ਤਾਜਾ ਖ਼ਬਰਾਂ


ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  42 minutes ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 1 hour ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 1 hour ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  about 2 hours ago
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਵਿਖੇ ਖੇਤਾਂ 'ਚ ਲੱਗੀ ਅੱਗ ਕਾਰਨ 4 ਕਿਸਾਨਾਂ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਬੁਝਾਉਣ...
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  about 2 hours ago
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਅਰੁਣ ਆਹੂਜਾ)- ਨੇੜਲੇ ਪਿੰਡ ਰਾਮਦਾਸ ਨਗਰ 'ਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸਰਹਿੰਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ...
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  about 2 hours ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ...
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  about 3 hours ago
ਤਿਰੂਵਨੰਤਪੁਰਮ, 21 ਅਪ੍ਰੈਲ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ 'ਚ ਪਹੁੰਚੀ ਪ੍ਰਿਅੰਕਾ ਗਾਂਧੀ...
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  about 3 hours ago
ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)- ਪਿੰਡ ਅੱਚਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਯਾਦਵਿੰਦਰ ਸਿੰਘ ਦੇ ਨਾਲ ਅੱਜ 50 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਉਕਤ ਪਰਿਵਾਰਾਂ ਨੇ ਬਲਵਿੰਦਰ ਬਿੱਟੂ ਢੀਗੀਂ...
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  about 3 hours ago
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਦੇ ਸਾਬਕਾ ਵਿਧਾਇਕ ਅਤੇ ਦਸਮੇਸ਼ ਵਿੱਦਿਅਕ ਤੇ ਸਿਹਤ ਸੰਸਥਾਵਾਂ ਦੇ ਬਾਨੀ ਕਰਨੈਲ ਸਿੰਘ ਡੋਡ ਦਾ ਅੱਜ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਵਿਅੰਗ

ਡੀਅਰ ਪਿਆਜ਼

ਪਿਆਜ਼ ਜ਼ੱਰਾ ਨਿਵਾਜ਼! ਤੁਸੀਂ ਮਹਾਨ ਹੋ! ਦੇਸ਼ ਦੀ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਵੱਖ-ਵੱਖ ਵਰਗਾਂ ਨੇ ਜੋ ਉੱਨਤੀ ਕੀਤੀ ਹੈ, ਉਨ੍ਹਾਂ ਦਾ ਇਥੇ ਵਰਣਨ ਕਰਨਾ ਅੱਜ ਫਾਲਤੂ ਜਿਹਾ ਲਗਦਾ ਹੈ | ਵਿਚਾਰ ਯੋਗ ਤੇ ਪ੍ਰਤੱਖ ਸਚਾਈ ਤਾਂ ਇਹ ਹੈ ਕਿ ਤੁਸੀਂ ਲੋੜਾਂ ਦੀ 'ਆਮ ਸ਼੍ਰੇਣੀ' ਦੀ ਹੇਠਲੀ ਕੈਟੇਗਿਰੀ ਤੋਂ ਉਠ ਕੇ ਅੱਜ 'ਖਾਸ' ਲਿਸਟ ਵਿਚ ਅਤਿ ਖਾਸ ਸਥਾਨ ਪ੍ਰਾਪਤ ਕਰ ਲਿਆ ਹੈ |
ਮੈਨੂੰ ਤੁਹਾਡੇ ਇਤਿਹਾਸਕ ਪਿਛੋਕੜ ਦੀ ਕੋਈ ਜਾਣਕਾਰੀ ਨਹੀਂ ਕਿ ਸਭ ਤੋਂ ਪਹਿਲੀ ਮੁਲਾਕਾਤ ਤੁਹਾਡੀ ਕਿਸ ਨਾਲ, ਕਿਥੇ, ਕਦੋਂ ਹੋਈ ਤੇ ਕਿੱਦਾਂ ਤੁਸੀਂ ਇਥੇ ਪਧਾਰੇ | ਮੈਂ ਆਪਣੀ ਗੱਲਬਾਤ ਨੂੰ ਜਦੋਂ ਤੋਂ ਮੈਂ ਸੁਰਤ ਸੰਭਾਲੀ, ਉਦੋਂ ਤੱਕ ਹੀ ਸੀਮਤ ਰੱਖਦਾ ਹਾਂ |
ਤੁਸੀਂ ਗੁਣਵਤਾ ਦੇ ਖਜ਼ਾਨੇ ਹੋ | ਦਵਾਈ ਦੇ ਰੂਪ ਵਿਚ ਤੁਹਾਡਾ ਸੇਵਨ ਬੜਾ ਹਿਤਕਾਰੀ, ਲਾਭਕਾਰੀ ਅਤੇ ਅਸਰਦਾਰੀ ਹੈ | ਵੱਖ-ਵੱਖ ਸਬਜ਼ੀਆਂ, ਫਲਾਂ ਨੂੰ ਚੱਖਣ ਵਾਲਿਆਂ ਪ੍ਰਸ਼ੰਸਕਾਂ ਵੱਲੋਂ ਕਈ ਤਰ੍ਹਾਂ ਦੀਆਂ ਉਪਾਧੀਆਂ ਵੀ ਦਿੱਤੀਆਂ ਗਈਆਂ ਹਨ | ਪਰ ਪਿਆਜ਼ ਜੀ, ਤੁਹਾਡੇ ਜਿੰਨਾ ਪਾਪੂਲਰ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਡਿੱਠਾ |
ਛੋਟੇ ਹੁੰਦੇ ਮੇਰੇ ਕਈ ਮਿੱਤਰ ਤੁਹਾਨੂੰ ਗੰਢਾ ਕਹਿ ਕੇ ਵੀ ਸੰਬੋਧਨ ਕਰਦੇ ਸਨ | ਕਈ ਵਾਰੀ ਮੈਨੂੰ ਚੰਗਾ ਨਹੀਂ ਸੀ ਲਗਦਾ ਪਰ ਉਨ੍ਹਾਂ ਦੀ ਦਲੀਲ ਨੇ ਮੈਨੂੰ ਚੁਪ ਕਰਾ ਦਿੱਤਾ ਕਿ ਇਸ ਨਾਂਅ ਨਾਲ ਕਈ ਮਹਾਨ ਵਿਅਕਤੀ ਵੀ ਹੋਏ ਹਨ | ਸੋ, ਕਿਸੇ ਨਾਂਅ ਵਿਚ ਕੋਈ ਦੋਸ਼ ਨਹੀਂ ਹੁੰਦਾ | ਪਰ ਮੈਂ ਤਾਂ ਤੁਹਾਡੇ ਵਧਦੇ ਰੁਤਬੇ ਨੂੰ ਵੇਖ ਕੇ ਪ੍ਰਣ ਕਰ ਲਿਆ ਹੈ ਕਿ ਤੁਹਾਨੂੰ ਪਿਆਜ਼ ਜੀ ਕਹਿ ਕੇ ਹੀ ਸੰਬੋਧਨ ਕਰਿਆ ਕਰਾਂਗਾ |
ਤੁਸੀਂ ਹਰ ਘਰ, ਹਰ ਰਸੋਈ ਦੀ ਜ਼ਰੂਰਤ ਤਾਂ ਚਿਰਾਂ ਤੋਂ ਸੀ, ਹੁਣ ਸ਼ੁਹਰਤ ਵੀ ਬਣ ਗਏ ਹੋ | ਤੁਹਾਡੇ ਸਾਥ ਬਿਨਾਂ ਕਿਸੇ ਸਬਜ਼ੀ, ਦਾਲ ਆਦਿ ਦੀ ਹਿੰਮਤ ਨਹੀਂ ਹੋਈ ਕਿ ਇਕੱਲਿਆਂ ਆਪਣੇ ਬਲਬੂਤੇ ਸਵਾਦੀ ਹੋਣ ਦਾ ਸਥਾਨ ਪ੍ਰਾਪਤ ਕਰ ਸਕੇ | ਕਿੰਨੇ ਨਿਸਵਾਰਥ ਭਾਵ ਨਾਲ ਤੁਸੀਂ ਸਭ ਵਿਚ ਰਚਮਿਚ ਜਾਂਦੇ ਹੋ | ਸੈਂਕੜੇ, ਹਜ਼ਾਰਾਂ ਸਾਲਾਂ ਦੀ ਤੁਹਾਡੀ ਇਸ ਉਦਾਰ ਦਿਲੀ ਨਾਲ ਉਹ ਸਭ ਤੁਹਾਡੀਆਂ ਮੁਥਾਜ਼ ਬਣ ਕੇ ਰਹਿ ਗਈਆਂ | ਤੁਹਾਡੇ ਸਹਿਯੋਗ ਬਿਨਾਂ ਕੁੱਕੜ ਜੀ ਵੀ ਫੁਕੜ ਲਗਦੇ ਹਨ | ਇਕੱਲੇ ਉਤਨੀ ਪ੍ਰਸੰਸਾ ਹਾਸਲ ਨਹੀਂ ਕਰ ਸਕਦੇ |
ਮੈਂ ਤੁਹਾਡਾ ਬਚਪਨ ਤੋਂ ਪ੍ਰਸ਼ੰਸਕ ਰਿਹਾ ਹਾਂ | ਹਰੀਆਂ ਭੂਕਾਂ ਵਾਲੇ ਦੇਸ਼ ਵਿਚ ਤੁਸੀਂ ਹੋਰ ਵੀ ਹਰਮਨ-ਪਿਆਰੇ ਹੋ ਜਾਂਦੇ ਹੋ | ਤੰਗੀ, ਗਰੀਬੀ ਦੀ ਚੱਕੀ ਥੱਲੇ ਪਿਸਦੇ ਲੋਕਾਂ ਨੂੰ 'ਕੱਲੇ ਪਿਆਜ਼ ਨਾਲ ਰੋਟੀ ਖਾ ਕੇ ਗੁਜ਼ਾਰਾ ਕਰਦਿਆਂ ਵੇਖਿਆ ਹੈ, ਉਨ੍ਹਾਂ ਦੇ ਚਿਹਰਿਆਂ 'ਤੇ ਸਬਰ ਸੰਤੁਸ਼ਟੀ ਦੀ ਭਾਅ ਵੀ ਵੇਖੀ ਹੈ |
ਆਪਣੇ ਸੁਆਦ ਲਈ ਲੋਕੀਂ ਤੁਹਾਡੇ ਸਿਰ 'ਤੇ ਮੁੱਕੀ ਮਾਰ ਕੇ ਵੀ ਆਨੰਦ ਮਾਣਦੇ ਹਨ | ਵੱਖ-ਵੱਖ ਢੰਗਾਂ ਨਾਲ ਕੁਤਰ ਕੇ, ਛੱਲੇ ਆਦਿ ਬਣਾ ਕੇ ਅੱਜ ਵੀ ਛੋਟੇ ਵੱਡੇ ਹੋਟਲਾਂ 'ਤੇ ਘਰਾਂ ਵਿਚ ਸੁਆਦ ਮਾਣਦੇ ਹਨ | ਲੋਕਾਂ ਦੇ ਸੁਆਦ ਖਾਤਰ ਤੁਸੀਂ ਕੀ, ਮਾਰ ਖਾਂਦੇ ਹੋ, ਕੱਟੇ ਜਾਂਦੇ ਹੋ, ਮਿਕਸੀ ਵਿਚ ਪੀਸੇ ਜਾਂਦੇ ਹੋ, ਕੂੰਡੀ ਵਿਚ ਰਗੜੇ ਜਾਂਦੇ ਹੋ, ਨਮਕ ਮਿਰਚ ਵਿਚ ਮਸਲੇ ਜਾਂਦੇ ਹੋ, ਇਹ ਸਭ ਗੱਲਾਂ ਤੁਹਾਡੀ ਵਡਿਆਈ ਹਨ | ਉਂਝ ਕਿਸੇ ਵਕਤ ਆਪਣੇ ਮਜ਼ਾਕੀਆ ਸੁਭਾਅ ਕਾਰਨ ਤੁਸੀਂ ਵੀ ਕਈਆਂ ਦੇ ਹੰਝੂ ਕੱਢਣੋਂ ਬਾਜ਼ ਨਹੀਂ ਆਉਂਦੇ |
1980 ਵਿਚ ਜਦੋਂ ਸ੍ਰੀਮਤੀ ਇੰਦਰਾ ਗਾਂਧੀ ਨੇ ਹਾਰ ਬਣਾ ਕੇ ਤੁਹਾਨੂੰ ਗਲੇ ਲਗਾਇਆ ਤਾਂ ਲਗਦੈ ਤੁਸੀਂ ਵੀ ਸਿਆਸਤ ਦੀ ਛੂਤ ਦਾ ਸ਼ਿਕਾਰ ਹੋ ਗਏ | ਨਹੀਂ, ਨਹੀਂ ਸਗੋਂ ਇਹ ਕਹਿਣਾ ਉਚਿਤ ਹੋਵੇਗਾ ਕਿ ਤੁਸੀਂ ਖੁਦ ਵੀ ਪਾਲੀਟਿਕਸ ਜਾਇਨ ਕਰ ਲਿਆ | ਡਿਪਲੋਮੇਸੀ ਵਿਚ ਮਜ਼ੇ ਲੈਣ ਲੱਗ ਪਏ |
ਤੁਹਾਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਗਿਆ | ਪਾਪੂਲਰ ਤਾਂ ਤੁਸੀਂ ਪਹਿਲਾਂ ਹੀ ਸੀ | ਤੁਹਾਡੇ ਕੋਲ ਸਰਕਾਰ ਬਣਾਉਣ ਜਾਂ ਡੇਗਣ ਦੀ ਸ਼ਕਤੀ ਆ ਗਈ | 1998 ਵਿਚ ਸ੍ਰੀਮਤੀ ਸੁਸ਼ਮਾ ਸਵਰਾਜ ਦੀ ਸ੍ਰੀਮਤੀ ਸ਼ੀਲਾ ਦੀਕਸ਼ਤ ਹੱਥੋਂ ਹਾਰ ਵਿਚ ਤੁਹਾਡੀ ਤਾਕਤ ਦਾ ਹੀ ਕਮਾਲ ਸੀ | ਜੋ ਲੋਕ ਤੁਹਾਨੂੰ ਮਾਮੂਲੀ ਸਮਝਦੇ ਸਨ, ਖੁਦ ਨਾਦਾਨ ਸਨ | ਤੁਹਾਡੀ ਪਰਖ ਕੀਤੀ ਦੇਸ਼ ਦੇ ਜਮ੍ਹਾਂਖੋਰ ਜੌਹਰੀਆਂ ਨੇ | ਤੁਸੀਂ ਵੀ ਉਨ੍ਹਾਂ ਨਾਲ ਘਿਉ-ਖਿਚੜੀ ਹੋ ਗਏ | ਉਨ੍ਹਾਂ ਦੇ ਗੁਦਾਮਾਂ ਵਿਚ ਆਸਣ 'ਤੇ ਜਾ ਬਿਰਾਜੇ ਅਤੇ ਆਮ ਜਨਤਾ ਦੀ ਭੁਗਤ ਸੰਵਾਰਨ ਵਿਚ ਜੁਟ ਗਏ ਲਗਦੇ ਹੋ | ਤੁਹਾਡੇ ਦਰਸ਼ਨ ਆਮ ਰੇਹੜੀ, ਫੜੀਆਂ ਤੋਂ ਹੱਟ ਕੇ ਹੁਣ ਉਚੇਰੀ ਥਾਂ, ਦੁਕਾਨਾਂ, ਮਾਲ ਵਿਚ ਹੀ ਮਿਲਦੇ ਹਨ | ਗਰੀਬ ਤਰਸਦੀਆਂ ਅੱਖਾਂ ਨਾਲ ਕੇਵਲ ਤੁਹਾਡੀ ਝਲਕ ਨਾਲ ਹੀ ਠੰਢਾ ਜਿਹਾ ਹੋਕਾ ਲੈ ਕੇ ਅੱਗੇ ਲੰਘ ਜਾਂਦੇ ਹਨ | ਤੁਹਾਡੇ ਤੱਕ ਉਨ੍ਹਾਂ ਦੀ ਪਹੁੰਚ ਨਹੀਂ ਅਤੇ ਬਗੈਰ ਪਿਆਜ਼ ਖਾਇਆਂ ਹੀ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਉਭਰ ਆਉਂਦੇ ਹਨ |
ਸੱਚ ਹਾਂ ਤੁਹਾਡੇ ਵਧਦੇ ਰੁਤਬੇ ਨੂੰ ਮੁੱਖ ਰੱਖ ਕੇ ਕਈ ਸਮਾਜ ਸੇਵਕਾਂ ਨੇ ਸੁਝਾਅ ਦਿੱਤੇ ਹਨ ਕਿ ਪ੍ਰਮੁੱਖ ਤਿਉਹਾਰਾਂ 'ਤੇ ਮਠਿਆਈ ਦੀ ਥਾਂ ਪਿਆਜ਼ ਦੇ ਸ਼ਾਨਦਾਰ ਗਿਫਟ ਵੰਡਣੇ ਜ਼ਿਆਦਾ ਹਰਮਨ-ਪਿਆਰੇ ਸਾਬਤ ਹੋਣਗੇ |
ਪਰ ਪਿਆਜ਼ ਜੀ, ਤੁਹਾਡੀਆਂ ਇਹ ਆਮ ਲੋਕਾਂ ਤੋਂ ਦੂਰੀਆਂ ਅਸਹਿ ਬਣਦੀਆਂ ਜਾ ਰਹੀਆਂ ਹਨ | ਅਸੀਂ ਵੋਟਾਂ ਦੇ ਚੱਕਰਵਿਊ ਤੋਂ ਅਣਜਾਣ ਹਾਂ | ਬਦਲੇ ਦੀ ਭਾਵਨਾ ਨਾਲ ਆਮ ਜਨਤਾ ਨੂੰ ਰਗੜੇ ਨਾ ਦਿਓ | ਡੀਅਰ ਪਿਆਜ਼ ਜੀ, ਡੀਅਰਰ... ਨਾ ਬਣੋ |
-ਜੀ-51, ਸ਼ਿਵਾਲਿਕ ਵਿਹਾਰ, ਨਯਾ ਗਾਓਾ-160103. ਨੇੜੇ ਪੀ. ਈ. ਸੀ. ਚੰਡੀਗੜ੍ਹ |
ਮੋਬਾਈਲ : 098726-41091.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ

ਸਿਦਕ

ਸਾਡੇ ਸਟੋਰ 'ਤੇ ਗਾਹਕਾਂ ਦੀਆਂ ਜੀਵਨ ਕਹਾਣੀਆਂ ਸਨਮੁੱਖ ਹੁੰਦੀਆਂ ਰਹਿੰਦੀਆਂ ਸਨ |
ਅਮਰੀਕਨ ਪਤੀ ਪਤਨੀ ਹਮੇਸ਼ਾ ਸਾਡੇ ਸਟੋਰ 'ਤੇ ਆਉਂਦੇ ਹਨ ਕਈ ਸਾਲਾਂ ਤੋਂ | ਪਤਨੀ ਵਿਚ ਕੋਈ ਔਹਰ ਹੈ | ਪਤੀ ਉਸਨੂੰ ਬੇਦਾਵਾ ਦੇ ਕੇ ਚਲਾ ਗਿਆ ਹੈ | ਉਹ ਹਾਲੀ ਵੀ ਸਾਡੇ ਸਟੋਰ ਦੀ ਪੱਕੀ ਗਾਹਕ ਹੈ | ਹੁਣ ਉਹ ਆਖਣ ਲੱਗ ਪਈ ਹੈ, 'ਮੇਰਾ ਕੀ ਪਤਾ ਕੱਲ੍ਹ ਨੂੰ ਆਵਾਂ ਜਾਂ ਨਾ ਆਵਾਂ |'
ਪਰ ਉਸ ਵਿਚ ਆਉਣ ਤੇ ਜੀਣ ਦਾ ਉਤਸ਼ਾਹ ਜਾਗ ਪਿਆ ਹੈ | ਅਸੀਂ ਇਕ ਨਵਾਂ ਭਾਰਤੀ ਮੁੰਡਾ ਕੰਮ ਤੇ ਰੱਖਿਆ ਹੈ | ਮੁੰਡੇ ਨੇ ਉਸ ਦਾ ਹੱਥ ਦੇਖ ਕੇ ਆਖ ਦਿੱਤਾ ਸੀ, 'ਤੂੰ ਘੱਟੋ ਘੱਟ ਵੀਹ ਸਾਲ ਜੀਏਾਗੀ |'
ਉਹ ਮੁੰਡੇ ਨੂੰ ਨਾਲ ਰੱਖਣ ਲੱਗ ਪਈ ਹੈ | ਉਹ ਮੌਤ ਨੂੰ ਭੁੱਲ ਕੇ ਹਮੇਸ਼ਾ ਮੁੰਡੇ ਨੂੰ ਅੰਗ ਸੰਗ ਮਹਿਸੂਸ ਕਰਨ ਲੱਗੀ | ਅੱਜ ਹੋਰ ਕਲ੍ਹ ਹੋਰ | ਮੁੰਡਾ ਉਸ ਲਈ ਜੀਵਨ ਦਾ ਵਰਦਾਨ ਸੀ | ਉਸ ਨੇ ਵੀ ਮੁੰਡੇ ਨੂੰ ਵਿਆਹ ਕਰਵਾ ਕੇ ਅਮਰੀਕਾ ਦੀ ਨਾਗਰਿਕਤਾ ਦਾ ਵਰਦਾਨ ਦੇ ਦਿੱਤਾ |
ਇਕ ਦਿਨ (ਨਾਗਰਿਕ ਬਣਨ ਪਿਛੋਂ) ਮੁੰਡੇ ਨੇ ਬੜੀ ਨਿਮਰਤਾ ਸਹਿਤ ਦੱਸਿਆ, 'ਕਿ ਇੰਡੀਆ ਵਿਚ ਉਸਦੀ ਇਕ ਪਤਨੀ ਹੈ | ਉਹ ਉਸ ਨੂੰ ਉਡੀਕ ਉਡੀਕ ਕੇ ਮਰਨ ਕਿਨਾਰੇ ਪਹੁੰਚ ਗਈ ਹੈ |'
ਉਹ ਆਖਦੀ ਹੈ, 'ਮੈਂ ਵੀ ਮਰਨ ਕਿਨਾਰੇ ਪੰਹੁਚ ਗਈ ਸੀ, ਤੂੰ ਮੈਨੂੰ ਜੀਵਨ ਦਾਨ ਦਿੱਤਾ |'
ਤੇ ਅਗਲੇ ਹੀ ਦਿਨ ਉਹ ਉਸਨੂੰ ਰੀਨੋ (ਅਦਾਲਤ) ਲੈ ਗਈ | ਇਕ ਦਿਨ ਵਿਚ ਹੀ ਡਾਈਵੋਰਸ ਕਰਵਾ ਲਿਆ | ਟਿਕਟ ਲੈ ਕੇ ਇੰਡੀਆ ਨੂੰ ਤੋਰਦੀ ਆਖਦੀ ਹੈ, ਉਸ ਆਭਾਗੀ ਤੋਂ ਦੂਰ ਆ ਕੇ ਤੂੰ ਮੇਰੇ ਭਾਗ ਜਗਾਏ | ਉਸਨੂੰ ਵਿਆਹ ਕੇ ਲਿਆ, ਮੈਂ ਅਜਿਹੀ ਸਿਦਕੀ ਇਸਤਰੀ ਦੇ ਹਮੇਸ਼ਾ ਚਰਨ ਧੋ-ਧੋ ਪੀਆਂਗੀ |
-ਤਿ੍ਪਤ ਭੱਟੀ
ਮਕਾਨ ਨੰ: 63, ਗਲੀ ਨੰ: 3, ਪਿੰਡ ਤੇ ਡਾਕ ਬਹਾਦਰਗੜ੍ਹ, ਪਟਿਆਲਾ, 147021
ਮੋਬਾਈਲ : 94173-94793.

ਵਿਅੰਗ

ਭੁੱਖ ਦੀ ਗਾਰੰਟੀ

ਨੇਤਾ ਜੀ ਨੇ ਆਪਣੀ ਰੱਜੀ ਤੋਂਦ 'ਤੇ ਹੱਥ ਫੇਰਦਿਆਂ ਐਲਾਨ ਕੀਤਾ, 'ਹੁਣ ਇਸ ਦੇਸ਼ ਵਿਚ ਕੋਈ ਪ੍ਰਾਣੀਨੁਮਾ ਜੀਵ ਰਾਤੀਂ ਭੁੱਖਿਆ ਨਹੀਂ ਸੌਾਵਿਆ ਕਰੇਗਾ | ਅਸੀਂ 80 ਕਰੋੜ ਇਨ੍ਹਾਂ ਜੀਵਾਂ ਨੂੰ ਭੁੱਖ ਦੀ ਗਾਰੰਟੀ ਦੇਣ ਦਾ ਐਲਾਨ ਕਰਦੇ ਹਾਂ |'
ਇਹ ਐਲਾਨ ਸੁਣਦਿਆਂ ਹੀ ਕਰੋੜਾਂ ਭੁੱਖੇ ਜੀਵਾਂ ਦੇ ਮਨ 'ਚ ਦੀਵਾਲੀ ਜਿਹਾ ਅਹਿਸਾਸ ਜਾਗ ਪਿਆ | ਪਰ ਇਕ ਭੁੱਖੇ ਜਗਿਆਸੂ ਨੇ ਪੁੱਛਿਆ, 'ਨੇਤਾ ਜੀ ਭੁੱਖ ਦੀ ਗਾਰੰਟੀ ਕਿਵੇਂ ਦੇਣਗੇ?'
ਨੇਤਾ ਜੀ ਨੇ ਇਕ ਵੇਰ ਫੇਰ ਆਪਣੀ ਰੱਜੀ-ਪੁੱਜੀ ਤੋਂਦ 'ਤੇ ਹੱਥ ਫੇਰਦਿਆਂ ਆਖਿਆ, 'ਅਸੀਂ ਤੁਹਾਨੂੰ ਅਨਾਜ ਫਰੀ ਦਿਆ ਕਰਾਂਗੇ | ਬਿਲਕੁਲ ਫ੍ਰੀ | ਅਨਾਜ ਫ੍ਰੀ ਮਿਲਦਿਆਂ ਹੀ ਭੁੱਖ ਖਿਲਾਫ਼ ਗਾਰੰਟੀ ਮਿਲ ਜਾਵੇਗੀ | ਚੁਟਕੀ ਮਾਰਦਿਆਂ ਹੀ', ਆਖ ਨੇਤਾ ਜੀ ਨੇ ਸੱਚਮੁੱਚ ਚਟਿੱਕ-ਚਟਿੱਕ ਕਰਕੇ ਚੁਟਕੀ ਵਜ੍ਹਾ ਦਿੱਤੀ ਸੀ |
ਨੇਤਾ ਜੀ ਦਾ ਰੱਜਿਆ ਬਿਆਨ ਸੁਣ ਕੇ ਸਾਨੂੰ ਮੀਆਂ ਸ਼ਾਇਰ ਗਾਲਿਬ ਦੀ ਯਾਦ ਆਉਂਦੀ ਹੈ | ਗਾਲਿਬ ਪੈਨਸ਼ਨ ਮਿਲਦਿਆਂ ਹੀ ਸਾਰੇ ਪੈਸਿਆਂ ਦੀ ਸ਼ਰਾਬ ਖਰੀਦ ਕੇ ਘਰ ਲਿਜਾ ਰਿਹਾ ਸੀ | ਰਾਹ 'ਚ ਇਕ ਮਨਚਲੇ ਨੇ ਪੁੱਛ ਲਿਆ, 'ਮੀਆਂ ਗਾਲਿਬ ਸਾਰੇ ਪੈਸਿਆਂ ਦੀ ਸ਼ਰਾਬ ਖਰੀਦ ਲਈ | ਰੋਟੀ ਕਿੱਥੋਂ ਖਾਉਗੇ? ਟੱਬਰ ਨੂੰ ਖਾਣਾ ਕਿੱਥੋਂ ਖਿਲਾਉਗੇ?'
ਸੁਣਦਿਆਂ ਹੀ ਗਾਲਿਬ ਨੇ ਹੱਸ ਕੇ ਆਖਿਆ ਸੀ, 'ਰੋਟੀ ਤਾਂ ਅੱਲ੍ਹਾ-ਤਾਲਾ ਨੇ ਸਭ ਨੂੰ ਦੇਣ ਦਾ ਵਾਅਦਾ ਕੀਤਾ ਹੀ ਹੋਇਆ ਹੈ | ਉਹ ਪੱਥਰ 'ਚ ਲੁਕੇ ਕੀੜੇ ਲਈ ਵੀ ਖਾਣੇ ਦਾ ਇੰਤਜ਼ਾਮ ਕਰਦਾ ਹੈ | ਸ਼ਰਾਬ ਦੀ ਉਹ ਕੋਈ ਗਾਰੰਟੀ ਨਹੀਂ ਦਿੰਦਾ | ਉਹ ਅਸੀਂ ਆਪ ਖਰੀਦ ਕੇ ਲੈ ਚੱਲੇ ਆਂ | ਆਈ ਸਮਝ ਮੇਂ ਬਾਤ?' ਆਖ ਗਾਲਿਬ ਫੇਰ ਤਾੜੀ ਮਾਰ ਕੇ ਹੱਸ ਪਿਆ ਸੀ |
'ਤੁਸੀਂ ਬਾਰ੍ਹਾਂ ਰੁਪਏ ਕਿਲੋ ਅਨਾਜ ਖਰੀਦ ਕੇ ਮੁਫ਼ਤ ਕਿਵੇਂ ਵੰਡ ਸਕਦੇ ਊ? ਇਸ ਤਰ੍ਹਾਂ ਤਾਂ ਮੁਲਕ ਦਾ ਦਿਵਾਲਾ ਹੀ ਨਿਕਲ ਜਾਏਗਾ', ਇਕ ਪੱਤਰਕਾਰ ਨੇ ਨੇਤਾ ਜੀ ਨੂੰ ਸਵਾਲ ਕੱਢ ਮਾਰਿਆ ਸੀ |
'65 ਸਾਲਾਂ ਤੋਂ ਅਸੀਂ ਆਪਣੀ ਜਨਤਾ ਨੂੰ ਭੁੱਖ ਨਾਲ ਵਿਲਕਦੇ ਦੇਖਦੇ ਆ ਰਹੇ ਆਂ | ਬੱਸ ਹੁਣ ਹੋਰ ਨਹੀਂ ਦੇਖਿਆ ਜਾਂਦਾ | ਸਾਨੂੰ ਸ਼ਰਮ ਆਣ ਲੱਗ ਪਈ ਐ ਆਪਣੇ ਪਿਆਰੇ ਦੇਸ਼ ਦੇ ਜੀਵਾਂ ਨੂੰ ਭੁੱਖਿਆਂ ਦੇਖ ਕੇ | ਉਨ੍ਹਾਂ ਦੀ ਭੁੱਖ ਦੇਖਣ ਦੀ ਹੁਣ ਹਿੰਮਤ ਨਹੀਂ ਰਹੀ ਸਾਡੇ 'ਚ | ਕੁਝ ਵੀ ਕਿਉਂ ਨਾ ਕਰਨਾ ਪਵੇ, ਅਸੀਂ ਜਨਤਾ ਰੂਪੀ ਜੀਵ ਦੀ ਭੁੱਖ ਦੂਰ ਕਰਕੇ ਹੀ ਰਹਾਂਗੇ', ਨੇਤਾ ਜੀ ਦੇ ਬੋਲਦਿਆਂ-ਬੋਲਦਿਆਂ ਉਨ੍ਹਾਂ ਦੇ ਰੱਜੇ ਪੇਟ ਨੇ ਵੱਡਾ ਸਾਰਾ ਡਕਾਰ ਮਾਰਿਆ ਸੀ |
'ਇਹੋ ਜਿਹੇ ਅਣਉਤਪਾਦਕ ਕੰਮ ਲਈ ਕਰੋੜਾਂ, ਅਰਬਾਂ ਰੁਪਈਆ ਕਿੱਥੋਂ ਆਏਗਾ?' ਪੱਤਰਕਾਰ ਨੇ ਫੇਰ ਸਵਾਲ ਕੀਤਾ |
ਅਸੀਂ ਕੁਝ ਵੀ ਕਰਾਂਗੇ, ਦੇਸ਼ ਲਈ ਜਾਨ ਵੀ ਦੇਣੀ ਪਈ ਤਾਂ ਦੇ ਦਿਆਂਗੇ | ਸ਼ਾਇਦ ਜਾਨ ਦੇਣ ਦੀ ਨੌਬਤ ਨਾ ਹੀ ਆਵੇ, ਇਸ ਤੋਂ ਪਹਿਲਾਂ ਹੀ ਸਾਨੂੰ ਮਿੱਤਰ ਦੇਸ਼ਾਂ ਤੋਂ ਕਰਜ਼ਾ ਮਿਲ ਜਾਏਗਾ | ਤੁਸੀਂ ਗਾਲਿਬ ਦਾ ਇਹ ਸ਼ੇਅਰ ਤਾਂ ਸੁਣਿਆ ਹੀ ਹੋਵੇਗਾ...
ਕਰਜ਼ ਕੀ ਪੀਤੇ ਹੈਂ ਮੈਅ, ਔਰ ਕਹਿਤੇ ਹੈਂ ਕਿ ਹਾਂ,
ਰੰਗ ਲਾਏਗੀ ਹਮਾਰੀ ਫਾਕਾਮਸਤੀ ਏਕ ਦਿਨ |
'ਤੁਸੀਂ ਸਾਡੇ ਦਰਦ ਨੂੰ ਸਮਝਣ ਦਾ ਯਤਨ ਕਰੋ, ਬੰਧੂ | ਸਾਡੀ ਨੀਅਤ 'ਤੇ ਸ਼ੱਕ ਨਾ ਕਰੋ', ਨੇਤਾ ਜੀ ਦੇ ਰੋਕਦਿਆਂ-ਰੋਕਦਿਆਂ ਵੀ ਦੂਸਰਾ ਵੱਡਾ ਡਕਾਰ ਹਵਾ 'ਚ ਨਿਕਲ ਖਾਰਜ ਹੋ ਗਿਆ ਸੀ |
'ਮੁਫ਼ਤ ਅਨਾਜ ਵੰਡਣ ਦੀ ਥਾਂ ਤੁਸੀਂ ਲੋਕਾਂ ਨੂੰ ਕੰਮ ਕਿਉਂ ਨਹੀਂ ਦਿੰਦੇ? ਕੰਮ ਕਰਕੇ ਲੋਕ ਆਪੇ ਅਨਾਜ ਖਰੀਦਣ ਜੋਗੇ ਹੋ ਜਾਣਗੇ', ਪੱਤਰਕਾਰ ਦਾ ਅਗਲਾ ਸਵਾਲ ਸੀ |
ਇਹੋ ਜਿਹੇ ਬਚਕਾਨਾ ਸਵਾਲਾਂ ਦੇ ਨੇਤਾ ਜੀ ਕੋਲ ਅਨੇਕਾਂ ਜਵਾਬ ਹਨ | ਜੇਬ੍ਹ ਦੀ ਜਾਕੇਟ ਵਿਚ ਸੱਜਾ ਹੱਥ ਤੁੰਨ ਕੇ ਕਹਿਣ ਲੱਗੇ, 'ਮੁਫ਼ਤ ਅਨਾਜ ਲੈਣਾ ਵੀ ਤਾਂ ਇਕ ਕੰਮ ਐ | ਬੰਦਾ ਘਰੋਂ ਝੋਲਾ ਲੈ ਕੇ ਤੁਰੇਗਾ | ਦੋ ਚਾਰ ਮੀਲ ਦਾ ਸਫ਼ਰ ਤੈਅ ਕਰਕੇ ਡੀਪੂ 'ਤੇ ਪਹੁੰਚੇਗਾ | ਲਾਈਨ ਵਿਚ ਲੱਗੇਗਾ | ਲੰਮੀ ਲਾਈਨ 'ਚ ਖਲੋ ਕੇ ਘੰਟਿਆਂ ਉਡੀਕ ਕਰੇਗਾ | ਸ਼ਾਮ ਤਾੲੀਂ ਮਸਾਂ ਦੋ-ਚਾਰ ਕਿਲੋ ਅਨਾਜ ਲੈ ਕੇ ਘਰ ਪਹੁੰਚੇਗਾ | ਉਸ ਅਨਾਜ ਨੂੰ ਧੋਏਗਾ ਸੁਕਾਏਗਾ | ਮਸ਼ੀਨ 'ਤੇ ਪਿਹਾਉਣ ਜਾਏਗਾ | ਘਰ ਵਾਲੀ ਆਟਾ ਗੁੰਨ੍ਹੇਗੀ, ਰੋਟੀਆਂ ਪਕਾਏਗੀ ਤਾਂ ਕਿਤੇ ਜਾ ਕੇ ਜੁਆਕਾਂ ਨੂੰ ਖੁਆਏਗੀ | ਕੰਮ ਤਾਂ ਟੱਬਰ ਨੂੰ ਮਿਲ ਗਿਆ | ਉਹ ਵਿਹਲੇ ਥੋੜ੍ਹੇ ਰਹਿਣਗੇ |'
'ਪਰ ਇਸ ਨਾਲ ਦੇਸ਼ ਦੇ ਵਿਕਾਸ 'ਚ ਕੀ ਹਿੱਸਾ ਪਵੇਗਾ, ਇਹ ਤਾਂ ਵਿਹਲੜਾਂ ਦੀ ਫ਼ੌਜ ਕੱਠੀ ਕਰਨਾ ਹੋਇਆ, ਨੇਤਾ ਜੀ?' ਪੱਤਰਕਾਰ ਨੇ ਅਗਲਾ ਸਵਾਲ ਦਾਗ਼ ਦਿੱਤਾ ਸੀ | ਸਵਾਲ ਸੁਣ ਕੇ ਨੇਤਾ ਜੀ ਖੁੱਲ੍ਹ ਕੇ ਹੱਸੇ |?
'ਬੰਧੂ ਇਸ ਸਭ ਦੇ ਬਾਵਜੂਦ ਕਿਤੇ ਦੇਸ਼ ਦਾ ਵਿਕਾਸ ਰੁਕਿਐ? ਅਸੀਂ ਚੰਨ 'ਤੇ, ਮੰਗਲ ਗ੍ਰਹਿ 'ਤੇ ਪੁੱਜਣ ਵਾਲੇ ਆਂ | ਅਨਾਜ ਵਿਚ ਦੇਸ਼ ਆਤਮ-ਨਿਰਭਰ ਹੋ ਰਿਹੈ | ਤਕਨੀਕੀ ਖੇਤਰ 'ਚ ਸਾਡੀ ਝੰਡੀ ਹੈ | ਇਹ ਪ੍ਰਾਪਤੀਆਂ ਤੁਹਾਨੂੰ ਦਿਸ ਹੀ ਨਹੀਂ ਰਹੀਆਂ ਅਸੀਂ ਦੇਸ਼ ਨੂੰ ਇੱਕੀਵੀਂ ਸਦੀ 'ਚ ਲੈ ਆਏ ਆਂ |'
'ਤੁਸੀਂ ਨਾ ਵੀ ਯਤਨ ਕਰਦੇ ਤਾਂ ਦੇਸ਼ ਨੇ ਤਾਂ ਵੈਸੇ ਵੀ ਇੱਕੀਵੀਂ ਸਦੀ 'ਚ ਪੁੱਜ ਹੀ ਜਾਣਾ ਸੀ?' ਪੱਤਰਕਾਰ ਨੇ ਕਹਿ ਦਿੱਤਾ ਸੀ |
ਨੇਤਾ ਜੀ ਕੋਲ ਇਸ ਸਵਾਲ ਦਾ ਬੜਾ ਠੋਸ ਜਵਾਬ ਸੀ |
'ਬੰਧੂ ਇਥੇ ਹੀ ਤਾਂ ਤੁਸੀਂ ਭੁੱਲ ਕਰਦੇ ਹੋ | ਆਪਣੇ-ਆਪ ਕੁਝ ਨਹੀਂ ਹੁੰਦਾ | ਹਰ ਕੰਮ ਲਈ ਯਤਨ ਕਰਨਾ ਪੈਂਦੈ | ਐਡੇ ਵੱਡੇ ਦੇਸ਼ ਨੂੰ ਚੁੱਕ ਕੇ ਇੱਕੀਵੀਂ ਸਦੀ 'ਚ ਲੈ ਆਉਣ ਦਾ ਕੰਮ ਕਿਸੇ ਯਤਨ ਤੋਂ ਬਗੈਰ ਥੋੜ੍ਹੋ ਹੋ ਸਕਦਾ ਸੀ | ਅਸੀਂ ਪੂਰਾ ਜ਼ੋਰ ਲਗਾਇਆ, ਦੇਸ਼ ਇੱਕੀਵੀਂ ਸਦੀ 'ਚ ਪਹੁੰਚ ਗਿਆ |'
'ਬਸ ਆਖਰੀ ਸਵਾਲ | ਮਿੱਤਰ ਦੇਸ਼ਾਂ ਤੋਂ ਲਈ ਕਰਜ਼ੇ ਦੀ ਵੱਡੀ ਰਕਮ ਮੋੜੂ ਕੌਣ? ਕੌਣ ਮੋੜੂ ਇਹ ਕਰਜ਼ਾ?' ਪੱਤਰਕਾਰ ਨੇ ਪੁੱਛਿਆ |
'ਇਸ 'ਚ ਭਲਾ ਸੋਚਣ ਦੀ ਕੀ ਗੱਲ ਐ, ਬੰਧੂ | ਕਰਜ਼ਾ ਵੀ ਉਹੀ ਮੋੜਣਗੇ ਜੋ ਗੜੱਪ-ਗੜੱਪ ਮੁਫ਼ਤ ਅਨਾਜ ਖਾਣਗੇ | ਇਹ ਗੱਲ ਮੇਰਾ ਨਿੱਜੀ ਬਿਆਨ ਸਮਝਣਾ | ਇਹ ਪਾਰਟੀ ਪਾਲਿਸੀ ਨਹੀਂ ਹੈ', ਆਖ ਨੇਤਾ ਜੀ ਨੇ ਸ਼ੱਕੀ ਨਿਗਾਹਾਂ ਨਾਲ ਇਧਰ-ਉਧਰ ਦੇਖਿਆ ਸੀ |
'ਜੇ ਉਹ ਨਾ ਮੋੜ ਸਕੇ ਤਦ?'
'ਫੇਰ ਉਨ੍ਹਾਂ ਦੇ ਬੱਚੇ, ਪੁੱਤ ਪੋਤੇ , ਪੜਪੋਤੇ ਮੋੜਣਗੇ | ਬਜ਼ੁਰਗਾਂ ਦਾ ਕਰਜ਼ਾ ਮੋੜਣਾ ਤਾਂ ਬੱਚਿਆਂ ਦਾ ਫ਼ਰਜ਼ ਈ ਹੁੰਦੈ | ਇਹੀ ਸਾਡੀ ਹਿੰਦੁਸਤਾਨੀ ਰੀਤ ਐ', ਆਖ ਨੇਤਾ ਜੀ ਪੱਤਰਾ ਵਾਚ ਗਏ ਸਨ |
ਮੁਫ਼ਤ ਅਨਾਜ ਦੀ ਲੰਮੀ ਲਾਈਨ 'ਚ ਲੱਗੇ ਦੋ ਜੀਵ ਆਪਸ 'ਚ ਟਾਈਮ, ਕੱਟਣ ਲਈ, ਵਾਰਤਾਲਾਪ ਕਰ ਰਹੇ ਸਨ, 'ਮੁਫ਼ਤ ਅਨਾਜ ਦੇ ਕੇ ਇਹ ਨੇਤਾ ਲੋਕ ਸਾਥੋਂ ਕੀ ਮੰਗਣਗੇ ਵੀਰ?'
ਮੁਫ਼ਤ ਤਾਂ ਅੱਜਕਲ੍ਹ ਕੋਈ ਸਿਰ ਦਾ ਟੁੱਟਿਆ ਵਾਲ ਨੀ ਦਿੰਦਾ |
'ਗੱਲ ਤਾਂ, ਵੀਰ ਤੇਰੀ ਸੋਲਾਂ ਆਨੇ ਸਹੀ ਐ | ਇਹ ਸਾਥੋਂ ਸਾਡੇ ਤੇ ਰਾਜ ਕਰਨ ਲਈ ਵੋਟਾਂ ਮੰਗਣਗੇ, ਹੋਰ ਸਾਡੇ ਕੋਲ ਦੇਣ ਨੂੰ ਹੈ ਈ ਕੀ?'
'ਵੋਟ ਦੇਣਾ ਤਾਂ ਸਾਡੀ ਮਰਜ਼ੀ ਐ ਜੀਹਨੂੰ ਦਿਲ ਕੀਤਾ ਦੇਮਾਂਗੇ ਜੀਹਨੂੰ ਨਾ ਕੀਤਾ ਨਾ ਦੇਮਾਂਗੇ ਵੀਰ |'
'ਢਿੱਡ ਜਾਂ ਮੰੂਹ ਖਾਵੇ ਤੇ ਅੱਖ ਸ਼ਰਮਾਵੇ' ਵਾਲੀ ਕਹਾਵਤ ਤਾਂ ਤੂੰ ਸੁਣੀ ਹੀ ਹੋਣੀ ਐ ਵੀਰ | ਸ਼ਰਮੋ-ਸ਼ਰਮੀ ਕਰਨਾ ਈ ਪੈਂਦੈ ਇਹੋ ਜਿਹਾ ਕੰਮ |'
ਸਾਡਾ ਵੋਟਰ ਹਾਲੇ ਵੀ ਅੱਖ ਦੀ ਸ਼ਰਮ ਮੰਨਦਾ ਹੈ ਪਰ ਨੇਤਾ ਜੀ ਸਭ ਸ਼ਰਮਾਂ ਤੋਂ ਉਪਰ ਹਨ |
-ਮੋਬਾਈਲ : 94635-37050.

ਓਪਰੀਆਂ ਜੂਹਾਂ ਦੇ ਮੁਸਾਫ਼ਿਰ

ਸਾਉਣ ਦੇ ਮਹੀਨੇ ਅੱਤ ਦੀ ਗਰਮੀ ਦੇ ਇਕ ਦਿਨ, ਇਕ ਖਸਤਾ ਹਾਲਤ ਦੇ ਿਲੰਕ ਰੋਡ ਦੇ ਆਲੇ-ਦੁਆਲੇ ਲੱਗੀਆਂ ਬਰਮਾ ਡੇਕਾਂ ਦੀ ਡੱਬ ਖੜੱਬੀ ਛਾਵੇਂ ਇਕ ਬਜ਼ੁਰਗ ਟੁੱਟੇ ਜਿਹੇ ਸਾਈਕਲ 'ਤੇ ਪੰਜ ਕੁ ਕਿਲੋ ਖਲ ਲੱਦੀ ਕੁਦਰਤ ਨੂੰ ਕੋਸਦਾ ਆਪਣੇ ਕੱਚੇ ਢਾਰੇ ਦੀ ਗਰੀਬੀ ਨੂੰ ਦੂਰ ਕਰਨ ਦੀਆਂ ਦਲੀਲਾਂ ਮਨ ਹੀ ਮਨ ਉਧੇੜ-ਬੁਣ ਕਰਦਾ ਸਾਈਕਲ ਤੇ ਹੌਲੀ-ਹੌਲੀ ਜਾ ਰਿਹਾ ਸੀ | ਇਕ ਤੇਜ਼ ਰਫ਼ਤਾਰ ਕਾਰ ਤੋਂ ਉਹ ਮਸਾਂ ਹੀ ਬਚਿਆ ਤੇ ਫਿਰ ਉਹ ਆਪਣੇ ਜ਼ਮਾਨੇ ਦੇ ਅਤੀਤ 'ਚ ਗੁਆਚ ਗਿਆ | ਜਦੋਂ ਸਾਈਕਲ ਵੀ ਨਹੀਂ ਸੀ ਹੁੰਦਾ ਅਤੇ ਪੈਦਲ ਹੀ ਕਈ-ਕਈ ਮੀਲ ਤੁਰ ਕੇ ਜਾਣਾ ਪੈਂਦਾ ਸੀ | ਮਨ ਹੀ ਮਨ ਉਹ ਨਵੇਂ ਯੁੱਗ ਨੂੰ ਇਕ ਸੰਤਾਪ ਹੀ ਤਾਂ ਸਮਝ ਰਿਹਾ ਸੀ | ਫਿਰ ਅਚਾਨਕ ਹੀ ਉਹ ਜਿਸ ਤੋਂ ਡਰਦਾ ਸੀ ਉਹੀ ਕੁਝ ਹੋ ਗਿਆ, ਪਿੱਛਿਉਂ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਤੇ ਸਵਾਰ ਦੋ ਛੀਂਟਕੇ ਜਿਹੇ ਮੰੁਡਿਆਂ ਨੇ ਮੋਟਰਸਾਈਕਲ ਬਜ਼ੁਰਗ ਦੇ ਖਸਤਾ ਹਾਲਤ ਸਾਈਕਲ 'ਚ ਠੋਕ ਦਿੱਤਾ ਤੇ ਉਸ ਦਾ ਮੱਥਾ ਸੜਕ 'ਤੇ ਜਾ ਵੱਜਿਆ ਤੇ ਬਜ਼ੁਰਗ ਉੱਚੀ-ਉੱਚੀ ਰੋਣ ਲੱਗਿਆ | ਉਸ ਦਾ ਮੰੂਹ ਮੱਥਾ ਤੇ ਬੀਬੀ ਦਾੜ੍ਹੀ ਲਹੂ ਨਾਲ ਲੱਥ-ਪੱਥ ਹੋ ਗਈ ਸੀ ਅਤੇ ਇਕ ਲਿਫ਼ਾਫ਼ੇ ਵਿਚ ਆਪਣੇ ਘਰ ਦੇ ਛੋਟੇ ਬੱਚਿਆਂ ਲਈ ਰਾਹ 'ਚੋਂ ਤੋੜੀਆਂ ਅੱਧ ਕੱਚੀਆਂ ਜਿਹੀਆਂ ਜਾਮਣਾਂ ਵੀ ਖਿੰਡ ਗਈਆਂ ਸਨ | ਉਸ ਦੀਆਂ ਕੀਰਨੇ ਭਰਪੂਰ ਆਵਾਜ਼ਾਂ ਨਾਲ ਖੇਤਾਂ ਵਿਚ ਕੰਮ ਕਰਦੇ ਇੱਕਾ-ਦੁੱਕਾ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ | ਬਜ਼ੁਰਗ ਉੱਚੀ-ਉੱਚੀ ਰੋਂਦਾ ਸੜਕ ਦੇ ਕੰਢੇ ਤੋਂ ਕੱਖ ਪੁੱਟ ਮੱਥਾ ਸਾਫ਼ ਕਰਦਾ ਹੋਇਆ ਆਖ ਰਿਹਾ ਸੀ, 'ਓਏ ਜ਼ਾਲਮੋ! ਮੈਂ ਤੁਹਾਡਾ ਕੀ ਵਿਗਾੜਿਆ ਸੀ ਮੈਂ ਤਾਂ ਆਪਣੀ ਜੇਬ੍ਹ ਵਾਲੇ ਹੱਥ ਆ ਰਿਹਾ ਸੀ |' ਫੇਟ ਵੱਜਣ ਨਾਲ ਜਿਵੇਂ ਉਸ ਦਾ ਦਿਮਾਗੀ ਤਵਾਜ਼ਨ ਹੀ ਵਿਗੜ ਗਿਆ ਹੋਵੇ, ਨਾਲ ਹੀ ਉਹ ਵੈਰਾਗਮਈ ਆਵਾਜ਼ ਵਿਚ ਆਖ ਰਿਹਾ ਸੀ, 'ਹਾਏ ਓਏ! ਮੇਰੀ ਤਾਜ਼ੀ ਸੂਈ ਮੱਝ ਨੰਦੋ ਅੱਜ ਭੁੱਖੀ ਮਰ ਜਾਵੇਗੀ |' ਲੋਕ ਖੜ੍ਹੇ ਉਸ ਦੀ ਲਾਚਾਰੀ ਅਤੇ ਬੇਵਸੀ ਦਾ ਤਮਾਸ਼ਾ ਵੇਖ ਰਹੇ ਸੀ | ਉਸ ਦਾ ਟੁੱਟਿਆ ਸਾਈਕਲ ਸੜਕ ਦੇ ਇਕ ਕਿਨਾਰੇ ਅਤੇ ਖਲ ਸੜਕ 'ਤੇ ਖਿੰਡੀ-ਪੰੁਡੀ ਪਈ ਸੀ |
'ਮੋਟਰਸਾਈਕਲ ਸਵਾਰ ਭਾਵੇਂ ਰੁਕ ਵੀ ਗਏ ਸੀ, ਪਰ ਉਨ੍ਹਾਂ ਦੀ ਨਵਾਬਾਂ ਵਰਗੀ ਟੌਹਰ ਦੇਖ ਕੇ ਕੋਈ ਉਨ੍ਹਾਂ ਨੂੰ ਇਹ ਨਾ ਕਹਿ ਸਕਿਆ ਕਿ ਕਾਕਾ ਤੁਹਾਡਾ ਕਸੂਰ ਹੈ ਪਰ ਸਮਾਂ ਹੀ ਕੁਝ ਐਸਾ ਬਣ ਚੱਲਿਆ ਹੈ ਕਿ ਸੱਚ ਬੋਲਣ ਅਤੇ ਸੁਣਨ ਦੀ ਕਿਸੇ ਵਿਚ ਜੁਅਰਤ ਹੀ ਨਹੀਂ | ਇਕ ਚਾਲੀ ਕੁ ਸਾਲਾਂ ਦਾ 'ਬੋਕ' ਜਿਹਾ ਬੰਦਾ ਆਰਥਿਕ ਪੱਖ ਤੋਂ ਸੰਤੁਸ਼ਟ ਲਗਦਾ ਆਖ ਰਿਹਾ ਸੀ ਕਿ ਬੁੜ੍ਹਾ ਐਵੇਂ ਪੈਸੇ ਲੈਣ ਦਾ ਮਾਰਾ ਖੇਖਣ ਕਰ ਰਿਹਾ ਹੈ, ਸਭ ਕੁਝ ਠੀਕ ਹੈ | ਮੋਟਰਸਾਈਕਲ ਸਵਾਰ ਵੀ ਬਜ਼ੁਰਗ ਦੀ ਹਾਲਤ ਵੇਖ ਆਪਸ ਵਿਚ ਘੁਸਰ-ਮੁਸਰ ਜਿਹੀ ਕਰ ਰਹੇ ਸਨ | ਬਜ਼ੁਰਗ ਦੀਆਂ ਅੱਖਾਂ 'ਚ ਹੰਝੂਆਂ ਦਾ ਦਰਿਆ ਵਹਿ ਰਿਹਾ ਸੀ | ਨਾਲ ਦੇ ਖੇਤ 'ਚ ਖੀਰ ਖਾਣਿਆਂ ਦੇ ਮੋਤੀ ਨੇ ਪੁਰਾਣੇ ਟੁੱਟੇ ਜਿਹੇ ਸਪਰੇਅ ਵਾਲੇ ਲੀਟਰ ਵਿਚ ਪਾਣੀ ਦਿੱਤਾ ਤਾਂ ਬਜ਼ੁਰਗ ਨੇ ਕੁਝ ਹੋਸ਼ ਫੜੀ |
ਬਜ਼ੁਰਗ ਅਜੇ ਵੀ ਸਿੱਧਾ ਸਤੋਲ ਪਿਆ ਆਸਮਾਨ ਵੱਲ ਦੇਖਦਾ ਚੁੱਪ ਹੋ ਗਿਆ ਸੀ | ਇੰਨੇ ਨੂੰ ਸੜਕ 'ਤੇ ਵੱਡੇ ਹਜ਼ੂਮ ਨੂੰ ਦੇਖ ਖੇਤ 'ਚ ਬਾਸਮਤੀ ਦੀ ਜੀਰੀ ਲਾਉਂਦੇ ਭਈਆਂ ਵੱਲ ਗੇੜਾ ਮਾਰਨ 'ਵੱਡੇ ਲਾਣੇ' ਦਾ ਗੱਬਰ ਆ ਗਿਆ | ਛੇ ਫੁੱਟ ਤੋਂ ਇਕ ਇੰਚ ਉਤੇ ਕੱਦ ਖੁੱਲ੍ਹੀ ਡੀਲ, ਨਸ਼ਿਆਂ ਤੋਂ ਕੋਹਾਂ ਦੂਰ, ਡੌਲਿਆਂ ਵਿਚ ਜਿਵੇਂ ਸਮੰੁਦਰ ਬੰਦ ਕੀਤੇ ਹੋਣ | ਇਲਾਕੇ ਵਿਚ ਉਂਜ ਵੀ ਉਸ ਦੇ ਸਮਾਜਸੇਵੀ ਅਤੇ ਪਿੰਡ ਦੇ ਸਾਂਝੇ ਕੰਮਾਂ ਦੇ ਚਰਚੇ ਹਰ ਇਕ ਦੀ ਜ਼ੁਬਾਨ 'ਤੇ ਸੀ | ਆਉਂਦੇ ਹੀ ਉਸ ਨੇ ਕੋਲ ਖੜ੍ਹੇ ਆਪਣੇ ਪਿੰਡ ਦੇ ਗਿੰਦਰ ਅਮਲੀ ਤੋਂ ਸਾਰੀ ਵਾਰਤਾਲਾਪ ਪੁੱਛੀ ਤਾਂ 'ਗਿੰਦਰ ਨੇ ਜਰਦਾ ਮਲਦੇ ਹੱਥ 'ਤੇ ਹੱਥ ਮਾਰਦੇ ਹੋਏ ਕਿਹਾ ਹੋਣਾ ਕੀ ਸੀ ਮੰੁਡਿਆ, ਵਿਚਾਰਾ ਆਪ ਦੀ ਸੈਡ ਆਉਂਦਾ ਸੀ, ਮੋਟਰਸਾਈਕਲ ਤੇਜ਼ ਸੀ, ਬੁੜ੍ਹੇ 'ਚ ਠੋਕ 'ਤਾ, ਅੱਗੇ ਤੇ ਸਾਹਮਣੇ ਆ', ਗਿੰਦਰ ਦੀਆਂ ਯੱਭਲੀਆਂ ਅਤੇ ਬਜ਼ੁਰਗ ਦੀ ਆਹ ਹਾਲਤ ਉਸ ਦੇ ਦਿਲ 'ਚ ਨਸਤਰ ਬਣ ਖੁੱਭ ਗਈ | ਛੀਂਟਕੇ ਜਿਹੇ ਮੰੁਡੇ ਵੀ ਉਸ ਵੱਲ ਬਿੱਟ-ਬਿੱਟ ਤੱਕ ਰਹੇ ਸੀ, ਜਿਵੇਂ ਕੋਈ ਨਵਾਂ ਹੀ ਤਾਂਡਵ ਨਾਚ ਹੋਣਾ ਵਾਲਾ ਹੋਵੇ |
'ਭਲਾ ਕਰਮ ਨਾ ਕੀਤਾ ਜੇਕਰ ਵਿਚ ਜੁਆਨੀ, ਉਸ ਜੁਆਨ ਦਾ ਜੱਗ ਤੇ ਆਉਣ ਕੀ ਹੈ |' ਦੇ ਇਤਿਹਾਸ ਨੂੰ ਦੁਹਰਾਉਂਦਿਆਂ ਬਜ਼ੁਰਗ ਦੀ ਹਾਲਤ ਅਤੇ ਉਸ ਦੇ ਜਰਦ-ਚਿਹਰੇ ਨੂੰ ਦੇਖ ਉਸ ਦਾ ਸਰੀਰ ਮਾਰੂਥਲ ਵਾਂਗ ਤਪਣ ਲੱਗ ਪਿਆ | ਉਸ ਨੇ ਸਭ ਕੁਝ ਜਾਣ ਲੈਣ ਤੋਂ ਬਾਅਦ ਆਪਣੀ ਰੋਹਬ ਭਰੀ ਆਵਾਜ਼ ਵਿਚ ਕਿਹਾ, 'ਬਜ਼ੁਰਗ ਦਾ ਇਲਾਜ ਭਲੀ-ਭਾਂਤ ਕਰਾਉਣਾ ਜਾਂ ਦੂਜੀ ਤਰ੍ਹਾਂ ਕੁੱਟ-ਕੁੱਟ ਪੀਪੇ ਵਾਂਗ ਬਣਾ ਦੰੂ, ਚੰਭਲੀ ਮੰੁਡ੍ਹੀਰ ਬਾਪ ਦੇ ਸਿਰ 'ਤੇ ਕਿਵੇਂ ਅਯਾਸ਼ੀ ਉਡਾਈਦੀ ਆ ਪੰਜ ਮਿੰਟਾਂ 'ਚ ਸਿਖਾਦੰੂ, ਸਾਲੇ ਚਮਗਿੱਦੜ ਜਿਹੇ |' ਗੱਬਰ ਦੀ ਸ਼ਹਿ 'ਤੇ ਹੀ ਤਾਂ ਮੋਠੀ ਨੇ ਵੀ ਫਿਰ ਆਖਿਆ ਬਾਈ ਸਿਆਂ ਸ਼ਕਲਾਂ ਤਾਂ ਵੇਖ ਜਿਵੇਂ ਬਿੱਲੀ ਨੇ ਨਹੁੰਦਰਾਂ ਮਾਰੀਆਂ ਹੋਣ, ਅੱਖਾਂ ਵਿਚ ਨਸ਼ਾ ਕਿਵੇਂ ਖੌਰੂ ਪਾ ਰਿਹਾ ਹੈ | ਮਾਪਿਆਂ ਦੀ ਵਿਗੜੀ ਅਜਿਹੀ ਔਲਾਦ ਹੀ ਤਾਂ ਲੁੱਟਾਂ-ਖੋਹਾਂ ਨੂੰ ਅੰਜਾਮ ਦਿੰਦੀ ਤੁਰੀ ਫਿਰਦੀ ਹੈ, ਦਰਵੇਸ਼ ਮਾਪਿਆਂ ਦਾ ਦੱਸੋ ਫਿਰ ਕੀ ਕਸੂਰ | ਕੋਰਟਾਂ ਕਚਹਿਰੀਆਂ 'ਚ ਉਨ੍ਹਾਂ ਨੂੰ ਨਮੋਸ਼ੀ ਵਾਧੂ ਝੱਲਣੀ ਪੈਂਦੀ ਹੈ | ਅਜਿਹੀ ਵਿਗੜੀ ਔਲਾਦ ਦੇ ਕਾਰਨ ਹੀ ਅੱਜ ਪੰਜਾਬ ਉਜੜਨ 'ਤੇ ਆਇਆ ਪਿਆ ਹੈ | ਨਿੱਤ ਦੀਆਂ ਨਵੀਆਂ ਉਮੰਗਾਂ ਨੇ ਖੁੱਡੇ ਲਾਈਨ ਹੀ ਲਾ ਦਿੱਤਾ ਲੋਕਾਂ ਨੂੰ ', ਮੋਠੀ ਤਾਅ ਵਿਚ ਕੁਝ ਜ਼ਿਆਦਾ ਹੀ ਬੋਲ ਪਿਆ |
'ਇੰਨੀ ਗੱਲ ਸੁਣ ਗੱਬਰ ਦੇ ਪੈਰ ਮੋਟਰਸਾਈਕਲ ਸਵਾਰਾਂ ਵੱਲ ਵਧਣੇ ਸ਼ੁਰੂ ਹੋ ਗਏ, ਇਸ ਤੋਂ ਪਹਿਲਾਂ ਕੋਈ ਨਵਾਂ ਟੈਂਟਾ ਛਿੜਦਾ ਇਕ ਨੇ ਬਜ਼ੁਰਗ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਕਿਸੇ ਕਲੀਨਿਕ ਵੱਲ ਜਾਣ ਲਈ ਕਿਹਾ ਅਤੇ ਕੁਝ ਸਮੇਂ ਬਾਅਦ ਉਹ ਬਜ਼ੁਰਗ ਦੇ ਮਲ੍ਹਮ ਪੱਟੀ ਕਰਵਾ ਘਟਨਾ ਵਾਲੇ ਸਥਾਨ 'ਤੇ ਲੈ ਆਇਆ, ਹੁਣ ਬਜ਼ੁਰਗ ਕੁਝ ਹੋਸ਼ ਵਿਚ ਸੀ | ਅੱਖਾਂ ਵਿਚੋਂ ਸਿੰਮਦੇ ਹੰਝੂ ਰੁਕ ਗਏ ਸੀ | ਉਸ ਦੇ ਚਿਹਰੇ ਦੀਆਂ ਝੁਰੜੀਆਂ ਵਿਚੋਂ ਹਲਕੀ ਜਿਹੀ ਰੌਣਕ ਝਲਕ ਰਹੀ ਸੀ | ਗਿੰਦਰ ਨੇ ਪੁੱਛਿਆ, 'ਕਿਉਂ ਬਾਬਾ ਠੀਕ ਆਂ? ਉਸ ਹੌਲੀ ਜਿਹੇ ਸਿਰ ਹਿਲਾ ਆਪਣੀ ਹਾਂ ਸਮਝਾ ਦਿੱਤੀ ਸੀ | ਲੋਕਾਂ ਦੇ ਬਦਲਦੇ ਰੁਖ਼ ਨੂੰ ਦੇਖਦਿਆਂ ਗਿੱਦੜਕੁੱਟ ਤੋਂ ਡਰਦੇ ਹੀ ਦੂਜੇ ਮੰੁਡੇ ਨੇ ਜੇਬ ਵਿਚੋਂ ਮੈਲਾ ਜਿਹਾ 'ਪੰਜ ਸੌ ਦਾ ਨੋਟ ਫੜਾਉਂਦਿਆਂ ਕਿਹਾ ਜੀ ਸਾਈਕਲ ਮੁਰੰਮਤ ਦੇ ਪੈਸੇ ਲੈ ਲਓ | ਸਾਡੇ ਕੋਲ ਸਿਰਫ਼ ਇੰਨੇ ਹੀ ਨੇ | ਗਿੰਦਰ ਨੇ ਨੋਟ ਬਜ਼ੁਰਗ ਨੂੰ ਦੇ ਦਿੱਤਾ ਅਤੇ ਸਾਈਕਲ ਇਕ ਸਾਈਡ ਖਿੱਚ ਕੇ ਪਹਿਲਾਂ ਹੀ ਕਰ ਦਿੱਤਾ ਸੀ | ਇੰਨੇ ਵਿਚ ਹੀ ਸ਼ਹਿਰ ਤੋਂ 'ਮੰਗੂ ਕਾਮਰੇਡ' ਕੁਝ ਜ਼ਰੂਰੀ ਸਮਾਨ ਚੁੱਕੀ ਪਿੰਡ ਨੂੰ ਆ ਰਹੇ ਸੀ | ਇਕੱਠ ਨੂੰ ਦੇਖ ਉਹ ਰੁਕ ਗਏ | 'ਮੰਗੂਕੇ ਬੀਚੇ ਨੇ ਜਾ ਕੇ ਵੇਖਿਆ ਤਾਂ ਉਸ ਨੇ ਕਿਹਾ ਕਿ ਇਹ ਤਾਂ ਸਾਡੇ ਪਿੰਡ ਦਾ ਹੀ ਬੜਾ ਸਿਆਣਾ ਅਤੇ ਮਿਹਨਤੀ ਬਜ਼ੁਰਗ ਕਾਕਾ ਹੈ | ਉਨ੍ਹਾਂ ਨੇ ਉਸਦਾ ਟੁੱਟਿਆ ਸਾਈਕਲ ਟਰਾਲੀ ਵਿਚ ਲੱਦ ਲਿਆ | ਉਸ ਨੂੰ ਉਠਾਲ ਕੇ ਤੋਰਿਆ ਤਾਂ ਬਜ਼ੁਰਗ ਨੇ ਗੱਬਰ ਦਾ ਧੰਨਵਾਦ ਕਰਦਿਆਂ ਕਿਹਾ, 'ਜੁਆਨਾ ਮੈਂ ਮਰਦੇ ਦਮ ਤੱਕ ਤੇਰਾ ਅਹਿਸਾਨ ਕਦੇ ਨਹੀਂ ਭੁੱਲਾਂਗਾ, ਉਸ ਦੇ ਜਰਦ ਚਿਹਰੇ 'ਤੇ ਖੁਸ਼ੀ ਦੀ ਲਹਿਰ ਦੌੜ ਗਈ ਸੀ | ਜਿਵੇਂ ਉਸ ਨੂੰ 'ਫਾਸਟ ਟਰੈਕ' ਅਦਾਲਤ ਰਾਹੀਂ ਜਲਦੀ ਹੀ ਇਨਸਾਫ਼ ਮਿਲ ਗਿਆ ਹੋਵੇ | ਲੋਕ ਲਗਭਗ ਖਿੰਡ ਚੁੱਕੇ ਸੀ | ਗੱਬਰ ਦਾ ਸ਼ੇਰ ਵਰਗਾ ਦਗਦਾ ਚਿਹਰਾ ਵੀ ਸਿਖ਼ਰ ਦੁਪਹਿਰੇ ਲਾਲੀਆਂ ਛੱਡ ਰਿਹਾ ਸੀ, ਜਿਵੇਂ ਉਸ ਕੋਈ ਮੋਰਚਾ ਹੀ ਫਤਹਿ ਕਰ ਦਿੱਤਾ ਹੋਵੇ |
-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 98156-88236.

ਲੜੀਵਾਰ ਨਾਵਲ

ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਦਿੱਲੀ ਦੀ ਤਿਹਾੜ ਜੇਲ੍ਹ ਗਿ੍ਫ਼ਤਾਰ ਅਕਾਲੀ ਵਰਕਰਾਂ ਨਾਲ ਭਰੀ ਪਈ ਸੀ | ਸਰਨ ਸਿੰਘ ਤੇ ਮਿਹਰ ਸਿੰਘ ਕੁਲਦੀਪ ਤੇ ਸੁਰਜੀਤ ਦਾ ਹਾਲ-ਚਾਲ ਪੁੱਛਣ ਲਈ ਜੇਲ੍ਹ ਆਏ | ਜੇਲ੍ਹ ਅੰਦਰ ਵਰਕਰਾਂ ਨੂੰ ਵੱਡੇ-ਵੱਡੇ ਅਕਾਲੀ ਨੇਤਾ ਵੀ ਅਕਸਰ ਆ ਕੇ ਮਿਲਦੇ ਰਹਿੰਦੇ ਸਨ | ਸਿੱਖ ਸੰਗਤ ਵੀ ਮੁਲਾਕਾਤ ਦੇ ਬਹਾਨੇ ਜੇਲ੍ਹ 'ਚ ਬੰਦ ਵਰਕਰਾਂ ਨੂੰ ਖਾਣ-ਪੀਣ ਦਾ ਸਾਮਾਨ ਦੇ ਜਾਂਦੀ ਸੀ | ਸਰਨ ਸਿੰਘ ਤੇ ਮਿਹਰ ਸਿੰਘ ਨੇ ਦੱਸਿਆ ਕਿ ਕੋਈ ਨਿਰਲੇਪ ਕੌਰ ਗੁਰਦੁਆਰਾ ਸੀਸ ਗੰਜ ਸਾਹਿਬ ਰਹਿ ਕੇ ਅਕਾਲੀ ਮੋਰਚੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਸਮਾਂ ਪਾ ਕੇ ਹੌਲੀ-ਹੌਲੀ ਕੈਦੀਆਂ ਨੂੰ ਰਿਹਾਅ ਕੀਤਾ ਜਾਣ ਲੱਗਾ | ਫਿਰ ਚੀਨ ਨਾਲ ਜੰਗ ਛਿੜਨ 'ਤੇ ਮੋਰਚੇ ਦੀ ਮੰਗ ਦੱਬਣ ਲੱਗ ਪਈ | ਅੱਜ ਅੱਗੇ ਪੜ੍ਹੋ :
ਸਾਰੇ ਭਾਰਤ ਵਿਚ ਹਫ਼ੜਾ-ਦਫ਼ੜੀ ਮਚੀ ਹੈ | ਅਚਾਨਕ ਹੀ ਕਾਲੇ ਘਨਘੋਰ ਬੱਦਲਾਂ ਨੇ ਸਾਰੇ ਅਸਮਾਨ ਨੂੰ ਘੇਰ ਲਿਆ ਹੈ | 'ਹਿੰਦੀ ਚੀਨੀ ਭਾਈ ਭਾਈ' ਦੇ ਨਾਅਰੇ ਲਗਾਂਦੇ ਲੋਕ ਬੇਹੱਦ ਮਾਯੂਸ ਹਨ | ਪੰ. ਜਵਾਹਰ ਲਾਲ ਨਹਿਰੂ ਦਾ ਦੋਸਤ ਬਣ ਕੇ ਚੀਨ ਨੇ ਭਾਰਤ ਮਾਤਾ ਦੇ ਸਿਰ ਵਿਚ ਹਥੌੜਾ ਮਾਰਿਆ ਹੈ, ਛਾਤੀ ਲਹੂ ਲੂਹਾਨ ਕਰ ਦਿੱਤੀ ਹੈ | ਭਾਰਤੀ ਬਾਰਡਰਾਂ ਵਿਚ ਲਗਦੀ ਸਾਰੀ ਪਠਾਰ ਉਤੇ ਚੀਨੀ ਫੌਜੀ ਹਰਲ-ਹਰਲ ਫਿਰਦੇ ਛੋਟੀਆਂ-ਮੋਟੀਆਂ ਭਾਰਤੀ ਚੌਕੀਆਂ ਹਥਿਆ ਰਹੇ ਹਨ | ਪਾਣੀ ਸਿਰ ਤੋਂ ਲੰਘ ਗਿਆ ਹੈ | ਸਾਰੀਆਂ ਰੈਜਿਮੈਂਟਸ ਨੂੰ ਮੂਵ ਦੇ ਆਰਡਰ ਆਏ ਹਨ | ਧਰਮਵੀਰ ਵੀ ਆਪਣੀ ਰੈਜਮੈਂਟ ਨਾਲ ਚਸ਼ੂਲ ਜਾਣ ਦੀ ਤਿਆਰੀ ਕਰ ਰਿਹਾ ਹੈ | ਪਰਕਾਸ਼, ਬੱਚੇ ਹੋਰ ਅਫਸਰਾਂ ਦੇ ਘਰਾਂ ਵਿਚ ਪ੍ਰੇਸ਼ਾਨੀ ਤੇ ਫਿਕਰ ਦੀ ਧੁੰਦ ਪਸਰੀ ਹੈ |
ਪਰਕਾਸ਼ ਹੌਲੀ ਜਿਹੀ ਧਰਮਵੀਰ ਕੋਲ ਬੈਠ ਪੁੱਛਣ ਲੱਗੀ, 'ਇਹ ਇਕਦਮ ਕੀ ਭਾਜੜ ਪਈ ਏ ਜੀ ਦੇਸ਼ ਉਤੇ? ਚੀਨ ਤਾਂ ਸਾਡਾ ਦੋਸਤ ਏ, ਦੁਸ਼ਮਣ ਕਿਵੇਂ ਬਣ ਗਿਆ? ਕੀ ਕਰਾਂਗੇ ਹੁਣ? ਚੀਨ ਦੀ ਤਾਂ ਬੜੀ ਤਾਕਤ ਏ... |'
ਧਰਮਵੀਰ ਸਾਰੀ ਮੁਲਕ 'ਤੇ ਪਈ ਭੀੜ ਦੇ ਹਾਲਾਤ ਨੂੰ ਜਾਣਦਾ ਸੀ, ਨੇ ਬੜੀ ਨਰਮੀ ਤੇ ਪਿਆਰ ਨਾਲ ਪਰਕਾਸ਼ ਨੂੰ ਸਮਝਾਇਆ 'ਇਹ ਤਾਂ ਤੈਨੂੰ ਪਤਾ ਹੈ ਨਾ ਕਿ ਸਾਡੇ ਉਤਰ ਵੱਲ ਹਿਮਾਲੀਆ ਪਰਬਤ ਹੈ ਤੇ ਇਸ ਦੀ ਪਠਾਰ ਵਿਚ ਲੱਦਾਖ ਤੋਂ ਬਰਮਾ ਦੇ ਬਾਰਡਰ ਤੱਕ ਵੱਸਿਆ ਹੈ ਤਿੱਬਤ | ਤਿੱਬਤ ਦੀ ਬੋਧੀ ਜਨਤਾ, ਪਾਠ-ਪੂਜਾ ਤੇ ਸ਼ਾਂਤੀ ਦੇ ਨਿਪੰੁਨ-ਅਹਿੰਸਾ ਪਰਮੋ-ਧਰਮਾ ਦੇ ਪੁਜਾਰੀ ਹਨ | ਤਿੱਬਤ ਬੜਾ ਜ਼ਰਖੇਜ਼ ਇਲਾਕਾ ਹੈ | ਜੰਗਲ, ਦਰਿਆ, ਪਹਾੜ, ਕੁਦਰਤੀ ਨਜ਼ਾਰੇ | ਤਿੱਬਤ ਦੇ ਉਤਰ ਵਿਚ ਚੀਨ ਹੈ | ਚੀਨ ਹੌਲੀ-ਹੌਲੀ ਆਪਣੀਆਂ ਫ਼ੌਜਾਂ ਨੂੰ ਤਿਬਤ ਵੱਲ ਧਕਣਾ ਸ਼ੁਰੂ ਕਰ ਕੇ ਥੋੜ੍ਹਾ-ਥੋੜ੍ਹਾ ਬਾਰਡਰ ਦਾ ਇਲਾਕਾ ਹਥਿਆਉਂਦਾ ਤਿੱਬਤ ਦੇ ਅੰਦਰ ਇਸ ਬਹਾਨੇ ਨਾਲ ਵੜਿਆ ਕਿ ਤਿੱਬਤ ਬੜਾ ਪਛੜਿਆ ਇਲਾਕਾ ਹੈ, ਇਥੇ ਸੁਧਾਰ ਦੀ ਲੋੜ ਹੈ | ਸੰਨ 1950 ਤੋਂ ਹੌਲੀ-ਹੌਲੀ ਤਿੱਬਤ ਨੂੰ ਹੜੱਪਣ ਦੀ ਕੋਸ਼ਿਸ਼ ਕਰਦਾ ਰਿਹਾ | ਚੀਨ ਨੇ ਤਿੱਬਤ ਦੀ ਪੁਰਾਣੀ ਸੱਭਿਅਤਾ, ਪੰ੍ਰਪਰਾ, ਸ਼ਹਿਰਾਂ ਨੂੰ ਕੁਚਲ ਕੇ ਨਵੀਆਂ ਇਮਾਰਤਾਂ ਉਸਾਰਨੀਆਂ ਸ਼ੁਰੂ ਕੀਤੀਆਂ, ਪੱਕੀਆਂ ਸੜਕਾਂ ਬਣਾਈਆਂ, ਸਕੂਲ ਖੋਲ੍ਹੇ, ਹਸਪਤਾਲ ਬਣਾਏ, ਸਾਰੀਆਂ ਆਧੁਨਿਕ ਸੁਵਿਧਾਵਾਂ ਦੇ ਸਾਧਨ ਜੁਟਾ ਕੇ ਅਸਲੀ ਤਿੱਬਤ ਦਾ ਸਾਰਾ ਹੁਲੀਆ ਬਦਲ ਦਿੱਤਾ | ਉਥੋਂ ਦੇ ਲੋਕਾਂ ਨੂੰ ਸਾਰਾ ਸੁਖ-ਆਰਾਮ ਦੇ ਕੇ ਉਨ੍ਹਾਂ ਦਾ ਵਿਸ਼ਵਾਸ ਜਿੱਤਿਆ | ਸੰਨ 1957 ਵਿਚ ਚੀਨ ਨੇ ਸਾਰਾ ਤਿੱਬਤ ਆਪਣੇ ਕਬਜ਼ੇ ਵਿਚ ਕਰ ਲਿਆ | ਤਿੱਬਤੀਆਂ ਦੇ ਧਾਰਮਿਕ ਗੁਰੂ ਸ੍ਰੀ ਦਲਾਈਲਾਮਾ ਆਪਣੇ ਕੁਝ ਚੇਲੇ ਚਾਟੜਿਆਂ ਨਾਲ ਛੁਪਦੇ-ਛੁਪਾਂਦੇ, ਪਹਾੜੀ ਰਸਤਿਆਂ ਵਿਚੋਂ ਬੜੀਆਂ ਮੁਸ਼ਕਿਲਾਂ ਤੇ ਤਕਲੀਫਾਂ ਸਹਾਰਦੇ ਹੋਏ ਭਾਰਤ ਨੱਸ ਆਏ | ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਪਨਾਹ ਦਿੱਤੀ | ਸਾਰੀ ਦੁਨੀਆ ਵਿਚ ਬੜਾ ਰੌਲਾ ਪਿਆ | ਬੋਧ ਧਰਮ ਦੇ ਸ਼ਰਧਾਲੂਆਂ ਨੇ ਬੜੇ ਜਲਸੇ-ਜਲੂਸ ਕੱਢੇ ਪਰ ਚੀਨ ਨੇ ਕਿਸੇ ਦੀ ਪ੍ਰਵਾਹ ਵੀ ਨਾ ਕੀਤੀ | ਦੁਨੀਆ ਦੀਆਂ ਟਿੱਪਣੀਆਂ ਤੋਂ ਕੰਨ ਵਲੇਟ ਲਏ |
'ਇਹ ਤਾਂ ਬੜੀ ਨਾਜਾਇਜ਼ ਗੱਲ ਏ...' ਪ੍ਰਕਾਸ਼ ਨੇ ਪੀਡਾ ਜਿਹਾ ਮੰੂਹ ਬਣਾ ਕੇ ਕਿਹਾ |
'ਚੀਨ ਨੇ ਬਿਨਾਂ ਕਿਸੇ ਲੜਾਈ, ਖੂਨ-ਖਰਾਬੇ ਦੇ ਤਿੱਬਤ ਸੰਭਾਲ ਲਿਆ | ਤਿੱਬਤੀ ਕੁੜੀਆਂ ਨਾਲ ਵਿਆਹ ਕਰਾ ਕੇ ਚੀਨੀ ਉਥੇ ਹੀ ਤਿੱਬਤ ਵਿਚ ਵਸ ਗਏ | ਚੀਨੀਆਂ ਦੀ ਆਬਾਦੀ ਦਿਨੋ-ਦਿਨ ਵਧਦੀ ਗਈ | ਸਰਕਾਰੀ ਦਫਤਰਾਂ ਵਿਚ ਚੀਨੀ ਅਫਸਰ ਲੱਗ ਗਏ | ਮੁਲਕ ਦੀ ਸਾਰੀ ਮਸ਼ੀਨਰੀ ਉਤੇ ਚੀਨ ਨੇ ਰਾਜ ਜਮਾ ਲਿਆ | ਤਿੱਬਤੀ ਜਨਤਾ ਆਪਣੇ ਧਾਰਮਿਕ ਗੁਰੂ ਦਲਾਈਲਾਮਾ ਲਈ ਬੜਾ ਤੜਫੀ | ਚੀਨ ਨੇ ਉਨ੍ਹਾਂ ਦਾ ਦੂਜਾ ਗੁਰੂ ਸਥਾਪਤ ਕਰਕੇ ਸ਼ਾਂਤ ਕਰ ਦਿੱਤਾ | ਹੁਣ ਚੀਨ ਭਾਰਤ ਦੀ ਸਰਹੱਦ ਉਤੇ ਆ ਕੇ ਬੈਠ ਗਿਆ | ਪਹਾੜੀ ਦੀ ਕਿਸੇ ਉੱਚੀ ਚੋਟੀ ਦੀ ਚੌਾਕੀ ਤੋਂ ਚੀਨੀ ਫ਼ੌਜਾਂ ਬਾਰਡਰ ਦੇ ਨੇੜੇ ਗਸ਼ਤ ਕਰਦੀਆਂ ਦਿਸਦੀਆਂ ਹਨ |'
'ਸਾਡੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਤੇ ਚੀਨ ਦੇ ਚਾਉ ਇਨ ਲਾਈ ਦੀ ਦੋਸਤੀ ਸੀ?'
'ਉਤੋਂ ਉਤੋਂ ਤਾਂ 'ਹਿੰਦੀ ਚੀਨੀ ਭਾਈ ਭਾਈ' ਦਾ ਨਾਅਰਾ ਲਗਦਾ ਸੀ ਪਰ ਵਿਚੋਂ ਉਸ ਦੀ ਨਜ਼ਰ ਭਾਰਤ ਦੇ ਬਾਰਡਰ ਦਾ ਹਿੱਸਾ ਹਥਿਆ ਕੇ ਭਾਰਤ ਦੇ ਸਿਰ ਉਤੇ ਬੈਠਣ ਦਾ ਇਰਾਦਾ ਸੀ | ਦਲਾਈਲਾਮਾ ਨੂੰ ਭਾਰਤ ਵਿਚ ਸ਼ਰਨ ਦੇਣਾ ਵੀ ਉਸ ਨੂੰ ਬਹੁਤ ਬੁਰਾ ਲੱਗਿਆ, ਇਹ ਕੈੜ ਵੀ ਕਿਸੀ ਤਰ੍ਹਾਂ ਕੱਢ ਕੇ ਉਸ ਆਪਣਾ ਗੁੱਸਾ ਜ਼ਾਹਰ ਕੀਤਾ ਹੈ | ਚੀਨ ਨੇ ਭਾਰਤ ਦੇ ਬਾਰਡਰ ਉਤੇ ਕੀੜੀ ਦਲ ਵਾਂਗ ਫ਼ੌਜ ਇਕੱਠੀ ਕਰ ਲਈ, ਉਹ ਦੋਸਤ ਬਣ ਕੇ ਭਾਰਤ ਆਇਆ, ਭਰਾਵਲੀ ਦਾ ਸਬੂਤ ਤੇ ਜਵਾਹਰ ਲਾਲ ਨਹਿਰੂ ਦਾ ਦੋਸਤ ਅਸਲ ਵਿਚ ਉਹ ਭਾਰਤ ਦੀ ਫੌਜੀ ਤਾਕਤ, ਫੌਜੀ ਤਿਆਰੀ ਪਰਖਣ ਆਇਆ ਸੀ', ਧਰਮਵੀਰ ਨੇ ਮੱਥੇ ਉਤੇ ਤਿਊੜੀ ਪਾ ਕੇ ਕਿਹਾ |
'ਅਸਲ ਗੱਲ ਇਹ ਵੇ ਕਿ ਦੂਜੀ ਵਿਸ਼ਵ ਜੰਗ ਤੇ ਆਜ਼ਾਦੀ ਤੋਂ ਬਾਅਦ ਭਾਰਤ ਦਾ ਪ੍ਰਧਾਨ ਮੰਤਰੀ ਬਣ ਕੇ ਜਵਾਹਰ ਲਾਲ ਨਹਿਰੂ ਇਹੀ ਸੋਚਦੇ ਸਨ ਕਿ ਮੁਲਕ ਦੀ ਤਰੱਕੀ ਵੱਲ ਬਹੁਤਾ ਧਿਆਨ ਦਿੱਤਾ ਜਾਵੇ | ਨਵੇਂ-ਨਵੇਂ ਪਲੈਨ ਬਣਾਏ ਜਾਣ, ਇੰਡਸਟਰੀਆਂ ਲਗਾਈਆਂ ਜਾਣ, ਉਤਪਾਦਨ ਵਧਾਇਆ ਜਾਏ, ਮੁਲਕ ਨੂੰ ਖੁਸ਼ਹਾਲ ਬਣਾਇਆ ਜਾਵੇ | ਹੁਣ ਦੁਸ਼ਮਣ ਤਾਂ ਕੋਈ ਹੈ ਨਹੀਂ | ਸਾਨੂੰ ਲੋਕਾਂ ਦੇ ਭਲੇ ਤੇ ਦੇਸ਼ ਦੇ ਅੰਦਰੂਨੀ ਮਾਮਲਿਆਂ-ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ | ਆਜ਼ਾਦੀ ਲਈ ਬੇਹੱਦ ਸੰਘਰਸ਼ ਹੋਇਆ ਹੈ | ਲੱਖਾਂ ਲੋਕਾਂ ਨੂੰ ਵਸਾਣਾ, ਰੁਜ਼ਗਾਰ, ਵਿੱਦਿਆ, ਹੋਰ ਹਰ ਸਹੂਲਤ ਦੇਣ ਤੇ ਮੁਲਕ ਨੂੰ ਸਵੈ-ਸੰਤੁਸ਼ਟ ਬਣਾਉਣ ਲਈ ਪੰਜ ਵਰਸ਼ੀ ਯੋਜਨਾਵਾਂ ਬਣਾਈਆਂ | ਫ਼ੌਜ ਦੀ ਤਰੱਕੀ, ਅਸਲੇ ਵੱਲ ਕਿਸੀ ਕੈਬਨਿਟ ਦਾ ਧਿਆਨ ਹੀ ਨਾ ਗਿਆ | ਸਗੋਂ ਫ਼ੌਜ ਹੋਰ ਘਟਾ ਦਿੱਤੀ ਗਈ |' (ਬਾਕੀ ਅਗਲੇ ਐਤਵਾਰ)


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX