ਤਾਜਾ ਖ਼ਬਰਾਂ


ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਬਿਹਾਰ ਥਾਣਾ ਖੇਤਰ ਦੇ ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  1 day ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹ ਰੋਸ ਭਰੇ ਅੰਦਾਜ਼ ਵਿਚ ਸਰਕਾਰ ਦੇ...
ਸਾਬਕਾ ਸੈਨਿਕ ਦੀ ਸੜਕ ਹਾਦਸੇ 'ਚ ਮੌਤ
. . .  1 day ago
ਲੌਂਗੋਵਾਲ, 5 ਦਸੰਬਰ (ਸ.ਸ.ਖੰਨਾ) - ਦੋ ਸਾਲ ਪਹਿਲਾ ਫ਼ੌਜ ਵਿਚੋਂ ਸੇਵਾ ਮੁਕਤਾ ਹੋਏ ਕੁਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਨਹਿਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ...
ਪਿਆਜ਼ ਨੇ ਮੋਦੀ ਸਰਕਾਰ ਨੂੰ ਉੱਚ ਪੱਧਰੀ ਮੀਟਿੰਗ ਬੁਲਾਉਣ ਲਈ ਕੀਤਾ ਮਜਬੂਰ
. . .  1 day ago
ਨਵੀਂ ਦਿੱਲੀ, 5 ਦਸੰਬਰ - ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਬੇਹੱਦ ਵਾਧੇ ਨਾਲ ਮੋਦੀ ਸਰਕਾਰ ਦੇ ਮੱਥੇ 'ਤੇ ਤਰੇਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੰਦਰਭ ਵਿਚ ਅੱਜ ਸ਼ਾਮ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉੱਚ ਪੱਧਰੀ ਬੈਠਕ ਹੋ...
ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਦੀਆਂ ਤਿਆਰੀਆਂ ਸਬੰਧੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 5 ਦਸੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਸੰਬਰ 2020 ਵਿਚ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋ ਜਾਣ ਤੇ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ ਪਾਰਟੀ ਦੀ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ...
ਪ੍ਰਮੱਖ ਉੁਦਯੋਗਾਂ, ਐਮ.ਐਸ.ਐਮ.ਈਜ਼ ਅਤੇ ਸਟਾਰਟਅਪਜ਼ ਨੂੰ ਦਰਸਾਉਂਦੀ ਪ੍ਰਦਰਸ਼ਨੀ ਨਾਲ ਸ਼ੁਰੂ ਹੋਇਆ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ
. . .  1 day ago
ਐਸ.ਏ.ਐਸ ਨਗਰ (ਮੁਹਾਲੀ), 5 ਦਸੰਬਰ - ਸਥਾਨਕ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ 2 ਦਿਨਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੀ ਸ਼ੁਰੂਆਤ ਕਰਦੇ ਹੋਏ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਜਿੱਥੇ ਸਿਖਰਲੇ ਘਰੇਲੂ ਤੇ ਅੰਤਰਰਾਸ਼ਟਰੀ ਉਦਯੋਗਾਂ ਵੱਲੋਂ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਮਿਹਨਤ ਜਾਂ ਧਨ

ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਇਕ ਪਿੰਡ ਵਿਚ ਇਕ ਪਰਿਵਾਰ ਉੱਤੇ ਅੱਤ ਦੀ ਗ਼ਰੀਬੀ ਆ ਗਈ | ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਹੋਣਾ ਵੀ ਔਖਾ ਹੋ ਗਿਆ | ਉਸ ਪਰਿਵਾਰ ਦੇ ਤਿੰਨਾਂ ਭਰਾਵਾਂ ਗੁਲਜਾਰ, ਵਾਸੂਦੇਵ ਅਤੇ ਬਲਦੇਵ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਉਹ ਨਾਲ ਦੇ ਪਿੰਡ ਵਿਚ ਰਹਿੰਦੇ ਇਕ ਸਾਧੂ ਕੋਲ ਆਪਣੀ ਸਮੱਸਿਆ ਲੈ ਕੇ ਜਾਣ, ਹੋ ਸਕਦਾ ਹੈ ਕਿ ਉਨ੍ਹਾਂ ਦੇ ਮਾੜੇ ਦਿਨ ਚੰਗੇ ਦਿਨਾਂ ਵਿਚ ਬਦਲ ਜਾਣ | ਉਸ ਸਿਆਣੇ ਵਿਅਕਤੀ ਦੀ ਗੱਲ ਮੰਨ ਕੇ ਉਹ ਕੁਝ ਦਿਨਾਂ ਬਾਅਦ ਸਾਧੂ ਦੇ ਦਰ 'ਤੇ ਜਾ ਪਹੁੰਚੇ | ਸਾਧੂ ਨੇ ਉਨ੍ਹਾਂ ਦੀ ਸਮੱਸਿਆ ਨੂੰ ਸੁਣਨ ਤੋਂ ਬਾਅਦ ਸਭ ਤੋਂ ਪਹਿਲਾਂ ਗੁਲਜਾਰ ਨੂੰ ਇਕ ਕਮਰੇ ਅੰਦਰ ਬੁਲਾ ਕੇ ਪੱੁਛਿਆ ਕਿ ਉਹ ਮਿਹਨਤ ਚਾਹੁੰਦਾ ਹੈ ਜਾਂ ਧਨ? ਗੁਲਜਾਰ ਨੇ ਸਾਧੂ ਦਾ ਪ੍ਰਸ਼ਨ ਸੁਣ ਕੇ ਆਖਿਆ, 'ਮਹਾਰਾਜ, ਮੈਂ ਬਹੁਤ ਮਿਹਨਤ ਕਰ ਕੇ ਦੇਖ ਲਈ, ਮੇਰੇ ਦਿਨ ਨਹੀਂ ਬਦਲੇ, ਇਸ ਲਈ ਤੁਸੀਂ ਮੈਨੂੰ ਬਹੁਤ ਸਾਰਾ ਧਨ ਦੇ ਦਿਓ |' ਸਾਧੂ ਨੇ ਉਸ ਦਾ ਉੱਤਰ ਸੁਣ ਕੇ ਕਿਹਾ, 'ਭਗਤਾ, ਜਦੋਂ ਤੰੂ ਆਪਣੇ ਘਰ ਪਹੁੰਚੇਗਾ, ਉਦੋਂ ਤੈਨੂੰ ਧਨ ਦੀ ਪ੍ਰਾਪਤੀ ਹੋ ਜਾਵੇਗੀ |'
ਗੁਲਜਾਰ ਤੋਂ ਬਾਅਦ ਸਾਧੂ ਨੇ ਵਾਸੂਦੇਵ ਨੂੰ ਅੰਦਰ ਬੁਲਾ ਕੇ ਪੱੁਛਿਆ ਕਿ ਉਹ ਕੀ ਚਾਹੁੰਦਾ ਹੈ? ਵਾਸੂਦੇਵ ਨੇ ਸਾਧੂ ਨੂੰ ਕਿਹਾ, 'ਮਹਾਰਾਜ, ਮੈਨੂੰ ਮਿਹਨਤ ਅਤੇ ਧਨ ਦੋਵੇਂ ਦੇ ਦਿਓ, ਮੈਂ ਲੋੜ ਅਨੁਸਾਰ ਦੋਵਾਂ ਵਿਚੋਂ ਕਿਸੇ ਨੂੰ ਵੀ ਪ੍ਰਯੋਗ ਕਰ ਲਵਾਂਗਾ |' ਸਾਧੂ ਨੇ ਵਾਸੂਦੇਵ ਨੂੰ ਕਿਹਾ, 'ਭਗਤਾ, ਜਦੋਂ ਤੰੂ ਆਪਣੇ ਘਰ ਪਹੁੰਚੇਗਾ, ਉਦੋਂ ਤੈਨੂੰ ਆਪਣੀ ਇੱਛਾ ਪੂਰੀ ਹੁੰਦੀ ਦਿਸੇਗੀ |' ਵਾਸੂਦੇਵ ਵੀ ਸਾਧੂ ਦੀ ਗੱਲ ਸੁਣ ਕੇ ਪ੍ਰਸੰਨ ਹੋ ਗਿਆ | ਹੁਣ ਵਾਰੀ ਬਲਦੇਵ ਦੀ ਆਈ | ਬਲਦੇਵ ਨੇ ਸਾਧੂ ਨੂੰ ਕਿਹਾ, 'ਮਹਾਰਾਜ, ਮੈਨੂੰ ਤਾਂ ਕੇਵਲ ਮਿਹਨਤ ਦੇ ਵਰਦਾਨ ਦੀ ਲੋੜ ਹੈ | ਮੇਰੇ ਉੱਪਰ ਐਨੀ ਕਿਰਪਾ ਜ਼ਰੂਰ ਕਰੋ ਕਿ ਮੇਰੀ ਮਿਹਨਤ ਦਾ ਫਲ ਮੈਨੂੰ ਜ਼ਰੂਰ ਮਿਲੇ |' ਸਾਧੂ ਨੇ ਉਸ ਨੂੰ ਅੱਗੋਂ ਕਿਹਾ, 'ਤੇਰੀ ਮਿਹਨਤ ਦਾ ਫਲ ਤੈਨੂੰ ਜ਼ਰੂਰ ਮਿਲੇਗਾ |' ਬਲਦੇਵ ਵੀ ਸਾਧੂ ਦੀ ਗੱਲ ਸੁਣ ਕੇ ਖੁਸ਼ ਹੋ ਗਿਆ |
ਉਨ੍ਹਾਂ ਤਿੰਨਾਂ ਭਰਾਵਾਂ ਦੀ ਇੱਛਾ ਪੂਰੀ ਹੋ ਗਈ | ਗੁਲਜਾਰ ਆਪਣੇ ਘਰ ਵਿਚ ਆਈ ਧਨ-ਦੌਲਤ ਨੂੰ ਦੇਖ ਕੇ ਸਾਧੂ ਅਤੇ ਆਪਣੇ ਪੁਰਾਣੇ ਗ਼ਰੀਬੀ ਦੇ ਦਿਨਾਂ ਨੂੰ ਭੱੁਲ ਗਿਆ | ਉਸ ਨੇ ਐਸ਼ਪ੍ਰਸਤੀ ਕਰ ਕੇ ਧਨ-ਦੌਲਤ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ | ਮਿਹਨਤ ਕਰਨੀ ਤਾਂ ਉਹ ਭੱੁਲ ਹੀ ਗਿਆ | ਹੌਲੀ-ਹੌਲੀ ਉਸ ਦੀ ਧਨ-ਦੌਲਤ ਖ਼ਤਮ ਹੋਣੀ ਸ਼ੁਰੂ ਹੋ ਗਈ | ਵਾਸੂਦੇਵ ਦੇ ਘਰ ਭਾਵੇਂ ਮਿਹਨਤ ਅਤੇ ਦੌਲਤ ਦੋਵੇਂ ਆ ਗਈਆਂ ਸਨ ਪਰ ਦੌਲਤ ਹੋਣ ਕਾਰਨ ਉਸ ਨੇ ਮਿਹਨਤ ਕਰਨ ਦੀ ਲੋੜ ਹੀ ਨਹੀਂ ਸਮਝੀ | ਉਹ ਵੀ ਧਨ-ਦੌਲਤ ਦੇ ਨਸ਼ੇ ਵਿਚ ਐਨਾ ਗੁਆਚ ਗਿਆ ਕਿ ਉਹ ਇਹ ਭੱੁਲ ਹੀ ਗਿਆ ਕਿ ਮਿਹਨਤ ਕਰਨ ਤੋਂ ਬਗੈਰ ਇਹ ਧਨ-ਦੌਲਤ ਖ਼ਤਮ ਵੀ ਹੋ ਸਕਦੀ ਹੈ | ਬਲਦੇਵ ਸਾਧੂ ਵਲੋਂ ਇਮਾਨਦਾਰੀ, ਨੇਕ ਨੀਤੀ ਅਤੇ ਪੱਕੇ ਇਰਾਦੇ ਨਾਲ ਮਿਹਨਤ ਕਰਨ ਦੇ ਸਬਕ ਨੂੰ ਯਾਦ ਰੱਖ ਕੇ ਮਿਹਨਤ ਕਰਨ ਵਿਚ ਰੱੁਝ ਗਿਆ | ਉਸ ਦੀ ਮਿਹਨਤ ਹੌਲੀ-ਹੌਲੀ ਰੰਗ ਲਿਆਉਣ ਲੱਗ ਪਈ | ਉਸ ਕੋਲ ਧਨ-ਦੌਲਤ ਆਉਣ ਲੱਗ ਪਈ | ਉਸ ਨੇ ਧਨ-ਦੌਲਤ ਦੀ ਦੁਰਵਰਤੋਂ ਨਹੀਂ ਕੀਤੀ | ਇਕ ਦਿਨ ਉਹ ਤਿੰਨੋਂ ਭਰਾ ਸਾਧੂ ਨੂੰ ਫੇਰ ਮਿਲਣ ਗਏ | ਗੁਲਜਾਰ ਅਤੇ ਵਾਸੂਦੇਵ ਨੇ ਸਾਧੂ ਨੂੰ ਕਿਹਾ, 'ਮਹਾਰਾਜ, ਸਾਡੇ ਉੱਤੇ ਫੇਰ ਬੁਰੇ ਦਿਨ ਆ ਗਏ ਨੇ | ਸਾਡੇ ਉੱਤੇ ਮੁੜ ਕਿਰਪਾ ਕਰੋ |' ਪਰ ਬਲਦੇਵ ਨੇ ਸਾਧੂ ਨੂੰ ਕਿਹਾ, 'ਮਹਾਰਾਜ, ਮੈਨੂੰ ਤਾਂ ਤੁਹਾਡੇ ਵਲੋਂ ਦਿੱਤੀ ਗਈ ਮਿਹਨਤ ਦੀ ਨਸੀਹਤ ਨੇ ਤਾਰ ਕੇ ਰੱਖ ਦਿੱਤਾ ਹੈ | ਮੈਂ ਤਾਂ ਕੇਵਲ ਤੁਹਾਡਾ ਧੰਨਵਾਦ ਕਰਨ ਆਇਆ ਹਾਂ |' ਸਾਧੂ ਨੇ ਗੁਲਜਾਰ ਅਤੇ ਵਾਸੂਦੇਵ ਨੂੰ ਕਿਹਾ ਕਿ ਤੁਹਾਨੂੰ ਬਲਦੇਵ ਤੋਂ ਸਬਕ ਲੈ ਕੇ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ | ਮਿਹਨਤ ਨਾਲ ਹੀ ਤੁਹਾਡੇ ਦਿਨ ਬਦਲ ਸਕਦੇ ਹਨ |

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ) | ਮੋਬਾ: 98726-27136


ਖ਼ਬਰ ਸ਼ੇਅਰ ਕਰੋ

ਦਰੱਖਤ ਦੇ ਪੱਤੇ ਕਿਉਂ ਝੜਦੇ ਹਨ?

ਪਿਆਰੇ ਬੱਚਿਓ, ਤੁਸੀਂ ਨੋਟ ਕੀਤਾ ਹੋਵੇਗਾ ਕਿ ਦਰੱਖਤਾਂ ਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ | ਨਾਲੋ-ਨਾਲ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਪੱਤਿਆਂ ਦਾ ਹਰਾ ਰੰਗ ਸਿਰਫ ਗਰਮੀਆਂ ਅਤੇ ਬਸੰਤ ਦੇ ਮੌਸਮ ਵਿਚ ਹੁੰਦਾ ਹੈ ਅਤੇ ਪੱਤਝੜ ਦਾ ਮੌਸਮ ਆਉਂਦੇ ਸਾਰ ਹੀ ਇਨ੍ਹਾਂ ਦਾ ਰੰਗ ਪੀਲਾ ਜਾਂ ਲਾਲ ਹੋ ਜਾਂਦਾ ਹੈ | ਇਸ ਖਾਸ ਮੌਸਮ ਵਿਚ ਦਰੱਖਤਾਂ ਦੇ ਪੱਤੇ ਝੜਨ ਲਗਦੇ ਹਨ | ਅਜਿਹਾ ਕਿਉਂ ਹੁੰਦਾ ਹੈ? ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਦਰੱਖਤਾਂ ਦੀ ਸਭ ਤੋਂ ਜ਼ਿਆਦਾ ਊਰਜਾ ਪ੍ਰਕਾਸ਼ ਸੰਸਲੇਸ਼ਣ ਵਿਚ ਖਰਚ ਹੁੰਦੀ ਹੈ | ਜਿਸ ਤਰ੍ਹਾਂ ਜੀਵ-ਜੰਤੂਆਂ ਦੀ ਬਹੁਤੀ ਊਰਜਾ ਭੋਜਨ ਨੂੰ ਪਚਾਉਣ ਵਿਚ ਖਰਚ ਹੁੰਦੀ ਹੈ | ਪੱਤਿਆਂ ਵਿਚ ਮੌਜੂਦ ਕਲੋਰੋਫਿਲ ਦੀ ਮਦਦ ਨਾਲ ਦਰੱਖਤ ਧੱੁਪ ਨੂੰ ਸੋਖਦੇ ਹਨ ਪਰ ਸਰਦੀਆਂ ਦੇ ਮੌਸਮ ਕਾਰਨ ਰੱੁਖ ਇਸ ਪ੍ਰਕਿਰਿਆ ਨੂੰ ਰੋਕ ਦਿੰਦੇ ਹਨ, ਕਿਉਂਕਿ ਸਰਦੀਆਂ ਵਿਚ ਦਿਨ ਛੋਟੇ ਹੁੰਦੇ ਹਨ ਅਤੇ ਧੱੁਪ ਵੀ ਘੱਟ ਨਿਕਲਦੀ ਹੈ | ਦਰੱਖਤ ਇਸ ਗੱਲ ਨੂੰ ਸਮਝ ਲੈਂਦੇ ਹਨ, ਇਸ ਲਈ ਉਹ ਕਲੋਰੋਫਿਲ ਨੂੰ ਛੋਟੇ-ਛੋਟੇ ਅਣੂਆਂ ਵਿਚ ਬਦਲ ਕੇ ਤਣੇ ਅਤੇ ਜੜ੍ਹਾਂ ਵਿਚ ਜਮ੍ਹਾਂ ਕਰ ਲੈਂਦੇ ਹਨ, ਜਿਸ ਨਾਲ ਪੱਤਿਆਂ ਦਾ ਰੰਗ ਸੁਨਹਿਰੀ ਜਾਂ ਨਾਰੰਗੀ ਦਿਖਣ ਲਗਦਾ ਹੈ | ਇਸ ਤੋਂ ਬਾਅਦ ਦਰੱਖਤ ਟਹਿਣੀਆਂ ਅਤੇ ਪੱਤਿਆਂ ਦੀ ਸ਼ਾਖਾ ਵਿਚ ਇਕ ਪਰਤ ਬਣਾ ਲੈਂਦੇ ਹਨ, ਜਿਸ ਨਾਲ ਪੱਤਿਆਂ ਤੱਕ ਪੌਸ਼ਕ ਤੱਤ ਨਹੀਂ ਪਹੁੰਚ ਪਾਉਂਦਾ | ਇਸ ਲਈ ਪੱਤੇ ਦਰੱਖਤਾਂ ਤੋਂ ਟੱੁਟ ਕੇ ਡਿਗਣ ਲੱਗ ਪੈਂਦੇ ਹਨ | ਦਰਅਸਲ ਪੱਤਿਆਂ ਦੀਆਂ ਕੋਸ਼ਿਕਾਵਾਂ ਵਿਚ ਬਹੁਤ ਮਾਤਰਾ ਵਿਚ ਪਾਣੀ ਜਮ੍ਹਾਂ ਹੁੰਦਾ ਹੈ | ਜੇਕਰ ਦਰੱਖਤ ਪੱਤੇ ਨਹੀਂ ਡਿਗਾਉਂਦੇ ਤਾਂ ਜ਼ਿਆਦਾ ਠੰਢ ਕਾਰਨ ਪਾਣੀ ਜੰਮ ਜਾਵੇਗਾ, ਜੋ ਕਿ ਦਰੱਖਤਾਂ ਨੂੰ ਨੁਕਸਾਨ ਪਹੁੰਚਾਏਗਾ | ਇਸ ਤੋਂ ਬਚਾਅ ਕਰਨ ਲਈ ਬਹੁਤ ਊਰਜਾ ਖਰਚ ਹੋਵੇਗੀ | ਇਸ ਲਈ ਦਰੱਖਤ ਆਪਣੇ ਪੱਤੇ ਪਹਿਲਾਂ ਹੀ ਸੱੁਟ ਦਿੰਦੇ ਹਨ ਅਤੇ ਬਸੰਤ ਦੇ ਮੌਸਮ ਦਾ ਦੁਬਾਰਾ ਇੰਤਜ਼ਾਰ ਕਰਦੇ ਹਨ | ਬਸੰਤ ਦੇ ਮੌਸਮ ਵਿਚ ਦਿਨ ਵੱਡੇ ਹੋਣ ਲਗਦੇ ਹਨ, ਨਾਲ ਹੀ ਤਾਪਮਾਨ ਵਧਣ ਲਗਦਾ ਹੈ ਅਤੇ ਦਰੱਖਤਾਂ ਵਲੋਂ ਪਹਿਲਾਂ ਵਾਲੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਲਈ ਜਾਂਦੀ ਹੈ, ਜਿਸ ਨਾਲ ਦਰੱਖਤਾਂ ਉੱਤੇ ਨਵੇਂ ਪੱਤੇ ਆਉਣ ਲੱਗ ਜਾਂਦੇ ਹਨ |

-ਮਲੌਦ (ਲੁਧਿਆਣਾ) |

ਹਿਮਾਲਿਆ ਵਿਚ ਵਸਦੀ ਇਕ ਖੂਬਸੂਰਤ ਸੈਰਗਾਹ ਟਸ਼ੀਗੰਗ ਹਿਮਾਚਲ ਪ੍ਰਦੇਸ਼

ਪਿਆਰੇ ਬੱਚਿਓ, ਹਿਮਾਲਾ ਪਰਬਤ ਦੀ ਗੋਦ ਵਿਚ ਵਸੀਆਂ ਅਜਿਹੀਆਂ ਬਹੁਤ ਸਾਰੀਆਂ ਸੈਰਗਾਹਾਂ ਹਨ ਜੋ ਸਾਨੂੰ ਹਮੇਸ਼ਾ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ | ਬਰਫ਼ਾਨੀ ਚੋਟੀਆਂ, ਡੰੂਘੀਆਂ ਘਾਟੀਆਂ, ਦੇਵਦਾਰ ਦੇ ਰੱੁਖਾਂ ਨਾਲ ਭਰੀਆਂ ਢਲਾਨਾਂ, ਕਲ-ਕਲ ਵਗਦੇ ਸੰਗੀਤਕ ਲੈ ਪੈਦਾ ਕਰਦੇ ਪਹਾੜੀ ਝਰਨੇ ਅਤੇ ਵਲ-ਵਲੇਵੇਂ ਖਾਂਦੀਆਂ ਪਹਾੜੀ ਪਗਡੰਡੀਆਂ ਨੇ ਹਮੇਸ਼ਾ ਮਨੱੁਖ ਦੇ ਅੰਦਰ ਰੋਮਾਂਸ ਪੈਦਾ ਕੀਤਾ ਹੈ | ਅਜਿਹੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਖੂਬਸੂਰਤ ਸੈਰਗਾਹ ਹੈ ਟਾਸ਼ੀਗੰਗ, ਜੋ ਜ਼ਿਲ੍ਹਾ ਲਾਹੌਲ, ਹਿਮਾਚਲ ਪ੍ਰਦੇਸ਼ ਵਿਚ ਸਥਿਤ ਹੈ | ਸਮੁੰਦਰੀ ਤਲ ਤੋਂ 15256 ਫੱੁਟ ਦੀ ਉਚਾਈ 'ਤੇ ਵਸੀ ਇਸ ਸੁੰਦਰ ਸੈਰਗਾਹ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਦਾ ਸਭ ਤੋਂ ਉੱਚਾ ਅਤੇ ਆਖਰੀ ਪੋਲਿੰਗ ਬੂਥ ਹੋਣ ਦਾ ਮਾਣ ਵੀ ਹਾਸਲ ਹੈ | ਹਿਮਾਲਿਆ ਦੀ ਗੋਦ ਵਿਚ ਵਸਦੀ ਇਹ ਅਦਭੱੁਤ ਅਤੇ ਖੂਬਸੂਰਤ ਸੈਰਗਾਹ 'ਤੇ ਝੀਲਾਂ ਤੇ ਬਰਫ਼ਾਨੀ ਚੋਟੀਆਂ ਦਾ ਅਥਾਹ ਨਜ਼ਾਰਾ ਦੇਖਿਆ ਜਾ ਸਕਦਾ ਹੈ | ਲਗਪਗ 3 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਟਸ਼ੀਗੰਗ ਦੀ ਸੈਰ ਕਿਸੇ ਪਰੀ ਦੇਸ਼ ਦੀ ਯਾਤਰਾ ਤੋਂ ਘੱਟ ਨਹੀਂ ਹੈ, ਜਿਥੇ ਸਿਰਫ 49 ਵੋਟਰ ਹਨ | ਇਸ ਸੈਰਗਾਹ ਤੋਂ ਚੀਨ ਦੀ ਸਰਹੱਦ 30 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਸਾਰਾ ਸਾਲ ਬਰਫ਼ਬਾਰੀ ਹੋਣ ਕਾਰਨ ਇਸ ਸੁੰਦਰ ਪਿੰਡ ਦੇ ਨਿਰਮਾਣ ਕਾਰਜ ਹਮੇਸ਼ਾ ਪ੍ਰਭਾਵਿਤ ਹੁੰਦੇ ਰਹਿੰਦੇ ਹਨ | ਕੁਦਰਤੀ ਸੁਹੱਪਣ ਦਾ ਸ਼ਿੰਗਾਰ ਇਸ ਸੈਰਗਾਹ ਨੂੰ ਤੱਕਣ ਲਈ ਪਰਬਤ ਆਰੋਹੀਆਂ ਦੀ ਹਮੇਸ਼ਾ ਦੌੜ ਲੱਗੀ ਰਹਿੰਦੀ ਹੈ | ਖੂਬਸੂਰਤ ਝਰਨਿਆਂ, ਅਸਮਾਨ ਨਾਲ ਛੰੂਹਦੀਆਂ ਬਰਫ਼ਾਨੀ ਚੋਟੀਆਂ ਤੇ ਵਲ-ਵਲੇਵੇਂ ਖਾਂਦੀਆਂ ਪਹਾੜੀ ਪਗਡੰਡੀਆਂ ਦਾ ਦਿ੍ਸ਼ ਤੱਕਣ ਲਈ ਬੱਚਿਓ ਸਾਨੂੰ ਵੀ ਇਸ ਪਹਾੜੀ ਪਿੰਡ ਦੀ ਸੈਰ ਕਰਨੀ ਚਾਹੀਦੀ ਹੈ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਬਾਲ ਗੀਤ: ਭਜਾਈਏ ਦੂਰ ਹਨੇਰੇ

ਮਨ ਵਿਚ ਨਾ ਕੋਈ ਖੋਟ ਰੱਖਿਓ,
ਰੱਖੋ ਹਿੰਮਤਾਂ ਜ਼ੇਰੇ |
ਭਜਾਈਏ ਦੂਰ ਹਨੇਰੇ ਹਾਣੀਓਾ,
ਭਜਾਈਏ ਦੂਰ ਹਨੇਰੇ |
ਰਾਹ ਦੇ ਰੋੜੇ ਦੂਰ ਹਟਾਓ,
ਬਿਖੜੇ ਪੈਂਡੇ ਝੱਟ ਮੁਕਾਓ |
ਨਿੱਕੇ-ਨਿੱਕੇ ਕਦਮ ਵਧਾ ਕੇ,
ਮੁਕਾ ਦਿਓ ਪੰਧ ਲੰਮੇਰੇ |
ਭਜਾਈਏ ਦੂਰ ਹਨੇਰੇ ਹਾਣੀਓਾ,
ਭਜਾਈਏ ਦੂਰ ਹਨੇਰੇ |
ਵੈਰ-ਵਿਰੋਧ ਨੂੰ ਸਾਰੇ ਛੱਡੋ,
ਈਰਖਾ, ਨਫ਼ਰਤ ਦਿਲ 'ਚੋਂ ਕੱਢੋ |
ਮੰਜ਼ਲਾਂ ਨੂੰ ਸਰ ਕਰ ਕੇ ਛੇਤੀ,
ਚੜ੍ਹਾ ਦਿਓ ਨਵੇਂ ਸਵੇਰੇ |
ਭਜਾਈਏ ਦੂਰ ਹਨੇਰੇ ਹਾਣੀਓਾ,
ਭਜਾਈਏ ਦੂਰ ਹਨੇਰੇ |

-ਆਤਮਾ ਸਿੰਘ ਚਿੱਟੀ,
ਪਿੰਡ ਤੇ ਡਾਕ: ਚਿੱਟੀ (ਜਲੰਧਰ) | ਮੋਬਾ: 99884-69564

ਬੁਝਾਰਤਾਂ

1. ਚੂਨੇ ਗਚ ਹਵੇਲੀ ਬੂਹਾ ਕੋਈ ਨਾ |
2. ਚਿੱਟੀ ਇਮਾਰਤ ਬੂਹਾ ਕੋਈ ਨਾ |
3. ਰਾਜਾ ਰਾਣੀ ਨੂੰ ਪਾਵੇ ਕਹਾਣੀ,
ਇਕ ਘੜੇ ਵਿਚ ਦੋ ਰੰਗਾ ਪਾਣੀ |
4. ਅੰਦਰ ਸੋਨੇ ਦੀ ਡਲੀ, ਬਾਹਰੋਂ ਚਾਂਦੀ ਦੀ ਕੰਧ,
ਬੂਹਾ-ਬਾਰੀ ਇਕ ਨਹੀਂ, ਘਰ ਚਾਰੇ ਪਾਸਿਓਾ ਬੰਦ |
ਉੱਤਰ : ਆਂਡਾ |

-ਇਕਬਾਲਜੀਤ ਸਿੰਘ
ਮੋਬਾ: 99883-13400

ਬਾਲ ਨਾਵਲ-8: ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਇੰਦਰਪ੍ਰੀਤ-ਰਹਿਮਤ ਦੇ ਘਰ ਇਕ ਬੜੀ ਪਿਆਰੀ ਬੱਚੀ ਸੁਖਮਨੀ ਨੇ ਜਨਮ ਲਿਆ | ਘਰ ਵਿਚ ਇਕ ਵਾਰ ਫੇਰ ਗਹਿਮਾ-ਗਹਿਮੀ ਹੋ ਗਈ | ਨਾਨਾ-ਨਾਨੀ ਅਤੇ ਮਾਸੀ ਦੀ ਖ਼ੁਸ਼ੀ ਸੰਭਾਲਿਆਂ ਨਹੀਂ ਸੀ ਸੰਭਾਲੀ ਜਾ ਰਹੀ |
ਅਸੀਸ ਦੇ ਬੀ.ਐੱਡ. ਦੇ ਪੇਪਰ ਬੜੇ ਵਧੀਆ ਹੋ ਗਏ ਸਨ | ਹੁਣ ਉਸ ਨੂੰ ਆਪਣੇ ਨਤੀਜੇ ਦੀ ਉਡੀਕ ਸੀ | ਨਤੀਜਾ ਤਾਂ ਥੋੜ੍ਹਾ ਲੇਟ ਹੋ ਗਿਆ ਪਰ ਉਸ ਲਈ ਇਕ ਕਾਲਜ ਲੈਕਚਰਾਰ ਦਾ ਰਿਸ਼ਤਾ ਆ ਗਿਆ | ਲੜਕਾ ਜਲੰਧਰ ਦੇ ਕਿਸੇ ਮਸ਼ਹੂਰ ਕਾਲਜ ਵਿਚ ਪੜ੍ਹਾਉਂਦਾ ਸੀ | ਰਿਸ਼ਤਾ ਪੱਕਾ ਹੋ ਗਿਆ |
ਸੁਖਮਨੀ ਛੇ ਮਹੀਨੇ ਦੀ ਹੋ ਗਈ | ਅਸੀਸ ਦਾ ਵਿਆਹ ਜਗਮੀਤ ਨਾਲ ਹੋ ਗਿਆ | ਵਿਆਹ ਤੋਂ ਜਲਦੀ ਬਾਅਦ ਅਸੀਸ ਨੂੰ ਵੀ ਸਰਕਾਰੀ ਸਕੂਲ ਵਿਚ ਨੌਕਰੀ ਮਿਲ ਗਈ |
ਪੂਰਨ ਸਿੰਘ ਬੜੇ ਸੰਤੁਸ਼ਟ ਸਨ ਕਿ ਦੋਵੇਂ ਬੇਟੀਆਂ ਆਪੋ-ਆਪਣੇ ਘਰੀਂ ਬੜੀਆਂ ਖ਼ੁਸ਼ ਹਨ | ਹੁਣ ਕਦੀ ਬੇਟੀਆਂ ਆਪਸ ਵਿਚ ਪ੍ਰੋਗਰਾਮ ਬਣਾ ਕੇ ਇਕੱਠੀਆਂ ਪਿੰਡ ਆ ਜਾਂਦੀਆਂ ਅਤੇ ਕਦੀ ਉਨ੍ਹਾਂ ਦੇ ਬੀਜੀ-ਪਾਪਾ ਉਨ੍ਹਾਂ ਨੂੰ ਮਿਲਣ ਚਲੇ ਜਾਂਦੇ |
ਸਮਾਂ ਲੰਘਦਾ ਗਿਆ | ਅਸੀਸ ਦੇ ਘਰ ਜੀਤੀ ਨੇ ਜਨਮ ਲਿਆ | ਕੁਝ ਸਾਲਾਂ ਪਿਛੋਂ ਸੁਖਮਨੀ ਦਾ ਛੋਟਾ ਵੀਰ ਨਵਰਾਜ ਆ ਗਿਆ | ਦੋਵਾਂ ਕੁੜੀਆਂ ਦੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਧਦੀਆਂ ਗਈਆਂ | ਜੀਤੀ ਤਿੰਨ ਕੁ ਸਾਲ ਦੀ ਸੀ ਜਦੋਂ ਉਸ ਦੀ ਛੋਟੀ ਭੈਣ ਪੰਮੀ ਆ ਗਈ | ਸਾਰਾ ਘਰ ਖ਼ੁਸ਼ੀਆਂ ਨਾਲ ਭਰ ਗਿਆ |
ਜਗਮੀਤ ਅਤੇ ਅਸੀਸ ਦੋਵੇਂ ਬੜੀ ਆਦਰਸ਼ਵਾਦੀ ਸੋਚ ਵਾਲੇ ਸਨ | ਦੋਵੇਂ ਆਪੋ-ਆਪਣੀਆਂ ਨੌਕਰੀਆਂ ਤੋਂ ਆ ਕੇ ਸਮਾਜ ਪ੍ਰਤੀ ਕੁਝ ਚੰਗਾ ਕੰਮ ਕਰਨ ਲਈ ਸੋਚਦੇ ਰਹਿੰਦੇ | ਸਕੂਲ, ਕਾਲਜ ਵਿਚ ਉਹ ਕੁਝ ਲੋੜਵੰਦ ਬੱ ਚਿਆਂ ਦੀ ਆਰਥਿਕ ਮਦਦ ਕਰਦੇ ਅਤੇ ਕਈ ਕਮਜ਼ੋਰ ਬੱ ਚਿਆਂ ਦੀਆਂ ਮੁਫ਼ਤ ਕਲਾਸਾਂ ਲੈਂਦੇ | ਉਹ ਦੋਵੇਂ ਸਾਦਾ ਜੀਵਨ ਬਤੀਤ ਕਰ ਰਹੇ ਸਨ | ਉਨ੍ਹਾਂ ਦੇ ਬੱ ਚੇ ਵੀ ਉਹੋ ਟ੍ਰੇਨਿੰਗ ਲੈ ਰਹੇ ਸਨ |
ਇੰਦਰਪ੍ਰੀਤ ਦੀ ਫ਼ੈਕਟਰੀ ਹੌਲੀ-ਹੌਲੀ ਕਾਫੀ ਤਰੱਕੀ ਕਰਦੀ ਰਹੀ | ਕੁਝ ਸਾਲਾਂ ਵਿਚ ਹੀ ਉਸ ਨੇ ਆਪਣੇ ਫੈਕਟਰੀ ਦੇ ਨਾਲ ਵਾਲਾ ਪਲਾਟ ਵੀ ਖ਼ਰੀਦ ਲਿਆ ਅਤੇ ਆਪਣੇ ਕਾਰਖ਼ਾਨੇ ਨੂੰ ਹੋਰ ਵੱਡਾ ਕਰ ਲਿਆ | ਹੁਣ ਉਸ ਉੱਪਰ ਹੋਰ ਪੈਸਾ ਕਮਾਉਣ ਦੀ ਧੁੰਨ ਸਵਾਰ ਹੋ ਗਈ | ਫ਼ੈਕਟਰੀ ਨੂੰ ਵੱਡਾ ਕਰਨ ਤੋਂ ਬਾਅਦ ਉਸ ਨੇ ਸ਼ਹਿਰ ਦੇ ਇਕ ਅਮੀਰ ਇਲਾਕੇ ਵਿਚ ਪਲਾਟ ਖ਼ਰੀਦ ਕੇ ਬੜੀ ਵੱਡੀ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ | ਇਸੇ ਤਰ੍ਹਾਂ ਦੋਵੇਂ ਭੈਣਾਂ ਦੇ ਪਰਿਵਾਰ ਆਪੋ-ਆਪਣੇ ਢੰਗ ਨਾਲ ਤਰੱਕੀ ਕਰ ਰਹੇ ਸਨ | ਦੋਵੇਂ ਭੈਣਾਂ ਆਪਣੇ-ਆਪਣੇ ਘਰ ਬੱ ਚਿਆਂ ਨਾਲ ਬਹੁਤ ਰੁੱਝ ਗਈਆਂ | ਦੋਵਾਂ ਦਾ ਮਿਲਣਾ-ਗਿਲਣਾ ਭਾਵੇਂ ਘਟ ਗਿਆ ਸੀ ਪਰ ਫ਼ੋਨ 'ਤੇ ਤਕਰੀਬਨ ਰੋਜ਼ ਹੀ ਗੱਲਬਾਤ ਹੋ ਜਾਂਦੀ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001
ਮੋਬਾਈਲ : 98889-24664

ਕੀ ਤੁਸੀਂ ਜਾਣਦੇ ਹੋ?

ਬੱਚਿਓ, ਕੀ ਤੁਹਾਨੂੰ ਪਤਾ ਹੈ ਕਿ ਨੈਸ਼ਨਲ ਹਾਈਵੇ ਦੀਆਂ ਸੜਕਾਂ ਦੇ ਵਿਚਕਾਰ ਚਿੱਟੀ ਪੱਟੀ ਅਲੱਗ-ਅਲੱਗ ਤਰੀਕਿਆਂ ਨਾਲ ਕਿਉਂ ਲੱਗੀ ਹੁੰਦੀ ਹੈ? ਉਥੇ ਤਿੰਨ ਅਲੱਗ-ਅਲੱਗ ਲਾਈਨਾਂ ਹੁੰਦੀਆਂ ਹਨ ਅਤੇ ਅਲੱਗ-ਅਲੱਗ ਸੰਕੇਤ ਦਿੰਦੀਆਂ ਹਨ | ਆਓ ਉਨ੍ਹਾਂ ਬਾਰੇ ਜਾਣੀਏ-
1. ਜੇਕਰ ਲਾਈਨ ਕੱਟ-ਕੱਟ ਕੇ ਹੈ ਤਾਂ ਉਸ ਦਾ ਮਤਲਬ ਹੈ ਕਿ ਤੁਸੀਂ ਓਵਰਟੇਕ ਕਰ ਸਕਦੇ ਹੋ |
2. ਜੇਕਰ ਲਾਈਨ ਲਗਾਤਾਰ ਬਣੀ ਹੋਈ ਹੈ ਤਾਂ ਇਸ ਦਾ ਮਤਲਬ ਹੈ ਕਿ ਓਵਰਟੇਕ ਕਰਨ ਵਿਚ ਕੁਝ ਖ਼ਤਰਾ ਹੋ ਸਕਦਾ ਹੈ |
3. ਜੇਕਰ ਲਾਈਨ ਦੋਹਰੀ (ਡਬਲ) ਹੈ ਤਾਂ ਤੁਸੀਂ ਭੱੁਲ ਕੇ ਵੀ ਓਵਰਟੇਕ ਨਾ ਕਰੋ | ਇਹ ਤੁਹਾਡੇ ਲਈ ਖ਼ਤਰਨਾਕ ਹੈ |

-ਰਾਜੀਵ ਵਿਦਰੋਹੀ
ਮੋਬਾ: 94780-06050

ਬਾਲ ਸਾਹਿਤ

ਕਣ ਕਣ ਵਿਚ ਵਿਗਿਆਨ
ਲੇਖਕ : ਮੇਘ ਰਾਜ ਮਿੱਤਰ
ਪ੍ਰਕਾਸ਼ਨ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਪੰਨੇ : 44, ਮੁੱਲ : 130 ਰੁਪਏ
ਸੰਪਰਕ : 98887-87440

ਵਰਤਮਾਨ ਦੌਰ ਵਿਚ ਵਿਗਿਆਨਕ ਬਾਲ ਸਾਹਿਤ ਦਾ ਅਤਿ ਮਹੱਤਵ ਹੈ | ਇਸ ਦਿ੍ਸ਼ਟੀ ਤੋਂ ਮੇਘ ਰਾਜ ਮਿੱਤਰ ਦੀ ਨਵ ਪ੍ਰਕਾਸ਼ਿਤ ਪੁਸਤਕ 'ਕਣ ਕਣ ਵਿਚ ਵਿਗਿਆਨ' ਜ਼ਿਕਰਯੋਗ ਹੈ | ਲੇਖਕ ਨੇ ਇਸ ਪੁਸਤਕ ਦੇ ਮਾਧਿਅਮ ਦੁਆਰਾ ਸਮਾਜ ਵਿਚ ਫੈਲੇ ਵਹਿਮਾਂ-ਭਰਮਾਂ ਅਤੇ ਗ਼ੈਰ-ਵਿਗਿਆਨਕ ਮਸਲਿਆਂ ਨੂੰ ਤਰਕ ਦੀ ਕਸੌਟੀ ਨਾਲ ਪਰਖ ਕੇ ਸਿੱਧ ਕੀਤਾ ਹੈ ਕਿ ਵਿਗਿਆਨਕ ਸੋਚ ਹੀ ਸਮਾਜ ਦੀ ਸੁਚੱਜੀ ਅਗਵਾਈ ਕਰਨ ਦੇ ਸਮਰੱਥ ਹੈ ਅਤੇ ਨਵੀਂ ਪੀੜ੍ਹੀ ਦੇ ਮਨਾਂ ਵਿਚ ਜਾਗਿ੍ਤੀ ਦਾ ਸੰਚਾਰ ਕਰ ਸਕਦੀ ਹੈ | ਇਸ ਪੁਸਤਕ ਵਿਚ ਲੇਖਕ ਨੇ ਭਾਰਤ ਦੇਸ਼ ਦੇ ਪਛੜਨ ਪਿੱਛੇ ਛੁਪੀਆਂ ਅਨੇਕ ਅਜਿਹੀਆਂ ਪਿਛਾਂਹਖਿੱਚੂ ਧਾਰਨਾਵਾਂ ਅਤੇ ਰੂੜ੍ਹੀਵਾਦੀ ਸੋਚ ਨੂੰ ਜ਼ਿੰਮੇਵਾਰ ਠਹਿਰਾ ਕੇ ਹਰ ਗੁੱਝੇ ਭੇਦ ਉੱਪਰ ਜੰਮੀ ਹੋਈ ਅੰਧਵਿਸ਼ਵਾਸੀ-ਧੂੜ ਨੂੰ ਸਾਫ਼ ਕਰਨ ਦਾ ਉਸਾਰੂ ਕਾਰਜ ਕੀਤਾ ਹੈ | ਇਸ ਪੁਸਤਕ ਵਿਚ ਮਨੁੱਖਾਂ, ਜੀਵਾਂ, ਪੌਦਿਆਂ, ਯੰਤਰਾਂ ਅਤੇ ਆਲੇ-ਦੁਆਲੇ ਬਾਰੇ ਕਿਉਂ? ਅਤੇ ਕਿਵੇਂ? ਦੇ ਅਨੇਕ ਪ੍ਰਸ਼ਨ ਸੂਚਕ ਵਰਤਾਰਿਆਂ ਨੂੰ ਸਪੱਸ਼ਟ ਕੀਤਾ ਗਿਆ ਹੈ | ਇਸ ਨਜ਼ਰੀਏ ਤੋਂ ਲੜਕੀਆਂ ਦੀ ਆਵਾਜ਼ ਤਿੱਖੀ ਕਿਉਂ ਹੁੰਦੀ ਹੈ?, ਅੰਗਰੇਜ਼ਾਂ ਦੀਆਂ ਅੱਖਾਂ ਨੀਲੀਆਂ ਕਿਉਂ ਹੁੰਦੀਆਂ ਹਨ?, ਛਿੱਕ ਕਿਉਂ ਆਉਂਦੀ ਹੈ?, ਉੱਲੂਆਂ ਨੂੰ ਦਿਨ ਵੇਲੇ ਦਿਖਾਈ ਕਿਉਂ ਨਹੀਂ ਦਿੰਦਾ?, ਬੱਕਰੀ ਮੀਂਗਣਾਂ ਕਿਉਂ ਦਿੰਦੀ ਹੈ?, ਪੱਥਰਚੱਟ ਦੇ ਪੱਤੇ ਤੋਂ ਹੀ ਪੌਦੇ ਕਿਵੇਂ ਪੈਦਾ ਹੋ ਜਾਂਦੇ ਹਨ?, ਬੋਹੜ ਦੇ ਦਰੱਖ਼ਤ ਦਾੜ੍ਹੀ ਵਾਲੇ ਕਿਉਂ ਹੁੰਦੇ ਹਨ?, ਟੈਲੀਵਿਜ਼ਨ ਕਿਵੇਂ ਕੰਮ ਕਰਦਾ ਹੈ? ਅਤੇ ਭੂਚਾਲ ਕਿਵੇਂ ਆਉਂਦੇ ਹਨ? ਆਦਿ ਵੱਡੀ ਗਿਣਤੀ ਵਿਚ ਅਨੇਕ ਜਗਿਆਸਾਪੂਰਨ ਸਵਾਲਾਂ ਦੇ ਉੱਤਰ ਵਿਗਿਆਨਕ ਅਤੇ ਦਿਲਚਸਪ ਢੰਗ ਨਾਲ ਦਿੱਤੇ ਗਏ ਹਨ | ਹਰ ਸਵਾਲ ਨਾਲ ਢੁੱਕਵੇਂ ਰੰਗਦਾਰ ਚਿੱਤਰ ਦਿੱਤੇ ਗਏ ਹਨ, ਜਿਸ ਕਾਰਨ ਇਹ ਪੁਸਤਕ ਹੋਰ ਵੀ ਸੁਆਦਲੀ ਬਣ ਗਈ ਹੈ | ਅੰਧਵਿਸ਼ਵਾਸਾਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਅਜਿਹੇ ਸਾਹਿਤ ਦੀ ਹੋਰ ਜ਼ਰੂਰਤ ਹੈ | ਚੰਗੇ ਕਾਗਜ਼ 'ਤੇ ਛਪੀ ਇਹ ਬਾਲ ਪੁਸਤਕ ਬਾਲ ਪਾਠਕ ਵਰਗ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਚੁਟਕਲੇ

• ਇਕ ਪਾਰਟੀ ਵਿਚ ਇਕ ਸੱਜਣ ਨੇ ਆਪਣੇ ਕੋਲ ਖੜ੍ਹੇ ਇਕ ਵਿਅਕਤੀ ਨੂੰ ਕਿਹਾ, 'ਔਰਤ ਵੀ ਅਜੀਬ ਚੀਜ਼ ਹੈ | ਕੁਝ ਦੇਰ ਪਹਿਲਾਂ ਤੱਕ ਤਾਂ ਸਾਹਮਣੇ ਵਾਲੀ ਔਰਤ ਮੈਨੂੰ ਦੇਖ ਕੇ ਮੁਸਕਰਾ ਰਹੀ ਸੀ ਅਤੇ ਹੁਣ ਇੰਜ ਘੂਰ ਰਹੀ ਹੈ ਕਿ ਜਿਵੇਂ ਕੱਚਾ ਹੀ ਚਬਾ ਜਾਵੇਗੀ |'
'ਜੀ ਹਾਂ | ਮੇਰੀ ਪਤਨੀ ਦਾ ਮੂਡ ਇਸੇ ਤਰ੍ਹਾਂ ਹੀ ਬਦਲਦਾ ਰਹਿੰਦਾ ਹੈ |' ਕੋਲ ਖੜ੍ਹੇ ਵਿਅਕਤੀ ਨੇ ਜਵਾਬ ਦਿੱਤਾ |
• ਮਾਸਟਰ ਭੂਸ਼ਣ (ਮਾਸਟਰ ਬਲਵਿੰਦਰ ਨੂੰ )—ਤੁਸੀਂ ਆਪਣੇ ਗਿੱਦੜਬਾਹਾ ਸ਼ਹਿਰ ਵਿਚ ਲੱਗੀ ਸਰਕਸ ਦੇਖੀ ਹੈ? ਉਸ ਵਿਚ ਇਕ ਮੋਟੀ ਔਰਤ ਇਕ ਪਤਲੇ ਜੋਕਰ ਨਾਲ ਕੁਸ਼ਤੀ ਲੜਦੀ ਹੈ, ਉਸ ਨੂੰ ਮਾਰਦੀ-ਕੱੁਟਦੀ ਹੈ, ਫਿਰ ਵੀ ਉਹ ਹੱਸਦਾ ਹੀ ਰਹਿੰਦਾ ਹੈ |
ਮਾਸਟਰ ਬਲਵਿੰਦਰ—ਭਰਾ, ਇਹ ਸਭ ਕੁਝ ਤਾਂ ਮੇਰੇ ਘਰ ਵਿਚ ਹੀ ਸਰਕਸ ਵਾਂਗ ਹੁੰਦਾ ਰਹਿੰਦਾ ਹੈ |
• ਪਾਗਲਖਾਨੇ ਦਾ ਇਕ ਨਵਾਂ ਡਾਕਟਰ—ਲਗਦਾ ਹੈ, ਇਸ ਪਾਗਲਖਾਨੇ ਦੇ ਸਾਰੇ ਮਰੀਜ਼ ਮੇਰੇ ਨਾਲ ਬਹੁਤ ਖੁਸ਼ ਹਨ |
ਨਰਸ—ਜੀ ਹਾਂ, ਉਹ ਕਹਿ ਰਹੇ ਸਨ ਕਿ ਨਵੇਂ ਡਾਕਟਰ ਸਾਹਿਬ ਬਿਲਕੁਲ ਸਾਡੇ ਵਰਗੇ ਹਨ |

-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ | ਮੋਬਾ: 98140-97917

ਬਾਲ ਕਵਿਤਾ: ਮੇਲਾ

ਲੱਗਿਆ ਸੀ ਮੇਲਾ ਲੱਗੇ ਹੋਏ ਚੰਡੋਲ ਸੀ,
ਸਪੀਕਰਾਂ ਦੇ ਵਿਚ ਲੋਕ ਰਹੇ ਬੋਲ ਸੀ |
ਇਕ ਪਾਸੇ ਬੈਠਾ ਹੋਇਆ ਹਲਵਾਈ ਸੀ,
ਲਾ ਕੇ ਸੀ ਦੁਕਾਨ ਬੈਠੀ ਇਕ ਮਾਈ ਸੀ |
ਮੋਢੇ 'ਤੇ ਬਿਠਾ ਕੇ ਦਾਦਾ ਤੁਰੀ ਜਾਂਵਦਾ,
ਪੋਤੇ ਨੂੰ ਉਹ ਖੂਬ ਮੇਲਾ ਸੀ ਦਿਖਾਂਵਦਾ |
ਇਕ ਪਾਸੇ ਖੜ੍ਹਾ ਭਾਈ ਲੈ ਗੁਬਾਰੇ ਸੀ,
ਬੱਚੇ ਹੋਏ ਇਕੱਠੇ ਉਹਦੇ ਕੋਲ ਸਾਰੇ ਸੀ |
ਕਈ ਬੱਚੇ ਵਾਜਾ ਸੀ ਵਜਾਈ ਜਾਂਵਦੇ,
ਮੇਲੇ ਦਾ ਅਨੰਦ ਉਹ ਉਠਾਈ ਜਾਂਵਦੇ |
ਕਈ ਝੂਟ ਰਹੇ ਸੀ ਚੰਡੋਲ ਆਣ ਕੇ,
ਕਰਦੇ ਮਜ਼ਾਕ ਕਈ ਜਾਣ-ਜਾਣ ਕੇ |
ਵਣਜਾਰਾ ਬੈਠਾ ਚੂੜੀਆਂ ਸਜਾਈ ਸੀ,
ਮਿੰਦੋ ਛਿੰਦੋ ਜਾਵੇ ਚੂੜੀਆਂ ਚੜ੍ਹਾਈ ਸੀ |
ਬੱਚੇ-ਬੱੁਢੇ ਬੈਠੇ ਸੀ ਪਤੌੜ ਖਾਂਵਦੇ,
ਸਟੇਜ ਉੱਤੇ ਗਾਇਕ ਸੀ ਗਾਣੇ ਗਾਂਵਦੇ |
ਪਰਵਿੰਦਰ ਕੌਰ 'ਸੱੁਖ' ਤੱਕਦੀ ਨਜ਼ਾਰਾ ਸੀ,
ਸੱਚ ਜਾਣੋ ਮੇਲਾ ਬਹੁਤ ਪਿਆਰਾ ਸੀ |

-ਪਰਵਿੰਦਰ ਕੌਰ ਸੱੁਖ,
ਲੁਧਿਆਣਾ | ਮੋਬਾ: 81960-63335

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX