ਤਾਜਾ ਖ਼ਬਰਾਂ


ਕਾਂਗਰਸ ਦੇ ਵਾਅਦੇ 'ਤੇ ਟਿੱਪਣੀ ਕਰਕੇ ਨੀਤੀ ਆਯੋਗ ਦੇ ਉੱਪ ਮੁਖੀ ਫਸੇ
. . .  13 minutes ago
ਨਵੀਂ ਦਿੱਲੀ, 27 ਮਾਰਚ - ਕਾਂਗਰਸ ਵਲੋਂ ਐਲਾਨੀ ਘੱਟੋ ਘੱਟ ਆਮਦਨ ਗਾਰੰਟੀ ਯੋਜਨਾ ਦੇ ਚੋਣਾਵੀ ਵਾਅਦੇ 'ਤੇ ਨੀਤੀ ਆਯੋਗ ਦੇ ਉੱਪ ਮੁਖੀ ਰਾਜੀਵ ਕੁਮਾਰ ਨੇ ਟਵੀਟਰ 'ਤੇ ਟਿੱਪਣੀ ਕੀਤੀ। ਜਿਸ ਦਾ ਚੋਣ ਕਮਿਸ਼ਨ ਵਲੋਂ ਨੋਟਿਸ ਲਿਆ ਗਿਆ ਤੇ ਇਸ ਬਾਰੇ ਜਵਾਬ ਤਲਬ ਕੀਤਾ ਹੈ। ਨੀਤੀ ਆਯੋਗ ਦੇ ਉੱਪ ਮੁਖੀ...
ਗੋਆ 'ਚ ਹੋਈ ਵੱਡੀ ਸਿਆਸੀ ਹਲਚਲ, ਦੋ ਵਿਧਾਇਕ ਭਾਜਪਾ 'ਚ ਸ਼ਾਮਲ
. . .  50 minutes ago
ਪਣਜੀ, 27 ਮਾਰਚ - ਗੋਆ ਵਿਚ ਦੇਰ ਰਾਤ ਵੱਡੀ ਸਿਆਸੀ ਹਲਚਲ ਹੋਈ। ਸੂਬੇ 'ਚ ਮੰਗਲਵਾਰ ਰਾਤ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮ.ਜੀ.ਪੀ.) ਦੇ ਦੋ ਵਿਧਾਇਕ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। 40 ਮੈਂਬਰੀ ਵਿਧਾਨ ਸਭਾ 'ਚ ਹੁਣ ਭਾਜਪਾ ਦੇ 14 ਵਿਧਾਇਕ ਹੋ ਗਏ...
ਅੱਜ ਦਾ ਵਿਚਾਰ
. . .  about 1 hour ago
ਆਈ.ਪੀ.ਐੱਲ 2019 : ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪਟੀਲਸ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਦਿੱਲੀ ਕੈਪੀਟਲਸ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 148 ਦੌੜਾਂ ਦਾ ਟੀਚਾ
. . .  1 day ago
ਰਿਜ਼ਰਵ ਬੈਂਕ ਵੱਲੋਂ ਪੰਜਾਬ ਨੈਸ਼ਨਲ ਬੈਂਕ ਨੂੰ ਜੁਰਮਾਨਾ
. . .  1 day ago
ਨਵੀਂ ਦਿੱਲੀ, 26 ਮਾਰਚ - ਰਿਜ਼ਰਵ ਬੈਂਕ ਨੇ ਰੈਗੂਲੇਟਰੀ ਪਾਲਣਾ ਵਿਚ ਕਮੀਆਂ ਲਈ ਪੰਜਾਬ ਨੈਸ਼ਨਲ ਬੈਂਕ ਨੂੰ ਜੁਰਮਾਨਾ ਲਗਾਇਆ...
ਡੇਹਲੋਂ 'ਚ ਗੈਂਗਸਟਰਾਂ ਨੇ ਪੁਲਿਸ 'ਤੇ ਚਲਾਈ ਗੋਲੀ
. . .  1 day ago
ਡੇਹਲੋਂ, 26 ਮਾਰਚ (ਅੰਮ੍ਰਿਤਪਾਲ ਸਿੰਘ ਕੈਲੇ) - ਡੇਹਲੋਂ ਕਸਬੇ ਦੇ ਮੁੱਖ ਚੌਂਕ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਗਰੁੱਪ ਦਾ ਪਿੱਛਾ ਕਰਦੇ ਸਮੇਂ ਗੈਂਗਸਟਰਾਂ ਨੇ ਪੁਲਿਸ ਉੱਪਰ ਗੋਲੀ ਚਲਾ ਦਿੱਤੀ, ਇਸ ਦੌਰਾਨ...
ਆਈ.ਪੀ.ਐੱਲ 2019 : ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਵੱਲੋਂ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
'ਸ਼ਬਦ ਗੁਰੂ ਯਾਤਰਾ' ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ
. . .  1 day ago
ਬੰਗਾ, 26 ਮਾਰਚ (ਗੁਰਜਿੰਦਰ ਸਿੰਘ ਗੁਰੂ)- ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ .....
ਸਮਾਜਵਾਦੀ ਪਾਰਟੀ ਵੱਲੋਂ 3 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 26 ਮਾਰਚ- ਲੋਕ ਸਭਾ ਚੋਣਾਂ ਨੂੰ ਲੈ ਕੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ 3 ਉਮੀਦਵਾਰਾਂ ਦੇ ਨਾਂਅ ਸ਼ਾਮਲ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

'ਮੱਝੂ ਕੇ' ਨਸਲ ਦੇ ਘੋੜਿਆਂ ਦੇ ਸ਼ੌਕੀਨ-ਹਿਤੇਸ਼ ਮਦਨ ਭਾਈ ਦੇਸਾਈ

'ਘੋੜਿਆਂ ਵਾਲੇ ਸਰਦਾਰ'
ਗੁਜਰਾਤ ਦੇ ਸ਼ਹਿਰ ਸੂਰਤ ਦਾ ਵਸਨੀਕ ਹਿਤੇਸ਼ ਮਦਨ ਭਾਈ ਦੇਸਾਈ ਮਾਰਵਾੜੀ ਤੇ ਮੱਝੂ ਕੇ ਬਲੱਡ ਲਾਈਨ ਦੇ ਘੋੜਿਆਂ ਦਾ ਬੇਹੱਦ ਸ਼ੌਕੀਨ ਹੈ। ਉਸ ਨੇ 35 ਵਰ੍ਹੇ ਪਹਿਲਾਂ ਪਿਤਾ ਮਗਨ ਭਾਈ ਅਤੇ ਮਾਤਾ ਅਗਰ ਜੀ ਦੇ ਘਰ ਅੱਖਾਂ ਖੋਲ੍ਹੀਆਂ। ਹਿਤੇਸ਼ ਅਤੇ ਉਸ ਦੇ ਵੱਡੇ ਭਰਾ ਦਸਰਥ ਭਾਈ ਨੂੰ ਘੋੜਿਆਂ ਦਾ ਸ਼ਾਹੀ ਸ਼ੌਕ ਵਿਰਸੇ ਵਿਚੋਂ ਮਿਲਿਆ। ਦੋਵੇਂ ਭਰਾਵਾਂ ਨੇ ਬੀ.ਕਾਮ. ਦੀ ਪੜ੍ਹਾਈ ਕਰਕੇ ਇਮਾਰਤ ਬਣਾਉਣ ਅਤੇ ਰਸਾਇਣਕ ਸਨਅਤਾਂ ਦੇ ਖੇਤਰ ਵਿਚ ਚੰਗਾ ਨਾਮ ਕਮਾਇਆ ਹੈ। ਹੁਣ ਉਨ੍ਹਾਂ ਨੇ ਘੋੜਿਆਂ ਦੇ ਸ਼ੌਕ ਨੂੰ ਬੜੀ ਗੰਭੀਰਤਾ ਨਾਲ ਲੈ ਕੇ ਇਸ 'ਤੇ ਖੋਜਾਤਮਕ ਕੰਮ ਬੜੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕੀਤਾ ਹੋਇਆ ਹੈ। ਸੂਰਤ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸਮੁੰਦਰ ਦੇ ਕੰਢੇ ਤੇ ਉਨ੍ਹਾਂ ਨੇ 35 ਏਕੜ ਵਿਚ ਖੂਬਸੂਰਤ ਸਟੱਡ ਫਾਰਮ ਅਤੇ ਕ੍ਰਿਕਟ ਦਾ ਗਰਾਊਂਡ ਬਣਾਇਆ ਹੋਇਆ ਹੈ। ਉਨ੍ਹਾਂ ਦੇ ਦਾਦਾ ਚਾਲਾ ਜੀ ਅਤੇ ਪਿਤਾ ਜੀ ਬੜੇ ਵਧੀਆ ਨਸਲੀ ਘੋੜੇ-ਘੋੜੀਆਂ ਰੱਖਿਆ ਕਰਦੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਮੇਰੇ ਪਿਤਾ ਜੀ ਦੀ ਉਮਰ 22 ਕੁ ਸਾਲਾਂ ਦੀ ਸੀ ਤਾਂ ਰਾਤ ਨੂੰ ਉਨ੍ਹਾਂ ਦਾ ਕਿਸੇ ਨਾਲ ਝਗੜਾ ਹੋ ਗਿਆ। ਮੇਰੇ ਪਿਤਾ ਜੀ ਅਤੇ ਚਾਚਾ ਜੀ ਘੋੜਿਆਂ 'ਤੇ ਸਵਾਰ ਹੋ ਕੇ ਹਮਲਾਵਰਾਂ ਨੂੰ ਪੈ ਗਏ। ਮੇਰੇ ਚਾਚਾ ਪੀਰਾ ਭਾਈ ਜੋ ਕਿ ਕੁਮੈਤ ਘੋੜੇ 'ਤੇ ਸਵਾਰ ਸਨ, ਪਿਤਾ ਨਾਲੋਂ ਵੱਖ ਹੋ ਗਏ ਅਤੇ ਗੰਭੀਰ ਜ਼ਖ਼ਮੀ ਹੋ ਕੇ ਡਿੱਗ ਪਏ। ਜਦੋਂ ਪਿਤਾ ਜੀ ਘਰ ਪਹੁੰਚੇ ਤਾਂ ਚਾਚਾ ਜੀ ਘਰ ਨਹੀਂ ਆਏ ਸਨ। ਪਿਤਾ ਜੀ ਉਨ੍ਹਾਂ ਦੀ ਭਾਲ ਕਰਦੇ ਰਹੇ ਤਾਂ ਕੀ ਵੇਖਿਆ ਕਿ ਸਵੇਰ ਤੱਕ ਕੁਮੈਤ ਘੋੜਾ ਉਨ੍ਹਾਂ ਦੇ ਜ਼ਖਮੀ ਹੋਏ ਚਾਚਾ ਜੀ ਕੋਲ ਹੀ ਖਲੋਤਾ ਰਿਹਾ। ਇਸ ਘੋੜੇ ਦੀ ਵਫ਼ਾਦਾਰੀ ਤੋਂ ਬਾਅਦ ਘੋੜੇ ਉਨ੍ਹਾਂ ਲਈ ਰੱਬ ਦਾ ਰੂਪ ਹਨ। ਹਿਤੇਸ਼ ਭਾਈ ਨੇ ਦੱਸਿਆ ਕਿ ਅਜਿਹੀਆਂ ਗੱਲਾਂ ਸੁਣ-ਸੁਣ ਕੇ ਜਦੋਂ ਉਨ੍ਹਾਂ ਨੇ ਵੱਡੇ ਪੱਧਰ 'ਤੇ ਘੋੜੇ ਪਾਲਣ ਦੀ ਘਰ ਵਿਚ ਗੱਲ ਤੋਰੀ ਤਾਂ ਉਨ੍ਹਾਂ ਦੇ ਪਿਤਾ ਜੀ ਬਹੁਤ ਖੁਸ਼ ਹੋਏ। ਸਭ ਤੋਂ ਪਹਿਲਾਂ 2004 ਵਿਚ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਦੋ ਘੋੜੇ ਤੋਹਫ਼ੇ ਵੱਜੋਂ ਦਿੱਤੇ। ਇਸ ਸਮੇਂ ਉਨ੍ਹਾਂ ਕੋਲ 40 ਦੇ ਕਰੀਬ ਘੋੜੇ-ਘੋੜੀਆਂ, ਵਛੇਰੇ ਤੇ ਵਛੇਰੀਆਂ ਹਨ, ਜਿਨ੍ਹਾਂ ਵਿਚ 14 ਦੇ ਕਰੀਬ ਇਕੱਲੀਆਂ ਘੋੜੀਆਂ ਹਨ। ਹਰੇਕ ਐਤਵਾਰ ਨੂੰ ਉਹ ਆਪਣੇ ਭਰਾਵਾਂ ਤੇ ਦੋਸਤਾਂ ਨਾਲ ਮਿਲ ਕੇ 35-40 ਕਿਲੋਮੀਟਰ ਦੀ ਲੁਤਫ਼ ਭਰੀ ਹੌਰਸ ਰਾਈਡਿੰਗ 'ਤੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਸਟੱਡ ਫਾਰਮ ਵਿਚ ਹਿੰਦੋਸਤਾਨ ਦੇ ਸਾਰੇ ਨਾਮੀ ਗਰਾਮੀ ਘੋੜਿਆਂ ਦੇ ਬੱਚੇ ਆਪਣੀਆਂ ਘੋੜੀਆਂ ਤੋਂ ਪੈਦਾ ਕਰਵਾਏ ਹਨ। ਇਨ੍ਹਾਂ ਵਿਚੋਂ ਉਹ ਇਕ ਸਰਵੋਤਮ ਸਟੇਲੀਅਨ ਬਣਾਉਣ ਦੀ ਖੋਜ ਵਿਚ ਜੁੱਟੇ ਹਏ ਹਨ। ਉਹ ਹਰੇਕ ਜਾਨਵਰ ਦਾ ਪੂਰਾ ਰਿਕਾਰਡ ਰੱਖਦੇ ਹਨ। ਉਹ ਐਡਮ ਘੋੜੇ ਦੇ ਸਭ ਤੋਂ ਵੱਡੇ ਫੈਨ ਰਹੇ ਹਨ। ਉਨ੍ਹਾਂ ਦੀ ਪਹਿਲੀ ਪਸੰਦ ਮੱਝੂ ਕੇ ਬਲੱਡ (ਐਡਮ) ਨਸਲ ਦੇ ਘੋੜੇ ਹੀ ਹਨ। ਉਨ੍ਹਾਂ ਦੱਸਿਆ ਕਿ ਇਹ ਘੋੜੇ ਪਾਣੀ, ਅੱਗ ਜਾਂ ਖੱਡਾਂ ਆਦਿ ਤੋਂ ਬਿਲਕੁਲ ਵੀ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਇਕ ਵਾਰ ਉਸ ਨੇ ਮੱਝੂ ਕੇ ਬਲੱਡ ਲਾਈਨ ਦੇ ਘੋੜੇ ਨੂੰ ਸਮੁੰਦਰ ਵਿਚ ਵਾੜ ਲਿਆ। ਘੋੜਾ ਪਾਣੀ ਵਿਚ ਅੱਗੇ ਹੀ ਵਧਦਾ ਗਿਆ ਪਰ ਇਕ ਥਾਂ 'ਤੇ ਉਸ ਦੀ ਆਪਣੀ ਹਿੰਮਤ ਜਵਾਬ ਦੇ ਗਈ ਤੇ ਫਿਰ ਉਹ ਘੋੜੇ ਨੂੰ ਵਾਪਸ ਮੋੜ ਲਿਆਇਆ। ਰੁਝੇਵਿਆਂ ਭਰੀ ਜ਼ਿੰਦਗੀ ਹੋਣ ਦੇ ਬਾਵਜੂਦ ਉਹ ਹਰ ਹਾਲ ਵਿਚ ਆਪਣੇ ਘੋੜਿਆਂ ਕੋਲ ਪਹੁੰਚਦਾ ਹੀ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੰਮ ਤੋਂ ਥੱਕ ਟੁੱਟ ਕੇ ਉਹ ਆਪਣੇ ਘੋੜਿਆਂ ਉਤੇ ਹੱਥ ਫੇਰੀ ਕਰਦੇ ਹਨ ਤਾਂ ਪਲਕ ਝਪਕਦੇ ਹੀ ਸਾਰਾ ਥਕੇਵਾਂ ਛੂ-ਮੰਤਰ ਹੋ ਜਾਂਦਾ ਹੈ। ਘੋੜਿਆਂ ਤੋਂ ਇਲਾਵਾ ਹਿਤੇਸ਼ ਨੂੰ ਬਾਈਕ ਰੇਸਿੰਗ ਦਾ ਵੀ ਸ਼ੌਕ ਹੈ। ਉਸ ਕੋਲ 40 ਲੱਖ ਰੁਪਏ ਦੀ ਕੀਮਤ ਵਾਲੇ ਬੀ.ਐਮ.ਡਬਲਯੂ. ਮੋਟਰਸਾਈਕਲ ਸਮੇਤ ਹੋਰ ਕੰਪਨੀਆਂ ਦੇ 4 ਮਹਿੰਗੇ ਮੋਟਰਸਾਈਕਲ ਵੀ ਹਨ। ਕ੍ਰਿਕਟ ਦਾ ਵੀ ਉਹ ਚੰਗਾ ਸ਼ੌਕੀਨ ਹੈ। ਹਿਤੇਸ਼ ਦਾ ਬੇਟਾ ਮੀਰ ਤੇ ਭਤੀਜਾ ਹਰੀਦਨ ਭਾਵੇਂ ਅਜੇ ਛੋਟੇ ਹਨ ਪਰ ਉਨ੍ਹਾਂ ਵਿਚ ਘੋੜਿਆਂ ਦਾ ਸ਼ੌਕ ਆਪਣੇ ਮਾਪਿਆਂ ਤੋਂ ਵੀ ਵੱਧ ਹੈ।

ਅਮਰੀਕ ਸਿੰਘ ਭਾਗੋਵਾਲੀਆ
ਵਾ: ਨੰ: 6, ਮਾਡਲ ਟਾਊਨ ਕੁਰਾਲੀ (ਮੁਹਾਲੀ)।
ਮੋਬਾ : 98155-35596.

 


ਖ਼ਬਰ ਸ਼ੇਅਰ ਕਰੋ

ਨਿੰਬੂ ਜਾਤੀ ਦੇ ਬਾਗ਼ਾਂ ਵਿਚ ਅੰਤਰ ਫ਼ਸਲਾਂ ਦੀ ਚੋਣ ਅਤੇ ਕਾਸ਼ਤ ਦੇ ਨੁਕਤੇ

ਬਾਗ਼ਾਂ ਵਿਚ ਫਲਦਾਰ ਪੌਦਿਆਂ ਵਿਚਕਾਰ ਖਾਲੀ ਜਗ੍ਹਾ 'ਤੇ ਅੰਤਰ ਫ਼ਸਲਾਂ ਦੀ ਕਾਸ਼ਤ ਕਰਕੇ ਬਾਗ਼ਾਂ ਨੂੰ ਆਰਥਿਕ ਪੱਖੋਂ ਹੋਰ ਲਾਹੇਵੰਦ ਬਣਾਇਆ ਜਾ ਸਕਦਾ ਹੈ। ਪਰ ਇਸ ਬਾਰੇ ਬੀਜੀ ਜਾਣ ਵਾਲੀ ਅੰਤਰ-ਫ਼ਸਲ ਅਤੇ ਉਸ ਦੀ ਕਾਸ਼ਤ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਅੰਤਰ-ਫ਼ਸਲਾਂ ਦੀ ਗਲਤ ਚੋਣ ਅਤੇ ਕਾਸ਼ਤ ਦੇ ਢੰਗਾਂ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਫਲਦਾਰ ਪੌਦਿਆਂ 'ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਇਲਾਵਾ ਖੁਰਾਕੀ ਤੱਤਾਂ ਦੀ ਕਮੀ ਜਾਂ ਬਹੁਤਾਤ ਬਾਗ਼ਾਂ ਦੇ ਪਤਨ ਦਾ ਕਾਰਨ ਬਣ ਸਕਦੇ ਹਨ, ਜਿਸ ਨਾਲ ਕਾਸ਼ਤਕਾਰਾਂ ਨੂੰ ਆਰਥਿਕ ਪੱਖੋਂ ਕਾਫ਼ੀ ਨੁਕਸਾਨ ਹੋ ਸਕਦਾ ਹੈ। ਅੰਤਰ-ਫ਼ਸਲਾਂ ਦੀ ਕਾਸ਼ਤ ਦਾ ਮੁੱਖ ਮੰਤਵ ਜ਼ਮੀਨ ਦੀ ਸੀਮਤ ਹਿੱਸੇ ਵਿਚੋਂ ਵਾਧੂ ਆਮਦਨ ਪ੍ਰਾਪਤ ਕਰਨ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣਾ ਅਤੇ ਅਣਚਾਹੇ ਨਦੀਨਾਂ ਦੀ ਮਿਕਦਾਰ ਨੂੰ ਘਟਾ ਕੇ ਮੁੱਖ ਫ਼ਸਲ (ਫਲਾਂ) ਨੂੰ ਬਿਹਤਰ ਬਣਾਉਣਾ ਹੁੰਦਾ ਹੈ।
ਅੰਤਰ-ਫ਼ਸਲਾਂ ਦੀ ਚੋਣ
-ਹਮੇਸ਼ਾ ਛੋਟੇ ਕੱਦ ਵਾਲੀਆਂ, ਘੱਟ ਪਾਣੀ ਦੀ ਜ਼ਰੂਰਤ ਨਾਲ ਥੋੜ੍ਹੇ ਸਮੇਂ ਵਿਚ ਪੱਕਣ ਵਾਲੀਆਂ ਫ਼ਸਲਾਂ ਨੂੰ ਹੀ ਚੁਣਨਾ ਚਾਹੀਦਾ ਹੈ। ਆਮ ਤੌਰ 'ਤੇ ਕਿਨੂੰ ਦੇ ਬਾਗ਼ ਵਿਚ ਦਾਲਾਂ ਜਿਵੇਂ ਕਿ ਮੂੰਗੀ, ਮਸਰ, ਰਵਾਂਹ, ਮਾਂਹ, ਸੇਂਜੀ ਤੋਂ ਇਲਾਵਾ ਮਟਰਾਂ ਦੀ ਕਾਸ਼ਤ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਫ਼ਸਲਾਂ ਜੜ੍ਹਾਂ ਰਾਹੀਂ ਨਾਈਟ੍ਰੋਜਨ ਜਮ੍ਹਾਂ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਦੂਹਰਾ ਫਾਇਦਾ ਕਰਦੀਆਂ ਹਨ।
-ਜ਼ਿਆਦਾ ਖੁਰਾਕੀ ਤੱਤ ਲੈਣ ਵਾਲੀਆਂ ਫ਼ਸਲਾਂ ਜਿਵੇਂ ਕਿ ਆਲੂ, ਟਮਾਟਰ, ਮਿਰਚ ਆਦਿ ਦੀ ਚੋਣ ਨੂੰ ਕਿੰਨੂੰਆਂ ਦੇ ਬਾਗ਼ ਲਈ ਕੀੜੇ-ਮਕੌੜੇ ਅਤੇ ਬਿਮਾਰੀਆਂ ਪੈਦਾ ਕਰ ਸਕਦੀ ਹੈ।
- ਉੱਚੇ ਕੱਦ ਵਾਲੀਆਂ ਫ਼ਸਲਾਂ ਜਿਵੇਂ ਕਿ ਚਰ੍ਹੀ, ਮੱਕੀ, ਬਾਜਰਾ, ਗੰਨਾ, ਕਪਾਹ ਆਦਿ ਕਿਨੂੰ ਦੇ ਛੋਟੇ ਬੂਟਿਆਂ ਨੂੰ ਹਵਾ ਅਤੇ ਰੌਸ਼ਨੀ ਪਹੁੰਚਣ ਵਿਚ ਰੁਕਾਵਟ ਪਾਉਂਦੇ ਹਨ, ਜਿਸ ਨਾਲ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਵਿਚ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਫ਼ਸਲਾਂ ਜ਼ਮੀਨ ਵਿਚੋਂ ਵਧੇਰੇ ਖੁਰਾਕੀ ਤੱਤ ਲੈਂਦੀਆਂ ਹਨ।
-ਸਰਦੀਆਂ ਵਿਚ ਪਾਣੀ ਦੀ ਵਧੇਰੇ ਜ਼ਰੂਰਤ ਵਾਲੀਆਂ ਫ਼ਸਲਾਂ ਜਿਵੇਂ ਬਰਸੀਮ, ਸਬਜ਼ੀਆਂ ਆਦਿ ਦੀ ਚੋਣ ਨਹੀਂ ਕਰਨੀ ਚਾਹੀਦੀ ਕਿਉਂਕਿ ਇਨ੍ਹਾਂ ਨਾਲ ਕਿੰਨੂੰ ਦੀ ਫ਼ਸਲ ਸੋਕੜੇ/ਗੂੰਦੀਆਂ ਦਾ ਸ਼ਿਕਾਰ ਹੋ ਸਕਦੀ ਹੈ।
- ਵੇਲਾਂ ਵਾਲੀਆਂ ਸਬਜ਼ੀਆਂ ਜਿਵੇਂ ਕੱਦੂ ਜਾਤੀ, ਫਲਦਾਰ ਬੂਟਿਆਂ 'ਤੇ ਲਿਪਟ ਜਾਂਦੀਆਂ ਹਨ, ਜਿਸ ਨਾਲ ਬੂਟਿਆਂ ਨੂੰ ਹਵਾ ਅਤੇ ਰੌਸ਼ਨੀ ਮਿਲਣ ਵਿਚ ਰੁਕਾਵਟ ਆਉਂਦੀ ਹੈ ਅਤੇ ਕੀੜੇ-ਮਕੌੜੇ ਤੇ ਬਿਮਾਰੀਆਂ ਲੱਗਣ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਸਬਜ਼ੀਆਂ ਜਿਵੇਂ ਕਿ ਗਾਜਰ, ਮੂਲੀ, ਸ਼ਲਗਮ ਆਦਿ ਦੀ ਕਾਸ਼ਤ ਸੁਚੱਜੇ ਢੰਗਾਂ ਨਾਲ ਕੀਤੀ ਜਾ ਸਕਦੀ ਹੈ।
ਅੰਤਰ ਫ਼ਸਲਾਂ ਦੀ ਕਾਸ਼ਤ ਸਬੰਧੀ ਜ਼ਰੂਰੀ ਨੁਕਤੇ
-ਨਵਾਂ ਬਾਗ਼ ਲਾਉਣ ਤੋਂ ਤੁਰੰਤ ਬਾਅਦ ਬੂਟਿਆਂ ਦੇ ਦੁਆਲੇ ਇਕ ਮੀਟਰ ਚੌੜੇ ਖਾਲ ਪਾ ਦੇਣੇ ਚਾਹੀਦੇ ਹਨ ਤਾਂ ਜੋ ਬੂਟਿਆਂ ਅਤੇ ਅੰਤਰ-ਫ਼ਸਲਾਂ ਦੀ ਸਿੰਚਾਈ ਜ਼ਰੂਰਤ ਮੁਤਾਬਿਕ ਕੀਤੀ ਜਾ ਸਕੇ। ਬਾਅਦ ਦੇ ਸਾਲਾਂ ਵਿਚ ਖਾਲਾਂ ਦੀ ਚੌੜਾਈ ਬੂਟਿਆਂ ਦੇ ਆਕਾਰ ਮੁਤਾਬਿਕ ਵਧਾਈ ਜਾ ਸਕਦੀ ਹੈ। ਇਹ ਖਾਲ ਬੂਟਿਆਂ ਦੀਆਂ ਕਤਾਰਾਂ ਮੁਤਾਬਿਕ ਲੰਬਾਈ ਵਾਲੇ ਪਾਸੇ ਪਾਉਣੇ ਚਾਹੀਦੇ ਹਨ। ਇਸ ਤਰ੍ਹਾਂ ਅੰਤਰ ਫ਼ਸਲਾਂ ਦੀ ਕਾਸ਼ਤ ਬੂਟਿਆਂ ਲਈ ਪਾਈਆਂ ਵੱਟਾਂ ਵਿਚਕਾਰ ਖਾਲੀ ਪਈ ਜਗ੍ਹਾ (ਕਿਆਰੀ) ਵਿਚ ਹੀ ਕਰਨੀ ਚਾਹੀਦੀ ਹੈ।
-ਕਿੰਨੂੰ ਦੇ ਬੂਟਿਆਂ ਅਤੇ ਅੰਤਰ-ਫ਼ਸਲਾਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਵੀ ਅਲੱਗ-ਅਲੱਗ ਸਿਫਾਰਸ਼ ਕੀਤੇ ਸਮੇਂ ਅਤੇ ਮਾਤਰਾ ਵਿਚ ਕਰੋ।
-ਅੰਤਰ-ਫ਼ਸਲਾਂ ਵਿਚ ਨਦੀਨ-ਨਾਸ਼ਕਾਂ ਦੀ ਵਰਤੋਂ ਕਰਦੇ ਸਮੇਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਦੀਨ-ਨਾਸ਼ਕਾਂ ਦੇ ਛਿੜਕਾਅ ਤੋਂ ਬੂਟਿਆਂ ਨੂੰ ਬਚਾਇਆ ਜਾਵੇ। ਨਦੀਨ-ਨਾਸ਼ਕਾਂ ਦਾ ਛਿੜਕਾਅ ਸ਼ਾਂਤ ਵਾਤਾਵਰਨ ਅਤੇ ਜ਼ਮੀਨ ਦੀ ਸਤ੍ਹਾ ਦੇ ਕਰੀਬ ਰੱਖ ਕੇ ਕਰਨਾ ਚਾਹੀਦਾ ਹੈ।
-ਬਹੁਤਾਤ ਵਿਚ ਅੰਤਰ-ਫ਼ਸਲਾਂ ਦੀ ਕਾਸ਼ਤ ਬਿਮਾਰੀਆਂ ਦਾ ਸਥਾਈ ਸਾਧਨ ਬਣ ਸਕਦੀ ਹੈ। ਇਸ ਲਈ ਫ਼ਸਲਾਂ ਦੀ ਕਾਸ਼ਤ ਦੌਰਾਨ ਕੁਝ ਸਮੇਂ ਲਈ ਜ਼ਮੀਨ ਨੂੰ ਖਾਲੀ ਰੱਖਣਾ ਚਾਹੀਦਾ ਹੈ।
-ਲਗਾਤਾਰ ਅੰਤਰ-ਫ਼ਸਲਾਂ ਦੀ ਕਾਸ਼ਤ ਦੀ ਥਾਂ ਸਾਲ ਵਿਚ ਇਕ ਫ਼ਸਲ ਹਰੀ ਖਾਦ ਵਜੋਂ ਪੈਦਾ ਕਰਨੀ ਚਾਹੀਦੀ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ। ਕਿੰਨੂੰ ਦੇ ਬਾਗ਼ਾਂ ਵਿਚ ਕਣਕ ਅਤੇ ਗੁਆਰੇ ਦੇ ਫ਼ਸਲੀ ਚੱਕਰ ਦੀ ਪਹਿਲੇ 4-5 ਸਾਲ ਸਿਫਾਰਸ਼ ਕੀਤੀ ਜਾਂਦੀ ਹੈ, ਜਿਸ ਵਿਚ ਗੁਆਰਾ, ਹਰੀ ਖਾਦ ਵਜੋਂ ਅਤੇ ਕਣਕ ਨੂੰ ਮੁੱਖ ਫ਼ਸਲ ਵਜੋਂ ਬੀਜੀ ਜਾ ਸਕਦੀ ਹੈ। ਇਸ ਨਾਲ ਨਾ ਸਿਰਫ਼ ਪਹਿਲੇ ਸਾਲਾਂ ਵਿਚ ਆਮਦਨ ਮਿਲਦੀ ਹੈ ਸਗੋਂ ਜ਼ਿਆਦਾ ਝਾੜ ਵੀ ਮਿਲਦਾ ਹੈ।
- ਅੰਤਰ-ਫ਼ਸਲਾਂ ਦੀ ਕਾਸ਼ਤ, ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਫਾਸਲੇ 'ਤੇ ਲਗਾਏ ਬਾਗ਼ਾਂ ਵਿਚ ਹੀ ਕਰਨੀ ਚਾਹੀਦੀ ਹੈ। ਘੱਟ ਫਾਸਲੇ 'ਤੇ ਲਗਾਏ ਗਏ ਬਾਗ਼ਾਂ ਵਿਚ ਅੰਤਰ-ਫ਼ਸਲਾਂ ਦੀ ਕਾਸ਼ਤ ਨਾਲ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦਾ ਹਮਲਾ ਵੱਧ ਹੋ ਸਕਦਾ ਹੈ।

-ਹਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਬਰਾੜ
ਖੇਤਰੀ ਕੇਂਦਰ, ਬਠਿੰਡਾ।

ਕਣਕ ਦੀ ਵਾਢੀ ਆਖ਼ਰੀ ਸਾਹਾਂ 'ਤੇ - ਇਸ ਵਾਰ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ

ਕਣਕ ਦੀ ਵਾਢੀ ਆਖਰੀ ਸਾਹਾਂ 'ਤੇ ਹੈ। ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਸਰਵੇਖਣ ਦੇ ਆਧਾਰ 'ਤੇ ਲਗਭਗ 85 ਪ੍ਰਤੀਸ਼ਤ ਰਕਬੇ 'ਤੇ ਕਣਕ ਦੀ ਵਾਢੀ ਹੋ ਚੁੱਕੀ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ: ਮੰਗਲ ਸਿੰਘ ਸੰਧੂ ਅਨੁਸਾਰ ਇਸ ਸਾਲ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਪ੍ਰਤੀ ਹੈਕਟੇਅਰ ਝਾੜ ਪਿਛਲੇ ਸਾਲ ਦੇ ਮੁਕਾਬਲੇ ਔਸਤਨ 5-6 ਕੁਇੰਟਲ ਵੱਧ ਆ ਰਿਹਾ ਹੈ। ਡਾਇਰੈਕਟਰ ਖੇਤੀਬਾੜੀ ਕਹਿੰਦੇ ਹਨ ਕਿ ਭਾਵੇਂ 2011-12 ਦੇ ਮੁਕਾਬਲੇ ਕਣਕ ਦੀ ਕਾਸ਼ਤ ਥੱਲੇ 28 ਹਜ਼ਾਰ ਹੈਕਟੇਅਰ ਰਕਬਾ ਘਟਿਆ ਹੈ ਉਤਪਾਦਨ 180 ਲੱਖ ਟਨ ਤੋਂ ਵਧ ਜਾਣ ਦੀ ਸੰਭਾਵਨਾ ਹੈ। ਜੋ ਉਸ ਸਾਲ ਦੀ ਰਿਕਾਰਡ ਪੈਦਾਵਾਰ (179.82 ਲੱਖ ਟਨ) ਤੋਂ ਵੱਧ ਹੋਵੇਗਾ। ਡਾ: ਸੰਧੂ ਦਾ ਕਹਿਣਾ ਹੈ ਕਿ ਉਤਪਾਦਕਤਾ ਵਧਣ ਦਾ ਕਾਰਨ ਕੁੰਗੀ-ਰਹਿਤ ਤੇ 15 ਸਾਲ ਪੁਰਾਣੀਆਂ ਬਿਮਾਰੀਆਂ ਦਾ ਸ਼ਿਕਾਰ ਹੋਈ ਪੀ.ਬੀ.ਡਬਲਿਊ 343 ਕਿਸਮ ਨੂੰ ਤਲਾਂਜਲੀ ਦੇਣਾ ਅਤੇ ਕੁੰਗੀ-ਰਹਿਤ ਸਭ ਤੋਂ ਵੱਧ ਝਾੜ ਦੇਣ ਵਾਲੀ ਐਚ.ਡੀ. 2967 ਕਿਸਮ ਦਾ ਵੱਡੇ ਰਕਬੇ 'ਤੇ ਬੀਜਿਆ ਜਾਣਾ ਹੈ। ਜਿਨ੍ਹਾਂ ਖੇਤਾਂ 'ਚ ਦੂਜੀਆਂ ਹੋਰ ਕਿਸਮਾਂ ਤੇ ਪੀਲੀ ਕੁੰਗੀ ਆਈ, ਉਸ ਉੱਤੇ ਸ਼ੁਰੂ ਸ਼ੁਰੂ 'ਚ ਹੀ ਪ੍ਰੋਪੀਕੋਨਾਜ਼ੋਲ ਦਵਾਈ ਵਿਭਾਗ ਵੱਲੋਂ ਮੁਹਈਆ ਕਰਕੇ ਛਿੜਕਾਅ ਕਰਵਾਏ ਜਾਣ ਉਪਰੰਤ ਕਾਬੂ ਪਾ ਲਿਆ ਗਿਆ ਅਤੇ ਬਿਮਾਰੀ ਨੂੰ ਵਧਣ ਤੋਂ ਰੋਕ ਦਿੱਤਾ ਗਿਆ। ਫਿਰ ਬਿਜਾਈ ਸਮੇਂ ਸਿਰ ਹੋਈ ਅਤੇ ਖੇਤੀ ਸਮੱਗਰੀ ਕਿਸਾਨਾਂ ਨੂੰ ਲੋੜ ਅਨੁਸਾਰ ਸਮੇਂ ਸਿਰ ਉਪਲਬਧ ਹੁੰਦੀ ਰਹੀ। ਮਾਰਚ ਦੇ ਮਹੀਨੇ ਠੰਢ ਪੈਣ ਨਾਲ ਕਣਕ ਪੱਕਣ ਦਾ ਸਮਾਂ ਵਧ ਗਿਆ ਜਿਸ ਨਾਲ ਝਾੜ ਵੀ ਵਧਿਆ। ਭਾਵੇਂ ਵਾਢੀ 2 ਹਫ਼ਤੇ ਦੇਰੀ ਨਾਲ ਸ਼ੁਰੂ ਹੋਈ। ਡਾ: ਸੰਧੂ ਨੇ ਦੱਸਿਆ ਕਿ ਹੁਣ ਜੋ ਰਕਬਾ ਵਾਢੀ ਅਧੀਨ ਹੈ, ਉਹ ਕਪਾਹ ਪੱਟੀ 'ਚ ਹੈ ਅਤੇ ਇਸ ਪੱਟੀ 'ਚ ਉਤਪਾਦਕਤਾ ਪਿਛਲੇ ਦੋ ਸਾਲਾਂ ਨਾਲੋਂ ਵੱਧ ਆ ਰਹੀ ਹੈ।
ਸ੍ਰੀ ਡੀ.ਐਸ. ਗਰੇਵਾਲ ਸਕੱਤਰ ਫੂਡ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲਿਆਂ ਅਨੁਸਾਰ 90 ਲੱਖ ਟਨ ਕਣਕ ਅੱਜ ਤੱਕ ਪੰਜਾਬ ਦੀਆਂ ਮੰਡੀਆਂ 'ਚ ਵਿਕਣ ਲਈ ਆ ਚੁੱਕੀ ਹੈ। ਜਦੋਂ ਕਿ ਹਰਿਆਣਾ 'ਚ 56 ਲੱਖ ਟਨ ਆਈ ਹੈ। ਭਾਵੇਂ ਪਿਛਲੇ ਸਾਲ ਪੰਜਾਬ ਦੀਆਂ ਮੰਡੀਆਂ 'ਚ ਇਸੇ ਸਮੇਂ ਦੌਰਾਨ ਵੱਧ ਮਿਕਦਾਰ 'ਚ ਕਣਕ ਪਹੁੰਚੀ ਸੀ। ਘੱਟ ਪਹੁੰਚ ਦਾ ਕਾਰਨ ਵਾਢੀ ਦਾ ਪੱਛੜ ਜਾਣਾ ਹੈ। ਸ੍ਰੀ ਗਰੇਵਾਲ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪੂਰੇ ਸੀਜ਼ਨ 'ਚ 115-116 ਲੱਖ ਟਨ ਕਣਕ ਪਹੁੰਚਣ ਦਾ ਅਨੁਮਾਨ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਵਿਭਾਗ ਵੱਲੋਂ 130 ਲੱਖ ਟਨ ਕਣਕ ਖਰੀਦਣ ਤੇ ਭੰਡਾਰ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਵਿਭਾਗ ਨੇ ਬਾਰਦਾਨੇ ਦੀਆਂ ਚਾਰ ਲੱਖ ਗੱਠਾਂ ਦਾ ਮੰਡੀਆਂ 'ਚ ਪ੍ਰਬੰਧ ਕੀਤਾ ਹੋਇਆ ਹੈ ਅਤੇ 130 ਲੱਖ ਟਨ ਕਣਕ ਦੀ ਖਰੀਦ 'ਤੇ ਭੰਡਾਰ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਕਿਤੇ ਵੀ ਕੋਈ ਘਾਟ ਨਹੀਂ। ਸ੍ਰੀ ਗਰੇਵਾਲ ਨੇ ਕਿਹਾ ਕਿ ਇਸ ਸਾਲ ਪੱਕੇ ਪਲਿੰਥਾਂ ਤੋਂ ਅਤੇ ਗੁਦਾਮਾਂ 'ਚ ਕਣਕ ਭੰਡਾਰ ਕੀਤੀ ਜਾ ਰਹੀ ਹੈ। ਕੱਚੀਆਂ ਥਾਵਾਂ ਤੇ ਭੰਡਾਰ ਕਰਨ ਦੀ ਨੀਤੀ ਨਹੀਂ। ਉਹਨਾਂ ਦੱਸਿਆ ਕਿ ਪੰਜਾਬ 'ਚ 75 ਲੱਖ ਟਨ ਕਣਕ ਦੇ ਸੀਜ਼ਨ ਤੋਂ ਪਹਿਲਾਂ ਮੁਢਲੇ ਜ਼ਖੀਰੇ ਪਏ ਸਨ। ਇਸ ਸੀਜ਼ਨ ਲਈ 115 ਲੱਖ ਟਨ ਕਣਕ ਪੱਕੇ ਪਲਿਥਾਂ ਤੇ ਗੋਦਾਮਾਂ 'ਚ ਭੰਡਾਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਨੂੰ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਕੱਚੇ ਥਾਵਾਂ 'ਤੇ ਜੇ ਲੋੜ ਪਈ ਤਾਂ ਹੀ ਕਣਕ ਭੰਡਾਰ ਕੀਤੀ ਜਾਵੇਗੀ। ਸ੍ਰੀ ਗਰੇਵਾਲ ਨੇ ਕਿਹਾ ਕਿ ਸਾਡਾ ਉਪਰਾਲਾ ਫਾਲਤੂ ਕਣਕ ਨੂੰ ਸ਼ੈਲਰਾਂ 'ਚ ਭੰਡਾਰ ਕੀਤੇ ਜਾਣ ਲਈ ਹੋਵੇਗਾ। ਸ੍ਰੀ ਗਰੇਵਾਲ ਨੇ ਦੱਸਿਆ ਕਿ ਮੰਡੀਆਂ 'ਚ ਹੁਣ ਆਮਦ ਘਟਦੀ ਜਾ ਰਹੀ ਹੈ। ਮਾਲਵੇ ਦੀਆਂ ਪਟਿਆਲਾ, ਰਾਜਪੁਰਾ, ਨਾਭਾ, ਫਤਹਿਗੜ੍ਹ ਸਾਹਿਬ, ਸਰਹੰਦ, ਅਮਲੋਹ ਅਤੇ ਬਸੀ ਮੰਡੀਆਂ 'ਚ ਤਾਂ ਹੁਣ ਤੀਕ ਪਿਛਲੇ ਸਾਲ ਨਾਲੋਂ ਘੱਟ ਹੀ ਕਣਕ ਦੀ ਆਮਦ ਹੈ। ਖੇਤੀਬਾੜੀ ਵਿਭਾਗ, ਫੂਡ ਐਂਡ ਸਿਵਿਲ ਸਪਲਾਈਜ਼ ਦੇ ਕਰਮਚਾਰੀਆਂ ਅਤੇ ਆੜ੍ਹਤੀਆ ਐਸੋਸੀਏਸ਼ਨਾਂ ਦੇ ਕਾਰਕੁੰਨਾਂ ਅਨੁਸਾਰ ਘੱਟ ਆਮਦ ਦਾ ਕਾਰਨ ਕਿਸਾਨਾਂ ਵੱਲੋਂ ਕਣਕ ਦਾ ਭੰਡਾਰ ਕੀਤਾ ਜਾਣਾ ਹੈ। ਉਹ ਪਿਛਲੇ ਸਾਲ ਵਾਂਗ ਕਣਕ ਦੀ ਬਾਜ਼ਾਰੀ ਕੀਮਤ ਸਰਕਾਰੀ ਖਰੀਦ ਕੀਮਤ (ਜੋ 1400 ਰੁਪਏ ਕੁਇੰਟਲ ਹੈ) ਤੋਂ ਵਧਣ ਦੀ ਆਸ ਲਾਈ ਬੈਠੇ ਹਨ। ਪਿਛਲੇ ਸਾਲ ਸਰਕਾਰੀ ਖਰੀਦ ਦੇ ਖਤਮ ਹੋਣ ਤੋਂ 2-3 ਮਹੀਨਿਆਂ ਬਾਅਦ ਹੀ ਕਣਕ ਦੇ ਬਾਜ਼ਾਰੀ ਭਾਅ 'ਚ 250-300 ਰੁਪਏ ਕੁਇੰਟਲ ਦੀ ਤੇਜ਼ੀ ਆ ਗਈ ਸੀ। ਮੰਡੀਆਂ 'ਚ ਆੜ੍ਹਤੀਆ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਸਰਕਾਰੀ ਨੀਯਤ ਭਾਅ (1400 ਰੁਪਏ ਕੁਇੰਟਲ) ਕਣਕ ਮੰਡੀਆਂ 'ਚ ਵੇਚਣ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਈ।
ਮੰਡੀਆਂ 'ਚ ਸਰਕਾਰੀ ਏਜੰਸੀਆਂ ਵੱਲੋਂ ਕਣਕ ਨਾ ਚੁੱਕੇ ਜਾਣ ਦੀ ਸਮੱਸਿਆ ਗੰਭੀਰ ਰੂਪ ਅਖਤਿਆਰ ਕਰ ਗਈ ਹੈ। ਮੰਡੀਆਂ 'ਚ ਕਣਕ ਪਈ ਖਰਾਬ ਹੋ ਰਹੀ ਹੈ ਅਤੇ ਕਈ ਥਾਵਾਂ 'ਤੇ ਬੋਰੀਆਂ ਰੱਖਣ ਦੀ ਵੀ ਥਾਂ ਉਪਲੱਬਧ ਨਹੀਂ। ਸਕੱਤਰ ਫੂਡ ਐਂਡ ਸਿਵਲ ਸਪਲਾਈਜ਼ ਸ੍ਰੀ ਗਰੇਵਾਲ ਇਸ ਦਾ ਕਾਰਨ ਪਿਛਲੇ ਇਕ ਹਫ਼ਤੇ ਦੌਰਾਨ ਕੀਤੀ ਗਈ ਤਕਰੀਬਨ 65 ਪ੍ਰਤੀਸ਼ਤ ਤੀਕ ਵਾਢੀ ਦੱਸਦੇ ਹਨ। ਇਸ ਸਾਲ ਲਗਭਗ ਸਾਰੇ ਰਕਬੇ 'ਚ ਹੀ ਕਣਕ ਦੀ ਕਟਾਈ ਕੰਬਾਈਨ ਹਾਰਵੈਸਟਰਾਂ ਨਾਲ ਹੋਈ ਹੈ। ਕੰਬਾਈਨ ਹਾਰਵੈਸਟਰਾਂ ਦੀ ਤਾਦਾਦ ਵੱਧ ਜਾਣ ਕਾਰਨ ਕਿਸਾਨਾਂ ਨੂੰ ਇਹ ਮਸ਼ੀਨਾਂ ਕਿਰਾਏ 'ਤੇ ਲੈਣ ਲਈ ਕੋਈ ਮੁਸ਼ਕਿਲ ਵੀ ਪੇਸ਼ ਨਹੀਂ ਆਈ।
ਡਾਇਰੈਕਟਰ ਖੇਤੀਬਾੜੀ ਡਾ: ਸੰਧੂ ਕਹਿੰਦੇ ਹਨ ਕਿ ਅਗਲੇ ਸਾਲ ਬਿਮਾਰੀ-ਰਹਿਤ ਵਧੇਰੇ ਝਾੜ ਦੇਣ ਵਾਲੀ ਐਚ.ਡੀ. 2967 ਅਤੇ ਨਵੀਂ ਵਿਕਸਿਤ ਐਚ.ਡੀ. 3086 ਜਿਹੀਆਂ ਕਿਸਮਾਂ ਦੀ ਕਾਸ਼ਤ ਥੱਲੇ 85 ਪ੍ਰਤੀਸ਼ਤ ਤੀਕ ਰਕਬਾ ਆ ਜਾਣ ਦੀ ਸੰਭਾਵਨਾ ਹੈ ਅਤੇ ਨਤੀਜੇ ਵੱਜੋਂ ਜੇ ਮੌਸਮ ਅਨੁਕੂਲ ਰਹਿੰਦਾ ਰਿਹਾ ਤਾਂ ਕਣਕ ਦਾ ਉਤਪਾਦਨ 190-195 ਲੱਖ ਟਨ ਨੂੰ ਛੋਹ ਜਾਣ ਦੀ ਉਮੀਦ ਹੈ। ਉਨ੍ਹਾਂ ਅਨੁਸਾਰ ਇਸ ਫ਼ਸਲ ਦੀ ਕਾਸ਼ਤ ਤੇ ਹੋਰ ਰਕਬਾ ਘੱਟਣ ਦੀ ਕੋਈ ਸੰਭਾਵਨਾ ਨਹੀਂ। ਇਸ ਸਾਲ ਕਣਕ ਦੀ ਬਿਜਾਈ 35 ਲੱਖ ਹੈਕਟੇਅਰ ਰਕਬੇ 'ਤੇ ਹੋਈ ਹੈ। ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) ਦੇ ਸੰਯੁਕਤ ਡਾਇਰੈਕਟਰ ਡਾ: ਕੇ.ਵੀ. ਪ੍ਰਭੂ ਨੇ ਕਿਸਾਨਾਂ ਤੇ ਖੇਤੀਬਾੜੀ ਵਿਭਾਗ ਨੂੰ ਐਚ.ਡੀ. 2967 ਤੇ ਐਚ.ਡੀ. 3086 ਕਿਸਮਾਂ ਦਾ ਲੋੜ ਅਨੁਸਾਰ ਬੀਜ ਮੁਹਈਆ ਕਰਨ ਦਾ ਭਰੋਸਾ ਦਵਾਇਆ ਹੈ।

ਭਗਵਾਨ ਦਾਸ
ਮੋਬਾ: 98152-36307

ਕੰਬਾਈਨਾਂ ਅੱਗੇ ਫਿੱਕੀ ਪਈ ਦਾਤਰੀ

ਭਾਰਤ ਵਿਚ ਸਦੀਆਂ ਤੋਂ ਹੀ ਖੇਤੀ ਦਾ ਧੰਦਾ ਕਾਮਯਾਬ ਰਿਹਾ ਹੈ। ਇਸ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਉਥੋਂ ਦੀ ਮਿੱਟੀ, ਮੌਸਮ ਅਤੇ ਲੋਕਾਂ ਦੀ ਮੰਗ ਅਨੁਸਾਰ ਫਸਲਾਂ ਬੀਜੀਆਂ ਜਾਂਦੀਆਂ ਹਨ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੋਂ ਦੇ ਮਿਹਨਤੀ ਕਿਸਾਨਾਂ ਦੁਆਰਾ ਤਿਆਰ ਕੀਤੀਆਂ ਫਸਲਾਂ ਕਾਰਨ ਦੇਸ਼ ਵਿਦੇਸ਼ ਵਿਚ ਲੋਕਾਂ ਨੂੰ ਅੰਨ ਮਿਲਦਾ ਹੈ। ਹਰੀ ਕ੍ਰਾਂਤੀ ਕਾਰਨ ਦੇਸ਼ ਦੇ ਕਿਸਾਨਾਂ ਨੇ ਖੇਤੀ ਦੇ ਨਵੇਂ-ਨਵੇਂ ਢੰਗ ਅਪਣਾਕੇ ਖੇਤੀ ਨੂੰ ਲਾਹੇਵੰਦ ਧੰਦਾ ਸਾਬਤ ਕੀਤਾ ਹੈ। ਪੰਜਾਬ ਵਿਚ ਪਿਛਲੇ ਕੁਝ ਦਹਾਕਿਆਂ ਤੋਂ ਕਣਕ ਅਤੇ ਝੋਨੇ ਦੀ ਖੇਤੀ ਨੇ ਆਪਣੀ ਵਿਸ਼ੇਸ ਥਾਂ ਬਣਾਈ ਹੋਈ ਹੈ। ਇਨ੍ਹਾਂ ਫਸਲਾਂ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਕਿਸੇ ਵੇਲੇ ਮਜ਼ਦੂਰਾਂ ਦੀ ਅਹਿਮ ਭੂਮਿਕਾ ਹੁੰਦੀ ਸੀ। ਕਣਕ ਦੀ ਕਟਾਈ ਦਾ ਪੰਜਾਬ ਸਮੇਤ ਦੂਜੇ ਕਈ ਰਾਜਾਂ ਵਿਚ ਵਿਸ਼ੇਸ਼ ਮਹੱਤਵ ਸੀ। ਪੱਿਸੱਧ ਤਿਉਹਾਰ ਵੈਸਾਖੀ ਦਾ ਵੀ ਕਣਕ ਦੀ ਕਟਾਈ ਨਾਲ ਹੀ ਸਿੱਧਾ ਸਬੰਧ ਸੀ। ਅਕਸਰ ਵੈਸਾਖੀ ਨੂੰ ਕਿਸਾਨ ਕਣਕ ਦੀ ਕਟਾਈ ਸ਼ੁਰੂ ਕਰ ਦਿੰਦੇ ਸਨ। ਪਿੰਡਾਂ ਵਿਚ ਰਹਿੰਦੇ ਤਰਖਾਣ ਅਤੇ ਲੋਹਾਰ ਵੀ ਇਸ ਦਿਨ ਲਈ ਵਿਸ਼ੇਸ਼ ਤੌਰ 'ਤੇ ਦਾਤਰੀਆਂ ਤਿਆਰ ਕਰਦੇ ਸਨ। ਪਿੰਡਾਂ ਵਿਚ ਪਹਿਲਾਂ ਇਹ ਕਣਕ ਦੀ ਵਢਾਈ ਦਾ ਕੰਮ ਹਿੱਸੇ 'ਤੇ ਕੀਤਾ ਜਾਂਦਾ ਸੀ ਪਰੰਤੂ ਪ੍ਰਵਾਸੀ ਮਜ਼ਦੂਰਾਂ ਨੇ ਇਹ ਕੰਮ ਠੇਕੇ ਤੇ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁਝ ਸਾਲਾਂ ਤੋਂ ਮਜ਼ਦੂਰਾਂ ਦੀ ਆ ਰਹੀ ਕਿਲਤ ਅਤੇ ਅਕਸਰ ਮੌਸਮ ਦੀ ਹੁੰਦੀ ਖਰਾਬੀ ਕਾਰਨ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਵੀ ਮਸੀਨਾਂ ਦੇ ਸਹਾਰੇ ਛੱਡ ਦਿੱਤਾ ਹੈ। ਪਹਿਲਾਂ ਸਿਰਫ ਵੱਡੇ ਕਿਸਾਨ ਹੀ ਮਸ਼ੀਨਾਂ ਦਾ ਸਹਾਰਾ ਲੈਂਦੇ ਸਨ ਪਰੰਤੂ ਹੁਣ ਛੋਟੇ ਕਿਸਾਨ ਵੀ ਖੇਤੀ ਲਈ ਮਸ਼ੀਨਾਂ 'ਤੇ ਨਿਰਭਰ ਹੋ ਰਹੇ ਹਨ। ਪਹਿਲਾਂ ਘਰ ਪਰਿਵਾਰ ਦੇ ਸਾਰੇ ਜੀਅ ਮਿਲ ਕੇ ਕਣਕ ਦੀ ਵਾਢੀ ਕਰਦੇ ਸਨ ਪਰੰਤੂ ਹੁਣ ਇਹ ਕੰਮ ਕਰਨਾ ਘਰ ਪਰਿਵਾਰ ਦੇ ਮੈਂਬਰ ਚੰਗਾ ਨਹੀਂ ਸਮਝਦੇ ਅਤੇ ਜੇਕਰ ਕਿਸੇ ਪਰਿਵਾਰ ਦੇ ਮੈਂਬਰ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਕਣਕ ਦੀ ਵਾਢੀ ਹੱਥੀਂ ਕਰਦੀ ਹੈ ਤਾਂ ਉਸ ਦਾ ਮਖੌਲ ਉਡਾਇਆ ਜਾਂਦਾ ਹੈ। ਕਣਕ ਦੀ ਵਾਢੀ ਮਸ਼ੀਨਾਂ ਦੇ ਸਹਾਰੇ ਹੋਣ ਕਾਰਨ ਹੁਣ ਵਾਢੀ ਲਈ ਵਰਤੀਆਂ ਜਾਣ ਵਾਲੀਆਂ ਦਾਤਰੀਆਂ ਦੀ ਵੀ ਕਦਰ ਘਟ ਰਹੀ ਹੈ। ਲੋਹਾਰ ਦਾ ਕੰਮ ਕਰਨ ਵਾਲੇ ਬਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਦਾਤਰੀਆਂ ਦੀ ਵਿਕਰੀ ਲਗਾਤਾਰ ਘਟ ਰਹੀ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਹ ਆਪ-ਆਪਣੇ ਹੱਥੀਂ ਦਾਤਰੀਆਂ ਤਿਆਰ ਕਰਦੇ ਸਨ ਅਤੇ ਦਿਨ-ਰਾਤ ਕੰਮ ਕਰਕੇ ਵੀ ਕਈ ਵਾਰ ਦਾਤਰੀਆਂ ਪੂਰੀਆਂ ਨਹੀਂ ਪੈਂਦੀਆਂ ਸਨ ਪਰੰਤੂ ਹੁਣ ਦਾਤਰੀਆਂ ਵੀ ਫੈਕਟਰੀਆਂ ਵਿਚ ਬਣਨ ਲੱਗ ਪਈਆਂ ਹਨ। ਉਸ ਨੇ ਦੱਸਿਆ ਕਿ ਇਸ ਵਾਰ ਹੁਣ ਤੱਕ ਗਿਣਤੀ ਦੀਆਂ ਦਰਜਨ ਦੇ ਕਰੀਬ ਹੀ ਦਾਤਰੀਆਂ ਵਿਕੀਆਂ ਹਨ ਜਦਕਿ ਪਹਿਲਾਂ ਇਨ੍ਹਾਂ ਦਿਨਾਂ ਵਿਚ ਹਜ਼ਾਰਾਂ ਦਾਤਰੀਆਂ ਵਿਕਦੀਆਂ ਸਨ। ਉਸ ਨੇ ਦੱਸਿਆ ਕਿ ਹੁਣ ਬਹੁਤੀਆਂ ਦਾਤਰੀਆਂ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰ ਦੇ ਕਿਸਾਨ ਹੀ ਲੈ ਕੇ ਜਾਂਦੇ ਹਨ ਕਿਉਂਕਿ ਖੇਤ ਉੱਚੇ ਨੀਵੇਂ ਹੋਣ ਕਾਰਨ ਵਾਢੀ ਹੱਥੀਂ ਕੀਤੀ ਜਾਂਦੀ ਹੈ। ਇਸ ਤਰਾਂ ਕਣਕ ਦੀ ਵਾਢੀ ਤੇ ਜੋ ਇਕ ਖੁਸ਼ੀ ਅਤੇ ਚਾਅ ਭਰਿਆ ਮਾਹੌਲ ਹੁੰਦਾ ਸੀ ਹੁਣ ਖਤਮ ਹੋ ਗਿਆ ਹੈ ਅਤੇ ਕੰਬਾਈਨਾਂ ਨਾਲ ਵਢਾਈ ਹੋਣ ਕਰਕੇ ਦਾਤਰੀਆਂ ਦੀ ਕਦਰ ਨਹੀਂ ਰਹੀ ਹੈ ਅਤੇ ਦਾਤਰੀਆਂ ਤਿਆਰ ਕਰਨ ਵਾਲੇ ਲੋਕ ਵੀ ਬੇਕਾਰ ਹੋ ਗਏ ਹਨ। ਉਹ ਦਿਨ ਦੂਰ ਨਹੀਂ, ਜਿਸ ਦਿਨ ਖੇਤੀਬਾੜੀ ਨਾਲ ਜੁੜੇ ਹੋਏ ਬਾਕੀ ਸੰਦਾਂ ਵਾਂਗ ਦਾਤਰੀ ਵੀ ਅਲੋਪ ਹੋ ਜਾਵੇਗੀ ਅਤੇ ਸ਼ਾਇਦ ਸਾਡੇ ਖੇਤੀ ਮਿਊਜੀਅਮ ਦਾ ਹਿੱਸਾ ਹੀ ਬਣਕੇ ਰਹਿ ਜਾਵੇਗੀ।

ਕੁਲਦੀਪ ਚੰਦ
-ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ, ਤਹਿਸੀਲ ਨੰਗਲ, ਜ਼ਿਲ੍ਹਾ ਰੂਪਨਗਰ, ਪੰਜਾਬ
ਮੋਬਾਈਲ : 9417563054

 

ਵਿਰਸੇ ਦੀਆਂ ਬਾਤਾਂ-ਚੁੱਲ੍ਹੇ ਚੌਂਕੇ ਤੋਂ ਤੂੜੀ ਵਾਲੇ ਕੋਠੇ ਤੱਕ ਪਹੁੰਚ ਗਈ ਪੀੜ੍ਹੀ

ਦੇਖਣ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦਾ ਕਿਸੇ ਵੇਲੇ ਬੜਾ ਮਹੱਤਵ ਹੁੰਦਾ ਸੀ। ਸਿਆਣੇ ਐਵੇਂ ਨਹੀਂ ਕਹਿੰਦੇ ਕਿ ਸੂਈ ਦੀ ਆਪਣੀ ਅਹਿਮੀਅਤ ਹੈ ਤੇ ਸਿਲਾਈ ਦੀ ਆਪਣੀ। ਜਦੋਂ ਅੱਜ ਵਾਂਗ ਰਸੋਈਆਂ ਨਹੀਂ ਸਨ ਹੁੰਦੀਆਂ, ਚੁੱਲ੍ਹੇ-ਚੌਂਕੇ ਦਾ ਕੰਮ ਦੇਸੀ ਤਰੀਕੇ ਨਾਲ ਹੁੰਦਾ ਸੀ, ਉਦੋਂ ਤਸਵੀਰ ਵਿਚ ਦਿਸਣ ਵਾਲੀ ਪੀੜ੍ਹੀ ਦੀ ਆਪਣੀ ਮਹੱਤਤਾ ਸੀ। ਜਿਨ੍ਹਾਂ ਨੇ ਬੇਬੇ ਕੋਲ ਪੀੜ੍ਹੀ 'ਤੇ ਬੈਠ ਤਾਜ਼ਾ ਤਾਜ਼ਾ ਰੋਟੀ ਖਾਧੀ ਏ, ਉਨ੍ਹਾਂ ਨੂੰ ਪੀੜ੍ਹੀ ਬਾਰੇ ਗਿਆਨ ਹੋਏਗਾ ਹੀ। ਪੀੜ੍ਹੀਆਂ ਬਹੁਤੀਆਂ ਨਹੀਂ, ਤਾਂ ਹਰ ਘਰ ਵਿਚ ਇਕ ਤਾਂ ਜ਼ਰੂਰ ਹੁੰਦੀ ਸੀ। ਬਜ਼ਾਰੋਂ ਪੀੜ੍ਹੀਆਂ ਲਿਆਉਣ ਦਾ ਰੁਝਾਨ ਵੀ ਘੱਟ ਸੀ, ਸਗੋਂ ਵਾਣ ਦੇ ਮੰਜਿਆਂ ਵਾਂਗ ਇਹ ਘਰ 'ਚ ਹੀ ਬੁਣੀਆਂ ਜਾਂਦੀਆਂ ਸਨ। ਬਹੁਤੀ ਵਾਰ ਤਰਖਾਣ ਤੋਂ ਇਨ੍ਹਾਂ ਦੀ ਚੁਗਾਠ ਬਣਾ ਲਈ ਜਾਂਦੀ ਤੇ ਹੱਥੀਂ ਘਰ ਵਿਚ ਇਨ੍ਹਾਂ ਨੂੰ ਤਿਆਰ ਕੀਤਾ ਜਾਂਦਾ। ਕੁੜੀਆਂ-ਚਿੜੀਆਂ ਨੂੰ ਪੀੜ੍ਹੀਆਂ ਬੁਣਨ ਦਾ ਬੜਾ ਸ਼ੌਕ ਹੁੰਦਾ ਸੀ। ਉਹ ਇਨ੍ਹਾਂ 'ਤੇ ਪਸੰਦੀਦਾ ਨਮੂਨੇ ਪਾਉਂਦੀਆਂ ਤੇ ਆਪਣੀ ਕਲਾ ਦਾ ਪ੍ਰਗਟਾਵਾ ਕਰਦੀਆਂ। ਮੈਨੂੰ ਯਾਦ ਹੈ ਜਦੋਂ ਮੈਂ ਪੰਜਵੀਂ-ਛੇਵੀਂ ਕਲਾਸ 'ਚ ਪੜ੍ਹਦਾ ਸਾਂ ਤਾਂ ਸਾਡੇ ਗੁਆਂਢੀਆਂ ਦੇ ਘਰ ਆਈ ਨੂੰਹ ਤਿੰਨ-ਚਾਰ ਪੀੜ੍ਹੀਆਂ ਵੀ ਲੈ ਕੇ ਆਈ ਸੀ। ਬਾਕੀ ਚੀਜ਼ਾਂ ਵਾਂਗ ਪਿੰਡ ਦੀਆਂ ਔਰਤਾਂ ਨੇ ਪੀੜ੍ਹੀਆਂ ਨੂੰ ਬੜੀ ਗਹੁ ਨਾਲ ਦੇਖਿਆ ਸੀ ਤੇ ਨੂੰਹ ਨੂੰ ਸਵਾਲ ਕੀਤੇ ਸਨ, 'ਕੁੜੀਏ ਇਹ ਤੂੰ ਬਣਾਈਆਂ ਜਾਂ ਕਿਸੇ ਹੋਰ ਨੇ...?' ਜਦੋਂ ਉਹਨੇ ਕਿਹਾ, 'ਮੈਂ ਬਣਾਈਆਂ ਨੇ', ਤਾਂ ਸਾਰੀਆਂ ਨੇ ਉਸ ਨੂੰ ਸ਼ਾਬਾਸ਼ ਦਿੱਤੀ ਤੇ ਲੰਮੀਆਂ ਗੱਲਾਂ ਤੋਰ ਲਈਆਂ, 'ਸੁਚੱਜੀਆਂ ਕੁੜੀਆਂ ਹੀ ਹੱਥਾਂ ਦੀਆਂ ਸੁੱਚੀਆਂ ਹੁੰਦੀਆਂ ਨੇ...ਵਗੈਰਾ ਵਗੈਰਾ...।' ਇਕ ਦਿਨ ਸੱਭਿਆਚਾਰਕ ਚੀਜ਼ਾਂ ਦੀ ਲੱਗੀ ਪ੍ਰਦਰਸ਼ਨੀ ਵਿਚ ਗਿਆ ਸਾਂ ਤਾਂ ਉਥੇ ਹੋਰ ਚੀਜ਼ਾਂ ਵਾਂਗ ਪੀੜ੍ਹੀ ਵੀ ਪਈ ਸੀ। ਵੇਖ ਕੇ ਮੈਂ ਹੈਰਾਨ ਹੋਇਆ ਕਿ ਕਿੰਨੀ ਛੇਤੀ ਇਹ ਚੀਜ਼ਾਂ ਘਰਾਂ ਵਿਚੋਂ ਨਿਕਲ ਏਥੇ ਪਹੁੰਚ ਗਈਆਂ ਨੇ। ਹਾਲੇ ਕੱਲ੍ਹ ਦੀਆਂ ਹੀ ਤਾਂ ਗੱਲਾਂ ਸਨ, ਬਹੁਤਾ ਵਕਤ ਵੀ ਨਹੀਂ ਬੀਤਿਆ। ਕੋਈ ਸ਼ੱਕ ਨਹੀਂ ਕਿ ਪੁਰਾਣੀਆਂ ਚੀਜ਼ਾਂ ਬਿਨਾਂ ਵੀ ਲੋੜਾਂ ਪੂਰੀਆਂ ਹੋ ਰਹੀਆਂ ਨੇ, ਪਰ ਜਿਹੜੀਆਂ ਚੀਜ਼ਾਂ ਦੀ ਅਕਸਰ ਘਰਾਂ ਵਿਚ ਵਰਤੋਂ ਕਰਦੇ ਰਹੇ ਹੋਈਏ, ਉਨ੍ਹਾਂ ਦਾ ਛੁੱਟਿਆ ਸਾਥ ਕਦੇ-ਕਦੇ ਪ੍ਰੇਸ਼ਾਨ ਤਾਂ ਕਰਦਾ ਹੀ ਹੈ।

- ਸਵਰਨ ਸਿੰਘ ਟਹਿਣਾ
37, ਪ੍ਰੀਤ ਇਨਕਲੇਵ, ਯੂਨੀਵਰਸਿਟੀ ਰੋਡ, ਜਲੰਧਰ।
ਮੋਬਾਈਲ : 98141-78883

ਭਾਖੜੇ ਦੀ ਟੇਲ

ਕੈਮਰਾ ਚੁੱਪ ਨਹੀਂ
ਪਿੰਡਾਂ ਵਿਚ ਆਮ ਤੌਰ 'ਤੇ ਸ਼ਕਾਇਤ ਰਹਿੰਦੀ ਹੈ ਕਿ ਸੂਏ ਜਾਂ ਨਹਿਰ ਦੀ ਟੇਲ 'ਤੇ ਪਾਣੀ ਨਹੀਂ ਪਹੁੰਚਦਾ। ਜਿੰਨਾ ਪਿੰਡਾਂ ਵਿਚ ਸੂਏ ਜਾਂ ਨਹਿਰਾਂ ਖਤਮ ਹੁੰਦੀਆਂ ਹਨ, ਉਥੇ ਇਹ ਆਮ ਗੱਲ ਹੈ। ਕਈ ਵਾਰੀ ਮਨ 'ਚ ਆਇਆ ਕਿ ਜੇ ਪਾਣੀ ਦੀ 'ਟੇਲ' ઠਜਾਣੀ ਪੂੰਛ ਹੁੰਦੀ ਹੈ ਤਾਂ ਮੂੰਹ ਵੀ ਜ਼ਰੂਰ ਹੁੰਦਾ ਹੋਊ। ਇਸ ਵਿਚਾਰ ਨੂੰ ਲੈਕੇ , ਲੱਭਦੇ ਲੱਭਦੇ ਅਸੀਂ ਊਨਾ ਸ਼ਹਿਰ ਤੋਂ 30 ਕਿਲੋਮੀਟਰ ਉੱਤੇ ਜਾ ਪਹੁੰਚੇ, ਇੱਥੋਂ ਭਾਖੜਾ ਡੈਮ ਦੀ ਝੀਲ ਸ਼ੁਰੂ ਹੁੰਦੀ ਹੈ। ਗਰਮੀਆਂ ਦੀ ਸ਼ੁਰੂਆਤ ਹੋਣ ਕਰਕੇ ਪਾਣੀ ਦਾ ਸੱਤਰ ਨੀਵਾਂ ਜਾ ਚੁੱਕਾ ਸੀ। ਸਾਡੇ ਕੈਮਰੇ ਦੀ ਮਿਣਤੀ ਅਨੁਸਾਰ ਇਹ ਤਕਰੀਬਨ 480 ਮੀਟਰ 'ਤੇ ਸੀ, ਸਥਾਨਕ ਲੋਕਾਂ ਅਨੁਸਾਰ ਇਹ ਬਰਸਾਤਾਂ ਵਿਚ 525 ਮੀਟਰ ਤੱਕ ਚਲੇ ਜਾਂਦਾ ਹੈ, ਜਾਂ ਇਹ ਸਮਝ ਲਵੋ, ਇਕ 15 ਮੰਜ਼ਿਲਾਂ ਮਕਾਨ ਜਿੰਨਾ ਪਾਣੀ ਚੜ੍ਹ ਆਉਂਦਾ ਹੈ। ਇਹ ਬਹੁਤ ਹੀ ਰਮਣੀਕ ਥਾਂ ਹੈ, ਸਾਫ ਸੁੱਥਰੀ ਦਿੱਖ ਤੇ ਮਿੱਠੀ ਠੰਢੀ ਹਵਾ। ਡਰਦਿਆਂ ਪਾਣੀ ਵਿਚ ਪੈਰ ਡੋਬੇ ਕਿ ਠੰਢਾ ਹੋਵੇਗਾ ਪਰ, ਨਿੱਘਾ ਤੇ ਨਿਰਮਲ ਪਾਣੀ, ਸਾਡੀ ਸਾਰੀ ਥਕਾਵਟ ਲਾਹ ਰਿਹਾ ਸੀ। ਅਸੀ? ਉੱਥੇ ਲੋਕਾ ਨੂੰ ਪੁੱਛਿਆ ਕਿ ਇਸ ਝੀਲ ਕਿਨਾਰੇ ਨੂੰ ਕੀ ਕਹਿੰਦੇ ਹਨ, ਤਾ ਜਵਾਬ ਸੁਣ ਕਿ ਬੜੀ ਹੈਰਾਨੀ ਹੋਈ ਕਿઠਉਹ ਇਸਨੂੰ 'ਟੇਲ' ਹੀ ਕਹਿੰਦੇ ਹਨ। 

ਜਨਮੇਜਾ ਸਿੰਘ ਜੌਹਲ

ਕਣਕ ਦੇ ਨਾੜ ਨੂੰ ਸਾੜਨ ਤੋਂ ਬਗੈਰ ਵੀ ਕੀਤਾ ਜਾ ਸਕਦਾ ਹੈ ਨਸ਼ਟ

ਦਿਨੋ-ਦਿਨ ਪਲੀਤ ਹੋ ਰਹੇ ਵਾਤਾਵਰਨ ਦੇ ਭਾਵੇਂ ਅਨੇਕਾਂ ਕਾਰਨ ਹਨ ਪ੍ਰੰਤੂ ਇਸ ਦਾ ਇਕੋ ਕਾਰਨ (ਭਾਵੇਂ ਥੋੜ੍ਹੇ ਸਮੇਂ ਲਈ) ਕਿਸਾਨਾਂ ਵੱਲੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਜਲਾਉਣਾ ਵੀ ਹੈ, ਭਾਵੇਂ ਕਿ ਵਾਤਾਵਰਨ ਨੂੰ ਗੰਧਲਾ ਕਰਨ ਵਿਚ ਫੈਕਟਰੀਆਂ ਦੀਆਂ ਚਿਮਨੀਆਂ ਦੀ ਕਾਲਖ, ਮੋਟਰ ਗੱਡੀਆਂ ਦਾ ਧੂੰਆਂ, ਏ. ਸੀ., ਫਰਿੱਜ਼ਾਂ ਦੀ ਗੈਸ ਤੇ ਸ਼ਹਿਰਾਂ ਦੀ ਗੰਦਗੀ ਆਦਿ ਵੀ ਹਨ ਪਰ ਜ਼ਿਆਦਾਤਰ ਇਸ ਲਈ ਕਿਸਾਨ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ ਜੋ ਕਿਸੇ ਹੱਦ ਤੱਕ ਠੀਕ ਹੈ। ਦੇਸ਼ ਦਾ ਅਨਾਜ ਦੇ ਖੇਤਰ ਵਿਚ ਢਿੱਡ ਭਰਨਵਾਲੇ ਕਿਸਾਨ ਨੂੰ ਸਿਰਫ਼ ਫੋਕੀ ਸ਼ਾਬਾਸ਼ ਦੇ ਕੇ ਹੀ ਨਿਵਾਜ਼ਿਆ ਜਾਂਦਾ ਹੈ ਜਦੋਂ ਕਿ ਉਸ ਨੂੰ ਖੇਤੀ ਵਿਚ ਆਉਂਦੀਆਂ ਮੁਸ਼ਕਿਲਾਂ ਬਾਰੇ ਦਫਤਰਾਂ ਵਿਚ ਬੈਠ ਕੇ ਕਾਗਜ਼ੀ ਸਮਾਧਾਨ ਦੇ ਕੇ ਸਾਰ ਦਿੱਤਾ ਜਾਂਦਾ ਹੈ। ਖੇਤਾਂ ਵਿਚ ਕੰਬਾਈਨਾਂ ਨਾਲ ਕਣਕ ਦੀ ਕਟਾਈ ਉਪਰੰਤ ਤੂੜੀ ਬਣਾਈ ਜਾਂਦੀ ਹੈ ਜੋ ਪਸ਼ੂਆਂ ਲਈ ਚਾਰੇ ਦਾ ਕੰਮ ਦਿੰਦੀ ਹੈ, ਉਸ ਤੋਂ ਬਾਅਦ ਖੇਤਾਂ ਨੂੰ ਝੋਨੇ ਦੀ ਬਿਜਾਈ ਲਈ ਤਿਆਰ ਕਰਨਾ ਹੁੰਦਾ ਹੈ। ਨਾੜ ਨੂੰ ਨਸ਼ਟ ਕੀਤੇ ਬਗੈਰ ਕੱਦੂ ਨਹੀਂ ਕੀਤਾ ਜਾ ਸਕਦਾ ਜੋ ਝੋਨੇ ਦੀ ਬਿਜਾਈ ਲਈ ਅਤਿ ਜ਼ਰੂਰੀ ਹੈ। ਬੇਸ਼ੱਕ ਨਾੜ ਦੀ ਰਹਿੰਦ-ਖੂੰਹਦ ਜਲਾਉਣ ਨਾਲ ਜ਼ਮੀਨ ਵਿਚਲੇ ਉਪਜਾਊ ਤੱਤ, ਮਿੱਤਰ ਕੀੜੇ ਤੇ ਰੁੱਖਾਂ ਸਮੇਤ ਪੰਛੀਆਂ ਦੇ ਆਲ੍ਹਣੇ ਵੀ ਸੜ ਜਾਂਦੇ ਹਨ ਪ੍ਰੰਤੂ ਕਿਸਾਨ ਇਸ ਪ੍ਰਤੀ ਜਾਗਰੂਕ ਹੁੰਦਾ ਹੋਇਆ ਵੀ ਬੇਵਸ ਹੁੰਦਾ ਹੈ ਕਿਉਂਕਿ ਨਾੜ ਨੂੰ ਸਿਰਫ਼ ਵਹਾਈ ਕਰਕੇ ਖੇਤਾਂ ਵਿਚ ਗਾਲਿਆ ਜਾ ਸਕਦਾ ਹੈ ਜੋ ਪਾਣੀ ਤੋਂ ਬਿਨਾਂ ਸੰਭਵ ਨਹੀਂ। ਇਸ ਸਮੇਂ ਖੇਤੀ ਸੈਕਟਰ ਨੂੰ ਲਗਾਤਾਰ ਨਿਰਵਿਘਨ ਤੇ ਸਮਾਂਬੱਧ ਬਿਜਲੀ ਸਪਲਾਈ ਦੀ ਲੋੜ ਹੋਵੇਗੀ, ਜਿਸ ਨਾਲ ਖੇਤਾਂ ਵਿਚ ਵਹਾਈ ਉਪਰੰਤ ਨਾੜ ਨੂੰ ਗਾਲਿਆ ਜਾ ਸਕੇ। ਪ੍ਰੰਤੂ ਸਰਕਾਰਾਂ ਦੇ ਦਾਅਵੇ ਦੇ ਉਲਟ ਸਿਰਫ਼ ਝੋਨੇ ਦੇ ਸੀਜ਼ਨ ਵਿਚ ਛੇ ਘੰਟੇ ਬਿਜਲੀ ਤੋਂ ਇਲਾਵਾ ਸਾਰਾ ਸਾਲ 3-4 ਘੰਟੇ ਉਹ ਵੀ ਬਿਨਾਂ ਕਿਸੇ ਪੱਕੇ ਸਮਾਂ ਬੱਧ ਨਿਯਮ ਤੋਂ ਹੀ ਦਿੱਤੀ ਜਾਂਦੀ ਹੈ। ਇਸ ਨਾਲ ਤਾਂ ਪਸ਼ੂਆਂ ਦਾ ਚਾਰਾ ਵੀ ਨਹੀਂ ਤਿਆਰ ਹੁੰਦਾ, ਬਾਕੀ ਫਸਲਾਂ ਜਿਵੇਂ ਗੰਨਾ, ਮੈਂਥਾ, ਸੂਰਜਮੁਖੀ ਤੇ ਮੱਕੀ ਆਦਿ ਨੂੰ ਕਿਸਾਨ ਜਨਰੇਟਰਾਂ ਦੁਆਰਾ ਮਹਿੰਗਾ ਡੀਜ਼ਲ ਫੂਕ ਕੇ ਹੀ ਸਿੰਜਦੇ ਹਨ। ਨਾੜ ਨੂੰ ਅੱਗ ਲਗਾਉਣ ਤੋਂ ਬਗੈਰ ਖੇਤਾਂ ਵਿਚ ਦਫਨਾ ਕੇ ਗਾਲਿਆ ਜਾ ਸਕਦਾ ਹੈ, ਜਿਸ ਨਾਲ ਆਰਗੈਨਿਕ ਖਾਦ ਬਣ ਕੇ ਖੇਤ ਉਪਜਾਊ ਬਣਨਗੇ ਜਿਸ ਨਾਲ ਕੀੜੇ ਮਾਰ ਜ਼ਹਿਰਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘਟੇਗੀ। ਕਿਸਾਨ ਮੁਫ਼ਤ ਬਿਜਲੀ ਦੀ ਬਜਾਏ ਸਸਤੇ ਦਰਾਂ 'ਤੇ ਬਿਜਲੀ ਦੀ ਮੰਗ ਕਰਦੇ ਹਨ ਤੇ ਨਿਰਵਿਘਨ ਤੇ ਸਮਾਂਬੱਧ ਸਪਲਾਈ ਹੀ ਕਿਸਾਨਾਂ ਦੀ ਮੁੱਖ ਮੰਗ ਹੈ। ਇਸ ਲਈ ਕਿਸਾਨ ਵੀਰ ਵੀ ਸਰਕਾਰਾਂ ਤੋਂ ਟੇਕ ਤੋਂ ਇਲਾਵਾ ਆਪਣੀ ਮਾਨਸਿਕਤਾ ਵਿਚ ਤਬਦੀਲੀ ਲਿਆ ਕੇ ਕੁਝ ਖੇਤੀ ਜ਼ਮੀਨ ਦਾ ਕੁਝ ਹਿੱਸਾ ਹੀ ਨਾੜ ਨੂੰ ਜ਼ਮੀਨ ਵਿਚ ਦਫਨਾ ਕੇ ਇਹ ਸਿੱਧ ਕਰਨ ਕਿ ਕਿਸਾਨ ਵਾਤਾਵਰਨ ਦਾ ਦੁਸ਼ਮਣ ਨਹੀਂ ਬਸ ਉਸ ਕੋਲ ਲੋੜੀਂਦੇ ਸਾਧਨ ਨਹੀਂ। ਅਜੇ ਤੱਕ ਖੇਤੀ ਮਾਹਿਰਾਂ ਵੱਲੋਂ ਇਸ ਦੇ ਹੱਲ ਲਈ ਕੋਈ ਮਸ਼ੀਨਰੀ ਵੀ ਤਿਆਰ ਨਹੀਂ ਹੋ ਸਕੀ ਜੋ ਸਹਿਕਾਰੀ ਸਭਾਵਾਂ ਦੁਆਰਾ ਖੇਤਾਂ ਵਿਚ ਅਜਿਹੇ ਪ੍ਰਯੋਗ ਕਰਕੇ ਇਸ ਸਮੱਸਿਆ ਤੋਂ ਨਿਜ਼ਾਤ ਦਿਵਾ ਸਕੇ।

ਅਮਰੀਕ ਸਿੰਘ ਢੀਂਡਸਾ
-ਮੋਬਾਈਲ : 94635-39590.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX