ਤਾਜਾ ਖ਼ਬਰਾਂ


ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਚਾਰ ਨਕਸਲੀ ਢੇਰ, ਹਥਿਆਰ ਵੀ ਬਰਾਮਦ
. . .  23 minutes ago
ਰਾਏਪੁਰ, 26 ਮਾਰਚ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਚਾਰ ਨਕਸਲੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਚਿੰਤਲਾਨਾਰ ਥਾਣਾ ਖੇਤਰ ਅਧੀਨ ਪੈਂਦੇ ਕਰਕਨਗੁੜਾ ਪਿੰਡ ਦੇ ਨਜ਼ਦੀਕ ਅੱਜ...
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਨੇ ਇਕ ਗ੍ਰਿਫਤਾਰੀ ਕੀਤੀ
. . .  about 1 hour ago
ਨਵੀਂ ਦਿੱਲੀ, 26 ਮਾਰਚ - ਅਗਸਤਾ ਵੈਸਟਲੈਂਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਵਿਚੋਲੀਏ ਸੁਸ਼ੇਨ ਮੋਹਨ ਗੁਪਤਾ ਨੂੰ ਬੀਤੀ ਲੰਘੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ...
ਉਤਰ ਪ੍ਰਦੇਸ਼ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਅਡਵਾਨੀ ਦਾ ਨਾਂ ਸ਼ਾਮਲ ਨਹੀਂ
. . .  about 1 hour ago
ਨਵੀਂ ਦਿੱਲੀ, 26 ਮਾਰਚ - ਭਾਜਪਾ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ ਤੇ ਊਮਾ ਭਾਰਤੀ ਜ਼ਿਕਰਯੋਗ...
ਮੇਰੇ ਤੋਂ ਪੁੱਛੇ ਬਗੈਰ ਭਾਜਪਾ ਨੇ ਮੇਰੀ ਸੀਟ ਬਦਲੀ - ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 26 ਮਾਰਚ - ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਗਿਰੀਰਾਜ ਸਿੰਘ ਨੂੰ ਭਾਜਪਾ ਨੇ ਇਸ ਵਾਰ ਬੈਗੁਸਰਾਏ (ਬਿਹਾਰ) ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਰੰਤੂ ਗਿਰੀਰਾਜ ਸਿੰਘ ਬੈਗੁਸਰਾਏ ਤੋਂ ਨਹੀਂ ਬਲਕਿ ਨਵਾਦਾ (ਬਿਹਾਰ) ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਗਿਰੀਰਾਜ ਸਿੰਘ ਪਹਿਲਾ...
ਅੱਜ ਦਾ ਵਿਚਾਰ
. . .  about 1 hour ago
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਹੋਰ ਖ਼ਬਰਾਂ..

ਦਿਲਚਸਪੀਆਂ

ਚੱ ਟੇ-ਵੱ ਟੇ

ਸ਼ਾਮ ਦੇ ਵੇਲੇ ਖੇਡਣ ਤੋਂ ਬਾਅਦ ਨੌਜਵਾਨ ਖੇਡ ਮੈਦਾਨ ਦੇ ਕਿਨਾਰੇ ਬੈਠ ਗੱਲਾਂਬਾਤਾਂ ਕਰਨ ਲੱਗੇ | ਗੱਲ ਘੁੰਮਦੀ ਘੁਮਾਉਂਦੀ ਨੇਤਾਵਾਂ ਸਬੰਧੀ ਹੋਣ ਲੱਗੀ | ਅਖੇ ਯਾਰ ਹੁਣ ਤਾਂ ਖਰੇ-ਖੋਟੇ ਦੀ, ਚੰਗੇ-ਮਾੜੇ ਦੀ, ਆਪਣੇ-ਪਰਾਏ ਦੀ, ਪਛਾਣ ਕਰਨੀ ਔਖੀ ਹੋ ਗਈ ਹੈ | ਸਾਰੇ ਇਕੋ ਜਿਹੇ ਹੀ ਹੋ ਗਏ ਹਨ | ਵੇਖਣ ਨੂੰ ਵੀ ਸਾਰੇ ਇਕੋ ਜਿਹੇ ਲਗਦੇ ਨੇ ਅਤੇ ਕੰਮ ਕਾਰ ਸਾਰਿਆਂ ਦੇ ਇਕੋ ਜਿਹੇ ਹੀ ਨੇ | ਸੱਭ ਨੂੰ ਇਕ ਅੱਖ ਨਾਲ ਹੀ ਵੇਖਦੇ ਹਨ | ਯਾਨੀ ਸਭ ਦਾ ਗੱਲੀਂ-ਬਾਤੀਂ ਸਾਰਦੇ ਨੇ |
ਯਾਰ ਪਹਿਲਾਂ ਪਹਿਲ ਇਨ੍ਹਾਂ ਦੀ ਪਛਾਣ ਇਨ੍ਹਾਂ ਦੇ ਪਹਿਰਾਵੇ ਤੋਂ ਹੋ ਜਾਇਆ ਕਰਦੀ ਸੀ ਕਿ ਇਸ ਰੰਗ ਦੀਆਂ ਟੋਪੀਆਂ, ਪੱਗਾਂ ਅਤੇ ਪਹਿਰਾਵੇ ਵਾਲੇ ਅਤੇ ਉਸ ਰੰਗ ਦੀਆਂ ਪੱਗਾਂ ਅਤੇ ਪਹਿਰਾਵੇ ਵਾਲੇ ਕਿਹੜੀ-ਕਿਹੜੀ ਪਾਰਟੀ ਦੇ ਆਗੂ ਹਨ | ਪਰ ਹੁਣ ਸਭ ਕੁਝ ਉਲਟਾ ਪੁਲਟਾ ਹੀ ਨਹੀਂ ਹੋਇਆ ਸਗੋਂ ਕੁਝ ਹੋਰ ਦਾ ਹੋਰ ਹੀ ਹੋ ਗਿਆ ਹੈ | ਸਾਰੀਆਂ ਪਾਰਟੀਆਂ ਦੇ ਬਹੁਤੇ ਆਗੂ ਅਤੇ ਵਰਕਰ ਦੁੱਧ ਚਿੱਟੇ ਕੁੜਤੇ ਪਜਾਮੇ ਪਾ ਕੇ ਰੰਗ-ਬਰੰਗੀਆਂ ਪੱਗਾਂ ਬੰਨ੍ਹਦੇ ਹਨ ਅਤੇ ਕੁਝ ਕੁ ਪੈਂਟਾਂ ਕਮੀਜ਼ਾਂ ਪਹਿਨਦੇ ਹਨ | ਪਤਾ ਹੀ ਨਹੀਂ ਲਗਦਾ ਕੌਣ ਕਿਹੜੀ ਪਾਰਟੀ ਦਾ ਬੰਦਾ ਹੈ | ਮਸਰਾਂ ਦੀ ਦਾਲ ਵਾਂਗ ਸਾਰੇ ਇਕ ਦੂਜੇ ਨਾਲ ਘੁਲੇ ਮਿਲੇ ਹੋਏ ਹਨ | ਇਕ ਜਾਨ ਇਕ ਜਿੰਦ |
ਹੋਰ ਤਾਂ ਹੋਰ ਉੱਨੀ-ਇੱਕੀ ਦੇ ਫਰਕ ਨਾਲ ਇਹ ਲੋਕਾਂ ਵਿਚ ਵਿਚਰਦੇ ਵੀ ਇਕੋ ਜਿਹੇ ਹੀ ਢੰਗ ਨਾਲ ਹਨ | ਇਨ੍ਹਾਂ 'ਚੋਂ ਜਿਹੜਾ ਰਾਜ ਭਾਗ ਤੇ ਕਾਬਜ਼ ਹੁੰਦਾ ਹੈ, ਉਹ ਚੰਮ ਦੀਆਂ ਚਲਾਉਂਦਾ ਹੈ | ਲੋਕਾਂ ਨੂੰ ਲਾਰੇ ਲਾਉਂਦਾ | ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਂਦਾ ਹੈ | ਲੋਕਾਂ ਦੀਆਂ ਮੰਗਾਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਲੋਕਾਂ ਨੂੰ ਟਰਕਾਉਂਦਾ | ਜੇ ਕੋਈ ਹੱਕ ਲਈ ਨਾਅਰਾ ਲਾਉਂਦਾ ਤਾਂ ਉਸ ਨੂੰ ਸਬਕ ਸਿਖਾਉਂਦਾ, ਡੰਡਾ ਖੜਕਾਉਂਦਾ | ਊਠ ਦੇ ਬੁੱਲ੍ਹ ਵਰਗਾ ਲਾਰਾ ਲਾ ਕੇ ਉਸਨੂੰ ਗਲੋਂ ਲਾਹੁੰਦਾ ਆਪਣਾ ਪਿੱਛਾ ਛਡਾਉਂਦਾ |
ਵਿਰੋਧੀ ਖੇਖਨ ਕਰਦਾ ਹੈ | ਵਿਖਾਵੇ ਲਈ ਵਿਰੋਧ ਕਰਦਾ ਹੈ | ਬਾਹਾਂ ਚੜ੍ਹਾਉਂਦਾ ਹਵਾ ਵਿਚ ਮੁੱਠੀਆਂ ਲਹਿਰਾਉਂਦਾ ਹੈ | ਲੋਕਾਂ ਦੇ ਹੱਕ ਦੀਆਂ ਗੱਲਾਂ ਕਰਦਾ ਹੈ | ਮੈਦਾਨ ਵਿਚ ਲੜਨ ਦੀ ਥਾਂ ਮੀਡੀਏ ਵਿਚ ਬਿਆਨ ਦੇ ਕੇ ਉਸ ਨੂੰ ਤੋਪ ਦੇ ਦਾਗੇ ਗੋਲੇ ਦੇ ਬਰਾਬਰ ਸਮਝਦਾ ਹੈ | ਆਪਣੇ ਆਪ ਨੂੰ ਲੋਕਾਂ ਦਾ ਸਕਾ ਸੋਦਰਾ ਹੋਣ ਦਾ ਪਖੰਡ ਰਚ ਕੇ ਪਹਿਲਿਆਂ ਨੂੰ ਗੱਦੀ ਤੋਂ ਲਾਹ ਕੇ ਰਾਜ ਭਾਗ 'ਤੇ ਕਾਬਜ਼ ਹੋਣ ਲਈ ਚੁਤਰਾਈ ਕਰਦਾ ਨਜ਼ਰ ਆਉਂਦਾ ਹੈ | ਜਾਣੀ ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਕਹਾਵਤ ਨੂੰ ਸੱਚੀ ਕਰਨ ਦੇ ਸੁਪਨੇ ਸਿਰਜਦਾ ਢਿੱਡ ਵਿਚ ਲੱਡੂ ਭੋਰਨ ਤੱਕ ਜਾ ਪੁੱਜਦਾ ਹੈ ਤੇ ਲੋਕ, ਲੋਕ ਪੈਣ ਢੱਠੇ ਖੂਹ 'ਚ | ਲੋਕਾਂ ਦਾ ਕੀ ਹੈ | ਇਨ੍ਹਾਂ ਨੂੰ ਪਹਿਲਿਆਂ ਵਾਂਗ ਲਾਰਿਆਂ ਦੇ ਵਦਾਨ 'ਤੇ ਸਵਾਰ ਕਰਵਾ ਕੇ ਸਵਰਗ ਦੇ ਝੂਟੇ ਦੇਣ ਦੇ ਭਰਮ ਵਿਚ ਪਾ ਕੇ ਭਾਗਾਂ, ਲੇਖਾਂ, ਨਸੀਬਾਂ, ਕਰਮਾਂ ਅਤੇ ਮੱਥੇ ਦੀਆਂ ਲਕੀਰਾਂ ਦੀ ਖੇਡ ਆਖ ਕੇ ਮਿੱਟੀ ਦੇ ਮਾਧੋ ਬਣਾਈ ਰੱਖਣ ਦੀ ਜੁਗਤ ਨਾਲ ਕੀਲਿਆ ਹੀ ਨਹੀਂ ਜਾ ਸਕਦਾ ਸਗੋਂ ਮੋਮ ਵੀ ਕੀਤਾ ਜਾ ਸਕਦਾ ਹੈ |
ਇਹ ਤਾਂ ਹੋਰ ਵੀ ਕਈ ਕੁਝ ਕਰਦੇ ਨੇ | ਵੱਡੇ ਵੱਡੀਆਂ ਮਾਰਾਂ ਮਾਰਦੇ ਨੇ | ਦੇਸ਼ ਦਾ ਸਰਮਾਇਆ ਦੂਜੇ ਮੁਲਕਾਂ ਵਿਚ ਲਿਜਾ ਕੇ ਡਕਾਰ ਮਾਰਦੇ ਨੇ | ਛੋਟੇ, ਛੋਟੀਆਂ ਮਾਰਾਂ ਨਾਲ ਬੁੱਤਾ ਸਾਰਦੇ ਨੇ | ਚਿੱਟੇ ਕੱਪੜੇ ਪਾ ਕਿਸੇ ਲਾਚਾਰ ਦੇ ਵਿਹੜੇ ਜੁੱਤੀ ਝਾੜਦੇ ਨੇ | ਉਹਦੀ ਬੇ-ਆਬਾਦ ਆਬਾਦੀ ਅਤੇ ਜ਼ਮੀਨ ਦਾ ਟੋਟਾ ਤਾੜਦੇ ਨੇ | ਉਹਨੂੰ ਆਪਣੇ ਪਿਉ ਨਾਲੋਂ ਵੀ ਵੱਧ ਸਤਿਕਾਰਦੇ ਨੇ | ਪਰ ਅੱਖ ਬਚਾ ਕੇ ਅਜਿਹਾ ਡੰਗ ਮਾਰਦੇ ਨੇ ਕਿ ਉਹਦੇ ਥਾਂ ਨੂੰ ਆਪਣੇ ਨਾਂਅ ਕਰਵਾ ਕੇ ਆਪਣਾ ਘਰ ਜਾਂ ਹੋਟਲ ਉਸਾਰਦੇ ਨੇ | ਲੋਕ ਥੂ-ਥੂ ਕਰਦੇ ਉਨ੍ਹਾਂ ਨੂੰ ਦੁਰਕਾਰਦੇ ਨੇ | ਪਰ ਉਹ ਇਸ ਨੂੰ ਅੱਖੋਂ-ਪਰੋਖੇ ਕਰ ਸਭ ਕਾਸੇ ਤੋਂ ਪੱਲਾ ਝਾੜਦੇ ਨੇ | ਬਈ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਇਹ ਤਾਂ ਵਿਰੋਧੀਆਂ ਦੀ ਚਾਲ ਹੈ |
ਉਏ ਯਾਰ ਜਦੋਂ ਉਨ੍ਹਾਂ ਨੇ ਏਦਾਂ ਦਾ ਘੁਟਾਲਾ ਕੀਤਾ ਸੀ, ਹੇਰਾਫੇਰੀ ਕੀਤੀ ਸੀ, ਮਰੇ ਹੋਏ ਬੰਦੇ ਦੀ ਜ਼ਮੀਨ ਕਿਸੇ ਨੂੰ ਵੇਚ ਉਸਦੇ ਨਾਂਅ ਕੀਤੀ ਸੀ, ਉਦੋਂ ਇਹ ਵੀ ਇੰਝ ਹੀ ਕਹਿੰਦੇ ਸਨ ਕਿ ਉਨ੍ਹਾਂ ਦਾ ਸਿਆਸੀ ਜੀਵਨ ਖਰਾਬ ਕਰਨ ਲਈ ਵਿਰੋਧੀਆਂ ਦੀ ਗਹਿਰੀ ਸਾਜ਼ਿਸ਼ ਹੈ | ਫਿਰ ਹੁਣ ਤੁਸੀਂ ਹੀ ਦੱਸੋ ਕਿ ਇਸ ਦਾ ਕੀ ਮਤਲਬ ਹੋਇਆ? ਮਤਲਬ ਨੂੰ ਕੀ ਐ ਯਾਰ? ਇਹ ਕਿਹੜਾ ਅਲਜਬਰੇ ਦਾ ਸੁਆਲ ਐ? ਸਿੱਧੀ ਜਿਹੀ ਗੱਲ ਹੈ ਕਿ ਇਕੋ ਥੈਲੀ ਦੇ ਚੱਟੇ ਵੱਟੇ | ਚੱਟੇ ਵੱਟੇ,ਚੱਕਦੇ ਫੱਟੇ,ਪਰ ਹੁਣ ਹੋ ਜਾਓ ਸਾਰੇ 'ਕੱਠੇ, ਭੱਜ ਜਾਣ ਨਾ ਮਾਰਖੁੰਢ ਢੱਠੇ, ਨਾਕਾ ਲਾਓ ਚੱਪੇ ਚੱਪੇ | ਏਕੇ ਦੇ ਨਾਲ ਜਾਣੇ ਨੱਪੇ | ਫਿਰ ਮੁੜਨੇ ਨੇ ਹੱਕ ਦੇ ਨੱਕੇ | ਇਹੋ ਜਿਹੀ ਚੁੰਝ ਚਰਚਾ ਕਰਦੇ ਕਰਦੇ ਉਹ ਸਿਰ ਜੋੜ ਬੈਠ ਗਹਿਰ ਗੰਭੀਰ ਸੋਚਾਂ ਵਿਚ ਡੁੱਬ ਗਏ |
-ਪਿੰਡ: ਠਠਿਆਲਾ ਢਾਹਾ,
ਡਾ: ਗਰਲੇ ਢਾਹਾ, ਤਹਿ: ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ |
ਮੋਬਾ: 98142-80838.


ਖ਼ਬਰ ਸ਼ੇਅਰ ਕਰੋ

ਡਾਕੂਆਂ ਦੀ ਦਾਸਤਾਨ

ਸਤੰਬਰ 1971, ਗੁੱਗਾ ਨੌਮੀ ਦੇ ਨੇੜਲੇ ਦਿਨ ਸਨ | ਸਵੇਰੇ 10-11 ਵਜੇ ਦਾ ਸਮਾਂ | ਹਲਕੇ-ਹਲਕੇ ਕਪਾਹੀ ਬੱਦਲ ਉਡ ਰਹੇ ਸਨ | ਜਦੋਂ ਕਿਧਰੇ ਸੂਰਜ ਬੱਦਲਾਂ ਹੇਠ ਆ ਜਾਂਦਾ ਤਾਂ ਕੁਝ ਚਿਰ ਲਈ ਛਾਂ ਹੋ ਜਾਂਦੀ ਤੇ ਠੰਢੀ-ਠੰਢੀ ਰੁਮਕਦੀ ਹਵਾ ਹੋਰ ਸੋਹਾਣੀ ਲੱਗਣ ਲੱਗ ਜਾਂਦੀ | ਭਾਦੋਂ ਦੇ ਮਹੀਨੇ ਦੀ ਚਿਲਚਿਲਾਉਂਦੀ ਧੁੱਪ, ਜਿਸ ਤੋਂ ਡਰਦੇ ਕਹਿੰਦੇ ਨੇ ਜੱਟਾਂ ਦੇ ਪੁੱਤ ਸਾਧ ਹੋ ਜਾਂਦੇ ਹਨ, ਦਾ ਕਿਧਰੇ ਨਾਮੋ-ਨਿਸ਼ਾਨ ਨਹੀਂ ਸੀ | ਮੇਰੇ ਨਿੱਕੇ ਜਿਹੇ ਪਿੰਡ ਵਿਘੜਵਾਲ ਦੇ ਦੁਆਲੇ ਨਿਸਰੀਆਂ ਮੱਕੀ ਬਾਜਰੇ ਦੀਆਂ ਫ਼ਸਲਾਂ ਨੇ ਤੇ ਕਪਾਹਾਂ ਅਤੇ ਮਿਰਚਾਂ ਦੇ ਖਿੜੇ ਫੁੱਲਾਂ ਨੇ ਵਾਤਾਵਰਨ ਵਿਚ ਅਜਬ ਸੁਗੰਧ ਬਿਖੇਰ ਰੱਖੀ ਸੀ | ਗੁੱਗਾ ਨੌਮੀ ਨੇੜੇ ਹੋਣ ਕਾਰਨ 10-10, 12-12 ਘਰਾਂ ਦੀਆਂ ਕੁੜੀਆਂ ਨੇ ਛੱਤਾਂ 'ਤੇ ਮੰਜੇ ਜੋੜ ਕੇ ਝੁੰਬੀਆਂ ਪਾ ਲਈਆਂ ਸਨ ਤੇ ਉਹ ਝੁੰਬੀਆਂ ਵਿਚ ਬੈਠ, ਘੜੇ ਮੂਧੇ ਮਾਰ ਕੇ ਸੇਵੀਆਂ ਵੱਟਣ ਦੇ ਆਹਰ ਲੱਗੀਆਂ ਹੋਈਆਂ ਸੀ | ਇੰਝ ਤਿਉਹਾਰ ਵੀ ਮਨਾਇਆ ਜਾਣਾ ਸੀ ਤੇ ਆਉਣ ਵਾਲੀ ਸਰਦ ਰੁੱਤ ਲਈ ਖਾਧ-ਖੁਰਾਕ ਦਾ ਪ੍ਰਬੰਧ ਵੀ ਹੋ ਜਾਣਾ ਸੀ | ਫਿਰ ਕੱਤੇ ਦੇ ਮਹੀਨੇ ਕਿਸੇ ਸੁਆਣੀ ਕੋਲ ਸਿਰ ਖੁਰਕਣ ਦੀ ਵਿਹਲ ਵੀ ਨਹੀਂ ਹੋਣੀ ਸੀ | ਸੋ, ਲੋਕੀਂ ਸੁਤੇ-ਸਿੱਧ ਸਾਉਣੀ ਦੀ ਫਸਲ ਸੰਭਾਲਣ ਅਤੇ ਸਰਦ ਰੁੱਤ ਦੇ ਹੋਰ ਲੋੜੀਂਦੇ ਪ੍ਰਬੰਧ ਕਰਨ 'ਚ ਰੁਝੇ ਹੋਏ ਸੀ |
ਪਿਤਾ ਜੀ ਦੇ ਅਧਿਆਪਕ ਹੋਣ ਕਾਰਨ ਅਸੀਂ ਅਜਿਹੇ ਕੋਈ ਪ੍ਰਬੰਧ ਨਹੀਂ ਕਰਨੇ ਸਨ | ਸੋ, ਮਾਤਾ ਜੀ ਨੇ ਦਰੀਆਂ ਲਾ ਰੱਖੀਆਂ ਸਨ | ਰੋਟੀ-ਟੁੱਕ ਅਤੇ ਹੋਰ ਘਰੇਲੂ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਹੁਣੇ ਤੋਂ ਹੀ ਮੇਰੇ ਮਾਤਾ ਜੀ ਧੀਆਂ ਦੇ ਧੜੱਲੇ ਲਈ ਦਾਜ ਤਿਆਰ ਕਰਨ ਦੇ ਆਹਰ ਲੱਗੇ ਰਹਿੰਦੇ | ਮੇਰੀ ਉਮਰ ਇਸ ਸਮੇਂ 10-11 ਵਰਿ੍ਹਆਂ ਦੀ ਸੀ ਤੇ ਇੰਨੀ ਉਮਰ ਦੀ ਕੋਈ ਵੀ ਕੁੜੀ ਉਸ ਪਿੰਡ ਵਿਚ ਵਿਹਲੀ ਨਹੀਂ ਸੀ ਰਹਿੰਦੀ | ਸੋ, ਮੈਂ ਵੀ ਮਾਤਾ ਜੀ ਨਾਲ ਹਰ ਕੰਮ ਵਿਚ ਸਮਰੱਥਾ ਅਨੁਸਾਰ ਹੱਥ ਵਟਾ ਰਹੀ ਸੀ | ਤਿੰਨਾਂ ਭੈਣਾਂ ਪਿਛੋਂ ਹੋਏ ਨਿੱਕੇ ਵੀਰ ਨੂੰ , ਮੈਥੋਂ ਛੋਟੀਆਂ ਭੈਣਾਂ ਖਿਡਾਉਣ ਲਈ ਦਰਵਾਜ਼ੇ ਲੈ ਗਈਆਂ ਸਨ | ਅਜਿਹੇ ਸ਼ਾਂਤ ਵਾਤਾਵਰਨ ਵਿਚ ਅਚਾਨਕ ਪਿੰਡ ਦੇ ਕਿਸੇ ਖੰੂਜਿਉਂ ਕਿਸੇ ਦੀ ਸਹਿਮੀ ਅਤੇ ਚੀਕਵੀਂ ਆਵਾਜ਼ ਉਭਰੀ 'ਡਾਕੂ ਆ ਗਏ ਓਏ....' ਆਵਾਜ਼ ਕੰਨੀਂ ਪੈਣ ਦੀ ਦੇਰ ਸੀ ਕਿ ਉਹੋ ਜਿਹੀਆਂ ਡਰੀਆਂ ਸਹਿਮੀਆਂ ਆਵਾਜ਼ਾਂ ਦਾ ਹੜ੍ਹ ਆ ਗਿਆ | ਲੋਕੀਂ ਬਦਹਵਾਸ ਹੋ ਕੇ ਇਧਰ-ਉਧਰ ਭੱਜੇ | ਸਭ ਨੇ ਆਪੋ-ਆਪਣੇ ਘਰੀਂ ਵੜ੍ਹ ਕੇ ਅੰਦਰੋਂ ਕੁੰਡੇ ਲਾ ਲਏ | ਮੈਂ ਵੀ ਨਿੱਕੇ ਵੀਰ ਅਤੇ ਭੈਣਾਂ ਨੂੰ ਲੈਣ ਪਿੰਡ ਦੇ ਦਰਵਾਜ਼ੇ ਵੱਲ ਭੱਜੀ | ਦਰਵਾਜ਼ੇ ਖੇਡਦੇ ਸਾਰੇ ਬੱਚੇ, ਪਹਿਲਾਂ ਹੀ ਇਹ ਡਰਾਉਣੀਆਂ ਆਵਾਜ਼ਾਂ ਸੁਣ ਆਪਣੇ ਆਪਣੇ ਘਰਾਂ ਨੂੰ ਭੱਜੇ ਆ ਰਹੇ ਸੀ | ਮੈਂ ਵੀਰ ਨੂੰ ਗੋਦੀ ਚੁੱਕ ਕੇ ਭੈਣਾਂ ਨੂੰ ਬਾਂਹ ਤੋਂ ਫੜ ਘੜੀਸਦੀ ਘਰ ਆ ਵੜੀ | ਮਾਤਾ ਜੀ ਨੇ ਬੱਚਿਆਂ ਨੂੰ ਸੁਰੱਖਿਅਤ ਵੇਖ ਘਰ ਨੂੰ ਅੰਦਰੋਂ ਜਿੰਦਾ ਲਾਇਆ ਤੇ ਸਾਨੂੰ ਸਾਰਿਆਂ ਨੂੰ ਲੈ ਕੇ ਛੱਤ 'ਤੇ ਚੜ੍ਹ ਗਏ | ਸਾਰੀ ਗਲੀ ਦੀਆਂ ਔਰਤਾਂ ਨੇ ਫਟਾਫਟ ਇਧਰੋਂ-ਉਧਰੋਂ ਇੱਟਾਂ, ਰੋੜੇ, ਗਲੀ ਨੇੜਲੇ ਬਨੇਰਿਆਂ ਕੋਲ ਇਕੱਠੇ ਕਰ ਲਏ | ਸੱਜ-ਵਿਆਹੀਆਂ ਕੁੜੀਆਂ ਬਹੂਆਂ ਨੇ ਆਪਣੇ ਹੱਥ ਕੰਨ ਦੇ ਗਹਿਣੇ ਲਾਹ ਕੇ ਗੋਹੇ ਵਿਚ ਪੱਥ ਦਿੱਤੇ | ਸੰਦੂਕਾਂ, ਪੇਟੀਆਂ ਵਿਚ ਪਿਆ ਕੀਮਤੀ ਸਮਾਨ ਅਤੇ ਗਹਿਣਾ-ਗੱਟਾ ਆਦਿ ਵੀ ਔਰਤਾਂ ਨੇ ਕਾਹਲੀ ਨਾਲ ਇਧਰ-ਉਧਰ ਛੁਪਾ ਦਿੱਤਾ | ਉਸ ਸਮੇਂ ਪਿੰਡ ਵਿਚ ਇਕ-ਦੋ ਘਰਾਂ ਵਿਚ ਲਾਇਸੈਂਸੀ ਬੰਦੂਕਾਂ ਸੀ, ਉਹ ਵੀ ਕਾਹਲੀ-ਕਾਹਲੀ ਕੱਢ ਪਿੰਡ ਦੇ ਦੋਏ ਦਰਵਾਜ਼ਿਆਂ 'ਤੇ ਲੋਕ ਬੈਠ ਗਏ | ਧੜਕਦੇ ਦਿਲਾਂ ਨਾਲ ਔਰਤਾਂ ਬੱਚੇ ਤੇ ਇੱਕਾ-ਦੁੱਕਾ ਆਦਮੀ, ਜੋ ਘਰ ਸਨ, ਪਿੰਡ ਦੇ ਦੋਵੇਂ ਦਰਵਾਜ਼ਿਆਂ ਤੋਂ ਆਉਂਦੀਆਂ ਗਲੀਆਂ 'ਤੇ ਨਿਗ੍ਹਾ ਗੱਡੀ ਖੜੋਤੇ ਸਨ | ਸਭ ਦੇ ਹਥਿਆਰ ਤਿਆਰ-ਬਰ-ਤਿਆਰ ਸਨ ਤਾਂ ਕਿ ਆਉਣ ਵਾਲੇ ਖਤਰੇ ਨੂੰ ਮੰੂਹ ਤੋੜਵਾਂ ਜਵਾਬ ਦਿੱਤਾ ਜਾ ਸਕੇ | 15 ਮਿੰਟ... 20 ਮਿੰਟ... ਸਮਾਂ ਬੀਤਦਾ ਜਾ ਰਿਹਾ ਸੀ... | ਪਰ ਕਿਸੇ ਨੂੰ ਕਿਧਰੇ ਵੀ ਕੁਝ ਅਣਹੋਣਾ ਦਿਖਾਈ ਨਾ ਦਿੱਤਾ |... ਹੌਲੀ-ਹੌਲੀ ਖੁਸਰ-ਮੁਸਰ ਹੋਣੀ ਸ਼ੁਰੂ ਹੋਈ | ਵੱਡਿਆਂ ਨੂੰ ਗੱਲਾਂ ਕਰਦੇ ਦੇਖ ਕੇ ਨਿਆਣਿਆਂ ਦੇ ਮੰੂਹਾਂ 'ਤੇ ਛਾਇਆ ਸਹਿਮ ਉਡਣ ਲੱਗਿਆ | ਫਿਰ ਪੁੱਛਗਿੱਛ ਸ਼ੁਰੂ ਹੋਈ | 'ਕੁੜੇ...! ਹਾਕ ਕੀਹਨੇ ਮਾਰੀ 'ਤੀ ਭਲਾ...?' 'ਪਤਾ ਨੀ ਭੈਣੇ... ਲੇਰ੍ਹਾਂ ਈ ਪੈਂਦੀਆਂ ਸੁਣੀਆਂ ਤੀਆਂ...' ਤੇ ਫਿਰ ਖਿਸਿਆਏ ਜਿਹੇ ਮੰੂਹ ਲੈ ਕੇ ਸਭ ਆਪੋ-ਆਪਣੇ ਕੋਠਿਆਂ ਤੋਂ ਉਤਰ ਆਏ | ਘੰਟਾ ਪਹਿਲਾਂ ਜਿਹੜੀਆਂ ਗਲੀਆਂ ਵਿਚ ਪੱਤਾ ਨਹੀਂ ਸੀ ਖੁੜਕ ਰਿਹਾ, ਉਥੇ ਆਮ ਵਾਂਗ ਚਹਿਲ-ਪਹਿਲ ਸ਼ੁਰੂ ਹੋ ਗਈ |
ਸ਼ਾਮੀਂ ਚਾਰ, ਸਾਢੇ ਚਾਰ ਵਜੇ ਪਿਤਾ ਜੀ (ਜਿਹੜੇ ਪਿੰਡ ਵਿਚ ਇਕੱਲੇ ਹੀ ਬਹੁਤਾ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ ਸਨ ਅਤੇ ਨਾਲ ਦੇ ਸ਼ਹਿਰ ਸੁਨਾਮ ਵਿਖੇ ਸਰਕਾਰੀ ਹਾਈ ਸਕੂਲ ਵਿਚ ਅਧਿਆਪਕ ਸਨ) ਘਰ ਮੁੜੇ | ਪੱਕੇ ਦਰਵਾਜ਼ੇ ਬੈਠੇ ਬਜ਼ੁਰਗ ਬੰਦਿਆਂ ਨੇ ਉਨ੍ਹਾਂ ਨੂੰ ਉਥੇ ਹੀ ਰੋਕ ਲਿਆ ਤੇ ਕਿਹਾ, 'ਅੱਜ ਤਾਂ ਭਾਈ ਪਿੰਡ 'ਚ ਡਾਕੂ ਗਏ ਤੇ... | ਇਹ ਤਾਂ ਸ਼ੁਕਰ ਐ ਵਾਖਰੂ ਦਾ ਜਿਹੜੀ ਬੱਚਤ ਰਹਿਗੀ', ਉਨ੍ਹਾਂ ਨੇ ਚਿੰਤਾਤੁਰ ਸੁਰ ਵਿਚ ਸਾਰੀ ਹੋਈ ਬੀਤੀ ਕਹਿ ਸੁਣਾਈ | ਸਾਰੀ ਕਹਾਣੀ ਵਿਸਥਾਰ ਤਹਿਤ ਸੁਣਨ ਪਿਛੋਂ ਪਿਤਾ ਜੀ ਬੜੇ ਹੈਰਾਨ-ਪ੍ਰੇਸ਼ਾਨ | ਘਰੇ ਸਾਈਕਲ ਰੱਖ ਉਨ੍ਹਾਂ ਇਨਕੁੁਆਇਰੀ ਸ਼ੁਰੂ ਕਰ ਦਿੱਤੀ | ਪਤਾ ਲੱਗਿਆ ਸੁਨਾਮ ਦੇ ਐਸ. ਯੂ. ਐਸ. ਕਾਲਜ ਦੇ ਹਾਕੀ ਖਿਡਾਰੀ, ਹਾਕੀ ਖੇਡਣ ਉਪਰੰਤ ਸਾਡੇ ਪਿੰਡ ਦੇ ਇਕ ਕਾਲਜ ਪੜ੍ਹਦੇ ਮੁੰਡੇ ਨੂੰ ਮਿਲਣ ਆਏ ਸੀ | ਖਿਡਾਰੀ ਹੋਣ ਕਰਕੇ ਉਹ ਮੋਢਿਆਂ 'ਤੇ ਹਾਕੀਆਂ ਰੱਖ ਰਾਹ ਵਿਚ ਭੱਜ ਪਏ ਹੋਣਗੇ ਤਾਂ ਕਿ ਜਲਦੀ ਪਿੰਡ ਪਹੁੰਚ ਸਕਣ ਤੇ ਖੇਤੀਂ ਕੰਮ ਕਰਦੇ ਕਿਸੇ ਕਾਮੇ ਨੇ ਇਉਂ ਦਗੜ-ਦਗੜ ਕਰਕੇ ਭੱਜੇ ਜਾਂਦੇ ਮੰੁਡਿਆਂ ਨੂੰ ਡਾਕੂ ਸਮਝ ਲਿਆ ਸੀ ਤੇ ਉਹਨੇ ਪਲਾਂ-ਛਿਣਾਂ 'ਚ ਪਿੰਡ ਪਹੁੰਚ ਕੇ ਲੋਕਾਂ ਨੂੰ ਆਉਣ ਵਾਲੇ ਖਤਰੇ ਦੀ ਅਗਾਊਾ ਸੂਚਨਾ ਦੇ ਦਿੱਤੀ ਸੀ | ਗਨੀਮਤ ਸਮਝੋ, ਉਸ ਕਾਲਜੀਏਟ ਮੰੁਡੇ ਦੀ ਬੈਠਕ ਪਿੰਡ ਦੀ ਫਿਰਨੀ 'ਤੇ ਸੀ | ਜੇਕਰ ਕਿਤੇ ਪਿੰਡ ਦੇ ਦਰਵਾਜ਼ਿਆਂ ਦੇ ਅੰਦਰ ਉਹਦਾ ਘਰ ਹੁੰਦਾ ਤਾਂ ਮੰੁਡਿਆਂ ਦਾ ਕੀ ਹਸ਼ਰ ਹੋਣਾ ਸੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ |
-ਸਰਕਾਰੀ ਹਾਈ ਸਕੂਲ ਕੁਲਾਰ ਖੁਰਦ (ਸੰਗਰੂਰ)
ਮੋਬਾਈਲ :98761-01841.

ਕਹਾਣੀ......... ਸੇਵਾਉਹੋ ਚਾਰੋਂ ਬਜ਼ੁਰਗ ਬਚਪਨ ਤੋਂ ਗੂੜ੍ਹੇ ਮਿੱਤਰ ਹਨ, ਹੁਣ ਉਨ੍ਹਾਂ ਨੇ ਭਾਰਤ ਦੀ ਮੇਨ ਸੜਕ ਉਤੇ ਆਪਣਾ ਇਕ ਮੌਲ 'ਬਹੁਤ ਵੱਡਾ ਹੋਟਲ' ਖੋਲਿ੍ਹਆ ਹੋਇਆ ਹੈ, ਉਨ੍ਹਾਂ ਦਾ ਏਨਾ ਜ਼ਿਆਦਾ ਕੰਮ ਚਲ ਰਿਹਾ ਹੈ ਕਿ ਨੇੜੇ-ਤੇੜੇ ਦੇ ਛੋਟੇ-ਮੋਟੇ ਹੋਟਲਾਂ ਅਤੇ ਢਾਬਿਆਂ ਦਾ ਕੰਮ ਲਗਭਗ ਬੰਦ ਹੋਣ ਕਿਨਾਰੇ ਪੁੱਜ ਗਿਆ |
ਉਹ ਚਾਰੋਂ ਜਣੇ ਹਰ ਰੋਜ਼ ਸ਼ਾਮ ਦੇ ਵਕਤ ਆਪੋ-ਆਪਣੇ ਹਿਸਾਬ-ਕਿਤਾਬ ਅਤੇ ਰੁਪਈਆਂ ਦੀ ਗਿਣਤੀ ਕਰਨ ਲਈ 'ਕੱਠੇ ਹੁੰਦੇ | ਇਕ ਸ਼ਾਮ ਉਹ ਚਾਰੋਂ ਜਣੇ ਨੋਟਾਂ ਦੀ ਗਿਣਤੀ ਸ਼ੁਰੂ ਕਰਨ ਤੋਂ ਪਹਿਲਾਂ 'ਕੱਠੇ ਹੋਏ ਬੈਠੇ ਸਨ ਕਿ ਉਨ੍ਹਾਂ ਵਿਚੋਂ ਇਕ ਜਣੇ ਨੇ ਗੱਲ ਪੁੱਛੀ, 'ਯਾਰੋ ਜਦੋਂ ਆਪਾਂ ਚਾਰੋਂ ਜਣੇ ਭਰ ਜਵਾਨੀ ਵਿਚ ਸੀ, ਉਦੋਂ ਆਪਾਂ ਇਸ ਥਾਂ 'ਤੇ ਸੜਕ 'ਤੇ ਆਉਂਦੇ ਜਾਂਦੇ ਲੋਕਾਂ ਨੂੰ ਆਪਣੇ ਮੰੂਹ ਬੰਨ੍ਹ ਕੇ ਲੁੱਟਿਆ ਕਰਦੇ ਸੀ, ਲੁਟਦੇ ਤਾਂ ਆਪਾਂ ਹੁਣ ਵੀ ਹਾਂ, ਮੇਰਾ ਮਤਲਬ ਹੈ ਕਿ ਚਾਲੀਆਂ ਵਾਲੀ ਰੋਟੀ ਦੀ ਥਾਲੀ ਢਾਈ ਤਿੰਨ ਸੌ ਰੁਪਏ ਦੀ ਦੇ ਕੇ ਸ਼ਰੇਆਮ ਹੀ ਲੋਕਾਂ ਦੀ ਖੱਲ ਉਧੇੜੀ ਜਾ ਰਹੇ ਹਾਂ, ਹੁਣ ਆਪਾਂ ਨੂੰ ਪਹਿਲਾਂ ਵਾਂਗ ਡਰ ਕਿਉਂ ਨਹੀਂ ਲਗਦਾ?'
'ਭੁੱਲ ਜਾ ਭਾਈ ਜ਼ੋਰਾ ਸਿਹਾਂ, ਉਨ੍ਹਾਂ ਵੇਲਿਆਂ ਨੂੰ ਹੁਣ, ਉਦੋਂ ਗੱਲ ਹੋਰ ਹੁੰਦੀ ਸੀ', ਤਿੱਤਰ ਸਿਉਂ ਜਿਹੜਾ ਉਨ੍ਹਾਂ 'ਚੋਂ ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਸੀ, ਉਹ ਬੋਲਿਆ |
'ਕਿਉਂ ਉਦੋਂ ਕੀ ਗੱਲ ਹੁੰਦੀ ਸੀ?' ਉਨ੍ਹਾਂ 'ਚੋਂ ਇਕ ਨੇ ਪੁੱਛਿਆ |
'ਉਦੋਂ ਆਪਣਾ ਇਕ ਗਰੋਹ ਹੁੰਦਾ ਸੀ ਚਾਰੋਂ ਜਣਿਆਂ ਦਾ, ਉਸ ਵਕਤ ਆਪਾਂ ਸਿਰਫ਼ ਲੁੱਟਦੇ ਹੁੰਦੇ ਸੀ ਤੇ ਕਾਨੂੰਨ ਦੀਆਂ ਨਜ਼ਰਾਂ ਵਿਚ ਅਪਰਾਧੀ ਹੁੰਦੇ ਸੀ, ਉਸ ਵੇਲੇ ਆਪਾਂ ਕੋਈ 'ਸੇਵਾ' ਵਾਲਾ ਕੰਮ ਥੋੜ੍ਹੀ ਕਰਦੇ ਹੁੰਦੇ ਸੀ ਨਾਲ |'
'ਕਿਹੜੀ ਸੇਵਾ?' ਤਿੰਨੋਂ ਦੋਸਤਾਂ ਨੇ 'ਕੱਠਿਆਂ ਪੁੱਛਿਆ |
ਬਈ ਆਹ ਜਿਹੜਾ ਮਾੜਾ-ਮੋਟਾ ਖਾਣਾ ਖਵਾਉਂਦੇ ਹਾਂ ਲੋਕਾਂ ਨੂੰ ਇਹ ਵੀ ਤਾਂ ਇਕ ਸੇਵਾ ਹੀ ਹੁੰਦੀ ਹੈ, ਆਪਾਂ ਜਿਨ੍ਹਾਂ ਲੋਕਾਂ ਦੀ ਲਟਾਈ ਕਰਦੇ ਹਾਂ, ਉਸੇ ਕਰੀ ਹੋਈ ਲੁੱਟ 'ਚੋਂ ਉਨ੍ਹਾਂ ਲੋਕਾਂ ਨੂੰ ਖਾਣਾ ਖਵਾ ਕੇ ਕੁਝ ਨਾ ਕੁਝ ਤਾਂ 'ਸੇਵਾ' ਕਰਦੇ ਹੀ ਹਾਂ, ਇਸੇ ਕਰਕੇ ਹੁਣ ਆਪਾਂ ਨੂੰ ਮੰੂਹ ਬੰਨ੍ਹਣ ਦੀ ਲੋੜ ਨਹੀਂ ਪੈਂਦੀ ਅਤੇ ਅਪਰਾਧੀਆਂ ਵਾਲਾ ਭੈਅ ਵੀ ਮਨਾਂ ਵਿਚੋਂ ਆਪੇ ਖਤਮ ਹੋ ਗਿਆ, ਸਮਝੇ |
ਉਸ ਦਾ ਬੋਲਿਆ ਹੋਇਆ ਸੱਚ ਸੁਣ ਕੇ ਚਾਰੋਂ ਜਣਿਆਂ ਨੇ ਹੱਸਦੇ-ਹੱਸਦੇ ਨੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ |
-ਰਵਿੰਦਰ 'ਰੁਪਾਲ' ਕੌਲਗੜ੍ਹ
ਭੁਪਿੰਦਰ ਨਗਰ, ਅਮਲੋਹ ਰੋਡ, ਖੰਨਾ |
ਮੋਬਾਈਲ : 93162-88955.

ਵਿਚਾਰਾ ਕਾਲਾ

'ਨਾ, ਭੰਨ ਕੇ ਬਹੂ ਦੇ ਪਾਸੇ ਹੁਣ ਚੁੱਲ੍ਹੇ ਮੂਹਰੇ ਆ ਬੈਠਾਂ, ਜੰੂਡਲਾ ਜਿਹਾ | ਨਾ ਤੇਰੀ ਸੁਰਤ ਨੀ ਟਿਕਾਣੇ? ਹੈਂ! ਜੇ ਸਿਰ ਮੰੂਹ 'ਤੇ ਵੱਜਦੀ, ਹੋਗੀ ਸੀ ਨਾ ਸਾਡੀ ਤਾਂ ਜਾਹ ਜਾਂਦੀ', ਉਲਾਂਭਾ ਦੇਣ ਆਈ ਰੂਪੋ ਬੁੜ੍ਹੀ ਕਾਲੇ ਨੂੰ ਭੁੱਖੀ ਬਘਿਆੜੀ ਵਾਂਗੂੰ ਪੈ ਗਈ ਸੀ | ਕੰਧੋਲੀ ਪਿੱਛੇ ਲੱਕੜ ਦੀ ਫੱਟੀ ਤੋਂ ਉਠਦਾ ਕਾਲਾ ਬੁੜ੍ਹੀ ਦੇ ਹਰਖੇ ਤੇਵਰ ਦੇਖ ਕੇ ਸਿਰਫ਼ ਐਨਾ ਕੁ ਹੀ ਬੋਲ ਸਕਿਆ, 'ਮੈਂ ਭਲਾ ਚਾਚੀ ਕੋਈ ਜਾਣ ਕੇ ਤਾਂ ਨੀ ਮਾਰੀ |'
'ਤੇਰਾ ਖੈੜ੍ਹਾ ਛੁੱਟਜੂ ਐਾ ਕਹਿ ਕੇ? ਜਾਣ ਕੇ ਤਾਂ ਨੀ ਮਾਰੀ | ਅਜੇ ਖੇਖਣ ਕਰਦੈਂ | ਭਲਾ ਕੋਈ ਪੁੱਛਣ ਵਾਲਾ ਹੋਵੇ ਬਈ ਕੀ ਮਿਲ ਗਿਆ ਤੈਨੂੰ ਤੀਮੀ ਮਾਨੀ ਦੇ ਸੋਟੀ ਮਾਰ ਕੇ | ਹੈਂ?' ਬੁੜ੍ਹੀ ਦਾ ਰੌਲਾ ਸੁਣ ਕੇ ਆਂਢੀ-ਗੁਆਂਢੀ 'ਕੱਠੇ ਹੋ ਗਏ | ਕਾਲਾ ਵਿਚਾਰਾ ਕੀ ਬੋਲੇ | ਉਸ ਤੋਂ ਕੰਮ ਹੀ ਕੁਝ ਐਸ ਤਰ੍ਹਾਂ ਦਾ ਹੋ ਗਿਆ ਸੀ | ਉਹ ਨਿੰਮੋਝੂਣਾ ਜਿਹਾ ਹੋ ਕੇ ਬੁੜ੍ਹੀ ਦੀਆਂ ਤੱਤੀਆਂ-ਤੱਤੀਆਂ ਸੁਣ ਰਿਹਾ ਸੀ |
ਕਾਲਾ, ਕਾਲੇ ਮਿਸਤਰੀ ਵਜੋਂ ਪਿੰਡ ਵਿਚ ਮਸ਼ਹੂਰ ਸੀ | ਫੱਕਰ ਤਬੀਅਤ ਦਾ ਮਾਲਕ, ਆਪਣੇ ਕੰਮ ਨਾਲ ਕੰਮ ਰੱਖਣ ਵਾਲਾ, ਕਿਸੇ ਦੀ ਵਧਵੀਂ-ਘਟਵੀਂ ਨੀ ਕਰਨੀ | ਕਿਸੇ ਨੇ ਖੁਰਲੀ ਬਨਵਾਉਣੀ ਹੁੰਦੀ, ਪਸ਼ੂਆਂ ਥੱਲੇ ਕੱਚੇ ਥਾਂ ਵਿਚ ਪੱਕੀਆਂ ਇੱਟਾਂ ਲਵਾਉਣੀਆਂ ਹੁੰਦੀਆਂ, ਖੇਤ ਟਿਊਬਵੈੱਲ ਦੀ ਡੱਗੀ ਬਣਵਾਉਣੀ ਹੁੰਦੀ ਤਾਂ ਕਾਲੇ ਮਿਸਤਰੀ ਨੂੰ ਯਾਦ ਕੀਤਾ ਜਾਂਦਾ | ਕਾਲਾ ਵੀ ਆਵਦੇ ਸੰਦਾਂ ਵਾਲਾ ਦਰੀ ਦਾ ਬਣਿਆ ਝੋਲਾ, ਆਵਦੇ ਪੁਰਾਣੇ ਸਾਈਕਲ 'ਤੇ ਟੰਗ ਸੰਦੇਹਾਂ ਹੀ ਅਗਲੇ ਦੇ ਘਰ ਜਾ ਫਤਹਿ ਬੁਲਾਉਂਦਾ | ਜੇ ਵਿਹਲਾ ਹੁੰਦਾ ਤਾਂ ਕਿਸੇ ਠੇਕੇਦਾਰ ਮਿਸਤਰੀ ਨਾਲ ਕੰਧਾਂ, ਛੱਤਾਂ ਦੀ ਲਿਪਾਈ ਵੀ ਕਾਲਾ ਕਰਵਾ ਦਿੰਦਾ ਹੈ | ਗੱਲ ਕੀ ਇਨ੍ਹਾਂ ਛੋਟੇ-ਮੋਟੇ ਕੰਮਾਂ ਤੋਂ ਕਾਲੇ ਨੂੰ ਆਵਦੇ ਵਾਲ ਵਾਹੁਣ ਤੱਕ ਦੀ ਵਿਹਲ ਨਹੀਂ ਸੀ ਮਿਲਦੀ ਸੀ |
ਕਾਲਾ ਪੋਲੇ ਹੱਥ ਨਾਲ ਵਿੰਗੀ-ਬੌਲੀ ਪੱਗ ਸਿਰ 'ਤੇ ਲਪੇਟ ਲੈਂਦਾ ਤੇ ਢਿਲਕ ਕੇ ਅੱਖਾਂ 'ਤੇ ਆਈ ਪੱਗ ਨੂੰ ਹੱਥ ਦੇ ਪੁੱਠੇ ਪਾਸੇ ਨਾਲ ਉਪਰ ਚੁਕਦਾ ਆਪਣਾ ਕੰਮ ਕਰੀ ਜਾਂਦਾ |
ਭਰਾਵਾਂ ਨਾਲ ਵੰਡ-ਵਡਾਈ ਵੇਲੇ, ਉਸ ਦੀ ਮਾਂ ਇਕ ਸੱਜਰ ਸੂਈ ਗਾਂ ਤੇ ਪਿਓ ਦੀ ਢੇਰੀ ਵਿਚੋਂ ਦੋ ਢਾਈ ਕਨਾਲਾਂ ਜ਼ਮੀਨ ਕਾਲੇ ਦੇ ਹਿੱਸੇ ਆਈ ਸੀ | ਆਪਣੀ ਜ਼ਮੀਨ ਵਿਚ ਕਾਲਾ ਗਾਂ ਦੇ ਲਈ ਹਰੇ ਪੱਠੇ ਬੀਜ ਲੈਂਦਾ | ਦਿਨ ਵੇਲੇ ਵਿਹਲ ਨਾ ਹੋਣ ਕਾਰਨ ਕਾਲਾ ਮੰੂਹ-ਹਨੇਰੇ ਹੀ ਗਾਂ ਵਾਸਤੇ ਜਵੀ ਦੀ ਇਕ ਪੰਡ ਸਿਰ 'ਤੇ ਲੈ ਆਉਂਦਾ |
ਗਾਂ ਮਾਂ-ਪੁੱਤ ਦੇ ਗੁਜ਼ਾਰੇ ਜਿੰਨਾ ਦੁੱਧ ਦੇਈ ਜਾਂਦੀ |
ਰੂਪੋ ਬੁੜ੍ਹੀ ਦਾ ਦਸ ਕੁ ਸਾਲਾ ਦਾ ਪੋਤਾ ਨਾਨਕੀਂ ਗਿਆ, ਜ਼ਿੱਦ ਨਾਲ ਇਕ ਕਾਲੇ ਰੰਗ ਦੀ ਕੁੱਤੀ ਆਵਦੇ ਮਾਮੇ ਕੋਲੋਂ ਲੈ ਆਇਆ | ਆਥਣੇ ਤੜਕੇ ਦਸ ਵੀਹ ਰੋਟੀਆਂ ਭੰਨ ਤੇ ਸੇਰ ਪੱਕਾ ਦੁੱਧ ਪੀ ਕੇ ਕੁੱਤੀ ਸਾਰਾ ਦਿਨ ਬਾਰ ਵਿਚ ਬੈਠੀ ਰਹਿੰਦੀ | ਹਰ ਆਉਂਦੇ-ਜਾਂਦੇ ਨੂੰ ਘੁਰ-ਘੁਰ ਕਰੀ ਜਾਂਦੀ | ਕੁੱਤੀ ਤੋਂ ਡਰਦੇ ਆਂਢ-ਗੁਆਂਢ ਦੇ ਨਿਆਣੇ ਘਰਾਂ ਅੰਦਰ ਤਾੜੇ ਗਏ ਸੀ | ਜੇ ਕੋਈ ਗੁਆਂਢਣ ਕੁੱਤੀ ਨੂੰ ਬੰਨ੍ਹ ਕੇ ਰੱਖਣ ਲਈ ਰੂਪੋ ਬੁੜ੍ਹੀ ਨੂੰ ਟੋਕਦੀ ਤਾਂ ਉਹ ਸਗੋਂ ਉਸੇ ਦੇ ਹੀ ਗਲ ਪੈ ਜਾਂਦੀ, 'ਨਾ ਲੋਕ ਦੋ-ਦੋ ਤਿੰਨ-ਤਿੰਨ ਕਤ੍ਹੀੜ ਲਈ ਫਿਰਦੇ ਨੇ, ਸਾਡੀ ਇਕੋ ਈ ਤੇਰੇ ਰੜਕਦੀ ਆ | ਵੱਡੀ ਆਈ, ਅਖੇ ਆਵਦੀ ਕੁੱਤੀ ਬੰਨ੍ਹ ਲੈ | ਤੁਸੀਂ ਆਵਦੇ ਕਰੇਂਡਾ ਨੂੰ ਨੀਂ ਸਾਂਭ ਸਕਦੇ? ਹੈਂ |' ਰੂਪੋ ਦੇ ਰੁੱਖੇ ਸੁਭਾਅ ਮੂਹਰੇ ਸਾਰਾ ਆਂਢ-ਗੁਆਂਢ ਚੁੱਪ ਹੋ ਜਾਂਦਾ |
ਪੋਹ-ਮਾਘ ਦੇ ਦਿਨ ਸੀ | ਧੁੰਦ ਵਿਚ ਹੱਥ ਮਾਰਿਆਂ ਵੀ ਨਹੀਂ ਦਿਸਦਾ ਸੀ | ਜਦੋਂ ਕਾਲਾ ਸਵੇਰੇ-ਸਵੇਰੇ ਗਾਂ ਲਈ ਜਵੀ ਦੀ ਪੰਡ ਲੈਣ ਖੇਤ ਵੱਲ ਜਾਂਦਾ ਤਾਂ ਕੁੱਤੀ ਜਿਵੇਂ ਕਾਲੇ ਦੇ ਵੈਰ ਹੀ ਪੈ ਗਈ ਸੀ | ਕੁੱਤੀ ਤੋਂ ਬਚਾਅ ਲਈ ਕਾਲਾ ਪੱਠੇ ਲਿਆਉਣ ਵੇਲੇ ਹੱਥ ਵਿਚ ਤੂਤ ਦੀ ਇਕ ਤਕੜੀ ਸੋਟੀ ਰੱਖਣ ਲੱਗ ਪਿਆ |
ਤੇ ਕੱਲ੍ਹ ਕਿਸੇ ਜਿਮੀਂਦਾਰ ਦੇ ਕੰਮ 'ਤੇ ਗਏ ਕਾਲੇ ਨੂੰ ਜਿਮੀਂਦਾਰ ਨੇ ਥੋੜ੍ਹੀ ਦਾਰੂ ਪਿਆ ਦਿੱਤੀ | ਸਰੂਰ ਜਿਹੇ ਚੜ੍ਹੇ 'ਚ, ਰਜਾਈ ਵਿਚ ਪਏ ਕਾਲੇ ਦਾ ਮਨ ਕੁੱਤੀ ਨੂੰ ਸਬਕ ਸਿਖਾਉਣ ਦੀਆਂ ਵਿਉਂਤਾ ਘੜਨ ਲੱਗ ਪਿਆ | ਅਖੀਰ ਇਕ ਅਜੀਬ ਤਸੱਲੀ ਨਾਲ ਕਾਲੇ ਨੂੰ ਨੀਂਦ ਆ ਗਈ |
ਸਵੇਰੇ ਉਠਦੇ ਵੇਲੇ ਕਾਲੇ ਦੇ ਚਿਹਰੇ 'ਤੇ ਅਜੀਬ ਰੌਣਕ ਸੀ | ਅੱਜ ਉਸ ਕੁੱਤੀ ਨੂੰ ਵੱਢਣੋਂ ਹਟਾ ਦੇਣ ਦਾ ਮਨ ਬਣ ਲਿਆ ਸੀ | ਉਹਨੇ ਸੋਚਿਆ ਪੱਠੇ ਤਾਂ ਫੇਰ ਸਹੀ, ਪਹਿਲਾਂ ਕੁੱਤੀ ਨੂੰ ਹੀ ਮਿਲਦਾ ਹਾਂ | ਸੋਟੀ ਚੁੱਕ ਕੇ ਤੁਰਦਿਆਂ ਉਸ ਨੇ ਮਨ ਪੱਕਾ ਬਣਾ ਲਿਆ ਸੀ ਕਿ ਕੁੱਤੀ ਨੂੰ ਵੱਢਣ ਵਾਸਤੇ ਉਠਣ ਤੋਂ ਪਹਿਲਾਂ ਹੀ ਸੋਟੀ ਜੜ ਦੇਣੀ ਹੈ |
ਅੱਜ ਰੂਪੋ ਦੀ ਨੂੰ ਹ ਵੀ, ਆਪਣੇ ਨਿੱਤਨੇਮ ਤੋਂ ਪਹਿਲਾਂ ਹੀ ਬਾਰ ਮੂਹਰੇ ਝਾੜੂ ਬਹੁਕਰ ਮਾਰਨ ਲਈ ਆ ਗਈ | ਧੁੰਦ ਵੀ ਰੋਜ਼ ਨਾਲੋਂ ਵੱਧ, ਬਹੂ ਆਵਦੀ ਕਾਲੀ ਸ਼ਾਲ ਦੀ ਬੁੱਕਲ ਮਾਰੀ ਬੈਠ ਕੇ ਬਾਰ ਮੂਹਰੇ ਸੁੰਭਰੀ ਜਾਵੇ | ਕਾਲਾ ਮੁੱਠੀਆਂ 'ਚ ਥੁੱਕੀ, ਕੁੱਤੀ ਬਾਰੇ ਸੋਚਦਾ, 'ਕੱਲਾ ਹੀ ਬੋਲਦਾ ਆ ਰਿਹਾ ਸੀ, 'ਅੱਜ ਤੋਂ ਵੱਢਣੋਂ ਨਾ ਹਟਾਈ ਤਾਂ ਪਿਓ ਦਾ ਪੁੱਤ ਨਾ ਜਾਣੀਂ |' ਕਾਲਾ ਛੋਹਲੇ ਕਦਮੀਂ, ਬਿਨਾਂ ਪੈਰਾਂ ਦਾ ਖੜਾਕ ਕੀਤਿਆਂ ਰੂਪੋ ਦੀ ਨੂੰ ਹ ਦੇ ਨੇੜੇ ਆ ਗਿਆ |
ਕੋਈ ਪਰਛਾਵਾਂ ਨੇੜੇ ਆ ਜਾਣ ਕਰਕੇ ਉਸ ਨੇ ਵੀ ਬਹੁਕਰ ਰੋਕ ਲਈ | ਕਾਲੇ ਨੇ ਦੋਵਾਂ ਹੱਥਾਂ ਦੀ ਜੋੜ ਕੇ ਸੋਟੀ ਸਾਰੇ ਜ਼ੋਰ ਨਾਲ ਪਾਸੇ ਤੋਂ ਲਿਆ ਕੇ, ਕੁੱਤੀ ਦੇ ਭੁਲੇਖੇ ਰੂਪੋ ਦੀ ਨੂੰ ਹ ਦੇ ਪਾਸੇ 'ਤੇ ਦੇ ਮਾਰੀ |' 'ਲੈ ਅੱਜ ਤੋਂ ਨ੍ਹੀਂ ਵੱਢੇਂਗੀ', ਕਾਲੇ ਨੇ ਲਲਕਾਰਾ ਮਾਰਨ ਵਾਂਗ ਕਿਹਾ |
'ਹਾਏ ਮਾਰ 'ਤੀ ਵੇ ਪਟਮੇਲੀ ਪੈਣਿਆਂ' ਆਖ ਰੂਪੋ ਦੀ ਨੂੰ ਹ ਦੇ ਹੱਥੋਂ ਬਹੁਕਰ ਛੁੱਟ ਗਈ ਤੇ ਭਮੰਤਰੇ ਕਾਲੇ ਹੱਥੋਂ ਸੋਟੀ |
-ਅਮਰਜੀਤ ਸਿੰਘ ਮਾਨ
ਪਿੰਡ ਤੇ ਡਾਕ: ਮੌੜ ਕਲਾਂ, ਬਠਿੰਡਾ-151509.
ਮੋਬਾਈਲ : 94634-45092.

ਕਾਵਿ-ਵਿਅੰਗ

ਕਾਲ ਕੋਠੜੀ
• ਨਵਰਾਹੀ ਘੁਗਿਆਣਵੀ r
ਪਲ ਪਲ ਮੌਤ ਦੀ ਕਰੇ ਉਡੀਕ ਬੇਬਸ,
ਕਾਲ ਕੋਠੜੀ ਦੇ ਵਿਚ ਬੰਦ ਕੈਦੀ |
ਹੋਇਆ ਪਾਗ਼ਲਾਂ ਜਿਹਾ ਵਿਹਾਰ ਉਸਦਾ,
ਹੈਸੀ ਕਿਸੇ ਵੇਲੇ ਅਕਲਮੰਦ ਕੈਦੀ |
ਖਾਣਾ ਪਹਿਨਣਾ ਮੂਲ ਨਾ ਭਾਏ ਉਸ ਨੂੰ ,
ਕੋਈ ਚੀਜ਼ ਨਾ ਕਰੇ ਪਸੰਦ ਕੈਦੀ |
ਕਦੇ ਓਪਰੀ ਹਾਸੀ ਵੀ ਹੱਸ ਪੈਂਦਾ,
ਗੁੱਸੇ ਨਾਲ ਪੀਂਹਦਾ ਕਦੇ ਦੰਦ ਕੈਦੀ |
-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ |
ਮੋਬਾਈਲ : 98150-02302.

ਢਿੱਡ ਪੁਜਾਰੀਆਂ ਦੇ...
• ਹਰਦੀਪ ਢਿੱਲੋਂ r
ਗਿਣਕੇ ਦੱਸ ਖਾਂ ਵਡੇਰੇ ਤੀਰਥਾਂ 'ਚੋਂ,
ਕਿੰਨੀਆਂ ਲੈ ਗਏ ਮੂਰਤੀਆਂ ਤੁਰਕ ਬਾਬਾ |
ਕਿੰਨੇ ਵਧ ਗਏ ਢਿੱਡ ਪੁਜਾਰੀਆਂ ਦੇ,
ਸਾਡੀ ਕਿਰਤ ਅੰਗੂਰੀ ਨੂੰ ਮੁਰਕ ਬਾਬਾ |
ਕਿੰਨੇ ਰੱਬ ਦੇ ਨਾਉਂ ਸ਼ਰਧਾਲੂਆਂ ਦੇ,
ਟੱਬਰ ਕਰ ਲਏ ਚੋਲਿਆਂ ਕੁਰਕ ਬਾਬਾ |
ਕਿੰਨੇ ਬੂਬਨੇ ਵਿਚ ਕਚਹਿਰੀਆਂ ਦੇ,
ਖੜ੍ਹੇ ਗਵਾਹਾਂ ਨੂੰ ਰਹੇ ਨੇ ਘੁਰਕ ਬਾਬਾ |
1-ਸਿਵਲ ਹਸਪਤਾਲ, ਅਬੋਹਰ-152116.
-ਮੋਬਾਈਲ : 98764-57242.

ਬਕਵਾਸ ਬੰਦਾ
• ਬਲਦੇਵ ਸਿੰਘ ਆਜ਼ਾਦ r
ਹੇਰਾਫੇਰੀਆਂ, ਚੋਰੀਆਂ ਕਰੇ ਜਿਹੜਾ |
ਉਤਲੇ ਅਫ਼ਸਰਾਂ ਦਾ ਹੁੰਦਾ ਉਹ ਖਾਸ ਬੰਦਾ |
ਟਪਲੇ ਮਾਰ ਕੇ ਲੋਕਾਂ ਨੂੰ ਖ਼ੁਸ਼ ਰੱਖੇ,
ਆਉਂਦਾ ਸਾਰਿਆਂ ਦੇ ਹੀ ਉਹ ਰਾਸ ਬੰਦਾ |
ਐਧਰ ਲਾਉਂਦਾ ਤੇ ਔਧਰ ਬੁਝਾਂਵਦਾ ਏ,
ਦੋਵੇਂ ਪਾਸੇ ਹੀ ਹੁੰਦਾ ਉਹ ਪਾਸ ਬੰਦਾ |
ਹੱਕ-ਸੱਚ ਦਾ ਜਿਹੜਾ ਹੈ ਰਾਹ ਫੜਦਾ,
ਉਹਨੂੰ ਕਹਿੰਦੇ ਨੇ ਅੱਜ ਬਕਵਾਸ ਬੰਦਾ |
-ਮੋਬਾਈਲ : 94176-71364.

ਛੋਟੀ ਕਹਾਣੀ...

ਪ੍ਰਾਪਰਟੀ ਟੈਕਸ

ਡਰਾਇੰਗ ਰੂਮ ਵਿਚ ਬੈਠਾ ਉਹ ਘਰ ਦੇ ਖਰਚੇ ਬਾਰੇ ਹਿਸਾਬ ਕਿਤਾਬ ਲਾ ਰਿਹਾ ਸੀ | ਅੱਜ ਮਿਲੀ ਤਨਖਾਹ ਨਾਲ ਮਹੀਨੇ ਭਰ ਦਾ ਗੁਜ਼ਾਰਾ ਵੀ ਕਰਨਾ ਏ ਤੇ ਉਤੋਂ ਸਰਕਾਰ ਨੇ ਪ੍ਰਾਪਰਟੀ ਟੈਕਸ ਲਾ ਕੇ ਨਵਾਂ ਪੰਗਾ ਖੜ੍ਹਾ ਕਰ ਦਿੱਤਾ |
'ਮੈਂ ਕਿਹਾ ਜੀ, ਰੋਜ਼ੀ ਦੇ ਸਕੂਲ ਦੇ ਬੱਚੇ ਟੂਰ 'ਤੇ ਜਾ ਰਹੇ ਨੇ, ਇਹਦੇ ਟੂਰ ਜੋਗੇ ਪੈਸੇ ਵੀ ਅੱਡ ਹੀ ਰੱਖ ਲਿਓ', ਕੋਲ ਆ ਕੇ ਪਾਣੀ ਦਾ ਗਿਲਾਸ ਫੜਾਉਂਦਿਆਂ ਪਤਨੀ ਨੇ ਕਿਹਾ ਤੇ ਫਿਰ ਥੋੜ੍ਹਾ ਝਿਜਕ ਕੇ ਬੋਲੀ, 'ਬਿੱਟੂ ਦਾ ਵੀ 12ਵੀਂ ਵਿਚ ਦੁਬਾਰਾ ਦਾਖਲਾ ਕਰਾਉਣਾ ਏ |'
'ਕਿਥੋਂ ਕਰਾਂਗੇ ਇੰਨਾ ਖਰਚਾ ਇਸ ਮਹੀਨੇ ਦੀ ਸਾਰੀ ਤਨਖਾਹ ਤਾਂ ਪ੍ਰਾਪਰਟੀ ਟੈਕਸ ਭਰਨ 'ਚ ਹੀ ਚਲੀ ਜਾਣੀ ਏ |' ਸੋਚਾਂ ਵਿਚ ਡੁੱਬਿਆ ਉਹ ਬੋਲਿਆ |
'ਕੁਝ ਨੀ ਹੁੰਦਾ ਪ੍ਰਾਪਰਟੀ ਟੈਕਸ ਭਰਨ ਨੂੰ , ਆਪੇ ਫਿਰ ਭਰਿਆ ਜਾਊ | ਅੱਗੇ ਕਿੰਨੇ ਕੁ ਲੋਕਾਂ ਨੇ ਭਰਿਆ ਏ, ਸਾਡੀ ਅਸਲੀ ਪ੍ਰਾਪਰਟੀ ਤਾਂ ਸਾਡੇ ਬੱਚੇ ਨੇ | ਇਨ੍ਹਾਂ ਤੋਂ ਵੱਡੀ ਕਿਹੜੀ ਜਾਇਦਾਦ ਏ | ਤੁਸੀਂ ਬਿੱਟੂ ਦਾ ਦੁਬਾਰਾ ਸਕੂਲ ਵਿਚ ਦਾਖਲਾ ਕਰਾਓ |'
ਕੋਲ ਫਿਰਦੇ 12ਵੀਂ ਜਮਾਤ ਵਿਚੋਂ ਫੇਲ੍ਹ ਪੁੱਤ ਵੱਲ ਦੇਖ ਕੇ ਉਸ ਦੇ ਮੰੂਹੋਂ ਆਪ-ਮੁਹਾਰੇ ਨਿਕਲ ਗਿਆ, 'ਆਹੋ! ਭਰਨਾ ਤਾਂ ਪ੍ਰਾਪਰਟੀ ਦਾ ਟੈਕਸ ਹੀ ਏ | ਚਾਹੇ ਇਧਰ ਭਰਾਂ ਜਾਂ ਉਧਰ |'
-ਬਲਜਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ |
ਮੋਬਾਈਲ : 81465-49597.

ਵੇਲੇ ਕੁਵੇਲੇ ਦੇ ਫੋਨ

ਅਸੀਂ ਸੁੱਖ ਸਹੂਲਤਾਂ ਮਾਣਨ ਲਈ ਨਵੀਂ ਟੈਕਨਾਲੋਜੀ ਤਾਂ ਅਪਣਾਈ ਜਾ ਰਹੇ ਹਾਂ, ਪਰ ਅਸਲ ਵਿਚ ਸਾਡੀਆਂ ਸਹੂਲਤਾਂ ਦੂਸਰਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ | ਮੋਬਾਈਲ ਫ਼ੋਨ ਹਰ ਪਾਸੇ ਲਾਹੇਵੰਦ ਸਾਬਤ ਹੋ ਰਿਹਾ ਹੈ, ਪਰ ਇਸ ਦੀ ਫਜ਼ੂਲ ਵਰਤੋਂ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ, ਲੋਕੀਂ ਮੋਬਾਈਲ ਫ਼ੋਨ ਕੰਨ੍ਹ ਨਾਲ ਲਗਾ ਕੇ, ਹੋਰ ਫੇਰ, ਹੋਰ ਫੇਰ, ਕਰਦੇ ਗੱਲ ਲੰਬੀ ਕਰਦੇ ਐਵੇਂ ਕਹਾਣੀਆ ਪਾਉਂਦੇ ਰਹਿਣਗੇ, ਜਿਵੇਂ ਫ਼ੋਨ ਸੁਣਨ ਤੋਂ ਬਿਨਾਂ ਹੋਰ ਕੰਮ ਨਹੀਂ ਹੁੰਦਾ, ਦੂਸਰੇ ਨੂੰ ਛੱਤੀ ਕੰਮ ਹੁੰਦੇ ਹਨ, ਪਰ ਇਨ੍ਹਾਂ ਦੀ ਹੋਰ ਫੇਰ ਨਹੀਂ ਮੁੱਕਦੀ |
ਕਈ ਲੋਕ ਫ਼ੋਨ ਕਰਨ ਦਾ ਸਮਾਂ ਹੀ ਨਹੀਂ ਦੇਖਦੇ, ਆਹ ਥੋੜੇ੍ਹ ਦਿਨਾਂ ਦੀ ਗੱਲ ਹੈ ਰਾਤ 11.45 'ਤੇ ਫ਼ੋਨ ਆਇਆ ਮੈਂ ਸੁੱਤੇ ਪਏ ਨੇ ਅੱਬੜਵਾਹੇ ਉਠਦਿਆਂ ਫ਼ੋਨ ਚੁੱਕਿਆ ਅੱਗੇ ਤੋਂ ਆਵਾਜ਼ ਆਈ, 'ਹੈਲੋ ਕੀ ਹਾਲ ਐ?' , ਮੈਂ ਸਤੇ ਹੋਏ ਨੇ ਕਿਹਾ, 'ਹਾਂ ਜੀ ਦੱਸੋ |' ਅੱਗੇ ਤੋਂ ਆਵਾਜ਼ ਸੀ, 'ਕੁਝ ਨਹੀਂ, ਮੈਂ ਗੁੱਡ ਨਾਈਟ ਬੋਲਣੀ ਸੀ |' ਮੈਂ ਗ਼ੁੱਸੇ ਵਿਚ 'ਸੌਾ ਜਾਵੋ ਚੁੱਪ ਕਰਕੇ' ਕਹਿ ਬਿਨਾਂ ਗੁੱਡ ਨਾਈਟ ਬੋਲੇ ਫ਼ੋਨ ਕੱਟ ਦਿੱਤਾ |
ਥੋੜੇ੍ਹ ਦਿਨਾਂ ਬਾਅਦ ਹੀ ਇੱਕ ਅਜਿਹੇ ਸੱਜਣ ਦਾ ਸਵੇਰੇ 5 ਵਜੇ ਹੀ ਫ਼ੋਨ ਆ ਗਿਆ, 'ਕੀ ਕਰਦੇ ਹੋ?' ਮੈਂ ਕਿਹਾ 'ਸੈਰ 'ਤੇ ਜਾਣ ਲੱਗਾਂ, ਹੁਕਮ ਕਰੋ |' ਮੈਂ ਸਮਝਿਆ ਸੀ ਕੋਈ ਜ਼ਰੂਰੀ ਕੰਮ ਹੋਣਾ ਜਿਹੜਾ ਸਵੇਰੇ ਹੀ ਘੰਟੀ ਖੜਕਾ ਦਿੱਤੀ, ਪਰ ਅੱਗੇ ਤੋਂ ਜਵਾਬ ਸੀ, 'ਕੋਈ ਕੰਮ ਨਹੀਂ ਸੀ ਮੈਂ ਕਿਹਾ ਹਾਲ ਚਾਲ ਪੁੱਛ ਲਈਏ, ਨਾਲੇ ਗੁੱਡ ਮਾਰਨਿੰਗ ਬੋਲ ਦੇਈਏ |' ਇਸ ਤੋਂ ਪਹਿਲਾਂ ਉਹ ਏਧਰ-ਉੱਧਰ ਦੀਆਂ ਗੱਲਾਂ ਕਰਦਾ ਮੈਂ ਫ਼ੋਨ ਕੱਟ ਦਿੱਤਾ |
ਇਕ ਦਿਨ ਤਾਂ ਕਮਾਲ ਹੋ ਗਈ | ਰਾਤ ਇਕ ਵਜੇ ਫ਼ੋਨ ਦੀ ਘੰਟੀ ਵੱਜੀ, ਮੈਂ ਹੈਲੋ ਕੀਤੀ, ਅੱਗੇ ਤੋਂ ਆਵਾਜ਼ ਸੀ, ਵੀਰ ਜੀ ਤੁਹਾਡਾ ਬਿਜਲੀ ਦਾ ਬਿੱਲ ਕਿੰਨਾ ਕੁ ਆਉਂਦਾ? ਮੈਂ ਜਵਾਬ ਦੇਣ ਤੋਂ ਪਹਿਲਾਂ ਪੁੱਛਿਆ ਤੁਸੀਂ ਕੌਣ ਬੋਲਦੇ ਹੋ, ਕਿਉਂ ਪੁੱਛ ਰਹੇ ਹੋ ਬਿਜਲੀ ਮਹਿਕਮੇ ਤੋਂ ਹੋ |' ਨਹੀਂ, ਨਹੀਂ ਵੀਰ ਜੀ ਮੈਂ ਵੀ ਏ ਸੀ ਲਗਾਉਣ ਦੀ ਸੋਚ ਰਿਹਾ ਸੀ, ਤੁਹਾਡੇ ਵੀ ਏ ਸੀ ਲੱਗਾ ਹੋਇਆ, ਪੁੱਛ ਲਵਾਂ ਕਿੰਨਾ ਕੁ ਬਿਲ ਆਉਂਦਾ, ਵੈਸੇ ਤੁਹਾਨੂੰ ਮੈਂ ਜਾਣਦਾਂ, ਆਪਾਂ ਗੋਲ ਚੌਾਕ ਵਿਚ ਮਿਲੇ ਸੀ ਇਕ ਵਾਰ | ਪਰ ਮੈਂ ਨਹੀਂ ਤੁਹਾਨੂੰ ਜਾਣਦਾ ਕਹਿ ਮੈਂ ਫ਼ੋਨ ਕੱਟ ਦਿੱਤਾ | ਕੋਈ ਹੋਰ ਫ਼ੋਨ ਕਰ ਕੇ ਮੈਨੂੰ ਪਾਣੀ ਦੀ ਟੂਟੀ ਦਾ ਬਿੱਲ ਨਾ ਪੁੱਛੇ, ਮੈਂ ਫ਼ੋਨ ਸਵਿੱਚ ਆਫ਼ ਕਰ ਦਿੱਤਾ |
ਸਾਡੇ ਫ਼ੋਨ ਕ੍ਰਾਂਤੀ ਤਾਂ ਆ ਗਈ ਹੈ, ਪਰ ਫ਼ੋਨ ਦੀ ਵਰਤੋਂ ਸੰਬੰਧੀ ਕੋਈ ਸੰਜੀਦਾ ਨਹੀਂ ਹੈ, ਉਹ ਸਹੂਲਤ ਹੀ ਕੀ ਹੋਈ ਜੋ ਸਾਡੇ ਸੁੱਖ ਚੈਨ ਅਤੇ ਜਾਨ ਦਾ ਖੌ ਬਣ ਜਾਵੇ |
-ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ |

ਕੁਝ ਵੀ ਸੰਵਾਰ ਨਹੀਂ ਸਕੀ

ਸਰਦਾਰ ਕਿਰਪਾਲ ਸਿੰਘ 'ਬੇਦਾਰ' ਉਰਦੂ ਜ਼ਬਾਨ ਦੇ ਮੰਨੇ-ਪ੍ਰਮੰਨੇ ਸ਼ਾਇਰ ਸਨ | ਉਨ੍ਹਾਂ ਦੇ ਸ਼ਿਅਰ ਪਾਠਕ ਅਤੇ ਸਰੋਤਿਆਂ ਦੇ ਦਿਲ 'ਤੇ ਬਹੁਤ ਹੀ ਡੰੂਘਾ ਅਤੇ ਸਥਾਈ ਅਸਰ ਛੱਡਦੇ ਰਹਿੰਦੇ ਸਨ | ਉਨ੍ਹਾਂ ਦੇ ਸ਼ਿਅਰਾਂ ਵਿਚਲਾ ਮਜ਼ਮੂਨ ਅਤੇ ਉਨ੍ਹਾਂ ਦੀ ਫਰਾਖ਼-ਨਜ਼ਰੀ ਦਾ ਕੋਈ ਜਵਾਬ ਨਹੀਂ ਸੀ | ਉਹ ਏਨੀ ਢੁਕਵੀਂ ਭਾਸ਼ਾ ਦਾ ਪ੍ਰਯੋਗ ਕਰਦੇ ਸਨ ਕਿ ਪੜ੍ਹਨ ਵਾਲਾ ਅੱਸ਼-ਅੱਸ਼ ਕਰ ਉਠਦਾ ਸੀ |
ਇਹ ਸਾਰੇ ਗੁਣ ਬੇਸ਼ੱਕ ਕੁਦਰਤੀ ਸਨ ਪਰ ਇਨ੍ਹਾਂ ਗੁਣਾਂ ਨੂੰ ਨਿਖਾਰਨ ਸੰਵਾਰਨ ਵਿਚ ਉਰਦੂ ਦੇ ਨਾਮਵਰ ਉਸਤਾਦ ਸ਼ਾਇਰ ਜਨਾਬ ਤਾਜਵਰ ਨਜੀਬਾਬਾਦੀ ਦੀਆਂ ਆਸ਼ੀਰਵਾਦੀ ਅਸੀਸਾਂ ਵੀ ਸ਼ਾਮਿਲ ਸਨ |
ਕਿਰਪਾਲ ਸਿੰਘ 'ਬੇਦਾਰ' ਹੁਰਾਂ ਸਾਂਝੇ ਪੰਜਾਬ ਵਿਚ ਫਾਰਸੀ ਦੀ ਐਮ. ਏ. ਕੀਤੀ ਸੀ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਏਨਾ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਉਹ ਬਹੁਤ ਹੀ ਸਾਦੇ ਕੱਪੜੇ ਪਾਉਂਦੇ ਸਨ ਅਤੇ ਅਨਪੜ੍ਹ ਹੀ ਜਾਪਦੇ ਸਨ |
ਇਕ ਉਰਦੂ ਮੁਸ਼ਾਇਰੇ ਦਾ ਸੰਚਾਲਨ ਜਨਾਬ ਕੁੰਵਰ ਮਹਿੰਦਰ ਸਿੰਘ ਬੇਦੀ ਕਰ ਰਹੇ ਸਨ | ਉਨ੍ਹਾਂ ਨੇ ਕਿਰਪਾਲ ਸਿੰਘ ਬੇਦਾਰ ਹੁਰਾਂ ਦਾ ਨਾਂਅ ਲੈ ਕੇ ਮਾਈਕ 'ਤੇ ਆਉਣ ਅਤੇ ਆਪਣਾ ਕਲਾਮ ਪੇਸ਼ ਕਰਨ ਲਈ ਕਿਹਾ | ਉਹ ਸਾਦੇ ਜਿਹੇ ਪੇਂਡੂ ਲਿਬਾਸ ਵਿਚ ਅੱਗੇ ਆਏ ਤਾਂ ਬੇਦੀ ਸਾਹਿਬ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ, 'ਇਹ ਜਨਾਬ ਕਿਰਪਾਲ ਸਿੰਘ 'ਬੇਦਾਰ' ਨੇ ਜੋ ਬਹੁਤ ਉੱਚੀ ਤਾਲੀਮ ਦੇ ਮਾਲਕ ਹਨ | ਇਨ੍ਹਾਂ ਬਾਰੇ ਇਨ੍ਹਾਂ ਦੇ ਉਸਤਾਦ ਜਨਾਬ ਤਾਜਵਰ ਨਜੀਬਾਬਾਦੀ ਸਾਹਿਬ ਨੇ ਫਰਮਾਇਆ ਸੀ ਕਿ ਏਨੀ ਉੱਚੀ ਤਾਲੀਮ ਵੀ 'ਬੇਦਾਰ' ਦਾ ਕੁਝ ਨਹੀਂ ਵਿਗਾੜ ਸਕੀ |'
ਇਹ ਸੁਣ ਕੇ ਲੋਕਾਂ ਵਿਚ ਹਾਸੇ ਦਾ ਹੜ੍ਹ ਆ ਗਿਆ ਤਾਂ ਕਿਰਪਾਲ ਸਿੰਘ ਬੇਦਾਰ ਸਾਹਿਬ ਨੇ ਕੁੰਵਰ ਮਹਿੰਦਰ ਸਿੰਘ ਬੇਦੀ ਵੱਲ ਇਸ਼ਾਰਾ ਕਰਕੇ ਆਖਿਆ, 'ਬੇਸ਼ੱਕ ਉੱਚੀ ਤਾਲੀਮ ਮੇਰਾ ਕੁਝ ਵਿਗਾੜ ਨਹੀਂ ਸਕੀ ਪਰ ਉਹੀ ਉੱਚੀ ਤਾਲੀਮ ਕੁੰਵਰ ਸਾਹਿਬ ਦਾ ਵੀ ਕੁਝ ਸੰਵਾਰ ਨਹੀਂ ਸਕੀ |'
-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX