ਤਾਜਾ ਖ਼ਬਰਾਂ


ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  45 minutes ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 1 hour ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 1 hour ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  about 2 hours ago
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਵਿਖੇ ਖੇਤਾਂ 'ਚ ਲੱਗੀ ਅੱਗ ਕਾਰਨ 4 ਕਿਸਾਨਾਂ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਬੁਝਾਉਣ...
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  about 2 hours ago
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਅਰੁਣ ਆਹੂਜਾ)- ਨੇੜਲੇ ਪਿੰਡ ਰਾਮਦਾਸ ਨਗਰ 'ਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸਰਹਿੰਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ...
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  about 3 hours ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ...
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  about 3 hours ago
ਤਿਰੂਵਨੰਤਪੁਰਮ, 21 ਅਪ੍ਰੈਲ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ 'ਚ ਪਹੁੰਚੀ ਪ੍ਰਿਅੰਕਾ ਗਾਂਧੀ...
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  about 3 hours ago
ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)- ਪਿੰਡ ਅੱਚਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਯਾਦਵਿੰਦਰ ਸਿੰਘ ਦੇ ਨਾਲ ਅੱਜ 50 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਉਕਤ ਪਰਿਵਾਰਾਂ ਨੇ ਬਲਵਿੰਦਰ ਬਿੱਟੂ ਢੀਗੀਂ...
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  about 3 hours ago
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਦੇ ਸਾਬਕਾ ਵਿਧਾਇਕ ਅਤੇ ਦਸਮੇਸ਼ ਵਿੱਦਿਅਕ ਤੇ ਸਿਹਤ ਸੰਸਥਾਵਾਂ ਦੇ ਬਾਨੀ ਕਰਨੈਲ ਸਿੰਘ ਡੋਡ ਦਾ ਅੱਜ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ...
ਹੋਰ ਖ਼ਬਰਾਂ..

ਲੋਕ ਮੰਚ

ਬੈਂਕ ਏ. ਟੀ. ਐਮ ਵਿਚ ਹੁੰਦੀਆਂ ਚੋਰੀਆਂ ਰੋਕਣੀਆਂ ਜ਼ਰੂਰੀ

ਮੌਜੂਦਾ ਸਮੇਂ ਵਿਚ ਚੋਰੀਆਂ, ਲੁੱਟਾਂ-ਖੋਹਾਂ ਆਦਿ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ | ਇਨ੍ਹਾਂ ਘਟਨਾਵਾਂ ਵਿਚ ਦਿਨੋ-ਦਿਨ ਹੋਰ ਵਾਧਾ ਹੁੰਦਾ ਜਾ ਰਿਹਾ ਹੈ | ਚੋਰਾਂ ਨੇ ਹੁਣ ਤਾਂ ਬੈਂਕਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਏ ਏ. ਟੀ. ਐਮ. ਹੀ ਭੰਨਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਨ੍ਹਾਂ ਵਿਚ ਪਏ ਰੁਪਈਆਂ ਨੂੰ ਚੋਰੀ ਕਰਨ ਲੱਗ ਗਏ | ਹੁਣ ਚੋਰ ਏਨੇ ਤਜਰਬੇਕਾਰ ਹੋ ਗਏ ਹਨ ਕਿ ਨਵੇਂ-ਨਵੇਂ ਢੰਗਾਂ ਨਾਲ ਏ. ਟੀ. ਐਮਾਂ ਵਿਚੋਂ ਪੈਸੇ ਚੋਰੀ ਕਰਕੇ ਫ਼ਰਾਰ ਹੋ ਜਾਂਦੇ ਹਨ, ਜਦ ਕਿ ਏ. ਟੀ. ਐਮਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਹੁੰਦੇ ਹਨ ਪਰ ਫਿਰ ਵੀ ਚੋਰਾਂ ਦੇ ਹੌਸਲੇ ਏਨੇ ਬੁਲੰਦ ਹੋ ਗਏ ਹਨ ਕਿ ਇਨ੍ਹਾਂ ਕੈਮਰਿਆਂ ਦੇ ਚਲਦੇ-ਚਲਦੇ ਹੀ ਏ. ਟੀ. ਐਮ. ਵਿਚੋਂ ਪੈਸੇ ਚੋਰੀ ਕਰਦੇ ਹਨ | ਅਨੇਕਾਂ ਹੀ ਏ. ਟੀ. ਐਮਾਂ ਵਿਚੋਂ ਪੈਸੇ ਚੋਰੀ ਹੋਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਪਰ ਫਿਰ ਵੀ ਇਨ੍ਹਾਂ ਚੋਰੀਆਂ ਨੂੰ ਰੋਕਿਆ ਨਹੀਂ ਜਾ ਰਿਹਾ ਹੈ | ਜੋ ਇਹ ਏ. ਟੀ. ਐਮ. ਵਿਚੋਂ ਰੁਪਏ ਚੋਰੀ ਕਰਨ ਦੀਆਂ ਘਟਨਾਵਾਂ ਹੋ ਰਹੀਆਂ ਹਨ ਇਹ ਆਮ ਲੋਕਾਂ ਲਈ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ, ਕਿਉਂਕਿ ਜੇਕਰ ਇਹ ਚੋਰੀਆਂ ਇਸੇ ਤਰ੍ਹਾਂ ਹੀ ਲਗਾਤਾਰ ਹੁੰਦੀਆਂ ਰਹੀਆਂ ਤਾਂ ਇਕ ਦਿਨ ਬੈਂਕਾਂ ਵਾਲੇ ਇਨ੍ਹਾਂ ਚੋਰੀਆਂ ਤੋਂ ਬਚਣ ਲਈ ਏ. ਟੀ. ਐਮ. ਬੰਦ ਕਰ ਸਕਦੇ ਹਨ, ਜੋ ਆਮ ਲੋਕਾਂ ਲਈ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੋ ਸਕਦੀ ਹੈ |
ਏ. ਟੀ. ਐਮ. ਲੋਕਾਂ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਬਣਾਏ ਸਨ, ਹੁਣ ਤਾਂ ਪਿੰਡਾਂ ਵਿਚ ਵੀ ਇਹ ਏ. ਟੀ. ਐਮ. ਦੀ ਸੁਵਿਧਾ ਉਪਲਵਧ ਕਰਵਾ ਦਿੱਤੀ ਗਈ ਹੈ | ਇਹ ਏ. ਟੀ. ਐਮ. ਬਣਾਉਣ ਦਾ ਮੁੱਖ ਮਕਸਦ ਇਹ ਸੀ ਕਿ ਕਿਸੇ ਆਦਮੀ ਨੂੰ ਕਿਸੇ ਸਮੇਂ ਐਮਰਜੈਂਸੀ ਪੈਸਿਆਂ ਦੀ ਲੋੜ ਪੈ ਜਾਵੇ ਜੋ ਉਨ੍ਹਾਂ ਦੇ ਖਾਤੇ ਵਿਚ ਪਏ ਹੁੰਦੇ ਹਨ, ਤਾਂ ਇਸ ਏ. ਟੀ. ਐਮ. ਦਾ ਇਸਤੇਮਾਲ ਕਰਕੇ ਲੋਕ ਆਪਣੀ ਮੁਸੀਬਤ ਦਾ ਹੱਲ ਕਰ ਸਕਦੇ ਹਨ ਅਤੇ ਇਸ ਤੋਂ ਇਲਾਵਾ ਦਿਨ ਸਮੇਂ ਬੈਂਕਾਂ ਵਿਚੋਂ ਪੈਸੇ ਲੈਣ ਲਈ ਲੰਮੀਆਂ-ਲੰਮੀਆਂ ਕਤਾਰਾਂ ਵਿਚ ਖੜ੍ਹਨ ਦੀ ਲੋੜ ਨਹੀਂ ਪੈਂਦੀ | ਇਸ ਏ. ਟੀ. ਐਮ. ਜ਼ਰੀਏ ਹਰੇਕ ਆਪਣੀ ਜ਼ਰੂਰਤ ਅਨੁਸਾਰ ਆਪਣੇ ਖਾਤੇ ਵਿਚੋਂ ਪੈਸੇ ਕਢਵਾ ਸਕਦਾ ਹੈ | ਪਰ ਜੋ ਇਹ ਹੁਣ ਏ. ਟੀ. ਐਮ. ਮਸ਼ੀਨਾਂ ਉਪਰ ਚੋਰੀਆਂ ਦੇ ਮਾਮਲੇ ਵਧ ਰਹੇ ਹਨ ਇਹ ਇਕ ਪੂਰੀ ਤਰ੍ਹਾਂ ਚਿੰਤਾ ਦਾ ਵਿਸ਼ਾ ਹੈ | ਇਸ ਤੋਂ ਇਲਾਵਾ ਅਜਿਹਾ ਵੀ ਵਾਪਰਦਾ ਹੈ ਕਿ ਜਦੋਂ ਕੋਈ ਏ. ਟੀ. ਐਮ. ਵਿਚੋਂ ਪੈਸੇ ਕਢਵਾਉਣ ਲਈ ਆਉਂਦਾ ਹੈ ਤਾਂ ਉਸ ਮਗਰ ਚੋਰ ਆ ਕੇ ਏ. ਟੀ. ਐਮ. ਵਿਚ ਹੀ ਧਮਕਾਉਣ ਲੱਗ ਜਾਂਦੇ ਹਨ | ਜੇਕਰ ਪੈਸੇ ਕਢਵਾਉਣ ਵਾਲਾ ਮਨ੍ਹਾ ਕਰ ਦੇਵੇ ਤਾਂ ਉਸ ਦੀ ਜਾਨ ਮੁਸ਼ਕਿਲ ਵਿਚ ਪੈ ਜਾਂਦੀ ਹੈ |
ਇਸ ਤਰ੍ਹਾਂ ਦੀ ਹੀ ਇਕ ਤਾਜ਼ੀ ਘਟਨਾ ਵਾਪਰੀ ਹੈ ਬੈਂਗਲੋਰ ਵਿਚ | ਹੋਇਆ ਕੀ ਕਿ ਇਕ ਔਰਤ ਏ. ਟੀ. ਐਮ. ਵਿਚ ਪੈਸੇ ਲੈਣ ਆਈ | ਜਦੋਂ ਇਹ ਔਰਤ ਪੈਸੇ ਕਢਵਾਉਣ ਲੱਗੀ ਤਾਂ ਇਕ ਸ਼ਖ਼ਸ ਏ. ਟੀ. ਐਮ. ਅੰਦਰ ਆਇਆ ਅਤੇ ਅੰਦਰੋਂ ਹੀ ਏ. ਟੀ. ਐਮ. ਦਾ ਸ਼ਟਰ ਬੰਦ ਕਰ ਦਿੱਤਾ | ਫਿਰ ਔਰਤ ਨੂੰ ਪੈਸੇ ਕਢਵਾਉਣ ਲਈ ਕਿਹਾ | ਜਦੋਂ ਉਸ ਔਰਤ ਨੇ ਮਨ੍ਹਾ ਕੀਤਾ ਤਾਂ ਉਸ ਦੇ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਰਕੇ ਔਰਤ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ | ਇਸ ਲਈ ਅਜਿਹੀਆਂ ਵਾਪਰ ਰਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਬੜੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ | ਪੁਲਿਸ ਪ੍ਰਸ਼ਾਸਨ ਨੂੰ ਵੀ ਇਨ੍ਹਾਂ ਏ. ਟੀ. ਐਮ. ਉਪਰ ਸਖ਼ਤ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਬੈਂਕਾਂ ਵਾਲਿਆਂ ਵੱਲੋਂ ਏ. ਟੀ. ਐਮਾਂ ਵਿਚ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ | ਇਸ ਦੇ ਨਾਲ-ਨਾਲ ਬੈਂਕ ਅਧਿਕਾਰੀਆਂ ਵੱਲੋਂ ਵੀ ਅਜਿਹੇ ਵਸੀਲੇ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਇਹ ਚੋਰੀਆਂ ਆਦਿ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ |
ਇਨ੍ਹਾਂ ਏ. ਟੀ. ਐਮਾਂ ਵਿਚ ਜੋ ਕੈਮਰੇ ਲਗਾਏ ਹੁੰਦੇ ਹਨ, ਇਨ੍ਹਾਂ ਕੈਮਰਿਆਂ ਨੂੰ ਅਜਿਹੇ ਗੁਪਤ ਤਰੀਕਿਆਂ ਨਾਲ ਲਗਾਇਆ ਜਾਵੇ ਕਿ ਹਰੇਕ ਆਦਮੀ ਦਾ ਏ. ਟੀ. ਐਮ. ਵਿਚ ਆਉਂਦੇ-ਜਾਂਦੇ ਪਤਾ ਚੱਲ ਸਕੇ ਅਤੇ ਲੋਕਾਂ ਨੂੰ ਇਸ ਦਾ ਪਤਾ ਨਾ ਲੱਗੇ ਅਤੇ ਕੈਮਰੇ ਵਿਚ ਸਭ ਕੁਝ ਕੈਦ ਹੋ ਜਾਵੇ, ਕਿਉਂਕਿ ਹੁਣ ਚੋਰ ਸਭ ਤੋਂ ਪਹਿਲਾਂ ਏ. ਟੀ. ਐਮ. ਅੰਦਰ ਜਾਣ ਸਮੇਂ ਲੱਗੇ ਕੈਮਰਿਆਂ ਉਪਰ ਹੀ ਨਜ਼ਰ ਮਾਰਦੇ ਹਨ ਅਤੇ ਅਜਿਹਾ ਢੰਗ ਅਪਣਾਉਂਦੇ ਹਨ, ਜਿਸ ਨਾਲ ਕੈਮਰਿਆਂ ਵਿਚ ਇਨ੍ਹਾਂ ਦੀ ਤਸਵੀਰ ਕੈਦ ਨਾ ਹੋ ਸਕੇ | ਇਹ ਏ. ਟੀ. ਐਮ. ਵੀ ਜਨਤਕ ਥਾਵਾਂ ਉਪਰ ਹੀ ਜ਼ਿਆਦਾ ਲਗਾਏ ਜਾਣੇ ਚਾਹੀਦੇ ਹਨ, ਤਾਂ ਕਿ ਹਰੇਕ ਆਦਮੀ ਦੀ ਨਿਗ੍ਹਾ ਵਿਚ ਰਹਿਣ ਅਤੇ ਆਮ ਲੋਕ ਵੀ ਆਪਣਾ ਨੈਤਿਕ ਫ਼ਰਜ਼ ਸਮਝ ਕੇ ਇਸ ਉਪਰ ਨਜ਼ਰ ਰੱਖਣ, ਜਿਸ ਨਾਲ ਉਕਤ ਵਾਰਦਾਤਾਂ ਨੂੰ ਅੰਜਾਮ ਨਾ ਦਿੱਤਾ ਜਾ ਸਕੇ | ਇਨ੍ਹਾਂ ਏ. ਟੀ. ਐਮਾਂ ਵਿਚ ਖੜ੍ਹਨ ਲਈ ਜ਼ਿਆਦਾ ਜਗ੍ਹਾ ਵੀ ਨਾ ਬਣਾਈ ਜਾਵੇ, ਬਸ ਇਕ ਆਦਮੀ ਹੀ ਇਸ ਅੰਦਰ ਜਾ ਸਕੇ | ਇਸ ਏ. ਟੀ. ਐਮ. ਵਿਚ ਅਜਿਹੀ ਮਸ਼ੀਨ ਵੀ ਲਗਾਈ ਜਾਵੇ ਕਿ ਜਿਸ ਆਦਮੀ ਨੇ ਆਪਣੇ ਖਾਤੇ ਵਿਚੋਂ ਪੈਸੇ ਲੈਣੇ ਹਨ ਉਸ ਦਾ ਸ਼ਨਾਖਤੀ ਕਾਰਡ ਵਗੈਰਾ ਪਹਿਲਾਂ ਪੰਚ ਹੋਣਾ ਚਾਹੀਦਾ ਹੈ, ਤਾਂ ਕਿ ਪਤਾ ਲੱਗ ਸਕੇ ਕਿ ਜਿਸ ਆਦਮੀ ਦਾ ਏ. ਟੀ. ਐਮ. ਕਾਰਡ ਵਰਤਿਆ ਹੈ, ਉਹ ਸਹੀ ਹੈ | ਇਸ ਤਰ੍ਹਾਂ ਕਰਨ ਨਾਲ ਜੋ ਲੋਕ ਕਿਸੇ ਦੂਸਰੇ ਦਾ ਏ. ਟੀ. ਐਮ. ਕਾਰਡ ਅਤੇ ਕੋਡ ਚੋਰੀ ਕਰਕੇ ਪੈਸੇ ਚੋਰੀ ਕਰਦੇ ਹਨ, ਉਨ੍ਹਾਂ ਨੂੰ ਰੋਕਿਆ ਜਾਵੇ |
-ਧਨੌਲਾ, ਜ਼ਿਲ੍ਹਾ ਬਰਨਾਲਾ-148105. ਮੋਬਾ: 97810-48055


ਖ਼ਬਰ ਸ਼ੇਅਰ ਕਰੋ

ਟੀ. ਈ. ਟੀ. ਪ੍ਰੀਖਿਆ-ਇਕ ਸਮੀਖਿਆ

ਰਾਈਟ ਟੂ ਐਜੂਕੇਸ਼ਨ (ਆਰ. ਟੀ. ਈ.) ਅਨੁਸਾਰ ਅਧਿਆਪਕਾਂ ਦੀ ਭਰਤੀ ਲਈ ਟੀਚਰ ਇਲੀਜੀਬਿਲਟੀ ਟੈਸਟ (ਟੀ. ਈ. ਟੀ.) ਜ਼ਰੂਰੀ ਕਰ ਦਿੱਤਾ ਗਿਆ ਹੈ | ਇਸ ਟੈਸਟ ਵਿਚ ਸਭ ਕਮਾਈ ਕਰ ਰਹੇ ਹਨ, ਜੇਕਰ ਘਾਟੇ ਵਿਚ ਜਾ ਰਿਹਾ ਹੈ ਤਾਂ ਉਹ ਹੈ ਵਿਦਿਆਰਥੀ | ਇਸ ਟੈਸਟ ਨਾਲ ਸਰਕਾਰ ਵੀ ਸੱਚੀ ਹੋ ਗਈ ਕਿ ਉਹ ਨਿਯਮਾਂ ਅਨੁਸਾਰ ਭਰਤੀ ਕਰ ਰਹੀ ਹੈ | ਟੈਸਟ ਲੈਣ ਵਾਲੀ ਕੰਪਨੀ ਨੇ ਵੀ ਕਮਾਈ ਕਰ ਲਈ 1000 ਰੁਪਏ ਤੋਂ ਵੱਧ ਪ੍ਰਤੀ ਵਿਦਿਆਰਥੀ ਫੀਸ ਲੈ ਕੇ ਅਤੇ ਉੱਤੋਂ ਅਕੈਡਮੀਆਂ ਵਾਲਿਆਂ ਦੀ ਤਾਂ ਚਾਂਦੀ ਬਣ ਜਾਂਦੀ ਹੈ, ਜਦ ਇਸ ਟੈਸਟ ਦਾ ਇਸ਼ਤਿਹਾਰ ਆਉਂਦਾ ਹੈ | ਵਿਦਿਆਰਥੀ, ਜਿਸ ਨੇ ਇਹ ਟੈਸਟ ਦੇਣਾ ਹੈ, ਬੜਾ ਦੁਖੀ ਹੁੰਦਾ ਹੈ | ਉਹ ਟੈਸਟ ਤੋਂ ਦੁਖੀ ਨਹੀਂ, ਸਗੋਂ ਸਾਰੀ ਅਧਿਆਪਕ ਭਰਤੀ ਪ੍ਰਕਿਰਿਆ ਤੋਂ ਦੁਖੀ ਹੈ | ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੀ. ਐੱਡ. ਲਈ ਦਾਖਲਾ ਟੈਸਟ ਦਿੰਦਾ ਹੈ, ਫਿਰ ਬੀ. ਐੱਡ. ਦੀ ਪੜ੍ਹਾਈ ਕਰਨ ਤੋਂ ਬਾਅਦ ਪ੍ਰੀਖਿਆ ਪਾਸ ਕਰਦਾ ਹੈ | ਇਹ ਪ੍ਰੀਖਿਆ ਪਾਸ ਤੋਂ ਬਾਅਦ ਵੀ ਉਹ ਅਧਿਆਪਕ ਬਣਨ ਦਾ ਆਪਣਾ ਸੁਪਨਾ ਪੂਰਾ ਨਹੀਂ ਕਰ ਸਕਦਾ, ਕਿਉਂਕਿ ਅੱਗੇ ਟੈਟ ਵਰਗੀ ਮੁਸੀਬਤ ਖੜ੍ਹੀ ਹੈ | ਉਸ ਦਾ ਵਿਚਾਰ ਹੈ ਕਿ ਸਾਨੂੰ ਕੀ ਲਾਭ ਹੈ ਬੀ. ਐੱਡ. ਕਰਨ ਦਾ, ਜੇਕਰ ਟੈਟ ਦਾ ਟੈਸਟ ਲੈਣਾ ਹੈ ਤਾਂ ਬੀ. ਐੱਡ. ਤੋਂ ਪਹਿਲਾਂ ਲਿਆ ਜਾਵੇ ਤੇ ਉਹ ਹੀ ਬੱਚੇ ਬੀ. ਐੱਡ. ਕਰਨ ਤਾਂ ਕਿ ਬੱਚਿਆਂ ਉੱਪਰ ਵਾਧੂ ਬੋਝ ਨਾ ਪਵੇ | ਇਹ ਇਕ ਵਧੀਆ ਸੁਝਾਅ ਹੈ ਪਰ ਇਸ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਖੁੱਲ੍ਹੇ ਬੀ. ਐੱਡ. ਕਾਲਜਾਂ ਦਾ ਕੀ ਬਣੇਗਾ?
ਦੂਜੀ ਗੱਲ ਕਰਦੇ ਹਾਂ ਸਿੱਖਿਆ ਸੁਧਾਰ ਕਮੇਟੀ ਦੀ | ਉਨ੍ਹਾਂ ਅਨੁਸਾਰ ਅਧਿਆਪਕ ਦੀ ਭਰਤੀ ਬਿਲਕੁਲ ਪੀ. ਸੀ. ਐਸ. ਅਧਿਕਾਰੀਆਂ ਦੀ ਤਰ੍ਹਾਂ ਹੋਵੇ | ਇਹ ਬਿਲਕੁਲ ਠੀਕ ਹੈ, ਕਿਉਂਕਿ ਅਧਿਆਪਕ ਦਾ ਰੋਲ ਬੱਚੇ ਦੇ ਜੀਵਨ ਵਿਚ ਬਹੁਤ ਮਹੱਤਵਪੂਰਨ ਹੈ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਟੀ. ਈ. ਟੀ. ਪਾਸ ਅਧਿਆਪਕ ਅੱਜ ਛੇ ਹਜ਼ਾਰ 'ਤੇ ਭਰਤੀ ਕੀਤੇ ਜਾ ਰਹੇ ਹਨ | ਕੀ ਉਨ੍ਹਾਂ ਨੂੰ ਪੀ. ਸੀ. ਐਸ. ਅਧਿਕਾਰੀਆਂ ਵਾਲੀਆਂ ਸਹੂਲਤਾਂ ਮਿਲ ਰਹੀਆਂ ਹਨ? ਇਹ ਜ਼ਰੂਰ ਹੈ ਕਿ ਪੇਪਰ ਦਾ ਮਿਆਰ ਪੀ. ਸੀ. ਐਸ. ਵਾਲਾ ਹੈ | ਸਰਕਾਰ ਵੀ ਕੀ ਕਰੇ, ਅਜੇ ਪਿਛਲੇ ਟੈਟ ਪਾਸ ਅਧਿਆਪਕ ਬੇਰੁਜ਼ਗਾਰ ਫਿਰਦੇ ਹਨ | ਉਪਰੋਕਤ ਸਮੱਸਿਆਵਾਂ ਨੂੰ ਵਿਚਾਰ ਕੇ ਹੀ ਸਹੀ ਅਧਿਆਪਕਾਂ ਦੀ ਭਰਤੀ ਹੋ ਸਕਦੀ ਹੈ |
-ਮੋਬਾ: 99143-80202

ਮਾਂ-ਬੋਲੀ ਦਾ ਸਤਿਕਾਰ ਅਤੀ ਜ਼ਰੂਰੀ

ਅੱਜ ਸਾਡੇ ਪੰਜਾਬੀ ਘਰਾਂ ਵਿਚ ਪੰਜਾਬੀ ਦੀ ਥਾਂ ਦੂਜੀਆਂ ਭਾਸ਼ਾਵਾਂ ਨੂੰ ਤਰਜੀਹ ਦੇ ਕੇ (ਭਾਵੇਂ ਉਹ ਸ਼ਹਿਰੀ ਵਸੋਂ ਵਾਲੇ ਹੋਣ ਜਾਂ ਪੇਂਡੂ) ਕਿਸੇ ਹੱਦ ਤੱਕ ਅਸੀਂ ਆਪ ਹੀ ਪੰਜਾਬੀ ਭਾਸ਼ਾ ਨਾਲ ਵਿਤਕਰੇ ਵਾਲੀ ਭਾਵਨਾ ਪੈਦਾ ਕਰ ਰਹੇ ਹਾਂ | ਸਭ ਤੋਂ ਪਹਿਲੀ ਗੱਲ ਇਹ ਕਿ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾਉਣ ਦੇ ਚੱਕਰ ਵਿਚ ਖੁਦ ਹੀ ਉਨ੍ਹਾਂ ਨੂੰ ਪੰਜਾਬੀ ਤੋਂ ਬੇਮੁੱਖ ਕਰ ਰਹੇ ਹਾਂ ਤੇ ਨਾਲ ਦੀ ਨਾਲ ਇਹ ਵੀ ਤਰਕ ਰੱਖਦੇ ਹਾਂ ਕਿ ਪੰਜਾਬੀ ਮਾਧਿਅਮ ਵਿਚ ਸਿੱਖਿਆ ਗ੍ਰਹਿਣ ਕਰਨ ਦੇ ਨਾਲ ਉਨ੍ਹਾਂ ਦਾ ਬੱਚਾ ਬਾਕੀਆਂ ਨਾਲੋਂ ਪਿੱਛੇ ਰਹਿ ਜਾਵੇਗਾ, ਜੋ ਕਿ ਕਿਸੇ ਵੀ ਹਾਲਤ ਵਿਚ ਠੀਕ ਜਾਂ ਤਰਕ-ਸੰਗਤ ਨਹੀਂ ਜਾਪਦਾ | ਬੱਚੇ ਨੂੰ ਦੂਜੀਆਂ ਭਾਸ਼ਾਵਾਂ ਦਾ ਗਿਆਨ ਦਿਵਾਉਣਾ ਕੋਈ ਮਾੜੀ ਗੱਲ ਨਹੀਂ ਪਰ ਇਸ ਦੀ ਆੜ ਵਿਚ ਆਪਣੀ 'ਮਾਂ-ਬੋਲੀ' ਨੂੰ ਖੰੂਜੇ ਲਾ ਦੇਣਾ ਇਕ ਬਹੁਤ ਹੀ ਮਾੜਾ ਵਰਤਾਰਾ ਹੈ |
ਅਸਲ ਵਿਚ ਬੱਚੇ ਨੂੰ ਮੁਢਲੀ ਵਿੱਦਿਆ ਦੇਣੀ ਹੀ ਉਸ ਦੀ ਮਾਂ-ਬੋਲੀ ਵਿਚ ਚਾਹੀਦੀ ਹੈ | ਜੇਕਰ ਬੱਚਾ ਆਪਣੀ ਮਾਂ-ਬੋਲੀ ਦੇ ਵਿਆਕਰਣਕ ਨੇਮਾਂ ਨੂੰ ਹੀ ਨਹੀਂ ਜਾਣ ਸਕੇਗਾ ਤਾਂ ਇਹ ਵੀ ਗੱਲ ਪੱਕੀ ਹੈ ਕਿ ਉਸ ਨੂੰ ਦੂਜੀ ਵੀ ਕਿਸੇ ਭਾਸ਼ਾ ਦਾ ਗਿਆਨ ਨਹੀਂ ਹੋ ਸਕਦਾ | ਪਰ ਅਜੋਕੇ ਪੰਜਾਬੀ ਸਮਾਜ ਵਿਚ ਜੋ ਵਰਤਾਰਾ ਚੱਲ ਰਿਹਾ ਹੈ, ਉਹ ਇਹ ਹੈ ਕਿ ਅਸੀਂ ਜਦੋਂ ਬੱਚੇ ਨੂੰ ਅੰਗਰੇਜ਼ੀ ਸਕੂਲ ਵਿਚ ਦਾਖਲਾ ਦਿਵਾ ਦਿੰਦੇ ਹਾਂ ਤਾਂ ਉਸ ਸਮੇਂ ਅਸੀਂ ਸਿਰਫ ਦਾਖਲੇ ਤੱਕ ਹੀ ਆਪਣਾ ਫਰਜ਼ ਸਮਝਦੇ ਹਾਂ ਕਿ ਬੱਚਾ ਹੁਣ ਅੰਗਰੇਜ਼ੀ ਭਾਸ਼ਾ ਸਿੱਖ ਜਾਵੇਗਾ ਪਰ ਘਰ ਵਿਚ ਮਾਹੌਲ ਅੰਗਰੇਜ਼ੀ ਵਾਲਾ ਨਾ ਹੋ ਕੇ ਬੱਚਾ ਦੁਵੱਲੀ ਸਥਿਤੀ ਵਿਚ ਫਸ ਜਾਂਦਾ ਹੈ | ਅਸੀਂ ਬੱਚੇ ਨਾਲ ਟੁੱਟੀ-ਫੁੱਟੀ ਅੰਗਰੇਜ਼ੀ ਜਿਸ ਵਿਚ ਕੁਝ ਸ਼ਬਦ ਪੰਜਾਬੀ ਤੇ ਹਿੰਦੀ ਦੇ ਵੀ ਹੁੰਦੇ ਹਨ, ਗੱਲ ਕਰਦੇ ਹਾਂ ਤਾਂ ਸਥਿਤੀ ਹੋਰ ਵੀ ਬਦ ਤੋਂ ਬਦਤਰ ਵਾਲੀ ਹੋ ਜਾਂਦੀ ਹੈ | ਨਤੀਜਤਨ ਅੱਠਵੀਂ ਜਾਂ ਦਸਵੀਂ ਤੱਕ ਪਹੁੰਚਦੇ-ਪਹੁੰਚਦੇ ਨਾ ਤਾਂ ਪੂਰੀ ਤਰ੍ਹਾਂ ਅੰਗਰੇਜ਼ੀ ਹੀ ਬੋਲ ਸਕਦਾ ਹੈ ਤੇ ਨਾ ਹੀ ਉਸ ਨੂੰ ਆਪਣੀ ਮਾਂ-ਬੋਲੀ ਦਾ ਗਿਆਨ ਹੁੰਦਾ ਹੈ |
ਪੰਜਾਬੀ ਭਾਸ਼ਾ ਸਬੰਧੀ ਇਕ ਹੋਰ ਵਤੀਰਾ ਜੋ ਕਿ ਭਾਸ਼ਾ ਦੇ ਪੱਖ ਤੋਂ ਬੇਹੱਦ ਖਤਰਨਾਕ ਹੈ, ਉਹ ਇਹ ਕਿ ਅੱਜ ਪਦਾਰਥਵਾਦੀ ਦੌੜ ਵਿਚ ਇਸ਼ਤਿਹਾਰਬਾਜ਼ੀ ਦਾ ਜੋ ਰੁਝਾਨ ਚੱਲ ਰਿਹਾ ਹੈ, ਉਸ ਨੇ ਵੀ ਪੰਜਾਬੀ ਭਾਸ਼ਾ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ | ਪੰਜਾਬ ਤੋਂ ਬਾਹਰਲੇ ਰਾਜਾਂ ਦੀ ਗੱਲ ਕੀ ਕਰਨੀ, ਜੇਕਰ ਅਸੀਂ ਕੇਵਲ ਪੰਜਾਬੀ ਦੀ ਹੀ ਗੱਲ ਕਰੀਏ ਤਾਂ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਥਾਂ-ਥਾਂ ਲੱਗਣ ਵਾਲੇ ਇਸ਼ਤਿਹਾਰ, ਸਾਈਨ ਬੋਰਡ, ਫਲੈਕਸ ਬੋਰਡਾਂ ਇਥੋਂ ਤੱਕ ਕਿ ਟੀ. ਵੀ. 'ਤੇ ਚੱਲਣ ਵਾਲੇ ਕਈ ਪੰਜਾਬੀ ਚੈਨਲਾਂ ਉੱਪਰ ਪੰਜਾਬੀ ਦੇ ਸ਼ਬਦ-ਜੋੜ ਕਾਫੀ ਗ਼ਲਤ ਹੁੰਦੇ ਹਨ, ਜਿਸ ਵੱਲ ਇਨ੍ਹਾਂ ਦੇ ਸੰਚਾਲਕਾਂ ਦਾ ਕੋਈ ਧਿਆਨ ਨਹੀਂ ਜਾਂਦਾ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬੀ ਹੁਣ ਉਹੀ ਗ਼ਲਤ ਸ਼ਬਦ-ਜੋੜ ਜੋ ਬੋਰਡਾਂ ਆਦਿ 'ਤੇ ਲਿਖੇ ਗਏ ਹੁੰਦੇ ਹਨ, ਹੌਲੀ-ਹੌਲੀ ਪ੍ਰਪੱਕ ਹੋ ਜਾਂਦੇ ਹਨ ਜੋ ਕਿ ਆਮ ਹੀ ਹੋ ਗਿਆ ਹੈ | ਪੰਜਾਬੀ ਮਾਂ-ਬੋਲੀ ਪ੍ਰਤੀ ਸਾਡਾ ਅਵੇਸਲਾਪਨ ਮਾੜੀ ਗੱਲ ਹੈ, ਕਿਉਂਕਿ ਜੇਕਰ ਅਸੀਂ ਪੰਜਾਬੀ ਮਾਂ-ਬੋਲੀ ਨੂੰ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਬਣਦਾ ਮਾਣ-ਸਨਮਾਨ ਦਿਵਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਅਮਲ ਸਾਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਪਵੇਗਾ | ਮਾਪਿਆਂ ਦਾ ਬੱਚਿਆਂ ਦੀ ਪਰਵਰਿਸ਼ ਕਰਨ ਦੇ ਨਾਲ-ਨਾਲ ਮੁਢਲਾ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਬੋਲਣੀ, ਪੜ੍ਹਨੀ ਤੇ ਲਿਖਣੀ ਸਿਖਾਉਣ, ਤਾਂ ਹੀ ਅਸੀਂ ਮਾਂ-ਬੋਲੀ ਪੰਜਾਬੀ ਦੇ ਸੱਚੇ ਸਪੂਤ ਅਖਵਾ ਸਕਾਂਗੇ, ਨਹੀਂ ਤਾਂ ਸਾਡਾ ਨੇੜ ਭਵਿੱਖ ਆਪਣੇ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਅਤੇ ਇਸ ਦੇ ਅਮੀਰ ਸਾਹਿਤ ਦੇ ਵਿਰਸੇ ਤੋਂ ਬੇਮੁੱਖ ਤੇ ਅਣਜਾਣ ਰਹਿ ਜਾਵੇਗਾ |
-2946/7, ਬਾਜ਼ਾਰ ਲੁਹਾਰਾਂ, ਚੌਕ ਲਛਮਣਸਰ, ਸ੍ਰੀ ਅੰਮਿ੍ਤਸਰ | ਮੋਬਾ: 87278-00372

ਸਿਆਣੀ ਜਨਤਾ...

ਅੱਜ ਮੇਰੇ ਪੰਜਾਬ ਵਿਚ ਵਸਦੇ ਲੱਖਾਂ ਲੋਕ ਅਜਿਹੀ ਸੋਚ ਦੇ ਮਾਲਕ ਹਨ ਕਿ ਜੇ ਕਿਸੇ ਨੂੰ ਕੋਈ ਮੁਫਤ ਵਿਚ ਇਕ ਚੰਗੀ ਸਲਾਹ ਵੀ ਦਿੰਦਾ ਹੈ ਤਾਂ ਅੱਗੇ ਤੋਂ ਝੱਟ ਇਕੋ ਜਵਾਬ ਸੁਣਨ ਵਿਚ ਆਉਂਦਾ ਹੈ-'ਮੈਨੂੰ ਪਤਾ ਹੈ' | ਇਨ੍ਹਾਂ ਸ਼ਬਦਾਂ ਨੂੰ ਆਪਣੇ ਮੁਖ ਤੋਂ ਬੋਲ ਕੇ ਹਰ ਵਿਅਕਤੀ ਇੰਜ ਸੋਚਦਾ ਹੈ ਕਿ ਉਹ ਸਾਰਿਆਂ ਨਾਲੋਂ ਸਿਆਣਾ ਹੈ ਅਤੇ ਉਸ ਨੂੰ ਕਿਸੇ ਦੀ ਮੁਫ਼ਤ ਵਿਚ ਮਿਲ ਰਹੀ ਸਲਾਹ ਦੀ ਕੋਈ ਲੋੜ ਨਹੀਂ | ਕੁਝ ਇਸੇ ਤਰ੍ਹਾਂ ਦਾ ਮਾਹੌਲ ਅੱਜ ਸਾਨੂੰ ਸਾਡੀ ਸਿਆਣੀ ਜਨਤਾ ਵੱਲੋਂ ਸਾਡੇ ਪੰਜਾਬ ਦੀਆਂ ਸੜਕਾਂ ਉੱਪਰ ਵੇਖਣ ਨੂੰ ਮਿਲੇਗੀ | ਜਿਹੜਾ ਵਿਅਕਤੀ ਆਪਣੇ ਗਲੀ ਜਾਂ ਮੁਹੱਲੇ ਵਿਚ ਆਪਣੇ ਸਿਆਣੇ ਹੋਣ ਦਾ ਢੋਲ ਵਜਾ ਰਿਹਾ ਹੁੰਦਾ ਹੈ, ਉਹੀ ਵਿਅਕਤੀ ਸੜਕਾਂ ਉੱਪਰ ਰੱਜ ਕੇ ਆਪਣੀ ਸਿਆਣਪ ਕਿਸੇ ਖਾਸ ਵਿਅਕਤੀ ਵੱਲੋਂ ਬਣਾਏ ਨਿਯਮਾਂ ਨੂੰ ਤੋੜ ਕੇ ਅਤੇੇ ਆਮ ਲੋਕਾਂ ਨੂੰ ਤੰਗ ਕਰਕੇ ਜ਼ਾਹਰ ਕਰਦਾ ਹੈ ਅਤੇ ਬਾਅਦ ਵਿਚ ਕੁਝ ਆਪਣੇ ਨਵੇਂ ਨਿਯਮ ਬਣਾ ਛੱਡਦਾ ਹੈ, ਜਿਸ ਨੂੰ ਬਾਕੀ ਦੀ ਜਨਤਾ ਵੀ ਅਪਣਾਉਣ ਲੱਗ ਪੈਂਦੀ ਹੈ |
ਅੱਜਕਲ੍ਹ ਸੜਕਾਂ ਉੱਪਰ ਵਧ ਰਹੀ ਟਰੈਫ਼ਿਕ ਨੂੰ ਲੈ ਕੇ ਬੜਾ ਹੀ ਰੌਲਾ ਪਾਇਆ ਜਾ ਰਿਹਾ ਹੈ ਕਿ ਸਰਕਾਰਾਂ ਵੱਲੋਂ ਟਰੈਫਿਕ ਉੱਪਰ ਕਾਬੂ ਪਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ | ਇਥੇ ਮੈਂ ਇਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਭਾਈ ਸਰਕਾਰ ਨੇ ਠੋਸ ਕਦਮ ਕੀ ਚੁੱਕਣੇ ਹਨ, ਅੱਜਕਲ੍ਹ ਦੀ ਜਨਤਾ ਆਪ ਹੀ ਬੜੀ ਸਿਆਣੀ ਹੋ ਚੁੱਕੀ ਹੈ ਕਿ ਇਨ੍ਹਾਂ ਨੂੰ ਕਿਸੇ ਨਿਯਮ 'ਚ ਰਹਿਣ ਦੀ ਲੋੜ ਹੀ ਨਹੀਂ | ਸਾਡੀ ਇਸ ਸਿਆਣੀ ਜਨਤਾ ਨੂੰ ਕੌਣ ਰੋਕ ਸਕਦਾ ਹੈ ਸਿਸਟਮ ਦੀਆਂ ਧੱਜੀਆਂ ਉਡਾਉਣ ਤੋਂ? ਇਕ ਬਹੁਤ ਪੁਰਾਣਾ ਕਥਨ ਹੈ ਕਿ ਜੇਕਰ ਬੰਦੇ ਨੇ ਆਪਣੀ ਜ਼ਿੰਦਗੀ ਵਿਚ ਅੱਗੇ ਵਧਣਾ ਹੈ ਤਾਂ ਉਸ ਨੂੰ ਬੜੀ ਨਿਮਰਤਾ ਨਾਲ ਅਤੇ ਹਰ ਕਦਮ ਬੜੀ ਸੰਜੀਦਗੀ ਨਾਲ ਰੱਖਣਾ ਚਾਹੀਦਾ ਹੈ | ਪਰ ਇਹ ਗੱਲਾਂ ਆਪਣੀ ਇਸ ਸਿਆਣੀ ਜਨਤਾ ਨੂੰ ਕਿਤਾਬੀ ਹੀ ਜਾਪਦੀਆਂ ਹਨ | ਸਭ ਤੋਂ ਪਹਿਲਾਂ ਜੇ ਗੱਲ ਕਰੀਏ ਚੁਰਸਤੇ ਵਿਚ ਲੱਗੀਆਂ ਬੱਤੀਆਂ ਨੂੰ ਮੰਨਣ ਦੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਬੱਤੀਆਂ ਸ਼ਹਿਰ ਵਿਚੋਂ ਭੀੜ ਨੂੰ ਖ਼ਤਮ ਕਰਨ ਲਈ ਅਤੇ ਵਧ ਰਹੇ ਸੜਕੀ ਹਾਦਸਿਆਂ ਉੱਪਰ ਕਾਬੂ ਪਾਉਣ ਲਈ ਲਗਾਈਆਂ ਜਾਂਦੀਆਂ ਹਨ | ਪਰ ਅੱਜ ਦੇ ਸਮੇਂ ਵਿਚ ਇਨ੍ਹਾਂ ਬੱਤੀਆਂ ਦਾ ਕੋਈ ਆਦਰ ਨਹੀਂ ਰਿਹਾ, ਕਿਉਂਕਿ ਸਾਡੇ ਲੋਕ ਇਨ੍ਹਾਂ ਨੂੰ ਮੰਨਦੇ ਹੀ ਨਹੀਂ ਅਤੇ ਇਨ੍ਹਾਂ 'ਤੇ ਬਣੇ ਨਿਯਮਾਂ ਨੂੰ ਤੋੜਨ ਵਿਚ ਹੀ ਵਿਸ਼ਵਾਸ ਰੱਖਦੇ ਹਨ |
ਜਿੰਨਾ ਸਮਾਂ ਹਰੀ ਬੱਤੀ ਤੋਂ ਲਾਲ ਬੱਤੀ ਹੋਣ ਨੂੰ ਲਗਦਾ ਹੈ, ਓਨਾ ਸਮਾਂ ਲੋਕ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਵਿਚ ਬਰਬਾਦ ਕਰ ਦਿੰਦੇ ਹਨ | ਹੁਣ ਤੁਸੀਂ ਸੋਚੋਗੇ ਕਿ ਗਾਲ੍ਹਾਂ ਕਿਉਂ? ਜਦੋਂ ਇਕ 12 ਫੁੱਟ ਚੌੜੀ ਸੜਕ ਉੱਪਰ ਕਾਰਾਂ, ਟਰੱਕਾਂ ਦੀਆਂ 2-2 ਲਾਈਨਾਂ ਅਤੇ ਸਕੂਟਰ, ਮੋਟਰਸਾਈਕਲਾਂ ਦੀਆਂ 5-5 ਲਾਈਨਾਂ ਵੇਖੋਗੇ ਅਤੇ ਕਿਸੇ ਰਿਕਸ਼ੇ ਵਾਲੇ ਵੱਲੋਂ ਇਕ ਵੀਹ ਲੱਖ ਵਾਲੀ ਕਾਰ ਉੱਪਰ ਹਲਕੀ ਜਿਹੀ ਝਰੀਟ ਪੈ ਜਾਵੇ ਤਾਂ ਜਨਾਬ ਉੱਥੇ ਗਾਲ੍ਹਾਂ ਤਾਂ ਆਮ ਹੀ ਸੁਣਨ ਨੂੰ ਮਿਲ ਜਾਣਗੀਆਂ | ਫਿਰ ਉਸ ਵੇਲੇ ਸਾਡੀ ਸਿਆਣੀ ਜਨਤਾ ਉੱਪਰ ਹਾਸਾ ਵੀ ਆਉਂਦਾ ਹੈ ਅਤੇ ਤਰਸ ਵੀ ਆਉਂਦਾ ਹੈ | ਉਸ ਵੇਲੇ ਸੱਚਮੁੱਚ ਹੀ ਇੰਜ ਜਾਪਦਾ ਹੈ ਕਿ ਬੰਦੇ ਦਾ ਤਾਂ ਰੱਬ ਹੀ ਰਾਖਾ ਹੈ | ਦੂਜੇ ਪਾਸੇ ਰੇਲਵੇ ਫਾਟਕਾਂ ਦੀ ਗੱਲ ਕਰੀਏ ਤਾਂ ਉੱਥੇ ਦਾ ਨਜ਼ਾਰਾ ਵੇਖਣਯੋਗ ਹੀ ਹੁੰਦਾ ਹੈ | ਰਿਕਸ਼ੇ, ਆਟੋਆਂ, ਸਕੂਟਰਾਂ, ਕਾਰਾਂ ਦੀ ਭੀੜ ਵਿਚ ਇਕ ਆਮ ਬੰਦਾ ਤਾਂ ਹੋਸ਼ ਹੀ ਭੁਲਾ ਦੇਵੇਗਾ | ਫਾਟਕਾਂ ਦੇ ਦੋਵੇਂ ਪਾਸੇ ਹੀ ਭੀੜ ਜਮ੍ਹਾਂ ਹੋ ਜਾਂਦੀ ਹੈ | ਉਸ ਵੇਲੇ ਦਾ ਦਿ੍ਸ਼ ਵੇਖ ਕੇ ਇੰਝ ਜਾਪਦਾ ਹੈ ਜਿਸ ਤਰ੍ਹਾਂ ਰਸਤਾ ਵਨ-ਵੇ ਹੋਵੇ | ਮੇਰਾ ਸਾਡੀ ਸਿਆਣੀ ਜਨਤਾ ਨੂੰ ਇਕ ਸਵਾਲ ਹੈ ਕਿ 'ਜਿਹੜੇ ਫਾਟਕਾਂ ਦੇ ਦੂਜੇ ਪਾਸੇ ਲੋਕ ਖੜ੍ਹੇ ਹੁੰਦੇ ਹਨ, ਕੀ ਉਹ ਵਾਪਸ ਮੁੜ ਜਾਣ?' ਅਤੇ ਬਾਅਦ ਵਿਚ ਜਦੋਂ ਫਾਟਕ ਖੁੱਲ੍ਹ ਜਾਂਦੇ ਹਨ ਤਾਂ ਇਕ-ਦੂਜੇ ਤੋਂ ਅੱਗੇ ਲੰਘਣ ਦੇ ਚੱਕਰ ਵਿਚ ਸਾਰੇ ਨਿਯਮਾਂ ਅਤੇ ਨੈਤਿਕਤਾ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ, ਜਿਸ ਨਾਲ ਇਕ ਤਰ੍ਹਾਂ ਧੱਕੇ-ਮੁੱਕੀ ਵਾਲਾ ਮਾਹੌਲ ਬਣ ਜਾਂਦਾ ਹੈ |
ਸੋ, ਮੇਰੀ ਪਿਆਰੀ ਜਨਤਾ ਨੂੰ ਇਹੀ ਅਪੀਲ ਹੈ ਕਿ ਕਿ੍ਪਾ ਕਰਕੇ ਸੜਕਾਂ ਦੇ ਨਿਯਮਾਂ ਨੂੰ ਨਾ ਤੋੜਿਆ ਜਾਵੇ ਅਤੇ ਕਤਾਰ ਵਿਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਜਾਵੇ | ਆਪਣੇ ਵਿਚ ਨਿਮਰਤਾ ਵਾਲੀ ਭਾਵਨਾ ਲਿਆਉਣ ਦੀ ਬਹੁਤ ਲੋੜ ਹੈ ਤਾਂ ਜੋ ਕਾਹਲੀ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਕਿਸੇ ਦਾ ਕੀਮਤੀ ਸਮਾਂ ਅਜਾਈਾ ਨਾ ਜਾਵੇ | ਕਤਾਰ ਵਿਚ ਖੜ੍ਹ ਕੇ ਵਾਰ-ਵਾਰ ਹਾਰਨ ਦੀ ਵਰਤੋਂ ਨਾ ਕਰੋ | ਤਾਂ ਜੋ ਸ਼ਹਿਰ ਵਿਚ ਆਮ ਲੋਕ ਤੰਗ ਨਾ ਹੋਣ | ਲਾਲ ਬੱਤੀ ਉੱਪਰ ਗੱਡੀ ਬੰਦ ਕਰਕੇ ਤੇਲ ਦੀ ਬੱਚਤ ਕੀਤੀ ਜਾਵੇ ਅਤੇ ਵਾਤਾਵਰਨ ਨੂੰ ਖੁਸ਼ਹਾਲ ਬਣਾਇਆ ਜਾ ਸਕੇ |
-ਪਿੰਡ-ਬਰਮਾਲੀਪੁਰ, ਲੁਧਿਆਣਾ | ਮੋਬਾ: 95015-82626

ਬੇਰੁਜ਼ਗਾਰੀ ਵਿਚ ਟੌਹਰ!

'ਬੇਰੁਜ਼ਗਾਰੀ' ਇਕ ਐਸਾ ਲਫਜ਼ ਹੈ ਜੋ ਕਿਸੇ ਦੀ ਜ਼ਿੰਦਗੀ ਜਾਂ ਜ਼ਿਹਨ ਵਿਚ ਆ ਕੇ ਬੈਠ ਜਾਵੇ ਤਾਂ ਉਸ ਦਾ ਰਹਿਣਾ, ਖਾਣਾ ਔਖਾ ਕਰ ਦਿੰਦਾ ਹੈ ਪਰ ਮੈਨੂੰ ਇੰਜ ਲਗਦਾ ਹੈ ਜਿਵੇਂ ਇਹ ਲਫਜ਼ ਅੱਜਕਲ੍ਹ ਦੀ ਨਵੀਂ ਪੀੜ੍ਹੀ ਦੀ ਜ਼ਿੰਦਗੀ ਵਿਚ ਤਾਂ ਹੈ ਪਰ ਲਗਦਾ ਉਨ੍ਹਾਂ ਦੇ ਜ਼ਿਹਨ ਵਿਚ ਚੰਗੀ ਤਰ੍ਹਾਂ ਨਹੀਂ ਬੈਠਿਆ, ਤਾਂ ਹੀ ਤਾਂ ਸ਼ਾਇਦ ਉਹ ਇਸ ਬਾਰੇ ਆਪਣੇ-ਆਪ ਨਾਲ ਵਿਚਾਰ ਨਹੀਂ ਕਰਦੇ |
ਅੱਜਕਲ੍ਹ ਦੀ ਮੇਰੇ ਵਰਗੀ ਨੌਜਵਾਨ ਪੀੜ੍ਹੀ ਬੇਰੁਜ਼ਗਾਰ ਤਾਂ ਹੈ ਪਰ ਆਪਣੇ-ਆਪ ਨੂੰ ਕਿਸੇ ਰੁਜ਼ਗਾਰ ਤੇ ਚੰਗੇ ਅਹੁਦੇ ਵਾਲੇ ਕਾਮੇ ਬੰਦੇ ਤੋਂ ਘੱਟ ਨਹੀਂ ਸਮਝਦੀ | ਮੇਰਾ ਮਤਲਬ ਉਨ੍ਹਾਂ 'ਨੌਜਵਾਨਾਂ ਅਤੇ ਮੁਟਿਆਰਾਂ' ਤੋਂ ਹੈ ਜੋ ਬੇਰੁਜ਼ਗਾਰ ਹੁੰਦੇ ਹੋਏ ਵੀ ਸ਼ੌਕ ਰੁਜ਼ਗਾਰ ਵਾਲੇ ਬੰਦਿਆਂ ਤੋਂ ਵੱਡੇ ਪਾਲ ਲੈਂਦੇ ਹਨ, ਜਿਵੇਂ ਕਿ ਮੇਰੇ ਵਰਗਾ ਇਕ ਬੇਰੁਜ਼ਗਾਰ ਮੰੁਡਾ ਜੋ ਕਿ ਵਿਹਲਾ ਤੇ ਅਣਕਮਾਊ ਹੈ ਪਰ ਉਸ ਨੂੰ ਘੰੁਮਣ ਲਈ ਬੁਲਟ ਜਾਂ ਗੱਡੀ ਚਾਹੀਦੀ ਹੈ ਤੇ ਖਰਚਣ ਲਈ 4-5 ਹਜ਼ਾਰ ਰੁਪਏ ਜੇਬ ਵਿਚ ਵੀ ਚਾਹੀਦੇ ਨੇ | ਹਾਲਾਂਕਿ ਬਾਪੂ ਜੀ ਕਮਾਈ ਕਰਨ ਤੇ ਏਨੀ ਉਮਰ ਹੰਢਾਉਣ ਤੋਂ ਬਾਅਦ ਵੀ 90 ਮਾਡਲ ਚੇਤਕ ਸਕੂਟਰ 'ਤੇ ਸਵਾਰ ਹੁੰਦੇ ਹਨ | ਭਾਈ 'ਮੰੁਡੇ' ਨੂੰ ਫੋਨ 'ਐਪਲ' ਜਾਂ 'ਸੈਮਸੰਗ ਗਲੈਕਸੀ' ਹੀ ਚਾਹੀਦਾ ਹੈ, ਜਿਹਦੀ ਬਾਜ਼ਾਰੂ ਕੀਮਤ 30 ਤੋਂ 40 ਹਜ਼ਾਰ ਰੁਪਏ ਤੱਕ ਹੁੰਦੀ ਹੈ ਅਤੇ ਇਧਰੋਂ 'ਕਮਾਊ ਬਾਪ ਜੀ' ਕੋਲ ਅਜੇ ਤੱਕ 'ਨੋਕੀਆ' ਦਾ 1203 ਜਾਂ 'ਸੈਮਸੰਗ ਗੁਰੂ' ਵਰਗਾ ਸਸਤਾ ਜਿਹਾ ਮੋਬਾਈਲ ਸੈੱਟ ਹੁੰਦਾ ਹੈ, ਜਿਹਦੀ ਬਾਜ਼ਾਰ ਵਿਚ ਕੀਮਤ ਸਿਰਫ 1500 ਤੋਂ 2000 ਰੁਪਏ ਤੱਕ ਹੁੰਦੀ ਹੈ | ਹੋਰ ਤਾਂ ਹੋਰ, ਅੱਜਕਲ੍ਹ ਦੀ ਨਵੀਂ ਪੀੜ੍ਹੀ ਨੇ ਕੱਪੜੇ ਕਿਸੇ 'ਅਰਮਾਨੀ' ਜਾਂ 'ਟੋਮੀ' ਤੋਂ ਘੱਟ ਤਾਂ ਲੈਣੇ ਹੀ ਨਹੀਂ, ਜਿਹਦੀ ਇਕ ਪੈਂਟ-ਸ਼ਰਟ ਪੂਰੇ 4000 ਤੋਂ 5000 ਰੁਪਏ ਤੱਕ ਪੈ ਜਾਂਦੀ ਹੈ ਤੇ ਉਧਰੋਂ ਇਕ ਕਮਾਊ ਬੰਦੇ ਦੇ ਏਨੇ ਵਿਚ ਸਾਲ ਕੁ ਭਰ ਦੇ ਕੱਪੜੇ ਆ ਜਾਂਦੇ ਨੇ | ਪਰ ਨੌਜਵਾਨ ਇਸ ਵੱਲ ਗੌਰ ਨਹੀਂ ਕਰ ਰਹੇ | ਉਹ ਇਸ ਨੂੰ ਸਟੈਂਡਰਡ ਸਮਝ ਕੇ ਪਾ ਤਾਂ ਰਹੇ ਹਨ ਪਰ ਪਤਾ ਨਹੀਂ ਉਨ੍ਹਾਂ ਨੂੰ ਅਗਲੀ ਲਮੇਰੀ ਉਮਰ ਵਿਚ ਪੈਦਾ ਹੋ ਰਹੀ ਮੁਸ਼ਕਿਲ ਕਿਉਂ ਨਹੀਂ ਨਜ਼ਰ ਆ ਰਹੀ?
ਉਧਰੋਂ ਇਨ੍ਹਾਂ ਨੇ ਇਕ ਹੋਰ ਆਦਤ ਪਾ ਰੱਖੀ ਹੈ, ਜਿਸ ਨੂੰ ਇਨ੍ਹਾਂ ਨੇ 'ਸ਼ੌਕ' ਦਾ ਨਾਂਅ ਦਿੱਤਾ ਹੋਇਆ ਹੈ, ਉਹ ਹੈ ਨਸ਼ਾ | ਭਾਵੇਂ ਉਹ ਸਾਰੀ ਪੀੜ੍ਹੀ ਨੂੰ ਨਹੀਂ ਲੱਗਿਆ ਪਰ ਕਾਫੀ ਹੱਦ ਤੱਕ ਇਸ ਭੈੜੀ ਚੀਜ਼ ਦੇ ਨੌਜਵਾਨ ਦੀਵਾਨੇ ਹੋਏ ਪਏ ਹਨ | ਜਿਸ ਨੂੰ ਵੀ ਪੁੱਛੋ 'ਭਾਈ ਤੰੂ ਵੀ ਇਹ ਸਭ ਕਰਨ ਲੱਗ ਪਿਐਾ?' ਉੱਤੋਂ ਜਵਾਬ ਦਿੰਦੇ ਨੇ, 'ਨਾ-ਨਾ ਬਾਈ, ਅਸੀਂ ਕਿਹੜਾ ਆਦੀ ਹਾਂ ਇਸ ਦੇ, ਅਸੀਂ ਤਾਂ ਬਸ ਸ਼ੌਕ ਕਰਕੇ ਪੀਂਦੇ ਆਂ, ਬਸ ਸ਼ੌਕ ਜਿਹਾ ਪੁਗਾਉਣਾ ਹੈ ਇਹਨੂੰ ਕਰਕੇ ਤੇ ਜ਼ਿੰਦਗੀ ਕਿਹੜਾ ਵਾਰ-ਵਾਰ ਮਿਲਣੀ ਆ ਬਾਈ |' ਪਰ ਚੰਦਰਿਆਂ ਨੂੰ ਕਿਹੜਾ ਸਮਝਾਵੇ? ਜੋ ਤੁਸੀਂ ਸ਼ੌਕ ਪਾਲੀ ਬੈਠੇ ਹੋ, ਉਸ ਨੇ ਹੌਲੀ-ਹੌਲੀ ਕਦੇ ਨਾ ਕਦੇ ਤੁਹਾਡੀ ਉਹ ਆਦਤ ਬਣ ਜਾਣਾ ਹੈ, ਜਿਸ ਨੂੰ ਛੱਡਦੇ-ਛੱਡਦੇ ਤੁਸੀਂ ਜ਼ਿੰਦਗੀ ਹੀ ਛੱਡ ਜਾਓਗੇ, ਜੋ ਤੁਹਾਨੂੰ ਲੱਖਾਂ ਜੂਨੀਆਂ ਦੇ ਬਾਅਦ ਮਿਲੀ ਹੈ | ਅੱਜਕਲ੍ਹ ਦੇ ਇਸ ਮਹਿੰਗਾਈ ਦੇ ਦੌਰ ਵਿਚ 'ਚਾਹ ਦਾ ਬਿੱਲ', 'ਰੋਟੀ ਦਾ ਬਿੱਲ' ਹੀ ਫਾਹੇ ਲਾਈ ਜਾਂਦਾ ਹੈ ਤੇ ਮੇਰੇ ਨੌਜਵਾਨ ਭਾਈ ਹੋਰ ਪਤਾ ਨਹੀਂ ਕਿਹੜੇ-ਕਿਹੜੇ ਵੈਲ ਲਾਈ ਫਿਰਦੇ ਨੇ, ਜਿਨ੍ਹਾਂ ਨੂੰ ਉਹ ਆਪਣਾ ਸ਼ੌਕ ਸਮਝੀ ਬੈਠੇ ਨੇ |
ਮੈਂ ਮੰਨਦਾ ਹਾਂ ਕਿ ਸਰਕਾਰ ਦੀ ਕਮਜ਼ੋਰੀ ਕਰਕੇ ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ ਪਰ ਕੁਝ ਹੱਦ ਤੱਕ ਇਸ ਨੂੰ ਵਧਾਉਣ ਵਿਚ ਯੋਗਦਾਨ ਆਪਾਂ ਨੌਜਵਾਨ ਪੀੜ੍ਹੀ ਨੇ ਵੀ ਪਾਇਆ ਹੈ | ਜੇ ਸਰਕਾਰ ਦੋਸ਼ੀ ਹੈ ਤਾਂ ਆਪਾਂ ਵੀ ਉਸ ਤੋਂ ਘੱਟ ਨਹੀਂ ਹਾਂ | ਬਸ ਲੋੜ ਹੈ ਹੁਣ ਸਾਨੂੰ ਆਪਣੇ-ਆਪ ਨੂੰ ਬਦਲਣ ਦੀ | ਆਓ ਹੁਣ ਆਪਾਂ 'ਬੇਰੁਜ਼ਗਾਰੀ' ਵਿਚ ਮਹਿੰਗੇ ਕੱਪੜੇ, ਮਹਿੰਗੇ ਮੋਬਾਈਲ ਜਾਂ ਨਸ਼ਿਆਂ ਵਰਗੇ ਭੈੜੇ ਸ਼ੌਕਾਂ ਨੂੰ ਪਰਾਂ ਰੱਖ ਕੇ ਕੋਈ ਚੰਗਾ ਕੰਮ ਕਰੀਏ, ਜਿਸ ਨਾਲ ਆਪਣਾ ਤੇ ਆਪਣੇ ਪੰਜਾਬ ਦਾ ਨਾਂਅ ਰੌਸ਼ਨ ਹੋਵੇ, ਨਾ ਕਿ 'ਬੇਰੁਜ਼ਗਾਰ ਵਿਚ ਟੌਹਰ' ਕੱਢ ਕੇ ਬੇਰੁਜ਼ਗਾਰੀ, ਮਹਿੰਗਾਈ ਤੇ ਮੰਦੀ ਨੂੰ ਹੋਰ ਵਧਾਈਏ ਅਤੇ ਆਪਣੇ ਉੱਪਰ ਹੋਰ ਹਾਵੀ ਹੋਣ ਦੇਈਏ |
-261-ਐੱਚ, ਪਰਤਾਪ ਨਗਰ, ਪਟਿਆਲਾ | ਮੋਬਾ: 97804-00239

ਕੁਲਚੇ-ਛੋਲੇ ਵਾਲੇ...

ਸਮੈਕ-ਹੈਰੋਇਨ ਨਸ਼ਿਆਂ ਵਾਂਗ ਨੌਜਵਾਨ ਪੀੜ੍ਹੀ ਅੰਦਰ ਫਾਸਟ ਫੂਡ (ਜੰਕ ਫੂਡ) ਵੀ ਇਸ ਕਦਰ ਵਧ ਚੁੱਕਾ ਹੈ ਕਿ ਸ਼ਹਿਰਾਂ ਤੋਂ ਹੁੰਦਾ ਹੋਇਆ ਇਹ ਪਹਿਲਾਂ-ਪਹਿਲ ਸਕੂਲਾਂ ਦੇ ਮੁੱਖ ਗੇਟਾਂ ਨਜ਼ਦੀਕ, ਫਿਰ ਪਿੰਡਾਂ ਦੇ ਗਲੀ-ਮੁਹੱਲਿਆਂ ਤੱਕ ਪਹੁੰਚ ਗਿਆ ਹੈ | ਸਵੇਰੇ-ਸਵੇਰੇ ਪਿੱਤਲ ਦੇ ਪਤੀਲੇ ਸਵਾਰ ਵੱਡੀ ਗਿਣਤੀ ਪ੍ਰਵਾਸੀ ਲੋਕ ਸਾਈਕਲਾਂ ਉੱਪਰ ਛੋਲੇ-ਕੁਲਚੇ ਲੱਦੀ ਆਮ ਵੇਖਣ ਨੰੂ ਮਿਲਦੇ ਹਨ | ਇਨ੍ਹਾਂ ਛੋਲੇ-ਕੁਲਚਿਆਂ ਵਾਲਿਆਂ ਕੋਲ ਪਹਿਲਾਂ ਤਾਂ ਕੋਈ ਪਲੇਟ ਨਹੀਂ ਹੁੰਦੀ ਅਤੇ ਫਿਰ ਗੰਦੇ ਅਖਬਾਰਾਂ 'ਚ ਲਪੇਟ ਕੇ ਕੁਲਚਾ ਗਾਹਕ ਨੰੂ ਦਿੰਦੇ ਹਨ, ਜਿਸ ਦੀ ਅੱਧੀ ਸਿਆਹੀ ਵੀ ਖਾਣ ਵਾਲੇ ਦੇ ਅੰਦਰ ਚਲੀ ਜਾਂਦੀ ਹੈ | ਪੀਣ ਲਈ ਇਨ੍ਹਾਂ ਕੋਲ ਬਾਲਟੀ ਵਿਚ 4-5 ਲੀਟਰ ਪਾਣੀ ਹੁੰਦਾ ਹੈ, ਤੰਦਰੁਸਤ-ਬਿਮਾਰ ਹਰ ਇਕ ਨੰੂ ਇਕੋ ਗਲਾਸ ਨਾਲ ਪਾਣੀ ਪਿਲਾਈ ਜਾਂਦੇ ਆਮ ਵੇਖਣ ਨੰੂ ਮਿਲਦੇ ਹਨ | ਸ਼ਹਿਰੀ ਫਾਸਟ ਫੂਡ ਵਿਚ ਨਿਊਡਲਜ਼, ਪੈਟੀ, ਬਰਗਰ, ਮਨਚੂਰੀਅਨ, ਪੀਜ਼ਾ, ਪਾਸਤਾ ਆਦਿ ਮਿਲਦੇ ਹਨ, ਜਦ ਕਿ ਪਿੰਡਾਂ ਵਿਚ ਅਜੇ ਕੁਲਚਾ ਹੀ ਸਸਤਾ ਤੇ ਆਮ ਪਹੁੰਚ ਵਾਲਾ ਫਾਸਟ ਫੂਡ ਹੈ | ਇਨ੍ਹਾਂ ਪ੍ਰਵਾਸੀ ਮਜਦੂਰਾਂ ਦਾ ਹੋਕਾ ਵੀ ਵੱਖਰਾ ਹੀ ਹੈ, 'ਕੁਲਚੇ-ਛੋਲੇ ਵਾਲਾ' ਆਖ ਕੇ ਇਹ ਲੋਕ ਲੰਮੀ ਹੇਕ ਦਿੰਦੇ ਹਨ | ਇਸ ਤਰ੍ਹਾਂ ਦੇ ਖਾਣੇ ਨਾਲ ਸਰੀਰ ਦੀ ਚਰਬੀ ਜ਼ਿਆਦਾ ਵਧਣ ਲਗਦੀ ਹੈ ਅਤੇ ਹੌਲੀ-ਹੌਲੀ ਮੋਟਾਪਾ ਆ ਘੇਰਦਾ ਹੈ | ਮੋਟਾਪੇ ਕਾਰਨ ਸਿਹਤ ਵੀ ਡਿਗਣ ਲਗਦੀ ਹੈ, ਜਿਸ ਨਾਲ ਸਰੀਰ ਨੰੂ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਆ ਘੇਰਦੀਆਂ ਹਨ | ਨੌਜਵਾਨ ਪੀੜ੍ਹੀ ਨੰੂ ਆਪਣੀ ਜੀਵਨ ਸ਼ੈਲੀ ਵਿਚ ਤਬਦੀਲੀ ਦੀ ਲੋੜ ਹੈ, ਉਨ੍ਹਾਂ ਨੰੂ ਹਮੇਸ਼ਾ ਭੋਜਨ ਦੀ ਕੈਲੋਰੀ ਪ੍ਰਤੀ ਚੇਤੰਨ ਰਹਿਣਾ ਚਾਹੀਦਾ ਹੈ, ਕਿਉਂਕਿ ਕੈਲੋਰੀ ਜ਼ਿਆਦਾ ਹੋਣ ਨਾਲ ਜਿਥੇ ਕੋਲੈਸਟ੍ਰੋਲ ਵਧਣ ਦੀ ਸੰਭਾਵਨਾ ਵਧਦੀ ਹੈ, ਉਥੇ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਵਰਗੇ ਰੋਗ ਪੈਦਾ ਹੋ ਜਾਂਦੇ ਹਨ |
-ਪਿੰਡ ਭਰੋਵਾਲ, ਜ਼ਿਲ੍ਹਾ ਲੁਧਿਆਣਾ |

ਅਸੀਂ ਸੜਕਾਂ 'ਤੇ ਕੂੜਾ ਸੁੱਟਣ ਤੋਂ ਕਦੋਂ ਬਾਜ਼ ਆਵਾਂਗੇ?

ਸਿਆਣਿਆਂ ਨੇ ਵੀ ਕਿਹਾ ਹੈ ਕਿ 'ਯਹਾਂ ਸਫ਼ਾਈ ਵਹਾਂ ਖੁਦਾਈ', ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਸਵੇਰੇ-ਸਵੇਰੇ ਜਾ ਕੇ ਸਾਫ਼ ਕਰ ਧੂਫ-ਬੱਤੀ ਕਰਦੇ ਹਨ | ਦੁਕਾਨਾਂ ਦੇ ਬਾਹਰ ਪਾਣੀ ਦਾ ਛਿੜਕਾਅ ਵੀ ਕੀਤਾ ਜਾਂਦਾ ਹੈ | ਕਿਉਂਕਿ ਦੁਕਾਨ ਤੋਂ ਉਨ੍ਹਾਂ ਦੇ ਘਰ ਤੇ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਹੋ ਰਹੀ ਆਮਦਨ 'ਤੇ ਹੀ ਨਿਰਭਰ ਹੈ ਪਰ ਇਕ ਗੱਲ ਜੋ ਕਹਿਣੀ ਬਣਦੀ ਹੈ ਕਿ ਅਸੀਂ ਦੁਕਾਨ ਦੇ ਕੂੜੇ ਦੀ ਢੇਰੀ ਸੜਕ ਦੇ ਵਿਚਕਾਰ ਲਾ ਦਿੰਦੇ ਹਾਂ, ਜਿਥੋਂ ਸਾਰੇ ਰਾਹੀਗਰਾਂ ਨੇ ਲੰਘਣਾ ਹੁੰਦਾ ਹੈ | ਕੀ ਇਸ ਤਰ੍ਹਾਂ ਕਰਨਾ ਸਹੀ ਹੈ? ਸਿਆਣਿਆਂ ਨੇ ਵੀ ਕਿਹਾ ਹੈ ਕਿ ਰਸਤਿਆਂ ਵਿਚ ਕੂੜਾ ਸੁੱਟਣਾ ਨਰਕ ਜਾਣ ਦੇ ਸਮਾਨ ਹੈ | ਲੋਕੀਂ ਤਾਂ ਆਪਣੇ ਸੱਜਣਾਂ-ਮਿੱਤਰਾਂ ਤੇ ਸਨੇਹੀਆਂ ਦੇ ਲੰਘਣ ਵਾਲੇ ਰਾਹਾਂ ਵਿਚ ਫੁੱਲ ਵਿਛਾਉਂਦੇ ਤੇ ਫੁੱਲਾਂ ਦੀ ਵਰਖਾ ਕਰਦੇ ਹਨ ਪਰ ਅਸੀਂ ਆਪਣੇ ਉਨ੍ਹਾਂ ਗਾਹਕਾਂ ਤੇ ਲੰਘਣ ਵਾਲਿਆਂ ਦੇ ਰਸਤਿਆਂ ਵਿਚ ਕੂੜੇ ਦੀ ਢੇਰੀ ਲਾਉਂਦੇ ਹਾਂ, ਜਿਨ੍ਹਾਂ ਸਾਡੀ ਦੁਕਾਨ ਵਿਚ ਹੀ ਆਉਣਾ ਹੈ | ਜੋ ਕੂੜਾ ਅਸੀਂ ਸਵੇਰੇ ਬਾਹਰ ਕੱਢਦੇ ਹਾਂ, ਫਿਰ ਉਹ ਸੜਕਾਂ 'ਤੇ ਚਲਦੇ ਵਾਹਨਾਂ ਨਾਲ ਮਿੱਟੀ ਬਣ ਸਾਡੇ ਤੇ ਸਾਡੀ ਦੁਕਾਨ 'ਤੇ ਹੀ ਪੈਂਦਾ ਹੈ | ਇਹ ਗੱਲ ਸਿਰਫ ਇਕ ਦਿਨ ਦੀ ਹੀ ਨਹੀਂ, ਜੇ ਧਿਆਨ ਨਾਲ ਦੇਖੀਏ ਤਾਂ ਇਹ ਨਜ਼ਾਰਾ ਅਸੀਂ ਸੁਵਖਤੇ ਉਠ ਕੇ ਆਪ ਬਾਜ਼ਾਰ ਵਿਚ ਜਾ ਕੇ ਵੇਖ ਸਕਦੇ ਹਾਂ | ਕਿੰਨਾ ਚੰਗਾ ਹੋਵੇ ਜੇ ਅਸੀਂ ਇਕ ਕੂੜੇਦਾਨ ਦਾ ਪ੍ਰਬੰਧ ਕਰ ਲਈਏ ਤੇ ਜੋ ਕਚਰਾ ਹੋਵੇ, ਉਸ ਨੂੰ ਕੂੜੇਦਾਨ ਵਿਚ ਪਾ ਕੇ ਰੱਖ ਲਈਏ ਤੇ ਬਾਅਦ ਵਿਚ ਕਿਤੇ ਚੋਣਵੀਂ ਥਾਂ 'ਤੇ ਉਸ ਨੂੰ ਸੁੱਟ ਦਿੱਤਾ ਜਾਵੇ | ਇਸ ਤਰ੍ਹਾਂ ਨਾਲ ਕੂੜੇ ਦੀ ਸਮੱਸਿਆ ਦਾ ਵੀ ਸਹੀ ਹੱਲ ਹੋ ਸਕਦਾ ਹੈ |
ਜੇ ਆਪਣੀ ਦੁਕਾਨ ਨੂੰ ਨਜ਼ਰਾਂ ਤੋਂ ਬਚਾਉਣ ਲਈ ਅਸੀਂ ਨਿੰਬੂ-ਮਿਰਚਾਂ ਦਾ ਸਹਾਰਾ ਲੈ ਸਕਦੇ ਹਾਂ ਤਾਂ ਕੀ ਅਸੀਂ ਕੂੜਾ ਸੁੱਟਣ ਲਈ ਇਕ ਕੂੜੇਦਾਨ ਦਾ ਪ੍ਰਬੰਧ ਨਹੀਂ ਕਰ ਸਕਦੇ? ਜੇ ਅਸੀਂ ਆਪਣੀ ਦੁਕਾਨ ਦੀ ਸਫਾਈ ਦਾ ਧਿਆਨ ਰੱਖ ਸਕਦੇ ਹਾਂ ਤਾਂ ਸਾਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ | ਜਿਵੇਂ ਬੂੰਦ-ਬੂੰਦ ਨਾਲ ਤਲਾਅ ਭਰ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਸਫਾਈ ਦੀ ਆਦਤ ਨਾਲ ਅਸੀਂ ਆਪਣਾ ਚੌਗਿਰਦਾ ਮਹਿਕਾ ਸਕਦੇ ਹਾਂ | ਸੋ, ਆਓ ਆਪਣੀ ਦੁਕਾਨ ਦੇ ਕਚਰੇ ਨੂੰ ਸੜਕਾਂ 'ਤੇ ਨਾ ਸੁੱਟੀਏ, ਬਲਕਿ ਇਕ ਚੰਗੇ ਨਾਗਰਿਕ ਬਣ ਕੇ ਦੇਸ਼, ਸ਼ਹਿਰ ਤੇ ਪਿੰਡ ਦੀ ਸਫਾਈ ਵੱਲ ਹੰਭਲਾ ਮਾਰੀਏ |
-ਮੋਬਾ: 94630-57786

ਸੜਕ ਹਾਦਸੇ ਰੋਕਣ ਲਈ ਪ੍ਰਸ਼ਾਸਨ ਸਰਗਰਮ ਹੋਵੇ

ਹਰ ਦਿਨ ਸੜਕ ਹਾਦਸਿਆਂ ਕਾਰਨ ਪੰਜਾਬ ਵਿਚ ਰੋਜ਼ਾਨਾ ਭਰ ਜਵਾਨੀ ਨੌਜਵਾਨਾਂ, ਸਕੂਲੀ ਬੱਚੇ, ਔਰਤਾਂ ਸਮੇਤ ਅਨੇਕਾਂ ਜਿੰਦੜੀਆਂ ਖਤਮ ਹੁੰਦੀਆਂ ਜਾ ਰਹੀਆਂ ਹਨ ਅਤੇ ਘਰਾਂ ਦੇ ਘਰ ਉਜੜਦੇ ਜਾ ਰਹੇ ਹਨ ਪਰ ਸਾਡੀਆਂ ਸਰਕਾਰਾਂ ਇਨ੍ਹਾਂ ਦੇ ਮੁੱਖ ਕਾਰਨਾਂ ਵੱਲ ਬਿਲਕੁਲ ਹੀ ਧਿਆਨ ਨਹੀਂ ਦੇ ਰਹੀਆਂ, ਸਗੋਂ ਕਈ ਵਾਰੀ ਤਾਂ ਸਾਡੇ ਘਾਗ ਸਿਆਸਤਦਾਨ ਵੀ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਫਿਰ ਵੀ ਕੋਈ ਗੌਰ ਨਹੀਂ ਕੀਤੀ ਜਾ Ðਰਹੀ | ਪੰਜਾਬ ਦੇ ਘਾਗ ਸਿਆਸਤਦਾਨ ਕੈਪਟਨ ਕੰਵਲਜੀਤ ਸਿੰਘ, ਸਾਬਕਾ ਸਿੱਖਿਆ ਮੰਤਰੀ ਸ: ਬਸੰਤ ਸਿੰਘ ਖਾਲਸਾ ਸਮੇਤ ਕਈ ਨਾਮੀ ਸ਼ਖ਼ਸੀਅਤਾਂ ਇਨ੍ਹਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੋਈਆਂ ਹਨ, ਜਿਨ੍ਹਾਂ ਦੇ ਜਾਣ ਕਾਰਨ ਪੰਜਾਬ ਦੀ ਸਿਆਸਤ ਹੀ ਨਹੀਂ ਸਗੋਂ ਪੰਜਾਬ ਨੂੰ ਇਕ ਚੰਗੇ ਵਿਅਕਤੀਆਂ ਦੀ ਸੋਚ ਤੋਂ ਵੀ ਵਾਂਝੇ ਹੋਣਾ ਪਿਆ, ਜਿਨ੍ਹਾਂ ਦੀ ਸਾਡੇ ਪੰਜਾਬ ਨੂੰ ਬਹੁਤ ਵੱਡੀ ਦੇਣ ਸੀ ਅਤੇ ਪੰਜਾਬੀ ਉਨ੍ਹਾਂ 'ਤੇ ਮਾਣ ਮਹਿਸੂਸ ਕਰਦੇ ਸਨ | ਪਰ ਕੁਝ ਸਮਾਂ ਰੌਲਾ-ਰੱਪਾ ਪਾ ਕੇ ਇਹ ਸਭ ਸ਼ਾਂਤ ਹੋ ਜਾਂਦਾ ਹੈ ਕਿ ਕੀ ਕਾਰਨ ਸਨ, ਸੜਕ ਹਾਦਸਿਆਂ ਨੂੰ ਕਿਵੇਂ ਰੋਕਿਆ ਜਾਵੇ ਅਤੇ ਦੋਸ਼ੀਆਂ ਲਈ ਕੀ ਸਜ਼ਾਵਾਂ ਹਨ | ਕਈ-ਕਈ ਸਾਲ ਕੇਸ ਚੱਲੀ ਜਾਂਦੇ ਹਨ ਅਤੇ ਲੋਕ ਤੇਜ਼-ਤਰਾਰ ਸਮੇਂ ਦੀ ਹਨੇਰੀ ਵਿਚ ਇਹ ਸਭ ਕੁਝ ਜਲਦੀ ਹੀ ਭੁੱਲ ਜਾਂਦੇ ਹਨ |
ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਕੁਰਸੀ ਦੀ ਮੌਲਿਕ ਜ਼ਿੰਮੇਵਾਰੀ ਨਹੀਂ ਸਮਝਦਾ ਕਿ ਸੜਕ 'ਤੇ ਕੋਈ ਵਾਹਨ ਕਿਵੇਂ ਖੜ੍ਹਾ ਹੈ, ਗਲਤ ਖੜ੍ਹਾ ਹੈ, ਇਸ ਨੂੰ ਸਜ਼ਾ ਦਿੱਤੀ ਜਾਵੇ | ਜਿਥੇ ਕੋਈ ਵੇਖਦਾ ਹੈ, ਆਪਣਾ ਟਰੱਕ, ਕਾਰ, ਮੋਟਰਸਾਈਕਲ ਆਦਿ ਵਾਹਨ ਸੜਕ 'ਤੇ ਖੜ੍ਹਾ ਕਰਕੇ ਤੁਰਦਾ ਬਣਦਾ ਹੈ, ਕਿਸੇ 'ਤੇ ਰਿਫਲੈਕਟਰ ਨਹੀਂ, ਕੋਈ ਸੂਚਨਾ ਯੰਤਰ ਨਹੀਂ ਲੱਗਾ ਹੋਇਆ, ਜਿਸ ਕਾਰਨ ਹਨੇਰੇ ਵਿਚ ਹੀ ਨਹੀਂ ਸਗੋਂ ਦਿਨ ਦਿਹਾੜੇ ਵੀ ਕਈ ਹਾਦਸੇ ਹੋ ਜਾਂਦੇ ਹਨ, ਫਿਰ ਕਿਤੇ ਸਰਕਾਰੀ ਪ੍ਰਸ਼ਾਸਨ ਨੂੰ ਯਾਦ ਆਉਂਦੀ ਹੈ | ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ, ਪਿੰਡਾਂ ਦੀਆਂ ਿਲੰਕ ਸੜਕਾਂ 'ਤੇ ਵੱਡੇ-ਵੱਡੇ ਟੋਏ ਹਰ ਦਿਨ ਹਾਦਸੇ ਕਰਦੇ ਰਹਿੰਦੇ ਹਨ | ਪੂਰੀ ਤਰ੍ਹਾਂ ਲੋਡ ਟਰੱਕ, ਟਰਾਲੀਆਂ, ਤੂੜੀ ਨਾਲ ਭਰੇ ਵਾਹਨ ਜਿਥੇ ਸੜਕਾਂ 'ਤੇ ਆਵਾਜਾਈ ਨੂੰ ਪ੍ਰਭਾਵਿਤ ਕਰਦੀਆਂ ਹਨ, ਉਥੇ ਹੀ ਵੱਡੇ ਹਾਦਸੇ ਵੀ ਕਰਦੀਆਂ ਹਨ | ਕਿਤੇ ਵੀ ਟਰੈਫਿਕ ਨਿਯਮਾਂ ਦੀ ਦੁਹਾਈ ਦੇਣ ਵਾਲੇ ਇਨ੍ਹਾਂ ਨੂੰ ਨੱਥ ਨਹੀਂ ਪਾ ਰਹੇ | ਬਿਨਾਂ ਕਿਸੇ ਦੇ ਡਰ, ਭੈਅ, ਖੌਫ ਇਹ ਧੰਦਾ ਲਗਾਤਾਰ ਚਲਦਾ ਜਾ ਰਿਹਾ ਹੈ ਅਤੇ ਕੀਮਤੀ ਜਾਨਾਂ ਜਾ ਰਹੀਆਂ ਹਨ | ਪਤਾ ਨਹੀਂ ਮਹਿਕਮਾ ਟਰੈਫਿਕ ਵਾਲੇ ਇਨ੍ਹਾਂ ਲੋਡ ਟਰੱਕਾਂ ਨੂੰ ਵੇਖਦੇ ਹੀ ਨਹੀਂ | ਪ੍ਰਸ਼ਾਸਨ ਇਸ ਪਾਸੇ ਵੱਲ ਧਿਆਨ ਦੇਵੇ ਤਾਂ ਕਿ ਰੋਜ਼ ਚੜ੍ਹਦੇ ਸੂਰਜ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਜਿੰਦੜੀਆਂ ਬਚ ਸਕਣ ਅਤੇ ਆਪਣੇ ਵਤਨ ਪੰਜਾਬ ਲਈ ਜ਼ਿੰਦਗੀ ਜਿਊਣ |
-ਸਹਾਰਨ ਮਾਜਰਾ | 84273-04646


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX