ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  3 minutes ago
ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਨਾਨਕਸ਼ਾਹੀ ਕੈਲੰਡਰ ਦਾ ਵਿਵਾਦ-ਇਕ ਦਿ੍ਸ਼ਟੀਕੋਣ

ਸਿੱਖ ਮਿਸ਼ਨਰੀ ਪ੍ਰਚਾਰਕ ਅਤੇ ਵਿਭਿੰਨ ਅਕਾਦਮਿਕ ਸ਼ਾਖਾਵਾਂ ਦੇ ਵਿਦਵਾਨ ਸੰਸਾਰ ਨੂੰ ਅਕਸਰ ਫਖਰ ਨਾਲ ਦੱਸਦੇ ਰਹਿੰਦੇ ਹਨ ਕਿ ਧਰਮਾਂ ਵਿਚੋਂ ਸਭ ਤੋਂ ਨਵੀਨਤਮ, ਆਧੁਨਿਕ ਹੋਣ ਕਾਰਨ ਅਤੇ ਗੁਰੂ ਸਾਹਿਬਾਨ ਦੀ ਬੌਧਿਕ ਰੁਚੀ ਕਾਰਨ ਗੁਰਮਤਿ ਦਲੀਲ ਉਪਰ ਆਧਾਰਿਤ ਵਿਗਿਆਨਕ ਧਰਮ ਹੈ | ਇਸ ਦਾਅਵੇ ਦੀ ਹਵਾ ਕਦੀ ਪੁਜਾਰੀ ਕੱਢ ਦਿੰਦੇ ਹਨ, ਕਦੀ ਸਿਆਸੀ ਨੇਤਾ | ਹੁਣ ਖਾਲਸਾ ਕੈਲੰਡਰ ਦੇ ਮੁੱਦੇ ਉਪਰ ਜੋ ਰੋਲ-ਘਚੋਲਾ ਮਚਿਆ ਹੈ, ਉਹ ਨਿੰਦਣਯੋਗ ਅਤੇ ਸ਼ਰਮਨਾਕ ਹੈ |
ਪਾਲ ਸਿੰਘ ਪੁਰੇਵਾਲ ਵੱਲੋਂ ਮਿਹਨਤ ਨਾਲ ਤਿਆਰ ਕੀਤੇ ਵਿਗਿਆਨਕ ਕੈਲੰਡਰ ਨੂੰ ਭਲੇ ਸਿੰਘ ਸਾਹਿਬਾਨ ਨੇ ਸਰਬਸੰਮਤੀ ਨਾਲ ਲਾਗੂ ਕੀਤਾ ਸੀ | ਇਸ ਨਾਲ ਇਕ ਵਾਰ ਸਾਨੂੰ ਵੀ ਇਹ ਭਰਮ ਹੋ ਗਿਆ ਸੀ ਕਿ ਸਮਾਂ ਆ ਗਿਆ ਹੈ ਅਕਲ ਅਤੇ ਦਲੀਲ ਦੀ ਕਦਰ ਹੋਣ ਲੱਗੀ ਹੈ, ਸਾਰਥਕ ਤਰਕ ਨੂੰ ਮਾਨਤਾ ਮਿਲੀ ਹੈ | ਥੋੜੇ੍ਹ ਸਮੇਂ ਬਾਅਦ ਇਸ ਵਿਰੁੱਧ ਸੰਤ ਸਮਾਜ ਨੇ ਸੋਟੀ ਚੁੱਕ ਲਈ, ਇਕ ਵੱਡਾ ਡੈਂਟ ਪਾਉਣ ਵਿਚ ਕਾਮਯਾਬੀ ਮਿਲ ਗਈ | ਮਾੜੀ-ਮੋਟੀ ਸਫਲਤਾ ਮਿਲਣ ਪਿੱਛੋਂ ਸੁਭਾਵਿਕ ਹੈ ਕਿ ਬਾਕੀ ਦੀ ਕਸਰ ਪੂਰੀ ਕਰਨ ਲਈ ਤਿਆਰੀ ਸ਼ੁਰੂ ਹੋ ਜਾਇਆ ਕਰਦੀ ਹੈ |
ਸਿੰਘ ਸਭਾ ਲਹਿਰ ਨੇ ਇਹ ਰੁਝਾਨ ਪੈਦਾ ਕੀਤਾ ਕਿ ਸਿੱਖ ਪੰਥ ਵਿਲੱਖਣ ਰਹਿਤ ਮਰਿਆਦਾ ਦਾ ਧਾਰਨੀ ਨਿਰਾਲਾ ਧਰਮ ਮਾਰਗ ਹੈ, ਜਿਸ ਦਾ ਫਲਸਫਾ, ਇਤਿਹਾਸ, ਰਹਿਤ ਮਰਿਆਦਾ ਅਤੇ ਸਮਾਜ-ਵਿਧਾਨ ਆਪਣੀ ਕਿਸਮ ਦਾ ਆਪ ਹੈ, ਸੁਤੰਤਰ ਅਤੇ ਨਿਵੇਕਲਾ ਹੈ | ਜੇ ਸਾਰਾ ਕੁਝ ਵੱਖ-ਵੱਖ ਹੈ ਤਾਂ ਸਿੱਖਾਂ ਦੀ ਜੰਤਰੀ ਜਾਂ ਕੈਲੰਡਰ ਹਿੰਦੂਆਂ ਵਾਲਾ ਬਿਕਰਮੀ ਜਾਂ ਈਸਾਈਆਂ ਵਾਲਾ ਈਸਵੀ ਕਿਉਂ ਹੋਵੇ? ਮੁਸਲਮਾਨਾਂ ਦਾ ਹਿਜਰੀ ਕੈਲੰਡਰ ਹੈ, ਖਾਲਸਾ ਪੰਥ ਆਪਣਾ ਕੈਲੰਡਰ ਤਿਆਰ ਕਰੇਗਾ | ਵੈਸੇ ਇਨ੍ਹਾਂ ਸਾਰੇ ਕੈਲੰਡਰਾਂ ਨੂੰ ਹਿੰਦੂ, ਈਸਾਈ ਜਾਂ ਪਾਰਸੀ ਕੈਲੰਡਰ ਕਹਿਣਾ ਉਸੇ ਤਰ੍ਹਾਂ ਵਿਅਰਥ ਹੈ, ਜਿਵੇਂ ਕੋਈ ਧਰਤੀ, ਚੰਦ ਸੂਰਜ ਨੂੰ ਕਹੇ ਕਿ ਇਹ ਗ੍ਰਹਿ ਅਤੇ ਇਨ੍ਹਾਂ ਦੀਆਂ ਚਾਲਾਂ ਹਿੰਦੂ, ਸਿੱਖ ਜਾਂ ਈਸਾਈ ਚਾਲਾਂ ਹਨ | ਅਜਿਹਾ ਉਦੋਂ ਕਹਿ ਸਕਦੇ ਸਾਂ ਜੇ ਗ੍ਰਹਿ ਚਾਲਾਂ ਰਿਸ਼ੀਆਂ, ਗੁਰੂਆਂ ਜਾਂ ਪੈਗੰਬਰਾਂ ਨੇ ਨਿਸਚਿਤ ਕੀਤੀਆਂ ਹੁੰਦੀਆਂ | ਸਾਰੀ ਕੁਦਰਤ ਤੇ ਇਸ ਦੀਆਂ ਗਤੀਵਿਧੀਆਂ ਵਾਹਿਗੁਰੂ ਦੇ ਭਾਣੇ ਵਿਚ ਕਾਰਵਾਈ ਕਰ ਰਹੀਆਂ ਹਨ | ਇਨ੍ਹਾਂ ਦੀਆਂ ਗਤੀਆਂ ਦਾ ਵਿਗਿਆਨਕ ਅਧਿਐਨ ਕਰਦਿਆਂ ਪੁਰਾਤਨ ਤਾਰਾ-ਵਿਗਿਆਨੀਆਂ ਨੇ ਕੈਲੰਡਰ ਤਿਆਰ ਕੀਤੇ | ਇਨ੍ਹਾਂ ਕੈਲੰਡਰਾਂ ਉਪਰ ਆਧਾਰਿਤ ਕੋਈ ਵਿਵਾਦ ਛਿੜੇ ਤਾਂ ਸਿਆਣੇ ਬੰਦੇ ਬੈਠ ਕੇ ਵਿਚਾਰ-ਵਟਾਂਦਰਾ ਕਰਨ ਤੇ ਹੱਲ ਕੱਢਣ | ਇਥੇ ਸਮੱਸਿਆ ਦਾ ਹੱਲ ਕੱਢਣ ਦੀ ਥਾਂ ਤਖ਼ਤ ਦੇ ਜਥੇਦਾਰ ਨੂੰ ਕੱਢਣ ਦੀਆਂ ਕਾਰਵਾਈਆਂ ਹੁੰਦੀਆਂ ਦੇਖੀਆਂ ਤਾਂ ਅਸੀਂ ਸੋਚਿਆ ਪਾਠਕਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰੀਏ |
ਧਰਤੀ ਦੇ ਕੁਝ ਖਿੱਤੇ ਅਜਿਹੇ ਹਨ, ਜਿਥੇ ਭੁਚਾਲ ਵਧੀਕ ਆਉਂਦੇ ਹਨ, ਕਿਤੇ ਸਮੁੰਦਰੀ ਤੂਫਾਨਾਂ ਦੀਆਂ, ਕਿਸੇ ਹੋਰ ਥਾਂ ਜਵਾਲਾਮੁਖੀ ਫਟਣ ਦੀਆਂ ਸੰਭਾਵਨਾਵਾਂ ਹਨ | ਕਦੀ ਪ੍ਰਾਚੀਨ ਸਮੇਂ ਅਜਿਹਾ ਹੋਇਆ ਕਰਦਾ ਸੀ ਕਿ ਇਨ੍ਹਾਂ ਆਫਤਾਂ ਤੋਂ ਬਚਣ ਲਈ ਸਥਾਨਕ ਪ੍ਰਭਾਵਿਤ ਲੋਕ ਪੁਜਾਰੀਆਂ ਦੇ ਕਹਿਣ ਅਨੁਸਾਰ ਧਾਗੇ, ਤਵੀਤਸ ਟੂਣੇ ਕਰਦੇ ਸਨ | ਹੁਣ ਵਧੀਕ ਗਿਣਤੀ ਇਸ ਅੰਧ-ਵਿਸ਼ਵਾਸ ਤੋਂ ਮੁਕਤ ਹੋ ਚੁੱਕੀ ਹੈ | ਬੇਸ਼ੱਕ ਹਾਲੇ ਵੀ ਅਜਿਹੇ ਉਜਲ ਦਿਮਾਗ ਬੰਦੇ ਮਿਲ ਜਾਂਦੇ ਹਨ, ਜਿਨ੍ਹਾਂ ਅਨੁਸਾਰ ਪਟਿਆਲੇ ਦੀ ਨਦੀ ਨੱਥ-ਭੇਟਾ ਲੈਣ ਪਿੱਛੋਂ ਗੁੱਸਾ ਛੱਡ ਦਿਆ ਕਰਦੀ ਹੈ | ਜਿਸ ਤਰੀਕੇ ਸਿੱਖ ਕੈਲੰਡਰ ਦਾ ਵਿਵਾਦ ਤੂਲ ਫੜਦਾ ਜਾ ਰਿਹਾ ਹੈ, ਉਹ ਸੰਸਾਰ ਦੇ ਸਾਰੇ ਸੂਝਵਾਨ ਸਿੱਖਾਂ ਨੂੰ ਸ਼ਰਮਿੰਦਗੀ ਦੇ ਰਿਹਾ ਹੈ |
ਮੰਦਿਰ ਦਾ ਪੁਜਾਰੀ ਗ੍ਰਹਿਣ ਲੱਗਣ ਦੀ ਤਰੀਕ ਅਤੇ ਸਹੀ ਸਮਾਂ ਦੱਸ ਸਕਦਾ ਹੈ ਪਰ ਉਹ ਗ੍ਰਹਿਣ ਨਾ ਅੱਗੇ-ਪਿੱਛੇ ਪਾ ਸਕਦਾ ਹੈ, ਨਾ ਰੋਕ ਸਕਦਾ ਹੈ | ਇਵੇਂ ਹੀ ਪਾਲ ਸਿੰਘ ਪੁਰੇਵਾਲ ਰਾਹੀਂ ਤਿਆਰ ਕੀਤੇ ਕੈਲੰਡਰ ਉਪਰ ਪੁਜਾਰੀਆਂ/ਸਿੰਘ ਸਾਹਿਬਾਨ, ਸੰਤ ਸਮਾਜ ਜਾਂ ਅਕਾਲੀ ਦਲ ਦੇ ਜਥੇਦਾਰਾਂ ਨੂੰ ਟਿੱਪਣੀਆਂ ਕਰਨ ਦਾ ਕਿਵੇਂ ਅਧਿਕਾਰ ਹੈ? ਇਹ ਉਨ੍ਹਾਂ ਦੇ ਕਾਰਜ ਖੇਤਰ ਵਿਚ ਕਿਵੇਂ ਆਉਂਦਾ ਹੈ? ਪਾਠਕਾਂ ਨੂੰ ਦੱਸ ਦਈਏ ਕਿ ਉੱਤਰੀ ਭਾਰਤ ਵਿਚ ਪ੍ਰਚੱਲਤ ਵੈਦਿਕ ਜੰਤਰੀ ਕੁਰਾਲੀ ਦੇ ਵਿਦਵਾਨ ਪੰਡਿਤ ਤਿਆਰ ਕਰਦੇ ਹਨ | ਇਹ ਜੰਤਰੀ ਦਹਾਕਾ ਪਹਿਲਾਂ ਤਿਆਰ ਹੋ ਜਾਂਦੀ ਹੈ, ਫਿਰ ਛਪ ਕੇ ਲੋੜਵੰਦਾਂ ਤੱਕ ਪੁੱਜਦੀ ਹੈ | ਇਹ ਜੰਤਰੀ ਸੂਰਜ ਅਤੇ ਚੰਦ ਦੋਵਾਂ ਦੀਆਂ ਗਤੀਆਂ ਉਪਰ ਆਧਾਰਿਤ ਹੈ, ਫਲਸਰੂਪ ਦੋ ਜੰਤਰੀਆਂ ਹਨ, ਕਿਉਂਕਿ ਦੋਵਾਂ ਦੀਆਂ ਪੁਲਾੜੀ ਚਾਲਾਂ ਭਿੰਨ-ਭਿੰਨ ਹਨ | ਇਸ ਜੰਤਰੀ ਵਿਚ ਅਕਸਰ ਵਿਵਾਦ ਪੈਦਾ ਨਹੀਂ ਹੁੰਦਾ, ਕੋਈ ਮੁਸ਼ਕਿਲ ਆਵੇ ਤਾਂ ਹੱਲ ਕਰ ਲਿਆ ਜਾਂਦਾ ਹੈ | ਅਕਾਲੀ ਦਲ ਵਾਂਗ ਖੰਡੇ ਨਹੀਂ ਖੜਕਾਏ ਜਾਂਦੇ, ਪੁਜਾਰੀਆਂ ਨੂੰ ਨੌਕਰੀਆਂ ਤੋਂ ਬਰਤਰਫ ਨਹੀਂ ਕੀਤਾ ਜਾਂਦਾ | ਇਸ ਕੈਲੰਡਰ ਕੇ ਹੱਕ ਅਤੇ ਵਿਰੋਧ ਵਿਚ ਦੋ ਧਿਰਾਂ ਦਾ ਆਪਸੀ ਝਗੜਾ ਕਿਵੇਂ ਤਰਕ ਸੰਗਤ ਹੋਇਆ?
ਵਧੀਕ ਪਾਠਕਾਂ ਨੂੰ ਸ਼ਾਇਦ ਪਤਾ ਨਾ ਹੋਵੇ, ਇਕ ਸਦੀ ਪਹਿਲਾਂ ਮਹਾਰਾਜਾ ਫ਼ਰੀਦਕੋਟ ਨੇ ਹਰਿਮੰਦਰ ਸਾਹਿਬ ਵਿਚ ਬਿਜਲੀ ਫਿਟ ਕਰਵਾਉਣ ਦੀ ਸੇਵਾ ਕਰਨ ਦਾ ਫੈਸਲਾ ਕੀਤਾ | ਵੱਡਾ ਜਨਰੇਟਰ ਮੰਗਵਾ ਕੇ ਜਦੋਂ ਫਿਟਿੰਗ ਸ਼ੁਰੂ ਕਰਨ ਲੱਗੇ, ਤਦ ਪੁਜਾਰੀਆਂ ਨੇ ਇਸ ਦੇ ਵਿਰੋਧ ਵਿਚ ਸ਼ੋਰ ਪਾਇਆ-ਬਿਜਲੀ ਦਾ ਇਥੇ ਕੀ ਕੰਮ? ਫਲਾਣੇ ਹਿੰਦੂ ਮੰਦਿਰ ਅਤੇ ਫਲਾਣੇ ਈਸਾਈ ਗਿਰਜੇ ਵਿਚ ਬਿਜਲੀ ਨਹੀਂ ਹੈ, ਪਰ ਅੰਗਰੇਜ਼ ਦਰਬਾਰ ਸਾਹਿਬ ਨੂੰ ਭਿੱਟਣਾ ਚਾਹੁੰਦੇ ਹਨ | ਸੋ ਬਿਜਲੀ ਵਾਸਤੇ ਹਾਮੀ ਭਰ ਦਿੱਤੀ | ਦੂਜੀ ਦਲੀਲ-ਬਿਜਲੀ ਕਰੰਟ ਨਾਲ ਬੰਦੇ ਅਕਸਰ ਮਰਦੇ ਹਨ, ਪੰਜ-ਚਾਰ ਬੰਦੇ ਮਰ ਗਏ, ਸ਼ਰਧਾਲੂ ਮੱਥਾ ਟੇਕਣ ਨਹੀਂ ਆਉਣਗੇ | ਤੀਜੀ ਦਲੀਲ-ਧਰਮ ਮਨ ਦੀ ਸ਼ਾਂਤੀ ਵਾਸਤੇ ਹੋਇਆ ਕਰਦਾ ਹੈ, ਬਿਜਲੀ ਚੰਚਲ ਹੁੰਦੀ ਹੈ | ਇਸ ਦੀ ਚੰਚਲਤਾ ਸਦਕਾ ਮਨ ਇਕਾਗਰ ਕਦੀ ਨਹੀਂ ਹੋ ਸਕੇਗਾ... ਵਗੈਰਾ ...ਵਗੈਰਾ |
ਹੁਣ ਅਸੀਂ ਦੇਖ ਰਹੇ ਹਾਂ ਜਲੌਅ ਦੀ ਰਾਤ ਬਿਜਲੀ ਦੀ ਕਰਾਮਾਤ ਵਰਤਦੀ ਹੈ, ਨਾ ਮੌਤਾਂ ਹੋਈਆਂ, ਨਾ ਸ਼ੁਰਧਾਲੂ ਮੱਥਾ ਟੇਕਣੋ ਹਟੇ ਤੇ ਨਾ ਮਨ ਵਿਚ ਚੰਚਲਤਾ ਦਾ ਵਸੇਬਾ ਹੋਇਆ | ਇਹ ਘਟਨਾ ਯਾਦ ਕਰਕੇ ਹਾਸਾ ਆ ਜਾਂਦਾ ਹੈ |
ਭਵਿੱਖ ਵਿਚ ਇਕ ਦਿਨ ਆਏਗਾ ਜਦੋਂ ਲੋਕ ਹੱਸਿਆ ਕਰਨਗੇ ਕਿ ਕੈਲੰਡਰ ਦੇ ਵਿਗਿਆਨਕ ਮਸਲੇ ਨੂੰ ਵਿਗਿਆਨੀਆਂ ਦੀ ਮਦਦ ਨਾਲ ਹੱਲ ਕਰਨ ਦੀ ਥਾਂ ਖਾਲਸੇ ਆਪਸ ਵਿਚ ਜੂਝਣ ਲੱਗ ਪਏ ਸਨ, ਇਸ ਸਦਕਾ ਜਥੇਦਾਰਾਂ ਦੀਆਂ ਬਰਤਰਫੀਆਂ ਹੋ ਗਈਆਂ ਸਨ | ਗੁਰੂ-ਘਰਾਂ ਵਿਚ ਏ. ਸੀ. ਕਰੰਟ ਠੀਕ ਹੈ ਕਿ ਡੀ. ਸੀ. ਕਰੰਟ ਠੀਕ ਰਹੇ, ਇਸ ਦਾ ਫੈਸਲਾ ਇੰਜੀਨੀਅਰ ਕਰਨ ਕਿ ਸਿੰਘ ਸਾਹਿਬਾਨ? ਕੈਲੰਡਰ ਦਾ ਨਿਰਣਾ ਆਰਾਮ ਨਾਲ ਨਹੀਂ ਹੋਏਗਾ, ਕਿਉਂਕਿ ਮਸਲਾ ਉਲਝਿਆ ਨਾ ਤਾਂ ਸੁਲਝਾਉਣ ਲਈ ਲੀਡਰਾਂ ਦੀ ਅਹਿਮੀਅਤ ਨਹੀਂ ਰਹੇਗੀ |
-94642-51454


ਖ਼ਬਰ ਸ਼ੇਅਰ ਕਰੋ

ਜਨਮ ਦਿਨ 'ਤੇ ਵਿਸ਼ੇਸ਼

ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਯਾਦਾ ਲਈ ਆਪਾ ਵਾਰਨ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ

ਸਿੱਖ ਇਤਿਹਾਸ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਹਮੇਸ਼ਾ ਆਪਣੀ ਕੌਮ ਦੀ ਅਣਖ਼ ਤੇ ਗੈਰਤ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰੀਆਂ | ਸਿੱਖ ਸੂਰਮੇ ਸਦਾ ਹੀ ਜਾਬਰ ਦੇ ਅੱਤਿਆਚਾਰਾਂ ਵਿਰੁੱਧ ਅਤੇ ਮਜ਼ਲੂਮ ਦੀ ਰੱਖਿਆ ਲਈ ਢਾਲ ਬਣ ਕੇ ਖੜ੍ਹਦੇ ਰਹੇ ਹਨ | ਸਿੱਖ ਇਤਿਹਾਸ ਅਸਲ ਵਿਚ ਹੈ ਹੀ ਸ਼ਹੀਦਾਂ ਦਾ ਇਤਿਹਾਸ | 'ਸ਼ਹਾਦਤ' ਅਤੇ 'ਸ਼ਹੀਦ' ਸ਼ਬਦ ਅਰਬੀ ਭਾਸ਼ਾ ਦੇ ਹਨ | ਸ਼ਹਾਦਤ ਦਾ ਅਰਥ ਹੈ-ਗਵਾਹੀ ਅਤੇ ਸ਼ਹੀਦ ਸੱਚ ਲਈ ਸਰੀਰ ਦੀ ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ | ਸ਼ਹੀਦ ਕੌਮ ਲਈ ਆਪਾ ਵਾਰ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਰਸਤੇ ਤਿਆਰ ਕਰਦੇ ਹਨ, ਜੋ ਉਨ੍ਹਾਂ ਦੀ ਸ਼ਹੀਦੀ ਦੀ ਅਸਲ ਯਾਦਗਾਰ ਹੋ ਨਿੱਬੜਦੇ ਹਨ | ਕੋਈ ਸੂਰਮਾ ਹੀ ਸ਼ਹੀਦੀ ਪਾ ਸਕਦਾ ਹੈ ਤੇ ਸੂਰਮੇ ਦੀ ਸੱਚੀ ਪਰਖ ਭਗਤ ਕਬੀਰ ਜੀ ਇੰਜ ਦੱਸਦੇ ਹਨ :
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ¨
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ¨
(ਪੰਨਾ 1105)

ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਪਹੂਵਿੰਡ ਦੇ ਨਜ਼ਦੀਕ ਇਕ ਕਿਰਤੀ ਕਿਰਸਾਨ ਭਾਈ ਭਗਤਾ ਦੇ ਘਰ ਮਾਤਾ ਜੀਵਨੀ ਦੀ ਕੁੱਖ ਤੋਂ 26 ਜਨਵਰੀ, 1682 ਮੁਤਾਬਕ 14 ਮਾਘ ਸੰਮਤ 1739 ਨੂੰ ਹੋਇਆ | ਬਾਬਾ ਦੀਪ ਸਿੰਘ ਦਾ ਪਾਲਣ-ਪੋਸਣ ਪਹੂਵਿੰਡ ਵਿਚ ਹੀ ਹੋਇਆ | ਆਪ ਜੀ ਨੇ ਆਪਣੇ ਮਾਤਾ-ਪਿਤਾ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਜੀ ਪਾਸੋਂ ਅੰਮਿ੍ਤ ਦੀ ਦਾਤ ਪ੍ਰਾਪਤ ਕੀਤੀ ਅਤੇ ਆਪ ਸ੍ਰੀ ਅਨੰਦਪੁਰ ਸਾਹਿਬ ਹੀ ਟਿਕ ਗਏ | ਆਪ ਹਰ ਵੇਲੇ ਗੁਰਬਾਣੀ ਪਾਠ ਕਰਨ ਤੇ ਸਿਮਰਨ ਵਿਚ ਬਿਰਤੀ ਜੋੜੀ ਰੱਖਦੇ ਸਨ | ਸ੍ਰੀ ਅਨੰਦਪੁਰ ਸਾਹਿਬ ਵਿਚ ਹੀ ਆਪ ਨੇ ਸ਼ਾਸਤਰ ਤੇ ਸ਼ਸਤਰ ਵਿੱਦਿਆ ਹਾਸਲ ਕੀਤੀ | ਆਪ ਜੀ ਸੁਡੋਲ ਸਰੀਰ ਤੇ ਦਿ੍ੜ੍ਹ ਇਰਾਦੇ ਦੇ ਮਾਲਕ ਸਨ |
ਬਾਬਾ ਦੀਪ ਸਿੰਘ ਇਕ ਪ੍ਰੋੜ੍ਹ ਵਿਦਵਾਨ, ਮਹਾਨ ਸੂਰਬੀਰ, ਸੇਵਾ ਦੇ ਪੁੰਜ ਅਤੇ ਉੱਘੇ ਮਿਸ਼ਨਰੀ ਸਨ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੇ ਗਏ ਜੰਗਾਂ-ਯੁੱਧਾਂ ਵਿਚ ਬਾਬਾ ਦੀਪ ਸਿੰਘ ਨੇ ਸਰਗਰਮੀ ਨਾਲ ਹਿੱਸਾ ਲਿਆ | ਧੀਰਮੱਲੀਆਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਨੂੰ ਸੇਵਾ ਸੌਾਪ ਕੇ ਬੀੜ ਤਿਆਰ ਕਰਵਾਈ | ਬਾਬਾ ਜੀ ਨੇ ਉਸ ਬੀੜ ਦਾ ਪਾਠ ਸਿੱਖਾਂ ਨੂੰ ਅਰਥਾਂ ਸਮੇਤ ਪੜ੍ਹਾਇਆ | ਇਥੋਂ ਹੀ ਦਮਦਮੀ ਟਕਸਾਲ ਆਰੰਭ ਹੋਈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਔਰੰਗਜ਼ੇਬ ਨਾਲ ਮੁਲਾਕਾਤ ਲਈ ਦੱਖਣ ਨੂੰ ਜਾਣ ਲੱਗੇ ਤਾਂ ਆਪ ਨੇ ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਦੀ ਸੇਵਾ-ਸੰਭਾਲ ਲਈ ਭੇਜ ਦਿੱਤਾ ਅਤੇ ਬਾਬਾ ਦੀਪ ਸਿੰਘ ਨੂੰ ਤਲਵੰਡੀ ਸਾਬੋ ਵਿਖੇ ਰਹਿ ਕੇ ਗੁਰਬਾਣੀ ਲਿਖਵਾਉਣ ਅਤੇ ਪੜ੍ਹਾਉਣ ਦੀ ਸੇਵਾ ਬਖਸ਼ਿਸ਼ ਕੀਤੀ | ਬਾਬਾ ਜੀ ਨੇ ਇਹ ਕਾਰਜ ਬੜੇ ਪਿਆਰ ਅਤੇ ਸ਼ਰਧਾ ਨਾਲ ਨਿਭਾਇਆ | ਆਪ ਆਏ-ਗਏ ਦੀ ਬੜੇ ਪਿਆਰ ਨਾਲ ਟਹਿਲ-ਸੇਵਾ ਕਰਦੇ | ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਆਪਣੇ ਹੱਥੀਂ ਕੀਤੇ, ਜੋ ਵੱਖ-ਵੱਖ ਤਖ਼ਤ ਸਾਹਿਬਾਨ 'ਤੇ ਭੇਜੇ ਗਏ | ਬਾਬਾ ਬੰਦਾ ਸਿੰਘ ਬਹਾਦਰ ਜਦ ਪੰਜਾਬ ਆਏ ਤਾਂ ਬਾਬਾ ਦੀਪ ਸਿੰਘ ਨੇ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ ਅਤੇ ਜੰਗਾਂ ਵਿਚ ਹਿੱਸਾ ਲਿਆ | ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਿੱਛੋਂ ਆਪ ਫਿਰ ਦਮਦਮਾ ਸਾਹਿਬ ਟਿਕ ਗਏ ਅਤੇ ਗੁਰਬਾਣੀ ਪ੍ਰਚਾਰ ਦੀ ਸੇਵਾ ਨਿਭਾਉਂਦੇ ਰਹੇ |
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖਾਂ ਉੱਤੇ ਜ਼ੁਲਮਾਂ ਦਾ ਦੌਰ ਆਰੰਭ ਹੋਇਆ | ਸਿੱਖਾਂ ਨੇ ਛੋਟੇ-ਛੋਟੇ ਜਥੇ ਬਣਾ ਕੇ ਜ਼ੁਲਮਾਂ ਦਾ ਸਾਹਮਣਾ ਕੀਤਾ | ਇਨ੍ਹਾਂ ਜਥਿਆਂ ਦੀ ਗਿਣਤੀ 65 ਤੱਕ ਸੀ | 1748 ਈ: ਵਿਚ ਪੰਥਕ ਆਗੂਆਂ ਨੇ ਮਿਲ ਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਵਿਉਂਤ ਬਣਾਈ ਅਤੇ ਸਾਰੇ ਜਥਿਆਂ ਨੂੰ ਤੋੜ ਕੇ 12 ਮਿਸਲਾਂ ਬਣਾਈਆਂ, ਇਨ੍ਹਾਂ ਵਿਚੋਂ ਇਕ 'ਸ਼ਹੀਦ ਮਿਸਲ' ਸੀ, ਜਿਸ ਦੀ ਵਾਗਡੋਰ ਬਾਬਾ ਦੀਪ ਸਿੰਘ ਨੂੰ ਸੌਾਪੀ ਗਈ |
ਬਾਬਾ ਦੀਪ ਸਿੰਘ ਜੀ ਮਿਸਲ ਦੀ ਜਥੇਦਾਰੀ ਦੇ ਨਾਲ-ਨਾਲ ਧਰਮ ਪ੍ਰਚਾਰ ਵਿਚ ਜੁਟੇ ਰਹੇ | 1757 ਈ: ਵਿਚ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਜਾਂਦਿਆਂ ਹੋਇਆਂ ਲਾਹੌਰ ਰੁਕਿਆ | ਉਸ ਨੇ ਅੰਮਿ੍ਤਸਰ ਸ਼ਹਿਰ ਦੀ ਲੁੱਟ-ਮਾਰ ਕੀਤੀ ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ | ਅੰਮਿ੍ਤ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ | ਬਾਬਾ ਦੀਪ ਸਿੰਘ ਨੂੰ ਜਦੋਂ ਗੁਰਧਾਮਾਂ ਦੀ ਬੇਅਦਬੀ ਹੋਣ ਬਾਰੇ ਪਤਾ ਲੱਗਾ ਤਾਂ ਇਲਾਕੇ ਦੇ ਸਿੰਘਾਂ ਨੂੰ ਇਕੱਠਾ ਕਰਕੇ ਤਲਵੰਡੀ ਸਾਬੋ ਤੋਂ ਅੰਮਿ੍ਤਸਰ ਨੂੰ ਚਾਲੇ ਪਾ ਦਿੱਤੇ | ਸਿਰਲੱਥ ਸੂਰਮਿਆਂ ਦਾ ਜਥਾ ਜਦੋਂ ਤਰਨ ਤਾਰਨ ਨਜ਼ਦੀਕ ਪੁੱਜਾ ਤਾਂ ਇਨ੍ਹਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਹੋ ਗਈ | ਮੁਗ਼ਲ ਜਰਨੈਲ ਜਹਾਨ ਖਾਨ ਨੂੰ ਬਾਬਾ ਦੀਪ ਸਿੰਘ ਦੀ ਅਗਵਾਈ ਵਿਚ ਹੋਣ ਵਾਲੇ ਹਮਲੇ ਬਾਰੇ ਪਤਾ ਲੱਗਾ ਤਾਂ ਉਸ ਨੇ ਜਰਨੈਲ ਅਤਾਈ ਖਾਨ ਨੂੰ ਹਮਲੇ ਦਾ ਟਾਕਰਾ ਕਰਨ ਲਈ ਭੇਜਿਆ | ਗੋਹਲਵੜ ਦੇ ਸਥਾਨ 'ਤੇ ਦੋਹਾਂ ਫ਼ੌਜਾਂ ਵਿਚ ਟੱਕਰ ਹੋਈ | ਜਹਾਨ ਖਾਨ ਵੀ ਦੋ ਹਜ਼ਾਰ ਅਫਗਾਨੀ ਸਿਪਾਹੀ ਲੈ ਕੇ ਗੋਹਲਵੜ ਦੇ ਸਥਾਨ 'ਤੇ ਆ ਡਟਿਆ |
ਪਹਿਲੇ ਹੀ ਹੱਲੇ ਵਿਚ ਜਹਾਨ ਖਾਂ ਦੇ ਸਿਪਾਹੀਆਂ ਦੇ ਪੈਰ ਉੱਖੜ ਗਏ ਅਤੇ ਉਹ ਰਣ-ਖੇਤਰ 'ਚੋਂ ਭੱਜ ਉੱਠੇ | ਜਰਨੈਲ ਅਤਾਈ ਖਾਂ ਵੀ ਫ਼ੌਜ ਦਾ ਵੱਡਾ ਦਲ ਲੈ ਕੇ ਆ ਗਿਆ ਸੀ | ਘਮਸਾਨ ਦਾ ਯੁੱਧ ਹੋਇਆ | ਸਿੰਘ ਆਪਣੇ ਪਾਵਨ ਤੀਰਥ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਜਾਨ ਮਾਰ ਕੇ ਲੜ ਰਹੇ ਸਨ | ਇਨ੍ਹਾਂ ਨੇ ਅਫਗਾਨਾਂ ਦੇ ਛੱਕੇ ਛੁਡਾ ਦਿੱਤੇ | ਘਮਸਾਨ ਦੇ ਯੁੱਧ ਵਿਚ ਬਾਬਾ ਜੀ ਦੀ ਧੌਣ ਉੱਤੇ ਤਲਵਾਰ ਦਾ ਘਾਤਕ ਵਾਰ ਲੱਗਾ | ਲੇਕਿਨ ਫਿਰ ਵੀ ਆਪ ਸਿਰ ਨੂੰ ਤਲੀ ਦਾ ਸਹਾਰਾ ਦੇ ਲੜਦੇ ਹੋਏ ਅੱਗੇ ਵਧਦੇ ਗਏ | ਆਖਰ ਬਾਬਾ ਦੀਪ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਸਤਿਗੁਰੂ ਨੂੰ ਸੀਸ ਭੇਟ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ | ਸਿੱਖ ਕੌਮ ਨੂੰ ਮਾਣ ਹੈ ਕਿ 75 ਸਾਲ ਦੀ ਵਡੇਰੀ ਉਮਰ ਦੇ ਬਾਬਾ ਦੀਪ ਸਿੰਘ ਨੇ ਸਿੱਖ ਗੁਰਧਾਮਾਂ ਦੀ ਹੋਈ ਬੇਅਦਬੀ ਨੂੰ ਵੰਗਾਰ ਸਮਝ ਕੇ ਗੁਰਧਾਮਾਂ ਦੀ ਰੱਖਿਆ ਲਈ ਸਿਰ ਤਲੀ ਧਰ ਕੇ ਜੂਝਦਿਆਂ ਸ਼ਹਾਦਤ ਪ੍ਰਾਪਤ ਕੀਤੀ | ਉਨ੍ਹਾਂ ਦੇ ਮਨ 'ਚ ਗੁਰੂ ਪ੍ਰਤੀ ਪ੍ਰੇਮ ਦੀ ਤਾਂਘ ਅਤੇ ਸਿੱਖੀ ਸਿਧਾਂਤਾਂ ਦੀ ਰੱਖਿਆ ਦੀ ਰੀਝ ਸੀ | ਸਤਿਗੁਰਾਂ ਦਾ ਦਿੱਤਾ ਹੁਕਮ ਉਨ੍ਹਾਂ ਨੇ ਕਮਾ ਕੇ ਦਿਖਾ ਦਿੱਤਾ |
ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਅਤੇ ਗੁਰਧਾਮਾਂ ਦੀ ਰੱਖਿਆ ਖ਼ਾਤਰ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਵਿਲੱਖਣ ਦਾਸਤਾਨ ਹੈ | 26 ਜਨਵਰੀ ਨੂੰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸਿੱਖ ਸੰਗਤਾਂ ਉਨ੍ਹਾਂ ਦੇ ਜਨਮ ਅਸਥਾਨ ਪਹੂਵਿੰਡ (ਤਰਨ ਤਾਰਨ) ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਸ਼ਰਧਾ-ਭਾਵਨਾ ਨਾਲ ਮਨਾ ਰਹੀਆਂ ਹਨ | ਆਓ! ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਾਵਨ ਗੁਰਧਾਮਾਂ ਦੀ ਸੇਵਾ-ਸੰਭਾਲ ਤੇ ਪਹਿਰੇਦਾਰੀ, ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਆਸ਼ੇ ਅਨੁਸਾਰ ਕਰੀਏ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ |
-ਐਡੀ: ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ |

ਭਾਈ ਪਲਵਿੰਦਰ ਸਿੰਘ ਅਤੇ ਭਾਈ ਸਤਵਿੰਦਰ ਸਿੰਘ ਇੰਗਲੈਂਡ ਵਾਲਿਆਂ ਦਾ ਕਵੀਸ਼ਰੀ ਜਥਾ

ਵਿਦਵਾਨਾਂ ਦਾ ਕਥਨ ਹੈ ਕਿ ਜਿਹੜੀ ਕੌਮ ਆਪਣੇ ਇਤਿਹਾਸ ਅਤੇ ਵਿਰਸੇ ਨੂੰ ਭੁੱਲ ਜਾਂਦੀ ਹੈ, ਉਹ ਕੌਮ ਬਹੁਤੀ ਤਰੱਕੀ ਨਹੀਂ ਕਰ ਸਕਦੀ, ਪਰ ਸਿੱਖ ਕੌਮ ਨੂੰ ਇਹ ਮਾਣ ਅਤੇ ਸੁਭਾਗ ਪ੍ਰਾਪਤ ਹੈ ਕਿ ਇਸ ਕੌਮ ਵਿਚ ਸਮੇਂ-ਸਮੇਂ 'ਤੇ ਰਾਗੀ, ਢਾਡੀ, ਕਵੀਸ਼ਰੀ ਜਥਿਆਂ, ਪ੍ਰਚਾਰਕਾਂ, ਇਤਿਹਾਸਕਾਰਾਂ ਅਤੇ ਲੇਖਕਾਂ ਨੇ ਆਪੋ-ਆਪਣੇ ਢੰਗ ਨਾਲ ਸਮੇਂ-ਸਮੇਂ 'ਤੇ ਸਿੱਖ ਇਤਿਹਾਸ ਨੂੰ ਸੰਗਤਾਂ ਸਾਹਵੇਂ ਵਿਖਿਆਨ ਕੀਤਾ ਹੈ | ਸਿੱਖ ਕੌਮ ਦੇ ਅਜੋਕੇ ਦੌਰ ਦੇ ਕਵੀਸ਼ਰੀ ਜਥਿਆਂ ਵਿਚੋਂ ਭਾਈ ਪਲਵਿੰਦਰ ਸਿੰਘ, ਭਾਈ ਸਤਵਿੰਦਰ ਸਿੰਘ ਯੂ. ਕੇ. (ਜਾਗੋ ਵਾਲੇ ਸਿੰਘਾਂ) ਦਾ ਕਵੀਸ਼ਰੀ ਜਥਾ ਵੀ ਪੰਥ ਦੇ ਉਨ੍ਹਾਂ ਮਹਾਨ ਕਵੀਸ਼ਰੀ ਜਥਿਆਂ ਵਿਚੋਂ ਇਕ ਹੈ, ਜੋ ਕਿ ਗੁਰੂ ਸਹਿਬਾਨਾਂ ਦੁਆਰਾ ਚਲਾਈ ਗਈ ਕਵੀਸ਼ਰੀ ਦੀ ਕਲਾ ਨੂੰ ਅੱਗੇ ਤੋਰਦੇ ਹੋਇਆਂ ਸਿੱਖ ਇਤਿਹਾਸ ਨੂੰ ਪ੍ਰਭਾਵਸ਼ਾਲੀ ਤੇ ਨਿਵੇਕਲੇ ਢੰਗ ਨਾਲ ਬਿਆਨ ਕਰਦੇ ਹੋਏ ਕੌਮ ਵਿਚ ਜਾਗਿ੍ਤੀ ਲਿਆਉਣ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ | ਕਵੀਸ਼ਰੀ ਕਹਿਣ ਦੇ ਨਿਰਾਲੇ ਢੰਗ ਦੀ ਬਦੌਲਤ ਹੀ ਜਾਗੋ ਵਾਲੇ ਸਿੰਘਾਂ ਦੇ ਇਸ ਜਥੇ ਦੀ ਅੱਜ ਪੂਰੇ ਯੂਰਪ ਭਰ ਵਿਚ ਇਕ ਨਿਵੇਕਲੀ ਪਹਿਚਾਣ ਹੈ | ਇਟਲੀ ਦੌਰੇ ਦੌਰਾਨ ਪ੍ਰਸਿੱਧ ਕਵੀਸ਼ਰ ਭਾਈ ਬਚਿੱਤਰ ਸਿੰਘ ਸ਼ੌਕੀ ਦੇ ਗ੍ਰਹਿ ਵਿਖੇ ਇਸ ਪ੍ਰਤੀਨਿਧ ਦੁਆਰਾ ਇਸ ਜਥੇ ਨਾਲ ਕੀਤੀ ਗਈ ਵਿਸ਼ੇਸ਼ ਮੁਲਾਕਾਤ ਦੌਰਾਨ ਭਾਈ ਪਲਵਿੰਦਰ ਸਿੰਘ ਤੇ ਭਾਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਮੈਂਬਰ ਆਪਸ ਵਿਚ ਸਕੇ ਭਰਾ ਹਨ | ਉਨ੍ਹਾਂ ਦਾ ਜਨਮ ਸਥਾਨ ਪਿੰਡ ਪੱਤੜ ਕਲਾਂ, ਜ਼ਿਲਾ ਕਪੂਰਥਲਾ (ਨੇੜੇ ਜਲੰਧਰ) ਹੈ | ਮੱਧਵਰਗੀ ਕਿਸਾਨੀ ਪਰਿਵਾਰ ਵਿਚ ਜਨਮੇ ਇਨ੍ਹਾਂ ਸਿੰਘਾਂ ਨੂੰ ਬਚਪਨ ਤੋਂ ਹੀ ਕਵੀਸ਼ਰੀ ਕਰਨ ਦਾ ਸ਼ੌਕ ਸੀ | ਸੰਨ 1986 ਵਿਚ ਇਹ ਦੋਵੇਂ ਸਿੰਘ ਇੰਗਲੈੈਂਡ ਆ ਪਹੁੰਚੇ ਜਿਥੇ ਕਿ ਉਨ੍ਹਾਂ ਨੇ ਭਾਈ ਸਵਰਨ ਸਿੰਘ ਕਵੀਸ਼ਰ ਦੀ ਲਿਖੀ ਹੋਈ ਕਵੀਸ਼ਰੀ 'ਜਾਗੋ' ਨੂੰ ਯੂ. ਕੇ. ਦੇ ਵੱਖ-ਵੱਖ ਗੁਰੂ-ਘਰਾਂ ਵਿਖੇ ਧਾਰਮਿਕ ਸਮਾਗਮਾਂ 'ਤੇ ਗਾਉਣਾ ਸ਼ੁਰੂ ਕੀਤਾ | ਇਸ ਜਥੇ ਦੁਆਰਾ ਗਾਈ ਗਈ 'ਜਾਗੋ' ਮਸ਼ਹੂਰ ਹੋਣ ਕਰਕੇ ਉਨ੍ਹਾਂ ਦੇ ਨਾਂਅ ਪਿੱਛੇ ਵੀ 'ਜਾਗੋ ਵਾਲੇ ਸਿੰਘਾਂU'ਦਾ ਤਖੱਲਸ ਜੁੜ ਗਿਆ | ਯੂਰਪ ਵਿਚ ਹੀ ਨਹੀਂ, ਬਲਕਿ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਵਰਗੇ ਮੁਲਕਾਂ ਅੰਦਰ ਜਾ ਕੇ ਵੀ ਇਸ ਜਥੇ ਦੁਆਰਾ ਅਕਸਰ ਕਵੀਸ਼ਰੀਆਂ ਰਾਹੀਂ ਪ੍ਰਚਾਰ ਕੀਤਾ ਜਾਂਦਾ ਹੈ | ਕੌਮੀ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਭੈਣਾਂ ਦੇ ਵੀਰਾਂ, ਮਾਤਾਵਾਂ ਦੇ ਪੁੱਤਰਾਂ ਅਤੇ ਪਤਨੀਆਂ ਦੇ ਸੁਹਾਗਾਂ ਦੇ ਦੁਖਾਂਤ ਨੂੰ ਸਮੇਂ ਦੀਆਂ ਸਿੱਖ-ਵਿਰੋਧੀ ਸਰਕਾਰਾਂ ਦੁਆਰਾ ਢਾਹੇ ਗਏ ਜ਼ੁਲਮਾਂ ਦੀ ਦਾਸਤਾਨ ਦੇ ਸੰਦਰਭ ਵਿਚ ਇਸ ਜਥੇ ਦੁਆਰਾ ਇਕ ਨਹੀਂ, ਬਲਕਿ ਅਨੇਕਾਂ ਕਵੀਸ਼ਰੀਆਂ ਦੇ ਰਾਹੀਂ ਪੇਸ਼ ਕੀਤਾ ਜਾਂਦਾ ਹੈ |
-ਵੀਨਸ, ਇਟਲੀ | ਫੋਨ : 0039-3292558439
ਈ ਮੇਲ : kangitaly0gmail.com

ਗੁਰੂ-ਘਰ ਦੇ ਕੀਰਤਨੀਏ ਭਾਈ ਹਿੰਮਤ ਸਿੰਘ

ਗੁਰੂ-ਘਰ ਦੇ ਕੀਰਤਨੀਏ ਭਾਈ ਹਿੰਮਤ ਸਿੰਘ (ਸੋਨੀ) ਦਾ ਜਨਮ 13 ਜਨਵਰੀ 1978 ਨੂੰ ਪਿਤਾ ਸ: ਪ੍ਰੇਮ ਸਿੰਘ ਦੇ ਘਰ ਮਾਤਾ ਕਮਲਜੀਤ ਕੌਰ ਦੀ ਕੁੱਖੋਂ ਪਿੰਡ ਪਥਰੇੜੀ ਜੱਟਾਂ, ਜ਼ਿਲ੍ਹਾ ਰੋਪੜ 'ਚ ਹੋਇਆ | ਆਪ ਦੇ ਨਾਨਾ ਸ: ਹਜ਼ੂਰ ਸਿੰਘ, ਜੋ ਬਾਣੀ ਦੇ ਬਹੁਤ ਰਸੀਏ ਸਨ, ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਪ ਨੇ ਬਾਬਾ ਸੁਖਦੇਵ ਸਿੰਘ ਸੋਨੀ ਤੋਂ ਗੁਰਬਾਣੀ ਦੀ ਸੰਥਿਆ ਲੈਣੀ ਸ਼ੁਰੂ ਕੀਤੀ ਅਤੇ ਬਾਬਾ ਜੀ ਆਪ ਨੂੰ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਲੈ ਗਏ, ਜਿਥੇ ਆਪ ਨੇ ਢੋਲਕ ਤੇ ਕੀਰਤਨ ਦੀ ਮੁਹਾਰਤ ਬਾਬਾ ਗਿਆਨ ਸਿੰਘ ਤੋਂ ਲੈਣੀ ਸ਼ੁਰੂ ਕੀਤੀ ਅਤੇ ਨਿਪੁੰਨ ਹੋ ਕੇ ਆਪ ਨੇ ਕਈ ਜਥਿਆਂ ਨਾਲ ਢੋਲਕ ਦੀ ਸੇਵਾ ਕਰਦਿਆਂ ਕਈ ਦੇਸ਼ਾਂ 'ਚ ਹਾਜ਼ਰੀ ਭਰੀ | ਅੱਜਕਲ੍ਹ ਆਪ ਆਪਣੇ ਜਥੇ ਨਾਲ ਦੁਬਈ, ਆਬੂਧਾਬੀ, ਮਸਕਟ ਤੇ ਸਵਿਟਜ਼ਰਲੈਂਡ ਆਦਿ ਦੇਸ਼ਾਂ 'ਚ ਕੀਰਤਨ ਕਰਕੇ ਵਤਨ ਵਾਪਸ ਪਰਤੇ ਹਨ | ਬਾਬਾ ਗੁਰਲਾਭ ਸਿੰਘ, ਬਾਬਾ ਹਰਭਿੰਦਰ ਸਿੰਘ ਟਾਹਲੀ ਸਾਹਿਬ ਅਤੇ ਹੋਰ ਸ਼ਖ਼ਸੀਅਤਾਂ ਤੋਂ ਮਿਲੇ ਸਹਿਯੋਗ ਤੇ ਮਾਣ-ਪਿਆਰ ਦੇ ਰਿਣੀ ਭਾਈ ਹਿੰਮਤ ਸਿੰਘ ਮੁੜ ਵਿਦੇਸ਼ ਦੀਆਂ ਸੰਗਤਾਂ ਨੂੰ ਨਿਹਾਲ ਕਰਨ ਲਈ ਜਾ ਰਹੇ ਹਨ | ਆਪਣੀ ਜੀਵਨ ਸਾਥਣ ਸੁਰਿੰਦਰ ਕੌਰ, ਇਕ ਪੁੱਤਰ ਤੇ ਤਿੰਨ ਧੀਆਂ ਨਾਲ ਗੁਰੂ ਮਹਾਰਾਜ ਦੀ ਰਜ਼ਾ 'ਚ ਜੀਵਨ ਬਤੀਤ ਕਰ ਰਹੇ ਹਨ |
-ਸੇਖਵਾਂ (ਬਟਾਲਾ) |

ਸਤਲੁਜ ਉਰਾਰ ਦੀਆਂ ਸਿੱਖ ਰਿਆਸਤਾਂ

ਮੇਜਰ ਮੈਕਸਨ ਦੇ ਮੁੱਲਾਂਕਣ ਦਾ ਨਿਚੋੜ
ਮੇਜਰ ਮੈਕਸਨ ਮਿਸਟਰ ਕਸਟ ਵੱਲੋਂ ਦਿੱਤੇ ਤਿੰਨਾਂ ਸੁਝਾਵਾਂ ਨਾਲ ਵੀ ਸਹਿਮਤ ਸੀ | ਉਸ ਨੇ ਗਵਰਨਰ ਜਨਰਲ ਵੱਲੋਂ ਉੱਤਰ-ਪੱਛਮੀ ਸਰਹੱਦ ਵਾਸਤੇ ਨਿਯੁਕਤ ਏਜੰਟ ਵੱਲ ਸ਼ਿਮਲੇ ਤੋਂ ਲਿਖੇ ਆਪਣੇ ਪੱਤਰ ਨੰਬਰ 87, ਮਿਤੀ 27 ਜੁਲਾਈ, 1946 ਰਾਹੀਂ ਦੋਵਾਂ ਅਧਿਕਾਰੀਆਂ ਵੱਲੋਂ ਭੇਜੀ ਸੂਚਨਾ ਵਿਚ ਉਪਰੋਕਤ ਅਨੁਸਾਰ ਵਾਧਾ ਕਰਦਿਆਂ ਸਾਰੀ ਸਥਿਤੀ ਦਾ ਮੁੱਲਾਂਕਣ ਕੀਤਾ ਅਤੇ ਇਸ ਦੇ ਆਧਾਰ 'ਤੇ ਕੁਝ ਨਤੀਜੇ ਵੀ ਕੱਢੇੇ | ਉਸ ਦਾ ਰਿਆਸਤਾਂ ਅਤੇ ਸਰਦਾਰਾਂ ਦੇ ਵਤੀਰੇ ਬਾਰੇ ਕੱਢਿਆ ਨਤੀਜਾ ਇਹ ਸੀ ਕਿ ਇਕ ਅੱਧੇ ਅਪਵਾਦ ਨੂੰ ਛੱਡ ਕੇ ਸ਼ੁਰੂ ਵਿਚ ਸਭ ਨੇ ਖੁੱਲ੍ਹਦਿਲੀ ਨਾਲ ਸਹਾਇਤਾ ਅਤੇ ਮਿਲਵਰਤਨ, ਜਿਸ ਦੀ ਇਕ ਲੰਮੇ ਸਮੇਂ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਬਦਲੇ ਵਿਚ ਇਹ ਸਰਬੋਤਮ ਸਰਕਾਰ ਹੱਕਦਾਰ ਸੀ, ਪ੍ਰਦਾਨ ਕਰਨ ਤੋਂ ਹੱਥ ਖਿੱਚੀ ਰੱਖਿਆ | ਆਮ ਜਨਤਾ ਦੀਆਂ ਭਾਵਨਾਵਾਂ ਬਾਰੇ ਉਸ ਨੇ ਬੜੇ ਵਿਸਥਾਰ ਵਿਚ ਚਰਚਾ ਕੀਤੀ | ਉਸ ਦਾ ਮੰਨਣਾ ਸੀ ਕਿ 'ਇਸ ਇਕ ਨੁਕਤੇ ਬਾਰੇ ਕੋਈ ਸ਼ੱਕ ਨਹੀਂ ਕਿ ਦਰਿਆ ਤੋਂ ਇਸ ਪਾਸੇ ਸਾਡੀ ਸੁਰੱਖਿਆ ਹੇਠਲੀਆਂ ਸਾਰੀਆਂ ਸਿੱਖ ਰਿਆਸਤਾਂ ਵਿਚ ਸਿੱਖ ਵਸੋਂ ਦੀਆਂ ਭਾਵਨਾਵਾਂ ਸਾਡੇ ਜ਼ੋਰਦਾਰ ਵਿਰੋਧ ਅਤੇ ਖਾਲਸੇ ਦੇ ਪੱਖ ਵਿਚ ਸਨ |'
ਉਸ ਨੇ ਲੜਾਈ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸਿਰਸੇ ਤੋਂ ਅੰਬਾਲੇ ਨੂੰ ਪਟਿਆਲੇ ਰਾਹੀਂ ਅਤੇ ਇਸ ਤੋਂ ਕੁਝ ਦਿਨ ਪਿੱਛੋਂ ਅੰਬਾਲੇ ਤੋਂ ਪਟਿਆਲੇ ਅਤੇ ਨਾਭੇ ਵਿਚ ਦੀ ਫਿਰੋਜ਼ਪੁਰ ਜਾਣ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਮੈਂ ਇਸ ਭਾਵਨਾਵਾਂ ਦੀਆਂ ਨਿਸ਼ਾਨੀਆਂ, ਜਿਨ੍ਹਾਂ ਬਾਰੇ ਕੋਈ ਭੁਲੇਖਾ ਨਹੀਂ, ਦੇਖੀਆਂ | ਉਸ ਨੇ ਇਹ ਵੀ ਜ਼ਿਕਰ ਕੀਤਾ ਕਿ ਸਤਲੁਜ ਦੇ ਦੱਖਣ ਵਿਚ ਜੱਟਾਂ ਦੇ ਅਜਿਹੇ ਪਿੰਡ ਹਨ, ਜਿਨ੍ਹਾਂ ਵਿਚ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਖਾਲਸਾ ਫੌਜ ਦੇ 4, 5 ਜਾਂ ਵੱਧ ਨਿਯਮਿਤ ਜਾਂ ਆਰਜ਼ੀ ਫੌਜੀ ਜਾਂ ਅਫ਼ਸਰ ਸਨ, ਜਿਨ੍ਹਾਂ ਨੇ ਖਾਲਸਾ ਫੌਜ ਨਾਲ ਨਿਰੰਤਰ ਸੰਪਰਕ ਰੱਖਿਆ ਹੋਇਆ ਸੀ | ਇਸ ਲਈ ਪੰਚਾਂ ਦੀ ਅਗਵਾਈ ਵਿਚ ਖਾਲਸਾ ਫੌਜ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਜਾਂ ਦਰਿਆ ਪਾਰ ਕਰਕੇ ਸਾਡੀ ਸੁਰੱਖਿਆ ਵਾਲੇ ਇਲਾਕੇ ਉੱਤੇ ਹਮਲਾ ਕਰਨ ਦੀ ਯੋਜਨਾ ਬਾਰੇ ਦਰਿਆ ਤੋਂ ਇਸ ਪਾਸੇ ਵਾਲੀ ਵਸੋਂ ਅਤੇ ਮੁਖੀਆਂ ਨੂੰ ਇਸ ਯੋਜਨਾ ਨੂੰ ਅਮਲ ਵਿਚ ਲਿਆਂਦੇ ਜਾਣ ਤੋਂ ਕੁਝ ਦਿਨ ਪਹਿਲਾਂ ਜ਼ਰੂਰ ਪਤਾ ਹੋਵੇਗਾ | ਉਨ੍ਹਾਂ ਵੱਲੋਂ ਇਸ ਭੇਤ ਨੂੰ ਸਾਡੇ ਪਾਸੋਂ ਲੁਕਾਇਆ ਜਾਣਾ ਸਾਡੇ ਪ੍ਰਤੀ ਉਨ੍ਹਾਂ ਦੇ ਬੇਲਗਾਓ ਦੀ ਨਿਸ਼ਾਨੀ ਹੈ |
ਅਜਿਹੀਆਂ ਭਾਵਨਾਵਾਂ ਦੇ ਸੰਭਾਵੀ ਸਿੱਟਿਆਂ ਦਾ ਬਿਆਨ ਕਰਦਿਆਂ ਮੇਜਰ ਮੈਕਸਨ ਨੇ ਲਿਖਿਆ, 'ਜਦੋਂ ਅਸੀਂ ਜਿੱਤਾਂ ਪ੍ਰਾਪਤ ਕਰ ਰਹੇ ਸਾਂ ਅਤੇ ਸ਼ੁਰੂ ਵਿਚ ਜਦ ਬੇਲਗਾਓਪੁਣਾ ਜ਼ਾਹਰ ਹੋ ਰਿਹਾ ਸੀ ਤਾਂ ਸਾਡੀ ਸੈਨਾ ਨੂੰ ਆਰਜ਼ੀ ਤੌਰ 'ਤੇ ਪਿੱਛੇ ਧੱਕੇ ਜਾਣ ਦੇ ਫਲਸਰੂਪ ਇਸ ਦਾ ਰੂਪ ਕਿਹੋ ਜਿਹਾ ਨਹੀਂ ਸੀ ਹੋਣਾ? ਇਕ ਪਲ ਲਈ ਵੀ ਕੋਈ ਸ਼ੱਕ ਨਹੀਂ ਕਰ ਸਕਦਾ ਕਿ ਸਾਡੇ ਮਿੱਤਰ, ਜਿਨ੍ਹਾਂ ਨੇ ਐਨੇ ਲੰਮੇ ਸਮੇਂ ਤੋਂ ਸਾਡੀ ਸੁਰੱਖਿਆ ਮਾਣੀ ਹੈ, ਸਾਡੇ ਖਿਲਾਫ਼ ਹੋ ਜਾਂਦੇ ਅਤੇ ਸਰਗਰਮ ਦੁਸ਼ਮਣ ਬਣ ਜਾਂਦੇ | ਇਸ ਦੀ ਮਿਸਾਲ ਬੱਦੋਵਾਲ ਦੇ ਮਾਮਲੇ ਤੋਂ ਪ੍ਰਤੱਖ ਹੈ | ਉੱਥੇ ਸਰ ਹੈਨਰੀ ਸਮਿੱਥ ਦੇ ਸਾਜ਼ੋ-ਸਾਮਾਨ ਵਾਲੇ ਦਸਤੇ ਨੂੰ ਦੁਸ਼ਮਣ ਦੇ ਘੋੜਸਵਾਰਾਂ ਨੇ ਦੋ ਹਿੱਸਿਆਂ ਵਿਚ ਵੰਡ ਕੇ ਜਗਰਾਉਂ ਵੱਲ ਧੱਕ ਦਿੱਤਾ ਸੀ ਤਾਂ ਸਾਡੀ ਅਧੀਨਗੀ ਹੇਠਲੇ ਸਾਡੇ ਆਪਣੇ ਇਲਾਕੇ ਦੀ ਅਤੇ ਸਾਡੀ ਸੁਰੱਖਿਆ ਹੇਠਲੀਆਂ ਰਿਆਸਤਾਂ ਦੇ ਇਲਾਕੇ ਦੀ ਸਿੱਖ ਵਸੋਂ ਨੇ ਸਾਡੇ ਸਾਜ਼ੋ-ਸਾਮਾਨ ਨੂੰ ਲੁੱਟ ਲਿਆ ਅਤੇ ਬਿਮਾਰ ਸੈਨਿਕਾਂ ਨੂੰ ਮਾਰ-ਮੁਕਾਇਆ ਸੀ |'
ਉਸ ਨੇ ਦੇਸੀ ਰਿਆਸਤਾਂ ਦੇ ਰਾਜਿਆਂ ਉੱਤੇ ਭਰੋਸਾ ਨਾ ਕਰਨ ਦੇ ਪਹਿਲਾਂ ਪ੍ਰਗਟਾਏ ਮਤ ਉੱਤੇ ਜ਼ੋਰ ਦਿੰਦਿਆਂ ਅੱਗੇ ਲਿਖਿਆ, 'ਇਸ ਤਜਰਬੇ ਨੂੰ ਦੇਖਦਿਆਂ ਇਹ ਸਪੱਸ਼ਟ ਹੈ ਕਿ ਭਵਿੱਖ ਵਿਚ ਉਤਪੰਨ ਹੋਣ ਵਾਲੀ ਕਿਸੇ ਵੀ ਹੰਗਾਮੀ ਹਾਲਤ ਵਿਚ ਰਿਆਸਤੀ ਮੁਖੀਆਂ ਵੱਲੋਂ ਸਾਡੀ ਸਹਾਇਤਾ ਵਾਸਤੇ ਭੇਜੀ ਗਈ ਫੌਜ ਨੂੰ ਲਾਹੇਵੰਦ ਮੰਨ ਲੈਣਾ ਸਿਆਣਪ ਨਹੀਂ ਹੋਵੇਗੀ | ਨਾ ਹੀ ਉਨ੍ਹਾਂ ਨਾਲ ਵਰਤਮਾਨ ਸੰਬੰਧਾਂ ਨੂੰ ਦੇਖਦਿਆਂ ਅਸੀਂ ਰਸਦ ਵਾਸਤੇ ਉਨ੍ਹਾਂ ਉੱਤੇ ਨਿਰਭਰ ਕਰ ਸਕਦੇ ਹਾਂ, ਕਿਉਂਕਿ ਜਦ ਜਿੱਤਣ ਦੇ ਮੌਕੇ ਉਨ੍ਹਾਂ ਵਿਚ ਕਮੀ ਪਾਈ ਗਈ ਹੈ ਤਾਂ ਕਿਸੇ ਭੈੜੀ ਸਥਿਤੀ ਵਿਚ ਉਨ੍ਹਾਂ ਉੱਤੇ ਨਿਰਭਰਤਾ ਆਪਣੀ ਫੌਜ ਨੂੰ ਭੁੱਖੇ ਮਾਰਨਾ ਹੋਵੇਗਾ |
(ਬਾਕੀ ਅਗਲੇ ਅੰਕ 'ਚ)
ਮੋਬਾਈਲ : 9417049417

ਜੋੜ-ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ

ਸਮੁੱਚੀ ਮਨੁੱਖਤਾ ਨੂੰ ਭਰਮ-ਭੁਲੇਖਿਆਂ ਵਿਚੋਂ ਕੱਢ ਕੇ ਸਭ ਦੇ ਸਿਰਜਣਹਾਰ ਇਕ ਪ੍ਰਮਾਤਮਾ ਨਾਲ ਜੋੜਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਸਤੇ ਪੂਰੇ ਸੰਸਾਰ ਭਰ ਵਿਚ ਵਿਚਰਦਿਆਂ ਜਿਸ ਵੀ ਅਸਥਾਨ 'ਤੇ ਜਾ ਕੇ ਆਸਣ ਲਾਏ, ਉਹ ਸਾਰੇ ਪਾਵਨ ਅਸਥਾਨ ਬਣ ਗਏ | ਉਨ੍ਹਾਂ ਵਿਚੋਂ ਹੀ ਲੋਕ ਤੇ ਪ੍ਰਲੋਕ ਵਿਚ ਵੇਲਾਂ ਹਰੀਆਂ ਕਰਨ ਵਾਲਾ ਇਕ ਹੈ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ, ਜਿੱਥੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹੀ ਸੱਤਵੀਂ ਨੇ ਆਪਣੇ ਮਹਿਲਾਂ ਅਤੇ 2200 ਘੋੜਸਵਾਰ ਸੈਨਾ ਸਮੇਤ 1651 ਈ: ਸੰਮਤ 1708 ਬਿਕਰਮੀ ਨੂੰ ਇਸ ਪਾਵਨ ਅਸਥਾਨ ਨੂੰ ਚਰਨ ਛੋਹ ਦੁਆਰਾ ਰਮਣੀਕ ਬਣਾਇਆ | ਸਤਿਗੁਰੂ ਜੀ ਇਸ ਜਗ੍ਹਾ ਤਿੰਨ ਦਿਨ ਰਹੇ | ਇਥੇ ਆਪ ਜੀ ਦੇ ਸ਼ਰਧਾਲੂ ਬਾਬਾ ਪਰਜਾਪਤਿ ਵੱਲੋਂ ਸਤਿਗੁਰਾਂ ਦੀ, ਸੰਗਤਾਂ ਦੀ ਅਤੇ ਸਤਿਗੁਰਾਂ ਦੇ ਘੋੜਿਆਂ ਦੀ ਪੂਰੀ ਸ਼ਰਧਾ ਨਾਲ ਸੇਵਾ ਕੀਤੀ ਗਈ | ਸਤਿਗੁਰਾਂ ਦੇ ਕੀਤੇ ਬਚਨਾਂ ਸਦਕਾ ਅੱਜ ਵੀ ਇਥੇ ਵੇਲਾਂ ਹਰੀਆਂ ਹੀ ਹਨ ਅਤੇ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਦੇ ਸਾਹਮਣੇ ਸੁਸ਼ੋਭਿਤ ਹਨ | ਇਸੇ ਕਰਕੇ ਹੀ ਇਸ ਪਾਵਨ ਅਸਥਾਨ ਦਾ ਨਾਂਅ ਵੀ ਗੁਰਦੁਆਰਾ ਹਰੀਆਂ ਵੇਲਾਂ ਕਰਕੇ ਹੀ ਜਾਣਿਆ ਜਾਂਦਾ ਹੈ |
ਇਹ ਪਾਵਨ ਅਸਥਾਨ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ 8 ਕਿਲੋਮੀਟਰ ਦੂਰ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਪੈਂਦੇ ਅੱਡਾ ਚੱਗਰਾਂ ਤੋਂ ਲਹਿੰਦੇ ਪਾਸੇ ਦੀ ਦਿਸ਼ਾ ਵੱਲ ਦੋ ਕਿਲੋਮੀਟਰ ਦੀ ਦੂਰੀ 'ਤੇ ਸੁਸ਼ੋਭਿਤ ਹੈ | ਨਿਮਰਤਾ ਦੇ ਪੁੰਜ ਸ੍ਰੀ ਗੁਰੂ ਹਰਿ ਰਾਇ ਸਾਹਿਬ ਇਥੇ ਤਿੰਨੇ ਦਿਨ ਸਵੇਰੇ-ਸ਼ਾਮ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਰੱਬੀ ਰੰਗ ਵਿਚ ਰੰਗਦੇ ਅਤੇ ਸਰਬ-ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦਾ ਉਪਦੇਸ਼ ਦਿੰਦੇ ਰਹੇ | ਇਸ ਪਵਿੱਤਰ ਅਸਥਾਨ ਦੀ ਹੋਰ ਇਤਿਹਾਸਕ ਮਹੱਤਤਾ ਇਹ ਵੀ ਹੈ ਕਿ ਦਸਵੇਂ ਪਾਤਸ਼ਾਹ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸੌ ਸਿੰਘਾਂ ਦੇ ਜਥੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਹਿਲਪੁਰ, ਸ਼ਹੀਦਾਂ ਲੱਧੇਵਾਲ ਅਤੇ ਚਖੰਡ ਸਾਹਿਬ ਬਜਰਾਵਰ ਤੋਂ ਹੁੰਦੇ ਹੋਏ 1760 ਬਿਕਰਮੀ ਨੂੰ ਪਰਸ ਰਾਮ ਬ੍ਰਾਹਮਣ ਦੀ ਇਸਤਰੀ ਨੂੰ ਜਾਬਰ ਖਾਂ ਤੋਂ ਛੁਡਵਾਉਣ ਲਈ ਇਥੇ ਪੁੱਜੇ ਸਨ | ਦੱਖਣ ਦੀ ਦਿਸ਼ਾ ਵੱਲ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਦੇ ਪਾਸ ਜੋ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ, ਇਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਆ ਕੇ ਬੈਠੇ ਸਨ | ਇਸ ਅਸਥਾਨ 'ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਪਹੁੰਚ ਕੇ ਸੰਗਤਾਂ 'ਤੇ ਵੱਡਾ ਪਰਉਪਕਾਰ ਕੀਤਾ | ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਦੇ ਨਜ਼ਦੀਕ ਹੀ ਇਕ ਪਵਿੱਤਰ ਇਤਿਹਾਸਕ ਸਰੋਵਰ ਵੀ ਹੈ |
ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਸਿੱਖ ਕੌਮ ਅਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਭਾਰੀ ਮਹੱਤਤਾ ਰੱਖਦਾ ਹੈ | ਇਥੋਂ ਦੇ ਮੁੱਖ ਸੇਵਾਦਾਰ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜ਼ਿੰਦਾ ਸ਼ਹੀਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸੁਯੋਗ ਅਗਵਾਈ ਵਿਚ ਸਮੂਹ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵੱਲੋਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ 29 ਜਨਵਰੀ ਨੂੰ ਗੁਰਦੁਆਰਾ ਹਰੀਆਂ ਵੇਲਾਂ ਤੋਂ ਸਜਾਇਆ ਜਾ ਰਿਹਾ ਹੈ ਅਤੇ 31 ਜਨਵਰੀ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਥੇਬੰਦੀ ਦੇ ਹੈੱਡਕੁਆਟਰ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾ ਕੇ ਇਹ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ |
-ਚੱਬੇਵਾਲ (ਹੁਸ਼ਿਆਰਪੁਰ) | 98158-25766

'ਬਸੰਤ ਰੁੱਤ' ਦਾ ਸ਼੍ਰੋਮਣੀ ਰਾਗ 'ਰਾਗੁ ਬਸੰਤੁ'

ਜਦੋਂ ਮੌਸਮੀ ਰਾਗਾਂ ਦੀ ਵਿਚਾਰ ਵਿਦਵਾਨਾਂ 'ਚ ਚਲਦੀ ਹੈ ਤਾਂ ਬਸੰਤ ਰੁੱਤ ਦੌਰਾਨ ਉਚੇਚੇ ਤੌਰ 'ਤੇ ਹਰ ਸਾਲ ਗਾਇਨ-ਵਾਦਨ ਕੀਤੇ ਜਾਂਦੇ 'ਰਾਗੁ ਬਸੰਤੁ' ਦਾ ਜ਼ਿਕਰ ਬਾਕਾਇਦਾ ਇਕ 'ਸ਼੍ਰੋਮਣੀ ਰਾਗ' ਵਜੋਂ ਹੋਣਾ ਸੁਭਾਵਿਕ ਹੀ ਲਾਜ਼ਮੀ ਬਣਦਾ ਹੈ | ਮੁੱਖ ਤੌਰ 'ਤੇ ਇਸ ਦੇ ਚਾਰ ਕਾਰਨ ਬਣਦੇ ਹਨ | ਪਹਿਲਾ ਬਸੰਤ ਰੁੱਤ ਤੇ ਬਸੰਤ ਰਾਗ ਦੇ ਨਾਂਅ ਦੀ ਸਮਾਨਤਾ ਹੋਣ ਕਾਰਨ, ਦੂਜਾ ਪ੍ਰਕਿਰਤਕ ਤੌਰ 'ਤੇ ਆਪਸ 'ਚ ਰਾਗ ਤੇ ਰੁੱਤ ਦੇ ਸੁਭਾਅ ਦੀ ਸੱਭਿਆਚਾਰਕ ਤੇ ਵਿਰਾਸਤੀ ਸਾਂਝ ਹੋਣ ਕਰਕੇ, ਤੀਜਾ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 'ਤਤਕਰਾ' ਦੀ ਰਾਗ ਤਰਤੀਬ ਅਨੁਸਾਰ 31 ਸ਼ੁੱਧ ਰਾਗਾਂ 'ਚੋਂ 25ਵਾਂ ਸਥਾਨ ਬਖਸ਼ਿਸ਼ ਹੋਣ ਕਰਕੇ ਅਤੇ ਚੌਥਾ ਗੁਰਮਤਿ ਸੰਗੀਤ ਦੀ ਮਹਾਨ ਮਰਿਆਦਾ ਵਿਚ ਨਿਰਧਾਰਤ ਰਾਗੁ ਬਸੰਤੁ 'ਚ ਸ਼ਬਦ ਗਾਇਨ ਉਪਰੰਤ ਪੰਜਵੇਂ ਨਾਨਕ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ 'ਬਸੰਤ ਕੀ ਵਾਰ' ਦੇ ਪਉੜੀ ਤਾਲ 'ਚ ਗਾਇਨ ਕਰਨ ਕਰਕੇ |
ਗੁਰੂ-ਘਰ ਦੇ ਇਸ ਸਤਿਕਾਰਤ ਰਾਗ ਨੂੰ ਜੇਕਰ ਸੰਗੀਤ ਦੇ ਕਿਰਿਆਤਮਿਕ ਤੇ ਸੁਰਾਤਮਕ ਪੱਖ ਤੋਂ ਗਾਇਨ-ਵਾਦਨ ਕੀਤਾ ਜਾਵੇ ਤਾਂ ਚਾਰ ਵੱਖ-ਵੱਖ ਸਰੂਪ ਹੋਂਦ 'ਚ ਮੰਨੇ ਜਾਂਦੇ ਹਨ, ਜਿਨ੍ਹਾਂ 'ਚ (1) ਬਿਲਾਵਲ ਅੰਗ ਦਾ ਬਸੰਤ (ਸ਼ੁੱਧ ਸੁਰਾਂ ਵਾਲਾ), (2) ਪੂਰਵੀ ਅੰਗ ਦਾ ਬਸੰਤ (ਜੋ ਜ਼ਿਆਦਾਤਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ 'ਚ ਪ੍ਰਚੱਲਿਤ ਹੈ), (3) ਮਾਰਵਾ ਅੰਗ ਦਾ ਬਸੰਤ (ਜਿਸ ਦੇ ਆਰੋਹ 'ਚ ਰਿਸ਼ਭ ਤੇ ਪੰਚਮ ਸੁਰ ਵਰਜਿਤ ਪਰ ਅਵਰੋਹ ਦੇ ਸੁਰਾਂ 'ਚ ਪੰਚਮ ਦਾ ਪ੍ਰਯੋਗ ਹੁੰਦਾ ਹੈ), (4) ਕਲਿਆਨ ਅੰਗ ਦਾ ਬਸੰਤ (ਜੋ ਉਤਰਾਂਗ ਪ੍ਰਧਾਨ ਰਾਗ ਹੈ ਤੇ ਇਸ ਨੂੰ ਪੁਰਾਤਨ ਬਸੰਤ ਵੀ ਕਹਿੰਦੇ ਹਨ) ਸਰੂਪ ਪ੍ਰਚਾਰ 'ਚ ਹਨ |
ਇਤਿਹਾਸ ਇਸ ਗੱਲ ਦੀ ਬਿਲਕੁਲ ਮੁਕੰਮਲ ਗਵਾਹੀ ਪ੍ਰਦਾਨ ਕਰਦਾ ਹੈ ਕਿ ਪੁਰਾਤਨ ਸੰਗੀਤਕ ਦਿੱਖ ਤੇ ਆਪਣੀਆਂ ਵਿਲੱਖਣ ਸੁਰਾਵਲੀਆਂ ਦੇ ਧਾਰਨੀ ਇਸ ਪ੍ਰਸਿੱਧ ਤੇ ਪ੍ਰਚੱਲਿਤ ਰਾਗ ਨੂੰ ਜਿਥੇ ਰਾਗ-ਰਾਗਣੀ ਵਰਗੀਕਰਨ ਪਰੰਪਰਾ ਦੇ ਅੰਤਰਗਤ ਪੁਰਸ਼ ਰਾਗ ਹੋਣ ਦੀ ਮਾਨਤਾ ਤੋਂ ਇਲਾਵਾ ਕੁਝ ਸੰਗੀਤ ਵਿਦਵਾਨ ਇਸ ਰਾਗ ਨੂੰ ਰਾਗਣੀ ਵਜੋਂ ਸਵੀਕਾਰ ਕਰਦੇ ਰਹੇ ਹਨ, ਉਥੇ ਸਿੱਖੀ ਦੇ ਮਹਾਨ ਕੇਂਦਰ ਸੰਸਾਰ ਪ੍ਰਸਿੱਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮਿ੍ਤਸਰ) ਵਿਖੇ ਪੁਰਾਤਨ ਸਮੇਂ ਤੋਂ ਹੀ ਗੁਰੂ ਦਰਬਾਰ ਦੇ ਸਤਿਕਾਰਯੋਗ ਰਬਾਬੀਏ ਤੇ ਰਾਗੀ ਵੱਖ-ਵੱਖ ਤਾਲਾਂ 'ਚ ਤਾਲਬੱਧ ਕਰਕੇ ਰਾਗੁ ਬਸੰਤੁ 'ਚ ਹਰ ਸਾਲ ਸ਼ਬਦ ਕੀਰਤਨ ਕਰਕੇ ਹਾਜ਼ਰੀ ਲਗਵਾਉਂਦੇ ਆ ਰਹੇ ਹਨ, ਕਰ ਰਹੇ ਹਨ ਤੇ ਸਦਾ ਕਰਦੇ ਰਹਿਣਗੇ |
ਪਾਠਕਾਂ ਦੀ ਜਾਣਕਾਰੀ ਲਈ ਇਥੇ ਉਚੇਚਾ ਦੱਸਣਯੋਗ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਜਿਥੇ ਬਸੰਤ ਰਾਗ 'ਚ ਪਵਿੱਤਰ ਗੁਰਬਾਣੀ ਦਰਜ ਹੈ, ਉਥੇ ਇਕ ਹੋਰ ਮਿਸ਼ਰਤ ਸ਼੍ਰੇਣੀ ਦੇ ਰਾਗ 'ਬਸੰਤੁ ਹਿੰਡੋਲੁ' ਵਿਚ ਗੁਰਬਾਣੀ ਦਰਜ ਹੋਣ ਸਦਕਾ ਗੁਰਮਤਿ ਸੰਗੀਤ ਦੀ ਮਹਾਨ ਵਿਰਾਸਤ 'ਚ ਜਿਥੇ ਇਕ-ਇਕ ਸ਼ਬਦ ਦੀਆਂ ਅਨੇਕਾਂ ਬੰਦਿਸ਼ਾਂ ਪੁਰਾਤਨ ਤੇ ਨਵੀਆਂ ਪ੍ਰਚਲਨ 'ਚ ਸੁਣੀਆਂ ਜਾਂਦੀਆਂ ਹਨ, ਉਥੇ ਇਨ੍ਹਾਂ ਸੁੰਦਰ ਬੰਦਿਸ਼ਾਂ ਨੂੰ ਬਾਕਾਇਦਾ ਸੁਰਲਿਪੀਬੱਧ ਕਰਕੇ ਵੱਖ-ਵੱਖ ਸੰਗੀਤ ਵਿਦਵਾਨਾਂ ਵੱਲੋਂ ਸ਼ਲਾਘਾਯੋਗ ਉਪਰਾਲੇ ਕਰਕੇ, ਬੰਦਸ਼ਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕਰਕੇ ਵੀ ਗੁਰਬਾਣੀ ਸੰਗੀਤ ਦਾ ਪ੍ਰਚਾਰ ਸਮੁੱਚੀ ਮਾਨਵਤਾ ਲਈ ਕੀਤਾ ਜਾ ਰਿਹਾ ਹੈ |
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1168 ਤੋਂ ਆਰੰਭ ਹੋ ਕੇ ਅੰਗ 1196 ਤੱਕ ਦਰਜ ਰਾਗ ਬਸੰਤ ਵਿਚ ਦਰਜ ਗੁਰਬਾਣੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 13, ਸ੍ਰੀ ਗੁਰੂ ਅਮਰਦਾਸ ਜੀ ਦੇ 19, ਸ੍ਰੀ ਗੁਰੂ ਰਾਮਦਾਸ ਜੀ ਦੇ 2 ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 20 ਸ਼ਬਦ ਦਰਜ ਹਨ, ਜਦਕਿ ਰਾਗ 'ਬਸੰਤੁ ਹਿੰਡੋਲੁ' ਵਿਚ ਪਹਿਲੇ ਪਾਤਸ਼ਾਹ ਦੇ 5, ਤੀਜੇ ਪਾਤਸ਼ਾਹ ਦਾ ਇਕ, ਚੌਥੇ ਪਾਤਸ਼ਾਹ ਦੇ 6, ਪੰਜਵੇਂ ਪਾਤਸ਼ਾਹ ਦੇ 3 ਅਤੇ 5 ਸ਼ਬਦ ਨੌਵੇਂ ਪਾਤਸ਼ਾਹ ਦੇ ਦਰਜ ਹਨ | ਅੰਗ 1193 'ਤੇ 'ਬਸੰਤ ਕੀ ਵਾਰ ਮਹਲੁ 5' ਦਰਜ ਹੈ, ਜਿਸ ਦੀਆਂ ਤਿੰਨ ਪਉੜੀਆਂ ਹਨ | ਅੰਗ 1193 ਤੋਂ 1196 ਤੱਕ ਭਗਤ ਬਾਣੀ ਦਰਜ ਹੈ, ਜਿਸ ਵਿਚ ਭਗਤ ਕਬੀਰ ਜੀ ਦੇ 7, ਭਗਤ ਰਾਮਾਨੰਦ ਜੀ ਦਾ 1, ਭਗਤ ਰਵਿਦਾਸ ਜੀ ਦਾ 1 ਤੇ ਭਗਤ ਨਾਮਦੇਉ ਜੀ ਦੇ 3 ਸ਼ਬਦ ਹਨ, ਜਦਕਿ 'ਰਾਗੁ ਬਸੰਤ ਹਿੰਡੋਲੁ' ਵਿਚ ਭਗਤ ਕਬੀਰ ਜੀ ਦਾ ਇਕ ਸ਼ਬਦ ਦਰਜ ਹੈ |
ਉਂਜ ਤਾਂ ਬਸੰਤ ਰੁੱਤ ਦੌਰਾਨ ਸਾਰੇ ਇਤਿਹਾਸਕ ਗੁਰੂ-ਘਰਾਂ 'ਚ ਬਸੰਤ ਰਾਗ ਦੀਆਂ ਸੁਰਾਵਲੀਆਂ ਵਿਚ ਕੀਰਤਨ ਹੁੰਦਾ ਹੀ ਹੈ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮਿ੍ਤਸਰ) ਵਿਚ ਇਕ ਵਿਸ਼ੇਸ਼ ਮਰਿਆਦਾ ਹੈ | ਪੋਹ ਮਹੀਨੇ ਦੀ ਅਖੀਰਲੀ ਰਾਤ ਕਰੀਬ ਪੌਣੇ ਕੁ ਨੌਾ ਵਜੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋ ਰਹੇ ਸ਼ਬਦ ਕੀਰਤਨ ਦੌਰਾਨ ਉਚੇਚੇ ਤੌਰ 'ਤੇ ਹਾਜ਼ਰ ਹਜ਼ੂਰੀ ਰਾਗੀ ਜਥਾ ਸ੍ਰੀ 'ਅਨੰਦ' ਸਾਹਿਬ ਦੀਆਂ 6 ਪਉੜੀਆਂ ਦਾ ਕੀਰਤਨ ਕਰਦਾ ਹੈ, ਉਪਰੰਤ ਹਾਜ਼ਰ ਅਰਦਾਸੀਆ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬਸੰਤੁ ਰਾਗੁ ਵਿਚ ਸ਼ਬਦ ਗਾਇਨ ਕਰਨ ਦੀ ਆਰੰਭਤਾ ਵਾਸਤੇ ਅਰਦਾਸ ਬੇਨਤੀ ਕਰਦਾ ਹੈ | ਉਪਰੰਤ ਰਾਗੀ ਜਥਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਸ਼ਬਦ 'ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ' ਦਾ ਗਾਇਨ ਬਾਕਾਇਦਾ ਨਿਰਧਾਰਤ ਰਾਗ ਵਿਚ ਕਰਦਾ ਹੈ | ਇਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਰਾਗੁ ਬਸੰਤੁ ਵਿਚ ਸ਼ਬਦ ਗਾਇਨ ਕਰਨ ਦੀ ਆਰੰਭਤਾ ਪੂਰਨ ਮਰਿਆਦਾ ਅਨੁਸਾਰ ਬਹੁਤ ਸ਼ਰਧਾ ਭਾਵਨਾ ਨਾਲ ਕਰ ਦਿੱਤੀ ਜਾਂਦੀ ਹੈ |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੋਜ਼ਾਨਾ ਦੀ ਕੀਰਤਨ ਮਰਿਆਦਾ ਦੇ ਅੰਤਰਗਤ 'ਆਸਾ ਕੀ ਵਾਰ' ਕੀਰਤਨ ਚੌਕੀ ਦੇ ਵਿਚ ਤੇ ਬਾਕੀ ਸਾਰੀਆਂ (ਆਰਤੀ ਦੀ ਸ਼ਬਦ ਚੌਕੀ ਨੂੰ ਛੱਡ ਕੇ) ਕੀਰਤਨ ਚੌਕੀਆਂ ਦੇ ਆਰੰਭ ਤੇ ਭੋਗ ਸਮੇਂ ਬਸੰਤ ਰਾਗੁ ਦੀਆਂ ਸੁਰਾਵਲੀਆਂ ਵਿਚ ਸ਼ਬਦ ਗਾਇਨ ਕੀਤਾ ਜਾਂਦਾ ਹੈ | ਕੀਰਤਨ ਚੌਕੀ ਦੀ ਆਰੰਭਤਾ ਸਮੇਂ ਰਾਗੀ ਸਿੰਘਾਂ ਵੱਲੋਂ ਸਾਜ਼ ਸੁਰ ਕਰਨ ਉਪਰੰਤ ਬਹੁਤ ਹੀ ਸਹਿਜ ਸੁਰਾਂ 'ਚ ਤਾਲਬੱਧ ਮੰਗਲਾਚਰਨ (ਇਕ ਤਾਲ 'ਚ ਬਿਲੰਵਤ ਲੈਅ 'ਚ) ਦਾ ਗਾਇਨ ਕਰਨ ਉਪਰੰਤ ਸ਼ਬਦ ਦਾ ਆਰੰਭ ਤਿੰਨ ਤਾਲ-ਰੂਪਕ ਤਾਲ, ਝੱਪ ਤਾਲ ਜਾਂ ਇਕ ਤਾਲ ਵਿਚ (ਮੱਧ ਲੈਅ 'ਚ) ਕਰ ਦਿੱਤਾ ਜਾਂਦਾ ਹੈ | ਫਿਰ ਸਥਾਈ ਦਾ ਗਾਇਨ ਕਰਕੇ ਸਹਾਇਕ ਤੇ ਜਥੇਦਾਰ ਰਾਗੀ ਸਿੰਘ ਦੋਵੇਂ ਵਾਰੀ-ਵਾਰੀ ਛੋਟੇ-ਛੋਟੇ ਆਲਾਪ, ਬੋਲ ਆਲਾਪ, ਆਕਾਰ 'ਚ ਤਾਨਾਂ ਅਤੇ ਬੋਲਤਾਨਾਂ ਆਦਿ ਦਾ ਪ੍ਰਯੋਗ ਬਾਕਾਇਦਾ ਲੈਅਕਾਰੀ ਨਾਲ ਬਹੁਤ ਸੁੰਦਰ ਤੇ ਪ੍ਰਭਾਵਸ਼ੀਲ ਢੰਗ ਨਾਲ ਕਰਦੇ ਹਨ | ਜਦੋਂ ਦੋਵੇਂ ਰਾਗੀ ਸਿੰਘ ਸ਼ਬਦ ਦੀ ਸਥਾਈ ਦਾ ਗਾਇਨ ਕਰ ਰਹੇ ਹੁੰਦੇ ਹਨ ਤਾਂ ਜੋੜੀ ਵਾਲਾ ਗੁਰਸਿੱਖ ਵੀਰ ਛੋਟੇ-ਛੋਟੇ ਮੁਖੜੇ, ਮੋਹਰੇ, ਪਰਨਾਂ ਤੇ ਚੱਕਰਦਾਰ ਟੁਕੜਿਆਂ ਆਦਿ ਦਾ ਬਾਖੂਬੀ ਵਾਦਨ ਕਰਦਾ ਹੈ | ਇਸੇ ਤਰ੍ਹਾਂ ਤੰਤੀ ਸਾਜ਼ ਵਾਲਾ ਸਿੰਘ ਵੀ ਜਿਥੇ ਬਹੁਤ ਸ਼ਰਧਾ ਨਾਲ ਸੰਗਤੀ ਕਰਦਾ ਹੈ, ਉਥੇ ਦੋਵੇਂ ਰਾਗੀ ਸਿੰਘਾਂ ਵੱਲੋਂ ਸ਼ਬਦ ਦੇ ਅੰਤਰਿਆਂ 'ਚ ਤਾਨਾਂ, ਆਲਾਪਾਂ ਤੇ ਤਿਹਾਈਆਂ ਆਦਿ ਦਾ ਕਲਾਤਮਿਕ ਪੱਖੋਂ ਬਹੁਤ ਸੁੰਦਰ ਪ੍ਰਯੋਗ ਕਰਕੇ ਲੈਅ ਨੂੰ ਥੋੜ੍ਹਾ ਵਧਾ ਕੇ ਸ਼ਬਦ ਦੀ ਸਮਾਪਤੀ ਕਰ ਦਿੱਤੀ ਜਾਂਦੀ ਹੈ | ਜ਼ਿਕਰਯੋਗ ਹੈ ਕਿ ਹਾਜ਼ਰ ਸੰਗਤਾਂ ਵੀ ਸੰਗਤੀ ਰੂਪ 'ਚ ਸ਼ਬਦ ਦਾ ਗਾਇਨ ਕਰਕੇ ਹਰਿ ਜਸ ਦਾ ਭਰਪੂਰ ਲਾਭ ਉਠਾਉਂਦੀਆਂ ਹਨ |
ਪਾਠਕ ਇਸ ਗੱਲ ਨੂੰ ਖਾਸਾ ਧਿਆਨ 'ਚ ਲੈਣ ਕਿ ਜਿਥੇ ਆਮ ਤੌਰ 'ਤੇ ਕੀਰਤਨੀ ਜਥੇ ਬਸੰਤ ਰਾਗ 'ਚ ਸ਼ਬਦ ਗਾਇਨ ਕਰਕੇ ਬਸੰਤ ਕੀ ਵਾਰ ਦੀਆਂ ਦੋ ਪਉੜੀਆਂ ਦੇ ਗਾਇਨ ਉਪਰੰਤ ਸਾਧਾਰਨ ਪ੍ਰਚੱਲਿਤ ਰੀਤਾਂ 'ਚ ਸ਼ਬਦ ਗਾਇਨ ਕਰਦੇ ਹਨ, ਉਥੇ ਕੁਝ ਕੁ ਗਿਣੇ-ਚੁਣੇ ਰਾਗੀ ਸਿੰਘ ਇਸ ਪੱਧਰ ਦੇ ਵੀ ਹਨ, ਜੋ ਬਸੰਤ ਰਾਗ ਤੋਂ ਇਲਾਵਾ ਹੋਰ ਰਾਗ ਜਿਵੇਂ ਬਸੰਤੁ ਹਿੰਡੋਲੁ ਤੋਂ ਇਲਾਵਾ 'ਬਸੰਤ ਬਹਾਰ' ਆਦਿ ਰਾਗਾਂ 'ਚ ਵੀ ਸ਼ਬਦ ਗਾਇਨ ਕਰਕੇ ਗੁਰੂ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ |
ਹਰ ਕੀਰਤਨ ਚੌਕੀ ਦੀ ਸਮਾਪਤੀ ਸਮੇਂ ਸਹਾਇਕ ਰਾਗੀ ਸਿੰਘ ਪਹਿਲੇ ਪਾਤਸ਼ਾਹ ਜੀ ਦਾ ਰਚਿਤ ਸਲੋਕ 'ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ¨' (ਅੰਗ 1089) ਦਾ ਗਾਇਨ ਤਾਲ ਰਹਿਤ ਕਰਨ ਉਪਰੰਤ ਰਾਗੀ ਜਥਾ ਸਮੂਹਿਕ ਤੌਰ 'ਤੇ ਬਸੰਤ ਕੀ ਵਾਰ ਦੀ ਤੀਜੀ ਪਉੜੀ 'ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ¨' ਦਾ ਗਾਇਨ ਤਾਲ ਸਹਿਤ ਕਰਦਾ ਹੈ ਤੇ ਫਿਰ ਸਹਾਇਕ ਰਾਗੀ ਸਿੰਘ ਦੁਬਾਰਾ ਤਾਲ ਰਹਿਤ ਗਾਇਨ ਕਰਦਾ ਹੈ | ਉਪਰੰਤ ਸ੍ਰੀ 'ਜਪੁ' ਜੀ ਸਾਹਿਬ ਦਾ ਸਲੋਕੁ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ¨' ਦਾ ਗਾਇਨ ਵੀ ਬਸੰਤ ਰਾਗ ਦੀਆਂ ਸੁਰਾਵਲੀਆਂ 'ਚ ਕਰਕੇ ਚੌਕੀ ਦੀ ਸਮਾਪਤੀ ਲਈ ਫਤਹਿ ਬੁਲਾਈ ਜਾਂਦੀ ਹੈ | ਹੋਲਾ-ਮਹੱਲਾ ਦੇ ਦਿਹਾੜੇ ਦੀ 'ਆਸਾ ਕੀ ਵਾਰ' ਕੀਰਤਨ ਚੌਕੀ 'ਚ ਉਚੇਚੇ ਤੌਰ 'ਤੇ ਅਰਦਾਸੀਆ ਸਿੰਘ ਬਸੰਤ ਰਾਗ ਦਾ ਸ਼ਬਦ ਗਾਇਨ ਦੀ ਸਮਾਪਤੀ ਲਈ ਅਰਦਾਸ ਬੇਨਤੀ ਕਰਦਾ ਹੈ | ਉਪਰੰਤ ਰੋਜ਼ਾਨਾ ਪ੍ਰਚੱਲਿਤ ਰਾਗਾਂ 'ਚ ਸ਼ਬਦ ਕੀਰਤਨ ਆਰੰਭ ਹੋ ਜਾਂਦਾ ਹੈ |
-ਪਿੰਡ ਤੇ ਡਾਕ: ਨਗਰ, ਤਹਿ: ਫਿਲੌਰ (ਜਲੰਧਰ)-144410. ਮੋਬਾ: 98789-24026

ਥਾਈਲੈਂਡ ਅਤੇ ਬਰਮਾ ਦੇ ਗੁਰੂ-ਘਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਥਾਈਲੈਂਡ ਵਿਚ ਨਾਮਧਾਰੀ ਸਿੰਘ ਵੀ ਕਾਫੀ ਗਿਣਤੀ ਵਿਚ ਵਸਦੇ ਹਨ, ਜੋ ਇਥੇ ਬੜਾ ਅਮੀਰ ਸਮਾਜ ਮੰਨਿਆ ਜਾਂਦਾ ਹੈ | ਬਹੁਤ ਪੁਰਾਣੀ ਗੱਲ ਹੈ ਕਿ ਇਕ ਨਾਮਧਾਰੀ ਸਿੰਘ, ਸ਼ਾਇਦ ਸੇਠ ਤਰਲੋਚਨ ਸਿੰਘ ਨੇ ਬੈਂਕਾਕ ਦੇ ਇਕ ਬਹੁਤ ਮਹਿੰਗੇ ਹੋਟਲ ਦਾ ਕਾਨਫਰੰਸ ਹਾਲ ਸਤਿਗੁਰ ਜਗਜੀਤ ਸਿੰਘ ਦਾ ਧਾਰਮਿਕ ਸਮਾਗਮ ਕਰਾਉਣ ਲਈ ਬੁੱਕ ਕਰਵਾਇਆ ਸੀ | ਐਨ ਮੌਕੇ 'ਤੇ ਹੋਟਲ ਨੇ ਬੁਕਿੰਗ ਕੈਂਸਲ ਕਰ ਦਿੱਤੀ ਤੇ ਹਾਲ ਦੇਣ ਤੋਂ ਇਨਕਾਰ ਕਰ ਦਿੱਤਾ | ਕਹਿੰਦੇ ਹਨ ਕਿ ਨਾਮਧਾਰੀ ਸਿੰਘ ਨੇ ਉਹ ਹੋਟਲ ਹੀ ਖਰੀਦ ਕੇ ਸਮਾਗਮ ਉਸੇ ਤਾਰੀਖ 'ਤੇ ਉਸੇ ਹਾਲ ਵਿਚ ਕਰਵਾਇਆ | ਨਾਮਧਾਰੀ ਸਿੰਘਾਂ ਦੇ ਇਥੇ ਅਨੇਕਾਂ ਗੁਰਦੁਆਰੇ ਹਨ, ਜਿਨ੍ਹਾਂ ਵਿਚੋਂ 3 ਚਿਆਂਗ ਮਾਏ ਵਿਚ ਸਥਿਤ ਹਨ |
ਬਰਮਾ ਦੇ ਗੁਰੂ-ਘਰ : ਬਰਮਾ (ਹੁਣ ਮਿਆਂਮਾਰ) ਭਾਰਤ ਦਾ ਗੁਆਂਢੀ ਦੇਸ਼ ਹੈ | ਇਥੇ ਸਿੱਖਾਂ ਦੀ ਆਬਾਦੀ ਇਸ ਵੇਲੇ ਢਾਈ-ਤਿੰਨ ਹਜ਼ਾਰ ਦੇ ਕਰੀਬ ਹੈ | ਅੰਗਰੇਜ਼ ਹਕੂਮਤ ਵੇਲੇ ਬਰਮਾ ਵਿਚ ਸਿੱਖਾਂ ਦੀ ਬੜੀ ਚੜ੍ਹਾਈ ਹੁੰਦੀ ਸੀ | 1931 ਦੀ ਜਨਗਣਨਾ ਵੇਲੇ ਬਰਮਾ ਵਿਚ ਸਿੱਖਾਂ ਦੀ ਆਬਾਦੀ 10761 ਸੀ | ਪੁਲਿਸ ਅਤੇ ਫੌਜ ਵਿਚ ਸਿੱਖ ਬਹੁਤ ਵੱਡੀ ਗਿਣਤੀ ਵਿਚ ਨੌਕਰੀ ਕਰਦੇ ਸਨ | ਬਰਮਾ 'ਤੇ ਕਬਜ਼ਾ ਕਰਨ ਲਈ ਅੰਗਰੇਜ਼ਾਂ ਨੇ 1824-26, 1852-53 ਅਤੇ 1885-86 ਵਿਚ ਤਿੰਨ ਲੜਾਈਆਂ ਲੜੀਆਂ | ਸਿੱਖ ਫੌਜੀਆਂ ਨੇ ਦੂਸਰੀ ਤੇ ਤੀਸਰੀ ਲੜਾਈ ਵਿਚ ਭਾਰੀ ਯੋਗਦਾਨ ਪਾਇਆ | ਦੂਸਰੀ ਸੰਸਾਰ ਜੰਗ ਵੇਲੇ ਰੰਗੂਨ ਹੁਣ ਯੰਗੂਨ ਦੀ ਅੱਧੀ ਆਬਾਦੀ ਭਾਰਤੀਆਂ ਤੇ ਸਿੱਖਾਂ ਦੀ ਸੀ | ਸਿੱਖਾਂ ਨੂੰ ਤਿੰਨ ਮੌਕਿਆਂ 'ਤੇ ਬਰਮਾ ਛੱਡਣਾ ਪਿਆ, ਪਹਿਲਾ 1940ਵਿਆਂ ਵਿਚ ਜਾਪਾਨੀ ਕਬਜ਼ੇ ਸਮੇਂ, ਦੂਸਰਾ 1948 ਵਿਚ ਬਰਮਾ ਦੀ ਆਜ਼ਾਦੀ ਸਮੇਂ ਤੇ ਤੀਸਰਾ 1962 ਵਿਚ ਜਦੋਂ ਮਿਲਟਰੀ ਹਕੂਮਤ ਨੇ ਦੇਸ਼ ਵਿਚ ਸਮਾਜਵਾਦ ਲਾਗੂ ਕਰਕੇ ਸਾਰੇ ਵਪਾਰਕ ਅਦਾਰਿਆਂ ਤੇ ਦੁਕਾਨਾਂ 'ਤੇ ਕਬਜ਼ਾ ਕਰ ਲਿਆ | ਉਸ ਵੇਲੇ ਜ਼ਿਆਦਾਤਰ ਸਿੱਖ ਵਪਾਰ ਅਤੇ ਦੁਕਾਨਦਾਰੀ ਕਰਦੇ ਸਨ, ਇਸ ਲਈ ਉਨ੍ਹਾਂ ਨੂੰ ਭਾਰਤ ਅਤੇ ਦੂਸਰੇ ਦੇਸ਼ਾਂ ਨੂੰ ਪਰਵਾਸ ਕਰਨਾ ਪਿਆ | ਬਰਮਾ ਦੇ ਜ਼ਿਆਦਾਤਰ ਗੁਰੂ-ਘਰ ਬਿ੍ਟਿਸ਼ ਫੌਜ ਅਤੇ ਪੁਲਿਸ ਵਿਚ ਨੌਕਰੀ ਕਰਦੇ ਸਿੱਖਾਂ ਦੀ ਹਿੰਮਤ ਨਾਲ ਬਣੇ ਸਨ | ਸਿੱਖ ਦੀਵਾਨ, ਬਰਮਾ ਦੀ ਜਨਵਰੀ 1952 ਦੀ ਰਿਪੋਰਟ ਅਨੁਸਾਰ ਬਰਮਾ ਵਿਚ 136 ਗੁਰਦੁਆਰੇ ਅਤੇ 13 ਖਾਲਸਾ ਸਕੂਲ ਸਨ | ਇਸ ਤੋਂ ਇਲਾਵਾ ਆਸ਼ਰਮ, ਲਾਇਬਰੇਰੀ, ਲੰਗਰ ਹਾਲ ਅਤੇ ਡਿਸਪੈਂਸਰੀਆਂ ਵਰਗੇ ਸਿੱਖ ਸੰਸਥਾਨ ਸਾਰੇ ਬਰਮਾ ਵਿਚ ਫੈਲੇ ਹੋਏ ਸਨ | ਅੰਗਰੇਜ਼ ਸਰਕਾਰ ਸਿੱਖਾਂ ਨੂੰ ਗੁਰੂ-ਘਰ ਸਥਾਪਿਤ ਕਰਨ ਲਈ ਉਤਸ਼ਾਹਤ ਵੀ ਕਰਦੀ ਸੀ ਤੇ ਮੁਫਤ ਜ਼ਮੀਨ ਵੀ ਅਲਾਟ ਕਰਦੀ ਸੀ | (ਬਾਕੀ ਅਗਲੇ ਅੰਕ 'ਚ)
ਮੋਬਾ: 98151-24449

ਧਾਰਮਿਕ ਸਾਹਿਤ

ਰੱਬ
ਸ਼ਾਇਰ : ਗੁਰਪ੍ਰੀਤ ਸੇਖੋਂ
ਪ੍ਰਕਾਸ਼ਕ : ਏਸ਼ੀਆ ਵਰਲਡਵਾਈਡ ਮੈਗਜ਼ੀਨ, ਕੈਨੇਡਾ |
ਪੰਨੇ : 13, ਮੁੱਲ : ਅੰਕਿਤ ਨਹੀਂ

ਰੱਬ ਸਾਡਾ ਸਿਰਜਣਹਾਰ, ਪਾਲਣਹਾਰ, ਸਵਾਰਨਹਾਰ, ਸਿਖਾਵਣਹਾਰ ਅਤੇ ਸੰਘਾਰਨਹਾਰ ਹੈ | ਰੱਬ ਦਾ ਭੇਤ ਕੋਈ ਪਾ ਨਹੀਂ ਸਕਿਆ | ਉਸ ਨੂੰ ਅਨੇਕਾਂ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ | ਅਸਲ ਵਿਚ ਉਹ ਅਨਾਮ ਹੈ | ਉਸ ਨੂੰ ਜਾਣਿਆ ਨਹੀਂ ਜਾ ਸਕਦਾ, ਮਾਣਿਆ ਜਾ ਸਕਦਾ ਹੈ | ਇਸ ਛੋਟੀ ਜਿਹੀ ਪੁਸਤਕ ਵਿਚ ਕਵੀ ਨੇ ਰੱਬ ਬਾਰੇ ਜੋ ਮਹਿਸੂਸ ਕੀਤਾ ਹੈ, ਉਸ ਨੂੰ ਅਨੋਖੇ ਅੰਦਾਜ਼ ਵਿਚ ਪਾਠਕਾਂ ਨਾਲ ਸਾਂਝਾ ਕੀਤਾ ਹੈ | ਇਹ ਪੁਸਤਕ ਇਕ ਲੰਮੀ ਕਵਿਤਾ ਹੈ, ਜਿਸ ਦੇ ਕੁਝ ਅੰਸ਼ ਇਸ ਤਰ੍ਹਾਂ ਹਨ-
ਅਪਰੰਪਾਰ ਵੀ ਤੰੂ, ਨਿਰੰਕਾਰ ਵੀ ਤੰੂ
ਆਰ ਵੀ ਤੰੂ ਪਾਰ ਵੀ ਤੰੂ
ਹਵਾ 'ਚ ਤੰੂ, ਪਾਣੀ 'ਚ ਤੰੂ
ਜ਼ਿੰਦਗੀ ਦੀ ਹਰ ਕਹਾਣੀ 'ਚ ਤੰੂ
ਕਲਮ ਵੀ ਤੰੂ, ਬਾਣੀ ਵੀ ਤੰੂ
ਅੱਖਰ ਵੀ ਤੰੂ, ਗੁਰਬਾਣੀ ਵੀ ਤੰੂ
ਕੋਈ ਆਖੇ ਰਾਮ ਵੀ ਤੰੂ
ਕੋਈ ਆਖੇ ਰਹੀਮ ਵੀ ਤੰੂ
ਚੀਸ ਵੀ ਤੰੂ, ਦਰਦ ਵੀ ਤੰੂ
ਔਰਤ ਵੀ ਤੰੂ, ਮਰਦ ਵੀ ਤੰੂ
ਸੁਰ ਵੀ ਤੰੂ, ਤਾਲ ਵੀ ਤੰੂ
ਜ਼ਿੰਦਗੀ ਦਾ ਹਰ ਖਿਆਲ ਵੀ ਤੰੂ
ਖੇਡ ਵੀ ਤੰੂ ਖਿਡਾਰੀ ਵੀ ਤੰੂ
ਰੰਗ ਵੀ ਤੰੂ ਲਲਾਰੀ ਵੀ ਤੰੂ
ਅੱਜ ਵੀ ਤੰੂ, ਕੱਲ੍ਹ ਵੀ ਤੰੂ
ਹੋ ਜਾ ਮੇਰੇ ਵੱਲ ਵੀ ਤੰੂ
ਤੰੂ ਹੀ ਮੇਰੇ ਸਾਈਾ, ਤੰੂ ਹੀ ਤੰੂ,
ਮੇਰੇ ਮੌਲਾ ਤੰੂ ਹੀ ਤੰੂ,
ਮੇਰੇ ਰੱਬਾ ਤੰੂ ਹੀ ਤੰੂ,
ਤੰੂ ਹੀ ਤੰੂ, ਤੰੂ ਹੀ ਤੰੂ |
ਬਹੁਤ ਪਿਆਰੇ ਅਹਿਸਾਸ ਹਨ, ਨਿੱਘੇ ਵਲਵਲੇ ਹਨ, ਡੰੂਘੇ ਜਜ਼ਬੇ ਹਨ | ਰੱਬ ਨੇ ਕਵੀ ਨੂੰ ਇਹੋ ਜਿਹੀ ਦਿ੍ਸ਼ਟੀ ਬਖਸ਼ੀ ਹੈ ਕਿ ਉਸ ਨੂੰ ਹਰ ਪਾਸੇ, ਹਰ ਰੂਪ ਵਿਚ ਰੱਬ ਹੀ ਰੱਬ ਨਜ਼ਰ ਆਉਂਦਾ ਹੈ | ਕਾਗਜ਼ ਬਹੁਤ ਸੋਹਣਾ ਹੈ, ਹਰ ਪੰਨੇ ਉੱਤੇ ਭਾਵਪੂਰਤ ਤਸਵੀਰਾਂ ਸਜਾਈਆਂ ਗਈਆਂ ਹਨ | ਇਸ ਮਾਸੂਮ ਜਿਹੀ ਪੁਸਤਕ ਦਾ ਹਾਰਦਿਕ ਸੁਆਗਤ ਹੈ |
-ਡਾ: ਸਰਬਜੀਤ ਕੌਰ ਸੰਧਾਵਾਲੀਆ

ਪਹਿਲੀ ਐਾਗਲੋ-ਸਿੱਖ ਜੰਗ

ਪਹਿਲੇ ਸਿੱਖ ਰਾਜ ਦੇ ਸੰਸਥਾਪਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੰਨ 1839 ਨੂੰ ਹੋਈ ਮੌਤ ਤੋਂ ਬਾਅਦ ਅੰਗਰੇਜ਼ਾਂ ਨੂੰ ਖਾਲਸਾ ਫੌਜਾਂ ਦੇ ਕਬਜ਼ੇ ਹੇਠਲੇ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਲੰਮਾ ਸਮਾਂ ਜੱਦੋ-ਜਹਿਦ ਕਰਨੀ ਪਈ | ਇਸ ਤੋਂ ਲੰਮਾ ਸਮਾਂ ਪਹਿਲਾਂ ਪੂਰੇ ਹਿੰਦੁਸਤਾਨ ਉੱਪਰ ਆਪਣਾ ਰਾਜ ਸਥਾਪਿਤ ਕਰਨ ਤੋਂ ਬਾਅਦ ਪੰਜਾਬ ਨੂੰ ਆਪਣੇ ਅਧਿਕਾਰ ਹੇਠ ਲਿਆਉਣ ਲਈ ਅੰਗਰੇਜ਼ੀ ਹਕੂਮਤ ਨੂੰ ਸਿੱਖ ਯੋਧਿਆਂ ਨੇ ਅਜਿਹੇ ਜੌਹਰ ਦਿਖਾਏ ਕਿ ਅੰਗਰੇਜ਼ੀ ਹਕੂਮਤ ਪੂਰੀ ਤਰ੍ਹਾਂ ਭੈਅਭੀਤ ਹੋ ਗਈ | ਲੇਕਿਨ ਸ਼ਾਹ ਮੁਹੰਮਦ ਦੇ ਕਹੇ ਬੋਲਾਂ 'ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ' ਵਾਂਗ ਖਾਲਸਾ ਫੌਜਾਂ ਵਿਚਲੇ ਜਾਂ ਫਿਰ ਸਰਕਾਰ ਦੌਰਾਨ ਉੱਚ ਅਹੁਦਿਆਂ ਉੱਪਰ ਬੈਠੇ ਗ਼ਦਾਰਾਂ ਦੀ ਗ਼ਦਾਰੀ ਕਾਰਨ ਖਾਲਸਾ ਰਾਜ ਥੋੜ੍ਹੇ ਸਮੇਂ ਦੌਰਾਨ ਹੀ ਖੇਰੂੰ-ਖੇਰੂੰ ਹੋ ਗਿਆ | ਪੰਜਾਬ ਨੂੰ ਜਿੱਤਣ ਲਈ ਅੰਗਰੇਜ਼ਾਂ ਵੱਲੋਂ ਸੰਨ 1845-46 ਨੂੰ ਲੜੀ ਗਈ ਪਹਿਲੀ ਐਾਗਲੋ-ਸਿੱਖ ਜੰਗ ਦੌਰਾਨ ਅੰਗਰੇਜ਼ੀ ਫੌਜ ਅਤੇ ਸਿੱਖ ਸਿਪਾਹੀਆਂ ਦਰਮਿਆਨ ਕਈ ਥਾਈਾ ਲਹੂ-ਡੋਲ੍ਹਵੀਂ ਲੜਾਈ ਹੋਈ | ਬੱਦੋਵਾਲ, ਆਲੀਵਾਲ, ਸਭਰਾਉਂ, ਮੁੱਦਕੀ ਅਤੇ ਫੇਰੂਸ਼ਾਹ ਵਿਖੇ ਹੋਈ ਇਸ ਜੰਗ ਵਿਚੋਂ ਆਲੀਵਾਲ ਦੀ ਜੰਗ ਨੂੰ ਜ਼ਿਆਦਾ ਅਹਿਮ ਮੰਨਿਆ ਜਾਂਦਾ ਹੈ, ਕਿਉਂਕਿ ਇਸ ਜੰਗ ਦੌਰਾਨ ਤਿੰਨ ਪ੍ਰਮੁੱਖ ਅੰਗਰੇਜ਼ ਅਫ਼ਸਰ ਮਾਰੇ ਗਏ | ਪਰ ਇਸ ਜੰਗ ਵਿਚ ਅੰਗਰੇਜ਼ ਸੈਨਿਕਾਂ ਨੇ ਸਿੱਖਾਂ ਦਾ ਵੱਡਾ ਨੁਕਸਾਨ ਕੀਤਾ |
24 ਦਸੰਬਰ, 1845 ਦੇ ਨੇੜ-ਤੇੜ ਮੁੱਦਕੀ ਤੇ ਫਿਰੋਜ਼ਸ਼ਾਹ ਦੀ ਲੜਾਈ ਦੌਰਾਨ ਅੰਗਰੇਜ਼ਾਂ ਤੇ ਸਿੱਖ ਫੌਜਾਂ ਦਰਮਿਆਨ ਤਕੜਾ ਟਕਰਾਅ ਹੋਇਆ | ਇਸ ਤੋਂ ਬਾਅਦ 21 ਜਨਵਰੀ, 1846 ਨੂੰ ਬੱਦੋਵਾਲ ਵਿਖੇ ਵੀ ਇਕ ਚੰਗੀ ਝੜਪ ਹੋਈ, ਜਿਸ ਵਿਚ 214 ਅੰਗਰੇਜ਼ੀ ਸੈਨਿਕਾਂ ਦੀ ਮੌਤ ਤੋਂ ਬਾਅਦ ਸਿੱਖ ਫੌਜਾਂ ਜੰਗ ਜਿੱਤ ਗਈਆਂ | ਫਿਲੌਰ ਤੋਂ ਅੱਗੇ ਹੋ ਕੇ ਜਗਰਾਉਂ ਜਾਣ ਲਈ ਸਿੱਖ ਫੌਜਾਂ ਨੇ ਤਲਵਣ ਦੇ ਘਾਟ ਤੋਂ ਬੇੜੀਆਂ ਰਾਹੀਂ ਦਰਿਆ ਸਤਲੁਜ ਨੂੰ ਪਾਰ ਕੀਤਾ | ਉਦੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੂੰਦੜੀ, ਆਲੀਵਾਲ ਤੇ ਪੁੜੈਣ ਪਿੰਡ ਹੀ ਆਬਾਦ ਸਨ | ਪਿੰਡ ਗੋਰਾਹੂਰ, ਲੀਹਾਂ, ਭਰੋਵਾਲ ਖੁਰਦ ਬਾਅਦ ਵਿਚ ਆਬਾਦ ਹੋਏ ਹਨ | ਕਰੀਬ 25000 ਸਿੱਖ ਫੌਜੀ ਦਰਿਆ ਪਾਰ ਕਰ ਗਏ | ਉਧਰ ਜਦ ਅੰਗਰੇਜ਼ੀ ਫੌਜ ਨੂੰ ਸਿੱਖਾਂ ਦੀ ਇਸ ਕਾਰਵਾਈ ਦੀ ਭਿਣਕ ਲੱਗੀ ਤਾਂ ਅੰਗਰੇਜ਼ ਕਮਾਂਡਰ ਸਰ ਹੈਨਰੀ ਸਮਿੱਥ ਆਪਣੀ 11000 ਫੌਜ ਲੈ ਕੇ ਭੂੰਦੜੀ ਤੇ ਆਲੀਵਾਲ ਵੱਲ ਸਿੱਖਾਂ ਨਾਲ ਦੋ-ਹੱਥ ਕਰਨ ਲਈ ਤੁਰ ਪਿਆ | ਦਰਿਆ ਦੇ ਬਿਲਕੁਲ ਕੰਢੇ ਪਿੰਡ ਭੂੰਦੜੀ ਤੇ ਆਲੀਵਾਲ ਦੇ ਵਿਚਕਾਰ ਸਿੱਖ ਫੌਜਾਂ ਨੇ ਗਹਿਗੱਚ ਲੜਾਈ ਲੜਨ ਲਈ ਮੋਰਚੇ ਮੱਲ੍ਹ ਲਏ, ਜਦਕਿ ਅੰਗਰੇਜ਼ੀ ਫੌਜਾਂ ਪਿੰਡ ਪੁੜੈਣ ਤੋਂ ਭਰੋਵਾਲ ਵਿਚਕਾਰ ਆਪਣੇ ਹਥਿਆਰ ਬੀੜ ਕੇ ਡਟ ਗਈਆਂ |
ਸਿੱਖ ਫੌਜਾਂ ਦੀ ਅਗਵਾਈ ਸਿੱਖ ਜਰਨੈਲ ਰਣਜੋਧ ਸਿੰਘ ਮਜੀਠੀਆ ਕਰ ਰਿਹਾ ਸੀ, ਜਦਕਿ ਅੰਗੇਰਜ਼ੀ ਫੌਜ ਜਨਰਲ ਹੈਨਰੀ ਸਮਿੱਥ, ਲੈਫਟੀਨੈਂਟ ਕਰਨਲ ਲੈਨ, ਬਿ੍ਗੇਡੀਅਰ ਗੌਦਬੀ, ਕੈਪਟਨ ਬਾਘ, ਮੇਜਰ ਬਰੈੱਡਫਰਡ ਤੇ ਲੈਫਟੀਨੈਂਟ ਸਟਰੇਸੀ ਦੀ ਅਗਵਾਈ ਹੇਠ ਲੜ ਰਹੀ ਸੀ | 28 ਜਨਵਰੀ 1846 ਨੂੰ ਤੜਕਸਾਰ ਹੋਈ ਗਹਿਗੱਚ ਲੜਾਈ ਦੌਰਾਨ ਪਹਿਲਾਂ ਤਾਂ ਸਿੱਖ ਫੌਜਾਂ ਨੇ ਅੰਗਰੇਜ਼ਾਂ ਦੇ ਕਈ ਹਮਲੇ ਪਛਾੜੇ ਪਰ ਜਦ ਅੰਗਰੇਜ਼ ਫੌਜਾਂ ਭਾਰੂ ਪੈ ਗਈਆਂ ਤਾਂ ਸਿੱਖ ਫੌਜਾਂ ਵਿਚ ਹਫੜਾ-ਤਫੜੀ ਵਾਲਾ ਮਾਹੌਲ ਪੈਦਾ ਹੋ ਗਿਆ | ਕੁਝ ਬੇੜੀਆਂ ਰਾਹੀਂ ਦਰਿਆ ਪਾਰ ਕਰਕੇ ਦੌੜ ਗਏ | ਪਰ ਜ਼ਿਆਦਾਤਰ ਸਿੱਖ ਸਿਪਾਹੀਆਂ ਨੇ ਇਸ ਲਹੂ-ਡੋਲ੍ਹਵੀਂ ਜੰਗ ਦੌਰਾਨ ਅੰਗਰੇਜ਼ੀ ਫੌਜਾਂ ਦੇ ਤਕੜੇ ਆਹੂ ਲਾਹੇ | ਇਸ ਆਲੀਵਾਲ ਦੀ ਜੰਗ ਦੌਰਾਨ ਅੰਗਰੇਜ਼ੀ ਫੌਜ ਜੇਤੂ ਰਹੀ | ਜੰਗ ਦੌਰਾਨ 413 ਅੰਗਰੇਜ਼ ਸਿਪਾਹੀ ਜ਼ਖ਼ਮੀ ਹੋਏ, ਜਿਨ੍ਹਾਂ ਵਿਚੋਂ 151 ਫੌਜੀ ਮਾਰੇ ਗਏ, ਜਦਕਿ ਅੰਗਰੇਜ਼ ਅਫ਼ਸਰ ਲੈਫਟੀਨੈਂਟ ਸਵੈਟਨਬਮ, ਸਮਾਲਪੇਜ਼ ਤੇ ਵਿਲੀਅਮਜ਼ ਮਾਰੇ ਗਏ | ਇਸ ਜੰਗ ਵਿਚ ਸਿੱਖਾਂ ਨੂੰ ਹਰਾਉਣ ਤੋਂ ਬਾਅਦ ਅੰਗਰੇਜ਼ਾਂ ਨੂੰ ਪੰਜਾਬ ਜਿੱਤਣ ਦਾ ਸੁਪਨਾ ਸਾਕਾਰ ਹੁੰਦਾ ਜਾਪਿਆ, ਕਿਉਂਕਿ ਦਿੱਲੀ ਤੋਂ ਲਾਹੌਰ ਨੂੰ ਜਾਣ ਲਈ ਅੰਗਰੇਜ਼ੀ ਫੌਜ ਦਾ ਰਸਤਾ ਸਾਫ ਹੁੰਦਾ ਜਾ ਰਿਹਾ ਸੀ | ਇਸ ਜੰਗ ਤੋਂ ਬਾਅਦ ਇਥੇ ਇਕ ਪਿੰਡ ਸਥਾਪਿਤ ਹੋਇਆ, ਜਿਸ ਦਾ ਨਾਂਅ ਗੋਰਾਹੂਰ ਪੈ ਗਿਆ | ਇਹ ਨਾਂਅ ਵੀ ਗੋਰਿਆਂ ਦੇ ਨਾਂਅ 'ਤੇ ਪਿਆ ਲਗਦਾ ਹੈ | ਜੰਗ ਦੀ ਜਗ੍ਹਾ 'ਤੇ ਇਕ ਇਤਿਹਾਸਕ ਸਮਾਰਕ ਬਣਾਈ ਗਈ |
-ਪਿੰਡ ਤੇ ਡਾਕ: ਤਲਵੰਡੀ ਖੁਰਦ (ਲੁਧਿਆਣਾ) |
ਮੋਬਾ: 98144-51414

ਬਦਲ ਰਿਹਾ ਹੈ ਲੰਗਰ ਦੀ ਪਰੰਪਰਾ ਦਾ ਸਰੂਪ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸੇਵਾ ਭਾਵਨਾ ਦੀ ਕਮੀ ਅਤੇ ਸਮੇਂ ਦੀ ਘਾਟ ਕਾਰਨ ਲੰਗਰ ਛਕਾਉਣ ਲਈ ਭਾਂਡਿਆਂ ਦੀ ਥਾਂ ਹੁਣ ਡਿਸਪੋਜ਼ਲ ਭਾਂਡਿਆਂ ਨੇ ਲੈ ਲਈ ਹੈ | ਗੁਰੂ ਸਾਹਿਬਾਨ ਨੇ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ ਕਿ ਲੰਗਰ ਦੀ ਇਹ ਸੇਵਾ ਬੜੀ ਉੱਤਮ ਸੇਵਾ ਹੈ | ਗੁਰੂ ਦਾ ਲੰਗਰ ਇਕ ਤਰ੍ਹਾਂ ਦੀ ਪ੍ਰਯੋਗਸ਼ਾਲਾ ਹੈ, ਜਿਥੇ ਸੇਵਾ ਦੀ ਜਾਂਚ ਸਿੱਖਣੀ ਹੁੰਦੀ ਹੈ | ਲੰਗਰ ਦੀ ਸੇਵਾ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਇਸ ਵਿਚ ਲੱਗਾ ਹਰ ਵਿਅਕਤੀ ਕੁਝ ਨਾ ਕੁਝ ਹੱਥੀਂ ਸੇਵਾ ਜ਼ਰੂਰ ਕਰਦਾ ਹੈ, ਜਿਵੇਂ ਝਾੜੂ ਦੇਣਾ, ਜੂਠੇ ਭਾਂਡੇ ਮਾਂਜਣਾ | ਇਹ ਜਿੱਥੇ ਨਿਮਰਤਾ ਸੇਵਾ ਭਾਵ ਉਪਜਾਉਂਦੇ ਹਨ, ਉੱਥੇ ਸੇਵਾ ਦੇ ਕੰਮਾਂ ਨੂੰ ਉੱਦਮ, ਉਤਸ਼ਾਹ ਤੇ ਲਗਨ ਨਾਲ ਕਰਨ ਦੀ ਆਦਤ ਵੀ ਪਾਉਂਦੇ ਹਨ | ਜਦੋਂ ਗੁਰੂ ਅਮਰਦਾਸ ਜੀ ਪਹਿਲੀ ਵਾਰ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿਚ ਆਏ ਤਾਂ ਉਨ੍ਹਾਂ ਨੂੰ ਪਹਿਲੀ ਸਿੱਖਿਆ ਹੀ ਇਹ ਦਿੱਤੀ ਗਈ ਸੀ ਕਿ ਉਹ ਹਰ ਰੋਜ਼ 'ਜਪੁ ਜੀ ਸਾਹਿਬ' ਪੜ੍ਹ ਕੇ ਗੁਰਮਤਿ ਵਿਚਾਰਧਾਰਾ ਨੂੰ ਸਮਝ ਕੇ ਅਤੇ ਲੰਗਰ ਦੇ ਭਾਂਡੇ ਮਾਂਜ ਕੇ ਅਮਲੀ ਤੌਰ 'ਤੇ ਭਾਰੇ ਗਉਰੇ ਬਣਨ | ਗੁਰੂ ਸਾਹਿਬ ਦਾ ਵਿਚਾਰ ਸੀ ਕਿ ਉਹ ਭਾਂਡੇ ਮਾਂਜ ਕੇ ਅਤਿ ਨਿਮਰਤਾ ਤੇ ਗ਼ਰੀਬੀ ਦੇ ਘਰ ਵਿਚ ਪ੍ਰਵੇਸ਼ ਕਰਨ ਅਤੇ ਆਪਣੇ ਅੰਦਰ ਦੀ ਸਾਰੀ ਮੈਲ ਧੋ ਦੇਣ |
ਵਰਤਮਾਨ ਸਮੇਂ ਦੌਰਾਨ ਲੰਗਰ ਵਿਚ ਡਿਸਪੋਜ਼ਲ ਭਾਂਡਿਆਂ ਦਾ ਵਧਦਾ ਰੁਝਾਨ ਲੋਕਾਂ ਵਿਚ ਸੇਵਾ ਭਾਵਨਾ ਦੀ ਕਮੀ ਨੂੰ ਦਰਸਾਉਂਦਾ ਹੈ, ਕਿਉਂਕਿ ਲੰਗਰ ਛਕਣ ਤੋਂ ਬਾਅਦ ਹਰ ਵਿਅਕਤੀ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਦੇ ਜੂਠੇ ਭਾਂਡੇ ਕੋਈ ਹੋਰ ਇਨਸਾਨ ਮਾਂਜ ਦੇਵੇ | ਇਸ ਕਰਕੇ ਡਿਸਪੋਜ਼ਲ ਭਾਂਡਿਆਂ ਦੀ ਜ਼ਿਆਦਾ ਵਰਤੋਂ ਹੋਣ ਲੱਗੀ ਹੈ | ਲੰਗਰ ਦੀ ਸਮਾਪਤੀ ਤੋਂ ਬਾਅਦ ਜੂਠੇ ਡਿਸਪੋਜ਼ਲ ਭਾਂਡਿਆਂ ਦੇ ਖਿਲਰਨ ਕਰਕੇ ਸੜਕਾਂ, ਗਲੀਆਂ ਅਤੇ ਮੁਹੱਲਿਆਂ ਵਿਚ ਗੰਦ ਲੰਮੇ ਸਮੇਂ ਤੱਕ ਜਿਉਂ ਦਾ ਤਿਉਂ ਹੀ ਰਹਿੰਦਾ ਹੈ | ਕਿਸੇ ਵਿਅਕਤੀ ਵੱਲੋਂ ਵੀ ਝਾੜੂ ਦੇ ਕੇ ਸਫ਼ਾਈ ਦੀ ਸੇਵਾ ਨਹੀਂ ਕੀਤੀ ਜਾਂਦੀ |
ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਅਨੁਸਾਰ ਲੰਗਰ ਅਤੇ ਕਿਰਤ ਵਿਚ ਅੰਤਰ-ਅਨੁਸ਼ਾਸਨੀ ਸਬੰਧ ਹੈ | ਗੁਰਮਤਿ ਦਿ੍ਸ਼ਟੀ ਅਨੁਸਾਰ ਕਿਰਤ-ਵਿਹੂਣੇ ਲੰਗਰ ਵਿਚੋਂ ਨਾ ਤਾਂ ਰੂਹਾਨੀ ਅਨੰਦ ਪ੍ਰਾਪਤ ਹੁੰਦਾ ਹੈ ਅਤੇ ਨਾ ਹੀ ਇਸ ਦੀ ਸਾਰਥਿਕਤਾ ਰਹਿੰਦੀ ਹੈ | ਲੰਗਰ ਲਈ ਸੱਚੀ-ਸੁੱਚੀ ਕਿਰਤ ਨਾਲ ਜੁੜਨਾ ਜ਼ਰੂਰੀ ਹੈ | ਇਸ ਲਈ ਹੀ ਗੁਰੂ ਨਾਨਕ ਨੇ ਮਲਿਕ ਭਾਗੋ ਦੇ ਬ੍ਰਹਮ-ਭੋਜ ਨੂੰ ਛੱਡ ਕੇ ਭਾਈ ਲਾਲੋ ਜੀ ਦੇ ਰੁੱਖੇ-ਮਿੱਸੇ ਪਰਸ਼ਾਦੇ ਨੂੰ ਤਰਜੀਹ ਦਿੱਤੀ ਸੀ | ਮਲਿਕ ਭਾਗੋ ਦੇ ਵੰਨ-ਸੁਵੰਨੇ ਪਕਵਾਨ ਲੰਗਰ ਨਹੀਂ ਸਨ ਬਲਕਿ ਭਾਈ ਲਾਲੋ ਜੀ ਦਾ ਪਰਸ਼ਾਦਾ ਹੀ ਇਕ ਕਿਰਤੀ ਦੀ ਕਿਰਤ ਕਮਾਈ ਦਾ ਲੰਗਰ ਸੀ |
ਲੰਗਰ ਸੰਸਥਾ ਸਿੱਖ ਧਰਮ ਵਿਚ ਇਕ ਖਾਸ, ਵਿਲੱਖਣ, ਨਿਵੇਕਲਾ ਅਤੇ ਉੱਚ ਸਥਾਨ ਰੱਖਦੀ ਹੈ | ਇਸ ਸੰਸਥਾ ਨੇ ਸਿੱਖ ਧਰਮ ਨੂੰ ਵਿਲੱਖਣ ਰੂਪ ਪ੍ਰਦਾਨ ਕੀਤਾ ਹੈ | ਲੰਗਰ ਕਰਕੇ ਹੀ ਸੰਗਤ ਤੇ ਪੰਗਤ ਦਾ ਸਿਧਾਂਤ ਪ੍ਰਪੱਕ ਹੋਇਆ ਹੈ | ਲੰਗਰ ਦੀ ਸਾਰਥਿਕਤਾ ਨੂੰ ਸਮਝਦੇ ਹੋਏ ਸਾਂਝੀ ਪੰਗਤ ਵਿਚ ਬੈਠ ਕੇ ਗੁਰੂ ਕੇ ਲੰਗਰ ਦੀ ਮਹਾਨਤਾ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ | ਲੰਗਰ ਵਿਚ ਜਾ ਕੇ ਸਭ ਪ੍ਰਾਣੀ-ਮਾਤਰ ਰਲ ਕੇ ਭੋਜਨ ਛਕਣ ਤਾਂ ਭਾਈਚਾਰਕ ਅਤੇ ਆਰਥਿਕ ਏਕਤਾ ਦਾ ਇਸ ਤੋਂ ਵੱਧ ਅਤੇ ਚੰਗਾ ਪ੍ਰਗਟਾਵਾ ਹੋਰ ਕੀ ਹੋ ਸਕਦਾ ਹੈ | ਏਕਤਾ ਦੀ ਇਹ ਤਾਲੀਮ ਜੀਵਨ ਵਿਚ ਪੱਕੀ ਹੋ ਕੇ ਸਾਰੇ ਜੀਵਨ ਨੂੰ ਇਸ ਰੰਗ ਵਿਚ ਹੀ ਰੰਗ ਦੇਵੇਗੀ |
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ¨
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ¨
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1349)
(ਸਮਾਪਤ)
-ਅਸਿਸਟੈਂਟ ਪ੍ਰੋਫ਼ੈਸਰ, ਯੂਨੀਵਰਸਿਟੀ ਕਾਲਜ, ਘਨੌਰ |
ਮੋਬਾ: 98883-00691

ਸ਼ਬਦ ਵਿਚਾਰ

ਗਗਨ ਗੰਭੀਰੁ ਗਗਨੰਤਰਿ ਵਾਸੁ¨

ਰਾਗੁ ਰਾਮਕਲੀ ਮਹਲਾ 1 ਦਖਣੀ ਓਅੰਕਾਰੁ
ਗਗਨ ਗੰਭੀਰੁ ਗਗਨੰਤਰਿ ਵਾਸੁ¨
ਗੁਣ ਗਾਵੈ ਸੁਖ ਸਹਜਿ ਨਿਵਾਸੁ¨
ਗਇਆ ਨ ਆਵੈ ਆਇ ਨ ਜਾਇ¨
ਗੁਰ ਪਰਸਾਦਿ ਰਹੈ ਲਿਵ ਲਾਇ¨
ਗਗਨੁ ਅਗੰਮੁ ਅਨਾਥੁ ਅਜੋਨੀ¨
ਅਸਥਿਰੁ ਚੀਤੁ ਸਮਾਧਿ ਸਗੋਨੀ¨
ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ¨
ਗੁਰਮਤਿ ਸਾਰੁ ਹੋਰ ਨਾਮ ਬਿਹੂਨੀ¨ 20¨ (ਅੰਗ 932)
ਪਦ ਅਰਥ : ਗਗਨ-ਆਕਾਸ਼ ਜੋ ਹਰ ਪਾਸੇ ਫੈਲਿਆ ਹੋਇਆ ਹੈ, ਸਰਬ ਵਿਆਪਕ ਪਰਮਾਤਮਾ | ਗੰਭੀਰੁ-ਡੰੂਘੇ ਜਿਗਰੇ ਵਾਲਾ | ਗਗਨੰਤਰਿ-ਗਗਨ+ਅੰਤਰਿ, ਸਰਬ ਵਿਆਪਕ ਪਰਮਾਤਮਾ ਵਿਚ | ਸੁਖ ਸਹਜਿ-ਆਤਮਿਕ ਅਨੰਦ | ਨਿਵਾਸੁ-ਵਾਸਾ ਹੋ ਜਾਂਦਾ ਹੈ | ਗਇਆ ਨ ਆਵੈ-ਮਰਦਾ ਜੰਮਦਾ ਨਹੀਂ, ਆਵਾਗਵਣ ਦੇ ਚੱਕਰ ਵਿਚ ਨਹੀਂ ਪੈਂਦੇ | ਆਇ ਨ ਜਾਇ-ਜੰਮਦਾ ਮਰਦਾ ਨਹੀਂ | ਅਗੰਮੁ-ਅਪਹੁੰਚ, ਜਿਸ ਤੱਕ ਪਹੁੰਚਿਆ ਨਾ ਜਾ ਸਕੇ | ਅਨਾਥੁ-ਅ+ਨਾਥੁ, ਜਿਸ ਦਾ ਕੋਈ ਨਾਥ (ਮਾਲਕ) ਨਹੀਂ | ਅਜੋਨੀ-ਜੋ ਜੂਨਾਂ ਵਿਚ ਨਹੀਂ ਪੈਂਦਾ, ਜਨਮ ਮਰਨ ਤੋਂ ਰਹਿਤ ਹੈ | ਅਸਥਿਰੁ ਚੀਤੁ-ਅਡੋਲ ਚਿਤ | ਸਮਾਧਿ-ਸਮਾਧੀ, ਪਰਮਾਤਮਾ ਵਿਚ ਸੁਰਤ ਨੂੰ ਜੋੜਨਾ | ਸਗੋਨੀ-ਸ+ਗੁਣੀ, ਗੁਣ ਪੈਦਾ ਕਰਨ ਵਾਲੀ | ਪਵਹਿ ਨ ਜੂਨੀ-ਜੂਨਾਂ ਵਿਚ ਨਹੀਂ ਪਵੇਗਾ | ਸਾਰੁ-ਸ੍ਰੇਸ਼ਟ | ਬਿਹੂਣੀ-ਸੱਖਣੀ |
ਰਾਗੁ ਸੋਰਠਿ ਵਿਚ ਆਪ ਜੀ ਦੇ ਪਾਵਨ ਬਚਨ ਹਨ ਕਿ ਜਿਸ ਪ੍ਰਾਣੀ ਦਾ ਸਰਬ ਵਿਆਪਕ ਪ੍ਰਭੂ ਵਿਚ ਵਾਸਾ ਹੋ ਜਾਂਦਾ ਹੈ, ਉਸ ਅੰਦਰ ਆਤਮਿਕ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ, ਜਿਸ ਸਦਕਾ ਉਸ ਦੀ ਸੁਰਤ ਫਿਰ ਗੁਣਾਂ ਦੇ ਖਜ਼ਾਨੇ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ-
ਗਗਨੰਤਰਿ ਵਾਸਿਆ ਗੁਣ ਪਰਗਾਸਿਆ
ਗੁਣ ਮਹਿ ਗਿਆਨ ਧਿਆਨੰ¨ (ਅੰਗ 635)
ਵਾਸਿਆ-ਵਾਸਾ ਹੋ ਜਾਂਦਾ ਹੈ | ਧਿਆਨੰ-ਸੁਰਤ |
ਅਜਿਹੇ ਸਾਧਕ ਨੂੰ ਫਿਰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ | ਉਹ ਫਿਰ ਆਪ ਪਰਮਾਤਮਾ ਦਾ ਨਾਮ ਸਿਮਰਦਾ ਹੈ, ਜਗਤ ਦੇ ਮੂਲ ਪ੍ਰਭੂ ਦੀ ਸਿਫਤ ਸਾਲਾਹ ਕਰਦਾ ਹੈ ਅਤੇ ਦੂਜਿਆਂ ਨੂੰ ਸਿਮਰਨ ਲਈ ਪ੍ਰੇਰਦਾ ਹੈ-
ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ¨
(ਅੰਗ 635)
ਭਾਵੈ-ਭਾਉਂਦਾ ਹੈ, ਪਿਆਰਾ ਲਗਦਾ ਹੈ | ਕਹੈ-ਆਪ ਕਹਿੰਦਾ ਹੈ, ਸਿਮਰਦਾ ਹੈ | ਕਹਾਵੈ-ਦੂਜਿਆਂ ਨੂੰ ਸਿਮਰਨ ਲਈ ਪ੍ਰੇਰਦਾ ਹੈ | ਤਤੋ ਤਤੁ-ਤੱਤ ਹੀ ਤਤ, ਜਗਤ ਦੇ ਮੂਲ ਪ੍ਰਭੂ ਨੂੰ ਹੀ | ਵਖਾਨੰ-ਸਿਫਤ ਸਾਲਾਹ ਕਰਦਾ ਹੈ |
ਗੁਰੂ ਪੀਰ ਦੇ ਸ਼ਬਦ ਦੁਆਰਾ ਅਜਿਹਾ ਸਾਧਕ ਡੰੂਘੇ ਜਿਗਰੇ ਵਾਲਾ ਬਣ ਜਾਂਦਾ ਹੈ ਪਰ ਸ਼ਬਦ ਤੋਂ ਬਿਨਾਂ ਸਾਰਾ ਜਗਤ ਮਾਇਆ ਦੇ ਮੋਹ ਵਿਚ ਕਮਲਾ ਹੋਇਆ ਫਿਰਦਾ ਹੈ-
ਸਬਦੁ ਗੁਰ ਪੀਰਾ ਗਹਿਰ ਗੰਭੀਰਾ
ਬਿਨੁ ਸਬਦੈ ਜਗੁ ਬਉਰਾਨੰ¨ (ਅੰਗ 635)
ਸਬਦੁ ਗੁਰ ਪੀਰਾ-ਗੁਰੂ ਪੀਰ ਦੇ ਸ਼ਬਦ ਦੁਆਰਾ | ਗਹਿਰ ਗੰਭੀਰਾ-ਡੰੂਘੇ ਜਿਗਰੇ ਵਾਲਾ | ਜਗੁ-ਜਗਤ | ਬਉਰਾਨੰ-ਕਮਲਾ, ਝੱਲਾ |
ਅਪਹੁੰਚ ਪ੍ਰਭੂ ਜੋ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਆਪਣਾ ਮਾਲਕ ਆਪ ਹੈ, ਉਸ ਦਾ ਕੋਈ ਮਾਲਕ ਨਹੀਂ (ਸਭਨਾਂ ਦਾ ਮਾਲਕ ਆਪ ਹੀ ਹੈ) ਅਤੇ ਜੰਮਣ-ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਸ ਇਕ ਨੂੰ ਗੁਰੂ ਦੀ ਮਤਿ ਦੁਆਰਾ ਹੀ ਜਾਣਿਆ (ਸਮਝਿਆ) ਜਾ ਸਕਦਾ ਹੈ | ਰਾਗੁ ਸਾਰਗ ਵਿਚ ਜਗਤ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਅਗਮ ਅਗੋਚਰੁ ਅਨਾਥੁ ਅਜੋਨੀ
ਗੁਰਮਤਿ ਏਕੋ ਜਾਨਿਆ¨ (ਅੰਗ 1233)
ਅਗਮ-ਅਪਹੁੰਚ ਪ੍ਰਭੂ | ਅਗੋਚਰੁ-ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ | ਅਨਾਥੁ-ਜਿਸ ਦਾ ਕੋਈ ਮਾਲਕ ਨਹੀਂ | ਅਜੋਨੀ-ਜੋ ਜੂਨਾਂ ਅਰਥਾਤ ਜੰਮਣ-ਮਰਨ ਦੇ ਗੇੜ ਵਿਚ ਨਹੀਂ ਪੈਂਦਾ | ਗੁਰਮਤਿ-ਗੁਰੂ ਦੀ ਮਤਿ ਦੁਆਰਾ | ਏਕੋ-ਇਕ ਪਰਮਾਤਮਾ ਨੂੰ |
ਆਪ ਜੀ ਦਿ੍ੜ੍ਹ ਕਰਵਾ ਰਹੇ ਹਨ ਕਿ ਗੁਰੂ ਦੇ ਸ਼ਬਦ 'ਤੇ ਵਿਚਾਰ ਕੀਤਿਆਂ ਇਸ ਗੱਲ ਦੀ ਸੋਝੀ ਪੈਂਦੀ ਹੈ ਕਿ ਭਰਮਾਂ ਅਤੇ ਡਰ ਦਾ ਨਾਸ ਕਰਨ ਵਾਲੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ | ਇਸ ਲਈ ਅਸੀਂ ਕਿਸੇ ਹੋਰ ਦੀ ਪੂਜਾ ਨਹੀਂ ਕਰਦੇ, ਕੇਵਲ ਇਕ ਪਰਮਾਤਮਾ ਦੀ ਹੀ ਪੂਜਾ ਕਰਦੇ ਹਾਂ, ਜੋ ਬੜੇ ਡੰੂਘੇ ਅਤੇ ਵਿਸ਼ਾਲ ਜਿਗਰੇ ਵਾਲਾ ਹੈ ਅਤੇ ਰਤਨਾਂ ਦੀ ਖਾਣ ਅਥਵਾ ਸਮੰੁਦਰ ਹੈ, ਭਾਵ ਉਹ ਸਭ ਪਦਾਰਥਾਂ ਦਾ ਮਾਲਕ ਹੈ, ਜਿਸ ਵਿਚ ਕਦੀ ਤੋਟ ਨਹੀਂ ਆਉਂਦੀ-
ਗਹਿਰ ਗੰਭੀਰ ਸਾਗਰ ਰਤਨਾਗਰ
ਅਵਰ ਨਹੀ ਅਨ ਪੂਜਾ¨
ਸਬਦੁ ਬੀਚਾਰਿ ਭਰਮ ਭਉ ਭੰਜਨ
ਅਵਰੁ ਨ ਜਾਨਿਆ ਦੂਜਾ¨
(ਅੰਗ 1233)
ਗਹਿਰ-ਗਹਿਰਾ, ਡੰੂਘਾ | ਗੰਭੀਰ-ਵਿਸ਼ਾਲ, ਡੰੂਘੇ ਜਿਗਰੇ ਵਾਲਾ | ਰਤਨਾਗਰ-ਰਤਨਾਂ ਦੀ ਖਾਣ | ਸਾਗਰ-ਸਮੰੁਦਰ | ਅਨ-ਕਿਸੇ ਹੋਰ ਦੀ | ਅਵਰੁ-ਕੋਈ ਹੋਰ |
ਗੁਰੂ ਦੀ ਕਿਰਪਾ ਸਦਕਾ ਜਿਨ੍ਹਾਂ ਅੰਦਰ ਪਰਮਾਤਮਾ ਆ ਵਸਦਾ ਹੈ, ਉਨ੍ਹਾਂ ਦੇ ਅੰਦਰੋਂ ਦੁੱਖ ਅਤੇ ਅਗਿਆਨਤਾ ਦੂਰ ਹੋ ਜਾਂਦੀ ਹੈ | ਗੁਰਵਾਕ ਹੈ-
ਗੁਰ ਪਰਸਾਦਿ ਵਸੈ ਮਨਿ ਆਇ¨
ਦੁਖੁ ਅਨੇ©ਰਾ ਵਿਚਹੁ ਜਾਇ¨
(ਰਾਗੁ ਆਸਾ ਮਹਲਾ 1, ਅੰਗ 349)
ਪਰਸਾਦਿ-ਕਿਰਪਾ ਸਦਕਾ | ਅਨ©ੇਰਾ-ਹਨੇਰਾ, ਅਗਿਆਨਤਾ ਦਾ ਹਨੇਰਾ |
ਇਸ ਪ੍ਰਕਾਰ ਜਿਨ੍ਹਾਂ ਨੂੰ ਗੁਰੂ ਦੀ ਸ੍ਰੇਸ਼ਟ ਮਤਿ ਪ੍ਰਾਪਤ ਹੋ ਜਾਂਦੀ ਹੈ, ਉਹ ਪਰਮਾਤਮਾ ਨੂੰ ਸਦਾ ਅੰਗ-ਸੰਗ ਵਸਦਾ ਅਨੁਭਵ ਕਰਦੇ ਹਨ | ਹੁਣ ਆਤਮਿਕ ਅਡੋਲਤਾ ਵਿਚ ਟਿਕਣ ਸਦਕਾ ਅਜਿਹੇ ਸਾਧਕਾਂ ਨੂੰ ਸ੍ਰੇਸ਼ਟ ਨਾਮ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ-
ਗੁਰਮਤਿ ਊਤਮ ਸੰਗਿ ਸਾਥਿ¨
ਹਰਿ ਨਾਮੁ ਰਸਾਇਣੁ ਸਹਜਿ ਆਥਿ¨
(ਰਾਗੁ ਬਸੰਤ ਮਹਲਾ 1, ਅੰਗ 1170)
ਊਤਮ-ਸ੍ਰੇਸ਼ਟ | ਸੰਗਿ ਸਾਥਿ-ਅੰਗ ਸੰਗ |
ਰਸਾਇਣੁ-ਰਸਾਂ ਦਾ ਭੰਡਾਰ | ਸਹਜਿ-ਆਤਮਿਕ ਅਡੋਲਤਾ | ਆਥਿ-(ਪ੍ਰਾਪਤ ਹੋ ਜਾਂਦੀ) ਹੈ |
ਰਾਗੁ ਵਡਹੰਸੁ ਵਿਚ ਗੁਰੂ ਅਮਰਦਾਸ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਦੀ ਮਤਿ 'ਤੇ ਤੁਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ | ਇਸ ਲਈ ਹੇ ਭਾਈ, ਗੁਰੂ ਦੀ ਮਤਿ 'ਤੇ ਤੁਰ ਕੇ ਰਸਨਾ (ਜੀਭ) ਦੁਆਰਾ ਪ੍ਰਭੂ ਦਾ ਨਾਮ ਜਲ ਪੀਂਦੇ ਰਹੋ-
ਗੁਰਮਤੀ ਮਨੁ ਨਿਰਮਲਾ
ਰਸਨਾ ਹਰਿ ਰਸੁ ਪੀਜੈ ਰਾਮ¨ (ਅੰਗ 570)
ਨਿਰਮਲਾ-ਪਵਿੱਤਰ | ਰਸਨਾ-ਜੀਭ | ਹਰਿ ਰਸੁ-ਪਰਮਾਤਮਾ ਦਾ ਨਾਮ ਜਲ |
ਪਉੜੀ ਦੇ ਅੱਖਰੀ ਅਰਥ : ਸਰਬ ਵਿਆਪਕ ਪਰਮਾਤਮਾ ਵਿਚ ਜਿਸ ਮਨੁੱਖ ਦਾ ਵਾਸਾ ਹੋ ਜਾਂਦਾ ਹੈ, ਉਸ ਦਾ ਹਿਰਦਾ ਪਰਮਾਤਮਾ ਵਾਂਗ ਡੰੂਘਾ ਅਥਵਾ ਵਿਸ਼ਾਲ ਹੋ ਜਾਂਦਾ ਹੈ | ਜੋ-ਜੋ ਵੀ ਉਸ ਪਰਮਾਤਮਾ ਦੇ ਗੁਣਾਂ ਦੀ ਸਿਫਤ-ਸਾਲਾਹ ਕਰਦਾ ਹੈ, ਉਸ ਦੇ ਹਿਰਦੇ ਵਿਚ ਆਤਮਿਕ ਆਨੰਦ ਦਾ ਵਾਸਾ ਹੋ ਜਾਂਦਾ ਹੈ | ਫਲਸਰੂਪ ਅਜਿਹਾ ਪ੍ਰਾਣੀ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਗੁਰੂ ਦੀ ਕਿਰਪਾ ਸਦਕਾ ਉਸ ਦੀ ਲਿਵ ਵਾਹਿਗੁਰੂ ਵਿਚ ਜੁੜੀ ਰਹਿੰਦੀ ਹੈ |
ਅਪਹੁੰਚ ਪ੍ਰਭੂ ਜੋ ਸਾਡੀਆਂ ਗਿਆਨ ਇੰਦਰੀਆਂ ਤੋਂ ਪਰ੍ਹੇ ਹੈ, ਉਸ ਦਾ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ | ਜੰਮਣ-ਮਰਨ ਤੋਂ ਰਹਿਤ ਹੈ | ਉਸ ਵਿਚ ਸੁਰਤ ਨੂੰ ਜੋੜਿਆਂ ਮਨ ਅੰਦਰ ਗੁਣ ਪੈਦਾ ਹੁੰਦੇ ਹਨ ਅਤੇ ਮਨ ਸਥਿਰ ਹੋ ਜਾਂਦਾ ਹੈ, ਡੋਲਦਾ ਨਹੀਂ |
ਅੰਤ ਵਿਚ ਗੁਰੂ ਬਾਬਾ ਪਾਂਡੇ ਨੂੰ ਸਮਝਾ ਰਹੇ ਹਨ ਕਿ ਹੇ ਭਾਈ, ਪ੍ਰਭੂ ਦੇ ਨਾਮ ਦਾ ਸਿਮਰਨ ਕਰ, ਜਿਸ ਦੀ ਬਰਕਤ ਨਾਲ ਤੰੂ ਜੂਨਾਂ ਵਿਚ ਨਹੀਂ ਪਵੇਂਗਾ, ਆਵਾਗਵਣ ਦੇ ਚੱਕਰ ਤੋਂ ਬਚਿਆ ਰਹੇਂਗਾ | ਗੁਰੂ ਦੀ ਮਤਿ ਹੀ ਸਭ ਤੋਂ ਸ੍ਰੇਸ਼ਟ ਮਤਿ ਹੈ | ਹੋਰ ਸਭ ਮੱਤਾਂ ਨਾਮ ਤੋਂ ਸੱਖਣੀਆਂ ਰੱਖਦੀਆਂ ਹਨ |
-217-ਆਰ, ਮਾਡਲ ਟਾਊਨ, ਜਲੰਧਰ |

ਕਿੱਧਰ ਨੂੰ ਜਾ ਰਿਹੈ ਅਜੋਕਾ ਸਮਾਜ?

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਧਰਮ ਮਨੁੱਖ ਅੰਦਰ ਸਦਭਾਵਨਾ ਤੇ ਸਹਿਯੋਗ ਦੇ ਭਾਵ ਜਗਾਉਂਦਾ ਹੈ | ਉਹ ਸਾਰੀ ਕੁਦਰਤ ਨੂੰ ਇਕੋ ਰੂਹਾਨੀ ਸ਼ਕਤੀ ਦੀ ਕਿਰਤ ਮੰਨ ਕੇ ਆਪਸੀ ਸੂਝ-ਬੂਝ ਤੇ ਸੰਵਾਦ ਵਿਚ ਆਸਥਾ ਰੱਖਦਾ ਹੈ | ਸਭ ਅੰਦਰ ਇਕੋ ਜੋਤ ਨੂੰ ਮਹਿਸੂਸ ਕਰਨ ਵਾਲਾ ਦੂਜਿਆਂ ਨਾਲ ਵਿਤਕਰਾ, ਧੋਖਾ ਜਾਂ ਧੱਕਾ ਨਹੀਂ ਕਰਦਾ | ਧਰਮ ਸੇਵਾ ਤੇ ਪ੍ਰੇਮ ਦਾ ਸੁੰਦਰ ਮਾਰਗ ਹੈ | ਧਰਮ ਦਾ ਸਬੰਧ ਜੀਵਨ ਮੁੱਲਾਂ ਨਾਲ ਹੈ, ਜੋ ਮਨੁੱਖ ਨੂੰ ਉਸਾਰੂ ਤੇ ਅਨੰਦਮਈ ਜੀਵਨ ਬਤੀਤ ਕਰਨ ਦੇ ਯੋਗ ਬਣਾਉਂਦੇ ਹਨ | ਧਰਮ ਪ੍ਰਚਾਰਕਾਂ ਤੇ ਸੰਤਾਂ ਦੀ ਵੱਡੀ ਗਿਣਤੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝ ਕੇ ਇਨ੍ਹਾਂ ਤੋਂ ਸਮਾਜ ਨੂੰ ਮੁਕਤ ਕਰਨ ਲਈ ਹੰਭਲਾ ਮਾਰਨ ਦੀ ਥਾਂ ਪਾਸੇ ਹੋ ਕੇ ਨਿਕਲ ਰਹੀ ਹੈ | ਧਰਮ ਗ੍ਰੰਥਾਂ ਦੇ ਵਚਨਾਂ ਦੀ ਮਨਚਾਹੀ ਵਿਆਖਿਆ ਹੋ ਰਹੀ ਹੈ | ਸਿੱਟੇ ਵਜੋਂ ਵੱਡੇ ਧਾਰਮਿਕ ਸਮਾਗਮਾਂ ਵਿਚ ਅਤੇ ਚੈਨਲਾਂ 'ਤੇ ਪ੍ਰਚਾਰ ਦੇ ਬਾਵਜੂਦ ਜੀਵਨ ਮੁੱਲਾਂ ਦਾ ਨਿਘਾਰ ਤੇ ਧਰਮ ਆਗੂਆਂ ਦੇ ਚੜ੍ਹਾਵੇ, ਲਗਜ਼ਰੀ ਕਾਰਾਂ, ਜਾਇਦਾਦਾਂ ਵਿਚ ਜ਼ੋਰਦਾਰ ਉਛਾਲ ਦਰਜ ਹੋ ਰਿਹਾ ਹੈ |
ਗੁਰੂ ਨਾਨਕ ਤੇ ਮਹਾਤਮਾ ਬੁੱਧ ਜਿਹੇ ਪੈਗੰਬਰਾਂ ਨੇ ਧਰਮ ਨੂੰ ਰਸਮਾਂ ਤੇ ਗੁੰਝਲਦਾਰ ਫਿਲਾਸਫੀ (ਗੂੜ੍ਹ-ਗਿਆਨ) ਤੋਂ ਮੁਕਤ ਕਰਕੇ ਸੱਚ ਕਮਾਉਣ ਦੀ ਜੁਗਤ ਸਮਝਾਈ | ਦੂਜਿਆਂ ਦਾ ਹੱਕ ਮਾਰਨ ਵਾਲਿਆਂ ਨੂੰ ਗੁਰਬਾਣੀ ਵਿਚ ਮਾਣਸ ਖਾਣੇ ਕਹਿ ਕੇ ਝੰਜੋੜਿਆ ਗਿਆ ਹੈ | ਧਰਮ ਅਪਰਾਧੀ ਮਨੁੱਖ ਨੂੰ ਨਫਰਤ ਕਰਨ ਦੀ ਥਾਂ ਸੁਧਾਰਨ ਵਿਚ ਵਿਸ਼ਵਾਸ ਰੱਖਦਾ ਹੈ | ਇਸੇ ਲਈ ਪੈਗੰਬਰੀ ਬੋਲ ਸੁਣ ਕੇ ਸੱਜਣ ਠੱਗ ਵਰਗੇ ਅਪਰਾਧ ਦੀ ਦੁਨੀਆ ਤੋਂ ਬਾਹਰ ਆ ਕੇ ਸੇਵਾ ਤੇ ਸਿਮਰਨ ਦੇ ਜਗਮਗਾਉਂਦੇ ਤਾਰਿਆਂ ਭਰੇ ਆਕਾਸ਼ ਥੱਲੇ ਵਿਚਰਨ ਲਗਦੇ ਹਨ | ਉਨ੍ਹਾਂ ਦੀ ਯਾਤਰਾ ਮੌਤ ਦੇ ਹਨੇਰ ਤੋਂ ਜ਼ਿੰਦਗੀ ਦੀ ਸਵੇਰ ਵੱਲ ਸ਼ੁਰੂ ਹੋ ਜਾਂਦੀ ਹੈ |
ਮਨੁੱਖ ਦਾ ਸੰਸਾਰ ਨਾਲ ਸਬੰਧ ਬੋਲਣ ਜਾਂ ਲਿਖਤ ਨਾਲ ਜੁੜਦਾ ਹੈ | ਮਿੱਠਾ ਬੋਲ ਕੇ ਜਾਲ ਵਿਚ ਫਸਾ ਲੈਣ ਦੀ ਕਲਾ ਵਾਲੇ ਚਾਰੇ ਪਾਸੇ ਧੂੜ ਵਾਂਗ ਛਾਏ ਹੋਏ ਹਨ ਤੇ ਲੋਕ ਸਤਾਏ ਹੋਏ ਹਨ | ਧਰਮ, ਰਾਜਨੀਤੀ, ਵਪਾਰ ਤੇ ਕਾਰੋਬਾਰ ਹਰ ਥਾਂ ਇਹ ਲੋਕ ਆਪਣੀ ਡਫਲੀ ਵਜਾ ਰਹੇ ਹਨ ਤੇ ਲੋਕਾਂ ਨੂੰ ਭਰਮਾ ਰਹੇ ਹਨ | ਘਰੇਲੂ ਜਾਂ ਕਾਰੋਬਾਰ ਨਾਲ ਜੁੜੇ ਝਗੜਿਆਂ ਨਾਲ ਪ੍ਰੇਸ਼ਾਨ ਲੋਕਾਂ ਖ਼ਾਸ ਕਰ ਇਸਤਰੀਆਂ ਨੂੰ ਸਮਝਾਉਣ ਦੀ ਥਾਂ ਭਰਮਾਉਣ ਵਾਲੇ ਲੋਕਾਂ ਦੀ ਕਮੀ ਨਹੀਂ ਹੈ | ਇਸ ਕਾਰਨ ਪਰਿਵਾਰ ਟੁੱਟ ਰਹੇ ਹਨ | ਧਰਮ ਮਨੁੱਖ ਨੂੰ ਮਿੱਠਾ ਤੇ ਹਿਤਕਾਰੀ ਬੋਲਣ ਲਈ ਪ੍ਰੇਰਿਤ ਕਰਦਾ ਹੈ | ਧਰਮ ਲੜਾਉਂਦਾ ਨਹੀਂ, ਮਿਲਾਉਂਦਾ ਹੈ | ਨਿਮਰਤਾ ਤੇ ਮੁਆਫ਼ ਕਰਨਾ ਧਰਮ ਦੇ ਵਿਸ਼ੇਸ਼ ਗੁਣ ਹਨ | ਧਰਮ ਆਪਣੀ ਪੀੜ ਦਾ ਬਦਲਾ ਲੈਣ ਦੀ ਥਾਂ ਮਾਨਵਤਾ ਦੀ ਪੀੜ ਨੂੰ ਮਹਿਸੂਸ ਕਰਕੇ ਮਨੁੱਖ ਨੂੰ ਇਸ ਦੇ ਨਿਵਾਰਨ ਤੇ ਸੇਵਾ ਦੇ ਰਾਹ 'ਤੇ ਤੋਰਦਾ ਹੈ | ਅੱਤਵਾਦ, ਫਿਰਕੂ ਦੰਗੇ ਤੇ ਬਦਲਾ ਪੂਰੀ ਤਰ੍ਹਾਂ ਧਰਮ ਦੇ ਵਿਰੁੱਧ ਵੱਡੇ ਪਾਪ ਹਨ |
ਮਨੁੱਖ ਦੀ ਸੋਚ ਤੇ ਵਿਚਾਰ ਉਸ ਦੀ ਹੋਂਦ ਤੇ ਵਿਵਹਾਰ ਨੂੰ ਨਿਸਚਿਤ ਕਰਦੇ ਹਨ | ਜਿਸ ਤਰ੍ਹਾਂ ਉਹ ਸੋਚਦਾ ਤੇ ਮਹਿਸੂਸ ਕਰਦਾ ਹੈ, ਉਸੇ ਤਰ੍ਹਾਂ ਬਣ ਜਾਂਦਾ ਹੈ | ਧਰਮ ਮਨੁੱਖ ਨੂੰ ਵਿਸ਼ਾਲ ਸੋਚ ਦਾ ਧਾਰਨੀ ਬਣਾਉਂਦਾ ਹੈ | ਧਰਮ ਮੈਂ ਤੇ ਮੇਰੇ ਦੀ ਤੰਗਦਿਲੀ ਦੀ ਥਾਂ ਸਰਬੱਤ ਦੇ ਵਿਸ਼ਾਲ ਆਸਮਾਨ ਦੀ ਛਾਂ ਥੱਲੇ ਵਿਚਰਦਾ ਹੈ | ਧਰਮ ਦੀ ਯਾਤਰਾ ਸੁਧਾਰ ਤੇ ਪਰਉਪਕਾਰ ਵੱਲ ਹੈ | ਇਹ ਸੁਆਰਥ ਤੇ ਨਫ਼ਰਤ ਦੇ ਰਸਤੇ 'ਤੇ ਤੁਰਨ ਦੀ ਥਾਂ ਸਾਂਝੀਵਾਲਤਾ ਦੇ ਸਮੁੰਦਰ ਦੀਆਂ ਖ਼ੂਬਸੂਰਤ ਲਹਿਰਾਂ ਨਾਲ ਇਕਸੁਰ ਹੁੰਦਾ ਹੈ | ਧਰਮ ਦੀ ਰਬਾਬ ਦਾ ਸੰਗੀਤ ਸਮੁੱਚੀ ਮਾਨਵਤਾ ਦੇ ਦਿਲ-ਦਰਵਾਜ਼ੇ 'ਤੇ ਪ੍ਰੇਮ ਦੀ ਦਸਤਕ ਦਿੰਦਾ ਹੈ | (ਸਮਾਪਤ)
-ਵਾਰਡ ਨੰ: 7, ਨੀਚਰ ਕਾਲੋਨੀ, ਕੁਰਾਲੀ (ਐਸ. ਏ. ਐਸ. ਨਗਰ) | ਮੋਬਾ: 97814-88725

ਕਿਧਰ ਨੂੰ ਜਾ ਰਿਹੈ ਅਜੋਕਾ ਸਮਾਜ?

ਸਮਾਜ ਮਨੁੱਖੀ ਸਬੰਧਾਂ ਦਾ ਜਾਲ ਹੈ, ਰਿਸ਼ਤਿਆਂ ਦੀ ਟੁੱਟ-ਭੱਜ ਨਾਲ ਬੇਹਾਲ ਹੈ। ਦਿਖਾਵਾ ਸਮਾਜ ਦੇ ਵੱਡੇ ਹਿੱਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।
ਅੱਜ ਦਾ ਮਨੁੱਖ ਇਹ ਸੋਚ ਰਿਹਾ ਹੈ ਕਿ 'ਮੈਂ ਕਿੰਨਾ ਧਨ ਕਮਾਇਆ।' ਪਰ ਇਸ ਦਾ ਸਮਾਜ 'ਤੇ ਕੀ ਪ੍ਰਭਾਵ ਪਿਆ? ਇਸ ਦੀ ਪਰਵਾਹ ਵਿਰਲੇ ਹੀ ਕਰਦੇ ਹਨ। ਅਜਿਹੇ ਇਨਸਾਨ ਥੋੜ੍ਹੇ ਹਨ, ਜੋ 'ਮੈਂ ਕਿੰਨੀ ਕਮਾਈ ਕੀਤੀ' ਬਾਰੇ ਸੋਚਣ ਦੀ ਥਾਂ 'ਮੈਂ ਕਿੰਨੀ ਭਲਾਈ ਕੀਤੀ' ਬਾਰੇ ਸੋਚਦੇ ਹਨ। ਹਰ ਕੋਈ ਸਮਾਂ ਮਾੜਾ ਆ ਗਿਆ ਦਾ ਰਾਗ ਅਲਾਪ ਰਿਹਾ ਹੈ। ਮਨੁੱਖ ਡਰ ਤੇ ਪ੍ਰੇਸ਼ਾਨੀ ਦਾ ਬੋਝ ਚੁੱਕ ਕੇ ਲਾਲਸਾ ਦੀ ਸੜਕ 'ਤੇ ਦੌੜ ਰਿਹਾ ਹੈ। ਸਮਾਜ ਵਿਚ ਧੋਖਾ, ਰਿਸ਼ਵਤ, ਚਲਾਕੀ ਤੇ ਮਾਰਧਾੜ ਦਾ ਵਾਤਾਵਰਨ ਉਸਰ ਚੁੱਕਾ ਹੈ। ਨਾਜਾਇਜ਼ ਸਬੰਧਾਂ ਤੇ ਇਨ੍ਹਾਂ ਕਾਰਨ ਪ੍ਰੇਮੀ-ਪ੍ਰੇਮਿਕਾ ਵੱਲੋਂ ਮਿਲ ਕੇ ਜੀਵਨ ਸਾਥੀ ਨੂੰ ਕਤਲ ਕਰਨ ਦੇ ਮਾਮਲੇ ਵਧ ਰਹੇ ਹਨ। ਨਸ਼ਿਆਂ ਨਾਲ ਘਰ ਬਰਬਾਦ ਹੋ ਰਹੇ ਹਨ। ਬਹੂ-ਬੇਟੀਆਂ ਦੇ ਸਨਮਾਨ ਲਈ ਮੈਲੀਆਂ ਨਜ਼ਰਾਂ ਵੱਡੀ ਚੁਣੌਤੀ ਬਣ ਰਹੀਆਂ ਹਨ। ਤੇਜ਼ ਰਫ਼ਤਾਰ ਕਾਰਨ ਸੜਕਾਂ 'ਤੇ ਆਏ ਦਿਨ ਦਰਦਨਾਕ ਹਾਦਸੇ ਹੋ ਰਹੇ ਹਨ। ਮਨੁੱਖ ਦੂਜੇ ਦੇ ਦੁੱਖ ਤੋਂ ਸਬਕ ਨਹੀਂ ਲੈਂਦਾ। ਉਹ ਇਸ ਭੁਲੇਖੇ ਵਿਚ ਜੀਅ ਰਿਹਾ ਹੈ ਕਿ ਜੋ ਲੋਕਾਂ ਨਾਲ ਹੋ ਰਿਹਾ ਹੈ, ਉਸ ਨਾਲ ਨਹੀਂ ਹੋ ਸਕਦਾ। ਇਸ ਤਰ੍ਹਾਂ ਉਹ ਦਰਵਾਜ਼ਾ ਖੜਕਾ ਰਹੀ ਆਫ਼ਤ ਤੋਂ ਮੁਨਕਰ ਹੋਣ ਦਾ ਭਰਮ ਪਾਲ ਰਿਹਾ ਹੈ। ਮਨੁੱਖ ਸਮਾਜ ਵਿਚ ਆਏ ਨਿਘਾਰ ਲਈ ਦੂਜਿਆਂ ਨੂੰ ਦੋਸ਼ੀ ਮੰਨਦਾ ਹੈ। ਆਪਣੇ ਗਿਰੇਵਾਨ ਅੰਦਰ ਝਾਤੀ ਮਾਰ ਕੇ ਆਤਮ-ਸੁਧਾਰ ਵੱਲ ਤੁਰਨਾ ਦਲੇਰੀ ਦਾ ਕੰਮ ਹੈ। ਧਰਮ ਮਨੁੱਖ ਨੂੰ ਆਤਮ-ਸੁਧਾਰ ਤੇ ਆਤਮ-ਅਨੁਸ਼ਾਸਨ ਦੀ ਪ੍ਰੇਰਨਾ ਦਿੰਦਾ ਹੈ। ਧਰਮੀ ਬੰਦੇ ਨਿੰਦਾ ਦੀ ਥਾਂ ਗੁਣਾਂ ਨੂੰ ਵਿਕਸਤ ਕਰਨ ਵੱਲ ਧਿਆਨ ਦਿੰਦੇ ਹਨ। ਧਰਮ ਦੀਆਂ ਰਿਸ਼ਮਾਂ ਮਨੁੱਖੀ ਮਨ ਅੰਦਰ ਨਿਰਮਲਤਾ ਦਾ ਪਸਾਰ ਕਰਦੀਆਂ ਹਨ ਤੇ ਗਿਆਨ ਦੇ ਦੀਵੇ ਮਨ-ਮਸਤਕ ਦੇ ਵਿਹੜੇ ਜਗਾ ਦਿੰਦੀਆਂ ਹਨ।
ਵਿਅਕਤੀ ਹੁਣ ਸੰਸਕਾਰ ਦੀ ਥਾਂ ਲਗਜ਼ਰੀ ਕਾਰ ਨਾਲ ਜਾਣਿਆ ਜਾਂਦਾ ਹੈ। ਬੰਦੇ ਦਾ ਦਿਲ ਨਹੀਂ, ਜੇਬ ਦੇਖ ਕੇ ਹਾਰ ਪਾਏ ਜਾਂਦੇ ਹਨ। ਸਾਰਾ ਦਿਨ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਕਿਸਾਨਾਂ ਦੀ ਥਾਂ ਸ਼ਰਾਬ ਦਾ ਮਾਲਦਾਰ ਠੇਕੇਦਾਰ ਵੱਡਾ ਆਦਮੀ ਮੰਨਿਆ ਜਾਂਦਾ ਹੈ। ਮਜ਼ਦੂਰ ਤੇ ਕਿਸਾਨ ਦੂਜਿਆਂ ਦੇ ਘਰਾਂ ਦੇ ਦੀਵੇ ਜਗਾਉਂਦਾ ਹੈ। ਇਸੇ ਲਈ ਧਰਮ ਦੀਆਂ ਪਵਿੱਤਰ ਨਜ਼ਰਾਂ ਨੂੰ ਭਾਈ ਲਾਲੋ ਦੀ ਸੁੱਚੀ ਕਿਰਤ ਦੀ ਰੁੱਖੀ ਰੋਟੀ ਵਿਚੋਂ ਦੁੱਧ ਜਿਹੀ ਪਵਿੱਤਰਤਾ ਦਿਖਾਈ ਦਿੰਦੀ ਹੈ। ਸ਼ਰਾਬ ਦਾ ਠੇਕੇਦਾਰ ਕਿੰਨੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਬੁਝਾ ਦਿੰਦਾ ਹੈ, ਇਸ ਬਾਰੇ ਥੋੜ੍ਹੇ ਲੋਕ ਸੋਚਦੇ ਹਨ। ਜਨਤਾ ਦਾ ਸ਼ੋਸ਼ਣ ਕਰਨ ਵਾਲੇ ਲੋਕਾਂ ਨੂੰ ਧਰਮ ਆਗੂਆਂ ਵੱਲੋਂ ਮਲਿਕ ਭਾਗੋ ਵਾਂਗ ਨਕਾਰੇ ਤੇ ਸੁਧਾਰੇ ਜਾਣਾ ਬੇਹੱਦ ਜ਼ਰੂਰੀ ਹੈ। ਅਜਿਹੇ ਲੋਕਾਂ ਨਾਲ ਧਰਮ ਆਗੂਆਂ ਦੀ ਨੇੜਤਾ ਬੇਹੱਦ ਚਿੰਤਾਜਨਕ ਤੇ ਧਰਮ ਦੇ ਬਿਲਕੁਲ ਉਲਟ ਹੈ। ਸਿੱਟੇ ਵਜੋਂ ਭ੍ਰਿਸ਼ਟ ਤੇ ਧੱਕੇਸ਼ਾਹੀ ਕਰਨ ਵਾਲੇ ਲੋਕ ਸਮਾਜ ਵਿਚ ਸ਼ਾਨ ਨਾਲ ਘੁੰਮਦੇ ਹਨ, ਦੂਜੇ ਪਾਸੇ ਗ਼ਰੀਬ ਲੋਕ ਤਰਸ ਦੇ ਪਾਤਰ ਬਣ ਕੇ ਰਹਿ ਗਏ ਹਨ। ਆਰਥਿਕ ਅਸਮਾਨਤਾ ਕਾਰਨ ਜ਼ਿੰਦਗੀ ਉਨ੍ਹਾਂ ਲਈ ਦੁੱਖਾਂ ਭਰੀ ਕੈਦ ਅਤੇ ਮੌਤ ਮੁਕਤੀ ਬਣ ਗਈ ਹੈ। ਅਮੀਰਾਂ ਨੂੰ ਬੇਈਮਾਨੀ ਕਰਦੇ ਦੇਖ ਕੇ ਕਈ ਵਾਰ ਉਹ ਵੀ ਅਪਰਾਧ ਕਰਨ ਦੇ ਰਾਹ ਤੁਰ ਪੈਂਦੇ ਹਨ।
ਬੱਚਿਆਂ ਨੂੰ ਸਮਾਜ ਦੀ ਬਹੁਤੀ ਪਰਵਾਹ ਨਹੀਂ ਹੁੰਦੀ। ਉਹ ਆਪਣੇ ਖਿਡੌਣਿਆਂ ਨਾਲ ਮਸਤ ਰਹਿੰਦੇ ਹਨ। ਕੁਝ ਲੋਕ ਨਿਆਣਿਆਂ ਵਾਂਗ ਸਮਾਜਿਕ ਸਰੋਕਾਰਾਂ ਤੋਂ ਲਾਪ੍ਰਵਾਹ ਹੁੰਦੇ ਹਨ। ਉਹ ਉਮਰ ਭਰ ਬੱਚਿਆਂ ਵਾਂਗ ਖੇਡਦੇ ਹਨ। ਉਨ੍ਹਾਂ ਦੇ ਖਿਡੌਣੇ ਸਮਾਰਟ ਫੋਨ, ਹਥਿਆਰ, ਮਹਿੰਗੀਆਂ ਕਾਰਾਂ ਤੇ ਫਲੈਟ ਬਣ ਜਾਂਦੇ ਹਨ। ਮੋਬਾਈਲ, ਇੰਟਰਨੈੱਟ ਨਾਲ ਸੰਸਾਰ ਮਨੁੱਖ ਦੀ ਮੁੱਠੀ ਵਿਚ ਆ ਗਿਆ ਹੈ, ਪਰ ਰਿਸ਼ਤਿਆਂ ਦੀਆਂ ਖਾਈਆਂ ਬਹੁਤ ਚੌੜੀਆਂ ਹੋ ਗਈਆਂ ਹਨ। ਸੁਆਰਥਾਂ ਨੇ ਵਿਕਰਾਲ ਵਿੱਥਾਂ ਸਿਰਜ ਲਈਆਂ ਹਨ। ਵਿੱਥਾਂ ਦੇ ਮਾਰੂਥਲ ਵਿਚ 12 ਮਹੀਨੇ ਮ੍ਰਿਗ ਤ੍ਰਿਸ਼ਨਾ ਦੇ ਭੁਲੇਖੇ ਪੈਂਦੇ ਹਨ। ਸਾਰਾ ਸਾਲ ਪੱਤਝੜ ਦਾ ਰਾਜ ਰਹਿੰਦਾ ਹੈ। ਉਦਾਸੀਆਂ, ਚਿੰਤਾਵਾਂ ਤੇ ਹਾਦਸਿਆਂ ਦੀ ਕੰਡਿਆਲੀ ਥੋਹਰ ਉੱਗਦੀ ਹੈ।
ਬੰਦੇ ਦਾ ਬੰਦੇ ਤੋਂ ਵਿਸ਼ਵਾਸ ਖ਼ਤਮ ਹੋ ਗਿਆ ਹੈ। ਹੁਣ ਮਨੁੱਖ ਸਿਧਾਂਤ ਨੂੰ ਤਿਲਾਂਜਲੀ ਦੇ ਕੇ 'ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ' ਦੇ ਫਾਰਮੂਲੇ 'ਤੇ ਅਮਲ ਕਰ ਰਿਹਾ ਹੈ। ਉਸ ਦਾ ਮਨ ਆਪਣੇ ਪਰਿਵਾਰ ਨੂੰ ਮੁੜ-ਮੁੜ ਰਿਉੜੀਆਂ ਵੰਡ ਕੇ ਵੀ ਨਹੀਂ ਭਰ ਰਿਹਾ । ਬੇਈਮਾਨੀ ਦੇ ਰਾਹ 'ਤੇ ਤੁਰੇ ਬੰਦੇ ਨੂੰ ਭੁਲੇਖਾ ਰਹਿੰਦਾ ਹੈ ਕਿ ਲੋਕ ਸ਼ਾਇਦ ਉਸ ਤੋਂ ਵੱਧ ਬੇਈਮਾਨ ਹਨ, ਇਸ ਲਈ ਉਹ ਰਹਿੰਦੀ ਕਸਰ ਕੱਢਣ ਲਈ ਅਸਮਾਨ ਨੂੰ ਟਾਕੀ ਲਾਉਣ ਤੱਕ ਜਾਂਦਾ ਹੈ।
ਮਨੁੱਖ ਆਪਣੇ-ਆਪ ਨੂੰ ਧਰਮ ਦਾ ਗਿਆਤਾ ਸਮਝ ਕੇ ਇਸ ਦੀ ਵਿਆਖਿਆ ਕਰਨ ਦਾ ਯਤਨ ਕਰ ਰਿਹਾ ਹੈ। ਧਰਮ ਦੀ ਮੂਲ ਭਾਵਨਾ ਨੂੰ ਜਾਣਨ ਵਾਲੇ ਵਿਰਲੇ ਹਨ। ਧਰਮ ਭੇਖ ਜਾਂ ਰਸਮ ਨਹੀਂ ਹੈ, ਧਰਮ ਮਨੁੱਖ ਦੀਆਂ ਉਲਾਰ ਬਿਰਤੀਆਂ ਨੂੰ ਸੰਤੁਲਿਤ ਕਰਕੇ ਸੁਚੱਜੀ ਜ਼ਿੰਦਗੀ ਬਤੀਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਧਰਮ ਮਨੁੱਖ ਨੂੰ ਮਨੁੱਖ ਨਾਲ ਮਿਲਣ ਦੀ ਜਾਚ ਸਿਖਾਉਂਦਾ ਹੈ। ਧਰਮ ਮਨੁੱਖ ਨੂੰ ਪਰਿਵਾਰਵਾਦ ਦੀ ਥਾਂ ਸਮਾਜ ਪ੍ਰਤੀ ਜਵਾਬਦੇਹ ਬਣਾਉਂਦਾ ਹੈ। ਧਰਮੀ ਮਨੁੱਖ ਦੀ ਚੇਤਨਾ ਨਿੱਜ ਦੀ ਥਾਂ ਸਮੂਹ ਪ੍ਰਤੀ ਜਾਗਰੂਕ ਤੇ ਜ਼ਿੰਮੇਵਾਰ ਹੁੰਦੀ ਹੈ।
ਮਨੁੱਖ ਭੋਗ ਤੋਂ ਰੋਗ ਵੱਲ ਵਧ ਰਿਹਾ ਹੈ। ਕੋਠੀਆਂ-ਕਾਰਾਂ ਪ੍ਰਾਪਤ ਕਰਨ ਲਈ ਦਿਨ-ਰਾਤ ਇਕ ਕਰ ਰਿਹਾ ਹੈ। ਵੱਡੀ ਕੋਠੀ, ਲਗਜ਼ਰੀ ਕਾਰ ਤੇ ਸੁੰਦਰ ਨਾਰ (ਪਤਨੀ) ਦੀ ਪ੍ਰਾਪਤੀ ਹੋ ਜਾਣ 'ਤੇ ਵੀ ਲਾਲਸਾ ਖ਼ਤਮ ਨਹੀਂ ਹੁੰਦੀ, ਨਾ ਅਨੰਦ ਦਾ ਅਨੁਭਵ ਹੁੰਦਾ ਹੈ। ਸਭ ਕੁਝ ਹੁੰਦੇ ਹੋਏ ਵੀ ਮਨੁੱਖ ਅੰਦਰ ਖਲਾਅ, ਤਣਾਅ ਤੇ ਸੰਸੇ ਬਰਕਰਾਰ ਰਹਿੰਦੇ ਹਨ।
ਮਨੁੱਖ ਨੂੰ ਸਦੀਵੀ ਆਨੰਦ ਦੀ ਪ੍ਰਾਪਤੀ ਧਰਮ ਰਾਹੀਂ ਹੀ ਹੋ ਸਕਦੀ ਹੈ। ਧਰਮ ਮਨੁੱਖ ਨੂੰ ਭੌਤਿਕ ਸਹੂਲਤਾਂ ਦੀ ਖਿੱਚ ਤੇ ਹੰਕਾਰ ਤੋਂ ਮੁਕਤ ਕਰਦਾ ਹੈ। ਇਹ ਅਕਾਲ ਪੁਰਖ ਦੀ ਬੇਅੰਤਤਾ ਦੇ ਵਿਸਮਾਦ ਨਾਲ ਇਕਸੁਰ ਕਰਦਾ ਹੈ। ਉਸ ਨੂੰ ਚੰਦ, ਤਾਰੇ, ਸੂਰਜ, ਹਵਾ, ਪਾਣੀ, ਸੁੰਦਰ ਬਨਸਪਤੀ ਸਭ ਅਕਾਲ ਪੁਰਖ ਦੀ ਆਰਤੀ ਗਾਉਂਦੇ ਪ੍ਰਤੀਤ ਹੁੰਦੇ ਹਨ। ਕੁਦਰਤ ਦੀ ਹਰ ਚੀਜ਼ ਵਿਚੋਂ ਅਕਾਲ ਪੁਰਖ ਦੀ ਵਿਆਪਕਤਾ ਦਾ ਬੋਧ ਮਨੁੱਖ ਨੂੰ ਕੁਦਰਤ ਦੇ ਸੰਗੀਤ ਨਾਲ ਇਕਸੁਰ ਕਰਦਾ ਹੈ। ਇਥੇ ਹਰ ਸਮੇਂ ਸ਼ਰਧਾ ਦੇ ਤਾਜ਼ੇ ਫੁੱਲਾਂ ਦੀ ਬਰਸਾਤ ਹੁੰਦੀ ਹੈ, ਪ੍ਰੇਮ ਦੀ ਸੁਗੰਧ ਰਾਜ ਕਰਦੀ ਹੈ।
ਕੁਦਰਤ ਦਾ ਮਨੁੱਖ ਰੱਜ ਕੇ ਸ਼ੋਸ਼ਣ ਕਰ ਰਿਹਾ ਹੈ। ਇਹ ਧਰਮ ਦੇ ਵਿਰੁੱਧ ਤੇ ਮਨੁੱਖਤਾ ਲਈ ਬੇਹੱਦ ਘਾਤਕ ਹੈ। ਧਰਮ ਸਥਾਨਾਂ ਦੇ ਨੇੜੇ ਪਹਾੜੀਆਂ, ਸੁੰਦਰ ਬਨਸਪਤੀ ਦੇ ਦ੍ਰਿਸ਼ਾਂ ਨੂੰ ਵਿਕਾਸ ਦੇ ਨਾਂਅ 'ਤੇ ਅਸਲ ਵਿਚ ਵਪਾਰ ਲਈ ਤਬਾਹ ਕਰਕੇ ਹੋਟਲ ਤੇ ਇਮਾਰਤਾਂ ਉਸਾਰੀਆਂ ਗਈਆਂ ਹਨ। ਇਸ ਨਾਲ ਵੱਡੇ ਪੱਧਰ 'ਤੇ ਕੁਦਰਤ ਦਾ ਸੰਤੁਲਨ ਵਿਗੜਿਆ ਹੈ। ਕੁਦਰਤ ਦੀ ਭਾਰੀ ਕਰੋਪੀ ਬੱਦਲ ਫਟਣ, ਹੜ੍ਹ ਤੇ ਪਹਾੜ ਡਿਗਣ ਦੇ ਰੂਪ ਵਿਚ ਸਾਹਮਣੇ ਆਈ ਹੈ। ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਕਦੇ ਜ਼ਬਰਦਸਤ ਸੋਕਾ, ਕਦੇ ਬੇਵਕਤ ਭਾਰੀ ਮੀਂਹ ਖੇਤੀ ਲਈ ਬੇਹੱਦ ਨੁਕਸਾਨਦੇਹ ਸਾਬਤ ਹੋ ਰਹੇ ਹਨ। ਸੰਸਾਰ ਵਿਚ ਤਾਪਮਾਨ ਵਧਣ ਕਰਕੇ ਗਲੇਸ਼ੀਅਰ ਪਿਘਲਣ ਕਾਰਨ ਬਣੀਆਂ ਵੱਡੀਆਂ ਝੀਲਾਂ ਦੇ ਕਿਨਾਰੇ ਟੁੱਟ ਜਾਣ ਦਾ ਡਰ ਵਿਗਿਆਨੀਆਂ ਨੂੰ ਸਤਾ ਰਿਹਾ ਹੈ। ਅਜਿਹੀ ਦੁਰਘਟਨਾ ਹੋ ਜਾਣ 'ਤੇ ਮਹਾਂ ਪਰਲੋ ਦੀ ਤਬਾਹੀ ਸਾਹਮਣੇ ਆ ਸਕਦੀ ਹੈ। ਧਰਮ ਮਨੁੱਖ ਨੂੰ ਕੁਦਰਤ ਨਾਲ ਇਕਸੁਰਤਾ ਦੀ ਜਾਚ ਸਿਖਾਉਂਦਾ ਹੈ। ਇਹ ਧਰਤੀ ਨੂੰ ਮਾਂ, ਪਾਣੀ ਨੂੰ ਪਿਤਾ ਤੇ ਹਵਾ ਨੂੰ ਗੁਰੂ ਸਮਾਨ ਮਹੱਤਵ ਪ੍ਰਦਾਨ ਕਰਦਾ ਹੈ। ਧਰਮ ਸਥਾਨਾਂ ਨੂੰ ਇਸ ਪੱਖ ਦੀ ਚੇਤਨਾ ਦਾ ਸਮਾਜ ਵਿਚ ਵਿਆਪਕ ਸੰਚਾਰ ਕਰਨ ਦੀ ਬੇਹੱਦ ਲੋੜ ਹੈ।
ਧਰਮ ਮਨੁੱਖ ਨੂੰ ਰਿਸ਼ਤਿਆਂ ਦਾ ਸਤਿਕਾਰ ਸਿਖਾਉਂਦਾ ਹੈ। ਅਜੋਕੇ ਗੀਤ-ਸੰਗੀਤ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਵਿਲਾਸਤਾ ਦੇ ਛੱਜ ਵਿਚ ਪਾ ਕੇ ਛੱਟਿਆ ਹੈ। ਸਕੂਲਾਂ-ਕਾਲਜਾਂ ਨੂੰ ਵਿੱਦਿਆ ਦੇ ਕੇਂਦਰ ਦੀ ਥਾਂ ਮੁੰਡੇ-ਕੁੜੀਆਂ ਦੇ ਪ੍ਰੇਮ ਸਬੰਧਾਂ ਦੇ ਕੇਂਦਰ ਵਜੋਂ ਉਭਾਰਿਆ ਜਾ ਰਿਹਾ ਹੈ। ਹਰ ਤੀਜੇ ਗੀਤ ਵਿਚ ਨੱਚ ਰਹੀ ਸਾਲੀ 'ਤੇ ਸ਼ਰਾਬੀ ਜੀਜੇ ਵੱਲੋਂ ਨੋਟ ਸੁੱਟਣ ਦਾ ਜ਼ਿਕਰ ਹੋ ਰਿਹਾ ਹੈ। ਮੁੰਡਿਆਂ ਨੂੰ ਮਹਿੰਗੇ ਮੋਟਰਸਾਈਕਲਾਂ 'ਤੇ ਲੜਕੀਆਂ ਦਾ ਪਿੱਛਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗੀਤਾਂ ਵਿਚ ਸ਼ਰਾਬ, ਗੰਡਾਸੀਆਂ, ਰਾਇਫਲਾਂ ਤੇ ਪਿਸਟਲਾਂ ਦਾ ਖੁੱਲ੍ਹਾ ਪ੍ਰਦਰਸ਼ਨ ਨੌਜਵਾਨਾਂ ਅੰਦਰ ਮਾਰਧਾੜ ਦੀ ਰੁਚੀ ਨੂੰ ਸ਼ਹਿ ਦੇ ਰਿਹਾ ਹੈ। ਵੀਡੀਓ ਵਿਚ ਲੜਕੀਆਂ ਵੱਲੋਂ ਪਹਿਨਿਆ ਜਾ ਰਿਹਾ ਪਹਿਰਾਵਾ ਅਕਸਰ ਸਾਡੇ ਸੱਭਿਆਚਾਰ ਦੇ ਅਨਕੂਲ ਨਹੀਂ ਹੁੰਦਾ।
ਗੀਤ-ਸੰਗੀਤ ਰੂਹਾਨੀ ਜੋਗ ਦੀ ਥਾਂ ਭੋਗ ਵੱਲ ਨਵੀਂ ਪੀੜ੍ਹੀ ਨੂੰ ਤੋਰ ਰਿਹਾ ਹੈ। ਧਰਮ ਮਨੁੱਖ ਨੂੰ ਰੋਗੀ ਜਾਂ ਭੋਗੀ ਬਣਾਉਣ ਦੀ ਥਾਂ ਦੁਨੀਆ ਲਈ ਉਪਯੋਗੀ ਬਣਾਉਂਦਾ ਹੈ। ਧਰਮ ਇਸਤਰੀ ਨੂੰ ਜੀਵਨ ਸਾਥਣ ਦੇ ਸਨਮਾਨਜਨਕ ਰੂਪ ਵਿਚ ਸਥਾਪਤ ਕਰਦਾ ਹੈ, ਮਾਂ ਦੇ ਰੂਪ ਵਿਚ ਪਿਤਾ ਤੋਂ ਵਧ ਕੇ ਵਡਿਆਈ ਬਖ਼ਸ਼ਦਾ ਹੈ। ਧਰਮ ਮਨੁੱਖ ਨੂੰ ਵਾਸ਼ਨਾ ਤੋਂ ਉਪਾਸਨਾ ਵੱਲ ਮੋੜਦਾ ਹੈ।
ਧਰਮ ਗ੍ਰੰਥਾਂ ਦਾ ਹੌਲੀ ਆਵਾਜ਼ ਵਿਚ ਹੋ ਰਿਹਾ ਪਾਠ ਇਕਦਮ ਹਿਰਦੇ ਅੰਦਰ ਆਨੰਦ ਦਾ ਸੰਚਾਰ ਕਰਦਾ ਹੈ। ਧਾਰਮਿਕ ਸਮਾਗਮਾਂ ਵਿਚ ਡੈੱਕ ਦੀ ਆਵਾਜ਼ ਬਹੁਤ ਉੱਚੀ ਰੱਖਣ ਨਾਲ ਇਹ ਆਨੰਦ ਖ਼ਤਮ ਹੋ ਜਾਂਦਾ ਹੈ। ਘਰਾਂ ਵਿਚ ਪਾਠ ਜਾਂ ਜਗਰਾਤੇ ਸਮੇਂ ਸਪੀਕਰ ਦੀ ਆਵਾਜ਼ ਘੱਟ ਰੱਖਣ ਦੀ ਜ਼ਰੂਰਤ ਹੈ। ਉੱਚੀ ਆਵਾਜ਼ ਦੀ ਥਾਂ ਪਾਠ ਆਪ ਸੁਣਨ, ਸਮਝਣ ਤੇ ਅਮਲ ਕਰਨ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
ਅਜੋਕੇ ਸਮਾਜ ਵਿਚ ਸੁਆਰਥ ਦੇ ਤੂਫਾਨਾਂ ਨੇ ਸਦਭਾਵਨਾ ਦੇ ਬਾਗ਼ਾਂ ਨੂੰ ਬੁਰੀ ਤਰ੍ਹਾਂ ਲਤਾੜਿਆ ਹੈ। ਮਨੁੱਖ ਦੂਜਿਆਂ ਨੂੰ ਬੁੱਧੂ ਸਮਝ ਕੇ ਚਲਾਕੀਆਂ ਦੇ ਰਾਹ 'ਤੇ ਤਾਂਗੀ ਦੇ ਵੱਛਿਆਂ ਵਾਂਗ ਛਾਲਾਂ ਮਾਰਦਾ ਧੂੜਾਂ ਉਡਾਉਂਦਾ ਜਾ ਰਿਹਾ ਹੈ। ਪਰਦਾ ਫਾਸ਼ ਹੋਣ 'ਤੇ ਉਸ ਨੂੰ ਭਾਰੀ ਨਮੋਸ਼ੀ ਝੱਲਣੀ ਪੈਂਦੀ ਹੈ। ਲਾਲਚ ਮਨੁੱਖ ਅੰਦਰੋਂ ਡਰ ਤੇ ਸ਼ਰਮ ਦੋਵਾਂ ਨੂੰ ਖ਼ਤਮ ਕਰ ਦਿੰਦਾ ਹੈ। ਸਿੱਟੇ ਵਜੋਂ ਮਨੁੱਖ ਨਤੀਜਿਆਂ ਦੀ ਪਰਵਾਹ ਕਰੇ ਬਿਨਾਂ ਤਬਾਹੀ ਤੇ ਬੇਇੱਜ਼ਤੀ ਦੇ ਰਾਹ ਤੁਰ ਪੈਂਦਾ ਹੈ।
(ਬਾਕੀ ਅਗਲੇ ਅੰਕ 'ਚ)

-ਵਾਰਡ ਨੰ: 7, ਨੀਚਰ ਕਾਲੋਨੀ, ਕੁਰਾਲੀ (ਐਸ. ਏ. ਐਸ. ਨਗਰ)। ਮੋਬਾ: 97814-88725

ਬਾਲ ਗੋਬਿੰਦ ਰਾਏ ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਪਹਿਲੀ ਭੇਟ ਦਾ ਇਤਿਹਾਸਕ ਅਸਥਾਨ

ਗੁਰਦੁਆਰਾ ਗੁਰੂ ਕਾ ਬਾਗ, ਸ੍ਰੀ ਪਟਨਾ ਸਾਹਿਬ (ਬਿਹਾਰ)

ਮੌਜੂਦਾ ਬਿਹਾਰ ਰਾਜ ਦੀ ਰਾਜਧਾਨੀ ਪਟਨਾ ਸ਼ਹਿਰ ਭਾਰਤ ਦਾ ਧਾਰਮਿਕ, ਸਾਹਿਤਕ ਅਤੇ ਵੱਡਾ ਰਾਜਨੀਤਕ ਕੇਂਦਰ ਰਿਹਾ ਹੈ। ਵਿਸ਼ਵ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ, ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਖਾਲਸਾ ਪੰਥ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਬੁੱਧ ਧਰਮ ਦੇ ਬਾਨੀ ਮਹਾਤਮਾ ਬੁੱਧ ਵੀ ਇਥੇ ਪਹੁੰਚੇ। ਇਹ ਵੀ ਪਤਾ ਲੱਗਦਾ ਹੈ ਕਿ ਵਿਸ਼ਵ ਦੇ ਪ੍ਰਸਿੱਧ ਅਰਥ ਸ਼ਾਸਤਰੀ ਕੋਟਲਿਆ ਨੇ ਆਪਣੇ ਅਰਥ-ਸ਼ਾਸਤਰ ਦੀ ਰਚਨਾ ਇਥੇ ਹੀ ਕੀਤੀ ਸੀ। ਇਸ ਸ਼ਹਿਰ ਦਾ ਪੁਰਾਤਨ ਨਾਂਅ ਪਾਟਲੀਪੁੱਤਰ ਵੀ ਰਿਹਾ ਹੈ। ਇਹ ਸ਼ਹਿਰ ਚਾਰੇ ਪਾਸਿਉਂ ਲੱਕੜ ਦੀ ਦੀਵਾਰ ਨਾਲ ਘਿਰਿਆ ਹੋਇਆ ਸੀ। ਇਸ ਦੀਵਾਰ ਦੇ ਨਾਲ 36 ਫੁੱਟ ਚੌੜੀ ਅਤੇ 15 ਫੁੱਟ ਡੂੰਘੀ ਖਾਈ ਸੀ ਅਤੇ ਇਸ ਸ਼ਹਿਰ ਦੇ ਕੁੱਲ 64 ਦਰਵਾਜ਼ੇ ਸਨ। ਪਟਨਾ ਸਾਹਿਬ (ਬਿਹਾਰ) ਖਾਲਸਾ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਹੈ। ਇਤਿਹਾਸ ਵਿਚੋਂ ਪ੍ਰਮਾਣ ਮਿਲਦੇ ਹਨ ਕਿ ਸਿੱਖਾਂ ਦੇ ਨੌਵੇਂ ਗੁਰੂ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਦ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਧੋਬੜੀ (ਅਸਾਮ) ਗਏ ਹੋਏ ਸਨ, ਉਦੋਂ ਸ੍ਰੀ ਪਟਨਾ ਸਾਹਿਬ ਵਿਖੇ ਪੋਹ ਸੁਦੀ 7 ਸੰਮਤ 1723 (ਸੰਨ 1666 ਈ:) ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ।
ਬਾਲ ਗੋਬਿੰਦ ਰਾਏ ਦੇ ਜਨਮ ਦੀ ਖ਼ਬਰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅਸਾਮ ਵਿਚ ਹੀ ਮਿਲੀ। ਖ਼ਬਰ ਸੁਣਨ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਨਾ ਸਾਹਿਬ (ਬਿਹਾਰ) ਨੂੰ ਵਾਪਸ ਚੱਲ ਪਏ। ਪਟਨਾ ਸ਼ਹਿਰ ਤੋਂ ਪੂਰਬ ਦਿਸ਼ਾ ਵੱਲ ਕਰੀਬ 2 ਕੁ ਮੀਲ ਬਾਹਰ ਪਟਨਾ ਨਿਵਾਸੀ ਨਵਾਬ ਰਹੀਮ ਬਖਸ਼ ਅਤੇ ਕਰੀਮ ਬਖਸ਼ ਦਾ ਇਕ ਸੁੱਕਿਆ ਹੋਇਆ ਬਾਗ ਸੀ। ਗੁਰੂ ਜੀ ਨੇ ਪਟਨਾ ਸ਼ਹਿਰ ਵਿਚ ਦਾਖਲ ਹੋਣ ਤੋਂ ਪਹਿਲਾਂ ਇਸ ਬਾਗ ਵਿਚ ਹੀ ਉਤਾਰਾ ਕੀਤਾ, ਜਿਥੇ ਮਾਤਾ ਗੁਜਰੀ ਜੀ ਬਾਲ ਗੋਬਿੰਦ ਰਾਏ ਨੂੰ ਲੈ ਕੇ ਹੋਰਨਾਂ ਸਕੇ-ਸੰਬੰਧੀਆਂ ਤੇ ਪਰਿਵਾਰਿਕ ਮੈਂਬਰਾਂ ਨਾਲ ਗੁਰੂ ਜੀ ਨੂੰ ਮਿਲੇ। ਇਹ ਬਾਗ ਬਾਲ ਗੋਬਿੰਦ ਰਾਏ ਅਤੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਚਕਾਰ ਪਹਿਲੀ ਭੇਂਟ ਦਾ ਇਤਿਹਾਸਕ ਅਸਥਾਨ ਹੋ ਨਿੱਬੜਿਆ। ਇਸ ਬਾਗ ਵਿਚ ਗੁਰੂ ਜੀ ਦੇ ਉਤਾਰਾ ਕਰਨ ਵਾਲੀ ਜਗ੍ਹਾ ਉੱਪਰ ਸੁੰਦਰ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਸੁਸ਼ੋਭਿਤ ਹੋ ਚੁੱਕੀ ਹੈ। ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਰਬ ਲੋਹ ਦਾ ਕੜਾ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਸਮੁੱਚੇ ਬਾਗ ਦੀ ਚਾਰਦੀਵਾਰੀ ਅੰਦਰ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲਗਾਏ ਗਏ ਹਨ। ਇਤਿਹਾਸਕ ਅਸਥਾਨ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਵੀ ਇਸ ਪਵਿੱਤਰ ਅਸਥਾਨ ਦੇ ਚੌਗਿਰਦੇ ਵਿਚ ਫਲਦਾਰ ਬੂਟੇ ਲਗਾ ਕੇ ਆਤਮਿਕ ਅਨੰਦ ਮਹਿਸੂਸ ਕਰਦੀਆਂ ਹਨ। ਇਸ ਤਰ੍ਹਾਂ ਇਹ ਇਤਿਹਾਸਕ ਅਸਥਾਨ ਸਮੁੱਚੇ ਵਿਸ਼ਵ ਦੀਆਂ ਸਿੱਖ ਸੰਗਤਾਂ ਲਈ ਵੱਡੀ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ।

-ਪਿੰਡ ਤੇ ਡਾਕ: ਤਲਵੰਡੀ ਖੁਰਦ (ਲੁਧਿਆਣਾ)। ਮੋਬਾਈਲ : 98144-51414

ਪ੍ਰੇਰਨਾ-ਸਰੋਤ

ਕਲਪਨਾ ਨੂੰ ਸੰਕਲਪ ਵਿਚ ਬਦਲ ਕੇ ਮਹਾਨ ਸ਼ਕਤੀ ਬਣਦੀ ਹੈ

ਅਕਸਰ ਲੋਕ ਕਲਪਨਾ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਬੇਲੋੜੀ ਕਲਪਨਾ ਸਾਡੀ ਮਾਨਸਿਕ ਸ਼ਕਤੀ ਨੂੰ ਨਸ਼ਟ ਕਰਦੀ ਹੈ, ਜਦਕਿ ਧਿਆਨ ਨਾਲ ਸਾਡੇ ਅੰਦਰ ਦੀਆਂ ਸ਼ਕਤੀਆਂ ਜਾਗਦੀਆਂ ਹਨ। ਵਿਅਕਤੀ ਵਿਚ ਆਤਮਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਤਮਵਿਸ਼ਵਾਸ ਦਾ ਸੂਤਰ ਹੈ ਕਿ ਸਮੱਸਿਆਵਾਂ ਦਾ ਹੱਲ ਕਿਤੇ ਬਾਹਰ ਨਹੀਂ, ਸਗੋਂ ਸਾਡੇ ਅੰਦਰ ਹੈ। ਇਸ ਨੂੰ ਲੱਭਣ ਦਾ ਇਕ ਢੰਗ ਹੈ ਧਿਆਨ। ਜਦ ਧਿਆਨ ਨਾਲ ਵਿਅਕਤੀ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸ ਅੰਦਰ ਸ਼ਕਤੀ ਹੈ, ਉਸ ਨੂੰ ਜਗਾ ਕੇ ਸਹੀ ਦਿਸ਼ਾ ਵਿਚ ਪ੍ਰਯੋਗ ਕੀਤਾ ਜਾ ਸਕਦਾ ਹੈ ਤਾਂ ਸਮਝੋ ਕਿ ਸਫਲਤਾ ਦਾ ਭੇਦ ਖੁੱਲ੍ਹ ਗਿਆ ਅਤੇ ਸਮੱਸਿਆਵਾਂ ਤੋਂ ਮੁਕਤੀ ਦਾ ਰਾਹ ਪੱਧਰਾ ਹੋ ਗਿਆ। ਇਕ ਵਿਸ਼ੇ 'ਤੇ ਪੱਕਾ ਇਰਾਦਾ ਲੈਣ ਦਾ ਅਰਥ ਹੈ ਕਲਪਨਾ ਨੂੰ ਸੰਕਲਪ ਵਿਚ ਬਦਲਣਾ। ਸੰਕਲਪ ਵਿਚ ਅਧਿਆਤਮਿਕ ਤਾਕਤ ਹੈ। ਸੰਕਲਪਸ਼ੀਲ ਵਿਅਕਤੀ ਹਨੇਰੇ ਨੂੰ ਚੀਰ ਕੇ ਖੁਦ ਪ੍ਰਕਾਸ਼ ਬਣ ਜਾਂਦਾ ਹੈ। ਚੰਚਲਤਾ ਦੀ ਅਵਸਥਾ ਵਿਚ ਸੰਕਲਪ ਦੀ ਵਰਤੋਂ ਓਨੀ ਸਫਲ ਨਹੀਂ ਹੁੰਦੀ, ਜਿੰਨੀ ਕਿ ਇਕਾਗਰਤਾ ਦੀ ਅਵਸਥਾ ਵਿਚ ਹੁੰਦੀ ਹੈ। ਧਿਆਨ ਜਾਂ ਇਕਾਗਰਤਾ ਕੇਵਲ ਅਧਿਆਤਮਕ ਪੱਖ ਤੋਂ ਹੀ ਨਹੀਂ, ਸਿਹਤ ਦੇ ਪੱਖ ਤੋਂ ਵੀ ਲਾਭਕਾਰੀ ਹੁੰਦੀ ਹੈ। ਧਿਆਨ ਨਾਲ ਨਾਕਾਰਾਤਮਿਕ ਭਾਵ ਘਟਦੇ ਹਨ ਅਤੇ ਸਾਕਾਰਾਤਮਿਕ ਭਾਵ ਜਾਗ੍ਰਿਤ ਹੁੰਦੇ ਹਨ। ਧਿਆਨ ਹੀ ਅਜਿਹੀ ਵਿੱਦਿਆ ਹੈ ਜੋ ਭੀੜ ਤੋਂ ਹਟ ਕੇ ਸਾਡੀ ਪਹਿਚਾਣ ਕਰਾਉਂਦੀ ਹੈ ਅਤੇ ਪੁਰਸ਼ਾਰਥਾ ਕਰਨ ਦਾ ਜਜ਼ਬਾ ਪੈਦਾ ਕਰਦੀ ਹੈ।

-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 86991-47667

21 ਜਨਵਰੀ ਨੂੰ 112ਵੀਂ ਬਰਸੀ 'ਤੇ ਵਿਸ਼ੇਸ਼

ਰੰਗ ਰੱਤੜੀ ਆਤਮਾ-ਬਾਬਾ ਕਰਮ ਸਿੰਘ ਹੋਤੀ ਮਰਦਾਨ

ਹੋਤੀ ਮਰਦਾਨ ਦੀ ਉੱਘੀ ਧਾਰਮਿਕ ਹਸਤੀ ਤੇ ਰੱਬੀ ਰੰਗ ਵਿਚ ਰੱਤੜੀ ਆਤਮਾ ਬਾਬਾ ਕਰਮ ਸਿੰਘ ਦਾ ਜਨਮ ਜ਼ਿਲ੍ਹਾ ਰਾਵਲਪਿੰਡੀ ਦੀ ਤਹਿਸੀਲ ਗੁੱਜਰਖਾਨ ਵਿਚ ਸ: ਕਿਰਪਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਸੁਬੀ ਦੀ ਕੁੱਖ ਤੋਂ 1826 ਈ: ਵਿਚ ਹੋਇਆ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੋਂ ਗੁਰਮੁਖੀ ਅੱਖਰਾਂ ਦਾ ਗਿਆਨ ਹਾਸਲ ਕੀਤਾ। 18 ਸਾਲ ਦੀ ਉਮਰ ਵਿਚ 1844 ਈ: ਵਿਚ ਜਦੋਂ ਉਹ ਸਿੱਖ ਸੈਨਾ ਵਿਚ ਭਰਤੀ ਹੋਏ, ਉਦੋਂ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਇਸ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਸਨ। ਬਾਬਾ ਜੀ ਨੇ ਫੌਜ ਵਿਚ ਭਰਤੀ ਹੋ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜਦੋਂ 1849 ਈ: ਵਿਚ ਸਿੱਖ ਰਾਜ ਦਾ ਅੰਤ ਹੋਇਆ, ਉਸ ਸਮੇਂ ਇਨ੍ਹਾਂ ਦੀ ਸਿੱਖ ਰੈਜਮੈਂਟ ਦੀ ਨਵੀਂ ਆਈ ਅੰਗਰੇਜ਼ ਸਰਕਾਰ ਨੇ 12ਵੀਂ ਫਰੰਟੀਅਰ ਫੋਰਸ ਰੈਜਮੈਂਟ ਵਿਚ ਸ਼ਾਮਿਲ ਕਰ ਲਿਆ।
ਬਾਬਾ ਜੀ ਹਰ ਸਮੇਂ ਪਰਮਾਤਮਾ ਦੀ ਬੰਦਗੀ ਵਿਚ ਲੱਗੇ ਰਹਿੰਦੇ ਸਨ। ਪੂਰਾ ਜੀਵਨ ਹੀ ਪਰਉਪਕਾਰ ਤੇ ਲੋਕ-ਭਲੇ ਵਿਚ ਬਿਤਾ ਦਿੱਤਾ। ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਇਸ 'ਹੋਤੀ ਮਰਦਾਨ' ਦੇ ਅਸਥਾਨ ਦੀ ਸੇਵਾ ਆਪਣੇ ਸੇਵਕ ਬਾਬਾ ਆਇਆ ਸਿੰਘ ਨੂੰ ਸੌਂਪ ਕੇ ਇਥੋਂ ਲਗਭਗ 25 ਕਿਲੋਮੀਟਰ ਦੂਰ ਪਿੰਡ 'ਸੈਦੂ' ਵਿਖੇ ਚਲੇ ਗਏ। ਇਸੇ ਪਿੰਡ ਵਿਚ ਹੀ ਉਨ੍ਹਾਂ 1903 ਈ: ਦੀ 21 ਜਨਵਰੀ ਵਾਲੇ ਦਿਨ ਮਾਤਾ ਦੇਵਕੀ ਦੇ ਘਰ ਆਪਣੇ ਪੰਜ ਭੂਤਕ ਸਰੀਰ ਨੂੰ ਛੱਡ ਕੇ ਪ੍ਰਭੂ ਚਰਨਾਂ ਵਿਚ ਵਲੀਨ ਹੋ ਗਏ। ਇਸ ਤਿਆਗੀ ਤੇ ਵੈਰਾਗੀ ਆਤਮਰਸੀ ਸ਼ਖ਼ਸੀਅਤ ਦੀ ਯਾਦ ਵਿਚ ਉਨ੍ਹਾਂ ਦੇ ਵੱਖ-ਵੱਖ ਪੈਰੋਕਾਰਾਂ ਵੱਲੋਂ ਹੁਣ ਵੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਖਾਲਸਾ ਰਹਿਤ ਤੇ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਆਪ ਜੀ ਦੀ 112ਵੀਂ ਯਾਦ ਵਿਚ ਪੰਜਾਬ ਤੇ ਦੇਸ਼-ਵਿਦੇਸ਼ ਵਿਚ ਗੁਰਮਤਿ ਸਮਾਗਮ ਹੋ ਰਹੇ ਹਨ।
-ਭਗਵਾਨ ਸਿੰਘ ਜੌਹਲ,
ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ,
ਜਲੰਧਰ-144101. ਮੋਬਾ: 98143-24040

ਬਦਲ ਰਿਹਾ ਹੈ ਲੰਗਰ ਦੀ ਪਰੰਪਰਾ ਦਾ ਸਰੂਪ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪੰਗਤ ਨੂੰ ਸੰਗਤ ਨਾਲੋਂ ਜੁਦਾ ਨਹੀਂ ਕੀਤਾ ਜਾ ਸਕਦਾ। ਇਹ ਇਕੋ ਸਿੱਕੇ ਦੇ ਦੋ ਪਹਿਲੂ ਹਨ। ਮਨੁੱਖ ਦੀ ਸਮੱਸਿਆਗ੍ਰਸਤ ਹਸਤੀ ਦਾ ਉਧਾਰ ਕਰਨਾ ਹੀ ਇਨ੍ਹਾਂ ਦਾ ਪ੍ਰਮੁੱਖ ਮਕਸਦ ਹੈ। ਗੁਰੂ ਸਾਹਿਬ ਨੇ ਸੰਗਤ ਨਾਲੋਂ ਪੰਗਤ ਨੂੰ ਪਹਿਲਾ ਦਰਜਾ ਦਿੱਤਾ ਹੈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਇਹ ਨੇਮ ਬਣ ਗਿਆ ਸੀ ਕਿ ਜੇ ਕੋਈ ਵਿਅਕਤੀ ਉਨ੍ਹਾਂ ਨੂੰ ਮਿਲਣ ਆਵੇ, ਉਹ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕੇ। ਉਨ੍ਹਾਂ 'ਪਹਿਲੇ ਪੰਗਤ ਪਾਛੈ ਸੰਗਤ' ਕਹਿ ਕੇ ਪੰਗਤ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਸੀ ਪਰ ਅੱਜ ਦੇ ਤੇਜ਼ ਅਤੇ ਪਦਾਰਥਵਾਦੀ ਯੁੱਗ ਵਿਚੋਂ ਪੰਗਤ ਮਨਫੀ ਹੁੰਦੀ ਜਾਪਦੀ ਹੈ। ਲੰਗਰ ਨੂੰ ਪੰਗਤ ਵਿਚ ਬਿਠਾ ਕੇ ਛਕਾਉਣ ਦੀ ਬਜਾਏ ਚਲਦੀਆਂ ਬੱਸਾਂ, ਟਰੱਕਾਂ ਅਤੇ ਕਾਰਾਂ ਦੇ ਸ਼ੀਸ਼ਿਆਂ ਵਿਚੋਂ ਦੀ ਹੀ ਲੋਕਾਂ ਤੱਕ ਪਹੁੰਚਾਉਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਸ਼ਹਿਰ ਦੇ ਤੰਗ ਬਾਜ਼ਾਰਾਂ ਵਿਚ ਉੱਚੇ ਜਿਹੇ ਮੇਜ਼ ਉੱਪਰ ਚੜ੍ਹ ਕੇ ਲੋਕਾਂ ਦੀ ਭੀੜ ਨੂੰ ਛੋਲੇ-ਪੂੜੀਆਂ, ਕੁਲਚੇ-ਛੋਲੇ ਜਾਂ ਫਲ ਫੜਾਉਣ ਦਾ ਦ੍ਰਿਸ਼, ਜਿਸ ਵਿਚ ਲੋਕ ਇਕ-ਦੂਜੇ ਨੂੰ ਧੱਕੇ ਮਾਰ-ਮਾਰ ਕੇ, ਪੈਰ ਮਿੱਧਦੇ ਹਨ, ਅਕਸਰ ਦੇਖਣ ਨੂੰ ਮਿਲਦਾ ਹੈ। ਖੁਸ਼ੀ ਜਾਂ ਗ਼ਮੀ ਦੇ ਮੌਕੇ 'ਤੇ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਤੋਂ ਬਾਅਦ ਗੁਰੂ ਕੇ ਅਤੁੱਟ ਲੰਗਰ ਨੂੰ ਪੰਗਤ ਵਿਚ ਬਿਠਾ ਕੇ ਛਕਾਉਣ ਦੀ ਥਾਂ ਟੇਬਲਾਂ ਉੱਤੇ ਲਗਾ ਦਿੱਤਾ ਜਾਂਦਾ ਹੈ। ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਆਏ ਧਾਰਮਿਕ ਆਗੂ ਵੀ ਬਿਨਾਂ ਕਿਸੇ ਝਿਜਕ ਦੇ ਇਸ ਵਿਚ ਸ਼ਰੀਕ ਹੋ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਜਾਰੀ ਕੀਤੀ ਗਈ ਸਿੱਖ ਰਹਿਤ ਮਰਿਆਦਾ ਵਿਚ ਵੀ ਲੰਗਰ ਛਕਣ ਜਾਂ ਛਕਾਉਣ ਲਈ ਪੰਗਤ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਗੁਰੂ ਨਾਨਕ ਸਾਹਿਬ ਆਪਣੇ ਜੀਵਨ ਦੇ ਅੰਤਿਮ ਸਮੇਂ ਦੌਰਾਨ ਕਰਤਾਰਪੁਰ ਵਿਖੇ ਆਪ ਨਿਯਮ ਅਨੁਸਾਰ ਸਮੂਹਿਕ ਪ੍ਰਾਰਥਨਾ ਉਪਰੰਤ ਸੰਗਤ ਨਾਲ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਸਨ। ਗੁਰੂ ਸਾਹਿਬ ਦੇ ਵਚਨ 'ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ' ਅਨੁਸਾਰ ਮਾਨਵ ਜਾਤੀ ਦੀ ਏਕਤਾ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਸੰਗਤ-ਪੰਗਤ ਦੀ ਏਕਤਾ ਦਾ ਹੋਣਾ ਬੇਹੱਦ ਲਾਜ਼ਮੀ ਹੈ।
(ਬਾਕੀ ਅਗਲੇ ਅੰਕ 'ਚ)

-ਅਸਿਸਟੈਂਟ ਪ੍ਰੋਫ਼ੈਸਰ, ਯੂਨੀਵਰਸਿਟੀ ਕਾਲਜ, ਘਨੌਰ। ਮੋਬਾ: 98883-00691

16ਵੇਂ ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਨਾਨਕਸਰ ਸੰਪਰਦਾਇ ਦੇ ਅਨਮੋਲ ਰਤਨ ਸੰਤ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲੇ

ਮਹਾਂਪੁਰਸ਼ਾਂ ਦਾ ਇਸ ਸੰਸਾਰ 'ਤੇ ਆਗਮਨ ਮਾਨਵਤਾ ਦੇ ਕਲਿਆਣ ਹਿੱਤ ਹੁੰਦਾ ਹੈ, ਸੂਰਜ ਦੀ ਤਰ੍ਹਾਂ ਮਹਾਂਪੁਰਸ਼ ਸੰਸਾਰ ਅੰਦਰ ਗਿਆਨ ਦੇ ਚਾਨਣ ਨਾਲ ਅਗਿਆਨ ਰੂਪੀ ਅੰਧੇਰੇ ਦਾ ਵਿਨਾਸ਼ ਕਰਦੇ ਹਨ। ਅਜਿਹੇ ਹੀ ਮਹਾਂਪੁਰਸ਼ਾਂ 'ਚੋਂ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲੇ ਹੋਏ ਹਨ, ਜਿਨ੍ਹਾਂ ਦਾ ਜਨਮ ਮਾਲਵੇ ਦੀ ਇਤਿਹਾਸਕ ਨਗਰੀ ਪਿੰਡ ਸਿਆੜ੍ਹ (ਲੁਧਿਆਣਾ) ਵਿਖੇ 13 ਜਨਵਰੀ 1906 ਨੂੰ ਪਿਤਾ ਅਮਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਇਸ ਨਗਰ ਨੂੰ ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਆਪ ਜੀ ਨੂੰ ਬਚਪਨ ਤੋਂ ਹੀ ਗੁਰੂ-ਘਰ ਪ੍ਰਤੀ ਅਥਾਹ ਪਿਆਰ ਹੋਣ ਕਾਰਨ ਆਪ ਨੇ ਪਿੰਡ ਸਿਆੜ੍ਹ 'ਚ ਹੀ ਸੰਤ ਗਿਆਨ ਦਾਸ ਪਾਸੋਂ ਸ੍ਰੀ ਜਪੁਜੀ ਸਾਹਿਬ ਦੇ ਪਾਠ ਦੀ ਸੰਥਿਆ ਲਈ ਅਤੇ ਆਪ ਅਨੇਕਾਂ ਪਾਠ ਨਿੱਤਨੇਮ ਵਜੋਂ ਕਰਨ ਲੱਗੇ। ਗੁਰਮਤਿ ਦੇ ਰੂਹਾਨੀ ਗਿਆਨ ਦੀ ਪ੍ਰਾਪਤੀ ਲਈ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਕਾਫੀ ਲੰਮਾ ਸਮਾਂ ਸੰਗਤ ਕਰਦੇ ਰਹੇ। ਆਪ ਨੇ ਨਗਰ ਸਿਆੜ੍ਹ ਦੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਤੋਂ ਇਲਾਵਾ ਨਾਨਕਸਰ ਠਾਠ ਸਿਆੜ੍ਹ, ਢੈਪਈ, ਆਂਡਲੂ, ਜੌਹਲਾਂ, ਜਿੱਤਵਾਲ, ਭਰੋਵਾਲ ਕਲਾਂ, ਦਿੱਲੀ, ਦੇਹਰਾਦੂਨ ਅਤੇ ਦੇਸ਼-ਵਿਦੇਸ਼ਾਂ 'ਚ ਨਾਨਕਸਰ ਆਸ਼ਰਮਾਂ ਦੀ ਸਥਾਪਨਾ ਕੀਤੀ। ਆਪ ਨੇ ਅਨੇਕਾਂ ਵਿੱਦਿਅਕ ਅਦਾਰਿਆਂ ਦੀ ਸੇਵਾ ਕਰਵਾਈ ਅਤੇ ਰੱਬੀ ਗਿਆਨ ਦੇ ਨਾਲ-ਨਾਲ ਦੁਨਿਆਵੀ ਪੜ੍ਹਾਈ ਲਈ ਅਨੇਕਾਂ ਵਿੱਦਿਅਕ ਅਦਾਰਿਆਂ ਦੀ ਸੇਵਾ ਕਰਵਾਈ।
ਆਪ ਨੇ 28 ਅਗਸਤ 1994 ਨੂੰ ਕੈਨੇਡਾ ਦੀ ਧਰਤੀ 'ਤੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਆਪ ਦੇ ਜਨਮ ਦਿਨ ਸਬੰਧੀ ਪਿੰਡ ਡਾਂਗੋਂ (ਲੁਧਿਆਣਾ) ਸਥਿਤ ਨਾਨਕਸਰ ਦਰਬਾਰ ਵਿਖੇ ਗੁਰਮਤਿ ਪ੍ਰਚਾਰ ਮਿਸ਼ਨ (ਰਜਿ:) ਡਾਗੋਂ ਵੱਲੋਂ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਦੀ ਸਰਪ੍ਰਸਤੀ ਹੇਠ ਮਿਤੀ 23 ਤੋਂ 25 ਜਨਵਰੀ ਤੱਕ ਮਹਾਨ ਸੰਤ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ। 24 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸੰਤ ਸਮਾਗਮ ਹੋਵੇਗਾ, ਜਿਸ 'ਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਸੰਤ ਜਗਜੀਤ ਸਿੰਘ ਮੁਖੀ ਸੰਪਰਦਾਇ ਲੋਪੋਂ ਦਰਬਾਰ, ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ, ਸੰਤ ਗੁਰਮੇਲ ਸਿੰਘ ਹੈੱਡ ਗ੍ਰੰਥੀ ਰਾਗੀ ਨਾਨਕਸਰ ਕਲੇਰਾਂ, ਹਜ਼ੂਰੀ ਜਥਾ ਠਾਠ ਸਿਆੜ ਸਾਹਿਬ, ਸੰਤ ਪਵਨਦੀਪ ਸਿੰਘ ਕੜਿਆਲ, ਸੰਤ ਭਗਤ ਸਿੰਘ ਖਾਸੀ ਢੱਕੀ, ਸੰਤ ਰਣਜੀਤ ਸਿੰਘ ਛਪਾਰ, ਸੰਤ ਅਵਤਾਰ ਸਿੰਘ ਮਹੋਲੀ, ਸੰਤ ਹਰਨੇਕ ਸਿੰਘ ਰਾਮਪੁਰ ਦੋਰਾਹਾ, ਸੰਤ ਰਜ਼ਨੀਸ਼ ਨੱਥੂਮਾਜਰਾ, ਸੰਤ ਜਰਨੈਲ ਸਿੰਘ ਨੌਹਰਾ, ਬਾਬਾ ਰਘਬੀਰ ਸਿੰਘ ਰਾਏਕੋਟ ਆਦਿ ਸੰਤ-ਮਹਾਂਪੁਰਸ਼ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ। ਸਮਾਪਤੀ ਵਾਲੇ ਦਿਨ 25 ਜਨਵਰੀ ਨੂੰ ਭੋਗ ਉਪਰੰਤ ਨਾਨਕਸਰ ਦਰਬਾਰ ਪਿੰਡ ਡਾਂਗੋਂ ਤੋਂ ਮਹਾਨ ਨਗਰ ਕੀਰਤਨ ਸਜਾਏ ਜਾਣਗੇ, ਜਿਸ 'ਚ ਸਿੱਖ ਕੌਮ ਦੇ ਮਹਾਨ ਢਾਡੀ ਜਥੇ, ਪ੍ਰਚਾਰਕ ਸੰਗਤਾਂ ਨੂੰ ਵਾਰਾਂ ਸੁਣਾ ਕੇ ਨਿਹਾਲ ਕਰਨਗੇ।

-ਪਿੰਡ ਡਾਂਗੋਂ (ਲੁਧਿਆਣਾ)।
ਮੋਬਾ: 94178-00351

ਸਤਲੁਜ ਉਰਾਰ ਦੀਆਂ ਸਿੱਖ ਰਿਆਸਤਾਂ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਉਸ ਨੂੰ ਪਟਿਆਲੇ ਵੱਲੋਂ ਭੇਜੀ ਫੌਜ ਦੇ ਮੰਦੇ-ਚੰਗੇ ਦੋਵੇਂ ਪੱਖ ਵਿਖਾਈ ਦਿੱਤੇ। ਘੁੰਗਰਾਣੇ ਨੂੰ ਘੇਰਨ ਭੇਜੀ ਪਟਿਆਲੇ ਦੀ ਸੈਨਿਕ ਟੁਕੜੀ ਬਾਰੇ ਉਸ ਨੂੰ ਜਾਣਕਾਰੀ ਮਿਲੀ ਕਿ ਇਸ ਸਮੇਂ ਇਸ ਸੈਨਿਕ ਟੁਕੜੀ ਭਾਵੇਂ ਕਿਲ੍ਹਾ ਖਾਲੀ ਕਰਨ ਵਾਲੀ ਟੁਕੜੀ ਨੂੰ ਘੇਰਨ ਵਿਚ ਅਸਫਲ ਰਹੀ, ਪਰ ਇਸ ਦਾ ਵਿਹਾਰ ਵਧੀਆ ਰਿਹਾ। ਇਸ ਦੇ ਉਲਟ ਜਦ ਵੱਡੀ ਗਿਣਤੀ ਵਿਚ ਸਿੱਖ ਸੈਨਾ ਦੇ ਮੁਕਾਬਲੇ ਅੰਗਰੇਜ਼ੀ ਫੌਜ ਨੂੰ ਬਿਨਾਂ ਮੁਕਾਬਲਾ ਬੱਦੋਵਾਲ ਦਾ ਕਿਲ੍ਹਾ ਛੱਡਣਾ ਪਿਆ, ਤਾਂ ਪਟਿਆਲੇ ਦੀ ਫੌਜ ਦੇ 200 ਸਿਪਾਹੀ ਸਿੱਖਾਂ ਨਾਲ ਜਾ ਰਲੇ। ਉਸ ਵਿਸ਼ੇਸ਼ ਮੌਕੇ ਉਨ੍ਹਾਂ ਦਾ ਇਹ ਵਿਹਾਰ ਅੰਗਰੇਜ਼ੀੇ ਕਾਜ਼ ਵਾਸਤੇ ਬੇਹੱਦ ਨੁਕਸਾਨਦੇਹ ਸੀ। ਮੇਜਰ ਮੈਕਸਨ ਨੇ ਇਸ ਤੋਂ ਸਿੱਟਾ ਕੱਢਿਆ ਕਿ ਭਾਵੇਂ ਪਟਿਆਲਾ ਰਿਆਸਤ ਕਿੰਨੀ ਵੀ ਸਾਡੇ ਪੱਖ ਵਿਚ ਸੀ, ਪਰ ਇਹ ਹਰ ਮੌਕੇ ਆਪਣੇ ਸਿਪਾਹੀਆਂ ਦੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਵਿਚ ਸਫਲ ਨਹੀਂ ਰਹੀ, ਇਸ ਲਈ ਕਿਸੇ ਵੀ ਫ਼ੈਸਲਾਕੁੰਨ ਮੌਕੇ ਇਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਕੈਪਟਨ ਹੇਅ ਦੀ ਅਗਵਾਈ ਵਿਚ ਪਟਿਆਲੇ ਦੇ ਸੈਨਿਕਾਂ ਦੇ ਨਾਲ ਹੀ ਘੁੰਗਰਾਣੇ ਦੀ ਮੁਹਿੰਮ ਵਿਚ ਭਾਈਵਾਲ ਜੀਂਦ ਦੇ ਸੈਨਿਕਾਂ ਨੂੰ ਮੇਜਰ ਮੈਕਸਨ ਨੇ ਤਤਪਰ ਅਤੇ ਜ਼ਬਤ ਦੀ ਪਾਲਣਾ ਕਰਨ ਵਾਲੇ ਦੱਸਿਆ।
ਮੇਜਰ ਮੈਕਸਨ ਨੇ ਵੀ ਜਿਨ੍ਹਾਂ ਰਿਆਸਤਾਂ ਵੱਲੋਂ ਪੂਰਨ ਸਹਿਯੋਗ ਮਿਲਿਆ, ਉਨ੍ਹਾਂ ਵਿਚ ਪਟਿਆਲਾ, ਜੀਂਦ, ਮਲੇਰਕੋਟਲਾ, ਰਾਇਕੋਟ ਅਤੇ ਫਰੀਦਕੋਟ ਨੂੰ ਸ਼ਾਮਲ ਕੀਤਾ। ਸਹਿਯੋਗ ਨਾ ਦੇਣ ਅਤੇ ਅੰਗਰੇਜ਼ ਪ੍ਰਤੀ ਨਫਰਤ ਦਾ ਪ੍ਰਤੱਖ ਵਿਖਾਵਾ ਕਰਨ ਵਾਲੇ ਰਾਜਾ ਨਾਭਾ ਅਤੇ ਆਹਲੂਵਾਲੀਆ ਸਰਦਾਰ ਦੇ ਨਾਲ ਅਨੰਦਪੁਰ ਦੇ ਸੋਢੀ, ਸਿੰਘਪੁਰੀਏ ਸਰਦਾਰ, ਜਸਵੰਤ ਸਿੰਘ ਖੇੜੀਵਾਲਾ, ਰੋਪੜ ਦਾ ਸਰਦਾਰ ਭੂਪ ਸਿੰਘ, ਗੇਂਦਾ ਸਿੰਘ ਖਰੜ ਅਤੇ ਦੇਵਾ ਸਿੰਘ ਸਿਆਲਬਾ ਨੂੰ ਗਿਣਿਆ ਗਿਆ।
ਮੇਜਰ ਮੈਕਸਨ ਨੇ ਜਾਗੀਰਦਾਰਾਂ/ਛੋਟੇ ਸਰਦਾਰਾਂ ਦੀ ਕਾਰਗੁਜ਼ਾਰੀ ਵੱਲ ਵੀ ਧਿਆਨ ਦਿੱਤਾ। ਉਸ ਨੇ ਗਵਰਨਰ ਜਨਰਲ ਦੇ ਕਾਰਜਕਾਰੀ ਪਹਿਲੇ ਸਹਾਇਕ ਏਜੰਟ ਮਿਸਟਰ ਵਾਨਸਿਟਰਟ ਵੱਲੋਂ ਜਗੀਰਦਾਰਾਂ ਅਤੇ ਛੋਟੇ ਸਰਦਾਰਾਂ ਜ਼ਿੰਮੇ ਲੱਗੀ ਰਸਦ ਦੀ ਮਾਤਰਾ ਅਤੇ ਢੋਆ-ਢੁਆਈ ਵਾਸਤੇ ਮੰਗੇ ਗਏ ਗੱਡਿਆਂ ਦੀ ਗਿਣਤੀ ਦੱਸਣ ਦੇ ਨਾਲ-ਨਾਲ ਉਨ੍ਹਾਂ ਵੱਲੋਂ ਪ੍ਰਾਪਤ ਸਹਾਇਤਾ ਦਾ ਵੇਰਵਾ ਵੀ ਦਰਜ ਕੀਤਾ, ਜੋ ਇਸ ਪ੍ਰਕਾਰ ਸੀ : (ਜਾਗੀਰਦਾਰ/ਸਰਦਾਰ ਦੇ ਨਾਂਅ ਨਾਲ ਰਾਸ਼ਨ ਅਤੇ ਗੱਡਿਆਂ ਦੀ ਮੰਗ ਅਤੇ ਬ੍ਰੈਕਟ ਵਿਚ ਉਸ ਵੱਲੋਂ ਕੀਤੀ ਪੂਰਤੀ ਦੱਸੀ ਗਈ ਹੈ) ਹੁਲਾਹੜ 2000 ਮਣ (232 ਮਣ 3 ਸੇਰ, 3 ਗੱਡੇ), ਮਨੌਲੀ 2000 ਮਣ (677 ਮਣ 24 ਸੇਰ, ਗੱਡਾ ਕੋਈ ਨਹੀਂ), ਤੰਗੌਰ 1000 ਮਣ (255 ਮਣ 15 ਸੇਰ, ਗੱਡਾ ਕੋਈ ਨਹੀਂ), ਗੜ੍ਹੀ ਕੋਠਹਾਰ 5000 ਮਣ (54 ਮਣ, 220 ਬੈਲ), ਦਿਆਲਗੜ੍ਹ 7000 ਮਣ (2116 ਮਣ 38 ਸੇਰ, 12 ਗੱਡੇ, 20 ਖੋਤੇ), ਬੂੜੀਆ 6000 ਮਣ (1428 ਮਣ 32 ਸੇਰ, 38 ਖੋਤੇ), ਮਨੀਮਾਜਰਾ 5000 ਮਣ (996 ਮਣ 24 ਸੇਰ, 450 ਬੈਲ, 75 ਖੋਤੇ), ਰਾਮਗੜ੍ਹ 300 ਮਣ (379 ਮਣ 3 ਸੇਰ, ਗੱਡਾ ਕੋਈ ਨਹੀਂ), ਸਾਹਰੂਰ (?) 2000 ਮਣ (118 ਮਣ 8 ਸੇਰ, ਗੱਡਾ ਕੋਈ ਨਹੀਂ), ਸੁਬਗਾਹ 1000 ਮਣ (201 ਮਣ 8 ਸੇਰ, ਗੱਡਾ ਕੋਈ ਨਹੀਂ), ਸ਼ਾਹਜ਼ਾਦਪੁਰ 6000 ਮਣ (720 ਮਣ 6 ਸੇਰ, ਗੱਡਾ ਕੋਈ ਨਹੀਂ), ਲਖਮੜੀ 2000 ਮਣ (13 ਮਣ 4 ਸੇਰ, ਗੱਡਾ ਕੋਈ ਨਹੀਂ), ਧਨੌਰਾ 2000 ਮਣ (104 ਮਣ, ਗੱਡਾ ਕੋਈ ਨਹੀਂ), ਅਰਨੌਲੀ 4000 ਮਣ (545 ਮਣ 29 ਸੇਰ, ਗੱਡਾ ਕੋਈ ਨਹੀਂ), ਘੁਗਪੁਰਾ 2000 ਮਣ (58 ਮਣ 16 ਸੇਰ, ਗੱਡਾ ਕੋਈ ਨਹੀਂ), ਖਰੜ 3000 ਮਣ (172 ਮਣ, 6 ਗੱਡੇ), ਪਭਾਤ 2000 ਮਣ (236 ਮਣ 374 ਸੇਰ, 4 ਗੱਡੇ, 4 ਖੋਤੇ), ਛਛਰੌਲੀ 6000 ਮਣ (4000 ਮਣ, 15 ਗੱਡੇ, 400 ਬੈਲ), ਸ਼ਾਹਬਾਦ ਤੇ ਪੱਤੀਦਾਰ 4000 ਮਣ (2759 ਮਣ 15 ਸੇਰ, 35 ਗੱਡੇ, 31 ਖੋਤੇ, 15 ਊਠ, 20 ਬੈਲ), ਕੁੰਬੜਾਂ 6000 ਮਣ (ਰਸਦ ਕੁਝ ਨਹੀਂ, ਗੱਡੇ 22, ਊਠ 8, ਬੈਲ 41, ਮੱਝਾਂ 27), ਸ਼ਾਮਸਿੰਘੀਆਂ 5000 ਮਣ (ਰਸਦ ਉਕਾ ਨਹੀਂ, 6 ਗੱਡੇ), ਮੁਸਤਫਾਬਾਦ 1000 ਮਣ (ਕੁਝ ਵੀ ਨਹੀਂ ਦਿੱਤਾ), ਜਾਮਾਰਾਈਂ 4000 ਮਣ (ਕੁਝ ਵੀ ਨਹੀਂ ਦਿੱਤਾ), ਸੀਕਰਾ 2000 ਮਣ (2 ਗੱਡੇ), ਚੂਰਨੀ ਖੇੜਾ 4000 ਮਣ (ਕੁਝ ਵੀ ਨਹੀਂ ਦਿੱਤਾ), ਠੋਲ 1000 ਮਣ (60 ਮਣ, 3 ਗੱਡੇ, 10 ਖੋਤੇ), ਭੂਪ ਸਿੰਘ ਵੈਦਵਾਨ 1000 ਮਣ (80 ਮਣ, ਗੱਡਾ ਕੋਈ ਨਹੀਂ), ਜੀਵਨ ਸਿੰਘ ਵੈਦਵਾਨ 1000 ਮਣ (160 ਮਣ, ਗੱਡਾ ਕੋਈ ਨਹੀਂ), ਵਸਾਵਾ ਸਿਂਘ ਵੈਦਵਾਨ 1000 ਮਣ (80 ਮਣ, 8 ਖੋਤੇ), ਬਰਵਾਲਸੀਆਂ 6000 ਮਣ (240 ਮਣ, 12 ਗੱਡੇ, 120 ਖੋਤੇ), ਕੁੰਜਪੁਰਾ 4000 ਮਣ (509 ਮਣ 20 ਸੇਰ, 10 ਗੱਡੇ, 12 ਊਠ), ਥਾਨੇਸਰ 6000 ਮਣ (3746 ਮਣ, ਹੋਰ ਕੁਝ ਨਹੀਂ), ਚਪੜ 2000 ਮਣ (ਕੁਝ ਨਹੀਂ ਦਿੱਤਾ), ਲੇਡਾ 7000 ਮਣ (ਰਾਸ਼ਨ ਕੁਝ ਨਹੀਂ, 4 ਗੱਡੇ, 4 ਖੋਤੇ, 18 ਬੈਲ), ਸ਼ਾਮਗੜ੍ਹ 1000 ਮਣ (ਰਾਸ਼ਨ ਕੁਝ ਨਹੀਂ, 4 ਗੱਡੇ), ਸਿੰਘਾਂ ਝੁਬਾਲੀਆ 2000 ਮਣ (ਕੁਝ ਨਹੀਂ ਦਿੱਤਾ), ਬੋਬ 1000 ਮਣ (804 ਮਣ 15 ਸੇਰ, ਹੋਰ ਕੁਝ ਨਹੀਂ), ਸਕੰਦਰਾ 2000 ਮਣ (ਕੁਝ ਨਹੀਂ ਦਿੱਤਾ), ਰੋਪੜ 2000 ਮਣ (ਰਾਸ਼ਨ ਨਹੀਂ ਦਿੱਤਾ, ਬੈਲ 105), ਲਾਡਵਾ 10000 ਮਣ (1846 ਮਣ 20 ਸੇਰ, ਹੋਰ ਕੁਝ ਨਹੀਂ), ਚਲੋਮਦੀ 2000 ਮਣ (ਕੁਝ ਨਹੀਂ ਦਿੱਤਾ)।
ਇਸ ਸਾਰਨੀ ਦੇ ਆਧਾਰ ਉੱਤੇ ਮੇਜਰ ਮੈਕਸਨ ਨੇ ਮੰਗੀ ਗਈ ਰਸਦ ਦੇ ਮੁਕਾਬਲੇ ਘੱਟ ਰਾਸ਼ਨ ਮੁਹੱਈਆ ਕਰਨ ਵਾਲਿਆਂ ਵਿਚ ਮਨੀਮਾਜਰਾ, ਸ਼ਾਮਸਿੰਘੀਏ, ਸ਼ਾਹਜਾਦਪੁਰ, ਆਰਨੌਲੀ, ਕੁੰਭੜਾ, ਬਰਵਾਲੀਆ, ਕੁੰਜਪੁਰੀਆ, ਲੇਡਾ ਨੂੰ ਰੱਖਿਆ। ਉਸ ਅਨੁਸਾਰ ਵਾਰ-ਵਾਰ ਰਸਦ ਜਾਂ ਢੋਆ-ਢੁਆਈ ਲਈ ਸਹਾਇਤਾ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਸਹਾਇਤਾ ਦੇਣ ਤੋਂ ਉੱਕਾ ਹੀ ਹੱਥ ਖਿੱਚਣ ਵਾਲਿਆਂ ਵਿਚ ਸਨ : ਸਿੰਘਾਂ, ਜਾਮਾਰਾਈਆਂ, ਲੇਕਰੀ, ਚੁਰੇੜੀ, ਖੇੜੀ, ਮੁਸਤਫਾਬਾਦ, ਬੈਦਵਾਨ ਸਰਦਾਰ, ਚਪੜ, ਸਿੰਘਾਂ ਝੁਬਾਲੀਆ ਅਤੇ ਸਿਕੰਦਰਾ। ਉਸ ਨੇ ਇਸ ਤੱਥ ਵੱਲ ਵੀ ਧਿਆਨ ਦਿਵਾਇਆ ਕਿ ਝੁੰਬੀ, ਮਹਿਰਾਜਕੀਆਂ ਅਤੇ ਕੋਟਲਾ ਨਾਹਮਾਜ਼ ਖਾਂ ਸਤਲੁਜ ਤੋਂ ਪੂਰਬ ਵੱਲ ਦੀਆਂ ਅਜਿਹੀਆਂ ਮਿਲਖਾਂ ਸਨ, ਜਿਨ੍ਹਾਂ ਦਾ ਨਾਂਅ ਕਿਸੇ ਲਿਖਤ ਵਿਚ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਸਹਾਇਤਾ ਭੇਜੀ ਗਈ ਸੀ।
(ਬਾਕੀ ਅਗਲੇ ਅੰਕ 'ਚ)

#3154, ਸੈਕਟਰ-71, ਮੁਹਾਲੀ-160071
ਮੋਬਾਈਲ : 9417049417

24 ਜਨਵਰੀ ਨੂੰ ਬਰਸੀ 'ਤੇ ਵਿਸ਼ੇਸ਼

ਸੰਤ ਗੁਰਬਖਸ਼ ਸਿੰਘ ਜੰਡਿਆਲਾ ਗੁਰੂ ਵਾਲੇ

ਸੰਤ ਗੁਰਬਖਸ਼ ਸਿੰਘ ਦੇ ਪਿਤਾ ਦਾ ਨਾਂਅ ਸ: ਨਿਹਾਲ ਸਿੰਘ ਅਤੇ ਮਾਤਾ ਦਾ ਨਾਂਅ ਅਤਰ ਕੌਰ ਸੀ। ਉਨ੍ਹਾਂ ਦਾ ਜਨਮ ਪਿੰਡ ਦੇਸੂ ਮਲਕਾਣਾ, ਤਹਿ: ਸਿਰਸਾ, ਜ਼ਿਲ੍ਹਾ ਹਿਸਾਰ (ਹਰਿਆਣਾ) ਵਿਖੇ ਹੋਇਆ।
ਆਪ ਦੇ ਪਿਤਾ ਸ: ਨਿਹਾਲ ਸਿੰਘ ਇਕ ਧਰਮਾਤਮਾ ਪੁਰਸ਼ ਸਨ। ਆਪ ਪੁਰਾਤਨ ਗੁਰਸਿੱਖਾਂ ਵਾਂਗ ਦਹੀਂ ਦੀ ਚਾਟੀ ਭਰ ਕੇ ਸਾਬੋ ਕੀ ਤਲਵੰਡੀ (ਸ੍ਰੀ ਦਮਦਮਾ ਸਾਹਿਬ ਗੁਰਦੁਆਰੇ) ਲੈ ਕੇ ਲੰਗਰ ਵਿਚ ਵਰਤਾਉਂਦੇ ਜਾਂ ਗੁਰਸਿੱਖਾਂ ਨੂੰ ਕੇਸੀਂ ਇਸ਼ਨਾਨ ਕਰਵਾਉਂਦੇ ਸਨ। ਵਿਹਲੇ ਸਮੇਂ ਬੈਠ ਕੇ ਸਿਮਰਨ-ਭਜਨ ਕਰਿਆ ਕਰਦੇ ਸਨ। ਇਸੇ ਤਰ੍ਹਾਂ ਆਪ ਦੀ ਮਾਤਾ ਵੀ ਘਰ ਵਿਚ ਸੰਤਾਂ, ਸਾਧੂਆਂ ਅਤੇ ਗੁਰਸਿੱਖਾਂ ਦੀ ਸੇਵਾ-ਸੰਭਾਲ ਅਤੇ ਅੰਨ-ਪਾਣੀ ਦੀ ਸੇਵਾ ਕਰਦੇ ਸਨ। ਮਾਤਾ ਅਤੇ ਪਿਤਾ ਦੇ ਗੁਣਾਂ ਦਾ ਅਸਰ ਇਨ੍ਹਾਂ ਦੀ ਸੰਤਾਨ ਨਿਰਮਲ ਮਨ ਬਾਲਕੇ ਉੱਤੇ ਪੈਣਾ ਜ਼ਰੂਰੀ ਸੀ। ਸੰਤ ਜੀ ਦੇ ਹੋਸ਼ ਸੰਭਾਲਦੇ ਸਾਰ ਹੀ ਇਨ੍ਹਾਂ ਦੇ ਪਿਤਾ ਨੇ ਆਪ ਨੂੰ ਪਿੰਡ ਦੇਸੂ ਮਲਕਾਣਾ ਦੇ ਇਕ ਮਹਾਤਮਾ ਪੂਰਨ ਸਿੰਘ ਪਾਸ ਪੜ੍ਹਨੇ ਪਾ ਦਿੱਤਾ। ਆਪ ਨੇ ਛੇਤੀ ਹੀ ਗੁਰਮੁਖੀ ਲਿਖਣਾ ਤੇ ਪੜ੍ਹਨਾ ਸਿੱਖ ਲਿਆ ਸੀ। ਇਨ੍ਹਾਂ ਮਹਾਤਮਾ ਨੇ ਆਪ ਨੂੰ ਛੋਟੀ ਉਮਰ ਵਿਚ ਹੀ ਸੰਤੋਖੀ ਸੁਭਾਅ, ਮਿੱਠਾ ਬੋਲਣਾ, ਹੋਣਹਾਰ ਤੇ ਧਾਰਮਿਕ ਰੁਚੀਆਂ ਵਾਲਾ ਜਾਣਿਆ ਸੀ। ਆਪ ਨੇ 9-10 ਸਾਲ ਦੇ ਅਰਸੇ ਤੱਕ ਗੁਰਬਾਣੀ ਦੇ ਗੁਟਕਿਆਂ ਰਾਹੀਂ ਸ਼ੁੱਧ ਗੁਰਬਾਣੀ ਦੇ ਅਖੰਡ ਪਾਠ ਕਰਨ ਦਾ ਅਭਿਆਸ ਬਹੁਤ ਹੀ ਜਲਦੀ ਕਰ ਲਿਆ ਸੀ। ਆਪ ਦੀ ਧਾਰਮਿਕ ਰੁਚੀ ਨੂੰ ਦੇਖ ਕੇ ਆਪ ਦੇ ਪਿਤਾ ਨੇ ਆਪ ਨੂੰ ਸੰਤ ਗਿਆਨੀ ਗੇਂਦਾ ਸਿੰਘ ਘੜਿਆਲ, ਜ਼ਿਲ੍ਹਾ ਜਲੰਧਰ ਵਾਲਿਆਂ ਪਾਸ ਲਿਜਾ ਕੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਥਾਂ ਸਹਿਤ ਪੜ੍ਹਨ ਲਈ ਬਿਠਾ ਦਿੱਤਾ। ਇਸ ਤੋਂ ਬਾਅਦ ਆਪ ਨੂੰ ਸ੍ਰੀ ਨਾਨਕ ਪ੍ਰਕਾਸ਼ ਅਤੇ ਸੂਰਜ ਪ੍ਰਕਾਸ਼ ਅਰਥਾਂ ਸਹਿਤ ਪੜ੍ਹਾ ਕੇ ਗੁਰਮਤਿ ਸਿਧਾਂਤਾਂ ਦਾ ਮੁਕੰਮਲ ਗਿਆਨੀ ਬਣਾ ਦਿੱਤਾ ਸੀ। ਇਸ ਤੋਂ ਬਾਅਦ ਸੰਤ ਗੁਰਬਖਸ਼ ਸਿੰਘ, ਸੰਤ ਅਤਰ ਸਿੰਘ ਮਸਤੂਆਣੇ ਵਾਲੇ ਪਾਸ ਬਹੁਤ ਚਿਰ ਰਹੇ ਅਤੇ ਉਨ੍ਹਾਂ ਕੋਲੋਂ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕੀਤੀ। ਆਪ ਨੇ ਪਿੰਡ ਮੁੱਛਲ, ਜੱਬੋਵਾਲ (ਟਾਂਗਰਾ) ਅੰਮ੍ਰਿਤਸਰ ਵਿਚ ਰਹਿ ਕੇ ਸਿੱਖੀ ਧਰਮ ਦਾ ਪ੍ਰਚਾਰ ਕੀਤਾ ਅਤੇ ਭੁੱਲੇ-ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ। ਸੰਤ ਗੁਰਬਖਸ਼ ਸਿੰਘ 24 ਜਨਵਰੀ, 1959 ਨੂੰ ਪੰਜ ਭੂਤਕ ਸਰੀਰ ਛੱਡ ਕੇ ਅਕਾਲ ਚਲਾਣਾ ਕਰ ਗਏ। ਹੁਣ ਉਨ੍ਹਾਂ ਦੇ ਵਰਸੋਏ ਵਿਚੋਂ ਸੰਤ ਬਾਬਾ ਤੇਜਾ ਸਿੰਘ ਗੁਰਦੁਆਰਾ ਜੋਤੀਸਰ ਸਾਹਿਬ, ਜੰਡਿਆਲਾ ਗੁਰੂ ਵਿਖੇ ਸੇਵਾ ਨਿਭਾਅ ਰਹੇ ਹਨ। ਸੰਤਾਂ ਦੀ ਬਰਸੀ 'ਤੇ ਕੀਰਤਨੀ ਜਥਾ ਭਾਈ ਵਰਿੰਦਰ ਸਿੰਘ ਜਲੰਧਰ ਵਾਲੇ, ਭਾਈ ਸਤਨਾਮ ਸਿੰਘ ਲਾਲੀ ਘੁੰਮਣ ਅਤੇ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮਖੂ ਤੋਂ ਇਲਾਵਾ ਬਾਬਾ ਪਰਮਾਨੰਦ ਜੀ, ਬਾਬਾ ਅਮਰ ਸਿੰਘ ਜੱਬੋਵਾਲ, ਮਹੰਤ ਰਤਨ ਸਿੰਘ ਦਿੱਲੀ ਵਾਲੇ, ਬਾਬਾ ਜੋਗਿੰਦਰ ਸਿੰਘ ਕਾਰ ਸੇਵਾ ਵਾਲੇ, ਭਾਈ ਗੁਰਬਖਸ਼ੀਸ਼ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਾਲੇ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ।

-5847-ਏ, ਜੋਤੀਸਰ ਕਾਲੋਨੀ, ਜੰਡਿਆਲਾ ਗੁਰੂ (ਅੰਮ੍ਰਿਤਸਰ)। ਮੋਬਾ: 97812-74079

ਸੁੱਚੇ ਮੋਤੀ

ਕ੍ਰੋਧ ਦਾ ਨਾਸ਼

ਤਥਾਗਤ ਬੁੱਧ ਨੂੰ ਜਿਸ ਨੇ ਦੇਖਿਆ, ਜਿਸ ਨੇ ਸੁਣਿਆ, ਬਸ ਬੁੱਧ ਦਾ ਹੀ ਹੋ ਰਹਿ ਗਿਆ। 'ਧੰਨਜਾਨੀ' ਨਾਂਅ ਦੀ ਔਰਤ ਜੋ ਬ੍ਰਾਹਮਣ ਕੁਲ ਨਾਲ ਸਬੰਧ ਰੱਖਦੀ ਸੀ, ਨਗਰ ਵਿਚ ਹੋਈ ਸਭਾ ਵਿਚ ਬੁੱਧ ਪ੍ਰਵਚਨ ਸੁਣ ਕੇ ਮਨ ਹੀ ਮਨ ਵਿਚ ਬੁੱਧ ਦੀ ਉਪਾਸ਼ਕ ਬਣ ਬੈਠੀ। ਇਕ ਦਿਨ ਭੋਜਨ ਪਰੋਸਣ ਲੱਗੀ ਤਾਂ ਉਸ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ ਕਿ, 'ਭਗਵਾਨ ਬੁੱਧ ਨੂੰ ਨਮਸਕਾਰ ਹੋਵੇ।' ਆਪਣੀ ਪਤਨੀ ਦੇ ਮੂੰਹੋਂ ਨਿਕਲੇ ਬੋਲ ਭਾਰਦਵਾਜ ਦੇ ਦਿਲ 'ਤੇ ਸੂਲਾਂ ਦੀ ਤਰ੍ਹਾਂ ਲੱਗੇ। ਉਸ ਨੇ ਆਪਣੀ ਪਤਨੀ ਨੂੰ ਕਾਫੀ ਬੁਰਾ-ਭਲਾ ਕਿਹਾ। ਸੋਚਣ ਲੱਗਾ ਕਿ ਉਸ ਦੀ ਇਕ ਉੱਚੀ ਜਾਤ, ਦੂਜਾ ਉਹ ਵੇਦਾਂ ਦਾ ਗਿਆਤਾ ਭਾਰਦਵਾਜ ਜਿਧਰੋਂ ਵੀ ਨਿਕਲਦਾ ਹੈ, ਲੋਕ ਉਸ ਦੀ ਜੈ-ਜੈ ਕਾਰ ਕਰਦੇ ਹਨ, ਪਰ ਅੱਜ ਇਸ ਦੇ ਉਲਟ ਹੋ ਰਿਹਾ ਹੈ। ਬਾਹਰ ਤਾਂ ਬੁੱਧ ਦੀ ਜੈ-ਜੈ ਕਾਰ ਹੋ ਹੀ ਰਹੀ ਹੈ, ਸਗੋਂ ਉਸ ਦੇ ਆਪਣੇ ਘਰ ਵਿਚ ਵੀ ਬੁੱਧ ਨੂੰ ਨਮਸਕਾਰਾਂ ਹੋ ਰਹੀਆਂ ਹਨ। ਇਹ ਸੋਚ-ਸੋਚ ਕੇ ਉਸ ਦਾ ਤਨ ਅਤੇ ਮਨ ਗੁੱਸੇ ਅਤੇ ਕ੍ਰੋਧ ਨਾਲ ਭਰ ਗਿਆ।
ਭਾਰਦਵਾਜ ਆਪਣੇ ਫੋਕੇ ਅਹੰਕਾਰ ਅਤੇ ਖੁਦ ਦੀ ਕਿਆਸੀ-ਕਲਪੀ ਵਿਦਵਤਾ ਨੂੰ ਸਿਰ 'ਤੇ ਚੁੱਕੀ ਵਿਹਾਰ ਪਹੁੰਚ ਗਿਆ। ਬੁੱਧ ਪੱਥਰ ਦੀ ਸ਼ਿਲਾ 'ਤੇ ਬੈਠੇ ਸਨ। ਭਾਰਦਵਾਜ ਨਮਸਕਾਰ ਕਰਕੇ ਇਕ ਪਾਸੇ ਹੋ ਬੈਠ ਗਿਆ। ਸਿਰ 'ਤੇ ਪੰਡਿਤਾਈ ਦਾ ਭੂਤ ਸਵਾਰ ਸੀ। ਬੁੱਧ ਨੂੰ ਕਹਿਣ ਲੱਗਾ, 'ਕਿਸ ਦਾ ਨਾਸ਼ ਕਰਕੇ ਕੋਈ ਸੁਖ ਨਾਲ ਸੌਂਦਾ ਹੈ? ਕਿਸ ਦਾ ਨਾਸ਼ ਕਰਕੇ ਸ਼ੋਕ ਨਹੀਂ ਹੁੰਦਾ? ਕਿਸ ਦੀ ਹੱਤਿਆ ਕਰਨਾ ਆਪ ਨੂੰ ਚੰਗਾ ਲਗਦਾ ਹੈ?'
ਬੁੱਧ ਨੇ ਕਿਹਾ, 'ਮਿੱਤਰ, ਕ੍ਰੋਧ ਦਾ ਨਾਸ਼ ਕਰਕੇ ਸੁਖ ਨਾਲ ਸੌਂਦਾ ਹਾਂ। ਕ੍ਰੋਧ ਦਾ ਨਾਸ਼ ਕਰਕੇ ਸ਼ੋਕ ਨਹੀਂ ਹੁੰਦਾ। ਜ਼ਹਿਰ ਭਰੇ ਕ੍ਰੋਧ ਦੀ ਹੱਤਿਆ ਕਰਨਾ ਚੰਗਾ ਹੈ।'
ਭਾਰਦਵਾਜ ਦੀ ਅੱਗੇ ਸਵਾਲ ਕਰਨ ਦੀ ਹਿੰਮਤ ਨਹੀਂ ਹੋਈ, ਸਗੋਂ ਉਸ ਦੇ ਅੰਦਰ ਲਟ-ਲਟ ਬਲ ਰਹੀ ਕ੍ਰੋਧ ਅਤੇ ਗੁੱਸੇ ਦੀ ਜਵਾਲਾ ਬੁੱਧ ਦੇ ਅੰਮ੍ਰਿਤਮਈ ਬੋਲਾਂ ਅਤੇ ਮੁੱਖ ਤੌਰ 'ਤੇ ਝਰ ਰਹੀ ਸ਼ੀਤਲਤਾ, ਸਾਦਗੀ ਅਤੇ ਸੁੱਚਤਾ ਨਾਲ ਠੰਢੀ ਝਖ ਹੋ ਗਈ ਸੀ।

-ਪਿੰਡ ਤੇ ਡਾਕ: ਹਿੱਸੋਵਾਲ (ਲੁਧਿਆਣਾ)-141422. ਮੋਬਾ: 97790-80317

ਸ਼ਬਦ ਵਿਚਾਰ

ਖੋਜਤ ਖੋਜਤ ਅੰਮ੍ਰਿਤੁ ਪੀਆ॥

ਰਾਗੁ ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ਖੋਜਤ ਖੋਜਤ ਅੰਮ੍ਰਿਤੁ ਪੀਆ॥
ਖਿਮਾ ਗਹੀ ਮਨੁ ਸਤਿਗੁਰਿ ਦੀਆ॥
ਖਰਾ ਖਰਾ ਆਖੈ ਸਭੁ ਕੋਇ॥
ਖਰਾ ਰਤਨੁ ਜੁਗ ਚਾਰੇ ਹੋਇ॥
ਖਾਤ ਪੀਅੰਤ ਮੂਏ ਨਹੀ ਜਾਨਿਆ॥
ਖਿਨ ਮਹਿ ਮੂਏ ਜਾ ਸਬਦੁ ਪਛਾਨਿਆ॥
ਅਸਥਿਰੁ ਚੀਤੁ ਮਰਨਿ ਮਨੁ ਮਾਨਿਆ॥
ਗੁਰ ਕਿਰਪਾ ਤੇ ਨਾਮੁ ਪਛਾਨਿਆ॥ ੧੯॥ (ਅੰਗ 932)
ਪਦ ਅਰਥ : ਖੋਜਤ ਖੋਜਤ-ਖੋਜਦਿਆਂ ਖੋਜਦਿਆਂ, ਖੋਜ ਕਰਦਿਆਂ-ਕਰਦਿਆਂ। ਪੀਆ-ਪੀਤਾ ਹੈ। ਖਿਮਾ-ਵਧੀਕੀਆਂ ਸਹਿਣ ਦਾ ਸੁਭਾਅ, ਸਹਿਣਸ਼ੀਲਤਾ। ਗਹੀ-ਧਾਰਨ ਕੀਤੀ। ਦੀਆ-ਅਰਪਨ ਕਰ ਦੇਣਾ, ਲੀਨ ਕਰ ਦਿੱਤਾ। ਸਤਿਗੁਰਿ-ਸਤਿਗੁਰੂ ਵਿਚ। ਸਤਿਗੁਰਿ ਦੀਆ-ਸਤਿਗੁਰੂ ਵਿਚ ਲੀਨ ਕਰ ਦਿੱਤਾ। ਖਰਾ ਖਰਾ-ਖਰੇ ਜੀਵਨ ਵਾਲਾ, ਸੱਚੇ ਸੁੱਚੇ ਜੀਵਨ ਵਾਲਾ। ਜੁਗ ਚਾਰੇ-ਚਾਰੇ ਜੁਗਾਂ ਵਿਚ, ਸਦਾ ਲਈ। ਖਰਾ ਰਤਨ-ਸੁੱਚਾ, ਸ੍ਰੇਸ਼ਟ ਰਤਨ। ਖਾਤ ਪੀਅੰਤ-ਖਾਣ ਪੀਣ ਵਿਚ ਹੀ। ਮੂਇ-ਆਤਮਿਕ ਜੀਵਨ ਤੌਰ 'ਤੇ ਮਰ ਗਏ। ਖਿਨ ਮਹਿ-ਇਕ ਛਿਨ ਵਿਚ, ਇਕ ਪਲ ਵਿਚ। ਜਾ ਸਬਦੁ ਪਛਾਨਿਆ-ਜਦੋਂ ਸ਼ਬਦ ਦੀ ਸੋਝੀ ਪੈ ਗਈ। ਅਸਥਿਰੁ-ਸਥਿਰ ਹੋ ਗਿਆ, ਅਡੋਲ ਹੋ ਗਿਆ। ਚੀਤੁ-ਮਨ। ਮਰਨਿ-ਮਰਨ ਵਿਚ, ਆਪਾ ਭਾਵ ਦੂਰ ਕਰਨ ਵਿਚ। ਮਨੁ ਮਾਨਿਆ-ਮਨ ਪਤੀਜ ਜਾਂਦਾ ਹੈ।
ਆਪ ਜੀ ਦੇ ਸਿਰੀਰਾਗੁ ਵਿਚ ਪਾਵਨ ਬਚਨ ਹਨ ਕਿ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਪਛਾਣ ਲਿਆ ਹੈ, ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਸੁਖੀ ਵਸਦੇ ਹਨ, ਆਤਮਿਕ ਅਨੰਦ ਭੋਗਦੇ ਹਨ, ਜਿਸ ਸਦਕਾ ਫਿਰ ਉਹ ਹਉਮੈ ਅਤੇ ਤ੍ਰਿਸ਼ਨਾ ਨੂੰ ਮਾਰ ਕੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ-
ਜਿਨ੍ਰੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ॥
ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ॥
(ਅੰਗ 55)
ਉਰ ਧਾਰਿ-ਉਰ+ਧਾਰਿ, ਹਿਰਦੇ ਵਿਚ ਧਾਰੀ ਰੱਖਦੇ ਹਨ, ਹਿਰਦੇ ਵਿਚ ਵਸਾਈ ਰੱਖਦੇ ਹਨ।
ਜਗਤ ਵਿਚ ਆ ਕੇ ਪਰਮਾਤਮਾ ਦੇ ਨਾਮ ਨੂੰ ਵਿਹਾਜਣਾ, ਨਾਮ ਦਾ ਸਿਮਰਨ ਕਰਨਾ ਹੀ ਸਭ ਤੋਂ ਵੱਡਾ ਲਾਭ ਹੈ, ਜਿਸ ਦੀ ਪ੍ਰਾਪਤੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਨਾਲ ਹੀ ਹੁੰਦੀ ਹੈ-
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ॥
(ਅੰਗ 55)
ਗੁਰੂ ਬਾਬੇ ਦੇ ਰਾਗੁ ਗਉੜੀ ਵਿਚ ਵੀ ਬਚਨ ਹਨ ਕਿ ਜੋ ਪ੍ਰਾਣੀ ਦੂਜਿਆਂ ਦੀਆਂ ਵਧੀਕੀਆਂ ਨੂੰ ਸਹਾਰਨ ਦੇ ਸੁਭਾਅ ਵਾਲਾ ਹੋ ਜਾਂਦਾ ਹੈ, ਉਹ ਫਿਰ ਮਿੱਠੇ ਸੁਭਾਅ ਅਤੇ ਸੰਤੋਖੀ ਬਣ ਜਾਂਦਾ ਹੈ। ਉਸ ਨੂੰ ਫਿਰ ਨਾ ਕੋਈ ਰੋਗ ਵਿਆਪਦਾ ਹੈ ਅਤੇ ਨਾ ਹੀ ਜਮ ਦੇ ਡਰ ਨੂੰ ਸਹਿਣਾ ਪੈਂਦਾ ਹੈ ਭਾਵ ਉਸ ਨੂੰ ਫਿਰ ਮੌਤ ਦਾ ਵੀ ਕੋਈ ਡਰ ਨਹੀਂ ਰਹਿੰਦਾ। ਵਿਕਾਰਾਂ ਤੋਂ ਮੁਕਤ ਹੋਇਆ ਅਜਿਹਾ ਪ੍ਰਾਣੀ ਮਾਨੋ ਫਿਰ ਰੂਪ-ਰੇਖਾ ਤੋਂ ਰਹਿਤ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ-
ਖਿਮਾ ਗਹੀ ਬ੍ਰਤੁ ਸੀਲ ਸੰਤੋਖੰ॥
ਰੋਗੁ ਨ ਬਿਆਪੈ ਨ ਜਮ ਦੋਖੰ॥
ਮੁਕਤ ਭਏ ਪ੍ਰਭੁ ਰੂਪ ਨ ਰੇਖੰ॥
(ਰਾਗੁ ਗਉੜੀ ਮਹਲਾ ੧, ਅੰਗ 223)
ਬ੍ਰਤ-ਸੁਭਾਅ ਬਣਾਉਂਦਾ ਹੈ, ਸੁਭਾਅ ਵਾਲਾ ਹੋ ਜਾਂਦਾ ਹੈ। ਸੀਲ-ਸਹਿਣਸ਼ੀਲਤਾ। ਨ ਬਿਆਪੈ-ਨਹੀਂ ਵਿਆਪਦਾ। ਜਮ ਦੋਖੰ-ਜਮ ਦਾ ਡਰ, ਮੌਤ ਦਾ ਡਰ।
ਪਿਛਲੇ ਸਮਿਆਂ ਵਿਚ ਇਕ ਰੁਪਏ ਦਾ ਸਿੱਕਾ ਚਾਂਦੀ ਦਾ ਬਣਿਆ ਹੁੰਦਾ ਸੀ ਪਰ ਕੁਝ ਬੇਈਮਾਨ ਅਤੇ ਚਲਾਕ ਲੋਕ ਚਾਂਦੀ ਵਿਚ ਸਸਤੀਆਂ ਧਾਤਾਂ ਨੂੰ ਮਿਲਾ ਕੇ ਰੁਪਏ ਤਿਆਰ ਕਰ ਲੈਂਦੇ ਸਨ, ਜੋ ਜਾਂਚ ਕਰਨ 'ਤੇ ਖੋਟੇ ਸਿੱਕੇ ਵਜੋਂ ਜਾਣੇ ਜਾਂਦੇ ਸਨ, ਪਰ ਆਮ ਮਨੁੱਖ ਉਸ ਨੂੰ ਪਹਿਚਾਣ ਨਹੀਂ ਸਕਦਾ ਸੀ, ਜਿਵੇਂ ਅੱਜਕਲ੍ਹ ਨਕਲੀ ਨੋਟ ਚੱਲ ਰਹੇ ਹਨ। ਜਗਤ ਗੁਰੂ ਬਾਬਾ ਚਾਂਦੀ ਦੇ ਬਣੇ ਹੋਏ ਰੁਪਏ ਦੀ ਉਦਾਹਰਨ ਦੇ ਕੇ ਮਨੁੱਖ ਨੂੰ ਸਮਝਾ ਰਹੇ ਹਨ, ਜੇਕਰ ਰੁਪਿਆ ਆਦਿ ਸਿੱਕਾ ਸ਼ੁੱਧ ਚਾਂਦੀ ਦਾ ਬਣਿਆ ਹੋਇਆ ਹੋਵੇ ਤਾਂ ਸਾਰੇ ਉਸ ਨੂੰ ਖਰਾ ਸਿੱਕਾ ਆਖਦੇ ਹਨ-
ਨਾਨਕ ਜੇ ਵਿਚਿ ਰੁਪਾ ਹੋਇ॥
ਖਰਾ ਖਰਾ ਆਖੈ ਸਭੁ ਕੋਇ॥
(ਰਾਗੁ ਧਨਾਸਰੀ ਮਹਲਾ ੧, ਅੰਗ 662)
ਰੁਪਾ-ਚਾਂਦੀ, ਸ਼ੁੱਧ ਚਾਂਦੀ।
ਗੁਰੂ ਬਾਬਾ ਉਪਦੇਸ਼ ਦੇ ਰਹੇ ਹਨ ਕਿ ਇਸੇ ਤਰ੍ਹਾਂ ਪਵਿੱਤਰ ਅਤੇ ਸੱਚੇ-ਸੁੱਚੇ ਮਨ ਵਾਲੇ ਪ੍ਰਾਣੀ ਨੂੰ ਸਭ ਖਰਾ ਹੀ ਆਖਦੇ ਹਨ।
ਅਜਿਹੇ ਖਰਿਆਂ-ਖੋਟਿਆਂ ਨੂੰ ਪ੍ਰਭੂ ਆਪ ਪਰਖਣ ਵਾਲਾ ਹੈ। ਖਰਿਆਂ ਨੂੰ ਖਜ਼ਾਨੇ ਵਿਚ ਪਾ ਲੈਂਦਾ ਹੈ ਅਤੇ ਖੋਟਿਆਂ ਨੂੰ ਬਾਹਰ ਸੁੱਟ ਦਿੰਦਾ ਹੈ ਭਾਵ ਖਰੇ ਦਰਗਾਹੇ ਪ੍ਰਵਾਨ ਚੜ੍ਹ ਜਾਂਦੇ ਹਨ, ਉਨ੍ਹਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ ਅਤੇ ਖੋਟਿਆਂ ਨੂੰ ਬਾਹਰ ਦੋਜ਼ਕ (ਨਰਕਾਂ) ਵਿਚ ਸੁੱਟਿਆ ਜਾਂਦਾ ਹੈ-
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ॥
(ਰਾਗੁ ਮਾਝ ਕੀ ਵਾਰ ਮਹਲਾ ੧, ਅੰਗ 143)
ਪ੍ਰੰਤੂ ਗੁਰੂ ਆਪਣੇ ਸ਼ਬਦ ਦੁਆਰਾ ਖੋਟਿਆਂ ਨੂੰ ਖਰੇ ਬਣਾਉਣ ਦੇ ਸਮਰੱਥ ਹੈ, ਜਿਸ ਸਦਕਾ ਉਹ ਵੀ ਫਿਰ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਚੜ੍ਹ ਜਾਂਦੇ ਹਨ ਅਰਥਾਤ ਆਦਰ ਮਾਣ ਪਾਉਂਦੇ ਹਨ-
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰ॥
ਸਚੀ ਦਰਗਾਹ ਮੰਨਿਅਨਿ ਗੁਰ ਕੈ ਪ੍ਰੇਮ ਪਿਆਰਿ॥
(ਅੰਗ 143)
ਸਚੀ ਦਰਗਹ-ਪ੍ਰਭੂ ਦੀ ਸਚੀ ਦਰਗਹ (ਜਿਥੇ ਕੇਵਲ ਸੱਚਾ ਨਿਆਂਓ ਹੁੰਦਾ ਹੈ)। ਮੰਨਿਅਨਿ-ਪ੍ਰਵਾਨ ਚੜ੍ਹ ਜਾਂਦੇ ਹਨ, ਆਦਰ ਮਾਣ ਪਾਉਂਦੇ ਹਨ।
ਪ੍ਰਾਣੀ ਖਾਣ-ਪੀਣ, ਹੱਸਣ ਸੌਣ ਅਰਥਾਤ ਮੌਜਮਸਤੀਆਂ ਵਿਚ ਹੀ ਜੀਵਨ ਬਤੀਤ ਕਰ ਦਿੰਦਾ ਹੈ, ਉਸ ਨੂੰ ਇਹ ਭੁੱਲ ਜਾਂਦਾ ਹੈ ਕਿ ਇਕ ਦਿਨ ਉਸ ਨੇ ਮਰਨਾ ਹੀ ਹੈ-
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ॥
(ਰਾਗੁ ਮਲਾਰ ਮਹਲਾ ੧, ਅੰਗ 1254)
ਇਸ ਲਈ ਹੇ ਭਾਈ, ਇਕ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ, ਜਿਸ ਦੀ ਬਰਕਤ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ-ਮਾਣ ਨਾਲ ਜਾਵੋਗੇ-
ਪ੍ਰਾਣੀ ਏਕੋ ਨਾਮੁ ਧਿਆਵਹੁ॥
ਅਪਨੀ ਪਤਿ ਸੇਤੀ ਘਰਿ ਜਾਵਹੁ॥ (ਅੰਗ 1254)
ਪਤਿ-ਇੱਜ਼ਤ ਮਾਣ। ਸੇਤੀ-ਨਾਲ।
ਗੁਰੂ ਬਾਬਾ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿਹੜੇ ਗੁਰਮੁਖ ਜਨ ਗੁਰੂ ਦੇ ਦਰਸਾਏ ਮਾਰਗ 'ਤੇ ਚੱਲ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਨੂੰ ਅੰਮ੍ਰਿਤ ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਫਿਰ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ-
ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ
ਸੇਈ ਸੂਚੇ ਹੋਹੀ॥ (ਅੰਗ 1254)
ਸੇਈ-ਉਹੀ। ਸੂਚੇ-ਪਵਿੱਤਰ ਜੀਵਨ ਵਾਲੇ। ਹੋਹੀ-ਹੁੰਦੇ ਹਨ। ਗੁਰਮੁਖਿ-ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲਾ।
ਇਸ ਲਈ ਹੇ ਭਾਈ, ਪਰਮਾਤਮਾ ਦਾ ਨਾਮ ਦਿਨੇ-ਰਾਤ ਜਪਦੇ ਰਹੋ, ਜਿਸ ਨਾਲ ਵਿਚਾਰਾਂ ਨਾਲ ਮੈਲੇ ਹੋਏ ਮਨੁੱਖ ਵੀ ਪਵਿੱਤਰ ਹੋ ਜਾਂਦੇ ਹਨ-
ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ॥
(ਅੰਗ 1254)
ਅਹਿਨਿਸਿ-ਦਿਨ ਰਾਤ, ਹਰ ਵੇਲੇ। ਮੈਲੇ-ਵਿਕਾਰਾਂ ਨਾਲ ਮੈਲੇ ਹੋਏ।
ਪਉੜੀ ਦੇ ਅੱਖਰੀਂ ਅਰਥ : ਖੋਜਦਿਆਂ ਖੋਜਦਿਆਂ (ਖੋਜ ਕਰਦਿਆਂ-ਕਰਦਿਆਂ) ਜਿਸ ਨੇ ਨਾਮ ਅੰਮ੍ਰਿਤ ਪੀਤਾ ਹੈ, ਉਹ ਖਿਮਾ ਅਰਥਾਤ ਸਹਿਣਸ਼ੀਲਤਾ ਗ੍ਰਹਿਣ ਕਰ ਲੈਂਦਾ ਹੈ ਅਤੇ ਮਨ ਨੂੰ ਗੁਰੂ ਵਿਚ ਲੀਨ ਕਰ ਦਿੰਦਾ ਹੈ।
ਅਜਿਹੇ ਸਾਧਕ ਦੀ ਹਰ ਕੋਈ ਖਰਾ-ਖਰਾ (ਚੰਗਾ ਚੰਗਾ) ਆਖ ਕੇ ਵਡਿਆਈ ਕਰਦਾ ਹੈ, ਕਿਉਂਕਿ ਪਰਮਾਤਮਾ ਦਾ ਨਾਮ ਰਤਨ ਚੌਹਾਂ ਜੁਗਾਂ ਅਰਥਾਤ ਸਦਾ ਤੋਂ ਹੀ ਸ੍ਰੇਸ਼ਟ ਰਿਹਾ ਹੈ। ਜੋ ਦੁਨਿਆਵੀ ਪਦਾਰਥਾਂ ਨੂੰ ਖਾਣ-ਪੀਣ ਵਿਚ ਹੀ ਆਤਮਿਕ ਮੌਤ ਸਹੇੜ ਲੈਂਦੇ ਹਨ, ਉਨ੍ਹਾਂ ਨੂੰ ਨਾਮ ਰਤਨ ਦੀ ਪਰਖ ਨਹੀਂ ਹੁੰਦੀ, ਪਰ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੁਆਰਾ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ, ਉਹ ਪਲ ਵਿਚ ਹੀ ਆਪਾ-ਭਾਵ (ਹਉਮੈ) ਨੂੰ ਮਾਰ ਸੁੱਟਦੇ ਹਨ। ਅਜਿਹੇ ਸਾਧਕਾਂ ਦਾ ਮਨ ਅਡੋਲ ਹੋ ਜਾਂਦਾ ਹੈ। ਹੁਣ ਆਪਾ-ਭਾਵ ਵੱਲੋਂ ਮਰਨ ਕਰਕੇ ਮਨ ਪਤੀਜ ਜਾਂਦਾ ਹੈ ਅਤੇ ਗੁਰੂ ਦੀ ਕਿਰਪਾ ਸਦਕਾ ਨਾਮ ਰਤਨ ਦੀ ਸੋਝੀ ਪੈ ਜਾਂਦੀ ਹੈ।

-217-ਆਰ, ਮਾਡਲ ਟਾਊਨ, ਜਲੰਧਰ।

ਪ੍ਰਾਚੀਨ ਸਥਾਨ ਉੱਪਰ ਸੁਸ਼ੋਭਿਤ ਮਾਤਾ ਭੀਮਾ ਕਾਲੀ ਮੰਦਿਰ (ਹਿ: ਪ੍ਰ:)

ਪ੍ਰਾਚੀਨ ਸਥਾਨ ਉੱਪਰ ਸੁਸ਼ੋਭਿਤ ਹੈ ਆਧੁਨਿਕ ਸ਼ਿਲਪ ਦਾ ਸੁੰਦਰ 'ਮਾਤਾ ਭੀਮਾ ਕਾਲੀ ਮੰਦਿਰ ਭਯੂਲੀ ਮੰਤੀ, ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਨੂੰ ਇੰਦਰਪੁਰੀ ਦੀ ਸ੍ਰਤਿਸ਼ਠਿਤਾ ਪ੍ਰਾਪਤ ਹੈ। ਇਥੋਂ ਦੀ ਸੰਸਕ੍ਰਿਤੀ ਮਾਨਵਤਾ ਨੂੰ ਅਧਿਆਤਮਿਕਤਾ ਨਾਲ, ਸ਼ਾਂਤੀ-ਸਕੂਨ ਨਾਲ ਜੋੜਦੀ ਹੈ। ਮੰਡੀ ਨਗਰ ਨੂੰ 'ਛੋਟੀ ਕਾਸ਼ੀ' ਵੀ ਕਿਹਾ ਜਾਂਦਾ ਹੈ। ਇਹ ਧਰਤੀ ਰਿਸ਼ੀਆਂ-ਮੁਨੀਆਂ, ਦੇਵੀ-ਦੇਵਤਿਆਂ, ਗੁਰੂਆਂ-ਪੀਰਾਂ, ਮਹਾਂਪੁਰਸ਼ਾਂ ਅਤੇ ਕੁਦਰਤੀ ਸੁਹੱਪਣ ਨਾਲ ਮਾਲਾ-ਮਾਲ ਹੈ।
ਮਾਤਾ ਭੀਮਾ ਕਾਲੀ ਮੰਦਿਰ ਦਾ ਪ੍ਰਾਚੀਨ ਸਥਾਨ ਵੀ ਪ੍ਰਾਚੀਨ ਸੰਸਕ੍ਰਿਤੀ ਦਾ ਸ਼ਕਤੀਸ਼ਾਲੀ ਸਥਾਨ ਰਿਹਾ ਹੈ। ਵਿਸ਼ਵਾਸਮਤ ਹੈ ਕਿ ਇਥੇ ਕਦੀ ਕਮਰਾਨੁਮਾ ਮੰਦਿਰ ਦਾ ਨਿਰਮਾਣ ਬਾਨਸੈਨ ਦੇ ਸਮੇਂ ਹੋਇਆ ਹੋਵੇ, ਜੋ ਸੰਨ 1300 ਦੇ ਨੇੜੇ-ਤੇੜੇ ਹੋ ਸਕਦਾ ਹੈ। ਭਯੂਲੀ ਦੇ ਇਸ ਸਥਾਨ ਵਿਖੇ ਪਹਿਲਾਂ ਮੰਦਿਰ ਦੇ ਰੂਪ ਵਿਚ ਕੁਝ ਵੀ ਨਹੀਂ ਸੀ। ਪੱਥਰਾਂ ਦੀ ਭਰਮਾਰ, ਕੋਈ ਛੱਤ ਨਹੀਂ ਸੀ, ਇਕ ਰੁੱਖ ਦੀ ਛਾਇਆ ਹੇਠ ਮਾਤਾ ਦੀ ਮੂਰਤੀ, ਨਾਲ ਸ਼ਿਵਲਿੰਗ, ਕੁਝ ਟੁੱਟੀਆਂ ਹੋਈਆਂ ਮੂਰਤੀਆਂ, ਟੁੱਟੀ ਹੋਈ ਸ਼ੇਰ ਦੀ ਆਕ੍ਰਿਤੀ, ਹਨੂੰਮਾਨ ਅਤੇ ਭੈਰੋਂ ਆਦਿ ਦੀਆਂ ਮੂਰਤੀਆਂ ਸਥਾਪਿਤ ਸਨ।
ਦੱਸਿਆ ਜਾਂਦਾ ਹੈ ਕਿ ਪਹਿਲਾਂ ਰਾਜ ਘਰਾਣਿਆਂ ਵਿਚ ਰਿਵਾਜ ਸੀ ਕਿ ਰਾਜਕੁਮਾਰੀ ਦੇ ਵਿਆਹ ਦੇ ਸਮੇਂ ਕੁਲ ਦੇਵਤਾ ਨੂੰ ਵੀ ਬੇਟੀ ਦੇ ਨਾਲ ਉਸ ਦੇ ਸਹੁਰੇ ਘਰ ਭੇਜਿਆ ਜਾਂਦਾ ਸੀ। ਬਾਬਾ ਕੋਟ ਦੀ ਮੰਡੀ ਵਿਚ ਸਥਾਪਨਾ ਇਸੇ ਰਿਵਾਜ ਦੀ ਉਦਾਹਰਨ ਹੈ। ਐਸੀ ਮਾਨਤਾ ਹੈ ਕਿ ਮੰਡੀ ਦੇ ਕਿਸੇ ਰਾਜੇ ਦਾ ਵਿਆਹ ਰਾਮਪੁਰ ਵੱਲ ਹੋਇਆ ਅਤੇ ਉਥੋਂ ਉਨ੍ਹਾਂ ਨੇ ਮਾਤਾ ਭੀਮਾ ਕਾਲੀ ਨੂੰ ਰਾਜ ਕੁਮਾਰੀ ਦੇ ਨਾਲ ਇਥੇ ਭੇਜਿਆ ਅਤੇ ਇਥੋਂ ਦੇ ਰਾਜਾ ਨੇ ਉਸ ਮਾਤਾ ਦੀ ਸਥਾਪਨਾ ਭਯੂਲੀ ਵਿਚ ਕਰ ਦਿੱਤੀ ਹੋਵੇ।
ਇਹ ਸਥਾਨ ਦਰਿਆ ਦੇ ਕਿਨਾਰੇ ਉੱਪਰ ਪੁਲ ਦੇ ਕੋਲ ਸੁਸ਼ੋਭਿਤ ਹੈ। ਪੁਲ ਤੋਂ ਇਕ ਤਰਫ ਇਹ ਮੰਦਿਰ ਲਾਲ ਰੰਗ ਦਾ ਦਿਖਾਈ ਦਿੰਦਾ ਹੈ, ਪਰ ਸਾਹਮਣੇ ਦੇਖਣ ਤੋਂ ਸਫੈਦ ਅਤੇ ਲਾਲ ਰੰਗ ਵਿਚ ਨਜ਼ਰ ਆਉਂਦਾ ਹੈ। ਪਹਿਲੀ ਛੱਤ ਵੱਡੇ ਆਕਾਰ ਦੀ ਅਤੇ ਬਾਕੀ ਛੱਤਾਂ ਛੋਟੀਆਂ ਹੁੰਦੀਆਂ ਚਲੀਆਂ ਜਾਂਦੀਆਂ ਹਨ। ਸੁੰਦਰਮਈ ਤਰਤੀਬ ਦਿੱਤੀ ਗਈ ਹੈ ਛੱਤਾਂ-ਦਰ-ਛੱਤਾਂ ਨੂੰ। ਸਭ ਤੋਂ ਉੱਪਰ ਲਾਲ ਰੰਗ ਦਾ ਝੰਡਾ ਲਹਿਰਾਉਂਦਾ ਨਜ਼ਰ ਆਉਂਦਾ ਹੈ। ਮੰਦਿਰ ਦੇ ਬਿਲਕੁਲ ਵਿਚਕਾਰ ਸ਼ੇਰ ਦਾ ਮੂਰਤ ਬਿੰਬ ਅਤੇ ਨਾਲ ਹੀ ਸ਼ਿਵ ਭਗਵਾਨ ਦੀ ਪ੍ਰਤਿਮਾ ਸੁਸ਼ੋਭਿਤ ਹੈ, ਜੋ ਮੰਦਿਰ ਦੀ ਸ਼ੋਭਾ ਵਧਾਉਂਦੇ ਹਨ। ਮੁੱਖ ਦੁਆਰਾ ਵੱਡੇ ਥੰਮ੍ਹਾਂ ਵਾਲਾ ਛੱਤਨੁਮਾ ਹੈ। ਛੱਤ ਦੇ ਮੱਥੇ ਦੇ ਚਾਰੇ ਪਾਸੇ ਅਨੇਕਾਂ ਹੀ ਸੁੰਦਰ ਭਗਵਾਨ ਤਸਵੀਰਾਂ ਦੇ ਮੂਰਤ ਬਿੰਬ ਨਜ਼ਰ ਆਉਂਦੇ ਹਨ। ਕਾਲੇ ਰੰਗ ਦਾ ਪਾਰਦਰਸ਼ੀ ਵੱਡਾ ਗੇਟ ਹੈ। ਪ੍ਰਵੇਸ਼ ਦੁਆਰ ਤੋਂ ਅੱਗੇ ਮੰਦਿਰ ਤੋਂ ਪਹਿਲਾਂ ਅਨੇਕਾਂ ਹੀ ਸੁੰਦਰ ਫੁੱਲਾਂ ਵਾਲੇ ਗਮਲੇ ਕੁਦਰਤੀ ਸੁਹੱਪਣ ਵਿਚ ਖੁਸ਼ਬੋਆਂ ਬਿਖੇਰਦੇ ਪ੍ਰਤੀਤ ਹੁੰਦੇ ਹਨ। ਚਾਰੇ ਪਾਸੇ ਉੱਚੇ-ਉੱਚੇ ਪਰਬਤਾਂ ਦੀ ਸੁੰਦਰਤਾ ਹੈ। ਇਸ ਸਥਾਨ 'ਤੇ ਭਾਰੀ ਭਯੂਲੀ ਮੇਲਾ ਲਗਦਾ ਹੈ। ਛਿੰਝ ਅਤੇ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਹਨ, ਬੱਚਿਆਂ ਦੇ ਸਮਾਗਮ ਵੀ ਹੁੰਦੇ ਹਨ, ਰੋਜ਼ ਔਰਤਾਂ ਰਾਮਾਇਣ ਪਾਠ ਕਰਦੀਆਂ ਹਨ। ਮੰਦਿਰ ਦੇ ਅਨੇਕਾਂ ਹੀ ਕਾਰਜ ਸਮਾਜ ਭਲਾਈ ਲਈ ਸ਼ੁਰੂ ਹਨ। ਇਹ ਮੰਦਿਰ ਦੇਖਣਯੋਗ ਹੈ।

-ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ। ਮੋਬਾ: 98156-25409

ਥਾਈਲੈਂਡ ਅਤੇ ਬਰਮਾ ਦੇ ਗੁਰੂ-ਘਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਚਿਆਂਗ ਮਾਏ : ਚਿਆਂਗ ਮਾਏ ਪਹੁੰਚਣ ਵਾਲਾ ਪਹਿਲਾ ਸਿੱਖ ਸ: ਈਸ਼ਰ ਸਿੰਘ ਸੀ, ਜੋ ਬਰਮਾ ਰਾਹੀਂ 1905 ਵਿਚ ਥਾਈਲੈਂਡ ਪਹੁੰਚਿਆ। ਜਲਦੀ ਹੀ 4 ਹੋਰ ਸਿੱਖ ਰਤਨ ਸਿੰਘ, ਗਿਆਨ ਸਿੰਘ, ਵਰਿਆਮ ਸਿੰਘ ਅਤੇ ਅਮੰਦਾ ਸਿੰਘ ਆਪਣੇ ਪਰਿਵਾਰਾਂ ਸਮੇਤ ਪਹੰਚ ਗਏ। ਇਨ੍ਹਾਂ ਵਿਚ ਧਰਮ ਪ੍ਰਤੀ ਏਨਾ ਪਿਆਰ ਸੀ ਕਿ ਇਨ੍ਹਾਂ 5 ਪਰਿਵਾਰਾਂ ਨੇ ਹੀ 1907 ਵਿਚ 134, ਚਾਰੋਂਰਤ ਰੋਡ ਚਿਆਂਗ ਮਾਏ ਵਿਖੇ ਗੁਰੂ-ਘਰ ਸਥਾਪਿਤ ਕਰ ਦਿੱਤਾ। ਹੁਣ ਤੱਕ ਵੀ ਗੁਰੂ-ਘਰ ਉਸੇ ਜਗ੍ਹਾ 'ਤੇ ਨਵੇਂ ਸਰੂਪ ਵਿਚ 240 ਵਰਗ ਮੀਟਰ ਦੇ ਪਲਾਟ 'ਤੇ ਸੁਸ਼ੋਭਿਤ ਹੈ। 1909-10 ਤੱਕ ਸਿੱਖਾਂ ਦੀ ਗਿਣਤੀ ਚਿਆਂਗ ਮਾਏ ਵਿਚ ਕਾਫੀ ਵਧ ਚੁੱਕੀ ਸੀ। ਇਸ ਲਈ ਗੁਰੂ-ਘਰ ਦੀ ਨਵੀਂ ਇਮਾਰਤ ਉਸਾਰਨ ਦਾ ਮਤਾ ਪਾਸ ਕੀਤਾ ਗਿਆ। ਸਥਾਨਕ ਸਿੱਖ ਆਬਾਦੀ ਦੇ ਸਹਿਯੋਗ ਨਾਲ ਦੋ ਮੰਜ਼ਿਲਾ ਇਮਾਰਤ ਉਸਾਰੀ ਗਈ। ਹੇਠਲੀ ਮੰਜ਼ਿਲ ਕੰਕਰੀਟ ਅਤੇ ਉਪਰਲੀ ਮੰਜ਼ਿਲ ਲੱਕੜ ਦੀ ਹੈ। ਇਸ ਗੁਰੂ-ਘਰ ਦੀ ਉਸਾਰੀ ਲਈ ਬੜੀ ਮਹਿੰਗੀ ਲੱਕੜ ਵਰਤੀ ਗਈ, ਜੋ ਉਸ ਸਮੇਂ 4 ਰੁਪਏ ਪ੍ਰਤੀ ਸ਼ਹਿਤੀਰ ਦੇ ਹਿਸਾਬ ਆਈ ਸੀ। ਇਹ ਉਸ ਵੇਲੇ ਬੜੀ ਵੱਡੀ ਰਕਮ ਸਮਝੀ ਜਾਂਦੀ ਸੀ। 1975 ਵਿਚ ਸਿੱਖ ਸਮਾਜ ਦੀ ਸਹਾਇਤਾ ਨਾਲ ਗੁਰੂ-ਘਰ ਦਾ ਪੁਨਰਨਿਰਮਾਣ ਕੀਤਾ ਗਿਆ। ਉਸੇ ਮੂਲ ਜਗ੍ਹਾ 'ਤੇ ਹੀ ਮੌਜੂਦਾ ਦੋ ਮੰਜ਼ਿਲਾ ਸ਼ਾਨਦਾਰ ਇਮਾਰਤ ਉਸਾਰੀ ਗਈ। ਇਹ ਸ਼ਾਨਦਾਰ ਸਫੈਦ ਇਮਾਰਤ ਦੂਰੋਂ ਹੀ ਦਿਖਾਈ ਦਿੰਦੀ ਹੈ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਖੋਨ ਕੇਈਨ : 1932 ਵਿਚ ਸਿੱਖ ਖੋਨ ਕੇਈਨ ਜਾਣਾ ਸ਼ੁਰੂ ਹੋਏ। ਪਹਿਲਾਂ ਉਥੇ ਕੋਈ ਗੁਰੂ-ਘਰ ਨਹੀਂ ਸੀ। ਲੋਕ ਵਾਰੀ-ਵਾਰੀ ਇਕ-ਦੂਸਰੇ ਦੇ ਘਰ ਹਰ ਐਤਵਾਰ, ਸੰਗਰਾਂਦ ਤੇ ਦੀਵਾਲੀ ਆਦਿ ਵਾਲੇ ਦਿਨ ਪਾਠ ਤੇ ਕਥਾ ਕੀਰਤਨ ਕਰ ਲੈਂਦੇ ਸਨ। ਆਬਾਦੀ ਦੇ ਵਧਣ ਕਰਕੇ 1972 ਵਿਚ 157-9, ਰੁਆਮਚਿੱਤ ਰੋਡ 'ਤੇ ਦੋ-ਮੰਜ਼ਿਲੇ ਗੁਰੂ-ਘਰ ਦੀ ਉਸਾਰੀ ਕੀਤੀ ਗਈ। ਹੇਠਲੀ ਮੰਜ਼ਿਲ 'ਤੇ ਲੰਗਰ ਹਾਲ, ਗੁਰਦੁਆਰਾ ਕਮੇਟੀ ਦੇ ਦਫਤਰ ਅਤੇ ਗ੍ਰੰਥੀ ਸਿੰਘਾਂ ਦੇ ਰਿਹਾਇਸ਼ੀ ਕਮਰੇ ਹਨ। ਉਪਰਲੀ ਮੰਜ਼ਿਲ 'ਤੇ ਸ਼ਾਨਦਾਰ ਦਰਬਾਰ ਹਾਲ ਹੈ, ਜਿਥੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ। ਦਰਬਾਰ ਹਾਲ ਦੀ ਫਰਸ਼ ਸ਼ਾਨਦਾਰ ਲਾਲ ਗਲੀਚੇ ਨਾਲ ਢਕੀ ਹੋਈ ਹੈ 'ਤੇ ਸੁਨਹਿਰੀ ਪਾਲਕੀ ਇਕ ਮੀਟਰ ਉੱਚੀ ਹੈ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਾਕੋਰਨ ਰਾਚਸਿਮਾ, ਕਾਰੋਤ : ਕਾਰੋਤ ਵਿਚ ਸਿੱਖ ਆਬਾਦੀ 1947 ਵਿਚ ਵਸਣੀ ਸ਼ੁਰੂ ਹੋਈ ਸੀ। ਇਥੇ ਗੁਰੂ-ਘਰ ਦੀ ਉਸਾਰੀ 23 ਦਸੰਬਰ 1984 ਨੂੰ ਕੀਤੀ ਗਈ। ਗੁਰੂ-ਘਰ ਦੇ ਉਦਘਾਟਨ ਦੀ ਖੁਸ਼ੀ ਵਿਚ ਕਾਰੋਤ ਸ਼ਹਿਰ ਵਿਚ ਇਕ ਸ਼ਾਨਦਾਰ ਸਿੱਖ ਪਰੇਡ ਕੱਢੀ ਗਈ ਸੀ। ਗੁਰੂ-ਘਰ ਦੀ ਦੋ-ਮੰਜ਼ਿਲਾ ਇਮਾਰਤ 3, ਸੋਈ ਸਹਾਫਨ ਜੋਮਪੋਲ ਰੋਡ ਕਾਰੋਤ 'ਤੇ ਸਥਿਤ ਹੈ। ਗੁਰੂ-ਘਰ ਦਾ ਸ਼ਾਨਦਾਰ ਸੁਨਹਿਰੀ ਗੇਟ ਹੈ ਤੇ ਅੰਦਰ ਸੰਗਤ ਦੇ ਆਰਾਮ ਲਈ ਵਧੀਆ ਪਾਰਕ ਬਣਿਆ ਹੋਇਆ ਹੈ। ਗੁਰੂ-ਘਰ ਦਾ ਸ਼ਾਨਦਾਰ ਦਰਬਾਰ ਹਾਲ ਤੇ ਲੰਗਰ ਹਾਲ ਹੈ।
ਗੁਰਦੁਆਰਾ ਸ੍ਰੀ ਸਿੰਘ ਸਭਾ, ਲਾਂਪਾਂਗ : ਪਹਿਲਾਂ ਇਹ ਗੁਰੂ-ਘਰ 113-115 ਸਾਈ ਕਲਾਂਗ ਰੋਡ 'ਤੇ ਸੀ। ਇਹ ਗੁਰੂ-ਘਰ ਇਕ ਦਾਨੀ ਸੱਜਣ ਸ: ਵਰਿਆਮ ਸਿੰਘ ਵੱਲੋਂ ਦਾਨ ਕੀਤੀ ਜ਼ਮੀਨ 'ਤੇ ਬਣਿਆ ਹੋਇਆ ਸੀ ਤੇ ਥਾਈਲੈਂਡ ਦੇ ਸਭ ਤੋਂ ਪੁਰਾਣੇ ਗੁਰੂ-ਘਰਾਂ ਵਿਚ ਆਉਂਦਾ ਸੀ। 24 ਸਤੰਬਰ, 1992 ਨੂੰ 106/1-3 ਥਿੱਪ ਚਾਂਗ ਰੋਡ 'ਤੇ ਮੌਜੂਦਾ ਨਵੇਂ ਗੁਰੂ-ਘਰ ਦਾ ਨੀਂਹ-ਪੱਥਰ ਰੱਖਿਆ ਗਿਆ। ਇਸ ਗੁਰੂ-ਘਰ ਦੀ ਸ਼ਾਨਦਾਰ ਇਮਾਰਤ ਤਿਆਰ ਕੀਤੀ ਗਈ ਹੈ। ਇਸ ਦੇ ਨੀਂਹ-ਪੱਥਰ ਰੱਖਣ ਦੀ ਰਸਮ ਵੇਲੇ ਸਾਰੇ ਥਾਈਲੈਂਡ ਦੀਆਂ ਪ੍ਰਮੁੱਖ ਸਿੱਖ ਹਸਤੀਆਂ ਹਾਜ਼ਰ ਹੋਈਆਂ ਸਨ। (ਬਾਕੀ ਅਗਲੇ ਅੰਕ 'ਚ)

ਮੋਬਾ: 98151-24449

ਜਨਮ ਦਿਵਸ 'ਤੇ ਵਿਸ਼ੇਸ਼

ਮਹਾਨ ਤਪੱਸਵੀ ਸ੍ਰੀ ਬਾਵਾ ਲਾਲ ਦਿਆਲ ਧਿਆਨਪੁਰ

ਮਹਾਨ ਤਪੱਸਵੀ ਯੋਗੀਰਾਜ ਸ੍ਰੀ ਬਾਵਾ ਲਾਲ ਦਾ ਜਨਮ ਪੱਛਮੀ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਕੋਲ ਪਿੰਡ ਕਸੂਰ ਵਿਚ ਸੰਮਤ 1412 ਨੂੰ ਪਿਤਾ ਭੋਲਾ ਰਾਮ ਕੁਲੀਨ ਖੱਤਰੀ ਦੇ ਘਰ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਹੋਇਆ। 8 ਸਾਲ ਦੀ ਉਮਰ ਵਿਚ ਬਾਵਾ ਲਾਲ ਆਪਣੇ ਪਿਤਾ ਦੀ ਆਗਿਆ ਅਨੁਸਾਰ ਆਪਣੀਆਂ ਗਾਵਾਂ, ਮੱਝਾਂ ਚਾਰਨ ਲਈ ਬਾਹਰ ਜੰਗਲ ਵਿਚ ਜਾਂਦੇ ਅਤੇ ਇਕ ਦਿਨ ਜਦ ਸ੍ਰੀ ਬਾਵਾ ਲਾਲ ਦੀਆਂ ਗਾਵਾਂ, ਮੱਝਾਂ ਹਰੇ-ਭਰੇ ਜੰਗਲ ਵਿਚ ਘਾਹ ਚੁਗਣ ਲੱਗੀਆਂ ਤਾਂ ਆਪ ਨਦੀ ਦੇ ਕਿਨਾਰੇ ਇਕ ਦਰੱਖਤ ਹੇਠਾਂ ਬੈਠ ਕੇ ਵਹਿੰਦੇ ਪਾਣੀ ਦਾ ਨਜ਼ਾਰਾ ਦੇਖਣ ਲੱਗੇ ਅਤੇ ਛਿਣ ਭਰ ਮਗਰੋਂ ਆਪ ਨੂੰ ਸਾਹਮਣੇ ਤੋਂ ਇਕ 5-7 ਸਾਧੂਆਂ ਦੀ ਟੋਲੀ ਆਉਂਦੀ ਦਿਸੀ, ਜਿਹੜੇ ਕਿ ਜੰਗਲ ਵਿਚ ਦੀ ਲੰਘ ਰਹੇ ਸਨ। ਇਸ ਸਾਧੂਆਂ ਦੀ ਟੋਲੀ ਵਿਚ ਆਪ ਦਾ ਮੇਲ ਚੈਤਨਯ ਸਵਾਮੀ ਨਾਲ ਹੋ ਗਿਆ ਅਤੇ ਉਸੇ ਦਿਨ ਸ਼ਾਮ ਨੂੰ ਆਪ ਮਾਤਾ-ਪਿਤਾ ਦੀ ਆਗਿਆ ਲੈ ਕੇ ਸ੍ਰੀ ਚੈਤਨਯ ਸਵਾਮੀ ਦੀ ਸ਼ਰਨ 'ਚ ਆ ਗਏ ਤੇ ਧਰਮ ਪ੍ਰਚਾਰ ਸ਼ੁਰੂ ਕਰ ਦਿੱਤਾ। ਸੰਮਤ 1451 ਨੂੰ ਸਾਰੇ ਤੀਰਥਾਂ ਦੀ ਯਾਤਰਾ ਕਰਦੇ ਹੋਏ ਸ੍ਰੀ ਬਾਵਾ ਲਾਲ ਹਰਿਦੁਆਰ ਤੋਂ ਸਹਾਰਨਪੁਰ ਪੁੱਜੇ। ਉਥੇ ਸ੍ਰੀ ਬਾਵਾ ਲਾਲ ਦੀ ਭਗਤੀ, ਤਪੱਸਿਆ ਤੇ ਸ਼ਕਤੀ ਦੀ ਪ੍ਰਸੰਸਾ ਸੁਣ ਕੇ ਸਮੇਂ ਦੇ ਪ੍ਰਸਿੱਧ ਮੁਸਲਮਾਨ ਫਕੀਰ ਹਾਜੀ ਸ਼ਾਹ ਆਪ ਦੀ ਸੇਵਾ ਵਿਚ ਹਾਜ਼ਰ ਹੋਏ ਅਤੇ ਆਪ ਦੀ ਸੇਵਾ ਵਿਚ ਦਿਨ-ਰਾਤ ਲੱਗੇ ਰਹੇ।
ਸਹਾਰਨਪੁਰ ਤੋਂ ਸਿੱਧੇ ਸ੍ਰੀ ਬਾਵਾ ਲਾਲ ਪੰਜਾਬ ਪਹੁੰਚੇ ਅਤੇ ਕਲਾਨੌਰ ਵਿਖੇ ਆਪਣਾ ਆਸਣ ਕੀਤਾ। ਉਥੇ ਹੀ ਧਿਆਨ ਦਾਸ ਦਾ ਆਪ ਨਾਲ ਮੇਲ ਹੋਇਆ, ਜਿਸ ਨੂੰ ਬਾਵਾ ਲਾਲ ਨੇ ਆਪਣਾ ਸ਼ਿਸ਼ ਬਣਾ ਲਿਆ ਅਤੇ ਉਸ ਨੂੰ ਹੁਕਮ ਕੀਤਾ ਕਿ ਇਥੋਂ 6 ਕੋਹ 'ਤੇ ਇਕ ਟਿੱਲਾ ਹੈ, ਜਿਹੜਾ ਮਹਾਂਭਾਰਤ ਦੇ ਸਮੇਂ ਰਾਜ ਪੁਰੂ ਦਾ ਕਿਲ੍ਹਾ ਸੀ। ਇਥੇ ਕੁਟੀਆ ਵਿਚ ਸ੍ਰੀ ਬਾਵਾ ਲਾਲ ਨੇ ਸੰਮਤ 1552 ਮਹੀਨਾ ਫੱਗਣ ਵਿਚ ਪਹਿਲੀ ਵਾਰ ਚਰਨ ਪਾਏ ਅਤੇ ਇਸ ਸਥਾਨ ਦਾ ਨਾਂਅ ਆਪਣੇ ਚੇਲੇ ਧਿਆਨ ਦਾਸ ਦੇ ਨਾਂਅ 'ਤੇ ਰੱਖ ਦਿੱਤਾ। ਇਸੇ ਸਥਾਨ 'ਤੇ ਹੀ ਸ੍ਰੀ ਬਾਵਾ ਲਾਲ ਨੇ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਬਤੀਤ ਕੀਤੇ ਅਤੇ ਆਪਣੇ ਆਖਰੀ ਸਵਾਸ ਵੀ ਇਥੇ ਹੀ ਪੂਰੇ ਕੀਤੇ। ਹਰ ਸਾਲ ਉਨ੍ਹਾਂ ਦੇ ਜਨਮ ਦਿਨ ਨੂੰ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਪ੍ਰ੍ਰੇਮ ਸਹਿਤ ਮਨਾਇਆ ਜਾਂਦਾ ਹੈ। ਇਸ ਵਾਰ ਵੀ ਇਹ ਸਾਲਾਨਾ ਜੋੜ ਮੇਲਾ ਮਹੰਤ 108 ਸ੍ਰੀ ਰਾਮ ਸੁੰਦਰ ਦਾਸ ਦੀ ਰਹਿਨੁਮਾਈ ਹੇਠ 22 ਜਨਵਰੀ ਨੂੰ ਦਰਬਾਰ ਸ੍ਰੀ ਬਾਵਾ ਲਾਲ ਦਿਆਲ ਧਿਆਨਪੁਰ ਧਾਮ ਵਿਖੇ 660ਵਾਂ ਜਨਮ ਦਿਨ ਪੂਰੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

-ਕੁਲਦੀਪ ਸਿੰਘ ਨਾਗਰਾ,
ਪਿੰਡ ਡੇਰਾ ਪਠਾਣਾ, ਡਾਕ: ਧਿਆਨਪੁਰ, ਤਹਿ: ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ। ਮੋਬਾ: 9417372751

ਰਾਮ ਤੀਰਥ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

'ਰੰਘਰੇਟੇ ਗੁਰੂ ਕੇ ਬੇਟੇ' ਦਾ ਖ਼ਿਤਾਬ ਪ੍ਰਾਪਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ, ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਸਥਾਨਕ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਮੁੱਖ ਸੇਵਾਦਾਰ ਬਾਬਾ ਬਿਕਰਮਜੀਤ ਸਿੰਘ ਵਿੱਕੀ ਦੀ ਰਹਿਨੁਮਾਈ ਹੇਠ ਮਹਾਂਰਿਸ਼ੀ ਭਗਵਾਨ ਵਾਲਮੀਕਿ ਸਰਬ ਸਾਂਝਾ ਕੇਂਦਰ ਪੰਜਾਬ ਦੇ ਚੇਅਰਮੈਨ ਪਰਮਜੀਤ ਸਿੰਘ ਸਹੋਤਾ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਦੀਵਾਨ 'ਚ ਬਾਬਾ ਸੁਖਜੀਤ ਸਿੰਘ ਫਿਰੋਜ਼ਪੁਰ ਵਾਲੇ, ਕਵੀਸ਼ਰ ਭਾਈ ਨਰੰਜਣ ਸਿੰਘ ਬੋਪਾਰਾਏ, ਢਾਡੀ ਭਾਈ ਸਵਿੰਦਰ ਸਿੰਘ ਘਣੂੰਪੁਰ ਅਤੇ ਪੰਥਕ ਸਟੇਜੀ ਕਵੀ ਭਾਈ ਹਰੀ ਸਿੰਘ ਗਰੀਬ ਨੇ ਬਾਬਾ ਜੀਵਨ ਸਿੰਘ ਦੇ ਇਤਿਹਾਸ ਨੂੰ ਉਜਾਗਰ ਕਰਦੀਆਂ ਵਾਰਾਂ, ਕਥਾ-ਕਹਾਣੀਆਂ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ (ਰਜਿ:) ਵੱਲੋਂ ਜਾਰੀ ਬਾਬਾ ਜੀਵਨ ਸਿੰਘ ਨੂੰ ਸਮਰਪਿਤ ਨਵੇਂ ਸਾਲ ਦਾ ਕੈਲੰਡਰ ਸੁਸਾਇਟੀ ਦੇ ਚੇਅਰਮੈਨ ਜਥੇ: ਅਮਰੀਕ ਸਿੰਘ ਸ਼ੇਰਗਿੱਲ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਗੁਰਮੇਜ ਸਿੰਘ ਸ਼ਹੂਰਾ, ਜਥੇ: ਮਨਜੀਤ ਸਿੰਘ ਕੋਟਲਾ, ਪੰਜਾਬ ਪ੍ਰਧਾਨ ਚਰਨ ਸਿੰਘ ਫੌਜੀ, ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ, ਜਨਰਲ ਸਕੱਤਰ ਕਸ਼ਮੀਰ ਸਿੰਘ ਰੰਧਾਵਾ ਤੇ ਜਥੇ: ਕਰਤਾਰ ਸਿੰਘ ਆਦਿ ਵੱਲੋਂ ਸਾਂਝੇ ਰੂਪ ਵਿਚ ਰਿਲੀਜ਼ ਕੀਤਾ ਗਿਆ। ਬਾਬਾ ਬਿਕਰਮਜੀਤ ਸਿੰਘ ਵਿੱਕੀ ਵੱਲੋਂ ਪ੍ਰਮੁੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੇ ਫਰਜ਼ ਸ਼ਰਨਜੀਤ ਸਿੰਘ ਬਰਾੜ ਵੱਲੋਂ ਬਾਖੂਬੀ ਨਿਭਾਏ ਗਏ।

-ਧਰਵਿੰਦਰ ਸਿੰਘ ਔਲਖ,
ਰਾਮ ਤੀਰਥ (ਅੰਮ੍ਰਿਤਸਰ)। ਫੋਨ : 98152-82283

ਨਵੀਂ ਦਿੱਲੀ 'ਚ ਸਤਿਸੰਗ ਸਮਾਗਮ

ਨਾਨਕਸਰ ਸੰਪਰਦਾ ਦੇ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਵੱਲੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਬਲਾਕ ਨੰਬਰ ਇਕ ਸੁਭਾਸ਼ ਨਗਰ ਨਵੀਂ ਦਿੱਲੀ ਵਿਖੇ ਸੱਤ ਰੋਜ਼ਾ ਸਮਾਗਮਾਂ ਵਿਚ ਸੰਗਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਰੋਜ਼ਾਨਾ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਦੀਵਾਨ ਸਜਦੇ ਰਹੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਮਹੰਤ ਕੁਲਦੀਪ ਸਿੰਘ ਅਤੇ ਭਾਈ ਧਰਮਿੰਦਰ ਸਿੰਘ ਨੇ ਕੀਤਾ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਤ ਬਾਬਾ ਲੱਖਾ ਸਿੰਘ ਸੰਗਤੀ ਰੂਪ ਵਿਚ ਕਰਦੇ ਰਹੇ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਚਮਨਜੀਤ ਸਿੰਘ ਅਤੇ ਸਿੱਖ ਕੌਮ ਦੇ ਹੋਰ ਰਾਗੀ ਜਥੇ ਕੀਰਤਨ ਕਰਦੇ ਸਨ। ਵਿਸ਼ੇਸ਼ ਰੈਣ ਸਬਾਈ ਕੀਰਤਨ ਦਰਬਾਰ ਵਿਚ ਗਿਆਨੀ ਹੇਮ ਸਿੰਘ, ਗਿਆਨੀ ਰਣਜੀਤ ਸਿੰਘ ਨੇ ਅੰਮ੍ਰਿਤ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਨ੍ਹਾਂ ਪ੍ਰਚਾਰਕਾਂ ਨੇ ਸੰਗਤ ਨੂੰ ਹਲੂਣਾ ਦਿੰਦਿਆਂ ਆਖਿਆ ਕਿ ਅਸੀਂ ਬੇਸ਼ੱਕ ਸਰਬੰਸਦਾਨੀ ਦੇ ਵਾਰਿਸ ਅਖਵਾਉਂਦੇ ਹਾਂ, ਪਰ ਉਸ ਦੇ ਮਾਰਗ ਤੋਂ ਭਟਕ ਰਹੇ ਹਾਂ। ਪ੍ਰਚਾਰਕਾਂ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਹਾਸਲ ਕੀਤੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਨੂੰ ਵਿਸਾਖੀ ਮੌਕੇ ਵੀ ਇਸ ਗੁਰੂ-ਘਰ ਵਿਚ ਅੰਮ੍ਰਿਤ ਸੰਚਾਰ ਕਰਵਾਉਣ ਦੀ ਬੇਨਤੀ ਕੀਤੀ। ਸੂਫ਼ੀ ਸੰਤ ਗੁਲਾਮ ਹੈਦਰ ਕਾਦਰੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਕਿਸੇ ਇਕ ਧਰਮ ਦੀ ਨਹੀਂ, ਸਗੋਂ ਮਨੁੱਖਤਾ ਦੀ ਭਲਾਈ ਲੋਚਣ ਵਾਲੇ ਤਮਾਮ ਧਰਮਾਂ ਦੀ ਹੈ। ਇਸ ਲਈ ਸਾਨੂੰ ਵਖਰੇਵੇਂ ਮਿਟਾ ਕੇ ਸਰਬੱਤ ਦੇ ਭਲੇ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਸਮਾਗਮ ਵਿਚ ਭਾਈ ਹਰਨਾਮ ਸਿੰਘ, ਭਾਈ ਬਲਵਿੰਦਰ ਸਿੰਘ ਰੰਗੀਲਾ ਅਤੇ ਭਾਈ ਮੋਹਣ ਸਿੰਘ ਦੇ ਜਥੇ ਨੇ ਵੀ ਹਾਜ਼ਰੀ ਲਗਵਾਈ।

-ਜਗਰਾਉਂ।

ਧਾਰਮਿਕ ਸਾਹਿਤ

ਇਸਲਾਮ
(ਸਿਧਾਂਤ ਤੇ ਸਿੱਖਿਆ)
ਲੇਖਕ : ਪ੍ਰੋ: ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ।
ਪੰਨੇ : 240, ਮੁੱਲ : 350 ਰੁਪਏ

ਪਿਛਲੇ 2-3 ਵਰ੍ਹਿਆਂ ਤੋਂ ਪ੍ਰੋ: ਤਲਵਾੜਾ ਨੇ ਮੱਧਕਾਲੀਨ ਸਾਹਿਤ ਦੇ ਪ੍ਰਸਿੱਧ ਵਿਦਵਾਨ ਡਾ: ਬਿਕਰਮ ਸਿੰਘ ਘੁੰਮਣ ਦੀ ਅਗਵਾਈ ਵਿਚ 4-5 ਖੋਜ ਭਰਪੂਰ ਪੁਸਤਕਾਂ ਲਿਖ ਕੇ ਸੂਫ਼ੀ ਸਾਹਿਤ ਦੀ ਖੋਜ ਦੇ ਭੰਡਾਰ ਵਿਚ ਵਡਮੁੱਲਾ ਵਾਧਾ ਕਰ ਦਿੱਤਾ ਹੈ।
ਹਥਲੀ ਪੁਸਤਕ ਵਿਚ ਪ੍ਰੋ: ਤਲਵਾੜਾ ਨੇ ਇਸਲਾਮ ਬਾਰੇ ਸਿਧਾਂਤਕ ਜਾਣਕਾਰੀ ਪ੍ਰਦਾਨ ਕੀਤੀ ਹੈ। ਇਸ ਪੁਸਤਕ ਦੇ ਸੱਤ ਅਧਿਆਇ ਹਨ : 1. ਇਸਲਾਮ ਦੇ ਸਿਧਾਂਤ, 2. ਹਜ਼ਰਤ ਮੁਹੰਮਦ ਮੁਸਤਫ਼ਾ ਦਾ ਜੀਵਨ ਤੇ ਸਿੱਖਿਆਵਾਂ, 3. ਕੁਰਆਨ ਮਜ਼ੀਦ ਦੀ ਸੰਖੇਪ ਜਾਣਕਾਰੀ, 4. ਹਦੀਸ ਸ਼ਰੀਫ਼, 5. ਚਾਰ ਖ਼ਲੀਫ਼ੇ, 6. ਤਸੱਵੁਫ਼ ਅਤੇ 7. ਇਸਲਾਮ ਵਿਚ ਉਦਾਰਤਾ ਅਤੇ ਸਦਭਾਵਨਾ। ਇਸਲਾਮ ਭਾਰਤੀ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਇਸ ਨੂੰ ਜਾਣੇ-ਸਮਝੇ ਤੋਂ ਬਗੈਰ ਭਾਰਤੀ ਸੱਭਿਆਚਾਰ ਦਾ ਵਿਸ਼ਲੇਸ਼ਣ ਕਰਨਾ ਕਠਿਨ ਹੈ। ਪ੍ਰੋ: ਤਲਵਾੜਾ ਨੇ ਇਸਲਾਮ ਬਾਰੇ ਅਨੇਕ ਪੁਸਤਕਾਂ ਪੜ੍ਹ ਕੇ ਪੰਜਾਬੀ ਦੇ ਵਿਦਵਾਨਾਂ ਅਤੇ ਆਮ ਪਾਠਕਾਂ ਲਈ ਇਕ ਬੜੀ ਚੰਗੀ ਪਾਠ-ਪੁਸਤਕ ਤਿਆਰ ਕਰ ਦਿੱਤੀ ਹੈ। ਯੁਵਾ ਪੀੜ੍ਹੀ ਇਸ ਪੁਸਤਕ ਤੋਂ ਕਾਫੀ ਲਾਭ ਉਠਾ ਸਕਦੀ ਹੈ।
ਭਾਵੇਂ ਗਲੋਬਲ ਦਬਾਵਾਂ ਅਤੇ ਸਾਮਰਾਜੀ ਪ੍ਰਵਿਰਤੀਆਂ ਦੇ ਅਧੀਨ ਪਿਛਲੇ ਕੁਝ ਵਰ੍ਹਿਆਂ ਤੋਂ ਇਸਲਾਮ ਨੂੰ ਇਕ ਕੱਟੜ ਅਤੇ ਹਿੰਸਾਵਾਦੀ ਧਰਮ ਦੇ ਤੌਰ 'ਤੇ ਦੱਸਣ-ਦਿਖਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਵੀ ਨਿਰੰਤਰ ਕੀਤੀਆਂ ਜਾ ਰਹੀਆਂ ਹਨ ਪਰ ਅਸਲ ਵਿਚ ਇਸਲਾਮ ਵੀ ਵਿਸ਼ਵ ਦੇ ਹੋਰ ਬਹੁਤ ਸਾਰੇ ਧਰਮਾਂ ਵਾਂਗ ਹਲੀਮੀ, ਮੁਹੱਬਤ, ਸਦਭਾਵਨਾ ਅਤੇ ਸਮਾਨਤਾ ਦਾ ਸੰਦੇਸ਼ ਦਿੰਦਾ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਪ੍ਰੋ: ਤਲਵਾੜਾ ਨੇ ਇਸਲਾਮ ਦੀ ਆਤਮਾ ਨੂੰ ਪਕੜਨ ਅਤੇ ਪ੍ਰਸਤੁਤ ਕਰਨ ਦੀ ਬੜੀ ਸੁਹਿਰਦ ਕੋਸ਼ਿਸ਼ ਕੀਤੀ ਹੈ। ਉਸ ਨੂੰ ਅਜਿਹੇ ਕਾਰਜ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ, ਤਾਂ ਹੀ ਵਿਸ਼ਵ ਸੱਭਿਆਚਾਰ ਵਿਚ ਅਮਨ ਅਤੇ ਸ਼ਾਂਤੀ ਪੈਦਾ ਹੋ ਸਕਦੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX