ਤਾਜਾ ਖ਼ਬਰਾਂ


ਅੱਜ ਸੰਗਰੂਰ ਆਉਣਗੇ ਸੁਖਬੀਰ ਬਾਦਲ
. . .  10 minutes ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਆਉਣਗੇ। ਇਸ ਸੰਬੰਧੀ ਸੰਗਰੂਰ ਹਲਕਾ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਪਾਰਲੀਮਾਨੀ ਸਕੱਤਰ ਅਤੇ ਅਕਾਲੀ ਦਲ ਦੇ ਜ਼ਿਲ੍ਹਾ...
ਲੋਕ ਸਭਾ ਚੋਣਾਂ ਲਈ ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗਾ ਨਾਮਜ਼ਦਗੀਆਂ ਦਾ ਦੌਰ
. . .  32 minutes ago
ਅਜਨਾਲਾ, 22 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਦੇਸ਼ ਅੰਦਰ ਵੱਖ-ਵੱਖ ਪੜਾਵਾਂ ਤਹਿਤ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਸੱਤਵੇਂ ਅਤੇ ਆਖ਼ਰੀ ਗੇੜ ਤਹਿਤ 19 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ, ਜਿਹੜੀ ਕਿ 29 ਅਪ੍ਰੈਲ...
ਅੱਜ ਦਾ ਵਿਚਾਰ
. . .  43 minutes ago
ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਇਕ ਕਦਆਵਰ ਸ਼ਖ਼ਸੀਅਤ ਸਨ ਨੈਲਸਨ ਮੰਡੇਲਾ

ਦੱਖਣੀ ਅਫਰੀਕਾ ਦੇ ਮਹਾਨ ਆਗੂ ਨੈਲਸਨ ਮੰਡੇਲਾ, ਜਿਨ੍ਹਾਂ ਨੇ ਦੱਖਣੀ ਅਫਰੀਕਾ ਵਿਚੋਂ ਘੱਟ-ਗਿਣਤੀ, ਨਸਲਪ੍ਰਸਤ, ਗੋਰੀ ਹਕੂਮਤ ਦਾ ਖ਼ਾਤਮਾ ਕਰਕੇ ਸਾਰੇ ਲੋਕਾਂ ਦੀ ਭਾਈਵਾਲੀ ਵਾਲੇ ਜਮਹੂਰੀ ਨਿਜ਼ਾਮ ਦੀ ਸਥਾਪਨਾ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਸੀ, 6 ਦਸੰਬਰ, 2013 ਨੂੰ ਜੋਹਨਜ਼ਬਰਗ ਵਿਚ ਸਦੀਵੀ ਵਿਛੋੜਾ ਦੇ ਗਏ ਹਨ | ਉਨ੍ਹਾਂ ਦੇ ਦਿਹਾਂਤ ਨਾਲ ਦੁਨੀਆ ਭਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਅਮਰੀਕਾ, ਬਰਤਾਨੀਆ, ਰੂਸ, ਚੀਨ, ਭਾਰਤ ਅਤੇ ਦੁਨੀਆ ਦੇ ਹੋਰ ਵੱਡੇ ਤੇ ਛੋਟੇ ਦੇਸ਼ਾਂ ਵਿਚ ਸਿਆਸਤਦਾਨਾਂ, ਕਲਾਕਾਰਾਂ ਅਤੇ ਜ਼ਿੰਦਗੀ ਦੇ ਹੋਰ ਖੇਤਰਾਂ ਨਾਲ ਸਬੰਧਤ ਲੋਕਾਂ ਨੇ ਉਨ੍ਹਾਂ ਦੇ ਵਿਛੋੜੇ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ |
ਦੱਖਣੀ ਅਫਰੀਕਾ ਦੇ ਮੌਜੂਦਾ ਰਾਸ਼ਟਰਪਤੀ ਯਕੂਬ ਜ਼ੁਮਾ ਨੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੇਸ਼ ਦੇ ਕੌਮੀ ਟੈਲੀਵਿਜ਼ਨ ਤੋਂ ਨਸ਼ਰ ਕਰਦਿਆਂ ਕਿਹਾ, 'ਸਾਡੀ ਕੌਮ ਆਪਣਾ ਸਭ ਤੋਂ ਮਹਾਨ ਪੁੱਤਰ ਗੁਆ ਬੈਠੀ ਹੈ | ਭਾਵੇਂ ਅਸੀਂ ਸਾਰੇ ਜਾਣਦੇ ਸਾਂ ਕਿ ਇਹ ਦਿਨ ਆਏਗਾ ਪਰ ਫਿਰ ਵੀ ਸਾਡੇ ਵਿਚ ਇਹ ਅਹਿਸਾਸ ਘੱਟ ਨਹੀਂ ਹੋਇਆ ਕਿ ਸਾਡਾ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ |' ਅਮਰੀਕਾ ਦੇ ਰਾਸ਼ਟਰਪਤੀ ਨੇ ਉਨ੍ਹਾਂ ਦੀ ਮੌਤ 'ਤੇ ਟਿੱਪਣੀ ਕਰਦਿਆਂ ਕਿਹਾ, 'ਉਹ ਸਿਰਫ ਸਾਡੇ ਨਾਲ ਹੀ ਸਬੰਧਤ ਨਹੀਂ ਰਹੇ, ਸਗੋਂ ਉਨ੍ਹਾਂ ਦਾ ਸਬੰਧ ਹੁਣ ਯੁੱਗਾਂ ਨਾਲ ਹੋ ਗਿਆ ਹੈ |' ਉਨ੍ਹਾਂ ਇਹ ਵੀ ਕਿਹਾ ਕਿ ਉਹ ਹੋਰ ਹਜ਼ਾਰਾਂ ਲੋਕਾਂ ਦੀ ਤਰ੍ਹਾਂ ਨੈਲਸਨ ਮੰਡੇਲਾ ਤੋਂ ਪ੍ਰੇਰਨਾ ਹਾਸਲ ਕਰਦੇ ਰਹੇ ਹਨ | ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ, 'ਇਕ ਮਹਾਨ ਆਤਮਾ ਇਸ ਸੰਸਾਰ ਤੋਂ ਰੁਖ਼ਸਤ ਹੋ ਗਈ ਹੈ |' ਦੱਖਣੀ ਅਫਰੀਕਾ ਦੀ ਨਸਲਪ੍ਰਸਤ ਘੱਟ-ਗਿਣਤੀ ਗੋਰੀ ਸਰਕਾਰ ਦੇ ਆਖਰੀ ਰਾਸ਼ਟਰਪਤੀ ਡੀ ਕਲਾਰਕ, ਜਿਨ੍ਹਾਂ ਨੇ 1990 ਵਿਚ 27 ਸਾਲਾਂ ਦੀ ਨਜ਼ਰਬੰਦੀ ਤੋਂ ਬਾਅਦ ਨੈਲਸਨ ਮੰਡੇਲਾ ਦੀ ਰਿਹਾਈ ਲਈ ਆਦੇਸ਼ ਦਿੱਤੇ ਸਨ ਅਤੇ ਲਗਾਤਾਰ ਉਨ੍ਹਾਂ ਨਾਲ ਗੱਲਬਾਤ ਕਰਕੇ ਦੱਖਣੀ ਅਫਰੀਕਾ ਵਿਚੋਂ ਨਸਲਪ੍ਰਸਤੀ 'ਤੇ ਅਧਾਰਤ ਨਿਜ਼ਾਮ ਨੂੰ ਖ਼ਤਮ ਕਰਨ ਦਾ ਆਧਾਰ ਤਿਆਰ ਕੀਤਾ ਸੀ, ਨੇ ਕਿਹਾ ਕਿ 'ਉਹ ਲੋਕਾਂ ਨੂੰ ਆਪਸ ਵਿਚ ਜੋੜਨ ਵਾਲੇ ਮਹਾਨ ਵਿਅਕਤੀ ਸਨ |'
ਨੈਲਸਨ ਮੰਡੇਲਾ ਸਤੰਬਰ ਮਹੀਨੇ ਤੋਂ ਹੀ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਚਲੇ ਆ ਰਹੇ ਸਨ | ਇਸ ਸਮੇਂ ਦੌਰਾਨ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਕਈ ਵਾਰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲੀ | ਪਰ ਉਹ ਇਸ ਬਿਮਾਰੀ ਤੋਂ ਨਿਜਾਤ ਨਾ ਪਾ ਸਕੇ |
ਉਨ੍ਹਾਂ ਦਾ ਜਨਮ 1918 ਵਿਚ ਈਸਟਰਨ ਕੈਪ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਕਾਨੂੰਨ ਦੇ ਖੇਤਰ ਵਿਚ ਉੱਚ-ਸਿੱਖਿਆ ਪ੍ਰਾਪਤ ਕੀਤੀ ਸੀ | ਉਨ੍ਹਾਂ ਦੇ ਪਿਤਾ ਨਿਕੋਸੀ ਮਫਾਕਾਨੀਸਵਾ ਮੰਡੇਲਾ ਨੇ ਉਨ੍ਹਾਂ ਦਾ ਨਾਂਅ ਰੋਲੀਹਲਾਹਲਾ ਮੰਡੇਲਾ ਰੱਖਿਆ ਸੀ | ਅਫਰੀਕੀ ਭਾਸ਼ਾ ਵਿਚ ਰੋਲੀਹਲਾਹਲਾ ਦਾ ਅਰਥ ਦਰੱਖਤ ਦੇ ਪੱਤੇ ਹਿਲਾਉਣ ਵਾਲਾ ਹੁੰਦਾ ਹੈ | ਇਸ ਸ਼ਬਦ ਦਾ ਇਕ ਹੋਰ ਅਰਥ 'ਪੁਆੜੇ ਦੀ ਜੜ੍ਹ' ਵੀ ਕੀਤਾ ਜਾਂਦਾ ਹੈ | ਨੈਲਸਨ ਮੰਡੇਲਾ ਨੇ ਆਪਣੀ ਪੁਸਤਕ 'ਆਜ਼ਾਦੀ ਦਾ ਲੰਮਾ ਸਫ਼ਰ' ਵਿਚ ਇਹ ਗੱਲ ਪ੍ਰਵਾਨ ਕੀਤੀ ਹੈ ਕਿ ਉਨ੍ਹਾਂ ਦੇ ਨਾਂਅ ਦੇ ਇਨ੍ਹਾਂ ਅਰਥਾਂ ਦਾ ਉਨ੍ਹਾਂ ਦੇ ਜੀਵਨ 'ਤੇ ਬੜਾ ਪ੍ਰਭਾਵ ਰਿਹਾ ਹੈ | ਨੈਲਸਨ ਨਾਂਅ ਉਨ੍ਹਾਂ ਦੇ ਸਕੂਲ ਅਧਿਆਪਕ ਵੱਲੋਂ ਉਨ੍ਹਾਂ ਨੂੰ ਸਕੂਲ ਦੇ ਪਹਿਲੇ ਦਿਨ ਹੀ ਦਿੱਤਾ ਗਿਆ ਸੀ | ਆਪਣੇ ਦੇਸ਼ ਨੂੰ 350 ਸਾਲਾਂ ਦੀ ਗੁਲਾਮੀ ਅਤੇ ਨਸਲਪ੍ਰਸਤੀ ਅਧਾਰਤ ਨਿਜ਼ਾਮ ਤੋਂ ਮੁਕਤੀ ਦਿਵਾਉਣ ਲਈ ਉਹ 1943 ਵਿਚ ਅਫਰੀਕਨ ਨੈਸ਼ਨਲ ਕਾਂਗਰਸ ਵਿਚ ਸ਼ਾਮਿਲ ਹੋ ਗਏ | 1956 ਵਿਚ ਉਨ੍ਹਾਂ ਨੂੰ ਗੱਦਾਰੀ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ 'ਤੇ ਕੇਸ ਚਲਾਇਆ ਗਿਆ | 1962 ਵਿਚ ਉਨ੍ਹਾਂ ਨੂੰ ਪਾਸਪੋਰਟ ਤੋਂ ਬਿਨਾਂ ਦੇਸ਼ ਤੋਂ ਬਾਹਰ ਜਾਣ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਅਤੇ ਇਸ ਮਾਮਲੇ ਵਿਚ ਉਨ੍ਹਾਂ ਨੂੰ 5 ਸਾਲ ਦੀ ਕੈਦ ਹੋਈ | 1960 ਵਿਚ ਅਫਰੀਕਨ ਨੈਸ਼ਨਲ ਕਾਂਗਰਸ ਨੇ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਆਰੰਭਣ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਨੂੰ ਹਥਿਆਰਬੰਦ ਦਸਤੇ ਦਾ ਕਮਾਂਡਰ ਬਣਾਇਆ ਗਿਆ | ਹਥਿਆਰਬੰਦ ਬਗਾਵਤ ਕਰਨ ਦੇ ਦੋਸ਼ ਵਿਚ 1964 ਵਿਚ ਉਨ੍ਹਾਂ ਦੀ ਗਿ੍ਫ਼ਤਾਰੀ ਹੋਈ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ | ਇਸ ਤੋਂ ਬਾਅਦ ਅਫਰੀਕਨ ਨੈਸ਼ਨਲ ਕਾਂਗਰਸ ਮੁੜ ਸ਼ਾਂਤਮਈ ਸੰਘਰਸ਼ ਵੱਲ ਵਧੇਰੇ ਰੁਚਿਤ ਹੋ ਗਈ | ਕੁੱਲ ਮਿਲਾ ਕੇ 27 ਸਾਲਾਂ ਦੀ ਕੈਦ ਤੋਂ ਬਾਅਦ ਡੀ ਕਲਾਰਕ ਦੀ ਸਰਕਾਰ ਨੇ 1990 ਵਿਚ ਉਨ੍ਹਾਂ ਨੂੰ ਰਿਹਾਅ ਕੀਤਾ | 1993 ਵਿਚ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ | 1994 ਵਿਚ ਨਸਲਪ੍ਰਸਤੀ ਤੋਂ ਮੁਕਤ ਹੋਈਆਂ ਪਹਿਲੀਆਂ ਚੋਣਾਂ ਵਿਚ ਉਹ ਦੇਸ਼ ਦੇ ਪਹਿਲੇ ਕਾਲੇ ਰਾਸ਼ਟਰਪਤੀ ਚੁਣੇ ਗਏ | ਆਪਣੀ ਹਕੂਮਤ ਦੇ 5 ਸਾਲ ਪੂਰੇ ਕਰਕੇ 1999 ਵਿਚ ਉਨ੍ਹਾਂ ਨੇ 80 ਸਾਲ ਦੀ ਉਮਰ ਵਿਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ | ਪਰ ਉਹ ਇਸ ਸਮੇਂ ਦੌਰਾਨ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਵੱਖ-ਵੱਖ ਮੰਚਾਂ ਰਾਹੀਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦੇ ਰਹੇ | ਏਡਜ਼ ਅਤੇ ਹੋਰ ਕਈ ਮੁੱਦਿਆਂ 'ਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਸਰਗਰਮ ਰਹੇ |
ਦੱਖਣੀ ਅਫਰੀਕਾ ਦੇ ਲੋਕਾਂ ਨੂੰ ਨਸਲਪ੍ਰਸਤ, ਘੱਟ-ਗਿਣਤੀ ਨਿਜ਼ਾਮ ਤੋਂ ਮੁਕਤੀ ਦਿਵਾਉਣ ਲਈ ਉਨ੍ਹਾਂ ਨੇ ਲੰਮਾ ਤੇ ਕਠਿਨ ਸੰਘਰਸ਼ ਕੀਤਾ | ਇਸ ਸੰਘਰਸ਼ ਦੌਰਾਨ ਨਸਲਪ੍ਰਸਤ ਸਰਕਾਰ ਨੇ ਲੋਕਾਂ 'ਤੇ ਅਕਹਿ ਅਤੇ ਅਸਹਿ ਤਸ਼ੱਦਦ ਕੀਤਾ | ਹਜ਼ਾਰਾਂ ਲੋਕਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ ਅਤੇ ਜੇਲ੍ਹਾਂ ਵਿਚ ਜਾਣਾ ਪਿਆ ਤੇ ਇਸ ਸਭ ਕੁਝ ਦੇ ਬਾਵਜੂਦ ਨੈਲਸਨ ਮੰਡੇਲਾ ਦਾ ਆਜ਼ਾਦੀ ਜਮਹੂਰੀਅਤ ਸਬੰਧੀ ਸੰਕਲਪ ਬਹੁਤ ਹੀ ਵਿਸ਼ਾਲ ਅਤੇ ਖੁੱਲ੍ਹਾ-ਡੁੱਲ੍ਹਾ ਰਿਹਾ | ਉਹ ਸਿਰਫ ਬਹੁਗਿਣਤੀ ਕਾਲੇ ਲੋਕਾਂ ਲਈ ਹੀ ਆਜ਼ਾਦੀ, ਸਮਾਨਤਾ ਅਤੇ ਮਨੁੱਖੀ ਅਧਿਕਾਰ ਨਹੀਂ ਸਨ ਚਾਹੁੰਦੇ, ਸਗੋਂ ਦੱਖਣੀ ਅਫਰੀਕਾ ਦੇ ਸਾਰੇ ਲੋਕਾਂ ਲਈ ਬਰਾਬਰੀ 'ਤੇ ਅਧਾਰਤ ਜਮਹੂਰੀ ਨਿਜ਼ਾਮ ਚਾਹੁੰਦੇ ਸਨ | ਉਨ੍ਹਾਂ ਦੀ ਵਿਚਾਰਧਾਰਾ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੀ ਇਸ ਸਰਗਰਮੀ ਨੇ ਦੱਖਣੀ ਅਫਰੀਕਾ ਦੀ ਘੱਟ-ਗਿਣਤੀ ਨਸਲਪ੍ਰਸਤ ਸਰਕਾਰ ਦੇ ਖ਼ਾਤਮੇ ਤੋਂ ਬਾਅਦ ਦੇਸ਼ ਨੂੰ ਵੱਡੀ ਖਾਨਾਜੰਗੀ ਤੋਂ ਬਚਾਅ ਲਿਆ | ਦੁਨੀਆ ਦੇ ਬਹੁਤ ਸਾਰੇ ਲੋਕ ਨੈਲਸਨ ਮੰਡੇਲਾ ਦੀ ਤੁਲਨਾ ਮਹਾਤਮਾ ਗਾਂਧੀ ਨਾਲ ਕਰਦੇ ਹਨ | ਮਹਾਤਮਾ ਗਾਂਧੀ ਨੇ ਵੀ ਭਾਰਤ ਵਿਚ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਲਈ ਸ਼ਾਂਤਮਈ ਅੰਦੋਲਨ ਦਾ ਰਸਤਾ ਅਖ਼ਤਿਆਰ ਕੀਤਾ ਸੀ ਅਤੇ ਅੰਗਰੇਜ਼ਾਂ ਦੇ ਖਿਲਾਫ਼ ਲੰਮਾ ਸੰਘਰਸ਼ ਲੜਿਆ ਸੀ | ਪਰ ਭਾਰਤ ਲਈ ਆਜ਼ਾਦੀ ਦੇਸ਼ ਦੀ ਵੰਡ ਵੀ ਨਾਲ ਲੈ ਕੇ ਆਈ | ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਉਹ ਦੇਸ਼ ਨੂੰ ਇਕ ਵੱਡੀ ਖਾਨਾਜੰਗੀ ਤੋਂ ਨਾ ਬਚਾਅ ਸਕੇ | ਦੇਸ਼ ਵਿਚ ਇਸੇ ਸਮੇਂ ਦੌਰਾਨ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਫ਼ਿਰਕੂ ਦੰਗੇ ਫੈਲ ਗਏ, ਜਿਨ੍ਹਾਂ ਵਿਚ 10 ਲੱਖ ਲੋਕ ਮਾਰੇ ਗਏ ਅਤੇ ਇਕ ਕਰੋੜ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਸ਼ਰਨਾਰਥੀ ਹੋਣਾ ਪਿਆ | ਦੂਜੇ ਪਾਸੇ, ਦੱਖਣੀ ਅਫਰੀਕਾ ਵਿਚ ਭਾਵੇਂ ਬਹੁਗਿਣਤੀ ਕਾਲੇ ਲੋਕਾਂ ਅਤੇ ਘੱਟ-ਗਿਣਤੀ ਗੋਰੇ ਲੋਕਾਂ ਦਰਮਿਆਨ ਕਾਫੀ ਟਕਰਾਅ ਅਤੇ ਨਫ਼ਰਤ ਪਾਈ ਜਾ ਰਹੀ ਸੀ ਕਿਉਂਕਿ ਦੱਖਣੀ ਅਫਰੀਕਾ ਦੇ ਬਹੁਗਿਣਤੀ ਕਾਲੇ ਲੋਕਾਂ 'ਤੇ ਜਬਰ ਅਤੇ ਜ਼ੁਲਮ ਗੋਰੇ ਲੋਕਾਂ ਦੀ ਅਗਵਾਈ ਵਾਲੀ ਨਸਲਪ੍ਰਸਤ ਸਰਕਾਰ ਵੱਲੋਂ ਹੀ ਕੀਤੇ ਜਾਂਦੇ ਸਨ | ਇਸ ਦੇ ਬਾਵਜੂਦ ਨੈਲਸਨ ਮੰਡੇਲਾ ਦੀ ਅਗਵਾਈ ਵਿਚ ਅਫਰੀਕਨ ਨੈਸ਼ਨਲ ਕਾਂਗਰਸ ਨੇ ਆਜ਼ਾਦੀ ਤੋਂ ਬਾਅਦ ਨਾ ਤਾਂ ਦੇਸ਼ ਵਿਚ ਨਸਲੀ ਫਸਾਦ ਹੋਣ ਦਿੱਤੇ ਅਤੇ ਨਾ ਹੀ ਘੱਟ-ਗਿਣਤੀ ਗੋਰੇ ਲੋਕਾਂ ਨਾਲ ਹੋਰ ਕਿਸੇ ਤਰ੍ਹਾਂ ਦੀ ਜ਼ਿਆਦਤੀ ਹੋਣ ਦਿੱਤੀ | ਉਨ੍ਹਾਂ ਨੇ 'ਭੁੱਲ ਜਾਓ ਅਤੇ ਮਾਫ਼ ਕਰੋ' ਦੀ ਨੀਤੀ ਅਖ਼ਤਿਆਰ ਕੀਤੀ | ਭਾਵੇਂ ਉਹ ਜਾਣਦੇ ਸਨ ਕਿ ਉਨ੍ਹਾਂ ਦੀ ਇਸ ਨੀਤੀ ਨੂੰ ਬਹੁਤ ਸਾਰੇ ਕਾਲੇ ਲੋਕ ਪਸੰਦ ਨਹੀਂ ਕਰਦੇ, ਫਿਰ ਵੀ ਉਨ੍ਹਾਂ ਨੇ ਆਪਣੇ ਲੋਕਾਂ ਨੂੰ ਇਸ ਗੱਲ ਲਈ ਕਾਇਲ ਕੀਤਾ ਕਿ ਜੇਕਰ ਦੇਸ਼ ਨੇ ਅਮਨ ਤੇ ਸਦਭਾਵਨਾ ਨਾਲ ਚੰਗੇ ਭਵਿੱਖ ਵੱਲ ਵਧਣਾ ਹੈ ਤਾਂ ਉਨ੍ਹਾਂ ਨੂੰ ਅਤੀਤ ਦੀਆਂ ਗ਼ਲਤੀਆਂ ਤੋਂ ਛੁਟਕਾਰਾ ਪਾਉਣਾ ਪਵੇਗਾ, ਭਾਵੇਂ ਉਹ ਗ਼ਲਤੀਆਂ ਕਿਸੇ ਵੀ ਧਿਰ ਵੱਲੋਂ ਕਿਉਂ ਨਾ ਕੀਤੀਆਂ ਗਈਆਂ ਹੋਣ | ਉਨ੍ਹਾਂ ਦੀ ਇਸ ਨੀਤੀ ਕਾਰਨ ਹੀ ਦੱਖਣੀ ਅਫਰੀਕਾ ਵਿਚ ਸੱਤਾ ਦਾ ਸ਼ਾਂਤਮਈ ਢੰਗ ਨਾਲ ਤਬਾਦਲਾ ਹੋ ਸਕਿਆ |
1994 ਤੋਂ 1999 ਤੱਕ ਰਾਸ਼ਟਰਪਤੀ ਵਜੋਂ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਜਿਥੇ ਉਨ੍ਹਾਂ ਨੇ ਦੇਸ਼ ਵਿਚ ਨਸਲੀ ਸਦਭਾਵਨਾ ਨੂੰ ਕਾਇਮ ਰੱਖਿਆ, ਉਥੇ ਉਨ੍ਹਾਂ ਨੇ ਅਜਿਹੀਆਂ ਆਰਥਿਕ ਨੀਤੀਆਂ ਧਾਰਨ ਕੀਤੀਆਂ, ਜਿਨ੍ਹਾਂ ਨਾਲ ਕਿ ਦੇਸ਼ ਦੀ ਆਰਥਿਕਤਾ ਦਾ ਨਾ ਕੇਵਲ ਵਿਕਾਸ ਹੋਵੇ, ਸਗੋਂ ਉਸ ਦਾ ਕੰਟਰੋਲ ਵੀ ਦੱਖਣੀ ਅਫਰੀਕਾ ਦੇ ਲੋਕਾਂ ਦੇ ਆਪਣੇ ਹੱਥਾਂ ਵਿਚ ਰਹੇ | ਵਿਦੇਸ਼ੀ ਗਲਬੇ ਦੀਆਂ ਕੌੜੀਆਂ ਹਕੀਕਤਾਂ ਤੋਂ ਉਹ ਭਲੀ-ਭਾਂਤ ਜਾਣੂ ਸਨ | ਇਸ ਲਈ ਉਹ ਆਰਥਿਕਤਾ ਦੇ ਅਹਿਮ ਖੇਤਰ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰਨ ਤੋਂ ਗੁਰੇਜ਼ ਕਰਦੇ ਸਨ, ਭਾਵੇਂ ਕਿ ਇਸ ਕਾਰਨ ਬਹੁਤ ਸਾਰੇ ਪੱਛਮੀ ਦੇਸ਼ ਉਨ੍ਹਾਂ ਤੋਂ ਨਰਾਜ਼ ਵੀ ਹੋਏ | ਉਨ੍ਹਾਂ ਨੇ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਲਈ ਨਿਰੰਤਰ ਯਤਨ ਕੀਤੇ |
ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਮਹਾਨ ਗੁਣ ਇਹ ਸੀ ਕਿ ਉਹ ਸੱਤਾ ਨਾਲ ਚਿੰਬੜੇ ਨਹੀਂ ਰਹੇ | ਦੱਖਣੀ ਅਫਰੀਕਾ ਦੇ ਲੋਕ ਉਨ੍ਹਾਂ ਨੂੰ ਉਮਰ ਭਰ ਲਈ ਰਾਸ਼ਟਰਪਤੀ ਬਣਾਉਣ ਲਈ ਤਿਆਰ ਸਨ ਪਰ ਉਨ੍ਹਾਂ ਨੇ ਸਿਰਫ 5 ਸਾਲ ਰਾਸ਼ਟਰਪਤੀ ਰਹਿਣਾ ਮਨਜ਼ੂਰ ਕੀਤਾ ਅਤੇ 5 ਸਾਲਾਂ ਬਾਅਦ ਰਾਜਨੀਤੀ ਤੋਂ ਸੰਨਿਆਸ ਲੈ ਕੇ ਅਫਰੀਕਨ ਨੈਸ਼ਨਲ ਕਾਂਗਰਸ ਦੇ ਹੋਰ ਆਗੂਆਂ ਲਈ ਰਸਤਾ ਸਾਫ਼ ਕਰ ਦਿੱਤਾ | ਉਨ੍ਹਾਂ ਤੋਂ ਬਾਅਦ ਥਾਬੂ ਮੋਬੇਕੀ ਅਗਲੇ ਰਾਸ਼ਟਰਪਤੀ ਬਣੇ ਸਨ | ਉਨ੍ਹਾਂ ਦੀ ਸ਼ਖ਼ਸੀਅਤ ਦਾ ਇਹ ਗੁਣ ਅਜਿਹਾ ਹੈ, ਜਿਸ ਤੋਂ ਅੱਜ ਦੇ ਸੱਤਾ ਨਾਲ ਚਿੰਬੜੇ ਰਹਿਣ ਵਾਲੇ ਦੁਨੀਆ ਦੇ ਹੋਰ ਬਹੁਤ ਸਾਰੇ ਆਗੂ ਪ੍ਰੇਰਨਾ ਲੈ ਸਕਦੇ ਹਨ |
ਬਿਨਾਂ ਸ਼ੱਕ ਉਨ੍ਹਾਂ ਦਾ ਦਿਹਾਂਤ 95 ਸਾਲ ਦੀ ਲੰਮੀ ਉਮਰ ਹੰਢਾਉਣ ਤੋਂ ਬਾਅਦ ਹੋਇਆ ਹੈ ਪਰ ਫਿਰ ਵੀ ਉਨ੍ਹਾਂ ਦੇ ਵਿਛੋੜੇ ਦੀ ਖ਼ਬਰ ਨਾਲ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਮਾਨਵਤਾ ਨੇ ਇਕ ਵੱਡਾ ਆਗੂ ਗੁਆ ਲਿਆ ਹੈ | ਉਨ੍ਹਾਂ ਦੇ ਸੋਗ ਵਿਚ ਜਿਥੇ ਦੱਖਣੀ ਅਫਰੀਕਾ ਵਿਚ ਅੱਧੇ ਝੰਡੇ ਝੁਕਾਏ ਗਏ ਹਨ, ਉਥੇ ਅਮਰੀਕਾ ਅਤੇ ਬਰਤਾਨੀਆ ਵਿਚ ਵੀ ਅਜਿਹਾ ਕੀਤਾ ਗਿਆ ਹੈ | ਇਸ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਸਮੇਂ ਦੁਨੀਆ ਵਿਚ ਉਨ੍ਹਾਂ ਦਾ ਦਰਜਾ ਇਕ ਅਜਿਹੇ ਵੱਡੇ ਬਜ਼ੁਰਗ ਵਾਲਾ ਬਣ ਚੁੱਕਾ ਸੀ, ਜਿਸ ਨੂੰ ਸਾਰੇ ਪਿਆਰ ਤੇ ਸਤਿਕਾਰ ਦਿੰਦੇ ਸਨ |
••


ਖ਼ਬਰ ਸ਼ੇਅਰ ਕਰੋ

ਸਾਲ 2013 ਦਾ ਪੰਜਾਬੀ ਸਿਨੇਮਾ

ਗਿਣਤੀ 'ਚ ਮਾਲਾਮਾਲ-ਕਮਾਈ 'ਚ ਕੰਗਾਲ

ਪੰਜਾਬੀ ਫ਼ਿਲਮਾਂ ਲਈ 2013 ਦਾ ਸਾਲ ਨਿਰਮਾਣ ਦੇ ਪੱਖ ਤੋਂ ਸ਼ਾਇਦ ਇਤਿਹਾਸਕ ਸਾਲ ਰਿਹਾ ਹੈ | ਇਸ ਦੌਰਾਨ ਲਗਭਗ 40 ਫ਼ਿਲਮਾਂ ਦਾ ਨਿਰਮਾਣ ਹੋਇਆ ਹੈ ਜੋ ਆਪਣੇ-ਆਪ ਵਿਚ ਇਕ ਰਿਕਾਰਡ ਕਿਹਾ ਜਾ ਸਕਦਾ ਹੈ | ਇਸ ਤੋਂ ਪਹਿਲਾਂ ਹਰ ਸਾਲ ਪੰਜਾਬੀ ਵਿਚ 12 ਤੋਂ 20 ਫ਼ਿਲਮਾਂ ਹੀ ਪ੍ਰਦਰਸ਼ਿਤ ਹੁੰਦੀਆਂ ਰਹੀਆਂ ਹਨ | ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵਿਚ ਆਈ ਇਸ ਤੇਜ਼ੀ ਨੂੰ ਇਸ ਗੱਲ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਇਸ ਖੇਤਰੀ ਸਿਨੇਮਾ ਵਲ ਆਕਰਸ਼ਿਤ ਹੋ ਰਹੀਆਂ ਹਨ | ਜਿਵੇਂ ਅਕਸ਼ੈ ਕੁਮਾਰ (ਭਾਅ ਜੀ ਇਨ ਪ੍ਰੌਬਲਮ) ਅਤੇ ਸੁਭਾਸ਼ ਘਈ (ਡਬਲ ਟ੍ਰਬਲ) ਵਰਗੇ ਹਿੰਦੀ ਫ਼ਿਲਮਾਂ ਦੇ ਚਰਚਿਤ ਚਿਹਰੇ ਵੀ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਹਨ |
ਦਿਲਚਸਪ ਗੱਲ ਇਹ ਵੀ ਹੈ ਕਿ 2013 ਵਿਚ ਸਫ਼ਲਤਾ ਦੇ ਲਿਹਾਜ਼ ਨਾਲ ਪੰਜਾਬੀ ਫ਼ਿਲਮਾਂ ਨੇ ਜ਼ਿਆਦਾ ਫ਼ਿਲਮਕਾਰਾਂ ਦਾ ਨੁਕਸਾਨ ਹੀ ਕੀਤਾ ਹੈ | ਉਂਜ ਤਾਂ ਜਦੋਂ ਵੀ ਕੋਈ ਪੰਜਾਬੀ ਫ਼ਿਲਮ ਪ੍ਰਦਰਸ਼ਿਤ ਹੁੰਦੀ ਹੈ, ਉਸ ਦੇ ਨਿਰਮਾਤਾ ਪਹਿਲੇ ਦਿਨ ਤੋਂ ਹੀ ਉਸ ਨੂੰ ਹਿੱਟ ਐਲਾਨ ਦਿੰਦੇ ਹਨ | ਅੱਜ ਤੱਕ ਕਿਸੇ ਵੀ ਪੰਜਾਬੀ ਫ਼ਿਲਮਕਾਰ ਨੇ ਇਹ ਨਹੀਂ ਮੰਨਿਆ ਕਿ ਉਸ ਦੀ ਫ਼ਿਲਮ ਫਲਾਪ ਹੋਈ ਹੈ | ਪੰਜਾਬੀ ਫ਼ਿਲਮਾਂ ਵਿਚ ਵਿਤਰਕਾਂ ਦੇ ਮੁੱਖ ਦਫ਼ਤਰ ਮੰਡੀ ਰੋਡ ਜਲੰਧਰ 'ਚ ਮੌਜੂਦ ਹਨ | ਇਨ੍ਹਾਂ ਵਿਤਰਕਾਂ ਤੋਂ ਅਸਲੀ ਜਾਣਕਾਰੀ ਲੈਣੀ ਇਸ ਲਈ ਵੀ ਅਸੰਭਵ ਹੈ ਕਿਉਂਕਿ ਅਕਸਰ ਇਹ ਲੋਕ ਵੀ ਫ਼ਿਲਮਾਂ ਦੇ ਨਿਰਮਾਤਾ ਹੁੰਦੇ ਹਨ | ਉਹ ਟਿਕਟ ਖਿੜਕੀ ਦੇ ਸਹੀ ਅੰਕੜੇ ਇਸ ਲਈ ਨਹੀਂ ਦੱਸਦੇ ਹਨ ਤਾਂ ਕਿ ਉਨ੍ਹਾਂ ਦੇ ਬੈਨਰ ਨੂੰ ਨੁਕਸਾਨ ਨਾ ਪੁੱਜੇ | ਹੁਣ ਜ਼ਰਾ 2013 ਦੇ ਪੰਜਾਬੀ ਸਿਨੇਮਾ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਇਸ ਸਾਲ ਬਹੁਤਾ ਜ਼ੋਰ ਕਾਮੇਡੀ ਅਤੇ ਮਸਾਲਾ ਫ਼ਿਲਮਾਂ ਦਾ ਹੀ ਨਿਰਮਾਣ ਹੋਇਆ ਹੈ |
ਹਲਕੇ ਪੱਧਰ ਦੀਆਂ ਫ਼ਿਲਮਾਂ
ਇਸ ਸਾਲ ਦੀਆਂ ਬਹੁਤੀਆਂ ਫ਼ਿਲਮਾਂ ਹਲਕੀਆਂ ਅਤੇ ਅਸ਼ਲੀਲ ਕਾਮੇਡੀ ਦੀਆਂ ਪ੍ਰਤੀਕ ਹੀ ਕਹੀਆਂ ਜਾ ਸਕਦੀਆਂ ਹਨ | ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਲਗਭਗ ਹਰੇਕ ਫ਼ਿਲਮ ਦੇ ਟਾਈਟਲ ਨਾਲ ਜੱਟ ਸ਼ਬਦ ਲਗਾਉਣਾ ਇਕ ਤਰ੍ਹਾਂ ਦਾ ਫੈਸ਼ਨ ਹੀ ਬਣ ਗਿਆ | ਹਾਲਾਂਕਿ ਪੰਜਾਬ ਦਾ ਆਮ ਕਿਸਾਨ ਗਰੀਬੀ ਅਤੇ ਆਰਥਿਕ ਮੰਦਹਾਲੀ ਦੇ ਕਾਰਨ ਦੁਖੀ ਹੈ ਅਤੇ ਅਨੇਕਾਂ ਕਿਸਾਨ ਆਤਮ-ਹੱਤਿਆ ਤੱਕ ਕਰ ਰਹੇ ਹਨ ਪਰ ਇਸ ਪ੍ਰਾਂਤ ਦਾ ਸਿਨੇਮਾ ਕਿਸਾਨ ਨੂੰ ਕਦੀ ਖ਼ਤਰਨਾਕ ਹਿੰਸਕ ਰੁਚੀਆਂ ਵਾਲੇ ਬਦਮਾਸ਼ ਦੇ ਰੂਪ ਵਿਚ ਪੇਸ਼ ਕਰ ਰਿਹਾ ਹੈ ਤੇ ਕਦੀ ਉਸ ਨੂੰ ਜੋਕਰ ਵਰਗੀਆਂ ਹਰਕਤਾਂ ਕਰਦੇ ਹੋਏ ਦਿਖਾ ਰਿਹਾ ਹੈ | ਕਹਿਣ ਦਾ ਭਾਵ ਇਹ ਹੈ ਕਿ ਜੱਟ ਨੂੰ ਘਟੀਆ ਰੂਪ ਵਿਚ ਹੀ ਪੇਸ਼ ਕੀਤਾ ਜਾ ਰਿਹਾ ਹੈ |
ਸਪੱਸ਼ਟ ਰੂਪ ਵਿਚ ਕਿਹਾ ਜਾਵੇ ਤਾਂ ਸਾਲ 2013 ਵਿਚ ਪੇਸ਼ ਕੀਤੀਆਂ ਗਈਆਂ ਬਹੁਤੀਆਂ ਪੰਜਾਬੀ ਫ਼ਿਲਮਾਂ ਇਕ ਤਰ੍ਹਾਂ ਨਾਲ ਸਰਕਸ ਦਾ ਹੀ ਵਿਸਥਾਰ ਸਨ | ਇਕ ਸਰਕਸ ਵਿਚ ਤਰ੍ਹਾਂ-ਤਰ੍ਹਾਂ ਦੇ ਤਮਾਸ਼ੇ ਹੁੰਦੇ ਹਨ ਪਰ ਉਨ੍ਹਾਂ ਦੀ ਇਕ ਕਹਾਣੀ ਨਹੀਂ ਹੁੰਦੀ | ਠੀਕ ਉਸੇ ਤਰ੍ਹਾਂ ਹੀ ਇਸ ਸਾਲ ਇਨ੍ਹਾਂ ਫ਼ਿਲਮਾਂ ਵਿਚ ਕਾਮੇਡੀ ਦੇ ਕਈ ਬਿਨਾਂ ਮਤਲਬ ਪ੍ਰਸੰਗ ਜੋੜ ਕੇ ਉਨ੍ਹਾਂ ਨੂੰ ਫ਼ਿਲਮਾਂ ਦਾ ਰੂਪ ਪ੍ਰਦਾਨ ਕੀਤਾ ਗਿਆ |
ਪੰਜਾਬੀ ਫ਼ਿਲਮਾਂ ਦੇ ਇਸ ਘਟੀਆ ਕਾਮੇਡੀ ਸੰਸਕਰਨ ਦਾ ਅੰਦਾਜ਼ਾ ਇਨ੍ਹਾਂ ਦੇ ਟਾਈਟਲਾਂ ਤੋਂ ਸਹਿਜੇ ਹੀ ਲੱਗ ਜਾਂਦਾ ਹੈ | ਇਸ ਸਾਲ 'ਜੱਟ ਇਨ ਮੂਡ', 'ਮੇਰੇ ਯਾਰ ਕਮੀਨੇ', 'ਰੋਂਦੇ ਸਾਰੇ ਵਿਆਹ ਪਿੱਛੋਂ', 'ਹੀਰ ਐਾਡ ਹੀਰੋ', 'ਇਸ਼ਕ ਗਰਾਰੀ', 'ਜੱਟਸ ਇਨ ਗੋਲਮਾਲ', 'ਜੱਟਸ ਏਅਰਵੇਜ਼', 'ਫੇਰ ਮਾਮਲਾ ਗੜਬੜ ਗੜਬੜ', 'ਜੱਟ ਬੁਆਏਜ਼ : ਪੁੱਤ ਜੱਟਾਂ ਦੇ', 'ਡੈਡੀ ਕੂਲ ਮੰੁਡੇ ਫੂਲ' ਆਦਿ ਦੇਖਣ ਨੂੰ ਮਿਲੀਆਂ, ਜਿਨ੍ਹਾਂ ਵਿਚ ਕਹਾਣੀ ਨਾਂਅ ਦੀ ਕੋਈ ਚੀਜ਼ ਨਹੀਂ ਸੀ ਕਿਉਂਕਿ ਕਥਾਨਕ ਪੱਧਰ 'ਤੇ ਇਹ ਫ਼ਿਲਮਾਂ ਹਲਕੇ ਪੱਧਰ ਦੀਆਂ ਸਨ | ਇਸ ਲਈ ਇਨ੍ਹਾਂ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਲਈ ਵੀ ਆਪਣੀ ਅਭਿਨੈ ਪ੍ਰਤਿਭਾ ਦਿਖਾਉਣ ਦਾ ਕੋਈ ਮੌਕਾ ਨਹੀਂ ਸੀ | ਹਾਂ, ਕੁਝ ਇਕ ਵੀਡੀਓ ਫ਼ਿਲਮਾਂ ਦੇ ਕਲਾਕਾਰਾਂ ਦੀ ਜ਼ਰੂਰ ਚਾਂਦੀ ਹੋ ਗਈ ਕਿਉਂਕਿ ਉਹ ਆਪਣੇ ਚੁਟਕਲਿਆਂ ਨੂੰ ਇਨ੍ਹਾਂ ਫ਼ਿਲਮਾਂ ਵਿਚ ਅਸਾਨੀ ਨਾਲ ਜੋੜ ਸਕਦੇ ਸਨ | ਇਸ ਲਈ ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ, ਰਾਣਾ ਰਣਬੀਰ ਵਰਗੇ ਕਾਮੇਡੀਅਨਾਂ ਨੇ ਵਹਿੰਦੀ ਗੰਗਾ ਵਿਚ ਖੂਬ ਹੱਥ ਧੋਤੇ |
ਮਾਲੀ ਘਾਟਾ
ਸਾਲ 2013 ਵਿਚ ਪ੍ਰਦਰਸ਼ਿਤ ਹੋਣ ਵਾਲੀਆਂ ਘਟੀਆ ਪੱਧਰ ਦੀਆਂ ਫ਼ਿਲਮਾਂ ਨੇ ਬਹੁਤ ਸਾਰੇ ਨਿਰਮਾਤਾਵਾਂ ਨੂੰ ਦਿਵਾਲੀਆ ਬਣਾ ਦਿੱਤਾ ਹੈ | ਇਕ ਫ਼ਿਲਮਕਾਰ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਇਹ ਦੱਸਿਆ ਕਿ ਇਸ ਸਾਲ ਲਗਭਗ 100 ਕਰੋੜ ਦਾ ਘਾਟਾ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਪਿਆ ਹੈ | ਇਸ ਗੱਲ ਵਿਚ ਇਸ ਲਈ ਦਮ ਵੀ ਹੈ ਕਿਉਂਕਿ 2013 ਵਿਚ ਸਿਰਫ਼ ਇਕ ਹੀ ਫ਼ਿਲਮ 'ਜੱਟ ਐਾਡ ਜੂਲੀਅਟ' ਸਫ਼ਲ ਸਮਝੀ ਗਈ ਹੈ | ਬਾਕੀ ਦੀਆਂ ਲਗਭਗ ਸਾਰੀਆਂ ਫ਼ਿਲਮਾਂ ਟਿਕਟ ਖਿੜਕੀ 'ਤੇ ਮੂਧੇ-ਮੰੂਹ ਡਿਗੀਆਂ ਹਨ | ਹਾਂ, ਕੁਝ ਇਕ ਗਾਇਕਾਂ ਦੀਆਂ ਫ਼ਿਲਮਾਂ ਨੂੰ ਥੋੜ੍ਹਾ-ਬਹੁਤ ਵਪਾਰ ਜ਼ਰੂਰ ਕੀਤਾ ਸੀ ਪਰ ਉਨ੍ਹਾਂ ਦੇ ਅੰਕੜੇ ਵੀ ਸੰਤੁਸ਼ਟੀਜਨਕ ਨਹੀਂ ਹਨ | ਜਿਵੇਂ ਹਰਭਜਨ ਮਾਨ ਦੀ 'ਹਾਣੀ', ਸਰਬਜੀਤ ਚੀਮਾ ਦੀ 'ਪੰਜਾਬ ਬੋਲਦਾ' ਵਰਗੀਆਂ, ਕੁਝ ਵੱਖਰੀ ਤਰ੍ਹਾਂ ਦੀਆਂ ਫ਼ਿਲਮਾਂ ਵੀ ਟਿਕਟ ਖਿੜਕੀ 'ਤੇ ਬਹੁਤੀ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਸਕੀਆਂ |
ਨਿਰਮਾਣ ਵਿਚ ਵਾਧਾ ਕਿਉਂ?
ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਲਗਾਤਾਰ ਘਾਟੇ ਵਿਚ ਜਾਣ ਦੇ ਬਾਵਜੂਦ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵਿਚ 2013 ਵਿਚ ਇੰਨਾ ਵਾਧਾ ਕਿਉਂ ਹੋਇਆ | ਇਸ ਦਾ ਸਿੱਧਾ ਜਵਾਬ ਹੈ ਕਿ ਫ਼ਿਲਮਕਾਰ ਭੇਡਚਾਲ ਵਿਚ ਯਕੀਨ ਰੱਖਦੇ ਹਨ | ਪੰਜਾਬੀ ਫ਼ਿਲਮਾਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਤੋਂ ਇਸ ਲਈ ਵੀ ਵਧ ਗਈ ਹੈ ਕਿਉਂਕਿ ਵਿਦੇਸ਼ਾਂ ਵਿਚ ਇਨ੍ਹਾਂ ਫ਼ਿਲਮਾਂ ਦੇ ਹੁਣ ਦਰਸ਼ਕ ਮਿਲਣੇ ਸ਼ੁਰੂ ਹੋ ਗਏ ਹਨ |
ਕਦੇ ਸਮਾਂ ਸੀ ਕਿ ਪੰਜਾਬੀ ਦੀਆਂ ਫ਼ਿਲਮਾਂ ਸਿਰਫ਼ 7-8 ਪਿੰ੍ਰਟਾਂ ਨਾਲ ਹੀ ਰਿਲੀਜ਼ ਹੁੰਦੀਆਂ ਸਨ ਕਿਉਂਕਿ ਇਨ੍ਹਾਂ ਦਾ ਖੇਤਰ ਸੀਮਤ ਸੀ ਪਰ ਜਦੋਂ ਤੋਂ ਮਨਮੋਹਨ ਸਿੰਘ ਨੇ ਪਾਲੀਵੁੱਡ ਲਈ ਵਿਦੇਸ਼ੀ ਮਾਰਕੀਟ ਖੋਜੀ ਹੈ, ਉਦੋਂ ਤੋਂ ਇਨ੍ਹਾਂ ਦੇ ਪਿੰ੍ਰਟ ਸੈਂਕੜਿਆਂ ਦੀ ਗਿਣਤੀ ਤੱਕ ਪਹੁੰਚ ਗਏ ਹਨ | ਇਸ ਦੇ ਨਾਲ ਹੀ ਇਨ੍ਹਾਂ ਦੇ ਬਜਟ ਵਿਚ ਵੀ ਵਾਧਾ ਹੋਇਆ ਹੈ | ਹੁਣ ਪੰਜਾਬੀ ਫ਼ਿਲਮਾਂ ਦਾ ਬਜਟ ਕਰੋੜਾਂ ਵਿਚ ਪਹੁੰਚ ਗਿਆ ਹੈ, ਜਦਕਿ ਕੁਝ ਸਾਲ ਪਹਿਲਾਂ ਇਹ ਲਾਗਤ ਸਿਰਫ਼ ਲੱਖਾਂ ਵਿਚ ਹੀ ਹੁੰਦੀ ਸੀ |
ਕਿਉਂਕਿ ਵਿਦੇਸ਼ੀ ਮਾਰਕੀਟ ਅਤੇ ਬਜਟ ਦਾ ਵਿਸਥਾਰ ਹੋ ਗਿਆ ਹੈ, ਇਸ ਲਈ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਵੀ ਫ਼ਿਲਮਾਂ ਦੇ ਨਿਰਮਾਣ ਵਿਚ ਪੈਸਾ ਲਗਾ ਰਹੇ ਹਨ | ਇਹ ਵੱਖਰੀ ਗੱਲ ਹੈ ਕਿ ਲਗਾਤਾਰ ਫ਼ਿਲਮਾਂ ਦੇ ਫਲਾਪ ਹੋਣ ਦੇ ਕਾਰਨ ਵੀ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ | ਇਸ ਲਈ ਆਉਣ ਵਾਲਾ ਸਮਾਂ ਪੰਜਾਬੀ ਸਿਨੇਮਾ ਲਈ ਨਾਜ਼ੁਕ ਕਿਹਾ ਜਾ ਸਕਦਾ ਹੈ |
ਸਮਾਨਾਂਤਰ ਪੰਜਾਬੀ ਸਿਨੇਮਾ
ਉਂਜ ਪੰਜਾਬੀ ਸਿਨੇਮਾ ਦੇ ਕੁਝ ਹਿਤੈਸ਼ੀ ਇਹ ਮੰਨ ਕੇ ਚਲ ਰਹੇ ਹਨ ਕਿ ਵਪਾਰਕ ਪੰਜਾਬੀ ਫ਼ਿਲਮਾਂ ਕਲਾਤਮਿਕ ਪੱਧਰ 'ਤੇ ਬਹੁਤੀਆਂ ਵਧੀਆ ਨਹੀਂ ਹਨ | ਇਸ ਲਈ ਉਹ ਲੋਕ ਆਪਣੇ ਵੱਲੋਂ ਚੰਗੇ ਅਤੇ ਸਾਹਿਤਕ ਕਥਾਨਕਾਂ 'ਤੇ ਫ਼ਿਲਮਾਂ ਬਣਾ ਰਹੇ ਹਨ |
ਇਸ ਦਿ੍ਸ਼ਟੀਕੋਣ ਨਾਲ ਪਿਛਲੇ ਕੁਝ ਮਹੀਨਿਆਂ ਤੋਂ 'ਅੰਨ੍ਹੇ ਘੋੜੇ ਦਾ ਦਾਨ', 'ਨਾਬਰ', 'ਕਿੱਸਾ', 'ਕੁਦੇਸਣ' ਅਤੇ 'ਸੁਰਖ਼ਾਬ' ਵਰਗੀਆਂ ਫ਼ਿਲਮਾਂ ਦਾ ਨਿਰਮਾਣ ਵੀ ਦੇਖਣ ਨੂੰ ਮਿਲਿਆ ਹੈ | ਇਨ੍ਹਾਂ ਵਿਚੋਂ 'ਅੰਨ੍ਹੇ ਘੋੜੇ ਦਾ ਦਾਨ' ਅਤੇ 'ਨਾਬਰ' ਨੂੰ ਕੌਮੀ ਪੱਧਰ ਦੇ ਪੁਰਸਕਾਰ ਵੀ ਮਿਲ ਚੁੱਕੇ ਹਨ | ਇਸੇ ਤਰ੍ਹਾਂ 2013 ਵਿਚ 'ਕਿੱਸਾ' ਅਤੇ 'ਕੁਦੇਸਣ' ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ | 'ਕਿੱਸਾ' ਨੂੰ ਇਸ ਦੇ ਨਿਰਮਾਤਾ ਅਨੂਪ ਸਿੰਘ ਅੰਗਰੇਜ਼ੀ, ਹਿੰਦੀ ਅਤੇ ਸਪੇਨੀ ਭਾਸ਼ਾ ਵਿਚ ਵੀ ਪੇਸ਼ ਕਰ ਰਹੇ ਹਨ | ਇਸ ਫ਼ਿਲਮ ਵਿਚ ਇਰਫ਼ਾਨ ਖਾਨ ਨੇ ਇਕ ਅਜਿਹੇ ਸਿੱਖ ਵਿਅਕਤੀ ਦੀ ਭੂਮਿਕਾ ਨਿਭਾਈ ਹੈ ਜੋ ਚਾਹੁੰਦਿਆਂ ਹੋਇਆਂ ਵੀ ਆਪਣੀ ਪੰ੍ਰਪਰਾ ਤੋਂ ਮੁਕਤ ਨਹੀਂ ਹੋ ਸਕਦਾ | ਅਜੇ ਕੁਝ ਹੀ ਦਿਨ ਪਹਿਲਾਂ ਟੋਰਾਂਟੋ (ਕੈਨੇਡਾ) ਵਿਚ ਆਯੋਜਿਤ ਇਕ ਫ਼ਿਲਮ ਮੇਲੇ (ਟਿਫ) ਵਿਚ ਇਸ ਫ਼ਿਲਮ ਨੂੰ ਸਰਬ-ਉਤਮ ਫ਼ਿਲਮ ਹੋਣ ਦਾ ਪੁਰਸਕਾਰ ਮਿਲਿਆ ਹੈ |
ਨਿਰਦੇਸ਼ਕ ਜੀਤ ਮਠਾਰੂ ਦੀ ਫ਼ਿਲਮ 'ਕੁਦੇਸਣ' ਦਾ ਕਥਾਨਕ ਇਕ ਗ਼ਰੀਬ ਔਰਤ ਦੀ ਲਾਚਾਰੀ ਦੇ ਆਲੇ-ਦੁਆਲੇ ਘੰੁਮਦਾ ਹੈ | ਇਸ ਫ਼ਿਲਮ ਨੂੰ ਵੀ ਲੰਦਨ ਦੇ ਏਸ਼ੀਅਨ ਫੈਸਟੀਵਲ 'ਚ ਸਨਮਾਨਿਤ ਕੀਤਾ ਗਿਆ ਸੀ | ਇਸ ਗੱਲ ਵਿਚ ਕੋਈ ਸ਼ੰਕਾ ਨਹੀਂ ਕਿ 2013 ਵਿਚ ਇਕ-ਦੋ ਕਲਾਤਮਿਕ ਪੱਧਰ ਦੀਆਂ ਫ਼ਿਲਮਾਂ ਵੀ ਦੇਖਣ ਨੂੰ ਮਿਲੀਆਂ ਸਨ ਪਰ ਇਸ ਸ਼੍ਰੇਣੀ ਦੀਆਂ ਫ਼ਿਲਮਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਆਮ ਥੀਏਟਰਾਂ ਤੱਕ ਇਹ ਪਹੁੰਚ ਹੀ ਨਹੀਂ ਸਕੀਆਂ |
ਸਪੱਸ਼ਟ ਹੈ ਕਿ 2013 ਦਾ ਪਾਲੀਵੁੱਡ ਵਧੇਰੇ ਕਰਕੇ ਕਾਮੇਡੀ ਫਾਰਮੂਲਾ ਫ਼ਿਲਮਾਂ ਦੀ ਮਾਲਾ ਹੀ ਫੇਰਦਾ ਰਿਹਾ ਹੈ | ਇਸ ਤਰ੍ਹਾਂ ਦੇ ਸਿਨੇਮਾ ਨਾਲ ਨਾ ਤਾਂ ਫ਼ਿਲਮਕਾਰਾਂ ਦਾ ਬੇੜਾ ਪਾਰ ਲੱਗਾ ਅਤੇ ਨਾ ਹੀ ਕਲਾ ਖੇਤਰ ਵਿਚ ਉਨ੍ਹਾਂ ਨੇ ਕੋਈ ਆਪਣਾ ਅਹਿਮ ਪ੍ਰਭਾਵ ਛੱਡਿਆ |
-103, ਕ੍ਰਿਸ਼ਨਾ ਨਗਰ, ਸਨੀ ਕਾਟੇਜ, ਬਟਾਲਾ-143505.

ਮਹਾਰਾਣਾ ਪ੍ਰਤਾਪ ਤੇ ਅਕਬਰ ਦੀਆਂ ਫ਼ੌਜਾਂ ਦਾ ਯੁੱਧ

ਹਲਦੀ ਘਾਟੀ ਦੀ ਦਿਲ ਕੰਬਾਊ ਦਾਸਤਾਨ

ਉਦੈਪੁਰ ਤੋਂ 40 ਕਿਲੋਮੀਟਰ ਦੂਰ ਗੋਗੰਡਾ' ਦੇ ਨੇੜੇ ਹਲਦੀ ਘਾਟੀ ਦੇ ਮੁਕਾਮ 'ਤੇ ਮਹਾਰਾਣਾ ਪ੍ਰਤਾਪ ਦੀ ਸੈਨਾ ਅਤੇ ਸਮਰਾਟ ਅਕਬਰ ਦੀ ਸੈਨਾ ਦਾ 18 ਜੂਨ, 1576 ਈ: ਨੂੰ ਘਮਸਾਨ ਦਾ ਯੁੱਧ ਹੋਇਆ ਸੀ | ਉਸ ਯੁੱਧ ਵਿਚ ਮਹਾਰਾਣਾ ਪ੍ਰਤਾਪ ਦਾ ਘੋੜਾ 'ਚੇਤਕ' ਜੋ ਸੁਡੌਲਤਾ ਅਤੇ ਸੁਆਮੀ ਵਫ਼ਾਦਾਰੀ ਕਰਕੇ ਇਤਿਹਾਸ ਪ੍ਰਸਿੱਧ ਹੈ, ਜ਼ਖ਼ਮੀ ਹੋ ਕੇ ਦਮ ਤੋੜ ਗਿਆ ਸੀ | ਮਹਾਰਾਣਾ ਉਦੈ ਸਿੰਘ ਦੇ ਦਿਹਾਂਤ ਉਪਰੰਤ ਮਹਾਰਾਣਾ ਪ੍ਰਤਾਪ ਨੇ ਮੇਵਾੜ ਦੀ ਰਾਜ ਗੱਦੀ 'ਤੇ ਬੈਠਣ ਸਮੇਂ ਸੁਗੰਧ (ਕਸਮ) ਲਈ ਸੀ ਕਿ ਉਹ ਮੇਵਾੜ ਦੀ ਸੁਤੰਤਰਤਾ ਨੂੰ ਹਰ ਹੀਲੇ ਕਾਇਮ ਰੱਖੇਗਾ ਅਤੇ ਕਦੇ ਵੀ ਅਕਬਰ ਦੇ ਮੁਗਲ ਰਾਜ ਦੀ ਅਧੀਨਗੀ ਸਵੀਕਾਰ ਨਹੀਂ ਕਰੇਗਾ | ਉਸ ਨੂੰ ਘੋਰ ਦੁੱਖ ਸੀ ਕਿ ਅਕਬਰ ਨੇ ਮੇਵਾੜ ਰਾਜ ਨੂੰ ਖ਼ਤਮ ਕਰਨ ਲਈ ਚਿਤੌੜ ਉਪਰ ਕਬਜ਼ਾ ਕਰਨ ਵਾਸਤੇ ਆਪਣੀ ਭਾਰੀ ਗਿਣਤੀ ਦੀ ਸੈਨਾ ਦੇ ਬਲਬੂਤੇ ਚਿਤੌੜ ਨੂੰ ਘੇਰੇ ਵਿਚ ਲੈ ਕੇ ਐਸਾ ਯੁੱਧ ਛੇੜਿਆ, ਜਿਸ ਵਿਚ ਹਜ਼ਾਰਾਂ ਸੂਰਬੀਰ ਰਾਜਪੂਤਾਂ ਨੇ ਮੁਗਲ ਫ਼ੌਜਾਂ ਦਾ ਟਾਕਰਾ ਕਰਦਿਆਂ ਆਪਣੇ ਪ੍ਰਾਣ ਨਿਛਾਵਰ ਕੀਤੇ ਅਤੇ 27000 ਤੋਂ ਵੱਧ ਬੇਗੁਨਾਹ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਸੀ | ਉਸ ਨੂੰ ਇਹ ਸੰਤਾਪ ਵੀ ਸਤਾ ਰਿਹਾ ਸੀ ਕਿ ਉਸ ਦੇ ਪਿਤਾ-ਪਿਤਾਮਿਆਂ ਦਾ ਚਿਤੌੜ ਅਕਬਰ ਦੇ ਕਬਜ਼ੇ ਵਿਚ ਸੀ | ਉਹ ਮੇਵਾੜ ਦੇ ਬਹਾਦਰ ਰਾਜਪੂਤਾਂ ਦੀ ਆਨ-ਸ਼ਾਨ ਨੂੰ ਹਰ ਹੀਲੇ ਬਹਾਲ ਕਰਾਉਣਾ ਚਾਹੁੰਦਾ ਸੀ | ਉਸ ਨੂੰ ਹੋਰ ਅਫ਼ਸੋਸ ਇਹ ਸੀ ਕਿ ਕਈ ਰਾਜਪੂਤ ਮਹਾਰਾਣਿਆਂ ਨੇ ਆਪਣੀ ਅਣਖ ਗੁਆ ਕੇ ਮੁਗਲ ਖਾਨਦਾਨ ਨੂੰ ਆਪਣੀਆਂ ਧੀਆਂ-ਭੈਣਾਂ ਦੇ ਡੋਲੇ ਦੇ ਕੇ ਮੁਗਲ ਰਾਜ ਦੀ ਅਧੀਨਗੀ ਪ੍ਰਵਾਨ ਕਰ ਲਈ ਸੀ | ਉਸ ਦੇ ਸਾਹਮਣੇ ਸੀ ਕਿ ਆਮੇਰ ਦੇ ਰਾਜਾ ਮਾਨ ਸਿੰਘ ਆਪਣੀ ਭੈਣ ਦਾ ਡੋਲਾ ਅਕਬਰ ਨੂੰ ਦੇ ਕੇ ਮੁਗਲ ਸੈਨਾ ਦਾ ਸੈਨਾਪਤੀ ਬਣਿਆ ਹੋਇਆ ਸੀ | ਇਹੋ ਨਹੀਂ, ਉਸ ਦੇ ਆਪਣੇ ਭਰਾ ਸ਼ਕਤੀ ਸਿੰਘ ਅਤੇ ਸਾਗਰ ਸਿੰਘ ਨੇ ਮੁਗਲਾਂ ਦੀ ਅਧੀਨਗੀ ਪ੍ਰਵਾਨ ਕਰਕੇ ਮੁਗਲ ਫ਼ੌਜਾਂ ਵਿਚ ਉੱਚ-ਪਦਵੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ |
ਬਾਦਸ਼ਾਹ ਅਕਬਰ ਨੇ ਮੁਗਲ ਰਾਜ ਦੇ ਫੈਲਾਓ ਲਈ ਇਹ ਨੀਤੀ ਅਪਣਾਈ ਹੋਈ ਸੀ ਕਿ ਜਿਸ ਰਾਜ ਨੂੰ ਕਬਜ਼ੇ ਵਿਚ ਲੈਣਾ ਹੋਵੇ, ਉਸ ਰਾਜ ਦੇ ਮੁਖੀ ਨਾਲ ਆਪਣੇ ਮੁਗਲ ਰਾਜ ਦੀ ਅਧੀਨਗੀ ਸਵੀਕਾਰ ਕਰਾਉਣ ਲਈ ਪਹਿਲਾਂ ਗੱਲਬਾਤ ਤੇ ਵਿਚਾਰ-ਵਟਾਂਦਰੇ ਦਾ ਸਿਲਸਿਲਾ ਸ਼ੁਰੂ ਕਰਦਾ ਸੀ ਪਰ ਜੇ ਗੱਲਬਾਤ ਅਸਫ਼ਲ ਰਹੇ ਤਾਂ ਫ਼ੌਜੀ ਤਾਕਤ ਤੇ ਸ਼ਕਤੀ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਸੀ ਕਰਦਾ | ਉਸ ਨੇ ਮਹਾਰਾਣਾ ਪ੍ਰਤਾਪ ਦੇ ਕੋਲ ਵੀ ਆਪਣੇ ਰਾਜ ਦੀ ਅਧੀਨਗੀ ਨੂੰ ਸਵੀਕਾਰ ਕਰਾਉਣ ਲਈ ਗੱਲਬਾਤ ਦੁਆਰਾ ਸਮਝੌਤਾ ਕਰਨ ਲਈ 6 ਮਿਸ਼ਨ ਭੇਜੇ, ਪਰ ਮੇਵਾੜ ਰਾਜ ਦੇ ਸੁਰੱਖਿਅਕ ਮਹਾਰਾਣਾ ਪ੍ਰਤਾਪ ਨੇ ਸਪੱਸ਼ਟ ਕਹਿ ਦਿੱਤਾ ਕਿ ਅਕਬਰ ਦੀ ਈਨ ਮੰਨ ਕੇ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਕਰੇਗਾ ਅਤੇ ਉਸ ਨੇ ਸਪੱਸ਼ਟ ਸੰਦੇਸ਼ ਭਿਜਵਾਇਆ ਕਿ ਅਕਬਰ ਆਪਣੇ ਰਾਜ ਦੀ ਹੱਦ ਵਿਚ ਰਹੇ ਅਤੇ ਮੇਵਾੜ ਰਾਜ ਉਪਰ ਕਬਜ਼ਾ ਕਰਨ ਦੀ ਨੀਤੀ ਤੋਂ ਬਾਜ਼ ਆਏ | 'ਹਲਦੀ ਘਾਟੀ' ਦੇ ਯੁੱਧ ਦਾ ਮੁੱਖ ਕਾਰਨ ਇਹ ਬਣਿਆ ਕਿ ਅਕਬਰ ਨੇ ਮਹਾਰਾਣਾ ਪ੍ਰਤਾਪ ਨਾਲ ਸਮਝੌਤਾ ਕਰਨ ਲਈ 1573 ਈ. ਵਿਚ ਕੰਵਰ ਮਾਨ ਸਿੰਘ ਜੋ 'ਆਮੇਰ' ਦੇ ਰਾਜਾ ਭਗਵਾਨ ਦਾਸ ਦਾ ਪੁੱਤਰ ਸੀ ਅਤੇ ਅਕਬਰ ਦੀ ਸੈਨਾ ਦਾ ਸੈਨਾਪਤੀ ਸੀ ਦੀ ਕਮਾਨ ਵਿਚ ਗੱਲਬਾਤ ਕਰਨ ਲਈ ਇਕ ਮਿਸ਼ਨ ਭੇਜਿਆ | ਉਦੈਪੁਰ ਆਉਣ 'ਤੇ ਉਸ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਗੱਲਬਾਤ ਦੇ ਸਵਾਗਤੀ ਭੋਜ ਵਿਚ ਮਹਾਰਾਣਾ ਪ੍ਰਤਾਪ ਜ਼ਰੂਰ ਆਉਣ | ਮਹਾਰਾਣਾ ਪ੍ਰਤਾਪ ਮੇਵਾੜ ਰਾਜ ਦਾ ਮਹਾਰਾਣਾ ਸੀ, ਜਦਕਿ ਮਾਨ ਸਿੰਘ ਕੇਵਲ ਕੰਵਰ ਸੀ ਕਿਉਂਕਿ 'ਆਮੇਰ' ਰਾਜ ਦੇ ਮਹਾਰਾਜਾ ਉਸ ਦੇ ਪਿਤਾ ਸਨ | ਸ਼ਾਹੀ ਆਦਾਬ ਦੀ ਮਰਿਆਦਾ ਨੂੰ ਸਾਹਮਣੇ ਰੱਖਦਿਆਂ ਮਹਾਰਾਣਾ ਪ੍ਰਤਾਪ ਨੇ ਆਪਣੇ ਵੱਡੇ ਪੁੱਤਰ ਕੰਵਰ ਅਮਰ ਸਿੰਘ ਨੂੰ ਮਾਨ ਸਿੰਘ ਦੇ ਸਵਾਗਤੀ ਭੋਜ ਵਿਚ ਭੇਜ ਦਿੱਤਾ | ਕੰਵਰ ਮਾਨ ਸਿੰਘ ਨੇ ਮੁਗਲ ਰਾਜ ਦਾ ਉੱਚ-ਅਧਿਕਾਰੀ ਹੋਣ ਦੇ ਅਹੰ ਭਾਵ ਵਿਚ ਮਹਾਰਾਣਾ ਪ੍ਰਤਾਪ ਦੇ ਆਪ ਨਾ ਸ਼ਰੀਕ ਹੋਣ ਨੂੰ ਆਪਣੀ ਤੌਹੀਨ ਸਮਝਿਆ | ਉਸ ਨੇ ਅਕਬਰ ਪਾਸ ਇਸ ਗੱਲ ਨੂੰ ਇੰਨੀ ਤੁਲ ਦਿੱਤੀ ਕਿ ਇਹ ਹਲਦੀ ਘਾਟੀ ਦੇ ਯੁੱਧ ਦਾ ਇਕ ਕਾਰਨ ਬਣ ਗਈ | ਹਾਲਾਂ ਕਿ ਉਸ ਤੋਂ ਬਾਅਦ 1574 ਈਸਵੀ ਵਿਚ ਅਕਬਰ ਨੇ ਮਹਾਰਾਣਾ ਪ੍ਰਤਾਪ ਨਾਲ ਸਮਝੌਤੇ ਲਈ ਜੋ ਹੋਰ ਮਿਸ਼ਨ ਆਮੇਰ ਦੇ ਮਹਾਰਾਣਾ ਭਗਵਾਨ ਦਾਸ ਦੀ ਕਮਾਨ ਵਿਚ ਭੇਜਿਆ, ਉਸ ਗੱਲਬਾਤ ਦੇ ਸਵਾਗਤੀ ਭੋਜ ਵਿਚ ਮਹਾਰਾਣਾ ਪ੍ਰਤਾਪ ਖੁਦ ਸ਼ਾਮਿਲ ਹੋਏ ਸਨ ਕਿਉਂਕਿ ਦੋਵੇਂ ਆਪੋ-ਆਪਣੀ ਥਾਂ ਸਮਾਨ ਪਦਵੀ ਰੱਖਦੇ ਸਨ | ਅਕਬਰ ਵੱਲੋਂ ਭੇਜੇ ਗਏ ਸਾਰੇ ਮਿਸ਼ਨ ਸਿਰੇ ਨਾ ਚੜ੍ਹ ਸਕੇ ਕਿਉਂਕਿ ਮਹਾਰਾਣਾ ਪ੍ਰਤਾਪ ਹੋਰ ਰਾਜਪੂਤ ਮਹਾਰਾਣਿਆਂ ਵਾਂਗੂ ਉਸ ਦੇ ਰਾਜ ਦੀ ਅਧੀਨਗੀ ਨੂੰ ਪ੍ਰਵਾਨ ਕਰਨ ਲਈ ਰਜ਼ਾਮੰਦ ਨਾ ਹੋਇਆ |
ਇਹ ਜਾਣਕਾਰੀ ਸਾਨੂੰ ਪਤੀ-ਪਤਨੀ ਨੂੰ ਜਤਿਨ ਗਾਈਡ ਨੇ ਟੈਕਸੀ ਰਾਹੀਂ ਉਦੈਪੁਰ ਤੋਂ ਹਲਦੀ ਘਾਟੀ ਜਾਂਦਿਆਂ ਦਿੱਤੀ | 'ਹਲਦੀ ਘਾਟੀ' ਪਹੁੰਚਣ 'ਤੇ ਮੈਂ ਵੇਖਿਆ ਕਿ 'ਹਲਦੀ ਘਾਟੀ' ਦੀ ਮਿੱਟੀ ਪੀਲੀ, ਲਾਲ ਰੰਗ ਦੀ ਹੈ | ਜਤਿਨ ਨੇ ਦੱਸਿਆ ਕਿ ਇਥੋਂ ਵੀ ਮਿੱਟੀ ਹਲਦੀ ਵਰਗੇ ਰੰਗ ਵਾਲੀ ਪੀਲੀ ਸੀ, ਪਰ ਇਥੇ ਮਹਾਰਾਣਾ ਪ੍ਰਤਾਪ ਦੀ ਸੈਨਾ ਅਤੇ ਅਕਬਰ ਦੀ ਸੈਨਾ ਦਰਮਿਆਨ ਹੋਏ ਭਿਅੰਕਰ ਘਮਾਸਾਨ ਵਿਚ ਸੈਨਿਕਾਂ ਅਤੇ ਲੋਕਾਂ ਦਾ ਏਨਾ ਖੂਨ ਡੁੱਲਿ੍ਹਆ ਸੀ ਕਿ ਉਸ ਨਾਲ ਇਹ ਮਿੱਟੀ ਪੀਲੇ ਤੇ ਲਾਲ ਰੰਗ ਦੀ ਭਾਤ ਵਾਲੀ ਹੋ ਗਈ | ਅਸੀਂ ਉਥੇ ਇਕ ਉੱਚੇ ਸੰਗਮਰਮਰ ਦੇ ਥੜ੍ਹੇ ਉਪਰ 'ਚੇਤਕ' 'ਤੇ ਸਵਾਰ ਮਹਾਰਾਣਾ ਪ੍ਰਤਾਪ ਦੀ ਮੂਰਤੀ ਨੂੰ ਵੇਖਿਆ, ਜੋ ਉਥੇ 'ਚੇਤਕ' ਦੀ ਸਮਾਧੀ ਵਜੋਂ ਸਥਾਪਤ ਹੈ | ਜਤਿਨ ਨੇ ਦੱਸਿਆ ਕਿ ਰਾਜਪੂਤਾਨਾ ਦੇ ਇਤਿਹਾਸ ਵਿਚ ਸੂਰਬੀਰਤਾ ਵਜੋਂ ਦੋ ਨਾਂਅ 'ਮਹਾਰਾਣਾ ਪ੍ਰਤਾਪ' ਅਤੇ 'ਚੇਤਕ' ਐਸੇ ਹਨ, ਜੋ ਦੇਸ਼-ਪ੍ਰੇਮ ਲਈ ਹਰ ਭਾਰਤੀ ਅਤੇ ਰਾਜਪੂਤ ਨੂੰ ਝੰਜੋੜਦੇ ਹਨ | ਇਸ 'ਹਲਦੀ ਘਾਟੀ' ਦੀ ਰਣਭੂਮੀ ਤੇ ਮਹਾਰਾਣਾ ਪ੍ਰਤਾਪ ਅਤੇ ਸ਼ਹਿਨਸ਼ਾਹ ਅਕਬਰ ਦੀਆਂ ਸੈਨਾਵਾਂ ਦਾ ਜੋ ਯੁੱਧ ਹੋਇਆ ਸੀ, ਉਸ ਵਿਚ ਮੁਗਲ ਸੈਨਾ ਬਹੁਤ ਵੱਡੀ ਗਿਣਤੀ ਵਿਚ ਹੋਣ ਕਾਰਨ ਅਕਬਰ ਦੀ ਸੈਨਾ ਦੀ ਜਿੱਤ ਤਾਂ ਹੋ ਗਈ ਪਰ ਉਸ ਯੁੱਧ ਵਿਚ ਮਹਾਰਾਣਾ ਪ੍ਰਤਾਪ ਦੀ ਸੈਨਾ ਨੇ ਐਸੇ ਬਹਾਦਰੀ ਦੇ ਜੌਹਰ ਵਿਖਾਏ ਸਨ ਕਿ ਹੁਣ ਵੀ ਰਾਜਸਥਾਨ ਦੇ ਲੋਕੀਂ ਜਾਨ ਕੁਰਬਾਨ ਕਰਨ ਵਾਲੇ ਉਨ੍ਹਾਂ ਸੂਰਬੀਰਾਂ ਦੀਆਂ ਗਾਥਾਵਾਂ ਗਾਉਂਦੇ ਹਨ | ਉਸ ਯੁੱਧ ਵਿਚ ਮਹਾਰਾਣਾ ਪ੍ਰਤਾਪ ਆਪਣੀ ਸੈਨਾ ਦੀ ਅਗਵਾਈ ਕਰਦਾ ਹੋਇਆ ਜਾਨ ਹੂਲ ਕੇ ਲੜਿਆ ਅਤੇ ਉਸ ਦੀ ਸੈਨਾ ਨੇ ਬਹੁਤ ਭਾਰੀ ਗਿਣਤੀ ਵਿਚ ਮੁਗਲ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰਿਆ | ਉਸ ਭਿਆਨਕ ਯੁੱਧ ਵਿਚ ਮੁਗਲ ਸੈਨਾ ਦੀ ਬਹੁਤ ਵੱਡੀ ਤਬਾਹੀ ਹੋਈ ਸੀ | ਇਸ ਯੁੱਧ ਦੌਰਾਨ ਇਕ ਮੌਕਾ ਐਸਾ ਬਣਿਆ ਕਿ ਮੁਗਲ ਫ਼ੌਜਾਂ ਦਾ ਸੈਨਾਪਤੀ ਮਾਨ ਸਿੰਘ ਜੋ ਮੁਗਲ ਸੈਨਾ ਦੀ ਅਗਵਾਈ ਕਰ ਰਿਹਾ ਸੀ, ਉਸ ਨੇ ਹਾਥੀ 'ਤੇ ਬੈਠਿਆਂ ਮਹਾਰਾਣਾ ਪ੍ਰਤਾਪ ਉਪਰ ਹਮਲਾ ਕਰਨ ਲਈ ਵਾਰ ਕੀਤਾ ਤਾਂ ਮਹਾਰਾਣਾ ਪ੍ਰਤਾਪ ਨੇ 'ਚੇਤਕ' ਉਪਰ ਬੈਠਿਆਂ ਹੋਇਆਂ ਉਸ ਵਾਰ ਨੂੰ ਰੋਕਣ ਲਈ ਹਾਥੀ ਉਪਰ ਸਵਾਰ ਮਾਨ ਸਿੰਘ 'ਤੇ ਆਪਣੇ ਭਾਲੇ ਨਾਲ ਐਸਾ ਜ਼ਬਰਦਸਤ ਹਮਲਾ ਕੀਤਾ ਕਿ ਮਾਨ ਸਿੰਘ ਤਾਂ ਪਿੱਛੇ ਖਿਸਕ ਨੇ ਬਚ ਗਿਆ ਪਰ ਉਸ ਦੇ ਹਾਥੀ ਦਾ ਮਹਾਵਤ ਉਸ ਹਮਲੇ ਵਿਚ ਮਾਰਿਆ ਗਿਆ | ਮਹਾਰਾਣਾ ਪ੍ਰਤਾਪ ਉਸ ਯੁੱਧ ਵਿਚ ਲੜਦਾ ਹੋਇਆ ਜ਼ਖ਼ਮੀ ਹੋ ਗਿਆ ਤਾਂ ਇਤਨੇ ਵਿਚ ਇਕ ਮੁਗਲ ਸੈਨਿਕ ਨੇ ਚੇਤਕ ਦੀ ਲੱਤ 'ਤੇ ਤਲਵਾਰ ਦਾ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਹਾਲਤ ਵਿਚ ਵੀ ਆਪਣੇ ਮਾਲਕ ਮਹਾਰਾਣਾ ਪ੍ਰਤਾਪ ਦਾ ਵਫ਼ਾਦਾਰ ਚੇਤਕ ਬੇਹਾਲ ਹੋਇਆ ਮਹਾਰਾਣਾ ਪ੍ਰਤਾਪ ਨੂੰ ਬਚਾਉਣ ਵਾਸਤੇ ਦੌੜਦਾ ਜਾ ਰਿਹਾ ਸੀ ਕਿ ਅੱਗੇ ਰਸਤੇ ਵਿਚ ਇਕ ਨਦੀ ਆ ਗਈ | ਮਹਾਰਾਣਾ ਪ੍ਰਤਾਪ ਇਹ ਸੋਚ ਹੀ ਰਿਹਾ ਸੀ ਕਿ ਜ਼ਖ਼ਮੀ ਚੇਤਕ ਇਸ ਨਦੀ ਨੂੰ ਕਿਵੇਂ ਪਾਰ ਕਰੇਗਾ ਪਰ ਉਸ ਦੇ ਸੋਚਦਿਆਂ ਹੀ ਚੇਤਕ ਨੇ ਇਕ ਵੱਡੀ ਛਾਲ ਮਾਰ ਕੇ ਨਦੀ ਪਾਰ ਕਰ ਲਈ ਪਰ ਉਥੇ ਹੀ ਆਪਣੇ ਡੰੂਘੇ ਜ਼ਖ਼ਮ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ ਅਤੇ ਮਹਾਰਾਣਾ ਪ੍ਰਤਾਪ ਵੀ ਜ਼ਖ਼ਮਾਂ ਦੀ ਦਰਦ ਨਾਲ ਬੇਸੁੱਧ ਹੋ ਕੇ ਡਿੱਗ ਪਿਆ |
ਜਤਿਨ ਨੇ ਹੋਰ ਦੱਸਿਆ ਕਿ ਚੇਤਕ ਸ਼ੁੱਧ ਰਾਜਸਥਾਨ ਦੀ ਮੇਵਾੜੀ ਨਸਲ ਦਾ ਘੋੜਾ ਸੀ, ਜਿਸ ਦੀਆਂ ਮੋਟੀਆਂ ਅੱਖਾਂ, ਇਕ ਸਾਰ ਗੱਠਵੇਂ ਸਰੀਰ ਦੀ ਡੀਲ-ਡੌਲ, ਮਜ਼ਬੂਤ ਮੋਢੇ, ਤੇਜ਼ ਤੇ ਹਵਾ ਨਾਲ ਗੱਲਾਂ ਕਰਨ ਦੀ ਫੁਰਤੀ ਅਤੇ ਮਾਲਕ ਦੇ ਹਰ ਇਸ਼ਾਰੇ ਨੂੰ ਸਮਝਣ ਦੀ ਸੂਝ ਹੋਣ ਦੀ ਸਭ ਪਾਸੇ ਧਾਂਕ ਫੈਲੀ ਹੋਈ ਸੀ | ਉਹ ਇੰਨਾ ਬਲਸ਼ਾਲੀ ਸੀ ਕਿ ਕੱਦਾਵਰ ਅਤੇ ਬੜੇ ਭਰਵੇਂ ਸਰੀਰ ਵਾਲੇ ਬਲਵਾਨ ਮਹਾਰਾਣਾ ਪ੍ਰਤਾਪ ਦਾ ਵਜ਼ਨ ਆਸਾਨੀ ਨਾਲ ਸਹਿਣ ਕਰਦਾ ਸੀ, ਹੋਰ ਘੋੜੇ ਇਹ ਭਾਰ ਸਹਿਣ ਕਰਨ ਤੋਂ ਅਸਮਰੱਥ ਸਨ | ਚੇਤਕ ਦੇ ਦਮ ਤੋੜਨ ਅਤੇ ਮਹਾਰਾਣਾ ਪ੍ਰਤਾਪ ਨੂੰ ਜ਼ਖ਼ਮੀ ਹਾਲਤ ਵਿਚ ਬੇਸੁੱਧ ਦੇਖ ਕੇ ਝਾਲਾ ਕਬੀਲੇ ਦਾ ਸਰਦਾਰ ਮਾਨ ਸਿੰਘ ਜੋ ਮਹਾਰਾਣਾ ਪ੍ਰਤਾਪ ਦਾ ਅਤਿ ਨਿਕਟੀ ਸੀ ਬਹਾਦਰੀ ਨਾਲ ਲੜ ਰਿਹਾ ਸੀ, ਨੇ ਬੜੀ ਫੁਰਤੀ ਨਾਲ ਮਹਾਰਾਣਾ ਪ੍ਰਤਾਪ ਦਾ ਮੁਕਟ ਅਤੇ ਸ਼ਾਹੀ ਪੌਸ਼ਾਕ ਲੈ ਕੇ ਆਪ ਪਹਿਨ ਲਈ ਤਾਂ ਕਿ ਦੁਸ਼ਮਣ ਦੀਆਂ ਫ਼ੌਜਾਂ ਨੂੰ ਭਰਮ ਪਿਆ ਰਹੇ ਕਿ ਮਹਾਰਾਣਾ ਪ੍ਰਤਾਪ ਜੂਝ ਰਿਹਾ ਹੈ | ਉਸ ਨੇ ਮਹਾਰਾਣਾ ਪ੍ਰਤਾਪ ਦੀ ਮਰ੍ਹਮ-ਪੱਟੀ ਕਰਵਾ ਕੇ ਉਸ ਨੂੰ ਹੋਸ਼ ਵਿਚ ਲਿਆਂਦਾ ਪਰ ਇਕ ਮੁਗਲ ਸਿਪਾਹੀ ਇਹ ਸਭ ਕੁਝ ਵੇਖ ਰਿਹਾ ਸੀ ਤੇ ਉਸ ਨੇ ਲਪਕ ਕੇ ਤਲਵਾਰ ਨਾਲ ਹਮਲਾ ਕਰਕੇ ਮਹਾਰਾਣਾ ਪ੍ਰਤਾਪ ਨੂੰ ਮਾਰਨ ਦਾ ਯਤਨ ਕੀਤਾ ਤਾਂ ਇਕਦਮ ਝਾਲਾ ਕਬੀਲੇ ਦੇ ਸਰਦਾਰ ਨੇ ਉਸ ਸਿਪਾਹੀ ਨੂੰ ਆਪਣੀ ਤਲਵਾਰ ਦੇ ਵਾਰ ਨਾਲ ਕਤਲ ਕਰ ਦਿੱਤਾ | ਇੰਨੇ ਨੂੰ ਦੋ ਹੋਰ ਮੁਗਲ ਸੈਨਿਕਾਂ ਨੇ ਉਸ ਉਪਰ ਹੱਲਾ ਬੋਲ ਦਿੱਤਾ ਪਰ ਝਾਲਾ ਸਰਦਾਰ ਨੇ ਉਨ੍ਹਾਂ ਦੋਵਾਂ ਨੂੰ ਆਪਣੀ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਪਰ ਇਸ ਹਮਲੇ ਵਿਚ ਉਹ ਏਨਾ ਜ਼ਖ਼ਮੀ ਹੋਇਆ ਕਿ ਪੀੜਾ ਦੀ ਤਾਬ ਨਾ ਸਹਿੰਦਿਆਂ ਉਹ ਪ੍ਰਾਣ ਤਿਆਗ ਗਿਆ |
(ਬਾਕੀ ਅਗਲੇ ਐਤਵਾਰ)
-18, ਗੁਰੂ ਅਰਜਨ ਨਗਰ, ਰੇਲਵੇ ਕਾਲੋਨੀ, ਸਹਾਰਨਪੁਰ-247001. (ਉੱਤਰ ਪ੍ਰਦੇਸ਼)
ਮੋਬਾਈਲ : 097616-15866.

ਸ਼ਾਹੀ ਸ਼ਾਨ ਗਵਾ ਰਿਹਾ ਹੈ ਸਰਹਿੰਦ ਦਾ ਆਮ ਖ਼ਾਸ ਬਾਗ਼

ਮੁਗ਼ਲ ਸਾਮਰਾਜ ਦੀ ਇਤਿਹਾਸਕ ਯਾਦ ਆਮ ਖ਼ਾਸ ਬਾਗ਼ ਦੀ ਤਰਸਯੋਗ ਹਾਲਤ ਵੱਲ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਜੇਕਰ ਆਉਣ ਵਾਲੇ ਸਮੇਂ ਵਿਚ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਇਤਿਹਾਸਕ ਯਾਦ ਨੂੰ ਅੱਖੀਂ ਵੇਖਣ ਤੋਂ ਵਾਂਝੀਆਂ ਹੋ ਜਾਣਗੀਆਂ | ਜੇਕਰ ਇਸ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਪਤਾ ਚਲਦਾ ਹੈ ਕਿ ਮੁਗ਼ਲ ਸਾਮਰਾਜ ਸਮੇਂ 42 ਏਕੜ ਜਗ੍ਹਾ ਦੇ ਖੇਤਰ ਵਿਚ ਇਸ ਨੰੂ ਅਮਲੀ ਜਾਮਾ ਪਹਿਨਾਇਆ ਗਿਆ ਸੀ | ਇਸ ਨੰੂ ਬਣਾਉਣ ਦੀ ਸ਼ੁਰੂਆਤ ਬਾਬਰ ਨੇ ਕੀਤੀ ਸੀ ਅਤੇ ਸ਼ਾਹ ਜਹਾਨ ਸਮੇਂ ਇਸ ਨੰੂ ਦਿੱਲੀ-ਲਾਹੌਰ ਵਿਚਕਾਰ ਮੁਗ਼ਲ ਮਿਲਟਰੀ ਰੋਡ ਦੇ ਨਾਮ ਤੇ ਦੁਬਾਰਾ ਤਿਆਰ ਕੀਤਾ ਗਿਆ ਤਾਂ ਜੋ ਸ਼ਾਹੀ ਰਾਜੇ ਅਤੇ ਉਨ੍ਹਾਂ ਦੇ ਪਰਿਵਾਰ ਦਿੱਲੀ ਤੋਂ ਲਾਹੌਰ ਆਉਂਦੇ ਜਾਂਦੇ ਸਮੇਂ ਇੱਥੇ ਠਹਿਰ ਸਕਣ | ਉੱਤਰ ਭਾਰਤ ਦੇ ਸਭ ਤੋਂ ਅਲੋਕਾਰ ਬਾਗ਼ਾਂ ਵਿਚੋਂ ਇਹ ਇਕ ਹੈ | ਇਸ ਨੂੰ 1605 ਈ: ਤੋਂ ਲੈ ਕੇ 1627 ਤੱਕ ਬਣਾਉਣ ਦਾ ਸਮਾਂ ਲੱਗਿਆ | ਜਿਸ ਦੇ ਵਿਚ ਇਨ੍ਹਾਂ ਦੇ ਠਹਿਰਨ ਲਈ ਹਮਾਮ ਬਣਾਏ ਗਏ ਸਨ ਜਿਸ ਵਿਚ ਗਰਮ ਕਮਰੇ ਅਤੇ ਗਰਮ ਪਾਣੀ ਦਾ ਅਨੋਖਾ ਪ੍ਰਬੰਧ ਸੀ | ਇਸ ਬਾਗ਼ ਦਾ ਨਾਮ ਆਮ ਖ਼ਾਸ ਬਾਗ਼ ਇਸ ਲਈ ਰੱਖਿਆ ਗਿਆ ਸੀ ਕਿ ਇਸ ਨੰੂ ਦੋ ਭਾਗਾਂ ਵਿਚ ਵੰਡਿਆ ਹੋਇਆ ਸੀ ਆਮ ਸਾਧਾਰਨ ਲੋਕਾਂ ਲਈ ਸੀ ਜਦੋਂਕਿ ਖ਼ਾਸ ਸ਼ਾਹੀ ਪਰਿਵਾਰਾਂ ਤੱਕ ਸੀਮਤ ਸੀ | ਇਹ ਵੀ ਦੱਸਿਆ ਜਾਂਦਾ ਹੈ ਕਿ ਵਿਸ਼ਵ ਸਮਾਰਕ ਸੰਸਥਾ ਨੇ ਇਸ ਸਥਾਨ ਨੂੰ ਵਿਸ਼ਵ ਸਮਾਰਕ ਫ਼ੰਡ ਲਿਸਟ 2012 ਵਿਚ ਵੀ ਦਰਜ ਕਰ ਰੱਖਿਆ ਹੈ ਜਿੱਥੇ ਕਿ ਕੇਵਲ 67 ਸਮਾਰਕ ਹੀ ਸ਼ਾਮਲ ਹਨ ਪ੍ਰੰਤੂ ਇਸ ਦੇ ਬਾਵਜੂਦ ਇਹ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ |
ਹਮਾਮ ਦਾ ਨਿਰਮਾਣ: ਹਮਾਮ ਦਾ ਨਿਰਮਾਣ ਕਲਾ ਤੁਰਕੀ ਦੀ ਉਪਜ ਹੈ ਜੋ ਕਿ ਬਾਅਦ ਵਿਚ ਭਾਰਤ ਵਿਖੇ ਸਥਾਪਿਤ ਹੋਈ | ਇਸ ਹਮਾਮ ਦੀ ਉਸਾਰੀ ਜਹਾਂਗੀਰ ਨੇ 1600 ਈ: ਵਿਚ ਖ਼ਵਾਜਾ ਵਾਇਸੇ ਤੋਂ ਕਰਵਾਈ ਸੀ ਇਸ ਵਿਚ 3 ਕਮਰੇ ਹਨ ਗਰਮ ਕਮਰਾ, ਨਿੱਘਾ ਕਮਰਾ ਅਤੇ ਠੰਢਾ ਕਮਰਾ ਜਿਸ ਦੀ ਵਰਤੋਂ ਭਾਫ਼ ਅਤੇ ਮਾਲਸ਼ ਦੇ ਜ਼ਰੀਏ ਥਕਾਵਟ ਦੂਰ ਕਰਨ ਲਈ ਕੀਤੀ ਜਾਂਦੀ ਸੀ |
ਸਰਦ ਖਾਨਾ-ਏ-ਖ਼ਾਸ: ਇਸ ਵਿਚ ਕਮਰੇ ਠੰਢੇ ਹੋਣ ਲਈ ਖ਼ਾਸ ਪ੍ਰਬੰਧ ਕੀਤਾ ਹੋਇਆ ਸੀ | ਇਹ ਮੁਗ਼ਲ ਰਾਜਾ ਜਹਾਂਗੀਰ ਨੇ ਬਣਾਇਆ ਸੀ | ਇਸ ਕਮਰੇ ਵਿਚ 32 ਚਰਸਾ ਖੂਹ ਵਿਚੋਂ (ਚਮੜੇ ਦੇ ਡੋਲ) ਪਾਣੀ ਕੱਢ ਕੇ ਵੱਡੇ ਹੋਦਾਂ ਵਿਚ ਸਪਲਾਈ ਕੀਤਾ ਜਾਂਦਾ ਸੀ ਅਤੇ ਖਿੜਕੀਆਂ ਰਾਹੀਂ ਪਾਣੀ ਹਵਾ ਨੂੰ ਠੰਢਾ ਕਰਕੇ ਕਮਰੇ ਨੂੰ ਠੰਢਾ ਕਰਦੀ ਸੀ ਇਸ ਸਮੇਂ ਅਨੋਖੇ ਢੰਗਾਂ ਦੇ ਕਮਰੇ ਸਥਿਤ ਹਨ |
ਸ਼ੀਸ਼ ਮਹਿਲ: ਇਸ ਨੰੂ ਵੀ ਜਹਾਂਗੀਰ ਨੇ ਬਣਾਇਆ ਸੀ | ਇਸ ਦੇ ਗੰੁਬਦਾਂ ਉੱਪਰ ਬਹੁਤ ਹੀ ਚਮਕਣੀਆਂ ਟਾਇਲਾਂ ਲਗਾ ਕੇ ਅਲੌਕਿਕ ਕਲਾਕਾਰੀ ਕੀਤੀ ਗਈ ਸੀ |
ਦੌਲਤ ਖਾਨਾ ਏ ਖ਼ਾਸ: ਇਸ ਨੂੰ ਸ਼ਾਹਜਹਾਨ ਨੇ ਆਪਣੀ ਪ੍ਰਾਈਵੇਟ ਰਿਹਾਇਸ਼ ਲਈ ਬਣਾਇਆ ਸੀ | ਇਨ੍ਹਾਂ ਸਾਰੇ ਕਮਰਿਆਂ ਦੀਆਂ ਕੰਧਾਂ ਉੱਪਰ ਬਹੁਤ ਹੀ ਆਧੁਨਿਕ ਕਿਸਮ ਦੀ ਕਲਾਕਾਰੀ ਕੀਤੀ ਗਈ ਸੀ | ਇਸ ਦੇ ਉੱਤਰੀ ਪਾਸੇ ਅਨੋਖੇ ਫੁਆਰੇ ਲਗਾਏ ਗਏ ਸਨ ਜੋ ਇਸ ਦੀ ਸ਼ੋਭਾ ਨੂੰ ਚਾਰ ਚੰਦ ਲਾਉਂਦੇ ਸਨ | ਸ਼ਹੀਦੀ ਜੋੜ ਮੇਲੇ ਸਮੇਂ ਇੱਥੇ ਰਾਤ ਨੂੰ ਲੋਕ ਸੰਪਰਕ ਵਿਭਾਗ ਵਲੋਂ ਆਵਾਜ਼ ਅਤੇ ਰੌਸ਼ਨੀ 'ਤੇ ਆਧਾਰਤ ਨਾਟਕ 'ਸਰਹਿੰਦ ਦੀ ਦੀਵਾਰ' ਪੇਸ਼ ਕੀਤਾ ਜਾਂਦਾ ਹੈ ਜਿਸ ਦਾ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਅਨੰਦ ਮਾਣਦੇ ਹਨ |
ਟੈਂਕ: ਇਸ ਨੂੰ ਵੀ ਜਹਾਂਗੀਰ ਨੇ ਬਣਾਇਆ ਸੀ ਜਿਸ ਦੇ ਵਿਚਕਾਰ ਮਹਿਤਾਬੀ-ਚਬੂਤਰਾ ਹੈ ਪਰੰਤੂ ਸੰਭਾਲ ਨਾ ਹੋਣ ਕਾਰਨ ਇਹ ਡਿਗ ਚੁੱਕਿਆ ਹੈ |
ਆਮ ਖ਼ਾਸ ਬਾਗ਼ ਵਿਚ ਸੈਲਾਨੀਆਂ ਦੇ ਠਹਿਰਨ ਲਈ ਪੰਜਾਬ ਟੂਰਿਜ਼ਮ ਵਿਭਾਗ ਵਲੋਂ ਮੋਲਸਰੀ ਦੇ ਨਾਂਅ ਤੇ ਰੈਸਤਰਾਂ ਚਲਾਇਆ ਜਾਂਦਾ ਸੀ ਜਿੱਥੇ ਸੈਲਾਨੀਆਂ ਦੇ ਠਹਿਰਨ ਲਈ ਬਹੁਤ ਹੀ ਲਾਭਕਾਰੀ ਸਮਝਿਆ ਜਾਂਦਾ ਸੀ, ਪਰੰਤੂ 2006 ਤੋਂ ਇਸ ਨੂੰ ਬੰਦ ਕਰ ਦਿੱਤਾ ਗਿਆ | ਰੈਸਤਰਾਂ ਦੇ ਸਾਬਕਾ ਮੈਨੇਜਰ ਵਿਗਜੇਅਨ ਕੁੱਟੀ ਨੇ ਦੱਸਿਆ ਕਿ ਵਿਭਾਗ ਨੇ 2006 ਵਿਚ 90 ਲੱਖ ਦਾ ਲਾਭ ਕਮਾਇਆ ਸੀ ਪਰੰਤੂ ਇਸ ਦੇ ਬਾਵਜੂਦ ਵੀ ਇਸ ਨੰੂ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਦੋ ਦਰਜਨ ਦੇ ਕਰੀਬ ਮੁਲਾਜ਼ਮ ਵੀ ਬੇਰੁਜ਼ਗਾਰ ਹੋ ਗਏ ਹਨ ਜਿਨ੍ਹਾਂ ਵਲੋਂ ਹੁਣ ਅਦਾਲਤ ਦਾ ਸਹਾਰਾ ਲਿਆ ਗਿਆ ਹੈ | ਪੰਜਾਬ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਥਾਨ ਵਿਚੋਂ ਦੋ ਏਕੜ ਜਗ੍ਹਾ ਵਿਚ ਸਰਕਟ ਹਾਊਸ ਵਿਚ ਬਦਲਣ ਲਈ ਮਤਾ ਪਾਸ ਕਰਕੇ ਭੇਜਿਆ ਸੀ ਪਰੰਤੂ ਸੈਰ-ਸਪਾਟਾ ਵਿਭਾਗ ਨੇ ਇਸ ਨੰੂ ਰੱਦ ਕਰ ਦਿੱਤਾ ਉਨ੍ਹਾਂ ਦਾ ਕਹਿਣਾ ਸੀ ਕਿ ਵਿਭਾਗ ਇਸ ਕੰਪਲੈਕਸ ਵਿਚ ਰੇਸਤਰਾਂ ਅਤੇ ਹੱਥੀਂ ਬਣੀਆਂ ਕਲਾਕਿ੍ਤਾਂ ਨੂੰ ਪ੍ਰਮੋਟ ਕਰਨਾ ਚਾਹੁੰਦਾ ਹੈ ਪ੍ਰੰਤੂ ਕੰਮ ਜਿਉਂ ਦਾ ਤਿਉਂ ਹੀ ਹੈ |
ਕੇਂਦਰ ਸਰਕਾਰ ਨੇ ਮਾਰਚ 2010 ਵਿਚ ਇਸ ਦੀਆਂ ਇਮਾਰਤਾਂ ਦੀ ਸੰਭਾਲ ਲਈ 1.75 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਸੀ ਅਤੇ ਪੁਰਾਤਤਵ ਵਿਭਾਗ ਨੇ ਇਸ ਇਤਿਹਾਸਕ ਅਜੂਬੇ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਮੰਤਵ ਲਈ 6 ਕਰੋੜ ਰੁਪਏ ਦੀ ਹੋਰ ਰਾਸ਼ੀ ਮੰਗੀ ਸੀ ਪ੍ਰੰਤੂ ਪੰਜਾਬ ਸਰਕਾਰ ਵਲੋਂ ਇਸ ਮੰਤਵ ਲਈ ਕੋਈ ਵੀ ਰਾਸ਼ੀ ਨਹੀਂ ਭੇਜੀ ਗਈ ਜਿਸ ਕਾਰਨ ਇਹ ਕੰਮ ਵਿਚਕਾਰ ਹੀ ਠੱਪ ਹੋ ਕੇ ਰਹਿ ਗਿਆ |
ਮੌਜੂਦਾ ਸਮੇਂ ਇਸ ਬਾਗ਼ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ, ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ, ਛੱਤਾਂ ਦਾ ਪਲੱਸਤਰ ਟੁੱਟ ਰਿਹਾ ਹੈ, ਬੱਚਿਆਂ ਦੀ ਸਹੂਲਤ ਲਈ ਲਗਾਏ ਗਏ ਝੂਟੇ ਟੁੱਟ ਗਏ ਹਨ, ਸੈਲਾਨੀਆਂ ਦੇ ਆਰਾਮ ਕਰਨ ਲਈ ਬਣਾਏ ਸਥਾਨ ਟੁੱਟ ਗਏ ਹਨ, ਫੁਆਰਿਆਂ ਦੀ ਤਰਸਯੋਗ ਹਾਲਤ ਹੋ ਗਈ ਹੈ, 5-5 ਫੁੱਟ ਪੈਦਾ ਹੋਏ ਘਾਹ ਵਿਚ ਸੱਪ ਅਤੇ ਹੋਰ ਜ਼ਹਿਰੀਲੇ ਜਾਨਵਰ ਪੈਦਾ ਹੋ ਰਹੇ ਹਨ ਜੋ ਕਿ ਕਿਸੇ ਵੀ ਸਮੇਂ ਕਿਸੇ ਦੀ ਜਾਨ ਲਈ ਖ਼ਤਰਾ ਬਣ ਸਕਦੇ ਹਨ | ਸਰਕਾਰ ਵੱਲੋਂ ਇਸ ਇਤਿਹਾਸਕ ਜਗ੍ਹਾ ਦੀ ਸਾਂਭ ਸੰਭਾਲ ਕਰਕੇ ਇਸ ਥਾਂ ਉੱਪਰ ਸ਼ਾਨਦਾਰ ਪੰਜ ਤਾਰਾ ਹੋਟਲ ਬਣਾ ਕੇ ਚੰਗੀ ਕਮਾਈ ਵੀ ਕੀਤੀ ਜਾ ਸਕਦੀ ਹੈ ਆਰਥਿਕ ਮੰਦਹਾਲੀ ਕਾਰਨ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਅਤੇ ਇਹ ਸਥਾਨ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਜੇਕਰ ਇਸ ਪਾਸੇ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਇਸ ਦੀ ਹੋਂਦ ਮੁਕੰਮਲ ਖ਼ਤਮ ਹੋ ਜਾਵੇਗੀ |
-ਜ਼ਿਲ੍ਹਾ ਇੰਚਾਰਜ, ਉਪ-ਦਫ਼ਤਰ ਫ਼ਤਹਿਗੜ੍ਹ ਸਾਹਿਬ |
ਮੋਬਾਈਲ : 98140-25360.

ਉਲਟਾ-ਪੁਲਟਾ

ਗਏ ਉਹ ਦਿਨ ਜਦੋਂ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਨੂੰ ਬਰਤਾਨਵੀ ਜਾਂ ਅਮਰੀਕਨ ਮਾਡਲ ਦੇ ਨਕਸ਼ੇ ਕਦਮਾਂ 'ਤੇ ਚਲਾਉਣ ਦੀ ਕੋਸ਼ਿਸ਼ ਕਰਦੇ ਸੀ | ਹੁਣ ਸਾਡੀ ਐਜੂਕੇੇਸ਼ਨ ਦੀ ਧਾਂਕ ਹੈ | ਸਾਡੇ ਅਧਿਆਪਕ ਕਿਸੇ ਤੋਂ ਵੀ ਘੱਟ ਨਹੀਂ | ਹੁਣ ਅਸਾਮ ਦੇ ਧੀਰੇਨ ਕਾਕਤੀ ਨੂੰ ਹੀ ਲੈ ਲਓ | ਸ਼ਰਾਬ ਦਾ ਸੇਵਨ ਕਰਕੇ ਚੌਥੀ ਕਲਾਸ ਦੇ ਬੱਚਿਆਂ ਨੂੰ ਸੁਤੰਤਰਤਾ ਸੈਨਾਨੀਆਂ ਦੀ ਸ਼ਹਾਦਤ ਨੂੰ 'ਪ੍ਰੈਕਟੀਕਲ' ਤਰੀਕੇ ਨਾਲ ਦੱਸਦੇ-ਦੱਸਦੇ ਬੱਚਿਆਂ ਦੀਆਂ ਗਰਦਨਾਂ ਵਿਚ ਰੱਸੀ ਬੰਨ੍ਹ ਦਿੱਤੀ | ਏਨੀ ਲਗਨ ਸੀ ਉਨ੍ਹਾਂ ਦੇ ਮਨ ਵਿਚ ਕਿ ਉਹ ਰੱਸੀ ਦੇ ਫੰਦੇ ਨੂੰ ਖਿੱਚਣ ਨੂੰ ਵੀ ਤਿਆਰ ਸੀ | ਇਹ ਤਾਂ ਬੱਚੇ ਹੀ ਡਰਪੋਕ ਨਿਕਲੇ ਜਿਹੜੇ ਚੀਕਾਂ ਮਾਰਦੇ ਕਲਾਸ 'ਚੋਂ ਬਾਹਰ ਨੱਸ ਪਏ |
ਧੀਰੇਨ ਕਾਕਤੀ ਸ਼ਾਇਦ ਡਰ ਦੀ ਵੀ ਪ੍ਰੈਕਟੀਕਲ ਕਲਾਸ ਲੈ ਰਹੇ ਸੀ | ਹੁਣ ਦੇਖਣਾ ਇਹ ਸੀ ਕਿ ਸਾਡੀ ਆਜ਼ਾਦੀ ਦੀ ਲੜਾਈ ਦੇ ਹੋਰ ਕਿਹੜੇ-ਕਿਹੜੇ ਵਾਕਿਆਂ ਨੂੰ ਏਹੋ ਜਿਹੇ ਅਧਿਆਪਕ ਪੈ੍ਰਕਟੀਕਲੀ ਕਰਵਾਉਂਦੇ ਨੇ | ਬੱਚਿਆਂ ਨੂੰ  ਇਕ ਡੂੰਘੇ ਖੂਹ ਵਿਚ ਛਲਾਂਗ ਲਗਵਾ ਕੇ ਹੀ ਜਲਿ੍ਹਆਂ ਵਾਲਾ ਬਾਗ਼ ਦੇ ਕਤਲੇਆਮ ਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ |
ਪਰ ਸਾਰੇ ਅਧਿਆਪਕ ਇਸ ਤਰ੍ਹਾਂ ਦੇ ਨਹੀਂ | ਕੁਝ ਤਾਂ ਸੱਚਮੁਚ ਆਪਣੇ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦੇ ਨੇ | ਤਦੇ ਉਨ੍ਹਾਂ ਕੋਲੋਂ ਆਪਣੀ ਮਾਲਿਸ਼ ਕਰਵਾਉਣੀ, ਲੱਤਾਂ ਘੁਟਾਉਣੀਆਂ, ਘਰੋਂ ਦੁੱਧ ਮੰਗਵਾਉਣਾ, ਆਪਣੇ ਘਰ ਦਾ ਰਾਸ਼ਨ ਪਾਣੀ ਬਾਜ਼ਾਰੋਂ ਮੰਗਵਾਉਂਦੇ ਨੇ | ਆਪਣਾਪਨ ਹੈ ਤਦੇ ਤਾਂ ਇਹ ਕੰਮ ਕਹੇ ਜਾ ਸਕਦੇ ਨੇ | ਕਦੀ ਸੋਚ ਸਕਦੇ ਹੋ ਕਿ ਅਮਰੀਕਾ ਜਾਂ ਇੰਗਲੈਂਡ ਵਿਚ ਕੋਈ ਵੀ ਅਧਿਆਪਕ ਆਪਣੀ ਕਲਾਸ ਦੇ ਬੱਚੇ ਨੂੰ ਬਾਜ਼ਾਰੋਂ ਬਰਗਰ ਖ਼ਰੀਦਣ ਲਈ ਭੇਜ ਦੇਣ | ਸਾਡੇ ਰਿਸ਼ਤਿਆਂ ਦਾ ਨਿੱਘਾਪਨ ਉਥੇ ਕਿਥੇ |
ਇਕ ਬਾਇਓਲੋਜੀ ਅਧਿਆਪਕ ਆਪਣੀ ਕਲਾਸ ਨੂੰ ਸ਼ਰਾਬ ਦਾ ਜਿਊਾਦਿਆਂ ਜੀਵਾਂ 'ਤੇ ਹਾਨੀਕਾਰਕ ਅਸਰ ਹੁੰਦੈ ਪ੍ਰੈਕਟੀਕਲੀ ਦੱਸਣਾ ਚਾਹੰੁਦੇ ਸਨ | ਆਪਣੇ ਤਜਰਬੇ ਲਈ ਉਨ੍ਹਾਂ ਇਕ ਬੀਕਰ ਵਿਚ ਤਲਾਬ ਦਾ ਪਾਣੀ ਭਰਿਆ ਜਿਹਦੇ ਵਿਚ ਬਹੁਤ ਕੀੜੇ ਤੈਰ ਰਹੇ ਸਨ | ਜਦੋਂ ਉਹਨੇ ਥੋੜ੍ਹੀ ਜਿਹੀ ਸ਼ਰਾਬ ਦੇ ਤੁਪਕੇ ਰਲਾਏ ਕੀੜੇ ਛਟਪਟਾਏ ਤੇ ਮਰ ਗਏ | ਹੁਣ ਬੱਚਿਓ ਇਸ ਐਕਸਪੈਰੀਮੈਂਟ ਤੋਂ ਤੁਸੀਂ ਕੀ ਸਿੱਖੇ? ਇਕ ਉਤਾਵਲੇ ਵਿਦਿਆਰਥੀ ਨੇ ਕਿਹਾ, 'ਸਰ, ਇਹਦਾ ਜਵਾਬ ਜ਼ਾਹਿਰ ਜਿਹਾ ਹੈ | ਜੇ ਤੁਸੀਂ ਸ਼ਰਾਬ ਪੀਓਗੇ, ਤਾਂ ਤੁਹਾਨੂੰ ਕਦੀ ਕੀੜੇ ਨਹੀਂ ਹੋਣਗੇ!'
-savitabhatti0gmail.com

ਘਰਿ ਸੁਖਿ ਵਸਿਆ, ਬਾਹਰਿ ਸੁਖੁ ਪਾਇਆ

1. ਦਿਨ ਵਿਚ ਇਕ ਵਾਰ ਆਪਣੇ ਪਰਿਵਾਰਕ ਮਾਹੌਲ ਤੇ ਘਰੇਲੂ ਮਾਹੌਲ ਬਾਰੇ ਜ਼ਰੂਰ ਸੋਚੋ ਕਿ ਘਰ ਦਾ ਮਾਹੌਲ ਕਿਸ ਕਾਰਨ ਵਿਗੜ ਰਿਹਾ ਹੈ |
2. ਜੇ ਪਰਿਵਾਰ ਨਾਲ ਹੈ ਤਾਂ ਹਰ ਮੁਸੀਬਤ ਹੱਲ ਹੋ ਜਾਵੇਗੀ ਤੇ ਜੇ ਪਰਿਵਾਰ ਵਿਰੁੱਧ ਹੈ ਤਾਂ ਪਰਿਵਾਰ ਹੀ ਮੁਸੀਬਤ ਬਣ ਜਾਂਦਾ ਹੈ |
3. ਜ਼ਿੰਦਗੀ ਦੇ ਦਿਨ ਚਾਰ, ਤੂੰ ਮੁਹੱਬਤਾਂ ਨਾਲ ਗੁਜ਼ਾਰ, ਲੜਾਈਆਂ ਚੰਗੀਆਂ ਨਹੀਂ |
4. ਘਰ ਉਹ ਥਾਂ ਹੈ ਜਿਥੇ ਮਨੁੱਖ ਦਾ ਪਿਆਰ ਤੇ ਸਧਰਾਂ ਪਲਦੀਆਂ ਹਨ |
5. ਘਰ ਵਿਚ ਹਮੇਸ਼ਾ ਪਿਆਰ ਦੇ ਬੀਜ ਬੀਜੋ, ਮੁਹਬਤ ਦੀ ਖੇਤੀ ਕਰੋ, ਦੁਆਵਾਂ ਦਾ ਪਾਣੀ ਲਾਓ, ਖੁਸ਼ੀਆਂ ਦਾ ਸਪਰੇਅ ਕਰੋ ਤੇ ਮਿਠਾਸ ਦੀ ਗੋਡੀ ਕਰੋ |
6. ਮਤਭੇਦ ਭੁਲਾ ਕੇ ਕਿਸੇ ਖਾਸ ਕਾਰਨ ਲਈ ਸਾਰੀਆਂ ਧਿਰਾਂ/ਸਾਰੇ ਪਰਿਵਾਰ ਦਾ ਇਕ ਹੋ ਜਾਣਾ ਜੀਵਤ ਪਰਿਵਾਰ ਦਾ ਲੱਛਣ ਹੈ |
7. ਨਵੀਂ ਪੀੜ੍ਹੀ ਅੱਯਾਸ਼ੀ ਦੀ ਸ਼ੌਕੀਨ ਹੈ ਪਰ ਮਿਹਨਤ ਕਰਨ ਤੋਂ ਕੋਹਾਂ ਦੂਰ ਹੈ |
8. ਸੁਆਦ ਸਰੀਰਕ ਹੁੰਦਾ ਹੈ | ਸੁਖ ਮਾਨਸਿਕ ਹੁੰਦਾ ਹੈ ਅਤੇ ਅਨੰਦ ਆਤਮਿਕ ਹੁੰਦਾ ਹੈ |
9. ਦੁਸ਼ਮਣ ਕੇਵਲ ਸਰੀਰ ਤੇ ਜ਼ਖ਼ਮ ਕਰਦਾ ਹੈ ਪਰ ਆਪਣੇ ਦਿਲ 'ਤੇ ਕਰਦੇ ਹਨ |
10. ਜੇਕਰ ਸੁਖ ਚਾਹੁੰਦੇ ਹੋ ਤਾਂ ਖਰਚ ਆਮਦਨ ਅਨੁਸਾਰ ਹੀ ਕਰੋ |
11. ਬੁਢਾਪੇ ਦੇ ਸਮੇਂ ਤੋਂ ਪਹਿਲਾਂ ਹੀ ਆਪਣੇ-ਆਪ ਨੂੰ ਅਜਿਹਾ ਬਣਾ ਲੈਣਾ ਚਾਹੀਦਾ ਹੈ ਕਿ ਕਿਸੇ ਦਾ ਮੁਥਾਜ ਨਾ ਹੋਣਾ ਪਵੇ |
12. ਪਰਿਵਾਰ ਵਿਚ ਸੰਜਮ ਹੋਵੇ ਤਾਂ ਦੁੱਖ-ਕਸ਼ਟ ਆਪਣੇ-ਆਪ ਘੱਟ ਹੋ ਜਾਂਦੇ ਹਨ |
13. ਹਰ ਵਿਅਕਤੀ ਮਾਂ-ਪਿਓ, ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਨਾਲ ਤਾਂ ਲੜ ਸਕਦਾ ਹੈ ਪਰ ਆਪਣੀ ਤਕਦੀਰ ਨਾਲ ਨਹੀਂ ਲੜ ਸਕਦਾ |
14. ਨੁਕਸ ਲੱਭਣੇ ਸੌਖੇ ਹੁੰਦੇ ਹਨ ਪਰ ਚੰਗੇਰਾ ਕਰਕੇ ਵਿਖਾਉਣਾ ਔਖਾ ਹੁੰਦਾ ਹੈ |
15. ਪੰਜ ਪੁੱਤ ਤੇ ਪੰਜਾਹ ਪੋਤੇ, ਪਰ ਬਾਬਾ ਅਜੇ ਵੀ ਘਾਹ ਖੋਤੇ |
16. ਜੋ ਜੱਗ ਤੇ ਪਰਿਵਾਰ ਨਾਲ ਚੱਲੇ, ਸਮਝੋ ਸਭ ਕੁਝ ਉਸ ਦੇ ਪੱਲੇ |
17. ਕਿਸੇ ਤੇ ਊਜ ਲਾਉਣਾ ਤਾਂ ਅਸਾਨ ਹੁੰਦਾ ਹੈ ਪਰ ਉਸ ਲਈ ਸਬੂਤ ਇਕੱਠੇ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ |
18. ਕਿਸੇ ਵੀ ਲੋਕਤੰਤਰੀ ਰਾਜ ਜਾਂ ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਹੁੰਦੀ ਹੈ |
19. ਹਮੇਸ਼ਾ ਕੁਝ ਹੱਦ ਤੱਕ ਸਮਝੌਤਾ ਕਰਨਾ ਸਿੱਖੋ ਕਿਉਂਕਿ ਥੋੜ੍ਹਾ ਜਿਹਾ ਝੁਕ ਜਾਣਾ ਕਿਸੇ ਰਿਸ਼ਤੇ ਨੂੰ ਹਮੇਸ਼ਾ ਲਈ ਤੋੜ ਦੇਣ ਤੋਂ ਬਿਹਤਰ ਹੈ |
20. ਜਿਸ ਪਰਿਵਾਰ ਵਿਚ ਕਲ੍ਹਾ ਹੋਵੇ ਭਾਵ ਹਰਦਮ ਕਲੇਸ਼ ਵਾਲਾ ਮਾਹੌਲ ਰਹਿੰਦਾ ਹੋਵੇ, ਉਸ ਘਰ ਵਿਚ ਤਰੱਕੀ ਸੰਭਵ ਨਹੀਂ ਹੈ |
21. ਹਰ ਖੁਸ਼ੀ ਨੂੰ ਮਾਣਨ ਲਈ ਖੁਸ਼ੀ ਨੂੰ ਪਰਿਵਾਰ ਨਾਲ ਸਾਂਝਾ ਕਰੋ ਕਿਉਂਕਿ ਖੁਸ਼ੀ ਵੰਡਣ ਨਾਲ ਵਧਦੀ ਹੈ |
22. ਹਮੇਸ਼ਾ ਪਰਿਵਾਰ ਨਾਲ ਮਿਲ ਕੇ ਚਲੋ |
23. ਅਸਲ ਅਨੰਦ ਉਥੇ ਹੈ ਜਿਥੇ ਅਤਿ ਨਹੀਂ ਹੈ |
24. ਸ਼ਾਂਤੀ ਮਨੁੱਖ ਦੀ ਸੁਖਦਾਈ ਅਤੇ ਸੁਭਾਵਿਕ ਸਥਿਤੀ ਹੈ, ਲੜਾਈ-ਝਗੜਾ ਉਸ ਦਾ ਪਤਨ ਹੈ ਅਤੇ ਉਸ ਦਾ ਕਲੰਕ ਹੈ |
25. ਜੇ ਕਰੋਗੇ ਪ੍ਰਯਾਸ ਤਾਂ ਪੂਰੀ ਹੋਵੇਗੀ ਆਸ |
26. ਯਿਹ ਕਹਿ ਕਰ ਮੇਰੇ ਦੁਸ਼ਮਣ ਮੁਝੇ ਹੰਸਤੇ ਹੂਏ ਛੋੜ ਗਏ ਕਿ ਤੇਰੇ ਅਪਨੇ ਹੀ ਕਾਫ਼ੀ ਹੈਂ ਤੁਝੇ ਰੁਲਾਨੇ ਕੇ ਲੀਏ |
27. ਕੁੱਤੇ, ਜ਼ਹਿਰੀਲੇ ਸੱਪ ਦੇ ਡੰਗੇ ਦਾ ਇਲਾਜ ਤਾਂ ਹੋ ਸਕਦਾ ਹੈ ਪਰ ਬੰਦੇ ਦੇ ਡੰਗੇ ਦਾ ਕੋਈ ਇਲਾਜ ਨਹੀਂ | (ਬਾਕੀ ਅਗਲੇ ਐਤਵਾਰ)
ਮੋਬਾਈਲ : 99155-63406.

ਅਹਿ ਕੀ ਹੋਇਆ?

ਪਿਛਲੇ ਕੁਝ ਕੁ ਦਿਨਾਂ 'ਚ ਕਈ ਮਜ਼ੇਦਾਰ ਘਟਨਾਵਾਂ, ਇਕ ਪਿੱਛੇ ਇਕ ਵਾਪਰ ਗਈਆਂ | ਇਸ ਲਈ ਅੱਜ 'ਆਤਿਸ਼ਬਾਜ਼ੀ' ਨੂੰ ਮਦਰਾਸੀਆਂ ਦੀ 'ਸਾਂਬਰ' ਸਮਝਣਾ, ਇਡਲੀ-ਡੋਸੇ ਜਿਸ ਨਾਲ ਛਕੇ ਜਾਂਦੇ ਹਨ, ਉਹ ਇਕ ਤਾਂ ਚਟਣੀ ਹੁੰਦੀ ਹੈ ਦੂਜੀ ਸਾਂਬਰ | ਸਾਂਬਰ ਇਕ ਦਾਲ ਦੇ ਨਾਲ ਕਈ ਸਬਜ਼ੀਆਂ ਹੁੰਦੀਆਂ ਹਨ ਤੇ ਕਈ ਮਸਾਲੇ ਪਾਏ ਜਾਂਦੇ ਹਨ | ਸਭ ਤੋਂ ਪਹਿਲਾਂ ਰੌਲੇ-ਰੱਪੇ ਤੋਂ ਸ਼ੁਰੂ ਕਰਦੇ ਹਾਂ | ਰੌਲਾ-ਰੱਪਾ ਦਾ ਮਤਲਬ ਹੈ ਪੰਜ ਰਾਜਾਂ 'ਚ ਹੋ ਹੋਈਆਂ ਥਾਂ-ਥਾਂ, ਸਭੇ ਪਾਰਟੀਆਂ ਦੀਆਂ ਰੈਲੀਆਂ | ਮੁੱਖ ਮੁਕਾਬਲਾ ਮੋਦੀ ਤੇ ਰਾਹੁਲ 'ਚ ਸੀ | ਮੈਂ ਤੁਹਾਡਾ ਮਨੋਰੰਜਨ ਕਰਨ ਲਈ, ਆਪਣੇ ਹੀ ਮਖਸੂਸ ਅੰਦਾਜ਼ 'ਚ ਦਿੱਲੀ ਤੋਂ ਸ਼ੁਰੂ ਕਰਾਂਗਾ | ਉਥੇ ਸ਼ੀਲਾ ਆਂਟੀ ਨੂੰ ਜਿਤਾਉਣ ਲਈ ਰਾਹੁਲ ਜੀ ਦੀ ਰੈਲੀ ਸੀ | ਰਾਹੁਲ ਜੀ ਨੇ ਆਪਣਾ ਭਾਸ਼ਣ ਸਿਰਫ਼ ਦਸ ਮਿੰਟਾਂ 'ਚ ਖਤਮ ਕਰ ਦਿੱਤਾ ਤੇ 'ਗਾਂਹ ਤੁਰ ਗਏ | ਕਿਉਂ? ਪਤੈ ਨਾ ਤੁਹਾਨੂੰ ਅੱਜਕਲ੍ਹ ਕਈਆਂ ਦਾ ਬਿਜ਼ਨੈਸ ਹੈ, ਟੈਂਟ-ਕਨਾਤਾਂ ਤੇ ਕੁਰਸੀਆਂ ਸਪਲਾਈ ਕਰਨ ਦਾ | ਇਹ ਵਿਆਹ-ਸ਼ਾਦੀਆਂ 'ਚ ਵੀ ਆਪਣੀਆਂ ਕੁਰਸੀਆਂ ਸਪਲਾਈ ਕਰਦੇ ਹਨ ਤੇ ਇਨ੍ਹਾਂ ਦੇ ਕਿਰਾਏ ਵਸੂਲ ਕੇ ਚੰਗੀ ਕਮਾਈ ਕਰਦੇ ਹਨ | ਅੱਜਕਲ੍ਹ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਦਾ ਦੌਰੇ-ਦੌਰਾ ਹੈ, ਇਸ ਲਈ ਇਨ੍ਹਾਂ ਨੂੰ ਹਜ਼ਾਰਾਂ ਦੀ ਗਿਣਤੀ 'ਚ ਕੁਰਸੀਆਂ ਸਪਲਾਈ ਕਰਨੀਆਂ ਪੈਂਦੀਆਂ ਹਨ, ਜਿਹੜੀਆਂ ਪਲਾਸਟਿਕ ਦੀਆਂ ਤੇ ਰੰਗ-ਬਰੰਗੀਆਂ ਹੁੰਦੀਆਂ ਹਨ |
ਇਕ, ਇਹੋ ਜਿਹੇ ਟੈਂਟ-ਕੁਰਸੀਆਂ ਸਪਲਾਇਰ ਦੀਆਂ ਪਲਾਸਟਿਕ ਦੀਆਂ ਕੁਰਸੀਆਂ ਉਹਦੇ ਦਫਤਰ-ਕਮ-ਗੁਦਾਮ 'ਚ ਪਈਆਂ ਸਨ | ਐਨੇ ਨੂੰ ਇਕ ਰਾਜਨੀਤਿਕ ਪਾਰਟੀ ਦਾ ਨੇਤਾ ਕਨਾਤਾਂ ਤੇ ਕੁਰਸੀਆਂ ਬੁੱਕ ਕਰਨ ਲਈ ਆ ਗਿਆ | ਹੁਣ ਕੁਰਸੀਆਂ ਅਲਰਟ ਹੋ ਗਈਆਂ, ਪਲਾਸਟਿਕ ਦੀ ਇਕ ਕੁਰਸੀ ਨੇ ਦੂਜੀ ਨੂੰ ਪੁੱਛਿਆ, 'ਭੈਣੇ, ਅੱਜ ਕਿਸ ਦੀ ਰੈਲੀ ਹੈ? ਮੋਦੀ ਦੀ ਕਿ ਰਾਹੁਲ ਦੀ?'
'ਕਿਉਂ?'
'ਇਸ ਲਈ ਕਿ ਜਦੋਂ ਮੋਦੀ ਦੀ ਰੈਲੀ ਹੁੰਦੀ ਹੈ ਤਾਂ ਸਾਨੂੰ ਬੜੀ ਤਕਲੀਫ਼ ਹੁੰਦੀ ਹੈ | ਲੋਕਾਂ ਦੀ ਐਨੀ ਭੀੜ ਪਤਾ ਨਹੀਂ ਕਿੱਥੋਂ ਇਕੱਠੀ ਹੋ ਜਾਂਦੀ ਹੈ | ਜਿਥੋਂ ਤਾੲੀਂ ਨਜ਼ਰ ਮਾਰੋ, ਲੋਕਾਂ ਦੀਆਂ ਮੰੁਡੀਆਂ (ਸਿਰ) ਹੀ ਮੰੁਡੀਆਂ ਵਿਖਾਈ ਦਿੰਦੀਆਂ ਹਨ | ਸਾਡੇ 'ਤੇ, ਇਕ ਇਕ ਕੁਰਸੀ 'ਤੇ ਦੋ-ਦੋ ਬੰਦੇ ਵੀ ਆ ਬਹਿੰਦੇ ਨੇ ਤੇ ਉਹ ਦੂਰ ਜਿਨ੍ਹਾਂ ਨੂੰ ਵੇਖਣਾ, ਸੁਣਨਾ ਔਖਾ ਹੁੰਦਾ ਹੈ, ਲੋਕੀਂ ਕੁਰਸੀਆਂ 'ਤੇ ਖੜ੍ਹੇ ਹੋ ਜਾਂਦੇ ਹਨ | ਐਧਰ ਸਾਡੀਆਂ ਕਮਰਾਂ, ਹੱਡੀਆਂ, ਪਸਲੀਆਂ ਤਿੜਕਦੀਆਂ ਹਨ, ਟੰਗਾਂ ਵੀ ਟੁੱਟ ਜਾਂਦੀਆਂ ਹਨ |
ਇਕ ਖ਼ਬਰ ਨੇ ਤਹਿਲਕਾ ਮਚਾ ਦਿੱਤਾ...
ਅਖੇ ਤਹਿਲਕਾ ਮੈਗਜ਼ੀਨ ਦੇ ਚੀਫ਼ ਐਡੀਟਰ ਤਰੁਣ ਤੇਜਪਾਲ ਨੇ ਗੋਆ 'ਚ ਆਪਣੀ ਕੰਪਨੀ ਦੀ ਹੀ ਇਕ ਕੁੜੀ ਪੱਤਰਕਾਰ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਪੂਰੇ ਦੋ ਦਿਨ ਉਹਦੀ ਇਹ ਕੋਸ਼ਿਸ਼ ਜਾਰੀ ਰਹੀ ਤੇ ਕੁੜੀ ਨੇ ਤਰੁਣ ਤੇਜਪਾਲ ਦਾ ਇਹ ਕਾਰਾ ਜੱਗ ਜ਼ਾਹਰ ਕਰ ਦਿੱਤਾ |
ਹਾਏ ਵੇ ਰੌਲਾ ਪੈ ਗਿਆ |
ਕਹਿੰਦੇ ਨੇ ਨਾ ਕਿ ਜਦ ਵੱਡੀ ਲਕੀਰ ਖਿੱਚੀ ਜਾਏ ਤਾਂ ਛੋਟੀ ਲਕੀਰ ਨਿਗੂਣੀ ਹੋ ਜਾਂਦੀ ਹੈ | ਸੋ, ਕਾਂਗਰਸ ਦਾ ਉਹ ਬਿ੍ਗੇਡ ਪਤਾ ਨਹੀਂ ਕਿਥੇ ਗੁੰਮ ਹੋ ਗਿਆ | ਤਹਿਲਕਾ ਮਚ ਗਿਆ, ਚਾਰੇ ਪਾਸੇ ਕਿ ਬੀਬੀਆਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਚਰਿੱਤਰ ਤੇ ਇਹ ਗੰਭੀਰ ਹਮਲਾ ਹੈ, ਪਹਿਲਾਂ ਤੇਜਪਾਲ ਨੂੰ ਨਵੇਂ ਪਾਸ ਹੋਏ ਰੇਪ-ਕਾਨੂੰਨ ਤਹਿਤ ਅੰਦਰ ਕੀਤਾ ਜਾਏ, ਫੇਰ ਕੋਈ ਹੋਰ ਗੱਲ ਸੁਣੀ ਜਾਏ |
ਤਰੁਣ ਤੇਜਪਾਲ! ਇਹ ਉਹੀਓ ਏ ਜਿਹਨੇ ਐਨ. ਡੀ. ਏ. ਵਾਲੀ ਬੀ. ਜੇ. ਪੀ. ਦੀ ਸਰਕਾਰ ਵੇਲੇ ਬੀ. ਜੇ.ਪੀ. ਦੇ ਓਸ ਸਮੇਂ ਦੇ ਪ੍ਰਧਾਨ ਦਾ ਸਟਿੰਗ ਆਪ੍ਰੇਸ਼ਨ ਕਰਵਾ ਕੇ ਇਹ ਭੜਥੂ ਪਾ ਦਿੱਤਾ ਸੀ ਕਿ ਬੰਗਾਰੂ ਲਕਸ਼ਮਣ ਕੈਮਰੇ ਦੇ ਸਾਹਮਣੇ ਹਜ਼ਾਰਾਂ ਰੁਪਏ ਦੀ ਰਿਸ਼ਵਤ ਕਬੂਲ ਕਰ ਰਿਹਾ ਹੈ | ਵਿਚਾਰੇ ਬੰਗਾਰੂ ਲਕਸ਼ਮਣ ਨੂੰ ਅਸਤੀਫ਼ਾ ਦੇਣਾ ਪਿਆ, ਇਸ ਮਾਮਲੇ 'ਚ ਇਕ ਸਾਲ ਕੈਦ ਦੀ ਸਜ਼ਾ ਵੀ ਹੋਈ, ਅੱਜਕਲ੍ਹ ਜ਼ਮਾਨਤ 'ਤੇ ਰਿਹਾ ਹੈ | ਪਰ ਤਹਿਲਕਾ ਦੇ ਇਸ ਸਟਿੰਗ ਆਪ੍ਰੇਸ਼ਨ ਨੇ ਇਸ ਤਹਿਲਕਾ ਮੈਗਜ਼ੀਨ ਦੀ ਬੱਲੇ-ਬੱਲੇ ਕਰਾ ਦਿੱਤੀ ਸੀ, ਨਾਲੇ ਤਰੁਣ ਤੇਜਪਾਲ ਦੀ ਵੀ ਇਸੇ ਤਹਿਲਕਾ ਮੈਗਜ਼ੀਨ 'ਚ, ਹਿੰਦੁਸਤਾਨ 'ਚ ਬਾਲੜੀਆਂ, ਕੰਨਿਆਵਾਂ ਤੇ ਬੀਬੀਆਂ ਨਾਲ ਹੋ ਰਹੇ ਰੇਪ ਅਤੇ ਸੈਕਸੂਅਲ ਇੱਛਾ ਵਾਲੇ ਦੁਰਵਿਵਹਾਰ ਬਾਰੇ ਲੇਖ ਛਪੇ, ਜਿਸ ਵਿਚ ਇਹ ਜ਼ਾਹਰ ਕਰਕੇ ਤਹਿਲਕਾ ਮਚਾ ਦਿੱਤਾ ਕਿ ਘਰਾਂ 'ਚ ਕੁੜੀਆਂ ਆਪਣੇ ਅੰਕਲਾਂ ਤੇ ਨੇੜੇ ਦੇ ਰਿਸ਼ਤੇਦਾਰਾਂ ਤੋਂ ਵੀ ਸੁਰੱਖਿਅਤ ਨਹੀਂ ਹਨ ਤੇ ਇਨ੍ਹਾਂ ਦੀ ਹਵਸ ਦੀਆਂ ਸ਼ਿਕਾਰ ਉਹ ਵਿਚਾਰੀਆਂ ਨਾ ਕਿਸੇ ਨੂੰ ਦੱਸ ਸਕਦੀਆਂ ਹਨ ਨਾ ਕਿਤੇ ਰਿਪੋਰਟ ਕਰ ਸਕਦੀਆਂ ਹਨ | ਇਸ ਤੋਂ ਵੀ ਵੱਧ ਇਹ ਤੱਥ ਹੈ ਕਿ ਜਿਸ ਦਿਨ ਤਰੁਣ ਤੇਜਪਾਲ ਨੇ ਆਪਣੀ ਧੀ ਦੀ ਸਹੇਲੀ, ਉਸ ਕੁੜੀ ਨਾਲ ਛੇੜਛਾੜ ਕਰਨ ਦਾ ਯਤਨ ਕੀਤਾ, ਉਸੇ ਦਿਨ ਉਹ ਦੋਵੇਂ ਗੋਆ 'ਚ, ਉਸ ਸੈਮੀਨਾਰ 'ਚ ਹਿੱਸਾ ਲੈ ਰਹੇ ਸਨ, ਜਿਸ ਦਾ ਵਿਸ਼ਾ ਹੀ ਇਹ ਸੀ, ਭਾਰਤ 'ਚ ਕੁੜੀਆਂ, ਬੀਬੀਆਂ ਨਾਲ ਹੋ ਰਹੇ ਬਲਾਤਕਾਰ |
'ਤਹਿਲਕਾ' ਤੇ ਤੇਜਪਾਲ ਦੀ ਘੜੀ ਦੀਆਂ ਸੂਈਆਂ ਅਚਨਚੇਤ ਪਿੱਛੇ ਵੱਲ ਮੁੜ ਕੇ ਟਿਕ-ਟਿਕ ਕਰਨ ਲੱਗੀਆਂ ਹਨ | ਬੰਗਾਰੂ ਲਕਸ਼ਮਣ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਤੇ ਤਰੁਣ ਤੇਜਪਾਲ ਨੂੰ ਵੀ | ਉਸ ਵੇਲੇ ਕੇਂਦਰ 'ਚ ਬੀ. ਜੇ. ਪੀ. ਦਾ ਰਾਜ ਸੀ, ਐਸ ਵੇਲੇ ਗੋਆ ਵਿਚ ਬੀ. ਜੇ. ਪੀ. ਦਾ ਰਾਜ ਹੈ | ਤੇਜਪਾਲ ਨੇ ਬੀ. ਜੇ. ਪੀ. ਨੂੰ ਆਪਣੇ ਅੜਿੱਕੇ 'ਚ ਫਾਹਿਆ ਸੀ, ਹੁਣ ਬੀ. ਜੇ. ਪੀ. ਨੇ ਤੇਜਪਾਲ ਨੂੰ ਆਪਣੇ ਅੜਿੱਕੇ 'ਚ ਫਾਹ ਲਿਆ ਹੈ |
ਦੂਜਾ ਕਿੱਸਾ ਹੈ ਇਕ ਕੁੜੀ ਵਕੀਲ ਦਾ, ਜਿਹਨੇ ਸੁਪਰੀਮ ਕੋਰਟ ਦੇ ਇਕ ਸਾਬਕ ਜੱਜ 'ਤੇ ਇਹੋ ਹੀ ਇਲਜ਼ਾਮ ਲਾਇਆ ਹੈ, ਜਿਹੜਾ ਤੇਜਪਾਲ ਤੇ ਉਹਦੇ ਮੈਗਜ਼ੀਨ ਦੀ ਰਿਪੋਰਟਰ ਨੇ |
ਆਵਾ ਹੀ ਊਤਿਐ, ਭਾਈ ਜੀ |
ਤੇ ਜਿਹੜਾ ਹਾਦਸਾ ਬੈਂਗਲੌਰ 'ਚ ਇਕ ਮਹਿਲਾ ਨਾਲ ਉਥੇ ਦੇ ਇਕ ਏ. ਟੀ. ਐਮ. ਵਿਚ ਹੋਇਆ ਹੈ, ਉਹ ਤਾਂ 'ਐਨੀ ਟਾਈਮ ਮਨੀ' ਦੀ ਥਾਂ 'ਐਨੀ ਟਾਈਮ ਮਰਡਰ' ਹੋ ਗਿਆ ਹੈ | ਇਸ ਬਾਰੇ ਵਧੇਰੇ ਲਿਖਣ ਦੀ ਲੋੜ ਨਹੀਂ, ਤੁਹਾਨੂੰ ਸਭਨਾਂ ਨੂੰ ਪਤਾ ਹੈ ਕਿ ਆਪਣੀ ਤਿੰਨ ਸਾਲਾ ਬੱਚੀ ਦੇ ਜਨਮ ਦਿਨ ਲਈ ਬੀਬੀ ਏ. ਟੀ. ਐਮ.'ਚੋਂ ਪੈਸੇ ਕੱਢਣ ਲਈ ਗਈ ਸੀ, ਇਕ ਲੁਟੇਰੇ ਬਦਮਾਸ਼ ਨੇ ਉਸ 'ਤੇ ਪੈਸੇ ਖੋਹਣ ਲਈ ਹਮਲਾ ਕਰਕੇ, ਉਹਨੂੰ ਬੇਵੱਸ, ਬੇਹੋਸ਼ ਕਰਕੇ ਉਥੇ ਹੀ ਸੁੱਟ ਦਿੱਤਾ | ਉਹ ਤਾਂ ਭਲਾ ਹੋਵੇ ਇਕ ਸਕੂਲੀ ਬੱਚੇ ਨੂੰ ਕਿ ਉਸ ਨੇ ਏ. ਟੀ. ਐਮ. ਤੋਂ ਬਾਹਰ ਆਉਂਦੀ ਖੂਨ ਦੀ ਤਤੀਰੀ ਨੂੰ ਵੇਖਿਆ ਤੇ ਰੌਲਾ ਪਾ ਦਿੱਤਾ | ਇਸ ਮਗਰੋਂ ਲੋਕੀਂ ਇਕੱਠੇ ਹੋ ਗਏ, ਪੂਰੇ ਤਿੰਨ ਘੰਟੇ ਤੋਂ ਉਥੇ ਹੀ ਬੇਹੋਸ਼ ਡਿੱਗੀ, ਬੀਬੀ ਨੂੰ ਹਸਪਤਾਲ 'ਚ ਲੈ ਗਏ, ਅਜੇ ਤਾੲੀਂ ਉਹ ਜ਼ਿੰਦਗੀ ਤੇ ਮੌਤ ਦੀ ਜੰਗ 'ਚ ਜੂਝ ਰਹੀ ਹੈ | ਹਾਲਾਂ ਤਾੲੀਂ ਉਹਦੀ ਤਿੰਨ ਸਾਲ ਦੀ ਬੱਚੀ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਹਦੀ ਮੰਮੀ ਕਿੱਥੇ ਹੈ | ਹਾਲਾਂ ਤਾੲੀਂ ਉਹਦੇ 'ਤੇ ਕਾਤਲਾਨਾ ਹਮਲਾ ਕਰਨ ਵਾਲਾ ਪੈਸੇ ਦਾ ਲਾਲਚੀ ਫੜਿਆ ਨਹੀਂ ਗਿਆ |
ਨਾ ਬਾਪ ਬੜਾ ਨਾ ਭਈਆ,
ਦਾ ਹੋਲ ਥਿੰਗ ਇਜ਼ ਦੈਟ ਭਈਆ |
ਸਭ ਸੇ ਬੜਾ ਰੁਪਈਆ |
ਦੋਵੇਂ ਹੱਥ, ਦੂਜੇ ਦੇ ਸਾਹਮਣੇ ਅੱਡ ਕੇ ਬੰਦਾ ਕੀ ਮੰਗਦਾ ਹੈ? ਪੈਸਾ |
ਪਿਉ-ਪੁੱਤ ਵਿਚ, ਭਰਾਵਾਂ-ਭਰਾਵਾਂ ਵਿਚ, ਭੈਣ-ਭਰਾਵਾਂ ਵਿਚ, ਦੋਸਤ-ਦੋਸਤ ਵਿਚ, ਰਿਸ਼ਤੇਦਾਰ ਰਿਸ਼ਤੇਦਾਰ ਵਿਚ... ਵੈਰ ਕਿਉਂ ਹੋ ਜਾਂਦਾ ਹੈ?
ਪੈਸੇ ਲਈ, ਜ਼ਰ, ਜ਼ੋਰੂ, ਜ਼ਮੀਨ 'ਚੋਂ ਜੇਕਰ 'ਜ਼ੋਰੂ' ਨੂੰ ਰਤਾ ਕਤਾਰ 'ਚੋਂ ਬਾਹਰ ਕਰ ਦਈਏ ਤਾਂ ਜ਼ਰ ਵੀ ਪੈਸਾ ਹੈ ਤੇ ਜ਼ਮੀਨ ਵੀ ਪੈਸਾ ਹੈ | ਤੇ ਪੈਸਾ ਹੀ ਜੜ੍ਹ-ਮੂਲ ਹੈ ਭਿ੍ਸ਼ਟਾਚਾਰ ਦਾ | ਆ ਗਏ ਜੀ ਅਸੀਂ ਇਸੇ ਮਾਮਲੇ 'ਤੇ ਕੇਜਰੀਵਾਲ ਵੱਲ | ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਇਹ ਬਿਆਨ ਦਿੱਤਾ ਸੀ, 'ਮੈਂ ਇਨਕਮ ਟੈਕਸ ਕਮਿਸ਼ਨਰ ਥਾ, ਅਗਰ ਮੈਂ ਨੌਕਰੀ ਨਾ ਛੋੜਤਾ ਤੋ ਕਰੋੜੋਂ ਰੁਪਏ ਕਮਾ ਲੇਤਾ |' ਸਭ ਤੋਂ ਪਹਿਲਾਂ ਦੇਸ਼ ਭਰ ਦੇ ਬਾਕੀ ਇਨਕਮ ਟੈਕਸ ਕਮਿਸ਼ਨਰਾਂ ਨੂੰ ਵਧਾਈ ਕਿ ਉਨ੍ਹਾਂ ਕਰੋੜਾਂ ਰੁਪਏ ਚੋਣ ਵਾਲੀ, ਇਹ ਆਪਣੀ ਪਵਿੱਤਰ ਗਊ-ਮਾਤਾ ਵਾਲੀ ਨੌਕਰੀ ਨਹੀਂ ਗਵਾਈ |
ਆਪਣੇ ਦੇਸ਼ 'ਚ ਜੇਕਰ ਕੋਈ 'ਹਰਿਓ ਬੂਟ ਰਹਿਓ ਰੀ...?' ਤਾਂ ਮੈਂ ਖੁਦ ਕੇਜਰੀਵਾਲ ਦਾ ਉਪਾਸ਼ਕ ਹਾਂ | ਇਹ ਬੰਦਾ ਬਿਲਕੁਲ ਭਿ੍ਸ਼ਟਾਚਾਰੀ ਨਹੀਂ | ਇਹਦਾ ਦਿਲ ਸਾਫ਼ ਹੈ, ਇਹ ਸਾਫ਼-ਗੋ ਹੈ, ਇਹਦੇ ਇਰਾਦੇ ਨੇਕ ਹਨ |
'ਆਮ ਆਦਮੀ ਪਾਰਟੀ'
ਇਹ ਪਾਰਟੀ ਬਣਾ ਲਈ ਕਿਉਂਕਿ ਪਾਰਟੀ ਇਕ ਆਦਮੀ ਨਾਲ ਨਹੀਂ ਬਣਦੀ, ਹੋਰਨਾਂ ਨਾਲ ਬਣਦੀ ਹੈ | ਇਹਨੇ ਹੋਰ ਵੀ ਨਾਲ ਲੈ ਲਏ, ਸਭਨਾਂ ਦੇ ਸਿਰ 'ਤੇ ਟੋਪੀਆਂ ਪਵਾ ਦਿੱਤੀਆਂ, ਜਿਨ੍ਹਾਂ 'ਤੇ ਇਹ ਲਿਖਿਆ ਹੁੰਦਾ ਹੈ, 'ਮੈਂ ਆਮ ਆਦਮੀ ਹੰੂ' | ਹੁਣ ਆਮ ਆਦਮੀ ਲਿਖਣ ਨਾਲ ਹੀ ਭਿ੍ਸ਼ਟਾਚਾਰ ਮੁਕਤ-ਬਿਨਾਂ ਪਾਣੀਵਾਲਾ ਨਖਾਲਸ ਦੁੱਧ ਥੋੜ੍ਹਾ ਹੋ ਜਾਂਦਾ ਹੈ |
'ਟੋਪੀ' ਆਪਣੇ-ਆਪ 'ਚ ਭਿ੍ਸ਼ਟਾਚਾਰ ਦਾ ਮੰਬਾ ਹੋਣ ਵਾਲਾ ਵਿਅੰਗ ਹੈ |
ਆਪਣੇ ਸਿਰ ਜਾਂ ਦੂਜੇ ਦੇ ਸਿਰ ਟੋਪੀ ਪਾਉਣ ਵਾਲੇ ਨੂੰ ਲੋਕੀਂ 'ਟੋਪੀਬਾਜ਼' ਦੀ ਸੰਗਿਆ ਦਿੰਦੇ ਹਨ ਕਿ ਉਹ ਬਹੁਤ ਚਾਲੂ ਬੰਦਾ ਹੈ, ਪਤਾ ਨਹੀਂ ਕਦੋਂ ਕਿੱਥੇ ਕਿਸੇ ਨੂੰ ਕਿੰਨੀ ਥੁੱਕ ਲਾ ਦਏ |
ਕੇਜਰੀਵਾਲ ਨੇ ਵੀ ਆਪਣੇ ਸਿਰ ਦੇ ਵਾਲ ਖਿੱਚ ਲਏ, ਜਦ ਇਹਦੀ ਪਾਰਟੀ ਤੇ ਉਹਦੀ ਟੋਪੀ ਵਿਸ਼ੇਸ਼ ਪਾਈ, ਇਹਦੇ ਵਿਸ਼ੇਸ਼ ਅੱਠ ਉਮੀਦਵਾਰਾਂ ਦਾ ਕਿਸੇ ਨੇ ਸਟਿੰ੍ਰਗ ਆਪ੍ਰੇਸ਼ਨ ਕਰਕੇ, ਇਨ੍ਹਾਂ ਦੀ ਟੋਪੀ ਪੁੱਠੀ ਕਰ ਦਿੱਤੀ | ਬਿਨਾਂ ਰਸੀਦਾਂ ਪੈਸੇ ਲੈ ਲਏ, ਪੈਸੇ ਲੈ ਕੇ ਲੋਕਾਂ ਦੇ ਕੰਮ ਕਰਨ ਦੇ ਪੱਕੇ ਪ੍ਰਣ | ਧੰਨ ਜੀ ਧੰਨ ਧਨ ਦੇ ਸਾਹਮਣੇ, ਮੈਲੇ ਮਨ | ਕੇਜਰੀਵਾਲਾ... ਤੂੰ ਮੰਨ ਨਾ ਮੰਨ, ਭੈੜਾ ਪੈਸਾ, ਭੈੜਾ ਧਨ, ਕਿਤੇ ਡੋਲ ਨਾ ਜਾੲੀਂ, ਥਿੜ੍ਹਕ ਨਾ ਜਾੲੀਂ, ਕੰਨਾਂ ਨੂੰ ਹੱਥ ਲਾ ਕੇ ਇਹ ਨਾ ਆਖੀਂ, ਮੈਂ ਵਤ ਨਾ ਆਸਾਂ ਐਸ ਬਾਜ਼ਾਰ |'
••

ਜਲਾਲੁੱਦੀਨ ਮੁਹੰਮਦ ਅਕਬਰ

ਦੀਨ-ਏ-ਇਲਾਹੀ ਦੀ ਮੁਸਲਮਾਨਾਂ ਵੱਲੋਂ ਵਿਰੋਧਤਾ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਦੀਨ-ਏ-ਇਲਾਹੀ ਨੂੰ ਮੰਨਣ ਵਾਲੇ ਲੋਕ ਜਦੋਂ ਆਪਸ ਵਿਚ ਮਿਲਦੇ ਤਾਂ ਅਸਲਾਮੋ ਅਲੈਕਮ ਦੀ ਥਾਂ ਪਹਿਲਾ ਅੱਲਾਹੋ ਅਕਬਰ ਆਖਦਾ ਅਤੇ ਦੂਜਾ ਜੱਲਾਜਲਾਲਹੂ ਆਖ ਕੇ ਉਸ ਦਾ ਸਵਾਗਤ ਕਰਦਾ |
ਕਿਸੇ ਮਰੇ ਹੋਏ ਬੰਦੇ ਦੀ ਯਾਦ ਵਿਚ ਚਾਲੀ ਦਿਨਾਂ ਪਿੱਛੋਂ ਉਸ ਦੀ ਰੂਹ ਨੂੰ ਸਬਾਬ ਪੁਚਾਉਣ ਲਈ ਇਕੱਠ ਕਰਕੇ ਦੁਆ ਕੀਤੀ ਜਾਂਦੀ ਸੀ ਜਿਸ ਨੂੰ ਮੁਸਲਮਾਨਾਂ ਵਿਚ ਦਾਅਵਤੇ ਅਜ਼ੀਮ ਜਾਂ 'ਸਵਾ ਮਹੀਨਾ' ਕਿਹਾ ਜਾਂਦਾ ਸੀ | ਦੀਨ-ਏ-ਇਲਾਹੀ ਦੇ ਅਸੂਲਾਂ ਅਨੁਸਾਰ ਅਕਬਰ ਨੇ ਹੁਕਮ ਦਿੱਤਾ ਕਿ ਇਹ ਦਾਅਵਤ ਬੰਦੇ ਦੇ ਜਿਊਾਦੇ ਜੀਅ ਹੀ ਕਰ ਦਿੱਤੀ ਜਾਇਆ ਕਰੇ |
ਅਕਬਰ ਨੇ ਇਰਾਨੀ ਸੱਭਿਅਤਾ ਦੀ ਨਕਲ ਕਰਦਿਆਂ ਦੀਨ-ਏ-ਇਲਾਹੀ ਦੇ ਮੰਨਣ ਵਾਲਿਆਂ ਨੂੰ ਹੁਕਮ ਦਿੱਤਾ ਕਿ ਹਰ ਬੰਦੇ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ ਜਾਵੇ ਅਤੇ ਜਨਮ-ਦਿਨ ਵਾਲਾ ਬੰਦਾ ਆਪਣੇ ਹੱਥਾਂ ਨਾਲ ਦਾਨ ਕਰੇ |
ਦੀਨ-ਏ-ਇਲਾਹੀ ਦੇ ਮੰਨਣ ਵਾਲਿਆਂ ਵਿਚ ਮਾਸ ਖਾਣਾ ਹਰਾਮ ਸੀ | ਕਸਾਈਆਂ, ਮਛੇਰਿਆਂ ਅਤੇ ਸ਼ਿਕਾਰੀਆਂ ਦੇ ਨਾਲ ਬੈਠ ਕੇ ਖਾਣਾ ਖਾਣ ਤੋਂ ਰੋਕਿਆ ਗਿਆ ਸੀ | ਦੀਨ-ਏ-ਇਲਾਹੀ ਦੇ ਪੈਰੋਕਾਰਾਂ ਉੱਤੇ ਮਾਸ ਨੂੰ ਹੱਥ ਲਾਉਣ ਉੱਤੇ ਵੀ ਰੋਕ ਸੀ |
ਦੀਨ-ਏ-ਇਲਾਹੀ ਦੇ ਪੈਰੋਕਾਰਾਂ ਲਈ ਅਕਬਰ ਦਾ ਹੁਕਮ ਸੀ ਕਿ ਮਰਨ ਤੋਂ ਬਾਅਦ ਮੁਰਦੇ ਦੇ ਗਲ ਵਿਚ ਪੱਕੀ ਇੱਟ ਅਤੇ ਕੱਚਾ ਅਨਾਜ ਬੰਨ੍ਹ ਕੇ ਪਾਣੀ ਵਿਚ ਸੁੱਟ ਦਿੱਤਾ ਜਾਵੇ ਅਤੇ ਜਦੋਂ ਲਾਸ਼ ਦੇ ਸਾਰੇ ਗੁਨਾਹ ਧੋ ਹੋ ਜਾਣ ਤਾਂ ਉਸ ਨੂੰ ਜਲਾ ਦਿੱਤਾ ਜਾਵੇ | ਜੇ ਦਫ਼ਨਾਉਣਾ ਹੋਵੇ ਤਾਂ ਉਸ ਦਾ ਸਿਰ ਪੂਰਬ ਵੱਲ ਕੀਤਾ ਜਾਵੇ ਅਤੇ ਪੈਰ ਪੱਛਮ ਵੱਲ ਕੀਤੇ ਜਾਣ ਅਤੇ ਸਾਰੇ ਪੈਰੋਕਾਰ ਪੂਰਬ ਵੱਲ ਸਿਰ ਅਤੇ ਪੱਛਮ ਵੱਲ ਪੈਰ ਕਰਕੇ ਸੋਣ |
ਦੀਨ-ਏ-ਇਲਾਹੀ ਦੇ ਪੈਰੋਕਾਰਾਂ ਲਈ ਬੁੱਢੀਆਂ, ਅਪਾਹਜ ਅਤੇ ਹਾਮਲਾ ਔਰਤਾਂ ਨਾਲ ਵਿਆਹ ਕਰਨ ਉੱਤੇ ਰੋਕ ਲਾਈ ਗਈ ਸੀ |
ਮੁਸਲਮਾਨਾਂ ਵੱਲੋਂ ਵਿਰੋਧਤਾ : ਪ੍ਰਸਿੱਧ ਇਸਲਾਮੀ ਵਿਦਵਾਨ ਅਬਦੁੱਲ ਕਾਦਰ ਬਿਦਾਯੂਨੀ ਅਤੇ ਇਸਾਈ ਮਿਸ਼ਨਰੀਆਂ ਦੀਆਂ ਲਿਖਤਾਂ ਪੜ੍ਹ ਕੇ ਪਤਾ ਲਗਦਾ ਹੈ ਕਿ ਅਕਬਰ ਨੇ ਦੀਨ-ਏ-ਇਲਾਹੀ ਨੂੰ ਚਲਾਉਣ ਤੋਂ ਬਾਅਦ ਕੁਝ ਅਜਿਹੇ ਹੁਕਮ ਲਾਗੂ ਕੀਤੇ ਜਿਹੜੇ ਇਸਲਾਮੀ ਅਸੂਲਾਂ ਦੇ ਵਿਰੁੱਧ ਸਨ |
ਵਿਦਵਾਨ ਲਿਖਦੇ ਹਨ ਕਿ ਦੀਨ-ਏ-ਇਲਾਹੀ ਚਾਲੂ ਕਰਨ ਤੋਂ ਬਾਅਦ ਅਕਬਰ ਨੇ ਮੁਹੰਮਦ, ਮੁਸਤਫ਼ਾ ਅਤੇ ਅਹਿਮਦ ਜਿਹੇ ਨਾਂਅ ਰੱਖਣ ਉੱਤੇ ਪਾਬੰਦੀ ਲਾ ਦਿੱਤੀ | ਨਵੀਆਂ ਮਸੀਤਾਂ ਬਣਾਉਣ ਉੱਤੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਣ ਲੱਗੀਆਂ ਅਤੇ ਬਹੁਤੀਆਂ ਪੁਰਾਣੀਆਂ ਮਸੀਤਾਂ ਨੂੰ ਢਾਹ ਦਿੱਤਾ ਗਿਆ | ਉਸ ਨੇ ਅਜ਼ਾਨ ਉੱਤੇ ਵੀ ਪਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ | ਨਮਾਜ਼, ਰੋਜ਼ੇ ਅਤੇ ਹੱਜ ਉੱਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰਕੇੇ ਮੁਸਲਮਾਨਾਂ ਦੇ ਹੌਸਲੇ ਨੂੰ ਢਾਅ ਲਾਈ ਗਈ | ਮਾਸ, ਲਸਣ ਅਤੇ ਪਿਆਜ਼ ਖਾਣ ਉੱਤੇ ਪਾਬੰਦੀ ਲਾਈ ਗਈ | ਆਦਮੀਆਂ ਨੂੰ ਸੋਨਾ ਪਹਿਨਣ ਅਤੇ ਅਕਬਰ ਨੂੰ ਸਿਜਦਾ ਕਰਨ ਲਈ ਆਖਿਆ ਗਿਆ | ਬਾਰਾਂ ਸਾਲਾਂ ਤੱਕ ਦੀ ਉਮਰ ਤੱਕ ਦੇ ਬੱਚੇ ਦੀ ਸੁੰਨਤ ਕਰਨ ਉੱਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਵੱਡਾ ਹੋ ਕੇ ਉਹ ਮਰਜ਼ੀ ਕਰ ਸਕੇ | ਦਰਬਾਰ ਵਿਚ ਅਮੀਰਾਂ ਵਜ਼ੀਰਾਂ ਅਤੇ ਸ਼ਾਹੀ ਖ਼ਾਨਦਾਨ ਦੇ ਮੈਂਬਰਾਂ ਲਈ ਜੂਆ ਘਰ ਬਣਾਇਆ ਗਿਆ | ਇਨ੍ਹਾਂ ਤੋਂ ਇਲਾਵਾ ਵੀ ਅਨੇਕਾਂ ਅਜਿਹੇ ਹੁਕਮ ਦਿੱਤੇ ਗਏ ਜਿਹੜੇ ਇਸਲਾਮ ਦੇ ਪੈਰੋਕਾਰਾਂ ਲਈ ਮੰਨਣੇ ਅਸੰਭਵ ਸਨ | ਸਿੱਟੇ ਵਜੋਂ ਮੁਸਲਮਾਨ ਇਸ ਧਰਮ ਦਾ ਵਿਰੋਧ ਕਰਨ ਲੱਗੇ ਜਿਨ੍ਹਾਂ ਵਿਚ ਅਕਬਰ ਦਾ ਪੁੱਤਰ ਜਹਾਂਗੀਰ ਵੀ ਸ਼ਾਮਿਲ ਸੀ |
ਦੀਨ-ਏ-ਇਲਾਹੀ ਬਾਰੇ ਵਿਦਵਾਨਾਂ ਦੇ ਵਿਚਾਰ : ਦੀਨ-ਏ-ਇਲਾਹੀ ਆਜ਼ਾਦ ਿਖ਼ਆਲੀ ਦਾ ਪ੍ਰਤੀਕ ਸੀ ਜਿਹੜਾ ਅਕਬਰ ਨੇ ਪੂਰੇ ਦੇਸ ਦੇ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਏਕੇ ਦੇ ਧਾਗੇ ਵਿਚ ਪਰੋਣ ਲਈ ਚਾਲੂ ਕੀਤਾ ਤਾਂ ਜੋ ਹਿੰਦੁਸਤਾਨ ਦੇ ਸਾਰੇ ਧਰਮਾਂ ਦੇ ਲੋਕ ਵਿਰੋਧਤਾ ਨੂੰ ਭੁਲਾ ਕੇ ਇਕੱਠੇ ਹੋ ਜਾਣ ਪਰ ਅਕਬਰ ਦੀ ਸੋਚ ਅਨੁਸਾਰ ਉਸ ਦਾ ਬਣਾਇਆ ਦੀਨ-ਏ-ਇਲਾਹੀ ਚੱਲ ਨਾ ਸਕਿਆ | ਜਿਸ ਬਾਰੇ ਆਪਣੇ ਿਖ਼ਆਲ ਪੇਸ਼ ਕਰਦਿਆਂ 'ਤਾਰੀਖ਼ੇ ਹਿੰਦ ਪਾਕਿ 'ਦਾ ਲੇਖਕ ਸਫ਼ਾ 442 ਉੱਤੇ ਲਿਖਦਾ ਹੈ, 'ਅਕਬਰ ਦਾ ਬਣਾਇਆ ਦੀਨ-ਏ-ਇਲਾਹੀ ਬਿਲਕੁਲ ਨਾਕਾਮ ਰਿਹਾ ਕਿਉਂ ਜੋ ਮਜ਼੍ਹਬ ਕਿਸੇ ਇਨਸਾਨੀ ਮਨਸੂਬੇ ਅਨੁਸਾਰ ਹੋਂਦ ਵਿਚ ਨਹੀਂ ਆਉਂਦੇ ਸਗੋਂ ਰੱਬ ਵੱਲੋਂ ਭੇਜੇ ਪੈਗ਼ੰਬਰ ਹੀ ਇਸ ਨੂੰ ਹੋਂਦ ਵਿਚ ਲਿਆਉਂਦੇ ਹਨ | ਪਰ ਅਕਬਰ ਦਾ ਦੀਨ-ਏ-ਇਲਾਹੀ ਉਸ ਦੇ ਪਾਗਲਪਨ ਅਤੇ ਅਨਪੜ੍ਹਤਾ ਦਾ ਨਤੀਜਾ ਸੀ' | ਪ੍ਰਸਿੱਧ ਇਤਿਹਾਸਕਾਰ ਵੀ. ਏ. ਸਮਿੱਥ ਨੇ ਵੀ ਕਿਹਾ ਸੀ, 'ਅਕਬਰ ਦਾ ਈਜਾਦ ਕੀਤਾ ਦੀਨ-ਏ-ਇਲਾਹੀ ਅਕਬਰ ਦੀ ਯੋਗਤਾ ਦਾ ਸਬੂਤ ਨਹੀਂ ਸਗੋਂ ਉਸ ਸੀ ਹਮਾਕਤ ਦੀ ਯਾਦਗਾਰ ਹੈ' |
ਭਾਵੇਂ ਅਕਬਰ ਆਜ਼ਾਦ ਿਖ਼ਆਲ ਬਾਦਸ਼ਾਹ ਸੀ ਪਰ ਸਿਆਸਤ ਦੇ ਨਾਲ ਉਹ ਮਜ਼ਹਬ ਵਿਚ ਵੀ ਕਿਸੇ ਨੂੰ ਆਪਣੇ ਤੋਂ ਉੱਚਾ ਦੇਖਣਾ ਪਸੰਦ ਨਹੀਂ ਕਰਦਾ ਸੀ | ਉਹ ਤਖ਼ਤ ਅਤੇ ਮਜ਼ਹਬ ਦੋਵਾਂ ਨੂੰ ਆਪਣੇ ਕਾਬੂ ਵਿਚ ਰੱਖਣਾ ਚਾਹੁੰਦਾ ਸੀ | ਇਸੇ ਲਈ ਇਕ ਹੋਰ ਥਾਂ ਉੱਤੇ ਵੀ. ਏ ਸਮਿੱਥ ਨੇ ਲਿਖਿਆ ਹੈ, 'ਅਕਬਰ ਦਾ ਈਜਾਦ ਕੀਤਾ ਦੀਨ-ਏ-ਇਲਾਹੀ ਉਸ ਦੇ ਸ਼ਾਹੀ ਗ਼ਰੂਰ ਦਾ ਅਤੇ ਆਪ ਹੁਦਰੀ ਸੋਚ ਦਾ ਨਤੀਜਾ ਸੀ | ਉਹ ਅਨਪੜ੍ਹ ਇਨਸਾਨ ਸੀ ਜਿਹੜਾ ਦਰਬਾਰੀ ਖ਼ੁਸ਼ਾਮਦੀਆਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਅਬੁਲ ਫ਼ਜ਼ਲ ਜਿਹੇ ਚਰਬ ਜ਼ੁਬਾਨ ਸਲਾਹਕਾਰ ਅਤੇ ਹਿੰਦੂ ਪਤਨੀਆਂ ਦੇ ਧਾਰਮਿਕ ਅਸਰ ਨੇ ਉਸ ਨੂੰ ਇਸ ਪਾਸੇ ਵੱਲ ਪ੍ਰੇਰਤ ਕੀਤਾ ਕਿ ਉਹ ਨਵੇਂ ਮਜ਼ਹਬ ਰਾਹੀਂ ਹਿੰਦੂ ਅਤੇ ਮੁਸਲਮਾਨਾਂ ਨੂੰ ਇਕੱਠਾ ਕਰਕੇ ਹਿੰਦੀ ਕੌਮ ਪੈਦਾ ਕਰੇ ਪਰ ਉਹ ਇਸ ਮਕਸਦ ਵਿਚ ਪੂਰੀ ਤਰ੍ਹਾਂ ਨਾਕਾਮ ਰਿਹਾ' |
(ਬਾਕੀ ਅਗਲੇ ਐਤਵਾਰ)
-ਬੀ 3/524 ਕਿਲ੍ਹਾ ਰਹਿਮਤਗੜ੍ਹ, ਮਾਲੇਰਕੋਟਲਾ |
ਮੋਬਾਈਲ-98555-51359.

ਆਓ! ਸਮਝਦਾਰੀ ਦਾ ਮਾਹੌਲ ਸਿਰਜਣ ਦੀ ਚੁਣੌਤੀ ਸਵੀਕਾਰੀਏ

ਮਨੁੱਖੀ ਉਮਰ ਨੂੰ ਜਨਮ ਦਿਨ ਦੇ ਬੰਧੇਜ ਵਿਚ ਰੱਖ ਕੇ ਨਹੀਂ ਵੇਖਿਆ ਜਾ ਸਕਦਾ | ਮੇਰੇ ਸਮੇਤ ਕੁੱਲ ਜਨ-ਜੀਵਨ ਦੀ ਬੁਨਿਆਦ ਤਾਂ ਕਰੋੜਾਂ ਵਰ੍ਹੇ ਪਹਿਲਾਂ ਵਾਪਰੇ ਬ੍ਰਹਿਮੰਡੀ ਵਿਸਫੋਟ ਨਾਲ ਜੁੜੀ ਹੋਈ ਹੈ | ਜਦੋਂ ਪਦਾਰਥ, ਗਲੈਕਸੀਆਂ, ਗ੍ਰਹਿਆਂ, ਉਪ-ਗ੍ਰਹਿਆਂ ਵਿਚ ਟੁਕੜੇ-ਟੁਕੜੇ ਹੋਇਆ - ਜਦੋਂ ਸਦੀਆਂ ਦਾ ਸਫਰ ਤਹਿ ਕਰਦਿਆਂ ਠੰਢੀ ਹੋਈ ਧਰਤੀ 'ਤੇ ਜਨ-ਜੀਵਨ ਨੇ ਅੰਗੜਾਈ ਲਈ - ਫਿਰ ਸ਼ੁਰੂ ਹੋਇਆ ਜਨ-ਜੀਵਨ ਦੇ ਸਹਿਜ ਵਿਕਾਸ ਦਾ ਸਿਲਸਿਲਾ - ਜਿਸ ਵਿਚ ਮੌਜੂਦਾ ਮਨੁੱਖ ਇਕ ਉੱਤਮ ਨਸਲ ਵਜੋਂ ਵਿਕਾਸ ਦੇ ਇਤਿਹਾਸ ਵਿਚ ਆਪਣਾ ਨਾਂਅ ਦਰਜ ਕਰਾਉਂਦਾ ਗਿਆ | ਅੱਜ ਇਹ ਜੀਵਨ ਮੇਰੇ ਰੂਪ ਵਿਚ ਹੈ, ਤੁਹਾਡੇ ਰੂਪ ਵਿਚ ਹੈ, ਇਹ ਡਾਕਟਰਾਂ, ਇੰਜਨੀਅਰਾਂ, ਪਾਇਲਟਾਂ, ਵਿਗਿਆਨੀਆਂ ਆਦਿ ਦੇ ਰੂਪ ਵਿਚ ਹੈ, ਇਸ ਦੇ ਹੁਨਰ ਦੀ ਆਭਾ ਦੁਨੀਆਂ ਨੂੰ ਪਿੰਡ ਵਿਚ ਤਬਦੀਲ ਕਰਨ ਵਾਲੀ ਹਵਾਬਾਜ਼ੀ, ਜੀਵਨ ਨੂੰ ਰੋਗ-ਰਹਿਤ ਕਰ ਰਹੀ ਸਿਹਤ ਵਿਗਿਆਨ, ਹੋਰ ਗ੍ਰਹਿਆਂ ਦਾ ਥਾਹ ਪਾ ਰਹੀ ਬ੍ਰਹਿਮੰਡ ਵਿਗਿਆਨ, ਗਗਨ-ਚੁੰਬੀ ਇਮਾਰਤਾਂ ਤੋਂ ਲੈ ਕੇ ਅੱਖੀਂ ਦਿਸਦੇ ਸਮੁੱਚੇ ਨਿਰਮਾਣ 'ਚੋਂ ਰੂਪਮਾਨ ਹੁੰਦੀ ਹੈ |
ਉਕਤ ਮਾਣ ਕਰਨ ਯੋਗ ਸਮੁੱਚੇ ਦੁਆਲੇ ਵਿਚ, ਕਰੋੜਾਂ ਵਰਿ੍ਹਆਂ ਦੇ ਸਹਿਜ ਵਿਕਾਸ ਉਪਰੰਤ ਸਾਨੂੰ ਪ੍ਰਾਪਤ ਹੋਇਆ ਹੈ, ਅਜੂਬਿਆਂ-ਨੁਮਾਂ ਅੰਗਾਂ ਦਾ ਸਮੂਹ, 'ਸਾਡਾ ਸਰੀਰਕ ਧਨ' | ਇਸ ਰਿਸ਼ਟ-ਪੁਸ਼ਟ ਸਰੀਰਕ ਵਡਿਆਈ ਹਾਣ ਦਾ ਕੋਈ ਸ਼ਬਦ ਨਹੀਂ | ਅੰਗ ਭੰਗ ਹੋਣ ਵਾਲਿਆਂ, ਮੰਜੇ ਦੇ ਮੁਹਤਾਜ ਹੋਣ ਵਾਲਿਆਂ, ਦੂਸਰਿਆਂ 'ਤੇ ਨਿਰਭਰ ਕਰਨ ਵਾਲਿਆਂ, ਪੀੜ ਨਾਲ ਕਰਾਹ ਰਹਿਆਂ ਆਦਿ ਦੀ ਥਾਂ, ਆਪਣੇ-ਆਪ ਨੂੰ ਰੱਖ ਕੇ, ਇਸ ਵਡਿਆਈ ਦਾ ਅਹਿਸਾਸ ਕਰਨ ਦੀ ਲੋੜ ਹੈ, ਇਸ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ |
ਉਕਤ ਸਭ ਇਹ ਦੱਸਣ ਲਈ ਕਾਫੀ ਹੈ ਕਿ ਇਹ ਮਨੁੱਖ ਹੀ ਤਾਂ ਹੈ ਜਿਹੜਾ ਸਮੁੱਚੀ ਸਿਰਜਣਾ ਦਾ ਲਖਾਇਕ ਹੈ | ਜਦੋਂ ਇਹ ਵਿਅਕਤੀਗਤ ਅਤੇ ਸਮੂਹਕ ਤੌਰ 'ਤੇ ਸਿਆਣੀ ਸ਼ਕਤੀ ਬਣਦਾ ਹੈ ਤਾਂ ਕ੍ਰਿਸ਼ਮੇ ਕਰਦਾ ਹੈ | ਇਹ ਇਸ ਦੀ ਅਕੱਥ ਵਡਿਆਈ ਹੈ | ਇਹ ਵੀ ਨੋਟ ਕਰਨਾ ਜ਼ਰੂਰੀ ਹੈ ਕਿ ਜਦੋਂ ਮਨੁੱਖ ਨੂੰ ਉਕਤ ਵਿਸ਼ੇਸ਼ਣ ਭਰਿਆ ਉਤਮ ਦਰਜਾ ਪ੍ਰਾਪਤ ਹੈ ਫਿਰ ਇਸ ਧਰਤੀ ਦੇ ਵੱਡੇ ਹਿੱਸੇ 'ਤੇ ਜੀਵਨ ਜਿਊਾਣ-ਯੋਗ ਕਿਉਂ ਨਹੀਂ ਹੈ? ਮਨੁੱਖ ਵਿਚੋਂ ਮਨੁੱਖੀ ਗੁਣ ਕਿਉਂ ਮਨਫੀ ਹੋ ਗਏ ਹਨ? ਜਦੋਂ ਅਸੀਂ ਇਹ ਨੋਟ ਕਰਦੇ ਹਾਂ ਕਿ ਮਨੁੱਖੀ ਸਮਾਜ ਵਿਚ ਮਾਣ ਕਰਨ ਯੋਗ ਨਾਇਕ/ਨਾਇਕਾਵਾਂ ਅਤੇ ਫਿਟਲਾਹਨਤ ਲੈ ਰਹੇ ਖਲਨਾਇਕ/ਖਲਨਾਇਕਾਵਾਂ ਅਤੇ ਗੁੰਮਨਾਮ ਜ਼ਿੰਦਗੀ ਜਿਊਾਣ ਵਾਲਿਆਂ ਵਿਚ ਜਨਮ ਲੈਣ ਦੀਆਂ ਸਥਿਤੀਆਂ ਦੀ ਲਗਭਗ ਸਮਾਨਤਾ ਹੈ ਤਾਂ ਸਹਿਜੇ ਹੀ ਇਸ ਸਿੱਟੇ 'ਤੇ ਪਹੰੁਚ ਸਕਦੇ ਹਾਂ ਕਿ ਸਮਾਜਿਕ/ਆਰਥਿਕ ਮਾਹੌਲ ਅਤੇ ਪਾੜਿਆਂ ਕਾਰਨ, ਇਥੇ ਜਨਮ ਹੀ ਖੁਸ਼-ਨੁਮਾ ਜਾਂ ਬਦ-ਨੁਮਾ ਸਬੱਬ ਬਣਕੇ ਰਹਿ ਜਾਂਦਾ ਹੈ | ਮਿਲੇ ਅਤੇ ਸਾਂਭੇ ਮੌਕੇ, ਇਸ ਧਰਤੀ ਦੇ 'ਮਹਿਮਾਨ' ਨੂੰ ਪ੍ਰਤਿਭਾ ਵਿਚ ਬਦਲ ਦਿੰਦੇ ਹਨ ਜਦੋਂ ਕਿ ਗਰੀਬੀ ਅਤੇ ਗਰੀਬੀ 'ਚੋਂ ਉਪਜੀ ਜਹਾਲਤ ਆਦਿ ਕਾਰਨਾਂ ਕਰਕੇ 'ਪ੍ਰਤਿਭਾ' ਜਿਹੀ ਹਰ ਸਮਰਥਾ ਅਤੇ ਸੰਭਾਵਨਾ ਰੱਖਣ ਵਾਲਾ ਬਚਪਨ, ਵਧਦੀਆਂ ਉਮਰਾਂ ਨਾਲ ਆਪਣੇ ਆਪ ਨੂੰ ਬੁਰਾਈਆਂ ਦੀ ਇਕਾਈ ਬਣਾ ਧਰਦਾ ਹੈ | ਸਾਡੇ ਦੁਆਲੇ ਦੇ ਸਮਾਜ ਵਿਚ ਅਸੀਂ ਜਿਸ ਨੂੰ ਵੀ ਚੰਗਾ/ਬੁਰਾ ਕਹਿੰਦੇ ਹਾਂ ਉਸਦੇ ਪਿੱਛੇ ਉਸਨੂੰ ਅਜਿਹਾ ਬਣਾਉਣ ਵਾਲੇ ਕਾਰਨ ਸਹਿਜੇ ਹੀ ਮਿਲ ਜਾਂਦੇ ਹਨ | ਹੁਣ ਇਸ ਸਿੱਟੇ 'ਤੇ ਪਹੰੁਚਣਾ ਮੁਸ਼ਕਿਲ ਨਹੀਂ ਹੈ ਕਿ ਸੁਆਰਥ 'ਤੇ ਟਿਕੇ ਰਾਜ-ਪ੍ਰਬੰਧਾਂ ਨੇ ਮਨੁੱਖੀ ਸਮਾਜ ਨੂੰ ਜਾਤਾਂ, ਧਰਮਾਂ, ਫਿਰਕਿਆਂ ਤੋਂ ਇਲਾਵਾ ਦਰਾੜ ਬਣ ਚੁੱਕੇ ਸਮਾਜਿਕ/ਆਰਥਿਕ ਪਾੜੇ ਦਾ ਸਰਾਪ ਦੇ ਰੱਖਿਆ ਹੈ | ਇਹੋ ਹੀ ਕਾਰਨ ਹੈ ਕਿ ਮਨੁੱਖੀ ਸਮਾਜ ਸੰਤਾਪ ਭੋਗ ਰਿਹਾ ਹੈ | ਇਸ ਸੰਤਾਪ ਨੂੰ ਸਮਾਜ ਵਿਚ ਪਸਰੀ ਅਗਿਆਨਤਾ ਵਿਚੋਂ, ਗੰਦੀਆਂ ਬਸਤੀਆਂ ਵਿਚ ਕੀੜਿਆਂ ਵਾਂਗ ਰੀਂਘਦੀ ਜ਼ਿੰਦਗੀ 'ਚੋਂ, ਸੜਕਾਂ 'ਤੇ ਹੋ ਰਹੇ ਹਾਦਸਿਆਂ-ਦਰ-ਹਾਦਸਿਆਂ ਵਿਚ ਦਮ ਤੋੜ ਰਹੀ ਜ਼ਿੰਦਗੀ ਉਪਰੰਤ ਗਲੀ-ਗੁਆਂਢ ਦੇ ਵਿਰਲਾਪਾਂ, ਸ਼ੋਕ ਸੱਥਾਂ 'ਚੋਂ, ਅਸ਼ਲੀਲ ਗੀਤ-ਸੰਗੀਤ ਕਾਰਨ ਕਿਤਾਬਾਂ ਛੱਡ ਕੇ ਦੀਵਾਨੀ ਹੋਈ ਸੰਭਾਵਨਾ ਭਰੀ ਜਵਾਨੀ 'ਚੋਂ, ਮੋਬਾਈਲ ਦੀ ਦੁਰਵਰਤੋਂ 'ਚੋਂ, ਫਿਰੌਤੀਆਂ, ਕਤਲਾਂ, ਡਾਕਿਆਂ, ਉਧਾਲਿਆਂ, ਤੰਗੀਆਂ-ਤੁਰਸ਼ੀਆਂਵਸ ਘਰਾਂ ਦੇ ਕਲੇਸ਼ਾਂ, ਚੁਫੇਰੇ ਫੈਲਦੇ ਗੁਰੂ-ਡਮਾਂ, ਟੀ. ਵੀ. ਚੈਨਲਾਂ ਦੇ ਤਾਂਤਰਿਕਵਾਦ, ਬਾਲੜੀਆਂ ਤੋਂ ਲੈ ਕੇ ਬਿਰਧ ਮਾਵਾਂ ਨਾਲ ਹੁੰਦੇ ਦੁਸ਼ਕਰਮ, ਸਮਾਜਿਕ ਸੁਰੱਖਿਆ ਤੋਂ ਵਿਰਵੀਂ ਹੋ ਰਹੀ ਭਾਰਤੀ ਨਾਰੀ, ûੜਾਂ ਦਾ ਸ਼ਿਕਾਰ ਹੋਏ ਸਾਧਨ ਵਿਹੂਣੇ ਲੋਕਾਂ, ਸਰਕਾਰੀ ਲਾਇਸੰਸ ਪ੍ਰਾਪਤ ਨਸ਼ਿਆਂ ਤੋਂ ਇਲਾਵਾ ਅਨੇਕ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਭਰਮਾਰ, ਹਸਪਤਾਲਾਂ 'ਚ ਵਧਦੀਆਂ ਰੋਗੀਆਂ ਅਤੇ ਅਦਾਲਤਾਂ 'ਚ ਲੋੜੀ/ਬੇਲੋੜੀ ਮੁਕੱਦਮੇਬਾਜ਼ੀ ਕਾਰਨ ਖੁਆਰ ਹੋ ਰਹੇ ਲੋਕਾਂ ਦੀਆਂ ਭੀੜਾਂ, ਡਾਕਟਰੀ ਕਿੱਤੇ ਦੇ ਵੱਡੇ ਹਿੱਸੇ 'ਚ ਆਇਆ ਨਿਘਾਰ, ਰਿਸ਼ਵਤਖੋਰੀ, ਭਿ੍ਸ਼ਟਾਚਾਰ, ਮਿਲਾਵਟੀ ਵਸਤਾਂ ਦੀ ਵਿਕਰੀ, ਹਊਮੈਂ/ਹੈਾਕੜ 'ਚ ਗਲਤਾਨ ਅਫਸਰਸ਼ਾਹਾਂ, ਫੈਸ਼ਨ ਦੀ ਚਕਾਚੌਾਦ ਉਪਰੰਤ ਉਪਜੀ ਨਿਰਲੱਜਤਾ, ਬੇਈਮਾਨ ਰਾਜਨੀਤਕ ਨੇਤਾਵਾਂ ਆਦਿ ਦੇ ਰੂਪ ਵਿਚ ਨੋਟ ਕਰ ਸਕਦੇ ਹਾਂ |
ਇਹ ਵੀ ਨੋਟ ਕਰਨਾ ਬਣਦਾ ਹੈ ਕਿ ਮਾਨਵੀ ਹਿਤਾਂ ਨੂੰ ਪ੍ਰਣਾਈ ਵਿਵਸਥਾ ਹੀ ਜਨ-ਸਧਾਰਨ ਦੀ ਬੌਧਿਕਤਾ ਨੂੰ ਉਚਿਆ ਸਕਦੀ ਹੈ | ਭਾਵੇਂ ਸਮਾਜਿਕ ਕਦਰਾਂ ਦਾ ਅਤੇ ਕਾਨੂੰਨ ਦਾ ਡਰ, ਮਨੁੱਖੀ ਸਮਾਜ ਵਿਚ ਅਨੁਸ਼ਾਸਨ ਬਣਾਈ ਰੱਖਣ ਲਈ ਕਾਫੀ ਹੁੰਦੇ ਹਨ ਪਰ ਸਮਾਜਿਕ ਅਨੁਸ਼ਾਸਨ, ਵਿਅਕਤੀਗਤ ਅਤੇ ਸਮੂਹਿਕ ਸਮਝਦਾਰੀ ਨਾਲ ਵੀ ਨੇੜਿਓਾ ਜੁੜਿਆ ਹੁੰਦਾ ਹੈ | ਉਕਤ ਦੇ ਸੰਦਰਭ ਵਿਚ, ਸਾਡੇ ਆਪਣੇ ਦੇਸ਼ ਵਿਚ ਵਰਿ੍ਹਆਂ-ਬੱਧੀ ਕੈਦ ਕਰਨ ਅਤੇ ਫਾਹੇ ਲਾਉਣ ਤੱਕ ਦੇ ਸਖਤ ਕਾਨੂੰਨ ਹਨ ਪਰ ਵੱਡੀ ਪੱਧਰ 'ਤੇ ਵਿਅਕਤੀਗਤ ਅਤੇ ਸਮੂਹਕ ਸਿਆਣਪ ਹਾਸ਼ੀਏ ਤੋਂ ਵੀ ਪਾਸੇ ਹਟ ਗਈ ਹੈ | ਜਦੋਂ ਅਜਿਹਾ ਹੋ ਜਾਵੇ ਤਾਂ ਸੰਵੇਦਨਸ਼ੀਲ ਲੋਕਾਂ ਦੇ ਕੰਨ ਅਤੇ ਅੱਖਾਂ ਬੁਰਾ ਸੁਣਨ/ਵੇਖਣ ਲਈ ਸਰਾਪੀਆਂ ਜਾਂਦੀਆਂ ਹਨ ਅਤੇ ਅਸੀਂ ਅਜਿਹਾ ਸਰਾਪ ਹੀ ਹੰਢਾਅ ਰਹੇ ਹਾਂ | ਇਨ੍ਹਾਂ ਸਮੁੱਚੇ ਕਾਰਨਾਂ ਵਸ ਮਨੁੱਖੀ ਸਮਾਜ ਦੇ ਵੱਡੇ ਹਿੱਸੇ ਦਾ ਅਪਰਾਧੀਕਰਨ ਹੋ ਕੇ ਰਹਿ ਗਿਆ ਹੈ | ਫਾਂਸੀ ਜਿਹੀਆਂ ਸਖਤ ਸਜਾਵਾਂ ਦੇ ਬਾਵਜੂਦ ਅਪਰਾਧ ਜਾਰੀ ਹਨ, ਮਸੂਮਾਂ ਤੱਕ 'ਤੇ ਅੱਤਿਆਚਾਰ ਜਾਰੀ ਹਨ |
ਇਹ ਵੀ ਸਾਡਾ ਮੰਦਾ ਭਾਗ ਹੈ ਕਿ ਕਹੇ ਜਾਂਦੇ ਇਸ 'ਲੋਕ ਰਾਜ' ਵਿਚ ਲੋਕਾਂ ਦੀ ਬੇਸਮਝੀ ਦਾ ਲਾਭ ਲੈ ਕੇ ਵੱਡੀ ਗਿਣਤੀ ਵਿਚ ਅਪਰਾਧੀ ਕਿਸਮ ਦੇ ਲੋਕ, ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਪਹੰੁਚ ਰਹੇ ਹਨ ਜਿਨ੍ਹਾਂ ਕੋਲੋਂ ਭਲੇ ਦੀ ਉਮੀਦ ਹੀ ਨਹੀਂ ਰੱਖੀ ਜਾ ਸਕਦੀ | ਮੋੜਵੇਂ ਰੂਪ 'ਚ ਸਾਡਾ ਦੁਆਲਾ ਹੋਰ ਬੁਰਾ, ਹੋਰ ਬੁਰਾ ਹੋਈ ਜਾ ਰਿਹਾ ਹੈ |
ਉਕਤ ਦੇ ਸੰਦਰਭ ਵਿਚ ਵਿਅਕਤੀਗਤ ਅਤੇ ਸਮੂਹਕ ਤੌਰ 'ਤੇ ਸੂਝਵਾਨ ਹੋਣ ਅਤੇ ਸਮਝਦਾਰੀ ਦਾ ਮਾਹੌਲ ਸਿਰਜਣ ਦੀ ਚੁਣੌਤੀ ਨੂੰ ਕਬੂਲ ਕਰਨਾ ਸਮੇਂ ਦੀ ਲੋੜ ਹੈ ਤਾਂ ਕਿ ਉਕਤ ਕਿਸਮ ਦੀਆਂ ਸੁਨਾਮੀਆਂ ਦੇ ਬਾਵਜੂਦ ਅਸੀਂ ਮਾਨਵਤਾ ਦੀ ਜੋਤ ਨੂੰ ਜਗਦਿਆਂ ਰੱਖੀਏ |
-ਇੰਚਾਰਜ, ਉੱਪ-ਦਫਤਰ ਅਜੀਤ, ਰੂਪਨਗਰ
ਮੋਬਾਈਲ : 94174-69290.

ਕਿਵੇਂ ਬਣਾਉਂਦਾ ਹੈ ਦਿਮਾਗ਼ ਮਨੁੱਖੀ ਕੈਰੀਅਰ

ਮਨੁੱਖੀ ਦਿਮਾਗ ਇਕ ਕੁਦਰਤ ਦਾ ਚਮਤਕਾਰ ਹੈ | ਇਹ ਗੁਰੂ ਕਿਰਪਾ ਨਾਲ ਮਿਲਦਾ ਹੈ | ਕੁਝ ਲੋਕ ਤਾਂ ਗੁਰੂ ਦੇ ਦਿੱਤੇ ਹੋਏ ਇਸ ਅਜੂਬੇ ਦਾ ਸਦਉਪਯੋਗ ਕਰਦੇ ਹਨ | ਕੁਝ ਇਸ ਨੂੰ ਪੁੱਠੇ ਕੰਮਾਂ 'ਚ ਲਾ ਕੇ ਇਸ ਦੇ ਫਾਇਦੇ ਨੂੰ ਗੁਆ ਬੈਠਦੇ ਹਨ | ਚੰਗੀ ਵਰਤੋਂ 'ਚ ਲਿਆਂਦਾ ਦਿਮਾਗ ਕਿਸੇ ਦੇ ਵੀ ਕੈਰੀਅਰ ਨੂੰ ਸੁਆਰ ਸਕਦਾ ਹੈ ਪਰ ਇਸ ਦਾ ਦੁਰਉਪਯੋਗ ਕਿਸੇ ਦੇ ਵੀ ਕੈਰੀਅਰ ਨੂੰ ਤਬਾਹ ਕਰ ਸਕਦਾ ਹੈ |
ਇਹ ਉਦਾਹਰਨ ਸਪੱਸ਼ਟ ਕਰਦੀ ਹੈ ਕਿ ਦਿਮਾਗ ਕਿਸ ਤਰ੍ਹਾਂ ਕਿਸੇ ਦੇ ਕੈਰੀਅਰ ਨੂੰ ਸੁਆਰਦਾ ਹੈ ਜਾਂ ਵਿਗਾੜਦਾ ਹੈ | ਇਕ ਵਧੀਆ ਘਰਾਣੇ ਦਾ ਜਵਾਨ ਮੰੁਡਾ ਸੀ | ਘਰੇ ਕਿਸੇ ਚੀਜ਼ ਦੀ ਘਾਟ ਨਹੀਂ ਸੀ | ਬਾਪ ਕੋਲ ਦਾਦੇ ਦੇ 40 ਕਿੱਲਿਆਂ 'ਚੋਂ ਚੋਖਾ ਹਿੱਸਾ ਆਉਂਦਾ ਸੀ | ਮੰੁਡਾ ਪੜ੍ਹਨ 'ਚ ਹੁਸ਼ਿਆਰ ਸੀ | ਸਿਵਲ ਡਿਪਲੋਮਾ 'ਚ ਸੀਟ ਮਿਲ ਗਈ | ਘਰੋਂ ਪੈਸੇ ਮਿਲਦੇ ਰਹੇ | ਨਸ਼ਾ ਕਰਨ ਲੱਗ ਪਿਆ | ਡਿਪਲੋਮੇ 'ਚੋਂ ਕੰਪਾਰਟਮੈਂਟ ਆ ਗਈ | ਡਰਦੇ ਨੇ ਬਾਪੂ ਨੂੰ ਨਾ ਦੱਸਿਆ | ਸਮਾਂ ਨਿਕਲ ਗਿਆ | ਡਿਪਲੋਮਾ ਬੇਕਾਰ ਹੋ ਗਿਆ | ਹੁਣ ਮੌਕਾ ਹੱਥ ਨਹੀਂ ਆਉਂਦਾ | ਇੰਜ ਬੜੇ ਬੱਚਿਆਂ ਨਾਲ ਹੁੰਦੀ ਹੈ | ਇਹ ਹੈ ਦਿਮਾਗ ਦਾ ਦੁਰਉਪਯੋਗ |
ਮਾਪੇ ਖੁਦ ਵੀ ਇਸ ਲਈ ਜ਼ਿੰਮੇਵਾਰ ਹਨ | ਬੱਚਿਆਂ ਨੂੰ ਦਿਮਾਗ ਦਾ ਸਦਉਪਯੋਗ ਸਿਖਾਉਣਾ ਉਨ੍ਹਾਂ ਦਾ ਵੀ ਫ਼ਰਜ਼ ਹੈ | ਨਿਰਾ-ਪੁਰਾ ਅਧਿਆਪਕਾਂ ਦਾ ਹੀ ਫ਼ਰਜ਼ ਨਹੀਂ | ਬੱਚਿਆਂ ਦਾ ਆਪਣਾ ਵੀ ਫ਼ਰਜ਼ ਹੈ | ਨਿਰਾ-ਪੁਰਾ ਮਾਪਿਆਂ ਦਾ ਤੇ ਅਧਿਆਪਕਾਂ ਦਾ ਹੀ ਫ਼ਰਜ਼ ਨਹੀਂ | ਦਿਮਾਗ ਨੂੰ ਜਿੱਧਰ ਵੀ ਲਾ ਲਵੋ ਇਹ ਉਵੇਂ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ | ਬਸ ਜ਼ਰੂਰਤ ਹੈ ਇਸ ਨੂੰ ਵਰਤਣ ਦੀ |
ਮਨੁੱਖੀ ਦਿਮਾਗ ਕੰਪਿਊਟਰ ਨਾਲੋਂ ਅਗਾਂਹਵਧੂ ਹੈ | ਇਹ ਉਸ ਦਾਤਾਰ ਦੀ ਕਿਰਪਾ ਨਾਲ ਮਿਲਦਾ ਹੈ, ਇਹ ਭੁਲੇਖਾ ਹੈ ਕੁਝ ਬੱਚੇ ਜ਼ਿਆਦਾ ਹੁਸ਼ਿਆਰ ਹੁੰਦੇ ਨੇ ਤੇ ਦੂਜੇ ਘੱਟ | ਹਾਂ, ਇਹ ਸਾਡੀ ਸਿਹਤ ਮੁਤਾਬਿਕ ਥੋੜ੍ਹਾ ਬਹੁਤ ਫਰਕ ਜ਼ਰੂਰ ਹੁੰਦਾ | ਪਰ ਜ਼ਿਆਦਾਤਰ ਇਹ ਵਰਤੋਂ ਕੁਵਰਤੋਂ 'ਤੇ ਨਿਰਭਰ ਕਰਦਾ ਹੈ | ਇਹੀ ਦਿਮਾਗ ਆਸਮਾਨ ਤੋਂ ਤਾਰੇ ਤੋੜ ਕੇ ਲਿਆ ਸਕਦਾ ਹੈ ਤੇ ਇਹੀ ਬੰਦੇ ਨੂੰ ਭਠ ਝੋਕਣ ਵੀ ਲਾ ਸਕਦਾ ਹੈ | ਫ਼ਰਕ ਸਿਰਫ਼ ਸਦਉਪਯੋਗ ਤੇ ਦੁਰਉਪਯੋਗ ਦਾ ਹੈ |
ਮਾਪਿਆਂ ਤੇ ਟੀਚਰਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਦਿਨ ਪ੍ਰਤੀ ਦਿਨ ਦੇ ਵਿਵਹਾਰ ਨੂੰ ਨੋਟ ਕਰਨ | ਬੱਚਿਆਂ ਦੀਆਂ ਆਦਤਾਂ ਨਿਰਖਣ ਤੇ ਪਰਖਣ | ਅਜਿਹਾ ਅਭਿਆਸ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ | ਮਨੁੱਖੀ ਦਿਮਾਗ ਇਕ ਬਹੁਤ ਹੀ ਕੀਮਤੀ ਹੀਰਾ ਹੈ | ਇਸ ਨੂੰ ਗੁਆਉਣਾ ਬਹੁਤ ਵੱਡਾ ਪਾਪ ਹੈ | ਇਸ ਦੇ ਸਦਉਪਯੋਗ ਨਾਲੋਂ ਵੱਢਾ ਪੰੁਨ ਨਹੀਂ |
ਹੁਣ ਵਕਤ ਹੈ ਬੱਚਿਆਂ ਦੇ ਦਿਮਾਗ ਨੂੰ ਸਿੱਧੇ ਪਾਸੇ ਲਾਉਣ ਦਾ | ਹੁਣ ਸਮਾਂ ਹੈ ਕਿ ਉਹ ਪੂਰੀ ਤਵੱਜੋ ਨਾਲ ਪੜ੍ਹਨਾ ਸ਼ੁਰੂ ਕਰਨ | ਇਮਤਿਹਾਨ ਵੀ ਦਿਨ ਪ੍ਰਤੀ ਦਿਨ ਨੇੜੇ ਆ ਰਹੇ ਹਨ | ਸਿਆਲਾਂ ਵਿਚ ਬੱਚਿਆਂ ਦਾ ਪੜ੍ਹਨ ਦਾ ਮੂਡ ਚੰਗਾ ਬਣਦਾ ਹੈ | ਰਾਤਾਂ ਵੀ ਲੰਬੀਆਂ ਹਨ | ਖੁੱਲ੍ਹਾ ਵਕਤ ਹੁੰਦਾ ਹੈ | ਪਰ ਇਹੀ ਖੁੱਲ੍ਹਾ ਵਕਤ ਜੇਕਰ ਪੁੱਠੇ ਪਾਸੇ ਲੱਗ ਜਾਵੇ ਤਾਂ ਕੈਰੀਅਰ ਬਰਬਾਦ ਹੋ ਸਕਦਾ ਹੈ | ਮਾਂ-ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਦਾ ਪੂਰਾ-ਪੂਰਾ ਧਿਆਨ ਰੱਖਣ | ਉਨ੍ਹਾਂ ਨੂੰ ਪੋਸ਼ਟਿਕ ਭੋਜਨ ਤੇ ਪੜ੍ਹਨ ਲਈ ਚੰਗਾ ਵਾਤਾਵਰਨ ਪ੍ਰਦਾਨ ਕਰਨ | ਇਹ ਜ਼ਰੂਰੀ ਹੈ |
ਕਸਰਤ ਨਾਲ ਸਰੀਰ ਸਿਹਤਮੰਦ ਬਣਦਾ ਹੈ | ਚੰਗੀ ਸਿਹਤ ਹੋਵੇ ਤਾਂ ਦਿਮਾਗ ਵੀ ਚੰਗਾ ਹੁੰਦਾ ਹੈ | ਪਰ ਇਸ ਨਾਲ ਆਦਤਾਂ ਵੀ ਚੰਗੀਆਂ ਹੋਣ ਤਾਂ ਸੋਨੇ 'ਤੇ ਸੁਹਾਗਾ ਹੈ | ਇਹੀ ਹੈ ਦਿਮਾਗ ਦੇ ਕੰਪਿਊਟਰ ਦਾ ਸਦਉਪਯੋਗ ਕਰਨ ਦਾ ਫਾਇਦਾ | ਪਰ ਜੇਕਰ ਦਿਮਾਗ ਹੋਵੇ ਚਜ ਦਾ ਹੋਵੇ ਪਰ ਲਾਇਆ ਕੁਚੱਜੇ ਪਾਸੇ ਜਾਵੇ ਤਾਂ ਉਲਟੀ ਗੰਗਾ ਵਹਿ ਤੁਰਦੀ ਹੈ | ਜਿਵੇਂ ਕਿ ਉਪਰ ਦਿੱਤੀ ਸਿਵਲ ਡਿਪਲੋਮੇ ਵਾਲੇ ਨੌਜਵਾਨ ਦੀਆਂ ਆਦਤਾਂ ਦੀ ਹੈ |
ਮੈਂ ਖੁਦ ਪੰਜਾਬ ਦੀ ਧਰਤੀ ਦਾ ਜਾਇਆ ਹਾਂ | ਪੰਜਾਬ 'ਚ ਸਿੱਖਿਆ ਪ੍ਰਾਪਤ ਕੀਤੀ | ਜਦੋਂ ਛੇਵੀਂ 'ਚ ਅੰਗਰੇਜ਼ੀ ਲੱਗੀ ਤਾਂ ਅੰਗਰੇਜ਼ੀ ਦਾ ਅਧਿਆਪਕ ਵੀ ਸਕੂਲ 'ਚ ਨਹੀਂ ਸੀ | ਮੁਸੀਬਤ ਨੇ ਅੰਗਰੇਜ਼ੀ ਪੜ੍ਹਨੀ ਤੇ ਲਿਖਣੀ ਸਿਖਾਈ | ਸ਼ੌਕ ਅਜਿਹਾ ਪਿਆ ਕਿ ਅੰਗਰੇਜ਼ੀ ਦੀ ਹੀ ਐਮ. ਏ. ਕੀਤੀ ਤੇ ਅੰਗਰੇਜ਼ੀ ਹੀ ਡੀ. ਏ. ਵੀ. ਕਾਲਜ ਜਲੰਧਰ ਪੜ੍ਹਾਉਣ ਲੱਗਿਆ | ਇੰਜ ਸ਼ੁਰੂ ਹੋਇਆ ਮੇਰਾ ਆਪਣਾ ਕੈਰੀਅਰ ਸ਼ੁਰੂ | ਚੁਣੌਤੀ ਨੂੰ ਲਕ ਬੰਨ੍ਹ ਕੇ ਫੇਸ ਕਰਨਾ ਸਿੱਖੋਗੇ ਤਾਂ ਹੈ ਦਿਮਾਗ ਦਾ ਸਦਉਪਯੋਗ ਤੇ ਤੁਸੀਂ ਕਿਸੇ ਨਾਲੋਂ ਘੱਟ ਨਹੀਂ ਇਹ ਗੱਲ ਪੱਲੇ ਬੰਨ੍ਹ ਲਵੋ | ਇਹੀ ਹੋਵੇਗਾ ਦਿਮਾਗ ਦਾ ਸਦਉਪਯੋਗ |
ਇਕ ਗੱਲ ਕਦੀ ਨਾ ਭੁੱਲੋ | ਦਿ੍ੜ੍ਹ ਨਿਸ਼ਚਾ ਕਰ ਲਵੋ | ਸਾਰੀਆਂ ਮੁਸ਼ਕਿਲਾਂ ਆਪਣੇ-ਆਪ ਰਾਹ ਦੇ ਦੇਣਗੀਆਂ | ਰਸਤੇ ਖੁੱਲ੍ਹ ਜਾਣਗੇ | ਤਨੋਂ, ਮਨੋਂ ਮਿਹਨਤ ਕਰੋ | ਕੁਝ ਵੀ ਮੁਸ਼ਕਿਲ ਨਹੀਂ ਲੱਗੇਗਾ | ਮੁਸ਼ਕਿਲ ਕਮਜ਼ੋਰਾਂ ਨੂੰ ਹੀ ਡਰਾਉਂਦੀ ਹੈ | ਦਿ੍ੜ੍ਹ ਨਿਸ਼ਚੇ ਵਾਲਿਆਂ ਤੋਂ ਡਰਦੀ ਹੀ ਦੂਰ ਹੋ ਜਾਂਦੀ ਹੈ | ਇਹੀ ਹੈ ਦਿਮਾਗ ਨੂੰ ਤਕੜਾ ਬਣਾਉਣ ਦੀ ਵਿਧੀ | ਇਹੀ ਹੈ ਚੰਗਾ ਕੈਰੀਅਰ ਬਣਾਉਣ ਦਾ ਢੰਗ |
-ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking930gmail.com

ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀਆਂ ਨੂੰ ਦੋ ਨਵੇਂ ਸਾਫਟਵੇਅਰਾਂ ਦਾ ਤੋਹਫ਼ਾ

ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ: ਜਸਪਾਲ ਸਿੰਘ ਨੇ ਇਕ ਵਿਸ਼ੇਸ਼ ਪ੍ਰੋਗਰਾਮ 'ਚ ਪੰਜਾਬੀ ਅਤੇ ਹਿੰਦੀ ਵਰਤੋਂਕਾਰਾਂ ਲਈ ਦੋ ਸਾਫਟਵੇਅਰ ਜਾਰੀ ਕੀਤੇ | ਪਹਿਲਾ ਸਾਫਟਵੇਅਰ ਆਸਕੀ ਦਸਤਾਵੇਜ਼ ਵਿਚਲੀ ਪੰਜਾਬੀ ਜਾਂ ਹਿੰਦੀ ਭਾਸ਼ਾ ਦੀ ਆਪਣੇ-ਆਪ ਪਛਾਣ ਕਰਨ ਦੇ ਸਮਰੱਥ ਹੈ | ਇਹ ਸਾਫਟਵੇਅਰ ਦਸਤਾਵੇਜ 'ਚ ਵਰਤੇ ਪੰਜਾਬੀ ਜਾਂ ਹਿੰਦੀ ਆਸਕੀ ਫੌਾਟ ਦਾ ਬੜੀ ਸੂਝ ਨਾਲ ਪਤਾ ਲਗਾ ਕੇ ਉਸ ਨੂੰ ਯੂਨੀਕੋਡ ਵਿਚ ਬਦਲਣ ਦੇ ਸਮਰੱਥ ਹੈ | ਆਸਕੀ ਫੌਾਟ ਵਾਲੇ ਦਸਤਾਵੇਜ਼ ਨੂੰ ਯੂਨੀਕੋਡ ਵਿਚ ਬਦਲਣ ਲਈ ਪਹਿਲਾਂ ਹੀ ਕਈ ਸਾਫਟਵੇਅਰ ਤਿਆਰ ਹੋ ਚੁੱਕੇ ਹਨ ਪਰ ਇਨ੍ਹਾਂ ਸਾਰਿਆਂ ਵਿਚ ਵੱਡੀ ਖਾਮੀ ਇਹ ਹੈ ਕਿ ਇਨ੍ਹਾਂ ਵਿਚ ਵਰਤੋਂਕਾਰ ਨੂੰ ਫੌਾਟ ਦੇ ਨਾਂਅ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ | ਕਈ ਪ੍ਰਸਥਿਤੀਆਂ ਜਿਵੇਂ ਕਿ ਪੀ. ਡੀ. ਐਫ. ਫਾਈਲ ਵਿਚ ਵਰਤੋਂਕਾਰ ਨੂੰ ਆਸਕੀ ਫੌਾਟ ਬਾਰੇ ਜਾਣਕਾਰੀ ਨਹੀਂ ਹੁੰਦੀ ਜਿਸ ਕਾਰਨ ਉਸ ਨੂੰ ਯੂਨੀਕੋਡ ਪਰਿਵਰਤਨ 'ਚ ਸਮੱਸਿਆ ਪੇਸ਼ ਆਉਂਦੀ ਹੈ | ਦੂਸਰਾ ਇਹ ਹੈ ਕਿ ਪੁਰਾਤਨ ਫੌਾਟ ਕਨਵਰਟਰ ਸਾਫਟਵੇਅਰ ਪਹਿਲਾਂ ਤੋਂ ਹੀ ਸਿੱਖਿਅਤ ਕੀਤੇ ਕੁੱਝ ਚੁਣਵੇਂ ਫੌਾਟਾਂ ਨੂੰ ਹੀ ਬਦਲ ਸਕਦੇ ਹਨ ਅਰਥਾਤ ਇਹ ਸਿਰਫ ਗਿਆਤ ਫੌਾਟਾਂ ਉੱਤੇ ਕੰਮ ਕਰਨ ਦੇ ਅਸਮਰਥ ਹਨ |
ਡਾ: ਗੁਰਪ੍ਰੀਤ ਸਿੰਘ ਲਹਿਲ, ਡਾ: ਤੇਜਿੰਦਰ ਸਿੰਘ ਸੈਣੀ, ਸਵਲੀਤ ਕੌਰ, ਪ੍ਰੀਤਪਾਲ ਕੌਰ ਵੱਲੋਂ ਤਿਆਰ ਕੀਤੇ ਇਸ ਨਵੇਂ ਸਾਫਟਵੇਅਰ ਨੇ ਉਪਰੋਕਤ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਹੈ | ਇਸ ਸਾਫਟਵੇਅਰ ਰਾਹੀਂ ਪੰਜਾਬੀ ਜਾਂ ਹਿੰਦੀ ਭਾਸ਼ਾ ਦੀ ਪਛਾਣ ਕਰਨ ਦੇ ਨਾਲ-ਨਾਲ ਅਗਿਆਤ ਜਾਂ ਨਵੇਂ ਫੌਾਟ ਵਿਚ ਤਿਆਰ ਦਸਤਾਵੇਜ਼ ਨੂੰ ਯੂਨੀਕੋਡ ਵਿਚ ਬਦਲਣਾ ਸੰਭਵ ਹੈ | ਭਵਿੱਖ 'ਚ ਇਸ ਸੂਝਵਾਨ ਫੌਾਟ ਅਤੇ ਭਾਸ਼ਾ ਪਛਾਣ ਸਾਫਟਵੇਅਰ ਦੀ ਵਰਤੋਂ ਉਨ੍ਹਾਂ ਸਥਿਤੀਆਂ 'ਚ ਵੱਡੇ ਪੱਧਰ ਉਨ੍ਹਾਂ ਕੀਤੇ ਜਾਣ ਦੀ ਆਸ ਹੈ ਜਿੱਥੇ ਯੂਨੀਕੋਡ ਨੂੰ ਇਨਪੁਟ ਵਜੋਂ ਭੇਜਿਆ ਜਾਂਦਾ ਹੈ | ਇਹ ਸਾਫਟਵੇਅਰ ਗੈਰ-ਮਿਆਰੀ ਅਸਕਾਈ ਫੌਟਾਂ ਵਿਚ ਬਣੇ ਪੰਜਾਬੀ ਅਤੇ ਹਿੰਦੀ ਦਸਤਾਵੇਜ਼ ਜਾਂ ਪੀਡੀਐਫ ਫਾਈਲ ਨੂੰ ਯੂਨੀਕੋਡ ਸਨਅਤੀ ਮਿਆਰ ਵਿਚ ਬਦਲਣ ਦੇ ਸਮਰੱਥ ਹੋਵੇਗਾ ਜਿਸ ਨਾਲ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਕੰਪਿਊਟਰੀਕਰਨ ਦੇ ਕੰਮ ਨੂੰ ਹੋਰ ਹੁਲਾਰਾ ਮਿਲੇਗਾ |
ਦੂਸਰਾ ਸਾਫਟਵੇਅਰ ਹਿੰਦੀ ਭਾਸ਼ਾ ਵਿਚ ਲਿਖੇ ਦਸਤਾਵੇਜ਼ ਨੂੰ ਪੰਜਾਬੀ ਭਾਸ਼ਾ ਵਿਚ ਬਦਲਣ ਦੇ ਸਮਰੱਥ ਹੈ | ਇਹ ਅੰਕੜਾ ਵਿਗਿਆਨਕ ਤਕਨੀਕ 'ਤੇ ਆਧਾਰਿਤ ਭਾਰਤ ਦਾ ਸਭ ਤੋਂ ਪਹਿਲਾ ਸਾਫਟਵੇਅਰ ਹੈ | ਇਹ ਸਾਫਟਵੇਅਰ ਡਾ: ਵਿਸ਼ਾਲ ਗੋਇਲ ਅਤੇ ਡਾ: ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਮੋਦੀ ਕਾਲਜ ਪਟਿਆਲਾ ਦੇ ਖੋਜਕਾਰ ਅਜੀਤ ਕੁਮਾਰ ਵੱਲੋਂ ਤਿਆਰ ਕੀਤਾ ਗਿਆ ਹੈ | ਖੋਜਕਾਰਾਂ ਅਨੁਸਾਰ ਇਹ ਸਾਫਟਵੇਅਰ ਹਿੰਦੀ ਵਿਚ ਲਿਖੀ ਪਾਠ ਸਮੱਗਰੀ ਨੂੰ ਪੰਜਾਬੀ ਵਿਚ ਉੱਚ ਸਮਰੱਥਾ ਨਾਲ ਬਦਲਣ ਦੇ ਸਮਰੱਥ ਹੈ | ਇਹ ਸਾਫਟਵੇਅਰ ਲਾਈਨਕਸ ਪਲੇਟਫਾਰਮ 'ਤੇ ਕੰਮ ਕਰਨ ਦੇ ਸਮਰੱਥ ਹੈ ਪਰ ਜਲਦੀ ਹੀ ਇਹ ਵਿੰਡੋਜ਼ 'ਤੇ ਚੱਲਣ ਦੇ ਸਮਰੱਥ ਹੋ ਜਾਵੇਗਾ | ਇਹ ਦੋਵੇਂ ਸਾਫਟਵੇਅਰ ਵੈੱਬਸਾਈਟ 'ਤੇ ਮੁਫਤ 'ਚ ਵਰਤਣ ਅਤੇ ਡਾਊਨਲੋਡ ਕਰਨ ਦੇ ਸਮਰੱਥ ਹਨ | -0-

ਗ਼ੁਲ-ਗ਼ੁਲਸ਼ਨ-ਗ਼ੁਲਫਾਮ ਬਾਗ਼-ਏ-ਬਾਬਰ

ਦੁਨੀਆ ਉਪਰ ਸ਼ੌਕੀਨ ਲੋਕਾਂ ਦੀ ਕਦੇ ਕਮੀ ਨਹੀਂ ਆਈ ਅਤੇ ਲਗਭਗ ਹਰ ਇਨਸਾਨ ਆਪਣੀ ਸੋਚ-ਸਮਝ, ਹੈਸੀਅਤ ਅਤੇ ਆਪਣੇ ਦਿਲੋ-ਦਿਮਾਗ 'ਚੋਂ ਨਿਕਲੇ ਅਰਮਾਨ ਅਨੁਸਾਰ ਸ਼ੌਕ ਜ਼ਰੂਰ ਪਾਲਦਾ ਹੈ ਪਰ ਮੁਗਲ ਬਾਦਸ਼ਾਹ ਬਾਬਰ ਵਰਗੇ ਕੁਝ ਕਰਮਾਂ ਵਾਲੇ ਲੋਕਾਂ ਦੇ ਸ਼ੌਕ ਉਨ੍ਹਾਂ ਨੂੰ ਜਿਊਾਦੇ ਜੀਅ ਤਾਂ ਮਹਾਨਤਾ ਬਖਸ਼ਦੇ ਹੀ ਹਨ, ਸਗੋਂ ਉਨ੍ਹਾਂ ਦੇ ਮਰਨ ਉਪਰੰਤ ਵੀ, ਰਹਿੰਦੀ ਦੁਨੀਆ ਤੱਕ ਅਮਰ ਕਰ ਜਾਂਦੇ ਹਨ | ਹਾਲਾਂਕਿ ਬਾਬਰ ਇਕ ਚੰਗਾ ਕਵੀ, ਲੇਖਕ ਅਤੇ ਅਣਥੱਕ ਯੋਧਾ ਸੀ ਪੰ੍ਰਤੂ ਬਾਗਬਾਨੀ ਦੇ ਸ਼ੌਕ ਨੇ ਉਸ ਨੂੰ ਸਮੁੱਚੇ ਵਿਸ਼ਵ ਵਿਚ ਅਲੱਗ ਪਹਿਚਾਣ ਦਿੱਤੀ | ਬਾਗਬਾਨੀ ਦੇ ਸ਼ੌਕ ਦੀ ਚੇਟਕ ਇਸ ਕਦਰ ਸੀ ਕਿ ਬਾਬਰ ਦੀ ਇੱਛਾ ਸੀ ਕਿ ਮਰਨ ਉਪਰੰਤ ਉਸ ਨੂੰ ਉਸ ਦੇ ਪਸੰਦੀਦਾ ਬਗੀਚੇ ਵਿਚ ਹੀ ਦਫ਼ਨਾਇਆ ਜਾਵੇ |
ਭਾਰਤ ਪੁੱਜਣ ਤੋਂ ਪਹਿਲਾਂ ਬਾਬਰ ਨੇ ਕਾਫ਼ੀ ਸਮਾਂ ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ 'ਚ ਗੁਜ਼ਾਰਿਆ ਅਤੇ ਇਥੇ ਰਹਿੰਦਿਆਂ ਹੀ ਉਸ ਨੂੰ ਬਾਗ਼ਬਾਨੀ ਦਾ ਸ਼ੌਕ ਲੱਗਿਆ ਤੇ ਉਸ ਨੇ ਅਨੇਕਾਂ ਬਗੀਚੇ ਬਣਵਾਏ | ਕਾਬੁਲ ਦੇ ਉਨ੍ਹਾਂ ਅਨੇਕਾਂ ਬਗੀਚਿਆਂ ਵਿਚੋਂ ਜ਼ਿਆਦਾ ਪ੍ਰਸਿੱਧੀ ਖੱਟਣ ਵਾਲਾ ਬਗੀਚਾ 'ਬਾਗ਼-ਏ-ਬਾਬਰ' ਬਣਿਆ | ਬਾਗ਼-ਏ-ਬਾਬਰ ਪੁਰਾਣੇ ਕਾਬੁਲ ਸ਼ਹਿਰ ਦੇ ਦੱਖਣ-ਪੱਛਮੀ ਪਾਸੇ ਪਹਾੜੀ ਢਲਾਣ ਉਪਰ ਬਣਾਇਆ ਗਿਆ | ਇਸ ਬਾਗ਼ ਦੇ ਬਣਨ ਜਾਂ ਸ਼ੁਰੂ ਕਰਨ ਦੀ ਪੱਕੀ ਮਿਤੀ ਜਾਂ ਤਾਰੀਖ ਤਾਂ ਨਹੀਂ ਕਹੀ ਜਾ ਸਕਦੀ ਪਰ ਇਹ ਅੰਦਾਜ਼ਨ 1528 ਦੇ ਦੌਰਾਨ ਬਣਾਇਆ ਗਿਆ | ਤਕਰੀਬਨ ਪੰਜ ਸੌ ਸਾਲ ਪੁਰਾਣੇ ਬਣੇ ਮੁਗਲ ਬਗੀਚਿਆਂ ਵਿਚੋਂ ਅੱਜ ਤੱਕ ਬਚੇ ਚੋਣਵੇਂ ਬਗੀਚਿਆਂ ਵਿਚੋਂ ਬਾਗ਼-ਏ-ਬਾਬਰ ਇਕ ਹੈ |
ਬਾਗ਼-ਏ-ਬਾਬਰ ਨਾਮੀ ਇਹ ਬਗੀਚਾ ਤਕਰੀਬਨ 27-28 ਕਿੱਲਿ੍ਹਆਂ ਯਾਨੀ ਏਕੜਾਂ ਵਿਚ ਬਣਿਆ ਹੋਇਆ ਹੈ | ਪਰਸ਼ੀਅਨ ਸਟਾਈਲ 'ਚ ਬਣੇ ਇਸ ਬਗੀਚੇ ਦੇ ਬਿਲਕੁਲ ਵਿਚਾਲਿਉਂ ਦੀ ਪਾਣੀ ਵਗਦਾ ਹੈ ਅਤੇ ਚਾਰ ਬਾਗ ਦੀ ਤਰਜ਼ 'ਤੇ ਬਾਗ਼ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ | ਬਾਗ਼ ਦੀ ਮੁਢਲੀ ਖੂਬਸੂਰਤੀ ਇਹ ਹੈ ਕਿ ਇਹ ਪਹਾੜੀ ਢਲਾਣ 'ਤੇ ਬਣਿਆ ਹੋਇਆ ਹੈ ਅਤੇ ਨਾਲ ਹੀ ਇਸ ਨੂੰ ਪੌੜੀਨੁਮਾ ਵੱਡੇ-ਵੱਡੇ ਟੈਰਸ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਧਰਾਤਲਾਂ 'ਚ ਵੰਡਿਆ ਹੋਇਆ ਹੈ, ਜਿਨ੍ਹਾਂ ਦੀ ਗਿਣਤੀ 15 ਹੈ | ਬਾਗ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਖ-ਵੱਖ ਕਿਸਮਾਂ ਦੇ ਰੁੱਖ਼, ਫਲਦਾਰ ਦਰੱਖਤ, ਖੂਬਸੂਰਤ ਝਾੜੀਆਂ ਅਤੇ ਹੋਰ ਵੰਨ-ਸੁਵੰਨੇ ਫੁੱਲਦਾਰ ਬੂਟੇ ਲਾਏ ਗਏ ਸਨ | ਲੋਕ ਇਸ ਬਾਗ਼ ਨੂੰ ਜੰਨਤ ਦੇ ਬਾਗ਼ ਵਾਂਗ ਵੇਖਦੇ ਸਨ | ਸਭ ਤੋਂ ਉਪਰਲੇ ਟੈਰਸ ਉਪਰ ਖੜ੍ਹ ਕੇ ਲੋਕ ਪੂਰੇ ਬਗੀਚੇ, ਕਾਬੁਲ ਸ਼ਹਿਰ ਅਤੇ ਨੇੜਿਉਂ ਲੰਘ ਰਹੇ ਕਾਬੁਲ ਦਰਿਆ ਦਾ ਖੂਬਸੂਰਤ ਨਜ਼ਾਰਾ ਵੇਖਦੇ ਸਨ |
ਕਾਬੁਲ ਜਾਣ ਦਾ ਮੌਕਾ ਤਾਂ ਕਦੇ ਨਹੀਂ ਮਿਲਿਆ ਪਰ ਕੁਝ ਵੀਡੀਓ ਵੇਖਣ ਤੇ ਮਹਿਸੂਸ ਜ਼ਰੂਰ ਕਰਦਾ ਹਾਂ ਕਿ ਵਾਕਿਆ ਹੀ ਉਨ੍ਹਾਂ ਵੇਲਿਆਂ ਵੇਲੇ ਬਾਗ਼ ਦੇ ਸਭ ਤੋਂ ਉਪਰਲੇ ਟੈਰਸ ਤੇ ਦੁਨੀਆ ਜਾਂ ਕਹਿ ਲਈਏ ਕਿ ਕਾਬੁਲ ਦੇ ਆਸ-ਪਾਸ ਦਾ ਨਜ਼ਾਰਾ ਵੇਖਣਯੋਗ ਹੁੰਦਾ ਹੋਏਗਾ | ਮੁਗਲ ਬਾਦਸ਼ਾਹਾਂ ਦੀ ਇਹ ਪੰ੍ਰਪਰਾ ਰਹੀ ਹੈ ਕਿ ਉਹ ਜਿਊਾਦੇ ਜੀਅ ਅਜਿਹੀਆਂ ਖੂਬਸੂਰਤ ਥਾਵਾਂ 'ਤੇ ਬਾਗ਼ ਬਣਾਉਂਦੇ ਸਨ, ਜਿਥੇ ਜ਼ਿੰਦਗੀ ਦਾ ਲੁਤਫ਼ ਲਿਆ ਜਾ ਸਕੇ ਅਤੇ ਉਨ੍ਹਾਂ ਖੂਬਸੂਰਤ ਥਾਵਾਂ ਵਿਚੋਂ ਇਕ ਵਿਚ ਆਪਣੇ ਸਵਾਸ ਪੂਰੇ ਹੋਣ ਤੇ ਆਪਣੇ-ਆਪ ਨੂੰ ਪੱਕੀ ਆਰਾਮਗਾਹ ਯਾਨੀ ਦਫ਼ਨ ਕਰਨ ਦੀ ਇੱਛਾ ਵੀ ਰੱਖਦੇ ਸਨ |
ਬਾਬਰ ਦੀ ਇਹ ਆਖਰੀ ਇੱਛਾ ਜਲਦੀ ਪੂਰੀ ਨਹੀਂ ਸੀ ਹੋਈ | ਸੰਨ 1530 ਵਿਚ ਬਾਬਰ ਦੀ ਮੌਤ ਭਾਰਤ ਦੇ ਸ਼ਹਿਰ ਆਗਰਾ ਵਿਖੇ ਹੋਈ ਤੇ ਉਸ ਨੂੰ ਉਥੇ ਹੀ ਦਫ਼ਨਾ ਦਿੱਤਾ ਗਿਆ | ਬਾਬਰ ਦੀਆਂ ਬੀਵੀਆਂ ਵਿਚੋਂ ਇਕ ਬੀਬੀ ਮੁਬਾਰਕਾ ਸੀ ਜੋ ਅਸਲ ਰੂਪ ਵਿਚ ਅਫ਼ਗਾਨ ਦੀ ਜਨਮੀ ਹੋਈ ਸੀ | ਉਹ ਬਾਬਰ ਦੀਆਂ ਭਾਵਨਾਵਾਂ ਤੇ ਆਖਰੀ ਇੱਛਾ ਨੂੰ ਅਜਾੲੀਂ ਨਹੀਂ ਗਵਾਉਣਾ ਚਾਹੁੰਦੀ ਸੀ ਅਤੇ ਤਕਰੀਬਨ 10 ਸਾਲਾਂ ਬਾਅਦ ਉਸ ਨੇ ਬਾਬਰ ਦੇ ਸਰੀਰ ਨੂੰ ਆਗਰਾ ਤੋਂ ਕਢਵਾ ਕੇ ਬਾਬਰ ਦੇ ਪੰਸਦੀਦਾ ਬਗੀਚੇ ਵਿਚ ਦਫ਼ਨ ਕਰਵਾਇਆ ਅਤੇ ਇਹ 'ਬਾਗ਼-ਏ-ਬਾਬਰ' ਨਾਮੀ ਬਗੀਚਾ ਦੁਨੀਆ ਵਿਚ ਹੋਰ ਵੀ ਮਕਬੂਲ ਹੋ ਗਿਆ |
ਬਾਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਜਦ 1607 ਦੌਰਾਨ ਕਾਬੁਲ ਗਿਆ ਤਾਂ ਉਸ ਨੇ ਬਾਬਰ ਦੀ ਮਜ਼ਾਰ ਅਤੇ ਬਗੀਚੇ ਨੂੰ ਸਵਾਰਿਆ ਅਤੇ ਉਸ ਤੋਂ ਬਾਅਦ ਸੰਨ 1638 ਵਿਚ ਸ਼ਾਹਜਹਾਂ ਨੇ ਵੀ ਬਾਗ਼-ਏ-ਬਾਬਰ ਵਿਚ ਆਪਣਾ ਯੋਗਦਾਨ ਪਾਇਆ ਤੇ ਇਕ ਖੂਬਸੂਰਤ ਸੰਗਮਰਮਰ ਦੀ ਮਸਜਿਦ ਬਣਵਾਈ | ਸਮੇਂ ਦੇ ਚਲਦਿਆਂ ਸੰਨ 1842 ਵਿਚ ਆਈ ਕੁਦਰਤੀ ਆਫ਼ਤ ਯਾਨੀ ਭੁਚਾਲ ਨੇ ਬਾਗ਼ ਦੀ ਹੋਂਦ ਨੂੰ ਖਤਰੇ ਵਿਚ ਪਾ ਦਿੱਤਾ ਸੀ | ਪਰ ਅਫ਼ਗਾਨ ਦੇ ਰਾਜਿਆਂ ਨੇ ਇਸ ਬਾਗ਼ ਨੂੰ ਖਤਮ ਨਹੀਂ ਹੋਣ ਦਿੱਤਾ ਪਰ ਤਾਲਿਬਾਨ ਦੇ ਦੌਰ ਨੇ ਲੜਾਈ ਸਮੇਂ ਬਾਗ਼ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ | 'ਆਗਾ ਖ਼ਾਨ' ਨਾਮੀ ਟਰੱਸਟ ਅਤੇ ਬਾਗ਼-ਏ-ਬਾਬਰ ਟਰੱਸਟ ਦੇ ਯਤਨਾਂ ਸਦਕਾ ਅੱਜਕਲ੍ਹ ਫਿਰ ਲੋਕਾਂ ਲਈ ਖੁੱਲ੍ਹਾ ਹੋਇਆ ਹੈ ਅਤੇ ਸਾਂਭ-ਸੰਭਾਲ ਕੀਤੀ ਜਾ ਰਹੀ ਹੈ ਅਤੇ ਪੰਜ ਸੌ ਸਾਲ ਪਹਿਲਾਂ ਦੇ ਜੰਨਤ ਰੂਪ ਨੂੰ ਦੁਬਾਰਾ ਦੁਹਰਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ | ਇਥੇ ਇਹ ਗੱਲ ਦੱਸਣੀ ਲਾਜ਼ਮੀ ਬਣਦੀ ਹੈ ਕਿ ਬਾਬਰ ਦੇ ਮਜ਼ਾਰ ਦੇ ਸਿਰ ਵੱਲ ਇਕ ਪੱਥਰ 'ਤੇ ਉਕਰਿਆ ਹੋਇਆ ਹੈ ਕਿ ਜੇਕਰ ਧਰਤ 'ਤੇ ਜੰਨਤ ਹੈ ਤਾਂ ਉਹ ਇਥੇ ਹੀ ਹੈ |
ਮੋਬਾਈਲ : 98142-39041.
landscapingpeople0rediffmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX