ਤਾਜਾ ਖ਼ਬਰਾਂ


ਟਰੱਕ ਦੀ ਲਪੇਟ ਵਿਚ ਆਉਣ ਨਾਲ ਭੂਆ-ਭਤੀਜੀ ਦੀ ਮੌਤ
. . .  about 1 hour ago
ਫਿਰੋਜਪੁਰ ,17 ਅਗਸਤ (ਗੁਰਿੰਦਰ ਸਿੰਘ )- ਦੇਰ ਰਾਤ ਫਿਰੋਜਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੋਂਕ ਦੇ ਕੋਲ ਟਰੱਕ ਦੀ ਲਪੇਟ ਵਿਚ ਆਉਣ ਨਾਲ ਰਿਸ਼ਤੇ ਵਿਚ ਭੂਆ ਭਤੀਜੀ ਲੱਗਦੀਆਂ ਦੋ ਬੱਚੀਆਂ ਦੀ ਮੌਤ ਹੋ ...
ਫਿਲੌਰ ਦੇ ਸਤਲੁਜ ਦਰਿਆ ਵਿਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ,ਦਰਿਆ ਨਾਲ ਲੱਗਦੇ ਇਲਾਕਿਆਂ ਵਿਚ ਹਾਈ ਅਲਰਟ
. . .  about 1 hour ago
ਭਾਖੜਾ ਡੈਮ ਵਲੋਂ ਪਾਣੀ ਛੱਡੇ ਜਾਣ ਕਾਰਨ ਪਾਣੀ ਨੇ ਤਕਰੀਬਨ ਅੱਧੀ ਦਰਜਨ ਪਿੰਡ ਆਪਣੀ ਲਪੇਟ 'ਚ ਲਏ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ,17ਅਗਸਤ {ਨਿੱਕੂਵਾਲ਼, ਕਰਨੈਲ ਸਿੰਘ}-ਮੋਸਮ ਵਿਭਾਗ ਵਲੋਂ ਅਗਲੇ 48 ਘੰਟੇ ਭਾਰੀ ਬਾਰਿਸ਼ ਪੈਣ ਦੀ ਦਿੱਤੀ ਖਬਰ ਤੋਂ ਬਾਅਦ ਭਾਖੜਾ ਡੈਮ ਦੇ ਪ੍ਰਬੰਧਕਾਂ ਵਲੋਂ ਪੈਦਾ ਹੋਣ ਵਾਲੇ ਖਤਰੇ ਨੂੰ ...
ਲਗਾਤਾਰ ਹੋ ਰਹੀ ਵਰਖਾ ਕਾਰਨ ਸਬ-ਡਵੀਜ਼ਨ ਤਪਾ ਵਿਖੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਈ
. . .  about 3 hours ago
ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)- ਅੱਜ ਸ਼ਾਮ ਸਮੇਂ ਸ਼ੁਰੂ ਹੋਈ ਬਾਰਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ...
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ 'ਚੋਂ ਇਕ ਦੀ ਲਾਸ਼ ਬਰਾਮਦ
. . .  about 4 hours ago
ਸਮਾਣਾ (ਪਟਿਆਲਾ), 17 ਅਗਸਤ (ਸਾਹਿਬ ਸਿੰਘ)- ਥਾਣਾ ਸਮਾਣਾ ਦੇ ਪਿੰਡ ਮਵੀ ਕਲਾਂ ਦੀਆਂ ਦੋ ਲਾਪਤਾ ਸਹੇਲੀਆਂ 'ਚੋਂ ਇਕ ਦੀ ਲਾਸ਼ ਭਾਖੜਾ 'ਚੋਂ ਬਰਾਮਦ...
ਭਾਰੀ ਮੀਂਹ ਕਾਰਨ ਹੰਡਿਆਇਆ ਹੋਇਆ ਜਲਥਲ
. . .  about 4 hours ago
ਹੰਡਿਆਇਆ, 17 ਅਗਸਤ (ਗੁਰਜੀਤ ਸਿੰਘ ਖੁੱਡੀ) - ਅੱਜ ਬਾਅਦ ਦੁਪਹਿਰ ਤੋਂ ਪੈ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਕਸਬਾ ਹੰਡਿਆਇਆ ਜਲਥਲ ਹੋ...
ਕੈਪਟਨ ਵੱਲੋਂ ਖੇਡ ਸੰਸਥਾ ਲਈ 5 ਖਿਡਾਰੀਆਂ ਦੇ ਨਾਵਾਂ ਨੂੰ ਮਨਜ਼ੂਰੀ
. . .  about 3 hours ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਉੱਘੇ ਖਿਡਾਰੀਆਂ ਦੇ ਨਾਵਾਂ ਨੂੰ ਪੰਜਾਬ ਖੇਡ ਸੰਸਥਾ ਦੀ ਸੰਚਾਲਨ ਪ੍ਰੀਸ਼ਦ ...
ਮੋਹਲ਼ੇਧਾਰ ਬਾਰਸ਼ ਕਾਰਨ ਜਲਥਲ ਹੋਇਆ ਨਾਭਾ
. . .  about 4 hours ago
ਨਾਭਾ, 17 ਅਗਸਤ (ਕਰਮਜੀਤ ਸਿੰਘ)- ਅੱਜ ਦੁਪਹਿਰ ਤੋਂ ਹੋ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਨਾਭਾ ਸ਼ਹਿਰ ਪੂਰਾ ਜਲ ਥਲ ਹੋ ਗਿਆ। ਸ਼ਹਿਰ ਦੇ ਪੁਰਾਣੇ ਇਲਾਕਿਆਂ ਤੇ ਨੀਵੇਂ ਘਰਾਂ 'ਚ ਪਾਣੀ ਦਾਖ਼ਲ ...
ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦਾ ਪਲਟਿਆਂ ਵਾਹਨ, ਕਈ ਜ਼ਖਮੀ
. . .  about 5 hours ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਅਗਸਤ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਪਿੰਡ ਭਾਗੀਵਾਦਰ ਲਾਗੇ ਹਜ਼ੂਰ ਸਾਹਿਬ ਲਈ ਜਾ ਰਹੇ ਸ਼ਰਧਾਲੂਆਂ ਨੂੰ ਟਰੇਨ ਚੜ੍ਹਾਉਣ...
ਤਪਾ ਖੇਤਰ 'ਚ ਸ਼ੁਰੂ ਹੋਇਆ ਮੀਂਹ
. . .  about 5 hours ago
ਤਪਾ ਮੰਡੀ, 17 ਅਗਸਤ (ਵਿਜੇ ਸ਼ਰਮਾ)- ਮੌਸਮ ਵਿਭਾਗ ਵੱਲੋਂ ਅਗਲੇ 48 ਤੋਂ 72 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਅਤੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਨੂੰ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ ਕੀਤੀ ਦਾ ਫ਼ਲ

ਬੱਚਿਓ, ਕੋਈ ਵੀ ਬੱਚਾ ਆਪਣੇ ਮਾਪਿਆਂ ਦਾ ਦੇਣ ਕਦੇ ਨਹੀਂ ਦੇ ਸਕਦਾ। ਮਾਪੇ, ਆਪਣੇ ਬੱਚਿਆਂ ਲਈ ਜੋ ਕਰਦੇ ਹਨ, ਦੁਨੀਆ ਦਾ ਹੋਰ ਕੋਈ ਸ਼ਖ਼ਸ ਨਹੀਂ ਕਰ ਸਕਦਾ। ਇਹ ਮਾਪੇ ਹੀ ਹਨ ਜੋ ਆਪਣੀ ਔਲਾਦ ਲਈ ਨਿਰਸਵਾਰਥ ਆਪਣੀਆਂ ਖੁਸ਼ੀਆਂ, ਆਪਣੇ ਚਾਅ, ਆਪਣੇ ਸੁਖ, ਇਥੋਂ ਤੱਕ ਕਿ ਆਪਣੀ ਧਨ-ਦੌਲਤ ਵੀ ਅੱਖਾਂ ਮੀਚ ਕੇ ਨਿਛਾਵਰ ਕਰ ਦਿੰਦੇ ਹਨ ਪਰ ਅਫ਼ਸੋਸ ਕਿ ਏਨਾ ਕਰਨ ਦੇ ਬਾਵਜੂਦ ਕਈ ਬੱਚੇ ਆਪਣੇ ਮਾਪਿਆਂ ਨੂੰ ਇਹ ਕਹਿੰਦਿਆਂ ਅੱਜਕਲ੍ਹ ਆਮ ਸੁਣੇ ਜਾਂਦੇ ਹਨ ਕਿ, 'ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ?'
ਮੈਂ ਉਨ੍ਹਾਂ ਭਲੇਮਾਣਸਾਂ ਨੂੰ ਪੁੱਛਣਾ ਚਾਹੁੰਦਾਂ ਕਿ ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਇਹ ਦੁਨੀਆ ਦਿਖਾਈ, ਪਾਲਿਆ-ਪੋਸਿਆ, ਪੜ੍ਹਾਇਆ ਤੇ ਜਵਾਨ ਕੀਤਾ ਤੇ ਫਿਰ ਪੈਰਾਂ 'ਤੇ ਖੜ੍ਹੇ ਹੋਣ ਦੀ ਜਾਚ ਸਿਖਾਈ, ਇਹ ਕੋਈ ਮਾਮੂਲੀ ਗੱਲ ਹੈ?
ਮੇਰੀ ਇਹ ਕਹਾਣੀ ਵੀ ਇਸੇ ਵਿਸ਼ੇ 'ਤੇ ਆਧਾਰਿਤ ਹੈ। ਜਦ ਪੀਤੇ ਨੇ ਆਪਣੇ ਮਾਪਿਆਂ ਨਾਲ ਰੋਜ਼ ਝਗੜਾ ਕਰਨਾ ਅਖੇ, 'ਤੁਸੀਂ ਮੇਰੇ ਲਈ ਕੀਤਾ ਹੀ ਕੀ ਹੈ, ਮੈਂ ਤਾਂ ਆਪਣੀ ਮਿਹਨਤ ਨਾਲ ਕਾਮਯਾਬ ਹੋਇਆ, ਤੁਸੀਂ ਤਾਂ ਬਸ ਡੰਗਰਾਂ ਨਾਲ ਡੰਗਰ ਹੀ ਬਣੇ ਰਹੇ ਸਾਰੀ ਜ਼ਿੰਦਗੀ। ਆ ਮਕਾਨ ਵੀ ਮੇਰੇ ਕਰਕੇ ਬਣ ਗਏ, ਤੁਸੀਂ ਤਾਂ ਬਸ ਕੱਚੇ ਢਾਰਿਆਂ ਵਿਚ ਹੀ ਡੰਗਰਾਂ ਵਾਂਗੂੰ ਜ਼ਿੰਦਗੀ ਗੁਜ਼ਾਰੀ ਆ।' ਅਜਿਹੇ ਤਾਅਨੇ ਮਾਰ-ਮਾਰ ਕੇ ਪੀਤੇ ਨੇ ਆਪਣੇ ਮਾਪਿਆਂ ਨੂੰ ਬਾਹਰਲੀ ਹਵੇਲੀ ਜਾਣ ਲਈ ਮਜਬੂਰ ਕਰ ਦਿੱਤਾ, ਜਿਥੇ ਉਨ੍ਹਾਂ ਨੇ ਆਪਣੀ ਅਖੀਰਲੀ ਉਮਰ ਧੀਆਂ ਦੇ ਸਿਰ 'ਤੇ ਗੁਜ਼ਾਰੀ ਸੀ। ਧੀਆਂ ਤਾਂ ਉਨ੍ਹਾਂ ਨੂੰ ਆਪਣੇ ਕੋਲ ਲੈ ਜਾਣ ਲਈ ਤਿਆਰ ਸਨ ਪਰ ਉਹ ਵਿਚਾਰੇ ਲੋਕ ਲਾਜ ਕਰਕੇ ਪਿੰਡ ਹੀ ਰਹੇ ਪਰ ਉਨ੍ਹਾਂ ਦਾ ਸਾਰਾ ਭਾਰ ਧੀਆਂ ਨੇ ਚੁੱਕ ਲਿਆ ਸੀ, ਜੋ ਉਨ੍ਹਾਂ ਨੇ ਉਨ੍ਹਾਂ ਦੇ ਅਖੀਰਲੇ ਦਮ ਤੱਕ ਨਿਭਾਇਆ। ਹੁਣ ਉਨ੍ਹਾਂ ਨੂੰ ਸਵਰਗਵਾਸ ਹੋਏ 24 ਸਾਲ ਹੋ ਚੁੱਕੇ ਨੇ। ਇਧਰ ਪੀਤਾ ਤੇ ਉਸ ਦੀ ਪਤਨੀ ਵੀ ਹੁਣ ਬੁਢਾਪੇ ਦੀ ਦਹਿਲੀਜ਼ ਟੱਪ ਚੁੱਕੇ ਨੇ। ਉਨ੍ਹਾਂ ਦੇ ਦੋਵੇਂ ਮੁੰਡੇ ਨਸ਼ੇੜੀ ਨਿਕਲੇ, ਜਿਨ੍ਹਾਂ ਨੇ ਪੀਤੇ ਦੀ ਬਣਾਈ ਜਾਇਦਾਦ, ਜਿਸ ਦੇ ਸਿਰ 'ਤੇ ਉਹ ਆਕੜਦਾ ਹੁੰਦਾ ਸੀ, ਨਸ਼ਿਆਂ ਦੀ ਭੇਟ ਚਾੜ੍ਹ ਦਿੱਤੀ।
ਪੀਤਾ ਜਦ ਉਨ੍ਹਾਂ ਨੂੰ ਕੁਝ ਕਹਿੰਦਾ ਤਾਂ ਉਹ ਟੁੱਟੀ ਕੁਹਾੜੀ ਵਾਂਗੂੰ ਗਲ ਪੈ ਜਾਂਦੇ। ਅਖੇ, 'ਬਾਪੂ, ਤੂੰ ਸਾਰੀ ਉਮਰ ਸਾਡੇ ਲਈ ਕੀਤਾ ਹੀ ਕੀ ਏ?' ਤਾਂ ਉਸ ਨੂੰ ਉਨ੍ਹਾਂ ਦੀ ਇਹ ਗੱਲ ਸੁਣ ਕੇ ਬਹੁਤ ਦੁੱਖ ਹੁੰਦਾ ਕਿ ਮੈਂ ਜਿਨ੍ਹਾਂ ਲਈ ਸਾਰੀ ਉਮਰ ਟੁੱਟ-ਟੁੱਟ ਮਰਦਾ ਰਿਹਾ, ਆਲੀਸ਼ਾਨ ਮਕਾਨ ਬਣਾਇਆ, ਸਭ ਸੁਖ-ਸਹੂਲਤਾਂ ਦਿੱਤੀਆਂ ਪਰ ਆਖਰ ਉਹਨੂੰ ਕੀ ਮਿਲਿਆ, ਬੱਚਿਆਂ ਤੋਂ ਝਿੜਕਾਂ ਤੇ ਸੁਣਨ ਲਈ ਤਾਅਨੇ। ਹੁਣ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਣ ਲੱਗਾ ਸੀ। ਅੱਜ ਉਹ ਆਪਣੇ-ਆਪ ਨੂੰ ਆਪਣੇ ਮਾਪਿਆਂ ਦਾ ਬਹੁਤ ਵੱਡਾ ਗੁਨਾਹਗਾਰ ਸਮਝ ਰਿਹਾ ਸੀ। ਕਿਉਂਕਿ ਉਸ ਨੇ ਵੀ ਇਕ ਦਿਨ ਆਪਣੇ ਮਾਪਿਆਂ ਦੀ ਝੋਲੀ ਵਿਚ ਇਹੋ ਜਿਹੇ ਸ਼ਬਦ ਪਾਏ ਸਨ, ਜੋ ਉਸ ਦੀ ਝੋਲੀ ਵਿਚ ਪੈ ਰਹੇ ਸਨ। ਇਹ ਸਭ ਉਸ ਦੀ ਕੀਤੀ ਦਾ ਫਲ ਸੀ। ਹੁਣ ਉਸ ਨੂੰ ਇਹ ਸਮਝ ਆ ਗਈ ਸੀ ਕਿ ਇਹ ਸਭ ਕੁਝ ਉਸ ਨਾਲ ਕਿਉਂ ਹੋ ਰਿਹਾ ਹੈ? ਉਹ ਮਨ ਹੀ ਮਨ ਆਪਣੇ ਮਾਪਿਆਂ ਤੋਂ ਮੁਆਫ਼ੀ ਮੰਗ ਰਿਹਾ ਸੀ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ, ਕਿਉਂਕਿ ਹੁਣ ਚਿੜੀਆਂ ਖੇਤ ਚੁਗ ਗਈਆਂ ਸਨ। ਬੱਚਿਓ, ਇਸ ਲਈ ਕਦੇ ਵੀ ਆਪਣੇ ਮਾਪਿਆਂ ਨੂੰ ਮੰਦਾ ਬੋਲ ਨਹੀਂ ਬੋਲਣਾ ਚਾਹੀਦਾ, ਕਿਉਂਕਿ ਮਾਪੇ ਸਾਡੇ ਸਭ ਦੇ ਜਨਮਦਾਤੇ ਤੇ ਪਾਲਣਹਾਰ ਹੁੰਦੇ ਹਨ। ਉਨ੍ਹਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ ਤੇ ਆਪਣੇ ਗਲ ਲਾ ਕੇ ਰੱਖਣੇ ਚਾਹੀਦੇ ਹਨ।

-ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)।
ਮੋਬਾ: 97790-43348


ਖ਼ਬਰ ਸ਼ੇਅਰ ਕਰੋ

ਸ਼ਹਿਦ ਲੰਬੇ ਸਮੇਂ ਤੱਕ ਖਰਾਬ ਕਿਉਂ ਨਹੀਂ ਹੁੰਦਾ?

ਪਿਆਰੇ ਬੱਚਿਓ, ਤੁਸੀਂ ਘਰ ਵਿਚ ਪਿਆ ਸ਼ਹਿਦ ਜ਼ਰੂਰ ਦੇਖਿਆ ਹੋਵੇਗਾ। ਜ਼ਿਆਦਾਤਰ ਬੱਚਿਆਂ ਨੂੰ ਬਰੈੱਡ ਉੱਤੇ ਸ਼ਹਿਦ ਲਗਾ ਕੇ ਖਾਣਾ ਵਧੀਆ ਲੱਗਦਾ ਹੈ। ਪੁਰਾਤਨ ਕਾਲ ਤੋਂ ਹੀ ਇਨਸਾਨ ਵਲੋਂ ਸ਼ਹਿਦ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਸ਼ਹਿਦ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਸ਼ਹਿਦ ਦਾ ਇਕ ਖਾਸ ਗੁਣ ਹੈ ਕਿ ਇਹ ਜਿੰਨਾ ਪੁਰਾਣਾ ਹੋਵੇਗਾ, ਓਨਾ ਹੀ ਗੁਣਕਾਰੀ ਵੀ ਹੋਵੇਗਾ। ਸ਼ਹਿਦ ਪੁਰਾਣਾ ਹੋਣ ਦੇ ਬਾਵਜੂਦ ਵੀ ਕਦੇ ਖਰਾਬ ਨਹੀਂ ਹੁੰਦਾ, ਇਸ ਪਿੱਛੇ ਕੀ ਕਾਰਨ ਹੈ? ਸ਼ਹਿਦ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਕਿ ਇਸ ਨੂੰ ਖਰਾਬ ਹੋਣ ਤੋਂ ਬਚਾਉਂਦੇ ਹਨ। ਸ਼ੁੱਧ ਸ਼ਹਿਦ ਵਿਚ ਨਮੀ ਨਾ ਦੇ ਬਰਾਬਰ ਹੁੰਦੀ ਹੈ, ਜਿਸ ਕਾਰਨ ਇਸ ਵਿਚ ਬੈਕਟੀਰੀਆ ਪੈਦਾ ਹੀ ਨਹੀਂ ਹੋ ਪਾਉਂਦੇ ਜਾਂ ਫਿਰ ਉਹ ਜਿਉਂਦੇ ਨਹੀਂ ਰਹਿ ਸਕਦੇ। ਇਹੀ ਕਾਰਨ ਹੈ ਕਿ ਸ਼ਹਿਦ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ। ਜੇਕਰ ਕਿਸੇ ਕਾਰਨ ਸ਼ਹਿਦ ਖਰਾਬ ਹੋ ਰਿਹਾ ਹੈ ਤਾਂ ਇਸ ਵਿਚ ਮਿਲਾਵਟ ਹੋਣਾ ਤੈਅ ਹੈ। ਸ਼ਹਿਦ ਉੱਤੇ ਖੋਜ ਕਰਨ ਵਾਲਿਆਂ ਨੇ ਇਹ ਦੱਸਿਆ ਕਿ ਮਧੂਮੱਖੀਆਂ ਸ਼ਹਿਦ ਬਣਾਉਣ ਲਈ ਜੋ ਪਰਾਗ ਚੁਣਦੀਆਂ ਹਨ, ਉਸ ਵਿਚ ਜ਼ਿਆਦਾ ਮਾਤਰਾ ਵਿਚ ਪਾਣੀ ਹੁੰਦਾ ਹੈ ਪਰ ਸ਼ਹਿਦ ਬਣਾਉਣ ਦੀ ਪ੍ਰਕਿਰਿਆ ਦੌਰਾਨ ਮਧੂਮੱਖੀਆ ਸਾਰੀ ਨਮੀ ਨੂੰ ਖਤਮ ਕਰ ਦਿੰਦੀਆਂ ਹਨ ਅਤੇ ਬਚਿਆ ਹੋਇਆ ਹਿੱਸਾ ਸ਼ੁੱਧ ਸ਼ਹਿਦ ਦੇ ਰੂਪ ਵਿਚ ਸਾਡੇ ਕੋਲ ਹੁੰਦਾ ਹੈ। ਸ਼ਹਿਦ ਦੀ ਇਹ ਖੂਬੀ ਇਸ ਨੂੰ ਵਧੀਆ ਐਂਟੀਸੈਪਟਿਕ ਵੀ ਬਣਾਉਂਦੀ ਹੈ, ਕਿਉਂਕਿ ਸ਼ਹਿਦ ਵਿਚ ਕਿਸੇ ਵੀ ਪ੍ਰਕਾਰ ਦਾ ਜੀਵ ਚੱਲ ਨਹੀਂ ਸਕਦਾ। ਜੇਕਰ ਇਸ ਨੂੰ ਬਚਾ ਕੇ ਰੱਖਿਆ ਜਾਵੇ ਤਾਂ ਸ਼ਹਿਦ ਹਜ਼ਾਰਾਂ ਸਾਲ ਵੀ ਖਰਾਬ ਨਹੀਂ ਹੁੰਦਾ ਅਤੇ ਸਦੀਆਂ ਤੱਕ ਇਸ ਨੂੰ ਪ੍ਰਯੋਗ ਕੀਤਾ ਜਾ ਸਕਦਾ ਹੈ।

-ਮਲੌਦ (ਲੁਧਿਆਣਾ)।

ਚਕੁੰਦਰ ਕੀ ਹੁੰਦੀ ਹੈ?

ਬੱਚਿਓ, ਤੁਸੀਂ ਖੇਤਾਂ ਵਿਚ ਜਾਂ ਆਪਣੇ ਕੱਚੇ ਘਰਾਂ ਵਿਚ ਚਕੁੰਦਰ ਨੂੰ ਜ਼ਰੂਰ ਦੇਖਿਆ ਹੋਵੇਗਾ। ਇਹ ਧਰਤੀ ਵਿਚ ਆਪ ਬਣਾਈ ਹੋਈ ਖਾਈ ਵਿਚ ਰਹਿਣਾ ਪਸੰਦ ਕਰਦੀ ਹੈ। ਇਸ ਦੁੱਧਾਧਾਰੀ ਜੀਵ ਦਾ ਸਰੀਰ ਠੋਸ, ਲੱਤਾਂ ਛੋਟੀਆਂ ਅਤੇ ਛੋਟੀਆਂ-ਛੋਟੀਆਂ ਅੱਖਾਂ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਕੰਨ ਸਰੀਰ ਦੇ ਬਾਹਰ ਨਹੀਂ ਨਿਕਲੇ ਹੁੰਦੇ। ਇਹ ਦਿਨ ਅਤੇ ਰਾਤ ਵੇਲੇ ਸਰਗਰਮ ਰਹਿੰਦੀਆਂ ਹਨ। ਇਨ੍ਹਾਂ ਦਾ ਮੁੱਖ ਭੋਜਨ ਕੀੜੇ-ਮਕੌੜੇ, ਲਾਰਵੇ ਅਤੇ ਭੂੰਡ ਵਗੈਰਾ ਹੁੰਦੇ ਹਨ। ਇਨ੍ਹਾਂ ਦੇ ਮੂਹਰਲੇ ਪੰਜੇ ਚਪਟੇ ਅਤੇ ਨਹੁੰ ਵੱਡੇ ਹੁੰਦੇ ਹਨ। ਇਨ੍ਹਾਂ ਨਾਲ ਇਹ ਧਰਤੀ ਨੂੰ ਖੋਦਦੇ ਹਨ ਅਤੇ ਪਿਛਲੇ ਪੈਰ ਛੋਟੇ ਪਰ ਮੂੰਹ ਤਿੱਖੇ ਹੁੰਦੇ ਹਨ, ਜਿਨ੍ਹਾਂ ਦੀ ਮਦਦ ਨਾਲ ਇਹ ਖੋਦੀ ਹੋਈ ਮਿੱਟੀ ਨੂੰ ਪਿੱਛੇ ਨੂੰ ਧੱਕ ਦਿੰਦੇ ਹਨ।
ਇਨ੍ਹਾਂ ਦੀ ਇਕ ਹੋਰ ਨਸਲ ਵੀ ਹੁੰਦੀ ਹੈ ਜਿਸ ਨੂੰ 'ਸ਼੍ਰਊ' ਕਹਿੰਦੇ ਹਨ। ਇਨ੍ਹਾਂ ਦਾ ਨੱਕ ਲੰਬਾ ਪਰ ਲੱਤਾਂ ਛੋਟੀਆਂ ਹੁੰਦੀਆਂ ਹਨ। ਇਹ ਬਹੁਤ ਹੀ ਚੁਸਤ-ਦਰੁੱਸਤ ਹੁੰਦੇ ਹਨ ਅਤੇ ਜਿਊਂਦੇ ਰਹਿਣ ਲਈ ਇਨ੍ਹਾਂ ਨੂੰ ਲਗਾਤਾਰ ਭੋਜਨ ਦੀ ਲੋੜ ਪੈਂਦੀ ਹੈ। ਇਹ ਬਹੁਤ ਗੁੱਸੇਖੋਰ ਹੁੰਦੇ ਹਨ ਅਤੇ ਆਪਸ ਵਿਚ ਹੀ ਲੜਦੇ ਰਹਿੰਦੇ ਹਨ। ਇਹ ਆਪਣੇ ਸਰੀਰ ਵਿਚੋਂ ਬਹੁਤ ਗੰਦੀ ਗੰਧ ਬਾਹਰ ਕੱਢਦੇ ਹਨ, ਜਿਸ ਕਰਕੇ ਇਨ੍ਹਾਂ ਦਾ ਦੁਸ਼ਮਣ ਇਨ੍ਹਾਂ ਨੂੰ ਮਾਰਨਾ ਨਹੀਂ ਚਾਹੁੰਦਾ।


-ਨਿਊ ਕੁੰਦਨਪੁਰੀ, ਲੁਧਿਆਣਾ।

ਮਾਂ-ਬੋਲੀ ਦੇ ਮਿੱਠੇ ਬੋਲ

* ਦਸਵੰਧ-ਨੇਕ ਕਮਾਈ ਦਾ ਦਸਵਾਂ ਹਿੱਸਾ।
* ਹਵੇਲੀ-ਮਾਲ ਡੰਗਰ ਬੰਨ੍ਹਣ ਦੀ ਥਾਂ।
* ਝੁੰਡ-ਜਿਥੇ ਬਹੁਤ ਸਾਰੇ ਦਰੱਖਤਾਂ ਦਾ ਇਕੱਠ ਹੋਵੇ।
* ਪ੍ਰਵਾਸੀ-ਵਿਦੇਸ਼ਾਂ ਵਿਚ ਰਹਿਣ ਵਾਲੇ।
* ਲੌਢਾ ਵੇਲਾ-ਦੁਪਹਿਰ ਦਾ ਵੇਲਾ।
* ਰਿਜਕ-ਰੋਜ਼ੀ, ਰੋਟੀ ਨੂੰ ਕਿਹਾ ਗਿਆ।
* ਕਾਗ-ਕਾਂ ਨੂੰ ਕਿਹਾ ਗਿਆ।
* ਨਬਜ਼-ਗੁੱਟ ਦੀ ਉਹ ਨਾੜ ਜਿਹੜੀ ਹਰ ਵਕਤ ਹਰਕਤ ਵਿਚ ਰਹਿੰਦੀ ਹੈ।
* ਚਾਂਗਰਾਂ-ਚੀਕਾਂ, ਕੂਕਾਂ ਮਾਰਨੀਆਂ।
* ਵਸੀਕਾ ਨਵੀਸ-ਅਸ਼ਟਾਮਾਂ ਉੱਤੇ ਲਿਖਣ ਵਾਲਾ।
* ਨਾਬਾਲਗ-18 ਸਾਲ ਤੋਂ ਘੱਟ ਉਮਰ।
* ਬਲਖ-ਅਫਗਾਨਿਸਤਾਨ ਦਾ ਇਕ ਪੁਰਾਣਾ ਸ਼ਹਿਰ।
* ਬੁਖਾਰਾ-ਉਜ਼ਬੇਕਿਸਤਾਨ ਦਾ ਇਕ ਪ੍ਰਸਿੱਧ ਸ਼ਹਿਰ।
* ਦਮੜੀ-ਇਕ ਪੁਰਾਣਾ ਸਿੱਕਾ।
* ਖੁੱਚੀ-ਗੋਡੇ ਹੇਠਲੀ ਡੂੰਘੀ ਥਾਂ।
* ਦੰਦਾਸਾ-ਬੁੱਲ੍ਹ ਰੰਗਣ ਵਾਲੀ ਦਾਤਣ।


-ਪਰਮਜੀਤ ਸਿੰਘ (ਮਾਸਟਰ),
ਸ: ਸੀ: ਸੈ: ਸਕੂਲ, ਵਡਾਲੀ ਗੁਰੂ, ਅੰਮ੍ਰਿਤਸਰ।

ਲੜੀਵਾਰ ਨਾਵਲ-13 ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਮਾਹਿਰਾਂ ਦੇ ਅਨੁਸਾਰ ਧਰੂ ਤਾਰਾ ਸੂਰਜ ਨਾਲੋਂ 2,500 ਗੁਣਾ ਵਧੇਰੇ ਚਮਕੀਲਾ ਹੈ। ਇਹ ਸਾਡੀ ਪ੍ਰਿਥਵੀ ਵੱਲ 24 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ ਹੈ। ਧਰੂ ਤਾਰਾ ਸਾਡੇ ਪੁਲਾੜ ਤੇ ਸਮੁੰਦਰੀ ਮਾਹਿਰਾਂ ਲਈ ਇਕ ਸਹਾਇਕ ਤਾਰਾ ਹੈ। ਸਮੁੰਦਰੀ ਜਹਾਜ਼ਾਂ ਵਾਲੇ ਆਪਣੇ ਸਫ਼ਰ ਵਿਚ ਧਰੂ ਤਾਰੇ ਦੀ ਸਹਾਇਤਾ ਨਾਲ ਦਿਸ਼ਾ ਲੱਭ ਲੈਂਦੇ ਹਨ, ਕਿਉਂਕਿ ਧਰੂ ਤਾਰਾ ਉੱਤਰ ਦਿਸ਼ਾ ਵਿਚ ਹੀ ਸਥਿਰ ਖੜ੍ਹਾ ਰਹਿੰਦਾ ਹੈ। ਸਮੁੱਚੇ ਬ੍ਰਹਿਮੰਡ ਦੀ ਰਚਨਾ ਮਾਹਿਰਾਂ ਅਨੁਸਾਰ ਇਕ ਵੱਡੇ ਧਮਾਕੇ ਨਾਲ ਹੋਈ। ਇਸ ਨੂੰ 'ਬਿੱਗ ਬੈਂਗ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਵਿਗਿਆਨੀਆਂ ਅਨੁਸਾਰ ਸਾਡੇ ਸਭ ਤੋਂ ਨੇੜੇ ਦੀ ਗਲੈਕਸੀ 'ਐਡਰੋਮੀਡਾ ਨੇਬੂਲਾ' ਸਾਡੇ ਵੱਲ 50 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਆ ਰਹੀ ਹੈ। ਧਰਤੀ ਦਾ ਆਕਾਰ ਇਸ ਵਿਸ਼ਾਲ ਬ੍ਰਹਿਮੰਡ ਦੇ ਮੁਕਾਬਲੇ ਕਿਸੇ ਸਾਗਰ ਦੇ ਪਾਣੀ ਦੀ ਇਕ ਬੂੰਦ ਦੇ ਤੁਲ ਹੈ। ਭੂ-ਮਾਹਿਰਾਂ ਦਾ ਵਿਚਾਰ ਹੈ ਕਿ ਪ੍ਰਿਥਵੀ ਉੱਪਰਲੇ ਮਹਾਂਦੀਪ ਲੰਬੇ ਸਮੇਂ ਤੋਂ ਗਾੜ੍ਹੇ ਤੇ ਗਰਮ ਮਾਦੇ ਉੱਪਰ ਤੈਰਦੇ ਆ ਰਹੇ ਹਨ। ਪ੍ਰਿਥਵੀ ਦਾ ਤਿੰਨ-ਚੌਥਾਈ ਭਾਗ ਸਮੁੰਦਰ ਤੇ ਸਾਗਰ ਨੇ ਕੱਜਿਆ ਹੋਇਆ ਹੈ। ਸ਼ਾਇਦ ਇਸੇ ਕਾਰਨ ਹੀ ਪ੍ਰਿਥਵੀ ਪੁਲਾੜ ਵਿਚੋਂ ਦੇਖਦਿਆਂ ਨੀਲੇ ਰੰਗ ਦੀ ਭਾਅ ਮਾਰਦੀ ਹੈ। ਜੇ ਪ੍ਰਿਥਵੀ ਨੂੰ 'ਸਮੁੰਦਰ ਦਾ ਗ੍ਰਹਿ' ਵੀ ਆਖ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।'
'ਵਾਹ ਵਾਹ ਆਨੰਦ ਆ ਗਿਆ ਬਈ ਗੌਰਵ... ਸੱਚਮੁੱਚ ਕਾਫੀ ਰੌਚਿਕ ਜਾਣਕਾਰੀ ਸੀ... ਬਹੁਤ ਵਧੀਆ ਏ ਤੇਰਾ ਇਹ ਮੈਗਜ਼ੀਨ...।' ਰਾਜਨ ਨੇ ਕਿਹਾ ਤੇ ਉਸ ਦੀਆਂ ਅੱਖਾਂ ਵਿਚ ਇਕ ਅਨੋਖੀ ਚਮਕ ਸੀ।
ਉਸ ਵੇਲੇ ਹੀ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੱਜ ਗਈ।
ਇਸ ਤੋਂ ਅਗਲੇ ਦਿਨ ਛੁੱਟੀ ਸਮੇਂ ਤਜਿੰਦਰ ਆਪਣੇ ਦੋਸਤਾਂ ਨੂੰ ਦੱਸ ਰਿਹਾ ਸੀ, 'ਦੋਸਤੋ! ਸਾਡੇ ਗੁਆਂਢ ਇਕ ਲੜਕੀ ਦਾ ਵਿਆਹ ਸੀ। ਉਨ੍ਹਾਂ ਦੇ ਕੁਝ ਰਿਸ਼ਤੇਦਾਰ ਯੂ. ਪੀ. ਤੋਂ ਆਏ ਸਨ। ਕੁਦਰਤੀ ਉਹ ਗੱਡੀ, ਜਿਸ ਵਿਚ ਉਹ ਆ ਰਹੇ ਸਨ, ਉਹ ਮਾਲਵਾ ਐਕਸਪ੍ਰੈੱਸ ਹੀ ਸੀ। ਉਨ੍ਹਾਂ ਨੇ ਦਸੂਹੇ ਆਉਣਾ ਸੀ। ਸਾਮਾਨ ਵਗੈਰਾ ਕਾਫੀ ਸੀ ਪਰ ਉਨ੍ਹਾਂ ਨੂੰ ਜਲੰਧਰ ਛਾਉਣੀ ਹੀ ਉਤਰਨਾ ਪਿਆ, ਕਿਉਂਕਿ ਗੱਡੀ ਦਾ ਦਸੂਹੇ ਠਹਿਰਾਅ ਨਹੀਂ ਸੀ। ਉਨ੍ਹਾਂ ਨੂੰ ਬਹੁਤ ਚੱਕਰ ਪਿਆ। ਸਾਰਾ ਸਾਮਾਨ ਉਤਾਰਿਆ, ਟੈਕਸੀ ਕੀਤੀ। ਜਲੰਧਰ ਬੱਸ ਸਟੈਂਡ ਪਹੁੰਚੇ। ਉਥੋਂ ਬੱਸ ਫੜ ਕੇ ਕਾਫੀ ਰਾਤ ਗਏ ਦਸੂਹੇ ਪਹੁੰਚੇ। ਜੇਕਰ ਗੱਡੀ ਦਾ ਠਹਿਰਾਅ ਦਸੂਹੇ ਹੁੰਦਾ ਤਾਂ ਉਨ੍ਹਾਂ ਨੂੰ ਏਨੀ ਪ੍ਰੇਸ਼ਾਨੀ ਨਹੀਂ ਸੀ ਹੋਣੀ।'
'ਗੱਲ ਤਾਂ ਤੇਰੀ ਤੇਜਿੰਦਰ ਵੀਰੇ ਠੀਕ ਏ। ਇਸੇ ਗੱਲ ਕਰਕੇ ਹੀ ਤਾਂ ਦਾਦਾ ਜੀ ਇਹ ਗੱਡੀ ਰੁਕਵਾਉਣ ਦੀ ਕੋਸ਼ਿਸ਼ ਕਰ ਰਹੇ ਨੇ', ਡੌਲੀ ਨੇ ਹੌਸਲੇ ਨਾਲ ਕਿਹਾ।
'ਵੈਸੇ ਡੌਲੀ, ਜਿਹੜੀ ਚਿੱਠੀ ਦੁਬਾਰਾ ਦਾਦਾ ਜੀ ਨੇ ਰੇਲਵੇ ਮੰਤਰੀ ਨੂੰ ਪਾਈ ਸੀ, ਉਸ ਦਾ ਕੋਈ ਜਵਾਬ ਆਇਆ ਜਾਂ ਨਹੀਂ...।' ਪ੍ਰੀਤ ਨੇ ਪੁੱਛਿਆ।
'ਨਹੀਂ ਪ੍ਰੀਤ, ਉਸ ਚਿੱਠੀ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ, ਸਗੋਂ ਕੱਲ੍ਹ ਇਕ ਹੋਰ ਚਿੱਠੀ ਰੇਲਵੇ ਮੰਤਰੀ ਸਾਹਿਬ ਦੀ ਆਈ ਹੈ।'
'ਉਸ ਚਿੱਠੀ ਵਿਚ ਕੀ ਲਿਖਿਆ ਹੈ?' ਰਾਜਨ ਨੇ ਪੁੱਛਿਆ।
'ਵੀਰ ਜੀ! ਉਸ ਚਿੱਠੀ ਵਿਚ ਵੀ ਉਹੀਓ ਗੱਲ ਲਿਖੀ ਹੈ ਪਈ ਜੇਕਰ ਇਹ ਗੱਡੀ ਛੋਟੇ ਸਟੇਸ਼ਨਾਂ 'ਤੇ ਰੁਕਣ ਲੱਗ ਪਈ ਤਾਂ ਦੂਰ ਜਾਣ ਵਾਲੇ ਮੁਸਾਫ਼ਿਰਾਂ ਨੂੰ ਬੇਆਰਾਮੀ ਹੋਵੇਗੀ ਅਤੇ ਗੱਡੀ ਦੀ ਸਪੀਡ ਘੱਟ ਹੋਣ ਕਰਕੇ ਰੇਲ ਵਿਭਾਗ ਨੂੰ ਹਰ ਸਾਲ 16 ਲੱਖ ਰੁਪਏ ਦਾ ਘਾਟਾ ਪਵੇਗਾ... ਬਸ ਆਹ ਗੱਲ ਨਵੀਂ ਲਿਖੀ ਏ ਘਾਟੇ ਵਾਲੀ', ਡੌਲੀ ਨੇ ਦੱਸਿਆ।
'ਵੈਸੇ ਡੌਲੀ ਮੈਂ ਸੋਚਦਾਂ, ਹੁਣ ਤਾਂ ਦਾਦਾ ਜੀ ਗੱਡੀ ਰੁਕਵਾਉਣ ਦਾ ਖਿਆਲ ਆਪਣੇ ਮਨ ਵਿਚੋਂ ਕੱਢ ਹੀ ਦੇਣਗੇ, ਕਿਉਂਕਿ ਦੋ ਚਿੱਠੀਆਂ ਇਕੱਠੀਆਂ ਹੀ ਆ ਗਈਆਂ ਨੇ।' ਗੌਰਵ ਜੋ ਹੁਣ ਤੱਕ ਚੁੱਪ ਸੀ, ਬੋਲਿਆ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98552-35424

ਬਾਲ ਕਵਿਤਾ: ਸਾਫ਼-ਸੁਥਰੀ ਛੱਲੀ ਖਾਓ

ਪਿੰਡੋਂ ਆਏ ਮਾਮਾ ਜੀ,
ਛੱਲੀਆਂ, ਗੰਨੇ ਲਿਆਏ।
ਮੰਮੀ ਭੁੰਨੀਆਂ ਛੱਲੀਆਂ ਕੁਝ,
ਵੇਖ ਮੂੰਹ 'ਚ ਪਾਣੀ ਆਏ।
ਛੱਲੀਆਂ 'ਤੇ ਨਿੰਬੂ ਛਿੜਕ,
ਥੋੜ੍ਹਾ ਨਮਕ ਲਗਾਇਆ।
ਸਭਨਾਂ ਇਕ-ਇਕ ਛੱਲੀ ਲਈ,
ਖਾ ਕੇ ਮਜ਼ਾ ਸੀ ਆਇਆ।
ਮਾਮਾ ਜੀ ਦੱਸਿਆ ਸਾਨੂੰ,
ਛੱਲੀ ਵਿਚ ਬੜੇ ਗੁਣ।
ਨਵੀਂ ਪਨੀਰੀ ਜੰਕ ਫੂਡ ਖਾਵੇ,
ਛੱਲੀ ਨਾ ਮੰਗਦੇ ਹੁਣ।
ਖੁੱਲ੍ਹੇ ਵਿਚ ਜੋ ਵਿਕਣ ਛੱਲੀਆਂ,
ਬਸ ਏਨਾ ਰੱਖੋ ਧਿਆਨ।
ਸਾਫ਼-ਸੁਥਰੀ ਹੀ ਛੱਲੀ ਖਾਓ,
ਸਿਹਤ ਨੂੰ ਨਾ ਹੋਵੇ ਨੁਕਸਾਨ।


-ਹਰਿੰਦਰ ਸਿੰਘ ਗੋਗਨਾ,
ਕੰਟਰੋਲਰ ਦਫ਼ਤਰ (ਪ੍ਰੀਖਿਆਵਾਂ), ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 98723-25960

ਬਾਲ ਗੀਤ: ਇਸ ਵਾਰੀ ਆਪਣੇ ਜਨਮ ਦਿਵਸ 'ਤੇ ਬੂਟੇ ਮੈਂ ਲਗਾਵਾਂਗਾ

ਇਸ ਵਾਰੀ ਆਪਣੇ ਜਨਮ ਦਿਵਸ 'ਤੇ ਬੂਟੇ ਮੈਂ ਲਗਾਵਾਂਗਾ,
ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਯੋਗਦਾਨ ਮੈਂ ਪਾਵਾਂਗਾ।
ਰੁੱਖ ਨੇ ਕੁਦਰਤ ਦਾ ਸਰਮਾਇਆ ਸੋਹਣਾ ਸੰਸਾਰ ਬਣਾਉਂਦੇ ਨੇ,
ਪ੍ਰਦੂਸ਼ਣ ਦੇ ਫੈਲਣ 'ਤੇ ਇਹ ਡਟ ਕੇ ਰੋਕ ਲਗਾਉਂਦੇ ਨੇ।
ਰੁੱਖਾਂ ਦੇ ਨਾਲ ਪਿਆਰ ਕਰੋ ਘਰ-ਘਰ ਸੰਦੇਸ਼ ਪਹੁੰਚਾਵਾਂਗਾ,
ਇਸ ਵਾਰੀ ਆਪਣੇ ਜਨਮ ਦਿਨ 'ਤੇ ਬੂਟੇ ਮੈਂ ਲਗਾਵਾਂਗਾ।
ਗਰਮੀ ਵਿਚ ਦਿੰਦੇ ਠੰਢੀ ਛਾਂ, ਵਰਖਾ ਵੀ ਲਿਆਉਂਦੇ ਨੇ,
ਦਿੰਦੇ ਸਾਨੂੰ ਫਲ ਤੇ ਫੁੱਲ ਇਹ, ਭੌਂ-ਖੋਰ ਬਚਾਉਂਦੇ ਨੇ।
ਫਿਰ ਕਿਉਂ ਇਨ੍ਹਾਂ ਨੂੰ ਕੱਟਿਆ ਜਾਂਦਾ, ਇਹ ਸਵਾਲ ਉਠਾਵਾਂਗਾ,
ਇਸ ਵਾਰੀ ਆਪਣੇ ਜਨਮ ਦਿਨ 'ਤੇ ਬੂਟੇ ਮੈਂ ਲਗਾਵਾਂਗਾ।
'ਗੋਗੀ ਜ਼ੀਰੇ' ਵਾਲੇ ਨੇ ਘਰ, ਸਕੂਲ ਨੂੰ ਸੁੰਦਰ ਬਣਾਉਣਾ ਏਂ,
ਦੇਸ਼ ਦੀ ਖੁਸ਼ਹਾਲੀ ਵਿਚ ਬਣਦਾ ਹਿੱਸਾ ਪਾਉਣਾ ਏਂ।
ਆਪਣਾ ਤੇ ਆਪਣੇ ਮਾਪਿਆਂ ਦਾ ਨਾਂਅ ਵੀ ਰੁਸ਼ਨਾਵਾਂਗਾ,
ਇਸ ਵਾਰੀ ਆਪਣੇ ਜਨਮ ਦਿਨ 'ਤੇ ਬੂਟੇ ਮੈਂ ਲਗਾਵਾਂਗਾ।
ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਯੋਗਦਾਨ ਮੈਂ ਪਾਵਾਂਗਾ।


-ਗੋਗੀ ਜ਼ੀਰਾ,
15/108, ਪੁਰਾਣੀ ਤਲਵੰਡੀ ਰੋਡ, ਜ਼ੀਰਾ (ਫਿਰੋਜ਼ਪੁਰ)। ਮੋਬਾ: 97811-36240

ਚੁਟਕਲੇ

* ਨੌਕਰ (ਰੋਂਦੇ-ਰੋਂਦੇ ਸ਼ਿੰਕੂ ਬਾਬੂ ਜੀ ਨੂੰ)-ਆਪਣਾ ਕੁੱਤਾ ਮਰ ਗਿਆ ਹੈ, ਹੁਣ ਮੇਰਾ ਕੀ ਹਾਲ ਹੋਵੇਗਾ?
ਸ਼ਿੰਕੂ-ਤੂੰ ਇਸ ਤਰ੍ਹਾਂ ਕਿਉਂ ਰੋ ਰਿਹਾ ਏਂ?
ਨੌਕਰ-ਬਾਬੂ ਜੀ, ਹੁਣ ਮੈਨੂੰ ਘਰ ਦੇ ਹੋਰ ਕੰਮਾਂ ਨਾਲ ਜੂਠੇ ਭਾਂਡੇ ਵੀ ਮਾਂਜਣੇ ਪੈਣਗੇ।
* ਨਰੇਸ਼ (ਡਾਕਟਰ ਨੂੰ)-ਡਾਕਟਰ ਸਾਹਿਬ, ਜਲਦੀ ਕਰੋ, ਲਗਦਾ ਹੈ ਮੇਰੀਆਂ ਅੱਖਾਂ ਖਰਾਬ ਹੋ ਗਈਆਂ ਹਨ।
ਡਾਕਟਰ-ਸਾਰੇ ਚੈਕਅੱਪ ਤੋਂ ਪਤਾ ਲਗਦਾ ਹੈ ਕਿ ਤੁਹਾਡੀਆਂ ਅੱਖਾਂ ਬਿਲਕੁਲ ਠੀਕ ਹਨ।
ਨਰੇਸ਼-ਫਿਰ ਅਖ਼ਬਾਰ ਵਿਚ ਮੈਨੂੰ ਆਪਣਾ ਰੋਲ ਨੰਬਰ ਕਿਉਂ ਨਹੀਂ ਦਿਖਾਈ ਦਿੰਦਾ?
* ਸ਼ਿੰਕ ਕੁਮਾਰ (ਰਾਜੂ ਨੂੰ)-ਤੂੰ ਇਹ ਮੋਮਬੱਤੀ ਲੈ ਕੇ ਕਿਥੇ ਜਾ ਰਿਹਾ ਏਂ?
ਰਾਜੂ-ਮੈਂ ਮਰਨ ਜਾ ਰਿਹਾ ਹਾਂ, ਮੇਰੀ ਪਤਨੀ ਤੰਗ ਕਰਦੀ ਹੈ।
ਸ਼ਿੰਕੂ ਕੁਮਾਰ-ਜੇ ਮਰਨਾ ਹੈ ਤਾਂ ਮੋਮਬੱਤੀ ਦੀ ਕੀ ਲੋੜ ਹੈ?
ਰਾਜੂ-ਤਾਂ ਕਿ ਹਨੇਰੇ ਵਿਚ ਕਿਤੇ ਸੱਟ ਨਾ ਲੱਗ ਜਾਵੇ।
* ਤਮੰਨਾ (ਪਿਤਾ ਨੂੰ)-ਪਾਪਾ, ਚਿੱਤਰ ਦੇ ਹੇਠਾਂ ਹਮੇਸ਼ਾ ਚਿੱਤਰਕਾਰ ਦਾ ਨਾਂਅ ਕਿਉਂ ਲਿਖਿਆ ਹੁੰਦਾ ਹੈ?
ਪਿਤਾ-ਤਾਂ ਕਿ ਹਰ ਕੋਈ ਜਾਣ ਲਵੇ ਕਿ ਚਿੱਤਰ ਸਿੱਧਾ ਕਿਧਰੋਂ ਹੈ।


-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ।
ਮੋਬਾ: 98140-97917

ਬਾਲ ਗੀਤ: ਸਾਵਣ ਨੇ ਝੜੀ ਲਗਾਈ

ਸਾਵਣ ਨੇ ਅੱਜ ਝੜੀ ਲਗਾਈ,
ਸਭ ਦੇ ਚਿਹਰੇ ਰੌਣਕ ਆਈ।
ਜੀਵ-ਜੰਤੂ ਰਲ ਨੱਚਣ ਲੱਗੇ,
ਫ਼ਸਲਾਂ ਨੇ ਵੀ ਲਈ ਅੰਗੜਾਈ।
ਘਰਾਂ 'ਚ ਬਣ ਗਏ ਖੀਰਾਂ-ਪੂੜੇ,
ਤੀਆਂ ਵਿਚ ਵੀ ਰੌਣਕ ਆਈ।
ਪਿੱਪਲੀਂ ਪੀਂਘਾਂ ਪਾਈਆਂ ਕੁੜੀਆਂ,
ਮਿਲ ਬੈਠ ਇਕੱਠੀਆਂ ਜੁੜੀਆਂ।
ਸਤਰੰਗੀ ਪੀਂਘ ਵੀ ਪੈ ਗਈ,
ਸਭ ਨੇ ਆਪਣੀ ਸੈਲਫੀ ਲੈ ਲਈ।
ਸਾਵਣ ਵੀਰਾ ਸਦਾ ਹੀ ਆਵੀਂ,
ਖੁਸ਼ੀਆਂ-ਖੇੜੇ ਨਾਲ ਲਿਆਵੀਂ।
ਰੱਬਾ-ਰੱਬਾ ਮੀਂਹ ਵਰ੍ਹਾ ਦਈਂ,
ਸਭ ਦੀਆਂ ਆਸਾਂ ਪੂਰੀਆਂ ਪਾ ਦਈਂ।
ਕਾਲੀ ਘਨਘੋਰ ਘਟਾ ਫਿਰ ਛਾਈ,
ਰੁਮਕ-ਰੁਮਕ ਕੇ ਹਵਾ ਵੀ ਆਈ।
ਸਾਵਨ ਰੁੱਤਾਂ ਦਾ ਸਰਮਾਇਆ,
ਸਭ ਦੇ ਮਨ ਨੂੰ ਰਹਿੰਦਾ ਭਾਇਆ।


-ਰਾਜਿੰਦਰ ਕੌਰ ਗਿੱਲ,
25, ਮੋਹਨ ਐਵੇਨਿਊ, ਨੇੜੇ ਸਪਰਿੰਗ ਡੇਲ ਸਕੂਲ, (ਅੰਮ੍ਰਿਤਸਰ)। ਮੋਬਾ: 88968-20004





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX