ਤਾਜਾ ਖ਼ਬਰਾਂ


ਅੱਜ ਸੰਗਰੂਰ ਆਉਣਗੇ ਸੁਖਬੀਰ ਬਾਦਲ
. . .  13 minutes ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਆਉਣਗੇ। ਇਸ ਸੰਬੰਧੀ ਸੰਗਰੂਰ ਹਲਕਾ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਪਾਰਲੀਮਾਨੀ ਸਕੱਤਰ ਅਤੇ ਅਕਾਲੀ ਦਲ ਦੇ ਜ਼ਿਲ੍ਹਾ...
ਲੋਕ ਸਭਾ ਚੋਣਾਂ ਲਈ ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗਾ ਨਾਮਜ਼ਦਗੀਆਂ ਦਾ ਦੌਰ
. . .  35 minutes ago
ਅਜਨਾਲਾ, 22 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਦੇਸ਼ ਅੰਦਰ ਵੱਖ-ਵੱਖ ਪੜਾਵਾਂ ਤਹਿਤ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਸੱਤਵੇਂ ਅਤੇ ਆਖ਼ਰੀ ਗੇੜ ਤਹਿਤ 19 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ, ਜਿਹੜੀ ਕਿ 29 ਅਪ੍ਰੈਲ...
ਅੱਜ ਦਾ ਵਿਚਾਰ
. . .  46 minutes ago
ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ

ਹਿੰਦੋਸਤਾਨ ਦਾ ਦਿਲ ਕਹੀ ਜਾਣ ਵਾਲੀ ਦਿੱਲੀ ਦੇ ਦਰਮਿਆਨ ਚਾਂਦਨੀ ਚੌਂਕ 'ਚ ਸਥਿਤ ਨੌਵੇਂ ਨਾਨਕ, ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਸ਼ੋਭਨੀਕ ਹੈ, ਗੁਰਦੁਆਰਾ ਸੀਸ ਗੰਜ ਸਾਹਿਬ। ਭਾਰਤ ਦੇ ਇਤਿਹਾਸਕ ਕਿਲ੍ਹੇ, ਲਾਲ ਕਿਲ੍ਹੇ 'ਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ 5 ਸੌ ਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਆਪਣੀ ਨਿਵੇਕਲੀ ਹੋਂਦ-ਹਸਤੀ, ਇਤਿਹਾਸ ਤੇ ਪ੍ਰੰਪਰਾ ਨੂੰ ਸਮੋਈ ਬੈਠਾ ਹੈ। ਸ਼ਰਧਾਲੂ ਚਾਂਦਨੀ ਚੌਕ ਪਹੁੰਚਦਿਆਂ ਹੀ ਭੀੜ-ਭੜੱਕੇ 'ਚੋਂ ਨਿਰਲੇਪ ਹੋ, ਜੋੜੇ-ਘਰ ਵਿਚ ਜੋੜੇ ਜਮ੍ਹਾਂ ਕਰਾ, ਚਰਨ ਗੰਗਾ 'ਚੋਂ ਚਰਨ ਧੋ, ਪੌੜੀਆਂ ਚੜ੍ਹ ਦਰਸ਼ਨ ਕਰਦੇ ਹਨ ਇਤਿਹਾਸਕ ਅਸਥਾਨ ਸੀਸ ਗੰਜ ਸਾਹਿਬ ਦੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਨਮਸਤਕ ਹੋ ਸ਼ਰਧਾਲੂ ਪਰਿਕਰਮਾ ਕਰਦੇ ਹੋਏ ਹੇਠਾਂ ਭੋਰੇ ਵਿਚ ਉਸ ਅਸਥਾਨ ਦੇ ਦਰਸ਼ਨ ਕਰਦੇ ਹਨ, ਜਿਥੇ ਗੁਰਦੇਵ ਪਿਤਾ ਨੂੰ ਸ਼ਹੀਦ ਕੀਤਾ ਗਿਆ ਸੀ। ਦੇਸ਼-ਵਿਦੇਸ਼ 'ਚੋਂ ਹਜ਼ਾਰਾਂ ਯਾਤਰੂ ਇਸ ਤਰ੍ਹਾਂ ਗੁਰਦੁਆਰਾ ਸੀਸ ਗੰਜ ਵਿਚ ਪ੍ਰਵੇਸ਼ ਕਰ ਰੂਹਾਨੀਅਤ ਦਾ ਅਨੰਦ ਮਾਣਦੇ, ਮਾਨਸਿਕ ਤ੍ਰਿਪਤੀ ਪ੍ਰਾਪਤ ਕਰਦੇ ਹੋਏ ਗੌਰਵਮਈ, ਇਤਿਹਾਸਕ ਵਿਰਸੇ ਤੋਂ ਜਾਣੂੰ ਹੁੰਦੇ ਹਨ।
ਇਤਿਹਾਸਕ ਸੱਚ ਇਹ ਹੈ ਕਿ ਔਰੰਗਜ਼ੇਬ ਦੇ ਜਬਰ-ਜ਼ੁਲਮ ਦੇ ਸਤਾਏ ਹੋਏ ਕਸ਼ਮੀਰੀ ਬ੍ਰਾਹਮਣ ਫਰਿਆਦੀ ਹੋ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਅਨੰਦਪੁਰ ਸਾਹਿਬ ਪਹੁੰਚੇ ਕਿ ਸਾਡੇ ਧਰਮ ਦੀ ਰੱਖਿਆ ਕੀਤੀ ਜਾਵੇ। ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਸੰਗਤ ਵਿਚ ਕਿਹਾ ਕਿ ਹੁਣ ਤਾਂ ਕਿਸੇ ਮਹਾਂਪੁਰਖ ਦੀ ਕੁਰਬਾਨੀ ਹੀ ਔਰੰਗਸ਼ਾਹੀ ਜਬਰ-ਜ਼ੁਲਮ ਨੂੰ ਰੋਕ ਸਕਦੀ ਹੈ। ਸੰਗਤ 'ਚ ਬਿਰਾਜਮਾਨ ਬਾਲ ਗੋਬਿੰਦ ਰਾਏ ਨੇ ਸੁਭਾਵਿਕ ਇਹ ਕਹਿ ਦਿੱਤਾ, 'ਤੁਹਾਡੇ ਤੋਂ ਵੱਡਾ ਹੋਰ ਕੌਣ ਮਹਾਂਪੁਰਸ਼ ਹੋਵੇਗਾ, ਜਿਹੜਾ ਇਹ ਮਹਾਨ ਕਾਰਜ ਕਰ ਸਕੇ?' ਇਹ ਸੁਣਦੇ ਸਾਰ ਹੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਮੁਖੀ ਪੰਡਤ ਕਿਰਪਾ ਰਾਮ ਨੂੰ ਕਹਿ ਦਿੱਤਾ ਕਿ ਜਾਓ ਬਾਦਸ਼ਾਹ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਉਹ ਗੁਰੂ ਤੇਗ ਬਹਾਦਰ ਨੂੰ ਇਸਲਾਮ ਕਬੂਲਣ ਲਈ ਪ੍ਰੇਰ ਜਾਂ ਮਨਾ ਲੈਣ ਤਾਂ ਅਸੀਂ ਖੁਦ ਹੀ ਮੁਸਲਮਾਨ ਹੋ ਜਾਵਾਂਗੇ? ਜੇਕਰ ਉਹ ਇਹ ਨਹੀਂ ਕਰ ਸਕਦਾ ਤਾਂ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾਉਣਾ ਛੱਡ ਦੇਵੇ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਬੋਲਾਂ ਨੂੰ ਪੁਗਾਉਣ ਲਈ ਆਪ ਚੱਲ ਕੇ ਜਾ ਕੇ ਗ੍ਰਿਫ਼ਤਾਰੀ ਦਿੱਤੀ।
ਗੁਰੂ ਜੀ ਤੇ ਉਨ੍ਹਾਂ ਦੇ ਪਿਆਰੇ ਗੁਰਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ। ਭਾਈ ਮਨੀ ਸਿੰਘ ਦੇ ਕਥਨ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫ਼ਤਾਰੀ ਉਪਰੰਤ ਔਰੰਗਜ਼ੇਬ ਨੇ ਗ੍ਰਿਫ਼ਤਾਰ ਸਾਰੇ ਹਿੰਦੂਆਂ ਨੂੰ ਰਿਹਾਅ ਕਰ ਦਿੱਤਾ। ਗੁਰੂ ਜੀ ਨੂੰ ਦਿੱਲੀ 'ਚ ਗ੍ਰਿਫ਼ਤਾਰੀ ਸਮੇਂ ਬਹੁਤ ਸਾਰੇ ਤਸੀਹੇ ਦਿੱਤੇ ਗਏ ਕਿ ਉਹ ਇਸਲਾਮ ਕਬੂਲ ਕਰ ਲੈਣ ਪਰ ਗੁਰੂ ਤੇਗ ਬਹਾਦਰ ਜੀ ਵਰਗੀ ਦੈਵੀ ਸ਼ਖ਼ਸੀਅਤ ਪਾਸੋਂ ਇਹ ਆਸ ਕਰਨੀ ਬਿਲਕੁਲ ਨਿਰਮੂਲ ਸੀ, ਕਿਉਂਕਿ ਜਿਹੜੀ ਸ਼ਖ਼ਸੀਅਤ ਦੂਸਰੇ ਦੇ ਧਰਮ, ਪ੍ਰੰਪਰਾ ਤੇ ਮਰਿਆਦਾ ਦੀ ਬਹਾਲੀ ਤੇ ਧਾਰਮਿਕ ਆਜ਼ਾਦੀ ਵਾਸਤੇ ਆਪਾ ਕੁਰਬਾਨ ਕਰਨ ਵਾਸਤੇ ਤਿਆਰ ਹੋਵੇ, ਉਹ ਆਪਣਾ ਧਰਮ ਕਿਵੇਂ ਤਿਆਗ ਸਕਦੀ ਹੈ? ਚਾਂਦਨੀ ਚੌਕ 'ਚ ਸਥਿਤ ਕੋਤਵਾਲੀ 'ਚ ਗੁਰੂ ਜੀ ਨੂੰ ਬੰਦੀ ਬਣਾਇਆ ਗਿਆ ਸੀ ਤੇ ਉਨ੍ਹਾਂ ਸਾਹਮਣੇ ਇਹ ਤਿੰਨ ਸ਼ਰਤਾਂ ਰੱਖੀਆਂ ਗਈਆਂ ਸਨ : 1. ਇਸਲਾਮ ਕਬੂਲ ਕਰਨਾ, 2. ਕੁਰਬਾਨੀ ਲਈ ਤਿਆਰ ਹੋਣਾ, 3. ਕਰਾਮਾਤ ਦਿਖਾਉਣਾ।
ਗੁਰੂ ਜੀ ਸ਼ਹਾਦਤ ਦੇਣ ਲਈ ਆਏ ਸਨ ਤੇ ਉਨ੍ਹਾਂ ਨੇ ਇਸ ਨੂੰ ਪ੍ਰਵਾਨ ਕੀਤਾ। ਗੁਰੂ ਜੀ ਨੂੰ ਭੈਅ-ਭੀਤ ਕਰਨ ਵਾਸਤੇ ਉਨ੍ਹਾਂ ਦੇ ਸਨਮੁੱਖ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਜਿਊਂਦੇ ਜੀ ਅਗਨ ਭੇਂਟ ਕੀਤਾ ਗਿਆ ਤੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ 'ਚ ਉਬਾਲ ਕੇ ਸ਼ਹੀਦ ਕੀਤਾ ਗਿਆ। 11 ਨਵੰਬਰ, 1675 ਈ: ਨੂੰ ਗੁਰੂ ਤੇਗ ਬਹਾਦਰ ਜੀ ਦਾ ਚਾਂਦਨੀ ਚੌਕ ਦੇ ਨਜ਼ਦੀਕ ਕੋਤਵਾਲੀ 'ਚ ਸਥਿਤ ਇਕ ਵੱਡੇ ਦਰੱਖਤ ਹੇਠ ਦਿਨ ਦਿਹਾੜੇ ਜਲਾਦ ਨੇ ਸੀਸ ਧੜ ਤੋਂ ਅਲੱਗ ਕਰ ਦਿੱਤਾ।
ਸੀਸ ਤਾਂ ਧੜ ਤੋਂ ਅਲੱਗ ਹੋ ਗਿਆ ਪਰ ਸਿਰੜ-ਨਿਸਚਾ ਕਾਇਮ ਰਿਹਾ। ਜਿਸ ਥਾਂ 'ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਥਾਂ 'ਤੇ ਸ਼ੋਭਨੀਕ ਹੈ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸੀਸ ਗੰਜ। ਅੰਗਰੇਜ਼ ਇਤਿਹਾਸਕਾਰ ਮੈਕਾਲਫ ਦੇ ਸ਼ਬਦਾਂ 'ਚ ਇਹ ਸ਼ਹਾਦਤ ਆਪਣੇ-ਆਪ 'ਚ ਇਕ ਵੱਖਰੀ, ਅਨੋਖੀ ਤੇ ਅਲੌਕਿਕ ਘਟਨਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਇਸ ਇਤਿਹਾਸਕ ਸੱਚ ਨੂੰ ਇਸ ਤਰ੍ਹਾਂ ਰੂਪਮਾਨ ਕਰਦੇ ਹਨ :
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥13॥
(ਸ੍ਰੀ ਦਸਮ ਗ੍ਰੰਥ ਸਾਹਿਬ)
ਹਰ ਗੁਰਸਿੱਖ ਸਵੇਰੇ-ਸ਼ਾਮ ਅਰਦਾਸ 'ਚ ਗੁਰੂ ਤੇਗ ਬਹਾਦਰ ਜੀ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਸ਼ਰਧਾ-ਸਤਿਕਾਰ ਭੇਂਟ ਕਰਦਾ ਹੋਇਆ ਯਾਦ ਕਰਦਾ ਹੈ :
ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ॥
ਸਭ ਥਾਈ ਹੋਇ ਸਹਾਇ॥1॥
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਅਸਥਾਨ 'ਤੇ ਯਾਦਗਾਰੀ ਗੁਰਦੁਆਰਾ ਸੀਸ ਗੰਜ ਸਾਹਿਬ ਉਸਾਰਨ ਦੀ ਸੇਵਾ ਪਹਿਲਾਂ ਸ: ਬਘੇਲ ਸਿੰਘ ਮੁਖੀ ਕਰੋੜਸਿੰਘੀਆਂ ਮਿਸਲ ਦੇ ਮੁਖੀ ਨੇ 1790 ਈ: 'ਚ ਕੀਤੀ ਪਰ ਉਸ ਸਮੇਂ ਦੇ ਮੁਤੱਸਬੀ ਮੁਸਲਮਾਨਾਂ ਨੇ ਇਸ ਥਾਂ 'ਤੇ ਮਸੀਤ ਉਸਾਰ ਦਿੱਤੀ। ਜੀਂਦ ਪਤੀ ਰਾਜਾ ਸਰੂਪ ਸਿੰਘ ਨੇ 1914 ਈ: 'ਚ ਗੁਰਦੁਆਰਾ ਸਾਹਿਬ ਦਾ ਦੁਬਾਰਾ ਨਿਰਮਾਣ ਕਾਰਜ ਕਰਵਾਇਆ। ਆਧੁਨਿਕ ਇਮਾਰਤ ਜਿਸ ਦੇ ਅਸੀਂ ਦਰਸ਼ਨ ਕਰਦੇ ਹਾਂ, ਇਸ ਦਾ ਨਿਰਮਾਣ ਕਾਰਜ 1930 ਈ: ਵਿਚ ਹੋਇਆ। ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਨੇ ਨਿਸ਼ਕਾਮ ਸੇਵਾ ਕਰ-ਕਰਵਾ ਕੇ ਇਸ ਗੁਰਦੁਆਰੇ ਨੂੰ ਪਾਵਨ ਆਧੁਨਿਕ ਸਰੂਪ ਪ੍ਰਦਾਨ ਕੀਤਾ। ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਦੁਕਾਨਾਂ ਤੇ ਘਰਾਂ ਨੂੰ ਖਰੀਦ ਕੇ ਗੁਰਦੁਆਰੇ ਦੀ ਇਮਾਰਤ ਦਾ ਵਿਸਥਾਰ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਿਨੇਮਾ ਘਰ ਨੂੰ ਖਰੀਦ ਕੇ ਅਤਿ ਆਧੁਨਿਕ ਅਜਾਇਬਘਰ ਉਸਾਰ ਕੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਦਿਨ-ਰਾਤ ਲੰਗਰ ਪ੍ਰਸ਼ਾਦਿ ਦਾ ਸੁਹਾਵਣਾ ਪ੍ਰਬੰਧ ਹੈ।

ਰੂਪ ਸਿੰਘ
-98146-37979
roopsz@yahoo.com


ਖ਼ਬਰ ਸ਼ੇਅਰ ਕਰੋ

ਆਦਰਸ਼ਕ ਮਨੁੱਖ ਬਣ ਕੇ ਰਹਿਣ ਦੀ ਜਾਚ ਸਿਖਾਉਂਦੀ ਹੈ ਗੁਰਬਾਣੀ

ਵਰਤਮਾਨ ਸਮੇਂ ਸਮੁਚੇ ਵਿਸ਼ਵ ਨੂੰ ਇਕ ਪਿੰਡ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਜਿਥੇ ਆਵਾਜਾਈ ਦੇ ਸਾਧਨਾਂ ਨੇ ਦਿਨਾਂ-ਮਹੀਨਿਆਂ ਵਿਚ ਹੋਣ ਵਾਲੇ ਕੰਮਾਂ ਨੂੰ ਮਿੰਟਾਂ-ਘੰਟਿਆਂ ਵਿਚ ਕਰਨਾ ਯਕੀਨੀ ਬਣਾ ਦਿੱਤਾ ਹੈ, ਉਥੇ ਸੰਚਾਰ ਦੇ ਆਧੁਨਿਕ ਸਾਧਨਾਂ (ਅਖ਼ਬਾਰਾਂ, ਟੀ. ਵੀ. ਚੈਨਲਾਂ, ਇੰਟਰਨੈਟ, ਮੋਬਾਇਲ ਆਦਿ) ਨਾਲ ਕੁਝ ਕੁ ਸੈਕਿੰਡਾਂ ਵਿਚ ਹੀ ਵਿਸ਼ਵ ਦੇ ਕਿਸੇ ਵੀ ਕੋਨੇ 'ਚੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵਿਗਿਆਨ ਦੀਆਂ ਅਸਚਰਜ-ਜਨਕ ਖੋਜਾਂ ਨੇ ਜਿਥੇ ਮਨੁੱਖ ਨੂੰ ਬਾਹਰੀ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉਥੇ ਮਨੁੱਖ ਦੀ ਮਾਨਸਿਕ ਸ਼ਾਂਤੀ ਵੀ ਖੋਹ ਲਈ ਹੈ। ਆਧੁਨਿਕ ਤਕਨੀਕਾਂ, ਆਧੁਨਿਕ ਸਹੂਲਤਾਂ ਤੇ ਆਧੁਨਿਕ ਮਾਰੂ-ਹਥਿਆਰਾਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਮਨੁੱਖ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪਦਾਰਥਵਾਦੀ ਯੁੱਗ ਦਾ ਇਹ ਮਨੁੱਖ ਬਾਹਰੀ ਸੁਖ ਸਹੂਲਤਾਂ ਦੇ ਲਾਲਚ ਵਿਚ ਆਪਣੇ 'ਮੂਲ' ਨੂੰ ਭੁੱਲ ਚੁੱਕਾ ਹੈ। ਉਹ ਭੁੱਲ ਚੁੱਕਾ ਹੈ ਕਿ ਮੇਰਾ ਅਸਲ ਮਨੋਰਥ ਕੀ ਹੈ? ਇਸ ਦੇ ਉਲਟ ਉਹ ਆਪਣੇ ਨਿੱਜ ਸੁਆਰਥ ਜਾਂ ਪਰਿਵਾਰ ਲਈ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਪਦਾਰਥ/ਮਾਇਆ ਇਕੱਤਰ ਕਰਨ ਵਿਚ ਰੁੱਝਿਆ ਹੋਇਆ ਹੈ। ਇਸ ਸਬੰਧੀ ਗੁਰਬਾਣੀ ਵੀ ਸੁਚੇਤ ਕਰਦੀ ਹੈ :
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ॥
ਸੁਤ ਦਾਰਾ ਪਹਿ ਆਨਿ ਲੁਟਾਵੈ॥1॥
ਮਨ ਮੇਰੇ ਭੂਲੇ ਕਪਟੁ ਨ ਕੀਜੈ॥
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥1॥ ਰਹਾਉ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 656)
ਇਥੇ ਹੀ ਬੱਸ ਨਹੀਂ, ਰੋਜ਼ਾਨਾ ਦੇ ਅਖਬਾਰਾਂ, ਟੀ. ਵੀ. ਚੈਨਲਾਂ, ਰਸਾਲਿਆਂ, ਆਦਿ ਰਾਹੀਂ ਸਮਾਜ ਵਿਚ ਵਾਪਰ ਰਹੀਆਂ 'ਕਰਤੂਤ ਪਸੂ ਕੀ ਮਾਨਸ ਜਾਤਿ' ਨਾਲ ਸਬੰਧਤ ਘਟਨਾਵਾਂ, ਨਾਬਾਲਗ ਕੁੜੀਆਂ ਨਾਲ ਬਲਾਤਕਾਰ, ਭ੍ਰਿਸ਼ਟਾਚਾਰ ਨਾਲ ਲਿਬੜਿਆ ਹੋਇਆ ਰਾਜਨੀਤਕ ਲਾਣਾ, ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਨਸ਼ਿਆਂ ਦੇ ਚਿੱਕੜ ਵਿਚ ਡੁੱਬਿਆ ਨੌਜਵਾਨ ਵਰਗ ਅਤੇ ਪਵਿੱਤਰ ਰਿਸ਼ਤਿਆਂ ਦੇ ਹੋ ਰਹੇ ਘਾਣ ਦੇ ਪਾਜ ਉਧੇੜਦੀਆਂ ਸੁਰਖੀਆਂ ਸਾਡੀਆਂ ਅੱਖਾਂ ਵਿਚ ਵੱਜਦੀਆਂ ਹਨ। ਸਮਾਜਿਕ ਕਦਰਾਂ-ਕੀਮਤਾਂ ਨੂੰ ਭੁਲਾ ਕੇ ਮਾਇਆ-ਮੋਹ ਵਿਚ ਮਗਨ ਅਗਿਆਨੀ ਮਨੁੱਖ ਮਾਇਆਵਾਦੀ ਪ੍ਰਭਾਵ ਅਧੀਨ ਹਉਮੈ, ਕਾਮ, ਕ੍ਰੋਧ, ਲੋਭ, ਈਰਖਾ, ਧੋਖਾ, ਚੋਰੀ-ਯਾਰੀ, ਭ੍ਰਿਸ਼ਟਾਚਾਰ, ਠੱਗੀ, ਬੇਈਮਾਨੀ, ਚੁਗਲੀ, ਨਸ਼ਾ ਆਦਿ ਵਿਕਾਰਾਂ ਵਿਚ ਗ਼ਲਤਾਨ ਹੈ। ਨਾ ਤਾਂ ਉਸ ਨੂੰ ਆਪਣੇ ਚੌਗਿਰਦੇ ਦੀ ਪ੍ਰਵਾਹ ਹੈ, ਨਾ ਹੀ ਮਨੁੱਖਤਾ ਦੀ। ਇਥੇ ਹੀ ਬੱਸ ਨਹੀਂ, ਸੁਖੀ ਮਨੁੱਖ ਨੂੰ ਦੇਖ ਕੇ ਦੁਖੀ ਹੋਣਾ ਵੀ ਅਜੋਕੇ ਮਨੁੱਖ ਦੀ ਫਿਤਰਤ ਬਣ ਚੁੱਕੀ ਹੈ। ਇਹ ਗੱਲ ਘਰ-ਘਰ, ਗਲੀ-ਮੁਹੱਲੇ, ਪਿੰਡ-ਸ਼ਹਿਰ, ਜਿਥੇ ਵੀ ਮਨੁੱਖੀ ਵਸੋਂ ਹੈ, ਵਿਆਪਕ ਰੂਪ ਵਿਚ ਦੇਖੀ ਜਾ ਸਕਦੀ ਹੈ।
ਅਜਿਹੀਆਂ ਮਾਨਸਿਕ ਤੇ ਸਮਾਜਿਕ ਬਿਮਾਰੀਆਂ ਦੀ ਭਰਮਾਰ ਵਿਚ ਇਕ ਆਮ ਆਦਮੀ ਚੈਨ ਨਾਲ ਕਿਵੇਂ ਰਹਿ ਸਕਦਾ ਹੈ? ਫਿਰ, ਉਕਤ ਸਮੱਸਿਆਵਾਂ ਦਾ ਹੱਲ ਕਿਵੇਂ ਲੱਭਿਆ ਜਾਵੇ? ਜੇਕਰ ਮਨੁੱਖ ਅਮਲ ਦੇ ਪੱਧਰ 'ਤੇ ਗੁਰਬਾਣੀ ਦਾ ਦੱਸਿਆ ਮਾਰਗ ਅਪਣਾ ਲਵੇ ਤਾਂ ਇਕ ਆਦਰਸ਼ਕ ਸਮਾਜ ਦੀ ਸਿਰਜਣਾ ਸੰਭਵ ਹੈ। ਗੁਰਬਾਣੀ ਇਕ ਰੱਬ ਵਿਚ ਵਿਸ਼ਵਾਸ ਰੱਖਣ ਵਾਲੀ ਵਿਚਾਰਧਾਰਾ ਹੋਣ ਦੇ ਨਾਲ-ਨਾਲ ਮਨੁੱਖੀ ਏਕਤਾ, ਸਮਾਨਤਾ ਤੇ ਭਾਈਚਾਰੇ ਦੀ ਵੀ ਸਥਾਪਤੀ ਲਈ ਸੰਦੇਸ਼ ਦਿੰਦੀ ਹੈ। ਜੇ ਮਨੁੱਖ ਨੂੰ ਇਹ ਸਮਝ ਆ ਜਾਵੇ ਕਿ ਸਮੁੱਚੀ ਮਨੁੱਖਤਾ ਇਕੋ ਰੱਬ ਦੀ ਸੰਤਾਨ ਹੈ ਤਾਂ ਉਹ ਕਿਸੇ ਨਾਲ ਦੁਰਵਿਹਾਰ ਦੀ ਭਾਵਨਾ ਕਿਉਂ ਰੱਖੇ? ਫਿਰ ਸਮਾਜ ਵਿਚ ਵਾਪਰ ਰਹੀਆਂ ਅਨੈਤਿਕ ਬੁਰਾਈਆਂ ਕਿਉਂ ਹੋਣ? ਗੁਰਬਾਣੀ 'ਸਭਨਾ ਜੀਆ ਕਾ ਇਕ ਦਾਤਾ' ਦਾ ਉਪਦੇਸ਼ ਦਿੰਦੀ ਹੋਈ ਆਪਸੀ ਭਾਈਚਾਰਾ, ਪ੍ਰੇਮ-ਪਿਆਰ ਵਧਾਉਣ ਦੀ ਪ੍ਰੇਰਨਾ ਸਰੋਤ ਹੈ :
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥129॥
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ॥130॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 1384)
(ਹੇ ਮਨੁੱਖ , ਜੇ ਤੈਨੂੰ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ ਤਾਂ ਤੂੰ ਕਿਸੇ ਨੂੰ ਇਕ ਵੀ ਫਿੱਕਾ/ਕੌੜਾ ਬੋਲ ਨਾ ਬੋਲ ਤੇ ਨਾ ਹੀ ਕਿਸੇ ਦਾ ਦਿਲ ਦੁਖਾ, ਕਿਉਂਕਿ ਸਾਰਿਆਂ ਵਿਚ 'ਸਚਾ ਧਣੀ' ਪ੍ਰਭੂ ਆਪ ਵਸਦਾ ਹੈ)
ਗੁਰੂ ਸਾਹਿਬ ਦੁਆਰਾ 'ਜਾਪੁ' ਸਾਹਿਬ ਵਿਚ ਪਰਮਾਤਮਾ ਦੇ 'ਨਮਸਤੰ ਅਧਰਮੰ' ਅਤੇ 'ਨਮਸਤੰ ਅਮਜਬੇ' ਗੁਣ (1ਵਵਗਜਲਚਵਕ) ਵੀ ਸਮੁੱਚੀ ਮਾਨਵਤਾ ਦੇ ਇਕੋ ਮੂਲ ਸਰੋਤ ਹੋਣ ਦਾ ਇਲਾਹੀ ਪੈਗਾਮ ਹੈ। ਗੁਰਮਤਿ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿਚ ਸਮਾਉਣ ਦੀ ਸਮਰੱਥਾ ਰੱਖਦੀ ਹੈ, ਜਿਸ ਸਬੰਧੀ ਗੁਰੂ ਅਮਰਦਾਸ ਜੀ ਦਾ ਬਾਣੀ-ਪ੍ਰਮਾਣ ਹੈ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 853)
(ਹੇ ਪ੍ਰਭੂ! ਵਿਕਾਰਾਂ ਦੀ ਅੱਗ ਵਿਚ ਸੜਦੇ-ਬਲਦੇ ਇਸ ਜਗਤ ਦੀ, ਆਪਣੀ ਕਿਰਪਾ ਕਰਕੇ ਰੱਖਿਆ ਕਰ, ਭਾਵੇਂ ਉਹ ਲੋਕ ਜਿਹੜੇ ਵੀ ਰਸਤੇ (ਧਰਮ) ਰਾਹੀਂ ਤੇਰੇ ਸਨਮੁਖ ਪੁੱਜਣ)। ਜਦੋਂ ਇਹ ਸਮਸਤ ਪਸਾਰਾ, ਸਾਰੀ ਕਾਇਨਾਤ 'ਸਾਚੇ ਕੀ ਸਾਚੀ ਕਾਰ' ਹੈ, 'ਪੂਰੇ ਕਾ ਕੀਆ ਸਭ ਕਿਛ ਪੂਰਾ' ਹੈ ਤਾਂ ਊਚ-ਨੀਚ, ਛੂਤ-ਛਾਤ, ਜਾਤ-ਪਾਤ ਦਾ ਭੇਦ-ਭਾਵ ਕਰਨਾ, ਗੁਰਮਤਿ ਤੋਂ ਮੁਨਕਰ ਹੋਣਾ ਹੈ, ਜੋ ਮੌਜੂਦਾ ਸਮੇਂ ਸਮਾਜਿਕ ਬਿਮਾਰੀਆਂ ਹਨ।
ਗੁਰੂ ਨਾਨਕ ਸਾਹਿਬ ਦਾ ਆਗਮਨ ਉਸ ਸਮੇਂ ਹੁੰਦਾ ਹੈ, ਜਦੋਂ ਸਮਾਜ ਵਿਚ ਹਰ ਤਰ੍ਹਾਂ ਦੀ ਬੁਰਾਈ ਫੈਲੀ ਹੋਈ ਸੀ। ਸਮਾਜਿਕ, ਰਾਜਨੀਤਕ, ਧਾਰਮਿਕ ਆਦਿ ਖੇਤਰਾਂ ਵਿਚ ਨੈਤਿਕ ਪੱਧਰ ਵਿਚ ਗਿਰਾਵਟ ਆ ਚੁੱਕੀ ਸੀ। ਭਾਈ ਗੁਰਦਾਸ ਅਨੁਸਾਰ, 'ਕੋਇ ਨ ਕਿਸੈ ਵਰਜਈ ਸੋਈ ਕਰੈ ਜੋਈ ਮਨ ਭਾਵੈ॥' ਵਾਲੀ ਸਥਿਤੀ ਸੀ। ਗੁਰੂ ਸਾਹਿਬ ਨੇ ਜਿਥੇ 'ਇਕ' ਪਰਮਾਤਮਾ ਨਾਲ ਜੁੜਨ ਦਾ ਦੈਵੀ ਸੰਦੇਸ਼ ਸਮੁੱਚੀ ਲੋਕਾਈ ਨੂੰ ਦਿੱਤਾ, ਉਥੇ ਸਮਾਜਿਕ ਖੇਤਰ ਵਿਚ ਆਈ ਗਿਰਾਵਟ ਨੂੰ ਗੰਭੀਰਤਾ ਨਾਲ ਲੈਂਦਿਆਂ 'ਨਾ ਕੋ ਹਿੰਦੂ ਨਾ ਮੁਸਲਮਾਨ' ਰਾਹੀਂ ਜਿਥੇ ਆਪਸੀ ਭਾਈਚਾਰੇ ਦੀ ਸਥਾਪਤੀ ਹਿਤ ਪ੍ਰੇਰਿਆ, ਉਥੇ ਸਮਾਜ ਵਿਚ ਗ੍ਰਹਿਸਤੀ ਬਣ ਕੇ ਇਕ ਸਚਿਆਰ ਮਨੁੱਖ ਬਣਨ ਦੀ ਪ੍ਰੇਰਨਾ ਵੀ ਦਿੱਤੀ। ਘਰ-ਵਾਰ ਤਿਆਗ ਕੇ ਸਮਾਜ ਤੋਂ ਭਾਂਜਵਾਦੀ ਬਿਰਤੀ ਗੁਰੂ-ਘਰ ਵਿਚ ਪ੍ਰਵਾਨ ਨਹੀਂ, ਕਿਉਂਕਿ ਮਨੁੱਖ ਸਮਾਜਿਕ ਪ੍ਰਾਣੀ ਹੈ ਨਾ ਕਿ ਜੰਗਲੀ ਜੀਵ। ਇਸ ਲਈ ਗੁਰਬਾਣੀ 'ਹਾਥਿ ਪਾਉ ਕਰਿ ਕਾਮ ਸਭ ਚੀਤ ਨਿਰੰਜਨ ਨਾਲ॥' ਦਾ ਸੰਦੇਸ਼ ਦ੍ਰਿੜ੍ਹਾਉਂਦੀ ਹੈ। ਉਕਤ ਪੰਕਤੀ ਵਿਚ ਕਿਰਤ ਤੇ ਕੀਰਤ ਦੋ ਅਮਲੀ ਵਿਹਾਰਾਂ ਦੀ ਸਿੱਖਿਆ ਮਿਲਦੀ ਹੈ। ਗੁਰਮਤਿ ਵਿਚ 'ਆਪਣ ਹਥੀ ਆਪਣਾ ਆਪੇ ਹੀ ਕਾਜ ਸਵਾਰੀਐ॥' ਰਾਹੀਂ ਦਸਾਂ ਨਹੁੰਆਂ ਦੀ ਸੱਚੀ-ਸੁੱਚੀ ਕਿਰਤ ਕਰਨ ਦਾ ਸੰਦੇਸ਼ ਹੈ। ਇਥੇ ਹੀ ਵਸ ਨਹੀਂ 'ਘਾਲਿ ਖਾਇ ਕਿਛ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥' ਰਾਹੀਂ ਸੱਚੀ ਕਿਰਤ ਨੂੰ ਵੀ ਵੰਡ ਛਕਣ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਇਸ ਤਰ੍ਹਾਂ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਲਾ ਜੀਵ ਆਦਰਸ਼ਕ ਮਨੁੱਖ ਬਣ ਕੇ ਆਪਣਾ ਹੀ ਜਨਮ ਸਫਲ ਨਹੀਂ, ਸਮਾਜ ਦੀ ਭਲਾਈ ਹਿਤ ਵੀ ਯਤਨਸ਼ੀਲ ਰਹਿੰਦਾ ਹੈ।
ਜੇ ਮਨੁੱਖ ਸਾਧ ਸੰਗਤ ਤੋਂ ਗੁਣ ਗ੍ਰਹਿਣ ਕਰਕੇ 'ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ॥' ਗੁਰ ਸਿੱਖਿਆ ਨੂੰ ਅਮਲੀ ਜੀਵਨ ਵਿਚ ਧਾਰਨ ਕਰੇ ਤਾਂ ਅਜਿਹੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਜਿਥੇ 'ਖਉਫ ਨ ਖਤਾ', 'ਦੁਖ ਅੰਦੋਹੁ ਨਹੀ ਤਿਹ ਠਾਉ', ਹੋਵੇ ਕਿਉਂਕਿ ਅਜੋਕੇ ਮਨੁੱਖ ਨੂੰ ਮਾਨਸਿਕ ਤੇ ਸਮਾਜਿਕ ਪੱਧਰ 'ਤੇ ਅਸੁਰੱਖਿਆ ਦੀ ਚਿੰਤਾ ਹੈ। ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਉਪਦੇਸ਼ਾਂ/ਸੰਦੇਸ਼ਾਂ ਦਾ ਵਿਵਹਾਰਕ ਰੂਪ ਹੈ। ਗੁਰੂ ਤੇਗ ਬਹਾਦੁਰ ਜੀ ਦਾ ਮਨੁੱਖਤਾ ਦੀ ਰਾਖੀ ਲਈ ਸ਼ਹਾਦਤ ਦੇਣਾ ਅਤੇ ਭਾਈ ਘਨੱਈਆ ਜੀ ਦੁਆਰਾ ਰਣ-ਖੇਤਰ ਵਿਚ ਦੁਸ਼ਮਣ ਦੇ ਸਿਪਾਹੀਆਂ ਦੀ ਪਾਣੀ ਤੇ ਮਲ੍ਹਮ-ਪੱਟੀ ਦੀ ਸੇਵਾ ਕਰਨਾ, 'ਨਾ ਕੋ ਬੈਰੀ ਨਹੀ ਬੇਗਾਨਾ ਸਗਲ ਸੰਗ ਹਮ ਕਉ ਬਨਿ ਆਈ' ਦੇ ਗੁਰ-ਉਪਦੇਸ਼ ਦੇ ਵਿਵਹਾਰਕ ਪੱਖ ਦੀ ਸਿਖਰ ਹੈ। ਗੁਰੂ-ਸਾਹਿਬਾਨ ਦੁਆਰਾ ਸਥਾਪਿਤ ਗੁਰਦੁਆਰਾ, ਸੰਗਤ, ਪੰਗਤ ਆਦਿ ਸੰਸਥਾਵਾਂ ਵੀ ਮਨੁੱਖੀ ਬਰਾਬਰੀ ਤੇ ਆਪਸੀ ਮਿਲਵਰਤਨ ਦੀਆਂ ਲਖਾਇਕ ਹਨ। ਗੁਰੂ ਸਾਹਿਬ ਦੁਆਰਾ ਵੱਖ-ਵੱਖ ਜਾਤਾਂ, ਖੇਤਰਾਂ ਤੇ ਧਰਮਾਂ ਨਾਲ ਸਬੰਧਤ ਭਗਤ ਸਾਹਿਬਾਨ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਕਲਿਤ ਤੇ ਸੰਪਾਦਿਤ ਕਰਨਾ, 'ਸਭੇ ਸਾਝੀਵਾਲ ਸਦਾਇਨਿ' ਦੀ ਪ੍ਰਤੱਖ ਤੇ ਅਮਲੀ ਮਿਸਾਲ ਹੈ, ਜੋ ਸੰਸਾਰ ਦੇ ਧਾਰਮਕਿ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ। ਗੁਰਮਤਿ 'ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥' ਅਤੇ 'ਖਤ੍ਰੀ ਬ੍ਰਹਮਣ ਸੂਦ ਵੈਸ ਉਪਦੇਸ ਚਹੁ ਵਰਨਾ ਕਉ ਸਾਝਾ॥' ਦੀ ਧਾਰਨੀ ਹੈ। ਇਥੇ ਹੀ ਬਸ ਨਹੀਂ, ਸਿੱਖ ਧਰਮ ਵਿਚ ਘੱਟੋ-ਘੱਟ ਦਿਨ ਵਿਚ ਦੋ ਵਾਰੀ ਹਰੇਕ ਗੁਰੂ-ਘਰ ਵਿਚ ਸਰਬਤ (ਧਰਮਾਂ, ਜਾਤਾਂ, ਖੇਤਰਾਂ, ਦੇਸ਼ਾਂ, ਆਦਿ ਨਾਲ ਸਬੰਧਤ ਸਭਨਾਂ ਲੋਕਾਂ) ਦੇ ਭਲੇ ਲਈ ਪਰਮਾਤਮਾ ਦੇ ਸਨਮੁਖ ਅਰਦਾਸ ਕੀਤੀ ਜਾਂਦੀ ਹੈ। ਗੁਰੂ ਸਾਹਿਬਾਨ ਦੇ ਜੀਵਨ ਬਿਰਤਾਤਾਂ ਅਤੇ ਉਨ੍ਹਾਂ ਦੀ ਬਾਣੀ ਤੋਂ ਸੇਧ ਲੈ ਕੇ ਗੁਰਮਤਿ ਦੀ ਸਰਬਸਾਂਝੀ ਕਲਿਆਣਕਾਰੀ ਦ੍ਰਿਸ਼ਟੀ ਨੂੰ ਸਮਝਣ-ਸਮਝਾਉਣ ਤੇ ਅਮਲੀ ਪੱਧਰ 'ਤੇ ਪ੍ਰਚਾਰਨ-ਪ੍ਰਸਾਰਨ ਦਾ ਗੁਰੂ-ਹੁਕਮ ਵੀ ਹੈ, ਸਿੱਖ ਰਹਿਤ ਵੀ ਹੈ ਅਤੇ ਲੋਕ ਭਲਾਈ ਵੀ। ਅਜਿਹੇ ਆਦਰਸ਼ਕ ਮਨੁੱਖ ਦੇ ਪ੍ਰਥਾਇ ਗੁਰੂ ਰਾਮਦਾਸ ਜੀ ਦਾ ਮੁਖ-ਵਚਨ ਹੈ :
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥2॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 305)

ਜਸਵੰਤ ਸਿੰਘ ਬੁਗਰਾਂ
-ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 98142-85390

 

ਉੱਘੇ ਸਿੱਖ ਚਿੰਤਕ ਡਾ: ਭਾਈ ਜੋਧ ਸਿੰਘ ਨੂੰ ਯਾਦ ਕਰਦਿਆਂ

 4 ਦਸੰਬਰ ਨੂੰ ਬਰਸੀ 'ਤੇ ਵਿਸ਼ੇਸ਼

80 ਵਰ੍ਹਿਆਂ ਦੀ ਵਡੇਰੀ ਉਮਰ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਬਣਨ ਵਾਲੇ 'ਸਰਦਾਰ ਬਹਾਦਰ' ਅਤੇ 'ਪਦਮ ਭੂਸ਼ਨ' ਦਾ ਸਨਮਾਨ ਪ੍ਰਾਪਤ ਕਰਨ ਵਾਲੇ ਡਾ: ਭਾਈ ਜੋਧ ਸਿੰਘ ਅਜਿਹੇ ਸਿੱਖ-ਚਿੰਤਕ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕ ਅੱਜ 32 ਸਾਲਾਂ ਪਿੱਛੋਂ ਵੀ ਪਿਆਰ ਅਤੇ ਸਨੇਹ ਨਾਲ ਯਾਦ ਕਰ ਰਹੇ ਹਨ। ਡਾ: ਭਾਈ ਜੋਧ ਸਿੰਘ ਨੇ ਆਪਣੀ ਹਯਾਤੀ ਦੌਰਾਨ ਸਿੱਖ ਸੋਚ ਅਤੇ ਸਿੱਖ ਸੱਭਿਆਚਾਰ ਦੇ ਵਿਸਥਾਰ ਲਈ ਅਜਿਹੇ ਯਾਦਗਾਰੀ ਕਾਰਜ ਕੀਤੇ, ਜਿਹੜੇ ਬਹੁਤ ਸਾਰੀਆਂ ਸੰਸਥਾਵਾਂ ਇਕੱਠੇ ਹੋ ਕੇ ਵੀ ਨਹੀਂ ਕਰ ਸਕੀਆਂ। ਇਸ ਉੱਘੀ ਸ਼ਖ਼ਸੀਅਤ ਦਾ ਜਨਮ 31 ਮਈ, 1882 ਈ: ਨੂੰ ਬਖਸ਼ੀ ਰਾਮ ਲਾਂਬਾ ਦੇ ਘਰ ਮਾਈ ਗੁਲਾਬ ਦੇਵੀ ਦੀ ਕੁੱਖ ਤੋਂ ਪਿੰਡ ਘੁੰਗਰੀਲਾ, ਤਹਿ: ਗੁਜਰਖਾਨ, ਜ਼ਿਲ੍ਹਾ ਰਾਵਲਪਿੰਡੀ ਵਿਚ ਹੋਇਆ। ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਂਅ ਸੰਤ ਸਿੰਘ ਸੀ। ਜਨਮ ਤੋਂ ਪਿੱਛੋਂ ਦੋ ਸਾਲ ਦੀ ਮਾਸੂਮੀਅਤ ਦੀ ਉਮਰ ਵਿਚ ਪਿਤਾ ਜੀ ਸਦੀਵੀ ਵਿਛੋੜਾ ਦੇ ਗਏ। ਇਨ੍ਹਾਂ ਦੀ ਪਰਵਰਿਸ਼ ਦਾਦਾ ਸ: ਤੇਜਾ ਸਿੰਘ ਨੇ ਕੀਤੀ। ਮੁਢਲੀ ਤਾਲੀਮ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਮੈਟ੍ਰਿਕ ਦਾ ਇਮਤਿਹਾਨ ਮਿਸ਼ਨ ਹਾਈ ਸਕੂਲ ਰਾਵਲਪਿੰਡੀ ਤੋਂ ਪਾਸ ਕੀਤਾ। 1898 ਈ: ਵਿਚ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰਿਕ ਵਿਚ ਵਜ਼ੀਫਾ ਪ੍ਰਾਪਤ ਕੀਤਾ। 30 ਦਸੰਬਰ, 1897 ਈ: ਨੂੰ ਗਿਆਨੀ ਠਾਕਰ ਸਿੰਘ ਦੀ ਅਗਵਾਈ ਵਿਚ ਪੰਜ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ। ਹੁਣ ਸੰਤ ਸਿੰਘ ਤੋਂ ਜੋਧ ਸਿੰਘ ਨਾਂਅ ਰੱਖਿਆ ਗਿਆ। ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਇਨ੍ਹਾਂ ਸਿੱਖ ਧਰਮ ਦੇ ਗ੍ਰੰਥਾਂ ਅਤੇ ਸਿੱਖ ਇਤਿਹਾਸ ਦਾ ਡੂੰਘਾ ਅਧਿਐਨ ਕੀਤਾ। ਧਾਰਮਿਕ ਦੀਵਾਨਾਂ ਵਿਚ ਸਫਲ ਬੁਲਾਰੇ ਵਜੋਂ ਸਤਿਕਾਰੇ ਜਾਂਦੇ ਸਨ।
1904 ਈ: ਵਿਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕਰਨ ਪਿੱਛੋਂ ਫਾਰ ਮੈਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਗਣਿਤ ਦੇ ਵਿਸ਼ੇ ਵਿਚ ਪੋਸਟ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕੀਤੀ। ਇਨ੍ਹਾਂ ਦੋਵਾਂ ਇਮਤਿਹਾਨਾਂ ਵਿਚ ਪੰਜਾਬ ਯੂਨੀਵਰਸਿਟੀ 'ਚੋਂ ਪਹਿਲੇ ਦਰਜੇ 'ਤੇ ਰਹੇ ਅਤੇ ਗੋਲਡ ਮੈਡਲ ਪ੍ਰਾਪਤ ਕੀਤੇ। 1906 ਈ: ਵਿਚ ਖਾਲਸਾ ਕਾਲਜ ਅੰਮ੍ਰਿਤਸਰ 'ਚ ਗਣਿਤ ਅਤੇ ਧਾਰਮਿਕ ਸਿੱਖਿਆ ਦੇ ਲੈਕਚਰਾਰ ਵਜੋਂ ਨਿਯੁਕਤੀ ਪ੍ਰਾਪਤ ਕੀਤੀ। ਖਾਲਸਾ ਕਾਲਜ ਨੂੰ ਅੰਗਰੇਜ਼ੀ ਸਰਕਾਰ ਦੇ ਗਲਬੇ ਤੋਂ ਆਜ਼ਾਦ ਕਰਵਾਉਣ ਲਈ ਵਧ-ਚੜ੍ਹ ਕੇ ਹਿੱਸਾ ਲਿਆ। ਇਸੇ ਕਰਕੇ 1913 ਈ: ਵਿਚ ਤਿਆਗ-ਪੱਤਰ ਦੇ ਕੇ ਨੌਕਰੀ ਤੋਂ ਮੁਕਤੀ ਪ੍ਰਾਪਤ ਕਰ ਲਈ। ਜਦੋਂ 1924 ਈ: ਵਿਚ ਅੰਗਰੇਜ਼ ਸਰਕਾਰ ਨੇ ਕਾਲਜ ਦੇ ਪ੍ਰਬੰਧ ਵਿਚ ਆਪਣੀ ਦਖਲਅੰਦਾਜ਼ੀ ਖਤਮ ਕੀਤੀ, ਮੁੜ ਇਸੇ ਕਾਲਜ ਵਿਚ ਲੈਕਚਰਾਰ ਰੱਖ ਲਿਆ ਗਿਆ।
ਅੰਗਰੇਜ਼ੀ ਵਿਚ 'ਜਪੁਜੀ', 'ਲਾਈਫ ਆਫ ਸ੍ਰੀ ਗੁਰੂ ਅਮਰਦਾਸ ਜੀ', '33 ਸਵੱਯੇ', 'ਸਮ ਸਟਡੀਜ਼ ਇਨ ਸਿੱਖਇਜ਼ਮ', 'ਗੋਸਪਲ ਆਫ ਗੁਰੂ ਨਾਨਕ ਇਨ ਹਿਜ਼ ਓਨ ਵਰਡਜ਼' ਅਤੇ 'ਕਬੀਰ' ਆਦਿ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ। ਇਸ ਵੱਡੇ ਕਾਰਜ ਤੋਂ ਇਲਾਵਾ ਕਈ ਵਿਸ਼ਵਕੋਸ਼ਾਂ ਅਤੇ ਪੁਸਤਕਾਂ ਵਿਚ ਉਨ੍ਹਾਂ ਵੱਲੋਂ ਕੀਤੇ ਇੰਦਰਾਜ਼ ਅਤੇ ਵੱਖ-ਵੱਖ ਵਿਸ਼ਿਆਂ 'ਤੇ ਲਿਖੇ ਲੇਖ ਵੀ ਯਾਦਗਾਰੀ ਕੰਮ ਵਜੋਂ ਸਤਿਕਾਰੇ ਜਾਂਦੇ ਹਨ। ਡਾ: ਭਾਈ ਜੋਧ ਸਿੰਘ ਨੇ ਆਪਣੇ ਜੀਵਨ ਦੇ ਅੰਤਿਮ ਦਿਨ ਲੁਧਿਆਣਾ 'ਚ ਆਪਣੀ ਰਿਹਾਇਸ਼ ਵਿਚ ਬਿਤਾਏ। ਇਸ ਸਮੇਂ ਦੌਰਾਨ ਉਨ੍ਹਾਂ ਪ੍ਰੋ: ਗੁਰਬਚਨ ਸਿੰਘ ਤਾਲਿਬ ਵੱਲੋਂ ਤਿਆਰ ਕੀਤੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੇ ਅੰਗਰੇਜ਼ੀ ਅਨੁਵਾਦ ਦੀ ਸੋਧ-ਸੁਧਾਈ ਦਾ ਕਾਰਜ ਕੀਤਾ। ਆਪਣੀ ਲੰਮੀ, ਸੂਝ ਤੇ ਸਹਿਜ ਵਾਲੀ ਉਮਰ ਦੇ ਸੌਵੇਂ ਵਰ੍ਹੇ ਵਿਚ ਉਨ੍ਹਾਂ 4 ਦਸੰਬਰ, 1981 ਨੂੰ ਆਪਣੇ ਅੰਤਿਮ ਸੁਆਸ ਲੁਧਿਆਣਾ ਵਿਖੇ ਲਏ। ਡਾ: ਭਾਈ ਜੋਧ ਸਿੰਘ ਸਿੱਖ ਜਗਤ ਦੀਆਂ ਲਿਆਕਤ ਅਤੇ ਸਿਆਣਪ ਵਾਲੀਆਂ ਹੁਣ ਤੱਕ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚੋਂ ਅਜਿਹੇ ਇਨਸਾਨ ਸਨ, ਜੋ ਸਿੱਖੀ ਲਈ ਜੀਵੇ, ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰਾ ਜੀਵਨ ਸਮਰਪਿਤ ਰਹੇ।

-ਭਗਵਾਨ ਸਿੰਘ ਜੌਹਲ,
ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ (ਜਲੰਧਰ)-144101.
ਮੋਬਾ: 98143-24040

ਖ਼ਤਰੇ 'ਚ ਹੈ ਸ੍ਰੀ ਗੁਰੂ ਅਮਰਦਾਸ ਦੇ ਜੱਦੀ ਘਰ ਦੀ ਹੋਂਦ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਹ ਸਾਰੀ ਪੁਰਾਤਨ ਇਮਾਰਤ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਦੀ ਬਣੀ ਹੋਈ ਹੈ। ਵਿਹੜੇ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੀ ਇਕ ਇਤਿਹਾਸਕ ਖੂਹੀ ਵੀ ਸਿੱਖ ਇਤਿਹਾਸ ਦੀ ਗਵਾਹੀ ਭਰਦੀ ਹੈ। ਇਕ ਪੁਰਾਤਨ ਥੰਮ ਨੂੰ ਵੀ ਹੂ-ਬ-ਹੂ ਸੰਭਾਲਿਆ ਹੋਇਆ ਹੈ, ਜਿਸ ਨਾਲ ਬਾਲ ਅਵਸਥਾ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਖੇਡਦੇ ਹੁੰਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਸੁਪਤਨੀ ਬੀਬੀ ਭਾਨੀ ਜੀ ਜਿਸ ਥਾਂ 'ਤੇ ਸੰਗਤਾਂ ਲਈ ਭੋਜਨ ਤਿਆਰ ਕਰਦੇ ਸਨ, ਉਥੇ ਯਾਦਗਾਰੀ ਚੁੱਲ੍ਹਾ ਵੀ ਬਣਾਇਆ ਹੋਇਆ ਹੈ। ਇਕ ਕਮਰੇ ਵਿਚ ਅੱਜ ਵੀ ਉਹ ਪਵਿੱਤਰ ਪਾਲਕੀ ਸੰਗਤਾਂ ਦੇ ਦਰਸ਼ਨਾਂ ਲਈ ਸ਼ਸ਼ੋਭਿਤ ਹੈ, ਜਿਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਮੋਹਨ ਜੀ ਪਾਸੋਂ ਗੁਰਬਾਣੀ ਦੀਆਂ ਪਹਿਲੀਆਂ ਚਾਰ ਸੈਂਚੀਆਂ ਲੈ ਕੇ ਅੰਮ੍ਰਿਤਸਰ ਗਏ ਸਨ। ਇਸ ਦੇ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸ ਤੇ ਚੋਲਾ ਸਾਹਿਬ ਦਾ ਵੀ ਕੁਝ ਹਿੱਸਾ ਇਕ ਸ਼ੀਸ਼ੇ ਦੇ ਬੰਦ ਡੱਬੇ ਵਿਚ ਸ਼ਸ਼ੋਭਿਤ ਹੈ। ਇਥੇ ਉਹ 'ਕਿੱਲੀ' ਵੀ ਕੰਧ ਵਿਚ ਸ਼ਸ਼ੋਭਿਤ ਹੈ, ਜਿਸ ਨੂੰ ਫੜ ਕੇ ਸ੍ਰੀ ਗੁਰੂ ਅਮਰਦਾਸ ਜੀ ਬਿਰਧ ਅਵਸਥਾ ਵਿਚ ਤਪ ਕਰਦੇ ਸਨ।
ਭਾਵੇਂ ਕਿ ਚੂਨੇ ਨਾਲ ਤਿਆਰ ਹੋਈ ਨਾਨਕਸ਼ਾਹੀ ਇੱਟਾਂ ਦੀ ਇਤਿਹਾਸਕ ਇਮਾਰਤ ਨੂੰ ਦਹਾਕਾ ਕੁ ਪਹਿਲਾਂ ਮਜ਼ਬੂਤ ਅਤੇ ਸੁਰੱਖਿਅਤ ਰੱਖਣ ਦੇ ਇਰਾਦੇ ਨਾਲ ਕਾਰ ਸੇਵਾ ਬਾਬਾ ਭੋਲਾ ਸਿੰਘ ਸਰਹਾਲੀ ਵਾਲਿਆਂ ਨੇ ਅੰਦਰੋਂ-ਬਾਹਰੋਂ ਪਲੱਸਤਰ ਕਰ ਦਿੱਤਾ ਸੀ ਅਤੇ ਫ਼ਰਸ਼ ਵੀ ਸੰਗਮਰਮਰ ਲਗਾ ਕੇ ਪੱਕਾ ਕੀਤਾ ਹੋਇਆ ਹੈ ਪਰ ਸਿੱਖੀ ਦੇ ਮਹਿਲ, ਇਸ ਘਰ ਦੇ ਦਰਸ਼ਨ ਕਰਦਿਆਂ ਸਿੱਖ ਸੰਗਤਾਂ ਸ੍ਰੀ ਗੁਰੂ ਅਮਰਦਾਸ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਅੰਗ-ਸੰਗ ਸਮਝਦੀਆਂ ਹਨ। ਸਮੇਂ-ਸਮੇਂ ਗੁਰਦੁਆਰਾ ਚੁਬਾਰਾ ਸਾਹਿਬ ਦੀ ਇਤਿਹਾਸਕ ਇਮਾਰਤ ਦੀ ਕਾਰ-ਸੇਵਾ ਰਾਹੀਂ ਮੁਰੰਮਤ ਦੌਰਾਨ ਜਾਣੇ-ਅਨਜਾਣੇ 'ਚ ਪੁਰਾਤਨ ਦਿੱਖ ਅਤੇ ਪ੍ਰਭਾਵ ਕਾਫ਼ੀ ਪ੍ਰਭਾਵਿਤ ਵੀ ਹੋਇਆ ਹੈ, ਜਿਵੇਂ ਕਿ ਇਥੇ ਬੀਬੀ ਭਾਨੀ ਜੀ ਦਾ ਪੁਰਾਤਨ ਚੁੱਲ੍ਹਾ ਹੁੰਦਾ ਸੀ, ਜਿਸ ਦੀ ਹੋਂਦ ਖ਼ਤਮ ਕਰਕੇ ਉਸ ਥਾਂ 'ਤੇ ਸੰਗਮਰਮਰੀ ਪੱਥਰ ਲਗਾ ਦਿੱਤੇ ਗਏ ਹਨ। ਇਤਿਹਾਸਕ ਘਰ ਦੀ ਛੱਤ 'ਗੁਰੂ ਕਾਲ' ਵੇਲੇ ਦੀ ਡਾਟਾਂ ਦੇ ਲੈਂਟਰ ਵਾਲੀ ਸੀ ਪਰ ਇਸ ਛੱਤ ਵਿਚੋਂ ਪਾਣੀ ਸਿੰਮਣ ਕਾਰਨ ਕਾਰ-ਸੇਵਾ ਵਾਲੇ ਬਾਬਿਆਂ ਨੇ ਕੁਝ ਸਾਲ ਪਹਿਲਾਂ ਇਸ ਦੇ ਉਪਰ ਹੀ ਇਕ ਹੋਰ ਲੈਂਟਰ ਪਾ ਦਿੱਤਾ। ਤਕਨੀਕੀ ਸੂਝ-ਬੂਝ ਦੀ ਵਰਤੋਂ ਕੀਤੇ ਬਗੈਰ ਪਾਏ ਇਸ ਲੈਂਟਰ ਦੇ ਭਾਰੀ ਵਜ਼ਨ ਕਾਰਨ ਸਮੁੱਚੇ ਪੁਰਾਤਨ ਘਰ ਦੀ ਇਮਾਰਤ ਦੀ ਹੋਂਦ ਹੌਲੀ-ਹੌਲੀ ਖ਼ਤਰੇ ਵਿਚ ਪੈਂਦੀ ਜਾ ਰਹੀ ਹੈ। ਕੰਧਾਂ ਅਤੇ ਛੱਤਾਂ ਵਿਚ ਅਚਨਚੇਤੀ ਬਹੁਤ ਤੇਜ਼ੀ ਨਾਲ ਤ੍ਰੇੜਾਂ ਵੱਧ ਰਹੀਆਂ ਹਨ ਪਰ ਇਸ ਇਮਾਰਤ ਦੀ ਹੋਂਦ ਨੂੰ ਬਚਾਈ ਰੱਖਣ ਲਈ ਇੰਨੀ ਸ਼ਿੱਦਤ ਨਾਲ ਉਪਰਾਲੇ ਨਹੀਂ ਕੀਤੇ ਜਾ ਰਹੇ। ਕਈ ਥਾਵਾਂ 'ਤੇ ਇਹ ਤ੍ਰੇੜਾਂ ਤਿੰਨ-ਤਿੰਨ ਇੰਚ ਤੱਕ ਦਿਖਾਈ ਦਿੰਦੀਆਂ ਹਨ।
ਪਤਾ ਲੱਗਾ ਹੈ ਕਿ ਇਹ ਤ੍ਰੇੜਾਂ ਲਗਭਗ ਦੋ-ਢਾਈ ਸਾਲ ਪਹਿਲਾਂ ਮਾਮੂਲੀ ਰੂਪ ਵਿਚ ਆਉਣੀਆਂ ਸ਼ੁਰੂ ਹੋਈਆਂ ਸਨ। ਗੁਰਦੁਆਰਾ ਚੁਬਾਰਾ ਸਾਹਿਬ ਦੇ ਬਿਲਕੁਲ ਨਾਲ ਰਹਿਣ ਵਾਲੇ ਲੋਕ ਦੱਸਦੇ ਹਨ ਕਿ ਲਗਭਗ ਤਿੰਨ-ਚਾਰ ਮਹੀਨੇ ਪਹਿਲਾਂ ਇਹ ਤ੍ਰੇੜਾਂ ਇਕਦਮ ਡੇਢ-ਦੋ ਇੰਚ ਤੱਕ ਵੱਧ ਗਈਆਂ। ਕੁਝ ਲੋਕ ਇਨ੍ਹਾਂ ਤ੍ਰੇੜਾਂ ਦਾ ਕਾਰਨ ਗੁਰਦੁਆਰਾ ਚੁਬਾਰਾ ਸਾਹਿਬ ਦੇ ਬਿਲਕੁਲ ਅੱਗਿਓਂ ਲੰਘਦੀ ਗਲੀ ਵਿਚ ਨਵੇਂ ਪਾਏ ਗਏ ਸੀਵਰੇਜ ਪਾਈਪ ਲਾਈਨ ਵਿਚਲੀ ਲੀਕੇਜ ਦੱਸਦੇ ਹਨ। ਗੁਰਦੁਆਰਾ ਚੁਬਾਰਾ ਸਾਹਿਬ ਦੀ ਇਮਾਰਤ ਵਿਚ ਤ੍ਰੇੜਾਂ ਨੂੰ ਜੇਕਰ ਮੁੱਢਲੇ ਪੜਾਅ 'ਤੇ ਹੀ ਫ਼ੁਰਤੀ ਨਾਲ ਰੋਕ ਲਿਆ ਜਾਂਦਾ ਤਾਂ ਸ਼ਾਇਦ ਅੱਜ ਇਹ ਸਮੁੱਚੀ ਇਮਾਰਤ ਦੀ ਹੋਂਦ ਲਈ ਖ਼ਤਰਾ ਨਾ ਬਣਦੀਆਂ। ਜਦੋਂ ਇਹ ਤ੍ਰੇੜਾਂ ਉਭਰਨੀਆਂ ਸ਼ੁਰੂ ਹੋਈਆਂ ਸਨ ਤਾਂ ਉਸ ਵੇਲੇ ਤੋਂ ਹੀ ਕਾਰ-ਸੇਵਾ ਵਾਲੇ ਬਾਬਿਆਂ ਦਾ ਸੁਝਾਅ ਸੀ ਕਿ ਸਮੁੱਚੇ ਵਿਰਾਸਤੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਉਸਾਰ ਦਿੱਤੀ ਜਾਵੇ। ਸ਼੍ਰੋਮਣੀ ਕਮੇਟੀ ਦੇ ਇਮਾਰਤੀ ਵਿਭਾਗ ਦੇ ਸਕੱਤਰ ਬਿਜੈ ਸਿੰਘ ਨੇ ਦੱਸਿਆ ਕਿ ਹਰ ਹਾਲਤ ਵਿਚ ਗੁਰਦੁਆਰਾ ਚੁਬਾਰਾ ਸਾਹਿਬ ਦੇ ਰੂਪ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ ਜੱਦੀ ਘਰ ਦੀ ਅਨਮੋਲ ਵਿਰਾਸਤ ਨੂੰ ਕਾਇਮ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹ ਦੱਸਦੇ ਹਨ ਕਿ 'ਗੁਰਦੁਆਰਾ ਚੁਬਾਰਾ ਸਾਹਿਬ' ਦੀ ਹੋਂਦ ਨੂੰ ਸੁਰੱਖਿਅਤ ਰੱਖਣ ਲਈ ਵੱਖ-ਵੱਖ ਵਿਰਾਸਤੀ, ਪੁਰਾਤਤੱਵ ਮਾਹਰਾਂ ਅਤੇ ਇਮਾਰਤਸਾਜ਼ੀ ਦੇ ਪੇਸ਼ੇਵਰਾਂ ਤੋਂ ਸੁਝਾਅ ਲਏ ਜਾ ਰਹੇ ਹਨ, ਜਿਸ ਕਾਰਨ ਇਸ ਵਿਰਾਸਤੀ ਧਰੋਹਰ ਨੂੰ ਸੁਰੱਖਿਅਤ ਕਰਨ ਦੇ ਅਮਲ ਵਿਚ ਦੇਰੀ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਅਤੇ ਬੁੰਗਾ ਰਾਮਗੜ੍ਹੀਆ ਦੀ ਪੁਰਾਤਨ ਹੋਂਦ ਨੂੰ ਕਾਇਮ ਰੱਖਣ ਲਈ ਕੰਮ ਕਰ ਰਹੀ ਗੁੜਗਾਓਂ ਦੀ ਪੇਸ਼ੇਵਰ ਕੰਪਨੀ 'ਹੈਰੀਟੇਜ਼ ਐਂਡ ਕੰਜ਼ਰਵੇਸ਼ਨ' ਨਾਲ ਗੁਰਦੁਆਰਾ ਚੁਬਾਰਾ ਸਾਹਿਬ ਦੀ ਹੋਂਦ ਨੂੰ ਮਜ਼ਬੂਤ ਬਣਾਉਣ ਲਈ ਗੱਲਬਾਤ ਚੱਲ ਰਹੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੂੰ ਵੀ ਚਿੱਠੀ ਲਿਖ ਕੇ 'ਗੁਰਦੁਆਰਾ ਚੁਬਾਰਾ ਸਾਹਿਬ' ਦੀ ਪੁਰਾਤਨ ਹੋਂਦ ਨੂੰ ਸੁਰੱਖਿਅਤ ਰੱਖਣ ਲਈ ਸੁਝਾਵਾਂ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਇਹ ਵੀ ਵਿਚਾਰ ਕਰ ਰਹੀ ਹੈ ਕਿ ਜੇਕਰ 'ਗੁਰਦੁਆਰਾ ਚੁਬਾਰਾ ਸਾਹਿਬ' ਦੀ ਇਮਾਰਤ ਦੀ ਮਜ਼ਬੂਤੀ ਵਿਚ ਦੇਰੀ ਨੁਕਸਾਨਦੇਹ ਹੋ ਰਹੀ ਹੈ ਤਾਂ ਇਸ ਨੂੰ ਸੁਰੱਖਿਅਤ ਕਰਨ ਦਾ ਕੰਮ ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰਮੱਲ ਦੀ ਪੁਰਾਤਨ ਹਵੇਲੀ ਨੂੰ ਸੁਰੱਖਿਅਤ ਕਰਨ ਵਿਚ ਲੱਗੀ ਵਿਦੇਸ਼ੀ ਕੰਪਨੀ 'ਹਿਲਟੀ' ਨੂੰ ਸੌਂਪ ਦਿੱਤਾ ਜਾਵੇ। ਜੋ ਵੀ ਹੋਵੇ, ਸ਼੍ਰੋਮਣੀ ਕਮੇਟੀ ਨੂੰ ਵਿਚਾਰ-ਵਟਾਂਦਰਿਆਂ ਵਿਚ ਸਮਾਂ ਨਹੀਂ ਗੁਆਉਣਾ ਚਾਹੀਦਾ, ਕਿਉਂਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਜੱਦੀ ਘਰ 'ਗੁਰਦੁਆਰਾ ਚੁਬਾਰਾ ਸਾਹਿਬ' ਸਿੱਖ ਕੌਮ ਦੀ ਬਹੁਤ ਅਨਮੋਲ ਵਿਰਾਸਤ ਹੈ ਅਤੇ ਜੇਕਰ ਇਸ ਨੂੰ ਸੰਭਾਲਿਆ ਨਾ ਗਿਆ ਤਾਂ ਅਸੀਂ ਸਿੱਖ ਧਰਮ ਦਾ ਬਹੁਤ ਵੱਡਾ ਸਰਮਾਇਆ ਗੁਆ ਬੈਠਾਂਗੇ। ਸ਼੍ਰੋਮਣੀ ਕਮੇਟੀ ਨੂੰ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ 'ਗੁਰਦੁਆਰਾ ਚੁਬਾਰਾ ਸਾਹਿਬ' ਦੀ ਹੋਂਦ ਨੂੰ ਕਾਇਮ ਰੱਖਣ ਦੇ ਨਾਲ ਇਸ ਨਾਲ ਕਾਰ-ਸੇਵਾ ਰਾਹੀਂ ਹੋਈ ਛੇੜਛਾੜ ਨੂੰ ਦੂਰ ਕਰਕੇ ਪੁਰਾਤਨ ਦਿੱਖ ਕਾਇਮ ਕੀਤੀ ਜਾਵੇ। (ਸਮਾਪਤ)

ਤਲਵਿੰਦਰ ਸਿੰਘ ਬੁੱਟਰ
-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਫ਼ੋਨ : 98780-70008
e-mail : ts1984buttar@yahoo.com

ਕਰਾਚੀ ਵਿਚਲੇ ਗੁਰਦੁਆਰਾ ਸਾਹਿਬਾਨ

ਇਤਿਹਾਸ ਦੀਆਂ ਪੈੜਾਂ-20

ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਦੇਸ਼ ਦੀ ਵੰਡ ਤੋਂ ਪਹਿਲਾਂ ਮੌਜੂਦ ਗੁਰਦੁਆਰਿਆਂ ਵਿਚੋਂ ਕੁਝ ਗੁਰਦੁਆਰੇ ਅੱਜ ਵੀ ਮੌਜੂਦ ਹਨ, ਜਿਨ੍ਹਾਂ ਵਿਚੋਂ ਕੁਝ ਤਾਂ ਸਾੜ੍ਹਸਤੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਕੁਝ ਦੀਆਂ ਸ਼ਾਨਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਇਸ ਸ਼ਹਿਰ ਦੇ ਭਾਰੀ ਰੌਣਕ ਵਾਲੇ ਇਲਾਕੇ ਸਦਰ ਵਿਚ ਪਰੀਦੀ ਪੁਲਿਸ ਸਟੇਸ਼ਨ ਦੇ ਨਜ਼ਦੀਕ ਹੀ ਗੁਰਦੁਆਰਾ ਰਤਨ ਤਲਾਓ ਮੌਜੂਦ ਹੈ, ਜੋ ਹੁਣ ਆਬਾਦ ਨਹੀਂ ਹੈ। ਗੁਰਦੁਆਰਾ ਸਾਹਿਬ ਵਿਚ ਯਾਤਰੀਆਂ ਦੇ ਠਹਿਰਨ ਲਈ ਕਈ ਕਮਰੇ ਬਣੇ ਹੋਏ ਹਨ। ਸਦਰ ਇਲਾਕੇ ਵਿਚ ਸਥਿਤ ਪਲਾਟ ਨੰਬਰ ਏ. ਐਮ.-335 'ਤੇ ਬਣੇ ਗੁਰਦੁਆਰਾ ਰਤਨ ਤਲਾਓ ਦੇ ਕੰਪਲੈਕਸ ਅੰਦਰ ਸੰਨ 1984 ਵਿਚ ਜਨਰਲ ਜ਼ਿਆ-ਉੱਲ-ਹੱਕ ਦੀ ਸਰਕਾਰ ਵੇਲੇ ਨਬੀ ਬਖ਼ਸ਼ ਸਰਕਾਰੀ ਕਾਲਜ ਸਥਾਪਤ ਕਰ ਦਿੱਤਾ ਗਿਆ ਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਜਿਉਂ ਦਾ ਤਿਉਂ ਹੀ ਰਹਿਣ ਦਿੱਤਾ ਗਿਆ। ਸੰਨ 2005 ਵਿਚ ਪਹਿਲੀ ਵਾਰ ਉਥੋਂ ਦੇ ਸਥਾਨਕ ਸਿੱਖਾਂ ਨੇ ਸ਼ਾਂਤਮਈ ਢੰਗ ਨਾਲ ਉਪਰੋਕਤ ਗੁਰਦੁਆਰੇ ਵਿਚ ਜਾ ਕੇ ਪੂਜਾ-ਪਾਠ ਦੀ ਸ਼ੁਰੂਆਤ ਕਰ ਦਿੱਤੀ।
ਕੁਝ ਹਫ਼ਤਿਆਂ ਤਕ ਉੱਥੇ ਸਥਾਨਕ ਸਿੱਖਾਂ ਵੱਲੋਂ ਨਿੱਤ ਦੇ ਦੀਵਾਨ ਲਗਾਤਾਰ ਸਜਾਏ ਜਾਂਦੇ ਰਹੇ। ਪਰ ਫਿਰ ਅਚਾਨਕ ਕਾਲਜ ਦੇ ਪ੍ਰਬੰਧਕਾਂ ਨੇ ਇਸ ਦੀ ਸ਼ਿਕਾਇਤ ਸਿੱਖਿਆ ਵਿਭਾਗ ਨੂੰ ਕਰਦਿਆਂ ਦੋਸ਼ ਲਗਾਇਆ ਕਿ ਕਾਲਜ ਵਿਚ ਧਾਰਮਿਕ ਰੀਤੀ-ਰਿਵਾਜਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵਿਘਨ ਪੈ ਰਿਹਾ ਹੈ। ਇਸ ਤੋਂ ਬਾਅਦ ਸਿੱਖਾਂ ਦੇ ਗੁਰਦੁਆਰਾ ਸਾਹਿਬ ਵਿਚ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ। ਹਾਲਾਂਕਿ ਸਰਕਾਰੀ ਕਾਗਜ਼ਾਂ ਵਿਚ ਵੀ ਕਾਲਜ ਦੀ ਜਗ੍ਹਾ ਸ੍ਰੀ ਗੁਰੂ ਸਿੰਘ ਸਭਾ ਕਰਾਚੀ ਦੇ ਨਾਂਅ ਹੈ ਅਤੇ ਕਾਲਜ ਬਤੌਰ ਕਿਰਾਏਦਾਰ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਪਰ ਇਸ ਦੇ ਬਾਵਜੂਦ ਕਰਾਚੀ ਦੇ ਸਥਾਨਕ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਵਿਚ ਦੀਵਾਨ ਸਜਾਉਣ ਜਾਂ ਪ੍ਰਕਾਸ਼ ਕਰਨ ਦੀ ਮਨਜ਼ੂਰੀ ਨਹੀਂ ਹੈ। ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸਾਹਿਬ ਅਤੇ ਗੁਰਦੁਆਰੇ ਦੇ ਤਾਲਾਬ ਨੂੰ ਖ਼ਤਮ ਕਰਨ ਦੀ ਵੀ ਪੂਰੀ-ਪੂਰੀ ਯੋਜਨਾ ਬਣਾ ਲਈ ਸੀ ਪਰ ਮਾਮਲੇ ਦੇ ਜ਼ੋਰ ਫੜਨ ਕਰਕੇ ਸਰਕਾਰ ਦਾ ਜ਼ੋਰ ਨਾ ਚੱਲ ਸਕਿਆ। ਪੂਰੇ ਪਾਕਿਸਤਾਨ ਵਿਚ ਗੁਰਦੁਆਰਾ ਰਤਨ ਤਲਾਓ ਹੀ ਇਕੋ-ਇਕ ਅਜਿਹਾ ਗੁਰਦੁਆਰਾ ਹੈ, ਜਿਹੜਾ ਅੱਜ ਵੀ ਸ੍ਰੀ ਗੁਰੂ ਸਿੰਘ ਸਭਾ ਦੀ ਮਲਕੀਅਤ ਹੈ।
ਇਸ ਦੇ ਇਲਾਵਾ ਇਕ ਹੋਰ ਗੁਰਦੁਆਰਾ ਅਰਾਮਬਾਗ਼ ਸਾਹਿਬ ਵੀ 21 ਜੁਲਾਈ 1993 ਵਿਚ ਸਰਕਾਰ ਦੁਆਰਾ ਬੰਦ ਕਰ ਦਿੱਤਾ ਗਿਆ। ਇਹ ਗੁਰਦੁਆਰਾ 11 ਅਕਤੂਬਰ 2004 ਨੂੰ ਕੋਈ ਛੇ ਕੁ ਮਹੀਨੇ ਲਈ ਕਰਾਚੀ ਦੇ ਸਿੱਖਾਂ ਦੇ ਕੋਰਟ ਵਿਚੋਂ ਕੇਸ ਜਿੱਤ ਜਾਣ ਤੋਂ ਬਾਅਦ ਖੋਲ੍ਹਿਆ ਗਿਆ ਸੀ, ਪਰ ਫਿਰ ਸੰਨ 2005 ਵਿਚ ਬੰਦ ਕਰ ਦਿੱਤਾ ਗਿਆ। ਹੁਣ ਇਸ ਗੁਰਦੁਆਰੇ ਦਾ ਕੇਸ ਸਿੰਧ ਹਾਈ ਕੋਰਟ ਵਿਚ ਚੱਲ ਰਿਹਾ ਹੈ।
ਕਰਾਚੀ ਦੀ ਆਰਟ ਕੌਂਸਲ ਦੇ ਬਿਲਕੁਲ ਸਾਹਮਣੇ ਜਸਟਿਸ ਕਿਆਨੀ ਰੋਡ 'ਤੇ ਵੀ ਇਕ ਗੁਰਦੁਆਰੇ ਦੀ ਇਮਾਰਤ ਮੌਜੂਦ ਸੀ ਪਰ ਹੁਣ ਇਸ ਅਸਥਾਨ ਦੀ ਮੌਜੂਦਗੀ ਸੰਬੰਧੀ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਨਹੀਂ ਮਿਲਦੀ। 'ਮਹਾਨ ਕੋਸ਼' ਦੇ ਅਨੁਸਾਰ ਸਤਿਗੁਰੂ ਨਾਨਕ ਇਸ ਸਥਾਨ ਤੋਂ ਉਠ ਕੇ ਸਮੁੰਦਰ ਦੀ ਦੇਵੀ ਦੀ ਗੁਫ਼ਾ ਵਿਚ ਗਏ, ਜਿਥੋਂ ਜੋਤੀ ਲਿਜਾ ਕੇ ਸ਼ਰਧਾਲੂਆਂ ਨੇ ਸ਼ਹਿਰ ਦੇ ਅੰਦਰ ਗੁਰਮੰਦਿਰ ਦਾ ਨਿਰਮਾਣ ਕੀਤਾ। ਅੱਜ ਕਰਾਚੀ ਦੇ ਇਕ ਪਾਸ਼ ਇਲਾਕੇ ਦਾ ਨਾਂਅ ਗੁਰਮੰਦਿਰ ਹੈ ਪਰ ਗੁਰਮੰਦਿਰ ਖੁਦ ਅਲੋਪ ਹੋ ਚੁੱਕਾ ਹੈ। ਪਾਕਿਸਤਾਨੀ ਲੇਖਕ ਇਕਬਾਲ ਕੇਸਰ ਨੇ ਆਪਣੀ ਪੁਸਤਕ ਵਿਚ ਗੁਰਦੁਆਰਿਆਂ ਦੀਆਂ ਤਸਵੀਰਾਂ ਦੀ ਗਿਣਤੀ ਵਧਾਉਣ ਲਈ ਕਰਾਚੀ ਦੇ ਇਕ ਪੁਰਾਣੇ ਹਿੰਦੂ ਜਿਮਖ਼ਾਨਾ ਦੀ ਇਮਾਰਤ ਨੂੰ ਯਾਦਗਾਰ ਗੁਰੂ ਨਾਨਕ ਸਾਹਿਬ ਦੱਸ ਕੇ ਪੇਸ਼ ਕਰ ਦਿੱਤਾ ਹੈ। ਇਸ ਇਮਾਰਤ ਦੇ ਬਾਹਰ ਵੱਡੇ-ਵੱਡੇ ਅੱਖਰਾਂ ਵਿਚ ਅੰਗਰੇਜ਼ੀ 'ਚ ਲਿਖਿਆ 'ਸੇਠ ਰਾਮ ਗੋਪਾਲ ਦਾਸ ਗਵਰਧਨ ਦਾਸ ਮਹਰੋਤਰਾ-ਹਿੰਦੂ ਜ਼ਿਮਖਾਨਾ' ਸਾਫ਼ ਤੌਰ 'ਤੇ ਅੱਜ ਵੀ ਪੜ੍ਹਿਆ ਜਾ ਸਕਦਾ ਹੈ।
ਕਰਾਚੀ ਦੇ ਪੁਰਾਣੇ ਮੁਹੱਲੇ ਨਰਾਇਣਪੁਰਾ 'ਚ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ, ਜਿਸ ਵਿਚ ਨਿੱਤ ਪ੍ਰਕਾਸ਼ ਵੀ ਹੁੰਦਾ ਹੈ ਅਤੇ ਹਰ ਵਰ੍ਹੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗੁਰਪੁਰਬ ਦੇ ਮੌਕੇ 'ਤੇ ਹਰ ਵਾਰ 1500 ਦੇ ਕਰੀਬ ਸ਼ਰਧਾਲੂઠਇਕੱਠੇ ਹੋ ਕੇ ਕੀਰਤਨ ਦਾ ਅਨੰਦ ਮਾਣਦੇ ਹਨ। ਇਹ ਗੁਰਦੁਆਰਾ ਕਾਫ਼ੀ ਵੱਡਾ ਹੈ। ਇਹ ਸੰਨ 1905 'ਚ ਬਣਨਾ ਸ਼ੁਰੂ ਹੋਇਆ ਸੀ, ਜੋ ਕਿ 5 ਸਾਲ ਬਾਅਦ ਸੰਨ 1910 'ਚ ਮੁਕੰਮਲ ਹੋਇਆ।
ਕਰਾਚੀ ਦੇ ਸਮੁੰਦਰ ਦੇ ਕਿਨਾਰੇ ਕਲਿਫ਼ਟਨ ਵਿਚ ਸਮੁੰਦਰ ਦੀ ਦੇਵੀ ਦਾ ਮੰਦਿਰ 'ਸ੍ਰੀ ਰਤਨੇਸ਼ਵਰ ਮਹਾਂਦੇਵ ਮੰਦਿਰ' ਹੈ। ਇਸ ਸਥਾਨ ਬਾਰੇ ਕਿਹਾ ਜਾਂਦਾ ਹੈ ਕਿ ਇਥੇ ਸਮੁੰਦਰੀ ਜਹਾਜ਼ ਕੁਝ ਨਾ ਕੁਝ ਭੇਟ ਕਰਕੇ ਹੀ ਲੰਘਦੇ ਸਨ। ਉਸ ਸਮੇਂ ਇਥੇ 24 ਘੰਟੇ ਤੇਲ ਦਾ ਦੀਵਾ ਜਗਦਾ ਰਹਿੰਦਾ ਸੀ। ਸਿੰਧ ਦੇ ਹਾਕਮ ਤਾਲਪੁਰ ਵੱਲੋਂ 7 ਸੇਰ ਤੇਲ ਹਰ ਮਹੀਨੇ ਇਸ ਦੀਵੇ ਵਾਸਤੇ ਦਿੱਤਾ ਜਾਂਦਾ ਸੀ। ਗੁਰੂ ਨਾਨਕ ਸਾਹਿਬ ਨੇ ਇਸ ਦੀਵੇ ਤੋਂ ਅੱਗੇ ਗੁਫਾ ਵਿਚ ਬਹਿ ਕੇ ਤਪ ਕੀਤਾ ਸੀ। ਹੁਣ ਵੀ ਦੀਵਾ ਜਗਦਾ ਰਹਿੰਦਾ ਹੈ। ਮੰਦਿਰ ਦੇ ਅੰਦਰ ਗੁਫਾ ਅੱਜ ਵੀ ਮੌਜੂਦ ਹੈ। ਮੰਦਿਰ ਦੇ ਬਾਹਰ ਹਿੰਦੂ ਦੇਵਤਿਆਂ ਗਣੇਸ਼ ਜੀ, ਸ਼ਿਵ-ਨੰਦੀਗਣ, ਕ੍ਰਿਸ਼ਨ ਭਗਵਾਨ, ਰਾਮ-ਸੀਤਾ-ਲਛਮਣ, ਹਨੂਮਾਨ ਜੀ ਅਤੇ ਮਾਂ ਵੈਸ਼ਨੋ ਦੇਵੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ।
ਉਪਰੋਕਤ ਤੋਂ ਇਲਾਵਾ ਕੋਇਟਾ-ਕਰਾਚੀ ਰੋਡ 'ਤੇ ਕਲਾਤ ਨਗਰ ਅੰਦਰ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਅਤੇ ਮੰਦਿਰ ਮੌਜੂਦ ਹਨ। ਗੁਰਦੁਆਰਾ ਦਰਬਾਰ ਸ੍ਰੀ ਗੁਰੂ ਨਾਨਕ ਸਾਹਿਬ ਕਲਾਤ ਕਰਾਚੀ ਦੇ ਹਿੰਦੂ ਮੁਹੱਲੇ ਵਿਚ ਹੈ। ਮਕਾਨ ਵਾਂਗੂੰ ਬਣੇ ਇਸ ਗੁਰਦੁਆਰੇ ਦਾ ਮੁੱਖ ਦਰਵਾਜ਼ਾ ਮਸਾਂ ਹੀ 4 ਕੁ ਫੁੱਟ ਖੁੱਲ੍ਹਾ ਹੈ ਅਤੇ ਉੱਪਰ 'ਓਮ' ਸ਼ਬਦ ਵੀ ਉਕਰਿਆ ਹੋਇਆ ਹੈ। ਇਥੇ ਰੋਜ਼ਾਨਾ ਪ੍ਰਕਾਸ਼ ਹੁੰਦਾ ਹੈ। ਕਰਾਚੀ ਦੇ ਪਾਸ ਹੀ ਮਨੋਰਾ ਦੇ ਜਜ਼ੀਰੇ (ਟਾਪੂ) ਵਿਚ ਵੀ ਗੁਰਦੁਆਰਾ ਗੁਰੂ ਨਾਨਕ ਮੌਜੂਦ ਹੈ। ਗੁਰੂ ਸਾਹਿਬ ਦੇ ਗੁਰਪੁਰਬ 'ਤੇ ਬਹੁਤ ਸਾਰੇ ਸ਼ਰਧਾਲੂ ਕਿਸ਼ਤੀਆਂ 'ਚ ਬੈਠ ਕੇ ਇਥੇ ਪਹੁੰਚਦੇ ਹਨ। ਇਸ ਗੁਰਦੁਆਰੇ ਦੀ ਕਮੇਟੀ ਦੇ ਮੌਜੂਦਾ ਸਦਰ ਸ: ਭੋਲਾ ਸਿੰਘ ਹਨ।

ਸੁਰਿੰਦਰ ਕੋਛੜ
ਫੋਨ : 7837849764, 9356127771

 

ਉਹਦ ਦੀ ਲੜਾਈ

ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ -62

ਬਦਰ ਦੀ ਲੜਾਈ ਵਿਚ ਭਾਵੇਂ ਮੁਸਲਮਾਨਾਂ ਨੂੰ ਜਿੱਤ ਪ੍ਰਾਪਤ ਹੋ ਗਈ ਸੀ ਪਰ ਇਹ ਜਿੱਤ ਭਰਿੰਡਾਂ ਦੇ ਖੱਖਰ ਨੂੰ ਹੱਥ ਪਾਉਣ ਵਰਗੀ ਸੀ। ਕੁਰੈਸ਼ ਦੀ ਫ਼ੌਜ ਦਾ ਮੁੱਠੀ ਭਰ ਮੁਸਲਮਾਨਾਂ ਦੇ ਹੱਥੋਂ ਹਰ ਜਾਣ ਉੱਤੇ ਸਮੱਚਾ ਅਰਬ ਜਗਤ ਮੁਸਲਮਾਨਾਂ ਤੋਂ ਚੁਕੰਨਾ ਹੋ ਗਿਆ ਸੀ। ਲੋਕ ਤਾਂ ਪਹਿਲਾਂ ਹੀ ਇਸ ਨਵੇਂ ਧਰਮ ਦੇ ਖ਼ਿਲਾਫ਼ ਸਨ ਪਰ ਜਿਨ੍ਹਾਂ ਦੇ ਰਿਸ਼ਤੇਦਾਰ ਇਸ ਲੜਾਈ ਵਿਚ ਮਾਰੇ ਗਏ ਸਨ, ਉਹ ਬਦਲੇ ਦੀ ਅੱਗ ਵਿਚ ਸੜ ਰਹੇ ਸਨ। ਅਰਬ ਦੇ ਕਬੀਲੇ ਤਾਂ ਇਕ ਬੰਦੇ ਦੇ ਖ਼ੂਨ ਦੇ ਬਦਲੇ ਲਈ ਸਦੀਆਂ ਤੱਕ ਦੁਸ਼ਮਣੀਆਂ ਰੱਖਦੇ ਸਨ ਪਰ ਇਸ ਲੜਾਈ ਵਿਚ ਤਾਂ 70 ਬੰਦੇ ਮਾਰੇ ਗਏ ਸਨ। ਯਹੂਦੀਆਂ ਦੇ ਉਹ ਕਬੀਲੇ, ਜਿਨ੍ਹਾਂ ਨਾਲ ਅਮਨ ਕਾਇਮ ਰੱਖਣ ਲਈ ਸੰਧੀਆਂ ਹੋ ਚੁੱਕੀਆਂ ਸਨ, ਉਹ ਵੀ ਆਪਣੇ ਵਾਅਦਿਆਂ ਤੋਂ ਮੁਕਰਦੇ ਜਾ ਰਹੇ ਸਨ। ਬਨੀ ਨਜ਼ੀਰ ਕਬੀਲੇ ਦਾ ਯਹੂਦੀ ਸਰਦਾਰ ਤਾਂ ਖੁੱਲ੍ਹਮ-ਖੁੱਲ੍ਹਾ ਕੁਰੈਸ਼ ਵਾਲਿਆਂ ਦੀ ਹਮਾਇਤ ਉੱਤੇ ਆ ਗਿਆ ਸੀ। ਉਸ ਦੀ ਦਲ-ਬਦਲੀ ਨੂੰ ਦੇਖਦਿਆਂ ਹਜ਼ਰਤ ਮੁਹੰਮਦ ਸਾਹਿਬ ਨੇ ਅੰਦਾਜ਼ਾ ਲਾ ਲਿਆ ਸੀ ਕਿ ਯਹੂਦੀਆਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਕੁਰੈਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹਜ਼ਰਤ ਮੁਹੰਮਦ ਸਾਹਿਬ ਨੇ ਦੋ ਬੰਦੇ ਮੱਕੇ ਭੇਜੇ, ਜਿਨ੍ਹਾਂ ਨੇ ਰਸਤੇ ਵਿਚੋਂ ਹੀ ਵਾਪਸ ਆ ਕੇ ਦੱਸਿਆ ਕਿ ਕੁਰੈਸ਼ ਦੀ ਫ਼ੌਜ ਤਾਂ ਮਦੀਨੇ ਦੀ ਹੱਦ ਵਿਚ ਦਾਖਲ ਹੋ ਚੁੱਕੀ ਹੈ ਅਤੇ ਉਸ ਨੇ ਮਦੀਨੇ ਦੇ ਨੇੜੇ ਇਕ ਚਰਾਂਦ ਉੱਤੇ ਕਬਜ਼ਾ ਵੀ ਕਰ ਲਿਆ ਹੈ। ਮੱਕੇ ਵਾਲਿਆਂ ਦੀ ਚੜ੍ਹਾਈ ਦੀ ਖ਼ਬਰ ਮਿਲਣ ਤੋਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਨੇ ਸਾਥੀਆਂ ਨੂੰ ਇਕੱਠੇ ਕੀਤਾ ਅਤੇ ਉਨ੍ਹਾਂ ਨਾਲ ਮਸ਼ਵਰਾ ਕੀਤਾ ਕਿ ਮੱਕੇ ਦੀ ਫ਼ੌਜ ਦਾ ਟਾਕਰਾ ਮਦੀਨੇ ਵਿਚ ਰਹਿ ਕੇ ਕੀਤਾ ਜਾਵੇ ਜਾਂ ਮਦੀਨੇ ਤੋਂ ਬਾਹਰ ਨਿਕਲ ਕੇ। ਕੁਝ ਲੋਕਾਂ ਦਾ ਖ਼ਿਆਲ ਸੀ ਕਿ ਮਦੀਨੇ ਦੇ ਵਿਚ ਰਹਿ ਕੇ ਹੀ ਲੜਿਆ ਜਾਵੇ ਪਰ ਕੁਝ ਜੋਸ਼ੀਲੇ ਨੌਜਵਾਨ ਜਿਨ੍ਹਾਂ ਨੂੰ ਬਦਰ ਦੀ ਲੜਾਈ ਵਿਚ ਲੜਨ ਦਾ ਸੁਭਾਗ ਨਹੀਂ ਸੀ ਪ੍ਰਾਪਤ ਹੋਇਆ, ਚਾਹੁੰਦੇ ਸਨ ਕਿ ਸ਼ਹਿਰ ਤੋਂ ਬਾਹਰ ਨਿਕਲ ਕੇ ਮੈਦਾਨ ਵਿਚ ਲੜਿਆ ਜਾਵੇ। ਨੌਜਵਾਨਾਂ ਦੀ ਜ਼ਿੱਦ ਨੂੰ ਸਵੀਕਾਰ ਕਰਦਿਆਂ ਹਜ਼ਰਤ ਮੁਹੰਮਦ ਸਾਹਿਬ ਨੇ ਫ਼ੈਸਲਾ ਕੀਤਾ ਕਿ ਮਦੀਨੇ ਤੋਂ ਬਾਹਰ ਨਿਕਲ ਕੇ ਲੜਿਆ ਜਾਵੇ।
ਹਜ਼ਰਤ ਮੁਹੰਮਦ ਸਾਹਿਬ ਨੇ ਜੁਮੇ ਦੀ ਨਮਾਜ਼ ਪੜ੍ਹਨ ਤੋਂ ਬਾਅਦ ਇਕ ਹਜ਼ਾਰ ਜੰਗਜੂਆਂ ਨਾਲ ਮਦੀਨੇ ਤੋਂ ਚਾਲੇ ਪਾਏ। ਇਨ੍ਹਾਂ ਵਿਚ ਅਬਦੁੱਲਾਹ ਪੁੱਤਰ ਉਬੀ ਵੀ ਸ਼ਾਮਿਲ ਸੀ, ਜਿਹੜਾ ਵਿਖਾਵੇ ਲਈ ਭਾਵੇਂ ਮੁਸਲਮਾਨ ਹੋ ਗਿਆ ਸੀ ਪਰ ਅੰਦਰੋਂ ਅਜੇ ਵੀ ਮੁਨਾਫ਼ਕ ਹੀ ਸੀ। ਉਹ ਆਪਣੇ ਜਿਹੇ ਹੋਰ ਮੁਨਾਫ਼ਕਾਂ ਨੂੰ ਲੈ ਕੇ ਪਹਿਲਾਂ ਤਾਂ ਇਸਲਾਮੀ ਫ਼ੌਜ ਦੇ ਨਾਲ ਤੁਰ ਪਿਆ ਪਰ ਮਦੀਨੇ ਤੋਂ ਬਾਹਰ ਨਿਕਲ ਕੇ ਆਪਣੇ 300 ਸਾਥੀਆਂ ਨੂੰ ਲੈ ਕੇ ਮੁਸਲਮਾਨ ਫ਼ੌਜ ਦਾ ਸਾਥ ਛੱਡ ਕੇ ਵਾਪਸ ਚਲਿਆ ਗਿਆ। ਹੁਣ ਹਜ਼ਰਤ ਮੁਹੰਮਦ ਸਾਹਿਬ ਦੀ ਫ਼ੌਜ ਦੀ ਗਿਣਤੀ 700 ਰਹਿ ਗਈ ਸੀ। ਭਾਵੇਂ ਅਜਿਹੇ ਮੌਕੇ ਉੱਤੇ ਅਬਦੁੱਲਾ ਬਿਨ ਉਬੀ ਦੀ ਚਾਲ ਫ਼ੌਜ ਦਾ ਹੌਸਲਾ ਡੇਗਣ ਵਾਲੀ ਸੀ ਪਰ ਇਕ ਰੱਬ ਉੱਤੇ ਈਮਾਨ ਰੱਖਣ ਵਾਲੇ ਮੁਸਲਮਾਨ ਜਿਹੜੇ ਜਿੱਤ ਅਤੇ ਹਾਰ ਨੂੰ ਰੱਬ ਦੇ ਹੱਥ ਮੰਨਦੇ ਸਨ, ਜ਼ਰਾ ਵੀ ਨਾ ਘਬਰਾਏ ਅਤੇ ਰੱਬ ਦੇ ਭਰੋਸੇ ਮੈਦਾਨ ਵਿਚ ਡਟ ਗਏ।

ਨੂਰ ਮੁਹੰਮਦ ਨੂਰ

ਪ੍ਰੇਰਨਾ-ਸਰੋਤ ਵਿਭਿੰਨਤਾ ਕੁਦਰਤ ਦੀ ਲੋੜ ਹੈ

ਜੋ ਲੋਕ ਸਾਧਾਰਨ ਗੱਲਾਂ 'ਤੇ ਇਕ-ਦੂਜੇ ਨਾਲ ਮਤਭੇਦ ਰੱਖਦੇ ਹਨ ਅਤੇ ਲੜਦੇ-ਝਗੜਦੇ ਹਨ, ਉਨ੍ਹਾਂ ਨੂੰ ਸਵਾਮੀ ਵਿਵੇਕਾਨੰਦ ਕਹਿੰਦੇ ਹਨ, 'ਜੇ ਤੁਸੀਂ ਬਣਾ ਨਹੀਂ ਸਕਦੇ ਤਾਂ ਕੁਝ ਵੀ ਨਾ ਤੋੜੋ। ਬੁਰਾ ਕਰਨ ਤੋਂ ਬਿਹਤਰ ਹੈ ਕੁਝ ਵੀ ਨਾ ਕਰਨਾ। ਕਿਸੇ ਵੀ ਸੱਚੇ ਵਿਸ਼ਵਾਸ ਵਿਰੁੱਧ ਇਕ ਵੀ ਸ਼ਬਦ ਨਾ ਕਹੋ। ਜੇ ਤੁਹਾਡੇ ਕੋਲ ਕੁਝ ਹੈ ਤਾਂ ਭਿੰਨ-ਭਿੰਨ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਹਾਨੀ ਪਹੁੰਚਾਏ ਬਿਨਾਂ ਉਨ੍ਹਾਂ ਦੀ ਸੇਵਾ ਕਰੋ। ਜੇ ਦੇਣ ਲਈ ਕੁਝ ਨਹੀਂ ਤਾਂ ਦਰਸ਼ਕ ਬਣ ਕੇ ਦੇਖਦੇ ਰਹੋ।
ਇਹ ਕੁਦਰਤ ਵਿਭਿੰਨਤਾ ਭਰਪੂਰ ਹੈ। ਮਨੁੱਖ ਜਿਸ ਵੀ ਹਾਲਤ ਵਿਚ ਹੈ, ਉਸ ਨੂੰ ਉਸੇ ਰੂਪ ਵਿਚ ਸਵੀਕਾਰ ਕਰੋ ਅਤੇ ਉਸ ਨੂੰ ਉਸ ਦੇ ਰਸਤੇ 'ਤੇ ਲੈ ਜਾਓ। ਤੁਹਾਨੂੰ ਇਸ ਗੱਲ ਤੋਂ ਡਰਨ ਦੀ ਲੋੜ ਨਹੀਂ ਕਿ ਤੁਸੀਂ ਆਪਣੀ ਸੜਕ ਤੋਂ ਹਟ ਕੇ ਉਸ ਦੇ ਰਸਤੇ 'ਤੇ ਉਸ ਨੂੰ ਲਿਜਾ ਰਹੇ ਹੋ। ਜਿਵੇਂ ਟਾਲਸਟਾਏ ਨੇ ਕਿਹਾ ਸੀ, 'ਅਸੀਂ ਸਾਰੇ ਫਿਰ ਮਿਲਾਂਗੇ ਜਦ ਅਸੀਂ ਪੁੱਜ ਜਾਵਾਂਗੇ।' ਕੇਂਦਰ ਵਿਚ ਵਿਭਿੰਨਤਾਵਾਂ ਲੁਪਤ ਹੋ ਜਾਂਦੀਆਂ ਹਨ। ਵਿਭਿੰਨਤਾ ਤੋਂ ਬਿਨਾਂ ਕੋਈ ਜੀਵਨ ਨਹੀਂ। ਵਿਭਿੰਨਤਾ ਤਾਂ ਕੁਦਰਤ ਦੀ ਵੀ ਲੋੜ ਹੈ। ਪੌਦੇ ਤਾਂ ਕੁਦਰਤ ਵਿਚ ਆਪਣੇ-ਆਪ ਪੈਦਾ ਹੋ ਜਾਂਦੇ ਹਨ। ਤੁਸੀਂ ਤਾਂ ਕੇਵਲ ਇਹ ਕਰ ਸਕਦੇ ਹੋ ਕਿ ਉਸ ਕੋਮਲ ਪੌਦੇ ਦੇ ਵਾਧੇ ਵਿਚ ਆਉਣ ਵਾਲੀਆਂ ਰੁਕਾਵਟਾਂ ਹਟਾਉਣ ਲਈ ਉਸ ਦੁਆਲੇ ਬਾੜ ਲਗਾ ਦਿਓ ਤੇ ਉਸ ਨੂੰ ਖਾਦ-ਪਾਣੀ ਪਾਓ, ਜਿਸ ਨਾਲ ਉਸ ਦਾ ਵਿਕਾਸ ਹੋਵੇ।

-ਸੰਜੀਵਨ ਸਿੰਘ ਡਢਵਾਲ,
ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾ: 94175-50741

ਬਾਬਾ ਦੀਪ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਦੂਸਰਾ ਰਾਸ਼ਟਰੀ ਗੱਤਕਾ ਮੁਕਾਬਲਾ

ਬਾਬਾ ਦੀਪ ਸਿੰਘ ਜੀ ਗਤਕਾ ਅਖਾੜਾ ਐਂਡ ਸਪੋਰਟਸ ਕਲੱਬ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸਿੰਘ ਸਭਾ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਦੂਸਰਾ ਨੈਸ਼ਨਲ ਗੱਤਕਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਤੋਂ ਉਚਕੋਟੀ ਦੀਆਂ ਗਤਕਾ ਟੀਮਾਂ ਨੇ ਹਿੱਸਾ ਲਿਆ। ਜੰਡਿਆਲਾ ਗੁਰੂ ਦੇ ਦੁਸਹਿਰਾ ਮੈਦਾਨ 'ਚ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਮਹਾਂ ਮੁਕਾਬਲੇ ਵਿਚ ਨਾਮਵਰ ਗੱਤਕਾ ਟੀਮਾਂ ਨੇ ਸ਼ਸਤਰ ਵਿੱਦਿਆ ਦੇ ਜੌਹਰ ਦਿਖਾਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਮੁੱਖ ਸੇਵਦਾਰ ਡਾ: ਇੰਦਰਜੀਤ ਕੌਰ ਅਤੇ ਬਾਬਾ ਜੋਗਿੰਦਰ ਸਿੰਘ ਲੋਹ ਲੰਗਰ ਅਨੰਦਪੁਰ ਸਾਹਿਬ ਵਾਲਿਆਂ ਨੇ ਸਮੂਹ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸ਼ਾਨਾਮੱਤੇ ਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਸੇਧ ਲੈ ਕੇ ਅਜੋਕੇ ਦੌਰ ਦੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਇਕ ਮੰਚ 'ਤੇ ਇਕੱਠਿਆਂ ਹੋਣ ਦੀ ਅਤਿਅੰਤ ਲੋੜ ਹੈ। ਪਿੰਗਲਵਾੜਾ ਮੁਖੀ ਡਾ: ਇੰਦਰਜੀਤ ਕੌਰ ਨੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।
ਗੱਤਕੇ ਦੇ ਪ੍ਰਦਰਸ਼ਨੀ ਮੁਕਾਬਲਿਆਂ ਦੇ ਦੌਰ 'ਚੋਂ ਗੁਜ਼ਰਦਿਆਂ 'ਬਾਬਾ ਦੀਪ ਸਿੰਘ ਗੱਤਕਾ ਅਖਾੜਾ ਮਹੱਲਸਰ ਲੁਧਿਆਣਾ' ਨੇ ਪਹਿਲਾ, 'ਰਾਜ ਕਰੇਗਾ ਖਾਲਸਾ ਟਾਂਡਾ' ਦੂਜਾ ਤੇ 'ਬਾਬਾ ਦੀਪ ਸਿੰਘ ਗੱਤਕਾ ਅਖਾੜਾ ਬੁੱਟਰ ਕਲਾਂ' ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਫਰੀ ਫਾਈਟ ਮੁਕਾਬਲਿਆਂ ਵਿਚ ਲੜਕਿਆਂ ਤੇ ਲੜਕੀਆਂ ਵਿਚੋਂ 'ਰਾਜ ਕਰੇਗਾ ਖਾਲਸਾ ਟਾਂਡਾ' ਦੇ ਗੱਤਕਾ ਖਿਡਾਰੀ ਤੇ ਖਿਡਾਰਨਾਂ ਨੇ ਪਹਿਲਾ ਤੇ ਦਮਦਮੀ ਟਕਸਾਲ ਮਹਿਤਾ ਦੇ ਖਿਡਾਰੀ ਤੇ ਖਿਡਾਰਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਭਾਈ ਤੇਜਬੀਰ ਸਿੰਘ ਕਰਨਾਲ ਤੇ ਉਨਾਂ ਦੀ ਟੀਮ ਨੇ ਜੱਜਾਂ ਦੀ ਅਹਿਮ ਭੂਮਿਕਾ ਨਿਭਾਈ, ਜਿਸ ਨੇ ਬਾਜ਼ ਅੱਖ ਰੱਖ ਕੇ ਸਾਰੀਆਂ ਟੀਮਾਂ ਦੇ ਪ੍ਰਦਰਸ਼ਨ ਤੇ ਮੁਕਾਬਲਿਆਂ ਵਿਚ ਪਾਰਦਰਸ਼ੀ ਢੰਗ ਨਾਲ ਫੈਸਲਾ ਦਿੱਤਾ। 'ਬਾਬਾ ਦੀਪ ਸਿੰਘ ਜੀ ਸ਼ਹੀਦ ਗੱਤਕਾ ਅਖਾੜਾ ਐਂਡ ਸਪੋਰਟਸ ਕਲੱਬ ਜੰਡਿਆਲਾ ਗੁਰੂ' ਦੇ ਪ੍ਰਧਾਨ ਮਨਿੰਦਰ ਸਿੰਘ ਭੋਲਾ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਦੀਪ ਸਿੰਘ ਮਲਹੋਤਰਾ, ਭਾਈ ਜਗਜੀਤ ਸਿੰਘ ਬਿੱਟੂ ਨੇ ਮੁੱਖ ਮਹਿਮਾਨ ਡਾ: ਇੰਦਰਜੀਤ ਕੌਰ, ਬਾਬਾ ਜੋਗਿੰਦਰ ਸਿੰਘ ਲੋਹ ਲੰਗਰ ਵਾਲਿਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਅਮਰਜੀਤ ਸਿੰਘ ਬੰਡਾਲਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

-ਗੁਰਦੀਪ ਸਿੰਘ ਨਾਗੀ,
ਮਾਨਾਂਵਾਲਾ (ਜੰਡਿਆਲਾ ਗੁਰੂ) ਅੰਮ੍ਰਿਤਸਰ।
9888082800.

ਸ਼ਬਦ ਵਿਚਾਰ

ਤੀਰਥਿ ਨਾਵਾ ਜੇ ਤਿਸੁ ਭਾਵਾ
ਵਿਣੁ ਭਾਣੇ ਕਿ ਨਾਇ ਕਰੀ॥
'ਜਪੁ' ਛੇਵੀਂ ਪਉੜੀ
ਤੀਰਥਿ ਨਾਵਾ ਜੇ ਤਿਸੁ ਭਾਵਾ
ਵਿਣੁ ਭਾਣੇ ਕਿ ਨਾਇ ਕਰੀ॥
ਜੇਤੀ ਸਿਰਠਿ ਉਪਾਈ ਵੇਖਾ
ਵਿਣੁ ਕਰਮਾ ਕਿ ਮਿਲੈ ਲਈ॥
ਮਤਿ ਵਿਚਿ ਰਤਨ ਜਵਾਹਰ ਮਾਣਿਕ
ਜੇ ਇਕ ਗੁਰ ਕੀ ਸਿਖ ਸੁਣੀ॥
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ
ਸੋ ਮੈ ਵਿਸਰਿ ਨ ਜਾਈ॥ ੬॥ (ਅੰਗ 2)
ਪਦ ਅਰਥ : ਤੀਰਥਿ-ਤੀਰਥਾਂ 'ਤੇ ਇਸ਼ਨਾਨ ਕਰਨਾ। ਜੇ-ਜੇਕਰ। ਤਿਸੁ-ਉਪ ਪ੍ਰਭੂ ਨੂੰ। ਭਾਵਾ-ਭਾਵੇ, ਚੰਗਾ ਲੱਗੇ। ਵਿਣੁ-ਬਿਨਾਂ। ਵਿਣੁ ਭਾਣੇ-ਚੰਗਾ ਲੱਗਣ ਤੋਂ ਬਿਨਾਂ। ਕਿ-ਕੀ। ਕੀ ਨਾਇ ਕਰੀ-ਇਸ਼ਨਾਨ ਕਰਕੇ ਹੀ ਕਰਾਂ। ਜੇਤੀ-ਜਿਤਨੀ ਵੀ। ਸਿਰਠਿ-ਸ੍ਰਿਸ਼ਟੀ। ਉਪਾਈ-ਪੈਦਾ ਕੀਤੀ ਹੋਈ ਹੈ। ਵੇਖਾ-ਵੇਖਦਾ ਹਾਂ। ਵਿਣੁ ਕਰਮਾ-ਮਿਹਰ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ। ਕਿ ਮਿਲੈ ਲਈ-ਕੀ ਮਿਲਦਾ ਹੈ ਭਾਵ ਕੁਝ ਵੀ ਨਹੀਂ ਮਿਲਦਾ। ਮਾਣਿਕ-ਮੋਤੀ। ਸਿਖ ਸੁਣੀ-ਸਿੱਖਿਆ ਸੁਣਨ, ਸਿੱਖਿਆ ਗ੍ਰਹਿਣ ਕਰਨ ਨਾਲ। ਗੁਰਾ-ਹੇ ਗੁਰੂ ਜੀ। ਦੇਹਿ ਬੁਝਾਈ-ਮੈਨੂੰ ਸੋਝੀ ਬਖਸ਼ੋ। ਸੋ-ਉਸ ਪ੍ਰਭੂ ਨੂੰ। ਵਿਸਰਿ ਨ ਜਾਈ-ਭੁੱਲ ਨਾ ਜਾਵਾਂ।
ਸਾਡੇ ਦੇਸ਼ ਵਿਚ ਇਹ ਪ੍ਰਥਾ ਚੱਲੀ ਆ ਰਹੀ ਹੈ ਕਿ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਕੀਤੇ ਪਾਪਾਂ ਦੀ ਮੈਲ ਧੁਲ ਜਾਂਦੀ ਹੈ, ਜਿਸ ਕਾਰਨ ਮਨੁੱਖ ਅਸਲ ਤੀਰਥ (ਨਾਮ) ਨੂੰ ਛੱਡ ਕੇ ਕਰਮਕਾਂਡਾਂ ਵਿਚ ਫਸਿਆ ਰਹਿੰਦਾ ਹੈ ਪਰ ਜੇਕਰ ਨਾਮ ਦਾ ਸਿਮਰਨ ਨਹੀਂ ਕੀਤਾ, ਸ਼ੁਭ ਕਰਮ ਨਹੀਂ ਕੀਤੇ, ਬੁਰੇ ਕਰਮ ਹੀ ਕਰਦੇ ਰਹੇ ਤਾਂ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਮਨੁੱਖ ਦੀ ਗਤੀ ਨਹੀਂ ਹੋ ਸਕਦੀ, ਮਨੁੱਖ ਦਾ ਕਲਿਆਣ ਨਹੀਂ ਹੋ ਸਕਦਾ। ਜਗਤ ਗੁਰੂ ਬਾਬਾ ਪਉੜੀ ਦੇ ਅਰੰਭ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਮੈਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਤਾਂ ਕਰਾਂ ਜੇਕਰ ਇਸ ਤਰ੍ਹਾਂ ਕਰਨ ਨਾਲ ਮੈਂ ਪ੍ਰਭੂ ਨੂੰ ਰਿਝਾ ਸਕਾਂ, ਉਸ ਨੂੰ ਖੁਸ਼ ਕਰ ਸਕਾਂ। ਜੇਕਰ ਇੰਜ ਕਰਨ ਨਾਲ ਮੇਰਾ ਪ੍ਰਭੂ ਪ੍ਰਸੰਨ ਨਹੀਂ ਹੁੰਦਾ ਤਾਂ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਕੀ ਫਾਇਦਾ?
ਤੀਰਥਿ ਨਾਵਾ ਜੇ ਤਿਸੁ ਭਾਵਾ
ਵਿਣੁ ਕਰਮਾ ਕਿ ਨਾਇ ਕਰੀ॥
ਆਪ ਜੀ ਦੇ ਰਾਗੁ ਧਨਾਸਰੀ ਵਿਚ ਵੀ ਪਾਵਨ ਬਚਨ ਹਨ ਕਿ ਮੈਂ ਤੀਰਥਾਂ 'ਤੇ ਇਸ਼ਨਾਨ ਕਰਨ ਕਿਉਂ ਜਾਵਾਂ, ਜਦੋਂ ਕਿ ਪਰਮਾਤਮਾ ਦਾ ਨਾਮ ਵੀ ਮੇਰੇ ਲਈ ਤੀਰਥ ਹੈ-
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥
(ਅੰਗ 687)
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਮਨ ਅੰਦਰ ਵਸਾਉਣਾ ਮੇਰੇ ਲਈ ਇਹੋ ਤੀਰਥ ਇਸ਼ਨਾਨ ਹੈ, ਕਿਉਂਕਿ ਇਸ ਨਾਲ ਪਰਮਾਤਮਾ ਦੇ ਗੁਣਾਂ ਦੀ ਸੋਝੀ ਮਨ ਅੰਦਰ ਪੈਦਾ ਹੁੰਦੀ ਹੈ।
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ।
(ਅੰਗ 687)
ਅੰਤਰਿ-ਮਨ ਅੰਦਰ। ਗਿਆਨੁ-ਪਰਮਾਤਮਾ ਦੇ ਗੁਣਾਂ ਦੀ ਸੋਝੀ।
ਆਪ ਜੀ ਰਾਗੁ ਰਾਮਕਲੀ ਵਿਚ ਵੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੇਕਰ ਮਨ ਨਿਰਮਲ ਨਹੀਂ, ਵਿਕਾਰਾਂ ਦੀ ਮੈਲ ਨਾਲ ਭਰਿਆ ਹੋਇਆ ਹੈ ਤਾਂ ਤੀਰਥਾਂ 'ਤੇ ਭਰਮਣ ਕਰਨ ਦਾ ਕੋਈ ਲਾਭ ਨਹੀਂ। ਇਸ ਤਰ੍ਹਾਂ ਮਨ ਕਦੀ ਸੁੱਚਾ ਜਾਂ ਨਿਰਮਲ ਨਹੀਂ ਹੋ ਸਕਦਾ-
ਅੰਤਰਿ ਮੈਲੁ ਤੀਰਥ ਭਰਮੀਜੈ॥
ਮਨੁ ਨਹੀਂ ਸੂਚਾ ਕਿਆ ਸੋਚ ਕਰੀਜੈ॥
(ਅੰਗ 905)
ਸੂਚਾ-ਨਿਰਮਲ, ਪਵਿੱਤਰ।
ਭਾਵ ਤੀਰਥਾਂ ਦਾ ਭਰਮਣ ਕਰਨ ਨਾਲ ਕਾਮਾਦਿਕ ਰੋਗਾਂ ਤੋਂ ਖਲਾਸੀ ਨਹੀਂ ਹੁੰਦੀ। ਪ੍ਰਭੂ ਦੇ ਨਾਮ ਤੋਂ ਬਿਨਾਂ ਮਨੁੱਖ ਨੂੰ ਕਦੀ ਆਤਮਿਕ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਨ ਕੋਸ਼ ਦੇ ਕਰਤਾ ਨੇ ਗੁਰਮਤਿ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ 'ਗੁਰਮਤਿ ਅਨੁਸਾਰ ਧਰਮ ਦੀ ਸਿੱਖਿਆ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ 'ਤੇ ਜਾਣਾ ਉੱਤਮ ਹੈ ਪਰ ਤੀਰਥਾਂ ਦਾ ਮੁਕਤੀ ਨਾਲ ਕੋਈ ਸਬੰਧ ਨਹੀਂ।'
ਪਉੜੀ ਦੀ ਅਗਲੀ ਤੁਕ ਵਿਚ ਜਗਤ ਗੁਰੂ ਬਾਬਾ ਇਸ ਗੱਲ ਦਾ ਪ੍ਰਗਟਾਵਾ ਕਰ ਰਹੇ ਹਨ ਕਿ ਪਰਮਾਤਮਾ ਦੀ ਪੈਦਾ ਕੀਤੀ ਹੋਈ ਜਿੰਨੀ ਵੀ ਸ੍ਰਿਸ਼ਟੀ ਮੈਂ ਦੇਖਦਾ ਹਾਂ, ਇਸ ਵਿਚ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਕਿਸੇ ਨੂੰ ਕੀ ਮਿਲ ਸਕਦਾ ਹੈ ਜਾਂ ਕੋਈ ਕੀ ਲੈ ਸਕਦਾ ਹੈ ਭਾਵ ਉਸ ਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ-
ਜੇਤੀ ਸਿਰਠਿ ਉਪਾਈ ਵੇਖਾ
ਵਿਣੁ ਕਰਮਾ ਕਿ ਮਿਲੈ ਲਈ॥
ਪਰਮਾਤਮਾ ਦੇ ਚੋਜਾਂ ਨੂੰ ਸਮਝਿਆ ਨਹੀਂ ਜਾ ਸਕਦਾ, ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ, ਆਮ ਜੀਵਾਂ ਨੂੰ ਪੈਦਾ ਕਰਕੇ, ਫਿਰ ਆਪ ਹੀ ਉਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਜੋ ਜੀਵ ਉਸ ਨੂੰ ਭਾਅ ਜਾਂਦੇ ਹਨ, ਉਨ੍ਹਾਂ ਨੂੰ ਨਾਮ ਵਿਚ ਜੋੜ ਕੇ ਵਡਿਆਈਆਂ ਬਖਸ਼ਦਾ ਹੈ। ਰਾਗੁ ਮਾਰੂ ਵਿਚ ਤੀਜੀ ਨਾਨਕ ਜੋਤਿ, ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਆਪੇ ਸ੍ਰਿਸਟਿ ਸਭ ਸਾਜੀਅਨੁ
ਆਪੇ ਨਦਰਿ ਕਰੇਇ॥
ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ॥
(ਅੰਗ 994)
ਨਦਰਿ-ਮਿਹਰ ਦੀ ਨਿਗ੍ਹਾ, ਕਿਰਪਾ ਦ੍ਰਿਸ਼ਟੀ।
ਹੇ ਪ੍ਰਭੂ, ਤੇਰੀ ਮਿਹਰ ਸਦਕਾ ਜਿਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ-
ਜਿਸ ਨੋ ਕਰਮਿ ਪਰਾਪਤਿ ਹੋਵੈ
ਜੋ ਜਨੁ ਨਿਰਮਲੁ ਥੀਵੈ॥
(ਰਾਗੁ ਸੋਰਠਿ ਮਹਲਾ ੫, ਅੰਗ 616)
ਕਰਮਿ-ਮਿਹਰ, ਬਖਸ਼ਿਸ਼। ਜਨੁ-ਜੀਵ, ਮਨੁੱਖ। ਨਿਰਮਲੁ-ਪਵਿੱਤਰ ਜੀਵਨ ਵਾਲਾ। ਥੀਵੈ-ਬਣ ਜਾਂਦਾ ਹੈ।
ਇਸ ਪ੍ਰਕਾਰ ਜੋ ਗੁਰੂ ਦੀ ਸਿੱਖਿਆ ਨੂੰ ਸੁਣਦਾ ਹੈ, ਗ੍ਰਹਿਣ ਕਰਦਾ ਹੈ ਭਾਵ ਗੁਰੂ ਦੇ ਦਰਸਾਏ ਮਾਰਗ 'ਤੇ ਚਲਦਾ ਹੈ, ਉਸ ਮਨੁੱਖ ਦੀ ਬੁੱਧੀ ਵਿਚ ਰਤਨ, ਲਾਲ, ਜਵਾਹਰ ਅਤੇ ਮੋਤੀ ਆਦਿ ਜਿਹੇ ਕੀਮਤੀ ਦੈਬੀ ਗੁਣ ਉਪਜ ਪੈਂਦੇ ਹਨ ਭਾਵ ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ-
ਮਤਿ ਵਿਚਿ ਰਤਨ ਜਵਾਹਰ ਮਾਣਿਕ
ਜੇ ਇਕ ਗੁਰ ਕੀ ਸਿਖ ਸੁਣੀ॥
ਮਨੁੱਖੀ ਸਰੀਰ ਮਾਨੋ ਸਮੁੰਦਰ ਦੀ ਭਾਂਤੀ ਹੈ, ਜੋ ਪੂਰਨ ਤੌਰ 'ਤੇ ਰਤਨਾਂ ਅਰਥਾਤ ਨਾਮ ਰੂਪੀ ਸ੍ਰੇਸ਼ਟ ਗੁਣਾਂ ਨਾਲ ਭਰਪੂਰ ਹੈ। ਜਿਹੜੇ ਪ੍ਰਾਣੀ ਹਰ ਵੇਲੇ ਆਪਣੇ ਮਨ ਨੂੰ ਗੁਰੂ ਦੀ ਬਾਣੀ ਵਿਚ ਜੋੜੀ ਰੱਖਦੇ ਹਨ, ਉਨ੍ਹਾਂ ਨੂੰ ਪ੍ਰਭੂ ਦੇ ਸ੍ਰੇਸ਼ਟ ਗੁਣਾਂ ਰੂਪੀ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਵਾਕ ਹੈ-
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥
ਬਾਣੀ ਗੁਰਬਾਣੀ ਲਾਗੇ ਤਿਨ੍ਰ ਹਥਿ ਚੜ੍ਹਿਆ ਰਾਮ॥
(ਰਾਗੁ ਆਸਾ ਮਹਲਾ ੪, ਅੰਗ 442)
ਸਾਗਰੁ-ਸਮੁੰਦਰ, ਸਰੀਰ ਰੂਪੀ ਸਮੁੰਦਰ। ਹਥਿ ਚੜਿਆ-ਹੱਥ ਲੱਗਾ, ਪ੍ਰਾਪਤ ਹੋ ਜਾਂਦਾ ਹੈ, ਮਿਲ ਜਾਂਦਾ ਹੈ।
ਗੁਰੂ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਮਨੁੱਖ ਨੂੰ ਪੂਰਾ ਗੁਰੂ ਆਤਮਿਕ ਜੀਵਨ ਦੀ ਦਾਤ ਬਖਸ਼ਦਾ ਹੈ, ਉਹ ਆਪਣੇ ਮਨ ਨੂੰ ਪ੍ਰਭੂ ਚਰਨਾਂ ਵਿਚ ਜੋੜੀ ਰੱਖਦਾ ਹੈ-
ਜੀਅ ਦਾਨੁ ਗੁਰਿ ਪੂਰੈ ਦੀਆ
ਰਾਮ ਨਾਮਿ ਚਿਤੁ ਲਾਏ॥ (ਅੰਗ 443)
ਜੀਅ ਦਾਨੁ-ਆਤਮਿਕ ਜੀਵਨ ਦੀ ਦਾਤ।
ਵਿਚਾਰ ਅਧੀਨ ਪਉੜੀ ਦੇ ਅੰਤ ਵਿਚ ਗੁਰੂ ਬਾਬਾ ਪੰਜਵੀਂ ਪਉੜੀ ਦੀਆਂ ਅੰਤਲੀਆਂ ਤੁਕਾਂ ਨੂੰ ਦੁਹਰਾ ਰਹੇ ਹਨ ਕਿ ਹੇ ਸਤਿਗੁਰੂ, ਮੈਨੂੰ ਇਹ ਸੋਝੀ ਬਖਸ਼ ਕਿ ਸਭ ਨੂੰ ਦਾਤਾਂ ਦੇਣ ਵਾਲਾ ਦਾਤਾਰ, ਮੈਨੂੰ ਕਦੀ ਮਨੋਂ ਵਿਸਰੇ ਨਾ, ਕਦੀ ਭੁੱਲੇ ਨਾ-
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ
ਸੋ ਮੈ ਵਿਸਰਿ ਨ ਜਾਈ॥

ਸਾਧੂ ਸਿੰਘ ਗੋਬਿੰਦਪੁਰੀ
217-ਆਰ, ਮਾਡਲ ਟਾਊਨ, ਜਲੰਧਰ।

 

ਜਨਮ ਦਿਵਸ 'ਤੇ ਵਿਸ਼ੇਸ਼-ਭਾਈ ਵੀਰ ਸਿੰਘ ਜੀ

ਪੰਜਾਬ ਦੀ ਅਦਬੀ ਵਿਰਾਸਤ ਦਾ ਇਕ ਉੱਘੜਵਾਂ ਹਸਤਾਖਰ ਹੈ-ਭਾਈ ਵੀਰ ਸਿੰਘ। 5 ਦਸੰਬਰ 1872 ਈ: ਵਿਚ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਆਪ ਦਾ ਜਨਮ ਹੋਇਆ। 18ਵੀਂ ਸਦੀ ਵਿਚ ਸਿੱਖਾਂ ਦੇ ਹਮਦਰਦ, ਸ਼ੁੱਭ ਚਿੰਤਕ ਦੀਵਾਨ ਕੌੜਾ ਮੱਲ ਦੀ ਵੰਸ਼ ਨਾਲ ਆਪ ਦਾ ਸਬੰਧ ਹੈ। ਪਿਤਾ ਡਾ: ਚਰਨ ਸਿੰਘ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਸਨ। ਦਾਦਾ ਬਾਬਾ ਕਾਹਨ ਸਿੰਘ ਬ੍ਰਿਜ ਤੇ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਤੇ ਕਵੀ ਸਨ। ਭਾਈ ਸਾਹਿਬ ਦਾ ਬਚਪਨ ਨਾਨਾ ਗਿਆਨੀ ਹਜ਼ਾਰਾ ਸਿੰਘ ਦੇ ਕੋਲ ਗੁਜ਼ਰਿਆ, ਜੋ ਸੰਸਕ੍ਰਿਤ, ਫਾਰਸੀ ਅਤੇ ਬ੍ਰਿਜ ਭਾਸ਼ਾ ਦੇ ਚੰਗੇ ਗਿਆਤਾ ਸਨ। ਇਸੇ ਪ੍ਰਭਾਵ ਅਧੀਨ ਉਨ੍ਹਾਂ (ਭਾਈ ਸਾਹਿਬ ਨੇ) ਇਨ੍ਹਾਂ ਭਾਸ਼ਾਵਾਂ ਦੇ ਸਾਹਿਤ ਦਾ ਡੂੰਘਾ ਅਧਿਐਨ ਕੀਤਾ। ਇੰਜ ਅਮੀਰ ਭਾਸ਼ਾਈ ਵਿਰਸੇ ਦੇ ਮਾਲਕ ਭਾਈ ਵੀਰ ਸਿੰਘ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਇਕ ਉੱਘੀ ਸ਼ਖ਼ਸੀਅਤ ਵਜੋਂ ਉੱਭਰੇ। ਵਿਰਸੇ ਵਿਚ ਮਿਲੀ ਵਿਦਵਤਾ ਤੇ ਖੂਨ ਵਿਚ ਸਮਾਏ ਉੱਚ-ਗੁਣਾਂ ਦਾ ਪ੍ਰਛਾਵਾਂ ਉਨ੍ਹਾਂ ਦੀਆਂ ਰਚਨਾਵਾਂ ਵਿਚ ਵੀ ਝਲਕਦਾ ਹੈ।
ਪੰਜਾਬੀ ਮਾਂ-ਬੋਲੀ ਦੇ ਇਸ ਲਾਡਲੇ ਸਾਹਿਤਕਾਰ ਨੂੰ 'ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ', 'ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ', 'ਪਹਿਲੇ ਪੰਜਾਬੀ ਮਹਾਂ-ਕਾਵਿ ਲੇਖਕ', 'ਪੰਜਾਬੀ ਭਾਸ਼ਾ ਦੇ ਪਹਿਲੇ ਨਾਵਲਕਾਰ' (ਸੁੰਦਰੀ), 'ਪਹਿਲੇ ਨਾਟਕਕਾਰ' (ਰਾਜਾ ਲਖਦਾਤਾ ਸਿੰਘ), 'ਸਭ ਤੋਂ ਪਹਿਲੇ ਜੀਵਨੀ ਸਾਹਿਤ ਲੇਖਕ' (ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਅਸ਼ਟਗੁਰੂ ਚਮਤਕਾਰ) ਅਤੇ 'ਪੰਜਾਬੀ ਭਾਸ਼ਾ ਦੇ ਵਿਲੀਅਮ ਵਰਡਜ਼ਵਰਥ' ਆਦਿ ਮਾਣਮੱਤੇ ਸਨਮਾਨਾਂ ਦਾ ਮਾਣ ਹਾਸਲ ਹੈ।
ਆਪ 1901 ਵਿਚ ਸਥਾਪਤ 'ਚੀਫ ਖਾਲਸਾ ਦੀਵਾਨ' ਦੇ ਮੋਢੀਆਂ ਵਿਚੋਂ ਸਨ, ਜਿਸ ਦਾ ਮਕਸਦ ਸਿੱਖ ਸੁਧਾਰ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ। ਇਨ੍ਹਾਂ ਦੇ ਯਤਨਾਂ ਸਦਕਾ ਹੀ 'ਚੀਫ ਖਾਲਸਾ ਦੀਵਾਨ' ਦੀ 'ਸਿੱਖ ਐਜੂਕੇਸ਼ਨ ਸੁਸਾਇਟੀ' ਦੀ ਸਥਾਪਨਾ ਹੋਈ ਸੀ। 'ਖਾਲਸਾ ਟ੍ਰੈਕਟ ਸੁਸਾਇਟੀ' ਦੇ ਨਾਂਅ ਹੇਠ ਸਮਾਜ ਸੁਧਾਰ ਦੀਆਂ ਸੇਧਾਂ ਦੇਣ ਲਈ ਆਪ ਲਗਾਤਾਰ ਯਤਨਸ਼ੀਲ ਸਨ।
ਭਾਈ ਸਾਹਿਬ ਦੇ ਵਿਸ਼ਾਲ ਸਾਹਿਤਕ ਭੰਡਾਰ 'ਤੇ ਚਰਚਾ ਕਰਨਾ ਉੱਚ-ਬੁੱਧੀ ਦੀ ਮੰਗ ਕਰਦਾ ਹੈ। ਮੁਢਲੀਆਂ ਰਚਨਾਵਾਂ ਵਿਚ ਮਹਾਂਕਾਵਿ 'ਰਾਣਾ ਸੂਰਤ ਸਿੰਘ' (1902-04) ਅਸਲ ਵਿਚ ਸਿੱਖ ਅਧਿਆਤਮਵਾਦ ਦੀ ਵਿਆਖਿਆ ਹੈ। ਤਕਨੀਕੀ ਪੱਖ ਤੋਂ ਇਹ ਮਹਾਂ-ਕਾਵਿ ਵਿਸ਼ੇਸ਼ ਮਹੱਤਤਾ ਦਾ ਧਾਰਨੀ ਹੈ। ਸਿਰਖੰਡੀ ਛੰਦ ਵਿਚ ਲਿਖੀ ਇਸ ਰਚਨਾ ਦਾ ਵਾਯੂਮੰਡਲ ਰਹੱਸਵਾਦੀ ਹੈ। ਸਮੁੱਚੀ ਵਾਰਤਾ ਰਸ ਤੇ ਸਵਾਦ ਭਰਪੂਰ ਹੈ। ਭਾਈ ਸਾਹਿਬ ਦੀਆਂ ਨਿੱਕੀਆਂ ਕਵਿਤਾਵਾਂ ਦੇ ਵੱਡੇ ਵਿਚਾਰ ਪਾਠਕ 'ਤੇ ਸਦੀਵੀ ਪ੍ਰਭਾਵ ਪਾਉਂਦੇ ਹਨ। ਵੱਡੀਆਂ ਗੱਲਾਂ ਨੂੰ ਬੜੇ ਸੁੰਦਰ ਤਰੀਕੇ ਨਾਲ ਚਾਰ ਕੁ ਸਤਰਾਂ ਵਿਚ ਕਹਿਣਾ ਉਨ੍ਹਾਂ ਦੀ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੀ ਕਲਾ ਦਾ ਪ੍ਰਮਾਣ ਹੈ।
ਅਨੁਭਵੀ ਗਿਆਨ ਭਰਪੂਰ ਉਨ੍ਹਾਂ ਦੀਆਂ ਰਚਨਾਵਾਂ ਪਾਠਕ ਦੇ ਹਿਰਦੇ 'ਤੇ ਚਿਰਸਥਾਈ ਅਸਰ ਰੱਖਣ ਦੀ ਸ਼ਕਤੀ ਰੱਖਦੀਆਂ ਹਨ। ਇਸੇ ਲਈ 1956 ਵਿਚ 'ਮੇਰੇ ਸਾਈਆਂ ਜੀਓ' ਕਾਵਿ-ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਰਾਸ਼ਟਰਪਤੀ ਵੱਲੋਂ ਆਪ 'ਪਦਮ ਵਿਭੂਸ਼ਣ' ਦੀ ਮਹਾਨ ਪਦਵੀ ਨਾਲ ਸਨਮਾਨਿਤ ਸਨ। 1954 ਵਿਚ 'ਸਿੱਖ ਵਿੱਦਿਅਕ ਕਾਨਫਰੰਸ' ਮੁੰਬਈ ਵਿਚ ਆਪ ਨੂੰ 'ਅਭਿਨੰਦਰ ਗ੍ਰੰਥ' ਭੇਟ ਕੀਤਾ ਗਿਆ। ਭਾਈ ਸਾਹਿਬ ਨੇ ਉਸ ਦੌਰ ਵਿਚ ਲਿਖਣਾ ਸ਼ੁਰੂ ਕੀਤਾ ਸੀ, ਜਦੋਂ ਪੰਜਾਬੀ ਭਾਸ਼ਾ ਵਿਚ ਲਿਖਣਾ ਮਾਣ ਵਾਲੀ ਗੱਲ ਨਹੀਂ ਸਮਝੀ ਜਾਂਦੀ ਸੀ। ਅਲੰਕਾਰਕ ਤੇ ਸ਼ਾਬਦਿਕ ਖੂਬਸੂਰਤੀ ਦੀ ਅਣਹੋਂਦ ਦਾ ਮਿਹਣਾ ਪੰਜਾਬੀ ਭਾਸ਼ਾ ਨੂੰ ਵੱਜਦਾ ਸੀ। ਮਾਂ-ਬੋਲੀ ਦੇ ਸਾਹਿਤਕ ਭੰਡਾਰ ਨੂੰ ਭਰਨ ਲਈ ਅੰਤਿਮ ਸਵਾਸ ਤੱਕ ਉਨ੍ਹਾਂ ਨੇ ਕਲਮ-ਯੁੱਧ ਜਾਰੀ ਰੱਖਿਆ ਤੇ ਆਪਣੀਆਂ ਲਿਖਤਾਂ ਦੇ ਜਾਦੂ ਨਾਲ ਪਾਠਕਾਂ ਨੂੰ ਹਲੂਣਿਆ। ਵਿਦਵਤਾ ਦੇ ਗਰੂਰ ਤੋਂ ਪਰੇ ਨਿਰਮਾਣਤਾ ਦੀ ਖੁਸ਼ਬੂ ਨਾਲ ਭਰੇ ਭਾਈ ਵੀਰ ਸਿੰਘ ਨੇ ਆਪਣੇ ਜੀਵਨ ਦਰਸ਼ਨ ਨੂੰ ਕਿਵੇਂ ਬਾਖੂਬੀ ਬਿਆਨਿਆ ਹੈ-
ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪੇ ਟੁਰ ਜਾਣ ਦੀ।
ਹਾਂ, ਪੂਰੀ ਹੁੰਦੀ ਨਾਂਹ, ਮੈਂ ਤਰਲੇ ਲੈ ਰਿਹਾ।
ਪੰਜਾਬੀ ਸਾਹਿਤ ਦੇ ਗਗਨ-ਮੰਡਲ ਦੇ ਧਰੂ ਤਾਰੇ ਭਾਈ ਵੀਰ ਸਿੰਘ ਆਪਣੀ ਸਾਹਿਤਕ ਘਾਲਣਾ ਕਰਕੇ ਪੰਜਾਬੀਆਂ ਦੇ ਮਨਾਂ ਵਿਚ ਹਮੇਸ਼ਾ ਤਾਜ਼ਾ ਰਹਿਣਗੇ।

-ਸਤਿੰਦਰ ਸਿੰਘ 'ਓਠੀ',
ਮੁਖੀ, ਪੰਜਾਬੀ ਵਿਭਾਗ, ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ।
ਮੋਬਾ: 99882-21227

ਸ਼ਬਦ ਕੀਰਤਨ ਜਥਾ-ਭਾਈ ਦਿਲਬਾਗ ਸਿੰਘ ਗੁਰਦਾਸਪੁਰੀ

ਜੇਕਰ ਹਰਮੋਨੀਅਮ ਦੀਆਂ ਸੁਰਾਂ ਨਾਲ ਸ਼ਬਦ ਕੀਰਤਨ ਦੀ ਮਿੱਠੀ ਤੇ ਪ੍ਰਭਾਵਸ਼ਾਲੀ ਆਵਾਜ਼ ਮਿਲ ਜਾਵੇ ਤਾਂ ਤਨ, ਮਨ ਨਿਹਾਲ ਹੋ ਜਾਂਦਾ ਹੈ। ਅਜਿਹੀ ਆਵਾਜ਼ ਦੇ ਮਾਲਕ ਭਾਈ ਦਿਲਬਾਗ ਸਿੰਘ, ਜਿਨ੍ਹਾਂ ਦਾ ਜਨਮ 2 ਅਪ੍ਰੈਲ, 1970 ਨੂੰ ਪਿਤਾ ਗਿਆਨੀ ਸਵਰਨ ਸਿੰਘ, ਮਾਤਾ ਮਹਿੰਦਰ ਕੌਰ ਦੇ ਗ੍ਰਹਿ ਪਿੰਡ ਵਡਾਲਾ ਬਾਂਗਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਮਾਤਾ-ਪਿਤਾ ਅੰਮ੍ਰਿਤਧਾਰੀ ਹੋਣ ਕਰਕੇ ਭਾਈ ਸਾਹਿਬ ਦਾ ਸ਼ੌਕ ਛੋਟੀ ਉਮਰੇ ਹਰਮੋਨੀਅਮ ਦੀਆਂ ਸੁਰਾਂ 'ਤੇ ਉਂਗਲਾਂ ਰੱਖਣ ਲਈ ਜਾਗ ਪਿਆ। ਮੈਟ੍ਰਿਕ ਪਾਸ ਕਰਨ ਤੋਂ ਬਾਅਦ ਭਾਈ ਸਾਹਿਬ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪਣੇ ਰੱਬ ਵਰਗੇ ਉਸਤਾਦ ਭਾਈ ਗੁਰਦੀਪ ਸਿੰਘ (ਸ਼ਾਨ) ਮੁੰਬਈ ਵਾਲਿਆਂ ਤੋਂ ਲਗਾਤਾਰ ਪੰਜ ਸਾਲ ਸ਼ਬਦ ਕੀਰਤਨ ਰਾਹੀਂ ਹਰਮੋਨੀਅਮ ਦੇ ਗੁਣ ਸਿੱਖੇ ਤੇ ਸੁਰਾਂ ਵਿਚ ਵਿਚਰਦੇ ਗਏ। ਭਾਰਤ ਦੇ ਕੋਨੇ-ਕੋਨੇ 'ਤੇ ਗੁਰਦੁਆਰਿਆਂ ਵਿਚ ਸ਼ਬਦ ਕੀਰਤਨ ਦੀ ਸਾਂਝ ਪਾ ਕੇ ਭਾਈ ਸਾਹਿਬ ਕੈਨੇਡਾ, ਇੰਗਲੈਂਡ ਵਰਗੇ ਮੁਲਕਾਂ ਵਿਚ ਸ਼ਬਦ ਕੀਰਤਨ ਕਰ ਚੁੱਕੇ ਹਨ। ਗੁ: ਸਿੰਘ ਸਭਾ ਗੁਰਦੇਵ ਨਗਰ, ਨਵੀਂ ਦਾਣਾ ਮੰਡੀ, ਜਲੰਧਰ ਵਿਖੇ ਭਾਈ ਰਾਜਿੰਦਰ ਸਿੰਘ ਮਿਗਲਾਨੀ ਦੀ ਅਗਵਾਈ ਹੇਠ ਆਪ ਨੇ 10 ਸਾਲ ਤੋਂ ਲਗਾਤਾਰ ਸ਼ਬਦ ਕੀਰਤਨ ਦੀ ਸੇਵਾ ਕੀਤੀ।

-ਉਂਕਾਰ ਸਿੰਘ ਘੁੰਮਣ,
ਪਿੰਡ ਨਿੱਕੇ ਘੁੰਮਣ (ਗੁਰਦਾਸਪੁਰ)।

ਪੰਥ ਸੇਵਾ ਨੂੰ ਸਮਰਪਿਤ ਢਾਡੀ ਕਰਨੈਲ ਸਿੰਘ ਸੋਢਾ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਗੱਦੀ 'ਤੇ ਬਿਰਾਜਮਾਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਭਗਤੀ ਤੇ ਸ਼ਕਤੀ ਜੀਵਨ ਦੁਆਰਾ ਲੋਕਾਈ 'ਚ ਨਵੀਂ ਰੂਹ ਫੂਕੀ ਹੈ। ਉਨ੍ਹਾਂ ਦੀ ਬਖਸ਼ਿਸ਼ ਸਦਕਾ ਹੀ ਢਾਡੀ ਕਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਦੇ ਕੇ ਨਿਵਾਜਿਆ ਗਿਆ। ਉਨ੍ਹਾਂ ਦੀ ਕਿਰਪਾ ਸਦਕਾ ਅਨੇਕਾਂ ਢਾਡੀ ਜਥਿਆਂ ਨੇ ਸਿੱਖ ਕੌਮ ਦੀ ਸੇਵਾ 'ਚ ਹਿੱਸਾ ਪਾਇਆ ਅਤੇ ਅੰਤਰਰਾਸ਼ਟਰੀ ਢਾਡੀ ਕਰਨੈਲ ਸਿੰਘ ਸੋਢਾ (ਛਾਪੇ ਵਾਲੇ), ਜ਼ਿਲ੍ਹਾ ਬਰਨਾਲਾ ਨੇ ਇਸ ਸੇਵਾ 'ਚ ਆਪਣਾ ਨਾਂਅ ਸ਼ਾਮਲ ਕੀਤਾ ਹੈ। ਜੇਕਰ ਕਰਨੈਲ ਸਿੰਘ ਸੋਢਾ ਦੇ ਜੀਵਨ 'ਤੇ ਝਾਤ ਮਾਰੀਏ ਤਾਂ ਉਨ੍ਹਾਂ ਦਾ ਜਨਮ 30 ਅਪ੍ਰੈਲ 1956 ਨੂੰ ਮਾਤਾ ਜਗੀਰ ਕੌਰ ਦੀ ਕੁੱਖੋਂ ਪਿਤਾ ਨਿਹੰਗ ਸੋਹਣ ਸਿੰਘ ਦੇ ਘਰ ਪਿੰਡ ਛਾਪਾ ਜ਼ਿਲ੍ਹਾ ਬਰਨਾਲਾ ਵਿਖੇ ਹੋਇਆ। ਉਨ੍ਹਾਂ ਨੇ ਮੈਟ੍ਰਿਕ ਤੱਕ ਦੀ ਵਿੱਦਿਆ ਹਾਸਲ ਕੀਤੀ ਅਤੇ ਵਿਰਸੇ 'ਚ ਹੀ ਗੁਰੂ-ਘਰ ਨਾਲ ਪਿਆਰ ਬਣਿਆ। ਉਨ੍ਹਾਂ ਦੇ ਉਸਤਾਦ ਗਿਆਨੀ ਹਰਦੇਵ ਸਿੰਘ ਕੰਵਲ ਗੋਲਡ ਮੈਡਲਿਸਟ (ਲਿਖਾਰੀ ਤੇ ਕਵੀਸ਼ਰ) ਸਨ। ਢਾਡੀ ਸੋਢਾ ਨੇ ਢਾਡੀ ਕਲਾ ਲਈ ਅਜੀਤ ਸਿੰਘ ਸਿੱਧੂ ਭਦੌੜ ਨੂੰ ਉਸਤਾਦ ਧਾਰਨ ਕੀਤਾ। ਉਹ ਪਿਛਲੇ 25 ਸਾਲਾਂ ਤੋਂ ਸਮੁੱਚੀ ਸਿੱਖ ਕੌਮ ਦੀ ਸੇਵਾ 'ਚ ਹਾਜ਼ਰ ਹਨ ਅਤੇ 4 ਵਾਰ ਕੈਨੇਡਾ 'ਚ ਵੀ ਗੁਰਮਤਿ ਦਾ ਪ੍ਰਚਾਰ ਕਰ ਚੁੱਕੇ ਹਨ। ਅੱਜਕਲ੍ਹ ਉਨ੍ਹਾਂ ਦੇ ਜਥੇ 'ਚ ਢਾਡੀ ਮਨਜੀਤ ਸਿੰਘ ਨਾਹਰ, ਢਾਡੀ ਪ੍ਰਭਜੋਤ ਸਿੰਘ ਅਤੇ ਸਾਰੰਗੀ ਮਾਸਟਰ ਬਲਜਿੰਦਰ ਸਿੰਘ ਸੇਵਾਵਾਂ ਨਿਭਾਅ ਰਹੇ ਹਨ। ਢਾਡੀ ਕਰਨੈਲ ਸਿੰਘ ਦੀਆਂ ਹੱਥ ਲਿਖਤਾਂ ਰਚਨਾਵਾਂ 'ਚ 'ਮੌਤ ਮੇਂ ਜ਼ਿੰਦਗੀ ਹੈ', 'ਗੰਗਾ ਦੁਲਾਰੇ', 'ਬਾਬਾ ਸ੍ਰੀ ਚੰਦ' ਸਮੇਤ ਕਰੀਬ 15 ਰਚਨਾਵਾਂ ਹਨ, ਜੋ ਸਿੱਖ ਕੌਮ ਵੱਲੋਂ ਸਲਾਹੁਣਯੋਗ ਹਨ।

-ਗੁਰਵਿੰਦਰ ਸਿੰਘ ਹੈਪੀ,
ਜੋਧਾਂ (ਲੁਧਿਆਣਾ)। ਮੋਬਾ: 94177-30000

ਧਾਰਮਿਕ ਸਾਹਿਤ

ਗੁਰੂ ਨਾਨਕ ਬਾਣੀ ਵਿਵੇਚਨ
ਲੇਖਕ : ਡਾ: ਗੁਰਬਰਨ ਸਿੰਘ ਰਾਹੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ।
ਪੰਨੇ : 135, ਕੀਮਤ : 150 ਰੁਪਏ

ਡਾ: ਗੁਰਬਚਨ ਸਿੰਘ ਰਾਹੀ ਪੰਜਾਬੀ ਦੇ ਪ੍ਰਕਾਂਡ ਵਿਦਵਾਨ ਅਤੇ ਭਾਸ਼ਾ ਮਾਹਿਰ ਹਨ। ਉਨ੍ਹਾਂ ਦਾ ਸਾਹਿਤਕ ਯੋਗਦਾਨ ਹਰ ਵਿਧਾ ਕਵਿਤਾ, ਆਲੋਚਨਾ, ਨਾਟਕ, ਸੰਪਾਦਨ, ਵਿਆਕਰਣ ਤੇ ਕੋਸ਼ਕਾਰੀ, ਅਨੁਵਾਦ, ਲਿਪੀ ਅੰਤਰਣ, ਬਾਲ ਸਾਹਿਤ, ਸਹਿਯੋਗੀ ਲੇਖਕ ਵਜੋਂ ਬੜਾ ਮਾਣਮੱਤਾ ਹੈ। ਉਨ੍ਹਾਂ ਦੀ ਦੇਣ ਨੂੰ ਰੂਪਮਾਨ ਕਰਦਾ ਅਭਿਨੰਦਨ ਗ੍ਰੰਥ ਵੀ ਡਾ: ਦਰਸ਼ਨ ਸਿੰਘ ਆਸ਼ਟ ਵੱਲੋਂ ਲਿਖਿਆ ਜਾ ਚੁੱਕਾ ਹੈ। ਚਰਚਾ ਹੇਠਲੀ ਪੁਸਤਕ ਜਗਤ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸੱਮਗਰ ਰੂਪ ਵਿਚ, ਸਾਹਿਤਕ ਨਜ਼ਰੀਏ ਤੋਂ ਵਿਵੇਚਨ ਹੈ ਅਤੇ ਉਹ ਵੀ ਡੂੰਘਾ ਵਿਵੇਚਨ। ਪੁਸਤਕ ਦੇ 11 ਭਾਗ ਹਨ। ਪ੍ਰਥਮ ਭਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਵੇਰਵਾ ਦਰਜ ਹੈ। ਉਸ ਤੋਂ ਅਗਲਾ ਅਧਿਆਏ ਗੁਰੂ ਜੀ ਦੀ ਜੀਵਨ ਝਲਕ ਦੇ ਸਿਰਲੇਖ ਹੇਠ ਹੈ। ਅਗਲਾ ਭਾਗ 'ਗੁਰੂ ਨਾਨਕ ਦਾ ਸਮਕਾਲੀ ਵਾਤਾਵਰਨ' ਦੇ ਉਨਵਾਨ ਹੇਠ ਹੈ। ਇਸ ਵਿਚ ਉਸ ਸਮੇਂ ਦੀ ਰਾਜਸੀ ਸਥਿਤੀ ਤੇ ਸਮਾਜਿਕ-ਧਾਰਮਿਕ ਹਾਲਤ ਦਾ ਵਿਸਥਾਰਪੂਰਬਕ ਵਿਵਰਣ ਹੈ। ਆਸਾ ਦੀ ਵਾਰ ਦਾ ਮੁਤਾਅਲਾ, ਅਧਿਆਤਮ ਪੱਖ ਦੇ ਨਾਲ-ਨਾਲ ਹਰੇਕ ਜ਼ਾਵੀਏ ਤੋਂ ਕੀਤਾ ਗਿਆ ਹੈ। ਧਰਮ, ਹਉਮੈ, ਜੀਵ, ਸ੍ਰਿਸ਼ਟੀ ਦੇ ਨਾਲ-ਨਾਲ ਇਸ ਮਹਾਨ ਰਚਨਾ ਦਾ ਸਦਾਚਾਰਕ, ਧਾਰਮਿਕ ਪੱਖ, ਕਲਾਤਮਿਕ ਪੱਖ ਤੋਂ ਵੀ ਅਧਿਐਨ ਕੀਤਾ ਗਿਆ ਹੈ। ਵਿਦਵਾਨ ਲੇਖਕ ਨੇ ਹਰ ਗੱਲ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਢੁਕਵੇਂ ਪ੍ਰਮਾਣ, ਉੱਘੇ ਇਤਿਹਾਸਕਾਰਾਂ ਦੀਆਂ ਟਿੱਪਣੀਆਂ ਤੇ ਹਵਾਲੇ ਦੇ ਕੇ ਉਜਾਗਰ ਕੀਤਾ ਹੈ। ਰਾਮਕਲੀ ਦੱਖਣੀ ਓਅੰਕਾਰ ਵਿਚ ਪਰਮਾਤਮਾ, ਗੁਰੂ, ਜੀਵ ਆਤਮਾ, ਨਾਮ ਸਿਮਰਨ, ਗੁਰਮੁਖ, ਸਦਾਚਾਰ, ਵਿਸ਼ੇ ਬਾਖੂਬੀ ਛੋਹੇ ਗਏ ਹਨ। 'ਅਲਾਹਣੀਆ-ਇਕ ਅਧਿਐਨ' ਭਾਗ ਅੰਗਰੇਜ਼ੀ ਦੀਆਂ ਪ੍ਰਸਿੱਧ ਦਾਰਸ਼ਨਿਕ ਸਤਰਾਂ ਨਾਲ ਅਰੰਭ ਹੁੰਦਾ ਹੈ। ਪੁਸਤਕ ਦਾ ਅੰਤਲਾ ਅਧਿਆਇ ਹੈ-'ਪੱਟੀ ਰਾਗ ਆਸਾ'। ਇਸ ਵਿਚ ਸੰਸਾਰ ਦੀ ਅਸਥਿਰਤਾ, ਨਾਮ ਅਭਿਆਸ, ਕਰਮਾਂ ਦਾ ਫਲ ਆਦਿ ਨੁਕਤੇ ਸਪੱਸ਼ਟ ਕੀਤੇ ਗਏ ਨੇ। ਸਿੱਖ ਧਰਮ ਚਿੰਤਨ ਅਤੇ ਗੁਰਬਾਣੀ ਬਾਰੇ ਅਨੇਕਾਂ ਪੁਸਤਕਾਂ ਦੀ ਰਚਨਾ ਹੋ ਚੁੱਕੀ ਹੈ ਪਰ ਡਾ: ਰਾਹੀ ਵੱਲੋਂ ਰਚਿਤ ਇਸ ਖੋਜ ਭਰਪੂਰ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਪਾਠਕ ਮਹਿਸੂਸ ਕਰਨਗੇ ਕਿ ਇਸ ਵਿਚ ਕੁਝ ਨਾ ਕੁਝ ਨਿਵੇਕਲਾ, ਪੁਖ਼ਤਾ ਅਤੇ ਉਤਮ ਜ਼ਰੂਰ ਹੈ। ਪਰਮਾਰਥ ਦੇ ਹਰ ਮੁਤਲਾਸ਼ੀ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।

-ਤੀਰਥ ਸਿੰਘ ਢਿੱਲੋਂ,
ਮੋਬਾ: 98154-61710

ਰਾਗੀ ਜਥਾ ਭਾਈ ਮਨਦੀਪ ਸਿੰਘ ਜੀਂਦੋਵਾਲ ਵਾਲੇ

ਉੱਘੇ ਕੀਰਤਨੀਏ ਭਾਈ ਮਨਦੀਪ ਸਿੰਘ ਜੀਂਦੋਵਾਲ ਵਾਲਿਆਂ ਦਾ ਕੀਰਤਨੀ ਜਥਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਆਪ ਦੀ ਮਨੋਹਰ ਕੀਰਤਨ ਸ਼ੈਲੀ ਨੂੰ ਸਿੱਖ ਸੰਗਤਾਂ ਵੱਲੋਂ ਬੇਹੱਦ ਸਰਾਹਿਆ ਜਾਂਦਾ ਹੈ। ਭਾਈ ਸਾਹਿਬ ਦਾ ਜਨਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜੀਂਦੋਵਾਲ, ਨਜ਼ਦੀਕ ਬੰਗਾ ਵਿਖੇ ਪਿਤਾ ਭਾਈ ਹਰਮੇਸ਼ ਸਿੰਘ ਤੇ ਮਾਤਾ ਸ੍ਰੀਮਤੀ ਜਸਵੀਰ ਕੌਰ ਦੇ ਗ੍ਰਹਿ ਵਿਖੇ ਹੋਇਆ। ਸੰਗੀਤ-ਪ੍ਰੇਮ ਆਪ ਨੂੰ ਵਿਰਾਸਤ ਵਿਚ ਮਿਲਿਆ। ਕਿਉਂਕਿ ਆਪ ਦੇ ਦਾਦਾ ਜੀ ਸਵ: ਭਾਈ ਪ੍ਰਕਾਸ਼ ਸਿੰਘ ਆਪਣੇ ਸਮੇਂ 'ਚ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰਦੁਆਰਾ ਚਰਨ ਕੰਵਲ ਜੀਂਦੋਵਾਲ-ਬੰਗਾ ਦੇ ਹਜ਼ੂਰੀ ਰਾਗੀ ਸਨ। ਆਪ ਦੇ ਪਿਤਾ ਜੀ ਭਾਈ ਹਰਮੇਸ਼ ਸਿੰਘ ਜਥੇ ਵਿਚ ਤਬਲਾਵਾਦਕ ਵਜੋਂ ਸੇਵਾ ਨਿਭਾਉਂਦੇ ਹਨ, ਜੋ ਕਿ ਤਬਲਾਵਾਦਨ ਵਿੱਦਿਆ ਦੇ ਮਾਹਰ ਹਨ। ਉਨ੍ਹਾਂ ਨੇ ਸੰਨ 1972 ਤੋਂ ਲੈ ਕੇ 1974 ਤੱਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਉਸਤਾਦ ਤਿਰਲੋਕ ਸਿੰਘ ਸ਼ਿਮਲਾ ਵਾਲਿਆਂ ਤੋਂ ਤਬਲਾਵਾਦਨ ਦੀ ਵਿੱਦਿਆ ਹਾਸਲ ਕੀਤੀ। ਉਨ੍ਹਾਂ 1974 ਤੋਂ ਲੈ ਕੇ 1978 ਤੱਕ ਗੁ: ਸ੍ਰੀ ਪਾਉਂਟਾ ਸਾਹਿਬ (ਹਿ: ਪ੍ਰ:) ਵਿਖੇ ਕੀਰਤਨ ਦੀ ਸੇਵਾ ਨਿਭਾਈ।
ਉਨ੍ਹਾਂ ਨੇ ਪੂਰਬੀ ਅਫਰੀਕਾ ਦੇ ਸ਼ਹਿਰ ਨੈਰੋਬੀ ਦੇ ਗੁਰਦੁਆਰਾ ਸਾਹਿਬ 'ਚ ਪੰਜ ਸਾਲ ਕੀਰਤਨੀ ਜਥੇ ਨਾਲ ਤਬਲੇ ਦੀ ਸੰਗਤ ਕੀਤੀ। ਉਹ ਇੰਗਲੈਂਡ, ਕੈਨੇਡਾ, ਦੁਬਈ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ, ਫਿਲਪਾਈਨ (ਮਨੀਲਾ) ਦੀਆਂ ਸੰਗਤਾਂ ਨੂੰ ਆਪਣੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰ ਚੁੱਕੇ ਹਨ। ਭਾਈ ਹਰਮੇਸ਼ ਸਿੰਘ ਅਤੇ ਭਾਈ ਮਨਦੀਪ ਸਿੰਘ 1984 ਤੋਂ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਦੇ ਮਾਧਿਅਮ ਤੋਂ ਆਪਣੇ ਪਿੰਡ ਜੀਂਦੋਵਾਲ 'ਚ ਗੁਰੂ ਨਾਨਕ ਸੰਗੀਤ ਵਿਦਿਆਲਾ ਚਲਾ ਰਹੇ ਹਨ। ਇਸ ਸੰਗੀਤ ਵਿਦਿਆਲੇ ਤੋਂ ਹੁਣ ਤੱਕ ਸੈਂਕੜੇ ਸਿਖਿਆਰਥੀ ਸੰਗੀਤ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਦੋਵੇਂ ਪਿਤਾ ਅਤੇ ਪੁੱਤਰ ਵੱਖ-ਵੱਖ ਪਿੰਡਾਂ ਵਿਚ ਜਾ ਕੇ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਲਗਾਤਾਰ ਸਿਖਲਾਈ ਦੇਣ ਦੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਗਾਇਨ ਅਤੇ ਸਾਜ਼-ਵਾਦਨ ਦੀ ਕਲਾ ਹਿਤ ਜੋ ਡਿਪਲੋਮਾ ਪਾਸ ਕੀਤਾ ਹੋਇਆ ਹੈ, ਉਸ ਤਜਰਬੇ ਨੂੰ ਉਹ ਦੋਵੇਂ ਭਰਪੂਰ ਮਾਤਰਾ ਵਿਚ ਨਵੀਂ ਪੀੜ੍ਹੀ ਨੂੰ ਪਹੁੰਚਾ ਰਹੇ ਹਨ। ਇਸ ਜਥੇ ਦਾ ਤੀਜਾ ਸਾਥੀ ਭਾਈ ਇਕਬਾਲ ਸਿੰਘ ਡਘਾਮ ਵਾਲੇ ਹਨ, ਜੋ ਕਿ ਹਰਮੋਨੀਅਮ 'ਤੇ ਭਾਈ ਸਾਹਿਬ ਦਾ ਬਾਖੂਬੀ ਸਾਥ ਨਿਭਾਉਂਦੇ ਹਨ। ਆਪ ਵੀ ਭਾਈ ਹਰਮੇਸ਼ ਸਿੰਘ ਦੇ ਹੀ ਸ਼ਾਗਿਰਦ ਹਨ। ਆਪ ਦਾ ਜਥਾ ਹੁਣ ਤੱਕ 'ਤੂੰ ਦਾਤਾ ਦਾਤਾਰ' ਸਮੇਤ ਸ਼ਬਦਾਂ ਦੀਆਂ ਕਈ ਟੇਪਾਂ ਨਾਲ ਸੰਗਤਾਂ ਦਾ ਪਿਆਰ ਖੱਟ ਚੁੱਕਾ ਹੈ। ਭਵਿੱਖ ਵਿਚ ਵੀ ਇਸ ਕੀਰਤਨੀ ਜਥੇ ਤੋਂ ਸੰਗਤਾਂ ਨੂੰ ਨਵੀਆਂ ਪ੍ਰਾਪਤੀਆਂ ਦੀਆਂ ਭਰਪੂਰ ਆਸਾਂ ਹਨ।

-ਸੁਰਿੰਦਰ ਸਿੰਘ ਕਰਮ,
ਪਿੰਡ ਤੇ ਡਾਕ: ਲਧਾਣਾ ਉੱਚਾ, ਜ਼ਿਲ੍ਹਾ ਸ਼: ਭ: ਸ: ਨਗਰ-144510


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX