ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਹੋਰ ਖ਼ਬਰਾਂ..

ਖੇਡ ਜਗਤ

ਹੀਰੋ ਹਾਕੀ ਇੰਡੀਆ ਲੀਗ

ਉੱਤਰ ਪ੍ਰਦੇਸ਼ ਵਿਜ਼ਾਰਡਸ ਟੀਮ 'ਚ ਗਰਜਣ ਲਈ ਤਿਆਰ ਪੰਜਾਬ ਦਾ ਸ਼ੇਰ ਹਰਬੀਰ ਸੰਧੂ

23 ਜਨਵਰੀ ਨੂੰ ਧਿਆਨ ਚੰਦ ਸਪੋਰਟਸ ਕਾਲਜ ਲਖਨਊ ਵਿਖੇ ਹੀਰੋ ਹਾਕੀ ਇੰਡੀਆ ਲੀਗ 'ਚ ਆਪਣੀ ਸ਼ੁਰੂਆਤ ਕਰ ਰਹੀ ਹੈ ਉੱਤਰ ਪ੍ਰਦੇਸ਼ ਵਿਜਾਰਡਸ ਦੀ ਟੀਮ। ਪੰਜਾਬੀਆਂ ਲਈ ਮਾਣ ਦੀ ਗੱਲ ਇਹ ਹੋਵੇਗੀ ਕਿ ਉਸ ਟੀਮ 'ਚ ਮਾਝੇ ਦੀ ਜਿੰਦ-ਜਾਨ ਅੰਮ੍ਰਿਤਸਰ ਸ਼ਹਿਰ ਨਾਲ ਸਬੰਧਤ ਹਾਕੀ ਸਟਾਰ ਹਰਬੀਰ ਸੰਧੂ ਖੇਡ ਰਿਹਾ ਹੈ। ਭਾਰਤੀ ਹਾਕੀ ਟੀਮ ਵੱਲੋਂ ਖੇਡਦਾ ਆ ਰਿਹਾ ਹਰਬੀਰ ਸੰਧੂ ਇਸ ਵਾਰ ਆਪਣੀ ਉੱਤਰ ਪ੍ਰਦੇਸ਼ ਵਿਜਾਰਡਸ ਦੀ ਟੀਮ ਲਈ ਆਪਣੀ ਪੂਰੀ ਜਿੰਦ-ਜਾਨ ਲਾਏਗਾ, ਕਿਉਂਕਿ 2014 ਦੇ ਲੀਗ ਐਡੀਸ਼ਨ ਚੋਟ-ਗ੍ਰਸਤ ਹੋਣ ਕਰਕੇ ਉਹ ਇਸ ਟੀਮ ਨਾਲ ਤਾਂ ਰਿਹਾ, ਪਰ ਕੋਈ ਮੈਚ ਨਹੀਂ ਖੇਡ ਸਕਿਆ ਸੀ। ਮਝੈਲ ਹਾਕੀ ਜੁਝਾਰੂ ਪਿਛਲੀ ਵਾਰ ਦੀ ਕਿੜ ਕੱਢਣ ਲਈ ਹੁਣ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਵੇਵਰਾਈਡਰ ਟੀਮ ਵਿਰੁੱਧ ਹੋਣ ਵਾਲੇ ਇਸ 23 ਜਨਵਰੀ ਵਾਲੇ ਮੈਚ ਨੂੰ ਲੈ ਕੇ ਡਿਫੈਂਡਰ ਹਰਬੀਰ ਸੰਧੂ ਉਤਸ਼ਾਹਿਤ ਹੈ।
ਅੰਮ੍ਰਿਤਸਰ ਸ਼ਹਿਰ ਲਈ ਇਹ ਬੜੀ ਮਾਣ ਵਾਲੀ ਗੱਲ ਸੀ ਕਿ ਵਰ੍ਹਿਆਂ ਬਾਅਦ ਹਰਬੀਰ ਸੰਧੂ ਦੇ ਰੂਪ 'ਚ ਇਥੋਂ ਦੇ ਹਾਕੀ ਖਿਡਾਰੀ ਨੇ ਭਾਰਤ ਦੀ ਕੌਮੀ ਹਾਕੀ ਟੀਮ 'ਚ ਆਪਣੀ ਸ਼ਮੂਲੀਅਤ ਬਣਾਈ ਸੀ। ਚੈਂਪੀਅਨਜ਼ ਟਰਾਫੀ ਹਾਕੀ ਮੈਲਬੋਰਨ ਅਤੇ ਏਸ਼ੀਅਨ ਚੈਂਪੀਅਨ ਟਰਾਫੀ ਦੋਵਾਂ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਹੁਣ ਹਰਬੀਰ ਹੀਰੋ ਹਾਕੀ ਇੰਡੀਆ ਲੀਗ 'ਚ ਇਕ ਅਨੁਭਵੀ ਫੁਲਬੈਕ ਖਿਡਾਰੀ ਬਣੇਗਾ। ਸੰਧੂ ਦੀ ਭਾਰਤੀ ਹਾਕੀ ਟੀਮ 'ਚ ਚੋਣ ਭਾਵੇਂ ਉਸ ਦੇ ਖੇਡ ਕੈਰੀਅਰ ਦੀ ਵੱਡੀ ਪ੍ਰਾਪਤੀ ਹੈ, ਪਰ ਭਾਰਤੀ ਟੀਮ ਲਈ ਉਸ ਦੀ ਕੀ ਪ੍ਰਾਪਤੀ ਹੈ, ਇਹ ਅਜੇ ਵਕਤ ਦੱਸੇਗਾ। ਫੁਲਬੈਕ ਦੀ ਭੂਮਿਕਾ ਨਿਭਾਉਣ ਵਾਲਾ ਇਹ ਅੰਮ੍ਰਿਤਸਰੀ ਹਾਕੀ ਸਟਾਰ ਹੁਣ ਹੀਰੋ ਹਾਕੀ ਇੰਡੀਆ ਲੀਗ 'ਚ ਦਿੱਲੀ ਵੇਵਰਾਈਡਰਜ਼, ਰਾਂਚੀ ਰੇਜ਼, ਦਬੰਗ ਮੁੰਬਈ, ਕਲਿੰਗਾ ਅਤੇ ਪੰਜਾਬ ਆਦਿ ਟੀਮਾਂ ਦੇ ਸਨਮੁਖ ਉੱਤਰ ਪ੍ਰਦੇਸ਼ ਵਿਜਾਰਡਸ ਦੀ ਰੱਖਿਆਤਮਿਕ ਪੰਕਤੀ ਨੂੰ ਹੁਣ ਕਿੰਨਾ ਕੁ ਸ਼ਕਤੀਸ਼ਾਲੀ ਬਣਾ ਸਕਦੈ, ਹੁਣ ਇਹ ਦੇਖਣਾ ਵੀ ਸਾਡੇ ਹਾਕੀ ਜਗਤ ਦੀ ਦਿਲਚਸਪੀ ਦਾ ਸਬੱਬ ਬਣਦੈ। ਟੀਮ ਦੇ ਕਪਤਾਨ ਰਘੂਨਾਥ ਨੂੰ ਉਸ ਦੇ ਖੇਡ ਹੁਨਰ 'ਤੇ ਭਰੋਸਾ ਹੈ। ਮਾਝੇ ਦੀ ਸ਼ਾਨ ਅੰਮ੍ਰਿਤਸਰ ਦੇ ਰਣਜੀਤ ਵਿਹਾਰ, ਲੋਹਾਰਕਾ ਰੋਡ ਦਾ ਵਾਸੀ 6 ਫੁੱਟ 1 ਇੰਚ ਲੰਮੇ ਕੱਦ ਵਾਲਾ, ਪੰਜਾਬ ਐਂਡ ਸਿੰਧ ਬੈਂਕ 'ਚ ਮੁਲਾਜ਼ਮ ਅਤੇ ਉਸ ਦੀ ਟੀਮ ਵੱਲੋਂ ਖੇਡਣ ਵਾਲਾ ਹਰਬੀਰ ਉਲੰਪੀਅਨ ਰਜਿੰਦਰ ਸਿੰਘ ਜੂਨੀਅਰ ਅਤੇ ਬਲਜੀਤ ਸੈਣੀ ਦਾ ਮਨਪਸੰਦ ਖਿਡਾਰੀ ਹੈ। ਦੋਵਾਂ ਦਾ ਕਹਿਣਾ ਹੈ ਕਿ ਜੇ ਆਪਣੇ ਖੇਡ ਹੁਨਰ ਦੇ ਬਲਬੂਤੇ ਹਰਬੀਰ ਨੇ ਭਾਰਤੀ ਹਾਕੀ ਟੀਮ 'ਚ ਆਪਣੀ ਜਗ੍ਹਾ ਬਣਾਈ ਰੱਖੀ ਤਾਂ ਉਹ ਲੰਮੇ ਸਮੇਂ ਤੱਕ ਇਸ ਪ੍ਰਾਪਤੀ ਨੂੰ ਬਰਕਰਾਰ ਰੱਖਣ ਵਾਲਾ ਖਿਡਾਰੀ ਵੀ ਸਾਬਤ ਹੋਵੇਗਾ।
ਮੀਆਂਵਿੰਡ ਸਰਕਾਰੀ ਸਕੂਲ ਦੇ ਵਿਦਿਆਰਥੀ ਹਰਬੀਰ ਸੰਧੂ ਦਾ ਜਨਮ 1990 'ਚ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਫਤਹਿਪੁਰ ਬਦੇਸ਼ਾ 'ਚ ਸ: ਹਰਦਵਿੰਦਰ ਸਿੰਘ ਸੰਧੂ ਅਤੇ ਸ੍ਰੀਮਤੀ ਰਵਿੰਦਰ ਕੌਰ ਦੇ ਘਰ ਹੋਇਆ। ਵੱਡੀ ਭੈਣ ਸੰਦੀਪ ਕੌਰ ਅਤੇ ਛੋਟੇ ਭਰਾ ਗੁਰਬੀਰ ਸਿੰਘ ਦੇ ਇਸ ਲਾਡਲੇ ਭਰਾ ਨੇ ਹਾਕੀ ਦੇ ਮੁਢਲੇ ਗੁਰ ਲਾਗਲੇ ਪਿੰਡ ਮੀਆਂਵਿੰਡ ਸਕੂਲ ਦੇ ਹਾਕੀ ਮੈਦਾਨ 'ਚੋਂ ਕੋਚ ਸ: ਦਰਸ਼ਨ ਸਿੰਘ ਤੋਂ ਸਿੱਖੇ। ਹਰਬੀਰ ਖੁਦ ਮੰਨਦਾ ਹੈ ਕਿ ਭਾਰਤੀ ਟੀਮ 'ਚ ਉਸ ਦੀ ਚੋਣ ਦਾ ਸਿਹਰਾ ਉਸ ਦੇ ਬਚਪਨ ਦੇ ਹਾਕੀ ਗੁਰੂ ਸ: ਦਰਸ਼ਨ ਸਿੰਘ ਨੂੰ ਹੀ ਜਾਂਦਾ ਹੈ। ਇਸ ਸ਼ਖ਼ਸ ਨੇ ਹੀ ਉਸ ਨੂੰ ਹਾਕੀ ਲਈ ਪ੍ਰੇਰਿਤ ਕੀਤਾ ਸੀ।
ਹਰਬੀਰ ਨੇ ਦੱਸਿਆ ਕਿ ਉਸ ਦੇ ਕੌਮੀ ਟੀਮ 'ਚ ਚੁਣੇ ਜਾਣ 'ਤੇ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਦਾਦਾ ਜੀ ਭਗਵੰਤ ਸਿੰਘ ਸੰਧੂ ਯਾਦ ਆਏ, ਜੋ ਉੱਚਕੋਟੀ ਦੇ ਫੌਜੀ ਅਥਲੀਟ ਸਨ ਅਤੇ ਕਹਿੰਦੇ ਹੁੰਦੇ ਸਨ ਕਿ ਹਾਕੀ ਦੇ ਸਫਰ 'ਚ ਕਈ ਉਤਰਾਅ-ਚੜ੍ਹਾਅ ਆਉਣਗੇ, ਪਰ ਕੌਮੀ ਟੀਮ 'ਚ ਜਾਣ ਲਈ ਨਿਰੰਤਰ ਅਭਿਆਸ ਤੇ ਲਗਨ ਦੀ ਲੋੜ ਹੁੰਦੀ ਹੈ, ਨਿਰਾਸ਼ ਹੋਣ ਦੀ ਨਹੀਂ। ਹਰਬੀਰ ਨੂੰ ਇਹ ਅਫਸੋਸ ਹੈ ਕਿ ਮੀਆਂਵਿੰਡ ਸਰਕਾਰੀ ਸਕੂਲ 'ਚ ਹੁਣ ਹਾਕੀ ਨਹੀਂ। ਹਰਬੀਰ ਸੰਧੂ ਦੇ ਖੇਡ ਹੁਨਰ 'ਚ ਜ਼ੋਰਦਾਰ ਹਿੱਟ, ਸਕੂਪ, ਟੈਕਲਿੰਗ, ਮਾਰਕਿੰਗ ਸਦਕਾ ਮੈਦਾਨ ਤੋਂ ਬਾਹਰ ਬੈਠੇ ਖੇਡ ਪ੍ਰੇਮੀ ਹਰਬੀਰ ਸੰਧੂ ਦੀ ਖੇਡ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਝੂਮਦੇ ਹਨ। ਪੰਜਾਬ ਐਂਡ ਸਿੰਧ ਬੈਂਕ ਦੇ ਹਰਬੀਰ ਦੇ ਕੋਚ ਉਲੰਪੀਅਨ ਰਜਿੰਦਰ ਸਿੰਘ ਮੰਨਦੇ ਹਨ ਕਿ ਹਰਬੀਰ ਦੀ ਪੁਸ਼ 'ਚ ਜਾਨ ਹੈ, ਰਿਕਵਰੀ, ਕਲੀਅਰੰਸ, ਇੰਟਰਸੈਪਸ਼ਨ ਟੈਕਲਿੰਗ ਜੋ ਕਿ ਮਾਡਰਨ ਹਾਕੀ 'ਚ ਇਕ ਫੁਲਬੈਕ ਖਿਡਾਰੀ ਦੇ ਖੇਡ ਹੁਨਰ ਦੀ ਜ਼ਰੂਰਤ ਹੁੰਦੀ ਹੈ। ਇਹ ਅੰਮ੍ਰਿਤਸਰੀ ਫੁਲਬੈਕ ਬਾਖੂਬੀ ਨਿਭਾਉਂਦਾ ਹੈ। ਚੀਫ ਕੋਚ ਓਲਟਮੈਂਜ (ਡੱਚ ਕੋਚ) ਦੇ ਮਾਰਗ ਦਰਸ਼ਨ 'ਚ ਹਰਬੀਰ ਸੰਧੂ ਉੱਤਰ ਪ੍ਰਦੇਸ਼ ਵਿਜਾਰਡਸ ਟੀਮ ਦੀ ਰੱਖਿਆ ਦਾ ਦਮਦਾਰ ਸਹਾਰਾ ਬਣ ਸਕਦਾ ਹੈ।

-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਫੋਨ : 98155-35410


ਖ਼ਬਰ ਸ਼ੇਅਰ ਕਰੋ

ਕਬੱਡੀ ਦਾ ਜਨੂੰਨੀ ਸੇਵਕ-ਸਰਬ ਥਿਆੜਾ ਹਰਖੋਵਾਲ

ਦੇਸ਼-ਵਿਦੇਸ਼ 'ਚ ਵਸਦੇ ਪੰਜਾਬੀ ਭਾਵੇਂ ਆਪਣੇ ਕਾਰੋਬਾਰਾਂ 'ਚ ਕਿੰਨੇ ਵੀ ਮਸਰੂਫ ਕਿਉਂ ਨਾ ਹੋ ਜਾਣ, ਪਰ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਸਮਾਂ ਜ਼ਰੂਰ ਕੱਢ ਲੈਂਦੇ ਹਨ। ਅਜਿਹੇ ਹੀ ਸਫਲ ਕਾਰੋਬਾਰੀਆਂ 'ਚ ਸ਼ਾਮਿਲ ਹਨ ਸ੍ਰੀ ਸਰਬ ਥਿਆੜਾ ਹਰਖੋਵਾਲ, ਜੋ ਅਮਰੀਕਾ ਦੇ ਯੂਬਾ ਸਿਟੀ ਦੇ ਚੋਟੀ ਦੇ ਕਾਰੋਬਾਰੀਆਂ 'ਚ ਸ਼ਾਮਿਲ ਹਨ ਅਤੇ ਨਾਲੋ-ਨਾਲ ਉਹ ਆਪਣੇ ਪਿੰਡ ਤੇ ਵਿਰਾਸਤ ਨਾਲ ਜੁੜੇ ਰਹਿਣ ਲਈ ਕਬੱਡੀ ਨਾਲ ਸਬੰਧਤ ਸਰਗਰਮੀਆਂ ਲਈ ਵੀ ਬਾਕਾਇਦਾ ਸਮਾਂ ਤੇ ਧਨ ਖਰਚ ਕਰ ਰਹੇ ਹਨ। ਉਹ ਜਿਥੇ ਆਪਣੇ ਪਿੰਡ ਹਰਖੋਵਾਲ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਪਿਛਲੇ 5 ਸਾਲਾਂ ਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯਾਦਗਾਰੀ ਕਬੱਡੀ ਕੱਪ ਕਰਵਾ ਰਹੇ ਹਨ, ਉਥੇ ਉਨ੍ਹਾਂ ਨੇ ਪਹਿਲੀ ਵਿਸ਼ਵ ਕਬੱਡੀ ਲੀਗ 2014 ਲਈ ਰਾਯਲ ਕਿੰਗਜ਼ ਯੂ. ਐਸ. ਏ. ਦੀ ਟੀਮ ਬਣਾ ਕੇ ਕਬੱਡੀ ਨੂੰ ਆਲਮੀ ਪੱਧਰ ਦੀ ਪੇਸ਼ੇਵਰ ਖੇਡ ਬਣਾਉਣ 'ਚ ਅਹਿਮ ਯੋਗਦਾਨ ਪਾਇਆ ਹੈ।
ਸ੍ਰੀ ਸਰਬ ਥਿਆੜਾ (ਸਰਬਜੀਤ ਸਿੰਘ) ਸੰਨ 1972 'ਚ ਸਿਰਫ 8 ਸਾਲ ਦੀ ਉਮਰ 'ਚ ਆਪਣੇ ਪਿਤਾ ਸ: ਮਹਿੰਦਰ ਸਿੰਘ ਤੇ ਮਾਤਾ ਸ੍ਰੀਮਤੀ ਮੋਹਨ ਕੌਰ ਨਾਲ ਅਮਰੀਕਾ ਚਲੇ ਗਏ ਸਨ। ਉਨ੍ਹਾਂ ਉਥੇ ਹੀ ਸਕੂਲੀ ਵਿੱਦਿਆ ਅਤੇ ਗ੍ਰੈਜੂਏਸ਼ਨ ਹਾਸਲ ਕੀਤੀ। ਉਹ ਆਪਣੇ ਪਿਤਾ ਨਾਲ-ਨਾਲ ਸ਼ੁਰੂ ਤੋਂ ਹੀ ਟਰਾਂਸਪੋਰਟ ਅਤੇ ਫਾਰਮਿੰਗ ਦੇ ਕਾਰੋਬਾਰ 'ਚ ਹੱਥ ਵਟਾਉਣ ਲੱਗੇ, ਜਿਸ ਦੀ ਬਦੌਲਤ ਉਹ ਅੱਜਕਲ੍ਹ ਇਕ ਸਫਲ ਕਾਰੋਬਾਰੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ 1984 ਤੋਂ ਅਮਰੀਕਾ 'ਚ ਕਬੱਡੀ ਨਾਲ ਜੁੜੀਆਂ ਸਰਗਰਮੀਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਵੱਖ-ਵੱਖ ਕਲੱਬਾਂ ਤੇ ਟੂਰਨਾਮੈਂਟਾਂ ਲਈ ਆਰਥਿਕ ਮਦਦ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ। ਇਨ੍ਹਾਂ ਗਤੀਵਿਧੀਆਂ ਦੀ ਬਦੌਲਤ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਬਖਸ਼ਿੰਦਰ ਥਿਆੜਾ, ਬੇਟੇ ਹਰਮਨ ਤੇ ਜੂਨੀਅਰ ਥਿਆੜਾ, ਬੇਟੀ ਜਸਮਨ ਥਿਆੜਾ ਦੀ ਵੀ ਕਬੱਡੀ 'ਚ ਬੇਹੱਦ ਰੁਚੀ ਪੈਦਾ ਹੋ ਗਈ, ਜਿਸ ਕਰਕੇ ਥਿਆੜਾ ਪਰਿਵਾਰ ਨੇ 2011 ਤੋਂ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯਾਦਗਾਰੀ ਕਬੱਡੀ ਕੱਪ ਕਰਵਾਉਣਾ ਸ਼ੁਰੂ ਕੀਤਾ।
ਪਿਛਲੇ ਵਰ੍ਹੇ ਤੋਂ ਇਹ ਟੂਰਨਾਮੈਂਟ ਉਨ੍ਹਾਂ ਆਪਣੇ ਪਿੰਡ ਹਰਖੋਵਾਲ ਵਿਖੇ ਕਰਵਾਉਣਾ ਸ਼ੁਰੂ ਕੀਤਾ ਹੈ ਅਤੇ ਇਸ ਵਾਰ 30 ਜਨਵਰੀ ਨੂੰ ਥਿਆੜਾ ਪਰਿਵਾਰ ਵੱਲੋਂ ਹਰਖੋਵਾਲ ਵਿਖੇ ਵੱਡੇ ਪੱਧਰ 'ਤੇ ਇਹ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਚੋਟੀ ਦੇ ਕਲੱਬਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਸ੍ਰੀ ਸਰਬ ਥਿਆੜਾ ਨੇ ਪਹਿਲੀ ਵਿਸ਼ਵ ਕਬੱਡੀ ਲੀਗ ਨੂੰ ਸਫਲ ਬਣਾਉਣ ਲਈ 'ਰਾਯਲ ਕਿੰਗਜ਼ ਯੂ. ਐਸ. ਏ.' ਦੀ ਟੀਮ ਬਣਾਈ, ਜਿਸ 'ਚ ਦੁਨੀਆ ਦਾ ਧੁਰੰਤਰ ਧਾਵੀ ਤੇ ਆਲਮੀ ਚੈਂਪੀਅਨ ਗੁਰਲਾਲ ਘਨੌਰ, ਜਾਫੀ ਯਾਦਵਿੰਦਰ ਯਾਦ ਕੋਟਲੀ, ਉਭਰਦੇ ਸਿਤਾਰੇ ਇਕਬਾਲ ਰੂਬੀ ਹਰਖੋਵਾਲ, ਭੁਪਿੰਦਰ ਸੇਠੀ ਹਰਖੋਵਾਲ, ਵਿੱਕੀ ਘਨੌਰ, ਨਰਵਿੰਦਰ ਬੱਗਾ, ਹਰਵਿੰਦਰ ਰੱਬੋਂ, ਕਮਲਜੀਤ ਕਾਲਾ ਮੀਆਂਵਿੰਡੀਆਂ ਤੇ ਤੇਜਿੰਦਰ ਸਿੰਘ ਮਨੀ ਚੱਠਾ ਆਦਿ ਖੇਡੇ। ਥਿਆੜਾ ਪਰਿਵਾਰ ਦਾ ਕਬੱਡੀ ਪ੍ਰਤੀ ਜਨੂੰਨ ਉਸ ਵੇਲੇ ਸਿਰ ਚੜ੍ਹ ਬੋਲਿਆ, ਜਦੋਂ ਇਨ੍ਹਾਂ ਵਿਸ਼ਵ ਕਬੱਡੀ ਲੀਗ ਦੀ ਚੈਂਪੀਅਨ ਬਣੀ ਟੀਮ ਯੂਨਾਈਟਡ ਸਿੰਘਜ਼ ਦੇ ਕਪਤਾਨ ਤੇ ਲੀਗ ਦੇ ਸਰਬੋਤਮ ਜਾਫੀ ਸੰਦੀਪ ਨੰਗਲ ਅੰਬੀਆਂ ਨੂੰ ਸੋਨਾਲੀਕਾ ਟਰੈਕਟਰ ਨਾਲ ਸਨਮਾਨਿਤ ਕਰ ਦਿੱਤਾ।

-ਮੋਬਾ: 97795-90575

ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੈਚ ਮੁੱਕਣ ਪਿੱਛੋਂ ਪਾਕਿਸਤਾਨੀ ਕਪਤਾਨ ਦੇ ਦੋਸ਼ ਕਿ ਉਨ੍ਹਾਂ ਨੂੰ ਪਾਣੀ ਨਹੀਂ ਪੀਣ ਦਿੱਤਾ, ਕਬੱਡੀ ਛੇਤੀ ਪਾਉਣ ਲਈ ਕਿਹਾ ਜਾਂ ਮੈਚ ਪੂਰਾ ਸਮਾਂ ਨਹੀਂ ਖਿਡਾਇਆ ਗਿਆ, ਪੜਤਾਲ ਦੌਰਾਨ ਨਿਰਮੂਲ ਨਿਕਲੇ। ਪਾਣੀ ਪੀਣ ਦੀ ਸ਼ਾਰਟ ਬਰੇਕ ਦੌਰਾਨ ਦੋਵਾਂ ਟੀਮਾਂ ਦੇ ਖੇਮਿਆਂ ਵਿਚ ਖਿਡਾਰੀਆਂ ਜਿੰਨੀਆਂ ਹੀ ਬੋਤਲਾਂ ਮੌਜੂਦ ਸਨ। ਜੇ ਕਿਸੇ ਨੇ ਸ਼ਾਰਟ ਬਰੇਕ ਵਿਚ ਪਾਣੀ ਪੀਣ ਦੀ ਥਾਂ ਪਟਿਆਂ ਨੂੰ ਲਾਉਂਦੇ ਰਹਿਣਾ ਹੈ ਤਾਂ ਉਸ ਦੀ ਮਰਜ਼ੀ। ਹਾਂ, ਜੇ ਇਹ ਦੋਸ਼ ਲੱਗਦਾ ਕਿ 'ਗਰਮ ਪਾਣੀ ਦੀ ਬੋਤਲ' ਕਿਉਂ ਫੜੀ ਤਾਂ ਦੋਸ਼ ਸਹੀ ਸਿੱਧ ਹੋਣਾ ਸੀ।
2010 ਦੇ ਪਹਿਲੇ ਕਬੱਡੀ ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਟੀਮ ਭਾਰਤ ਤੋਂ 58-24 ਅੰਕਾਂ ਨਾਲ ਹਾਰੀ ਸੀ, ਯਾਨੀ 82 ਰੇਡਾਂ ਪਈਆਂ ਸਨ। ਦੂਜੇ ਕੱਪ ਵਿਚ ਭਾਰਤ ਨੇ ਕੈਨੇਡਾ ਨੂੰ 59-25 ਅੰਕਾਂ ਨਾਲ ਹਰਾਇਆ, ਯਾਨੀ 84 ਰੇਡਾਂ ਪਈਆਂ। ਤੀਜੇ ਕੱਪ ਵਿਚ ਭਾਰਤ ਨੇ ਪਾਕਿਸਤਾਨ ਨੂੰ 59-22 ਅੰਕਾਂ ਨਾਲ ਹਰਾਇਆ, ਭਾਵ 81 ਰੇਡਾਂ ਪਈਆਂ। ਚੌਥੇ ਕੱਪ ਵਿਚ ਭਾਰਤ ਨੇ ਪਾਕਿਸਤਾਨ ਨੂੰ 48-39 ਅੰਕਾਂ ਨਾਲ ਹਰਾਇਆ ਤਾਂ 87 ਰੇਡਾਂ ਪਈਆਂ। ਐਤਕੀਂ ਵੀ ਫਾਈਨਲ ਮੈਚ ਵਿਚ 87 ਰੇਡਾਂ ਪਈਆਂ ਹਨ। ਪੁਣ-ਛਾਣ ਵਿਚ ਮੈਚ ਸਮੇਂ ਵਰਤੀਆਂ ਦੋਵੇਂ ਘੜੀਆਂ ਵੇਖੀਆਂ ਗਈਆਂ। ਇਕ ਦਾ ਸਮਾਂ 40 ਮਿੰਟ 3 ਸੈਕਿੰਡ ਉੱਤੇ ਖੜ੍ਹਾ ਸੀ ਤੇ ਦੂਜੀ ਦਾ 40 ਮਿੰਟ 5 ਸੈਕਿੰਡ ਉੱਤੇ। ਜੇ ਮੈਚ ਪੂਰਾ ਸਮਾਂ ਨਾ ਖਿਡਾਇਆ ਜਾਂਦਾ ਤਾਂ 87 ਰੇਡਾਂ ਨਾ ਪੈ ਸਕਦੀਆਂ। ਇਹ ਦੋਸ਼ ਕਿ ਰੇਡਰ ਰੇਡ ਪਾ ਕੇ ਦਾਇਰੇ ਤੋਂ ਬਾਹਰ ਅੱਪਰ ਪਾ ਲੈਂਦੇ ਜਾਂ ਪੱਬਾਂ ਭਾਰ ਬੈਠ ਜਾਂਦੇ, ਨਿਯਮਾਂ ਦੀ ਉਲੰਘਣਾ ਨਹੀਂ। ਪੜਤਾਲ ਦੌਰਾਨ ਪਾਇਆ ਗਿਆ ਕਿ ਕਿਸੇ ਵੀ ਖਿਡਾਰੀ ਨੇ ਅੱਪਰ ਪਾ ਕੇ ਨਾ ਕੋਈ ਰੇਡ ਪਾਈ ਸੀ ਤੇ ਨਾ ਕੋਈ ਜੱਫਾ ਲਾਇਆ ਸੀ।
ਇਹ ਦੋਸ਼ ਸਹੀ ਨਿਕਲਿਆ ਕਿ ਭਾਰਤੀ ਟੀਮ ਦਾ ਕੋਚ ਖਿਡਾਰੀਆਂ ਨੂੰ ਖੇਡਣ ਦੀ ਗੈਲਰੀ ਵਿਚ ਜਾ ਕੇ ਹਦਾਇਤਾਂ ਦਿੰਦਾ ਰਿਹਾ, ਜੋ ਨਿਯਮਾਂ ਦੀ ਉਲੰਘਣਾ ਸੀ। ਪਾਕਿਸਤਾਨੀ ਟੀਮ ਦਾ ਮੈਨੇਜਰ ਵੀ ਅਜਿਹੀ ਉਲੰਘਣਾ ਕਰਦਾ ਵੇਖਿਆ ਗਿਆ। ਭਾਰਤ ਦੇ ਕਬੱਡੀ ਅਧਿਕਾਰੀਆਂ ਨੇ ਭਾਰਤੀ ਟੀਮ ਦੇ ਕੋਚ ਨੂੰ ਸਖ਼ਤ ਤਾੜਨਾ ਕੀਤੀ ਹੈ। ਵੇਖਦੇ ਹਾਂ ਪਾਕਿਸਤਾਨ ਦੇ ਕਬੱਡੀ ਅਧਿਕਾਰੀ ਆਪਣੀ ਟੀਮ ਦੇ ਮੈਨੇਜਰ ਨੂੰ ਕੀ ਕਹਿੰਦੇ ਹਨ? ਤੇ ਕਪਤਾਨ ਦੇ ਟੀ. ਵੀ. ਤੋਂ ਬੋਲੇ ਕਬੋਲਾਂ ਦਾ ਕੀ ਨੋਟਿਸ ਲੈਂਦੇ ਹਨ?
ਕਬੱਡੀ ਮਾਹਿਰ ਸਮਝਦੇ ਹਨ ਕਿ ਪਾਕਿਸਤਾਨ ਦੀ ਟੀਮ ਦੇ ਹਾਰਨ ਦਾ ਮੁੱਖ ਕਾਰਨ ਉਸ ਦੇ ਰੇਡਰਾਂ ਦਾ ਆਖ਼ਰ ਵਿਚ ਹੰਭ ਜਾਣਾ ਸੀ। ਮੈਚ ਜਦੋਂ ਪਾਕਿਸਤਾਨ ਦੇ ਹੱਕ ਵਿਚ 40-39 ਅੰਕਾਂ ਉੱਤੇ ਸੀ ਤਾਂ ਆਰਾਮ ਲੈਣ ਲਈ ਪਾਕਿਸਤਾਨ ਦੀ ਟੀਮ ਟਾਈਮ ਆਊਟ ਲੈ ਬੈਠੀ। ਜੇਤੂ ਲੈਅ ਵਿਚ ਚਲਦੀ ਟੀਮ ਲਈ ਇਹ ਘਾਤਕ ਸਿੱਧ ਹੋਇਆ। ਜਦੋਂ ਅੰਕ 42-42 ਹੋਏ ਤਾਂ ਭਾਰਤੀ ਰੇਡਰ ਨੇ ਸਫਲ ਰੇਡ ਪਾ ਕੇ 43-42 ਕਰ ਦਿੱਤੇ। ਮੌਕਾ ਉਦੋਂ ਪਾਕਿਸਤਾਨ ਦੇ ਸਭ ਤੋਂ ਤਕੜੇ ਧਾਵੀ ਟੀਮ ਦੇ ਕਪਤਾਨ ਸ਼ਫੀਕ ਚਿਸ਼ਤੀ ਦੇ ਕਬੱਡੀ ਪਾਉਣ ਦਾ ਸੀ। ਉਸ ਰੇਡ ਨਾਲ ਉਹ ਬੈਸਟ ਰੇਡਰ ਬਣ ਕੇ ਟ੍ਰੈਕਟਰ ਜਿੱਤ ਸਕਦਾ ਸੀ। ਪਰ ਉਹ ਇਕ ਵਾਰ ਡੱਕਿਆ ਜਾਣ ਕਰਕੇ ਢੇਰੀ ਢਾਹ ਬੈਠਾ ਸੀ। ਉਸ ਨੇ ਆਪ ਕਬੱਡੀ ਪਾਉਣ ਦੀ ਥਾਂ ਅਬੈਦਉੱਲਾ ਲਾਲੇ ਨੂੰ ਰੇਡ ਪਾਉਣ ਭੇਜ ਦਿੱਤਾ। ਇਹ ਪਾਕਿਸਤਾਨੀ ਟੀਮ ਦੀ ਸਭ ਤੋਂ ਵੱਡੀ ਗ਼ਲਤੀ ਸੀ। ਲਾਲਾ ਜੱਫਾ ਖਾ ਗਿਆ ਤੇ ਪਾਕਿਸਤਾਨ ਜਿੱਤਦਾ-ਜਿੱਤਦਾ ਮੈਚ ਹਾਰ ਗਿਆ।
ਮੈਂ ਪਿਛਲੇ ਸਾਲ ਚਾਹਿਆ ਸੀ ਕਿ ਪਾਕਿਸਤਾਨ ਦੀ ਟੀਮ ਕੱਪ ਜਿੱਤੇ ਤਾਂ ਜੋ ਵਿਸ਼ਵ ਕੱਪ ਤੋਂ ਇਕੋ ਦੇਸ਼ ਦੀ ਮਨਾਪਲੀ ਟੁੱਟੇ। ਐਤਕੀਂ ਫਿਰ ਮੈਂ ਪਾਕਿਸਤਾਨ ਦੀ ਜਿੱਤ ਲੋਚ ਰਿਹਾ ਸਾਂ, ਪਰ ਪਾਕਿਸਤਾਨ ਦੇ ਜ਼ੋਰਾਵਰ ਖਿਡਾਰੀਆਂ ਨੇ ਤਕਨੀਕੀ ਗ਼ਲਤੀਆਂ ਕਰਕੇ ਮੇਰੀਆਂ ਆਸਾਂ 'ਤੇ ਹੀ ਪਾਣੀ ਨਹੀਂ ਫੇਰਿਆ, ਸਗੋਂ ਦੇਸ-ਪਰਦੇਸ ਵਸਦੇ ਲੱਖਾਂ ਲੋਕਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ। ਹਾਰ ਜਾਣ ਪਿੱਛੋਂ ਰੋਣਾ-ਧੋਣਾ ਖੇਡ ਭਾਵਨਾ ਵਾਲੇ ਖਿਡਾਰੀਆਂ ਨੂੰ ਸ਼ੋਭਾ ਨਹੀਂ ਦਿੰਦਾ। ਜਿੱਤ-ਹਾਰ ਖੇਡ ਭਾਵਨਾ ਨਾਲ ਕਬੂਲ ਕਰਨੀ ਚਾਹੀਦੀ ਹੈ। ਅਸੀਂ ਦੁਆ ਕਰਦੇ ਹਾਂ ਕਿ ਛੇਵੇਂ ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਟੀਮ ਤਾਕਤ ਦੇ ਨਾਲ ਤਕਨੀਕੀ ਤੌਰ 'ਤੇ ਤਕੜੀ ਹੋ ਕੇ ਆਵੇ ਤੇ ਛੇਵਾਂ ਵਿਸ਼ਵ ਕੱਪ ਸ਼ਾਨ ਨਾਲ ਜਿੱਤੇ। ਇਹ ਵੀ ਚਾਹੁੰਦੇ ਹਾਂ ਕਿ ਜਿਵੇਂ ਭਾਰਤੀ ਪੰਜਾਬ ਦੀ ਸਰਕਾਰ ਵਿਸ਼ਵ ਕੱਪ ਕਰਵਾ ਰਹੀ ਹੈ, ਉਵੇਂ ਪਾਕਿਸਤਾਨ ਦੀ ਪੰਜਾਬ ਸਰਕਾਰ ਵੀ ਕਬੱਡੀ ਦਾ ਵਰਲਡ ਕੱਪ ਕਰਾਵੇ, ਤਦ ਹੀ ਪਤਾ ਲੱਗੇਗਾ ਕਿ ਕੱਪ ਕਰਵਾਉਣ ਵਿਚ ਕੀ ਮੁਸ਼ਕਿਲਾਂ ਆਉਂਦੀਆਂ ਹਨ? (ਸਮਾਪਤ)

ਦਾਊਧਰ ਕਬੱਡੀ ਕੱਪ ਦੀ ਗੱਲ ਕਰਦਿਆਂ...

ਖੇਡ ਕਬੱਡੀ ਦੇ ਹੁੰਦੇ ਮਾਣਮੱਤੇ ਤੇ ਸ਼ਾਨਾਮੱਤੇ ਕਬੱਡੀ ਕੱਪਾਂ ਦੀ ਲੜੀ ਵਿਚ ਕਬੱਡੀ ਦੇ ਮਹਾਂਕੁੰਭ ਵਜੋਂ ਜਾਣੇ ਜਾਂਦੇ ਦਾਊਧਰ ਕਬੱਡੀ ਕੱਪ ਨੂੰ ਸ਼ਿੱਦਤ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ। ਇਸ ਵਾਰ ਇਹ 20 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।
ਅੱਜ ਤੋਂ 8 ਵਰ੍ਹੇ ਪਹਿਲਾਂ ਹੋਂਦ ਵਿਚ ਆਈ ਰਾਣਾ ਸਪੋਰਟਸ ਐਂਡ ਕਲਚਰਲ ਵੈਲਫੇਅਰ ਕਲੱਬ ਦਾਉਧਰ ਦਾ ਨਾਂਅ ਕਾਫੀ ਉੱਘੜਵਾਂ ਹੈ। ਇਸ ਸੰਸਥਾ ਦਾ ਗਠਨ ਕੈਲਗਰੀ ਨਿਵਾਸੀ ਬਹੁਤ ਹੀ ਉੱਦਮੀ, ਸਮਾਜ ਸੇਵੀ ਤੇ ਉਤਸ਼ਾਹੀ ਨੌਜਵਾਨ ਗੁਰਪ੍ਰੀਤ ਸਿੰਘ ਰਾਣਾ ਸਿੱਧੂ ਅਤੇ ਪ੍ਰਸਿੱਧ ਬਿਜ਼ਨਸਮੈਨ ਸ: ਅਮਰਪ੍ਰੀਤ ਸਿੰਘ ਬੈਂਸ ਦੇ ਯਤਨਾਂ ਸਦਕਾ ਕੀਤਾ ਗਿਆ। ਗੁਰਪ੍ਰੀਤ ਸਿੰਘ ਰਾਣਾ ਸਿੱਧੂ ਐਨ. ਆਰ. ਆਈ. ਸਭਾ ਕੈਲਗਰੀ ਦੇ ਵੀ ਪ੍ਰਧਾਨ ਹਨ। ਕੈਲਗਰੀ ਦੇ ਉੱਘੇ ਬਿਜ਼ਨਸਮੈਨ ਤੇ ਹਰਮਨ ਪਿਆਰੀ ਸ਼ਖ਼ਸੀਅਤ ਸ: ਅਮਰਪ੍ਰੀਤ ਸਿੰਘ ਬੈਂਸ ਕਲੱਬ ਦੇ ਚੇਅਰਮੈਨ ਹਨ, ਜਦੋਂ ਕਿ ਸਰਪ੍ਰਸਤ ਮਾਸਟਰ ਸ਼ਮਸ਼ੇਰ ਸਿੰਘ ਸਿੱਧੂ, ਮੀਤ ਪ੍ਰਧਾਨ ਕਮਲਪ੍ਰੀਤ ਸਿੱਧੂ, ਜਨਰਲ ਸਕੱਤਰ ਜਸਜੀਤ ਸਿੰਘ ਧਾਮੀ, ਵਿੱਤ ਸਕੱਤਰ ਜੋਰਾ ਸਿੰਘ ਸਿੱਧੂ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਹਨ। ਖੇਡਾਂ ਅਤੇ ਸਮਾਜ ਭਲਾਈ ਦੇ ਉਦੇਸ਼ ਨੂੰ ਕੌਮਾਂਤਰੀ ਪੱਧਰ 'ਤੇ ਲਿਜਾਂਦਿਆਂ ਸੰਨ 2007 ਵਿਚ 'ਰਾਣਾ ਸਪੋਰਟਸ ਕਲੱਬ' ਕੈਲਗਰੀ ਕੈਨੇਡਾ ਦਾ ਵੀ ਗਠਨ ਕੀਤਾ ਗਿਆ। ਦਾਊਧਰ ਕਬੱਡੀ ਕੱਪ ਦੀਆਂ ਤਿੰਨ ਸ਼ਖ਼ਸੀਅਤਾਂ 'ਤੇ ਆਓ ਨਜ਼ਰ ਮਾਰੀਏ :
ਰਾਣਾ ਸਿੱਧੂ : ਪ੍ਰਵਾਸੀਆਂ ਦੀ ਮਾਣਮੱਤੀ ਲੜੀ ਵਿਚ ਗੁਰਪ੍ਰੀਤ ਸਿੰਘ ਸਿੱਧੂ ਉਰਫ ਰਾਣਾ ਸਿੱਧੂ ਦਾਊਧਰ ਨੂੰ ਬੜੀ ਸ਼ਿੱਦਤ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਸ਼ਹਿਰ ਕੈਲਗਿਰੀ ਵਸਦੇ ਸਫਲ ਪੰਜਾਬੀਆਂ 'ਚ ਇਕ ਰਾਣਾ ਸਿੱਧੂ ਨੇ ਕੈਨੇਡਾ ਦੇ ਪੌਣ-ਪਾਣੀ 'ਚ ਸੈਟਲ ਹੁੰਦਿਆਂ ਹੀ ਕਬੱਡੀ ਨੂੰ ਉਤਸ਼ਾਹਤ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਣੇ ਦੀ ਅਗਵਾਈ ਵਿਚ 2007 ਨੂੰ ਰਾਣਾ ਕਬੱਡੀ ਕਲੱਬ ਦਾਊਧਰ ਦੀ ਟੀਮ ਹੋਂਦ ਵਿਚ ਆਈ। ਇਸ ਟੀਮ ਵਿਚ ਪਿੰਡ ਦੇ ਅੰਤਰਰਾਸ਼ਟਰੀ ਸਟਾਰ ਜਿਵੇਂ ਵਰਿੰਦਰ ਦਾਊਧਰ, ਪੀਤਾ ਦਾਊਧਰ, ਸ਼ਿੰਦਾ ਦਾਊਧਰ, ਸੰਦੂਰਾ ਦਾਊਧਰ, ਮਾਣਾ ਦਾਊਧਰ, ਬੂਟਾ ਦਾਊਧਰ, ਕੀਪਾ ਦਾਊਧਰ, ਬਿੱਟੂ ਦਾਊਧਰ ਆਦਿ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਪੰਜਾਬ ਵਿਚ ਇਸ ਟੀਮ ਨੇ 120 ਕਬੱਡੀ ਕੱਪ ਖੇਡੇ, ਜਦੋਂ ਕਿ 85 ਕੱਪਾਂ ਵਿਚ ਪਹਿਲੇ ਸਥਾਨ 'ਤੇ ਰਹਿਣ ਦਾ ਮਾਣ ਹੈ।
ਅਮਰਪ੍ਰੀਤ ਸਿੰਘ ਬੈਂਸ : ਦੋਆਬਾ ਦੇ ਜ਼ਿਲ੍ਹਾ ਜਲੰਧਰ ਦੇ ਕਸਬਾ ਤਲਵਣ ਨੇੜੇ ਪੈਂਦੇ ਪਿੰਡ ਸ਼ਾਦੀਪੁਰ ਨਾਲ ਸਬੰਧ ਰੱਖਣ ਵਾਲੇ ਅਮਰਪ੍ਰੀਤ ਸਿੰਘ ਬੈਂਸ ਦਾ ਸਬੰਧ ਭਾਵੇਂ ਦੋਆਬੇ ਨਾਲ ਹੈ ਪਰ ਦਾਊਧਰ ਕਬੱਡੀ ਕੱਪ ਦੇ ਪ੍ਰਬੰਧਕਾਂ ਨਾਲ ਕਾਫੀ ਗੂੜ੍ਹੀ ਤੇ ਦਿਲੀ ਸਾਂਝ ਹੈ, ਜਿਸ ਕਰਕੇ ਉਹ ਦਾਊਧਰ ਕਬੱਡੀ ਕਲੱਬ ਦਾ ਚੇਅਰਮੈਨ ਹੈ। ਕੈਨੇਡਾ ਦੇ ਸ਼ਹਿਰ ਕੈਲਗਿਰੀ 'ਚ ਰਹਿਣ ਤੇ ਏਸ਼ੀਅਨ ਭਾਈਚਾਰੇ 'ਚ ਉੱਘੇ ਕਾਰੋਬਾਰੀ ਵਜੋਂ ਜਾਣੇ ਜਾਂਦੇ। ਅਮਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਖੇਡ ਕਬੱਡੀ ਸਾਡੀਆਂ ਰਗਾਂ ਵਿਚ ਰਚੀ ਵਸੀ ਹੋਈ ਹੈ।
ਜ਼ੋਰਾ ਸਿੱਧੂ : ਦਾਊਧਰ ਕਬੱਡੀ ਕੱਪ ਦੇ ਪ੍ਰਮੁੱਖ ਥੰਮ੍ਹਾਂ 'ਚ ਸ਼ੁਮਾਰ ਤੇ ਵੱਡੇ ਹੁਕਮਾਂ 'ਤੇ ਕਮਾਂਡ ਰੱਖਣ ਵਾਲਾ ਜ਼ੋਰਾ ਸਿੱਧੂ ਇਸ ਕਬੱਡੀ ਕੱਪ ਨੂੰ ਲੋਕ-ਚੇਤਿਆਂ 'ਚ ਵਸਾਉਣ ਵਾਲੀਆਂ ਸਭ ਸਕੀਮਾਂ ਦਾ ਪ੍ਰਮੁੱਖ ਭਾਈਵਾਲ ਹੈ। ਦਾਊਧਰ ਕਬੱਡੀ ਕੱਪ ਨੂੰ ਥੋੜ੍ਹੇ ਸਮੇਂ ਵਿਚ ਖੇਡ ਨਕਸ਼ੇ 'ਤੇ ਵੱਡੀ ਥਾਂ ਹਾਸਲ ਕਰਵਾਉਣ ਵਾਲੇ ਜ਼ੋਰਾ ਸਿੱਧੂ ਦਾ ਬਚਪਨ ਤੋਂ ਹੀ ਝੁਕਾਅ ਖੇਡਾਂ ਵੱਲ ਰਿਹਾ ਹੈ। ਦਾਊਧਰ ਕਬੱਡੀ ਕੱਪ ਦੇ ਹੋਰ ਪ੍ਰਬੰਧਾਂ ਵਿਚ ਮਾਸਟਰ ਸ਼ਮਸ਼ੇਰ ਸਿੰਘ ਸਰਪ੍ਰਸਤ, ਅਮਰਜੀਤ ਸਿੱਧੂ ਫਰਿਨੋ ਯੂ. ਐਸ. ਏ, ਹਰਜਿੰਦਰ ਸਿੱਧੂ ਸਰੀ ਕੈਨੇਡਾ, ਕਮਲਪ੍ਰੀਤ ਸਿੱਧੂ ਕੈਲਗਰੀ ਕੈਨੇਡਾ, ਰੇਸ਼ਮ ਸਿੱਧੂ ਕੈਲਗਰੀ ਕੈਨੇਡਾ, ਚਮਕੌਰ ਸਿੱਧੂ ਮਨੀਲਾ, ਗੁਰਪ੍ਰੀਤ ਸਿੱਧੂ ਯੂ. ਐਸ. ਏ., ਜੌਰਜ ਬਰਾੜ ਕੈਲਗਿਰੀ, ਗੁਰਵਿੰਦਰ ਢਿੱਲੋਂ, ਲੱਖਾ ਸਹਿਜ ਪਾਲ ਸਰੀ ਕੈਨੇਡਾ, ਬੂਟਾ ਸਿੰਘ ਸਿੱਧੂ ਸਰੀ ਕੈਨੇਡਾ, ਨਿਰਮਲ ਸਿੰਘ ਘੋਲੀਆ, ਸ਼ਰਨਜੀਤ ਸਿੰਘ ਰੂਬੀ, ਦਰਸ਼ਨ ਸਿੰਘ ਗਿੱਲ, ਹਰਪ੍ਰੀਤ ਸਿੱਧੂ, ਮਾਸਟਰ ਬਲਵੀਰ ਸਿੰਘ ਤੇ ਬਾਬਾ ਕੂੰਢਾ ਸਿੰਘ ਲੰਗਰਾਂ ਵਾਲੇ ਪ੍ਰਮੁੱਖ ਹਨ।

-ਪਿੰਡ ਤੇ ਡਾਕ: ਮੌ ਸਾਹਿਬ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ। ਮੋਬਾ: 98157-26066

2014-ਚਰਚਿਤ ਖੇਡ ਘਟਨਾਵਾਂ

ਤਹਿਲਕਿਆਂ 'ਚ ਬੀਤਿਆ ਵਰ੍ਹਾ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬੈਡਮਿੰਟਨ : ਸਾਇਨਾ ਨੇਹਵਾਲ ਤੇ ਸ੍ਰੀਕਾਂਤ ਦੀ ਇਤਿਹਾਸਕ ਪ੍ਰਾਪਤੀ : ਭਾਰਤੀ ਬੈਡਮਿੰਟਨ ਲਈ ਸਾਲ 2014 ਸਫਲਤਾਵਾਂ ਵਾਲਾ ਰਿਹਾ। ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਕਿਤਾਬੀ ਸ੍ਰੀਕਾਂਤ ਨੇ ਇਤਿਹਾਸਕ ਜਿੱਤਾਂ ਦਰਜ ਕੀਤੀਆਂ। ਸਾਇਨਾ ਨੇ ਇਸ ਸਾਲ ਤਿੰਨ ਖਿਤਾਬ ਆਪਣੇ ਨਾਂਅ ਨਾਲ ਜੋੜੇ। ਸਾਲ ਦੇ ਆਖਰੀ ਦਿਨਾਂ 'ਚ ਚਾਇਨਾ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ। ਸਾਲ ਦੇ ਸ਼ੁਰੂਆਤ 'ਚ ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ਅਤੇ ਸਈਅਦ ਮੋਦੀ ਇੰਟਰਨੈਸ਼ਨਲ ਪ੍ਰੀਮੀਅਰ ਓਪਨ ਦਾ ਖਿਤਾਬ ਜਿੱਤਿਆ। ਭਾਰਤ ਦੇ 21 ਸਾਲਾ ਖਿਡਾਰੀ ਕਿਤਾਬੀ ਸ੍ਰੀਕਾਂਤ ਨੇ ਚਾਇਨਾ ਸੁਪਰ ਸੀਰੀਜ਼ ਦਾ ਖਿਤਾਬ ਆਪਣੇ ਨਾਂਅ ਕਰਕੇ ਇਤਿਹਾਸ ਰਚਿਆ। ਸ੍ਰੀਕਾਂਤ ਨੇ ਇਸ ਟੂਰਨਾਮੈਂਟ 'ਚ 2 ਵਾਰ ਦੇ ਉਲੰਪਿਕ ਚੈਂਪੀਅਨ ਅਤੇ 5 ਵਾਰ ਦੇ ਵਿਸ਼ਵ ਚੈਂਪੀਅਨ ਚੀਨ ਦੇ ਲਿਨ-ਡੈਨ ਨੂੰ ਹਰਾਇਆ।
2014 : ਖਿਡਾਰੀ ਜੋ ਸੁਰਖੀਆਂ 'ਚ ਰਹੇ
ਵੱਖ-ਵੱਖ ਖੇਡ ਮੁਕਾਬਲਿਆਂ 'ਚ ਕੁਝ ਅਜਿਹੇ ਖਿਡਾਰੀ ਵੀ ਸਾਹਮਣੇ ਆਏ, ਜਿਨ੍ਹਾਂ ਨੇ ਆਪਣੇ ਲਾਜਵਾਬ ਪ੍ਰਦਰਸ਼ਨ ਨਾਲ ਸਾਰਾ ਸਾਲ ਰੱਜ ਕੇ ਸੁਰਖੀਆਂ ਬਟੋਰੀਆਂ।
ਮੈਗਨਸ਼ ਕਾਰਲਸਨ : ਰੱਖੀ ਬਾਦਸ਼ਾਹਤ ਕਾਇਮ : ਸੋਚੀ (ਰੂਸ) 'ਚ ਖੇਡੇ ਗਏ ਸ਼ਤਰੰਜ ਦੀ ਆਲਮੀ ਖਿਤਾਬੀ ਜੰਗ 'ਚ ਨਾਰਵੇ ਦੇ ਮੈਗਨਸ ਕਾਰਲਸਨ ਨੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਭਾਰਤ ਦੇ ਵਿਸ਼ਵਾਨਾਥਨ ਆਨੰਦ ਨੂੰ 11ਵੀਂ ਬਾਜ਼ੀ 'ਚ ਚਾਰੋ ਖਾਨੇ ਚਿੱਤ ਕਰਕੇ ਲਗਾਤਾਰ ਦੂਜੇ ਸਾਲ ਵੀ ਆਪਣੀ ਬਾਦਸ਼ਾਹਤ ਕਾਇਮ ਰੱਖੀ। ਪਿਛਲੇ ਸਾਲ ਚੇਨਈ 'ਚ ਵਿਸ਼ਵਾਨਾਥਨ ਆਨੰਦ ਨੂੰ ਉਸ ਦੇ ਘਰੇਲੂ ਮੈਦਾਨ 'ਚ ਹਰਾ ਕੇ ਕਾਰਲਸਨ ਚੈਂਪੀਅਨ ਬਣਿਆ ਸੀ। ਕਾਰਲਸਨ ਦੀ ਲਗਾਤਾਰ ਦੂਜੀ ਜਿੱਤ ਨੂੰ ਸ਼ਤਰੰਜ 'ਚ ਨਵੇਂ ਯੁੱਗ ਦੀ ਦਸਤਕ ਵਜੋਂ ਦੇਖਿਆ ਜਾ ਰਿਹਾ ਹੈ।
ਰਫ਼ਤਾਰ ਦਾ ਸੌਦਾਗਰ-ਲੂਈਸ ਹੈਮਿਲਟਨ : ਇੰਗਲੈਂਡ ਦਾ ਲੂਈਸ ਹੈਮਿਲਟਨ ਸਾਲ 2014 ਦਾ ਫਾਰਮੂਲਾ-ਵੱਨ 'ਚ ਵਿਸ਼ਵ ਖਿਤਾਬ ਜਿੱਤ ਕੇ ਖੂਬ ਸੁਰਖੀਆਂ 'ਚ ਰਿਹਾ। ਆਬੂਧਾਬੀ ਮਰਸਡੀਜ਼ ਗ੍ਰਾ: ਪ੍ਰੀ: ਜਿੱਤਣ ਦੇ ਨਾਲ ਹੀ 29 ਵਰ੍ਹਿਆਂ ਦਾ ਇਹ ਡਰਾਈਵਰ ਕਾਰ ਰੇਸ ਦੀ ਦੁਨੀਆ ਵਿਚ ਦੂਜੀ ਵਾਰ ਚੈਂਪੀਅਨ ਬਣ ਗਿਆ। ਇਕ ਸੀਜ਼ਨ 'ਚ 11 ਜਿੱਤਾਂ ਹਾਸਲ ਹੈਮਿਲਟਨ ਮਾਈਕਲ ਸ਼ੁਮਾਕਰ ਅਤੇ ਸਵੈਸਿਟੀਮਾਨ ਵੈਂਟਲ ਦੇ ਬਰਾਬਰ ਪਹੁੰਚ ਗਿਆ ਹੈ। ਹੈਮਿਲਟਨ ਦੇ ਖੇਡ ਕੈਰੀਅਰ 'ਚ ਇਹ 33ਵੀਂ ਜਿੱਤ ਦਰਜ ਹੋਈ।
ਰਾਡਰੀਗੁਏਜ਼ ਨੇ ਕੀਤੇ ਧਨੰਤਰ ਚਿੱਤ : ਕੁਲੰਬੀਆ ਦੇ ਫੁੱਟਬਾਲ ਸਟਾਰ ਜੇਮਸ ਰਾਡਰੀਗੁਏਜ਼ ਨੇ ਇਸ ਸਾਲ ਕਈ ਧਾਕੜ ਫੁੱਟਬਾਲ ਖਿਡਾਰੀਆਂ, ਅਰਜਨਟੀਨਾ ਦੇ ਲਿਉਨਲ ਮੈਸੀ, ਪੁਰਤਗਾਲ ਦੇ ਰੋਨਾਲਡੋ, ਬ੍ਰਾਜ਼ੀਲ ਦੇ ਨੇਮਾਰ, ਮੈਕਸੀਕੋ ਦੇ ਗੋਲਕੀਪਰ ਗੁਲੇਰਮੋ ਉਕੋਆ ਤੇ ਉਰੂਗਵੇ ਦੇ ਲੂਈਸ ਸੁਆਰੇਜ ਨੂੰ ਪਛਾੜ ਕੇ ਖੋਜ ਦੇ ਮਾਮਲੇ ਵਿਚ ਇੰਟਰਨੈੱਟ 'ਤੇ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰਨ ਵਾਲੇ ਰਹੇ।
ਵਿਸ਼ਵ ਚੈਂਪੀਅਨ ਪੰਕਜ ਅਡਵਾਨੀ : ਬਿਲੀਅਰਡਜ਼ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਭਾਰਤ ਦੇ ਪੰਕਜ ਅਡਵਾਨੀ ਨੇ 11ਵਾਂ ਵਿਸ਼ਵ ਬਿਲੀਅਰਡਜ਼ ਖਿਤਾਬ ਸਿੰਘਾਪੁਰ ਦੇ ਪੀਟਰ ਗਿਲਕ੍ਰਿਸਟ ਨੂੰ ਹਰਾ ਕੇ ਆਪਣੇ ਨਾਂਅ ਕੀਤਾ। ਸੰਨ 2014 'ਚ ਅਡਵਾਨੀ ਵੱਖ-ਵੱਖ ਤਿੰਨ ਖਿਤਾਬ ਜਿੱਤ ਚੁੱਕੇ ਹਨ, ਜਿਸ ਵਿਚ ਆਈ. ਬੀ. ਐੱਸ. ਐੱਫ. ਵਿਸ਼ਵ 6 ਰੇਡ ਸਨੂਕਰ, ਵਿਸ਼ਵ ਟੀਮ ਵਿਲੀਅਰਡਜ਼ ਤੇ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਸ਼ਾਮਿਲ ਹਨ। ਉਂਜ ਹੁਣ 29 ਵਰ੍ਹਿਆਂ ਦੇ ਅਡਵਾਨੀ ਨੇ ਸਨੂਕਰ ਨੂੰ ਅਲਵਿਦਾ ਕਹਿ ਕੇ ਸਿਰਫ ਬਿਲੀਅਰਡਜ਼ 'ਤੇ ਧਿਆਨ ਕੇਂਦਰਿਤ ਕਰਨ ਦਾ ਐਲਾਨ ਕੀਤਾ ਹੈ।
ਜਾਨਸਨ ਚੁਣੇ ਗਏ ਸਰਬੋਤਮ ਖਿਡਾਰੀ : ਆਈ. ਸੀ. ਸੀ. ਐਵਾਰਡਜ਼ ਲਈ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਸਾਲ ਦੇ ਸਰਬੋਤਮ ਖਿਡਾਰੀ ਬਣੇ। ਜਾਨਸਨ ਆਈ. ਸੀ. ਸੀ. ਟੈਸਟ ਕ੍ਰਿਕਟ ਆਫ ਦਾ ਯੀਅਰ ਵੀ ਚੁਣੇ ਗਏ। ਦੱ: ਅਫਰੀਕਾ ਦੇ ਕਪਤਾਨ ਅਬਰਾਈਮ ਡਿਵੀਲੀਅਰਸ ਸਾਲ ਦੇ ਸਭ ਤੋਂ ਬਿਹਤਰੀਨ ਇਕ-ਦਿਨਾ ਕ੍ਰਿਕਟ ਦੇ ਪੁਰਸਕਾਰ ਨਾਲ ਨਵਾਜੇ ਗਏ। ਇੰਗਲੈਂਡ ਦਾ ਗੈਰੀ ਬੈਲੇਸ ਉੱਭਰਦਾ ਹੋਇਆ ਖਿਡਾਰੀ ਤੇ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਐਰਾਨ ਟਿੰਚ ਨੂੰ ਟੀ-20 ਦਾ ਸਰਬੋਤਮ ਖਿਡਾਰੀ ਐਲਾਨਿਆ।
ਕੈਰੋਲੀਨਾ ਮਾਰਿਨ : ਕੋਪਨਹੈਗਨ 'ਚ ਖੇਡੇ ਗਏ ਵਿਸ਼ਵ ਬੈਡਮਿੰਟਨ ਟੂਰਨਾਮੈਂਟ ਵਿਚ ਸਪੇਨ ਦੀ ਕੈਰੋਲੀਨਾ ਮਾਰਿਨ ਨੇ ਉਲਟਫੇਰ ਕਰਦਿਆਂ ਫਾਈਨਲ 'ਚ ਚੀਨ ਦੀ ਦੁਨੀਆ ਦੀ ਨੰਬਰ ਇਕ ਚੀਨ ਦੀ ਉਲੰਪਿਕ ਚੈਂਪੀਅਨ ਛੂਈ-ਰੂਈ ਨੂੰ ਹਰਾ ਕੇ ਮਹਿਲਾ ਇਕੱਲ ਖਿਤਾਬ ਜਿੱਤ ਲਿਆ।
ਨੋਵਾਕ ਜੋਕੋਵਿਕ : ਬਰਕਰਾਰ ਰੱਖਿਆ ਨੰਬਰ ਵੱਨ : ਨੋਵਾਕ ਜੋਕੋਵਿਕ ਨੇ ਸ਼ਾਨਦਾਰ ਖੇਡ ਦੀ ਬਦੌਲਤ ਟਾਮਚ ਬਡਰਿਚ ਨੂੰ ਹਰਾ ਕੇ ਏ. ਟੀ. ਪੀ. ਟੂਰ ਫਾਈਨਲਜ਼ ਟੈਨਿਸ ਟੂਰਨਾਮੈਂਟ ਵਿਚ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਨਾਲ ਹੀ ਸਾਲ ਦੇ ਅੰਤ ਵਿਚ ਆਪਣੀ ਨੰਬਰ ਇਕ ਦਰਜਾਬੰਦੀ ਬਰਕਰਾਰ ਰੱਖੀ।
ਸਿੱਧੂ ਨੇ ਰਚਿਆ ਇਤਿਹਾਸ : ਸਟਾਰ ਭਾਰਤੀ ਬੈਡਮਿੰਟਨ ਖਿਡਾਰੀ ਪੀ. ਬੀ. ਸਿੱਧੂ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਲਗਾਤਾਰ ਦੂਜੀ ਵਾਰ ਕਾਂਸੀ ਤਗਮਾ ਜਿੱਤ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਰਤ 'ਚ ਉਸ ਨੂੰ ਕਿਉਂ ਸਰਬੋਤਮ ਸ਼ਟਲਰ ਕਿਹਾ ਜਾਂਦਾ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਲਗਾਤਾਰ ਦੋ ਸਾਲ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੀ ਸਿੱਧੂ ਭਾਰਤ ਦੀ ਇਕੋ-ਇਕ ਖਿਡਾਰੀ ਹੈ। ਇਸ ਤੋਂ ਪਹਿਲਾਂ ਮਹਾਨ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਨ ਨੇ 1983 'ਚ ਪੁਰਸ਼ ਇਕੱਲ 'ਚ ਕਾਂਸੀ ਤਗਮਾ ਜਿੱਤਿਆ ਸੀ।
ਸਾਨੀਆ ਮਿਰਜ਼ਾ : ਖੂਬ ਗਰਜਿਆ ਰੈਕਟ : ਸਾਨੀਆ ਮਿਰਜ਼ਾ ਨੇ ਤੀਜਾ ਯੁਗਲ ਗਰੈਂਡਸਲੈਮ ਜਿੱਤ ਕੇ ਸਾਲ 2014 ਦਾ ਸ਼ਾਨਦਾਰ ਸਮਾਪਨ ਕੀਤਾ। ਸਾਨੀਆ ਨੇ ਬਰੂਨੋ ਸੋਰੇਸ ਨਾਲ ਮਿਲ ਕੇ ਯੂ. ਐੱਸ. ਓਪਨ ਮਿਸ਼ਰਤ ਯੁਗਲ ਖਿਤਾਬ ਜਿੱਤਿਆ, ਆਸਟ੍ਰੇਲੀਆ ਓਪਨ ਅਤੇ ਫਰੈਂਚ ਓਪਨ ਸਮੇਤ 3 ਖਿਤਾਬ ਆਪਣੇ ਨਾਂਅ ਲਿਖੇ। ਸਾਨੀਆ 7-ਡਬਲਿਊ. ਟੀ. ਏ. ਟੂਰਨਾਮੈਂਟਾਂ ਦੇ ਫਾਈਨਲ 'ਚ ਵੀ ਪਹੁੰਚੀ। ਉਸ ਨੇ ਜ਼ਿੰਬਾਬਵੇ ਦੀ ਕਾਰਾਬਲੈਨ ਨਾਲ ਮਿਲ ਕੇ 3 ਖਿਤਾਬ ਜਿੱਤੇ। ਉਸ ਨੇ ਇੰਚੀਉਨ ਏਸ਼ਿਆਡ 'ਚ ਸਾਕੇਤ ਮਯਨੇਨੀ ਨਾਲ ਮਿਲ ਕੇ ਮਿਸ਼ਰਤ ਯੁਗਲ ਦਾ ਸੋਨ ਤਗਮਾ ਵੀ ਜਿੱਤਿਆ।
ਰਿੰਗ ਦੀ ਰਾਣੀ ਮੈਰੀਕਾਮ : 5 ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ, ਸਾਰੇ ਭਾਰਤੀਆਂ 'ਚ ਲੋਕਪ੍ਰਿਆ ਮੁੱਕੇਬਾਜ਼ ਹੈ। ਭਾਰਤ ਦੀ ਇਸ ਸੁਪਰ ਮਾਮ 'ਤੇ ਸਮੁੱਚੇ ਭਾਰਤ ਨੂੰ ਮੈਡਲ ਜਿੱਤਣ ਦਾ ਭਰੋਸਾ ਸੀ ਤੇ ਇੰਚੀਉਨ ਖੇਡਾਂ ਵਿਚ ਸੋਨੇ 'ਤੇ ਪੰਚ ਲਾ ਕੇ ਉਸ ਨੇ ਸਾਬਤ ਕਰ ਦਿੱਤਾ ਕਿ ਵਾਕਿਆ ਹੀ ਉਹ ਰਿੰਗ ਦੀ ਰਾਣੀ ਹੈ।
2014 : ਉਦਾਸ ਪਲ
ਅਭਿਨਵ ਬਿੰਦਰਾ : ਗੁੰਮਨਾਮ ਵਿਦਾਈ : 2008 ਬੀਜਿੰਗ ਉਲੰਪਿਕ 'ਚ ਸੋਨ ਤਗਮਾ ਜਿੱਤਣ ਵਾਲੇ ਇਕਲੌਤੇ ਸ਼ੂਟਰ ਅਭਿਨਵ ਬਿੰਦਰਾ ਨੇ ਇੰਚੀਉਨ ਏਸ਼ੀਆਈ ਖੇਡਾਂ 'ਚ 10 ਮੀ: ਏਅਰ ਰਾਈਫਲ ਮੁਕਾਬਲੇ 'ਚ ਉਤਰਨ ਤੋਂ ਪਹਿਲਾਂ ਇਹ ਟਵੀਟ ਕਰਕੇ ਹਲਚਲ ਮਚਾ ਦਿੱਤੀ ਕਿ ਇਹ ਉਸ ਦੇ ਕੈਰੀਅਰ ਦਾ ਆਖਰੀ ਮੁਕਾਬਲਾ ਹੋਵੇਗਾ। ਉਸ ਦੇ ਸ਼ੁੱਭਚਿੰਤਕਾਂ ਨੇ ਦੁਆ ਕੀਤੀ ਕਿ ਉਸ ਦੀ ਵਿਦਾਈ ਸੋਨ ਤਗਮੇ ਨਾਲ ਹੋਵੇ, ਪਰ ਅਜਿਹਾ ਹੋ ਨਾ ਸਕਿਆ। ਉਹ ਏਸ਼ੀਆਡ 'ਚ ਸਿਰਫ 2 ਕਾਂਸੀ ਦੇ ਤਗਮੇ ਹੀ ਜਿੱਤ ਸਕਿਆ। ਗਲਾਸਗੋ ਰਾਸ਼ਟਰ ਮੰਡਲ ਖੇਡਾਂ 'ਚ ਉਸ ਨੇ ਸੋਨ ਤਗਮਾ ਜਿੱਤਿਆ ਸੀ, ਪਰ ਦੱਬੀ-ਘੁੱਟੀ ਜ਼ਬਾਨੇ ਬਿੰਦਰਾ ਨੇ ਕਿਹਾ ਹੈ ਕਿ ਉਹ ਰਿਉ-ਡ-ਜਨੇਰਿਓ ਉਲੰਪਿਕ 'ਚ ਹਿੱਸਾ ਲੈਣ ਦੀ ਕੋਸ਼ਿਸ਼ ਕਰੇਗਾ।
ਇਨਸਾਫ ਦੇ ਰਿੰਗ 'ਚ ਰੋਂਦੀ-ਵਿਲਕਦੀ ਰਹੀ ਸਰਿਤਾ ਦੇਵੀ : ਇੰਚੀਉਨ ਏਸ਼ੀਆਈ ਖੇਡਾਂ ਦੇ ਪੋਡੀਅਮ 'ਤੇ ਜੋ ਰੋਂਦੀ-ਵਿਲਕਦੀ ਤੇ ਹੰਝੂ ਭਰੀਆਂ ਅੱਖਾਂ ਵਾਲੀ ਮਾਯੂਸ ਤਸਵੀਰ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਨੇ ਦੇਖੀ, ਉਹ ਸੀ ਭਾਰਤ ਦੀ ਹੋਣਹਾਰ ਮੁੱਕੇਬਾਜ਼ ਮਨੀਪੁਰ ਦੀ ਸਰਿਤਾ ਦੇਵੀ ਦੀ। ਜਦੋਂ ਸੋਨ ਤਗਮੇ ਦੀ ਦਾਅਵੇਦਾਰ ਸਰਿਤਾ ਨੂੰ ਗ਼ਲਤ ਤਰੀਕੇ ਨਾਲ ਹਰਾ ਕੇ ਦੱਖਣੀ ਕੋਰੀਆ ਦੀ ਜਿਨ ਪਾਰਕ ਨੂੰ ਜੇਤੂ ਕਰਾਰ ਦੇ ਦਿੱਤਾ ਤਾਂ ਉਸ ਦੀਆਂ ਧਾਹਾਂ ਨਿਕਲ ਗਈਆਂ। ਸਰਿਤਾ ਦੇਵੀ ਕਾਂਸੀ ਤਗਮਾ ਲੈਣ ਦੀ ਬਜਾਏ ਪੋਡੀਅਮ 'ਤੇ ਹੀ ਛੱਡ ਆਈ। ਜੋ ਸਰਿਤਾ ਨਾਲ ਹੋਇਆ, ਉਹ ਦੇਸ਼ ਦੇ ਖੇਡ ਜਗਤ ਲਈ ਇਕ ਤ੍ਰਾਸਦੀ ਵਜੋਂ ਯਾਦ ਕੀਤਾ ਜਾਵੇਗਾ। ਪਰ ਅਫਸੋਸ, ਭਾਰਤੀ ਅਧਿਕਾਰੀਆਂ ਨੇ ਸਰਿਤਾ ਨੂੰ ਇਨਸਾਫ ਲਈ ਇਕੱਲਿਆਂ ਛੱਡ ਦਿੱਤਾ। ਸਚਿਨ ਤੇਂਦੁਲਕਰ ਨੇ ਜ਼ਰੂਰ ਹਮਦਰਦੀ ਦਿਖਾਈ। ਬਾਅਦ ਵਿਚ ਸਰਿਤਾ ਨੇ ਕਾਂਸੀ ਤਗਮਾ ਸਵੀਕਾਰ ਕਰ ਲਿਆ ਪਰ ਫਿਰ ਵੀ ਸਰਿਤਾ 'ਤੇ ਮੁੱਕੇਬਾਜ਼ੀ ਸੰਸਥਾ ਨੇ ਇਕ ਸਾਲ ਦੀ ਪਾਬੰਦੀ ਲਗਾ ਦਿੱਤੀ।
ਅਲਵਿਦਾ ਹਿਊਜ : ਨਹੀਓਂ ਭੁੱਲਣਾ ਵਿਛੋੜਾ ਤੇਰਾ : 27 ਨਵੰਬਰ ਦਾ ਦਿਨ ਕ੍ਰਿਕਟ ਇਤਿਹਾਸ ਵਿਚ ਕਾਲਾ ਦਿਨ ਬਣ ਕੇ ਦਰਜ ਹੋਇਆ। ਇਸ ਦਿਨ ਆਸਟ੍ਰੇਲੀਆ ਦੇ ਹੋਣਹਾਰ ਯੁਵਾ ਕ੍ਰਿਕਟਰ ਫਿਲੀਪ ਹਿਊਜ ਦੀ ਕ੍ਰਿਕਟ ਮੈਦਾਨ 'ਚ ਬਾਊਂਸਰ ਲੱਗਣ ਨਾਲ ਹੋਈ ਬੇਵਕਤੀ ਮੌਤ ਨੇ ਪੂਰੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਨਿਊ ਸਾਊਥ ਵੇਲਜ਼ ਦੇ ਇਕ ਛੋਟੇ ਜਿਹੇ ਕਸਬੇ ਤੋਂ ਨਿਕਲ ਕੇ ਰਾਸ਼ਟਰੀ ਟੀਮ ਤੱਕ ਦਾ ਸਫਰ ਤੈਅ ਕਰਨ ਵਾਲਾ ਹਿਊਜ ਕ੍ਰਿਕਟ ਨੂੰ ਆਪਣੀ ਜ਼ਿੰਦਗੀ ਮੰਨਦਾ ਸੀ ਤੇ ਮਹਿਜ 25 ਵਰ੍ਹਿਆਂ ਦੀ ਉਮਰ 'ਚ ਹੀ ਉਸ ਦੀ ਜ਼ਿੰਦਗੀ ਦੀ ਖੇਡ ਕ੍ਰਿਕਟ ਮੈਦਾਨ 'ਚ ਹੀ ਖਤਮ ਹੋ ਗਈ। ਅਲਵਿਦਾ ਹਿਊਜ, ਸਮੁੱਚੇ ਖੇਡ ਜਗਤ ਦਾ ਤੈਨੂੰ ਸਲਾਮ...। (ਸਮਾਪਤ)

-ਚੀਫ ਸਾਈ ਫੁੱਟਬਾਲ ਕੋਚ, ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

ਖੇਡ ਸਾਹਿਤ

ਹੌਸਲੇ, ਹਿੰਮਤ ਤੇ ਜਜ਼ਬੇ ਦੀ ਮਿਸਾਲ ਭਾਰਤ ਦੀ ਜਾਂਬਾਜ਼ ਮੁੱਕੇਬਾਜ਼ ਐਮ. ਸੀ. ਮੈਰੀ ਕਾੱਮ
ਲੇਖਕ : ਮੈਰੀ ਕਾੱਮ ਡੀਨਾ ਸਰਟੋ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ।
ਪੰਨੇ : 143, ਮੁੱਲ : 150 ਰੁਪਏ

ਭਾਰਤ ਦੀ ਪ੍ਰਸਿੱਧ ਮਹਿਲਾ ਮੁੱਕੇਬਾਜ਼ ਐਮ. ਸੀ. ਮੈਰੀ ਕਾੱਮ ਦੀ ਜੀਵਨੀ 'ਤੇ ਲਿਖੀ ਗਈ ਪੁਸਤਕ 'ਹੌਸਲੇ, ਹਿੰਮਤ ਤੇ ਜਜ਼ਬੇ ਦੀ ਮਿਸਾਲ ਭਾਰਤ ਦੀ ਜਾਂਬਾਜ਼ ਮੁੱਕੇਬਾਜ਼ ਐਮ. ਸੀ. ਮੈਰੀ ਕਾੱਮ' ਜੋ ਕਿ ਮੈਰੀ ਕਾਮ ਡੀਨਾ ਸਰਟੋ ਵੱਲੋਂ ਲਿਖੀ ਗਈ ਹੈ ਤੇ ਇਸ ਦਾ ਪੰਜਾਬੀ ਵਿਚ ਅਨੁਵਾਦ ਦੀਵਾਸ਼ਿਸ਼ ਭੱਟਾਚਾਰੀਆ ਨੇ ਕੀਤਾ ਹੈ ਤੇ ਇਹ ਪੁਸਤਕ ਜੋ ਮੈਰੀ ਕਾਮ ਦੀ ਸਾਰੀ ਜੀਵਨੀ 'ਤੇ ਭਰਪੂਰ ਰੌਸ਼ਨੀ ਪਾਉਂਦੀ ਹੈ। ਇਸ ਪੁਸਤਕ ਵਿਚ ਲੇਖਕ ਵੱਲੋਂ ਮੈਰੀਕਾਮ ਦੇ ਜੀਵਨ ਦੇ ਹਰ ਪਹਿਲੂ ਦਾ ਬੜੀ ਹੀ ਬਰੀਕੀ ਨਾਲ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਖਿਡਾਰੀਆਂ ਨੂੰ ਚੰਗੀ ਸੇਧ ਮਿਲਦੀ ਹੈ ਤੇ ਨਾਲ ਹੀ ਜ਼ਿੰਦਗੀ ਦੇ ਹਰ ਖੇਤਰ ਵਿਚ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਵਿਚ ਮੈਰੀ ਕਾਮ ਦੀ ਸਾਲਾਂਬੱਧੀ ਕੀਤੀ ਮੁੱਕੇਬਾਜ਼ੀ ਦੇ ਖੇਤਰ ਵਿਚ ਸਖਤ ਮਿਹਤਨ ਜੋ ਕਿ ਜ਼ਿੰਦਗੀ ਦੀ ਇਕ ਹਕੀਕਤ ਹੈ, ਨੂੰ ਦੱਸਿਆ ਗਿਆ ਹੈ।
ਮੈਰੀ ਕਾਮ ਜੋ ਕਿ ਭਾਰਤ ਦੀ ਬਾਕਸਿੰਗ ਰਿੰਗ ਦੀ ਰਾਣੀ ਦੇ ਨਾਂਅ ਨਾਲ ਜਾਣੀ ਜਾਂਦੀ ਹੈ ਤੇ ਇਸ ਨੇ 5 ਵਾਰੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਤੇ ਇਕ ਵਾਰੀ ਉਲੰਪਿਕ ਵਿਚ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਮੁੱਕੇਬਾਜ਼ੀ ਦੇ ਖੇਤਰ ਵਿਚ ਰੌਸ਼ਨ ਕੀਤਾ। ਤਿੰਨ ਬੱਚਿਆਂ ਦੀ ਮਾਂ ਮੈਰੀਕਾਮ ਵੱਲੋਂ ਕੀਤਾ ਸੰਘਰਸ਼ ਵੀ ਮਹਿਲਾਵਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ ਤੇ ਉਨ੍ਹਾਂ ਨੂੰ ਹਰ ਖੇਤਰ ਵਿਚ ਸੰਘਰਸ਼ ਕਰਨ ਲਈ ਜਜ਼ਬਾ ਦਿੰਦਾ ਹੈ। ਇਸ ਕਿਤਾਬ ਵਿਚ ਇਕ ਮਹਿਲਾ ਦੀ ਹੌਸਲਾ ਪੂਰਨ ਕਹਾਣੀ ਦੱਸੀ ਗਈ ਹੈ, ਜਿਸ ਨੇ ਮਰਦਾਂ ਦੀ ਦੁਨੀਆ ਵਿਚ ਅਸਹਿ ਨਾਬਰਾਬਰੀ ਦਾ ਸਾਹਮਣਾ ਕੀਤਾ ਤੇ ਜਿੱਤ ਪ੍ਰਾਪਤ ਕਰਕੇ ਦੱਸੀ।

-ਜਤਿੰਦਰ ਸਾਬੀ
ਮੋਬਾ: 09872978781


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX