ਤਾਜਾ ਖ਼ਬਰਾਂ


ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ
. . .  15 minutes ago
ਸ੍ਰੀਨਗਰ, 22 ਮਾਰਚ - ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਹਥਿਆਰ ਵੀ ਬਰਾਮਦ...
ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ
. . .  19 minutes ago
ਨਵੀਂ ਦਿੱਲੀ, 22 ਮਾਰਚ - ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਪਾਕਿਸਤਾਨ ਦੇ ਹਾਈ ਕਮਿਸ਼ਨ ਵਿਖੇ ਅੱਜ ਪਾਕਿਸਤਾਨ ਦਾ ਰਾਸ਼ਟਰੀ ਦਿਵਸ...
ਸੂਬਾ ਸਰਕਾਰ ਵੱਲੋਂ ਮਿਡ ਡੇ ਮੀਲ ਵਰਕਰਾਂ ਨੂੰ ਕੱਢਣ ਦੀ ਤਿਆਰੀ
. . .  about 1 hour ago
ਮਾਹਿਲਪੁਰ ,22 ਮਾਰਚ (ਦੀਪਕ ਅਗਨੀਹੋਤਰੀ)- ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਸਮੂਹ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿਚ ਕੰਮ ਕਰਦੀਆਂ ਮਿਡ ਡੇ ਮੀਲ ਕੁਕ ਕਮ ਹੈਲਪਰਾਂ ਨੂੰ ...
ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਨਾਲ 71 ਮੌਤਾਂ
. . .  about 1 hour ago
ਮੁੰਬਈ, 22 ਮਾਰਚ - ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਦੇ 928 ਮਾਮਲੇ ਸਾਹਮਣੇ ਹਨ, ਜਦਕਿ 71 ਲੋਕਾਂ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ 17 ਮੌਤਾਂ...
ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ
. . .  about 1 hour ago
ਨਵੀਂ ਦਿੱਲੀ, 22 ਮਾਰਚ - ਕੇਂਦਰ ਸਰਕਾਰ ਨੇ ਵੱਖਵਾਦੀ ਨੇਤਾ ਯਾਸਿਨ ਮਲਿਕ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ (ਜੇ.ਕੇ.ਐੱਲ.ਐੱਫ) 'ਤੇ ਪਾਬੰਦੀ ਲਗਾ...
2 ਮੋਟਰਸਾਈਕਲਾਂ ਦੀ ਟੱਕਰ 'ਚ ਇੱਕ ਵਿਦਿਆਰਥੀ ਦੀ ਮੌਤ, 3 ਜ਼ਖਮੀ
. . .  about 2 hours ago
ਭੁਲੱਥ, 22 ਮਾਰਚ (ਮਨਜੀਤ ਸਿੰਘ ਰਤਨ) - ਨਜ਼ਦੀਕੀ ਪਿੰਡ ਕਮਰਾਏ ਨੇੜੇ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਟੱਕਰ 'ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ...
ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ
. . .  about 2 hours ago
ਹਿਸਾਰ, 22 ਮਾਰਚ - ਹਰਿਆਣਾ ਦੇ ਹਿਸਾਰ 'ਚ ਪੈਂਦੇ ਬਾਲਸਮੰਦ ਪਿੰਡ ਵਿਖੇ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। 18 ਮਹੀਨਿਆਂ ਦਾ ਇਹ ਬੱਚਾ ਬੀਤੇ ਦਿਨ...
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  about 2 hours ago
ਸੁਲਤਾਨ ਵਿੰਡ, 22 ਮਾਰਚ (ਗੁਰਨਾਮ ਸਿੰਘ ਬੁੱਟਰ)- ਸੁਲਤਾਨ ਵਿੰਡ ਦੀ ਅੱਪਰ ਦੁਆਬ ਨਹਿਰ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਪਹਿਚਾਣ ਬਲਰਾਜ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦੇ ਅਨੁਸਾਰ, ਘਰ ਦੀ ਪ੍ਰੇਸ਼ਾਨੀ ਦੇ ਚੱਲਦਿਆਂ 32 ਸਾਲਾ ਸ਼ਾਦੀਸ਼ੁਦਾ ....
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 22 ਮਾਰਚ- ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਪਾਕਿ ਨੇ ਇਕ ਵਾਰ ਫਿਰ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ 'ਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਮੋਰਟਾਰ ਦਾਗੇ ਗਏ ਅਤੇ ਭਾਰੀ ਗੋਲੀਬਾਰੀ ਕੀਤੀ ਗਈ ਜਿਸ ਦਾ .....
ਕਾਂਗਰਸ 'ਤੇ ਮਾਣਹਾਨੀ ਦਾ ਮੁਕੱਦਮਾ ਕਰ ਸਕਦੇ ਹਨ ਬੀ.ਐੱਸ. ਯੇਦੀਯੁਰਪਾ
. . .  about 3 hours ago
ਨਵੀਂ ਦਿੱਲੀ, 22 ਮਾਰਚ- ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਬੀ.ਐੱਸ. ਯੇਦੀਯੁਰਪਾ ਨੇ ਕਿਹਾ ਕਿ ਕਾਂਗਰਸ ਮੀਡੀਆ 'ਚ ਸ਼ਮੂਲੀਅਤ ਦੇ ਲਈ ਇਸ ਤਰ੍ਹਾਂ ਦੇ ਦੋਸ਼ ਲਗਾ ਰਹੀ ਹੈ। ਯੇਦੀਯੁਰਪਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ....
ਹੋਰ ਖ਼ਬਰਾਂ..

ਬਾਲ ਸੰਸਾਰ

ਆਓ ਜਾਣੀਏ

'ਭਾਰਤ ਰਤਨ' ਪੁਰਸਕਾਰ ਬਾਰੇ

ਪਿਆਰੇ ਬੱਚਿਓ, ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ 16 ਨਵੰਬਰ 2013 ਵਾਲੇ ਦਿਨ ਭਾਰਤ ਸਰਕਾਰ ਨੇ ਪ੍ਰਸਿੱਧ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਵਿਸ਼ਵ ਪ੍ਰਸਿੱਧ ਭਾਰਤੀ ਵਿਗਿਆਨੀ ਪ੍ਰੋਫੈਸਰ ਸੀ. ਐਨ. ਆਰ. ਰਾਓ ਦੇ ਨਾਂਅ ਸਾਲ 2013 ਲਈ 'ਭਾਰਤ ਰਤਨ' ਪੁਰਸਕਾਰ ਲਈ ਐਲਾਨੇ ਹਨ | ਆਓ ਇਸ ਪੁਰਸਕਾਰ ਬਾਰੇ ਜਾਣਕਾਰੀ ਹਾਸਲ ਕਰੀਏ |
ਭਾਰਤ ਵਿਚ ਕਿਸੇ ਵਿਅਕਤੀ ਵੱਲੋਂ ਦੇਸ਼ ਅਤੇ ਜਨਹਿਤ ਲਈ ਸਲਾਹੁਣਯੋਗ ਕਾਰਗੁਜ਼ਾਰੀ ਦਿਖਾਉਣ 'ਤੇ ਵਿਸ਼ੇਸ਼ ਸਨਮਾਨ ਦਿੱਤੇ ਜਾਂਦੇ ਹਨ | ਸਨਮਾਨ ਦੇ ਤੌਰ 'ਤੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਵਿਚੋਂ 'ਭਾਰਤ ਰਤਨ' ਤੋਂ ਭਾਵ ਹੈ ਭਾਰਤ ਦਾ 'ਨਗੀਨਾ' ਜਾਂ 'ਜਵਾਹਰ' | ਇਹ ਕੌਮੀ ਪੱਧਰ 'ਤੇ ਦਿੱਤਾ ਜਾਣ ਵਾਲਾ ਨਿਰੋਲ ਅਸੈਨਿਕ ਪੁਰਸਕਾਰ ਹੈ |
2011 ਤੱਕ ਇਹ ਪੁਰਸਕਾਰ ਨਿਰਧਾਰਿਤ ਕਰਨ ਦਾ ਪੈਮਾਨਾ ਉੱਚ-ਪੱਧਰੀ ਕੌਮੀ ਸੇਵਾਵਾਂ ਸਨ, ਜਿਨ੍ਹਾਂ ਵਿਚ ਕਲਾ, ਸਾਹਿਤ, ਵਿਗਿਆਨਕ ਪ੍ਰਾਪਤੀਆਂ ਅਤੇ ਉੱਚ ਪੱਧਰ ਦੀਆਂ ਲੋਕ ਸੇਵਾਵਾਂ ਸ਼ਾਮਿਲ ਸਨ ਪਰ 2011 ਵਿਚ ਭਾਰਤ ਸਰਕਾਰ ਨੇ ਇਸ ਪੈਮਾਨੇ ਵਿਚ ਸੋਧ ਕਰਦੇ ਹੋਏ ਖੇਡ ਖੇਤਰ ਵੀ ਸ਼ਾਮਿਲ ਕਰ ਦਿੱਤਾ | ਇਕ ਸਾਲ ਵਿਚ ਵੱਧ ਤੋਂ ਵੱਧ ਤਿੰਨ ਵਿਅਕਤੀ ਇਹ ਪੁਰਸਕਾਰ ਹਾਸਲ ਕਰ ਸਕਦੇ ਹਨ | 1954 ਈ: ਵਿਚ ਸਭ ਤੋਂ ਪਹਿਲਾਂ ਜਿਨ੍ਹਾਂ ਤਿੰਨ ਮਹਾਨ ਸ਼ਖ਼ਸੀਅਤਾਂ ਨੇ ਇਹ ਪੁਰਸਕਾਰ ਹਾਸਲ ਕੀਤਾ, ਉਹ ਸਨ ਚੱਕਰਵਰਤੀ ਰਾਜ ਗੋਪਾਲਾਚਾਰੀ, ਸਰ ਸੀ. ਵੀ. ਰਮਨ ਅਤੇ ਸਰਵਪਲੀ ਰਾਧਾਕ੍ਰਿਸ਼ਨਨ | 2009 ਤੱਕ 41 ਵਿਅਕਤੀਆਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਜਾ ਚੁੱਕਾ ਹੈ | ਉਸ ਉਪਰੰਤ 4 ਸਾਲਾਂ ਦੇ ਵਕਫੇ ਬਾਅਦ 2013 ਵਿਚ ਇਹ ਪੁਰਸਕਾਰ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਪ੍ਰਸਿੱਧ ਰਸਾਇਣ ਵਿਗਿਆਨੀ ਪ੍ਰੋ: ਸੀ. ਐਨ. ਆਰ. ਰਾਓ ਨੂੰ ਦੇਣ ਦਾ ਐਲਾਨ ਕੀਤਾ ਗਿਆ | ਵਰਨਣਯੋਗ ਹੈ ਕਿ 2009 ਵਿਚ ਇਹ ਪੁਰਸਕਾਰ ਭੀਮ ਸੈਨ ਗੁਰੂਰਾਜ ਜੋਸ਼ੀ ਨੂੰ ਪ੍ਰਦਾਨ ਕੀਤਾ ਗਿਆ ਸੀ | ਉਨ੍ਹਾਂ ਨੂੰ ਇਹ ਪੁਰਸਕਾਰ ਭਾਰਤੀ ਸੰਗੀਤ ਵਿਚ ਅਹਿਮ ਯੋਗਦਾਨ ਪਾਉਣ ਲਈ ਪ੍ਰਦਾਨ ਕੀਤਾ ਗਿਆ |
ਇਸ ਪੁਰਸਕਾਰ ਵਿਚ ਕੋਈ ਧਨ ਰਾਸ਼ੀ ਸ਼ਾਮਿਲ ਨਹੀਂ ਹੁੰਦੀ, ਸਿਰਫ ਮੈਡਲ ਹੀ ਪ੍ਰਦਾਨ ਕੀਤਾ ਜਾਂਦਾ ਹੈ | ਜਦ ਸਭ ਤੋਂ ਪਹਿਲਾਂ 1954 ਈ: ਵਿਚ ਇਹ ਮੈਡਲ ਪ੍ਰਦਾਨ ਕੀਤਾ ਗਿਆ, ਉਦੋਂ ਇਸ ਦਾ ਮੁਢਲਾ ਆਕਾਰ ਗੋਲ ਸੀ | ਇਕ ਸਾਲ ਬਾਅਦ ਹੀ ਇਸ ਦਾ ਡਿਜ਼ਾਈਨ ਬਦਲ ਦਿੱਤਾ ਗਿਆ | ਹੁਣ ਇਹ ਇਕ ਪਿੱਪਲ ਦੇ ਪੱਤੇ ਦੇ ਰੂਪ ਵਿਚ ਹੈ, ਜੋ ਇਕ ਖਾਸ ਤਰ੍ਹਾਂ ਦੇ ਪਿੱਪਲ ਤੋਂ ਬਣਿਆ ਹੁੰਦਾ ਹੈ | ਇਹ ਪੱਤਾ ਕਰੀਬ 5-8 ਸੈਂਟੀਮੀਟਰ ਲੰਬਾ, 4.7 ਸੈਂਟੀਮੀਟਰ ਚੌੜਾ ਅਤੇ 3.1 ਮਿਲੀਮੀਟਰ ਮੋਟਾ ਹੁੰਦਾ ਹੈ | ਪੱਤੇ ਉੱਤੇ 1.6 ਸੈਂਟੀਮੀਟਰ ਵਿਆਸ ਵਾਲਾ ਸੂਰਜ ਦਾ ਚਿੱਤਰ ਬਣਿਆ ਹੁੰਦਾ ਹੈ | ਉਸ ਦੇ ਥੱਲੇ ਦੇਵਨਗਰੀ ਲਿੱਪੀ ਵਿਚ 'ਭਾਰਤ ਰਤਨ' ਉੱਕਰਿਆ ਹੁੰਦਾ ਹੈ | ਇਹ ਮੈਡਲ ਦੋ ਇੰਚ ਚੌੜੇ ਸਫੈਦ ਰਿਬਨ ਵਿਚ ਪਰੋਇਆ ਹੁੰਦਾ ਹੈ ਅਤੇ ਸਨਮਾਨ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਗਲ ਵਿਚ ਪਾਇਆ ਜਾਂਦਾ ਹੈ |
-ਲੈਕਚਰਾਰ ਫਿਜ਼ਿਕਸ, 168, ਸਤਕਰਮ ਵਿਲਾ, ਕੈਨਾਲ ਕਾਲੋਨੀ ਰੋਡ, ਹੁਸ਼ਿਆਰਪੁਰ | ਫੋਨ : 95011-98881


ਖ਼ਬਰ ਸ਼ੇਅਰ ਕਰੋ

ਦਾਦਾ-ਦਾਦੀ ਜੀ ਬਹੁਤ ਪਿਆਰੇ

ਦਾਦਾ-ਦਾਦੀ ਜੀ ਸਾਡੇ ਬਹੁਤ ਪਿਆਰੇ,
ਸਾਰੇ ਪਰਿਵਾਰ ਵਿਚ ਜਾਂਦੇ ਬਹੁਤ ਸਤਿਕਾਰੇ |
ਦਾਦਾ ਜੀ ਫੌਜ 'ਚੋਂ ਸੇਵਾਮੁਕਤ ਹੋ ਕੇ ਆਏ ਪੈਨਸ਼ਨ,
ਪਾਪਾ ਨੂੰ ਪੜ੍ਹਾ ਕੇ ਨੌਕਰੀ ਲੁਆਇਆ ਮੁਕਾਈ ਟੈਨਸ਼ਨ |
ਦਾਦਾ ਜੀ ਰਾਤ ਨੂੰ ਦੇਸ਼ ਆਜ਼ਾਦੀ ਦੀਆਂ ਬਾਤਾਂ ਪਾਉਂਦੇ,
ਕਿਵੇਂ ਅੰਗਰੇਜ਼ ਦੇਸ਼ੋਂ ਭਜਾਇਆ ਕਹਾਣੀਆਂ ਸੁਣਾਉਂਦੇ |
ਸਾਡਾ ਗਿਆਨ ਵਧਾਉਂਦੇ ਬੜੇ ਹੀ ਦਿਲਾਂ ਨੂੰ ਭਾਉਂਦੇ |
ਬਾਤਾਂ ਸੁਣ ਕੇ ਸਾਨੂੰ ਬੱਚਿਆਂ ਨੂੰ ਆਉਂਦੇ ਬੜੇ ਨਜ਼ਾਰੇ,
ਦਾਦਾ-ਦਾਦੀ ਜੀ ਸਾਡੇ ਬਹੁਤ ਪਿਆਰੇ |
ਜਿਹੜੇ ਧੀਆਂ-ਪੁੱਤਰ ਆਪਣੇ ਬਜ਼ੁਰਗ ਮਾਪਿਆਂ ਨੂੰ ਰੋਲਦੇ,
ਉਹਦੇ ਹਿਰਦੇ ਰਹਿੰਦੇ ਤਪਦੇ ਉਹ ਸ਼ਾਂਤੀ ਮੜ੍ਹੀਆਂ ਪੂਜ ਕੇ ਟੋਲਦੇ |
ਆਓ ਸਾਰੇ ਬੱਚੇ ਪ੍ਰਣ ਕਰੀਏ ਕਰਨਾ ਬਜ਼ੁਰਗਾਂ ਦਾ ਸਤਿਕਾਰ,
ਮਾਸਟਰ ਰੌਸ਼ਨ ਵਾਂਗੰੂ ਬਜ਼ੁਰਗਾਂ ਦੀ ਸੇਵਾ ਕਰਕੇ ਸੁਖੀ ਬਣਾਈਏ ਪਰਿਵਾਰ |
ਜ਼ਿੰਦਗੀ ਵਿਚ ਬੱਚੇ ਖੁਸ਼ੀਆਂ-ਖੇੜੇ ਮਾਣ ਕੇ ਲੈਣਗੇ ਨਜ਼ਾਰੇ,
ਦਾਦਾ-ਦਾਦੀ ਜੀ ਸਾਡੇ ਬਹੁਤ ਪਿਆਰੇ,
ਸਮਾਜ ਦੇ ਵਿਚ ਜਾਂਦੇ ਬਹੁਤ ਸਤਿਕਾਰੇ |
-ਮਾਸਟਰ ਰੋਸ਼ਨ ਸਿੰਘ ਸੰਧੂ,
ਸਰਕਾਰੀ ਮਿਡਲ ਸਕੂਲ, ਝੱਤਰਾ, ਜ਼ੀਰਾ (ਫਿਰੋਜ਼ਪੁਰ) | ਮੋਬਾ: 98880-02081

ਭਲਾ ਬੁੱ ਝੋ ਖਾਂ

1. ਏਨਾ ਮੋਟਾ ਮੇਰਾ ਪੇਟ,
ਲੈਂਦਾ ਸਾਰਾ ਜਗਤ ਲਪੇਟ |
ਰੋਜ਼ ਸਵੇਰੇ ਆ ਜਾਂਦਾ,
ਸਭ ਦੇ ਮਨ ਨੂੰ ਭਾਅ ਜਾਂਦਾ |
2. ਦੋ ਜੁੜਵੇਂ ਭਾਈ ਹਾਂ,
ਦੋਵੇਂ ਹਾਂ ਪੱਕੇ ਯਾਰ |
ਜਦ ਇਕ ਵਿਛੜ ਜਾਏ,
ਦੂਜਾ ਹੋ ਜਾਵੇ ਬੇਕਾਰ |
3. ਨਹੀਂ ਬੋਲਦਾ ਮੰੂਹੋਂ ਕੁਝ,
ਰੋਜ਼ ਸਵੇਰੇ ਆਂਦਾ ਹਾਂ |
ਸੁੰਦਰ ਬੀਬੇ ਬਾਲਾਂ ਨੂੰ ,
ਆ ਕੇ ਮੈਂ ਜਗਾਂਦਾ ਹਾਂ |
4. ਰੂਪ ਹੈ ਉਨ੍ਹਾਂ ਦਾ ਪਿਆਰਾ-ਪਿਆਰਾ,
ਵਾਸੀ ਹਨ ਉਹ ਦੂਰ ਦੇ |
ਚਿੱਟੇ-ਚਿੱਟੇ ਲਿਸ਼ਕ ਰਹੇ,
ਕਰਨ ਹਨੇਰਾ ਦੂਰ ਪਏ |
ਉੱਤਰ : (1) ਅਖ਼ਬਾਰ, (2) ਜੁੱਤੀ, (3) ਸੂਰਜ, (4) ਤਾਰੇ |
-ਹਰਪਾਲ ਸਿੰਘ ਘਈ,
ਪਿੰਡ ਤੇ ਡਾਕ: ਚੱਕ ਮਿਸ਼ਰੀ ਖਾਂ (ਅੰਮਿ੍ਤਸਰ)-143110


ਰੁੱਤ ਬਦਲੀ

ਰੁੱਤ ਬਦਲੀ ਤੇ ਚੜਿ੍ਹਆ ਸਿਆਲ ਬੱਚਿਓ,
ਕੱਢੋ ਕੋਟੀਆਂ, ਸਵੈਟਰ ਤੇ ਸ਼ਾਲ ਬੱਚਿਓ |
ਆਉਂਦੀ-ਜਾਂਦੀ ਠੰਢ, ਸਦਾ ਹੀ ਹੈ ਮਾਰਦੀ,
ਦਾਦੀ ਮਾਂ ਵੀ ਤਾਂ, ਇਹੋ ਹੀ ਪੁਕਾਰਦੀ |
ਸਦਾ ਰੱਖਣਾ ਹੈ ਆਪਣਾ ਖਿਆਲ ਬੱਚਿਓ,
ਰੁੱਤ ਬਦਲੀ............. |
ਭਰ ਜੋਬਨ ਸਿਆਲ ਵਿਚ, ਕਹਿਣਾ ਤੁਸੀਂ ਮੰਨਿਓ,
ਲੈਣੇ ਸਿਰਾਂ ਉੱਤੇ ਸ਼ਾਲ ਤੇ ਦਸਤਾਰ ਤੁਸੀਂ ਬੰਨਿ੍ਹਓ |
ਛੱਡ ਦਿਓ ਚੁੰਨੀਆਂ ਤੇ ਬੰਨ੍ਹਣੇ ਰੁਮਾਲ ਬੱਚਿਓ,
ਰੁੱਤ ਬਦਲੀ................ |
ਧੁੰਦ, ਕੋਹਰੇ ਵਿਚ ਤੁਸੀਂ ਹੌਸਲਾ ਨਹੀਂ ਹਾਰਨਾ,
ਹੱਥੀਂ ਪਾਇਓ ਦਸਤਾਨੇ, ਠੰਢ ਸਕੂ ਹੱਥ ਠਾਰ ਨਾ |
ਕੱਢ ਲਿਓ ਜਿਹੜੇ ਰੱਖੇ ਨੇ ਸੰਭਾਲ ਬੱਚਿਓ,
ਰੁੱਤ ਬਦਲੀ.............. |
ਠੰਢ, ਕਦੇ ਗਰਮੀ, ਕਦੇ ਪੱਤਝੜ ਆਉਣੀ ਆ,
ਇਨ੍ਹਾਂ ਨੇ ਥੋਨੂੰ ਆਪਣੀ ਯਾਦ ਤਾਂ ਦਿਵਾਉਣੀ ਆ |
'ਬਲਾੜ੍ਹੀ' ਕਰਦਾ ਦੁਆਵਾਂ, ਰਹੋ ਖੁਸ਼ਹਾਲ ਬੱਚਿਓ,
ਰੁੱਤ ਬਦਲੀ.............. |
-ਸੁਰਜੀਤ ਸਿੰਘ ਬਲਾੜ੍ਹੀ ਕਲਾਂ,
ਮ: ਨੰ: 25, ਗਲੀ ਨੰ: 3, ਨੈਸ਼ਨਲ ਐਵਨਿਊ, ਜਲੰਧਰ-144023. ਮੋਬਾ: 98150-98095

ਬਾਲ ਕਹਾਣੀ

ਮੂਰਖ ਕਾਂ

ਇਕ ਵਾਰ ਦੀ ਗੱਲ ਹੈ, ਛੱਪੜ ਦੇ ਕੰਢੇ 'ਤੇ ਇਕ ਟਾਹਲੀ ਸੀ ਤੇ ਟਾਹਲੀ 'ਤੇ ਇਕ ਕਾਂ ਰਹਿੰਦਾ ਸੀ | ਇਸ ਕਾਂ ਦੀਆਂ ਆਦਤਾਂ ਤੋਂ ਛੱਪੜ ਵਿਚ ਰਹਿਣ ਵਾਲੀ ਮੱਛੀ ਬਹੁਤ ਦੁਖੀ ਸੀ | ਕਾਂ ਛੱਪੜ ਦੇ ਸਾਫ਼ ਪਾਣੀ ਨੂੰ ਗੰਦਾ ਕਰਦਾ ਰਹਿੰਦਾ ਸੀ | ਕਾਂ ਜਾਣ-ਬੁੱਝ ਕੇ ਵਿੱਠ ਛੱਪੜ ਵਿਚ ਕਰਦਾ | ਕਾਂ ਖਾਣ ਵਾਲੀਆਂ ਚੀਜ਼ਾਂ ਪੋਲੀਥੀਨ ਵਿਚ ਪਾ ਕੇ ਲਿਆਉਂਦਾ ਸੀ | ਪੋਲੀਥੀਨ ਤਾਂ ਉਹ ਛੱਪੜ ਵਿਚ ਸੁੱਟਦਾ ਹੀ ਸੀ, ਖਾਣ ਵਾਲੀਆਂ ਚੀਜ਼ਾਂ ਵੀ ਉਹ ਛੱਪੜ ਵਿਚ ਸੁੱਟਦਾ ਰਹਿੰਦਾ ਸੀ | ਕਾਂ ਬੇਹੱਦ ਸੁਆਦੂ ਸੀ | ਖਾਣ ਵਾਲੀ ਚੀਜ਼ ਜੇ ਉਸ ਨੂੰ ਸੁਆਦ ਨਾ ਲਗਦੀ ਤਾਂ ਛੱਪੜ ਵਿਚ ਸੁੱਟ ਦਿੰਦਾ | ਕਾਂ ਦੀਆਂ ਇਨ੍ਹਾਂ ਆਦਤਾਂ ਤੋਂ ਛੱਪੜ ਵਿਚ ਰਹਿਣ ਵਾਲੀ ਮੱਛੀ ਬਹੁਤ ਦੁਖੀ ਸੀ |
ਛੱਪੜ ਦੇ ਨਜ਼ਦੀਕ ਹੀ ਇਕ ਪਾਣੀ ਵਾਲੀ ਟੈਂਕੀ ਬਣੀ ਹੋਈ ਸੀ | ਟੈਂਕੀ ਉੱਤੋਂ ਨੰਗੀ ਸੀ | ਕਾਂ ਆਪ ਤਾਂ ਉਸ ਟੈਂਕੀ ਵਿਚੋਂ ਸਾਫ ਪਾਣੀ ਪੀਂਦਾ ਸੀ ਪਰ ਮੱਛੀ ਲਈ ਦਿਨੋ-ਦਿਨ ਗੰਦੇ ਹੁੰਦੇ ਜਾ ਰਹੇ ਪਾਣੀ ਵਿਚ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ |
'ਕਾਂ ਭਰਾਵਾ! ਪਾਣੀ ਪਰਮੇਸ਼ਰ ਹੁੰਦੈ | ਪਾਣੀ ਤੋਂ ਬਿਨਾਂ ਅਸੀਂ ਜੀਅ ਨਹੀਂ ਸਕਦੇ | ਇਸ ਕਰਕੇ ਸਾਨੂੰ ਪਾਣੀ ਨੂੰ ਗੰਦਾ ਨਹੀਂ ਕਰਨਾ ਚਾਹੀਦਾ |' ਮੱਛੀ ਵਾਰ-ਵਾਰ ਕਾਂ ਨੂੰ ਸਮਝਾਉਂਦੀ ਪਰ ਕਾਂ ਪੂਰਾ ਢੀਠ ਸੀ | ਉਹ ਕਿਸੇ ਦੀ ਨਹੀਂ ਮੰਨਦਾ ਸੀ |
ਮੱਛੀ ਕਾਂ ਨੂੰ ਸਮਝਾਉਂਦੀ ਕਿ ਕਦੇ ਉਸ ਨੂੰ ਛੱਪੜ ਦਾ ਪਾਣੀ ਵੀ ਪੀਣਾ ਪੈ ਸਕਦਾ ਪਰ ਕਾਂ ਮੱਛੀ ਦੀਆਂ ਗੱਲਾਂ ਦੀ ਕੋਈ ਪ੍ਰਵਾਹ ਨਾ ਕਰਦਾ | ਕਾਂ ਢੀਠ ਹੀ ਨਹੀਂ, ਘੁਮੰਡੀ ਵੀ ਸੀ |
'ਭੋਲੀਏ ਮੱਛੀਏ! ਅਸੀਂ ਛੱਪੜਾਂ ਦਾ ਪਾਣੀ ਨਹੀਂ ਪੀਂਦੇ | ਅਸੀਂ ਪਾਣੀ ਲੱਭਣਾ ਜਾਣਦੇ ਹਾਂ', ਕਾਂ ਘੁਮੰਡ ਵਿਚ ਆ ਕੇ ਆਖਦਾ ਤੇ ਉਹ ਮੱਛੀ ਨੂੰ ਤਿ੍ਹਾਏ ਕਾਂ ਵਾਲੀ ਲੋਕ-ਕਹਾਣੀ ਸੁਣਾਉਣ ਲੱਗ ਜਾਂਦਾ | ਉਸ ਦੇ ਬਜ਼ੁਰਗਾਂ ਨੇ ਪਾਣੀ ਦਾ ਕਾਲ ਪੈਣ ਦੇ ਬਾਵਜੂਦ ਆਪਣੀ ਸੂਝ ਨਾਲ ਪਾਣੀ ਜੁ ਲੱਭ ਲਿਆ ਸੀ | ਕਾਂ ਦੀਆਂ ਗੱਲਾਂ ਸੁਣ ਕੇ ਮੱਛੀ ਚੁੱਪ ਕਰ ਜਾਂਦੀ | ਗੰਦੇ ਪਾਣੀ ਵਿਚ ਰਹਿਣ ਕਰਕੇ ਮੱਛੀ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਗਈਆਂ ਸਨ |
'ਭੋਲੀਏ ਮੱਛੀਏ! ਹੁਣ ਤੇ ਮੈਨੂੰ ਪਾਣੀ 'ਚ ਵੱਟੇ ਪਾਉਣ ਦੀ ਵੀ ਲੋੜ ਨਹੀਂ ਪੈਣੀ', ਕਾਂ ਆਖਦਾ | ਉਹ ਸੋਡਾ ਵਾਟਰ ਦੀ ਦੁਕਾਨ ਦੇ ਬਾਹਰੋਂ ਇਕ ਪਾਈਪ ਚੁੱਕ ਲਿਆਇਆ ਤੇ ਇਸ ਪਾਈਪ ਨਾਲ ਉਹ ਥੋੜ੍ਹੇ ਤੋਂ ਥੋੜ੍ਹਾ ਪਾਣੀ ਵੀ ਖਿੱਚ ਸਕਦਾ ਸੀ |
ਸਮਾਂ ਬੀਤਦਾ ਗਿਆ | ਬਰਸਾਤ ਨਾ ਹੋਣ ਕਰਕੇ ਤੇ ਫਜ਼ੂਲ ਦੀ ਵਰਤੋਂ ਹੋਣ ਕਰਕੇ ਪਾਣੀ ਦਾ ਕਾਲ ਪੈ ਗਿਆ ਪਰ ਕਾਂ ਨੇ ਆਪਣੀਆਂ ਆਦਤਾਂ ਨਹੀਂ ਬਦਲੀਆਂ ਸਨ | ਉਹ ਅਜੇ ਵੀ ਛੱਪੜ ਦੇ ਪਾਣੀ ਨੂੰ ਗੰਦਾ ਕਰੀ ਜਾਂਦਾ ਸੀ |
ਫਿਰ ਇਕ ਦਿਨ ਕਾਂ ਨੂੰ ਪਿਆਸ ਲੱਗੀ ਤੇ ਉਹ ਆਪਣੀ ਪਾਈਪ ਲੈ ਕੇ ਪਾਣੀ ਦੀ ਟੈਂਕੀ ਵੱਲ ਭੱਜਿਆ |
'ਪਾਣੀ ਦਾ ਕਾਲ ਪੈਣ ਕਰਕੇ ਟੈਂਕੀ ਵਿਚ ਪਾਣੀ ਥੋੜ੍ਹਾ ਹੋਵੇਗਾ | ਸ਼ਾਇਦ ਮੇਰੀ ਚੁੰਝ ਪਾਣੀ ਤੱਕ ਨਾ ਪਹੁੰਚੇ', ਕਾਂ ਨੇ ਸੋਚਿਆ ਸੀ | ਪਰ ਟੈਂਕੀ ਵਿਚ ਪਾਣੀ ਦੀ ਇਕ ਬੰੂਦ ਵੀ ਨਹੀਂ ਸੀ | ਟੈਂਕੀ 'ਚ ਜੇ ਥੋੜ੍ਹਾ ਜਿਹਾ ਵੀ ਪਾਣੀ ਹੁੰਦਾ ਤਾਂ ਕਾਂ ਪਾਈਪ ਨਾਲ ਖਿੱਚ ਲੈਂਦਾ | ਟੈਂਕੀ ਦਾਣੇ ਪਾਉਣ ਵਾਲੀ ਬਣੀ ਹੋਈ ਸੀ | ਕਾਂ ਨੂੰ ਯਾਦ ਆਇਆ ਕਿ ਜਦੋਂ ਉਸ ਦੇ ਬਜ਼ੁਰਗਾਂ ਦੇ ਵੇਲੇ ਪਾਣੀ ਦਾ ਕਾਲ ਪਿਆ ਸੀ ਤਾਂ ਉਨ੍ਹਾਂ ਨੂੰ ਪਿਆਸ ਬੁਝਾਉਣ ਲਈ ਬਾਗ ਵਿਚੋਂ ਪਾਣੀ ਲੱਭਾ ਸੀ | ਕਾਂ ਵੀ ਕਿਸੇ ਬਾਗ ਦੀ ਤਲਾਸ਼ ਵਿਚ ਉਡ ਪਿਆ | ਕਾਂ ਉਡਦਾ ਗਿਆ, ਉਡਦਾ ਗਿਆ | ਬਹੁਤ ਦੂਰ ਜਾ ਕੇ ਉਸ ਨੂੰ ਇਕ ਬਾਗ ਲੱਭਾ | ਕਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਬਾਗ ਵਿਚ ਜ਼ਰੂਰ ਪਾਣੀ ਹੋਵੇਗਾ | ਇਸ ਕਰਕੇ ਕਾਂ ਬਾਗ ਵਿਚ ਇਧਰ-ਉਧਰ ਭੱਜਾ ਪਰ ਉਸ ਨੂੰ ਕਿਧਰੋਂ ਘੁੱਟ ਪਾਣੀ ਵੀ ਨਾ ਮਿਲਿਆ | ਪਾਣੀ ਬਿਨਾਂ ਉਸ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਸੀ |
ਬਾਗ ਵਿਚ ਪਾਣੀ ਤਾਂ ਹੈਗਾ ਸੀ ਪਰ ਕਾਂ ਪੀ ਨਹੀਂ ਸੀ ਸਕਦਾ | ਬਾਗ ਦੇ ਮਾਲਕ ਨੇ ਜ਼ਮੀਨ ਵਿਚ ਹੌਜ ਬਣਾ ਕੇ ਪਾਣੀ ਸੰਭਾਲਿਆ ਸੀ | ਹੌਜ ਉੱਪਰੋਂ ਬੰਦ ਸੀ ਤੇ ਕਾਂ ਇਸ ਵਿਚੋਂ ਪਾਈਪ ਨਾਲ ਵੀ ਪਾਣੀ ਨਹੀਂ ਖਿੱਚ ਸਕਦਾ ਸੀ | ਕਾਂ ਨੂੰ ਹੁਣ ਸਮਝ ਲੱਗੀ ਸੀ ਕਿ ਪਾਣੀ ਦਾ ਕਾਲ ਪੈਣ 'ਤੇ ਉਸ ਵਰਗੇ ਮੂਰਖ ਭਟਕਦੇ ਹਨ | ਬਾਗ ਦੇ ਮਾਲਕ ਵਰਗੇ ਸਿਆਣੇ ਲੋਕ ਤੇ ਆਪਣੇ ਜੋਗਾ ਸੰਭਾਲ ਕੇ ਰੱਖਦੇ ਹਨ | ਪਾਣੀ ਦੀ ਤਲਾਸ਼ ਵਿਚ ਹੁਣ ਉਸ ਨੇ ਕਿਧਰੇ ਹੋਰ ਜਾਣਾ ਠੀਕ ਨਾ ਸਮਝਿਆ | ਕਿਧਰੇ ਹੋਰ ਭਟਕਣ ਦੀ ਉਸ ਵਿਚ ਹਿੰਮਤ ਨਹੀਂ ਸੀ | ਉਹ ਵਾਪਸ ਆ ਗਿਆ ਤੇ ਵਾਪਸ ਆ ਕੇ ਛੱਪੜ ਦਾ ਗੰਦਾ ਪਾਣੀ ਪੀ ਕੇ ਪਿਆਸ ਬੁਝਾਉਣ ਲੱਗਾ |
'ਕਾਂ ਭਰਾਵਾ! ਅੱਜ ਕਿਵੇਂ ਗੰਦਾ ਪਾਣੀ ਪੀ ਰਿਹਾ ਏਾ?' ਕਾਂ ਨੂੰ ਛੱਪੜ ਦਾ ਪਾਣੀ ਪੀਂਦੇ ਨੂੰ ਦੇਖ ਕੇ ਮੱਛੀ ਨੇ ਮਿਹਣਾ ਮਾਰਿਆ | ਹੁਣ ਕਾਂ ਕੋਲ ਕੋਈ ਜਵਾਬ ਨਹੀਂ ਸੀ | ਕਾਂ ਨੇ ਮੱਛੀ ਤੋਂ ਮੁਆਫੀ ਮੰਗੀ ਤੇ ਉਸ ਨੇ ਅੱਗੇ ਤੋਂ ਪਾਣੀ ਨੂੰ ਗੰਦਾ ਨਾ ਕਰਨ ਦੀ ਸਹੁੰ ਖਾ ਲਈ | ਮੱਛੀ ਬਹੁਤ ਖੁਸ਼ ਸੀ |
-ਇਕਬਾਲ ਸਿੰਘ,
ਪਿੰਡ ਤੇ ਡਾਕ: ਹਮਜਾਪੁਰ, ਫਤਿਆਬਾਦ-125051. ਮੋਬਾ: 94165-92149

ਲੜੀਵਾਰ ਬਾਲ ਨਾਵਲ-7

ਦੁੱਧ ਦੀਆਂ ਧਾਰਾਂ

ਹੁਣ ਤੱਕ ਤੁਸੀਂ ਪੜ੍ਹ ਚੁੱਕੇ ਹੋ
ਰਣਬੀਰ ਕਾਲਜ ਦਾ ਬਹੁਤ ਹੀ ਲਾਇਕ ਵਿਦਿਆਰਥੀ ਹੈ | ਉਹ ਬੜੇ ਸੰਗਾਊ ਸੁਭਾਅ ਦਾ ਮਾਲਕ ਹੈ | ਉਸ ਦੀ ਆਵਾਜ਼ ਬੜੀ ਸੁਰੀਲੀ ਸੀ | ਉਸ ਨੂੰ ਗਾਉਣ ਦਾ ਸ਼ੌਕ ਸੀ, ਜੋ ਹੁਣ ਕਾਫ਼ੀ ਵਧ ਚੁੱਕਾ ਸੀ | ਅੱਗੋਂ ਕੀ ਹੋਇਆ ਅੱਜ ਪੜ੍ਹੋ :
ਇਕ ਵਾਰੀ ਉਨ੍ਹਾਂ ਦੀ ਕਲਾਸ ਦਾ ਹਰੀਕੇ ਪੱਤਣ ਜਾ ਕੇ ਪਿਕਨਿਕ ਮਨਾਉਣ ਦਾ ਪ੍ਰੋਗਰਾਮ ਬਣ ਗਿਆ | ਪਿਕਨਿਕ 'ਤੇ ਜਾ ਕੇ ਵਿਦਿਆਰਥੀਆਂ ਦੀਆਂ ਸਾਂਝਾਂ ਵਧ ਜਾਂਦੀਆਂ ਹਨ ਅਤੇ ਦੋਸਤੀਆਂ ਹੋਰ ਗੂੜ੍ਹੀਆਂ ਹੋ ਜਾਂਦੀਆਂ ਹਨ | ਹਰੀਕੇ ਪੱਤਣ ਦੇ ਰਸਤੇ ਵਿਚ ਹੀ ਪ੍ਰੋਫੈਸਰਾਂ ਸਮੇਤ ਸਾਰੇ ਵਿਦਿਆਰਥੀਆਂ ਦੇ ਮੂਡ ਬਦਲ ਗਏ ਅਤੇ ਉਥੇ ਪਹੁੰਚਦਿਆਂ ਹੀ ਗੀਤ-ਸੰਗੀਤ ਅਤੇ ਗਿੱਧਾ-ਭੰਗੜਾ ਸ਼ੁਰੂ ਹੋ ਗਿਆ | ਰਣਬੀਰ ਪਹਿਲਾਂ ਤਾਂ ਇਸ ਸਾਰੇ ਕੁਝ ਨੂੰ ਮਾਣਦਾ ਰਿਹਾ ਪਰ ਜਦੋਂ ਸਾਰੇ ਸਾਥੀਆਂ ਦੇ ਜ਼ੋਰ ਦੇਣ 'ਤੇ ਉਸ ਨੇ ਸ਼ਿਵ ਕੁਮਾਰ, ਅੰਮਿ੍ਤਾ ਪ੍ਰੀਤਮ, ਪ੍ਰੋ: ਮੋਹਨ ਸਿੰਘ ਅਤੇ ਧਨੀ ਰਾਮ ਚਾਤਿ੍ਕ ਦੇ ਗੀਤ ਗਾ ਕੇ ਸੁਣਾਏ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਮਾਨੋ ਉਸ ਨੇ ਅੱਜ ਦੀ ਸਾਰੀ ਮਹਿਫਲ ਹੀ ਲੁੱਟ ਲਈ ਹੋਵੇ |
ਇਕ ਹੋਰ ਗੁਣ ਜੋ ਹੁਣ ਤੱਕ ਉਸ ਨੇ ਸਾਰਿਆਂ ਕੋਲੋਂ ਲੁਕਾ ਕੇ ਰੱਖਿਆ ਸੀ, ਦਾ ਰਾਜ਼ ਵੀ ਉਸ ਨੇ ਅੱਜ ਆਪ ਹੀ ਖੋਲਿ੍ਹਆ | ਜਦੋਂ ਸਾਰੇ ਵਿਦਿਆਰਥੀ ਆਪੋ-ਆਪਣੀ ਕਲਾ ਦੇ ਜੌਹਰ ਵਿਖਾ ਚੁੱਕੇ ਤਾਂ ਰਣਬੀਰ ਬੋਲਿਆ, 'ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਡੇ ਪੰਜ ਕੁ ਮਿੰਟ ਹੋਰ ਲੈਣੇ ਹਨ |' ਸਾਰੇ ਕੁੜੀਆਂ-ਮੰੁਡੇ ਖੁਸ਼ੀ ਵਿਚ ਕਹਿਣ ਲੱਗੇ, 'ਤੰੂ ਭਾਵੇਂ ਘੰਟਾ ਹੋਰ ਬਿਠਾ ਲੈ, ਤੇਰੇ ਗੀਤਾਂ ਨੂੰ ਤਾਂ ਅਸੀਂ ਉਡੀਕਦੇ ਰਹਿੰਦੇ ਹਾਂ... |'
ਰਣਬੀਰ ਨੇ ਆਪਣੇ ਕੋਟ ਦੇ ਅੰਦਰਲੇ ਪਾਸਿਓਾ ਅਖਬਾਰ ਦੇ ਕਾਗਜ਼ ਵਿਚ ਲਪੇਟੀ ਤਕਰੀਬਨ ਡੇਢ ਫੁੱਟ ਲੰਮੀ ਸੋਟੀ ਨੁਮਾ ਚੀਜ਼ ਕੱਢੀ | ਪਹਿਲਾਂ ਉਸ ਨੇ ਉੱਪਰੋਂ ਰਬੜ ਬੈਂਡ ਉਤਾਰਿਆ ਅਤੇ ਫਿਰ ਬੜੇ ਪਿਆਰ ਨਾਲ ਹੌਲੀ-ਹੌਲੀ ਅਖਬਾਰ ਉਤਾਰਨਾ ਸ਼ੁਰੂ ਕੀਤਾ | ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਨਜ਼ਰ ਉਸ ਅਖਬਾਰ ਵਿਚ ਲਪੇਟੀ ਚੀਜ਼ ਉੱਤੇ ਟਿਕ ਗਈ ਕਿ ਪਤਾ ਨਹੀਂ ਉਸ ਵਿਚੋਂ ਕਿਹੜੀ ਜਾਦੂ ਦੀ ਪਟਾਰੀ ਨਿਕਲਦੀ ਹੈ |
ਅਖੀਰ ਜਦੋਂ ਅਖ਼ਬਾਰ ਉਤਰ ਗਿਆ ਤਾਂ ਉਸ ਵਿਚੋਂ ਛੇ ਛੇਕਾਂ ਵਾਲਾ ਬਾਂਸ ਨਿਕਲਿਆ | ਸਾਰੇ ਇਕੋ ਸੁਰ ਵਿਚ ਬੋਲ ਪਏ-'ਬੰਸਰੀ' | ਰਣਬੀਰ ਨੇ ਬੰਸਰੀ ਦੀ ਸੁਰ ਛੇੜੀ ਤਾਂ ਸਾਰੇ ਹੱਕੇ-ਬੱਕੇ ਰਹਿ ਗਏ | ਪਹਿਲਾਂ ਉਸ ਨੇ ਹੀਰ ਦੀ ਧੁਨ ਸੁਣਾਈ ਅਤੇ ਫਿਰ ਸਾਰਿਆਂ ਦੀ ਫਰਮਾਇਸ਼ ਦੇ ਨਵੇਂ-ਪੁਰਾਣੇ ਗਾਣਿਆਂ ਦੀਆਂ ਧੁਨਾਂ | ਰਣਬੀਰ ਬਸ ਕਰਦਾ ਤਾਂ ਕੋਈ ਹੋਰ ਫਰਮਾਇਸ਼ ਆ ਜਾਂਦੀ | ਬੰਸਰੀ ਸੁਣਦਿਆਂ ਕਿਸੇ ਨੂੰ ਵੀ ਵਕਤ ਦਾ ਖਿਆਲ ਨਾ ਰਿਹਾ |
ਅਖੀਰ ਇਕ ਦਿਨ ਅਧਿਆਪਕ ਨੇ ਕਿਹਾ, 'ਵਕਤ ਬਹੁਤ ਹੋ ਗਿਐ ਅਤੇ ਭੁੱਖ ਵੀ ਪੂਰੀ ਚਮਕ ਪਈ ਹੈ | ਹੁਣ ਨਾਲ ਲਿਆਂਦਾ ਖਾਣ-ਪੀਣ ਦਾ ਸਮਾਨ ਕੱਢੋ |'
ਅਧਿਆਪਕ ਦੀ ਗੱਲ ਸੁਣ ਕੇ ਸਾਰਿਆਂ ਨੂੰ ਭੁੱਖ ਮਹਿਸੂਸ ਹੋਣ ਲੱਗੀ |
ਸਾਰਿਆਂ ਨੇ ਹੱਸਦਿਆਂ-ਖੇਡਦਿਆਂ ਅਤੇ ਰਣਬੀਰ ਦੀ ਬੰਸਰੀ ਦੀਆਂ ਤਾਰੀਫਾਂ ਕਰਦਿਆਂ ਖੂਬ ਰੱਜ ਕੇ ਖਾਣਾ ਖਾਧਾ | ਖਾਣਾ ਖਾਣ ਤੋਂ ਬਾਅਦ ਸਾਰੇ ਟੋਲੀਆਂ ਬਣਾ ਕੇ ਦਰਿਆ ਦੇ ਕੰਢੇ-ਕੰਢੇ ਸੈਰ ਨੂੰ ਨਿਕਲ ਪਏ |
ਸ਼ਾਮ ਨੂੰ ਬੱਸ ਵਿਚ ਸਾਰੇ ਗਾਣੇ ਗਾਉਂਦੇ, ਰੌਲਾ ਪਾਉਂਦੇ ਅਤੇ ਹੱਸਦੇ-ਖੇਡਦੇ ਯੂਨੀਵਰਸਿਟੀ ਵਾਪਸ ਪਹੁੰਚੇ | ਅੱਜ ਦਾ ਦਿਨ ਸਾਰੇ ਵਿਦਿਆਰਥੀਆਂ ਲਈ ਇਕ ਅਭੁੱਲ ਯਾਦ ਬਣ ਕੇ ਰਹਿ ਗਿਆ |
ਰਣਬੀਰ, ਬੰਸਰੀ ਨੂੰ ਪਿੰਡ ਵਿਚ ਆਪਣੇ ਕਮਰੇ ਦੇ ਅੰਦਰ ਹੀ ਵਜਾਉਂਦਾ ਸੀ | ਕਦੀ-ਕਦੀ ਚਾਂਦਨੀ ਰਾਤ ਜਦੋਂ ਉਸ ਨੂੰ ਬਹੁਤ ਖਿੱਚ ਪਾਉਂਦੀ ਤਾਂ ਉਹ ਆਪਣੇ ਵਿਹੜੇ ਵਿਚ ਆ ਕੇ ਹੌਲੀ-ਹੌਲੀ ਕੋਈ ਧੁਨ ਵਜਾਉਂਦਾ | ਉਸ ਦਿਨ ਪਿਕਨਿਕ 'ਤੇ ਵੀ ਉਸ ਨੇ ਝਕਦਿਆਂ-ਝਕਦਿਆਂ ਅਤੇ ਕਈ ਵਾਰੀ ਸੋਚਣ ਤੋਂ ਬਾਅਦ ਹੀ ਬੰਸਰੀ ਕੱਢੀ ਸੀ | ਉਸ ਨੂੰ ਉਮੀਦ ਨਹੀਂ ਸੀ ਕਿ ਉਸ ਦੀ ਬੰਸਰੀ ਦੀ ਐਨੀ ਤਾਰੀਫ ਹੋਵੇਗੀ ਅਤੇ ਉਸ ਦੇ ਸਾਰੇ ਸਹਿਪਾਠੀ ਫਰਮਾਇਸ਼ ਉੱਪਰ ਫਰਮਾਇਸ਼ ਕਰਨਗੇ |
ਉਸ ਦਿਨ ਤੋਂ ਬਾਅਦ ਰਣਬੀਰ ਦਾ ਝਾਕਾ ਹੌਲੀ-ਹੌਲੀ ਖੁੱਲ੍ਹ ਗਿਆ | ਪਹਿਲਾਂ ਉਸ ਨੇ ਆਪਣੇ ਪੰਜਾਬੀ ਵਿਭਾਗ ਦੇ ਇਕ ਪ੍ਰੋਗਰਾਮ ਵਿਚ ਇਕ ਧੁਨ ਸੁਣਾਈ ਅਤੇ ਫਿਰ ਪੂਰੀ ਯੂਨੀਵਰਸਿਟੀ ਦੇ ਸਾਲਾਨਾ ਪ੍ਰੋਗਰਾਮ ਵਿਚ | ਹੁਣ ਉਹ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦਾ ਚਹੇਤਾ 'ਕਾਹਨ' ਬਣ ਗਿਆ ਸੀ |
(ਬਾਕੀ ਅਗਲੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001.
ਮੋਬਾ: 98889-24664

ਚੁਟਕਲੇ

• ਮੰਮੀ (ਰਾਜੀਵ ਨੂੰ )-ਤੁਸੀਂ ਆਪਣੀ ਨਵੀਂ ਛਤਰੀ ਵਿਚ ਸੁਰਾਖ ਕਿਉਂ ਰੱਖੇ ਹਨ?
ਰਾਜੀਵ-ਤਾਂ ਕਿ ਜਦੋਂ ਮੀਂਹ ਪੈ ਰਿਹਾ ਹੋਵੇ ਤਾਂ ਛਤਰੀ ਵਿਚੋਂ ਪਾਣੀ ਟਪਕੇ ਅਤੇ ਮੈਨੂੰ ਪਤਾ ਲੱਗ ਜਾਵੇ ਕਿ ਮੀਂਹ ਪੈ ਰਿਹਾ ਹੈ |
• ਮਾਸਟਰ ਭੂਸ਼ਣ (ਵਿੱਕੀ ਨੂੰ )-ਤੰੂ ਖਾਣਾ ਖਾ ਕੇ ਮੰੂਹ ਕਿਉਂ ਨਹੀਂ ਧੋਂਦਾ? ਮੈਂ ਤੈਨੂੰ ਦੇਖ ਕੇ ਦੱਸ ਸਕਦਾ ਹਾਂ ਕਿ ਅੱਜ ਤੰੂ ਕੀ ਖਾਧਾ ਸੀ?
ਵਿੱਕੀ-ਦੱਸੋ ਸਰ, ਮੈਂ ਕੀ ਖਾਧਾ ਸੀ?
ਮਾਸਟਰ ਭੂਸ਼ਣ-ਦਹੀਂ ਭੱਲੇ |
ਵਿੱਕੀ-ਨਹੀਂ, ਦਹੀਂ-ਭੱਲੇ ਤਾਂ ਮੈਂ ਕੱਲ੍ਹ ਖਾਧੇ ਸਨ |
• ਨਰੇਸ਼ (ਰਮੇਸ਼ ਨੂੰ )-ਚਾਹ ਹਾਨੀਕਾਰਕ ਹੈ ਜਾਂ ਲਾਭਦਾਇਕ?
ਰਮੇਸ਼-ਕੋਈ ਪਿਲਾ ਦੇਵੇ ਤਾਂ ਲਾਭਦਾਇਕ ਅਤੇ ਜੇ ਪਿਆਉਣੀ ਪਵੇ ਤਾਂ ਬਹੁਤ ਹਾਨੀਕਾਰਕ |
-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ |

ਮੇਰਾ ਸਕੂਲ

ਮੈਂ ਹਰ ਰੋਜ਼ ਜਾਵਾਂ ਵਿਚ ਸਕੂਲੇ,
ਲੱਗੇ ਨੇ ਉਥੇ ਕਿੰਨੇ ਝੂਲੇ |
ਮੈਨੂੰ ਮੇਰਾ ਹੈ ਸਕੂਲ ਪਿਆਰਾ,
ਮੈਂ ਖੇਡਾਂ ਨਾਲ ਆਪਣੇ ਯਾਰਾ |
ਮੈਂ ਉਥੇ ਨਹੀਂ ਸ਼ਰਾਰਤ ਕਰਦਾ,
ਭਾਵੇਂ ਹਾਂ ਅਜੇ ਥੋੜ੍ਹਾ ਹੀ ਪੜ੍ਹਦਾ |
ਅੰਟੀ ਚੌਲ, ਦਲੀਆ ਰੋਜ਼ ਬਣਾਵੇ,
ਉਹ ਮੈਨੂੰ ਚਮਚੇ ਨਾਲ ਖੁਵਾਵੇ |
ਵੱਡੇ ਬੱਚੇ ਮੈਨੂੰ ਕਰਨ ਪਿਆਰ,
'ਲਾਡੀ' ਮੇਰਾ ਪੱਕਾ-ਪੱਕਾ ਯਾਰ |
-ਲਾਡੀ ਸੁਖਜਿੰਦਰ ਕੌਰ ਭੁੱਲਰ,
ਪਿੰਡ ਫਰੀਦ ਸਰਾਏ, ਤਹਿ: ਸੁਲਤਾਨਪੁਰ ਲੋਧੀ (ਕਪੂਰਥਲਾ) | ਮੋਬਾ: 97811-91910

ਬਾਲ ਸਾਹਿਤ

ਮੈਂ ਤੁਲਸੀ (ਬਾਲ ਕਵਿਤਾਵਾਂ)
ਕਵੀ : ਪ੍ਰੋ: ਸੁਲੱਖਣ ਮੀਤ
ਪ੍ਰਕਾਸ਼ਕ : ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ |
ਮੁੱਲ : 50 ਰੁ:, ਪੰਨੇ : 32

ਪ੍ਰੋ: ਸੁਲੱਖਣ ਮੀਤ ਨੇ ਆਪਣੇ ਨਵੇਂ ਬਾਲ ਕਾਵਿ-ਸੰਗ੍ਰਹਿ 'ਮੈਂ ਤੁਲਸੀ' ਵਿਚ ਪ੍ਰਕ੍ਰਿਤੀ ਨੂੰ ਆਧਾਰ ਬਣਾ ਕੇ ਕਵਿਤਾਵਾਂ ਸਿਰਜੀਆਂ ਹਨ | ਇਹ ਵਿਸ਼ੇਸ਼ ਕਰਕੇ 5 ਤੋਂ 12 ਸਾਲਾਂ ਦੇ ਉਮਰ ਗੁੱਟ ਦੇ ਬੱਚਿਆਂ ਲਈ ਨਿਰਧਾਰਤ ਹਨ | ਇਨ੍ਹਾਂ ਕਵਿਤਾਵਾਂ ਵਿਚ ਕਵੀ ਆਪਣੇ ਘਰ ਦੇ ਵਿਹੜੇ ਅਤੇ ਚੌਗਿਰਦੇ ਵਿਚ ਉੱਗੇ ਵੰਨ-ਸੁਵੰਨੇ ਰੁੱਖਾਂ, ਬਗੀਚੀਆਂ ਅਤੇ ਫਲ਼ਾਂ-ਫੁੱਲਾਂ ਦੀ ਗੱਲ ਕਰਦਾ ਹੈ | ਅਜੋਕੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦਾ ਟਾਕਰਾ ਕਰਨ ਲਈ ਇਹ ਕਵਿਤਾਵਾਂ ਬੱਚਿਆਂ ਨੂੰ ਪ੍ਰੇਰਦੀਆਂ ਹਨ ਅਤੇ ਇਸ ਗੱਲ ਦਾ ਅਹਿਸਾਸ ਕਰਵਾਉਂਦੀਆਂ ਹਨ ਕਿ ਜੇਕਰ ਹਰ ਮਨੁੱਖ ਪ੍ਰਕ੍ਰਿਤੀ ਦੀ ਪੂੰਜੀ ਦੀ ਸਾਂਭ-ਸੰਭਾਲ ਪ੍ਰਤੀ ਸਾਵਧਾਨ ਹੋ ਜਾਵੇ ਤਾਂ ਮਨੁੱਖ ਜੀਵਨ ਭਵਿੱਖ ਵਿਚ ਦਰਪੇਸ਼ ਪੈਦਾ ਹੋਣ ਵਾਲੇ ਸੰਕਟਾਂ ਦਾ ਸਾਹਮਣਾ ਕਰਨ ਤੋਂ ਬਚ ਸਕਦਾ ਹੈ | ਬੱਚਿਆਂ ਨੂੰ 'ਸੁਹਣੇ ਸੁਹਣੇ ਬੂਟੇ ਲਾ', 'ਬੇਰੀ', 'ਰੁੱਖ ਲਗਾਓ', 'ਫੁੱਲਾਂ ਦੀ ਰੁੱਤ', 'ਬਨਾਸਰ ਬਾਗ', 'ਰੁੱਖ ਬਚਾਓ', 'ਬਾਗ ਦੀ ਸੈਰ', 'ਰਾਗੀ ਪੰਛੀ', 'ਰੁੱਖ ਦੀ ਮਹੱਤਤਾ' ਕਵਿਤਾਵਾਂ ਵਧੇਰੇ ਟੁੰਭਦੀਆਂ ਹਨ |
ਕੁਝ ਪੰਛੀਆਂ ਦੀ ਚਹਿਚਿਹਾਟ ਵੀ ਇਨ੍ਹਾਂ ਕਵਿਤਾਵਾਂ ਵਿਚੋਂ ਸੁਣਾਈ ਦਿੰਦੀ ਹੈ | ਤੁਲਸੀ, ਬੇਰੀ, ਅਮਰੂਦ ਆਦਿ ਰੁੱਖਾਂ ਦੇ ਗੁਣਾਂ ਨੂੰ ਸੋਹਣੇ ਢੰਗ ਨਾਲ ਉਜਾਗਰ ਕੀਤਾ ਗਿਆ ਹੈ | ਚੰਗਾ ਹੁੰਦਾ, ਕਵਿਤਾਵਾਂ ਨਾਲ ਰੁੱਖਾਂ, ਫਲਾਂ-ਫੁੱਲਾਂ ਅਤੇ ਪੰਛੀਆਂ ਸੰਬੰਧੀ ਚਿੱਤਰ ਵੀ ਨਾਲ ਦਿੱਤੇ ਜਾਂਦੇ | ਖ਼ੈਰ, ਇਹ ਪੁਸਤਕ ਬੱਚਿਆਂ ਲਈ ਸਾਹਿਤ ਅਤੇ ਭਾਸ਼ਾ ਪੱਖੋਂ ਉਪਯੋਗੀ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 9814423703

ਉੱਤਰੀ ਅਮਰੀਕਾ ਦੀਆਂ ਨਦੀਆਂ

ਰਿਓ ਗਰਾਂਡੇ
ਪਿਆਰੇ ਬੱਚਿਓ, ਰਿਓ ਗਰਾਂਡੇ ਉੱਤਰੀ ਅਮਰੀਕਾ ਦੀ ਇਕ ਨਦੀ ਹੈ | ਇਹ ਨਦੀ ਮੈਕਸੀਕੋ, ਕਲੋਰਾਡੋ, ਟੇਕਸਸ, ਨਵੇਂ ਮੈਕਸੀਕੋ, ਨਿਉਵੋਲਿਓਨ, ਤਾਮੁਲਿਪਾਸ ਪ੍ਰਾਂਤਾਂ ਵਿਚੋਂ ਲੰਘਦੀ ਹੈ | ਇਹ ਨਦੀ ਸੰਯੁਕਤ ਰਾਜਾਂ ਦੇ ਕੈਨਬਾਈ ਪਹਾੜਾਂ ਵਿਚੋਂ ਜਨਮ ਲੈਂਦੀ ਹੈ ਤੇ ਗਲਫ ਆਫ ਮੈਕਸੀਕੋ ਵਿਚ ਆ ਕੇ ਆਪਣੀ ਮੂਲ ਹੋਂਦ ਗੁਆ ਲੈਂਦੀ ਹੈ | ਇਸ ਨਦੀ ਦੀ ਲੰਬਾਈ 3051 ਕਿਲੋਮੀਟਰ (1897 ਮੀਲ) ਦੇ ਕਰੀਬ ਹੈ | ਇਸ ਨਦੀ ਦਾ ਕੁੱਲ ਖੇਤਰਫਲ 4,71,900 ਵਰਗ ਕਿਲੋਮੀਟਰ (1,82,200 ਵਰਗ ਮੀਲ) ਦੇ ਕਰੀਬ ਮਾਪਿਆ ਗਿਆ ਹੈ | ਇਸ ਨਦੀ ਵਿਚਲਾ ਪਾਣੀ ਇਕ ਸਮਾਨ ਨਹੀਂ ਰਹਿੰਦਾ | ਇਹ ਘਟਦਾ-ਵਧਦਾ ਰਹਿੰਦਾ ਹੈ | ਗਰਮੀ ਦੇ ਮੌਸਮ ਵਿਚ ਕਾਫੀ ਘਟ ਜਾਂਦਾ ਹੈ ਤੇ ਵਰਖਾ ਦੇ ਮੌਸਮ ਵਿਚ ਪਾਣੀ ਆਮ ਨਾਲੋਂ ਕਾਫੀ ਵਧ ਜਾਂਦਾ ਹੈ ਪਰ ਇਸ ਨਦੀ ਵਿਚਲੇ ਪਾਣੀ ਦੀ ਔਸਤ ਸਮਰੱਥਾ 1474 ਘਣ ਫੁੱਟ (42 ਘਣ ਮੀਟਰ) ਹੈ | ਇਹ ਸਮਰੱਥਾ ਵੱਧ ਤੋਂ ਵੱਧ 900 ਘਣ ਮੀਟਰ (31,700 ਘਣ ਫੁੱਟ) ਹੈ | ਇਹ ਉੱਤਰੀ ਅਮਰੀਕਾ ਦੀ ਚੌਥੀ ਵੱਡੀ/ਲੰਮੀ ਨਦੀ ਹੈ | ਇਸ ਨਦੀ ਦੇ ਖੱਬੇ ਪਾਸੇ ਹੋਰ ਛੋਟੀਆਂ-ਛੋਟੀਆਂ ਨਦੀਆਂ ਜਿਵੇਂ ਲਾਲ, ਰਿਓ ਹੋਂਡੋ, ਰਿਓ ਪੁਬਲੋ ਦੇ ਟਾਓਸ, ਅਪਬੁਡੋ, ਸੰਤਾ ਫੇ, ਗਾਲਿਸਟੀਓ ਕ੍ਰੀਕ, ਪੀਕੋਸ, ਅਲਾਮਿਟੋ ਕ੍ਰੀਕ, ਟਰਲਿਗੁਆ ਕ੍ਰੀਕ, ਡੇਵਿਲਸ ਵਹਿੰਦੀਆਂ ਹਨ | ਸੱਜੇ ਪਾਸੇ ਕੋਨੇਜੋਸ, ਰਿਓ ਚਾਮਾ, ਰਿਓ ਕੋਨਚੋਸ, ਸਲਾਡੋ, ਰਿਓ ਅਲਾਮੋ ਸਾਨ ਜੁਅਨ ਆਦਿ ਨਦੀਆਂ ਵਗਦੀਆਂ ਹਨ |
ਇਸ ਨਦੀ ਵਿਚੋਂ ਛੋਟੀਆਂ-ਛੋਟੀਆਂ ਨਹਿਰਾਂ ਬਣਾ ਕੇ ਕੱਢੀਆਂ ਗਈਆਂ ਹਨ | ਇਨ੍ਹਾਂ ਨਹਿਰਾਂ ਰਾਹੀਂ ਪਾਣੀ ਇਥੋਂ ਦੇ ਖੇਤਾਂ ਤੱਕ ਪਹੁੰਚਦਾ ਹੈ | ਇਸ ਤਰ੍ਹਾਂ ਦੇ ਸਿੰਚਾਈ ਪ੍ਰਬੰਧਾਂ ਨਾਲ ਫਸਲ ਵਧੇਰੇ ਹੁੰਦੀ ਹੈ |
-ਬੰਤਾ ਸਿੰਘ ਕਾਲੋਨੀ, ਵਾਰਡ ਨੰ: 7, ਗਲੀ ਨੰ: 3, ਦਸੂਹਾ, ਹੁਸ਼ਿਆਰਪੁਰ-144205.
ਮੋਬਾ: 94643-17983


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX