ਤਾਜਾ ਖ਼ਬਰਾਂ


ਨਕਸਲੀਆਂ ਨਾਲ ਮੁੱਠਭੇੜ 'ਚ 1 ਜਵਾਨ ਸ਼ਹੀਦ , 5 ਜ਼ਖ਼ਮੀ
. . .  1 day ago
ਰਾਏਪੁਰ 18 ਮਾਰਚ - ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ 'ਚ ਸੀ ਆਰ ਪੀ ਐਫ ਦਾ ਇਕ ਜਵਾਨ ਹੋ ਸ਼ਹੀਦ ਗਿਆ ਅਤੇ 5 ਜਵਾਨ ਜ਼ਖ਼ਮੀ ਹੋਏ ਹਨ ।
ਅਫ਼ਗ਼ਾਨਿਸਤਾਨ : ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ 45 ਅੱਤਵਾਦੀ ਢੇਰ
. . .  1 day ago
ਮਾਸਕੋ, 18 ਮਾਰਚ- ਅਫ਼ਗ਼ਾਨਿਸਤਾਨ 'ਚ ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 45 ਤਾਲਿਬਾਨੀ ਅੱਤਵਾਦੀ ਢੇਰ ਹੋ ਗਏ ਹਨ। ਇਸ ਦੌਰਾਨ ਕਾਫੀ ਮਾਤਰਾ 'ਚ ਹਥਿਆਰ ਅਤੇ ਗੋਲਾ ...
ਦਾਂਤੇਵਾੜਾ 'ਚ ਹੋਏ ਆਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ
. . .  1 day ago
ਰਾਏਪੁਰ, 18 ਮਾਰਚ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ ਦੇ ਦੌਰਾਨ ਹੋਏ ਆਈ.ਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ .....
ਕੱਲ੍ਹ ਹੋਵੇਗੀ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ
. . .  1 day ago
ਨਵੀਂ ਦਿੱਲੀ, 18 ਮਾਰਚ- ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੱਲ੍ਹ ਸ਼ਾਮ 5.30 ਵਜੇ ਦਿੱਲੀ 'ਚ ਹੋਵੇਗੀ। ਭਾਜਪਾ ਉਮੀਦਵਾਰਾਂ ਦੀ ਪਹਿਲੀ ਲਿਸਟ ਵੀ ਕੱਲ੍ਹ ਹੀ ਜਾਰੀ ਹੋ.....
ਪੰਜ ਤੱਤਾਂ 'ਚ ਵਿਲੀਨ ਹੋਏ ਮਨੋਹਰ ਪਾਰੀਕਰ
. . .  1 day ago
ਪਣਜੀ, 18 ਮਾਰਚ- ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮਨੋਹਰ ਪਾਰੀਕਰ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਬੇਟੇ .....
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫ਼ਿਕੇਸ਼ਨ ਜਾਰੀ
. . .  1 day ago
ਨਵੀਂ ਦਿੱਲੀ, 18 ਮਾਰਚ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ। ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ...
20 ਮਾਰਚ ਨੂੰ ਹੋਵੇਗੀ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ ਦੀ ਅਗਲੀ ਸੁਣਵਾਈ
. . .  1 day ago
ਨਵੀਂ ਦਿੱਲੀ, 18 ਮਾਰਚ- ਸਮਝੌਤਾ ਐਕਸਪ੍ਰੈੱਸ 'ਚ ਹੋਏ ਧਮਾਕੇ ਦੇ ਮਾਮਲੇ 'ਚ ਪੰਚਕੂਲਾ ਸਥਿਤ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਅਗਲੀ ਸੁਣਵਾਈ 20 ਮਾਰਚ ਨੂੰ.....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਨਾਭਾ, 18 ਮਾਰਚ (ਕਰਮਜੀਤ ਸਿੰਘ)- ਨਾਭਾ ਦੇ ਨੇੜੇ ਰੋਹਟੀ ਪੁਲ ਨਾਲ ਲੱਗਦੀ ਇੱਕ ਕਾਲੋਨੀ 'ਚ 20 ਸਾਲਾ ਵਿਜੇ ਕੁਮਾਰ ਨਾਮੀ ਇੱਕ ਨੌਜਵਾਨ ਨੇ ਪ੍ਰੇਮ ਸੰਬੰਧਾਂ 'ਚ ਅਸਫਲ ਰਹਿੰਦੀਆਂ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਖ਼ੁਦਕੁਸ਼ੀ ਕਰਨ ਤੋਂ...
ਪਟਿਆਲਾ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  1 day ago
ਪਟਿਆਲਾ, 18 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਪਹੁੰਚੇ ਹਨ । ਇੱਥੇ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਵਿਸ਼ੇਸ਼ .....
ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਅੱਗ, ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ
. . .  1 day ago
ਨੂਰਪੁਰ ਬੇਦੀ 18 ਮਾਰਚ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਟਰੱਕ ਯੂਨੀਅਨ ਦੇ ਨਾਲ ਲੱਗਦੀ ਇੱਕ ਦਲਿਤ ਬਸਤੀ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਅੱਜ ਅੱਗ ਲੱਗਣ ਕਾਰਨ ਇੱਕ ਪੰਜ ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਰੂਪ ਨਾਲ...
ਹੋਰ ਖ਼ਬਰਾਂ..

ਲੋਕ ਮੰਚ

ਸੋਸ਼ਲ ਸਾਈਟਾਂ ਕਰ ਰਹੀਆਂ ਨੇ ਸਮਾਜ ਨੂੰ ਗੰਧਲਾ

ਆਧੁਨਿਕ ਯੁੱਗ ਤਰੱਕੀ ਦਾ ਯੁੱਗ ਹੈ | ਹਰ ਖੇਤਰ ਵਿਚ ਲਗਾਤਾਰ ਤਰੱਕੀ ਹੋ ਰਹੀ ਹੈ | ਤਕਨਾਲੋਜੀ ਦੇ ਬਦਲਣ ਨਾਲ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ | ਖਾਸ ਤੌਰ 'ਤੇ ਬਦਲ ਰਹੀਆਂ ਤਕਨੀਕਾਂ ਬੱਚਿਆਂ ਲਈ ਬਹੁਤ ਅਸਰਦਾਰ ਹੋ ਰਹੀਆਂ ਹਨ | ਜੇਕਰ ਕੁਝ ਸਾਲ ਪਹਿਲਾਂ ਦੀ ਗੱਲ ਕਰੀਏ, ਤਾਂ ਸੁਨੇਹਾ ਭੇਜਣ ਲਈ ਚਿੱਠੀ-ਪੱਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ | ਆਧੁਨਿਕ ਯੁੱਗ ਵਿਚ ਮੋਬਾਈਲ ਫੋਨ ਆ ਚੁੱਕਾ ਹੈ, ਜਿਸ ਦੀ ਮਦਦ ਨਾਲ ਅਸੀਂ ਬੜੀ ਅਸਾਨੀ ਨਾਲ ਇਕ-ਦੂਜੇ ਨਾਲ ਜੁੜ ਚੁੱਕੇ ਹਾਂ | ਮੋਬਾਈਲ ਫੋਨ ਦੇ ਆਉਣ ਨਾਲ ਇੰਟਰਨੈੱਟ ਦੀ ਵਰਤੋਂ ਆਮ ਹੀ ਹੋ ਗਈ ਹੈ | ਅੱਜ ਦਾ ਜੋ ਰੁਝਾਨ ਹੈ, ਉਸ ਮੁਤਾਬਕ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਮੋਬਾਈਲ ਫੋਨ 'ਤੇ ਇੰਟਰਨੈੱਟ ਦੀ ਵਰਤੋਂ ਵੱਖਰੇ-ਵੱਖਰੇ ਤੌਰ 'ਤੇ ਕਰਨ ਲੱਗ ਪਏ ਹਨ, ਜੋ ਕਿ ਸਮਾਜਿਕ ਤਾਣੇ-ਬਾਣੇ ਲਈ ਸੋਚਣ ਦਾ ਸਬੱਬ ਹੈ | ਇੰਟਰਨੈੱਟ ਦੀ ਵਧ ਰਹੀ ਵਰਤੋਂ ਨੇ ਫੇਸਬੁੱਕ ਅਤੇ ਵਟਸਐਪ ਜਿਹੀਆਂ ਸਾਈਟਾਂ ਦੀ ਵਰਤੋਂ ਨੂੰ ਲਗਭਗ ਜ਼ਰੂਰੀ ਜਿਹਾ ਬਣਾ ਦਿੱਤਾ ਹੈ | ਅੱਜ ਦੀ ਤਰੀਕ ਵਿਚ ਕੀ ਛੋਟਾ, ਕੀ ਵੱਡਾ, ਹਰ ਕੋਈ ਇਨ੍ਹਾਂ ਸਾਈਟਾਂ ਦਾ ਦੀਵਾਨਾ ਹੈ |
ਭਾਵੇਂ ਹਰ ਕੋਈ ਇਨ੍ਹਾਂ ਸਾਈਟਾਂ ਦੇ ਰੁਝਾਨ ਤੋਂ ਬਚ ਨਹੀਂ ਸਕਿਆ ਪਰ 12 ਤੋਂ 20 ਸਾਲ ਦੇ ਨੌਜਵਾਨ ਤਾਂ ਇਸ ਵਿਚ ਪੂਰੀ ਤਰ੍ਹਾਂ ਲਿਪਤ ਹਨ | ਇਹੋ ਸਾਈਟਾਂ ਹਨ, ਜਿਨ੍ਹਾਂ ਰਾਹੀਂ ਅਸੀਂ ਕੋਈ ਵੀ ਤਸਵੀਰ, ਆਡੀਓ, ਵੀਡੀਓ ਡਾਟਾ ਬੜੀ ਅਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਭੇਜ ਸਕਦੇ ਹਾਂ | ਆਧੁਨਿਕ ਯੁੱਗ ਵਿਚ ਸੋਸ਼ਲ ਨੈਟਵਰਕਿੰਗ ਸਾਈਟਾਂ ਨੂੰ ਵਰਤਣਾ ਆਮ ਜਿਹੀ ਗੱਲ ਮੰਨੀ ਜਾਂਦੀ ਹੈ, ਕਿਉਂਕਿ ਇਹ ਸਹੂਲਤ ਬਹੁਤ ਵੱਡੀ ਹੈ | ਘਰ ਬੈਠੇ ਹੀ ਅਸੀਂ ਪੁੂਰੇ ਸੰਸਾਰ ਨੂੰ ਆਪਣੀ ਜੇਬ ਵਿਚ ਰੱਖਦੇ ਹਾਂ | ਦੋਸਤਾਂ-ਮਿੱਤਰਾਂ ਨਾਲ ਦਿਲ ਦੀਆਂ ਗੱਲਾਂ ਖੋਲ੍ਹ ਕੇ ਕਰ ਸਕਦੇ ਹਾਂ | ਆਪਣੇ ਵਿਚਾਰਾਂ ਤੋਂ ਬਾਕੀਆਂ ਨੂੰ ਸੌਖੇ ਤਰੀਕੇ ਨਾਲ ਜਾਣੂ ਕਰਵਾ ਸਕਦੇ ਹਾਂ, ਪਰ ਹੋ ਕੀ ਰਿਹਾ ਹੈ? ਇਨ੍ਹਾਂ ਸੋਸ਼ਲ ਸਾਈਟਾਂ ਦੇ ਫਾਇਦਿਆਂ ਦੇ ਨਾਲ ਹੀ ਨੁਕਸਾਨ ਵੱਡੇ ਮੂੰਹ ਅੱਡੀ ਖੜ੍ਹੇ ਹਨ | ਫੇਸ ਬੁੱਕ, ਵਟਸਐਪ ਅਤੇ ਟਵਿੱਟਰ ਜਿਹੀਆਂ ਸਾਈਟਾਂ ਰਾਹੀਂ ਨਵੇਂ-ਨਵੇਂ ਕੁਕਰਮ ਸਾਹਮਣੇ ਆ ਰਹੇ ਹਨ | ਲੋਕ ਗਲਤ ਅਤੇ ਅਸ਼ਲੀਲ ਸਮੱਗਰੀ ਅੱਪਲੋਡ ਕਰਕੇ ਸਮਾਜ ਅਤੇ ਨਵੀਂ ਪਨੀਰੀ ਨੂੰ ਗੰਦਾ ਕਰਨ ਲੱਗੇ ਹੋਏ ਹਨ | ਨੌਜਵਾਨ ਪੀੜ੍ਹੀ ਨੂੰ ਆਪਣੇ ਭਲੇ-ਬੁਰੇ ਦੀ ਸਮਝ ਨਹੀਂ ਹੁੰਦੀ, ਇਸ ਲਈ ਉਹ ਗਲਤ-ਮਲਤ ਦੇ ਮੈਸਜਾਂ ਵਿਚ ਪੈ ਕੇ ਆਪਣਾ ਕੈਰੀਅਰ ਤਬਾਹ ਕਰ ਲੈਂਦੀ ਹੈ |
ਗੱਲ ਇੱਥੇ ਹੀ ਖਤਮ ਨਹੀਂ ਹੁੰਦੀ | ਇਨ੍ਹਾਂ ਸਾਈਟਾਂ ਕਾਰਨ ਸਾਡਾ ਆਪਸੀ ਭਾਈਚਾਰਾ ਵੀ ਕਾਫੀ ਘਟ ਗਿਆ ਹੈ | ਸਾਰਾ ਦਿਨ ਫੋਨ ਦੀ ਵਰਤੋਂ ਕਰ ਰਿਹਾ ਇਕ ਕਾਲਜੀ ਵਿਦਿਆਰਥੀ ਇਹ ਵੀ ਭੁੱਲ ਜਾਂਦਾ ਹੈ ਕਿ ਉਸ ਦੀ ਮਾਂ ਨੇ ਰੋਟੀ ਲਈ ਆਵਾਜ਼ ਲਗਾਈ ਸੀ, ਉਸ ਦੇ ਪਿਤਾ ਨੇ ਉਸ ਨੂੰ ਕੋਈ ਕੰਮ ਕਰਕੇ ਆਉਣ ਲਈ ਕਿਹਾ ਸੀ ਵਗੈਰਾ-ਵਗੈਰਾ | ਦਿਮਾਗ ਦੇ ਦਰਵਾਜ਼ੇ ਬੰਦ ਕਰੀ ਬੈਠੀ ਇਹ ਪੀੜ੍ਹੀ ਇਨ੍ਹਾਂ ਸਾਈਟਾਂ ਦੀ ਗੁਲਾਮ ਬਣ ਕੇ ਚਿੜਚਿੜੀ ਹੋ ਰਹੀ ਹੈ, ਜਿਸ ਕਾਰਨ ਸਮਾਜ ਵਿਚ ਜੁਰਮ ਵਧਦੇ ਹਨ | ਸਾਡੇ ਰਿਸ਼ਤਿਆਂ 'ਚ ਕੜਵਾਹਟ ਘੁਲ ਰਹੀ ਹੈ | ਨੌਜਵਾਨ ਪੀੜ੍ਹੀ ਗ਼ਲਤ ਅਤੇ ਅਸ਼ਲੀਲ ਸਮੱਗਰੀ ਇੰਟਰਨੈੱਟ ਉੱਤੇ ਪਾਉਣ ਵਿਚ ਜ਼ਰਾ ਵੀ ਸੰਕੋਚ ਨਹੀਂ ਕਰਦੀ | ਹਾਲਾਂਕਿ ਸਰਕਾਰ ਨੇ ਇਹੋ ਜਿਹੇ ਅਪਰਾਧ ਰੋਕਣ ਲਈ ਸਖਤ ਕਾਨੂੰਨ ਬਣਾਏ ਹਨ, ਪਰ ਉਨ੍ਹਾਂ ਦੀ ਪਾਲਣਾ ਕੌਣ ਕਰਦਾ ਹੈ? ਇਸ ਦੇ ਨਤੀਜੇ ਵਜੋਂ ਕਈਆਂ ਦੀ ਜ਼ਿੰਦਗੀ ਨਾਲ ਭੱਦਾ ਮਜ਼ਾਕ ਹੋ ਜਾਂਦਾ ਹੈ | ਉਸ ਦੀ ਜ਼ਿੰਦਗੀ ਦੁੱਭਰ ਹੋ ਜਾਂਦੀ ਹੈ | ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਜਿਹੇ ਜੁਰਮਾਂ ਤੋਂ ਆਉਣ ਵਾਲੀ ਨਸਲ ਨੂੰ ਸੁਚੇਤ ਕਰੀਏ, ਤਾਂ ਕਿ ਇਕ ਨਵੇਂ ਪਣਪ ਰਹੇ ਜੁਰਮ ਤੋਂ ਇਹ ਸਮਾਜ ਮੁਕਤ ਕੀਤਾ ਜਾ ਸਕੇ |
-ਪਿੰਡ ਮੁਕਾਰੀ, ਤਹਿ: ਅਨੰਦਪੁਰ ਸਾਹਿਬ, ਰੂਪਨਗਰ |


ਖ਼ਬਰ ਸ਼ੇਅਰ ਕਰੋ

ਸਰਕਾਰੀ ਹਸਪਤਾਲਾਂ ਵਿਚ ਸਫ਼ਾਈ ਪ੍ਰਬੰਧਾਂ ਦੀ ਭਾਰੀ ਘਾਟ

ਵੈਸੇ ਤਾਂ ਜ਼ਿਆਦਾਤਰ ਸਰਕਾਰੀ ਵਿਭਾਗਾਂ, ਸੰਸਥਾਵਾਂ ਵਿਚ ਮੁਲਾਜ਼ਮਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਆਦਿ ਸਮੱਸਿਆਵਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਸਰਕਾਰਾਂ ਵੱਲੋਂ ਲਗਾਤਾਰ ਯਤਨ ਜਾਰੀ ਰਹਿੰਦੇ ਹਨ, ਪਰ ਸਿਹਤ ਸੰਸਥਾਵਾਂ ਵਿਚ ਪਾਈ ਜਾਂਦੀ ਸਫ਼ਾਈ ਪ੍ਰਬੰਧਾਂ ਦੀ ਘਾਟ ਵੱਲ ਕਦੇ ਕਿਸੇ ਨੇ ਬਹੁਤੀ ਤਵੱਜੋਂ ਨਹੀਂ ਦਿੱਤੀ |
ਹਸਪਤਾਲਾਂ ਵਿਚ ਸਫ਼ਾਈ ਦਾ ਹੋਣਾ ਬਾਕੀ ਸੰਸਥਾਵਾਂ ਨਾਲੋਂ ਜ਼ਿਆਦਾ ਜ਼ਰੂਰੀ ਇਸ ਲਈ ਵੀ ਹੈ ਕਿ ਇਕ ਤਾਂ ਹਸਪਤਾਲਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਨੇ ਆਉਣਾ ਹੁੰਦਾ ਹੈ, ਦੂਜਾ ਸਫ਼ਾਈ ਦੀ ਘਾਟ ਕਾਰਨ ਮਰੀਜ਼ਾਂ, ਦੇਖ਼-ਭਾਲ ਕਰਨ ਵਾਲਿਆਂ, ਮਿਜ਼ਾਜ਼ਪੁਰਸ਼ੀ ਲਈ ਆਉਣ ਵਾਲਿਆਂ ਅਤੇ ਡਾਕਟਰਾਂ ਸਮੁੱਚੇ ਸਿਹਤ ਮੁਲਾਜ਼ਮਾਂ ਲਈ ਵੀ ਹਰ ਵੇਲੇ ਇਨਫੈਕਸ਼ਨ ਦਾ ਖ਼ਤਰਾ ਬਣਿਆ ਰਹਿੰਦਾ ਹੈ | ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਨਰਲ ਵਾਰਡਾਂ, ਪਿਸ਼ਾਬ ਘਰਾਂ, ਪੀਣ ਵਾਲੇ ਪਾਣੀ ਦੇ ਸਰੋਤਾਂ, ਬਰਾਮਦਿਆਂ ਆਦਿ ਵਿਚ ਸਫ਼ਾਈ ਦੀ ਭਾਰੀ ਘਾਟ ਪਾਈ ਜਾਂਦੀ ਹੈ | ਕਈ ਵਾਰ ਤਾਂ ਉਪਰੇਸ਼ਨ ਥੀਏਟਰਾਂ ਵਿਚ ਵੀ ਚੂਹੇ, ਕਾਕਰੋਚ, ਟਿੱਡੀਆਂ, ਮੱਕੜੀਆਂ ਦੀ ਮੌਜੂਦਗੀ ਵੇਖੀ ਗਈ ਹੈ | ਇਸ ਤੋਂ ਇਲਾਵਾ ਟੁੱਟੀਆਂ ਖਿੜਕੀਆਂ, ਟੁੱਟੇ ਸ਼ੀਸ਼ੇ, ਜਾਲੇ, ਸਲਾਭ, ਤਰੇੜਾਂ, ਰੰਗ-ਰੋਗਨ ਦੀ ਘਾਟ, ਪਾਣੀ ਦੀ ਲੀਕੇਜ, ਸੀਵਰੇਜ ਜਾਮ, ਕੂੜਾ-ਕਰਕਟ ਦਾ ਸਮੇਂ ਸਿਰ ਢੁਕਵਾਂ ਨਿਪਟਾਰਾ ਨਾ ਕਰਨ ਕਰਕੇ ਖੱਲ੍ਹਾਂ-ਖੂੰਜਿਆਂ ਵਿਚ ਪਈਆਂ ਪੱਟੀਆਂ, ਟੀਕੇ ਅਤੇ ਬਿਜਲੀ ਉਪਕਰਨਾਂ ਦਾ ਖ਼ਰਾਬ ਜਾਂ ਮਾੜੀ ਹਾਲਤ ਵਿਚ ਹੋਣਾ ਆਦਿ ਅਜਿਹੀਆਂ ਖਾਮੀਆਂ ਹਨ, ਜਿਨ੍ਹਾਂ ਦਾ ਹੱਲ ਕਰਨਾ ਜਨਹਿੱਤ ਲਈ ਅਤਿ ਜ਼ਰੂਰੀ ਹੈ | ਇਸ ਤੋਂ ਇਲਾਵਾ ਪਾਣੀ ਦੀਆਂ ਟੈਂਕੀਆਂ ਅਤੇ ਕੂਲਰਾਂ ਦੀ ਲਗਾਤਾਰ ਸਫ਼ਾਈ ਦੀ ਘਾਟ ਕਾਰਨ ਡੇਂਗੂ, ਮਲੇਰੀਆ ਦਾ ਡਰ ਵੀ ਬਣਿਆ ਰਹਿੰਦਾ ਹੈ |
ਇਨ੍ਹਾਂ ਸਫ਼ਾਈ ਪ੍ਰਬੰਧਾਂ ਦੀ ਘਾਟ ਲਈ ਜਿਥੇ ਸਿਹਤ ਅਮਲਾ, ਮੁਲਾਜ਼ਮ ਵੀ ਜ਼ਿੰਮੇਵਾਰ ਹਨ, ਉਥੇ ਆਮ ਜਨਤਾ ਵੀ ਘੱਟ ਜ਼ਿੰਮੇਵਾਰ ਨਹੀਂ, ਜੋ ਕਿ ਸਰਕਾਰੀ ਹਸਪਤਾਲਾਂ ਵਿਚ ਸਫ਼ਾਈ ਦੇ ਸੁਚਾਰੂ ਪ੍ਰਬੰਧ ਰੱਖਣ ਵਿਚ ਆਪਣਾ ਹਿੱਸਾ ਨਹੀਂ ਪਾਉਂਦੇ | ਮਰੀਜ਼ ਦੀ ਸੰਭਾਲ ਕਰਨ ਵਾਲੇ ਰਿਸ਼ਤੇਦਾਰ ਵੀ ਪਾਣੀ ਦੇ ਸਰੋਤਾਂ, ਬਾਥਰੂਮ, ਵਾਸ਼-ਵੇਸਨ, ਵਿਸ਼ਰਾਮ ਘਰਾਂ ਅਤੇ ਬਰਾਮਦਿਆਂ ਦੀ ਸਫ਼ਾਈ ਵੱਲੋਂ ਬਿਲਕੁਲ ਅਵੇਸਲੇ ਹੁੰਦੇ ਹਨ | ਇਸ ਲਈ ਸਮੇਂ ਦੀ ਨਬਜ਼ ਨੂੰ ਸਮਝਦਿਆਂ ਅਤੇ ਸਰਕਾਰੀ ਸੰਸਥਾਵਾਂ ਵਿਸ਼ੇਸ਼ ਕਰਕੇ ਹਸਪਤਾਲਾਂ ਵਿਚ ਜਨਤਾ ਦੀ ਹੋਰ ਵਿਸ਼ਵਾਸ ਬਹਾਲੀ ਲਈ ਸਫ਼ਾਈ ਪ੍ਰਬੰਧਾਂ ਨੂੰ ਤੁਰੰਤ ਪ੍ਰਭਾਵ ਸੁਧਾਰਨ ਦੀ ਜ਼ਰੂਰਤ ਹੈ | ਇਸ ਲਈ ਜਿਥੇ ਲੋਕਾਂ ਨੂੰ ਸਹਿਯੋਗ ਕਰਨ ਹਿੱਤ ਜਾਗਰੂਕ ਕਰਨਾ ਜ਼ਰੂਰੀ ਹੈ, ਉਥੇ ਸਫ਼ਾਈ ਮੁਲਾਜ਼ਮਾਂ ਦੀ ਘਾਟ ਨੂੰ ਅੜਿੱਕਾ ਨਾ ਬਣਾਉਂਦਿਆਂ ਸਫ਼ਾਈ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਦੀ ਲੋੜ ਹੈ |
-ਪ੍ਰੀਤ ਨਗਰ, ਗੋਨਿਆਣਾ ਮੰਡੀ (ਬਠਿੰਡਾ) | ਮੋਬਾ: 97799-35332

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਅੱਜ ਹਰ ਪਾਸੇ ਇਹ ਹੀ ਬੋਲਬਾਲਾ ਹੈ ਜਾਂ ਅਖ਼ਬਾਰਾਂ ਵਿਚ ਇਹੀ ਪੜ੍ਹਨ-ਸੁਣਨ ਨੂੰ ਮਿਲਦਾ ਹੈ ਕਿ ਦਾਜ ਦੇ ਲੋਭੀਆਂ ਨੇ ਆਪਣੀ ਨੂੰ ਹ ਮਾਰ 'ਤੀ, ਸਾੜ 'ਤੀ ਜਾਂ ਘਰੋਂ ਕੱਢ 'ਤੀ... | ਕੀ ਇਹ ਸੱਚ ਹੈ? ਜੇ ਹੈ ਤਾਂ ਕਿੰਨਾ? ਕੀ ਨੂੰ ਹਾਂ ਦਾ ਸਹੀ ਮਾਅਨੇ 'ਚ ਕੋਈ ਕਸੂਰ ਨਹੀਂ ਹੰਦਾ? ਹਾਂ, ਮੈਂ ਮੰਨਦੀ ਹਾਂ ਕਿ ਕੁਝ ਲੋਕ ਗ਼ਲਤ ਹੋ ਸਕਦੇ ਹਨ ਪਰ ਵਧੇਰੇ ਕਰਕੇ ਇਸ ਕਾਨੂੰਨ ਦੀ ਦੁਰਵਰਤੋਂ ਹੀ ਹੋ ਰਹੀ ਹੈ | ਕਾਨੂੰਨ ਬਣਾਇਆ ਗਿਆ ਸੀ ਕੁੜੀਆਂ ਦੀ ਰੱਖਿਆ ਵਾਸਤੇ, ਨਾ ਕਿ ਉਸ ਦੀ ਦੁਰਵਰਤੋਂ ਵਾਸਤੇ | ਦਾਜ ਕਾਰਨ ਅਨੇਕਾਂ ਲੜਕੀਆਂ ਪੀੜਤ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਪਰ ਇਸ ਲੇਖ ਵਿਚ ਸਿਰਫ਼ ਉਨ੍ਹਾਂ ਨੂੰਹਾਂ ਦੀ ਗੱਲ ਕੀਤੀ ਜਾ ਰਹੀ ਹੈ ਜੋ ਇਸ ਕਾਨੂੰਨ ਦੀ ਦੁਰਵਰਤੋਂ ਕਰਦੀਆਂ ਹਨ | ਅੱਜ ਕਈ ਕੁੜੀਆਂ ਜਦੋਂ ਵਿਆਹ ਕਰਕੇ ਸਹੁਰੇ-ਘਰ ਆਉਂਦੀਆਂ ਹਨ ਤਾਂ ਉਨ੍ਹਾਂ ਦੇ ਦਿਮਾਗ਼ 'ਚ ਇਕੋ ਗੱਲ ਹੁੰਦੀ ਹੈ ਕਿ ਜੇ ਮੈਨੂੰ ਕੁਝ ਕਿਹਾ ਤਾਂ ਮੈਂ ਥਾਣੇ ਚਲੀ ਜਾਵਾਂਗੀ, ਕਿਉਂਕਿ ਅੱਜਕਲ੍ਹ ਕੁੜੀਆਂ ਦੀ ਸੁਣਵਾਈ ਹੈ | ਕੁਝ ਨੂੰ ਹਾਂ ਤਾਂ ਘਰ ਵੜਨ ਤੋਂ ਪਹਿਲਾਂ ਹੀ ਇਹ ਸੋਚ ਲੈਂਦੀਆਂ ਹਨ ਕਿ ਮੈਂ ਸਹੁਰੇ ਪਰਿਵਾਰ 'ਚ ਨਹੀਂ ਰਹਿਣਾ, ਇਕੱਲੇ ਰਹਿਣਾ ਹੈ | ਇਹ ਤਾਂ ਵੱਖ ਹੋਣ ਦੇ ਨਵੇਂ-ਨਵੇਂ ਤਰੀਕੇ ਲੱਭਦੀਆਂ ਹਨ | ਠੀਕ ਹੈ ਮੰਨਿਆ ਕੁਝ ਲੋਕ ਦਾਜ ਮੰਗਦੇ ਵੀ ਹਨ, ਉਨ੍ਹਾਂ ਲਈ ਤਾਂ ਸਜ਼ਾ ਹੈ, ਪਰ ਜਿਹੜੀਆਂ ਨੂੰ ਹਾਂ ਝੂਠੇ ਇਲਜ਼ਾਮ ਲਗਾ ਕੇ ਸਹੁਰੇ ਪਰਿਵਾਰ ਨੂੰ ਫਸਾਉਂਦੀਆਂ ਨੇ, ਕੀ ਉਨ੍ਹਾਂ ਲਈ ਵੀ ਕੋਈ ਕਾਨੂੰਨ ਹੈ? ਜਿਹੜੀਆਂ ਨੰੂਹਾਂ ਕਾਨੂੰਨ ਦੀ ਦੁਰਵਰਤੋਂ ਕਰ ਰਹੀਆਂ ਹਨ, ਉਨ੍ਹਾਂ ਨੂੰ ਕੀ ਸਜ਼ਾ ਹੈ?
ਇਹ ਗ਼ਲਤ ਕੰਮ ਉਹੀ ਕੁੜੀਆਂ ਕਰਦੀਆਂ ਹਨ, ਜਿਨ੍ਹਾਂ ਨੂੰ ਪਿੱਛੋਂ ਸ਼ਹਿ ਹੁੰਦੀ ਹੈ, ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਸ਼ਹਿ ਦਿੰਦੇ ਹਨ ਕਿ ਧੀਏ ਜਾਹ ਵੱਸਦੇ ਘਰਾਂ ਨੂੰ ਉਜਾੜ ਦੇ, ਉਨ੍ਹਾਂ ਦੇ ਹੱਸਦੇ-ਵਸਦੇ ਪਰਿਵਾਰਾਂ 'ਚ ਜ਼ਹਿਰ ਘੋਲ ਦੇ | ਅੱਛਾ ਹੋਰ ਸੁਣੋ, ਐਫ. ਆਈ. ਆਰ. ਕੀ ਲਿਖਵਾਉਣਗੀਆਂ ਬਈ ਸਾਨੂੰ ਮਾਰਦੇ-ਕੁੱਟਦੇ ਨੇ, ਗੱਡੀ ਮੰਗਦੇ ਨੇ, ਪੈਸੇ ਮੰਗਦੇ ਨੇ ਤੇ ਇਹ ਗਵਾਹੀਆਂ ਵੀ ਝੂਠੀਆਂ ਪੁਆ ਦਿੰਦੀਆਂ ਹਨ | ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਵੀ ਇਕ ਵਾਰ ਜੇਲ੍ਹ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪਾਇਆ ਕਿ ਕਈ ਬੇਕਸੂਰ ਤੇ ਮਾਸੂਮ ਨਿਰਦੋਸ਼ ਲੋਕ ਕੈਦ ਹਨ | ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਨੂੰ ਅਸਲੀਅਤ ਪਤਾ ਲੱਗੀ | ਕਈ ਨੂੰ ਹਾਂ ਤਾਂ ਆਪਣੇ ਸਹੁਰੇ ਪਰਿਵਾਰ 'ਚ ਆਪਣੀਆਂ ਨਣਾਨਾਂ, ਨਣਦੋਈ, ਦਿਓਰ, ਜੇਠ ਸਭ ਦੇ ਨਾਂਅ ਲਿਖਾ ਦਿੰਦੀਆਂ ਹਨ, ਨਣਾਨ ਭਾਵੇਂ ਕੈਨੇਡਾ ਬੈਠੀ ਹੋਵੇ | ਇਕ ਗੱਲ ਹੋਰ, ਕੁਝ ਕੁੜੀਆਂ ਦੇ ਰਿਸ਼ਤੇਦਾਰ ਸਰਕਾਰੀ ਅਹੁਦਿਆਂ 'ਤੇ ਬੈਠ ਕੇ ਆਪਣੇ ਅਹੁਦੇ ਦਾ ਗ਼ਲਤ ਇਸਤੇਮਾਲ ਕਰਦੇ ਹੋਏ ਕੁੜੀ ਦੇ ਸਹੁਰਾ ਪਰਿਵਾਰ ਦੇ ਿਖ਼ਲਾਫ਼ ਕੇਸ ਦਰਜ ਕਰਨਗੇ | ਜੇਕਰ ਸਾਰੇ ਮਾਤਾ-ਪਿਤਾ ਆਪਣੀ ਧੀ ਨੂੰ ਸਹੀ ਸਿੱਖਿਆ ਦੇਣ ਤਾਂ ਵੱਡੀਆਂ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਦੋਵੇਂ ਪਰਿਵਾਰਾਂ ਦੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਇਆ ਜਾ ਸਕਦਾ ਹੈ |
-ਮੋਬਾ: 94172-19602

ਖ਼ਤਰਾ ਬਣੇ ਪਲਾਸਟਿਕ ਤੇ ਪੋਲੀਥੀਨ

ਸਿਹਤ ਤੇ ਸੁੰਦਰਤਾ ਦੇ ਦੁਸ਼ਮਣ ਹਨ ਪਲਾਸਟਿਕ ਤੇ ਪੋਲੀਥੀਨ | ਅੱਜ ਹਰ ਜਗ੍ਹਾ ਉੱਪਰ ਪਲਾਸਟਿਕ ਹੀ ਪਲਾਸਟਿਕ ਨਜ਼ਰ ਆਉਣ ਲੱਗਾ ਹੈ | ਇਸ ਨੂੰ ਨਸ਼ਟ ਕਰਨ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ, ਕਿਉਂਕਿ ਨਾ ਤਾਂ ਇਹ ਮਿੱਟੀ ਵਿਚ ਗਲਦਾ ਹੈ ਅਤੇ ਨਾ ਹੀ ਪਾਣੀ ਵਿਚ ਵਲੀਨ ਹੁੰਦਾ ਹੈ | ਅੱਜ ਦੇ ਵਧਦੇ ਹੋਏ ਪਲਾਸਟਿਕ ਦੇ ਏਨੇ ਵੱਡੇ ਕਚਰੇ ਨੂੰ ਜਲਾ ਕੇ ਵੀ ਨਹੀਂ ਨਸ਼ਟ ਕੀਤਾ ਜਾ ਸਕਦਾ, ਕਿਉਂਕਿ ਇਹ ਸੜ ਕੇ ਵੀ ਆਪਣੇ ਪਿੱਛੇ ਜ਼ਹਿਰੀਲੀਆਂ ਗੈਸਾਂ ਨੂੰ ਛੱਡਦਾ ਹੈ | ਅੱਜ ਤੇ ਆਉਣ ਵਾਲੇ ਸਮੇਂ ਵਿਚ ਤਾਂ ਪਲਾਸਟਿਕ ਦਾ ਕਚਰਾ ਹੋਰ ਵਧ ਜਾਵੇਗਾ, ਕਿਉਂਕਿ ਹੁਣ ਹਰ ਵਸਤੂ ਪਲਾਸਟਿਕ ਦੀ ਬਣਦੀ ਜਾ ਰਹੀ ਹੈ | ਜੋ ਵਸਤਾਂ ਅੱਜ ਤੋਂ 20-30 ਸਾਲ ਪਹਿਲਾਂ ਲੋਹੇ ਦੀਆਂ ਬਣਦੀਆਂ ਸਨ, ਉਨ੍ਹਾਂ ਦੀ ਜਗ੍ਹਾ ਹੁਣ ਪਲਾਸਟਿਕ ਨੇ ਲੈ ਲਈ ਹੈ | ਪਲਾਸਟਿਕ ਦੀ ਖਪਤ ਦਾ ਇਹੀ ਹਾਲ ਰਿਹਾ ਤਾਂ ਇਕ ਦਿਨ ਪਲਾਸਟਿਕ ਦੇ ਕਚਰੇ ਦੇ ਹਰ ਪਾਸੇ ਢੇਰ ਹੀ ਢੇਰ ਨਜ਼ਰ ਆਉਣਗੇ ਤੇ ਫਿਰ ਕੀ ਹੋਵੇਗਾ? ਪਲਾਸਟਿਕ ਵਾਤਾਵਰਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ | ਸੋ, ਪਲਾਸਟਿਕ ਦੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਅੱਜ ਲੋੜ ਹੈ ਇਸ ਤੋਂ ਬਚਿਆ ਜਾਵੇ, ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਸਾਮਾਨ ਦੀ ਖਰੀਦਦਾਰੀ ਵੇਲੇ ਲਿਫਾਫ਼ੇ ਦੀ ਜਗ੍ਹਾ ਕੱਪੜੇ ਦੇ ਥੈਲੇ ਦੀ ਵਰਤੋਂ ਕੀਤੀ ਜਾਵੇ | ਇਸ ਦੀ ਘੱਟ ਵਰਤੋਂ ਵਿਚ ਹੀ ਸਭ ਦੀ ਭਲਾਈ ਹੈ ਤੇ ਵਾਤਾਵਰਨ ਵੀ ਪ੍ਰਦੂਸ਼ਿਤ ਹੋਣ ਤੋਂ ਬਚੇਗਾ |
-ਧੋਬੀਆਣਾ ਰੋਡ, ਪ੍ਰੀਤ ਨਗਰ, ਬਠਿੰਡਾ |

ਹੱਡਾ-ਰੋੜੀਆਂ ਲਈ ਸਰਕਾਰੀ ਨੀਤੀ ਬਣਾਏ ਜਾਣ ਦੀ ਲੋੜ

ਰਾਜ ਅੰਦਰ ਵੱਡੇ ਪੱਧਰ 'ਤੇ ਹੋਂਦ ਵਿਚ ਆ ਚੁੱਕੀਆਂ ਅਣਅਧਿਕਾਰਤ ਅਤੇ ਗ਼ੈਰ-ਕਾਨੂੰਨੀ ਹੱਡਾ-ਰੋੜੀਆਂ ਲੋਕਾਂ ਲਈ ਸਮੱਸਿਆ ਦਾ ਕਾਰਨ ਬਣੀਆਂ ਹੋਈਆਂ ਹਨ | ਉਕਤ ਸਮੱਸਿਆ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਥਾਵਾਂ ਦੀ ਹੈ | ਹਾਲਾਤ ਇਹ ਹਨ ਕਿ ਮਿ੍ਤਕ ਪਸ਼ੂਆਂ ਦੇ ਕਾਰੋਬਾਰ 'ਚ ਲੱਗੇ ਲੋਕ ਪਸ਼ੂਆਂ ਨੂੰ ਇਨ੍ਹਾਂ ਥਾਵਾਂ 'ਤੇ ਲਿਜਾ ਕੇ ਚਮੜੀ ਆਦਿ ਉਤਾਰਨ ਮਗਰੋਂ ਰਹਿੰਦ-ਖੰੂਹਦ ਖੁੱਲ੍ਹੇ ਅਸਮਾਨ ਥੱਲੇ ਛੱਡ ਜਾਂਦੇ ਹਨ, ਜਿਸ 'ਤੇ ਉਥੇ ਛੱਡਿਆ ਗੰਦ ਖਾਣ ਲਈ ਵੱਡੀ ਗਿਣਤੀ 'ਚ ਆਵਾਰਾ ਕੁੱਤਿਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ | ਗੋਸ਼ਤ ਖਾ ਕੇ ਆਦਮਖੋਰ ਹੋਏ ਇਨ੍ਹਾਂ ਕੁੱਤਿਆਂ ਕਾਰਨ ਜਿਥੇ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ, ਉਥੇ ਹੀ ਇਨ੍ਹਾਂ ਕਾਰਨ ਕਈਆਂ ਨੂੰ ਇਲਾਜ ਲਈ ਹਸਪਤਾਲ ਜਾਣ ਤੋਂ ਇਲਾਵਾ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਹਨ | ਅਜਿਹੇ ਕਈ ਮਾਮਲੇ ਬੀਤੇ ਸਮੇਂ ਵਿਚ ਮੀਡੀਆ ਦੀਆਂ ਸੁਰਖੀਆਂ ਬਣਦੇ ਆ ਰਹੇ ਹਨ | ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਆਬਾਦੀ ਦੇ ਨੇੜੇ ਹੱਡਾ-ਰੋੜੀਆਂ ਹੋਣ ਕਾਰਨ ਬਦਬੂ ਕਾਰਨ ਲੋਕਾਂ ਦਾ ਜਾਣਾ ਹਰਾਮ ਹੋ ਜਾਂਦਾ ਹੈ |
ਮਾਮਲੇ 'ਚ ਸਰਕਾਰ ਨੂੰ ਅਜਿਹਾ ਚਾਹੀਦਾ ਹੈ ਕਿ ਪਿੰਡਾਂ, ਕਸਬਿਆਂ, ਸ਼ਹਿਰਾਂ ਨੇੜੇ ਦੀਆਂ ਹੱਡਾ-ਰੋੜੀਆਂ ਨੂੰ ਬੰਦ ਕਰਵਾ ਕੇ ਬਲਾਕ, ਜ਼ਿਲ੍ਹਾ ਪੱਧਰ 'ਤੇ ਪਈ ਸਰਕਾਰੀ ਬੇਆਬਾਦ ਜ਼ਮੀਰ ਨੂੰ ਕਵਰ ਕਰਕੇ ਹੱਡਾ-ਰੋੜੀਆਂ ਲਈ ਸਾਲਾਨਾ ਠੇਕੇ ਪੱਧਰ 'ਤੇ ਮੰਗ ਕਰਨ ਵਾਲਿਆਂ ਨੂੰ ਬੋਲੀ ਪ੍ਰਕਿਰਿਆ ਰਾਹੀਂ ਅਲਾਟ ਕੀਤਾ ਜਾਵੇ | ਇਕ ਤਾਂ ਅਜਿਹਾ ਕਰਨ ਨਾਲ ਸਰਕਾਰੀ ਜ਼ਮੀਨ ਨਾਜਾਇਜ਼ ਕਬਜ਼ਿਆਂ ਦੀ ਮਾਰ ਤੋਂ ਬਚੇਗੀ, ਦੂਜਾ ਅਜਿਹੀਆਂ ਥਾਵਾਂ 'ਤੇ ਮਿ੍ਤਕ ਪਸ਼ੂ ਇਕੱਤਰ ਕਰਕੇ ਉਨ੍ਹਾਂ ਦੇ ਹੱਡ, ਮਾਸ ਆਦਿ ਵੇਚ ਉਕਤ ਕਿਸਮ ਦੇ ਕਾਰੋਬਾਰੀ ਲੋਕਾਂ ਨੂੰ ਵੀ ਮੁਨਾਫ਼ੇ ਵਾਲਾ ਧੰਦਾ ਮਿਲ ਜਾਵੇਗਾ | ਅਜਿਹਾ ਕਰਨ ਨਾਲ ਆਮ ਲੋਕਾਂ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ |
ਸਮੇਂ ਦੀ ਲੋੜ ਹੈ ਕਿ ਰਾਜ ਸਰਕਾਰ ਇਸ ਅਣਗੌਲੇ ਮੁੱਦੇ 'ਹੱਡਾ-ਰੋੜੀਆਂ' ਲਈ ਕੋਈ ਨੀਤੀ ਅਖਤਿਆਰ ਕਰਕੇ ਦਰਪੇਸ਼ ਦਿੱਕਤ ਦੂਰ ਕਰਨ ਲਈ ਕਦਮ ਉਠਾਵੇ |
-ਪਿੰਡ ਸੰਘੋਲ, ਤਹਿ: ਖਮਾਣੋਂ (ਫਤਹਿਗੜ੍ਹ ਸਾਹਿਬ) | ਮੋਬਾ: 98553-98000

ਬੇਰੁਜ਼ਗਾਰੀ ਦੀ ਸ਼ਿਕਾਰ ਹੋਈ ਨੌਜਵਾਨ ਪੀੜ੍ਹੀ

ਭਾਰਤ ਦੇਸ਼ ਵਿਚ ਜਿੰਨੀ ਤੇਜ਼ੀ ਨਾਲ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ­ ਉਸ ਮੁਤਾਬਿਕ ਰੁਜ਼ਗਾਰਾਂ ਦੀ ਵਿਵਸਥਾ ਨਹੀਂ ਹੋ ਪਾਈ ਹੈ | ਦੇਸ਼ ਹਰ ਵਾਰੀ ਆਪਣੀਆਂ ਪੰਜ ਸਾਲਾ ਯੋਜਨਾਵਾਂ ਵਿਚ ਇਕ ਨਿਸਚਿਤ ਗਿਣਤੀ ਵਿਚ ਰੁਜ਼ਗਾਰ ਪੈਦਾ ਕਰਨ ਦਾ ਟੀਚਾ ਰੱਖਦਾ ਹੈ­ ਪਰ ਅਫ਼ਸੋਸ ਦੀ ਗੱਲ ਹੈ ਕਿ ਇਕ ਵਾਰੀ ਵੀ ਸਹੀ ਅਰਥਾਂ ਵਿਚ ਇਸ ਟੀਚੇ ਦੀ ਸਫ਼ਲਤਾ ਨਹੀਂ ਹੋਈ | ਪਿਛਲੀ ਯੂ. ਪੀ. ਏ. ਕੇਂਦਰੀ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਬੇਰੁਜ਼ਗਾਰਾਂ ਨੂੰ ਕੰਪਿਊਟਰ ਆਧਾਰਿਤ ਅਤੇ ਤਕਨੀਕੀ ਹੁਨਰ ਪੈਦਾ ਕਰਨ ਵਾਲੀ ਵਿੱਦਿਆ ਦੇ ਕਈ ਕੋਰਸ ਆਰੰਭੇ ਸਨ, ਜਿਨ੍ਹਾਂ ਦੀ ਪੜ੍ਹਾਈ ਮੁਫ਼ਤ ਸੀ, ਪਰ ਮੌਕੇ ਦਾ ਰੁਝਾਨ ਅਲੱਗ ਹੈ­ ਅੱਜ ਦਾ ਪੜਿ੍ਹਆ-ਲਿਖਿਆ ਨੌਜਵਾਨ ਸਿਰਫ਼ ਸਰਕਾਰੀ ਨੌਕਰੀ ਨੂੰ ਹੀ ਪਹਿਲ ਦੇ ਰਿਹਾ ਹੈ | ਇਸ ਦੀ ਇਕ ਉਦਾਹਰਨ ਹੈ ਕਿ ਪਿੱਛੇ ਜਿਹੇ ਪੰਜਾਬ ਸਰਕਾਰ ਦੇ ਫ਼ੂਡ ਐਾਡ ਸਿਵਲ ਸਪਲਾਈ ਮਹਿਕਮੇ ਵੱਲੋਂ ਇੰਸਪੈਕਟਰਾਂ ਦੀਆਂ461 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਕੱਢਿਆ ਗਿਆ ਅਤੇ ਲਿਖਤੀ ਟੈਸਟ ਦੇਣ ਲਈ 2 ਲੱਖ 50 ਹਜ਼ਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਅਤੇ ਜਿਸ ਦਿਨ ਟੈਸਟ ਸੀ, ਉਸ ਦਿਨ ਚੰਡੀਗੜ੍ਹ ਅਤੇ ਆਸ-ਪਾਸ ਦੇ ਸਾਰੇ ਇਲਾਕੇ ਵਿਚ ਮੇਲੇ ਵਰਗਾ ਮਾਹੌਲ ਬਣਿਆ ਪਿਆ ਸੀ | ਇਸੇ ਤਰ੍ਹਾਂ ਪੀ. ਸੀ. ਐਸ. ਦੀਆਂ 112 ਅਸਾਮੀਆਂ ਲਈ 30 ਹਜ਼ਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਅਤੇ ਫੌਜ ਦੀ ਭਰਤੀ ਸਮੇਂ ਹਜ਼ਾਰਾਂ ਨੌਜਵਾਨ ਪਹੁੰਚਦੇ ਹਨ |
ਇਸ ਲਾਲਸਾ ਪਿੱਛੇ ਸਰਕਾਰੀ ਸਹੂਲਤਾਂ­ ਘੱਟ ਜ਼ਿੰਮੇਵਾਰੀ ਅਤੇ ਘੱਟ ਕੰਮ ਦਾ ਬੋਝ ਹੈ | ਉਹ ਸਰਕਾਰੀ ਕਰਮਚਾਰੀਆਂ ਨੂੰ ਜਿਸ ਢੰਗ ਨਾਲ ਕੰਮ ਕਰਦੇ ਦੇਖਦੇ ਹਨ, ਉਹ ਆਪ ਵੀ ਉਸੇ ਤਰ੍ਹਾਂ ਦੀ ਨੌਕਰੀ ਚਾਹੁੰਦੇ ਹਨ | ਇਹੀ ਕਾਰਨ ਹੈ ਕਿ ਅੱਜ ਦਾ ਨੌਜਵਾਨ ਵਿਹਲਾ ਰਹਿਣਾ ਤਾਂ ਪਸੰਦ ਕਰ ਲੈਂਦਾ ਹੈ ਪਰ ਨਿੱਜੀ ਜਾਂ ਅਰਧ-ਸਰਕਾਰੀ ਨੌਕਰੀ ਕਰਨਾ ਨਹੀਂ ਚਾਹੁੰਦਾ | ਜੇਕਰ ਸਰਕਾਰਾਂ ਅਰਧ-ਸਰਕਾਰੀ ਅਤੇ ਲਿਮਟਿਡ ਕੰਪਨੀਆਂ ਨੂੰ ਸਰਕਾਰੀ ਨੌਕਰੀ ਵਰਗੀਆਂ ਸਹੂਲਤਾਂ ਅਤੇ ਕਾਇਦਾ-ਕਾਨੂੰਨ ਬਣਾਉਣ ਲਈ ਕਹਿਣ ਤਾਂ ਇਹ ਸੰਭਵ ਹੈ ਕਿ ਬੇਰੁਜ਼ਗਾਰ ਇਸ ਪਾਸੇ ਵੱਲ ਪਰਤ ਆਉਣ­ ਪਰ ਅੱਜ ਤੱਕ ਤਾਂ ਇਹ ਨੌਜਵਾਨਾਂ ਦਾ ਸ਼ੋਸ਼ਣ ਹੀ ਕਰ ਰਹੇ ਨੇ | ਸਰਕਾਰ ਨੂੰ ਇਸ ਕਦਮ ਲਈ ਪਹਿਲ ਕਰਨੀ ਚਾਹੀਦੀ ਹੈ | ਰਾਜ ਦਾ ਕੰਮ ਕੇਵਲ ਕੁਝ ਕੁ ਲੋਕਾਂ ਦੇ ਹਿੱਤਾਂ ਦੀ ਰਖਵਾਲੀ ਕਰਨਾ ਹੀ ਨਹੀਂ ਹੁੰਦਾ, ਸਗੋਂ ਰਾਜ ਦੇ ਸਮੁੱਚੇ ਲੋਕਾਂ ਲਈ ਰੋਟੀ­ ਕੱਪੜਾ ਅਤੇ ਮਕਾਨ ਭਾਵ ਚੰਗੇ ਰੁਜ਼ਗਾਰ ਦੀ ਵਿਵਸਥਾ ਕਰਨਾ ਹੁੰਦਾ ਹੈ | ਬੈਂਕਾਂ­ ਬੀਮਾ ਅਤੇ ਦੂਰਸੰਚਾਰ ਕੰਪਨੀਆਂ ਦੇ ਭਾਰਤ ਵਿਚ ਨਿਵੇਸ਼ ਨਾਲ ਰੁਜ਼ਗਾਰ ਵਿਚ ਵਾਧਾ ਜ਼ਰੂਰ ਹੋਇਆ ਹੈ ਪਰ ਇਹ ਕਾਫੀ ਨਹੀਂ ਹੈ­ ਅਜਿਹੇ ਕਈ ਕਦਮ ਚੁੱਕਣੇ ਅਜੇ ਬਾਕੀ ਹਨ | ਅਸਲ ਵਿਚ ਕਾਨੂੰਨ ਅੰਦਰ ਰਹਿੰਦਿਆਂ ਮਨੁੱਖ ਆਪਣੀ ਆਰਥਿਕ ਤਰੱਕੀ ਲਈ ਆਜ਼ਾਦ ਹੈ ਅਤੇ ਇਸ ਲਈ ਰਾਜ ਨੂੰ ਉਸ ਲਈ ਮੌਕਿਆਂ ਦਾ ਪ੍ਰਬੰਧ ਕਰਕੇ ਉਸ ਦੀ ਮਦਦ ਕਰਨੀ ਚਾਹੀਦੀ ਹੈ |
ਜਰਮਨ ਵਿਚ ਬੇਰੁਜ਼ਗਾਰਾਂ ਲਈ ਦਿੱਤੀ ਜਾਣ ਵਾਲੀ ਸਹਾਇਤਾ ਭਾਵ ਬੇਰੁਜ਼ਗਾਰੀ ਭੱਤਾ ਆਮ ਲੋਕਾਂ ਦੀ ਤਨਖਾਹ ਨਾਲੋਂ ਜ਼ਿਆਦਾ ਹੁੰਦਾ ਹੈ, ਪਰ ਉਸ ਦੇਸ਼ ਵਿਚ ਕਿਰਤ ਨੂੰ ਇੰਨਾ ਮਹੱਤਵ ਦਿੱਤਾ ਜਾਂਦਾ ਹੈ ਕਿ ਬੇਰੁਜ਼ਗਾਰੀ ਭੱਤਾ ਵਧੇਰੇ ਹੋਣ ਦੇ ਬਾਵਜੂਦ ਲੋਕ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਹਨ | ਭਾਰਤ ਦੇ ਲੋਕ ਵੀ ਕਿਰਤ ਤੋਂ ਪਾਸਾ ਨ੍ਹੀਂ ਵੱਟਦੇ, ਪਰ ਢੰਗ ਦਾ ਕੰਮ ਤਾਂ ਹੋਵੇ | ਰੁਜ਼ਗਾਰ ਦਫ਼ਤਰ ਵਿਚ ਲਗਾਤਾਰ 3 ਸਾਲ ਜਾ ਕੇ ਆਪਣਾ ਨਾਂਅ ਦਰਜ ਕਰਵਾਉਣਾ ਪੈਂਦਾ ਹੈ ਕਿ ਮੈਂ ਅਜੇ ਤੱਕ ਬੇਰੁਜ਼ਗਾਰ ਹਾਂ ਅਤੇ ਫ਼ਿਰ ਉੱਥੋਂ ਕੁਝ ਕੁ ਸੈਂਕੜੇ ਰੁਪਏ ਹੀ ਭੱਤੇ ਦੇ ਨਾਂਅ 'ਤੇ ਮਿਲਦੇ ਹਨ, ਜਦਕਿ ਉਮੀਦਵਾਰ ਦੇ ਇਕ ਮਹੀਨਾ ਬੇਰੁਜ਼ਗਾਰ ਰਹਿਣ 'ਤੇ ਹੀ ਭੱਤਾ ਮਿਲਣਾ ਸ਼ੁਰੂ ਹੋ ਜਾਣਾ ਚਾਹੀਦਾ ਹੈ | ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਬੇਰੁਜ਼ਗਾਰ ਸ਼ਕਤੀ ਦੇਸ਼ ਦੀ ਤਕਦੀਰ ਬਦਲਣ ਦਾ ਦਮ ਰੱਖਦੀ ਹੈ ਅਤੇ ਇਸ ਤਾਕਤ ਨੂੰ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ­ ਨਾ ਕਿ ਇਨ੍ਹਾਂ ਦੀ ਜ਼ਿੰਦਗੀ ਅਤੇ ਵਖ਼ਤ ਖ਼ਰਾਬ ਕਰਨਾ ਚਾਹੀਦਾ ਹੈ ਅਤੇ ਉਹ ਸਾਰੇ ਯਤਨ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ |
-ਮੋਬਾਈਲ : 9815205360
gsbodal0gmail.com

ਹਰਿਆਵਲ ਲਹਿਰ ਤਹਿਤ ਲੱਗੇ ਬੂਟਿਆਂ ਦੀ ਸਾਂਭ-ਸੰਭਾਲ ਲਈ ਉਪਰਾਲਿਆਂ ਦੀ ਲੋੜ


'ਅਜੀਤ ਹਰਿਆਵਲ ਲਹਿਰ' ਨੂੰ ਸ਼ੁਰੂ ਕੀਤਿਆਂ ਤਕਰੀਬਨ 3 ਸਾਲ ਹੋ ਚੁੱਕੇ ਹਨ | ਇਸ ਸਮੇਂ ਦੌਰਾਨ ਪੰਜਾਬ ਭਰ ਵਿਚ ਕੋਈ 33 ਲੱਖ ਤੋਂ ਵੱਧ ਬੂਟੇ ਲਗਾਏ ਗਏ ਹਨ ਜੋ ਕਿ ਅਦਾਰਾ 'ਅਜੀਤ' ਦਾ ਇਕ ਬਹੁਤ ਵਧੀਆ ਉਪਰਾਲਾ ਹੈ | ਇਸ ਤੋਂ ਇਲਾਵਾ ਹਰ ਸਾਲ ਜੁਲਾਈ-ਅਗਸਤ ਮਹੀਨਿਆਂ ਵਿਚ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ, ਨੌਜਵਾਨ ਕਲੱਬਾਂ, ਪੰਚਾਇਤਾਂ, ਵਾਤਾਵਰਨ ਪ੍ਰੇਮੀਆਂ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਵੀ ਆਪਣੇ-ਆਪਣੇ ਖੇਤਰਾਂ ਵਿਚ ਬੂਟੇ ਲਗਵਾ ਕੇ ਅਖ਼ਬਾਰਾਂ ਵਿਚ ਫੋਟੋਆਂ ਤਾਂ ਲਗਵਾ ਲਈਆਂ ਜਾਂਦੀਆਂ ਹਨ ਪਰ ਬਾਅਦ ਵਿਚ ਉਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾਂਦੇ, ਜਿਸ ਕਰਕੇ ਬਹੁਤ ਸਾਰੇ ਬੂਟੇ ਲਗਾਉਣ ਤੋਂ ਕੁਝ ਦਿਨ ਬਾਅਦ ਹੀ ਸੁੱਕ ਜਾਂਦੇ ਹਨ | ਮਾਹਿਰਾਂ ਅਨੁਸਾਰ ਜੇਕਰ ਲਗਾਏ ਗਏ ਕਿਸੇ ਬੂਟੇ ਦੀ ਪਹਿਲੇ 4-5 ਸਾਲ ਯੋਗ ਸੰਭਾਲ ਕਰ ਲਈ ਜਾਵੇ ਤਾਂ ਯਕੀਨਣ ਉਹ ਇਕ ਵੱਡਾ ਰੁੱਖ ਬਣਨ ਵਿਚ ਕਾਮਯਾਬ ਹੋ ਜਾਂਦਾ ਹੈ | ਸਭ ਤੋਂ ਪਹਿਲਾਂ ਇਨ੍ਹਾਂ ਲਗਾਏ ਹੋਏ ਬੂਟਿਆਂ ਲਈ ਮੁਢਲੀ ਖੁਰਾਕ ਮਤਲਬ ਪਾਣੀ ਅਤਿ ਜ਼ਰੂਰੀ ਹੁੰਦਾ ਹੈ | ਇਸ ਤੋਂ ਇਲਾਵਾ ਇਨ੍ਹਾਂ ਬੂਟਿਆਂ ਨੂੰ ਅਵਾਰਾ ਫਿਰਦੇ ਪਸ਼ੂਆਂ ਆਦਿ ਤੋਂ ਬਚਾਉਣ ਲਈ ਜੰਗਲੇ, ਤਾਰਾਂ ਜਾਂ ਇੱਟਾਂ ਦੀ ਵਾੜ ਕਰਨੀ ਵੀ ਜ਼ਰੂਰੀ ਹੁੰਦੀ ਹੈ |
ਇਸ ਬੂਟਾ ਸੰਭਾਲ ਲਹਿਰ ਨੂੰ ਅਮਲੀ-ਜਾਮਾ ਪਹਿਨਾਉਣ ਵਾਲੀਆਂ ਪੰਚਾਇਤਾਂ, ਸਪੋਰਟਸ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮਾਜ-ਸੇਵੀ ਸੰਸਥਾਵਾਂ ਅਤੇ ਸਕੂਲਾਂ ਆਦਿ ਦਾ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਹੋਣਾ ਚਾਹੀਦਾ ਹੈ | ਅਸੀਂ ਸਭ ਜਾਣਦੇ ਹਾਂ ਕਿ ਅਗਲੇ ਦਿਨਾਂ ਵਿਚ ਕਿਸਾਨਾਂ ਵੱਲੋਂ ਹਰ ਵਾਰ ਦੀ ਤਰ੍ਹਾਂ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਸਾੜਿਆ ਜਾਣਾ ਹੈ | ਕਿਸਾਨਾਂ ਦੇ ਇਸ ਵਰਤਾਰੇ ਵਿਚ ਖੇਤਾਂ ਦੇ ਬੰਨਿਆਂ 'ਤੇ ਲੱਗੇ ਬਹੁਤ ਸਾਰੇ ਬੂਟੇ ਅਤੇ ਦਰੱਖਤ ਅੱਗ ਦੀਆਂ ਲਪਟਾਂ ਨਾਲ ਮਿੰਟਾਂ-ਸਕਿੰਟਾਂ ਵਿਚ ਰੁੰਡ-ਮਰੁੰਡ ਹੋ ਜਾਂਦੇ ਹਨ | ਹੁਣ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜਬੂਰੀ ਤਾਂ ਹੈ ਪਰ ਜੇਕਰ ਇਹ ਅੱਗ ਹਵਾ ਦੀ ਦਿਸ਼ਾ ਦੇਖ ਕੇ ਲਗਾਈ ਜਾਵੇ ਤਾਂ ਬਹੁਤ ਸਾਰੇ ਬੂਟਿਆਂ ਅਤੇ ਦਰੱਖਤਾਂ ਨੂੰ ਸੜਨ ਤੋਂ ਬਚਾਇਆ ਜਾ ਸਕਦਾ ਹੈ | ਸੋ, ਜੇਕਰ ਅਸੀਂ ਸੱਚਮੁੱਚ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਹਰਾ-ਭਰਾ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਲਈ ਵੀ ਅੱਗੇ ਆਉਣਾ ਪਵੇਗਾ |
-ਚੜਿੱਕ (ਮੋਗਾ) | ਮੋਬਾ: 94654-11585

ਮਿਡਲ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ?

ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਆਪਣੇ ਵਿੱਦਿਅਕ ਢਾਂਚੇ ਨੂੰ ਮੁੱਖ ਰੂਪ ਵਿਚ 4 ਤਰ੍ਹਾਂ ਦੇ ਸਕੂਲਾਂ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਵਿਚ ਵੰਡ ਕੇ ਚਲਾਇਆ ਜਾ ਰਿਹਾ ਹੈ | ਇਨ੍ਹਾਂ ਸਭ ਤਰ੍ਹਾਂ ਦੇ ਸਕੂਲਾਂ ਦੀਆਂ ਆਪੋ-ਆਪਣੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਹਨ ਪਰ ਮਿਡਲ ਸਕੂਲ ਦੀਆਂ ਸਮੱਸਿਆਵਾਂ ਬੜੀਆਂ ਗੰਭੀਰ ਅਤੇ ਤੁਰੰਤ ਧਿਆਨ ਦੇਣ ਵਾਲੀਆਂ ਹਨ | ਸੂਬੇ ਦੇ ਮਿਡਲ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨਾਲ ਸਿੱਖਿਆ ਵਿਭਾਗ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ | ਬੜੀ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਤਾਂ ਸਿੱਖਿਆ ਵਿਭਾਗ ਨੇ ਗਣਿਤ ਵਿਸ਼ੇ ਦੀ ਪੜ੍ਹਾਈ ਨੂੰ ਰੌਚਿਕ ਬਣਾ ਕੇ ਵਿਦਿਆਰਥੀਆਂ ਦਾ ਗਣਿਤਕ ਪੱਧਰ ਉੱਚਾ ਚੁੱਕਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ | ਬਕਾਇਦਾ ਜ਼ਿਲ੍ਹਾ ਰਿਸੋਰਸ ਪਰਸਨ ਨਿਯੁਕਤ ਕਰਕੇ ਵਿਦਿਆਰਥੀਆਂ ਦਾ ਵਿੱਦਿਅਕ ਪੱਧਰ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਪਰ ਅਫਸੋਸ ਦੀ ਗੱਲ ਹੈ ਕਿ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਗਣਿਤ ਵਰਗੇ ਟੈਕਨੀਕਲ ਵਿਸ਼ੇ ਦਾ ਅਧਿਆਪਕ ਨਿਯੁਕਤ ਹੀ ਨਹੀਂ ਕੀਤਾ ਜਾਂਦਾ | ਪੂਰੇ ਪੰਜਾਬ ਵਿਚ ਕਿਸੇ ਵੀ ਮਿਡਲ ਸਕੂਲ ਵਿਚ ਗਣਿਤ ਵਿਸ਼ੇ ਦੇ ਅਧਿਆਪਕ ਦੀ ਅਸਾਮੀ ਮਨਜ਼ੂਰ ਨਹੀਂ ਹੈ | ਜਾਪਦਾ ਤਾਂ ਇਹ ਹੈ ਕਿ ਸਿੱਖਿਆ ਵਿਭਾਗ ਨੂੰ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਗਣਿਤ ਪੜ੍ਹਾਉਣ ਦਾ ਚੇਤਾ ਹੀ ਵਿਸਰ ਗਿਆ ਹੋਵੇ | ਮਿਡਲ ਸਕੂਲਾਂ ਵਿਚ ਸਾਇੰਸ ਵਿਸ਼ੇ ਦੇ ਅਧਿਆਪਕ ਹੀ ਵਿਦਿਆਰਥੀਆਂ ਨੂੰ ਗਣਿਤ ਦੀ ਪੜ੍ਹਾਈ ਕਰਵਾਉਂਦੇ ਹਨ |
ਸਿੱਖਿਆ ਵਿਭਾਗ ਵੱਲੋਂ ਮਿਡਲ ਸਕੂਲਾਂ ਵਿਚ ਮੁੱਖ ਅਧਿਆਪਕ ਦੀ ਅਸਾਮੀ ਨਾ ਦੇਣਾ ਦੂਜਾ ਵੱਡਾ ਵਿਤਕਰਾ ਹੈ | ਜਦੋਂਕਿ ਬਾਕੀ ਹਰ ਕਿਸਮ ਦੇ ਸਕੂਲਾਂ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਮੁੱਖ ਅਧਿਆਪਕ ਦੀ ਅਸਾਮੀ ਮਨਜ਼ੂਰ ਕੀਤੀ ਗਈ ਹੈ | ਸੋਚ ਕੇ ਵੇਖੋ, ਬਿਨਾਂ ਮੁਖੀ ਦੇ ਕੋਈ ਸਕੂਲ ਕਿਸ ਤਰ੍ਹਾਂ ਚੱਲਦਾ ਹੋਵੇਗਾ | ਮਿਡਲ ਸਕੂਲਾਂ ਦਾ ਪ੍ਰਬੰਧ ਕੇਵਲ ਤੇ ਕੇਵਲ ਸੀਨੀਅਰ ਅਧਿਆਪਕ ਨੂੰ ਚਲਾਉਣ ਦੇ ਹੁਕਮ ਦੇ ਕੇ ਸਿੱਖਿਆ ਵਿਭਾਗ ਨੇ ਬੁੱਤਾ ਸਾਰਨ ਵਾਲੀ ਗੱਲ ਕੀਤੀ ਹੋਈ ਹੈ | ਸ਼ਾਇਦ ਮੁੱਖ ਅਧਿਆਪਕ ਦੀ ਘਾਟ ਕਾਰਨ ਮਿਡਲ ਸਕੂਲਾਂ ਦੀਆਂ ਸਮੱਸਿਆਵਾਂ ਹੋਰ ਵੀ ਗੰਭੀਰ ਹੋ ਜਾਂਦੀਆ ਹਨ | ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਿੱਖਿਆ ਵਿਭਾਗ ਪ੍ਰਬੰਧ ਚਲਾਉਣ ਵਾਲੇ ਇਸ ਸੀਨੀਅਰ ਅਧਿਆਪਕ ਨੂੰ ਮੁਖੀ ਮੰਨਣ ਨੂੰ ਹੀ ਤਿਆਰ ਨਹੀਂ ਹੈ | ਆਮ ਵੇਖਣ ਵਿਚ ਆਇਆ ਹੈ ਕਿ ਹਾਈ ਅਤੇ ਮਿਡਲ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰਬੰਧਕੀ ਅਸਾਮੀ ਦੀ ਬਦੌਲਤ ਘੱਟ ਪੀਰੀਅਡ ਲੈਣ ਦੀ ਇਜਾਜ਼ਤ ਹੈ, ਪਰ ਮਿਡਲ ਸਕੂਲ ਦੇ ਮੁਖੀ ਨੂੰ ਅਜਿਹੀ ਕੋਈ ਛੋਟ ਨਹੀਂ ਹੈ |
ਵਿਭਾਗ ਦੇ ਚੈਕਿੰਗ ਅਧਿਕਾਰੀ ਮਿਡਲ ਸਕੂਲ ਮੁਖੀ ਦੇ ਘੱਟ ਪੀਰੀਅਡਾਂ ਨੂੰ ਅਕਸਰ ਹੀ ਨਿਸ਼ਾਨਾ ਬਣਾਉਂਦੇ ਹਨ | ਮੁਖੀ ਵਜੋਂ ਕੰਮ ਕਰਦੇ ਇਸ ਸੀਨੀਅਰ ਅਧਿਆਪਕ ਨੂੰ ਵਿਭਾਗ ਵੱਲੋਂ ਕੋਈ ਵਾਧੂ ਭੱਤਾ ਵਗੈਰਾ ਵੀ ਨਹੀਂ ਦਿੱਤਾ ਜਾਂਦਾ | ਮੁਖੀ ਦੀ ਘਾਟ ਦਾ ਖਮਿਆਜ਼ਾ ਮਿਡਲ ਸਕੂਲਾਂ ਦੇ ਸਮੁੱਚੇ ਅਧਿਆਪਕਾਂ ਨੂੰ ਵੀ ਭੁਗਤਣਾ ਪੈਂਦਾ ਹੈ | ਵਿਭਾਗੀ ਨੀਤੀ ਅਨੁਸਾਰ ਹਰ ਮਿਡਲ ਸਕੂਲ ਨੂੰ ਨੇੜਲੇ ਹਾਈ ਜਾਂ ਸੀਨੀਅਰ ਸੈਕੰਡਰੀ ਨਾਲ ਜੋੜ ਕੇ ਕੰਮ ਚਲਾਇਆ ਜਾ ਰਿਹਾ ਹੈ | ਅਧਿਆਪਕਾਂ ਦੇ ਹਰ ਪ੍ਰਕਾਰ ਦੇ ਕੰਮ ਤਨਖਾਹ ਕਢਵਾਉਣ ਤੋਂ ਲੈ ਕੇ ਛੁੱਟੀ ਮਨਜ਼ੂਰ ਕਰਵਾਉਣ ਤੱਕ ਦੇ ਕੰਮ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲ ਦਾ ਮੁਖੀ ਕਰਵਾਉਂਦਾ ਹੈ | ਮਿਡਲ ਸਕੂਲਾਂ ਦੇ ਅਧਿਆਪਕਾਂ ਦੀਆਂ ਤਮਾਮ ਕਾਗਜ਼ੀ ਕਾਰਵਾਈਆਂ ਸਿਰਫ ਤੇ ਸਿਰਫ ਮੁੱਖ ਸਕੂਲ ਦਾ ਮੁਖੀ ਹੀ ਪੂਰੀਆਂ ਕਰਨ ਦੇ ਸਮਰੱਥ ਹੈ | ਜੇਕਰ ਮੁੱਖ ਸਕੂਲ ਮਿਡਲ ਸਕੂਲ ਤੋਂ ਦੂਰ ਹੋਵੇ ਤਾਂ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ | ਅਕਸਰ ਵੇਖਣ ਵਿਚ ਆਉਂਦਾ ਹੈ ਕਿ ਮਿਡਲ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਅਤੇ ਹੋਰ ਵਿੱਤੀ ਲਾਭ ਅਟਕ ਜਾਂਦੇ ਹਨ ਜਾਂ ਦੇਰੀ ਨਾਲ ਮਿਲਦੇ ਹਨ | ਬਜਟ ਦੀ ਘਾਟ ਵਗੈਰਾ ਦਾ ਖਮਿਆਜ਼ਾ ਅਕਸਰ ਹੀ ਮਿਡਲ ਸਕੂਲਾਂ ਦੇ ਅਧਿਆਪਕਾਂ ਨੂੰ ਭੁਗਤਣਾ ਪੈਂਦਾ ਹੈ | ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮਿਡਲ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੇ ਕੰਮਾਂ ਲਈ ਵਿਦਿਆਰਥੀਆਂ ਦੀ ਪੜ੍ਹਾਈ ਛੱਡ ਕੇ ਮੁੱਖ ਸਕੂਲ ਜਾਣਾ ਪੈਂਦਾ ਹੈ |
ਗੱਲ ਕੀ ਮਿਡਲ ਸਕੂਲਾਂ ਦੀ ਸਥਿਤੀ ਬੜੀ ਹੀ ਅਜੀਬੋ-ਗਰੀਬ ਹੈ | ਵਿਭਾਗ ਵੱਲੋਂ ਜਿਥੇ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਉਥੇ ਅਧਿਆਪਕ ਵੀ ਵਿਤਕਰੇ ਦਾ ਸ਼ਿਕਾਰ ਹਨ | ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਮਿਡਲ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਕਰਕੇ ਗਣਿਤ ਵਿਸ਼ੇ ਦੀ ਅਸਾਮੀ ਦੇਣ ਦੇ ਨਾਲ-ਨਾਲ ਸਕੂਲ ਮੁਖੀ ਦੀ ਅਸਾਮੀ ਵੀ ਮਨਜ਼ੂਰ ਕੀਤੀ ਜਾਵੇ, ਤਾਂ ਕਿ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇ ਅਤੇ ਅਧਿਆਪਕਾਂ ਨੂੰ ਬਰਾਬਰੀ ਦਾ ਹੱਕ |
-ਗਲੀ ਨੰ: 1, ਸ਼ਕਤੀ ਨਗਰ, ਬਰਨਾਲਾ-148101. ਮੋਬਾ: 98786-05965
e-mail-bajwa.binder0yahoo.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX