ਨਵੇਂ ਚੁਣੇ ਹੋਏ ਪੰਚਾਂ-ਸਰਪੰਚਾਂ (ਪੰਚਾਇਤਾਂ) ਨੂੰ ਇਹੀ ਕਹਿਣਾ ਚਾਹਵਾਂਗਾ ਕਿ ਜਦੋਂ ਵੀ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਅੱਗੇ ਮੰਗ-ਪੱਤਰ ਰੱਖੋ ਤਾਂ ਉਸ ਵਿਚ ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਤੋਂ ਇਲਾਵਾ ਦੋ- ਤਿੰਨ ਅਜਿਹੀਆਂ ਨਵੀਆਂ ਮੰਗਾਂ ਰੱਖੋ ਕਿ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਇਸ ਮੰਗ ਪੱਤਰ ਨੂੰ ਦੇਖਦੇ ਹੋਏ ਕੁਝ ਸੋਚਣ ਲਈ ਮਜਬੂਰ ਹੋ ਜਾਣ ਕਿ ਇਨ੍ਹਾਂ ਲੋਕਾਂ ਵਿਚ ਥੋੜ੍ਹੀ ਨਹੀਂ, ਸਗੋਂ ਬਹੁਤ ਜ਼ਿਆਦਾ ਜਾਗਰੂਕਤਾ ਆ ਗਈ ਹੈ, ਇਹ ਲੋਕ ਸਮਝਦਾਰ ਬਣ ਚੁੱਕੇ ਹਨ ਅਤੇ ਹੁਣ ਪੁਰਾਣੇ ਲੋਕ-ਲਭਾਊ ਲਾਰਿਆਂ ਵਿਚ ਨਹੀਂ ਆਉਣਗੇ, ਸਗੋਂ ਤੁਹਾਡੇ ਮੰਗ-ਪੱਤਰ ਨੂੰ ਦੇਖ ਕੇ ਪੂਰੀ ਗੌਰ ਕਰਕੇ ਤੁਹਾਡੀਆਂ ਮੰਗਾਂ ਜਲਦੀ ਤੋਂ ਜਲਦੀ ਹੱਲ ਕਰਨਗੇ ਅਤੇ ਇਹ ਸੋਚਣਗੇ ਕਿ ਜੇਕਰ ਅਸੀਂ ਆਪਣੀ ਸਰਕਾਰ ਬਣਾਈ ਰੱਖਣੀ ਹੈ ਤਾਂ ਹੁਣ ਸਾਨੂੰ ਲੋਕਾਂ ਦੇ ਮਸਲੇ ਹੱਲ ਕਰਨੇ ਪੈਣਗੇ |
-ਕੋਟਲੀ ਅਬਲੂ | 98149-61888

ਰਵਾਇਤੀ ਵਿਆਹ ਬਨਾਮ ਮੈਰਿਜ ਪੈਲੇਸ ਸੱਭਿਆਚਾਰ

ਵਿਆਹਾਂ ਦੀ ਮੂਲੋਂ ਹੀ ਬਦਲ ਗਈ ਸ਼ੈਲੀ ਨੇ ਇਨ੍ਹਾਂ ਦੇ ਸਰੂਪ ਵਿਚ ਬਹੁਤ ਵੱਡਾ ਪਰਿਵਰਤਨ ਲਿਆਂਦਾ ਹੈ | ਵਿਖਾਵੇ, ਫਜ਼ੂਲ ਖਰਚੀ ਤੇ ਖਾਣ-ਪੀਣ ਦੀਆਂ ਮਹਿੰਗੀਆਂ ਵਸਤਾਂ ਦੀ ਹੋਣ ਵਾਲੀ ਬਰਬਾਦੀ ਚਿੰਤਾ ਦਾ ਵਿਸ਼ਾ ਹੈ | ਮੈਰਿਜ ਪੈਲੇਸ ਸੱਭਿਆਚਾਰ ਨੇ ਵਿਆਹ ਵਿਚੋਂ ਵਿਆਹ ਦੀਆਂ ਪ੍ਰਮੁੱਖ ਰਸਮਾਂ ਨੂੰ ਮਨਫੀ ਕਰ ਦਿੱਤਾ ਹੈ | ਵੇਖੋ-ਵੇਖੀ ਲੋਕ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਹਨ ਤੇ ਪੈਸੇ ਦੀ ਬਰਬਾਦੀ ਕਰਦੇ ਹਨ | ਮੈਰਿਜ ਪੈਲੇਸਾਂ ਵਿਚ ਹੋਣ ਵਾਲੀਆਂ ਸ਼ਾਦੀਆਂ ਨੇ ਸ਼ਰਾਬ ਪੀਣ ਨੂੰ 'ਸ਼ਰੇਆਮ' ਕਰ ਦਿੱਤਾ ਹੈ | ਕੰਨ ਪਾੜਵੇਂ ਗੀਤ-ਸੰਗੀਤ, ਬੇਹੂਦਾ ਤੇ ਲੱਚਰ ਕਿਸਮ ਦੇ ਨਾਚ ਗਾਣੇ, ਬੇਸੁਰੀਆਂ ਤੇ ਬੇਮੇਲ ਨਾਚ ਮੁਦਰਾਵਾਂ, ਨੱਚਣ ਵਾਲੀਆਂ ਦੇ ਸਿਰਾਂ ਤੋਂ ਵਾਰੇ ਜਾਣ ਵਾਲੇ ਨੋਟ, ਮਾਰੇ ਜਾ ਰਹੇ ਲਲਕਾਰੇ ਤੇ ਚੀਕਾਂ-ਚਾਂਗਰਾਂ, ਆਖਰ ਇਹ ਸਾਰਾ ਕੁਝ ਕੀ ਸਾਬਤ ਕਰਨ ਲਈ ਕੀਤਾ ਜਾਂਦਾ ਹੈ? ਇਹ ਆਮ ਆਦਮੀ ਦੀ ਸਮਝ ਤੋਂ ਬਾਹਰ ਦੀ ਗੱਲ ਹੈ | ਝੂਮ-ਝੂਮ ਕੇ, ਟਕਰਾਅ-ਟਕਰਾਅ ਕੇ ਪੀਤੇ ਜਾ ਰਹੇ ਸ਼ਰਾਬ ਦੇ ਗਲਾਸਾਂ ਵਿਚ ਕਿਸੇ ਗਰੀਬ, ਮਜ਼ਲੂਮ, ਲਾਚਾਰ, ਕਰਜ਼ਾਈ ਬਾਪ ਦਾ ਖੂਨ ਵੀ ਛਲਕਦਾ ਹੋ ਸਕਦਾ ਹੈ | ਇਸ ਸਚਾਈ ਨੂੰ ਕੋਈ ਵਿਰਲਾ ਹੀ ਸਮਝ ਸਕਦਾ ਹੈ | ਮੈਰਿਜ ਪੈਲੇਸਾਂ ਵਿਚ ਹੁੰਦੀਆਂ ਸ਼ਾਦੀਆਂ ਦੇ ਵਧ ਰਹੇ ਰੁਝਾਨ ਤੇ ਵਿਸਥਾਰ ਨੇ ਵਿਆਹ ਰਚਾਉਣ ਨੂੰ ਇਕ ਉਦਯੋਗ ਵਜੋਂ ਸਥਾਪਤ ਕਰ ਦਿੱਤਾ ਹੈ | ਪੂਰੇ ਵਿਆਹ ਦੇ ਪ੍ਰਬੰਧਾਂ/ਕੰਮਾਂ ਨੂੰ ਠੇਕੇ ਉੱਪਰ ਕਰਨ-ਕਰਵਾਉਣ ਦਾ ਚਲਨ ਵਧ ਰਿਹਾ ਹੈ | ਅਜਿਹੇ ਵਿਆਹ ਪ੍ਰਬੰਧਾਂ ਤੇ ਫਜ਼ੂਲ ਖਰਚਿਆਂ ਨੂੰ ਦੋ ਨੰਬਰ ਦੇ ਪੈਸੇ ਵਾਲੇ ਲੋਕ ਡਾਲਰਾਂ, ਪੌਾਡਾਂ ਵਾਲੇ ਲੋਕ, ਨੇਤਾ ਲੋਕ, ਅਭਿਨੇਤਾ ਲੋਕ ਤੇ ਸਰਮਾਏਦਾਰ ਵਪਾਰੀ ਜਮਾਤ ਉਤਸ਼ਾਹਿਤ ਕਰਨ ਵਾਲੀ ਧਿਰ ਬਣਦੇ ਹਨ |
ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਸਾਦ-ਮੁਰਾਦੇ ਵਿਆਹ, ਮੰਦਰ-ਗੁਰਦੁਆਰੇ ਵਿਚ ਕੀਤੇ ਜਾਣ ਵਾਲੇ ਵਿਆਹ, ਘੱਟ ਕਿਰਾਏ ਉੱਪਰ ਉਪਲਬਧ ਕਮਿਊਨਿਟੀ ਹਾਲ ਵਿਚ ਕੀਤੇ ਜਾਣ ਵਾਲੇ ਵਿਆਹ ਵੀ ਧਿਆਨ ਖਿੱਚਦੇ ਹਨ | ਬਗੈਰ ਸਜਾਵਟ ਤੋਂ, ਬਗੈਰ ਰੌਸ਼ਨੀਆਂ ਤੋਂ, ਬਗੈਰ ਸ਼ੋਰ-ਸ਼ਰਾਬੇ ਤੋਂ, ਬਗੈਰ ਸ਼ਰਾਬ ਨਾਲ ਮਚਾਏ ਜਾਣ ਵਾਲੇ ਹੁੜਦੰਗ ਤੋਂ, ਬਗੈਰ ਫਜ਼ੂਲ ਖਰਚੀ ਤੋਂ ਸਾਦੇ ਵਿਆਹ ਕੀਤੇ ਜਾ ਸਕਦੇ ਹਨ | ਇਕ ਦਿਨ ਦੀ ਫੋਕੀ ਬੱਲੇ-ਬੱਲੇ ਕਰਵਾਉਣ ਬਦਲੇ ਘਰ ਫੂਕ ਤਮਾਸ਼ਾ ਦੇਖਣ ਵਿਚ ਕੋਈ ਸਿਆਣਪ ਵਾਲੀ ਗੱਲ ਨਹੀਂ | ਵਿਆਹ ਕਰਨ ਲਈ ਭਲਾ ਮੰਦਿਰ-ਗੁਰਦੁਆਰੇ ਨਾਲੋਂ ਪਵਿੱਤਰ ਜਗ੍ਹਾ ਹੋਰ ਕਿਹੜੀ ਹੋ ਸਕਦੀ ਹੈ? ਇਕ ਦਿਨ ਦੀ ਫੋਕੀ ਵਾਹ-ਵਾਹ ਵਾਲੀ ਟੌਹਰ ਦਿਖਾਉਣ ਦੀ ਬਜਾਏ ਸਾਦੇ ਵਿਆਹ ਕਰਨੇ ਚਾਹੀਦੇ ਹਨ | ਇੰਜ ਪੈਸੇ ਦੀ ਬਰਬਾਦੀ ਵੀ ਘਟੇਗੀ ਤੇ ਫਜ਼ੂਲ ਖਰਚੀ ਵੀ ਨਹੀਂ ਹੋਵੇਗੀ | ਅਜਿਹਾ ਕਰਨਾ ਸਮਾਜ ਸੁਧਾਰ ਕਰਨ ਦੀ ਦਿਸ਼ਾ ਵੱਲ ਪੁੱਟਿਆ ਕਦਮ ਵੀ ਹੋਵੇਗਾ | ਪਹਿਲਾਂ ਪਿੰਡਾਂ ਵਿਚ ਜੰਝ ਘਰ ਹੁੰਦੇ ਸਨ, ਉਨ੍ਹਾਂ ਵਿਚ ਬਰਾਤਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਂਦਾ ਸੀ ਤੇ ਰਵਾਇਤੀ ਸਾਦੇ ਵਿਆਹ ਕੀਤੇ ਜਾਂਦੇ ਸਨ | ਹੁਣ ਸਮੇਂ ਦੀਆਂ ਲੋੜਾਂ, ਮਜਬੂਰੀਆਂ ਵੀ ਅਨੇਕ ਹਨ, ਫਿਰ ਵੀ ਸੀਮਾਵਾਂ ਵਿਚ ਰਹਿ ਕੇ ਘੱਟ ਤੋਂ ਘੱਟ ਖਰਚੇ ਨਾਲ ਵਿਆਹ ਕਰਨ ਵੱਲ ਮੋੜ ਕੱਟਣਾ ਸਮੇਂ ਦੀ ਲੋੜ ਹੈ |
-ਸਾਈ ਰੋਡ, ਬੱਦੀ (ਹਿਮਾਚਲ ਪ੍ਰਦੇਸ਼) |
ਮੋਬਾ: 094653-84445


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX