ਤਾਜਾ ਖ਼ਬਰਾਂ


ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਨਵੀਂ ਦਿੱਲੀ ,19 ਮਾਰਚ -ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ ਬਣੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਹ।ੈ ਲੋਕਪਾਲ ਦੀ ਸੂਚੀ ਵਿਚ 9 ਜੁਡੀਸ਼ੀਅਲ ਮੈਂਬਰ ...
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
ਅਟਾਰੀ ,19 ਮਾਰਚ (ਰੁਪਿੰਦਰਜੀਤ ਸਿੰਘ ਭਕਨਾ )-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਪਰੇਡ ਕਰਦੇ ਭਾਰਤੀ ...
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  1 day ago
ਪਟਿਆਲਾ ,19 ਮਾਰਚ{ਆਤਿਸ਼ ਗੁਪਤਾ }- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਨੇ ਪੰਜਾਬ-ਹਰਿਆਣਾ ਬਾਰਡਰ ਤੋਂ ਨਾਕੇ ਬੰਦੀ ਦੌਰਾਨ ਇਕ ਕਾਰ ਚੋਂ 1 ਕਰੋੜ ਦੀ ਪੁਰਾਣੀ ਕਰੰਸੀ ਨਾਲ ...
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  1 day ago
ਨਵੀਂ ਦਿੱਲੀ, 19 ਮਾਰਚ- ਲੋਕ ਸਭਾ ਦੇ ਮੱਦੇਨਜ਼ਰ ਕਮਿਊਨਿਸਟ ਪਾਰਟੀ ਆਫ਼ ਇੰਡੀਆ(ਸੀ.ਪੀ.ਆਈ) ਨੇ ਵੀ ਆਪਣੇ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀ.ਪੀ.ਆਈ ਨੇ ਅਸਮ, ਪੱਛਮੀ ਬੰਗਾਲ ...
ਈ.ਡੀ. ਨੇ ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਦੀਆਂ 13 ਜਾਇਦਾਦਾਂ ਕੀਤੀਆਂ ਜ਼ਬਤ
. . .  1 day ago
ਨਵੀਂ ਦਿੱਲੀ, 19 ਮਾਰਚ- ਈ.ਡੀ. ਨੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਦੇ ਮੁੱਖ ਸਈਦ ਸਲਾਹੁਦੀਨ ਦੀਆਂ ਵੱਖ-ਵੱਖ ਸਥਾਨਾਂ 'ਤੇ 13 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਈ.ਡੀ. ਵੱਲੋਂ ਇਹ ਕਾਰਵਾਈ ਅੱਤਵਾਦੀ ਫੰਡਿੰਗ ਨਾਲ ਜੁੜੇ ਮਾਮਲੇ 'ਚ ....
ਮਾਝੇ ਦਾ ਲੋੜੀਂਦਾ ਗੈਂਗਸਟਰ ਜਲੰਧਰ 'ਚ ਗ੍ਰਿਫ਼ਤਾਰ
. . .  1 day ago
ਜਲੰਧਰ, 19 ਮਾਰਚ- ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਗੈਂਗਸਟਰਾਂ ਅਤੇ ਸਮਾਜ-ਵਿਰੋਧੀ ਤੱਤਾਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਬਦਨਾਮ ਕੋਬਰਾ...
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 19 ਮਾਰਚ (ਫੱਤੇਵਾਲੀਆ/ਧਾਲੀਵਾਲ)- ਨੇੜਲੇ ਪਿੰਡ ਫਫੜੇ ਭਾਈਕੇ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ(34) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ । 2 ਏਕੜ ਜ਼ਮੀਨ ਦੇ ਮਾਲਕ ਮ੍ਰਿਤਕ ਸਿਰ 3 ਲੱਖ ਤੋਂ ਵਧੇਰੇ ਕਰਜ਼ਾ ਦੱਸਿਆ .....
ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 19 ਮਾਰਚ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੁਲਵਾਮਾ ਅੱਤਵਾਦੀ ਹਮਲੇ ਦੇ ਕਾਰਨ ਇਸ ਸਾਲ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ...
ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਫੂਕਿਆ ਗਿਆ ਸਿੱਧੂ ਦਾ ਪੁਤਲਾ
. . .  1 day ago
ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)- ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫ਼ਸਰ ਰਕੇਸ਼ ਕੁਮਾਰ ਦੇ ਅਸਤੀਫ਼ਾ ਦੇਣ ਉਪਰੰਤ ਗੁਰਸੇਵ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਆਗੂ ਐੱਸ.ਓ.ਆਈ. ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਸਥਾਨਕ ....
ਪੁਲਵਾਮਾ 'ਚ ਅਧਿਆਪਕ ਦੀ ਪੁਲਿਸ ਹਿਰਾਸਤ 'ਚ ਮੌਤ, ਅੱਤਵਾਦ ਨਾਲ ਜੁੜੇ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ
. . .  1 day ago
ਸ੍ਰੀਨਗਰ, 19 ਮਾਰਚ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ 'ਚ ਪੁਲਿਸ ਹਿਰਾਸਤ 'ਚ ਇੱਕ 28 ਸਾਲਾ ਸਕੂਲ ਅਧਿਆਪਕ ਦੀ ਮੌਤ ਹੋ ਗਈ। ਪੁਲਿਸ ਵਿਭਾਗ ਨੇ ਇਸ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਇੱਕ ਪੁਲਿਸ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਇੰਜ ਕਰੋ ਹਾੜ੍ਹੀ ਦੇ ਪਿਆਜ਼ਾਂ ਦੀ ਕਾਸ਼ਤ

ਪਿਆਜ਼ ਭਾਰਤੀ ਰਸੋਈ ਵਿਚ ਅਹਿਮ ਸਥਾਨ ਰੱਖਦੇ ਹਨ। ਇਸ ਤੋਂ ਇਲਾਵਾ ਪਿਆਜ਼ ਇਕ ਗੁਣਕਾਰੀ ਔਸ਼ਧੀ ਵੀ ਹੈ। ਇਸ ਵਿਚ ਕੈਂਸਰ ਰੋਧਕ ਗੁਣ ਮੌਜੂਦ ਹੁੰਦੇ ਹਨ ਅਤੇ ਇਹ ਆਮ ਜ਼ੁਕਾਮ, ਦਿਲ ਦੀਆਂ ਬਿਮਾਰੀਆਂ, ਸ਼ੱਕਰ ਰੋਗ, ਹੱਡੀਆਂ ਦੇ ਭੁਰਭੂਰੇਪਨ ਨੂੰ ਦੂਰ ਕਰਣ ਲਈ ਵੀ ਗੁਣਕਾਰੀ ਹੁੰਦਾ ਹੈ।
ਇਹ ਫ਼ਸਲ ਵਿਭਿੰਨ ਮੌਸਮੀ ਹਾਲਾਤਾਂ ਵਿਚ ਤਿਆਰ ਕੀਤੀ ਜਾ ਸਕਦੀ ਹੈ ਪਰ ਠੰਡ, ਗਰਮੀ ਅਤੇ ਵਰਖਾ ਦੇ ਦਰਮਿਆਨੇ ਹਾਲਾਤਾਂ ਵਿਚ ਇਸ ਨੂੰ ਵਧੇਰੇ ਸੁਚਾਰੂ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਲੰਮੇ ਸਮੇਂ ਲਈ ਜ਼ਿਆਦਾ ਠੰਢ ਪੈਣ ਨਾਲ ਪਿਆਜ਼ ਜ਼ਿਆਦਾ ਨਿਸਰਦਾ ਹੈ ਅਤੇ ਜ਼ਿਆਦਾ ਗਰਮੀ ਕਾਰਨ ਗੰਢੇ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਪਿਆਜ਼ ਦੀ ਖੇਤੀ ਵਾਸਤੇ ਜ਼ਮੀਨ ਜ਼ਿਆਦਾ ਮੱਲ੍ਹੜ ਵਾਲੀ, ਨਿਕਾਸੀ, ਬਿਮਾਰੀ ਅਤੇ ਨਦੀਨਾਂ ਤੋਂ ਰਹਿਤ ਹੋਣੀ ਚਾਹੀਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਾੜ੍ਹੀ ਦੇ ਪਿਆਜ਼ਾਂ ਦੀਆਂ ਕਿਸਮਾਂ ਜਿਵੇਂ ਕਿ ਪੀ. ਆਰ. ਓ-6, ਪੰਜਾਬ ਵ੍ਹਾਈਟ, ਪੰਜਾਬ ਨਰੋਆ ਅਤੇ ਪੰਜਾਬ ਰੈੱਡ ਰਾਓਂਡ ਸਿਫਾਰਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਕ੍ਰਮਵਾਰ ਔਸਤ ਝਾੜ 160, 150, 135 ਅਤੇ 120 ਕੁਇੰਟਲ ਪ੍ਰਤੀ ਏਕੜ ਹੈ। ਕਿਸੇ ਵੀ ਕਿਸਮ ਦੀ ਚੋਣ ਸਿਰਫ ਝਾੜ ਨੂੰ ਵੇਖ ਕੇ ਨਹੀਂ ਕੀਤੀ ਜਾ ਸਕਦੀ। ਹਰ ਕਿਸਮ ਦੀਆਂ ਕੁਝ ਅਪਣੀਆਂ ਖੂਬੀਆਂ ਹੁੰਦੀਆਂ ਹਨ, ਜਿਵੇਂ ਕਿ ਪੀ.ਆਰ. ਓ.-6 ਕਿਸਮ ਦੀ ਭੰਡਾਰਨ ਸਮਰੱਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਪੰਜਾਬ ਵ੍ਹਾਈਟ ਕਿਸਮ ਦੇ ਗੰਢੇ ਸੁਕਾ ਕੇ ਪਾਊਡਰ ਬਣਾਉਣ ਲਈ ਢੁੱਕਵੇਂ ਹਨ ਜਦ ਕਿ ਪੰਜਾਬ ਨਰੋਆ ਕਿਸਮ ਜਾਮਣੀ ਦਾਗ ਰੋਗ, ਥਰਿੱਪ ਅਤੇ ਪਿਆਜ਼ ਦੀ ਸੁੰਡੀ ਦੇ ਹਮਲੇ ਨੂੰ ਸਹਿਣ ਦੀ ਸਮਰੱਥਾ ਰੱਖਦੀ ਹੈ। ਹਾੜ੍ਹੀ ਦੇ ਪਿਆਜ਼ ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੰਦਾ ਹੈ। ਬੀਜ ਦੀ ਮਾਤਰਾ 4-5 ਕਿਲੋ ਪ੍ਰਤੀ ਏਕੜ ਹੁੰਦੀ ਹੈ। ਪਨੀਰੀ ਬੀਜਣ ਲਈ 15-20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰੋ। ਇਕ ਏਕੜ ਦੇ ਖੇਤ ਵਾਸਤੇ 8 ਮਰਲੇ ਥਾਂ ਦੀ ਲੋੜ ਪੈਂਦੀ ਹੈ। ਚੰਗੀ ਸਿਹਤਮੰਦ ਪਨੀਰੀ ਪੈਦਾ ਕਰਨ ਲਈ ਜ਼ਮੀਨ ਵਿਚ 125 ਕਿਲੋ ਪ੍ਰਤੀ ਮਰਲਾ ਦੇਸੀ ਖਾਦ ਦੀ ਵਰਤੋਂ ਕਰੋ। ਧਿਆਨ ਰੱਖੋ ਕਿ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਪਾਣੀ ਦੇ ਦਿੱਤਾ ਜਾਵੇ ਤਾਂ ਕਿ ਬਿਜਾਈ ਤੋਂ ਪਹਿਲਾਂ ਸਾਰੇ ਨਦੀਨ ਉੱਗ ਜਾਣ। ਬੀਜ ਨੂੰ 1-2 ਸੈਂਟੀਮੀਟਰ ਡੂੰਘਾ ਬੀਜੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 5 ਸੈਂਟੀਮੀਟਰ ਰੱਖੋ। ਪਨੀਰੀ ਨੂੰ ਪੁੱਟ ਕੇ ਵਿਚ ਲਾਉਣ ਦਾ ਸਮਾਂ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਅੱਧ ਜਨਵਰੀ ਤੱਕ ਹੁੰਦਾ ਹੈ। ਜੇਕਰ ਪਨੀਰੀ ਦੀ ਲੰਬਾਈ 10-15 ਸੈਂਟੀਮੀਟਰ ਹੋਵੇ ਅਤੇ ਇਹ ਸਿਹਤਮੰਦ ਵੀ ਹੋਵੇ ਤਾਂ ਵੱਧ ਝਾੜ ਲਿਆ ਜਾ ਸਕਦਾ ਹੈ। ਜਦੋਂ ਪਨੀਰੀ ਖੇਤ ਵਿਚ ਲੈ ਕੇ ਜਾਣੀ ਹੋਵੇ ਤਾਂ ਜ਼ਮੀਨ ਦਾ ਵੱਤਰ ਸਹੀ ਹੋਵੇ ਅਤੇ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫਾਸਲਾ ਹੋਵੇ।
ਪਿਆਜ਼ਾਂ ਦੀ ਸਫ਼ਲ ਕਾਸਤ ਲਈ ਖੇਤ ਵਿਚ 20 ਟਨ ਗਲੀ-ਸੜੀ ਰੂੜੀ ਦੀ ਖਾਦ, 45 ਕਿਲੋ ਯੂਰੀਆ, 125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮਿਓਰੇਟ ਆਫ ਪੌਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। 45 ਕਿਲੋ ਯੂਰੀਆ ਦੀ ਖਾਦ 4 ਤੋਂ 6 ਹਫ਼ਤਿਆਂ ਬਾਅਦ ਇੱਕ ਵਾਰ ਫਿਰ ਪਾਓ।
ਹਾੜ੍ਹੀ ਦੇ ਪਿਆਜ਼ਾਂ ਵਿਚ ਨਦੀਨਾਂ ਦੀ ਰੋਕਥਾਮ ਕੇਵਲ 3-4 ਗੋਡੀਆਂ ਰਾਹੀਂ ਜਾਂ ਫਿਰ ਇਸ ਦੀ ਥਾਂ 'ਤੇ ਨਦੀਨ ਨਾਸ਼ਕ ਦਵਾਈ ਅਤੇ ਇਕ ਗੋਡੀ ਕਰਕੇ ਕੀਤੀ ਜਾ ਸਕਦੀ ਹੈ। ਜੇਕਰ ਕੇਵਲ ਗੋਡੀਆਂ ਕਰਨੀਆਂ ਹੋਣ ਤਾਂ ਪਹਿਲੀ ਗੋਡੀ ਪਨੀਰੀ ਲਾਉਣ ਤੋਂ ਤਿੰਨ ਹਫਤੇ ਪਿੱਛੋਂ ਅਤੇ ਬਾਕੀ ਗੋਡੀਆਂ 15 ਦਿਨ ਦੇ ਵਕਫੇ 'ਤੇ ਕਰੋ। ਨਦੀਨ ਨਾਸ਼ਕਾਂ ਵਿਚੋਂ ਮੁੱਖ ਸਟੋਂਪ 30 ਈ ਸੀ 750 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕਾਅ ਕਰੋ। ਜੇਕਰ ਲੋੜ ਪਵੇ ਤਾਂ ਇਕ ਗੋਡੀ ਪੌਦੇ ਲਗਾਉਣ ਤੋਂ 60 ਦਿਨ ਬਾਅਦ ਕਰ ਸਕਦੇ ਹੋ। ਉੱਪਰ ਦੱਸੀ ਗਈ ਦਵਾਈ ਦੀ ਥਾਂ 'ਤੇ ਗੋਲ ਦਵਾਈ 23.5 ਈ ਸੀ (ਆਕਸੀਕਲੋਰੋਫੈਨ) 380 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਗੰਢਿਆਂ ਦੀ ਪਨੀਰੀ ਖੇਤ ਵਿਚ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕ ਦਿਓ। ਇਸ ਦਵਾਈ ਤੋਂ ਇਲਾਵਾ ਪਨੀਰੀ ਲਾਉਣ ਦੇ 90-100 ਦਿਨਾਂ ਬਾਅਦ ਇਕ ਗੋਡੀ ਵੀ ਕੀਤੀ ਜਾ ਸਕਦੀ ਹੈ।
ਹਾੜ੍ਹੀ ਦੇ ਪਿਆਜ਼ ਨੂੰ ਕੁੱਲ 10 ਤੋਂ 15 ਪਾਣੀਆਂ ਦੀ ਲੋੜ ਪੈਂਦੀ ਹੈ। ਧਿਆਨ ਰੱਖੋ ਕਿ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਾਉਣ ਦੇ ਤੁਰੰਤ ਬਾਅਦ ਪਾਣੀ ਦੇ ਦਿੱਤਾ ਜਾਵੇ। ਇਸ ਤੋਂ ਬਾਅਦ ਜ਼ਰੂਰਤ ਦੇ ਅਨੁਸਾਰ 7-10 ਦਿਨਾਂ ਦੇ ਵਕਫ਼ੇ 'ਤੇ ਪਾਣੀ ਲਾਓ। ਪਿਆਜ਼ ਨੂੰ ਲੰਮੇ ਸਮੇਂ ਵਾਸਤੇ ਭੰਡਾਰਨ ਕਰਨ ਲਈ ਪੁਟਾਈ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿੱਤਾ ਜਾਵੇ।
ਪਿਆਜ਼ ਦੀ ਪੁਟਾਈ ਸਮੇਂ ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਸ ਦੀ ਭੰਡਾਰਨ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਪੁਟਾਈ ਉਸ ਸਮੇਂ ਕਰੋ ਜਦੋਂ ਕਿ ਭੂਕਾਂ ਸੁੱਕ ਕੇ ਡਿੱਗ ਪੈਣ। ਇਸ ਤੋਂ ਬਾਅਦ ਪਿਆਜ਼ ਨੂੰ 3-4 ਦਿਨਾਂ ਲਈ ਛਾਂ ਵਿਚ ਪਤਲੀਆਂ ਤਹਿਆਂ ਵਿਚ ਖਿਲਾਰ ਕੇ ਪਕਾਓ। ਪਿਆਜ਼ ਦੀਆਂ ਭੂਕਾਂ ਨੂੰ 1-2 ਸੈਂਟੀਮੀਟਰ ਰੱਖ ਕੇ ਬਾਕੀ ਹਿੱਸਾ ਕੱਟ ਦਿਓ। ਭੰਡਾਰਨ ਦੌਰਾਨ ਹਰ 15 ਦਿਨਾਂ ਦੇ ਵਕਫ਼ੇ ਨਾਲ ਹਿਲਾਉਂਦੇ ਰਹੋ ਅਤੇ ਕੱਟੇ ਤੇ ਗਲੇ ਹੋਏ ਪਿਆਜ਼ਾਂ ਦੀ ਛਾਂਟੀ ਵੀ ਕਰ ਦਿਓ।

-ਰੁਮਾ ਦੇਵੀ ਅਤੇ ਮਨਪ੍ਰੀਤ ਕੌਰ ਸੈਣੀ
ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ


ਖ਼ਬਰ ਸ਼ੇਅਰ ਕਰੋ

ਕਣਕ ਦੀ ਵਧੇਰੇ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਜ਼ਰੂਰੀ

ਪੰਜਾਬ ਅੰਦਰ ਹਾੜੀ ਦੀ ਪ੍ਰਮੁੱਖ ਫਸਲ ਕਣਕ ਦੀ ਬਿਜਾਈ ਦਾ ਕੰਮ ਬਹੁ-ਗਿਣਤੀ ਕਿਸਾਨ ਮੁਕੰਮਲ ਕਰ ਚੁੱਕੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਇਸ ਮੌਕੇ ਮੁਕੰਮਲ ਹੋ ਚੁੱਕੀ ਹੈ ਜਦੋਂ ਕਿ ਬਾਸਮਤੀ ਅਤੇ ਹੋਰ ਫਸਲਾਂ ਕਾਰਨ ਦੇਰੀ ਨਾਲ ਵਿਹਲੇ ਹੋਏ ਖੇਤਾਂ ਵਿਚ ਬਿਜਾਈ ਦਾ ਕੰਮ ਜਾਰੀ ਹੈ। ਕਣਕ ਦੀ ਕਿਸਮ ਦੀ ਚੋਣ ਅਤੇ ਬਿਜਾਈ ਦਾ ਢੁਕਵਾਂ ਸਮਾਂ ਇਸ ਦੀ ਪੈਦਾਵਾਰ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ। ਢੁਕਵੇਂ ਸਮੇਂ ਤੋਂ ਇਕ ਹਫਤੇ ਦੀ ਦੇਰੀ ਕਣਕ ਦੇ ਝਾੜ ਵਿਚ ਪ੍ਰਤੀ ਏਕੜ 150 ਰੁਪਏ ਕਿਲੋ ਦੇ ਕਰੀਬ ਗਿਰਾਵਟ ਦਾ ਕਾਰਨ ਬਣਦੀ ਹੈ। ਇਸ ਲਈ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਅਕਤੂਬਰ ਦੇ ਚੌਥੇ ਹਫਤੇ ਤੋਂ ਹੀ ਕਰ ਦੇਣੀ ਚਾਹੀਦੀ ਹੈ। ਇਸ ਤਹਿਤ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਐਚ. ਡੀ. 2967, ਪੀ. ਬੀ. ਡਬਲਯੂ. 621, ਡੀ. ਬੀ. ਡਬਲਯੂ 17, ਪੀ. ਬੀ. ਡਬਲਯੂ 505, 343, ਡਬਲਯੂ ਐਚ. 542 ਅਤੇ ਟੀ. ਐਲ. 2908 ਕਿਸਮਾਂ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਜੇਕਰ ਨਵੰਬਰ ਦੇ ਚੌਥੇ ਹਫਤੇ ਤੋਂ ਬਾਅਦ ਵਿਚ ਬਿਜਾਈ ਕਰਨੀ ਹੋਵੇ ਤਾਂ ਪੀ. ਬੀ. ਡਬਲਯੂ 590 ਅਤੇ ਪੀ. ਬੀ. ਡਬਲਯੂ 658 ਕਿਸਮਾਂ ਵਿਚੋਂ ਚੋਣ ਕੀਤੀ ਜਾ ਸਕਦੀ ਹੈ।
ਕਣਕ ਦੀ ਬਿਜਾਈ ਦੇ ਬਾਅਦ ਵਿਚ ਇਸ ਵਿਚ ਗੁੱਲੀ ਡੰਡਾ, ਜੌਂਧਰ, ਜੰਗਲੀ ਪਾਲਕ, ਜਵੀ ਆਦਿ ਤੋਂ ਇਲਾਵਾ ਮੈਨਾ, ਮੈਨੀ, ਬਾਥੂ ਅਤੇ ਹੋਰ ਕਈ ਨਦੀਨ ਉਗ ਪੈਂਦੇ ਹਨ। ਇਨ੍ਹਾਂ ਵਿਚੋਂ ਗੁੱਲੀ ਡੰਡਾ ਕਣਕ-ਝੋਨੇ ਦੇ ਫ਼ਸਲੀ ਚੱਕਰ ਵਾਲੇ ਖੇਤਾਂ ਵਿਚ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ। ਆਲੂ, ਬਰਸੀਮ ਅਤੇ ਗੰਨੇ ਵਾਲੇ ਖੇਤਾਂ ਨੂੰ ਛੱਡ ਕੇ ਬਾਕੀ ਦੀਆਂ ਫ਼ਸਲਾਂ ਵਾਲੇ ਖੇਤਾਂ ਵਿਚ ਬੀਜੀ ਗਈ ਕਣਕ ਵਿਚ ਇਸ ਨਦੀਨ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਅੱਜ ਤੋਂ ਤਕਰੀਬਨ 15-20 ਸਾਲ ਪਹਿਲਾਂ ਕਣਕ ਦੇ ਖੇਤਾਂ ਵਿਚ ਆਈਸੋਪ੍ਰੋਟੋਯੂਰਾਨ ਦਾ ਛਿੜਕਾਅ ਕਰਕੇ ਗੁੱਲੀ-ਡੰਡੇ ਦੀ ਰੋਕਥਾਮ ਕਰ ਲਈ ਜਾਂਦੀ ਸੀ ਜਿਸ ਲਈ ਕਿਸਾਨਾਂ ਨੂੰ ਬਹੁਤਾ ਖ਼ਰਚ ਵੀ ਨਹੀਂ ਕਰਨਾ ਪੈਂਦਾ ਸੀ। ਪਰ ਲਗਾਤਾਰ ਇਸ ਤੱਤ ਦੀ ਵਰਤੋਂ ਕੀਤੇ ਜਾਣ ਕਾਰਨ ਇਸ ਦਾ ਅਸਰ ਘੱਟ ਚੁੱਕਾ ਹੈ ਜਿਸ ਕਾਰਨ ਕਿਸਾਨਾਂ ਨੂੰ ਇਸ ਤੱਤ ਦੀ ਬਜਾਏ ਮਹਿੰਗੇ ਭਾਅ ਦੀਆਂ ਦਵਾਈਆਂ ਵਰਤਣੀਆਂ ਪੈ ਰਹੀਆਂ ਹਨ। ਫੀਨੌਕਸਾਪੌਪ (ਪਿਊਮਾ ਸੁਪਰ), ਸਲਫੋਸਲਫੂਰਾਨ ਅਤੇ ਕਲੋਡੀਨਾਫੋਪ ਤੱਤਾਂ ਵਾਲੇ ਨਦੀਨ ਨਾਸ਼ਕ ਵੀ ਕਾਫ਼ੀ ਸਮੇਂ ਤੋਂ ਕਿਸਾਨਾਂ ਦੀ ਉਮੀਦ ਅਨੁਸਾਰ ਇਸ ਨਦੀਨ ਦੀ ਰੋਕਥਾਮ ਕਰਦੇ ਆ ਰਹੇ ਹਨ ਅਤੇ ਹੁਣ ਵੀ ਪੰਜਾਬ ਅੰਦਰ ਕਲੋਡੀਨਾਫੋਪ ਅਤੇ ਸਲਫੋਸਲਫੂਰਾਨ ਆਦਿ ਤੱਤ ਵਾਲੇ ਨਦੀਨ ਨਾਸ਼ਕ ਕਾਫ਼ੀ ਲਾਹੇਵੰਦ ਸਿੱਧ ਹੋ ਰਹੇ ਹਨ। ਪਰ ਖੇਤੀ ਮਾਹਿਰਾਂ ਅਤੇ ਕਿਸਾਨਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕਈ ਜ਼ਮੀਨਾਂ ਅੰਦਰ ਆਈਸੋਪ੍ਰੋਟੋਯੂਰਾਨ ਵਾਂਗ ਇਨ੍ਹਾਂ ਤੱਤਾਂ ਦਾ ਅਸਰ ਵੀ ਘਟਦਾ ਜਾ ਰਿਹਾ ਹੈ। ਦੇਖਣ ਵਿਚ ਆਇਆ ਹੈ ਕਿ ਬਹੁਤੇ ਕਿਸਾਨ ਨਦੀਨਾਂ ਦੇ ਉੱਗਣ ਉਪਰੰਤ ਹੀ ਦਵਾਈਆਂ ਦਾ ਛਿੜਕਾਅ ਕਰਦੇ ਹਨ ਜਦੋਂ ਕਿ ਕਣਕ ਦੇ ਖੇਤਾਂ ਵਿਚ ਨਦੀਨਾਂ ਨੂੰ ਉਗਣ ਤੋਂ ਰੋਕਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ। ਇਸ ਮੰਤਵ ਲਈ ਕਣਕ ਦੀ ਬਿਜਾਈ ਦੇ 2 ਦਿਨਾਂ ਤੱਕ ਸਟੌਂਪ 30 ਈ. ਸੀ ਜਾਂ ਟ੍ਰੈਫਲਾਨ 48 ਈ. ਸੀ ਪ੍ਰਤੀ ਏਕੜ ਇੱਕ ਲਿਟਰ ਦੇ ਹਿਸਾਬ ਨਾਲ 200 ਤੋਂ 300 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਈ ਜਾ ਸਕਦੀ ਹੈ। ਉਪਰੋਕਤ ਦਵਾਈਆਂ ਦੀ ਵਰਤੋਂ ਨਾਲ ਗੁੱਲੀ ਡੰਡੇ ਦੇ ਨਾਲ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਵੀ ਕੀਤੀ ਜਾ ਸਕਦੀ ਹੈ। ਪਰ ਇਸ ਲਈ ਖੇਤ ਦੀ ਤਿਆਰੀ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੋਣੀ ਚਾਹੀਦੀ ਹੈ ਅਤੇ ਜ਼ਮੀਨ ਵਿਚ ਸਿੱਲ੍ਹ ਵੀ ਹੋਣੀ ਚਾਹੀਦੀ ਹੈ। ਨਦੀਨਾਂ ਦੀ ਸੁਚੱਜੀ ਰੋਕਥਾਮ ਲਈ ਜਿੱਥੇ ਸਹੀ ਸਮੇਂ 'ਤੇ ਸਹੀ ਦਵਾਈ ਦਾ ਛਿੜਕਾਅ ਕਰਨ ਦੀ ਲੋੜ ਹੁੰਦੀ ਹੈ, ਉਸ ਦੇ ਨਾਲ ਦੀ ਦਵਾਈ ਦਾ ਛਿੜਕਾਅ ਕਰਨ ਲਈ ਚੁਣੇ ਗਏ ਸਪਰੇਅ ਪੰਪ ਦੀ ਕਿਸਮ ਅਤੇ ਛਿੜਕਾਅ ਕਰਨ ਦਾ ਤਰੀਕਾ ਵੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਛਿੜਕਾਅ ਕਰਨ ਲਈ ਪਿੱਠ ਵਾਲੇ ਸਪਰੇਅ ਪੰਪ ਅੱਗੇ ਫਲੈਟ ਫੈਨ/ਫਲੱਡ ਜੈੱਟ ਨੋਜ਼ਲ ਦੀ ਵਰਤੋਂ ਕਰਕੇ ਹਵਾ ਦੇ ਰੁਖ਼ ਵੱਲ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕਣਕ ਦੀ ਫ਼ਸਲ ਨੂੰ ਨਦੀਨ ਮੁਕਤ ਰੱਖਣ ਲਈ ਸਾਫ਼-ਸੁਥਰਾ ਤੇ ਨਦੀਨਾਂ ਦੇ ਬੀਜਾਂ ਤੋਂ ਮੁਕਤ ਬੀਜ ਬੀਜਣਾ ਚਾਹੀਦਾ ਹੈ।
ਹਰ ਸਾਲ ਇੱਕੋ ਤੱਤ ਵਾਲੇ ਨਦੀਨਨਾਸ਼ਕ ਦਾ ਛਿੜਕਾਅ ਕਰਨ ਦੀ ਬਜਾਏ ਬਦਲ-ਬਦਲ ਕੇ ਨਦੀਨਨਾਸ਼ਕ ਜ਼ਹਿਰਾਂ ਦੀ ਚੋਣ ਕਰਨੀ ਚਾਹੀਦੀ ਹੈ। ਉਪਰੋਕਤ ਜ਼ਹਿਰਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਤਰ੍ਹਾਂ ਦੇ ਨਦੀਨਨਾਸ਼ਕ ਉਪਲਬਧ ਹਨ ਜਿਨ੍ਹਾਂ ਦੀ ਵਰਤੋਂ ਲਈ ਕਿਸਾਨ ਮਾਹਿਰਾਂ ਦੀ ਸਲਾਹ ਲੈ ਕੇ ਕਣਕ ਦੀ ਲਾਹੇਵੰਦ ਕਾਸ਼ਤ ਕਰ ਸਕਦੇ ਹਨ।

ਹਰਮਨਪ੍ਰੀਤ ਸਿੰਘ
-ਉਪ-ਦਫਤਰ ਗੁਰਦਾਸਪੁਰ

ਕਣਕ ਦੀ ਕਾਸ਼ਤ ਬਨਾਮ ਫ਼ਸਲੀ ਵਿਭਿੰਨਤਾ

ਕਣਕ ਦੀ ਬਿਜਾਈ ਹੁਣ ਆਖ਼ਰੀ ਪੜਾਅ 'ਚ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਮੰਗਲ ਸਿੰਘ ਸੰਧੂ ਅਨੁਸਾਰ ਤਕਰੀਬਨ 90 ਪ੍ਰਤੀਸ਼ਤ ਰਕਬੇ ਤੇ ਬਿਜਾਈ ਮੁਕੰਮਲ ਹੋ ਚੁੱਕੀ ਹੈ। ਹੁਣ ਜੋ ਰਕਬਾ ਰਹਿੰਦਾ ਹੈ ਉਹ ਜਾਂ ਤਾਂ ਕਪਾਹ ਪੱਟੀ 'ਚ ਹੈ ਜਾਂ ਫੇਰ ਆਲੂਆਂ ਵਾਲੇ ਖੇਤ ਬੀਜਣੇ ਬਾਕੀ ਹਨ। ਖੇਤੀਬਾੜੀ ਵਿਭਾਗ ਦੇ ਅਨੁਮਾਨਾਂ ਦੇ ਆਧਾਰ ਤੇ 98 ਪ੍ਰਤੀਸ਼ਤ ਰਕਬਾ 20 ਦਸੰਬਰ ਤੋਂ ਪਹਿਲਾਂ ਪਹਿਲਾਂ ਬੀਜਿਆ ਜਾਵੇਗਾ। ਹੁਣ ਸਭ ਤੋਂ ਵੱਧ ਝਾੜ ਤੇ ਮੁਨਾਫਾ ਦੇਣ ਵਾਲੀ ਐਚ. ਡੀ. 2967 ਕਿਸਮ ਬੀਜਣ ਦਾ ਸਮਾਂ ਖਤਮ ਹੋ ਚੁੱਕਿਆ ਹੈ। ਹੁਣ ਪਛੇਤੀ ਬਿਜਾਈ ਲਈ ਸਿਫਾਰਿਸ਼ ਕਿਸਮਾਂ ਪੀ. ਬੀ. ਡਬਲਿਊ 658, ਐਚ. ਡੀ. 3059, ਪੀ. ਬੀ. ਡਬਲਿਊ 509 ਜਾਂ ਐਚ. ਡੀ. 2985 ਹੀ ਸੇਂਜੂ ਜ਼ਮੀਨਾਂ 'ਤੇ ਲਾਹੇਵੰਦ ਬੀਜੀਆਂ ਜਾ ਸਕਦੀਆਂ ਹਨ। ਜੇ ਬਿਜਾਈ 20 ਦਸੰਬਰ ਤੋਂ ਵੀ ਦੇਰੀ ਨਾਲ ਕਰਨੀ ਪੈ ਜਾਵੇ ਤਾਂ ਡਬਲਿਊ. ਆਰ. 544 ਕਿਸਮ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੰਜਾਬ ਸਰਕਾਰ ਨੇ 34. 70 ਲੱਖ ਹੈਕਟੇਅਰ ਤੇ ਕਣਕ ਦੀ ਕਾਸ਼ਤ ਕੀਤੇ ਜਾਣ ਦਾ ਟੀਚਾ ਰੱਖਿਆ ਹੈ। ਪਿਛਲੇ ਸਾਲ 35. 28 ਲੱਖ ਹੈਕਟੇਅਰ ਤੇ ਇਸ ਦੀ ਬਿਜਾਈ ਹੋਈ ਸੀ। ਭਾਵੇਂ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਫ਼ਸਲੀ ਵਿਭਿੰਨਤਾ ਪਲਾਨ ਸਾਉਣੀ 'ਚ ਝੋਨੇ ਦੀ ਕਾਸ਼ਤ ਥੱਲਿਉਂ 12 ਲੱਖ ਹੈਕਟੇਅਰ ਰਕਬਾ ਘਟਾਉਣ ਨੂੰ ਅਹਿਮੀਅਤ ਦਿੰਦੀ ਹੈ ਪਰ ਖੇਤੀਬਾੜੀ ਵਿਭਾਗ ਦਾ ਟੀਚਾ ਕਣਕ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦਾ ਵੀ ਹੈ। ਝੋਨੇ ਦੀ ਕਾਸ਼ਤ ਘਟਾਉਣ ਦੀ ਲੋੜ ਤਾਂ ਹੈ ਹੀ ਕਿਉਂਕਿ ਇਸ ਨਾਲ ਜ਼ਮੀਨ ਥੱਲੇ ਪਾਣੀ ਦੀ ਸਤਹਿ ਦੇ ਗਿਰ ਜਾਣ ਅਤੇ ਪ੍ਰਦੂਸ਼ਣ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋਈਆਂ ਹਨ। ਰਾਜ ਦੇ 145 ਬਲਾਕਾਂ 'ਚੋਂ 75 ਅਜਿਹੇ ਹਨ ਜਿੱਥੇ ਸਿਆਹ ਜ਼ੋਨ 'ਚ ਆਉਣ ਕਾਰਨ ਕੋਈ ਹੋਰ ਟਿਊਬਵੈੱਲ ਲੱਗਣ ਦੀ ਗੁੰਜਾਇਸ਼ ਨਹੀਂ ਅਤੇ 28 ਬਲਾਕ ਖਤਰੇ ਦੇ ਜ਼ੋਨ 'ਚ ਹਨ। ਪਰੰਤੂ ਕਣਕ ਨੂੰ ਤਾਂ ਦੂਜੀਆਂ ਹਾੜ੍ਹੀ 'ਚ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਦੇ ਮੁਕਾਬਲੇ ਪਾਣੀ ਦੀ ਕੋਈ ਬਹੁਤੀ ਲੋੜ ਨਹੀਂ। ਕੇਂਦਰ ਕਣਕ ਭੰਡਾਰ 'ਚ ਯੋਗਦਾਨ ਪਾਉਣ ਲਈ ਪੰਜਾਬ ਮੋਹਰੀ ਸੂਬਾ ਰਿਹਾ ਹੈ। ਹੁਣ ਇਹ ਦਰਜਾ ਮੱਧ ਪ੍ਰਦੇਸ਼ ਨੂੰ ਜਾ ਰਿਹਾ ਹੈ ਜਿੱਥੇ ਸੂਬਾ ਸਰਕਾਰ ਨੇ ਪੰਜਾਬ ਦੇ 165 ਲੱਖ ਟਨ ਦੇ ਮੁਕਾਬਲੇ 192 ਲੱਖ ਟਨ ਕਣਕ ਪੈਦਾ ਕਰਨ ਦਾ ਟੀਚਾ ਮਿਥਿਆ ਹੈ। ਫਿਰ ਮੱਧ ਪ੍ਰਦੇਸ਼ 'ਚ ਪੈਦਾ ਕੀਤੀ ਜਾ ਰਹੀ ਕਣਕ ਦੀ ਗੁਣਵੱਤਾ ਵੀ ਵਧੇਰੇ ਹੋਵੇਗੀ। ਅੰਨ ਸੁਰੱਖਿਆ ਬਿੱਲ ਆਉਣ ਨਾਲ ਦੇਸ਼ 'ਚ ਕਣਕ ਦੀ ਲੋੜ ਵੀ ਵਧ ਜਾਣੀ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੀ ਥਾਂ ਐਗਰੋ-ਫੋਰੈਸਟਰੀ (ਜੰਗਲਾਤ) ਅਤੇ ਦਾਲਾਂ ਦੀ ਕਾਸ਼ਤ ਸਿਫਾਰਿਸ਼ ਕੀਤੀ ਜਾ ਰਹੀ ਹੈ। ਭਾਵੇਂ ਹਲਕੀਆਂ ਜ਼ਮੀਨਾਂ 'ਤੇ ਇਹ ਬਦਲਵੀਆਂ ਫ਼ਸਲਾਂ ਬੀਜੀਆਂ ਜਾਣ ਪਰ ਕੀ ਇਨ੍ਹਾਂ ਦੀ ਕਾਸ਼ਤ ਕਣਕ ਦੇ ਮੁਕਾਬਲੇ ਲਾਹੇਵੰਦ ਹੋਵੇਗੀ ? ਵਿਸ਼ੇਸ਼ ਕਰਕੇ ਜਦੋਂ ਕਿਸਾਨਾਂ ਨੂੰ ਇਨ੍ਹਾਂ ਦੀ ਕਾਸ਼ਤ ਸਬੰਧੀ ਵੀ ਕੋਈ ਤਜਰਬਾ ਨਾ ਹੋਵੇ ਅਤੇ ਲੈਬਰ ਬੜੀ ਮਹਿੰਗੀ ਅਤੇ ਘੱਟ ਉਪਲੱਬਧ ਹੋਵੇ। ਫਿਰ ਕੇਂਦਰ ਵੱਲੋਂ ਅੰਨ ਸੁਰੱਖਿਆ ਪ੍ਰੋਗਰਾਮ ਥੱਲੇ ਆਈ ਸਬਸਿਡੀ ਦੀ ਰਕਮ ਵਰਤ ਕੇ ਕਣਕ ਦੇ ਬੀਜ ਸਬਸਿਡੀ ਤੇ ਦਿੱਤੇ ਜਾਣਾ ਵੀ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਹੈ ਕਿ ਕਣਕ ਉਤਪਾਦਨ ਵਧਾਉਣ ਦੀ ਲੋੜ ਹੈ।
ਫ਼ਸਲੀ ਵਿਭਿੰਨਤਾ ਲਈ ਕੇਂਦਰ ਵੱਲੋਂ ਸਬਜ਼ ਇਨਕਲਾਬ ਵਾਲੇ ਪੰਜਾਬ, ਹਰਿਆਣਾ ਤੇ ਪੱਛਮੀ ਯੂ. ਪੀ. ਰਾਜਾਂ ਲਈ ਰਾਖਵੀਂ ਰੱਖੀ 500 ਕਰੋੜ ਰੁਪਏ ਦੀ ਰਕਮ 'ਚੋਂ ਪੰਜਾਬ ਨੂੰ 224. 50 ਕਰੋੜ ਰੁਪਏ ਇਸ ਸਾਲ ਖਰਚ ਕਰਨ ਲਈ ਮਿਲੇ। ਜੋ ਪੰਜਾਬ ਵੱਲੋਂ ਵਿਸ਼ਾਲ ਵਿਭਿੰਨਤਾ ਯੋਜਨਾ ਬਣਾ ਕੇ 7500 ਕਰੋੜ ਰੁਪਏ ਦੀ ਕੇਂਦਰ ਤੋਂ ਰਕਮ ਮੰਗੀ ਗਈ ਸੀ ਇਸ ਨੂੰ ਦੇਣ ਤੋਂ ਪਹਿਲਾਂ ਯੋਜਨਾ ਕਮਿਸ਼ਨ ਨੇ 224. 50 ਕਰੋੜ ਰੁਪਏ ਰਕਮ ਦੀ ਯੋਗ ਵਰਤੋਂ ਕਰਨ ਅਤੇ ਇਸ ਨਾਲ ਵਿਭਿੰਨਤਾ 'ਚ ਪ੍ਰਾਪਤੀ ਕਰਨ ਸਬੰਧੀ ਮੁਤਾਅਲਾ ਕਰਕੇ ਰਿਪੋਰਟ ਬਣਾਉਣ ਨੂੰ ਕਿਹਾ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਵਿਚ ਮੱਕੀ, ਕਪਾਹ ਨਰਮਾ, ਗੰਨਾ, ਦਾਲਾਂ ਤੇ ਸੋਇਆਬੀਨ ਦੀ ਕਾਸ਼ਤ ਥੱਲੇ ਝੋਨੇ 'ਚੋਂ ਕੱਢ ਕੇ ਰਕਬਾ ਵਧਾਉਣ ਦੀ ਯੋਜਨਾ ਬਣਾਈ ਗਈ ਸੀ ਪਰ ਬਾਅਦ ਵਿਚ ਖੋਜ ਵੱਲੋਂ ਬਾਸਮਤੀ ਦੀਆਂ ਲਾਹੇਵੰਦ ਤੇ ਸਫ਼ਲ ਕਿਸਮਾਂ ਕਿਸਾਨਾਂ ਤੱਕ ਪਹੁੰਚਾਉਣ ਨਾਲ ਉਨ੍ਹਾਂ ਨੇ ਇਸ ਨੂੰ ਤੇਜ਼ੀ ਤੇ ਵੱਡੇ ਪੱਧਰ 'ਤੇ ਅਪਣਾਇਆ ਅਤੇ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ 1. 5 ਲੱਖ ਹੈਕਟੇਅਰ ਤੋਂ ਵਧ ਕੇ ਲਗਭਗ 6 ਲੱਖ ਹੈਕਟੇਅਰ ਤੱਕ ਚਲਾ ਗਿਆ। ਪੰਜਾਬ ਸਰਕਾਰ ਨੇ ਵੀ ਬਾਸਮਤੀ ਨੂੰ ਅਹਿਮੀਅਤ ਦੇਣੀ ਸ਼ੁਰੂ ਕੀਤੀ ਅਤੇ ਇਸ 'ਤੇ 7 ਪ੍ਰਤੀਸ਼ਤ ਕਰ ਮੁਆਫ਼ ਕਰ ਦਿੱਤੇ। ਬਾਸਮਤੀ ਦੀਆਂ ਇਨ੍ਹਾਂ ਨਵੀਆਂ ਵਿਕਸਿਤ ਪੂਸਾ ਬਾਸਮਤੀ 1121 ਤੇ ਪੂਸਾ ਬਾਸਮਤੀ 1509 ਕਿਸਮਾਂ ਲਈ ਜ਼ਮੀਨ ਥਲਿਉਂ ਟਿਊਬਵੈਲਾਂ ਦੇ ਪਾਣੀ ਦੀ ਬਹੁਤੀ ਲੋੜ ਨਹੀਂ ਅਤੇ ਅੰਤਰਰਾਸ਼ਟਰੀ ਬਰਾਮਦ ਮੰਡੀ 'ਚ ਇਨ੍ਹਾਂ ਕਿਸਮਾਂ ਦੇ ਚੌਲਾਂ ਦੀ ਮੰਗ ਹੋਣ ਕਾਰਨ ਕਿਸਾਨਾਂ ਨੂੰ 4000 ਤੋਂ 4500 ਰੁਪਏ ਕੁਇੰਟਲ ਉਤਪਾਦਨ ਦਾ ਮੁੱਲ ਮਿਲਿਆ ਅਤੇ ਵੱਟਤ ਇਕ ਲੱਖ ਰੁਪਏ ਪ੍ਰਤੀ ਏਕੜ ਤੱਕ ਚਲੀ ਗਈ। ਕਣਕ ਦੀ ਬਜਾਏ ਹੁਣ ਬਾਸਮਤੀ ਉਤਪਾਦਨ 'ਚ ਪੰਜਾਬ ਮੋਹਰੀ ਸੂਬਾ ਬਣਨ ਜਾ ਰਿਹਾ ਹੈ। ਬਾਸਮਤੀ ਦੀ ਕਾਸ਼ਤ ਭਵਿੱਖ 'ਚ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਸਹਾਇਕ ਕੀਮਤ ਜੋ ਖਰੀਦਦਾਰ ਕਿਸਾਨਾਂ ਨੂੰ ਦੇਣ ਤਾਂ ਜੋ ਉਨ੍ਹਾਂ ਨੂੰ 7 ਪ੍ਰਤੀਸ਼ਤ ਕਰਾਂ ਦੀ ਰਾਹਤ ਮਿਲੇ ਐਲਾਨਣ ਦੀ ਲੋੜ ਹੈ। ਇਹੋ ਸਹੂਲਤ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਦੇ ਵਪਾਰੀਆਂ ਨੂੰ ਵੀ ਮੁਹਈਆ ਕਰਨ ਦੀ ਲੋੜ ਹੈ ਤਾਂ ਜੋ ਉਤਪਾਦਕਾਂ ਨੂੰ ਅਗਲੇ ਸਾਲ ਵੀ ਲਾਹੇਵੰਦ ਕੀਮਤ ਮਿਲਣ ਦਾ ਭਰੋਸਾ ਬੰਨ੍ਹੇ ਅਤੇ ਬਾਸਮਤੀ ਦੀ ਕਾਸ਼ਤ ਲਈ ਉਨ੍ਹਾਂ ਦਾ ਉਤਸ਼ਾਹ ਬਣਿਆ ਰਹੇ।
ਸਬਸਿਡੀ 'ਤੇ ਦਿੱਤੇ ਜਾਣ ਵਾਲੇ ਕਣਕ ਦੇ ਬੀਜ ਦੀ ਇਸ ਸਾਲ ਮੁੜ ਯੋਗ ਵੰਡ ਨਹੀਂ ਹੋਈ। ਬਹੁਤੇ ਛੋਟੇ ਕਿਸਾਨ ਇਸ ਸਕੀਮ ਤੋਂ ਫਾਇਦਾ ਉਠਾਉਣ ਤੋਂ ਮਹਿਰੂਮ ਰਹੇ। ਸਹੀ ਯੋਜਨਾਬੰਦੀ ਨਾ ਹੋਣ ਕਾਰਨ ਕਈ ਥਾਵਾਂ 'ਤੇ ਇਹ ਬੀਜ ਖਾਣ ਲਈ ਕਣਕ ਦੇ ਤੌਰ 'ਤੇ ਵਰਤਿਆ ਗਿਆ। ਲੋੜ ਹੈ ਭਵਿੱਖ 'ਚ ਇਸ ਸਕੀਮ ਨੂੰ ਕਿਸਾਨ-ਹਿੱਤ ਤੇ ਨਿਪੁੰਨ ਬਣਾਉਣ ਦੀ। ਫ਼ਸਲੀ ਵਿਭਿੰਨਤਾ ਲਈ ਆਏ 224. 50 ਕਰੋੜ ਰੁਪਏ 'ਚੋਂ ਬਾਗ਼ਬਾਨੀ ਤੇ ਸਬਜ਼ੀਆਂ ਦੀ ਕਾਸ਼ਤ ਲਈ ਵੀ ਕੋਈ ਰੁਪਇਆ ਨਹੀਂ ਦਿੱਤਾ ਗਿਆ। ਹਾਲਾਂਕਿ ਵਿਭਿੰਨਤਾ ਪੱਖੋਂ ਇਹ ਦੋਵੇਂ ਅਹਿਮ ਖੇਤਰ ਹਨ। ਭਾਵੇਂ ਬਾਗ਼ਬਾਨੀ ਵਿਭਾਗ ਨੇ 4000 ਹੈਕਟੇਅਰ ਰਕਬਾ ਫ਼ਲਾਂ ਦੀ ਕਾਸ਼ਤ ਅਤੇ 5000 ਹੈਕਟੇਅਰ ਰਕਬਾ ਸਬਜ਼ੀਆਂ ਦੀ ਕਾਸ਼ਤ ਥੱਲੇ ਵਧਾ ਕੇ ਤਰਤੀਬਵਾਰ 80 ਹਜ਼ਾਰ ਤੇ 24,000 ਹੈਕਟੇਅਰ ਕਰਨ ਦਾ ਟੀਚਾ ਮਿਥਿਆ ਹੈ ਪਰ ਇਸ ਲਈ ਕੌਮੀ ਬਾਗ਼ਬਾਨੀ ਮਿਸ਼ਨ ਥੱਲੇ 'ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ' ਸਕੀਮ 'ਚੋਂ ਹੀ ਖਰਚ ਕੀਤਾ ਜਾ ਰਿਹਾ ਹੈ। ਕੌਮੀ ਬਾਗ਼ਬਾਨੀ ਮਿਸ਼ਨ ਥੱਲੇ ਇਸ ਸਾਲ 30 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਬਾਕੀ ਦਾ 25 ਕਰੋੜ ਰੁਪਇਆ ਲੈਣ ਲਈ ਬਾਗ਼ਬਾਨੀ ਵਿਭਾਗ ਵੱਲੋਂ ਕੇਂਦਰ ਨੂੰ ਪਹੁੰਚ ਕੀਤੀ ਗਈ ਹੈ।
ਫ਼ਸਲੀ ਵਿਭਿੰਨਤਾ ਲਈ ਖੇਤੀਬਾੜੀ ਵਿਭਾਗ 'ਚ ਆਈ ਰਕਮ ਕਿਉਂ ਨਾ ਖੇਤੀ ਖੋਜ ਨੂੰ ਮਜ਼ਬੂਤ ਕਰਨ ਅਤੇ ਸਬਜ਼ੀਆਂ, ਫ਼ਲਾਂ ਦੀ ਕਾਸ਼ਤ ਵਧਾਉਣ ਤੇ ਪ੍ਰੋਸੈਸਿੰਗ ਅਤੇ ਮੰਡੀਕਰਨ ਦੀਆਂ ਸਹੂਲਤਾਂ ਸਥਾਪਿਤ ਕਰਨ ਲਈ ਖਰਚ ਕੀਤੀ ਜਾਵੇ। ਬਾਸਮਤੀ ਦੇ ਲਾਹੇਵੰਦ ਮੰਡੀਕਰਨ ਲਈ ਵੀ ਕਿਸਾਨ ਹਿੱਤ 'ਚ ਫ਼ਸਲੀ ਵਿਭਿੰਨਤਾ ਲਈ ਆਉਣ ਵਾਲੀ ਰਕਮ 'ਚੋਂ ਖਰਚ ਕਰਨਾ ਯੋਗ ਹੋਵੇਗਾ। ਬਾਸਮਤੀ ਰਾਹੀਂ ਵਿਭਿੰਨਤਾ ਦੀ ਪ੍ਰਾਪਤੀ ਰਾਜ ਤੋਂ ਬਾਹਰ ਕੇਂਦਰ ਦੀ ਭਾਰਤੀ ਖੇਤੀ ਖੋਜ ਸੰਸਥਾਨ 'ਚ ਕੀਤੀ ਗਈ ਖੋਜ ਦਾ ਨਤੀਜਾ ਹੈ। ਲੋੜ ਹੈ ਰਾਜ ਦੀ ਪੰਜਾਬ ਖੇਤੀ ਯੂਨੀਵਰਸਿਟੀ ਨੂੰ ਲੋੜੀਂਦੀ ਮਾਲੀ ਸਹਾਇਤਾ ਮੁਹਈਆ ਕਰਕੇ ਖੇਤੀ ਖੋਜ ਨੂੰ ਮਜ਼ਬੂਤ ਕਰਨ ਦੀ।

ਭਗਵਾਨ ਦਾਸ
-ਮੋਬਾ: 98152-36307

ਘੀਆ ਕੱਦੂ ਦੀ ਵੇਲ ਨੂੰ ਲਗਦੇ ਨੇ ਖਰਬੂਜ਼ੇ ਵਰਗੇ ਘੀਏ

ਜਮਸ਼ੇਰ ਖਾਸ ਨਜ਼ਦੀਕ ਪਿੰਡ ਨਾਨਕ ਪਿੰਡੀ ਜਲੰਧਰ ਦੇ ਜੀਤ ਰਾਮ ਨੇ ਘੀਆ ਕੱਦੂ ਦੀਆਂ ਦੋ ਵੇਲਾਂ ਬੀਜੀਆਂ ਹੋਈਆਂ ਸਨ ਜਿਨ੍ਹਾਂ ਨੂੰ ਖਰਬੂਜ਼ੇ ਵਰਗੇ ਘੀਏ ਲੱਗਦੇ ਹਨ। ਜੀਤ ਰਾਮ ਜੋ ਬਚਪਨ ਤੋਂ ਮਾਲੀ ਦਾ ਕੰਮ ਕਰਦਾ ਹੈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੂੰ ਕਿਸੇ ਨੇ ਘੀਏ ਦੇ ਪੰਜ ਬੀਜ ਦਿੱਤੇ ਸਨ ਜਿਨ੍ਹਾਂ ਵਿਚੋਂ ਦੋ ਬੀਜ ਹੀ ਜੰਮੇ ਸਨ ਜਿਨ੍ਹਾਂ ਦੀਆਂ ਵੇਲਾਂ ਦਾ ਫੈਲਾਓ ਪੰਜ ਮਰਲੇ 'ਚ ਹੋ ਚੁੱਕਿਆ ਹੈ। ਇਨ੍ਹਾਂ ਦੋਵਾਂ ਵੇਲਾਂ ਨੂੰ 100 ਤੋਂ ਜ਼ਿਆਦਾ ਘੀਆ ਕੱਦੂ ਲੱਗ ਚੁੱਕੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੈਂ 100 ਦੇ ਕਰੀਬ ਘੀਏ ਤੋੜ ਕੇ ਆਪਣੇ ਸਕੇ-ਸਬੰਧੀਆਂ ਨੂੰ ਸਬਜ਼ੀ ਦੇ ਚੁੱਕਿਆ ਹਾਂ ਅਤੇ ਮੇਰਾ ਘਰ ਸੜਕ ਦੇ ਕਿਨਾਰੇ ਹੋਣ ਕਰਕੇ ਰਾਹੀ ਸੜਕ 'ਤੇ ਰੁਕ ਜਾਂਦੇ ਹਨ ਤੇ ਹੈਰਾਨੀ ਨਾਲ ਵੇਖ ਕੇ ਘੀਏ ਦੀਆਂ ਵੇਲਾਂ ਨੂੰ ਖਰਬੂਜ਼ੇ ਵਰਗੇ ਲੱਗੇ ਹੋਏ ਘੀਏ ਦੇਖ ਕੇ ਸਬਜ਼ੀ ਲਈ ਮੰਗ ਕਰਦੇ ਹਨ ਤੇ ਬੀਜ ਦੀ ਵੀ ਮੰਗ ਨਾਲ ਹੀ ਰੱਖ ਦਿੰਦੇ ਹਨ। ਮੈਂ ਬੀਜ ਲਈ ਦੋ ਘੀਏ ਰੱਖੇ ਹੋਏ ਹਨ ਜਿਨ੍ਹਾਂ ਦਾ ਬੀਜ ਤਿਆਰ ਕਰਕੇ ਹੋਰ ਲੋਕਾਂ ਨੂੰ ਦੇਵਾਂਗਾ ਕਿਉਂਕਿ ਇਨ੍ਹਾਂ ਦੀ ਸਬਜ਼ੀ ਬਹੁਤ ਹੀ ਸਵਾਦ ਦਿਸ਼ਟ ਬਣਦੀ ਹੈ। ਲੋਕ ਵਾਰ-ਵਾਰ ਮੰਗਦੇ ਹਨ।

ਰਾਜ ਕਪੂਰ
-ਜਮਸ਼ੇਰ ਖਾਸ, ਜਲੰਧਰ।
ਮੋਬਾਈਲ : 98152-03011.

 

ਰਜਾਈ ਅਤੇ ਤਲਾਈ ਦਾ ਇਤਿਹਾਸ

ਸਰਦੀਆਂ ਵਿਚ ਰਜਾਈ ਅਤੇ ਤਲਾਈ ਦੇ ਨਿੱਘ ਦਾ ਆਪਣਾ ਹੀ ਆਨੰਦ ਹੁੰਦਾ ਹੈ। ਗਰੀਬ ਹੋਵੇ ਜਾਂ ਅਮੀਰ ਦੋਵਾਂ ਨੂੰ ਹੀ ਰਜਾਈ ਅਤੇ ਤਲਾਈ ਦੀ ਜ਼ਰੂਰਤ ਹੁੰਦੀ ਹੈ। ਚੰਗੀ ਨੀਂਦ ਤੰਦਰੁਸਤੀ ਦਿੰਦੀ ਹੈ ਅਤੇ ਸਰਦੀਆਂ ਵਿਚ ਚੰਗੀ ਨੀਂਦ ਲੈਣ ਲਈ ਰਜਾਈ ਤੇ ਤਲਾਈ ਦਾ ਨਿੱਘ ਲੈਣਾ ਅਤਿ ਜ਼ਰੂਰੀ ਹੁੰਦਾ ਹੈ। ਸਰਦੀਆਂ ਵਿਚ ਰਜਾਈ ਲੈਣਾ ਬਹੁਤ ਜ਼ਰੂਰੀ ਹੈ।
ਸਰਦੀਆਂ ਵਿਚ ਸੌਂਦੇ ਸਮੇਂ ਰਜਾਈ ਅਤੇ ਤਲਾਈ ਦਾ ਬਾਦਸ਼ਾਹੀ ਸੁਖ-ਸੁਖਦ ਜੀਵਨ ਦੀ ਪਰਿਭਾਸ਼ਾ ਦਸਦਾ ਹੈ। ਸਰਦੀਆਂ ਵਿਚ ਉਪਰ ਲੈਣ ਵਾਲਾ ਦੋਹਰਾ ਕੱਪੜਾ ਜਿਸ ਵਿਚ ਰੂੰ ਭਰੀ ਹੁੰਦੀ ਹੈ, ਰਜਾਈ ਅਖ਼ਵਾਉਂਦਾ ਹੈ। ਰਜਾਈ ਦੀਆਂ ਕਈ ਕਿਸਮਾਂ ਹੋਂਦ ਵਿਚ ਆ ਚੁੱਕੀਆਂ ਹਨ। ਪੁਰਾਣੇ ਸਮਿਆਂ ਵਿਚ ਹੱਥ ਦੀ ਬਣੀ ਹੋਈ ਭਾਰੀ ਰਜਾਈ ਹੁੰਦੀ ਸੀ। ਜਿਸ ਵਿਚ ਕਪਾਹ ਦਾ ਰੂੰਅ ਪੈਂਦਾ ਸੀ। ਇਸੇ ਤਰ੍ਹਾਂ ਹੀ ਤਲਾਈ ਵਿਚ ਰੂੰ ਥੋੜ੍ਹਾ ਘੱਟ ਪੈਂਦਾ ਸੀ। ਮੰਜੀ ਅਤੇ ਕੱਦ ਦੇ ਹਿਸਾਬ ਨਾਲ ਰਜਾਈ ਦੀ ਲੰਬਾਈ-ਚੌੜਾਈ ਨਿਸ਼ਚਿਤ ਕਰ ਲਈ ਜਾਂਦੀ ਸੀ।
ਅੱਜਕਲ੍ਹ ਰਜਾਈਆਂ ਅਨੇਕਾਂ ਡਿਜ਼ਾਈਨਾਂ ਵਿਚ ਆ ਚੁੱਕੀਆਂ ਹਨ। ਪਹਿਲਾਂ ਤਾਂ ਕੇਵਲ ਖੱਦਰ ਦੀਆਂ ਹੀ ਰਜਾਈਆਂ ਚਲਦੀਆਂ ਸਨ ਪਰ ਹੌਲੀ-ਹੌਲੀ ਕੱਪੜੇ ਦੀਆਂ ਅਨੇਕਾਂ ਕਿਸਮਾਂ ਆਉਣ ਨਾਲ ਭੂ-ਮੰਡਲੀਕਰਨ ਅਤੇ ਨਵਉਦਾਰ ਵਾਦਿਤਾ ਦੇ ਯੁੱਗ ਵਿਚ ਮਸ਼ੀਨਰੀ ਅਤੇ ਕੰਪਿਊਟਰ ਦੀ ਆਧੁਨਿਕ ਤਕਨੀਕ ਨੇ ਗਿਲਾਫ਼ (ਰਜਾਈ ਦਾ ਕੱਪੜਾ) ਨੂੰ ਖੱਦਰ ਦੇ ਅਧਿਕਾਰ 'ਚੋਂ ਬਾਹਰ ਕੱਢ ਕੇ ਆਧੁਨਿਕ ਆਕਰਸ਼ਕ ਸੁੰਦਰ ਸ਼ੈਲੀ ਵਾਲੇ ਰੰਗਦਾਰ ਕੱਪੜਿਆਂ (ਗਿਲਾਫ਼) ਵਿਚ ਲਿਆ ਖੜ੍ਹਾ ਕੀਤਾ। ਪਹਿਲਾਂ ਤਲਾਈ ਧਾਰੀਦਾਰ ਕੱਪੜੇ ਵਿਚ ਪ੍ਰਚਲਿਤ ਸੀ ਪਰ ਹੁਣ ਆਧੁਨਿਕ ਡਿਜ਼ਾਈਨਦਾਰ ਕੱਪੜੇ ਨੇ ਜਗ੍ਹਾ ਲੈ ਲਈ ਹੈ।
ਕਿਸੇ ਸਮੇਂ ਵਾਧੂ-ਘਾਟੂ ਰੂੰ ਜਾਂ ਕੰਬਲਾਂ ਦੇ ਬੇਕਾਰ ਧਾਗੇ, ਫੈਕਟਰੀ ਦੇ ਬੇਕਾਰ ਕੱਪੜੇ ਦੀਆਂ ਲੀਰਾਂ ਜਾਂ ਕਾਤਰਾਂ ਨਾਲ ਵੀ ਰਜਾਈਆਂ ਭਰੀਆਂ ਜਾਂਦੀਆਂ ਸਨ ਪਰ ਹੁਣ ਇਹ ਸ਼ੈਲੀ ਬਹੁਤ ਘਟ ਚੁੱਕੀ ਹੈ।
ਵੇਖਣ ਵਿਚ ਆਇਆ ਹੈ ਕਿ ਕਪਾਹ ਦੇ ਰੂੰ ਦਾ ਰਿਵਾਜ਼ ਵੀ ਘਟਦਾ ਜਾ ਰਿਹੈ, ਰੂੰ ਦੀ ਜਗ੍ਹਾ 'ਤੇ ਅੱਜਕਲ੍ਹ ਫਾਈਬਰ ਵਾਲਾ ਰੂੰ ਹੀ ਜ਼ਿਆਦਾ ਰਜਾਈ-ਤਲਾਈ ਵਿਚ ਭਰਿਆ ਜਾਂਦਾ ਹੈ। ਫਾਈਬਰ, ਕਪਾਹ ਨਾਲੋਂ ਸਸਤਾ ਪੈਂਦਾ ਹੈ ਕਿਉਂਕਿ ਰੂੰ ਨਾਲੋਂ ਫਾਈਬਰ ਬੁਹਤ ਹਲਕਾ ਅਤੇ ਘੱਟ ਭਾਰ ਵਾਲਾ ਹੁੰਦਾ ਹੈ ਅਤੇ ਕਪਾਹੀ ਰੂੰ ਨਾਲੋਂ ਨਿੱਘ ਜ਼ਿਆਦਾ ਦਿੰਦਾ ਹੈ।
ਜੈਪੁਰੀ ਅਤੇ ਨਾਗਾਲੈਂਡ, ਕੋਰੀਆ, ਬਰਮਾ ਆਦਿ ਦੀਆਂ ਰਜਾਈਆਂ ਰੰਗਾਂ ਭਰਪੂਰ ਅਤੇ ਦਿਲਕਸ਼ ਡਿਜ਼ਾਈਨਾਂ ਵਿਚ ਆਉਂਦੀਆਂ ਹਨ। ਇਹ ਰਜਾਈਆਂ ਹਲਕੀਆਂ ਅਤੇ ਖੂਬਸੂਰਤੀ ਵਿਚ ਹੁੰਦੀਆਂ ਹਨ। ਜੈਪੁਰੀ ਰਜਾਈ ਪਤਲੀ ਅਤੇ ਦੇਸੀ ਕਪਾਹ ਦੀ ਬਣੀ ਹੁੰਦੀ ਹੈ। ਇਹ ਰਜਾਈ ਸਤੰਬਰ ਤੋਂ ਨਵੰਬਰ ਮਹੀਨੇ ਤੱਕ ਹੀ ਲਈਆਂ ਜਾਂਦੀਆਂ ਹਨ, ਜਿਸ ਨੂੰ 'ਫਰਜ਼ੀ ਰਜਾਈ' ਵੀ ਕਹਿੰਦੇ ਹਨ।
ਵੇਖਿਆ ਜਾਵੇ ਤਾਂ ਰਜਾਈ ਤੇ ਤਲਾਈ ਤੋਂ ਬਗੈਰ ਸਰਦੀਆਂ ਕੱਢਣਾ ਮਨੁੱਖ ਲਈ ਅਤਿ ਮੁਸ਼ਕਿਲ ਹੈ। ਭਾਵੇਂ ਆਧੁਨਿਕ ਤਕਨੀਕਾਂ ਹੋਂਦ ਵਿਚ ਆਈਆਂ ਹਨ ਪਰ ਰਜਾਈ, ਰਜਾਈ ਹੀ ਹੈ ਤੇ ਤਲਾਈ-ਤਲਾਈ ਹੀ ਹੈ।

ਬਲਵਿੰਦਰ ਬਾਲਮ ਗੁਰਦਾਸਪੁਰ
-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)।
ਮੋਬਾਈਲ : 98156-25409.

 

ਪੰਜਾਬੀਆਂ ਦੀ ਮਨਭਾਉਂਦੀ ਖੁਰਾਕ-ਗੁੜ

ਗੁੜ ਤੇ ਸ਼ੱਕਰ ਪੰਜਾਬੀ ਲੋਕਾਂ ਦੀ ਮਨ-ਭਾਉਂਦੀ ਖੁਰਾਕ ਦਾ ਹਿੱਸਾ ਰਹੇ ਹਨ। ਗੁੜ ਦਾ ਨਾਂਅ ਲੈਂਦਿਆਂ ਹੀ ਮੂੰਹ 'ਚ ਇੱਕ ਵੱਖਰੀ ਕਿਸਮ ਦੇ ਸੁਆਦ ਦਾ ਆਨੰਦ ਆ ਜਾਂਦਾ ਹੈ। ਕਿਸੇ ਵੇਲੇ ਪੰਜਾਬ ਦੇ ਪਿੰਡਾਂ 'ਚ ਸਿਆਲਾਂ ਦੀ ਰੁੱਤ 'ਚ ਗੁੜ ਤੇ ਸ਼ੱਕਰ ਕੱਢਣ ਲਈ ਸਾਰਾ ਸਿਆਲ ਚੱਲਦੇ ਵੇਲਣੇ ਜਿੱਥੇ ਲੋਕਾਂ ਨੂੰ ਇਸ ਮੌਸਮੀ ਸੌਗਾਤ ਨਾਲ ਮਾਲਾ ਮਾਲ ਕਰ ਦਿੰਦੇ ਸਨ , ਨਾਲ ਹੀ ਪੱਛਮ ਵੱਲੋਂ ਮੇਲਦੀਆਂ ਹਵਾਵਾਂ 'ਚ ਵੇਲਣਿਆਂ ਤੋਂ ਨਿਕਲਦੇ ਤੱਤੇ ਗੁੜ ਦੀ ਮਹਿਕ ਦੂਰ-ਦੂਰ ਤੱਕ ਉਥੇ ਵਸਣ ਵਾਲੇ ਲੋਕਾਂ ਦੀ ਰੂਹ ਨੂੰ ਨਸ਼ਿਆ ਦਿੰਦੀ ਸੀ। ਦਿਹਾਤੀ ਖੇਤਰਾਂ 'ਚ ਰਹਿਣ ਵਾਲਿਆਂ ਨੂੰ ਸਿਆਲਾਂ ਦੀ ਖਿੜੀ ਧੁੱਪ ਦੇ ਨਾਲ ਹਵਾਵਾਂ 'ਚ ਘੁਲੀ ਇਸ ਮਹਿਕ ਦਾ ਕੋਈ ਮੁੱਲ ਨਹੀਂ ਸੀ ਤਾਰਨਾ ਪੈਂਦਾ। ਉਦਾਂ ਵੀ ਭਲੇ ਸਮਿਆਂ 'ਚ ਨਵਾਂ ਕਾਰਜ ਰਚਾਉਣ, ਨਵੀ ਨੌਕਰੀ ਮਿਲਣ, ਠਾਕਾ ਜਾਂ ਮੰਗਣਾ ਕਰਨ ਮੌਕੇ, ਮੁਕੱਦਮਾ ਜਿੱਤਣ, ਮਕਾਨ ਦੀ ਨੀਹ ਰੱਖਣ, ਜੁਆਕਾਂ ਦੇ ਪਾਸ ਹੋਣ ਮੌਕੇ ਗੁੜ ਦੀ ਭੇਲੀ ਤੋੜ ਕੇ ਹੀ ਮੂੰਹ ਮਿੱਠਾ ਕਰਵਾਇਆ ਜਾਂਦਾ ਸੀ। ਪੰਜਾਬੀਆਂ ਦੇ ਚਾਵਾਂ ਤੇ ਵਲਵਲਿਆਂ ਦੀ ਤਰਜ਼ਮਾਨੀ ਕਰਨ ਵਾਲੇ ਤਿਉਹਾਰ ਲੋਹੜੀ ਦਾ ਤਾਂ ਨਾਂਅ ਹੀ ਤਿਲਾਂ ਤੇ ਰੋੜੀ ਦੇ ਸੁਮੇਲ ਤੋਂ ਬਣਿਆ ਹੈ ਕਿਉਂਕਿ ਅੱਜ ਵੀ ਠੰਢ ਦੀ ਮਾਰ ਤੋਂ ਬਚਣ ਲਈ ਸਰਦੀਆਂ 'ਚ ਤਿਲਾਂ ਨੂੰ ਗੁੜ 'ਚ ਰਲਾ ਕੇ ਖਾਣਾ ਚੰਗਾ ਸਮਝਿਆ ਜਾਂਦਾ ਹੈ। ਕਿਸੇ ਸਮੇਂ ਪੰਜਾਬ ਦੇ ਮੁੱਛ ਫੁੱਟ ਚੋਬਰ ਸਰੀਰ ਬਣਾਉਣ ਲਈ ਸਰਦੀਆਂ 'ਚ ਦੇਸੀ ਘਿਉ ਦੀਆਂ ਪਿੰਨੀਆਂ ਵੱਟ ਕੇ ਗੁੜ ਦੀਆਂ ਭੇਲੀਆਂ ਨਾਲ ਹੀ ਖਾ ਜਾਂਦੇ ਤੇ ਕਈ ਹੱਥ 'ਚ ਗੁੜ ਦੀ ਭੇਲੀ ਫੜ ਕੇ ਹੀ ਦੁੱਧ ਵਾਲੇ ਪਤੀਲੇ ਪਾ ਕਾੜ੍ਹਨੀ ਨੂੰ ਮੂੰਹ ਲਾ ਲੈਂਦੇ ਤੇ ਅਜਿਹੀਆਂ ਨਿਗਰ ਖੁਰਾਕਾਂ ਖਾ-ਖਾ ਕੇ ਜੁਆਨਾਂ ਦੇ ਸਰੀਰ ਕੰਗਣ ਵਰਗੇ ਹੋ ਜਾਂਦੇ। ਘਰਾਂ ਦੇ ਲਵੇਰਿਆਂ ਦੇ ਦੁੱਧ ਤੋਂ ਬਣਾਈਆਂ ਖੀਰਾਂ, ਦਹੀਂ ਤੇ ਗਾੜ੍ਹੀਆਂ ਲੱਸੀਆਂ 'ਚ ਸ਼ੱਕਰ ਘੋਲ ਪੀ-ਪੀ ਉਮਰ ਭਰ ਦੀ ਖੁਸ਼ਕੀ ਦੂਰ ਹੋ ਜਾਇਆ ਕਰਦੀ। ਅਜਿਹੀਆਂ ਦੇਸੀ ਖੁਰਾਕਾਂ ਖਾ ਕੇ ਹੀ ਪੰਜਾਬੀ ਗਭਰੂ ਆਪਣੇ ਫੌਲਾਦੀ ਸਰੀਰਾਂ ਦੇ ਜ਼ੌਹਰ ਕਬੱਡੀਆਂ, ਛਿੰਝਾਂ ਤੇ ਅਖਾੜਿਆਂ 'ਚ ਦਿਖਾਉਂਦੇ। ਕਣਕ ਦੀ ਵਾਢੀ ਦੇ ਦਿਨਾਂ 'ਚ ਮਿੱਟੀ-ਘੱਟੇ ਦੇ ਮਾੜੇ ਪ੍ਰਭਾਵ ਤੋ ਬਚਣ ਲਈ ਕਾਮੇ ਤੇ ਕਿਸਾਨ ਰੋਟੀ ਖਾਣ ਪਿੱਛੋਂ ਗੁੜ ਦੀ ਭੇਲੀ ਜਰੂਰ ਖਾਂਦੇ। ਖੁਰਾਕੀ ਤੱਤਾਂ ਵਜੋਂ ਵੀ ਗੁੜ ਤੇ ਸ਼ੱਕਰ 'ਚ ਕੈਲਸ਼ੀਅਮ ਤੇ ਆਇਰਨ ਦੀ ਬਹੁਤਾਤ ਹੋਣ ਕਰਕੇ ਇਨ੍ਹਾਂ ਦੀ ਮਹੱਤਤਾ ਘੱਟ ਨਹੀਂ।
ਅੱਜ ਸਾਇੰਸ ਤੇ ਤਕਨਾਲੋਜੀ ਦੇ ਵਧੇ ਪ੍ਰਭਾਵ ਤੇ ਪੰਜਾਬੀਆਂ ਨੂੰ ਮੁਹੱਈਆ ਹੋਈਆਂ ਬੇਸ਼ੁਮਾਰ ਆਧੁਨਿਕ ਸਹੂਲਤਾਂ ਨੇ ਪੰਜਾਬੀ ਲੋਕਾਂ ਨੂੰ ਆਪਣੀ ਮਨਭਾਉਂਦੀ ਖੁਰਾਕ ਤੋਂ ਦੂਰ ਕਰ ਦਿੱਤਾ ਹੈ। ਪੰਜਾਬੀ ਹੁਣ ਖੁਸ਼ੀ ਮੌਕੇ ਗੁੜ ਦੀ ਭੇਲੀ ਵੰਡ ਕੇ ਖੁਸ਼ੀ ਸਾਂਝੀ ਕਰਨ ਨਾਲੋਂ ਸ਼ਹਿਰ ਦੀਆਂ ਬਣੀਆਂ ਮਿਲਾਵਟ ਦੀਆਂ ਮਾਰੀਆਂ ਮਠਿਆਈਆਂ ਵੰਡ ਕੇ ਖੁਸ਼ੀਆਂ ਮਨਾਉਂਦੇ ਹਨ। ਵੈਸੇ ਵੀ ਪੰਜਾਬੀਆਂ ਦੀ ਜੀਵਨ-ਜਾਚ 'ਚ ਆਈ ਵੱਡੀ ਤਬਦੀਲੀ ਕਰਕੇ ਮਿਹਨਤ ਮੁਸ਼ੱਕਤ ਪੰਜਾਬੀ ਲੋਕਾਂ ਦੇ ਜੀਵਨ ਤੋਂ ਦੂਰ ਹੋ ਰਹੀ ਹੈ। ਗੁੜ ਤਿਆਰ ਕਰਨ ਲਈ ਪਹਿਲਾਂ ਕਮਾਦ ਨੂੰ ਵੱਢਣਾ, ਫਿਰ ਛਿਲਣਾ, ਵੇਲਣੇ 'ਚ ਪੀੜਨਾ, ਕੜਾਹੇ 'ਚ ਕਾੜ੍ਹਨਾ ਤੇ ਫਿਰ ਗੰਡ 'ਚ ਤਿਆਰ ਹੋਈ ਪੱਤ ਤੋਂ ਪੇਸੀਆਂ ਲਾਉਣੀਆਂ ਤਕੜੀ ਮੁਸ਼ੱਕਤ ਵਾਲਾ ਕੰਮ ਹੈ। ਹੁਣ ਤਾਂ 20 ਏਕੜ ਵਾਲਾ ਕਿਸਾਨ ਵੀ ਘਰ ਦੇ ਕੱਢੇ ਗੁੜ ਦੀ ਵਰਤੋਂ ਕਰਨ ਦੀ ਬਜਾਏ ਮਿੱਲ ਦੀ ਬਣੀ ਖੰਡ ਦੀ ਵਰਤੋ ਨੂੰ ਤਰਜੀਹ ਦੇ ਰਿਹਾ ਹੈ, ਸਿੱਟੇ ਵਜੋਂ ਪੰਜਾਬ 'ਚ ਹੀ ਦਿਲ ਦੇ ਰੋਗ ਤੇ ਸ਼ੂਗਰ ਰੋਗ ਤੋਂ ਪ੍ਰਭਾਵਿਤ ਰੋਗੀਆਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਗੁਆਢੀਂ ਸੂਬਿਆਂ 'ਚੋਂ ਹੀ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਹੀ ਕਿਰਾਇਆਂ 'ਤੇ ਜ਼ਮੀਨਾਂ ਲੈ ਕੇ ਤੇ ਮੁੱਲ ਦੇ ਗੰਨੇ ਖਰੀਦ ਕੇ ਪੰਜਾਬ 'ਚ ਹੀ ਲੱਖਾਂ ਦਾ ਗੁੜ-ਸ਼ੱਕਰ ਵੇਚ ਮੋਟੀ ਕਮਾਈ ਕਰਦੇ ਹਨ। ਦੂਜੇ ਪਾਸੇ ਪੰਜਾਬੀ ਆਪਣੀ ਆਲਸ ਤੇ ਲਾਪ੍ਰਵਾਹ ਸੋਚ ਸਦਕਾ ਦੇਹ ਨੂੰ ਕੰਗਣ ਵਰਗੀ ਬਣਾਉਣ ਲਈ ਮਹਿਕਾਂ ਤੇ ਖੁਸ਼ਬੋ ਵੰਡਦੀ ਦੇਸੀ ਖੁਰਾਕ ਤੋਂ ਦਿਨ-ਬ-ਦਿਨ ਦੂਰ ਹੋ ਰਹੇ ਹਨ।

ਵਰਿੰਦਰ ਸਿੰਘ ਨਿਮਾਣਾ
-ਪਿੰਡ ਤਾਜਪੁਰ ਕਲਾਂ ਡਾ: ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 98554-41787.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX