ਤਾਜਾ ਖ਼ਬਰਾਂ


ਪੁਲਵਾਮਾ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ
. . .  7 minutes ago
ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤਾ ਜਾਵੇਗਾ ਬਜਟ
. . .  17 minutes ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਮਹਿੰਗਾਈ ਨਾਲ ਜੂਝ ਰਹੇ ਸੂਬੇ ਦੇ ਲੋਕ ਵੱਡੀਆਂ ਆਸਾਂ ਲਾਈ ਬੈਠੇ ਹਨ। ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  37 minutes ago
ਸ੍ਰੀਨਗਰ, 18 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ 2-3 ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋਹਾਂ ਪਾਸਿਓਂ ਲਗਾਤਾਰ...
ਅੱਜ ਦਾ ਵਿਚਾਰ
. . .  48 minutes ago
ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਹੋਰ ਖ਼ਬਰਾਂ..

ਫ਼ਿਲਮ ਅੰਕ

ਰਾਣੀ ਮੁਖਰਜੀ ਤੀਆਂ ਵਰਗੇ ਦਿਨ

ਇਸ ਮਹੀਨੇ ਯਸ਼ਰਾਜ ਫ਼ਿਲਮਜ਼ ਨੇ ਇਕ ਹੋਰ ਵੱਡੀ ਪ੍ਰਾਪਤੀ ਨੂੰ ਹੱਥ ਪਾਇਆ ਹੈ | ਭਾਰਤੀ ਸਿਨੇਮਾ ਦਾ ਮਾਣ ਵਧਾਉਣ ਲਈ ਰਾਣੀ ਮੁਖਰਜੀ ਪੋਲੈਂਡ ਵਿਖੇ ਹੈ | ਕਰਾਕੋਵ, ਵਾਰਸਾ ਤੇ ਲਾਡਜ਼ ਵਿਖੇ ਰਾਣੀ ਦੀ ਫ਼ਿਲਮ 'ਮਰਦਾਨੀ' ਨਵੇਂ ਸਿਰੇ ਤੋਂ ਪ੍ਰਦਰਸ਼ਤ ਕੀਤੀ ਗਈ ਹੈ | ਪੋਲਿਸ਼ ਲੋਕ ਰਾਣੀ ਦੀ ਇਸ ਫ਼ਿਲਮ ਪ੍ਰਤੀ ਬਹੁਤ ਹੀ ਤੀਬਰਤਾ ਦਿਖਾ ਰਹੇ ਹਨ | ਅਰੂਰ ਜੁਰਵਸਕੀ ਨੇ ਰਾਣੀ ਦੀ ਇਸ ਸਫ਼ਲ ਫ਼ਿਲਮ ਨੂੰ ਪੋਲਿਸ਼ ਵਿਚ ਢਾਲਿਆ ਹੈ | ਪ੍ਰਦੀਪ ਸਰਕਾਰ, ਅਦਿੱਤਿਆ ਚੋਪੜਾ ਦੀ 'ਮਰਦਾਨੀ' ਨੂੰ ਪੋਲੈਂਡ ਵਿਖੇ ਮਿਲ ਰਹੇ ਭਰਵੇਂ ਹੁੰਗਾਰੇ ਨਾਲ ਰਾਣੀ ਇਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਰੁਤਬਾ ਵਧਾ ਰਹੀ ਹੈ | ਇਸ ਦੌਰਾਨ ਰਾਣੀ ਮੁਖਰਜੀ ਆਪਣੇ ਸੁਖੀ ਜੀਵਨ ਦਾ ਵੀ ਆਨੰਦ ਭਰਪੂਰ ਲੈ ਰਹੀ ਹੈ | ਆਪਣੇ ਪਤੀ ਅਦਿੱਤਿਆ ਨਾਲ ਉਹ ਜੀਵਨ ਦੇ ਹਰ ਪਲ ਨੂੰ ਖੁਸ਼ਗਵਾਰ ਰੱਖਣ ਲਈ ਆਪਣੇ ਵੱਲੋਂ ਕੋਈ ਵੀ ਕਸਰ ਨਹੀਂ ਛੱਡ ਰਹੀ | ਬਹੁਤ ਸਾਰੇ ਕੰਮ ਹੋਣ ਕਾਰਨ ਵਿਆਹ ਦੇ ਯਾਦਗਾਰੀ ਦਿਨ ਮਨਾਉਣ ਤੋਂ ਉਹ ਵਾਂਝੀ ਹੀ ਰਹੀ ਹੈ ਪਰ ਇਸ ਦਾ ਉਸ ਨੂੰ ਕੋਈ ਵੀ ਦੁੱਖ ਜਾਂ ਮਲਾਲ ਨਹੀਂ ਹੈ | ਹਾਂ, ਰਾਣੀ ਇਸ ਦੌਰਾਨ ਆਪਣਾ ਭਾਰ ਘਟਾ ਰਹੀ ਹੈ | ਇਹੀ ਗੱਲ ਉਸ ਅਦਿੱਤਿਆ ਨੂੰ ਕਹੀ ਹੈ | ਰਾਣੀ ਦਾ ਕਹਿਣਾ ਹੈ ਕਿ ਇਕ ਸਾਲ ਤੱਕ ਸਮਝੋ ਸਾਡਾ ਰੋਜ਼ ਹੀ ਹਨੀਮੂਨ ਹੈ | ਰਾਣੀ ਅੱਜ ਵੀ ਰਾਜ ਕਰ ਰਹੀ ਹੈ |


ਖ਼ਬਰ ਸ਼ੇਅਰ ਕਰੋ

ਨੇਹਾ ਸ਼ਰਮਾ : ਗੁਆਚਿਆ ਆਧਾਰ ਮਿਲ ਜਾਏ

ਅਭਿਨੇਤਰੀ ਨੇਹਾ ਸ਼ਰਮਾ ਅੱਜਕਲ੍ਹ ਫ਼ਿਲਮਾਂ ਦੀ ਥਾਂ ਫੈਸ਼ਨ ਦੁਨੀਆ ਦੀਆਂ ਗੱਲਾਂ ਵਿਚ ਜ਼ਿਆਦਾ ਧਿਆਨ ਦੇ ਰਹੀ ਹੈ | ਲੋਕਾਂ ਦੇ ਦਿਲ 'ਚ ਫਿਰ ਵਸਣ ਲਈ ਇਹ ਬਿਹਾਰੀ ਤੇ ਪੰਜਾਬੀ ਦਾ ਸੁਮੇਲ ਕੁੜੀ ਹਰ ਵਾਹ-ਹੀਲਾ ਲਾ ਰਹੀ ਹੈ | ਤਿੰਨ ਚੀਜ਼ਾਂ ਉਹ ਕਦੇ ਨਹੀਂ ਭੁੱਲਦੀ, ਘਰੋਂ ਪਾਣੀ ਦੀ ਬੋਤਲ ਲੈ ਕੇ ਚਲਣਾ ਪਹਿਲੀ ਪ੍ਰਾਥਮਿਕਤਾ ਹੈ | ਆਪਣੀ ਕਿੱਟ ਤੇ ਫੋਨ ਉਸ ਲਈ ਜ਼ਰੂਰੀ ਹਨ | ਹਾਂ ਆਪਣੇ ਪਾਲਤੂ ਕੁੱਤੇ ਦਾ ਉਹ ਜ਼ਰੂਰ ਖਿਆਲ ਰੱਖਦੀ ਹੈ ਕਿ ਉਹ ਕਿਤੇ ਪਿਆਸਾ-ਭੁੱਖਾ ਨਾ ਰਹਿ ਜਾਏ | ਪਾਰਟੀਆਂ 'ਚ ਹੁਣ ਉਸ ਆਪਣੀ ਹਿੱਸੇਦਾਰੀ ਵਧਾ ਦਿੱਤੀ ਹੈ | ਜੀਨਜ਼ ਪਾ ਕੇ ਉਸ ਦਾ ਖਿਆਲ ਹੈ ਕਿ 'ਯੰਗਿਸਤਾਨ' ਦੇ ਨਿਰਮਾਤਾ ਉਸ 'ਤੇ ਧਿਆਨ ਦੇਣਗੇ | ਹਾਂ, ਚਮੜੇ ਦੀ ਪੈਂਟ ਉਹ ਤਦ ਪਹਿਨਦੀ ਹੈ ਜਦ ਕਿਤੇ ਮਸਤੀ ਦਾ ਮੂਡ ਹੋਵੇ | ਰੋਜ਼ਾਨਾ ਧੁੱਪ ਸੇਕਣੀ ਤੇ ਖੂਬ ਪਾਣੀ ਪੀਣਾ ਇਸ ਸਭ ਨਾਲ ਨੇਹਾ ਸ਼ਰਮਾ ਆਪਣਾ ਗੁਆਚਿਆ ਅਕਸ ਫਿਰ ਲੱਭਣ ਦੀ ਜੀਅ-ਤੋੜ ਕੋਸ਼ਿਸ਼ ਕਰ ਰਹੀ ਹੈ | 'ਯਮਲਾ ਪਗਲਾ ਦੀਵਾਨਾ-2' ਤੋਂ ਬਾਅਦ ਉਹ ਕੰਮ ਲਈ ਤਰਸ ਗਈ ਹੈ | 'ਜਯੰਤਾ ਭਾਈ ਕੀ ਲਵ ਸਟੋਰੀ', 'ਯੰਗਿਸਤਾਨ' ਤੋਂ ਅਗਾਂਹ ਨਹੀਂ ਵਧ ਸਕੀ | 'ਕਿਆ ਸੁਪਰ ਕੂਲ ਹੈਂ ਹਮ' ਸਮੇਂ ਉਮੀਦਾਂ ਬਹੁਤ ਸਨ ਪਰ ਹੁਣ ਫੈਸ਼ਨ, ਵਿਗਿਆਪਨਾਂ, ਨਿੱਕਾ ਪਰਦਾ, ਦੱਖਣ ਹੀ ਉਸ ਲਈ ਰੁਝੇਵੇਂ ਹਨ ਪਰ ਹੌਸਲਾ ਹਾਰਨ ਦੀ ਲੋੜ ਨਹੀਂ, ਇਕ ਹੀ, ਵੱਡਾ ਬੈਨਰ ਨੇਹਾ ਸ਼ਰਮਾ ਦੀ ਜ਼ਿੰਦਗੀ ਬਦਲਣ ਲਈ ਕਾਫ਼ੀ ਹੋਵੇਗਾ |

ਮਾਹੀ ਗਿੱਲ : ਚੰਗੇ ਦਿਨਾਂ ਦੀ ਆਸ ਕਾਇਮ

ਅੱਜ ਦੀਆਂ ਖਾਸ 50 ਅਭਿਨੇਤਰੀਆਂ 'ਚ ਮਾਹੀ ਦਾ ਨਾਂਅ ਸ਼ਾਮਿਲ ਹੈ | ਅਭਿਨੈ ਦੇ ਸਾਰੇ ਭੇਦ ਉਹ ਜਾਣਦੀ ਹੈ | ਸਬ ਟੀ.ਵੀ. ਦੇ ਇਕ ਸ਼ੋਅ ਵਿਚ ਮਾਹੀ ਗਿੱਲ ਦੱਸ ਰਹੀ ਸੀ ਕਿ ਅੱਜ ਵੀ ਅਭਿਨੈ ਦੇ ਕਦਰਦਾਨ ਬਹੁਤ ਹਨ | ਮਾਹੀ ਨੇ ਪੰਜਾਬ ਦਾ ਨਾਂਅ ਬਾਲੀਵੁੱਡ ਵਿਚ ਉੱਚਾ ਕੀਤਾ ਹੈ | ਮਾਹੀ ਨੇ ਅਭਿਨੈ ਰਾਹੀਂ ਪਾਲੀਵੁੱਡ ਦਰਸ਼ਕਾਂ ਨੂੰ ਵੀ ਸਮੇਂ-ਸਮੇਂ 'ਤੇ ਪ੍ਰਭਾਵਿਤ ਕੀਤਾ ਹੈ | 'ਦੇਵ ਡੀ' ਤੋਂ ਲੈ ਕੇ 'ਸਾਹਿਬ ਬੀਵੀ ਔਰ ਗੈਂਗਸਟਰ' ਦੇਖ ਲਵੋ ਜਾਂ ਫਿਰ 'ਨਾਟ ਏ ਲਵ ਸਟੋਰੀ' ਮਾਹੀ ਦੇ ਅਭਿਨੈ ਦੀ ਵਾਹ-ਵਾਹ ਕੀਤੇ ਬਗੈਰ ਕੋਈ ਨਹੀਂ ਰਹਿ ਸਕਦਾ | ਹਾਲਾਂਕਿ ਬਹੁਤ ਵੱਡੇ ਬਜਟ ਦੀਆਂ ਫ਼ਿਲਮਾਂ ਉਸ ਨੂੰ ਨਸੀਬ ਨਹੀਂ ਹੋਈਆਂ ਹਨ | ਉਹ ਟਿਕਟ ਖਿੜਕੀ ਦੇ ਅੰਕੜਿਆਂ ਦੀ ਬਾਹਲੀ ਫਿਕਰ ਵੀ ਨਹੀਂ ਕਰਦੀ ਹੈ | 'ਗੈਂਗ ਆਫ਼ ਘੋਸਟਸ' ਉਸ ਦੀ ਇਕ ਹੋਰ ਵਧੀਆ ਫ਼ਿਲਮ ਹੈ | 'ਹੇ ਬ੍ਰਦਰ' ਉਸ ਦੀ ਨਵੀਂ ਫ਼ਿਲਮ ਅਗਲੇ ਮਹੀਨੇ ਆਉਣ ਦੀ ਅਪੂਰਵ ਲੱਖੀਆ ਦੀ ਇਕ ਤੇਲਗੂ ਫ਼ਿਲਮ ਵੀ ਮਾਹੀ ਕਰ ਰਹੀ ਹੈ | ਜਿਵੇਂ ਪਿੱਛੇ ਜਿਹੇ ਉਸ ਦਾ ਸੁਨਹਿਰੀ ਸਮਾਂ ਆ ਗਿਆ ਸੀ, ਮੁੜ ਉਹੀ ਦਿਨ ਪਰਤਣ ਦੀ ਮਾਹੀ ਗਿੱਲ ਨੂੰ ਪੂਰੀ ਉਮੀਦ ਹੈ |

ਮਸਤ ਕਲਾਕਾਰ ਇਰਫ਼ਾਨ ਖ਼ਾਨ


ਅਲੱਗ ਤਰ੍ਹਾਂ ਦੀ ਐਕਟਿੰਗ ਕਰਕੇ ਹੀ 'ਜੁਰਾਸਿਕ ਵਰਲਡ' ਵਿਦੇਸ਼ੀ ਫ਼ਿਲਮ 'ਚ ਉਹ ਟਾਪ ਦੇ ਵਿਦੇਸ਼ੀ ਕਲਾਕਾਰਾਂ ਨਾਲ ਅਭਿਨੈ ਕਰ ਰਿਹਾ ਹੈ | 'ਜੁਰਾਸਿਕ ਵਰਲਡ' ਇਕ ਅਮਰੀਕੀ 3-ਡੀ ਫ਼ਿਲਮ ਹੈ, ਜਿਸ ਦਾ ਮੁੱਖ ਵਿਸ਼ਾ ਸਾਇੰਸ 'ਤੇ ਆਧਾਰਿਤ ਹੈ | ਇਹ ਫ਼ਿਲਮ ਦਾ ਚੌਥਾ ਭਾਗ ਹੈ | ਇਰਫ਼ਾਨ ਖ਼ਾਨ ਇਸ ਫ਼ਿਲਮ 'ਚ 'ਜੁਰਾਸਿਕ ਵਰਲਡ' ਦਾ ਮੁਖੀ ਸਾਈਮਨ ਮਸਰਾਨੀ ਦੇ ਕਿਰਦਾਰ 'ਚ ਹੈ | ਇਸ ਫ਼ਿਲਮ ਦਾ ਨਿਰਦੇਸ਼ਕ ਕੋਲਿਨ ਦਾ ਹੈ | ਨਿਰਦੇਸ਼ਕ ਸ਼ੂਜੀਤ ਸਰਦਾਰ ਦੀ ਫ਼ਿਲਮ 'ਪੀਕੂ' 'ਚ ਇਰਫ਼ਾਨ ਖ਼ਾਨ ਅਮਿਤਾਬ ਬੱਚਨ ਤੇ ਦੀਪਿਕਾ ਪਾਦੂਕੋਨ ਨਾਲ ਹੈ | ਇਹ ਫ਼ਿਲਮ ਬਾਪ-ਬੇਟੇ ਦੇ ਰਿਸ਼ਤੇ ਬਾਰੇ ਹੈ | ਇਰਫ਼ਾਨ ਖ਼ਾਨ ਦਾ ਮੁੱਖ ਕਿਰਦਾਰ ਜੋ ਦੀਪਿਕਾ ਨਾਲ ਹੋਵੇਗਾ, ਉਹ ਦੀਪਿਕਾ ਨਾਲ ਪਿਆਰ-ਮੁਹੱਬਤ ਦੀਆਂ ਗੱਲਾਂ ਕਰਦਾ ਨਜ਼ਰ ਆਏਗਾ | ਇਰਫ਼ਾਨ ਚਾਹੁੰਦਾ ਹੈ ਕਿ ਉਹ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਕਰੇ | 'ਪਾਨ ਸਿੰਘ ਤੋਮਰ', 'ਲੰਚ ਬਾਕਸ', 'ਗੁੰਡੇ', 'ਹੈਦਰ ਲਾਇਫ਼ ਆਫ਼ ਪਾਈ' ਤੋਂ ਇਲਾਵਾ ਹੋਰ ਵੀ ਫ਼ਿਲਮਾਂ 'ਚ ਉਸ ਦੇ ਕਿਰਦਾਰ ਵੱਖੋ-ਵੱਖਰੇ ਹਨ | ਇਨ੍ਹਾਂ ਵੱਖਰੇ ਕਿਰਦਾਰਾਂ ਕਰਕੇ ਉਹ ਇਕ ਚੀਨੀ ਫ਼ਿਲਮ 'ਚ ਵੀ ਨਜ਼ਰ ਆਏਗਾ, ਜਿਸ ਲਈ ਕਹਾਣੀ ਉਸ ਨੇ ਸੁਣ ਲਈ ਹੈ | ਸਭ ਤੋਂ ਪਹਿਲਾਂ ਇਸ ਫ਼ਿਲਮ ਲਈ ਫੋਟੋ ਸ਼ੂਟ ਕੀਤਾ ਜਾਵੇਗਾ | ਇਰਫ਼ਾਨ ਖ਼ਾਨ ਕੋਲ ਕਈ ਹੋਰ ਫ਼ਿਲਮਾਂ ਵੀ ਹਨ, ਜਿਵੇਂ 'ਦੁਰਗਾ ਰਾਨੀ ਸਿੰਘ', 'ਹੂ ਸ਼ਾਟ ਦਾ ਸ਼ੈਰਿਫ' ਅਤੇ ਇਕ ਦੱਖਣ ਦੀ ਫ਼ਿਲਮ ਵੀ ਹੈ |
-ਤਰਸੇਮ ਬੱਧਣ

ਆਯੁਸ਼ਮਨ ਖੁਰਾਣਾ ਦੀਆਂ ਉਮੀਦਾਂ 'ਹਵਾਈਜ਼ਾਦਾ' ਤੋਂ

ਵਿਭੂ ਪੁਰੀ ਵੱਲੋਂ ਨਿਰਦੇਸ਼ਤ ਕੀਤੀ ਗਈ ਫ਼ਿਲਮ ਹਵਾਈਜ਼ਾਦਾ ਆਮ ਫ਼ਿਲਮਾਂ ਤੋਂ ਹਟ ਕੇ ਹੈ | ਇਸ ਵਿਚ ਇਕ ਅਜਿਹੇ ਭਾਰਤੀ ਵਿਗਿਆਨੀ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜਿਸ ਨੇ ਦੁਨੀਆ ਦਾ ਪਹਿਲਾ ਹਵਾਈ ਜਹਾਜ਼ ਉਡਾਇਆ ਸੀ | ਉਂਜ ਸਕੂਲਾਂ ਵਿਚ ਇਹ ਪੜ੍ਹਾਇਆ ਜਾਂਦਾ ਹੈ ਕਿ ਹਵਾਈ ਜਹਾਜ਼ ਦੀ ਖੋਜ ਰਾਈਟ ਭਰਾਵਾਂ ਵੱਲੋਂ ਕੀਤੀ ਗਈ ਸੀ ਪਰ ਇਸ ਫ਼ਿਲਮ ਵਿਚ ਇਹ ਗੱਲ ਪੇਸ਼ ਕੀਤੀ ਗਈ ਹੈ ਕਿ ਉਨ੍ਹਾਂ ਤੋਂ ਪਹਿਲਾਂ ਭਾਰਤੀ ਵਿਗਿਆਨੀਆਂ ਨੇ ਇਹ ਖੋਜ ਕੀਤੀ ਸੀ ਅਤੇ ਇਸ ਵਿਗਿਆਨਿਕ ਦਾ ਨਾਂਅ ਸੀ ਸ਼ਿਵਕਰ ਬਾਪੂਜੀ ਤਲਪੜੇ | 'ਹਵਾਈਜ਼ਾਦਾ' ਵਿਚ ਇਸ ਵਿਗਿਆਨੀ ਦੀ ਜੀਵਨ ਕਹਾਣੀ ਪੇਸ਼ ਕੀਤੀ ਗਈ ਹੈ ਅਤੇ ਇਸ ਦਾ ਕਿਰਦਾਰ ਆਯੁਸ਼ਮਨ ਖੁਰਾਣਾ ਵੱਲੋਂ ਨਿਭਾਇਆ ਗਿਆ ਹੈ |
ਕਹਾਣੀ 18ਵੀਂ ਸਦੀ ਪਿੱਠ ਭੂਮੀ 'ਤੇ ਆਧਾਰਿਤ ਹੈ | ਉਸ ਜ਼ਮਾਨੇ ਦੇ ਲੋਕਾਂ ਦੇ ਹਿਸਾਬ ਨਾਲ ਇਥੇ ਖ਼ੁਦ ਨੂੰ ਪੇਸ਼ ਕਰਨਾ ਆਯੁਸ਼ਮਨ ਲਈ ਵੱਡੀ ਚੁਣੌਤੀ ਸੀ | ਇਸ ਵਿਚ ਆਯੁਸ਼ਮਨ ਦੇ ਨਾਲ ਪਲਵੀ ਸ਼ਾਰਦਾ ਅਤੇ ਮਿਥੁਨ ਚੱਕਰਵਰਤੀ ਹਨ | ਫ਼ਿਲਮ ਵਿਚ ਮਿਥੁਨ ਵੱਲੋਂ ਪੰਡਿਤ ਸੁਭਾਰਾਓ ਸ਼ਾਸਤਰੀ ਦੀ ਭੂਮਿਕਾ ਨਿਭਾਈ ਗਈ ਹੈ | ਸਾਡੇ ਪੁਰਾਣਾਂ ਵਿਚ ਦੇਵਤਿਆਂ ਵੱਲੋਂ ਜਹਾਜ਼ ਦੀ ਵਰਤੋਂ ਕਰਨ ਦਾ ਜ਼ਿਕਰ ਹੈ | ਸੁਭਾਰਾਓ ਸ਼ਾਸਤਰੀ ਨੇ ਪੁਰਾਣਿਕ ਗ੍ਰੰਥਾਂ ਦਾ ਡੰੂਘਾਈ ਨਾਲ ਅਧਿਐਨ ਕਰਕੇ ਇਕ ਕਿਤਾਬ 'ਵਿਮਾਨਿਕਾ ਸ਼ਾਸਤਰ' ਲਿਖੀ ਅਤੇ ਇਸ ਕਿਤਾਬ ਨੇ ਸ਼ਿਵਕਰ ਨੂੰ ਹਵਾਈ ਜਹਾਜ਼ ਬਣਾਉਣ ਲਈ ਪ੍ਰੇਰਿਤ ਕੀਤਾ | ਜਦੋਂ ਸ਼ਿਵਕਰ ਦੁਨੀਆ ਦਾ ਪਹਿਲਾ ਹਵਾਈ ਜਹਾਜ਼ ਬਣਾ ਰਹੇ ਸਨ ਤਾਂ ਸੁਭਾਰਾਓ ਸ਼ਾਸਤਰੀ ਨੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ ਸੀ | ਸ਼ਿਵਕਰ ਦਾ ਜਹਾਜ਼ ਜਦੋਂ ਬਣ ਕੇ ਤਿਆਰ ਹੋ ਗਿਆ ਸੀ ਤਾਂ ਉਨ੍ਹਾਂ ਨੇ ਇਸ ਦਾ ਨਾਂਅ 'ਮਰੂਤ ਸਖਾ' ਰੱਖਿਆ ਸੀ |
-ਇੰਦਰਮੋਹਨ ਪੰਨੂੰ

ਕੁਝ ਨਵਾਂ ਕਰਨ ਨੂੰ ਮਿਲਿਆ ਹੈ ਬਿੰਨੀ ਸ਼ਰਮਾ

ਜ਼ੀ ਚੈਨਲ 'ਤੇ ਨਵਾਂ ਲੜੀਵਾਰ 'ਹੈਲੋ ਪ੍ਰਤਿਭਾ' ਦਾ ਪ੍ਰਸਾਰਨ 27 ਜਨਵਰੀ ਤੋਂ ਸ਼ੁਰੂ ਹੋਇਆ ਹੈ | ਹਿਮਾਚਲ ਪ੍ਰਦੇਸ਼ ਨਾਲ ਨਾਤਾ ਰੱਖਣ ਵਾਲੀ ਬਿੰਨੀ ਸ਼ਰਮਾ ਵੱਲੋਂ ਇਸ ਲੜੀਵਾਰ ਵਿਚ ਪ੍ਰਤਿਭਾ ਦੀ ਭੂਮਿਕਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਨਿੱਜੀ ਜੀਵਨ ਵਿਚ ਬਿੰਨੀ ਅਣਵਿਆਹੀ ਹੈ ਅਤੇ ਮੁਟਿਆਰ ਵੀ ਹੈ, ਪਰ ਇਸ ਲੜੀਵਾਰ ਵਿਚ ਉਸ ਨੂੰ 36 ਸਾਲ ਦੀ ਦਰਸਾਇਆ ਗਿਆ ਹੈ ਅਤੇ ਨਾਲ ਹੀ 2 ਬੱਚਿਆਂ ਦੀ ਮਾਂ ਵੀ | ਇਸ ਭੂਮਿਕਾ ਨੂੰ ਸਵੀਕਾਰ ਕਰਨ ਦੀ ਵਜ੍ਹਾ ਦੱਸਦਿਆਂ ਹੋਇਆਂ ਉਹ ਕਹਿੰਦੀ ਹੈ, 'ਇਸ ਤੋਂ ਪਹਿਲਾਂ ਮੈਂ 'ਸੰਯੋਗ ਸੇ ਬਨੀ ਸੰਗਿਨੀ' ਅਤੇ 'ਤੁਝ ਸੰਗ ਪ੍ਰੀਤ ਲਗਾਈ' ਲੜੀਵਾਰਾਂ ਵਿਚ ਕੰਮ ਕੀਤਾ ਸੀ ਅਤੇ ਉਥੇ ਮੇਰੀ ਭੂਮਿਕਾ ਚੁਲਬੁਲੀ ਕੁੜੀ ਦੀ ਸੀ | ਅਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਮੇਰੀ ਇੱਛਾ ਸੀ ਕਿ ਮੈਂ ਕੁਝ ਵੱਖਰਾ ਕਰਾਂ ਪਰ ਮੈਨੂੰ ਇਸ ਲੜੀਵਾਰ ਲਈ ਗੰਭੀਰ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਮਹਿਸੂਸ ਹੋਇਆ ਕਿ ਮੈਂ ਜੋ ਚਾਹੁੰਦੀ ਸੀ, ਉਹ ਇਹੀ ਹੈ | ਇਥੇ ਮੈਨੂੰ ਕੁਝ ਨਵਾਂ ਕਰਨ ਨੂੰ ਮਿਲਿਆ ਹੈ |'
ਇਸ ਸੰਜੀਦਾ ਭੂਮਿਕਾ ਨੂੰ ਨਿਭਾਉਣ ਦੇ ਤਜਰਬੇ ਬਾਰੇ ਉਹ ਦੱਸਦੀ ਹੈ, 'ਇਹ ਭੂਮਿਕਾ ਨਿਭਾਉਣਾ ਏਨਾ ਆਸਾਨ ਨਹੀਂ ਜਿੰਨਾ ਮੈਂ ਸਮਝ ਰਹੀ ਸੀ | ਖ਼ੁਦ ਨੂੰ 36 ਸਾਲ ਦੀ ਔਰਤ ਦੇ ਢਾਂਚੇ ਵਿਚ ਢਾਲਣਾ ਸੱਚਮੁੱਚ ਚੁਣੌਤੀਪੂਰਨ ਸੀ | ਜਦੋਂ ਸੈੱਟ 'ਤੇ ਮੇਰਾ ਮੇਕਅੱਪ ਕੀਤਾ ਜਾਂਦਾ ਤਾਂ ਮੈਂ ਮਨ ਹੀ ਮਨ ਆਪਣੀ ਮਾਂ ਨੂੰ ਯਾਦ ਕਰਿਆ ਕਰਦੀ ਸੀ |'
ਹਾਲਾਂਕਿ ਬਿੰਨੀ ਇਸ ਲੜੀਵਾਰ ਵਿਚ ਪ੍ਰਤਿਭਾ ਦੀ ਭੂਮਿਕਾ ਦੇ ਨਾਲ ਨਿਆਂ ਕਰ ਸਕਣ ਵਿਚ ਸਫ਼ਲ ਰਹੀ ਹੈ ਪਰ ਪ੍ਰਤਿਭਾ ਨਾਲ ਆਪਣੀ ਤੁਲਨਾ ਬਾਰੇ ਉਹ ਕਹਿੰਦੀ ਹੈ, 'ਪ੍ਰਤਿਭਾ ਵਾਂਗ ਮੈਂ ਵੀ ਪਰਿਵਾਰਕ ਕਦਰਾਂ-ਕੀਮਤਾਂ ਦੀ ਅਹਿਮੀਅਤ ਸਮਝਦੀ ਹਾਂ | ਉਸੇ ਵਾਂਗ ਮੈਨੂੰ ਵੀ ਕੁਝ ਗ਼ਲਤ ਹੋਣ 'ਤੇ ਟੈਨਸ਼ਨ ਹੋ ਜਾਂਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਅਤੇ ਪ੍ਰਤਿਭਾ ਇਕੋ ਜਿਹੀਆਂ ਹਾਂ | ਪ੍ਰਤਿਭਾ ਵਿਚ ਜਿਥੇ ਆਤਮ-ਵਿਸ਼ਵਾਸ ਦੀ ਕਮੀ ਹੈ, ਉਥੇ ਮੇਰੇ ਵਿਚ ਆਤਮ-ਵਿਸ਼ਵਾਸ ਕਾਫ਼ੀ ਹੈ | -ਪੰਨੂੰ

'ਸੁਪਨੇ' ਐਲਬਮ ਨਾਲ ਚਰਚਾ 'ਚ ਹੈ ਗੁਰਨੂਰ, ਮਾਹੀ ਮਾਨ

ਪੰਜਾਬੀ ਗਾਇਕੀ ਵਿਚ ਸੁਹਿਰਦ ਜੋੜੀ ਗੁਰਨੂਰ ਤੇ ਮਾਹੀ ਮਾਨ ਨੇ 'ਸੁਪਨੇ..ਦਾ ਡਰੀਮਜ਼' ਨਾਲ ਹਨੇਰੀਆਂ ਵਿਚ ਚਿਰਾਗ ਬਾਲਣ ਵਾਲਾ ਕੰਮ ਕਰ ਵਿਖਾਇਆ ਹੈ | ਪਹਿਲੇ ਹੀ ਗੀਤ 'ਵੇਟ' ਰਾਹੀਂ ਇਸ ਜੋੜੀ ਨੇ ਮੰਝੀ ਹੋਈ ਸ਼ਾਇਰੀ ਤੇ ਦਿਲ-ਟੁੰਬਵੀਆਂ ਆਵਾਜ਼ਾਂ ਨਾਲ ਦੋਗਾਣਾ ਗਾਇਕੀ ਨੂੰ ਨਵੀਂ ਦਿਸ਼ਾ ਦੇ ਦਿੱਤੀ ਹੈ | ਖਾਸ ਗੱਲ ਇਹ ਵੀ ਹੈ ਕਿ ਸ਼ਮਸ਼ੇਰ ਸੰਧੂ, ਬੰਟੀ ਬੈਂਸ, ਗੁਰਵਿੰਦਰ ਬਰਾੜ, ਅਜੀਤਪਾਲ ਜੀਤੀ ਅਤੇ ਪਿੰਦਰ ਮਾਨ ਨੇ ਆਪੋ-ਆਪਣੀਆਂ ਕਲਮਾਂ ਦੇ ਅਸਲੋਂ ਨਵੇਂ ਸਿਰਨਾਵੇਂ ਇਸ ਐਲਬਮ ਦੇ ਜ਼ਰੀਏ ਨਸ਼ਰ ਕੀਤੇ ਹਨ | ਉਸਤਾਦ ਰਵੀ ਸ਼ਰਮਾ ਵਲੋਂ ਤਰਾਸ਼ੀ ਗਈ ਇਸ ਜੋੜੀ ਨੇ ਇਸ ਐਲਬਮ ਵਿਚ ਮੱਧ ਵਰਗੀ ਕਿਸਾਨ ਪਤੀ ਪਤਨੀ ਦੀ ਗੱਲਬਾਤ 'ਨਾ ਰੋਡ 'ਤੇ ਕਿੱਲਾ ਲਗਦਾ ਏ ਨਾ ਦੋ ਨੰਬਰ ਦਾ ਪੈਸਾ ਨੀ' ਇਕ ਕਮਾਲ ਦੀ ਕਲਮ ਸਿਰਜਣਾ ਆਖੀ ਜਾ ਸਕਦੀ ਹੈ, 'ਮੈਨੂੰ ਅੱਜ ਸੁਪਨੇ ਵਿਚ ਮਿਲਣ ਸੋਹਣਿਆਂ ਆ ਜੀਂ ਵੇ' ਦੀਦਾਰ ਸੰਧੂ ਦੀ ਸ਼ਾਇਰੀ ਨਾਲ ਭਿੜਦਾ ਗੀਤ ਸਾਬਿਤ ਹੋ ਨਿੱਬੜਦਾ ਹੈ | 'ਲੱਗੇ ਮੇਰਾ ਵੀ ਨਾ ਤੇਰੇ ਬਿਨਾਂ ਜੀਅ' ਸਰੋਤੇ ਨੂੰ ਪਿਆਰ ਦੀ ਅਦੁੱਤੀ ਦੁਨੀਆਂ ਵਿਚ ਲੈ ਜਾਂਦਾ ਹੈ | 'ਖਾ ਲਈ ਪੰਜਾਬ ਦੀ ਜਵਾਨੀ' ਇਸ ਵੇਲੇ ਪੰਜਾਬ ਵਿਚ ਵਗਦੇ ਨਸ਼ਿਆਂ ਦੇ ਦਰਿਆ 'ਤੇ ਇਕ ਕਰਾਰੀ ਚੋਟ ਆਖੀ ਜਾ ਸਕਦੀ ਹੈ | ਇਹ ਵੀ ਆਖਿਆ ਜਾ ਸਕਦਾ ਹੈ ਕਿ ਗੁਰਨੂਰ-ਮਾਹੀ ਮਾਨ ਨੇ ਪੰਜਾਬੀ ਸੰਗੀਤ ਦੇ ਖੇਤਰ ਵਿਚ ਇਕ ਹਰਫ਼ਨਮੌਲਾ ਅਤੇ ਪੜ੍ਹੀ-ਲਿਖੀ ਦੋਗਾਣਾ ਜੋੜੀ ਦੀ ਰੜਕ ਰਹੀ ਘਾਟ ਨੂੰ ਸਹਿਜੇ ਹੀ ਪੂਰਾ ਕਰ ਵਿਖਾਇਆ ਹੈ | ਇਸ ਜੋੜੀ ਦਾ ਕਹਿਣਾ ਹੈ ਕਿ ਉਹ ਪੰਜਾਬੀ ਗਾਇਕੀ ਵਿਚ ਕਿਸੇ ਵਰਗਾ ਨਹੀਂ ਬਣਨਾ ਚਾਹੁੰਦੇ ਅਤੇ ਨਾ ਹੀ ਕਿਸੇ ਦੇ ਮੁਕਾਬਲੇ ਵਿਚ ਆਪਣੀ ਐਲਬਮ ਰਿਲੀਜ਼ ਕੀਤੀ ਹੈ | ਉਨ੍ਹਾਂ ਆਖਿਆ ਕਿ ਤਨਦੇਹੀ ਨਾਲ ਕੀਤੀ ਸਖ਼ਤ ਮਿਹਨਤ ਸਦਕਾ ਸਾਨੂੰ ਵਿਸ਼ਵਾਸ ਹੈ ਕਿ ਸੰਗੀਤ ਪ੍ਰੇਮੀ ਸਾਨੂੰ ਜ਼ਰੂਰ ਬੇਪਨਾਹ ਮੁਹੱਬਤ ਬਖਸ਼ਣਗੇ | ਇਕ ਸਵਾਲ ਦੇ ਜਵਾਬ ਵਿਚ ਗੁਰਨੂਰ ਤੇ ਮਾਹੀ ਮਾਨ ਨੇ ਦੱਸਿਆ ਕਿ ਸਾਡੇ ਕਾਮਯਾਬ ਹੋਣ ਦਾ ਇਕ ਹੋਰ ਵੱਡਾ ਕਾਰਨ ਪਹਿਲਾਂ ਸਾਡੀ ਪੂਰੀ ਟੀਮ ਦਾ ਇਮਾਨਦਾਰ ਹੋਣਾ ਵੀ ਹੈ | ਉਨ੍ਹਾਂ ਆਖਿਆ ਕਿ ਸਾਡੀ ਸਾਰੀ ਟੀਮ ਨੂੰ ਇਸ ਐਲਬਮ ਦਾ ਬਿਨਾਂ ਕਿਸੇ ਖ਼ੁਦਗਰਜ਼ੀ ਤੋਂ ਤਿਉਹਾਰ ਜਿੰਨਾ ਚਾਅ ਹੈ | ਜ਼ਿਕਰਯੋਗ ਹੈ ਕਿ ਗੁਰਨੂਰ ਕੋਲ ਸੰਗੀਤਕ ਖੇਤਰ ਦਾ ਕਰੀਬ 10 ਸਾਲ ਦਾ ਤਜਰਬਾ ਹੈ ਅਤੇ ਮਾਹੀ ਨਾਮੀ ਸੰਗੀਤਕ ਚੈਨਲਾਂ ਦੇ ਮੁਕਾਬਲਿਆਂ ਵਿਚ ਆਪਣੇ ਫ਼ਨ ਦਾ ਮੁਜ਼ਾਹਰਾ ਬਹੁਤ ਵਾਰ ਕਰ ਚੁੱਕੀ ਹੈ | ਗੁਰਨੂਰ ਦਾ ਪਿੰਡ ਬਰਨਾਲਾ ਜ਼ਿਲ੍ਹੇ ਵਿਚ ਪੈਂਦਾ ਹੈ ਧੂਰਕੋਟ ਜਦੋਂਕਿ ਮਾਹੀ ਮਾਨ ਮਾਨਸਾ ਦੀ ਜੰਮਪਲ ਹੈ |
-ਜਸਪਾਲ ਸਿੰਘ
ਜਲੰਧਰ | 5mail : jaspalajit0020gmail.com

ਚਾਰ ਸਾਲ ਬਾਅਦ ਐਸ਼ਵਰਿਆ ਦੀ ਵਾਪਸੀ

ਉਂਜ ਤਾਂ ਫ਼ਿਲਮਾਂ ਵਿਚ ਆਪਣੀ ਵਾਪਸੀ ਦੀਆਂ ਤਿਆਰੀਆਂ ਐਸ਼ਵਰਿਆ ਨੇ ਕਾਫ਼ੀ ਪਹਿਲਾਂ ਤੋਂ ਸ਼ੁਰੂ ਕਰ ਦਿੱਤੀਆਂ ਸਨ | ਉਸ ਨੇ ਆਪਣਾ ਵਜ਼ਨ ਘਟਾਇਆ ਸੀ ਅਤੇ ਇਸ ਲਈ ਡਾਈਟਿੰਗ ਤੇ ਕਸਰਤ ਵਲ ਬਹੁਤ ਧਿਆਨ ਦਿੱਤਾ ਸੀ | ਆਪਣੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਕਾਰਨ ਐਸ਼ਵਰਿਆ ਹੁਣ ਉਸੇ ਅੰਦਾਜ਼ ਵਿਚ ਨਜ਼ਰ ਆਉਣ ਲੱਗੀ, ਜਿਸ ਅੰਦਾਜ਼ ਵਿਚ ਆਪਣੀ ਪਿਛਲੀ ਫ਼ਿਲਮ 'ਗੁਜ਼ਾਰਿਸ਼' ਵਿਚ ਨਜ਼ਰ ਆਈ ਸੀ | ਉਹ ਆਪਣੀ ਵਾਪਸੀ ਨੂੰ ਲੈ ਕੇ ਬੜੀ ਸੁਚੇਤ ਹੈ, ਇਸ ਲਈ ਧੜਾਧੜ ਫ਼ਿਲਮਾਂ ਸਾਈਨ ਕਰਨ ਦੀ ਬਜਾਇ ਉਸ ਨੇ ਪਹਿਲਾਂ ਆਪਣਾ ਧਿਆਨ ਐਡ ਫ਼ਿਲਮਾਂ ਵੱਲ ਕੇਂਦਰਿਤ ਕੀਤਾ | ਕੁਝ ਐਡ ਫ਼ਿਲਮਾਂ ਕੀਤੀਆਂ ਅਤੇ ਜਦੋਂ ਇਨ੍ਹਾਂ ਐਡ ਫ਼ਿਲਮਾਂ ਨੂੰ ਚੰਗਾ ਹੁੰਗਾਰਾ ਮਿਲਿਆ ਤਾਂ ਉਸ ਨੇ ਸੋਚਿਆ ਕਿ ਫ਼ਿਲਮਾਂ ਵਿਚ ਦੁਬਾਰਾ ਐਾਟਰੀ ਮਾਰਨ ਦਾ ਹੁਣ ਸਹੀ ਸਮਾਂ ਆ ਗਿਆ ਹੈ | ਅਭਿਨੈ ਵਿਚ ਆਪਣੀ ਨਵੀਂ ਪਾਰੀ ਸ਼ੁਰੂ ਕਰਦੇ ਹੋਏ, ਐਸ਼ ਨੇ ਨਿਰਦੇਸ਼ਕ ਸੰਜੇ ਗੁਪਤਾ ਦੀ ਫ਼ਿਲਮ 'ਜਜ਼ਬਾ' ਸਾਈਨ ਕੀਤੀ ਹੈ | ਇਸ ਵਿਚ ਉਹ ਕੇਂਦਰੀ ਭੂਮਿਕਾ ਵਿਚ ਹੈ | ਉਸ ਦੇ ਨਾਲ ਇਸ ਵਿਚ ਇਰਫ਼ਾਨ ਖ਼ਾਨ, ਸ਼ਬਾਨਾ ਆਜ਼ਮੀ, ਸਿਧਾਰਥ ਕਪੂਰ, ਅਨੁਪਮ ਖੇਰ, ਚੰਦਨ ਰਾਇ ਸਨਿਆਲ ਅਤੇ ਅਤੁਲ ਕੁਲਕਰਨੀ ਹਨ |
-ਆਈ. ਐਮ. ਪੰਨੂੰ

ਅਭਿਸ਼ੇਕ ਅਤੇ ਜਾਨ ਅਬਰਾਹਮ ਦੀ ਹੇਰਾਫੇਰੀ-3ਪਹਿਲਾਂ ਅਭਿਸ਼ੇਕ ਬੱਚਨ ਅਤੇ ਜਾਨ ਅਬਰਾਹਮ ਦੀ ਜੋੜੀ ਨੇ 'ਧੂਮ', 'ਦੋਸਤਾਨਾ' ਆਦਿ ਹਿੱਟ ਫ਼ਿਲਮਾਂ ਦਿੱਤੀਆਂ ਸਨ | ਹੁਣ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਨੇ 'ਹੇਰਾਫੇਰੀ-3' ਲਈ ਇਸ ਜੋੜੀ ਨੂੰ ਕਰਾਰਬੱਧ ਕਰ ਲਿਆ ਹੈ | ਉਨ੍ਹਾਂ ਦੇ ਨਾਲ ਇਸ ਵਿਚ ਸੁਨੀਲ ਸ਼ੈਟੀ ਅਤੇ ਪਰੇਸ਼ ਰਾਵਲ ਹੋਣਗੇ ਅਤੇ ਇਹ ਫ਼ਿਲਮ ਨੀਰਜ ਵੋਰਾ ਵੱਲੋਂ ਨਿਰਦੇਸ਼ਤ ਕੀਤੀ ਜਾਵੇਗੀ | 'ਹੇਰਾਫੇਰੀ' ਜਿਥੇ ਪ੍ਰੀਆਦਰਸ਼ਨ ਵੱਲੋਂ ਨਿਰਦੇਸ਼ਤ ਕੀਤੀ ਗਈ ਸੀ, ਇਸ ਦੇ ਵਿਸਥਾਰ ਦੇ ਰੂਪ ਵਿਚ ਬਣੀ ਫ਼ਿਲਮ 'ਫਿਰ ਹੇਰਾਫੇਰੀ' ਨੂੰ ਨੀਰਜ ਵੋਰਾ ਨੇ ਨਿਰਦੇਸ਼ਤ ਕੀਤਾ ਸੀ ਅਤੇ ਹੁਣ ਇਸ ਨਵੀਂ 'ਹੇਰਾਫੇਰੀ' ਦੇ ਨਿਰਦੇਸ਼ਨ ਦੀ ਕਮਾਨ ਵੀ ਨੀਰਜ ਵੋਰਾ ਨੂੰ ਸੌਾਪੀ ਗਈ ਹੈ |
ਜਦੋਂ ਇਸ ਨਵੀਂ ਫ਼ਿਲਮ ਦੇ ਨਿਰਮਾਣ ਦੀ ਯੋਜਨਾ ਬਣਾਈ ਜਾ ਰਹੀ ਸੀ ਤਾਂ ਇਸ ਵਿਚ ਅਕਸ਼ੈ ਕੁਮਾਰ ਨੂੰ ਲੈਣ ਦਾ ਫ਼ੈਸਲਾ ਹੋਇਆ ਸੀ ਪਰ ਅਕਸ਼ੈ ਆਪਣੀਆਂ ਹੋਰ ਫ਼ਿਲਮਾਂ ਵਿਚ ਰੁਝੇ ਹੋਏ ਸਨ | ਇਸ ਲਈ ਉਨ੍ਹਾਂ ਦੀ ਥਾਂ 'ਤੇ ਜਾਨ ਅਬਰਾਹਮ ਨੂੰ ਲਿਆ ਗਿਆ | ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਸ ਫ਼ਿਲਮ ਲਈ ਅਕਸ਼ੈ ਨੇ ਏਨੀ ਵੱਡੀ ਰਕਮ ਦੀ ਮੰਗ ਕੀਤੀ ਸੀ, ਜਿਸ ਨੂੰ ਦੇਣਾ ਨਿਰਮਾਤਾ ਲਈ ਮੁਮਕਿਨ ਨਹੀਂ ਸੀ | ਇਸ ਨਵੀਂ 'ਹੇਰਾਫੇਰੀ' ਵਿਚ ਅਭਿਸ਼ੇਕ ਦੇ ਨਾਲ-ਨਾਲ ਜਯਾ ਬੱਚਨ ਨੂੰ ਵੀ ਲਿਆ ਗਿਆ ਹੈ ਅਤੇ ਉਹ ਇਸ ਵਿਚ ਅਭਿਸ਼ੇਕ ਦੀ ਮਾਂ ਦੀ ਭੂਮਿਕਾ ਨਿਭਾਏਗੀ |
-ਇੰਦਰਮੋਹਨ ਪੰਨੂੰ

ਪੰਜਾਬੀ ਫ਼ਿਲਮ ਉਦਯੋਗ 'ਚ ਮੀਲ-ਪੱਥਰ ਸਾਬਤ ਹੋਵੇਗੀ 'ਇਹ ਜਨਮ ਤੁਮ੍ਹਾਰੇ ਲੇਖੇ'

ਸੰਸਾਰ ਪੱਧਰ 'ਤੇ ਰਿਲੀਜ਼ ਹੋਈ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਦੇ ਬਾਨੀ, ਮਨੱੁਖਤਾ ਦੇ ਪੁਜਾਰੀ, ਵਾਤਾਵਰਨ ਪ੍ਰੇਮੀ, ਯੁੱਗਪੁਰਸ਼ ਤੇ ਮਹਾਨ ਚਿੰਤਕ ਭਗਤ ਪੂਰਨ ਸਿੰਘ ਦੇ ਜੀਵਨ 'ਤੇ ਅਧਾਰਿਤ ਪੰਜਾਬੀ ਫ਼ਿਲਮ 'ਇਹ ਜਨਮ ਤੁਮ੍ਹਾਰੇ ਲੇਖੇ' ਪੂਰੇ ਵਿਸ਼ਵ ਦੇ ਲੋਕਾਂ 'ਚ ਨਵੀਂ ਚੇਤਨਾ ਪੈਦਾ ਕਰਨ ਦੇ ਸਮਰੱਥ ਹੋਵੇਗੀ | ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਵਾਲੀ ਇਹ ਪੰਜਾਬੀ ਫ਼ਿਲਮ ਪਿੰਗਲਵਾੜਾ ਅੰਮਿ੍ਤਸਰ ਦੇ ਮੁੱਖ ਸੇਵਦਾਰ ਡਾ: ਇੰਦਰਜੀਤ ਕੌਰ ਦੇ ਯਤਨਾਂ ਤੇ ਸਮੂਹ ਸੰਗਤ ਦੇ ਸਹਿਯੋਗ ਸਦਕਾ ਡਾਇਰੈਕਟਰ ਡਾ: ਹਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਬਣੀ ਹੈ ਤੇ ਇਸ ਵਿਚ ਭਗਤ ਪੂਰਨ ਸਿੰਘ ਦਾ ਕਿਰਦਾਰ ਬਾਲੀਵੱੁਡ ਅਦਾਕਾਰ ਪਵਨ ਮਲਹੋਤਰਾ ਨੇ ਬਾਖੂਬੀ ਨਿਭਾਇਆ ਹੈ | ਪਿੰਗਲਵਾੜਾ ਮੁਖੀ ਡਾ: ਇੰਦਰਜੀਤ ਕੌਰ ਦਾ ਕਹਿਣਾ ਹੈ ਕਿ ਭਗਤ ਪੂਰਨ ਸਿੰਘ, ਜਿਨ੍ਹਾਂ ਨੇ ਲੋੜਵੰਦਾਂ, ਦੁਖੀਆਂ, ਅਪਾਹਜਾਂ, ਪਾਗਲ ਔਰਤਾਂ, ਲਵਾਰਿਸਾਂ ਲਈ ਆਪਾ ਨਿਛਾਵਰ ਕਰਕੇ ਤਮਾਮ ਉਮਰ ਮਾਨਵਤਾ ਦੀ ਸੇਵਾ 'ਚ ਲੰਘਾਈ ਅਤੇ ਵਾਤਵਰਨ ਨੂੰ ਦਰਪੇਸ਼ ਚੁਣੌਤੀਆਂ ਬਾਰੇ ਹਮੇਸ਼ਾ ਚਿੰਤਾ ਕਰਦਿਆਂ ਸਮਾਜ ਨੂੰ ਸੁਚੇਤ ਕੀਤਾ, ਦੇ ਸਮੁੱਚੇ ਜੀਵਨ ਨੂੰ 2 ਘੰਟਿਆਂ ਦੀ ਫ਼ਿਲਮ ਵਿਚ ਪੇਸ਼ ਕਰਨਾ ਭਾਵੇਂ ਬਹੁਤ ਔਖਾ ਹੈ ਪਰ ਬਾਲੀਵੁੱਡ ਅਦਾਕਾਰ ਪਵਨ ਮਲਹੋਤਰਾ ਨੇ ਭਗਤ ਪੂਰਨ ਸਿੰਘ ਦਾ ਰੋਲ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ ਹੈ | ਡਾ: ਇੰਦਰਜੀਤ ਕੌਰ ਨੇ ਆਖਿਆ ਕਿ ਭਗਤ ਪੂਰਨ ਸਿੰਘ ਵੱਲੋਂ ਮਾਨਵਤਾ ਦੀ ਕੀਤੀ ਗਈ ਵਿਲੱਖਣ ਸੇਵਾ ਨੂੰ ਇਸ ਫ਼ਿਲਮ ਰਾਹੀਂ ਸੰਗਤ ਦੇ ਸਨਮੁੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ | ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਪਵਨ ਮਲਹੋਤਰਾ, ਜਿਨ੍ਹਾਂ ਨੇ ਇਸ ਤੋਂ ਪਹਿਲਾਂ 'ਪੰਜਾਬ 1984' ਤੇ 'ਭਾਗ ਮਿਲਖਾ ਭਾਗ' 'ਚ ਜ਼ੋਰਦਾਰ ਅਦਾਕਾਰੀ ਕੀਤੀ, ਨੇ ਕਿਹਾ ਕਿ ਭਗਤ ਪੂਰਨ ਸਿੰਘ ਦਾ ਰੋਲ ਕਰਨਾ ਬਹੁਤ ਮਾਣ ਤੇ ਫ਼ਖ਼ਰ ਵਾਲੀ ਗੱਲ ਹੈ, ਜੋ ਆਸਾਨ ਨਹੀਂ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਭਗਤ ਪੂਰਨ ਸਿੰਘ ਤੇ ਪਿੰਗਲਵਾੜਾ ਸੰਸਥਾ ਬਾਰੇ ਕੁਝ ਵੀ ਇਲਮ ਨਹੀਂ ਸੀ ਪਰ ਜਦੋਂ ਮੈਂ ਫ਼ਿਲਮ ਦੀ ਕਹਾਣੀ ਸੁਣੀ ਤਾਂ ਪਹਿਲਾਂ ਮੈਂ ਫ਼ਿਲਮ ਵਿਚ ਕੰਮ ਕਰਨ ਲਈ ਥੋੜ੍ਹਾ ਸੋਚਿਆ ਪਰ ਹੁਣ ਜਦੋਂ ਮੈਂ ਇਸ ਫ਼ਿਲਮ ਤੇ ਪਿੰਗਲਵਾੜਾ ਸੰਸਥਾ ਅੰਮਿ੍ਤਸਰ ਦਾ ਹਿੱਸਾ ਬਣ ਗਿਆ ਹਾਂ ਤਾਂ ਮੈਨੂੰ ਅਹਿਸਾਸ ਹੋਇਆ ਕਿ ਭਗਤ ਪੂਰਨ ਸਿੰਘ ਜੀ ਦਾ ਵਿਲੱਖਣ ਜੀਵਨ ਲੋਕਾਂ ਤੱਕ ਪਹੁੰਚਾਉਣ ਲਈ ਪਿੰਗਲਵਾੜਾ ਸੰਸਥਾ ਦਾ ਉਪਰਾਲਾ ਇਕ ਮਹਾਨ ਕਾਰਜ ਹੈ | ਇਸ ਫ਼ਿਲਮ ਦੇ ਗੀਤਕਾਰ ਤੇਜਿੰਦਰ ਹਰਜੀਤ ਦੀ ਕਲਮ ਨੇ ਬਹੁਤ ਸੁੰਦਰ ਸ਼ਬਦਾਂ ਨਾਲ ਗੀਤਾਂ ਦੀ ਰਚਨਾ ਕੀਤੀ ਤੇ ਬਹੁਤ ਹੀ ਆਕਰਸ਼ਕ ਸੰਗੀਤ ਗੁਰਮੋਹ ਤੇ ਵਿੱਕੀ ਭੋਈ ਨੇ ਦਿੱਤਾ, ਜਦੋਂ ਕਿ ਇਸ ਦੇ ਪਹਿਲੇ ਧਾਰਮਿਕ ਗੀਤ 'ਆਰਤੀ' ਨੂੰ ਆਵਾਜ਼ ਸੁਖਵਿੰਦਰ ਸਿੰਘ ਨੇ ਦਿੱਤੀ, ਜਿਸ ਦਾ ਮੰਨਣਾ ਹੈ ਕਿ ਭਗਤ ਪੂਰਨ ਸਿੰਘ ਅਜਿਹੀ 'ਸੇਵਾ ਦੀ ਮੂਰਤ' ਸਨ, ਜਿਨ੍ਹਾਂ ਦੀ ਸ਼ਖ਼ਸੀਅਤ ਨੂੰ ਪੰਜਾਬ ਹੀ ਨਹੀਂ, ਬਲਕਿ ਪੂਰੇ ਵਿਸ਼ਵ ਨੂੰ ਆਪਣਾ ਮਾਰਗਦਰਸ਼ਕ ਬਣਾਉਣ ਦੀ ਲੋੜ ਹੈ | ਇਸ ਫ਼ਿਲਮ 'ਚ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਨੇ ਵੀ ਫ਼ਿਲਮ ਦੀ ਪ੍ਰਮੋਸ਼ਨ ਵਾਸਤੇ ਬਹੁਤ ਹੀ ਸ਼ਾਨਦਾਰ ਗੀਤ 'ਸੁਣ ਵੇ ਪੂਰਨਾ' ਗਾ ਕੇ ਆਪਣਾ ਅਹਿਮ ਯੋਗਦਾਨ ਪਾਇਆ ਅਤੇ ਗਾਇਕਾ ਹਰਸ਼ਦੀਪ ਕੌਰ ਨੇ 'ਲੋਰੀ', ਮੰਨਾ ਮੰਡ ਨੇ 'ਮਿਲ ਮੇਰੇ ਪ੍ਰੀਤਮਾ', ਜਾਵੇਦ ਅਲੀ ਨੇ ਟਾਈਟਲ ਸ਼ਬਦ 'ਏਹ ਜਨਮ ਤੁਮਾਰੇ੍ਹ ਲੇਖੇ' ਤੇ 'ਮੈਂ ਪ੍ਰੇਮ ਨਾ ਚਾਖਿਆ', ਵਿੱਕੀ ਭੋਈ ਨੇ 'ਬਾਟਾ', ਪਲਕ ਮੁੱਛਲ ਨੇ 'ਸਾਡਾ ਰੱਬ' ਅਤੇ ਮੀਰਾ ਸਿੰਘ, ਜ਼ੋਰਾਵਰ ਸਿੰਘ ਤੇ ਗੁਰਮੋਹ ਨੇ 'ਕੰਨਾ ਮੰਨਾ ਕੁਰਰ' ਆਦਿ ਗੀਤ ਤੇ ਸ਼ਬਦ ਗਾਏ ਹਨ |
-ਗੁਰਦੀਪ ਸਿੰਘ ਨਾਗੀ
ਪੱਤਰ ਪ੍ਰੇਰਕ ਮਾਨਾਂਵਾਲਾ, ਅੰਮਿ੍ਤਸਰ

ਦੀਪਿਕਾ ਪਾਦੂਕੋਨ : ਰੱਬ ਤੈਨੂੰ ਰਾਜ਼ੀ ਰੱਖੇ

ਰਣਬੀਰ ਕਪੂਰ ਹਾਲੇ ਵੀ ਡਿੱਪੀ ਆਪਣੇ ਦਿਲ 'ਚੋਂ ਨਹੀਂ ਕੱਢ ਸਕੀ, ਚਾਹੇ ਇਹ ਨਾਂਅ ਹੁਣ ਉਸ ਨੂੰ ਆਪਣੇ-ਆਪ ਨੂੰ ਖਾਣ ਨੂੰ ਪੈਂਦਾ ਹੈ, ਵਾਲੀ ਗੱਲ ਬਣੀ ਹੋਈ ਹੈ | ਵੈਸੇ ਹੁਣੇ ਜਿਹੇ ਹੀ ਡਿੱਪੀ ਨੇ ਰਣਬੀਰ ਨਾਲ ਫ਼ਿਲਮੀ 'ਤਮਾਸ਼ਾ' ਖ਼ਤਮ ਕੀਤਾ ਹੈ | ਹੋਰ ਨਾ ਸਮਝੋ 'ਤਮਾਸ਼ਾ' ਦੀ ਸ਼ੂਟਿੰਗ ਰਣਬੀਰ ਨਾਲ ਖ਼ਤਮ ਕੀਤੀ ਹੈ | ਇਮਤਿਆਜ਼ ਅਲੀ ਦੀ ਇਸ ਫ਼ਿਲਮ ਲਈ ਦੋ-ਤਿੰਨ ਦਿਨ, ਹੋਰ ਦਿੱਲੀ ਵਿਖੇ ਕੰਮ ਹੋਵੇਗਾ, ਜਿਸ 'ਚ ਇਹ ਪੁਰਾਣੀ ਪਰ ਟੁੱਟ ਚੁੱਕੀ ਪ੍ਰੇਮ ਜੋੜੀ ਇਕੱਠੀ ਹੋਏਗੀ | 'ਯੇ ਜਵਾਨੀ ਹੈ ਦੀਵਾਨੀ' ਤੋਂ ਬਾਅਦ 'ਪੁਰਾਣੇ ਸੱਜਣ' ਫਿਰ 'ਤਮਾਸ਼ਾ' ਦਿਖਾਉਣ ਲਈ ਇਕੱਠੇ ਹੋਏ ਹਨ | ਸ਼ਿਮਲਾ ਵਿਖੇ 'ਤਮਾਸ਼ਾ' ਦੀ ਸ਼ੂਟਿੰਗ 'ਚ ਦੀਪਿਕਾ-ਰਣਬੀਰ ਇਕ-ਦੂਸਰੇ ਤੋਂ ਸੈੱਟ 'ਤੇ ਪਰ੍ਹਾਂ-ਪਰ੍ਹਾਂ ਹੀ ਰਹੇ ਸਨ | ਖੈਰ 'ਤਮਾਸ਼ਾ', 'ਪੀਕੂ' ਇਸ ਸਾਲ ਦੀਪਿਕਾ ਵੱਲੋਂ ਦਰਸ਼ਕਾਂ ਦੀ ਕਚਹਿਰੀ ਪੇਸ਼ ਹੋ ਰਹੀਆਂ ਹਨ | ਤਿੰਨ ਵੱਖਰੇ ਵਿਸ਼ੇ ਲੈ ਕੇ ਡਿੱਪੀ ਇਕ ਵਾਰ ਫਿਰ ਧਮਾਲ ਪਾਉਣ ਵਾਲੀ ਹੈ | ਪਿਛਲੇ ਸਾਲ ਵੀ ਉਸ ਦਾ ਕੈਰੀਅਰ ਬੁਲੰਦੀਆਂ 'ਤੇ ਸੀ | ਇਸ ਸਾਲ ਵੀ ਉਸ ਦੀਆਂ ਤਿੰਨ ਫ਼ਿਲਮਾਂ ਦਾ ਆ ਰਹੀਆਂ ਹਨ ਤਾਂ ਆਪੇ ਹੀ ਕੈਟੀ ਨੂੰ ਉਹ ਮਖੌਲ ਕਰੇਗੀ, 'ਰੱਬ ਤੈਨੂੰ ਰਣਬੀਰ ਜੋਗੀ ਰੱਖੇ...' ਦੀਪਿਕਾ ਆਪ ਕਦੇ ਰਣਬੀਰ ਵੱਲ ਝਾਕਦੀ ਹੈ ਪਰ ਆਪ ਇਸ 'ਤੇ ਕੋਈ ਕਿੰਤੂ-ਪੰ੍ਰਤੂ ਨਹੀਂ ਕਰਦੀ... |
-ਸੁਖਜੀਤ ਕੌਰ

ਫ਼ੌਜੀ ਜੀਵਨ ਦੀ ਦਾਸਤਾਨ ਹੈ ਪਲਟਨ

ਦੂਰਦਰਸ਼ਨ ਦੇ ਪ੍ਰਾਈਮ ਟਾਈਮ 'ਚ ਸੋਮਵਾਰ ਤੋਂ ਵੀਰਵਾਰ ਤੱਕ ਰਾਤ 10.30 ਵਜੇ ਨਵਾਂ ਲੜੀਵਾਰ 'ਪਲਟਨ' ਦਾ ਪ੍ਰਸਾਰਨ ਸ਼ੁਰੂ ਹੋਇਆ ਹੈ, ਜਿਸ ਵਿਚ ਅਭਿਨੇਤਾ ਮੁਰਲੀ ਸ਼ਰਮਾ, ਪ੍ਰੀਕਸ਼ਤ ਸਾਹਨੀ, ਅਮਿਤ ਬਹਿਲ, ਗਜੇਂਦਰ ਚੌਹਾਨ, ਅਮਰ ਸ਼ਰਮਾ, ਜੋਤੀ ਪਟੇਲ, ਗੁਰਵਿੰਦਰ ਕੌਰ, ਆਕ੍ਰਿਤੀ ਗਰੇਵਾਲ, ਐਸ. ਵਿਜੈ ਗੋਪਾਲ, ਅਚਿੰਤਯ ਕੁਮਾਰ ਗਾਂਗੁਲੀ , ਗੁਰਪ੍ਰੀਤ ਸਿੰਘ ਰਟੌਲ, ਪ੍ਰਦੀਪ ਜੰਗਰਾ, ਉਰਵਸ਼ੀ ਸ਼ਾਹ, ਵੈਭਵ ਤੇ ਬਿਸ਼ਵਾਸ ਜਾੜੇ ਨੇ ਮੁੱਖ ਕਿਰਦਾਰ ਨਿਭਾਏ ਹਨ | ਫ਼ੌਜੀਆਂ ਦੇ ਜੀਵਨ 'ਤੇ ਆਧਾਰਤ ਇਹ ਲੜੀਵਾਰ ਸੈਨਾ ਦੇ ਜਵਾਨਾਂ ਦੀ ਬਹਾਦਰੀ ਤੇ ਰੋਮਾਂਚਿਕ ਕਾਰਨਾਮਿਆਂ ਨੂੰ ਬਾਖੂਬੀ ਪੇਸ਼ ਕਰਦਾ ਹੈ | 'ਪਲਟਨ' ਦੇ ਨਿਰਦੇਸ਼ਕ ਹਨ ਗੁਰਬੀਰ ਸਿੰਘ ਗਰੇਵਾਲ, ਜਿਨ੍ਹਾਂ 'ਨੀਮ ਕਾ ਪੇੜ' ਨਾਮਕ ਸੀਰੀਅਲ ਅਤੇ 'ਕੌਫੀ ਹਾਊਸ', 'ਮੰਨਤ' ਤੇ 'ਸਾਡੀ ਵੱਖਰੀ ਹੈ ਸ਼ਾਨ' ਵਰਗੀਆਂ ਫ਼ਿਲਮਾਂ ਨੂੰ ਉਨ੍ਹਾਂ ਨੇ ਡਾਇਰੈਕਟ ਕੀਤਾ ਹੈ | ਨਿਰਮਾਤਾ ਐਸ. ਵਿਜੈ ਗੋਪਾਲ ਤੇ ਅਚਿੰਤਯ ਕੁਮਾਰ ਗਾਂਗੁਲੀ ਦਾ ਕਹਿਣਾ ਹੈ ਕਿ ਇਸ ਲੜੀਵਾਰ ਰਾਹੀਂ ਦਰਸ਼ਕਾਂ ਨੂੰ ਦੇਸ਼ ਦੀ ਸ਼ਾਨ ਨੂੰ ਕਾਇਮ ਰੱਖਣ ਦਾ ਸੰਦੇਸ਼ ਵੀ ਮਿਲੇਗਾ |
-ਨਰਿੰਦਰ ਲਾਗੂ

ਆਲੀਆ ਭੱਟ ਉਲਝੇ ਸਵਾਲਾਂ ਦਾ ਹੱਲ

'ਖ਼ਾਸ ਬੰਦਾ' ਜੀ ਹਾਂ, ਆਲੀਆ ਭੱਟ ਦੀ ਜ਼ਿੰਦਗੀ ਵਿਚ ਹੈ, ਕੌਣ ਹੈ ਉਹ 'ਕਰਮਾਂ ਵਾਲਾ'? ਤੁਹਾਡੀ ਤੀਬਰਤਾ ਵਧ ਗਈ ਏ ਨਾ, ਕੌਣ ਵਰੁਣ ਧਵਨ? ਨਹੀਂ ਸਿਧਾਰਥ ਮਲਹੋਤਰਾ? ਨਾ ਭਈ ਇਹ ਦੋਵੇਂ ਨਹੀਂ, ਹੋਰ ਤੀਬਰਤਾ ਵਧੀ, ਦਿਮਾਗ ਦੇ ਘੋੜੇ ਵੀ ਦੌੜੇ ਪਰ ਕੁਝ ਸੁਝ ਨਹੀਂ ਰਿਹਾ | ਬੁਝਾਰਤ ਗੁੰਝਲਦਾਰ ਹੋ ਗਈ ਕਿ ਆਲੀਆ ਦੀ ਜ਼ਿੰਦਗੀ 'ਚ ਕਿਹੜਾ 'ਸੱਜਣ ਪਿਆਰਾ' ਹੈ, ਜਿਸ ਤੋਂ ਬਗੈਰ ਉਹ ਇਕੱਲੀ ਜਿਹੀ ਆਪਣੇ-ਆਪ ਨੂੰ ਮਹਿਸੂਸ ਕਰਦੀ ਹੈ | ਬਹੁਤ ਹੀ ਮਹੱਤਵਪੂਰਨ ਵਿਅਕਤੀ ਅਰਥਾਤ ਮੋਸਟ ਇੰਪੌਰਟੈਂਟ ਪਰਸਨ ਪਿਤਾ ਮਹੇਸ਼ ਭੱਟ? ਨਹੀਂ ਜੀ, ਫਿਰ ਮਾਂ ਸੋਨੀ ਰਾਜ਼ਦਾਨ? ਜਵਾਬ ਇਥੇ ਵੀ ਨਹੀਂ | ਚਲੋ ਦੀਦੀ ਸਾਹੀਨ, ਨਾ ਭਈ ਉਹ ਵੀ ਨਹੀਂ | ਹਾਂ ਭਤੀਜੀ ਪੂਜਾ ਜਾਂ ਫਿਰ ਭਤੀਜਾ ਰਾਹੁਲ ਪਰ ਜਵਾਬ ਫਿਰ ਉਹੀ ਕਿ ਨਹੀਂ, ਇਨ੍ਹਾਂ ਵਿਚੋਂ ਕੋਈ ਵੀ ਨਹੀਂ, ਕਿਹੜਾ 'ਸਟੂਡੈਂਟ ਆਫ਼ ਦਾ ਯੀਅਰ' ਆਲੀਆ ਲਈ 'ਬਹੁਤ ਹੀ ਮਹੱਤਵਪੂਰਨ ਵਿਅਕਤੀ' ਹੈ | ਲਓ ਫਿਰ ਰਹੱਸ ਭਾਵ ਸਸਪੈਂਸ ਜਾਂ ਬੁਝਾਰਤ ਤੋਂ ਪਰਦਾ ਹਟਾ ਹੀ ਦਿੰਦੇ ਹਾਂ ਤੇ ਤੁਹਾਡੀ ਬੇਚੈਨੀ ਦਾ ਹੱਲ ਕਰ ਹੀ ਦਿੰਦੇ ਹਾਂ ਤਾਂ ਫਿਰ ਐਨ.ਡੀ. ਟੀ.ਵੀ. ਦੇ ਸਮਾਰੋਹ 'ਕਾਰ ਬਾਈਕ ਐਵਾਰਡ' 'ਤੇ ਟਹਿਲ ਰਹੀ ਚਹਿਲ-ਪਹਿਲ ਦੇ ਵਾਤਾਵਰਨ ਦਾ ਸ਼ਿੰਗਾਰ ਬਣੀ ਆਲੀਆ ਭੱਟ ਦੇ ਮੂੰਹੋਂ ਇਨ੍ਹਾਂ ਉਲਝੇ ਸਵਾਲਾਂ ਦਾ ਹੱਲ ਪੇਸ਼ ਹੈ ਕਿ ਆਲੀਆ ਭੱਟ ਲਈ 'ਸਭ ਤੋਂ ਮਹੱਤਵਪੂਰਨ', 'ਸਭ ਤੋਂ ਖਾਸ' 'ਹਰਦਿਲ ਅਜ਼ੀਜ਼' ਹੈ, ਉਸ ਦਾ 'ਡਰਾਈਵਰ' ਜਿਸ ਨੂੰ ਆਲੀਆ ਆਪਣੇ ਜੀਵਨ ਦਾ ਖਾਸ ਹਿੱਸਾ ਹੀ ਮੰਨਦੀ ਹੈ | ਇਥੋਂ ਤੱਕ ਕਿ ਉਹ ਕਹਿੰਦੀ ਹੈ ਕਿ ਇਕ 'ਮਹਿਬੂਬਾ' ਤੋਂ ਵੀ ਵਧ ਹੈ ਮੇਰੇ ਲਈ ਮੇਰਾ ਡਰਾਈਵਰ, ਜਿਸ ਬਿਨ ਮੈਂ ਅਧੂਰੀ ਹਾਂ | 'ਸ਼ਾਨਦਾਰ' ਫ਼ਿਲਮ ਨਾਲ ਫਿਰ 'ਸ਼ਾਨਦਾਰ' ਕੈਰੀਅਰ ਬਣਾਉਣ ਜਾ ਰਹੀ ਆਲੀਆ ਆਪਣੇ ਡਰਾਈਵਰ ਬਗ਼ੈਰ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੀ, 'ਬਰਾਂਡ ਅੰਬੈਸਡਰ' ਐਨ.ਡੀ. ਟੀ.ਵੀ. ਲਈ ਬਣੀ ਸੋਨੀ/ਮਹੇਸ਼ ਦੀ ਇਹ ਧੀ ਦੱਸਦੀ ਹੈ ਕਿ ਇਸ 'ਖਾਸ ਵਿਅਕਤੀ' ਨੇ ਉਸ ਨੂੰ ਉਂਗਲੀ ਫੜ ਸਕੂਟਰੀ ਚਲਾਉਣੀ ਸਿਖਾਈ ਤੇ ਫਿਰ ਸਕੂਟਰ/ਮੋਟਰਸਾਈਕਲ ਤੇ ਫਿਰ ਕਾਰ ਤੇ ਉਹ ਵੀ ਆਰਾਮ ਨਾਲ ਸੁਰੱਖਿਅਤ ਤੇ ਵਧੀਆ ਤਰੀਕੇ ਨਾਲ ਚਲਾਉਣ ਦੀ ਜਾਚ | ਸੁਨੀਲ ਉਸ ਦਾ ਨਾਂਅ ਏ | ਸੁਨੀਲ ਬਿਨ ਸਮਝੋ ਅੱਧੀ ਹੈ ਆਲੀਆ | ਖੱਬਾ-ਸੱਜਾ ਵੀ ਸੁਨੀਲ ਡਰਾਈਵਿੰਗ ਦਾ ਹਰ ਤਰੀਕਾ ਸੁਨੀਲ ਦੀ ਬਦੌਲਤ, ਆਲੀਆ ਦੇ ਵਿਗਿਆਪਨ ਸੁਨੀਲ ਕਾਰਨ ਹੀ ਵਧੀਆ ਬਣੇ, ਯੂ ਟਰਨ ਲਿਆ, ਇੰਜ ਚਲਾਈ ਗੱਡੀ ਤੇ ਇਹ ਸੁਣ ਸੁਨੀਲ ਖ਼ੁਸ਼ ਤੇ ਆਲੀਆ ਭੱਟ ਨੇ 'ਕਾਰ ਬਾਈਕ ਐਵਾਰਡ' ਹੀ ਆਪਣੇ ਡਰਾਈਵਰ ਸੁਨੀਲ ਨੂੰ ਸਮਰਪਿਤ ਕੀਤਾ | 'ਵਾਹ ਆਲੀਆ ਵਾਹ... |'

ਈਜ਼ਾਬੈਲ ਉਮੀਦਾਂ ਕਾਇਮ

ਲੈਕਮੇ ਦੀ ਮਸ਼ਹੂਰੀ 'ਚ ਆ ਕੇ ਵਿਗਿਆਪਨ ਦੁਨੀਆ ਨੂੰ ਖਿੱਚ ਲੈਣ ਵਾਲੀ ਮਾਡਲ ਈਜ਼ਾਬੈਲ ਲੀਟੇ ਬ੍ਰਾਜ਼ੀਲ ਦੀ ਰਹਿਣ ਵਾਲੀ ਹੈ | 24 ਸਾਲ ਦੀ ਈਜ਼ਾ ਦੋ ਸਾਲ ਪਹਿਲਾਂ ਹੀ ਭਾਰਤ 'ਚ ਸਰਗਰਮ ਹੋਈ ਹੈ | 'ਸਿਕਸਟੀਨ' ਤੇ 'ਪੁਰਾਣੀ ਜੀਨਜ਼' ਦੋ ਫ਼ਿਲਮਾਂ ਕਰਕੇ ਅਭਿਨੇਤਰੀ ਵਜੋਂ ਉਹ ਸਾਹਮਣੇ ਆਈ ਹੈ | ਹੁਣ ਬਿੱਗ ਬਾਜ਼ਾਰ ਦੀ ਵੀ ਉਹ ਬਰਾਂਡ ਅੰਬੈਸਡਰ ਹੈ | ਈਜ਼ਾ ਦੀ ਗੱਲਬਾਤ ਪਾਕਿਸਤਾਨੀ ਵਿਗਿਆਪਨ ਦੁਨੀਆ 'ਚ ਵੀ ਕਾਫ਼ੀ ਹੈ | ਹੁਣ ਜਦ ਕਿ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਚਰਚਾ ਸਭ ਪਾਸੇ ਹੈ, ਤਦ ਈਜ਼ਾ ਨੇ ਇਸ ਗੱਲ ਤੋਂ ਪਰਦਾ ਚੁੱਕਿਆ ਹੈ ਕਿ ਸਭ ਤੋਂ ਪਹਿਲਾਂ ਵਿਰਾਟ ਨਾਲ ਉਸ ਦੀ ਦੋਸਤੀ ਹੋਈ ਸੀ | ਇਹ ਦੋਸਤੀ ਦੋ ਸਾਲ ਤੱਕ ਚੱਲੀ ਸੀ | ਈਜ਼ਾ ਆਪਣੀ ਇਸ ਗੱਲ ਨਾਲ ਫਿਰ ਚਰਚਿਤ ਹੋ ਗਈ ਹੈ, ਹਾਲਾਂਕਿ ਲੋਕ ਉਸ ਨੂੰ ਸਿਧਾਰਥ ਮਲਹੋਤਰਾ ਦੀ ਦੋਸਤ ਹੀ ਸਮਝਦੇ ਹਨ | ਈਜ਼ਾ ਕੋਲ ਇਸ ਸਮੇਂ ਫ਼ਿਲਮਾਂ ਚਾਹੇ ਬਹੁਤ ਹੀ ਘੱਟ ਹਨ ਪਰ ਵਿਗਿਆਪਨਾਂ 'ਚ ਉਸ ਦਾ ਕੰਮ ਕਾਫ਼ੀ ਚਲ ਰਿਹਾ ਹੈ | ਇਸ ਤੋਂ ਇਲਾਵਾ ਈਜ਼ਾ ਨੂੰ ਕਾਫ਼ੀ ਸਟੇਜ ਸ਼ੋਅ ਵੀ ਮਿਲ ਰਹੇ ਹਨ | ਵਿਰਾਟ ਕੋਹਲੀ ਵਾਲਾ ਕਿੱਸਾ ਸੁਣਾ ਕੇ ਈਜ਼ਾ ਸਭ ਦਾ ਧਿਆਨ ਖਿੱਚ ਕੇ ਇਹੀ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਵੀ ਸੁਹੱਪਣ ਤੇ ਆਕਰਸ਼ਣ ਦੇ ਮਾਮਲੇ 'ਚ ਕਿਸੇ ਤੋਂ ਪਿੱਛੇ ਨਹੀਂ ਹੈ | ਉਸ ਨੂੰ ਲੋੜ ਚੰਗੇ ਬੈਨਰ ਦੀ ਹੈ | ਇਸ ਦੌਰਾਨ ਦੋ ਦੇਸ਼ਾਂ 'ਚ ਉਸ ਕੋਲ ਐਡ ਬਾਜ਼ਾਰ ਦਾ ਕਾਫ਼ੀ ਕੰਮ ਹੈ ਤੇ ਆ ਰਹੇ ਸਮੇਂ 'ਚ ਉਸ ਦਾ ਫ਼ਿਲਮੀ ਕੈਰੀਅਰ ਵੀ ਜ਼ਰੂਰ ਚੋਟੀ 'ਤੇ ਹੋਵੇਗਾ |
-ਸੁਖਜੀਤ ਕੌਰ

ਇਲੀਆਨਾ ਡਿਕਰੂਜ਼ : ਵਰਦਾਨ ਸਹੇਲੀਆਂ

ਇੱਲੀ ਜਾਣਦੀ ਹੈ ਕਿ ਫ਼ਿਲਮੀ ਸੁੰਦਰ ਪਰੀਆਂ ਹੀ ਲੋਕਾਂ ਲਈ ਫੈਸ਼ਨ ਉਤਸ਼ਾਹਿਤ ਕਰਨ 'ਚ ਖ਼ਾਸ ਭੂਮਿਕਾ ਨਿਭਾਉਂਦੀਆਂ ਹਨ ਤੇ ਜੇਕਰ ਕਿਸੇ ਨਾਇਕਾ ਦੀ ਪਹਿਨਣ ਅਦਾ ਚੰਗੀ ਹੈ ਤਾਂ ਉਸ ਨੂੰ ਅਪਣਾਉਣ 'ਚ ਇਲੀਆਨਾ ਡਿਕਰੂਜ਼ ਮਾੜਾ ਨਹੀਂ ਸਮਝਦੀ | ਉਸ ਦੀ ਮੰਨੀਏ ਤਾਂ ਫ਼ਿਲਮ ਨਗਰੀ 'ਚ ਇਸ ਸਮੇਂ ਫੈਸ਼ਨ ਡਿਜ਼ਾਈਨਰਾਂ ਦੀ ਘਾਟ ਚੱਲ ਰਹੀ ਹੈ | ਇੱਲੀ ਨੇ ਇਸ ਮਾਮਲੇ 'ਚ ਸੋਨਲ ਚੌਹਾਨ ਨੂੰ ਅਪਣਾਇਆ ਹੈ | ਸੋਨਲ ਨੇ ਜਿਹੜਾ ਪਹਿਰਾਵਾ ਸਾਲ ਪਹਿਲਾਂ ਪਹਿਨਿਆ ਸੀ ਅੱਜਕਲ੍ਹ ਪਾਰਟੀਆਂ 'ਚ ਇਲੀਆਨਾ ਪਹਿਨ ਰਹੀ ਹੈ | ਸੋਨਲ ਵੀ ਖ਼ੁਸ਼ ਹੈ ਕਿ ਇਲੀਆਨਾ ਉਸ ਤੋਂ ਪ੍ਰਭਾਵਿਤ ਹੈ | ਇਧਰ ਦੱਖਣ 'ਚ ਇਕ ਚੈਨਲ 'ਤੇ ਇਲੀਆਨਾ ਨੂੰ ਕਾਫ਼ੀ ਮਹੱਤਵ ਦਿੱਤਾ ਜਾ ਰਿਹਾ ਹੈ | ਇਹ ਸਭ ਦੱਖਣ ਦੀ ਸਟਾਰ ਨਾਇਕਾ ਚਾਰਮੀ ਸਿੰਘ ਦੀ ਬਦੌਲਤ ਹੈ | ਸੋਨਲ ਤੋਂ ਬਾਅਦ ਚਾਰਮੀ ਵੀ ਇਲੀ ਲਈ ਕੰਮ ਆ ਰਹੀ ਹੈ | ਚਾਰਮੀ ਨੇ ਇੱਲੀ ਦਾ ਦੱਖਣ 'ਚ ਇੰਟਰਵਿਊ ਕੀਤਾ ਤੇ ਦੱਸਿਆ ਕਿ ਉਹ ਇੱਲੀ ਨੂੰ ਬਿਨ ਰੂਪ ਸਜਾ ਦੇ ਦੇਖਣ ਦੇ ਹੱਕ 'ਚ ਨਹੀਂ ਹੈ | ਇਲੀਆਨਾ ਤੇ ਚਾਰਮੀ ਨੇ ਦੱਖਣ ਦੀ ਨਵੀਂ ਫ਼ਿਲਮ 'ਰਾਖੀ' ਜੂਨੀਅਰ ਐਨ.ਟੀ.ਆਰ. ਨਾਲ ਕੀਤੀ ਹੈ | ਇਲੀਆਨਾ ਨੇ ਚਾਰਮੀ ਦੀ ਗੱਲ ਦਾ ਬੁਰਾ ਨਹੀਂ ਮਨਾਇਆ ਤੇ ਕਿਹਾ ਕਿ ਚਾਰਮੀ ਨੇ ਉਸ ਦੀ ਸਹਾਇਤਾ ਹੀ ਕੀਤੀ ਹੈ ਕਿ ਸੋਹਣੇ ਦਿਸਣ ਲਈ ਉਸ ਵਾਸਤੇ ਰੂਪ ਸਜਾ ਜ਼ਰੂਰੀ ਹੈ | ਜਿਥੇ ਇੱਲੀ ਦੱਖਣ ਦੀਆਂ ਫ਼ਿਲਮਾਂ 'ਚ ਰੁਝ ਗਈ ਹੈ, ਉਥੇ ਸੋਨਲ ਚੌਹਾਨ ਤੇ ਚਾਰਮੀ ਕੌਰ ਉਸ ਲਈ ਚੰਗੀਆਂ ਸਹੇਲੀਆਂ ਬਣ ਗਈਆਂ ਹਨ | ਇਹ ਸਹੇਲੀਆਂ ਇਲੀਆਨਾ ਡਿਕਰੂਜ਼ ਦੇ ਅੱਗੇ ਵਧਣ ਲਈ ਇਕ ਊਰਜਾ ਹਨ ਤੇ ਉਹ ਇਸ ਦਾ ਪੂਰਾ ਲਾਭ ਲੈ ਰਹੀ ਹੈ |

'ਪ੍ਰੇਮ ਰਤਨ ਧਨ ਪਾਇਓ' 'ਚ ਨੀਲ ਨਿਤਿਨ ਮੁਕੇਸ਼

ਅਭਿਨੇਤਾ ਨੀਲ ਨਿਤਿਨ ਮੁਕੇਸ਼ ਅੱਜਕਲ੍ਹ ਰਾਜਸ਼੍ਰੀ ਪ੍ਰੋਡਕਸ਼ਨ ਦੀ ਪਰਿਵਾਰਕ ਫ਼ਿਲਮ 'ਪ੍ਰੇਮ ਰਤਨ ਧਨ ਪਾਇਓ' ਦੀ ਸ਼ੂਟਿੰਗ ਕਰ ਰਿਹਾ ਹੈ | ਸੂਰਜ ਆਰ. ਬੜਜਾਤੀਆ ਦੇ ਨਿਰਦੇਸ਼ਨ 'ਚ ਇਹ ਫ਼ਿਲਮ ਲਗਾਤਾਰ ਸ਼ੂਟ ਕੀਤੀ ਜਾ ਰਹੀ ਹੈ | ਨੀਲ ਦਾ ਇਸ ਫ਼ਿਲਮ 'ਚ ਵਧੀਆ ਰੋਲ ਹੈ | ਮੁੱਖ ਕਲਾਕਾਰ ਸਲਮਾਨ ਖ਼ਾਨ ਹੈ, ਜਿਸ ਨਾਲ ਸੋਨਮ ਕਪੂਰ ਨਾਇਕਾ ਹੈ | ਇਸ ਫ਼ਿਲਮ ਲਈ ਦੀਪਿਕਾ ਤੇ ਸੋਨਾਕਸ਼ੀ ਲੈਣ ਬਾਰੇ ਵਿਚਾਰ ਸੀ, ਪਰ ਸਲਮਾਨ ਦੇ ਕਹਿਣ 'ਤੇ ਸੋਨਮ ਕਪੂਰ ਨੂੰ ਲਿਆ ਗਿਆ | ਨੀਲ ਦਾ ਕਹਿਣਾ ਹੈ ਕਿ ਰਾਜਸ਼੍ਰੀ ਪ੍ਰੋਡਕਸ਼ਨ ਨੇ ਹਮੇਸ਼ਾ ਹੀ ਪਰਿਵਾਰਕ ਫ਼ਿਲਮਾਂ ਬਣਾਈਆਂ ਹਨ | ਇਸ ਫ਼ਿਲਮ ਤੋਂ ਮੈਨੂੰ ਬੜੀ ਆਸ ਹੈ | ਮੈਂ ਹੁਣੇ-ਹੁਣੇ ਦੱਖਣ ਦੀ ਫ਼ਿਲਮ 'ਕੰਠੀ' ਵੀ ਕੀਤੀ ਹੈ, ਜੋ ਕਾਫ਼ੀ ਮਹਿੰਗੀ ਸੀ | ਇਸ ਫ਼ਿਲਮ ਨੇ ਵਪਾਰ ਚੰਗਾ ਕੀਤਾ ਹੈ | ਮੇਰੇ ਕੋਲ ਹੋਰ ਵੀ ਕਈ ਦੱਖਣ ਦੀਆਂ ਫ਼ਿਲਮਾਂ ਹਨ | ਇਸ ਤੋਂ ਇਲਾਵਾ ਮੇਰੇ ਕੋਲ ਬਹੁਤ ਸਾਰੀਆਂ ਐਡ ਫ਼ਿਲਮਾਂ ਹਨ, ਜਿਨ੍ਹਾਂ ਦੀ ਸ਼ੂਟਿੰਗ ਮੈਂ ਲਗਾਤਾਰ ਕਰ ਰਿਹਾ ਹਾਂ | ਕੁਝ ਵਿਦੇਸ਼ ਦੇ ਸ਼ੋਅ ਹਨ, ਜੋ ਮੈਂ ਕਰ ਰਿਹਾ ਹਾਂ | ਰਾਜਸ੍ਰੀ ਪ੍ਰੋਡਕਸ਼ਨ ਦੀ ਇਕ ਹੋਰ ਫ਼ਿਲਮ ਵੀ ਇਸ ਫ਼ਿਲਮ ਤੋਂ ਬਾਅਦ ਤਿਆਰ ਹੋਵੇਗੀ, ਜਿਸ ਲਈ ਸੂਰਜ ਆਰ. ਬੜਜਾਤੀਆ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ | ਨੀਲ ਨਿਤਿਨ ਮੁਕੇਸ਼ ਖ਼ੁਦ ਦਾ ਸਟੂਡੀਓ ਵੀ ਤਿਆਰ ਕਰਨ ਬਾਰੇ ਸੋਚ ਰਿਹਾ ਹੈ, ਕਿਉਂਕਿ ਮੰੁਬਈ ਨਗਰੀ ਅਜਿਹੀ ਨਗਰੀ ਹੈ, ਜਿਥੇ ਕਿਸ ਸਮੇਂ ਕੀ ਹੋ ਜਾਵੇ, ਪਤਾ ਨਹੀਂ ਹੈ | ਇਸ ਲਈ ਇਥੇ ਬਹੁਤੇ ਕਲਾਕਾਰਾਂ ਦੇ ਆਪੋ-ਆਪਣੇ ਕਾਰੋਬਾਰ ਹਨ | ਮੈਂ ਵੀ ਚਾਹੁੰਦਾ ਹਾਂ ਕਿ ਸਾਈਡ 'ਤੇ ਆਪਣਾ ਕੋਈ ਕਾਰੋਬਾਰ ਸ਼ੁਰੂ ਕੀਤਾ ਜਾਵੇ | ਨੀਲ ਸਮਾਜ ਭਲਾਈ ਦੇ ਕੰਮਾਂ 'ਚ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ | ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ |
-ਤਰਸੇਮ ਬੱਧਣ

ਪਾਲੀਵੁੱਡ ਤੋਂ ਬਾਲੀਵੁੱਡ ਵੱਲ ਪੂਨਮ ਸੂਦ

ਚੰਡੀਗੜ੍ਹ ਦੀ ਰਹਿਣ ਵਾਲੀ ਪੂਨਮ ਸੂਦ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਆਪਣੇ ਸਟਾਫ ਨਰਸ ਦੇ ਕੈਰੀਅਰ ਤੋਂ ਸ਼ੁਰੂਆਤ ਕਰਕੇ ਪੰਜਾਬੀ ਫ਼ਿਲਮ ਇੰਡਸਟਰੀ, ਮਾਡਲਿੰਗ ਅਤੇ ਬਾਲੀਵੁੱਡ ਵੱਲ ਰੁਖ਼ ਕਰ ਲਿਆ ਹੈ | ਬਚਪਨ ਤੋਂ ਹੀ ਡਾਂਸ ਅਤੇ ਐਕਟਿੰਗ ਦੀ ਸ਼ੌਕੀਨ ਪੂਨਮ ਸਕੂਲ ਅਤੇ ਕਾਲਜ ਸਮੇਂ ਦੌਰਾਨ ਵੀ ਗਤੀਵਿਧੀਆਂ ਵਿਚ ਭਾਗ ਲੈਂਦੀ ਰਹੀ ਸੀ | ਨਿਰਦੇਸ਼ਕ ਮਨਦੀਪ ਦੇ ਇਕ ਪੰਜਾਬੀ ਗੀਤ ਤੋਂ ਬਤੌਰ ਕੋਰੀਓਗ੍ਰਾਫਰ ਇਸ ਖੇਤਰ ਵਿਚ ਆਈ ਪੂਨਮ ਹੁਣ ਤੱਕ ਸ਼ੈਰੀ ਮਾਨ ਦੇ 'ਨੀ ਚੰਡੀਗੜ੍ਹ ਵਾਲੀਏ', ਕਰਮਜੀਤ ਅਨਮੋਲ ਦਾ 'ਯਾਰਾ ਵੇ ਯਾਰਾ-2', ਮਿਸ ਪੂਜਾ ਦਾ 'ਹੁਣ ਕਾਲਜ ਕਿਉਂ ਆਉਣੋ ਹਟ ਗਈ', ਕਲੇਰ ਕੰਠ ਦਾ 'ਛੱਲਾ', ਕੇ.ਐਸ.ਮੱਖਣ, ਸ਼ੀਰਾ ਜਸਵੀਰ ਸਮੇਤ ਕਈ ਗਾਇਕਾਂ ਦੇ ਹਿੱਟ ਗੀਤਾਂ ਵਿਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ | ਦੂਰਦਰਸ਼ਨ ਦੇ ਸੀਰੀਅਲ 'ਹਮ ਤੁਮਕੋ ਨਾ ਭੂਲ ਪਾਏਾਗੇ' ਅਤੇ ਯੂ.ਟੀ.ਵੀ. ਬਿੰਦਾਸ ਦੇ ਸੀਰੀਅਲ 'ਲਵ ਲਾਕਅੱਪ' ਵਿਚ ਵੀ ਉਹ ਆਪਣੀ ਅਦਾਕਾਰੀ ਦਿਖਾ ਚੁੱਕੀ ਹੈ |
ਪੰਜਾਬੀ ਫ਼ਿਲਮ 'ਮੇਰੇ ਯਾਰ ਕਮੀਨੇ' ਅਤੇ ਬਾਲੀਵੁੱਡ ਫ਼ਿਲਮ 'ਹਮ ਹੈਂ ਤੀਨ ਖੁਰਾਫਾਤੀ' ਵਿਚ ਬਤੌਰ ਅਭਿਨੇਤਰੀ ਕੰਮ ਕਰ ਚੁੱਕੀ ਪੂਨਮ ਜਲਦ ਹੀ ਪੰਜਾਬੀ ਫ਼ਿਲਮਾਂ 'ਅੱਜ ਦੇ ਲਫੰਗੇ', 'ਚਮਕੀਲਾ-ਦੀ ਲੀਜੈਂਡ', 'ਯਾਰ ਅਣਮੁੱਲੇ-2' ਅਤੇ ਬਾਲੀਵੁੱਡ ਫ਼ਿਲਮਾਂ 'ਰੇਪਿਸਟ', 'ਸੋਚ-ਦੀ ਥਿੰਕਿੰਗ' ਵਿਚ ਵੀ ਨਜ਼ਰ ਆਵੇਗੀ | ਬੀਤੇ ਦਿਨੀਂ ਰਿਲੀਜ਼ ਹੋਈ ਨਿਰਦੇਸ਼ਕ ਹਰਜੀਤ ਰਿੱਕੀ ਦੀ ਲਘੂ ਫ਼ਿਲਮ 'ਵੰਡ' ਵਿਚ ਪੂਨਮ ਵੱਲੋਂ ਨਿਭਾਇਆ ਗਿਆ 'ਚੰਨੋ' ਦਾ ਕਿਰਦਾਰ ਮੌਜੂਦਾ ਸਮੇਂ ਦੀ ਸੱਚਾਈ ਬਿਆਨ ਕਰਦਾ ਹੈ | 'ਵੰਡ' ਦੇ ਹਰ ਇਕ ਸੀਨ ਵਿਚ ਉਸਦੀ ਅਦਾਕਾਰੀ ਮੂੰਹੋਂ ਬੋਲਦੀ ਹੈ ਤੇ ਉਸਨੇ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ ਵੀ ਕੀਤਾ ਹੈ |
ਪੂਨਮ ਅਨੁਸਾਰ ਮਾਡਲਿੰਗ ਅਤੇ ਫ਼ਿਲਮਾਂ ਵਿਚ ਅਦਾਕਾਰੀ ਦੋਨੋਂ ਇਕ ਸਿੱਕੇ ਦੇ ਦੋ ਪਹਿਲੂ ਹਨ, ਮਾਡਲਿੰਗ ਨਾਲ ਜਿੱਥੇ ਚਿਹਰੇ ਨੂੰ ਪਹਿਚਾਣ ਮਿਲਦੀ ਹੈ ਉੱਥੇ ਹੀ ਫ਼ਿਲਮਾਂ ਨਾਲ ਅਦਾਕਾਰੀ ਨੂੰ ਪਹਿਚਾਣ ਮਿਲਦੀ ਹੈ | ਉਸ ਅਨੁਸਾਰ ਜੇ ਅਦਾਕਾਰ ਦੀ ਕਲਾ 'ਚ ਦਮ ਹੋਵੇ ਤਾਂ ਲੋਕ ਉਸ ਵੱਲੋਂ ਕੀਤੇ ਕੰਮ ਨੂੰ ਜ਼ਰੂਰ ਪਸੰਦ ਕਰਦੇ ਹਨ | ਫ਼ਿਲਮ ਇੰਡਸਟਰੀ ਵਿਚ ਬੇਬਾਕ ਕੰਮ ਕਰਨ ਵਾਲੀ ਪੂਨਮ ਦਾ ਮੰਨਣਾ ਹੈ ਕਿ ਇੰਡਸਟਰੀ ਵਿਚ ਵੀ ਆਮ ਦੁਨੀਆ ਦੀ ਤਰ੍ਹਾਂ ਚੰਗੇ ਤੇ ਬੁਰੇ ਹਰ ਤਰ੍ਹਾਂ ਦੇ ਲੋਕ ਹਨ, ਜੇ ਕੋਈ ਲੜਕੀ ਖੁਦ ਸਾਹਸੀ ਹੋਵੇ ਤਾਂ ਕੋਈ ਉਸਦਾ ਸ਼ੋਸ਼ਣ ਨਹੀਂ ਕਰ ਸਕਦਾ |
-ਗਗਨਦੀਪ ਜਿੰਦਲ
(ਪੱਤਰਕਾਰ) ਅਜੀਤ ਸਮਾਚਾਰ, ਕੋਟਕਪੂਰਾ

ਪਾਖੰਡੀ ਬਾਬਿਆਂ 'ਤੇ ਕਰਾਰੀ ਚੋਟ ਚਲ ਗੁਰੂ ਹੋ ਜਾ ਸ਼ੁਰੂ

ਇਹ ਤਾਂ ਸੱਚ ਹੈ ਕਿ ਕਲ੍ਹ ਤੱਕ ਧਾਰਮਿਕ ਚੈਨਲਾਂ 'ਤੇ ਧਰਮ ਦਾ ਪ੍ਰਚਾਰ ਕਰਦੇ ਨਜ਼ਰ ਆਏ ਕਈ ਬਾਬੇ ਅੱਜਕਲ੍ਹ ਆਪਣੀਆਂ ਕਰਤੂਤਾਂ ਦੀ ਵਜ੍ਹਾ ਕਰਕੇ ਸਮਾਚਾਰ ਚੈਨਲਾਂ ਦੀਆਂ ਸੁਰਖੀਆਂ ਵਿਚ ਬਣੇ ਹੋਏ ਹਨ | ਨਾਲ ਹੀ, ਹੁਣ ਇਸ ਤਰ੍ਹਾਂ ਦੇ ਬਾਬੇ ਫ਼ਿਲਮਕਾਰਾਂ ਦੀਆਂ ਕਹਾਣੀਆਂ ਲਈ ਪਸੰਦੀਦਾ ਵਿਸ਼ੇ ਵੀ ਬਣ ਗਏ ਹਨ | ਹਾਲ ਹੀ ਵਿਚ ਫ਼ਿਲਮ 'ਪੀਕੇ' ਵਿਚ ਪਾਖੰਡੀ ਬਾਬਾ ਦੇ ਪਾਖੰਡ ਨੂੰ ਨਿਸ਼ਾਨਾ ਬਣਾਇਆ ਗਿਆ | ਉਂਝ, ਪਾਖੰਡੀ ਬਾਬਿਆਂ ਦੇ ਵਿਸ਼ੇ 'ਤੇ ਫ਼ਿਲਮ ਬਣਾਉਣ ਦਾ ਰਿਵਾਜ ਨਵਾਂ ਨਹੀਂ ਹੈ | ਇਕ ਜ਼ਮਾਨੇ ਵਿਚ ਮਨੋਜ ਕੁਮਾਰ ਦੀ ਫ਼ਿਲਮ 'ਸੰਨਿਆਸੀ' ਆਈ ਸੀ ਅਤੇ ਪ੍ਰੇਮਨਾਥ ਵੱਲੋਂ ਇਸ ਵਿਚ ਪਾਖੰਡੀ ਬਾਬਾ ਦੀ ਭੂਮਿਕਾ ਨਿਭਾਈ ਗਈ ਸੀ | ਬਾਬਿਆਂ ਦੇ ਪਾਖੰਡ 'ਤੇ ਪ੍ਰਕਾਸ਼ ਮਹਿਰਾ ਨੇ ਅਮਿਤਾਭ ਬੱਚਨ ਨੂੰ ਲੈ ਕੇ 'ਜਾਦੂਗਰ' ਬਣਾਈ ਸੀ | ਹੁਣ ਧੂਰਤ ਬਾਬਾ ਦੇ ਵਿਸ਼ੇ 'ਤੇ ਨਿਰਦੇਸ਼ਕ ਮਨੋਜ ਸ਼ਰਮਾ ਨੇ 'ਚਲ ਗੁਰੂ ਹੋ ਜਾ ਸ਼ੁਰੂ' ਬਣਾਈ ਹੈ | ਉਨ੍ਹਾਂ ਦੀ ਇਸ ਫ਼ਿਲਮ ਵਿਚ ਹੇਮੰਤ ਪਾਂਡੇ ਵੱਲੋਂ ਪਾਖੰਡੀ ਬਾਬਾ ਦੀ ਭੂਮਿਕਾ ਨਿਭਾਈ ਗਈ ਹੈ | ਜਿਥੇ ਉਨ੍ਹਾਂ ਦੇ ਚੇਲੇ ਬਣੇ ਹਨ ਬਰਜੇਂਦਰ ਕਾਲਾ ਅਤੇ ਵਰਜੇਸ਼ ਹੀਰਜੀ, ਜੋ ਆਮ ਲੋਕਾਂ ਵਿਚ ਬਾਬਾ ਦੇ ਪ੍ਰਭਾਵ ਨੂੰ ਫੈਲਾਉਣ ਦਾ ਕੰਮ ਕਰਦੇ ਹਨ |
ਫ਼ਿਲਮ ਦਾ ਕਥਾਸਾਰ ਇਹ ਹੈ ਕਿ ਛੋਟੇ ਜਿਹੇ ਸ਼ਹਿਰ ਵਿਚ ਰਹਿ ਰਹੇ ਇਕ ਨੌਜਵਾਨ ਦੀ ਇੱਛਾ ਫ਼ਿਲਮਾਂ ਵਿਚ ਅਭਿਨੈ ਕਰਕੇ ਦੌਲਤ ਕਮਾਉਣ ਦੀ ਹੈ | ਇਹ ਨੌਜਵਾਨ ਅੱਠਵੀਂ ਫੇਲ੍ਹ ਹੈ ਪਰ ਉਸ ਨੇ ਉੱਚੇ ਸੁਪਨੇ ਦੇਖ ਰੱਖੇ ਹਨ | ਇਕ ਦਿਨ ਉਹ ਇਕ ਧਾਰਮਿਕ ਸਮਾਰੋਹ ਵਿਚ ਜਾਂਦਾ ਹੈ ਅਤੇ ਉਥੇ ਇਕ ਬਾਬੇ ਦਾ ਪ੍ਰਵਚਨ ਸੁਣ ਉਹ ਉਨ੍ਹਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ | ਆਮ ਜਨਤਾ ਵੱਲੋਂ ਬਾਬਾ ਨੂੰ ਦਿੱਤਾ ਜਾ ਰਿਹਾ ਮਾਣ-ਸਨਮਾਨ ਦੇਖ ਕੇ ਉਹ ਅਭਿਨੇਤਾ ਬਣਨ ਦਾ ਖਿਆਲ ਛੱਡ ਦਿੰਦਾ ਹੈ ਅਤੇ ਭਗਵਾਂ ਚੋਲਾ ਪਾ ਕੇ ਬਾਬਾ ਬਣ ਜਾਂਦਾ ਹੈ | ਉਹ ਆਪਣਾ ਨਾਂਅ ਹਰੀ ਬਾਬਾ ਰੱਖ ਲੈਂਦਾ ਹੈ | ਆਪਣੇ ਅੰਦਰ ਵਸੇ ਫ਼ਿਲਮੀ ਕਲਾਕਾਰ ਦੀ ਵਜ੍ਹਾ ਕਰਕੇ ਉਹ ਲੋਕਾਂ ਸਾਹਮਣੇ ਧਾਰਮਿਕਤਾ ਦਾ ਢੌਾਗ ਕਰਕੇ ਉਨ੍ਹਾਂ 'ਤੇ ਆਪਣਾ ਪ੍ਰਭਾਵ ਛੱਡਣ ਵਿਚ ਸਫ਼ਲ ਰਹਿੰਦਾ ਹੈ ਅਤੇ ਇਸ ਤਰ੍ਹਾਂ ਉਸ ਦੀ ਬਾਬਾਗਿਰੀ ਦੀ ਦੁਕਾਨ ਚੱਲ ਨਿਕਲਦੀ ਹੈ | ਆਸ਼ਰਮ ਬਣਾਉਣ ਦੇ ਨਾਂਅ 'ਤੇ ਉਹ ਲੋਕਾਂ ਦੀਆਂ ਜ਼ਮੀਨਾਂ ਹੜੱਪਣਾ ਸ਼ੁਰੂ ਕਰ ਦਿੰਦਾ ਹੈ ਅਤੇ ਦੇਖਦੇ ਹੀ ਦੇਖਦੇ ਉਹ ਅਮੀਰ ਬਾਬਾ ਬਣ ਜਾਂਦਾ ਹੈ | ਇਸ ਢੌਾਗੀ ਬਾਬਾ ਦੀਆਂ ਕਰਤੂਤਾਂ ਦਾ ਉਦੋਂ ਪਰਦਾਫਾਸ਼ ਹੁੰਦਾ ਹੈ, ਜਦੋਂ ਉਸ ਦੇ ਸਾਹਮਣੇ ਇਕ ਸੱਚਾ ਯੋਗੀ ਆ ਖੜ੍ਹਾ ਹੁੰਦਾ ਹੈ |
ਆਪਣੀ ਇਸ ਫ਼ਿਲਮ ਬਾਰੇ ਮਨੋਜ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਿਚ ਨਕਲੀ ਬਾਬਿਆਂ ਦੇ ਜਾਲ ਵਿਚ ਨਾ ਫਸਣ ਦਾ ਸਮਾਜਿਕ ਸੰਦੇਸ਼ ਦਿੱਤਾ ਹੈ | ਉਨ੍ਹਾਂ ਅਨੁਸਾਰ ਜਦੋਂ ਉਹ ਫ਼ਿਲਮ ਦੀ ਸ਼ੂਟਿੰਗ ਬੁਲੰਦ ਸ਼ਹਿਰ ਵਿਚ ਕਰ ਰਹੇ ਸਨ ਤਾਂ ਉਥੇ ਉਹ ਕਈ ਇਸ ਤਰ੍ਹਾਂ ਦੇ ਲੋਕਾਂ ਨੂੰ ਮਿਲੇ ਜੋ ਨਕਲੀ ਬਾਬਿਆਂ ਦੇ ਚੱਕਰ ਵਿਚ ਫਸ ਕੇ ਆਪਣੀ ਜ਼ਮੀਨ ਜਾਂ ਦੌਲਤ ਗਵਾ ਬੈਠੇ ਸਨ | ਇਸ ਤਰ੍ਹਾਂ ਦੇ ਕਈ ਲੋਕਾਂ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਾਫੀ ਮਦਦ ਵੀ ਕੀਤੀ ਤਾਂ ਕਿ ਇਹ ਫ਼ਿਲਮ ਜਨਤਾ ਤੱਕ ਪਹੁੰਚੇ ਅਤੇ ਨਕਲੀ ਬਾਬਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਉਨ੍ਹਾਂ ਕੋਲ ਜਾਵੇ | ਇਸ ਤਰ੍ਹਾਂ ਦੇ ਬਾਬਿਆਂ ਤੋਂ ਬਚਣ ਲਈ ਫ਼ਿਲਮ ਵਿਚ ਇਕ ਗੀਤ ਵੀ ਰੱਖਿਆ ਗਿਆ ਹੈ, ਜਿਸ ਦੇ ਬੋਲ ਹਨ, 'ਹਰੀ ਓਮ ਕਾ ਪਾਠ ਪੜ੍ਹਾ ਕਰ ਗੁਰੂ ਕਰੇ ਘੋਟਾਲੇ, ਚੇਲੋਂ ਕੀ ਭੀ ਸੁਧ ਬੁਧ ਖੋ ਗਈ, ਅਕਲ ਪਰ ਪੜ ਗਯੇ ਤਾਲੇ...' | ਮਨੋਜ ਸ਼ਰਮਾ ਨੇ ਪਹਿਲਾਂ ਫ਼ਿਲਮ 'ਸਵਾਹਾ' ਬਣਾਈ ਸੀ ਅਤੇ ਇਸ ਫ਼ਿਲਮ ਦੇ ਖਿਲਾਫ਼ ਆਸਾਰਾਮ ਨੇ ਕੇਸ ਕੀਤਾ ਸੀ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਸ ਫ਼ਿਲਮ ਵਿਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਆਸਾਰਾਮ ਤਾਂ ਉਹ ਕੇਸ ਹਾਰ ਗਿਆ ਅਤੇ 'ਸਵਾਹਾ' ਸਿਨੇਮਾਘਰਾਂ ਤੱਕ ਪਹੁੰਚਣ ਵਿਚ ਕਾਮਯਾਬ ਰਹੀ ਸੀ | ਹੁਣ ਉਨ੍ਹਾਂ ਦੀ ਇਹ ਫ਼ਿਲਮ 'ਚਲ ਗੁਰੂ ਹੋ ਜਾ ਸ਼ੁਰੂ' ਉਮੀਦ ਹੈ ਕਿ 30 ਜਨਵਰੀ ਨੂੰ ਪ੍ਰਦਰਸ਼ਿਤ ਹੋ ਰਹੀ ਹੈ | ਹੁਣ ਦੇਖਣਾ ਇਹ ਹੈ ਕਿ ਇਸ ਫ਼ਿਲਮ ਦੇ ਖਿਲਾਫ਼ ਕਿਹੜਾ ਬਾਬਾ ਵਿਰੋਧ ਦਾ ਝੰਡਾ ਲੈ ਕੇ ਆਉਂਦਾ ਹੈ |
-ਆਈ. ਐਮ. ਪੰਨੂੰ

ਪਰਵੀਨ ਬੌਬੀ

22 ਜਨਵਰੀ, 2005 ਨੂੰ ਮੰੁਬਈ ਦੇ ਜੁਹੂ ਵਿਖੇ ਸਥਿਤ ਫਲੈਟ ਵਿਚ ਇਕੱਲੀ ਰਹਿੰਦੀ ਪਰਵੀਨ ਬੌਬੀ ਦੀ ਮੌਤ ਹੋ ਗਈ ਸੀ ਅਤੇ 'ਦੀਵਾਰ', 'ਅਮਰ ਅਕਬਰ ਐਥਨੀ', 'ਕਾਲੀਆ', 'ਨਮਕ ਹਲਾਲ', 'ਰੰਗ ਬਰੰਗੀ', 'ਯੇ ਨਜ਼ਦੀਕੀਆਂ' ਜਿਹੀਆਂ ਹਿੱਟ ਫ਼ਿਲਮਾਂ ਉਸ ਨੇ ਦਿੱਤੀਆਂ | 4 ਅਪ੍ਰੈਲ, 1949 ਨੂੰ ਜੂਨਾਗੜ੍ਹ ਵਿਖੇ ਵੱਸਦੇ ਜਨਾਬ ਵਲੀ ਮੁਹੰਮਦ ਦੇ ਘਰ ਜਨਮੀ ਪ੍ਰਵੀਨ ਬੌਬੀ ਨੇ ਕਦੇ ਵੀ ਫ਼ਿਲਮਾਂ ਵਿਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ | ਪ੍ਰਸਿੱਧ ਫ਼ਿਲਮਕਾਰ ਬੀ. ਆਰ. ਇਸ਼ਾਰਾ ਨੇ ਉਸ ਦੀ ਖ਼ੂਬਸੂਰਤੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਫ਼ਿਲਮਾਂ ਵਿਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਸੀ | ਉੱਘੇ ਕ੍ਰਿਕਟ ਖਿਡਾਰੀ ਸਲੀਮ ਦੁਰਾਨੀ ਨਾਲ ਫ਼ਿਲਮ 'ਚਰਿੱਤਰ' ਰਾਹੀਂ ਬਾਲੀਵੁੱਡ 'ਚ ਪ੍ਰਵੇਸ਼ ਪਾਉਣ ਵਾਲੀ ਪਰਵੀਨ ਬੌਬੀ 'ਟਾਈਮ ਮੈਗਜ਼ੀਨ' ਦੇ ਕਵਰ ਪੇਜ਼ 'ਤੇ ਛਪਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਹੋਣ ਦਾ ਮਾਣ ਹਾਸਲ ਕੀਤਾ ਸੀ |
-ਪ੍ਰੋ: ਪਰਮਜੀਤ ਸਿੰਘ ਨਿੱਕੇ ਘੰੁਮਣ
410, ਚੰਦਰ ਨਗਰ, ਬਟਾਲਾ |

'ਭੋਲੇ ਦੀ ਬਾਰਾਤ' ਨਾਲ ਬਲਬੀਰ ਦੀ ਮੁੜ ਬੱਲੇ-ਬੱਲੇ

ਉਂਜ ਤਾਂ ਬਲਬੀਰ ਅਹੀਆਪੁਰੀ ਦੇ ਬਹੁਤ ਸਾਰੇ ਗੀਤ ਰਿਕਾਰਡ ਰੂਪ ਆ ਚੁੱਕੇ ਹਨ, ਪਰ ਜਿਨ੍ਹਾਂ ਗੀਤਾਂ ਨੇ ਉਸ ਨੂੰ ਬੇਸ਼ੁਮਾਰ ਪ੍ਰਸਿੱਧੀ ਦਿਵਾਈ ਹੈ, ਉਨ੍ਹਾਂ ਵਿਚ ਕੁਝ ਚੋਣਵੇਂ ਗੀਤ ਹਨ, ਜਿਨ੍ਹਾਂ ਨੂੰ ਗਾਇਕ ਪਲਵਿੰਦਰ ਧਾਮੀ, ਕੰਠ ਕਲੇਰ, ਅਨਮੋਲ ਵਿਰਕ, ਪੰਮੀ ਬਾਈ, ਦਲਵਿੰਦਰ ਦਿਆਲਪੁਰੀ, ਜੋਗੀ ਦਾ ਦੂਵਾਲੀਆ, ਗੁਲਜ਼ਾਰ ਲਾਹੌਰੀਆ, ਪਿੰਦਰ ਢਿੱਲੋਂ, ਰਾਣਾ ਗਿੱਲ, ਇੰਦਰਵੀਰ ਸਰਾਏ ਨੇ ਆਵਾਜ਼ ਦਿੱਤੀ | ਸਲੀਮ ਦੀ ਆਵਾਜ਼ ਵਿਚ ਬਲਬੀਰ ਦੇ ਲਿਖੇ ਬੇਹੱਦ ਮਕਬੂਲ ਹੋਏ ਹਨ | ਹੁਣ ਉਸ ਦਾ ਲਿਖਿਆ ਭਜਨ 'ਭੋਲੇ ਦੀ ਬਰਾਤ ਚੜ੍ਹੀ ਸਜ ਧਜ ਕੇ, ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ' ਵੀ ਅੱਜਕਲ੍ਹ ਧਾਰਮਿਕ ਸਮਾਗਮਾਂ 'ਚ ਵਾਰ-ਵਾਰ ਸੁਣਿਆ ਜਾਣ ਲੱਗਾ ਹੈ | ਸਲੀਮ ਨੇ ਇਸ ਗੀਤ ਨੂੰ ਬੜੇ ਸੁਰੀਲੇ ਅੰਦਾਜ਼ ਤੇ ਫੁਲ ਬੀਟ ਵਿਚ ਗਾਇਆ ਹੈ | ਅੱਜਕਲ੍ਹ ਇਹ ਗੀਤ ਸਾਰੇ ਧਾਰਮਿਕ ਗੀਤਾਂ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ | ਬਲਬੀਰ ਅਹੀਆਪੁਰੀ ਦਾ ਕਹਿਣਾ ਹੈ ਕਿ ਸਲੀਮ ਦੀ ਆਵਾਜ਼ ਵਿਚ ਉਨ੍ਹਾਂ ਦਾ ਮਸਤਾਂ ਬਾਰੇ ਲਿਖਿਆ ਇਕ ਭਜਨ ਛੇਤੀ ਹੀ ਸਰੋਤਿਆਂ ਦੀ ਕਚਹਿਰੀ 'ਚ ਪੇਸ਼ ਕੀਤਾ ਜਾ ਰਿਹਾ ਹੈ | -ਅ. ਬ.

ਮਾਣਮੱਤੀ ਗਾਇਕ ਜੋੜੀ ਹਾਕਮ ਬਖਤੜੀਵਾਲਾ ਤੇ ਦਲਜੀਤ ਕੌੌਰ

ਅਜੋਕੇ ਸਮੇਂ ਦੌਰਾਨ ਜਦੋਂ ਜ਼ਿਆਦਾਤਰ ਪੰਜਾਬੀ ਗਾਇਕ ਆਪਣੇ ਅਮੀਰ ਵਿਰਸੇ ਤੋਂ ਭਟਕ ਕੇ ਸਿਰਫ਼ ਪੈਸੇ ਤੇ ਸ਼ੋਹਰਤ ਦੀ ਗਾਇਕੀ ਨੂੰ ਤਰਜੀਹ ਦੇ ਰਹੇ ਹਨ ਤਾਂ ਉਨ੍ਹਾਂ ਦੇ ਉਲਟ ਇਕ ਪ੍ਰਸਿੱਧ ਗਾਇਕ ਜੋੜੀ ਅਜਿਹੀ ਵੀ ਹੈ ਜਿਸ ਨੇ, ਪੰਜਾਬ ਦੀ ਮਿੱਟੀ, ਪੰਜਾਬੀ ਵਿਰਸੇ, ਵਿਰਾਸਤ, ਪੰਜਾਬੀ ਸੱਭਿਆਚਾਰ, ਪੰਜਾਬ, ਪੰਜਾਬੀਅਤ ਦੀ ਸੱਚੀ ਸੇਵਾ ਲਈ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰਨ ਦਾ ਟੀਚਾ ਰਖ ਕੇ ਸਾਡੇ ਪੰਜਾਬੀ ਦੇ ਅਮੀਰ ਤੇ ਵੱਡਮੁੱਲੇ ਵਿਰਸੇ ਦੀ ਦਾਤ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਿਆ ਹੈ | ਪੁਰਾਤਨ ਪੰਜਾਬ ਦੀ ਝਾਤ ਪਾਉਣ ਵਾਲਾ ਮਹਾਨ ਪੰਜਾਬੀ ਗਾਇਕ ਜੋ ਤੁਰਲੇ ਵਾਲੀ ਪੱਗ, ਸਿਲਕ ਦਾ ਕੁੜਤਾ-ਚਾਦਰਾ, ਤਿੱਲੇ ਵਾਲੀ ਜੁੱਤੀ ਪਾ ਜਦੋਂ ਆਪਣੀ ਸਦਾਬਹਾਰ ਸਾਥਣ ਦਲਜੀਤ ਨਾਲ ਹੱਥ 'ਚ ਤੂੰਬੀ ਫੜ ਕੇ ਗਾਉਂਦਾ ਹੈ ਤਾਂ ਪੰਜਾਬੀ ਵਿਰਸੇ ਦੀਆਂ ਬਾਤਾਂ ਆਪ ਮੁਹਾਰੇ ਸਾਹਮਣੇ ਆ ਜਾਂਦੀਆਂ ਹਨ | ਲੋਕ ਗਾਇਕ ਹਾਕਮ ਬਖਤੜੀ ਵਾਲੇ ਦੀ 1982 ਵਿਚ ਗਾਇਕੀ ਦਾ ਸ਼ੌਾਕ ਰੱਖਣ ਵਾਲੀ ਦਲਜੀਤ ਕੌਰ ਨਾਲ ਲਵ-ਮੈਰਿਜ ਹੋ ਗਈ ਤੇ ਵਿਆਹ ਤੋਂ ਬਾਅਦ ਦੋਨੋਂ ਰਲ ਕੇ ਗਾਉਣ ਲੱਗ ਪਏ | ਹਾਕਮ ਤੇ ਦਲਜੀਤ ਜੋੜੀ ਦਾ ਪਹਿਲਾ ਗੀਤ ਐਲ.ਪੀ. ਰਿਕਾਰਡ 'ਜਦੋਂ ਦਾ ਟਰੱਕ ਲੈ ਲਿਆ, ਗੱਡੀ ਓਪਰੀ ਚਲਾਉਣੀ ਛੱਡ ਤੀ' ਜੋ ਸੁਪਰ ਹਿੱਟ ਹੋ ਗਿਆ, ਜਿਸ 'ਤੇ ਇਸ ਜੋੜੀ ਦੀਆਂ ਪੰਜਾਬੀ ਗਾਇਕੀ 'ਚ ਧੁੰਮਾਂ ਪੈ ਗਈਆਂ | ਹਾਕਮ ਤੇ ਦਲਜੀਤ ਹੁਣ ਤੱਕ ਪੰਜ ਦਰਜਨਾਂ ਤੋਂ ਉਪਰ ਗਾਣਿਆਂ ਦੀਆਂ ਕੈਸਟਾਂ ਪੰਜਾਬੀ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ ਅਤੇ ਦੋ ਐਲ.ਪੀ. ਰਿਕਾਰਡ ਜੋ ਐਮ.ਪੀ ਕੰਪਨੀ ਵੱਲੋਂ ਰਿਕਾਰਡ ਕੀਤੇ ਗਏ | ਉਸ ਦੇ ਪ੍ਰਸਿੱਧ ਗੀਤ ਹਨ 'ਤੇਰੇ ਹੋਮ-ਗਾਰਡੀਏ ਵੀਰੇ ਨਾਲ, ਮੈਂ ਜੀਜਾ ਵਿਆਹ ਕਰਵਾਉਣਾ ਨੀ', 'ਖੀਰ ਬਦਾਮਾਂ ਵਾਲੀ', 'ਲੈ ਆਂਦਾ ਪਟਵਾਰੀ ਮੋਢੇ ਰੱਖ ਜਰੀਵ ਕੁੜੇ', 'ਕੋਠੇ ਤੋਂ ਡਿੱਗ ਪਈ ਮਾਂ ਤੇਰੀ' |
ਹਾਕਮ ਜਿਥੇ ਪੰਜਾਬੀ ਲੋਕ ਗਾਇਕੀ ਦਾ ਬੋਹੜ ਹੈ, ਉਥੇ ਪੰਜਾਬੀ ਗੀਤਕਾਰੀ ਦਾ ਵੀ ਜਿਉਂਦਾ ਜਾਗਦਾ ਇਤਿਹਾਸ ਬਣ ਚੁੱਕਾ ਹੈ | ਹਾਕਮ ਦੇ ਲਿਖੇ ਗੀਤ ਹੁਣ ਤੱਕ ਦੇ ਹਰੇਕ ਨਾਮੀ ਪੰਜਾਬੀ ਗਾਇਕ ਵੱਲੋਂ ਗਾਏ ਜਾ ਚੁੱਕੇ ਹਨ | ਪੰਜਾਬੀ ਦੇ ਸਿਰਮੌਰ ਗਾਇਕ ਸਵ: ਚਾਂਦੀ ਰਾਮ ਚਾਂਦੀ, ਪੰਜਾਬ ਦੀ ਕੋਇਲ ਮਰਹੂਮ ਸੁਰਿੰਦਰ ਕੌਰ ਤੋਂ ਲੈ ਕੇ ਹੁਣ ਤੱਕ ਦੇ ਅਹਿਮ ਕਲਾਕਾਰ ਗਾ ਚੁੱਕੇ ਹਨ | ਹਾਕਮ ਬਖਤੜੀ ਦਾ ਲਿਖਿਆ ਪਹਿਲਾ ਗੀਤ ਜਸਵੰਤ ਬਿੱਲਾ ਤੇ ਸ਼ਬਨਮ ਦੀ ਜੋੜੀ ਨੇ ਗਾਇਆ | ਉਸ ਤੋਂ ਬਾਅਦ ਪੰਜਾਬੀ ਦੇ ਮੁੱਖ ਸਟਾਰ ਗਾਇਕਾਂ, ਜਿਨ੍ਹਾਂ ਨੇ ਹਾਕਮ ਦੇ ਲਿਖੇ ਗੀਤ ਗਾ ਕੇ ਪ੍ਰਸਿੱਧੀ ਹਾਸਿਲ ਕੀਤੀ ਉਨ੍ਹਾਂ 'ਚ ਪਰਮਿੰਦਰ ਸੰਧੂ, ਜਿਸ ਨੇ 'ਉਡ ਕੇ ਸੁਹਣਿਆ ਆ ਜਾ ਵੇ', 'ਰੰਗਪੁਰ ਰੰਗ ਲਾਉਣ ਵਾਲੀਏ', ਕਰਤਾਰ ਰਮਲਾ ਤੇ ਸੁਖਵੰਤ ਸੁੱਖੀ ਨੇ 'ਦੇਖ ਬੁੜੇ ਦੇ ਗੁਣ ਨੀ', ਜਗਮੋਹਨ ਕੌਰ ਵੱਲੋਂ ਲੋਕ ਤੱਥ 'ਛੱਡ ਦੇ ਨਾ ਅੜੀ ਕਦੇ ਪੁੱਤ ਜੱਟ ਦੇ, ਦਿਲਸ਼ਾਦ ਅਖਤਰ ਨੇ 'ਐਵੇਂ ਕਿਤੇ ਲਿਆਵੇਂਗੀ ਭੁਚਾਲ ਨੀ ਮਜਾਜਣੇ', ਸੁਰਿੰਦਰ ਛਿੰਦੇ ਨੇ 'ਕੇਰਾਂ ਘੁੰਡ ਚੱਕ ਮਾਰ ਦੇ ਸਲੂਟ ਗੋਰੀਏ', ਕੁਲਦੀਪ ਮਾਣਕ ਨੇ ਮੁੱਖ ਲੋਕ ਤੱਥ 'ਤੇਰਾ ਮਰ ਜੇ ਸੈਦਾ ਨੀ, ਤੇਰੀ ਰਹਿਜੇ ਸੇਜ ਸ਼ੰਗਾਰੀ' ਸਰਦੂਲ ਸਿਕੰਦਰ ਨੇ 'ਮੈਨੂੰ ਮੰਦਾ ਚੰਗਾ ਤਾਂ ਹਰੇਕ ਆਖਦਾ, ਤੇਰੇ ਰੂਪ ਦਾ ਕਸੂਰ ਕੋਈ ਕੱਢਦਾ ਹੀ ਨੀ' ਬਲਕਾਰ ਸਿੱਧੂ ਨੇ 'ਮਿੱਤਰਾਂ ਦੀ ਜੂਹ ਟੱਪਗੀ, ਤੇਰੀ ਕਾਰ ਦੀ ਧੂੜ ਮਟਿਆਰੇ' ਆਦਿ ਅਨੇਕਾਂ ਗਾਇਕ ਸ਼ਾਮਲ ਹਨ | ਹਾਕਮ ਤੇ ਦਲਜੀਤ ਦੀਆਂ ਦੋ ਲੜਕੀਆਂ ਪ੍ਰੀਤ ਚੌਧਰੀ ਤੇ ਨਵਨੀਤ ਚੌਧਰੀ ਫ਼ਿਲਮ ਇੰਡਸਟਰੀ ਵਿਚ ਪੈਰ ਰੱਖ ਚੁੱਕੀਆਂ ਹਨ, ਜਿਨ੍ਹਾਂ ਦੀ ਹਿੰਦੀ ਫ਼ਿਲਮ 'ਕਸਮ ਸੇ' ਬਤੌਰ ਹੀਰੋਇਨ ਸੰਜੇ ਦੱਤ ਨਾਲ ਰਿਲੀਜ਼ ਹੋ ਚੁੱਕੀ ਹੈ | ਸਭ ਤੋਂ ਵੱਡੀ ਗੱਲ ਹਾਕਮ ਬਖਤੜੀਵਾਲਾ ਨੇ ਜੋ ਇਨਸਾਨੀਅਤ ਦੀ ਇਕ ਮਿਸਾਲ ਕਾਇਮ ਕਰ ਰੱਖੀ ਹੈ, ਉਹ ਸ਼ਾਇਦ ਦੁਨੀਆ ਦੇ ਕਿਸੇ-ਕਿਸੇ ਇਨਸਾਨ ਦੇ ਹਿੱਸੇ ਆਉਂਦੀ ਹੈ | ਹਾਕਮ ਪ੍ਰਮਾਤਮਾ ਦੀ ਦਿੱਤੀ ਸ਼ੋਹਰਤ, ਬਖਸ਼ਿਸ਼, ਮਾਣ ਤੇ ਪੰਜਾਬੀ ਕਲਾ ਦੇ ਕਦਰਦਾਨਾਂ ਵੱਲੋਂ ਦਿੱਤੀ ਜਾਂਦੀ ਭੇਟਾ ਵਿਚੋਂ ਜ਼ਿਆਦਾ ਪੈਸਾ ਇਨਸਾਨੀਅਤ ਦੀ ਸੇਵਾ ਲਈ ਕੱਢ ਦਿੰਦਾ ਹੈ |
-ਗੁਰਦੀਪ ਸਿੰਘ ਮਲਕ,
'ਅਜੀਤ'’ ਪੱਤਰ ਪ੍ਰੇਰਕ ਜਗਰਾਉਂ

ਜਯਾ ਲਕਸ਼ਮੀ ਹੁਣ ਪਿੱਠਵਰਤੀ ਗਾਇਕਾ ਬਣੀ

ਬਾਲ ਗਾਇਕਾ ਜਯਾ ਲਕਸ਼ਮੀ ਉਦੋਂ ਬਹੁਤ ਖ਼ਬਰਾਂ ਵਿਚ ਛਾਈ ਰਹੀ ਜਦੋਂ ਉਸ ਦੀ ਆਵਾਜ਼ ਨਾਲ ਸਜਿਆ ਵੀਡੀਓ ਵਾਇਰਲ ਹੋ ਗਿਆ | ਇਸ ਵੀਡੀਓ ਵਿਚ ਉਸ ਨੂੰ ਲਤਾ ਮੰਗੇਸ਼ਕਰ ਵੱਲੋਂ ਗਾਇਆ ਗੀਤ 'ਸਤਿਅਮ ਸ਼ਿਵਮ ਸੁੰਦਰਮ...' ਗਾਉਂਦੇ ਦਿਖਾਇਆ ਗਿਆ ਸੀ ਅਤੇ ਇਸ ਵੀਡੀਓ ਨੂੰ ਦੇਖ ਕੇ ਖ਼ੁਦ ਲਤਾ ਮੰਗੇਸ਼ਕਰ ਨੇ ਉਸ ਦੀ ਗਾਇਕੀ ਦੀ ਤਾਰੀਫ ਕੀਤੀ ਸੀ | ਜਯਾ ਲਕਸ਼ਮੀ ਦੀ ਖਾਸ ਗੱਲ ਇਹ ਹੈ ਕਿ ਉਸ ਨੂੰ ਹਿੰਦੀ ਨਹੀਂ ਆਉਂਦੀ ਹੈ ਫਿਰ ਵੀ ਉਸ ਨੇ ਹਿੰਦੀ ਗੀਤ ਬੜੇ ਹੀ ਸਾਫ ਉਚਾਰਨ ਦੇ ਨਾਲ ਗਾਇਆ ਹੈ |
ਕੇਰਲ ਦੀ ਰਹਿਣ ਵਾਲੀ 11 ਸਾਲਾ ਜਯਾ ਲਕਸ਼ਮੀ ਹੁਣ ਬਾਲੀਵੁੱਡ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਸਫਲ ਰਹੀ ਹੈ | ਨਿਰਦੇਸ਼ਕ ਗਿਰੀਸ਼ ਨਾਇਕ ਦੀ ਫ਼ਿਲਮ 'ਫੋਰ ਪਿਲਰਸ ਆਫ ਬੇਸਮੈਂਟ' ਦੇ ਇਕ ਗੀਤ ਲਈ ਇਸ ਬਾਲ ਗਾਇਕਾ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਇਸ ਗੀਤ ਦੇ ਬੋਲ ਹਨ, 'ਰੂਹ ਯੇ ਕੈਦ ਹੈ, ਜਿਸਮ ਯੇ ਕੈਦ ਹੈ, ਬਸ ਮੈਂ ਕੁਛ ਭੀ ਨਾ ਰਹਾ...' |
ਫ਼ਿਲਮ ਵਿਚ ਇਸ ਗੀਤ ਦੇ ਮਾਹੌਲ ਬਾਰੇ ਇਸ ਦੇ ਨਾਇਕ ਦਿਲਜਾਨ ਵਾਡੀਆ ਕਹਿੰਦੇ ਹਨ, 'ਕਹਾਣੀ ਅਨੁਸਾਰ ਇਕ ਕੁੜੀ ਅਗਵਾ ਕਰ ਲਈ ਜਾਂਦੀ ਹੈ ਅਤੇ ਉਸ ਨੂੰ ਹਨੇਰੀ ਕੋਠੜੀ ਵਿਚ ਕੈਦ ਕਰ ਲਿਆ ਜਾਂਦਾ ਹੈ | ਉਦੋਂ ਉਸ ਦੇ ਹਾਲਾਤ ਨੂੰ ਦਿਖਾਉਂਦਾ ਇਹ ਗੀਤ ਬੈਕਗ੍ਰਾਊਾਡ ਵਿਚ ਵੱਜਦਾ ਹੈ |' ਇਸ ਗੀਤ ਦੇ ਗੀਤਕਾਰ ਹਨ ਅਵਿਨਾਸ਼ ਜਾਯਸਵਾਲ ਅਤੇ ਸੰਗੀਤਕਾਰ ਹਨ ਮੁਦੱਸਰ ਅਲੀ |
ਜਯਾ ਲਕਸ਼ਮੀ ਤੋਂ ਗੀਤ ਗਵਾਉਣ ਬਾਰੇ ਮੁਦੱਸਰ ਅਲੀ ਕਹਿੰਦੇ ਹਨ, 'ਜਦੋਂ ਇਸ ਗੀਤ ਦੀ ਧੁਨ ਤਿਆਰ ਕੀਤੀ ਜਾ ਰਹੀ ਸੀ, ਉਦੋਂ ਸਵਾਲ ਇਹ ਖੜ੍ਹਾ ਹੋਇਆ ਕਿ ਇਸ ਨੂੰ ਕਿਸ ਦੀ ਆਵਾਜ਼ ਵਿਚ ਰਿਕਾਰਡ ਕੀਤਾ ਜਾਵੇ | ਉਨ੍ਹੀਂ ਦਿਨੀਂ ਮੈਂ ਟੀ. ਵੀ. 'ਤੇ ਜਯਾ ਲਕਸ਼ਮੀ ਦੇ ਵੀਡੀਓ ਦੀ ਖ਼ਬਰ ਦੇਖੀ ਅਤੇ ਉਸ ਦੀ ਗਾਇਕੀ ਨੇ ਮੈਨੂੰ ਪ੍ਰਭਾਵਿਤ ਵੀ ਕੀਤਾ | ਮੈਂ ਝਟ ਚੈਨਲ ਵਾਲਿਆਂ ਨਾਲ ਸੰਪਰਕ ਕਰਕੇ ਜਯਾ ਲਕਸ਼ਮੀ ਦੇ ਘਰ ਵਾਲਿਆਂ ਬਾਰੇ ਪਤਾ ਕੀਤਾ ਅਤੇ ਉਸ ਦੇ ਪਿਤਾ ਦਾ ਫੋਨ ਨੰਬਰ ਲਿਆ | ਜਯਾ ਦੇ ਪਿਤਾ ਫੌਜ ਵਿਚ ਸਨ ਅਤੇ ਉਹ ਦੇਸ਼ ਦੇ ਕਈ ਸ਼ਹਿਰ ਘੁੰਮ ਚੁੱਕੇ ਹਨ | ਇਸ ਲਈ ਉਨ੍ਹਾਂ ਨੂੰ ਹਿੰਦੀ ਆਉਂਦੀ ਹੈ | ਆਪਣੀ ਬੇਟੀ ਲਈ ਫ਼ਿਲਮੀ ਗੀਤ ਦੀ ਪੇਸ਼ਕਸ਼ ਆਈ ਦੇਖ ਕੇ ਉਹ ਖੁਸ਼ ਹੋਏ ਅਤੇ ਜਯਾ ਲਕਸ਼ਮੀ ਨੂੰ ਲੈ ਕੇ ਉਹ ਕੋਚੀ ਤੋਂ ਮੁੰਬਈ ਆ ਗਏ | ਹਾਲਾਂਕਿ ਉਸ ਵੀਡੀਓ ਵਿਚ ਜਯਾ ਨੇ ਲਤਾ ਜੀ ਵੱਲੋਂ ਗਾਇਆ ਗੀਤ ਪੇਸ਼ ਕੀਤਾ ਹੈ ਪਰ ਇਸ ਫ਼ਿਲਮ ਦਾ ਗੀਤ ਗਵਾਉਂਦੇ ਸਮੇਂ ਮੇਰੀ ਪਹਿਲੀ ਕੋਸ਼ਿਸ਼ ਇਹੀ ਰਹੀ ਕਿ ਉਸ ਨੂੰ ਲਤਾ ਜੀ ਦੇ ਪਰਛਾਵੇਂ ਤੋਂ ਦੂਰ ਰੱਖਿਆ ਜਾਵੇ | ਜਯਾ ਦੀ ਆਵਾਜ਼ ਵਿਚ ਆਪਣਾ ਜਾਦੂ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਉਹ ਨਾਮੀ ਗਾਇਕਾ ਦੀ ਡੁਪਲੀਕੇਟ ਗਾਇਕਾ ਦੇ ਤੌਰ 'ਤੇ ਜਾਣੀ ਜਾਵੇ | ਜਯਾ ਹਿੰਦੀ ਨਹੀਂ ਜਾਣਦੀ ਹੈ | ਇਸ ਲਈ ਉਸ ਨੂੰ ਇਹ ਗੀਤ ਮਲਿਆਲਮ ਭਾਸ਼ਾ ਵਿਚ ਲਿਖ ਕੇ ਦਿੱਤਾ ਗਿਆ | ਜਦੋਂ ਉਹ ਇਹ ਗੀਤ ਗਾ ਰਹੀ ਸੀ ਉਦੋਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿ ਹਿੰਦੀ ਨਾ ਜਾਣਦੇ ਹੋਏ ਵੀ ਉਹ ਹਿੰਦੀ ਗੀਤ ਸ਼ੁੱਧ ਉਚਾਰਨ ਦੇ ਨਾਲ ਗਾ ਰਹੀ ਸੀ | ਜਯਾ ਲਕਸ਼ਮੀ ਦੇ ਪਿਤਾ ਜ਼ਰੀਏ ਉਸ ਨਾਲ ਗੱਲਬਾਤ ਹੋਈ ਅਤੇ ਆਪਣੀਆਂ ਗੱਲਾਂ ਵਿਚ ਉਸ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਰਿਆਲਿਟੀ ਸ਼ੋਅ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੀ ਹੈ |
-ਇੰਦਰਮੋਹਨ ਪੰਨੂੰ

ਨਿਰਦੇਸ਼ਕ ਨੀਰਜ ਪਾਂਡੇ ਲੈ ਆਏ ਹਨ ਜਾਸੂਸੀ ਫ਼ਿਲਮ ਬੇਬੀ

ਪਹਿਲਾਂ ਅਕਸ਼ੈ ਕੁਮਾਰ ਨੇ 'ਹੇ ਬੇਬੀ' ਵਿਚ ਕੰਮ ਕੀਤਾ ਸੀ | ਹੁਣ ਉਹ ਨਿਰਦੇਸ਼ਕ ਨੀਰਜ ਪਾਂਡੇ ਦੀ ਫ਼ਿਲਮ 'ਬੇਬੀ' ਵਿਚ ਆ ਰਹੇ ਹਨ | 'ਹੇ ਬੇਬੀ' ਜਿਥੇ ਕਾਮੇਡੀ ਫ਼ਿਲਮ ਸੀ, ਉਥੇ 'ਬੇਬੀ' ਜਾਸੂਸੀ ਫ਼ਿਲਮ ਹੈ ਅਤੇ ਇਸ ਵਿਚ ਇਕ ਜਾਸੂਸੀ ਮਿਸ਼ਨ ਨੂੰ ਬੇਬੀ ਕੋਡ ਨਾਂਅ ਦਿੱਤਾ ਗਿਆ ਹੈ | ਨੀਰਜ ਪਾਂਡੇ ਦੀ ਪਹਿਲਾਂ ਦੀ ਫ਼ਿਲਮ 'ਸਪੈਸ਼ਲ 26' ਵਿਚ ਅਕਸ਼ੈ ਕੁਮਾਰ ਨਕਲੀ ਸਰਕਾਰੀ ਅਧਿਕਾਰੀ ਬਣੇ ਸਨ ਪਰ ਹੁਣ ਨੀਰਜ ਨੇ ਆਪਣੀ ਇਸ ਫ਼ਿਲਮ ਵਿਚ ਉਨ੍ਹਾਂ ਨੂੰ ਅਸਲੀ ਸਰਕਾਰੀ ਅਧਿਕਾਰੀ ਦੇ ਤੌਰ 'ਤੇ ਪੇਸ਼ ਕੀਤਾ ਹੈ ਅਤੇ ਇਥੇ ਉਨ੍ਹਾਂ ਦੇ ਕਿਰਦਾਰ ਦਾ ਨਾਂਅ ਅਜੈ ਸਿੰਘ ਰਾਜਪੂਤ ਹੈ | ਇਹ ਅਜੈ ਸਿੰਘ ਖੁਫੀਆ ਏਜੰਸੀ 'ਕਾਊਾਟਰ ਇੰਟੈਲੀਜੈਂਟ ਯੂਨਿਟ' ਵਿਚ ਅਫ਼ਸਰ ਹੈ | ਇਸ ਏਜੰਸੀ ਦਾ ਮੁੱਖ ਕੰਮ ਅੱਤਵਾਦ ਦੀਆਂ ਸਰਗਰਮੀਆਂ ਨੂੰ ਨਾਕਾਮ ਕਰਨਾ ਹੈ | ਜਦੋਂ ਅਜੈ ਨੂੰ ਜਾਣਕਾਰੀ ਮਿਲਦੀ ਹੈ ਕਿ ਅੱਤਵਾਦੀ ਮੌਲਾਨਾ ਮੁਹੰਮਦ ਰਹਿਮਾਨ (ਰਸ਼ੀਦ ਨਾਜ਼) ਦੇਸ਼ ਵਿਚ ਇਕ ਵੱਡੀ ਅੱਤਵਾਦੀ ਯੋਜਨਾ ਨੂੰ ਅੰਜਾਮ ਦੇ ਕੇ ਦੇਸ਼ ਵਿਚ ਅਸੁਰੱਖਿਆ ਦਾ ਮਾਹੌਲ ਪੈਦਾ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਇਸ ਬੁਰੇ ਇਰਾਦੇ ਨੂੰ ਨਾਕਾਮ ਕਰਨ ਲਈ ਉਹ ਜੁਟ ਜਾਂਦਾ ਹੈ ਅਤੇ ਇਸ ਕੰਮ ਵਿਚ ਉਸ ਨੂੰ ਆਪਣੇ ਸਾਥੀ ਅਧਿਕਾਰੀਆਂ ਪਿ੍ਆ ਸੂਰਿਆਵੰਸ਼ੀ (ਤਾਪਸੀ ਪੰਨੂੰ) ਦਾ ਸਾਥ ਮਿਲਦਾ ਹੈ | ਅਜੈ ਕਿਸ ਤਰ੍ਹਾਂ ਦੇਸ਼ ਦੇ ਦੁਸ਼ਮਣਾਂ ਦਾ ਸਫ਼ਾਇਆ ਕਰਦਾ ਹੈ, ਇਹ ਇਸ ਵਿਚ ਦਿਖਾਇਆ ਗਿਆ ਸੀ |
ਫ਼ਿਲਮ ਵਿਚ ਕਰ ਰਹੇ ਹਨ ਪਰ ਇਥੇ ਉਨ੍ਹਾਂ ਨੂੰ ਵੱਖਰੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ | ਉਨ੍ਹਾਂ ਨਾਲ ਇਸ ਵਿਚ ਦੱਖਣ ਦੇ ਵੱਡੇ ਕਲਾਕਾਰ ਰਾਣਾ ਡੱਗੂਬਟੀ ਹੈ | ਫ਼ਿਲਮ ਦੇ ਹੋਰ ਕਲਾਕਾਰ ਹਨ ਅਨੁਪਮ ਖੇਰ, ਕੇ. ਕੇ. ਮੈਨਨ, ਡੈਨੀ, ਮਿਕਾਲ ਜੁਲਫੀਕਾਰ, ਸੁਸ਼ਾਂਤ ਸਿੰਘ ਤੇ ਕਰਨ ਵਾਹੀ | ਦੱਖਣ ਦੀਆਂ ਫ਼ਿਲਮਾਂ ਤੋਂ ਆਈ ਮਧੁਰਿਮਾ ਤੁਲੀ ਵੱਲੋਂ ਇਸ ਵਿਚ ਅਕਸ਼ੈ ਦੀ ਪਤਨੀ ਦੀ ਭੂਮਿਕਾ ਨਿਭਾਈ ਗਈ ਹੈ |
-ਇੰਦਰਮੋਹਨ

ਕੰਗਨਾ ਰਾਣਾਵਤਤੰਦਰੁਸਤੀ ਲਈ ਖ਼ੁਸ਼ ਰਹਿਣਾ ਜ਼ਰੂਰੀ

ਵਿਕਾਸ ਬਹਿਲ ਨਿਰਦੇਸ਼ਿਤ ਫ਼ਿਲਮ 'ਕੁਈਨ' ਤੇ ਸਾਈ ਕਬੀਰ ਦੁਆਰਾ ਡਾਇਰੈਕਟ ਕੀਤੀ ਗਈ ਫ਼ਿਲਮ 'ਰਿਵਾਲਵਰ ਰਾਨੀ' ਨਾਲ ਆਪਣੇ ਪ੍ਰਸੰਸਕਾਂ ਦਾ ਘੇਰਾ ਹੋਰ ਵਿਸ਼ਾਲ ਕਰਨ 'ਚ ਸਫ਼ਲ ਰਹੀ ਅਦਾਕਾਰਾ ਕੰਗਨਾ ਰਾਣਾਵਤ ਇਕ ਵਾਰ ਫਿਰ ਬਾਲੀਵੁੱਡ 'ਚ ਤਹਿਲਕਾ ਮਚਾਉਣ ਆ ਰਹੀ ਹੈ | ਉਸ ਅਭਿਨੀਤ 'ਤਨੂ ਵੈਡਸ ਮਨੂ' ਦੇ ਅਗਲੇ ਭਾਗ ਦੀ ਇਸ ਸਮੇਂ ਖ਼ੂਬ ਚਰਚਾ ਹੈ ਜਿਸ ਦੀ ਕਿ ਸ਼ੂਟਿੰਗ ਖ਼ਬਰਾਂ ਅਨੁਸਾਰ ਜੰਗੀ ਪੱਧਰ 'ਤੇ ਚਲ ਰਹੀ ਹੈ | ਇਸ ਫ਼ਿਲਮ 'ਚ ਕੰਗਨਾ ਡਬਲ ਰੋਲ 'ਚ ਵਿਖਾਈ ਦੇਵੇਗੀ | ਇਕ ਚਰਿੱਤਰ ਦੇਸੀ ਰੰਗੀਲੇ ਰੂਪ 'ਚ ਹੈ ਜਦੋਂ ਕਿ ਦੂਸਰੀ ਭੂਮਿਕਾ 'ਚ ਉਹ ਲੜਕਿਆਂ ਦੇ ਅੰਦਾਜ਼ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੋਈ ਸਿਲਵਰ ਸਕਰੀਨ 'ਤੇ ਨਜ਼ਰ ਆਵੇਗੀ | ਉਹ ਦੱਸਦੀ ਹੈ ਕਿ ਇਸ ਫ਼ਿਲਮ 'ਤਨੂ ਵੈਡਸ ਮਨੂ-2' 'ਚ ਵੀ ਪਹਿਲਾਂ ਵਾਂਗ ਆਰ. ਮਾਧਵਨ ਤੇ ਜਿੰਮੀ ਸ਼ੇਰਗਿੱਲ ਮਹੱਤਵਪੂਰਨ ਕਿਰਦਾਰ ਨਿਭਾਅ ਰਹੇ ਹਨ |
ਕੰਗਨਾ ਮੁਤਾਬਿਕ ਆਪਣੀ ਖ਼ੂਬਸੂਰਤੀ ਤੇ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਉਹ ਰੋਜ਼ਾਨਾ ਕਸਰਤ ਕਰਨ ਲਈ ਸਮਾਂ ਕੱਢਦੀ ਹੈ | ਇਸ ਦੇ ਨਾਲ ਹੀ ਅੰਦਰੋਂ ਖੁਸ਼ ਰਹਿਣ ਦੀ ਵੀ ਹਮੇਸ਼ਾ ਕੋਸ਼ਿਸ਼ ਕਰਦੀ ਹੈ | ਉਸ ਦਾ ਕਹਿਣਾ ਹੈ ਕਿ ਦੇਸ਼ ਦਾ ਹਰ ਨਾਗਰਿਕ ਪੜਿ੍ਹਆ-ਲਿਖਿਆ ਹੋਣਾ ਚਾਹੀਦਾ ਹੈ, ਕਿਉਂਕਿ ਵਿਦਿਆ ਇਕ ਅਜਿਹੀ ਸ਼ਕਤੀ ਹੈ, ਜਿਸ ਨਾਲ ਕਿਸੇ ਵੀ ਖ਼ੇਤਰ 'ਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ |
-ਨਰਿੰਦਰ ਲਾਗੂWebsite & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX