ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ...
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਹੱਕ-ਸੱਚ ਦੀ ਜਿੱਤ ਦਾ ਪ੍ਰਤੀਕ ਬੰਦੀ ਛੋੜ ਦਿਵਸ

ਹਰ ਸਾਲ ਜਿੱਥੇ ਸਮੁੱਚੇ ਭਾਰਤ ਵਾਸੀ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ, ਉੱਥੇ ਸਮੁੱਚਾ ਸਿੱਖ ਪੰਥ ਇਸ ਨੂੰ ਅਸਲ ਵਿਚ ਹੱਕ-ਸੱਚ ਦੀ ਜਿੱਤ ਵਜੋਂ ਬੰਦੀ ਛੋੜ ਦਿਵਸ ਦੇ ਰੂੁਪ ਵਿਚ ਮਨਾ ਕੇ ਆਪਣੇ ਵਿਰਸੇ 'ਤੇ ਮਾਣ ਮਹਿਸੂਸ ਕਰਦਾ ਹੈ |
ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ ਜਦ ਮੀਰੀ-ਪੀਰੀ ਦੇ ਮਾਲਕ, ਬੰਦੀ-ਛੋੜ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਸ੍ਰੀ ਅੰਮਿ੍ਤਸਰ ਪਹੁੰਚੇ ਅਤੇ ਗੁਰੂ ਦਰਸ਼ਨਾਂ ਲਈ ਬਿਹਬਲ ਹੋਈਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ | ਨਿਰਸੰਦੇਹ ਇਹ ਇਕ ਸੱਚਾਈ ਦੀ ਕੂੁੜ ਉੱਪਰ ਅਤੇ ਸਬਰ ਦੀ ਜਬਰ ਉੱਪਰ ਜਿੱਤ ਦਾ ਮੁਬਾਰਕ ਮੌਕਾ ਸੀ, ਜਿਸ ਨੂੰ ਸੰਗਤਾਂ ਨੇ ਅਤਿਅੰਤ ਖੁਸ਼ੀ ਵਿਚ ਦੀਪਮਾਲਾ ਕਰਕੇ ਮਨਾਇਆ |
ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਸ ਮਕਸਦ ਲਈ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਕਿ ਉਹ ਇਸ ਸੱਚ ਦੀ ਆਵਾਜ਼ ਨੂੰ ਹਮੇਸ਼ਾ ਲਈ ਬੰਦ ਕਰ ਦੇਵੇਗਾ | ਪਰ ਦਲਿ ਭੰਜਨ ਗੁਰ ਸੂਰਮੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਸੰਭਾਲਦਿਆਂ ਹੀ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨ, ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਅਤੇ ਚੰਗੇ ਘੋੜੇ ਅਤੇ ਸ਼ਸਤਰ ਭੇਟਾ ਵਜੋਂ ਲਿਆਉਣ ਦੇ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ ਕਿ ਜ਼ੁਲਮ ਅਤੇ ਜਬਰ ਅੱਗੇ ਝੁਕਿਆ ਨਹੀਂ ਜਾਵੇਗਾ ਅਤੇ ਸੱਚ ਦੀ ਸਦਾਅ ਧੀਮੀ ਹੋਣ ਦੀ ਬਜਾਏ ਹੋਰ ਉੱਚੀ ਹੋਵੇਗੀ |
ਜਹਾਂਗੀਰ ਪਾਸ ਵੀ ਇਹ ਸੋਆਂ ਪੁੱਜਦੀਆਂ ਰਹੀਆਂ | ਗੁਰੂ ਜੀ ਨੂੰ ਦਿੱਲੀ ਬੁਲਾ ਭੇਜਿਆ | ਗੁਰੂ ਜੀ ਦੇ ਦਿੱਲੀ ਪਹੁੰਚਣ 'ਤੇ ਜਹਾਂਗੀਰ ਨੇ ਇਸ ਸੱਚ ਦੀ ਆਵਾਜ਼ ਤੋਂ ਵਿਸ਼ੇਸ਼ ਖ਼ਤਰਾ ਅਨੁਭਵ ਕਰਦਿਆਂ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਬਣਾ ਲਿਆ | ਗੁਰੂ ਜੀ ਜਦ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਸਨ ਤਾਂ ਪੰਜਾਬ ਦੇ ਸਿੱਖਾਂ ਵਿਚ ਵਿਸ਼ੇਸ਼ ਤੌਖਲਾ ਤੇ ਬੇਚੈਨੀ ਵਧ ਗਈ | ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿਚ ਸਿੱਖ ਸੰਗਤਾਂ ਮਿਸ਼ਾਲਾਂ ਜਗਾ ਕੇ ਗੁਰ-ਸ਼ਬਦ ਪੜ੍ਹਦੀਆਂ ਜਲੂਸਾਂ ਦੀ ਸ਼ਕਲ ਵਿਚ ਵਿਖਾਵੇ ਕਰਦੀਆਂ | ਕਈ ਜਥੇ ਪੰਜਾਬ ਤੋਂ ਚੱਲ ਕੇ ਗਵਾਲੀਅਰ ਪੁੱਜਦੇ, ਕਿਲ੍ਹੇ ਦੀਆਂ ਪ੍ਰਕਰਮਾ ਕਰਦੇ ਅਤੇ ਉਹਨਾਂ ਕੰਧਾਂ ਨੂੰ ਚੁੰਮ ਕੇ ਸ਼ਰਧਾ ਨਾਲ ਮੱਥਾ ਟੇਕ ਕੇ ਵਾਪਸ ਪਰਤਦੇ | ਕਈ ਇਨਸਾਫ-ਪਸੰਦ ਮੁਸਲਮਾਨਾਂ ਨੇ ਵੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰਿਹਾਅ ਕਰਨ ਦੀਆਂ ਅਪੀਲਾਂ ਜਹਾਂਗੀਰ ਨੂੰ ਲਿਖ ਭੇਜੀਆਂ |
ਜਹਾਂਗੀਰ ਦੀ ਪਤਨੀ ਨੂਰਜਹਾਂ ਜੋ ਸਾਈਾ ਮੀਆਂ ਮੀਰ ਜੀ ਦੀ ਸ਼ਿਸ਼ ਸੀ, ਉਸ ਨੇ ਆਪਣੇ ਪਤੀ ਨੂੰ ਗੁਰੂ-ਘਰ ਦੀ ਅਜ਼ਮਤ ਵਡਿਆਈ ਬਾਰੇ ਸਮਝਾਇਆ | ਇਹ ਸਾਰਾ ਹਾਲ ਤੱਕ ਸੁਣ ਕੇ ਬਾਦਸ਼ਾਹ ਆਪ ਵੀ ਸਮਝ ਗਿਆ ਕਿ ਇਸ ਲਹਿਰ ਨੂੰ ਬਹੁਤੀ ਦੇਰ ਦਬਾਇਆ ਨਹੀਂ ਜਾ ਸਕਦਾ | ਸੋ, ਇਸ ਤਰ੍ਹਾਂ ਉਸ ਨੇ ਗੁਰੂ ਜੀ ਨਾਲ ਸੁਲਾਹ ਕਰਨੀ ਹੀ ਠੀਕ ਸਮਝੀ ਅਤੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਭੇਜ ਦਿੱਤੇ | ਗੁਰੂ ਜੀ ਨੇ ਉਸ ਕਿਲ੍ਹੇ ਵਿਚ ਕੈਦ 52 ਰਾਜਿਆਂ ਦੀ ਦਰਦ ਪੁਕਾਰ ਸੁਣ ਉਨ੍ਹਾਂ ਨੂੰ ਵੀ ਰਿਹਾਅ ਕਰਵਾਇਆ ਅਤੇ ਆਪ ਜੀ ਬੰਦੀ ਛੋੜ ਦੇ ਨਾਮ ਨਾਲ ਪ੍ਰਸਿੱਧ ਹੋਏ |
ਗੁਰੂ ਜੀ ਇਸ ਇਤਿਹਾਸਕ ਮੌਕੇ 'ਤੇ ਰਿਹਾਅ ਹੋ ਕੇ ਅੰਮਿ੍ਤਸਰ ਪਹੁੰਚੇ |
ਸਿੱਖਾਂ ਵੱਲੋਂ ਇਸ ਅਹਿਮ ਦਿਹਾੜੇ ਉੱਤੇ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਸਰਬੱਤ ਖ਼ਾਲਸਾ ਦੇ ਰੂਪ ਵਿਚ ਇਕੱਤਰ ਹੋ ਕੇ ਪੰਥਕ ਹਿੱਤਾਂ ਲਈ ਗੁਰਮਤੇ ਦੇ ਰੂਪ ਵਿਚ ਮਹੱਤਵਪੂਰਨ ਫ਼ੈਸਲੇ ਲੈਣ ਦੀ ਪ੍ਰਥਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਬੰਦੀ ਛੋੜ ਦਿਵਸ (ਦੀਵਾਲੀ) ਅਤੇ ਵਿਸਾਖੀ ਦੇ ਦਿਨ ਸਰਬੱਤ ਖ਼ਾਲਸਾ ਅੰਮਿ੍ਤਸਰ ਵਿਖੇ ਇਕੱਤਰ ਹੁੰਦਾ, ਜਿੱਥੇ ਦਰਪੇਸ਼ ਕੌਮੀ ਮਸਲਿਆਂ ਸਬੰਧੀ ਪੰਥਕ ਫ਼ੈਸਲੇ ਤੇ ਗੁਰਮਤੇ ਕੀਤੇ ਜਾਂਦੇ ਸਨ | ਸਿੱਖਾਂ ਲਈ ਬੰਦੀ ਛੋੜ ਦਿਵਸ ਦੋ ਮਹਾਨ ਸ਼ਖ਼ਸੀਅਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਕੇ ਸਮੁੱਚੇ ਪੰਥ ਨੂੰ ਆਪਣੇ ਇਤਿਹਾਸ 'ਤੇ ਫ਼ਖਰ ਕਰਨ ਦੀ ਯਾਦ ਦਿਵਾਉਂਦਾ ਹੈ |
ਬੰਦੀ ਛੋੜ ਦਿਵਸ ਦੇ ਮੌਕੇ 'ਤੇ ਅਸੀਂ ਜਿੱਥੇ ਹੱਕ, ਸੱਚ, ਸੰਤੋਖ ਤੇ ਸਬਰ ਦੀ ਜਿੱਤ ਦੇ ਵਿਸ਼ਵਾਸ ਨੂੰ ਹਰ ਸਿੱਖ ਨੇ ਦਿ੍ੜ੍ਹ ਕਰਨਾ ਹੈ ਉੱਥੇ ਸਿੱਖੀ ਸਿਦਕ ਦੀ ਪ੍ਰਪੱਕਤਾ ਅਤੇ ਉਹ ਵੀ ਬੰਦ-ਬੰਦ ਕਟਵਾਏ ਜਾਣ ਤੱਕ ਦੀ ਪ੍ਰਪੱਕਤਾ ਨੂੰ ਹੱਡੀਂ ਰਚਾਉਣਾ ਹੈ | ਰੋਮ-ਰੋਮ ਵਿਚ ਵਸਾਉਣਾ ਹੈ | ਆਪਣੇ ਹਿਰਦੇ ਦੀਆਂ ਅੰਧੇਰੀਆਂ ਗ਼ੁਫ਼ਾਵਾਂ ਵਿਚ ਗੁਰਮਤਿ ਗਿਆਨ ਦੇ ਦੀਪਕ ਦੀ ਰੌਸ਼ਨੀ ਨਾਲ ਬਿਬੇਕ ਬੁੱਧ ਦੇ ਧਾਰਨੀ ਬਣਨਾ ਹੈ | ਸਿੱਖ ਇਤਿਹਾਸ ਵਿੱਚੋਂ ਬੰਦੀ ਛੋੜ ਦਿਵਸ ਤਿਉਹਾਰ ਸਬੰਧੀ ਐਸੀ ਹੀ ਪ੍ਰੇਰਨਾ ਮਿਲਦੀ ਹੈ, ਜਿਸ 'ਤੇ ਅੱਜ ਦੇ ਸੰਕਟਮਈ ਸਮੇਂ ਵਿਚ ਚੱਲਣ ਦੀ ਅਤਿਅੰਤ ਜ਼ਰੂਰਤ ਹੈ | -ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |


ਖ਼ਬਰ ਸ਼ੇਅਰ ਕਰੋ

ਰਾਮ ਰਾਜ ਦਾ ਸੰਕਲਪ ਪੂਰਾ ਕਰਨ ਦੀ ਲੋੜ

ਦੇਸ਼ ਅਤੇ ਸੰਸਾਰ ਵਿਚ ਜਿੱਥੇ ਵੀ ਭਾਰਤੀ ਸਮਾਜ ਰਹਿੰਦਾ ਹੈ, ਦੀਵਾਲੀ ਮਨਾਉਣ ਦੀਆਂ ਤਿਆਰੀਆਂ ਪੂਰੀ ਹੋ ਚੁੱਕੀਆ ਹਨ | ਘਰਾਂ ਦੀ ਸਾਫ਼ - ਸਫ਼ਾਈ, ਸਜਾਵਟ, ਤੋਹਫ਼ਿਆਂ ਦਾ ਲੈਣਾ–ਦੇਣਾ ਸਭ-ਕੁਝ ਹੋ ਰਿਹਾ ਹੈ | ਅਣਗਿਣਤ ਲੋਕਾਂ ਨੂੰ ਇਹ ਵੀ ਯਾਦ ਹੈ ਕਿ ਜਦੋਂ ਭਗਵਾਨ ਸ੍ਰੀ ਰਾਮ ਰਾਵਣ ਦਾ ਨਾਸ਼ ਕਰਕੇ ਅਯੁੱਧਿਆ ਪਰਤੇ, ਉਨ੍ਹਾਂ ਦੀ ਤਾਜਪੋਸ਼ੀ ਹੋਈ ਅਤੇ ਉਸੇ ਸਮੇਂ ਜੋ ਦੀਪਮਾਲਾ ਕੀਤੀ ਗਈ ਉਸ ਦੀ ਯਾਦ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ | ਇਸ ਦਿਨ ਲਕਸ਼ਮੀ ਪੂਜਾ ਵੀ ਕੀਤੀ ਜਾਂਦੀ ਹੈ | ਸਿੱਧੀ ਗੱਲ ਇਹ ਕਿ ਜਿੱਥੇ ਰਾਮ ਰਾਜ ਹੋਵੇਗਾ, ਉੱਥੇ ਤਾਂ ਲਕਸ਼ਮੀ ਜੀ ਵਿਰਾਜਮਾਨ ਹੋਵੇਗੀ ਹੀ | ਇਸ ਲਈ ਲੋਕ ਦੀਵਾ ਵੀ ਜਗਾਉਂਦੇ ਹਨ | ਮੇਰਾ ਸਵਾਲ ਇਹ ਰਹਿੰਦਾ ਹੈ ਕਿ ਦੀਵਾਲੀ ਆ ਗਈ ਅਤੇ ਖੁਸ਼ੀ ਦੇ ਨਾਲ ਇਹ ਤਿਉਹਾਰ ਮਨਾ ਵੀ ਲਿਆ ਅਤੇ ਜਿਸ ਰਾਮ ਰਾਜ ਦੇ ਸਵਾਗਤ ਵਿਚ ਇਹ ਦੀਪਮਾਲਾ ਕੀਤੀ ਗਈ ਸੀ ਉਹ ਰਾਮ ਰਾਜ ਕਿੱਥੇ ਗੁਆਚ ਗਿਆ? ਗਾਂਧੀ ਜੀ ਨੇ ਆਜ਼ਾਦ ਭਾਰਤ ਵਿਚ ਰਾਮ ਰਾਜ ਦੀ ਸਥਾਪਨਾ ਦਾ ਸੁਪਨਾ ਵੇਖਿਆ ਸੀ, ਉਹ ਗਾਂਧੀ ਜੀ ਦੇ ਨਾਲ ਹੀ ਖੋਹ ਗਿਆ ਅਤੇ ਰਾਮ ਦਾ ਨਾਮ ਲੈਣਾ ਹੀ ਇਸ ਦੇਸ਼ ਦੇ ਨੇਤਾਵਾਂ ਨੂੰ ਫਿਰਕੂ ਵਿਚਾਰ ਮਹਿਸੂਸ ਹੋਣ ਲਗਾ | ਗੋਸਵਾਮੀ ਤੁਲਸੀਦਾਸ ਜੀ ਨੇ ਰਾਮ ਰਾਜ ਦਾ ਸੁੰਦਰ ਵਰਣਨ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਇਹੀ ਕਿਹਾ:-
'ਰਾਮ ਰਾਜ ਬੈਠੇ ਤਰੈਲੋਕਾ ਹਰਸ਼ਿਤ ਡਯ ਗਏ ਸਭ ਸੋਕਾ' | ਸਵਾਲ ਫਿਰ ਉਹੀ ਹੈ ਕਿ, ਕੀ ਸਾਰੇ ਸੋਗ ਅਤੇ ਦੁੱਖ ਰਾਮ ਜੀ ਨੂੰ ਵੇਖਕੇ ਹੀ ਚਲੇ ਗਏ ਅਤੇ ਜਨਤਾ ਸਭ ਤਰ੍ਹਾਂ ਸੁਖੀ ਵੀ ਹੋ ਗਈ? ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਨ੍ਹਾਂ 14 ਸਾਲਾਂ ਵਿਚ ਭਰਤ ਜੀ ਨੇ ਅਯੁੱਧਿਆ ਦਾ ਰਾਜ ਕਾਰਜ ਸੰਭਾਲਿਆ ਉਹ ਜਨਤਾ ਲਈ ਸੁਖ ਦੇ ਸਾਲ ਨਹੀਂ ਸਨ | ਜਨਤਾ ਭਰਤ ਜੀ ਤੋਂ ਸੰਤੁਸ਼ਟ ਸੀ, ਉੱਤੋਂ ਰਾਮ ਜੀ ਦੇ ਵਿਛੋੜੇ ਵਿਚ ਦੁਖੀ ਵੀ ਸੀ | ਜਨਤਾ ਨੂੰ ਜੀਵਨ ਬਤੀਤ ਕਰਨ ਲਈ ਸਹੁਲਤਾਂ ਵੀ ਚਾਹੀਦੀਆਂ ਹਨ, ਸੁਰੱਖਿਆ ਵੀ ਚਾਹੀਦੀ ਹੈ, ਪੱਖਪਾਤ ਅਤੇ ਸਿਫ਼ਾਰਿਸ਼ ਤੋਂ ਮੁਕਤ ਸ਼ਾਸਕ ਚਾਹੀਦਾ ਹੈ, ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਉਪਲਬਧਤਾ ਆਮ ਆਦਮੀ ਪੁਰਾਤਨ ਯੁਗ ਵਿਚ ਵੀ ਚਾਹੁੰਦਾ ਸੀ ਅਤੇ ਅੱਜ ਵੀ ਚਾਹੁੰਦਾ ਹੈ | ਅਨਪੜ੍ਹ, ਅਣਸਿੱਖਿਅਤ, ਕੋਈ ਵੀ ਨਾ ਰਹੇ, ਇਹ ਵੀ ਇਕ ਤੰਦੁਰੁਸਤ ਸਮਾਜ ਅਤੇ ਚੰਗੇ ਰਾਜ ਦਾ ਲੱਛਣ ਹੈ | ਸਭਤੋਂ ਵੱਡੀ ਗੱਲ ਇਹ ਕਿ ਸਮਾਜ ਵਿਚ ਅਪਰਾਧ ਨਾ ਹੋਣ ਅਤੇ ਹਰ ਵਿਅਕਤੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰੇ | ਰਾਮ ਰਾਜ ਵਿਚ ਸਜ਼ਾ ਸ਼ਬਦ ਹੀ ਨਹੀਂ ਸੀ | ਜੇਕਰ ਅਪਰਾਧ ਹੁੰਦਾ ਤਾਂ ਕਿਸੇ ਨੂੰ ਸਜ਼ਾ ਵੀ ਦਿੱਤੀ ਜਾਂਦੀ | ਤੁਲਸੀਦਾਸ ਜੀ ਨੇ ਲਿਖਿਆ –
ਸਜਾ ਜਤੀਂਹ ਕਰ ਭੇਦ ਜਹੰ ਨਿ੍ਤਕ ਨਿ੍ਤ ਸਮਾਜ ¢
ਜੀਤਹੁ ਮਨਹਿ ਸੁਨਿਅ ਅਸ ਰਾਮਚੰਦਰ ਕੇਂ ਰਾਜ | ¢
ਸ੍ਰੀਰਾਮ ਚੰਦਰ ਜੀ ਦੇ ਰਾਜ ਵਿਚ ਸਜ਼ਾ ਸਿਰਫ਼ ਸੰਨਿਆਸੀਆਂ ਦੇ ਹੱਥਾਂ ਵਿਚ ਹੀ ਹੁੰਦੀ ਸੀ | ਜਦੋਂ ਕੋਈ ਅਪਰਾਧੀ ਹੀ ਨਹੀਂ ਤਾਂ ਸਜ਼ਾ ਕਿਸ ਨੂੰ ਦਿੱਤੀ ਜਾਂਦੀ? ਜੀਤਹੁ ਸ਼ਬਦ ਮਨ ਨੂੰ ਜਿੱਤਣ ਲਈ ਸੀ | ਸਮਾਜ ਵਿਚ ਅਤੇ ਰਾਜੇ ਵਲੋਂ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ ਸੀ | ਰਾਮ ਰਾਜ ਵਿਚ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਕਰਦਾ ਸੀ, ਕਿਉਂਕਿ ਰਾਮ ਚੰਦਰ ਜੀ ਰਾਜਾ ਦੇ ਰੂਪ ਵਿਚ ਸਾਰਿਆਂ ਨੂੰ ਬਰਾਬਰ ਸਮਝਦੇ ਸਨ | ਅੱਜ ਕਿੱਥੇ ਗਿਆ ਇਹ ਸਮਾਨਤਾ ਦਾ ਸਿਧਾਂਤ? ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਹੁੰਦਾ ਸੀ | ਲੋਕ ਇਕ-ਦੂਜੇ ਨੂੰ ਪਿਆਰ ਕਰਦੇ ਸਨ | ਉਸ ਰਾਜ ਵਿਚ ਨਾ ਕੋਈ ਗ਼ਰੀਬ, ਨਾ ਦੁਖੀ ਅਤੇ ਨਾ ਹੀ ਹੀ ਮਜਬੂਰ ਸੀ | ਕੋਈ ਵੀ ਵਿਅਕਤੀ ਸਿੱਖਿਆ ਤੋਂ ਵਿਹੂਣਾ ਨਹੀਂ ਸੀ | ਤੁਲਸੀਦਾਸ ਜੀ ਕਹਿੰਦੇ ਹਨ ਕਿ ਔਰਤ ਅਤੇ ਪੁਰਖ ਸਾਰੇ ਚਤੁਰ ਅਤੇ ਗੁਣਵਾਨ ਸਨ | ਸਾਰੇ ਲੋਕ ਗਿਆਨੀ ਅਤੇ ਪੰਡਿਤ ਸਨ | ਬੇਈਮਾਨੀ ਕਿਸੇ ਵਿਚ ਨਹੀਂ ਸੀ | ਰਾਮ ਰਾਜ ਵਿਚ ਵਣਾਂ ਵਿਚ ਰੁੱਖ ਹਮੇਸ਼ਾ ਵਧਦੇ-ਫੁਲਦੇ ਅਤੇ ਬੂਟੇ ਲੋੜ ਮੁਤਾਬਿਕ ਫੁਲ ਦਿੰਦੇ ਸਨ | ਗਊਆਂ ਵੀ ਮਨੁੱਖਾਂ ਦੀ ਲੋੜ ਤੋਂ ਜ਼ਿਆਦਾ ਦੁੱਧ ਦਿੰਦੀਆਂ ਸਨ, ਪਸ਼ੂ ਵੀ ਤੰਦੁਰੁਸਤ ਸਨ | ਜੀਵ ਹੱਤਿਆ ਦਾ ਤਾਂ ਉੱਥੇ ਨਾਂਅ ਹੀ ਨਹੀਂ ਸੀ | ਸਾਗਰ ਇਸ ਲਈ ਮਰਿਆਦਾ ਵਿਚ ਸੀ ਕਿ ਦੇਸ਼ ਦੇ ਸ਼ਾਸਕ ਅਤੇ ਜਨਤਾ ਆਪਣੀ ਮਰਿਆਦਾ ਕਦੇ ਤੋੜਦੀ ਨਹੀਂ ਸੀ | ਹੁਣ ਸਵਾਲ ਇਹ ਹੈ ਕਿ ਹਜ਼ਾਰਾਂ ਸਾਲਾਂ ਤੋਂ ਦੀਵਾਲੀ ਤਾਂ ਅਸੀਂ ਮਨਾ ਰਹੇ ਹਾਂ, ਸਾਡੇ ਪਹਾੜ ਅਨੇਕ ਪਦਾਰਥਾਂ ਨਾਲ ਭਰੇ ਹੋਏ ਹਨ, ਪਰ ਉਨ੍ਹਾਂ ਨੂੰ ਕੁਝ ਲੋਕ ਆਪਣੇ ਸਵਾਰਥਾਂ ਲਈ ਪੁੱਟ ਕੇ ਲੈ ਜਾਂਦੇ ਹਨ | ਗ਼ੈਰ-ਕਾਨੂੰਨੀ ਖੁਦਾਈ ਅਤੇ ਉਸ ਨਾਲ ਜੁੜੇ ਘੁਟਾਲੇ ਅਜੋਕੇ ਰਾਜ ਦੀ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਹਨ¢ ਪਸ਼ੂ ਬੁੱਚੜਖਾਨਿਆਂ ਵਿਚ ਭੇਜ ਦਿੱਤੇ ਗਏ | ਰੁੱਖ ਕੱਟਣੇ, ਲੱਕੜੀ ਚੋਰੀ ਕਰ ਵੇਚਣਾ, ਕੁਦਰਤ ਦੇ ਨਾਲ ਖਿਲਵਾੜ ਇਸ ਦੇਸ਼ ਦੇ ਸ਼ਾਸਕਾਂ ਦੀ ਨੱਕ ਦੇ ਹੇਠਾਂ ਨਹੀਂ, ਅੱਖਾਂ ਦੇ ਸਾਹਮਣੇ ਹੋ ਰਿਹਾ ਹੈ | ਇਵੇਂ ਕਹੋ ਕਿ ਸਰਕਾਰੀ ਹਿਫ਼ਾਜ਼ਤ ਵਿਚ ਹੀ ਇਹ ਮਾਫ਼ੀਆ ਫਲ-ਫੁਲ ਰਿਹਾ ਹੈ | ਰੁੱਖ ਕਟਣ ਕਰਕੇ ਕੁਦਰਤ ਮਨੁੱਖ ਤੋਂ ਨਰਾਜ਼ ਹੋ ਕੇ ਸੋਕਾ ਅਤੇ ਤੂਫ਼ਾਨ ਵਰਗੀਆਂ ਮੁਸੀਬਤਾਂ ਭੇਜ ਰਹੀ ਹੈ | ਰਾਮ ਰਾਜ ਵਿਚ ਤਾਂ ਭਗਵਾਨ ਸ੍ਰੀ ਰਾਮ ਸੀਤਾ ਜੀ ਦੀ ਮੂਰਤੀ ਨੂੰ ਪਤਨੀ ਦੇ ਰੂਪ ਵਿਚ ਰੱਖ ਕੇ ਹੀ ਯੱਗ ਕਰਵਾਉਂਦੇ ਸਨ, ਅੱਜ ਭਾਰਤ ਵਿਚ ਤਾਂ ਲਿਵ ਇਨ ਰਿਲੇਸ਼ਨ ਵਰਗੀ ਗ਼ੈਰਕਾਨੂੰਨੀ ਜ਼ਿੰਦਗੀ ਨੂੰ ਮਾਨਤਾ ਦੇ ਦਿੱਤੀ ਗਈ ਹੈ ਅਤੇ ਭਾਰਤ ਵਿਚ ਹਰ ਸਾਲ ਹਜ਼ਾਰਾਂ ਨਹੀਂ, ਲੱਖਾਂ ਬੇਟੀਆਂ ਬਲਾਤਕਾਰ ਜਿਹੇ ਗੁਨਾਹਾਂ ਦਾ ਸ਼ਿਕਾਰ ਹੋ ਰਹੀਆਂ ਹਨ | ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਤਾਂ ਇਹ ਕਿਹਾ ਸੀ ਕਿ ਜੇਕਰ ਕੋਈ ਧੀ ਵਰਗੀਆਂ ਔਰਤਾਂ ਦੀ ਬੇਇੱਜ਼ਤੀ ਕਰਦਾ ਹੈ ਤਾਂ ਉਸ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਵੇ | ਇੱਥੇ ਤਾਂ ਅਜਿਹੇ ਹਜ਼ਾਰਾਂ ਅਪਰਾਧੀ ਸ਼ਰੇਆਮ ਘੁੰਮਦੇ ਹਨ ਜੋ ਕਿਸੇ ਦੀ ਧੀ ਨੂੰ ਚੁੱਕ ਕੇ ਲੈ ਜਾਂਦੇ ਹਨ | ਅਜੋਕੇ ਯੁੱਗ ਵਿਚ ਵਿਲਾਸਿਤਾ ਅਤੇ ਅਸ਼ਲੀਲਤਾ ਦਾ ਜਿੰਨਾ ਬੋਲਬਾਲਾ ਹੈ, ਉਸ ਨੂੰ ਵੇਖ ਕੇ ਇਹ ਸੋਚਣ ਨੂੰ ਮਜਬੂਰ ਹੋਣਾ ਪੈਂਦਾ ਹੈ ਕਿ, ਕੀ ਅਸੀਂ ਰਾਮ ਰਾਜ ਲਿਆਉਣਾ ਚਾਹੁੰਦੇ ਹਾਂ?
ਹੁਣ ਤਾਂ ਇਹ ਖ਼ਬਰ ਵੀ ਮਿਲ ਰਹੀ ਹੈ ਕਿ ਪ੍ਰੇਮ ਜਾਲ ਵਿਚ ਫਸੀਆਂ ਪਤਨੀਆਂ ਪ੍ਰੇਮੀਆਂ ਤੋਂ ਆਪਣੇ ਪਤੀ ਦੀ ਹੱਤਿਆ ਕਰਵਾਉਂਦੀਆਂ ਹਨ¢ ਸ਼ਰਾਬ ਲਈ ਪੈਸਾ ਨਾ ਮਿਲਣ 'ਤੇ ਪੁੱਤ ਆਪਣੇ ਮਾਂ-ਪਿਉ ਦੀ ਹੱਤਿਆ ਵੀ ਕਰ ਦਿੰਦਾ ਹੈ¢ ਉਨ੍ਹਾਂ ਬੱਚਿਆਂ ਦਾ ਵੀ ਤਾਂ ਕਿਸੇ ਨੂੰ ਧਿਆਨ ਨਹੀਂ ਜੋ ਲਾਪਤਾ ਹੋ ਕੇ ਤਸਕਰੀ, ਭੀਖ ਮੰਗਦੇ ਅਤੇ ਸ਼ਰੀਰ ਦੀ ਮੰਡੀ ਵਿਚ ਪਾ ਦਿੱਤੇ ਗਏ ਹਨ | ਭਾਰਤ ਦੇ ਕੁੱਝ ਵੱਡੇ ਸ਼ਹਿਰਾਂ ਵਿਚ ਸਰੀਰ ਦੇ ਧੰਦੇ ਦੀਆਂ ਮੰਡੀਆਂ ਅਤੇ ਹਜ਼ਾਰਾਂ ਬੇਬਸ ਕੁੜੀਆਂ ਜੋ ਜਬਰਨ ਇਸ ਧੰਦੇ ਵਿਚ ਧੱਕੀਆਂ ਗਈਆਂ ਉਨ੍ਹਾਂ ਨੂੰ ਵੀ ਤਾਂ ਕੋਈ ਸ੍ਰੀ ਰਾਮ ਚਾਹੀਦਾ ਹੈ ਜੋ ਇਸ ਭਿਆਨਕ ਕਲਜੁਗੀ ਰਾਵਣਾਂ ਤੋਂ ਉਨ੍ਹਾਂ ਨੂੰ ਅਜ਼ਾਦ ਕਰਾ ਸਕੇ | ਗੱਲ ਫਿਰ ਉਹੀ ਕਿ ਦੀਵਾਲੀ ਆ ਗਈ, ਚਲੀ ਜਾਵੇਗੀ, ਦੀਵੇ ਜਗੇ, ਬੁਝ ਜਾਣਗੇ ਇਥੇ ਰਾਮ ਰਾਜ ਕਦੋਂ ਆਵੇਗਾ ਅਤੇ ਉਨ੍ਹਾਂ ਹਨੇਰੀਆਂ ਕੋਠੜੀਆਂ ਵਿਚ ਇਕ-ਇਕ ਦੀਵਾ ਕੌਣ ਜਗਾਏਗਾ, ਜਿੱਥੇ ਭੁੱਖ, ਗ਼ਰੀਬੀ, ਬੇਬਸੀ ਅਤੇ ਅਨਪੜ੍ਹਤਾ ਦਾ ਹਨੇਰਾ ਸਦੀਆਂ ਤੋਂ ਹੈ |
-ਸਾਬਕਾ ਕੈਬਨਿਟ ਮੰਤਰੀ, ਪੰਜਾਬ |
ਮੋਬਾ: 94172-76242

ਵਾਤਾਵਰਨ ਤੇ ਸਿਹਤ ਲਈ ਘਾਤਕ ਨੇ ਪਟਾਕੇ

ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੇਂ ਦੀ ਲੋੜ ਹੈ ਕਿ ਪ੍ਰਦੂਸ਼ਣ-ਰਹਿਤ ਦੀਵਾਲੀ ਮਨਾਈ ਜਾਵੇ | ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਦੇਸ਼ ਭਰ ਵਿਚ ਅਰਬਾਂ ਰੁਪਏ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ | ਪਟਾਕੇ ਚਲਾਉਣ ਨਾਲ ਜਿੱਥ ੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉੱਥ ੇ ਇਨ੍ਹਾਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਮਾਰੂ ਬਿਮਾਰੀਆਂ ਦਾ ਕਾਰਨ ਵੀ ਬਣਦੀਆਂ ਹਨ | ਪਟਾਕਿਆਂ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਜਾਣਦੇ ਹੋਏ ਵੀ ਅਸੀਂ ਦੀਵਾਲੀ ਨੂੰ ਦੀਵਿਆਂ ਦੇ ਤਿਉਹਾਰ ਵਜੋਂ ਨਾ ਮਨਾ ਕੇ ਪਟਾਕਿਆਂ ਦੇ ਤਿਉਹਾਰ ਵਜੋਂ ਜ਼ਿਆਦਾ ਮਨਾਉਂਦੇ ਹਾਂ ਜੋ ਕਿ ਇਕ ਗੰਭੀਰ ਵਿਸ਼ਾ ਹੈੇ | ਅਸੀਂ ਪਲ ਭਰ ਦੀ ਖੁਸ਼ੀ ਲਈ ਵਾਤਾਵਰਨ ਨੂੰ ਕਿੰਨਾ ਪ੍ਰਦੂਸ਼ਿਤ ਕਰ ਦਿੰਦੇ ਹਾਂ, ਇਸ ਦਾ ਕੋਈ ਲੇਖਾ ਜੋਖਾ ਹੀ ਨਹੀਂ ਹੈ | ਪਟਾਕਿਆਂ ਨਾਲ ਅੱਗ ਲੱਗਣਾ, ਜਾਨੀ ਨੁਕਸਾਨ ਤੇ ਦੁਰਘਟਨਾ ਹੋਣਾ ਆਮ ਗੱਲ ਹੁੰਦੀ ਜਾ ਰਹੀ ਹੈ | ਇਕ ਅਨੁਮਾਨ ਅਨੁਸਾਰ ਪਟਾਕਿਆਂ ਨਾਲ ਹਰ ਸਾਲ ਲਗਭਗ 13000 ਲੋਕ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਹੁੰਦੇ ਹਨ, ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ | ਖੁਸ਼ੀ ਦੇ ਮੌਕੇ 'ਤੇ ਪਟਾਕੇ ਚਲਾ ਕੇ ਅਸੀਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ | ਇਸ ਲਈ ਇਸ ਨੂੰ ਪੂਰੀ ਤਰ੍ਹਾਂ ਬੰਦ ਵੀ ਨਹੀਂ ਕੀਤਾ ਜਾ ਸਕਦਾ ਪਰ ਇਸ ਦੀ ਵਰਤੋਂ ਨੂੰ ਘੱਟ ਤਾਂ ਕੀਤਾ ਜਾ ਸਕਦਾ ਹੈ | ਸਮੇਂ ਦੀ ਮੰਗ ਹੈ ਕਿ ਪਟਾਕਿਆਂ ਦੀ ਅੰਨ੍ਹੇਵਾਹ ਵਰਤੋਂ ਬੰਦ ਕੀਤੀ ਜਾਵੇ ਅਤੇ ਭੀੜ ਵਾਲੇ ਇਲਾਕਿਆਂ ਵਿਚ ਪਟਾਕੇ ਵੇਚਣ 'ਤੇ ਪਾਬੰਦੀ ਲਾਈ ਜਾਵੇ ਤਾਂ ਜੋ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ |
ਪਟਾਕੇ ਬਣਾਉਣ ਦੇ ਮਸਾਲੇ ਵਿਚ 75 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ, 10 ਫ਼ੀਸਦੀ ਕੋਇਲਾ, 10 ਫ਼ੀਸਦੀ ਗੰਧਕ ਤੋਂ ਇਲਾਵਾ 5 ਫ਼ੀਸਦੀ ਮਾਤਰਾ ਸ਼ੀਸ਼ੇ ਤੇ ਹੋਰ ਪਦਾਰਥਾਂ ਦੀ ਹੁੰਦੀ ਹੈ | ਪਟਾਕਿਆਂ ਨੂੰ ਚਲਾਉਣ ਨਾਲ ਨਿਲਕਣ ਵਾਲੀਆਂ ਜ਼ਹਿਰੀਲੀਆਂ ਗੈਸਾਂ 6 ਤੋਂ 8 ਘੰਟੇ ਤੱਕ ਵਾਤਾਵਰਨ ਵਿਚ ਮੌਜੂਦ ਰਹਿੰਦੀਆਂ ਹਨ ਤੇ ਅਨੇਕਾਂ ਹੀ ਮਾਰੂ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ |
ਇਸ ਤੋਂ ਇਲਾਵਾ ਪਟਾਕੇ ਚਲਾਉਣ ਨਾਲ ਵਾਤਾਵਰਨ ਵਿਚ ਸਸਪੈਂਡਡ ਆਰਟੀਕਲਜ਼ ਵੀ ਵਧਦੇ ਹਨ, ਜਿਸ ਨਾਲ ਅੱਖਾਂ, ਨੱਕ ਤੇ ਗਲੇ ਦੀਆਂ ਅਨੇਕਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ | ਇਸ ਨਾਲ ਪੁਰਾਣੀ ਫੇਫੜਿਆਂ ਦੀ ਬਿਮਾਰੀ (ਬ੍ਰੋਨਕਾਇਟਸ, ਅਸਥਮਾ) ਤੇਜ਼ੀ ਨਾਲ ਹੁੰਦੀ ਹੈ ਜੋ ਹੋਰ ਕਈ ਤਰ੍ਹਾਂ ਨਾਲ ਸਿਹਤ 'ਤੇ ਮਾਰੂ ਅਸਰ ਕਰਦੀ ਹੈ |
ਪਟਾਕੇ ਚਲਾਉਣ ਨਾਲ ਜ਼ਹਿਰੀਲੀਆਂ ਗੈਸਾਂ ਦੇ ਨਾਲ-ਨਾਲ 80 ਡੀ.ਬੀ. ਤੋਂ ਵਧੇਰੇ ਮਾਤਰਾ ਸ਼ੋਰ ਪੈਦਾ ਹੁੰਦਾ ਹੈ ਜੋ ਆਰਜ਼ੀ ਤੌਰ 'ਤੇ ਬੋਲੇਪਣ ਦਾ ਕਾਰਨ ਹੋ ਸਕਦਾ ਹੈ | ਇਸ ਨਾਲ ਉੱਚ ਖ਼ੂਨ ਦਾ ਦਬਾਅ, ਦਿਲ ਦਾ ਦੌਰਾ ਤੇ ਉਨੀਂਦਰਾ ਵੀ ਹੋ ਸਕਦਾ ਹੈ | ਵਧੇਰੇ ਸ਼ੋਰ ਨਾਲ ਬੱਚੇ, ਗਰਭਵਤੀ ਮਹਿਲਾਵਾਂ ਅਤੇ ਸਾਹ ਦੀ ਬਿਮਾਰੀ ਨਾਲ ਪੀੜਤ ਆਦਮੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ |
ਪੁਰਾਣੇ ਰੀਤੀ ਰਿਵਾਜਾਂ ਨੂੰ ਛੱਡਦੇ ਹੋਏ ਦੀਵਾਲੀ ਤੇ ਵਿਆਹ ਮੌਕੇ ਲੋਕੀਂ ਸ਼ਰੇਆਮ ਤੇਜ਼ ਸ਼ੋਰ ਤੇ ਧਮਾਕੇ ਵਾਲੇ ਬੰਬ ਚਲਾਉਂਦੇ ਹਾਂ | ਵੇਖਦਿਆਂ-ਵੇਖਦਿਆਂ ਅਰਬਾਂ ਰੁਪਏ ਦੇ ਪਟਾਕੇ ਚਲਾ ਦਿੱਤੇ ਜਾਂਦੇ ਹਨ | ਸਾਧਾਰਨ ਕਿਸਮ ਦੇ ਪਟਾਕਿਆਂ ਨੂੰ ਤਾਂ ਕੋਈ ਵਰਤਦਾ ਹੀ ਨਹੀਂ, ਹਰ ਕੋਈ ਮਹਿੰਗੇ ਤੋਂ ਮਹਿੰਗੇ ਅਤੇ ਵੱਧ ਸ਼ੋਰ, ਧਮਾਕਾ ਤੇ ਰੌਸ਼ਨੀ ਕਰਨ ਵਾਲੇ ਪਟਾਕੇ ਆਦਿ ਚਲਾਉਣ ਵਿਚ ਹੀ ਖੁਸ਼ੀ ਮਹਿਸੂਸ ਕਰਦਾ ਹੈ | ਸ਼ਰਾਰਤੀ ਅਨਸਰਾਂ ਵੱਲੋਂ ਪਟਾਕਿਆਂ ਨੂੰ ਜਲਾ ਕੇ ਦੂਜੇ ਲੋਕਾਂ 'ਤੇ ਸੁੱਟਣਾ ਵੀ ਆਮ ਗੱਲ ਹੋ ਗਈ ਹੈ, ਜਿਸ ਨਾਲ ਦੁਰਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ |
ਇਕ ਅਨੁਮਾਨ ਅਨੁਸਾਰ ਹਰ ਸਾਲ ਦੀਵਾਲੀ ਮੌਕੇ ਪਟਾਕਿਆਂ ਦੇ ਰੂਪ ਵਿਚ ਲਗਭਗ 350 ਟਨ ਕਾਗ਼ਜ਼ ਸਾੜ ਦਿੱਤਾ ਜਾਂਦਾ ਹੈ ਜੋ ਕਿ ਲਗਭਗ 20000 ਦਰੱਖ਼ਤਾਂ ਨੂੰ ਕੱਟਣ ਤੋਂ ਪ੍ਰਾਪਤ ਹੁੰਦਾ ਹੈ | ਇੰਜ ਪਟਾਕਿਆਂ ਨੂੰ ਤਿਆਰ ਕਰਨ ਵੇਲੇ ਵੀ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ | ਵਾਤਾਵਰਨ ਵਿਚ ਫੈਲੇ ਪ੍ਰਦੂਸ਼ਣ ਕਰਕੇ ਮਨੁੱਖ ਨੂੰ ਭਿਆਨਕ ਬਿਮਾਰੀਆਂ ਨੇ ਆਪਣੀ ਜਕੜ ਵਿਚ ਲੈ ਲਿਆ ਹੈ | ਜੇਕਰ ਹਾਲੇ ਵੀ ਵਾਤਾਵਰਨ ਨੂੰ ਬਚਾਉਣ ਲਈ ਅਸੀਂ ਸੁਚੇਤ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਧਰਤੀ 'ਤੇ ਸਾਹ ਲੈਣਾ ਵੀ ਔਖਾ ਹੋ ਜਾਵੇਗਾ | ਇਸ ਲਈ ਆਓ ਇਸ ਵਾਰ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਪਟਾਕਿਆਂ ਤੇ ਬੰਬਾਂ ਨੂੰ ਨਾਂਹ ਆਖਦੇ ਹੋਏ ਇਸ ਤਿਉਹਾਰ ਨੂੰ ਸਹੀ ਅਰਥਾਂ ਵਿਚ ਦੀਵੇ ਬਾਲ ਕੇ ਦੀਵਿਆਂ ਦਾ ਤਿਉਹਾਰ ਮਨਾਈਏ ਤੇ ਵਾਤਾਵਰਨ ਨੂੰ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾਈਏ |
-ਨੇੜੇ ਰਾਧਾ ਕ੍ਰਿਸ਼ਨ ਮੰਦਰ, ਸੁਰਗਾਪੁਰੀ, ਕੋਟਕਪੂਰਾ-151204
ਮੋਬਾਈਲ : 098150-22585

ਜਲਾਲੁੱਦੀਨ ਮੁਹੰਮਦ ਅਕਬਰ ਅਕਬਰ ਦਾ ਗੁਜਰਾਤ ਉੱਤੇ ਕਬਜ਼ਾ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੇਵਾੜ ਨੂੰ ਆਪਣੇ ਅਧੀਨ ਕਰਨ ਲਈ ਅਕਬਰ ਨੇ 23 ਅਕਤੂਬਰ 1567 ਨੂੰ ਚਿਤੌੜ ਦੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ | ਜਦੋਂ ਘੇਰਾਬੰਦੀ ਨੂੰ ਲੰਬਾ ਸਮਾਂ ਬੀਤ ਗਿਆ ਤਾਂ ਉਸ ਨੇ ਕਿਲ੍ਹੇ ਤੱਕ ਪਹੁੰਚਣ ਲਈ ਕਈ ਰਸਤੇ ਬਣਵਾਏ | 17 ਦਸੰਬਰ 1567 ਨੂੰ ਕਿਲ੍ਹੇ ਦੀਆਂ ਕੰਧਾਂ ਨੂੰ ਬਾਰੂਦ ਦੀਆਂ ਸੁਰੰਗਾਂ ਵਿਛਾ ਕੇ ਉਡਾ ਦਿੱਤਾ ਗਿਆ ਪਰ ਢਹਿ ਗਈਆਂ ਕੰਧਾਂ ਨੂੰ ਮੇਵਾੜ ਦੇ ਸਿਪਾਹੀਆਂ ਨੇ ਫੇਰ ਉਸਾਰਨਾ ਸ਼ੁਰੂ ਕਰ ਦਿੱਤਾ | ਤਾਰੀਖ਼ੇ ਹਿੰਦ ਪਾਕਿ ਦਾ ਲੇਖਕ ਲਿਖਦਾ ਹੈ, '23 ਫ਼ਰਵਰੀ 1568 ਨੂੰ ਅਕਬਰ ਨੇ ਕਿਲ੍ਹੇ ਦੀ ਕੰਧ ਉੱਤੇ ਖੜ੍ਹੇ ਉਸ ਸਿਪਾਹੀ ਨੂੰ ਆਪਣਾ ਨਿਸ਼ਾਨਾ ਬਣਾਇਆ ਜਿਹੜਾ ਕੰਧ ਦੀ ਉਸਾਰੀ ਲਈ ਆਪਣੇ ਫ਼ੌਜੀਆਂ ਨੂੰ ਹਦਾਇਤਾਂ ਦੇ ਰਿਹਾ ਸੀ | ਬਾਅਦ ਵਿਚ ਪਤਾ ਚੱਲਿਆ ਕਿ ਮਰਨ ਵਾਲਾ ਫ਼ੌਜੀ ਅਫ਼ਸਰ ਜੈ ਮੱਲ ਸੀ ਜਿਸ ਨੂੰ ਰਾਣਾ ਉਦੈ ਸਿੰਘ ਨੇ ਕਿਲ੍ਹੇਦਾਰ ਨਿਯੁਕਤ ਕੀਤਾ ਹੋਇਆ ਸੀ | ਦੂਜੇ ਦਿਨ ਮੇਵਾੜ ਦਾ ਦੂਜਾ ਜਰਨੈਲ ਫ਼ਤਿਹ ਸਿੰਘ ਉਰਫ਼ ਫੱਤਾ ਵੀ ਬੇਜ਼ਿਗਰੀ ਨਾਲ ਲੜਦਿਆਂ ਮਾਰਿਆ ਗਿਆ | ਫ਼ਤਹਿ ਸਿੰਘ ਦੀ ਮੌਤ ਤੋਂ ਬਾਅਦ ਅਕਬਰ ਨੇ ਕਿਲ੍ਹੇ ਵਿਚ ਦਾਖ਼ਲ ਹੋ ਕੇ ਕਤਲੇਆਮ ਦਾ ਹੁਕਮ ਦੇ ਦਿੱਤਾ ਜਿਸ ਨਾਲ ਤੀਹ ਹਜ਼ਾਰ ਤੋਂ ਵੀ ਵੱਧ ਲੋਕ ਮਾਰੇ ਗਏੇ | ਅਕਬਰ ਨੇ ਆਸਿਫ਼ ਖ਼ਾਂ ਨੂੰ ਮੇਵਾੜ ਦਾ ਗਵਰਨਰ ਨਿਯੁਕਤ ਕੀਤਾ ਅਤੇ ਆਗਰੇ ਪਰਤ ਆਇਆ | ਆਗਰੇ ਪਹੁੰਚ ਕੇ ਉਸ ਨੇ ਜੈ ਮੱਲ ਅਤੇ ਫ਼ਤਹਿ ਮੱਲ ਦੀ ਜੰਗੀ ਬਹਾਦਰੀ ਦਾ ਲੋਹਾ ਮੰਨਦਿਆਂ ਉਨ੍ਹਾਂ ਦੇ ਬੁੱਤ ਬਣਵਾਏ ਅਤੇ ਹਾਥੀਆਂ ਦੇ ਬੁੱਤਾਂ ਉੱਤੇ ਬਿਠਾ ਕੇ ਆਗਰੇ ਦੇ ਕਿਲ੍ਹੇ ਦੇ ਦਰਵਾਜ਼ੇ ਦੇ ਦੋਵਾਂ ਪਾਸਿਆਂ ਉੱਤੇ ਰਖਵਾ ਦਿੱਤੇ |
ਰਣਥਮਬੌਰ, ਕਾਲਿੰਜਰ ਅਤੇ ਮਾਰਵਾੜ ਦੀਆਂ ਜਿੱਤਾਂ : ਅਪ੍ਰੈਲ 1568 ਵਿਚ ਅਕਬਰ ਨੇ ਫ਼ੌਜ ਨੂੰ ਰਣਥਮਬੌਰ ਉੱਤੇ ਚੜ੍ਹਾਈ ਕਰਨ ਲਈ ਭੇਜਿਆ | ਉਸ ਸਮੇਂ ਰਣਥਮਬੌਰ ਦਾ ਹਾਕਮ ਰਾਜਾ ਸੂਰਜ ਮੱਲ ਸੀ ਪਰ ਮਾਲਵੇ ਵਿਚ ਬਗ਼ਾਵਤ ਹੋ ਜਾਣ ਕਰਕੇ ਉਸ ਨੇ ਫ਼ੌਜ ਨੂੰ ਵਾਪਸ ਬੁਲਾ ਲਿਆ | ਅਗਲੇ ਸਾਲ 1569 ਨੂੰ ਉਸ ਨੇ ਆਪਣੀ ਨਿਗਰਾਨੀ ਹੇਠ ਮਾਲਵੇ ਉੱਤੇ ਦੁਬਾਰਾ ਚੜ੍ਹਾਈ ਕੀਤੀ | ਡੇਢ ਮਹੀਨੇ ਤੱਕ ਕਿਲ੍ਹੇ ਦੀ ਘੇਰਾ-ਬੰਦੀ ਜਾਰੀ ਰਹੀ ਅਤੇ ਦੋਹਾਂ ਧਿਰਾਂ ਦਾ ਤਕੜਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਪਰ 18 ਮਾਰਚ 1569 ਨੂੰ ਕਿਲ੍ਹੇ ਉੱਤੇ ਅਕਬਰ ਦਾ ਕਬਜ਼ਾ ਹੋ ਗਿਆ | ਰਾਜਾ ਮਾਨ ਸਿੰਘ ਅਤੇ ਰਾਜਾ ਭਗਵਾਨ ਦਾਸ ਦੀ ਪ੍ਰੇਰਣਾ ਨਾਲ ਸੂਰਜ ਮੱਲ ਨੇ ਅਕਬਰ ਦੀ ਅਧੀਨਗੀ ਕਬੂਲ ਕਰ ਲਈ | ਅਕਬਰ ਨੇ ਉਸ ਨੂੰ ਆਪਣਾ ਮਨਸਬਦਾਰ ਬਣਾ ਲਿਆ ਅਤੇ ਕੁਝ ਦੇਰ ਬਾਅਦ ਬਨਾਰਸ ਦਾ ਗਵਰਨਰ ਨਿਯੁਕਤ ਕਰ ਦਿੱਤਾ |
ਚਿਤੌੜ ਅਤੇ ਰਣਥਮਬੋਰ ਦੀ ਜਿੱਤ ਤੋਂ ਬਾਅਦ ਅਕਬਰ ਨੇ ਅਗਸਤ 1569 ਨੂੰ ਮਹਿਨੂੰ ਖ਼ਾਂ ਕਾਕਸ਼ਿਲ ਨੂੰ ਕਾਲਖੇਰ ਉੱਤੇ ਚੜ੍ਹਾਈ ਕਰਨ ਲਈ ਭੇਜਿਆ | ਉਸ ਸਮੇਂ ਕਾਲਖ਼ੇਰ ਦਾ ਹਾਕਮ ਰਾਜਾ ਰਾਮ ਚੰਦ ਰੀਵਾ ਸੀ ਜਿਹੜਾ ਚਿਤੌੜ ਅਤੇ ਰਣਥਮਬੋਰ ਉੱਤੇ ਮੁਗ਼ਲਾਂ ਦੀਆਂ ਜਿੱਤਾਂ ਬਾਰੇ ਜਾਣ ਚੁੱਕਿਆ ਸੀ | ਉਸ ਨੇ ਬਿਨਾਂ ਲੜਾਈ ਕੀਤਿਆਂ ਕਿਲ੍ਹਾ ਮੁਗ਼ਲ ਫ਼ੌਜ ਦੇ ਹਵਾਲੇ ਕਰ ਦਿੱਤਾ |
ਰਣਥਮਬੋਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਅਕਬਰ ਨਾਗ਼ੌਰ ਪਹੁੰਚਿਆ ਜਿੱਥੇ ਰਾਜਾ ਭਗਵਾਨ ਦਾਸ ਦੀ ਵਿਚੋਲਗੀ ਕਰਨ ਉੱਤੇ ਜੋਧਪੁਰ ਅਤੇ ਬੀਕਾਨੇਰ ਦੇ ਰਾਜਿਆਂ ਨੇ ਬਿਨਾਂ ਲੜਾਈ ਕੀਤਿਆਂ ਅਕਬਰ ਦੀ ਅਧੀਨਗੀ ਕਬੂਲ ਕਰ ਲਈ | ਉਸ ਸਮੇਂ ਬੀਕਾਨੇਰ ਦਾ ਰਾਜਾ ਰਾਏ ਕਲਿਆਨ ਮੱਲ ਸੀ | ਇਸੇ ਮੁਹਿੰਮ ਸਮੇਂ ਜੈਸਲਮੇਰ ਦੇ ਰਾਜੇ ਰਾਵਲ ਹਰ ਰਾਏ ਨੇ ਵੀ ਬਿਨਾਂ ਲੜਾਈ ਕੀਤਿਆਂ ਅਕਬਰ ਦੀ ਅਧੀਨਗੀ ਕਬੂਲ ਕਰ ਲਈ | ਇਤਿਹਾਸਕਾਰ ਲਿਖਦੇ ਹਨ ਕਿ ਅਕਬਰ ਨੇ ਬੀਕਾਨੇਰ ਅਤੇ ਜੈਸਲਮੇਰ ਦੀਆਂ ਰਾਜਕੁਮਾਰੀਆਂ ਨਾਲ ਸ਼ਾਦੀਆਂ ਕਰ ਲਈਆਂ | ਇਸ ਤਰ੍ਹਾਂ ਸੰਨ 1570 ਤੱਕ ਸਾਰਾ ਰਾਜਸਥਾਨ ਅਕਬਰ ਦੇ ਅਧੀਨ ਆ ਗਿਆ ਸੀ ਪਰ ਮੇਵਾੜ ਦਾ ਕੁਝ ਇਲਾਕਾ ਅਜੇ ਵੀ ਉਸ ਦੀ ਅਧੀਨਗੀ ਤੋਂ ਬਾਹਰ ਸੀ |
ਗੁਜਰਾਤ ਉੱਤੇ ਕਬਜ਼ਾ : ਗੁਜਰਾਤ ਦਾ ਜ਼ਰਖ਼ੇਜ਼ ਇਲਾਕਾ ਦਿੱਲੀ ਤੋਂ ਤੁਰਕੀ, ਇਰਾਨ, ਇਰਾਕ ਦੇ ਰਾਹ ਵਿਚ ਪੈਂਦਾ ਸੀ ਅਤੇ ਦੂਜੇ ਪਾਸੇ ਸਮੁੰਦਰ ਨੇ ਨੇੜੇ ਜਾ ਲੱਗਦਾ ਸੀ ਜਿਸ ਕਰਕੇ ਵਪਾਰ ਪੱਖੋਂ ਇਸ ਦੀ ਬਹੁਤ ਮਹੱਤਤਾ ਸੀ | ਮੱਕੇ ਦੇ ਰਸਤੇ ਉੱਤੇ ਸਥਿੱਤ ਹੋਣ ਕਰਕੇ ਵੀ ਹਾਜੀਆਂ ਦੇ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਮੁਗ਼ਲ ਹਕੂਮਤ ਨੂੰ ਇਸ ਦੀ ਬੇਹੱਦ ਜ਼ਰੂਰਤ ਸੀ | ਉਸ ਸਮੇਂ ਗੁਜਰਾਤ ਦਾ ਹਾਕਮ ਮੁਜ਼ੱਫ਼ਰ ਖ਼ਾਂ ਸਾਲਸ ਸੀ ਜਿਸ ਦੀਆਂ ਕਮਜ਼ੋਰੀਆਂ ਕਰਕੇ ਗੁਜਰਾਤ ਵਿਚ ਹਫ਼ੜਾ-ਤਫ਼ੜੀ ਦਾ ਰਾਜ ਸੀ | ਅਕਬਰ ਦੇ ਬਾਗ਼ੀ ਰਿਸ਼ਤੇਦਾਰ ਵੀ ਗੁਜਰਾਤ ਵਿਚ ਸ਼ਰਨ ਲਈ ਬੈਠੇ ਸਨ | 1572 ਦੇ ਅੱਧ ਵਿਚ ਅਕਬਰ ਨੇ ਖ਼ਾਨ ਕਲਿਆਨ ਨੂੰ ਦਸ ਹਜ਼ਾਰ ਫ਼ੌਜ ਦੇ ਕੇ ਗੁਜਰਾਤ ਉੱਤੇ ਚੜ੍ਹਾਈ ਕਰਨ ਲਈ ਅਹਿਮਦਾਬਾਦ ਵੱਲ ਭੇਜਿਆ | ਸਤੰਬਰ 1572 ਵਿਚ ਅਕਬਰ ਆਪ ਵੀ ਗੁਜਰਾਤ ਦੀ ਇਸ ਮੁਹਿੰਮ ਉੱਤੇ ਰਵਾਨਾ ਹੋਇਆ | ਮੁਜ਼ੱਫ਼ਰ ਖ਼ਾਂ ਨੇ ਬਿਨਾਂ ਲੜਾਈ ਕੀਤਿਆਂ ਅਕਬਰ ਦੀ ਅਧੀਨਗੀ ਕਬੂਲ ਕਰ ਲਈ | ਅਕਬਰ ਨੇ ਖ਼ਾਨ-ਏ-ਆਜ਼ਮ ਮਿਰਜ਼ਾ ਅਜ਼ੀਜ਼ ਕੂਕਾ ਨੂੰ ਗੁਜਰਾਤ ਦਾ ਗਵਰਨਰ ਨਿਯੁਕਤ ਕੀਤਾ ਅਤੇ ਵਾਪਸੀ ਉੱਤੇ 1573 ਵਿਚ ਸੂਰਤ ਉੱਤੇ ਵੀ ਕਬਜ਼ਾ ਕਰ ਲਿਆ |
ਅਕਬਰ ਅਜੇ ਆਗਰੇ ਵੀ ਨਹੀਂ ਸੀ ਪਹੁੰਚਿਆ ਕਿ ਮੁਹੰਮਦ ਹੁਸੈਨ ਮਿਰਜ਼ਾ ਨੇ ਦੌਲਤਾਬਾਦ ਤੋਂ ਵਾਪਸ ਆ ਕੇ ਗੁਜਰਾਤ ਦੇ ਕੁਝ ਅਮੀਰਾਂ ਦੀ ਸਹਾਇਤਾ ਨਾਲ ਗਵਰਨਰ ਮਿਰਜ਼ਾ ਅਜ਼ੀਜ਼ ਕੂਕਾ ਨੂੰ ਘੇਰ ਲਿਆ | ਜਦੋਂ ਇਸ ਦੀ ਖ਼ਬਰ ਅਕਬਰ ਤੱਕ ਪਹੁੰਚੀ ਤਾਂ ਉਹ 23 ਅਗਸਤ 1573 ਨੂੰ ਫ਼ਤਹਿਪੁਰ ਸੀਕਰੀ ਤੋਂ ਚੱਲ ਕੇ 450 ਮੀਲ ਦਾ ਲੰਬਾ ਸਫ਼ਰ ਗਿਆਰਾਂ ਦਿਨ ਵਿਚ ਤੈਅ ਕਰਕੇ ਅਹਿਮਦਾਬਾਦ ਪਹੁੰਚ ਗਿਆ ਅਤੇ ਮੁਹੰਮਦ ਹੁਸੈਨ ਮਿਰਜ਼ਾ ਨੂੰ ਮਾਰ ਭਜਾਇਆ | ਇਤਿਹਾਸਕਾਰ ਅਕਬਰ ਦੀ ਇਸ ਤੇਜ਼ ਰਫ਼ਤਾਰੀ ਨੂੰ ਰਿਕਾਰਡ ਮੰਨਦੇ ਹਨ | ਗੁਜਰਾਤ ਦੀ ਜਿੱਤ ਨਾਲ ਅਕਬਰ ਦੀ ਹਕੂਮਤ ਦੀਆਂ ਹੱਦਾਂ ਸਮੁੰਦਰ ਤੱਕ ਪਹੁੰਚ ਗਈਆਂ ਅਤੇ ਉਸ ਨੇ ਪੁਰਤਗੇਜ਼ਾਂ ਨਾਲ ਦੋਸਤਾਨਾ ਸਬੰਧ ਸਥਾਪਤ ਕਰ ਲਏ |
(ਬਾਕੀ ਅਗਲੇ ਐਤਵਾਰ)
ਬੀ 3/524 ਕਿਲ੍ਹਾ ਰਹਿਮਤਗੜ੍ਹ, ਮਾਲੇਰਕੋਟਲਾ |
ਮੋਬਾਈਲ-98555-51359.

ਕਿਰਤ ਦਾ ਦੇਵਤਾ-ਬਾਬਾ ਵਿਸ਼ਵਕਰਮਾ

ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦੇ ਅਧਿਐਨ ਤੋਂ ਇਹ ਗੱਲ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਕ੍ਰਿਸਟੋਫਰ ਕੋਲੰਬਸ ਨੇ ਜਿਸ ਸਮੰੁਦਰੀ ਜਹਾਜ਼ 'ਸੈਂਟਾਮੈਰੀਆ' ਵਿਚ ਦੂਰ ਤੱਕ ਸਮੰੁਦਰੀ ਯਾਤਰਾ ਕਰਕੇ ਆਖਰ ਅਮਰੀਕਾ ਦੀ ਖੋਜ ਕੀਤੀ, ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ, ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਜਿਸ ਬਾਟੇ ਵਿਚ ਪੰਜ ਪਿਆਰਿਆਂ ਨੂੰ ਅੰਮਿ੍ਤ ਦੀ ਦਾਤ ਬਖਸ਼ ਕੇ ਆਪ ਉਨ੍ਹਾਂ ਕੋਲੋਂ ਅੰਮਿ੍ਤ ਛਕ ਕੇ ਖਾਲਸੇ ਦੀ ਸਿਰਜਣਾ ਕੀਤੀ, ਜਿਸ ਤਲਵਾਰ ਦੀ ਸ਼ਕਤੀ ਨਾਲ ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਜਬਰ ਵਿਰੁੱਧ ਜੰਗ ਲੜੇ, ਮਰਹੱਟਾ ਸਰਦਾਰ ਸ਼ਿਵਾ ਜੀ ਨੇ ਜਿਸ ਤਲਵਾਰ ਤੇ ਢਾਲ ਦੀ ਵਰਤੋਂ ਨਾਲ ਮੁਗਲਾਂ ਨਾਲ ਦੋ ਹੱਥ ਕਰਕੇ ਮਰਾਠਾ ਰਾਜ ਦੀ ਸਥਾਪਨਾ ਕੀਤੀ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਨ੍ਹਾਂ ਤਲਵਾਰਾਂ ਅਤੇ ਤੋਪਾਂ ਦੀ ਵਰਤੋਂ ਨਾਲ ਸੁਤੰਤਰ ਸਿੱਖ ਰਾਜ ਦੀ ਨੀਂਹ ਰੱਖੀ, ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਜਿਸ ਡੰਗੋਰੀ ਨੂੰ ਲੈ ਕੇ 'ਡਾਂਡੀ ਮਾਰਚ' ਕੀਤਾ ਅਤੇ ਅੰਗਰੇਜ਼ਾਂ ਦੇ ਅਨਿਆਂਪੂਰਨ ਨਮਕ ਕਾਨੂੰਨ ਨੂੰ ਤੋੜਿਆ, ਜਿਸ ਰਾਕੇਟ-ਲਾਂਚਰ ਰਾਹੀਂ ਮਨੁੱਖ ਨੇ ਚੰਦਰਮਾ ਤੇ ਮੰਗਲ ਗ੍ਰਹਿ ਤੱਕ ਪਹੁੰਚ ਕੇ ਉਥੋਂ ਦੀ ਧਰਤੀ ਨੂੰ ਛੁਹਿਆ, ਸਭ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਜਿਸ ਮਹਾਨ ਦੇਵਤੇ ਦੀ ਦੇਣ ਹੈ, ਉਹ ਹਨ ਬਾਬਾ ਵਿਸ਼ਵਕਰਮਾ ਜੀ, ਜਿਨ੍ਹਾਂ ਨੂੰ 'ਕਿਰਤ ਦਾ ਦੇਵਤਾ' ਆਖਿਆ ਜਾਂਦਾ ਹੈ |
ਵੱਡੇ-ਵੱਡੇ ਡੈਮ, ਵੱਡੀਆਂ-ਵੱਡੀਆਂ ਮਿੱਲਾਂ, ਆਸਮਾਨ ਨੂੰ ਛੰੂਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ ਵਿਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿਚ ਵਰਤੇ ਔਜ਼ਾਰ ਅਤੇ ਮਸ਼ੀਨਰੀ ਬਾਬਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ | ਸੰਸਾਰ ਦੇ ਸੱਤ ਅਜੂਬਿਆਂ ਦੇ ਨਿਰਮਾਣ ਵਿਚ ਵੀ ਬਾਬਾ ਵਿਸ਼ਵਕਰਮਾ ਦੁਆਰਾ ਦਰਸਾਈ ਭਵਨ ਨਿਰਮਾਣ ਕਲਾ ਝਲਕਦੀ ਹੈ |
ਪ੍ਰਾਚੀਨ ਧਾਰਮਿਕ ਗ੍ਰੰਥ, ਰਿਗਵੇਦ ਵਿਚ ਵੀ ਬਾਬਾ ਵਿਸ਼ਵਕਰਮਾ ਦਾ ਜ਼ਿਕਰ ਮਿਲਦਾ ਹੈ | ਬਾਬਾ ਵਿਸ਼ਵਕਰਮਾ ਨੂੰ ਇੰਜੀਨੀਅਰਿੰਗ ਦਾ ਦੇਵਤਾ ਵੀ ਕਿਹਾ ਜਾਂਦਾ ਹੈ | ਮਹਾਂਭਾਰਤ ਅਤੇ ਪੁਰਾਣਾਂ ਵਿਚ ਉਨ੍ਹਾਂ ਨੂੰ ਦੇਵਤਿਆਂ ਦਾ ਮੁੱਖ ਇੰਜੀਨੀਅਰ ਵਰਨਣ ਕੀਤਾ ਗਿਆ ਹੈ | ਇਕ ਉਪ-ਵੇਦ ਜਿਸ ਵਿਚ ਦਸਤਕਾਰੀ ਦੀ ਕਲਾ ਦੇ ਹੁਨਰਾਂ ਦਾ ਵਰਨਣ ਮਿਲਦਾ ਹੈ, ਉਹ ਵਿਸ਼ਵਕਰਮਾ ਜੀ ਦੀ ਮਹਾਨ ਰਚਨਾ ਹੈ |
ਜੇ ਅੱਜ ਦੇ ਨੌਜਵਾਨ ਬਾਬਾ ਵਿਸ਼ਵਕਰਮਾ ਜੀ ਦੀ ਦਰਸਾਈ ਦਸਤਕਾਰੀ ਦੀ ਕਲਾ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਧਾਰਨ ਕਰ ਲੈਣ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਕਿਸੇ ਹੱਦ ਤੱਕ ਦੂਰ ਹੋ ਸਕਦੀ ਹੈ |
ਵਿਸ਼ਵਕਰਮਾ ਦਿਵਸ, ਜੋ ਬਾਬਾ ਜੀ ਨੂੰ ਸਮਰਪਿਤ ਹੈ, ਦੇ ਸ਼ੁੱਭ ਅਵਸਰ 'ਤੇ ਹਰ ਰਾਜ ਮਿਸਤਰੀ, ਤਰਖਾਣ, ਔਜ਼ਾਰਾਂ ਦੇ ਨਿਰਮਾਤਾ ਅਤੇ ਹਰ ਪ੍ਰਕਾਰ ਦੀ ਵਰਕਸ਼ਾਪ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਸਭ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿਚ ਪੂਜਾ ਕਰਦੇ ਹਨ | ਆਓ! ਇਸ ਸ਼ੁੱਭ ਦਿਹਾੜੇ 'ਤੇ ਬਾਬਾ ਜੀ ਦੀ ਦੱਸੀ ਦਸਤਕਾਰੀ ਦੀ ਕਲਾ ਅਤੇ ਉੱਚ-ਦਾਰਸ਼ਨਿਕਤਾ ਨੂੰ ਧਾਰਨ ਕਰਨ ਦੀ ਪ੍ਰਤਿੱਗਿਆ ਕਰੀਏ |
-ਪਿੰ੍ਰਸੀਪਲ, ਦਸਮੇਸ਼ ਸੀ: ਸੈ: ਸਕੂਲ, ਦਸਮੇਸ਼ ਨਗਰ, ਲੁਧਿਆਣਾ | ਮੋਬਾ: 98722-07166

ਨਿਮਰਤਾ ਆਈ, ਸਮਝੋ ਅਕਲ ਆਈ-2

(ਲੜੀ ਜੋੜ²ਨ ਲਈ ਪਿਛਲਾ ਅੰਕ ਦੇਖੋ)
21. ਨਿਮਰਤਾ ਦੀ ਉਚਾਈ ਦਾ ਕੋਈ ਮਾਪ ਨਹੀਂ ਹੁੰਦਾ |
22. ਮਿੱਠੇ ਅਤੇ ਚੁਣੇ ਹੋਏ ਸ਼ਬਦ ਬੜੇ ਬੜੇ ਟਕਰਾਅ ਨੂੰ ਟਾਲ ਦਿੰਦੇ ਹਨ |
23. ਜੀਭ ਭਾਵੇਂ ਸਰੀਰ ਦਾ ਬਹੁਤ ਛੋਟਾ ਅੰਗ ਹੈ ਪਰ ਇਸ ਨੂੰ ਵਿਰਲੇ ਹੀ ਕਾਬੂ ਰੱਖ ਸਕਦੇ ਹਨ |
24. ਦੁਕਾਨ ਨਰਮੀ, ਦਲਾਲੀ ਬੇਸ਼ਰਮੀ ਅਤੇ ਅਫ਼ਸਰੀ ਲਈ ਗਰਮੀ ਜ਼ਰੂਰੀ ਹੈ |
25. ਮਿੱਠੀ ਜ਼ਬਾਨ ਨਾਲ ਅਸੀਂ ਕਿਸੇ ਦੇ ਵੀ ਮਨ ਵਿਚ ਆਪਣੀ ਜਗ੍ਹਾ ਬਣਾ ਸਕਦੇ ਹਾਂ |
26. ਜਿਸ ਕੋਲ ਤੰਦਰੁਸਤੀ ਦਾ ਧੰਨ, ਖੂਨ ਪਸੀਨੇ ਦੀ ਕਮਾਈ, ਦਿਆਲਤਾ, ਨਿਮਰਤਾ, ਸ਼ਰਮ, ਮਿਹਨਤ ਤੇ ਚੰਗਾ ਸੁਭਾਅ ਹੈ | ਸਫ਼ਲਤਾ ਉਸ ਦੇ ਪੈਰ ਚੁੰਮਦੀ ਹੈ | ਮਾਲਕ ਕੋਲੋਂ ਇਹ ਚੀਜ਼ਾਂ ਹੀ ਮੰਗੋ ਕਿਉਂਕਿ ਇਹ ਹੀ ਵਰਦਾਨ ਹਨ |
27. ਹਰ ਇਕ ਨਾਲ ਨਿਮਰਤਾ ਨਾਲ ਗੱਲ ਕਰੋ | ਮਿੱਠਾ ਬੋਲਣ ਵਾਲਾ ਕਦੇ ਵੀ ਹਾਰਦਾ ਨਹੀਂ | ਇਸ ਲਈ ਨਿਮਰਤਾ ਨੂੰ ਕਿਸੇ ਹਾਲਤ ਵਿਚ ਵੀ ਨਾ ਛੱਡੋ |
28. ਸਫ਼ਲਤਾ ਦਾ ਰਾਜ ਮਿੱਠੀ ਜ਼ਬਾਨ ਵੀ ਹੁੰਦੀ ਹੈ | ਸਫ਼ਲਤਾ ਵਿਚ ਇਸ ਦਾ ਬੜਾ ਰੋਲ ਹੈ |
29. ਜਿਥੇ ਪਵਿੱਤਰਤਾ ਰਹਿੰਦੀ ਹੈ, ਉਥੇ ਨਿਮਰਤਾ ਵੀ ਰਹਿ ਸਕਦੀ ਹੈ |
(ਬਾਕੀ ਅਗਲੇ ਐਤਵਾਰ)
ਮੋਬਾ: 99155-63406

ਭਾਈ ਮਨੀ ਸਿੰਘ ਦੀ ਸ਼ਹਾਦਤ

ਭਾਈ ਮਨੀ ਸਿੰਘ ਦਾ ਸਮੁੱਚਾ ਜੀਵਨ ਸਮੇਤ ਪਰਿਵਾਰ ਕੌਮ ਨੂੰ ਸਮਰਪਿਤ ਭਾਵਨਾ ਵਾਲਾ ਹੈ | ਭਾਈ ਮਨੀ ਸਿੰਘ ਸਿੱਖ ਧਰਮ ਤੇ ਇਤਿਹਾਸ ਦੇ ਖੇਤਰ ਵਿਚ ਦਲੇਰ ਮਰਜੀਵੜਿਆਂ ਦੀ ਸਤਿਕਾਰਤ ਸ਼ਖ਼ਸੀਅਤ ਹਨ |
ਭਾਈ ਮਨੀ ਸਿੰਘ ਜੀ ਦਾ ਜਨਮ 1701 ਬਿਕਰਮੀ ਦਿਨ ਐਤਵਾਰ, 13 ਚੇਤਰ 12 ਸੁਦੀ 10 ਮਾਰਚ 1644 ਈ: ਨੂੰ ਹੋਇਆ | ਸ਼ਹੀਦ ਬਿਲਾਸ ਵਿਚ ਅੰਕਿਤ ਕੁੱਲ ਪੰ੍ਰਪਰਾ ਅਨੁਸਾਰ ਆਪ ਦੇ ਵੱਡੇ-ਵਡੇਰਿਆਂ ਦਾ ਸਬੰਧ ਉਦੇ ਦੀਪ ਦੇ ਪੰਵਾਰ ਰਾਜਪੂਤ ਘਰਾਣੇ ਨਾਲ ਸੀ ਜੋ ਮੁਲਤਾਨ ਦੇ ਨੇੜੇ ਅਲੀਪੁਰ ਦੇ ਰਹਿਣ ਵਾਲੇ ਸਨ | ਇਸ ਬੰਸ ਦਾ ਗੁਰੂ-ਘਰ ਨਾਲ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਜੁੜ ਜਾਂਦਾ ਹੈ, ਕਿਉਂਕਿ ਇਨ੍ਹਾਂ ਦੇ ਦਾਦਾ ਭਾਈ ਬਾਲੂ ਰਾਉ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦੇ ਪ੍ਰਸਿੱਧ ਜਰਨੈਲ ਸਨ | ਇਹ ਖਾਨਦਾਨ ਗੁਰੂ-ਘਰ ਦਾ ਪੱਕਾ ਸ਼ਰਧਾਲੂ ਸੀ |
90 ਸਾਲ ਦੀ ਉਮਰ ਭੋਗਣ ਵਾਲੇ ਭਾਈ ਮਨੀ ਸਿੰਘ ਨੂੰ ਗੁਰੂ ਹਰਿਰਾਇ ਜੀ, ਗੁਰੂ ਹਰਿਕਿ੍ਸ਼ਨ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ | ਦਸਮ ਪਿਤਾ ਦੇ ਵਿਸ਼ਵਾਸਪਾਤਰ ਭਾਈ ਮਨੀ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਥਾਵਾਚਕ, ਗਿਆਨ ਰਤਨਾਵਲੀ ਤੇ ਸਿੱਖਾਂ ਦੀ ਭਗਤ ਮਾਲਾ, ਜਿਹੀਆਂ ਵੱਡ-ਅਕਾਰੀ ਰਚਨਾਵਾਂ ਦੇ ਕਰਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੀਜੇ ਮੁੱਖ ਗ੍ਰੰਥੀ ਵਜੋਂ ਗੁਰੂ-ਘਰ ਨਾਲ ਸੰਬੰਧਿਤ ਰਹੇ |
ਉਨ੍ਹਾਂ ਦੇ ਪਿਤਾ ਭਾਈ ਮਾਈ ਦਾਸ ਨੇ 13 ਸਾਲ ਦੀ ਉਮਰ ਦੇ ਭਾਈ ਮਨੀ ਸਿੰਘ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਦਰਬਾਰ ਭੇਟ ਕਰ ਦਿੱਤਾ ਸੀ | ਜਿਥੇ ਇਹ ਮੁੱਖ ਤੌਰ 'ਤੇ ਗੁਰੂ-ਘਰ ਦੇ ਦਰਬਾਰ ਅਤੇ ਲੰਗਰ ਵਿਚ ਸੰਗਤਾਂ ਦੇ ਜੂਠੇ ਬਰਤਨ ਸਾਫ ਕਰਦਿਆਂ ਮਨ ਦੀ ਮੈਲ ਧੋਂਦੇ ਰਹੇ | 15 ਸਾਲ ਦੀ ਉਮਰ ਵਿਚ ਆਪ ਜੀ ਦੀ ਸ਼ਾਦੀ ਖੈਰਪੁਰ ਦੇ ਯਾਦਵ ਬੰਸੀ ਲਖੀ ਰਾਇ ਦੀ ਬੇਟੀ ਬੀਬੀ ਸੀਤੋ ਨਾਲ ਹੋ ਗਈ | ਬੀਬੀ ਸੀਤੋ ਦੇ ਕੁੱਖੋਂ ਆਪ ਦੇ ਘਰ 7 ਪੁੱਤਰਾਂ ਨੇ ਜਨਮ ਲਿਆ |
ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਜਦੋਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ ਤਾਂ ਭਾਈ ਸਾਹਿਬ ਦਸਮੇਸ਼ ਗੁਰੂ ਜੀ ਪਾਸ ਸ੍ਰੀ ਅਨੰਦਪੁਰ ਸਾਹਿਬ ਹੀ ਰਹੇ | ਆਪ ਰੋਜ਼ ਗੁਰੂ-ਸ਼ਬਦ ਦੀ ਮਹਿਮਾ ਕਥਾ ਰਾਹੀਂ ਕਰਦੇ | ਗੁਰੂ ਗ੍ਰੰਥ ਸਾਹਿਬ ਦੀ ਕਥਾ ਆਪ ਜੀ ਦੀ ਜ਼ਿੰਦਗੀ ਦਾ ਜ਼ਰੂਰੀ ਅੰਗ ਸੀ, ਇਸ ਵਿਚ ਆਪ ਨੇ ਪ੍ਰਬੀਨਤਾ ਹਾਸਲ ਕਰ ਲਈ ਸੀ |
ਭਾਈ ਮਨੀ ਸਿੰਘ ਜੀ ਬੇਸ਼ੱਕ 90 ਸਾਲ ਦੀ ਉਮਰ ਨੂੰ ਪੁੱਜ ਚੁੱਕੇ ਸਨ ਪਰ ਫੇਰ ਵੀ ਸਮੁੱਚਾ ਖਾਲਸਾ ਪੰਥ ਅਤੇ ਜਨ-ਸਾਧਾਰਨ ਉਨ੍ਹਾਂ ਨੂੰ ਆਪਣਾ ਸਤਿਕਾਰਤ ਆਗੂ ਪ੍ਰਵਾਨ ਕਰਦਾ ਸੀ | 1790 ਬਿ: (ਸੰਨ 1734 ਈ:) ਦਾ ਦੀਵਾਲੀ ਦਾ ਪੁਰਬ ਨੇੜੇ ਆ ਰਿਹਾ ਸੀ ਅਤੇ ਸੰਗਤਾਂ ਦੀ ਤੀਬਰ ਇੱਛਾ ਸੀ ਕਿ ਇਸ ਵਾਰ ਇਹ ਪੁਰਬ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਿਖੇ ਧੂਮਧਾਮ ਨਾਲ ਮਨਾਇਆ ਜਾਵੇ | ਮੀਣਿਆਂ, ਪੰਥ-ਵਿਰੋਧੀ ਤਾਕਤਾਂ ਅਤੇ ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇਕ ਡੂੰਘੀ ਸਾਜ਼ਿਸ਼ ਅਧੀਨ ਸਿੰਘਾਂ ਨੂੰ ਖ਼ਤਮ ਕਰਨ ਦਾ ਪ੍ਰੋਗਰਾਮ ਉਲੀਕਿਆ, ਜੋ ਭਾਈ ਮਨੀ ਸਿੰਘ ਨੂੰ ਵੇਲੇ ਸਿਰ ਪਤਾ ਲੱਗ ਜਾਣ ਕਾਰਨ ਵਿਰੋਧੀਆਂ ਦੇ ਮਨਸੂਬੇ ਸਿਰੇ ਨਾ ਚੜ੍ਹ ਸਕੇ | ਇਸ ਸਾਜ਼ਿਸ਼ ਨੂੰ ਨਾਕਾਮ ਕਰਨ ਬਦਲੇ ਭਾਈ ਸਾਹਿਬ ਨੇ ਕੌਮ ਨੂੰ ਤਾਂ ਆਪਣੀ ਸੂਝ-ਬੂਝ ਨਾਲ ਬਚਾਅ ਲਿਆ ਪਰ ਭਾਈ ਸਾਹਿਬ ਪ੍ਰਵਾਨ ਕੀਤਾ ਹੋਇਆ ਜਜ਼ੀਆ ਲਾਹੌਰ ਦਰਬਾਰ ਨੂੰ ਨਾ ਦੇ ਸਕੇ | ਹਕੂਮਤ ਨੂੰ ਤਾਂ ਬਹਾਨਾ ਚਾਹੀਦਾ ਸੀ ਮਹਾਨ ਦੂਰ-ਅੰਦੇਸ਼ੀ ਤੇ ਦੂਲੇ ਮਰਜੀਵੜੇ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨ ਦਾ | ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੂੰ ਸਾਥੀਆਂ ਸਮੇਤ ਗਿ੍ਫ਼ਤਾਰ ਕਰਕੇ ਅਕਹਿ ਤੇ ਅਸਹਿ ਕਸ਼ਟ ਦਿੰਦਿਆਂ 1734 ਈ: ਨੂੰ ਲਾਹੌਰ ਦੇ ਨਿਖਾਸ ਚੌਕ ਵਿਚ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ, ਜਿਥੇ ਅੱਜਕਲ੍ਹ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ |
ਮੋ: 98148-98570

ਉਲਟਾ-ਪੁਲਟਾ

ਜਸਪਾਲ ਭੱਟੀ ਦਾ ਉਲਟਾ-ਪੁਲਟਾ
25 ਅਕਤੂਬਰ, 2012, ਨੂੰ ਸਾਡੀ ਦੁਨੀਆ ਉਲਟੀ-ਪੁਲਟੀ ਹੋ ਗਈ | ਇਕ ਦਰਦਨਾਕ ਸੜਕ ਹਾਦਸੇ ਵਿਚ ਜਸਪਾਲ ਭੱਟੀ ਜੀ ਆਪਣੇ ਰੂਹਾਨੀ ਸਫ਼ਰ 'ਤੇ ਚਲੇ ਗਏ | ਸਾਨੂੰ ਅੱਜ ਤੱਕ ਨਹੀਂ ਸਮਝ ਆ ਰਿਹਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਖਾਲੀਪਨ ਦਾ ਕੀ ਕਰੀਏ | ਕਦੀ ਲਗਦਾ ਸੀ ਕਿ ਸਾਡੇ ਪਰ ਕੱਟ ਦਿੱਤੇ ਗਏ ਹਨ ਤੇ ਫਿਰ ਵੀ ਉਮੀਦ ਕੀਤੀ ਜਾਂਦੀ ਹੈ ਕਿ ਅਸੀਂ ਉੱਡੀਏ | ਸਾਡੀਆਂ ਧਰਤੀ ਤੋਂ ਜੜ੍ਹਾਂ ਉੱਖੜ ਗਈਆਂ ਸਨ ਪਰ ਦੁਨੀਆ ਉਮੀਦ ਕਰਦੀ ਸੀ ਕਿ ਇਹ ਰੁੱਖ ਹਵਾ ਵਿਚ ਫਿਰ ਵੀ ਲਹਿਲਹਾਏ
ਸਭ ਕੁਝ ਸਚਮੁੱਚ ਉਲਟਾ ਪੁਲਟਾ ਸੀ | ਪਰ ਜਦੋਂ ਅਸੀਂ ਹਿੰਮਤ ਹਾਰ ਚੁੱਕੇ ਸੀ ਜਸਪਾਲ ਭੱਟੀ ਜੀ ਨੇ ਆਪਣੇ ਉਲਟੇ-ਪੁਲਟੇ ਰੰਗ ਦਿਖਾ ਦਿੱਤੇ | ਸਭ ਤੋਂ ਪਹਿਲਾਂ ਪਦਮ ਭੂਸ਼ਨ ਦੇ ਐਲਾਨ ਨੇ ਇਸ ਕਾਮੇਡੀ ਦੇ ਸਰਦਾਰ ਨੂੰ ਸੱਚਮੁੱਚ ਕਾਮੇਡੀ ਦਾ ਸ਼ਹਿਨਸ਼ਾਹ ਘੋਸ਼ਿਤ ਕਰ ਦਿੱਤਾ | ਪਦਮ ਭੂਸ਼ਨ ਦੇ ਇਤਿਹਾਸ ਵਿਚ ਸ਼ਾਇਦ ਹੀ ਹਿੰਦੁਸਤਾਨ ਵਿਚ ਕਿਸੇ ਨੂੰ ਕਾਮੇਡੀ ਦਾ ਏਨਾ ਵੱਡਾ ਮਾਣ ਮਿਲਿਆ ਹੈ ਕਿਉਂਕਿ  ਇਹ ਸਿਤਾਰਾ ਸਿਰਫ਼ ਪੰਜਾਬ ਦਾ ਨਹੀਂ, ਸਾਰੇ ਮੁਲਕ ਦਾ ਸਿਤਾਰਾ ਸੀ |
ਉਸ ਤੋਂ ਬਾਅਦ ਬਹੁਤ ਸੱਦੇ ਆਏ | ਹਰ ਦਿਨ ਹਰ ਇਨਸਾਨ ਨੇ ਇਸ ਸ਼ਖ਼ਸ ਨੂੰ ਯਾਦ ਕੀਤਾ | ਜਿੱਥੇ ਅਸੀਂ ਜਾਂਦੇ ਕੋਈ ਨਾ ਕੋਈ ਆਵਾਜ਼ ਕਹਿੰਦੀ, ਅਸੀਂ 'ਸਰ' ਨੂੰ ਬਹੁਤ ਮਿਸ ਕਰਦੇ ਹਾਂ | ਹਰ ਨਮ ਅੱਖ ਨੂੰ ਦੇਖ ਕੇ ਮੇਰਾ ਮਨ ਗਦਗਦ ਹੋ ਆਉਂਦਾ ਤੇ ਮੈਂ ਸੋਚਦੀ, ਕੀ ਸੱਚਮੁੱਚ ਜਸਪਾਲ ਜੀ ਇਸ ਧਰਤੀ ਤੋਂ ਰੁਖ਼ਸਤ ਹੋ ਗਏ ਹਨ?
ਅਸੀਂ 25 ਅਕਤੂਬਰ 2013 ਨੂੰ ਇਕ ਸ਼ੋਕ ਭਰਿਆ ਦਿਨ ਨਹੀਂ ਸੋਚਣਾ ਚਾਹੁੰਦੇ ਸੀ ਬਲਕਿ ਯਾਦ ਰੱਖਣਾ ਚਾਹੁੰਦੇ ਸੀ, ਇਕ ਅਨਮੋਲ ਕਲਾਕਾਰ, ਇਕ ਸਮਾਜਿਕ ਕ੍ਰਾਂਤੀਕਾਰੀ, ਇਕ ਦੇਸ਼ ਪ੍ਰੇਮੀ, ਇਕ ਨਿਰਭੈ, ਇਕ ਸਾਫ਼ ਸੁਥਰੀ ਕਾਮੇਡੀ ਦੇ ਜਨਮਦਾਤਾ ਨੂੰ ਜਿਸ ਦੀ ਸੋਚ ਦਾ ਹਿੱਸਾ ਬਣ ਕੇ ਅਸੀਂ ਹਿੰਮਤ ਨਾਲ ਅੱਗੇ ਵਧ ਸਕੀਏ ਅਤੇ ਅਸੀਂ ਇਹ ਕਰ ਸਕੀਏ | ਸਾਡੇ ਲਈ ਉਹ ਬਹੁਤ ਮਾਣ ਅਤੇ ਇੱਜ਼ਤ ਦੀ ਘੜੀ ਸੀ ਜਦੋਂ 25 ਅਕਤੂਬਰ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਜਸਪਾਲ ਭੱਟੀ ਜੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਚੁਣਿਆ | ਜਾਂਦੇ-ਜਾਂਦੇ ਵੀ ਉਹ ਇੰਨਾ ਜ਼ਰੂਰੀ ਸੰਦੇਸ਼ ਦੇ ਗਏ ਕਿ ਆਪਣੀ ਸੀਟ ਬੈੱਲਟਸ ਜ਼ਰੂਰ ਲਾਇਆ ਕਰੋ | ਜੋ ਬਰਸੀ ਦਾ ਦਿਨ ਸ਼ੋਕ ਵਿਚ ਡੁੱਬਿਆ ਦਿਨ ਹੋਣਾ ਚਾਹੀਦਾ ਸੀ, ਉਹ ਸਾਡੇ ਲਈ ਆਪਣੀ ਪੀੜਾ ਛੁਪਾ ਕੇ ਹਿੰਮਤ ਅਤੇ ਨਿਸ਼ਚੇ ਦਾ ਦਿਨ ਸੀ |
ਮੇਰੇ ਉਲਟਾ ਪੁਲਟਾ ਦੋਸਤ ਜਸਪਾਲ ਭੱਟੀ ਜੀ, ਤੁਸੀਂ ਸੱਚਮੁੱਚ ਕਮਾਲ ਕਰ ਦਿੱਤਾ | ਰੁਖ਼ਸਤ ਹੋ ਕੇ ਵੀ ਤੁਸੀਂ ਨਹੀਂ ਗਏ | ਰੁਲਾਂਦੇ-ਰੁਲਾਂਦੇ ਵੀ ਤੁਸੀਂ ਹਸਾ ਗਏ | ਨਾ ਹੋ ਕੇ ਵੀ ਤੁਸੀਂ ਹਰ ਦਿਲ ਵਿਚ ਹੈਗੇ ਓ | ਹਰ ਘੁਟਾਲੇ ਦੀ ਖ਼ਬਰ ਵਿਚ, ਪਿਆਜ਼ ਦੀਆਂ ਰਵਾਉਣ ਵਾਲੀਆਂ ਕੀਮਤਾਂ ਵਿਚ, ਟੀ. ਵੀ. ਤੇ ਫ਼ਿਲਮਾਂ ਦੀ ਅਸ਼ਲੀਲਤਾ ਵਿਚ ਸਾਫ਼-ਸੁਥਰੇ ਕੰਮ ਦੀ ਕੋਸ਼ਿਸ਼, ਇਕ ਆਮ ਆਦਮੀ  ਦੀਆਂ ਪ੍ਰੇਸ਼ਾਨੀਆਂ ਵਿਚ ਜਸਪਾਲ ਭੱਟੀ ਦਾ ਨਾਂਅ ਹਮੇਸ਼ਾ ਲਿਆ ਜਾਵੇਗਾ |
ਸੋ, ਕੌਣ ਕਹਿੰਦਾ ਹੈ ਕਿ ਜਸਪਾਲ ਭੱਟੀ ਨਹੀਂ ਹਨ? ਉਨ੍ਹਾਂ ਨੇ ਤਾਂ ਮੌਤ ਨੂੰ ਵੀ ਉਲਟਾ-ਪੁਲਟਾ ਕਰ ਦਿੱਤਾ!
-savitabhatti0gmail.com

ਸੁਫ਼ਨੇ ਦੀ ਮਾਇਆ

ਅੰਗਰੇਜ਼ੀ ਵਿਚ ਡਰੀਮ, ਹਿੰਦੀ 'ਚ ਸੁਫ਼ਨਾ, ਪੰਜਾਬੀ 'ਚ ਸੁਪਨਾ |
ਇਹ ਹਰ ਕਿਸੇ ਨੂੰ ਆਉਂਦੇ ਹਨ, ਜਿਨ੍ਹਾਂ ਸੁਫਨਿਆਂ ਤੇ ਖੋਜ ਕੀਤੀ ਹੈ, ਉਨ੍ਹਾਂ ਦਾ ਪੱਕਾ ਵਿਚਾਰ ਹੈ ਕਿ ਸੁਫਨੇ ਡੰਗਰਾਂ ਨੂੰ ਵੀ ਆਉਂਦੇ ਹਨ |
ਸੁਫ਼ਨੇ ਹਕੀਕਤ ਨਹੀਂ ਹੁੰਦੇ, ਚਲੋ ਪਹਿਲਾਂ ਹਕੀਕਤ ਦੀ ਗੱਲ ਕਰ ਲਈਏ | ਹੁਣ ਪੰਜਾਬੀ 'ਚ ਡਰੀਮ ਤੇ ਸੁਪਨੇ ਦਾ ਬਦਲ ਹੈ-ਸੁਫਨਾ | ਪਰ ਅੱਜਕਲ੍ਹ ਬਹੁਤੇ ਪੰਜਾਬੀ ਲੇਖਕ, 'ਸੁਫ਼ਨਾ' ਦੀ ਥਾਂ 'ਸਪਨਾ' ਲਿਖਣ 'ਚ ਮਾਣ ਸਮਝਦੇ ਹਨ ਕਿਉਂਕਿ ਹਿੰਦੀ 'ਚ 'ਸਪਨਾ' ਕਈ ਸੋਹਣੀਆਂ ਕੁੜੀਆਂ ਦਾ ਨਾਂਅ ਹੈ-ਅੰਗਰੇਜ਼ੀ ਵਿਚ ਵੀ ਅਤਿ-ਸੋਹਣੀਆਂ ਸੁੰਦਰੀਆਂ ਨੂੰ 'ਡਰੀਮ-ਗਰਲ' ਆਖਿਆ ਜਾਂਦਾ ਹੈ | ਮਿਸਾਲ ਹੈ ਅੱਜ ਤਾੲੀਂ ਹੇਮਾ ਮਾਲਿਨੀ ਨੂੰ ਡਰੀਮ ਗਰਲ ਦੀ ਉਪਾਧੀ ਦਾ ਮਾਣ ਪ੍ਰਾਪਤ ਹੈ | ਪਰ ਪੰਜਾਬੀ 'ਚ, ਪੰਜਾਬ 'ਚ, ਕਿਸੇ ਵੀ ਸੁੰਦਰੀ ਜਾਂ ਆਮ ਜਿਹੀ ਕੁੜੀ ਦਾ ਨਾਂਅ ਵੀ 'ਸੁਫਨਾ' ਨਹੀਂ ਹੈ-ਇਸ ਲਈ ਕਈ ਪੰਜਾਬੀ ਲੇਖਕ 'ਸੁਫ਼ਨਾ' ਨੂੰ ਤਿਲਾਂਜਲੀ ਦੇ ਕੇ 'ਸਪਨਾ' ਲਿਖਣ 'ਚ ਇਕ ਅਦੁੱਤੀ ਆਨੰਦ ਦਾ ਅਹਿਸਾਸ ਮਹਿਸੂਸ ਕਰਦੇ ਹਨ |
ਚਲੋ ਜੀ, ਡਰੀਮ ਹੈ, ਸਪਨਾ ਹੈ ਜਾਂ ਸੁਫ਼ਨਾ, ਇਹ ਵਧੇਰੇ ਕਰਕੇ, ਕਿਸੇ ਵੀ ਮਨੁੱਖ ਨੂੰ ਗੂੜ੍ਹੀ ਨੀਂਦ ਦੀ ਅਵਸਥਾ 'ਚ ਆਉਂਦੇ ਹਨ | ਨਾ ਭਈ, ਕਈਆਂ ਨੂੰ ਤਾਂ ਜਾਗਤ ਅਵਸਥਾ 'ਚ ਵੀ ਸੁਫ਼ਨੇ ਆਉਂਦੇ ਹਨ | ਸੁੱਤਿਆਂ-ਜਾਗਦਿਆਂ ਜਿਨ੍ਹਾਂ ਨੂੰ ਸੁਫ਼ਨੇ ਆਉਂਦੇ ਹਨ, ਉਹ ਅਕਸਰ ਇਸ਼ਕ ਦੇ ਮਾਰੇ ਹੁੰਦੇ ਹਨ | ਰਾਂਝੇ ਨੂੰ ਹੀਰ ਦੇ, ਮਹੀਵਾਲ ਨੂੰ ਸੋਹਣੀ ਦੇ, ਮਜਨੂੰ ਨੂੰ ਲੈਲਾ ਦੇ, ਰੋਮੀਓ ਨੂੰ ਜੂਲੀਅਟ ਦੇ... ਸੁਫਨੇ ਇਕ ਦੂਜੇ ਦੇ ਨੇੜੇ ਰਹਿਣ 'ਚ ਸਹਾਈ ਹੁੰਦੇ ਹਨ |
'ਸੁਫਨੇ' ਕਿਉਂ ਆਉਂਦੇ ਹਨ? ਇਸ ਬਾਰੇ ਮੈਂ ਇਕ ਲੇਖ ਪੜ੍ਹ ਰਿਹਾ ਸਾਂ ਪਰ ਮੈਨੂੰ ਕੁਝ ਸਮਝ ਨਹੀਂ ਆਇਆ ਕਿਉਂਕਿ ਇਸ ਸਬੰਧੀ ਖੋਜ ਜ਼ਿਆਦਾਤਰ ਅੰਗਰੇਜ਼ਾਂ ਜਾਂ ਵਿਦੇਸ਼ੀਆਂ ਨੇ ਕੀਤੀ ਹੈ, ਕਿਤਾਬਾਂ ਵੀ ਅੰਗਰੇਜ਼ੀ 'ਚ ਛਪੀਆਂ ਹਨ, ਸਾਡੇ ਭਾਰਤੀਆਂ ਨੇ ਤਾਂ ਸਿਰਫ਼ ਉਨ੍ਹਾਂ ਦਾ ਭਾਰਤੀ ਭਾਸ਼ਾਵਾਂ 'ਚ ਉਲੱਥਾ ਕਰ ਦਿੱਤਾ ਹੈ | ਇਸ ਲਈ ਚੇਤਨ ਅਵਸਥਾ 'ਚ ਜਾਂ ਅਰਧ ਚੇਤਨਾ ਅਵਸਥਾ 'ਚ ਸੁਫਨੇ ਆਉਣ ਬਾਰੇ ਜਿਹੜੇ ਕਾਰਨ ਵਿਗਿਆਨਕ ਦੱਸੇ ਗਏ ਹਨ, ਜਿਹੜੇ ਸ਼ਬਦ ਪ੍ਰਯੋਗ ਕੀਤੇ ਗਏ ਹਨ, ਉਹ ਆਪਣੀ ਸਮਝ ਤੋਂ ਬਾਹਰ ਹਨ | ਹਾਂ, ਇਕ ਮੁਢਲਾ ਕਾਰਨ ਤਾਂ ਸਮਝ ਆ ਹੀ ਗਿਆ ਕਿ ਇਹ ਮਨੁੱਖ ਦੀ ਮਾਨਸਿਕ ਅਵਸਥਾ ਕਾਰਨ ਆਉਂਦੇ ਹਨ | ਕਈ ਇਛਾਵਾਂ ਜਿਹੜੀਆਂ ਪੂਰੀਆਂ ਨਹੀਂ ਹੋ ਸਕੀਆਂ ਜਾਂ ਕਾਮਨਾ ਜਾਂ ਸੁਣੀਆਂ-ਸੁਣਾਈਆਂ ਬਾਤਾਂ ਜਾਂ ਕਿਤਾਬਾਂ 'ਚ ਪੜ੍ਹੀਆਂ ਕਿੱਸੇ ਕਹਾਣੀਆਂ ਦੀ ਪੂਰਤੀ ਹੋਣ ਵਾਲੀ ਸੁੱਤੇ-ਸਿੱਧ ਦਿਮਾਗ 'ਚ ਚੱਲਣ ਵਾਲੀ ਫਿਲਮ, ਇਹੀ ਸੁਫਨਾ ਹੈ |
ਸੱਚੀਂ ਫਿਲਮਾਂ ਵਿਚ ਵੀ ਤੁਸੀਂ ਵੇਖਿਆ ਹੋਣਾ ਹੈ, 'ਘਰ ਆਇਆ ਮੇਰਾ ਪਰਦੇਸੀ' ਆਦਿ ਵੀ ਡਰੀਮ ਸੀਕੁੁਐਾਸ ਹੀ ਕਹਾਉਂਦੇ ਹਨ |
ਖੈਰ ਜੀ, ਸੁਫਨੇ ਹਰ ਇਕ ਨੂੰ ਆਉਂਦੇ ਹਨ ਹਰ ਕਿਸੇ ਨੂੰ ਆਉਂਦੇ ਹਨ | ਬਾਦਸ਼ਾਹਾਂ ਤੋਂ ਲੈ ਕੇ ਗਰੀਬ ਤੱਕ ਨੂੰ ਆਉਂਦੇ ਹਨ-ਹੋਰ ਤਾਂ ਹੋਰ ਜਾਨਵਰਾਂ ਨੂੰ ਵੀ ਆਉਂਦੇ ਹਨ |
ਸੁਫਨੇ ਸਾਧੂ-ਸੰਤਾਂ ਨੂੰ ਵੀ ਆਉਂਦੇ ਹਨ | ਹਾਲ 'ਚ ਹੀ ਇਕ ਸੁਫਨਾ ਉੱਤਰ ਪ੍ਰਦੇਸ਼ ਦੇ ਉਨਾਓ ਇਲਾਕੇ 'ਚ ਇਕ ਪ੍ਰਸਿੱਧ ਸੰਤ ਸ਼ੋਭਨ ਸਰਕਾਰ ਨੂੰ ਆਇਆ ਕਿ ਉਹਦੇ ਨੇੜੇ ਹੀ ਇਕ ਥਾਂ ਜ਼ਮੀਨ ਹੇਠਾਂ ਹਜ਼ਾਰਾਂ ਟਨ ਸੋਨਾ ਦੱਬਿਆ ਹੋਇਆ ਹੈ ਕਿਉਂਕਿ ਸੰਤ ਦੇ ਨਾਂਅ ਨਾਲ 'ਸਰਕਾਰ' ਲੱਗਿਆ ਹੋਇਆ ਹੈ | ਇਸ ਲਈ 'ਭਾਰਤ ਸਰਕਾਰ' ਨੂੰ ਲੱਗਾ ਕਿ ਇਹ ਆਪਣਾ ਹੀ ਸੰਤ ਹੈ-ਆਪਣੀ ਸਰਕਾਰ ਇਸ ਸਮੇਂ ਬੜੀ ਆਰਥਿਕ ਮੰਦੀ ਦੇ ਦੌਰ 'ਚੋਂ ਲੰਘ ਰਹੀ ਹੈ, ਇਸ ਸਰਕਾਰੀ ਸੰਤ ਨੇ ਸਰਕਾਰ ਨੂੰ ਇਕ ਸੌਖਾ ਰਾਹ ਦੱਸ ਦਿੱਤਾ ਹੈ ਕਿ ਫਲਾਣੀ ਥਾਂ ਤੋਂ ਧਰਤੀ ਪੁੱਟੋ ਤੇ ਐਨੇ ਟਨ ਸੋਨਾ ਪ੍ਰਾਪਤ ਕਰਕੇ ਲੁੱਡੀਆਂ ਪਾਓ | ਸੰਤ ਜੀ ਆਪ ਮੰੂਹੋਂ ਕੁਝ ਨਹੀਂ ਬੋਲੇ, ਉਨ੍ਹਾਂ ਦਾ ਇਕ ਚੇਲਾ ਹੀ ਆਪਣੇ ਮੂੰਹੋਂ ਉਨ੍ਹਾਂ ਦਾ ਸੰਦੇਸ਼ ਬੋਲਦਾ ਹੈ | ਹੁਣ ਪਤਾ ਲੱਗਾ ਹੈ ਕਿ ਇਹ ਚੇਲਾ ਤਾਂ ਪੱਕਾ ਪਾਲੇਟੀਸ਼ਨ ਹੈ | ਇੰਦਰਾ ਗਾਂਧੀ ਦੇ ਵੇਲੇ ਯੂਥ ਕਾਂਗਰਸ ਦਾ ਲੀਡਰ ਸੀ | ਸੋ, ਪੁਰਾਣਾ ਕਾਂਗਰਸ ਪ੍ਰੇਮ ਖ਼ਤਮ ਨਹੀਂ ਹੋਇਆ ਮੁੜ ਪ੍ਰਬਲ ਹੋ ਕੇ ਜਾਗਿ੍ਤ ਹੋਇਆ | ਇਕ ਮੇਰਾ ਸੰਤ... ਸਰਕਾਰ | ਇਕ ਮੇਰੀ ਕਾਂਗਰਸ ਸਰਕਾਰ | ਇਕ ਸਰਕਾਰ ਦਾ ਸੁਫਨਾ, ਦੂਜੀ ਸਰਕਾਰ ਤੱਕ ਪਹੁੰਚਾ ਦਿੱਤਾ... ਨਾਲੇ ਵਿਸ਼ਵਾਸ ਦਿਵਾ ਦਿੱਤਾ ਕਿ ਸੁਫਨੇ ਸਾਕਾਰ ਹੁੰਦੇ ਹਨ | ਭਲਾ ਐਡੇ ਵੱਡੇ ਸੰਤ ਦਾ ਸੁਫਨਾ ਕਿਵੇਂ ਸੱਚਾ ਸਾਬਤ ਨਹੀਂ ਹੋਏਗਾ |
ਸੋ, ਮੇਰੀ ਕਾਂਗਰਸ ਸਰਕਾਰ ਵਾਲੀ ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਨੇ, ਸੰਤਾਂ ਨੂੰ ਜਿਹੜੀ ਥਾਂ ਸੁਫਨੇ 'ਚ ਨਜ਼ਰ ਆਈ, ਉਥੇ ਹੀ ਖੁਦਾਈ ਸ਼ੁਰੂ ਕਰਵਾ ਦਿੱਤੀ ਗਈ ਹੈ | ਅਜੇ ਤਾੲੀਂ ਤਾਂ ਸੁੱਖ ਨਾਲ, ਜਿਵੇਂ ਪਹਿਲਾਂ ਇਹੋ ਜਿਹੀਆਂ ਖੁਦਾਈਆਂ 'ਚੋਂ ਲੱਭਦੇ ਸਨ, ਕੁਝ ਟੁੱਟੇ ਹੋਏ ਘੜੇ ਜਾਂ ਠੀਕਰੀਆਂ ਹੀ ਲੱਭੀਆਂ ਹਨ | ਸੋਨੇ ਲਈ ਖੁਦਾਈ ਜਾਰੀ ਹੈ |
ਸੱਚੇ ਸੰਤ, ਜਿਨ੍ਹਾਂ ਘਰ-ਬਾਰ ਤਿਆਗ ਦਿੱਤਾ ਹੁੰਦਾ ਹੈ, ਉਨ੍ਹਾਂ ਨੂੰ ਧਨ-ਦੌਲਤ ਨਾਲ ਕਾਹਦਾ ਪਿਆਰ | ਅਹਿ ਸ਼ੋਭਨ ਸਰਕਾਰ ਜਿਹਨੂੰ ਧਰਤੀ ਥੱਲੇ ਦੱਬੇ ਕਈ ਟਨ ਸੋਨੇ ਦਾ ਠਿਕਾਣਾ ਪਤਾ ਸੁਫਨੇ ਵਿਚ ਆਇਆ ਜੇਕਰ ਉਹ ਧਨ-ਲੋਭੀ ਹੁੰਦਾ ਤਾਂ ਚੁੱਪ ਕਰਕੇ ਆਪਣੇ ਚੇਲੇ-ਚਾਟੜਿਆਂ ਤੋਂ ਇਹ ਖੁਦਵਾਈ ਕਰਵਾ ਲੈਂਦਾ ਪਰ ਬੇਸ਼ੱਕ ਧਨ ਦੇ ਮੋਹ ਦਾ ਤਿਆਗ ਕੀਤਾ ਹੋਵੇ ਪਰ ਦੇਸ਼ ਭਗਤੀ ਦੇਸ਼-ਪਿਆਰ ਵਾਲਾ ਮੋਹ ਤਾਂ ਬਿਲਕੁਲ ਨਹੀਂ ਤਿਆਗਿਆ | ਇਸ ਲਈ ਸਰਕਾਰ ਨੇ ਸਰਕਾਰ ਨੂੰ ਇਸ ਆਹਰੇ ਲਾ ਦਿੱਤਾ |
ਜੇ ਮਿਲ ਗਿਆ ਤਾਂ ਮਿਲ ਗਿਆ | ਜੇ ਨਹੀਂ ਮਿਲਿਆ ਤਾਂ ਮੇਰਾ ਕੀ ਗਿਆ | ਮੈਂ ਤਾਂ ਦੇਸ਼ ਦਾ ਭਲਾ ਕੀਤਾ ਸੀ, ਜੇਕਰ ਸੋਨਾ ਰਤਾ ਵੀ ਨਹੀਂ ਲੱਭਾ ਤਾਂ ਤੁਹਾਡੀ ਕਿਸਮਤ | ਸੁਫਨੇ ਆਖਰ ਝੂਠੇ ਵੀ ਹੁੰਦੇ ਹਨ | ਸੱਚ ਤਾਂ ਇਹ ਹੈ ਕਿ ਲਗਭਗ ਸੌ ਸੁਫਨਿਆਂ 'ਚੋਂ 99 ਝੂਠੇ ਸਾਬਤ ਹੁੰਦੇ ਹਨ |
ਇਕ ਬੰਦਾ ਬਜਾਜੀ ਦੀ ਦੁਕਾਨ 'ਚ ਨੌਕਰੀ ਕਰਦਾ ਸੀ, ਉਹ ਰੋਜ਼ ਗਹੁ ਨਾਲ ਵੇਖਦਾ ਸੀ ਕਿ ਕਿਵੇਂ ਉਹਦਾ ਮਾਲਕ ਗਾਹਕਾਂ ਨਾਲ ਭਾਅ ਤੈਅ ਕਰਦਾ ਸੀ, ਫਿਰ ਜਦ ਭਾਅ ਤੈਅ ਹੋ ਜਾਂਦਾ ਤਾਂ ਉਹ ਗਾਹਕਾਂ ਨੂੰ ਪੁੱਛਦਾ, 'ਦੱਸੋ ਜੀ, ਕਿੰਨੇ ਗਜ਼ ਫਾੜ ਦਿਆਂ?' ਤੇ ਗਾਹਕ ਜਿੰਨਾ ਆਖਦਾ ਉਹ ਥਾਨ 'ਚੋਂ ਗਜ਼ ਨਾਲ ਕੱਪੜਾ ਮਿਣ ਕੇ ਓਨਾ ਹੀ ਫਾੜ ਦਿੰਦਾ | ਇਸ ਨੌਕਰ ਦੀ ਇੱਛਾ ਵੀ ਇਹੋ ਸੀ ਕਿ ਇਕ ਦਿਨ ਇਹ ਆਪ ਬਜਾਜੀ ਦੀ ਦੁਕਾਨ ਦਾ ਮਾਲਕ ਬਣੇਗਾ ਤੇ ਇਸੇ ਤਰ੍ਹਾਂ ਹੀ... |
...ਇਕ ਰਾਤ ਉਹ ਸੁੱਤੇ-ਸਾਹ ਆਪ ਬਜਾਜੀ ਦੀ ਦੁਕਾਨ ਦਾ ਮਾਲਕ ਬਣ ਗਿਆ ਸੀ | ਗਾਹਕ ਆ ਗਿਆ | ਇਕ ਖਾਸ ਕੱਪੜਾ ਸੂਟ ਦਾ ਪਸੰਦ ਕਰਕੇ ਉਹਨੇ ਭਾਅ ਪੁੱਛਿਆ | ਗਾਹਕ ਨੇ ਕਿਹਾ, ਨਹੀਂ ਜੀ ਇਹ ਤਾਂ ਬਹੁਤ ਮਹਿੰਗਾ ਏ... ਤੇ ਟਰੇਂਡ ਨੌਕਰ ਨੇ ਪੁੱਛਿਆ, 'ਚਲੋ ਜੀ ਤੁਸੀਂ ਦੱਸੋ ਕੀ ਭਾਅ ਲਓਗੇ?'
ਆਖਰ ਭਾਅ ਤੈਅ ਹੋ ਗਿਆ | ਗਾਹਕ ਨੇ ਕਿਹਾ, 'ਫਾੜ ਦਿਓ ਜੀ ਚਾਰ ਗਜ਼ |' ਬੰਦੇ ਨੇ ਖੁਸ਼ ਹੋ ਕੇ ਚਾਰ ਗਜ਼ ਕੱਪੜਾ ਮਿਣਿਆ ਫੇਰ ਆਪਣੇ ਖਾਸ ਸਟਾਈਲ 'ਚ ਦੋ ਹੱਥਾਂ ਦੀਆਂ ਉਂਗਲਾਂ ਨਾਲ 'ਚਰਰ' ਕਰਕੇ ਫਾੜ ਦਿੱਤਾ |
ਕੱਪੜਾ ਫਾੜਿਆ ਹੀ ਸੀ ਉਹਨੇ ਕਿ ਉਹਦੀ ਵਹੁਟੀ ਦੇ ਜ਼ੋਰ-ਜ਼ੋਰ ਹੱਸਣ ਕਾਰਨ ਉਹਦੀ ਨੀਂਦ ਖੁੱਲ੍ਹ ਗਈ | ਉਹਨੇ ਹੱਸਦੀ ਹੋਈ ਆਪਣੀ ਵਹੁਟੀ ਨੂੰ ਪੁੱਛਿਆ, 'ਕੀ ਹੋਇਆ? ਹੱਸ ਕਿਉਂ ਰਹੀ ਏਾ?'
ਵਹੁਟੀ ਨੇ ਉਹਦੀ ਲੁੰਗੀ ਵੱਲ ਇਸ਼ਾਰਾ ਕਰਕੇ ਕਿਹਾ, 'ਤੁਸਾਂ ਆਪਣੀ ਲੁੰਗੀ ਫਾੜ ਛੱਡੀ ਏ |' ਸੁਫਨੇ 'ਚ ਭਾਈ ਇਉਂ ਵੀ ਹੁੰਦਾ ਹੈ |
ਇਕ ਠੱਗ ਬੜਾ ਮਸ਼ਹੂਰ ਹੋਇਐ ਹਿੰਦੁਸਤਾਨ 'ਚ ਨਟਵਰ ਲਾਲ | ਇਹ ਜੇਲ੍ਹ 'ਚ ਬੰਦ ਸੀ | ਇਕ ਦਿਨ ਇਹਦੀ ਵਹੁਟੀ ਇਹਨੂੰ ਮਿਲਣ ਆਈ | ਵਿਚਾਰੀ ਨੇ ਰੋ ਕੇ ਆਖਿਆ, 'ਸਾਡੇ ਚਾਰ ਖੇਤ ਨੇ, ਤੂੰ ਜੇਲ੍ਹ 'ਚ ਏਾ ਤੇ ਮੈਂ ਇਕੱਲੀ ਹਾਂ | ਇਹ ਵੇਲਾ ਹੈ ਖੇਤਾਂ 'ਚ, ਹਲ ਚਲਾ ਕੇ ਬਿਜਾਈ ਕਰਨ ਦਾ | ਮੇਰੇ ਕੋਲ ਤਾਂ ਬੈਲ ਵੀ ਨਹੀਂ ਹੈਗੇ | ਕੀ ਕਰਾਂ?'
ਨਟਵਰ ਲਾਲ ਨੇ ਉਹਨੂੰ ਹੌਸਲਾ ਦੇ ਕੇ ਕਿਹਾ, 'ਤੂੰ ਨਿਸ਼ੰਗ ਹੋ ਕੇ ਜਾਹ | ਆਪੇ ਸਭ ਕੁਝ ਠੀਕ ਹੋ ਜਾਏਗਾ |'
ਇਸ ਮਗਰੋਂ ਨਟਵਰ ਲਾਲ ਨੇ ਜੇਲ੍ਹ 'ਚੋਂ ਆਪਣੀ ਵਹੁਟੀ ਨਾਂਅ ਇਕ ਚਿੱਠੀ ਲਿਖੀ, 'ਭਾਗਵਾਨੇ ਜਿਹੜਾ ਮੈਂ ਲੱਖਾਂ ਰੁਪਿਆ ਸਰਕਾਰੀ ਖਜ਼ਾਨੇ 'ਚੋਂ ਲੁਟਿਆ ਹੈ ਨਾ, ਮੈਂ ਆਪਣੇ ਜਿਹੜੇ ਚਾਰ ਖੇਤ ਹਨ, ਉਨ੍ਹਾਂ 'ਚੋਂ ਇਕ 'ਚ ਦੱਬਿਆ ਹੋਇਆ ਹੈ | ਇਹ ਕਿਸੇ ਨੂੰ ਦੱਸੀਂ ਨਾ |'
ਕਿਉਂਕਿ ਜੇਲ੍ਹ 'ਚੋਂ ਲਿਖੀ, ਕੈਦੀਆਂ ਦੀ ਹਰੇਕ ਚਿੱਠੀ ਸੈਂਸਰ ਕੀਤੀ ਜਾਂਦੀ ਹੈ, ਇਸ ਲਈ ਚਿੱਠੀ ਜੇਲ੍ਹ 'ਚੋਂ ਪੋਸਟ ਬਾਅਦ 'ਚ ਹੋਈ, ਉਸੇ ਦਿਨ ਬਹੁਤ ਸਾਰੇ ਪੁਲਸੀਏ, ਸਿਪਾਹੀ, ਹਵਾਲਦਾਰ ਤੇ ਅਫਸਰ ਕੁਟਾਲਾਂ ਤੇ ਕਹੀਆਂ ਲੈ ਕੇ, ਉਹਦੇ ਖੇਤਾਂ 'ਚ ਪਹੁੰਚ ਗਏ | ਉਨ੍ਹਾਂ ਚਾਰੇ ਖੇਤ ਇਉਂ ਪੁੱਟ ਸੁੱਟੇ ਕਿ ਬੈਲ ਤਾਂ ਕੀ, ਕੋਈ ਟਰੈਕਟਰ ਵੀ ਐਨੀ ਡੰੂਘੀ ਖੁਦਾਈ ਨਾ ਕਰ ਸਕੇ | ਸਰਕਾਰੀ ਅਮਲੇ ਦੇ ਹੱਥ ਕੁਝ ਨਾ ਲੱਗਾ ਉਹ ਤਾਂ ਖਾਲੀ ਹੱਥ ਵਾਪਸ ਮੁੜ ਗਏ, ਪਰ ਨਟਵਰ ਲਾਲ ਦੀ ਵਹੁਟੀ ਨੇ ਝੱਟ ਚਾਰੇ ਖੇਤਾਂ 'ਚ ਬੀਜ ਪਾ ਦਿੱਤੇ | ਕਯਾ ਲਹਿਲਾਉਂਦੀ ਫਸਲ ਉਗੀ | ਵਾਹ-ਵਾਹ ਜਵਾਬ ਨਹੀਂ |
ਐਨੇ ਟਨ ਸੋਨਾ, ਇਕੋ ਥਾਂ ਤੋਂ ਲੱਭ ਜਾਵੇ ਤਾਂ ਕਿਸੇ ਸਰਕਾਰ ਨੂੰ ਹੋਰ ਕੀ ਚਾਹੀਦਾ ਹੈ? ਜਿਸ ਸਰਕਾਰ ਦੇ ਹਾਰਨ ਦੇ, ਸੌ ਫ਼ੀਸਦੀ ਚਾਂਸ ਹਨ, ਉਹ ਇਸ ਖਜ਼ਾਨੇ ਦੇ ਲੱਭਣ ਨਾਲ ਹੀ (ਜੇ ਲੱਭ ਜਾਏ ਤਾਂ) ਫ਼ਖਰ ਨਾਲ ਜਿੱਤ ਜਾਏਗੀ ਕਿਉਂਕਿ ਬੇਸ਼ੱਕ ਰੁਪਏ ਦਾ ਮੁੱਲ, ਡਾਲਰ ਦੇ ਮੁਕਾਬਲੇ 'ਚ ਹੋਰ ਥੱਲੇ ਢਹਿ ਪਏ, ਸੋਨਾ ਤਾਂ ਫੇਰ ਫੱਟੇ ਚੱਕ ਦਏਗਾ |
ਇਕ ਗੱਲ ਸਮਝ ਨਹੀਂ ਆਈ, ਸਾਡੇ ਲਾਗੇ ਹੀ ਸ੍ਰੀਲੰਕਾ, ਗੁਆਂਢੀ ਦੇਸ਼ ਹੈ, ਨਿੱਕਾ ਜਿਹਾ | ਕਹਿੰਦੇ ਨੇ ਰਾਵਣ ਦੇ ਵੇਲੇ ਇਹ ਸੋਨੇ ਦੀ ਲੰਕਾ ਸੀ, ਜਿਹਨੂੰ ਸਾਡੇ ਹਨੂਮਾਨ ਜੀ ਨੇ ਪੂਰੀ ਤਰ੍ਹਾਂ ਸਾੜ ਕੇ ਸੁਆਹ ਕਰ ਦਿੱਤਾ ਸੀ, ਮੁਆਫ਼ ਕਰਨਾ ਜੀ, ਸੋਨਾ ਸੜ ਕੇ ਢਲ ਗਲ ਜਾਂਦਾ ਹੈ, ਸੜ ਕੇ ਸੁਆਹ ਨਹੀਂ ਹੁੰਦਾ | ਉਥੇ ਤਾਂ ਪੂਰੇ ਮੁਲਕ 'ਚ ਚੱਪੇ-ਚੱਪੇ ਧਰਤੀ ਹੇਠਾਂ ਸੋਨਾ ਦੱਬਿਆ ਹੋਵੇਗਾ | ਉਥੇ ਦੇ ਲੋਕ, ਉਥੇ ਦੀ ਸਰਕਾਰ ਵੀ ਸੋਨੇ ਦੀ ਸਿਰਫ਼ ਸ਼ੌਕੀਨ ਹੀ ਨਹੀਂ ਲਾਲਾਂ ਟਪਕਾਉਣ ਵਾਲੀ ਹੈ | ਉਥੇ ਵੀ ਬਥੇਰੇ ਸਾਧੂ-ਸੰਤ ਹਨ | ਉਨ੍ਹਾਂ 'ਚੋਂ ਕਿਸੇ ਇਕ ਨੂੰ ਵੀ ਇਹੋ ਜਿਹਾ ਸੁਫਨਾ ਕਿਉਂ ਨਹੀਂ ਆਉਂਦਾ ਕਿ ਖੋਦੋ... ਖੋਦੋ... ਪੁੱਟੋ... ਪੁੱਟੋ... ਐਨਾ ਸੋਨਾ ਲੱਭੇਗਾ ਕਿ ਤੁਹਾਡੀਆਂ ਲੰੂਗੀਆਂ ਵੀ ਸੋਨੇ ਦੀਆਂ ਹੋ ਜਾਣਗੀਆਂ |
ਸਾਡੀ ਸਰਕਾਰ, ਉਹ ਥਾਂ ਪੁੱਟ ਰਹੀ ਹੈ, ਖੋਦ ਰਹੀ ਹੈ, ਲਾਲਚ 'ਚ ਹੋਰ ਵੀ ਡੰੂਘਾ ਖੋਦੇਗੀ ਕਿ ਸ਼ਾਇਦ ਸਮੇਂ ਦੇ ਵੇਗ ਨਾਲ ਥੱਲੇ ਖਿਸਕ ਗਿਆ ਹੋਵੇ... ਇਕ ਤਾਂ ਸਾਧੂ ਦੇ ਸੁਫਨੇ ਦੀ ਇੱਜ਼ਤ, ਦੂਜਾ ਸੋਨੇ ਦਾ ਲਾਲਚ... ਛੇਤੀ ਨਾਲ ਇਹ ਕੰਮ ਰੁਕਣ ਨਹੀਂ ਦਏਗਾ... ਹਾਲ ਕਿਵੇਂ ਹੋਵੇਗਾ?...
••

ਸੱਚਮੁੱਚ ਗੁਣੀ ਗਾਇਕ ਸਨ ਮੰਨਾ ਡੇ

ਇਹ ਗੱਲ ਉਦੋਂ ਦੀ ਹੈ ਜਦੋਂ ਸੰਗੀਤਕਾਰ ਲਕਸ਼ਮੀ ਕਾਂਤ-ਪਿਆਰੇ ਲਾਲ ਫਿਲਮ 'ਪਰਹਾਰ' ਦੇ ਇਕ ਗੀਤ 'ਹਮਾਰੀ ਮੁੱਠੀ ਮੇਂ ਆਕਾਸ਼ ਸਾਰਾ...' ਦੀ ਰਿਕਾਰਡਿੰਗ ਮਹਿਬੂਬ ਸਟੂਡੀਓ ਵਿਚ ਕਰ ਰਹੇ ਸਨ | ਮਾਈਕ੍ਰੋਫ਼ੋਨ 'ਤੇ ਮੰਨਾ ਡੇ ਸਨ | ਉਦੋਂ ਲਾਈਵ ਰਿਕਾਰਡਿੰਗ ਦਾ ਜ਼ਮਾਨਾ ਸੀ ਅਤੇ ਉਦੋਂ ਗੀਤ ਦੀ ਰਿਕਾਰਡਿੰਗ ਉਕਤਾ ਦੇਣ ਵਾਲਾ ਅਨੁਭਵ ਸਾਬਤ ਹੁੰਦੀ ਸੀ | ਜਦੋਂ ਰਿਕਾਰਡਿੰਗ ਖਤਮ ਹੋਈ ਤਾਂ ਮੰਨਾ ਡੇ ਰਿਕਾਰਡਿੰਗ ਰੂਮ ਤੋਂ ਬਾਹਰ ਆਏ, ਉਮਰਦਰਾਜ਼ ਮੰਨਾ ਡੇ ਦੇ ਚਿਹਰੇ 'ਤੇ ਥਕਾਵਟ ਸਾਫ਼ ਝਲਕ ਰਹੀ ਸੀ | ਇਸ ਫ਼ਿਲਮ ਦੇ ਨਿਰਦੇਸ਼ਕ ਸਨ ਨਾਨਾ ਪਾਟੇਕਰ ਅਤੇ ਨਾਨਾ ਨੇ ਆਪਣੇ ਹੱਥੀਂ ਉਨ੍ਹਾਂ ਨੂੰ ਪੇਮੈਂਟ ਦਾ ਚੈੱਕ ਦੇ ਦਿੱਤਾ | ਜਦੋਂ ਮੰਨਾ ਡੇ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਨਾਨਾ ਨੇ ਮਹਿਸੂਸ ਕੀਤਾ ਕਿ ਗੀਤ ਵਿਚ ਥੋੜ੍ਹੀ ਕਮੀ ਰਹਿ ਗਈ ਹੈ | ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਪਿਆਰੇ ਲਾਲ ਨੂੰ ਦੱਸੀ ਅਤੇ ਪਿਆਰੇ ਲਾਲ ਨੇ ਵੀ ਸੁਝਾਅ ਦਿੱਤਾ ਕਿ ਇਹ ਗੀਤ ਇਕ ਵਾਰ ਹੋਰ ਰਿਕਾਰਡ ਹੋ ਜਾਵੇ ਤਾਂ ਇਸ ਵਿਚ ਹੋਰ ਨਿਖਾਰ ਆ ਜਾਵੇਗਾ | ਪਿਆਰੇ ਲਾਲ ਨੇ ਮੰਨਾ ਡੇ ਨੂੰ ਫਿਰ ਗਾਉਣ ਦੀ ਗੁਜ਼ਾਰਿਸ਼ ਕੀਤੀ ਅਤੇ ਬਿਨਾਂ ਕਿਸੇ ਤਰ੍ਹਾਂ ਦੀ ਨਾਂਹ-ਨੁੱਕਰ ਕੀਤੇ ਮੰਨਾ ਡੇ ਫਿਰ ਰਿਕਾਰਡਿੰਗ ਰੂਮ ਵੱਲ ਤੁਰ ਪਏ | ਨਾਲ ਹੀ ਉਥੇ ਖੜ੍ਹੇ ਆਪਣੇ ਇਕ ਜਾਣਕਾਰ ਨੂੰ ਕਿਹਾ, 'ਇਹ ਪਿਆਰੇ ਲਾਲ ਉਮਰ ਵਿਚ ਮੇਰੇ ਬੱਚੇ ਸਮਾਨ ਹਨ, ਇਸ ਨੂੰ ਸੰਗੀਤ ਦੀ ਏਨੀ ਡੰੂਘੀ ਸਮਝ ਹੈ ਕਿ ਮੇਰਾ ਮਨ ਇਸ ਦੇ ਪੈਰ ਛੂਹਣ ਨੂੰ ਕਰਦਾ ਹੈ |'
ਅਜਿਹੀ ਸੀ ਮੰਨਾ ਡੇ ਦੀ ਸਰਲਤਾ ਅਤੇ ਨਿਮਰਤਾ | ਉਨ੍ਹਾਂ ਦੀ ਆਵਾਜ਼ ਤਾਂ ਮਿੱਠੀ ਸੀ ਹੀ, ਉਹ ਦਿਲੋਂ ਵੀ ਬੜੇ ਮਿੱਠੇ ਸਨ | ਸੰਗੀਤ ਨੂੰ ਪੂਰਨ ਰੂਪ ਵਿਚ ਸਮਰਪਿਤ ਮੰਨਾ ਡੇ ਅੱਜ ਭਾਵੇਂ ਸਾਡੇ ਦਰਮਿਆਨ ਨਹੀਂ ਹਨ ਪਰ ਉਹ ਸੰਗੀਤ ਪ੍ਰੇਮੀਆਂ ਲਈ ਇਕ ਅਜਿਹਾ ਅਨਮੋਲ ਖਜ਼ਾਨਾ ਛੱਡ ਗਏ ਹਨ, ਜੋ ਸਦੀਆਂ ਤੱਕ ਉਨ੍ਹਾਂ ਦੀ ਯਾਦ ਨੂੰ ਕਾਇਮ ਰੱਖੇਗਾ |
ਮੰਨਾ ਡੇ ਦਾ ਅਸਲੀ ਨਾਂਅ ਪ੍ਰਬੋਧ ਚੰਦਰ ਡੇ ਸੀ | ਉਨ੍ਹਾਂ ਦਾ ਜਨਮ 1 ਮਈ, 1919 ਨੂੰ ਹੋਇਆ | ਪੂਰਨ ਚੰਦ ਉਨ੍ਹਾਂ ਦੇ ਪਿਤਾ ਸਨ ਅਤੇ ਮਾਤਾ ਦਾ ਨਾਂਅ ਮਹਾਮਾਇਆ ਸੀ | ਛੋਟੇ ਹੁੰਦੇ ਪ੍ਰਬੋਧ ਉੱਪਰ ਆਪਣੇ ਮਾਤਾ-ਪਿਤਾ ਦੀ ਬਜਾਏ ਆਪਣੇ ਚਾਚਾ ਕ੍ਰਿਸ਼ਨ ਚੰਦਰ ਡੇ ਦਾ ਪ੍ਰਭਾਵ ਵਧੇਰੇ ਸੀ | ਕ੍ਰਿਸ਼ਨ ਚੰਦਰ ਸ਼ਾਸਤਰੀ ਸੰਗੀਤਕਾਰ ਸਨ ਅਤੇ ਉਨ੍ਹਾਂ ਨੂੰ ਸੰਗੀਤਾ ਆਚਾਰੀਆ ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ | ਆਪਣੇ ਚਾਚਾ ਦੇ ਨਾਲ ਰਹਿ ਕੇ ਛੋਟੇ ਪ੍ਰਬੋਧ ਨੇ ਸ਼ਾਸਤਰੀ ਸੰਗੀਤ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਦੋਂ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਅੱਗੇ ਚੱਲ ਕੇ ਇਹ ਲੜਕਾ ਫਿਲਮ ਸੰਗੀਤ ਜਗਤ ਦਾ ਇਕ ਤੇਜਸਵੀ ਸਿਤਾਰਾ ਬਣ ਜਾਵੇਗਾ | ਬਚਪਨ ਵਿਚ ਸਕੂਲ ਵਿਚ ਆਪਣੀ ਗਾਇਕੀ ਦੀ ਕਾਬਲੀਅਤ ਦੀ ਬਦੌਲਤ ਉਹ ਅਧਿਆਪਕਾਂ ਦੀ ਵਾਹ-ਵਾਹ ਲੁੱਟਦਾ ਰਿਹਾ | ਇਹ ਪ੍ਰਬੋਧ ਜਦੋਂ ਕਾਲਜ ਵਿਚ ਆਇਆ ਤਾਂ ਲਗਾਤਾਰ ਤਿੰਨ ਸਾਲ ਅੰਤਰ-ਕਾਲਜ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਸੰਗੀਤ ਦੀਆਂ ਤਿੰਨ ਵੱਖ-ਵੱਖ ਕੈਟੇਗਰੀਆਂ ਵਿਚ ਉਹ ਮੈਦਾਨ ਮਾਰਨ ਵਿਚ ਸਫ਼ਲ ਰਿਹਾ ਸੀ | ਪ੍ਰਬੋਧ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਚਾਚਾ ਨੇ ਉਨ੍ਹਾਂ ਨੂੰ ਆਪਣੇ ਨਾਲ ਮੰੁਬਈ ਲੈ ਆਂਦਾ | ਉਨ੍ਹਾਂ ਦੀ ਇੱਛਾ ਸੀ ਕਿ ਪ੍ਰਬੋਧ ਫਿਲਮ ਸੰਗੀਤ ਵਿਚ ਆਪਣਾ ਨਾਂਅ ਰੌਸ਼ਨ ਕਰੇ | ਪ੍ਰਬੋਧ ਨੂੰ ਘਰ ਵਿਚ ਸਾਰੇ ਮੰਨਾ ਕਹਿ ਕੇ ਪੁਕਾਰਦੇ ਸਨ | ਉਨ੍ਹਾਂ ਦੇ ਚਾਚਾ ਵੀ ਉਨ੍ਹਾਂ ਨੂੰ ਮੰਨਾ ਹੀ ਕਹਿੰਦੇ ਸਨ | ਇਸ ਤਰ੍ਹਾਂ ਚਾਚੇ ਵੱਲ ਦੇਖ ਕੇ ਹੋਰ ਲੋਕ ਵੀ ਉਨ੍ਹਾਂ ਨੂੰ ਇਸੇ ਨਾਂਅ ਨਾਲ ਬੁਲਾਉਣ ਲੱਗੇ | ਸੰਗੀਤ ਵਿਚ ਜਿਉਂ-ਜਿਉਂ ਉਨ੍ਹਾਂ ਨੂੰ ਸਫ਼ਲਤਾ ਮਿਲਦੀ ਗਈ, ਤਿਉਂ-ਤਿਉਂ ਪ੍ਰਬੋਧ ਨਾਂਅ ਪਿੱਛੇ ਜਾਂਦਾ ਰਿਹਾ ਅਤੇ ਮੰਨਾ ਡੇ ਨਾਂਅ ਹਰਮਨ-ਪਿਆਰਾ ਹੁੰਦਾ ਗਿਆ | ਮੰੁਬਈ ਆ ਕੇ ਵੀ ਮੰਨਾ ਡੇ ਦੀ ਤਾਲੀਮ ਬਰਕਰਾਰ ਰਹੀ ਅਤੇ ਉਨ੍ਹਾਂ ਨੇ ਉਸਤਾਦ ਅਮਨ ਅਲੀ ਖਾਂ ਅਤੇ ਉਸਤਾਦ ਅਬਦੁਲ ਰਹਿਮਾਨ ਖਾਂ ਤੋਂ ਸ਼ਾਸਤਰੀ ਸੰਗੀਤ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ |
ਸਾਲ 1942 ਵਿਚ ਉਹ ਮੰੁਬਈ ਆਏ ਸਨ | ਇਥੇ ਆ ਕੇ ਉਨ੍ਹਾਂ ਨੇ ਆਪਣੇ ਚਾਚਾ ਦੇ ਨਾਲ ਤਾਂ ਕੰਮ ਕੀਤਾ ਹੀ, ਨਾਲ ਹੀ ਉਹ ਸਚਿਨ ਦੇਵ ਬਰਮਨ ਦੇ ਨਾਲ ਵੀ ਕੰਮ ਕਰਨ ਲੱਗੇ | ਸੰਗੀਤ ਦੇ ਇਸ ਮਾਹੌਲ ਵਿਚ ਰਹਿ ਕੇ ਉਨ੍ਹਾਂ ਨੇ ਖੁਦ ਨੂੰ ਖੂਬ ਤਿਆਰ ਕੀਤਾ | ਉਨ੍ਹਾਂ ਦੇ ਚਾਚਾ ਨੇ ਹੀ ਉਨ੍ਹਾਂ ਨੂੰ ਫਿਲਮ 'ਤਰਾਨਾ' ਵਿਚ ਪਹਿਲਾ ਬਰੇਕ ਦਿੱਤਾ ਅਤੇ ਇਸ ਗੀਤ ਵਿਚ ਉਨ੍ਹਾਂ ਦੇ ਨਾਲ ਸੁਰੱਈਆ ਵੀ ਸੀ | ਉਨ੍ਹਾਂ ਦਾ ਪਹਿਲਾ ਹੀ ਗੀਤ ਹਿੱਟ ਹੋ ਗਿਆ ਅਤੇ ਫਿਰ ਤਾਂ 'ਕਦਮਬਨ', 'ਦੂਰ ਚਲੇਂ', 'ਗੀਤ ਗੋਬਿੰਦ' ਆਦਿ ਫਿਲਮਾਂ ਦੇ ਗੀਤਾਂ ਦੀ ਬਦੌਲਤ ਉਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਲੱਗੇ |
ਸਾਲ 1947 ਵਿਚ ਦੇਸ਼ ਨੂੰ ਆਜ਼ਾਦੀ ਮਿਲੀ ਅਤੇ ਇਸ ਆਜ਼ਾਦੀ ਦੇ ਨਾਲ ਹੀ ਫਿਲਮ ਇੰਡਸਟਰੀ ਵਿਚ ਨਵੀਂ ਊਰਜਾ ਦਾ ਸੰਚਾਰ ਹੋ ਗਿਆ | ਨਵੀਆਂ ਫਿਲਮਾਂ ਬਣਨ ਲੱਗੀਆਂ ਅਤੇ ਮੰਨਾ ਡੇ ਨੇ ਅਨਿਲ ਬਿਸਵਾਸ, ਸਚਿਨ ਦੇਵ ਬਰਮਨ, ਐਮ. ਕੇ. ਪਾਲ, ਖੇਮ ਚੰਦ ਪ੍ਰਕਾਸ਼ ਆਦਿ ਨਾਮੀ ਸੰਗੀਤਕਾਰਾਂ ਲਈ ਆਪਣੀ ਆਵਾਜ਼ ਦੇ ਕੇ ਭਾਰਤੀ ਸੰਗੀਤ ਦੇ ਖਜ਼ਾਨੇ ਵਿਚ ਕਈ ਅਨਮੋਲ ਮੋਤੀ ਪਰੋ ਦਿੱਤੇ | ਉਸ ਜ਼ਮਾਨੇ ਵਿਚ ਸ਼ਾਸਤਰੀ ਰਾਗਾਂ 'ਤੇ ਅਧਾਰਤ ਗੀਤਾਂ ਦੀ ਰਚਨਾ ਖੂਬ ਹੁੰਦੀ ਸੀ ਅਤੇ ਇਨ੍ਹਾਂ ਗੀਤਾਂ ਲਈ ਸ਼ਰਤੀਆ ਮੰਨਾ ਡੇ ਨੂੰ ਹੀ ਯਾਦ ਕੀਤਾ ਜਾਂਦਾ ਸੀ | ਉਹ ਮੰਨਾ ਡੇ ਦਾ ਸੁਨਹਿਰੀ ਸਮਾਂ ਸੀ ਅਤੇ ਉਨ੍ਹਾਂ ਦੇ ਗੀਤਾਂ ਦੀ ਬਦੌਲਤ ਫਿਲਮ ਸੰਗੀਤ ਲਈ ਇਹ ਸਮਾਂ ਸੁਨਹਿਰੀ ਕਾਲ ਸਾਬਤ ਹੋਇਆ | ਉਦੋਂ ਮੰਨਾ ਡੇ ਦੀ ਗਾਇਕੀ ਦਾ ਪ੍ਰਭਾਵ ਕਿੰਨਾ ਜ਼ਬਰਦਸਤ ਸੀ, ਇਸ ਦਾ ਨਜ਼ਾਰਾ ਫਿਲਮ 'ਬਸੰਤ ਬਹਾਰ' ਤੋਂ ਮਿਲ ਜਾਂਦਾ ਹੈ | ਇਹ ਸੰਗੀਤ 'ਤੇ ਅਧਾਰਤ ਫਿਲਮ ਸੀ ਅਤੇ ਕਹਾਣੀ ਦੇ ਮੁਤਾਬਿਕ ਸੰਗੀਤ ਦੇ ਇਕ ਮੁਕਾਬਲੇ ਵਿਚ ਨਾਇਕ ਦੀ ਜਿੱਤ ਹੁੰਦੀ ਹੈ | ਫਿਲਮ ਦੇ ਨਾਇਕ ਭਾਰਤ ਭੂਸ਼ਨ ਸਨ ਅਤੇ ਉਨ੍ਹਾਂ ਲਈ ਮੰਨਾ ਡੇ ਦੀ ਆਵਾਜ਼ ਨੂੰ ਚੁਣਿਆ ਗਿਆ ਸੀ | ਨਾਇਕ ਦੇ ਨਾਲ ਮੁਕਾਬਲੇ ਲਈ ਦੂਜੇ ਮੁਕਾਬਲਾਕਾਰੀ ਲਈ ਉਸ ਜ਼ਮਾਨੇ ਦੇ ਪ੍ਰਸਿੱਧ ਸ਼ਾਸਤਰੀ ਗਾਇਕ ਪੰਡਿਤ ਭੀਮ ਸੈਨ ਜੋਸ਼ੀ ਦੀ ਆਵਾਜ਼ ਫਾਈਨਲ ਕੀਤੀ ਗਈ | ਜਦੋਂ ਮੰਨਾ ਡੇ ਨੂੰ ਪਤਾ ਲੱਗਾ ਕਿ ਭੀਮ ਸੈਨ ਜੋਸ਼ੀ ਦੀ ਆਵਾਜ਼ ਜਿਸ ਕਲਾਕਾਰ 'ਤੇ ਫਿਲਮਾਈ ਜਾਣੀ ਹੈ, ਉਹ ਕਲਾਕਾਰ ਸੰਗੀਤ ਮੁਕਾਬਲੇ ਵਿਚ ਹਾਰ ਜਾਂਦਾ ਹੈ ਤਾਂ ਉਨ੍ਹਾਂ ਨੇ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ | ਉਹ ਭੀਮ ਸੈਨ ਜੋਸ਼ੀ ਨੂੰ ਮਹਾਨ ਗਾਇਕ ਮੰਨਦੇ ਸਨ | ਅਜਿਹੇ ਹਾਲਾਤ ਵਿਚ ਉਨ੍ਹਾਂ ਦੀ ਆਵਾਜ਼ ਦੀ ਹਾਰ ਹੋਣਾ ਉਨ੍ਹਾਂ ਨੂੰ ਮਨਜ਼ੂਰ ਨਹੀਂ ਸੀ | ਆਖਰ ਖੁਦ ਭੀਮ ਸੈਨ ਜੋਸ਼ੀ ਨੇ ਉਨ੍ਹਾਂ ਨੂੰ ਗੀਤ ਗਾਉਣ ਲਈ ਮਨਾ ਲਿਆ ਅਤੇ ਦੋਵੇਂ ਰਿਕਾਰਡਿੰਗ ਥੀਏਟਰ ਪਹੁੰਚ ਗਏ | ਗੀਤ ਦੀ ਰਿਕਾਰਡਿੰਗ ਤੋਂ ਬਾਅਦ ਮੰਨਾ ਡੇ ਦੀ ਗਾਇਕੀ ਤੋਂ ਪ੍ਰਭਾਵਿਤ ਹੋਏ ਭੀਮ ਸੈਨ ਜੋਸ਼ੀ ਨੇ ਕਿਹਾ, 'ਅੱਜ ਤੁਹਾਡੇ ਸਾਹਮਣੇ ਹਾਰਨਾ ਬਿਲਕੁਲ ਬੁਰਾ ਨਹੀਂ ਲੱਗਿਆ | ਤੁਹਾਡੇ ਵਰਗੇ ਗਾਇਕ ਦੇ ਸਾਹਮਣੇ ਹਾਰ ਕੇ ਮੈਂ ਫ਼ਖ਼ਰ ਮਹਿਸੂਸ ਕਰਦਾ ਹਾਂ |' ਅਜਿਹਾ ਸੀ ਮੰਨਾ ਡੇ ਦੀ ਆਵਾਜ਼ ਦਾ ਜਾਦੂ |
ਮੰਨਾ ਡੇ ਨੇ ਉਸ ਜ਼ਮਾਨੇ ਦੇ ਲਗਭਗ ਸਾਰੇ ਵੱਡੇ ਨਾਇਕਾਂ ਨੂੰ ਆਪਣੀ ਆਵਾਜ਼ ਦਿੱਤੀ | ਹਾਲਾਂਕਿ ਰਾਜ ਕਪੂਰ ਦੇ ਨਾਲ ਗਾਇਕ ਮੁਕੇਸ਼ ਦਾ ਨਾਂਅ ਜੋੜਿਆ ਜਾਂਦਾ ਰਿਹਾ ਹੈ | ਪਰ ਇਹ ਵੀ ਸੱਚ ਹੈ ਕਿ ਰਾਜ ਕਪੂਰ ਲਈ ਮੰਨਾ ਡੇ ਨੇ ਵੀ ਕਈ ਅਮਰ ਗੀਤ ਦਿੱਤੇ | ਫਿਲਮ 'ਚੋਰੀ ਚੋਰੀ' ਲਈ 'ਯੇ ਰਾਤ ਭੀਗੀ ਭੀਗੀ...' ਅਤੇ 'ਜਹਾਂ ਮੈਂ ਜਾਤੀ ਹੂੰ...' ਅਤੇ ਫਿਲਮ 'ਪਰਵਰਿਸ਼' ਦਾ ਗੀਤ 'ਮਸਤੀ ਭਰਾ ਹੈ ਸਮਾਂ...', ਫਿਲਮ 'ਮੇਰਾ ਨਾਮ ਜੌਕਰ' ਲਈ 'ਏ ਭਾਈ ਜ਼ਰਾ ਦੇਖ ਕੇ ਚਲੋ...' ਆਦਿ ਨੂੰ ਭਲਾ ਕੌਣ ਭੁਲਾ ਸਕਦਾ ਹੈ |
ਮੰਨਾ ਡੇ ਦੀ ਗਾਇਕੀ ਦੀ ਇਕ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਭਾਵੇਂ ਸ਼ਾਸਤਰੀ ਸੰਗੀਤ ਦੀ ਤਾਲੀਮ ਲੈ ਰੱਖੀ ਸੀ ਪਰ ਉਨ੍ਹਾਂ ਦੇ ਗੀਤਾਂ ਵਿਚ ਸਰਲਤਾ ਬਹੁਤ ਹੁੰਦੀ ਸੀ | ਬੜੀ ਆਸਾਨੀ ਨਾਲ ਉਨ੍ਹਾਂ ਦੇ ਗੀਤ ਲੋਕਾਂ ਦੀ ਜ਼ਬਾਨ 'ਤੇ ਚੜ੍ਹ ਜਾਂਦੇ ਸਨ | ਫਿਲਮ ਵਿਚ ਚਾਹੇ ਉਹ ਗੀਤ ਨਾਇਕ 'ਤੇ ਨਾ ਵੀ ਫਿਲਮਾਇਆ ਗਿਆ ਹੋਵੇ ਜਾਂ ਪਿੱਠਵਰਤੀ ਚਲ ਰਿਹਾ ਹੋਵੇ, ਪਰ ਉਨ੍ਹਾਂ ਦੇ ਗੀਤ ਸਰੋਤਿਆਂ 'ਤੇ ਆਪਣਾ ਜਾਦੂਈ ਅਸਰ ਛੱਡਣ ਵਿਚ ਕਾਮਯਾਬ ਰਹਿੰਦੇ ਸਨ | 'ਚੁਨਰੀ ਸੰਭਾਲ ਗੋਰੀ', 'ਚਲਤ ਮੁਸਾਫਿਰ ਮੋਹ ਲਿਓ ਰੇ....', 'ਮੁੜ ਮੁੜ ਕੇ ਨਾ ਦੇਖ, ਮੁੜ ਮੁੜ ਕੇ...', 'ਫੂਲ ਗੇਂਦਵਾ ਮਾਰੋ...', 'ਐ ਮੇਰੇ ਪਿਆਰੇ ਵਤਨ...', 'ਪੂਛੋ ਨਾ ਕੈਸੇ ਰੈਨ ਬਿਤਾਈ...', 'ਕੌਨ ਆਇਆ ਮੇਰੇ ਮਨ ਕੇ ਦੁਆਰੇ...', 'ਸੁਰ ਨਾ ਸਜੇ...', 'ਤੂ ਛੁਪੀ ਹੈ ਕਹਾਂ...' ਆਦਿ ਗੀਤ ਕਲਾਸੀਕਲ ਜਾਂ ਅਰਧ-ਕਲਾਸੀਕਲ ਸਨ ਪਰ ਇਹ ਗੀਤ ਆਮ ਆਦਮੀ ਦੇ ਦਿਲ ਨੂੰ ਟੁੰਬਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਹੇ ਸਨ ਅਤੇ ਇਸ ਲਈ ਮੰਨਾ ਡੇ ਦੀ ਗਾਇਕੀ ਦੇ ਸਿਰ ਸਿਹਰਾ ਬੱਝਦਾ ਹੈ |
60 ਦੇ ਦਹਾਕੇ ਦੇ ਖਤਮ ਹੁੰਦਿਆਂ-ਹੁੰਦਿਆਂ ਫਿਲਮਾਂ ਵਿਚ ਸ਼ਾਸਤਰੀ ਧੁਨਾਂ 'ਤੇ ਅਧਾਰਤ ਗੀਤਾਂ ਦੀ ਰਚਨਾ ਦੀ ਵਰਤੋਂ ਘੱਟ ਹੋਣ ਲੱਗ ਗਈ ਅਤੇ ਹਲਕੇ-ਫੁਲਕੇ ਗੀਤ ਜ਼ਿਆਦਾ ਬਣਨ ਲੱਗੇ | ਅਜਿਹੇ ਗੀਤਾਂ ਲਈ ਮੁਹੰਮਦ ਰਫ਼ੀ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਵਧੇਰੇ ਠੀਕ ਮੰਨੀ ਜਾਣ ਲੱਗੀ ਅਤੇ ਮੁਕੇਸ਼ ਦੀ ਆਵਾਜ਼ ਨੂੰ ਦਰਦ ਭਰੇ ਗੀਤਾਂ ਲਈ ਸਹੀ ਮੰਨਿਆ ਜਾਣ ਲੱਗਿਆ | ਫਿਲਮ ਸੰਗੀਤ ਵਿਚ ਆਵਾਜ਼ ਦੀ ਇਸ ਕਲਾਸੀਫਿਕੇਸ਼ਨ ਦੇ ਚਲਦਿਆਂ ਮੰਨਾ ਡੇ ਨੂੰ ਥੋੜ੍ਹਾ ਕੰਮ ਘੱਟ ਮਿਲਿਆ | ਪਰ ਇਹ ਵੀ ਸੱਚ ਹੈ ਕਿ ਜਦ ਕਲਾਸੀਕਲ ਗੀਤ ਦੀ ਵਾਰੀ ਆਉਂਦੀ ਸੀ ਤਾਂ ਮਾਈਕ੍ਰੋਫੋਨ ਦੇ ਅੱਗੇ ਉਨ੍ਹਾਂ ਨੂੰ ਹੀ ਖੜ੍ਹੇ ਕੀਤਾ ਜਾਂਦਾ ਸੀ |
ਆਵਾਜ਼ ਦੀ ਇਸ ਕਲਾਸੀਫਿਕੇਸ਼ਨ ਦੀ ਵਜ੍ਹਾ ਕਰਕੇ ਮੰਨਾ ਡੇ ਨੂੰ ਚਰਿੱਤਰ ਕਲਾਕਾਰ ਜਾਂ ਕਾਮੇਡੀਅਨ 'ਤੇ ਫਿਲਮਾਏ ਜਾਣ ਵਾਲੇ ਵਧੇਰੇ ਗੀਤ ਮਿਲਣ ਲੱਗੇ | ਉਨ੍ਹਾਂ ਨੇ ਕਦੇ ਇਸ ਗੱਲ ਦੀ ਸ਼ਿਕਾਇਤ ਨਹੀਂ ਕੀਤੀ ਕਿ ਉਨ੍ਹਾਂ ਦੀ ਆਵਾਜ਼ ਨੂੰ ਇਸ ਤਰ੍ਹਾਂ ਕਿਉਂ ਵਰਤਿਆ ਜਾ ਰਿਹਾ ਹੈ | ਉਹ ਸੰਗੀਤ ਨੂੰ ਪੂਜਾ ਮੰਨਦੇ ਸਨ ਅਤੇ ਗਾਇਕੀ ਨੂੰ ਆਪਣਾ ਧਰਮ | ਸ਼ਾਇਦ ਇਹੀ ਵਜ੍ਹਾ ਸੀ ਕਿ ਉਦੋਂ ਕੁਝ ਅਜਿਹੇ ਮੌਕੇ ਆਏ ਜਦੋਂ ਹੀਰੋ ਦੇ ਮੁਕਾਬਲੇ ਮੰਨਾ ਡੇ ਵੱਲੋਂ ਮਹਿਮੂਦ 'ਤੇ ਫਿਲਮਾਏ ਗੀਤ ਜ਼ਿਆਦਾ ਹਿੱਟ ਹੋਏ | ਮਹਿਮੂਦ, ਜੌਨੀ ਵਾਕਰ, ਆਗਾ ਤੋਂ ਲੈ ਕੇ ਹੋਰ ਕਾਮੇਡੀਅਨਾਂ ਲਈ ਆਪਣੀ ਆਵਾਜ਼ ਦੇਣ ਤੋਂ ਉਨ੍ਹਾਂ ਨੇ ਕਦੇ ਗੁਰੇਜ਼ ਨਹੀਂ ਕੀਤਾ | ਜਦੋਂ ਖਲਨਾਇਕ ਦੇ ਤੌਰ 'ਤੇ ਪ੍ਰਾਣ ਦੀ ਤੂਤੀ ਬੋਲਦੀ ਸੀ, ਉਦੋਂ ਉਨ੍ਹਾਂ ਨੇ ਪ੍ਰਾਣ ਲਈ 'ਹੈ ਆਗ ਹਮਾਰੇ ਸੀਨੇ ਮੇਂ...' (ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ), ਉਸੇ ਪ੍ਰਾਣ ਨੇ ਜਦੋਂ ਖਲਨਾਇਕੀ ਦਾ ਚੋਲਾ ਉਤਾਰ ਦਿੱਤਾ ਤਾਂ ਮੰਨਾ ਡੇ ਨੇ ਉਨ੍ਹਾਂ ਲਈ 'ਕਸਮੇਂ ਵਾਅਦੇ ਪਿਆਰ ਵਫ਼ਾ' ਗਾਇਆ ਸੀ | ਜਦੋਂ ਪ੍ਰਾਣ ਚਰਿੱਤਰ ਕਲਾਕਾਰ ਦੇ ਤੌਰ 'ਤੇ ਧੁੰਮਾਂ ਪਾਉਣ ਲੱਗੇ ਤਾਂ ਉਦੋਂ ਮੰਨਾ ਡੇ ਨੇ ਉਨ੍ਹਾਂ ਲਈ ਕੱਵਾਲੀ 'ਯਾਰੀ ਹੈ ਇਮਾਨ ਮੇਰਾ...' (ਜ਼ੰਜੀਰ) ਗਾਈ | ਇਸ ਤਰ੍ਹਾਂ ਪ੍ਰਾਣ ਦੇ ਕੈਰੀਅਰ ਨੂੰ ਨਵੀਂ ਦਿਸ਼ਾ ਦੇਣ ਵਿਚ ਵੀ ਮੰਨਾ ਡੇ ਦੇ ਗੀਤਾਂ ਦਾ ਹੀ ਹੱਥ ਰਿਹਾ ਹੈ |
ਮੰਨਾ ਡੇ ਲਈ ਸੰਗੀਤ ਹੀ ਸਭ ਕੁਝ ਸੀ | ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ 60 ਸਾਲ ਦੇ ਗਾਇਕੀ ਦੇ ਕੈਰੀਅਰ ਵਿਚ ਉਹ ਕਦੀ ਵੀ ਕਿਸੇ ਵਿਵਾਦ ਵਿਚ ਨਹੀਂ ਉਲਝੇ | ਉਹ ਕਦੀ ਗਰੁੱਪਬਾਜ਼ੀ ਵਿਚ ਵਿਸ਼ਵਾਸ ਨਹੀਂ ਸਨ ਰੱਖਦੇ ਅਤੇ ਨਾ ਹੀ ਉਨ੍ਹਾਂ ਨੂੰ ਪਰਦੇ ਦੇ ਪਿੱਛੇ ਖੇਡਾਂ ਖੇਡਣੀਆਂ ਆਉਂਦੀਆਂ ਸਨ | ਸੰਗੀਤ ਦੇ ਬਾਜ਼ਾਰ ਵਿਚ ਖੇਡੀ ਜਾਂਦੀ ਰਾਜਨੀਤੀ ਤੋਂ ਉਹ ਦੂਰ ਰਹਿਣਾ ਹੀ ਪਸੰਦ ਕਰਦੇ ਸਨ | ਇਸ ਤਰ੍ਹਾਂ ਇਹ ਗੁਣੀ ਕਲਾਕਾਰ ਪੂਰਨ ਤੌਰ 'ਤੇ ਸੰਗੀਤ ਨੂੰ ਹੀ ਸਮਰਪਿਤ ਸਨ | ਸੰਗੀਤ ਵਿਚ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਦੇਖ ਕੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਸਾਲ 1971 ਵਿਚ 'ਪਦਮਸ੍ਰੀ' ਨਾਲ ਨਿਵਾਜਿਆ ਗਿਆ | ਫਿਰ ਉਨ੍ਹਾਂ ਨੂੰ 'ਪਦਮ ਭੂਸ਼ਨ' ਨਾਲ ਸਨਮਾਨਿਤ ਕੀਤਾ ਗਿਆ ਅਤੇ ਸਾਲ 2007 ਵਿਚ ਉਨ੍ਹਾਂ ਨੂੰ 'ਦਾਦਾ ਸਾਹਿਬ ਫਾਲਕੇ' ਪੁਰਸਕਾਰ ਦਿੱਤਾ ਗਿਆ |
ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਮੰਨਾ ਡੇ ਨੇ ਸਾਲ 1953 ਵਿਚ ਸੁਲੋਚਨਾ ਕੁਮਾਰੀ ਨਾਲ ਵਿਆਹ ਕੀਤਾ ਸੀ | ਪਤੀ-ਪਤਨੀ ਵਿਚ ਆਪਸੀ ਬੇਹੱਦ ਪਿਆਰ ਸੀ | ਜਦੋਂ 2012 ਵਿਚ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਤਾਂ ਉਹ ਬੁਰੀ ਤਰ੍ਹਾਂ ਟੁੱਟ ਗਏ ਸਨ ਅਤੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਦੇਣਾ ਚਾਹੁੰਦੇ ਸਨ | ਅਖੀਰ 24 ਅਕਤੂਬਰ, 2013 ਨੂੰ ਸਾਡੇ ਤੋਂ ਵਿਛੜ ਗਏ |
ਸਵਰਗੀ ਮੰਨਾ ਡੇ ਦੀ ਆਵਾਜ਼ ਨਾਲ ਸਜੇ ਇਕ ਗੀਤ ਦੇ ਬੋਲ ਹਨ, 'ਤੂੰ ਪਿਆਰ ਕਾ ਸਾਗਰ ਹੈ...' ਅਤੇ ਅੱਜ ਵੀ ਉਹੀ ਮੰਨਾ ਡੇ ਆਪਣੇ ਚਾਹੁਣ ਵਾਲਿਆਂ ਲਈ ਸੰਗੀਤ ਦਾ ਸਾਗਰ ਆਪਣੇ ਪਿੱਛੇ ਛੱਡ ਗਏ ਹਨ, ਜੋ ਸਦੀਆਂ ਤੱਕ ਸੰਗੀਤ ਪ੍ਰੇਮੀਆਂ ਦੀ ਪਿਆਸ ਬੁਝਾਉਂਦਾ ਰਹੇਗਾ | ਇਸ ਤਰ੍ਹਾਂ ਦੇ ਗਾਇਕ ਨੂੰ ਸਾਡੀ ਭਾਵਭਿੰਨੀ ਸ਼ਰਧਾਂਜਲੀ |
-ਮੰੁਬਈ |

ਪੰਛੀਆਂ ਦੇ ਪ੍ਰਵਾਸ ਦੀ ਅਸਚਰਜ ਕਹਾਣੀ

ਭਾਰਤ ਵਿਚ ਪ੍ਰਵਾਸੀ ਪੰਛੀਆਂ ਦੀ ਆਮਦ ਦੀਆਂ ਮੁਢਲੀਆਂ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ | ਹਰ ਸਾਲ ਦੀ ਤਰ੍ਹਾਂ ਠੰਢੇ ਮੁਲਕਾਂ ਤੋਂ ਪ੍ਰਵਾਸੀ ਪੰਛੀਆਂ ਨੇ ਉੱਤਰੀ ਭਾਰਤ ਦੀਆਂ ਵੱਖ-ਵੱਖ ਝੀਲਾਂ ਤੇ ਪੱਤਣਾਂ ਵੱਲ ਵਹੀਰਾਂ ਘੱਤ ਲਈਆਂ ਹਨ | ਇਸ ਖਿੱਤੇ ਵਿਚ ਪ੍ਰਵਾਸੀ ਪੰਛੀਆਂ ਦੇ ਪੱਕੇ ਨਿਵਾਸ ਸਥਾਨਾਂ ਵਿਚ ਚੰਡੀਗੜ੍ਹ ਦੀ ਸੁਖਨਾ ਝੀਲ, ਪਾਉਂਟਾ ਸਾਹਿਬ ਲਾਗੇ ਕੁਲਹਲ ਜਲ ਭੰਡਾਰ, ਝੀਲ ਥਨੇਸਰ (ਹਰਿਆਣਾ), ਘਾਨਾ ਰੱਖ਼, ਭਰਤਪੁਰ (ਰਾਜਸਥਾਨ) ਅਤੇ ਹਰੀਕੇ ਝੀਲ (ਪੰਜਾਬ) ਮੁੱਖ ਤੌਰ 'ਤੇ ਸ਼ਾਮਿਲ ਹਨ | ਇਨ੍ਹਾਂ ਤੋਂ ਇਲਾਵਾ ਹੋਰ ਪਾਣੀ ਵਾਲੀਆਂ ਥਾਵਾਂ ਵੀ ਸਾਡੇ ਉਡਣੇ ਮਹਿਮਾਨਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ |
ਪੰਛੀਆਂ ਦੇ ਪ੍ਰਵਾਸ ਦੀ ਕਹਾਣੀ ਤੋਂ ਅਣਜਾਣ, ਹਰ ਵਿਅਕਤੀ ਦੇ ਮਨ ਅੰਦਰ ਇਕ ਸਾਂਝਾ ਛੇ-ਕੜੀਆਂ ਵਾਲਾ ਸਵਾਲ ਉਠਦਾ ਹੈ ਕਿ ਇਹ ਪੰਛੀ ਕਿੱਥੋਂ, ਕਿਉਂ ਤੇ ਕਿਸ ਤਰ੍ਹਾਂ ਭਾਰਤੀ ਉਪ-ਮਹਾਂਦੀਪ ਵਿਚ ਪਹੁੰਚਦੇ ਹਨ ਤੇ ਫਿਰ ਕਿਉਂ, ਕਿਸ ਤਰ੍ਹਾਂ ਅਤੇ ਕਿੱਥੇ ਚਲੇ ਜਾਂਦੇ ਹਨ | ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ ਅਤੇ ਇਸ ਸਰਗਰਮੀ ਦੇ ਹੋਰ ਪਹਿਲੂਆਂ ਨੂੰ ਸਮਝਣ ਲਈ ਗੱਲ ਦੀ ਲੜੀ ਨੂੰ ਕੁਝ ਇਸ ਤਰ੍ਹਾਂ ਤੋਰਿਆ ਜਾ ਸਕਦਾ ਹੈ:
ਪੰਛੀਆਂ ਨੂੰ ਉਨ੍ਹਾਂ ਦੇ ਰਹਿਣ-ਢੰਗ ਅਤੇ ਕੁਝ ਹੋਰ ਸਾਂਝੇ ਗੁਣਾਂ ਦੇ ਅਧਾਰ 'ਤੇ ਚਾਰ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ-ਸਥਾਨਕ, ਖਾਨਾਬਦੋਸ਼, ਸਥਾਨਕ ਪ੍ਰਵਾਸੀ ਅਤੇ ਪੂਰਨ ਰੂਪ ਵਿਚ ਪ੍ਰਵਾਸੀ | ਪੰਛੀਆਂ ਦਾ ਮੌਸਮ ਅਨੁਸਾਰ ਇਕ ਥਾਂ ਤੋਂ ਦੂਸਰੀ ਥਾਂ ਜਾਣਾ ਇਕ ਬਹੁਤ ਦਿਲਚਸਪ ਤੇ ਹੈਰਾਨੀਜਨਕ ਸਰਗਰਮੀ ਹੈ | ਮੌਸਮ ਦੀ ਤਬਦੀਲੀ ਕਾਰਨ, ਜਦੋਂ ਪੰਛੀਆਂ ਦਾ ਆਪਣੇ ਵਿਕਾਸ ਦੇ ਕੁਦਰਤੀ ਸਥਾਨਾਂ 'ਤੇ ਸਤਿਕਾਰ ਇਸ ਹੱਦ ਤੱਕ ਘਟ ਜਾਵੇ ਕਿ ਉਨ੍ਹਾਂ ਨੂੰ ਆਪਣੀ ਜਾਨ ਖ਼ਤਰੇ ਵਿਚ ਨਜ਼ਰ ਆਵੇ ਤਾਂ ਉਹ ਮਜਬੂਰੀ ਦੀ ਹਾਲਤ ਵਿਚ ਕੁਦਰਤੀ ਸੂਝ (9nstinct Natural 9mpulse) ਦੁਆਰਾ ਪ੍ਰਵਾਸ ਦਾ ਕੌੜਾ ਘੁੱਟ ਭਰਦੇ ਹਨ | ਇਸ ਔਖੇ ਕਾਰਜ ਲਈ ਕੁਦਰਤ ਦੀ ਪ੍ਰਵਾਨਗੀ, ਥਾਪੜਾ ਤੇ ਹੱਲਾਸ਼ੇਰੀ ਹਾਸਲ ਹੁੰਦੀ ਹੈ | ਗੁਰਬਾਣੀ ਵਿਚ ਵੀ ਪ੍ਰਵਾਸੀ ਪੰਛੀਆਂ ਦੀ ਆਮਦ ਦਾ ਜ਼ਿਕਰ ਮਿਲਦਾ ਹੈ | ਫੁਰਮਾਨ ਹੈ:
'ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ¨'
ਕੁਦਰਤ ਨੇ ਹਰ ਜੀਵ ਨੂੰ ਉਸ ਦੀ ਜੀਵਨ-ਸ਼ੈਲੀ ਤੇ ਚਰਿੱਤਰ ਵਿਧੀ ਅਨੁਸਾਰ ਜਿਊਣ ਲਈ ਦਾਓ-ਪੇਚ ਬਖਸ਼ੇ ਹਨ | ਇਸੇ ਮੁਢਲੀ ਸਚਾਈ ਅਧੀਨ ਕੁਦਰਤ ਨੇ ਪ੍ਰਵਾਸੀ ਪੰਛੀਆਂ ਨੂੰ ਹਜ਼ਾਰਾਂ ਮੀਲਾਂ ਦਾ ਲੰਬਾ ਤੇ ਅੜਿੱਕਿਆਂ ਵਾਲਾ ਸਫ਼ਰ ਤੈਅ ਕਰ ਸਕਣ ਲਈ ਪੂਰੀ ਤਰ੍ਹਾਂ ਲੈਸ ਕੀਤਾ ਹੁੰਦਾ ਹੈ, ਬਿਨਾਂ ਕੁਝ ਖਾਧੇ ਪੀਤੇ, ਆਪਣੇ ਟੀਚੇ 'ਤੇ ਪਹੁੰਚਣ ਲਈ ਕਈ-ਕਈ ਦਿਨ ਲਗਾਤਾਰ ਉਡਦੇ ਰਹਿੰਦੇ ਹਨ | ਪ੍ਰਵਾਸੀ ਪੰਛੀਆਂ ਦੇ ਸਰੀਰ ਅੰਦਰ ਪ੍ਰਵਾਸ ਕਰਨ ਸਮੇਂ ਚਰਬੀ ਦਾ ਇਕ ਵੱਡਾ ਭੰਡਾਰ ਹੁੰਦਾ ਹੈ, ਜਿਸ ਨੂੰ ਲੰਬੇ ਸਫ਼ਰ ਦੌਰਾਨ ਸਰੀਰ ਨੂੰ ਤਾਕਤ ਦੇਣ ਲਈ ਬਾਲਣ ਦੇ ਤੌਰ 'ਤੇ ਵਰਤਿਆ ਜਾਂਦਾ ਹੈ | ਦੂਜਾ, ਇਨ੍ਹਾਂ ਦੇ ਖੰਭਾਂ ਦੀ ਵਿਸ਼ੇਸ਼ ਬਣਤਰ, ਲੰਬਾ ਸਫ਼ਰ ਤੈਅ ਕਰ ਸਕਣ ਵਿਚ ਮਦਦਗਾਰ ਸਿੱਧ ਹੁੰਦੀ ਹੈ |
ਪ੍ਰਵਾਸੀ ਪੰਛੀ, ਝੁੰਡਾਂ ਦੀ ਸ਼ਕਲ 'ਚ ਵੱਖ-ਵੱਖ ਟੋਲੀਆਂ ਵਿਚ ਆਉਂਦੇ ਹਨ | ਪੰਜਾਬ ਵਿਚ ਹਰੀਕੇ ਪੱਤਣ, ਜਿਥੇ ਸਤਲੁਜ ਤੇ ਬਿਆਸ ਦਰਿਆਵਾਂ ਦਾ ਮਿਲਣ ਹੁੰਦਾ ਹੈ, ਵਿਖੇ ਹਰ ਸਾਲ ਸਤੰਬਰ-ਅਕਤੂਬਰ ਦੇ ਮਹੀਨੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ | ਹਰੀਕੇ ਝੀਲ, 41 ਵਰਗ ਕਿਲੋਮੀਟਰ 'ਚ ਫੈਲੀ, ਏਸ਼ੀਆ ਦੀ ਸਭ ਤੋਂ ਵੱਡੀ ਪੰਛੀਆਂ ਦੀ ਰੱਖ਼ ਹੈ | ਜੰਗਲੀ ਜੀਵ ਸੁਰੱਖਿਆ ਬੋਰਡ ਵੱਲੋਂ ਪੰਛੀਆਂ ਦੇ ਇਸ ਰੱਖ ਵਿਚ ਆਉਣ ਤੇ ਰੁਕਣ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਚੋਗੇ ਦਾ ਪ੍ਰਬੰਧ ਕਰਨਾ ਸ਼ਾਮਿਲ ਹੈ | ਪਰ ਇਹ ਪੰਛੀ ਸਰਕਾਰੀ ਰਾਸ਼ਨ 'ਤੇ ਨਿਰਭਰ ਨਹੀਂ ਕਰਦੇ, ਆਪਣਾ ਮਨ ਭਾਉਂਦਾ ਖਾਜਾ ਝਾੜੀਆਂ ਜਾਂ ਪਾਣੀ ਵਿਚੋਂ ਲੱਭ ਕੇ ਖਾਣ ਨੂੰ ਤਰਜੀਹ ਦਿੰਦੇ ਹਨ | ਪ੍ਰਵਾਸੀ ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਹਰੀਕੇ ਝੀਲ ਵਿਖੇ ਹਰ ਸਾਲ ਇਕ ਤੋਂ ਡੇਢ ਲੱਖ ਦੇ ਕਰੀਬ ਪੰਛੀ ਸਰਦ ਰੁੱਤ ਬਤੀਤ ਕਰਨ ਲਈ ਪਹੁੰਚਦੇ ਹਨ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਕੌਸਨਕੂਟ (ਮੁਰਗਾਬੀ) ਦੀ ਹੁੰਦੀ ਹੈ | ਪਿਛਲੇ ਸਾਲਾਂ ਦੌਰਾਨ ਇਥੇ 73 ਪ੍ਰਜਾਤੀਆਂ ਦੇ ਪ੍ਰਵਾਸੀ ਪੰਛੀ ਤੇ 45 ਪ੍ਰਜਾਤੀਆਂ ਦੇ ਸਥਾਨਕ ਪੰਛੀ ਵੇਖੇ ਗਏ ਸਨ |
ਇਸੇ ਤਰ੍ਹਾਂ ਝੀਲਾਂ, ਦਰਿਆਵਾਂ ਦੇ ਕੰਢਿਆਂ ਅਤੇ ਪੰਛੀਆਂ ਦੀਆਂ ਰੱਖਾਂ ਵਿਖੇ ਹਰ ਸਾਲ ਪ੍ਰਵਾਸੀ ਪੰਛੀ ਦੇਖੇ ਜਾ ਸਕਦੇ ਹਨ | ਸਾਡੇ ਮੁਲਕ ਵਿਚ ਮੱਘ, ਮੁਰਗਾਬੀਆਂ ਅਤੇ ਹੋਰ ਪਾਣੀ ਵਾਲੀ ਥਾਂ ਵਿਚ ਰਹਿਣ ਵਾਲੇ ਪੰਛੀ ਦੱਖਣੀ ਸਾਇਬੇਰੀਆ, ਆਸਟ੍ਰੇਲੀਆ ਅਤੇ ਹੋਰ ਠੰਢੇ ਮੁਲਕਾਂ ਤੋਂ ਆਉਂਦੇ ਹਨ | ਜਦੋਂ ਇਨ੍ਹਾਂ ਮੁਲਕਾਂ ਵਿਚ ਅਤਿ ਦੀ ਠੰਢ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਪੰਛੀ ਆਪਣੀ ਜਾਨ ਬਚਾਉਣ ਲਈ ਦੂਸਰੇ ਮੁਲਕਾਂ ਵਿਚ ਪ੍ਰਵਾਸ ਕਰ ਜਾਂਦੇ ਹਨ | ਭਾਰਤ ਵਿਚ ਇਹ ਪੰਛੀ ਚਾਰ-ਪੰਜ ਕੁ ਮਹੀਨੇ ਠਹਿਰਦੇ ਹਨ ਅਤੇ ਮੌਸਮ ਠੀਕ ਹੋਣ 'ਤੇ ਮੁੜ ਆਪਣੇ ਵਤਨਾਂ ਵੱਲ 'ਮੁਹਾਰਾਂ' ਮੋੜ ਲੈਂਦੇ ਹਨ |
ਬੜੀ ਹੈਰਾਨੀ ਦੀ ਗੱਲ ਹੈ ਕਿ ਕਈ ਪੰਛੀ ਹਰ ਸਾਲ ਉਨ੍ਹਾਂ ਥਾਵਾਂ 'ਤੇ ਹੀ ਪਹੁੰਚਦੇ ਹਨ, ਜਿਥੇ ਉਹ ਪਿਛਲੇ ਸਾਲ ਆਏ ਸਨ | ਅਜਿਹਾ ਉਨ੍ਹਾਂ ਦੇ ਪੈਰਾਂ ਵਿਚ ਬਾਕਾਇਦਾ ਥਾਂ 'ਤੇ ਮਿਤੀ ਲਿਖੇ ਛੱਲੇ ਪਾ ਕੇ ਸਿੱਧ ਕੀਤਾ ਜਾ ਚੁੱਕਾ ਹੈ |
ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਹ ਪੰਛੀ ਦੋ ਨਿਸ਼ਚਿਤ ਰਸਤਿਆਂ ਰਾਹੀਂ ਭਾਰਤ ਅੰਦਰ ਪ੍ਰਵੇਸ਼ ਕਰਦੇ ਹੋਣ | ਇਨ੍ਹਾਂ ਪਛਾਣਨਯੋਗ ਰਸਤਿਆਂ ਨੂੰ ਪੱਛਮੀ ਤੇ ਪੂਰਬੀ ਰਾਹ ਕਿਹਾ ਜਾ ਸਕਦਾ ਹੈ | ਪੱਛਮੀ ਰਸਤੇ ਰਾਹੀਂ ਇਹ ਪੰਛੀ ਪੰਜਾਬ ਵਿਚ ਹਰੀਕੇ ਪੱਤਣ ਝੀਲ ਅਤੇ ਰਾਜਸਥਾਨ ਵਿਚ ਘਾਨਾ ਰੱਖ਼, ਭਰਤਪੁਰ ਵਿਖੇ ਪਹੁੰਚਦੇ ਹਨ | ਘਾਨਾ ਰੱਖ਼ ਵਿਖੇ ਪਹੁੰਚਣ ਵਾਲੇ ਪੰਛੀ, ਆਮ ਤੌਰ 'ਤੇ ਕੁਝ ਅਰਸੇ ਲਈ ਹਰੀਕੇ ਝੀਲ 'ਤੇ ਅਟਕਦੇ ਹਨ | ਪੂਰਬੀ ਰਸਤੇ ਰਾਹੀਂ ਆਉਣ ਵਾਲੇ ਪੰਛੀਆਂ ਦਾ ਕੇਂਦਰੀਕਰਨ, ਤਾਮਿਲਨਾਡੂ ਦੇ ਦੱਖਣੀ ਸਮੰੁਦਰੀ ਕੰਢੇ 'ਤੇ ਕਲੀਮੀਰੀ ਵਿਖੇ ਹੁੰਦਾ ਹੈ | ਓਡੀਸ਼ਾ ਵਿਖੇ ਚਿਲਕਾ ਝੀਲ ਰੁਕਣ ਦੀ ਥਾਂ ਭਾਵ ਇਕ ਪੜਾਅ ਹੈ | ਪੂਰਬੀ ਤੇ ਪੱਛਮੀ ਰਸਤਿਆਂ ਰਾਹੀਂ ਆਉਣ ਵਾਲੇ ਪੰਛੀ ਆਪਣੀਆਂ-ਆਪਣੀਆਂ ਖ਼ਾਸ ਰੱਖ਼ਾਂ ਵਿਚ ਹੀ ਰਹਿੰਦੇ ਹਨ |
ਭਾਰਤ ਵਿਚ ਸਥਾਨਕ ਪ੍ਰਵਾਸ ਦੀ ਇਕ ਦਿਲਚਸਪ ਘਟਨਾ ਦਸੰਬਰ 1986 ਵਿਚ ਸਾਹਮਣੇ ਆਈ, ਜਦੋਂ ਰਨ ਆਫ਼ ਕੱਛ ਦੇ ਨਿਵਾਸੀ ਪੰਛੀ ਫਲੇਮਇੰਗੋਜ਼, ਪੰਜਾਬ ਦੀਆਂ ਸ਼ਾਂਤ ਪਾਣੀ ਵਾਲੀਆਂ ਥਾਵਾਂ, ਜ਼ਿਲ੍ਹਾ ਬਠਿੰਡਾ ਵਿਖੇ ਧੰਨਪੁਰ ਦੇ ਸਥਾਨ 'ਤੇ ਅਤੇ ਜ਼ਿਲ੍ਹਾ ਸੰਗਰੂਰ ਵਿਖੇ ਲਹਿਲ ਕਲਾਂ ਦੇ ਸਥਾਨ 'ਤੇ ਵੱਡੀ ਗਿਣਤੀ ਵਿਚ ਦੇਖੇ ਗਏ | ਇਕੱਲੇ ਧੰਨਪੁਰ ਦੇ ਲਗਭਗ 200 ਏਕੜ ਵਿਚ ਫੈਲੇ ਪਾਣੀ ਵਾਲੇ ਸਥਾਨ 'ਤੇ ਲੰਬੀਆਂ ਲੱਤਾਂ, ਲੰਬੀ ਤੇ ਨਾਜ਼ੁਕ ਗਰਦਨ ਵਾਲੇ ਅਤੇ ਲਗਭਗ 4.5 ਫੁੱਟ ਉੱਚੇ, 5000 ਦੇ ਕਰੀਬ ਫਲੇਮਇੰਗੋਜ਼ ਦੇਖੇ ਗਏ | ਉਂਜ, ਫਲੇਮਇੰਗੋਜ਼ ਜਾਤੀ ਦੇ ਪੰਛੀ ਸਥਾਨਕ ਪ੍ਰਵਾਸ ਅਤਿ ਮਜਬੂਰੀ ਦੀ ਹਾਲਤ ਵਿਚ ਕਰਦੇ ਹਨ, ਇਹ ਅਕਸਰ ਸਥਾਨਕ ਜਾਂ ਖਾਨਾਬਦੋਸ਼ ਹੁੰਦੇ ਹਨ |
ਚੰਡੂਲ (ਗਾਉਣ ਵਾਲੀ ਇਕ ਚਿੜੀ) ਜਾਤੀ ਦੇ ਪੰਛੀ ਸਥਾਨਕ ਵੀ ਹੁੰਦੇ ਹਨ ਤੇ ਪ੍ਰਵਾਸੀ ਵੀ | ਸਥਾਨਕ ਚੰਡੂਲ ਦੇ ਖੰਭ ਵੱਡੇ ਹੁੰਦੇ ਹਨ, ਜਦੋਂ ਕਿ ਪ੍ਰਵਾਸੀਆਂ ਦੇ ਛੋਟੇ, ਕਿਉਂਕਿ ਲੰਬੇ ਫਾਸਲੇ ਦੀ ਉਡਾਰੀ ਲਈ ਛੋਟੇ ਖੰਭ ਸਹਾਈ ਸਿੱਧ ਹੁੰਦੇ ਹਨ | ਵੱਡੇ ਖੰਭਾਂ ਵਾਲੇ ਸਥਾਨਕ ਚੰਡੂਲ ਦੀ ਉਡਾਰੀ ਆਕਰਸ਼ਕ ਤੇ ਚੜ੍ਹਦੀ ਕਲਾ ਵਾਲੀ ਹੁੰਦੀ ਹੈ ਪਰ ਲੰਬਾ ਸਫ਼ਰ ਤੈਅ ਕਰ ਸਕਣ ਤੋਂ ਅਸਮਰੱਥ ਹੁੰਦੇ ਹਨ |
(ਬਾਕੀ ਅਗਲੇ ਐਤਵਾਰ)
-ਮਕਾਨ ਨੰ: 223, ਵਾਰਡ ਨੰ: 9, ਸਰਹਿੰਦ-140406.
ਮੋਬਾਈਲ : 92178-45812.

ਪੰਜਾਬ ਦੇ ਹਰ ਕੋਨੇ ਤੱਕ ਹੋ ਜਾਏਗੀ ਐਫ. ਐਮ. ਰੇਡੀਓ ਦੀ ਪਹੁੰਚ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪੂਰਬੀ ਪੰਜਾਬ ਦੀ ਮੁੜ ਵਸੇਬੇ ਦੀ ਹਾਲਤ ਬਹੁਤ ਖਰਾਬ ਸੀ | ਇਕ ਪਾਸੇ ਤਾਂ ਰਹਿਣ ਵਾਸਤੇ ਜਗ੍ਹਾ ਨਹੀਂ ਸੀ, ਦੂਜੇ ਪਾਸੇ ਅਨੇਕਾਂ ਪਰਿਵਾਰ ਇਕ-ਦੂਜੇ ਤੋਂ ਵਿਛੜ ਚੁੱਕੇ ਸਨ | ਪਾਕਿਸਤਾਨ ਵਿਚ ਸ਼ਰਨਾਰਥੀਆਂ ਦੀ ਮਦਦ ਰੇਡੀਓ ਪਾਕਿਸਤਾਨ ਲਾਹੌਰ ਕਰ ਰਿਹਾ ਸੀ, ਜਿਸ ਦੀ ਭੂਮਿਕਾ ਬੜੀ ਕਾਰਗਰ ਸੀ | ਪੂਰਬੀ ਪੰਜਾਬ ਕੋਲ ਕੋਈ ਆਪਣਾ ਰੇਡੀਓ ਸਟੇਸ਼ਨ ਨਹੀਂ ਸੀ | ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਲਾਹੌਰ ਰੇਡੀਓ ਸਟੇਸ਼ਨ ਦੇ ਇਕ ਸਾਬਕਾ ਉੱਚ ਅਧਿਕਾਰੀ ਸ: ਕਰਤਾਰ ਸਿੰਘ ਦੁੱਗਲ ਨੇ ਪੂਰਬੀ ਪੰਜਾਬ ਆਣ ਕੇ ਇਕ ਚਿੱਠੀ ਭਾਰਤ ਸਰਕਾਰ ਦੇ ਨਾਂਅ ਲਿਖੀ | ਇਸ ਵਿਚ ਸ਼ਰਨਾਰਥੀਆਂ ਦੀਆਂ ਦੁਸ਼ਵਾਰੀਆਂ ਦਾ ਜ਼ਿਕਰ ਕਰਕੇ ਪੂਰਬੀ ਪੰਜਾਬ ਦੇ ਆਪਣੇ ਰੇਡੀਓ ਸਟੇਸ਼ਨ ਦੀ ਮੰਗ ਕੀਤੀ ਸੀ | ਇਸ ਦੇ ਫਲਸਰੂਪ ਭਾਰਤ ਸਰਕਾਰ ਨੇ 1947 ਵਿਚ ਹੀ ਪੂਰਬੀ ਪੰਜਾਬ ਵਿਚ ਰੇਡੀਓ ਸਟੇਸ਼ਨ ਬਣਾਉਣ ਦਾ ਫ਼ੈਸਲਾ ਕਰ ਲਿਆ ਸੀ | ਰੇਡੀਓ ਪਾਕਿਸਤਾਨ ਲਾਹੌਰ ਜਿਹਾ ਸ਼ਕਤੀਸ਼ਾਲੀ ਰੇਡੀਓ ਟਰਾਂਸਮੀਟਰ ਭਾਰਤ ਕੋਲ ਹੈ ਹੀ ਨਹੀਂ ਸੀ | ਦੋ ਛੋਟੀ ਸ਼ਕਤੀ ਦੇ ਮੀਡੀਅਮ ਵੇਵ ਟਰਾਂਸਮੀਟਰ ਆਲ ਇੰਡੀਆ ਰੇਡੀਓ ਦੇ ਸਟੋਰ ਵਿਚ ਸਨ | ਇਨ੍ਹਾਂ ਵਿਚੋਂ ਇਕ ਭਾਰਤ ਦੇ ਪ੍ਰਵੇਸ਼ ਦੁਆਰ ਅੰਮਿ੍ਤਸਰ ਵਿਚ ਲਗਾਇਆ ਗਿਆ ਅਤੇ ਦੂਜਾ ਪੰਜਾਬ ਦੀ ਆਰਜ਼ੀ ਰਾਜਧਾਨੀ ਜਲੰਧਰ ਵਿਚ ਲਗਾਇਆ ਗਿਆ | 1948 ਵਿਚ ਦੋਵੇਂ ਰੇਡੀਓ ਸਟੇਸ਼ਨ ਚਾਲੂ ਹੋ ਗਏ | 1953 ਵਿਚ ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਕਿ ਦੇਸ਼ ਦੇ ਕਮਜ਼ੋਰ ਰੇਡੀਓ ਸਟੇਸ਼ਨਾਂ ਦੀ ਤਾਕਤ ਵਧਾਈ ਜਾਵੇ | ਇਸ ਅਹਿਮ ਫ਼ੈਸਲੇ ਦੇ ਤਹਿਤ ਆਲ ਇੰਡੀਆ ਰੇਡੀਓ ਜਲੰਧਰ ਦੀ ਸ਼ਕਤੀ ਇਕ ਕਿਲੋਵਾਟ ਤੋਂ ਵਧਾ ਕੇ 50 ਕਿਲੋਵਾਟ ਕਰ ਦਿੱਤੀ ਗਈ ਅਤੇ ਅੰਮਿ੍ਤਸਰ ਦਾ ਇਕ ਕਿਲੋਵਾਟ ਸ਼ਕਤੀ ਦਾ ਟਰਾਂਸਮੀਟਰ ਬੰਦ ਕਰ ਦਿੱਤਾ ਗਿਆ, ਜਿਸ ਦਾ ਵਿਰੋਧ ਵੀ ਹੋਇਆ ਪਰ ਕਿਸੇ ਨੇ ਸੁਣੀ ਨਹੀਂ |
ਅੰਮਿ੍ਤਸਰ ਰੇਡੀਓ ਸਟੇਸ਼ਨ ਦੇ 1953 ਵਿਚ ਬੰਦ ਹੋਣ ਤੋਂ ਪੰਜਾਹ ਸਾਲ ਬਾਅਦ 2003 ਵਿਚ ਉਸ ਸਮੇਂ ਦੀ ਸੂਚਨਾ ਤੇ ਪ੍ਰਸਾਰਨ ਮਹਿਕਮੇ ਦੀ ਭਾਰਤੀ ਵਜ਼ੀਰ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਅੰਮਿ੍ਤਸਰ ਵਿਚ ਇਕ ਸ਼ਕਤੀਸ਼ਾਲੀ ਐਫ. ਐਮ. ਰੇਡੀਓ ਸਟੇਸ਼ਨ ਦੀ ਸਥਾਪਨਾ ਦੀ ਮਨਜ਼ੂਰੀ ਦੇ ਦਿੱਤੀ, ਪਰ ਕਈ ਵਰ੍ਹੇ ਕੰਮ ਸ਼ੁਰੂ ਨਾ ਹੋਇਆ | ਆਪਣੇ ਲੜਾਕੂ ਸੁਭਾਓ ਦੇ ਅਨੁਕੂਲ ਅੰਮਿ੍ਤਸਰ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਫਰਵਰੀ ਜਾਂ ਮਾਰਚ 2007 ਵਿਚ ਸੰਸਦ ਵਿਚ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ | ਇਸ ਤੋਂ ਬਾਅਦ ਅਚਨਚੇਤ ਹੀ ਮਈ 2007 ਵਿਚ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਂਝੇ 1000 ਫੁੱਟ ਉੱਚੇ ਟਾਵਰ ਦੀ ਉਸਾਰੀ ਦਾ ਕੰਮ ਘਰਿੰਡਾ ਵਿਚ ਸ਼ੁਰੂ ਹੋ ਗਿਆ | 6 ਸਾਲਾਂ ਵਿਚ 17 ਕਰੋੜ ਰੁਪਏ ਖਰਚ ਕੇ ਇਹ ਟਾਵਰ ਹੁਣ ਉਸਰ ਚੁੱਕਿਆ ਹੈ | ਇਸ ਵਾਸਤੇ ਐਫ. ਐਮ. ਟਰਾਂਸਮਿਟਰ ਵੀ ਖਰੀਦ ਲਿਆ ਗਿਆ ਹੈ | ਟਰਾਂਸਮੀਟਰ ਦੀ ਲਵਾਈ ਵਾਸਤੇ ਟੈਂਡਰ ਵੀ ਮੰਗ ਲਏ ਹਨ | ਆਸ ਹੈ ਕਿ 2013 ਵਿਚ ਹੀ ਜਾਂ 2014 ਦੇ ਸ਼ੁਰੂ ਵਿਚ ਆਕਾਸ਼ਵਾਣੀ ਐਫ. ਐਮ. ਅੰਮਿ੍ਤਸਰ ਪੂਰੀ ਸ਼ਕਤੀ ਨਾਲ ਕੰਮ ਕਰਨ ਲੱਗ ਪਵੇਗਾ | ਇੰਜ 50 ਸਾਲਾਂ ਬਾਅਦ ਅੰਮਿ੍ਤਸਰ ਦੀ ਮੁੜ ਸੁਣੀ ਜਾਵੇਗੀ |
2003 ਵਿਚ ਹੀ ਫ਼ਾਜ਼ਿਲਕਾ (ਉਸ ਸਮੇਂ ਦੇ ਜ਼ਿਲ੍ਹਾ ਫਿਰੋਜ਼ਪੁਰ) ਵਿਚ ਵੀ 1000 ਫੁੱਟ ਉੱਚਾ ਆਕਾਸ਼ਵਾਣੀ ਅਤੇ ਦੂਰਦਰਸ਼ਨ ਦਾ ਪ੍ਰਸਾਰਨ ਟਾਵਰ ਉਸਾਰਨ ਦੀ ਮਨਜ਼ੂਰੀ ਦਿੱਤੀ ਗਈ ਸੀ, ਇਹ ਟਾਵਰ ਵੀ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ | ਪਹਿਲਾਂ ਇਥੇ 10 ਕਿਲੋਵਾਟ ਦੇ ਐਫ. ਐਮ. ਟਰਾਂਸਮੀਟਰ ਦੀ ਮਨਜ਼ੂਰੀ ਦਿੱਤੀ ਗਈ ਸੀ, ਪਰ ਹੁਣ 20 ਕਿਲੋਵਾਟ ਦਾ ਟਰਾਂਸਮੀਟਰ ਮਨਜ਼ੂਰ ਕਰ ਦਿੱਤਾ ਗਿਆ ਹੈ | ਆਸ ਹੈ ਕਿ ਆਲ ਇੰਡੀਆ ਰੇਡੀਓ ਫ਼ਾਜ਼ਿਲਕਾ ਵੀ 2013 ਵਿਚ ਹੀ ਚਾਲੂ ਹੋ ਜਾਵੇਗਾ | ਫ਼ਾਜ਼ਿਲਕਾ ਅਤੇ ਅੰਮਿ੍ਤਸਰ ਦੇ ਟਰਾਂਸਮੀਟਰਾਂ ਦੇ ਚਾਲੂ ਹੋਣ ਨਾਲ ਸ੍ਰੀਗੰਗਾਨਗਰ (ਰਾਜਸਥਾਨ), ਫ਼ਾਜ਼ਿਲਕਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਤਰਨ ਤਾਰਨ, ਅੰਮਿ੍ਤਸਰ, ਗੁਰਦਾਸਪੁਰ, ਕਪੂਰਥਲਾ ਅਤੇ ਪਠਾਨਕੋਟ ਦੇ ਸੰਪੂਰਨ ਜ਼ਿਲ੍ਹੇ ਇਨ੍ਹਾਂ ਦੋਵਾਂ ਰੇਡੀਓ ਸਟੇਸ਼ਨਾਂ ਦੇ ਘੇਰੇ ਵਿਚ ਆ ਜਾਣਗੇ | ਜਲੰਧਰ ਐਫ. ਐਮ. ਦੇ ਘੇਰੇ ਵਿਚ ਦੁਆਬੇ ਦੇ ਚਾਰੋਂ ਜ਼ਿਲ੍ਹੇ ਅਤੇ ਲੁਧਿਆਣਾ ਸ਼ਹਿਰ ਆ ਜਾਂਦੇ ਹਨ | ਆਲ ਇੰਡੀਆ ਰੇਡੀਓ ਲੁਧਿਆਣਾ ਜਦੋਂ ਪੂਰੀ ਤਰ੍ਹਾਂ ਸ਼ਕਤੀ ਨਾਲ ਪ੍ਰਸਾਰਨ ਸ਼ੁਰੂ ਕਰੇਗਾ ਤਾਂ ਲੁਧਿਆਣਾ ਜ਼ਿਲ੍ਹਾ ਅਤੇ ਆਸੇ-ਪਾਸੇ ਦੇ ਰੋਪੜ, ਫਤਹਿਗੜ੍ਹ ਸਾਹਿਬ, ਸੰਗਰੂਰ ਅਤੇ ਮੋਗਾ ਜ਼ਿਲ੍ਹੇ ਦੇ ਕਈ ਹਿੱਸੇ ਇਸ ਦੇ ਘੇਰੇ ਵਿਚ ਆ ਜਾਣਗੇ | ਚੰਡੀਗੜ੍ਹ ਦਾ ਵਧੇਰੇ ਸ਼ਕਤੀਸ਼ਾਲੀ ਟਰਾਂਸਮੀਟਰ (107.2) ਰੋਪੜ, ਮੁਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਕਪੂਰਥਲਾ ਤੱਕ ਅੱਪੜਦਾ ਹੈ |
ਮੈਂ ਕਈ ਵਾਰ ਪ੍ਰਸਾਰ ਭਾਰਤੀ ਦੇ ਅਧਿਕਾਰੀਆਂ ਨੂੰ ਸਨਿਮਰ ਬੇਨਤੀ ਕਰ ਚੁੱਕਿਆ ਹਾਂ ਕਿ ਪੰਜਾਬ ਅਤੇ ਪੰਜਾਬੀ ਨੂੰ ਵੀ ਕਦੀ ਸ਼ੌਰਟਵੇਵ ਪ੍ਰਸਾਰਨ ਸੇਵਾ ਦੀ ਬਖਸ਼ਿਸ਼ ਕਰੋ | ਜੇ ਪੂਰਬੀ ਪੰਜਾਬ ਵਾਸਤੇ ਨਹੀਂ ਵੀ ਤਾਂ ਘੱਟ ਤੋਂ ਘੱਟ ਜਿਹੜੇ ਸਾਡੇ ਪ੍ਰਸਾਰਨ ਪੱਛਮੀ ਪੰਜਾਬ ਭੇਜੇ ਜਾਂਦੇ ਹਨ, ਉਨ੍ਹਾਂ ਉਪਰ ਹੀ ਇਹ ਕਿਰਪਾ ਕਰ ਦਿਓ | ਯਾਦ ਰਹੇ ਕਿ ਪੂਰਬੀ ਪੰਜਾਬ ਤੋਂ ਦੋ ਪ੍ਰਸਾਰਨ ਪਾਕਿਸਤਾਨੀ ਪੰਜਾਬ ਵੱਲ ਨਸ਼ਰ ਕੀਤੇ ਜਾਂਦੇ ਹਨ, ਇਹ ਹਨ ਆਲ ਇੰਡੀਆ ਰੇਡੀਓ ਦੀ ਸਰਾਇਕੀ ਸੇਵਾ ਅਤੇ ਪੰਜਾਬੀ ਸੇਵਾ | ਬੰਗਾਲੀ, ਸਿੰਧੀ ਅਤੇ ਉਰਦੂ ਸੇਵਾ ਦੇ ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮ ਸ਼ੌਰਟਵੇਵ ਤੇ ਪਾਕਿਸਤਾਨ ਨੂੰ ਜਾਂਦੇ ਹਨ | ਵਿਤਕਰਾ ਸਿਰਫ਼ ਪੰਜਾਬੀ ਨਾਲ ਹੀ ਕੀਤਾ ਜਾਂਦਾ ਹੈ | ਅਧਿਕਾਰੀ ਹਰ ਵਾਰੀ ਨਾਂਹ ਵੀ ਨਹੀਂ ਕਰਦੇ ਪਰ ਕਰਦੇ ਵੀ ਕੁਝ ਨਹੀਂ |
ਐਫ. ਐਮ. ਰੇਡੀਓ ਪ੍ਰਸਾਰਨ ਸੇਵਾ ਦੇ ਖੇਤਰ ਵਿਚ ਪੰਜਾਬ ਯਕੀਨਨ ਖੁਸ਼ਕਿਸਮਤ ਹੈ | ਪੰਜਾਬ ਦੇ ਚਾਰ ਸ਼ਹਿਰਾਂ ਪਟਿਆਲਾ, ਚੰਡੀਗੜ੍ਹ, ਜਲੰਧਰ ਅਤੇ ਅੰਮਿ੍ਤਸਰ ਵਿਚ ਕਈ-ਕਈ ਨਿੱਜੀ ਖੇਤਰ ਦੇ ਐਫ. ਐਮ. ਰੇਡੀਓ ਸਟੇਸ਼ਨ ਕਾਮਯਾਬੀ ਨਾਲ ਚਲ ਰਹੇ ਹਨ | ਨਿੱਜੀ ਖੇਤਰ ਵਿਚ ਪ੍ਰਸਾਰਨ ਦੇ ਪਸਾਰ ਦੀ ਨੀਤੀ ਦੇ ਤਹਿਤ ਅਗਲੀ ਕੜੀ ਵਿਚ ਲੁਧਿਆਣਾ ਵਿਚ ਵੀ ਘੱਟ ਤੋਂ ਘੱਟ ਤਿੰਨ ਨਿੱਜੀ ਖੇਤਰ ਦੇ ਐਫ. ਐਮ. ਰੇਡੀਓ ਸਟੇਸ਼ਨ ਖੁੱਲ੍ਹ ਜਾਣਗੇ | ਜਿਥੋਂ ਤੱਕ ਸਰਕਾਰੀ ਰੇਡੀਓ ਸਟੇਸ਼ਨਾਂ ਦਾ ਸਬੰਧ ਹੈ, ਐਸ ਵਕਤ ਪੰਜਾਬੀ ਵਿਚ ਪੰਜ ਆਲ ਇੰਡੀਆ ਰੇਡੀਓ ਦੇ ਐਫ. ਐਮ. ਸਟੇਸ਼ਨ ਬਾਦਸਤੂਰ ਚਾਲੂ ਹਨ | ਇਹ ਹਨ ਬਠਿੰਡਾ, ਪਟਿਆਲਾ, ਲੁਧਿਆਣਾ, ਚੰਡੀਗੜ੍ਹ ਅਤੇ ਜਲੰਧਰ ਵਿਚ | ਜੇ ਅਸੀਂ ਦਿੱਲੀ ਤੋਂ ਪੰਜਾਬ ਵਿਚ ਪ੍ਰਵੇਸ਼ ਕਰੀਏ ਤਾਂ ਕਰਨਾਲ ਤੋਂ ਹੀ ਆਕਾਸ਼ਵਾਣੀ ਚੰਡੀਗੜ੍ਹ ਦੀ ਆਵਾਜ਼ ਕਾਰ ਵਿਚ ਗੰੂਜਣੀ ਸ਼ੁਰੂ ਹੋ ਜਾਂਦੀ ਹੈ, ਅੰਬਾਲਾ ਤੋਂ ਆਕਾਸ਼ਵਾਣੀ ਪਟਿਆਲਾ ਵੀ ਚਾਲੂ ਹੋ ਜਾਂਦਾ ਹੈ ਅਤੇ ਚੰਡੀਗੜ੍ਹ ਵੀ ਜਾਰੀ ਰਹਿੰਦਾ ਹੈ | ਦੋਰਾਹਾ ਤੋਂ ਆਕਾਸ਼ਵਾਣੀ ਲੁਧਿਆਣਾ ਵੀ ਸਰਗਰਮ ਹੋ ਜਾਂਦਾ ਹੈ ਪਰ ਚੰਡੀਗੜ੍ਹ ਵੀ ਪੂਰੇ ਸ਼ਬਾਬ 'ਤੇ ਰਹਿੰਦਾ ਹੈ, ਲੁਧਿਆਣਾ ਤੋਂ ਆਕਾਸ਼ਵਾਣੀ ਜਲੰਧਰ ਐਫ. ਐਮ. ਵੀ ਉਪਲਬੱਧ ਹੋ ਜਾਂਦਾ ਹੈ, ਜੋ ਅੰਮਿ੍ਤਸਰ ਸ਼ਹਿਰ ਦੀਆਂ ਪੂਰਬੀ ਮਹਾਂਨਗਰੀ ਹੱਦਾਂ ਤੱਕ ਜਾਰੀ ਰਹਿੰਦਾ ਹੈ | ਆਕਾਸ਼ਵਾਣੀ ਚੰਡੀਗੜ੍ਹ ਵੀ 107.2 ਮੈਗਾਹਰਟਜ਼ ਤੇ ਬਿਆਸ ਤਾੲੀਂ ਜਲੰਧਰ ਦਾ ਸਾਥ ਦਿੰਦਾ ਹੈ | ਪੁਰਾਣੇ ਅੰਮਿ੍ਤਸਰ ਤੋਂ ਸ਼ੁਰੂ ਹੋ ਕੇ ਅਟਾਰੀ ਵਾਘਾ ਅੰਤਰਰਾਸ਼ਟਰੀ ਸੀਮਾ ਤੱਕ ਆਲ ਇੰਡੀਆ ਰੇਡੀਓ ਦੀ ਸੇਵਾ ਅਜੇ ਸ਼ੁਰੂ ਨਹੀਂ ਹੋਈ |
ਹੁਣ ਜਿਸ ਕਹਾਣੀ ਦਾ ਜ਼ਿਕਰ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਹਾਂ, ਉਹ ਕਿਸੇ ਹੋਰ ਲੇਖਕ ਨੇ ਅਜੇ ਤਾੲੀਂ ਨਹੀਂ ਲਿਖੀ | ਇਸ ਕਹਾਣੀ ਦਾ ਆਗਾਜ਼ 1947 ਵਿਚ ਹੋਇਆ, ਪਰ ਇਹਤਤਾਮ 2013 ਵਿਚ ਵੀ ਨਹੀਂ ਹੋਇਆ | ਮਾਰਚ 1947 ਵਿਚ ਜ਼ੁਲਮਾਂ ਦੇ ਸਤਾਏ ਹੋਏ ਹਿੰਦੂ ਅਤੇ ਸਿੱਖ ਰਾਵਲਪਿੰਡੀ ਡਵੀਜ਼ਨ ਤੋਂ ਹਿਜਰਤ ਕਰਕੇ ਅੰਮਿ੍ਤਸਰ ਪਹੁੰਚਣੇ ਸ਼ੁਰੂ ਹੋ ਗਏ ਸਨ | ਅੰਮਿ੍ਤਸਰ ਵਿਚ ਹਿੰਦੂਆਂ ਅਤੇ ਸਿੱਖਾਂ ਦਾ ਮੋਹ ਅਜੇ ਤਾੲੀਂ ਭੰਗ ਨਹੀਂ ਸੀ ਹੋਇਆ | ਇਸ ਕਾਰਨ ਅੰਮਿ੍ਤਸਰ ਤੋਂ ਮੁਸਲਮਾਨਾਂ ਨੇ ਹਿਜ਼ਰਤ ਨਹੀਂ ਸੀ ਕੀਤੀ | ਅੰਮਿ੍ਤਸਰ ਦੀਆਂ ਸਰਾਵਾਂ ਅਤੇ ਧਰਮਸ਼ਾਲਾਵਾਂ ਸ਼ਰਨਾਰਥੀਆਂ ਨਾਲ ਭਰ ਚੁੱਕੀਆਂ ਸਨ | ਪਟਿਆਲਾ ਦੇ ਰਿਆਸਤੀ ਪ੍ਰਸ਼ਾਸਨ ਨੇ ਰਾਵਲਪਿੰਡੀ ਦੇ ਸ਼ਰਨਾਰਥੀਆਂ ਦੀ ਬਾਂਹ ਫੜਨ ਦੀ ਹਾਮੀ ਭਰੀ ਸੀ | ਜਿਉਂ-ਜਿਉਂ ਸ਼ਰਨਾਰਥੀ ਆਈ ਜਾ ਰਹੇ ਸਨ, ਤਿਉਂ-ਤਿਉਂ ਹੀ ਉਨ੍ਹਾਂ ਨੂੰ ਪਟਿਆਲੇ ਭੇਜਿਆ ਜਾ ਰਿਹਾ ਸੀ | ਮਈ ਵਿਚ ਪੇਸ਼ਾਵਰ ਡਵੀਜ਼ਨ ਤੋਂ ਵੀ ਸ਼ਰਨਾਰਥੀ ਆਉਣੇ ਸ਼ੁਰੂ ਹੋ ਗਏ ਸਨ | ਜੁਲਾਈ ਵਿਚ ਸਾਰੇ ਪਾਕਿਸਤਾਨ ਤੋਂ ਹੀ ਸ਼ਰਨਾਰਥੀਆਂ ਦਾ ਹੜ੍ਹ ਆਉਣਾ ਸ਼ੁਰੂ ਹੋ ਗਿਆ | ਲਾਹੌਰ ਦੀ ਸਥਿਤੀ ਅੰਮਿ੍ਤਸਰ ਨਾਲੋਂ ਬਿਹਤਰ ਸੀ | ਪੂਰਬੀ ਪੰਜਾਬ ਤੋਂ ਮੁਸਲਮਾਨ ਅਜੇ ਨਿਕਲਣੇ ਸ਼ੁਰੂ ਨਹੀਂ ਸਨ ਹੋਏ | ਲਾਹੌਰ ਸ਼ਹਿਰ ਦੇ ਸਾਢੇ ਤਿੰਨ ਲੱਖ ਹਿੰਦੂ ਅਤੇ ਸਿੱਖ ਖੁਦੇੜ ਦਿੱਤੇ ਸਨ, ਜੋ ਅਜੇ ਪੂਰਬੀ ਪੰਜਾਬ ਵਿਚ ਸਮਾ ਨਹੀਂ ਸਨ ਸਕਦੇ | ਅਗਸਤ ਵਿਚ ਅੰਮਿ੍ਤਸਰ ਨੇ ਦੋ ਲੱਖ ਮੁਸਲਮਾਨ ਨਿਕਲਣ ਲਈ ਮਜਬੂਰ ਕਰ ਦਿੱਤੇ | ਜਲੰਧਰ ਨੇ 65000 ਮੁਸਲਮਾਨ ਘਰੋਂ ਬੇਘਰ ਕੀਤੇ ਅਤੇ ਲੁਧਿਆਣਾ ਨੇ 40,000 ਮੁਸਲਮਾਨਾਂ ਨੂੰ ਪਾਕਿਸਤਾਨ ਜਾਣ ਲਈ ਮਜਬੂਰ ਕਰ ਦਿੱਤਾ | ਲਾਹੌਰ ਦੇ ਹਿੰਦੂ ਅਤੇ ਸਿੱਖ ਬੜੇ ਧਨਾਢ ਸਨ | ਉਹ ਆਪਣੇ ਮਹੱਲਾਂ ਵਰਗੇ ਘਰ ਛੱਡ ਕੇ ਆਏ ਸਨ | ਲਾਹੌਰ ਨੇ ਸਾਢੇ ਤਿੰਨ ਲੱਖ ਹਿੰਦੂਆਂ ਅਤੇ ਸਿੱਖਾਂ ਦੁਆਰਾ ਖਾਲੀ ਕੀਤੇ ਘਰਾਂ ਵਿਚ ਅੱਠ ਲੱਖ ਮੁਸਲਮਾਨ ਸ਼ਰਨਾਰਥੀ ਵਸਾ ਲਏ | ਲਾਹੌਰ ਜ਼ਿਲ੍ਹੇ ਨੇ ਇਕ ਕਰੋੜ ਮੁਸਲਮਾਨ ਸ਼ਰਨਾਰਥੀਆਂ ਵਿਚੋਂ ਬਾਰਾਂ ਲੱਖ ਨੂੰ ਜ਼ਿਲ੍ਹੇ ਦੀਆਂ ਹੱਦਾਂ ਦੇ ਅੰਦਰ ਹੀ ਵਸਾ ਲਿਆ |
ਅਮਰੀਕਾ ਵਿਚ ਪੰਜਾਬੀ ਟੈਲੀਵਿਜ਼ਨ ਦਾ ਖੂਬ ਬੋਲਬਾਲਾ ਹੈ | ਇਥੇ ਡਿਸ਼ ਨੈਟਵਰਕ ਉਪਰ 7 ਪੰਜਾਬੀ ਚੈਨਲ ਹਨ | ਚੈਨਲ 735 ਤੇ ਜ਼ੀ ਅਲਫ਼ਾ ਈ. ਟੀ. ਸੀ. ਪੰਜਾਬੀ ਚਲਦਾ ਹੈ | ਜੱਸ ਪੰਜਾਬੀ 736 ਚੈਨਲ 'ਤੇ ਉਪਲਬੱਧ ਹੈ | ਪੀ. ਟੀ. ਸੀ. ਪੰਜਾਬੀ ਚੈਨਲ 737 ਉਪਰ ਵੇਖਿਆ ਜਾ ਸਕਦਾ ਹੈ | ਗੈੱਟ ਪੰਜਾਬੀ ਜਿਸ ਦਾ ਪੀ. ਟੀ. ਸੀ. ਨਾਲ ਮਿਲਵਰਤਣ ਹੈ, ਉਹ 738 ਚੈਨਲ 'ਤੇ ਉਪਲਬੱਧ ਹੈ | ਗਲੋਬਲ ਪੰਜਾਬ ਚੈਨਲ ਦੀ ਮਿਲਵਰਤਣ ਭਾਈਵਾਲੀ ਚੰਡੀਗੜ੍ਹ ਦੇ ਚੈਨਲ ਡੇਅ ਐਾਡ ਨਾਈਟ ਨਿਊਜ਼ ਨਾਲ ਹੈ ਅਤੇ ਇਹ 739 ਨੰਬਰ 'ਤੇ ਉਪਲਬੱਧ ਹੈ | ਦੋ ਹੋਰ ਚੈਨਲ ਹਨ ਐਮ. ਐਚ. ਵੰਨ ਚੈਨਲ 740 ਅਤੇ ਜੱਸ ਵੰਨ ਚੈਨਲ 741 'ਤੇ ਉਪਲਬੱਧ ਹੈ | ਖ਼ਬਰਾਂ ਜ਼ੀ ਅਲਫ਼ਾ ਪੰਜਾਬੀ, ਜੱਸ ਪੰਜਾਬੀ, ਪੀ. ਟੀ. ਸੀ. ਪੰਜਾਬੀ ਅਤੇ ਗਲੋਬਲ ਪੰਜਾਬ 'ਤੇ ਉਪਲਬੱਧ ਹਨ | ਇਨ੍ਹਾਂ ਸਭ ਚੈਨਲਾਂ ਤੋਂ ਵੱਧ ਖਰਚਾ ਪੀ. ਟੀ. ਸੀ. ਪੰਜਾਬੀ ਕਰਦਾ ਹੈ, ਉਸ ਦੇ ਸੈੱਟ ਵੀ ਵਧੀਆ ਹਨ ਅਤੇ ਤਸਵੀਰ ਵੀ ਬਿਹਤਰ ਹੈ | ਖ਼ਬਰਾਂ ਵਿਚ ਅੱਜ ਤੋਂ ਦੋ ਮਹੀਨੇ ਪਹਿਲਾਂ ਗਲੋਬਲ ਪੰਜਾਬ (ਡੇਅ ਐਾਡ ਨਾਈਟ ਨਿਊਜ਼) ਦੀ ਚੜ੍ਹਤ ਸੀ, ਪਰ ਹੁਣ ਨਹੀਂ |
ਅਮਰੀਕਾ ਵਿਚ ਅੱਜਕਲ੍ਹ ਸਿੱਧੇ ਅੱਖੀਂ ਡਿੱਠੇ ਹਾਲ ਦੇ ਪ੍ਰਸਾਰਨ ਦੀ ਬੜੀ ਚੜ੍ਹਤ ਹੈ | ਕੁਝ ਵਰ੍ਹੇ ਪਹਿਲਾਂ ਕੇਵਲ ਜੱਸ ਪੰਜਾਬੀ ਹੀ ਸਿੱਖ ਡੇਅ ਪਰੇਡ ਨਿਊਯਾਰਕ ਅਤੇ ਯੂਬਾਸਿਟੀ ਕੈਲੀਫੋਰਨੀਆ ਦੇ ਨਗਰ ਕੀਰਤਨ ਦੇ ਪ੍ਰੋਗਰਾਮ ਨਸ਼ਰ ਕਰਦਾ ਸੀ | ਪਰ ਹੁਣ ਪੀ. ਟੀ. ਸੀ. ਪੰਜਾਬੀ, ਗੈਟ ਪੰਜਾਬੀ ਅਤੇ ਗਲੋਬਲ ਪੰਜਾਬ ਵੀ ਇਸ ਮੈਦਾਨ ਵਿਚ ਕੁੱਦ ਪਏ ਹਨ | ਐਸ ਵਕਤ ਪੰਜਾਬੀ ਚੈਨਲਾਂ ਦੀ ਆਪਸ ਵਿਚ ਕਾਫ਼ੀ ਮੁਕਾਬਲੇਬਾਜ਼ੀ ਚੱਲ ਰਹੀ ਹੈ | ਸਿੱਖ ਡੇਅ ਪੈਰੇਡ ਨਿਊਯਾਰਕ ਜਿਸ ਦੀ ਮੇਜ਼ਬਾਨੀ ਨਿਊਯਾਰਕ ਦਾ ਮਸ਼ਹੂਰ ਗੁਰਦੁਆਰਾ ਰਿਚਮੰਡ ਹਿੱਲ ਸਿੱਖ ਕਲਚਰਲ ਸੁਸਾਇਟੀ ਕਰਦਾ ਹੈ, ਉਹ ਅਮਰੀਕਾ ਦੇ ਪੂਰਬੀ ਕੰਢੇ ਦੀ ਪ੍ਰਮੁੱਖ ਪੈਰੇਡ ਹੈ | 2013 ਦੀ ਸਿੱਖ ਡੇਅ ਪਰੇਡ ਦੀ ਸਿੱਧੀ ਨਸ਼ਰੀਆਤ ਪੀ. ਟੀ. ਸੀ. ਪੰਜਾਬੀ, ਗੈਟ ਪੰਜਾਬੀ ਅਤੇ ਗਲੋਬਲ ਪੰਜਾਬ ਨੇ ਕੀਤੀ ਸੀ | ਇਸ ਵਿਚੋਂ ਪੀ. ਟੀ. ਸੀ. ਪੰਜਾਬੀ ਦੀ ਨਸ਼ਰੀਆਤ ਦਾ ਇਕ ਦਿਲਚਸਪ ਪੜਾਅ ਮੈਂ ਇਕ ਤਸਵੀਰ ਦੀ ਜ਼ਬਾਨੀ ਆਪ ਨੂੰ ਵਿਖਾ ਰਿਹਾ ਹਾਂ | (ਸਮਾਪਤ)
harjapaujla0gmail.com

ਸਚਿਨ ਦੇ ਕਾਰਨਾਮੇ ਯਾਦ ਆਉਂਦੇ ਰਹਿਣਗੇ

ਮਹਾਨ ਤੋਂ ਮਹਾਨ ਅਦਭੁੱਤ ਤੋਂ ਅਦਭੁੱਤ ਖਿਡਾਰੀ ਨੂੰ ਵੀ ਇਕ ਦਿਨ ਖੇਡ ਦੇ ਮੈਦਾਨ ਤੋਂ ਬਾਹਰ ਜਾਣਾ ਹੀ ਪੈਂਦਾ ਹੈ | ਪਰ ਇਸ ਨੂੰ ਮਹਾਨਤਾ ਦੀ ਤ੍ਰਾਸਦੀ ਮੰਨੀਏ ਜਾਂ ਸਿਖ਼ਰ, ਕਿ ਉਹ ਚਾਹੁੰਦਿਆਂ ਹੋਇਆਂ ਵੀ ਕਦੇ ਮੈਦਾਨ ਤੋਂ ਬਾਹਰ ਨਹੀਂ ਜਾ ਸਕਦਾ | ਮਹਾਨਤਾ, ਖ਼ਾਸੀਅਤ, ਸ੍ਰੇਸ਼ਠਤਾ ਜ਼ਿਕਰ ਦਾ ਹਿੱਸਾ ਬਣਨ ਤੋਂ ਬਚ ਨਹੀਂ ਪਾਉਂਦੀ | ਸਚਿਨ ਦੇ ਨਾਲ ਇਹੀ ਤ੍ਰਾਸਦੀ ਹੋਈ ਹੈ | ਸਚਿਨ ਕਰੀਜ਼ ਵਿਚ ਨਹੀਂ ਆਉਣਗੇ, ਟੀਮ ਵਿਚ ਨਹੀਂ ਹੋਣਗੇ ਪਰ ਮੈਦਾਨ ਵਿਚ ਉਨ੍ਹਾਂ ਦਾ ਵਜੂਦ ਹਮੇਸ਼ਾ ਰਹੇਗਾ | ਚਾਹੇ ਬੱਲਾ ਕਿਸੇ ਦਾ ਵੀ ਚਹਿਕੇ | ਜੇਕਰ ਉਸ ਦੀ ਚਹਿਕ ਇਤਿਹਾਸਕ ਹੋਵੇਗੀ, ਉਸ ਦੀ ਚਹਿਕ ਨਾਲੋਂ ਜ਼ਿਆਦਾ ਗੰੂਜ ਸਚਿਨ ਦੇ ਬੱਲੇ ਦੀ ਸੁਣਾਈ ਦੇਵੇਗੀ | ਸਚਿਨ ਦੀਆਂ ਇਕ ਨਹੀਂ ਦਰਜਨਾਂ ਅਜਿਹੀਆਂ ਪਾਰੀਆਂ ਹਨ, ਜੋ ਵਾਰ-ਵਾਰ ਮਿਆਰ ਦਾ ਜ਼ਿਕਰ ਛੇੜਨਗੀਆਂ | ਉਸ ਵੱਲੋਂ ਸਥਾਪਤ ਮੀਲ ਪੱਥਰਾਂ ਦੀ ਯਾਦ ਦਿਵਾਉਣਗੀਆਂ |
ਸਚਿਨ ਨੇ ਅਨਮੋਲ, ਵਿਰਾਸਤ ਬਣੀਆਂ ਇਤਿਹਾਸਕ ਪਾਰੀਆਂ ਸ਼ੁਰੂ ਤੋਂ ਹੀ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਸਨ | ਅਜੇ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਵਿਚ ਕਦਮ ਰੱਖਿਆ ਹੀ ਸੀ ਕਿ ਆਸਟ੍ਰੇਲੀਆ ਨਾਲ 1992 ਵਿਚ ਆਪਣੀ ਇਕ ਯਾਦਗਾਰੀ ਪਾਰੀ ਨਾਲ ਇਤਿਹਾਸ ਰਚ ਦਿੱਤਾ | ਉਸ ਸਮੇਂ ਉਹ ਸਿਰਫ਼ 19 ਸਾਲ ਦੇ ਸਨ | ਭਾਰਤੀ ਟੀਮ ਵਿਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਉਤਰਦੇ ਸਨ ਅਤੇ ਦੁਨੀਆ ਦੇ ਗੇਂਦਬਾਜ਼ਾਂ ਲਈ ਉਹ ਉਦੋਂ ਖੌਫ਼ ਦਾ ਦੂਜਾ ਨਾਂਅ ਵੀ ਨਹੀਂ ਬਣੇ ਸਨ | ਆਸਟ੍ਰੇਲੀਆ ਉਸ ਸਮੇਂ ਆਪਣੇ ਤੇਜ਼ ਹਮਲਾਵਰ ਰੁਖ਼ ਲਈ ਜਾਣਿਆ ਜਾਂਦਾ ਸੀ ਅਤੇ ਜਿਸ ਨੂੰ ਵੀ ਕ੍ਰਿਕਟ ਵਿਚ ਰੁਚੀ ਹੈ, ਉਹ ਜਾਣਦਾ ਹੈ ਕਿ ਪਰਥ ਦੀ ਪਿੱਚ ਆਪਣੇ ਤੇਜ਼ ਮਜਾਜ਼ ਲਈ ਜਾਣੀ ਜਾਂਦੀ ਹੈ | ਭਾਰਤ ਸੰਕਟ ਵਿਚ ਸੀ, ਦੋ ਵਿਕਟ ਬਹੁਤ ਜਲਦੀ-ਜਲਦੀ ਡਿਗ ਗਏ ਸਨ | ਉਦੋਂ ਸਚਿਨ ਕਰੀਜ਼ 'ਤੇ ਆਏ, ਉਦੋਂ ਉਹ ਕੌਮਾਂਤਰੀ ਕਿ੍ਕਟ ਵਿਚ ਤਕਰੀਬਨ ਗ਼ੈਰ-ਤਜਰਬੇਕਾਰ ਖਿਡਾਰੀ ਮੰਨੇ ਜਾਂਦੇ ਸਨ | ਪਰ ਉਹ ਇਕ ਵਾਰ ਡਟੇ ਤਾਂ ਫਿਰ ਡਟ ਹੀ ਗਏ | 161 ਗੇਂਦਾਂ ਖੇਡੀਆਂ, ਜਿਨ੍ਹਾਂ ਵਿਚ ਉਨ੍ਹਾਂ ਨੇ 16 ਚੌਕੇ ਲਾਏ ਅਤੇ 114 ਦੌੜਾਂ ਸਕੋਰ ਬੋਰਡ 'ਤੇ ਟੰਗ ਦਿੱਤੀਆਂ | ਪਰ ਉਨ੍ਹਾਂ ਦੀ ਮਹਾਨਤਾ ਇਹ ਨਹੀਂ ਸੀ | ਮਹਾਨਤਾ ਤਾਂ ਇਹ ਸੀ ਕਿ ਸਚਿਨ ਤੋਂ ਪਹਿਲਾਂ ਅਤੇ ਉਨ੍ਹਾਂ ਤੋਂ ਬਾਅਦ ਬਾਕੀ ਬੱਲੇਬਾਜ਼ ਤੂੰ ਚੱਲ ਮੈਂ ਆਇਆ ਦੀ ਖੇਡ ਖੇਡ ਰਹੇ ਸਨ | ਸਚਿਨ 9ਵੇਂ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਏ | ਇਸ ਮੈਚ ਦੀ ਦੂਜੀ ਪਾਰੀ ਵਿਚ ਵੀ ਉਨ੍ਹਾਂ ਨੇ 55 ਗੇਂਦਾਂ 'ਤੇ 50 ਦੌੜਾਂ ਬਣਾਈਆਂ ਅਤੇ ਭਾਰਤ ਦੀ ਯਕੀਨੀ ਹੁੰਦੀ ਹਾਰ ਨੂੰ ਜਿੱਤ ਵਿਚ ਬਦਲ ਦਿੱਤਾ |
ਅਜਿਹੀ ਹੀ ਯਾਦਗਾਰੀ ਪਾਰੀ ਉਨ੍ਹਾਂ ਦੀ 1997 ਕੇਪਟਾਊਨ, ਦੱਖਣੀ ਅਫਰੀਕਾ ਦੀ ਸੀ | ਦੱਖਣੀ ਅਫਰੀਕਾ ਵਿਰੁੱਧ ਭਾਰਤ ਸੀਰੀਜ਼ ਦਾ ਦੂਜਾ ਟੈਸਟ ਮੈਚ ਖੇਡ ਰਿਹਾ ਸੀ | 55 ਦੌੜਾਂ ਵਿਚ ਹੀ 5 ਬੱਲੇਬਾਜ਼ ਪੈਵਿਲੀਅਨ ਪਰਤ ਚੁੱਕੇ ਸਨ | ਉਦੋਂ ਉਨ੍ਹਾਂ ਨੇ ਮੁਹੰਮਦ ਅਜ਼ਹਰੂਦੀਨ ਨਾਲ ਮੋਰਚਾ ਸੰਭਾਲਿਆ ਅਤੇ 222 ਦੌੜਾਂ ਦੀ ਸਾਂਝੀਦਾਰੀ ਕਰਕੇ ਭਾਰਤ ਨੂੰ ਫਾਲੋਆਨ ਤੋਂ ਬਚਾਇਆ ਸੀ | ਸਚਿਨ ਨੇ 169 ਦੌੜਾਂ ਬਣਾਈਆਂ ਅਤੇ ਅਜ਼ਹਰ ਨੇ 115 ਦੌੜਾਂ ਬਣਾਈਆਂ | ਸਚਿਨ ਦੀਆਂ ਇਤਿਹਾਸਕ ਪਾਰੀਆਂ ਦੀ ਲੜੀ ਵਿਚ 1999 ਵਿਚ ਚੇਨਈ ਵਿਖੇ ਪਾਕਿਸਤਾਨ ਖਿਲਾਫ਼ ਖੇਡੀ ਗਈ 133 ਦੌੜਾਂ ਦੀ ਪਾਰੀ ਵੀ ਸ਼ਾਮਿਲ ਹੈ | ਇਥੇ ਵੀ ਭਾਰਤ ਬਹੁਤ ਘੱਟ ਦੌੜਾਂ ਯਾਨਿ 82 ਦੌੜਾਂ 'ਤੇ 5 ਵਿਕਟਾਂ ਗੁਆ ਚੁੱਕਾ ਸੀ, ਜਿੱਤ ਲਈ 271 ਦੌੜਾਂ ਦਾ ਟੀਚਾ ਪਿਆ ਸੀ ਅਤੇ ਸਾਹਮਣੇ ਵਸੀਮ ਅਕਰਮ, ਵਕਾਰ ਯੂਨਿਸ ਵਰਗੇ ਤੇਜ਼ ਗੇਂਦਬਾਜ਼ ਅਤੇ ਆਕਿਬ ਜਾਵੇਦ ਵਰਗਾ ਸਪਿਨਰ ਸੀ | ਸਚਿਨ ਨੇ ਮੋਰਚਾ ਸੰਭਾਲਿਆ ਤਾਂ ਉਹ ਆਪਣੀ ਪਾਰੀ ਨੂੰ ਜਿੱਤ ਦੇ ਕੰਢੇ 'ਤੇ ਲੈ ਗਏ | ਪਰ ਜਦੋਂ ਸਿਰਫ਼ 17 ਦੌੜਾਂ ਦੀ ਜ਼ਰੂਰਤ ਸੀ ਤਾਂ ਪਿੱਠ ਦੇ ਦਰਦ ਕਾਰਨ ਸਚਿਨ ਆਊਟ ਹੋ ਗਏ ਅਤੇ ਬਾਕੀ 3 ਬੱਲੇਬਾਜ਼ 17 ਦੌੜਾਂ ਨਹੀਂ ਬਣਾ ਸਕੇ | ਇਹ 3 ਬੱਲੇਬਾਜ਼ 4 ਦੌੜਾਂ 'ਤੇ ਹੀ ਆਊਟ ਹੋ ਗਏ |
ਸਚਿਨ ਨੇ ਆਸਟ੍ਰੇਲੀਆ ਵਿਚ 2004 ਵਿਚ ਸਿਡਨੀ ਵਿਚ ਵੀ ਇਕ ਇਤਿਹਾਸਕ ਪਾਰੀ ਖੇਡੀ ਸੀ | ਲੜੀਵਾਰ ਦਾ ਇਹ ਚੌਥਾ ਟੈਸਟ ਮੈਚ ਸੀ ਅਤੇ ਪਿਛਲੇ 3 ਮੈਚਾਂ ਵਿਚ ਸਚਿਨ ਦਾ ਬੱਲਾ ਖਾਮੋਸ਼ ਰਿਹਾ ਸੀ | ਉਹ ਜਦੋਂ ਚੌਥੇ ਟੈਸਟ ਮੈਚ ਵਿਚ ਕਰੀਜ਼ 'ਤੇ ਆਏ ਤਾਂ ਦੁਨੀਆ ਦਾ ਬਿਹਤਰੀਨ ਤੇਜ਼ ਹਮਲਾਵਰ ਉਨ੍ਹਾਂ 'ਤੇ ਮਨੋਵਿਗਿਆਨਕ ਵਾਰ ਕਰਨ ਲੱਗਾ | ਪਰ ਸਚਿਨ ਤਾਂ ਆਖਿਰ ਸਚਿਨ ਹੈ | ਉਸ ਨੇ ਮੈਚ ਵਿਚ ਬਿਹਤਰੀਨ ਦੋਹਰਾ ਸੈਂਕੜਾ ਲਗਾਇਆ | ਉਨ੍ਹਾਂ ਨੇ 241 ਦੌੜਾਂ ਦੀ ਆਪਣੀ ਸ਼ਾਨਦਾਰ ਪਾਰੀ ਖੇਡੀ ਅਤੇ ਉਨ੍ਹਾਂ ਨੇ ਇਸ ਪਾਰੀ ਵਿਚ 33 ਚੌਕੇ ਲਗਾਏ | ਸਚਿਨ ਨੇ ਜਿਸ ਤਰ੍ਹਾਂ ਦੇ ਟੈਸਟ ਕ੍ਰਿਕਟ ਵਿਚ ਇਕ ਤੋਂ ਵੱਧ ਇਕ ਪਾਰੀਆਂ ਖੇਡੀਆਂ ਹਨ, ਇਹੋ ਜਿਹਾ ਹੀ ਕਦੇ ਧੁੰਦਲਾ ਨਾ ਪੈਣ ਵਾਲਾ ਇਤਿਹਾਸ ਉਨ੍ਹਾਂ ਨੇ ਇਕ ਦਿਨਾਂ ਕੌਮਾਂਤਰੀ ਮੈਚਾਂ ਵਿਚ ਵੀ ਬਣਾਇਆ ਹੈ | ਜਦੋਂ ਵੀ ਮਾਰਧਾੜ ਦੇ ਅੰਦਾਜ਼ ਵਾਲੀ ਧੰੂਆਂਧਾਰ ਬੱਲੇਬਾਜ਼ੀ ਦੀ ਗੱਲ ਹੁੰਦੀ ਹੈ ਤਾਂ ਸਚਿਨ ਦੀਆਂ 1998 ਵਿਚ ਸ਼ਾਰਜਾਹ ਵਿਚ 'ਕੋਕਾਕੋਲਾ ਕੱਪ' ਦੌਰਾਨ ਖੇਡੀਆਂ ਗਈਆਂ ਦੋ ਪਾਰੀਆਂ ਖ਼ਾਸ ਤੌਰ 'ਤੇ ਯਾਦ ਕੀਤੀਆਂ ਜਾਂਦੀਆਂ ਹਨ | ਇਹ ਦੋਵੇਂ ਹੀ ਪਾਰੀਆਂ ਆਸਟ੍ਰੇਲੀਆ ਦੇ ਵਿਰੁੱਧ ਸਨ ਅਤੇ ਦੋਵੇਂ ਹੀ ਫੈਸਲਾਕੁੰਨ ਸਨ | ਇਕ ਵਿਚ ਸਚਿਨ ਨੇ ਭਾਰਤ ਨੂੰ ਕੱਪ ਦਿਵਾਇਆ ਅਤੇ ਦੂਜੀ ਵਿਚ ਉਨ੍ਹਾਂ ਨੇ ਭਾਰਤ ਨੂੰ ਫਾਈਨਲ ਵਿਚ ਪਹੁੰਚਾਇਆ ਸੀ | ਜਦੋਂ ਉਨ੍ਹਾਂ ਨੇ ਆਪਣੀ ਧੰੂਆਂਧਾਰ ਕ੍ਰਿਕਟ ਦਾ ਮੈਦਾਨ ਵਿਚ ਤੂਫ਼ਾਨ ਲਿਆਂਦਾ ਤਾਂ ਠੀਕ ਉਸੇ ਸਮੇਂ ਮੈਦਾਨ ਤੋਂ ਬਾਹਰ ਸ਼ਾਰਜਾਹ ਵਿਚ ਰੇਤ ਦਾ ਤੂਫ਼ਾਨ ਵੀ ਆਇਆ ਸੀ | ਪਰ ਇਹ ਤੂਫ਼ਾਨ ਸਚਿਨ ਦੇ ਤੂਫ਼ਾਨ ਦੇ ਸਾਹਮਣੇ ਫਿੱਕਾ ਪੈ ਗਿਆ | ਉਂਜ ਤਾਂ ਇਹ ਦੋਵੇਂ ਹੀ ਪਾਰੀਆਂ ਅਦਭੁਤ ਸਨ ਪਰ ਸੈਮੀਫਾਈਨਲ ਵਿਚ ਸਚਿਨ ਨੇ 131 ਗੇਂਦਾਂ 'ਤੇ 143 ਦੌੜਾਂ ਦੀ ਜੋ ਪਾਰੀ ਖੇਡੀ ਸੀ, ਉਸ ਨੂੰ ਕ੍ਰਿਕਟ ਦੀ ਯਾਦਗਾਰ ਨਿਸ਼ਾਨੀ ਸਮਝਿਆ ਜਾਂਦਾ ਹੈ ਅਤੇ ਜਦ ਵੀ ਕੋਈ ਕ੍ਰਿਕਟ ਤੂਫ਼ਾਨੀ ਅੰਦਾਜ਼ ਵਿਚ ਖੇਡਦਾ ਹੈ ਤਾਂ ਉਸ ਦੀ ਤੁਲਨਾ ਸਚਿਨ ਦੀ ਇਸ ਪਾਰੀ ਨਾਲ ਕੀਤੀ ਜਾਂਦੀ ਹੈ, ਜਿਸ ਵਿਚ ਸਚਿਨ ਨੂੰ ਇਆਨ ਫਲੈਮਿੰਗ ਦੀ ਗੇਂਦ 'ਤੇ ਵਿਵਾਦਪੂਰਨ ਢੰਗ ਨਾਲ ਆਊਟ ਕਰ ਦਿੱਤਾ ਗਿਆ ਸੀ | ਸਚਿਨ ਨੇ ਆਪਣੇ ਤੂਫ਼ਾਨੀ ਅੰਦਾਜ਼ ਨਾਲ ਭਾਰਤ ਨੂੰ ਦੌੜਾਂ ਬਣਾਉਣ ਦੀ ਰਫ਼ਤਾਰ ਦੀ ਬਦੌਲਤ ਫਾਈਨਲ ਵਿਚ ਪਹੁੰਚਾ ਦਿੱਤਾ ਸੀ | ਮੀਡੀਆ ਨੇ ਉਨ੍ਹਾਂ ਦੀ ਇਸ ਪਾਰੀ ਨੂੰ ਰੇਤ ਦਾ ਤੂਫ਼ਾਨ (ਸੈਂਡ ਸਟੌਰਮ) ਕਿਹਾ ਸੀ |
ਸਚਿਨ ਦੁਨੀਆ ਦੇ ਪਹਿਲੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਇਕ ਦਿਨਾ ਕ੍ਰਿਕਟ ਵਿਚ ਦੋਹਰਾ ਸੈਂਕੜਾ ਲਗਾਇਆ | ਉਨ੍ਹਾਂ ਨੇ 2010 ਵਿਚ ਦੱਖਣੀ ਅਫਰੀਕਾ ਵਿਰੁੱਧ ਗਵਾਲੀਅਰ ਵਿਚ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਸੀ | ਉਨ੍ਹਾਂ ਤੋਂ ਪਹਿਲਾਂ 40 ਸਾਲ ਦੇ ਇਕ ਦਿਨਾਂ ਕ੍ਰਿਕਟ ਵਿਚ ਕਿਸੇ ਨੇ ਦੋਹਰਾ ਸੈਂਕੜਾ ਨਹੀਂ ਲਗਾਇਆ ਸੀ, ਹਾਲਾਂਕਿ ਅੱਜ ਦੌੜਾਂ ਦੇ ਲਿਹਾਜ਼ ਨਾਲ ਵਰਿੰਦਰ ਸਹਿਵਾਗ ਦੀ ਸੈਂਚਰੀ 219 ਦੌੜਾਂ ਦੀ ਹੈ | ਉਂਜ ਤਾਂ 51 ਸੈਂਕੜੇ ਜਿਸ ਬੱਲੇਬਾਜ਼ ਨੇ ਇਕ ਦਿਨਾਂ ਕ੍ਰਿਕਟ ਵਿਚ ਲਾਏ ਹੋਣ, ਉਸ ਦੀ ਤੁਸੀਂ ਕਿਸ-ਕਿਸ ਪਾਰੀ ਦਾ ਜ਼ਿਕਰ ਕਰੋਗੇ | ਫਿਰ ਵੀ 2003 ਦੇ ਵਿਸ਼ਵ ਕੱਪ ਵਿਚ ਪਾਕਿਸਤਾਨ ਵਿਰੁੱਧ ਖੇਡਦੇ ਹੋਏ ਉਨ੍ਹਾਂ ਨੇ 75 ਗੇਂਦਾਂ 'ਤੇ ਸ਼ਾਨਦਾਰ 98 ਦੌੜਾਂ ਬਣਾਈਆਂ ਸਨ | ਉਹ ਬਿਹਤਰੀਨ ਪਾਰੀ ਦੀਆਂ ਦੌੜਾਂ ਸਨ, ਕਿਉਂਕਿ ਸ਼ੋਇਬ ਅਖ਼ਤਰ ਉਨ੍ਹੀਂ ਦਿਨੀਂ ਆਪਣੀਆਂ ਕਹਿਰ ਵਰਸਾਉਂਦੀਆਂ ਗੇਂਦਾਂ ਲਈ ਜਾਣੇ ਜਾਂਦੇ ਸਨ, ਜਿਸ ਨੂੰ ਉਨ੍ਹਾਂ ਨੇ ਦੂਜੇ ਓਵਰ ਵਿਚ ਹੀ ਇਕ ਛੱਕਾ ਅਤੇ ਦੋ ਚੌਕੇ ਲਗਾ ਕੇ ਪਸਤ ਕਰ ਦਿੱਤਾ ਸੀ | ਸਚਿਨ ਦੇ ਖ਼ੁਦ ਆਪਣੇ ਅੰਦਾਜ਼ੇ ਮੁਤਾਬਿਕ ਉਨ੍ਹਾਂ ਦੀ ਇਹ ਸਰਬੋਤਮ ਪਾਰੀ ਸੀ | ਜਦ ਵੀ ਕੋਈ ਕ੍ਰਿਕਟਰ ਆਪਣੇ ਚਹਿਕਦੇ ਬੱਲੇ ਨਾਲ ਟੀਮ ਨੂੰ ਜਿੱਤ ਦੇ ਕੰਢੇ ਤੱਕ ਲੈ ਜਾਵੇਗਾ, ਤਾਂ ਲੋਕ ਉਸ ਨੂੰ ਦੇਖਣਗੇ ਅਤੇ ਸਚਿਨ ਨੂੰ ਯਾਦ ਜ਼ਰੂਰ ਕਰਨਗੇ |
-ਫਿਊਚਰ ਮੀਡੀਆ ਨੈੱਟਵਰਕ |

29 ਅਕਤੂਬਰ ਨੂੰ ਜਨਮ ਦਿਨ 'ਤੇ ਵਿਸ਼ੇਸ਼

ਨੌਰਾ ਰਿਚਰਡਜ਼ ਦੀ ਪੰਜਾਬੀ ਸੱਭਿਆਚਾਰ ਨੂੰ ਦੇਣ

ਨਾਟਕ ਦੀ ਨੱਕੜਦਾਦੀ ਵਜੋਂ ਜਾਣੀ ਜਾਂਦੀ ਮਿਸਿਜ਼ ਨੌਰਾ ਰਿੱਚਰਡਜ਼ (29 ਅਕਤੂਬਰ 1876—ਤਿੰਨ ਮਾਰਚ 1971) ਨੇ ਕੇਵਲ ਪੰਜਾਬੀ ਰੰਗ-ਮੰਚ ਦਾ ਹੀ ਵਿਕਾਸ ਨਹੀਂ ਕੀਤਾ, ਸਗੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਵਿਚ ਵੱਡਮੁੱਲਾ ਯੋਗਦਾਨ ਪਾਇਆ | ਉਸ ਸਮੇਂ ਜਦੋਂ ਆਕਸਫੋਰਡ ਅਤੇ ਕੈਂਬਰਿਜ ਦੇ ਪੜ੍ਹੇ ਪ੍ਰੋਫੈਸਰ ਸ਼ੁੱਧ ਅੰਗਰੇਜ਼ੀ ਬੋਲਣ ਉਤੇ ਜ਼ੋਰ ਦਿੰਦੇ ਸਨ, ਅੰਗਰੇਜ਼ੀ ਸੱਭਿਅਤਾ ਅਤੇ ਉਥੋਂ ਦੀ ਰਹਿਣੀ-ਬਹਿਣੀ ਦੀ ਨਕਲ ਕਰਨ ਲਈ ਜ਼ੋਰ ਦਿੰਦੇ ਸਨ, ਨੌਰਾ ਨੇ ਪੰਜਾਬੀ ਵਲਵਲੇ ਅਤੇ ਬੋਲੀ ਦੇ ਗੁਣਾਂ ਨੂੰ ਸਲਾਹਿਆ | 
ਉਹ ਆਇਰਲੈਂਡ ਦੀ ਨਾਟ ਪਰੰਪਰਾ ਵਿਚ ਜੰਮੀ ਪਲੀ ਸੀ | ਬਚਪਨ ਤੋਂ ਹੀ ਉਸ ਨੂੰ ਸਟੇਜ 'ਤੇ ਕੰਮ ਕਰਨ ਅਤੇ ਗੀਤ ਗਾਉਣ ਦਾ ਸ਼ੌਕ ਸੀ ਅਤੇ ਮਿਸ ਨੌਰਾ ਡਾਇਲ ਦੇ ਨਾਂਅ ਨਾਲ ਪ੍ਰਸਿਧ ਹੋ ਗਈ ਸੀ | ਸਾਲ 1908 ਵਿਚ ਉਸਦੀ ਸ਼ਾਦੀ ਹੋਈ | ਉਸ ਦੇ ਪਤੀ ਪ੍ਰੋ: ਪੀ. ਈ. ਰਿਚਰਡਜ਼ 1911 ਵਿਚ ਦਿਆਲ ਸਿੰਘ ਕਾਲਜ ਲਹੌਰ ਵਿਚ ਅੰਗਰੇਜ਼ੀ ਸਾਹਿਤ ਦੇ ਅਧਿਆਪਕ ਨਿਯੁਕਤ ਹੋ ਕੇ ਆਏ | ਇਥੇ ਉਸ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਨਾਟਕਾਂ ਵਿਚ ਦਿਲਚਪਸੀ ਲੈਣੀ ਸ਼ੁਰੂ ਕਰ ਦਿਤੀ | ਇਸ ਸਮੇਂ ਕਾਲਜਾਂ ਵਿਚ ਆਮ ਤੌਰ 'ਤੇ ਅੰਗਰੇਜ਼ੀ ਦੇ ਨਾਟਕ ਖੇਡੇ ਜਾਂਦੇ ਸਨ ਜੋ ਪੰਜਾਬੀ ਵਿਦਿਆਰਥੀਆਂ ਦੇ ਮੂੰਹੋਂ ਬੜੇ ਰੁੱਖੇ ਅਤੇ ਓਪਰੇ ਜਿਹੇ ਜਾਪਦੇ ਸਨ | ਨੌਰਾ ਨੇ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਵਿਚ ਨਾਟਕ ਲਿਖਣ ਅਤੇ ਖੇਡਣ ਲਈ ਪ੍ਰੇਰਨਾ ਦਿਤੀ ਅਤੇ ਇਕ ਨਾਟਕ ਪ੍ਰਤੀਯੋਗਤਾ ਆਯੋਜਿਤ ਕੀਤੀ | ਇਸੇ ਮੁਕਾਬਲੇ ਵਿਚ 1913 ਵਿਚ ਈਸ਼ਵਰ ਚੰਦਰ ਨੰਦਾ ਨੇ 'ਦੁਲਹਨ' ਲਿਖ ਕੇ ਪਹਿਲਾ ਇਨਾਮ ਜਿੱਤਿਆ | ਇਸ ਤਰ੍ਹਾਂ ਦੇ ਇਨਾਮ ਦੇਣ ਦੀ ਪ੍ਰਥਾ ਯੂਨਾਨੀ ਰੰਗ-ਮੰਚ ਤੋਂ ਚਲੀ ਆ ਰਹੀ ਸੀ, ਪੰਜਾਬ ਵਿਚ ਇਹ ਪ੍ਰਥਾ ਨੌਰਾ ਨੇ ਤੋਰੀ | 'ਦੁਲਹਨ' ਜਿਸ ਨੂੰ ਪੰਜਾਬੀ ਦਾ ਪਹਿਲਾ ਸਾਹਿਤਕ ਨਾਟਕ ਹੋਣ ਦਾ ਮਾਣ ਪ੍ਰਾਪਤ ਹੈ, ਨੌਰਾ ਦੇ ਨਿਰਦੇਸ਼ਨ ਵਿਚ 14 ਅਪਰੈਲ 1914 ਨੂੰ ਦਿਆਲ ਸਿੰਘ ਕਾਲਿਜ ਦੇ ਖੁੱਲ੍ਹੇ ਰੰਗ-ਮੰਚ 'ਤੇ ਖੇਡਿਆ ਗਿਆ |
ਨਾਟਕ ਪ੍ਰਤੀਯੋਗਤਾ ਸਬੰਧੀ ਉਸ ਨੇ ਹਦਾਇਤ ਕੀਤੀ ਹੋਈ ਸੀ ਕਿ ਮੁਕਾਬਲੇ ਵਿਚ ਭੇਜੇ ਜਾਣ ਵਾਲੇ ਨਾਟਕਾਂ ਦਾ ਵਿਸ਼ਾ ਪੰਜਾਬ ਜਾਂ ਭਾਰਤ ਦੇ ਜਨ-ਜੀਵਨ ਨਾਲ ਸਬੰਧਿਤ ਹੋਣਾ ਜ਼ਰੂਰੀ ਹੈ | ਦੋ ਤਿੰਨਾਂ ਸਾਲਾਂ ਵਿਚ ਹੀ ਉਸ ਦਾ ਉੱਦਮ ਲਹਿਰ ਦਾ ਰੂਪ ਧਾਰ ਗਿਆ | ਲਾਹੌਰ ਦੇ ਪ੍ਰਸਿੱਧ ਅੰਗਰੇਜ਼ੀ ਅਖਬਾਰ 'ਸਿਵਲ ਐਾਡ ਮਿਲਟਰੀ ਗਜ਼ਟ' ਨੇ ਵੀ ਉਨ੍ਹਾਂ ਦੇ ਆਸ਼ਿਆਂ ਅਤੇ ਯਤਨਾਂ ਦੀ ਪ੍ਰੋੜਤਾ ਕੀਤੀ ਸੀ, 'ਅੱਜਕਲ੍ਹ ਲਾਹੌਰ ਦੇ ਕਾਲਜਾਂ ਵਿਚ ਜਿਹੜੀ ਨਾਟਕਾਂ ਦੀ ਲਹਿਰ ਚਲ ਰਹੀ ਹੈ, ਉਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਕ ਨਵੇਂ ਯੁੱਗ ਦਾ ਆਰੰਭ ਹੋ ਗਿਆ ਹੈ | ਸ਼ੈਕਸਪੀਅਰ ਦੇ ਕਾਲਜਾਂ ਵਿਚ ਪੜ੍ਹਾਏ ਜਾਣ ਵਾਲੇ ਨਾਟਕਾਂ ਨੂੰ ਖੇਡਣ ਨਾਲੋਂ ਤਾਂ ਕਾਲਜਾਂ ਦੇ ਅਪਣੇ ਰੱਚੇ ਨਾਟਕਾਂ ਨੂੰ ਖੇਡਿਆ ਜਾਣਾ ਕਿਧਰੇ ਚੰਗਾ ਲਗੇਗਾ | ਜੇ ਇਹ ਹੋਣ ਲੱਗ ਜਾਏ ਤਾਂ ਯੂਨੀਵਰਸਿਟੀ 'ਕਲਾ ਦੀ ਜਨਣੀ' ਦੇ ਤੌਰ 'ਤੇ ਅਪਣਾ ਰੋਲ ਨਿਭਾਏਗੀ | ਨਵੇਂ ਅਤੇ ਜਵਾਨ ਕਲਾਕਾਰਾਂ ਨੂੰ ਉਤਸ਼ਾਹ ਮਿਲੇਗਾ ਅਤੇ ਨਤੀਜੇ ਦੇ ਵਜੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਅਸਲ ਕੀਮਤ ਵੀ ਪਛਾਣ ਹੋਏਗੀ | '
ਨੌਰਾ ਨੇ ਲਾਹੌਰ ਵਿਖੇ ਪਹਿਲੋਂ ਖੁਲ੍ਹਾ ਰੰਗ-ਮੰਚ ਅਤੇ ਨਾਟਕ ਲਿਖਣ, ਖੇਡਣ ਅਤੇ ਨਿਰਦੇਸ਼ਨ ਦੀ ਕਲਾ ਸਿਖਾਉਣ ਲਈ 'ਸਰਸਵਤੀ ਸਟੇਜ ਸੋਸਾਇਟੀ' ਨਾਂ ਦਾ ਇਕ ਸਕੂਲ ਵੀ ਖੋਲਿ੍ਹਆ, ਜਿਸ ਦੇ ਸਰਪ੍ਰਸਤ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਤਤਕਾਲੀ ਵਾਈਸ ਚਾਂਸਲਰ ਮਿਸਟਰ ਏ. ਸੀ. ਵੂਲਨਰ ਸਨ | ਇਸੇ ਆਸ਼ੇ ਲਈ 'ਸਰਸਵਤੀ' ਨਾਂਅ ਦਾ ਇਕ ਰਿਸਾਲਾ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ, ਜਿਸ ਦੇ ਪਹਿਲੇ ਪਰਚੇ ਦੇ ਸੰਪਾਦਕੀ ਲੇਖ ਤੋਂ ਹੀ ਇਸ ਦੇ ਉਦੇਸ਼ ਦਾ ਪਤਾ ਲਗਦਾ ਹੈ, 'ਜਿਹੜਾ ਬੀਜ ਅਸੀਂ ਬੀਜਣਾ ਅਤੇ ਖਿਲਾਰਨਾ ਚਾਹੁੰਦੇ ਹਾਂ ਇਹ ਬੀਜ ਆਪਣੇ ਢੰਗ ਅਤੇ ਇਕ ਨਿਰਾਲਾ ਬੀਜ ਹੋਏਗਾ | ਕਲਾਤਮਕ ਚੇਤਨਾ ਦੀ ਬੀਜ, ਨਾਟਕ, ਕਹਾਣੀ ਅਤੇ ਕਵਿਤਾ ਰਚਣ ਦਾ ਬੀਜ ਜਿਹੜਾ ਕਿ ਪੰਜਾਬੀ ਜੀਵਨ ਉਤੇ ਨਾਟਕ ਕਹਾਣੀਆਂ ਅਤੇ ਕਵਿਤਾਵਾਂ ਰਚਨ ਨਾਲ ਸਾਨੂੰ ਪੰਜਾਬ ਦੀ ਹਰ ਦਸਤਕਾਰੀ, ਪੰਜਾਬੀ ਜਨ-ਜੀਵਨ ਦੀ ਵਾਸਤਵਿਕਤਾ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਹੋਣਾ ਪਏਗਾ | ਪੰਜਾਬ ਦੀਆਂ ਝਾੌਪੜੀਆਂ, ਮਸੀਤਾਂ ਅਤੇ ਮੰਦਰਾਂ ਦੀ ਸੁਦੰਰਤਾ, ਘਰਾਂ,ਰਸੋਈ, ਅਤੇ ਖੂਹਾਂ ਦੀਆਂ ਮੁੰਡੇਰਾਂ ਉਤੇ ਰਖੇ ਮਿੱਟੀ ਤੇ ਪਿਤੱਲ ਦੇ ਸੁੰਦਰ ਭਾਂਡਿਆਂ, ਸਫੈਦ ਅਤੇ ਰੰਗ-ਬਰੰਗੇ ਕਪੜਿਆਂ, ਕੰਧਾਂ ਦੀਆਂ ਸੁੰਦਰ ਮੂਰਤਾਂ, ਉੱਚੀਆਂ ਹਵੇਲੀਆਂ ਦੇ ਨਕਸ਼ੇ, ਨਿਰਮਲ ਵਲਵਲੇ ਇਹ ਸਭ ਸਾਨੂੰ ਅਸਲ ਪੰਜਾਬ ਦੀ ਝਲਕ ਦੱਸਦੇ ਹਨ | ਰੇਸ਼ਮ ਨਾਲ ਸ਼ਿੰਗਾਰੀਆਂ ਹੋਈਆਂ ਫੁਲਕਾਰੀਆਂ, ਚਰਖਿਆਂ ਦੀ ਘੂਕਰ ਅਤੇ ਫੁੱਲਾਂ ਦੇ ਹਾਰ, ਇਹ ਸਭ ਚੀਜ਼ਾਂ ਅੰਦਰ ਪੰਜਾਬ ਦੀ ਰੂਹ ਭਰਦੀਆਂ ਹਨ | ਇਨ੍ਹਾਂ ਨੂੰ ਵੇਖਦਿਆਂ ਸਾਡਾ ਮਨ ਸ਼ਰਧਾ ਨਾਲ ਭਰ ਉਠਦਾ ਹੈ |'
ਨੌਰਾ ਨੇ ਪੰਜਾਬ ਦੀ ਧਰਤੀ ਉਤੇ ਪੰਜਾਬੀ ਨਾਟਕ ਅਤੇ ਰੰਗ-ਮੰਚ ਦਾ ਮੁੱਢ ਬਨਿ੍ਹ੍ਹਆ | ਭਾਰਤ ਦੀਆਂ ਕਈ ਹੋਰ ਭਾਸ਼ਾਵਾਂ ਵਿਚ ਇਕਾਂਗੀ ਨਾਟਕ 1930 ਦੇ ਕਰੀਬ ਲਿਖੇ ਜਾਣ ਲੱਗੇ | ਪਰ ਨੌਰਾ ਨੇ 1913 ਵਿਚ ਕਾਲਜ ਦੇ ਵਿਦਿਆਰਥੀਆਂ ਤੋਂ ਪੰਜਾਬੀ ਜੀਵਨ ਉਤੇ ਵਿਸ਼ਿਆਂ ਵਾਲੇ ਇਕਾਂਗੀ ਨਾਟਕ ਲਿਖਵਾ ਕੇ ਅਤੇ ਖਿਡਵਾ ਕੇ ਨਵੀਨ ਕਲਾ ਦਾ ਸਭ ਤੋਂ ਪਹਿਲਾ ਪਰਵੇਸ਼ ਕੀਤਾ |
-# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ |
ਫੋਨ: 0161-2461194

ਜਲਾਲੁੱਦੀਨ ਮੁਹੰਮਦ ਅਕਬਰ

ਜੌਨਪੁਰ ਦੀ ਬਗ਼ਾਵਤ ਅਤੇ ਚਿਨਾਰ ਉੱਤੇ ਕਬਜ਼ਾ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਜਿਸ ਸਮੇਂ ਊਧਮ ਖ਼ਾਂ ਨੇ ਮਾਲਵੇ ਨੂੰ ਫ਼ਤਹਿ ਕੀਤਾ ਉਸੇ ਸਮੇਂ ਮੁਗ਼ਲ ਰਾਜ ਦੇ ਪੂਰਬੀ ਸੂਬੇ ਜੌਨਪੁਰ ਵਿਚ ਬਗ਼ਾਵਤ ਹੋ ਗਈ ਜਿਸ ਦਾ ਲਾਹਾ ਲੈਂਦਿਆਂ ਸ਼ੇਰ ਸ਼ਾਹ ਸੂਰੀ ਦੇ ਪੁੱਤਰ ਸ਼ੇਰ ਖ਼ਾਂ ਨੇ ਇਕ ਵੱਡੀ ਫ਼ੌਜ ਲੈ ਕੇ ਜੌਨਪੁਰ ਉੱਤੇ ਹਮਲਾ ਕਰ ਦਿੱਤਾ ਪਰ ਜੌਨਪੁਰ ਦੇ ਗਵਰਨਰ ਖ਼ਾਨ ਜ਼ਮਾਂ ਅਲੀ ਕੁਲੀ ਖ਼ਾਂ ਨੇ ਅਫ਼ਗ਼ਾਨ ਫ਼ੌਜ ਨੂੰ ਤਕੜੀ ਹਾਰ ਦਿੱਤੀ | ਖ਼ਾਨ ਜ਼ਮਾਂ ਨੇ ਊਧਮ ਖ਼ਾਂ ਵਾਂਗ ਹੀ ਹਾਰੀ ਹੋਈ ਫ਼ੌਜ ਦਾ ਹੱਥ ਆਇਆ ਬਹੁਤ ਸਾਰਾ ਸਮਾਨ ਆਪਣੇ ਕੋਲ ਰੱਖ ਲਿਆ ਅਤੇ ਬਹੁਤ ਘੱਟ ਆਗਰੇ ਦਰਬਾਰ ਨੂੰ ਭੇਜ ਦਿੱਤਾ | ਅਕਬਰ ਇਸ ਆਪ ਹੁਦਰੇ ਗਵਰਨਰ ਨੂੰ ਸਬਕ ਸਿਖਾਉਣ ਲਈ ਜੌਨਪੁਰ ਪਹੁੰਚਿਆ ਜਿੱਥੇ ਖ਼ਾਨ ਜ਼ਮਾਂ ਅਤੇ ਉਸ ਦਾ ਭਰਾ ਕੜ੍ਹਾ ਦੇ ਸਥਾਨ ਤੇ ਅਕਬਰ ਦੇ ਹਜ਼ੂਰ ਪੇਸ਼ ਹੋਏ ਅਤੇ ਸਾਰਾ ਮਾਲ ਅਕਬਰ ਦੇ ਸਾਹਮਣੇ ਪੇਸ਼ ਕਰ ਦਿੱਤਾ, ਜਿਸ ਨੂੰ ਦੇਖਦਿਆਂ ਅਕਬਰ ਨੇ ਉਸ ਨੂੰ ਮੁਆਫ਼ ਕਰ ਦਿੱਤਾ ਅਤੇ ਗਵਰਨਰ ਦੇ ਪਦ ਉੱਤੇ ਬਹਾਲ ਰੱਖਿਆ | ਅਕਬਰ ਨੇ ਜੌਨਪੁਰ ਤੋਂ ਆਸਿਫ਼ ਖ਼ਾਂ ਨੂੰ ਚਿਨਾਰਗੜ੍ਹ ਉੱਤੇ ਹਮਲਾ ਕਰਨ ਲਈ ਭੇਜਿਆ ਜਿਸ ਉੱਤੇ ਸ਼ੇਰ ਖ਼ਾਂ ਦਾ ਕਬਜ਼ਾ ਸੀ | ਆਸਿਫ਼ ਖ਼ਾਂ ਨੇ 1561 ਵਿਚ ਅਗਸਤ ਦੇ ਮਹੀਨੇ ਚਿਨਾਰ ਉੱਤੇ ਕਬਜ਼ਾ ਕਰਕੇ ਅਫ਼ਗ਼ਾਨਾਂ ਨੂੰ ਮਾਰ ਭਜਾਇਆ |
ਜੈਪੁਰ ਦੀ ਅਧੀਨਗੀ : ਜਦੋਂ ਜਨਵਰੀ 1562 ਵਿਚ ਸ਼ਹਿਨਸ਼ਾਹ ਅਕਬਰ ਖ਼ੁਆਜਾ ਮੁਈਨੁੱਦੀਨ ਚਿਸ਼ਤੀ ਦੇ ਦਰਬਾਰ ਦੀ ਜ਼ਿਆਰਤ ਲਈ ਜਾ ਰਿਹਾ ਸੀ ਤਾਂ ਜੈਪੁਰ ਦੇ ਰਾਜੇ ਬਿਹਾਰੀ ਮੱਲ ਨੇ ਆਪਣੇ ਮੁਤਬੰਨੇ ਪੁੱਤਰ ਭਗਵਾਨ ਦਾਸ ਅਤੇ ਪੋਤਰੇ ਮਾਨ ਸਿੰਘ ਨੂੰ ਨਾਲ ਲੈ ਕੇ ਅਕਬਰ ਨਾਲ ਮੁਲਾਕਾਤ ਕੀਤੀ ਅਤੇ ਮੁਗਲਾਂ ਦੀ ਅਧੀਨਗੀ ਕਬੂਲ ਕਰਨ ਦੇ ਨਾਲ ਨਾਲ ਪਹਿਲਾਂ ਤੋਂ ਚਲਦੀ ਆ ਰਹੀ ਗੱਲਬਾਤ ਅਨੁਸਾਰ ਆਪਣੀ ਧੀ ਜੋਧਾਂ ਬਾਈ ਦਾ ਵਿਆਹ ਅਕਬਰ ਨਾਲ ਕਰਨ ਦੀ ਹਾਮੀ ਭਰ ਲਈ | ਜਦੋਂ ਅਕਬਰ ਅਜਮੇਰ ਤੋਂ ਵਾਪਸ ਪਰਤਿਆ ਤਾਂ ਸਾਂਬਰ ਦੇ ਸਥਾਨ ਉੱਤੇ ਜੋਧਾਂ ਬਾਈ ਦੀ ਸ਼ਾਦੀ ਅਕਬਰ ਨਾਲ ਕਰ ਦਿੱਤੀ ਗਈ | ਜੋਧਾਂ ਬਾਈ ਮੁਗ਼ਲ ਹਰਮ ਵਿਚ ਆ ਕੇ ਮਰੀਅਮ ਜ਼ਮਾਨੀ ਦੇ ਨਾਂਅ ਨਾਲ ਮਸ਼ਹੂਰ ਹੋਈ | ਧਾਰਮਿਕ ਖੁੱਲ੍ਹਦਿਲੀ ਦਾ ਸਬੂਤ ਦਿੰਦਿਆਂ ਜੋਧਾਂ ਬਾਈ ਨੇ ਲਾਹੌਰ ਵਿਚ ਮਸਤੀ ਦਰਵਾਜ਼ੇ ਦੇ ਨੇੜੇ ਇਕ ਮਸਜਿਦ ਬਣਵਾਈ ਜਿਹੜੀ ਅਕਬਰ ਦੇ ਸਮੇਂ ਦੀ ਇਮਾਰਤਸਾਜ਼ੀ ਦਾ ਇਕ ਬਹੁਮੁੱਲਾ ਨਮੂਨਾ ਹੈ | ਇਹ ਮਸਜਿਦ ਬੇਗਮ ਸ਼ਾਹੀ ਮਸਜਿਦ ਦੇ ਨਾਂਅ ਨਾਲ ਹੁਣ ਵੀ ਕਾਇਮ ਹੈ | ਸ਼ਹਿਜ਼ਾਦਾ ਜਹਾਂਗੀਰ ਇਸੇ ਰਾਜਪੂਤ ਰਾਣੀ ਦੀ ਕੁੱਖੋਂ ਪੈਦਾ ਹੋਇਆ |
ਅਕਬਰ ਨੇ ਰਿਆਸਤ ਜੈਪੁਰ ਦੀ ਆਜ਼ਾਦੀ ਨੂੰ ਮੁਗ਼ਲ ਹਕੂਮਤ ਦੀ ਨਿਗਰਾਨੀ ਹੇਠ ਕਾਇਮ ਰੱਖਿਆ ਅਤੇ ਭਗਵਾਨ ਦਾਸ ਅਤੇ ਉਸ ਦੇ ਪੁੱਤਰ ਜੈ ਸਿੰਘ ਨੂੰ ਸਰਕਾਰੀ ਮੁਲਾਜ਼ਮਤ ਵਿਚ ਲੈ ਕੇ ਊਚੇ ਅਹੁਦਿਆਂ ਉੱਤੇ ਨਿਯੁਕਤ ਕੀਤਾ | ਉਸ ਨੇ ਇਨ੍ਹਾਂ ਨਾਲ ਸਦਾ ਰਿਸ਼ਤੇਦਾਰਾਂ ਵਰਗਾ ਸਲੂਕ ਕੀਤਾ |
ਗੋਂਡਵਾਨਾ ਅਤੇ ਮੇਵਾੜ ਦੀ ਲੜਾਈ : ਅਕਬਰ ਨੇ 1564 ਵਿਚ ਕੜ੍ਹਾ ਦੇ ਗਵਰਨਰ ਖ਼ੁਆਜਾ ਅਬਦੁਲ ਮਜੀਦ ਆਸਿਫ਼ ਖ਼ਾਂ ਨੂੰ ਗੋਂਡਵਾਨਾ ਉੱਤੇ ਕਬਜ਼ਾ ਕਰਨ ਲਈ ਭੇਜਿਆ ਜਿੱਥੇ ਰਾਣੀ ਦੁਰਗਾਵਤੀ ਦੀ ਹਕੂਮਤ ਸੀ ਜਿਹੜੀ ਪੰਦਰਾਂ ਸਾਲ ਤੋਂ ਆਪਣੇ ਨਾਬਾਲਗ਼ ਪੁੱਤਰ ਬੀਰ ਨਾਰਾਇਣ ਦੇ ਸਰਪ੍ਰਸਤ ਦੀ ਹੈਸੀਅਤ ਵਿਚ ਹਕੂਮਤ ਕਰਦੀ ਆ ਰਹੀ ਸੀ | ਭਾਵੇਂ ਬੀਰ ਨਾਰਾਇਣ ਹੁਣ ਜਵਾਨ ਹੋ ਗਿਆ ਸੀ ਪਰ ਉਸ ਨੇ ਹਕੂਮਤ ਦਾ ਕਾਰੋਬਾਰ ਆਪਣੀ ਮਾਂ ਦੇ ਸਪੁਰਦ ਹੀ ਕੀਤਾ ਹੋਇਆ ਸੀ |
ਅਕਬਰ ਨੇ ਤਵਸੀਹ ਪਸੰਦੀ (ਨਵੇਂ ਇਲਾਕੇ ਜਿੱਤਣ) ਦੀ ਪਾਲਿਸੀ ਅਨੁਸਾਰ ਗੋਂਡਵਾਨਾ ਉੱਤੇ ਕਬਜ਼ਾ ਕਰਕੇ ਆਪਣੇ ਰਾਜ ਦੀਆਂ ਸਰਹੱਦਾਂ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਅਤੇ ਆਸਿਫ਼ ਖ਼ਾਂ ਨੂੰ ਪੰਜਾਹ ਹਜ਼ਾਰ ਮੁਗ਼ਲ ਫ਼ੌਜ ਦੇ ਕੇ ਗੋਂਡਵਾਨਾ ਉੱਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ | ਰਾਣੀ ਨੇ ਮੁਗ਼ਲ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਹਾਰ ਜਾਣ ਪਿੱਛੋਂ ਗਿ੍ਫ਼ਤਾਰੀ ਦੇ ਡਰ ਨੂੰ ਮੁੱਖ ਰੱਖਦਿਆਂ ਆਤਮ-ਹੱਤਿਆ ਕਰ ਲਈ | ਉਸ ਦਾ ਪੁਤਰ ਬੀਰ ਨਾਰਾਇਣ ਵੀ ਲੜਾਈ ਵਿਚ ਕਿਲ੍ਹਾ ਚੌਕੜਾਗੜ੍ਹ ਵਿਚ ਬੀਰਤਾ ਨਾਲ ਲੜਦਾ ਹੋਇਆ ਮਾਰਿਆ ਗਿਆ ਅਤੇ ਗੋਂਡਵਾਨਾ ਦੇ ਸਾਰੇ ਇਲਾਕੇ ਨੂੰ ਮੁਗ਼ਲ ਹਕੂਮਤ ਵਿਚ ਸ਼ਾਮਿਲ ਕਰ ਲਿਆ ਗਿਆ |
ਰਿਆਸਤ ਮੇਵਾੜ ਰਾਜਪੂਤਾਂ ਦੀ ਸਭ ਤੋਂ ਮਸ਼ਹੂਰ ਅਤੇ ਤਾਕਤਵਰ ਰਿਆਸਤ ਸੀ ਜਿਸ ਦੀ ਰਾਜਧਾਨੀ ਚਿਤੋੜ ਸੀ | ਚਿਤੌੜ ਦਾ ਹਾਕਮ ਰਾਣਾ ਸਾਂਘਾ ਦਾ ਪੁੱਤਰ ਰਾਣਾ ਉਦੈ ਸਿੰਘ ਸੀ ਜਿਹੜਾ ਮੁਗ਼ਲਾਂ ਨੂੰ ਵਿਦੇਸ਼ੀ ਹਮਲਾਵਰ ਸਮਝਦਾ ਸੀ ਅਤੇ ਜਿਹੜੇ ਰਾਜਪੂਤਾਂ ਨੇ ਅਕਬਰ ਨਾਲ ਰਿਸ਼ਤੇਦਾਰੀਆਂ ਕਰ ਲਈਆਂ ਸਨ ਜਾਂ ਅਧੀਨਗੀ ਕਬੂਲ ਕਰ ਲਈ ਸੀ, ਉਨ੍ਹਾਂ ਨੂੰ ਨਫ਼ਰਤ ਭਰੇ ਤਾਅਨੇ ਮਾਰਿਆ ਕਰਦਾ ਸੀ | ਮੁਗ਼ਲ ਰਾਜ ਲਈ ਚਿਤੌੜ ਨੂੰ ਜਿੱਤਣ ਦਾ ਇਕ ਕਾਰਨ ਇਹ ਵੀ ਸੀ ਕਿ ਉਸ ਦਾ ਇਲਾਕਾ ਦਿੱਲੀ ਅਤੇ ਅਹਿਮਦਾਬਾਦ ਦੇ ਵਿਚਕਾਰ ਸਥਿੱਤ ਸੀ ਜਿਸ ਨਾਲ ਮੁਗ਼ਲ ਫ਼ੌਜਾਂ ਨੂੰ ਉਸ ਤੋਂ ਪਾਰ ਵਾਲੇ ਇਲਾਕਿਆਂ ਵਿਚ ਜਾਣ ਲਈ ਲੰਬਾ ਚੱਕਰ ਕੱਟ ਕੇ ਜਾਣਾ ਪੈਂਦਾ ਸੀ | ਦੂਜੇ ਇਸ ਨੂੰ ਫ਼ਤਹਿ ਕੀਤੇ ਬਿਨਾ ਦੂਜੀਆਂ ਰਾਜਪੂਤ ਰਿਆਸਤਾਂ ਤੱਕ ਅੱਪੜਨਾ ਅਸੰਭਵ ਸੀ ਕਿਉਂ ਜੋ ਬਾਕੀ ਛੋਟੀਆਂ ਰਿਆਸਤਾਂ ਚਿਤੌੜ ਦੇ ਰਾਣਾ ਨੂੰ ਆਪਣਾ ਰਖਵਾਲਾ ਸਮਝਦੀਆਂ ਸਨ | (ਬਾਕੀ ਅਗਲੇ ਐਤਵਾਰ)
-ਬੀ 3/524 ਕਿਲ੍ਹਾ ਰਹਿਮਤਗੜ੍ਹ, ਮਾਲੇਰਕੋਟਲਾ |
ਮੋਬਾਈਲ-98555-51359.

ਨਿਮਰਤਾ ਆਈ ਸਮਝੋ ਅਕਲ ਆਈ-1

1. ਨਿਮਰਤਾ ਦੇ ਮਿੱਠੇ ਸ਼ਬਦ ਹੀ ਮਨੁੱਖ ਦੇ ਅਸਲੀ ਗਹਿਣੇ ਹਨ, ਬਾਕੀ ਸਭ ਤਾਂ ਨਾਂਅ ਦੇ ਹੀ ਗਹਿਣੇ ਹਨ |
2. ਤੁਹਾਡੇ ਕੋਲ ਕਹਿਣ ਲਈ ਮਿੱਠੀ ਗੱਲ ਨਾ ਹੋਵੇ ਤਾਂ ਚੁੱਪ ਰਹੋ |
3. ਨਿਮਰਤਾ ਦੀ ਸ਼ਕਤੀ ਕਮਜ਼ੋਰ ਮਨੁੱਖ ਵਿਚ ਨਹੀਂ ਬਲਕਿ ਬਲਵਾਨ ਮਨੁੱਖ ਵਿਚ ਹੁੰਦੀ ਹੈ |
4. ਸਲੀਕੇ ਨਾਲ ਗੱਲ ਕਰਕੇ ਕਿਸੇ ਦਾ ਵੀ ਮਨ ਜਿੱਤਿਆ ਜਾ ਸਕਦਾ ਹੈ ਨਹੀਂ ਤਾਂ 'ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ |'
5. ਜੇ ਕੋਈ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝੋ ਤੁਹਾਡੇ ਵਿਚ ਕੋਈ ਨੁਕਸ ਹੈ, ਉਸ ਨੁਕਸ ਨੂੰ ਲੱਭੋ ਤੇ ਉਸ ਨੂੰ ਦੂਰ ਕਰਨ ਦੇ ਉਪਰਾਲੇ ਕਰੋ |
6. ਬੱਚੇ ਨੂੰ ਬੋਲਣਾ ਸਿੱਖਣ ਲਈ ਦੋ ਸਾਲ ਲੱਗ ਜਾਂਦੇ ਹਨ, ਪਰ ਆਦਮੀ ਨੂੰ ਆਪਣੀ ਜ਼ਬਾਨ ਸੰਭਾਲਣ ਉਤੇ ਪੂਰੇ 60 ਵਰ੍ਹੇ ਲੱਗ ਜਾਂਦੇ ਹਨ |
7. ਮਿੱਠੇ ਲਫ਼ਜ਼ ਬਗੈਰ ਕੀਮਤ ਦੇ ਹੁੰਦੇ ਹਨ, ਪਰ ਉਹ ਸਭ ਕੁਝ ਖਰੀਦ ਲੈਂਦੇ ਹਨ |
8. ਜਦ ਕਿਸੇ ਦੇ ਘਰ ਜਾਓ ਤਾਂ ਆਪਣੀ ਅੱਖ ਅਤੇ ਜ਼ਬਾਨ ਨੂੰ ਕਾਬੂ ਰੱਖੋ |
9. ਗਾਲੀਆਂ ਅਤੇ ਮੰਦੇ ਬੋਲ ਮੰੂਹ ਵਿਚੋਂ ਨਿਕਲਦੇ ਹਨ, ਪਰ ਜੁੱਤੀਆਂ ਸਿਰ ਨੂੰ ਖਾਣੀਆਂ ਪੈਂਦੀਆਂ ਹਨ |
10. ਬੋਲਣਾ ਇਕ ਆਰਟ ਹੈ ਅਤੇ ਖਾਮੋਸ਼ੀ ਇਸ ਤੋਂ ਵੀ ਵੱਡਾ ਆਰਟ ਹੈ |
11. ਜ਼ਬਾਨ ਲੋਹੇ ਦੀ ਨਹੀਂ ਹੁੰਦੀ ਪਰ ਉਹ ਕੱਟਦੀ ਬੜੇ ਜ਼ੋਰ ਨਾਲ ਹੈ |
12. ਨਿਮਰਤਾ ਨਾ ਹੋਵੇ ਤਾਂ ਪੜ੍ਹਾਈ ਵਿਅਰਥ ਹੈ |
13. ਆਪਣੀ ਨਿਮਰਤਾ ਦਾ ਘੁਮੰਡ ਕਰਨ ਨਾਲੋਂ ਨਿੰਦਣਯੋਗ ਹੋਰ ਕੋਈ ਗੱਲ ਨਹੀਂ |
14. ਕਿਸੇ ਤੋਂ ਗਿਆਨ (ਹੁਨਰ) ਪ੍ਰਾਪਤ ਕਰਨ ਲਈ ਨਿਮਰ ਹੋਣਾ ਜ਼ਰੂਰੀ ਹੈ |
15. ਨਿਮਰਤਾ ਸਾਰੇ ਗੁਣਾਂ ਦਾ ਆਧਾਰ ਹੈ |
16. ਨਿਮਰਤਾ ਅਤੇ ਸਹਿਣਸ਼ੀਲਤਾ ਚੰਗੇ ਗੁਣਾਂ ਦਾ ਸਿਖਰ ਹੈ |
17. ਵਿਦਵਾਨ ਹੋਣ ਦਾ ਇਕ ਲੱਛਣ ਨਿਮਰਤਾ ਵੀ ਹੈ | ਜਿਸ ਵਿਚ ਨਿਮਰਤਾ ਨਹੀਂ ਹੈ, ਉਹ ਵਿਦਵਾਨ ਨਹੀਂ ਹੈ |
18. ਜਿਸ ਵਿਚ ਨਿਮਰਤਾ ਨਹੀਂ ਹੈ ਤਾਂ ਇਹ ਸਮਝ ਲਓ ਕਿ ਉਸ ਵਿਚ ਕੋਈ ਗੁਣ ਵੀ ਨਹੀਂ ਹੈ |
19. ਮਹਾਨਤਾ ਦਾ ਇਕ ਪ੍ਰਮੁੱਖ ਲੱਛਣ ਨਿਮਰਤਾ ਹੈ |
20. ਬੋਲਣ ਲਈ ਵਾਣੀ ਚਾਹੀਦੀ ਹੈ ਪਰ ਚੁੱਪ ਰਹਿਣ ਲਈ ਵਾਣੀ ਤੇ ਵਿਵੇਕ ਦੋਵੇਂ ਚਾਹੀਦੇ ਹਨ |
(ਬਾਕੀ ਅਗਲੇ ਐਤਵਾਰ)
ਮੋਬਾ: 99155-63406

ਕੀ ਸੱਚਮੁੱਚ, ਭੂਤ ਹੁੰਦੇ ਹਨ?


'ਰੱਬ ਹੈਗੈ ਕਿ ਨਹੀਂ', ਉਹਦੇ ਵਰਗਾ ਹੀ ਭੰਬਲਭੂਸੇ 'ਚ ਪਾਉਣ ਵਾਲਾ ਸਵਾਲ ਹੈ |
ਰੱਬ ਦੇ ਮੁਕਾਬਲੇ, ਭੂਤਾਂ-ਪ੍ਰੇਤਾਂ ਨੂੰ ਖੜ੍ਹਾ ਕਰਨਾ ਚੰਗਾ ਨਹੀਂ ਲਗਦਾ ਕਿਉਂਕਿ ਰੱਬ ਹੈ ਤਾਂ ਚੰਗਾ, ਕਿਸੇ ਨੂੰ ਚੰਬੜਦਾ ਨਹੀਂ, ਪਰ ਭੂਤ! ਇਹ ਤਾਂ ਬੰਦੇ ਨੂੰ ਚੰਬੜ ਜਾਂਦੇ ਹਨ ਤੇ ਉਹਦੀ ਬੜੀ ਦੁਰਗਤ ਕਰਦੇ ਹਨ | ਭੂਤ, ਭੂਤਨੀਆਂ, ਚੁੜੇਲਾਂ |
ਇਨ੍ਹਾਂ ਦਾ ਸਭ ਤੋਂ ਵੱਡਾ ਗੁਣ ਹੈ ਕਿ ਇਹ ਜਿਹਨੂੰ ਚੰਬੜ ਜਾਣ, ਛੇਤੀ ਦੇਣੀ ਉਹਦੇ ਮਗਰੋਂ ਨਹੀਂ ਲਹਿੰਦੇ | ਪਸ਼ੂ ਚੰਗੇ ਹਨ, ਉਨ੍ਹਾਂ ਨੂੰ ਭੂਤ-ਪ੍ਰੇਤ, ਭੂਤਨੀਆਂ, ਚੁੜੇਲਾਂ ਨਹੀਂ ਚੰਬੜਦੀਆਂ, ਚਿੱਚੜ ਚੰਬੜਦੇ ਹਨ | ਉਨ੍ਹਾਂ ਦੀ ਵਿਸ਼ੇਸ਼ਤਾ ਵੀ ਇਹ ਹੈ ਕਿ ਜਿਹੜੇ ਪਸ਼ੂ ਨੂੰ ਚੰਬੜਦੇ, ਉਹਨੂੰ ਬੜਾ ਦੁੱਖ ਦੀਨਾ |
ਤੁਹਾਨੂੰ ਪਤਾ ਹੋਣੈ ਕਿ ਇਸ ਧਰਤੀ 'ਤੇ ਪ੍ਰਜਣਨ ਪ੍ਰਕਿਰਿਆ ਹਿਤ, ਮਨੁੱਖਾਂ ਵਿਚ ਪਸ਼ੂਆਂ 'ਚ, ਪੇੜ-ਪੌਦਿਆਂ ਵਿਚ, ਮੇਲ-ਫੀਮੇਲ ਬੀਜਾਂ ਦਾ ਹੋਣਾ ਲਾਜ਼ਮੀ ਹੈ | ਕਿਸੇ ਮਾਲੀ ਨੂੰ ਪੁੱਛੋ, ਉਹ ਦੱਸੇਗਾ ਕਿ ਜਦ ਤਾੲੀਂ ਮੇਲ-ਫੀਮੇਲ ਬੀਜ ਇਕੱਠੇ ਨਾ ਬੀਜੇ ਜਾਣ ਬੂਟਿਆਂ, ਰੁੱਖਾਂ ਦੀ ਪੈਦਾਇਸ਼ ਵੀ ਅਸੰਭਵ ਹੈ | ਕਈ ਵਾਰ 'ਪਪੀਤੇ' ਦੇ ਬੂਟੇ ਨੂੰ ਫਲ ਨਹੀਂ ਲਗਦਾ, ਮਤਲਬ ਸਾਫ਼ ਹੈ ਕਿ ਉਹ ਮੇਲ-ਫੀਮੇਲ ਬੀਜਾਂ ਦੇ ਮੇਲ ਨਾਲ ਪੈਦਾ ਨਹੀਂ ਹੋਇਆ | ਇਸੇ ਤਰ੍ਹਾਂ 'ਭੂਤ' ਜਾਤੀ ਵਿਚ ਵੀ ਕਥਿਤ ਤੌਰ 'ਤੇ ਮੇਲ-ਫੀਮੇਲ ਦਾ ਵਜੂਦ ਹੈ | ਕਿਉਂਕਿ...
ਭੂਤ ਨਾਲ ਭੂਤਨੀ... ਤੇ
... ਚੁੜੇਲ |
ਚੁੜੇਲ, ਭੂਤਨੀ ਦਾ ਹੀ ਦੂਜਾ ਨਾਂਅ ਹੈ, ਇਉਂ ਸਮਝ ਲਓ ਇਕ ਪੇਕੇ ਘਰ ਦਾ, ਦੂਜਾ ਸਹੁਰੇ ਘਰ ਦਾ |
ਕੋਈ ਡਾਹਢੀ ਤੰਗ ਕਰਨ ਵਾਲੀ, ਬਾਲੜੀ ਕੁੜੀ ਜਾਂ ਜਨਾਨੀ ਹੋਵੇ ਤਾਂ ਉਹਨੂੰ ਲੋਕੀਂ 'ਚੁੜੇਲ' ਦੀ ਸੰਗਿਆ ਦਿੰਦੇ ਹਨ, 'ਅਹਿ ਚੁੜੇਲ ਏ, ਨਿਰੀ ਚੁੜੇਲ |' 'ਭੂਤਨੀ' ਕਹਿਣ ਲੱਗਿਆਂ ਰਤਾ ਨਿਰਾਦਰ ਦੀ ਰੇਸ਼ੋ ਘੱਟ ਹੁੰਦੀ ਹੈ, 'ਅਹਿ ਤਾਂ ਭੂਤਨੀ ਏ ਭੂਤਨੀ |'
'ਨੀਂ ਭੂਤਨੀਏ... ਹਟ ਪਰਾਂਹ', ਪਰ ਇਹ ਤੱਥ ਹੈ ਕਿ ਬੰਦਿਆਂ ਨੂੰ ਚੰਬੜਨ, ਭਾਵੇਂ ਜਨਾਨੀਆਂ ਨੂੰ , ਸਿਰਫ਼ ਭੂਤ ਹੀ ਚੰਬੜਦੇ ਹਨ | ਅਹਿ ਘੱਟ-ਵੱਧ ਹੀ ਸੁਣਿਐ ਕਿ ਫਲਾਣੇ ਜਾਂ ਫਲਾਣੀ ਨੂੰ ਚੁੜੇਲ ਜਾਂ ਭੂਤਨੀ ਚੰਬੜੀ ਹੋਈ ਹੈ |
ਚੌਾਕਿਆ ਸੀ ਮੈਂ ਸੜਕ 'ਤੇ ਤੁਰਿਆ ਜਾਂਦਾ, ਜਦ ਇਕ ਭਈਆ, ਦੂਜੇ ਨੂੰ ਹਿੰਦੀ 'ਚ ਮੁਖਾਤਿਬ ਸੀ, 'ਅਬੇ ਭੂਤਨੀ ਕੇ |'
'ਭੂਤਨੀ ਦਾ', ਭੂਤਨੀ ਦੀ ਇਹ ਪੰਜਾਬੀ ਵੀ ਆਮ ਇਸਤੇਮਾਲ ਕਰਦੇ ਹਨ |
ਇਸਲਾਮ ਵਿਚ ਵੀ ਜਿੰਨ (ਜਿੱਨਾਤ) ਦੀ ਮਾਨਤਾ ਹੈ | ਅੰਗਰੇਜ਼ੀ ਵਿਚ 'ਗੋਸਟ' ਆਖਦੇ ਹਨ | ਅੰਗਰੇਜ਼ੀ ਲਿਟਰੇਚਰ 'ਚ ਕਈ ਕਿਤਾਬਾਂ ਸਿਰਫ਼ 'ਗੋਸਟ' ਦੀਆਂ ਕਰਤੂਤਾਂ ਨਾਲ ਹੀ ਭਰੀਆਂ ਪਈਆਂ ਹਨ | ਅੰਗਰੇਜ਼ੀ 'ਚ 'ਹੀ ਗੋਸਟ' ਤੇ 'ਸ਼ੀ ਗੋਸਟ' ਦਾ ਵਰਗੀਕਰਨ ਹੈ | ਮਤਲਬ ਇਹ ਹੈ ਕਿ ਦੁਨੀਆ ਭਰ 'ਚ ਹਰੇਕ ਮਜ਼੍ਹਬ ਦੇ ਅਨੁਯਾਈਆਂ ਨੂੰ ਜਿੰਨ, ਭੂਤ, ਚੰਬੜਦੇ ਹਨ, ਕੋਈ ਮਰਦਾਨਾ ਰੂਪ 'ਚ ਤੇ ਕੋਈ ਜਨਾਨਾ ਰੂਪ 'ਚ |
ਭੂਤ, ਪ੍ਰੇਤ, ਜਿੰਨ, ਇਹ ਗੈਬੀ ਸ਼ੈਅ ਅਖਵਾਉਂਦੇ ਹਨ | ਇਨ੍ਹਾਂ ਦੇ ਕਿਸੇ ਨੂੰ ਚੰਬੜਨ ਦੀ ਕਿਰਿਆ ਨੂੰ 'ਪਕੜ' ਆਖਦੇ ਹਨ |
ਪਕੜ ਦਾ ਮਤਲਬ, ਉਹੀਓ ਹੈ ਕਿ ਭੂਤ ਚਿੱਚੜਾਂ ਵਾਂਗ ਚੰਬੜੇ ਹੋਏ ਨੇ |
ਹਰ ਬਿਮਾਰੀ ਦਾ ਇਲਾਜ ਹੈ, ਹਰ ਮਰਜ਼ ਦੇ ਡਾਕਟਰ, ਹਕੀਮ, ਵੈਦ ਹਨ-ਤਾਂ ਭੂਤਾਂ-ਪ੍ਰੇਤਾਂ, ਚੁੜੇਲਾਂ ਦੀ ਪਕੜ ਤੋਂ ਮਨੁੱਖ ਨੂੰ ਮੁਕਤ ਕਰਾਉਣ ਵਾਲੇ, ਮਨੁੱਖੀ ਮਾਹਿਰ ਵੀ ਹਨ, ਇਹ ਅਕਸਰ ਅਨਪੜ੍ਹ ਹੁੰਦੇ ਹਨ ਪਰ ਆਪਣੇ ਫ਼ਨ 'ਚ ਮਾਹਿਰ ਹਨ, ਇਨ੍ਹਾਂ ਨੂੰ ਅਕਸਰ ਮਾਂਦਰੀ ਔਝੜ ਆਖਿਆ ਜਾਂਦਾ ਹੈ | ਇਹ ਵਧੇਰੇ ਕਰਕੇ ਸ਼ਮਸ਼ਾਨਾਂ 'ਚ, ਕਬਰਸਤਾਨਾਂ 'ਚ ਜਾਂ ਕਿਸੇ ਡਰਾਉਣੀ ਥਾਂ 'ਤੇ ਹੀ ਨਿਵਾਸ ਕਰਦੇ ਹਨ, ਇਨ੍ਹਾਂ ਦੀ ਸ਼ਕਲ ਤੇ ਪਹਿਰਾਵਾ ਵੀ ਐਨਾ ਡਰਾਉਣਾ ਹੁੰਦਾ ਹੈ ਕਿ ਵੇਖ ਕੇ ਭੂਤ ਤਾਂ ਡਰਨ ਹੀ ਡਰਨ, ਰੱਬ ਵੀ ਡਰ ਜਾਵੇ | ਤੁਸਾਂ ਅਕਸਰ ਸੁਣਿਆ ਹੋਣਾ ਹੈ ਕਿ ਜਦ ਕੋਈ ਸਰਜਨ ਕਿਸੇ ਮਰੀਜ਼ ਦਾ ਆਪ੍ਰੇਸ਼ਨ ਕਰਦਾ ਹੈ, ਆਪ੍ਰੇਸ਼ਨ 'ਚ ਕਈ ਘੰਟੇ ਲੱਗ ਜਾਂਦੇ ਹਨ ਤਾਂ ਆਪ੍ਰੇਸ਼ਨ ਮਗਰੋਂ ਇਹ ਆਖਿਆ ਜਾਂਦਾ ਹੈ, 'ਬੜਾ ਮੁਸ਼ਕਿਲ ਆਪ੍ਰੇਸ਼ਨ ਸੀ, ਕਈ ਘੰਟੇ ਲੱਗ ਗਏ |'
ਐਦਾਂ ਹੀ ਭੂਤ-ਚੰਬੜੇ ਨੂੰ ਭੂਤ ਤੋਂ ਮੁਕਤ ਕਰਾਉਣ ਲਈ ਇਹ ਮਾਂਦਰੀ, ਔਘੜ, ਤਾਂਤਰਿਕ, ਬਾਬੇ, ਜਿਹੜਾ ਆਪ੍ਰੇਸ਼ਨ ਕਰਦੇ ਹਨ, ਇਹ ਵੀ ਬੜਾ ਔਖਾ ਤੇ ਲੰਬਾ ਹੁੰਦਾ ਹੈ | ਇਨ੍ਹਾਂ ਦੇ ਹੱਥਾਂ 'ਚ ਚਿਮਟੇ ਫੜੇ ਹੁੰਦੇ ਹਨ, ਲੋਹੇ ਦੀਆਂ ਛੜਾਂ ਹੁੰਦੀਆਂ ਹਨ, ਇਹ ਮਰੀਜ਼ ਸਾਹਮਣੇ ਅੱਗ ਬਾਲ ਕੇ ਅੱਖਾਂ ਲਾਲ ਕਰਕੇ, ਪਹਿਲਾਂ ਤਾਂ ਚੰਬੜੇ ਹੋਏ ਭੂਤ ਦੀ ਜਾਣ-ਪਛਾਣ ਪੱਕੀ ਕਰਦੇ ਹਨ...
ਜਿਹਨੂੰ ਭੂਤ ਚੰਬੜਿਐ, ਕੁਟਾਪਾ ਉਹਨੂੰ ਚਾੜ੍ਹਦੇ ਹਨ, ਅੱਗ 'ਚ ਚਿਮਟੇ ਲਾਲ ਕਰ ਕਰ ਉਹਨੂੰ ਕੁੱਟਦੇ ਹਨ, ਡਰਾਵਾ ਦਿੰਦੇ ਹਨ, 'ਤੈਨੂੰ ਛੱਡਾਂਗਾ ਨਹੀਂ', ਭੂਤ ਨੂੰ ਵੀ ਆਪਣੀ ਜਾਨ ਪਿਆਰੀ ਹੁੰਦੀ ਹੈ, ਇਹ ਇਸ 'ਅਜ਼ਾਬ' ਤੋਂ ਡਰ ਜਾਂਦਾ ਹੈ |
ਉਹ ਕੁਰਲਾ ਕੇ 'ਓਝੇ' ਦੀਆਂ ਮਿੰਨਤਾਂ ਕਰਦਾ ਹੈ, 'ਬਸ ਕਰ, ਨਾ ਮਾਰ ਮੈਨੂੰ ਹੋਰ, ਮੈਂ ਇਹਨੂੰ ਛੱਡ ਦਿਆਂਗਾ |'
'ਨਹੀਂ ਹੁਣੇ ਛੱਡ, ਐਸੇ ਵੇਲੇ',
'ਠੀਕ ਹੈ, ਹੁਣੇ ਛੱਡ ਦੇਨਾਂ ਹਾਂ',
'ਕੀ ਸਬੂਤ ਹੈ ਕਿ ਤੂੰ ਛੱਡ ਦਿੱਤਾ ਹੈ?'
'ਜਦ ਮੈਂ ਛੱਡਾਂਗਾ ਤਾਂ ਸਾਹਮਣੇ ਜਿਹੜਾ ਦਰੱਖਤ ਲੱਗਾ ਹੈ, ਇਹਦੀ ਟਾਹਣੀ ਆਪਣੇ-ਆਪ ਤਿੜਕ ਕੇ ਡਿੱਗ ਪਵੇਗੀ |'
...ਤੇ ਸੱਚਮੁੱਚ, ਓਦਾਂ ਹੀ ਹੁੰਦਾ ਹੈ, ਭੂਤ ਆਪਣਾ ਵਾਅਦਾ ਨਿਭਾਉਂਦਾ ਹੈ, ਉਸ ਦਰੱਖਤ ਦੀ ਟਾਹਣੀ ਆਪਣੇ-ਆਪ ਡਿਗ ਪੈਂਦੀ ਹੈ... ਤੇ... ਤੇ... ਭੂਤ ਦੀ ਪਕੜ ਤੋਂ ਬੰਦਾ ਮੁਕਤ ਹੋ ਜਾਂਦਾ ਹੈ, ਨੌਾ-ਬਰ-ਨੌਾ ਹੋ ਜਾਂਦਾ ਹੈ |
'ਇਹੋ ਜਿਹੇ ਪ੍ਰਮਾਣ ਸ਼ਾਖਸ਼ਾਤ ਵੇਖਣ ਦੇ, ਕਈ ਲੋਕੀਂ ਤੁਹਾਨੂੰ ਦੇਣਗੇ |'
ਚਲੋ ਜੀ, ਇਕ ਤਰੀਕਾ ਤਾਂ ਇਹ ਹੈ, ਦੂਜਾ ਕਈ ਬਾਬਿਆਂ ਦੇ ਡੇਰੇ ਹਨ | ਉਨ੍ਹਾਂ ਡੇਰਿਆਂ ਦੀ ਸਿਫ਼ਤ ਸਲਾਹ ਇਹੋ ਹੈ ਕਿ ਉਥੇ ਭੂਤ-ਪ੍ਰੇਤਾਂ ਦੀ ਪਕੜ ਵਾਲੇ ਵਿਚਾਰੇ ਦੁਖੀ ਪ੍ਰਾਣੀ, ਪਵਿੱਤਰ ਜਲ ਦੇ ਛਿੱਟੇ ਸਰੀਰ 'ਤੇ ਪੈਣ ਨਾਲ ਹੀ ਇਸ ਅਜ਼ਾਬ ਤੋਂ ਮੁਕਤ ਹੋ ਜਾਂਦੇ ਹਨ |
ਪੰਜਾਬ 'ਚ ਪੱਕੀ ਤਰ੍ਹਾਂ, ਕੁਝ ਡੇਰੇ ਸਪੈਸ਼ਲ ਤੌਰ 'ਤੇ ਭੂਤਾਂ-ਪ੍ਰੇਤਾਂ ਦੀ ਪਕੜ ਤੋਂ ਮੁਕਤੀ ਪਾਉਣ ਹਿਤ ਪ੍ਰਸਿੱਧ ਹਨ | ਇਥੇ ਤਾਂ ਭੀੜਾਂ ਲੱਗੀਆਂ ਰਹਿੰਦੀਆਂ ਹਨ |
ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਮੈਂ ਭੂਤਾਂ ਪਿੱਛੇ ਕਿਉਂ ਪੈ ਗਿਆ ਹਾਂ?
ਧਰਮ ਨਾਲ, ਮੈਂ ਤੜਫ਼ ਉੱਠਿਆ ਜਦ ਭੂਤ, ਜਿੰਨ, ਚੁੜੇਲ, ਸੱਭੇ ਇਕੱਤਰ ਹੋ ਕੇ ਸਾਨੂੰ ਸਭਨਾਂ ਨੂੰ ਚੰਬੜੇ ਹੋਏ ਹਨ, ਤੇ ਅਸੀਂ ਤੜਫ ਰਹੇ ਹਾਂ, ਚੀਕ ਰਹੇ ਹਾਂ... ਤੇ ਸਾਡੀ ਸੁੱਧ ਕੋਈ ਨਹੀਂ ਲੈ ਰਿਹਾ... ਇਹ ਭੂਤ ਕਿਹੜਾ ਹੈ?
'ਮਹਿੰਗਾਈ ਦਾ ਭੂਤ'
ਸ਼ੈਤਾਨ ਦੀ ਆਂਤ ਵਾਂਗ ਇਹ ਮਹਿੰਗਾਈ ਵਾਲਾ ਭੂਤ, ਦਿਨ-ਬਦਿਨ ਵਧਦਾ ਹੀ ਜਾਂਦਾਹੈ | ਮਹਿੰਗਾਈ ਘਟਣ ਦਾ ਨਾਂਅ ਹੀ ਨਹੀਂ ਲੈਂਦੀ | ਇਹ ਸਾਨੂੰ ਛੱਡਦਾ ਹੀ ਨਹੀਂ |
ਫਲ ਖਾਣੇ ਤਾਂ ਸਿਰਫ਼ ਅਮੀਰਾਂ ਨੂੰ ਹੀ ਨਸੀਬ ਹਨ, ਸਬਜ਼ੀਆਂ! ਆਲੂ, ਟਮਾਟਰ, ਪਿਆਜ਼, ਭਿੰਡੀ ਤੋਰੀ, ਘੀਆ, ਲੌਕੀ, ਬੈਂਗਣ... ਕਿਹੜੀ ਸਬਜ਼ੀ ਹੈ, ਜਿਹੜੀ 'ਸੋਨੇ ਭਾਅ' ਨਹੀਂ ਵਿਕ ਰਹੀ?
ਹਨੇਰ ਸਾੲੀਂ ਦਾ, ਇਹੋ ਖ਼ਬਰਾਂ ਸੁਣੀਂਦੀਆਂ ਸਨ ਕਿ ਪੰਜਾਬ 'ਚ ਐਨਾ ਆਲੂ ਪੈਦਾ ਹੋਇਆ ਹੈ ਕਿ ਉਹਦੀ ਖਪਤ ਨਹੀਂ ਹੈ, ਇਸ ਲਈ ਕਿਸਾਨਾਂ ਨੇ ਆਲੂਆਂ ਦੇ ਟਰੱਕ ਭਰ ਕੇ ਸੜਕਾਂ 'ਤੇ ਸੁੱਟ ਦਿੱਤੇ ਹਨ | ਹੁਣ 'ਆਲੂ' ਭਾਲੂ (ਰਿੱਛ) ਵਰਗਾ ਖ਼ਤਰਨਾਕ ਹੋ ਗਿਆ ਹੈ |
ਪਿਆਜ਼! ਹਨੇਰ ਸਾੲੀਂ ਦਾ, ਇਹਨੂੰ ਸੁੰਘਾ ਕੇ ਲੋਕਾਂ ਦੀ ਮਿਰਗੀ ਠੀਕ ਹੋ ਜਾਂਦੀ ਸੀ, ਹੁਣ ਇਹਦਾ ਭਾਅ ਸੁਣ ਕੇ ਲੋਕਾਂ ਨੂੰ ਮਿਰਗੀ ਪੈ ਜਾਂਦੀ ਹੈ | ਕਿਥੇ ਗਈਆਂ ਉਹ ਗੱਲਾਂ...
ਟਕੇ ਸੇਰ ਭਾਜੀ,
ਟਕੇ ਸੇਰ ਖਾਜਾ |
ਅੱਜ ਤਾਂ ਅੰਧੇਰ ਨਗਰੀ,
ਚੌਪਟ ਰਾਜਾ... |
ਨਾ ਸਬਜ਼ੀ ਨਾ ਰੋਟੀ,
ਮਹਿੰਗਾਈ ਦਾ ਥਪੇੜਾ ਖਾ ਜਾ |
ਮਹਿੰਗਾਈ ਦਾ ਭੂਤ ਕੌਣ ਕੱਢੇ? ਕੌਣ ਕੱਢੂ?
ਇਹ ਤਾਂ ਸਿਰਫ਼ ਸਰਕਾਰ ਤੇ ਸਰਕਾਰਾਂ ਦਾ ਕੰਮ ਹੈ | ਇਹੋ ਇਹਦੇ ਮਾਂਦਰੀ, ਤਾਂਤਰਿਕ, ਓਝੇ ਤੇ ਪੀਰ ਫ਼ਕੀਰ ਹਨ |
* ਸੌ ਦਿਨ ਬਾਅਦ ਮਹਿੰਗਾਈ ਖ਼ਤਮ ਹੋ ਜਾਵੇਗੀ |
ਸੌ ਸੌ ਦਿਨ ਕਰਦੇ, ਕਈ ਸੌ ਦਿਨ ਨਿਕਲ ਗਏ |
ਹੁਣ ਤਾਂ ਪਬਲਿਕ ਨੂੰ , ਜਨਤਾ ਨੂੰ , ਜਨ-ਜਨ ਨੂੰ ਆਪ ਹੀ ਮਾਂਦਰੀ, ਔਝੜ ਤੇ ਤਾਂਤਰਿਕ ਬਣਨਾ ਪਏਗਾ | ਹੈਨ ਤੁਹਾਡੇ ਕੋਲ ਗਰਮ... ਗਰਮ ਚਿਮਟੇ....
ਵੋਟ... ਵੋਟ... ਵੋਟ...
ਐਸਾ ਠੋਕੋ, ਐਸਾ ਮਾਰੋ, ਕਿ ਇਸ ਸਰਕਾਰ ਦੀਆਂ ਚੀਕਾਂ ਨਿਕਲ ਜਾਣ ਤੇ ਮਹਿੰਗਾਈ ਦਾ ਭੂਤ ਚਿਚਲਾ ਕੇ ਆਖੇ, 'ਮੈਂ ਛੱਡ ਚੱਲਿਆਂ ਜੀ, ਮੈਂ ਛੱਡ ਚੱਲਿਆਂ |'
'ਕੀ ਸਬੂਤ ਹੈ?'
'ਜਿਸ ਵੇਲੇ ਮੈਂ ਛੱਡਾਂਗਾ... ਇਹ ਸਰਕਾਰ ਡਿਗ ਪਏਗੀ... |'
-0-

ਉਤਰਾਖੰਡ ਦੁਖਾਂਤ ਦਾ ਵਿਗਿਆਨਕ ਵਿਸ਼ਲੇਸ਼ਣ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬੱਦਲ ਫਟਣ ਦਾ ਕਾਰਨ ਕੀ ਹੈ ਭਲਾ? ਵਿਗਿਆਨੀ ਕਹਿੰਦੇ ਹਨ ਕਿ ਇਸ ਦਾ ਕਾਰਨ ਹੈ ਤੇਜ਼ੀ ਨਾਲ ਬੱਦਲਾਂ ਦਾ ਬਹੁਤ ਉੱਚਾ ਉਠ ਜਾਣਾ | ਇਹ ਉਚਾਈ ਕਈ ਵਾਰ 10-15 ਕਿਲੋਮੀਟਰ ਤੱਕ ਹੋ ਜਾਂਦੀ ਹੈ | ਬੱਦਲ ਇਕ-ਦੂਜੇ ਦੇ ਉਪਰ ਤਹਿ-ਦਰ-ਤਹਿ ਖੰਭੇ ਵਾਂਗ ਚੜ੍ਹੀ ਜਾਂਦੇ ਹਨ | ਬਹੁਤੀ ਉਚਾਈ ਉਤੇ ਇਹ ਠੰਢੇ ਹੋ ਕੇ ਵਰਸਦੇ ਹਨ ਤਾਂ ਇਕ ਤੋਂ ਬਾਅਦ ਇਕ, ਇਕੋ ਥਾਂ ਤੇਜ਼ੀ ਨਾਲ ਦੇਰ ਤੱਕ ਵਸਦੇ ਹਨ | ਕੱਚੇ ਪਹਾੜਾਂ ਦੀਆਂ ਬਹੁਤ ਤਿੱਖੀਆਂ ਢਲਾਣਾਂ ਦੀ ਸਿਲ੍ਹਾਬੀ ਮਿੱਟੀ ਦੇ ਕਣ ਵੀ ਜੇ ਉੱਚੇ ਬੱਦਲਾਂ ਵਿਚ ਜਾ ਰਲਣ ਤਾਂ ਬਦਲ ਫਟਣ ਦਾ ਖਤਰਾ ਹੋਰ ਵਧ ਜਾਂਦਾ ਹੈ | ਸਾਡੇ ਮੌਸਮ ਵਿਭਾਗ ਵਾਲਿਆਂ ਨੂੰ ਬੱਦਲ ਫਟਣ ਦੇ ਸੰਭਾਵੀ ਖੇਤਰਾਂ ਦਾ ਨਕਸ਼ਾ, ਤਜਰਬੇ ਅਤੇ ਸਰਵੇ ਦੇ ਆਧਾਰ ਉਤੇ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਸਮੇਂ-ਸਿਰ ਉਸ ਖਿੱਤੇ ਦੇ ਲੋਕਾਂ ਨੂੰ ਖ਼ਬਰਦਾਰ ਕੀਤਾ ਜਾ ਸਕੇ |
ਇੰਜ ਹੀ ਗਲੇਸ਼ੀਅਰਾਂ ਦੇ ਪੈਰਾਂ ਵਿਚ ਬਣੀਆਂ ਝੀਲਾਂ ਉਤੇ ਨਜ਼ਰ ਰੱਖਣ ਦੀ ਲੋੜ ਹੈ | ਇਨ੍ਹਾਂ ਵਿਚ ਬਹੁਤ ਪਾਣੀ ਆ ਪੈਣ, ਢਿੱਗਾਂ ਡਿੱਗਣ, ਕੰਢੇ ਭੁਰਣ, ਭੁਚਾਲ ਜਾਂ ਕਿਸੇ ਹੋਰ ਕਾਰਨ ਕਰਕੇ ਹੜ੍ਹ ਆ ਸਕਦਾ ਹੈ | ਇਸ ਅਚਾਨਕ ਹੜ੍ਹ ਨਾਲ ਝੀਲ ਇਸ ਦੇ ਆਸ-ਪਾਸ ਤੇ ਰਾਹ ਵਿਚਲਾ ਸਾਰਾ ਮਲਬਾ ਰੁੜ੍ਹਦਾ ਹੋਇਆ ਤਬਾਹੀ ਦਾ ਕਾਰਨ ਬਣਦਾ ਹੈ | ਉਤਰਾਖੰਡ ਵਿਚ ਚੋਰਾਬਾਰੀ ਝੀਲ ਤੋਂ ਇਲਾਵਾ, ਖਤਰਨਾਕ ਗਲੇਸ਼ੀਅਰ ਝੀਲਾਂ ਬਹੁਤ ਘੱਟ ਹਨ | ਨਿਪਾਲ ਵਿਚ 20 ਗਲੇਸ਼ੀਅਰ ਝੀਲਾਂ ਹਨ ਅਤੇ ਇੰਨੀਆਂ ਹੀ ਭੂਟਾਨ ਵਿਚ | 14 ਝੀਲਾਂ ਟੀਸਟਾਂ ਦੇ ਪਾਟ ਵਿਚ ਹਨ ਅਤੇ 14 ਹੀ ਹਿਮਾਚਲ ਵਿਚ | ਇਨ੍ਹਾਂ ਉਤੇ ਨਿਰੰਤਰ ਨਜ਼ਰ ਰੱਖਣੀ ਸੌਖੀ ਨਹੀਂ | ਬੱਦਲਾਂ, ਬਰਫ਼ਾਂ ਵਿਚ ਗਵਾਚੀਆਂ ਝੀਲਾਂ ਕਦੋਂ ਕਿਥੋਂ ਟੁੱਟ, ਤਿੜਕ ਜਾਣ | ਕੰਢੇ ਭੋਰ ਲੈਣ ਜਾਂ ਭਰ ਕੇ ਵਗ ਪੈਣ | ਇਨ੍ਹਾਂ ਉਤੇ ਰਿਮੋਟ ਸੈਂਸਿੰਗ ਨਾਲ ਨਜ਼ਰ ਰੱਖਣੀ ਜ਼ਰੂਰੀ ਹੈ |
ਉਤਰਾਖੰਡ ਦੁਖਾਂਤ ਵਿਚ ਕਈ ਕੁਝ ਇਕੋ ਸਮੇਂ ਹੋ ਗਿਆ | ਤੇਜ਼ ਬਾਰਿਸ਼, ਬੱਦਲ ਫਟਣਾ, ਝੀਲ ਦਾ ਫਟਣਾ ਤੇ ਲੈਂਡ ਸਲਾਈਡ | ਬਾਕੀ ਗੱਲਾਂ ਤਾਂ ਹੋ ਗਈਆਂ ਹੁਣ ਰਤਾ ਲੈਂਡ ਸਲਾਈਡ ਦੀ ਗੱਲ ਕਰੀਏ | ਉਤਰਾਖੰਡ ਵਿਚ ਪਿਛਲੇ 8 ਕੁ ਦਹਾਕਿਆਂ ਦੌਰਾਨ ਵਸੋਂ ਢਾਈ ਗੁਣਾਂ ਵਧੀ ਹੈ ਅਤੇ ਤੇਜ਼ੀ ਨਾਲ ਵਧ ਰਹੀ ਹੈ | ਵਿਕਾਸ ਦੇ ਨਾਂਅ ਉਤੇ ਜ਼ਮੀਨ ਉਤੇ ਬੋਝ ਵਧਿਆ ਹੈ | ਜੰਗਲ ਕੱਟੇ ਗਏ ਹਨ | ਸਸਤੀ ਥਾਂ ਦੇ ਲਾਲਚ ਕਾਰਨ ਤਿੱਖੀਆਂ ਢਲਾਣਾਂ, ਨਦੀਆਂ ਤੇ ਪਾਣੀ ਦੀ ਨਿਕਾਸੀ ਦੇ ਕੁਦਰਤੀ ਰਾਹ ਵੀ ਵਰਤੇ ਗਏ ਹਨ | ਉਸਾਰੀ ਵੇਲੇ ਲੈਂਡ ਸਲਾਈਡ ਦੇ ਸੰਭਾਵੀ ਖੇਤਰਾਂ ਦਾ ਵੀ ਧਿਆਨ ਨਹੀਂ ਰੱਖਿਆ ਗਿਆ | ਲੈਂਡ ਸਲਾਈਡ ਅੰਤਿਮ ਰੂਪ ਵਿਚ ਭਾਵੇਂ ਇਕਦਮ ਸਾਹਮਣੇ ਆਉਂਦੀ ਹੈ ਪਰ ਇਹ ਹੌਲੀ-ਹੌਲੀ ਤੇ ਨਿਰੰਤਰ ਹੋਣ ਵਾਲੀ ਕਿਰਿਆ ਹੈ, ਜੋ ਸਾਨੂੰ ਦਿਸਦੀ ਨਹੀਂ | ਤਿੱਖੀਆਂ ਸਲੋਪਾਂ ਹੌਲੀ-ਹੌਲੀ ਬਹਿੰਦੀਆਂ ਹਨ | ਹੇਠਾਂ ਨੂੰ ਵੀ | ਪਾਸਿਆਂ ਨੂੰ ਵੀ | ਬਾਰਿਸ਼ਾਂ ਨਾਲ | ਕਟਾਈ ਨਾਲ | ਭੁਚਾਲੀ ਹਿਲ-ਜੁਲ ਨਾਲ | ਹੜ੍ਹਾਂ ਨਾਲ | ਇਸ ਦੁਖਾਂਤ ਸਮੇਂ ਬਹੁਤ ਸਾਰੀਆਂ ਥਾਵਾਂ ਉਤੇ ਲੈਂਡ ਸਲਾਈਡਿੰਗ ਹੋਈ | ਇਮਾਰਤਾਂ ਢੱਠੀਆਂ | ਪਾਣੀ ਦੇ ਤੇਜ਼ ਵੇਗ ਨਾਲ ਇਹ ਸਾਰਾ ਮਲਬਾ ਰੁੜ੍ਹਦਾ ਹੋਇਆ ਹੋਰ ਸ਼ਕਤੀਸ਼ਾਲੀ ਹੁੰਦਾ ਗਿਆ | ਇਹ ਅਗਾਂਹ ਹੋਰ ਢਿੱਗਾਂ ਡੇਗਦਾ ਗਿਆ | ਇਮਾਰਤਾਂ, ਘਰ, ਦੁਕਾਨਾਂ ਢਾਹੁੰਦਾ ਹੋਇਆ, ਉਨ੍ਹਾਂ ਦਾ ਮਲਬਾ ਨਾਲ ਰੋੜ੍ਹਦਾ ਅੱਗੇ ਵਧਦਾ ਗਿਆ | ਤਬਾਹੀ ਦੀ ਇਹ ਕਹਾਣੀ ਕਦਮ-ਦਰ-ਕਦਮ ਅੱਗੇ ਵਧਦੀ ਗਈ |
ਭਵਿੱਖ ਵਿਚ ਸਾਨੂੰ ਲੈਂਡ ਸਲਾਈਡਿੰਗ ਦੇ ਖਤਰੇ ਦੇ ਖੇਤਰਾਂ, ਇਮਾਰਤਾਂ ਉਤੇ ਨਜ਼ਰ ਰੱਖਣੀ ਚਾਹੀਦੀ ਹੈ | ਖਤਰੇ ਦੀ ਮਾਰ ਹੇਠਲੀਆਂ ਇਮਾਰਤਾਂ ਦੇ ਬਚਾਅ ਲਈ ਕਦਮ ਚੁੱਕਣੇ ਚਾਹੀਦੇ ਹਨ | ਭਵਿੱਖ ਵਿਚ ਅਜਿਹੇ ਥਾਂਵਾਂ ਉਤੇ ਉਸਾਰੀ ਉਤੇ ਪਾਬੰਦੀ ਲਾਉਣੀ ਚਾਹੀਦੀ ਹੈ | ਹਰ ਇਮਾਰਤ ਨੂੰ ਉਸਾਰਨ ਸਮੇਂ ਉਸ ਨੂੰ ਲੈਂਡ ਸਲਾਈਡਿੰਗ ਤੋਂ ਬਚਾਉਣ ਲਈ ਮਾਹਿਰਾਂ ਦੀ ਰਾਇ ਲੈਣੀ ਚਾਹੀਦੀ ਹੈ | ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ ਰੁੜਕੀ ਤੋਂ ਇਸ ਸਬੰਧੀ ਮਦਦ ਲਈ ਜਾ ਸਕਦੀ ਹੈ |
ਉਤਰਾਖੰਡ ਦੁਖਾਂਤ ਵਿਚ ਬਾਰਿਸ਼ ਦੇਰ ਤੱਕ ਹੋਈ, 24 ਘੰਟੇ | ਇਸ ਦੌਰਾਨ ਵੀ ਲੋਕਾਂ ਨੂੰ ਖ਼ਤਰੇ ਤੋਂ ਤੁਰੰਤ ਸੁਚੇਤ ਕਰਕੇ ਨੁਕਸਾਨ ਘਟਾਇਆ ਜਾ ਸਕਦਾ ਸੀ | ਲੋਕਾਂ ਨੂੰ ਖਤਰਨਾਕ ਥਾਵਾਂ ਤੋਂ ਕੱਢਿਆ ਜਾ ਸਕਦਾ ਸੀ | ਉਨ੍ਹਾਂ ਨੂੰ ਉਪਰਲੇ ਪਹਾੜੀ ਤੇ ਖਤਰਨਾਕ ਇਲਾਕੇ ਵਿਚ ਯਾਤਰਾ ਲਈ ਜਾਣੋਂ ਵਰਜਿਆ ਜਾ ਸਕਦਾ ਸੀ | ਸਮਝਾ-ਬੁਝਾ ਕੇ ਵੀ ਅਤੇ ਲੋੜ ਪੈਣ ਉਤੇ ਸਖਤੀ ਨਾਲ ਵੀ | ਇਸ ਸਿਲਸਿਲੇ ਵਿਚ ਮੌਸਮ ਵਿਭਾਗ ਰਾਜ ਦੇ ਪ੍ਰਬੰਧਕ ਅਧਿਕਾਰੀਆਂ ਪੂਜਾ ਸਥਾਨਾਂ ਤੇ ਯਾਤਰੀਆਂ, ਸਾਰਿਆਂ ਵਿਚ ਪਰਸਪਰ ਵਿਸ਼ਵਾਸ ਤੇ ਤਾਲ-ਮੇਲ ਦੀ ਜ਼ਰੂਰਤ ਹੈ | ਸਾਡੇ ਲੋਕ ਸਰਕਾਰੀ ਅਧਿਕਾਰੀਆਂ ਦੀ ਮੁਫਤ ਦੀ ਸਲਾਹ ਨੂੰ ਮੰਨਦੇ ਕਿਥੇ ਹਨ | ਇਹ ਸੋਚਦੇ ਹਨ, ਸਾਰਿਆਂ ਨਾਲ ਜੋ ਹੋਊ, ਸਾਡੇ ਨਾਲ ਹੋ ਜਾਊ | ਇੰਜ ਸੋਚਣਾ ਠੀਕ ਨਹੀਂ |
(ਸਮਾਪਤ)
-ਹਾਊਸ ਨੰ: 2, ਸਟਰੀਟ ਨੰ: 9, ਗੁਰੂ ਨਾਨਕ ਨਗਰ, ਪਟਿਆਲਾ |

ਬਿਨਾਂ ਹੱਥਾਂ ਤੋਂ ਖਾਨਸਾਮਾ ਬਣੀ ਮੈਰੀਕਲ ਅਪਾਟਨ

ਖ਼ੁਦਦਾਰੀ ਦਾ ਸਫ਼ਰ
ਜਦੋਂ ਨਾ ਮੰਨਣ ਯੋਗ ਗੱਲ ਜਿਊਾਦੀ ਮਿਸਾਲ ਦੇ ਤੌਰ 'ਤੇ, ਪ੍ਰਤੱਖ ਰੂਪ ਵਿਚ ਮੰਨਣੀ ਪੈ ਜਾਵੇ ਤਾਂ ਇਹ ਇਕ ਬੜਾ ਅਦਭੁੱਤ ਦਿ੍ਸ਼, ਸਾਡੇ ਸਾਹਮਣੇ ਹੁੰਦਾ ਹੈ | ਦੁਨੀਆਂ ਭਰ ਦੀਆਂ ਅਜਿਹੀਆਂ ਪ੍ਰੇਰਨਾਮਈ ਕਹਾਣੀਆਂ ਵਿਚੋਂ ਇਕ ਕਹਾਣੀ ਫਿਲੀਪੀਨ ਦੇ ਸ਼ਹਿਰ ਜੰਮਬੌਾਗਾ ਦੀ ਵਿਸ਼ਵ-ਨਾਇਕਾ ਬਣੀ ਉਸ ਕੁੜੀ ਦੀ ਹੈ ਜਿਹੜੀ ਆਪਣੇ ਦੋਵਾਂ ਹੱਥਾਂ ਤੋਂ ਰਹਿਤ ਹੈ ਪਰ ਉਸ ਨੇ ਸਵੈ-ਮਾਣ ਨਾਲ ਜਿਊਣ ਦਾ ਮਾਣ ਕਮਾਇਆ ਹੈ |
ਉਸ ਉਪਰ ਪੀੜ ਦਾ ਪਹਾੜ 25 ਸਤੰਬਰ 2000 ਨੂੰ ਉਦੋਂ ਟੁੱਟਦਾ ਹੈ ਜਦੋਂ ਉਹ ਆਪਣੇ ਚਾਚੇ ਨਾਲ, ਪਾਣੀ ਲਿਆਉਣ ਲਈ ਘਰੋਂ ਨਿਕਲਦੀ ਹੈ | ਉਸ ਦੇ ਚਾਚੇ ਨਾਲ ਦੁਸ਼ਮਣੀ ਪਾਲਣ ਵਾਲੇ ਕੁਝ ਅਪਰਾਧੀ ਬਿਰਤੀ ਦੇ ਲੋਕ ਬੁਰੀ ਤਰ੍ਹਾਂ ਕੁੱਟ ਕੇ ਤੇ ਛੁਰੇ ਮਾਰ ਕੇ ਉਸ ਦੇ ਚਾਚੇ ਨੂੰ ਉਸ ਦੇ ਸਾਹਮਣੇ ਮਾਰ ਮੁਕਾਉਂਦੇ ਹਨ ਅਤੇ ਫਿਰ ਭੈਅ-ਭੀਤ ਹੋਈ ਇਸ 11 ਵਰੇ੍ਹ ਦੀ ਬਾਲੜੀ ਨੂੰ ਮਾਰਦੇ ਹਨ, ਪਿੱਠ ਪਰਨੇ ਡਿਗੀ ਦੇ ਛੁਰੇ ਨਾਲ ਦੋਨੋ ਹੱਥ ਵੱਢਦੇ ਹੋਏ ਉਹ ਉਸ ਨੂੰ ਮਰੀ ਸਮਝ ਕੇ ਚਲੇ ਜਾਂਦੇ ਹਨ |
ਉਹ ਡਿੱਕੋ-ਡੋਲੇ ਖਾਂਦੀ ਘਰ ਵੱਲ ਤੁਰਦੀ ਹੈ? ਵਾਰ ਵਾਰ ਚਕਰਾਉਣ ਨਾਲ ਡਿਗਦੀ, ਸੰਭਲਦੀ, ਉਠਦੀ ਜਦੋਂ ਮਾਪਿਆਂ ਸਾਹਮਣੇ ਪਹੁੰਚਦੀ ਹੈ? ਪ੍ਰਤੱਖ ਕਹਿਰ ਨੂੰ ਬਿਆਨਦੀ ਹੈ ਤਾਂ ਮਾਪਿਆਂ ਦਾ ਪਹਿਲਾ ਕੰਮ ਬਣ ਜਾਂਦਾ ਹੈ, ਉਸ ਨੂੰ ਬਚਾਉਣਾ | ਲਹੂ-ਲੁਹਾਣ ਬਦਨ ਦੁਆਲੇ ਕੰਬਲ ਵਲੇਟ ਕੇ, ਆਪਣੀ ਗੁਡੀਆ ਨੂੰ ਚੱੁਕ ਕੇ ਤੇ 12 ਕਿਲੋਮੀਟਰ ਦਾ ਰਸਤਾ 4 ਘੰਟਿਆਂ ਵਿਚ ਮੁਕਾ ਕੇ ਉਹ ਹਸਪਤਾਲ ਪਹੁੰਚਦੇ ਹਨ | ਡਾਕਟਰ, ਗਰਦਨ ਅਤੇ ਪਿੱਠ ਪਿੱਛੇ ਛੁਰੇ ਦੇ ਨਿਸ਼ਾਨ ਵੇਖ ਕੇ, ਟੁੰਡ ਹੋਈਆਂ ਬਾਹਵਾਂ ਵੇਖ ਕੇ, ਮੌਤ ਦੇ ਨੇੜੇ ਪਹੁੰਚੀ ਬੇਸੁੱਧ ਹੋਈ ਬਾਲੜੀ ਨੂੰ ਵੇਖ ਕੇ ਖੁਦ ਪ੍ਰੇਸ਼ਾਨ ਹੋ ਜਾਂਦੇ ਹਨ | ਨੰਨ੍ਹੀ ਜਾਨ ਨੂੰ ਬਚਾਉਣ ਲਈ ਡਾਕਟਰਾਂ ਦੇ ਰੂਪ ਵਿਚ ਸਿਹਤ-ਸ਼ਕਤੀ ਦਿਲੋਂ, ਮਨੋ, ਸਿਰੇ ਦਾ ਤਾਣ ਲਾਉਂਦੀ ਹੈ, 5 ਘੰਟੇ ਲੰਮਾ ਉਪਰੇਸ਼ਨ, ਜ਼ਖਮਾਂ 'ਤੇ 25 ਟਾਂਕੇ... 'ਮੈਰੀਕਲ ਅਪਾਟਨ' ਮਸਾਂ ਹੀ ਬਚਦੀ ਹੈ |
ਇਸ ਗ਼ਰੀਬ ਪਰਿਵਾਰ ਲਈ ਦਵਾਈ ਦਾ ਖਰਚਾ ਅਤੇ ਹਸਪਤਾਲ ਦਾ ਬਿੱਲ ਉਸ ਦੇ ਰਿਸ਼ਤੇਨਾਤੇਦਾਰ ਹੀ ਚੁਕਾਉਂਦੇ ਹਨ | ਮਾਪੇ ਠੀਕ ਹੋਈ ਬੱਚੀ ਨੂੰ ਲੈ ਕੇ ਪਰਤੇ ਤਾਂ ਅਗਲੀ ਬਿਪਤਾ ਸਾਹਮਣੇ ਖੜ੍ਹੀ ਸੀ? ਪਹਿਲੇ ਦੋਖੀਆਂ ਨੇ ਘਰ ਨੂੰ ਲੁੱਟ ਕੇੇ ਸਾੜ ਦਿੱਤਾ ਸੀ |
ਰਿਸ਼ਤੇਦਾਰਾਂ ਨੇ ਹੀ ਪਰਿਵਾਰ ਵਿਰੁੱਧ ਹੋਏ ਅਤਿਆਚਾਰਾਂ ਦੀ ਪੈਰਵੀ ਕੀਤੀ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਹਵਾਲੇ ਕਰਵਾ ਕੇ ਸਜ਼ਾ ਦਿਵਾਈ |
ਇਸ ਤੋਂ ਬਾਅਦ 'ਮੈਰੀਕਲ' ਨੂੰ ਅਪੰਗਾਂ ਵਾਲੇ ਵਿਸ਼ੇਸ਼ ਸਕੂਲ ਵਿਚ ਪੜ੍ਹਨੇ ਪਾਇਆ ਗਿਆ | ਇਥੇ ਹੀ ਉਸ ਨੇ ਆਪਣੇ-ਆਪ ਨੂੰ ਘਿਰਣਾ ਤੇ ਤਰਸ ਦਾ ਪਾਤਰ ਬਣੀ ਉਮਰ ਭਰ ਦੀ ਭਿਖਾਰਨ ਬਣਨ ਦੀ ਬਜਾਏ ਹੁਨਰਮੰਦ ਹੋ ਕੇ ਖ਼ੁਦਦਾਰ ਬਣੀ 'ਮੈਰੀਕਲ' ਦੇ ਵਿਚਾਲੇ ਰੱੱਖ ਕੇ, ਖ਼ੁਦਦਾਰ ਬਣਨ ਦਾ ਕਠੋਰ ਫ਼ੈਸਲਾ ਲੈ ਕੇ, ਆਪਣੇ-ਆਪ ਪ੍ਰਤੀ ਕਠੋਰ ਹੋਣ ਦਾ ਨਿਰਨਾ ਲਿਆ | ਉਸ ਨੇ ਆਪਣੀਆਂ ਵੀਣੀਆਂ ਦਾ (ਤਸੀਹੇ ਦੀ ਹੱਦ ਤੱਕ) ਨਾ ਮੰਨਣਯੋਗ ਇਸਤੇਮਾਲ ਕੀਤਾ ਜਿਨ੍ਹਾਂ ਨਾਲ ਉਸ ਨੇ ਵਸਤਾਂ ਬਣਾਉਣੀਆਂ ਸਿੱਖੀਆਂ, ਚਿੱਤਰਕਲਾ ਸਿੱਖੀ ਅਤੇ ਕੰਪਿਊਟਰ ਚਲਾਉਣਾ ਵੀ ਸਿੱਖਿਆ | ਇਨ੍ਹਾਂ ਹੀ ਕਲਾਵਾਂ ਵਿਚ ਉਸ ਨੇ ਸੋਨ-ਤਮਗਾ ਪ੍ਰਾਪਤ ਕੀਤਾ ਅਤੇ 2008 ਵਿਚ ਹੋਟਲ ਅਤੇ ਰੈਸਟੋਰੈਂਟ ਮੈਨੇਜਮੈਂਟ ਦੀ ਗੈ੍ਰਜੂਏਸ਼ਨ ਕੀਤੀ | ਉਪਰੰਤ ਉਸ ਨੇ 2011 ਵਿਚ ਪ੍ਰਬੀਨ 'ਖਾਨਸਾਮਾ' (ਮੁੱਖ ਰਸੋਈਆ) ਬਣਨ ਦੀ ਡਿਗਰੀ ਹਾਸਲ ਕੀਤੀ. . . ਹਾਂ. . ਹਾਂ ਇਕ ਪ੍ਰਯੋਗੀ ਡਿਗਰੀ, ਉਹ ਵੀ ਬਿਨਾ ਹੱਥਾਂ ਤੋਂ | ਅੱਜਕਲ੍ਹ ਉਹ ਆਪਣੇ ਇਸ ਹੁਨਰ ਦੇ ਅਧਾਰ 'ਤੇ ਇਕ ਪ੍ਰਸਿੱਧ ਹੋਟਲ ਦੀ ਮੁੱਖ ਰਸੋਈਆ ਬਣ ਕੇ ਖ਼ੁਦਦਾਰੀ ਨਾਲ ਜੀਅ ਰਹੀ ਹੈ |

ਚੰਗੇ ਕੈਰੀਅਰ ਲਈ ਸ਼ਖ਼ਸੀਅਤ ਸੰਵਾਰੋ

ਇਹ ਆਮ ਦੇਖਣ 'ਚ ਆਉਂਦਾ ਹੈ ਕਿ ਲੋਕ ਚੰਗਾ ਕੈਰੀਅਰ ਤਾਂ ਲੱਭਦੇ ਹਨ ਪਰ ਚੰਗੀ ਸ਼ਖ਼ਸੀਅਤ ਲਈ ਕੁਝ ਵੀ ਕਰਨ ਵਾਸਤੇ ਤਿਆਰ ਨਹੀਂ | ਕਈ ਲੋਕਾਂ ਨੂੰ ਤਾਂ ਚੰਗੀ ਸ਼ਖ਼ਸੀਅਤ ਕੀ ਹੁੰਦੀ ਹੈ ਇਸ ਬਾਰੇ ਵੀ ਪਤਾ ਹੀ ਨਹੀਂ ਹੁੰਦਾ ਤੇ ਓਹ ਇਹ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕਰਦੇ | ਇਸੇ ਵਾਸਤੇ ਲੋਕਾਂ ਨੂੰ ਚੰਗਾ ਕੈਰੀਅਰ ਨਹੀਂ ਮਿਲਦਾ ਤੇ ਗ਼ਲਤ ਕੈਰੀਅਰ ਵਿਚ ਫਸ ਕੇ ਵਿਅਕਤੀ ਧੱਕੇ ਖਾਣ ਤੋਂ ਸਿਵਾਏ ਕੁਝ ਵੀ ਹਾਸਲ ਕਰਨ ਤੋਂ ਵਾਂਝਾ ਰਹਿ ਜਾਂਦਾ | ਪਰ ਇਨ੍ਹਾਂ ਗੱਲਾਂ ਦਾ ਹੱਲ ਬੜੀ ਹੀ ਆਸਾਨੀ ਨਾਲ ਮਿਲ ਜਾਂਦਾ ਹੈ ਅਗਰ ਵਿਅਕਤੀ ਥੋੜ੍ਹੀ ਜਿੰਨੀ ਕੋਸ਼ਿਸ਼ ਵੀ ਕਰਦਾ ਰਹੇ |
ਦੁੱਖ ਦੀ ਗੱਲ ਇਹ ਹੈ ਕਿ ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕੇ ਸ਼ਖ਼ਸੀਅਤ ਵਿਅਕਤੀ ਦਾ ਪਹਿਨਿਆ ਲਿਬਾਸ ਹੀ ਨਹੀਂ ਹੁੰਦੀ, ਵਿਅਕਤੀ ਦਾ ਪਹਿਨਿਆ ਸੂਟ-ਬੂਟ ਹੀ ਨਹੀਂ ਹੁੰਦਾ | ਇਹ ਤਾਂ ਅਸਲ 'ਚ ਵਿਅਕਤੀ ਦੇ ਅੰਦਰ ਦੀ ਝਲਕ ਹੁੰਦੀ ਹੈ | ਤੁਹਾਡੇ ਅੰਦਰ ਕੀ ਕੀ ਗੁਣ ਹਨ ਇਹੀ ਤੁਹਾਡੀ ਸ਼ਖ਼ਸੀਅਤ ਦਰਸਾਉਂਦੇ ਹਨ | ਜੇਕਰ ਤੁਹਾਡੀ ਸੋਚ ਉੱਚੇ ਦਰਜੇ ਦੀ ਹੈ ਤਾਂ ਤੁਸੀਂ ਵਧੀਆ ਸ਼ਖ਼ਸੀਅਤ ਵਾਲੇ ਇਨਸਾਨ ਹੋ | ਅਗਰ ਤੁਹਾਡੀ ਸੋਚ ਘਟੀਆ ਹੈ ਤਾਂ ਤੁਸੀਂ ਵਧੀਆ ਸ਼ਖ਼ਸੀਅਤ ਵਾਲੇ ਇਨਸਾਨ ਨਹੀਂ ਹੋ ਸਕਦੇ | ਇਥੇ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੋ ਕਿ ਆਪਣੀ ਸੋਚ ਨੂੰ ਹਮੇਸ਼ਾ ਚਾਰ ਚੰਦ ਲਾ ਕੇ ਹੀ ਰੱਖੋ |
ਹੁਣ ਤੁਸੀਂ ਜਾਣਨਾ ਚਾਹੋਗੇ ਕਿ ਸ਼ਖ਼ਸੀਅਤ ਨੂੰ ਚਾਰ ਚੰਦ ਕਿਵੇਂ ਲਾਉਣੇ ਹਨ? ਮਤਲਬ ਸਿਰਫ ਆਪਣੇ ਵਿਚਾਰਾਂ ਨੂੰ ਉੱਚੇ ਰੱਖਣਾ ਹੀ ਹੈ | ਉੱਚੇ-ਸੁੱਚੇ ਵਿਚਾਰ ਉਹ ਹੁੰਦੇ ਹਨ ਜਿਥੇ ਇਨਸਾਨ ਦੂਜਿਆਂ ਨਾਲ ਰਲ-ਮਿਲ ਸਕਦਾ ਹੋਵੇ ਤੇ ਕਿਸੇ ਦੇ ਭਲੇ ਦੀ ਸੋਚ ਸਕਦਾ ਹੋਵੇ | ਅੱਜ ਦੇ ਜ਼ਮਾਨੇ 'ਚ ਲੋਕਾਂ 'ਚ ਇਹ ਰੁਚੀ ਬਿਲਕੁਲ ਹੀ ਨਹੀਂ ਕਿ ਉਹ ਕਿਸੇ ਦੂਜੇ ਦੇ ਭਲੇ ਦੀ ਗੱਲ ਸੋਚ ਸਕਣ | ਇਥੋਂ ਤੱਕ ਕਿ ਲੋਕਾਂ 'ਚ ਇਹ ਵਿਚਾਰ ਆਮ ਆਉਂਦਾ ਕਿ ਦੂਜੇ ਦਾ ਨੁਕਸਾਨ ਕਿਵੇਂ ਕਰੀਏ | ਇਹੀ ਵਿਚਾਰ ਗਲਤ ਸੋਚ ਰੱਖਣ ਵਾਲੇ ਦੀ ਸ਼ਖ਼ਸੀਅਤ ਦਾ ਪਤਨ ਕਰ ਦਿੰਦਾ | ਦੂਜਿਆਂ ਦਾ ਬੁਰਾ ਸੋਚਣ ਵਾਲਾ ਘਟੀਆ ਵਿਚਾਰਾਂ ਦਾ ਭਾਗੀ ਹੁੰਦਾ | ਇਸ ਵਾਸਤੇ ਹਮੇਸ਼ਾਂ ਉੱਚੇ ਵਿਚਾਰ ਰੱਖੋ ਤੇ ਆਪਣੀ ਸ਼ਖ਼ਸੀਅਤ ਨੂੰ ਉੱਚੇ ਰੱਖਣਾ ਸਿੱਖੋ |
ਸ਼ਖ਼ਸੀਅਤ ਨੂੰ ਚਾਰ ਚੰਦ ਲਾਉਣ ਲਈ ਇਹ ਵਿਧੀ ਅਪਣਾਓ | ਆਪਣੇ ਕਮਰੇ ਵਿਚ ਇਕ ਵਧੀਆ ਸ਼ਖ਼ਸੀਅਤ ਵਾਲੇ ਇਨਸਾਨ ਦੀ ਤਸਵੀਰ ਜਿਸ ਨੂੰ ਤੁਸੀਂ ਟਾਪ ਕਲਾਸ ਸਮਝਦੇ ਹੋ ਲਗਾਓ | ਇਹ ਕੁਦਰਤੀ ਤੌਰ 'ਤੇ ਤੁਹਾਨੰੂ ਵਾਰ-ਵਾਰ ਦਿਸਦਾ ਰਹੇਗਾ | ਵਾਰ-ਵਾਰ ਦੇਖਣ ਨਾਲ ਇਸਦਾ ਤੁਹਾਡੇ 'ਤੇ ਅਸਰ ਹੋਣਾ ਸ਼ੁਰੂ ਹੋ ਜਾਵੇਗਾ | ਤੁਹਾਡਾ ਅਚੇਤਨ ਮਨ ਜਿਸ ਕਿਸੇ ਵਸਤੂ ਨੂੰ ਦੇਖ ਲੈਂਦਾ ਹੈ ਉਸੇ ਤਰ੍ਹਾਂ ਦਾ ਬਣਨ ਦੀ ਕੋਸ਼ਿਸ਼ ਕਰਦਾ | ਤੇ ਵਾਰ-ਵਾਰ ਇੰਜ ਦੇਖਣ ਨਾਲ ਤੁਸੀਂ ਇਵੇਂ ਹੀ ਬਣ ਜਾਂਦੇ ਹੋ | ਇੰਜ ਤੁਹਾਡੀ ਸ਼ਖ਼ਸੀਅਤ ਨੂੰ ਚਾਰ ਚੰਦ ਲਾਉਣ 'ਚ ਇਹ ਵਿਧੀ ਸਹਾਈ ਹੁੰਦੀ ਹੈ |
ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਨਵਾਂ ਵਿਆਹਿਆ ਜੋੜਾ ਇਕ ਬੱਚੇ ਦੀ ਤਸਵੀਰ ਲਗਾ ਕੇ ਸਾਹਮਣੇ ਰੱਖਦਾ | ਜਿਨ੍ਹਾਂ ਜੋੜਿਆਂ ਦੇ ਬੱਚੇ ਨਹੀਂ ਹੁੰਦੇ ਉਹ ਬੱਚਾ ਗੋਦ ਲੈ ਲੈਂਦੇ ਨੇ | ਬੱਚਾ ਸਾਹਮਣੇ ਨਜ਼ਰ 'ਚ ਰਹਿੰਦਾ | ਤੇ ਉਨ੍ਹਾਂ ਦੇ ਬੱਚਾ ਹੋ ਜਾਂਦਾ | ਘਰਾਂ 'ਚ ਗੁਰੂਆਂ-ਪੀਰਾਂ ਦੀਆਂ ਤਸਵੀਰਾਂ ਰੱਖੀਆਂ ਜਾਂਦੀਆਂ ਹਨ | ਉਨ੍ਹਾਂ ਤੇ ਵਾਰ-ਵਾਰ ਨਜ਼ਰ ਪੈਣ ਨਾਲ ਘਰ 'ਚ ਸੁੱਖ ਸ਼ਾਂਤੀ ਰਹਿੰਦੀ ਹੈ ਅਤੇ ਪਰਮ ਪਿਤਾ ਪ੍ਰਮਾਤਮਾ ਦੀ ਬਖਸ਼ਿਸ਼ ਵੀ ਬਣੀ ਰਹਿੰਦੀ ਹੈ | ਇਵੇਂ ਹੀ ਚੰਗੀ ਸ਼ਖ਼ਸੀਅਤ ਦੀ ਤਸਵੀਰ ਵਾਰ-ਵਾਰ ਨਜ਼ਰ ਪੈਂਦੀ ਰਹੇ ਤਾਂ ਤੁਹਾਡੀ ਸ਼ਖ਼ਸੀਅਤ ਸੰਵਰ ਜਾਵੇਗੀ | ਜ਼ਰਾ ਕਰਕੇ ਤਾਂ ਵੇਖੋ | ਇਹ ਸਭ ਤਰੀਕੇ ਮਨੋਵਿਗਿਆਨਕ ਵਿਧੀਆਂ ਹੀ ਤਾਂ ਹਨ |
ਦੂਸਰਾ ਤਰੀਕਾ ਹੋਰ ਵੀ ਸੋਨੇ 'ਤੇ ਸੁਹਾਗੇ ਦਾ ਕੰਮ ਕਰਦਾ | ਆਪਣੇ ਕਮਰੇ 'ਚ ਵਧੀਆ ਕਿਸਮ ਦਾ ਸ਼ੀਸ਼ਾ ਲਗਾ ਕੇ ਰਖੋ | ਜਦੋਂ ਚਾਹੋਂ ਇਸ ਸ਼ੀਸ਼ੇ 'ਚ ਆਪਣਾ ਚਿਹਰਾ ਇੰਜ ਦੇਖੋ ਜਿਵੇਂ ਤੁਸੀਂ ਕਿਸੇ ਟਾਪ ਦੀ ਸ਼ਖ਼ਸੀਅਤ ਨੂੰ ਦੇਖ ਰਹੇ ਹੋ | ਇਸ ਤਰ੍ਹਾਂ ਦੀਆਂ ਭਾਵਨਾਵਾਂ ਆਪਣੇ ਮਨ 'ਚ ਲਿਆਵੋ | ਮਹਿਸੂਸ ਕਰੋ ਕਿ ਤੁਸੀਂ ਉਸੇ ਤਰ੍ਹਾਂ ਦੇ ਬਣ ਗਏ ਹੋ ਜਿਸ ਤਰ੍ਹਾਂ ਤੁਸੀਂ ਬਣਨਾ ਚਾਹੁੰਦੇ ਹੋ | ਕੁਝ ਦਿਨਾਂ ਦੇ ਅਭਿਆਸ ਤੋਂ ਬਾਅਦ ਤੁਸੀਂ ਮਹਿਸੂਸ ਕਰਨ ਲੱਗ ਪਵੋਗੇ ਕਿ ਤੁਸੀਂ ਉਸੇ ਤਰ੍ਹਾਂ ਦੇ ਬਣ ਰਹੇ ਹੋ | ਕਾਬਲ-ਏ-ਗੌਰ ਗੱਲ ਇਹ ਹੈ ਕਿ ਵਿਸ਼ਵਾਸ ਰੱਖਣਾ ਅਤਿ ਜ਼ਰੂਰੀ ਹੈ | ਸ਼ੱਕੀ ਸੁਭਾਅ ਰੱਖਣ ਨਾਲ ਇਹ ਅਭਿਆਸ ਕੰਮ ਨਹੀਂ ਕਰੇਗਾ | ਵਿਸ਼ਵਾਸ ਅਤਿ ਜ਼ਰੂਰੀ ਹੈ |
ਅਕਸਰ ਦੇਖਣ ਨੂੰ ਆਉਂਦਾ ਹੈ ਕਿ ਥੋੜੇ੍ਹ ਜਿਹੇ ਗੁਸੈਲੇ ਬੱਚੇ ਸ਼ੀਸ਼ੇ 'ਚ ਆਪਣਾ ਚਿਹਰਾ ਦੇਖ ਕੇ ਇਹ ਸੋਚਣ ਲੱਗ ਪੈਂਦੇ ਹਨ ਕਿ ਉਸ ਦੇ ਨਾਲ ਦਾ ਵਿਅਕਤੀ ਜ਼ਿਆਦਾ ਸੋਹਣਾ ਸੁਨੱਖਾ ਹੈ | ਇੰਜ ਸੋਚ-ਸੋਚ ਕੇ ਹੀ ਉਹ ਆਪਣਾ-ਆਪ ਗਵਾ ਲੈਂਦੇ ਨੇ | ਇਹੀ ਸੋਚ ਨਕਾਰਾਤਮਿਕ ਸੋਚ ਹੈ | ਇਹੀ ਸਾਡੀ ਸ਼ਖ਼ਸੀਅਤ ਦੀ ਜੱਖਣਾ ਵੱਢ ਦਿੰਦੀ ਹੈ | ਜੇ ਤੁਹਾਨੰੂ ਰੱਬ ਨੇ ਥੋੜਾ ਹਲਕੀ ਸੁੰਦਰਤਾ ਬਖਸ਼ੀ ਹੈ ਤਾਂ ਇਹ ਵੀ ਯਾਦ ਰਖੋ ਕਿ ਤੁਹਾਨੂੰ ਹੋਰ-ਹੋਰ ਕਿੰਨੇ ਗੁਣ ਦਿੱਤੇ ਹਨ ਜੋ ਦੂਜਿਆਂ ਨੂੰ ਨਹੀਂ ਦਿੱਤੇ ਹਨ | ਆਪਣੇ ਉਨ੍ਹਾਂ ਗੁਣਾ ਦਾ ਪੂਰਾ ਪੂਰਾ ਫਾਇਦਾ ਉਠਾਓ | ਇਹੀ ਤੁਹਾਡੀ ਸ਼ਖ਼ਸੀਅਤ ਨੂੰ ਚਾਰ ਚੰਦ ਲਾਉਣ ਦਾ ਨਜ਼ਰੀਆ ਤੇ ਢੰਗ ਹੈ | ਜਦੋਂ ਇਹ ਕਰਕੇ ਦੇਖੋਗੇ ਤਾਂ ਆਪੇ ਪਤਾ ਲੱਗ ਜਾਵੇਗਾ |
ਮੇਰੇ ਕੋਲ ਰੋਜ਼ ਹੀ ਤਰ੍ਹਾਂ-ਤਰ੍ਹਾਂ ਦੇ ਕੇਸ ਆਉਂਦੇ ਨੇ | ਪਰਖਣ 'ਤੇ ਪਤਾ ਲਗਦਾ ਕਿ ਵਿਚੋਂ ਨੁਕਸ ਵਿਅਕਤੀ ਦਾ ਆਪਣਾ ਹੀ ਪੈਦਾ ਕੀਤਾ ਹੁੰਦਾ ਹੈ | ਸਾਡੀ ਆਪਣੀ ਸੋਚ ਹੀ ਸਾਡੇ 'ਚ ਨੁਕਸ ਪੈਂਦਾ ਕਰ ਦਿੰਦੀ ਹੈ | ਜਿਵੇਂ ਮੈਂ ਦੱਸਿਆ ਹੈ ਕਿ ਜਿਹਾ ਤੁਸੀਂ ਸੋਚਦੇ ਹੋ ਵੈਸਾ ਹੀ ਤੁਹਾਨੰੂ ਬਣ ਕੇ ਮਿਲ ਜਾਂਦਾ ਹੈ | ਗੱਲ ਉਹੀ ਗੁਰਬਾਣੀ ਦੇ ਬਹੁਮੁੱਲੇ ਸੰਦੇਸ਼ ਦੀ ਹੈ ਕਿ ਜੋ ਮਾਂਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ | ਪਰ ਲੈਣਾ ਤਾਂ ਉਹੀ ਪਵੇਗਾ ਜੋ ਅਸੀਂ ਮੰਗਦੇ ਹਾਂ | ਅਸੀਂ ਜੋ ਕੁਝ ਵੀ ਮੰਗਦੇ ਹਾਂ ਆਪਣੇ ਭਲੇ-ਬੁਰੇ ਵਿਚਾਰਾਂ ਨਾਲ ਹੀ ਮੰਗਦੇ ਹਾਂ | ਸੋ, ਆਪਣੀ ਸ਼ਖ਼ਸੀਅਤ ਨੂੰ ਚਾਰ ਚੰਦ ਲਾਉਣ ਲਈ ਆਪਣੀ ਸੋਚ ਤੇ ਕਰਮ ਨੂੰ ਆਪਣੇ ਕਾਬੂ 'ਚ ਰੱਖੋ |
ਸਿਰਫ਼ ਥੋੜ੍ਹੀ ਜਿਹੀ ਮਿਹਨਤ ਕਰਨ ਨਾਲ ਹੀ ਤੁਸੀਂ ਕਿਥੋਂ ਦੇ ਕਿੱਥੇ ਪਹੁੰਚ ਸਕਦੇ ਹੋ¢ ਬਸ ਨਿਸ਼ਚਾ ਰੱਖੋ ਤੇ ਲਗਨ ਨਾਲ ਅੱਗੇ ਵਧਣ ਦਾ ਢੰਗ ਸਿੱਖੋ, ਤੇ ਉਸ 'ਤੇ ਅਮਲ ਕਰੋ | ਤੁਹਾਡੀ ਸ਼ਖ਼ਸੀਅਤ ਦਿਨ-ਪ੍ਰਤੀ-ਦਿਨ ਨਿੱਖਰਨੀ ਸ਼ੁਰੂ ਹੋ ਜਾਵੇਗੀ | ਮੈਂ ਬੜੇ ਕੇਸ ਦੇਖੇ ਹਨ ਜਿਥੇ ਘਟੀਆ ਤੋਂ ਘਟੀਆ ਸੋਚ ਵਾਲੇ ਇਨਸਾਨ ਵੀ ਉਚਾਈਆਂ ਨੂੰ ਛੂਹ ਲੈਂਦੇ ਹਨ | ਗੱਲ ਸਿਰਫ਼ ਵਿਸ਼ਵਾਸ ਦੀ ਹੈ ਤੇ ਇਸ 'ਤੇ ਅਮਲ ਕਰਨ ਦੀ ਹੈ | ਬਾਕੀ ਕੋਈ ਕਿਸੇ ਤੋਂ ਘੱਟ ਨਹੀਂ ਹੁੰਦਾ | ਸਿਰਫ਼ ਵਿਸ਼ਵਾਸ ਹੀ ਘੱਟ ਵੱਧ ਹੁੰਦਾ ਤੇ ਇਸੇ ਕਾਰਨ ਹੀ ਲੋਕਾਂ ਦੀ ਸ਼ਖ਼ਸੀਅਤ ਘਟੀਆ/ਵਧੀਆ ਹੁੰਦੀ ਹੈ |
-ਮਨੋਵਿਗਿਆਨੀ ਤੇ ਕੈਰੀਅਰ ਮਾਹਰ, ਨੇੜੇ ਗੀਤਾ ਭਵਨ, ਕਾਂਗੜਾ (ਹਿਮਾਚਲ ਪ੍ਰਦੇਸ਼ ) – 176001
5mail: careerking930gmail.com

ਮੋਬਾਈਲ ਓਪਰੇਟਿੰਗ ਸਿਸਟਮ ਐਪਲ, ਐਾਡਰੋਇਡ ਅਤੇ ਵਿੰਡੋਜ਼ ਫੋਨਾਂ ਦੀ ਕਹਾਣੀ

ਅਸੀਂ ਰੋਜ਼ਾਨਾ ਕਈ ਪ੍ਰਕਾਰ ਦੇ ਮੋਬਾਈਲ ਫੋਨਾਂ ਦੇ ਨਾਂ ਸੁਣਦੇ ਹਾਂ | ਬਾਜ਼ਾਰ 'ਚ ਸੈਮਸੰਗ, ਮਾਈਕਰੋਮੈਕਸ, ਸੋਨੀ, ਐਲ. ਜੀ. ਆਦਿ ਕੰਪਨੀਆਂ ਦੇ ਮੋਬਾਈਲ ਫੋਨਾਂ ਦੀ ਭਰਮਾਰ ਹੈ | ਇਨ੍ਹਾਂ ਕੰਪਨੀਆਂ ਤੋਂ ਇਲਾਵਾ ਕਈ ਅਜਿਹੇ ਨਾਂ ਹਨ ਜੋ ਅਸੀਂ ਰੋਜ਼ਾਨਾ ਬੋਲਚਾਲ 'ਚ ਵਰਤਦੇ ਹਾਂ ਪਰ ਇਨ੍ਹਾਂ ਦਾ ਅਰਥ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ |
ਕੰਪਿਊਟਰ 'ਤੇ ਵਰਤੇ ਜਾਣ ਵਾਲੇ ਓਪਰੇਟਿੰਗ ਸਿਸਟਮ ਬਾਰੇ ਅਸੀਂ ਸਭ ਜਾਣੂ ਹਾਂ | ਓਪਰੇਟਿੰਗ ਸਿਸਟਮ ਹੀ ਕੰਪਿਊਟਰ ਦੇ ਸਾਫ਼ਟਵੇਅਰ ਅਤੇ ਹਾਰਡਵੇਅਰ ਭਾਗਾਂ 'ਚ ਤਾਲਮੇਲ ਪੈਦਾ ਕਰਦਾ ਹੈ | ਇਸ ਤੋਂ ਬਿਨਾਂ ਕੰਪਿਊਟਰ ਨੂੰ ਚਲਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ | ਇਸੇ ਤਰ੍ਹਾਂ ਮੋਬਾਈਲ ਫੋਨਾਂ ਲਈ ਵੀ ਐਪਲ (ਆਈ.), ਔਾਡਰਾਇਡ, ਵਿੰਡੋਜ਼ ਆਦਿ ਕਈ ਪ੍ਰਕਾਰ ਦੇ ਓਪਰੇਟਿੰਗ ਸਿਸਟਮ ਵਰਤੇ ਜਾਂਦੇ ਹਨ | ਓਪਰੇਟਿੰਗ ਸਿਸਟਮ ਦੇ ਵਸੀਲਿਆਂ ਦਾ ਪੂਰਾ ਲਾਭ ਉਠਾਉਣ ਲਈ ਜ਼ਰੂਰੀ ਹੈ ਕਿ ਹੈਂਡਸੈੱਟ ਸ਼ਕਤੀਸ਼ਾਲੀ ਅਤੇ ਵੱਧ ਮੈਮਰੀ ਸਮਰੱਥਾ ਵਾਲਾ ਹੋਵੇ | ਅੱਜ ਅਜਿਹੇ ਸਮਾਰਟ ਫੋਨਾਂ ਦਾ ਵਿਕਾਸ ਹੋ ਚੁੱਕਾ ਹੈ ਜੋ ਅੰਗਰੇਜ਼ੀ ਤੋਂ ਇਲਾਵਾ ਚੀਨੀ, ਅਰਬੀ, ਹਿੰਦੀ, ਉਰਦੂ, ਪੰਜਾਬੀ ਆਦਿ ਭਾਸ਼ਾਵਾਂ ਵਿਚ ਕੰਮ ਕਰਨ ਦੇ ਪੂਰੀ ਤਰ੍ਹਾਂ ਯੋਗ ਹਨ | ਆਓ ਮੋਬਾਈਲ ਫ਼ੋਨ ਲਈ ਵਰਤੇ ਜਾਣ ਵਾਲੇ ਵੱਖ-ਵੱਖ ਓਪਰੇਟਿੰਗ ਸਿਸਟਮਾਂ ਬਾਰੇ ਜਾਣੀਏ:
ਐਾਡਰੋਇਡ
ਇਹ ਗੂਗਲ ਦੁਆਰਾ ਤਿਆਰ ਕੀਤਾ ਇਕ ਓਪਰੇਟਿੰਗ ਸਿਸਟਮ ਹੈ | ਐਾਡਰੋਇਡ ਦੀਆਂ ਐਪਲੀਕੇਸ਼ਨਾਂ ਤਿਆਰ ਕਰਨ ਲਈ ਜਾਵਾ ਪ੍ਰੋਗਰਾਮਿੰਗ ਲੈਂਗੂਏਜ ਦੀ ਵਰਤੋਂ ਕੀਤੀ ਜਾਂਦੀ ਹੈ | ਭਾਰਤ ਵਿਚ ਐਾਡਰੋਇਡ ਵਾਲੇ ਫੋਨਾਂ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ | ਇਹ ਇਕ ਮੁਫ਼ਤ ਓਪਰੇਟਿੰਗ ਸਿਸਟਮ ਹੈ | ਇਸ ਨਾਲ ਸਬੰਧਿਤ ਸੋਰਸ ਕੋਡ ਅਤੇ ਹੋਰ ਸਹਾਇਤਾ ਸਮੱਗਰੀ ਨੈੱਟ 'ਤੇ ਮੁਫ਼ਤ ਉਪਲਬਧ ਹੈ | ਗੂਗਲ ਦੇ ਐਪ ਸਟੋਰ 'ਤੇ ਐਾਡਰੋਇਡ ਦੀਆਂ ਅਨੇਕਾਂ ਮੁਫ਼ਤ ਐਪਲੀਕੇਸ਼ਨਾਂ ਉਪਲਬਧ ਹਨ ਜਿਨ੍ਹਾਂ ਬਾਰੇ ਅਗਲੇ ਕਾਲਮਾਂ ਵਿਚ ਜਾਣਕਾਰੀ ਦਿੱਤੀ ਜਾਵੇਗੀ | ਐਾਡਰੋਇਡ ਆਧਾਰਿਤ ਕੁਝ ਆਧੁਨਿਕ ਫੋਨਾਂ ਦੇ ਨਾਂ ਹਨ- Micromax 84-2 ਅਤੇ 84-4, Samsung 7alaxy S3, Motorola R1ZR Maxx, Nokia 710, Sony Xperia S, L7 Optimus 34 Max, 8T3 One X, Samsung 3S2 ਆਦਿ |
ਆਈ.ਓ.ਐਸ.
ਆਈ.ਓ.ਐਸ. ਐਪਲ ਦੁਆਰਾ ਵਿਕਸਿਤ ਕੀਤਾ ਇਕ ਸ਼ਕਤੀਸ਼ਾਲੀ ਓਪਰੇਟਿੰਗ ਸਿਸਟਮ ਹੈ | ਇਸ ਦੀ ਵਰਤੋਂ ਐਪਲ ਦੇ ਆਈ-ਫ਼ੋਨ/ਆਈ-ਪੋਡ ਵਿਚ ਕੀਤੀ ਜਾਂਦੀ ਹੈ | ਐਪਲ ਦੇ ਫ਼ੋਨ ਭਾਰਤੀ ਭਾਸ਼ਾਵਾਂ ਨੂੰ ਵੀ ਸਮਰਥਨ ਕਰਦੇ ਹਨ | ਐਪਲ ਦੇ ਕਈ ਫ਼ੋਨ ਸਿਰਫ਼ ਟਰਿਊ ਟਾਈਪ ਫੌਾਟਾਂ (TT6) ਨੂੰ ਹੀ ਸਪੋਰਟ ਕਰਦੇ ਹਨ | ਐਪਲ ਆਪਣੇ ਗਾਹਕਾਂ ਨੂੰ 'ਐਪ ਸਟੋਰ' ਰਾਹੀਂ ਮਹੱਤਵਪੂਰਨ ਐਪਲੀਕੇਸ਼ਨਾਂ ਮੁਹੱਈਆ ਕਰਵਾਉਂਦਾ ਹੈ | 'ਐਪ ਸਟੋਰ' ਵਿਚ ਸਾਢੇ 6 ਲੱਖ ਤੋਂ ਵੱਧ ਐਪਲੀਕੇਸ਼ਨਾਂ ਉਪਲਬਧ ਹਨ |
ਵਿੰਡੋਜ਼
ਵਿੰਡੋਜ਼ ਓਪਰੇਟਿੰਗ ਸਿਸਟਮ ਨੂੰ ਮਾਈਕਰੋਸਾਫ਼ਟ ਨੇ ਤਿਆਰ ਕੀਤਾ ਹੈ | ਇਹ ਡਾਟ-ਨੈੱਟ ਫਰੇਮਵਰਕ ਨੂੰ ਸਮਰਥਨ ਦਿੰਦਾ ਹੈ | ਵਿੰਡੋਜ਼ ਆਧਾਰਿਤ ਆਧੁਨਿਕ ਫ਼ੋਨ ਭਾਰਤੀ ਲਿਪੀਆਂ ਵਿਚ ਕੰਮ ਕਰਨ ਦੇ ਸਮਰੱਥ ਹਨ | Nokia Lumia 800, Samsung OmniaW, Sony Xperia ਆਦਿ ਸਮੇਤ ਕਈ ਨਵੇਂ ਫ਼ੋਨ ਵਿੰਡੋਜ਼ ਨਾਲ ਆ ਰਹੇ ਹਨ |
ਸਿੰਬੀਅਨ
ਸਿੰਬੀਅਨ ਦਾ ਵਿਕਾਸ ਨੋਕੀਆ ਨਾਂਅ ਦੀ ਕੰਪਨੀ ਨੇ ਕੀਤਾ | ਇਹ ਮੋਬਾਈਲ 'ਤੇ ਚੱਲਣ ਵਾਲਾ ਇਕ ਵਿਕਸਿਤ ਓਪਰੇਟਿੰਗ ਸਿਸਟਮ ਹੈ | ਇਹ ਜਾਵਾ ਮਾਈਕਰੋ ਐਡੀਸ਼ਨ ਅਤੇ ਸੀ/ਸੀ ++ ਆਦਿ ਭਾਸ਼ਾਵਾਂ ਨੂੰ ਸਮਰਥਨ ਕਰਦਾ ਹੈ | ਸਿੰਬੀਅਨ ਨੋਕੀਆ ਦੇ Nokia 808, Nokia 5 51 ਅਤੇ Nokia 603 ਸਮੇਤ ਅਨੇਕਾਂ ਪੁਰਾਣੇ ਮਾਡਲਾਂ ਵਿਚ ਆ ਰਿਹਾ ਹੈ |
ਓ. ਐਸ. 4/5
ਓ. ਐਸ. 4/5 ਰਿਮ ਦੁਆਰਾ ਤਿਆਰ ਕੀਤਾ ਓਪਰੇਟਿੰਗ ਸਿਸਟਮ ਹੈ ਜਿਹੜਾ ਕਿ ਬਲੈਕ ਬੇਰੀ ਫੋਨਾਂ ਵਿਚ ਵਰਤਿਆ ਜਾਂਦਾ ਹੈ |
punjabicomputer0ymail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX