ਤਾਜਾ ਖ਼ਬਰਾਂ


'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  17 minutes ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  21 minutes ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  32 minutes ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  47 minutes ago
ਚੰਡੀਗੜ੍ਹ, 25 ਅਪ੍ਰੈਲ- ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ 'ਚ ਰੋਡ ਸ਼ੋਅ ਕੀਤਾ ਸੀ। ਇਸ ਮੌਕੇ ਕਿਰਨ ਖੇਰ ਦੇ ਨਾਲ ਉਨ੍ਹਾਂ ਦੇ ਪਤੀ ਅਨੂਪਮ ਖੇਰ ਅਤੇ ਹੋਰ ....
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਾਈਕਲ 'ਤੇ ਆਏ ਮਾਸਟਰ ਬਲਦੇਵ ਸਿੰਘ
. . .  58 minutes ago
ਫ਼ਰੀਦਕੋਟ, 25 ਅਪ੍ਰੈਲ- ਫ਼ਰੀਦਕੋਟ ਲੋਕ ਸਭਾ ਹਲਕੇ ਦੇ ਮਾਸਟਰ ਬਲਦੇਵ ਸਿੰਘ ਨੇ ਪੰਜਾਬ ਏਕਤਾ ਪਾਰਟੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਯੂਥ ਦੇ ਪ੍ਰਧਾਨ ਸਮਕਦੀਪ ਵੀ ਹਾਜ਼ਰ ਸਨ। ਜਾਣਕਾਰੀ ਲਈ ਦੱਸ ਦੇਈਏ ਕਿ .....
ਡਾ.ਧਰਮਵੀਰ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 25 ਅਪ੍ਰੈਲ (ਅਮਨ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਕਮ ਚੋਣ ਅਫ਼ਸਰ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਭਾਰੀ ....
ਸਟੈਟਿਕ ਸਰਵੀਲਾਂਸ ਟੀਮ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ
. . .  about 1 hour ago
ਨਾਭਾ 25 ਅਪ੍ਰੈਲ (ਕਰਮਜੀਤ ਸਿੰਘ ) - ਚੋਣ ਕਮਿਸ਼ਨ ਪੰਜਾਬ ਦੀਆਂ ਹਿਦਾਇਤਾਂ ਤੇ ਅਮਲ ਕਰਦਿਆਂ ਕਮਿਸ਼ਨ ਵਲੋਂ ਸ਼ੈਲੇੰਦ੍ਰ ਸ਼ਰਮਾ ਦੀ ਅਗਵਾਈ ਵਿੱਚ ਤੈਨਾਤ ਸਟੈਟਿਕ ਸਰਵੀਲਾਂਸ ਟੀਮ ਵਲੋਂ ਸਥਾਨਕ ਬੱਸ ਅੱਡਾ ਘਨੁੜਕੀ ਵਿੱਖੇ ਨਾਕਾਬੰਦੀ ਕਰ ਗੱਡੀਆਂ ਦੀ ਚੈਕਿੰਗ ....
ਵਾਰਾਨਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਕਾਂਗਰਸ ਦੇ ਅਜੈ ਰਾਏ ਲੜਨਗੇ ਚੋਣ
. . .  about 1 hour ago
ਨਵੀਂ ਦਿੱਲੀ, 25 ਅਪ੍ਰੈਲ- ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਲਈ ਵਾਰਾਨਸੀ ਅਤੇ ਗੋਰਖਪੁਰ ਲੋਕ ਸਭਾ ਸੀਟ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵਾਰਾਨਸੀ ਤੋਂ ਅਜੈ ਰਾਏ ਅਤੇ ਗੋਰਖਪੁਰ ਤੋਂ ਮਧੂਸੁਦਨ ਤਿਵਾਰੀ ਨੂੰ ਟਿਕਟ ਦਿੱਤੀ....
'ਆਪ' ਉਮੀਦਵਾਰ ਨੀਨਾ ਮਿੱਤਲ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 25 ਅਪ੍ਰੈਲ (ਅਮਨ)- ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ ਵੱਲੋਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਕਮ ਚੋਣ ਅਫ਼ਸਰ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ.....
ਆੜ੍ਹਤੀਆਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਧਰਨਾ
. . .  about 1 hour ago
ਟਾਂਡਾ ਉੜਮੁੜ, 25 ਅਪ੍ਰੈਲ (ਭਗਵਾਨ ਸਿੰਘ ਸੈਣੀ)- ਟਾਂਡਾ ਉੜਮੁੜ ਅਤੇ ਆਸ ਪਾਸ ਦੀਆਂ ਮੰਡੀਆਂ ਦੇ ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਕਣਕ ਦੀ ਖ਼ਰੀਦ ਨਾ ਕਰਨ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ 'ਚ ਦਾਣਾ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਭਾਪਾ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ...

ਪੰਜਾਬੀ ਦੀ ਬੇਬਾਕ ਕਥਾਕਾਰ ਅਜੀਤ ਕੌਰ ਨੇ ਭਾਪਾ ਪ੍ਰੀਤਮ ਸਿੰਘ ਸਬੰਧੀ ਲਿਖੇ ਇਕ ਰੇਖਾਚਿੱਤਰ 'ਤਕੀਏ ਦਾ ਪੀਰ' ਵਿਚ ਲਿਖਿਆ ਹੈ 'ਭਾਪਾ ਪ੍ਰੀਤਮ ਸਿੰਘ ਮਹਿਜ਼ ਇਕ ਪਬਲਿਸ਼ਰ ਨਹੀਂ, ਉਹ ਪੰਜਾਬੀ ਸਾਹਿਤ ਦਾ ਤੁਰਦਾ-ਫਿਰਦਾ, ਸਾਹ ਲੈਂਦਾ ਇਤਿਹਾਸ ਵੀ ਹੈ | ਉਹ ਮਹਿਜ਼ ਇਕ ਬੰਦਾ ਨਹੀਂ, ਇਕ ਪੂਰਾ ਇੰਸਟੀਚਿਊਸ਼ਨ ਹੈ, ਪੂਰੀ ਸੰਸਥਾ, ਜਿਸ ਦਾ ਨਾਂਅ ਲੈਣ ਤੋਂ ਬਿਨਾਂ ਪੰਜਾਬੀ ਸਾਹਿਤ ਦਾ ਵਜੂਦ ਇਤਿਹਾਸ ਦੇ ਪੰਨਿਆਂ ਵਿਚੋਂ ਨਹੀਂ ਲੱਭਿਆ ਜਾ ਸਕੇਗਾ |' ਇਵੇਂ ਹੀ ਨਾਟਕਕਾਰ ਬਲਵੰਤ ਗਾਰਗੀ ਨੇ ਲਿਖਿਆ ਸੀ, 'ਨਵਯੁਗ ਪਬਲਿਸ਼ਰਜ਼ ਇਕ ਲੀਜੈਂਡ ਬਣ ਕੇ ਰਹਿ ਜਾਵੇਗਾ | ਇਸ ਨੂੰ ਕੋਈ ਹੋਰ ਵਰਤ ਨਹੀਂ ਸਕੇਗਾ ਕਿਉਂਕਿ ਕਿਸੇ ਹੋਰ ਵਿਚ ਇੰਨੀ ਰੀਝ, ਇੰਨੀ ਕਲਾਤਮਕ ਸ਼ਕਤੀ ਤੇ ਉੱਚਾ ਮਿਆਰ ਬਰਕਰਾਰ ਰੱਖਣ ਦੀ ਹਿੰਮਤ ਨਹੀਂ ਹੋਵੇਗੀ |' ਵਾਕਈ ਇਨ੍ਹਾਂ ਲੇਖਕਾਂ ਦੇ ਕਥਨ ਸੌ ਫ਼ੀਸਦੀ ਸੱਚ ਹੋ ਨਿਬੜੇ ਹਨ | ਭਾਪਾ ਪ੍ਰੀਤਮ ਸਿੰਘ ਤੇ ਨਵਯੁਗ ਪਬਲਿਸ਼ਰਜ਼ ਦੀ ਹੋਂਦ ਇਕ-ਦੂਜੇ ਤੋਂ ਬਿਨਾਂ ਸੰਭਵ ਹੀ ਨਹੀਂ ਹੈ |
ਪ੍ਰਕਾਸ਼ਨ ਦੇ ਸ਼ਾਹ-ਸਵਾਰ ਭਾਪਾ ਪ੍ਰੀਤਮ ਸਿੰਘ ਦਾ ਜਨਮ 16 ਜੁਲਾਈ, 1914 ਈ. ਨੂੰ ਮਾਤਾ ਇੰਦਰ ਕੌਰ ਤੇ ਪਿਤਾ ਵਸਾਖਾ ਸਿੰਘ ਦੇ ਘਰ ਪਿੰਡ ਤਲਵੰਡੀ ਭਿੰਡਰਾਂ, ਤਹਿਸੀਲ ਨਾਰੋਵਾਲ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਹੋਇਆ | 1942 ਵਿਚ ਬੀਬੀ ਦਿਲਜੀਤ ਕੌਰ (ਮੌਤ 1992 ਈ.) ਨਾਲ ਸ਼ਾਦੀ ਹੋਣ ਪਿਛੋਂ ਉਸ ਦੇ ਘਰ ਤਿੰਨ ਬੇਟੀਆਂ ਨੇ ਜਨਮ ਲਿਆ, ਜਯੋਤਿਸਨਾ (1945), ਰੇਣੁਕਾ (1953) ਅਤੇ ਆਸ਼ਮਾ (1960-1998) |
ਉਸ ਨੇ ਆਪਣੇ ਜੀਵਨ ਵਿਚ ਸੰਪਾਦਕ, ਪ੍ਰਕਾਸ਼ਕ ਅਤੇ ਪਿੰ੍ਰਟਰ ਵਜੋਂ ਕੰਮ ਕੀਤਾ | 1936 ਤੋਂ 1947 ਤੱਕ ਉਹ ਪ੍ਰੀਤਨਗਰ ਰਿਹਾ, 1948 ਤੋਂ ਦਿੱਲੀ ਵਿਖੇ ਸਥਾਈ ਨਿਵਾਸ ਸ਼ੁਰੂ ਕੀਤਾ, ਇਥੇ ਹੀ 1950 ਵਿਚ ਨਵਯੁਗ ਪ੍ਰੈੱਸ ਅਤੇ 1952 ਵਿਚ ਨਵਯੁਗ ਪਬਲਿਸ਼ਰਜ਼ ਦੀ ਸਥਾਪਨਾ ਕੀਤੀ | ਮਈ 1958 ਵਿਚ ਪੰਜਾਬੀ ਦੀ ਨਿਵੇਕਲੀ ਸਾਹਿਤਕ ਪੱਤਿ੍ਕ 'ਆਰਸੀ' ਦੀ ਸ਼ੁਰੂਆਤ ਕੀਤੀ, ਜੋ ਨਿਰੰਤਰ 42 ਸਾਲ ਤੱਕ ਜਾਰੀ ਰਿਹਾ, ਸੰਨ 2000 ਤੱਕ | ਪਿਛੋਂ ਕੁਝ ਚਿਰ ਲਈ ਅੱਠ ਕੁ ਪੰਨਿਆਂ ਦਾ ਇਕ ਬੁਲਿਟਨ 'ਲਿਖ ਤੁਮ ਨਵਯੁਗ' ਵੀ ਪ੍ਰਕਾਸ਼ਿਤ ਕੀਤਾ |
ਬੇਸ਼ੱਕ ਭਾਪਾ ਪ੍ਰੀਤਮ ਸਿੰਘ ਦੀ ਵਧੇਰੇ ਮਕਬੂਲੀਅਤ ਪ੍ਰਕਾਸ਼ਨ ਦੀ ਦੁਨੀਆ ਵਿਚ ਸੀ ਪਰ ਉਸ ਨੇ ਕੁਝ ਇਕ ਪੁਸਤਕਾਂ ਦੀ ਰਚਨਾ ਵੀ ਕੀਤੀ ਹੈ, ਜਿਨ੍ਹਾਂ ਵਿਚ ਜੀਵਨੀਆਂ, ਸੰਪਾਦਨ ਅਤੇ ਅਨੁਵਾਦ ਸ਼ਾਮਿਲ ਹਨ | ੁਸ ਨੂੰ 'ਪ੍ਰਕਾਸ਼ਨ ਦਾ ਉਸਤਾਦ ਕਲਾਕਾਰ' ਕਹਿੰਦਿਆਂ ਡਾ: ਕਰਨਜੀਤ ਸਿੰਘ ਨੇ ਲਿਖਿਆ ਹੈ, '14 ਸਾਲ ਦੀ ਉਮਰ ਵਿਚ ਜਵਾਨੀ ਦੀ ਪੌੜੀ ਦੇ ਪਹਿਲੇ ਡੰਡੇ ਉੱਤੇ ਪੈਰ ਰੱਖਣ ਵਾਲਾ ਪ੍ਰੀਤਮ ਸਿੰਘ ਗੁਰਦੁਆਰੇ ਦਾ ਪਾਠੀ ਬਣਨ ਤੋਂ ਵਿਹਾਰਕ ਜ਼ਿੰਦਗੀ ਸ਼ੁਰੂ ਕਰਕੇ ਪਹਿਲਾਂ ਚਰਨ ਸਿੰਘ ਸ਼ਹੀਦ ਦੇ 'ਮੌਜੀ', ਫੇਰ ਗਿਆਨੀ ਹੀਰਾ ਸਿੰਘ ਦਰਦ ਦੇ 'ਫੁਲਵਾੜੀ' ਅਤੇ ਉਸ ਪਿਛੋਂ ਸੱਜਣ ਸਿੰਘ ਮਰਗਿੰਦਪੁਰੀ ਦੇ 'ਅਕਾਲੀ ਪੱਤਿ੍ਕਾ' ਦੇ ਛਾਪੇਖਾਨਿਆਂ ਵਿਚ ਡਿਸਟ੍ਰੀਬਿਊਟਰ ਤੋਂ ਲੈ ਕੇ ਕੰਪੋਜ਼ਿੰਗ ਦਾ ਕੰਮ ਕਰਦਾ ਹੋਇਆ 1936 ਵਿਚ ਦਰਬਾਰ ਪ੍ਰੈਸ ਦਾ ਮੁਖੀ ਬਣ ਗਿਆ ਸੀ | ਗੁਰਬਖ਼ਸ਼ ਸਿੰਘ ਦਾ 'ਪ੍ਰੀਤਲੜੀ' ਇਥੋਂ ਹੀ ਛਪਦਾ ਸੀ... ਭਾਪਾ ਪ੍ਰੀਤਮ ਸਿੰਘ ਦੀ ਕਲਾਕਾਰੀ ਦਾ ਰਾਜ਼ ਇਹ ਸੀ ਕਿ ਉਸ ਨੇ ਪ੍ਰੈੱਸ ਦੇ ਸਾਰੇ ਕੰਮ ਆਪਣੇ ਹੱਥੀਂ ਕੀਤੇ ਹੋਏ ਸਨ | ਭਾਪਾ ਪ੍ਰੀਤਮ ਸਿੰਘ ਦੇ ਦਿਹਾਂਤ (31 ਮਾਰਚ 2005) ਪਿਛੋਂ ਅਗਲੇ ਹੀ ਸਾਲ ਜਾਂ 2006 ਵਿਚ ਉਸ ਦੀ ਪਹਿਲੀ ਬਰਸੀ ਤੋਂ ਪਹਿਲਾਂ-ਪਹਿਲਾਂ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵੱਲੋਂ ਜਿਸ ਦਾ ਉਹ 1984 ਤੋਂ 2005 ਤੱਕ ਚੇਅਰਮੈਨ ਰਹਿ ਚੁੱਕਾ ਸੀ, 306 ਪੰਨਿਆਂ ਦਾ 'ਭਾਪਾ ਪ੍ਰੀਤਮ ਸਿੰਘ ਸਿਮਿ੍ਤੀ ਗ੍ਰੰਥ' ਪ੍ਰਕਾਸ਼ਿਤ ਕਰਵਾ ਕੇ ਉਸ ਦੇ ਹਿਤੈਸ਼ੀਆਂ ਤੱਕ ਪਹੁੰਚਾਇਆ ਗਿਆ | ਇਸ ਸਿਮਿ੍ਤੀ ਗ੍ਰੰਥ ਵਿਚ ਕੁਝ ਰਾਜਸੀ ਸ਼ਖ਼ਸੀਅਤਾਂ ਦੇ ਸੰਦੇਸ਼ਾਂ ਸਮੇਤ ਕੁੱਲ 102 ਲੇਖਕਾਂ ਦੇ ਸੰਸਮਰਣ ਦਰਜ ਹਨ | ਭਾਪਾ ਪ੍ਰੀਤਮ ਸਿੰਘ ਨੇ 1995 ਵਿਚ ਪੰਜਾਬੀ ਭਵਨ ਦਿੱਲੀ ਦੀ ਸਥਾਪਨਾ ਕੀਤੀ | ਉਸਨੂੰ ਪੰਜਾਬੀ ਪ੍ਰਕਾਸ਼ਨ ਬਦਲੇ ਪਹਿਲਾ ਪੁਰਸਕਾਰ ਡਾ: ਰਜਿੰਦਰ ਪ੍ਰਸਾਦ (ਰਾਸ਼ਟਰਪਤੀ) ਵੱਲੋਂ ਮਿਲਿਆ | ਪ੍ਰਕਾਸ਼ਨ ਲਈ ਰਾਸ਼ਟਰੀ ਅਤੇ ਕਈ ਹੋਰ ਪੁਰਸਕਾਰ ਕਰੀਬ ਦੋ ਦਹਾਕੇ ਮਿਲਦੇ ਰਹੇ | ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 2001 ਵਿਚ ਫੈਲੋਸ਼ਿਪ ਅਤੇ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ |
-ਮੁਖੀ, ਪੋਸਟ ਗਰੈਜੂਏਟ, ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ,
ਤਲਵੰਡੀ ਸਾਬੋ-151302 (ਬਠਿੰਡਾ) | ਮੋਬਾਈਲ : 94176-92015.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ ਤਜਰਬਾ

ਅੱਜ ਉਹ ਫੇਰ ਆਪਣੀ ਵਿਧਵਾ ਮਾਂ ਤੋਂ ਕਿਰਾਏ ਜੋਗੇ ਪੈਸੇ ਬੋਝੇ ਪਾ ਕੇ ਇਕ ਥੈਲੇ 'ਚ ਡਿਗਰੀਆਂ ਦਾ ਬੰਡਲ ਸਾਂਭ ਪਟਿਆਲੇ ਵਾਲੀ ਬੱਸ 'ਚ ਬੈਠਾ | ਇਹ ਮੇਰੀ ਸੰਤਾਲੀਵੀਂ ਇੰਟਰਵਿਊ (ਮੁਲਾਕਾਤ) ਹੈ | ਮੈਂ ਕਿਵੇਂ ਕਿੰਨੀ ਔਖ ਨਾਲ ਮੁਸੀਬਤਾਂ ਸਹਿ ਕੇ ਇਥੋਂ ਤੱਕ ਪੜ੍ਹਾਈ ਕੀਤੀ | ਫਿਰ ਕਿਵੇਂ ਐਮ. ਏ. (ਅਰਥ-ਸ਼ਾਸਤਰ) ਤੇ ਨਾਲ ਹੀ ਬੀ. ਐੱਡ ਕੋਰਸ ਵੀ ਕੀਤਾ | ਬਸ ਆਹ ਇਕ ਪੱਲੇ ਪਿਆ ਮੇਰੇ ਸਿਰਫ਼² ਸਰਟੀਫਿਕੇਟਾਂ ਦਾ ਥੱਬਾ ਤੇ ਵਿਚਾਰੀ ਮੇਰੀ ਵਿਧਵਾ ਮਾਂ... | ਦੁੱਖ ਤਕਲੀਫਾਂ ਕੱਟ...ਉਸ ਦੀਆਂ ਰੀਝਾਂ, ਆਸਾਂ...', ਪਤਾ ਨਹੀਂ ਕਿੰਨਾ ਕੁਝ ਉਸ ਦੇ ਦਿਮਾਗ ਵਿਚ ਠੰਢੀ ਅੱਗ ਵਾਂਗ ਸੁਲਘ ਰਿਹਾ ਸੀ | ਉਸ ਨੂੰ ਪਤਾ ਹੀ ਨਾ ਲੱਗਾ ਕਿ ਉਹ ਕਦੋਂ ਮੁਲਾਕਾਤ ਵਾਲੀ ਥਾਂ 'ਤੇ ਪੁੱਜ ਗਿਆ |
ਮੁਲਾਕਾਤੀਆਂ ਦਾ ਸੰਘਣਾ ਇਕੱਠ, ਸਿਫਾਰਸ਼ਾਂ ਦੀ ਭਰਮਾਰ | ਘੰਟੀ ਵੱਜੀ ਤੇ ਉਹ ਡਿਗਰੀਆਂ ਨੂੰ ਤਰਤੀਬ ਵਿਚ ਲਾ ਮੈਨੇਜਰ ਦੇ ਅੱਗੇ ਪੇਸ਼ ਹੋਇਆ | ਸਵਾਲ-ਜਵਾਬ ਹੋਣ ਤੇ ਸਾਰੇ ਸਰਟੀਫਿਕੇਟ ਵੇਖਣ ਤੋਂ ਬਾਅਦ ਮੈਨੇਜਰ ਐਨਕ ਪਰੇ ਹਟਾਉਂਦਾ ਬੋਲਿਆ, 'ਕੋਈ ਤਜਰਬਾ... |' ਜੀ ਤਜਰਬਾ ਹੈ ਇੰਟਰਵਿਊ ਦੇਣ ਦਾ, ਇਹ ਮੇਰੀ ਸੰਤਾਲੀਵੀਂ ਮੁਲਾਕਾਤ ਹੈ ਸਰ, ਜਦ ਕੋਈ ਕਰਨ ਲਈ ਕੰਮ (ਨੌਕਰੀ) ਮਿਲੇਗੀ ਤਾਂ ਹੀ ਉਸ ਕੰਮ ਦਾ ਤਜਰਬਾ ਹੋਵੇਗਾ | ਜਿਥੇ ਵੀ ਜਾਓ ਤਜਰਬਾ...! ਤਜਰਬਾ!!... ਘੰਟੀ ਵੱਜੀ ਉਹ ਦਫਤਰੋਂ ਬਾਹਰ |
ਇਹ ਵੀ ਮੁਲਾਕਾਤ ਨੇਹਫਲ | ਉਸ ਨੂੰ ਝਟਕਾ ਜਿਹਾ ਲੱਗਾ | ਦਸਵੇਂ ਦਿਨ ਉਸ ਦੇ ਘਰ ਦੇ ਪਤੇ 'ਤੇ ਨਿਯੁਕਤੀ ਪੱਤਰ ਪਹੁੰਚ ਗਿਆ ਸੀ |
-ਰਣਜੀਤ ਆਜ਼ਾਦ ਕਾਂਝਲਾ
ਸ਼ਿਵਪੁਰੀ ਮੁਹੱਲਾ, ਧੂਰੀ (ਪੰਜਾਬ) | ਮੋਬਾਈਲ : 094646-97781.

ਕਹਾਣੀ ਇਕ ਸੀ ਕੁੜੀ

ਮੈਂ ਉਸ ਕੁੜੀ ਨੂੰ ਕਦੇ ਨਹੀਂ ਭੁੱਲ ਸਕਦੀ | ਉਸ ਕੁੜੀ ਦੀ ਸ਼ਖ਼ਸੀਅਤ ਹੀ ਕੁਝ ਅਜਿਹੀ ਸੀ ਕਿ ਜਿਹੜਾ ਵੀ ਉਸ ਨੂੰ ਇਕ ਵਾਰ ਮਿਲ ਲੈਂਦਾ ਉਹ ਉਸ ਉਪਰ ਆਪਣੀ ਨਾ ਮਿਟਣ ਵਾਲੀ ਛਾਪ ਛੱਡ ਦਿੰਦੀ | ਅੱਜ ਵੀ ਜਦੋਂ ਕਿਤੇ ਮੈਂ ਆਪਣੇ ਘਰੇਲੂ ਰੁਝੇਵਿਆਂ ਤੋਂ ਸੁਰਖਰੂ ਹੁੰਦੀ ਹਾਂ ਤਾਂ ਮੱਲੋਮੱਲੀ ਉਸ ਦੀਆਂ ਯਾਦਾਂ ਆਪਣੇ ਵੱਲ ਖਿੱਚ ਲੈਂਦੀਆਂ ਹਨ | ਮੇਰੀ ਘਰ ਗ੍ਰਹਿਸਥੀ ਹੀ ਕੁਝ ਅਜਿਹੀ ਸੀ ਕਿ ਮੈਨੂੰ ਹਰ ਸਮਾਂ ਘਰ ਦੇ ਕੰਮਕਾਜ ਵਿਚ ਹੱਥ ਵਟਾਉਣ ਵਾਲੀ ਕੰਮ ਵਾਲੀ ਦੀ ਲੋੜ ਰਹਿੰਦੀ ਸੀ | ਛੋਟੇ-ਛੋਟੇ ਨਿਆਣੇ ਅਤੇ ਉਧਰੋਂ ਪੈਲੀ ਵਿਚ ਲੱਗੇ ਦਿਹਾੜੀਦਾਰਾਂ ਦੀ ਰੋਟੀ ਅਤੇ ਪਸ਼ੂ ਡੰਗਰਾਂ ਦਾ ਕੰਮਕਾਜ | ਕੀ ਕਰਾਂ...? ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਕੋਹਲੂ ਦੇ ਬਲਦ ਵਾਂਗ ਰੁਝੀ ਰਹਿਣ ਵਾਲੀ ਜ਼ਿੰਦਗੀ | ਝੋਨੇ ਦੀ ਵਾਢੀ ਸਿਰ 'ਤੇ ਸੀ | ਕੋਈ ਕੰਮਵਾਲੀ ਕੰਮ ਲਈ ਰਾਜ਼ੀ ਨਹੀਂ ਸੀ | ਮੈਂ ਬਾਹਰਲੇ ਵਿਹੜੇ ਵਾਲਿਆਂ ਦੇ ਘਰਾਂ ਵਿਚ ਆਪ ਜਾ ਕੇ ਕੰਮ ਵਾਲੀ ਲੱਭ ਕੇ ਲਿਆਉਣ ਬਾਰੇ ਸੋਚਿਆ | ਬਸ ਫਿਰ ਕੀ ਸੀ...? ਬੀਜੀ ਤੋਂ ਪੁੱਛ ਕੇ ਮੈਂ ਆਪ ਵਿਹੜੇ ਵੱਲ ਗਈ, ਉਥੇ ਮੈਨੂੰ ਚੰਨੋ ਨਾਂਅ ਦੀ ਇਕ ਕੰਮ ਵਾਲੀ ਮਿਲੀ, ਜਿਸ ਨੂੰ ਮੈਂ ਕੰਮ 'ਤੇ ਲੱਗਣ ਲਈ ਕਿਹਾ ਤਾਂ ਉਹ ਕਹਿਣ ਲੱਗੀ ਕਿ ਮੇਰੀ ਤਾਂ ਲੱਤ 'ਤੇ ਗੰਭੀਰ ਨਿਕਲਿਆ ਹੋਇਆ ਹੈ ਜੇਕਰ ਬਹੁਤੀ ਲੋੜ ਹੈ ਤਾਂ ਮੇਰੀ ਕੁੜੀ 'ਕੰਮੀ' ਨੂੰ ਲੈ ਜਾਓ | ਇਸ ਨੂੰ ਬਹੁਤਾ ਕੰਮ ਦਾ ਵਲ ਤਾਂ ਨਹੀਂ ਹੈ ਪਰ ਤੁਸੀਂ ਕਹਿ ਕੇ ਕੰਮ ਕਰਵਾ ਲਿਆ ਕਰੋ | ਮੈਂ ਹੋਰ ਕਈ ਥਾਂ ਕੰਮ ਵਾਲੀ ਦੀ ਭਾਲ ਕੀਤੀ ਪਰ ਕਿਤੇ ਗੱਲ ਨਾ ਬਣਦੀ ਵੇਖ ਕੇ ਮੈਂ ਉਸ ਨੂੰ ਕੰਮ 'ਤੇ ਰੱਖ ਲਿਆ ਅਤੇ ਆਪਣੇ ਘਰ ਲੈ ਗਈ | ਮੈਂ ਹੌਲੀ-ਹੌਲੀ ਉਸ ਨੂੰ ਕੰਮ ਸਿਖਾਉਣਾ ਸ਼ੁਰੂ ਕੀਤਾ | ਮੈਂ ਸੋਚਿਆ ਹੋਰ ਨਹੀਂ ਤਾਂ ਚਲੋ ਨਿਆਣੇ ਹੀ ਸੰਭਾਲੇਗੀ |
ਮੈਂ ਕੰਮੀ ਨੂੰ ਫੁਲਦਾਰ ਪਿੰ੍ਰਟ ਵਾਲੇ ਦੋ ਸੂਟ ਸਿਲਵਾ ਦਿੱਤੇ ਅਤੇ ਉਸ ਤੋਂ ਕੰਮ ਵਿਚ ਮਦਦ ਲੈਣ ਲੱਗੀ | ਕੁੜੀ ਬੜੇ ਵਧੀਆ ਦਿਮਾਗ ਦੀ ਸੀ | ਦੋ ਚਾਰ ਦਿਨ ਵਿਚ ਹੀ ਮੈਨੂੰ ਉਸ ਦੇ ਹੋਣਹਾਰ ਹੋਣ ਬਾਰੇ ਪਤਾ ਚੱਲ ਗਿਆ | ਇਹ ਵੀ ਪਤਾ ਚੱਲਿਆ ਕਿ ਉਸ ਦੇ ਘਰ ਦਿਆਂ ਨੇ ਉਸ ਨੂੰ ਅਜੇ ਤੱਕ ਸਕੂਲੇ ਪੜ੍ਹਨੇ ਨਹੀਂ ਪਾਇਆ, ਇਸੇ ਕਰਕੇ ਉਸ ਨੂੰ ਪੜ੍ਹਾਈ ਬਾਰੇ ਕੋਈ ਗਿਆਨ ਨਹੀਂ ਹੈ |
ਮੈਨੂੰ ਕੰਮੀ 'ਤੇ ਬੜਾ ਤਰਸ ਆਇਆ | ਮੈਂ ਰੱਤਾ ਕੁ ਕੁੁਝ ਸੋਚ ਕੇ ਆਪਣੇ ਪਤੀ ਤੋਂ ਉਸ ਲਈ ਦੋ ਕਾਇਦੇ ਇਕ ਅੰਗਰੇਜ਼ੀ ਦਾ ਅਤੇ ਇਕ ਪੰਜਾਬੀ ਦਾ ਮੰਗਵਾਏ | ਇਸ ਦੇ ਨਾਲ ਹੀ ਵਿਹਲੇ ਸਮੇਂ ਉਸ ਨੂੰ ਪੜ੍ਹਨ ਦਾ ਥੋੜ੍ਹਾ ਜਿਹਾ ਗਿਆਨ ਦੇਣ ਲੱਗੀ | ਕੁੜੀ ਬੜੀ ਹੁਸ਼ਿਆਰ ਸੀ ਬੜੀ ਛੇਤੀ ਉਸ ਨੇ ਦੋਵੇਂ ਕਾਇਦੇ ਤਾਂ ਕੀ ਮੇਰੇ ਕਾਕੇ ਦੇ ਸੂਟਾਂ ਦੇ ਰੰਗਾਂ ਦੇ ਨਾਂਅ ਵੀ ਅੰਗੇਰਜ਼ੀ ਵਿਚ ਪੜ੍ਹਨੇ ਅਤੇ ਲਿਖਣੇ ਸਿੱਖ ਲਏ | ਉਸ ਦੀ ਲਗਨ ਅਤੇ ਹੌਸਲਾ ਵੇਖ ਕੇ ਮੈਨੂੰ ਬੜੀ ਖੁਸ਼ੀ ਹੁੰਦੀ | ਬਸ ਫਿਰ ਕੀ ਸੀ ਕੰਮੀ ਸਾਡੇ ਘਰ ਦੇ ਕੰਮਕਾਜ ਦੇ ਨਾਲ-ਨਾਲ ਪੜ੍ਹਾਈ ਵੀ ਕਰਦੀ | ਕੋਈ ਪੰਜ-ਛੇ ਸਾਲ ਲੰਘ ਗਏ | ਮੈਨੂੰ ਉਸ ਦਾ ਬਹੁਤ ਸੁੱਖ ਸੀ | ਪਰ ਹੁਣ ਜ਼ਮਾਨੇ ਦੀ ਹਵਾ ਵੱਲ ਤੱਕਦੇ ਹੋਏ ਉਸ ਦੀ ਮਾਂ ਨੂੰ ਮੁਟਿਆਰ ਹੋ ਰਹੀ ਧੀ ਦੀ ਫਿਕਰ ਸੀ | ਭਾਵੇਂ ਸਾਡੇ ਘਰ ਅਜਿਹੀ ਕੋਈ ਗੱਲ ਨਹੀਂ ਸੀ ਪਰ ਫਿਰ ਵੀ ਵਕਤ ਦੀ ਨਜ਼ਾਕਤ ਨੂੰ ਵੇਖਦਿਆਂ ਮੈਂ ਉਸ ਕੁੜੀ ਕੰਮੀ ਨੂੰ ਉਸ ਦੀ ਤੇ ਉਸ ਦੀ ਮਾਂ ਨੂੰ ਆਉਣ ਲਈ ਕਿਹਾ ਅਤੇ ਮੇਰੇ ਕਹਿਣ 'ਤੇ ਉਸ ਦੀ ਮਾਂ ਨੇ ਉਸ ਨੂੰ ਉਸ ਦੀ ਉਮਰ ਮੁਤਾਬਿਕ ਸਤਵੀਂ ਜਮਾਤ ਵਿਚ ਦਾਖਲ ਕਰਵਾ ਦਿੱਤਾ | ਆਪਣੀ ਉਮਰ ਨਾਲੋਂ ਵਧੇਰੇ ਸਿਆਣੀ ਅਤੇ ਤੇਜ਼ ਦਿਮਾਗ ਵਾਲੀ ਕੰਮੀ ਨੇ ਬਾਰ੍ਹਵੀਂ ਜਮਾਤ ਵਿਚੋਂ ਬਹੁਤ ਵਧੀਆ ਅੰਕ ਲੈ ਕੇ ਘਰ ਅਤੇ ਪਿੰਡ ਦਾ ਨਾਂਅ ਰੌਸ਼ਨ ਕਰ ਦਿੱਤਾ | ਮੈਂ ਉਸ ਦੀ ਮਾਂ ਦੀ ਪਿੱਠ ਥਾਪੜੀ ਅਤੇ ਕੰਮੀ ਨੂੰ ਕਾਲਜ ਵਿਚ ਦਾਖਲ ਕਰਾਉਣ ਲਈ ਪ੍ਰੇਰਿਆ | ਸਾਡਾ ਪਿੰਡ ਵੀ ਹੁਣ ਤੱਕ ਕਾਫ਼ੀ ਤਰੱਕੀ ਕਰ ਗਿਆ ਸੀ | ਪਿੰਡ ਵਿਚ ਹੀ ਇਕ ਪ੍ਰਾਈਵੇਟ ਕਾਲਜ ਖੁੱਲ੍ਹ ਗਿਆ ਸੀ, ਜਿਥੇ ਬੀ. ਏ. ਤੱਕ ਦੀ ਪੜ੍ਹਾਈ ਹੁੰਦੀ ਸੀ | ਕੰਮੀ ਦੀ ਮਾਂ ਵੀ ਸਾਡੇ ਕੰਮ ਤੋਂ ਹਟ ਚੁੱਕੀ ਸੀ, ਕਿਉਂਕਿ ਕੁੜੀ ਵਿਹਲੇ ਸਮੇਂ ਵਿਚ ਟਿਊਸ਼ਨਾਂ ਪੜ੍ਹਾਉਣ ਲੱਗ ਪਈ ਸੀ, ਜਿਸ ਨਾਲ ਉਨ੍ਹਾਂ ਦੇ ਘਰ ਦੀ ਹਾਲਤ ਵਿਚ ਸੁਧਾਰ ਹੋ ਗਿਆ ਸੀ | ਮਿਹਨਤੀ ਅਤੇ ਹੋਣਹਾਰ ਹੋਣ ਕਾਰਨ ਉਸ ਕੋਲ ਟਿਊਸ਼ਨਾਂ ਪੜ੍ਹਨ ਵਾਲੇ ਬੱਚਿਆਂ ਦੀ ਲਾਈਨ ਲੱਗੀ ਰਹਿੰਦੀ ਸੀ |
ਅਸੀਂ ਵੀ ਆਪਣੇ ਵੱਡੇ ਹੋ ਰਹੇ ਬੱਚਿਆਂ ਦੀ ਲੋੜ ਨੂੰ ਵੇਖਦਿਆਂ ਹੋਇਆਂ ਸ਼ਹਿਰ ਵਿਚ ਰਿਹਾਇਸ਼ ਕਰ ਲਈ ਸੀ | ਕੁਝ ਸਾਲ ਲੰਘ ਗਏ | ਇਸ ਸਮੇਂ ਦੌਰਾਨ ਮੈਂ ਕਈ ਵਾਰ ਕੰਮੀ ਨੂੰ ਯਾਦ ਕੀਤਾ ਅਤੇ ਆਪਣੇ ਬੱਚਿਆਂ ਨੂੰ ਉਸ ਦੀ ਕਹਾਣੀ ਸੁਣਾ ਕੇ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕਰਦੀ |
ਇਕ ਦਿਨ ਮੈਂ ਬਾਜ਼ਾਰ ਵਿਚ ਕੁਝ ਜ਼ਰੂਰੀ ਸਾਮਾਨ ਲੈਣ ਗਈ ਸਾਂ ਕਿ ਦੋ ਮੰੁਡੇ ਮੰੂਹ ਸਿਰ ਬੰਨ੍ਹੀ ਮੋਟਰਸਾਈਕਲ 'ਤੇ ਸਵਾਰ ਬੜੀ ਤੇਜ਼ੀ ਨਾਲ ਮੇਰੇ ਕੋਲ ਦੀ ਲੰਘੇ | ਉਨ੍ਹਾਂ ਨੇ ਮੇਰੇ ਗਲੇ 'ਤੇ ਝਪਟਾ ਮਾਰ ਕੇ ਮੇਰੀ ਸੋਨੇ ਦੀ ਚੇਨ ਮੇਰੇ ਗਲ ਵਿਚੋਂ ਲਾਹ ਲਈ ਅਤੇ ਪਤਾ ਨਹੀਂ ਕਿਧਰ ਉੱਡ-ਪੁੱਡ ਗਏ | ਮੈਂ ਹੱਕੀ-ਬੱਕੀ ਹੋਈ ਵੇਖਦੀ ਰਹਿ ਗਈ | ਖੈਰ ਘਰਦਿਆਂ ਨੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ | ਦੋ-ਤਿੰਨ ਦਿਨ ਬਾਅਦ ਮੈਨੂੰ ਅਤੇ ਮੇਰੇ ਪਤੀ ਨੂੰ ਥਾਣੇ ਵਿਚ ਬੁਲਾਇਆ ਗਿਆ, ਸ਼ਾਇਦ ਚੋਰ ਫੜੇ ਗਏ ਸਨ ਅਤੇ ਉਨ੍ਹਾਂ ਦੀ ਸ਼ਨਾਖਤ ਕਰਨੀ ਸੀ | ਇਸ ਤੋਂ ਪਹਿਲਾਂ ਮੈਂ ਕਦੇ ਪੁਲਿਸ ਥਾਣੇ ਜਾਂ ਕਚਹਿਰੀ ਨਹੀਂ ਗਈ ਸੀ | ਮੈਂ ਅਜੇ ਅੰਦਰ ਵੜ ਕੇ ਚਹੁੰ ਪਾਸੇ ਦਾ ਮਾਹੌਲ ਹੀ ਵੇਖ ਰਹੀ ਸੀ ਕਿ ਪਿਛਿਉਂ ਆਵਾਜ਼ ਆਈ, 'ਬੀਬੀ ਜੀ! ਸਤਿ ਸ੍ਰੀ ਅਕਾਲ | ਕੀ ਹਾਲ-ਚਾਲ ਏ ਤੁਹਾਡੀ ਸਿਹਤ ਦਾ... |' ਮੈਂ ਹੈਰਾਨੀ ਨਾਲ ਪਿੱਛੇ ਮੁੜ ਕੇ ਵੇਖਿਆ ਤਾਂ ਕੰਮੀ ਥਾਣੇਦਾਰਾਂ ਵਾਲੀ ਵਰਦੀ ਪਾਈ ਹੱਥ ਜੋੜੀ ਮੁਸਕਰਾ ਕੇ ਮੇਰੇ ਵੱਲ ਵੇਖ ਰਹੀ ਸੀ |
'ਕੰਮੀ... ਤੂੰ...' ਮੇਰੀ ਹੈਰਾਨੀ ਦੀ ਹੱਦ ਨਹੀਂ ਸੀ |
'ਹਾਂ ਬੀਬੀ ਜੀ! ਤੁਹਾਡੀ ਕੰਮੀ ਨੂੰ ਹੁਣ ਥਾਣੇਦਾਰੀ ਮਿਲ ਗਈ ਹੈ | ਇਹ ਸਭ ਕੁਝ ਤੁਹਾਡੀ ਕਿਰਪਾ ਹੈ', ਕੰਮੀ ਨੇ ਸਿਰ ਤੋਂ ਟੋਪੀ ਲਾਹ ਕੇ ਮੈਨੂੰ ਸਿਰ ਨਿਵਾਉਂਦਿਆਂ ਕਿਹਾ |
'ਨਹੀਂ... ਪੁੱਤਰ... ਇਹ ਤਾਂ ਤੇਰੀ ਮਿਹਨਤ ਦਾ ਫਲ ਹੈ...', ਮੇਰੀਆਂ ਖੁਸ਼ੀ ਨਾਲ ਅੱਖਾਂ ਭਰ ਆਈਆਂ |
'ਕਰਮਜੀਤ...' ਮੈਂ ਅੱਗੇ ਕੁਝ ਕਹਿਣਾ ਚਾਹਿਆ |
'ਨਹੀਂ ਬੀਬੀ ਜੀ! ਥਾਣੇਦਾਰ ਕਰਮਜੀਤ ਕੌਰ ਤਾਂ ਮੈਂ ਲੋਕਾਂ ਲਈ ਹਾਂ | ਤੁਹਾਡੇ ਲਈ ਤਾਂ ਸਿਰਫ਼ ਤੁਹਾਡੀ ਕੰਮੀ ਹੀ ਹਾਂ...', ਕਰਮਜੀਤ ਮੇਰੇ ਅੱਗੇ ਜਿਵੇਂ ਦੇਣਦਾਰ ਸੀ |
'ਬੀਬੀ ਜੀ! ਤੁਹਾਡੀ ਚੇਨੀ ਲਾਹੁਣ ਵਾਲੇ ਚੋਰ ਫੜੇ ਗਏ ਹਨ | ਤੁਸੀਂ ਆਪਣੀ ਚੇਨੀ ਪਛਾਣ ਲਓ', ਕੰਮੀ ਨੇ ਮੈਨੂੰ ਪੂਰੇ ਸਤਿਕਾਰ ਨਾਲ ਕੁਰਸੀ 'ਤੇ ਬਿਠਾਇਆ ਅਤੇ ਮੇਰਾ ਹੁਣ ਚੇਨੀ ਵੱਲ ਉੱਕਾ ਹੀ ਧਿਆਨ ਨਹੀਂ ਸੀ | ਕੰਮੀ ਨੂੰ ਥਾਣੇਦਾਰ ਵਾਲੀ ਕੁਰਸੀ 'ਤੇ ਫੱਬੀ ਬੈਠਿਆਂ ਵੇਖ ਕੇ ਮੈਨੂੰ ਇੰਜ ਜਾਪ ਰਿਹਾ ਸੀ ਜਿਵੇਂ ਵਾਹਿਗੁਰੂ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੋਵੇ |
-ਪਿੰਡ ਤੇ ਡਾਕ: ਮੁੱਦਕੀ, ਜ਼ਿਲ੍ਹਾ ਫਿਰੋਜ਼ਪੁਰ (ਪੰਜਾਬ) |

ਕਾਵਿ-ਮਹਿਫ਼ਲ

• ਜਸਵੰਤ ਸਿੰਘ ਸੇਖਵਾਂ •
ਥਕਾਨ, ਚਿੰਤਾ, ਦੁੱਖ ਉਦਾਸੀ, ਸਾਡਾ ਹੈ ਸਰਮਾਇਆ |
ਨਵੀਂ, ਪੁਰਾਣੀ ਪੀੜ੍ਹੀ ਵਿਚਲਾ, ਖੱਪਾ ਹੈ ਗਹਿਰਾਇਆ |
ਹੁਣ ਤਾਂ ਘਰ ਵੀ ਲੱਗ ਰਿਹਾ ਏ, ਹੋਟਲ ਦਾ ਕੋਈ ਕਮਰਾ,
ਵਿਚ ਪਰਿਵਾਰ ਦੇ ਰਹਿ ਕੇ ਵੀ ਇਕਲਾਪਾ ਅਸਾਂ ਹੰਢਾਇਆ |
ਰੁੱਖ ਜੰਗਲ ਦਾ ਮੇਰੇ ਨਾਲੋਂ ਹੈ ਖੁਸ਼ਕਿਸਮਤ ਕਿੰਨਾ,
ਕਿਸੇ ਪਰਿੰਦੇ ਨਾਲ ਓਸ ਨੇ ਕੁਝ ਤਾਂ ਸਮਾਂ ਬਿਤਾਇਆ |
ਕਦੇ ਨਦੀ ਸਾਂ ਕਲ ਕਲ ਵਗਦੀ, ਚੁੰਮਦੀ ਪੱਥਰ ਗੀਟ੍ਹੇ,
ਵਜੂਦ ਬਦਲਿਆ ਇਸ ਕਦਰ ਆਿਖ਼ਰ ਮੈਂ ਝੀਲ ਕਹਾਇਆ |
ਉਸ 'ਤੇ ਕਾਹਦਾ ਹਿਰਖ਼ 'ਸੇਖਵਾਂ', ਜੋ ਹੈ ਸੱਤ ਬੇਗਾਨਾ,
ਚਿੱਟਾ ਉਸ ਦਾ ਲਹੂ ਹੋ ਗਿਆ, ਜਿਸ ਨੂੰ ਢਿੱਡੋਂ ਜਾਇਆ |
-ਮੋਬਾਈਲ : 098184-89010.
• ਪ੍ਰੋ: ਸਾਧੂ ਸਿੰਘ •
ਟਹਿਕੇ ਤਾਂ ਫੁੱਲ ਡਾਲੀ ਡਾਲੀ, ਗੁਲਸ਼ਨ ਦਾ ਸ਼ਿੰਗਾਰ ਬਣੇ |
ਟੁੱਟੇ ਵੀ ਤਾਂ ਮਹਿਕ ਬਖੇਰੀ, ਗਲ਼ੇ-ਗਲ਼ੇ ਦਾ ਹਾਰ ਬਣੇ |
ਜਦ ਵੀ ਦਿਲ ਨੂੰ ਚੋਟ ਲਗੀ ਜਦ ਵੀ ਇਸ ਨੂੰ ਜ਼ਖ਼ਮ ਜੁੜੇ,
ਸਰਗਮ ਬਣ ਹੀ ਗੰੂਜ ਪਏ, ਅਸੀਂ ਤਾਰ ਬਣੇ, ਮਲ੍ਹਹਾਰ ਬਣੇ |
ਦਿਲ ਵਿਚ ਇੰਜ ਸਮਾਏ ਉਹ, ਦਿਲ ਹੀ ਖਾਲੀ ਖਾਲੀ ਹੈ,
ਉਜੜੇ ਦਿਲ ਵਿਚ ਵਸਦੇ ਨੇ, ਰਹਿਣ ਸਦਾ ਦਿਲਦਾਰ ਬਣੇ |
ਹੈ ਵੇਗ ਹੀ ਦਿਲ-ਦਰਿਆਵਾਂ ਦਾ ਜੋ ਪੱਥਰ ਪਰਬਤ ਖੋਰ ਲਵੇ,
ਅਸੀਂ ਬਰਫ਼ਾਂ ਵਾਂਗਰ ਪਿਘਲ ਤੁਰੇ, ਕਿਤੇ ਆਬਸ਼ਾਰ, ਕਿਤੇ ਝਾਰ ਬਣੇ |
ਭੱਠੀ ਦੇ ਵਿਚ ਲਾਲ ਹੋਏ ਤਾਂ ਅਹਿਰਣ ਉੱਤੇ ਆਣ ਟਿਕੇ,
ਚੋਟ ਪਈ ਘਣ-ਥੌੜੇ ਦੀ ਤਾਂ ਖੰਡਾ ਵੀ ਦੋ-ਧਾਰ ਬਣੇ |
ਜੋ ਵਿਚ ਸਿਆੜਾਂ ਸਾੜੀਦੇ, ਸਨ ਪੈਰਾਂ ਹੇਠ ਲਿਤਾੜੀਦੇ,
ਉਹ ਗੋਬਿੰਦ ਦੀ ਤਲਵਾਰ ਰਹੇ, ਉਹ ਭਗਤ ਸਿੰਘ ਸਰਦਾਰ ਬਣੇ |
ਬੈਠਣ ਤੱਤੀਆਂ ਤਵੀਆਂ 'ਤੇ, ਤਾਂ ਤਲੀਆਂ 'ਤੇ ਵੀ ਟਿਕ ਜਾਵਣ,
ਮਰਨਾ ਕੀ ਮਰਜੀਵੜਿਆਂ ਦੁੱਖ ਦਾਰੂ ਦੂਖ-ਨਿਵਾਰ ਬਣੇ |
-ਬੀ-12/35, ਹਰਿੰਦਰਾ ਨਗਰ, ਫਰੀਦਕੋਟ | ਮੋਬਾਈਲ : 98883-50229.

ਕੱਲ੍ਹ ਬਰਸੀ 'ਤੇ ਵਿਸ਼ੇਸ਼

ਪੰਜਾਬ ਅਤੇ ਪੰਜਾਬੀਅਤ ਦਾ ਕਵੀ : ਪ੍ਰੋ: ਪੂਰਨ ਸਿੰਘ

ਵੀਹਵੀਂ ਸਦੀ ਦੀ ਸਮੁੱਚੀ ਸਾਹਿਤ ਪੰ੍ਰਪਰਾ ਵਿਚ ਪ੍ਰੋ: ਪੂਰਨ ਸਿੰਘ ਦਾ ਨਾਂਅ ਸਭ ਤੋਂ ਉਘੜਵਾਂ ਹੈ | ਪੰਜਾਬੀ ਦੇ ਇਸ ਅਲਬੇਲੇ ਕਵੀ ਦਾ ਜਨਮ 17 ਫਰਵਰੀ, 1881 ਈ. ਨੂੰ ਪਿਤਾ ਸ: ਕਰਤਾਰ ਸਿੰਘ ਦੇ ਘਰ ਮਾਤਾ ਸ੍ਰੀਮਤੀ ਪਰਮਾ ਦੇਵੀ ਦੀ ਕੁੱਖੋਂ ਐਬਟਾਬਾਦ ਦੇ ਨੇੜੇ ਸਲਹੱਡ (ਪਾਕਿਸਤਾਨ) ਵਿਚ ਹੋਇਆ | ਉਸ ਨੇ ਮੁੱਢਲੀ ਵਿੱਦਿਆ ਰਾਵਲਪਿੰਡੀ ਤੋਂ ਪ੍ਰਾਪਤ ਕੀਤੀ | 1899 ਵਿਚ ਡੀ. ਏ. ਵੀ. ਕਾਲਜ ਲਾਹੌਰ ਤੋਂ ਐਫ. ਐਸ. ਸੀ. ਪਾਸ ਕਰਕੇ ਭਗਤ ਗੋਕਲ ਚੰਦ ਦੇ ਵਜ਼ੀਫ਼ੇ 'ਤੇ 1900 ਤੋਂ 1903 ਈ: ਤੱਕ ਜਾਪਾਨ ਤੋਂ ਸਾਇੰਸ ਦੀ ਉਚੇਰੀ ਵਿੱਦਿਆ ਹਾਸਲ ਕੀਤੀ |
ਜਾਪਾਨ ਵਿਚ ਰਹਿੰਦਿਆਂ ਉਸ ਨੇ ਜਾਪਾਨੀ, ਜਰਮਨ ਅਤੇ ਅੰਗਰੇਜ਼ੀ ਸਾਹਿਤ ਦਾ ਅਧਿਐਨ ਵੀ ਕੀਤਾ ਅਤੇ ਰਸਾਇਣ ਵਿਗਿਆਨ (ਕੈਮਿਸਟਰੀ) ਦੀ ਉੱਚੀ ਡਿਗਰੀ ਪ੍ਰਾਪਤ ਕੀਤੀ | ਇਥੇ ਰਹਿੰਦਿਆਂ ਹੀ ਉਸ ਉਤੇ ਪਹਿਲਾਂ ਬੁੱਧ ਮਤ ਦਾ ਫਿਰ ਸੁਆਸੀ ਰਾਮ ਤੀਰਥ ਦੇ ਵੇਦਾਂਤ ਦਾ ਪ੍ਰਭਾਵ ਪਿਆ |
ਭਾਰਤ ਪਰਤਣ 'ਤੇ ਉਸ ਦੀ ਸ਼ਾਦੀ ਬੀਬੀ ਮਾਇਆ ਦੇਵੀ ਨਾਲ ਹੋਈ, ਜਿਸ ਦੀ ਕੁੱਖੋਂ ਚਾਰ ਬੱਚੇ ਪੈਦਾ ਹੋਏ | 1913 ਵਿਚ ਉਸ ਨੇ ਸਿੱਖ ਐਜੂਕੇਸ਼ਨਲ ਕਾਨਫਰੰਸ ਵਿਚ ਭਾਗ ਲਿਆ ਅਤੇ ਭਾਈ ਵੀਰ ਸਿੰਘ ਦੀ ਪ੍ਰੇਰਨਾ ਅਤੇ ਪ੍ਰਭਾਵ ਕਰਕੇ ਮੁੜ ਸਿੱਖ ਧਰਮ ਵਿਚ ਪ੍ਰਵੇਸ਼ ਕਰ ਗਿਆ |
ਕਿੱਤੇ ਅਤੇ ਰੁਜ਼ਗਾਰ ਵਜੋਂ ਪ੍ਰੋ: ਪੂਰਨ ਸਿੰਘ ਨੇ ਬਹੁਤ ਸਾਰੇ ਕੰਮ ਕੀਤੇ ਪਰ ਕਿਸੇ ਵਿਚ ਵੀ ਉਸ ਦਾ ਮਨ ਨਾ ਲੱਗਿਆ | ਪ੍ਰੋ: ਪੂਰਨ ਸਿੰਘ ਨੇ ਆਪਣੀ ਪੰਜ ਦਹਾਕਿਆਂ ਦੀ ਕੁੱਲ ਉਮਰ (ਮੌਤ 31 ਮਾਰਚ, 1931) ਦੌਰਾਨ ਤਿੰਨ ਦਹਾਕਿਆਂ ਦਾ ਕਿ੍ਆਤਮਕ ਸਫ਼ਰ ਸਾਹਿਤ ਸੰਗ ਤੈਅ ਕੀਤਾ | 1902-03 ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਆਖ਼ਰੀ ਸਾਹਾਂ ਤੱਕ ਨਿਰੰਤਰ ਜਾਰੀ ਰਿਹਾ ਅਤੇ ਉਸ ਨੇ ਆਪਣੀ ਉਮਰ ਨਾਲੋਂ ਵਧੇਰੇ ਪੁਸਤਕਾਂ ਦੀ ਰਚਨਾ ਕੀਤੀ | ਉਸ ਨੇ ਲੇਖਕ ਵਜੋਂ ਸਾਹਿਤ ਦੇ ਖੇਤਰ ਵਿਚ ਅਤੇ ਵਿਗਿਆਨੀ ਵਜੋਂ ਰਸਾਇਣ ਵਿਗਿਆਨ ਦੇ ਖੇਤਰ ਵਿਚ ਕਾਰਜ ਕੀਤਾ |
ਉਹ ਆਧੁੁਨਿਕ ਯੁੱਗ ਦਾ ਰੁਮਾਂਟਿਕ, ਰੰਗੀਲਾ, ਅਲਬੇਲਾ ਅਤੇ ਖੁੱਲ੍ਹੀ-ਡੁੱਲ੍ਹੀ ਸ਼ਖ਼ਸੀਅਤ ਵਾਲਾ ਨਿਵੇਕਲਾ ਕਵੀ ਸੀ | ਉਸ ਨੂੰ 'ਵਲਵਲਿਆਂ ਦਾ ਕਵੀ' ਵੀ ਕਿਹਾ ਜਾਂਦਾ ਹੈ | ਉਹ ਇਕ ਮਹਾਨ ਚਿੰਤਕ, ਪ੍ਰਤਿਭਾਸ਼ਾਲੀ ਸਾਹਿਤਕਾਰ, ਵਿਗਿਆਨੀ ਅਤੇ ਦਾਰਸ਼ਨਿਕ ਵੀ ਸੀ | ਉਸ ਨੇ ਪੰਜਾਬੀ ਕਵਿਤਾ ਨੂੰ ਪਹਿਲੀ ਵੇਰ ਛੰਦਾਬੰਦੀ ਦੀ ਕੈਦ ਤੋਂ ਮੁਕਤ ਕੀਤਾ |
ਪੰਜਾਬੀ ਭਾਸ਼ਾ ਰਾਹੀਂ ਉਸ ਨੇ ਟਾਲਸਟਾਇ, ਐਮਰਸਨ ਅਤੇ ਕਾਰਲਾਈਲ ਵਰਗੇ ਲੇਖਕਾਂ ਨੂੰ ਪੰਜਾਬੀਆਂ ਤੱਕ ਪਹੁੰਚਾਇਆ, ਜਦਕਿ ਅੰਗਰੇਜ਼ੀ ਭਾਸ਼ਾ ਰਾਹੀਂ ਗੁਰੂਆਂ, ਸੂਫ਼ੀ ਕਵੀਆਂ ਆਦਿ ਨੂੰ ਪੱਛਮੀ ਪਾਠਕਾਂ ਦੀ ਨਜ਼ਰ ਕੀਤਾ | ਉਸ ਨੇ ਆਪਣੀ ਕਵਿਤਾ, ਵਾਰਤਕ ਅਤੇ ਚਿੰਤਨ ਰਾਹੀਂ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖਧਰਮ, ਸਿੱਖ ਚਿੰਤਨ ਨੂੰ ਭਾਰਤੀ ਵਿਰਸੇ ਦੇ ਗੌਰਵ ਨਾਲ ਜੋੜ ਕੇ ਪੇਸ਼ ਕੀਤਾ |
ਪ੍ਰੋ: ਪੂਰਨ ਸਿੰਘ ਦੇ ਜੀਵਨ ਅਤੇ ਸਾਹਿਤ ਬਾਰੇ ਕਰੀਬ 30 ਪੁਸਤਕਾਂ, ਖੋਜ ਨਿਬੰਧ, ਪੱਤਿਰਕਾਵਾਂ ਦੇ ਵਿਸ਼ੇਸ਼ ਅੰਕ, ਆਲੋਚਨਾਤਮਿਕ ਲੇਖ/ਖੋਜ ਪੱਤਰ, ਯਾਦਾਂ, ਮਾਣ-ਪੱਤਰ, ਸਾਲਾਨਾ ਡਾਇਰੀ ਆਦਿ ਪ੍ਰਾਪਤ ਹੁੰਦੇ ਹਨ |
ਅੰਗਰੇਜ਼ੀ ਕਵੀ ਵਾਲਟ ਵਿਟਮੈਨ ਦੇ ਪ੍ਰਭਾਵ ਹੇਠ ਉਸ ਨੇ ਪੰਜਾਬੀ ਵਿਚ ਪਹਿਲੀ ਵਾਰ ਛੰਦ ਮੁਕਤ ਕਵਿਤਾ ਦੀ ਸ਼ੁਰੂਆਤ ਕੀਤੀ, ਜਿਸ ਨੂੰ ਉਸ ਨੇ ਸੈਲਾਨੀ ਛੰਦ ਦਾ ਨਾਂਅ ਦਿੱਤਾ | ਪੰਜਾਬ ਦੀ ਮਿੱਟੀ ਵਿਚਲੀ ਮਹਿਕ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਅਤੇ ਸਿੱਖ ਰਹੱਸਵਾਦ ਉਸ ਦੀ ਕਵਿਤਾ ਦੇ ਮੂਲ ਪ੍ਰੇਰਕ ਸੋਮੇ ਹਨ | 'ਜਵਾਨ ਪੰਜਾਬ ਦੇ' ਕਵਿਤਾ ਵਿਚ ਅਣਖੀਲੇ ਸੁਭਾਅ ਦੀ ਪੇਸ਼ਕਾਰੀ ਇਸ ਤਰ੍ਹਾਂ ਹੋਈ ਹੈ:
ਬਾਂਕੇ ਛਬੀਲੇ ਪੰਜਾਬ,
ਪਿਆਰ ਦੇ ਰਹਿਣ ਵਾਲੇ
ਪੰਜਾਬੀ ਮਾਵਾਂ ਦੇ ਪੁੱਤਰ,
ਰੱਖਣ ਨਾ ਜਾਨ ਸੰਭਾਲ ਇਹ,
ਜਾਨ ਨੂੰ ਵਾਰਨ ਇਹ ਜਾਣਦੇ,
ਲਹੂ ਵੀਟਣ ਥੀਂ ਨਾ ਡਰਨ ਇਹ,
ਤੇ ਜੰਗ ਦੇ ਮੈਦਾਨ ਵਿਚ ਨਸਣਾ,
ਨਾ ਪਛਾਣਦੇ, ਕਰਨ ਕੀ ਇਹ?
'ਹਲ ਵਹੁਣ ਵਾਲੇ' ਕਵਿਤਾ ਵਿਚ ਪ੍ਰਕਿਰਤੀ ਪ੍ਰੇਮ, ਪੇਂਡੂ ਸਰਲਤਾ ਅਤੇ ਸਾਦਗੀ ਤੇ ਭਾਵ ਪ੍ਰਗਟ ਹੋਏ ਹਨ | ਕਿਸਾਨਾਂ ਨੂੰ ਅੰਨਦਾਤਾ ਮੰਨਦਿਆਂ, ਜੱਗ ਦੇ ਭੰਡਾਰੀ ਕਹਿ ਕੇ ਸਤਿਕਾਰ ਦਿੱਤਾ ਹੈ |
'ਖੂਹ ਉਤੇ' ਕਵਿਤਾ ਵਿਚ ਪੰਜਾਬੀ ਜੀਵਨ ਅਤੇ ਸੱਭਿਆਚਾਰ ਦੀ ਸਪੱਸ਼ਟ ਝਲਕ ਮਿਲਦੀ ਹੈ | ਇਸ ਵਿਚ ਪਾਣੀ ਭਰਦੀਆਂ ਮੁਟਿਆਰਾਂ ਦਾ ਸਜੀਵ ਚਿਤਰਣ ਹੋਇਆ ਹੈ | ਖੂਹ ਦੀ ਰੌਣਕ, ਸਾਦਗੀ, ਖੁਸ਼ੀ ਅਤੇ ਜਵਾਨੀ ਦੀ ਆਪ ਮੁਹਾਰਤਾ ਇਸ ਵਿਚ ਪ੍ਰਗਟ ਹੋਈ ਹੈ |
ਕਵੀ ਆਪਣੇ ਪੁਰਾਣੇ ਪੰਜਾਬ ਨੂੰ ਯਾਦ ਕਰਕੇ ਹਉਕੇ ਭਰਦਾ ਹੈ | ਉਸ ਲਈ ਪੰਜਾਬ ਇਕ ਅਜਿਹੀ ਪਵਿੱਤਰ ਤੇ ਪਾਕ ਸਰਜ਼ਮੀਨ ਹੈ, ਜਿੱਥੇ ਹਰ ਪਾਸੇ ਜ਼ਿੰਦਗੀ ਇਕ ਸੰਗੀਤਕ ਲੈਅ ਵਿਚ ਧੜਕਦੀ ਨਜ਼ਰ ਆਉਂਦੀ ਹੈ | ਉਹ ਚਾਹੁੰਦਾ ਹੈ ਕਿ ਅਜਿਹਾ ਰੰਗੀਲਾ ਪੰਜਾਬ ਮੁੜ ਪਰਤ ਆਵੇ, ਆ ਪੰਜਾਬ ਪਿਆਰ ਤੂੰ ਮੁੜ ਆ!
••

ਲੜੀਵਾਰ ਨਾਵਲ

ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਲੈਫ: ਕਰਨਲ ਧਰਮਵੀਰ ਸੇਵਾ ਮੁਕਤ ਹੋ ਕੇ ਦਿੱਲੀ ਆ ਗਿਆ | ਧਰਮਵੀਰ ਨੂੰ ਇਹ ਥਾਂ ਬਹੁਤ ਪਸੰਦ ਆਈ ਪਰ ਪਰਕਾਸ਼ ਨੂੰ ਇਹ ਬਿਲਕੁਲ ਚੰਗੀ ਨਾ ਲੱਗੀ | ਧਰਮਵੀਰ ਨੇ ਪ੍ਰਾਪਰਟੀ ਦਾ ਕੰਮ ਸ਼ੁਰੂ ਕਰ ਲਿਆ | ਇਸ ਬਿਜ਼ਨਸ ਵਿਚ ਸੰਜੀਵ ਵਰਮਾ ਨਾਲ ਮੁਲਾਕਾਤ ਹੋਈ | ਗੱਲ ਦੋਸਤੀ ਵਿਚ ਬਦਲ ਗਈ | ਪਰਕਾਸ਼ ਨੂੰ ਧਰਮਵੀਰ ਦੀ ਸੰਜੀਵ ਨਾਲ ਨੇੜਤਾ ਅਤੇ ਉਸ ਦੇ ਘਰ ਬੈਠੇ ਰਹਿਣਾ ਚੰਗਾ ਨਾ ਲੱਗਦਾ | ਉਨ੍ਹਾਂ ਵਿਚ ਬਹਿਸ-ਮੁਬਾਸਾ ਸ਼ੁਰੂ ਹੋਇਆ | ਧਰਮਵੀਰ ਨੇ ਪਰਕਾਸ਼ ਨੂੰ ਸੰਜੀਵ ਦੀ ਪਤਨੀ ਤੋਂ ਘਰ ਨੂੰ ਸਵਰਗ ਬਣਾਉਣ ਦੇ ਗੁਰ ਸਿੱਖਣ ਦਾ ਮਿਹਣਾ ਮਾਰਿਆ | ਅੱਜ ਅੱਗੇ ਪੜ੍ਹੋ :
ਲੜਾਈ ਦਾ ਝੱਖੜ ਉਡ-ਪੁਡ ਗਿਆ | ਬਾਰਡਰਾਂ ਉਤੇ ਵਸਨੀਕਾਂ ਦਾ ਫਿਰ ਵਸੇਵਾਂ ਹੋ ਗਿਆ | ਫ਼ੌਜ ਦੀਆਂ ਪਲਟਣਾਂ ਆਪੋ-ਆਪਣਿਆਂ ਟਿਕਾਣਿਆਂ 'ਤੇ ਪਰਤੀਆਂ | ਬਾਰਡਰਾਂ ਉਤੇ ਲੜਦੀਆਂ ਰੈਜਿਮੈਂਟਸ ਦੀ ਪੀਸ ਸਟੇਸ਼ਨਾਂ 'ਤੇ ਬਦਲੀ ਹੋ ਗਈ | ਸ਼ਹਿਰਾਂ ਵਿਚ ਫੇਰ ਉਸੀ ਤਰ੍ਹਾਂ ਰੌਣਕ ਹੋ ਗਈ ਜਿਵੇਂ ਦੇਸ਼ ਉਤੇ ਕਦੀ ਭੀੜਾ ਆਈ ਹੀ ਨਹੀਂ | ਨੱਬੇ ਹਜ਼ਾਰ ਜੰਗੀ ਕੈਦੀ ਸ਼ਿਮਲਾ ਸਮਝੌਤੇ ਅਨੁਸਾਰ ਪਾਕਿਸਤਾਨ ਨੂੰ ਸੌਾਪੇ ਗਏ | ਸ਼ਹਿਰਾਂ ਦੀਆਂ ਦੁਕਾਨਾਂ ਉਤੇ ਜਨਰਲ ਜਗਜੀਤ ਸਿੰਘ ਅਰੋੜਾ ਤੇ ਜਰਨਲ ਨਿਆਜ਼ੀ ਦੇ ਹਥਿਆਰ ਸੌਾਪਣ ਦੇ ਅਹਿਦਨਾਮੇ ਉਤੇ ਦਸਤਖਤ ਕਰਨ ਵੇਲੇ ਦੀ ਫੋਟੋ ਹਰ ਥਾਂ ਲੱਗੀ ਦਿਖਦੀ ਹੈ | ਦੋਵਾਂ ਨੇ ਮਿਲਟਰੀ ਟ੍ਰੇਨਿੰਗ ਵੀ ਇਕੱਠੀ ਕੀਤੀ ਸੀ ਤੇ ਮੁਲਕ ਦੀ ਵੰਡ ਤੋਂ ਪਹਿਲਾਂ ਕਈ ਸਟੇਸ਼ਨਾਂ ਉਤੇ ਇਕੱਠੇ ਰਹੇ ਸਨ | ਫ਼ੌਜੀਆਂ ਨੂੰ ਛੁੱਟੀ ਵੀ ਮਿਲਣ ਲੱਗ ਪਈ ਹੈ |
ਕਰਨ ਮਹਿਰਾ ਕੈਪਟਨ ਬਣ ਗਿਆ | ਉਸ ਦੇ ਮੋਢੇ ਦੇ ਪਿਪਸ ਉਤੇ ਤਿੰਨ ਤਾਰੇ ਲੱਗ ਗਏ ਸਨ ਤੇ ਬਦਲੀ ਪੀਸ ਸਟੇਸ਼ਨ ਪਠਾਨਕੋਟ ਹੋ ਗਈ ਹੈ | ਪਰਕਾਸ਼ ਨੂੰ ਇਸ ਗੱਲ ਦਾ ਵੀ ਬੜਾ ਦੁੱਖ ਹੈ ਕਿ ਕਰਨ ਹੁਣ ਉਸ ਨੂੰ ਛੇ-ਸੱਤ ਮਹੀਨਿਆਂ ਬਾਅਦ ਮਿਲਣ ਆਉਂਦਾ ਹੈ | ਜੇ ਪਰਕਾਸ਼ ਮਿਲਣ ਵੀ ਜਾਏ ਤਾਂ ਬੈਚਲਰਜ਼ ਕੁਆਰਟਰਾਂ ਵਿਚ ਇਕੱਲੀ ਕਿਵੇਂ ਰਹੇ? ਪਰਕਾਸ਼ ਨੇ ਆਪ ਦੁੱਖ ਸਹੇੜੇ ਹੋਏ ਹਨ, ਉਹ ਧਰਮਵੀਰ ਦਾ ਕੋਈ ਕਹਿਣਾ ਨਹੀਂ ਮੰਨਦੀ.. ਦਿਨ-ਰਾਤ ਲੜਾਈ ਮਚਦੀ ਹੈ | ਨਾ ਉਸ ਨੂੰ ਕਰਨ ਦਾ ਅੱਖਾਂ ਤੋਂ ਓਹਲੇ ਹੋਣਾ ਪਸੰਦ ਹੈ | ਕਰਨ ਦੇ ਵਿਛੋੜੇ ਦੇ ਦੁੱਖ ਹਮੇਸ਼ਾ ਧਰਮਵੀਰ ਨੂੰ ਜ਼ਿੰਮੇਦਾਰ ਠਹਿਰਾਉਂਦੀ ਹੈ |
-0-
ਸੰਜੀਵ ਵਰਮਾ ਦੀ ਬੱਚੀ ਮਮਤਾ ਗਵਾਲੀਅਰ ਮਹਾਰਾਣੀ ਸਕੂਲ ਆਫ਼ ਆਰਟਸ ਤੋਂ ਡਿਗਰੀ ਲੈ ਕੇ ਘਰ ਪਰਤੀ ਆਈ ਹੈ | ਧਰਮਵੀਰ ਦੇ ਮਨ ਨੂੰ ਭਾਅ ਗਈ | ਰੋਜ਼ ਮੌਕਾ ਤਾੜਦਾ ਰਿਹਾ ਕਿ ਘਰ ਪਰਕਾਸ਼ ਨਾਲ ਗੱਲ ਕਿਵੇਂ ਕਰੇ? ਫਿਰ ਉਸ ਸੋਚਿਆ ਕਿਉਂ ਨਾ ਪਹਿਲੇ ਕਰਨ ਨੂੰ ਮਮਤਾ ਨਾਲ ਮਿਲਾ ਦਿਆਂ? ਜੇ ਵਰਮਾ ਨੂੰ ਵੀ ਕਰਨ ਜੱਚ ਜਾਏ ਕਰਨ ਨੂੰ ਮਮਤਾ ਪਸੰਦ ਆਏ ਜਾਏ, ਫਿਰ ਪਰਕਾਸ਼ ਨਾਲ ਗੱਲ ਕਰਾਂ, ਉਸ ਨੂੰ ਵੀ ਕੁੜੀ ਵਿਖਾਈ ਜਾਵੇ | ਜੇ ਕਿਧਰੇ ਕਿਸੀ ਸੂਰਤ ਵਿਚ ਗੱਲ ਹੀ ਨਾ ਬਣੇ ਤਾਂ ਐਵੇਂ ਢੰਡੋਰੇ ਦਾ ਕੀ ਫਾਇਦਾ?
ਕਰਨ ਛੁੱਟੀ ਆਇਆ | ਕੁਝ ਦੱਸਣ, ਕੁਝ ਕਹਿਣ ਤੋਂ ਬਿਨਾਂ ਧਰਮਵੀਰ ਕਰਨ ਨੂੰ ਵਰਮਾ ਜੀ ਦੇ ਘਰ ਲੈ ਗਿਆ | ਵਰਮਾ ਜੀ ਨੂੰ ਉੱਚਾ-ਲੰਮਾ, ਸੋਹਣਾ-ਸੁਨੱਖਾ, ਸਲੀਕੇ ਵਾਲਾ ਕੈਪਟਨ ਕਰਨ ਬੇਹੱਦ ਪਸੰਦ ਆਇਆ | ਕਰਨ ਇੰਨਾ ਖੁੱਲ੍ਹ ਕੇ ਉੱਚੀ-ਉੱਚੀ ਹੱਸਦਾ ਕਿ ਛੱਤ ਹਿੱਲਣ ਲੱਗ ਪੈਂਦੀ | ਹੱਸਦਾ-ਹੱਸਦਾ ਹੱਥ ਉਤੇ ਹੱਥ ਮਾਰ ਕੇ ਇਕ ਪੈਰ ਧਰਤੀ ਉਤੇ ਜ਼ੋਰ ਦੀ ਮਾਰਦਾ | ਕਰਨ ਨੂੰ ਮਮਤਾ ਪਹਿਲੀ ਨਜ਼ਰ ਹੀ ਭਾਅ ਗਈ | ਹਸੰੂ-ਹਸੰੂ ਕਰਦਾ ਚੰਨ ਵਰਗਾ ਗੋਲ ਚਿਹਰਾ, ਮੋਟੀਆਂ ਕਾਲੀਆਂ ਕਜ਼ਰਾਰੀਆਂ ਬਦਾਮੀ ਅੱਖਾਂ, ਲੰਮੀਆਂ ਕਾਲੀਆਂ ਦੋ ਗੁੱਤਾਂ ਪਿਆਜ਼ੀ ਹੋਂਠਾਂ ਦੀ ਫੁੱਲਾਂ ਦੀਆਂ ਪੱਤੀਆਂ ਦੇ ਖਿੜਨ ਜਿਹੀ ਮੁਸਕਰਾਹਟ, ਗਲ੍ਹਾਂ ਦੇ ਦੋਵੇਂ ਪਾਸੇ ਹੋਠਾਂ ਦੇ ਕੋਨਿਆਂ ਕੋਲ ਪੈਂਦੇ ਟੋਏ... ਕਰਨ ਟੋਇਆਂ ਵਿਚ ਹੀ ਗੋਤੇ ਖਾਣ ਲੱਗਾ... ਖੁੱਲ੍ਹ ਕੇ ਹੱਸਦੀ ਦੀਆਂ ਸਿੱਪੀਆਂ ਦੀ ਬੀੜ ਲਿਸ਼ਕਦੀ |
ਕਰਨ ਸੋਚਿਆ, 'ਹੱਛਾ ਪਾਪਾ, ਮੇਰੇ ਨਾਲ ਚਲਾਕੀ? ਹੁਣ ਪਤਾ ਲੱਗੈ ਕਿਉਂ ਰੈਜਿਮੈਂਟ ਰੋਜ਼ ਫੋਨ ਖੜਕਾਂਦੇ ਸੀ ਕਿ ਜਲਦੀ ਆ ਮੇਰਾ ਕੰਮ ਏ... ਪਤਾ ਲੱਗ ਗਿਐ ਪਾਪਾ ਤੁਹਾਡਾ ਕੰਮ, ਪਰ ਉਹ ਚੁੱਪ ਰਿਹਾ |'
ਕਰਨ ਨੂੰ ਧਰਮਵੀਰ ਨਾਲ ਆਂਦੇ-ਜਾਂਦੇ, ਉਠਦੇ-ਬੈਠਦੇ ਵੇਖ ਪਰਕਾਸ਼ ਸੜ ਬਲ ਗਈ | 'ਹੁਣ ਮੇਰੇ ਪੁੱਤਰ ਨੂੰ ਵੀ ਮੇਰੇ ਕੋਲੋਂ ਖੋਹਣ ਲੱਗੈ... ਉਸੀ ਦੀ ਆਸ ਏ ਮੈਨੂੰ ਉਹੀ ਕਹਿੰਦਾ ਸੀ ਮਾਂ ਹਮੇਸ਼ਾ ਤੈਨੂੰ ਆਪਣੇ ਨਾਲ ਰੱਖਾਂਗਾ |' ਹੁਣ ਪਿਉ-ਪੁੱਤਰ ਦੇ ਮਿਲਾਪ ਨੇ ਪਰਕਾਸ਼ ਦੇ ਰੇਤ ਦੇ ਮਹੱਲਾਂ ਨੂੰ ਸਾਗਰ ਦੀ ਇਕ ਛਲ ਨੇ ਜਿਵੇਂ ਸਾਰਾ ਮਹੱਲ ਮਲੀਆਮੇਟ ਕਰ ਦਿੱਤਾ |
ਕਰਨ ਵੀ ਸਮਝ ਗਿਆ ਹੈ ਪਾਪਾ ਕਿਉਂ ਚਿੜੇ-ਚਿੜੇ, ਖਿਝੇ ਰਹਿੰਦੇ ਹਨ | ਮਾਂ, ਜੋ ਪਾਪਾ ਕਹਿੰਦੇ ਹਮੇਸ਼ਾ ਉਸ ਦੇ ਉਲਟ ਕਰਦੀ ਏ | ਕਦੀ ਗੱਲ ਨਹੀਂ ਮੰਨਦੀ | ਕਰਨ ਵੀ ਹੁਣ ਮਾਂ ਦੀਆਂ ਸ਼ਿਕਾਇਤਾਂ ਤੋਂ ਕੰਨ ਚੁਰਾਣ ਲੱਗ ਪਿਆ ਹੈ | ਛੁੱਟੀ ਆਇਆ ਉਹ ਬਹੁਤਾ ਪਾਪਾ ਦੇ ਆਫਿਸ ਵਿਚ ਬੈਠਦਾ | ਖਰੀਦਣ-ਵੇਚਣ ਦੇ ਧੰਦੇ ਵਿਚ ਨਫੇ ਦੀ ਗਿਣਤੀ-ਮਿਣਤੀ ਸੁਣਦਾ ਰਹਿੰਦਾ ਹੈ |
'ਮੈਂ ਤੁਹਾਡੀ ਕਾਰਸ਼ਤਾਨੀ ਸਮਝ ਗਿਆਂ ਪਾਪਾ-ਮੇਰੇ ਨਾਲ ਚਲਾਕੀਆਂ ਹੈਂ?'
'ਤੇਰੀਆਂ ਅੱਖੀਆਂ ਦੀ ਬਦਮਾਸ਼ੀ ਮੈਂ ਵੀ ਬੁਝ ਲਈ ਏ ਕਿ ਮਮਤਾ ਤੈਨੂੰ ਪਸੰਦ ਆਈ ਹੈ | ਮੇਰੇ ਸਾਹਮਣੇ ਬੱਚੂ ਚਲਾਕ ਨਾ ਬਣ ਬਹੁਤਾ | ਮੰਨਿਆਂ ਤੂੰ ਕੈਪਟਨ ਬਣ ਗਿਐ, ਮੈਂ ਕੈਪਟਨ ਦਾ ਪਿਓ ਆਂ', ਧਰਮਵੀਰ ਨੇ ਮੁੱਛ ਮਰੋੜਦੇ ਕਿਹਾ |
'ਪਿਓ ਵੀ ਤੇ ਦੋ ਰੈਂਕ ਵੱਧ ਵੀ | ਪਤੈ ਬੱਚੂ?'
'ਹੂੰ... ਹੂੰ...' ਕਰਨ ਨੇ ਘੰਗੂਰਾ ਮਾਰਿਆ ਤੇ ਪਾਪਾ ਦਾ ਮੋਢਾ ਦੱਬਿਆ |
ਪਰਕਾਸ਼ ਨਾਲ ਗੱਲ ਕੀਤੀ ਕਿ ਉਹ ਸੰਜੀਵ ਵਰਮਾ ਦੀ ਕੁੜੀ ਨੂੰ ਆਪਣੇ ਹਿਸਾਬ ਨਾਲ ਪਰਖ ਲਵੇ |
ਪਰਕਾਸ਼ ਲਾਲ ਸੂਹੀ ਹੋ ਗਈ 'ਕਿਉਂ ਲੱਗੇ ਹੋ ਗੋਂਗਲੂਆਂ ਤੋਂ ਮਿੱਟੀ ਝਾੜਨ | ਤੁਸੀਂ ਉਥੇ ਜਾ ਕੇ ਦੋ-ਦੋ ਘੰਟੇ ਬੈਠੇ ਰਹਿੰਦੇ ਹੋ ਪਸੰਦ ਕਰ ਹੀ ਲਈ ਜੇ ਨਾ | ਮੈਂ ਕੌਣ ਹੁੰਦੀ ਆਂ? ਪਿਓ-ਪੁੱਤਰ ਦੇ ਲਾਡ ਵਿਚੋਂ ਮੈਨੂੰ ਆ ਰਹੀ ਸੀ ਕਿਸੀ ਗੋਂਦ ਗੁੰਦਣ ਦੀ ਵਾਸ਼ਨਾ', ਕਹਿੰਦੇ ਪਰਕਾਸ਼ ਨੇ ਕਰਨ ਵੱਲ ਬੜੀਆਂ ਨਿਹੋਰੇ ਭਰੀਆਂ ਨਜ਼ਰਾਂ ਨਾਲ ਤੱਕਿਆ |
'ਠੀਕ ਕੀਤੈ ਨੇ ਪਾਪਾ ਨੇ | ਜੇ ਮੈਨੂੰ ਕੁੜੀ ਪਸੰਦ ਨਾ ਆਂਦੀ? ਜੇ ਮੈਂ ਉਨ੍ਹਾਂ ਨੂੰ ਪਸੰਦ ਨਾ ਆਂਦਾ? ਐਵੇਂ ਥੋੜੀ ਘੋੜੇ ਦੁੜਾਣੇ ਨੇ | ਹਾਲੀਂ ਤਾਂ ਕੋਈ ਗੱਲਬਾਤ ਸ਼ੁਰੂ ਨਹੀਂ ਹੋਈ | ਹੁਣ ਤੁਸੀਂ ਕੁੜੀ ਵੇਖ ਤੇ ਗੱਲਬਾਤ ਉਸ ਦੀ ਮਾਂ ਨਾਲ ਸ਼ੁਰੂ ਕਰੋ | ਸੁਗੰਧਾ ਨੇ ਵੀ ਆਪਣੇ ਨਾਲ ਡਾਕਟਰੇਟ ਕਰਦੇ ਮੰੁਡੇ ਨੂੰ ਪਸੰਦ ਕਰਕੇ ਤੁਹਾਨੂੰ ਦੱਸਿਆ ਸੀ |'
ਸੁਗੰਧਾ ਦਾ ਨਾਂਅ ਸੁਣ ਪਰਕਾਸ਼ ਲੋਹਾ ਲਾਖਾ ਹੋ ਗਈ, 'ਤੂੰ ਹੁਣ ਉਨ੍ਹਾਂ ਦੀ ਰੀਸ ਕਰੇਂਗਾ...? ਮੈਂ ਤਾਂ ਤੇਰੇ ਆਸਰੇ ਸਾਰੀ ਉਮਰ ਪਾਣੀ ਦੀ ਸੇਜ ਉਤੇ ਹੀ ਸੁੱਤੀ ਰਹੀ, ਆਸਾਂ ਦੀਆਂ ਡੋਰੀਆਂ ਗੁੰਦਦੀ ਰਹੀ |'
'ਉਸ ਦੀ ਗੱਲ ਹੋਰ ਏ, ਚੰਗਾ ਕੀਤਾ ਸੀ ਉਸ ਨੇ... ਸਾਨੂੰ ਮੰੁਡਾ ਲੱਭਣਾ ਨਹੀਂ ਪਿਆ, ਨਹੀਂ ਤਾਂ ਅੱਜਕਲ੍ਹ ਮੰੁਡਿਆਂ ਵਾਲਿਆਂ ਦੇ ਸੌ-ਸੌ ਨਖਰੇ ਨੇ, ਪਹਿਲਾਂ ਤਾਂ ਗੱਲ ਹੀ ਲੈਣ ਦੇਣ ਦੀ ਕਰਦੇ ਨੇ | ਸਾਨੂੰ ਖੱਜਲ-ਖੁਆਰ ਨਹੀਂ ਹੋਣਾ ਪਿਆ | ਪੀ. ਐਚ. ਡੀ. ਕਰਕੇ ਦੋਵਾਂ ਨੇ ਪ੍ਰੋਫੈਸਰ ਲੱਗ ਜਾਣਾ ਏ | ਮੇਰੇ ਕਪਤਾਨ ਪੁੱਤਰ ਕਰਨ ਲਈ ਕੁੜੀਆਂ ਦਾ ਕੋਈ ਘਾਟਾ ਸੀ? ਮੈਂ ਆਪ ਕਈ ਕੁੜੀਆਂ ਵੇਖ ਕੇ ਕੋਈ ਇਕ ਪਸੰਦ ਕਰਦੀ | ਮਾਂ ਨੂੰ ਵੀ ਪੁੱਤਰ ਦੇ ਵਿਆਹ ਲਈ ਕੁੜੀ ਪਸੰਦ ਕਰਨ ਦਾ ਬੜਾ ਚਾਅ ਹੁੰਦੈ, ਬੜੀ ਸ਼ਾਨ ਨਾਲ ਜਾਂਦੀ ਮੈਂ ਕੁੜੀਆਂ ਵੇਖਣ ਤੇ ਉਨ੍ਹਾਂ ਵਿਚੋਂ ਨਖਰਿਆਂ ਨਾਲ ਇਕ ਚੁਣਦੀ |'
ਕਰਨ ਵੀ ਮਿੰਨਤਾਂ ਕੀਤੀਆਂ | ਧਰਮਵੀਰ ਨੇ ਵੀ ਦੱਸਿਆ, 'ਘਰ ਵੀ ਚੰਗਾ, ਚੰਗੇ ਸਟੈਂਡਰਡ ਦੇ ਲੋਕ ਨੇ, ਗਵਾਲੀਅਰ ਕਾਲਜ ਦੀ ਪੜ੍ਹੀ ਹੋਈ ਬੜੀ ਸੋਹਣੀ ਕੁੜੀ ਏ | ਕੁੜੀ ਨੂੰ ਵੇਖਦੇ ਹੀ ਤੂੰ ਮੋਹਿਤ ਹੋ ਜਾਣੈ |'
(ਬਾਕੀ ਅਗਲੇ ਐਤਵਾਰ)


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX