ਤਾਜਾ ਖ਼ਬਰਾਂ


ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ
. . .  17 minutes ago
ਨਵੀਂ ਦਿੱਲੀ, 23 ਮਾਰਚ - ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ...
3 ਪਿਸਤੌਲਾਂ, ਡਰੱਗ ਮਨੀ ਤੇ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫ਼ਤਾਰ
. . .  13 minutes ago
ਜਲੰਧਰ, 23 ਮਾਰਚ - ਜਲੰਧਰ ਪੁਲਿਸ ਨੇ ਦੋ ਵੱਖ ਵੱਖ ਥਾਵਾਂ ਤੋਂ 3 ਪਿਸਤੌਲਾਂ, 13 ਜਿੰਦਾ ਕਾਰਤੂਸਾਂ, ਇੱਕ ਕਾਰ, 1 ਲੱਖ 5 ਹਜ਼ਾਰ ਦੀ ਡਰੱਗ ਮਨੀ ਅਤੇ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ...
ਕਰਮਬੀਰ ਸਿੰਘ ਹੋਣਗੇ ਦੇਸ਼ ਦੇ ਅਗਲੇ ਜਲ ਸੈਨਾ ਮੁਖੀ
. . .  32 minutes ago
ਨਵੀਂ ਦਿੱਲੀ, 23 ਮਾਰਚ- ਭਾਰਤੀ ਜਲ ਸੈਨਾ ਲਈ ਸਰਕਾਰ ਨੇ ਅਗਲੇ ਮੁਖੀ ਦੇ ਨਾਂ ਐਲਾਨ ਕਰ ਦਿੱਤਾ ਹੈ। ਵਾਇਸ ਐਡਮਿਰਲ ਕਰਮਬੀਰ ਸਿੰਘ ਦੇਸ਼ ਦੇ ਅਗਲੇ ਜਲ ਸੈਨਾ ਮੁਖੀ ਹੋਣਗੇ। ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ 31 ਮਈ, 2019 ਨੂੰ ਸੇਵਾ...
ਸ੍ਰੀ ਦਰਬਾਰ ਵਿਖੇ ਸ਼ੁਰੂ ਹੋਈ ਸੋਨੇ ਦੀ ਧੁਆਈ ਦੀ ਕਾਰ ਸੇਵਾ
. . .  41 minutes ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੇ ਮੁਖੀ ਭਾਈ ਮਹਿੰਦਰ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਸੇਵਾ ਦੀ ਆਰੰਭਤਾ ਮੌਕੇ...
ਅਫ਼ਗ਼ਾਨਿਸਤਾਨ 'ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ
. . .  about 1 hour ago
ਕਾਬੁਲ, 23 ਮਾਰਚ- ਅਫ਼ਗ਼ਾਨਿਸਤਾਨ ਦੇ ਦੱਖਣੀ ਸੂਬੇ ਹੇਲਮੰਡ 'ਚ ਅੱਜ ਹੋਏ ਦੋ ਜ਼ਬਰਦਸਤ ਧਮਾਕਿਆਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਦੇ ਲਸ਼ਕਰ ਗਾਹ ਸ਼ਹਿਰ ਦੇ ਇੱਕ ਸਟੇਡੀਅਮ 'ਚ...
ਬਿਹਾਰ 'ਚ ਐੱਨ. ਡੀ. ਏ. ਵਲੋਂ ਉਮੀਦਵਾਰਾਂ ਦਾ ਐਲਾਨ, ਪਟਨਾ ਸਾਹਿਬ ਤੋਂ ਕੱਟਿਆ ਗਿਆ ਸ਼ਤਰੂਘਨ ਸਿਨਹਾ ਦਾ ਪੱਤਾ
. . .  about 1 hour ago
ਪਟਨਾ, 23 ਮਾਰਚ- ਬਿਹਾਰ 'ਚ ਐੱਨ. ਡੀ. ਏ. ਨੇ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬੇ 'ਚ ਭਾਜਪਾ ਇੰਚਾਰਜ ਭੁਪਿੰਦਰ ਯਾਦਵ ਨੇ ਭਾਜਪਾ, ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਅਤੇ ਲੋਕ ਜਨਸ਼ਕਤੀ ਪਾਰਟੀ (ਐੱਲ. ਜੇ. ਪੀ.) ਦੇ 39...
ਪੰਜਾਬ 'ਚ ਥਾਂ-ਥਾਂ ਮਨਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 2 hours ago
ਸੰਗਰੂਰ, 23 ਮਾਰਚ (ਧੀਰਜ ਪਸ਼ੋਰੀਆ)- ਪੰਜਾਬ 'ਚ ਅੱਜ ਥਾਂ-ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਲੋਕਾਂ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀਆਂ...
ਪਠਾਨਕੋਟ 'ਚ ਪੁਲਿਸ ਨੇ ਹਿਰਾਸਤ 'ਚ ਲਏ ਪੰਜ ਕਸ਼ਮੀਰੀ
. . .  about 2 hours ago
ਪਠਾਨਕੋਟ, 23 ਮਾਰਚ (ਚੌਹਾਨ)- ਪਠਾਨਕੋਟ ਦੇ ਮਮੂੰਨ 'ਚ ਪੁਲਿਸ ਨੇ ਅੱਜ ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਪੰਜੇ ਸ਼ੱਕੀ ਜੰਮੂ-ਕਸ਼ਮੀਰ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਹ ਪੰਜੇ ਸ਼ੱਕੀ...
ਦੁਬਈ ਤੋਂ ਪਰਤੇ ਨੌਜਵਾਨ ਦਾ ਕਤਲ, ਘਰ ਦੇ ਕੋਲੋਂ ਮਿਲੀ ਲਾਸ਼
. . .  about 2 hours ago
ਮੋਗਾ, 23 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਸਥਾਨਕ ਸ਼ਹਿਰ ਦੇ ਮੁਹੱਲਾ ਸੰਧੂਆਂ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਸਵੇਰੇ ਘਰਾਂ ਕੋਲ ਲੱਗੀਆਂ ਰੂੜ੍ਹੀਆਂ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਦੇਖੀ। ਮ੍ਰਿਤਕ ਦੀ ਪਹਿਚਾਣ 33 ਸਾਲਾ...
ਜੰਮੂ-ਕਸ਼ਮੀਰ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
. . .  about 2 hours ago
ਸ੍ਰੀਨਗਰ, 23 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਸੰਬੰਧੀ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਜ਼ਿਲ੍ਹੇ ਦੇ ਗਨਡੋਹ ਇਲਾਕੇ ਦੇ ਥਾਥਰੀ ਰੋਡ 'ਤੇ ਜਾ ਰਿਹਾ ਇੱਕ ਟਰੱਕ ਪਹਾੜੀ ਤੋਂ ਚਟਾਨਾਂ ਡਿੱਗਣ...
ਹੋਰ ਖ਼ਬਰਾਂ..

ਖੇਡ ਜਗਤ

ਕਬੱਡੀ ਵਿਸ਼ਵ ਕੱਪਾਂ 'ਤੇ ਪਿਛਲਝਾਤ

ਪਹਿਲੇ ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਨੂੰ 58-24 ਅੰਕਾਂ ਨਾਲ ਹਰਾਇਆ ਸੀ। ਦੂਜੇ ਕੱਪ ਦੇ ਫਾਈਨਲ 'ਚ ਕੈਨੇਡੀਅਨ ਟੀਮ ਨੂੰ 59-25 ਅੰਕਾਂ ਨਾਲ ਹਰਾਇਆ ਤੇ ਤੀਜੇ ਕੱਪ ਵਿਚ ਪਾਕਿਸਤਾਨ ਦੀ ਟੀਮ ਨੂੰ ਫਿਰ 59-22 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ। ਦੇਸ਼-ਵਿਦੇਸ਼, ਖ਼ਾਸ ਕਰ ਪਾਕਿਸਤਾਨ ਦੇ ਦਰਸ਼ਕ ਵੱਡੀ ਗਿਣਤੀ ਵਿਚ ਟੀ. ਵੀ. ਨਾਲ ਰਹੇ ਕਿ ਵੇਖੀਏ ਪਾਕਿਸਤਾਨ ਭਾਰਤ ਨੂੰ ਹਰਾਉਂਦਾ ਜਾਂ ਨਹੀਂ? ਹੁਣ ਚੌਥਾ ਕੱਪ ਸ਼ੁਰੂ ਹੋ ਗਿਆ ਹੈ, ਵੇਖਦੇ ਹਾਂ ਕੌਣ ਜਿੱਤਦੈ?
2010 ਵਿਚ ਪਹਿਲੇ ਕਬੱਡੀ ਵਿਸ਼ਵ ਕੱਪ 'ਚ 9 ਟੀਮਾਂ ਨੇ 20 ਮੈਚ ਖੇਡੇ ਪਰ ਕਾਂਟੇਦਾਰ ਮੈਚ ਕੇਵਲ 2 ਹੀ ਹੋਏ। ਅੰਮ੍ਰਿਤਸਰ 'ਚ ਖੇਡਿਆ ਇਟਲੀ ਤੇ ਅਮਰੀਕਾ ਦਾ ਮੈਚ ਸਭ ਤੋਂ ਫਸਵਾਂ ਰਿਹਾ, ਜੋ ਇਟਲੀ ਨੇ 45-43 ਅੰਕਾਂ ਨਾਲ ਜਿੱਤਿਆ। ਇਕ ਮੈਚ ਵਿਚ ਇਟਲੀ ਨੇ ਆਸਟ੍ਰੇਲੀਆ ਨੂੰ 47-43 ਅੰਕਾਂ ਨਾਲ ਹਰਾਇਆ। 2011 ਦੇ ਦੂਜੇ ਕੱਪ ਵਿਚ 14 ਮੁਲਕਾਂ ਦੀਆਂ ਟੀਮਾਂ ਨੇ 44 ਮੈਚ ਖੇਡੇ ਪਰ ਗਹਿਗੱਡਵਾਂ ਮੈਚ ਪਾਕਿਸਤਾਨ ਬਨਾਮ ਅਮਰੀਕਾ ਦਾ ਹੀ ਹੋਇਆ, ਜੋ ਅਮਰੀਕਾ ਦੀ ਟੀਮ ਨੇ 43-41 ਅੰਕਾਂ ਨਾਲ ਜਿੱਤਿਆ। ਬਰਾਬਰ ਦਾ ਇਕ ਹੋਰ ਮੈਚ ਪਾਕਿਸਤਾਨ ਬਨਾਮ ਕੈਨੇਡਾ ਵਿਚਕਾਰ ਹੋਇਆ ਜੋ ਕੈਨੇਡਾ ਨੇ ਜਿੱਤਿਆ। 2012 ਦੇ ਤੀਜੇ ਕੱਪ 'ਚ ਮਰਦਾਂ ਦੀਆਂ ਟੀਮਾਂ ਭਾਵੇਂ 15 ਸਨ ਪਰ ਮੈਚ 25 ਹੀ ਖੇਡੇ ਗਏ। ਉਨ੍ਹਾਂ ਵਿਚੋਂ ਅਮਰੀਕਾ ਤੇ ਈਰਾਨ ਦਾ ਮੈਚ ਕਾਂਟੇਦਾਰ ਹੋਇਆ ਜੋ ਈਰਾਨ ਦੀ ਟੀਮ ਨੇ 45-41 ਅੰਕਾਂ ਨਾਲ ਜਿੱਤਿਆ। ਈਰਾਨ ਬਨਾਮ ਕੈਨੇਡਾ ਦਾ ਮੈਚ ਖਹਿਵਾਂ ਹੋਣ ਦੀ ਆਸ ਸੀ ਪਰ ਉਹ ਮੀਂਹ 'ਚ ਭਿੱਜ ਗਿਆ, ਜੋ ਕੈਨੇਡਾ ਨੇ 51-35 ਅੰਕਾਂ ਨਾਲ ਜਿੱਤਿਆ। ਭਾਰਤੀ ਟੀਮ ਇੰਗਲੈਂਡ ਦੀ ਟੀਮ ਨੂੰ 57-28, ਅਫ਼ਗ਼ਾਨਿਸਤਾਨ ਨੂੰ 73-24, ਡੈਨਮਾਰਕ ਨੂੰ 73-28 ਤੇ ਈਰਾਨ ਨੂੰ 72-23 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪੁੱਜੀ ਸੀ ਜੋ ਉਸ ਨੇ 59-22 ਅੰਕਾਂ ਨਾਲ ਜਿੱਤਿਆ। ਲੜਕੀਆਂ ਦੀਆਂ 7 ਟੀਮਾਂ ਦੇ 13 ਮੈਚ ਸਨ ਪਰ ਕਾਂਟੇਦਾਰ ਮੈਚ ਇਕ-ਅੱਧਾ ਹੀ ਹੋ ਸਕਿਆ। ਭਾਰਤ ਤੇ ਭਾਰਤੀ ਕੁੜੀਆਂ ਨਾਲ ਲੈਸ ਮਲੇਸ਼ੀਆ ਦੀਆਂ ਟੀਮਾਂ ਏਨੀਆਂ ਤਕੜੀਆਂ ਸਨ ਕਿ ਹੋਰ ਟੀਮਾਂ ਉਨ੍ਹਾਂ ਦੇ ਪਾ-ਪਾਸਕ ਵੀ ਨਹੀਂ ਸਨ। ਸਿਰਫ਼ ਇੰਗਲੈਂਡ ਤੇ ਡੈਨਮਾਰਕ ਦੀਆਂ ਗੋਰੀਆਂ ਦਾ ਮੈਚ ਹੀ ਮੁਕਾਬਲੇ ਦਾ ਹੋ ਸਕਿਆ ਜੋ ਡੈਨਮਾਰਕ ਨੇ 36-28 ਅੰਕਾਂ ਨਾਲ ਜਿੱਤਿਆ। ਭਾਰਤ ਦੀ ਟੀਮ ਡੈਨਮਾਰਕ ਨੂੰ 60-17, ਕੈਨੇਡਾ ਨੂੰ 62-16, ਇੰਗਲੈਂਡ ਨੂੰ 56-7 ਤੇ ਮਲੇਸ਼ੀਆ ਨੂੰ 72-12 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਜਿੱਤੀ।
ਕ੍ਰਿਕਟ ਨੂੰ ਇਸ ਦੇ ਅੰਕੜਿਆਂ ਨੇ ਦਿਲਚਸਪ ਖੇਡ ਬਣਾਇਆ ਹੈ। ਕਿਸ ਖਿਡਾਰੀ ਨੇ ਕਿੰਨੇ ਵਿਕਟ ਲਏ, ਕਿੰਨੀਆਂ ਦੌੜਾਂ ਬਣਾਈਆਂ, ਕਿੰਨੇ ਚੌਕੇ ਲਾਏ, ਕਿੰਨੇ ਛਿੱਕੇ ਤੇ ਕਿੰਨੇ ਕੈਚ ਲਏ ਦੀ ਗਿਣਤੀ ਕ੍ਰਿਕਟ ਪ੍ਰੇਮੀਆਂ ਦੀ ਦਿਲਚਸਪੀ ਵਿਚ ਵਾਧਾ ਕਰਦੀ ਹੈ। ਕੋਈ ਕਿੰਨੇ ਟੈਸਟ ਮੈਚ ਖੇਡਿਆ, ਕਿੰਨੇ ਇਕ ਰੋਜ਼ਾ, ਕਿੰਨੀਆਂ ਪਾਰੀਆਂ ਤੇ ਕਿੰਨੀ ਵਾਰ ਨਾਟ ਆਊਟ ਰਿਹਾ ਆਦਿ ਦੀ ਗਿਣਤੀ ਕ੍ਰਿਕਟ ਦੀ ਖੇਡ ਦਾ ਰੌਚਿਕ ਮਸਾਲਾ ਹੈ। ਸਚਿਨ ਤੇਂਦੁਲਕਰ ਕ੍ਰਿਕਟ ਮੈਚਾਂ ਤੋਂ ਰਿਟਾਇਰ ਹੋਇਆ ਤਾਂ ਉਹਦੇ ਅੰਕੜਿਆਂ ਦਾ ਪੂਰਾ ਵੇਰਵਾ ਲੋਕਾਂ ਦੇ ਸਾਹਮਣੇ ਸੀ। ਸਾਡੇ ਪਾਸ ਨਾ ਕਬੱਡੀ ਦੀਆਂ ਰੇਡਾਂ ਦਾ ਰਿਕਾਰਡ ਹੈ, ਨਾ ਜੱਫਿਆਂ ਦਾ। ਕਬੱਡੀ ਦੇ ਖਿਡਾਰੀਆਂ ਦਾ ਅਜਿਹਾ ਰਿਕਾਰਡ ਰੱਖਿਆ ਜਾਣਾ ਕਬੱਡੀ ਦੀ ਖੇਡ ਨੂੰ ਹੋਰ ਰੌਚਿਕ ਬਣਾ ਸਕਦਾ ਹੈ।
ਹੁਣ ਕਬੱਡੀ ਦੇ ਵਿਸ਼ਵ ਕੱਪਾਂ 'ਚ ਕਬੱਡੀ ਮੈਚਾਂ ਤੇ ਖਿਡਾਰੀਆਂ ਦੇ ਅੰਕਾਂ ਦਾ ਰਿਕਾਰਡ ਰੱਖਿਆ ਜਾ ਰਿਹੈ। ਇਹ ਅੰਕੜੇ ਕੁਮੈਂਟੇਟਰਾਂ ਤੇ ਖੇਡ ਮਾਹਿਰਾਂ ਵੱਲੋਂ ਟਿੱਪਣੀਆਂ ਕਰਨ ਲਈ ਸਹਾਈ ਹੋ ਸਕਦੇ ਹਨ। ਇਨ੍ਹਾਂ ਦਾ ਜ਼ਿਕਰ ਹੁੰਦਾ ਰਹਿਣਾ ਚਾਹੀਦੈ ਤਾਂ ਕਿ ਭਵਿੱਖ ਦੇ ਖਿਡਾਰੀ ਪਹਿਲੇ ਖਿਡਾਰੀਆਂ ਦੇ ਰਿਕਾਰਡ ਮਾਤ ਪਾ ਸਕਣ। 2010 ਦੇ ਪਹਿਲੇ ਕਬੱਡੀ ਕੱਪ ਵਿਚ 9 ਟੀਮਾਂ ਨੇ 20 ਮੈਚ ਖੇਡੇ, 1729 ਰੇਡਾਂ ਪਈਆਂ ਤੇ 447 ਜੱਫੇ ਲੱਗੇ। ਇੰਜ ਇਕ ਮੈਚ ਦੇ ਹਿੱਸੇ 86-87 ਰੇਡਾਂ ਤੇ 22-23 ਜੱਫੇ ਆਏ। ਪਾਕਿਸਤਾਨ ਤੇ ਇੰਗਲੈਂਡ ਵਿਚਕਾਰ ਖੇਡੇ ਮੈਚ 'ਚ ਸਿਰਫ਼ 73 ਰੇਡਾਂ ਪਈਆਂ, ਜਦ ਕਿ ਕੈਨੇਡਾ ਬਨਾਮ ਸਪੇਨ ਦੇ ਮੈਚ ਵਿਚ 94 ਰੇਡਾਂ ਪਈਆਂ। ਦੋਹਾਂ ਮੈਚਾਂ ਵਿਚ 21 ਰੇਡਾਂ ਦਾ ਫਰਕ ਸੀ। 2011 ਦੇ ਦੂਜੇ ਕਬੱਡੀ ਕੱਪ 'ਚ ਮਰਦਾਂ ਦੀਆਂ 14 ਤੇ ਔਰਤਾਂ ਦੀਆਂ 4 ਟੀਮਾਂ ਸਨ। ਮਰਦਾਂ ਨੇ 44 ਮੈਚ ਖੇਡੇ, ਜਿਨ੍ਹਾਂ ਵਿਚ 3687 ਰੇਡਾਂ ਪਈਆਂ ਤੇ 1098 ਜੱਫੇ ਲੱਗੇ। ਰੇਡਾਂ ਦੀ ਔਸਤ 84 ਪਈ ਤੇ ਜੱਫਿਆਂ ਦੀ ਔਸਤ 25 'ਤੇ ਜਾ ਪੁੱਜੀ। ਭਾਰਤ ਤੇ ਅਫ਼ਗ਼ਾਨਿਸਤਾਨ ਵਿਚਕਾਰ ਹੋਏ ਮੈਚ ਵਿਚ ਸਿਰਫ਼ 67 ਕਬੱਡੀਆਂ ਪੈ ਸਕੀਆਂ ਪਰ ਅਰਜਨਟੀਨਾ ਬਨਾਮ ਸ੍ਰੀਲੰਕਾ ਦੇ ਮੈਚ ਵਿਚ 102 ਰੇਡਾਂ ਪੈ ਗਈਆਂ। ਮੈਚਾਂ ਦੀਆਂ ਰੇਡਾਂ ਦਾ ਫਰਕ 21 ਤੋਂ ਵਧ ਕੇ 35 ਹੋ ਗਿਆ ਜੋ ਬਹੁਤ ਜ਼ਿਆਦਾ ਸੀ। 2012 ਦੇ ਤੀਜੇ ਵਿਸ਼ਵ ਕੱਪ ਵਿਚ ਮਰਦਾਂ ਦੀਆਂ 15 ਟੀਮਾਂ ਨੇ 25 ਮੈਚ ਖੇਡੇ, 2194 ਕਬੱਡੀਆਂ ਪਈਆਂ ਜਿਨ੍ਹਾਂ ਦੀ ਔਸਤ 88 ਰੇਡਾਂ ਪਈ। ਇਨ੍ਹਾਂ ਵਿਚ 701 ਜੱਫੇ ਲੱਗੇ, ਜਿਨ੍ਹਾਂ ਦੀ ਔਸਤ 28 ਜੱਫੇ ਬਣਦੀ ਹੈ। ਤੀਜੇ ਕੱਪ ਵਿਚ ਸਭ ਤੋਂ ਘੱਟ ਰੇਡਾਂ ਪਾਕਿਸਤਾਨ ਬਨਾਮ ਸੀਅਰਾ ਲਿਓਨ ਦੇ ਮੈਚ ਵਿਚ ਤੇ ਸਭ ਤੋਂ ਵੱਧ ਭਾਰਤ ਬਨਾਮ ਡੈਨਮਾਰਕ ਦੇ ਮੈਚ ਵਿਚ ਪਈਆਂ, ਜਿਨ੍ਹਾਂ ਦੀ ਗਿਣਤੀ 67 ਤੇ 101 ਸੀ। ਕੁੜੀਆਂ ਦੇ ਕੱਪ ਵਿਚ 7 ਟੀਮਾਂ ਸ਼ਾਮਲ ਸਨ, ਜਿਨ੍ਹਾਂ ਨੇ 13 ਮੈਚਾਂ ਵਿਚ 914 ਰੇਡਾਂ ਪਾਈਆਂ ਤੇ 360 ਜੱਫੇ ਲਾਏ। ਚੌਥੇ ਕੱਪ ਵਿਚ ਵੇਖਦੇ ਹਾਂ, ਅੰਕੜੇ ਕੀ ਕਹਿੰਦੇ ਹਨ?

ਖੇਡ ਚਰਚਾ
ਪ੍ਰਿੰ: ਸਰਵਣ ਸਿੰਘ


ਖ਼ਬਰ ਸ਼ੇਅਰ ਕਰੋ

ਗੇਂਦਬਾਜ਼ੀ ਦੀ ਧਾਰ ਹੋਰ ਤਿੱਖੀ ਕਰਨ ਦੀ ਲੋੜ

ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਭਾਰਤੀ ਕ੍ਰਿਕਟ ਟੀਮ ਦੀ ਬੱਲੇਬਾਜ਼ੀ ਬਹੁਤ ਮਜ਼ਬੂਤ ਹੈ ਪਰ ਜਿਸ ਤਰ੍ਹਾਂ ਆਸਟ੍ਰੇਲੀਆਈ ਬੱਲੇਬਾਜ਼ਾਂ ਨੇ ਭਾਰਤੀ ਗੇਂਦਬਾਜ਼ਾਂ ਦੀ, ਭਾਰਤੀ ਸਰਜ਼ਮੀਂ 'ਤੇ ਧੁਲਾਈ ਕੀਤੀ ਸੀ, ਉਸ ਨਾਲ ਚਿੰਤਾ ਵਧਣਾ ਸੁਭਾਵਿਕ ਹੀ ਹੈ। ਹਾਂ, ਇਹੋ ਗੇਂਦਬਾਜ਼ੀ ਵੈਸਟ ਇੰਡੀਜ਼ ਦੀ ਟੀਮ ਅੱਗੇ ਬੜੀ ਸੰਤੁਲਤ ਤੇ ਅਨੁਸ਼ਾਸਤ ਨਜ਼ਰ ਆਈ ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਗੇਂਦਬਾਜ਼ੀ 'ਚ ਕੋਈ ਰਾਤੋ-ਰਾਤ ਸੁਧਾਰ ਹੋ ਗਿਆ। ਇਸ ਦੀ ਵਜ੍ਹਾ ਵੈਸਟ ਇੰਡੀਜ਼ ਦੀ ਕਮਜ਼ੋਰ ਬੱਲੇਬਾਜ਼ੀ ਕਹੀ ਜਾ ਸਕਦੀ ਹੈ। ਉਸ ਦੇ ਕਈ ਧੁਰੰਧਰ ਬੱਲੇਬਾਜ਼ ਨਹੀਂ ਚੱਲੇ। ਕ੍ਰਿਸ ਗੇਲ ਪਹਿਲੇ ਮੈਚ 'ਚ ਹੀ ਫੱਟੜ ਹੋ ਕੇ ਲੜੀ ਤੋਂ ਬਾਹਰ ਹੋ ਗਿਆ। ਸੈਮੂਅਲਜ਼ ਆਖਰੀ ਮੈਚ 'ਚ ਹੀ ਹੱਥ ਦਿਖਾ ਪਾਇਆ। ਕਪਤਾਨ ਬਰਾਵੋ ਵੀ ਆਸ ਮੁਤਾਬਿਕ ਨਹੀਂ ਖੇਡਿਆ। ਹਾਂ, ਦੂਜੇ ਬਰਾਵੋ ਨੇ, ਸੈਮੀ ਨੇ ਤੇ ਪੌਵਲ ਨੇ ਵਧੀਆ ਬੱਲੇਬਾਜ਼ੀ ਕੀਤੀ।
ਭਾਰਤ ਵੱਲੋਂ ਵਿਰਾਟ ਕੋਹਲੀ ਸੈਂਕੜਾ ਤਾਂ ਨਹੀਂ ਬਣਾ ਪਾਇਆ ਪਰ ਪਹਿਲੇ ਦੋ ਮੈਚਾਂ 'ਚ ਉਸ ਨੇ ਧੂੰਆਂਧਾਰ ਬੱਲੇਬਾਜ਼ੀ ਕੀਤੀ। ਸ਼ਿਖਰ ਧਵਨ ਆਖਰੀ ਮੈਚ 'ਚ ਸੈਂਕੜਾ ਮਾਰ ਗਿਆ। ਸੁਰੇਸ਼ ਰੈਣਾ ਆਪਣੀ ਵਧੀਆ ਫੀਲਡਿੰਗ ਤੇ ਡੰਗ-ਟਪਾਊ ਗੇਂਦਬਾਜ਼ ਦੀ ਭੂਮਿਕਾ ਨਿਭਾਉਣ ਕਰਕੇ ਟੀਮ 'ਚ ਲਗਾਤਾਰ ਬਣਿਆ ਹੋਇਆ ਹੈ, ਜਦਕਿ ਉਸ ਦੀ ਚੋਣ ਮੁੱਖ ਤੌਰ 'ਤੇ ਬੱਲੇਬਾਜ਼ ਦੇ ਤੌਰ 'ਤੇ ਹੋਈ ਹੈ। ਵਿਕਟ ਨੂੰ ਉਹ ਬਹੁਤ ਸਸਤੇ 'ਚ ਗੁਆ ਰਿਹਾ ਹੈ ਅਤੇ ਕਈ ਵਾਰ ਚੰਗੀ ਸ਼ੁਰੂਆਤ ਦੇ ਬਾਵਜੂਦ ਉਹ ਆਪਣੀ ਪਾਰੀ ਨੂੰ ਵੱਡੇ ਸਕੋਰ 'ਚ ਤਬਦੀਲ ਨਹੀਂ ਕਰ ਪਾਉਂਦਾ। ਯੁਵਰਾਜ ਸਿੰਘ 'ਆਊਟ ਆਫ ਫਾਰਮ' ਚੱਲ ਰਿਹਾ ਹੈ। ਤਿੰਨਾਂ ਮੈਚਾਂ ਵਿਚ ਇੰਜ ਲੱਗਾ ਜਿਵੇਂ ਉਹ ਡਰ-ਡਰ ਕੇ ਖੇਡ ਰਿਹਾ ਹੈ। ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਪ੍ਰਤਿਭਾ ਇਕੋ ਦਮ ਨਿਖਰ ਕੇ ਜਿਸ ਤਰ੍ਹਾਂ ਸਾਹਮਣੇ ਆਈ ਹੈ, ਉਸ ਹਿਸਾਬ ਨਾਲ ਹੀ ਉਸ ਨੂੰ ਵਾਹ-ਵਾਹ ਵੀ ਮਿਲ ਰਹੀ ਹੈ। ਇਹੀ ਵੇਲਾ ਹੈ ਕਿ ਆਪਣੇ-ਆਪ ਨੂੰ ਘੁਮੰਡ 'ਚ ਆਉਣ ਤੋਂ ਬਚਾਏ ਰੱਖੇ, ਕਿਉਂਕਿ ਤਾੜੀਆਂ ਮਾਰਨ ਵਾਲੇ ਪੱਥਰ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਲੜੀ ਦੇ ਆਖਰੀ ਦੋ ਮੈਚਾਂ ਵਿਚ ਛੇਤੀ ਵਿਕਟ ਗੁਆ ਦੇਣ ਨਾਲ ਕ੍ਰਿਕਟ ਪ੍ਰੇਮੀ ਬਹੁਤੇ ਖੁਸ਼ ਨਹੀਂ ਹਨ। ਕਪਤਾਨ ਧੋਨੀ ਮਹਾਨ 'ਫਿਨਿਸ਼ਰ' ਹੈ। ਉਸ ਨੇ ਮੱਧਕ੍ਰਮ 'ਚ ਭਾਰਤੀ ਬੱਲੇਬਾਜ਼ੀ ਨੂੰ ਮਜ਼ਬੂਤੀ ਪ੍ਰਦਾਨ ਕਰਕੇ ਜਿਸ ਤਰ੍ਹਾਂ ਕਈ ਮੈਚ ਹਾਰ ਦੇ ਮੂੰਹ 'ਚੋਂ ਮੋੜ ਕੇ ਲਿਆਂਦੇ ਹਨ, ਉਸ ਦੀ ਮਿਸਾਲ ਨਹੀਂ।
ਗੇਂਦਬਾਜ਼ੀ 'ਚ ਕੰਜੂਸ ਮੰਨੇ ਜਾਂਦੇ ਭੁਵਨੇਸ਼ਵਰ ਕੁਮਾਰ ਨੂੰ ਵੀ 5 ਤੋਂ ਵੱਧ ਦੀ ਔਸਤ ਨਾਲ ਸਕੋਰ ਪੈਣਾ ਅਤੇ ਵਿਕਟਾਂ ਵੀ ਸਿਰਫ ਤਿੰਨ ਮਿਲਣਾ, ਇਹ ਕੁਝ ਚਿੰਤਾ ਦਾ ਵਿਸ਼ਾ ਹੈ। ਮੁਹੰਮਦ ਸ਼ਾਮੀ ਨੇ ਟੈਸਟ ਮੈਚਾਂ 'ਚ ਜਿਹੜਾ ਜਲਵਾ ਦਿਖਾਇਆ ਸੀ, ਉਹ 'ਵਨ-ਡੇ' 'ਚ ਘੱਟ ਨਜ਼ਰ ਆਇਆ। ਇਸ ਦਾ ਕਾਰਨ ਸੀਮਿਤ ਓਵਰ ਮੈਚਾਂ 'ਚ ਦੋਵਾਂ ਬੰਨਿਆਂ ਤੋਂ ਨਵੀਂ ਗੇਂਦ ਲਗਾਉਣਾ ਵੀ ਹੈ। ਕਿਉਂਕਿ ਗੇਂਦ ਥੋੜ੍ਹੀ ਪੁਰਾਣੀ ਹੋਵੇ ਤਾਂ ਹੀ ਸ਼ਾਮੀ ਵਰਗੇ ਗੇਂਦਬਾਜ਼ ਨੂੰ 'ਰਿਵਰਸ ਸਵਿੰਗ' ਮਿਲ ਸਕਦੀ ਹੈ, ਜਿਹੜਾ ਕਿ ਉਸ ਦਾ ਮੁੱਖ ਹਥਿਆਰ ਹੈ। ਜਡੇਜਾ ਤੇ ਅਸ਼ਵਿਨ ਆਪਣੀ ਥਾਂ ਠੀਕ ਰਹੇ ਪਰ ਤੀਜੇ ਤੇਜ਼ ਗੇਂਦਬਾਜ਼ ਦੀ ਘਾਟ ਰੜਕਦੀ ਰਹੀ। ਜੈ ਦੇਵ ਉਨਾਦਕਟ ਨੂੰ ਜ਼ਹੀਰ ਖਾਨ ਦੇ ਬਦਲ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ ਪਰ ਉਸ ਨੇ ਮੌਕੇ ਦਾ ਫਾਇਦਾ ਨਹੀਂ ਉਠਾਇਆ। ਬਾਅਦ ਵਾਲੇ ਦੋ ਮੈਚਾਂ 'ਚ ਮੋਹਿਤ ਨੂੰ ਤੇਜ਼ ਗੇਂਦਬਾਜ਼ ਦੇ ਤੌਰ 'ਤੇ ਖਿਡਾਇਆ ਪਰ ਉਹ ਵੀ ਪ੍ਰਭਾਵਿਤ ਨਹੀਂ ਕਰ ਸਕਿਆ।
ਸਾਲ 2015 'ਚ ਭਾਰਤ ਨੇ ਵਿਸ਼ਵ ਕੱਪ 'ਚ ਆਪਣੇ ਖਿਤਾਬ ਦੀ ਜੇ ਰੱਖਿਆ ਕਰਨੀ ਹੈ ਤਾਂ ਹੁਣ ਤੋਂ ਹੀ ਨਵੇਂ ਗੇਂਦਬਾਜ਼ਾਂ ਦੀ ਖੋਜ ਕਰਨੀ ਪਵੇਗੀ। ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੂੰ ਮੌਕਾ ਦੇ ਕੇ ਪਰਿਪੱਕ ਕਰਨਾ ਹੋਵੇਗਾ। ਹੁਣ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾ ਰਹੀ ਭਾਰਤੀ ਟੀਮ ਦੇ ਬੱਲੇਬਾਜ਼ਾਂ ਦੀ ਅਸਲ ਪ੍ਰੀਖਿਆ ਉਥੋਂ ਦੀਆਂ ਤੇਜ਼ ਤੇ ਉਛਾਲ ਲੈਂਦੀਆਂ ਪਿੱਚਾਂ 'ਤੇ ਹੋਵੇਗੀ ਅਤੇ ਸਪਿਨ ਗੇਂਦਬਾਜ਼ਾਂ ਨੂੰ ਵੀ ਵੱਧ ਪਸੀਨਾ ਵਹਾਉਣਾ ਪਵੇਗਾ। ਤੇਜ਼ ਗੇਂਦਬਾਜ਼ ਉਨ੍ਹਾਂ ਪਿੱਚਾਂ ਤੋਂ ਕਿਹੋ ਜਿਹਾ ਲਾਭ ਲੈ ਸਕਣਗੇ, ਇਹ ਤਾਂ ਉਥੇ ਜਾ ਕੇ ਹੀ ਪਤਾ ਲੱਗੇਗਾ।

ਧਰਮਿੰਦਰ ਤਿਵਾੜੀ
-ਮੋਬਾ: 98141-32420

'ਹੁਣ ਘਰੋ-ਘਰੀ ਹੋਣੇ ਚਰਚੇ ਵਰਲਡ ਕਬੱਡੀ ਕੱਪ ਦੇ'

ਵਰਲਡ ਕੱਪ ਦਾ ਪ੍ਰਮੋਸ਼ਨਲ ਗੀਤ 'ਜੁੱਗਾਂ-ਜੁੱਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ' ਭਾਵੇਂ ਬੁਲੰਦ ਆਵਾਜ਼ ਦੇ ਮਾਲਕ ਸੁਖਵਿੰਦਰ ਸਿੰਘ ਨੇ ਗਾਇਆ ਹੈ। ਇਸ ਗੀਤ ਨੂੰ ਪੰਜਾਬੀ ਦੇ ਸਿਰਮੌਰ ਗੀਤਕਾਰ ਬਾਬੂ ਸਿੰਘ ਮਾਨ ਨੇ ਲਿਖਿਆ ਹੈ। ਇਸੇ ਤਰ੍ਹਾਂ ਚੌਥੇ ਵਰਲਡ ਕਬੱਡੀ ਕੱਪ ਦੀ ਮਹਿਮਾ ਨੂੰ ਪੇਸ਼ ਕਰਦਾ ਇਕ ਨਵਾਂ ਦੋਗਾਣਾ ਗੀਤ 'ਹੁਣ ਘਰੋ-ਘਰੀ ਹੋਣੇ ਚਰਚੇ ਵਰਲਡ ਕਬੱਡੀ ਕੱਪ ਦੇ' ਆਉਣ ਵਾਲੇ ਦਿਨਾਂ ਵਿਚ ਟੀ. ਵੀ. ਚੈਨਲਜ਼ ਤੇ ਐਫ. ਐਮ. ਰੇਡੀਓਜ਼ ਰਾਹੀਂ ਸੁਣਿਆ ਜਾਵੇਗਾ। ਚੈਨਲ ਐਮ. ਐਚ. ਵਨ ਦੇ ਟੈਲੰਟ ਹੰਟ ਸ਼ੋਅ 'ਚ ਜੋੜੀ ਨੰਬਰ ਵਨ ਦਾ ਖਿਤਾਬ ਜਿੱਤਣ ਵਾਲੀ ਸੁਰੀਲੀ ਦੋਗਾਣਾ ਜੋੜੀ ਲਖਵੀਰ ਲੱਖਾ ਤੇ ਗੁਰਿੰਦਰ ਨਾਜ਼ ਨੇ ਇਸ ਗੀਤ ਨੂੰ ਗਾਇਆ ਹੈ।
ਨਾਰਥ ਇੰਡੀਆ ਕਬੱਡੀ
ਪੰਜਾਬ ਤੋਂ ਇਲਾਵਾ ਵਿਦੇਸ਼ਾਂ ਦੇ ਕਬੱਡੀ ਸੀਜ਼ਨ ਲਈ ਕਬੱਡੀ ਕਲੱਬਾਂ ਨੂੰ ਸਟਾਰ ਖਿਡਾਰੀ ਪ੍ਰਦਾਨ ਕਰਨ ਵਾਲੀ ਤੇ ਕਬੱਡੀ ਜਗਤ ਵਿਚ ਖਿਡਾਰੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸੁਰਜਨ ਸਿੰਘ ਚੱਠਾ, ਜਸਪਾਲ ਸਿੰਘ ਬਿੱਟੂ, ਜਸਪਾਲ ਬਾਂਗਰ ਤੇ ਸੁੱਖੀ ਬਰਾੜ ਭਾਗੀਕੇ ਦੀ ਅਗਵਾਈ ਵਾਲੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਸਭ ਤੋਂ ਵੱਧ ਖਿਡਾਰੀ ਇਸ ਵਾਰ ਵੀ ਮੇਜ਼ਬਾਨ ਟੀਮ ਇੰਡੀਆ ਦਾ ਹਿੱਸਾ ਹੋਣਗੇ।
ਸਾਬਕਾ ਖਿਡਾਰੀਆਂ ਦੇ ਬੇਟੇ
ਖੇਡ ਕਬੱਡੀ ਜਗਤ ਵਿਚ ਕਬੱਡੀ ਵਾਲੇ ਗੀਤਾਂ ਦਾ ਨਾਇਕ ਰਹੇ ਤੇ ਕਬੱਡੀ ਮੈਦਾਨਾਂ ਦੇ ਜਰਵਾਣੇ ਜਾਫੀ 1997 ਕੈਨੇਡਾ ਕੱਪ ਦੇ ਬੈਸਟ ਜਾਫੀ ਗੁਰਦੀਪ ਸਿੰਘ ਦੀਪਾ ਮੁਠੱਡਾ ਦਾ ਬੇਟਾ ਦਲਜਿੰਦਰ ਔਜਲਾ ਕੈਨੇਡਾ ਕਬੱਡੀ ਟੀਮ ਦੀ ਜਾਫ ਲਾਈਨ ਵਿਚ ਸ਼ਾਮਿਲ ਹੈ। ਇਸੇ ਤਰ੍ਹਾਂ 1991 ਕੈਨੇਡਾ ਕੱਪ ਦੇ ਬੈਸਟ ਰੇਡਰ ਬਿੱਲਾ ਭਿੰਡਰ ਫਰੀਦਕੋਟੀਆ ਦਾ ਬੇਟਾ ਜਤਿੰਦਰ ਭਿੰਡਰ ਵੀ ਕੈਨੇਡਾ ਟੀਮ ਵਿਚ ਸ਼ਾਮਿਲ ਹੈ। ਇੰਗਲੈਂਡ ਕਬੱਡੀ ਜਗਤ ਦੇ ਨਾਮਵਰ ਪਰਮੋਟਰ ਤੇ ਸਾਬਕਾ ਖਿਡਾਰੀ ਸਤਿੰਦਰਪਾਲ ਸਿੰਘ ਗੋਲਡੀ (ਸਾਹਨੇਵਾਲ) ਦਾ ਹੋਣਹਾਰ ਫਰਜੰਦ ਜਸਕਰਨ ਸਿੰਘ ਇੰਗਲੈਡ ਦਾ ਜੰਮਪਲ ਤੇ ਇੰਗਲੈਡ ਦੀ ਟੀਮ ਵੱਲੋਂ ਕਬੱਡੀਆਂ ਪਾਉਂਦਾ ਨਜ਼ਰ ਆਵੇਗਾ। ਇਸੇ ਤਰ੍ਹਾਂ ਕਬੱਡੀ ਦੇ ਸਾਬਕਾ ਅੰਤਰਰਾਸ਼ਟਰੀ ਸਟਾਰ ਪ੍ਰੀਤਮ ਸਿੰਘ ਪ੍ਰੀਤਾ ਦਾ ਬੇਟਾ ਸੁਲਤਾਨ ਸ਼ੰਮਸਪੁਰ ਦੇ ਟੀਮ ਇੰਡੀਆ ਵਿਚ ਖੇਡਣ ਦੀਆਂ ਭਰਪੂਰ ਸੰਭਾਵਨਾਵਾਂ ਹਨ।
ਸਿਟੀਜ਼ਨਸ਼ਿਪ ਹੀ ਪ੍ਰਭਾਵਿਤ
ਪੰਜਾਬ ਸਰਕਾਰ ਤੇ ਇਸ ਦੇ ਖੇਡ ਵਿਭਾਗ ਵੱਲੋਂ ਕਬੱਡੀ ਨੂੰ ਰੂਲਾਂ ਤੇ ਅਸੂਲਾਂ ਵਾਲੀ ਗੇਮ ਬਣਾਉਣ ਕਰਕੇ ਚੌਥੇ ਵਿਸ਼ਵ ਕਬੱਡੀ ਕੱਪ ਵਿਚ ਸਭ ਤੋਂ ਵੱਧ ਟੀਮ ਕੈਨੇਡਾ ਪ੍ਰਭਾਵਿਤ ਹੋਈ ਹੈ। ਕੈਨੇਡਾ ਟੀਮ ਦੇ ਅਨੇਕਾਂ ਸਟਾਰ ਖਿਡਾਰੀ ਸਿਟੀਜ਼ਨਸ਼ਿਪ ਨਾ ਹੋਣ ਕਾਰਨ ਇਸ ਵਰਲਡ ਕਬੱਡੀ ਕੱਪ ਦਾ ਹਿੱਸਾ ਨਹੀਂ ਹੋਣਗੇ। ਕੈਨੇਡੀਅਨ ਪਾਸਪੋਰਟ ਨਾ ਹੋਣ ਕਰਕੇ ਜਿਥੇ ਟੀਮ ਕੈਨੇਡਾ ਦਾ ਪ੍ਰਦਰਸ਼ਨ ਪ੍ਰਭਾਵਿਤ ਹੋਵੇਗਾ, ਉਥੇ ਅਨੇਕਾਂ ਖਿਡਾਰੀ ਇਸ ਵੱਡੇ ਈਵੈਂਟ ਤੋਂ ਵਾਂਝੇ ਰਹਿਣਗੇ। ਸਰਕਾਰ ਨੂੰ ਅਜਿਹਾ ਕੁਝ ਕਰਨਾ ਚਾਹੀਦਾ ਸੀ ਕਿ ਕੁਝ ਖਿਡਾਰੀ ਸਿਟੀਜ਼ਨ ਤੇ ਕੁਝ ਜਿਨ੍ਹਾਂ ਕੋਲ ਕੈਨੇਡਾ ਦਾ ਵੀਜ਼ਾ ਹੈ, ਨੂੰ ਖਿਡਾ ਲੈਣਾ ਚਾਹੀਦਾ ਸੀ।

ਹਰਮਿੰਦਰ ਢਿੱਲੋਂ ਮੌ ਸਾਹਿਬ
-ਪਿੰਡ ਤੇ ਡਾਕ: ਮੌ ਸਾਹਿਬ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ। ਮੋਬਾ: 98157-26066

ਹਾਕੀ ਦੇ ਵਿਸਾਰੇ ਗਏ ਸਿਤਾਰੇ--- ਊਧਮ ਸਿੰਘ ਤੇ ਬਲਬੀਰ ਸਿੰਘ

ਹਾਕੀ 1928-1964
ਉਲੰਪਿਕ ਖੇਡਾਂ ਦਾ ਆਰੰਭ 1896 (ਗਰੀਕ) ਵਿਚ ਹੋਇਆ ਸੀ ਪਰ ਭਾਰਤ ਨੇ ਪਹਿਲੀ ਵਾਰ 1928 ਵਿਚ ਭਾਗ ਲਿਆ। ਇਸ ਕਰਕੇ ਮੈਂ ਇਸ ਸਮੇਂ ਨੂੰ ਚੁਣਿਆ। ਇਸ ਸਮੇਂ ਨੂੰ ਭਾਰਤ ਦੀ ਹਾਕੀ ਦਾ ਸੁਨਹਿਰੀ ਸਮਾਂ ਕਹਿਣਾ ਕੋਈ ਅਤਿਕਥਨੀ ਨਹੀਂ। ਇਸ ਤੋਂ ਪਹਿਲਾਂ ਕਿ ਮੈਂ ਅਸਲੀ ਵਿਸ਼ੇ ਨੂੰ ਛੋਹਾਂ, ਕੁਝ ਅੰਕੜੇ ਪਾਠਕਾਂ ਨਾਲ ਸਾਂਝੇ ਕਰਨੇ ਅਤਿ ਜ਼ਰੂਰੀ ਸਮਝਦਾ ਹਾਂ।
ਉਲੰਪਿਕ ਹਾਕੀ ਖੇਡ ਵਿਚ ਦੁਨੀਆ ਵਿਚ 7 ਖਿਡਾਰੀ ਐਸੇ ਹਨ, ਜਿਨ੍ਹਾਂ ਨੇ ਤਿੰਨ ਗੋਲਡ ਮੈਡਲ ਜਿੱਤੇ ਹਨ ਅਤੇ ਸਾਰੇ ਹੀ ਭਾਰਤ ਦੇ ਜੰਮਪਲ ਹਨ ਪਰ ਇਨ੍ਹਾਂ ਵਿਚੋਂ ਦੋ ਐਸੇ ਹਨ, ਜਿਨ੍ਹਾਂ ਨੇ ਤਿੰਨ ਗੋਲਡ ਅਤੇ ਇਕ ਸਿਲਵਰ ਜਿੱਤਿਆ। ਵੇਰਵਾ ਇਸ ਪ੍ਰਕਾਰ ਹੈ-
(1) ਧਿਆਨ ਚੰਦ 1928-32-36, (2) ਸ੍ਰੀ ਰਿਚਰਡ ਐਲਨ 1928-32-36, (3) ਸ: ਬਲਬੀਰ ਸਿੰਘ ਦੁਸਾਂਝ 1948-52-56, (4) ਸ: ਰਨਬੀਰ ਸਿੰਘ ਜੈਨਟਲ 1948-52-56, (5) ਸ੍ਰੀ ਫਰਾਂਸਿਸ 1948-52-56, (6) ਸ੍ਰੀ ਲੈਸਲੀ ਕੁਲੈਡੀਅਸ 1948-52-56 ਗੋਲਡ, 1960 ਸਿਲਵਰ, (7) ਸ: ਊਧਮ ਸਿੰਘ ਕੁਲਾਰ 1952-56-64 ਗੋਲਡ, 1960 ਸਿਲਵਰ
ਮਾਣ ਦੀ ਗੱਲ ਇਹ ਹੈ ਕਿ ਕੁਲੈਡੀਅਸ (6) ਅਤੇ ਊਧਮ ਸਿੰਘ ਕੁਲਾਰ (7) ਦਾ ਹਾਕੀ ਦੀ ਦੁਨੀਆ ਵਿਚ ਅੱਜ ਤੱਕ ਰਿਕਾਰਡ ਹੈ। ਹਾਕੀ ਦੇ ਇਸ ਵਿਰਸੇ ਨੂੰ ਪੰਜਾਬ ਨੇ ਅੱਜ ਤੱਕ ਸੁਭਾਇਆ ਨਹੀਂ। ਹਾਂ, ਸ੍ਰੀ ਧਿਆਨ ਚੰਦ ਨੂੰ ਹਾਕੀ ਦਾ ਮਦਾਰੀ ਕਿਹਾ ਜਾਂਦਾ ਹੈ। ਬੜੀ ਖੁਸ਼ੀ ਦੀ ਗੱਲ ਹੈ ਪਰ ਇਥੇ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਉਸ ਸਮੇਂ ਦੀ ਗੱਲ ਹੈ (1928-36) ਜਦ ਦੁਨੀਆ ਦੇ ਬਾਕੀ ਮੁਲਕਾਂ ਨੇ (ਭਾਰਤ ਨੂੰ ਛੱਡ ਕੇ) ਹਾਕੀ ਦੀ ਖੇਡ ਵਿਚ ਕੋਈ ਖਾਸ ਨਾਮਣਾ ਨਹੀਂ ਖੱਟਿਆ ਸੀ।
ਸ੍ਰੀ ਧਿਆਨ ਚੰਦ ਦੇ ਨਾਂਅ 'ਤੇ ਹਰ ਸਾਲ (ਨੈਸ਼ਨਲ ਸਟੇਡੀਅਮ ਦਿੱਲੀ, ਜਿਸ ਦਾ ਨਾਂਅ ਬਦਲ ਕੇ 'ਮੇਜਰ ਧਿਆਨ ਚੰਦ ਸਟੇਡੀਅਮ' ਰੱਖ ਦਿੱਤਾ ਹੈ) ਵਿਖੇ ਇਕ ਨੈਸ਼ਨਲ ਟੂਰਨਾਮੈਂਟ ਕਰਾਇਆ ਜਾਂਦਾ ਅਤੇ ਧਿਆਨ ਚੰਦ ਦੇ ਨਾਂਅ 'ਤੇ ਇਕ ਐਵਾਰਡ ਵੀ ਦਿੱਤਾ ਜਾਂਦਾ ਹੈ। ਕੋਈ ਬੁਰੀ ਗੱਲ ਨਹੀਂ।
ਹੁਣ ਦੇਖੋ ਪੰਜਾਬ ਦਾ ਹਾਲ
ਊਧਮ ਸਿੰਘ ਕੁਲਾਰ 3 ਗੋਲਡ ਤੇ 1 ਸਿਲਵਰ ਦਾ ਰਿਕਾਰਡ ਬਾਕੀ ਪੰਜਾਂ ਤੋਂ ਉੱਪਰ ਉਠ ਕੇ ਸੂਰਜ ਵਾਂਗ ਚਮਕਦਾ ਹੈ। ਪੰਜਾਬ ਦੀ ਹਾਕੀ ਨੂੰ ਜ਼ਰਾ ਹੋਰ ਪੜਚੋਲੀਏ ਤੇ ਸ: ਬਲਬੀਰ ਸਿੰਘ ਦੁਸਾਂਝ ਦੀ ਹਾਕੀ ਨੇ ਅਨਐਰਿੰਗ ਭਾਵ ਕਿ ਗ਼ਲਤੀ ਨਾ ਕਰਨ ਵਾਲੀ ਹਾਕੀ ਗਰਦਾਨਿਆ ਗਿਆ ਹੈ, ਹਾਂ 1952 ਹੈਲਸਿੰਕੀ ਵਿਚ ਭਾਰਤ ਨੇ ਕੁੱਲ 13 ਗੋਲ ਕੀਤੇ ਤੇ ਜਿਨ੍ਹਾਂ ਵਿਚੋਂ 9 'ਕੱਲੇ ਸ: ਬਲਬੀਰ ਸਿੰਘ ਨੇ ਕੀਤੇ ਸਨ।
ਦੁਆਬੇ ਦੀ ਧਰਤੀ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਊਧਮ ਸਿੰਘ ਅਤੇ ਸ: ਬਲਬੀਰ ਸਿੰਘ ਦੋਵੇਂ ਜ਼ਿਲ੍ਹਾ ਜਲੰਧਰ ਦੇ ਜੰਮਪਲ ਹਨ। ਇਥੇ ਇਹ ਲਿਖਣਾ ਵੀ ਅਤਿ ਜ਼ਰੂਰੀ ਹੈ ਕਿ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਉਸ ਸਮੇਂ ਹਾਕੀ ਵਿਚ ਆਪਣੀ ਧਾਕ ਜਮਾਈ ਜਦੋਂ ਦੁਨੀਆ ਦੇ ਬਾਕੀ ਦੇਸ਼ ਵੀ ਇਸ ਖੇਡ ਵਿਚ ਕਾਫੀ ਨਾਮਣਾ ਖੱਟ ਚੁੱਕੇ ਸਨ।
ਪੰਜਾਬ ਸਰਕਾਰ (ਅਕਾਲੀ) ਨੇ ਸੰਸਾਰਪੁਰ ਵਿਚ ਇਕ 'ਐਸਟਰੋਟਰਫ' ਵਾਲੀ ਗਰਾਊਂਡ ਬਣਾਈ ਹੈ ਅਤੇ 'ਅਕਾਲੀ ਸਰਕਾਰ ਵਧਾਈ ਦੀ ਪਾਤਰ ਹੈ।' ਹੈਰਾਨੀ ਦੀ ਗੱਲ ਇਹ ਹੈ ਕਿ ਊਧਮ ਤੇ ਬਲਬੀਰ ਦਾ ਕੋਈ ਨਾਂਅ ਵੀ ਨਹੀਂ ਲੈਂਦਾ, ਛੱਡੋ ਟੂਰਨਾਮੈਂਟ ਦੀ ਗੱਲ।
ਬ੍ਰਿਟਿਸ਼ ਸਿੱਖ ਕੌਂਸਲ ਵਿਚ ਸਪੋਰਟਸ ਸੈਕਟਰੀ ਦੀ ਸੇਵਾ ਵਿਚ ਹੁੰਦੇ ਹੋਏ ਆਪਣਾ ਫਰਜ਼ ਸਮਝਦਾ ਹਾਂ ਕਿ ਊਧਮ ਸਿੰਘ ਤੇ ਬਲਬੀਰ ਸਿੰਘ ਦੇ ਨਾਂਅ 'ਤੇ ਇਕ ਐਸਟਰੋ ਸਟੇਡੀਅਮ ਬਣਾਇਆ ਜਾਵੇ, ਜਿਸ ਦਾ ਨਾਂਅ ਵੀ ਊਧਮ/ਬਲਬੀਰ ਸਟੇਡੀਅਮ ਰੱਖਿਆ ਜਾਵੇ।
ਢੁਕਦੀ ਜਗ੍ਹਾ ਮੇਰੇ ਖਿਆਲ ਵਿਚ, ਜਿਸ ਨਾਲ ਮੇਰੇ ਕਾਫੀ ਦੋਸਤ ਸਹਿਮਤ ਹਨ, 'ਲਾਇਲਪੁਰ ਖਾਲਸਾ ਕਾਲਜ ਜਲੰਧਰ' ਹੀ ਹੈ। ਆਉਣ ਵਾਲੀਆਂ ਪੀੜ੍ਹੀਆਂ ਦੇ ਵਿਦਿਆਰਥੀ ਇਸ ਦਾ ਲਾਭ ਉਠਾਉਣਗੇ।

ਦਲਬੀਰ ਸਿੰਘ ਦਿਓਲ
-ਪਿੰਡ ਹਰੀਪੁਰ, ਨੇੜੇ ਆਦਮਪੁਰ, ਜ਼ਿਲ੍ਹਾ ਜਲੰਧਰ।
ਸਪੋਰਟਸ ਸੈਕਟਰੀ, ਬ੍ਰਿਟਿਸ਼ ਸਿੱਖ ਕੌਂਸਲ, ਲੰਦਨ

ਹੈਂਡਬਾਲ ਨੇ ਦਿੱਤੀ ਕੈਰੋਂ ਨੂੰ ਨਵੀਂ ਪਹਿਚਾਣ

ਤਰਨ ਤਾਰਨ ਜ਼ਿਲ੍ਹੇ ਦੇ ਸਿਆਸੀ ਖੇਤਰ 'ਚ ਵੱਡਾ ਸਥਾਨ ਰੱਖਣ ਵਾਲੇ ਪਿੰਡ ਕੈਰੋਂ ਨੂੰ ਇਸ ਇਲਾਕੇ ਦੀਆਂ ਹੈਂਡਬਾਲ ਖਿਡਾਰਨਾਂ ਨੇ ਕੋਚ ਸਰੂਪ ਸਿੰਘ ਟੋਟੀਆਂ ਦੀ ਅਗਵਾਈ 'ਚ ਨਵੀਂ ਪਹਿਚਾਣ ਦਿੱਤੀ ਹੈ। ਵੱਖ-ਵੱਖ ਖੇਡਾਂ ਦੇ ਕਈ ਦਹਾਕੇ ਪਹਿਲਾ ਵਿੰਗ ਸਥਾਪਤ ਹੋਣ ਕਰਕੇ ਕੈਰੋਂ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਵਿਲੱਖਣ ਪਹਿਚਾਣ ਬਣਾਈ ਸੀ ਪਰ ਪਿਛਲੇ ਇਕ ਦਹਾਕੇ ਤੋਂ ਇਸ ਪਿੰਡ ਦੀਆਂ ਹੈਂਡਬਾਲ ਖਿਡਾਰਨਾਂ ਨੇ ਦੇਸ਼ ਦੀ ਪ੍ਰਤੀਨਿਧਤਾ ਕਰਕੇ ਆਪਣੇ ਪਿੰਡ ਦਾ ਨਾਂਅ ਸੁਰਖੀਆਂ 'ਚ ਰੱਖਿਆ ਹੋਇਆ ਹੈ।
ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸ: ਮਹਿਲ ਸਿੰਘ ਭੁੱਲਰ ਦੀ ਪ੍ਰੇਰਨਾ ਨਾਲ ਗੋਲਾ ਤੇ ਡਿਸਕਸ ਸੁੱਟਣ ਰਾਹੀਂ ਖੇਡਾਂ ਨਾਲ ਜੁੜੇ ਸਰੂਪ ਸਿੰਘ ਨੇ ਨਾਲੋ-ਨਾਲ ਹੈਂਡਬਾਲ ਖੇਡਣ 'ਚ ਵੀ ਮੁਹਾਰਤ ਹਾਸਲ ਕਰ ਲਈ। ਸੰਨ 2001 'ਚ ਉਸ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਰੋਂ ਵਿਖੇ ਲੜਕੀਆਂ ਲਈ ਹੈਂਡਬਾਲ ਦਾ ਸਿਖਲਾਈ ਕੇਂਦਰ ਸ਼ੁਰੂ ਕੀਤਾ ਤੇ ਜਲਦੀ ਹੀ ਇਸ ਕੇਂਦਰ ਨੇ ਸ਼ਾਨਦਾਰ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ। ਸੰਨ 2006 'ਚ ਤਰਨ ਤਾਰਨ ਦੇ ਜ਼ਿਲ੍ਹਾ ਬਣਨ ਤੋਂ ਬਾਅਦ ਸਕੂਲੀ ਖੇਡ ਮੁਕਾਬਲਿਆਂ 'ਚ ਕੈਰੋਂ ਦੀ ਟੀਮ ਨੇ ਇਸ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦਿਆਂ ਅੰਡਰ-19 ਸਾਲ ਵਰਗ 'ਚ 4 ਵਾਰ ਪੰਜਾਬ ਚੈਂਪੀਅਨ ਤੇ 3 ਵਾਰ ਉਪ-ਜੇਤੂ, ਅੰਡਰ-17 'ਚ 3 ਵਾਰ ਪੰਜਾਬ ਚੈਂਪੀਅਨ ਤੇ 4 ਵਾਰ ਉਪ-ਜੇਤੂ, ਅੰਡਰ-14 'ਚ 3 ਵਾਰ ਰਾਜ 'ਚੋਂ ਅੱਵਲ ਤੇ 3 ਵਾਰ ਦੋਇਮ ਰਹੀ ਹੈ।
ਇਸ ਦੇ ਨਾਲ ਹੀ ਕੈਰੋਂ ਦੀਆਂ ਖਿਡਾਰਨਾਂ ਕੁੱਲ ਹਿੰਦ ਅੰਤਰਵਰਸਿਟੀ ਪੱਧਰ 'ਤੇ ਪੰਜਾਬੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੀ ਪ੍ਰਤੀਨਿਧਤਾ ਕਰ ਰਹੀਆਂ ਹਨ, ਜੋ ਖੇਡਾਂ ਦੇ ਖੇਤਰ 'ਚ ਬਹੁਤ ਵੱਡੀ ਪ੍ਰਾਪਤੀ ਹੈ। ਸ: ਸਰੂਪ ਸਿੰਘ ਕੈਰੋਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਪਿੱਛੇ ਪੰਜਾਬ ਦੇ ਕੈਬਨਿਟ ਮੰਤਰੀ ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪ੍ਰਿੰ: ਅਵਤਾਰ ਸਿੰਘ ਤੇ ਕੋਚ ਬਲਜਿੰਦਰ ਸਿੰਘ ਦੀ ਹੱਲਾਸ਼ੇਰੀ ਦਾ ਬਹੁਤ ਵੱਡਾ ਹੱਥ ਹੈ। ਸਰੂਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਕੋਈ ਕਾਲਜ ਨਾ ਹੋਣ ਕਰਕੇ, ਉਨ੍ਹਾਂ ਦੀਆਂ ਬਹੁਤ ਸਾਰੀਆਂ ਖਿਡਾਰਨਾਂ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਹੈਂਡਬਾਲ ਛੱਡ ਜਾਂਦੀਆਂ ਹਨ। ਜੇਕਰ ਨੇੜੇ ਕੋਈ ਕਾਲਜ ਹੋਵੇ ਤਾਂ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਗ੍ਰਾਫ ਹੋਰ ਵੀ ਉੱਚਾ ਜਾ ਸਕਦਾ ਹੈ। ਇਕ ਕੋਚ ਵਜੋਂ ਸੇਵਾਵਾਂ ਦੇਣ ਦੇ ਨਾਲ-ਨਾਲ ਸਰੂਪ ਸਿੰਘ ਹੁਣ ਤੱਕ 12 ਵਾਰ (ਏ-ਨੈਗੇਟਿਵ ਗਰੁੱਪ) ਖੂਨ ਦਾਨ ਕਰ ਚੁੱਕਾ ਹੈ ਅਤੇ ਹਰ ਸਾਲ ਸ਼ਹੀਦ ਭਗਤ ਸਿੰਘ ਸਿੰਘ ਦੇ ਜਨਮ ਦਿਹਾੜੇ 'ਤੇ 23 ਮਾਰਚ ਨੂੰ ਖੂਨਦਾਨ ਕੈਂਪ ਲਗਾਉਂਦਾ ਹੈ। ਇਨ੍ਹਾਂ ਕੈਪਾਂ ਰਾਹੀਂ ਉਹ ਇਕ ਹਜ਼ਾਰ ਤੋਂ ਵਧੇਰੇ ਖੂਨ ਦੇ ਯੂਨਿਟ ਇਕੱਤਰ ਕਰ ਚੁੱਕਾ ਹੈ। ਇਸ ਦੇ ਨਾਲ ਹੀ ਸਰੂਪ ਸਿੰਘ ਤਰਨ ਤਾਰਨ ਜ਼ਿਲ੍ਹੇ ਦੀਆਂ 579 ਯੂਥ ਕਲੱਬਾਂ ਦੀ ਜਥੇਬੰਦੀ ਦਾ ਪ੍ਰਧਾਨ ਵੀ ਹੈ। ਇਕ ਵਧੀਆ ਮੰਚ ਸੰਚਾਲਕ ਤੇ ਕੁਮੈਂਟੇਟਰ ਦੀ ਕਲਾ ਦਾ ਮਾਲਕ ਸਰੂਪ ਸਿੰਘ ਕੈਰੋਂ ਖੇਡ ਜਗਤ 'ਚ ਹੈਂਡਬਾਲ ਰਾਹੀਂ ਵੱਡੀ ਪਹਿਚਾਣ ਦੇਣ ਲਈ ਯਤਨਸ਼ੀਲ ਹੈ।

-ਡਾ: ਸੁਖਦਰਸ਼ਨ ਸਿੰਘ ਚਹਿਲ
ਪਟਿਆਲਾ। 97795-9057
5

ਅੱਜ ਬਰਸੀ 'ਤੇ ਵਿਸ਼ੇਸ਼--- ਹਾਕੀ ਦਾ ਜਾਦੂਗਰ ਸੀ : ਧਿਆਨ ਚੰਦ

ਮੇਜਰ ਧਿਆਨ ਚੰਦ ਭਾਰਤੀ ਹਾਕੀ ਟੀਮ ਦਾ ਉਹ ਮਹਾਨ ਖਿਡਾਰੀ ਸੀ, ਜਿਸ ਤੋਂ ਵਿਰੋਧੀ ਟੀਮ ਦੇ ਖਿਡਾਰੀ ਖੌਫ ਖਾਂਦੇ ਸਨ। ਕਮਾਲ ਦੀ ਫੁਰਤੀ ਦਾ ਮਾਲਕ ਇਹ ਖਿਡਾਰੀ 'ਹਾਕੀ ਦਾ ਜਾਦੂਗਰ' ਵੀ ਅਖਵਾਉਂਦਾ ਸੀ, ਕਿਉਂਕਿ ਉਸ ਦੇ ਕੋਲ ਆਈ ਗੇਂਦ ਤਾਂ ਜਿਵੇਂ ਉਸ ਦੀ ਹਾਕੀ ਸਟਿੱਕ ਨਾਲ ਚਿਪਕ ਹੀ ਜਾਂਦੀ ਸੀ ਤੇ ਉਹ ਗੋਲ ਕਰਕੇ ਹੀ ਵਾਪਸ ਮੁੜਦਾ ਸੀ। ਬੜੀ ਦਿਲਚਸਪ ਗੱਲ ਹੈ ਕਿ ਜਰਮਨ ਖਿਡਾਰੀਆਂ ਨੇ ਤਾਂ ਇਕ ਵਾਰ ਇਹ ਸ਼ੰਕਾ ਪ੍ਰਗਟ ਕਰ ਦਿੱਤੀ ਕਿ ਉਸ ਦੀ ਸਟਿੱਕ ਅੰਦਰ ਸ਼ਾਇਦ ਕੋਈ ਚੁੰਬਕ ਲੱਗੀ ਹੋਈ ਹੈ। ਸਟਿੱਕ ਤੋੜਨ ਪਿੱਛੋਂ ਵੀ ਜਦ ਕੁਝ ਨਾ ਮਿਲਿਆ ਤਾਂ ਨਵੀਂ ਸਟਿੱਕ ਲੈ ਕੇ ਧਿਆਨ ਚੰਦ ਨੇ ਗੋਲ-ਦਰ-ਗੋਲ ਕਰਕੇ ਸਾਬਤ ਕਰ ਦਿੱਤਾ ਕਿ ਗੋਲ ਕਰਨ ਦਾ ਰਾਜ਼ ਕੋਈ ਵਿਸ਼ੇਸ਼ ਸਟਿੱਕ ਨਹੀਂ ਸੀ, ਸਗੋਂ ਅਦੁੱਤੀ ਖੇਡ ਪ੍ਰਤਿਭਾ ਸੀ, ਜਿਸ ਨਾਲ ਪਰਮਾਤਮਾ ਨੇ ਉਸ ਨੂੰ ਮਾਲਾਮਾਲ ਕਰ ਰੱਖਿਆ ਸੀ। ਇਹ ਮਹਾਨ ਖਿਡਾਰੀ ਸੱਚਮੁੱਚ ਹੀ ਭਾਰਤੀ ਹਾਕੀ ਦੀ ਸ਼ਾਨ ਸੀ।
29 ਅਗਸਤ ਸੰਨ 1905 ਨੂੰ ਇਲਾਹਾਬਾਦ ਵਿਖੇ ਜਨਮੇ ਧਿਆਨ ਚੰਦ ਨੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੀ ਖਾਤਰ ਭਾਰਤੀ ਫੌਜ ਵਿਚ ਬਤੌਰ ਸਿਪਾਹੀ ਜੁਆਇਨ ਕੀਤਾ ਸੀ। ਨੌਕਰੀ ਦੌਰਾਨ ਹੀ ਉਸ ਨੂੰ ਹਾਕੀ ਖੇਡਣ ਦੀ ਚੇਟਕ ਲੱਗ ਗਈ ਤੇ ਖਾਲੀ ਸਮੇਂ ਦੌਰਾਨ ਉਹ ਹਾਕੀ ਖੇਡਣ ਤੇ ਗੋਲ ਕਰਨ ਦੇ ਨਵੇਂ-ਨਵੇਂ ਢੰਗ ਈਜਾਦ ਕਰਨ ਲੱਗ ਪਿਆ। ਉਸ ਸਮੇਂ ਦੌਰਾਨ ਕਿਉਂਕਿ ਬ੍ਰਿਟਿਸ਼ ਰਾਜ ਚੱਲ ਰਿਹਾ ਸੀ ਤੇ ਹਾਕੀ ਖਿਡਾਰੀਆਂ ਦੀ ਸਿਖਲਾਈ ਲਈ ਕੋਈ ਵਿਸ਼ੇਸ਼ ਸਹੂਲਤਾਂ ਹਾਸਲ ਨਹੀਂ ਸਨ, ਸੋ ਧਿਆਨ ਚੰਦ ਨੇ ਆਪਣੀ ਸੂਝ ਅਤੇ ਆਪਣੇ ਦਮ 'ਤੇ ਹਾਕੀ ਸਿੱਖੀ ਅਤੇ ਭਾਰਤੀ ਹਾਕੀ ਟੀਮ ਵਿਚ ਸ਼ਾਮਿਲ ਹੋਣ ਹਿਤ ਯਤਨ ਆਰੰਭ ਕਰ ਦਿੱਤੇ।
ਸੰਨ 1926 ਵਿਚ 21 ਵਰ੍ਹਿਆਂ ਦੇ ਧਿਆਨ ਚੰਦ ਨੂੰ ਨਿਊਜ਼ੀਲੈਂਡ ਜਾਣ ਵਾਲੀ ਭਾਰਤੀ ਟੀਮ ਵਿਚ ਸ਼ਾਮਿਲ ਕਰ ਲਿਆ ਗਿਆ। ਸੰਨ 1928 ਵਿਚ ਜਦ ਐਮਸਟਰਡਮ ਵਿਖੇ ਆਯੋਜਿਤ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਆਪਣਾ ਪਹਿਲਾ ਸੋਨ ਤਗਮਾ ਹਾਸਲ ਕੀਤਾ, ਉਸ ਵੇਲੇ ਧਿਆਨ ਚੰਦ ਇਸ ਜੇਤੂ ਟੀਮ ਦਾ ਮਾਣਯੋਗ ਮੈਂਬਰ ਸੀ। ਸੰਨ 1932 ਦੀਆਂ ਉਲੰਪਿਕ ਖੇਡਾਂ ਵਿਚ ਧਿਆਨ ਚੰਦ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤ ਨੇ ਕੇਵਲ ਦੋ ਮੈਚ ਖੇਡ ਕੇ ਹੀ ਸੋਨ ਤਗਮਾ ਪ੍ਰਾਪਤ ਕਰ ਲਿਆ ਸੀ। ਇਨ੍ਹਾਂ ਵਿਚੋਂ ਇਕ ਮੈਚ ਵਿਚ ਭਾਰਤ ਨੇ ਅਮਰੀਕਾ ਨੂੰ 24-1 ਦੇ ਫਰਕ ਨਾਲ ਮਾਤ ਦਿੱਤੀ ਸੀ, ਜਿਸ ਵਿਚੋਂ 8 ਗੋਲ ਤਾਂ ਇਕੱਲੇ ਧਿਆਨ ਚੰਦ ਨੇ ਹੀ ਕੀਤੇ ਸਨ।
ਧਿਆਨ ਚੰਦ ਨੂੰ ਉਸ ਦੀ ਪ੍ਰਤਿਭਾ ਦੇ ਮਿਹਨਤ ਦੇ ਮੁਕਾਬਲੇ ਢੁਕਵੀਂ ਤਰੱਕੀ ਨਹੀਂ ਮਿਲੀ ਸੀ। ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਸਿਪਾਹੀ ਤੋਂ ਨਾਇਕ ਬਣਾ ਦਿੱਤਾ ਸੀ ਤੇ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਉਸ ਨੂੰ ਮੇਜਰ ਵਜੋਂ ਤਰੱਕੀ ਪ੍ਰਦਾਨ ਕੀਤੀ ਸੀ। ਉਂਜ ਉਸ ਦੀ ਸ਼ਾਨਦਾਰ ਖੇਡ ਦੇ ਕਦਰਦਾਨ ਜਰਮਨ ਚਾਂਸਲਰ ਹਿਟਲਰ ਨੇ ਕਿਹਾ ਸੀ, 'ਜੇਕਰ ਤੁਸੀਂ ਮੇਰੇ ਦੇਸ਼ ਦੇ ਨਾਗਰਿਕ ਹੁੰਦੇ ਤਾਂ ਮੈਂ ਤੁਹਾਨੂੰ ਕਰਨਲ ਬਣਾ ਦਿੰਦਾ।'
'ਪਦਮ ਭੂਸ਼ਨ' ਨਾਲ ਸਨਮਾਨਿਤ ਇਸ ਮਹਾਨ ਖਿਡਾਰੀ ਦਾ 3 ਦਸੰਬਰ 1979 ਨੂੰ ਦਿਹਾਂਤ ਹੋ ਗਿਆ ਸੀ।

-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ,
410, ਚੰਦਰ ਨਗਰ, ਬਟਾਲਾ। ਮੋਬਾ: 97816-46008

ਅੱਜ ਕੌਮਾਂਤਰੀ ਅੰਗਹੀਣ ਦਿਹਾੜੇ 'ਤੇ ਵਿਸ਼ੇਸ਼--- ਅਰਜਨ ਐਵਾਰਡੀ ਅੰਗਹੀਣ ਰਜਿੰਦਰ ਸਿੰਘ ਰਹੇਲੂ

ਜ਼ਿਲ੍ਹਾ ਜਲੰਧਰ ਦੇ ਸ਼ਹਿਰ ਫਿਲੌਰ ਦੇ ਨੇੜੇ ਪਿੰਡ ਮਹਿਸਮਪੁਰ ਵਿਚ 22 ਜੁਲਾਈ 1973 ਨੂੰ ਜਨਮ ਲੈਣ ਵਾਲਾ ਰਾਜਿੰਦਰ ਸਿੰਘ ਰਹੇਲੂ ਕੇਵਲ ਅੱਠ ਮਹੀਨੇ ਦੀ ਉਮਰ ਵਿਚ ਹੀ ਪੋਲੀਓ ਜਿਹੀ ਘਾਤਕ ਬਿਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਸਦਾ ਲਈ ਨਕਾਰਾ ਹੋ ਗਈਆਂ। ਪਿਤਾ ਸ੍ਰੀ ਰਤਨ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਦਿਆਲ ਕੌਰ ਭਾਵੇਂ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ, ਪਰ ਉਨ੍ਹਾਂ ਨੇ ਆਪਣੇ ਲਾਡਲੇ ਨੂੰ ਅਪੰਗਤਾ ਦਾ ਅਹਿਸਾਸ ਨਹੀਂ ਹੋਣ ਦਿੱਤਾ। ਜਿਹੜਾ ਕੰਮ ਅਪੰਗਤਾ ਕਾਰਨ ਆਉਣ-ਜਾਣ ਦੀ ਸਮੱਸਿਆ ਹੋਣ ਕਰਕੇ ਰਹੇਲੂ ਨਹੀਂ ਕਰ ਸਕਦਾ ਸੀ, ਉਹ ਕੰਮ ਮਾਪਿਆਂ ਅਤੇ ਭੈਣ-ਭਰਾਵਾਂ ਨੇ ਆਪਣੀ ਘਨੇੜੀ ਚੁੱਕ ਕੇ ਕਰਵਾਇਆ। ਦੋ ਭਰਾਵਾਂ ਅਤੇ ਦੋ ਭੈਣਾਂ ਦੇ ਸਭ ਤੋਂ ਛੋਟੇ ਭਰਾ ਰਹੇਲੂ ਨੇ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪਾਸ ਕਰਨ ਤੋਂ ਬਾਅਦ ਦਸਵੀਂ ਦੀ ਪ੍ਰੀਖਿਆ ਬੀ. ਜੇ. ਡੀ. ਸਰਕਾਰੀ ਹਾਈ ਸਕੂਲ ਤੋਂ ਪਾਸ ਕੀਤੀ। 10+2 ਦੀ ਪ੍ਰੀਖਿਆ ਪ੍ਰਾਈਵੇਟ ਤੌਰ 'ਤੇ ਪਾਸ ਕਰਨ ਉਪਰੰਤ ਰਜਿੰਦਰ ਸਿੰਘ ਰਹੇਲੂ ਨੇ ਆਪਣੇ ਮਿੱਤਰ ਸੁਰਿੰਦਰ ਰਾਣਾ ਵੱਲੋਂ ਮਿਲੇ ਉਤਸ਼ਾਹ ਨਾਲ ਪਾਵਰ ਲਿਫਟਿੰਗ ਕਰਨੀ ਸ਼ੁਰੂ ਕਰ ਦਿੱਤੀ। ਰਜਿੰਦਰ ਸਿੰਘ ਰਹੇਲੂ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ ਹੀ 70 ਕਿਲੋ ਭਾਰ ਚੁੱਕ ਲਿਆ ਸੀ ਅਤੇ 6 ਮਹੀਨਿਆਂ ਦੀ ਮਿਹਨਤ ਤੋਂ ਬਾਅਦ 115 ਕਿਲੋ ਭਾਰ ਚੁੱਕਣ ਲੱਗ ਪਿਆ ਸੀ। ਉਨ੍ਹਾਂ ਨੇ 1997 ਵਿਚ ਪੰਜਾਬ ਓਪਨ ਮੀਟ ਵਿਚ ਪਾਵਰ ਲਿਫਟਿੰਗ ਵਿਚ ਜਿੱਤ ਪ੍ਰਾਪਤ ਕਰਕੇ ਸਫਲਤਾ ਦਾ ਦੌਰ ਸ਼ੁਰੂ ਕੀਤਾ। ਫਿਰ 1998 ਵਿਚ ਛਿੰਦਵਾੜ (ਮੱਧ ਪ੍ਰਦੇਸ਼) ਵਿਖੇ ਹੋਈ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਜਿੱਤੀ। ਸਾਲ 2004 ਵਿਚ ਏਥਨਜ਼ (ਗਰੀਸ) ਵਿਚ ਹੋਈਆਂ ਸਮਰ ਪੈਰਾਲਿੰਪਕ ਦੇ 56 ਕਿਲੋਗ੍ਰਾਮ ਭਾਰ ਵਰਗ ਵਿਚ 157.5 ਕਿਲੋ ਭਾਰ ਦੀ ਪਾਵਰ ਲਿਫਟਿੰਗ ਵਿਚ ਕਾਂਸੇ ਦਾ ਤਗਮਾ ਮਿਲਿਆ। ਰਹੇਲੂ ਇਹ ਤਗਮਾ ਪ੍ਰਾਪਤ ਕਰਨ ਵਾਲੇ ਭਾਰਤ ਦੇ ਪਹਿਲੇ ਅਤੇ ਇਕਲੌਤੇ ਵਿਅਕਤੀ ਅਜੇ ਤੱਕ ਬਣੇ ਹੋਏ ਹਨ।
ਭਾਵੇਂ ਰਹੇਲੂ ਨੇ ਆਪਣੀਆਂ ਲੱਤਾਂ ਨਾਲ ਕਦੇ ਚੱਲ ਕੇ ਨਹੀਂ ਦੇਖਿਆ ਪਰ ਉਨ੍ਹਾਂ ਆਪਣੇ ਉੱਚੇ ਮਨੋਬਲ ਅਤੇ ਸਖਤ ਮਿਹਨਤ ਨਾਲ ਖੇਡਾਂ ਦੀ ਦੁਨੀਆ ਵਿਚ ਪਾਵਰ ਲਿਫਟਿੰਗ ਰਾਹੀਂ ਸਫਲਤਾ ਦੀਆਂ ਉੱਚੀਆਂ ਉਡਾਰੀਆਂ ਭਰੀਆਂ, ਜੋ ਲਾਮਿਸਾਲ ਹਨ। ਸਮਾਜ ਦੇ ਅੰਗਹੀਣ ਵਿਅਕਤੀਆਂ ਨੂੰ ਵੀ ਆਪਣੀ ਅੰਗਹੀਣਤਾ ਕਾਰਨ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਰਜਿੰਦਰ ਸਿੰਘ ਰਹੇਲੂ ਵਾਂਗ ਆਪਣੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਪਛਾਣਦੇ ਹੋਏ ਸਫਲ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਫਲਤਾ ਦੀਆਂ ਉੱਚੀਆਂ ਬੁਲੰਦੀਆਂ ਨੂੰ ਛੂੰਹਦੇ ਹੋਏ ਅਸੰਭਵ ਨੂੰ ਸੰਭਵ ਕਰ ਦਿਖਾਉਣ ਵਾਲੇ ਰਜਿੰਦਰ ਸਿੰਘ ਰਹੇਲੂ ਨੂੰ ਸਲਾਮ।

-ਜਸਵਿੰਦਰ ਸਿੰਘ ਸਹੋਤਾ,
ਪਿੰਡ ਜੀਆ ਸਹੋਤਾ ਖੁਰਦ, ਡਾਕ: ਗੜ੍ਹਦੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾ: 84371-16651


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX