ਤਾਜਾ ਖ਼ਬਰਾਂ


ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  1 minute ago
ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਦੇ ਸਾਬਕਾ ਵਿਧਾਇਕ ਅਤੇ ਦਸਮੇਸ਼ ਵਿੱਦਿਅਕ ਤੇ ਸਿਹਤ ਸੰਸਥਾਵਾਂ ਦੇ ਬਾਨੀ ਕਰਨੈਲ ਸਿੰਘ ਡੋਡ ਦਾ ਅੱਜ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ...
ਪੁਲਿਸ ਨੇ ਬਿਜਲੀ ਟਰਾਂਸਫ਼ਾਰਮਰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
. . .  11 minutes ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਪੁਲਿਸ ਨੇ ਅੱਜ ਕਿਸਾਨਾਂ ਦੇ ਖੇਤਾਂ 'ਚੋਂ ਬਿਜਲੀ ਟਰਾਂਸਫ਼ਾਰਮਰਾਂ ਨੂੰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ 12 ਮੈਂਬਰੀ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧੀ ਥਾਣਾ ਸਦਰ ਵਿਖੇ ਪ੍ਰੈੱਸ ਕਾਨਫ਼ਰੰਸ...
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ 'ਚ ਰੁਲ ਰਿਹੈ ਅੰਨਦਾਤਾ
. . .  18 minutes ago
ਤਪਾ ਮੰਡੀ, 21 ਅਪ੍ਰੈਲ (ਪ੍ਰਵੀਨ ਗਰਗ)- ਸੂਬਾ ਸਰਕਾਰ ਵਲੋਂ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਕੀਤੇ ਦਾਅਵੇ ਅੱਜ ਉਸ ਸਮੇਂ ਖੋਖਲੇ ਨਜ਼ਰ ਆਏ, ਜਦੋਂ ਬਾਹਰਲੀ ਅਨਾਜ ਮੰਡੀ ਦੇ ਮੁੱਖ ਯਾਰਡ ਅਤੇ ਹੋਰ ਖ਼ਰੀਦ ਕੇਂਦਰਾਂ 'ਚ ਕਣਕ ਦੀ ਖ਼ਰੀਦ ਸਮੇਂ ਸਿਰ ਨਾ ਸ਼ੁਰੂ ਹੋਈ। ਇਸ ਕਾਰਨ...
ਆਵਾਰਾ ਕੁੱਤਿਆਂ ਵਲੋਂ ਕੀਤੇ ਹਮਲੇ 'ਚ ਅੱਠ ਸਾਲਾ ਬੱਚਾ ਜ਼ਖ਼ਮੀ
. . .  29 minutes ago
ਨਾਭਾ, 21 ਅਪ੍ਰੈਲ (ਕਰਮਜੀਤ ਸਿੰਘ)- ਨਾਭਾ 'ਚ ਪਿਛਲੇ ਕਾਫ਼ੀ ਸਮੇਂ ਤੋਂ ਆਵਾਰਾ ਜਾਨਵਰਾਂ ਤੋਂ ਸਥਾਨਕ ਲੋਕ ਕਾਫ਼ੀ ਪਰੇਸ਼ਾਨ ਹਨ। ਇਨ੍ਹਾਂ ਕਾਰਨ ਇੱਥੇ ਕਈ ਲੋਕ ਆਪਣੀਆਂ ਕੀਮਤ ਜਾਨਾਂ ਗੁਆ ਚੁੱਕੇ ਹਨ ਅਤੇ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਜ਼ਖ਼ਮੀ ਹੋਏ ਹਨ। ਇਸ...
ਅੱਠ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ 'ਚ ਲੱਗਾ ਕਰਫ਼ਿਊ, ਸੋਸ਼ਲ ਮੀਡੀਆ 'ਤੇ ਵੀ ਲੱਗੀ ਪਾਬੰਦੀ
. . .  45 minutes ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਹੋਏ ਅੱਠ ਬੰਬ ਧਮਾਕਿਆਂ ਤੋਂ ਬਾਅਦ ਸਰਕਾਰ ਨੇ ਇੱਥੇ ਕਰਫ਼ਿਊ ਦਾ ਐਲਾਨ ਕਰ ਦਿੱਤਾ ਹੈ। ਕਰਫ਼ਿਊ ਸ਼ਾਮੀਂ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਰਹੇਗਾ। ਉੱਥੇ ਹੀ ਧਮਾਕਿਆਂ ਤੋਂ ਬਾਅਦ ਇੱਥੇ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ...
ਸ੍ਰੀ ਮੁਕਤਸਰ ਸਾਹਿਬ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਦੋ ਬੱਚੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਮਿਲਖ ਰਾਜ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਦਰੱਸਾ ਵਿਖੇ ਚੰਦਭਾਨ ਡਰੇਨ 'ਚ ਅੱਜ ਦੋ ਬੱਚਿਆਂ ਦੇ ਰੁੜ੍ਹਨ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਕਿ ਡਰੇਨ 'ਚ ਚਾਰ ਬੱਚੇ ਨਹਾਉਣ ਗਏ...
ਸ੍ਰੀਲੰਕਾ 'ਚ ਹੋਇਆ ਅੱਠਵਾਂ ਧਮਾਕਾ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਹੁਣ ਇੱਕ ਹੋਰ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਮੁਤਾਬਕ ਇਹ ਧਮਾਕਾ ਰਾਜਧਾਨੀ ਕੋਲੰਬੋ 'ਚ ਹੋਇਆ ਹੈ। ਧਮਾਕੇ 'ਚ ਕਿਸੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ...
ਜੇਕਰ ਪਾਕਿਸਤਾਨ ਸਾਡਾ ਪਾਇਲਟ ਵਾਪਸ ਨਾ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ- ਮੋਦੀ
. . .  about 1 hour ago
ਗਾਂਧੀਨਗਰ, 21 ਅਪ੍ਰੈਲ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਿਹਾ ਹੈ ਕਿ ਜੇਕਰ ਪਾਕਿਸਤਾਨ ਭਾਰਤੀ ਪਾਇਲਟ ਅਭਿਨੰਦਨ ਵਰਥਾਮਨ ਨੂੰ ਵਾਪਸ ਨਹੀਂ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ। ਉਨ੍ਹਾਂ ਨੇ ਗੁਜਰਾਤ ਦੇ ਪਾਟਣ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ...
ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਧੜੇ ਵਿਚਕਾਰ ਖ਼ੂਨੀ ਝੜਪ
. . .  about 1 hour ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ 'ਚ ਅੱਜ ਕਾਂਗਰਸੀ ਅਤੇ ਅਕਾਲੀ ਦਲ ਦੇ ਧੜੇ ਵਿਚਕਾਰ ਖ਼ੂਨੀ ਝੜਪ ਹੋ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸੰਮਤੀ ਮੈਂਬਰ...
ਸ੍ਰੀਲੰਕਾ 'ਚ ਹੋਇਆ ਇੱਕ ਹੋਰ ਧਮਾਕਾ
. . .  about 2 hours ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਸਵੇਰੇ ਸ੍ਰੀਲੰਕਾ 'ਚ ਹੋਏ ਛੇ ਧਮਾਕਿਆਂ ਤੋਂ ਬਾਅਦ ਹੁਣ ਇੱਥੇ ਇੱਕ ਹੋਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ੍ਰੀਲੰਕਾ ਦੀ ਪੁਲਿਸ ਦੇ ਬੁਲਾਰੇ ਮੁਤਾਬਕ ਇਹ ਧਮਾਕਾ ਰਾਜਧਾਨੀ ਕੋਲੰਬੋ 'ਚ ਸਥਿਤ ਇੱਕ ਹੋਟਲ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਉਰਦੂ ਕਹਾਣੀ

ਵਿਸ਼ਵਾਸ ਨਹੀਂ ਹੁੰਦਾ

ਨੇਜ਼ੇ ਵਾਲੇ ਹਬਸ਼ੀ ਚਾਰੇ ਪਾਸਿਉਂ ਪਤਾ ਨਹੀਂ ਮੈਨੂੰ ਕਿੱਥੇ ਲੈ ਜਾ ਰਹੇ ਸਨ ਤੇ ਮੈਨੂੰ ਆਪਣੀ ਜਾਨ ਦੇ ਲਾਲੇ ਪੈ ਗਏ ਸਨ | ਮੈਂ ਆਪਣੇ ਇਕ ਅਫਰੀਕੀ ਦੋਸਤ ਦੀ ਦਾਅਵਤ 'ਤੇ ਅਫਰੀਕਾ ਦੇ ਜੰਗਲਾਂ 'ਚ ਭਾਂਤ-ਭਾਂਤ ਦੇ ਪੰਛੀ ਵੇਖਣ ਲਈ ਗਿਆ ਸੀ | ਚਾਰ ਦਿਨ ਚੰਗੀ ਤਰ੍ਹਾਂ ਬੀਤ ਗਏ | ਅਫਰੀਕਾ ਦੇ ਜੰਗਲ ਬਹੁਤ ਸੰਘਣੇ ਸਨ | ਉਨ੍ਹਾਂ 'ਚ ਨਵੇਂ-ਨਵੇਂ ਪੰਛੀ ਵੇਖਣ ਨੂੰ ਮਿਲੇ | ਭਾਂਤ-ਭਾਂਤ ਦੀਆਂ ਚਹਿਚਹਾਟਾਂ ਸੁਣਨ ਨੂੰ ਮਿਲੀਆਂ | ਉਨ੍ਹਾਂ 'ਚ ਕਈ ਪੰਛੀਆਂ ਦੀਆਂ ਆਵਾਜ਼ਾਂ ਤਾਂ ਇੰਨੀਆਂ ਕੋਮਲ ਸਨ ਕਿ ਜਾਪਦਾ ਸੀ, ਜਿਵੇਂ ਪੰਛੀ ਨਹੀਂ, ਕੁਦਰਤ ਆਪ ਰੁੱਖਾਂ 'ਤੇ ਬੈਠੀ ਜੀਵਨ ਦਾ ਰਾਗ ਅਲਾਪ ਰਹੀ ਹੋਵੇ |
ਉਥੇ ਦੇ ਸੰਘਣੇ ਜੰਗਲਾਂ 'ਚ ਰੁੱਖਾਂ ਦੀਆਂ ਟਾਹਣੀਆਂ ਇਕ-ਦੂਜੇ 'ਚ ਇੰਝ ਗੁਥਮ-ਗੁੱਥਾ ਹੋਈਆਂ ਸਨ, ਜਿਵੇਂ ਧਰਤੀ 'ਤੇ ਗੁਆਂਢੀ ਦੇਸ਼ਾਂ ਦੀਆਂ ਸੀਮਾਵਾਂ ਇਕ-ਦੂਜੇ 'ਚ ਇੰਜ ਘੁਲ-ਮਿਲ ਗਈਆਂ ਹਨ ਕਿ ਪਤਾ ਨਹੀਂ ਸੀ ਜਾਪਦਾ ਕਿ ਕਿਹੜੇ ਦੇਸ਼ ਦੀ ਸੀਮਾ ਕਿੱਥੇ ਮੁਕਦੀ ਹੈ | ਇਸੇ ਕਾਰਨ ਇਹ ਦੁਰਘਟਨਾ ਹੋ ਗਈ |
ਇਕ ਦਿਨ ਮੇਰਾ ਦੋਸਤ ਕੁਝ ਬਿਮਾਰ ਸੀ | ਇਸ ਲਈ ਮੈਂ ਇਕੱਲਾ ਹੀ ਜੰਗਲ ਨੂੰ ਨਿਕਲ ਗਿਆ | ਸੋਚਿਆ ਸੀ ਕਿ ਜੰਗਲ ਦੇ ਗੈਸਟ ਹਾਊਸ ਦੇ ਆਲੇ-ਦੁਆਲੇ ਹੀ ਰਹਾਂਗਾ |
ਥੋੜ੍ਹੀ ਹੀ ਦੂਰ ਗਿਆ ਸੀ ਕਿ ਇਕ ਰੰਗ-ਬਰੰਗੀ ਚਿੜੀ ਟਾਹਣੀਆਂ 'ਚ ਫੁਦਕਦੀ ਹੋਈ ਵਿਖਾਈ ਦਿੱਤੀ | ਉਹਨੂੰ ਨੇੜਿਉਂ ਵੇਖਣ ਲਈ ਮਨ ਮਚਲ ਗਿਆ ਪਰ ਉਹ ਇਕ ਥਾਂ 'ਤੇ ਟਿਕ ਕੇ ਨਹੀਂ ਸੀ ਬਹਿੰਦੀ | ਕਦੇ ਇਸ ਟਾਹਣੀ 'ਤੇ, ਕਦੇ ਉਸ ਟਾਹਣੀ 'ਤੇ ਦੁਮ ਹਿਲਾਂਦੀ, ਖੰਭ ਫੜਫੜਾਉਂਦੀ, ਸੰਘਣੇ ਰੁੱਖਾਂ ਦੀਆਂ ਆਪੋ 'ਚ ਗਲੇ ਮਿਲਦੀਆਂ ਟਾਹਣੀਆਂ ਵਿਚਕਾਰ ਮਟਕਦੀ ਹੋਈ ਉਹ ਅੱਗੇ ਤੋਂ ਅੱਗੇ ਵਧਦੀ ਜਾ ਰਹੀ ਸੀ ਪਰ ਮੇਰੇ ਲਈ ਉਹਦਾ ਪਿੱਛਾ ਕਰਨਾ ਬਹੁਤ ਔਖਾ ਕੰਮ ਸੀ | ਕਦੇ ਧੌਣ 'ਚ ਲਮਕਦਾ ਕੈਮਰਾ ਤੇ ਕਦੇ ਦੂਜੇ ਜਾਨਵਰਾਂ ਤੋਂ ਆਪਣੀ ਰੱਖਿਆ ਲਈ ਮੋਢੇ 'ਤੇ ਚੁੱਕੀ ਬੰਦੂਕ ਟਾਹਣੀਆਂ 'ਚ ਫਸ ਜਾਂਦੀ | ਮੈਨੂੰ ਰੁਕਣਾ ਪੈਂਦਾ, ਤਾਂ ਕਿ ਉਹਦੀ ਕੋਮਲ ਚਹਿਚਹਾਹਟ ਤੇ ਉਹਦੇ ਖੰਭਾਂ ਦੀ ਰੰਗੀਨ ਬਨਾਵਟ ਨੂੰ ਆਪਣੇ ਕੈਮਰੇ 'ਚ ਬੰਦ ਕਰ ਸਕਾਂ | ਉਹ ਚਿੜੀ ਆਪਣੇ ਰੂਪ ਦੀ ਝਲਕ ਦਿਖਾ ਕੇ ਨਟਖਟ ਪ੍ਰੇਮਿਕਾ ਵਾਂਗ ਅੱਖਾਂ ਤੋਂ ਇੰਜ ਅਲੋਪ ਹੋ ਜਾਂਦੀ, ਜਿਵੇਂ ਮੇਰੇ ਨਾਲ ਲੁਕਣ-ਮੀਚੀ ਦੀ ਖੇਡ-ਖੇਡ ਰਹੀ ਹੋਵੇ | ਫਿਰ ਜਿਵੇਂ ਸ਼ਰਾਰਤਾਂ ਤੇ ਮਚਲਦਾ ਬੱਚਾ ਕਿਸੇ ਓਟ 'ਚੋਂ ਝਾਕ ਕੇ ਮਾਂ ਨੂੰ ਦੱਸਦਾ ਹੈ ਕਿ ਉਹ ਉਥੇ ਲੁਕਿਆ ਏ, ਇਸ ਤਰ੍ਹਾਂ ਚਿੜੀ ਦੀ ਕੋਮਲ ਆਵਾਜ਼ ਕਿਸੇ ਪਾਸਿਉਂ ਆਉਂਦੀ ਹੈ ਤੇ ਮੈਂ ਰੁੱਖਾਂ ਦੀਆਂ ਟਾਹਣੀਆਂ ਨਾਲ ਉਲਝਦਾ ਉਸ ਪਾਸੇ ਚਲਾ ਜਾਂਦਾ ਹਾਂ |
ਇਵੇਂ ਹੀ ਉਸ ਰੰਗੀਨ ਚਿੜੀ ਦਾ ਪਿੱਛਾ ਕਰਦੇ-ਕਰਦੇ ਮੈਨੂੰ ਪਤਾ ਨਹੀਂ ਚੱਲਿਆ ਕਿ ਮੈਂ ਆਮ ਜੰਗਲ ਦੀ ਸੀਮਾ ਨੂੰ ਪਾਰ ਕਰਕੇ ਮੈਂ ਨਿੱਜੀ ਜੰਗਲ 'ਚ ਪ੍ਰਵੇਸ਼ ਕਰ ਗਿਆ | ਉਸ ਕਬੀਲੇ ਦੇ ਕਰਮਚਾਰੀਆਂ ਨੇ ਮੇਰੇ ਮੋਢੇ 'ਤੇ ਲਮਕੀ ਬੰਦੂਕ ਨੂੰ ਵੇਖ ਕੇ ਸ਼ਾਇਦ ਇਹ ਸਮਝਿਆ ਕਿ ਮੈਂ ਉਥੇ ਉਨ੍ਹਾਂ ਦੇ ਪ੍ਰਦੇਸ਼ 'ਚ ਸ਼ਿਕਾਰ ਖੇਡਣ ਆਇਆ ਹਾਂ | ਉਹ ਇਸੇ ਅਪਰਾਧ 'ਚ ਮੈਨੂੰ ਆਪਣੇ ਘੇਰੇ 'ਚ ਲੈ ਕੇ ਪਤਾ ਨਹੀਂ ਕਿਥੇ ਲੈ ਜਾ ਰਹੇ ਸਨ |
ਅਸੀਂ ਕਾਫ਼ੀ ਦੇਰ ਤੱਕ ਚਲਦੇ ਰਹੇ | ਚਲਦੇ-ਚਲਦੇ ਮੇਰੇ ਥੋੜੇ੍ਹ ਜਿਹਾ ਰੁਕਣ 'ਤੇ ਉਨ੍ਹਾਂ ਹਬਸ਼ੀਆਂ ਦੇ ਨੇਜ਼ਿਆਂ ਦੀਆਂ ਤਿੱਖੀਆਂ ਨੋਕਾਂ ਮੇਰੇ ਸਰੀਰ ਨੂੰ ਚੁਭਣ ਲਗਦੀਆਂ | ਉਸ ਵੇਲੇ ਸਾਹਮਣੋਂ ਇਕ ਬਸਤੀ ਦਾ ਫਾਟਕ ਵੇਖ ਕੇ ਮੇਰਾ ਦਿਲ ਬਹਿਣ ਲੱਗਾ | ਇਕੋ ਪਲ 'ਚ ਮੈਂ ਭੈਅ ਨਾਲ ਪਸੀਨੇ 'ਚ ਨਹਾਤਾ ਗਿਆ | ਕੀ ਵੇਖਦਾ ਹਾਂ ਕਿ ਫਾਟਕ ਦੀ ਲੰਬੀ-ਚੌੜੀ ਮਹਿਰਾਬ 'ਤੇ ਦੋਵੇਂ ਖੰਭੇ ਇਨਸਾਨੀ ਖੋਪੜੀਆਂ ਨਾਲ ਸਜੇ ਹੋਏ ਨੇ, ਅਸਾਂ ਜਿਵੇਂ ਹੀ ਉਸ ਗੇਟ ਅੰਦਰ ਪ੍ਰਵੇਸ਼ ਕੀਤਾ, 'ਤੋਹਾ ਤੋਹਾ, ਹਿਆ-ਹਿਆ' ਦਾ ਰੌਲਾ ਪਾਉਂਦੇ ਹੋਏ ਨੌਜਵਾਨ ਹਬਸ਼ੀਆਂ ਦੀ ਇਕ ਟੋਲੀ, ਜਿਹਦੇ ਹੱਥਾਂ 'ਚ ਤਲਵਾਰਾਂ ਤੇ ਕੁਹਾੜੀਆਂ ਨਾਲ ਮਿਲਦੇ-ਜੁਲਦੇ ਹਥਿਆਰ ਫੜੇ ਹੋਏ ਸਨ, ਨੱਚਦੇ-ਗਾਉਂਦੇ ਅੱਗੇ-ਅੱਗੇ ਹੋ ਗਏ |
ਅੰਤ 'ਚ ਉਹ ਕਾਰਵਾਂ ਰੁੱਖਾਂ ਦੇ ਸੰਘਣੇ ਝੁੰਡ 'ਚ ਜਾ ਕੇ ਜਿਥੇ ਰੁਕਿਆ, ਉਥੇ ਲੱਕੜ ਦੇ ਖੰਭਿਆਂ ਦੇ ਉੱਤੇ ਖੁੱਲ੍ਹੇ ਜਿਹੇ ਛੱਤ ਦੇ ਹੇਠਾਂ ਵੱਡਾ ਸਾਰਾ ਤਖਤਾ ਵਿਛਿਆ ਸੀ | ਉਸ ਤਖਤੇ 'ਤੇ ਟੇਕ ਲਾਉਣ ਲਈ ਗਊਤਕੀਏ ਰੱਖੇ ਹੋਏ ਸਨ | ਉਸ ਤਖਤੇ ਦੇ ਸਾਹਮਣੇ ਦੋਵਾਂ ਪਾਸੇ ਕਬੀਲੇ ਦੇ ਬਹੁਤ ਸਾਰੇ ਲੋਕ ਲੱਕੜ ਦੇ ਗੋਲ-ਗੋਲ ਸਟੂਲਾਂ 'ਤੇ ਬੈਠੇ ਸਨ | ਨੌਜਵਾਨਾਂ ਦੀ 'ਹਾਹਿਆ-ਹਾਹਿਆ' ਦੀ ਆਵਾਜ਼ ਸੁਣਦੇ ਹੀ ਉਨ੍ਹਾਂ ਹਬਸ਼ੀਆਂ ਦਾ ਧਿਆਨ ਸਾਡੇ ਵੱਲ ਚਲਾ ਗਿਆ ਅਤੇ ਮੈਨੂੰ ਨੇਜ਼ਿਆਂ 'ਚ ਘਿਰਿਆ ਵੇਖ ਕੇ ਉਨ੍ਹਾਂ ਦੀਆਂ ਵਾਛਾਂ ਇੰਜ ਖਿੜ ਗਈਆਂ, ਜਿਵੇਂ ਉਨ੍ਹਾਂ ਲਈ ਅੱਜ ਦੇ ਮਨੋਰੰਜਨ ਦਾ ਪ੍ਰਬੰਧ ਹੋ ਗਿਆ ਹੋਵੇ |
ਉਸ ਛੱਤ ਤੋਂ ਜ਼ਰਾ ਹਟ ਕੇ ਪਹਿਲਾਂ ਤੋਂ ਲੱਗੇ ਹੋਏ ਦੋ ਖੰਭਿਆਂ ਤੇ ਇਕ ਵੱਡਾ ਸਾਰਾ ਲੱਠ ਰੱਖਿਆ ਸੀ, ਜਿਹਦੇ ਨਾਲ ਬੱਝੀਆਂ ਲੋਹੇ ਦੀਆਂ ਜ਼ੰਜੀਰਾਂ ਲਮਕ ਰਹੀਆਂ ਸਨ | ਉਨ੍ਹਾਂ ਦੇ ਹੇਠਾਂ ਅਲਾਊ ਬਾਲਣ ਲਈ ਲੱਕੜਾਂ ਜਮ੍ਹਾ ਕੀਤੀਆਂ ਜਾਣ ਲੱਗੀਆਂ |
ਇਹ ਵੇਖ ਕੇ ਮੇਰੇ ਰੋਮ-ਰੋਮ ਖਲ੍ਹੋ ਗਏ | ਮੈਂ ਅਨੁਮਾਨ ਲਾਇਆ ਕਿ ਮੈਨੂੰ ਇਸ ਲੋਹੇ ਦੀਆਂ ਜ਼ੰਜੀਰਾਂ ਨਾਲ ਲਮਕਾ ਕੇ ਹੇਠਾਂ ਅਲਾਊ ਦੀ ਅੱਗ ਬਾਲ ਦਿੱਤੀ ਜਾਵੇਗੀ | ਇਹ ਸੋਚ ਕੇ ਮੈਂ ਧਰਤੀ 'ਤੇ ਡਿਗਦਾ-ਡਿਗਦਾ ਬਚਿਆ |
ਮੈਨੂੰ ਆਪਣੇ ਬਚਾਓ ਦੀ ਕੋਈ ਆਸ ਨਹੀਂ ਸੀ ਤੇ ਜੇਕਰ ਸੀ ਤਾਂ ਕੇਵਲ ਇੰਨੀ ਕਿ ਹਾਲੇ ਸਾਹਮਣੇ ਵਾਲੇ ਉੱਚੇ ਤਖਤੇ'ਤੇ ਕੋਈ ਨਹੀਂ ਸੀ ਬੈਠਾ | ਇਹਦਾ ਮਤਲਬ ਮੈਂ ਇਹੀ ਕੱਢਿਆ ਕਿ ਹਾਲੇ ਉਸ ਕਬੀਲੇ ਦਾ ਸਰਦਾਰ ਇਥੇ ਮੌਜੂਦ ਨਹੀਂ ਏ |
ਇਕ ਪਾਸੇ ਤੋਂ ਅਲਾਊ ਦੇ ਹੇਠਾਂ ਮੋਟੀਆਂ-ਮੋਟੀਆਂ ਲੱਕੜਾਂ ਇਸ ਤਰ੍ਹਾਂ ਖੜ੍ਹੀਆਂ ਕੀਤੀਆਂ ਜਾਣ ਲੱਗੀਆਂ ਕਿ ਜਦੋਂ ਅਲਾਊ ਥੱਲੇ ਤਾਂ ਉਹਦੇ ਸ਼ੋਅਲੇ ਉਤੇ ਲਮਕਣ ਵਾਲੇ ਬੰਦੇ ਨੂੰ ਆਪਣੀ ਲਪੇਟ 'ਚ ਲੈ ਸਕਣ | ਦੂਜੇ ਪਾਸੇ ਮੈਂ ਵੇਖਿਆ ਕਿ ਇਕ ਹਬਸ਼ੀ ਕੁਝ ਕਹਿ ਗਿਆ ਤੇ ਉਹ ਭਜਦਾ ਹੋਇਆ ਇਕ ਪਾਸੇ ਨੂੰ ਨਿਕਲ ਗਿਆ |
ਮੇਰਾ ਅਨੁਮਾਨ ਸਹੀ ਨਿਕਲਿਆ ਜਿਸ ਪਾਸੇ ਉਹ ਹਬਸ਼ੀ ਗਿਆ ਸੀ, ਥੋੜ੍ਹੀ ਦੇਰ ਮਗਰੋਂ ਉਧਰੋਂ ਕੁਝ ਪਾਲਕੀ ਸਵਾਰ ਇਕ ਸੁੰਦਰ ਜਿਹੀ ਪਾਲਕੀ ਚੁੱਕੀ ਪ੍ਰਗਟ ਹੋਏ ਤੇ ਜਿਵੇਂ ਹੀ ਉਹ ਪਾਲਕੀ ਉਸ ਲੱਕੜ ਦੀ ਛੱਤ 'ਤੇ ਵਿਚਕਾਰ ਰੱਖੀ ਗਈ ਸੀ, ਉਸ 'ਚੋਂ ਇਕ ਹੱਟਾ-ਕੱਟਾ ਹਬਸ਼ੀ ਬਾਹਰ ਨਿਕਲਿਆ | ਉਹ ਜ਼ਰੂਰ ਉਨ੍ਹਾਂ ਦਾ ਸਰਦਾਰ ਸੀ | ਉਹਨੇ ਆਪਣੇ ਸਿਰ 'ਤੇ ਫੁੱਲਾਂ ਦਾ ਇਕ ਤਾਜ ਪਾ ਰੱਖਿਆ ਸੀ ਤੇ ਉਹਦੇ ਲੱਕ ਦੁਆਲੇ ਇਕ ਰੰਗੀਨ ਪਟਕਾ ਜਿਹਾ ਬੰਨਿ੍ਹਆ ਹੋਇਆ ਸੀ, ਜਿਹਦਾ ਇਕ ਸਿਰਾ ਉਹਦੇ ਮੋਢੇ 'ਤੇ ਲਮਕ ਰਿਹਾ ਸੀ | ਕਬੀਲੇ ਦੇ ਸਰਦਾਰ ਨੇ ਆਉਂਦੇ ਹੀ ਇਕ ਸਰਸਰੀ ਨਜ਼ਰ ਨਾਲ ਮੇਰੇ ਵੱਲ ਵੇਖਿਆ ਤੇ ਜਿਵੇਂ ਹੀ ਉਹ ਆਪਣੇ ਤਖਤ 'ਤੇ ਜਾ ਕੇ ਬੈਠਿਆ, ਉਹਦੇ ਦਰਬਾਰੀ ਮੇਰੇ ਵੱਲ ਇਸ਼ਾਰਾ ਕਰਕੇ ਉਹਨੂੰ ਕੁਝ ਦੱਸਣ ਲੱਗੇ | ਮੇਰਾ ਵਿਚਾਰ ਹੈ ਕਿ ਉਨ੍ਹਾਂ ਉਹਨੂੰ ਮੇਰੇ ਅਪਰਾਧ ਦਾ ਵੇਰਵਾ ਦੱਸਿਆ ਹੋਵੇਗਾ ਜਾਂ ਫਿਰ ਇਹ ਕਿ ਮੈਨੂੰ ਸਜ਼ਾ ਦੇਣ ਲਈ ਸਾਰੇ ਪ੍ਰਬੰਧ ਕਰ ਦਿੱਤੇ ਹਨ | ਇਹ ਅਨੁਮਾਨ ਮੈਂ ਇਸ ਪ੍ਰਕਾਰ ਲਾਇਆ ਕਿ ਦਰਬਾਰੀਆਂ 'ਚੋਂ ਕੋਈ ਖੰਭਿਆਂ ਨਾਲ ਬੱਝੀਆਂ ਜ਼ੰਜੀਰਾਂ ਤੇ ਉਹਦੇ ਹੇਠਾਂ ਬਲਣ ਵਾਲੇ ਅਲਾਊ ਵੱਲ ਹੀ ਇਸ਼ਾਰਾ ਕਰ ਰਿਹਾ ਸੀ |
ਥੋੜ੍ਹੀ ਦੇਰ 'ਚ ਮੇਰੀ ਕਿਸਮਤ ਦਾ ਫ਼ੈਸਲਾ ਹੋਣ ਲਈ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਈ | ਉਹ ਨੇਜ਼ੇਬਾਜ਼ ਜਿਹੜੇ ਮੈਨੂੰ ਫੜ ਕੇ ਲਿਆਏ ਸਨ, ਉਨ੍ਹਾਂ ਉੱਚੀ ਆਵਾਜ਼ 'ਚ ਕਹਿਣਾ ਸ਼ੁਰੂ ਕੀਤਾ | ਉਹ ਆਪਣੀ-ਆਪਣੀ ਗੱਲ ਕਹਿ ਬੈਠੇ ਤਾਂ ਸਰਦਾਰਨੇ ਇਸ਼ਾਰੇ ਨਾਲ ਮੈਨੂੰ ਆਪਣੇ ਨੇੜੇ ਆਉਣ ਦਾ ਇਸ਼ਾਰਾ ਕੀਤਾ |
ਮੈਂ ਨੇਜ਼ੇ ਵਾਲਿਆਂ ਦੇ ਘੇਰੇ 'ਚ ਘਿਰਿਆ ਸਰਦਾਰ ਤੋਂ ਕੋਈ ਦਸ ਫੁੱਟ ਦੀ ਦੂਰੀ 'ਤੇ ਜਾ ਕੇ ਖਲੋ੍ਹ ਗਿਆ |
'ਕਿਹੜੇ ਦੇਸ਼ ਦੇ ਵਾਸੀ?' ਸਰਦਾਰ ਨੇ ਮੈਨੂੰ ਅੰਗਰੇਜ਼ੀ 'ਚ ਪੁੱਛਿਆ | ਉਹਨੂੰ ਅੰਗਰੇਜ਼ੀ ਬੋਲਦੇ ਹੋਏ ਵੇਖ ਕੇ ਮੇਰੀ ਜਾਨ 'ਚ ਜਾਨ ਆ ਗਈ ਕਿ ਹੁਣ ਘੱਟੋ-ਘੱਟ ਕੋਈ ਗੱਲ ਸੁਣਨ ਵਾਲਾ ਤਾਂ ਹੈ, ਪਰ ਫਿਰ ਵੀ ਭੈਅ ਨਾਲ ਮੇਰੀ ਆਵਾਜ਼ ਜਿਵੇਂ ਗਲੇ 'ਚ ਹੀ ਅਟਕ ਕੇ ਰਹਿ ਗਈ |
ਸਰਦਾਰ ਨੇ ਆਪਣਾ ਸੁਆਲ ਦੁਹਰਾਇਆ |
'ਇੰਡੀਆ' ਬੜੀ ਔਖਿਆਈ ਨਾਲ ਮੈਂ ਉਹ ਸ਼ਬਦ ਕਹਿ ਸਕਿਆ |
'ਹਿੰਦੁਸਤਾਨ |'
ਸਰਦਾਰ ਨੂੰ ਇੰਡੀਆ ਲਈ 'ਹਿੰਦੁਸਤਾਨ' ਸ਼ਬਦ ਦੀ ਵਰਤੋਂ ਕਰਦੇ ਦੇਖ ਕੇ ਮੈਨੂੰ ਹੈਰਾਨੀ ਹੋਈ ਤੇ ਖੁਸ਼ੀ ਵੀ | ਮੈਂ ਵੇਖਿਆ ਕਿ ਉਹਦੀਆਂ ਅੱਖਾਂ 'ਚ ਚਮਕ ਜਿਹੀ ਆ ਗਈ ਤੇ ਉਹਨੂੰ ਪ੍ਰਸ਼ਨਾਤਮਿਕ ਨਜ਼ਰਾਂ ਨਾਲ ਮੇਰੇ ਵੱਲ ਵੇਖਿਆ 'ਹਿੰਦੁਸਤਾਨ' ਹੁਣ ਮੈਂ ਕੁਝ ਉੱਚੀ ਆਵਾਜ਼ ਨਾਲ ਕਿਹਾ |
'ਗੋਨ ਦੀ... ਗੋਨ ਦੀ ਦੇਸ਼' ਇਹ ਕਹਿੰਦੇ ਹੋਏ ਉਹਨੇ ਤਾੜੀ ਵਜਾਈ |
ਤਾੜੀ ਦੇ ਵਜਦੇ ਹੀ ਨੇਜ਼ੇ ਵਾਲੇ ਤੇ ਸਿਪਾਹੀ ਪਿੱਛੇ ਹਟ ਗਏ ਤੇ ਸਰਦਾਰ ਨੇ ਮੈਨੂੰ ਆਪਣੇ ਨੇੜੇ ਆਉਣ ਦਾ ਇਸ਼ਾਰਾ ਕੀਤਾ | ਮੈਂ ਇਕ ਪੈਰ ਅੱਗੇ ਵਧ ਕੇ ਰੁਕ ਗਿਆ, ਉਹਨੇ ਮੈਨੂੰ ਫਿਰ ਅੱਗੇ ਆਉਣ ਨੂੰ ਕਿਹਾ | ਮੈਂ ਇਕ ਪੈਰ ਹੋਰ ਅੱਗੇ ਵਧ ਕੇ ਰੁਕ ਗਿਆ |
ਹੁਣ ਸਰਦਾਰ ਨੇ ਆਪਣੇ ਤਖ਼ਤ 'ਤੇ ਹੱਥ ਮਾਰਿਆ |
ਜਿਹਦਾ ਮਤਲਬ ਸੀ ਕਿ ਮੈਂ ਉਹਦੇ ਤਖਤ 'ਤੇ ਉਹਦੇ ਕੋਲ ਜਾ ਕੇ ਬੈਠਾਂ | ਮੈਂ ਡਰਦਾ-ਡਰਦਾ ਉਥੇ ਜਾ ਕੇ ਬਹਿ ਗਿਆ | ਹੁਣ ਸਰਦਾਰ ਦੇ ਚਿਹਰੇ 'ਤੇ ਖੁਸ਼ੀ ਦੇ ਚਿੰਨ੍ਹ ਸਨ | ਉਹਨੇ 'ਗੋਨ ਦੀ... ਗੋਨ ਦੀ' ਕਹਿੰਦੇ ਹੋਏ ਆਪਣੇ ਲੋਕਾਂ ਨੂੰ ਕੀ-ਕੀ ਦੱਸਿਆ, ਅਤੇ ਫਿਰ ਵਾਤਾਵਰਨ ਬਦਲ ਗਿਆ |
ਉਸ ਸਮੇਂ ਖਾਣ-ਪੀਣ ਦੀਆਂ ਚੀਜ਼ਾਂ ਨਾਲ ਭਰੀਆਂ ਕਿੰਨੀਆਂ ਥਾਲੀਆਂ ਲਿਆ ਕੇ ਰੱਖੀਆਂ ਗਈਆਂ | ਮੈਂ ਸਰਦਾਰ ਨਾਲ ਮਿਲ ਕੇ ਮਿੱਠੇ-ਮਿੱਠੇ ਫਲ ਖਾ ਰਿਹਾ ਸੀ ਕਿ ਮੇਰਾ ਦੋਸਤ ਬਿਮਾਰ ਹੁੰਦੇ ਹੋਏ ਵੀ ਮੇਰੀ ਖੋਜ 'ਚ ਉਥੇ ਪਹੁੰਚ ਗਿਆ |
ਥੋੜ੍ਹੀ ਦੇਰ ਮਗਰੋਂ ਜਦੋਂ ਅਸੀਂ ਦੋਵੇਂ ਕਬੀਲੇ ਦੇ ਸਰਦਾਰ ਦੀ ਪਾਲਕੀ 'ਚ ਬਹਿ ਕੇ ਵਾਪਸ ਆਪਣੇ ਗੈਸਟ ਹਾਊਸ ਵੱਲ ਆ ਰਹੇ ਸਾਂ ਤਾਂ ਮੇਰੇ ਦੋਸਤ ਨੇ ਮੈਨੂੰ ਦੱਸਿਆ, 'ਅੱਜ ਤਾਂ ਤੂੰ ਮਹਾਤਮਾ ਗਾਂਧੀ ਦੇ ਦੇਸ਼ ਦਾ ਵਾਸੀ ਹੋਣ ਦੇ ਕਾਰਨ ਬਚ ਗਿਆ, ਨਹੀਂ ਤਾਂ ਬੜਾ ਜ਼ੁਲਮ ਹੋ ਜਾਂਦਾ | ਇਹ ਸਰਦਾਰ ਗਾਂਧੀ ਦਾ ਬੜਾ ਭਗਤ ਏ | ਆਪਣੀ ਜਵਾਨੀ 'ਚ ਇਹ ਹਿੰਦੁਸਤਾਨ 'ਚ ਗਾਂਧੀ ਜੀ ਦੇ ਆਸ਼ਰਮ 'ਚ ਕੁਝ ਦਿਨ ਰਹਿ ਚੁੱਕਿਆ ਏ | ਉਸੇ ਵੇਲੇ ਮੇਰੇ ਕੰਨਾਂ 'ਚ ਉਹਦੇ ਸ਼ਬਦ 'ਗੋਨ ਦੀ ਗੋਨ ਦੀ' ਗੰੂਜ ਗਏ |
ਉਹ ਦੁਰਘਟਨਾ ਤਾਂ ਟਲ ਗਈ ਪਰ ਬਹੁਤ ਦੇਰ ਤੱਕ ਮੈਨੂੰ ਵਿਸ਼ਵਾਸ ਨਹੀਂ ਸੀ ਹੋਇਆ ਕਿ ਇਸ ਪ੍ਰਦੇਸ਼ 'ਚ ਕੇਵਲ ਮਹਾਤਮਾ ਗਾਂਧੀ ਦੇ ਦੇਸ਼ ਦਾ ਵਾਸੀ ਹੋਣ ਦੇ ਕਾਰਨ ਮੇਰੀ ਜਾਨ ਬਚ ਗਈ ਅਤੇ ਜਦੋਂ ਮੈਨੂੰ ਵਿਸ਼ਵਾਸ ਹੋ ਗਿਆ ਕਿ ਮੈਂ ਜਿੰਦਾ ਹਾਂ ਤਾਂ ਮੈਨੂੰ ਮਹਿਸੂਸ ਹੋਇਆ ਕਿ ਕਿਸੇ ਦਿਨ ਉਸ ਚਿੰਤਕ ਦੀ ਕਹੀ ਹੋਈ ਗੱਲ ਵੀ ਸਾਬਤ ਹੋਵੇਗੀ, ਜਿਹਨੇ ਕਿਹਾ ਸੀ ਕਿ ਕੁਝ ਅਰਸੇ ਮਗਰੋਂ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਹੋਵੇਗਾ ਕਿ ਮੋਹਨ ਦਾਸ ਕਰਮ ਚੰਦ ਨਾਂਅ ਦਾ ਕੋਈ ਵਿਅਕਤੀ ਕਦੇ ਇਸ ਧਰਤੀ 'ਤੇ ਆਇਆ ਸੀ |
ਮੇਰਾ ਵਿਚਾਰ ਹੈ ਕਿ ਸੰਸਾਰ ਨੂੰ ਵਿਸ਼ਵਾਸ ਕਰਨਾ ਹੀ ਪਵੇਗਾ |
-ਸੀ-35, ਸੁਦਰਸ਼ਨ ਪਾਰਕ, ਨਵੀਂ ਦਿੱਲੀ-110015.
ਮੋਬਾਈਲ : 093121-24829.


ਖ਼ਬਰ ਸ਼ੇਅਰ ਕਰੋ

ਲੜੀਵਾਰ ਨਾਵਲ

ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਕੁਲਦੀਪ ਦੱਸ ਰਿਹਾ ਸੀ ਕਿ ਪਿਛਲੇ ਸਾਲ ਮੈਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਸੀ | ਮੱਥਾ ਟੇਕਣ ਲਈ ਅੰਦਰ ਜਾਣ ਤੋਂ ਪਹਿਲਾਂ ਪੁਲਿਸ ਵੱਲੋਂ ਹਰ ਬੰਦੇ ਦੀ ਤਲਾਸ਼ੀ ਲਈ ਜਾਂਦੀ ਸੀ | ਪੰਜਾਬ ਦੇ ਹਾਲਾਤ ਬਾਰੇ ਕੇਸਰ ਸਿੰਘ ਵੀ ਇਹੋ ਜਿਹੇ ਵਿਚਾਰ ਹੀ ਪ੍ਰਗਟ ਕਰ ਰਿਹਾ ਸੀ | ਪੰਜਾਬ 'ਚ ਨੌਜਵਾਨਾਂ ਅਤੇ ਪੁਲਿਸ ਦੀਆਂ ਆਪਣੀ ਮਜਬੂਰੀਆਂ ਸਨ | ਕੀ-ਕੀ ਚਰਚਾ ਹੋ ਰਹੀ ਸੀ, ਪੰਜਾਬ ਬਾਰੇ ਉਸ ਦਾ ਅਗਲਾ ਭਾਗ ਅੱਜ ਪੜ੍ਹੋ :

'ਕੇਂਦਰ ਸਰਕਾਰ ਨੂੰ ਸ਼ੱਕ ਵੀ ਹੈ ਕਿ ਗੁਆਂਢੀ ਮੁਲਕ ਹੀ ਅੱਤਵਾਦ ਫੈਲਾਅ ਰਿਹਾ ਹੈ | ਨੌਜਵਾਨਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ, ਅਸਲ੍ਹਾ ਦੇ ਰਿਹਾ ਹੈ, ਆਉਣ-ਜਾਣ ਦੇ ਸਾਰੇ ਰਾਹ ਤੇ ਟੈਕਟਿਕਸ ਸਿਖਾ ਰਿਹਾ ਹੈ | ਕਿਥੋਂ ਦਰਿਆ ਪਾਰ ਕਰਨਾ ਹੈ, ਕਿਥੋਂ ਜੰਗਲ? ਕਿਵੇਂ ਅਸਲ੍ਹਾ ਲੈ ਜਾਣਾ ਹੈ ਤੇ ਦਹਿਸ਼ਤ ਕਿਵੇਂ ਫੈਲਾਣੀ ਹੈ?'
'ਉਹ ਬੰਗਲਾਦੇਸ਼ ਅੱਡ ਹੋਣ ਦਾ ਬਦਲਾ ਤਾਂ ਸਾਡੇ ਕੋਲੋਂ ਲੈਣਗੇ | ਉਹ ਗੱਲ ਵੱਖਰੀ ਏ ਕਿ ਜਨਤਾ ਉਨ੍ਹਾਂ ਦੇ ਨਾਲ ਨਹੀਂ ਲੋਕਾਂ ਵਿਚ ਉਨ੍ਹਾਂ ਦੀ ਮਦਦ ਕਰਨ ਨਾਲੋਂ ਦਹਿਸ਼ਤ ਵਧੇਰੇ ਹੈ |'
ਮੈਂ ਤਾਂ ਇਹ ਬੀ ਅਫ਼ਵਾਹ ਸੁਣੀ ਏ ਕਿ ਦੇਹਰਾਦੂਨ ਕੋਲ ਚਕਰਾਤਾ ਮਿਲਟਰੀ ਕੈਂਪ ਵਿਚ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕੋਈ ਟ੍ਰੇਨਿੰਗ ਹੋ ਰਹੀ ਹੈ |'
'ਨਹੀਂ ਯਾਰ, ਲੋਕਾਂ ਦੀਆਂ ਅਫ਼ਵਾਹਾਂ, ਜਿੰਨੇ ਮੰੂਹ ਉਨੀਆਂ ਗੱਲਾਂ, ਕੋਈ ਕਿਸੇ ਦਾ ਮੰੂਹ ਥੋੜ੍ਹੀ ਰੋਕ ਸਕਦੈ? ਮਿਲਟਰੀ ਦਾ ਕੇ ਕੰਮ ਏ ਦਰਬਾਰ ਸਾਹਿਬ? ਕਿਸੀ ਬਾਰਡਰ 'ਤੇ ਹਮਲਾ ਥੋੜ੍ਹੀ ਕਰਨੈ? ਕੋਈ ਸਾਰਾ ਪੰਜਾਬ ਥੋੜ੍ਹੀ ਖਾੜਕੂ ਏ? ਸਾਰਾ ਪੰਜਾਬ ਖਾੜਕੂ ਬਣ ਜਾਂਦਾ ਤਾਂ ਉਪਦਰ ਮਚ ਜਾਂਦਾ | ਇਹ ਤਾਂ ਥੋੜ੍ਹੇ ਜਿਹੇ ਲੋਕ ਨੇ ਤੇ ਕੁਝ ਜਵਾਨ ਨੱਢੇ ਜਿਨ੍ਹਾਂ ਨੇ ਹੋਰਨਾਂ ਦੇ ਚੁੱਕ ਚੁਕਾਏ ਇਹ ਰਸਤਾ ਅਪਣਾ ਲਿਆ | ਮੈਂ ਤਾਂ ਕਹਿਨਾ ਧੰਨ ਨੇ ਇਹ ਬੱਚੇ ਏਨਾ ਤਸ਼ਦਦ ਸਹਾਰ ਕੇ ਵੀ ਪਿੱਛੇ ਨਹੀਂ ਹਟਦੇ, ਮੌਤ ਤੋਂ ਨਹੀਂ ਘਬਰਾਂਦੇ |'
'ਕਿਸੀ ਦੇ ਘਰ ਦਾ ਇਕ ਬੰਦਾ ਪੁਲਿਸ ਮਾਰਦੀ ਏ ਤਾਂ ਚਾਰ ਹੋਰ ਉਸ ਦੇ ਰਿਸ਼ਤੇ-ਨਾਤੇ ਦਾਰ ਮਰਜੀਵੜਿਆਂ ਨਾਲ ਜਾ ਰਲਦੇ ਨੇ, ਇਹ ਮੰੁਡੇ-ਖੰੁਡੇ ਮੌਤ ਤੋਂ ਡਰਦੇ ਹੀ ਨਹੀਂ... |'
ਧਰਮਵੀਰ ਨੇ ਕਰਨ ਨੂੰ ਟੈਲੀਫੋਨ ਕੀਤਾ ਹੈ, 'ਮੈਂ ਤੇਰੇ ਲਈ ਵਸੰਤ ਵਿਹਾਰ ਇਕ ਕੋਠੀ ਵੇਖੀ ਏ | ਸੌਦਾ ਕਰਨ ਤੋਂ ਪਹਿਲਾਂ ਸੋਚਦਾ ਹਾਂ ਇਕ ਵਾਰ ਤੂੰ ਤੇ ਮਮਤਾ ਆ ਕੇ ਵੇਖ ਲਓ, ਪਸੰਦ ਕਰ ਲਓ | ਮੈਂ ਚਾਹੁੰਦਾ ਹਾਂ ਕਿ ਜਦੋਂ ਤੇਰੇ ਪਿਪਸ ਉਤੇ ਕਰਾਊਨ ਨਾਲ ਇਕ ਸਟਾਰ ਹੋਰ ਲੱਗੇ ਮੈਂ ਤੈਨੂੰ ਇਹ ਕੋਠੀ ਤੋਹਫ਼ਾ ਦਿਆਂ | ਤੇਰੀ ਮਾਂ ਦੇ ਕੰਨਾਂ ਤੀਕ ਇਹ ਗੱਲ ਨਹੀਂ ਪਹੁੰਚਣੀ ਚਾਹੀਦੀ | ਗਰਮੀ ਬੇਸ਼ੱਕ ਬਹੁਤ ਹੈ ਪਰ ਤੁਸੀਂ ਆਓ ਤੇ ਇਕ ਵਾਰੀ ਨਜ਼ਰ ਮਾਰ ਜਾਓ |'
ਕਰਨ ਨੇ ਬੜੇ ਤਰੀਕੇ ਨਾਲ ਗੱਲ ਦਾ ਰੁਖ਼ ਬਦਲਿਆ, 'ਪਾਪਾ ਪੰਜਾਬ ਕਿਹੜੇ ਦੌਰ ਵਿਚੋਂ ਗੁਜ਼ਰ ਰਿਹੈ? ਪਤਾ ਨਹੀਂ ਕਿਸ ਵੇਲੇ ਕਿਹੜੇ ਮਿਸ਼ਨ ਉਤੇ ਕਿਹੜੀ ਬਟਾਲੀਅਨ ਦੀ ਲੋੜ ਪੈ ਜਾਏ | ਹਾਲਾਤ ਦਾ ਕੋਈ ਪਤਾ ਨਹੀਂ ਕਿ ਹਵਾ ਕਿਹੜੇ ਪਾਸੇ ਵਗਦੀ ਏ? ਕਿਹੜਾ ਰੁਖ਼ ਅਪਣਾਂਦੀ ਏ?'
ਧਰਮਵੀਰ ਵੀ ਸੋਚਦਾ ਰਿਹਾ, 'ਪੰਜਾਬ ਦੇ ਅੰਦਰੂਨੀ ਮਾਮਲੇ ਵਿਚ ਫ਼ੌਜ ਦਾ ਕੀ ਕੰਮ? ਫ਼ੌਜ ਤਾਂ ਮੁਲਕ ਦੇ ਬਾਰਡਰਾਂ ਦੀ ਰੱਖਿਆ ਲਈ ਹੁੰਦੀ ਏ ਜਾਂ ਦੇਸ਼ ਵਿਚ ਕੋਈ ਕੁਦਰਤੀ ਹਲਚਲ ਮਚ ਜਾਏ, ਹੜ੍ਹ ਆ ਜਾਣ, ਧਰਤੀ ਫਟ ਜਾਏ, ਅੱਗ ਲੱਗ ਜਾਏ ਤਾਂ ਲੋਕਾਂ ਦੇ ਬਚਾਉ ਲਈ ਫ਼ੌਜ ਨੂੰ ਬੁਲਾਇਆ ਜਾਂਦਾ ਹੈ | ਬਾਰਡਰ ਉਤੇ ਕੋਈ ਹਲਚਲ ਨਹੀਂ ਫਿਰ ਫ਼ੌਜ ਕਿਸ ਮਿਸ਼ਨ ਲਈ ਤਿਆਰ ਹੈ? ਕਿਹੜੇ ਮਿਸ਼ਨ ਦੀ ਗੱਲ ਕਰ ਰਿਹਾ ਹੈ ਕਰਨ? ਬੇਸ਼ੱਕ ਪੰਜਾਬ ਦੇ ਹਾਲਾਤ ਬਹੁਤ ਖਰਾਬ ਨੇ, ਰੋਜ਼ ਅਜੀਬ-ਅਜੀਬ ਖ਼ਬਰਾਂ ਸੁਣੀਦੀਆਂ ਨੇ, ਖਾੜਕੂ ਤਬਕੇ ਦੇ ਆਗੂ ਗੁਰੂ ਨਾਨਕ ਨਿਵਾਸ ਤੋਂ ਅਕਾਲ ਤਖਤ ਵਿਚ ਆ ਕੇ ਨਿਵਾਸ ਕਰਨਾ ਚਾਹੁੰਦੇ ਸਨ | ਪਹਿਲਾਂ ਤਾਂ ਬੜੀ ਵਿਰੋਧਤਾ ਹੋਈ ਕਿ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਅੰਦਰ ਇਹੋ ਜਿਹੇ ਵਿਰੋਧੀ ਵਿਵਾਦ ਨਹੀਂ ਹੋਣੇ ਚਾਹੀਦੇ | ਫਿਰ ਕਿਵੇਂ ਸ਼੍ਰੋਮਣੀ ਕਮੇਟੀ ਦੇ ਆਗੂ ਝੁਕ ਗਏ ਤੇ ਅਕਾਲ ਤਖਤ ਸਾਹਿਬ ਦੀਆਂ ਉਤਲੀਆਂ ਮੰਜ਼ਿਲਾਂ ਉਤੇ ਨਿਵਾਸ ਸਥਾਨ ਬਣ ਗਿਆ | ਖਾੜਕੂਆਂ ਦਾ ਪੱਕਾ ਡੇਰਾ, ਪੱਕਾ ਕੈਂਪ |'
(ਬਾਕੀ ਅਗਲੇ ਐਤਵਾਰ)

ਵਿਅੰਗ

ਨੰਬਰਾਂ ਦੀ ਦੌੜ

ਬਦਲੀ ਹੋਣ ਉਪਰੰਤ ਅੱਜ ਮੈਂ ਨਵੇਂ ਦਫਤਰ ਦਾ ਚਾਰਜ ਲਿਆ ਸੀ | ਇਹ ਦੇਖ ਕੇ ਮੈਂ ਦੰਦਾਂ ਥੱਲੇ ਉਂਗਲੀਆਂ ਲੈ ਲਈਆਂ, ਕਿਉਂਕਿ ਦਫਤਰ ਵਿਚ ਬੈੱਲ ਹੀ ਨਹੀਂ ਸੀ ਲੱਗੀ ਹੋਈ | ਹੋ ਸਕਦਾ ਹੈ ਲੱਗੀ ਵੀ ਹੋਵੇ, ਪਰ ਅੱਜ ਗਾਇਬ ਹੋਵੇ | ਕਈ ਅਫਸਰ ਦਫਤਰ ਦੀਆਂ ਚੀਜ਼ਾਂ ਨਾਲ ਐਨਾ ਮੋਹ ਪਾਲ ਲੈਂਦੇ ਨੇ ਕਿ ਇਨ੍ਹਾਂ ਦਾ ਵਿਛੋੜਾ ਉਨ੍ਹਾਂ ਨੂੰ ਐਾ ਪ੍ਰਤੀਤ ਹੁੰਦਾ ਹੈ ਜਿਵੇਂ ਉਨ੍ਹਾਂ ਦੇ ਘਰ ਦਾ ਕੋਈ ਜੀਅ ਚੜ੍ਹਾਈਆਂ ਕਰ ਗਿਆ ਹੋਵੇ | ਅਖੀਰ ਮੋਹ ਦੇ ਮਾਰੇ ਤੇ ਮਜਬੂਰੀ ਵੱਸ ਬੱਝੇ-ਰੁੱਝੇ ਵਿਚਾਰੇ, ਬਦਲ ਕੇ ਜਾਣ ਲੱਗੇ ਇਨ੍ਹਾਂ ਵਸਤਾਂ ਨੂੰ ਆਪਣੇ ਨਾਲ ਹੀ ਲੈ ਜਾਂਦੇ ਨੇ ਜਾਂ ਫਿਰ ਧੱਕਾਜ਼ੋਰੀ ਇਹ ਵਸਤਾਂ ਉਨ੍ਹਾਂ ਦੇ ਕੰਧੇਰੇ ਚੜ੍ਹ ਜਾਂਦੀਆਂ ਨੇ | ਬੈੱਲ ਤੋਂ ਬਿਨਾਂ ਭਲਾ ਅਫਸਰ ਕਾਅਦਾ? ਬੈੱਲ ਤੋਂ ਬਿਨਾਂ ਅਫਸਰ ਤਾਂ ਕੁੱਤੇ ਫੇਲ੍ਹ ਹੋਏ ਸਾਈਕਲ ਵਰਗਾ ਹੁੰਦਾ ਹੈ | ਤੁਹਾਡਾ ਕੋਈ ਯਾਰ-ਬੇਲੀ ਜਾਂ ਰਿਸ਼ਤੇਦਾਰ ਆਇਆ ਹੋਵੇ, ਕੀ ਤੁਸੀਂ ਕੁਰਸੀ ਤੋਂ ਉੱਠ ਕੇ ਪੀਅਨ ਨੂੰ ਆਪ ਬੁਲਾਉਣ ਜਾਵੋਗੇ | ਨਹੀਂ, ਕਦੇ ਵੀ ਨਹੀਂ | ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਸ਼ਰਮ ਨਾਲ ਪਾਣੀਓ-ਪਾਣੀ ਹੋ ਸਕਦੇ ਜੇ ਤੇ ਤੁਹਾਡੀ ਹੱਤਕ ਵੀ ਹੋਵੇਗੀ | ਬੈੱਲ ਮਾਰਨ 'ਤੇ ਪੀਅਨ ਜਦੋਂ ਦੁੜਕੀ ਚਾਲ ਵਿਚ ਆ ਕੇ ਕੱਸ ਕੇ ਤੁਹਾਨੂੰ ਸਲੂਟ ਮਾਰੇਗਾ ਤਾਂ ਤੁਹਾਡੀ ਟੌਹਰ ਰੂਪੀ ਪੱਗ ਦਾ ਤੁਰਲਾ ਕੁਦਰਤ ਵੱਲੋਂ ਹੀ ਅੱਧੀ-ਪੌਣੀ ਗਿੱਠ ਆਪਣੇ-ਆਪ ਉੱਚਾ ਹੋ ਜਾਵੇਗਾ | ਮੈਂ ਪੀਅਨ ਨੂੰ ਸੱਦ ਕੇ ਕਿਹਾ ਕਿ ਭਲਿਆ ਲੋਕਾ, ਬਾਕੀ ਦੇ ਸਾਰੇ ਕੰਮ ਠੰਢੇ ਬਸਤੇ ਵਿਚ ਪਾ ਦੇ | ਸਭ ਤੋਂ ਪਹਿਲਾਂ ਬੈੱਲ ਦਾ ਕੋਈ ਜੁਗਾੜ ਕਰ | 'ਠੀਕ ਆ ਸਰ' ਕਹਿ ਕੇ ਪੀਅਨ ਅਲੋਪ ਹੋ ਗਿਆ |
'ਸਾਈਾ ਵੇ ਸਾਡੀ ਫਰਿਆਦ ਤੇਰੇ ਤਾਈਾ', ਮੇਰੇ ਮੋਬਾਈਲ ਫੋਨ ਦੀ ਰਿੰਗਟੋਨ ਵੱਜ ਰਹੀ ਸੀ |
'ਹੈਲੋ', ਮੈਂ ਧੀਮੀ ਆਵਾਜ਼ ਵਿਚ ਇੰਜ ਬੋਲਿਆ ਜਿਵੇਂ ਡੇਂਗੂ ਬੁਖਾਰ ਦਾ ਝੰਬਿਆ ਮਰੀਜ਼ ਹਸਪਤਾਲ ਦੇ ਬਿਸਤਰੇ ਤੋਂ ਬੋਲ ਰਿਹਾ ਹੋਵੇ |
'ਸਰ! ਮੈਂ ਧਾਡਾ (ਤੁਹਾਡਾ) ਡਰਾਈਵਰ ਧੰਨਾ ਬੋਲ ਰਿਹਾ ਹਾਂ |'
'ਹਾਂ ਬੋਲ', ਹੁਣ ਮੇਰੇ ਬੋਲਾਂ ਵਿਚ ਝਾਵੇਂ ਵਰਗਾ ਖਰਵਾਪਣ ਅਤੇ ਥਾਣੇਦਾਰ ਦੇ ਸੁਭਾਅ ਵਰਗੀ ਖੁਸ਼ਕੀ ਤੇ ਰੁੱਖਾਪਣ ਸੀ |
'ਸਰ! ਇਕ ਬੈੱਲ ਮਿਲਦੀ ਆ ਢਾਈ ਸੌ ਦੀ, ਇਕ ਤਿੰਨ ਸੌ ਦੀ ਤੇ ਇਕ ਪੰਜ ਸੌ ਦੀ, ਦੱਸੋ ਕਿਹੜੀ ਲਿਆਵਾਂ?'
'ਵੈਸੇ ਤੈਨੂੰ ਬੈੱਲ ਲੈਣ ਘੱਲਿਆ ਕੀਹਨੇ ਸੀ?'
'ਸਰ! ਹੈੱਡ ਕਲਰਕ ਨੇ |'
'ਫਿਰ ਉਸੇ ਨਾਲ ਮੱਥਾ ਮਾਰ |' ਭੂਤਨੀ ਦਾ ਨਾ ਹੋਵੇ ਤਾਂ | ਸਰਕਾਰੀ ਕੰਮ ਦਾ ਵੀ ਮੇਰੇ ਸਿਰ ਐਾ ਅਹਿਸਾਨ ਚਾੜ੍ਹਨਗੇ ਜਿਵੇਂ ਮੇਰਾ ਕੋਈ ਨਿੱਜੀ ਕੰਮ ਕਰ ਰਹੇ ਹੋਣ | ਮੈਂ ਸੜੇ-ਬਲੇ ਨੇ ਫੋਨ ਕੱਟ ਦਿੱਤਾ |
ਮੈਂ ਦੇਖਿਆ ਕਿ ਲੋਕਾਂ 'ਤੇ ਢੀਠਪੁਣੇ ਦੀ ਮਿੱਟੀ ਦੇ ਵਾਹਵਾ ਮੋਟੇ-ਮੋਟੇ ਲੇਅ ਚੜ੍ਹੇ ਹੁੰਦੇ ਨੇ | ਕਰੀਬ ਅੱਧੇ-ਪੌਣੇ ਘੰਟੇ ਬਾਅਦ ਧੰਨਾ ਮੇਰੇ ਦਫਤਰ ਹੀ ਆ ਟਪਕਿਆ ਤੇ ਮੈਨੂੰ ਬੈੱਲ ਦਿਖਾਉਂਦੇ ਹੋਏ ਕਹਿਣ ਲੱਗਾ, 'ਸਰ! ਵੇਖੋ ਖਾਂ ਚੰਗੀ ਐ? ਪੰਜ ਸੌ ਵਾਲੀ ਲਿਆਂਦੀ ਜੇ, ਜਿਹੜੀ ਸਭ ਤੋਂ ਵਧੀਆ ਸੀ |'
'ਮੈਂ ਏਹਦਾ ਕੀ ਵੇਖਣਾ ਓਏ | ਏਹਦੀਆਂ ਕੀ ਅੱਖਾਂ ਆਈਆਂ ਨੇ? ਉਹਨੂੰ ਹੈੱਡ ਕਲਰਕ ਨੂੰ ਕਹਿ ਲਵਾ ਦੇਵੇ |' ਖੜਕੰਨਾ ਜਿਹਾ ਪੰਜ ਸੌ ਤਾਂ ਐਾ ਸੁਣਾਉਂਦਾ, ਜਿੱਦਾਂ ਜੇਬ੍ਹ 'ਚੋਂ ਖਰਚਿਆ ਹੋਵੇ |
ਅਗਲੇ ਦਿਨ ਹੈੱਡ ਕਲਰਕ ਇਕ ਬਾਊ ਨੂੰ ਨਾਲ ਲੈ ਕੇ ਮੇਰੇ ਦਫਤਰ ਆਣ ਬਿਰਾਜਮਾਨ ਹੋਇਆ ਤੇ ਕਹਿਣ ਲੱਗਾ, 'ਸਰ! ਕਿੱਥੇ ਲਾਈਏ ਬੈੱਲ?'
ਬੰਦਾ ਪੁੱਛੇ ਭਈ ਇਹ ਕਿਹੜਾ ਮੇਰੀ ਪ੍ਰਾਈਵੇਟ ਕੋਠੀ ਸਬਮਰਸੀਬਲ ਪੰਪ ਲਵਾਉਣਾ, ਜੀਹਦੇ ਵਿਚ ਮੇਰੀ ਸਲਾਹ ਲੈਣੀ ਜ਼ਰੂਰੀ ਆ | ਦਿਲ ਤਾਂ ਕੀਤਾ ਕਿ ਕਹਿ ਦਿਆਂ ਮੇਰੇ ਸਿਰ 'ਚ ਲਾ ਦੇ ਜਾਂ ਫਿਰ ਚਾਇਨਾ ਡੋਰ ਦਾ ਧਾਗਾ ਪਰੋ ਕੇ ਮੇਰੇ ਕੰਨ ਨਾਲ ਲਟਕਾ ਦੇ ਪਰ ਫਿਰ ਵੀ ਮੈਂ ਧੀਰਜ ਰੱਖਿਆ ਤੇ ਗੁੱਸੇ ਨੂੰ ਧੌਣ ਪਰਨੇ ਪਟਕਾ ਕੇ ਮਾਰਦੇ ਹੋਏ ਕਿਹਾ, 'ਜਿਥੇ ਧਾਨੂੰ ਠੀਕ ਲਗਦੀ ਆ ਲਵਾ ਦਿਓ |'
'ਠੀਕ ਆ ਸਰ', ਕਹਿ ਕੇ ਦੋਨੋਂ ਨੌਾ ਦੋ ਗਿਆਰਾਂ ਹੋ ਗਏ |
ਥੋੜ੍ਹੇ ਚਿਰ ਬਾਅਦ ਹੀ ਪੀ. ਏ. ਨੇ ਉਹੀ ਬੈੱਲ ਲੈ ਕੇ ਆਣ ਫਤਹਿ ਬੁਲਾਈ ਤੇ ਕਹਿਣ ਲੱਗਾ, 'ਦੇਖੋ ਸਰ! ਅੰਗੂਰੀ ਰੰਗ ਦੀ ਬੈੱਲ ਦਾ ਇਕੋ ਪੀਸ ਬਚਿਆ ਸੀ, ਕਿੰਨਾ ਪਿਆਰਾ ਰੰਗ ਜੇ ਤੇ ਟਿਊਨ ਦੇ ਤਾਂ ਕੀ ਕਹਿਣੇ, ਐਾ ਲਗਦਾ ਜਿਵੇਂ ਤਾਨਸੈਨ ਗਾ ਰਿਹਾ ਹੋਵੇ | ਮੈਂ ਧੰਨੇ ਨੂੰ ਸਾਰਾ ਕੁਝ ਸਮਝਾ-ਬੁਝਾ ਕੇ ਭੇਜਿਆ ਸੀ | ਜੇ ਸਰ ਦਾ ਹੁਕਮ ਹੋਵੇ ਤਾਂ ਜਿਥੇ ਸਰ ਦਾ ਪੀਅਨ ਬੈਠਦਾ ਉਥੇ ਲਵਾ ਦਈਏ ਜਾਂ ਸਰ ਹੋਰ ਕਿਤੇ ਲਵਾਉਣਾ ਚਾਹੁੰਦੇ ਨੇ?'
ਦਿਲ ਤਾਂ ਕੀਤਾ ਕਿ ਚੁੱਲ੍ਹੇ 'ਚ ਬਲ ਰਹੇ ਚੋਅ ਵਰਗੇ ਦੋ-ਚਾਰ ਲਪਟਾਂ ਛੱਡਦੇ ਸ਼ਬਦ ਬੋਲ ਕੇ ਏਹਦਾ ਕਲੇਜਾ ਲੂਹ ਛੱਡਾਂ ਪਰ ਜਨਮ ਤੋਂ ਹੀ ਮਿਲੀ ਹੋਈ ਸੰਜਮ ਦੀ ਗੁੜ੍ਹਤੀ ਨੇ ਮੈਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ | ਮੈਂ ਬਸ ਏਨਾ ਹੀ ਕਿਹਾ, 'ਕ੍ਰਿਪਾਲ ਤੁਸੀਂ ਸਿਆਣੇ ਜੇ, ਜਿਥੇ ਧਾਨੂੰ ਠੀਕ ਲਗਦੀ ਆ ਲਵਾ ਦਿਓ |'
'ਸਰ! ਇਲੈਕਟ੍ਰੀਸ਼ਨ ਅੱਜ ਅੱਧੇ ਦਿਨ ਦੀ ਛੁੱਟੀ 'ਤੇ ਆ | ਬਾਅਦ ਦੁਪਹਿਰ ਲੱਗ ਜੂਗੀ |' ਏਨੀ ਗੱਲ ਕਹਿ ਕੇ ਕ੍ਰਿਪਾਲ ਹੁਰੀਂ ਵੀ ਪੱਤਰਾ ਵਾਚ ਗਏ |
ਬਾਅਦ ਦੁਪਹਿਰ ਰੀਡਰ ਨੇ ਉਹੀ ਬੈੱਲ ਅਤੇ ਬਿਜਲੀ ਵਾਲੇ ਨੂੰ ਨਾਲ ਲੈ ਕੇ ਆਣ ਸਿਰੀ ਕੱਢੀ ਤੇ ਕਹਿਣ ਲੱਗਾ, 'ਸਰ! ਏਥੇ ਗੱਲਾਂ ਦਾ ਕੜਾਹ ਬਣਾਉਣ ਵਾਲਿਆਂ ਦੀਆਂ ਹੇੜ੍ਹਾਂ ਤੁਰੀਆਂ ਫਿਰਦੀਆਂ ਨੇ ਤੇ ਕੰਮ ਕਰਨ ਵਾਲੇ ਬੜੇ ਘੱਟ ਨੇ | ਮੈਂ ਸੋਚਿਆ ਆਪ ਜਾ ਕੇ ਕੰਮ ਕਰਵਾਂਵਾਂ | ਹੱਥੀਂ ਕੀਤੇ ਕੰਮ ਦੀ ਰੀਸ ਨਹੀਂ ਹੁੰਦੀ |'
ਇਲੈਕਟ੍ਰੀਸ਼ੀਅਨ ਕਹਿਣ ਲੱਗਾ, 'ਸਰ! ਇਹ ਤਾਂ ਮੇਰਾ ਚੁਟਕੀ ਦਾ ਕੰਮ ਆ ਪਰ ਸੌਰੀ ਬੱਤੀ ਹੈਨੀਂ | ਅੱਜ ਵੀਰਵਾਰ ਆ ਤੇ ਵੀਰਵਾਰ ਨੂੰ ਪੂਰੇ ਪੰਜ ਘੰਟੇ ਦਾ ਕੱਟ ਲਗਦਾ ਜੇ | ਬਾਕੀ ਮੇਰੇ ਵੱਲੋਂ ਕੋਈ ਢਿੱਲ ਨਹੀਂ ਹੋਵੇਗੀ | ਬੱਤੀ ਆਉਣ ਦੀ ਦੇਰ ਆ, ਉਸੇ ਵੇਲੇ ਲਾ ਦਿਆਂਗਾ |' ਪੰਜ ਵਜੇ ਤੱਕ ਨਾ ਬੱਤੀ ਨੇ ਸ਼ਕਲ ਦਿਖਾਈ ਤੇ ਨਾ ਕਿਸੇ ਨੇ ਬੈੱਲ ਲਵਾਈ |
ਅੱਜ ਸੋਮਵਾਰ ਸੀ ਪਰ ਬੈੱਲ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ | ਮੇਰੇ ਗੁੱਸੇ ਦਾ ਪਾਰਾ ਗਟਰ ਦੀ ਗੈਸ ਵਾਂਗੰੂ ਮੇਰੇ ਦਿਮਾਗ ਨੂੰ ਬੜੀ ਤੇਜ਼ੀ ਨਾਲ ਚੜ੍ਹਦਾ ਜਾ ਰਿਹਾ ਸੀ | ਮੈਂ ਰੀਡਰ ਨੂੰ ਬੁਲਾ ਕੇ ਪੁੱਛਿਆ, 'ਬੈੱਲ ਦਾ ਕੀ ਬਣਿਆ ਸ਼ੰਕਰ?'
'ਸਰ! ਇਲੈਕਟ੍ਰੀਸ਼ੀਅਨ ਕੋਲ ਡਰਿੱਲ ਦਾ ਵਰਮਾ ਹੈਨੀਂ ਸੀ | ਬਾਜ਼ਾਰੋਂ ਲਿਆਉਣਾ ਪੈਣਾ | ਅਕਾਊਾਟੈਂਟ ਨੂੰ ਆਖਿਆ ਹੋਇਆ | ਜਦੋਂ ਆ ਗਿਆ ਬੈੱਲ ਅੱਧੇ ਮਿੰਟ ਤੋਂ ਵੀ ਪਹਿਲਾਂ ਲੱਗ ਜੂਗੀ |'
ਨਾ ਚਾਹੁੰਦਿਆਂ ਹੋਇਆਂ ਵੀ ਮੇਰੇ ਅੰਦਰੋਂ ਇਕ ਨਿੱਗਰ ਜਿਹੀ ਗਾਲ੍ਹ ਨਿਕਲੀ ਪਰ ਬੁੱਲ੍ਹਾਂ ਨਾਲ ਟਕਰਾਅ ਕੇ ਇੰਜ ਪਿੱਛੇ ਮੁੜ ਗਈ ਜਿਵੇਂ ਥ੍ਰੀ ਨਟ ਥ੍ਰੀ ਦੀ ਰਫਲ 'ਚੋਂ ਨਿਕਲੀ ਗੋਲੀ ਪੱਥਰ ਨਾਲ ਟਕਰਾਅ ਕੇ ਮੋੜਾ ਪਾ ਲੈਂਦੀ ਹੈ | ਬੰਦਾ ਪੁੱਛੇ ਜੇ ਦਸ-ਵੀਹ ਕੋਲੋਂ ਖਰਚ ਵੀ ਲੈਣਗੇ ਤਾਂ ਇਨ੍ਹਾਂ ਨੂੰ ਕੀ ਮੌਤ ਪੈ ਚੱਲੀ ਆ | ਮੈਨੂੰ ਕਿਹੜੀ ਗੱਲ ਦਾ ਭੁਲੇਖਾ ਸੀ | ਇਨ੍ਹਾਂ ਕੋਲ ਜਦੋਂ ਕੋਈ ਸਾਮੀ ਫਸ ਜਾਂਦੀ ਹੈ ਤਾਂ ਇਹ ਲੋਕ ਉਸ ਦੀ ਮੋਟੀ-ਮੋਟੀ ਛਿੱਲ ਐਾ ਲਾਹੁੰਦੇ ਨੇ ਜਿੱਦਾਂ ਕਿਸੇ ਕੁਚੱਜੀ ਜ਼ਨਾਨੀ ਨੇ ਖੰੁਢੀ ਕਰਦ ਨਾਲ ਹਲਵਾ ਕੱਦੂ ਛਿੱਲਿਆ ਹੋਵੇ | ਸੁੱਖ ਨਾਲ ਮੇਰੀ ਨੌਕਰੀ ਦੀ ਫਸਲ ਵੀ ਹੁਣ ਸੁਨਹਿਰੀ ਭਾਅ ਮਾਰਨ ਲੱਗ ਪਈ ਆ ਪਰ ਮੈਂ ਇਨ੍ਹਾਂ ਵਾਂਗੰੂ ਅੱਜ ਤੱਕ ਕਦੇ ਮਾਇਆ ਨੂੰ ਜੱਫਾ ਨੲ੍ਹੀਂ ਮਾਰਿਆ | ਜੇ ਕਿਤੇ ਬਟੂਆ ਢਿੱਲਾ ਕਰਨਾ ਪਿਆ ਤਾਂ ਬਿਨਾਂ ਦੇਰ ਲਾਏ ਕਰ ਦਿੱਤਾ | ਪੰ੍ਰਤੂ ਇੱਜ਼ਤ ਨੂੰ ਹਮੇਸ਼ਾ ਪਹਿਲ ਦਿੱਤੀ ਆ | ਨਾਲੀ ਦੇ ਕੀੜੇ ਨਾ ਹੋਣ ਤਾਂ | ਆਪਣੇ-ਆਪ ਨੂੰ ਬੜੇ ਦੁੱਧ-ਧੋਤੇ ਬਣ-ਬਣ ਦੱਸਦੇ ਨੇ | ਵੱਡੇ ਰਾਜਾ ਹਰੀਸ਼ ਚੰਦਰ ਬਣੇ ਫਿਰਦੇ ਨੇ | ਕੀ ਨਿਗੂਣਾ ਜਿਹਾ ਕੰਮ ਸੀ, ਸਿਰਫ ਕਿੱਲ ਠੋਕ ਕੇ ਬੈੱਲ ਟੰਗਣੀ ਸੀ | ਇਹ ਕਿਹੜਾ ਪਾਣੀ ਝੱਟ ਕੇ ਹਿਮਾਲਿਆ ਪਹਾੜ 'ਤੇ ਚਾੜ੍ਹਨਾ ਸੀ, ਜਿਹੜਾ ਇਨ੍ਹਾਂ ਦੇ ਵੱਸ ਦਾ ਰੋਗ ਨਹੀਂ ਸੀ | ਹੁਣ ਫਿਰ ਮੇਰੇ ਕ੍ਰੋਧ ਦੇ ਬੱਦਲ ਬੁੱਢੇ ਬੰਦੇ ਦੇ ਭਰਵੱਟਿਆਂ ਵਾਂਗੰੂ ਸੰਘਣੇ ਹੁੰਦੇ ਜਾ ਰਹੇ ਸਨ |
ਦਿਲ ਤਾਂ ਕੀਤਾ ਕਿ ਇਨ੍ਹਾਂ ਨੰਬਰ ਬਣਾਉਣ ਵਾਲਿਆਂ ਨੂੰ ਸੱਦ ਕੇ ਮੁੱਠ-ਮੁੱਠ ਲੂਣ ਦੀ ਤੇ ਗਾਲ੍ਹਾਂ ਦਾ ਖੁੱਲ੍ਹਾ ਗੱਫਾ ਦਿਆਂ | ਪਰ ਹੁਣ ਉਹ ਸਮਾਂ ਕਿੱਥੇ? ਕੋਈ ਜ਼ਮਾਨਾ ਸੀ ਜਦੋਂ ਗੁੱਸੇ 'ਚ ਆਏ ਤੇ ਖਿਝੇ ਹੋਏ ਅਫਸਰ ਮਤੈਹਤਾਂ ਦੇ ਹੱਥੀਂ ਪੈਣ ਤੱਕ ਜਾਂਦੇ ਹੁੰਦੇ ਸਨ | ਇਥੋਂ ਤੱਕ ਕਿ ਕਦੇ-ਕਦੇ ਠੁੱਡਿਆਂ ਅਤੇ ਮੁੱਕਿਆਂ ਦੀ ਝੜੀ ਤੱਕ ਵੀ ਲਾ ਦਿੰਦੇ ਹੁੰਦੇ ਸਨ | ਹੁਣ ਤਾਂ ਕਿਸੇ ਮਤੈਹਤ ਨੂੰ 'ਓਏ' ਕਹਿਣ ਦਾ ਜ਼ਮਾਨਾ ਵੀ ਨੲ੍ਹੀਂ ਰਿਹਾ | ਕਿਸੇ ਨਾਲ ਮਾੜਾ ਜਿਹਾ ਰੁੱਖਾ ਜਾਂ ਮੱਥੇ 'ਤੇ ਤਿਉੜੀ ਪਾ ਕੇ ਬੋਲੋ, ਉਹ ਅੱਗੋਂ ਇੰਜ ਕੌੜਾ ਜਿਹਾ ਝਾਕੇਗਾ ਜਿਵੇਂ ਨਿੰਮ ਦੇ ਪੱਤਿਆਂ ਦਾ ਸੂਪ ਪੀਤਾ ਹੋਵੇ ਜਾਂ ਫਿਰ ਅੱਗੋਂ ਇੰਜ ਲੰਮੀ-ਚੌੜੀ ਬਹਿਸ ਕਰੇਗਾ ਜਿਵੇਂ ਵਲੈਤ ਤੋਂ ਵਕਾਲਤ ਕੀਤੀ ਹੋਵੇ |
ਮੈਂ ਸੋਚਿਆ ਮਨਾਂ ਇਨ੍ਹਾਂ ਵਿਚਾਰਿਆਂ ਦਾ ਭਲਾ ਕੀ ਕਸੂਰ ਆ | ਏਥੇ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਭਨਾਂ ਨੇ ਨੰਬਰ ਬਣਾਉਣ ਦੀ ਦੌੜ ਵਿਚ ਇਕ-ਦੂਜੇ ਨੂੰ ਠਿੱਬੀ ਲਾਉਣ 'ਤੇ ਲੱਕ ਬੰਨਿ੍ਹਆ ਹੋਇਆ ਹੈ | ਇਸ ਲਈ ਲੁੱਚਾ ਅਤੇ ਉੱਚਾ ਬੋਲ ਕੇ ਮੈਂ ਵੀ ਕਾਹਨੂੰ ਆਪਣੀ ਜ਼ਬਾਨ ਗੰਦੀ ਕਰਾਂ, ਬੀ. ਪੀ. ਵਧਾਵਾਂ ਜਾਂ ਫਿਰ ਬਿਨਾਂ ਵਜ੍ਹਾ ਆਪਣੇ ਗਲ ਕੋਈ ਸਿੜ੍ਹੀ-ਸਿਆਪਾ ਪਾਵਾਂ | ਇਸ ਲਈ ਬੱਲੇ-ਬੱਲੇ ਤੋਂ ਵੱਟ ਲੈ ਪਾਸਾ, ਨਹੀਂ ਤਾਂ ਪੱਲੇ ਪਊ ਨਿਰਾਸ਼ਾ, ਥੰਮ੍ਹ ਜਾਵੇਗਾ ਤੇਰਾ ਹਾਸਾ | ਭਲਾਈ ਏਸੇ ਵਿਚ ਹੈ ਕਿ ਰੱਬ 'ਤੇ ਡੋਰੀਆਂ ਸੁੱਟ ਦਿਓ ਤੇ ਅਫਸਰੀ ਦੇ ਰੋਅਬ ਅਤੇ ਖਾਹਿਸ਼ਾਂ ਦੀ ਸੰਘੀ ਦੋਵਾਂ ਹੱਥਾਂ ਨਾਲ ਚੰਗੀ ਤਰ੍ਹਾਂ ਘੁੱਟ ਦਿਓ | ਭਾਵ ਜਿਵੇਂ ਗੱਡੀ ਚਲਦੀ ਆ ਚੱਲਣ ਦਿਓ, ਜਿਥੇ ਕੋਈ ਸੀਟ ਮੱਲਦਾ ਮੱਲਣ ਦਿਓ |
-507, ਗੋਲਡਨ ਐਵੀਨਿਊ, ਫੇਜ਼-2,
ਗੜ੍ਹਾ ਰੋਡ, ਜਲੰਧਰ-22

ਦੋ ਮਿੰਨੀ ਕਹਾਣੀਆਂ

ਹੁਕਮ ਅਦੂਲੀ
ਉਹਦਾ ਅਫ਼ਸਰ ਉਹਦੇ ਨਾਲ ਨਰਾਜ਼ ਹੋ ਗਿਆ ਸੀ |
ਅਫ਼ਸਰ ਨੇ ਉਹਨੂੰ ਕੱਲ੍ਹ ਘਰ ਬੁਲਾਇਆ ਸੀ ਅਤੇ ਉਹ ਚਾਹੁੰਦਾ ਹੋਇਆ ਵੀ ਜਾ ਨਹੀਂ ਸੀ ਸਕਿਆ | ਭਲਾ ਇਹੋ ਜਿਹੀ ਹੁਕਮ ਅਦੂਲੀ ਨੂੰ ਉਹਦਾ ਅਫ਼ਸਰ ਕਿੰਝ ਬਰਦਾਸ਼ਤ ਕਰਦਾ?
ਭਾਵੇਂ ਅੱਗੇ ਕਈ ਵਾਰ ਉਹ ਦਫਤਰ ਦੀ ਡਿਊਟੀ ਤੋਂ ਬਾਅਦ ਰਾਤ ਦੇ ਨੌਾ ਦਸ ਵਜੇ ਤੱਕ ਆਪਣੇ ਅਫ਼ਸਰ ਦੇ ਘਰ ਕੰਮ ਕਰਵਾ ਕੇ ਆਉਂਦਾ ਸੀ, ਪਰ ਅੱਜ ਨਾ ਚਾਹੁੰਦਿਆਂ ਹੋਇਆਂ ਵੀ ਉਸ ਤੋਂ ਹੁਕਮ ਅਦੂਲੀ ਹੋ ਗਈ ਸੀ | ਉਹ ਆਪਣੇ ਅਫ਼ਸਰ ਦੇ ਗੁੱਸੇ ਤੋਂ ਚੰਗੀ ਤਰ੍ਹਾਂ ਜਾਣੂ ਸੀ, 'ਕਿਤੇ ਨੌਕਰੀ ਤੋਂ ਹੀ ਜਵਾਬ...' ਇਹ ਸੋਚ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ |
ਅਗਲੇ ਦਿਨ ਉਹ ਡਰਦਾ-ਡਰਦਾ ਸਵੇਰੇ ਹੀ ਅਫ਼ਸਰ ਦੇ ਘਰ ਚਲਾ ਗਿਆ |
'ਹੰੂਅ, ਕਿਆ ਬਾਤ ਹੈ?' ਅਫ਼ਸਰ ਦੇ ਮੱਥੇ 'ਤੇ ਤਿਊੜੀਆਂ ੳੱੁਭਰ ਆਈਆਂ |
'ਹਜ਼ੂਰ ਇਕ ਅਰਜ਼ ਕਰਨੀ ਹੈ',
'ਬਤਾਓ'
'ਹਜ਼ੂਰ ਕੱਲ੍ਹ ਜਿਸ ਵੇਲੇ ਥੋਡਾ ਮੈਨੂੰ ਘਰ ਬੁਲਾਉਣ ਦਾ ਹੁਕਮ ਮਿਲਿਆ, ਉਸ ਵੇਲੇ ਮੈਂ ਆਪਣਾ ਕਮੀਜ਼ ਪਜਾਮਾ ਧੋ ਰਿਹਾ ਸੀ, ਤੇੜ ਸਿਰਫ਼ ਕੱਛਾ ਸੀ | ਇਕੋ ਕਮੀਜ਼-ਪਜਾਮਾ ਹੈ, ਉਹੀ ਗਿੱਲਾ ਕਰ ਬੈਠਾ | ਸ਼ਾਮ ਦੇ ਧੋਤੇ ਇਹ ਕੱਪੜੇ ਹਾਲਾਂ ਵੀ ਅੱਧ-ਸੁੱਕੇ ਨੇ, ਉਹੀ ਪਾ ਕੇ ਹਾਜ਼ਰ ਹੋ ਗਿਆ ਹਾਂ |'
ਇਹ ਸੁਣ ਕੇ ਅਫ਼ਸਰ ਦੀਆਂ ਤਿਊੜੀਆਂ ਢਿੱਲੀਆਂ ਹੋ ਗਈਆਂ | -0-
ਰਿਸ਼ਤਾ
ਅਧਿਆਪਕ ਨੇ ਆਪਣੇ ਇਕ ਵਿਦਿਆਰਥੀ ਵੱਲ ਸੌ ਦਾ ਨੋਟ ਵਧਾਉਂਦਿਆਂ ਕਿਹਾ, 'ਇਉਂ ਕਰ ਦੁਕਾਨ ਤੋਂ ਦੋ ਕਿਲੋ ਖੰਡ ਫੜ ਲਿਆ |'
ਵਿਦਿਆਰਥੀ ਨੇ ਗੰਨਾ ਚੂਪਦਿਆਂ ਲਾਪ੍ਰਵਾਹੀ ਨਾਲ ਜਵਾਬ ਦਿੱਤਾ, 'ਮੈਂ ਤਾਂ ਹੁਣ ਸਕੂਲੋਂ ਪੜ੍ਹਨੋਂ ਹਟ ਗਿਆਂ |'

-ਮੋਹਨ ਸ਼ਰਮਾ
ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ, ਸੰਗਰੂਰ (ਪੰਜਾਬ) |
ਮੋਬਾਈਲ : 94171-48866.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX