ਤਾਜਾ ਖ਼ਬਰਾਂ


ਸ਼ੈਲ ਬਾਲਾ ਹੱਤਿਆ ਮਾਮਲਾ : ਚਾਰ ਪੁਲਿਸ ਅਧਿਕਾਰੀ ਮੁਅੱਤਲ
. . .  43 minutes ago
ਸ਼ਿਮਲਾ, 24 ਮਈ- ਸ਼ੈਲ ਬਾਲਾ ਹੱਤਿਆ ਮਾਮਲੇ 'ਚ ਚਾਰ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੀ 1 ਮਈ ਨੂੰ ਹਿਮਾਚਲ ਦੇ ਕਸੌਲੀ 'ਚ ਸੁਪਰੀਮ ਕੋਰਟ ਦੇ ਹੁਕਮ 'ਤੇ ਗ਼ੈਰ-ਕਾਨੂੰਨੀ ਨਿਰਮਾਣ 'ਤੇ..
ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  58 minutes ago
ਮਾਛੀਵਾੜਾ ਸਾਹਿਬ, 24 ਮਈ (ਮਨੋਜ ਕੁਮਾਰ )- ਅੱਜ ਇੱਥੇ ਨਸ਼ੇ ਦੀ ਦਲਦਲ 'ਚ ਫਸੇ ਇੱਕ ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਸਵੇਰੇ 10 ਵਜੇ ਦੇ ਕਰੀਬ ਨਸ਼ੇ ਨਾ ਮਿਲਣ 'ਤੇ ਪੈਦਾ ਹੋਈ ਤੋੜ 'ਚ...
ਦਸਵੀਂ ਦੀ ਪ੍ਰੀਖਿਆ 'ਚੋਂ ਦੂਜੇ ਨੰਬਰ 'ਤੇ ਰਹੀ ਜੈਸਮੀਨ ਕੌਰ ਨੂੰ ਕੀਤਾ ਗਿਆ ਸਨਮਾਨਿਤ
. . .  about 1 hour ago
ਚੰਡੀਗੜ੍ਹ, 24 ਮਈ (ਐਨ. ਐਸ. ਪਰਵਾਨਾ)- ਪੰਜਾਬ ਪੁਲਿਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਆਈ. ਸੀ. ਐਸ. ਈ. ਦੀ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ 'ਚੋਂ ਪੂਰੇ ਦੇਸ਼ 'ਚ ਦੂਜੇ ਨੰਬਰ 'ਤੇ ਆਈ ਵਿਦਿਆਰਥਣ ਜੈਸਮੀਨ ਕੌਰ ਚਾਹਲ ਦਾ ਪੁਲਿਸ ਹੈੱਡ ਕੁਆਰਟਰ...
25 ਮਈ ਤੋਂ ਲਾਗੂ ਹੋਵੇਗਾ ਈ-ਵੇਅ ਬਿੱਲ ਸਿਸਟਮ
. . .  about 1 hour ago
ਨਵੀਂ ਦਿੱਲੀ, 24 ਮਈ- ਇੱਕ ਹੀ ਸੂਬੇ ਦੇ ਅੰਦਰ ਮਾਲ ਦੀ ਆਵਾਜਾਈ ਲਈ ਈ-ਵੇਅ ਬਿੱਲ ਸਿਸਟਮ ਮਹਾਰਾਸ਼ਟਰ, ਮਣੀਪੁਰ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਤੇ ਦੀਪ ਅਤੇ ਲਕਸ਼ਦੀਪ 'ਚ 25 ਮਈ ਤੋਂ ਲਾਗੂ...
ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ
. . .  about 1 hour ago
ਜੰਮੂ, 24 ਮਈ- ਤ੍ਰਿਕੁਟ ਦੀਆਂ ਪਹਾੜੀਆਂ 'ਤੇ ਜੰਗਲ 'ਚ ਲੱਗੀ ਅੱਗ ਕਾਰਨ ਰੁਕੀ ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਜੰਗਲ 'ਚ ਅੱਗ ਲੱਗਣ ਤੋਂ ਬਾਅਦ ਵੈਸ਼ਣੋ ਦੇਵੀ ਯਾਤਰਾ ਰੋਕੀ ਗਈ ਸੀ, ਜਿਸ ਨੂੰ ਵੀਰਵਾਰ...
ਤੂਤੀਕੋਰਨ ਹਿੰਸਾ : 65 ਲੋਕਾਂ ਦੀ ਹੋਈ ਗ੍ਰਿਫ਼ਤਾਰ
. . .  about 2 hours ago
ਚੇਨਈ, 24 ਮਈ- ਤੂਤੀਕੋਰਨ 'ਚ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਨੂੰ ਲੈ ਕੇ ਹੋਈ ਹਿੰਸਾ 'ਚ ਸ਼ਾਮਲ ਹੋਣ 'ਤੇ 65 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀ ਸੰਦੀਪ ਨਾਂਦੂਰੀ ਨੇ ਦੱਸਿਆ ਕਿ 68...
ਉੱਤਰੀ ਕੋਰੀਆ ਨੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਕੀਤਾ ਨਸ਼ਟ
. . .  about 1 hour ago
ਨਵੀਂ ਦਿੱਲੀ, 24 ਮਈ- ਉੱਤਰੀ ਕੋਰੀਆ ਨੇ ਆਪਣੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕੀਤਾ ਹੈ। ਉੱਤਰੀ ਕੋਰੀਆ ਨੇ ਪ੍ਰਮਾਣੂੰ ਨਿਸ਼ਸਤਰੀਕਰਨ ਦੇ ਵੱਲ ਕਦਮ ਵਧਾਉਂਦਿਆਂ ਅੱਜ ਦੇਸ਼ ਦੇ ਮੱਧ ਪੁੰਗਏ-ਰੀ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕਰ ਦਿੱਤਾ। ਉੱਤਰੀ ਕੋਰੀਆ ਨੇ ਹਾਲ...
ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਮੋਦੀ ਆਉਣ ਵਾਲੀ 29 ਮਈ ਤੋਂ 2 ਜੂਨ ਤੱਕ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ 'ਤੇ ਜਾਣਗੇ। ਵਿਦੇਸ਼ ਮੰਤਰਾਲੇ ਮੁਤਾਬਕ ਦੌਰੇ ਦੌਰਾਨ ਉਹ 1 ਜੂਨ ਨੂੰ ਸਿੰਗਾਪੁਰ 'ਚ ਸ਼ਾਂਗਰੀ-ਲਾ ਗੱਲਬਾਤ 'ਚ ਮੁੱਖ ਭਾਸ਼ਣ...
ਰੂਸੀ ਮਿਜ਼ਾਈਲ ਨੇ ਸੁੱਟਿਆ ਸੀ ਐਮ.ਐਚ.17
. . .  about 3 hours ago
ਯੂਟ੍ਰੇਕਟ, 24 ਮਈ- ਮਲੇਸ਼ੀਆਈ ਜਹਾਜ਼ ਐਮ.ਐਚ.17 ਨੂੰ ਸੁੱਟੇ ਜਾਣ ਦੀ ਜਾਂਚ ਕਰ ਰਹੀ ਕੌਮਾਂਤਰੀ ਟੀਮ ਨੇ ਅੱਜ ਪਹਿਲੀ ਵਾਰ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਜਹਾਜ਼ ਨੂੰ ਸੁੱਟਣ ਲਈ ਜਿਸ ਮਿਜ਼ਾਈਲ ਦੀ ਵਰਤੋਂ ਕੀਤੀ ਗਈ ਸੀ, ਉਹ ਰੂਸੀ ਫੌਜ ਬ੍ਰਿਗੇਡ ਦੀ...
ਪੀ.ਐਨ.ਬੀ. ਘੁਟਾਲਾ : ਈ.ਡੀ. ਨੇ ਨੀਰਵ ਮੋਦੀ ਖਿਲਾਫ ਦੋਸ਼ ਪੱਤਰ ਕੀਤਾ ਦਾਖਲ
. . .  about 3 hours ago
ਮੁੰਬਈ, 24 ਮਈ -ਪੰਜਾਬ ਨੈਸ਼ਨਲ ਬੈਂਕ ਦੇ 2 ਬਿਲੀਅਨ ਡਾਲਰ ਘੁਟਾਲਾ ਮਾਮਲੇ 'ਚ ਹੀਰਾ ਵਪਾਰੀ ਨੀਰਵ ਮੋਦੀ ਤੇ ਉਸ ਦੇ ਸਹਿਯੋਗੀਆਂ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪਹਿਲਾ ਆਪਣਾ ਦੋਸ਼ ਪੱਤਰ ਦਾਖਲ ਕੀਤਾ ਹੈ। ਈ.ਡੀ. ਨੇ ਕਿਹਾ ਕਿ ਨੀਰਵ ਮੋਦੀ ਤੇ ਉਸ...
ਹੋਰ ਖ਼ਬਰਾਂ..
  •     Confirm Target Language  

ਧਰਮ ਤੇ ਵਿਰਸਾ

ਮਾਘੀ ਵਿਸ਼ੇਸ਼ ਅੰਕ

ਬੇਮਿਸਾਲ ਹੈ ਚਾਲੀ ਮੁਕਤਿਆਂ ਦੀ ਸ਼ਹਾਦਤ

ਸ਼ਹੀਦੀ ਪਰੰਪਰਾ ਦਾ ਮੁੱਢ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚੋਂ ਵਿਕਸਿਤ ਹੁੰਦਾ ਹੈ | ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸਿੱਖ ਇਤਿਹਾਸ ਸ਼ਹੀਦਾਂ ਦੀ ਉਹ ਦਾਸਤਾਨ ਹੈ, ਜਿਸ ਦੀ ਮਿਸਾਲ ਪੂਰੀ ਦੁਨੀਆ ਦੇ ਇਤਿਹਾਸਾਂ ਵਿਚ ਨਹੀਂ ਮਿਲ ਸਕਦੀ | ਭਾਈ ਗੁਰਦਾਸ ਜੀ ਅਨੁਸਾਰ ਸ਼ਹੀਦ ਉਹ ਹੈ ਜੋ ਭਰਮ ਭਾਉ ਗਵਾ ਕੇ ਸਿਦਕ ਦਾ ਧਾਰਨੀ ਬਣਦਾ ਹੈ :
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ |
ਸ਼ਹੀਦ ਜਨਮ-ਮਰਨ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ | ਦੁਨਿਆਵੀ ਵਿਸ਼ੇ-ਵਿਕਾਰਾਂ ਅਤੇ ਐਸ਼ੋ-ਇਸ਼ਰਤ ਨੂੰ ਠੁਕਰਾ ਕੇ ਗੁਰੁੂ ਦੇ ਅੱਗੇ ਆਪਾ ਭਾਵ ਸਮਰਪਣ ਕਰਕੇ ਸ਼ਹੀਦ ਮੁਕਤਾ ਕਹਾਉਂਦਾ ਹੈ, ਕਿਉਂਕਿ ਜਨਮ-ਮਰਨ, ਮੋਹ-ਮਾਇਆ, ਦੁੱਖ-ਸੁੱਖ ਆਦਿ ਬੰਧਨਾਂ ਤੋਂ ਛੁਟਕਾਰੇ ਦਾ ਨਾਂਅ ਹੀ ਮੁਕਤੀ ਹੈ |
'ਮੁਕਤਾ' ਸ਼ਬਦ ਸਿੱਖ ਇਤਿਹਾਸ ਵਿਚ ਇਕ ਖਾਸ ਸੰਦਰਭ ਦੇ ਰੂਪ ਵਿਚ ਵਰਤਿਆ ਜਾਂਦਾ ਹੈ | ਇਹ ਸੰਕਲਪ ਸਿੱਖ ਧਰਮ ਦੇ ਮਹਾਨ ਅਤੇ ਪਵਿੱਤਰ ਅਸਥਾਨ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹੈ | ਸ੍ਰੀ ਮੁਕਤਸਰ ਸਾਹਿਬ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ | ਰੇਤਲੇ ਟਿੱਬਿਆਂ ਅਤੇ ਖੁਸ਼ਕ ਝਾੜੀਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ? ਇਹ ਇਤਿਹਾਸ ਦੀ ਇਕ ਲਾਸਾਨੀ ਅਤੇ ਬੇਮਿਸਾਲ ਦਾਸਤਾਨ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ-ਸੱਚ ਅਤੇ ਧਰਮ ਦੀ ਖਾਤਰ ਕਈ ਜੰਗਾਂ ਲੜੀਆਂ ਅਤੇ ਹਰ ਵਾਰ ਚੜ੍ਹਦੀ ਕਲਾ ਅਤੇ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ | ਪਹਾੜੀ ਰਾਜਿਆਂ ਨੂੰ ਹਰ ਯੁੱਧ ਵਿਚ ਹਾਰ ਦਾ ਮੂੰਹ ਦੇਖਣਾ ਪਿਆ | ਅਖੀਰ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਔਰੰਗਜ਼ੇਬ ਅੱਗੇ ਫਰਿਆਦ ਕੀਤੀ, ਜਿਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫ਼ਰਮਾਨ ਜਾਰੀ ਕਰ ਦਿੱਤੇ | ਲਾਹੌਰ, ਸਰਹਿੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ | ਗੁਰੁੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਮੁਕਾਬਲਾ ਕੀਤਾ | ਖ਼ਾਲਸਾ ਫ਼ੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਸਲੇ ਪਸਤ ਹੋ ਚੁੱਕੇ ਸਨ | ਪਰ ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ | ਇਸ ਦੇ ਬਾਵਜੂਦ ਵੀ ਸਿੰਘ ਸ਼ੇਰਾਂ ਵਾਂਗੂੰ ਲੜ ਰਹੇ ਸਨ | ਗੁਰੂ ਜੀ ਨੇ ਦੂਰਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ | ਇਸ ਦੇ ਬਾਵਜੂਦ ਕੁਝ ਕਾਹਲੇ ਸਿੰਘ, ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ | ਉਨ੍ਹਾਂ ਗੁਰੂ ਜੀ ਦਾ ਸਾਥ ਛੱਡ ਦਿੱਤਾ ਅਤੇ 'ਬੇਦਾਵਾ' ਦੇ ਕੇ ਆਪਣੇ ਘਰਾਂ ਨੂੰ ਚਲੇ ਗਏ | ਥੋੜ੍ਹੇ ਦਿਨਾਂ ਪਿੱਛੋਂ ਕਿਲ੍ਹੇ ਅੰਦਰ ਬਾਕੀ ਬਚੇ ਸਿੰਘਾਂ ਵੱਲੋਂ, ਦੁਸ਼ਮਣ ਵੱਲੋਂ ਖਾਧੀਆਂ ਕਸਮਾਂ 'ਤੇ ਕਿਲ੍ਹਾ ਖਾਲੀ ਕਰਨ ਦੀ ਸਲਾਹ 'ਤੇ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ | ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਥੋੜ੍ਹੇ ਜਿਹੇ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਪਹੁੰਚੇ, ਜਿਥੇ ਸੰਸਾਰ ਦਾ ਅਨੋਖਾ ਤੇ ਅਸਾਵਾਂ ਯੁੱਧ ਲੜਿਆ ਗਿਆ | ਇਥੋਂ ਆਪ ਦੁਸ਼ਮਣ ਫੌਜਾਂ ਨੂੰ ਵੰਗਾਰਦੇ ਹੋਏ ਮਾਛੀਵਾੜੇ ਦੇ ਜੰਗਲ ਵੱਲ ਚਲੇ ਗਏ | ਉਧਰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ | ਰਸਤੇ ਵਿਚੋਂ ਗੁਰੂ ਜੀ ਦੇ ਕਾਫਲੇ ਵਿਚ ਵੀ ਕਾਫੀ ਸਿੰਘ ਸ਼ਾਮਲ ਹੋ ਰਹੇ ਸਨ | ਗੁਰੂ ਜੀ ਦੀਨੇ ਤੋਂ ਜੈਤੋ ਹੁੰਦੇ ਹੋਏ ਕੋਟਕਪੂਰੇ ਪੁੱਜੇ, ਜਿਥੇ ਉਨ੍ਹਾਂ ਉਥੋਂ ਦੇ ਹਾਕਮ ਕਪੂਰੇ ਤੋਂ ਕਿਲ੍ਹੇ ਦੀ ਮੰਗ ਕੀਤੀ | ਮੁਗ਼ਲਾਂ ਤੋਂ ਡਰਦਿਆਂ ਕਪੂਰੇ ਨੇ ਕਿਲ੍ਹਾ ਤਾਂ ਨਾ ਦਿੱਤਾ ਪਰ ਉਸ ਨੇ ਗੁਰੁੂ ਜੀ ਨੂੰ ਸੰਘਣੀਆਂ ਝਾੜੀਆਂ ਵਾਲੇ ਰੇਤਲੇ ਇਲਾਕੇ (ਖਿਦਰਾਣੇ ਦੀ ਢਾਬ) ਵੱਲ ਜਾਣ ਦੀ ਸਲਾਹ ਦਿੱਤੀ |
ਵੱਡੇ ਫ਼ੌਜੀ ਕੈਂਪ ਦਾ ਭੁਲੇਖਾ ਦੇਣ ਲਈ ਸਿੰਘ ਝਾੜੀਆਂ 'ਤੇ ਕੱਪੜੇ ਪਾ ਕੇ ਦੁਸ਼ਮਣ ਦੀ ਉਡੀਕ ਕਰਨ ਲੱਗੇ | ਦੂਜੇ ਪਾਸੇ ਗੁਰੂ ਜੀ ਨੂੰ ਬੇਦਾਵਾ ਦੇਣ ਵਾਲੇ ਸਿੰਘ ਜਦ ਘਰੀਂ ਪਹੁੰਚੇ ਤਾਂ ਮਾਈ ਭਾਗੋ ਜੀ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਫਿਟਕਾਰਾਂ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ | ਇਸ ਦੇ ਨਾਲ ਹੀ ਉਨ੍ਹਾਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗ਼ਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਸਨ | ਉਨ੍ਹਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ |
ਮੁਗ਼ਲ ਫੌਜਾਂ ਦੇ ਖਿਦਰਾਣਾ ਪਹੁੰਚਣ ਤੋਂ ਐਨ ਪਹਿਲਾਂ ਮਾਝੇ ਦੇ ਸਿੰਘਾਂ ਦਾ ਇਹ ਜਥਾ ਗੁਰੂ ਜੀ ਦੇ ਕੈਂਪ ਦੇ ਨੇੜੇ ਪਹੁੰਚ ਚੁੱਕਾ ਸੀ ਅਤੇ ਮੁਗ਼ਲਾਂ ਦੀ ਟੱਕਰ ਸਭ ਤੋਂ ਪਹਿਲਾਂ ਇਸੇ ਜਥੇ ਨਾਲ ਹੋਈ | ਘਮਸਾਨ ਦਾ ਯੁੱਧ ਹੋਇਆ, ਉੱਚੀ ਟਿੱਬੀ ਤੋਂ ਗੁਰੂ ਜੀ ਖੁਦ ਤੀਰਾਂ ਦੀ ਵਰਖਾ ਕਰ ਰਹੇ ਸਨ | ਗੁਰੂ ਜੀ ਦੇ ਨਾਲ ਵਾਲੇ ਸਿੰਘ ਵੀ ਮੈਦਾਨੇ-ਜੰਗ ਵਿਚ ਜੂਝ ਕੇ ਸ਼ਹੀਦੀਆਂ ਪਾ ਰਹੇ ਸਨ | ਸਿੰਘ ਅਜਿਹੀ ਬਹਾਦਰੀ ਅਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਫੌਜਾਂ ਵਿਚ ਖਲਬਲੀ ਮਚ ਗਈ | ਦੁਸ਼ਮਣ ਹਾਰ ਖਾ ਕੇ ਭੱਜ ਉੱਠੇ ਅਤੇ ਖ਼ਾਲਸੇ ਨੇ ਮੈਦਾਨ ਫ਼ਤਹਿ ਕਰ ਲਿਆ ਪਰ 'ਬੇਦਾਵਾ' ਦੇ ਗਏ 40 ਸਿੰਘਾਂ ਸਮੇਤ ਬਹੁਤ ਸਾਰੇ ਸਿੰਘ ਬੜੀ ਬਹਾਦਰੀ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ |
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਦਾਨੇ-ਜੰਗ ਵਿਚ ਪਈਆਂ ਸਿੰਘਾਂ ਦੀਆਂ ਦੇਹਾਂ ਨੂੰ ਪਿਆਰ ਨਾਲ ਨਿਹਾਰਿਆ ਅਤੇ ਹਰ ਇਕ ਸਿੰਘ ਨੂੰ ਛਾਤੀ ਨਾਲ ਲਗਾ ਕੇ ਅਤਿਅੰਤ ਸਨੇਹ ਨਾਲ ਬਖਸ਼ਿਸ਼ਾਂ ਕੀਤੀਆਂ | ਜਦ ਗੁਰੂ ਜੀ ਭਾਈ ਮਹਾਂ ਸਿੰਘ ਪਾਸ ਪਹੁੰਚੇ ਤਾਂ ਉਹ ਸਹਿਕ ਰਹੇ ਸਨ | ਗੁਰਦੇਵ ਨੇ ਸੀਸ ਗੋਦ ਵਿਚ ਲੈ ਕੇ ਮੁੱਖੜਾ ਸਾਫ ਕੀਤਾ |
ਗੁਰੂ ਜੀ ਨੇ ਆਪਣੇ ਕਮਰਕੱਸੇ 'ਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਅਤੇ ਭਾਈ ਮਹਾਂ ਸਿੰਘ ਦੇ ਸਾਹਮਣੇ ਟੁਕੜੇ-ਟੁਕੜੇ ਕਰ ਦਿੱਤਾ | ਸ਼ੁਕਰਾਨਾ ਕਰਦੇ ਹੋਏ ਭਾਈ ਮਹਾਂ ਸਿੰਘ ਦਸਮੇਸ਼ ਪਿਤਾ ਜੀ ਦੀ ਗੋਦ ਵਿਚ ਹੀ ਸਵਾਸ ਤਿਆਗ ਗਏ | ਗੁਰੂ ਜੀ ਨੇ ਸਮੂਹ ਸ਼ਹੀਦਾਂ ਦਾ ਸਸਕਾਰ ਆਪਣੇ ਹੱਥੀਂ ਕੀਤਾ ਅਤੇ ਉਨ੍ਹਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ |
ਇਸ ਤਰ੍ਹਾਂ ਸ਼ਹੀਦਾਂ ਦੀ ਇਹ ਧਰਤੀ, 'ਖਿਦਰਾਣੇ ਦੀ ਢਾਬ' ਤੋਂ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣੀ ਜਾਣ ਲੱਗ ਪਈ | ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦਿ੍ੜ੍ਹ ਕਰਵਾਉਣ ਦੇ ਨਾਲ-ਨਾਲ ਇਹ ਅਹਿਸਾਸ ਵੀ ਕਰਵਾਉਂਦਾ ਹੈ ਕਿ ਗੁਰੂ ਨੂੰ ਤਿਲਾਂਜਲੀ ਦੇ ਦੁਨਿਆਵੀ ਪਦਾਰਥਾਂ ਵਿਚ ਗਲਤਾਨ ਹੋ ਕੇ ਅਸੀਂ ਕਦੇ ਵੀ ਆਤਮਿਕ ਤੌਰ 'ਤੇ ਸੰਤੁਸ਼ਟ ਨਹੀਂ ਹੋ ਸਕਦੇ | ਸਦੀਵੀ ਅਨੰਦ ਤਾਂ ਕੇਵਲ ਗੁਰੂ ਦੀ ਸ਼ਰਨ ਵਿਚ ਜਾ ਕੇ ਗੁਰਮਤਿ ਵਿਚਾਰਧਾਰਾ ਅਨੁਸਾਰ ਜੀਵਨ ਜੀਉ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ |
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮਿ੍ਤਸਰ |


ਖ਼ਬਰ ਸ਼ੇਅਰ ਕਰੋ

ਸਿਦਕਵਾਨ, ਬਹਾਦਰ ਤੇ ਦਲੇਰ ਇਸਤਰੀ ਮਾਈ ਭਾਗੋ

ਜੰਗ ਲੜਨ ਵਿਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਦਿੱਤਾ | ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਨ੍ਹਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿਚ ਮਾਈ ਭਾਗੋ ਨੇ ਖਿਦਰਾਣੇ ਦੀ ਧਰਤੀ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿਚ ਆਪ ਜ਼ਖ਼ਮੀ ਹੋ ਗਏ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਦੇ ਜ਼ਖਮ ਸਾਫ਼ ਕਰਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ | ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ | ਮਾਲੇ ਸ਼ਾਹ ਅਤੇ ਹਰੂ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਦਾ ਉਨ੍ਹਾਂ 'ਤੇ ਕਾਫੀ ਅਸਰ ਸੀ | ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਹੋਏ, ਜੋ ਬੜੇ ਸੂਰਬੀਰ ਸਨ | ਇਨ੍ਹਾਂ ਤੋਂ ਮਗਰੋਂ ਉਸ ਦੇ ਘਰ ਇਕ ਬੀਬੀ ਨੇ ਜਨਮ ਲਿਆ | ਇਸ ਦੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਾ | ਸਾਰੇ ਜਣੇ ਉਸ ਨੂੰ 'ਭਾਗ ਭਰੀ' ਕਹਿਣ ਲੱਗੇ ਪਰ ਉਸ ਦੀਆਂ ਸਹੇਲੀਆਂ ਉਸ ਨੂੰ 'ਭਾਗੋ' ਦੇ ਨਾਂਅ ਨਾਲ ਸੱਦਦੀਆਂ ਰਹੀਆਂ | ਅਜੇ ਭਾਗੋ ਸੱਤਾਂ-ਅੱਠਾਂ ਵਰਿ੍ਹਆਂ ਦੀ ਹੀ ਸੀ ਕਿ ਉਸ ਦੇ ਮਾਤਾ ਜੀ ਉਸ ਨੂੰ ਸਤਿਗੁਰੂ ਦੇ ਦਰਬਾਰ ਲੈ ਜਾਂਦੇ | ਉਸ ਵੇਲੇ ਗੁਰਿਆਈ ਦੀ ਗੱਦੀ ਉੱਤੇ ਸਾਹਿਬ ਸ੍ਰੀ ਹਰਿ ਰਾਏ ਜੀ ਬਿਰਾਜਮਾਨ ਸਨ | ਉਸ ਨਿੱਕੀ ਜਿਹੀ ਲੜਕੀ ਦੀ ਸ਼ਰਧਾ ਤੇ ਪਿਆਰ ਦੇਖ ਕੇ ਇਕ ਦਿਨ ਸੱਤਵੇਂ ਪਾਤਸ਼ਾਹ ਨੇ ਸਿਰ 'ਤੇ ਪਿਆਰ ਦਿੰਦਿਆਂ ਕਿਹਾ ਕਿ, 'ਇਹ ਬੜੀ ਸਿਦਕਵਾਨ ਤੇ ਭਾਗਾਂ ਵਾਲੀ ਹੋਵੇਗੀ ਤੇ ਇਸ ਦਾ ਨਾਂਅ ਬੜਾ ਉੱਘਾ ਹੋਵੇਗਾ |' ਸਤਿਗੁਰਾਂ ਤੋਂ ਇਹ ਵਰ ਲੈ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਬੀਬੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਲਾਈ ਰੱਖਿਆ |
ਜਦੋਂ ਬੀਬੀ ਰਤਾ ਵੱਡੀ ਹੋਈ ਤਾਂ ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ | ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਗੋਬਿੰਦ ਰਾਏ ਦੇ ਕਹਿਣ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ | ਇਹ ਸਭ ਅਕਾਲ ਪੁਰਖ਼ ਦਾ ਹੁਕਮ ਸੀ ਤੇ ਇਹ ਹੁਕਮ ਅਟੱਲ ਸੀ | ਸਤਿਗੁਰਾਂ ਨੇ ਆਪਾ ਵਾਰ ਕੇ ਹੀ ਦੇਸ਼ ਅੰਦਰ ਇਕ ਪਰਿਵਰਤਨ ਲਿਆਉਣਾ ਸੀ ਅਤੇ ਆਪਣੇ ਇਕਲੌਤੇ ਸਾਹਿਬਜ਼ਾਦੇ ਜੋ ਅਜੇ ਬਾਲਕ ਹੀ ਸਨ, ਪਰ ਆਪਣੇ ਹਿਰਦੇ ਅੰਦਰ ਇਕ ਜ਼ਬਰਦਸਤ ਜਵਾਲਾਮੁਖੀ ਲੁਕੋਈ ਬੈਠੇ ਸਨ, ਉਸ ਜਵਾਲਾਮੁਖੀ ਨੇ ਥੋੜ੍ਹੇ ਸਮੇਂ ਅੰਦਰ ਹੀ 'ਖਾਲਸੇ' ਦਾ ਰੂਪ ਧਾਰ ਕੇ ਦੇਸ਼ ਅੰਦਰ ਇਕ ਪਰਿਵਰਤਨ ਲਿਆ ਦੇਣਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਅੰਦਰ ਹਿੰਦੁਸਤਾਨ ਅੰਦਰ ਇਕ ਨਵਾਂ ਰੰਗ ਲਿਆਉਣ ਲਈ ਅਥਾਹ ਜੋਸ਼ ਸੀ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ | ਸਤਿਗੁਰਾਂ ਨਾਲ ਦਿੱਲੀ ਗਏ ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਵੀ ਪਹੁੰਚ ਚੁੱਕੀ ਸੀ | ਦੇਸ਼ ਦੇ ਨੌਜਵਾਨਾਂ ਅੰਦਰ ਕੁਰਬਾਨ ਹੋਣ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਕਿ ਜੇ ਸਾਡਾ ਵੱਸ ਚੱਲੇ ਤਾਂ ਔਰੰਗਜ਼ੇਬ ਦੇ ਦਿੱਲੀ ਦਾ ਉਹ ਕਾਜ਼ੀ, ਜਿਸ ਦੇ ਹੁਕਮ ਨਾਲ ਇਹ ਭਾਣਾ ਵਰਤਿਆ ਹੈ, ਉਨ੍ਹਾਂ ਦੇ ਸਿਰ ਇਕਦਮ ਧੜ ਨਾਲੋਂ ਵੱਖ ਕਰ ਦਿੱਤੇ ਜਾਣ |
ਬੀਬੀ ਭਾਗੋ ਨੇ ਕਿਹਾ, 'ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਨ੍ਹਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਨ੍ਹਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ |' ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ | ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ 'ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ | ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ | ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਆਓ! ਮਾਤਾ ਭਾਗ ਕੌਰ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ | ਅੱਜ ਮਾਘੀ ਦੇ ਪਵਿੱਤਰ ਦਿਹਾੜੇ 'ਤੇ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸ਼ਰਧਾ ਦੇ ਫੁੱਲ ਭੇਟ ਕਰੀਏ |
-ਰ. ਸ. ਢਿੱਲੋਂ

ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰੇ

ਸ੍ਰੀ ਮੁਕਤਸਰ ਸਾਹਿਬ ਉਹ ਇਤਿਹਾਸਕ ਸਥਾਨ ਹੈ, ਜਿਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸਾਮਰਾਜ ਨਾਲ ਆਖਰੀ ਤੇ ਫ਼ੈਸਲਾਕੁਨ ਯੁੱਧ ਕਰਕੇ ਭਾਰਤ ਵਿਚੋਂ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ | ਇਸ ਸ਼ਹਿਰ ਦੀ ਇਤਿਹਾਸ ਵਿਚ ਬਹੁਤ ਮਹੱਤਤਾ ਹੈ | ਮਾਘੀ ਦੇ ਸ਼ੁੱਭ ਦਿਹਾੜੇ 'ਤੇ ਲੱਖਾਂ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਪਹੁੰਚ ਕੇ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਤੇ ਚਾਲੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ | ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ-
ਗੁਰਦੁਆਰਾ ਟੁੱਟੀ ਗੰਢੀ ਸਾਹਿਬ : ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਸ਼ਹਿਰ ਦੇ ਵਿਚਕਾਰ ਹੈ, ਜਿਥੇ ਮਾਘੀ ਵਾਲੇ ਦਿਨ ਅਤੇ ਹਰ ਮੱਸਿਆ ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਤੇ ਸੰਗਤਾਂ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ | ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ ਅਸਥਾਨ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 40 ਭੁੱਲੜ ਸਿੰਘਾਂ ਦਾ ਬੇਦਾਵਾ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਕੇ ਮੁਕਤੀ ਪ੍ਰਦਾਨ ਕੀਤੀ ਅਤੇ ਟੁੱਟੀ ਗੰਢੀ |
ਗੁਰਦੁਆਰਾ ਤੰਬੂ ਸਾਹਿਬ : ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਹੈ | ਇਸ ਅਸਥਾਨ 'ਤੇ 40 ਮੁਕਤਿਆਂ ਨੇ ਤੁਰਕਾਂ ਨਾਲ ਜੰਗ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਫੌਜ ਆਉਂਦੀ ਵੇਖ ਕੇ ਝਾੜਾਂ ਅਤੇ ਕਰੀਰਾਂ ਦੇ ਝੁੰਡਾਂ 'ਤੇ ਕੱਪੜੇ ਅਤੇ ਚਾਦਰੇ ਤਾਣ ਦਿੱਤੇ ਸਨ ਤਾਂ ਕਿ ਦੁਸ਼ਮਣ ਦੀ ਫੌਜ ਨੂੰ ਸਿੱਖਾਂ ਦੇ ਤੰਬੂ ਲੱਗੇ ਦੇਖ ਕੇ ਬਹੁਤੀ ਫੌਜ ਦਾ ਅਨੁਮਾਨ ਹੋਵੇ |
ਗੁਰਦੁਆਰਾ ਸ਼ਹੀਦ ਗੰਜ ਸਾਹਿਬ : ਇਸ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਚਿਖਾ ਤਿਆਰ ਕਰਕੇ 40 ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ, ਜੋ ਇਸ ਧਰਮ ਯੁੱਧ ਵਿਚ ਸ਼ਹੀਦ ਹੋਏ ਸਨ | ਇਥੇ ਹਰ ਸਾਲ 3 ਮਈ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ |
ਗੁਰਦੁਆਰਾ ਮਾਤਾ ਭਾਗ ਕੌਰ : ਮਾਈ ਭਾਗੋ ਨੇ ਮਾਝੇ ਦੇ ਸਿੱਖਾਂ ਨੰੂ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਪ੍ਰੇਰਨਾ ਦੇ ਕੇ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ | ਮਾਈ ਭਾਗ ਕੌਰ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ | ਮਾਈ ਭਾਗੋ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਲੇ ਗਏ ਸਨ ਤੇ ਉਸ ਇਲਾਕੇ ਵਿਚ ਵਿਚਰਦੇ ਰਹੇ ਤੇ ਸਿੱਖੀ ਦਾ ਪ੍ਰਚਾਰ ਕੀਤਾ | ਉਨ੍ਹਾਂ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਦੇ ਕੋਲ ਲਗਭਗ 10 ਕਿਲੋਮੀਟਰ 'ਤੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਉਨ੍ਹਾਂ ਦੇ ਨਾਂਅ 'ਤੇ ਗੁਰਦੁਆਰਾ ਮਾਤਾ ਭਾਗ ਕੌਰ ਸੁਸ਼ੋਭਿਤ ਹੈ |
ਗੁਰਦੁਆਰਾ ਟਿੱਬੀ ਸਾਹਿਬ : ਇਹ ਗੁਰਦੁਆਰਾ ਸ਼ਹਿਰ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਹੈ | ਇਥੇ ਰੇਤਲਾ ਉਚਾ ਟਿੱਬਾ ਸੀ ਅਤੇ ਜੰਗਲ ਸੀ | ਇਥੋਂ ਦਸਮ ਪਿਤਾ ਜੀ ਮੁਗਲ ਸੈਨਾ, ਜੋ ਨਵਾਬ ਵਜ਼ੀਰ ਖਾਨ ਸੂਬਾ ਸਰਹਿੰਦ ਦੇ ਅਧੀਨ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਆਈ ਤੇ ਖਿਦਰਾਣੇ ਦੇ ਅਸਥਾਨ 'ਤੇ 40 ਮੁਕਤਿਆਂ ਨਾਲ ਲੜ ਰਹੀ ਸੀ, ਉੱਤੇ ਉੱਚੀ ਟਿੱਬੀ ਤੋਂ ਤੀਰ ਚਲਾਉਂਦੇ ਰਹੇ | ਇਥੇ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ |
ਗੁਰਦੁਆਰਾ ਦਾਤਣਸਰ ਸਾਹਿਬ : ਇਹ ਗੁਰਦੁਆਰਾ ਟਿੱਬੀ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਹੈ | ਗੁਰੂ ਜੀ ਇਸ ਸਥਾਨ 'ਤੇ ਦਾਤਣ-ਕੁਰਲਾ ਕਰਿਆ ਕਰਦੇ ਸਨ | ਇਕ ਦਿਨ ਗੁਰੂ ਜੀ ਦਾਤਣ ਕਰ ਰਹੇ ਸਨ ਕਿ ਅਜਿਹੀ ਘਟਨਾ ਵਾਪਰੀ ਕਿ ਇਕ ਗੱਦਾਰ ਮੁਸਲਮਾਨ ਨੂਰ ਦੀਨ ਜੋ ਕਿ ਨਿਹੰਗ ਸਿੰਘ ਦੇ ਭੇਸ ਵਿਚ ਸੀ, ਨੇ ਪਿਛਲੇ ਪਾਸਿਓਾ ਦੀ ਹੋ ਕੇ ਗੁਰੂ ਜੀ 'ਤੇ ਤਲਵਾਰ ਚਲਾ ਦਿੱਤੀ | ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਵਾਰ ਰੋਕ ਲਿਆ ਤੇ ਪਾਣੀ ਵਾਲਾ ਗੜਵਾ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਸ ਦਾ ਕੌਡਾ ਉਥੇ ਹੀ ਚਿੱਤ ਕਰ ਦਿੱਤਾ |
ਗੁਰਦੁਆਰਾ ਰਕਾਬਸਰ ਸਾਹਿਬ : ਇਹ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਹੈ | ਇਥੋਂ ਦਸਮੇਸ਼ ਪਿਤਾ ਜੀ ਿਖ਼ਦਰਾਣੇ ਦੀ ਰਣਭੂਮੀ ਵੱਲ ਚਾਲੇ ਪਾਉਣ ਲਈ ਘੋੜੇ 'ਤੇ ਚੜ੍ਹਨ ਲੱਗੇ ਤਾਂ ਰਕਾਬ ਟੁੱਟ ਗਈ | ਇਹ ਰਕਾਬ ਅੱਜ ਵੀ ਇਥੇ ਮੌਜੂਦ ਹੈ | ਇਥੇ ਗੁਰਦੁਆਰਾ ਰਕਾਬਸਰ ਸਾਹਿਬ ਬਣਿਆ ਹੋਇਆ ਹੈ |
ਗੁਰਦੁਆਰਾ ਗੁਰੂ ਕਾ ਖੂਹ ਪਾਤਸ਼ਾਹੀ ਦਸਵੀਂ : ਇਤਿਹਾਸਕਾਰਾਂ ਅਨੁਸਾਰ ਇਸ ਸਥਾਨ 'ਤੇ ਉਸ ਸਮੇਂ ਪਾਣੀ ਦੀ ਬਹੁਤ ਘਾਟ ਸੀ ਅਤੇ ਧਰਤੀ ਹੇਠਲਾ ਬਹੁਤਾ ਪਾਣੀ ਖਾਰਾ ਸੀ | ਜਦ ਖਿਦਰਾਣੇ ਦੀ ਜੰਗ ਸਮੇਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਇਸ ਜਗ੍ਹਾ 'ਤੇ ਪਹੁੰਚੇ ਤਾਂ ਲੋਕਾਂ ਦੀ ਬੇਨਤੀ 'ਤੇ ਉਨ੍ਹਾਂ ਤੀਰ ਮਾਰ ਕੇ ਇਸ ਜਗ੍ਹਾ ਤੋਂ ਮਿੱਠਾ ਪਾਣੀ ਕੱਢਿਆ | ਇਸ ਜਗ੍ਹਾ 'ਤੇ ਅੱਜ ਗੁਰਦੁਆਰਾ ਗੁਰੂ ਕਾ ਖੂਹ ਸੁਸ਼ੋਭਿਤ ਹੈ | ਇਸ ਜਗ੍ਹਾ 'ਤੇ ਹਰ ਸਾਲ ਸੰਗਤਾਂ ਵੱਲੋਂ ਕੀਰਤਨ ਦਰਬਾਰ ਕਰਵਾਇਆ ਜਾਂਦਾ ਹੈ |
ਗੁਰਦੁਆਰਾ ਦੂਖ ਨਿਵਾਰਣ ਤਰਨ ਤਾਰਨ ਸਾਹਿਬ : ਇਹ ਗੁਰਦੁਆਰਾ ਬਠਿੰਡਾ ਰੋਡ 'ਤੇ ਸਥਿਤ ਹੈ | ਇਥੇ ਹਰ ਐਤਵਾਰ ਨੂੰ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚ ਕੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ | ਕਿਹਾ ਜਾਂਦਾ ਹੈ ਕਿ ਇਥੇ ਸਰੋਵਰ ਵਿਚ ਲਗਾਤਾਰ ਪੰਜ ਐਤਵਾਰ ਇਸ਼ਨਾਨ ਕਰਨ ਨਾਲ ਰੋਗ ਦੂਰ ਹੁੰਦੇ ਹਨ | ਇਸ ਗੁਰਦੁਆਰੇ ਦੀ ਦੁਬਾਰਾ ਆਲੀਸ਼ਾਨ ਇਮਾਰਤ ਤਿਆਰ ਕੀਤੀ ਗਈ ਹੈ | ਇਸ ਤੋਂ ਇਲਾਵਾ ਮਿੰਨੀ ਸਕੱਤਰੇਤ ਦੇ ਨੇੜੇ 40 ਮੁਕਤਿਆਂ ਦੀ ਯਾਦਗਾਰ ਮੀਨਾਰ-ਏ-ਮੁਕਤੇ ਤਿਆਰ ਕੀਤੀ ਗਈ ਹੈ, ਜਿਸ ਵਿਚ 80 ਫੁੱਟ ਉੱਚਾ ਵਿਲੱਖਣ ਖੰਡਾ ਤਿਆਰ ਕੀਤਾ ਗਿਆ ਹੈ, ਜਿਸ 'ਤੇ 40 ਮੁਕਤਿਆਂ ਨੂੰ ਸਮਰਪਿਤ 40 ਗੋਲ ਚੱਕਰ ਹਨ ਤੇ ਯਾਦਗਾਰ 'ਤੇ 40 ਮੁਕਤਿਆਂ ਦੇ ਨਾਂਅ ਅੰਕਿਤ ਹਨ | ਇਸ ਤੋਂ ਇਲਾਵਾ ਸ਼ਹਿਰ ਨੂੰ ਆਉਣ ਵਾਲੀਆਂ ਮੁੱਖ ਸੜਕਾਂ 'ਤੇ ਭਾਈ ਦਾਨ ਸਿੰਘ, ਭਾਈ ਲੰਗਰ ਸਿੰਘ, ਭਾਈ ਮਹਾਂ ਸਿੰਘ ਅਤੇ ਮਾਤਾ ਭਾਗ ਕੌਰ ਦੇ ਨਾਂਅ 'ਤੇ ਯਾਦਗਾਰੀ ਗੇਟ ਉਸਾਰੇ ਗਏ ਹਨ | ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਇਨ੍ਹਾਂ ਅਮਰ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਹੈ, ਜਿਨ੍ਹਾਂ ਦੀ ਬਦੌਲਤ ਦਸਮ ਪਾਤਸ਼ਾਹ ਨੇ ਖਿਦਰਾਣੇ ਦੀ ਢਾਬ ਨੂੰ ਮੁਕਤੀ ਦਾ ਸਰ (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖ਼ਸ਼ਿਆ | ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਕ ਸ਼ਹੀਦੀ ਜੋੜ ਮੇਲਾ 13, 14 ਅਤੇ 15 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ |
13 ਅਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਣਗੇ, ਜਿਸ ਵਿਚ ਰਾਗੀ-ਢਾਡੀ ਤੇ ਵਿਦਵਾਨ ਸੱਜਣ ਗੁਰੂ ਜਸ ਸਿੱਖ ਇਤਿਹਾਸ ਤੇ ਪੰਥਕ ਪ੍ਰੋਗਰਾਮ ਪੇਸ਼ ਕਰਨਗੇ | 14 ਜਨਵਰੀ 2014 (1 ਮਾਘ) ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਵੇਰੇ ਮਾਘੀ ਵਾਲੇ ਦਿਨ ਸਵੇਰੇ 6 ਵਜੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ | 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ | ਇਸ ਦਿਨ ਹੀ ਗੁਰਦੁਆਰਾ ਤੰਬੂ ਸਾਹਿਬ ਵਿਖੇ ਸਵੇਰੇ 11 ਵਜੇ ਅੰਮਿ੍ਤ ਸੰਚਾਰ ਹੋਵੇਗਾ | 15 ਜਨਵਰੀ ਨੂੰ ਸਵੇਰੇ ਗੇਟ ਨੰਬਰ 4 ਤੋਂ ਨਗਰ ਕੀਰਤਨ ਆਰੰਭ ਹੋ ਕੇ ਗੁ: ਸ੍ਰੀ ਟਿੱਬੀ ਸਾਹਿਬ ਪੁੱਜੇਗਾ ਅਤੇ ਇਥੋਂ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ | ਨਿਹੰਗ ਸਿੰਘ ਘੋੜ-ਸਵਾਰੀ ਤੇ ਸ਼ਸਤਰ ਵਿੱਦਿਆ ਦੇ ਜੌਹਰ ਸੰਗਤਾਂ ਨੂੰ ਵਿਖਾਉਣਗੇ | ਮਾਘੀ ਵਾਲੇ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਆਪਣੀਆਂ ਕਾਨਫਰੰਸਾਂ ਵੀ ਕਰਨਗੀਆਂ | ਸ਼ਹਿਰ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤਿਆਂ 'ਤੇ ਜਗ੍ਹਾ-ਜਗ੍ਹਾ ਗੁਰੂ ਕੇ ਲੰਗਰ ਅਤੁੱਟ ਵਰਤਣਗੇ | 14 ਜਨਵਰੀ ਦੀ ਰਾਤ ਨੂੰ ਦੀਪਮਾਲਾ ਹੋਵੇਗੀ | ਇਸ ਸ਼ਹੀਦੀ ਜੋੜ ਮੇਲੇ ਵਿਚ ਸੰਗਤਾਂ ਦੇਸ਼-ਵਿਦੇਸ਼ ਵਿਚੋਂ ਪਹੁੰਚ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ |
-ਸ੍ਰੀ ਮੁਕਤਸਰ ਸਾਹਿਬ | ਮੋਬਾ: 98729-14938

ਮੁਕਤੀ ਦਾ ਸਰ-ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਕ ਸ਼ਹੀਦੀ ਜੋੜ ਮੇਲਾ 13, 14 ਅਤੇ 15 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਪਵਿੱਤਰ ਧਰਤੀ 'ਤੇ ਮਾਘੀ ਵਾਲੇ ਦਿਨ 14 ਜਨਵਰੀ ਨੂੰ ਲੱਖਾਂ ਸੰਗਤਾਂ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਅਤੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਜੁੜਦੀਆਂ ਹਨ | ਸ੍ਰੀ ਮੁਕਤਸਰ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸਾਮਰਾਜ ਨਾਲ ਆਖਰੀ ਤੇ ਫੈਸਲਾਕੁਨ ਯੁੱਧ ਕਰਕੇ ਭਾਰਤ ਵਿਚੋਂ ਜ਼ਾਲਮ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ | ਇਸੇ ਹੀ ਅਸਥਾਨ 'ਤੇ 40 ਸਿੰਘਾਂ, ਜੋ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਚਲੇ ਗਏ ਸਨ, ਨੇ ਆਪਣਾ ਬੇਦਾਵਾ ਪੜਵਾ ਕੇ ਇਸ ਧਰਤੀ 'ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਿੱਖਾਂ ਦੀ ਟੁੱਟੀ ਗੰਢ ਕੇ ਖਿਦਰਾਣੇ ਦੀ ਇਸ ਧਰਤੀ ਨੂੰ 'ਮੁਕਤੀ ਦਾ ਸਰ' (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖਸ਼ਿਆ | ਸ੍ਰੀ ਮੁਕਤਸਰ ਸਾਹਿਬ ਦਾ ਮੁੱਢਲਾ ਹਾਲ ਇਸ ਪ੍ਰਕਾਰ ਹੈ ਕਿ ਪਹਿਲਾਂ ਇਥੇ ਖਿਦਰਾਣੇ ਦੀ ਢਾਬ ਮਸ਼ਹੂਰ ਸੀ | ਜ਼ਿਲ੍ਹਾ ਫਿਰੋਜ਼ਪੁਰ ਦੇ ਤਿੰਨ ਖੱਤਰੀ ਭਰਾ ਸਨ-ਖਿਦਰਾਣਾ, ਧਿਗਾਣਾ ਅਤੇ ਰੁਪਾਣਾ | ਇਹ ਤਿੰਨੋਂ ਸ਼ਿਵ ਦੇ ਉਪਾਸਕ ਸਨ | ਇਨ੍ਹਾਂ ਤਿੰਨਾਂ ਭਰਾਵਾਂ ਨੇ ਇਸ ਇਲਾਕੇ ਵਿਚ ਪਾਣੀ ਦੀ ਕਮੀ ਕਾਰਨ ਤਿੰਨ ਢਾਬਾਂ ਖੁਦਵਾਈਆਂ | ਹਰ ਸਾਲ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਤੋਂ ਪਹਿਲਾਂ ਇਹ ਉੱਥੇ ਪਸ਼ੂ ਚਾਰਨ ਲੱਗੇ ਤੇ ਫਿਰ ਆਪਣੇ ਨਾਂਅ 'ਤੇ ਵੱਖੋ-ਵੱਖ ਪਿੰਡ ਵਸਾ ਲਏ | ਮੁਕਤਸਰ ਦੀ ਢਾਬ ਖਿਦਰਾਣੇ ਖੱਤਰੀ ਦੇ ਨਾਂਅ ਹੋਣ ਕਰਕੇ 'ਢਾਬ ਖਿਦਰਾਣਾ' ਮਸ਼ਹੂਰ ਹੋ ਗਈ |
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹੀਨਾ ਪੋਹ ਸੰਮਤ 1762 ਬਿਕ੍ਰਮੀ (ਸੰਨ 1705) ਵਿਚ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਨਾਲ ਧਰਮ ਯੁੱਧ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਵਸੇਬਾ ਛੱਡਿਆ ਤੇ ਆਪ ਬੜੀਆਂ ਤਕਲੀਫਾਂ ਵਿਚ ਆਪਣਾ ਆਪਾ ਵਾਰ ਕੇ ਸਰਬੰਸ ਕੁਰਬਾਨ ਕਰਕੇ ਕੀਰਤਪੁਰ, ਰੋਪੜ, ਕੋਟਲਾ, ਚਮਕੌਰ, ਮਾਛੀਵਾੜਾ, ਆਲਮਗੀਰ, ਲੰਮੇ ਜੱਟਪੁਰੇ, ਰਾਏਕੋਟ, ਕਾਂਗੜ, ਦੀਨਾ, ਰਖਾਲਾ, ਗੁਰੂਸਰ, ਭਗਤਾ, ਬਰਗਾੜੀ, ਬਹਿਵਲ, ਸਰਾਵਾਂ, ਪੱਤੋ, ਜੈਤੋ ਆਦਿ ਵਿਚ ਦੀ ਹੁੰਦੇ ਹੋਏ ਕੋਟਕਪੂਰੇ ਪੁੱਜੇ ਤਾਂ ਰਸਤੇ ਵਿਚ ਹੀ ਖਬਰਾਂ ਮਿਲੀਆਂ ਕੇ ਸੂਬਾ ਸਰਹੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ, ਤਾਂ ਗੁਰੂ ਸਾਹਿਬ ਆਪਣੇ ਯੋਧਿਆਂ ਦੀ ਮਦਦ ਅਤੇ ਭਰੋਸੇ 'ਤੇ ਰਸਤੇ ਵਿਚ ਹੀ ਬੜੇ ਜੋਸ਼ ਨਾਲ ਹਮ-ਰਕਾਬ ਹੋ ਗਏ ਸਨ |
ਦੁਸ਼ਮਣ ਦਾ ਟਾਕਰਾ ਕਰਨ ਲਈ ਚੌਧਰੀ ਕਪੂਰ ਸਿੰਘ ਤੋਂ ਕਿਲ੍ਹਾ ਮੰਗਿਆ | ਚੌਧਰੀ ਕਪੂਰ ਸਿੰਘ ਦੇ ਅਧੀਨ ਮੁਗਲ ਹਕੂਮਤ ਵੱਲੋਂ ਉਸ ਸਮੇਂ 51 ਪਿੰਡ ਸਨ, ਜਿਨ੍ਹਾਂ ਨੂੰ ਪਰਗਨਾ ਕੋਟਕਪੂਰਾ ਜਾਂ ਪਰਗਨਾ ਬਰਾੜ ਕਿਹਾ ਜਾਂਦਾ ਸੀ | ਭਾਵੇਂ ਇਸ ਸਮੇਂ ਚੌਧਰੀ ਕਪੂਰ ਸਿੰਘ ਨੇ ਗੁਰੂ ਜੀ ਦਾ ਹੋਰ ਆਦਰ ਭਾਓ ਤਾਂ ਚੰਗਾ ਕੀਤਾ ਪਰ ਉਹ ਮੁਗਲਾਂ ਤੋਂ ਡਰ ਕੇ ਕਿਲ੍ਹਾ ਦੇਣੋਂ ਸਾਫ਼ ਮੁੱਕਰ ਗਿਆ | ਗੁਰੂ ਸਾਹਿਬ ਨੇ ਉਸ ਦੀ ਇਹ ਕਮਜ਼ੋਰੀ ਦੇਖ ਕੇ ਸੁਭਾਵਿਕ ਹੀ ਕਿਹਾ 'ਚੌਧਰੀ ਕਪੂਰ ਸਿੰਘ! ਅਸੀਂ ਤੈਨੂੰ ਤੁਰੰਤ ਹੀ ਰਾਜ ਦੇਣਾ ਚਾਹੁੰਦੇ ਸੀ ਪਰ ਹੁਣ ਤੂੰ ਤੁਰਕਾਂ ਤੋਂ ਡਰਿਆ ਹੈਾ, ਇਸ ਕਰਕੇ ਉਨ੍ਹਾਂ ਦੇ ਹੱਥੋਂ ਹੀ ਤਸੀਹੇ ਝੱਲ ਕੇ ਤੇਰੀ ਮੌਤ ਹੋਵੇਗੀ |' ਇਹ ਬਚਨ ਕਰਕੇ ਗੁਰੂ ਸਾਹਿਬ ਉਥੋਂ ਮੁਕਤਸਰ ਵੱਲ ਚੱਲ ਪਏ ਤੇ ਖਿਦਰਾਣੇ ਦੀ ਢਾਬ 'ਤੇ ਜਾ ਪੁੱਜੇ | ਇਧਰ ਚੌਧਰੀ ਕਪੂਰ ਸਿੰਘ ਨੇ ਮੁਗ਼ਲ ਫ਼ੌਜ ਦਾ ਸਾਥ ਦਿੱਤਾ ਤੇ ਗੁਰੂ ਸਾਹਿਬ ਦਾ ਉਹ ਬਚਨ ਜੋ ਉਨ੍ਹਾਂ ਸੁਭਾਵਿਕ ਹੀ ਚੌਧਰੀ ਕਪੂਰ ਸਿੰਘ ਨੂੰ ਕਿਹਾ ਸੀ, ਉਸ ਸਮੇਂ ਤਾਂ ਨਹੀਂ ਪਰ ਪਿੱਛੋਂ ਸੰਨ 1708 ਈਸਵੀ ਵਿਚ ਮੰਝ ਰਾਜਪੂਤ ਈਸਾ ਖਾਨ ਦੇ ਹੱਥੋਂ (ਜੋ ਮੁਗ਼ਲ ਹਕੂਮਤ ਵੱਲੋਂ ਉਸ ਇਲਾਕੇ ਦਾ ਕਾਰਦਾਰ ਸੀ) ਚੌਧਰੀ ਕਪੂਰ ਸਿੰਘ ਦੇ ਫਾਹੇ ਲੱਗਣ ਕਰਕੇ ਅੱਖਰ-ਅੱਖਰ ਠੀਕ ਸਾਬਤ ਹੋਇਆ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜੇ ਖਿਦਰਾਣੇ ਪੁੱਜੇ ਹੀ ਸਨ ਕਿ ਪਿੱਛੇ ਦੁਸ਼ਮਣ ਦੀਆਂ ਫੌਜਾਂ, ਜਿਨ੍ਹਾਂ ਦੇ ਨਾਲ ਸੂਬਾ ਸਰਹੰਦ ਨੇ ਚੌਧਰੀ ਕਪੂਰ ਸਿੰਘ ਨੂੰ ਵੀ ਮੁਗਲ ਹਕੂਮਤ ਵੱਲੋਂ ਇਲਾਕੇ ਦਾ ਚੌਧਰੀ ਹੋਣ ਕਰਕੇ ਸ਼ਾਮਲ ਕਰ ਲਿਆ ਗਿਆ ਸੀ, ਦੂਰੋਂ ਧੂੜ-ਧਮਾਈ ਆਉਂਦੀਆਂ ਨਜ਼ਰ ਆਈਆਂ | ਗੁਰੂ ਸਾਹਿਬ ਦੇ ਨਾਲ ਇਸ ਸਮੇਂ ਸਿੱਖ ਯੋਧਿਆਂ ਤੋਂ ਬਿਨਾਂ 40 ਮਝੈਲ ਸਿੱਖ ਯੋਧੇ ਵੀ ਸਨ, ਜੋ ਪਹਿਲਾਂ ਔਕੜ ਸਮੇਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ ਪਰ ਪਿੱਛੋਂ ਦਿਲ ਵਿਚ ਪਛਤਾਵਾ ਹੋਣ ਕਰਕੇ ਤੇ ਮੁਆਫ਼ੀ ਮੰਗਣ ਵਾਸਤੇ ਗੁਰੂ ਜੀ ਨਾਲ ਜਾ ਰਲੇ ਸਨ | ਇਨ੍ਹਾਂ 40 ਸਿੰਘਾਂ ਨਾਲ ਮਾਈ ਭਾਗ ਕੌਰ ਨਾਂਅ ਦੀ ਦਲੇਰ ਸਿੰਘਣੀ ਵੀ ਸੀ |
ਗੁਰੂ ਸਾਹਿਬ ਇਸ ਸਮੇਂ ਖੁਦ ਤਾਂ ਕੁਝ ਸਿੰਘਾਂ ਨਾਲ ਖਿਦਰਾਣੇ ਤੋਂ ਅੱਗੇ ਟਿੱਬੀ ਸਾਹਿਬ ਦੇ ਸਥਾਨ 'ਤੇ ਚਲੇ ਗਏ ਤੇ ਦੁਸ਼ਮਣ ਨਾਲ ਟਾਕਰਾ ਕਰਨ ਲਈ ਤਿਆਰ ਹੋ ਗਏ ਪਰ 40 ਸਿੰਘਾਂ ਨੇ ਹੋਰ ਸਾਥੀ ਸਿੰਘਾਂ ਸਮੇਤ ਖਿਦਰਾਣੇ ਦੀ ਢਾਬ ਉੱਤੇ ਮੋਰਚੇ ਕਾਇਮ ਕਰ ਲਏ ਤਾਂ ਕਿ ਦੁਸ਼ਮਣ ਨੂੰ ਉਥੇ ਹੀ ਰੋਕਿਆ ਜਾਵੇ ਤੇ ਕੋਈ ਵੀ ਮੁਗ਼ਲ ਸਿਪਾਹੀ ਟਿੱਬੀ ਸਾਹਿਬ ਵੱਲ ਨਾ ਵਧ ਸਕੇ | ਖਿਦਰਾਣੇ ਦੀ ਢਾਬ ਉਸ ਸਮੇਂ ਖੁਸ਼ਕ ਪਈ ਸੀ ਤੇ ਉਸ ਦੇ ਇਰਦ-ਗਿਰਦ ਬੜੇ ਝਾੜ-ਝੰਖਾੜ ਉੱਗੇ ਹੋਏ ਸਨ | ਸਿੰਘਾਂ ਨੇ ਉਨ੍ਹਾਂ ਝਾੜਾਂ ਉੱਤੇ ਚਾਦਰਾਂ ਪਾ ਦਿੱਤੀਆਂ | ਇਸ ਕਰਕੇ ਦੁਸ਼ਮਣ ਨੂੰ ਭੁਲੇਖਾ ਪਿਆ ਕਿ ਸਿੱਖਾਂ ਦੀ ਸਾਰੀ ਫੌਜ ਤੰਬੂ ਲਾ ਕੇ ਬੈਠੀ ਹੋਈ ਹੈ, ਇਸ ਕਰਕੇ ਮੁਗਲ ਸਿਪਾਹੀਆਂ ਨੇ ਆਉਂਦਿਆਂ ਹੀ ਸਿੱਖਾਂ ਉੱਤੇ ਹੱਲਾ ਬੋਲ ਦਿੱਤਾ | ਇਧਰ 40 ਸਿੰਘਾਂ ਨੇ ਵੀ ਪਹਿਲਾਂ ਬੰਦੂਕਾਂ ਦੀ ਵਾੜ ਝਾੜੀ ਤੇ ਫ਼ਿਰ ਇਕਦਮ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਗੁੰਜਾਉਂਦੇ ਹੋਏ ਸਿਰੋਹੀਆ ਖਿੱਚ ਕੇ ਦੁਸ਼ਮਣ 'ਤੇ ਭੁੱਖੇ ਬਾਜ਼ਾਂ ਵਾਂਗ ਟੁੱਟ ਪਏ | ਇਹ ਦੇਖ ਕੇ ਮੁਗਲਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਬਹੁਤ ਸਾਰੇ ਸਿਪਾਹੀ ਮਾਰੇ ਜਾਣ 'ਤੇ ਆਖਰ ਮੈਦਾਨ ਛੱਡ ਕੇ ਵਾਪਸ ਕੋਟਕਪੂਰੇ ਵੱਲ ਹੀ ਨੱਸ ਗਏ |
ਇਹ ਲੜਾਈ 21 ਵੈਸਾਖ ਸੰਮਤ 1762 ਬਿਕ੍ਰਮੀ ਨੂੰ ਸਿਰਫ਼ ਸਵਾ ਪਹਿਰ ਹੋਈ (ਕੁਝ ਇਤਿਹਾਸਕਾਰ ਇਹ ਲੜਾਈ ਤਿੰਨ ਦਿਨ ਹੋਈ ਦੱਸਦੇ ਹਨ) | ਇਸ ਲੜਾਈ ਵਿਚ ਮਾਈ ਭਾਗ ਕੌਰ ਬੁਰੀ ਤਰ੍ਹਾਂ ਜ਼ਖਮੀ ਹੋਈ | ਜੋ 40 ਮੁਕਤੇ ਸ਼ਹੀਦ ਹੋਏ, ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ : ਭਾਈ ਮਹਾਂ ਸਿੰਘ, ਸ਼ਮੀਰ ਸਿੰਘ, ਸਾਧੂ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਕੀਰਤ ਸਿੰਘ, ਕਿਰਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ | (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਅਨੁਸਾਰ ਨਾਵਾਂ ਦੀ ਸੂਚੀ ਹੈ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਇਸ ਜੰਗ ਸਮੇਂ ਟਿੱਬੀ ਸਾਹਿਬ ਤੋਂ ਹੀ ਦੁਸ਼ਮਣ 'ਤੇ ਤੀਰਾਂ ਦੀ ਵਰਖਾ ਕਰ ਰਹੇ ਸਨ, ਅਚਾਨਕ ਦੁਸ਼ਮਣ ਦੀ ਫੌਜ ਨੂੰ ਭਾਜੜ ਪਈ ਵੇਖ ਕੇ ਮੈਦਾਨ-ਏ-ਜੰਗ ਵਿਚ ਖਿਦਾਰਣੇ ਦੀ ਢਾਬ 'ਤੇ ਪੁੱਜੇ, ਜਿਥੇ ਉਨ੍ਹਾਂ ਜ਼ਖਮੀ ਸਿੱਖਾਂ ਦੀ ਸੰਭਾਲ ਕੀਤੀ ਅਤੇ 40 ਮੁਕਤਿਆਂ ਵਿਚੋਂ ਹਰੇਕ ਯੋਧੇ ਨੂੰ ਜੋ ਸ਼ਹੀਦ ਹੋ ਚੁੱਕੇ ਸਨ, 'ਇਹ ਮੇਰਾ ਚਾਰ ਹਜ਼ਾਰੀ ਹੈ' ਤੇ 'ਇਹ ਮੇਰਾ ਪੰਜ ਹਜ਼ਾਰੀ ਹੈ' ਦਾ ਵਰਦਾਨ ਦੇ ਕੇ ਸਨਮਾਨਿਆ ਤੇ ਆਖਰ ਭਾਈ ਮਹਾਂ ਸਿੰਘ ਕੋਲ ਪੁੱਜੇ, ਜੋ ਸਹਿਕਦਾ ਹੀ ਸੀ ਤਾਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕਿਹਾ, 'ਭਾਈ! ਮੰਗ ਜੋ ਤੇਰੀ ਇੱਛਾ ਹੋਵੇ |' ਅੱਗੋਂ ਭਾਈ ਮਹਾਂ ਸਿੰਘ ਨੇ ਦਿਲੀ ਇੱਛਾ ਦੱਸੀ ਕਿ 'ਮਹਾਰਾਜ ਜੇ ਡਾਢੇ ਪ੍ਰਸੰਨ ਹੋ ਤਾਂ ਉਹ ਗੁਰੂ-ਸਿੱਖੀ ਤੋਂ ਬੇਦਾਵੇ ਦਾ ਕਾਗਜ਼ ਪਾੜ ਦਿਓ ਤੇ ਟੁੱਟੀ ਗੰਢੋ |' ਗੁਰੂ ਸਾਹਿਬ ਨੇ ਬੇਦਾਵੇ ਦਾ ਉਹ ਕਾਗਜ਼ ਕੱਢ ਕੇ ਪਾੜ ਦਿੱਤਾ ਤੇ ਭਾਈ ਮਹਾਂ ਸਿੰਘ ਨੂੰ ਨਾਮ ਦਾਨ ਬਖਸ਼ ਕੇ ਉਸ ਦੀ ਅੰਤਲੀ ਮਨੋਕਾਮਨਾ ਪੂਰੀ ਕੀਤੀ ਤੇ ਇਸ ਅਸਥਾਨ ਦਾ ਨਾਂਅ ਖਿਦਰਾਣੇ ਤੋਂ ਮੁਕਤੀ ਦਾ ਸਰ ਰੱਖਿਆ, ਜੋ ਅੱਜਕਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ |
-ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ |
ਮੋਬਾ: 98729-14938

ਸ਼ਬਦ ਵਿਚਾਰ

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ¨

ਬਾਰਹ ਮਾਹਾ ਮਾਝ ਮਹਲਾ 5 ਘਰੁ 4
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ¨
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ¨
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ¨
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ¨
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ¨
ਅਠਸਠਿ ਤੀਰਥ ਸਗਲ
ਪੰੁਨ ਜੀਅ ਦਇਆ ਪਰਵਾਨੁ¨
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ¨
ਜਿਨਾ ਮਿਲਿਆ ਪ੍ਰਭੁ ਆਪਣਾ
ਨਾਨਕ ਤਿਨ ਕੁਰਬਾਨੁ¨
ਮਾਘਿ ਸੁਚੇ ਸੇ ਕਾਂਢੀਅਹਿ
ਜਿਨ ਪੂਰਾ ਗੁਰੁ ਮਿਹਰਵਾਨੁ¨ 12¨
(ਅੰਗ 135-136)
ਪਦ ਅਰਥ : ਮਾਘਿ-ਮਾਘ ਦਾ ਮਹੀਨਾ | ਮਜਨੁ-ਇਸ਼ਨਾਨ | ਸੰਗਿ-ਨਾਲ ਬੈਠ ਕੇ | ਧੂੜੀ-ਚਰਣ ਧੂੜ | ਦਾਨੁ-ਨਾਮ ਰੂਪੀ ਦਾਨ | ਮਲੁ-ਵਿਕਾਰਾਂ ਦੀ ਮੈਲ | ਗੁਮਾਨੁ-ਹਉਮੈ, ਹੰਕਾਰ | ਕਾਮਿ-ਕਾਮ ਵਾਸ਼ਨਾ | ਨ ਮੋਹੀਐ-ਪੋਹ ਨਹੀਂ ਸਕਦੇ | ਬਿਨਸੈ-ਨਾਸ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ | ਲੋਭੁ ਸੁਆਨੁ-ਲੋਭ ਕੁੱਤਾ | ਉਸਤਤਿ-ਸੋਭਾ, ਵਡਿਆਈ | ਅਠਸਠਿ-ਅਠਾਹਠ (68) | ਸਗਲ ਪੰੁਨ-ਸਾਰੇ ਪੰੁਨਾਂ ਦਾ ਫਲ | ਪਰਵਾਨ-ਮੰਨੇ ਜਾਂਦੇ ਹਨ | ਕਾਂਢੀਅਹਿ-ਆਖੇ ਜਾਂਦੇ ਹਨ |
ਬਾਰਹ ਮਾਹਾ ਤੋਂ ਭਾਵ ਹੈ ਉਹ ਕਾਵਿ, ਜਿਸ ਦੀ ਰਚਨਾ ਸਾਲ ਦੇ ਬਾਰਾਂ ਵੱਖ-ਵੱਖ ਮਹੀਨਿਆਂ ਦੀ ਪਿ੍ਸ਼ਟਭੂਮੀ ਨੂੰ ਮੁੱਖ ਰੱਖ ਕੇ ਕੀਤੀ ਹੋਵੇ | ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋ ਬਾਰਹ ਮਾਹਾਂ ਅੰਕਿਤ ਹਨ | ਇਕ ਜਗਤ ਗੁਰੂ ਬਾਬੇ ਦਾ ਰਾਗੁ ਤੁਖਾਰੀ ਵਿਚ ਹੈ ਅਤੇ ਦੂਜਾ ਗੁਰੂ ਅਰਜਨ ਦੇਵ ਜੀ ਦਾ ਰਾਗੁ ਮਾਝ ਵਿਚ |
ਅੱਜ ਬਿਕਰਮੀ ਸੰਮਤ ਦੇ ਮਾਘ ਮਹੀਨੇ ਦਾ ਪਹਿਲਾ ਦਿਵਸ ਹੈ, ਜਿਸ ਨੂੰ ਸੰਗਰਾਂਦ ਜਾਂ ਸੰਕਰਾਂਤੀ ਆਖਿਆ ਜਾਂਦਾ ਹੈ | ਇਹ ਦਿਹਾੜਾ ਮਾਘੀ ਕਰਕੇ ਵੀ ਪ੍ਰਸਿੱਧ ਹੈ | ਮੁਕਤਸਰ ਦੀ ਮਾਘੀ ਦਾ ਸਿੱਖ ਜਗਤ ਵਿਚ ਬੜਾ ਮਹੱਤਵ ਹੈ, ਜਿਸ ਦਾ ਸਬੰਧ 40 ਮੁਕਤਿਆਂ ਨਾਲ ਜੁੜਿਆ ਹੋਇਆ ਹੈ ਪਰ ਅੱਜ ਕੇਵਲ ਬਾਰਹ ਮਾਹਾ ਮਾਝ ਮਹਲਾ 5 'ਤੇ ਵਿਚਾਰ ਕੀਤੀ ਜਾ ਰਹੀ ਹੈ |
ਮਾਘੀ ਵਾਲੇ ਦਿਨ ਤੀਰਥਾਂ ਆਦਿ 'ਤੇ ਜਾ ਕੇ ਇਸ਼ਨਾਨ ਕਰਨਾ ਬੜਾ ਪੰੁਨ ਮੰਨਿਆ ਜਾਂਦਾ ਹੈ ਪਰ ਗੁਰਮਤਿ ਅਜਿਹੇ ਇਸ਼ਨਾਨ ਨੂੰ ਕੋਈ ਮਹੱਤਵ ਨਹੀਂ ਦਿੰਦੀ, ਜਿਸ ਨਾਲ ਸਰੀਰ ਦੀ ਮੈਲ ਤਾਂ ਲੱਥ ਜਾਂਦੀ ਹੋਵੇ ਪਰ ਮਨ ਦੀ ਮੈਲ ਨਾ ਲੱਥੇ |
ਰਾਗੁ ਆਸਾ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ ਕਿ ਜੋ ਅੰਦਰੋਂ ਤਾਂ ਮਨ ਦੇ ਖੋਟੇ ਹਨ ਪਰ ਬਾਹਰੋਂ ਦਿਖਾਵੇ ਦੀ ਪੈਜ (ਇੱਜ਼ਤ) ਬਣਾਈ ਰੱਖਦੇ ਹਨ, ਅਜਿਹੇ ਮਨੁੱਖ ਭਾਵੇਂ ਅਠਾਹਠ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਿਉਂ ਨਾ ਕਰ ਲੈਣ, ਉਨ੍ਹਾਂ ਦੇ ਅੰਦਰੋਂ ਵਿਕਾਰਾਂ ਦੀ ਮੈਲ ਕਦੀ ਉਤਰਦੀ ਨਹੀਂ-
ਅੰਦਰਹੁ ਝੂਠੇ ਪੈਜ ਬਾਹਰਿ
ਦੁਨੀਆ ਅੰਦਰਿ ਫੈਲੁ¨
ਅਠਸਠਿ ਤੀਰਥਿ ਜੇ ਨਾਵਹਿ
ਉਤਰੈ ਨਾਹੀ ਮੈਲੁ¨ (ਅੰਗ 473)
ਝੂਠੇ-ਖੋਟੇ | ਪੈਜ-ਇੱਜ਼ਤ | ਫੈਲੁ-ਵਿਖਾਵਾ |
ਆਪ ਜੀ ਦਾ ਸੂਹੀ ਕੀ ਵਾਰ ਮਹਲਾ 3 ਦੀ 12ਵੀਂ ਪਉੜੀ ਨਾਲ ਸਲੋਕ ਅੰਕਿਤ ਹੈ-
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ¨
ਇਕੁ ਭਾਉ ਲਥੀ ਨਾਤਿਆ
ਦੁਇ ਭਾ ਚੜੀਅਸੁ ਹੋਰ¨
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ¨
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ¨ (ਅੰਗ 789)
ਚੋਰ-ਕਾਮਾਦਿਕ ਵਿਕਾਰ | ਇਕ ਭਾਉ-ਇਕ ਹਿੱਸਾ | ਲਥੀ-ਲੱਥ ਗਈ, ਲਹਿ ਗਈ | ਦੋਇ ਭਾ-ਦੋ ਹਿੱਸੇ, ਦੁੱਗਣੀ | ਹੋਰ-ਹੋਰ ਮੈਲ | ਤੂਮੜੀ-ਤੁੰਮੀ | ਵਿਸੁ-ਵਿਸ਼, ਜ਼ਹਿਰ | ਨਿਕੋਰ-ਨਿਰੋਲ |
ਭਾਵ ਜੇਕਰ ਤੀਰਥਾਂ 'ਤੇ ਇਸ਼ਨਾਨ ਕਰਨ ਚੱਲ ਪਈਏ ਪਰ ਮਨ ਖੋਟੇ ਅਤੇ ਤਨ ਵਿਕਾਰਾਂ ਨਾਲ ਭਰੇ ਹੋਏ ਹੋਣ, ਇਸ ਨਾਲ ਇਕ ਹਿੱਸਾ (ਸਰੀਰ) ਤਾਂ ਭਾਵੇਂ ਧੋਤਾ ਜਾਂਦਾ ਹੈ ਪਰ ਮਨ ਅੰਦਰ ਹਉਮੈ ਦੀ ਦੁਗਣੀ ਮੈਲ ਚੜ੍ਹ ਜਾਂਦੀ ਹੈ (ਕਿ ਅਸੀਂ ਤੀਰਥਾਂ 'ਤੇ ਇਸ਼ਨਾਨ ਕਰਕੇ ਆਏ ਹਾਂ) | ਇਹ ਤਾਂ ਤੁੰਮੀ ਵਾਲੀ ਗੱਲ ਹੋਈ, ਜਿਸ ਨੂੰ ਬਾਹਰੋਂ ਜਿੰਨੀ ਵਾਰੀ ਮਰਜ਼ੀ ਮਲ-ਮਲ ਕੇ ਧੋ ਲਵੋ, ਉਸ ਦੇ ਅੰਦਰਲੀ ਕੁੜੱਤਣ ਕਦੇ ਨਹੀਂ ਜਾਂਦੀ |
ਆਪ ਜੀ ਦਿ੍ੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਦੇ ਸੰਤ ਜਨ ਅਜਿਹੇ ਇਸ਼ਨਾਨ ਤੋਂ ਬਿਨਾਂ ਹੀ ਚੰਗੇ ਹਨ ਪਰ ਬੁਰੇ ਮਨੁੱਖ ਤੀਰਥਾਂ 'ਤੇ ਇਸ਼ਨਾਨ ਕਰਕੇ ਵੀ ਚੋਰ ਹੀ ਰਹਿੰਦੇ ਹਨ, ਵਿਕਾਰਾਂ ਨਾਲ ਭਰੇ ਰਹਿੰਦੇ ਹਨ |
ਜਿਹੜੇ ਸੇਵਕ ਜਨ ਅੰਤਰ ਆਤਮੇ ਪ੍ਰਭੂ ਦੇ ਪ੍ਰੇਮ ਵਿਚ ਰੱਤੇ ਰਹਿੰਦੇ ਹਨ, ਉਹ ਆਪਣੇ ਮਨ ਅੰਦਰ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦੇ ਹਨ | ਉਨ੍ਹਾਂ ਲਈ ਤਾਂ ਮਾਨੋ ਇਹੋ ਹੀ ਧਾਰਮਿਕ ਕਰਮ ਹਨ | ਉਨ੍ਹਾਂ ਨੂੰ ਤਾਂ ਪ੍ਰਭੂ ਦਾ ਨਾਮ ਹੀ ਪਿਆਰਾ ਲਗਦਾ ਹੈ | ਇਹ ਮਾਨੋ ਉਨ੍ਹਾਂ ਵਾਸਤੇ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਪੰੁਨਦਾਨ ਅਤੇ ਪੂਜਾ ਹੈ-
ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ¨
ਮਨ ਮਹਿ ਸਾਜਨ ਕਰਹਿ ਰਲੀਆ
ਕਰਮ ਧਰਮ ਸਬਾਇਆ¨
ਅਠਸਠਿ ਤੀਰਥ ਪੰੁਨ ਪੂਜਾ
ਨਾਮੁ ਸਾਚਾ ਭਾਇਆ¨
(ਰਾਗੁ ਸੂਹੀ ਮਹਲਾ 1, ਅੰਗ 766-67)
ਸਾਜਨ-ਸੇਵਕ |
ਸੰਗੇ-ਮਿਲਾਪ | ਮਨ ਮਾਹੀ-ਮਨ ਅੰਦਰ | ਸਬਾਇਆ-ਸਾਰਾ | ਭਾਇਆ-ਪਿਆਰਾ ਲਗਦਾ ਹੈ |
ਜਗਿਆਸੂ ਨੇ ਆਪ ਹੀ ਨਾਮ ਸ੍ਰਵਣ ਕਰਨਾ ਜਾਂ ਜੱਪਣਾ ਨਹੀਂ, ਸਗੋਂ ਦੂਜਿਆਂ ਵਿਚ ਵੀ ਇਸ ਨੂੰ ਵਰਤਾਉਣਾ ਹੈ ਭਾਵ ਸਿਮਰਨ ਲਈ ਦੂਜਿਆਂ ਨੂੰ ਵੀ ਪ੍ਰੇਰਨਾ ਹੈ |
ਸ਼ਬਦ ਦੇ ਅੱਖਰੀਂ ਅਰਥ : ਹੇ ਭਾਈ, ਮਾਘ ਦੇ ਮਹੀਨੇ ਵਿਚ ਸੰਤ-ਜਨਾਂ ਅਰਥਾਤ ਗੁਰਮੁਖਾਂ ਦੀ ਸੰਗਤ ਕਰ ਅਤੇ ਉਨ੍ਹਾਂ ਦੀ ਚਰਨ ਧੂੜ ਬਣਿਆ ਰਹਿ ਭਾਵ ਉਨ੍ਹਾਂ ਦੇ ਪੈਰੀਂ ਲੱਗ | ਇਹੋ ਹੀ ਅਸਲ ਤੀਰਥ ਇਸ਼ਨਾਨ ਹੈ |
ਪਰਮਾਤਮਾ ਦਾ ਨਾਮ ਜਪਣਾ ਅਤੇ ਸੁਣਨਾ ਕਰ | ਇਸ ਨਾਮ ਦਾਤ ਨੂੰ ਫਿਰ ਦੂਜਿਆਂ ਵਿਚ ਵੰਡ, ਜਿਸ ਨਾਲ ਤੇਰੇ ਕੀਤੇ ਹੋਏ ਕਈ ਜਨਮਾਂ-ਜਨਮਾਤਰਾਂ ਦੇ ਕਰਮਾਂ ਦੀ ਮੈਲ ਲਹਿ ਜਾਵੇਗੀ ਅਤੇ ਮਨ ਅੰਦਰੋਂ ਹੰਕਾਰ ਵੀ ਜਾਂਦਾ ਰਹੇਗਾ |
ਸੱਚ ਦੇ ਧਾਰਨੀ ਬਣਿਆਂ, ਸੱਚ ਦੇ ਮਾਰਗ 'ਤੇ ਚੱਲਣ ਨਾਲ ਸੰਸਾਰ ਵਿਚ ਸ਼ੋਭਾ ਤੇ ਇੱਜ਼ਤ-ਮਾਣ ਮਿਲਦਾ ਹੈ |
ਅਠਾਹਠ ਤੀਰਥਾਂ ਦੇ ਇਸ਼ਨਾਨ, ਸਾਰੇ ਪੰੁਨ ਦਾਨ ਅਤੇ ਜੀਵਾਂ 'ਤੇ ਦਇਆ ਕਰਨਾ ਆਦਿ ਜੋ ਧਾਰਮਿਕ ਕਰਮ ਮੰਨੇ ਜਾਂਦੇ ਹਨ, ਇਹ ਸਭ ਨਾਮ ਸਿਮਰਨ ਸਦਕਾ ਪ੍ਰਾਪਤ ਹੋ ਜਾਂਦੇ ਹਨ |
ਜਿਸ ਮਨੁੱਖ ਨੂੰ ਪ੍ਰਭੂ ਨਾਮ ਦੀ ਦਾਤ ਬਖਸ਼ਦਾ ਹੈ, ਉਹ ਜੀਵ ਸਹੀ ਮਾਰਗ 'ਤੇ ਚਲਦਾ ਹੈ, ਉਸ ਨੂੰ ਹੀ ਸਿਆਣਾ ਕਿਹਾ ਜਾ ਸਕਦਾ ਹੈ |
ਪੰਜਵੀਂ ਨਾਨਕ ਜੋਤਿ ਦੇ ਬਚਨ ਹਨ ਕਿ ਮੈਂ ਉਨ੍ਹਾਂ ਤੋਂ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਦਾ ਪ੍ਰਭੂ ਨਾਲ ਮਿਲਾਪ ਹੋ ਗਿਆ ਹੈ |
ਅੰਤ ਵਿਚ ਆਪ ਜੀ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਮਾਘ ਦੇ ਮਹੀਨੇ ਵਿਚ ਉਹੀ ਮਨੁੱਖ ਸੱਚੇ ਤੇ ਸੁੱਚੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰੇ ਗੁਰੂ ਦੀ ਕਿਰਪਾ ਦਿ੍ਸ਼ਟੀ ਹੁੰਦੀ ਹੈ |
-217-ਆਰ, ਮਾਡਲ ਟਾਊਨ, ਜਲੰਧਰ |

17 ਜਨਵਰੀ ਨੂੰ ਸਮਾਗਮ 'ਤੇ ਵਿਸ਼ੇਸ਼

ਸਿੰਘਾਂ ਨੂੰ ਤੋਪਾਂ ਨਾਲ ਉਡਾਏ ਜਾਣ ਦੀ ਗਾਥਾ17 ਜਨਵਰੀ 1872 ਈ: ਨੂੰ ਮਾਲੇਰਕੋਟਲੇ ਦੇ ਰੱਕੜ ਵਿਚ 9 ਤੋਪਾਂ ਬੀੜ ਦਿੱਤੀਆਂ ਗਈਆਂ | ਪਟਿਆਲਾ ਅਤੇ ਜੀਂਦ ਰਿਆਸਤ ਦੇ 750 ਸਿਪਾਹੀ ਤੋਪਾਂ ਚਲਾਉਣ ਅਤੇ ਹਾਲਾਤ ਨੂੰ ਅਨੁਕੂਲ ਰੱਖਣ ਲਈ ਤਾਇਨਾਤ ਖੜ੍ਹੇ ਸਨ | ਆਸੇ-ਪਾਸੇ ਦੇ ਪਿੰਡਾਂ ਵਿਚ ਹਾਕਰਾਂ ਵੱਲੋਂ ਪਿੰਡਾਂ ਦੀਆਂ ਸੱਥਾਂ ਵਿਚ ਹਾਕਰਾਂ ਮਾਰ ਕੇ ਸੁਣਾ ਦਿੱਤਾ ਗਿਆ ਸੀ ਕਿ ਅੰਗਰੇਜ਼ ਨੇ ਬਾਗੀ ਕੂਕਿਆਂ ਨੂੰ ਤੋਪਾਂ ਨਾਲ ਉਡਾਉਣਾ ਹੈ, ਤੁਸੀਂ ਆ ਕੇ ਬਾਗੀਆਂ ਦਾ ਹਸ਼ਰ ਦੇਖ ਸਕਦੇ ਹੋ | ਸ਼ਾਮ ਦੇ ਚਾਰ ਵੱਜ ਚੁੱਕੇ ਸਨ | ਦੇਖਣ ਵਾਲੇ ਲੋਕਾਂ ਦਾ ਭਾਰੀ ਹਜ਼ੂਮ ਇਕੱਠਾ ਹੋ ਗਿਆ ਸੀ | ਅੰਗਰੇਜ਼ ਅਫਸਰ ਡਿਪਟੀ ਕਮਿਸ਼ਨਰ ਮਿ: ਐਲ. ਕਾਵਨ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ | ਗਿ੍ਫਤਾਰ ਕੀਤੇ ਜਾ ਚੁੱਕੇ 68 ਨਾਮਧਾਰੀ ਸਿੰਘਾਂ ਦੇ ਜਥੇ ਦੇ ਆਗੂਆਂ ਹੀਰਾ ਸਿੰਘ ਅਤੇ ਲਹਿਣਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਮਿ: ਕਾਵਨ ਬਾਗੀ ਕੂਕਿਆਂ ਦਾ ਆਤਮ ਬਲ, ਸਵੈ-ਵਿਸ਼ਵਾਸ, ਨਿਡਰਤਾ ਅਤੇ ਜੋਸ਼ ਭਰਿਆ ਰਵੱਈਆ ਦੇਖ ਕੇ ਦੰਗ ਰਹਿ ਗਿਆ |
ਇਨ੍ਹਾਂ ਸੂਰਬੀਰਾਂ ਨੂੰ ਤੋਪਾਂ ਨਾਲ ਉਡਾਉਣ ਲਈ ਕੋਈ ਲਿਖਤੀ ਅਦਾਲਤੀ ਕਾਰਵਾਈ ਨਹੀਂ ਕੀਤੀ ਗਈ, ਕੋਈ ਮੁਕੱਦਮਾ ਨਹੀਂ ਚਲਾਇਆ ਗਿਆ, ਸਗੋਂ ਅੰਗਰੇਜ਼ ਅਫਸਰ ਡਿਪਟੀ ਕਮਿਸ਼ਨਰ ਕਾਵਨ ਕੁਟਲਨੀਤਕ ਜ਼ਿਆਦਤੀਆਂ ਕਰਦਿਆਂ ਅਤੇ ਕਾਨੂੰਨ ਦਾ ਮਜ਼ਾਕ ਉਡਾਉਂਦਿਆਂ ਨਾਮਧਾਰੀ ਸਿੰਘਾਂ ਨੂੰ ਤੋਪਾਂ ਵੱਲ ਪਿੱਛਾ ਕਰਕੇ ਬੰਨ੍ਹ ਕੇ ਉਡਾਉਣ ਦਾ ਹੁਕਮ ਦੇ ਦਿੱਤਾ | 7 ਤੋਪਾਂ ਅੱਗੇ 7 ਸਿੰਘ ਛਾਤੀਆਂ ਤਾਣ ਕੇ ਖਲੋ ਗਏ | ਤੋਪਾਂ ਚੱਲੀਆਂ ਅਤੇ 7 ਸਿੰਘ ਫੀਤਾ-ਫੀਤਾ ਹੋ ਅਸਮਾਨ ਵੱਲ ਉਡਕ ਕੇ ਖਿੱਲਰ ਗਏ | ਇਕ-ਦੂਜੇ ਤੋਂ ਮੂਹਰੇ ਨੱਸ-ਨੱਸ ਸਿੰਘ ਤੋਪਾਂ ਅੱਗੇ ਖੜ੍ਹਦੇ ਰਹੇ | ਤੋਪਚੀ ਨਿਸ਼ਾਨੇ ਦਾਗਦੇ ਰਹੇ ਅਤੇ 'ਸਤਿ ਸ੍ਰੀ ਅਕਾਲ' ਦੇ ਆਕਾਸ਼-ਗੁੰਜਾਊ ਨਾਅਰੇ ਗੰੂਜਦੇ ਰਹੇ |
ਕਮਿਸ਼ਨਰ ਫੋਰਸਾਈਥ 18 ਜਨਵਰੀ ਨੂੰ ਮਾਲੇਰਕੋਟਲੇ ਪਹੁੰਚਿਆ | ਉਸ ਨੇ ਸਿੰਘਾਂ 'ਤੇ ਬਗਾਵਤ ਦੀ ਕਾਰਵਾਈ ਪਾ ਕੇ ਬਾਕੀ ਰਹਿੰਦੇ 16 ਸਿੰਘਾਂ ਨੂੰ ਵੀ ਤੋਪਾਂ ਨਾਲ ਸ਼ਹੀਦ ਕਰ ਦਿੱਤਾ | 17 ਜਨਵਰੀ ਨੂੰ 50 ਅਤੇ 18 ਜਨਵਰੀ ਨੂੰ 16 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ | ਇਨ੍ਹਾਂ ਸ਼ਹੀਦਾਂ ਵਿਚ ਇਕ ਸਿੰਘ ਮਹਾਰਾਜਾ ਪਟਿਆਲੇ ਦੇ ਪੁਰਖੇ ਪਿੰਡ ਮਹਿਰਾਜ ਤੋਂ ਅਤੇ ਸਕੇ-ਸਬੰਧੀਆਂ ਵਿਚੋਂ ਸੀ | ਉਸ ਨੂੰ ਛੱਡਣ ਦੀ ਸਿਫਾਰਸ਼ ਆ ਗਈ | ਜਦੋਂ ਉਹ ਤੋਪ ਅੱਗੇ ਆਇਆ ਤਾਂ ਉਸ ਨੂੰ ਮਧਰੇ ਕੱਦ ਦੇ ਬਹਾਨੇ ਛੱਡ ਦੇਣ ਦਾ ਪ੍ਰਸਤਾਵ ਆਇਆ ਪਰ ਇਸ ਵਰਿਆਮ ਸਿੰਘ ਨਾਮੀ ਸੂਰਮੇ ਨੇ ਖੇਤ ਵਿਚੋਂ ਇੱਟਾਂ-ਰੋੜੇ ਇਕੱਠੇ ਕੀਤੇ ਅਤੇ ਤੋਪ ਦੇ ਬਰਾਬਰ ਛਾਤੀ ਕਰਕੇ ਤੰੂਬਾ-ਤੰੂਬਾ ਹੋ ਉਡ ਗਿਆ | ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ 17 ਜਨਵਰੀ ਨੂੰ ਮਾਲੇਰਕੋਟਲੇ ਦੇ ਸ਼ਹੀਦੀ ਸਮਾਰਕ ਵਿਚ ਪੰਜਾਬ ਸਰਕਾਰ ਵੱਲੋਂ ਸਤਿਗੁਰੂ ਉਦੈ ਸਿੰਘ ਦੀ ਰਹਿਨੁਮਾਈ ਹੇਠ ਸ਼ਹੀਦੀ ਸਮਾਗਮ ਕੀਤਾ ਜਾ ਰਿਹਾ ਹੈ |
-ਇੰਜੀ: ਰਣਜੀਤ ਸਿੰਘ ਮੰਨਣ,
ਗੁਰੂ ਤੇਗ ਬਹਾਦਰ ਨਗਰ, ਗਲੀ ਨੰ: 15, 100 ਫੁੱਟੀ ਰੋਡ, ਬਠਿੰਡਾ | ਮੋਬਾ: 96460-18253

ਅੱਜ ਜੋੜ ਮੇਲੇ 'ਤੇ ਵਿਸ਼ੇਸ਼

ਬਾਬਾ ਹਸਤ ਲਾਲ ਜੀ ਬਲਾਲਾ

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਲਿਆਏ ਤਾਂ ਸਤਿਗੁਰੂ ਜੀ ਦੇ ਨਾਲ ਹੀ ਇਨ੍ਹਾਂ ਰਾਜਿਆਂ ਨੇ ਵੀ ਮਾਲਵਾ ਇਲਾਕੇ ਦੇ ਕੁਝ ਪਿੰਡਾਂ ਦੀ ਯਾਤਰਾ ਕੀਤੀ | ਸਤਿਗੁਰੂ ਜੀ ਦੇ ਨਾਲ 52 ਰਾਜਿਆਂ ਨੂੰ ਗੁਰੂ-ਘਰ ਪ੍ਰਤੀ ਅਸੀਮ ਮੋਹ ਹੋ ਗਿਆ | ਸਮਰਾਲਾ ਨੇੜੇ ਪਿੰਡ ਲੱਲ ਕਲਾਂ ਵਿਖੇ ਰੁਕਣ ਉਪਰੰਤ ਇਕ ਰਾਜੇ ਨੇ ਸਤਿਗੁਰੂ ਜੀ ਨੂੰ ਇੱਛਾ ਜ਼ਾਹਰ ਕੀਤੀ ਕਿ ਉਹ ਹੁਣ ਆਪਣੀ ਰਿਆਸਤ ਵੱਲ ਨਹੀਂ ਜਾਣਾ ਚਾਹੁੰਦਾ ਅਤੇ ਗ੍ਰਹਿਸਥੀ ਜੀਵਨ ਬਤੀਤ ਕਰਨ ਲਈ ਇਥੇ ਹੀ ਆਪਣਾ ਘਰ ਵਸਾਉਣਾ ਚਾਹੁੰਦਾ ਹੈ | 'ਲਾਲ ਚੌਹਾਨ' ਨਾਮੀ ਇਸ ਰਾਜੇ ਵੱਲੋਂ ਰਾਜ-ਭਾਗ ਛੱਡ ਕੇ ਕਿਰਤ ਕਰਨੀ ਕੋਈ ਛੋਟੀ ਘਟਨਾ ਨਹੀਂ ਸੀ | ਪਿੰਡ ਲੱਲ ਕਲਾਂ ਦੇ ਵਸਨੀਕ ਇਕ ਬੌਣੇ ਸਿੱਖ (ਬੁਣਕਰ) ਵੱਲੋਂ ਆਪਣੀ ਧੀ ਦਾ ਰਿਸ਼ਤਾ ਗੁਰੂ ਸਾਹਿਬ ਦੀ ਇੱਛਾ ਮੁਤਾਬਿਕ ਲਾਲ ਚੌਹਾਨ ਨਾਲ ਕਰ ਦਿੱਤਾ ਗਿਆ | ਗੁਰੂ ਹਰਿਗੋਬਿੰਦ ਸਾਹਿਬ ਨੇ ਵਿਆਹ ਮੌਕੇ ਖੁਸ਼ ਹੁੰਦਿਆਂ ਵਰ ਦਿੱਤਾ ਕਿ 'ਲਾਲ ਤੇਰੀ ਹਸਤੀ ਸਦਾ ਚਮਕੇਗੀ ਤੇ ਤੂੰ ਹਸਤੀ ਦਾ ਮਾਲਕ ਬਣੇਗਾ |'
ਇਸ ਬਖਸ਼ਿਸ਼ ਤੋਂ ਬਾਅਦ ਲਾਲ ਚੌਹਾਨ ਨੂੰ ਹਸਤ ਲਾਲ ਦਾ ਨਾਂਅ ਮਿਲਿਆ | ਬਾਬਾ ਹਸਤ ਲਾਲ ਵਜੋਂ ਪ੍ਰਸਿੱਧ ਹੋਏ ਬਾਬਾ ਜੀ ਨੇ ਅੰਤਾਂ ਦੀ ਭਗਤੀ ਕੀਤੀ ਤੇ ਨਾਮ ਬਾਣੀ ਦਾ ਪ੍ਰਚਾਰ ਕੀਤਾ | ਰਾਜ-ਭਾਗ ਛੱਡਣ ਉਪਰੰਤ ਤਿਆਗੀ ਬਣ ਕੇ ਹੱਥੀਂ ਕੱਪੜਾ ਤਿਆਰ ਕਰਨ ਵਾਲੇ ਬਾਬਾ ਹਸਤ ਲਾਲ ਨੇ ਸਮੇਂ ਦੀ ਹਕੂਮਤ ਨਾਲ ਲੋਹਾ ਵੀ ਲਿਆ ਅਤੇ ਤਿਆਰ ਕੀਤੇ ਕੱਪੜੇ ਉੱਪਰ ਲਾਏ ਜਾਂਦੇ ਟੈਕਸ ਵਿਰੁੱਧ ਆਵਾਜ਼ ਉਠਾਈ, ਜਿਸ ਕਾਰਨ ਉਨ੍ਹਾਂ ਨੂੰ ਸਖ਼ਤ ਤਸੀਹੇ ਵੀ ਸਹਿਣੇ ਪਏ ਅਤੇ ਸਰਕਾਰ ਵੱਲੋਂ ਉਨ੍ਹਾਂ ਉੱਪਰ ਬੇਅੰਤ ਜ਼ੁਲਮ ਕੀਤੇ ਗਏ | ਬਾਬਾ ਹਸਤ ਲਾਲ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਬਾਬਾ ਹਸਤ ਲਾਲ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਅੱਜ ਪਿੰਡ ਬਲਾਲ਼ਾ (ਨੇੜੇ ਸਮਰਾਲਾ) ਦੀ ਧਰਤੀ 'ਤੇ ਮਨਾਇਆ ਜਾ ਰਿਹਾ ਹੈ, ਜਿਥੇ ਦੇਸ਼-ਵਿਦੇਸ਼ ਤੋਂ ਸੰਗਤਾਂ ਵਿਸ਼ਾਲ ਨਗਰ ਕੀਰਤਨ ਅਤੇ 15 ਜਨਵਰੀ ਤੱਕ ਚੱਲਣ ਵਾਲੇ ਸਾਲਾਨਾ ਜੋੜ ਮੇਲੇ ਵਿਚ ਭਾਗ ਲੈਣਗੀਆਂ |
-ਕੁਲਦੀਪ ਸਿੰਘ ਬਰਮਾਲੀਪੁਰ,
ਪ੍ਰਤੀਨਿਧ, ਉਪ-ਦਫ਼ਤਰ, ਸਮਰਾਲਾ | ਮੋਬਾ: 98786-20754

ਪ੍ਰੇਰਨਾ-ਸਰੋਤ
ਜੀਵਨ ਵਿਚ ਕਰਮ ਕਰਨ ਲਈ ਤਤਪਰ ਰਹੋ

ਮਨੁੱਖੀ ਸਰੀਰ ਕੁਦਰਤ ਦੀਆਂ ਸਾਰੀਆਂ ਹੀ ਦਾਤਾਂ ਤੋਂ ਉੱਤਮ ਹੈ | ਇਸ ਲਈ ਸਾਨੂੰ ਪਰਮਪਿਤਾ ਪਰਮੇਸ਼ਵਰ ਦੇ ਧੰਨਵਾਦੀ ਹੋਣਾ ਚਾਹੀਦਾ ਹੈ | ਸਵਾਮੀ ਵਿਵੇਕਾਨੰਦ ਜੀ ਆਪਣੇ ਕਰਮਯੋਗ ਵਿਚ ਲਿਖਦੇ ਹਨ, 'ਜੇ ਅਸੀਂ ਇਕ ਤੰਦਰੁਸਤ ਸਰੀਰ ਦੇ ਮਾਲਕ ਹਾਂ ਤਾਂ ਸਾਨੂੰ ਕਰਮ ਕਰਨ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ | ਪਰਮਾਤਮਾ ਨੇ ਸਾਨੂੰ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ, ਉਤਪਾਤ ਕਰਨ ਦੀ ਨਹੀਂ | ਜੇ ਸਾਡੇ ਕੋਲੋਂ ਭੂਤਕਾਲ ਵਿਚ ਕੋਈ ਉਤਪਾਤ ਹੋਇਆ ਹੈ ਤਾਂ ਅਸੀਂ ਉਸ ਦਾ ਵਿਸ਼ਲੇਸ਼ਣ ਕਰਕੇ, ਆਤਮ-ਚਿੰਤਨ ਕਰਕੇ ਉਸ ਭੁੱਲ ਨੂੰ ਸੁਧਾਰ ਸਕਦੇ ਹਾਂ | ਸਾਨੂੰ ਆਪਣੇ ਅੰਦਰ ਛੁਪੀ ਹੋਈ ਦੈਵੀ ਸ਼ਕਤੀ ਪਛਾਨਣ ਦੀ ਲੋੜ ਹੈ | ਵੇਦਾਂ ਵਿਚ ਲਿਖਿਆ ਹੈ ਕਿ ਅਸੀਂ ਸਾਰੇ ਅਮਿ੍ਤ ਪੁੱਤਰ ਹਾਂ | ਫਿਰ ਅਸੀਂ ਆਪਣੀ ਯੋਗਤਾ ਕਿਉਂ ਨਾ ਪਛਾਣੀਏ? ਉਸ ਸ਼ਕਤੀ ਨੂੰ ਪਛਾਣ ਕੇ ਸਾਨੂੰ ਕਰਮ ਕਰਨ ਵਿਚ ਜੁਟ ਜਾਣਾ ਚਾਹੀਦਾ ਹੈ ਪਰ ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਪਰਮਾਤਮਾ ਨੇ ਸਾਨੂੰ ਇਹ ਦੇਹ ਨੇਕ ਕਰਮ ਕਰਨ ਲਈ ਦਿੱਤੀ ਹੈ ਨਾ ਕਿ ਬੁਰੇ ਕਰਮਾਂ ਲਈ | ਆਪਣੇ-ਆਪ ਨੂੰ ਉਸ ਪਰਮ ਸ਼ਕਤੀ ਅੱਗੇ ਸਮਰਪਿਤ ਕਰਦੇ ਹੋਏ ਕਰਮ ਕਰੋ | ਮਨੁੱਖ ਦਾ ਜਿਨ੍ਹਾਂ ਤਾਕਤਾਂ ਨਾਲ ਸਬੰਧ ਹੈ, ਕਰਮ ਦੀ ਸ਼ਕਤੀ ਸਭ ਤੋਂ ਉੱਤਮ ਹੈ | ਇਹ ਸ਼ਕਤੀ ਹੀ ਤੁਹਾਡੇ ਚਰਿੱਤਰ ਦਾ ਨਿਰਮਾਣ ਕਰਦੀ ਹੈ | ਜਿਹੋ ਜਿਹੇ ਤੁਹਾਡੇ ਕਰਮ, ਉਸੇ ਤਰ੍ਹਾਂ ਦਾ ਤੁਹਾਡਾ ਚਰਿੱਤਰ ਹੋਵੇਗਾ |
-ਸੰਜੀਵਨ ਸਿੰਘ ਡਢਵਾਲ
ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ | 94175-50741

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼
ਨਿਰਮਲ ਆਸ਼ਰਮ ਸੰਤ ਬਾਬਾ ਮਹਾਂ ਸਿੰਘ ਬੱਸੀਆਂਇਤਿਹਾਸ ਦੀਆਂ ਯਾਦਾਂ ਦੇ ਕਲਾਵੇ 'ਚ ਬਹੁਤ ਕੁਝ ਸਮੋਈ ਬੈਠਾ ਹੈ ਇਤਿਹਾਸਕ ਪਿੰਡ ਬੱਸੀਆਂ | ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅੱਜ ਤੋਂ ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਰੱਬੀ ਪ੍ਰੇਮ 'ਚ ਰੰਗੀ ਅਭੇਦ ਰੂਹ ਸੰਤ ਬਾਬਾ ਮਹਾਂ ਸਿੰਘ ਨੇ ਇਸ ਪਿੰਡ ਦੀ ਚੋਣ ਕਰਕੇ ਇਕ ਪਾਸੇ ਇਕਾਂਤ ਸਥਾਨ 'ਤੇ ਡੇਰਾ ਲਾਇਆ ਅਤੇ ਪ੍ਰਭੂ ਬੰਦਗੀ ਅਤੇ ਘੋਰ ਤਪੱਸਿਆ ਨਾਲ ਰੂਹਾਨੀਅਤ ਅਤੇ ਅਧਿਆਤਮਿਕਤਾ ਦਾ ਕੇਂਦਰ 'ਨਿਰਮਲ ਆਸ਼ਰਮ' ਸਥਾਪਿਤ ਕੀਤਾ ਸੀ | ਸੰਤ ਜੀ ਜ਼ਿਆਦਾ ਸਮਾਂ ਪ੍ਰਭੂ ਬੰਦਗੀ ਜਾਂ ਬਚਿਆ ਸਮਾਂ ਸੰਗਤ ਦੀ ਸੇਵਾ ਵਿਚ ਵੀ ਗੁਜ਼ਾਰਦੇ ਸਨ | ਉਹ ਥੋੜ੍ਹਾ ਖਾਂਦੇ, ਥੋੜ੍ਹਾ ਬੋਲਦੇ, ਥੋੜ੍ਹਾ ਸੌਾਦੇ ਅਤੇ ਸਾਦਗੀ ਤੇ ਸੰਜਮ ਭਰਿਆ ਜੀਵਨ ਨਾਲ ਸਫਲ ਜੀਵਨ ਯਾਤਰਾ ਕਰਨ ਦੇ ਹਾਮੀ ਸਨ | ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਜੀਵਨ ਸਫਲ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਦੇ ਜਾਂਨਸ਼ੀਨਾਂ 'ਚੋਂ ਮੌਜੂਦਾ ਮਹਾਂਪੁਰਸ਼ ਬਾਬਾ ਤਰਲੋਚਨ ਸਿੰਘ ਨੇ ਦੱਸਿਆ ਕਿ ਮਹਾਂਪੁਰਸ਼ ਮਾਨਵਤਾ ਦੀ ਭਲਾਈ ਅਤੇ ਹਰ ਇਕ ਨੂੰ ਗੁਰਬਾਣੀ ਦਾ ਉਪਦੇਸ਼ ਦਿੰਦੇ, ਦਿ੍ੜ੍ਹਤਾ, ਵਿਸ਼ਵਾਸ ਨਾਲ ਗੁਰਬਾਣੀ ਪੜ੍ਹਨ ਅਤੇ ਅਮਲ ਕਰਨ ਅਤੇ ਤਰਕ-ਤਕਰਾਰ ਤੋਂ ਮੁਕਤ ਜੀਵਨ ਜਿਊਣ ਲਈ ਪ੍ਰੇਰਿਆ | ਮਹਾਂਪੁਰਸ਼ ਸੰਗਤ ਨੂੰ ਸਰੀਰਕ ਕਸ਼ਟ ਨਿਵਾਰਨ ਲਈ ਆਯੁਰਵੈਦਿਕ ਦਵਾਈਆਂ ਦੱਸਦੇ ਸਨ | ਸੰਤ ਬਾਬਾ ਮਹਾਂ ਸਿੰਘ ਦੀ ਯਾਦ ਵਿਚ ਹੋਣ ਵਾਲੇ ਸਮਾਗਮ ਵਿਚ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਤਰਲੋਚਨ ਸਿੰਘ ਵੱਲੋਂ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ਨੂੰ ਮੁੱਖ ਰੱਖਦਿਆਂ ਖੂਨਦਾਨ ਕੈਂਪ, ਅੱਖਾਂ ਦਾ ਕੈਂਪ, ਜਨਰਲ ਮੈਡੀਕਲ ਕੈਂਪ ਅਤੇ ਆਰਥਿਕ ਪੱਖੋਂ ਗਰੀਬ ਜਾਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਕਰਵਾਏ ਜਾਂਦੇ ਹਨ, ਉਨ੍ਹਾਂ ਨੂੰ ਲੋੜੀਂਦਾ ਸਾਮਾਨ ਵੀ ਦਿੱਤਾ ਜਾਂਦਾ ਹੈ | ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਸ਼ਖ਼ਸੀਅਤਾਂ ਸੰਗਤ ਰੂਪ ਵਿਚ ਮਹਾਂਪੁਰਸ਼ਾਂ ਨੂੰ ਸ਼ਰਧਾ ਭੇਟ ਕਰਨ ਆਉਂਦੀਆਂ ਹਨ |
-ਬਲਜੀਤ ਸਿੰਘ ਢਿੱਲੋਂ,
ਪਿੰਡ ਤੇ ਡਾਕ: ਘਵੱਦੀ, ਲੁਧਿਆਣਾ-141206

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਨੂੰ ਸਮਰਪਿਤ ਭੱਟੀਵਾਲ ਵਿਖੇ ਸਾਲਾਨਾ ਜੋੜ ਮੇਲਾ

ਘੁਮਾਣ (ਗੁਰਦਾਸਪੁਰ) ਤੋਂ ਪਹਾੜ ਵਾਲੇ ਪਾਸੇ ਸਥਿਤ ਦੋ ਕੁ ਕਿਲੋਮੀਟਰ ਦੂਰ ਪਿੰਡ ਭੱਟੀਵਾਲ ਦੀ ਧਰਤੀ ਸੁਭਾਗਾਂ ਭਰੀ ਹੈ, ਜਿਥੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਨੇ ਜੀਵਨ ਦਾ ਲੰਮਾ ਸਮਾਂ ਗੁਜ਼ਾਰਿਆ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 13-14 ਜਨਵਰੀ ਨੂੰ ਲੋਹੜੀ ਤੇ ਪਵਿੱਤਰ ਮਾਘੀ ਮੌਕੇ ਇਸ ਇਤਿਹਾਸਕ ਪਿੰਡ ਵਿਚ ਦੁਨੀਆ ਭਰ ਦੀਆਂ ਸੰਗਤਾਂ ਨਾਮਦੇਵ ਜੀ ਦੇ ਅਸਥਾਨਾਂ 'ਤੇ ਸ਼ਰਧਾ ਦਾ ਹੜ੍ਹ ਲਿਆਉਣਗੀਆਂ | ਭੱਟੀਵਾਲ ਦੇ ਭਗਤ ਨਾਮਦੇਵ ਨਾਲ ਸਬੰਧਤ ਗੁਰਧਾਮਾਂ ਦੀ ਸੇਵਾ ਬਾਬਾ ਨਰਾਇਣ ਦਾਸ ਮਹਾਂਰਾਸ਼ਟਰ ਵੱਲੋਂ ਕਰਵਾ ਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਨ | ਭੱਟੀਵਾਲ ਦੇ ਲਹਿੰਦੇ ਪਾਸੇ ਖੇਤਾਂ 'ਚ ਗੁਰਦੁਆਰਾ ਨਾਮੇਆਣਾ ਸਾਹਿਬ ਹੈ | ਇਥੇ ਹੀ ਭੋਰਾ ਵੀ ਮੌਜੂਦ ਹੈ | ਭਗਤ ਜੀ ਦਾ ਹੱਥੀਂ ਲੁਆਇਆ ਖੂਹ ਹੈ | ਇਸੇ ਥਾਂ 'ਤੇ ਸਰੋਵਰ ਹੈ | ਉਹ ਬੇਰੀ ਵੀ ਮੌਜੂਦ ਹੈ, ਜਿਸ ਥੱਲੇ ਬੈਠ ਭਗਤ ਨਾਮਦੇਵ ਮਜ਼ਦੂਰਾਂ ਨੂੰ ਖਜ਼ਾਨਾ ਵੰਡਦੇ ਸਨ | ਦੱਖਣ ਵਾਲੇ ਪਾਸੇ ਕਹਿੰਦੇ ਹਨ ਜਿਸ ਥਾਂ 'ਤੇ ਉਨ੍ਹਾਂ ਸੁੱਕੀ ਖੰੂਡੀ ਗੱਡੀ ਸੀ, ਉਸ ਥਾਂ 'ਤੇ ਗੁਰਦੁਆਰਾ ਖੰੂਡੀ ਸਾਹਿਬ ਹੈ | ਉਹ ਹਰੀ ਬੇਰੀ ਅੱਜ ਵੀ ਮੌਜੂਦ ਹੈ | ਨਜ਼ਦੀਕ ਸੋਖੋਵਾਲ/ਧਾਲੀਵਾਲ ਵਿਖੇ ਬਾਬਾ ਜੀ ਦੇ ਸੇਵਕ ਹਨ | ਬਾਬਾ ਲੱਧਾ ਤੇ ਬਾਬਾ ਜੱਲੋ ਦੇ ਅਸਥਾਨ ਹਨ | ਬਾਬਾ ਨਰਾਇਣ ਦਾਸ ਨੇ ਪਿੰਡ ਤੇ ਇਲਾਕੇ ਦੇ ਸਹਿਯੋਗ ਨਾਲ ਵਿਸ਼ਾਲ ਲੰਗਰ ਹਾਲ, ਸੰਗਤਾਂ ਲਈ ਰੈਣ ਬਸੇਰੇ ਦੀ ਸੇਵਾ ਅਰੰਭੀ ਹੋਈ ਹੈ | ਲੋਹੜੀ ਤੇ ਮਾਘੀ 'ਤੇ ਬਾਬਾ ਨਰਾਇਣ ਦਾਸ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦੀ ਯਾਦ ਵਿਚ ਸੰਗਤਾਂ ਦੇ ਨਾਲ ਸ਼ਬਦ ਉਚਾਰਣ ਤੇ ਕਥਾ ਪ੍ਰਵਾਹ ਕਰਕੇ ਦਿਹਾੜੇ ਨੂੰ ਸ਼ਰਧਾ ਨਾਲ ਮਨਾਉਣਗੇ |
-ਸੁਖਜੀਤ ਕੌਰ

ਤਪੱਸਵੀ ਸੰਤ ਬਾਬਾ ਕੁਲਵੰਤ ਸਿੰਘ
ਮੁੱਖ ਸੇਵਾਦਾਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ

ਸਿੱਖ ਧਰਮ ਦੇ ਪੰਜਵੇਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਦੇ ਮੁੱਖ ਸੇਵਾਦਾਰ ਸੰਤ ਬਾਬਾ ਕੁਲਵੰਤ ਸਿੰਘ ਦਾ ਜਨਮ 1 ਮਈ 1967 ਨੂੰ ਮਾਤਾ ਸੰਤ ਕੌਰ ਦੀ ਕੁੱਖੋਂ ਪਿਤਾ ਸ: ਬਲਵੰਤ ਸਿੰਘ ਕੜਿਆਂ ਵਾਲੇ ਦੇ ਗ੍ਰਹਿ ਵਿਖੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਹੋਇਆ | ਅੱਜ ਤੋਂ ਇਕ ਸਦੀ ਪਹਿਲਾਂ ਉਨ੍ਹਾਂ ਦੇ ਦਾਦਾ ਸ: ਮੰਗਲ ਸਿੰਘ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਰਾਈਆਂ ਤੋਂ ਹਜ਼ੂਰ ਸਾਹਿਬ ਵਿਖੇ ਜਾ ਕੇ ਵਸ ਗਏ ਸਨ ਅਤੇ ਉਥੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਉਨ੍ਹਾਂ ਵੱਲੋਂ ਕੜੇ ਤਿਆਰ ਕਰਨ ਦਾ ਕਾਰਖਾਨਾ ਲਗਾਇਆ ਗਿਆ ਸੀ, ਜਿਸ ਕਾਰਨ ਇਹ ਪਰਿਵਾਰ ਉਥੇ ਕੜਿਆਂ ਵਾਲੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਬਾਬਾ ਕੁਲਵੰਤ ਸਿੰਘ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ ਅਤੇ ਸੰਤ ਸੁਭਾਅ ਦੇ ਮਾਲਕ ਸਨ | ਬਾਬਾ ਜੀ ਵੱਲੋਂ ਆਪਣੀ ਵਿੱਦਿਆ ਖਾਲਸਾ ਪ੍ਰਾਇਮਰੀ ਅਤੇ ਖਾਲਸਾ ਹਾਈ ਸਕੂਲ ਤੋਂ ਪੂਰੀ ਕਰਕੇ ਆਈ. ਟੀ. ਆਈ. ਰੇਡੀਓ ਅਤੇ ਟੀ. ਵੀ. ਗੁਰਦੁਆਰਾ ਸਾਹਿਬ ਦੇ ਆਈ. ਟੀ. ਆਈ. ਕਾਲਜ ਤੋਂ ਕੀਤੀ | ਧਾਰਮਿਕ ਸਿੱਖਿਆ ਮਾਸਟਰ ਥਾਨ ਸਿੰਘ, ਗਿਆਨੀ ਜਗਜੀਤ ਸਿੰਘ ਅਤੇ ਗਿਆਨੀ ਹਰਦੀਪ ਸਿੰਘ ਪਾਸੋਂ ਪ੍ਰਾਪਤ ਕਰਨ ਦੇ ਨਾਲ-ਨਾਲ ਰਾਗ ਦੀ ਵਿੱਦਿਆ ਵੀ ਹਾਸਲ ਕੀਤੀ |
ਬਾਬਾ ਕੁਲਵੰਤ ਸਿੰਘ ਦੇ ਨਾਨਾ ਭਾਈ ਜਗਤ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਗ੍ਰੰਥੀ ਹੋਣ ਕਾਰਨ ਉਨ੍ਹਾਂ ਨੂੰ ਧਾਰਮਿਕ ਗੁੜ੍ਹਤੀ ਵਿਰਸੇ ਵਿਚੋਂ ਹੀ ਨਾਨਕਾ ਪਰਿਵਾਰ ਪਾਸੋਂ ਮਿਲੀ ਸੀ | ਬਾਬਾ ਕੁਲਵੰਤ ਸਿੰਘ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਦੇਵ ਸਿੰਘ ਨਾਲ ਪਹਿਲੀ ਵਾਰ ਤਖ਼ਤ ਸਾਹਿਬ ਵਿਖੇ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ | ਉਸ ਤੋਂ ਬਾਅਦ ਬਾਬਾ ਕੁਲਵੰਤ ਸਿੰਘ ਨੇ ਤਖ਼ਤ ਸਾਹਿਬ ਵਿਖੇ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ | 12 ਜਨਵਰੀ, 2000 ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਸੰਤ ਬਾਬਾ ਹਜ਼ੂਰਾ ਸਿੰਘ ਵੱਲੋਂ ਪ੍ਰਲੋਕ ਗਮਨ ਤੋਂ ਬਾਅਦ ਬਾਬਾ ਕੁਲਵੰਤ ਸਿੰਘ ਨੂੰ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਸੌਾਪੀ ਗਈ | ਉਸ ਸਮੇਂ ਤੋਂ ਹੀ ਬਾਬਾ ਕੁਲਵੰਤ ਸਿੰਘ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਸਿੱਖ ਜਗਤ ਦੇ ਬਾਕੀ ਚਾਰ ਤਖ਼ਤਾਂ ਨਾਲੋਂ ਸ੍ਰੀ ਹਜ਼ੂਰ ਸਾਹਿਬ ਦੀ ਸੇਵਾ ਅਲੱਗ ਹੈ, ਕਿਉਂਕਿ ਇਸ ਤਖ਼ਤ ਦੀ ਸੇਵਾ ਕੇਵਲ ਬਾਲ ਬ੍ਰਹਮਚਾਰੀ ਹੀ ਨਿਭਾਅ ਸਕਦਾ ਹੈ | ਬਾਬਾ ਕੁਲਵੰਤ ਸਿੰਘ ਆਪਣੇ ਨਿਮਰਤਾ ਭਰੇ ਅਤੇ ਮਿਠਬੋਲੜੇ ਸੁਭਾਅ ਕਾਰਨ ਲਗਾਤਾਰ ਪਿਛਲੇ 13 ਸਾਲਾਂ ਤੋਂ ਇਸ ਤਖ਼ਤ ਦੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ |
-ਡਾ: ਕਰਨੈਲ ਸਿੰਘ ਮਹਿਰੋਕ,
ਪਾਤੜਾਂ | ਮੋਬਾ: 98729-64285

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼
ਸ਼੍ਰੋਮਣੀ ਭਗਤ ਬਾਬਾ ਨਾਮਦੇਵ

ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਜਨਮ ਸੂਬਾ ਮਹਾਰਾਸ਼ਟਰ ਦੇ ਪਿੰਡ ਨਰਸੀ ਬਾਹਮਣੀ (ਅੱਜਕਲ੍ਹ ਨਰਸੀ ਨਾਮਦੇਵ) ਵਿਖੇ 1270 ਈਸਵੀ ਨੂੰ ਪਿਤਾ ਸ੍ਰੀ ਦਾਮਸ਼ੇਟ ਦੇ ਘਰ ਅਤੇ ਮਾਤਾ ਗੋਨਾਬਾਈ ਜੀ ਦੀ ਕੁੱਖੋਂ ਕਿੱਤੇ ਦੇ ਆਧਾਰ 'ਤੇ ਬਣੀ ਛੀਂਬਾ ਜਾਤ ਵਿਚ ਹੋਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਆਪ ਲਿਖਦੇ ਹਨ 'ਹੀਨੜੀ ਜਾਤਿ ਮੇਰੀ ਜਾਦਿਮ ਰਾਇਆ | ਛੀਪੇ ਕੇ ਜਨਮਿ ਕਾਹੇ ਕਉ ਆਇਆ¨' ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਲੰਮਾ ਸਮਾਂ ਮਹਾਰਾਸ਼ਟਰ ਵਿਚ ਬਤੀਤ ਕਰਨ ਪਿੱਛੋਂ ਦਿੱਲੀ, ਦੁਆਰਕਾ, ਮਨਵਾੜ, ਮਥੁਰਾ, ਵਰਿੰਦਾਵਨ, ਹਰਿਦੁਆਰ ਤੋਂ ਹੁੰਦੇ ਹੋਏ ਪੰਜਾਬ ਆ ਕੇ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਭੂਤਵਿੰਡ ਆ ਠਹਿਰੇ | ਭਗਤ ਨਾਮਦੇਵ ਜੀ ਭੂਤਵਿੰਡ ਤੋਂ ਮਰੜ੍ਹ ਅਤੇ ਬਾਅਦ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੱਟੀਵਾਲ ਵਿਖੇ ਆਣ ਠਹਿਰੇ | ਭੱਟੀਵਾਲ ਵਿਖੇ ਕਾਫੀ ਸਮਾਂ ਪਿੰਡ ਤੋਂ ਬਾਹਰ ਇਕ ਕੁਟੀਆ ਬਣਾ ਕੇ ਭਗਤੀ ਕਰਨ ਲੱਗ ਪਏ | ਜਿਸ ਸਥਾਨ 'ਤੇ ਅੱਜਕਲ੍ਹ ਗੁਰਦੁਆਰਾ ਨਾਮਿਆਣਾ ਸਾਹਿਬ ਪਿੰਡ ਦੇ ਲਹਿੰਦੇ ਪਾਸੇ ਖੇਤਾਂ ਵਿਚ ਸਥਿਤ ਹੈ | ਇਸੇ ਪਿੰਡ ਵਿਚ ਗੁਰਦੁਆਰਾ ਖੂਹ ਸਾਹਿਬ ਅਤੇ ਗੁਰਦੁਆਰਾ ਖੂੰਡੀ ਸਾਹਿਬ ਸਥਿਤ ਹੈ | ਭਗਤ ਨਾਮਦੇਵ ਜੀ ਭੱਟੀਵਾਲ ਤੋਂ ਬਿਨਾਂ ਕਿਸੇ ਨੂੰ ਦੱਸੇ ਇਥੋਂ ਕੁਝ ਮੀਲ ਦੂਰ ਸੰਘਣੇ ਜੰਗਲ ਵਿਚ ਆਣ ਠਹਿਰੇ ਜਿਥੇ ਅੱਜਕਲ੍ਹ ਨਾਮਦੇਵ ਨਗਰ ਘੁਮਾਣ ਵਸਿਆ ਹੋਇਆ ਹੈ | ਇਥੇ ਹੀ ਆਪ ਨੇ ਆਪਣੀ ਉਮਰ ਦਾ ਅੰਤਿਮ ਸਮਾਂ ਗੁਜ਼ਾਰਿਆ | ਭਗਤ ਨਾਮਦੇਵ ਨੇ ਇਸ ਨਗਰ ਘੁਮਾਣ ਦੀ ਧਰਤੀ ਉਪਰ 18 ਸਾਲ ਭਗਤੀ ਕੀਤੀ ਅਤੇ ਇਸ ਜਗ੍ਹਾ 'ਤੇ ਹੀ ਉਨ੍ਹਾਂ ਗੁਰਬਾਣੀ ਦੀ ਰਚਨਾ ਕੀਤੀ, ਜਿਸ ਵਿਚੋਂ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ |
ਆਪ ਨੇ ਆਪਣੇ ਜੀਵਨ ਕਾਲ ਦੌਰਾਨ ਸਮਾਜ ਦੀਆਂ ਕੁਰੀਤੀਆਂ ਅਤੇ ਸਮਾਜ ਦੀਆਂ ਬੁਰਾਈਆਂ ਦੇਖ ਕੇ ਇਨ੍ਹਾਂ ਵਿਰੁੱਧ ਆਵਾਜ਼ ਉਠਾਈ ਅਤੇ ਬਹੁਤ ਹੀ ਮੁਸ਼ਕਿਲ ਹਾਲਾਤ ਵਿਚ ਪੈਦਲ ਯਾਤਰਾ ਕਰਕੇ ਵੱਖ-ਵੱਖ ਅਸਥਾਨਾਂ 'ਤੇ ਜਾ ਕੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ | ਆਪ ਨੇ ਜਿਸ ਅਸਥਾਨ 'ਤੇ ਤਪ ਕੀਤਾ, ਉਸ ਅਸਥਾਨ 'ਤੇ ਗੁਰਦੁਆਰਾ ਤਪਿਆਣਾ ਸਾਹਿਬ ਸੁਸ਼ੋਭਿਤ ਹੈ ਅਤੇ ਜਿਸ ਜਗ੍ਹਾ 'ਤੇ ਭਗਤ ਨਾਮਦੇਵ ਨੇ ਆਪਣਾ ਅੰਤਿਮ ਸਮਾਂ ਬਤੀਤ ਕੀਤਾ, ਉਸ ਜਗ੍ਹਾ 'ਤੇ ਭਗਤ ਨਾਮਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਸ਼੍ਰੋਮਣੀ ਭਗਤ ਨਾਮਦੇਵ ਦਰਬਾਰ ਸੁਸ਼ੋਭਿਤ ਹੈ | ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਮਿੱਠੀ ਯਾਦ ਵਿਚ ਸ੍ਰੀ ਨਾਮਦੇਵ ਦਰਬਾਰ ਕਮੇਟੀ, ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ ਅਤੇ ਗੁਰਦੁਆਰਾ ਨਾਮਿਆਣਾ ਸਾਹਿਬ ਭੱਟੀਵਾਲ ਕਮੇਟੀ ਦੇ ਯਤਨਾਂ ਸਦਕਾ ਭਗਤ ਨਾਮਦੇਵ ਜੀ ਦਾ 664ਵਾਂ ਜੋਤੀ ਜੋਤਿ ਪੁਰਬ ਅਤੇ ਮੇਲਾ ਲੋਹੜੀ ਮਾਘੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਭਗਤ ਨਾਮਦੇਵ ਜੀ ਦਾ ਸਾਲਾਨਾ ਜੋੜ ਮੇਲਾ ਧੂਮਧਾਮ ਦੇ ਨਾਲ ਇਲਾਕਾ ਨਿਵਾਸੀਆਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ 12 ਜਨਵਰੀ ਤੋਂ 17 ਜਨਵਰੀ ਤੱਕ ਸ਼ਰਧਾ ਅਤੇ ਪ੍ਰੇਮ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ | 14 ਜਨਵਰੀ ਨੂੰ ਸੰਗਰਾਂਦ ਅਤੇ 15 ਜਨਵਰੀ ਨੂੰ ਜੋਤੀ ਜੋਤਿ ਪੁਰਬ ਦਾ ਦਿਹਾੜਾ ਮਨਾਇਆ ਜਾਂਦਾ ਹੈ | ਭਗਤ ਨਾਮਦੇਵ ਜੀ ਦੇ ਜੋਤੀ ਜੋਤਿ ਪੁਰਬ ਨੂੰ ਸਮਰਪਿਤ ਨਗਰ ਘੁਮਾਣ ਵਿਖੇ ਬਾਬਾ ਨਾਮਦੇਵ ਸਪੋਰਟਸ ਕਲੱਬ ਵੱਲੋਂ ਕੌਮਾਂਤਰੀ ਪੱਧਰ ਦਾ ਤਿੰਨ ਰੋਜ਼ਾ ਖੇਡ ਮੇਲਾ 15, 16, 17 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ |
-ਭੁਪਿੰਦਰ ਸਿੰਘ ਬੰਮਰਾਹ,
ਘੁਮਾਣ (ਗੁਰਦਾਸਪੁਰ), ਮੋਬਾ: 98725-76002

ਧਰਮ ਹੇਤ ਗੁਰਦੇਵ ਪਠਾਏ

ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ੇਸ਼ ਅੰਕ

ਸਿੱਖ ਧਰਮ ਦੁਨੀਆ ਦਾ ਮਹਾਨ, ਨਿਵੇਕਲਾ ਅਤੇ ਵਿਗਿਆਨਕ ਧਰਮ ਹੈ। ਇਸ ਧਰਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਅਤੇ ਇਸ ਨੂੰ ਬੁਲੰਦ ਮਹਿਲ ਵਜੋਂ ਸਥਾਪਿਤ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ ਤੇ ਚਾਰੇ ਸਪੁੱਤਰਾਂ ਭਾਵ ਸਮੁੱਚੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ। ਅੰਤ ਦਸਮ ਪਾਤਸ਼ਾਹ ਜੀ ਨੇ ਆਪਣੇ ਸਵਾਸ ਵੀ ਇਸੇ ਧਰਮ ਲਈ ਹੀ ਦੇ ਦਿੱਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਧਰਮ ਤੇ ਮਨੁੱਖਤਾ ਦਾ ਬੇਜੋੜ ਉਪਾਸ਼ਕ ਸਮੁੱਚੇ ਵਿਸ਼ਵ ਇਤਿਹਾਸ ਵਿਚ ਨਾ ਤਾਂ ਅੱਜ ਤੱਕ ਪੈਦਾ ਹੋਇਆ ਹੈ ਅਤੇ ਨਾ ਹੀ ਸ਼ਾਇਦ ਕਦੇ ਪੈਦਾ ਹੋਵੇਗਾ। ਧਰਮ ਤੇ ਮਾਨਵਤਾ ਦੀ ਰੱਖਿਆ ਲਈ ਹੀ 'ਅਕਾਲ ਪੁਰਖ' ਨੇ ਉਨ੍ਹਾਂ ਨੂੰ ਇਸ ਜਗਤ ਵਿਚ ਭੇਜਿਆ ਸੀ :
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਯਨਿ ਪਕਰਿ ਪਛਾਰੋ॥
(ਬਚਿਤ੍ਰ ਨਾਟਕ)
ਅਦੁੱਤੀ ਵਿਦਵਾਨ, ਵਿਦਵਾਨਾਂ ਦੇ ਕਦਰਦਾਨ ਤੇ ਨੀਚੋਂ-ਊਚ ਕਰਨ ਵਾਲੇ ਦਸਮ ਗੁਰੂ ਜੀ ਦਾ ਸਾਰਾ ਜੀਵਨ ਹੀ ਮਹਾਨ ਅਤੇ ਰਾਹ ਦਸੇਰਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਦਰਸ਼ਨ ਭਾਈਚਾਰਕ ਏਕਤਾ ਤੇ ਮਨੁੱਖੀ ਅਖੰਡਤਾ ਦਾ ਹਾਮੀ ਹੈ। ਅਕਾਲ ਪੁਰਖ ਦੇ ਨਿਵਾਜੇ ਹੋਏ ਸਤਿਗੁਰੂ ਜੀ ਪਰਮ ਪੁਰਖ ਦਾ ਦਾਸ ਬਣ ਕੇ ਇਸ ਸੰਸਾਰ ਵਿਚ ਵਿਚਰੇ। ਉਨ੍ਹਾਂ ਆਪਣੀ ਜੀਵਨ ਯਾਤਰਾ ਦੌਰਾਨ ਅਨੇਕਾਂ ਕਾਰਜ ਕੀਤੇ। ਮਰਦ ਅਗੰਮੜੇ, ਪੁਰਖ ਭਗਵੰਤ, ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਦਸਮ ਪਾਤਸ਼ਾਹ ਜੀ ਦਾ 22 ਦਸੰਬਰ 1666 ਈ: ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਸ੍ਰੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਹੋਇਆ :
ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਹਰ ਬਿਖੈ ਭਵ ਲਯੋ॥ (ਬਚਿਤ੍ਰ ਨਾਟਕ)
ਆਪ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਕਲਮਬੱਧ ਕਰਨਾ ਕੋਈ ਸੌਖਾ ਕਾਰਜ ਨਹੀਂ ਹੈ। ਗੁਰੂ ਜੀ ਦਾ ਜੀਵਨ ਹਰ ਪੱਖੋਂ ਮੁਕੰਮਲ 'ਤੇ ਆਦਰਸ਼ਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੈਰਾਂ ਹੇਠ ਲਿਤਾੜੀ ਜਾ ਰਹੀ ਮਨੁੱਖਤਾ ਦੀ ਰੱਖਿਆ ਕਰਨ ਲਈ ਯਤਨਸ਼ੀਲ ਰਹੇ। ਦਸਮੇਸ਼ ਪਿਤਾ ਨੇ ਆਪਣੀ ਸੰਸਾਰਕ ਯਾਤਰਾ ਦੌਰਾਨ ਪਰਮਾਤਮਾ ਵੱਲੋਂ ਸੌਂਪੇ ਕਾਰਜ ਨੂੰ ਸਫਲਤਾ ਨਾਲ ਸੰਪੂਰਨ ਕੀਤਾ। ਆਪ ਨੇ 9 ਸਾਲ ਦੀ ਛੋਟੀ ਉਮਰ ਵਿਚ ਆਪਣੇ ਪਿਤਾ ਜੀ ਨੂੰ ਮਨੁੱਖਤਾ ਦੀ ਰੱਖਿਆ ਲਈ ਬਲੀਦਾਨ ਦੇਣ ਲਈ ਤੋਰਿਆ, ਫਿਰ ਖਾਲਸਾ ਪੰਥ ਦੀ ਸਿਰਜਣਾ ਕੀਤੀ, ਧਰਮ ਯੁੱਧ ਲੜੇ, ਮੁਰਦਾ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕ ਕੇ ਜਾਗ੍ਰਿਤੀ ਪੈਦਾ ਕੀਤੀ, ਔਰੰਗਜ਼ੇਬ ਦੇ ਵਿਸ਼ਾਲ ਰਾਜ ਨਾਲ ਟੱਕਰ ਲਈ। ਆਪ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਸਾਰ ਲਈ ਤੇ ਉਨ੍ਹਾਂ ਨੂੰ ਸੀਨੇ ਨਾਲ ਲਾ ਕੇ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਗਰੀਬ ਸਿੱਖਾਂ ਦੇ ਸਿਰ ਬੰਨ੍ਹਿਆ ਤੇ ਕਿਹਾ :
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ,
ਨਹੀਂ ਮੋ ਸੇ ਗਰੀਬ ਕਰੋਰ ਪਰੇ॥
ਗੁਰੂ ਸਾਹਿਬ ਜੀ ਨੇ 1699 ਈ: ਵਿਚ ਖਾਲਸਾ ਪੰਥ ਦੀ ਸਿਰਜਣਾ ਕਰਕੇ ਅਜਿਹੇ ਮਰਜੀਵੜਿਆਂ ਦੀ ਕੌਮ ਪੈਦਾ ਕੀਤੀ, ਜਿਸ ਨੇ ਕੌਮ ਅੰਦਰ ਏਕਤਾ, ਕੁਰਬਾਨੀ, ਦਲੇਰੀ ਤੇ ਜ਼ੁਲਮ ਵਿਰੁੱਧ ਡਟਣ ਦੀ ਭਾਵਨਾ ਪੈਦਾ ਕਰ ਦਿੱਤੀ। ਉਨ੍ਹਾਂ ਨੇ ਸਾਰੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਵਿਚ ਪਰੋ ਲੈਣ ਦਾ ਅਦੁੱਤੀ ਤੇ ਮਹਾਨ ਕਾਰਜ ਕੀਤਾ। ਖਾਲਸਾ ਪੰਥ ਦੀ ਸਿਰਜਣਾ ਕਰਨ ਸਮੇਂ ਉਨ੍ਹਾਂ ਨੇ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ। 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੇ ਸਿਧਾਂਤ ਨੂੰ ਅਮਲ ਵਿਚ ਲਿਆ ਕੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਭਾਵ ਪੰਜ ਪਿਆਰਿਆਂ ਨੂੰ ਇਕੋ ਹੀ ਬਾਟੇ ਤੋਂ ਅੰਮ੍ਰਿਤ ਛਕਾ ਕੇ ਊਚ-ਨੀਚ ਤੇ ਇਲਾਕਿਆਂ ਦਾ ਭੇਦ-ਭਾਵ ਮਿਟਾ ਕੇ ਲਿਤਾੜੇ ਤੇ ਨਿਮਾਣੇ ਲੋਕਾਂ ਵਿਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਗਿੱਦੜਾਂ ਤੋਂ ਸ਼ੇਰ ਬਣ ਕੇ ਸਵਾ-ਸਵਾ ਲੱਖ ਅੱਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਬਣ ਗਏ।
ਉਨ੍ਹਾਂ ਨੇ ਏਕਤਾ, ਸਮਾਨਤਾ ਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਵੀ ਜਾ ਲਈ, ਜਿਨ੍ਹਾਂ ਨੇ ਅੰਮ੍ਰਿਤ ਦਾ ਘੁੱਟ ਪੀਤਾ, ਉਹ ਸ਼ੇਰ ਬਣ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖਾਲਸੇ ਨੇ ਹੱਕ-ਸੱਚ ਖ਼ਾਤਰ ਜਾਬਰ ਮੁਗ਼ਲ ਸਾਮਰਾਜ ਨਾਲ ਹਥਿਆਰਬੰਦ ਯੁੱਧਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ। ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਲੋਕਾਂ ਨੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਕਹਿੰਦੇ-ਕਹਾਉਂਦੇ ਲੜਾਕੂਆਂ ਨੂੰ ਜੰਗਾਂ ਵਿਚ ਕਰਾਰੀ ਮਾਤ ਦਿੱਤੀ। ਸਤਿਗੁਰਾਂ ਦਾ ਧਰਮ ਯੁੱਧ ਕਿਸੇ ਜਾਤ ਜਾਂ ਮਜ਼੍ਹਬ ਵਿਰੁੱਧ ਨਹੀਂ ਸੀ, ਬਲਕਿ ਹਰ ਤਰ੍ਹਾਂ ਦੇ ਅਨਿਆਂ ਦੇ ਵਿਰੁੱਧ ਸੀ। ਖਾਲਸਾ ਸਿਰਜਣਾ ਦਾ ਮੁੱਖ ਉਦੇਸ਼ ਮਨੁੱਖਤਾ ਨੂੰ ਨਿਰਭੈ ਤੇ ਨਿਡਰ ਬਣਾਉਣਾ ਸੀ। ਗੁਰੂ ਸਾਹਿਬ ਨਾ ਕਿਸੇ ਨੂੰ ਡਰਾਉਣ ਤੇ ਨਾ ਹੀ ਕਿਸੇ ਤੋਂ ਡਰਨ ਦੇ ਹੱਕ ਵਿਚ ਸਨ। ਆਪ ਜੀ ਦੇ ਸਨਮੁੱਖ ਨੌਵੇਂ ਪਾਤਸ਼ਾਹ ਦਾ ਇਹ ਉਪਦੇਸ਼ ਸੀ :
ਭੈ ਕਾਹੂ ਕਉ ਦੇਤ ਨਹਿ
ਨਹਿ ਭੈ ਮਾਨਤ ਆਨ॥
(ਪੰਨਾ 1427)
ਦਸਮੇਸ਼ ਪਿਤਾ ਨੇ ਖਾਲਸਾ ਪੰਥ ਦੀ ਸ਼ਕਤੀ ਦੇ ਸਹਾਰੇ ਸ਼ਕਤੀਸ਼ਾਲੀ, ਅੱਤਿਆਚਾਰੀ ਮੁਗ਼ਲ ਸ਼ਾਸਨ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਇਥੇ ਹੀ ਬੱਸ ਨਹੀਂ, ਸਗੋਂ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਉਨ੍ਹਾਂ ਦੇ ਚੇਲੇ ਬਣ ਗਏ। ਸੰਸਾਰ ਦੇ ਕਿਸੇ ਪੀਰ-ਪੈਗ਼ੰਬਰ ਨੇ ਆਪਣੇ ਪੈਰੋਕਾਰਾਂ ਨੂੰ ਚੇਲੇ ਤੋਂ ਵਧੇਰੇ ਮਹਾਨਤਾ ਨਹੀਂ ਦਿੱਤੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਖਾਲਸਾ ਬਣਿਆ ਤੇ ਖਾਲਸੇ ਨੂੰ ਗੁਰੂ ਬਣਾਇਆ। ਇਹ ਗੁਰੂ-ਚੇਲੇ ਦਾ ਕੌਤਕ ਵਾਹ-ਵਾਹ ਦੇ ਯੋਗ ਸੀ :
ਵਾਹ ਵਾਹ ਗੋਬਿੰਦ ਸਿੰਘ
ਆਪੇ ਗੁਰੁ ਚੇਲਾ॥ (ਵਾਰ 41)
'ਬਚਿਤ੍ਰ ਨਾਟਕ' ਵਿਚ ਦਸਮੇਸ਼ ਪਿਤਾ ਨੇ ਆਪਣੇ ਜੀਵਨ ਦੇ ਮੂਲ ਉਦੇਸ਼ ਬਾਰੇ ਕਈ ਥਾਵਾਂ 'ਤੇ ਸੰਕੇਤ ਦਿੱਤੇ ਹਨ। ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਦੁਸ਼ਟਾਂ ਦਾ ਨਾਸ਼ ਕਰਨਾ ਤੇ ਸੰਤਾਂ ਨੂੰ ਉਭਾਰਨਾ ਸੀ। ਆਪਣੇ ਕਲਿਆਣਕਾਰੀ ਜੀਵਨ ਦੇ ਉਦੇਸ਼ ਤੇ ਸ਼ੁਭ-ਆਗਮਨ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ :
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥ (ਬਚਿਤ੍ਰ ਨਾਟਕ)
ਇਹ ਕਹਿਣਾ ਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚ ਮਨੁੱਖਤਾ ਨੂੰ ਸੰਗਠਤ ਕਰਨ ਦੀ ਬਾ-ਕਮਾਲ ਸ਼ਕਤੀ ਸੀ। ਇਸੇ ਕਰਕੇ ਹੀ ਆਪ ਜੀ ਦੇ ਉਪਦੇਸ਼ਾਂ ਦਾ ਮਨੁੱਖਤਾ ਨੇ ਭਰਪੂਰ ਅਸਰ ਕਬੂਲਿਆ ਅਤੇ ਉਹ ਮਹਾਨ ਯੋਧੇ ਬਣ ਕੇ ਵਿਚਰਨ ਲੱਗੇ। ਉਨ੍ਹਾਂ ਦਾ ਉਦੇਸ਼ ਜਾਂ ਨਿਸ਼ਾਨਾ ਨਿੱਜੀ ਗਰਜ ਜਾਂ ਵੈਰ ਦੀ ਭਾਵਨਾ ਨਹੀਂ, ਬਲਕਿ ਅਕਾਲ ਪੁਰਖ ਦੇ ਉਪਦੇਸ਼ ਦੀ ਪਾਲਣਾ ਹੈ।
ਆਪ ਨੇ ਕੇਵਲ ਜੰਗ ਵਿਚ ਸਿੰਘਾਂ ਨੂੰ ਹੀ ਸ਼ਹੀਦ ਨਹੀਂ ਕਰਵਾਇਆ ਬਲਕਿ ਸਾਹਿਬਜ਼ਾਦਿਆਂ, ਮਾਤਾ ਜੀ ਤੇ ਪਿਤਾ ਜੀ ਦੀ ਸ਼ਹੀਦੀ ਦੇ ਕੇ ਸਰਬੰਸਦਾਨੀ ਦਾ ਰੁਤਬਾ ਪ੍ਰਾਪਤ ਕੀਤਾ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਕਲਗੀਧਰ ਪਿਤਾ ਨੇ ਆਪਣੇ ਚਾਰੇ ਪੁੱਤਰ ਧਰਮ ਦੀ ਰੱਖਿਆ ਲਈ ਸ਼ਹੀਦ ਕਰਵਾ ਦਿੱਤੇ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੇ ਯੁੱਧ ਵਿਚ ਤੇ ਛੋਟੇ ਸਾਹਿਬਜ਼ਾਦੇ ਸਰਹਿੰਦ ਵਿਖੇ ਦੀਵਾਰ ਵਿਚ ਚਿਣ ਕੇ ਸ਼ਹੀਦ ਕੀਤੇ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਅਨੰਦਮਈ ਦਿਨ ਦੇਖੇ, ਪਾਉਂਟਾ ਸਾਹਿਬ ਦੀ ਧਰਤੀ 'ਤੇ ਕੁਦਰਤੀ ਨਜ਼ਾਰੇ ਵੀ ਮਾਣੇ, ਭੁੱਖਾਂ ਕੱਟੀਆਂ, ਉਨੀਂਦਰੇ ਵੀ ਕੱਟੇ, ਨੰਗੇ ਪੈਰੀਂ ਕੰਡਿਆਂ ਉੱਪਰ ਮਾਛੀਵਾੜੇ ਦੇ ਜੰਗਲਾਂ ਵਿਚ ਸਫਰ ਵੀ ਕੀਤੇ ਅਤੇ ਧਰਮ ਲਈ ਜੰਗਾਂ ਵੀ ਲੜੀਆਂ। ਇਸ ਸਭ ਦੇ ਬਾਵਜੂਦ ਵੀ ਕੋਈ ਸ਼ਿਕਵਾ, ਸ਼ਿਕਾਇਤ ਨਹੀਂ ਕੀਤੀ, ਬਸ ਕੀਤਾ ਤਾਂ ਕੇਵਲ ਪਰਮਾਤਮਾ ਦਾ ਸ਼ੁਕਰਾਨਾ। ਅਨੇਕਾਂ ਮੁਸ਼ਕਿਲਾਂ ਝੱਲਣ ਤੋਂ ਬਾਅਦ ਵੀ ਦਸਮੇਸ਼ ਪਿਤਾ ਵਿਚ ਕੋਈ ਫਰਕ ਨਾ ਆਇਆ। ਉਨ੍ਹਾਂ ਦੇ ਇਸ ਸਹਿਜ ਸੁਭਾਅ ਨੇ ਹਜ਼ਾਰਾਂ ਸ਼ਹੀਦ ਪੈਦਾ ਕਰ ਦਿੱਤੇ, ਜਿਨ੍ਹਾਂ ਨੇ ਸਮਾਂ ਆਉਣ 'ਤੇ ਮਨੁੱਖਤਾ ਅਤੇ ਮਜ਼ਲੂਮਾਂ ਦੀ ਖ਼ਾਤਰ ਕੁਰਬਾਨੀ ਕਰਨ ਤੋਂ ਵੀ ਗੁਰੇਜ਼ ਨਾ ਕੀਤਾ।
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦਸਮ ਗੁਰੂ ਜੀ ਨੇ ਆਪਣਾ ਸਾਰਾ ਜੀਵਨ ਹੀ ਮਨੁੱਖਤਾ ਦੇ ਸਨਮਾਨ ਨੂੰ ਉੱਚਾ ਚੁੱਕਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਲਗਾ ਦਿੱਤਾ। ਸਤਿਗੁਰੂ ਜੀ ਦਾ ਸਾਡੇ ਸਿਰ 'ਤੇ ਵੱਡਾ ਕਰਜ਼ ਹੈ, ਜਿਸ ਨੂੰ ਅਸੀਂ ਉਤਾਰ ਤਾਂ ਨਹੀਂ ਸਕਦੇ ਪਰ ਉਨ੍ਹਾਂ ਦੇ ਉਪਦੇਸ਼ਾਂ ਨੂੰ ਕਮਾ ਕੇ ਅਸੀਂ ਕੁਝ ਹੱਦ ਤੱਕ ਸੁਰਖਰੂ ਜ਼ਰੂਰ ਹੋ ਸਕਦੇ ਹਾਂ। ਸੋ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਜਾਤ-ਪਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਲਈ ਸਦਾ ਤਤਪਰ ਰਹਾਂਗੇ ਅਤੇ ਧਰਮ ਦੀ ਚੜ੍ਹਦੀ ਕਲਾ ਲਈ ਹਰ ਕੁਰਬਾਨੀ ਕਰਨ ਨੂੰ ਸਦਾ ਤਿਆਰ-ਬਰ-ਤਿਆਰ ਰਹਾਂਗੇ।

ਜਥੇਦਾਰ ਅਵਤਾਰ ਸਿੰਘ
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਅਦੁੱਤੀ ਅਤੇ ਅਜ਼ੀਮ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ

ਹਕੀਮ ਅੱਲਾ ਯਾਰ ਖਾਂ ਜੋਗੀ ਨੇ ਆਪਣੀ ਰਚਨਾ 'ਗੰਜਿ-ਸ਼ਹੀਦਾਂ' ਵਿਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਖ਼ਸੀਅਤ ਦਾ ਬਿਆਨ ਬੜੇ ਖੂਬਸੂਰਤ ਸ਼ਬਦਾਂ ਵਿਚ ਕੀਤਾ ਹੈ। ਉਸ ਦਾ ਕਹਿਣਾ ਹੈ :
ਇਨਸਾਫ਼ ਕਰੇ ਜੀ ਮੇਂ ਜ਼ਮਾਨਾ ਤੋਂ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।
ਯਹ ਪਿਆਰ ਮੁਰੀਦੋਂ ਸੇ ਯੇਹ ਸ਼ਫ਼ਕਤ ਭੀ ਕਹੀਂ ਹੈ ?
ਭਗਤੀ ਮੇਂ ਗੁਰੂ ਅਰਸ਼, ਸੰਸਾਰ ਜ਼ਿਮੀਂ ਹੈ।
ਉਲਫ਼ਤ ਕੇ ਯੇ ਜਜ਼ਬੇ ਨਹੀਂ ਦੇਖੇ ਕਹੀਂ ਹਮ ਨੇ।
ਹੈ ਦੇਖਨਾ ਇਕ ਬਾਤ ਸੁਨੇ ਭੀ ਨਹੀਂ ਹਮ ਨੇ।
ਇਕ ਹੋਰ ਥਾਂ ਪੀਰਾਂ-ਪੈਗੰਬਰਾਂ ਵਿਚ ਗੁਰੂ ਸਾਹਿਬ ਦੇ ਸਿਰਮੌਰ ਰੁਤਬੇ ਬਾਰੇ ਉਸ ਦਾ ਕਥਨ ਹੈ ਕਿ ਯਾਕੂਬ ਨੂੰ ਆਪਣੇ ਪੁੱਤਰ ਯੂਸਫ਼ ਦੀ ਜੁਦਾਈ ਵਿਚ ਉਮਰ ਭਰ ਰੋਣਾ ਪਿਆ ਸੀ ਪਰ ਸਾਰੇ ਰਸੂਲਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਬਰ-ਸਬੂਰੀ ਵਾਲਾ ਕੋਈ ਹੋਰ ਨਹੀਂ ਹੋਇਆ, ਜਿਸ ਨੇ ਚਾਰ ਬੇਟੇ ਕਟਵਾ ਕੇ ਇਕ ਹੰਝੂ ਵੀ ਨਹੀਂ ਕੇਰਿਆ। ਕੋਈ ਸ਼ੱਕ ਨਹੀਂ, ਗੁਰੂ ਜੀ ਨੇ ਰਿਸ਼ੀਆਂ ਦੇ ਮਰਤਬੇ ਨੂੰ ਹੋਰ ਉੱਚਾ ਕਰ ਦਿੱਤਾ ਸੀ।
ਯਾਕੂਬ ਕੋ ਯੂਸਫ਼ ਕੇ ਬਿਛੜਨੇ ਨੇ ਰੁਲਾਯਾ।
ਸਾਬਰ ਕੋਈ ਕਮ ਐਸਾ ਰਸੂਲੋਂ ਮੇਂ ਹੈ ਆਯਾ।
ਕਟਵਾ ਕੇ ਪਿਸਰ ਚਾਰ ਇਕ ਆਂਸੂ ਨਾ ਗਿਰਾਯਾ।
ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬੜ੍ਹਾਯਾ।
ਅਦੁੱਤੀ ਸ਼ਖ਼ਸੀਅਤ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਕਿਸੇ ਵੀ ਪਹਿਲੂ ਦੀ ਗੱਲ ਕਰੀਏ ਤਾਂ ਕਲਮ ਜੁਆਬ ਦੇ ਜਾਂਦੀ ਹੈ। ਇਨਸਾਨੀ ਸਮਰੱਥਾ ਤੋਂ ਪਰੇ ਹੈ ਉਨ੍ਹਾਂ ਦੀ ਸ਼ਖ਼ਸੀਅਤ ਦਾ ਬਿਆਨ। ਇਕ ਧਰਮ-ਗੁਰੂ, ਇਕ ਵਿਚਾਰਕ, ਇਕ ਕ੍ਰਾਂਤੀਕਾਰੀ, ਇਕ ਯੋਧਾ-ਜਰਨੈਲ, ਇਕ ਸਰਬੰਸਦਾਨੀ, ਇਕ ਸ਼ਾਇਰ, ਇਕ ਸਾਹਿਤਕਾਰ ਅਤੇ ਸਾਹਿਤਕਾਰਾਂ ਦੀ ਸਰਪ੍ਰਸਤੀ ਕਰਨ ਵਾਲੇ ਯੁਗਪੁਰਸ਼ ਦੀ ਤਰ੍ਹਾਂ ਉਨ੍ਹਾਂ ਦੀ ਭੂਮਿਕਾ ਅਦੁੱਤੀ ਰਹੀ ਹੈ।
ਆਪਣੇ ਜੀਵਨ ਦੇ ਉਦੇਸ਼ ਨੂੰ ਸਪੱਸ਼ਟ ਕਰਦਿਆਂ ਆਪਣੀ ਆਤਮਕਥਾ ਵਿਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਪਰਮ-ਪੁਰਖ ਪਰਮਾਤਮਾ ਨੇ ਸੰਸਾਰ 'ਤੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਭੇਜਿਆ ਹੈ ਅਤੇ ਨਾਲ ਹੀ ਇਹ ਫ਼ਰਮਾਨ ਵੀ ਦਿੱਤਾ ਹੈ ਕਿ ਜਿਥੇ ਕਿਤੇ ਲੋੜ ਪਵੇ, ਧਰਮ ਦੇ ਪਾਸਾਰ ਵਿਚ ਰੁਕਾਵਟ ਬਣਨ ਵਾਲੇ ਦੋਖੀਆਂ ਤੇ ਦੁਸ਼ਟਾਂ ਨੂੰ ਸਬਕ ਸਿਖਾਵਾਂ। 'ਸ੍ਰੀ ਗੁਰੂ ਸੋਭਾ' ਦੇ ਰਚਨਾਕਾਰ ਕਵੀ ਸੈਨਾਪਤੀ ਦਾ ਗੁਰੂ ਸਾਹਿਬ ਦੇ ਜੀਵਨ ਉਦੇਸ਼ ਬਾਰੇ ਕਥਨ ਹੈ-'ਦੁਸ਼ਟ ਬਿਡਾਰਣ ਸੰਤ ਉਬਾਰਨ, ਸਭ ਜਗ ਤਾਰਣ ਭਵ ਹਰਣੰ', ਅਰਥਾਤ ਧਰਮ ਦੇ ਪ੍ਰਚਾਰ ਲਈ, ਸੰਤਾਂ ਦੀ ਰੱਖਿਆ ਕਰਨੀ ਅਤੇ ਧਰਮੀ ਨਿਜਾਮ ਦੀ ਕਾਇਮੀ ਦੀ ਰਾਹ ਵਿਚ ਰੁਕਾਵਟ ਪਾਉਣ ਵਾਲੇ ਦੁਸ਼ਟਾਂ ਦਾ ਨਾਸ਼ ਕਰਨਾ ਗੁਰੂ ਸਾਹਿਬ ਦੇ ਜੀਵਨ ਦਾ ਮੁੱਖ ਉਦੇਸ਼ ਸੀ।
ਪਰ ਇਹ ਵੀ ਜੱਗ ਜ਼ਾਹਿਰ ਹੈ ਕਿ ਇਸ ਮਹਾਨ-ਪਵਿੱਤਰ ਉਦੇਸ਼ ਦੀ ਪ੍ਰਾਪਤੀ ਲਈ ਗੁਰੂ ਸਾਹਿਬ ਨੂੰ ਸਾਰਾ ਜੀਵਨ ਸੰਘਰਸ਼ ਕਰਨਾ ਪਿਆ। ਅਤਿ ਦੀ ਅਡੋਲਤਾ, ਦ੍ਰਿੜ੍ਹਤਾ ਅਤੇ ਪਰਿਪੱਕਤਾ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਜ਼ਰੂਰੀ ਸੀ। ਅਕਾਲ-ਪੁਰਖ ਨਾਲ ਕੀਤੇ ਅਹਿਦ ਉੱਪਰ ਕਿਸ ਤਰ੍ਹਾਂ ਪਰਵਾਨ ਚੜ੍ਹੇ ਹਨ ਗੁਰੂ ਗੋਬਿੰਦ ਸਿੰਘ ਜੀ, ਇਸ ਦੀ ਜਿਊਂਦੀ ਜਾਗਦੀ ਮਿਸਾਲ ਪਟਨੇ ਵਿਚ ਪ੍ਰਕਾਸ਼ ਤੋਂ ਲੈ ਕੇ ਅਨੰਦਪੁਰ ਤੱਕ ਅਤੇ ਅਨੰਦਪੁਰ ਤਿਆਗਣ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਦੀ ਉਨ੍ਹਾਂ ਦੀ ਜੀਵਨ ਯਾਤਰਾ ਹੈ।
ਇਤਿਹਾਸ ਗੁਆਹ ਹੈ ਕਿ ਅਨੰਦਪੁਰ ਦਾ ਉਜਾੜਾ, ਪਰਿਵਾਰ ਦਾ ਵਿਛੋੜਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਘਟਨਾਵਾਂ ਗੁਰੂ ਸਾਹਿਬ ਦੇ ਦ੍ਰਿੜ੍ਹ ਸੰਕਲਪ ਨੂੰ ਡੁਲਾ ਨਹੀਂ ਸਕੀਆਂ। ਚਾਰੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇਣ ਤੋਂ ਬਾਅਦ ਜ਼ਫ਼ਰਨਾਮੇ ਵਿਚ ਗੁਰੂ ਸਾਹਿਬ ਨੇ ਫ਼ਰਮਾਇਆ ਸੀ ਕਿ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ, ਆਖਰ ਵਿਚ ਸ਼ਹਿਨਸ਼ਾਹੀਅਤ ਭੁਜੰਗੀ ਖਾਲਸੇ ਪਾਸੋਂ ਮਾਰ ਖਾਵੇਗੀ। ਔਰੰਗਜ਼ੇਬ ਨੂੰ ਕਹੇ ਤਾੜਨਾ ਭਰੇ ਇਹ ਬਚਨ ਗੁਰੂ ਸਾਹਿਬ ਦੇ ਬੁਲੰਦ ਹੌਸਲਿਆਂ ਦੀ ਗਵਾਹੀ ਭਰਦੇ ਹਨ-'ਚੰਗਿਆੜੀਆਂ ਨੂੰ ਬੁਝਾਉਣ ਵਿਚ ਤੇਰੀ ਕੀ ਬਹਾਦਰੀ ਹੈ ਜਦਕਿ ਤੂੰ ਇਕ ਪਰਚੰਡ ਜਵਾਲਾ ਨੂੰ ਹੋਰ ਭੜਕਾ ਰਿਹਾ ਹੈ' :
ਚਿਹਾ ਸ਼ੁਦ ਕਿ ਚੂੰ ਬਚਗਾਂ ਕੁਸ਼ਤ ਚਾਰ।
ਕਿ ਬਾਕੀ ਬਿਮਾਂਦਸਤ ਪੇਚੀਦਾ ਮਾਰ।
ਚਿਹ ਮਰਦੀ ਕਿ ਅਖ਼ਗਰ ਖਮੋਸ਼ਾਂ ਕੁਨੀ।
ਕਿ ਆਤਿਸ਼ ਦਮਾਂ ਰਾ ਫਰੋਜ਼ਾਂ ਕੁਨੀ।
ਸੁਆਮੀ ਵਿਵੇਕਾਨੰਦ ਨੇ ਭਾਰਤ ਦੇ ਇਤਿਹਾਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵਿਲੱਖਣ ਮੁਕਾਮ ਬਾਰੇ ਟਿੱਪਣੀ ਕਰਦਿਆਂ ਅਤੇ ਆਪਣੀ ਅਕੀਦਤ ਪੇਸ਼ ਕਰਦਿਆਂ ਕਿਹਾ ਸੀ, 'ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਹੋ ਜਿਹੀ ਦੀਖਿਆ (ਅੰਮ੍ਰਿਤ ਦੀ ਦਾਤ) ਦਿੱਤੀ ਸੀ, ਜਿਸ ਨਾਲ ਉਨ੍ਹਾਂ ਵਿਚ ਅਥਾਹ ਸ਼ਕਤੀ ਦਾ ਸੰਚਾਰ ਹੋ ਗਿਆ ਸੀ। ਹਰ ਇਕ ਦੀਖਿਅਤ ਮਨੁੱਖ ਵਿਚ ਸਵਾ ਲੱਖ ਲੋਕਾਂ ਦੀ ਸ਼ਕਤੀ ਸਮਾਹਿਤ ਹੋ ਗਈ ਸੀ। ਭਾਰਤ ਵਿਚ, ਉਸ ਦੇ ਇਤਿਹਾਸ ਵਿਚ ਇਸ ਵਰਗੀ ਕੋਈ ਹੋਰ ਮਿਸਾਲ ਵਿਰਲੀ ਹੀ ਮਿਲੇਗੀ, ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿਖਾਇਆ ਸੀ।'
ਹਿੰਦੀ ਜਗਤ ਦੇ ਮੰਨੇ-ਪ੍ਰਮੰਨੇ ਸਾਹਿਤਕਾਰ ਹਜਾਰੀ ਪ੍ਰਸਾਦ ਦਿਵੇਦੀ ਮੁਤਾਬਿਕ ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਵਿਖਾਇਆ, ਉਹ ਇਕ ਬਹੁਤ ਵੱਡਾ ਇਤਿਹਾਸਕ ਚਮਤਕਾਰ ਸੀ। ਉਨ੍ਹਾਂ ਦੁਆਰਾ ਲਿਖੀ ਇਬਾਰਤ ਇਸ ਤਰ੍ਹਾਂ ਹੈ :
'ਧੰਨ ਹੈ ਉਹ ਦੇਸ਼, ਜਿਥੇ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਏ ਸਨ। ਉਹ ਮਹਾਨ ਸੰਤ ਅਤੇ ਮਹਾਨ ਯੋਧਾ ਸਨ। ਉਨ੍ਹਾਂ ਨੇ ਇਸ ਦੇਸ਼ ਦੀ ਜਨਤਾ ਦੀ ਅਪਾਰ ਸ਼ਕਤੀ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਨੂੰ ਯਾਦ ਕਰਕੇ ਅਸੀਂ ਅੱਜ ਵੀ ਨਵੀਂ ਪ੍ਰੇਰਨਾ ਅਤੇ ਸ਼ਕਤੀ ਹਾਸਲ ਕਰ ਸਕਦੇ ਹਾਂ, ਹਾਸਲ ਕਰ ਵੀ ਰਹੇ ਹਾਂ। ਗੁਰੂ ਜੀ ਮਹਾਨ ਸੰਤ ਸਨ। ਪ੍ਰਸਥਿਤੀਆਂ ਨੇ ਉਨ੍ਹਾਂ ਨੂੰ ਸ਼ਸਤਰ ਧਾਰਨ ਕਰਨ ਦੀ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਸੀ। ਇਤਿਹਾਸ ਦੇ ਪੰਡਿਤਾਂ ਨੇ ਬੜੇ ਅਸਚਰਜ ਨਾਲ ਦੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਦਭੁੱਤ ਚਮਤਕਾਰ ਕਰ ਦਿਖਾਇਆ। ਜਨਤਾ ਨਿਰਾਸ਼ ਸੀ, ਉਸ ਵਿਚ ਕਿਸੇ ਕਿਸਮ ਦਾ ਆਤਮ-ਸਨਮਾਨ ਨਹੀਂ ਸੀ ਰਹਿ ਗਿਆ। ਅੱਤਿਆਚਾਰ ਅਤੇ ਅਨਾਚਾਰ ਨੂੰ ਕਿਸਮਤ ਦਾ ਦੋਸ਼ ਕਹਿ ਕੇ ਸਵੀਕਾਰ ਕਰ ਲਿਆ ਸੀ। ਐਸੇ ਹੀ ਲੋਗਾਂ ਵਿਚ ਉਨ੍ਹਾਂ ਨੇ ਮਹਾਨ ਸੂਰਬੀਰ ਪੈਦਾ ਕਰ ਦਿੱਤੇ। ਮੌਤ ਦੇ ਡਰ ਨੂੰ ਮੰਨੋ, ਮੰਤਰ ਦੀ ਸ਼ਕਤੀ ਨਾਲ ਉੜਾ ਦਿੱਤਾ। ਸਿਰ ਹਥੇਲੀ ਉੱਤੇ ਰੱਖ ਕੇ ਇਨ੍ਹਾਂ ਯੋਧਿਆਂ ਨੇ ਅਨਿਆਂ ਨੂੰ ਲਲਕਾਰਿਆ ਅਤੇ ਦੇਖਦਿਆਂ-ਦੇਖਦਿਆਂ ਇਤਿਹਾਸ ਪਲਟ ਦਿੱਤਾ। ਇਤਿਹਾਸ ਵਿਚ ਇਹੋ ਜਿਹੀ ਕੋਈ ਹੋਰ ਘਟਨਾ ਘੱਟ ਹੀ ਵੇਖੀ ਗਈ ਹੈ। ਕਾਲ ਦੇ ਰਥ-ਚੱਕਰ ਨੂੰ ਇਸ ਤਰ੍ਹਾਂ ਮੋੜ ਦੇਣਾ, ਗੁਰੂ ਜੀ ਦੀ ਹੀ ਕਰਾਮਾਤ ਸੀ।'
ਭਾਈ ਵੀਰ ਸਿੰਘ ਦੀ ਇਕ ਲਿਖਤ ਦਾ ਜ਼ਿਕਰ ਵੀ ਮੈਂ ਇਥੇ ਕਰਨਾ ਚਾਹੁੰਦਾ ਹਾਂ। ਭਾਈ ਸਾਹਿਬ ਨੇ ਬੜੇ ਨਿਵੇਕਲੇ ਅੰਦਾਜ਼ ਵਿਚ ਭਾਰਤੀ ਇਤਿਹਾਸ ਦੀ ਸਚਾਈ ਬਿਆਨ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਕਲਮਬੰਦ ਕੀਤਾ ਹੈ। ਉਨ੍ਹਾਂ ਦੀ ਲਿਖਤ ਇਸ ਤਰ੍ਹਾਂ ਹੈ : 'ਅਸੀਂ ਉਨ੍ਹਾਂ ਵਿਚੋਂ ਹੀ ਨਿਕਲੇ ਹਾਂ, ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਵੱਸ ਮੌਤਾਂ ਦੇ ਕਾਰਨ ਇਕ ਪਹਾੜ ਦਾ ਨਾਮ ਹੀ 'ਹਿੰਦੂ ਕੁਸ਼' ਰੱਖ ਦਿੱਤਾ ਗਿਆ ਹੈ। ਜਿਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਝੱਲ ਸਕਣ ਕਰਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ਹਿੰਦੂ ਕੁਸ਼ ਧਰ ਦਿੱਤਾ ਹੈ। ਵਾਹ ਉਇ ਸਾਹਿਬਾ! ਸੁਹਣੇ ਕੁੰਡਿਆਲੇ ਕੇਸਾਂ ਵਾਲੇ ਕਲਗੀਧਰ! ਧੰਨ ਤੇਰੀ ਜਿੰਦ! ਤੇ ਜਿੰਦ ਪਾਣ ਦੀ ਰੱਬੀ ਤਾਕਤ! ਇਨ੍ਹਾਂ ਮਰ ਮਿਟਿਆਂ ਹਿੰਦੀਆਂ ਵਿਚ ਤੂੰ ਕਿਹੜੀ ਅਮਰ, ਅਝੁਕ, ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ, ਤੇਰੇ ਆਪਣੇ ਬੱਚਿਆਂ ਵਾਲੀ, ਬੀਰਤਾ ਦਿਖਾਉਂਦੇ ਹਨ। ਹਾਂ, ਸੁਹਣੇ ਕੇਸਾਂ ਵਾਲਿਆ! ਤੂੰ ਹੀ ਆਪਣੇ ਜਾਏ, ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁੱਤਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁੱਤਰ ਹੋਰ ਹਨ-ਜੋ ਖਾਲਸਾ ਕਹੀਦੇ ਹਨ ਤੇ ਏਹ ਮੇਰੇ ਖਾਲਸਾ ਜੀ ਇਕ 'ਪੁੱਤਰ-ਸੋਮਾ' ਹੈ। ਮੇਰਾ ਇਹ ਪੁੱਤਰ-ਅਮਰ ਪੁੱਤਰ ਹੈ, ਸਦਾ ਜੀਏਗਾ। 'ਖਾਲਸਾ' ਅਮਰ ਹੈ। ਹਾਂ, ਤੂੰ ਸਾਨੂੰ ਪੁੱਤਰ ਬਨਾਇਆ ਸੀ, ਤੇ ਅਮਰ ਪੁੱਤਰ ਬਨਾਇਆ ਸੀ। ਫੇਰ ਤੇਰੇ ਇਹ ਅਮਰ ਬੱਚੇ ਕੀਕੂੰ ਨਾ, ਤੇਰੇ ਆਪਣੇ ਜਾਏ ਬੱਚਿਆਂ ਵਾਲੀ ਅਹਿੱਲ, ਅਝੁੱਕ, ਅਬੁਝ ਅੱਗ ਦਾ ਅਲਾਂਬਾ ਹੋਣ।'
ਆਖਰ ਵਿਚ ਮਹਾਂਕਵੀ ਸੰਤੋਖ ਸਿੰਘ ਦੀ ਇਕ ਰਚਨਾ ਦਾ ਹਵਾਲਾ ਦੇ ਕੇ ਲੇਖ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਭਾਰਤ ਦੇਸ਼ ਦੀ ਸਭ ਤੋਂ ਵੱਡੀ ਖੂਬਸੂਰਤੀ ਅਤੇ ਤਾਕਤ ਉਸ ਦੀ ਵਿਭਿੰਨਤਾ, ਉਸ ਦੀ ਵੰਨ-ਸੁਵੰਨਤਾ ਵਿਚ ਹੈ ਪਰ ਭਾਈ ਸਾਹਿਬ ਦਾ ਇਹ ਨਿਰਣਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਓਪਕਾਰ ਨਾ ਕਰਦੇ ਤਾਂ ਉਸ ਦੀ ਅਨੇਕਤਾ ਅਤੇ ਉਸ ਦੀ ਅਨੇਕਤਾ ਵਾਲੀ ਹੋਂਦ ਹੀ ਖਤਮ ਹੋ ਜਾਣੀ ਸੀ :
'ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਹੀ ਪਰਪੱਕ ਜਾਤੇ, ਧਰਮ ਧਸੱਕ ਜਾਤੇ
ਵਰਨ ਗਰਕ ਜਾਤੇ, ਸਾਹਿਤ ਬਿਧਾਨ ਕੀ।
ਦੇਵੀ ਦੇਵ ਦੇਹੁਰਾ ਸੰਤੋਖ ਸਿੰਘ ਦੂਰ ਹੋ ਤੇ
ਰੀਤਿ ਮਿਟ ਜਾਤੀ ਕਥਾ ਬੇਦਨ ਪੁਰਾਨ ਦੀ।
ਸ੍ਰੀ ਗੁਰੂ ਗੋਬਿੰਦ ਪਾਵਨ ਪਰਮ ਸੁਰ
ਮੂਰਤਿ ਨਾ ਹੋਤੀ ਜਓਮੈ ਕਰੁਣਾ ਨਿਧਾਨ ਕੀ॥'

ਡਾ: ਜਸਪਾਲ ਸਿੰਘ
-ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ, ਪਟਿਆਲਾ

 

ਸਰਬ ਕਲਾ ਸੰਪੂਰਨ ਗੁਰੂ ਗੋਬਿੰਦ ਸਿੰਘ

ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਇਲਾਹੀ ਜੋਤਿ ਸਰਬੰਸਦਾਨੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬ ਕਲਾ ਸੰਪੂਰਨ ਸ਼ਖ਼ਸੀਅਤ ਹਨ। 'ਸਰਬ ਕਲਾ ਲੈ ਠਾਕੁਰ ਚੜ੍ਹਿਆ' ਦੇ ਵਾਕ ਅਨੁਸਾਰ ਤਖ਼ਤ 'ਤੇ ਬੈਠ ਕੇ ਗੁਰੂ ਕਲਗੀਆਂ ਵਾਲੇ ਸਾਹਿਬ ਤੇ ਸੱਚੇ ਪਾਤਸ਼ਾਹ ਹਨ ਜਦਕਿ ਸੰਗਤ ਵਿਚ ਬੈਠੇ ਦਰਵੇਸ਼ ਹਨ। ਮਰਦ ਅਗੰਮੜੇ ਤੇ ਵਰਿਆਮ ਪਾਤਸ਼ਾਹ ਰਣਭੂਮੀ ਵਿਚ ਸੂਰਬੀਰ ਜਰਨੈਲ ਹਨ ਲੇਕਿਨ ਦਇਆਵਾਨ ਇਤਨੇ ਕਿ ਉਨ੍ਹਾਂ ਦੇ ਹਰ ਤੀਰ ਨਾਲ ਇਕ ਤੋਲਾ ਸੋਨਾ ਲੱਗਾ ਹੋਇਆ ਜੋ ਮਰਨ ਵਾਲੇ ਦੇ ਅੰਤਿਮ ਕਿਰਿਆ ਕਰਮ ਤੇ ਫੱਟੜ ਹੋਏ ਦੇ ਇਲਾਜ ਦੇ ਕੰਮ ਆ ਸਕੇ। 14 ਯੁੱਧ ਲੜਦੇ ਹਨ ਲੇਕਿਨ ਦੁਸ਼ਮਣ 'ਤੇ ਪਹਿਲਾਂ ਵਾਰ ਨਹੀਂ ਕੀਤਾ। ਸਾਰੇ ਹੀ ਯੁੱਧ ਕਿਸੇ ਇਕ ਇੰਚ ਜ਼ਮੀਨ ਜਾਂ ਜ਼ਰ ਜ਼ੋਰੂ ਲਈ ਨਹੀਂ ਬਲਕਿ ਧਰਮ ਦੀ ਰਾਖੀ ਲਈ, ਜ਼ੁਲਮ ਦੇ ਨਾਸ਼ ਲਈ ਹਨ। ਅਕਾਲ ਪੁਰਖ ਦੇ ਪੁੱਤਰ ਦਾ ਕੋਈ ਦੁਸ਼ਮਣ ਨਹੀਂ ਹੈ। ਬ੍ਰਹਮ ਗਿਆਨਤਾ ਨੂੰ ਪ੍ਰਾਪਤ ਉਨ੍ਹਾਂ ਦਾ ਇਕ ਸਿੱਖ, ਭਾਈ ਘਨੱਈਆ ਸਿੱਖਾਂ ਤੇ ਦੁਸ਼ਮਣਾਂ ਵਿਚ ਅਕਾਲ ਪੁਰਖ ਦੀ ਇਕ ਜੋਤ ਦੇਖ ਮਿੱਤਰ ਅਤੇ ਦੁਸ਼ਮਣ ਨੂੰ ਇਕ ਸਮਾਨ ਜਾਣ, ਜਲ ਛਕਾਉਂਦੇ ਹਨ। ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉੱਤਰ ਕਿ 'ਪਾਤਸ਼ਾਹ ਮੈਨੂੰ ਤਾਂ ਜੰਗ ਵਿਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ', ਸੁਣ ਕੇ ਪਾਤਸ਼ਾਹ ਉਸ ਨੂੰ ਮਰਹਮ ਪੱਟੀ ਦੇ ਕੇ ਕਹਿੰਦੇ ਹਨ ਕਿ ਹੁਣ ਤੁਸੀਂ ਜਲ ਦੇ ਨਾਲ-ਨਾਲ ਮਰਹਮ ਪੱਟੀ ਵੀ ਕਰਨੀ ਹੈ।
ਸੀਸ ਭੇਟ ਕਰਨ ਆਏ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਦਸਮੇਸ਼ ਪਿਤਾ ਖਾਲਸੇ ਦੀ ਸਾਜਨਾ ਕਰਦੇ ਹਨ ਤੇ ਫਿਰ ਉਨ੍ਹਾਂ ਹੀ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਪਾਹੁਲ ਦੀ ਯਾਚਨਾ ਕਰਦੇ ਹਨ। ਧਰਮ ਦੇ ਇਤਿਹਾਸ ਵਿਚ ਪਹਿਲੀ ਵਾਰ ਗੁਰੂ ਤੇ ਚੇਲੇ ਦਰਮਿਅਨ ਵਿੱਥ ਖਤਮ ਹੋਈ। ਗੁਰੂ ਨਾਨਕ ਸਾਹਿਬ ਦੇ ਬਚਨ, 'ਗੁਰੂ ਸਿਖ ਸਿਖ ਗੁਰੁ ਹੈ' ਇਉਂ ਪ੍ਰਤੱਖ ਹੋਏ ਅਤੇ ਇਕ ਨਿਵੇਕਲੇ ਤੇ ਵਿਲੱਖਣ ਅਧਿਆਤਮਕ ਲੋਕਤੰਤਰ ਤੇ ਗੁਣਤੰਤਰ (ਖਾਲਸਾ) ਦੀ ਸਿਰਜਣਾ ਕਰ ਦਸਮੇਸ਼ ਪਿਤਾ, 'ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ' ਕਹਿਲਾਏ।
ਆਪਣੇ ਸੰਸਾਰ ਆਗਮਨ ਦਾ ਮਕਸਦ ਤੇ ਆਪਣੀ ਅਵਸਥਾ ਵੀ ਪਾਤਸ਼ਾਹ ਆਪ ਹੀ ਆਪਣੀ ਆਤਮ ਕਥਾ, ਜਿਸ ਦਾ ਨਾਂਅ ਦਸਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਲਿਖਿਆ ਹੈ, ਵਿਚ ਵਰਨਣ ਕਰਦੇ ਹਨ-
'ਚਿਤ ਨ ਭਯੋ ਹਮਰੋ ਆਵਨ ਕਹ॥
ਚੁਭੀ ਰਹੀ ਸ੍ਰੁਤਿ ਪ੍ਰਭ ਚਰਨਨ ਮਹਿ॥'
...............
'ਮੈ ਅਪੁਨਾ ਸੁਤ ਤੋਹਿ ਨਿਵਾਜਾ॥
ਪੰਥੁ ਪ੍ਰਚੁਰ ਕਰਬੇ ਕਹੁ ਸਾਜਾ॥
ਜਾਹਿ ਤਹਾਂ ਤੈ ਧਰਮ ਚਲਾਇ॥
ਕਬੁਧਿ ਕਰਨ ਤੇ ਲੋਕ ਹਟਾਇ॥'
ਕੁੱਲ ਆਲਮ ਵਿਚ ਐਸਾ ਕੋਈ ਪੀਰ, ਪੈਗ਼ੰਬਰ, ਔਲੀਆ, ਸੰਤ, ਭਗਤ ਨਹੀਂ ਹੋਇਆ, ਜਿਸ ਦਾ ਰੱਬ ਨਾਲ ਇਸ਼ਕ ਐਸਾ ਸਾਦਿਕ ਹੋਇਆ ਹੋਵੇ ਜੈਸਾ 42 ਸਾਲ ਦੀ ਹਯਾਤੀ ਵਿਚ ਗੁਰੂ ਗੋਬਿੰਦ ਸਿੰਘ ਨੇ ਨਿਭਾਇਆ। ਪਰਮ ਪੁਰਖ ਦੇ ਦਾਸ ਵਜੋਂ ਇਹ ਜਗਤ ਤਮਾਸ਼ਾ ਵੇਖਿਆ, ਮਾਣਿਆ, ਧਰਮ ਚਲਾਵਣ, ਦੁਸਟ ਉਪਾਰਣ ਅਤੇ ਪੰਥ ਪ੍ਰਚੁਰ ਕਰਨ ਦੇ ਅਕਾਲ ਪੁਰਖ ਵਾਹਿਗੁਰੂ ਦੇ ਆਦੇਸ਼ ਨੂੰ ਨਿਭਾਉਣ ਵਿਚ ਸਰਬੰਸ ਵਾਰ ਦਿੱਤਾ। ਦੁਨੀਆ ਵਿਚ ਕੋਈ ਗੁਰੂ ਪਾਤਸ਼ਾਹ ਦਾ ਸਾਨੀ ਨਹੀਂ ਹੋਇਆ, ਜਿਸ ਨੇ ਆਪ ਆਪਣੇ ਪਿਤਾ ਨੂੰ ਪਰ ਧਰਮ ਬਚਾਉਣ ਹਿੱਤ ਤੋਰਿਆ, ਚਮਕੌਰ ਦੀ ਅਸਾਵੀਂ ਜੰਗ ਵਿਚ ਦੋ ਪੁੱਤਰਾਂ ਨੂੰ ਹੱਥੀਂ ਤਿਆਰ ਕਰਕੇ ਮੈਦਾਨੇ ਜੰਗ ਤੋਰਿਆ ਤੇ ਸਾਹਮਣੇ ਸ਼ਹੀਦ ਹੁੰਦਾ ਵੇਖਿਆ। ਪਰਮ ਪਿਤਾ ਦੇ ਹੁਕਮ ਵਿਚ ਹੀ ਅਨੰਦਪੁਰ ਸਾਹਿਬ ਵਿਖੇ ਸ਼ਹਿਨਸ਼ਾਹ ਦਾ ਜੀਵਨ ਜੀਵਿਆ ਤੇ ਮਾਛੀਵਾੜੇ ਦੇ ਜੰਗਲ ਵਿਚ ਨੰਗੇ ਪੈਰੀਂ ਕੱਖ-ਕੰਡੇ ਮਿੱਧਦਿਆਂ ਇੱਟ ਦਾ ਸਿਰਹਾਣਾ ਲੈ ਕੇ ਆਰਾਮ ਕੀਤਾ। ਅਜਿਹੇ ਹਾਲਾਤ ਵਿਚ ਵੀ ਜਦੋਂ ਮਾਹੀ ਨੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਸਰਹਿੰਦ ਦੇ ਜ਼ਾਲਮ ਨਵਾਬ ਵੱਲੋਂ ਕੰਧਾਂ ਵਿਚ ਚਿਣਵਾ ਕੇ ਸ਼ਹੀਦ ਕਰਨ, ਮਾਤਾ ਗੁਜਰੀ ਦੀ ਸ਼ਹਾਦਤ ਦੀ ਦਰਦਨਾਕ ਗਾਥਾ ਸੁਣਾਈ ਤਾਂ ਗੁਰਦੇਵ ਨੇ ਤੀਰ ਨਾਲ ਘਾਹ ਦਾ ਤਿਣਕਾ ਪੁਟ ਐਨਾ ਹੀ ਕਿਹਾ, 'ਮੁਗਲ ਰਾਜ ਦੀ ਜੜ੍ਹ ਪੁੱਟੀ ਗਈ'। ਲੇਕਿਨ ਕੋਈ ਗਮ ਜਾਂ ਰੰਜ ਉਨ੍ਹਾਂ ਦੇ ਚਿਹਰੇ 'ਤੇ ਨਹੀਂ ਸੀ। ਕੋਈ ਉਲ੍ਹਾਮਾ ਆਪਣੇ ਪ੍ਰੀਤਮ ਪਿਆਰੇ ਨੂੰ ਨਹੀਂ ਦਿੱਤਾ। ਗੁਰਮਤਿ ਅਨੁਸਾਰ, 'ਉਲਾਹਣ ਮੈ ਕਾਹੁੰ ਨਾ ਦੀਓ ਮਨਿ ਮੀਠ ਤਹਾਰੋ ਕੀਓ'। ਅਰਦਾਸ ਕੀਤੀ ਉਸ ਪਰਮ ਪਿਤਾ ਪਰਮਾਤਮਾ ਪਾਸ, 'ਜਿਸ ਕੀ ਵਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ', 'ਸ਼ੁਕਰ ਹੈ ਆਜ ਤੇਰੀ ਅਮਾਨਤ ਅਦਾ ਹੁਈ'। ਧਰਤੀ ਤੇ ਆਸਮਾਨ ਕੰਬ ਉਠਿਆ ਲੇਕਿਨ ਸਤਿਗੁਰੂ ਅਡੋਲ ਰਹੇ ਤੇ ਆਪਣੇ ਮਿੱਤਰ-ਪਿਆਰੇ (ਅਕਾਲ ਪੁਰਖ ਵਾਹਿਗੁਰੂ) ਨੂੰ ਮੁਖਾਤਬ ਹੋ ਆਪਣੀ ਪ੍ਰੀਤ ਪੁਗਾਉਣ ਦੀ ਬੇਨਤੀ ਕੀਤੀ 'ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ... ਯਾਰੜੇ ਦਾ ਸਾਨੂੰ ਸੱਥਰ ਚੰਗਾ...' 'ਤੇ ਚੱਲ ਕੇ ਹੁਕਮ ਦੀ ਰਜ਼ਾ ਵਿਚ ਚੱਲਣ ਦਾ ਸੰਕਲਪ ਆਉਂਦੀਆਂ ਪੀੜ੍ਹੀਆਂ ਲਈ ਪ੍ਰਕਾਸ਼ਮਾਨ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਐਸੇ ਹੀ ਸੰਤ-ਸਿਪਾਹੀ ਸੂਰਮੇ ਹਨ ਜੋ ਆਪਣਾ ਜੀਵਨ ਮਨੋਰਥ ਵੀ ਦੱਸਦੇ ਹਨ 'ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥' ਗੁਰਬਾਣੀ ਵਿਚ ਐਸੇ ਪੁਰਖ ਨੂੰ ਹੀ ਧੰਨਤਾ ਦੇ ਯੋਗ ਮੰਨਿਆ ਗਿਆ ਹੈ, 'ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁੱਧ ਬਿਚਾਰੈ' ਗੁਰੂ ਦਸਮੇਸ਼ ਨੇ ਸ਼ਸਤਰ ਧਾਰਨ ਕਰਕੇ ਸ਼ਸਤਰਾਂ ਦੀ ਵਰਤੋਂ ਹੀ ਨਹੀਂ ਕੀਤੀ, ਬਲਕਿ ਸ਼ਸਤਰਾਂ ਨੂੰ ਮਾਣਿਆ ਹੈ। 'ਨਮੋ ਸ਼ਸਤ੍ਰ ਮਾਣੇ'। ਗੁਰ ਇਤਿਹਾਸ 'ਤੇ ਝਾਤੀ ਮਾਰੀ ਜਾਏ ਤਾਂ ਤਾਕਤਵਰ ਬਾਦਸ਼ਾਹ ਤੇ ਜ਼ਾਲਮ ਦੇ ਸਨਮੁਖ ਸੱਚ ਨੂੰ ਸੱਚ ਕਹਿਣ ਦੀ ਜੁਰਅੱਤ, ਸ਼ਾਂਤ, ਸਹਿਜ, ਸੁਹਜ, ਕੁਰਬਾਨੀ, ਆਪਾ ਵਾਰਨ ਦੀ ਹਕੀਕਤ, ਸਚਾਈ ਤੇ ਸਿੱਖਿਆ ਸਾਫ ਵੇਖਣ ਨੂੰ ਮਿਲਦੀ ਹੈ। ਹੱਕ ਸੱਚ ਇਨਸਾਫ ਖਾਤਰ ਸਾਰੇ ਹੀਲੇ ਵਿਅਰਥ ਚਲੇ ਜਾਣ 'ਤੇ ਹੀ ਸ਼ਸਤਰ ਦਾ ਸਹਾਰਾ ਲਿਆ 'ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥' ਆਪਣੇ 'ਤੇ ਹੋਣ ਵਾਲੇ ਹਰ ਹਮਲੇ ਦੇ ਮੁਕਾਬਲੇ ਲਈ ਯੁੱਧ ਕੀਤਾ ਅਤੇ 14 ਜੰਗਾਂ ਲੜਨ ਉਪਰੰਤ ਵੀ ਇਕ ਇੰਚ ਭਰ ਵੀ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਕਰ ਦੁਨਿਆਵੀ ਬਾਦਸ਼ਾਹਤ ਕਾਇਮ ਨਹੀਂ ਕੀਤੀ। ਉਨ੍ਹਾਂ ਦੀ ਪ੍ਰਭੂ ਦੇ ਚਰਨਾਂ ਵਿਚ ਐਸੀ ਪ੍ਰੀਤ, ਲਿਵ ਜੁੜੀ ਕਿ ਉਹ ਯੁੱਧ ਗਰੀਬ (ਦੀਨ) ਮਜ਼ਲੂਮਾਂ ਦੀ ਰੱਖਿਆ ਲਈ ਅਤੇ ਜ਼ਾਲਮ ਜਰਵਾਣੇ ਦੀ ਭੱਛਿਆ ਲਈ ਕਰਦੇ ਹਨ ਪਰ ਮੰਤਵ ਇਹੀ ਹੈ ਕਿ ਜਾਲਮ-ਜ਼ੁਲਮ ਦਾ ਰਾਹ ਛੱਡ ਦੇਵੇ ਅਤੇ ਰਾਜ ਨੂੰ ਲੋਕਾਂ ਦੇ ਹਿਤ ਵਿਚ ਚਲਾਵੇ। ਇਸੇ ਲਈ ਉਹ ਐਸੇ ਯੁੱਧਾਂ ਨੂੰ 'ਨਮੋ ਜੁੱਧ ਜੁੱਧੇ' ਉਚਾਰ ਕੇ ਸਿਜਦਾ ਕਰਦੇ ਹਨ।
ਗੁਰੂ ਪਾਤਸ਼ਾਹ ਦੇ ਸ਼ਸਤਰਾਂ ਦੇ ਜੌਹਰ ਬਾਰੇ ਤਾਂ ਦੁਨੀਆ ਜਾਣਦੀ ਹੈ, ਲੇਕਿਨ ਉਹ ਕਲਮ ਦੇ ਵੀ ਅਜ਼ੀਮ ਧਨੀ ਹਨ ਕਿ ਉਨ੍ਹਾਂ ਦੀ ਬਾਣੀ ਵਿਚ ਕਵਿਤਾ ਦੀ ਹਰ ਵੰਨਗੀ ਮਿਲਦੀ ਹੈ। ਕਲਮ ਦੀ ਕਰਾਮਾਤ ਉਸ ਜ਼ਫਰਨਾਮੇ ਵਿਚ ਹੈ ਜੋ ਉਨ੍ਹਾਂ ਬੇਸਰੋ ਸਮਾਨਗੀ ਦੀ ਹਾਲਤ ਵਿਚ ਦੀਨਾ ਕਾਂਗੜ ਬੈਠ ਜ਼ਾਲਮ ਔਰੰਗਜ਼ੇਬ ਬਦਸ਼ਾਹ ਨੂੰ ਲਿਖ ਭੇਜਿਆ।
ਜਿਸ ਨਿਰਮਲ ਪੰਥ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਨੇ ਵੇਈਂ ਨਦੀ ਦੇ ਕੰਢੇ ਕੀਤੀ, ਦਸਮ ਪਿਤਾ ਨੇ ਸਤਲੁਜ ਦਰਿਆ ਦੇ ਤੱਟ ਨੇੜੇ ਉਸੇ ਧਰਮ ਪੰਧ ਨੂੰ ਸੰਪੂਰਨ ਕੀਤਾ-
ਗੁਰੁਬਰ ਅਕਾਲ ਕੇ ਹੁਕਮ
ਸਿਉਂ ਉਪਜਿਓ ਬਿਗਿਆਨਾ।
ਤਬ ਸਹਿਜੇ ਰਚਿਓ ਖਾਲਸਾ
ਸਾਬਤ ਮਰਦਾਨਾ।
ਹਰ ਸੰਕਟ ਤੇ ਮੁਸ਼ਕਿਲ ਵਿਚ ਗੁਰੂ ਜੀ ਆਪ ਅਡਿੱਗ ਅਤੇ ਅਡੋਲ ਰਹੇ 'ਮਨੁ ਨ ਡਿਗੈ ਤਨੁ ਕਾਹੇ ਕਅੁ ਡਰਾਇ॥' ਬਲਕਿ ਉਨ੍ਹਾਂ ਨੇ ਜਿਸ ਖ਼ਾਲਸੇ ਦੀ ਸਿਰਜਣਾ ਕੀਤੀ, ਉਸ ਨੂੰ ਵੀ ਅਜਿੱਤ ਬਣਾ ਦਿੱਤਾ। 'ਨ ਡਰੋਂ ਅਰਿ ਸੋਂ ਜਬ ਜਾਇ ਲਰੋਂ॥ ਅਤ ਹੀ ਰਨ ਮੈ ਤਬ ਜੂਝ ਮਰੋਂ' ਦੇ ਐਸੇ ਪ੍ਰੇਰਨਾ ਭਰੇ ਮਾਰਗ 'ਤੇ ਆਪ ਚੱਲੇ ਅਤੇ ਚੱਲਣ ਦੀ ਪ੍ਰੇਰਨਾ ਦਿੱਤੀ।
ਜੇ ਉਹ ਖ਼ਾਲਸਾ ਸਾਜਦੇ ਹਨ ਤਾਂ ਉਸ ਨੂੰ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਅਕਾਲ ਪੁਰਖ ਦੇ ਲੜ ਲਾਉਂਦੇ ਹਨ। 'ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ। ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ।' ਜੇ ਉਹ ਬਾਣੀ ਉਚਾਰਦੇ ਹਨ ਤਾਂ 'ਗੁਰ ਪ੍ਰਸਾਦਿ, ਤ੍ਵ ਪ੍ਰਸਾਦਿ, ਕਬਿਯੋ ਬਾਚ ਬੇਨਤੀ ਚੌਪਈ' ਹੀ ਕਹਿੰਦੇ ਹਨ।
ਅੱਜ ਲੋੜ ਹੈ ਐਸੇ ਮਹਾਨ ਸਰਬੰਸਦਾਨੀ ਯੋਧੇ ਦੁਆਰਾ ਸਥਾਪਿਤ ਕੀਤੇ ਆਦਰਸ਼ਾਂ ਨੂੰ ਇਕ ਵਾਰ ਫਿਰ ਪ੍ਰਚਾਰਨ ਤੇ ਪ੍ਰਸਾਰਨ ਦੀ, ਤਾਂ ਜੋ ਅਸੀਂ ਨਸ਼ਿਆਂ ਤੇ ਪਤਿਤਪੁਣੇ ਵਿਚ ਗਲਤਾਨ ਹੋ ਰਹੇ ਨੌਜੁਆਨਾਂ ਨੂੰ ਮੁੜ ਸਿੱਖੀ ਮਾਰਗ 'ਤੇ ਲਿਆ ਸਕੀਏ।

ਮਨਜੀਤ ਸਿੰਘ ਕਲਕੱਤਾ
-ਸਾਬਕਾ ਕੈਬਨਿਟ ਮੰਤਰੀ, ਪੰਜਾਬ।
ਮੋਬਾ: 098140-50679.

 

ਦਸਮ ਪਾਤਸ਼ਾਹ ਦੀ ਵਾਸਤਵਿਕ ਸੋਚ

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੱਕ ਗੁਰੂ-ਘਰ ਦਾ ਮੁਗਲ ਸਰਕਾਰ ਨਾਲ ਟਕਰਾਓ ਚਲਦਾ ਰਿਹਾ। ਫਿਰ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ 'ਤੇ ਬੈਠੇ। ਉਨ੍ਹਾਂ ਦੀ ਉਮਰ 24-25 ਸਾਲ ਹੋਈ ਤਾਂ ਅਨੰਦਪੁਰ ਸਾਹਿਬ ਉੱਤੇ ਕਦੀ ਲਾਹੌਰ ਤੋਂ ਅਤੇ ਕਦੀ ਕਾਂਗੜੇ ਦੇ ਫੌਜਦਾਰ ਵੱਲੋਂ ਹਮਲੇ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਹਮਲਿਆਂ ਵਿਚ ਪਹਾੜੀ ਰਾਜਿਆਂ ਦਾ ਵੀ ਹੱਥ ਹੁੰਦਾ ਸੀ ਪਰ ਗੁਰੂ ਸਾਹਿਬ ਵਿਰੁੱਧ ਇਹ ਸਾਰੀਆਂ ਮੁਹਿੰਮਾਂ ਅਸਫਲ ਹੋ ਗਈਆਂ। ਇਨ੍ਹਾਂ ਸਾਰੀਆਂ ਮੁਹਿੰਮਾਂ ਦੀ ਖਬਰ ਬਾਦਸ਼ਾਹ ਔਰੰਗਜ਼ੇਬ ਨੂੰ ਦੱਖਣ ਵਿਚ ਮਿਲਦੀ ਰਹਿੰਦੀ ਸੀ। ਸ਼ਾਹੀ ਫੌਜਾਂ ਦੀ ਹਾਰ ਤੋਂ ਔਰੰਗਜ਼ੇਬ ਬੜਾ ਪ੍ਰੇਸ਼ਾਨ ਹੋਇਆ। ਉਸ ਨੇ ਗੁੱਸਾ ਖਾ ਕੇ ਆਪਣੇ ਪੁੱਤਰ ਮੁਹੰਮਦ ਮੁਅੱਜ਼ਮ ਸ਼ਾਹ ਆਲਮ ਨੂੰ ਪੰਜਾਬ ਦੇ ਹਾਲਾਤ ਠੀਕ ਕਰਨ ਲਈ ਭੇਜਿਆ-
ਤਬ ਅਉਰੰਗ ਮਨ ਮਾਹਿ ਰਿਸਾਵਾ।
ਮਦ੍ਰ ਦੇਸ ਕੋ ਪੂਤ ਪਠਾਵਾ।
-ਬਚਿੱਤਰ ਨਾਟਕ
ਸ਼ਹਿਜ਼ਾਦੇ ਦੀ ਆਮਦ ਦੀ ਖ਼ਬਰ ਸੁਣ ਕੇ ਪਹਾੜੀ ਰਾਜੇ ਤੇ ਕੁਝ ਹੋਰ ਲੋਕ ਬਹੁਤ ਡਰ ਗਏ। ਕੁਝ ਲੋਕਾਂ ਨੇ ਗੁਰੂ ਜੀ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਗੋਬਿੰਦ ਸਿੰਘ ਜੀ ਅਡੋਲ ਬੈਠੇ ਰਹੇ। ਸ਼ਹਿਜ਼ਾਦੇ ਨੇ ਆ ਕੇ ਪਹਾੜੀ ਰਾਜਿਆਂ ਉੱਤੇ ਫੌਜ ਚੜ੍ਹਾ ਕੇ ਸ਼ਾਹੀ ਕਰ ਉਗਰਾਹਿਆ ਅਤੇ ਕਈ ਗੁਰੂ-ਦੋਖੀਆਂ ਦੇ ਘਰ-ਘਾਟ ਢਾਹ ਦਿੱਤੇ-
ਹਮ ਤੇ ਭਾਜਿ ਬਿਮੁਖ ਜੇ ਗਏ।
ਤਿੰਨ ਕੇ ਧਾਮ ਗਿਰਾਵਤ ਭਏ।
-ਬਚਿੱਤਰ ਨਾਟਕ
ਪਰ ਭਾਈ ਨੰਦ ਲਾਲ ਦੇ ਪ੍ਰਭਾਵ ਕਾਰਨ, ਜੋ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹਿਜ਼ਾਦਾ ਮੁਅੱਜ਼ਮ, ਦੋਵਾਂ ਦੇ ਬਹੁਤ ਨਜ਼ਦੀਕੀ ਸਨ, ਸ਼ਹਿਜ਼ਾਦੇ ਨੇ ਗੁਰੂ ਜੀ ਉੱਤੇ ਕੋਈ ਹਮਲਾ ਨਹੀਂ ਕੀਤਾ। ਗੁਰੂ ਜੀ ਨੇ ਗੁਰੂ-ਘਰ ਅਤੇ ਮੁਗਲ ਸਰਕਾਰ ਦੇ ਉਸ ਸਮੇਂ ਦੇ ਸਬੰਧਾਂ ਨੂੰ ਦੇਖ ਕੇ, ਦੋਵਾਂ ਦੀ ਹੋਂਦ ਨੂੰ ਸਵੀਕਾਰ ਕਰਦਿਆਂ ਲਿਖਿਆ-
ਬਾਬੇ ਕੇ ਬਾਬਰ ਕੇ ਦੋਊ। ਆਪ ਕਰੈ ਪਰਮੇਸਰ ਸੋਊ।
ਦੀਨਸਾਹ ਇਨ ਕੋ ਪਹਿਚਾਨੋ।
ਦੁਨੀਪਤ ਉਨ ਕੋ ਅਨੁਮਾਨੋ।
ਜੋ ਬਾਬੇ ਕੇ ਦਾਮ ਨਾ ਦੈ ਹੈ।
ਤਿਨ ਤੇ ਗਹਿ ਬਾਬਰ ਕੇ ਲੈ ਹੈ।
ਦਸਮ ਪਾਤਸ਼ਾਹ ਕਹਿੰਦੇ ਹਨ : ਬਾਬਾ ਨਾਨਕ ਦੇ ਵਾਰਸ ਗੁਰੂ ਸਾਹਿਬਾਨ ਅਤੇ ਬਾਬਰ ਦੇ ਵੰਸ਼ਜ ਮੁਗਲ ਬਾਦਸ਼ਾਹ ਇਹ ਦੋਵੇਂ ਤਾਕਤਾਂ ਈਸ਼ਵਰ ਨੇ ਬਣਾਈਆਂ ਹਨ। ਬਾਬੇ-ਕਿਆਂ ਨੂੰ ਧਰਮ ਦੇ ਬਾਦਸ਼ਾਹ ਅਤੇ ਬਾਬਰ-ਕਿਆਂ ਨੂੰ ਦੁਨੀਆ ਦੇ ਬਾਦਸ਼ਾਹ ਸਮਝੋ। ਧਰਮ ਦੀ ਰਾਖੀ ਲਈ ਜਿਹੜੇ ਲੋਕ ਗੁਰੂ ਨੂੰ ਧਨ ਭੇਟ ਨਹੀਂ ਕਰਨਗੇ, ਉਨ੍ਹਾਂ ਤੋਂ ਬਾਬਰੀ ਹਾਕਮ ਧਨ ਖੋਹ ਕੇ ਲੈ ਜਾਣਗੇ। ਭਾਵ-ਅਰਥ ਇਹ ਹੈ ਕਿ ਜੇ ਧਰਮ ਬਚਾਉਣਾ ਹੈ ਤਾਂ ਗੁਰੂ ਦੀ ਸ਼ਰਨ ਵਿਚ ਆਓ। ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਮੇਂ ਦੀਆਂ ਹਕੀਕਤਾਂ ਨੂੰ ਸਵੀਕਾਰ ਕਰਨ ਦਾ ਹੌਸਲਾ। ਜਿਹੜਾ ਆਗੂ ਸਮੇਂ ਦੀਆਂ ਹਕੀਕਤਾਂ ਨੂੰ ਹੀ ਨਹੀਂ ਸਮਝਦਾ, ਉਹ ਸਮੇਂ ਦਾ ਮੁਕਾਬਲਾ ਕਿਵੇਂ ਕਰੇਗਾ?
1707 ਈ: ਵਿਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਤਖ਼ਤ-ਨਸ਼ੀਨੀ ਦੀ ਜੰਗ ਹੋਣ ਵਾਲੀ ਸੀ। ਸ਼ਹਿਜ਼ਾਦਾ ਮੁਹੰਮਦ ਮੁਅੱਜ਼ਮ ਨੇ ਭਾਈ ਨੰਦ ਲਾਲ ਰਾਹੀਂ ਇਕ ਪੱਤਰ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਇਸ ਜੰਗ ਵਿਚ ਮੇਰੀ ਮਦਦ ਕੀਤੀ ਜਾਵੇ। ਗੁਰੂ ਜੀ ਨੇ ਸਿੰਘਾਂ ਦਾ ਵੱਡਾ ਜਥਾ ਮੁਹੰਮਦ ਮੁਅੱਜ਼ਮ ਦੀ ਮਦਦ ਲਈ ਭੇਜ ਦਿੱਤਾ। ਮੁਹੰਮਦ ਮੁਅੱਜ਼ਮ ਤਖ਼ਤ-ਨਸ਼ੀਨੀ ਦੀ ਜੰਗ ਜਿੱਤ ਕੇ ਬਹਾਦਰ ਸ਼ਾਹ ਦੇ ਨਾਂਅ ਨਾਲ ਹਿੰਦੁਸਤਾਨ ਦਾ ਸੱਤਵਾਂ ਮੁਗਲ ਬਾਦਸ਼ਾਹ ਬਣ ਗਿਆ। ਬਹਾਦਰ ਸ਼ਾਹ ਨੇ ਗੁਰੂ ਜੀ ਦਾ ਧੰਨਵਾਦ ਤੇ ਸਤਿਕਾਰ ਕਰਨ ਲਈ ਗੁਰੂ ਜੀ ਨੂੰ ਦਿੱਲੀ ਤੋਂ ਆਗਰੇ ਆਉਣ ਦਾ ਸੱਦਾ ਦਿੱਤਾ। ਗੁਰੂ ਜੀ ਇਕ ਦਿਨ ਆਗਰੇ ਵਿਚ ਵਜ਼ੀਰ-ਇ-ਆਜ਼ਮ ਮੁਨਇਮ ਖਾਨ ਦੀ ਹਵੇਲੀ ਵਿਚ ਬੈਠੇ ਸਨ। ਸੰਗਤ ਵਿਚ ਮੁਗਲ ਦਰਬਾਰ ਦੇ ਕੁਝ ਅਹਿਲਕਾਰ ਅਤੇ ਮੌਲਵੀ-ਮੌਲਾਣੇ ਵੀ ਹਾਜ਼ਰ ਸਨ। ਇਕ ਮੌਲਵੀ ਨੇ ਗੁਰੂ ਜੀ ਦੀ ਅਜ਼ਮਤ ਨੂੰ ਪਰਖਣ ਲਈ ਇਕ ਸਵਾਲ ਪੁੱਛਿਆ, 'ਹਜ਼ੂਰ, ਆਪ ਹਿੰਦੂਆਂ ਦੇ ਬਹੁਤ ਵੱਡੇ ਪੀਰ ਹੋ। ਕੀ ਆਪ ਵਿਚ ਕਰਾਮਾਤ ਦੀ ਕੋਈ ਸ਼ਕਤੀ ਹੈ? ਜੇ ਹੈ ਤਾਂ ਕੋਈ ਕਰਾਮਾਤ ਦਿਖਾਓ, ਜਿਸ ਤੋਂ ਅਸੀਂ ਮੰਨ ਜਾਈਏ ਕਿ ਆਪ ਸੱਚਮੁੱਚ ਹੀ ਇਕ ਪਹੁੰਚੇ ਹੋਏ ਪੀਰ ਹੋ।' ਗੁਰਮਤਿ ਵਿਚ ਕਰਾਮਾਤ ਦਾ ਕੋਈ ਸਥਾਨ ਨਹੀਂ ਹੈ। ਇਸ ਲਈ ਗੁਰੂ ਜੀ ਨੇ ਦੁਨਿਆਵੀ ਯਥਾਰਥ ਨੂੰ ਮੁੱਖ ਰੱਖ ਕੇ ਫ਼ਰਮਾਇਆ, 'ਸਭ ਤੋਂ ਵੱਡੀ ਕਰਾਮਾਤ ਤਾਂ ਬਾਦਸ਼ਾਹ ਹੈ। ਉਹ ਰੰਕ ਨੂੰ ਰਾਜਾ ਅਤੇ ਰਾਜਾ ਨੂੰ ਰੰਕ ਬਣਾ ਸਕਦਾ ਹੈ। ਉਹ ਕਿਸੇ ਦਾ ਜੀਵਨ ਲੈ ਵੀ ਸਕਦਾ ਹੈ ਅਤੇ ਕਿਸੇ ਨੂੰ ਜੀਵਨ ਦੇ ਵੀ ਸਕਦਾ ਹੈ।' ਮੌਲਵੀ ਜੀ ਬੋਲੇ, 'ਨਹੀਂ ਜੀ, ਅਸੀਂ ਤਾਂ ਆਪ ਦੀ ਕੋਈ ਕਰਾਮਾਤ ਦੇਖਣਾ ਚਾਹੁੰਦੇ ਹਾਂ। ਹੈ ਤਾਂ ਦਿਖਾਓ।' ਗੁਰੂ ਜੀ ਨੇ ਆਪਣੀ ਜੇਬ ਵਿਚੋਂ ਸੋਨੇ ਦੇ ਕੁਝ ਸਿੱਕੇ ਆਪਣੇ ਹੱਥ ਉੱਤੇ ਰੱਖ ਕੇ ਕਿਹਾ, 'ਦੂਜੀ ਕਰਾਮਾਤ ਇਹ ਧਨ ਹੈ। ਜਿਸ ਕੋਲ ਧਨ ਹੋਵੇ, ਉਹ ਜੋ ਚਾਹੇ, ਸੋ ਕਰ ਸਕਦਾ ਹੈ।'
ਪਰ ਮੌਲਵੀ ਦੀ ਤਸੱਲੀ ਨਹੀਂ ਹੋਈ। ਉਹ ਗੁਰੂ ਸਾਹਿਬ ਦੀ ਕਰਾਮਾਤ ਦੇਖਣ ਲਈ ਤੁਲਿਆ ਹੋਇਆ ਸੀ। ਗੁਰੂ ਜੀ ਨੂੰ ਮੌਲਵੀ ਦੀਆਂ ਹੁੱਜਤਾਂ ਦੇਖ ਕੇ ਰੋਹ ਚੜ੍ਹ ਗਿਆ। ਉਨ੍ਹਾਂ ਨੇ ਆਪਣੇ ਗਾਤਰੇ ਦੀ ਕਿਰਪਾਨ ਹਵਾ ਵਿਚ ਲਹਿਰਾਉਂਦਿਆਂ ਆਖਿਆ, 'ਤੀਜੀ ਕਰਾਮਾਤ ਇਹ ਤਲਵਾਰ ਹੈ। ਇਹ ਪਲ-ਛਿੰਨ ਵਿਚ ਕ੍ਰਿਸ਼ਮਾ ਕਰ ਸਕਦੀ ਹੈ। ਜਿਹੜਾ ਬੰਦਾ ਦਲੀਲ ਨੂੰ ਨਾ ਸਮਝੇ, ਉਸ ਨੂੰ ਇਸ ਨਾਲ ਸਮਝਾਇਆ ਜਾਂਦਾ ਹੈ।' ਵਜ਼ੀਰ-ਇ-ਆਜ਼ਮ ਮੁਨਇਮ ਖਾਨ ਅਤੇ ਕੁਝ ਹੋਰ ਅਹਿਲਕਾਰਾਂ ਨੇ ਗੁਰੂ ਜੀ ਨੂੰ ਸ਼ਾਂਤ ਕੀਤਾ। ਮਾਹੌਲ ਕੁਝ ਸਾਂਵਾਂ ਹੋਇਆ ਤਾਂ ਗੁਰੂ ਜੀ ਬੋਲੇ, 'ਮਨੁੱਖ ਨੂੰ ਕੁਝ ਸਾਰਥਕ ਅਤੇ ਸ਼ੁੱਭ ਕੰਮ ਕਰਨੇ ਚਾਹੀਦੇ ਹਨ। ਫਜ਼ੂਲ ਦੇ ਵਾਦ-ਵਿਵਾਦ ਵਿਚ ਜੀਵਨ ਨਹੀਂ ਗੁਆਉਣਾ ਚਾਹੀਦਾ।'
ਗੁਰੂ ਗੋਬਿੰਦ ਸਿੰਘ ਜੀ ਦੱਖਣ ਦੀ ਪਹਿਲੀ ਯਾਤਰਾ ਸਮੇਂ ਔਰੰਗਜ਼ੇਬ ਨੂੰ ਮਿਲਣ ਜਾਂਦੇ ਹੋਏ ਰਾਹ ਵਿਚ ਦਾਦੂ-ਦੁਆਰੇ ਪਹੁੰਚੇ। ਦਾਦੂ-ਦੁਆਰਾ ਰਾਜਸਥਾਨ ਦੇ ਜ਼ਿਲ੍ਹਾ ਕੇਂਦਰ ਜੈਪੁਰ ਦੇ ਪੱਛਮ ਵਿਚ 60 ਕਿਲੋਮੀਟਰ ਦੂਰ ਸ਼ਹਿਰ ਨਰਾਇਣੇ ਵਿਚ ਸਥਿਤ ਹੈ। ਦਾਦੂ-ਦੁਆਰਾ ਦਾਦੂ ਪੰਥ ਦਾ ਆਦਿ-ਕੇਂਦਰ ਹੈ। ਸੰਤ ਦਾਦੂ ਦਿਆਲ ਜੀ (1544-1603 ਈ:) ਅਹਿੰਸਾਵਾਦੀ ਸਨ। ਉਹ ਨਿਰ-ਦਾਅਵਾ ਜੀਵਨ ਜਿਊਣ ਦੀ ਸਿੱਖਿਆ ਦਿੰਦੇ ਸਨ। ਕੋਈ ਇੱਟ ਢੀਮ ਮਾਰ ਜਾਏ ਤਾਂ ਸੀਸ ਉੱਤੇ ਸਹਿਣ ਕਰ ਲੈਣੀ ਚਾਹੀਦੀ ਹੈ-
ਦਾਦੂ ਦਾਵਾ ਦੂਰ ਕਰਿ ਬਿਨ ਦਾਵੇ ਦਿਨ ਕਟਿ।
ਕੇਤੀ ਸੌਦਾ ਕਰਿ ਗਈ ਏਤ ਪਸਾਰੀ ਦੇ ਹੱਟ।
ਗੁਰੂ ਗੋਬਿੰਦ ਸਿੰਘ ਜੀ ਜਦੋਂ 1706 ਈ: ਵਿਚ ਦਾਦੂ-ਦੁਆਰੇ ਪਹੁੰਚੇ, ਉਸ ਸਮੇਂ ਸੰਤ ਦਾਦੂ ਜੀ ਦੇ ਪੰਜਵੇਂ ਵਾਰਸ, ਮਹੰਤ ਜੈਤ ਰਾਮ ਗੱਦੀਨਸ਼ੀਨ ਸਨ। ਉਨ੍ਹਾਂ ਨਾਲ ਦਸਮ ਪਾਤਸ਼ਾਹ ਦੀ ਗੋਸ਼ਟੀ ਹੋਈ। ਮਹੰਤ ਜੀ ਦਾਦੂ ਦਿਆਲ ਦੀ ਅਹਿੰਸਾਵਾਦੀ ਨੀਤੀ ਉੱਤੇ ਹੀ ਜ਼ੋਰ ਦੇ ਰਹੇ ਸਨ ਪਰ ਗੁਰੂ ਜੀ ਨੇ ਮਹੰਤ ਜੀ ਨੂੰ ਕਿਹਾ, 'ਮਹਾਂਪੁਰਸ਼ੋ, ਸਮਾਂ ਬਦਲ ਗਿਆ ਹੈ। ਸਾਡੇ ਪੰਚਮ ਗੁਰੂ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰੱਖਿਆ ਗਿਆ। ਸਾਰੇ ਦੇਸ਼ ਵਿਚ ਧਰਮ ਅਤੇ ਭਾਰਤੀ ਸੱਭਿਅਤਾ ਦੀ ਹਾਨੀ ਹੋ ਰਹੀ ਹੈ। ਅਸੀਂ ਮਜਬੂਰ ਹੋ ਕੇ ਸ਼ਸਤਰ ਚੁੱਕੇ ਹਨ। ਸਮਾਂ ਮੰਗ ਕਰਦਾ ਹੈ-
ਜਗ ਮੇਂ ਦਾਵਾ ਰੱਖ ਕੇ ਦੁਸ਼ਟ ਜਨਾਂ ਲੋ ਲੁੱਟ।
ਬੁਰਾ ਕਰੇ ਜੋ ਆਪਨੋ ਜੜ੍ਹ ਤਾਂ ਕੀ ਦੇਹੁ ਪੁੱਟ।
ਮਹੰਤ ਜੈਤ ਰਾਮ ਨੇ ਆਪਣੀ ਨੀਤੀ ਅਨੁਸਾਰ ਫੇਰ ਆਖਿਆ-
ਦਾਦੂ ਸਮਾਂ ਬਿਚਾਰਿ ਕੈ ਕਲਿ ਕਾ ਲੀਜੈ ਭਾਇ।
ਜੇ ਕੋ ਮਾਰੈ ਢੀਮ ਇਟ ਲੀਜੈ ਸੀਸ ਚਢਾਇ।
ਇਸ ਸਮੇਂ ਦਾਦੂ-ਦੁਆਰੇ ਦੇ ਕਈ ਸਾਧੂ-ਸੰਤ ਇਸ ਵਿਚਾਰ-ਗੋਸ਼ਟੀ ਨੂੰ ਸੁਣ ਰਹੇ ਸਨ। ਗੁਰੂ ਜੀ ਨੇ ਮਹੰਤ ਜੀ ਦੇ ਕਥਨ ਦਾ ਉੱਤਰ ਦਿੰਦਿਆਂ ਆਖਿਆ-
ਦਾਦੂ ਸਮਾਂ ਬਿਚਾਰ ਕੈ ਕਲਿ ਕਾ ਲੀਜੈ ਭਾਇ।
ਜੇ ਕੋ ਮਾਰੈ ਈਟ ਢੀਮ ਪਾਥਰ ਹਨੈ ਰਿਸਾਇ।
(ਜੇ ਕੋਈ ਇੱਟ ਢੀਮ ਮਾਰੇ ਤਾਂ ਉਸ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ)
ਗੁਰੂ ਜੀ ਦੇ ਵਿਚਾਰਾਂ ਦਾ ਕਈ ਦਾਦੂ-ਪੰਥੀ ਸਾਧੂਆਂ ਉੱਤੇ ਬਹੁਤ ਡੂੰਘਾ ਅਸਰ ਪਿਆ। ਗੁਰੂ ਜੀ ਦੇ ਦਾਦੂ-ਦੁਆਰੇ ਤੋਂ ਜਾਣ ਤੋਂ ਬਾਅਦ ਛੇਤੀ ਹੀ ਦਾਦੂ ਪੰਥ ਵਿਚ ਫੁੱਟ ਪੈ ਗਈ। ਕੁਝ ਦਾਦੂ-ਪੰਥੀ ਸਾਧੂ ਕੇਸਾਧਾਰੀ ਹੋ ਗਏ। ਕੁਝ ਸਾਲਾਂ ਬਾਅਦ ਉਨ੍ਹਾਂ ਨੇ ਸ਼ਸਤਰ ਵੀ ਧਾਰਨ ਕਰ ਲਏ। ਦਾਦੂ ਪੰਥ ਦੀ ਇਸ ਸ਼ਾਖਾ ਨੂੰ ਨਾਗਾ ਪੰਥ ਕਹਿੰਦੇ ਹਨ। ਨਾਗਾ ਪੰਥ ਦੀ ਮਰਿਆਦਾ ਹੈ ਕਿ ਹਰ ਨਾਗਾ-ਪੰਥੀ ਅੱਠ ਸ਼ਸਤਰਾਂ ਵਿਚੋਂ ਪੰਚ ਸ਼ਸਤਰ ਜ਼ਰੂਰ ਪਹਿਨੇਗਾ। ਅੱਠ ਸ਼ਸਤਰ ਇਹ ਹਨ-ਤਲਵਾਰ, ਢਾਲ, ਕਟਾਰ, ਖੰਡਾ, ਫਰਸਾ, ਭਾਲਾ, ਧਨੁਸ਼ ਤੇ ਬੰਦੂਕ। ਦਾਦੂ ਪੰਥ ਦੇ ਨਾਗਾ ਪੰਥੀ ਸਾਧੂ ਕੇਸਾਧਾਰੀ ਵੀ ਹਨ ਅਤੇ ਸ਼ਸਤਰਧਾਰੀ ਵੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਹਾਣੀ ਸਨ। ਉਨ੍ਹਾਂ ਦੀ ਯਥਾਰਥਵਾਦੀ ਸੋਚ ਨੇ ਕੁਝ ਹੋਰ ਸੰਪਰਦਾਵਾਂ ਨੂੰ ਵੀ ਪ੍ਰਭਾਵਿਤ ਕੀਤਾ।
ਦਸਮ ਪਾਤਸ਼ਾਹ ਦੇ ਵਾਸਤਵਿਕ ਅਨੁਭਵ ਦੀ ਸਿਖਰ ਉਦੋਂ ਹੁੰਦੀ ਹੈ ਜਦੋਂ ਉਹ ਆਪਣੇ ਅਨੁਯਾਈਆਂ ਅਤੇ ਸਿੱਖਾਂ ਨੂੰ ਤਾਕੀਦ ਕਰਦੇ ਹਨ ਕਿ ਮੈਨੂੰ ਪਰਮੇਸ਼ਰ ਨਹੀਂ ਕਹਿਣਾ। ਜਿਹੜਾ ਕਹੇਗਾ, ਸਿੱਧਾ ਨਰਕ ਨੂੰ ਜਾਏਗਾ। ਮੈਂ ਤਾਂ ਪਰਮ ਪੁਰਖ ਪਰਮੇਸ਼ਰ ਦਾ ਦਾਸ ਹਾਂ ਅਤੇ ਜਗਤ-ਵਰਤਾਰੇ ਨੂੰ ਦੇਖਣ ਆਇਆ ਹਾਂ-
ਜੋ ਹਮ ਕੋ ਪਰਮੇਸੁਰ ਉਚਰਿ ਹੈ।
ਤੇ ਸਭ ਨਰਕਿ ਕੁੰਡ ਮਹਿ ਪਰਿ ਹੈ।
..............
ਮੈ ਹੋ ਪਰਮ ਪੁਰਖ ਕੋ ਦਾਸਾ।
ਦੇਖਨਿ ਆਯੋ ਜਗਤ ਤਮਾਸਾ।
-ਬਚਿੱਤਰ ਨਾਟਕ, ਅਧਿ: ਛੇਵਾਂ

ਨਰਿੰਜਨ ਸਿੰਘ ਸਾਥੀ
-ਮੋਬਾ: 98155-40968

 

ਅਣਖ, ਗੌਰਵ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਗੁਰੂ ਗੋਬਿੰਦ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਲੱਖਣ ਤੇ ਬਹੁਪੱਖੀ ਸ਼ਖ਼ਸੀਅਤ ਨੂੰ ਕਲਮ ਦੀ ਬੰਦਿਸ਼ ਵਿਚ ਲਿਆਉਣਾ ਇਕ ਬੜਾ ਕਠਿਨ ਕੰਮ ਹੈ, ਕਿਉਂਕਿ ਹਰ ਲੇਖਕ/ਕਵੀ ਦੀ ਆਪਣੀ ਇਕ ਸੀਮਾ ਹੁੰਦੀ ਹੈ। ਅੱਲਾ ਯਾਰ ਖਾਂ ਜੋਗੀ ਵਰਗਾ ਉਸਤਾਦ ਸ਼ਾਇਰ ਵੀ ਗੁਰੂ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਬਿਆਨ ਕਰਨ ਲਈ ਸ਼ਬਦਾਂ ਦੀ ਘਾਟ ਮਹਿਸੂਸ ਕਰਦਾ ਹੈ ਅਤੇ ਆਪਣੀ ਸਮਰੱਥਾ 'ਤੇ ਸ਼ੱਕ ਕਰਦਾ ਹੋਇਆ ਲਿਖਦਾ ਹੈ-
ਕਰਤਾਰ ਕੀ ਸੌਗੰਧ, ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੋਹ ਕਮ ਹੈ।
ਹਰ ਚੰਦ ਮੇਰੇ ਹਾਥ ਮੇਂ ਪੁਰਜ਼ੋਰ ਕਲਮ ਹੈ।
ਸਤਿਗੁਰੂ ਕੇ ਲਿਖੂੰ ਵਸਫ ਕਹਾਂ ਤਾਬਿ ਰਕਮ ਹੈ।
ਦਰਅਸਲ, ਗੁਰੂ ਸਾਹਿਬ ਬਾਰੇ ਲਿਖਣ ਵਾਲਾ ਲਗਭਗ ਹਰ ਲੇਖਕ/ਕਵੀ ਗੁਰੂ ਜੀ ਦੀ ਸ਼ਖ਼ਸੀਅਤ ਦੇ ਉਨ੍ਹਾਂ ਪੱਖਾਂ ਨੂੰ ਹੀ ਉਘਾੜਦਾ ਹੈ, ਜਿਹੜੇ ਪੱਖ ਉਸ ਦੇ ਮਨ 'ਤੇ ਡੂੰਘਾ ਪ੍ਰਭਾਵ ਛੱਡਦੇ ਹਨ। ਉਂਜ ਤਾਂ ਗੁਰੂ ਸਾਹਿਬ ਬਹੁਪੱਖੀ ਵਡਿਆਈ ਦੇ ਮਾਲਕ ਹਨ ਪਰ ਜੇਕਰ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬਹੁਤ ਹੀ ਸੰਖੇਪ ਵਿਚ ਬਿਆਨ ਕਰਨਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਇਕੋ ਸਮੇਂ ਬਾਦਸ਼ਾਹ ਤੇ ਦਰਵੇਸ਼ ਅਤੇ ਸੰਤ ਤੇ ਸਿਪਾਹੀ ਹਨ। ਇਹ ਗੱਲ ਵੱਖਰੀ ਹੈ ਕਿ ਸਿੱਖ ਆਪਣੇ ਮਹਾਨ ਨਾਇਕ ਨੂੰ ਸੰਤ ਨਾਲੋਂ ਸਿਪਾਹੀ ਵਜੋਂ ਵੱਧ ਮਾਨਤਾ ਦਿੰਦੇ ਹਨ। ਤਾਹੀਓਂ ਸਿੱਖਾਂ ਤੇ ਗ਼ੈਰ-ਸਿੱਖਾਂ ਨੇ ਵੀ ਉਨ੍ਹਾਂ ਨੂੰ ਯੁੱਧ ਦੇ ਮੈਦਾਨ ਨੂੰ ਜਾਂਦੇ ਹੀ ਚਿਤਰਿਆ ਹੈ। ਘੋੜੇ 'ਤੇ ਸਵਾਰ ਅਤੇ ਹੱਥ ਵਿਚ ਤਲਵਾਰ ਹੈ। ਵੈਸੇ, ਗੁਰੂ ਗੋਬਿੰਦ ਸਿੰਘ ਦੇ ਕੱਦ-ਕਾਠ ਨੂੰ ਕੇਵਲ ਉਨ੍ਹਾਂ ਦੀਆਂ ਜੰਗੀ ਪ੍ਰਾਪਤੀਆਂ ਦੇ ਰਾਜ਼ ਨਾਲ ਨਹੀਂ ਮਾਪਿਆ ਜਾ ਸਕਦਾ, ਕਿਉਂਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਸਰਬ-ਪੱਖੀ ਹਨ। ਗੁਰੂ ਗੋਬਿੰਦ ਸਿੰਘ ਹਰ ਪੱਖ ਤੋਂ ਇਕ ਮਹਾਨ ਵਿਅਕਤੀ ਸਨ, ਜਿਨ੍ਹਾਂ ਨੇ ਸਿਰਫ 42 ਸਾਲਾਂ ਦੇ ਆਪਣੇ ਜੀਵਨ-ਕਾਲ (1666-1708 ਈ:) ਦੌਰਾਨ ਵੱਡੀਆਂ ਮੱਲਾਂ ਮਾਰੀਆਂ। ਉਨ੍ਹਾਂ ਨੇ ਉੱਤਰੀ ਭਾਰਤ ਦੀ ਪੂਰੀ ਦੀ ਪੂਰੀ ਤਵਾਰੀਖ ਹੀ ਬਦਲ ਕੇ ਰੱਖ ਦਿੱਤੀ। -ਖੁਸ਼ਵੰਤ ਸਿੰਘ
ਗੱਲ ਕੀ, ਗੁਰੂ ਗੋਬਿੰਦ ਸਿੰਘ ਜੀ ਸਮੇਂ ਦੀ ਹਿੱਕ 'ਤੇ ਕਦੇ ਨਾ ਮਿਟਣ ਵਾਲੀਆਂ ਪੈੜਾਂ ਪਾ ਗਏ ਹਨ, ਜਿਨ੍ਹਾਂ ਤੋਂ ਆਉਣ ਵਾਲੀਆਂ ਨਸਲਾਂ ਸੇਧ ਲੈਂਦੀਆਂ ਰਹਿਣਗੀਆਂ। ਇਹੋ ਕਾਰਨ ਹੈ ਕਿ ਗੁਰੂ ਸਾਹਿਬ ਦੀ ਫਿਲਾਸਫੀ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਦੀ ਗੱਲ ਕਰਦੀ ਹੈ। ਮਿਸਾਲ ਵਜੋਂ, ਗੁਰੂ ਸਾਹਿਬ ਨੇ ਆਪਣੇ ਸੰਘਰਸ਼ਮਈ ਜੀਵਨ ਦੇ ਆਰੰਭਕ ਪੜਾਅ ਦੌਰਾਨ ਆਪਣੇ-ਆਪ ਨੂੰ ਵਾਹ ਲਗਦੀ ਪਹਾੜੀ ਰਾਜਿਆਂ ਨਾਲ ਛੋਟੇ-ਮੋਟੇ ਝਗੜਿਆਂ ਵਿਚ ਉਲਝਣ ਤੋਂ ਬਚਾਈ ਰੱਖਿਆ, ਕਿਉਂਕਿ ਉਹ ਅਜਿਹੇ ਝਗੜਿਆਂ ਵਿਚ ਆਪਣੀ ਸੈਨਿਕ ਸ਼ਕਤੀ ਨੂੰ ਕਮਜ਼ੋਰ ਨਹੀਂ ਸਨ ਕਰਨਾ ਚਾਹੁੰਦੇ, ਬਲਕਿ ਕੁਝ ਵਰ੍ਹਿਆਂ ਤੱਕ ਵੱਡੇ ਪੈਮਾਨੇ 'ਤੇ ਮੁਗਲਾਂ ਵਿਰੁੱਧ ਸੈਨਿਕ ਤਿਆਰੀਆਂ ਕਰਨਾ ਚਾਹੁੰਦੇ ਸਨ। ਸੋ, ਵਕਤ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ ਗੁਰੂ ਸਾਹਿਬ ਆਪਣੇ ਪਰਿਵਾਰ ਤੇ ਸੈਨਿਕਾਂ ਸਹਿਤ ਨਾਹਨ ਰਿਆਸਤ ਦੇ ਇਲਾਕੇ ਵਿਚ ਚਲੇ ਗਏ ਅਤੇ ਪਾਉਂਟਾ ਸਾਹਿਬ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ। ਇਥੇ ਰਹਿੰਦਿਆਂ ਹੀ ਸੰਨ 1688 ਈ: ਵਿਚ ਭੰਗਾਣੀ ਦੀ ਜੰਗ ਲੜੀ ਅਤੇ ਪਹਾੜੀ ਰਾਜਿਆਂ ਨੂੰ ਸ਼ਿਕਸਤ ਦਿੱਤੀ। ਇਸ ਤਰ੍ਹਾਂ ਜੋਸ਼ ਤੇ ਹੋਸ਼ ਦਾ ਸੰਤੁਲਨ ਕਾਇਮ ਰੱਖਦਿਆਂ ਗੁਰੂ ਸਾਹਿਬ ਨੇ ਕੇਵਲ 22 ਵਰ੍ਹਿਆਂ ਦੀ ਉਮਰ ਵਿਚ ਪਹਾੜੀ ਰਾਜਿਆਂ ਨੂੰ ਲੱਕ-ਤੋੜਵੀਂ ਹਾਰ ਦਿੱਤੀ। ਭੰਗਾਣੀ ਦੀ ਜਿੱਤ ਤੋਂ ਬਾਅਦ ਗੁਰੂ ਸਾਹਿਬ ਨੇ ਮੁੜ ਅਨੰਦਪੁਰ ਸਾਹਿਬ ਨੂੰ ਆਪਣੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਬਣਾ ਲਿਆ ਅਤੇ ਮੌਕੇ ਤੋਂ ਲਾਭ ਉਠਾਉਂਦਿਆਂ ਅਨੰਦਪੁਰ ਸਾਹਿਬ (ਜਿਸ ਦਾ ਨਾਂਅ ਉਦੋਂ ਮਾਖੋਵਾਲ ਸੀ) ਵਿਖੇ ਅਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ, ਫਤਹਿਗੜ੍ਹ ਅਤੇ ਹੋਲਗੜ੍ਹ ਨਾਮੀ ਪੰਜ ਕਿਲ੍ਹਿਆਂ ਦੀ ਉਸਾਰੀ ਕਰਵਾਈ। ਗੁਰੂ ਸਾਹਿਬ ਏਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਉਨ੍ਹਾਂ ਨੇ ਹੱਥ ਆਏ ਕਿਸੇ ਵੀ ਅਵਸਰ ਨੂੰ ਕਦੇ ਅਜਾਈਂ ਨਹੀਂ ਗਵਾਇਆ।
ਗੁਰੂ ਸਾਹਿਬ ਨੇ ਜੀਵਨ ਭਰ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਦੇ ਫਲਸਫੇ 'ਤੇ ਡਟ ਕੇ ਪਹਿਰਾ ਦਿੱਤਾ ਅਤੇ ਸ਼ਾਨਦਾਰ ਨਤੀਜੇ ਸਾਹਮਣੇ ਆਏ। ਨੋਟ ਕਰੋ! ਆਪਣੇ ਜੀਵਨ ਵਿਚ ਲੜੀ ਆਖਰੀ ਜੰਗ (ਮੁਕਤਸਰ ਦੀ ਜੰਗ) ਤੋਂ ਬਾਅਦ ਗੁਰੂ ਸਾਹਿਬ ਨੇ ਹੋਸ਼ ਨੂੰ ਜੋਸ਼ ਉੱਤੇ ਭਾਰੂ ਰੱਖਦਿਆਂ ਸਿੱਖ ਸ਼ਕਤੀ ਨੂੰ ਨਸ਼ਟ ਹੋਣ ਤੋਂ ਬਚਾਅ ਲਿਆ ਅਤੇ ਇਸੇ ਦੌਰਾਨ ਸਿੱਖਾਂ ਨੂੰ ਮੁਗਲਾਂ ਨਾਲ ਟੱਕਰ ਲੈਣ ਲਈ ਮਾਨਸਿਕ ਤੇ ਜਥੇਬੰਦਕ ਤੌਰ 'ਤੇ ਤਿਆਰ ਕਰਦੇ ਰਹੇ। ਫਿਰ, ਸਿੱਖ ਪੰਥ ਦੀ ਰਹਿਨੁਮਾਈ ਕਰਨ ਲਈ ਬੜੇ ਨਾਟਕੀ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕੀਤੀ ਅਤੇ ਮੁਗਲਾਂ ਨਾਲ ਸਾਹਮਣਿਓਂ ਟੱਕਰ ਲੈਣ ਲਈ ਪੰਜਾਬ ਵੱਲ ਭੇਜਿਆ। ਕਮਾਲ ਦੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਬੰਦਾ ਬਹਾਦਰ ਨੂੰ ਉਸ ਸਮੇਂ ਮੈਦਾਨ ਵਿਚ ਉਤਾਰਿਆ ਜਦੋਂ 'ਲੋਹਾ ਗਰਮ' ਸੀ ਅਤੇ ਬੰਦਾ ਬਹਾਦਰ ਦੀ 'ਇਕੋ ਸੱਟ' ਨੇ ਮੁਗਲ ਹਕੂਮਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ।
ਇਤਿਹਾਸ ਦੱਸਦਾ ਹੈ ਕਿ 1696-1699 ਈ: ਦੌਰਾਨ ਗੁਰੂ ਸਾਹਿਬ ਨੂੰ ਨਾ ਮੁਗਲਾਂ ਅਤੇ ਨਾ ਹੀ ਪਹਾੜੀ ਰਾਜਿਆਂ ਤੋਂ ਕੋਈ ਖਤਰਾ ਰਿਹਾ। ਸੋ, ਇਸ ਅਰਸੇ ਦੌਰਾਨ ਉਨ੍ਹਾਂ ਨੇ ਆਪਣੀ ਸੂਝਬੂਝ ਤੇ ਸ਼ਕਤੀ ਨੂੰ ਪੂਰਨ ਰੂਪ ਵਿਚ ਆਪਣੇ ਜੀਵਨ ਦੇ ਅਸਲੀ ਉਦੇਸ਼ ਦੀ ਪੂਰਤੀ ਵੱਲ ਮੋੜਿਆ।
ਗੁਰੂ ਸਾਹਿਬ ਦੇ ਜੀਵਨ ਦਾ ਮੁੱਖ ਮਨੋਰਥ ਇਹ ਸੀ ਕਿ ਲੋਕਾਂ ਨੂੰ ਜ਼ੁਲਮ ਅਤੇ ਬਦੀ ਦੇ ਖਿਲਾਫ ਮੁਕਾਬਲਾ ਕਰਨ ਦੇ ਸਮਰੱਥ ਬਣਾਇਆ ਜਾਵੇ ਅਤੇ ਸਮਾਂ ਆਉਣ 'ਤੇ ਇਨਕਲਾਬ ਦਾ ਝੰਡਾ ਬੁਲੰਦ ਕੀਤਾ ਜਾਵੇ। ਗੁਰੂ ਸਾਹਿਬ ਆਪਣੇ ਜੀਵਨ ਦੇ ਉਦੇਸ਼ ਬਾਰੇ 'ਬਚਿਤ੍ਰ ਨਾਟਕ' ਵਿਚ ਲਿਖਦੇ ਹਨ, 'ਦੁਸ਼ਟ ਦੋਖੀਅਨਿ ਪਕਰਿ ਪਛਾਰੋ॥ ਯਾਹੀ ਕਾਜ ਧਰਾ ਹਮ ਜਨਮੰ॥' ਸੋ, ਇਸ ਮਕਸਦ ਦੀ ਪੂਰਤੀ ਲਈ ਇਕ ਅਜਿਹੀ ਸਿਰਲੱਥ ਕੌਮ ਦਾ ਨਿਰਮਾਣ ਕਰਨ ਦੀ ਲੋੜ ਸੀ, ਜੋ ਮੁਗਲ ਹਕੂਮਤ ਨੂੰ ਸਾਹਮਣਿਓਂ ਲਲਕਾਰ ਸਕੇ ਪਰ ਇਕ ਸ਼ਕਤੀਸ਼ਾਲੀ ਹਕੂਮਤ ਵਿਰੁੱਧ ਇਨਕਲਾਬ ਦਾ ਝੰਡਾ ਬੁਲੰਦ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਸੋ, ਅਜਿਹੇ ਅਸੰਭਵ ਕਾਰਜ ਨੂੰ ਸੰਭਵ ਬਣਾਉਣ ਲਈ ਕਿਸੇ ਚਮਤਕਾਰੀ ਤਰਕੀਬ ਦੀ ਲੋੜ ਸੀ। ਗੁਰੂ ਗੋਬਿੰਦ ਸਿੰਘ, ਤੁਹਾਨੂੰ ਪਤਾ ਹੀ ਹੈ ਜਿਥੇ ਇਕ ਆਲ੍ਹਾ ਦਰਜੇ ਦੇ ਦੂਰਅੰਦੇਸ਼ ਸਨ, ਉਥੇ ਇਕ ਮਹਾਨ ਚਿੰਤਕ ਤੇ ਮਨੋਵਿਗਿਆਨੀ ਵੀ ਸਨ। ਗੁਰੂ ਸਾਹਿਬ ਦੀ ਮਨੋਵਿਗਿਆਨਕ ਸੂਝ ਨੇ ਇਕ ਡੂੰਘੀ ਚੁੱਭੀ ਮਾਰੀ ਅਤੇ 'ਚਿੜੀਆਂ ਨੂੰ ਬਾਜ਼ਾਂ ਦੇ ਖੰਭ ਨੋਚਣ' ਦੇ ਸਮਰੱਥ ਬਣਾਉਣ ਵਾਲੀ ਇਕ ਚਮਤਕਾਰੀ ਵਿਧੀ ਢੂੰਡ ਲਿਆਂਦੀ। ਇਹ ਵਿਧੀ ਸੀ-'ਖੰਡੇ ਦਾ ਪਹੁਲ', ਯਾਨੀ ਅੰਮ੍ਰਿਤ ਛਕਾਉਣ ਦਾ ਸਿਧਾਂਤ। ਇਸ ਸਿਧਾਂਤ ਨੂੰ ਧੁਰਾ ਮਿੱਥ ਕੇ ਸੰਨ 1699 ਈ: ਵਿਚ ਗੁਰੂ ਸਾਹਿਬ ਨੇ ਖ਼ਾਲਸੇ ਦੀ ਸਾਜਨਾ ਕੀਤੀ ਅਤੇ ਫਿਰ ਖ਼ਾਲਸੇ ਨੂੰ ਉਸ ਦੀ ਬਾਰੂਦੀ ਸ਼ਕਤੀ ਦਾ ਅਹਿਸਾਸ ਕਰਾਉਂਦਿਆਂ ਕਿਹਾ-
ਖ਼ਾਲਸਾ ਮੇਰੋ ਰੂਪ ਹੈ ਖਾਸ॥
ਖ਼ਾਲਸੇ ਮਹਿ ਹਉ ਕਰੋ ਨਿਵਾਸ॥
ਹੁਣ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਨ੍ਹਾਂ ਯੁੱਗ-ਪਲਟਾਊ ਘਟਨਾਵਾਂ ਦੇ ਪਿੱਛੇ, ਹੋਰ ਗੱਲਾਂ ਤੋਂ ਇਲਾਵਾ, ਗੁਰੂ ਸਾਹਿਬ ਦੀ ਮਨੋਵਿਗਿਆਨਕ ਸੂਝ ਜਾਂ ਕੋਈ ਡੂੰਘਾ ਫਲਸਫਾ ਕੰਮ ਕਰ ਰਿਹਾ ਹੁੰਦਾ ਹੈ। ਜੇ ਗਹੁ ਨਾਲ ਦੇਖਿਆ ਜਾਵੇ ਤਾਂ ਪੰਜ ਪਿਆਰਿਆਂ ਦੀ ਸਿਰਜਣਾ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕਰਨ ਵੇਲੇ ਤੱਕ ਗੁਰੂ ਸਾਹਿਬ ਦੀ ਵਿਗਿਆਨਕ ਤੇ ਮਨੋਵਿਗਿਆਨ ਸੂਝ ਹਰ ਥਾਂ ਉੱਭਰ ਕੇ ਸਾਹਮਣੇ ਆਉਂਦੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ, ਨਿਰਸੰਦੇਹ, ਦੁਨੀਆ ਦੇ ਮਹਾਨ ਮਨੋਵਿਗਿਆਨੀਆਂ ਤੇ ਚਿੰਤਕਾਂ ਵਿਚ ਗਿਣਤੀ ਕੀਤੀ ਜਾਣੀ ਚਾਹੀਦੀ ਹੈ।

ਡਾ: ਹਰਚੰਦ ਸਿੰਘ ਸਰਹਿੰਦੀ
-ਮ: ਨੰ: 2858, ਵਾ: ਨੰ: 9,
ਸਰਹਿੰਦ-140406. ਮੋਬਾ: 92178-45812

ਧਰਮ ਚਲਾਵਨ ਸੰਤ ਉਬਾਰਨ ਵਾਲੀ ਹਸਤੀ

ਇਹ ਪੰਜਾਬ ਦਾ ਲੋਕ-ਸਾਹਿਤ ਹੈ, 'ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ।' ਕਿਸੇ ਗੁੰਮਨਾਮ ਕਵੀ ਦੀ ਕਲਗੀਧਰ ਪਾਤਸ਼ਾਹ ਪ੍ਰਤੀ ਮੋਹ ਭਿੱਜੀ ਸ਼ਰਧਾ ਵਿਚੋਂ ਭਾਵਨਾਵਾਂ ਨੂੰ ਟੁੰਬਣ ਵਾਲੀ ਹਿਰਦੇ ਦੀ ਪੁਕਾਰ ਹੈ। ਗੁਰੂ ਪੰਥ ਕਿੰਨੀਆਂ ਤਸ਼ਬੀਹਾਂ ਤੇ ਵਿਸ਼ੇਸ਼ਣਾਂ ਨਾਲ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦਾ ਹੈ, 'ਚੋਜੀ ਪ੍ਰੀਤਮ, ਕਲਗੀਆਂ ਵਾਲੇ, ਬਾਜਾਂ ਵਾਲੇ, ਨੀਲੇ ਦੇ ਸ਼ਾਹ ਸਵਾਰ, ਪੁੱਤਰਾਂ ਦੇ ਦਾਨੀ, ਪਰਮ ਪੁਰਖ, ਅੰਮ੍ਰਿਤ ਦੇ ਦਾਤੇ, ਪੰਥ ਦੇ ਵਾਲੀ, ਦੁਸ਼ਟ ਦਮਨ, ਸੰਤ ਸਿਪਾਹੀ, ਸਾਹਿਬੇ ਕਮਾਲ, ਮਰਦ ਅਗੰਮੜਾ, ਬਾਦਸ਼ਾਹ ਦਰਵੇਸ਼, ਸ਼ਮਸ਼ੀਰ-ਏ-ਬਹਾਦਰ, ਸਰਬੰਸਦਾਨੀ...। ਕਈ ਵਾਰ ਸਤਿਗੁਰਾਂ ਦੀ ਦੈਵੀ ਸ਼ਖ਼ਸੀਅਤ ਦੇ ਸਾਹਵੇਂ ਸਾਨੂੰ ਏਨੇ ਸ਼ਬਦ ਵੀ ਅਧੂਰੇ ਜਾਪਦੇ ਹਨ। ਇਸੇ ਲਈ ਸਤਿਗੁਰਾਂ ਦੇ ਵਚਿੱਤਰ ਜੀਵਨ ਤੋਂ ਗ਼ੈਰ-ਸਿੱਖ ਲੇਖਕ ਵੀ ਬਹੁਤ ਪ੍ਰਭਾਵਿਤ ਹੋਏ।
ਮੈਕਾਲਫ ਨੇ ਲਿਖਿਆ-ਆਪ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਗਾਰਡਨ ਕਹਿੰਦਾ-ਜਨਤਾ ਦੀਆਂ ਮੁਰਦਾ ਹੱਡੀਆਂ ਵਿਚ ਜ਼ਿੰਦਗੀ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਨੇ ਦੌੜਾਈ। ਲਤੀਫ ਲਿਖਦਾ-ਜਿਸ ਕਾਰਜ ਨੂੰ ਉਨ੍ਹਾਂ ਹੱਥ ਪਾਇਆ, ਉਹ ਮਹਾਨ ਸੀ। ਗੋਕਲ ਚੰਦ ਨਾਰੰਗ ਲਿਖ ਰਿਹਾ-ਗੁਰੂ ਗੋਬਿੰਦ ਸਿੰਘ ਜੀ ਨੇ ਚਿੜੀਆਂ ਨੂੰ ਸ਼ਾਹੀ ਬਾਜਾਂ ਦਾ ਸ਼ਿਕਾਰ ਕਰਨ ਦੀ ਜਾਚ ਸਿਖਾਈ। ਅੱਲ੍ਹਾ ਯਾਰ ਖਾਂ ਜੋਗੀ ਤਾਂ ਪੁਕਾਰ ਉਠਿਆ-
ਇਨਸਾਫ ਗਰ ਕਰੇ ਜ਼ਮਾਨਾ ਤੋ ਯਕੀਂ ਹੈ।
ਗੁਰੂ ਗੋਬਿੰਦ ਕਾ ਤੋ ਸਾਨੀ ਹੀ ਨਹੀਂ ਹੈ।
ਕਰਤਾਰ ਕੀ ਸੌਗੰਧ ਅੱਲਾ ਕੀ ਕਸਮ ਹੈ।
ਜਿਤਨੀ ਭੀ ਤਾਰੀਫ਼ ਹੋ ਗੋਬਿੰਦ ਕੀ ਵੋਹ ਕਮ ਹੈ।
ਕਲਗੀਧਰ ਪਾਤਸ਼ਾਹ ਜੀ ਨੂੰ ਕਲਮ ਤੇ ਤੇਗ ਦੇ ਧਨੀ ਕਿਹਾ ਜਾਂਦਾ ਹੈ। ਇਸ ਲਈ ਜੇਕਰ ਉਨ੍ਹਾਂ ਦੀ ਤੇਗ ਦੇ ਜੌਹਰ ਦੇਖੋ ਤਾਂ 14 ਦੇ ਕਰੀਬ ਧਰਮ ਯੁੱਧ ਹੋਏ, ਜਿਨ੍ਹਾਂ ਵਿਚ ਸਤਿਗੁਰਾਂ ਦੀ ਫਤਹਿ ਹੋਈ। ਇਨ੍ਹਾਂ ਯੁੱਧਾਂ ਪਿੱਛੇ ਕਾਰਨ ਕੋਈ ਰਾਜਸੀ ਜਾਂ ਦੁਨਿਆਵੀ ਨਹੀਂ ਸੀ, ਸਗੋਂ ਸਤਿਗੁਰਾਂ ਦੀ ਜੀਵਨ ਕਥਾ ਅਨੁਸਾਰ 'ਧਰਮ ਚਲਾਵਨ ਸੰਤ ਉਬਾਰਨ' ਸੀ।
ਦੂਜੇ ਪਾਸੇ ਕਲਗੀਧਰ ਪਾਤਸ਼ਾਹ ਦੀ ਕਲਮ ਦੀ ਸ਼ਕਤੀ ਦੇਖੋ ਤਾਂ ਬਚਿੱਤਰ ਨਾਟਕ ਅਸਚਰਜ ਜਨਕ ਸਵੈਜੀਵਨੀ ਹੈ ਪਰ ਇਸ ਵਿਚ ਇਤਿਹਾਸਕ ਪੱਖ ਵੀ ਕਮਾਲ ਹੈ। ਕਲਗੀਧਰ ਰਚਿਤ ਜਾਪੁ ਸਾਹਿਬ, ਸਵੱਯੇ ਤੇ ਅਕਾਲ ਉਸਤਤਿ ਬਾਣੀਆਂ ਵਿਚੋਂ ਅਧਿਆਤਮਿਕਤਾ ਤੇ ਦੈਵੀ ਰਮਜਾਂ ਦੇ ਦਰਸ਼ਨ ਹੁੰਦੇ ਹਨ। ਜਾਪੁ ਸਾਹਿਬ ਦੇ ਸਮੂਹ ਛੰਦਾਂ ਦੀ ਚਾਲ ਤੇ ਵਿਸ਼ੇਸ਼ ਕਰਕੇ 'ਏਕ ਅਛਰੀ ਛੰਦ' ਭਾਰਤੀ ਅਧਿਆਤਮਿਕ ਕਾਵਿ ਪਰੰਪਰਾ 'ਚ ਕਾਵਿ ਕਲਾ ਦੀ ਸਿਖਰ ਹੈ। ਜ਼ਫ਼ਰਨਾਮਾ ਪੜ੍ਹੋ ਤਾਂ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਜਬਰ ਨੂੰ ਇਕ ਬਾਦਸ਼ਾਹ ਦਰਵੇਸ਼ ਕਲਗੀਧਰ ਪਾਤਸ਼ਾਹ ਦੀ ਕਲਮ ਦੀ ਸ਼ਕਤੀ ਦੇ ਦੀਦਾਰ ਹੋਣਗੇ। ਇਸੇ ਤਰ੍ਹਾਂ ਚੰਡੀ ਚਰਿੱਤਰ, ਚੌਬੀਸ ਅਵਤਾਰ, ਵਾਰ ਦੁਰਗਾ ਕੀ, ਸ਼ਸਤ੍ਰ ਨਾਮ ਮਾਲਾ, ਚਰਿਤ੍ਰੋ ਪਖਯਾਨ ਆਦਿ ਰਚਨਾਵਾਂ ਵਿਚੋਂ ਨੀਤੀ ਕਥਾ, ਉਚਤਮ ਸਾਹਿਤ ਤੇ ਮਨੋਵਿਗਿਆਨਕ ਫਲਸਫੇ ਦੇ ਦਰਸ਼ਨ ਹੋਣਗੇ।
ਹੁਣ ਜੇਕਰ ਕਲਗੀਧਰ ਪਾਤਸ਼ਾਹ ਦੀ ਸਦੀਵੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਇਸ ਲੋਕ ਟੱਪੇ ਅਨੁਸਾਰ ਜੱਗ ਰੁੱਸਦਾ ਤਾਂ ਰੁੱਸ ਜਾਏ ਪਰ ਮੇਰਾ ਕਲਗੀਆਂ ਵਾਲਾ ਮੇਰੀ ਜੀਵਨ ਜਾਚ ਤੋਂ ਨਿਰਾਸ਼ ਨਾ ਹੋਵੇ, ਕਿਉਂਕਿ ਸੰਸਾਰੀ ਲੋਕਾਂ ਦੇ ਜੀਵਨ ਜਿਊਣ ਦੇ ਕਈ ਵਾਰ ਆਪਣੇ ਹੀ ਪੈਮਾਨੇ ਹੁੰਦੇ ਹਨ, ਜੋ ਇਕ ਸਿੱਖ ਨੂੰ ਸਰੂਪ ਤੇ ਸਿਧਾਂਤ ਤੋਂ ਤੋੜਨ ਵਾਲੇ ਵੀ ਹੋ ਸਕਦੇ ਹਨ ਪਰ ਸੱਚਾ ਸਿੱਖ ਜੋ ਸਦੀਵੀ ਖੁਸ਼ੀ ਦੀ ਲੋਚਾ ਰੱਖਦਾ ਹੈ, ਉਹ ਸਤਿਗੁਰਾਂ ਵੱਲੋਂ ਬਖਸ਼ੇ ਸਰੂਪ ਤੇ ਸਿਧਾਂਤ ਤੋਂ ਬੇਮੁੱਖ ਨਹੀਂ ਹੋਵੇਗਾ।
ਇਸੇ ਤਰ੍ਹਾਂ ਚੰਗੀ ਜੀਵਨ ਜਾਚ ਤੇ ਉਸਾਰੂ ਕਾਰਜਾਂ ਵਿਚ ਸੰਸਾਰ ਤੇ ਸਮਾਜ ਦੇ ਭਲੇ ਲਈ ਕਾਰਜਸ਼ੀਲ ਹੋਣ ਵਾਸਤੇ ਕਲਗੀਧਰ ਦੇ ਇਹ ਬੋਲ ਪ੍ਰੇਰਕ ਸ਼ਕਤੀ ਹਨ, 'ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ॥' ਹੁਣ ਜੇਕਰ 'ਖਾਲਸਾ ਮੇਰੋ ਰੂਪ ਹੈ ਖਾਸ' ਸਤਿਗੁਰਾਂ ਵੱਲੋਂ ਬਖਸ਼ੇ ਕੌਮੀ ਜਾਗ੍ਰਿਤੀ ਤੇ ਸੁਚੇਤਤਾ ਦੇ ਸ਼ਬਦ ਸੋਚਾਂ ਵਿਚ ਹੋਣ ਤਾਂ ਸਿੱਖ ਦਾ ਕਕਾਰਾਂ ਨਾਲ ਸਦੀਵੀ ਪਿਆਰ ਰਹੇਗਾ। ਕੌਮੀ ਜਾਹੋ-ਜਲਾਲ ਤੇ ਨਿਰਮਲ ਪੰਥ ਦੀਆਂ ਰਵਾਇਤਾਂ ਤੇ ਬੀਰ ਰਸ ਦੀ ਪ੍ਰੇਰਨਾ ਹਨ ਇਹ ਬੋਲ, 'ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ' ਜਾਂ 'ਜਬੋ ਬਾਣ ਲਾਗਿਯੋ, ਤਬੈ ਰੋਸ ਜਾਗਿਯੋ' ਆਦਿ।
ਇਸ ਸੰਸਾਰ ਵਿਚ ਫੋਕਟ ਕਰਮਕਾਂਡ, ਵਹਿਮ-ਭਰਮ, ਜੰਤਰਾਂ, ਮੰਤਰਾਂ, ਤੰਤਰਾਂ ਦੇ ਪਾਖੰਡ ਕਰਮਾਂ ਦਾ ਕਲਗੀਧਰ ਪਾਤਸ਼ਾਹ ਨੇ ਇਉਂ ਖੰਡਨ ਕੀਤਾ : 'ਸਭੈ ਝੂਠੁ ਮਾਨੋ ਜਿਤੇ ਜੰਤ੍ਰ ਮੰਤ੍ਰੰ॥ ਸਭੈ ਫੋਕਟੰ ਧਰਮ ਹੈ ਭਰਮ ਤੰਤ੍ਰੰ॥'
ਕਲਗੀਧਰ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਮੁਰਦੇ ਖਿਆਲ, ਮੁਰਦਿਆਂ ਦੀ ਪੂਜਾ ਤੇ ਮੜੀ-ਮਸਾਣਾਂ ਦੀ ਕੂਰ ਕਿਰਿਆ ਤਿਆਗ ਕੇ ਇਨ੍ਹਾਂ ਅੰਮ੍ਰਿਤ ਬਚਨਾਂ ਉੱਪਰ ਭਰੋਸਾ ਰੱਖਣਾ ਹੈ, 'ਇਕ ਮੜੀਅਨ ਕਬਰਨ ਵੈ ਜਾਹੀ॥ ਦੁਹੂੰਅਨ ਮਹਿ ਪਰਮੇਸਰ ਨਾਹੀ॥' ਇਸੇ ਤਰ੍ਹਾਂ ਹਰ ਪ੍ਰਕਾਰ ਦੇ ਨਸ਼ਿਆਂ ਤੋਂ, ਬੇਲੋੜਾ ਖਾਣ ਤੋਂ ਅਤੇ ਆਲਸ ਤਿਆਗ ਕੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਕਲਗੀਧਰ ਪਿਤਾ ਦਾ ਸਬਕ 'ਅਲਪ ਆਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ' ਦ੍ਰਿੜ੍ਹ ਕਰਨਾ ਹੈ ਤਾਂ ਫਿਰ 'ਸਦਾ ਰਹੈ ਕੰਚਨ ਸੀ ਕਾਯਾ' ਗੁਰ ਸਬਕ ਦੀ ਸ਼ਕਤੀ ਪ੍ਰਤੱਖ ਨਜ਼ਰ ਆਏਗੀ। ਵਿਸ਼ਵ ਸ਼ਾਂਤੀ ਲਈ ਜਾਤ-ਪਾਤ, ਊਚ-ਨੀਚ ਦੇ ਭੇਦ-ਭਾਵ ਖਤਮ ਕਰਨ ਲਈ ਅਤੇ ਸਰਬੱਤ ਦੇ ਭਲੇ ਦਾ ਅਮਲੀ ਪ੍ਰਤਾਪ ਕਲਗੀਧਰ ਪਿਤਾ ਜੀ ਦੇ ਇਹ ਉਪਦੇਸ਼ ਦ੍ਰਿੜ੍ਹ ਕੀਤਿਆਂ ਪ੍ਰਗਟ ਹੋਵੇਗਾ, 'ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫੀ ਮਾਨਸ ਕੀ ਜਾਤ ਸਬੈ ਏਕੋ ਪਹਚਾਨਬੋ।' ਇਸ ਲਈ ਸਦਾ ਹੀ ਸਵੈਚੇਤਨਾ ਤੇ ਜਾਗ੍ਰਿਤੀ ਲਈ ਗੁਣਗੁਣਾਉਂਦੇ ਰਹਿਣਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ...॥

ਡਾ: ਇੰਦਰਜੀਤ ਸਿੰਘ ਗੋਗੋਆਣੀ
-ਖਾਲਸਾ ਕਾਲਜ, ਅੰਮ੍ਰਿਤਸਰ। ਮੋਬਾ: 98159-85559

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ

ਦੁਸ਼ਟ ਦਮਨ, ਸੰਤ ਸਿਪਾਹੀ, ਮਹਾਨ ਇਨਕਲਾਬੀ ਅਤੇ ਸਾਹਿਤ ਸ਼੍ਰੋਮਣੀ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸੰਮਤ 1723 ਬਿਕਰਮੀ ਨੂੰ ਅਰਥਾਹ ਪੋਹ ਸੁਦੀ ਸੱਤਵੀਂ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਹੋਇਆ। ਉਨ੍ਹਾਂ ਦੇ ਪ੍ਰਕਾਸ਼ ਸਮੇਂ ਨੌਵੇਂ ਗੁਰੂ ਅਤੇ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਆਸਾਮ ਦੇ ਦੌਰੇ 'ਤੇ ਸਨ। ਆਪਣੇ, ਦੁਨੀਆ ਵਿਚ ਅਵਤਾਰ ਧਾਰਨ ਦੇ ਮਕਸਦ ਬਾਰੇ ਬਿਆਨ ਕਰਦਿਆਂ ਦਸਮ ਪਾਤਸ਼ਾਹ ਇਉਂ ਦੱਸਦੇ ਹਨ-
ਜਹਾਂ ਤਹਾ ਤੁਮ ਧਰਮ ਬਿਥਾਰੋ
ਦੁਸਟ ਦੋਖਯਨਿ ਪਕਰਿ ਪਛਾਰੋ॥
ਯਾਹੀ ਕਾਜ ਧਰਾ ਹਮ ਜਨਮੰ
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਿਨ
ਦੁਸਟ ਸਭਨ ਕੋ ਮੂਲ ਉਪਾਰਨ॥
ਹਮ ਇਹ ਕਾਜ ਜਗਤ ਮੋ ਆਏ
ਧਰਮ ਹੇਤੁ ਗੁਰਦੇਵ ਪਠਾਏ॥
(ਬਚਿਤ੍ਰ ਨਾਟਕ, ਅਧਿਆਇ 6)
ਗੁਰੂ ਸਾਹਿਬ ਦਾ ਜਨਮ ਪਟਨੇ ਵਿਚ ਹੀ ਬੀਤਿਆ। ਉਨ੍ਹਾਂ ਹਿੰਦੀ, ਬ੍ਰਿਜ, ਫਾਰਸੀ, ਉਰਦੂ ਅਤੇ ਪੰਜਾਬੀ ਦੀ ਉੱਚ ਵਿੱਦਿਆ ਹਾਸਲ ਕੀਤੀ ਅਤੇ ਨਾਲ-ਨਾਲ ਸ਼ਸਤਰ ਵਿੱਦਿਆ ਵਿਚ ਵੀ ਉੱਚਕੋਟੀ ਦੀ ਮੁਹਾਰਤ ਹਾਸਲ ਕੀਤੀ।
ਪਿਤਾ ਜੀ ਦੀ ਅਜ਼ੀਮ ਸ਼ਹਾਦਤ ਤੋਂ ਬਾਅਦ ਬਾਲਕ ਗੋਬਿੰਦ ਰਾਇ ਨੇ ਗੁਰਗੱਦੀ ਸੰਭਾਲੀ। 1699 ਈ: ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੋਏ ਵਿਸ਼ਾਲ ਇਕੱਠ ਵਿਚ ਇਕ ਅਜੀਬ ਕੌਤਕ ਵਰਤਾਇਆ। ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਹੱਥ ਵਿਚ ਨੰਗੀ ਤਲਵਾਰ ਲੈ, ਸਟੇਜ ਉੱਤੇ ਆਏ ਅਤੇ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਸੰਗਤ ਵਿਚੋਂ ਪੰਜ ਸਿੱਖ ਨਿੱਤਰੇ, ਜਿਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਥਾਪਿਆ ਅਤੇ ਪੰਜ ਪਿਆਰੇ ਹੋਣ ਦਾ 'ਵਰ' ਬਖਸ਼ਿਆ। ਫਿਰ ਉਨ੍ਹਾਂ ਸਨਮੁਖ ਨਿਮਰਤਾ ਨਾਲ ਆਪ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ। ਅੰਮ੍ਰਿਤ ਛਕਣ ਤੋਂ ਬਾਅਦ ਉਨ੍ਹਾਂ ਦਾ ਨਾਂਅ ਵੀ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਹੋ ਗਿਆ। ਲੋਕਤੰਤਰ ਵਿਚ ਸੱਤਾ ਦੇ ਜਿਸ ਵਿਕੇਂਦਰੀਕਰਨ ਅਤੇ ਸਮਾਨਤਾ ਦੀ ਗੱਲ ਕੀਤੀ ਜਾਂਦੀ ਹੈ, ਉਸ ਦੀ ਬੁਨਿਆਦ ਗੁਰੂ ਸਾਹਿਬ ਨੇ ਗੁਰੂ ਅਤੇ ਸਿੱਖ ਵਿਚਾਲੇ ਫਰਕ ਨੂੰ ਦੂਰ ਕਰਕੇ 1699 ਈ: ਦੀ ਵਿਸਾਖੀ ਵਾਲੇ ਦਿਨ ਰੱਖੀ, ਤਾਂ ਹੀ ਤਾਂ ਕਵੀ ਭਾਈ ਗੁਰਦਾਸ ਦੂਜੇ ਨੇ ਲਿਖਿਆ ਹੈ-
'ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।'
ਜਮਹੂਰੀਅਤ ਦੇ ਬਾਨੀ ਗੁਰੂ ਸਾਹਿਬ, ਖਾਲਸੇ ਦੇ ਰੂਪ ਵਿਚ ਅਪਾਰ ਜਨਸ਼ਕਤੀ ਨੂੰ ਮਾਣ ਦਿੰਦਿਆਂ ਇਉਂ ਮੁਖਾਤਿਬ ਹੁੰਦੇ ਹਨ-
'ਇਨਹੀਂ ਕੀ ਕਿਰਪਾ ਸੇ ਸਜੇ ਹਮ ਹੈਂ
ਨਹੀਂ ਮੋ ਸੇ ਗਰੀਬ ਕਰੋਰ ਪਰੇ।'
ਖਾਲਸੇ ਦੀ ਸਿਰਜਣਾ, ਸਮੇਂ ਦੀ ਬਹੁਤ ਵੱਡੀ ਲੋੜ ਸੀ ਅਤੇ ਇਸ ਨੇ ਭਾਰਤ ਦੇ ਇਤਿਹਾਸ ਨੂੰ ਇਕ ਉਸਾਰੂ, ਨਰੋਆ ਅਤੇ ਕ੍ਰਾਂਤੀਕਾਰੀ ਮੋੜਾ ਦਿੱਤਾ। ਪੰਜ ਪਿਆਰੇ ਵੱਖ-ਵੱਖ ਪ੍ਰਾਂਤਾਂ ਦੇ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਅਤੇ ਵਿਭਿੰਨ ਜਾਤਾਂ ਦੇ ਸਨ। ਉਨ੍ਹਾਂ ਨੇ ਇਨ੍ਹਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਦੀ ਦਾਤ ਦੇ ਕੇ ਜਿਥੇ ਸਦੀਆਂ ਤੋਂ ਸਮਾਜ ਨੂੰ ਚਿੰਬੜੀ ਹੋਈ ਜਾਤ-ਪਾਤ ਦੀ ਕੁਪ੍ਰਥਾ ਉੱਤੇ ਤਕੜੀ ਸੱਟ ਮਾਰੀ ਅਤੇ ਸਮਾਜ ਵਿਚ ਬਰਾਬਰੀ ਲਿਆਉਣ ਦਾ ਬੀੜਾ ਚੁੱਕਿਆ, ਉਥੇ ਸਮਾਜ ਦੇ ਲਿਤਾੜੇ ਅਤੇ ਆਪਣੇ-ਆਪ ਨੂੰ ਨਿਮਾਣੇ, ਬੇਕਸ ਅਤੇ ਨਿਆਸਰੇ ਮਜ਼ਲੂਮ ਲੋਕਾਂ ਨੂੰ ਮਰਦੇ-ਕਾਮਿਲ ਬਣਾ ਦਿੱਤਾ। ਉਨ੍ਹਾਂ ਵਿਚ ਆਪਣੇ ਹੱਕਾਂ ਲਈ ਅਤੇ ਜ਼ੁਲਮ ਤੇ ਅਨਿਆਂ ਵਿਰੁੱਧ ਉਠ ਖਲੋਣ ਦੀ ਪ੍ਰਚੰਡ ਜਵਾਲਾ ਜਗਾ ਦਿੱਤੀ।
ਗੁਰੂ ਸਾਹਿਬ ਨੇ ਅਨਿਆਂ ਅਤੇ ਧਾਰਮਿਕ ਕੱਟੜਪੁਣੇ ਵਿਰੁੱਧ ਲਾਸਾਨੀ ਸੰਘਰਸ਼ ਵਿਚ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੇ ਆਪਣੇ ਪੂਜ ਪਿਤਾ, ਮਾਤਾ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਅਣਗਿਣਤ ਸਿੰਘਾਂ ਨੂੰ ਹੱਸਦਿਆਂ-ਹੱਸਦਿਆਂ, ਦੇਸ਼ ਧਰਮ ਤੋਂ ਕੁਰਬਾਨ ਕਰ ਦਿੱਤਾ। ਅਜਿਹੇ ਮਹਾਨ ਤਿਆਗ ਅਤੇ ਬੇਜੋੜ ਕੁਰਬਾਨੀ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿਚੋਂ ਭਾਲਣੀ ਮੁਸ਼ਕਿਲ ਹੈ। ਉਨ੍ਹਾਂ ਦੀ ਲੜਾਈ ਕਿਸੇ ਖਾਸ ਫਿਰਕੇ ਦੇ ਵਿਰੁੱਧ ਨਹੀਂ, ਬਲਕਿ ਫਿਰਕਾਪ੍ਰਸਤੀ ਅਤੇ ਕੱਟੜਪੁਣੇ ਵਿਰੁੱਧ ਸੀ। ਗੁਰੂ ਸਾਹਿਬ ਤਾਂ ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖੀ ਏਕਤਾ ਦੇ ਮਹਾਨ ਅਲੰਬਰਦਾਰ ਸਨ। ਆਪ ਫ਼ਰਮਾਉਂਦੇ ਹਨ-
'ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ।'
ਉਨ੍ਹਾਂ ਅਨੁਸਾਰ ਮਾਨਵਤਾ ਨੂੰ ਪਿਆਰ ਕਰਨਾ ਸੱਚੀ ਇਬਾਦਤ ਹੈ, ਕਿਉਂਕਿ ਪਿਆਰ ਦਾ ਦੂਜਾ ਨਾਂਅ ਹੀ 'ਰੱਬ' ਹੈ।
'ਸਾਚ ਕਹੋਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ, ਤਿਨਹੀ ਪ੍ਰਭੁ ਪਾਯੋ।'
ਬਹੁਤ ਸਾਰੇ ਮੁਸਲਮਾਨ ਵੀ ਗੁਰੂ ਸਾਹਿਬ ਦੇ ਮੁਰੀਦ ਰਹੇ ਹਨ, ਜਿਨ੍ਹਾਂ ਵਿਚ ਪੀਰ ਭੀਖਨ ਸ਼ਾਹ, ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ, ਨੂਰਾ ਮਾਹੀ ਅਤੇ ਜਰਨੈਲ ਸੈਦ ਖਾਂ ਦੇ ਨਾਂਅ ਖਾਸ ਤੌਰ 'ਤੇ ਕਾਬਲੇ ਜ਼ਿਕਰ ਹਨ।
ਕਿਸੇ ਮਹਾਨ ਸ਼ਖ਼ਸੀਅਤ ਦੀ ਜ਼ਿੰਦਗੀ ਦਾ ਮੁੱਲਾਂਕਣ ਕਰਨ ਲੱਗਿਆਂ ਜ਼ਿੰਦਗੀ ਦੇ ਵਰ੍ਹੇ ਨਹੀਂ ਵੇਖੇ ਜਾਂਦੇ, ਸਗੋਂ ਉਸ ਦੀਆਂ ਮਹਾਨ ਘਾਲਣਾਵਾਂ, ਸਮਾਜ ਨੂੰ ਦੇਣ ਅਤੇ ਪ੍ਰਾਪਤੀਆਂ ਨੂੰ ਤੋਲਿਆ ਜਾਂਦਾ ਹੈ। ਗੁਰੂ ਸਾਹਿਬ ਭਾਵੇਂ 42 ਸਾਲ ਦੇ ਥੋੜ੍ਹੇ ਜਿਹੇ ਅਰਸੇ ਲਈ ਮਾਤਲੋਕ ਵਿਚ ਵਿਚਰੇ ਪਰ ਆਪਣੀ ਮਹਾਨ ਅਤੇ ਉੱਚ ਕਰਨੀ ਦੁਆਰਾ ਉਨ੍ਹਾਂ ਨੇ ਦੇਸ਼ ਅਤੇ ਸੰਸਾਰ ਦੇ ਇਤਿਹਾਸ ਉੱਤੇ ਸਦੀਵੀ ਨਕਸ਼ ਛੱਡੇ। 42 ਸਾਲ ਦੀ ਸੰਸਾਰਕ ਆਯੂ ਤੋਂ ਬਾਅਦ ਗੁਰੂ ਸਾਹਿਬ ਮਹਾਂਰਾਸ਼ਟਰ ਵਿਚ ਨਾਂਦੇੜ ਵਿਖੇ ਸੰਮਤ 1765 ਵਿਚ ਜੋਤੀ ਜੋਤ ਸਮਾ ਗਏ।

ਤੀਰਥ ਸਿੰਘ ਢਿੱਲੋਂ
-98154-61710

 

ਸ਼ਬਦ ਵਿਚਾਰ

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਲੋਕ ਵਾਰਾਂ ਤੇ ਵਧੀਕ ਮਹਲਾ ੧
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ
ਸਿਰੁ ਦੀਜੈ ਕਾਣਿ ਨ ਕੀਜੈ॥ (ਅੰਗ 1412)
ਪਦ ਅਰਥ : ਜਉ-ਜੇਕਰ। ਤਉ-ਤੈਨੂੰ। ਪ੍ਰੇਮ ਖੇਲਣ ਕਾ ਚਾਉ-ਪ੍ਰੇਮ ਦੀ ਖੇਲ ਖੇਲਣ ਦਾ ਚਾਅ ਹੈ, ਜੇਕਰ ਤੂੰ ਪਰਮਾਤਮਾ ਨਾਲ ਪ੍ਰੇਮ ਪਾਉਣਾ ਚਾਹੁੰਦਾ ਹੈਂ। ਸਿਰੁ ਧਰਿ ਤਲੀ-ਸਿਰ ਨੂੰ ਤਲੀ 'ਤੇ ਰੱਖ ਕੇ, ਸਾਰੇ ਭੈਅ ਡਰ ਦੂਰ ਕਰਕੇ। ਗਲੀ ਮੇਰੀ ਆਉ-ਮੇਰੀ ਗਲੀ ਆਵੋ, ਮੇਰੇ ਪਾਸ ਆਵੋ। ਇਤੁ ਮਾਰਗਿ-ਅਜਿਹੇ ਮਾਰਗ 'ਤੇ। ਧਰੀਜੈ-ਰੱਖਿਆ ਜਾ ਸਕਦਾ ਹੈ। ਸਿਰੁ ਦੀਜੈ-ਸਿਰ ਦੇ ਕੇ, ਸਿਰ ਭੇਟ ਕਰਕੇ। ਕਾਣਿ-ਝਿਜਕ। ਨ ਕੀਜੈ-ਨਹੀਂ ਕਰਨੀ ਚਾਹੀਦੀ।
ਅੱਜ ਸਾਹਿਬ-ਏ-ਆਲਮ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਜਨਮ ਦਿਹਾੜਾ ਹੈ। ਅੱਜ ਦੇ ਸ਼ਬਦ ਵਿਚਾਰ ਵਿਚ ਗੁਰੂ ਜੀ ਦੇ ਜੀਵਨ 'ਤੇ ਸੰਖੇਪ ਰੂਪ ਵਿਚ ਵਿਚਾਰ ਕੀਤੀ ਗਈ ਹੈ।
ਸਲੋਕ ਵਿਚ ਜਗਤ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਭਾਈ, ਜੇਕਰ ਤੈਨੂੰ ਪਰਮਾਤਮਾ ਨਾਲ ਪ੍ਰੇਮ ਪਾਉਣ ਦਾ ਚਾਅ ਹੈ ਤਾਂ ਆਪਣੇ ਸੀਸ ਨੂੰ ਤਲੀ 'ਤੇ ਰੱਖ ਕੇ ਮੇਰੇ ਪਾਸ ਆ। ਆਪ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਅਜਿਹੇ ਮਾਰਗ 'ਤੇ ਪੈਰ ਤਾਂ ਹੀ ਧਰਿਆ ਜਾ ਸਕਦਾ ਹੈ ਜੇਕਰ ਸਿਰ ਨੂੰ ਭੇਟ ਕਰਨ 'ਤੇ ਕੋਈ ਝਿਜਕ ਨਾ ਕੀਤੀ ਜਾਵੇ।
ਪ੍ਰੇਮ ਦੇ ਮਾਰਗ ਤੋਂ ਭਾਵ ਹੈ ਪਿਆਰ, ਸਨੇਹ, ਨੇਕੀ, ਸੱਚ ਆਦਿ ਦਾ ਮਾਰਗ। ਇਹ ਮਾਰਗ ਭਾਵੇਂ ਬਿਖਮ ਅਰਥਾਤ ਕਠਿਨ ਜ਼ਰੂਰ ਹੈ, ਜਿਸ 'ਤੇ ਕੇਵਲ ਸੱਚ ਦੇ ਧਾਰਨੀ ਹੀ ਚੱਲ ਸਕਦੇ ਹਨ ਪਰ ਆਤਮਿਕ ਪੱਖ ਤੋਂ ਇਹ ਸਭ ਤੋਂ ਉੱਤਮ ਮਾਰਗ ਹੈ। ਸੁਖ, ਦੁੱਖ, ਤ੍ਰਿਸ਼ਨਾਵਾਂ ਨੂੰ ਤਿਆਗ ਕੇ ਹੀ ਇਸ ਮਾਰਗ ਦੇ ਪਾਂਧੀ ਬਣਿਆ ਜਾ ਸਕਦਾ ਹੈ ਅਤੇ ਜਗਿਆਸੂ ਹਰ ਅਵਸਥਾ ਵਿਚ ਪ੍ਰਭੂ ਦੀ ਰਜ਼ਾ ਜਾਂ ਭਾਣੇ ਵਿਚ ਵਿਚਰਦਾ ਹੋਇਆ ਆਪਣਾ ਮਨ, ਤਨ ਸਭ ਕੁਝ ਆਪਣੇ ਪਿਆਰੇ 'ਤੋਂ ਨਿਛਾਵਰ ਕਰ ਦਿੰਦਾ ਹੈ। ਗੁਰਵਾਕ ਹੈ-
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ
ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ
ਦੁਖ ਵਿਚਿ ਸੂਖ ਮਨਾਈ॥
(ਰਾਗੁ ਸੂਹੀ ਮਹਲਾ ੪, ਅੰਗ 757)
ਜਿਥੇ ਇਕ ਗੱਲ ਬੜੀ ਸਪੱਸ਼ਟ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਭਗਤੀ ਰਸ ਦੇ ਨਾਲ-ਨਾਲ ਸਿਰ ਤਲੀ 'ਤੇ ਰੱਖਣ ਜਿਹੀ ਸ਼ਬਦਾਵਲੀ ਦੀ ਵਰਤੋਂ ਅਰੰਭ ਹੋ ਚੁੱਕੀ ਸੀ ਅਤੇ ਪੰਜਵੇਂ ਜਾਮੇ ਵਿਚ ਇਕ ਵਾਰੀ ਇਸੇ ਉਪਦੇਸ਼ ਨੂੰ ਫਿਰ ਦੁਹਰਾਇਆ ਗਿਆ :
ਪਹਿਲਾ ਮਰਣੁ ਕਬੂਲਿ
ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ
ਤਉ ਆਉ ਹਮਾਰੇ ਪਾਸਿ॥
(ਰਾਗੁ ਮਾਰੂ ਕੀ ਵਾਰ ਮਹਲਾ ੫,
ਅੰਗ 1102)
ਰੇਣਕਾ-ਚਰਨ ਧੂੜ।
ਉਥੇ ਬਾਹਰਮੁਖੀ ਤੌਰ 'ਤੇ ਇਹ ਦ੍ਰਿੜ੍ਹ ਕਰਵਾਇਆ ਗਿਆ ਕਿ ਜੋ ਸੂਰਮਾ ਆਪਣੇ ਹੱਕਾਂ ਲਈ ਲੜ ਮਰਦਾ ਹੈ, ਉਹ ਪ੍ਰਭੂ ਦੀ ਦਰਗਾਹੇ ਪ੍ਰਵਾਨ ਚੜ੍ਹ ਜਾਂਦਾ ਹੈ ਭਾਵ ਦਰਗਾਹੇ ਉਸ ਨੂੰ ਇੱਜ਼ਤ ਤੇ ਮਾਣ ਮਿਲਦਾ ਹੈ-
ਮਰਣੁ ਮੁਣਸਾ ਸੂਰਿਆ ਹਕੁ ਹੈ
ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ
ਦਰਗਹ ਪਾਵਹਿ ਸਾਚੀ ਮਾਣੋ॥
(ਰਾਗੁ ਵਡਹੰਸ ਮਹਲਾ ੧, ਅੰਗ 579-80)
ਮੁਣਸਾ-ਮਨੁੱਖ। ਮਾਣੋ-ਮਾਣ ਮਿਲਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਅੱਜ ਸੰਸਾਰ ਭਰ ਵਿਚ ਜਨਮ ਦਿਵਸ ਮਨਾਇਆ ਜਾ ਰਿਹਾ ਹੈ, ਦੇ ਬੜੇ ਅਨਮੋਲ ਬਚਨ ਹਨ ਕਿ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਪਿਆਰ ਕੀਤਾ ਹੈ, ਉਨ੍ਹਾਂ ਨੇ ਹੀ ਪਰਮਾਤਮਾ ਨੂੰ ਪਾਇਆ ਹੈ-
ਸਾਚੁ ਕਹੌ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
(ਭ੍ਵਪ੍ਰਸਾਦ ਸਵਯੇ, ਪਾਤਸ਼ਾਹੀ ੧੦)
ਆਪਣੇ ਜਨਮ ਲੈਣ ਦੇ ਉਦੇਸ਼ ਬਾਰੇ ਆਪ ਜੀ ਨੇ ਦਰਸਾਇਆ ਹੈ ਕਿ ਉਨ੍ਹਾਂ ਦਾ ਜਨਮ ਲੈਣ ਦਾ ਉਦੇਸ਼ ਧਰਮ ਦਾ ਪਸਾਰ ਕਰਨਾ, ਸੰਤ ਜਨਾਂ ਅਰਥਾਤ ਧਰਮੀਆਂ ਦੀ ਰੱਖਿਆ ਕਰਨਾ ਅਤੇ ਦੁਸ਼ਟਾਂ ਦਾ ਨਾਸ ਕਰਨਾ ਹੈ-
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ
ਦੁਸਟ ਸਭਨ ਕੋ ਮੂਲ ਉਪਾਰਿਨ॥
(ਬਚਿੱਤ੍ਰ ਨਾਟਕ, ਪਾਤਸ਼ਾਹੀ ੧੦)
ਯਾਹੀ-ਇਹੀ। ਉਬਾਰਨ-ਰੱਖਿਆ ਕਰਨਾ। ਮੂਲ ਉਪਾਰਨ-ਮੁੱਢੋਂ ਪੁੱਟਣਾ, ਨਾਸ ਕਰਨਾ।
ਆਪ ਜੀ ਜੀਵਨ ਭਰ ਅਨਿਆਂ ਅਤੇ ਜ਼ੁਲਮ ਵਿਰੁੱਧ ਜੂਝਦੇ ਰਹੇ। ਆਪ ਜੀ 9 ਸਾਲਾਂ ਦੇ ਸਨ ਜਦੋਂ ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਧਰਮ ਦੀ ਰੱਖਿਆ ਕਰਦੇ ਹੋਏ ਅਤੇ ਹਿੰਦ ਦੀ ਡੁੱਬ ਰਹੀ ਨਈਆ ਨੂੰ ਬਚਾਉਣ ਲਈ ਸ਼ਹਾਦਤ ਪਾ ਗਏ, ਜਿਸ ਬਾਰੇ ਆਪ ਜੀ ਦਾ ਕਥਨ ਹੈ-
ਧਰਮ ਹੇਤ ਸਾਕਾ ਜਿਨਿ ਕੀਆ
ਸੀਸੁ ਦੀਆ ਪਰੁ ਸਿਰਰੁ ਨ ਦੀਆ॥
ਅਥਵਾ
ਤੇਗ ਬਹਾਦਰ ਕੇ ਚਲਤ
ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ
ਜੈ ਜੈ ਜੈ ਸੁਰ ਲੋਕਿ॥
ਹੇਤ-ਦੀ ਖਾਤਰ। ਸੋਕ-ਸੋਗ, ਗਮ। ਸੁਰ ਲੋਕ-ਦੇਵਲੋਕ, ਸਵਰਗ।
ਸਮਾਂ ਆ ਗਿਆ ਜਦੋਂ ਜ਼ੁਲਮ ਅਤੇ ਅਨਿਆਂ ਦਾ ਟਾਕਰਾ ਕਰਨ ਲਈ ਇਕ ਵਾਰੀ ਫਿਰ ਸ਼ਮਸ਼ੀਰ ਚੁੱਕਣੀ ਪਈ (ਪਹਿਲੀ ਵਾਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਜ਼ੁਲਮ ਦਾ ਟਾਕਰਾ ਕਰਨ ਲਈ ਸ਼ਮਸ਼ੀਰ ਚੁੱਕਣੀ ਪਈ ਸੀ)। ਸੰਨ 1699 ਦੀ ਵੈਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ ਕਰਕੇ ਦਸਮੇਸ਼ ਪਿਤਾ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਿੱਖ ਸੇਵਕਾਂ ਵਿਚ ਭਗਤੀ ਅਤੇ ਬੀਰਤਾ ਦੁਆਰਾ ਉਨ੍ਹਾਂ ਦਾ ਕਾਇਆ ਕਲਪ ਕਰ ਦਿੱਤਾ। ਹੁਣ ਉਹ ਸਿੰਘ ਸੂਰਮੇ ਸਜ ਗਏ ਸਨ, ਜੋ ਸਿਰਾਂ ਨੂੰ ਤਲੀਆਂ 'ਤੇ ਰੱਖ ਕੇ ਦੀਨਾਂ (ਗਰੀਬਾਂ) ਅਤੇ ਧਰਮ ਦੀ ਰੱਖਿਆ ਕਰਨ ਲਈ ਮੈਦਾਨ ਵਿਚ ਨਿਤਰੇ। ਸ਼ੁਭ ਕਰਮ ਕਰਨਾ ਉਨ੍ਹਾਂ ਦਾ ਲਕਸ਼ ਸੀ, ਜੋ ਉਨ੍ਹਾਂ ਦੇ ਗੁਰੂ ਦਾ ਉਪਦੇਸ਼ ਸੀ-
ਦੇਹ ਸਿਵਾ ਬਰੁ ਮੋਹਿ ਇਹੈ
ਸੁਭ ਕਰਮਨ ਤੇ ਕਬਹੂੰ ਨ ਟਰੋ॥
ਨ ਡਰੋ ਅਰਿ ਸੋ ਜਬ ਜਾਇ ਲਰੋਂ
ਨਿਸਚੈ ਕਰ ਅਪਨੀ ਜੀਤ ਕਰੋ॥
ਅਰ ਸਿਖ ਹੌ ਅਪਨੇ ਹੀ ਮਨ ਕੌ
ਇਹ ਲਾਲਚ ਹਉ ਗੁਨ ਤਉ ਉਚਰੋਂ।(
ਜਬ ਆਵ ਕੀ ਅਉਧ ਨਿਧਾਨ ਬਨੈ
ਅਤਿ ਹੀ ਰਨ ਮੈਂ ਤਬੁ ਜੂਝ ਮਰੋਂ॥
(ਚੰਡੀ ਚਰਿਤ੍ਰ, ਪਾਤਸ਼ਾਹੀ ੧੦)
ਆਪ ਜੀ ਨੇ ਆਪਣੇ ਸਿੱਖ ਸੇਵਕਾਂ ਨੂੰ ਬੜਾ ਮਾਣ ਦਿੱਤਾ, ਜੋ ਅੱਜ ਤਾਈਂ ਕਿਸੇ ਧਾਰਮਿਕ ਰਹਿਬਰ ਨੇ ਆਪਣੇ ਸੇਵਕਾਂ ਨੂੰ ਨਹੀਂ ਦਿੱਤਾ। ਆਪ ਜੀ ਦੇ ਪਾਵਨ ਬਚਨ ਹਨ-
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋ ਸੇ ਗਰੀਬ ਕਰੋਰ ਪਰੇ॥
(ਗਿਆਨ ਬੋਧ ਪਾ: ੧੦)
ਮੋ ਸੇ-ਮੇਰੇ ਵਰਗੇ। ਕਰੋਰ-ਕਰੋੜਾਂ।
ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸੇ ਮਹਿ ਹਉਂ ਕਰਉ ਨਿਵਾਸ॥
(ਸਰਬ ਲੋਹ ਗ੍ਰੰਥ 'ਚੋਂ)
ਗੁਰੂ ਜੀ ਨੇ ਜ਼ਫ਼ਰਨਾਮਾ (ਫਤਹਿ ਦੀ ਚਿੱਠੀ) ਵਿਚ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਜਦੋਂ ਸ਼ਾਂਤੀ ਲਈ ਕੀਤੇ ਹੀਲੇ-ਵਸੀਲੇ ਸਭ ਖਤਮ ਹੋ ਜਾਣ ਤਾਂ ਤਲਵਾਰ ਚੁੱਕਣੀ ਉਚਿਤ ਹੈ-
ਚੂੰ ਕਾਰ ਅਜ਼ ਹਮਾਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ॥
ਚਮਕੌਰ ਦੀ ਜੰਗ ਵਿਚ 40 ਸਿੰਘਾਂ ਨੇ ਲਗਭਗ 10 ਲੱਖ ਮੁਗਲੀ ਫੌਜ ਦਾ ਟਾਕਰਾ ਕੀਤਾ। ਇਥੇ ਹੀ 21 ਦਸੰਬਰ 1704 ਨੂੰ ਦਸਮੇਸ਼ ਪਿਤਾ ਦੇ ਵੱਡੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸੂਰਮਗਤੀ ਨਾਲ ਲੜਦੇ ਹੋਏ ਸ਼ਹੀਦ ਹੋਏ। ਇਸ ਜੰਗ ਵਿਚ ਗੁਰੂ ਜੀ ਦੇ ਤਿੰਨ ਪਿਆਰੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਵੀ ਧਰਮ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ।
26 ਦਸੰਬਰ 1704 ਨੂੰ 7 ਸਾਲ ਅਤੇ 9 ਸਾਲ ਦੇ ਸੂਰਮੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਜ਼ਾਲਮ ਸਰਹਿੰਦ ਦੇ ਸੂਬੇ ਨਵਾਬ ਖਾਂ ਨੇ ਇੱਟਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ। ਸੰਸਾਰ ਦੇ ਇਤਿਹਾਸ ਵਿਚ ਇਸ ਤੋਂ ਵੱਡਾ ਹੋਰ ਕੋਈ ਜ਼ੁਲਮ ਜਾਂ ਕਹਿਰ ਨਹੀਂ ਹੋ ਸਕਦਾ। ਜਦੋਂ ਮਾਤਾ ਜੀਤੋ ਜੀ ਨੇ ਆਪ ਜੀ ਪਾਸੋਂ ਪੁੱਛਿਆ ਸੀ ਕਿ ਚਾਰੇ ਸਾਹਿਬਜ਼ਾਦੇ ਕਿਥੇ ਹਨ ਤਾਂ ਭਰੇ ਦੀਵਾਨ ਵਿਚ ਆਪ ਜੀ ਨੇ ਖਾਲਸੇ ਵੱਲ ਇਸ਼ਾਰਾ ਕਰਕੇ ਆਖਿਆ ਸੀ-
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ॥
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ॥
ਸੰਸਾਰ ਦੇ ਇਤਿਹਾਸ ਵਿਚ ਕੋਈ ਅਜਿਹਾ ਪੈਗੰਬਰ ਜਾਂ ਸੂਰਮਾ ਪੈਦਾ ਨਹੀਂ ਹੋਇਆ, ਜਿਸ ਨੇ ਲਖਤੇ ਜਿਗਰ ਦੇ ਟੋਟਿਆਂ ਦੀ ਕੁਰਬਾਨੀ 'ਤੇ ਇਹ ਕੁਝ ਆਖਿਆ ਹੋਵੇ।
ਸਮਾਂ ਹੁੰਦਾ ਸੀ ਜਦੋਂ ਗੁਰੂ ਦੇ ਸਿੱਖ ਸੰਗਤੀ ਰੂਪ ਵਿਚ ਢੋਲਕੀ-ਛੈਣਿਆਂ ਨਾਲ ਉੱਚੀ-ਉੱਚੀ ਗਾਇਆ ਕਰਦੇ ਸਨ-
ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜੇਹਾ ਹੋਵੇ।
ਜੈਸੇ ਦਸਮੇਸ਼ ਮਾਤਾ ਗੁਜਰੀ ਦੇ ਲਾਲ ਨੇ।
ਅੱਜ ਇਹ ਭਾਵਨਾ ਅਤੇ ਜਜ਼ਬਾ ਕਿਥੇ ਗਏ? ਜਿਸ ਮਰਦ ਅਗੰਮੜੇ ਨੇ ਕੌਮ ਅਤੇ ਦੇਸ਼ ਦੀ ਪੱਤ ਰੱਖਣ ਲਈ ਸਰਬੰਸ (ਮਾਤਾ, ਪਿਤਾ, ਚਾਰ ਸਾਹਿਬਜ਼ਾਦੇ, ਅਨੇਕਾਂ ਪਿਆਰੇ ਸਿੰਘ) ਵਾਰ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ, ਉਸ ਦਸਮੇਸ਼ ਪਿਤਾ ਵੱਲੋਂ ਬਖਸ਼ੇ ਹੋਏ ਅਨਮੋਲ ਕੇਸ ਅਤੇ ਦਸਤਾਰ ਅੱਜ ਸਾਨੂੰ ਸਿਰ 'ਤੇ ਭਾਰੇ ਕਿਉਂ ਲੱਗਣ ਲੱਗ ਪਏ ਹਨ ਅਤੇ ਅਸੀਂ ਪਤਿਤ ਕਿਉਂ ਹੁੰਦੇ ਜਾ ਰਹੇ ਹਾਂ? ਸਿੱਖ ਨੌਜਵਾਨ ਅਜੋਕੀ ਪੀੜ੍ਹੀ ਨੂੰ ਇਹ ਵਿਚਾਰਨ ਵਾਲੀ ਗੱਲ ਹੈ।

ਸਾਧੂ ਸਿੰਘ ਗੋਬਿੰਦਪੁਰੀ
-217-ਆਰ, ਮਾਡਲ ਟਾਊਨ, ਜਲੰਧਰ।

 

ਧਾਰਮਿਕ ਸਾਹਿਤ

ਐਲਬਮ ਕੇਂਦਰੀ ਸਿੱਖ ਅਜਾਇਬਘਰ
ਸਰਪ੍ਰਸਤ : ਜਥੇਦਾਰ ਅਵਤਾਰ ਸਿੰਘ (ਪ੍ਰਧਾਨ ਸ਼੍ਰੋ: ਗੁ: ਪ੍ਰ: ਕਮੇਟੀ)
ਸੰਪਾਦਕ : ਸ: ਦਿਲਜੀਤ ਸਿੰਘ ਬੇਦੀ/ਸ: ਸਿਮਰਜੀਤ ਸਿੰਘ
ਪ੍ਰਕਾਸ਼ਕ : ਮੈਨੇਜਰ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ।
ਪੰਨੇ : 243, ਫੋਟੋਜ਼ : ਸਿਮਰਜੀਤ ਸਿੰਘ (ਸੰਪਾਦਕ)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਸਿੱਖ ਪੰਥ ਦਾ ਸ਼੍ਰੋਮਣੀ ਧਰਮ ਅਸਥਾਨ ਹੈ। ਸ੍ਰੀ ਹਰਿਮੰਦਰ ਸਾਹਿਬ ਸਮੂਹ ਅੰਦਰ ਦਰਸ਼ਨੀ ਡਿਉਢੀ ਦੇ ਬਿਲਕੁਲ ਨਾਲ ਲੱਗਵਾਂ, ਉਪਰਲੀ ਮੰਜ਼ਿਲ 'ਤੇ ਸਥਾਪਿਤ, ਕੇਂਦਰੀ ਸਿੱਖ ਅਜਾਇਬਘਰ, ਕੌਮ ਦੀ ਮਾਣਮੱਤੀ, ਸ਼ਾਨਾਮੱਤੀ, ਬੇਸ਼ਕੀਮਤੀ ਅਤੇ ਅਮੁੱਲ ਧਰੋਹਰ ਦਾ, ਲਾਸਾਨੀ ਖਜ਼ਾਨਾ ਹੈ। ਇਸ ਦੇ ਦਰਸ਼ਨ ਕਰਕੇ ਸਿੱਖ ਕੌਮ, ਇਤਿਹਾਸ, ਮਹਾਨ ਪਰੰਪਰਾਵਾਂ, ਕੌਮੀ ਧਾਰਮਿਕ, ਰਾਜਸੀ ਅਤੇ ਸਮਾਜਿਕ ਰਹਿਨੁਮਾਵਾਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਵਾਨ ਤੇ ਖੋਜੀ ਵਧੀਕ ਸਕੱਤਰ, ਸ: ਦਿਲਜੀਤ ਸਿੰਘ ਬੇਦੀ ਅਤੇ ਸ: ਸਿਮਰਜੀਤ ਸਿੰਘ (ਐਡੀਟਰ, ਸ਼੍ਰੋਮਣੀ ਕਮੇਟੀ) ਨੇ ਇਕ ਅਸਲੋਂ ਨਿਵੇਕਲਾ ਅਤੇ ਸ਼ਲਾਘਾਯੋਗ ਉਪਰਾਲਾ ਕਰਕੇ ਦੁਨੀਆ ਭਰ ਦੇ ਸਿੱਖਾਂ ਅਤੇ ਧਰਮ ਵਿਚ ਆਸਥਾ ਰੱਖਣ ਵਾਲੇ ਲੋਕਾਂ ਨੂੰ ਇਹ ਸਚਿੱਤਰ ਤੇ ਜਾਣਕਾਰੀ ਭਰਪੂਰ ਐਲਬਮ ਤਿਆਰ ਕਰਕੇ ਬਹੁਤ ਵੱਡਾ ਪਰਉਪਕਾਰੀ ਕਾਰਜ ਕੀਤਾ ਹੈ। ਘਰੇ ਬੈਠਿਆਂ ਨੂੰ ਇਨ੍ਹਾਂ ਦੀਦਿਆਂ ਰਾਹੀਂ ਸਮੁੱਚੀ ਗੌਰਵਮਈ ਸਿੱਖੀ ਲਹਿਰ ਬਾਰੇ ਦਰਸ਼ਨ ਹੋ ਜਾਇਆ ਕਰਨਗੇ। ਐਲਬਮ ਦਾ ਕਾਗਜ਼ ਬਹੁਤ ਸੁੰਦਰ ਤੇ ਤਸਵੀਰਾਂ ਮੂੰਹੋਂ ਬੋਲਦੀਆਂ ਹਨ।
ਐਲਬਮ ਦੇ ਅਰੰਭਕ ਹਿੱਸੇ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਐਲਬਮ ਬਾਰੇ ਵਿਚਾਰ ਤੇ ਸੰਦੇਸ਼ ਦਰਜ ਹਨ। ਸ: ਬੇਦੀ ਅਤੇ ਸ: ਸਿਮਰਜੀਤ ਸਿੰਘ ਨੇ ਇਕ ਵਿਸਤ੍ਰਿਤ ਲੇਖ ਰਾਹੀਂ ਕੇਂਦਰੀ ਸਿੱਖ ਅਜਾਇਬਘਰ ਦੀ ਬਣਤਰ, ਇਸ ਦੇ ਹੁਣ ਤੱਕ ਦੇ ਤਾਰੀਖੀ ਸਫਰ ਦੀ ਦਾਸਤਾਨ (ਸਮੇਤ ਇਸ ਦੇ ਵੱਖ-ਵੱਖ 6 ਹਾਲਾਂ ਦੇ) ਬਾਖੂਬੀ ਬਿਆਨ ਕੀਤੀ ਏ। ਐਲਬਮ ਦੀ ਤਰਤੀਬ ਵਾਪਰੀਆਂ ਘਟਨਾਵਾਂ ਦੇ ਆਧਾਰ ਉੱਤੇ ਰੱਖੀ ਗਈ ਹੈ।
'ਵਿਰਾਸਤੀ ਨਿਸ਼ਾਨੀਆਂ' ਉਨਵਾਨ ਹੇਠ ਵੱਖਰੇ ਭਾਗ ਵਿਚ ਪੁਰਾਤਨ ਸ਼ਸਤਰਾਂ, ਸਿੱਖ ਸਕੂਲ ਆਫ ਆਰਟ ਦੇ 19ਵੀਂ ਤੇ 20ਵੀਂ ਸਦੀ ਦੇ ਚਿੱਤਰਾਂ, ਪੁਰਾਤਨ ਹੱਥ-ਲਿਖਤ ਬੀੜਾਂ ਦੇ ਉਤਾਰੇ, ਪ੍ਰਸਿੱਧ ਰਾਗੀਆਂ ਦੇ ਸਾਜ਼ਾਂ, ਵੱਖ-ਵੱਖ ਸਮਿਆਂ 'ਤੇ ਜਾਰੀ ਹੋਏ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕਿਆਂ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਤਨ ਰੰਗੀਨ ਨਕਸ਼ੇ ਪ੍ਰਕਾਸ਼ਿਤ ਕੀਤੇ ਗਏ ਹਨ। ਸ: ਦਿਲਜੀਤ ਸਿੰਘ ਬੇਦੀ ਅਤੇ ਸ: ਸਿਮਰਜੀਤ ਸਿੰਘ ਨੇ ਇਹ ਘਾਲਣਾ ਭਰਪੂਰ ਕਾਰਜ ਕਰਕੇ 'ਅਸ਼ਵਮੇਯ ਯੱਗ' ਜਿੰਨਾ ਜਿਹੜਾ ਵਡੇਰਾ ਉੱਦਮ ਕੀਤਾ ਹੈ, ਉਸ ਦੀ ਤਾਰੀਫ ਲਈ ਲਫਜ਼ਾਂ ਦੀ ਥੁੜੋਂ ਮਹਿਸੂਸ ਹੁੰਦੀ ਹੈ। ਉਨ੍ਹਾਂ ਦੇ ਇਸ ਅਲੌਕਿਕ ਉੱਦਮ ਲਈ ਸਮੁੱਚਾ ਸਿੱਖ ਪੰਥ ਅਤੇ ਕਲਾ ਪ੍ਰੇਮੀ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ।

ਕਿਰਤ ਤੇ ਧਰਮ
ਲੇਖਕ : ਡਾ: ਕੁਲਵੰਤ ਸਿੰਘ
ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਬਰਨਾਲਾ।
ਸਫੇ : 120, ਕੀਮਤ : 120 ਰੁਪਏ

ਵਿਦਵਾਨ ਲੇਖਕ ਡਾ: ਕੁਲਵੰਤ ਸਿੰਘ ਦੀ ਇਹ ਪੰਜਵੀਂ ਪੁਸਤਕ ਹੈ। ਗੁਰਬਾਣੀ ਦੇ ਵੱਖ-ਵੱਖ ਵਿਸ਼ਿਆਂ 'ਤੇ ਉਹ ਇਸ ਤੋਂ ਪਹਿਲਾਂ ਚਾਰ ਪੁਸਤਕਾਂ 'ਬਨਾਰਸ ਕੇ ਠਗ', 'ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਰਤ ਦਾ ਸੰਕਲਪ', 'ਗੁਰਬਾਣੀ ਇਸੁ ਜਗ ਮਹਿ ਚਾਨਣੁ' ਅਤੇ 'ਸੂਹੇ ਬੋਲ' ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਚਰਚਾ ਅਧੀਨ ਪੁਸਤਕ ਰਾਹੀਂ ਕਿਰਤ ਅਤੇ ਧਰਮ ਦੇ ਅਟੁੱਟ ਸਬੰਧ ਬਾਰੇ ਵਿਚਾਰ, ਪਾਠਕਾਂ ਨਾਲ ਸਾਂਝੇ ਕੀਤੇ ਗਏ ਹਨ। ਖਾਸ ਕਰ ਸਿੱਖ ਧਰਮ ਵਿਚ ਕਿਰਤ ਦੀ ਵੱਡੀ ਮਹਾਨਤਾ ਹੈ। ਗੁਰਵਾਕ ਹੈ-
ਘਾਲਿ ਖਾਇ ਕਿਛੁ ਹਥਉ ਦੇਇ,
ਨਾਨਕ ਰਾਹੁ ਪਛਾਣਹਿ ਸੇਇ॥
ਪੁਸਤਕ ਦੇ ਅਰੰਭ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸੰਦੇਸ਼ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਿੱਖ ਸਕਾਲਰ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਮੁੱਖ ਬੰਧ ਰਾਹੀਂ ਕਿਰਤ ਦੇ ਤੁਲਨਾਤਮਿਕ ਅਧਿਐਨ ਦੇ ਲੇਖਕ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਦਰੁਸਤ ਫ਼ਰਮਾਇਆ ਹੈ ਕਿ ਇਸ ਵਿਧੀ ਨਾਲ ਕਿਰਤ ਦੇ ਸੰਕਲਪ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਮਿਲੇਗੀ। ਲੇਖਕ ਨੇ ਗੁਰਬਾਣੀ ਦੇ ਪਾਵਨ ਪ੍ਰਮਾਣਾਂ ਦੇ ਨਾਲ-ਨਾਲ ਹੋਰ ਧਰਮਾਂ ਦੇ ਹਵਾਲੇ ਦੇ ਕੇ ਸਪੱਸ਼ਟ ਕੀਤਾ ਹੈ ਕਿ ਕਿਰਤ, ਮਨੁੱਖੀ ਜੀਵਨ ਦੀ ਸਫਲਤਾ ਦਾ ਧੁਰਾ ਹੈ। ਲੇਖਕ ਨੇ ਬੜੇ ਭਾਵਪੂਰਤ ਤਰੀਕੇ ਨਾਲ ਇਸ ਤੱਥ ਨੂੰ ਉਜਾਗਰ ਕੀਤਾ ਹੈ ਕਿ ਕਿਰਤ ਧਰਮ ਦੀ ਕਮਾਈ ਹੈ। ਕਿਰਤ ਸਿਰਫ ਉਪਜੀਵਕਾ ਦਾ ਸਾਧਨ ਨਹੀਂ, ਸਗੋਂ ਇਹ ਦਸਾਂ ਨਹੁੰਆਂ ਦੀ 'ਸੁਕ੍ਰਿਤ', ਮਨੁੱਖੀ ਮਨ ਨੂੰ ਨਿਰਮਲ ਬਣਾ ਕੇ ਪਰਮਾਰਥ ਦੇ ਰਾਹ ਦਾ ਪਾਂਧੀ ਬਣਨ ਵਿਚ ਮਦਦਗਾਰ ਹੁੰਦੀ ਹੈ।
ਇਸ ਪੁਸਤਕ ਦੇ ਸੱਤ ਅਧਿਆਇ ਹਨ। ਇਹ ਹਨ, 'ਕਿਰਤ ਸਿਧਾਂਤਕ ਪਰਿਪੇਖ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ', ਜਿਸ ਵਿਚ 'ਕਿਰਤ' ਤੇ 'ਕਰਮ' ਦੇ ਅੰਤਰ ਨੂੰ ਬਿਆਨਿਆ ਗਿਆ ਹੈ। ਕਰਮ ਖੇਤਰ ਦੀ ਵਿਸ਼ਾਲਤਾ ਨੂੰ ਰੂਪਮਾਨ ਕੀਤਾ ਗਿਆ ਹੈ। ਦੂਜੇ ਅਧਿਆਇ ਹਨ-'ਕਿਰਤ, ਹਿੰਦੂ ਮਤ ਅਤੇ ਗੁਰਮਤਿ', 'ਕਿਰਤ, ਜੈਨ ਮੱਤ ਦੇ ਗੁਰਮਤਿ', 'ਕਿਰਤ, ਜੈਨ ਮੱਤ ਤੇ ਗੁਰਮਤਿ', 'ਕਿਰਤ, ਈਸਾਈ ਮੱਤ ਦੇ ਗੁਰਮਤਿ', 'ਕਿਰਤ, ਇਸਲਾਮ ਮੱਤ ਅਤੇ ਗੁਰਮਤਿ' ਅਤੇ 'ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਤ, ਵਿਚਾਰਧਾਰਾ ਦੀ ਵਿਲੱਖਣਤਾ'। ਗੁਰਬਾਣੀ ਦੇ ਢੁਕਵੇਂ ਪ੍ਰਮਾਣਾਂ ਦੇ ਨਾਲ-ਨਾਲ ਹੋਰਨਾਂ ਧਰਮਾਂ ਦੇ ਹਵਾਲੇ ਅਤੇ ਵੱਖ-ਵੱਖ ਵਿਦਵਾਨਾਂ ਦੀਆਂ ਟਿੱਪਣੀਆਂ ਪੁਸਤਕ ਨੂੰ ਹੋਰ ਪੁਖਤਗੀ ਪ੍ਰਦਾਨ ਕਰਦੀਆਂ ਹਨ। ਅੰਤ ਵਿਚ ਸਹਾਇਕ ਪੰਜਾਬੀ, ਹਿੰਦੀ, ਅੰਗਰੇਜ਼ੀ ਪੁਸਤਕਾਂ, ਕੋਸ਼ਾਂ ਅਤੇ ਪ੍ਰਤਿਕਾਵਾਂ ਦਾ ਵੇਰਵਾ, ਉਨ੍ਹਾਂ ਦੇ ਲੇਖਕਾਂ ਦੇ ਨਾਵਾਂ ਸਹਿਤ ਦਰਜ ਕਰਕੇ ਸੋਨੇ 'ਤੇ ਸੁਹਾਗੇ ਵਾਲੀ ਗੱਲ ਨੂੰ ਸੱਚ ਸਾਬਤ ਕਰ ਵਿਖਾਇਆ ਹੈ। ਅਸਲੋਂ ਨਵੇਂ ਨੁਕਤਾਨਿਗਾਹ ਅਤੇ ਜ਼ਾਵੀਏ ਤੋਂ ਲਿਖੀ ਇਹ ਪੁਸਤਕ ਪਰਮਾਰਥ ਦੇ ਹਰੇਕ ਮੁਤਲਾਸ਼ੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਬਹੁਤ ਕੁਝ ਲਾਹੇਵੰਦਾ ਪੱਲੇ ਪਵੇਗਾ।

-ਤੀਰਥ ਸਿੰਘ ਢਿੱਲੋਂ,
ਮੋਬਾ: 98154-61710

ਅਮਰ ਸ਼ਹੀਦ
(ਜੀਵਨ ਬ੍ਰਿਤਾਂਤ ਸ: ਸੁੱਖਾ ਸਿੰਘ ਅਤੇ ਸ: ਮਹਿਤਾਬ ਸਿੰਘ)
ਲੇਖਕ : ਕੇਹਰ ਸਿੰਘ ਮਠਾਰੂ (ਕੈਨੇਡਾ)
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ।
ਮੁੱਲ : 240 ਰੁਪਏ, ਸਫੇ : 240

ਪੁਸਤਕ ਦੇ ਲੇਖਕ ਕੇਹਰ ਸਿੰਘ ਮਠਾਰੂ ਪ੍ਰਵਾਸੀ ਭਾਰਤੀ ਵਜੋਂ ਕੈਨੇਡਾ ਦੇ ਵਸਨੀਕ ਹਨ। ਇਸ ਪੁਸਤਕ ਤੋਂ ਇਲਾਵਾ ਉਨ੍ਹਾਂ ਹੋਰ ਵੀ ਅਨੇਕਾਂ ਉੱਚਪਾਏ ਦੀਆਂ ਪੁਸਤਕਾਂ ਪੰਜਾਬੀ ਪਾਠਕਾਂ ਨੂੰ ਭੇਟ ਕੀਤੀਆਂ ਹਨ। ਇਹ ਇਤਿਹਾਸਕ ਪੁਸਤਕ ਉਨ੍ਹਾਂ ਦੋ ਮਹਾਨ ਸ਼ਹੀਦਾਂ ਦੇ ਜੀਵਨ ਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਸਫਲ ਉਪਰਾਲਾ ਹੈ। ਇਤਿਹਾਸ ਕੌਮਾਂ ਦੀ ਜਿੰਦ-ਜਾਨ ਹੁੰਦਾ ਹੈ। ਸਿੱਖ ਇਤਿਹਾਸ ਕੁਰਬਾਨੀ ਅਤੇ ਸ਼ਹੀਦਾਂ ਦੀ ਜੀਵਨ ਗਾਥਾ ਹੈ। ਕੁਰਬਾਨੀ ਕਿਸੇ ਕੌਮ ਦੀ ਉੱਨਤੀ ਅਤੇ ਤਰੱਕੀ ਦੀ ਜਾਮਨ ਹੁੰਦੀ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੈਂਕੜੇ ਸਾਲਾਂ ਤੋਂ ਗਲ਼ ਪਈ ਗੁਲਾਮੀ ਨੂੰ ਗਲੋਂ ਲਾਹੁਣ ਲਈ ਆਜ਼ਾਦੀ ਦਾ ਅਹਿਸਾਸ ਕਰਵਾ ਕੇ ਦੱਬੀਆਂ-ਕੁਚਲੀਆਂ ਕੌਮਾਂ ਦੇ ਮਰਜੀਵੜਿਆਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਇਕ ਕੇਸਰੀ ਝੰਡੇ ਦੀ ਅਗਵਾਈ ਵਿਚ ਤੋਰਿਆ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਹ ਭਾਂਬੜ ਇਨਕਲਾਬ ਦਾ ਰੂਪ ਧਾਰਨ ਕਰ ਗਿਆ। ਈਰਾਨੀ, ਦੁਰਾਨੀ ਅਤੇ ਅਫ਼ਗਾਨੀ ਹਮਲਾਵਰ ਲਗਭਗ ਅੱਧੀ ਸਦੀ ਸਿੱਖਾਂ ਦਾ ਬੀਜ-ਨਾਸ਼ ਕਰਨ ਲਈ ਯਤਨਸ਼ੀਲ ਰਹੇ।
ਸ: ਸੁੱਖਾ ਸਿੰਘ ਕਲਸੀ ਨੇ ਰਾਮਗੜ੍ਹੀਆ ਪਰਿਵਾਰ ਵਿਚ ਜਨਮ ਲੈ ਕੇ ਸਮੁੱਚੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ। ਇਤਿਹਾਸ ਮੁਤਾਬਿਕ ਇਹ ਹਨੇਰਗਰਦੀ ਦਾ ਸਮਾਂ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸਨ। ਸ: ਸੁੱਖਾ ਸਿੰਘ ਵਿਚ ਦੇਸ਼, ਕੌਮ ਅਤੇ ਧਰਮ ਦਾ ਪਿਆਰ ਠਾਠਾਂ ਮਾਰਦਾ ਸੀ। ਸ: ਸੁੱਖਾ ਸਿੰਘ ਪੂਰਾ ਜੀਵਨ ਬ੍ਰਹਮਚਾਰੀ ਰਹੇ। ਉਨ੍ਹਾਂ ਵੱਲੋਂ ਸ: ਮਹਿਤਾਬ ਸਿੰਘ ਦਾ ਸਾਥ ਦੇ ਕੇ ਮੱਸੇ ਰੰਗੜ ਦਾ ਸਿਰ ਸਿਖਰ ਦੁਪਹਿਰੇ ਲੱਗੇ ਸਖਤ ਪਹਿਰੇ ਸਮੇਂ ਵੱਢ ਕੇ ਲੈ ਜਾਣਾ ਹੈਰਾਨਕੁੰਨ ਘਟਨਾ ਹੈ। ਇਨ੍ਹਾਂ ਦੋਵਾਂ ਵਰਿਆਮ ਯੋਧਿਆਂ ਨੂੰ ਅਠਾਰ੍ਹਵੀਂ ਸਦੀ ਦੇ ਉਨ੍ਹਾਂ ਸਿਰਲੱਥ ਸੂਰਮਿਆਂ ਵਜੋਂ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਆਪਣੀ ਬਰਾਦਰੀ ਅਤੇ ਸੂਰਮਤਾਈ ਨਾਲ ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਕਾਇਮ ਰੱਖਿਆ।
ਕੌਮਾਂ ਇਤਿਹਾਸ ਦੀ ਰੌਸ਼ਨੀ ਵਿਚ ਹੀ ਆਪਣੇ ਭਵਿੱਖ ਨੂੰ ਉਲੀਕ ਸਕਦੀਆਂ ਹਨ ਪਰ ਇਸ ਕਾਰਜ ਲਈ ਇਤਿਹਾਸ ਦੇ ਤੱਥ ਸਹੀ ਅਤੇ ਖੋਜ ਭਰਪੂਰ ਹੋਣੇ ਜ਼ਰੂਰੀ ਹਨ। ਲੇਖਕ ਇਨ੍ਹਾਂ ਦੋਵਾਂ ਮਰਜੀਵੜਿਆਂ ਦੇ ਜੀਵਨ ਬ੍ਰਿਤਾਂਤ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਅਨੇਕਾਂ ਇਤਿਹਾਸਕ ਤੇ ਹਵਾਲਾ ਪੁਸਤਕਾਂ ਦੀ ਸੂਚੀ ਪੁਸਤਕ ਦੇ ਅੰਤ ਵਿਚ ਦਿੱਤੀ ਹੈ। ਦੋਵਾਂ ਸ਼ਹੀਦਾਂ ਦੇ ਬੰਸਾਵਲੀਨਾਮੇ ਵੀ ਅੰਕਿਤ ਕੀਤੇ ਹਨ। ਸਮੁੱਚੇ ਰੂਪ ਵਿਚ ਲੇਖਕ ਵੱਲੋਂ ਇਤਿਹਾਸਕ ਤੱਥਾਂ ਨੂੰ ਇਕੱਠੇ ਕਰਨ ਲਈ ਸਖਤ ਘਾਲਣਾ ਘਾਲੀ ਗਈ ਹੈ। ਸਿੱਖ ਇਤਿਹਾਸ ਨਾਲ ਸਬੰਧਤ ਅਨੇਕਾਂ ਸਿੱਖਾਂ ਦੇ ਸ਼ਹੀਦੀ ਬਿਰਤਾਂਤ ਦੇ ਖਾਕੇ ਚਿੱਤਰ ਕੇ ਵੀ ਵਧੀਆ ਕਾਰਜ ਕੀਤਾ ਗਿਆ। ਇਤਿਹਾਸ ਦੇ ਪਾਠਕਾਂ ਲਈ ਇਹ ਪੁਸਤਕ ਸਾਂਭਣਯੋਗ ਹੈ।

-ਭਗਵਾਨ ਸਿੰਘ ਜੌਹਲ

 

ਗੁਰਦੁਆਰਾ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ (ਸਾਹਨੇਵਾਲ)

 ਅੱਜ ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਦਸਮੇਸ਼ ਪਿਤਾ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਨਾਲ ਨਿਵਾਜਿਆ ਹੋਇਆ, ਜ਼ਿਲ੍ਹਾ ਲੁਧਿਆਣਾ ਸਾਹਨੇਵਾਲ ਦੇ ਨਜ਼ਦੀਕ ਪਿੰਡ ਨੰਦਪੁਰ ਜੀ. ਟੀ. ਰੋਡ 'ਤੇ ਮੁਕੱਦਸ ਅਸਥਾਨ ਸੁਸ਼ੋਭਿਤ ਹੈ। ਇਹ ਪਾਵਨ ਇਤਿਹਾਸਕ ਅਸਥਾਨ ਅੱਜ ਦੁਨੀਆ ਦੇ ਸਭ ਤੋਂ ਮਨਮੋਹਕ ਖੂਬਸੂਰਤ ਧਾਰਮਿਕ ਸਥਾਨਾਂ ਵਿਚ ਮਹੱਤਵਪੂਰਨ ਅਤੇ ਸ਼ੁਮਾਰ ਹੈ।
ਸ਼ਹੀਦਾਂ ਦੀ ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ ਤੋਂ ਇਤਿਹਾਸਕ ਹਵਾਲਿਆਂ ਅਨੁਸਾਰ ਦਸਮੇਸ਼ ਪਿਤਾ ਸਰਬੰਸਦਾਨੀ ਨੇ 22 ਦਸੰਬਰ ਸੰਨ 1704 ਈ: ਨੂੰ 31 ਮੀਲ ਬਿਖੜਾ ਪੈਦਲ ਪੈਂਡਾ ਤਹਿ ਕਰਕੇ ਮਾਛੀਵਾੜੇ ਦੇ ਜੰਗਲਾਂ ਵਿਚ ਟਿੰਡ ਦਾ ਸਿਰ੍ਹਾਣਾ ਲੈ ਕੇ ਆਰਾਮ ਕੀਤਾ ਸੀ। ਸਵੇਰ ਸਾਰ ਇਸ ਅਸਥਾਨ 'ਤੇ ਪੰਜ ਪਿਆਰਿਆਂ 'ਚੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੇ ਆਪ ਦੇ ਦਰਸ਼ਨ ਕੀਤੇ। ਮਾਛੀਵਾੜੇ ਦੇ ਅਸਥਾਨ 'ਤੇ ਗਨੀ ਖਾਨ ਤੇ ਨਬੀ ਖਾਨ ਦੀ ਰਿਹਾਇਸ਼ ਤੋਂ ਨੀਲੇ ਬਸਤਰ ਪਹਿਨ ਕੇ ਉੱਚ ਦੇ ਪੀਰ ਬਣੇ। ਇਥੋਂ ਆਪ ਪਿੰਡ ਕਿੜੀ, ਪਠਾਣਾ, ਮਨੂ ਮਾਜਰਾ, ਅਜਨੇਰਮਲਕਪੁਰ, ਕਟਾਣਾ, ਰਾਮਪੁਰ ਲੈਹਲ, ਲਾਹਿਲ ਕਲਾਂ, ਲੁਧਿਆਣਾ, ਦੋਰਾਹਾ, ਸਮਰਾਲਾ, ਕੁਲੇਚੋ, ਸਾਹਨੇਵਾਲ ਤੋਂ ਹੁੰਦੇ ਹੋਏ ਪਿੰਡ ਨੰਦਪੁਰ 14 ਪੋਹ 1761 ਬਿ: (28 ਦਸੰਬਰ 1704 ਈ:) ਦਿਨ ਸ਼ੁੱਕਰਵਾਰ ਨੂੰ ਆਪਣੇ ਪਵਿੱਤਰ ਮੁਬਾਰਕ ਚਰਨ ਪਾ ਕੇ ਇਸ ਅਸਥਾਨ ਨੂੰ ਰੇਰੂ ਦੇ ਦਰੱਖਤ ਹੇਠਾਂ ਬਿਰਾਜਮਾਨ ਹੋਏ, ਜਿਸ ਕਰਕੇ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਹ ਪਵਿੱਤਰ ਅਸਥਾਨ ਰੇਰੂ ਸਾਹਿਬ ਗੁਰਦੁਆਰੇ ਦੇ ਨਾਂਅ ਨਾਲ ਉਜਾਗਰ ਹੈ। ਅੱਜਕਲ੍ਹ ਹੈੱਡ ਗ੍ਰੰਥੀ ਗਿਆਨੀ ਅਜਮੇਰ ਸਿੰਘ ਫੁੱਲ, ਪ੍ਰਧਾਨ ਸ: ਬਲਜੀਤ ਸਿੰਘ ਹਰਾ, ਸੁਰਜੀਤ ਸਿੰਘ, ਮਲਕੀਤ ਸਿੰਘ, ਸਤਿਨਾਮ ਸਿੰਘ ਪਦਮ ਭੂਸ਼ਨ, ਸੰਤ ਬਲਵਿੰਦਰ ਸਿੰਘ, ਸੰਤ ਨਰਿੰਦਰ ਸਿੰਘ ਅਤੇ ਬਾਬਾ ਮੇਜਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕਾਰ ਸੇਵਾ ਤੇ ਸਮੂਹ ਸੇਵਾਦਾਰਾਂ ਵੱਲੋਂ ਸੇਵਾ ਨਿਭਾਉਣ ਦਾ ਮਾਣ ਪ੍ਰਾਪਤ ਹੈ।
ਗੁਰਦੁਆਰਾ ਰੇਰੂ ਸਾਹਿਬ ਦੀ 2006 ਈ: ਵਿਚ ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸੰਪੂਰਨ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਕੇ 5 ਜਨਵਰੀ ਦਿਨ ਸ਼ੁੱਕਰਵਾਰ ਵਾਲੇ ਦਿਨ ਸੰਗਤਾਂ ਦੇ ਭਾਰੀ ਇਕੱਠ ਵਿਚ ਪਹਿਲੀ ਵਾਰ ਮਹਾਂਪੁਰਖਾਂ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਹ ਪਵਿੱਤਰ ਦਿਹਾੜਾ ਜਥੇਦਾਰ ਬਾਬਾ ਮੇਜਰ ਸਿੰਘ, ਭਾਈ ਬਲਜੀਤ ਸਿੰਘ ਤੇ ਗਿਆਨੀ ਅਜਮੇਰ ਸਿੰਘ ਫੁੱਲ ਅਨੁਸਾਰ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ 5 ਤੋਂ 7 ਜਨਵਰੀ ਤੱਕ ਸਾਲਾਨਾ ਜੋੜ ਮੇਲਾ ਕਲਗੀਧਰ ਦੇ ਅਵਤਾਰ ਪੁਰਬ ਨੂੰ ਸਮਰਪਿਤ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ।

-ਰਣਧੀਰ ਸਿੰਘ ਸੰਭਲ
ਮੋਬਾ: 74174-43300


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX